ਗੁਰਮਤਿ ਅਨੁਸਾਰ ਸੰਗਤਿ ਦਾ ਸੰਕਲਪ

0
700

ਗੁਰਮਤਿ ਅਨੁਸਾਰ ਸੰਗਤਿ ਦਾ ਸੰਕਲਪ

ਅਵਤਾਰ ਸਿੰਘ

ਸੰਗਤਿ-ਸੰਸਕ੍ਰਿਤ ਦਾ ਲਫਜ਼ ਅਤੇ ਅਰਥ -ਸਭਾ, ਮਜਲਸ (ਮਹਿਫ਼ਲ), ਸਬੰਧ, ਗੁਰਸਿੱਖਾਂ ਦੇ ਜਮਾ ਹੋਣ ਦੀ ਥਾਂ, ਮਿਲਾਪ, ਸੁਹਬਤ ਅਤੇ ਇਕੱਠ ਆਦਿਕ ਹਨ।

ਸ਼ਬਦ ਗੁਰੂ ਗ੍ਰੰਥ ਅਨੁਸਾਰ-‘ਸਤ ਸੰਗਤਿ’ ਦਾ ਭਾਵ ਹੈ, ਜਿੱਥੇ ਇੱਕ ਪ੍ਰਮੇਸ਼ਰ ਦੇ ਨਾਮੁ ਦੀ ਵਿਆਖਿਆ ਹੋਵੇ, ‘‘ਸਤਸੰਗਤਿ ਕੈਸੀ ਜਾਣੀਐ ?॥  ਜਿਥੈ, ਏਕੋ ਨਾਮੁ ਵਖਾਣੀਐ ॥’’ (ਸਿਰੀ ਰਾਗੁ, ਗੁਰੂ ਨਾਨਕ ਜੀ, ਅੰਕ ੭੨) ਚੰਗੀ ਸੰਗਤ ਵਿੱਚ ਉੱਤਮਤਾ, ਚੰਗੇ ਗੁਣ ਮਿਲਦੇ ਅਤੇ ਅਵਗੁਣ ਧੋਤੇ ਜਾਂਦੇ ਹਨ- ‘‘ਊਤਮ ਸੰਗਤਿ, ਊਤਮੁ ਹੋਵੈ ॥  ਗੁਣ ਕਉ ਧਾਵੈ, ਅਵਗਣ ਧੋਵੈ ॥’’ (ਆਸਾ, ਗੁਰੂ ਨਾਨਕ ਜੀ, ਅੰਕ ੪੧੪) ਭਾਵ ਹੇ ਮਾਇਆ ਦੇ ਪਤੀ ਪ੍ਰਮਾਤਮਾ ਜੀ !  ਸੱਚੀ ਸੰਗਤ ਕਰਨ ਵਾਲਾ ਸੰਸਾਰ ਦੇ ਵਹਿਮਾ-ਭਰਮਾ ਦੇ ਸਾਗਰ ਤੋਂ ਤਰਦਾ ਹੈ, ਗੁਰੂ ਰਹਿਮਤ ਨਾਲ ਉੱਚੀ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਅਤੇ ਵਿਕਾਰਾਂ ਅਤੇ ਔਗੁਣਾ ਦੀ ਤਪਸ਼ ਨਾਲ ਸੁੱਕਾ ਹੋਇਆ, ਹਿਰਦਾ ਕਾਸਟ, ਮੁੜ ਹਰਿਆ ਹੋ ਜਾਂਦਾ ਹੈ – ‘‘ਮੇਰੇ ਮਾਧਉ ਜੀ! ਸਤਸੰਗਤਿ ਮਿਲੇ, ਸੁ ਤਰਿਆ ॥ ਗੁਰ ਪਰਸਾਦਿ ਪਰਮ ਪਦੁ ਪਾਇਆ, ਸੂਕੇ ਕਾਸਟ ਹਰਿਆ ॥੧॥ ਰਹਾਉ ॥ (ਸੋ ਦਰੁ, ਗੂਜਰੀ, ਗੁਰੂ ਅਰਜਨ ਸਾਹਿਬ, ਅੰਕ ੧੦) ਗੁਰੂ ਦੀ ਸੱਚੀ ਸੰਗਤ ਕਰਨ ਵਾਲੇ ਦਾ ਪਿੰਗਲਾ ਹੋਇਆ ਮਨ, ਅਗਿਆਨਤਾ ਦੇ ਪਰਬਤ ਨੂੰ ਪਾਰ ਕਰ ਲੈਂਦਾ ਹੈ, ਮੂਰਖ ਵੀ ਚੰਗਾ ਵਕਤਾ ਬਣ ਜਾਂਦਾ ਹੈ, ਮਨ ਦੇ ਅੰਨ੍ਹੇ ਨੂੰ ਸਮੁੱਚੀ ਮਨੁੱਖਤਾ ਵਿੱਚ ਵਸਦੇ ਰੱਬ ਦਾ ਗਿਆਨ ਹੋ ਜਾਂਦਾ ਹੈ – ‘‘ਪਿੰਗੁਲ ਪਰਬਤ ਪਾਰਿ ਪਰੇ, ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ, ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ ! ॥  ਮੈਲੁ ਖੋਈ ਕੋਟਿ ਅਘ ਹਰੇ, ਨਿਰਮਲ ਭਏ ਚੀਤਾ ॥੧॥ ਰਹਾਉ ॥ (ਬਿਲਾਵਲੁ, ਗੁਰੂ ਅਰਜਨ ਸਾਹਿਬ, ਅੰਕ ੮੦੯); ਜਿਵੇਂ ਚੰਦਨ ਦੇ ਨਿਕਟ ਵੱਸਦੇ ਹਿਰੰਡ ਵਿੱਚ ਵੀ ਚੰਦਨ ਦੀ ਖੁਸ਼ਬੋ ਆ ਜਾਂਦੀ ਹੈ, ਇਵੇਂ ਹੀ ਪਤਿਤ ਭਾਵ ਵਿਕਾਰਾਂ ਵਿੱਚ ਦੁਰਗੰਧਤ ਮਨੁੱਖ ਵੀ ਪਵਿਤ੍ਰ ਹੋ ਕੇ ਪ੍ਰਵਾਨ ਚੜ੍ਹ ਜਾਂਦਾ ਹੈ – ‘‘ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ, ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥’’ (ਗੋਂਡ, ਗੁਰੂ ਰਾਮਦਾਸ ਜੀ, ਅੰਕ ੮੬੧) ਸੱਚੇ ਮਾਰਗ ’ਤੇ ਚੱਲਣ ਵਾਲਿਆਂ ਗੁਰਮੁਖਾਂ ਦੀ ਸੰਗਤ ਕਰਕੇ ਈਰਖਾ, ਵੈਰ ਆਦਿਕ ਪਰਾਈ ਤਾਤ ਖ਼ਤਮ ਹੋ ਜਾਂਦੀ ਹੈ, ਕੋਈ ਵੈਰੀ ਜਾਂ ਬੇਗਾਨਾ ਨਹੀਂ ਦਿੱਸਦਾ, ਸਭ ਨਾਲ ਮਿਤ੍ਰਤਾ ਬਣ ਜਾਂਦੀ ਹੈ – ‘‘ਬਿਸਰਿ ਗਈ, ਸਭ ਤਾਤਿ ਪਰਾਈ ॥ ਜਬ ਤੇ, ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ, ਹਮ ਕਉ ਬਨਿ ਆਈ ॥੧॥’’ (ਗੁਰੂ ਅਰਜਨ ਸਾਹਿਬ, ਅੰਕ ੧੨੯੯) ਸਤਸੰਗਤਿ ਸਤਿਗੁਰੂ ਦੀ ਇੱਕ ਪਾਠਸ਼ਾਲਾ ਭਾਵ ਸਕੂਲ ਹੈ, ਜਿੱਥੇ ਰੱਬੀ ਗੁਣ ਸਿੱਖੇ ਜਾਂਦੇ ਹਨ – ‘‘ਸਤਸੰਗਤਿ ਸਤਿਗੁਰ ਚਟਸਾਲ ਹੈ, ਜਿਤੁ ਹਰਿ ਗੁਣ ਸਿਖਾ ॥’’ (ਕਾਨੜੇ ਕੀ ਵਾਰ, ਗੁਰੂ ਰਾਮਦਾਸ ਜੀ, ਅੰਕ ੧੩੧੬), ਕਬੀਰ ਜੀ ਫਰਮਾਂਦੇ ਹਨ ਕਿ ਭਲੇ ਪੁਰਖ ਦੀ ਹੀ ਸੰਗਤਿ ਕਰੀਏ ਜੋ ਅੰਤ ਤੱਕ ਨਿਰਬਾਹ ਕਰਦੀ ਹੈ ਤੇ ਸਾਕਤ (ਗੰਦੇ) ਮਨੁੱਖ ਦੀ ਸੰਗਤ ਵਿਨਾਸ, ਹਾਨੀ ਤੇ ਤਬਾਹੀ ਦਾ ਕਾਰਨ ਬਣਦੀ ਹੈ – ‘‘ਕਬੀਰ ਸੰਗਤਿ ਕਰੀਐ ਸਾਧ ਕੀ; ਅੰਤਿ ਕਰੈ ਨਿਰਬਾਹੁ ॥ ਸਾਕਤ ਸੰਗੁ ਨ ਕੀਜੀਐ; ਜਾ ਤੇ ਹੋਇ ਬਿਨਾਹੁ ॥’’ (ਸਲੋਕ, ਭਗਤ ਕਬੀਰ ਜੀ, ਅੰਕ ੧੩੬੯)

ਸੰਗਤ ਦੇ ਚੰਗੇ-ਮੰਦੇ ਪ੍ਰਭਾਵ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਸਮਝਾਉਂਦੇ ਹਨ ਕਿ ਜਿਵੇਂ ਜ਼ਰਾ ਕੁ ਖੱਟੇ ਦੀ ਜਾਗ (ਸੰਗਤ) ਨਾਲ ਦੁੱਧ ਦਾ ਦਹੀਂ ਬਣ ਜਾਂਦਾ ਹੈ, ਰੱਤਾ ਜਿੰਨੀ ਕਾਂਜੀ (ਦੀ ਛਿਟ/ਸੰਗਤ) ਨਾਲ ਦੁੱਧ ਫਟ ਜਾਂਦਾ ਹੈ, ਛੋਟਾ ਜਿਹਾ ਬੋਹੜ ਦਾ ਬੀ; ਮਿੱਟੀ ’ਚ ਬੀਜ (ਮਿੱਟੀ ਨਾਲ਼ ਸੰਗਤ ਕਰ) ਕੇ ਵੱਡਾ ਬ੍ਰਿਛ ਹੋ ਜਾਂਦਾ ਹੈ ਤੇ ਉਹੀ ਵੱਡਾ ਦਰਖ਼ਤ ਰਤਾ ਕੁ ਅੱਗ (ਦੀ ਸੰਗਤ) ਨਾਲ ਸੜ ਕੇ ਸਵਾਹ ਹੋ ਜਾਂਦਾ ਹੈ, ਰਤਾ ਕੁ ਜ਼ਹਰ ਖਾਣ (ਸੰਗਤ) ਨਾਲ ਮੌਤ, ਪਰ ਰਤਾ ਕੁ ਅੰਮ੍ਰਿਤ ਪੀਣ ਨਾਲ ਜ਼ਿੰਦਗੀ ਅਮਰ ਹੋ ਜਾਂਦੀ ਹੈ; ਇਉਂ ਵੇਸਵਾ ਅਤੇ ਸੁਹਾਗਣ ਦੀ ਸੰਗਤ ਵਾਙ ਗੁਰਮੁਖ ਤੇ ਮਨਮੁਖ ਦੀ ਸੰਗਤ ਹੈ, ਰਤਾ ਕੁ ਗੁਰਮੁਖ ਦੀ ਸੰਗਤ ਖੋਟੇ ਕਰਮ ਨਾਸ਼ ਕਰ ਦਿੰਦੀ ਹੈ ਜਦਕਿ ਰਤਾ ਕੁ ਹੀ ਮਨਮੁਖ ਦੀ ਸੰਗਤ ਸ਼ੁਭ ਕਰਮ (ਉਪਕਾਰ) ਨੂੰ ਨਸ਼ਟ ਕਰ ਜਾਂਦੀ ਹੈ, ‘‘ਤਨਕ ਹੀ ਜਾਵਨ ਕੈ ਦੂਧ ਦਧ ਹੋਤ ਜੈਸੇ; ਤਨਕ ਹੀ ਕਾਂਜੀ ਪਰੈ ਦੂਧ ਫਟ ਜਾਤ ਹੈ। ਤਨਕ ਹੀ ਬੀਜ ਬੋਇ ਬਿਰਖ ਬਿਥਾਰ ਹੋਇ; ਤਨਕ ਹੀ ਚਿਨਗ ਪਰੇ ਭਸਮ ਹੁਇ ਸਮਾਤ ਹੈ। ਤਨਕ ਹੀ ਖਾਇ ਬਿਖੁ ਹੋਤ ਹੈ ਬਿਨਾਸ ਕਾਲ; ਤਨਕ ਹੀ ਅੰਮ੍ਰਿਤ ਕੈ ਅਮਰੁ ਹੋਇ ਗਾਤ ਹੈ। ਸੰਗਤਿ ਅਸਾਧ ਸਾਧ ਗਨਿਕਾ ਬਿਵਾਹਿਤਾ ਜਿਉ; ਤਨਕ ਮੈ ਉਪਕਾਰ ਅਉ ਬਿਕਾਰ ਘਾਤ ਹੈ ॥੧੭੪॥’’ (ਭਾਈ ਗੁਰਦਾਸ ਜੀ, ਕਬਿੱਤ ੧੭੪)

ਇੱਕ ਹੋਰ ਕਬਿੱਤ ਵਿੱਚ ਭਾਈ ਸਾਹਿਬ ਸਮਝਾਉਂਦੇ ਹਨ ਕਿ ਜਿਵੇਂ ਮਰਨ ਦੇ ਡਰ ਨੂੰ ਵੇਖਦਿਆਂ ਵੀ; ਚੋਰ, ਚੋਰੀ ਕਰਨੀ ਨਹੀਂ ਛੱਡਦਾ।, ਡਾਕੂ, ਆਪਣੇ ਸਾਥੀਆਂ ਨਾਲ਼ ਮਿਲ ਕੇ ਰਾਹੀਆਂ ਨੂੰ ਲੁੱਟਣਾ ਨਹੀਂ ਛੱਡਦਾ।, ਕਾਮੀ ਪੁਰਸ਼ (ਬੇਸ਼ਰਮੀ ਤੇ ਏਡਜ਼ ਨੂੰ ਵੇਖਦਿਆਂ ਵੀ) ਵੇਸਵਾ ਕੋਲ਼ ਜਾਣੋ ਨਹੀਂ ਰੁਕਦਾ।, ਜੁਆਰੀ; ਸਭ ਕੁਝ ਹਾਰ ਕੇ ਵੀ ਜੂਆ ਖੇਡਣੋ ਨਹੀਂ ਹਟਦਾ।, ਲੋਕਾਂ ਦੇ ਮੁੱਖੋਂ ਤੇ ਧਰਮ ਗ੍ਰੰਥਾਂ ਤੋਂ ਨਸ਼ੇ ਦੇ ਔਗੁਣ ਤੇ ਦੁੱਖਾਂ ਨੂੰ ਸੁਣ ਕੇ ਫਿਟਕਾਰਾਂ ਪੈਂਦਿਆਂ ਵੀ ਨਸ਼ੇੜੀ ਨਸ਼ਾ ਨਹੀਂ ਛੱਡਦਾ, ਆਦਿ ਨੀਚ ਤੇ ਖੋਟੇ ਬੰਦੇ ਜਦ ਆਪਣੇ ਔਗੁਣਾਂ ਨੂੰ ਨਹੀਂ ਛੱਡਦੇ ਤਾਂ ਗੁਰੂ ਦਾ ਆਗਿਆਕਾਰੀ ਸੇਵਕ; ਸਤਿ ਪੁਰਸ਼ਾਂ ਦੀ ਸੰਗਤ ਕਿਵੇਂ ਛੱਡ ਸਕਦਾ ਹੈ, ‘‘ਮਾਰਬੇ ਕੋ ਤ੍ਰਾਸੁ ਦੇਖਿ ਚੋਰ ਨ ਤਜਤ ਚੋਰੀ; ਬਟਵਾਰਾ ਬਟਵਾਰੀ ਸੰਗਿ ਹੁਇ ਤਕਤ ਹੈ। ਬੇਸ੍ਵਾਰਤੁ ਬ੍ਰਿਥਾ ਭਏ ਮਨ ਮੈ ਨਾ ਸੰਕਾ ਮਾਨੈ; ਜੁਆਰੀ ਨ ਸਰਬਸੁ ਹਾਰੇ ਸੈ ਥਕਤ ਹੈ। ਅਮਲੀ ਨ ਅਮਲ ਤਜਤ ਜਿਉ ਧਿਕਾਰ ਕੀਏ; ਦੋਖ ਦੁਖ ਲੋਗ ਬੇਦ ਸੁਨਤ ਛਕਤ ਹੈ। ਅਧਮ ਅਸਾਧ ਸੰਗ ਛਾਡਤ ਨ ਅੰਗੀਕਾਰ; ਗੁਰਸਿਖ ਸਾਧਸੰਗ ਛਾਡਿ ਕਿਉ ਸਕਤ ਹੈ ?॥੩੨੩॥’’ (ਭਾਈ ਗੁਰਦਾਸ ਜੀ : ਕਬਿੱਤ ੩੨੩)

ਭਾਈ ਨੰਦ ਲਾਲ ਜੀ ਦੇ ਬੋਲ ਹਨ ਕਿ ਹੇ ਮਿਤ੍ਰ ! ਜੇ ਤੈਨੂੰ ਭਲੇ ਲੋਕਾਂ ਦਾ ਸੰਗ ਮਿਲੇ ਤਾਂ ਅਬਿਨਾਸ਼ੀ ਧੰਨ ਦੀ ਪ੍ਰਾਪਤੀ ਹੋਵੇ – ‘ਸੁਹਬਤੇ ਨੇਕਾਂ ਅਗਰ ਬਾਸ਼ਦ ਨਸੀਬ। ਦੌਲਤੇ ਜਾਵੀਦ ਯਾਬੀ ਐ ਹਬੀਬ॥੯॥’ (ਜਿੰਦਗੀ ਨਾਮਹ) ਸਤਸੰਗਤ ਦੇ ਪ੍ਰਭਾਵ ਕਰਕੇ ਮੈਂ ਧੂੜ ਦੇ ਕਿਣਕੇ ਨੂੰ ਸੰਸਾਰ ਦਾ ਸੂਰਜ ਹੋਇਆ ਡਿੱਠਾ ਹੈ – ‘‘ਜ਼ਰੱਹ ਰਾ ਦੀਦਮ ਕਿ ਖੁਰਸ਼ੀਦੇ ਜਹਾ। ਸ਼ੁਦ ਜ਼ਿ ਫੈਗ਼ੇ ਸੁਹਬਤੇ ਸਾਹਿਬ ਦਿਲਾਂ॥੧੨੮॥’ ਜੋ ਪ੍ਰਭੂ ਪਿਆਰਿਆਂ ਦੀ ਸੰਗਤਿ ਵਿੱਚ ਹੈ, ਦੋਹਾਂ ਲੋਕਾਂ ਦੀ ਮਾਇਆ ਉਸ ਦੇ ਘਰ ਹੈ – ‘ਈਂ ਹਮਹ ਅਜ਼ ਸੁਹਬਤੇ ਮਰਦਾਨਿ ਓਸਤ। ਦੌਲਤੇ ਹਰ ਦੋ ਜ਼ਹਾਂ ਦਰ ਖਵਾਨੇ ਓਸਤ॥੧੯੬॥’ ਉਹ ਸਤਸੰਗਤਿ ਧੰਨ ਹੈ ਜਿਸ ਨੇ ਧੂੜਿ ਨੂੰ ਰਸਾਇਣ ਬਣਾ ਦਿੱਤਾ ਤੇ ਨਿਕੰਮੇ ਮੂਰਖ ਨੂੰ ਮਹਾਂ ਚਤੁਰ ਸਿਆਣਾ ਕਰ ਦਿੱਤਾ – ‘ਐ ਜ਼ਹੈ ਸੁਹਬਤ ਕਿ ਖਾਕ ਅਕਸੀਰ ਕਰਦ।  ਨਾਕਸੇ ਰਾ ਸਾਹਿਬੇ ਤਦਬੀਰ ਕਰਦ॥੨੬੭॥’ ਉਹ ਇਕੱਠ ਭਲਾ ਹੈ ਜੋ ਸੱਚਾ ਜੀਵਨ ਹਾਸਲ ਕਰਨ ਲਈ ਹੋਵੇ ਤੇ ਉਹ ਜੋੜ ਮੇਲ ਅੱਛਾ ਹੈ, ਜੋ ਰੱਬੀ ਬੰਦਗੀ ਵਾਸਤੇ ਹੈ – ‘ਆਂ ਹਜ਼ੂਮੇ ਖੁਸ਼ ਕਿ ਬਹਿਰਿ ਜਿੰਦਗੀਸਤ। ਆਂ ਹਜੂਮੇ ਖੁਸ਼ ਕਿ ਮਹਿਜੇ ਬੰਦਗੀਸਤ॥੨੩॥’

ਡਾ. ਹਰਜਿੰਦਰ ਸਿੰਘ ਦਲਗੀਰ ਮੁਤਾਬਕ – ਸੰਗਤਿ ਲਫਜ਼ ਦੀ ਜੜ ਬੋਧੀ ਸੰਗ ਜੋ ਪਾਲੀ ਬੋਲੀ ਦਾ ਲਫਜ਼ ਤੇ ਅਰਥ ਹੈ ਇਕੱਠੇ ਹੋਣਾ।  ਧਰਮ-ਇਕੱਠ ਵਿੱਚ ਬੈਠੇ ਸਿੱਖ।  ਗੁਰੂ ਸਾਹਿਬ ਵੇਲੇ ਕਈ ਹਿੱਸਿਆਂ ਵਿੱਚ ਸੰਗਤਾਂ ਕਾਇਮ ਕੀਤੀਆਂ ਜਾਂਦੀਆਂ ਸਨ, ਦਾ ਮਤਲਬ ਸੀ ਕਿਸੇ ਇੱਕ ਇਲਾਕੇ ਦਾ ਸਿੱਖ ਭਾਈਚਾਰਾ।  ਧਾਰਮਕ ਪੱਖੋਂ ਸੰਗਤ ਦਾ ਭਾਵ ਪਵਿਤ੍ਰ, ਸਾਊ ਤੇ ਵਧੀਆ ਲੋਕਾਂ ਦਾ ਸਾਥ।  ਗੁਰਸਿੱਖਾਂ ਨੂੰ ਆਪਣਾ ਵੱਧ ਤੋਂ ਵੱਧ ਸਮਾਂ ਗੁਰਮੁਖਾਂ ਤੇ ਭਲੇ ਪੁਰਖਾਂ ਦੀ ਸੰਗਤਿ ’ਚ ਬਿਤਾਉਣਾ ਚਾਹੀਦਾ ਹੈ।  ਸੰਗਤ ਲਈ ਸਾਧ ਸੰਗਤ ਲਫਜ਼ ਵੀ ਵਰਤਿਆ ਜਾਂਦਾ ਹੈ, ਜੋ ਕਿਸੇ ਸੰਤ ਜਾਂ ਡੇਰੇ ਮੁਖੀ ਲਈ ਨਹੀਂ। ਸਿੱਖ ਧਰਮ ਮੁਤਾਬਕ, ਸਭ ਤੋਂ ਚੰਗੀ ਸੰਗਤ ਓਥੇ ਹੈ ਜਿੱਥੇ ਦੂਜਿਆਂ ਨਾਲ ਮਿਲ ਕੇ, ਰੱਬੀ ਸਿਫਤ ਸਲਾਹ ਕੀਤੀ ਜਾਵੇ।  ਸੰਗਤ ਦਾ ਰੋਲ ਸਿਰਫ ਧਾਰਮਕ/ਰੂਹਾਨੀ ਹੀ ਨਹੀਂ ਸਗੋਂ ਇੱਕ ਸੁਹਿਰਦ ਭਾਈਚਾਰਾ ਵੀ ਹੈ।

ਸੰਗਤ ਦੇ ਕਈ ਹੋਰ ਰੂਪ ਹਨ ਜਿਵੇਂ- ਸੱਚੇ ਗੁਰੂ ਦੀ ਸੰਗਤ, ਸ਼ਬਦ ਗੁਰਬਾਣੀ ਦੀ ਸੰਗਤ, ਸੱਚੇ-ਸੁੱਚੇ ਵਿਚਾਰਾਂ ਦੀ ਸੰਗਤ, ਰਾਗ ਤੇ ਗੀਤਾਂ ਰਾਹੀਂ ਸੱਚ ਦੀ ਸੰਗਤ, ਰੇਡੀਓ-ਟੀ ਵੀ ’ਤੇ ਚੰਗੇ ਅਤੇ ਉਸਾਰੂ ਪ੍ਰੋਗਰਾਮ ਵੇਖਣ ਅਤੇ ਵਾਚਣ ਦੀ ਸੰਗਤ, ਖੇਡਾਂ ਵਿੱਚ ਚੰਗੀਆਂ ਖੇਡਾਂ ਤੇ ਚੰਗੇ ਖਿਡਾਰੀਆਂ ਦੀ ਸੰਗਤ, ਸੱਚ ਧਰਮ ਅਤੇ ਮਨੁੱਖਤਾ ਖਾਤਰ ਸ਼ਹੀਦ ਹੋਏ ਪ੍ਰਵਾਨਿਆਂ ਦੀ ਯਾਦਾਸ਼ਤੀ ਸੰਗਤ, ਗੁਰਮੁੱਖਾਂ-ਭਲੇ ਪੁਰਖਾਂ ਦੀ ਸੰਗਤ, ਚੰਗੇ ਗ੍ਰੰਥ ਅਤੇ ਚੰਗੀਆਂ ਪੁਸਤਕਾਂ ਪੜ੍ਹਨ ਦੀ ਸੰਗਤ ਅਤੇ ਆਪਣੇ ਕੰਮ-ਕਾਰ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਆਦਿਕ ਸ਼ੁਭ ਕਰਮਾਂ ਦੀ ਸੰਗਤ ਨਾਲ ਜੀਵਨ ਵਿਕਾਰਾਂ ਤੋਂ ਬਚਿਆ, ਉਸਾਰੂ ਤੇ ਚੜਦੀ ਕਲਾ ਨਾਲ ਬੀਤਦਾ ਹੈ। ਜਿਸ ਇਕੱਠ ਵਿੱਚ ਸੱਚ ਦੀ ਥਾਂ ਝੂਠ ਤੇ ਜਥਾਰਥ ਦੀ ਥਾਂ ਮਿਥਿਹਾਸਕ ਤੇ ਮਨਘੜਤ ਵਿਚਾਰਾਂ ਕੀਤੀਆਂ ਤੇ ਲੋਟੂ ਡੇਰੇਦਾਰ ਸਾਧਾਂ ਸੰਤਾਂ ਦੀਆਂ ਦੰਦ ਕਥਾਵੀ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਵਹਿਮਾ-ਭਰਮਾ, ਜਾਦੂ ਟੂਣਿਆਂ, ਭੂਤਾਂ-ਪ੍ਰੇਤਾਂ ਆਦਿਕ ਅੰਧਵਿਸ਼ਵਾਸਾਂ ਅਤੇ ਥੋਥੇ ਕਰਮਕਾਂਡਾਂ ਦੀ ਕੋਝੀ ਤੇ ਬੇ ਬੁਨਿਆਦ ਸਿੱਖਿਆ ਦਿੱਤੀ ਜਾਂਦੀ ਹੈ, ਉਸ ਨੂੰ ਸਤਸੰਗਤਿ ਨਹੀਂ ਕਿਹਾ ਜਾ ਸਕਦਾ।  ਸੋ ਸੰਗਤ ਸੁਚੇਤ ਬੰਦਿਆਂ ਦਾ ਸਮੂਹ ਹੈ, ਜਿਸ ਨੂੰ ਸੁਚੇਤ ਹੋ ਕੇ ਕਰਨਾ ਲਾਭਕਾਰੀ ਹੁੰਦਾ ਹੈ।