ਕੀ ਗੁਰੂ ਨਾਨਕ ਜੀ ਨੇ ‘ਆਵਨਿ ਅਠਤਰੈ, ਜਾਨਿ ਸਤਾਨਵੈ’ ਸ਼ਬਦ ਜੋਤੀ ਜੋਤ ਸਮਾਉਣ ਤੋਂ ਬਾਅਦ ਉਚਾਰਿਆ?

0
2551

ਕੀ ਗੁਰੂ ਨਾਨਕ ਜੀ ਨੇ ਆਵਨਿ ਅਠਤਰੈ, ਜਾਨਿ ਸਤਾਨਵੈਸ਼ਬਦ ਜੋਤੀ ਜੋਤ ਸਮਾਉਣ ਤੋਂ ਬਾਅਦ ਉਚਾਰਿਆ?

ਗਿਆਨੀ ਅਵਤਾਰ ਸਿੰਘ

ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਇਸ ਸ਼ਬਦ ਦੇ ਅਰਥ ਵਾਚਣੇ ਜ਼ਰੂਰੀ ਹੈ, ਜੀ, ਜੋ ਹੇਠਾਂ ਦਿਤੇ ਜਾ ਚੁੱਕੇ ਹਨ।

ਇਤਿਹਾਸਕਾਰ ਡਾਕਟਰ ਸੁਖਦਿਆਲ ਸਿੰਘ (ਪਟਿਆਲਾ) ਮੁਤਾਬਕ ਹਥਲਾ ਸ਼ਬਦ ਸੰਨ 1521 (ਸੰਮਤ 1578) ’ਚ ਨਹੀਂ ਬਲਕਿ ਸੰਨ 1540 (ਸੰਮਤ 1597) ਈਸਵੀ ’ਚ ਉਚਾਰਿਆ ਗਿਆ ਹੈ, ਇਸੇ ਨੂੰ ਆਧਾਰ ਬਣਾ ਕੇ ਇਨ੍ਹਾਂ ਨੇ ਆਪਣੀ ‘ਸ਼ਿਰੋਮਣੀ ਸਿੱਖ ਇਤਿਹਾਸ’ ਕਿਤਾਬ ’ਚ ਗੁਰੂ ਨਾਨਕ ਜੀ ਦਾ ਜੋਤੀ ਜੋਤ ਸਮਾਂ 22 ਸਤੰਬਰ 1539 ਨੂੰ ਨਾ ਮੰਨ ਕੇ, 22 ਸਤੰਬਰ 1540 ਨੂੰ ਮੰਨਿਆ ਹੈ, ਪਰ ਇਸ ਸ਼ਬਦ ’ਚ ਕਾਲ (ਸਮੇਂ) ਨੂੰ ਪ੍ਰਗਟਾਉਂਦੇ ਕਿਰਿਆਵਾਚੀ ਸ਼ਬਦ; ਵਰਤਮਾਨ ਤੇ ਭਵਿਖਕਾਲ ਸੂਚਕ ਹਨ, ਜਿਨ੍ਹਾਂ ਰਾਹੀਂ ਸ਼ਬਦ ਦਾ ਉਚਾਰਨ ਸਮਾਂ ਸੰਨ 1521 ਸਿੱਧ ਹੁੰਦਾ ਹੈ; ਜਿਵੇਂ ਕਿ ਇਸ ਸ਼ਬਦ ’ਚ ਕੁਝ ਕਿਰਿਆਵਾਂ ਦੀ ਬਣਤਰ:

(1). ਵਰਤਮਾਨ ਕਾਲ ਸੂਚਕ ਕਿਰਿਆਵਾਂ ਹਨ : ਗਾਵੈ, ਰਵਾਈ, ਵੇਖੈ, ਆਵਨਿ, ਆਖੈ।

(2). ਭਵਿਖਕਾਲ ਸੂਚਕ ਕਿਰਿਆਵਾਂ ਹਨ: ਆਖੁ, ਕਰੇਗੁ, ਹੋਸੀ, ਸਮਾਲਸੀ, ਜਾਨਿ, ਉਠਸੀ, ਸੁਣਾਇਸੀ। ਸ਼ਬਦ ਦੇ ਸੰਖੇਪ ਅਰਥ ਇਸ ਤਰ੍ਹਾਂ ਹਨ:

ਤਿਲੰਗ ਮਹਲਾ (ਅੰਕ ੭੨੩)

ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸਪੁਰੀ ਵਿਚਿ, ਆਖੁ ਮਸੋਲਾ

ਅਰਥ: ਹੇ ਭਾਈ ਲਾਲੋ! (ਸੈਦਪੂਰ ਦੇ ਇਸ) ਕਤਲੇਆਮ ’ਚ (ਭੀ) ਮਾਲਕ (ਰੱਬ) ਦੇ ਗੁਣ ਨਾਨਕ ਗਾਉਂਦਾ ਹੈ (ਤੂੰ ਵੀ ਘਬਰਾਉਣ ਦੀ ਬਜਾਇ ਰੱਬੀ ਗੁਣ) ਗਾ (ਆਖੁ; ਇਹ ਮਾਰ-ਧਾੜ ਤਾਂ) ਮਸੋਲਾ (ਭਾਵ ਰੱਬੀ ਅਸੂਲ ਹੈ, ਜੋ ਵਾਪਰਨਾ ਹੀ) ਹੈ।

(ਨੋਟ: ਇਹ ਘਟਨਾ, ਸੰਮਤ 1578 (ਸੰਨ 1521 ਈ.) ਨੂੰ ਗੁਰੂ ਨਾਨਕ ਸਾਹਿਬ ਜੀ ਦੁਆਰਾ ਮੱਕੇ ਸ਼ਹਿਰ ਵੱਲ ਕੀਤੀ ਗਈ ਤੀਜੀ ਉਦਾਸੀ (ਜੋ ਸੰਨ 1517-1522 ਈ.) ਦੌਰਾਨ ਵਾਪਸ ਪਰਤਦਿਆਂ ਸੈਦਪੂਰ (ਪਾਕਿਸਤਾਨ) ’ਚ ਵਾਪਰੀ ਹੈ, ਜਿਸ ਨੂੰ ਹੁਣ ਏਮਨਾਬਾਦ ਆਖਦੇ ਹਨ। ਇਸ ਤੁਕ ਦੇ ਅਰਥਾਂ ’ਚ ਹੇ ਭਾਈ ਲਾਲੋ!  ਨੂੰ ਸੰਬੋਧਨ ਕਰਨ ਦਾ ਕਾਰਨ;  ਉਕਤ ਤੁਕ ’ਚ ਸ਼ਬਦ ‘ਆਖੁ’ ਦਾ ਹੋਣਾ ਹੈ, ਜੋ ਹੁਕਮੀ ਭਵਿਖ ਕਾਲ ਸੂਚਕ ਹੈ ਭਾਵ ‘ਤੂੰ ਆਖ/ਤੂੰ ਗਾ’ ਅਰਥ ਦਿੰਦਾ ਹੈ।)

ਜਿਨਿ ਉਪਾਈ, ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ

ਅਰਥ: ਜਿਸ (ਰੱਬ) ਨੇ (ਸ੍ਰਿਸ਼ਟੀ) ਪੈਦਾ ਕੀਤੀ (ਉਸ ਨੇ ਹੀ ਇਹ ਮਾਇਆ) ਮੋਹ ’ਚ ਰਚਾਈ (ਮਗਨ ਕੀਤੀ/ਮਾਰ-ਧਾੜ ਕਰਵਾਈ; ਪਰ ਉਹ ਆਪ ਇਸ ਖ਼ੱਜਲ਼-ਖ਼ੁਆਰੀ ਤੋਂ) ਵੱਖ ਇਕੱਲਾ ਬੈਠ ਕੇ (ਇਸ ਨੂੰ) ਵੇਖ ਰਿਹਾ ਹੈ (ਭਾਵ ਸਭ ਕੁਝ ਉਸ ਮੁਤਾਬਕ ਹੀ ਹੋ ਰਿਹਾ ਹੈ)।

ਸਚਾ ਸੋ ਸਾਹਿਬੁ, ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ, ਮਸੋਲਾ

ਅਰਥ: ਉਹ ਮਾਲਕ (ਆਪ) ਅਟੱਲ ਹੈ, ਅਟੱਲ ਇਨਸਾਫ਼ ਵਾਲ਼ਾ ਹੈ (ਅਗਾਂਹ ਵੀ) ਸੱਚਾ ਇਨਸਾਫ਼ ਕਰੇਗਾ (ਇਹੀ) ਵਿਧਾਨ ਹੈ।

ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ

ਅਰਥ: (ਭਾਵੇਂ) ਸਰੀਰ-ਕੱਪੜਾ ਲੀਰੋ-ਲੀਰ ਹੋ ਜਾਵੇ (ਭਾਵ ਭਾਵੇਂ ਅਸੀਂ ਨਾ ਰਹੀਏ ਪਰ) ਹਿੰਦੋਸਤਾਨ ਯਾਦ ਰੱਖੇਗਾ (ਮੇਰੇ ਇਸ) ਵਾਕ ਨੂੰ (ਕਿ)

ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ, ਮਰਦ ਕਾ ਚੇਲਾ

ਅਰਥ: (ਮੁਗ਼ਲ, ਹਿੰਦੋਸਤਾਨ ’ਚ ਸੰਮਤ) 1578 (ਸੰਨ 1521) ਨੂੰ ਆਏ ਹਨ ਤੇ ਜਾਣ (ਗੇ, ਸੰਮਤ) 1597 (ਸੰਨ 1540) ਨੂੰ (ਕਿਉਂਕਿ) ਹੋਰ ਵੀ ਉਠੇਗਾ (ਹਿੰਦੋਸਤਾਨ ’ਚ; ਕਿਸੇ) ਮਰਦ ਦਾ ਬੇਟਾ (ਹੁਕਮਰਾਨ)।

(ਨੋਟ : ਸੰਮਤ 1597 (ਜੂਨ 1540) ਨੂੰ ਕਨੌਜ ਦੇ ਮੈਦਾਨ ’ਚੋਂ ਬਾਬਰ ਦੇ ਪੁੱਤਰ ਹਮਾਯੂੰ (ਜੋ ਅਕਬਰ ਬਾਦਸ਼ਾਹ ਦਾ ਪਿਤਾ ਸੀ) ਨੂੰ ਸ਼ੇਰ ਸ਼ਾਹ ਸੂਰੀ ਨੇ ਹਰਾਇਆ, ਜੋ ਅਫ਼ਗਾਨਿਸਤਾਨ ਨੂੰ ਵਾਪਸ ਭੱਜਦਾ ਹੋਇਆ ਗੋਇੰਦਵਾਲ ਦੇ ਨੇੜਿਓਂ ਲੰਘਦਾ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨਾ ਲਈ 1 ਜੁਲਾਈ 1540 ਨੂੰ ਆਇਆ ਤੇ ਗੁਰੂ ਜੀ ਵੱਲੋਂ ਉਚੇਚਾ ਧਿਆਨ ਨਾ ਦੇਣ ਕਾਰਨ ਉਸ ਨੇ ਆਪਣੀ ਤਲਵਾਰ ਗੁਰੂ ਜੀ ਦੇ ਮਾਰਨ ਲਈ ਕੱਢੀ, ਪਰ ਗੁਰੂ ਜੀ ਦਾ ਜਵਾਬ ਕਿ ਜਿੱਥੇ ਇਹ ਕੱਢਣੀ ਸੀ ਓਥੋਂ ਭੱਜ ਆਇਆ, ਸੁਣ ਕੇ ਉਸ ਨੇ ਮਾਫ਼ੀ ਮੰਗੀ। ਇਹ ਘਟਨਾ ਜਿੱਥੇ ਭਾਰਤ ਦੇ ਇਤਿਹਾਸ ਨੂੰ ਪ੍ਰਗਟਾਉਂਦੀ ਹੈ ਓਥੇ ਗੁਰੂ ਨਾਨਕ ਸਾਹਿਬ ਜੀ ਦੁਆਰਾ 19 ਸਾਲ ਪਹਿਲਾਂ (ਸੰਮਤ 1578 ’ਚ) ਇਸ ਹਥਲੇ ਸ਼ਬਦ ’ਚ ਕੀਤੀ ਗਈ ਭਵਿੱਖਬਾਣੀ ਨੂੰ ਵੀ ਸੱਚ ਸਾਬਤ ਕਰਦੀ ਹੈ।)

ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ

ਅਰਥ : ਸਚਾਈ ਭਰਪੂਰ ਵਚਨ ਨਾਨਕ ਆਖਦਾ ਹੈ ਤੇ ਸੱਚ ਹੀ ਸੁਣਾਉਂਦਾ ਰਹੇਗਾ (ਕਿਉਂਕਿ ਇਹ ਮਨੁੱਖਾ ਜਨਮ) ਸੱਚ ਨੂੰ ਪ੍ਰਗਟਾਉਣ ਦਾ ਵੇਲ਼ਾ ਹੈ, ਸੱਚ ਨੂੰ ਸਾਬਤ ਕਰਨ ਦਾ ਸਮਾਂ ਹੈ।

(ਨੋਟ : ਉਕਤ ਸ਼ਬਦ ’ਚ ਸਾਰੇ ਹੀ ਕਿਰਿਆਵਾਚੀ ਸ਼ਬਦ ਵਰਤਮਾਨ ਕਾਲ ਜਾਂ ਭਵਿਖਤ ਕਾਲ ਸੂਚਕ ਹਨ, ਜਿਨ੍ਹਾਂ ਰਾਹੀਂ ਸਪਸ਼ਟ ਹੁੰਦਾ ਹੈ ਕਿ ਇਹ ਸ਼ਬਦ ਆਵਨਿ ਅਠਤਰੈ ਭਾਵ ਸੰਨ 1521 (ਸੰਮਤ 1578) ’ਚ ਉਚਾਰਿਆ ਗਿਆ ਹੈ, ਨਾ ਕਿ ਜਾਨਿ ਸਤਨਵੈ ਭਾਵ ਸੰਨ 1540 (ਸੰਮਤ 1597) ’ਚ। ਜੇ ਇਸ ਸ਼ਬਦ ਦਾ ਉਚਾਰਨ ਸਮਾਂ ਸੰਨ 1540 ਮੰਨੀਏ ਤਾਂ ਘਟਨਾ ਦੀ ਅਰੰਭਤਾ ਸੰਨ 1521/ਸੰਮਤ 1578 (ਆਵਨਿ ਅਠਤਰੈ) ਤੋਂ ਹੋਣ ਕਾਰਨ ਪੂਰੇ ਸ਼ਬਦਾਂ ’ਚ ਭੂਤ ਕਾਲ ਸੂਚਕ, ‘ਕੀਤਾ, ਹੋਇਆ, ਸੰਮਾਲਿਆ, ਜਾਨਿਆ, ਉਠਿਆ, ਸੁਣਾਇਆ’ ਸ਼ਬਦ ਚਾਹੀਦੇ ਸਨ, ਜੋ ਕਿ ਨਹੀਂ ਹਨ। 

ਡਾ. ਸੁਖਦਿਆਲ ਸਿੰਘ ਨੇ ਤਾਂ ਹਮਾਯੂੰ ਦਾ ਗੁਰੂ ਅੰਗਦ ਸਾਹਿਬ ਜੀ ਨੂੰ 1 ਜੁਲਾਈ 1540 ਨੂੰ ਮਿਲਣਾ ਤੇ ਤਲਵਾਰ ਕੱਢਣਾ ਵੀ ਸਹੀ ਨਹੀਂ ਮੰਨਿਆ ਕਿਉਂਕਿ ਇਨ੍ਹਾਂ ਮੁਤਾਬਕ ਤਾਂ 22 ਸਤੰਬਰ 1540 ਤੱਕ ਗੁਰਿਆਈ ਗੁਰੂ ਨਾਨਕ ਜੀ ਕੋਲ਼ ਸੀ, ਨਾ ਕਿ ਗੁਰੂ ਅੰਗਦ ਜੀ ਕੋਲ਼ ਜਦਕਿ ਗੁਰੂ ਨਾਨਕ ਸਾਹਿਬ ਜੀ 22 ਸਤੰਬਰ 1539 (ਸੰਮਤ 1596) ਨੂੰ ਜੋਤਿ ਜੋਤ ਸਮਾ ਚੁੱਕੇ ਸਨ, ਜੋ ਮੁਗ਼ਲ ਬਾਦਸ਼ਾਹ ਹਮਾਯੂੰ ਦੇ ਸ਼ੇਰ ਸ਼ਾਹ ਸੂਰੀ ਤੋਂ ਹਾਰਨ ਦੇ ਸਮੇਂ (ਜੂਨ 1540) ਤੋਂ ਲਗਭਗ 9 ਮਹੀਨੇ ਪਹਿਲਾਂ ਦਾ ਸਮਾਂ ਹੈ।

ਇੱਥੇ ਇੱਕ ਗੱਲ ਹੋਰ ਵਿਚਰਨਯੋਗ ਹੈ ਕਿ ਹਥਲੇ ਸ਼ਬਦ ਦੇ ਦੋ ਬੰਦ ਹਨ, ਜਿਸ ਦੇ ਪਹਿਲੇ ਬੰਦ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਜੀ ਨੂੰ 7 ਵਾਰ ਸੰਬੋਧਨ ਕੀਤਾ ਹੈ, ਜਿਨ੍ਹਾਂ ਦਾ ਜਨਮ ਸੰਨ 1452 ਈਸਵੀ ਨੂੰ ਸੈਦਪੁਰ ਵਿੱਚ ਭਾਈ ਜਗਤ ਰਾਮ ਘਟੌੜਾ (ਤਰਖਾਣ) ਦੇ ਗ੍ਰਹਿ ਵਿਖੇ ਹੋਇਆ ਅਤੇ ਆਪਣੀ ਇਕਲੌਤੀ ਬੇਟੀ ਦੇ ਸਹੁਰੇ ਪਿੰਡ ਤਤਲੇਵਾਲੀ, ਜਿਲ੍ਹਾ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਆਪ ਜੀ ਸੰਨ 1531 ਈਸਵੀ ਨੂੰ ਸੱਚਖੰਡ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ। ਫਿਰ ਗੁਰੂ ਨਾਨਕ ਜੀ ਨੇ 1540 ਈਸਵੀ ਵਿੱਚ ਇਸੇ ਸ਼ਬਦ ਦਾ ਪਹਿਲਾ ਇਹ ਭਾਗ, ਕਿਸ ਲਾਲੋ ਜੀ ਨੂੰ ਸੰਬੋਧਨ ਕਰਦਿਆਂ ਉਚਾਰਿਆ :

ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ; ਬਾਣੀ ਤੈਸੜਾ ਕਰੀ ਗਿਆਨੁ, ਵੇ ਲਾਲੋ !॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ, ਵੇ ਲਾਲੋ ! ॥ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ ! ॥ ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ, ਵੇ ਲਾਲੋ !॥ ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ, ਵੇ ਲਾਲੋ !॥ ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ, ਵੇ ਲਾਲੋ !॥ ਖੂਨ ਕੇ ਸੋਹਿਲੇ ਗਾਵੀਅਹਿ; ਨਾਨਕ ! ਰਤੁ ਕਾ ਕੁੰਗੂ ਪਾਇ, ਵੇ ਲਾਲੋ !॥੧॥ (ਤਿਲੰਗ/ਮ: ੧/੭੨੩)

ਸੋ, ਅੱਜ ਇਹ ਮੰਨਿਆ ਜਾ ਰਿਹਾ ਹੈ ਕਿ ਗ਼ੈਰ ਸਿੱਖਾਂ ਦੁਆਰਾ ਸਿੱਖ ਇਤਿਹਾਸ ਲਿਖਣ ਕਾਰਨ ਸਿੱਖ ਕੌਮ ’ਚ ਕਈ ਮਤਭੇਤ ਪੈਦਾ ਹੋ ਗਏ ਹਨ ਕਿਉਂਕਿ ਉਹ ਇਤਿਹਾਸ ਗੁਰਮਤਿ ਅਨੁਕੂਲ ਨਹੀਂ, ਪਰ ਉਕਤ ਮਿਸਾਲ ਨੂੰ ਵੇਖ ਕੇ ਜਾਪਦਾ ਹੈ ਕਿ ਸਿੱਖ ਇਤਿਹਾਸਕਾਰ ਵੀ ਨਵਾਂ ਵਿਖਾਉਣ ਦੀ ਹੋੜ ’ਚ ਲੱਗੇ ਪਏ ਹਨ, ਜਿਸ ਨਾਲ ਸਿੱਖਾਂ ’ਚ ਦੁਬਿਧਾ ਘਟਣ ਦੀ ਬਜਾਇ ਵਧੇਗੀ।)

ਹੇਠਾਂ ਦੋ ਫੋਟੋਆਂ, ਡਾ. ਸੁਖਦਿਆਲ ਸਿੰਘ ਦੁਆਰਾ ਹੀ ਲਿਖੇ ਇਤਿਹਾਸ ਵਿੱਚੋਂ ਹਨ, ਜਿੱਥੇ ਪੇਜ 48 ਉੱਤੇ ਇਸ ਨੇ ਆਪ ਹੀ ਗੁਰੂ ਨਾਨਕ ਸਾਹਿਬ ਨੂੰ 22 ਸਤੰਬਰ 1539 ਈਸਵੀ ਵਿਚ ਜੋਤ ਜੋਤ ਸਮਾਏ, ਮੰਨਿਆ ਹੈ।