ਗੁਰਮਤਿ ਦੇ ਨਿਵੇਕਲਾ ਤੇ ਆਧੁਨਿਕ ਕੈਲੰਡਰ ਉੱਤੇ ਭਾਰੂ ਪੈਂਦਾ ਸੰਗਰਾਂਦ ਦੀ ਪਵਿੱਤਰਤਾ ਵਾਲ਼ਾ ਵਹਿਮ

0
475

ਗੁਰਮਤਿ ਦੇ ਨਿਵੇਕਲਾ ਤੇ ਆਧੁਨਿਕ ਕੈਲੰਡਰ ਉੱਤੇ ਭਾਰੂ ਪੈਂਦਾ ਸੰਗਰਾਂਦ ਦੀ ਪਵਿੱਤਰਤਾ ਵਾਲ਼ਾ ਵਹਿਮ

ਕਿਰਪਾਲ ਸਿੰਘ ਬਠਿੰਡਾ 88378- 13661

ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਬਾਰਹ ਮਾਹਾ’ ਸਿਰਲੇਖ ਹੇਠ ਦੋ ਬਾਣੀਆਂ ਦਰਜ ਹਨ। ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੀ ਰਸਨਾ ਤੋਂ ਮਾਝ ਰਾਗੁ ਵਿੱਚ ਅਤੇ ਦੂਸਰੀ ਗੁਰੂ ਨਾਨਕ ਸਾਹਿਬ ਜੀ ਦੀ ਤੁਖਾਰੀ ਰਾਗ ਵਿੱਚ ਹੈ, ਇਨ੍ਹਾਂ ਤੋਂ ਇਲਾਵਾ ਥਿਤੀ ਨਾਮ ਹੇਠ ਗਉੜੀ ਰਾਗ ’ਚ ਪਹਿਲੀ ਬਾਣੀ ਗੁਰੂ ਅਰਜਨ ਪਾਤਿਸ਼ਾਹ, ਦੂਸਰੀ ਕਬੀਰ ਸਾਹਿਬ ਅਤੇ ਤੀਸਰੀ ਬਿਲਾਵਲੁ ਰਾਗ ’ਚ ਗੁਰੂ ਨਾਨਕ ਪਾਤਿਸ਼ਾਹ ਦੀ ਦਰਜ ਹੈ। ਦੋਵੇਂ ਬਾਰਹ ਮਾਹਾ ਬਾਣੀਆਂ ’ਚ ਸਾਲ ਦੇ ੧੨ ਮਹੀਨਿਆਂ ਦੇ ਮੌਸਮ ਦੁਆਰਾ ਪੈਂਦੇ ਆਮ ਲੋਕਾਈ ਅਤੇ ਬਨਸਪਤੀ ’ਤੇ ਪ੍ਰਭਾਵ ਨੂੰ ਆਧਾਰ ਬਣਾ ਕੇ ਰੱਬੀ ਨਾਮ ਜਪਣ ਵੱਲ ਪ੍ਰੇਰਿਆ ਗਿਆ ਹੈ ਪਰ ਸਿੱਖੀ ਦੇ ਕੇਂਦਰਿਤ (ਤਖ਼ਤਾਂ) ਤੋਂ ਲੈ ਕੇ ਹਰ ਗੁਰਦੁਆਰਾ ਸਾਹਿਬ ’ਚੋਂ ਹਰ ਮਹੀਨੇ ਦੇ ਕੇਵਲ ਪਹਿਲੇ ਦਿਨ ਨੂੰ ਸੰਗਰਾਂਦ ਦੇ ਪਵਿੱਤਰ ਦਿਹਾੜੇ ਵਜੋਂ ਅਤੇ ਤਿਥੀ ਸਿਰਲੇਖ ਹੇਠ ਰਚੀਆਂ ਤਿੰਨੇ ਬਾਣੀਆਂ ਰਾਹੀਂ ਪੁੰਨਿਆਂ ਤੇ ਮੱਸਿਆ ਨੂੰ ਪਵਿੱਤਰ ਦਿਨ ਕਹਿ ਕੇ ਸੰਗਤਾਂ ਨੂੰ ਸੁਣਾਇਆ ਜਾਂਦਾ ਹੈ ਭਾਵੇਂ ਕਿ ਗੁਰਮਤਿ ਅਨੁਸਾਰ ਉਹੀ ਦਿਨ ਪਵਿੱਤਰ ਹੈ ਜਦ ਰੱਬ ਨਾਲ ਜੁੜਿਆ ਜਾਵੇ।  ਵੈਸੇ ਗੁਰਬਾਣੀ; ਸਾਲ ਦੇ ਕਿਸੇ ਇੱਕ ਦਿਨ ਨੂੰ ਵਿਸ਼ੇਸ਼ ਮਹੱਤਵ ਨਹੀਂ ਮੰਨਦੀ।

ਸੰਗਰਾਂਦ ਦੀ ਵਿਆਖਿਆ ਕਰਦੇ ਹੋਏ ਕੁਝ ਕਥਾਵਾਚਕ ਅਕਸਰ ਹੀ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ‘ਸੰਗਰਾਂਦ’ ਸੰਸਕ੍ਰਿਤ ਦੇ ਸ਼ਬਦ ਸੰਕ੍ਰਾਂਤੀ ਦਾ ਪੰਜਾਬੀ ਰੂਪ ਹੈ। ਸੰਕ੍ਰਾਂਤੀ ਦਾ ਅਰਥ ਹੈ ‘ਕ੍ਰਾਂਤੀ ਕਰ ਕੇ ਅੱਗੇ ਲੰਘ ਜਾਣਾ’। ਜਿਸ ਦਿਨ ਸੂਰਜ ਇੱਕ ਰਾਸ਼ੀ ਤੋਂ ਕ੍ਰਾਂਤੀ ਕਰਕੇ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਨੂੰ ਸੰਗਰਾਂਦ ਕਹਿੰਦੇ ਹਨ। ਅੱਜ ਦੇ ਦਿਨ ਸੂਰਜ ਨੇ ਕ੍ਰਾਂਤੀ ਕਰਕੇ ਫਲਾਂ ਰਾਸ਼ੀ ’ਚੋਂ ਫਲਾਂ ਰਾਸ਼ੀ ਵਿੱਚ ਪ੍ਰਵੇਸ਼ ਕੀਤਾ ਹੈ, ਇਸ ਲਈ ਅੱਜ ਦਾ ਦਿਨ ਫਲਾਂ ਮਹੀਨੇ ਦੀ ਪਵਿੱਤਰ ਸੰਗਰਾਂਦ ਦਾ ਦਿਹਾੜਾ ਹੈ।’, ਇਸ ਦਾ ਹੀ ਨਤੀਜਾ ਹੈ ਕਿ ਅੱਜ ਕਈ ਸਿੱਖ ਵੀ ਜੋਤਸ਼ ਵਿਦਿਆ ਦਾ ਸਹਾਰਾ ਲੈਂਦੇ ਵੇਖੇ ਜਾ ਸਕਦੇ ਹਨ।  ਜ਼ਮੀਨੀ ਹਾਲਾਤਾਂ ਨੂੰ ਵੇਖਦਿਆਂ ਅੱਜ ਪੰਜਾਬੀ ਟੀ. ਵੀ. ਚੈਨਲਾਂ ’ਤੇ ਵੀ ਅਜਿਹੇ ਵਹਿਮ ਭਰਮ ਨੂੰ ਸ਼ਰੇਆਮ ਵਿਖਾਇਆ ਜਾਂਦਾ ਹੈ।

ਸੰਗਰਾਂਦ ਦੀ ਕੀਤੀ ਜਾ ਰਹੀ ਉਕਤ ਵਿਆਖਿਆ ਹਿੰਦੂ ਧਰਮ ਦੇ ਗ੍ਰੰਥਾਂ ਅਤੇ ਬਿਕ੍ਰਮੀ ਕੈਲੰਡਰ ਦੀਆਂ ਪੰਚਾਂਗਾਂ ਅਨੁਸਾਰ ਹੈ, ਨਾ ਕਿ ਗੁਰਮਤਿ ਅਨੁਸਾਰ। ਦੋਵਾਂ ਹੀ ਬਾਰਹ ਮਾਹਾ ਬਾਣੀਆਂ ਸਮੇਤ ਸਮੁੱਚੀ ਗੁਰਬਾਣੀ ’ਚ ਕਿਸੇ ਵੀ ਮਹੀਨੇ ਦੇ ਅਰੰਭ ਹੋਣ ਦੀ ਪਹਿਲੀ ਤਰੀਖ ਨੂੰ ਸੰਗਰਾਂਦ ਦਾ ਨਾਂ ਨਹੀਂ ਦਿੱਤਾ ਗਿਆ, ਨਾ ਹੀ ੧੨ ਰਾਸ਼ੀਆਂ ਬਾਰੇ ਜ਼ਿਕਰ ਹੈ, ਨਾ ਹੀ ਕਿਤੇ ਸੂਰਜ ਇੱਕ ਰਾਸ਼ੀ ’ਚੋਂ ਕ੍ਰਾਂਤੀ ਕਰਕੇ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦਾ ਜ਼ਿਕਰ ਹੈ। ਕਿਸੇ ਦਿਨ, ਤਿਥ, ਤਰੀਕ, ਮਹੀਨੇ ਨੂੰ ਪਵਿੱਤਰ ਜਾਂ ਸ਼ੁਭ ਮੰਨਣ ਦੀ ਬਜਾਇ ਗੁਰਬਾਣੀ ’ਚ ਇਹ ਸਿਖਿਆ ਦਰਜ ਹੈ:

੧. ਜਿਸ ਜਿਸ ਮਨੁੱਖ ਨੇ ਰੱਬੀ ਨਾਮ ਜਪਿਆ, ਉਨ੍ਹਾਂ ਦੇ ਸਾਰੇ ਕਾਰਜ ਸਫਲ ਹੋ ਗਏ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਕਰਦਾ ਹੈ (ਆਪਣੇ ਨਾਮ ਦੀ ਦਾਤਿ ਦੇਂਦਾ ਹੈ) ਉਨ੍ਹਾਂ ਲਈ ਸਾਰੇ ਦਿਨ ਤੇ ਮਹੀਨੇ ਹੀ ਚੰਗੇ ਹੁੰਦੇ ਹਨ (ਹੇ ਹਰੀ ! ਮਿਹਰ ਕਰ, ਮੈਂ ਨਾਨਕ (ਤੇਰੇ) ਦੀਦਾਰ ਦੀ ਦਾਤਿ ਮੰਗਦਾ ਹਾਂ, ‘‘ਜਿਨਿ ਜਿਨਿ, ਨਾਮੁ ਧਿਆਇਆ; ਤਿਨ ਕੇ ਕਾਜ ਸਰੇ ॥ … ਮਾਹ ਦਿਵਸ ਮੂਰਤ ਭਲੇ; ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ ॥’’ (ਮਾਝ ਬਾਰਹ ਮਾਹ ਮ: ੫/੧੩6)

੨.  ਪੂਰਨ ਪ੍ਰਭੂ ਆਪ ਹੀ (ਜੋ) ਕਰਦਾ ਹੈ ਉਹੀ ਹੁੰਦਾ ਹੈ ਇਹ ਥਿੱਤਾਂ ਅਤੇ ਵਾਰ ਮਨਾਣੇ ਤਾਂ ਮਾਇਆ ਮੋਹ (ਪ੍ਰਭੂ ਨੂੰ ਭੁਲਾ ਕੇ ਦੂਜੇ ਪਾਸੇ ਚਿੱਤ ਦਾ ਜੁੜਨਾ) ਪੈਦਾ ਕਰਦੇ ਹਨ, ਮੇਰ-ਤੇਰ ਪੈਦਾ ਕਰਦੇ ਹਨ। ਗੁਰੂ ਦੀ ਸ਼ਰਨ ਬਿਨਾਂ ਮਨੁੱਖ (ਆਤਮਕ ਜੀਵਨ ਪੱਖੋਂ) ਪੂਰੇ ਤੌਰ ’ਤੇ ਅੰਨ੍ਹਾ ਹੋਇਆ ਰਹਿੰਦਾ ਹੈ, (ਨਿਗੁਰੇ) ਮੂਰਖ ਮਨੁੱਖ ਹੀ ਥਿੱਤਾਂ ਤੇ ਵਾਰ ਮਨਾਂਦੇ ਹਨ। ਹੇ ਨਾਨਕ ! ਗੁਰੂ ਦੀ ਸ਼ਰਨ ਪੈ ਕੇ (ਜੋ) ਅਸਲ ਜੀਵਨ ਰਾਹ ਸਮਝਦਾ ਹੈ, ਉਸ ਨੂੰ ਸੂਝ (ਰੌਸ਼ਨੀ) ਆ ਜਾਂਦੀ ਹੈ, ਉਹ ਸਿਰਫ਼ ਰੱਬੀ ਨਾਮ ’ਚ ਲੀਨ ਰਹਿੰਦਾ ਹੈ, ‘‘ਆਪੇ ਪੂਰਾ ਕਰੇ, ਸੁ ਹੋਇ॥ ਏਹਿ ਥਿਤੀ ਵਾਰ, ਦੂਜਾ ਦੋਇ॥ ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ, ਮੁਗਧ ਗਵਾਰ॥ ਨਾਨਕ ! ਗੁਰਮੁਖਿ ਬੂਝੈ, ਸੋਝੀ ਪਾਇ॥ ਇਕਤੁ ਨਾਮਿ, ਸਦਾ ਰਹਿਆ ਸਮਾਇ॥’’ (ਬਿਲਾਵਲੁ ਸਤ ਵਾਰ/ਮ: ੩/੮੪੩)

੩. (ਪੰਡਿਤ) ਜੋਤਸ਼ (ਦੇ ਲੇਖੇ) ਗਿਣ ਗਿਣ ਕੇ (ਕਿਸੇ ਜਜਮਾਨ ਦੀ) ਜਨਮ ਪੱਤ੍ਰੀ ਵਾਚਦਾ ਹੈ, (ਇਹੀ ਵਿਦਿਆ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਂਦਾ ਹੈ ਪਰ ਸੱਚ ਨੂੰ ਨਹੀਂ ਪਛਾਣਦਾ। (ਸ਼ੁੱਭ-ਅਸ਼ੁੱਭ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਏ, ਇਸ ਲਈ ਮੈਂ ਤਾਂ (ਕਿਸੇ) ਵਹਿਮ-ਭਰਮ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਇਹ ਵਿਚਾਰਾਂ ਵਿਅਰਥ ਹਨ, ‘‘ਗਣਿ ਗਣਿ ਜੋਤਕੁ ਕਾਂਡੀ ਕੀਨੀ॥ ਪੜੈ, ਸੁਣਾਵੈ; ਤਤੁ ਨ ਚੀਨੀ॥ ਸਭਸੈ ਊਪਰਿ, ਗੁਰ ਸਬਦੁ ਬੀਚਾਰੁ॥ ਹੋਰ ਕਥਨੀ ਬਦਉ ਨ; ਸਗਲੀ ਛਾਰੁ॥’’ (ਮ: ੧/੯੦੪)

੪. ਹੇ ਬ੍ਰਾਹਮਣ! ਤੂੰ ਆਪਣੇ ਆਪ ਨੂੰ ਉੱਚੀ ਕੁੱਲ ਦਾ (ਸਮਝਦਾ ਹੈਂ) ਪਰ ਭੋਜਨ ਆਪਣੇ ਤੋਂ ਨੀਂਵਿਆਂ ਦੇ ਘਰ ਛਕਦਾ ਹੈਂ। ਤੂੰ ਹੱਠ ਕਰਮਾਂ ਨਾਲ ਆਪਣਾ ਪੇਟ ਭਰਦਾ ਹੈਂ। ਚੌਦੇਂ, ਮੱਸਿਆ ਨੂੰ ਸ਼ੁੱਭ ਦਰਸਾ ਕੇ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਗਿਆਨ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ’ਚ ਡਿੱਗ ਪਿਆ ਹੈਂ, ‘‘ਆਪਨ ਊਚ, ਨੀਚ ਘਰਿ ਭੋਜਨੁ; ਹਠੇ ਕਰਮ ਕਰਿ, ਉਦਰੁ ਭਰਹਿ॥ ਚਉਦਸ ਅਮਾਵਸ ਰਚਿ ਰਚਿ ਮਾਂਗਹਿ; ਕਰ ਦੀਪਕੁ ਲੈ, ਕੂਪਿ ਪਰਹਿ॥’’  (ਭਗਤ ਕਬੀਰ ਜੀ/੯੭੦)

੫. ਜਿਸ ਇਸਤ੍ਰੀ ਦੇ ਹਿਰਦੇ ’ਚ ਥਿਰ ਰੱਬ ਦਾ ਨਿਵਾਸ ਹੋ ਗਿਆ, ਉਸ ਲਈ ਬਾਰ੍ਹਾਂ ਹੀ ਮਹੀਨੇ, ਸਭ ਰੁੱਤਾਂ, ਸਭ ਥਿੱਤਾਂ, ਸਾਰੇ ਦਿਨ, ਸਭ ਘੜੀਆਂ, ਸਾਰੇ ਮੁਹੂਰਤ ਤੇ ਪਲ ਚੰਗੇ ਹੋ ਜਾਂਦੇ ਹਨ, ‘‘ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ, ਆਏ ਸਹਜਿ ਮਿਲੇ॥’’ (ਤੁਖਾਰੀ ਬਾਰਹਮਾਹਾ (ਮ: ੧/੧੧੧੦)

ਉਕਤ ਸਾਰੇ ਪਾਵਨ ਗੁਰੂ ਵਚਨ ਉਨ੍ਹਾਂ ਥਿੱਤਾਂ, ਬਾਰਹ ਮਾਹਾ ਅੰਦਰ ਹੀ ਹਨ, ਜਿਨ੍ਹਾਂ ਰਾਹੀਂ ਅਸੀਂ ਗੁਰਮਤਿ ਸਿਧਾਂਤ ਤੋਂ ਦੂਰ ਜਾ ਕੇ ਮਨਮਤੀ ਕਰਮ ਕਰਦੇ ਤੇ ਸੰਗਤਾਂ ’ਚ ਮਨਮਤਿ ਭਰਮ ਪ੍ਰਚਾਰਦੇ ਰਹਿੰਦੇ ਹਾਂ। ਹੈਰਾਨੀ ਹੁੰਦੀ ਹੈ ਕਿ ਇਨ੍ਹਾਂ ਬਾਰੇ ਕਦੇ ਸੰਗਤਾਂ ਨੂੰ ਜਾਗਰੂਕ ਨਹੀਂ ਕੀਤਾ ਜਾਂਦਾ। ਚਾਹੀਦਾ ਇਹ ਹੈ ਕਿ ਅਸੀਂ ਸੰਗਰਾਂਦ, ਪੂਰਨਮਾਸੀ, ਮੱਸਿਆ, ਚੌਂਦੇ ਆਦਿ ਨੂੰ ਪਵਿੱਤਰ ਦੱਸ ਕੇ ਮਨਾਉਣ ਦੀ ਬਜਾਇ ਦਸ ਗੁਰੂ ਸਾਹਿਬਾਨ, 15 ਭਗਤ, 11 ਭੱਟ ਆਦਿ ਨਾਲ਼ ਸੰਬੰਧਿਤ ਦਿਹਾੜੇ ਅਤੇ ਗੁਰੂ/ਸਿੱਖਾਂ ਦੇ ਸ਼ਹੀਦੀ ਦਿਹਾੜੇ ਮਨਾਉਣ ਨੂੰ ਤਰਜੀਹ ਦੇਈਏ। ਅਜਿਹਾ ਹੀ ਸੰਦੇਸ਼ ਸਾਨੂੰ ਭਾਈ ਗੁਰਦਾਸ ਜੀ ਬਖ਼ਸ਼ਸ਼ ਕਰਦੇ ਹਨ, ‘‘ਕੁਰਬਾਣੀ ਤਿਨ੍ਹਾਂ ਗੁਰਸਿਖਾਂ; ਭਾਇ ਭਗਤਿ ਗੁਰਪੁਰਬ ਕਰੰਦੇ। ਗੁਰ ਸੇਵਾ ਫਲੁ ਸੁਫਲੁ ਫਲੰਦੇ ॥’’ (ਭਾਈ ਗੁਰਦਾਸ ਜੀ/ਵਾਰ ੧੨ ਪਉੜੀ ੨), ਪਰ ਬ੍ਰਾਹਮਣੀ ਤਿਉਹਾਰਾਂ ਨੂੰ ਬ੍ਰਾਹਮਣੀ ਜੰਤਰੀ ਮੁਤਾਬਕ ਮਨਾਉਣ ਦੀ ਜ਼ਿੱਦ ਕਾਰਨ ਗੁਰੂ ਅਤੇ ਪੁਰਾਤਨ ਸਿੱਖ ਕਾਲ ਨਾਲ ਸੰਬੰਧਿਤ ਤਿੱਥਾਂ ਨੂੰ ਸਥਾਈ ਨਹੀਂ ਕੀਤਾ ਜਾ ਸਕਿਆ।  ਸੰਨ 2003 ’ਚ ਲਾਗੂ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਇਸੇ ਦੁਚਿੱਤੀ ਨੂੰ ਦੂਰ ਕਰਨ ਲਈ ਸੀ, ਜਿਸ ਨੂੰ ਮਨਮਤੀ ਪ੍ਰਭਾਵ ਕਾਰਨ ਅਤੇ ਡੇਰੇਦਾਰ ਸਿੱਖਾਂ ਦੁਆਰਾ ਬ੍ਰਾਹਮਣਾਂ ਦੀ ਪੈਰ ’ਚ ਪੈਰ ਧਰਨ ਕਾਰਨ ਅਕਾਲ ਤਖ਼ਤ ਤੋਂ 2003 ’ਚ ਜਾਰੀ ਕਰਨ ਉਪਰੰਤ ਕੇਵਲ 7 ਕੁ ਸਾਲਾਂ ਬਾਅਦ ਹੀ ਸੰਨ 2010 ’ਚ ਵਾਪਸ ਲੈ ਲਿਆ ਗਿਆ।

ਸਾਰੇ ਗੁਰਪੁਰਬ ਅਤੇ ਮਹਾਨ ਸਿੱਖ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਨਾ ਮਨਾਉਣ ਕਾਰਨ ਜਾਂ ਇੱਕ ਪੱਕੀ ਤਾਰੀਕ ਨੂੰ ਨਾ ਮਨਾਉਣ ਕਾਰਨ ਇਨ੍ਹਾਂ ਦੀਆਂ ਤਰੀਖਾਂ ਵੀ ਹੁਣ ਸਾਨੂੰ ਯਾਦ ਨਾ ਹੋ ਸਕੀਆਂ ਕਿਉਂਕਿ ਅਸੀਂ ਕੁਝ ਦਿਹਾੜੇ ਤਾਂ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਉਂਦੇ ਹਾਂ ਅਤੇ ਕੁਝ ਸੂਰਜ ਆਧਾਰਿਤ ਸੰਗ੍ਰਾਂਦ ਦੀਆਂ ਤਰੀਖਾਂ ਅਨੁਸਾਰ, ਜਿਸ ਕਾਰਨ ਖ਼ਾਸ ਖ਼ਾਸ ਕੁ ਮਨਾਏ ਜਾਂਦੇ ਗੁਰਪੁਰਬ ਵੀ ਹਮੇਸ਼ਾਂ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ।

ਅੱਜ ਇਸਲਾਮ ਦਾ ਆਪਣਾ ਕੈਲੰਡਰ ਹੈ, ਈਸਾਈਆਂ ਦਾ ਆਪਣਾ, ਇੱਥੋਂ ਤੱਕ ਕਿ ਬ੍ਰਾਹਮਣਾਂ ਨੇ ਪੂਰੇ ਭਾਰਤ ਵਿੱਚ 30 ਤਰ੍ਹਾਂ ਦੇ ਕੈਲੰਡਰ ਲਾਗੂ ਕਰ ਰੱਖੇ ਹਨ, ਜਿਨ੍ਹਾਂ ਦੀਆਂ ਕਈ ਸੰਗਰਾਂਦਾਂ ਵੀ ਆਪਸ ’ਚ ਮੇਲ ਨਹੀਂ ਖਾਂਦੀਆਂ, ਫਿਰ ਵੀ ਸਿੱਖਾਂ ਨੇ ਆਪਣਾ ‘‘ਨਾ ਹਮ ਹਿੰਦੂ; ਨ ਮੁਸਲਮਾਨ ॥’’ (ਮ: ੫/ ਪੰਨਾ ੧੧੩੬) ਸਿਧਾਂਤ ਪ੍ਰਗਟ ਕਰਨ ਲਈ ਆਪਣਾ ਨਿਵੇਕਲਾ ਤੇ ਆਧੁਨਿਕ ਕੈਲੰਡਰ ਲਾਗੂ ਕਰਵਾਉਣ ਨੂੰ ਜ਼ਰੂਰੀ ਨਹੀਂ ਸਮਝਿਆ, ਇਸ ਦਾ ਇੱਕੋ ਇੱਕ ਕਾਰਨ ਸਿਧਾਂਤਕ ਪੱਖ ਉੱਤੇ ਰਾਜਸੀ ਪੱਖ ਦਾ ਭਾਰੂ ਹੋਣਾ ਹੈ।

ਅੰਤ ’ਚ ਬਾਰਹਮਾਹਾ ਦਾ ਇਹ ਪੱਖ ਵੀ ਵਿਚਾਰਨਯੋਗ ਹੈ ਕਿ ਜੇ ਇਸ ਰਚਨਾ ਦਾ ਸੰਬੰਧ ਸਾਲ ਦੇ ਬਾਰ੍ਹਾਂ ਮਹੀਨਿਆਂ (ਜਾਂ ਬਾਰ੍ਹਾਂ ਸੰਗਰਾਂਦਾਂ) ਨਾਲ਼ ਹੀ ਹੁੰਦਾ ਤਾਂ ਇਸ ਰਚਨਾ ਦੇ ਪਦੇ ਵੀ 12 ਹੀ ਹੋਣੇ ਚਾਹੀਦੇ ਸਨ ਜਦਕਿ ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚਿਤ ਬਾਰਹਮਾਹਾ ਦੇ 14 ਬੰਦ ਹਨ ਅਤੇ ਗੁਰੂ ਨਾਨਕ ਸਾਹਿਬ ਜੀ ਦੁਆਰਾ ਰਚਿਤ ਬਾਰਹਮਾਹਾ ਦੇ 17 ਬੰਦ ਹਨ, ਜਿਨ੍ਹਾਂ ਦੀ ਸਮਾਪਤੀ ਇਉਂ ਹੁੰਦੀ ਹੈ :

ਮਾਹ ਦਿਵਸ ਮੂਰਤ ਭਲੇ; ਜਿਸ ਕਉ ਨਦਰਿ ਕਰੇ ॥ ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ !॥੧੪॥੧॥  (ਮਾਝ ਬਾਰਹਮਾਹਾ, ਮ: ੫, ਪੰਨਾ ੧੩੬)

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥ ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥… ਨਾਨਕ ! ਅਹਿਨਿਸਿ ਰਾਵੈ ਪ੍ਰੀਤਮੁ; ਹਰਿ ਵਰੁ ਥਿਰੁ ਸੋਹਾਗੋ ॥੧੭॥੧॥ (ਤੁਖਾਰੀ ਬਾਰਹਮਾਹਾ, ਮ: ੧, ਪੰਨਾ ੧੧੧੦) ਭਾਵ ਸਮੁੱਚੀ ਬਾਣੀ ਦੇ ਇਨ੍ਹਾਂ ਅੰਤਮ ਬੰਦਾਂ ’ਚ ਕਿਸੇ ਸੰਗਰਾਂਦ ਆਧਾਰਿਤ ਪਵਿੱਤਰ ਮੰਨੇ ਜਾਂਦੇ ਮਹੀਨੇ ਦਾ ਜ਼ਿਕਰ ਤੱਕ ਨਹੀਂ।

ਸੋ ਇਨ੍ਹਾਂ ਬਾਣੀਆਂ ਦਾ ਸਾਰੰਸ; ਕੁਦਰਤੀ ਮੌਸਮ ਦਾ ਮਨੁੱਖਾ ਸਰੀਰ ਉੱਤੇ ਪੈ ਰਹੇ ਪ੍ਰਭਾਵ ਨੂੰ ਆਧਾਰ ਬਣਾ ਕੇ ਰੱਬੀ ਉਸਤਤ ਨਾਲ਼ ਜੋੜਨਾ ਹੈ, ਨਾ ਕਿ ਸੰਗਰਾਂਦ ਆਧਾਰਿਤ ਕਿਸੇ ਇੱਕ ਦਿਨ ਨਾਲ਼; ਜਿਵੇਂ ਕਿ

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ॥.. ਨਾਨਕ ! ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ ॥੬॥ ਭਾਵ ਸਾਵਣ ਦੇ ਪੂਰੇ ਮਹੀਨੇ (31 ਦਿਨ) ਵਿੱਚ ਉਹੀ ਜੀਵ ਇਸਤ੍ਰੀ ਅਨੰਦਿਤ ਰਹੇਗੀ ਜਿਸ ਦਾ ਰੱਬੀ ਚਰਨ-ਕਮਲਾ ਨਾਲ਼ ਪਿਆਰ ਬਣ ਜਾਂਦਾ ਹੈ।

ਆਸਾੜੁ ਤਪੰਦਾ ਤਿਸੁ ਲਗੈ; ਹਰਿ ਨਾਹੁ ਨ ਜਿੰਨਾ ਪਾਸਿ ॥… ਆਸਾੜੁ ਸੁਹੰਦਾ ਤਿਸੁ ਲਗੈ; ਜਿਸੁ ਮਨਿ, ਹਰਿ ਚਰਣ ਨਿਵਾਸ ॥੫॥ (ਮਾਝ ਬਾਰਹਮਾਹਾ, ਮ: ੫, ਪੰਨਾ ੧੩੪) ਭਾਵ ਜਿਨ੍ਹਾਂ ਜੀਵ ਇਸਤ੍ਰੀਆਂ ਕੋਲ਼ ਪਤੀ-ਪ੍ਰਮੇਸ਼ਰ ਦੀ ਯਾਦ ਨਹੀਂ ਉਨ੍ਹਾਂ ਨੂੰ ਤਪਦੇ ਹਾੜ ਦਾ ਮਹੀਨਾ (31 ਦਿਨ) ਤਪਾਉਂਦਾ ਰਹੇਗਾ। ਦੂਜੇ ਪਾਸੇ ਜਿਸ ਦੇ ਮਨ ਵਿੱਚ ਪ੍ਰਭੂ ਚਰਨਾਂ ਦਾ ਨਿਵਾਸ (ਰੱਬੀ ਯਾਦ) ਹੈ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆਵੀ ਦੁੱਖ-ਕਲੇਸ਼ ਪੋਹ ਨਹੀਂ ਸਕਦੇ)।