17.7 C
Jalandhar
Monday, April 6, 2026
spot_img
Home Blog Page 79

ਪਾਪਾ ਬਾਝਹੁ ਹੋਵੈ ਨਾਹੀ

0

ਪਾਪਾ ਬਾਝਹੁ ਹੋਵੈ ਨਾਹੀ

ਸ. ਰਣਜੀਤ ਸਿੰਘ (ਲੁਧਿਆਣਾ)-99155-15436                       

ਮਨੁੱਖ ਦੇ ਜੀਉਂਦੇ ਰਹਿਣ ਲਈ ਰੋਟੀ, ਕੱਪੜਾ ਤੇ ਮਕਾਨ ਮੁੱਢਲੀਆਂ ਲੋੜਾਂ ਹਨ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਧਨ ਦੀ ਲੋੜ ਹੈ। ਪਰਵਾਰ ਦਾ ਪਾਲਣ ਪੋਸ਼ਣ ਕਰਨ ਲਈ ਧਨ ਕਮਾਉਣਾ ਵਡੀ ਜ਼ਰੂਰਤ ਹੈ। ਇਸ ਲਈ ਮਨੁੱਖ ਨੂੰ ਕੋਈ ਨਾ ਕੋਈ ਕਿਰਤ ਕਰਨੀ ਪੈਂਦੀ ਹੈ। ਇਹ ਨਿਯਮ ਕਿਸੇ ਇੱਕ ਵਿਅਕਤੀ ਉੱਤੇ ਜਾਂ ਕਿਸੇ ਖ਼ਾਸ ਖਿੱਤੇ ਵਿੱਚ ਲਾਗੂ ਨਹੀਂ ਹੁੰਦਾ ਸਗੋਂ ਸਮੁੱਚੀ ਮਨੁੱਖਤਾ ’ਤੇ ਇਹ ਨਿਯਮ ਲਾਗੂ ਹੁੰਦਾ ਹੈ। ਧਨ ਦੀ ਪ੍ਰਾਪਤੀ ਲਈ ਕਈ ਵਾਰ ਲੰਮੀ ਦੌੜ ਲੱਗ ਜਾਂਦੀ ਹੈ। ਹਰ ਵਿਅਕਤੀ ਦੂਜੇ ਤੋਂ ਅੱਗੇ ਲੰਘਣਾ ਚਾਹੁੰਦਾ ਹੈ। ਇਸ ਦੌੜ ਵਿੱਚ ਮਨੁੱਖ ਕਈ ਵਾਰ ਪਾਪ ਵੀ ਕਰਦਾ ਹੈ ਤੇ ਅਪਰਾਧੀ ਵੀ ਬਣ ਜਾਂਦਾ ਹੈ। ਇਸ ਤੋਂ ਅੱਗੇ ਚੱਲੀਏ ਤਾਂ ਬਹੁਤੇ ਧਨ ਵਾਲੇ ਲੋਕ ਘਟ ਧਨ ਵਾਲਿਆਂ ਨੂੰ ਦਬਾਅ ਕੇ ਰੱਖਣ ਵਿੱਚ ਆਪਣੀ ਖੁਸ਼ੀ ਮਹਿਸੂਸ ਕਰਦੇ ਹਨ। ਵਿਸ਼ਵ ਪੱਧਰ ’ਤੇ ਵੀ ਅਮੀਰ ਦੇਸ਼ ਗਰੀਬ ਦੇਸ਼ਾਂ ਦਾ ਆਰਥਿਕ ਸ਼ੋਸ਼ਣ ਕਰਦੇ ਹਨ। ਅਜਿਹੇ ਹਾਲਾਤ ਵਿੱਚ ਜੀਵਨ ਨੂੰ ਸਾਂਵਾਂ (ਖੁਸ਼ਹਾਲ) ਪੱਧਰਾ ਰੱਖਣ ਲਈ ਗੁਰਮਤਿ ਨੇ ਜੋ ਅਗਵਾਈ ਦਿੱਤੀ ਹੈ, ਉਹ ਇਹ ਹੈ ਕਿ ਮਨੁੱਖ ‘ਧਰਮ ਦੀ ਕਿਰਤ ਕਰੇ’।

‘ਧਰਮ ਦੀ ਕਿਰਤ’ ਦਾ ਸਤਿਕਾਰ ਕਰਦਿਆਂ ਗੁਰੂ ਨਾਨਕ ਦੇਵ ਜੀ ਨੇ ਮਲਕ ਭਾਗੋ ਦੇ ਪਕਵਾਨਾਂ ਨੂੰ ਠੁਕਰਾਅ ਕੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਪਰਵਾਨ ਕੀਤਾ ਅਤੇ ਮਨੁੱਖਤਾ ਨੂੰ ਸਮਝਾਇਆ ਕਿ ਬੇਈਮਾਨੀ ਦੀ ਕਮਾਈ ਨਾਲ ਤਿਆਰ ਕੀਤੇ ਪਦਾਰਥ ਖਾਣ ਨੂੰ ਭਾਵੇਂ ਬਹੁਤ ਸੁਆਦਲੇ ਲੱਗਦੇ ਹਨ ਪਰ ਧਰਮੀ ਮਨੁੱਖਾਂ ਦੇ ਹਿਰਦੇ ’ਤੇ ਭੈੜਾ ਪ੍ਰਭਾਵ ਪਾਉਂਦੇ ਹਨ; ਜਿਵੇਂ ਕਿੱਕਰ ਦਾ ਬੀਜ ਬਹੁਤ ਨਰਮ ਹੁੰਦਾ ਹੈ ਪਰ ਜਦੋਂ ਦਰੱਖ਼ਤ ਦਾ ਰੂਪ ਧਾਰਨ ਕਰਦਾ ਹੈ ਤਾਂ ਕੰਡੇ ਤੇ ਸੂਲ਼ਾਂ ਆਪਣੇ ਆਪ ਨਿਕਲ ਆਉਂਦੇ ਹਨ। ਜੀਵਨ ਨਿਰਬਾਹ ਕਰਨ ਲਈ ਜਿਹੜੇ ਮਨੁੱਖ ਮਿਹਨਤ ਤੇ ਹੱਕ ਹਲਾਲ ਦੀ ਕਮਾਈ ਕਰਕੇ ਉਸ ਵਿੱਚੋਂ ਲੋੜਵੰਦਾਂ ਦੀ ਮਦਦ ਕਰਦੇ ਹਨ, ਉਹ ਜੀਵਨ ਦੇ ਸਹੀ ਰਸਤੇ ਨੂੰ ਪਛਾਣਦੇ ਹਨ। ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਘਾਲਿ ਖਾਇ, ਕਿਛੁ ਹਥਹੁ ਦੇਇ ਨਾਨਕ  ! ਰਾਹੁ ਪਛਾਣਹਿ ਸੇਇ ’’ (ਸਾਰੰਗ ਕੀ ਵਾਰ/: /੧੨੪੫) ਗੁਰੂ ਅਰਜਨ ਦੇਵ ਜੀ ਵੀ ਸਭ ਨੂੰ ਉਦਮ ਤੇ ਮਿਹਨਤ ਕਰਨ ਦੀ ਪ੍ਰੇਰਣਾ ਦੇ ਨਾਲ-ਨਾਲ  ਉਸ ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਣ ਦਾ ਉਪਦੇਸ਼ ਦਿੰਦੇ ਹੋਏ ਫ਼ੁਰਮਾਉਂਦੇ ਹਨ : ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ  ! ਉਤਰੀ ਚਿੰਤ ’’ (ਗੂਜਰੀ ਕੀ ਵਾਰ/: /੫੨੨)

ਗੁਰਮਤਿ ਅਨੁਸਾਰ ਮਨੁੱਖ; ਸੱਚੀ ਤੇ ਸੁੱਚੀ ਕਿਰਤ ਕਰੇ ਤੇ ਕਿਸੇ ਦਾ ਹੱਕ ਨਾ ਮਾਰੇ। ਇਹ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਕਿਰਤੀ ਨੂੰ ਉਸ ਦਾ ਮਾਲਕ ਉਚਿਤ ਫਲ਼ ਦੇਵੇ ਭਾਵ ਉਸ ਦਾ ਹੱਕ ਨਾ ਮਾਰੇ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ’’ (ਆਸਾ ਕੀ ਵਾਰ/: /੪੭੪), ਕਿਰਤੀ ਵੀ ਸ਼ੁੱਧ ਹਿਰਦੇ ਨਾਲ ਕਿਰਤ ਕਰੇ, ਫਿਰ ਹੀ ਦੋਹਾਂ (ਮਾਲਕ ਤੇ ਨੌਕਰ) ਦੀ ਵਿਚਾਰਕ ਪੱਖੋਂ ਸਾਂਝ ਬਣਦੀ ਹੈ। ਕਿਸੇ ਦਾ ਹੱਕ ਮਾਰਨਾ ਇਸ ਤਰ੍ਹਾਂ ਹੈ; ਜਿਵੇਂ ਹਿੰਦੂ ਲਈ ਗਊ ਦਾ ਮਾਸ ਖਾਣਾ ਤੇ ਮੁਸਲਮਾਨ ਲਈ ਸੂਰ ਦਾ ਮਾਸ ਖਾਣਾ।  ਗੁਰੂ ਨਾਨਕ ਦੇਵ ਜੀ ਦਾ ਫ਼ੁਰਮਾਨ ਹੈ : ‘‘ਹਕੁ ਪਰਾਇਆ ਨਾਨਕਾ  ! ਉਸੁ ਸੂਅਰ ਉਸੁ ਗਾਇ ਗੁਰੁ ਪੀਰੁ ਹਾਮਾ ਤਾ ਭਰੇ; ਜਾ ਮੁਰਦਾਰੁ ਖਾਇ ’’  (ਮਾਝ ਕੀ ਵਾਰ/: /੧੪੧), ਜ਼ੋਰ ਅਤੇ ਧੱਕੇ ਨਾਲ ਕਿਸੇ ਦਾ ਹੱਕ ਮਾਰਨ ਦੀ ਗੁਰੂ ਸਾਹਿਬਾਨ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਕਿਰਤੀ ਨੂੰ ਘੱਟ ਉਜਰ ਦੇਣਾ, ਉਸ ਦਾ ਖ਼ੂਨ ਨਿਚੋੜਣ ਦੇ ਬਰਾਬਰ ਹੈ, ਜਿਸ ਨਾਲ ਮਨ ਤੇ ਤਨ ਦੋਵੇਂ ਅਪਵਿੱਤਰ ਹੁੰਦੇ ਹਨ।  ਅਜਿਹੇ ਮਨੁੱਖਾਂ ਨੂੰ ਧਰਮੀ ਨਹੀਂ ਕਿਹਾ ਜਾ ਸਕਦਾ।  ਗੁਰੂ ਨਾਨਕ ਦੇਵ ਜੀ ਅਜਿਹੇ ਮਨੁੱਖਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਹਨ : ‘‘ਜੇ ਰਤੁ ਲਗੈ ਕਪੜੈ; ਜਾਮਾ ਹੋਇ ਪਲੀਤੁ ਜੋ ਰਤੁ ਪੀਵਹਿ ਮਾਣਸਾ; ਤਿਨ ਕਿਉ ਨਿਰਮਲੁ ਚੀਤੁ  ?’’ (ਮਾਝ ਕੀ ਵਾਰ/: /੧੪੦) ਭਗਤ ਕਬੀਰ ਜੀ ਭਰਿਸ਼ਟ ਤਰੀਕੇ ਨਾਲ ਕੀਤੀ ਹੋਈ ਕਮਾਈ ਦੀ ਸਖ਼ਤ ਤਾੜਨਾ ਕਰਦੇ ਹੋਏ ਕਹਿੰਦੇ ਹਨ ਕਿ ਜਿਨ੍ਹਾਂ ਧੀਆਂ ਪੁੱਤਰਾਂ ਤੇ ਪਤਨੀ ਦੇ ਉੱਪਰ ਤੂੰ ਪਾਪ ਦੀ ਕਮਾਈ ਕਰਕੇ ਧਨ ਲੁਟਾਉਂਦਾ ਹੈਂ, ਅਕਾਲ ਪੁਰਖ ਦੇ ਦਰ ’ਤੇ ਇਸ ਦਾ ਹਿਸਾਬ ਕਿਤਾਬ, ਉਹਨਾਂ ਕੋਲੋਂ ਨਹੀਂ ਸਗੋਂ ਤੇਰੀ ਆਤਮਾ ਕੋਲੋਂ ਹੀ ਲਿਆ ਜਾਣਾ ਹੈ : ‘‘ਬਹੁ ਪਰਪੰਚ ਕਰਿ, ਪਰ ਧਨੁ ਲਿਆਵੈ ਸੁਤ ਦਾਰਾ ਪਹਿ, ਆਨਿ ਲੁਟਾਵੈ ਮਨ ਮੇਰੇ ਭੂਲੇਕਪਟੁ ਕੀਜੈ ਅੰਤਿ ਨਿਬੇਰਾ; ਤੇਰੇ ਜੀਅ ਪਹਿ ਲੀਜੈ ਰਹਾਉ (ਸੋਰਠਿ/ਭਗਤ ਕਬੀਰ/੬੫੬), ਇਸ ਤੋਂ ਵੀ ਅੱਗੇ ਹੋਰ ਤਾੜਨਾ ਕਰਦੇ ਹੋਏ ਕਬੀਰ ਜੀ ਫ਼ੁਰਮਾਉਂਦੇ ਹਨ ਕਿ ਜਦੋਂ ਤੇਰੇ ’ਤੇ ਬੁਢੇਪਾ ਆ ਜਾਵੇਗਾ ਤਾਂ ਜਿਨ੍ਹਾਂ ਬੱਚਿਆਂ ਦੀ ਖਾਤਰ ਤੂੰ ਬੇਈਮਾਨੀ ਨਾਲ ਧਨ ਕਮਾਇਆ ਸੀ, ਉਹਨਾਂ ਨੇ ਤੇਰੀ ਬੁੱਕ ਵਿੱਚ ਪਾਣੀ ਦਾ ਘੁੱਟ ਵੀ ਨਹੀਂ ਪਾਉਣਾ: ‘‘ਛਿਨੁ ਛਿਨੁ ਤਨੁ ਛੀਜੈ; ਜਰਾ ਜਨਾਵੈ ਤਬ ਤੇਰੀ ਓਕ; ਕੋਈ ਪਾਨੀਓ ਪਾਵੈ ’’ (ਸੋਰਠਿ/ਭਗਤ ਕਬੀਰ/੬੫੬)

ਇੱਕ ਅਟੱਲ ਸਚਾਈ ਹੈ ਕਿ ਭਰਿਸ਼ਟ ਸਾਧਨ ਅਪਨਾਏ ਤੋਂ ਬਿਨਾਂ ਤਜੌਰੀਆਂ ਵੀ ਨਹੀਂ ਭਰੀਆਂ ਜਾ ਸਕਦੀਆਂ। ਜੀਵਨ ਨੂੰ ਸਾਂਵਾਂ ਪੱਧਰ ਚਲਾਉਣ ਲਈ ‘ਧਰਮ ਦੀ ਕਿਰਤ’ ਹੀ ਇੱਕੋ ਸਾਧਨ ਹੈ, ਜੋ ਗੁਰਮਤਿ ਨੇ ਸਮਝਾਇਆ ਹੈ। ਬੇਓੜਕ ਤੇ ਅਣਗਿਣਤ ਧਨ, ਹੇਰਾ ਫੇਰੀਆਂ ਨਾਲ, ਰਿਸ਼ਵਤ ਨਾਲ ਅਤੇ ਦੂਜਿਆਂ ਦਾ ਹੱਕ ਮਾਰ ਕੇ ਹੀ ਇਕੱਠਾ ਕੀਤਾ ਜਾ ਸਕਦਾ ਹੈ।  ਗੁਰਮਤਿ ਦਾ ਇਹ ਸਿਧਾਂਤ ਅਟੱਲ ਹੈ ਕਿ ਪਾਪਾਂ ਤੋਂ ਬਿਨਾਂ ਧਨ ਦੇ ਅੰਬਾਰ ਨਹੀਂ ਲੱਗ ਸਕਦੇ ਤੇ ਇਹ ਵੀ ਸਚਾਈ ਹੈ ਕਿ ਮਰਨ ਤੋਂ ਬਾਅਦ ਇਹ ਧਨ ਨਾਲ ਵੀ ਨਹੀਂ ਜਾਂਦਾ। ਧਨ ਜੋੜਨ ਦੀ ਦੌੜ ਵਿੱਚ ਲੱਗਾ ਹੋਇਆ ਮਨੁੱਖ ਇਸ ਸੰਸਾਰ ਤੋਂ ਖ਼ਾਲੀ ਹੱਥ ਹੀ ਜਾਂਦਾ ਹੈ : ‘‘ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਜਾਈ ’’ (ਆਸਾ/: /੪੧੭)

ਗੁਰਬਾਣੀ; ਮਨੁੱਖ ਨੂੰ ਬਾਰ-ਬਾਰ ਧਨ ਪਦਾਰਥਾਂ ਦੇ ਮੋਹ ਨੂੰ ਤਿਆਗਣ ਲਈ ਪ੍ਰੇਰਣਾ ਕਰਦੀ ਹੈ। ਨਾਜਾਇਜ਼ ਤਰੀਕੇ ਨਾਲ ਕਮਾਏ ਹੋਏ ਧਨ ਕਾਰਨ ਮਨੁੱਖ ਐਸ਼ਪ੍ਰਸਤੀ ਵਿੱਚ ਫਸ ਜਾਂਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ; ਉਸ ਉੱਤੇ ਆਪਣਾ ਗ਼ਲਬਾ (ਦਾਬਾ) ਪਾ ਲੈਂਦੇ ਹਨ ਤੇ ਮਨੁੱਖ ਦਾ ਜੀਵਨ ਵਿਕਾਰੀ ਬਣ ਜਾਂਦਾ ਹੈ। ਦੂਜਿਆਂ ਦੇ ਧਨ ਪਦਾਰਥ ਨੂੰ ਹੜੱਪਣ ਲਈ ਕਈ ਤਰ੍ਹਾਂ ਦੇ ਪਾਪ ਕਰਦਾ ਹੈ। ਅਸਲ ਵਿੱਚ ਸਾਰੀਆਂ ਬੁਰਿਆਈਆਂ ਦੀ ਜੜ੍ਹ ਗ਼ਲਤ ਤਰੀਕੇ ਨਾਲ ਕਮਾਇਆ ਹੋਇਆ ਧਨ ਹੈ। ਹਜ਼ਾਰਾਂ ਰੁਪਏ ਕਮਾ ਕੇ ਲੱਖਾਂ ਵੱਲ ਦੌੜਦਾ ਹੈ, ਪਰ ਮ੍ਰਿਗਤ੍ਰਿਸ਼ਨਾ ਵਾਂਗ ਉਸ ਦੀ ਪਿਆਸ ਕਦੇ ਨਹੀਂ ਮਿਟਦੀ।  ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਸਹਸ ਖਟੇ, ਲਖ ਕਉ ਉਠਿ ਧਾਵੈ   ਤ੍ਰਿਪਤਿ ਆਵੈ; ਮਾਇਆ ਪਾਛੈ ਪਾਵੈ ’’ (ਗਉੜੀ ਸੁਖਮਨੀ/: /੨੭੯), ਇਉਂ ਤ੍ਰਿਸ਼ਨਾ ਕਦੀ ਵੀ ਸ਼ਾਂਤ ਨਹੀਂ ਹੁੰਦੀ। ਮਨ; ਹਮੇਸ਼ਾਂ ਭਟਕਣਾ ਵਿੱਚ ਰਹਿੰਦਾ ਹੈ। ਅਜਿਹਾ ਮਨੁੱਖ ਪ੍ਰਮਾਤਮਾ ਦੇ ਡਰ ਨੂੰ ਮਨੋਂ ਵਿਸਾਰ ਦਿੰਦਾ ਹੈ। ਅਜਿਹੀ ਤ੍ਰਿਸ਼ਨਾ ਦੀ ਅਵਸਥਾ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਗਉੜੀ ਰਾਗ ਵਿੱਚ ਕਰਦੇ ਹੋਏ ਫ਼ੁਰਮਾਉਂਦੇ ਹਨ : ‘‘ਤ੍ਰਿਸਨਾ; ਬਿਰਲੇ ਹੀ ਕੀ ਬੁਝੀ ਹੇ ਰਹਾਉ ਕੋਟਿ ਜੋਰੇ ਲਾਖ ਕ੍ਰੋਰੇ; ਮਨੁ ਹੋਰੇ ਪਰੈ ਪਰੈ ਹੀ ਕਉ ਲੁਝੀ ਹੇ ’’ (ਗਉੜੀ/: /੨੧੩), ਪਾਪ ਕਰਕੇ ਕਮਾਈ ਹੋਈ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਆਮ ਸਧਾਰਨ ਮਨੁੱਖ ਤੋਂ ਲੈ ਕੇ ਵੱਡੇ ਵੱਡੇ ਰਾਜੇ ਵੀ ਸੜ ਰਹੇ ਹਨ। ਜਿਨ੍ਹਾਂ ਸੁੱਖਾਂ ਦੇ ਪਿੱਛੇ ਮਨੁੱਖ ਪਾਪ ਕਰਕੇ ਦੌੜਦਾ ਫਿਰਦਾ ਹੈ, ਉਹ ਸੁੱਖ ਦੀ ਥਾਂ ਸਰੀਰਕ ਤੇ ਮਾਨਸਿਕ ਦੁੱਖ ਸਹੇੜ ਲੈਂਦਾ ਹੈ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ : ‘‘ਤ੍ਰਿਸਨਾ ਅਗਨਿ ਜਲੈ ਸੰਸਾਰਾ ਜਲਿ ਜਲਿ ਖਪੈ; ਬਹੁਤੁ ਵਿਕਾਰਾ ’’ (ਮਾਰੂ ਸੋਲਹੇ/: /੧੦੪੪), ਧਨ ਪਦਾਰਥਾਂ ਵਿੱਚ ਚਿੱਤ ਜੋੜੀ ਰੱਖਣ ਵਾਲੇ ਮਨੁੱਖ ਨੂੰ ਅੰਨ੍ਹਾ ਤੇ ਬੋਲਾ ਕਿਹਾ ਗਿਆ ਹੈ। ਇਸ ਦਾ ਭਾਵ ਹੈ ਕਿ ਉਹ ਜੀਵਨ ਦੀ ਸਚਾਈ ਵੱਲੋਂ ਅਗਿਆਨੀ ਹੈ। ਉਸ ਨੂੰ ਇਸ ਗੱਲ ਦੀ ਸੋਝੀ ਹੀ ਨਹੀਂ ਕਿ ਜਿਹੜੇ ਪਾਪ ਕਰਕੇ ਉਹ ਧਨ ਪਦਾਰਥ ਇਕੱਠੇ ਕਰ ਰਿਹਾ ਹੈ, ਉਹਨਾਂ ਨੇ ਨਾਲ ਨਹੀਂ ਨਿਭਣਾ। ਅਜਿਹਾ ਵਿਅਕਤੀ ਗੁਰੂ ਉਪਦੇਸ਼ ਨੂੰ ਸੁਣਦਾ ਹੀ ਨਹੀਂ ਸਗੋਂ ਮਾਇਆ ਦੇ ਰੌਲੇ ਗੌਲੇ ਵਿੱਚ ਆਪਣੇ ਮਨ ਨੂੰ ਪ੍ਰਚਾਉਂਦਾ ਰਹਿੰਦਾ ਹੈ। ਗੁਰੂ ਅਮਰਦਾਸ ਜੀ ਅਜਿਹੇ ਲੋਕਾਂ ਬਾਰੇ ਫ਼ੁਰਮਾਉਂਦੇ ਹਨ : ‘‘ਮਾਇਆਧਾਰੀ; ਅਤਿ ਅੰਨਾ ਬੋਲਾ   ਸਬਦੁ ਸੁਣਈ; ਬਹੁ ਰੋਲ ਘਚੋਲਾ ’’ (ਗਉੜੀ ਕੀ ਵਾਰ/: /੩੧੩), ਕੋਈ ਮਨੁੱਖ ਇਸ ਭੁਲੇਖੇ ਵਿੱਚ ਨਾ ਰਹੇ ਕਿ ਹੱਦੋਂ ਵੱਧ ਧਨ ਆ ਜਾਣ ਨਾਲ ਉਸ ਦਾ ਜੀਵਨ ਸੁਖੀ ਹੋ ਜਾਵੇਗਾ। ਇਸ ਸਿਧਾਂਤ ਨੂੰ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਸਮਝਾਉਂਦੇ ਹਨ : ‘‘ਸੁਖੁ ਨਾਹੀ; ਬਹੁਤੈ ਧਨਿ ਖਾਟੇ ਸੁਖੁ ਨਾਹੀ; ਪੇਖੇ ਨਿਰਤਿ ਨਾਟੇ ਸੁਖੁ ਨਾਹੀ; ਬਹੁ ਦੇਸ ਕਮਾਏ ਸਰਬ ਸੁਖਾ; ਹਰਿ ਹਰਿ ਗੁਣ ਗਾਏ (ਭੈਰਉ/: /੧੧੪੭)

ਅਸਲ ਵਿੱਚ ਮਾਇਆ ਮਾੜੀ ਨਹੀਂ, ਜੋ ਸਾਡੇ ਰੁਕੇ ਹੋਏ ਸਾਰੇ ਕਾਰਜ ਸਵਾਰਦੀ ਹੈ। ਅਸਲ ਮਾੜਾਪਨ ਮਨੁੱਖ ਦੇ ਮਨ ਵਿੱਚ ਹੈ ਜੋ ਪ੍ਰਭੂ ਨੂੰ ਵਿਸਾਰ ਕੇ ਗ਼ਲਤ ਤਰੀਕੇ ਨਾਲ ਧਨ ਪਦਾਰਥ ਇਕੱਠੇ ਕਰਨ ਲਈ ਪ੍ਰੇਰਦਾ ਹੈ। ਜਿਹੜੇ ਮਨੁੱਖ ਧਨ ਦੌਲਤ ਦੀ ਖਾਤਰ ਪ੍ਰਮਾਤਮਾ ਨੂੰ ਵਿਸਾਰ ਦਿੰਦੇ ਹਨ, ਉਹ ਹਮੇਸ਼ਾਂ ਹੀ ਖ਼ੁਆਰ  ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਅਜਿਹੇ ਮਨੁੱਖਾਂ ਨੂੰ ਸਾਵਧਾਨ ਕਰਦੇ ਹੋਏ ਸਮਝਾਉਂਦੇ ਹਨ : ‘‘ਦੁਖੀ ਦੁਨੀ ਸਹੇੜੀਐ; ਜਾਇ ਲਗਹਿ ਦੁਖ ਨਾਨਕ  ! ਸਚੇ ਨਾਮ ਬਿਨੁ; ਕਿਸੈ ਲਥੀ ਭੁਖ ’’ (ਮਲਾਰ ਕੀ ਵਾਰ/: /੧੨੮੭)

ਮਨੁੱਖ; ਧਨ ਪਦਾਰਥ ਇਕੱਠੇ ਕਰਨ ਲਈ ਅਨੇਕਾਂ ਠੱਗੀਆਂ ਕਰਦਾ ਹੈ। ਪੈਸਾ ਕਮਾਉਣ ਦੀ ਖਾਤਰ ਆਪਣੇ ਸਿਰ ਉੱਤੇ ਬਦਨਾਮੀ ਦੀ ਸੁਆਹ ਪਾਉਂਦਾ ਫਿਰਦਾ ਹੈ। ਜਿਸ ਪ੍ਰਭੂ ਨੇ ਸਭ ਕੁੱਝ ਦਿੱਤਾ ਹੈ ਉਸ ਨੂੰ ਬਿਲਕੁਲ ਯਾਦ ਨਹੀਂ ਕਰਦਾ। ਗੁਰੂ ਅਰਜਨ ਦੇਵ ਜੀ ਅਜਿਹੇ ਮਨੁੱਖ ਨੂੰ ਸਮਝਾਉਂਦੇ ਹੋਏ ਫ਼ੁਰਮਾਉਂਦੇ ਹਨ : ‘‘ਧਰਤ ਧੋਹ ਅਨਿਕ ਛਲ ਜਾਨੈ ਕਉਡੀ ਕਉਡੀ ਕਉ ਖਾਕੁ ਸਿਰਿ ਛਾਨੈ ਜਿਨਿ ਦੀਆ; ਤਿਸੈ ਚੇਤੈ ਮੂਲਿ ਮਿਥਿਆ ਲੋਭੁ; ਉਤਰੈ ਸੂਲੁ ’’ (ਰਾਮਕਲੀ/: /੮੯੯)

ਅਸਲ ਵਿੱਚ ਮੋਹ ਮਾਇਆ ਵਿੱਚ ਭਰਿਸ਼ਟ ਹੋ ਚੁੱਕੀ ਬੁੱਧੀ ਵਾਲੇ ਮਨੁੱਖ ਦੇ ਮਨ ਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ ਕਿ ਇਸ ਠਗਨੀ ਮਾਇਆ ਦਾ ਡੰਗਿਆ ਹੋਇਆ ਜੀਵ ਉਹੀ ਕੰਮ ਕਰਦਾ ਹੈ ਜਿਸ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਜਦੋ ਕੋਈ ਮਨੁੱਖ ਛਲ-ਕਪਟ ਕਰਕੇ ਝੂਠਾ ਬੋਲ ਕੇ ਕੁਝ ਧਨ ਪਦਾਰਥ ਘਰ ਲੈ ਕੇ ਆਉਂਦਾ ਹੈ ਤਾਂ ਉਹ ਇਹ ਸਮਝ ਲੈਂਦਾ ਹੈ ਕਿ ਮੈਂ ਅੱਜ ਕੋਈ ਬਹੁਤ ਵੱਡੀ ਜਿੱਤ ਪ੍ਰਾਪਤ ਕਰ ਲਈ ਹੈ। ਗੁਰੂ ਰਾਮਦਾਸ ਜੀ ਦਾ ਫ਼ੁਰਮਾਨ ਹੈ : ‘‘ਨਿਤ ਨਿਹਫਲ ਕਰਮ ਕਮਾਇ; ਬਫਾਵੈ ਦੁਰਮਤੀਆ ਜਬ ਆਣੈ, ਵਲਵੰਚ ਕਰਿ ਝੂਠੁ; ਤਬ ਜਾਣੈ, ਜਗੁ ਜਿਤੀਆ ’’ (ਤਿਲੰਗ/: /੭੨੩)

ਜਿਸ ਮਨੁੱਖ ਨੇ ਪਾਪਾਂ ਨਾਲ ਬਹੁਤ ਜ਼ਿਆਦਾ ਧਨ ਕਮਾਇਆ ਉਹ ਵੀ ਦੁਖੀ ਹੈ ਅਤੇ ਜਿਸ ਮਨੁੱਖ ਕੋਲ ਸੀਮਤ ਧਨ ਹੈ ਉਹ ਵੀ ਦੁਖੀ ਹੈ। ਘੱਟ ਧਨ ਵਾਲਾ ਆਪਣਾ ਮਕਾਨ ਵੀ ਨਹੀਂ ਬਣਾ ਸਕਦਾ। ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਪੂਰਾ ਕਰਨਾ ਉਸ ਲਈ ਮੁਸ਼ਕਿਲ ਹੁੰਦਾ ਹੈ। ਹੋਰ ਤਾਂ ਹੋਰ ਜੇਕਰ ਘਰ ਵਿੱਚ ਕੋਈ ਬੀਮਾਰੀ ਆ ਪਈ ਤਾਂ ਉਸ ਦਾ ਇਲਾਜ ਕਰਾਉਣਾ ਵੀ ਉਸ ਲਈ ਸੰਭਵ ਨਹੀਂ ਹੁੰਦਾ। ਇਹਨਾਂ ਚਿੰਤਾ ਝੋਰਿਆਂ ਵਿੱਚ ਉਹ ਪ੍ਰਭੂ ਦਾ ਨਾਮ ਕਿਵੇਂ ਜਪੇ, ਉਸ ਵਿੱਚ ਆਪਣਾ ਮਨ ਕਿਵੇਂ ਜੋੜੇ ? ਇਸ ਸੰਬੰਧੀ ਗੁਰੂ ਅਰਜਨ ਦੇਵ ਜੀ; ਮਨੁੱਖ ਨੂੰ ਸਮਝਾਉਂਦੇ ਹਨ ਕਿ ਜੇ ਕੋਈ ਦਿਨ ਰਾਤ ਖਾਣ ਦੇ ਫਿਕਰ ਵਿੱਚ ਹੀ ਗੁਜਾਰੇ ਤੇ ਉਸ ਦੇ ਚਿੱਤ ਵਿੱਚ ਰੱਬ ਦੀ ਯਾਦ ਨਾ ਹੋਵੇ ਤਾਂ ਉਹ ਨਰਕਾਂ ਵਿੱਚ ਪੈਣੋਂ ਕਿਵੇਂ ਬਚ ਸਕਦਾ ਹੈ। ਆਪ ਦਾ ਫ਼ੁਰਮਾਨ ਹੈ : ‘‘ਅਠੇ ਪਹਰ ਭਉਦਾ ਫਿਰੈ; ਖਾਵਣ ਸੰਦੜੈ ਸੂਲਿ ਦੋਜਕਿ ਪਉਦਾ ਕਿਉ ਰਹੈ ? ਜਾ ਚਿਤਿ ਹੋਇ ਰਸੂਲਿ ’’ (ਗਉੜੀ ਕੀ ਵਾਰ/: /੩੧੯), ਇਸ ਵਿਚਾਰ ਨੂੰ ਗੁਰੂ ਅਰਜਨ ਦੇਵ ਜੀ ਨੇ ਬਹੁਤ ਹੀ ਸੁੰਦਰ ਤੇ ਸੰਖੇਪ ਸ਼ਬਦਾਂ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ : ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ’’ (ਮਾਰੂ/: /੧੦੧੯)

ਇਤਿਹਾਸ ਵਿੱਚ ਭਾਈ ਸ਼ੀਆਂ ਨਾਂ ਦੇ ਵਿਅਕਤੀ ਦਾ ਜ਼ਿਕਰ ਆਉਂਦਾ ਹੈ। ਇਹ ਮਜਦੂਰੀ ਕਰਨ ਵਾਲਾ ਅਤਿ ਦਾ ਗ਼ਰੀਬ ਸਿੱਖ ਸੀ ਜਿਸ ਨੇ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਸੀ। ਇੱਕ ਦਿਨ ਬਾਬਾ ਲਹਿਣਾ ਜੀ ਦੀ ਦੁਕਾਨ ਤੋਂ, ਸਾਰੇ ਦਿਨ ਦੀ ਦੋ ਪੈਸੇ ਦੀ ਕਮਾਈ ਦਾ ਘਰ ਲਈ ਸੌਦਾ ਲੈਣ ਗਿਆ। ਬਾਬਾ ਲਹਿਣਾ ਜੀ ਨੇ ਗ਼ਰੀਬ ਜਾਣ ਦੇ ਦੋ ਪੈਸੇ ਤੋਂ ਵੱਧ ਦਾ ਰਾਸ਼ਨ ਪਾ ਦਿੱਤਾ ਜਿਸ ਨੂੰ ਭਾਈ ਸ਼ੀਆਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਧਰਮ ਦੀ ਕਿਰਤ ਨਾਲ ਹੀ ਗੁਜਾਰਾ ਕਰਨਾ ਹੈ। ਬਾਬਾ ਲਹਿਣਾ ਜੀ ਬਹੁਤ ਹੈਰਾਨ ਹੋਏ ਤੇ ਫਿਰ ਉਸ ਦਾ ਸਬਰ ਸੰਤੋਖ ਵਾਲਾ ਗ੍ਰਹਿਸਤ ਜੀਵਨ ਵੇਖ ਕੇ ਅਤੇ ਉਸ ਦੇ ਗੁਰੂ ਦੀ ਦਿੱਤੀ ਸਿੱਖਿਆ ਅਨੁਸਾਰ ਚੱਲ ਰਹੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ। ਅਜਿਹਾ ਗ਼ਰੀਬ ਸਿੱਖ ਅਮੀਰੀ ਤੇ ਗ਼ਰੀਬੀ ਤੋਂ ਉੱਪਰ ਉਠ ਕੇ ਸੁਖੀ ਜੀਵਨ ਬਤੀਤ ਕਰ ਸਕਦਾ ਹੈ ਭਾਵਂ ਕਿ ਇਸ ਤਰ੍ਹਾਂ ਦਾ ਸੱਚਾ ਸੁੱਚਾ ਮਨੁੱਖ ਕੋਈ ਵਿਰਲਾ ਹੀ ਹੁੰਦਾ ਹੈ, ਜੋ ਤ੍ਰਿਸ਼ਨਾ ਦੀ ਅਗਨੀ ਤੋਂ ਨਿਰਲੇਪ ਰਹਿੰਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ : ‘‘ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ, ਕੋਈ ਹਰਿਆ ਬੂਟੁ ਰਹਿਓ ਰੀ ’’ (ਆਸਾ/: /੩੮੪)

ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਜੀਵਨ ਦੀਆਂ ਮੁੱਢਲੀਆਂ ਲੋੜਾਂ ਨੂੰ ਸੌਖੇ ਤਰੀਕੇ ਨਾਲ ਪੂਰਾ ਕਰਨ ਲਈ ਅਤੇ ਸੁਖੀ ਜੀਵਨ ਬਤੀਤ ਕਰਨ ਲਈ ਗੁਰਮਤਿ ਨੇ ‘ਧਰਮ ਦੀ ਕਿਰਤ’ ਦਾ ਸਿਧਾਂਤ ਦਿੱਤਾ ਹੈ। ਇਸ ਦੇ ਨਾਲ ਹੀ ‘ਨਾਮ ਜਪਣ’ ਤੇ ‘ਵੰਡ ਛਕਣ’ ਦਾ ਉਪਦੇਸ਼ ਵੀ ਦਿੱਤਾ ਹੈ। ਨਾਮ ਉਹੀ ਮਨੁੱਖ ਜਪ ਸਕੇਗਾ ਜੋ ਧਰਮ ਦੀ ਕਿਰਤ ਕਰੇਗਾ ਕਿਉਂਕਿ ਨਾਮ ਜਪ ਕੇ ਉਸ ਨੂੰ ਇਹ ਸੋਝੀ ਆ ਜਾਵੇਗੀ ਕਿ ਉਹ ਕੇਵਲ ਆਪਣੇ ਲਈ ਹੀ ਨਹੀਂ ਜੀਉਂਦਾ ਸਗੋਂ ਲੋੜਵੰਦਾਂ ਦੀ ਸਹਾਇਤਾ ਕਰਨੀ ਵੀ ਧਰਮ ਹੈ। ਜਿਹੜੇ ਮਨੁੱਖ ਪਾਪਾਂ ਨਾਲ ਧਨ ਕਮਾਉਂਦੇ ਹਨ ? ਉਹਨਾਂ ਦੇ ਅੰਦਰ ਪ੍ਰਮਾਤਮਾ ਦਾ ਭਉ ਤੇ ਭਾਉ ਨਹੀਂ ਰਹਿੰਦਾ। ਆਪਣੀ ਮਲੀਨ ਬੁੱਧੀ ਕਾਰਨ ਮਾਇਆ ਵਿੱਚ ਖਚਿਤ ਰਹਿੰਦੇ ਹਨ ਤੇ ਅੰਤ ਸਮੇਂ ਸਾਰੇ ਧਨ ਪਦਾਰਥ ਇੱਥੇ ਹੀ ਛੱਡ ਕੇ ਸੰਸਾਰ ਤੋਂ ਕੂਚ ਕਰ ਜਾਂਦੇ ਹਨ। ਇਸੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਜੀ ਅਟੱਲ ਸਚਾਈ ਬਿਆਨ ਕਰਦੇ ਹਨ, ‘‘ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਜਾਈ ’’ (ਆਸਾ/: /੪੧੭)

ਕੀ ਕਸ਼ਮੀਰੀ ਬੇਟੀਆਂ ‘ਪ੍ਰਾਪਰਟੀ’ ਹਨ ?

0

ਕੀ ਕਸ਼ਮੀਰੀ ਬੇਟੀਆਂ ‘ਪ੍ਰਾਪਰਟੀ’ ਹਨ ?

ਡਾ. ਹਰਸ਼ਿੰਦਰ ਕੌਰ (ਪਟਿਆਲਾ) – 0175-2216783

ਇਤਿਹਾਸ ਗਵਾਹ ਹੈ ਕਿ ਧਾਰਮਿਕ ਦੰਗਿਆਂ ਅਤੇ ਜੰਗਾਂ ਵਿੱਚ ਸਭ ਤੋਂ ਵੱਧ ਮਾਰ; ਔਰਤਾਂ ਅਤੇ ਬੱਚੀਆਂ ਸਹਿੰਦੀਆਂ ਹਨ। ‘ਵੈਲੀ ਆਫ ਵਿਡੋਜ਼’ ਕੋਲੰਬੀਆ ਵਿਚਲੀਆਂ ਉਨ੍ਹਾਂ ਵਿਧਵਾਵਾਂ ਦੀ ਬਸਤੀ ਹੈ, ਜਿੱਥੇ ਔਰਤਾਂ ਦੇ ਪਤੀ ਨਹੀਂ ਰਹੇ ਤੇ ਨਾ ਹੀ ਕੋਈ ਜ਼ਮੀਨ ਤੇ ਕਮਾਈ ਦਾ ਸਾਧਨ ਹਨ।  ਇਹ ਸਭ ਖਾਨਾਜੰਗੀ ਤੇ ਨਸ਼ਿਆਂ ਦੀ ਭੇਂਟ ਚੜ੍ਹ ਗਿਆ।

ਬੌਸਨੀਆ ਵਿੱਚ ਵੀ ਚੱਲੇ ਕਤਲੇਆਮ ਦੌਰਾਨ ਅਣਗਿਣਤ ਔਰਤਾਂ ਦੇ ਬਲਾਤਕਾਰ ਹੋਏ, ਬਥੇਰੀਆਂ ਚੁੱਕੀਆਂ ਗਈਆਂ, ਕੈਂਪਾਂ ਵਿੱਚ ਜਬਰੀ ਸਰੀਰਕ ਸ਼ੋਸ਼ਣ ਰਾਹੀਂ ਉਨ੍ਹਾਂ ਦੇ ਸਰੀਰਾਂ ਅੰਦਰ ਦੂਜੇ ਪਾਸੇ ਵਾਲਿਆਂ ਨੇ ਆਪਣੇ ਅੰਸ਼ ਛੱਡਣੇ ਚਾਹੇ ਤਾਂ ਜੋ ਨਸਲ ਦਾ ਨਾਸ ਮਾਰਿਆ ਜਾ ਸਕੇ।, ਰਵਾਂਡਾ ਵਿੱਚ ਔਰਤਾਂ ਦਾ ਸਮੂਹਕ ਬਲਾਤਕਾਰ ਕਰ ਕੇ ਉਨ੍ਹਾਂ ਨੂੰ ਏਡਜ਼ ਦੀ ਬੀਮਾਰੀ ਦੇ ਦਿੱਤੀ ਗਈ ਤਾਂ ਜੋ ਨਸਲਕੁਸ਼ੀ ਹੋ ਸਕੇ।, ਟਿਮੋਰ, ਕੌਂਗੋ ਅਤੇ ਗੁਟਮਲਾ ਦੀ ਵੀ ਕਹਾਣੀ ਕੋਈ ਵੱਖ ਨਹੀਂ ਸੀ। ਔਰਤਾਂ ਦਾ ਜੋ ਹਾਲ ਹੋਇਆ, ਉੱਥੇ ਬਲਾਤਕਾਰਾਂ ਦੀ ਗਿਣਤੀ ਕਰਨੀ ਔਖੀ ਹੋ ਗਈ ਸੀ। ਕਿਵੇਂ ਹੋਸਟਲਾਂ ਨੂੰ ਹਰਮਾਂ ਵਿੱਚ ਤਬਦੀਲ ਕਰ ਕੇ ਬੱਚੀਆਂ ਉਦੋਂ ਤੱਕ ਬੰਦ ਰੱਖੀਆਂ ਜਾਂਦੀਆਂ ਜਦ ਤੱਕ ਉਨ੍ਹਾਂ ਦਾ ਗਰਭ ਨਾ ਠਹਿਰ ਜਾਂਦਾ ਤਾਂ ਜੋ ਉੱਥੋਂ ਦੇ ਲੋਕਾਂ ਦਾ ਬੀਜ ਨਾਸ ਕੀਤਾ ਜਾ ਸਕੇ।

ਦੁਨੀਆ ਵਿੱਚ ਕਿਤੇ ਵੀ ਜਦੋਂ ਖਾਨਾਜੰਗੀ ਹੋਵੇ, ਘਰੇਲੂ ਹਿੰਸਾ, ਰਿਸ਼ਤੇਦਾਰੀ ਵਿੱਚ ਪਾੜ, ਵਪਾਰ ਵਿੱਚ ਤ੍ਰੇੜ, ਗੱਲ ਕੀ ਹਰ ਥਾਂ ਸਿਰਫ਼ ਔਰਤਾਂ ਦੀ ਪੱਤ ਲੁੱਟਣ, ਜ਼ਲੀਲ ਕਰਨ ਤੇ ਕਤਲ ਕਰ ਕੇ ਉਸ ਦੇ ਸਰੀਰ ਦੀ ਨੁਮਾਇਸ਼ ਕਰਨ ਨੂੰ ਹੀ ਜੰਗ ਜਿੱਤਣ ਦਾ ਨਾਂ ਦੇ ਦਿੱਤਾ ਗਿਆ ਹੈ।

ਲੁੱਟ-ਖਸੁੱਟ ਕਰਨ ਦਾ ਮਤਲਬ ਹੀ ਇਹੋ ਮੰਨ ਲਿਆ ਗਿਆ ਹੈ ਕਿ ਹਰ ਨਜ਼ਰੀਂ ਪਈ ਬੱਚੀ ਦਾ ਜਬਰਨ ਸ਼ਿਕਾਰ ਕੀਤਾ ਜਾਵੇ। ਇਹੀ ਕਾਰਨ ਸੀ ਕਿ ਸੰਨ 1947 ਵਿੱਚ ਭਾਰਤ ਪਾਕ ਵੰਡ ਵੇਲੇ ਬੰਦਿਆਂ ਨੇ ਆਪਣੀਆਂ ਵਹੁਟੀਆਂ, ਮਾਵਾਂ ਤੇ ਧੀਆਂ ਜ਼ਹਿਰ ਦੇ ਕੇ ਮਾਰ ਛੱਡੀਆਂ ਜਾਂ ਕਿਰਪਾਨਾਂ ਨਾਲ ਵੱਢ ਦਿੱਤੀਆਂ ਤੇ ਜਾਂ ਔਰਤਾਂ ਨੇ ਹੀ ਖੂਹ ਵਿੱਚ ਛਾਲ ਮਾਰ ਕੇ ਜਾਨ ਦੇ ਦਿੱਤੀ। ਅਜਿਹੇ ਹੱਲਿਆਂ ਵਿੱਚ ਨਾ 9 ਮਹੀਨਿਆਂ ਦੀ ਬਾਲੜੀ ਬਖ਼ਸ਼ੀ ਜਾਂਦੀ ਹੈ ਤੇ ਨਾ ਹੀ 90 ਵਰ੍ਹਿਆਂ ਦੀ ਮਾਂ। 1984 ਵਿੱਚ ਇਹ ਵੇਖਣ ਵਿੱਚ ਆਇਆ ਕਿ ਮੁਹੱਲੇ ਦੇ ਲੋਕ ਹੀ ਧਾੜਵੀਆਂ ਵਿੱਚ ਸ਼ਾਮਲ ਹੋ ਕੇ ਆਪਣੀਆਂ ਹੀ ਗੁਆਂਢਣਾਂ, ਜੋ ਉਨ੍ਹਾਂ ਨੂੰ ਭਰਾ ਜਾਂ ਪਿਓ ਆਖਦੀਆਂ ਸਨ, ਦੀ ਪੱਤ ਲੁੱਟਣ ਨੂੰ ਕਾਹਲੇ ਹੋਏ ਪਏ ਸਨ। ਯਾਨੀ ਜਦੋਂ ਇਨਸਾਨੀਅਤ ਦੇ ਪਤਲੇ ਜਿਹੇ ਵਰਕ ਦਾ ਮੁਖੌਟਾ ਉਤਰਦਾ ਹੈ ਤਾਂ ਹੇਠੋਂ ਹੈਵਾਨ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ। ਇਹੋ ਅਸਲੀਅਤ ਹੈ। ਚੁਫ਼ੇਰੇ ਫਿਰਦੇ ਸੱਭਿਅਕ ਅਖਵਾਉਂਦੇ ਲੋਕ ਉਦੋਂ ਤੱਕ ਹੀ ਸੱਭਿਅਕ ਰਹਿੰਦੇ ਹਨ ਜਦੋਂ ਤੱਕ ‘ਮੌਕਾ’ ਨਹੀਂ ਮਿਲਦਾ। ਕਿੰਨੀ ਵੀ ਉੱਚੀ ਪਦਵੀ ਹੋਵੇ, ਮਜ਼ਲੂਮ ਸਾਹਮਣੇ ਵੇਖ ਕੇ ਸ਼ਿਕਾਰ ਕੀਤੇ ਬਗ਼ੈਰ ਰਿਹਾ ਨਹੀਂ ਜਾਂਦਾ ! ਇਸ ਕੌੜੀ ਹਕੀਕਤ ਨੂੰ ਬੇਪਰਦਾ ਕਰਦਿਆਂ ਬਹੁਤ ਜਣੇ ਉੱਚੀ-ਉੱਚੀ ਚੀਕਦੇ, ਰੌਲਾ ਪਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣਾ ਆਪ ਨੰਗਾ ਹੋਇਆ ਜਾਪਦਾ ਹੈ।

ਕੋਈ ਵੀ ਜਣਾ ਕਿਆਸ ਲਾ ਸਕਦਾ ਹੈ ਕਿ ਅਜਿਹੀ ਹੈਵਾਨੀਅਤ ਦੀਆਂ ਸ਼ਿਕਾਰ ਔਰਤਾਂ ਕਿਸ ਬਦਲਾ ਲਊ ਸੋਚ ਨਾਲ ਵਿਚਰ ਰਹੀਆਂ ਹੋਣਗੀਆਂ ਤੇ ਅੱਗੋਂ ਕੀ ਕਹਿਰ ਢਾਅ ਸਕਦੀਆਂ ਹਨ। ਬਦਲਾ ਲਊ ਨੀਤੀ ਨਾਲ ਉੱਠੀ ਔਰਤ ਜ਼ਹਿਰੀਲੇ ਸੱਪ ਤੋਂ ਵੱਧ ਤਿੱਖਾ ਡੰਗ ਮਾਰਦੀ ਹੈ ਤੇ ਉਹ ਵੀ ਪੂਰੀ ਨੀਤੀ ਘੜ ਕੇ। ਉਹ ਨਿਸ਼ਾਨਾ ਸੇਧਦੀ ਹੈ ਤੇ ਉਸ ਨੂੰ ਪੂਰਾ ਕਰਨ ਲਈ ਸਹਿਜ ਤੇ ਸਿਆਣਪ ਨਾਲ ਸਮਾਂ ਚੁਣਦੀ ਹੈ ਤਾਂ ਜੋ ਚੂਕ ਨਾ ਹੋ ਜਾਵੇ। ਉਹ ਵਾਰ ਵੀ ਸਿਰਫ਼ ਉਨ੍ਹਾਂ ’ਤੇ ਕਰਦੀ ਹੈ, ਜੋ ਉਸ ਉੱਤੇ ਜ਼ੁਲਮ ਢਾਅ ਕੇ ਹਟੇ ਹੋਣ। ਇਹ ਵੇਖਣ ਵਿੱਚ ਆਇਆ ਹੈ ਕਿ ਵੱਡੀ ਗਿਣਤੀ ਔਰਤਾਂ ਦੀ ਸੋਚ ਕੁੱਝ ਵੱਖ ਹੁੰਦੀ ਹੈ।

ਯੂਨੀਫੈਮ ਦੀ ਸ਼ਾਂਤੀ ਦੀ ਟੌਰਚ, ਜਦੋਂ ਬਲਾਤਕਾਰ ਪੀੜਤ ਅਫਰੀਕਨ ਔਰਤਾਂ ਨਾਲ ਬਾਲੀ (ਜਲਾਈ) ਗਈ ਅਤੇ ਜਦੋਂ ਬੀਜਿੰਗ ਵਿਖੇ 1995 ਵਿੱਚ ਚੌਥੀ ਵਿਸ਼ਵ ਔਰਤਾਂ ਦੀ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਦੁਨੀਆ ਦੰਗ ਰਹਿ ਗਈ। ਲਗਭਗ ਹਰ ਔਰਤ ਆਪਣੀ ਪੀੜ ਨੂੰ ਉਸਾਰੂ ਸੋਚ ਦੇ ਰਹੀ ਸੀ। ਹੋਰ ਜੰਗ ਜਾਂ ਬਦਲਾ ਲਊ ਨੀਤੀ ਦੀ ਥਾਂ ਚੰਗੇ ਸ਼ਹਿਰੀ ਪੈਦਾ ਕਰਨ ਤੇ ਨਵਾਂ ਸਮਾਜ ਸਿਰਜਣ ਦੀ ਗੱਲ ਕੀਤੀ ਗਈ, ਜਿੱਥੇ ਹਰ ਔਰਤ ਵਧੀਆ ਮਾਂ ਬਣ ਕੇ ਆਪਣੇ ਪੁੱਤਰ ਜਾਂ ਧੀ ਲਈ ਰਾਹ ਦਸੇਰਾ ਬਣਨ ਲਈ ਤਿਆਰ ਸੀ ਕਿ ਅੱਗੋਂ ਤੋਂ ਅਜਿਹਾ ਜ਼ੁਲਮ ਉਨ੍ਹਾਂ ਦੇ ਕੁੱਖੋਂ ਜੰਮਿਆ ਪੁੱਤਰ ਕਿਸੇ ਧੀ ਉੱਤੇ ਨਾ ਕਰੇ। ਸਪਸ਼ਟ ਸੀ ਕਿ ਆਪਣੀ ਪੀੜ ਨੂੰ ਔਰਤਾਂ ਨੇ ਵਿਸ਼ਵ ਸ਼ਾਂਤੀ ਦੇ ਪੁਲ ਦੀ ਉਸਾਰੀ ਲਈ ਵਰਤ ਲਿਆ ਸੀ। ਇਹ ਔਰਤਾਂ ਇੱਕ ਦੂਜੇ ਦਾ ਸਹਾਰਾ ਆਪ ਹੀ ਬਣੀਆਂ ਸਨ ਕਿਉਂਕਿ ਮਰਦਾਂ ਵੱਲੋਂ ਉਨ੍ਹਾਂ ਨੂੰ ਸਿਰਫ਼ ‘ਵਰਤਣ’ ਵਾਲੀ ਸ਼ੈਅ ਮੰਨ ਲਿਆ ਗਿਆ ਸੀ। ਸਭ ਨੂੰ ਤਿਰਸਕਾਰ ਹੀ ਹਾਸਲ ਹੋਇਆ ਸੀ। ਇਨ੍ਹਾਂ ਵਿੱਚੋਂ ਪੜੀਆਂ ਲਿਖੀਆਂ ਔਰਤਾਂ ਨੇ ਆਪਣੇ ਨਾਲ ਦੀਆਂ ਅਨਪੜ੍ਹ ਔਰਤਾਂ ਨੂੰ ਪੜ੍ਹਾਉਣ ਦਾ ਜਿੰਮਾ ਆਪ ਚੁੱਕਿਆ। ਨਤੀਜੇ ਵਜੋਂ 90 ਫੀਸਦੀ ਪੇਂਡੂ ਔਰਤਾਂ ਪੜ੍ਹ ਲਿਖ ਗਈਆਂ ਤੇ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਗਈਆਂ। ਇਨ੍ਹਾਂ ਵਿੱਚੋਂ ਹੀ ਕਈ ਇੱਕ ਦੂਜੇ ਨੂੰ ਨਵੇਂ ਕਿੱਤੇ ਸਿਖਾਉਣ ਵਿੱਚ ਲੱਗ ਗਈਆਂ ਤੇ ਕੁੱਝ ਚੋਣਾਂ ਵਿੱਚ ਵੀ ਖੜ੍ਹੀਆਂ ਹੋਈਆਂ।

ਰੱਤਾ ਧਿਆਨ ਕਰੀਏ ਕਿ ਜੇ ਇਹ ਉਸਾਰੂ ਸੋਚ ਛੱਡ ਕੇ ਦੂਜੇ ਪਾਸੇ ਤੁਰ ਪਈਆਂ ਹੁੰਦੀਆਂ ਤਾਂ ਕੀ ਕਹਿਰ ਢਹਿ ਸਕਦਾ ਸੀ ! ਚੁਫ਼ੇਰੇ ਸਿਰਫ਼ ਨਫ਼ਰਤ ਦੀ ਅੱਗ ਦਿਸਣੀ ਸੀ। ਹਰ ਮਾਂ ਆਪਣੇ ਪੁੱਤਰ ਨੂੰ ਨਸ਼ਤਰ (ਚਾਕੂ) ਚੁਭੋ ਕੇ ਇੱਕ ਆਦਮ ਕੱਦ ਬੰਬ ਤਿਆਰ ਕਰ ਦਿੰਦੀ ਤਾਂ ਦੁਨੀਆ ਵਿੱਚ ਤਬਾਹੀ ਆ ਜਾਣੀ ਸੀ। ਇਸ ਤਬਦੀਲੀ ਨੂੰ ਸਮਝਦਿਆਂ ਵੱਡੀ ਗਿਣਤੀ ਪੁਰਸ਼ ਅੱਗੇ ਆਏ ਤੇ ਅਨੇਕ ਵਿਸ਼ਵ ਪੱਧਰੀ ਕਾਨਫਰੰਸਾਂ ਕਰ ਕੇ ਅੰਤਰਰਾਸ਼ਟਰੀ ਕਾਨੂੰਨ ਬਣਾਏ ਗਏ ਤਾਂ ਜੋ ਔਰਤਾਂ ਉੱਤੇ ਹੁੰਦੀ ਹਿੰਸਾ ਘੱਟ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਨਿਆਂ ਮਿਲ ਸਕੇ।

ਭਾਰਤ ਵਰਗਾ ਮੁਲਕ, ਜਿੱਥੇ ਮੁਲਕ ਨੂੰ ਹੀ ‘ਮਾਤਾ’ ਕਹਿ ਕੇ ਸਤਿਕਾਰਿਆ ਜਾਂਦਾ ਹੋਵੇ, ਨਿਰੀ ਦੋਗਲੀ ਨੀਤੀ ਦਾ ਸ਼ਿਕਾਰ ਹੈ। ਇੱਥੇ ‘ਰੇਪ ਕੈਪੀਟਲ’ ਵੀ ਹਨ ਤੇ ਇਸ ਨੂੰ ਦੁਨੀਆ ਭਰ ਵਿੱਚ ਔਰਤਾਂ ਲਈ ਖ਼ਤਰਨਾਕ ਮੁਲਕ ਐਲਾਨਿਆ ਜਾ ਚੁੱਕਿਆ ਹੈ ! ਯੁਨਾਈਟਿਡ ਨੇਸ਼ਨਜ਼ ਅਨੁਸਾਰ ਪਾਰਲੀਮੈਂਟ ਵਿੱਚ ਬੈਠੀਆਂ 82 ਫੀਸਦੀ ਔਰਤਾਂ ਆਪਣੇ ਹੀ ਸਾਥੀਆਂ ਜਾਂ ਪਾਰਟੀ ਵਰਕਰਾਂ ਵੱਲੋਂ ਭੱਦੀ ਛੇੜ ਛਾੜ ਜਾਂ ਤਾਅਨੇ ਮਿਹਣੇ ਸੁਣ ਚੁੱਕੀਆਂ ਹਨ। ਇਹ ਕਿਵੇਂ ਔਰਤ ਜ਼ਾਤ ਲਈ ਆਵਾਜ਼ ਚੁੱਕਣਗੀਆਂ ?

ਮਸਲਾ ਇਹ ਹੈ ਕਿ ਜਿੱਥੇ ਪੁਰਸ਼ ਅਸੈਂਬਲੀ ਵਿੱਚ ਪੋਰਨ ਫਿਲਮਾਂ ਵੇਖ ਰਹੇ ਹੋਣ, ਆਪਣੀਆਂ ਸਾਥੀ ਔਰਤਾਂ ਦੇ ਜਿਸਮਾਂ ਨੂੰ ਨਿਹਾਰ ਰਹੇ ਹੋਣ ਅਤੇ ਹਰ ਲੋੜਵੰਦ ਔਰਤ ਨੂੰ ਚੂੰਢਣ ਨੂੰ ਤਿਆਰ ਹੋਣ, ਉੱਥੇ ਜਦੋਂ ਕਸ਼ਮੀਰ ਦੀਆਂ ਫੁੱਲਾਂ ਵਰਗੀਆਂ ਧੀਆਂ ਦਾ ਜ਼ਿਕਰ ਹੋਵੇ ਤਾਂ ਉਨ੍ਹਾਂ ਦੇ ਮਨਾਂ ਅੰਦਰਲੀ ਗੰਦਗੀ ਉਨ੍ਹਾਂ ਦੇ ਖੂੰਖਾਰ ਚਿਹਰੇ ਉੱਪਰਲੀ ਤਿਰਛੀ ਜ਼ਹਿਰੀਲੀ ਮੁਸਕਾਨ ਰਾਹੀਂ ਬਾਹਰ ਦਿਸਣੀ ਹੀ ਹੈ !

ਕਸ਼ਮੀਰ ਦੀ ਤਰੱਕੀ ਬਾਰੇ ਜ਼ਿਕਰ ਕਰਨ ਦੀ ਥਾਂ ਵੱਡੀ ਗਿਣਤੀ ਲੋਕ ਟਵਿਟਰ, ਫੇਸ ਬੁੱਕ, ਵੱਟਸਐਪ ਉੱਤੇ ਕਸ਼ਮੀਰੀ ਬੱਚੀਆਂ ਤੇ ਔਰਤਾਂ ਨੂੰ ਪ੍ਰਾਪਰਟੀ ਮੰਨ ਕੇ ਹਥਿਆ ਲੈਣ ਦੀ ਗੱਲ ਕਰ ਰਹੇ ਹੋਣ ਤਾਂ ਅਜੀਬ ਨਹੀਂ ਲੱਗਦਾ ਕਿਉਂਕਿ ਭਾਰਤ ਵਿੱਚ ਇਹ ਆਮ ਗੱਲ ਬਣ ਚੁੱਕੀ ਹੈ।

ਸਿਰਫ਼ ਹੁਣ ਉਸ ਵੇਲੇ ਦੀ ਉਡੀਕ ਹੈ ਜਦੋਂ ਕਈ ਪਿਓ ਇਕੱਠੇ ਹੋ ਕੇ ਇੱਕ ਦੂਜੇ ਦੀਆਂ ਧੀਆਂ ਨੂੰ ਆਪਣੀ ਮੰਨ ਕੇ ਜਾਗ੍ਰਿਤ ਹੋਣਗੇ ! ਅਨੇਕ ਭਰਾ ਆਪਣੇ ਨਾਲ ਦੇ ਘਰ ਦੀ ਬੇਟੀ ਨੂੰ ‘ਮਾਲ’ ਨਾ ਮੰਨ ਕੇ ਉਸ ਦੀ ਰਾਖੀ ਲਈ ਅਗਾਂਹ ਆਉਣਗੇ ! ਜਦੋਂ ਪੁੱਤਰ ਆਪਣੀ ਮਾਂ ਦੀ ਰਾਖੀ ਦੇ ਨਾਲ ਆਪਣੀ ਕਲੋਨੀ ਵਿਚਲੀ ਹਰ ਮਾਂ ਦੀ ਰਾਖੀ ਲਈ ਜਾਨ ਵਾਰਨ ਲਈ ਤਿਆਰ ਹੋਣਗੇ ! ਉਹੀ ਸਮਾਂ ਹੋਵੇਗਾ ਅਸਲ ਤਬਦੀਲੀ ਦਾ ! ਰਾਮ, ਬੁੱਧ, ਨਾਨਕ ਤੇ ਕ੍ਰਿਸ਼ਨ ਵਰਗੇ ਗੁਰੂਆਂ ਦੇ ਸੁਫ਼ਨਿਆਂ ਦੇ ਸਿਰਜੇ ਭਾਰਤ ਦਾ !

ਹਰ ਮਾਂ ਨੂੰ ਅੱਜ ਤੋਂ ਹੀ ਆਪਣੇ ਪੁੱਤਰਾਂ ਤੇ ਧੀਆਂ ਨੂੰ ਇਸੇ ਰਾਹ ਉੱਤੇ ਤੁਰਨ ਲਈ ਤਿਆਰ ਕਰਨਾ ਪਵੇਗਾ ਤਾਂ ਜੋ ਅਗਲੀ ਪਨੀਰੀ ਔਰਤ ਵਿੱਚ ਸਿਰਫ਼ ਜਿਸਮ ਵੇਖਣਾ ਬੰਦ ਕਰ ਦੇਵੇ। ਸ਼ਾਲਾ ਕਦੇ ਤਾਂ ਉਹ ਸਮਾਂ ਜ਼ਰੂਰ ਆਏਗਾ ਜਦੋਂ ਭਾਰਤ ਦੀ ਕੋਈ ਧੀ ਅੱਧ ਰਾਤ ਵੀ ਬਿਨਾਂ ਡਰ ਦੇ ਇਕੱਲਿਆਂ ਵਾਪਸ ਘਰ ਪਰਤ ਰਹੀ ਹੋਵੇਗੀ। ਅੱਜ ਦੇ ਦਿਨ ਦੀ ਲੋੜ ਹੈ, ਸਾਰੇ ਅਣਖਾਂ ਵਾਲੇ ਇਕਜੁੱਟ ਹੋ ਕੇ ਜ਼ੋਰਦਾਰ ਬੁਲੰਦ ਆਵਾਜ਼ ਕਰਨ ਕਿ ਕਸ਼ਮੀਰ ਦੀ ਹਰ ਧੀ ਦੀ ਰਾਖੀ ਕਰਨਾ ਸਾਡਾ ਫ਼ਰਜ਼ ਹੈ। ਜੇ ਇਹ ਆਵਾਜ਼ ਬੁਲੰਦ ਹੋ ਗਈ ਤਾਂ ਸਾਰਾ ਕੂੜ ਕਬਾੜ ਜੋ ਹੁਣ ਖਿੱਲਰ ਰਿਹਾ ਹੈ, ਸਭ ਹੂੰਝਿਆ ਜਾਵੇਗਾ। ਚਲੋ ਸਾਰੇ ਜਣੇ ਆਵਾਜ਼ ਚੁੱਕ ਕੇ ਆਪਣੇ ਜੀਉਂਦੇ ਹੋਣ ਦਾ ਸਬੂਤ ਦੇਈਏ।

ਜੇ ਹਾਲੇ ਵੀ ਵੀਰ ਹਿੰਮਤ ਨਹੀਂ ਜੁਟਾ ਸਕਦੇ ਤਾਂ ਚਲੋ ਭੈਣਾਂ ਹੀ ਇਕੱਠੀਆਂ ਹੋ ਕੇ ਆਪਣੀ ਤਾਕਤ ਵਿਖਾਈਏ ਕਿ ਜਦੋਂ ਭਾਰਤ ਵਿਚਲੀਆਂ ਬੇਟੀਆਂ ਜਾਗ ਜਾਣ ਤਾਂ ਇਸ ਸੈਲਾਬ ਅੱਗੇ ਕੋਈ ਨਹੀਂ ਟਿਕ ਸਕਣ ਲੱਗਿਆ।

ਭਲੇ ਅਮਰਦਾਸ ਗੁਣ ਤੇਰੇ..॥

0

ਭਲੇ ਅਮਰਦਾਸ ਗੁਣ ਤੇਰੇ..॥

ਭਾਈ ਅਮਰਿੰਦਰ ਸਿੰਘ ‘ਸੁਰਤਾਪੁਰ’

ਸ਼੍ਰੀ ਗੁਰੂ ਅਮਰਦਾਸ ਜੀ ਅਤਿ ਸ਼ੀਲ ਸੁਭਾਅ, ਨਿਮਰਤਾ, ਸੇਵਾ ਭਾਵ ਇਕ ਰਸ ਭਗਤੀ ਦੇ ਧਾਰਨੀ, ਮਨੁੱਖਤਾ ਦਾ ਭਲਾ ਲੋਚਣ ਵਾਲੇ, ਗ਼ਰੀਬਾਂ ਅਤੇ ਦੁਖੀਆਂ ਲਈ ਅਥਾਹ ਹਮਦਰਦੀ ਰੱਖਣ ਵਾਲੇ ਪਾਰਬ੍ਰਹਮ ਵਿਚ ਲੀਨ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਬਿਰਾਜਮਾਨ ਹੋਣ ਵਾਲੇ ਤੀਜੇ ਪਾਤਸ਼ਾਹ ਜੀ ਹਨ।  ਆਪ ਜੀ ਦਾ ਪ੍ਰਕਾਸ਼ ਸੰਨ 1479 ਈ. ’ਚ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਾਬਾ ਤੇਜਭਾਨ ਜੀ ਅਤੇ ਮਾਤਾ ਸੁਲਖਣੀ (ਮਾਤਾ ਲੱਖੋ) ਜੀ ਦੇ ਘਰ ਹੋਇਆ। ਆਪ ਜੀ ਦਾ ਵਿਆਹ ਬੀਬੀ ਮਨਸਾ ਦੇਵੀ ਜੀ ਨਾਲ਼ 1532 ਈਸਵੀ ’ਚ ਹੋਇਆ, ਜਿਨ੍ਹਾਂ ਦੀ ਕੁੱਖੋਂ 30 ਅਪ੍ਰੈਲ 1534 ਨੂੰ ਬੀਬੀ ਭਾਨੀ ਜੀ ਦਾ ਜਨਮ ਹੋਇਆ, 11 ਮਾਰਚ 1536 ਈ. ਨੂੰ ਪੁੱਤਰ ਮੋਹਨ ਜੀ ਅਤੇ 2 ਜੂਨ 1539 ਈ. ਨੂੰ ਦੂਜੇ ਪੁੱਤਰ ਬਾਬਾ ਮੋਹਰੀ ਜੀ ਦਾ ਜਨਮ ਹੋਇਆ। ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਦਲਗੀਰ ਮੁਤਾਬਕ ਗੁਰੂ ਅਮਰਦਾਸ ਜੀ ਦਾ ਜਨਮ 18 ਅਪ੍ਰੈਲ 1509 ਈ. (ਸੰਮਤ ੧੫੬੬) ਨੂੰ ਹੋਇਆ ਹੈ, ਪਰ ਲੇਖਕਾਂ ਨੇ ਸੰਮਤ ੧੫੬੬ ਨੂੰ ਗ਼ਲਤੀ ਨਾਲ਼ ੧੫੩੬ ਮੰਨ ਕੇ ਸੰਨ 1479 (ਭਾਵ 30 ਸਾਲ ਪਹਿਲਾਂ) ਲਿਖ ਦਿੱਤਾ। ਜੇ ਗੁਰੂ ਜੀ ਦਾ ਜਨਮ ਸੰਨ 1479 ਮੰਨ ਲਈਏ ਤਾਂ ਗੁਰੂ ਜੀ ਦੀ ਸ਼ਾਦੀ ਸਮੇਂ ਉਮਰ 53 ਸਾਲ ਮੰਨਣੀ ਪਵੇਗੀ ਜਦਕਿ ਉਸ ਸਮੇਂ ਜ਼ਿਆਦਾਤਰ ਬੱਚਿਆਂ ਦੇ ਵਿਆਹ 20 ਕੁ ਸਾਲ ਤੋਂ ਪਹਿਲਾਂ ਹੀ ਕਰ ਦਿੱਤੇ ਜਾਂਦੇ ਸਨ।

ਆਪ ਜੀ ਦੇ ਪਿਤਾ ਵੈਸ਼ਨਵ ਖ਼ਿਆਲਾਂ ਦੇ ਧਾਰਨੀ ਸਨ, ਇਨ੍ਹਾਂ ਘਰੋਗੀ ਵਿਚਾਰਾਂ ਨੇ ਸ਼੍ਰੀ ਅਮਰਦਾਸ ਜੀ ਦੀ ਜ਼ਿੰਦਗੀ ’ਤੇ ਗਹਿਰਾ ਅਸਰ ਪਾਇਆ। ਆਪ ਜੀ ਨੇ ਸਾਰੇ ਧਾਰਮਿਕ ਕਰਮ ਬ੍ਰਤ, ਮੌਨ, ਜਪ-ਤਪ, ਤੀਰਥ ਇਸ਼ਨਾਨ ਇਤਿਆਦਿਕ ਕਰਕੇ ਵੇਖ ਲਏ ਪਰ ਕਿਸੇ ਨੇ ਵੀ ਆਤਮਾ ਦੀ ਤ੍ਰਿਪਤੀ ਨਾ ਕੀਤੀ। ਹਰ ਸਾਲ ਗੰਗਾ ਇਸ਼ਨਾਨ ਅਤੇ ਗੰਗਾ ਮਾਈ ਦਾ ਜਲ ਛਕ ਕੇ ਵੀ ਤ੍ਰਿਖਾ ਨਾ ਬੁਝੀ।  ਗੁਰੂ ਬਚਨ ਹਨ: ‘‘ਮਨ ਕਾਮਨਾ ਤੀਰਥ ਜਾਇ ਬਸਿਓ, ਸਿਰਿ ਕਰਵਤ ਧਰਾਏ ਮਨ ਕੀ ਮੈਲੁ ਉਤਰੈ ਇਹ ਬਿਧਿ, ਜੇ ਲਖ ਜਤਨ ਕਰਾਏ’’ (ਪੰਨਾ ੬੪੨)

ਕਈ ਭਗਤਾਂ, ਸਾਧੂਆਂ ਦੀ ਸੰਗਤ ਕਰਨ ਦੇ ਨਾਲ ਇਹ ਨਿਸ਼ਚਾ ਹੋ ਗਿਆ ਕਿ ਤਨ ਧੋਤਿਆਂ ਮਨ ਉਜਲਾ ਨਹੀਂ ਹੋ ਸਕਦਾ। ਮਨ ਨੂੰ ਸਾਫ਼ ਕਰਨ ਲਈ ਕਿਸੇ ਮਾਨਸਿਕ ਤੀਰਥ ਉੱਤੇ ਜਾ ਕੇ ਇਸ਼ਨਾਨ ਕਰਨਾ ਪਵੇਗਾ ‘‘ਅੰਤਰਗਤਿ ਤੀਰਥਿ ਮਲਿ ਨਾਉ ’’ (ਜਪੁ/: ) ਪਵਿੱਤਰ ਤੀਰਥ ਦੀ ਖ਼ਬਰ ਆਪ ਜੀ ਨੂੰ ਆਪਣੇ ਹੀ ਘਰ ਤੋਂ ਮਿਲੀ।  ਇੱਕ ਦਿਨ ਬੀਬੀ ਅਮਰੋ ਜੀ, ਜੋ ਕਿ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ ਤੇ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੋਈ ਸੀ, ਅੰਮ੍ਰਿਤ ਵੇਲੇ ਗੁਰਬਾਣੀ ਪੜ੍ਹ ਰਹੇ ਸਨ: ‘‘ਕਰਣੀ ਕਾਗਦੁ ਮਨੁ ਮਸਵਾਣੀ; ਬੁਰਾ ਭਲਾ ਦੁਇ ਲੇਖ ਪਏ ਜਿਉ ਜਿਉ ਕਿਰਤ ਚਲਾਏ, ਤਿਉ ਚਲੀਐ; ਤਉ ਗੁਣ ਨਾਹੀ ਅੰਤੁ ਹਰੇ’’ (:/ਪੰਨਾ 990) ਜਦੋਂ ਪਾਵਨ ਸ਼ਬਦ ਦਾ ਪਾਠ ਸੁਣਿਆ ਤਾਂ ਅੰਦਰ ਨੂੰ ਕੁਝ ਆਤਮਿਕ ਹੁਲਾਰਾ ਮਿਲਿਆ। ਬੀਬੀ ਅਮਰੋ ਜੀ; ਆਪ ਜੀ ਨੂੰ ਆਪਣੇ ਪਿਤਾ (ਗੁਰੂ ਅੰਗਦ ਦੇਵ) ਜੀ ਪਾਸ ਖਡੂਰ ਸਾਹਿਬ ਵਿਖੇ ਲੈ ਆਏ।  ਸ਼੍ਰੀ ਅਮਰਦਾਸ ਜੀ ਨੇ ਕੁੜਮਾਚਾਰੀ ਦਾ ਖਿਆਲ ਨਾ ਕਰਦਿਆਂ ਹੋਇਆ ਗੁਰੂ ਅੰਗਦ ਸਾਹਿਬ ਜੀ ਨੂੰ ਨਮਸਕਾਰ ਕੀਤੀ।  ਇਸ ਮਿਲਾਪ ਨੇ ਮਾਨੋ ਵਡੇਰੀ ਉਮਰ ’ਚ ਨਵੀਂ ਜੁਆਨੀ ਦਾ ਹੁਲਾਰਾ ਪੈਦਾ ਕਰ ਦਿੱਤਾ। ਆਪ ਜੀ ਨੇ ਇਹ ਅਟਲ ਫ਼ੈਸਲਾ ਕਰ ਲਿਆ ਕਿ ਬਾਕੀ ਦੀ ਜ਼ਿੰਦਗੀ ਇਸ (ਗੁਰੂ) ਤੀਰਥ ਉੱਤੇ ਹੀ ਗੁਜਾਰਾਂਗਾ।  ਸ਼ੀ੍ਰ ਅਮਰਦਾਸ ਜੀ ਨੇ ਆਪਣੇ ਪੀ੍ਰਤਮ ਨੂੰ ਮਿਲਣ ਦੇ ਲਈ ‘ਗਾਖੜੀ ਸੇਵਾ’ ਕਰਨੀ ਸ਼ੁਰੂ ਕਰ ਦਿੱਤੀ। ਆਪ ਜੀ ਨੇ 10-12 ਸਾਲ ਦੇ ਸਮੇਂ ਦੌਰਾਨ ‘‘ਤਨੁ ਮਨੁ ਧਨੁ ਸਭ ਸਉਪਿ ਗੁਰ ਕਉ, ਹੁਕਮਿ ਮੰਨਿਐ ਪਾਈਐ’’ ਅਨੁਸਾਰ ਘਾਲਣਾ ਘਾਲੀ।  ਕੀਤੀ ਹੋਈ ਸੇਵਾ ਨੂੰ ਗੁਰੂ ਘਰ ਵੱਲੋਂ ਇਹ ਫਲ਼ ਲੱਗਾ ਕਿ ‘‘ਨਾਨਕ  ! ਕੁਲਿ ਨਿੰਮਲੁ ਅਵਤਰਿ, ਅੰਗਦ ਲਹਣੇ ਸੰਗਿ ਹੁਅ ’’ (ਭਟ ਕੀਰਤ/੧੩੯੫) ਭਾਵ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਸ ਬਣਾ ਕੇ ਸ਼੍ਰੀ ਗੁਰੂ ਅਮਰਦਾਸ ਬਣਾ ਦਿੱਤਾ।

ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਅਨੁਸਾਰ ਆਪ ਜੀ ਨੇ ਗੋਇੰਦਵਾਲ ਨਗਰ ਵਸਾਇਆ। ਆਪ ਜੀ ਨੇ ਇੱਥੇ ਹੀ ਸਿੱਖੀ ਦੀ ਫੁਲਵਾੜੀ ਲਾਉਣੀ ਸ਼ੁਰੂ ਕਰ ਦਿੱਤੀ।  ਉਸ ਸਮੇਂ ਦੇ ਸਮਾਜ ਵਿੱਚ ਜੋ ਜਾਤ-ਪਾਤ ਦਾ ਭੇਦ-ਭਾਵ ਬਹੁਤ ਵੱਡੇ ਪੱਧਰ ਉੱਤੇ ਫੈਲਿਆ ਹੋਇਆ ਸੀ, ਉਸ ਨੂੰ ਦੂਰ ਕਰਨ ਵਾਸਤੇ ਆਪ ਨੇ ਬਹੁਤ ਵੱਡਾ ਯੋਗਦਾਨ ਪਾਇਆ। ਉੱਚ ਜਾਤ ਦੇ ਲੋਕ ਨੀਵੀਂ ਜਾਤ ਵਾਲੇ ਲੋਕਾਂ ਨੂੰ ਖੂਹ ਤੋਂ ਪਾਣੀ ਵੀ ਨਹੀਂ ਭਰਨ ਦਿੰਦੇ ਸਨ।  ਸ਼੍ਰੀ ਗੁਰੂ ਅਮਰਦਾਸ ਜੀ ਨੇ ਲੋਕ ਭਲਾਈ ਵਾਸਤੇ ਸੰਨ 1556 ’ਚ 84 ਪਉੜੀਆਂ ਵਾਲ਼ੀ ਇੱਕ ਬਾਉਲੀ ਤਿਆਰ ਕਰਵਾਈ।  ਬਿਨਾਂ ਕਿਸੇ ਭੇਦ-ਭਾਵ ਦੇ ਲੋਕਾਂ ਨੂੰ ਪਾਣੀ ਪੀਣ ਦੀ ਖੁੱਲ੍ਹ ਦਿੱਤੀ ਗਈ।

ਜੋ ਲੋਕ ਆਖਦੇ ਹਨ ਕਿ ਗੁਰੂ ਜੀ ਦਾ ਮੰਤਵ ਇਹ ਸੀ ਕਿ ਇੱਥੇ ਨਹਾਉਣ ਨਾਲ ਚੁਰਾਸੀ ਕੱਟੀ ਜਾਇਆ ਕਰੇਗੀ, ਉਹ ਲੋਕ ਗੁਰੂ ਜੀ ਦੀ ਤਾਲੀਮ ਨੂੰ ਭੁੱਲ ਜਾਂਦੇ ਹਨ ਜੋ ਕਿ ਉਨ੍ਹਾਂ 20 ਸਾਲ ਆਪ ਗੰਗਾ ਦਾ ਇਸ਼ਨਾਨ ਕਰਦਿਆਂ ਤਜਰਬਾ ਕਰ ਕੇ ਕਹੀ ਸੀ : ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਹੋਇ ’’ (: /੫੫੮)

ਸ਼੍ਰੀ ਗੁਰੂ ਅਮਰਦਾਸ ਜੀ ਦੇ ਗੁਰੂ ਘਰ ਆਉਣ ਤੋਂ ਬਾਅਦ ਦੀ ਸਾਰੀ ਜ਼ਿੰਦਗੀ ਇਨ੍ਹਾਂ ਕਰਮਕਾਂਡਾਂ ਵਿਰੁਧ ਆਵਾਜ਼ ਬੁਲੰਦ ਕਰਨਾ ਸੀ। ਉਨ੍ਹਾਂ ਜਾਤ-ਪਾਤ ਦੇ ਵਹਿਮ ਭਰਮ ਨੂੰ ਖ਼ਤਮ ਕਰਨ ਲਈ ਪਹਿਲੇ ਪੰਗਤ ਪਾਛੇ ਸੰਗਤ ਮਰਯਾਦਾ ਲਾਗੂ ਕੀਤੀ।

ਪੁਰਾਤਨ ਕਾਲ ਤੋਂ ਸਾਰੀ ਦੁਨੀਆਂ ਵਿੱਚ ਇਸਤਰੀ ਦਾ ਦਰਜਾ ਮਰਦ ਨਾਲੋਂ ਘੱਟ (ਛੋਟਾ) ਸਮਝਿਆ ਜਾਂਦਾ ਸੀ। ਸਿਰਫ਼ ਗੁਰੂ ਘਰ ਹੀ ਹੈ ਜਿੱਥੇ ਇਸਤਰੀ ਨੂੰ ਮਰਦ ਦੇ ਬਰਾਬਰ ਥਾਂ ਦਿੱਤੀ ਜਾਂਦੀ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਇਸਤਰੀ ਦੇ ਹੱਕ ’ਚ ਅਵਾਜ਼ ਬੁਲੰਦ ਕਰਦਿਆਂ ਬਚਨ ਕੀਤਾ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ  ?’’ (: /ਪੰਨਾ ੮੭੩)

ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਮਹਿਲ ਮਾਤਾ ਖੀਵੀ ਜੀ (ਜੋ ਕਿ ਇੱਕ ਇਸਤਰੀ ਸੀ) ਨੂੰ ਲੰਗਰ ਦੀ ਜ਼ਿੰਮੇਵਾਰੀ ਸੌਂਪੀ ਰੱਖੀ ਸੀ, ਜਿਸ ਦਾ ਜ਼ਿਕਰ ਗੁਰਬਾਣੀ ’ਚ ਇਉਂ ਦਰਜ ਹੈ ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ’’ (ਬਲਵੰਡ ਸਤਾ/ਪੰਨਾ ੯੬੭)

ਸ਼੍ਰੀ ਗੁਰੂ ਅਮਰਦਾਸ ਜੀ ਨੇ ਇਸਤਰੀ ਦੇ ਉਥਾਨ (ਵਿਕਾਸ) ਲਈ ਠੋਸ ਯਤਨ ਕੀਤੇ।  ਉਨ੍ਹਾਂ ਨੇ ਸਭ ਤੋਂ ਪਹਿਲਾਂ ਪਰਦੇ (ਘੁੰਡ ਕੱਢਣ) ਦੀ ਰਸਮ ਨੂੰ ਖ਼ਤਮ ਕਰ ਦਿੱਤਾ। ਆਪ ਜੀ ਵੱਲੋਂ ਗੁਰੂ ਘਰ ਅੰਦਰ ਇਸਤਰੀਆਂ ਨੂੰ ਪਰਦਾ ਨਾ ਕਰਨ ਦਾ ਹੁਕਮ ਕੀਤਾ ਹੋਇਆ ਸੀ। ਇਸ ਨਾਲ ਉਨ੍ਹਾਂ ਨੂੰ ਅਜ਼ਾਦੀ ਨਾਲ ਸੰਗਤ ਵਿੱਚ ਵਿਚਰ ਕੇ ਸੇਵਾ ਕਰਨ ਦੀ ਖੁੱਲ੍ਹ ਮਿਲ ਗਈ।

ਉੁਸ ਸਮੇਂ ਸਮਾਜ ਅੰਦਰ ਵਿਧਵਾ ਇਸਤਰੀ ਦਾ ਦੁਬਾਰਾ ਵਿਆਹ ਨਹੀਂ ਕੀਤਾ ਜਾਂਦਾ ਸੀ ਪਰ ਮਰਦ ਦੁਬਾਰਾ ਵਿਆਹ ਕਰਵਾ ਸਕਦਾ ਸੀ। ਆਪ ਜੀ ਨੇ ਵਿਧਵਾ ਇਸਤਰੀਆਂ ਦਾ ਵਿਆਹ ਕਰਨ ਦੀ ਰੀਤ ਨੂੰ ਆਰੰਭ ਕਰ ਦਿੱਤਾ। ਪ੍ਰਚਲਿਤ ਸਤੀ ਪ੍ਰਥਾ ਇਸਤਰੀ ਜ਼ਾਤੀ ਲਈ ਵੱਡੀ ਲਾਹਨਤ ਸੀ।  ਬਹੁਤੀ ਵਾਰੀ ਇਸਤਰੀ ਦੀ ਮਰਜ਼ੀ ਦੇ ਖਿਲਾਫ ਉਸ ਨੂੰ ਮੱਲੋ-ਮੱਲੀ ਪਤੀ ਦੇ ਨਾਲ ਸੜਨ ਲਈ ਜਿਊਂਦੀ ਨੂੰ ਹੀ ਅੱਗ ਵਿੱਚ ਸੁੱਟ ਦਿੱਤਾ ਜਾਂਦਾ ਸੀ। ਆਪ ਜੀ ਨੇ ਸਤੀ ਪ੍ਰਥਾ ਦੀ ਰਸਮ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ ਤੇ ਸਮਝਾਇਆ ਕਿ ਅਸਲ ਵਿੱਚ ਸਤੀਆਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋ ਜੀਵ ਇਸਤ੍ਰੀਆਂ ਪ੍ਰਭੂ ਦੇ ਵਿਛੋੜੇ ਦੇ ਦੁੱਖ ’ਚ ਮਰਦੀਆਂ ਹਨ: ‘‘ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ਨਾਨਕ  ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ’’ (: / ਪੰਨਾ ੭੮੭)

ਗੁਰੂ ਅਮਰਦਾਸ ਜੀ ਨੇ ਵੀ ਉਨ੍ਹਾਂ ਮਾਰਗਾਂ ਉੱਤੇ ਹੀ ਪ੍ਰਚਾਰਕ ਦੌਰੇ ਸ਼ੁਰੂ ਕੀਤੇ ਜਿਨ੍ਹਾਂ ਮਾਰਗਾਂ ’ਤੇ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰਕ ਦੌਰੇ ਆਰੰਭੇ ਕੀਤੇ ਸਨ। ਇਸ ਗੱਲ ਦੀ ਗਵਾਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਮਿਲਦੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਜਿੱਥੇ ਆਤਮਿਕ ਗਿਆਨ ਦੀ ਸੋਝੀ ਬਖ਼ਸ਼ਦੇ ਹਨ ਉੱਥੇ ਇਤਿਹਾਸਕ ਪੱਖੋਂ ਵੀ ਬਹੁਤ ਵੱਡੇ ਸੋਮੇ ਹਨ। ਬਾਬਰ ਬਾਣੀ ਦਾ ਸੰਬੰਧ ਜ਼ਿਆਦਾਤਰ ਇਤਿਹਾਸ ਨਾਲ ਹੈ, ਜਿਸ ਦੇ ਰਚੇਤਾ ਗੁਰੂ ਨਾਨਕ ਜੀ ਹਨ।  ਸ਼੍ਰੀ ਗੁਰੂ ਰਾਮਦਾਸ ਜੀ ਨੇ ਵੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਵਿੱਚ ਵਾਪਰੀਆਂ ਕੁਝ ਘਟਨਾਵਾਂ ਨੂੰ ਆਪਣੀ ਬਾਣੀ ਰਾਹੀਂ ਸੰਭਾਲ਼ਿਆ ਹੈ; ਜਿਵੇਂ ਕਿ ਤੁਖਾਰੀ ਰਾਗ ’ਚ ਪ੍ਰਚਾਰਕ ਦੌਰੇ ਬਾਰੇ ਜ਼ਿਕਰ ਕੀਤਾ ਮਿਲਦਾ ਹੈ: ‘‘ਪ੍ਰਥਮ ਆਏ ਕੁਲਖੇਤਿ; ਗੁਰ ਸਤਿਗੁਰ ਪੁਰਬੁ ਹੋਆ ਖਬਰਿ ਭਈ ਸੰਸਾਰਿ; ਆਏ ਤ੍ਰੈ ਲੋਆ ’’ (: /੧੧੧੬) ਆਦਿ ਘਟਨਾਵਾਂ ਨੇ ਸਾਨੂੰ ਸਮਝਾਇਆ ਕਿ ਗੁਰੂ ਅਮਰਦਾਸ ਜੀ ਕਿਨ੍ਹਾਂ ਮਾਰਗਾਂ ਉੱਤੇ ਪ੍ਰਚਾਰਕ ਦੌਰੇ ਕਰਿਆ ਕਰਦੇ ਸਨ।  ਭਾਰਤ ’ਚ ਤੀਰਥਾਂ ਦੀ ਹਾਲਤ ਤਾਂ ਐਸੀ ਬਣ ਚੁੱਕੀ ਸੀ : ‘‘ਥਾਨਸਟ ਜਗ ਭਰਿਸਟ ਹੋਏ; ਡੂਬਤਾ ਇਵ ਜਗੁ’’ (: /ਪੰਨਾ ੬੬੨)

ਗੁਰੂ ਅਮਰਦਾਸ ਜੀ ਨੇ ਲੋਕਾਂ ਨੂੰ ਸਮਝਾਇਆ ਕਿ ਜ਼ਿੰਦਗੀ ਵਿੱਚ ਸੱਚਾ ਇਸ਼ਨਾਨ (ਤੀਰਥ) ਕੀ ਹੈ ਭਾਵ ਅਸਲੀ ਪਵਿੱਤਰਤਾ ਕੀ ਹੁੰਦੀ ਹੈ: ‘‘ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ ਤੀਰਥੁ ਸਬਦ ਬੀਚਾਰੁ; ਅੰਤਰ ਗਿਆਨੁ ਹੈ’’ (: /੬੮੭)

ਸ਼੍ਰੀ ਗੁਰੂ ਅਮਰਦਾਸ ਜੀ ਨੇ 17 ਰਾਗਾਂ ਵਿੱਚ ਬਾਣੀ ਉਚਾਰਨ ਕੀਤੀ।  ਆਪ ਜੀ ਨੇ ਬਾਣੀ ਅੰਦਰ ਗੁਰੂ ਜੀ ਦੀ ਸੇਵਾ ਕਰਨ ਉੱਤੇ ਵਧੇਰੇ ਜ਼ੋਰ ਦਿੱਤਾ। ਆਪ ਜੀ ਅਨੁਸਾਰ ਸੇਵਾ ਨਾਲ ਹਿਰਦਾ ਸ਼ੁੱਧ ਹੁੰਦਾ ਹੈ, ਹਉਮੈ ਦੂਰ ਹੁੰਦੀ ਹੈ ਅਤੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸ ਜਾਂਦਾ ਹੈ। ਜੇਕਰ ਕੋਈ ਚਿੱਤ ਲਾ ਕੇ ਗੁਰੂ ਦੀ ਸੇਵਾ ਕਰਦਾ ਹੈ ਉਸ ਦਾ ਅਧਿਆਤਮਕ ਜੀਵਨ ਪ੍ਰਫੁਲਿਤ ਹੋ ਜਾਂਦਾ ਹੈ ਕਿਉਂਕਿ ਉੱਥੇ ਪ੍ਰਮਾਤਮਾ ਨਿਵਾਸ ਕਰਨ ਲੱਗ ਜਾਂਦੇ ਹਨ: ‘‘ਸਤਿਗੁਰ ਕੀ ਸੇਵਾ ਸਫਲ ਹੈ; ਜੇ ਕੋ ਕਰੇ ਚਿਤੁ ਲਾਇ ਨਾਮ ਪਦਾਰਥੁ ਪਾਇਐ; ਅਚਿੰਤੁ ਵਸੈ ਮਨਿ ਆਇ’’ (: /੫੫੨)

ਸ਼੍ਰੀ ਗੁਰੂ ਅਮਰਦਾਸ ਜੀ ਨੇ ਆਸਾ ਰਾਗ ਵਿੱਚ ਪੱਟੀ (ਬਾਣੀ) ਉਚਾਰਨ ਕੀਤੀ ਜਿਸ ਵਿੱਚ ਮਨੁੱਖਤਾ ਨੂੰ ਸਮਝਾਇਆ ਗਿਆ ਕਿ ਹੇ ਮਨ  ! ਤੂੰ ਜਿੰਨਾ ਮਰਜ਼ੀ ਪੜ੍ਹ ਲੈ ਪਰ ਯਾਦ ਰੱਖ ਕਿ ਜੇਕਰ ਤੂੰ ਆਪਣੇ ਕਰਮਾਂ ਦਾ ਹਿਸਾਬ ਕਿਤਾਬ (ਲੇਖਾ) ਖ਼ਤਮ ਨਾ ਕੀਤਾ ਤਾਂ ਇਹ ਲੇਖਾ ਤੈਨੂੰ ਅਗਲਾ ਜਨਮ ਦੁਬਾਰਾ ਕਰਵਾ ਦੇਵੇਗਾ। ਗੁਰ ਵਾਕ ਹੈ: ‘‘ਮਨ  ! ਐਸਾ ਲੇਖਾ ਤੂ ਕੀ ਪੜਿਆ  ? ਲੇਖਾ ਦੇਣਾ; ਤੇਰੈ ਸਿਰਿ ਰਹਿਆ’’ (:/ਪੰਨਾ ੪੩੪)

ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਮ੍ਰਿਤਕ ਸੰਸਕਾਰ ਸਮੇਂ ਕੀਤੇ ਜਾ ਰਹੇ ਬ੍ਰਾਹਮਣੀ ਕਰਮਕਾਂਡਾਂ ਤੋਂ ਮੁਕਤ ਕਰਵਾਇਆ। ਆਪ ਜੀ ਅਨੁਸਾਰ ਸਿੱਖਾਂ ਕੋਲ ਆਪਣੀਆਂ ਰਸਮਾਂ ਹੋਣ ਤਾਂ ਜੋ ਬ੍ਰਾਹਮਣਾਂ ਦੀ ਮਦਦ ਨਾ ਲੈਣੀ ਪਵੇ, ਜਿਸ ਦੀ ਸੁੰਦਰ ਮਿਸਾਲ ਉਨ੍ਹਾਂ ਦੇ ਅੰਤਮ ਉਪਦੇਸ਼ਾਂ ਤੋਂ ਮਿਲਦੀ ਹੈ, ਜੋ ਕਿ ਰਾਮਕਲੀ ਰਾਗ ਵਿੱਚ ਸਦੁ ਬਾਣੀ ਦੇ ਸਿਰਲੇਖ ਹੇਠ (ਬਾਬਾ ਸੁੰਦਰ ਜੀ ਦੀ ਰਚਨਾ, ਜੋ ਕਿ ਗੁਰੂ ਅਮਰਦਾਸ ਜੀ ਦੇ ਪੜੋਤੇ ਸਨ, ਵੱਲੋਂ) ਦਰਜ ਹੈ : ‘‘ਅੰਤੇ ਸਤਿਗੁਰੂ ਬੋਲਿਆ, ਮੈ ਪਿਛੈ ਕੀਰਤਨੁ ਕਰਿਅਹੁ, ਨਿਰਬਾਣੁ ਜੀਉ ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ’’ (ਬਾਬਾ ਸੁੰਦਰ ਜੀ/ਪੰਨਾ ੯੨੩)

ਗੁਰੂ ਸਾਹਿਬ ਦੇ ਇਸ ਉਪਦੇਸ਼ ਤੋਂ ਤੰਗ ਆ ਕੇ ਸੰਨ 1566 ਵਿੱਚ ਹਿੰਦੂਆਂ ਦੇ ਪਰੋਹਿਤਾਂ ਨੇ ਅਕਬਰ ਬਾਦਸ਼ਾਹ ਕੋਲ ਜਾ ਕੇ ਸ਼ਿਕਾਇਤ ਕੀਤੀ ਕਿ ਗੁਰੂ ਸਾਹਿਬ ਜੀ ਗਾਇਤ੍ਰੀ ਮੰਤਰ ਤੇ ਗਰੁੜ ਪੁਰਾਣ ਤੋਂ ਹਟਾ ਕੇ ਗੁਰਬਾਣੀ ਪੜ੍ਹਾਉਂਦੇ ਹਨ।  ਸ਼ਿਕਾਇਤ ਦੇ ਆਧਾਰ ’ਤੇ ਰਾਜਾ ਅਕਬਰ ਨੇ ਆਪ ਜੀ ਨੂੰ ਆਪਣੇ ਕੋਲ ਬੁਲਾਇਆ। ਗੁਰੂ ਸਾਹਿਬ ਜੀ ਨੇ ਆਪ ਜਾਣ ਦੀ ਬਜਾਏ ਭਾਈ ਜੇਠਾ (ਗੁਰੂ ਰਾਮਦਾਸ) ਜੀ ਨੂੰ ਭੇਜ ਦਿੱਤਾ। ਜੇਠਾ ਜੀ ਨੇ ਜਾ ਕੇ ਰਾਜਾ ਅਕਬਰ ਨੂੰ ਸਚਾਈ ਦੱਸੀ ਕਿ ਗੁਰੂ ਘਰ ਦੀ ਰੀਤ ਹੈ : ‘‘ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਲੀਆ (ਭਗਤ ਕਬੀਰ ਜੀ/੧੧੫੯), ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫) ਕਿਉਂਕਿ ‘‘ਨਾ ਹਮ ਹਿੰਦੂ; ਮੁਸਲਮਾਨ ਅਲਹ ਰਾਮ ਕੇ; ਪਿੰਡੁ ਪਰਾਨ (੧੧੩੬), ਤੁਮ੍ ਤਉ ਬੇਦ ਪੜਹੁ ਗਾਇਤ੍ਰੀ; ਗੋਬਿੰਦੁ ਰਿਦੈ ਹਮਾਰੇ ’’ (ਭਗਤ ਕਬੀਰ/੪੮੨) ਇਸ ਲਈ ‘‘ਹਿੰਦੂ ਕੈ ਘਰਿਹਿੰਦੂ ਆਵੈ ’’ (: /੯੫੧) ਪਰ ਅਸੀਂ ਹਿੰਦੂ ਨਹੀਂ ਤੇ ਗੁਰਮਤਿ ਦੀ ਵਿਲੱਖਣਤਾ ਬਾਰੇ ਜਾਣਕਾਰੀ ਦਿੱਤੀ।  ਰਾਜਾ ਅਕਬਰ ਇੱਕ ਧਰਮੀ ਬੰਦਾ ਸੀ ਜਿਸ ਨੇ ਨਵੇਂ ਦੀਨ ਇਲਾਹੀ ਧਰਮ ਦੀ ਸਥਾਪਨਾ ਕਰ ਰੱਖੀ ਸੀ। ਜਦ ਅਕਬਰ ਨੂੰ ਹਕੀਕਤ ਪਤਾ ਲੱਗੀ ਤਾਂ ਉਸ ਨੇ ਹਿੰਦੂਆਂ ਨੂੰ ਕਿਹਾ ਕਿ ਜਦ ਸਿੱਖ, ਹਿੰਦੂ ਹੀ ਨਹੀਂ ਤਾਂ ਫਿਰ ਹਿੰਦੂ ਰਸਮਾਂ ਕਿਉਂ ਨਿਭਾਉਣ ? ਉਸ ਨੇ ਸ਼ਿਕਾਇਤਾਂ ਕਰਨ ਵਾਲੇ ਬ੍ਰਾਹਮਣਾਂ ਨੂੰ ਝਿੜਕਾਂ ਪਾਈਆਂ ਅਤੇ ਗ਼ਲਤ ਬਿਆਨਬਾਜ਼ੀ ਕਰਨ ਬਾਰੇ ਤਾੜਨਾ ਕੀਤੀ। ਇਸ ਘਟਨਾ ਤੋਂ 5 ਕੁ ਸਾਲ ਬਾਅਦ ਅਕਬਰ ਬਾਦਸ਼ਾਹ ਆਪ ਸੰਨ 1571 ’ਚ ਗੁਰੂ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਆਇਆ।

ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਨੂੰ ਸੁਚੱਜੇ ਢੰਗ ਨਾਲ ਪ੍ਰਚਾਰਨ ਅਤੇ ਸਿੱਖਾਂ ਨੂੰ ਜਥੇਬੰਦ ਕਰਨ ਵਾਸਤੇ ਸਾਰੇ ਇਲਾਕਿਆਂ ਵਿੱਚ, ਜਿੱਥੇ ਵੀ ਸਿੱਖ ਵੱਡੀ ਗਿਣਤੀ ਵਿੱਚ ਰਹਿੰਦੇ ਸਨ, ਉਨ੍ਹਾਂ ਇਲਾਕਿਆਂ ਨੂੰ 22 ਮੰਜੀਆਂ ਵਿੱਚ ਵੰਡ ਦਿੱਤਾ ਤੇ ਜਿੱਥੇ ਸਿੱਖਾਂ ਦੀ ਗਿਣਤੀ ਘੱਟ ਸੀ ਉਨ੍ਹਾਂ ਇਲਾਕਿਆਂ ਵਿੱਚ 52 ਪੀੜੇ ਸਥਾਪਤ ਕੀਤੇ, ਜਿਨ੍ਹਾਂ ਵਿੱਚ ਬੀਬੀਆਂ ਨੂੰ ਵੀ ਵਿਸ਼ੇਸ਼ ਜਗ੍ਹਾ ਦਿੱਤੀ ਗਈ। ਇਸ ਤਰ੍ਹਾਂ ਸਾਰੇ ਸਿੱਖ ਇੱਕ ਲੜੀ ਵਿੱਚ ਪਰੋਏ ਗਏ ਇਸ ਨਾਲ ਇੱਕ ਤਾਂ ਗੁਰੂ ਸਾਹਿਬ ਦੇ ਪੈਗ਼ਾਮ ਸਿੱਖਾਂ ਨੂੰ ਸੌਖੇ ਮਿਲਣ ਲੱਗ ਪਏ, ਦੂਜਾ ਸਿੱਖਾਂ ਦਾ ਦਸਵੰਧ ਠੀਕ ਤਰੀਕੇ ਨਾਲ ਗੁਰੂ ਘਰ ਤੱਕ ਪੁੱਜਣ ਲੱਗ ਪਿਆ, ਤੀਜਾ ਸਿੱਖ ਆਪਸ ਵਿੱਚ ਵੀ ਇੱਕ ਪਰਿਵਾਰ ਵਾਂਗ ਜੁੜ ਗਏ। ਇਸ ਤਰੀਕੇ ਨਾਲ ਆਪ ਜੀ ਨੇ ਸਿੱਖੀ ਲਹਿਰ ਨੂੰ ਮਜ਼ਬੂਤ ਕੀਤਾ।

ਆਪ ਜੀ ਨੇ ਸਿੱਖ ਜਥੇਬੰਦੀਆਂ ਨੂੰ ਮਜ਼ਬੂਤ ਕਰਨ ਲਈ ਵਿਸਾਖੀ ਦੇ ਦਿਨ ਸਾਲਾਨਾ ਜੋੜ-ਮੇਲਾ ਵੀ ਸੰਗਤਾਂ ਵਿੱਚ ਪ੍ਰਚਲਿਤ ਕਰ ਦਿੱਤਾ। ਭਾਵੇਂ ਕਿ ਸਿੱਖਾਂ ਵਿੱਚ ਰੁਜ਼ਾਨਾ ਸੰਗਤ ਕਰਨ ਦਾ ਰਿਵਾਜ ਸੀ ਫਿਰ ਵੀ ਦੇਸ਼ਾਂ ਪ੍ਰਦੇਸ਼ਾਂ ਤੋਂ ਆ ਕੇ ਸੰਗਤਾਂ ਨੂੰ ਇੱਕ ਥਾਂ (ਕੇਂਦਰ ਵਿੱਚ) ਮਿਲ ਬੈਠਣ ਲਈ ਸਾਲਾਨਾ ਪ੍ਰੋਗਰਾਮ ਉਲੀਕਿਆ ਗਿਆ ਤਾਂ ਜੋ ਆਪਸੀ ਮਸਲੇ ਆਸਾਨੀ ਨਾਲ ਹੱਲ ਕੀਤੇ ਜਾ ਸਕਣ।  ਗੁਰਮੁਖੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਆਪ ਨੇ ਕਈ ਕਦਮ ਪੁੱਟੇ।

ਸ਼੍ਰੀ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸਬਦੁ ਗੁਰੂ ਨਾਲ ਜੁੜਨ ਦਾ ਉਪਦੇਸ਼ ਦਿੱਤਾ ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ ’’ (: /੫੧੫) ਉਸ ਸਮੇਂ ਵੀ ਕੁਝ ਲੋਕ ਆਪਣੀ ਵਡਿਆਈ ਕਰਵਾਉਣ ਲਈ ਆਪਣੇ ਆਪ ਨੂੰ ਗੁਰੂ ਸਦਵਾਉਂਦੇ ਸਨ।  ਉਨ੍ਹਾਂ ਦੇ ਚੇਲੇ ਵੀ ਲੋਕਾਂ ਨੂੰ ਆਪਣੇ ਗੁਰੂ ਦੀ ਵਡਿਆਈ ਬਾਰੇ ਕੂੜ ਕਹਾਣੀਆਂ ਜੋੜ-ਜੋੜ ਕੇ ਸੁਣਾਉਂਦੇ ਰਹਿੰਦੇ ਸਨ। ਅੱਜ ਵੀ ਕਈ ਅਖੌਤੀ ਡੇਰੇਦਾਰ ਐਸੇ ਹੀ ਹਨ ਜੋ ਸਿੱਖ ਇਤਿਹਾਸ ਨੂੰ ਵਿਗਾੜ ਕੇ ਆਪਣੇ ਆਪ ਨੂੰ ਅਖੌਤੀ ਗੁਰੂ ਸਿੱਧ ਕਰਨ ਦਾ ਯਤਨ ਕਰਦੇ ਹਨ।  ਅਜਿਹੇ ਦੰਭੀ ਗੁਰੂ ਅਤੇ ਉਨ੍ਹਾਂ ਦੇ ਚੇਲੇ ਗਿਆਨਹੀਣ ਤੇ ਜਨਤਾ ਦੀ ਮਿਹਨਤ ਦੀ ਕਮਾਈ ਨੂੰ ਹਜ਼ਮ ਕਰਨ ਵਾਲ਼ੇ ਹੁੰਦੇ ਹਨ।  ਉਨ੍ਹਾਂ ਦੀ ਮਨੋਬ੍ਰਿਤੀ ਕਬੀਰ ਜੀ ਦੇ ਇਸ ਪਾਵਨ ਬਚਨ ਵਰਗੀ ਹੁੰਦੀ ਹੈ ‘‘ਕਬੀਰ  ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ’’ (ਭਗਤ ਕਬੀਰ/੧੩੬੯), ਸਤਿਗੁਰੂ ਜੀ ਨੇ ਬਾਣੀ ਰਾਹੀਂ ਅਜਿਹੇ ਗੁਰੂਆਂ ਅਤੇ ਉਨ੍ਹਾਂ ਦੇ ਸਿੱਖਾਂ ਦੀ ਨਿਖੇਧੀ ਕੀਤੀ ‘‘ਗੁਰੂ ਜਿਨਾ ਕਾ ਅੰਧੁਲਾ; ਸਿਖ ਭੀ ਅੰਧੇ ਕਰਮ ਕਰੇਨਿ ਓਇ ਭਾਣੈ ਚਲਨਿ ਆਪਣੈ; ਨਿਤ ਝੂਠੋ ਝੂਠੁ ਬੋਲੇਨਿ ਕੂੜੁ ਕੁਸਤੁ ਕਮਾਵਦੇ; ਪਰ ਨਿੰਦਾ ਸਦਾ ਕਰੇਨਿ ਓਇ ਆਪਿ ਡੁਬੇ ਪਰ ਨਿੰਦਕਾ; ਸਗਲੇ ਕੁਲ ਡੋਬੇਨਿ ’’ (: /੯੫੧)

ਆਪ ਜੀ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾਇਆ। ਇੰਨੀ ਰਮਣੀਕ ਥਾਂ ਜਿਸ ਦਾ ਜ਼ਿਕਰ ਭੱਟ ਸਾਹਿਬਾਨਾਂ ਨੇ ਵੀ ਆਪਣੀ ਰਚਨਾ ਵਿੱਚ ਕੀਤਾ ਹੈ ‘‘ਗੋਬਿੰਦ ਵਾਲੁ ਗੋਬਿੰਦ ਪੁਰੀ ਸਮ; ਜਲ੍ਹਨ ਤੀਰਿ ਬਿਪਾਸ ਬਨਾਯਉ ਗਯਉ ਦੁਖੁ ਦੂਰਿ ਬਰਖਨ ਕੋ; ਸੁ ਗੁਰੂ ਮੁਖੁ ਦੇਖਿ, ਗੁਰੂ (ਵੱਡਾ) ਸੁਖ ਪਾਯਉ’’ (ਭੱਟ ਨਲ੍ਹ/ਪੰਨਾ ੧੪੦੦)

ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣਾ ਦੁਨਿਆਵੀ ਅੰਤਮ ਸਮਾਂ ਨੇੜੇ ਆਉਂਦਾ ਵੇਖ ਸਿੱਖਾਂ ਦੀ ਪ੍ਰੀਖਿਆ ਲਈ; ਜਿਨ੍ਹਾਂ ਵਿੱਚੋਂ ਭਾਈ ਜੇਠਾ ਜੀ ਨੂੰ ਯੋਗ ਸਮਝ ਕੇ ਗੁਰਿਆਈ ਦੀ ਬਖ਼ਸ਼ਸ਼ ਕਰ ਦਿੱਤੀ।  ਸਭ ਸਿੱਖਾਂ ਨੂੰ ਬਚਨ ਕੀਤਾ ਗਿਆ ਕਿ ਮੇਰੇ ਸਰੀਰ ਤਿਆਗਣ ਉਪਰੰਤ ਸੋਗ ਨਹੀਂ ਕਰਨਾ ਬਲਕਿ ਕੀਰਤਨ ਕਰਨਾ ਹੈ। ਸ਼੍ਰੀ ਗੁਰੂ ਰਾਮਦਾਸ ਜੀ ਦੀ ਅਗਵਾਈ ਵਿੱਚ ਚਲਦਿਆਂ ਸਿੱਖੀ ਨੂੰ ਪ੍ਰਫੁਲਿਤ ਕਰਨਾ ਹੈ। ਮੇਰੀ ਜੋਤ ਨੂੰ ਗੁਰੂ ਰਾਮਦਾਸ ਜੀ ਵਿੱਚ ਤੱਕਣਾ ਹੈ। ਇਹ ਸੁਣ ਕੇ ਬਾਬਾ ਮੋਹਰੀ ਜੀ ਸਮੇਤ ਤਮਾਮ ਸਿੱਖ ਸੰਗਤਾਂ ਗੁਰੂ ਰਾਮਦਾਸ ਜੀ ਦੇ ਚਰਣੀ ਆ ਲਗੀਆਂ ‘‘ਮੋਹਰੀ ਪੁਤੁ ਸਨਮਖੁ ਹੋਇਆ; ਰਾਮਦਾਸੈ ਪੈਰੀ ਪਾਇ ਜੀੳ’’ (ਬਾਬਾ ਸੁੰਦਰ ਜੀ/ਪੰਨਾ ੯੨੩) ਤੇ ਆਪ ਜੀ ਪਹਿਲੀ ਸਤੰਬਰ 1574 ਈ. ਨੂੰ ਗੋਇੰਦਵਾਲ ਵਿਖੇ ਜੋਤੀ ਜੋਤ ਸਮਾ ਗਏ।

ਭੱਟ ਭਲੵ ਜੀ ਦੇ ਬਚਨਾਂ ਅਨੁਸਾਰ ਬੱਦਲਾਂ ਦੀਆ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲ, ਸੂਰਜ ਅਤੇ ਚੰਦ੍ਰਮਾ ਦੀਆਂ ਕਿਰਣਾਂ, ਸਮੁੰਦਰ ਦੀਆਂ ਲਹਿਰਾਂ ਦੀ ਤਾਂ ਗਿਣਤੀ ਕੀਤੀ ਜਾ ਸਕਦੀ ਹੈ, ਪਰ ਹੇ ਗੁਰੂ ਅਮਰਦਾਸ ਜੀ  !  ਆਪ ਜੀ ਦੇ ਸੰਪੂਰਨ ਗੁਣਾਂ ਦੀ ਗਿਣਤੀ ਨਹੀਂ ਹੋ ਸਕਦੀ ‘‘ਭਲੇ ਅਮਰਦਾਸ  ! ਗੁਣ ਤੇਰੇ; ਤੇਰੀ ਉਪਮਾ, ਤੋਹਿ ਬਨਿ ਆਵੈ’’ (ਭਟ ਭਲੵ/ਪੰਨਾ ੧੩੯੬)

ਸੰਸਾਰਕ ਧਰਮਾਂ ਤੋਂ ਵਿਲੱਖਣਤਾ ਰੱਖਦੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ

0

ਸੰਸਾਰਕ ਧਰਮਾਂ ਤੋਂ ਵਿਲੱਖਣਤਾ ਰੱਖਦੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ

ਗਿਆਨੀ ਅਵਤਾਰ ਸਿੰਘ

ਜਿਵੇਂ ਸਰੀਰਕ ਵਿਕਾਸ ਲਈ ਭੋਜਨ ਅਤੇ ਜੀਵਤ ਰਹਿਣ ਲਈ ਸੁਆਸ ਜ਼ਰੂਰੀ ਹਨ, ਉਸੇ ਤਰ੍ਹਾਂ ਧਰਮ ਵੀ ਬੰਦੇ ਦੀ ਰੂਹਾਨੀਅਤ ਖ਼ੁਰਾਕ ਹੈ, ਜਿਸ ਤੋਂ ਬਿਨਾਂ ਜੀਵਨ ਪ੍ਰਫੁਲਿਤ ਨਹੀਂ ਹੁੰਦਾ। ਬੰਦੇ ਦੀ ਸੋਚ, ਉਦਾਰਵਾਦੀ ਨਹੀਂ ਬਣਦੀ।  ਬੰਦਾ; ਤੰਗਦਿਲੀ ਕਾਰਨ ਅਸ਼ਾਂਤ ਰਹਿ ਕੇ ਆਪਣੇ ਸਰੀਰ, ਪਰਵਾਰ ਤੇ ਸਮਾਜ ਲਈ ਦੁਖਦਾਇਕ ਬਣ ਜਾਂਦਾ ਹੈ।  ਮਨ ਦੀ ਸ਼ਾਂਤੀ ਅਤੇ ਖੇੜਾ ਦੁਨਿਆਵੀ ਬਾਜ਼ਾਰਾਂ ’ਚੋਂ ਨਹੀਂ ਮਿਲਦੇ।  ਇਸ ਨੂੰ ‘ਧਰਮ’ ਦੇ ਨਿਯਮਾਂ ’ਚ ਰਹਿ ਕੇ ਕਮਾਉਣਾ ਪੈਂਦਾ ਹੈ, ਉਹ ਵੀ ਬਿਨਾਂ ਕਿਸੇ ਧਨ-ਪਦਾਰਥ ਦੇ ਖਰਚ ਕੀਤਿਆਂ। ਜਿੱਥੇ ਸਮਾਜ ’ਚ ਹਰ ਚੀਜ਼ ਦੀ ਕੀਮਤ ਹੈ, ਓਥੇ ਧਰਮ; ਅਮੁੱਲ ਹੈ, ‘‘ਅਮੁਲੁ ਧਰਮੁ’’ (ਜਪੁ)।  ‘ਧਰਮ’; ਮਨੁੱਖ ਨੂੰ ਇਨਸਾਨ ਬਣਾਉਂਦਾ ਹੈ, ਜਿਸ ਸਦਕਾ ਬੰਦਾ; ਬੰਦੇ ਨੂੰ ਪਿਆਰ ਕਰਨ ਲੱਗਦਾ ਹੈ, ਕੁਦਰਤ ਨੂੰ ਪਿਆਰ ਕਰਦਾ ਹੈ। ਚਾਰੋਂ ਤਰਫ਼ ਪਿਆਰ ਤੇ ਖ਼ੁਸ਼ਹਾਲੀ ਵੇਖ ਨਿਰਾਸ ਜੀਵਨ ਵੀ ਮਹਿਕ ਉੱਠਦਾ ਹੈ, ਪਰ ਇਹ ਸਮਝ ਅਤੇ ਸਮਰੱਥਾ; ਅਜਿਹੇ ਗੁਣਾਂ ਦੇ ਸਰੋਤ ਪਾਸੋਂ ਹੀ ਮਿਲਦੀ ਹੈ, ਜਿਸ ਨੂੰ ਗੁਰਬਾਣੀ ’ਚ ‘ਗੁਰੂ’ ਕਿਹਾ ਗਿਆ ਹੈ।

ਕਲਿਯੁਗੀ ਸਮਾਜ ’ਚ ਮਨੁੱਖ ਲਈ ਸੱਚੇ ਗੁਰੂ ਦੀ ਚੋਣ ਕਰਨਾ ਅਸੰਭਵ ਕਾਰਜ ਹੁੰਦਾ ਹੈ ਕਿਉਂਕਿ ਅੰਨ੍ਹੇ ਲਈ ਗੁਰੂ ਹੀ ਅੱਖਾਂ ਹਨ। ਅੱਖਾਂ ਤੋਂ ਬਿਨਾਂ ਜੇ ਰੌਸ਼ਨੀ ਵਿਖਾਈ ਦੇਵੇ ਤਾਂ ਗੁਰੂ ਦੀ ਕੀ ਲੋੜ? ਇਸ ਲਈ ਕਰਤਾਰ (ਕੁਦਰਤ ਦਾ ਮਾਲਕ) ਹੀ ਬੰਦੇ ਨੂੰ ਗੁਰੂ ਰੂਪ ਅੱਖਾਂ ਮੁਹੱਈਆ ਕਰਾਉਂਦਾ ਹੈ ਭਾਵ ਪ੍ਰਭੂ ਆਪ ਹੀ ਸੱਚੇ ਗੁਰੂ ਦਾ ਰੂਪ ਧਾਰ ਕੇ ਅੰਨ੍ਹਿਆਂ ਦੇ ਸਾਹਮਣੇ ਆ ਖੜ੍ਹਦਾ ਹੈ, ‘‘ਹਰਿ ਹਰਿ ਆਪਿ ਮਿਲਾਇ ਗੁਰੁ; ਮੈ ਦਸੇ ਹਰਿ ਧਨੁ ਰਾਸਿ ’’ (: /੯੯੬) ਭਾਵ ਹੇ ਹਰੀ ! ਤੂੰ ਆਪ ਕਿਰਪਾ ਕਰਕੇ ਮੈਨੂੰ ਗੁਰੂ ਮਿਲਾ ਦੇਹ ਤਾਂ ਜੋ ਉਹ ਤੇਰੇ ਬਾਰੇ, ਤੇਰੇ ਨਾਮ ਬਾਰੇ ਸਮਝਾਵੇ।

ਇਤਿਹਾਸਕ ਪ੍ਰਮਾਣ ਹੈ ਕਿ ਗੁਰੂ ਅੰਗਦ ਸਾਹਿਬ ਜੀ ਅਤੇ ਗੁਰੂ ਅਮਰਦਾਸ ਜੀ ਲੰਮੇ ਸਮੇਂ ਤੱਕ ਸੱਚੇ ਗੁਰੂ ਦੀ ਸ਼ਰਨ ਨਾ ਪਾ ਸਕੇ। ਸਤਿਗੁਰੂ ਮਿਲਣ ਤੋਂ ਬਾਅਦ ਗੁਰੂ ਅਮਰਦਾਸ ਜੀ ਦੇ ਵਚਨ ਹਨ ਕਿ ਜਿਸ ਅਕਾਲ ਪੁਰਖ ਨੇ ਰੌਸ਼ਨ ਅੱਖਾਂ ਲੈ ਕੇ (ਭਾਵ ਆਪਣੇ ਨਾਲ਼ੋਂ ਵਿਛੋੜ ਕੇ ਜੂਨਾਂ ’ਚ ਪਾਇਆ) ਅੰਨ੍ਹੇ ਕੀਤੇ ਸੀ ਉਹੀ ਮਾਲਕ; ਗੁਰੂ ਰੂਪ ਅੱਖਾਂ ਦੇ ਕੇ ਆਪਣੇ ਦੀਦਾਰ ਕਰਵਾ ਦਿੰਦਾ ਹੈ, ‘‘ਨਾਨਕ ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ’’ (: /੮੩), ਭੱਟ ਭਿੱਖਾ ਜੀ ਹੋਰ ਸਪਸ਼ਟ ਕਰਦੇ ਹਨ ਕਿ ਦਇਆਲੂ (ਮਾਲਕ) ਨੇ ਕਿਰਪਾ ਕਰਕੇ ਗੁਰੂ (ਅਮਰਦਾਸ ਜੀ) ਨੂੰ ਮਿਲਾਇਆ ਹੈ, ‘‘ਗੁਰੁ ਦਯਿ (ਨੇ) ਮਿਲਾਯਉ ਭਿਖਿਆ!’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬), ਪਰ ਇਹ ਵੇਦਨਾ ਪ੍ਰਗਟ ਕਰਨ ਤੋਂ ਪਹਿਲਾਂ ਹੋਈ ਭਟਕਣਾ ਨੂੰ ਵੀ ਭੱਟ ਭਿੱਖਾ ਜੀ ਬਿਆਨ ਕਰਨਾ ਨਾ ਭੁੱਲੇ, ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ਸੰਨਿਆਸੀ ਤਪਸੀਅਹ; ਮੁਖਹੁ ਪੰਡਿਤ ਮਿਠੇ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਆਯਉ ’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬), ਸੋ ਬੰਦੇ ਲਈ ਸੱਚੇ ਗੁਰੂ ਦਾ ਮਿਲਾਪ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ।

ਗੁਰੂ ਗ੍ਰੰਥ ਸਾਹਿਬ ਫ਼ਲਸਫ਼ੇ ਦਾ ਆਧਾਰ ਗੁਰੂ ਨਾਨਕ ਸੋਚ ਹੈ, ਨਾਨਕ ਵਿਚਾਰਧਾਰਾ ਹੈ, ਜਿਨ੍ਹਾਂ ਨੇ 4 ਉਦਾਸੀਆਂ ਰਾਹੀਂ 50-60 ਹਜ਼ਾਰ ਕਿਲੋਮੀਟਰ ਯਾਤਰਾ ਕਰ ਜਗ੍ਹਾ-ਜਗ੍ਹਾ ਮਾਨਵਤਾ ਨੂੰ ਰੌਸ਼ਨ ਅੱਖਾਂ ਬਖ਼ਸ਼ ਕੇ ਅਕਾਲ ਪੁਰਖ (ਨਿਰਾਕਾਰ, ਅਦ੍ਰਿਸ਼, ਸਰਬ ਵਿਆਪਕ, ਜੋਤਿ ਸਰੂਪ, ਅਬਿਨਾਸ਼ੀ ਮਾਲਕ) ਦਾ ਦੀਦਾਰ ਕਰਵਾਇਆ। ਇਸ ਰੂਹਾਨੀਅਤ ਯਾਤਰਾ ਦਾ ਮਨੋਵਿਗਿਆਨਕ ਪੱਖ ਸਮਝਣਾ ਵੀ ਜ਼ਰੂਰੀ ਹੈ ਤਾਂ ਜੋ ਗੁਰਬਾਣੀ ਨੂੰ ‘ਨਵੇਂ ਯੁੱਗ ਦਾ ਧਰਮ’ ਕਹਿਣਾ, ਕਿਸ ਨੂੰ ਵਧਾ ਕੇ ਕਹੀ ਹੋਈ ਗੱਲ ਨਾ ਜਾਪੇ।

ਜੋਗੀਆਂ ਨੇ ਸਵਾਲ ਕੀਤਾ ‘‘ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ’’ (: /੯੪੨), ਜਵਾਬ ਸੀ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (: /੯੪੩), ਇਸ ਜਵਾਬ ’ਚ ਸੰਕੇਤਕ ਭਾਵ ਬੜੇ ਗਹਿਰੇ ਹਨ।  ਦਰਅਸਲ ਬੰਦਾ; ਜੋ ਵੀ ਕੰਮ ਕਰਦਾ ਹੈ ਉਸ ਦੇ ਪਿੱਛੇ ਉਸ ਦੀ ਸੋਚ ਕਾਰਜਸ਼ੀਲ ਹੁੰਦੀ ਹੈ। ਸਮਾਜ ’ਚ ਚੰਗੇ ਮੰਦੇ ਕੰਮ; ਸੋਚ ਆਧਾਰਿਤ ਹੀ ਕੀਤੇ ਜਾਂਦੇ ਹਨ।  ਗੁਰੂ ਨਾਨਕ ਜੀ ਮੁਤਾਬਕ ਸੰਸਾਰ ’ਚ ਸੁਰਤਿ ਬਿਨਾਂ ਕੋਈ ਪੈਦਾ ਹੀ ਨਹੀਂ ਹੋਇਆ ‘‘ਏਕਾ ਸੁਰਤਿ; ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ’’ (: /੨੫), ਤਾਂ ਤੇ ਹਰ ਬੰਦੇ ਅੰਦਰ ਸੁਰਤਿ ਪ੍ਰਧਾਨ ਹੈ, ‘‘ਜੇਹੀ ਸੁਰਤਿ; ਤੇਹਾ ਤਿਨ ਰਾਹੁ ’’; ਗੁਰੂ ਨਾਨਕ ਜੀ ਮੁਤਾਬਕ ਤੀਖਣ ਬੁੱਧੀ ਵਾਲ਼ਾ ਰਾਹ ਹੀ ਖੋਟੀ ਮੱਤ ਨੂੰ ਪਲਟਾਉਂਦਾ ਹੈ ‘‘ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (: /੧੩੨੯)

ਸੁਰਤਿ ਦਾ ਉਲਟ ਕੇ ਪ੍ਰਕਾਸ਼ਮਈ ਹੋਣ ਦਾ ਅਰਥ ਹੈ ‘ਮਾਯਾ ਨਾਲ਼ ਪਾਏ ਪਿਆਰ ਦੀ ਬਜਾਇ ਰੱਬੀ ਵਜੂਦ ਨੂੰ ਸਵੀਕਾਰਨਾ, ਪਿਆਰ ਕਰਨਾ, ਜੋ ਨਿਰਾਕਾਰ ਵੀ ਹੈ ਅਤੇ ਕਣ-ਕਣ ’ਚ ਵਿਆਪਕ ਵੀ’ ਭਾਵ ਰੱਬੀ ਪਿਆਰ ਹੀ ਸਮਾਜਿਕ ਪਿਆਰ ਪੈਦਾ ਕਰਾਉਂਦਾ ਹੈ, ਇਸ ਦੌਰਾਨ ਰੱਬ ਦੇ ਡਰ-ਅਦਬ ’ਚ ਚੱਲਣਾ ਬੰਦੇ ਦੇ ਪੈਰ ਬਣ ਜਾਂਦੇ ਹਨ (ਜੋ ਮਾੜੇ ਪਾਸੇ ਨਹੀਂ ਜਾਣ ਦਿੰਦੇ), ਪਿਆਰ ਸਰੂਪ ਹੱਥ ਹਨ ਭਾਵ ਪਰਉਪਕਾਰੀ ਭਾਵਨਾ ਬਣ ਜਾਂਦੀ ਹੈ ਅਤੇ (ਮਾਯਾ ਦੀ ਬਜਾਇ) ਰੱਬੀ ਯਾਦ ਨਾਲ਼ ਸੁਰਤ ਜੋੜਨਾ ਅੱਖਾਂ ਬਣ ਜਾਂਦੀਆਂ ਹਨ, ‘‘ਭੈ ਕੇ ਚਰਣ, ਕਰ ਭਾਵ ਕੇ; ਲੋਇਣ ਸੁਰਤਿ ਕਰੇਇ ’’ (: /੧੩੯), ਇਹੀ ਅਕਾਲ ਪੁਰਖ ਦਾ ਦੀਦਾਰ ਹੈ।  ਨਹੀਂ ਤਾਂ ਸੋਚੋ ਕਿ ‘‘ਸਹ ਦੇਖੇ ਬਿਨੁ, ਪ੍ਰੀਤਿ ਊਪਜੈ; ਅੰਧਾ ਕਿਆ ਕਰੇਇ ?’’ (: /੮੩) ਭਾਵ ਮਾਲਕ ਨੂੰ ਅੱਖਾਂ ਨਾਲ਼ ਵੇਖੇ ਬਿਨਾਂ ਪ੍ਰੀਤ ਪੈਦਾ ਨਹੀਂ ਹੋ ਸਕਦੀ।  ਅੱਖਾਂ (ਭਾਵ ਗੁਰੂ) ਵਿਹੂਣਾ ਅੰਨ੍ਹਾ ਕੀ ਕਰ ਸਕਦਾ ਹੈ, ਅੰਨ੍ਹਾ ਕਿਸ ਨਾਲ਼ ਪਿਆਰ ਪਾ ਸਕਦਾ ਹੈ?

ਇੱਥੇ ਇਹ ਵਿਚਾਰ ਵੀ ਲਾਭਕਾਰੀ ਰਹੇਗੀ ਕਿ ‘ਰੱਬ ਕੀ ਹੈ?, ਇਸ ਦਾ ਨਿਵਾਸ ਸਥਾਨ ਕਿੱਥੇ ਹੈ? ਕਿਉਂਕਿ ਰੱਬ ਨੂੰ ਹਰ ਧਰਮ ਮੰਨਦਾ ਹੈ, ਪਰ ਇਸ ਬਾਰੇ ਇੱਕ ਰਾਇ ਨਾ ਹੋਣ ਕਾਰਨ ਹੀ ਲੜਾਈਆਂ ਹੁੰਦੀਆਂ ਹਨ।  ਹਿੰਦੂ; ਆਕਾਰ (ਦੇਵੀ-ਦੇਵਤੇ, ਮੂਰਤੀ, ਕੁਦਰਤੀ ਸ਼ਕਤੀਆਂ ਆਦਿ) ਨੂੰ ਰੱਬ ਮੰਨਦਾ ਹੈ।  ਸੁਰਗ ਨੂੰ ਰੱਬ ਦਾ ਨਿਵਾਸ ਸਥਾਨ ਭਾਵ ਹਿੰਦੂ ਮੁਤਾਬਕ ਕੁਦਰਤ (ਜੋ ਇਨ੍ਹਾਂ ਲਈ ਰੱਬ ਹੈ) ਕਦੇ ਨਾਸ਼ ਨਹੀਂ ਹੋਵੇਗੀ।, ਇਸਲਾਮ; ਅੱਲ੍ਹਾ ਨੂੰ ਰੱਬ ਮੰਨਦਾ ਹੈ, ਜਿਸ ਦਾ ਨਿਵਾਸ ਸਥਾਨ ਸਰਬ ਵਿਆਪਕ ਜਾਂ ਨਿਰਾਕਾਰ ਨਹੀਂ ਬਲਕਿ ਮਸਜਿਦ ਵਿੱਚ ਹੈ ਜਾਂ ਸੱਤ ਅਕਾਸ਼ ਉੱਤੇ, ‘‘ਅਲਹੁ ਏਕੁ ਮਸੀਤਿ ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ ’’ (ਭਗਤ ਕਬੀਰ ਜੀ/੧੩੪੯) ਭਾਵ ਜੇ ਅੱਲ੍ਹਾ; ਸਰਬ ਵਿਆਪਕ ਨਹੀਂ, ਕੇਵਲ ਮਸਜਿਦ ਵਿੱਚ ਹੀ ਹੈ ਤਾਂ ਸਾਰਾ ਜਹਾਨ ਕਿਸ ਦੇ ਆਸਰੇ ਜੀਵਤ ਹੈ?, ਈਸਾਈਆਂ ਦਾ ਰੱਬ ਵੀ ਸਰਬ ਵਿਆਪਕ ਨਹੀਂ ਬਲਕਿ ਸੱਤ ਅਕਾਸ਼ ਉੱਪਰ ਬਿਰਾਜਮਾਨ ਹੈ।  ਮਸੀਹੀ ਅਕੀਦੇ ਮੁਤਾਬਕ ਈਸਾ ਮਸੀਹ (ਯਿਸੂ ਮਸੀਹ) ਪਰਮੇਸ਼ਰ ਦੇ ਇਕਲੌਤੇ ਪੁੱਤਰ ਹਨ ਅਤੇ ਪਵਿੱਤਰ ਤ੍ਰਿਮੂਰਤਿ (ਤਸਲੀਮ) ਦੇ ਦੂਜੇ ਸਦੱਸ ਹੁੰਦੇ ਹੋਏ ਆਪ ਹੀ ਪਰਮੇਸ਼ਰ ਹਨ।, ਆਧੁਨਿਕ ਜੈਨ ਧਰਮ; ਮਹਾਂਵੀਰ ਦੀ ਵਿਚਾਰਧਾਰਾ ਹੈ, ਜੋ 24ਵੇਂ ਤੀਰਥੰਕਰ ਮੰਨੇ ਗਏ।  ਜੈਨ ਦਾ ਅਰਥ ਹੈ ‘ਮਨ ਨੂੰ ਜਿੱਤਣ ਵਾਲ਼ਾ’; ਇਸ ਤੋਂ ਹੀ ਸਪਸ਼ਟ ਹੈ ਕਿ ਜੈਨੀਆਂ ਲਈ ਮਨ ਨੂੰ ਜਿੱਤਣਾ ਹੀ ਰੱਬ ਹੈ।, ਬੋਧ ਧਰਮ; ਮਹਾਤਮਾ ਬੁੱਧ ਦੀ ਵਿਚਾਰਧਾਰਾ ਹੈ, ਇਨ੍ਹਾਂ ਮੁਤਾਬਕ ਸਦਾਚਾਰੀ ਜੀਵਨ ਹੀ ਮੁਕਤੀ ਹੈ (ਭਾਵ ਰੱਬ ਹੈ)। ਬੋਧੀ ਵੀ ਰੱਬ ਨੂੰ (ਸਿੱਖਾਂ ਵਾਙ) ਨਿਰਾਕਾਰ ਜਾਂ (ਹਿੰਦੂ ਵਾਙ) ਆਕਾਰ ਰੂਪ ’ਚ ਨਹੀਂ ਮੰਨਦੇ।  ਗੁਰਬਾਣੀ ਦਾ ਰੱਬ; ਜੋਤਿ ਸਰੂਪ, ਸਰਬ ਵਿਆਪਕ, ਅਦ੍ਰਿਸ਼, ਨਿਰਾਕਾਰ, ਅਬਿਨਾਸ਼ੀ ਹੈ ਭਾਵ ਕੁਦਰਤ ਵਾਙ ਕਦੇ ਨਾਸ਼ ਨਹੀਂ ਹੁੰਦਾ। ਗੁਰਬਾਣੀ; ਕੁਦਰਤ ਦਾ ਵਜੂਦ ਸਦੀਵੀ ਨਹੀਂ ਮੰਨਦੀ ‘‘ਦ੍ਰਿਸਟਿਮਾਨ ਸਭੁ ਬਿਨਸੀਐ; ਕਿਆ ਲਗਹਿ ਗਵਾਰ ?’’ (: /੮੦੮) ਭਾਵ ਦੁਨਿਆਵੀ ਅੱਖਾਂ ਨਾਲ਼ ਵਿਖਾਈ ਦੇਣ ਵਾਲ਼ਾ ਸਭ ਕੁਝ ਸਦੀਵੀ ਨਹੀਂ ਰਹੇਗਾ ਇਸ ਨਾਲ਼ ਨਾ ਜੁੜ, ਇਸ ਦੀ ਭਗਤੀ ਨਾ ਕਰ, ਇਸ ਤੋਂ ਪ੍ਰਭਾਵਤ ਨਾ ਹੋ।

ਗੁਰਬਾਣੀ; ਰੱਬ ਨੂੰ ਜੋਤਿ ਸਰੂਪ ’ਚ ਮੰਨਦੀ ਹੋਈ ਜੋਤਿ ਨੂੰ ਹੀ ‘ਆਤਮਾ, ਰੂਹ, ਜਿੰਦ’ ਕਹਿੰਦੀ ਹੈ।  ਅਕਾਲ ਪੁਰਖ ਦਾ ਅਟੁੱਟ ਹਿੱਸਾ (ਭਾਗ) ਹੋਣ ਕਾਰਨ ਇਸ ਦਾ ਵਜੂਦ ਵੀ ਸਦੀਵੀ ਸਥਿਰ ਹੈ, ‘‘ਕਹੁ ਕਬੀਰ ! ਇਹੁ ਰਾਮ ਕੀ ਅੰਸੁ ਜਸ ਕਾਗਦ ਪਰ ਮਿਟੈ ਮੰਸੁ ’’ (ਭਗਤ ਕਬੀਰ ਜੀ/੮੭੧) ਭਾਵ ਜਿਵੇਂ ਕਾਗਜ਼ ਅਤੇ ਸਿਆਹੀ ਵੱਖਰੇ ਨਹੀਂ ਹੋ ਸਕਦੇ ਇਉਂ ਰੱਬ ਅਤੇ ਆਤਮਾ ਵੱਖ ਨਹੀਂ ਹੋ ਸਕਦੇ ਭਾਵ ਇੱਕ ਦਾ ਖ਼ਾਤਮਾ (ਮੌਤ) ਤੇ ਦੂਜਾ ਸਦੀਵੀ ਸਥਿਰ ਨਹੀਂ ਹੋ ਸਕਦਾ, ਇਸ ਲਈ ਆਤਮਾ ਨੂੰ (ਰੱਬ ਵਾਙ) ਅਮਰ ਮੰਨਿਆ ਗਿਆ ਹੈ। ਆਤਮਾ ਉੱਤੇ ਚੜ੍ਹੀ ਮਲ਼ੀਨਤਾ ਨੂੰ ਬੰਦੇ ਦੇ ‘ਭਾਗ, ਨਸੀਬ, ਅੰਤਹਿਕਰਣ, ਜਨਮ ਜਨਮ ਕੀ ਮਲੁ (ਮੈਲ਼), ਕਰਮਾਂ ਦਾ ਫਲ਼, ਹਨ੍ਹੇਰਾ, ਅਗਿਆਨਤਾ’ ਆਦਿ ਕਿਹਾ ਗਿਆ ਹੈ, ਜਿਸ ਦੇ ਬਾਹਰੀ 4 ਪ੍ਰਮੁੱਖ ਚਿੰਨ੍ਹ ਹਨ ‘ਸੁਰਤਿ, ਮਤਿ, ਮਨਿ, ਬੁਧਿ’, ‘‘ਤਿਥੈ ਘੜੀਐ; ਸੁਰਤਿ ਮਤਿ ਮਨਿ ਬੁਧਿ ’’ (ਜਪੁ), ‘ਸੁਰਤਿ’ ਤੋਂ ਭਾਵ ਭੂਤਕਾਲ ਦਾ ਅਨੁਭਵ, ‘ਮਤਿ’ ਤੋਂ ਭਾਵ ਮਮਤਾ/ਅਹੰਕਾਰ, ‘ਮਨ’ ਤੋਂ ਭਾਵ ਸੰਕਲਪ ਤੇ ਵਿਕਲਪ (ਖ਼ਿਆਲ ਬਣਾਉਣੇ ਤੇ ਮਿਟਾਉਣੇ), ‘ਬੁਧਿ’ ਤੋਂ ਭਾਵ ਨਵੇਂ ਸੋਚ ਵਿਚਾਰ ਪੈਦਾ ਕਰ ਉਨ੍ਹਾਂ ਉੱਤੇ ਵਿਸ਼ਵਾਸ ਬਣਾਉਣਾ।  ਇਸ ਮਲ਼ੀਨਤਾ ਨੂੰ ਵੇਖਣਾ ਅਤੇ ਧੋਣਾ ਹੀ ਅੰਤਰਗਤਿ ਇਸ਼ਨਾਨ ਹੈ ‘‘ਅੰਤਰਗਤਿ ਤੀਰਥਿ; ਮਲਿ ਨਾਉ ’’ (ਜਪੁ) ਭਾਵ ਅੰਦਰਲੇ ਤੀਰਥ ਉੱਤੇ ਮਲ਼ ਮਲ਼ (ਰਗੜ ਰਗੜ) ਕੇ ਇਸ਼ਨਾਨ ਕਰਨਾ ਹੈ, ਅੰਦਰ ਰੱਬ ਨੂੰ ਵੇਖਣਾ ਹੈ ਭਾਵ ਜਦ ਮਲ਼ੀਨਤਾ (ਮਨੁੱਖੀ ਕਮਜ਼ੋਰੀ) ਮਿਟ ਜਾਏਗੀ ਤਾਂ ਅੰਦਰੋਂ ਰੱਬ ਦਾ ਅਟੁੱਟ ਭਾਗ ਆਤਮਾ, ਜੋ ਨੂਰ ਹੀ ਨੂਰ ਹੈ, ਜੋ ਨਿਰਭਉ ਨਿਰਵੈਰ ਹੈ, ਸਰਬ ਸ਼ਕਤੀਮਾਨ ਹੈ, ਉਸ ਦਾ ਦਰਸ਼ਨ (ਅਹਿਸਾਸ) ਹੀ ਰੱਬੀ ਮਿਲਾਪ ਹੈ। 

ਦਰਅਸਲ ਜਿਸ ਰੱਬ ਦੀ ਵਿਆਖਿਆ ਗੁਰਬਾਣੀ ਕਰਦੀ ਹੈ, ਉਸ ਦੇ ਦਰਸ਼ਨ ਭਾਵ ਉਸ ਦਾ ਅਹਿਸਾਸ; ਸੱਚਾ ਗੁਰੂ ਹੀ ਅੰਗ-ਸੰਗ ਰਹਿ ਰਹਿ ਕੇ, ਵਿਸ਼ਵਾਸ ਰੂਪ ਸਹਾਰਾ ਦੇ ਦੇ ਕੇ, ਜੋਤਿ ਸਰੂਪ ਵਜੋਂ ਬਖ਼ਸ਼ਸ਼ ਕਰ ਕਰ ਕੇ, ਕਰਵਾ ਸਕਦਾ ਹੈ।  ਬਾਕੀ ਸਭ ਧਰਮਾਂ ਲਈ ‘ਗੁਰੂ, ਪੈਗ਼ੰਬਰ ਜਾਂ ਮਹਾਤਮਾ’ ਆਦਿ ਦਾ ਸਰਬ ਸ਼ਕਤੀਮਾਨ ਹੋਣਾ ਬਹੁਤਾ ਜ਼ਰੂਰੀ ਨਹੀਂ ਕਿਉਂਕਿ ਬਹੁਤ ਕੁਝ ਦੁਨਿਆਵੀ ਗਿਆਨ ਜਾਂ ਕਾਲਪਨਿਕ ਆਧਾਰਿਤ ਹੈ, ਜਿਸ ਦਾ ਕਿਸੇ ਦੂਸਰੇ ਨੂੰ ਅਹਿਸਾਸ ਨਹੀਂ ਕਰਵਾਇਆ ਜਾ ਸਕਦਾ।  ਜੋ ਪਾਖੰਡੀ ਗੁਰੂ; ਸਾਰੇ ਧਾਰਮਿਕ ਚਿੰਨ੍ਹਾਂ ਦੀ ਇੱਕ ਥਾਂ ਵਰਤੋਂ ਕਰਕੇ ਜਨਤਾ ਨੂੰ ਆਪਣੇ ਉਦਾਰਵਾਦੀ ਹੋਣ ਦਾ ਭੁਲੇਖਾ ਪਾਉਂਦੇ ਹਨ, ਉਨ੍ਹਾਂ ਦੀ ਨਿਜੀ ਸਮਝ ਕੇਵਲ ਸਮਾਜਿਕ ਪੱਧਰ ਤੱਕ ਹੀ ਹੁੰਦੀ ਹੈ, ਜਿਸ ਕਾਰਨ ਮਨ ਨੂੰ ਨਾ ਜਿੱਤ ਸਕਣ ਕਰਕੇ ਕਈ ਵਾਰ ਦੁਨਿਆਵੀ ਜੇਲ੍ਹ ਯਾਤਰਾ ਕਰਨੀ ਪੈਂਦੀ ਹੈ।  ਕੁਕਰਮ ਤੇ ਪਾਖੰਡ ਦਾ ਫਲ਼; ਕਰਤਾਰ ਦੀ ਸੱਚੀ ਦਰਗਾਹ ਵਿੱਚ ਮਿਲਣਾ ਨਿਸ਼ਚਿਤ ਹੈ, ਜਿਸ ਦੀ ਸ਼ੁਰੂਆਤ ਇੱਥੋਂ ਹੀ ਹੋ ਚੁੱਕੀ ਹੁੰਦੀ ਹੈ।

ਉਕਤ ਕੀਤੀ ਗਈ ਵਿਚਾਰ ਕਿ ਹਰ ਬੰਦੇ ਨੂੰ ਸੁਰਤਿ; ਰੱਬੀ ਬਖ਼ਸ਼ਸ਼ ਵਜੋਂ ਮਿਲੀ ਦਾਤ ਹੈ, ਜਿਸ ਨੇ ਰੂਹਾਨੀਅਤ ਯਾਤਰਾ ਦੌਰਾਨ ਚੇਲਾ ਬਣਨਾ ਹੈ।  ਸੁਰਤਿ ਦਾ ਸਦਪ੍ਰਯੋਗ ਕਰਵਾਉਣ ਲਈ ਜਗਤ ਰਚੇਤਾ ਆਪ ਹੀ ਗੁਰੂ ਨੂੰ ਅਗਵਾਈ ਕਰਨ ਲਈ ਸੰਸਾਰ ’ਚ ਭੇਜਦਾ ਹੈ। ਗੁਰੂ ਅਤੇ ਚੇਲੇ ਦੇ ਪਹਿਲੇ ਮਿਲਾਪ ਦੌਰਾਨ ‘‘ਸਬਦੁ ਗੁਰੂ; ਸਰਤਿ ਧੁਨਿ ਚੇਲਾ’’ ਮੁੱਢਲੀ ਸ਼ਰਤ ਰੱਖੀ ਗਈ ਹੈ।  ਜਿਸ ਸਰੀਰ ਵਿੱਚੋਂ ਸੁਰਤਿ ਹੀ ਗੁਰੂ ਸਬਦੁ (ਸਿਖਿਆ) ਦੇ ਅਧੀਨ ਵਿਚਰ ਰਹੀ ਹੋਵੇ ਉੱਥੇ ਅੱਖ, ਕੰਨ, ਹੱਥ, ਪੈਰ, ਸਿਰ ਆਦਿ ਸਭ ਸਫਲ ਹੋ ਜਾਂਦੇ ਹਨ, ‘‘ਚਰਣ ਪਰ ਸਕਯਥ (ਸਫਲ); ਚਰਣ ਗੁਰ ਅਮਰ ਪਵਲਿ ਰਯ (ਰਾਹਤੇ ਚਲਦੇ) ਹਥ ਪਰ ਸਕਯਥ; ਹਥ ਲਗਹਿ ਗੁਰ ਅਮਰ ਪਯ (ਚਰਨੀਂ) ਜੀਹ (ਜੀਭ) ਪਰ ਸਕਯਥ; ਜੀਹ ਗੁਰ ਅਮਰੁ ਭਣਿਜੈ ਨੈਣ ਪਰ ਸਕਯਥ; ਨਯਣਿ ਗੁਰੁ ਅਮਰੁ ਪਿਖਿਜੈ ਸ੍ਰਵਣ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ਸਕਯਥੁ ਸੁ ਹੀਉ (ਹਿਰਦਾ); ਜਿਤੁ ਹੀਅ ਬਸੈ, ਗੁਰ ਅਮਰਦਾਸੁ ਨਿਜ ਜਗਤ ਪਿਤ ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ ਗੁਰ ਅਮਰ ਨਿਤ ’’ (ਸਵਈਏ ਮਹਲੇ ਤੀਜੇ ਕੇ/ਭਟ ਜਾਲਪ/੧੩੯੪), ਅਜਿਹਾ ਨਿਮਰ ਅਤੇ ਰੌਸ਼ਨ ਦਿਮਾਗ਼; ਬੰਦੇ ਦੀ ਕਥਨੀ ਤੇ ਕਰਨੀ ਇੱਕ ਸਮਾਨ ਬਣਾ ਦਿੰਦਾ ਹੈ। ਉਹ ਆਪਣੇ ਮਾਲਕ ਦੇ ਡਰ-ਅਦਬ ’ਚ ਹਮੇਸ਼ਾਂ ਵਿਚਰਦਾ ਹੈ, ਜਿਸ ਦਾ ਫਲ਼; ਸਮਾਜਿਕ ਪਿਆਰ ਹੈ।  ਸਮਾਜਿਕ ਵਿਤਕਰੇ, ਅੰਧ ਵਿਸ਼ਵਾਸ, ਅਡੰਬਰ (ਪਾਖੰਡ), ਵਹਿਮ ਭਰਮ ਉਸ ਅਵਸਥਾ ਲਈ ਬਹੁਤ ਹੇਠਲੀਆਂ ਗੱਲਾਂ (ਛੋਟੀ ਸੋਚ) ਬਣ ਕੇ ਰਹਿ ਜਾਂਦੀਆਂ ਹਨ।

ਜਗਤ ਦਾ ਮਾਲਕ ਅਕਾਲ ਪੁਰਖ ਅਬਿਨਾਸ਼ੀ ਹੈ, ਉਸ ਦਾ ਸਰੂਪ ਗੁਰੂ; ਕਿਵੇਂ ਨਾਸ਼ਵਾਨ ਹੋ ਸਕਦਾ ਹੈ? ਗੁਰੂ ਰਾਮਦਾਸ ਜੀ ਦੁਆਰਾ ਸਰੀਰਕ ਯਾਤਰਾ ਮੁਕੰਮਲ ਕਰਨ ਉਪਰੰਤ ਗੁਰਿਆਈ ਫ਼ਰਜ਼ ਨਿਭਾ ਰਹੇ ਗੁਰੂ ਅਰਜਨ ਸਾਹਿਬ ਜੀ ਦੇ ਰੂ-ਬਰੂ ਹੋ ਕੇ ਭੱਟ ਹਰਬੰਸ ਜੀ ਪੁਕਾਰ ਉੱਠੇ ਕਿ ਕੌਣ ਕਹਿੰਦਾ ਹੈ ਕਿ ਗੁਰੂ ਰਾਮਦਾਸ ਜੀ ਚੜ੍ਹਾਈ ਕਰ ਗਏ, ‘‘ਹਰਿਬੰਸ ਜਗਤਿ ਜਸੁ ਸੰਚਰ; ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ?’’ (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/੧੪੦੯), ਜਦ ਅਕਾਲ ਪੁਰਖ ਵਾਙ ਗੁਰੂ ਅਬਿਨਾਸ਼ੀ ਹੈ ਤਾਂ ਗੁਰੂ ’ਚ ਅਭੇਦ ਹੋਏ ਚੇਲੇ (ਸੁਰਤਿ) ਦਾ ਖ਼ਾਤਮਾ ਕਿਵੇਂ ਹੋ ਸਕਦਾ ਹੈ? ਇਹ ਉੱਚੇ ਵਿਚਾਰ ਕੇਵਲ ਬ੍ਰਹਮਗਿਆਨੀ ਪੱਧਰ ਦੇ ਹੀ ਰਹਿ ਜਾਂਦੇ ਹਨ, ‘‘ਕਉਨੁ ਮੂਆ ਰੇ ! ਕਉਨੁ ਮੂਆ ?  ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ ’’ (: /੮੮੫) ਭਾਵ ਸੰਸਾਰ ਇੱਕ ਖੇਡ ਹੈ, ਜਿੱਥੇ ਕੋਈ ਨਹੀਂ ਮਰਿਆ, ਨਾ ਰੱਬ, ਨਾ ਗੁਰੂ ਅਤੇ ਨਾ ਚੇਲਾ (ਕਿਉਂਕਿ ਇੱਥੇ ਪਹੁੰਚਿਆ ਚੇਲਾ ਆਪਣੀ ਮਲ਼ੀਨਤਾ ਨੂੰ ਖ਼ਤਮ ਕਰ ਕੇਵਲ ਆਤਮਾ (ਰੱਬੀ ਜੋਤਿ) ਪੱਖੋਂ ਹੀ ਵਜੂਦ ਬਣਾਈ ਬੈਠਾ ਹੁੰਦਾ ਹੈ)।

ਪ੍ਰਚਲਿਤ ਰਸਮਾਂ ਕੀਤੀ ਗਈ ਧਰਮ ਦੀ ਵਿਆਖਿਆ : (1). ਸਦੀਆਂ ਤੋਂ ਧਰਮ ਦੀ ਕੀਤੀ ਗਈ ਨਿਰਮੂਲ ਵਿਆਖਿਆ, ਜਿੱਥੇ ਆਪਣੇ ਜਾਤੀ ਅਹੰਕਾਰ ਤੇ ਸੁਆਰਥ ਨੂੰ ਪ੍ਰਮੁੱਖ ਰੱਖਿਆ ਗਿਆ ਕਿਉਂਕਿ ਧਰਮ ਦੇ ਬਣੇ ਠੇਕੇਦਾਰਾਂ ਨੇ ਆਪਣੇ ਆਪ ਨੂੰ ਕਦੇ ਨੀਚਾਂ ’ਚ ਖੜ੍ਹਾ ਨਾ ਪਾਇਆ ਜਦਕਿ ਗੁਰੂ ਨਾਨਕ ਸਾਹਿਬ ਜੀ ਨੀਚਾਂ ’ਚ ਜਾ ਖੜ੍ਹੋਤੇ ਕਿਉਂਕਿ ਰੱਬ ਦੀ ਮਿਹਰ ਹੀ ਨਿਆਸਰਿਆਂ ’ਤੇ ਹੁੰਦੀ ਹੈ, ਅਹੰਕਾਰੀਆਂ ਉੱਤੇ ਨਹੀਂ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ ! ’’ (: /੧੫)

(2). ਈਦ ਵਾਲ਼ੇ ਦਿਨ, ਜਦ ਚਾਰੋਂ ਤਰਫ਼ ਬਕਰੇ ਕੱਟ ਰਹੇ ਹੋਣ, ਓਥੇ ਬਕਰਿਆਂ ਦਾ ਕੋਈ ਹਮਾਇਤੀ ਬਣ ਕੇ ਆ ਖੜ੍ਹੇ ਅਤੇ ਕਹੇ ‘‘ਜੀਅ ਬਧਹੁ ਸੁ ਧਰਮੁ ਕਰਿ ਥਾਪਹੁ; ਅਧਰਮੁ ਕਹਹੁ ਕਤ ਭਾਈ ! ਆਪਸ ਕਉ ਮੁਨਿਵਰ ਕਰਿ ਥਾਪਹੁ; ਕਾ ਕਉ ਕਹਹੁ ਕਸਾਈ ?’’ (ਭਗਤ ਕਬੀਰ ਜੀ/੧੧੦੩) ਤਾਂ ਕਿੰਨੇ ਕੁ ਵਿਰੋਧ ਦਾ ਸਾਹਮਣਾ ਕਰਨਾ ਪਏਗਾ, ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਇਸੇ ਤਰ੍ਹਾਂ ਸਦੀਆਂ ਤੋਂ ਪਤੀ ਦੀ ਚਿਖ਼ਾ ’ਚ ਚੁੱਕ ਕੇ ਸੁੱਟੀ ਜਾਂਦੀ ਔਰਤ ਨਾਲ਼ ਖੜ੍ਹਨ ਵਾਲ਼ਾ ਕੋਈ ਮਰਦ ਅਗੰਮੜਾ ਹੀ ਹੋ ਸਕਦਾ ਹੈ, ‘‘ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ’’ (: /੭੮੭) ਭਾਵ ਪਤੀ ਨਾਲ਼ ਚਿਖ਼ਾ ’ਚ ਫੂਕਣਾ, ਸਤੀ ਹੋਣਾ (ਪਿਆਰ ਦਾ ਇਜ਼ਹਾਰ) ਨਹੀਂ, ਸਗੋਂ ਰੱਬ ਤੋਂ ਪਏ ਵਿਛੋੜੇ ਨੂੰ ਸਮਝ ਕੇ ਕੁਰਲਾਅ ਉੱਠਣਾ ਹੀ ਸੱਚਾ ਪਿਆਰ ਹੈ, ‘‘ਬਿਰਹਾ ਬਿਰਹਾ ਆਖੀਐ; ਬਿਰਹਾ ! ਤੂ ਸੁਲਤਾਨੁ   ਫਰੀਦਾ ! ਜਿਤੁ ਤਨਿ ਬਿਰਹੁ ਊਪਜੈ; ਸੋ ਤਨੁ ਜਾਣੁ ਮਸਾਨੁ ’’ (ਬਾਬਾ ਫਰੀਦ ਜੀ/੧੩੭੯)

(3). ਸਦੀਆਂ ਤੋਂ ਨਸ਼ੇ ਨੂੰ ਧਰਮ ਦਾ ਅਟੁੱਟ ਅੰਗ ਮੰਨਿਆ ਗਿਆ।  ਭਗਤ ਕਬੀਰ ਜੀ; ਜੋ ਮੰਨੀ ਜਾਂਦੀ ਸਵਰਗ ਨਗਰੀ ਬਨਾਰਸ ਦੇ ਹਰ ਪਾਖੰਡ ਤੋਂ ਵਾਕਫ਼ ਸਨ, ਉਨ੍ਹਾਂ ਨੇ ਪਾਖੰਡ ਨੰਗਾ ਕਰਦਿਆਂ ਕਿਹਾ ‘‘ਕਬੀਰ ! ਭਾਂਗ ਮਾਛੁਲੀ ਸੁਰਾ ਪਾਨਿ; ਜੋ ਜੋ ਪ੍ਰਾਨੀ ਖਾਂਹਿ ਤੀਰਥ ਬਰਤ ਨੇਮ ਕੀਏ; ਤੇ ਸਭੈ ਰਸਾਤਲਿ ਜਾਂਹਿ ’’ (ਸਲੋਕ/ਭਗਤ ਕਬੀਰ ਜੀ/੧੩੭੭)  ਭਾਵ ਭੰਗ ਪੀਣੀ, ਸ਼ਰਾਬ ਪੀਣੀ, ਕਾਮ ਉਤੇਜਨਾ ਲਈ ਮੱਛੀ ਵੀ ਖਾਣੀ ਅਤੇ ਇਸ ਦੇ ਨਾਲ਼ ਨਾਲ਼ ਤੀਰਥ ਯਾਤਰਾ, ਵਰਤ-ਨੇਮ ਆਦਿਕ ਧਾਰਮਿਕ ਪ੍ਰਚੰਡ ਵੀ ਜੋ ਲੋਕ ਕਰਦੇ ਹਨ ਉਹ ਸਾਰੇ ਨੀਵੇਂਪਣ (ਗਿਰਾਵਟ, ਨਰਕ) ਵੱਲ ਵਧ ਰਹੇ ਹੁੰਦੇ ਹਨ, ਉਨ੍ਹਾਂ ਦੀ ਸੁਰਤਿ; ਆਮ ਨਾਗਰਿਕਾਂ ਤੋਂ ਵੀ ਹੇਠਾਂ ਡਿੱਗ ਜਾਂਦੀ ਹੈ।

ਗੁਰੂ ਅਮਰਦਾਸ ਜੀ ਮੁਤਾਬਕ ਨਸ਼ੇ ਕਾਰਨ ਨੀਵੀਂ ਹੋਈ ਸੋਚ; ਆਪਣਿਆਂ ਅਤੇ ਪਰਾਇਆਂ ਵਿੱਚ ਵੀ ਅੰਤਰ ਕਰਨਯੋਗ ਨਹੀਂ ਰਹਿ ਜਾਂਦੀ।  ਜਦ ਉੱਚੀ ਸੁਰਤਿ ਹੀ ਇਨਸਾਨੀਅਤ ਦਾ ਪੈਮਾਨਾ ਹੋਵੇ ਓਥੇ ਇਖ਼ਲਾਕਹੀਣ ਬੋਲ; ਬੰਦੇ ਦੇ ਆਪਣੇ ਮਾਲਕ ਨਾਲੋਂ ਸੰਬੰਧ ਤੋੜ ਦਿੰਦੇ ਹਨ, ਜਿਸ ਮਾਲਕ ਦੀ ਮਿਹਰ ਨਾਲ਼ ਗੁਰੂ ਮਿਲਣਾ ਹੈ ਅਤੇ ਰੱਬੀ ਪਿਆਰ ’ਚ ਭਿੱਜ ਕੇ ਉਸ ਦੇ ਦਰ ’ਤੇ ਕਬੂਲ ਹੋਣਾ ਹੁੰਦਾ ਹੈ, ‘‘ਜਿਤੁ ਪੀਤੈ, ਮਤਿ ਦੂਰਿ ਹੋਇ; ਬਰਲੁ ਪਵੈ ਵਿਚਿ ਆਇ   ਆਪਣਾ ਪਰਾਇਆ ਪਛਾਣਈ; ਖਸਮਹੁ ਧਕੇ ਖਾਇ ਜਿਤੁ ਪੀਤੈ ਖਸਮੁ ਵਿਸਰੈ; ਦਰਗਹ ਮਿਲੈ ਸਜਾਇ ਝੂਠਾ ਮਦੁ (ਨਸ਼ਾ), ਮੂਲਿ ਪੀਚਈ; ਜੇ ਕਾ ਪਾਰਿ ਵਸਾਇ ਨਾਨਕਨਦਰੀ ਸਚੁ ਮਦੁ ਪਾਈਐ; ਸਤਿਗੁਰੁ ਮਿਲੈ ਜਿਸੁ ਆਇ (ਕੇ) ਸਦਾ ਸਾਹਿਬ ਕੈ ਰੰਗਿ ਰਹੈ; ਮਹਲੀ ਪਾਵੈ ਥਾਉ ’’ (: /੫੫੪)

(4). ਪਰਵਾਰਿਕ ਜ਼ਿੰਮੇਵਾਰੀਆਂ ਦਾ ਤਿਆਗ ਕਰ ਜੰਗਲ਼ ਨੂੰ ਧਰਮ ਕਮਾਉਣ ਲਈ ਵਿਸ਼ੇਸ਼ ਸਥਾਨ ਮੰਨਿਆ ਗਿਆ, ਜਿੱਥੇ ਨੰਗੇ ਰਹਿਣਾ ਅਤੇ ਭੀਖ ਮੰਗ ਕੇ ਖਾਣਾ; ਕੁਦਰਤ ਦੇ ਨਿਯਮਾਂ ਵਿਰੁਧ (ਵਿਕਸਿਤ ਹੋਣ ਦੀ ਬਜਾਇ) ਬੰਦੇ ਦੀ ਸੁਰਤਿ ਪਿਛਾਂਹ (ਜੰਗਲ਼ੀ ਮਾਨਵ) ਵੱਲ ਮੁੜਨ ਲੱਗੀ।  ਅਜਿਹੇ ਗਿਆਨ ਵਿਹੂਣੇ ਸਮਾਜ ਲਈ ਗੁਰੂ ਜੀ ਨੇ ਵਚਨ ਕੀਤੇ ‘‘ਕਾਹੇ ਰੇ ! ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ; ਤੋਹੀ ਸੰਗਿ ਸਮਾਈ ਰਹਾਉ ’’ (: /੬੮੪)

(5). ਪੱਥਰ ਪੂਜਾ ਅਤੇ ਤੀਰਥ ਯਾਤਰਾ ਨੇ ਬੰਦੇ ਨੂੰ ਬਿਬੇਕੀ ਬਣਾਉਣ ਦੀ ਬਜਾਇ ਅੰਨ੍ਹੀ ਸ਼ਰਧਾ ’ਚ ਜਕੜ ਕੇ ਰੱਖਿਆ, ਇਸ ਬਾਬਤ ਭਗਤ ਰਾਮਾਨੰਦ ਜੀ; ਜਿਨ੍ਹਾਂ ਨੇ ਰਸਾਤਲ ਵੱਲ ਵਧਦੀ ਮਨੁੱਖੀ ਸੋਚ ਨੂੰ ਉੱਚਾ ਚੁੱਕਣ ਲਈ ਸੰਘਰਸ਼ ਕਰਦਿਆਂ ਕਿਹਾ ‘‘ਜਹਾ ਜਾਈਐ; ਤਹ ਜਲ ਪਖਾਨ (ਪੱਥਰ) ਤੂ ਪੂਰਿ ਰਹਿਓ ਹੈ; ਸਭ ਸਮਾਨ ਬੇਦ ਪੁਰਾਨ ਸਭ; ਦੇਖੇ ਜੋਇ ਊਹਾਂ ਤਉ ਜਾਈਐ; ਜਉ ਈਹਾਂ ਹੋਇ ’’ (ਬਸੰਤੁ/ਭਗਤ ਰਾਮਾਨੰਦ ਜੀ/ ੧੧੯੫) ਭਾਵ ਹੇ ਪ੍ਰਭੂ !  ਸਾਰੇ ਵੇਦ, ਪੁਰਾਨ ਆਦਿ ਵਾਚ ਲਏ, ਉਨ੍ਹਾਂ ਦੇ ਦੱਸੇ ਮੁਤਾਬਕ ਓਥੇ (ਤੀਰਥ ਯਾਤਰਾ ਤੇ ਮੂਰਤੀ-ਪੱਥਰ ਪੂਜਾ ਵੱਲ) ਤਾਂ ਜਾਈਏ ਜੇ ਤੂੰ ਇੱਥੇ (ਸਾਡੇ ਅੰਦਰ) ਨਾ ਹੋਵੇਂ, ਇਸ ਲਈ ਜਿੱਥੇ ਜਾਂਦੇ ਹਾਂ (ਓਥੇ ਤੂੰ ਨਹੀਂ ਬਲਕਿ) ਪੱਥਰ ਅਤੇ ਪਾਣੀ ਵੇਖੀਦਾ ਹੈ ਜਦਕਿ ਤੂੰ ਤਾਂ ਸਰਬ ਵਿਆਪਕ ਹੈਂ।

ਸੋ ਸਦੀਆਂ ਤੋਂ ਸਮਾਜਿਕ ਪੱਧਰ ’ਤੇ ਕੀਤੀ ਗਈ ਧਰਮ ਦੀ ਵਿਆਖਿਆ ’ਚ ਅਨੇਕਾਂ ਊਣਤਾਈਆਂ ਆਈਆਂ, ਜਿਨ੍ਹਾਂ ਨੂੰ ਧਰਮ ਮੰਨ ਅੰਧ ਵਿਸ਼ਵਾਸੀਆਂ ਨੇ ਆਪਣਾ ਜੀਵਨ, ਜਿੱਥੇ ਅਜਾਈਂ ਗਵਾਇਆ ਓਥੇ ਤਰਕਵਾਦੀ ਸੋਚ ਨੂੰ ਇਸ ਤੋਂ ਅਗਾਂਹ ਕੁਝ ਵਿਖਾਈ ਨਾ ਦਿੰਦਾ ਵੇਖ ਨਾਸਤਿਕ ਬਣਨ ਲਈ ਰਾਹ ਖੋਲ੍ਹ ਦਿੱਤੇ।  ਇਨ੍ਹਾਂ ਨਾਸਤਿਕ ਅਤੇ ਕਰਮਕਾਂਡੀਆਂ ਨੇ ਸੱਚੇ ਧਰਮ ਦੇ ਸਾਰੇ ਰਾਹ ਹੀ ਬੰਦ ਕਰ ਦਿੱਤੇ, ਜਿੱਥੋਂ ਰੱਬ ਦੀ ਮਿਹਰ ਸਦਕਾ ਕੁਝ ਮਰਜੀਵੜੇ ਅਗੰਮੀ ਸੋਚ ਰੱਖਣ ਵਾਲ਼ਿਆਂ ਨੇ ਮਨੁੱਖਤਾ ਅੰਦਰ ਕ੍ਰਾਂਤੀਕਾਰੀ ਬਲਬਲੇ ਪੈਦਾ ਕਰਨੇ ਸਨ। ਇਸ ਜੱਦੋ-ਜਹਿਦ ’ਚ ਸੱਚ ਨੂੰ ਬਚਾਉਣ ਬਦਲੇ (ਭਾਵ ਸੱਚ ਨੂੰ ਉਜਾਗਰ ਕਰਨ ਲਈ) ਰੂਹਾਨੀਅਤ ਤਲ ’ਤੇ ਵਿਚਰਨ ਵਾਲ਼ੀਆਂ ਅਨੇਕਾਂ ਰੂਹਾਂ ਨੂੰ  ਸ਼ਹਾਦਤਾਂ ਦੇਣੀਆਂ ਪਈਆਂ ਤਾਂ ਜੋ ਸਮਾਜ ’ਚ ਸਦਾ ਧਰਮ ਪ੍ਰਤੀ ਕ੍ਰਾਂਤੀਕਾਰੀ ਜਜ਼ਬਾਤ ਪੈਦਾ ਹੁੰਦੇ ਰਹਿਣ, ਜਿਨ੍ਹਾਂ ਬਾਬਤ ਗੁਰਬਾਣੀ ’ਚ ਉਚਾਰੇ ਕਈ ਸ਼ਬਦ ਵੀ ਧਰਮ ਦਾ ਅੰਗ ਬਣ ਗਏ; ਜਿਵੇਂ ਕਿ ਭਗਤ ਕਬੀਰ ਜੀ ਦੇ ਵਚਨ ਹਨ ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਮਾਰੂ/ ਭਗਤ ਕਬੀਰ ਜੀ/ ੧੧੦੫), ਗੁਰੂ ਨਾਨਕ ਜੀ ਦੇ ਵਚਨ ਹਨ ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ; ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ ’’ (: /੧੪੧੨), ਗੁਰੂ ਅਰਜਨ ਸਾਹਿਬ ਨੇ ਫ਼ੁਰਮਾਇਆ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ’’ (: /੧੧੦੨), ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਵਚਨ ਹਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (: /੧੪੨੭), ਆਦਿ।

ਸੋ ਧਰਮ ਇੱਕ ਜੀਵਨ ਸੰਘਰਸ਼ ਹੈ, ਕਰਤਾਰੀ ਖੇਡ ਹੈ। ਇੱਥੇ ਓਹੀ ਜਿੱਤਦਾ ਹੈ, ਜਿਸ ਦਾ ਸਹਾਈ ਕਰਤਾਰ ਬਣਦਾ ਹੈ। ਇਹੀ ਰੱਬੀ ਪੈਗ਼ਾਮ ਦੇਣ ਲਈ ਗੁਰੂ ਸੰਸਾਰ ’ਚ ਆ ਕੇ ਮਨੁੱਖ ਜਾਤੀ ਦੀ ਰਹਿਨੁਮਾਈ ਕਰਦਾ ਹੈ। ਧਾਰਮਿਕ ਲਿਬਾਸ ’ਚ ਬੈਠੇ ਸੁਆਰਥੀ, ਵਿਹਲੜ ਤੇ ਪਾਖੰਡੀ ਇਸ ਘੋਲ਼ (ਮਨੁੱਖਤਾ ਦੇ ਭਲੇ ਲਈ ਗੱਲ ਕਰਨ) ਤੋਂ ਸਦਾ ਪਾਸਾ ਵੱਟ ਕੇ ਆਪਣਾ ਜੀਵਨ ਸੁਖਦਾਈ ਭੋਗਣ ਨੂੰ ਤਰਜੀਹ ਦਿੰਦੇ ਰਹਿੰਦੇ ਹਨ ਕਿਉਂਕਿ ਉਨ੍ਹਾਂ ’ਚ ਮੁਕਾਬਲਾ ਕਰਨ ਦੀ ਹਿੰਮਤ ਹੀ ਨਹੀਂ ਹੁੰਦੀ। ਕਿਰਤ ਕਰਨਾ, ਨਾਮ ਜਪਣਾ ਤੇ ਵੰਡ ਛਕਣਾ; ਇਸ ਯੁੱਧ ’ਚ ਮਜ਼ਬੂਤ ਹਥਿਆਰ ਮੰਨੇ ਗਏ ਹਨ, ਜੋ ਸਮਾਜਿਕ ਸੰਘਰਸ਼ ’ਚ ਏਕਤਾ ਅਤੇ ਰੱਬੀ ਭਰੋਸੇ ਨੂੰ ਭਰਦੇ ਰਹਿੰਦੇ ਹਨ।

ਸੋ ਧਰਮ; ਬੰਦੇ ਦੀ ਬੁਨਿਆਦੀ ਜ਼ਰੂਰਤ ਹੈ, ਜਿਸ ਰਾਹੀਂ ਬੰਦਾ ਸਭ ਨੂੰ ਸਮਾਨ ਦ੍ਰਿਸ਼ਟੀ ਨਾਲ਼ ਵੇਖ ਸਕਦਾ ਹੈ। ਕੁਦਰਤ ਦਾ ਸਤਿਕਾਰ ਕਰਨ ਲੱਗਦਾ ਹੈ। ਦੂਸਰੇ ਦੇ ਵਿਚਾਰਾਂ ਦੀ ਕਦਰ ਕਰਦਾ ਹੋਇਆ ਉਸ ਨੂੰ ਸੁਤੰਤਰਤਾ ਦਾ ਅਹਿਸਾਸ ਕਰਵਾਉਂਦਾ ਹੈ। ਇਹੀ ਉਹ ਕਾਰਨ ਹਨ ਜਿਨ੍ਹਾਂ ਕਰਕੇ ਗੁਰਬਾਣੀ ’ਚ ਭਿੰਨ ਭਿੰਨ ਜਾਤਾਂ ਨਾਲ਼ ਸੰਬੰਧਿਤ ਸੁਤੰਤਰ ਅਤੇ ਮਾਨਵ ਹਿਤਕਾਰੀ ਵਿਚਾਰਾਂ ਨੂੰ ਸਮਾਨਤਾ ਦਿੱਤੀ ਗਈ। ਦਰਜਨ ਤੋਂ ਵੱਧ ਬੋਲੀਆਂ ਨੂੰ ਇੱਕ ਮਾਲਾ ’ਚ ਪਰੋਇਆ ਗਿਆ। ਨਾ ਦੇਸ਼ ਦਾ ਵਿਤਕਰਾ, ਨਾ ਭਾਸ਼ਾ ਦਾ, ਨਾ ਕਿਸੇ ਵਿਸ਼ੇਸ਼ ਪਹਿਰਾਵੇ ਦਾ ਭੇਦਭਾਵ।  ਔਰਤ ਨੂੰ ਮਰਦ ਵਾਙ ਸੁਤੰਤਰਤਾ ਦੇਣ ਵਾਲ਼ਾ ਸਿੱਖ ਧਰਮ; ਦੁਨੀਆ ’ਚ ਪਹਿਲਾ ਧਰਮ ਹੈ ਅਤੇ ਰਹੇਗਾ ਵੀ, ਇਸ ਲਈ ਵਿਸ਼ਵ ਪੱਧਰ ਦੇ ਅਨੇਕਾਂ ਵਿਦਵਾਨਾਂ ਨੇ ਇਸ ਨੂੰ ਨਵੇਂ ਯੁੱਗ ਦਾ ਧਰਮ ਕਿਹਾ ਹੈ।  ਸੰਬੰਧਿਤ ਕਿੱਤਿਆਂ ਦੀਆਂ ਮਿਸਾਲਾਂ ਦੇ ਦੇ ਕੇ ਬੰਦੇ ਨੂੰ ਸੱਚ ਨਾਲ਼ ਜੋੜਿਆ ਗਿਆ ਹੈ, ਜਿਸ ਕਾਰਨ ਹਰ ਬੰਦੇ ਲਈ ਅਪਣਾਉਣਾ ਸੁਖਾਲਾ ਹੋ ਗਿਆ।

ਅੱਜ ਇਹ ਸਚਾਈ ਤੋਂ ਅਸੀਂ ਸਾਰੇ ਹੀ ਵਾਕਫ਼ ਹਾਂ ਕਿ ਹਰ ਜੂਨ ਦੀਆਂ ਕਈ ਕਈ ਨਸਲਾਂ ਹਨ; ਜਿਵੇਂ ਮੱਖੀ ਦੀਆਂ ਕਈ ਕਿਸਮਾਂ, ਸੱਪ ਦੀਆਂ ਕਈ ਨਸਲਾਂ ਆਦਿ, ਇਸੇ ਤਰ੍ਹਾਂ ਮਨੁੱਖ ਜੂਨ ਦੀਆਂ ਵੀ ਘੱਟੋ ਘੱਟ ਤਿੰਨ ਨਸਲਾਂ ਹਨ ‘ਨਾਸਤਿਕ, ਪਾਖੰਡੀ ਅਤੇ ਰੱਬ ਦੇ ਪਿਆਰੇ’; ਇਨ੍ਹਾਂ ਦੀ ਪਹਿਚਾਣ ‘ਹੱਥ, ਪੈਰ ਜਾਂ ਅੱਖਾਂ’ ਦੇ ਵੱਧ ਘੱਟ ਹੋਣ ਕਰਕੇ ਨਹੀਂ ਹੁੰਦੀ ਬਲਕਿ ‘ਸੁਰਤਿ ਦੇ ਵਿਕਾਸ’ ਪੱਖੋਂ ਹੁੰਦੀ ਹੈ, ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਿੱਧ ਗੋਸਟਿ ’ਚ ਪੁੱਛੇ ਗਏ ਸਵਾਲ ਕਿ ‘‘ਦੁਨੀਆ ਸਾਗਰੁ ਦੁਤਰੁ ਕਹੀਐ; ਕਿਉ ਕਰਿ ਪਾਈਐ ਪਾਰੋ ’’ (: /੯੩੮) ਭਾਵ ਦੁਨਿਆਵੀ ਸਫ਼ਰ ਬੜਾ ਕਠਿਨ ਕਿਹਾ ਜਾਂਦਾ ਹੈ, ਇਸ ਨੂੰ ਲੰਘਣ ਲਈ (ਸਾਡੇ ਵਾਙ ਜੰਗਲ਼ ਇਕਾਂਤ ’ਚ ਆਉਣ ਤੋਂ ਇਲਾਵਾ) ਕਿਵੇਂ ਪਾਰ ਪਾਈਏ, ਇਸ ਦਾ ਜਵਾਬ ਗੁਰੂ ਜੀ ਨੇ ਇਉਂ ਦਿੱਤਾ ‘‘ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕਨਾਮੁ ਵਖਾਣੇ ਰਹਹਿ ਇਕਾਂਤਿ, ਏਕੋ ਮਨਿ ਵਸਿਆ; ਆਸਾ ਮਾਹਿ ਨਿਰਾਸੋ ਅਗਮੁ ਅਗੋਚਰੁ ਦੇਖਿ (ਕੇ) ਦਿਖਾਏ; ਨਾਨਕੁ ਤਾ ਕਾ ਦਾਸੋ ’’ (ਰਾਮਕਲੀ ਗੋਸਟਿ/: /੯੩੮)

ਸੋ ਧਾਰਮਿਕ ਸਥਾਨਾਂ ’ਤੇ ਜਾਣਾ ਸਾਡੇ ਲਈ ਇੱਕ ਰਸਮ ਮਾਤਰ ਨਾ ਬਣ ਕੇ ਰਹਿ ਜਾਵੇ, ਸਾਡੀ ਸੁਰਤਿ (ਚੇਲੇ) ਦਾ ਸਬਦੁ ਗੁਰੂ ਨਾਲ਼ ਸੁਮੇਲ ਹੋਣਾ ਵੀ ਜ਼ਰੂਰੀ ਹੈ ਤਾਂ ਜੋ ਅਸੀਂ ਨਾਸਤਿਕ ਅਤੇ ਪਾਖੰਡੀ ਮਨੁੱਖ ਜਾਤੀ ਤੋਂ ਉੱਚਾ ਉੱਠ ਕੇ ਰੱਬ ਦੇ ਪਿਆਰੇ ਵਾਲ਼ੀ ਵਿਲੱਖਣ ਜ਼ਿੰਦਗੀ ਦਾ ਅਨੰਦ ਮਾਣ ਸਕੀਏ, ਜਿਸ ਦਾ ਸਦੀਵੀ ਟਿਕਾਣਾ ਗੁਰੂ ਅਤੇ ਅਕਾਲ ਪੁਰਖ ਦੀ ਗੋਦ ਹੈ।

ਸਬਰਹੀਣ ਬੰਦਾ ਹੀ ਨਾਸਤਿਕ ਹੁੰਦਾ ਹੈ।

0

ਸਬਰਹੀਣ (ਅਸੰਤੁਸ਼ਟ) ਬੰਦਾ ਹੀ ਨਾਸਤਿਕ ਹੁੰਦਾ ਹੈ।

ਗਿਆਨੀ ਅਵਤਾਰ ਸਿੰਘ

ਅਲੌਕਿਕ ਖਿਆਲ (ਭਾਵ ਗੁਰੂ ਉਪਦੇਸ਼) ਲਈ ਬਣੇ ਵਿਸ਼ਵਾਸ ਉਪਰੰਤ ਸ਼ਰਧਾ ਉਪਜਦੀ ਹੈ, ਪਰ ਸ਼ਰਧਾ ਦੇ ਫਲ਼ (ਅਨੰਦ) ਲਈ ਕੁਝ ਇੰਤਜਾਰ (ਸਬਰ) ਕਰਨਾ ਬੜਾ ਜ਼ਰੂਰੀ ਹੁੰਦਾ ਹੈ, ਨਹੀਂ ਤਾਂ ਬੰਦਾ ਨਾਸਤਿਕ ਹੋ ਜਾਂਦਾ ਹੈ।

ਸਬਰੁ ਏਹੁ ਸੁਆਉ; ਜੇ ਤੂੰ ਬੰਦਾ ! ਦਿੜੁ ਕਰਹਿ ॥

ਵਧਿ ਥੀਵਹਿ ਦਰੀਆਉ; ਟੁਟਿ ਨ ਥੀਵਹਿ ਵਾਹੜਾ ॥੧੧੭॥ (ਬਾਬਾ ਫ਼ਰੀਦ ਜੀ, ਪੰਨਾ ੧੩੮੪)

ਭਾਵ ਹੇ ਬੰਦੇ ! ਇਹ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ, ਜੇ ਤੂੰ (ਸਬਰ ਨੂੰ ਹਿਰਦੇ ਵਿਚ) ਪੱਕਾ ਧਾਰਨ ਕਰ ਲਵੇਂ ਤਾਂ ਤੇਰੇ ਅੰਦਰ ਤੰਗਦਿਲੀ ਨਹੀਂ ਰਹੇਗੀ ਤੂੰ ਘਟ ਕੇ ਛੋਟਾ ਜਿਹਾ ਵਹਣ (ਪ੍ਰਵਾਹ, ਨਾਲਾ) ਨਹੀਂ ਬਣੇਗਾ ਬਲਕਿ ਤੂੰ ਵਧ ਕੇ ਦਰਿਆ-ਦਿਲ ਹੋ ਜਾਵੇਂਗਾ।

ਸਿਦਕੁ ਸਬੂਰੀ ਸਾਦਿਕਾ; ਸਬਰੁ ਤੋਸਾ ਮਲਾਇਕਾਂ ॥

ਦੀਦਾਰੁ ਪੂਰੇ ਪਾਇਸਾ; ਥਾਉ ਨਾਹੀ ਖਾਇਕਾ ॥ (ਗੁਰੂ ਨਾਨਕ ਸਾਹਿਬ ਜੀ, ਪੰਨਾ ੮੩)

ਭਾਵ ਸਿਦਕਵਾਨਾਂ (ਸ਼ਰਧਾ ਰੱਖਣ ਵਾਲਿਆਂ) ਕੋਲ ਭਰੋਸਾ ਅਤੇ ਸ਼ੁਕਰ (ਗੁਣ) ਹੁੰਦਾ ਹੈ ਅਤੇ ਗੁਰਮੁਖਾਂ ਕੋਲ ਸਬਰ (ਸੰਤੋਖ) ਰੂਪ ਪੂੰਜੀ ਹੁੰਦੀ ਹੈ, ਇਸ ਲਈ ਉਹ ਪੂਰੇ ਪ੍ਰਭੂ ਦਾ ਮਿਲਾਪ ਪਾਉਣ ਵਿਚ ਸਫਲ ਹੋ ਜਾਂਦੇ ਹਨ ਜਦਕਿ ਨਿਰੀਆਂ ਗੱਲਾਂ ਕਰਨ ਵਾਲ਼ੇ (ਸਬਰਹੀਣਾਂ) ਨੂੰ ਕੋਈ ਥਾਂ ਢੋਈ ਵੀ ਨਹੀਂ ਮਿਲਦੀ।

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੋਵੇਗਾ ਹੱਲ- (ਪਰ ਜੇ)

0

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੋਵੇਗਾ ਹੱਲ- (ਪਰ ਜੇ)

ਮਿਸਰੀ ਪੁਜਾਰੀਆਂ ਵਾਂਗ ਕੋਈ ਬ੍ਰਹਮਗਿਆਨੀ ਬਾਬਾ ਦਿਲਚਸਪ ਕਹਾਣੀ ਸਾਖੀ ਘੜ੍ਹ ਲਵੇ

ਕਿਰਪਾਲ ਸਿੰਘ ਬਠਿੰਡਾ 88378-13661

ਭਾਰਤ ਵਿੱਚ ਚੱਲ ਰਹੇ ਵੱਖ ਵੱਖ ਕੈਲੰਡਰਾਂ ਕਾਰਨ ਤਿਉਹਾਰਾਂ ਦੀਆਂ ਤਰੀਖਾਂ ਸਰਕਾਰੀ ਕੈਲੰਡਰਾਂ ਵਿੱਚ ਨਿਸ਼ਚਿਤ ਕਰਨ ਸਮੇਂ ਆ ਰਹੀਆਂ ਔਕੜਾਂ ਨੂੰ ਹੱਲ ਕਰਨ ਲਈ ਭਾਰਤ ਸਰਕਾਰ ਨੇ ਨਵੰਬਰ 1952 ਵਿੱਚ ਪ੍ਰੋ: ਐੱਮ.ਐੱਨ. ਸ਼ਾਹ ਦੀ ਪ੍ਰਧਾਨਗੀ ਹੇਠ ਕੈਲੰਡਰ ਸੁਧਾਰ ਕਮੇਟੀ ਬਣਾਈ ਜਿਸ ਦੇ ਜਿੰਮੇ ਵਿਗਿਆਨਿਕ ਨਿਯਮਾਂ ’ਤੇ ਪੂਰਾ ਉਤਰਨ ਵਾਲਾ ਇੱਕ ਸਰਬ ਸਾਂਝਾ ਕੈਲੰਡਰ ਬਣਾਉਣ ਦਾ ਕਾਰਜ ਸੌਂਪਿਆ ਗਿਆ। ਇਸ ਕਮੇਟੀ ਨੇ ਭਾਰਤ ਵਿੱਚ ਪ੍ਰਚਲਿਤ ਵੱਖ ਵੱਖ 30 ਕੈਲੰਡਰਾਂ ਤੋਂ ਇਲਾਵਾ ਦੁਨੀਆਂ ਭਰ ਵਿੱਚ ਪ੍ਰਚਲਿਤ ਪੁਰਾਤਨ ਅਤੇ ਨਵੀਨ ਰੂਪ ’ਚ ਸੋਧੇ ਹੋਏ ਸੂਰਜੀ ਅਤੇ ਚੰਦਰ ਕੈਲੰਡਰਾਂ ਦਾ ਇਤਿਹਾਸ ਵਾਚਣ ਉਪਰੰਤ ਇੱਕ ਸੂਰਜੀ ਕੈਲੰਡਰ ਤਜਵੀਜ਼ ਕੀਤਾ ਜਿਸ ਦੀ ਰਿਪੋਰਟ ਕਮੇਟੀ ਨੇ ਭਾਰਤ ਸਰਕਾਰ ਨੂੰ ਨਵੰਬਰ 1955 ਵਿੱਚ ਪੇਸ਼ ਕੀਤੀ। ਇਸ ਰਿਪੋਰਟ ਦਾ ਪੰਜਾਬੀ ਵਿੱਚ ਉਲੱਥਾ ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ, ਪੰਜਾਬ, ਚੰਡੀਗੜ੍ਹ ਨੇ ਛਪਵਾਇਆ। ਇਸ ਰਿਪੋਰਟ ਦੇ “ਅਧਿਆਇ 2,  ਸੂਰਜੀ ਕੈਲੰਡਰ,  2.1 ਪ੍ਰਾਚੀਨ ਮਿਸਰ ਵਿੱਚ ਵਕਤ ਨਾਪਣ ਦਾ ਤਰੀਕਾ” ਸਿਰਲੇਖ ਹੇਠ ਇੱਕ ਦਿਲਚਸਪ ਕਥਾ ਹੈ, ਜਿਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਇੱਥੇ ਸਾਂਝਾ ਕਰਨਾ ਲਾਹੇਵੰਦ ਹੋਵੇਗਾ। ਕਥਾ ਹੂ ਬਹੂ ਇਉਂ ਹੈ : –

ਹੋਰ ਪ੍ਰਾਚੀਨ ਕੌਮਾਂ ਵਾਂਗੂ ਪ੍ਰਾਚੀਨ ਮਿਸਰੀ ਵੀ 360 ਦਿਨਾਂ ਦਾ ਸਾਲ ਮੰਨਦੇ ਸਨ, ਜਿਹੜਾ ਤੀਹ ਤੀਹ ਦਿਨਾਂ ਦੇ 12 ਮਹੀਨਿਆਂ ਵਿੱਚ ਵੰਡਿਆ ਹੋਇਆ ਸੀ। ਪਰ ਨੀਲ ਦਰਿਆ ਵਿੱਚ ਵਾਰ ਵਾਰ ਆਉਣ ਵਾਲੇ ਹੜ੍ਹਾਂ ਤੋਂ ਬੜੀ ਛੇਤੀ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਰੁੱਤੀ ਸਾਲ ਵਿੱਚ ਲਗਭਗ 365 ਦਿਨ ਹੁੰਦੇ ਹਨ ਅਤੇ ਚੰਦੀ ਮਹੀਨਾ (ਇੱਕ ਏਕਮ ਤੋਂ ਅਗਲੀ ਏਕਮ ਤੱਕ ਦਾ ਸਮਾਂ) ਲਗਭਗ ਸਾਢੇ 29 ਦਿਨਾਂ (ਅਸਲੀ ਲੰਬਾਈ (29.531 ਦਿਨ) ਦਾ ਹੁੰਦਾ ਹੈ। ਪਰ ਉਹ ਪਹਿਲਾਂ ਹੀ 30 ਦਿਨਾਂ ਦੇ ਮਹੀਨਿਆਂ ਵਾਲਾ ਅਤੇ 360 ਦਿਨਾਂ ਦੇ ਸਾਲ ਵਾਲਾ ਕੈਲੰਡਰ ਬਣਾ ਚੁੱਕੇ ਸਨ, ਜਿਸ ਨੂੰ ਧਾਰਮਿਕ ਸੰਸਥਾਵਾਂ ਦੀ ਪ੍ਰਵਾਨਗੀ ਮਿਲ ਚੁੱਕੀ ਸੀ। ਪ੍ਰਾਚੀਨ ਇਤਿਹਾਸ ਅਨੁਸਾਰ ਇਸ ਤਰ੍ਹਾਂ ਕੈਲੰਡਰ ਸੁਧਾਰ ਦੀ ਲੋੜ ਪਹਿਲੀ ਵਾਰ ਅਨੁਭਵ ਕੀਤੀ ਗਈ। ਲੋਕਾਂ ਕੋਲੋਂ ਇਹ ਸੁਧਾਰ ਮਨਵਾਉਣ ਲਈ ਉਨ੍ਹਾਂ ਦੇ ਪੁਜਾਰੀਆਂ ਨੇ ਹੇਠ ਲਿਖਿਆ ਮਿਥਿਹਾਸ ਘੜ ਲਿਆ:-

“ਪ੍ਰਿਥਵੀ ਦੇ ਦੇਵਤਾ ਸੇਬ (Seb) ਅਤੇ ਅਸਮਾਨ ਦੀ ਦੇਵੀ ਨਟ (Nut) ਵਿਚਕਾਰ ਇੱਕ ਵਾਰੀ ਨਾਜਾਇਜ਼ ਮਿਲਾਪ ਹੋਇਆ। ਜਿਸ ਤੋਂ ਗੁੱਸੇ ਹੋ ਕੇ ਸਰਬ ਸ਼ਕਤੀਮਾਨ ਦੇਵਤੇ ਰਾ (Ra) ਸੂਰਜ ਨੇ ਆਕਾਸ਼ ਦੀ ਦੇਵੀ ਨਟ ਨੂੰ ਸਰਾਪ ਦਿੱਤਾ ਕਿ ਇਸ ਮਿਲਾਪ ਵਿੱਚੋਂ ਪੈਦਾ ਹੋਏ ਬੱਚੇ, ਨਾ ਕਿਸੇ ਸਾਲ ਵਿੱਚ ਅਤੇ ਨਾ ਕਿਸੇ ਮਹੀਨੇ ਵਿੱਚ ਜੰਮਣਗੇ। ਨਟ ਸਲਾਹ ਮਸ਼ਵਰੇ ਲਈ ਸਿਆਣਪ ਦੇ ਦੇਵਤੇ ‘ਥੋਥ’ (Thoth) ਕੋਲ ਗਈ। ਥੋਥ ਨੇ ਚੰਦਰਮਾ ਦੀ ਦੇਵੀ ਨਾਲ ਸਤਰੰਜ ਦੀ ਇੱਕ ਬਾਜੀ ਲਾਈ ਅਤੇ ਉਸ ਤੋਂ ਉਸ ਦੇ ਪ੍ਰਕਾਸ਼ ਦਾ 72ਵਾਂ ਹਿੱਸਾ ਜਿੱਤ ਲਿਆ, ਜਿਸ ਨਾਲ ਉਸ ਨੇ ਪੰਜ ਦਿਨ ਵਾਧੂ ਬਣਾਏ। ਸੂਰਜ ਦੇਵਤਾ ਰਾ ਨੂੰ ਖੁਸ਼ ਕਰਨ ਲਈ ਇਹ ਪੰਜ ਦਿਨ ਉਸ ਨੂੰ ਦੇ ਦਿੱਤੇ ਜਿਸ ਨਾਲ ਉਸ ਦੇ ਸਾਲ ਵਿੱਚ ਤਾਂ ਪੰਜ ਦਿਨਾਂ ਦਾ ਵਾਧਾ ਹੋ ਗਿਆ ਪਰ ਚੰਦਰਮਾ ਦੇ ਸਾਲ ਵਿੱਚ ਪੰਜ ਦਿਨ ਘਟ ਗਏ। ਸੂਰਜੀ ਸਾਲ ਦੇ ਇਨ੍ਹਾਂ ਪੰਜ ਦਿਨਾਂ ਨੂੰ ਕਿਸੇ ਮਹੀਨੇ ਵਿੱਚ ਨਾ ਜੋੜਿਆ ਗਿਆ ਅਤੇ ਪਹਿਲਾਂ ਵਾਂਗੂ ਉਨ੍ਹਾਂ ਦੀ ਗਿਣਤੀ 30 ਦਿਨ ਹੀ ਰਹੀ ਪਰ ਇਹ ਪੰਜ ਦਿਨ ਸਾਲ ਦੇ ਖਾਤਮੇ ਪਿੱਛੋਂ ਆਉਂਦੇ ਸਨ ਅਤੇ ਸੇਬ ਤੇ ਨਟ ਦੇ ਮਿਲਾਪ ਵਿੱਚੋਂ ਪੈਦਾ ਹੋਏ ਦੇਵਤਿਆਂ ਅਰਥਾਤ Osiris, Isis, Nephthys, Set ਅਤੇ Anubis ਮਿਸਰੀ ਮੰਦਰਾਂ ਦੇ ਪ੍ਰਮੁਖ ਦੇਵਤਿਆਂ ਦੇ ਜਨਮ ਦਿਨ ਦੇ ਤੌਰ ’ਤੇ ਮਨਾਏ ਜਾਂਦੇ ਸਨ।”

ਇਹ ਸਾਖੀ ਲਿਖਣ ਉਪਰੰਤ ਕਮੇਟੀ ਨੇ ਆਪਣੇ ਵਿਚਾਰ ਇਉਂ ਪ੍ਰਗਟ ਕੀਤੇ: “ਆਓ ! ਅਸੀਂ ਇਸ ਮਿਥਿਹਾਸ ਦੀ ਪਰਖ ਕਰੀਏ ਇਸ ਦੇ ਅਰਥ ਤਾਂ ਚੰਦ ਨੂੰ ਸਮਾਂ-ਮਾਪਕ ਦੇ ਤੌਰ ’ਤੇ ਬਿਲਕੁਲ ਛੱਡ ਦੇਣ ਅਤੇ ਕੈਲੰਡਰ ਨੂੰ ਕੇਵਲ ਸੂਰਜ ਉੱਤੇ ਹੀ ਆਧਾਰਤ ਕਰਨ ਦੇ ਹਨ ਇਹ ਬਹੁਤ ਹੀ ਸਿਆਣਪ ਭਰਿਆ ਕਦਮ ਸੀ ਕਿਉਂਕਿ ਪ੍ਰਾਚੀਨ ਸਮੇਂ ਤੋਂ ਹੀ ਪਤਾ ਲੱਗ ਗਿਆ ਸੀ ਕਿ ਚੰਦ ਦੀ ਸਹਾਇਤਾ ਨਾਲ ਸਮਾਂ ਮਾਪਣਾ ਸੁਖਾਲਾ ਨਹੀਂ

ਕਾਸ਼ ਕਿ ਜਿਹੜੀ ਗੱਲ ਮਿਸਰੀ ਲੋਕਾਂ ਨੂੰ 22 ਈਸਵੀ ਪੂਰਵ ਵਿੱਚ ਹੀ ਪਤਾ ਲੱਗ ਗਈ ਸੀ; ਭਾਰਤ ਸਰਕਾਰ ਵੱਲੋਂ ਗਠਿਤ ਕੀਤੀ ਕੈਲੰਡਰ ਸੁਧਾਰ ਕਮੇਟੀ ਦੇ ਵਿਦਵਾਨ (ਖਗੋਲ ਵਿਗਿਆਨੀਆਂ) ਨੇ ਵੀ ਉਸ ਮੁਤਾਬਕ 1955 ਈ: ’ਚ ਸੂਰਜ ਆਧਾਰਿਤ ਕੈਲੰਡਰ ਨੂੰ ਸਵੀਕਾਰਨ ਲਈ ਹਾਮੀ ਭਰ ਦਿੱਤੀ, ਪਰ ਬਿਬੇਕ ਬੁੱਧ ਦੇ ਮਾਲਕ ਕਹਾਉਣ ਵਾਲੇ ਬ੍ਰਹਮਗਿਆਨੀਆਂ ਤੋਂ ਵਰੋਸੋਏ ਸਿੱਖ-ਬਾਬਿਆਂ ਨੂੰ ਅੱਜ 21ਵੀਂ ਸਦੀ ਵਿੱਚ ਵੀ ਇਹ ਗੱਲ ਸਮਝ ਨਾ ਆਈ। ਜੇ ਸ: ਪਾਲ ਸਿੰਘ ਪੁਰੇਵਾਲ ਵੀ ਕਿਸੇ ਅਖੌਤੀ ਬਾਬੇ ਦੀ ਸ਼ਰਨ ਵਿਚ ਆ ਕੇ ਮਿਸਰੀ ਪੁਜਾਰੀਆਂ ਵਾਙ ਉਸ ਨੂੰ ਮਨਘੜਤ ਕਹਾਣੀ ਘੜ ਕੇ ਸੁਣਾਉਣ ਲਈ ਰਾਜੀ ਕਰ ਲੈਂਦੇ ਤਾਂ ਇੰਨਾ ਵਿਰੋਧ ਨਾ ਹੁੰਦਾ, ਪਰ ਉਨ੍ਹਾਂ ਨੇ ਸਿੱਖਾਂ ਨੂੰ ਬੁੱਧੀਮਾਨ ਸਮਝ ਕੇ ਮਨਘੜਤ ਕਹਾਣੀਆਂ ਦਾ ਸਹਾਰਾ ਲੈਣ ਦੀ ਬਜਾਏ ਕੈਲੰਡਰ ਨਿਯਮਾਂ ਦੀਆਂ ਬਰੀਕੀਆਂ ਸਮਝਾਉਦਿਆਂ ਇਹ ਦੱਸਣ ਦਾ ਯਤਨ ਕਰਨ ਲੱਗ ਪਏ ਕਿ ਜੇ ਆਪਾਂ ਇਸੇ ਤਰ੍ਹਾਂ ਹੀ ਚਲਦੇ ਰਹੇ ਅਤੇ ਕੈਲੰਡਰ ਵਿੱਚ ਸੋਧ ਨਾ ਕੀਤੀ ਤਾਂ 13000 ਸਾਲਾਂ ਪਿੱਛੋਂ ਗੁਰਬਾਣੀ ਵਿੱਚ ਦਰਜ ਬਾਰਹ ਮਾਹਾ ਅਤੇ ਰੁੱਤੀ ਸਲੋਕ ਮਹੀਨਿਆਂ ਦੀਆਂ ਰੁੱਤਾਂ ਦਾ ਸਬੰਧ ਕੁਦਰਤੀ ਰੁੱਤਾਂ ਨਾਲੋਂ ਇਸ ਕਦਰ ਟੁੱਟ ਜਾਵੇਗਾ ਕਿ ਜਿੰਨੀ ਅੱਜ ਹਾੜ ਦੇ ਮਹੀਨੇ ਗਰਮੀ ਪੈਂਦੀ ਹੈ ਓਨੀ ਗਰਮੀ ਲਾਗੂ ਪ੍ਰਚਲਿਤ ਬਿਕਰਮੀ ਕੈਲੰਡਰ ਮੁਤਾਬਕ ਪੋਹ ਦੇ ਮਹੀਨੇ ਵਿੱਚ ਪਵੇਗੀ ਅਤੇ ਅਜੋਕੀ ਪੋਹ ਵਿੱਚ ਪੈਣ ਵਾਲੀ ਸਰਦੀ ਤਦ ਹਾੜ ਦੇ ਮਹੀਨੇ ਵਿੱਚ ਪਵੇਗੀ। ਇਸ ਤਬਦੀਲੀ ਨਾਲ ਇਹ ਇਤਿਹਾਸਕ ਤੱਥ ਸਮਝਾਉਣਾ ਔਖਾ ਹੋ ਜਾਵੇਗੀ ਕਿ ਗੁਰੂ ਅਰਜਨ ਸਾਹਿਬ ਜੀ ਨੂੰ ਸਮੇਂ ਦੀ ਜਾਲਮ ਸਰਕਾਰ ਨੇ ਗਰਮੀ ਵਿਚ ਤੱਤੀ ਰੇਤ ਪਾ ਕੇ ਸ਼ਹੀਦ ਕੀਤਾ ਹੈ ਜਾਂ ਸਰਦੀ ਵਿੱਚ ਅਤੇ ਇਸੇ ਤਰ੍ਹਾਂ ਪੋਹ ਦੀ ਠੰਡ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁੱਜਰ ਕੌਰ ਜੀ ਨੂੰ ਤਸੀਹੇ ਦੇਣ ਲਈ ਠੰਡੇ ਬੁਰਜ ਵਿੱਚ ਠੰਡ ਵਿੱਚ ਤਸੀਹੇ ਦੇਣ ਲਈ ਰੱਖਿਆ ਹੈ ਜਾਂ ਗਰਮੀ ਵਿਚ ਹਮਦਰਦੀ ਲਈ।

ਪਰ ਜਿਨ੍ਹਾਂ ਬਾਬਿਆਂ ਨੂੰ ਡਾਇਰੀ ਵੇਖੇ ਬਿਨਾਂ ਇਹੀ ਪਤਾ ਨਾ ਲੱਗੇ ਕਿ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਕਿਸ ਦਿਨ ਹੈ ਜਾਂ ਪਿਛਲੇ ਸਾਲ ਇਹੀ ਸੰਗਰਾਂਦ ਕਦੋਂ ਸੀ ਅਤੇ ਅੱਜ ਚੰਦਰ ਮਹੀਨੇ ਦੀ ਕਿਹੜੀ ਤਿੱਥ ਹੈ ਜਾਂ ਕੱਲ ਨੂੰ ਕਿਹੜੀ ਹੋਵੇਗੀ; ਉਹ ਕਿਵੇਂ ਸਮਝਣ ਕਿ ਅਗਾਂਹ 13000 ਸਾਲ ਬਾਅਦ ਆਉਣ ਵਾਲੀਆਂ ਰੁੱਤਾਂ ਦਾ ਅਪਣਾਏ ਜਾ ਰਹੇ ਕੈਲੰਡਰ ਮਹੀਨਿਆਂ ਉਤੇ ਪ੍ਰਭਾਵ ਕਿਹੋ ਜਿਹਾ ਹੋਵੇਗਾ ? ਇਸ ਲਈ ਉਹ ਯੂਨੀਅਨ ਬਣਾ ਕੇ ਸੱਤਾਧਾਰੀ ਰਾਜਨੀਤਕ ਪਾਰਟੀ ਕੋਲ ਗਏ ਤੇ ਆਪਣੀ ਵੋਟ ਗਿਣਤੀ ਦਾ ਅਹਿਸਾਸ ਕਰਵਾ ਵਿਗਿਆਨ ਆਧਾਰਿਤ ਨਾਨਕਸ਼ਾਹੀ ਕੈਲੰਡਰ (2003-2010) ਦਾ ਕਤਲ ਕਰਵਾ ਦਿੱਤਾ । ਜੈਸਾ ਰਾਜਾ ਵੈਸੀ ਪਰਜਾ ਮੁਤਾਬਕ ਕੁਝ ਗੂਗਲ ਵਿਦਵਾਨ ਵੀ ਇਨ੍ਹਾਂ ਦੀ ਸਹਾਇਤਾ ਲਈ ਮਿਲ ਗਏ ਜਿਨ੍ਹਾਂ ਵਿੱਚੋਂ ਕਿਸੇ ਨੇ ਬਾਬਿਆਂ ਦੀ ਸਹੂਲਤ ਲਈ 86 ਸਾਲਾ ਕੈਲੰਡਰ ਬਣਾ ਦਿੱਤਾ ਅਤੇ ਕੁਝ ਫੇਸਬੁੱਕ ਉਤੇ ਨਿਰੰਤਰ ਊਲ ਜਲੂਲ ਲਿਖ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਨੁਕਸ ਕੱਢਦੇ ਰਹਿੰਦੇ ਹਨ ਜਿਵੇਂ ਕਿ ਕਿਹਾ ਗਿਆ ਪੁਰੇਵਾਲ ਨੇ ਗੁਰਬਾਣੀ ਦੀ ਤੁਕ “ਰਥੁ ਫਿਰੈ” ਦੇ ਗ਼ਲਤ ਅਰਥ ਕੀਤੇ ਹਨ; ਕਦੀ ਕਹਿੰਦੇ ਹਨ ਕਿ ਸੂਰਜ ਦਾ ਰਥ ਲਗਾਤਾਰ ਆਪਣੀ ਚਾਲ ਚਲਦਾ ਹੀ ਰਹਿੰਦਾ ਹੈ; ਉਹ ਨਾ ਕਦੇ ਉੱਤਰੈਣ ਤੋਂ ਦੱਖਨੈਣ ਨੂੰ ਜਾਂ ਦੱਖਨੈਣ ਤੋਂ ਉੱਤਰੈਣ ਨੂੰ ਮੁੜਦਾ ਹੈ, ਨਾ ਹੀ ਪੈਂਡੂਲਮ ਵਾਙ ਚਲਦਾ ਹੈ, ਕੋਈ ਕਹਿੰਦਾ ਹੈ ਜੇ ਸਮਾਂ ਪਾ ਕੇ ਹਾੜ ਦੇ ਮਹੀਨੇ ਸਰਦੀ ਅਤੇ ਪੋਹ ਦੇ ਮਹੀਨੇ ਗਰਮੀ ਪੈਣ ਲੱਗ ਪਏ ਤਾਂ ਇਸ ਨਾਲ ਗੁਰਬਾਣੀ ਦੇ ਸਿਧਾਂਤ ਨੂੰ ਕੀ ਫਰਕ ਪੈਂਦਾ ਹੈ ? ਕੋਈ ਕਹਿੰਦਾ ਹੈ ਪੁਰੇਵਾਲ ਵੱਲੋਂ ਨਿਸਚਿਤ ਕੀਤੇ ਗੁਰਪੁਰਬਾਂ ਦੀਆਂ ਤਰੀਖਾਂ ਵਿੱਚ 4 ਤੋਂ 7 ਦਿਨਾਂ ਦੀ ਗਲਤੀ ਹੈ ਅਤੇ ਕੋਈ ਕਹਿੰਦਾ ਹੈ ਕਿ ਪੁਰੇਵਾਲ ਨੇ ਚਾਰ ਚਾਰ ਗੁਰਪੁਰਬ ਇਕੱਠੇ ਕਰ ਦਿੱਤੇ।  ਇਨ੍ਹਾਂ ਸਾਰੇ ਗੈਰ-ਵਾਜ਼ਬ ਸਵਾਲਾਂ ਦਾ ਜਵਾਬ ਅਗਲੀ ਲੇਖ ਲੜੀ ਵਿੱਚ ਤੱਥਾਂ ਦੇ ਆਧਾਰ ’ਤੇ ਦੇਣ ਦਾ ਯਤਨ ਕੀਤਾ ਜਾਵੇਗਾ।

—–ਚਲਦਾ—-

ਗੁਰਬਾਣੀ ਲਿਖਤ ਨਿਯਮ ਬਨਾਮ ਆਧੁਨਿਕ ਪੰਜਾਬੀ ਲਿਪੀ (ਭਾਗ ਪਹਿਲਾ)

0

ਗੁਰਬਾਣੀ ਲਿਖਤ ਨਿਯਮ ਬਨਾਮ ਆਧੁਨਿਕ ਪੰਜਾਬੀ ਲਿਪੀ

(ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਭਾਸ਼ਾ : ਅੱਖਰ, ਲਗ, ਮਾਤਰਾ ਅਤੇ ਲਗਾਖਰ ਦਾ ਉਹ ਸੰਗ੍ਰਹਿ, ਜਿਸ ਰਾਹੀਂ ਮਨੁੱਖ ਆਪਣੇ ਵਿਚਾਰ, ਭਾਵ ਅਤੇ ਇਛਾਵਾਂ; ਹੋਰਾਂ ਨਾਲ਼ ਸਾਂਝੇ ਕਰੇ, ਉਸ ਨੂੰ ਭਾਸ਼ਾ ਆਖਦੇ ਹਨ।  ਭਾਸ਼ਾ ਨੂੰ ਬੋਲੀ ਤੇ ਜ਼ਬਾਨ ਵੀ ਕਿਹਾ ਜਾਂਦਾ ਹੈ।  ਭਾਸ਼ਾ; ਕਿਸੇ ਸਮੁਦਾਇ ਦੀ ਏਕਤਾ ਦੇ ਪ੍ਰਤੀਕ ਵਜੋਂ ਜਾਣੀ ਜਾਂਦੀ ਹੈ।  ਭਾਰਤੀ ਸੰਵਿਧਾਨ ਮੁਤਾਬਕ ਭਾਰਤ ਦੀਆਂ 14 ਪ੍ਰਮੁੱਖ ਬੋਲੀਆਂ ’ਚ ਪੰਜਾਬੀ ਵੀ ਇੱਕ ਹੈ।

ਸਿੱਖਾਂ ਦੀ ਮਾਂ ਬੋਲੀ ਪੰਜਾਬੀ; ਆਪਣੇ 35 ਅੱਖਰਾਂ ’ਚੋਂ ਮਾਤਰ 29 ਅੱਖਰਾਂ ਨਾਲ਼ ਹੀ ਸੰਸਕ੍ਰਿਤ ਦੀਆਂ 52 ਅੱਖਰ-ਧੁਨੀਆਂ ਨੂੰ ਅਤੇ 3 ਸਵਰ (ੳ, ਅ, ੲ) ਨਾਲ਼ ਹੀ ਅੰਗਰੇਜ਼ੀ ਦੇ 5 ਸਵਰ (A,E,I,O,U) ਧੁਨੀਆਂ ਨੂੰ ਪੂਰਾ ਕਰ ਲੈਂਦੀ ਹੈ ਅਤੇ ਇਸ ਦੇ ਬਾਵਜੂਦ 6 ਅੱਖਰ (ਘ, ਝ, ਢ, ਭ, ਧ, ੜ) ਧੁਨੀਆਂ ਕਿਸੇ ਹੋਰ ਭਾਸ਼ਾਵਾਂ ’ਚ ਨਹੀਂ ਮਿਲਦੀਆਂ । ਪੰਜਾਬੀ ਭਾਸ਼ਾ ਬੜੀ ਸਰਲ ਅਤੇ ਸਪਸ਼ਟ ਸੁਭਾਅ ਦੀ ਮਾਲਕ ਹੈ।  ਸੰਸਕ੍ਰਿਤ ਦੇ ਨਪੁੰਸਕ ਲਿੰਗ ਨੂੰ ਆਪਣੇ ’ਚ ਪੁਲਿੰਗ ਵਜੋਂ ਲੈਣ ਕਾਰਨ ਪੰਜਾਬੀ ਨੂੰ ਮਰਦਾਊ ਬੋਲੀ ਵੀ ਕਹਿੰਦੇ ਹਨ।  ਅੰਗਰੇਜ਼ੀ ਭਾਸ਼ਾ ਦੀ ਰੋਮਨ ਲਿਪੀ ਅਤੇ ਹਿੰਦੀ ਭਾਸ਼ਾ ਦੀ ਦੇਵਨਾਗਰੀ ਲਿਪੀ ਵਾਙ ਪੰਜਾਬੀ ਭਾਸ਼ਾ ਦੀ ਵੀ ਆਪਣੀ ਵੱਖਰੀ ਗੁਰਮੁਖੀ ਲਿਪੀ ਹੈ, ਜਿਸ ਨੇ ਇੱਕ ਦਰਜਨ ਤੋਂ ਵੱਧ ਬੋਲੀਆਂ ਨੂੰ ਆਪਣੇ ’ਚ ਸਮਾਅ ਰੱਖਿਆ ਹੋਣ ਕਾਰਨ ਇਸ ਦੀ ਪਾਚਨ ਸ਼ਕਤੀ ਬਾਕੀ ਭਾਸ਼ਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।

ਪੰਜਾਬੀ ’ਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਹਨ ਅਤੇ 3 ਲਗਾਖਰ (ਅੱਧਕ, ਟਿੱਪੀ ਤੇ ਬਿੰਦੀ) ਹਨ।, 2 ਮਾਤਰਾਵਾਂ ਜਾਂ ਲਗਾਂ ਦੀਆਂ 2 ਕਿਸਮਾਂ (ਲਘੂ/ਹ੍ਰਸਵ ਤੇ ਦੀਰਘ) ਹਨ, ਜਿਨ੍ਹਾਂ ਵਿੱਚ 5 ਲਘੂ (ਛੋਟੀਆਂ) ਲਗਾਂ (ਮੁਕਤਾ, ਸਿਹਾਰੀ, ਔਂਕੜ, ਲਾਂ ਅਤੇ ਹੋੜਾ) ਹਨ ਅਤੇ 5 ਦੀਰਘ ਲਗਾਂ (ਕੰਨਾ, ਬਿਹਾਰੀ, ਦੁਲੈਂਕੜ, ਦੁਲਾਵਾਂ ਤੇ ਕਨੌੜਾ) ਹਨ। ਗੁਰਬਾਣੀ ਲਿਖਤ ਨੂੰ ਧਿਆਨ ’ਚ ਰੱਖਦਿਆਂ ਅਕਸਰ 3 ਹੀ ਲਘੂ ਲਗਾਂ (ਮੁਕਤਾ, ਸਿਹਾਰੀ ਅਤੇ ਔਂਕੜ) ਕਹੀਆਂ ਜਾਂਦੀਆਂ ਹਨ ਕਿਉਂਕਿ ਗੁਰਬਾਣੀ ਵਿਆਕਰਨਿਕ ਨਿਯਮਾਂ ਮੁਤਾਬਕ ਕਿਸੇ ਇੱਕ ਵਚਨ ਪੁਲਿੰਗ ਨਾਂਵ ਨਾਲ਼ ਸੰਬੰਧਕੀ ਚਿੰਨ੍ਹ ਆਉਣ ’ਤੇ ਇਨ੍ਹਾਂ ਵਿੱਚੋਂ ਦੋ ਲਗਾਂ (ਔਂਕੜ ਅਤੇ ਸਿਹਾਰੀ) ਵਾਲ਼ੇ ਸ਼ਬਦ ਵੀ ‘ਮੁਕਤਾ ਅੰਤ’ (ਯਾਨੀ ਕਿ ਤੀਸਰੀ ਲਘੂ ਲਗ ‘ਮੁਕਤਾ ਅੰਤ’ ਵਾਙ) ਹੋ ਜਾਂਦੇ ਹਨ ਭਾਵ ਸੰਬੰਧਕੀ ਚਿੰਨ੍ਹਾਂ ਦਾ ਪ੍ਰਭਾਵ ਕਬੂਲਣ ਕਾਰਨ ਹੀ ਇਨ੍ਹਾਂ ਤਿੰਨਾ ਨੂੰ ਲਘੂ ਲਗਾਂ ਮੰਨ ਲਿਆ। ਵੈਸੇ ਹਰ ਭਾਸ਼ਾ ਵਿੱਚ ਲਘੂ ਅਤੇ ਦੀਰਘ ਲਗਾਂ ਦੀ ਗਿਣਤੀ ਬਰਾਬਰ ਹੁੰਦੀ ਹੈ; ਇਉਂ ਪੰਜਾਬੀ ਵਿੱਚ ਵੀ 5 ਲਘੂ ਅਤੇ 5 ਦੀਰਘ ਲਗਾਂ ਬਣ ਗਈਆਂ।

ਗੁਰਬਾਣੀ ਕਾਵਿਮਈ ਰਚਨਾ ਹੈ ਅਤੇ ਕਾਵਿ-ਪਿੰਗਲ ਮੁਤਾਬਕ ਲਘੂ ਲਗਾਂ ਨੂੰ 1-1 ਅੰਕ ਅਤੇ ਦੀਰਘ ਲਗਾਂ ਨੂੰ 2-2 ਅੰਕ ਦਿੱਤੇ ਜਾਂਦੇ ਗਏ ਹਨ ਭਾਵ ਲਗ-ਧੁਨੀ ਉਚਾਰਨ ਕਰਦਿਆਂ ਲਘੂ ਲਗਾਂ ਦੇ ਮੁਕਾਬਲੇ ਦੀਰਘ ਲਗਾਂ ਨੂੰ ਦੁੱਗਣਾ ਸਮਾਂ ਲੱਗਦਾ ਹੈ।  ਤਿੰਨ ਸਵਰ (ੳ, ਅ, ੲ) ਅਤੇ 32 ਵਿਅੰਜਨ (ਸ ਤੋਂ ੜ ਤੱਕ) ਹਨ।  ‘ੳ, ਅ, ੲ, ਸ, ਹ’ ਨੂੰ ਮੁੱਖ ਵਰਗ; ‘ਕ, ਖ, ਗ, ਘ, ਙ’ ਨੂੰ ਕਵਰਗ; ‘ਚ, ਛ, ਜ, ਝ, ਞ’ ਨੂੰ ਚਵਰਗ; ‘ਟ, ਠ, ਡ, ਢ, ਣ’ ਨੂੰ ਟਵਰਗ; ‘ਤ, ਥ, ਦ, ਧ, ਨ’ ਨੂੰ ਤਵਰਗ; ‘ਪ, ਫ, ਬ, ਭ, ਮ’ ਨੂੰ ਪਵਰਗ; ‘ਯ, ਰ, ਲ, ਵ, ੜ’ ਨੂੰ ਅੰਤਮ ਵਰਗ ਅਤੇ ‘ਸ਼, ਖ਼, ਗ਼, ਜ਼, ਫ਼, ਲ਼’ ਨੂੰ ਨਵੀਨ ਵਰਗ ਵਿੱਚ ਰੱਖਿਆ ਜਾਂਦਾ ਹੈ। ‘ਕਵਰਗ’ ਤੋ ‘ਪਵਰਗ’ ਤੱਕ ਦੀ ਵਿਅੰਜਨ-ਧੁਨੀ ਦਾ ਅੰਤਮ ਅੱਖਰ (ਙ, ਞ, ਣ, ਨ, ਮ); ਅਨੁਨਾਸਕੀ ਧੁਨੀ (ਨੱਕ ਰਾਹੀਂ ਪ੍ਰਗਟ ਹੋਣ ਵਾਲ਼ੀ ਧੁਨਿ) ਵੀ ਪੈਦਾ ਕਰਦਾ ਹੈ।

ਪੰਜਾਬੀ ਭਾਸ਼ਾ ਦੀ ਜਨਨੀ ਭਾਵੇਂ ਕਿ ਗੁਰਮੁਖੀ ਲਿਪੀ ਹੀ ਹੈ ਪਰ ਆਧੁਨਿਕ ਪੰਜਾਬੀ ਅਤੇ ਪੁਰਾਤਨ ਪੰਜਾਬੀ (ਗੁਰਮੁਖੀ) ਦੇ ਲਿਖਣ ਢੰਗ ’ਚ ਕਾਫ਼ੀ ਅੰਤਰ ਆ ਚੁੱਕਾ ਹੈ, ਇਸ ਅੰਤਰ ਨੂੰ ਵਾਚਣਾ ਹੀ ਹਥਲਾ ਲੇਖ ਦਾ ਵਿਸ਼ਾ ਹੈ। ਹਰ ਲਿਖਤ ਨਿਯਮ-ਅੰਤਰ ਦੀ ਵਿਚਾਰ ਨੂੰ ਸੰਖੇਪ ਸ਼ਬਦਾਂ ’ਚ ਰੱਖਣ ਦਾ ਯਤਨ ਕੀਤਾ ਹੈ ਤਾਂ ਜੋ ਥੋੜ੍ਹੀ ਕੁ ਸਾਹਿਤਕ ਰੁਚੀ ਰੱਖਣ ਵਾਲ਼ਾ ਪਾਠਕ ਵੀ ਗੁਰਮੁਖੀ (ਗੁਰਬਾਣੀ) ਨੂੰ ਸਮਝਣ ਲੱਗਿਆਂ ਕੁਤਾਹੀ ਨਾ ਖਾਵੇ।

ਨਾਂਵ : ਵਿਅਕਤੀ, ਵਸਤੂ ਅਤੇ ਸਥਾਨ ਬਾਰੇ ਜਾਣਕਾਰੀ ਦੇਣ ਵਾਲ਼ੇ ਸ਼ਬਦਾਂ ਨੂੰ ਨਾਂਵ ਕਿਹਾ ਜਾਂਦਾ ਹੈ। ਹਰ ਜੀਵ-ਜੰਤ (ਪਸ਼ੂ, ਪੰਛੀ, ਮਨੁੱਖ ਆਦਿ) ਨੂੰ ਵਿਅਕਤੀ ਵਾਚਕ ਨਾਂਵ; ਫ਼ਸਲ/ਬਨਸਪਤੀ, ਦਾਲ਼ਾਂ ਤੇ ਮਸ਼ੀਨਰੀ ਨੂੰ ਵਸਤੂ ਵਾਚਕ ਨਾਂਵ ਅਤੇ ਚਾਰੋਂ ਦਿਸਾਵਾਂ ਦੇ ਹਰ ਸਥਾਨ ਨੂੰ ਸਥਾਨ ਵਾਚਕ ਨਾਂਵ ਕਿਹਾ ਜਾਂਦਾ ਹੈ; ਜਿਵੇਂ ਕਿ ‘ਗੁਰਮੁਖ (ਵਿਅਕਤੀ ਵਾਚਕ ਨਾਂਵ), ਕਣਕ/ਕਾਰ (ਵਸਤੂ ਵਾਚਕ ਨਾਂਵ), ਅੰਮ੍ਰਿਤਸਰ’ (ਸਥਾਨ ਵਾਚਕ ਨਾਂਵ) ਹਨ

ਗੁਰਬਾਣੀ ਲਿਪੀ ’ਚ ਇੱਕ ਵਚਨ ਪੁਲਿੰਗ ਨਾਂਵ (ਸ਼ਬਦ) ਨੂੰ ਔਂਕੜ ਅੰਤ ਹੁੰਦਾ ਹੈ; ਜਿਵੇਂ ‘ਗੁਰੁ, ਪ੍ਰਭੁ, ਨਾਨਕੁ’ ਪਰ ਬਹੁ ਵਚਨ ਪੁਲਿੰਗ ਨਾਂਵ; ਮੁਕਤਾ ਅੰਤ ਹੁੰਦਾ ਹੈ; ਜਿਵੇਂ ‘ਗੁਣ, ਦੁਖ, ਸੁਖ, ਸਾਧ’। ਇਸਤਰੀ ਲਿੰਗ ਨਾਂਵਾਂ ਦੇ ਦੋ ਰੂਪ ਹਨ (1). ਮੁਕਤਾ ਅੰਤ; ਜਿਵੇਂ ‘ਦੇਹ, ਖੇਹ, ਕਪਾਹ, ਟੇਕ’ ਆਦਿ ਭਾਵ ਬਹੁ ਵਚਨ ਪੁਲਿੰਗ ਨਾਂਵਾਂ ਵਾਙ ‘ਮੁਕਤਾ ਅੰਤ’ ਅਤੇ (2). ਸਿਹਾਰੀ ਅੰਤ; ਜਿਵੇਂ ‘ਮੂਰਤਿ, ਭੂਮਿ, ਕਾਮਣਿ (ਇਸਤਰੀ), ਧਰਤਿ, ਸੰਗਤਿ’ ਆਦਿ। ‘ਸਿਹਾਰੀ ਅੰਤ’ ਵਾਲ਼ੇ ਇਹ ਸ਼ਬਦ ਅਨਭਾਸ਼ਾ ਦੇ ਹਨ, ਜਿਨ੍ਹਾਂ ਨੂੰ ‘ਤਤਸਮ’ ਸ਼ਬਦ ਮੰਨਿਆ ਜਾਂਦਾ ਹੈ। ਕਾਵਿ-ਪਿੰਗਲ ਦੇ ਪ੍ਰਭਾਵ ਕਾਰਨ ਗੁਰਬਾਣੀ ਅੰਦਰ ਇਹ ‘ਤਤਸਮ’ ਸ਼ਬਦ; ‘ਮੂਰਤਿ ਤੋਂ ਮੂਰਤੀ, ਹਰੀ ਤੋਂ ਹਰੀ, ਭਗਤਿ ਤੋਂ ਭਗਤੀ, ਕਾਮਣਿ ਤੋਂ ਕਾਮਣੀ, ਸੰਗਤਿ ਤੋਂ ਸੰਗਤੀ’ ਵੀ ਬਣ ਜਾਂਦੇ ਹਨ ਕਿਉਂਕਿ ‘ਮੂਰਤਿ’ ’ਚ ਤਿੰਨੇ ਲਘੂ-ਧੁਨੀ ਹੋਣ ਕਾਰਨ ਕੁੱਲ ਅੰਕ 1+1+1=3 ਸਨ, ਪਰ ਅੰਤਮ ‘ਤਿ’ (ਮੂਰਤਿ) ਲਘੂ-ਧੁਨੀ ਨੂੰ ‘ਤੀ’ (ਮੂਰਤੀ) ਦੀਰਘ-ਧੁਨੀ ਬਣਾਉਣ ਨਾਲ਼ ਪਿੰਗਲ-ਗਿਣਤੀ 1+1+2=4 ਅੰਕ ਬਣ ਜਾਂਦੀ ਹੈ।

ਪੜਨਾਂਵ : ਨਾਂਵ ਦੀ ਗ਼ੈਰ ਮੌਜੂਦਗੀ ’ਚ ਵਰਤੇ ਜਾਣ ਵਾਲ਼ੇ ਸ਼ਬਦਾਂ ਨੂੰ ਪੜਨਾਂਵ ਕਿਹਾ ਜਾਂਦਾ ਹੈ; ਜਿਵੇਂ ‘ਉਹ, ਇਹ, ਇਸ, ਉਸ, ਕਿਸ, ਓਥੇ, ਕੌਣ’ ਆਦਿ, ਪਰ ਗੁਰਬਾਣੀ ਲਿਪੀ ’ਚ ਇਨ੍ਹਾਂ ਦੀ ਬਣਤਰ ‘ਤਿਸੁ (999 ਵਾਰ), ਤਿਸ (417 ਵਾਰ), ਜਿਸੁ (785 ਵਾਰ), ਜਿਸ (416 ਵਾਰ), ਕਿਸੁ (115 ਵਾਰ), ਕਿਸ (95 ਵਾਰ), ਇਸੁ (186 ਵਾਰ), ਇਸ (47 ਵਾਰ), ਕਉਨੁ (58 ਵਾਰ), ਕਉਨ (40 ਵਾਰ), ਤਿਤੁ (125 ਵਾਰ), ਜਿਤੁ (356 ਵਾਰ), ਉਤੁ/ਓਤੁ (2 ਵਾਰ), ਕਿਤੁ (59 ਵਾਰ) ਆਦਿ ਮਿਲਦੀ ਹੈ।

ਮਿਸਾਲ ਵਜੋਂ ਇਨ੍ਹਾਂ ਵਾਕਾਂ ਨੂੰ ਸਮਝਣਾ ਜ਼ਰੂਰੀ ਹੈ ‘ਗੁਰਮੁਖ ਪਾਠ ਕਰਦਾ ਹੈ।, ਉਹ ਪੜ੍ਹਦਾ ਹੈ।, ਉਹ ਗੁਰਮੁਖ ਅੰਮ੍ਰਿਤਧਾਰੀ ਹੈ।’ ਪਹਿਲੇ ਵਾਕ ’ਚ ‘ਗੁਰਮੁਖ’; ਨਾਂਵ ਹੈ। ਦੂਸਰੇ ’ਚ ‘ਗੁਰਮੁਖ’ ਦੀ ਥਾਂ ‘ਉਹ’ ਹੈ, ਇਸ ਲਈ ‘ਉਹ’; ਪੜਨਾਂਵ ਹੈ। ਤੀਸਰੇ ਵਾਕ ’ਚ ‘ਉਹ’ ਦੇ ਨਾਲ਼ ‘ਗੁਰਮੁਖ’ ਵੀ ਹੈ, ਇਸ ਲਈ ‘ਉਹ’ ਪੜਨਾਂਵ ਨਹੀਂ, ਪੜਨਾਂਵੀ ਵਿਸ਼ੇਸ਼ਣ ਬਣ ਗਿਆ।

ਸੰਬੰਧਕੀ : ਨਾਂਵ+ਨਾਂਵ ਜਾਂ ਨਾਂਵ+ਪੜਨਾਂਵ ਜਾਂ ਪੜਨਾਂਵ+ਨਾਂਵ (ਦਾ ਆਪਸ ’ਚ ਸੰਬੰਧ ਜੋੜਨ ਵਾਲ਼ੇ) ਜਾਂ ਨਾਂਵ/ਪੜਨਾਂਵ ਦਾ ਕਿਰਿਆ ਨਾਲ਼ ਸੰਬੰਧ ਦੱਸਣ ਵਾਲ਼ੇ ਚਿੰਨ੍ਹ; ਸੰਬੰਧਕੀ ਸ਼ਬਦ ਹੁੰਦੇ ਹਨ; ਜਿਵੇਂ ‘ਦਾ, ਦੇ, ਦੀ, ਦੀਆਂ, ਕਾ, ਕੇ, ਕੀ, ਕੀਆਂ’ ਆਦਿ। ਸੰਬੰਧਕੀ-ਚਿੰਨ੍ਹਾਂ ਨਾਲ਼ ਹੀ ਮਿਲਦੇ ਜੁਲਦੇ ‘8 ਕਾਰਕ’ (ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ, ਅਧਿਕਰਣ ਕਾਰਕ, ਸੰਬੋਧਨ ਕਾਰਕ) ਨਿਯਮ ਹੁੰਦੇ ਹਨ।

ਪੰਜਾਬੀ ਲਿਖਤ ਬਨਾਮ ਗੁਰਮੁਖੀ ਲਿਖਤ ਦਾ ਅੰਤਰ

(1). ਅਜੋਕੀ ਪੰਜਾਬੀ ’ਚ ‘ਰਾਮ ਦਾ ਪੈੱਨ’ ਇੱਕ ਵਾਕ ਹੈ, ਜਿਸ ਵਿੱਚ ‘ਰਾਮ’ ਅਤੇ ‘ਪੈੱਨ’; ਦੋਵੇਂ ਇੱਕ ਵਚਨ ਪੁਲਿੰਗ ਨਾਂਵ (ਭਾਵ ਨਾਂਵ+ਨਾਂਵ) ਹਨ, ਇਨ੍ਹਾਂ ਦਾ ਸੰਬੰਧ; ‘ਦਾ’ ਚਿੰਨ੍ਹ ਨੇ ਜੋੜਿਆ ਹੈ। ਸੰਬੰਧਕੀ ਸ਼ਬਦ ਨੂੰ ਚਿੰਨ੍ਹ, ਇਸ ਲਈ ਕਿਹਾ ਹੈ ਕਿਉਂਕਿ ਇਸ ਦਾ ਆਪਣਾ ਕੋਈ ‘ਅਰਥ’ ਨਹੀਂ ਹੁੰਦਾ। ਗੁਰਬਾਣੀ ਵਿਆਕਰਨ ਅਨੁਸਾਰ ਇਹ ਵਾਕ ‘ਰਾਮ ਦਾ ਪੈੱਨੁ’ ਲਿਖਿਆ ਜਾਵੇਗਾ।

ਉਕਤ ਪੰਜਾਬੀ ਲਿਪੀ ਵਾਕ ਬੋਧ ਅਤੇ ਗੁਰਮੁਖੀ ਲਿਪੀ ਵਾਕ ਬੋਧ ’ਚ ਅੰਤਰ :

(). ਪੰਜਾਬੀ ਲਿਪੀ : ‘ਰਾਮ ਦਾ ਪੈੱਨ’ ਵਾਕ ’ਚ ‘ਦਾ’ ਨੇ ‘ਪੈੱਨ’ ਨੂੰ ਇੱਕ ਵਚਨ ਦੱਸਿਆ। ਜੇਕਰ ‘ਦੇ’ ਹੁੰਦਾ ਤਾਂ ‘ਪੈੱਨ’ ਬਹੁ ਵਚਨ ਹੁੰਦੇ।

(). ਗੁਰਬਾਣੀ ਲਿਪੀ : ‘ਰਾਮ ਦਾ ਪੈੱਨੁ’ ਵਾਕ ’ਚ ‘ਦਾ’ ਨੇ ‘ਪੈੱਨ’ ਨੂੰ ਇੱਕ ਵਚਨ ਦੱਸਿਆ, ਇਸ ਤੋਂ ਇਲਾਵਾ ‘ਪੈੱਨੁ’ ਦੇ ਅੰਤ ’ਚ ਲੱਗੇ ਔਂਕੜ ਨੇ ਵੀ ‘ਪੈੱਨ’, ਇੱਕ ਹੋਣ ਦਾ ਸੰਕੇਤ ਦਿੱਤਾ ਭਾਵ ਆਧੁਨਿਕ ਪੰਜਾਬੀ ਦੇ ਮੁਕਾਬਲੇ ਪੁਰਾਤਨ ਪੰਜਾਬੀ (ਗੁਰਬਾਣੀ); ਸ਼ਬਦ ਵੰਡ ਜਾਂ ਭਾਵਾਰਥਾਂ ਨੂੰ ਸਪਸ਼ਟ ਕਰਨ ’ਚ ਵਧੇਰੇ ਸਹਾਇਕ ਹੁੰਦੀ ਹੈ।

ਉਕਤ ਵਿਚਾਰਿਆ ਜਾ ਚੁੱਕਾ ਹੈ ਕਿ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਨੂੰ ‘ਔਂਕੜ ਅੰਤ’ ਆਉਂਦਾ ਹੈ; ਜਿਵੇਂ ‘ਗੁਰੁ, ਪ੍ਰਭੁ, ਨਾਨਕੁ’।  ਹੁਣ ਸਵਾਲ ਪੈਦਾ ਹੋਇਆ ਕਿ ਜੇ ‘ਰਾਮ ਦਾ ਪੈੱਨੁ’ ਵਾਕ ’ਚ ‘ਰਾਮ’ ਅਤੇ ‘ਪੈੱਨ’ ਦੋਵੇਂ ਹੀ ਸ਼ਬਦ; ਇੱਕ ਵਚਨ ਪੁਲਿੰਗ ਨਾਂਵ ਹਨ ਤਾਂ ‘ਪੈੱਨੁ’ ਵਾਙ ‘ਰਾਮ’ ਨੂੰ ਔਂਕੜ ਅੰਤ (ਰਾਮੁ) ਕਿਉਂ ਨਹੀਂ ਲਿਖਿਆ ? ਜਵਾਬ ਹੈ ਕਿ ‘ਰਾਮੁ’ ਨੂੰ ਮੁਕਤਾ ਅੰਤ (ਰਾਮ); ‘ਦਾ’ ਸੰਬੰਧਕੀ-ਚਿੰਨ੍ਹ ਨੇ ਕੀਤਾ ਹੈ। ਇਸ ਤੋਂ ਇਹ ਵੀ ਗਿਆਨ ਮਿਲਿਆ ਕਿ ਭਾਵੇਂ ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਨੂੰ ਔਂਕੜ ਅੰਤ ਹੁੰਦਾ ਹੈ, ਪਰ ਸੰਬੰਧਕੀ ਚਿੰਨ੍ਹ (ਦਾ, ਦੇ, ਦੀ) ਆਉਣ ਨਾਲ਼ ਇੱਕ ਵਚਨ ਪੁਲਿੰਗ ਨਾਂਵ ਵੀ ‘ਮੁਕਤਾ ਅੰਤ’ ਹੋ ਜਾਂਦਾ ਹੈ। ਹੇਠਾਂ ਬਰੈਕਟ ’ਚ ਬੰਦ ਕੀਤੇ ਸ਼ਬਦ, ਜਿਨ੍ਹਾਂ ਵਿੱਚ ‘ਕੇ, ਕਾ, ਤੇ, ਕਉ’ ਸੰਬੰਧਕੀ ਹਨ, ਉਨ੍ਹਾਂ ਨੇ ਆਪਣੇ ਨਾਲ਼ ਆਏ ਸਾਰੇ ਨਾਂਵ; ਮੁਕਤਾ ਅੰਤ ਕਰ ਦਿੱਤੇ; ਨਹੀਂ ਤਾਂ ਗੁਰਬਾਣੀ ਲਿਖਤ ਮੁਤਾਬਕ ਇਨ੍ਹਾਂ ਸਭ ਦੇ ਅੰਤ ’ਚ ਔਂਕੜ ਹੋਣਾ ਸੀ ਕਿਉਂਕਿ ਸਾਰੇ ਹੀ ਇੱਕ ਵਚਨ ਪੁਲਿੰਗ ਨਾਂਵ ਹਨ :

ਨਾਨਕ  ! ਬੇੜੀ ‘ਸਚ ਕੀ’; ਤਰੀਐ ਗੁਰ ਵੀਚਾਰਿ ॥ (ਮਹਲਾ ੧/ਪੰਨਾ ੨੦)

ਆਸ ਭਰੋਸਾ ‘ਖਸਮ ਕਾ’; ‘ਨਾਨਕ ਕੇ’ ਜੀਅਰੇ ॥ (ਮਹਲਾ ੫/ਪੰਨਾ ੩੯੮)

‘ਨਾਨਕ ਕੇ’ ਪ੍ਰਭ  ! ਤੁਮ ਹੀ ਦਾਤੇ; ਸੰਤ ਸੰਗਿ ਲੇ ਮੋਹਿ ਉਧਰਹੁ ॥ (ਮਹਲਾ ੫/ਪੰਨਾ ੮੨੮)

‘ਨਾਨਕ ਕੇ’ ਪ੍ਰਭ  ! ਸਦ ਹੀ ਸਾਥਿ ॥ (ਮਹਲਾ ੫/ਪੰਨਾ ੧੧੪੪)

ਕਹੁ ਨਾਨਕ  ! ਸੰਤਨ ਬਲਿਹਾਰੈ; ਜੋ ‘ਪ੍ਰਭ ਕੇ’ ਸਦ ਸੰਗੀ ॥ (ਮਹਲਾ ੫/ਪੰਨਾ ੧੩੨੨)

ਨਾਨਕ  ! ਬਿਰਹੀ ‘ਬ੍ਰਹਮ ਕੇ’; ਆਨ ਨ ਕਤਹੂ ਜਾਹਿ ॥ (ਮਹਲਾ ੫/ਪੰਨਾ ੧੩੬੪)

‘ਦਾਸ ਕੀ’ ਧੂਰਿ; ਨਾਨਕ ਕਉ ਦੀਜੈ ॥ (ਮਹਲਾ ੫/ਪੰਨਾ ੧੯੩)

‘ਨਾਨਕ ਕੀ’ ਬੇਨੰਤੀ ਹਰਿ ਪਹਿ; ਅਪੁਨਾ ਨਾਮੁ ਜਪਾਵਹੁ ॥ (ਮਹਲਾ ੫/ਪੰਨਾ ੨੧੬)

‘ਨਾਨਕ ਕੀ’ ਹਰਿ ਲੋਚਾ ਪੂਰਿ ॥ (ਸੁਖਮਨੀ/ਮਹਲਾ ੫/ਪੰਨਾ ੨੮੩)

‘ਨਾਨਕ ਕੀ’ ਪ੍ਰਭ  ! ਬੇਨਤੀ; ਅਪਨੀ ਭਗਤੀ ਲਾਇ ॥ (ਸੁਖਮਨੀ/ਮਹਲਾ ੫/ਪੰਨਾ ੨੮੯)

ਜਲ ਤੇ’ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯)

‘ਗੁਰ ਤੇ’ ਬਾਹਰਿ ਕਿਛੁ ਨਹੀ; ਗੁਰੁ ਕੀਤਾ ਲੋੜੇ, ਸੁ ਹੋਇ ॥ (ਮਹਲਾ ੫/੫੨)

ਅੰਮ੍ਰਿਤ ਰਸੁ ਹਰਿ; ‘ਗੁਰ ਤੇ’ ਪੀਆ ॥ (ਮਹਲਾ ੫/੯੯)

ਵੇਮੁਖ ਹੋਏ ‘ਰਾਮ ਤੇ’; ਲਗਨਿ ਜਨਮ ਵਿਜੋਗ ॥ (ਬਾਰਹਮਾਹਾ/ਮਹਲਾ ੫/੧੩੫)

ਜਾ ਕਉ ਆਏ ਸੋਈ ਬਿਹਾਝਹੁ; ਹਰਿ ‘ਗੁਰ ਤੇ’ ਮਨਹਿ ਬਸੇਰਾ ॥ (ਸੋਹਿਲਾ/ਮਹਲਾ ੫/੧੩)

ਤਿਸੁ ‘ਗੁਰ ਕਉ’ ਸਿਮਰਉ; ਸਾਸਿ ਸਾਸਿ ॥ (ਮਹਲਾ ੫/੨੩੯)

‘ਨਾਨਕ ਕਉ’ ਗੁਰ ਭੇਟੇ ਪੂਰੇ ॥ (ਮਹਲਾ ੫/੮੯੦)

 ਨਾਨਕ  ! ‘ਗੁਰ ਕੀ’ ਚਰਣੀ ਲਾਗੇ ॥ (ਮਹਲਾ ੧/ਪੰਨਾ ੪੧੪)

ਧਿਆਨ ਰਹੇ ਕਿ ‘ਤਤਸਮ’ ਸ਼ਬਦਾਂ ਨਾਲ਼ ਆਏ ਇਹੀ ਸੰਬੰਧਕੀ-ਚਿੰਨ੍ਹ; ਉਨ੍ਹਾਂ ਨੂੰ ਉਕਤ ਨਿਯਮ ਵਾਙ ’‘ਮੁਕਤਾ ਅੰਤ’ ਨਹੀਂ ਕਰਦੇ; ਜਿਵੇਂ ਕਿ

‘ਹਰਿ ਕੇ’ ਜਨ ਸਤਿਗੁਰ ਸਤਪੁਰਖਾ ! ਬਿਨਉ ਕਰਉ ਗੁਰ ਪਾਸਿ ॥ (ਸੋ ਦਰੁ/ਮਹਲਾ ੪/੧੦)

‘ਹਰਿ ਕੇ’ ਨਾਮ ਵਿਟਹੁ; ਬਲਿ ਜਾਉ ॥ (ਮਹਲਾ ੩/੧੫੯)

‘ਬਿਖੁ ਕੀ’ ਕਾਰ ਕਮਾਵਣੀ; ‘ਬਿਖੁ ਹੀ ਮਾਹਿ’ ਸਮਾਹਿ ॥ (ਮਹਲਾ ੩/੩੬)

ਜੋ ਪ੍ਰਭ ਕੀਏ ‘ਭਗਤਿ ਤੇ’ ਬਾਹਜ; ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥ (ਭਗਤ ਕਬੀਰ/੩੩੨)

ਕਿਸੁ ‘ਜਾਤਿ ਤੇ’ ਕਿਹ ਪਦਹਿ ਅਮਰਿਓ; ਰਾਮ ਭਗਤਿ ਬਿਸੇਖ ॥੧॥ ਰਹਾਉ ॥ (ਭਗਤ ਰਵਿਦਾਸ/੧੧੨੪)

‘ਵਿਖੁ ਵਿਚਿ’ ਅੰਮ੍ਰਿਤੁ ਪ੍ਰਗਟਿਆ; ਕਰਮਿ (ਮਿਹਰ ਰਾਹੀਂ) ਪੀਆਵਣਹਾਰੁ ॥ (ਮਹਲਾ ੩/੬੪੬)

ਸੋ ਜਿਵੇਂ ਉਕਤ ਸਾਰੀਆਂ ਪੰਕਤੀਆਂ ’ਚ ਪ੍ਰਗਟ ਚਿੰਨ੍ਹ ‘ਕੇ, ਕਾ, ਤੇ, ਕਉ’ (ਸੰਬੰਧਕੀ) ਨੇ ਸਾਰੇ ਹੀ ਇੱਕ ਵਚਨ ਪੁਲਿੰਗ ਨਾਂਵ; ਮੁਕਤਾ ਅੰਤ ਕਰ ਦਿੱਤੇ, ਇਸੇ ਤਰ੍ਹਾਂ ਕੁੱਝ ਲੁਪਤ ਸੰਬੰਧਕੀ ਵੀ ਆਪਣੇ ਤੋਂ ਅਗੇਤਰ ਆਏ ਇੱਕ ਵਚਨ ਪੁਲਿੰਗ ਨਾਂਵ ਨੂੰ ‘ਮੁਕਤਾ ਅੰਤ’ ਕਰ ਦਿੰਦੇ ਹਨ; ਜਿਵੇਂ ‘ਰਾਮ ਦਾ ਪੈੱਨੁ’ ਵਾਕ ’ਚ ਪ੍ਰਗਟ ਸੰਬੰਧਕੀ ‘ਦਾ’ ਹੈ, ਇਸੇ ਤਰ੍ਹਾਂ ‘ਰਾਮ ਪੈੱਨੁ’ ਵਾਕ ’ਚ ਲੁਪਤ ਸੰਬੰਧਕੀ ‘ਦਾ’ ਹੈ; ਦੋਵੇਂ ਵਾਕਾਂ ਦਾ ਅਰਥ ਹੈ : ‘ਰਾਮ ਦਾ ਪੈੱਨ’। ਇਹੀ ਨਿਯਮ ਗੁਰਬਾਣੀ ’ਚ ਹੈ; ਮਿਸਾਲ ਵਜੋਂ ‘ਗੁਰ ਕਾ ਸਬਦੁ’ (82 ਵਾਰ) ਹੈ ਅਤੇ ‘ਗੁਰ ਸਬਦੁ’ (60 ਵਾਰ) ਹੈ। ‘ਰਾਮ ਨਾਮੁ’ (262 ਵਾਰ) ਹੈ ਅਤੇ ‘ਰਾਮ ਕਾ ਨਾਮੁ’ (1 ਵਾਰ) ਹੈ। ਸੰਬੰਧਕੀ ਪ੍ਰਗਟ ਹੋਣ ਜਾਂ ਲੁਪਤ; ਅਰਥਾਂ ’ਚ ਕੋਈ ਫ਼ਰਕ ਨਹੀਂ ਪੈਂਦਾ। ‘ਗੁਰ ਸਬਦੁ’ ਜਾਂ ‘ਗੁਰ ਕਾ ਸਬਦੁ’; ਦੋਵਾਂ ਦਾ ਅਰਥ ਹੈ ‘ਗੁਰੂ ਕਾ ਸਬਦ’।, ‘ਰਾਮ ਨਾਮੁ’ ਜਾਂ ‘ਰਾਮ ਕਾ ਨਾਮੁ’; ਦੋਵਾਂ ਦਾ ਅਰਥ ਹੈ: ‘ਰਾਮ ਦਾ ਨਾਮ’। ਮਿਸਾਲ ਵਜੋਂ ਗੁਰਬਾਣੀ ਦੇ ਵਾਕ ਹਨ :

ਗੁਰ ਕਾ ਸਬਦੁ’ ਮਨਿ (’ਚ) ਵਸੈ; ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥ (ਮਹਲਾ ੩/ਪੰਨਾ ੩੨)

‘ਗੁਰ ਕਾ ਸਬਦੁ’; ਕੋ ਵਿਰਲਾ ਬੂਝੈ ॥ (ਮਹਲਾ ੩/ਪੰਨਾ ੧੨੦)

ਜਨਮੇਜੈ (ਨੇ) ‘ਗੁਰ ਸਬਦੁ’ ਨ ਜਾਨਿਆ ॥ (ਮਹਲਾ ੧/ਪੰਨਾ ੨੨੫) (ਭਾਵ ‘ਗੁਰ ਕਾ ਸਬਦੁ’)

‘ਸਬਦੁ ਗੁਰ’ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ॥ (ਮਹਲਾ ੧/ਪੰਨਾ ੬੩੫) (ਭਾਵ ‘ਗੁਰ ਕਾ ਸਬਦੁ’ ਪੀਰਾ)

ਸੋ ਪੰਡਿਤੁ; ‘ਗੁਰ ਸਬਦੁ’ ਕਮਾਇ ॥ (ਮਹਲਾ ੫/ਪੰਨਾ ੮੮੮) (ਭਾਵ ‘ਗੁਰ ਕਾ ਸਬਦੁ’ ਕਮਾਇ)

ਸਭਸੈ ਊਪਰਿ; ‘ਗੁਰ ਸਬਦੁ’ ਬੀਚਾਰੁ ॥ (ਮਹਲਾ ੧/ਪੰਨਾ ੯੦੪) (ਭਾਵ ‘ਗੁਰ ਕਾ ਸਬਦੁ’ (ਰੂਪ) ਬੀਚਾਰੁ)

ਮੇਰੇ ਮੀਤ ਗੁਰਦੇਵ  !  ਮੋ ਕਉ ‘ਰਾਮ ਨਾਮੁ’ ਪਰਗਾਸਿ ॥ (ਸੋ ਦਰੁ/ਮਹਲਾ ੪/ਪੰਨਾ ੧੦) ਭਾਵ ਮੇਰੇ ਅੰਦਰ ‘ਰਾਮ ਕਾ ਨਾਮੁ’ ਰੂਪ ਪ੍ਰਕਾਸ਼ ਕਰ। ਇਸ ਦਾ ਅਰਥ ਐਸਾ ਬਿਲਕੁਲ ਨਹੀਂ ਹੋ ਸਕਦਾ ਕਿ (ਮੇਰੇ ਅੰਦਰ ਰਾਮ ਦੇ) ‘ਨਾਮ ਦਾ ਪ੍ਰਕਾਸ਼ ਕਰ’ ਕਿਉਂਕਿ ‘ਨਾਮੁ’ ਨੂੰ ਔਂਕੜ ਅੰਤ ਹੈ, ਜੋ ‘ਦਾ’ ਲੁਪਤ ਸੰਬੰਧਕੀ ਅਰਥ ਨਹੀਂ ਲੈਣ ਦਿੰਦਾ। ਐਸੇ ਅਰਥ ਕਰਨ ਲਈ ਨਾਮ; ‘ਮੁਕਤਾ ਅੰਤ’ ਹੋਣਾ ਚਾਹੀਦਾ ਸੀ।

ਸੰਤਾ ਸੰਗਤਿ ਮਿਲਿ ਰਹੈ; ਜਪਿ ‘ਰਾਮ ਨਾਮੁ’ ਸੁਖੁ ਪਾਇ ॥੧॥ ਰਹਾਉ ॥ (ਮਹਲਾ ੩/ਪੰਨਾ ੩੧) (ਭਾਵ ‘ਰਾਮ ਕਾ ਨਾਮੁ’ ਜਪਿ (ਕੇ) ਸੁਖੁ ਪਾਇ)

‘ਨਾਮੁ’ ਨ ਜਾਨਿਆ ‘ਰਾਮ ਕਾ’(ਮਹਲਾ ੧/ਪੰਨਾ ੧੫੬) (ਭਾਵ ‘ਰਾਮ ਕਾ ਨਾਮੁ’ ਨ ਜਾਨਿਆ)

(2). ਅਗਲੇ ਨਿਯਮ ਮੁਤਾਬਕ ਗੁਰਬਾਣੀ ’ਚ ‘ਦਾ, ਦੇ, ਦੀ/ਕਾ, ਕੇ, ਕੀ’ ਸੰਬੰਧਕੀ-ਚਿੰਨ੍ਹ; ਆਪਣੇ ਤੋਂ ਪਹਿਲਾਂ ਆਏ ਇੱਕ ਵਚਨ ਪੁਲਿੰਗ ਨਾਂਵ ਨੂੰ ‘ਮੁਕਤਾ ਅੰਤ’ ਕਰਨ ਦੀ ਬਜਾਇ ਕੁਝ ਕੁ ਜਗ੍ਹਾ ‘ਦੁਲੈਂਕੜ ਅੰਤ’ ਕਰ ਦਿੰਦੇ ਹਨ ਭਾਵ ‘ਰਾਮ ਦਾ ਪੈੱਨੁ’ ਵਾਕ; ‘ਰਾਮੂ ਦਾ ਪੈੱਨੁ’ ਵੀ ਬਣ ਸਕਦਾ ਹੈ; ਜਿਵੇਂ ‘ਗੁਰੁ’ ਤੋਂ ਬਾਅਦ ਆਏ ‘ਕਾ’ ਕਾਰਨ ਸ਼ਬਦ-ਬਣਤਰ ‘ਗੁਰ ਕਾ’ ਜਾਂ ‘ਗੁਰੂ ਕਾ’ ਹੋ ਸਕਦੀ ਹੈ। ਮਿਸਾਲ ਵਜੋਂ ਗੁਰਬਾਣੀ ਦੇ ਹੇਠਲੇ 4 ਕੁ ਵਾਕਾਂ ’ਚ ਸੰਬੰਧਕੀ-ਚਿੰਨ੍ਹ ਆਉਣ ਕਾਰਨ ‘ਗੁਰੂ ਕਾ’ ਬਣਤਰ ਬਣੀ ਹੈ :

ਰਤਨੁ ‘ਗੁਰੂ ਕਾ ਸਬਦੁ’ ਹੈ; ਬੂਝੈ ਬੂਝਣਹਾਰੁ ॥ (ਮਹਲਾ ੩/ਪੰਨਾ ੫੮੯)

ਹਰਿ ਨਾਮੁ ਦੀਆ, ਗੁਰਿ+ਪਰਉਪਕਾਰੀ (ਨੇ); ਧਨੁ ਧੰਨੁ ‘ਗੁਰੂ ਕਾ’ ਪਿਤਾ ਮਾਤਾ ॥ (ਮਹਲਾ ੪/ਪੰਨਾ ੫੯੨)

‘ਸਬਦੁ ਗੁਰੂ ਕਾ’ ਸਦ ਉਚਰਹਿ; ਜੁਗੁ ਜੁਗੁ ਵਰਤਾਵਣਹਾਰਾ ॥ (ਮਹਲਾ ੩/ਪੰਨਾ ੫੯੩) (ਭਾਵ ਗੁਰੂ ਕਾ ਸਬਦੁ)

ਅਬਿਚਲ ਨਗਰੁ ਗੋਬਿੰਦ ‘ਗੁਰੂ ਕਾ’; ਨਾਮੁ ਜਪਤ, ਸੁਖੁ ਪਾਇਆ ਰਾਮ ॥ (ਮਹਲਾ ੫/ਪੰਨਾ ੭੮੩)

ਭਾਵ ਗੋਬਿੰਦ (ਦੇ ਰੂਪ) ਗੁਰੂ ਕਾ ਅਬਿਚਲ ਨਗਰੁ।

ਧਿਆਨ ਰਹੇ ਕਿ ‘ਤਤਸਮ’ ਸ਼ਬਦਾਂ ਨੂੰ ਵੀ ਸੰਬੰਧਕੀ-ਚਿੰਨ੍ਹ; ‘ਔਂਕੜ ਅੰਤ’ ਤੋਂ ‘ਦੁਲੈਂਕੜ ਅੰਤ’ ਕਰ ਦਿੰਦੇ ਹਨ; ਜਿਵੇਂ ਕਿ

ਗ੍ਰਿਹਿ (ਘਰ ’ਚ) ਸਾਕਤ ਛਤੀਹ ਪ੍ਰਕਾਰ; ਤੇ ‘ਬਿਖੂ ਸਮਾਨ’(ਮਹਲਾ ੫/੮੧੧) ਬਿਖੁ ਤੋਂ ਬਿਖੂ (ਜ਼ਹਰ)

ਸਤਿਗੁਰੁ ਦਾਤਾ ਸਭਨਾ ‘ਵਥੂ ਕਾ’; ਪੂਰੈ+ਭਾਗਿ (ਨਾਲ਼) ਮਿਲਾਵਣਿਆ ॥ (ਮਹਲਾ ੩/੧੧੬) ‘ਵਸਤੂਆਂ ਕਾ’

ਸੋ ਹੁਣ ਤੱਕ ਕੀਤੀ ਵਿਚਾਰ ਤੋਂ ਬਾਅਦ ਹੇਠਲੇ ਦੋ ਨਿਯਮ ਸਮਝ ਆ ਜਾਣੇ ਚਾਹੀਦੇ ਹਨ :

(ੳ). ਗੁਰੁ ਈਸਰੁ, ਗੁਰੁ ਗੋਰਖੁ ਬਰਮਾ; ਗੁਰੁ ਪਾਰਬਤੀ ਮਾਈ ॥’’ ਤੁਕ ਦੇ ਔਂਕੜ ਅੰਤ ਵਾਲ਼ੇ ਕਿਸੇ ਵੀ ਸ਼ਬਦ ’ਚੋਂ ਲੁਪਤ ਸੰਬੰਧਕੀ ‘ਦਾ, ਦੇ, ਦੀ’ ਨਹੀਂ ਲਏ ਜਾ ਸਕਦੇ; ਜਿਵੇਂ ਕਿ ‘ਈਸਰ ਦਾ ਗੁਰੁ’ ਜਾਂ ‘ਗੁਰ ਦਾ ਈਸਰੁ’ ਅਰਥ ਕਰਨਾ; ਗੁਰਮਤਿ ਅਨੁਸਾਰ ਮਨਮਤ ਹੈ।

(ਅ). ਪੰਜਾਬੀ ਲਿਖਤ ‘ਰਾਮ ਦਾ ਪੈੱਨ’ ਨੂੰ ਗੁਰਬਾਣੀ ਵਿਆਕਰਨ ਅਨੁਸਾਰ ‘ਰਾਮੁ ਦਾ ਪੈੱਨੁ’ ਨਹੀਂ ਲਿਖ ਸਕਦੇ।

(3). ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੋਣ ਕਾਰਨ ‘ਦੇ’ ਦੀ ਥਾਂ ਅਕਸਰ ‘ਕੇ’ ਲਿਖਿਆ ਮਿਲਦਾ ਹੈ, ਤਾਂ ਤੇ ‘ਰਾਮ ਦੇ ਪੈੱਨ’ ਨੂੰ ਹੀ ‘ਰਾਮ ਕੇ ਪੈੱਨ’ ਲਿਖ ਸਕਦੇ ਹਾਂ। ਗੁਰਬਾਣੀ ’ਚ ‘ਕੇ’ 1271 ਵਾਰ ਹੈ ਜਦਕਿ ‘ਦੇ’ ਮਾਤਰ 208 ਵਾਰ ਹੀ ਹੈ। ਉਹ ਵੀ ਜ਼ਿਆਦਾਤਰ ‘ਦੇ ਕੇ’ (ਕਿਰਿਆ ਵਿਸ਼ੇਸ਼ਣ) ਦੇ ਅਰਥਾਂ ’ਚ ਜਾਂ ‘ਦੇ’ ਦਾ ਅਰਥ ਹੈ : ‘ਦਿੰਦਾ ਹੈ’ (ਇੱਕ ਵਚਨ ਕਿਰਿਆ); ਜਿਵੇਂ ਕਿ

(ੳ). ‘ਦੇ’ ਕਿਰਿਆ ਵਿਸ਼ੇਸ਼ਣ ਵਜੋਂ : ‘ਦੇ’ ਸਾਬੂਣੁ; ਲਈਐ ਓਹੁ ਧੋਇ ॥ (ਜਪੁ) (‘ਦੇ’ ਭਾਵ ਦੇ ਕੇ ਜਾਂ ਲਾ ਕੇ)

ਜਿਸੁ ਤੂੰ ਰਖਹਿ ਹਥ ‘ਦੇ’; ਤਿਸੁ ਮਾਰਿ ਨ ਸਕੈ ਕੋਇ ॥ (ਮਹਲਾ ੫/ਪੰਨਾ ੪੩) (‘ਦੇ’ ਭਾਵ ਦੇ ਕੇ)

ਨਾਨਕ  ! ਸਿਰੁ ‘ਦੇ’ ਛੂਟੀਐ; ਦਰਗਹ ਪਤਿ ਪਾਏ ॥ (ਮਹਲਾ ੧/ਪੰਨਾ ੪੨੧) (‘ਦੇ’ ਭਾਵ ਦੇ ਕੇ)

ਚੇਤੇ ਰਹੇ ਕਿ ਜੇਕਰ ਉਕਤ ਪੰਕਤੀ ’ਚ ‘ਦੇ’ ਸੰਬੰਧਕੀ-ਚਿੰਨ੍ਹ ਹੁੰਦਾ ਤਾਂ ਇਸ ਨੇ ‘ਸਿਰੁ’ (ਇੱਕ ਵਚਨ ਪੁਲਿੰਗ ਨਾਂਵ) ਨੂੰ ‘ਮੁਕਤਾ ਅੰਤ’ ਕਰ ਦੇਣਾ ਸੀ।

(ਅ). ‘ਦੇ’ ਇੱਕ ਵਚਨ ਕਿਰਿਆ : ਦੇਦਾ ‘ਦੇ’; ਲੈਦੇ ਥਕਿ ਪਾਹਿ ॥ (ਜਪੁ) (‘ਦੇਂਦਾ ਦੇ’ ਭਾਵ ਦੇਣ ਵਾਲ਼ਾ ‘ਦਿੰਦਾ ਹੈ’।)

ਨਾਨਕ  !  ਸੋਭਾ ਸੁਰਤਿ ਦੇਇ ਪ੍ਰਭੁ ਆਪੇ; ਗੁਰਮੁਖਿ ‘ਦੇ’ ਵਡਿਆਈ ॥ (ਮਹਲਾ ੩/ਪੰਨਾ ੩੨) (‘ਦੇ’ ਭਾਵ ‘ਦਿੰਦਾ ਹੈ’।)

ਆਪੇ ‘ਦੇ’ (ਦੇਂਦਾ ਹੈ) ਵਡਿਆਈਆ; ‘ਦੇ’ (ਦੇ ਕੇ) ਤੋਟਿ ਨ ਹੋਈ ॥ (ਮਹਲਾ ੧/ਪੰਨਾ ੪੨੦)

ਨੋਟ : ਧਿਆਨ ਰਹੇ ਕਿ ਹੇਠਲੀਆਂ 7 ਕੁ ਤੁਕਾਂ ’ਚ ਹੀ ‘ਦੇ’; ‘ਕੇ’ ਵਾਙ (ਸੰਬੰਧਕੀ-ਚਿੰਨ੍ਹ) ਹੈ, ਨਾ ਕਿ ‘ਕਿਰਿਆ ਵਿਸ਼ੇਸ਼ਣ’ ਜਾਂ ‘ਇੱਕ ਵਚਨ ਕਿਰਿਆ’ :

ਪਰਵਦਗਾਰੁ (ਨੂੰ) ਸਾਲਾਹੀਐ;  ਜਿਸ ‘ਦੇ’ ਚਲਤ ਅਨੇਕ ॥ (ਮਹਲਾ ੫/੪੯) ਪੜਨਾਂਵ+ਨਾਂਵ (ਜਿਸ+ਚਲਤ ਨੂੰ ਜੋੜਦਾ ਹੈ)

ਜਨ ਨਾਨਕ  !  ਜਿਸ ‘ਦੇ’ ਏਹਿ ਚਲਤ ਹਹਿ;  ਸੋ ਜੀਵਉ ਦੇਵਣਹਾਰੁ ॥ (ਮਹਲਾ ੩/੯੫੧)

ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ‘ਦੇ’ ਜਚਾ (ਭਾਵ ਉਸ ਦੇ ਕੌਤਕ)॥ (ਮਹਲਾ ੩/੧੦੯੪)

ਆਪਨੜੈ+ਘਰਿ (’ਚ) ਜਾਈਐ; ਪੈਰ ਤਿਨ੍ਹਾ ‘ਦੇ’ ਚੁੰਮਿ (ਕੇ)(ਬਾਬਾ ਫਰੀਦ/੧੩੭੮) ਪੜਨਾਂਵ+ਨਾਂਵ (ਤਿਨ੍ਹਾ+ਪੈਰ ਨੂੰ ਜੋੜਦਾ ਹੈ)

ਬਾਜ ਪਏ ਤਿਸੁ ਰਬ ‘ਦੇ’; ਕੇਲਾਂ ਵਿਸਰੀਆਂ ॥ (ਬਾਬਾ ਫਰੀਦ/੧੩੮੩)

ਅਰਥ : ਜਦ ਉਸ ਨੂੰ ਰੱਬ ਦੇ ਬਾਜ਼ (ਸ਼ਿਕਾਰੀ, ਮੌਤ ਦੇ ਫ਼ਰਿਸ਼ਤੇ) ਆ ਪਏ ਤਾਂ ਦੁਨਿਆਵੀ ਚਸਕੇ (ਇੱਥੇ ਹੀ) ਰਹਿ ਗਏ।

ਓਇ, ਭੁਲਾਏ ਕਿਸੈ ‘ਦੇ’, ਨ ਭੁਲਨ੍ਹੀ;  ਸਚੁ ਜਾਣਨਿ ਸੋਈ ॥ (ਮਹਲਾ ੩/੪੨੫) ਕਿਸੈ ਦੇ ਭੁਲਾਏ (ਪੜਨਾਂਵ+ਕਿਰਿਆ ਨੂੰ ਜੋੜਦਾ ਹੈ)

ਨਾਨਕ  !  ਜਿਨ ਅੰਦਰਿ ਸਚੁ ਹੈ; ਸੇ ਜਨ ਛਪਹਿ ਨ, ਕਿਸੈ ‘ਦੇ’ ਛਪਾਏ ॥ (ਮਹਲਾ ੩/੮੫੦)

ਉਕਤ 7 ਵਾਕਾਂ ’ਚ ਆਏ ਸੰਬੰਧਕੀ (ਦੇ) ਨੂੰ ਪਹਿਚਾਨਣ ਲਈ ਇਸ ਦੇ ਅਗੇਤਰ ਅਤੇ ਪਿਛੇਤਰ; ‘ਨਾਂਵ+ਨਾਂਵ’ ਜਾਂ ‘ਨਾਂਵ+ਪੜਨਾਂਵ’ ਜਾਂ ‘ਪੜਨਾਂਵ+ਨਾਂਵ’ ਜਾਂ ‘ਨਾਂਵ+ਕਿਰਿਆ’ ਵੱਲ ਧਿਆਨ ਜ਼ਰੂਰ ਦੇਣਾ ਹੈ; ਜਿਵੇਂ ਕਿ ਉਕਤ 1 ਤੋਂ 5 ਤੱਕ ਤਰਤੀਬਵਾਰ ਹੈ ‘ਜਿਸ ਦੇ ਚਲਤ, ਜਿਸ ਦੇ ਏਹਿ ਚਲਤ, ਤਿਸ ਦੇ ਸਭਿ ਜਚਾ (ਕੌਤਕ/ਚੋਜ), ਤਿਨ੍ਹਾ ਦੇ ਪੈਰ, ਤਿਸੁ ਰਬ ਦੇ ਬਾਜ’, ਪਰ ਨੰਬਰ 6 ਅਤੇ 7 ਵਾਕਾਂ ’ਚ ਇਸ ਦੇ ਅਗੇਤਰ ‘ਪੜਨਾਂਵ’ ਅਤੇ ਪਿਛੇਤਰ ‘ਬਹੁ ਵਚਨ ਕਿਰਿਆਵਾਂ’ ਹਨ; ਜਿਵੇਂ ‘ਕਿਸੈ ਦੇ ਭੁਲਾਏ, ਕਿਸੈ ਦੇ ਛਪਾਏ’। ਐਸੇ (ਪੜਨਾਂਵ+ਕਿਰਿਆ) ਵਾਕਾਂ ’ਚ ‘ਦੇ’ ਦੇ ਅਗੇਤਰ ਆਏ ਸ਼ਬਦਾਂ (ਨਾਂਵ ਹੋਣ ਜਾਂ ਪੜਨਾਂਵ) ਨੂੰ ‘ਦੁਲਾਵਾਂ ਅੰਤ’ ਜਾਂ ‘ਦੁਲੈਂਕੜ ਅੰਤ’ ਹੁੰਦੇ ਹਨ ਭਾਵ ਗੁਰਬਾਣੀ ਅੰਦਰ ਸਾਰੇ ਹੀ ਸੰਬੰਧਕੀ-ਚਿੰਨ੍ਹਾਂ ਨੇ ਆਪਣੇ ਤੋਂ ਅਗੇਤਰ ‘ਨਾਂਵ/ਪੜਨਾਂਵ’ ਉੱਤੇ ਆਪਣਾ ਪ੍ਰਭਾਵ ਪਾਉਣਾ ਹੀ ਹੁੰਦਾ ਹੈ; ਜਿਵੇਂ ਕਿ ਇਨ੍ਹਾਂ ਸਾਰੇ ਵਾਕਾਂ ’ਚ ‘ਦੇ’ ਨੇ ਆਪਣੇ ਤੋਂ ਅਗੇਤਰ ‘ਨਾਂਵ/ਪੜਨਾਂਵ’ ਨੂੰ ‘ਮੁਕਤਾ ਅੰਤ’ ਕੀਤਾ ਹੈ ਜਾਂ ‘ਦੁਲਾਵਾਂ ਅੰਤ’ ਯਾਨੀ ਸਾਰਿਆਂ ਨੂੰ ਆਪਣੇ ਅਸਲ ਰੂਪ ‘ਔਂਕੜ ਅੰਤ’ (ਇੱਕ ਵਚਨ ਪੁਲਿੰਗ ਨਾਂਵ) ਵਿੱਚ ਨਹੀਂ ਰਹਿਣ ਦਿੱਤਾ, ਪਰ ‘ਦੇ’ ਤੋਂ ਬਾਅਦ ਵਾਲ਼ੇ ਕਿਰਿਆਵਾਚੀ ਸ਼ਬਦ ਬਹੁ ਵਚਨ ਰੂਪ ਵਿੱਚ ਹੀ ਹਨ; ਇਉਂ ਹੀ ਸੰਬੰਧਕੀ ਤੋਂ ਪਿਛੇਤਰ ਆਉਣ ਵਾਲ਼ੇ ਸਾਰੇ ਨਾਂਵ; ਬਹੁ ਵਚਨ ਬਣਤਰ ਵਿੱਚ ਹੀ ਰਹਿੰਦੇ ਹਨ ਯਾਨੀ ਕਿ ਉਨ੍ਹਾਂ ਦੇ ‘ਮੁਕਤਾ ਅੰਤ’ ਰੂਪ ਨੂੰ ਸੰਬੰਧਕੀ-ਚਿੰਨ੍ਹ ਨਹੀਂ ਬਦਲਦੇ; ਜਿਵੇਂ ਕਿ ਹੇਠਲੇ ਵਾਕਾਂ ’ਚ ‘ਕੇ’ ਸੰਬੰਧਕੀ-ਚਿੰਨ੍ਹ ਤੋਂ ਬਾਅਦ ਵਾਲ਼ੇ ਸਾਰੇ ਨਾਂਵ ਆਪਣੇ ਅਸਲ ਰੂਪ ’ਚ ‘ਮੁਕਤਾ ਅੰਤ’ ਹਨ :

ਤਾ ‘ਕੇ ਅੰਤ’; ਨ ਪਾਏ ਜਾਹਿ ॥ (ਜਪੁ)

ਤਿਨ ‘ਕੇ ਨਾਮ’; ਅਨੇਕ ਅਨੰਤ ॥ (ਜਪੁ)

ਤਾ ‘ਕੇ ਰੂਪ’; ਨ ਕਥਨੇ ਜਾਹਿ ॥ (ਜਪੁ)

(4). ਅਜੋਕੀ ਪੰਜਾਬੀ ’ਚ ‘ਦੈ’ ਨੂੰ ਸੰਬੰਧਕੀ-ਚਿੰਨ੍ਹ ਵਜੋਂ ਨਹੀਂ ਵਰਤਿਆ ਜਾਂਦਾ ਪਰ ਗੁਰਬਾਣੀ ’ਚ ਇਹ 32 ਵਾਰ ਸੰਬੰਧਕੀ-ਚਿੰਨ੍ਹ ਹੈ। ਜਿੱਥੇ ‘ਕੇ’ ਅਤੇ ‘ਦੇ’ ਤੋਂ ਬਾਅਦ ਸਾਰੇ ਬਹੁ ਵਚਨ ਸ਼ਬਦ ਹੁੰਦੇ ਹਨ, ਓਥੇ ‘ਦੈ’ ਤੋਂ ਬਾਅਦ ਸਦਾ ਇੱਕ ਵਚਨ ਪੁਲਿੰਗ ਨਾਂਵ ਹੁੰਦਾ ਹੈ, ਪਰ ਉਸ ਨੂੰ (‘ਔਂਕੜ ਅੰਤ’ ਦੀ ਬਜਾਇ) ‘ਸਿਹਾਰੀ ਅੰਤ’ ਜਾਂ ‘ਦੁਲਾਵਾਂ ਅੰਤ’ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ‘ਨਾਲ਼, ਰਾਹੀਂ, ਦੁਆਰਾ, ਵਿੱਚ, ਉੱਤੇ, ਹੇਠਾਂ, ਤੋਂ, ਨੇ’ ਆਦਿਕ ਲੁਪਤ ਸੰਬੰਧਕੀ-ਚਿੰਨ੍ਹ ਮਿਲਦੇ ਹਨ; ਜਿਵੇਂ ਕਿ

ਤਿਸ ‘ਦੈ ਚਾਨਣਿ(ਨਾਲ਼); ਸਭ ਮਹਿ ਚਾਨਣੁ ਹੋਇ ॥ (ਸੋਹਿਲਾ/ਮਹਲਾ ੧/੧੩)

ਸੋ ਸੂਰਾ, ਪਰਧਾਨੁ ਸੋ; ‘ਮਸਤਕਿ ਜਿਸ ਦੈ’, ਭਾਗੁ ਜੀਉ ॥ (ਮਹਲਾ ੫/੧੩੨) (ਜਿਸ ‘ਦੈ ਮਸਤਕਿ’ ਉੱਤੇ)

ਸਚੇ ‘ਦੈ ਦਰਿ’ (’ਤੇ) ਜਾਇ (ਕੇ); ਸਚੁ ਚਵਾਂਈਐ ॥ (ਮਹਲਾ ੧/੧੪੫)

ਸਚੈ ‘ਦੈ ਦੀਬਾਣਿ(’ਚ); ਕੂੜਿ (ਨਾਲ਼) ਨ ਜਾਈਐ ॥ (ਮਹਲਾ ੧/੧੪੬)

ਮਨਮੁਖਾ ‘ਦੈ ਸਿਰਿ’ (’ਤੇ), ਜੋਰਾ ਅਮਰੁ ਹੈ; ਨਿਤ ਦੇਵਹਿ ਭਲਾ ॥ (ਮਹਲਾ ੪/੩੦੪) ਭਾਵ ਮਨਮੁਖਾਂ (ਕਾਮੀ ਲੋਕਾਂ) ਦੇ ਸਿਰ ਉੱਤੇ ਔਰਤਾਂ ਦਾ ਹੁਕਮ (ਚੱਲਦਾ ਹੈ, ਇਸ ਲਈ ਔਰਤਾਂ ਨੂੰ ਖ਼ੁਸ਼ ਰੱਖਣ ਲਈ) ਸਦਾ ਚੰਗੀਆਂ ਚੀਜ਼ਾਂ (ਲਿਆ ਲਿਆ) ਦੇਂਦੇ ਹਨ।

ਜਿਸ ‘ਦੈ ਚਿਤਿ(’ਚ) ਵਸਿਆ ਮੇਰਾ ਸੁਆਮੀ; ਤਿਸ ਨੋ ਕਿਉ ਅੰਦੇਸਾ, ਕਿਸੈ ਗਲੈ ਦਾ ਲੋੜੀਐ  ?॥ (ਮਹਲਾ ੪/੫੫੦)

ਹਉ ਬਲਿਹਾਰੀ ਤਿਨ ਕਉ; ਸਿਫਤਿ ਜਿਨਾ ‘ਦੈ ਵਾਤਿ(ਮੂੰਹ ’ਚ)(ਮਹਲਾ ੧/੭੯੦)

ਤਿਸ ‘ਦੈ ਦਿਤੈ’ (ਨਾਲ਼) ਨਾਨਕਾ ! ਤੇਹੋ ਜੇਹਾ ਧਰਮੁ ॥ (ਮਹਲਾ ੩/੯੪੯)

ਤਿਸ ‘ਦੈ ਸਬਦਿ(ਰਾਹੀਂ); ਨਿਸਤਰੈ ਸੰਸਾਰਾ ॥ (ਮਹਲਾ ੩/੧੦੫੫)

ਮਤੁ ਸਰਮਿੰਦਾ ਥੀਵਹੀ; ਸਾਂਈ ‘ਦੈ ਦਰਬਾਰਿ(’ਚ)(ਸਲੋਕ/ਬਾਬਾ ਫਰੀਦ/੧੩੮੧)

ਸਜਣੁ ਸਚਾ ਪਾਤਿਸਾਹੁ; ‘ਸਿਰਿ ਸਾਹਾਂ ਦੈ’, ਸਾਹੁ ॥ (ਮਹਲਾ ੫/੧੪੨੬) (ਸਾਹਾਂ ‘ਦੈ ਸਿਰਿ’ ਉੱਤੇ)

(5). ਗੁਰਬਾਣੀ ’ਚ ‘ਦੈ’ ਸੰਬੰਧਕੀ; ਲੁਪਤ ਰੂਪ ਵਿੱਚ ਵੀ ਆਉਂਦਾ ਹੈ । ਪਛਾਣ ਓਹੀ ਹੈ ਕਿ ਇਸ ਤੋਂ ਬਾਅਦ ਵਾਲੇ ਇੱਕ ਵਚਨ ਪੁਲਿੰਗ ਨਾਂਵ ਨੂੰ ‘ਸਿਹਾਰੀ ਅੰਤ’ ਹੁੰਦੀ ਹੈ, ਜਿਹੜੀ ਕਿ ‘ਨਾਲ, ਵਿੱਚ, ਰਾਹੀਂ, ਤੋਂ, ਨੇ’ ਆਦਿਕ ਲੁਪਤ ਅਰਥ ਦਿੰਦੀ ਹੈ; ਜਿਵੇਂ ਕਿ

(ੳ). ਗੁਰ ਪ੍ਰਸਾਦਿ॥  ਭਾਵ (ਗੁਰ ‘ਦੈ ਪ੍ਰਸਾਦਿ‘) ਗੁਰੂ ਦੀ ਕਿਰਪਾ ਨਾਲ਼।

ਨੋਟ : ਅਕਸਰ ਕਿਹਾ ਜਾਂਦਾ ਹੈ ਕਿ ‘ਗੁਰ’ ਦਾ ਔਂਕੜ; ‘ਦੀ’ ਸੰਬੰਧਕੀ-ਚਿੰਨ੍ਹ ਨੇ ਹਟਾ ਦਿੱਤਾ, ਪਰ ‘ਪ੍ਰਸਾਦਿ’ (ਇੱਕ ਵਚਨ ਪੁਲਿੰਗ ਨਾਂਵ) ਦੀ ਸਿਹਾਰੀ ਅੰਤ; ‘ਗੁਰ’ ਤੋਂ ਬਾਅਦ ਲੁਪਤ ‘ਦੈ’ ਹੋਣ ਦਾ ਸੰਕੇਤ ਕਰਦੀ ਹੈ, ‘ਦੀ’ ਦਾ ਨਹੀਂ।  ‘ਦੀ’ ਨਾਲ਼ ‘ਪ੍ਰਸਾਦਿ’ ਇਸਤਰੀ ਲਿੰਗ ਨਾਂਵ ਬਣਦਾ ਹੈ, ਜੋ ਕਿ ਨਹੀਂ ਹੈ। ਗੁਰਬਾਣੀ ਇਹੀ ਸੇਧ ਬਖ਼ਸ਼ਦੀ ਹੈ ਕਿ ‘ਗੁਰ ਦੈ ਪ੍ਰਸਾਦਿ’ ਜਾਂ ‘ਗੁਰ ਕੈ ਪ੍ਰਸਾਦਿ’ ਸਹੀ ਵਾਕ ਹੈ; ਜਿਵੇਂ ਕਿ ‘‘ਸਤਗੁਰ ਕੈ ਪਰਸਾਦਿ; ਸਹਜ ਸੇਤੀ ਰੰਗੁ ਮਾਣਇ ॥’’ (ਭਟ ਕਲੵ/੧੩੯੭)

(ਅ). ਜਿਹ ਪ੍ਰਸਾਦਿ॥ ਭਾਵ (ਜਿਹ ‘ਦੈ ਪ੍ਰਸਾਦਿ‘) ਅਰਥ : ਜਿਸ ਦੀ ਕਿਰਪਾ ਨਾਲ਼।

ਗੁਰ ਪ੍ਰਸਾਦਿ; ਅੰਤਰਿ ਲਿਵ ਲਾਗੈ ॥ (ਭਗਤ ਕਬੀਰ ਜੀ/ਪੰਨਾ ੯੨) ਭਾਵ ਗੁਰ ‘ਦੈ ਪ੍ਰਸਾਦਿ‘ ਨਾਲ਼।

ਇਹ ਮਤਿ; ਗੁਰ ਪ੍ਰਸਾਦਿ ਮਨਿ ਧਾਰਉ ॥ (ਮਹਲਾ ੫/ਪੰਨਾ ੧੦੪) ਭਾਵ ਗੁਰ ‘ਦੈ ਪ੍ਰਸਾਦਿ‘ ਨਾਲ਼।

ਗੁਰ ਪ੍ਰਸਾਦਿ; ਕਿਨੈ+ਵਿਰਲੈ (ਨੇ) ਜਾਨਾ ॥ (ਮਹਲਾ ੫/ਪੰਨਾ ੧੮੬) ਭਾਵ ਗੁਰ ‘ਦੈ ਪ੍ਰਸਾਦਿ’ ਨਾਲ਼।

ਗੁਰ ਪ੍ਰਸਾਦਿ; ਵਿਰਲੈ (ਨੇ) ਹੀ ਗਵਿਆ (ਭੋਗਿਆ/ਪਹੁੰਚ ਕੀਤੀ) (ਮਹਲਾ ੫/ਪੰਨਾ ੨੫੯) ਭਾਵ ਗੁਰ ਦੈ ਪ੍ਰਸਾਦਿ

ਗੁਰ ਪ੍ਰਸਾਦਿ; ਨਾਨਕ  ! ਹਉ ਛੂਟੈ ॥ (ਸੁਖਮਨੀ/ਮਹਲਾ ੫/ਪੰਨਾ ੨੭੮) ਭਾਵ ਗੁਰ ਦੈ ਪ੍ਰਸਾਦਿ ਨਾਲ਼ (ਅਹੰਕਾਰ ਦੂਰ ਹੁੰਦਾ ਹੈ)।

ਗੁਰ ਪ੍ਰਸਾਦਿ; ਤਤੁ ਸਭੁ ਬੂਝਿਆ ॥ (ਸੁਖਮਨੀ/ਮਹਲਾ ੫/ਪੰਨਾ ੨੮੧) ਭਾਵ ਗੁਰ ‘ਦੈ ਪ੍ਰਸਾਦਿ‘।

ਗੁਰ ਪ੍ਰਸਾਦਿ; ਕੋ ਵਿਰਲਾ ਜਾਗੇ ॥ (ਮਹਲਾ ੫/ਪੰਨਾ ੩੭੫) ਭਾਵ ਗੁਰ ‘ਦੈ ਪ੍ਰਸਾਦਿ’ ਨਾਲ਼।

ਗੁਰ ਪ੍ਰਸਾਦਿ; ਮੈ ਖੋਟੀ ਡੀਠੀ ॥ (ਮਹਲਾ ੫/ਪੰਨਾ ੩੯੨) ਭਾਵ ਗੁਰ ‘ਦੈ ਪ੍ਰਸਾਦਿ‘। ਅਰਥ : ਗੁਰੂ ਦੀ ਕਿਰਪਾ ਨਾਲ।

ਜਿਹ ਪ੍ਰਸਾਦਿ; ਪੀਵਹਿ ਸੀਤਲ ਜਲਾ ॥.. ਜਿਹ ਪ੍ਰਸਾਦਿ (ਨਾਲ਼); ਪਾਟ ਪਟੰਬਰ ਹਢਾਵਹਿ ॥.. ਜਿਹ ਪ੍ਰਸਾਦਿ; ਸੁਖਿ (ਨਾਲ਼) ਸੇਜ ਸੋਈਜੈ ॥.. ਜਿਹ ਪ੍ਰਸਾਦਿ; ਆਰੋਗ ਕੰਚਨ ਦੇਹੀ ॥ ..ਜਿਹ ਪ੍ਰਸਾਦਿ; ਤੇਰਾ ਓਲਾ ਰਹਤ ॥ (ਸੁਖਮਨੀ/ਮਹਲਾ ੫/ਪੰਨਾ ੨੭੦) ਭਾਵ ਜਿਹ ਦੈ ਪ੍ਰਸਾਦਿ ਜਾਂ ਜਿਸ ਦੀ ਕਿਰਪਾ ਨਾਲ਼।

ਨੋਟ : ਗੁਰਬਾਣੀ ’ਚ ਇੱਕ ਤੋਂ ਵੱਧ ਭਾਸ਼ਾਵਾਂ ਹੋਣ ਕਾਰਨ ‘ਦੈ’ ਅਤੇ ‘ਕੈ’ (ਸੰਬੰਧਕੀ-ਚਿੰਨ੍ਹ ਰੂਪ ’ਚ) ਦੇ ਅਰਥ ਤੇ ਲਿਖਤ ਨਿਯਮ ਇੱਕ ਸਮਾਨ ਹਨ; ਜਿਵੇਂ ਕਿ ‘ਪ੍ਰਭ ਕੈ ਸਿਮਰਨਿ’ ਜਾਂ ‘ਪ੍ਰਭੂ ਦੈ ਸਿਮਰਨਿ’ ਭਾਵ ‘ਪ੍ਰਭੂ ਦੇ ਸਿਮਰਨ ਨਾਲ਼’।

ਪ੍ਰਭ ਕੈ ਸਿਮਰਨਿ; ਗਰਭਿ ਨ ਬਸੈ ॥… ਪ੍ਰਭ ਕੈ ਸਿਮਰਨਿ; ਦੂਖੁ ਜਮੁ ਨਸੈ ॥…ਪ੍ਰਭ ਕੈ ਸਿਮਰਨਿ; ਦੁਸਮਨੁ ਟਰੈ ॥ (ਸੁਖਮਨੀ/ਮਹਲਾ ੫/ਪੰਨਾ ੨੬੨)

ਸੋ ‘ਰਾਮ ਦੇ ਪੈੱਨ’ ਵਾਕ ਨੂੰ ਗੁਰਬਾਣੀ ’ਚ ‘ਰਾਮ ਕੇ ਪੈੱਨ, ਰਾਮ ਦੈ ਪੈੱਨਿ ਜਾਂ ਰਾਮ ਪੈੱਨਿ’ ਲਿਖ ਸਕਦੇ ਹਾਂ, ਪਰ ‘ਰਾਮ ਦੈ ਪੈੱਨ, ਰਾਮ ਦੇ ਪੈੱਨਿ, ਰਾਮੁ ਪੈੱਨੁ ਜਾਂ ਰਾਮੁ ਦੇ ਪੈੱਨੁ’ ਬਿਲਕੁਲ ਨਹੀਂ ਲਿਖ ਸਕਦੇ।

ਸਿੱਟਾ : (ੳ). ਸੰਬੰਧਕੀ ‘ਕੇ’ ਹੋਵੇ ਜਾਂ ‘ਦੈ’, ‘ਕਾ’ ਹੋਵੇ ਜਾਂ ‘ਦਾ’; ਇਨ੍ਹਾਂ ਤੋਂ ਅਗੇਤਰ ਆਏ ਸ਼ਬਦ; ਇੱਕ ਵਚਨ ਪੁਲਿੰਗ ਨਾਂਵ ਹੋਣ ਜਾਂ ਬਹੁ ਵਚਨ ਨਾਂਵ ਜਾਂ ਪੜਨਾਂਵ ਜਾਂ ਇਸਤਰੀ ਲਿੰਗ ਨਾਂਵ ਹੋਵੇ; ਸੰਬੰਧਕੀ-ਚਿੰਨ੍ਹ ਦਾ ਰੂਪ ਇੱਕ ਸਮਾਨ ਰਹਿੰਦਾ ਹੈ; ਜਿਵੇਂ ਕਿ ‘ਭਗਤੀ ਦਾ ਫਲ਼, ਕਰਮ ਦਾ ਫਲ਼, ਕਰਮਾਂ ਦਾ ਫਲ਼, ਇਸ ਦਾ ਫਲ਼’ ਵਾਕਾਂ ’ਚ ‘ਭਗਤੀ’ ਇਸਤਰੀ ਲਿੰਗ ਹੈ, ਕਰਮ; ਇੱਕ ਵਚਨ ਨਾਂਵ ਹੈ, ‘ਕਰਮਾਂ’ ਬਹੁ ਵਚਨ ਨਾਂਵ ਹੈ ਅਤੇ ‘ਇਸ’; ਇੱਕ ਵਚਨ ਪੜਨਾਂਵ ਹੈ, ਫਿਰ ਵੀ ‘ਦਾ’ ਦੀ ਬਣਤਰ ਸਾਰੇ ਵਾਕਾਂ ’ਚ ਇੱਕ ਸਮਾਨ ਹੈ। ਕਿਤੇ ‘ਦੇ’ ਜਾਂ ‘ਦੀ’ ਨਹੀਂ ਹੋਇਆ। 

(ਅ). ਵਿਆਕਰਨਿਕ ਨਿਯਮਾਂ ਮੁਤਾਬਕ ਸੰਬੰਧਕੀ-ਚਿੰਨ੍ਹ ਦੇ ਅਗੇਤਰ ਆਇਆ ਇੱਕ ਵਚਨ ਪੁਲਿੰਗ ਨਾਂਵ; ‘ਔਂਕੜ ਅੰਤ’ ਨਹੀਂ ਹੋਏਗਾ ਭਾਵੇਂ ਕਿ ਗੁਰਬਾਣੀ ਵਿੱਚ ਇੱਕ ਵਚਨ ਪੁਲਿੰਗ ਨਾਂਵ ਦਾ ਅਸਲ ਰੂਪ ‘ਔਂਕੜ ਅੰਤ’ ਹੁੰਦਾ ਹੈ, ਪਰ ਚੇਤੇ ਰਹੇ ਕਿ ‘ਸਿਹਾਰੀ ਅੰਤ’ (ਇੱਕ ਵਚਨ ਪੁਲਿੰਗ ਨਾਂਵਾਂ) ਵਿਚੋਂ ਲੁਪਤ ਸੰਬੰਧਕੀ ਮਿਲਦਾ ਹੈ; ਜਿਵੇਂ ਕਿ ‘ਗੁਰ ਪ੍ਰਸਾਦਿ, ਪ੍ਰਭ ਕੈ ਸਿਮਰਨਿ’ ਵਾਕਾਂ ਦੀ ਅੰਤਮ ਸਿਹਾਰੀ ’ਚੋਂ ‘ਨਾਲ਼’ (ਲੁਪਤ ਸੰਬੰਧਕੀ) ਮਿਲਿਆ ਹੈ ਅਤੇ ‘ਦੁਲਾਵਾਂ ਅੰਤ’ ’ਚੋਂ ਪ੍ਰਗਟ ਅਤੇ ਲੁਪਤ ਸੰਬੰਧਕੀ-ਚਿੰਨ੍ਹ ਮਿਲਦਾ ਹੈ; ਜਿਵੇਂ ਕਿ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਨ ਕੋਇ ॥’’ (ਜਪੁ) ਵਾਕ ਦੇ ‘ਹੁਕਮੈ’ (ਇੱਕ ਵਚਨ ਪੁਲਿੰਗ ਨਾਂਵ) ਦੀਆਂ ਅੰਤਮ ਦੁਲਾਵਾਂ ’ਚੋਂ ‘ਅੰਦਰਿ’ (ਪ੍ਰਗਟ ਸੰਬੰਧਕੀ) ਅਤੇ ਅਗਲੇ ਵਾਕਾਂ ’ਚ ‘ਕਰਤੈ’ (ਕਰਤਾਰੈ) ਦੀਆਂ ਦੁਲਾਵਾਂ ਅੰਤ ’ਚੋਂ ‘ਨੇ’ (ਲੁਪਤ ਸੰਬੰਧਕੀ) ਮਿਲਦਾ ਹੈ ‘‘ਨਾਨਕ ! ਜਿਨਿ ਕਰਤੈ (ਨੇ) ਕਾਰਣੁ (ਮਾਇਆ) ਕੀਆ; ਸੋ ਜਾਣੈ ਕਰਤਾਰੁ ॥ (ਆਸਾ ਕੀ ਵਾਰ/ਮਹਲਾ ੧/੪੬੬), ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ (ਕਰਤਾਰ ਨੇ); ਹਰਿ ਕਰਤੈ (ਨੇ) ਸਭ ਕਲ ਧਾਰੀ ॥’’ (ਮਹਲਾ ੪/੫੦੭)

(ੲ). ਪਰ ਅਗਰ ਪ੍ਰਗਟ ਸੰਬੰਧਕੀ-ਚਿੰਨ੍ਹ ਤੋਂ ਪਹਿਲਾਂ ਕਿਸੇ ਸ਼ਬਦ ਨੂੰ ‘ਸਿਹਾਰੀ ਅੰਤ’ ਜਾਂ ‘ਔਂਕੜ ਅੰਤ’ ਹੋਵੇ ਤਾਂ ਉਹ, ਉਸ ਸ਼ਬਦ ਦੀ ਮੂਲਕ ਹੋਵੇਗੀ ਭਾਵ ਸ਼ਬਦ; ਅਨਭਾਸ਼ਾ ਦਾ ਤਤਸਮ ਹੋਵੇਗਾ, ਜਿੱਥੇ ਉਸ ‘ਲਗ’ ਦਾ ਉਚਾਰਨ ਹੁੰਦਾ ਹੈ। ਅਜਿਹੇ ਸ਼ਬਦਾਂ ਨੂੰ ਵਿਆਕਰਨਿਕ ਨਿਯਮਾਂ ’ਚ ਨਹੀਂ ਮੰਨਿਆ ਜਾਂਦਾ; ਜਿਵੇਂ ਕਿ ‘ਕਲਿਜੁਗ’ ਨੂੰ ਸੰਖੇਪ ’ਚ ‘ਕਲਿ’ ਕਰਕੇ ਅਤੇ ਬਿਖੂ (ਜ਼ਹਰ) ਨੂੰ ਸੰਖੇਪ ’ਚ ‘ਬਿਖੁ’ ਕਰਕੇ ਹੇਠਲੇ ਵਾਕਾਂ ਵਿੱਚ ਲਿਖਿਆ ਹੈ, ਜਿਨ੍ਹਾਂ ਨਾਲ਼ ਸੰਬੰਧਕੀ-ਚਿੰਨ੍ਹ ਵੀ ਹਨ। ਫਿਰ ਵੀ ਉਨ੍ਹਾਂ ਨੇ ਇਨ੍ਹਾਂ ਦੀ ਬਣਤਰ ‘ਕਲ’ ਜਾਂ ‘ਬਿਖ’ (ਮੁਕਤਾ ਅੰਤ) ਨਹੀਂ ਕੀਤੀ :

ਜੇ ਕੋ ਨਾਉ ਲਏ ਬਦਨਾਵੀ; ‘ਕਲਿ ਕੇ’ ਲਖਣ ਏਈ ॥ (ਮਹਲਾ ੧/ਪੰਨਾ ੯੦੨) ਇੱਥੇ ‘ਕਲਿ’ ਦੀ ਸਿਹਾਰੀ ਉਚਾਰਨ ਦਾ ਭਾਗ ਹੈ।

ਰਾਮ ਨਾਮੁ ਉਰ ਹਾਰੁ; ‘ਬਿਖੁ ਕੇ’ ਦਿਵਸ ਗਏ ॥ (ਮਹਲਾ ੫/ਪੰਨਾ ੪੫੮) ਇੱਥੇ ‘ਬਿਖੁ’ ਦੀ ਔਂਕੜ ਉਚਾਰਨ ਦਾ ਭਾਗ ਹੈ।

ਬਿਖੁ ਖਾਣਾ ਬਿਖੁ ਪੈਨਣਾ; ‘ਬਿਖੁ ਕੇ’ ਮੁਖਿ (’ਚ) ਗਿਰਾਸ ॥ (ਮਹਲਾ ੩/ਪੰਨਾ ੫੮੬)

ਚੇਤੇ ਰਹੇ ਕਿ ਉਕਤ ਤੁਕਾਂ ’ਚ ਵੀ ਸੰਬੰਧਕੀ ‘ਕੇ’ ਤੋਂ ਬਾਅਦ ਸਾਰੇ ਬਹੁ ਵਚਨ ਪੁਲਿੰਗ ਨਾਂਵ (ਮੁਕਤਾ ਅੰਤ) ਹੀ ਹਨ; ਜਿਵੇਂ ਕਿ ‘ਕਲਿ ਕੇ ਲਖਣ, ਬਿਖੁ ਕੇ ਦਿਵਸ, ਬਿਖੁ ਕੇ ਗਿਰਾਸ’।

ਸੋ ਗੁਰਬਾਣੀ ਦੇ ਲਿਖਣ ਢੰਗ ਤੋਂ ਅਣਜਾਣ ਸਿੱਖ; ਗੁਰਬਾਣੀ ਦੇ ਮਤਮਤੀ ਅਰਥ ਕਰਕੇ ਸਿੱਖ-ਸੰਗਤਾਂ ਵਿੱਚ ਦੁਬਿਧਾ ਪੈਦਾ ਕਰਦੇ ਰਹਿੰਦੇ ਹਨ। ਵਿਆਕਰਨਿਕ ਨਿਯਮਾਂ ਨੂੰ ਸਮਝ ਕੇ ਹੀ ਅਸੀਂ ਸਹੀ ਗੁਰਮਤਿ ਪ੍ਰਚਾਰ ਦੀ ਹਿਮਾਇਤ ਅਤੇ ਗ਼ਲਤ ਦਾ ਵਿਰੋਧ ਕਰਨਯੋਗ ਹੋਵਾਂਗੇ।

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਦੂਜਾ)

ਗੁਰਬਾਣੀ ਲਿਖਤ ਬਨਾਮ ਅਜੋਕੀ ਪੰਜਾਬੀ ਭਾਸ਼ਾ (ਭਾਗ ਤੀਜਾ)

ਸੀ. ਬੀ. ਆਈ. ਦੀ ਸਾਂਝੀ ਕਲੋਜ਼ਰ ਰਿਪੋਰਟ ਦਾ ਕੱਚ-ਸੱਚ

0

ਸੀ. ਬੀ. ਆਈ. ਦੀ ਸਾਂਝੀ ਕਲੋਜ਼ਰ ਰਿਪੋਰਟ ਦਾ ਕੱਚ-ਸੱਚ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜਿਲ੍ਹਾ ਕਚਹਿਰੀਆਂ, ਪੰਜਾਬ। 98554-01843

ਸੀ. ਬੀ. ਆਈ ਵੱਲੋਂ 29 ਜੂਨ 2019 ਨੂੰ ਤਿਆਰ ਕੀਤੀ ਤੇ 4 ਜੁਲਾਈ 2019 ਨੂੰ ਸੀ. ਬੀ. ਆਈ ਮੈਜਿਸਟ੍ਰੇਟ, ਮੋਹਾਲੀ ਦੀ ਅਦਾਲਤ ਵਿਚ ਸੀ. ਬੀ. ਆਈ ਨੂੰ 2-11-2015 ਦੇ ਪੰਜਾਬ ਸਰਕਾਰ ਦੇ ਨੋਟੀਫਿਕੇਸ਼ਨ ਮੁਤਾਬਕ ਜਾਂਚ ਲਈ ਮਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਜੁੜੇ ਤਿੰਨ ਕੇਸਾਂ ਦੀ ਸਾਂਝੀ ਕਲੋਜ਼ਰ ਰਿਪੋਰਟ ਜਮ੍ਹਾ ਕਰਵਾ ਦਿੱਤੀ ਜਿਸ ਸਬੰਧੀ ਪਹਿਲਾਂ ਤੋਂ ਮਿੱਥੀ ਹੋਈ ਕੇਸ ਦੀ ਤਰੀਕ 23 ਜੁਲਾਈ 2019 ਨੂੰ ਵਿਚਾਰ ਹੋਣਾ ਸੀ ਪਰ ਇਸ ਦਰਮਿਆਨ ਵੱਖ-ਵੱਖ ਧਿਰਾਂ ਵੱਲੋਂ ਕਲੋਜ਼ਰ ਰਿਪੋਰਟ ਦੀ ਕਾਪੀ ਲੈਣ ਸਬੰਧੀ ਦਰਖਾਸਤਾਂ ਦਾਖਲ ਕਰ ਦਿੱਤੀਆਂ ਗਈਆਂ ਜਿਸ ਸਬੰਧੀ ਨਿਬੇੜਾ ਕਰਦਿਆਂ ਕਲੋਜ਼ਰ ਰਿਪੋਰਟ ਸਬੰਧੀ ਫੈਸਲਾ ਤਿੰਨਾਂ ਮੁਕੱਦਮਿਆਂ ਦੇ ਸ਼ਿਕਾਇਤ ਕਰਤਾਵਾਂ ਵੱਲੋਂ ਜੇ ਉਹ ਚਾਹੁਣ ਤਾਂ ਇਸ ਸਬੰਧੀ ਪ੍ਰੋਟੈਸਟ ਪਟੀਸ਼ਨ ਦਾਖਲ ਕਰਨ ਲਈ 23 ਅਗਸਤ 2019 ਲਈ ਮੁਲਤਵੀ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ-ਘਰ ’ਚੋ ਚੋਰੀ ਕੀਤਾ ਗਿਆ ਸੀ ਜਿਸ ਸਬੰਧੀ ਥਾਣਾ ਬਾਜਾਖਾਨਾ ਵਿਚ ਮੁਕੱਦਮਾ ਨੰਬਰ 63 ਤਰੀਕ 2 ਜੂਨ 2015 ਦਰਜ ਕੀਤਾ ਗਿਆ ਸੀ, ਬਾਅਦ ਵਿਚ ਗੁਰੂ ਸਾਹਿਬ ਜੀ ਦੇ ਸਰੂਪ ਦੀ ਚੋਰੀ ਦੀ ਜ਼ਿੰਮੇਵਾਰੀ ਲੈਂਦੇ ਇਸ਼ਤਿਹਾਰ ਲਗਾਏ ਗਏ ਸਨ, ਜਿਸ ਸਬੰਧੀ ਮੁਕੱਦਮਾ ਨੰਬਰ 117 ਤਰੀਕ 25 ਸਤੰਬਰ 2015 ਦਰਜ ਕੀਤਾ ਗਿਆ ਅਤੇ ਤੀਸਰਾ ਮੁਕੱਦਮਾ ਪਿੰਡ ਬਰਗਾੜੀ ਵਿਖੇ ਗੁਰੂ ਸਾਹਿਬ ਜੀ ਦੇ ਸਰੂਪ ਦੇ ਖਿੱਲਰੇ ਅੰਗ ਮਿਲਣ ਕਾਰਨ ਮੁਕੱਦਮਾ ਨੰਬਰ 128 ਤਰੀਕ 12 ਅਕਤੂਬਰ 2015 ਦਰਜ ਕੀਤਾ ਗਿਆ ਸੀ ਅਤੇ ਇਹਨਾਂ ਤਿੰਨੇ ਮੁਕੱਦਮਿਆਂ ਦੀ ਜਾਂਚ 2 ਨਵੰਬਰ 2015 ਨੂੰ ਸੀ. ਬੀ. ਆਈ ਨੂੰ ਸੌਂਪ ਦਿੱਤੀ ਗਈ ਸੀ ਜਿਸ ਨੇ ਪੰਜਾਬ ਪੁਲਿਸ ਵੱਲੋਂ ਹੋਰਨਾਂ ਕੇਸਾਂ ਵਿੱਚ ਗ੍ਰਿਫਤਾਰ 10 ਵਿਅਕਤੀਆਂ ਵਿੱਚੋਂ 3 ਡੇਰਾ ਸਿਰਸਾ ਪਰੇਮੀਆਂ ਨੂੰ ਇਹਨਾਂ ਤਿੰਨੇ ਕੇਸਾਂ ਵਿਚ ਨਾਮਜ਼ਦ ਕਰਕੇ ਜਾਂਚ ਸ਼ੁਰੂ ਕੀਤੀ ਸੀ ਅਤੇ ਅੰਤ 4 ਜੁਲਾਈ 2019 ਨੂੰ ਇਹਨਾਂ ਤਿੰਨਾਂ ਕੇਸਾਂ ਦੀ ਸਾਂਝੀ ਕਲੋਜ਼ਰ ਰਿਪੋਰਟ ਅਦਾਲਤ ਵਿਚ ਦਾਖਲ ਕਰ ਦਿੱਤੀ ਜਿਸ ਵਿਚ ਸਾਂਝੀ ਕਲੋਜ਼ਰ ਰਿਪੋਰਟ ਦੇਣ ਦੇ ਮੁੱਖ ਰੂਪ ਵਿਚ 3 ਆਧਾਰ ਬਣਾਏ ਗਏ ਹਨ :

  1. ਕੋਈ ਮੌਕੇ ਦਾ ਗਵਾਹ ਨਹੀਂ ਮਿਲਿਆ।
  2. ਹੱਥ-ਲਿਖਤ ਦੇ ਮਾਹਰ, ਹੱਥਾਂ ਦੇ ਨਿਸ਼ਾਨਾਂ ਦੇ ਮਾਹਰ ਅਤੇ ਮਨੋਵਿਗਿਆਨਕ ਜਾਂਚ ਮਾਹਰਾਂ ਦੀਆਂ ਫੌਰੈਂਸਿਕ ਜਾਂਚ ਰਿਪੋਰਟਾਂ ਵਿੱਚ ਮੌਜੂਦਾਂ ਦੋਸ਼ੀਆਂ ਦੇ ਖਿਲਾਫ ਨਾ ਹੋਣਾ।
  3. ਪੰਜਾਬ ਸਰਕਾਰ ਵੱਲੋਂ 6 ਸਤੰਬਰ 2018 ਦੇ ਨੋਟੀਫਿਕੇਸ਼ਨ ਦੁਆਰਾ ਸੀ. ਬੀ. ਆਈ ਤੋਂ ਜਾਂਚ ਵਾਪਸ ਲੈਣਾ।

ਸਾਂਝੀ ਕਲੋਜ਼ਰ ਰਿਪੋਰਟ ਵਿੱਚ 106 ਗਵਾਹਾਂ ਦੀ ਸੂਚੀ ਅਤੇ 70 ਦਸਤਾਵੇਜਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਮੁੱਢਲੀ ਤਫਤੀਸ਼ ਵਿਚ ਸ਼ਾਮਲ ਕੀਤੇ ਵਿਅਕਤੀਆਂ ਨੂੰ ਮੁੜ ਜਾਂਚ ਵਿੱਚ ਸ਼ਾਮਲ ਕੀਤੇ ਜਾਣ ਦਾ ਵੀ ਜ਼ਿਕਰ ਹੈ ਪਰ ਕਈ ਗੱਲਾਂ ਅਜਿਹੀਆਂ ਵੀ ਹਨ ਜਿਹਨਾਂ ਸਬੰਧੀ ਨਾ ਤਾਂ ਪਹਿਲਾਂ ਮੀਡੀਏ ਵਿਚ ਚਰਚਾ ਹੋਈ ਹੈ ਅਤੇ ਨਾ ਹੀ ਸ਼ਾਇਦ ਆਮ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਹੈ।

ਘਰੇਲੂ ਗੈਸ ਵਾਲਾ, ਨਰੇਗਾ ਮਜਦੂਰ ਤੇ ਖਰਬੂਜਿਆਂ ਵਾਲਾ ?

ਸੀ. ਬੀ. ਆਈ ਦੀ ਸਾਂਝੀ ਕਲੋਜ਼ਰ ਰਿਪੋਰਟ ਮੁਤਾਬਕ 1 ਜੂਨ 2015 ਜਿਸ ਦਿਨ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ-ਘਰ ’ਚੋ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਹੋਣ ਬਾਰੇ ਸਵਰਨਜੀਤ ਕੌਰ ਪਤਨੀ ਗੋਰਾ ਸਿੰਘ ਗ੍ਰੰਥੀ ਨੂੰ ਦੋ ਬੱਚਿਆਂ ਲਵਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਸ਼ਾਮ ਕਰੀਬ 4 ਵਜੇ ਦੱਸਿਆ ਸੀ। ਦੁਪਹਿਰ ਬਾਅਦ ਕਰੀਬ 3 ਵਜੇ ਬੱਚੇ ਗੁਰਮਤ ਕਲਾਸ ਲਈ ਗੁਰੂ-ਘਰ ਪਹੁੰਚਣੇ ਸ਼ੁਰੂ ਹੋ ਗਏ ਸਨ। ਇਸ ਤੋਂ ਪਹਿਲਾਂ ਦੁਪਹਿਰ 2 ਵਜੇ ਤੋਂ ਬਾਅਦ ਇੱਕ ਫਲ਼ ਵੇਚਣ ਵਾਲੇ (ਖਰਬੂਜਿਆਂ ਵਾਲੇ) ਨੇ ਹੋਕਾ ਦੇਣ ਲਈ ਗੁਰੂ-ਘਰ ਦੇ ਦਰਬਾਰ ਹਾਲ ਦੇ ਸਪੀਕਰ ਦੀ ਵਰਤੋਂ ਕੀਤੀ ਸੀ, ਜਿਸ ਨੂੰ ਦਰਬਾਰ ਹਾਲ ਵਿੱਚ ਗ੍ਰੰਥੀ-ਸਿੰਘ ਦੇ ਭਾਈ ਗੋਰਾ ਸਿੰਘ ਦਾ ਬੱਚਾ ਲਵਪ੍ਰੀਤ ਸਿੰਘ ਤੇ ਉਸ ਦਾ ਦੋਸਤ ਗੁਰਪ੍ਰੀਤ ਸਿੰਘ ਲੈ ਕੇ ਗਏ ਸਨ ਅਤੇ ਖਰਬੂਜਿਆਂ ਵਾਲੇ ਨੇ ਦੋਨਾਂ ਬੱਚਿਆਂ ਨੂੰ ਖਾਣ ਲਈ ਇੱਕ ਖਰਬੂਜਾ ਵੀ ਦਿੱਤਾ ਸੀ। ਸੋ ਸਵਾਲ ਉੱਠਦਾ ਹੈ ਕਿ ਕੀ ਉਸ ਖਰਬੂਜਿਆਂ ਵਾਲੇ ਨੂੰ ਕਦੀ ਸ਼ਾਮਲ ਤਫਤੀਸ਼ ਕੀਤਾ ਗਿਆ ਜਾਂ ਨਹੀਂ  ? ਅੱਜ ਤੱਕ ਇਸ ਸਬੰਧੀ ਪੰਜਾਬ ਪੁਲਿਸ ਜਾਂ ਮੀਡੀਆ ਵੱਲੋਂ ਕੋਈ ਗੱਲ ਕਿਉਂ ਨਹੀਂ ਕੀਤੀ  ?  1 ਜੂਨ 2015 ਨੂੰ ਉਸ ਗੁਰੂ-ਘਰ ਵਿੱਚ ਸਵੇਰੇ 11 ਵਜੇ ਘਰੇਲੂ ਗੈਸ ਵਾਲੇ ਨੇ ਵੀ ਹੋਕਾ ਦੇਣ ਲਈ ਗੁਰੂ-ਘਰ ਦੇ ਸਪੀਕਰ ਦੀ ਵਰਤੋਂ ਕੀਤੀ ਸੀ ਅਤੇ ਨਰੇਗਾ ਮਜਦੂਰ ਗੁਰੂ-ਘਰ ਦੀ ਸਫਾਈ ਸਵੇਰ ਤੋਂ ਕਰ ਰਹੇ ਸਨ, ਜਿਹਨਾਂ ਕੋਲ ਰੰਬੇ, ਦਾਤੀਆਂ, ਕਹੀਆਂ ਆਦਿ ਸੰਦ ਸਨ, ਜੋ ਦੁਪਹਿਰ ਦੀ ਰੋਟੀ 1 ਵਜੇ ਖਾ ਕੇ ਦੋਬਾਰਾ 2 ਵਜੇ ਕੰਮ ਕਰਨ ਗੁਰੂ-ਘਰ ਪੁੱਜ ਗਏ ਸਨ।

ਜੇ ਗੁਰੂ-ਘਰ ਦੇ ਸਾਹਮਣੀਆਂ ਦੁਕਾਨਾਂ ਵਾਲਿਆਂ ਦੇ ਦੱਸਣ ਮੁਤਾਬਕ ਕੋਈ ਅਣਸੁਖਾਂਵੀਂ ਜਾਂ ਸ਼ੱਕੀ ਗੱਲ ਨਹੀਂ ਵਾਪਰੀ ਤਾਂ ਕੀ ਇਸ ਗੱਲ ਦੀ ਜਾਂਚ ਕੀਤੀ ਗਈ ਕਿ ਕੀ ਗੁਰੂ ਸਾਹਿਬ ਜੀ ਦਾ ਸਰੂਪ ਗੁਰੂ ਘਰ ਵਿੱਚੋਂ ਕੌਣ ਜਾਂ ਕਿਵੇਂ ਲੈ ਗਿਆ  ?  ਜਾਂ ਕੀ ਗੁਰੂ ਸਾਹਿਬ ਜੀ ਦਾ ਸਰੂਪ ਗੁਰੂ-ਘਰ ਵਿੱਚੋਂ ਬਾਹਰ ਗਿਆ ਵੀ ਸੀ ਜਾਂ ਕੋਈ ਇਕੱਲੇ ਅੰਗ ਪਾੜ ਕੇ ਲੈ ਗਿਆ ? ਜਾਂ ਅੰਗ ਪਾੜਨ ਅਤੇ ਸਰੂਪ ਚੋਰੀ ਹੋਣ ਦੀਆਂ ਘਟਨਾਵਾਂ ਉਸ ਦਿਨ ਵੱਖ-ਵੱਖ ਸਮੇਂ ਕੀਤੀਆਂ ਗਈਆਂ ? ਇਹ ਗੱਲ ਵੀ ਹੈ ਕਿ ਗੁਰੂ-ਘਰ ਦੇ ਸਾਹਮਣੇ ਦੁਕਾਨ ਵਾਲੇ ਗੁਰਦੇਵ ਇੰਸਾਂ ਦਾ ਕਤਲ ਸਿੱਖ ਨੌਜਵਾਨਾਂ ਵੱਲੋਂ ਉਸ ਨੂੰ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਕਰਣ/ਕਰਵਾਉਂਣ ਦੇ ਦੋਸ਼ਾਂ ਤਹਿਤ ਹੀ ਕੀਤਾ ਗਿਆ ਸੀ।

ਡੇਰਾ ਸਿਰਸਾ ਹਲਾਤਾਂ ਮੁਤਾਬਕ ਦੋਸ਼ੀ ?

ਸੀ. ਬੀ. ਆਈ ਨੇ ਆਪਣੀ ਸਾਂਝੀ ਕਲੋਜ਼ਰ ਰਿਪੋਰਟ ਵਿੱਚ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ ਕਿ ਇਹਨਾਂ ਘਟਨਾਵਾਂ ਸਬੰਧੀ ਕੋਈ ਮੌਕੇ ਦਾ ਗਵਾਹ ਨਹੀਂ ਮਿਲਿਆ ਅਤੇ ਸ਼ਾਇਦ ਸੀ. ਬੀ. ਆਈ ਨੇ ਜਾਣ-ਬੁੱਝ ਕੇ ਅਣਜਾਣਤਾ ਕੀਤੀ ਹੈ ਕਿਉਂਕਿ ਜਿੰਨਾਂ ਕੇਸਾਂ ਵਿੱਚ ਮੌਕੇ ਦਾ ਕੋਈ ਗਵਾਹ ਨਹੀਂ ਮਿਲਦਾ ਉੱਥੇ ਹਲਾਤਾਂ ਮੁਤਾਬਕ ਜਾਂਚ ਕੀਤੀ ਜਾਂਦੀ ਹੈ ਅਤੇ ਦੋਸ਼ੀ ਨਾਮਜ਼ਦ ਕੀਤੇ ਜਾਂਦੇ ਹਨ। ਹਲਾਤ ਇਹ ਦਰਸਾਉਂਦੇ ਹਨ ਕਿ ਡੇਰਾ ਸਿਰਸਾ ਅਤੇ ਸਿੱਖਾਂ ਵਿਚਕਾਰ 2007 ਵਿੱਚ ਡੇਰਾ ਸਿਰਸਾ ਮੁਖੀ ਵੱਲੋਂ ਦਸਮ ਪਾਤਸ਼ਾਹ ਦਾ ਸਵਾਂਗ ਰਚਣ ਤੋਂ ਟਕਰਾਅ ਸੀ, ਜਿਸ ਕਾਰਨ ਡੇਰਾ ਸਿਰਸਾ ਮੁਖੀ ਪੰਜਾਬ ਵਿੱਚ ਨਹੀਂ ਸੀ ਆ ਸਕਿਆ। ਉਸ ਨੂੰ ਮਾਰਨ ਲਈ ਸਿੱਖ ਨੌਜਵਾਨਾਂ ਦੇ ਬਲਾਸਟ ਵੀ ਕੀਤਾ। ਉਸ ਦੇ ਪ੍ਰੇਮੀ ਪੰਜਾਬ, ਭਾਰਤ ਅਤੇ ਵਿਦੇਸ਼ਾਂ ਵਿੱਚ ਘਟ ਰਹੇ ਸਨ, ਇਸ ਲਈ ਉਹ ਸਿੱਖਾਂ ਨੂੰ ਦੋਸ਼ੀ ਮੰਨਦਾ ਸੀ। ਸਿੱਖ ਉਸ ਦੀ ਹਰ ਚੀਜ਼ ਦਾ, ਹਰ ਥਾਂ ਵਿਰੋਧ ਕਰ ਰਹੇ ਸਨ। ਉਸ ਦੀਆਂ ਬੇਹੁਦਾ ਫਿਲਮਾਂ ਦਾ ਵੀ ਵਿਰੋਧ ਸਿੱਖਾਂ ਨੇ ਹੀ ਕੀਤਾ ਤਾਂ ਫਿਰ ਉਸ ਨੇ ਵੱਡੀ ਸਾਜ਼ਿਸ਼ ਤਹਿਤ ਇਹਨਾਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਘਟਨਾਵਾਂ ਦੀਆਂ ਤਰੀਕਾਂ, ਹਲਾਤਾਂ ਦੀ ਗਵਾਹੀ; ਡੇਰਾ ਸਿਰਸਾ ਨੂੰ ਦੋਸ਼ੀ ਸਿੱਧ ਕਰਦੀਆਂ ਹਨ, ਜਿਸ ਤਹਿਤ 1 ਜੂਨ 2015 ਨੂੰ ਗੁਰੂ ਸਾਹਿਬ ਜੀ ਦਾ ਸਰੂਪ ਚੋਰੀ ਹੋਣਾ।  

1 ਜੂਨ ਨੂੰ ਹੀ ਉਸ ਗੁਰੂ-ਘਰ ਵਿੱਚ ਸ਼ੱਕੀਆਂ ਦਾ ਬਾਰ-ਬਾਰ ਆਉਂਣਾ, ਗੁਰੂ-ਘਰ ਸਾਹਮਣੇ ਡੇਰਾ ਪ੍ਰੇਮੀ ਗੁਰਦੇਵ ਇੰਸਾਂ ਦੀ ਦੁਕਾਨ, ਜਿਸ ਦਾ ਕਤਲ ਬਾਅਦ ਵਿੱਚ ਨੌਜਵਾਨਾਂ ਨੇ ਆਪਣੇ ਤੌਰ ’ਤੇ ਕੀਤੀ ਜਾਂਚ ਮੁਤਾਬਕ ਉਸ ਨੂੰ ਦੋਸ਼ੀ ਮੰਨ ਕੇ ਕੀਤਾ।  18 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਦੀ ਫਿਲਮ ਪੰਜਾਬ ਤੋਂ ਇਲਾਵਾ ਬਾਕੀ ਭਾਰਤ ਵਿੱਚ ਰਿਲੀਜ਼ ਹੋਣਾ, ਡੇਰਾ ਪਰੇਮੀਆਂ ਵੱਲੋਂ ਧਰਨੇ ਮੁਜ਼ਾਹਰੇ, 23 ਸਤੰਬਰ ਨੂੰ ਪੰਜਾਬ ਵਿੱਚ ਵੀ ਡੇਰਾ ਸਿਰਸਾ ਮੁਖੀ ਦੀ ਫਿਲਮ ਰਿਲੀਜ਼ ਹੋਣਾ, 24/25 ਸਤੰਬਰ 2015 ਨੂੰ ਡੇਰਾ ਸਿਰਸਾ ਪਰੇਮੀਆਂ ਵੱਲੋਂ ਧਮਕੀ ਭਰੇ ਇਸ਼ਤਿਹਾਰ ਲਾਉਂਣੇ, 24 ਸਤੰਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ 2007 ਦੀ ਘਟਨਾ ਲਈ ਬੇਅਣਖੇ ਜਥੇਦਾਰਾਂ ਵੱਲੋਂ ਮੁਆਫੀ ਦੇਣੀ, 12 ਅਕਤੂਬਰ 2015 ਨੂੰ ਗੁਰੂ ਸਾਹਿਬ ਜੀ ਦੇ ਅੰਗ; ਬਰਗਾੜੀ ਦੀਆਂ ਗਲੀਆਂ ਵਿੱਚ ਖਿੱਲਰੇ ਮਿਲਣੇ ਤੇ 17 ਅਕਤੂਬਰ 2015 ਨੂੰ ਡੇਰਾ ਸਿਰਸਾ ਮੁਖੀ ਨੂੰ ਦਿੱਤੀ ਮੁਆਫੀ ਖਾਰਜ਼ ਹੋਣੀ। ਇਹ ਸਾਰੀਆਂ ਘਟਨਾਵਾਂ ਅਤੇ ਹਲਾਤ ਇਸ ਗੱਲ ਵੱਲ ਸਿੱਧਾ ਇਸ਼ਾਰਾ ਕਰਦੇ ਹਨ ਕਿ ਇਹ ਸਭ ਕੁਝ ਬਹੁਤ ਵੱਡੀ ਸਾਜ਼ਿਸ਼ ਤਹਿਤ ਹੋਇਆ ਹੈ ਅਤੇ ਇਸ ਦੇ ਸੂਤਰਧਾਰ ਡੇਰਾ ਸਿਰਸਾ ਮੁਖੀ ਨੂੰ ਇਸ ਸਬੰਧੀ ਕੋਈ ਪੁੱਛ-ਪੜਤਾਲ ਹੀ ਨਹੀਂ ਕੀਤੀ ਗਈ ਜਦ ਕਿ ਉਸ ਨੂੰ ਪੁਲਿਸ ਰਿਮਾਂਡ ਵਿੱਚ ਲੈ ਕੇ ਹੀ ਸਭ ਕੁਝ ਉਜਾਗਰ ਹੋ ਸਕਦਾ ਹੈ ਕਿ ਉਸ ਵੱਲੋਂ ਇਹਨਾਂ ਤਿੰਨੇ ਘਟਨਾਵਾਂ ਲਈ ਕਿੰਨੀਆਂ ਟੀਮਾਂ ਬਣਾਈਆਂ ਗਈਆਂ ਸਨ ? ਹੋ ਸਕਦਾ ਹੈ ਕਿ ਉਹਨਾਂ ਟੀਮਾਂ ਦਾ ਆਪਸੀ ਕੋਈ ਸਬੰਧ ਨਾ ਹੀ ਹੋਵੇ ? ਇਹ ਵੀ ਹੋ ਸਕਦਾ ਹੈ ਕਿ ਕੰਮ ਕਰਵਾਇਆ ਕਿਸੇ ਹੋਰ ਕੋਲੋਂ ਹੋਵੇ ਤੇ ਇੰਕਸਾਫ ਕਿਸੇ ਹੋਰ ਤੋਂ ਕਰਵਾ ਦਿੱਤੇ ਹੋਣ, ਜਿਸ ਕਾਰਨ ਵਿਗਿਆਨਕ ਜਾਂਚ ਵਿੱਚ ਕੋਈ ਸਬੂਤ ਨਾ ਬਣ ਸਕੇ ?

ਬੇਅੰਤ ਸੁਨਿਆਰੇ ਤੋਂ ਅੰਗ 115 ਦੀ ਬਰਾਮਦਗੀ  ?

ਪਿੰਡ ਬਰਗਾੜੀ ਦੀਆਂ ਗਲੀਆਂ ਵਿੱਚ 12 ਅਕਤੂਬਰ 2015 ਨੂੰ ਗੁਰੂ ਸਾਹਿਬ ਜੀ ਦੇ ਅੰਗ ਮਿਲਣ ਤੋਂ ਬਾਅਦ 17 ਅਕਤੂਬਰ 2015 ਨੂੰ ਪਿੰਡ ਕੋਟ ਸੁੱਖੇ ਦੇ ਬੇਅੰਤ ਸੁਨਿਆਰੇ ਕੋਲੋਂ ਪੁਲਿਸ ਨੇ ਗੁਰੂ ਸਾਹਿਬ ਜੀ ਦੇ ਅੰਗ 115 ਦੀ ਬਰਾਮਦਗੀ ਕੀਤੀ। ਇਸ ਵਿਅਕਤੀ ਕੋਲ ਗੁਰੂ ਸਾਹਿਬ ਜੀ ਦਾ ਅੰਗ ਕਿਵੇਂ ਪਹੁੰਚਾ  ? ਇਹ ਤੱਥ ਵੀ ਜਾਂਚ ਦੀ ਮੰਗ ਕਰਦਾ ਹੈ।      

ਸਾਂਝੀ ਕਲੋਜ਼ਰ ਰਿਪੋਰਟ ਦਾ ਬਣੇਗਾ ਕੀ ?

ਸਭ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਕੀ ਹੁਣ ਬੇਅਦਬੀ ਦੇ ਉਕਤ ਤਿੰਨੋਂ ਕੇਸ ਖ਼ਤਮ ਹੋ ਗਏ ਹਨ ? ਪਰ ਅਜਿਹਾ ਨਹੀਂ ਹੈ। ਇੱਕ ਗੱਲ ਤਾਂ ਸਪੱਸ਼ਟ ਹੈ ਕਿ ਇਹਨਾਂ ਕੇਸਾਂ ਦੀ ਜਾਂਚ ਹੁਣ ਸੀ. ਬੀ. ਆਈ. ਨਹੀਂ ਕਰੇਗੀ ਅਤੇ ਨਾ ਹੀ ਇਹ ਕੇਸ ਸੀ. ਬੀ. ਆਈ. ਆਦਾਲਤ ਵਿੱਚ ਚੱਲ ਸਕਦਾ ਹੈ। ਸੀ. ਬੀ. ਆਈ. ਕੋਲੋਂ ਹੀ ਜਦੋਂ ਜਾਂਚ ਵਾਪਸ ਲੈ ਲਈ ਗਈ ਹੈ ਤਾਂ ਹੁਣ ਕੇਸ ਸੀ. ਬੀ. ਆਈ. ਮੈਜਿਸਟ੍ਰੇਟ ਮੋਹਾਲੀ ਵੱਲੋਂ ਉਸੇ ਤਰ੍ਹਾਂ ਫਾਈਲ ਵਾਪਸ ਫਰੀਦਕੋਟ ਅਦਾਲਤ ਵਿੱਚ ਭੇਜ ਦਿੱਤੀ ਜਾਵੇਗੀ ਜਿਸ ਤਰ੍ਹਾਂ ਫਾਈਲ 2015 ਵਿੱਚ ਸੀ. ਬੀ. ਆਈ. ਨੂੰ ਜਾਂਚ ਮਿਲਣ ਤੋਂ ਬਾਅਦ ਫਰੀਦਕੋਰਟ ਅਦਾਲਤ ਵੱਲੋਂ ਸੀ. ਬੀ. ਆਈ. ਮੈਜਿਸਟ੍ਰੇਟ ਮੋਹਾਲੀ ਨੂੰ ਭੇਜੀ ਗਈ ਸੀ ਅਤੇ ਜਾਂਚ ਦੀ ਫਾਈਲ ਵੀ ਸੀ. ਬੀ. ਆਈ. ਵੱਲੋਂ ਮੁੜ ਪੰਜਾਬ ਪੁਲਿਸ ਨੂੰ ਵਾਪਸ ਮਿਲ ਜਾਵੇਗੀ। ਦੇਖਣਾ ਇਹ ਹੈ ਕਿ ਹੁਣ ਪੰਜਾਬ ਸਰਕਾਰ ਅਤੇ ਪੁਲਿਸ ਇਹਨਾਂ ਕੇਸਾਂ ਨੂੰ ਕਿਸ ਪਾਸੇ ਵੱਲ ਲੈ ਕੇ ਜਾਵੇਗੀ ? ਵੈਸੇ ਇਸ ਮੁਲਕ ਵਿੱਚ ਸਿੱਖਾਂ ਨੂੰ ਨਿਆਂ ਦੀ ਆਸ ਜ਼ਿਆਦਾ ਨਹੀਂ ਪਰ ਫਿਰ ਵੀ ਕੌਮਾਂਤਰੀ ਭਾਈਚਾਰੇ ਅੱਗੇ ਰੱਖਣ ਲਈ ਸਾਨੂੰ ਇਸ ਸਭ ਕਾਸੇ ਵਿੱਚੋਂ ਲੰਘਣਾ ਹੀ ਪੈਣਾ ਹੈ। ਅਸਲ ਗੱਲ ਤਾਂ ਇਹ ਹੈ ਕਿ ਖਾਲਸਾ ਨਿਆਂ-ਸ਼ਾਸਤਰ ਦੇ ਲਾਗੂ ਹੋਣ ਨਾਲ ਹੀ ਇਨਸਾਫ਼ ਮਿਲ ਸਕਦਾ ਹੈ। ਬਾਜਾਂ ਵਾਲਾ ਆਪ ਸਹਾਈ ਹੋਵੇ।

-0-

ਦਿੱਲੀ ’ਚ ਭਗਤ ਰਵਿਦਾਸ ਮੰਦਿਰ ਨੂੰ ਢਾਹੁਣ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਕਰੜਾ ਵਿਰੋਧ

0

ਦਿੱਲੀ ’ਚ ਭਗਤ ਰਵਿਦਾਸ ਮੰਦਿਰ ਨੂੰ ਢਾਹੁਣ ਦਾ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਵਲੋਂ ਕਰੜਾ ਵਿਰੋਧ

ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਉੱਪਰ ਕਰ ਰਹੀ ਹੈ ਨਾਗਪੁਰ ਦਾ ਏਜੰਡਾ ਲਾਗੂ

ਬੀਤੇ ਦਿਨ ਕੇਂਦਰ ਦੀ ਭਾਜਪਾ ਸਰਕਾਰ ਦੇ ਇਸ਼ਾਰੇ ਉਤੇ ਦਿੱਲੀ ਦੇ ਤੁਗਲਕਾਬਾਦ ਵਿਚ ਲਗਭਗ 500 ਸਾਲ ਪੁਰਾਣਾ ਭਗਤ ਰਵਿਦਾਸ ਮੰਦਿਰ ਢਾਹੇ ਜਾਣ ਦੀਆਂ ਖਬਰਾਂ ਨੇ ਜਿੱਥੇ ਦਲਿਤ ਭਾਈਚਾਰੇ ਦੇ ਦਿਲਾਂ ਨੂੰ ਭਾਰੀ ਢੇਸ ਪਹੁੰਚਾਈ ਹੈ ਉੱਥੇ ਸਿੱਖ ਭਾਈਚਾਰੇ ਵਿਚ ਵੀ ਇਸ ਦਾ ਵੱਡਾ ਰੋਸ ਪਾਇਆ ਜਾ ਰਿਹਾ ਹੈ। ਸਿੱਖ ਕੋਆਰਡੀਨੇਸ਼ਨ ਕਮੇਟੀ ਇਸ ਘਟੀਆ ਕਾਰਵਾਈ ਦਾ ਸਖਤ ਸ਼ਬਦਾਂ ਵਿਚ ਵਿਰੋਧ ਕਰਦੀ ਹੈ। ਕਮੇਟੀ ਦੇ ਅਹੁਦੇਦਾਰ ਹਿੰਮਤ ਸਿੰਘ ਨਿਊਯਾਰਕ (ਕੋਆਰਡੀਨੇਟਰ), ਕੇਵਲ ਸਿੰਘ ਸਿੱਧੂ ਪੈਨਸਿਲਵੇਨੀਆਂ (ਖਜਾਨਚੀ), ਹਰਜਿੰਦਰ ਸਿੰਘ ਨਿਊਜਰਸੀ (ਮੀਡੀਆ ਸਪੋਕਸਪਰਸਨ), ਵੀਰ ਸਿੰਘ ਮਾਂਗਟ (ਮੈਂਬਰ), ਦਵਿੰਦਰ ਸਿੰਘ ਦਿਓ ਵਰਜ਼ੀਨੀਆਂ (ਮੈਂਬਰ) ਨੇ ਕਿਹਾ ਕਿ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਹੈ, ਜਿਸ ਕਾਰਨ ਹਰ ਸਿੱਖ ਉਨ੍ਹਾਂ ਦੀ ਬਾਣੀ ਨਾਲ ਜੁੜਿਆ ਹੋਇਆ ਹੈ।ਇਸ ਲਈ ਜੇਕਰ ਭਗਤ ਰਵਿਦਾਸ ਜੀ ਦੀ ਕਿਸੇ ਵੀ ਯਾਦਗਾਰ ਨਾਲ ਕੋਈ ਅਣਹੋਣੀ ਹੁੰਦੀ ਹੈ ਤਾਂ ਸਿੱਖ ਭਾਈਚਾਰੇ ਨੂੰ ਦੁੱਖ ਪਹੁੰਚਣਾ ਸੁਭਾਵਕ ਹੀ ਹੈ। ਆਗਆਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਇਸ ਕਾਰਵਾਈ ਨੂੰ ਨਹੀਂ ਰੋਕਦੀ ਤਾਂ ਇਸ ਨਾਲ ਸਮੁੱਚੇ ਦੇਸ਼ ਵਿਚ ਹਾਲਾਤ ਖਰਾਬ ਹੋ ਸਕਦੇ ਹਨ ਇਸ ਲਈ ਇਸ ਸਬੰਧੀ ਜਲਦੀ ਤੋਂ ਜਲਦੀ ਰੋਕ ਲਗਾਈ ਜਾਵੇ। ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਆਰ.ਐੱਸ.ਐੱਸ ਦੇ ਇਸ਼ਾਰਿਆਂ ਉਤੇ ਚੱਲ ਕੇ ਸਮੁੱਚੇ ਭਾਰਤ ਵਿਚ ਹਿੰਦੀ, ਹਿੰਦੂ, ਹਿੰਦੋਸਤਾਨ ਦਾ ਏਜੰਡਾ ਲਾਗੂ ਕਰਨਾ ਚਾਹੁੰਦੀ ਹੈ ਜਦਕਿ ਭਾਰਤ ਵਿਚ ਬਹੁਤ ਸਾਰੇ ਧਰਮਾਂ ਦੇ ਲੋਕ ਵਸਦੇ ਹਨ ਜਿਨ੍ਹਾਂ ਨੂੰ ਅਜ਼ਾਦੀ ਨਾਲ ਜ਼ਿੰਦਗੀ ਜਿਊਣ ਦਾ ਹੱਕ ਮਿਲਣਾ ਚਾਹੀਦਾ ਹੈ।

Issued by: Himmat Singh  Newyork – Coordinator SCCEC Phone: +1 (646) 358-7745

ਅੰਮ੍ਰਿਤਸਰ ਸ਼ਹਿਰ ਨਾਲ ਜੋੜਿਆ ਜਾਂਦਾ ਹਿੰਦੂ ਮਿਥ

0

ਅੰਮ੍ਰਿਤਸਰ ਸ਼ਹਿਰ ਨਾਲ ਜੋੜਿਆ ਜਾਂਦਾ ਹਿੰਦੂ ਮਿਥ

ਗਿਆਨੀ ਅਵਤਾਰ ਸਿੰਘ

ਕਹਿੰਦੇ ਹੈ ਕਿ ਇਥੇ ਵਾਲਮੀਕ ਰਾਮਾਇਣ ਲਿਖੀ ਗਈ। ਸੀਤਾ ਨੇ ਲਵ ਨੂੰ ਜਨਮ ਦਿੱਤਾ। ਕੱਖਾਂ (ਘਾਹ) ਵਿੱਚ ਜਾਨ ਪਾ ਕੇ ਵਾਲਮੀਕ ਨੇ ਸੀਤਾ ਲਈ ਇਕ ਹੋਰ ਪੁੱਤਰ ਕੁਸ਼ ਨੂੰ ਪ੍ਰਗਟ ਕੀਤਾ।

ਰਾਜਾ ਰਾਮਚੰਦਰ ਨੇ ਅਸ਼ਵਮੇਧ ਯੱਗ ਲਈ ਘੋੜਾ ਛੱਡਿਆ, ਜੋ ਵਾਲਮੀਕ ਆਸ਼ਰਮ ਵੱਲ ਚਲਾ ਗਿਆ। ਲਵ ਤੇ ਕੁਸ਼ ਨੇ ਉਹ ਫੜ ਲਿਆ, ਲੜਾਈ ਹੋਈ। ਕੁਸ਼ ਤੇ ਲਵ ਨੇ ਰਾਮਚੰਦਰ ਸਮੇਤ ਉਸ ਦੀ 4 ਕਰੋੜ 20 ਲੱਖ ਸੈਨਾ ਮਾਰ ਦਿੱਤੀ। ਪਤੀ ਦੀ ਮੌਤ ਉਪਰੰਤ ਸੀਤਾ ਨੂੰ ਚਿੰਤਤ ਵੇਖ ਵਾਲਮੀਕੀ ਨੇ ਉਨਾਂ ਉਤੇ ਅੰਮ੍ਰਿਤ ਛਿੜਕਿਆ ਤੇ ਰਾਮ ਸਮੇਤ ਸਭ ਫੌਜੀ ਜੀਵਤ ਹੋਏ। ਬਾਕੀ ਅੰਮ੍ਰਿਤ ਲਵ-ਕੁਸ਼ ਨੂੰ ਓਥੇ ਹੀ ਦੱਬਣ ਲਈ ਕਿਹਾ, ਜਿਸ ਨੂੰ ਪੀ ਕੇ ਬਾਅਦ ਵਿਚ ਰਜਨੀ-ਪਤੀ ਦੇ ਜਨਮਾਂ ਦਾ ਕੋੜ੍ਹ ਦੂਰ ਹੋਇਆ। ਗੁਰੂ ਰਾਮਦਾਸ ਜੀ ਨੂੰ ਇਸ ਅੰਮ੍ਰਿਤ ਸ਼ਕਤੀ ਬਾਰੇ ਪਤਾ ਸੀ ਉਨ੍ਹਾਂ ਇਸ ਸ਼ਹਿਰ ਦਾ ਨਾਮ ਅੰਮ੍ਰਿਤਸਰ ਰੱਖਿਆ ਪਰ ਸੱਚ ਇਹ ਹੈ ਕਿ ਸੰਨ 0001 ਈਸਵੀ ਨੂੰ ਵਿਸ਼ਵ ਜਨਸੰਖਿਆ ਕੁਲ 20 ਕਰੋੜ ਸੀ, ਰਾਮਚੰਦਰ ਇਸ ਤੋਂ ਵੀ 2500 ਸਾਲ ਪਹਿਲਾਂ ਪੈਦਾ ਹੋਏ ਦੱਸਿਆ ਗਿਆ। ਕੀ ਅੰਮ੍ਰਿਤਸਰ ‘ਚ ਤਦ 4.20 ਕਰੋੜ ਕੇਵਲ ਫੌਜ ਖੜ ਸਕੀ ਹੋਵੇਗੀ। ਧੰਨ ਹਨ ਉਹ ਸਿੱਖ ਪ੍ਰਚਾਰਕ ਜੋ ਰਜਨੀ ਦੇ ਪਿਤਾ ਤੋਂ ਉਸ ਦੀ ਸ਼ਾਦੀ ਇਕ ਕੋਹੜੀ ਨਾਲ ਕਰਵਾ ਕੇ ਦੁਖ ਭੰਜਨੀ ਬੇਰੀ ਦੀ ਮਹਾਨਤਾ ਪ੍ਰਗਟਾਂਦੇ ਹਨ ਤੇ ਆਖਦੇ ਵੀ ਹਨ ਅਸੀਂ ਹਿੰਦੂ ਨਹੀਂ।

Most Viewed Posts