21.4 C
Jalandhar
Monday, April 6, 2026
spot_img
Home Blog Page 77

ਸਰਬ ਸਾਂਝੇ ਆਲਮੀ ਧਰਮ ਦੇ ਮੋਢੀ ਗੁਰੂ ਨਾਨਕ ਜੀ

0

ਸਰਬ ਸਾਂਝੇ ਆਲਮੀ ਧਰਮ ਦੇ ਮੋਢੀ ਗੁਰੂ ਨਾਨਕ ਜੀ

ਸ. ਗੁਰਤੇਜ ਸਿੰਘ ਸਾਬਕਾ IAS ਚੰਡੀਗੜ੍

ਗੁਰੂ ਨਾਨਕ ਜੀ ਅਕਾਲ ਪੁਰਖ ਦੇ ਦੱਸੇ ਰਾਹ ਉੱਤੇ ਜਗਿਆਸੂਆਂ ਨੂੰ ਸੱਦਾ ਵੀ ਦਿੰਦੇ ਹਨ ਅਤੇ ਓਸ ਰਾਹ ਦੇ ਤੌਰ-ਤਰੀਕੇ ਅਤੇ ਮੰਜ਼ਲ ਉੱਤੇ ਪਹੁੰਚਣ ਦਾ ਢੰਗ ਦੱਸਣ ਦਾ ਦਾਅਵਾ ਵੀ ਕਰਦੇ ਹਨ, ਪਰ ਏਸ ਤੋਂ ਵੱਧ ਆਪਣੇ ਵੱਲ ਧਿਆਨ ਖਿੱਚਣ ਦੀ ਕੋਸ਼ਿਸ਼ ਨਹੀਂ ਕਰਦੇ। ਓਨ੍ਹਾਂ ਦਾ ਆਖ਼ਰੀ ਟੀਚਾ ਹਰ ਨਰ-ਨਾਰੀ ਨੂੰ ਅਕਾਲ-ਪੁਰਖ ਵਿੱਚ ਅਭੇਦ ਕਰ ਕੇ ਓਸੇ ਮੁਕਾਮ ਉੱਤੇ ਲੈ ਕੇ ਜਾਣ ਦਾ ਹੈ ਜਿਸ ਉੱਤੇ ਗੁਰੂ ਆਪ ਪਹੁੰਚੇ ਹੋਏ ਹਨ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਭਾਈ ਲਹਿਣੇ ਨੂੰ ਲੈ ਕੇ ਗਏ ਅਤੇ ਲਹਿਣਾ; ਗੁਰੂ ਅੰਗਦ ਹੋ ਨਿੱਬੜਿਆ। ਦੁਨੀਆ ਗੁਰੂ ਅੰਗਦ ਜੀ ਨੂੰ ਦੂਜਾ ਨਾਨਕ ਜਾਣਦੀ ਹੈ। ਆਖ਼ਰ ਦਸਵੇਂ ਨਾਨਕ ਜੀ ਨੇ ਅਕਾਲ ਪੁਰਖ ਬਾਰੇ ਸੱਚੇ ਮੁਕੰਮਲ ਗਿਆਨ ਅਤੇ ਵੱਡੇ ਯਤਨ ਕਰ ਕੇ ਓਸ ਨੂੰ ਹਾਸਲ ਕਰ ਚੁੱਕੇ ਮੁਕੰਮਲ ਖ਼ੁਦਮੁਖਤਿਆਰ ਮਨੁੱਖਾਂ ਨੂੰ ਹੀ ਆਪਣੀ ਮਸਨਦ (ਤਖ਼ਤ) ਉੱਤੇ ਬਿਠਾਇਆ। ਇਉਂ ਮੁਕੰਮਲ ਹੋਇਆ ਗੁਰੂ ਨਾਨਕ ਸਾਹਿਬ ਦਾ ਮਨੁੱਖਤਾ ਨਾਲ ਕੀਤਾ ਕੌਲ (ਵਚਨ) ਕਿ ਉਹ ਆਮ ਮਨੁੱਖਾਂ ਨੂੰ ਹੀ ਨਹੀਂ, ਪਸ਼ੂ ਤੇ ਪ੍ਰੇਤ ਬਿਰਤੀ ਵਾਲਿਆਂ ਨੂੰ ਵੀ ਦੇਵਤਿਆਂ ਵਿੱਚ ਤਬਦੀਲ ਕਰ ਕੇ ਮੁਕਤੀ ਦੀ ਮਹੀਨ (ਬਾਰੀਕ) ਪਗਡੰਡੀ ਨੂੰ ਗਾਡੀ ਰਾਹ ਜਾਂ ਜਰਨੈਲੀ ਸੜਕ ਬਣਾ ਦੇਣ ਲਈ ਸੰਸਾਰ ਉੱਤੇ ਆਏ ਹਨ।

ਜੋ ਤੌਰ-ਤਰੀਕੇ ਗੁਰੂ ਨਾਨਕ ਜੀ ਨੇ ਸਾਰੀ ਲੁਕਾਈ ਨੂੰ ਏਸ ਪਾਕ ਮੁਕਾਮ ਤੱਕ ਲੈ ਜਾਣ ਲਈ ਵਰਤੇ ਉਹਨਾਂ ਨੂੰ ਆਪਣੀ ਕੁਵਤ (ਸਮਰੱਥਾ) ਅਨੁਸਾਰ ਸਮਝਣਾ ਹੀ ਏਸ ਲਿਖਤ ਦਾ ਮਜ਼ਮੂਨ ਹੈ। ਇਹ ਪਰਚਾ ਇੱਕ ਆਮ ਜਾਣਕਾਰੀ ਹਾਸਲ ਕਰਨ ਦੀ ਚਾਹ ਰੱਖਣ ਵਾਲੇ ਨੇ ਉਹਨਾਂ ਆਮ ਲੋਕਾਂ ਲਈ ਲਿਖਿਆ ਹੈ, ਜੋ ਘੱਟੋ-ਘੱਟ ਇੱਕ ਪਲ ਗੁਰੂ ਨਾਨਕ ਸਾਹਿਬ ਪੰਧ ਦੇ ਨੇੜੇ ਰਹਿ ਕੇ ਚੱਲਣ ਦੀ ਜ਼ਹਮਤ (ਖੇਚਲ਼) ਉਠਾ ਸਕਦੇ ਹੋਣ। ਗੁਰੂ ਦੀ ਮਤ ਦੇ ਡੂੰਘੇ ਮਰਮ (ਭੇਤ) ਏਸ ਪਹੁੰਚ ਰਾਹੀਂ ਸਮਝਣ ਦੀ ਕੋਸ਼ਿਸ਼ ਤਾਂ ਹੋ ਸਕਦੀ ਹੈ ਪਰ ਏਸ ਤੋਂ ਉਤਾਂਹ ਦਾਈਆ (ਕੋਈ ਟੀਚਾ) ਨਹੀਂ।

ਇੱਕ ਜਨਮ ਸਾਖੀ ਦੱਸਦੀ ਹੈ ਕਿ ਗੁਰੂ ਨਾਨਕ ਸਾਹਿਬ ਨੂੰ ਮਿਲਣ ਪਰਖਣ ਆਈਆਂ ਧਾਰਮਿਕ ਹਸਤੀਆਂ ਨੇ ਆਪਣਾ ਬਿਆਨ ਦਰਜ ਕਰਵਾਇਆ ‘‘ਤਬ ਹਿੰਦੂ ਮੁਸਲਮਾਨ ਸਭਨਹ ਮਹਿ ਇਹ ਬਾਤ ਚੱਲ ਪੜੀ।…ਜਿ ਇਸ ਕਾ ਮਾਰਗ ਕਵਣ ਹੈ। ਨਾ ਏਸ ਕਾ ਜੋਗੀ ਕਾ ਮਾਰਗ ਹੈ, ਨਾ ਏਸ ਸਨਿਆਸੀਆਂ ਕਾ ਮਾਰਗ ਹੈ, ਨਾ ਏਸ ਤਪਿਆ ਕਾ ਮਾਰਗ ਹੈ, ਨ ਏਸ ਕਾਜੀਆਂ ਕਾ ਮਾਰਗ, ਨਾ ਏਸ ਮੌਲਾਣਿਆਂ ਕਾ ਮਾਰਗ, ਨਾ ਇਸ ਹਿੰਦੂਆਂ ਕਾ ਮਾਰਗ, ਨਾ ਮੁਸਲਮਾਨਾਂ ਕਾ ਮਾਰਗ, ਨਾ ਇਹ ਵੇਦ ਕੇ ਰਾਹਿ, ਨਾ ਇਹ ਕਤੇਬ ਕੇ ਰਾਹਿ ਪਰ ਹੋਇ।’’ ਓਸ ਵੇਲੇ ਦੇ ਇੱਕ ਹਿੰਦੂ ਖੱਤਰੀ ਨੇ ਦਿੱਲੀ ਸੁਲਤਾਨ ਕੋਲ ਸ਼ਿਕਾਇਤ ਕੀਤੀ ਕਿ ‘‘ਨਾ ਉਹ ਬੇਦ ਨੂੰ ਮੰਨਦਾ ਹੈ, ਨਾ ਕਤੇਬ ਨੂੰ ਮੰਨਦਾ ਹੈ।’’

ਆਪਣੇ ਸਮਿਆਂ ਦੀਆਂ ਅਨੇਕਾਂ ਔਕੜਾਂ ਨੂੰ ਦਰਕਿਨਾਰ ਕਰ ਕੇ ਗੁਰੂ ਨਾਨਕ ਜੀ ਨੇ ਆਪਣੀ ਬਾਲਗ ਹਯਾਤੀ (ਜ਼ਿੰਦਗੀ) ਦਾ ਤੀਜਾ ਹਿੱਸਾ ਮੁਖ਼ਤਲਿਫ਼ (ਭਾਵ ਵੱਖਰੇ) ਧਰਮਾਂ ਦੇ ਮਰਕਜ਼ (ਕੇਂਦਰ) ਵਿੱਚ ਜਾ ਕੇ ਆਪਣੀ ਸੋਚ ਬਾਰੇ ਜਾਣਕਾਰੀ ਧਰਮ ਗੁਰੂਆਂ, ਮਠਾਧੀਸ਼ਾਂ ਆਦਿ ਨੂੰ ਦਿੱਤੀ। ਇਹਨਾਂ ਦੌਰਿਆਂ ਦੌਰਾਨ ਉਹਨਾਂ ਨੇ ਆਪਣੇ ਨਵੇਂ ਨਿਕੋਰ ਅਕੀਦੇ (ਨਵੇਂ ਸ਼ੁੱਧ ਧਾਰਮਿਕ ਵਿਸ਼ਵਾਸ) ਜ਼ਾਹਰ ਕੀਤੇ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਮੱਕੇ ਦੇ ਮੁਕੱਦਸ (ਪਵਿੱਤਰ) ਮੁਕਾਮ ਉੱਤੇ ਉਹਨਾਂ ਨੂੰ ਹਾਜੀਆਂ ਨੇ ਪੁੱਛਿਆ, ‘‘ਹਿੰਦੂ ਵਡਾ ਕਿ ਮੁਸਲਮਾਨੋਈ।’’ ਉਹਨਾਂ ਦਾ ਜਵਾਬ ਸੀ, ‘‘ਬਾਬਾ ਆਖੇ ਹਾਜੀਆ; ਸੁਭ ਅਮਲਾ ਬਾਝਹੁ, ਦੋਨੋ ਰੋਈ।’’  (ਵਾਰ ੧ ਪਉੜੀ ੩੩) ਏਸ ਕਥਨ ਦਾ ਮਾਅਨਾ ਸਮਝਣ ਵਾਲੇ ਦੱਸਦੇ ਹਨ ਕਿ ਗੁਰੂ ਜੀ ਆਖਦੇ ਹਨ ‘ਮਹਿਜ ਕਿਸੇ ਖ਼ਾਸ ਧਰਮ ਨੂੰ ਲਫ਼ਜ਼ੀ ਕਬੂਲ ਕਰਨ ਨਾਲ ਜਾਂ ਉਸ ਦੀਆਂ ਰਸਮਾਂ ਨਿਭਾਉਣ ਨਾਲ ਕੋਈ ਮਨੁੱਖ ਧਾਰਮਿਕ ਨਹੀਂ ਹੋ ਜਾਂਦਾ। ਹਰ ਧਾਰਮਿਕ ਅਖਵਾਉਣ ਵਾਲੇ ਸ਼ਖ਼ਸ ਲਈ ਲਾਜ਼ਮੀ ਹੈ ਕਿ ਉਹ ਆਪਣੇ ਧਰਮ ਦੇ ਮਰਮ (ਭੇਤ) ਨੂੰ ਜਾਣ ਕੇ ਚੰਗੇ ਦੱਸੇ ਜਾਂਦੇ ਕਰਮ ਕਰੇ ਅਤੇ ਕੁੱਲ ਲੋਕਾਈ ਲਈ ਮੁਫ਼ੀਦ (ਗੁਣਕਾਰੀ) ਅਸੂਲਾਂ ਅਨੁਸਾਰ ਜੀਵਨ ਜਿਊਣ ਵਾਲਾ ਬਣੇ। ਤਾਹੀਏਂ ਉਹ ਧਾਰਮਿਕ ਅਖਵਾਉਣ ਦਾ ਹੱਕਦਾਰ ਹੋ ਸਕਦਾ ਹੈ।’

ਅਰਬੀ ਦੀ ਇੱਕ ਕਿਤਾਬ ਵਿੱਚ ਦਰਜ ਅਜਿਹਾ ਇੱਕ ਹੋਰ ਸਵਾਲ ਹੈ। ਗੁਰੂ ਜੀ ਨੂੰ ਪੁੱਛਿਆ ਗਿਆ ‘ਤੂੰ ਕਿਸ ਮਜ਼ਹਬ ਦਾ ਬੰਦਾ ਹੈ  ?’ ਤਾਂ ਉਹਨਾਂ ਜੁਆਬ ਦਿੱਤਾ, ‘ਮੈਂ ਲਾ-ਮਜ਼ਹਬ ਹਾਂ (ਭਾਵ ਕੋਈ ਮਜ਼ਹਬ ਨਹੀਂ)। ਨਾਨਕ ਮੇਰਾ ਨਾਂ ਹੈ।’ ਇਹੋ ਜੁਆਬ ਸਿੱਖ ਅਦਬ ਵਿੱਚ ਇੱਕ ਫਿਕਰੇ ਵਿੱਚ ਇਉਂ ਲਿਖਿਆ ਮਿਲਦਾ ਹੈ, ‘ਪੰਚ ਤੱਤ ਕੋ ਪੂਤਰੋ ਨਾਨਕ ਮੇਰਾ ਨਾਉ’।

ਸੁਮੇਰ ਪਰਬਤ ਉੱਤੇ ਗਏ ਗੁਰੂ ਜੀ ਨੇ ਜਦੋਂ ਸਿੱਧਾਂ ਨੂੰ ਆਪਣੇ ਆਲਮੀ ਇਨਕਲਾਬ ਬਾਰੇ ਦੱਸਿਆ ਤਾਂ ਉਹਨਾਂ ਏਸ ਨੂੰ ਨਾ-ਮੁਮਕਿਨ ਜਾਣ ਕੇ ਪੁੱਛਿਆ ਕਿ ‘ਤੇਰੇ ਕੋਲ ਕੀ ਕਰਾਮਾਤ ਹੈ, ਜਿਸ ਦੀ ਮਦਦ ਨਾਲ ਤੂੰ ਮੋਮ ਦੇ ਦੰਦਾਂ ਨਾਲ ਲੋਹਾ ਚੱਬਣ ਦੇ ਮਨਸੂਬੇ ਮਨ ਵਿੱਚ ਵਸਾਈ ਫਿਰ ਰਿਹਾ ਹੈਂ  ?’ ਗੁਰੂ ਜੀ ਦਾ ਜੁਆਬ ਸੀ, ‘ਮੈਂ ਆਪਣੀ ਪਛਾਣ ਕੀਤੀ ਸਚਾਈ ਦੀ ਨਿੱਗਰ ਨੀਂਹ ਉੱਤੇ ਆਪਣੇ-ਆਪ ਨੂੰ ਸਾਧ ਚੁੱਕੇ ਖ਼ੁਦਮੁਖ਼ਤਿਆਰ ਲੋਕਾਂ ਦੇ ਸਹਾਰੇ ਨਾਲ ਮਨੁੱਖੀ ਮਨਾਂ ਵਿੱਚ ਇਹ ਤਬਦੀਲੀ ਲਿਆਵਾਂਗਾ ਅਤੇ ਸਹਿਜੇ ਹੀ ਆਪਣਾ ਟੀਚਾ ਹਾਸਲ ਕਰਾਂਗਾ।’ ਏਸ ਬਚਨ ਰਾਹੀਂ ਗੁਰੂ ਜੀ ਦੱਸਦੇ ਹਨ ਕਿ ਸੱਚੇ ਅਮਲ ਅਤੇ ਸੱਚੇ ਆਜ਼ਾਦ ਮਨੁੱਖੀ ਮਨ ਹੀ ਓਸ ਦੀ ਆਲਮੀ ਫ਼ਤਿਹ ਦੇ ਹਥਿਆਰ ਤੇਗ਼, ਤੋਪ ਬਣਨਗੇ।

ਆਪਣੀ ਇੱਕ ਲੰਮੀ ਉਦਾਸੀ ਦੇ ਆਖ਼ਰੀ ਪੜਾਅ ਉੱਤੇ ਗੁਰੂ ਜੀ ਨੇ ਮੁਲਤਾਨ ਆ ਕੇ ਆਪਣੇ ਪਾਕ ਮਨਸੂਬੇ ਦਾ ਤੱਤਸਾਰ ਲੋਕਾਈ ਨੂੰ ਦੱਸਿਆ।  ਮੁਲਤਾਨ ਪੀਰਾਂ, ਫ਼ਕੀਰਾਂ, ਔਲੀਆਂ, ਸਾਧੂਆਂ, ਸੰਤਾਂ, ਜੋਗੀਆਂ ਦਾ ਮਸ਼ਹੂਰ ਮੁਕਾਮ (ਸ਼ਹਿਰ) ਸੀ।

ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਮਹਿਮਾਨ ਨਾਨਕ ਜੀ ਨੂੰ ਦੁੱਧ ਦਾ ਲਬਾ-ਲਬ ਭਰਿਆ ਕਟੋਰਾ ਪੇਸ਼ ਕੀਤਾ। ਏਸ ਸ਼ਾਇਸਤਾ (ਢੁੱਕਵੇਂ) ਇਸ਼ਾਰੇ ਵਿੱਚ ਰਮਜ਼ ਸੀ ਕਿ ਮੁਲਤਾਨ ਵਿੱਚ ਤਾਂ ਹਰ ਮਜ਼ਹਬੀ ਖ਼ਿਆਲ ਨੂੰ ਸਮਝਣ, ਆਖਣ ਵਾਲੇ ਬੜੇ-ਬੜੇ ਦਾਨਾਅ (ਦਾਤਾਰ) ਦਰਵੇਸ਼ ਰਹਿੰਦੇ ਹਨ ਤੂੰ ਏਥੇ ਆ ਕੇ ਨਵਾਂ ਕੀ ਆਖੇਂਗਾ  ? ਕਾਮਲ (ਸਮਰੱਥ) ਗੁਰੂ ਨੇ ਚਮੇਲੀ ਦਾ ਫੁੱਲ; ਦੁੱਧ ਉੱਤੇ ਰੱਖ ਕੇ ਜੁਆਬ ਦਿੱਤਾ ਕਿ ਉਹ ਕਿਸੇ ਵਿਚਾਰ ਨੂੰ ਉਖੇੜਨ ਜਾਂ ਉਸ ਦਾ ਬਦਲ ਦੇਣ ਨਹੀਂ ਆਏ। ਉਹ ਤਾਂ ਇੱਕ ਸਾਂਝਾ ਇਲਾਹੀ ਸੁਨੇਹਾ ਦੇਣ ਆਏ ਹਨ ਜਿਸ ਨੂੰ ਅਪਣਾਅ ਲੈਣਾ ਸਭ ਲਈ ਲਾਹੇਵੰਦ ਹੋਵੇਗਾ। ਇਸ਼ਾਰੇ ਨਾਲ ਆਖਿਆ ਕਿ ਮੇਰੇ ਵਿਚਾਰ ਹਰ ਧਰਮ ਦਾ ਸ਼ਿੰਗਾਰ, ਇਨਸਾਨੀਅਤ ਨੂੰ ਖ਼ੁਸ਼ਬੋ, ਤਾਜ਼ਗੀ ਅਤੇ ਖੇੜਾ ਬਖ਼ਸ਼ਣ ਵਾਲੇ ਹਨ। ਜੋ ਇਹਨਾਂ ਨੂੰ ਕਬੂਲ ਕਰੇਗਾ ਇਹ ਉਸ ਨੂੰ ਆਪਣੇ ਅਕੀਦੇ ਉੱਤੇ ਕਾਇਮ ਰਹਿੰਦੇ ਹੋਏ ਨੂੰ ਵੀ ਸਰਸ਼ਾਰ (ਮਸਤ) ਕਰਨਗੇ।’

ਜਾਪਦਾ ਹੈ ਕਿ ਗੁਰੂ ਨਾਨਕ ਜੀ ਦੇ ਮਤ ਦਾ ਇਹੋ ਅਸੂਲ ਨਵਾਂ ਹੈ ਕਿ ਬੁਨਿਆਦੀ ਤੌਰ ਉੱਤੇ ਕਿਸੇ ਨੂੰ ਆਪਣਾ ਅਕੀਦਾ ਤਬਦੀਲ ਕਰਨ ਦੀ ਲੋੜ ਨਹੀਂ। ਹਰ ਮਨੁੱਖ ਜੋ ਧਾਰਮਿਕ ਜੀਵਨ ਦਾ ਆਨੰਦ ਮਾਨਣਾ ਚਾਹੁੰਦਾ ਹੈ, ਆਪਣੀ ਰੂਹ ਵਿੱਚ ਅਰਸ਼ੀ ਹੁਲਾਰੇ ਦਾ ਅਹਿਸਾਸ ਕਰਨਾ ਚਾਹੁੰਦਾ ਹੈ, ਆਪਣੇ ਪਾਕ ਅਕੀਦਿਆਂ ਉੱਤੇ ਗੁਰੂ ਨਾਨਕ; ਸੱਚ ਨੂੰ ਪਿਉਂਦ ਕਰ ਸਕਦਾ ਹੈ। ਚਮੇਲੀ ਦੇ ਫੁੱਲ ਰਾਹੀਂ ਦਿੱਤੇ ਸੁਨੇਹੇ ਦੀ ਗੁਰੂ ਨਾਨਕ ਜੀ ਦੇ ਪਵਿੱਤਰ ਸੁਖ਼ਨਾਂ (ਵਚਨਾਂ) ਵਿੱਚ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ :

ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ ਚਲੀਐ ॥ (ਮ: ੧, ਪੰਨਾ ੭੬੬)

ਗੁਣਾ ਕਾ ਹੋਵੈ ਵਾਸੁਲਾ; ਕਢਿ ਵਾਸੁ ਲਈਜੈ ॥ (ਮ: ੧, ਪੰਨਾ ੭੬੫)

ਏਸ ਪ੍ਰਸੰਗ ਵਿੱਚ ਗੁਰੂ ਜੀ ਇੱਕ ਹੋਰ ਅਹਿਮ ਨੁਕਤੇ ਵੱਲ ਵੀ ਇਸ਼ਾਰਾ ਕਰਦੇ ਹਨ, ਜਿਸ ਬਾਰੇ ਕਈ ਵਾਰ ਖੁੱਲ੍ਹ ਕੇ ਗੱਲ ਵੀ ਕਰਦੇ ਹਨ। ਉਹ ਆਖਦੇ ਹਨ ਕਿ ਅੰਤਮ ਸੱਚ (ਅਕਾਲ ਪੁਰਖ, ਅੱਲਾਹ, ਪਾਰਬਰਹਮ) ਹਰ ਪੱਖੋਂ ਪਾਕ ਸੁਨੇਹੇ ਹੀ ਮਨੁੱਖਤਾ ਨੂੰ ਦਿੰਦਾ ਹੈ, ਚਾਹੇ ਉਹ ਕਿਸੇ ਪੈਗ਼ੰਬਰ, ਅਵਤਾਰ ਜਾਂ ਗੁਰੂ ਰਾਹੀਂ ਦੇਵੇ, ਪਰ ਖ਼ੁਦਗਰਜ਼ ਪੁਜਾਰੀ ਜਮਾਤ ਆਪਣੀ ਲੋੜ ਅਨੁਸਾਰ ਉਹਨਾਂ ਉਪਦੇਸ਼ਾਂ ਦਾ ਹੁਲੀਆ ਵਿਗਾੜ ਦਿੰਦੀ ਹੈ। ਗੁੰਮਰਾਹ ਹੋ ਕੇ ਲੋਕ, ਧਰਮ ਦੇ ਨਾਂ ਉੱਤੇ ਅਧਰਮ ਕਰਨ ਲੱਗ ਪੈਂਦੇ ਹਨ। ਪੁਜਾਰੀ ਜਮਾਤ ਬਾਰੇ ਸਾਹਿਬਾਂ ਦਾ ਫ਼ੁਰਮਾਨ ਹੈ: ‘‘ਕਾਦੀ ਕੂੜੁ ਬੋਲਿ, ਮਲੁ ਖਾਇ ॥  ਬ੍ਰਾਹਮਣੁ ਨਾਵੈ; ਜੀਆ ਘਾਇ ॥  ਜੋਗੀ; ਜੁਗਤਿ ਨ ਜਾਣੈ ਅੰਧੁ ॥  ਤੀਨੇ ਓਜਾੜੇ ਕਾ ਬੰਧੁ ॥’’ (ਮ: ੧, ਪੰਨਾ ੬੬੨), ਗੁਰੂ ਜੀ ਦੇ ਮੱਤ ਅਨੁਸਾਰ ਪੁਜਾਰੀ ਜਮਾਤ ਧਰਮ ਦਾ ਨੁਕਸਾਨ ਕਰਨ ਦਾ ਪੱਕਾ ਪ੍ਰਬੰਧ ਹੈ।

ਏਸ ਉਜਾੜੇ ਤੋਂ ਬਚਣ ਲਈ ਕਈ ਵਾਰ ਧਰਮ ਦੇ ਮਰਮ (ਰਾਜ਼) ਦੀ ਸੋਝੀ ਰੱਖਣ ਵਾਲਿਆਂ ਨੂੰ ਉਨ੍ਹਾਂ ਦੇ ਹੀ ਧਰਮ ਦੇ ਅਸਲ ਉਪਦੇਸ਼ ਦੱਸ ਕੇ ਉਹਨਾਂ ਨੂੰ ਗਲ਼ ਲਾਉਣ ਲਈ ਪ੍ਰੇਰਦੇ ਹਨ। ਉਹ ਹਰ ਧਰਮ ਦੀ ਡੂੰਘੀ ਜਾਣਕਾਰੀ, ਵਾਕਫ਼ੀਅਤ ਰੱਖਦੇ ਹਨ। ਇਸਲਾਮ ਬਾਰੇ ਤਾਂ ਉਹ ਦੁਨਿਆਵੀ ਇਲਮ ਤੋਂ ਵੀ ਪੂਰੇ ਵਾਕਫ਼ ਹਨ। ਆਖ਼ਰ ਸੁਲਤਾਨਪੁਰ ਲੋਧੀ, ਜਿੱਥੇ ਗੁਰੂ ਜੀ ਕਈ ਸਾਲ ਰਹੇ, ਇਸਲਾਮ ਦਾ ਮਸ਼ਹੂਰ ਮਦਰੱਸਾ ਸੀ, ਜਿਸ ਵਿੱਚ ਮਗਰੋਂ ਬਾਦਸ਼ਾਹ ਔਰੰਗਜ਼ੇਬ ਨੇ ਵੀ ਇਲਮ ਹਾਸਲ ਕੀਤਾ ਸੀ। ਜਦੋਂ ਗੁਰੂ ਸਾਹਿਬ ਦੇ ਕੀਰਤਨ ਨੂੰ ਇਸਲਾਮ ਅਨੁਸਾਰ ਅਵੈਧ ਦੱਸਿਆ ਗਿਆ ਤਾਂ ਗੁਰੂ ਸਾਹਿਬ ਨੇ ਉਸ ਹਦੀਸ (ਪੈਗ਼ੰਬਰੀ ਬੋਲ) ਦਾ ਜ਼ਿਕਰ ਕੀਤਾ ਜਿਸ ਬਾਰੇ ਕੇਵਲ ਆਲਮ ਫ਼ਾਜਿਲ (ਖ਼ਾਸ ਬੁਧੀਜੀਵੀ) ਹੀ ਜਾਣਦੇ ਸਨ।  ਇਹ ਹਦੀਸ ਪਾਕ ਨਬੀ ਦੇ ਹਜ਼ਰਤ ਆਇਸ਼ਾ ਸਮੇਤ ਵਿਆਹ ਵਿੱਚ ਸ਼ਿਰਕਤ ਕਰਨ ਬਾਰੇ ਹੈ ਜਿੱਥੇ ਉਹਨਾਂ ਨੂੰ ਵੇਖਦਿਆਂ ਹੀ ਕੁੜੀਆਂ ਨੇ ਗੀਤ ਗਾਉਣੇ ਬੰਦ ਕਰ ਦਿੱਤੇ, ਪਰ ਨਬੀ ਨੇ ਉਹਨਾਂ ਨੂੰ ਖੁੱਲ੍ਹ ਕੇ ਗਾਉਣ ਲਈ ਆਖਿਆ।

ਆਪਣੇ ਧਰਮ ਦੀ ਘੱਟ ਵਾਕਫ਼ੀਅਤ ਰੱਖਣ ਵਾਲੇ ਕੀ-ਕੀ ਕਹਿਰ ਗੁਜ਼ਾਰਦੇ ਹਨ ਏਸ ਦੀਆਂ ਮੁਗ਼ਲ ਇਤਿਹਾਸ ਵਿੱਚ ਕਈ ਨਜ਼ੀਰਾਂ (ਦ੍ਰਿਸ਼ਟਾਂਤ) ਹਨ। ਜੇ ਸੂਬਾ ਸਰਹਿੰਦ ਨੇ ਪਾਕ ਨਬੀ ਦਾ ਖੁਤਬਾ-ਏ-ਹਿਜਾਤੁਲ ਵਿਦਾਅ ਪੜ੍ਹਿਆ ਹੁੰਦਾ ਤਾਂ ਉਹ ਕਦੇ ਵੀ 7 ਅਤੇ 9 ਸਾਲਾਂ ਦੇ ਬਾਲਾਂ ਨੂੰ ਪਿਤਾ ਦੇ ਸਿਰ ਮੜ੍ਹੇ ਜੁਰਮਾਂ ਬਦਲੇ ਜਿਊਂਦੇ ਨੀਹਾਂ ਵਿੱਚ ਨਾ ਚਿਣਵਾਉਂਦਾ। ਨਵਾਬ ਮਲੇਰਕੋਟਲੇ ਨੂੰ ਧਰਮ ਦਾ ਇਹ ਮਰਮ ਪਤਾ ਸੀ। ਤਾਹੀਂਏ ਉਸ ਨੇ ਹਾਅ ਦਾ ਨਾਅਰਾ ਮਾਰਿਆ। ਅਜਿਹੀ ਨਾਵਾਕਫ਼ੀਅਤ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ, ਪਰ ਮਲੇਰਕੋਟਲਾ ਅੱਜ ਵੀ ਘੁੱਗ (ਖੁਸ਼ਹਾਲ) ਵੱਸਦਾ ਹੈ।

ਗੁਰੂ ਜੀ ਜਾਣਦੇ ਸਨ ਕਿ ਸਭ ਧਾਰਮਿਕ ਮਨੁੱਖਾਂ ਨੇ ਅਕਾਲ ਪੁਰਖ ਦੇ ਗੁੱਝੇ ਨੇਮਾਂ ਦਾ ਸਾਰੀ ਲੋਕਾਈ ਉੱਤੇ ਇਕਸਾਰ ਲਾਗੂ ਹੋਣਾ ਪ੍ਰਵਾਨ ਕੀਤਾ ਹੈ। ਇਹ ਕੁਦਰਤ ਦੇ ਭੇਤ ਆਮ ਮਨੁੱਖ ਥੋੜ੍ਹੀ ਜਿਹੀ ਘਾਲਣਾ ਨਾਲ ਹੀ ਬੁੱਝ ਲੈਂਦੇ ਹਨ। ਫਿਰ ਇਹ ਰੁਝਾਨ ਉਨ੍ਹਾਂ ਦੇ ਸੁਚੇਤ ਮਨ ਨੂੰ ਅਸੀਮ ਖਿੱਚ ਪਾਉਂਦਾ ਹੈ ਅਤੇ ਮਨੁੱਖ ਆਖ਼ਰੀ ਸੱਚ ਵੱਲ ਹਾਲ ਦੀ (ਅਜੋਕੀ) ਹਾਲਤ ਵਿੱਚ ਬੇਬਸ ਹੋ ਕੇ ਖਿੱਚਿਆ ਚਲਿਆ ਜਾਂਦਾ ਹੈ। ਸਮੁੱਚੀ ਮਨੁੱਖ ਜਾਤੀ ਵਿੱਚ ਇੱਕ ਵੱਡੀ ਅਤੇ ਪੀਢੀ ਸਾਂਝ ਸਹਿਜ ਨਾਲ ਹੀ ਸਥਾਪਤ ਹੋ ਜਾਂਦੀ ਹੈ।  ਸਾਧੇ (Disciplined) ਲੋਕਾਂ ਦਾ ਨਾਨਕ ਜੀ ਦੇ ਤਸੱਵਰ (ਸਿਧਾਂਤ) ਦਾ ਸਮਾਜ ਇਸ ਸਾਂਝ ਦਾ ਪ੍ਰਤੀਕ ਹੈ ਅਤੇ ਇਹ ਪੱਕੇ ਤੌਰ ਉੱਤੇ ਮਨੁੱਖੀ ਮਨਾਂ ਨੂੰ ਜੋੜਨ ਲਈ ਗੂੰਦ ਦਾ ਕੰਮ ਕਰਦਾ ਹੈ।

ਗੁਰੂ ਨਾਨਕ ਸਾਹਿਬ ਦਾ ਗੁਣਤੰਤਰ :

ਗੁਰੂ ਨਾਨਕ ਜੀ ਨੇ ਆਪਣੇ ਸਮੁੱਚੇ ਕੰਮ ਨੂੰ ਕਈ ਹਿੱਸਿਆਂ ਵਿੱਚ ਵੰਡ ਲਿਆ। ਉਹਨਾਂ ਦਾ ਪਹਿਲਾ ਤੇ ਸਭ ਤੋਂ ਮੁਸ਼ਕਲ ਟੀਚਾ ਇੱਕ ਸਮਾਜ ਸਿਰਜਣਾ ਸੀ, ਜੋ ਕੇਵਲ ਅਕਾਲ ਪੁਰਖ ਦੇ ਸਰਬ ਕਲਿਆਣਕਾਰੀ ਗੁਣਾਂ ਉੱਤੇ ਉਸਰਿਆ ਹੋਵੇ। ਉਹਨਾਂ ਨੇ ਪੜਾਅਵਾਰ ਇਸ ਟੀਚੇ ਨੂੰ ਸਰ ਕਰਨ ਲਈ ਕੰਮ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅੰਤਮ ਸੱਚ ਦੇ ਦੈਵੀ ਗੁਣਾਂ ਨੂੰ ਆਪਣੀ ਬਾਣੀ ਰਾਹੀਂ ਪ੍ਰਗਟ ਕੀਤਾ ਅਤੇ ਫੇਰ ਇਸ ਨੂੰ ਦਿਲੋਂ-ਮਨੋਂ ਕਬੂਲ ਕਰਨ ਵਾਲਿਆਂ ਦਾ ਸਮਾਜ ਸਿਰਜਿਆ। ਉਹਨਾਂ ਝੱਟ ਭਾਂਪ ਲਿਆ ਕਿ ਏਸ ਵਾਸਤੇ ਇੱਕ ਮਨੁੱਖੀ ਹਯਾਤੀ (ਜ਼ਿੰਦਗੀ) ਕਾਫ਼ੀ ਨਹੀਂ। ਉਹਨਾਂ ਆਪਣੀ ਉਮਰ ਨੂੰ ਇੱਕ ਅਨੋਖੀ ਤਰਕੀਬ ਰਾਹੀਂ 239 ਸਾਲ ਕੀਤਾ ਅਤੇ ਏਸ ਤੋਂ ਬਾਅਦ ਆਪਣੇ ਕਲਾਮ ਨੂੰ ਸਦੀਵੀ ਗੁਰੂ (ਉਸਤਾਦ) ਵਜੋਂ ਗੁਰੂ ਦੀ ਮਸਨਦ (ਸਿੰਘਾਸਣ) ਉੱਤੇ ਬਿਰਾਜਮਾਨ ਕੀਤਾ। ਇਉਂ ਉਨ੍ਹਾਂ ਯਕੀਨੀ ਬਣਾਇਆ ਕਿ ਸੱਚ ਦੇ ਉਪਦੇਸ਼ ਦਾ ਤੇਜ਼ ਅਤੇ ਵੇਗ ਕਦੇ ਵੀ ਮੱਠਾ ਨਾ ਹੋਵੇ। ਦਸਵੇਂ ਨਾਨਕ ਦਾ ਆਖ਼ਰੀ ਫ਼ੁਰਮਾਨ ਸੀ, ‘ਸਿੱਖ ਪਰਚਾ ਸ਼ਬਦ ਦਾ ਲਾਵੇ।’

ਓਸ ਦਾ ਸਿੱਖ ਆਪਣੇ ਕਿਰਦਾਰ ਨੂੰ ਸਦਾ ਗੁਰੂ ਦੇ ਬਚਨ ਦੀ ਕਸਵੱਟੀ ਲਾ ਕੇ ਪਰਖਦਾ ਰਹੇ। ਇਹਨਾਂ 239 ਸਾਲਾਂ ਵਿੱਚ ਗੁਰੂ ਜੀ ਨੇ ਸੱਚ ਨੂੰ ਸਭ ਤੋਂ ਉੱਪਰ ਕਾਇਮ ਕਰਨ ਲਈ ਅਨੇਕਾਂ ਸਰੀਰਕ ਦੁੱਖ ਸਹਾਰੇ। ਤੱਤੀਆਂ ਤਵੀਆਂ ਉੱਤੇ ਬੈਠੇ, ਸਿਰ ਕਲਮ ਕਰਵਾਏ, ਬੱਚੇ ਕੁਰਬਾਨ ਕੀਤ ਗਏੇ। ਉਹਨਾਂ ਦੀ ਅਗਵਾਈ ਕਬੂਲ ਕਰਨ ਵਾਲਾ ਸਮਾਜ ਉਹਨਾਂ ਦੀ ਏਸ ਕਰਨੀ ਤੋਂ ਪਕਿਆਈ ਨਾਲ ਸਮਝ ਗਿਆ ਕਿ ਆਖ਼ਰੀ ਸੱਚ ਦੇ ਰਾਹ ਚੱਲਦਿਆਂ ਹਰ ਕੁਰਬਾਨੀ ਕਰਨਯੋਗ ਹੈ। ਇਉਂ ਤਿਆਰ ਹੋਈ ਕੁਠਾਲੀ ਵਿੱਚ ਪਾ ਕੇ ਸਾਧੀ ਹੋਈ ਸੰਗਤ, ਜਿਸ ਦਾ ਹਲਕਾ ਜਿਹਾ ਅਕਸ (ਦ੍ਰਿਸ਼) ਗੁਰੂ ਨੇ ਜੋਗੀਆਂ ਨੂੰ ਸੁਮੇਰ ਪਰਬਤ ਉੱਤੇ ਵਿਖਾਇਆ ਸੀ ਅਤੇ ਜੋ ਉਹਨਾਂ ਦੇ ਇਨਕਲਾਬ ਦਾ ਇੱਕ ਪਹੀਆ ਹੈ। ਤੀਸਰੀ ਅਤੇ ਆਖ਼ਰੀ ਤਰਕੀਬ ਵਜੋਂ, ‘‘ਕਰਤਾ ! ਤੂੰ ਸਭਨਾ ਕਾ ਸੋਈ ॥’’ (ਮ: ੧, ਪੰਨਾ ੩੬੦) ਦੀਆਂ ਸਿਫ਼ਤਾਂ ਦੇ ਮੁਜੱਸਮੇ ਵਜੋਂ ਦਸਵੇਂ ਨਾਨਕ ਜੀ ਨੇ ਖ਼ਾਲਸਾ ਸਾਜਿਆ। ਸਭ ਭਰਮ ਭੁਲੇਖੇ ਤਿਆਗ ਚੁੱਕੀ, ਆਪਣੇ-ਆਪ ਨੂੰ ਗੁਰਮਤਿ-ਅਸੂਲਾਂ ਵਿੱਚ ਢਾਲ਼ ਚੁੱਕੀ ਸੰਗਤ ਦਾ ਸਮੁੰਦਰ ਮੰਥਨ ਕਰ ਕੇ ਨੌਂ ਰਤਨਾਂ ਵਾਂਗ ਦਸਮੇਸ਼ ਨੇ ਅੰਮ੍ਰਿਤ ਨੂੰ ਪ੍ਰਗਟ ਕੀਤਾ।  ਖ਼ਾਲਸਾ ਸੰਸਥਾ ਮੁਕੰਮਲ ਤੌਰ ਉੱਤੇ ਖ਼ੁਦਮੁਖ਼ਤਿਆਰ ਅਤੇ ਸੰਸਾਰ ਦੇ ਤਖ਼ਤ ਉੱਤੇ ਵੱਡੀਆਂ, ਪਹਾੜ ਜਿੱਡੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਲਈ ਥਾਪੀ ਗਈ ਪਹਿਲੀ ਸੰਸਥਾ ਹੈ। ਏਸ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਸਦੀਵੀ ਸਰੀਰਕ ਗੁਰੂ ਬਣ ਕੇ ਵਿਚਰਨਾ ਹੈ।

ਏਸ ਬੇਹੱਦ ਸੰਜੀਦਾ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਖ਼ਾਲਸੇ ਨੇ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਖਾਲਸਾ ਸੰਸਥਾ (Order of The Khalsa) ਵਿੱਚ ਸ਼ਾਮਲ ਕੀਤਾ। ਇਹ ਧਰਤ-ਹਿਲਾਊ ਵਾਕਿਆ ਖ਼ਾਲਸਾ ਸਾਜਣ ਤੋਂ ਤੁਰੰਤ ਬਾਅਦ ਵਾਪਰਿਆ ਜਦੋਂ ਗੋਬਿੰਦ ਗੁਰੂ ਨੇ ਗਲ਼ ਵਿੱਚ ਪੱਲਾ ਪਾ ਕੇ ਅੱਤ ਦੀ ਨਿਮਰਤਾ (ਗ਼ਰੀਬੀ) ਨਾਲ ਅੰਮ੍ਰਿਤ ਦੀ ਦਾਤ ਖ਼ਾਲਸੇ ਤੋਂ ਮੰਗੀ। ਫਿਰ ਇਤਿਹਾਸ ਨੇ ਦੀਨ ਦੁਨੀ ਦੇ ਮਾਲਕ ਨੂੰ ਆਪੂੰ ਸਾਜੇ ਖ਼ਾਲਸੇ ਮੂਹਰੇ ਗੋਡੀ ਲਾ ਕੇ, ਸਿਰ ਝੁਕਾ ਕੇ, ਬੀਰ ਆਸਣ ਬੈਠੇ ਨੂੰ ਪੰਜ ਚੂਲੇ ਅੰਮ੍ਰਿਤ ਦੇ ਛਕਦੇ ਵੇਖਿਆ।

ਖ਼ਾਲਸੇ ਦੀ ਦੂਜੀ ਜ਼ਿੰਮੇਵਾਰੀ ਸੀ ਹਰ ਪੱਖੋਂ ਸੱਚ ਦੇ ਪਸਾਰ ਲਈ ਕਾਇਮ ਕੀਤੇ ਸਮਾਜ ਦੀ ਰੱਖਿਆ ਕਰਨੀ ਅਤੇ ਉਸ ਦੀ ਚੜ੍ਹਦੀ ਕਲਾ ਨੂੰ ਯਕੀਨੀ ਬਣਾਉਣਾ। ਮੁੱਢਲੇ ਰੂਪ ਵਿੱਚ ਇਹ ਕੁੱਲ ਆਲਮ ਦੇ ਸਦੀਵੀ ਸੁੱਖ ਲਈ ਗੁਰ ਸ਼ਬਦ ਵਿੱਚ ਦੱਸੇ ਨਿਜ਼ਾਮ ਨੂੰ ਲਾਗੂ ਕਰਨਾ ਅਤੇ ਸਦਾ ਕਾਇਮ ਰੱਖਣਾ ਹੈ। ਏਸ ਲਈ ਖ਼ਾਲਸੇ ਨੇ ਮਨੁੱਖਤਾ ਦੀ ਢਾਲ਼ ਬਣ ਕੇ ਜ਼ੁਲਮ, ਅਨਿਆਂ, ਧੱਕੇ ਨੂੰ ਹਰ ਰੂਪ ਵਿੱਚ ਹਰ ਥਾਂ ਪਛਾਣਨਾ ਅਤੇ ਪਛਾੜਨਾ ਹੈ। ਸੁਲ੍ਹਾ ਦੇ ਰਾਹ ਨੂੰ ਤਰਜੀਹ ਦੇਣੀ ਹੈ ਪਰ ਲੋਕ ਭਲਾਈ ਦੀ ਲੋੜ ਮੁਤਾਬਕ ਜੰਗ ਤੱਕ ਨੂੰ ਜਾਇਜ਼ ਸਮਝਣਾ ਹੈ। ਏਸ ਰਾਹ ਉੱਤੇ ਸਿਆਸੀ ਪ੍ਰਬੰਧ ਦੀ ਜ਼ਿੰਮੇਵਾਰੀ ਵੀ ਨਿਭਾਉਣ ਦੀ ਹਦਾਇਤ ਹੈ। ਮਾਤਾ ਅਤੇ ਪਿਤਾ ਰੂਪ ਅਕਾਲ ਪੁਰਖ ਵਾਂਗ ਸੰਸਾਰ ਦਾ ਪਾਲਣ ਪੋਸ਼ਣ ਕਰਨ ਦੇ ਇਰਾਦੇ ਨੂੰ ਖ਼ਾਲਸਾ ਆਦਰਸ਼ ਮਿਥਿਆ ਗਿਆ।

ਇਉਂ ਅਰਸ਼ਾਂ ਦੀ ਦੈਵੀ ਸ਼ਕਤੀ ਨੇ ਫ਼ਰਸ਼ ਉੱਤੇ ਮਸਤ ਮਲੰਗ ਮੋਰ ਵਾਂਗ ਪੈਲਾਂ ਪਾਉਂਦਿਆਂ ਉਤਰਨਾ ਹੈ। ਮਨੁੱਖੀ ਇਤਿਹਾਸ ਵਿੱਚ ਕੁੱਲ ਆਲਮ ਦੇ ਮਾਲਕ ਦੇ ਇਲਾਹੀ ਘੋੜੇ ਦੀਆਂ ਟਾਪਾਂ ਦੁਨੀਆਂ ਨੇ ਪਹਿਲੀ ਵਾਰ ਸੁਣੀਆਂ। ਇਹ ਖ਼ਾਲਸੇ ਰਾਹੀਂ ਸੰਸਾਰ ਦੇ ਭਲੇ ਲੋਕਾਂ ਦੀ ਹਮਦਰਦੀ ਨਾਲ ਹੀ ਮੁਮਕਿਨ ਹੋਇਆ ਸੀ ਅਤੇ ਅਗਾਂਹ ਨੂੰ ਹੋਵੇਗਾ।

ਇਉਂ ਗੁਰੂ ਨਾਨਕ ਜੀ ਨੇ ਸਿੱਧਾਂ, ਜੋਗੀਆਂ ਨਾਲ ਗੋਸ਼ਟੀ ਵਿੱਚ ਜ਼ਾਹਰ ਕੀਤੇ ਖਿਆਲਾਂ ਨੂੰ ਅਮਲੀ ਜਾਮਾ ਪਹਿਨਾਇਆ ਅਤੇ ਆਪਣੇ ਧਾਰੇ ਜਗਤ ਗੁਰੂ ਦੇ ਲਕਬ ਨਾਲ ਵਫ਼ਾ ਨਿਭਾਈ। ਏਸ ਤਰ੍ਹਾਂ ਆਪਣੀ ਤਲਵੰਡੀ, ਆਪਣੇ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ, ਜੋ ਅੱਜ ਸਭ ਦੇ ਸਾਂਝੇ ਕਰਤਾਰਪੁਰ ਵਿੱਚ ਸਮਾਏ ਹੋਏ ਹਨ, ਨੇ ਪਸ਼ੂ, ਪਰੇਤ ਬਿਰਤੀ ਵਾਲੇ ਮਨੁੱਖਾਂ ਨੂੰ ਦੇਵੀ-ਦੇਵਤਿਆਂ ਦੀ ਕਤਾਰ ਵਿੱਚ ਖੜ੍ਹਾ ਕਰ ਕੇ ਮਾਨਵਤਾ ਨਾਲ ਆਪਣਾ ਅਗੰਮੀ ਕੌਲ ਪਾਲ਼ਿਆ।

ਸਬਦਿ ਲਾਗਿ ਸਵਾਰੀਆ॥

0

ਸਬਦਿ ਲਾਗਿ ਸਵਾਰੀਆ॥

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆੱਫ ਐਜੁਕੇਸ਼ਨ)

ਅਕਾਲ ਪੁਰਖ ਨੇ ਜਲਤੀ ਸਭ ਪ੍ਰਿਥਮੀ ਨੂੰ ਠੰਡਾ ਠਾਰ/ਸੀਤਲ ਕਰਨ ਲਈ ਸਤਿਗੁਰਾਂ ਦੇ ਸਰੀਰ ਰਾਹੀਂ ਜੋ ਉਪਦੇਸ਼ ਬਖਸ਼ਿਆ ਉਸੇ ਨੂੰ ‘ਗੁਰੂ ਸਬਦੁ’ ਮੰਨਿਆ ਗਿਆ ਕਿਉਂਕਿ ‘‘ਗੁਰ ਮਹਿ ਆਪੁ ਸਮੋਇ, ਸਬਦੁ ਵਰਤਾਇਆ॥’’ (ਮ:੧/੧੨੭੯) ਦਾ ਕਥਨ ਗੁਰਬਾਣੀ ਅੰਦਰ ਦਰਜ ਹੈ। ਗੁਰਬਾਣੀ ਦਾ ਆਸ਼ਾ ਜਾਂ ਮਨੋਰਥ ਕੋਈ ਫਿਰਕਾ ਜਾਂ ਧੜਾ ਤਿਆਰ ਕਰਨਾ ਨਹੀਂ ਬਲਕਿ ਇੱਕ ਖ਼ਾਸ ਤਰ੍ਹਾਂ ਦਾ ਮਨੁੱਖ, ਜਿਸ ਨੂੰ ਸੰਤ, ਗੁਰਮੁਖ, ਭਗਤ ਜਾਂ ਹੋਰ ਨਾਵਾਂ ਰਾਹੀਂ ਅੰਕਤ ਕੀਤਾ ਗਿਆ ਹੈ, ਬਣਾਉਣਾ ਹੈ। ਗੁਰਬਾਣੀ ਜਾਂ ਗੁਰੂ ਸ਼ਬਦ ਨਾਲ਼ ਮਨੁੱਖ ਦੇ ਮਨ ਦੀ ਇੱਕ ਖ਼ਾਸ ਅਵਸਥਾ ਬਣਾਉਣੀ ਹੈ ਕਿ ਮਨੁੱਖ ਦਾ ਫਿਰਕਾ, ਵਰਗ ਅਤੇ ਖੇਤਰ ਕੋਈ ਵੀ ਹੋਵੇ, ਉਹ ਭਾਵੇਂ ਜੋਗੀ ਹੋਵੇ, ਕਾਜ਼ੀ ਮੁੱਲਾਂ ਹੋਵੇ, ਹਿੰਦੂ ਵੈਸਨਵ ਹੋਵੇ ਜਾਂ ਜੈਨੀ ਹੋਵੇ ਪਰ ਹਰ ਮਨੁੱਖ ਆਪਣੀ ਥਾਵੇਂ ਬੈਠਾ ਇੱਕ ਖ਼ਾਸ ਸਦਾਚਾਰਕ ਪੱਧਰ ਵਾਲਾ ਹੋਵੇ। ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੋਵੇ ਭਾਵ ਕੋਈ ਹਾਲੀ (ਕਿਸਾਨ) ਹੋਵੇ, ਸੋਦਾਗਰ ਹੋਵੇ, ਦੁਕਾਨਦਾਰ ਜਾਂ ਚਾਕਰ ਹੋਵੇ, ਬਾਦਸ਼ਾਹ ਜਾਂ ਗਰੀਬ ਹੋਵੇ, ਭਾਵੇਂ ਕਿਸੇ ਫਿਰਕੇ, ਕਿਸੇ ਪੰਥ ਜਾਂ ਕਿਸੇ ਵੀ ਕਿੱਤੇ ਦਾ ਹੋਵੇ ਉਸ ਵਿੱਚ ਇੱਕ ਵਿਸ਼ੇਸ਼ ਇਨਸਾਨੀ ਸਦਾਚਾਰਕ ਸਰਬਸਾਂਝੀ ਭਾਈਚਾਰਕ ਭਾਵਨਾ ਵੇਖਣ ਨੂੰ ਮਿਲੇ। ਇਕ ਸਦਾਚਾਰਕ ਮਨੁੱਖਤਾ ਦਾ ਆਦਰਸ਼ ਹੈ: ‘‘ਜਤੁ ਪਾਹਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥ ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥ ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ! ਨਦਰੀ ਨਦਰਿ ਨਿਹਾਲ॥੩੮॥’’ (ਮ:੧/੮) ਸਿੱਖ ਜਾਂ ਸਿੱਖੀ ਦਾ ਇਹੀ ਆਦਰਸ਼ ਜਾਂ ਜੀਵਨ ਮਨੋਰਥ ਹੈ। ਇਹ ਆਦਰਸ਼ਕ ਪਿਆਰ ਹੀ ਪੰਥਕ ਏਕਤਾ ਹੈ ਮਨੁੱਖੀ ਭਾਈਚਾਰੇ ਦਾ ਸਾਂਝਾ ਆਧਾਰ ਹੈ, ਹਰ ਧਰਮ ਹਰ ਫਿਰਕਾ ਜਾਂ ਮਨੁੱਖ ‘‘ਕਿਵ ਸਚਿਆਰਾ ਹੋਈਐ? ਕਿਵ ਕੂੜੈ ਤੁਟੈ ਪਾਲਿ?॥’’ (ਮ:੧/੧) ਦਾ ਮਨੋਰਥ ਜਾਂ ਮੰਜ਼ਲ ਆਪਣੇ ਅੰਦਰ ਸਮੋਈ ਬੈਠਾ ਹੈ। ਮਾਰਗ ਵੀ, ਸਾਧਨ ਵੀ ‘‘ਹੁਕਮਿ ਰਜਾਈ ਚਲਣਾ॥’’ ਇੱਕੋ ਜਿਹਾ ਹੈ। ਕੋਈ ਸਿੱਖ ਜਿਸ ਵਿੱਚ ਇਹ ਆਦਰਸ਼ਕ ਜੀਵਨ ਹੈ ਉਹ ਸਿੱਖਾਂ ਅਤੇ ਗ਼ੈਰ ਸਿੱਖਾਂ ਵਿੱਚ ਸਾਂਝੇ ਤੌਰ ’ਤੇ ਸਤਿਕਾਰਿਆ ਜਾਂਦਾ ਹੈ। ਉਸ ਦੀ ਸਰੀਰਕ ਦਿਖ; ਕੇਸ, ਦਾਹੜਾ, ਦਸਤਾਰ ਉਸ ਲਈ ਕਿਸੇ ਥਾਂ ਘ੍ਰਿਣਾ ਨਹੀਂ ਉਪਜਾਂਦੇ; ਜਿਵੇਂ ਕਈ ਵਾਰ ਆਮ ਧਾਰਨਾ ਸਾਡੇ ਅੰਦਰ ਬਣੀ ਰਹਿੰਦੀ ਹੈ ਕਿ ਮਨੁੱਖੀ ਸਭਿਅਤਾ ਦਾ ਮਿਆਰ ਸਦਾਚਾਰ ਹੈ, ਨਾ ਕਿ ਕਿਸੇ ਦੀ ਬਾਹਰੀ ਬਣਤਰ (ਦਿਖ)।  ਹਾਂ, ਬਾਹਰੀ ਰੂਪ ਜਿਉਂ ਜਿਉਂ ਸਦਾਚਾਰ ਪ੍ਰਵੇਸ਼ ਕਰਦਾ ਹੈ, ਉਸ ਦਾ ਰੂਪ ਫਿਰ ਆਪਣੇ ਆਪ ਹੀ ਸੋਹਣਾ ਸੁੰਦਰ ਬਣ ਜਾਂਦਾ ਹੈ ‘‘ਨਾਨਕ ! ਤੇ ਜਨ ਸੋਹਣੇ, ਜੋ ਰਤੇ ਹਰਿ ਰੰਗੁ ਲਾਇ॥’’ (ਮ:੩/੯੫੦) ਦੀ ਭਾਵਨਾ ਮਨੁੱਖੀ ਮਨਾਂ ਵਿੱਚ ਉਜਾਗਰ ਹੋ ਜਾਂਦੀ ਹੈ। ਉਸ ਦੇ ਕੇਸ ਦਸਤਾਰ ਉਸ ਦਾ ਬਾਹਰੀ ਸਰੂਪ ਉਸ ਦੀ ਸੁੰਦਰਤਾ ਵਿੱਚ ਅਨੋਖਾ ਅਸਚਰਜ ਵਾਧਾ ਕਰਦਾ ਹੈ। ਡਾ. ਟਿਆਨਬੀ ਦੇ ਕਥਨ ਅਨੁਸਾਰ ਉਹ ਦੁਨੀਆਂ ਦਾ ਸਭ ਤੋਂ ਸੁੰਦਰ ਆਦਰਸ਼ਕ ਮਨੁੱਖ ਜਾਣਿਆ ਜਾਂਦਾ ਹੈ। ਅਜਿਹੇ ਆਚਰਨਕ ਮਨੁੱਖ ਨੂੰ ਕਦੇ ਘਟੀਆਪਨ ਜਾਂ ਆਤਮਹੀਣਤਾ ਦਾ ਅਹਿਸਾਸ ਹੀ ਨਹੀਂ ਹੁੰਦਾ ਉਸ ਨੂੰ ਆਤਮ ਹੀਣਤਾ ਘ੍ਰਿਣਤਾ ਦਾ ਕਦੇ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਉਸ ਦਾ ਭਰੋਸਾ ਬਣ ਜਾਂਦਾ ਹੈ ‘‘ਸੇਈ ਸੁੰਦਰ ਸੋਹਣੇ॥ ਸਾਧ ਸੰਗਿ ਜਿਨ ਬੈਹਣੇ॥ ਹਰਿ ਧਨੁ ਜਿਨੀ ਸੰਜਿਆ, ਸੇਈ ਗੰਭੀਰ ਅਪਾਰ ਜੀਉ॥’’ (ਮ:੫/੧੩੨) ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਧਾਰਮਿਕ, ਰਾਜਨੀਤਕ, ਸਮਾਜਿਕ ਤੇ ਆਰਥਿਕ ਆਦਰਸ਼ ਡਾਂਵਾ ਡੋਲ ਹੋ ਚੁੱਕਾ ਸੀ। ਹਰ ਪਾਸੇ ਨਿਘਾਰ ਗਿਰਾਵਟ ਆ ਚੁੱਕੀ ਸੀ। ਗੁਰੂ ਸ਼ਬਦ ਨੇ ਇਸ ਬਾਰੇ ਇੰਝ ਬਿਆਨ ਕੀਤਾ ਹੈ ‘‘ਕਾਦੀ ਕੂੜੁ ਬੋਲਿ, ਮਲੁ ਖਾਇ॥ ਬ੍ਰਾਹਮਣੁ ਨਾਵੈ, ਜੀਆ ਘਾਇ॥ ਜੋਗੀ; ਜੁਗਤਿ ਨ ਜਾਣੈ ਅੰਧੁ॥ ਤੀਨੇ; ਓਜਾੜੇ ਕਾ ਬੰਧੁ॥’’ (ਮ:੧/੬੬੨) ਇੱਥੇ ਗੱਲ ਮੁਕਾ ਲਈਏ ਕਿ ‘‘ਕਲਿ ਕਾਤੀ ਰਾਜੇ ਕਾਸਾਈ, ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ, ਦੀਸੈ ਨਾਹੀ ਕਹ ਚੜਿਆ॥’’ (ਮ:੧/੧੪੫)

ਰਾਜਨੀਤਕ ਲੋਕਾਂ ਦਾ ਨਿਘਾਰ:- ‘‘ਰਾਜੇ ਸੀਹ ਮੁਕਦਮ ਕੁਤੇ॥ (ਮ:੧/੧੨੮੮) (ਜਾਂ) ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ॥’’ (ਮ:੧/੧੪੨) ਤੱਕ ਨਿਘਾਰ ਆ ਚੁੱਕਾ ਸੀ/ਹੈ। ‘‘ਅੰਧੀ ਰਯਤਿ ਗਿਆਨ ਵਿਹੂਣੀ॥’’ ਸਮਾਜੀ ਗਿਰਾਵਟ ਦਾ ਨਮੂਨਾ ਹੈ। ‘‘ਕਾਜੀ ਹੋਇ ਕੈ ਬਹੈ ਨਿਆਇ॥ ਫੇਰੇ ਤਸਬੀ ਕਰੇ ਖੁਦਾਇ॥ ਵਢੀ ਲੈ ਕੈ ਹਕੁ ਗਵਾਏ॥’’ (ਮ:੧/੯੫੧) (ਜਾਂ) ‘‘ਕਲਿ ਕਲਵਾਲੀ ਸਰਾ ਨਿਬੇੜੀ, ਕਾਜੀ ਕ੍ਰਿਸਨਾ ਹੋਆ॥’’ (ਮ:੧/੯੦੩) ਆਰਥਿਕ ਲੁੱਟ ਦਾ ਨਮੂਨਾ ਸਾਹਮਣੇ ਹੈ, ਰਾਜਿਆਂ ਅੰਦਰ ‘‘ਸਾਹਾਂ ਸੁਰਤਿ ਗਵਾਈਆ, ਰੰਗਿ ਤਮਾਸੈ ਚਾਇ॥ ਬਾਬਰ ਵਾਣੀ ਫਿਰਿ ਗਈ, ਕੁਇਰੁ ਨ ਰੋਟੀ ਖਾਇ॥’’ (ਮ:੧/੪੧੭) ਪੱਧਰ ਤੱਕ ਨਿਘਾਰ ਆ ਚੁੱਕਾ ਸੀ।

  ਕਾਦਰ ਦੀ ਕੁਦਰਤਿ ਵਿੱਚ ਇੱਕ ਨਿਯਮ ਹੈ ਕਿ ਕੋਈ ਵਸਤੂ ਜਿਸ ਸਮਾਨ ਜਾਂ ਸਮੱਗਰੀ ਤੋਂ ਹੋਂਦ ਵਿੱਚ ਆਈ ਹੈ ਜੇ ਉਸ ਵਿੱਚ ਕੋਈ ਵਿਗਾੜ ਜਾਂ ਖਰਾਬੀ ਪੈਦਾ ਹੁੰਦੀ ਹੈ ਤਾਂ ਉਸੇ ਸਮੱਗਰੀ ਤੋਂ ਉਸ ਨੂੰ ਸਵਾਰਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ’ਤੇ ਗਾਰੇ ਮਿੱਟੀ ਦਾ ਉਸਾਰਿਆ ਮਕਾਨ ਗਾਰੇ ਮਿੱਟੀ ਨਾਲ ਹੀ ਸਵਾਰਿਆ ਜਾ ਸਕਦਾ। ਰੇਤੇ, ਸੀਮਿੰਟ ਤੇ ਬਜਰੀ (ਕੰਕਰੀਟ) ਨਾਲ ਕੀਤੀ ਗਈ ਉਸਾਰੀ ਵਿਗੜਨ ’ਤੇ ਰੇਤੇ, ਬਜਰੀ ਤੇ ਸੀਮਿੰਟ ਨਾਲ ਹੀ ਸਵਾਰੀ ਜਾ ਸਕਦੀ ਹੈ ਇਸੇ ਤਰ੍ਹਾਂ ਕਾਦਿਰ ਦਾ ਸਾਜਿਆ ਸੰਸਾਰ ਜਾਂ ਮਨੁੱਖੀ ਸਮਾਜ ਜੋ ‘‘ਕੀਤਾ ਪਸਾਉ ਏਕੋ ਕਵਾਉ॥ (ਜਾਂ) ਉਤਪਤਿ ਪਰਲਉ ਸਬਦੇ ਹੋਵੈ ॥’’ (ਮ: ੩, ਪੰਨਾ ੧੧੭) ਤੋਂ ਪੈਦਾ ਹੋਇਆ ਹੈ। ਜੇਕਰ ਮਨੁੱਖਾ ਜੀਵਨ ਜਾਂ ਸਮਾਜ ਵਿੱਚ ਸਾਡੇ ਚਾਰੇ ਪੱਖਾਂ ਸਮਾਜਿਕ, ਧਾਰਮਿਕ, ਰਾਜਨੀਤਿਕ ਜਾਂ ਆਰਥਿਕ ’ਚ ਗਿਰਾਵਟ ਪੈਦਾ ਹੁੰਦੀ ਹੈ ਤਾਂ ਕੇਵਲ ‘ਸਬਦ’ ਹੀ ਇਸ ਗਿਰਾਵਟ ਜਾਂ ਨੁਕਸ ਨੂੰ ਦੂਰ ਕਰਨ ਦੇ ਸਮਰੱਥ ਹੈ। ਗੁਰੂ ਅਮਰਦਾਸ ਜੀ ਫ਼ੁਰਮਾਨ ਕਰਦੇ ਹਨ:- ‘‘ਸਾਚੀ ਲਿਵੈ ਬਿਨੁ, ਦੇਹ ਨਿਮਾਣੀ॥ ਦੇਹ ਨਿਮਾਣੀ ਲਿਵੈ ਬਾਝਹੁ, ਕਿਆ ਕਰੇ ਵੇਚਾਰੀਆ॥ ਤੁਧੁ ਬਾਝੁ, ਸਮਰਥ ਕੋਇ ਨਾਹੀ, ਕ੍ਰਿਪਾ ਕਰਿ ਬਨਵਾਰੀਆ॥ ਏਸ ਨਉ, ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ॥’’ (ਮ:੩/੯੧੭)

ਇਸ ਗੁਰੂ ਸਬਦ ਨੇ ਜੀਵਨ ਦੇ ਹਰ ਪੱਖ ਨੂੰ ਅਗਵਾਈ ਬਖ਼ਸ਼ਸ ਕੀਤੀ ਹੈ। ਆਮ ਲੋਕ ਧਰਮ ਨੂੰ ਕੇਵਲ ਇੱਕ ਰਸਮ ਜਾਂ ਬਾਹਰੀ ਦਿਖ ਮੰਨਦੇ ਹਨ, ਪਰ ਗੁਰਬਾਣੀ ਨੇ ਇਸ ਨੂੰ ਮਨੁੱਖੀ ਕਰਤੱਵ ਜਾਂ ਅਸੂਲ ਮੰਨਿਆ ਹੈ, ਜੋ ਹਰ ਥਾਂ ਹਰ ਸਮੇਂ ਲਾਗੂ ਹੁੰਦਾ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:- ‘‘ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ, ਜੁਗਿ ਜੁਗਿ ਸੋਈ॥ (ਮ:੧/੧੧੮੮) (ਜਾਂ) ਸਰਬ ਧਰਮ ਮਹਿ, ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ॥’’ (ਮ:੫/੨੬੬)

ਖੇਰੂ ਖੇਰੂ ਹੋਏ, ਜਾਤਾਂ ਪਾਤਾਂ, ਊਚ ਨੀਚ, ਗਰੀਬ ਅਮੀਰ ਦੇ ਬਖੇੜੇ ਵਿੱਚ ਫਸੇ ਸਮਾਜ ਨੂੰ ‘‘ਜਹਾ ਗਿਆਨੁ ਤਹ ਧਰਮੁ ਹੈ॥’’ ਦੀ ਅਗਵਾਈ ਬਖ਼ਸ਼ੀ ਫਿਰ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ, ਗੁਰਮੁਖਿ ਬੈਸਹੁ ਸਫਾ ਵਿਛਾਇ॥’’ (ਮ:੫/੧੧੮੫) ਅਤੇ ‘‘ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ॥ (੧੩੪੯) (ਜਾਂ) ਬੁਰਾ ਭਲਾ ਕਹੁ ਕਿਸ ਨੋ ਕਹੀਐ, ਸਗਲੇ ਜੀਅ ਤੁਮਾਰੇ॥’’ (ਮ:੫/੩੮੩) ਦੀ ਭਾਈਚਾਰਕ ਸਾਂਝ ਦਿੱਤੀ। ਇਸ ‘‘ਮਿਲਬੇ ਕੀ ਮਹਿਮਾ, ਬਰਨਿ ਨ ਸਾਕਉ, ਨਾਨਕ ! ਪਰੈ ਪਰੀਲਾ॥ (ਮ:੫/੪੯੮), ਏਕੁ ਪਿਤਾ ਏਕਸ ਕੇ ਹਮ ਬਾਰਿਕ॥’’ (ਮ:੫/੬੧੧)  ਹੋਣ ਦਾ ਮਾਣ ਸਾਨੂੰ ਬਖ਼ਸ਼ਿਆ ‘‘ਲਬੁ ਪਾਪੁ ਦੁਇ ਰਾਜਾ ਮਹਤਾ, ਕੂੜੁ ਹੋਆ ਸਿਕਦਾਰੁ॥’’ (ਮ:੧/੪੬੮) ਨੂੰ ‘‘ਰਾਜਾ; ਤਖਤਿ ਟਿਕੈ ਗੁਣੀ, ਭੈ ਪੰਚਾਇਣ ਰਤੁ॥’’ (ਮ:੧/੯੯੨) ਅਤੇ ‘‘ਰਾਜੇ ਚੁਲੀ ਨਿਆਵ ਕੀ॥’’ (ਮ:੧/੧੨੪੦) ਦਾ ਲੋਕ ਰਾਜੀ ਢਾਂਚਾ ਸਮਝਾਇਆ। ਆਤਮਿਕ ਤੇ ਦੁਨਿਆਵੀ ਤਲ ’ਤੇ ‘‘ਬੇਗਮ ਪੁਰਾ, ਸਹਰ ਕੋ ਨਾਉ॥’’ (੩੪੫) ਦੀ ਉਸਾਰੀ ਕਰਨ ਦੀ ਪ੍ਰੇਰਨਾ ਕੀਤੀ ਤਾਂ ਜੋ ‘‘ਸਭ ਸੁਖਾਲੀ ਵੁਠੀਆ, ਇਹੁ ਹੋਆ ਹਲੇਮੀ ਰਾਜੁ ਜੀਉ॥’’ (ਮ:੫/੭੪) ਦਾ ਸਰਬਸਾਂਝਾ ਨਿਜਾਮ (ਪ੍ਰਬੰਧ) ਸਿਰਜਿਆ ਜਾ ਸਕੇ।

ਆਰਥਿਕ ਸੁਧਾਰ ਲਈ ‘‘ਘਾਲਿ ਖਾਇ, ਕਿਛੁ ਹਥਹੁ ਦੇਇ॥ ਨਾਨਕ ! ਰਾਹੁ ਪਛਾਣਹਿ ਸੇਇ॥’’ (ਮ:੧/੧੨੪੫) ਦੀ ਤਹਜੀਬ (ਸਭਿਅਤਾ) ਬਖ਼ਸ਼ੀ ‘‘ਹਕੁ ਪਰਾਇਆ ਨਾਨਕਾ ! ਉਸੁ ਸੂਅਰ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥’’ (ਮ:੧/੧੪੧) ਦੀ ਗੱਲ ਸਮਝਾਦਿਆਂ ‘‘ਅਨਿਦਿਨੁ ਸੁਕ੍ਰਿਤੁ ਕਰੀਐ॥’’ (ਮ:੫/੬੨੧) ਅਤੇ ‘‘ਕਰਿ ਸੁਕ੍ਰਿਤੁ ਧਰਮੁ ਕਮਾਇਆ॥ (ਮ:੧/੪੬੭) (ਜਾਂ) ਅਹਿਰਖ ਵਾਦੁ ਨ ਕੀਜੈ, ਰੇ ਮਨ  !॥ ਸੁਕ੍ਰਿਤੁ ਕਰਿ ਕਰਿ ਲੀਜੈ, ਰੇ ਮਨ !॥’’ (੪੭੯) ਦਾ ਉਪਦੇਸ਼ ਦਿੱਤਾ ਤਾਂ ਕਿ ‘‘ਸਤਿਗੁਰ ਸਬਦਿ ਉਜਾਰੋ ਦੀਪਾ ॥’’ (ਮ: ੫, ਪੰਨਾ ੮੨੧) ਦੀ ਰੌਸ਼ਨੀ ਵਿੱਚ ਰਹਿੰਦਿਆ ਆਦਰਸ਼ਕ ਮਨੁੱਖ, ਸਦਾਚਾਰੀ ਭਾਈਚਾਰਕ ਜੀਵਨ ਪੈਦਾ ਹੋ ਸਕੇ ਅਸੀਂ ਗ੍ਰਹਿਸਤ ਜੀਵਨ ਵਿੱਚ ਰਹਿੰਦਿਆਂ ‘‘ਨਾਨਕ ! ਸਤਿਗੁਰਿ ਭੇਟਿਐ, ਪੂਰੀ ਹੋਵੈ ਜੁਗਤਿ॥ ਹਸੰਦਿਆ; ਖੇਲੰਦਿਆ, ਪੈਨੰਦਿਆ; ਖਾਵੰਦਿਆ, ਵਿਚੇ ਹੋਵੈ ਮੁਕਤਿ॥’’ (ਮ:੫/੫੨੨)  ਦੇ ਮਾਰਗ ਰਾਹੀਂ ਆਦਰਸ਼ਕ ਗ੍ਰਹਿਸਤੀ ਅਤੇ ਇੱਕ ਸਦਾਚਾਰੀ ਇਨਸਾਨ ਬਣ ਸਕੀਏ, ਜਿਸ ਦਾ ਨਿਸ਼ਾਨਾ ਹੋਵੇ ‘‘ਸੋ ਗਿਰਹੀ, ਜੋ ਨਿਗ੍ਰਹੁ ਕਰੈ॥ ਜਪੁ ਤਪੁ ਸੰਜਮੁ ਭੀਖਿਆ ਕਰੈ॥ ਪੁੰਨ ਦਾਨ ਕਾ ਕਰੇ ਸਰੀਰੁ॥ ਸੋ ਗਿਰਹੀ ਗੰਗਾ ਕਾ ਨੀਰੁ॥’’ (ਮ:੧/੯੫੨) ਪਰ ਇਹ ਤਦੋਂ ਹੀ ਹੋ ਸਕਦਾ ਹੈ, ਜੇਕਰ ਸਾਡਾ ਵਿਸ਼ਵਾਸ ਬਣੇ ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ, ਬਿਨੁ ਸਬਦੈ ਜਗੁ ਬਉਰਾਨੰ॥ (ਮ:੧/੬੩੫) (ਜਾਂ) ਏਸ ਨਉ ਹੋਰੁ ਥਾਉ ਨਾਹੀ, ਸਬਦਿ ਲਾਗਿ ਸਵਾਰੀਆ॥’’ (ਮ:੩/੯੧੭)

ਸਾਰੇ ਗੁਰੂ ਪਿਆਰਿਆਂ ਨੂੰ ਕਾਲਜ ਦੇ ਸਮੂਹ ਸਟਾਫ਼ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰ ਪੁਰਬ ਦੀ ਲੱਖ ਲੱਖ ਵਧਾਈ ਪ੍ਰਵਾਨ ਹੋਵੇ, ਜੀ।

ਹਾਲੇ ਤਾਂ ਹੋਏ ਸਾਰੇ ੫੫੦ ਸਾਲ ਨੇ !

0

ਹਾਲੇ ਤਾਂ ਹੋਏ ਸਾਰੇ ੫੫੦ ਸਾਲ ਨੇ !

                      -ਗੁਰਪ੍ਰੀਤ ਸਿੰਘ (USA)

ਨਾਨਕ ਨੇ, ਕਿਸ ਨੂੰ ਸੱਚ ਦੀ ਆਵਾਜ਼ ਮਾਰੀ ਹੈ  ? ਲੱਗਦਾ! ਗੁਰੂ ਨੂੰ ਸਾਰੀ ਦੁਨੀਆਂ ਹੀ ਪਿਆਰੀ ਹੈ।

ਕਲਿਜੁਗ ਦੀ ਵੇਖੋ! ਇਹ ਕੈਸੀ ਰੀਤ ਨਿਆਰੀ ਹੈ  ? ਧਰਮ ਨੇ ਮਾਰੀ ਕਿੱਧਰੇ, ਲੰਬੀ ਹੀ ਉਡਾਰੀ ਹੈ।

ਵੱਢੀ ਲੈ ਕੇ ਕਾਜ਼ੀਆਂ ਨੇ, ਨਿਭਾਈ ਜ਼ਿੰਮੇਵਾਰੀ ਹੈ। ਸੂਤ ਪਾ ਕੇ ਹਿੰਦੂਆਂ ਨੇ, ਕੀਤੀ ਚੁਗ਼ਲੀ ਭਾਰੀ ਹੈ।

ਰਾਜਿਆਂ ਜ਼ੁਲਮ ਕਰ ਕੇ, ਆਪਣੀ ਪਰਜਾ ਮਾਰੀ ਹੈ। ਸਿੱਖੀ ਭੇਖ ’ਚ ਅੱਜ ਲੱਗਦਾ, ਹਰ ਕੋਈ ਸਰਕਾਰੀ ਹੈ।

ਧਰਮਸ਼ਾਲ ਦੀ ਥਾਂ, ਘਰ-ਘਰ ਅੰਦਰ ਖੁੱਲ੍ਹੇ ਬਾਰ ਨੇ। ਨਾਮ ਦੀ ਥਾਂ, ਪੀਂਦੇ ਮਦ, ਨਾਨਕ ਦੇ ਸਰਦਾਰ ਨੇ।

ਮਦ ਦੀ ਮਸਤੀ ’ਚ ਕਰਦੇ ਸੇਵਾ, ਮੁੱਖ ਸੇਵਾਦਾਰ ਨੇ। ਸਿਗਰਟਾਂ ਵੀ ਪੀਆ ਕਰਨਗੇ, ਧਰਮ ਦੇ ਠੇਕੇਦਾਰ ਨੇ।

ਸਿੱਖੀ ਤੋਂ ਕੀ ਲੈਣਾ, ਕਹਿੰਦੇ ਕਾਕੇ ਬਰਖ਼ੁਰਦਾਰ ਨੇ  ? ਰੁਮਾਲੇ ਚਾੜ੍ਹ ਕੇ ਹੀ ਸਾਰ ਲੈਂਦੇ, ਬਾਕੀ ਪੈਰੋਕਾਰ ਨੇ।

ਭਾਵੇਂ ਬਾਣੀ ’ਚੋਂ ਹੁੰਦੇ ਨਾਨਕ! ਤੇਰੇ ਦਰਸ਼ਨ ਦੀਦਾਰ ਨੇ। ਗੁਰੂ ਗ੍ਰੰਥ ਨੂੰ ਵੀ ਨਹੀਂ ਬਖ਼ਸ਼ਿਆ, ਕੌਮ ਦੇ ਗੱਦਾਰ ਨੇ।

ਰਾਸ਼ਟਰਵਾਦ ਦੇ ਜਾਲ ’ਚ ਕਿਵੇਂ ਪੂਰੀ ਤਰ੍ਹਾਂ ਫਸ ਗਏ ਹਾਂ  ? ਨਿਰਮਲ ਪੰਥ ਕੀ ਚਲਾਉਣਾ, ਸ਼ੁੱਭ ਅਮਲਾਂ ਤੋਂ ਨੱਸ ਗਏ ਹਾਂ।

ਕਰਮ-ਕਾਂਡਾਂ ਦੀ ਦਲਦਲ ’ਚ, ਅਸੀਂ ਹੋਰ ਵੀ ਧਸ ਗਏ ਹਾਂ। ਅੰਦਰੋਂ ਤਾਂ ਪੂਰੇ ਬ੍ਰਾਹਮਣ, ਬਾਹਰੋਂ ਭਾਵੇਂ ਸਿੰਘ ਸਜ ਗਏ ਹਾਂ।

ਪੀਰਾਂ ਦੀਆਂ ਕਬਰਾਂ ’ਤੇ ਦੀਵੇ ਜਗਾ ਕੇ, ਚਾਦਰਾਂ ਚੜ੍ਹਾਉਂਦੇ ਹਾਂ। ਵੀਰਵਾਰ ਨੂੰ ਦਾਨੀ ਬਣ ਕੇ, ਮੰਦਿਰਾਂ ’ਚ ਟੱਲ ਖੜਕਾਉਂਦੇ ਹਾਂ।

ਸਰੋਵਰਾਂ ’ਚ ਉੱਬੀ ਲਾ ਕੇ, ਆਪਣਾ ਬੇੜਾ ਪਾਰ ਲਗਾਉਂਦੇ ਹਾਂ। ਨਸੀਬ ਕਿਵੇਂ ਨਾ ਬਦਲੂ, ਪੰਡਿਤਾਂ ਦੇ ਦੱਸੇ ਨਗ ਵੀ ਪਾਉਂਦੇ ਹਾਂ  ?

ਗੁਰਦੁਆਰੇ ਦੀ ਬਜਾਇ, ਡੇਰਿਆਂ ਤੇ ਹਾਜ਼ਰੀ ਭਰਦੇ ਹਾਂ। ਗਾਣੇ ਸੁਣਨ ਦੇ ਸ਼ੌਕੀਨ ਪੂਰੇ, ਬਾਣੀ ਪੜ੍ਹਨ ਤੋਂ ਡਰਦੇ ਹਾਂ।

ਸਿੰਘ, ਕੌਰ ਲਿਖਣਾ ਵਿਸਾਰ ਕੇ, ਜਾਤਾਂ-ਗੋਤਾਂ ’ਤੇ ਟਰਦੇ ਹਾਂ। ਵਿਚਾਰ ਨਹੀਂ ਮਿਲਦੇ ਤਾਂ ਆਪਸ ’ਚ ਲੜ-ਲੜ ਮਰਦੇ ਹਾਂ।

ਹਾਲੇ ਵੀ ਧੋਤੀ, ਬੋਦੀ ਵਾਲੇ ਹੀ ਕਰਦੇ ਸਾਰੇ ਕਰਮ ਹਾਂ। ਭੇਖ ਧਾਰਨ ਕਰ ਕੇ, ਧਰਮੀ ਹੋਣ ਦਾ ਪਾਲ਼ਦੇ ਭਰਮ ਹਾਂ।

ਆਪੋ-ਆਪਣੀ ਮਰਯਾਦਾ ਖ਼ਾਤਰ, ਹੋ ਜਾਂਦੇ ਛੇਤੀ ਗਰਮ ਹਾਂ। ਗੁਰੂ ਤੋਂ ਗਿਆਨ ਲੈਣ ਵੇਲੇ, ਕਰ ਜਾਂਦੇ ਬਹੁਤੀ ਸ਼ਰਮ ਹਾਂ।

ਪਾਹੁਲ ਛਕਣ ਦੀ ਗੱਲ ਤਾਂ ਲੱਗਦੀ, ਹਾਲੇ ਬੜੀ ਦੂਰ ਦੀ ਜੀ। ਕੇਸ ਕਤਲ ਕਰਾ ਕੇ ਹੀ ਦਮ ਲੈਂਦੇ, ਲੱਭਦੇ ਹਾਂ ਖ਼ੂਬਸੂਰਤੀ ਜੀ।

ਗੁਰਦੁਆਰੇ ਕਦੀ ਕਦਾਈਂ ਜਾ ਕੇ, ਕਰੀਏ ਖਾਨਾ ਪੂਰਤੀ ਜੀ। ਤੇਰੀ ਬਾਣੀ ਨਾਲ਼ੋਂ ਵੀ ਚੰਗੀ ਲੱਗਦੀ ਹੁਣ, ਤੇਰੀ ਮੂਰਤੀ ਜੀ।

ਬਾਹਰ ਜਗਾਈਏ ਜੋਤਾਂ,ਅੰਦਰ ਭਾਵੇਂ ਘੁੱਪ ਹਨੇਰਾ ਛਾਇਆ ਹੈ। ਸਾਰੇ ਕਾਰਜ ਰਾਸ ਹੋ ਜਾਣੇ ਹੁਣ,ਅਖੰਡ ਪਾਠ ਜੋ ਰਖਵਾਇਆ ਹੈ।

ਤੁਸੀਂ ਬਾਣੀ ਰਚ ਕੇ,ਖੁਦ ਨੂੰ ਨੀਚ,ਬਪੁੜਾ ਸ਼ਾਇਰ ਅਖਵਾਇਆ ਹੈ।ਅਸੀਂ ਤੇਰੀ ਗੱਲ ਨਾ ਮੰਨ ਕੇ ਵੀ,ਖੁਦ ਨੂੰ ਸਿਰਦਾਰ ਕਹਾਇਆ ਹੈ।

ਕੀ ਇਹਨਾਂ ਸਭ ਗੱਲਾਂ ਕਰਕੇ ਹੀ, ਕੌਮ ਦੇ ਹੋਏ ਬੁਰੇ ਹਾਲ ਨੇ  ? ਸਿੱਖੀ ਨੂੰ ਖਤਮ ਕਰਨ ਲਈ, ਵਿਛਾਏ ਗਏ ਕਈ ਜਾਲ਼ ਨੇ।

ਤੇਰੇ ਬਚਨ ਭਾਵੇਂ ਸਾਡੇ ਨਾਲ਼ ਨੇ, ਪਰ ਬਾਬਾ ਨਾਨਕ ਤੂੰ ਜਾਹ! ਅਸੀਂ ਨਹੀਂ ਬਦਲਣਾ, ਹਾਲੇ ਤਾਂ ਹੋਏ ਸਾਰੇ 550 ਸਾਲ ਨੇ!

ਗੁਜ਼ਰਦਿਆਂ ਨੂੰ ਕੀ ਲਗਦਾ !

ਯਾਰੋ, ਗੁਜ਼ਰਦਿਆਂ ਨੂੰ ਕੀ ਲਗਦਾ! ਸਾਲਾਂ ਦੇ ਸਾਲ ਗੁਜ਼ਰਦੇ ਜਾਂਦੇ ਨੇ।

ਨੱਚ ਨੱਚ ਯਾਰ ਕਿੰਞ ਮਨਾਉਣਾ  ? ਅੰਦਰਲੇ ਸੁਰ ਤਾਲ ਗੁਜ਼ਰਦੇ ਜਾਂਦੇ ਨੇ।

ਮੋਹ ਦੀ ਫਾਹੀ ਹੋਈ ਜਾਵੇ ਪੀਡੀ। ਸੇਵਾ ਭਾਵ ਦੇ ਖ਼ਿਆਲ ਗੁਜ਼ਰਦੇ ਜਾਂਦੇ ਨੇ।

ਪਰਾਏ ਧਨ ’ਤੇ ਹੀ ਟਿਕਦੀ ਅੱਖ ਸਦਾ  ? ਹੱਕ ਹਲਾਲ ਤੇ ਘਾਲ ਗੁਜ਼ਰਦੇ ਜਾਂਦੇ ਨੇ।

ਕਾਲ਼ਾ ਕੋਲ਼ਾ ਦਮਕ (ਚਮਕ) ਰਿਹਾ ਹੈ ਅੰਦਰ। ਮੁਹੱਬਤ ਵਾਲੇ ਰੰਗ ਰਸਾਲ ਗੁਜ਼ਰਦੇ ਜਾਂਦੇ ਨੇ।

ਗਿਆਨ ਗੁੱਥੀ ਫਿਰ ਸੁਲਝੇਗੀ ਕਿਵੇਂ  ? ਮਾਂ ਬੋਲੀ ਸਾਂਭਣ ਵਾਲੇ ਲਾਲ ਗੁਜ਼ਰਦੇ ਜਾਂਦੇ ਨੇ।

ਇੱਕ ਕਰਤਾਰ ਦੇ ਲੜ ਲੱਗਣ ਬਾਂਝੋਂ, ਸ਼ੁੱਭ ਅਮਲ ਆਮਾਲ (ਕਰਮ) ਗੁਜ਼ਰਦੇ ਜਾਂਦੇ ਨੇ।

ਮੇਰੀ ਹੋਂਦ ਨਾਲ਼ ਕਿਸੇ ਨੂੰ ਕੀ ਖ਼ਤਰਾ  ? ਬੰਦੇ ਬੰਦਗੀ ਵਾਲੇ ਦਿਆਲ ਗੁਜ਼ਰਦੇ ਜਾਂਦੇ ਨੇ।

ਦਿਲਾਂ ’ਚ ਕਿਉਂ, ਡਰ ਭੈੜੇ ਦਾ ਡੇਰਾ  ? ਚਿਹਰੇ ਸੱਜਰੇ ਜਮਾਲ (ਗੁਣ) ਗੁਜ਼ਰਦੇ ਜਾਂਦੇ ਨੇ।

ਸ਼ੀਸ਼ੇ ਕਿਹੜੇ ’ਚ ਆਪਾ ਵੇਖਾਂ ਅੱਜ  ? ਅੰਦਰਲੇ ਸਭ ਸਵਾਲ ਗੁਜ਼ਰਦੇ ਜਾਂਦੇ ਨੇ।

ਯਾਰੋ! ਗੁਜ਼ਰਦਿਆਂ ਨੂੰ ਕੀ ਲਗਦਾ! ਸਾਲਾਂ ਦੇ ਸਾਲ ਗੁਜ਼ਰਦੇ ਜਾਂਦੇ ਨੇ।

ਨੱਚ ਨੱਚ ਯਾਰ ਕਿੰਞ ਮਨਾਉਣਾ  ?ਅੰਦਰਲੇ ਸੁਰ ਤਾਲ ਗੁਜ਼ਰਦੇ ਜਾਂਦੇ ਨੇ।

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥

0

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,

ਲੋਅਰ ਮਾਲ (ਪਟਿਆਲਾ)-ਫੋਨ ਨੰ: 0175-2216783

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕੀਤਾ ਹੈ ਕਿ ਜੇ ਮਨੁੱਖ ਸਿਰਫ਼ ਰੁੱਖੇ ਹੀ ਬਚਨ ਬੋਲਦਾ ਰਹੇ ਤਾਂ ਉਸ ਦਾ ਤਨ ਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਤੇ ਅਜਿਹਾ ਮਨੁੱਖ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ। ਪ੍ਰੇਮ ਵਿਹੂਣਾ ਅਜਿਹਾ ਮਨੁੱਖ ਯਾਦ ਵੀ ਰੁੱਖੇ ਬਚਨਾਂ ਨਾਲ ਹੀ ਕੀਤਾ ਜਾਂਦਾ ਹੈ। ਦਰਗਾਹ ਤੋਂ ਤਾਂ ਰੱਦ ਹੋ ਹੀ ਜਾਂਦਾ ਹੈ, ਪਰ ਇਸ ਤਰ੍ਹਾਂ ਦੇ ਮਨੁੱਖ ਦੇ ਮੂੰਹ ਉੱਤੇ ਵੀ ਥੁੱਕਾਂ ਤੇ ਫਿਟਕਾਰਾਂ ਪੈਂਦੀਆਂ ਹਨ। ਪ੍ਰੇਮਹੀਣ ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੀ ਸਦਾ ਹੀ ਬੇਇੱਜ਼ਤੀ ਹੁੰਦੀ ਹੈ ਤੇ ਜੁੱਤੀਆਂ ਦੀ ਮਾਰ ਪੈਂਦੀ ਹੈ।

ਓਹੀਓ ਸਟੇਟ ਯੂਨੀਵਰਸਿਟੀ ਵਿੱਚ ਜੋਨ ਕੇਸੀਓਪੋ ਨੇ ਖੋਜ ਰਾਹੀਂ ਇਹ ਤੱਥ ਲੱਭੇ ਹਨ ਕਿ ‘ਇਨਸਾਨੀ ਮਨ ਮਾੜਾ ਸੁਣ ਕੇ ਵੱਧ ਖਿੱਚਿਆ ਜਾਂਦਾ ਹੈ। ਇਸੇ ਲਈ ਜਿਹੜੇ ਸਿਆਸਤਦਾਨ ਦੂਜੇ ਨੂੰ ਭੰਡਦੇ ਹੋਣ, ਉਹ ਵੱਧ ਮਕਬੂਲ ਹੁੰਦੇ ਹਨ ਪਰ ਜਿਹੜੇ ਸਿਰਫ਼ ਆਪਣਾ ਚੰਗਾ ਪੱਖ ਉਜਾਗਰ ਕਰਦੇ ਹੋਣ, ਉਹ ਬਹੁਤਾ ਧਿਆਨ ਨਹੀਂ ਖਿੱਚਦੇ।’

ਕਿਸੇ ਬਾਰੇ ਮਾੜਾ ਸੁਣ ਕੇ, ਬੁਰੀ ਖ਼ਬਰ ਪੜ੍ਹ ਕੇ ਜਾਂ ਮਾੜੀ ਘਟਨਾ ਵੇਖ ਕੇ ਦਿਮਾਗ਼ ਦੀ ਬਿਜਲਈ ਹਰਕਤ ਵਿੱਚ ਤੂਫ਼ਾਨ ਆ ਜਾਂਦਾ ਹੈ। ਅਜਿਹਾ ਚੰਗੀ ਖ਼ਬਰ ਪੜ੍ਹ ਕੇ ਨਹੀਂ ਹੁੰਦਾ। ਪੱਥਰ ਯੁੱਗ ਸਮੇਂ ਤੋਂ ਹੀ ਖ਼ਤਰਾ ਭਾਂਪ ਕੇ ਨਵੀਂ ਚੀਜ਼ ਈਜਾਦ ਕੀਤੀ ਜਾਂਦੀ ਰਹੀ ਹੈ। ਸਭ ਕੁੱਝ ਚੰਗਾ ਵੇਖ ਸੋਚ ਕੇ ਹੌਲੀ-ਹੌਲੀ ਮਨ ਢਿੱਲਾ ਪੈ ਜਾਂਦਾ ਹੈ।

ਵਿਆਹੁਤਾ ਜ਼ਿੰਦਗੀ ਵਿੱਚ ਵੀ ਨਿੱਘੇ ਰਿਸ਼ਤੇ ਉਹੀ ਹੁੰਦੇ ਹਨ ਜਿਨ੍ਹਾਂ ਵਿੱਚ ਸਭ ਕੁੱਝ ‘ਠੀਕ’ ਨਾ ਹੋਵੇ ਬਲਕਿ ਨਿੱਕੀ ਮੋਟੀ ‘ਖਟਪਟ’ ਚੱਲਦੀ ਰਹੇ। ਇਹ ‘ਖਟਪਟ’ ਰਿਸ਼ਤਿਆਂ ਦਾ ‘ਥਰਮੋਸਟੈਟ’ ਸਾਬਤ ਹੋ ਚੁੱਕੀ ਹੈ। ਜੇ ਖਟਪਟ ਲੜਾਈ ਵਿੱਚ ਜਾਂ ਮੰਦੀ ਸ਼ਬਦਾਵਲੀ ਵਿੱਚ ਤਬਦੀਲ ਹੋ ਜਾਏ ਤਾਂ ਰਿਸ਼ਤੇ ਵਿੱਚ ਫਿੱਕ ਪੈ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਖਟਪਟ ਨੂੰ ਲੜਾਈ ਵਿੱਚ ਤਬਦੀਲ ਹੋਣ ਤੋਂ ਪਹਿਲਾਂ ਹੀ ਰੋਕ ਲੈਣਾ ਚਾਹੀਦਾ ਹੈ। ਇਹ ਹੀ ਸਭ ਤੋਂ ਗੁੰਝਲਦਾਰ ਨੁਕਤਾ ਹੈ ਕਿ ਕਿਸ ਗੱਲ ਉੱਤੇ ਰਿਸ਼ਤੇ ਵਿੱਚ ਫਿੱਕ ਪੈਣ ਤੋਂ ਰੋਕਣ ਦੀ ਲੋੜ ਹੁੰਦੀ ਹੈ।

ਮਨੋਵਿਗਿਆਨੀਆਂ ਅਨੁਸਾਰ ਇਹ 5:1 ਅਨੁਪਾਤ ਨਾਲ ਠੀਕ ਰਹਿੰਦਾ ਹੈ। ਯਾਨੀ 5 ਚੰਗੀਆਂ ਸਾਂਝ ਵਾਲੀਆਂ ਗੱਲਾਂ ਤੇ ਇੱਕ ਅਣਬਣ, ਵਿਅੰਗ ਜਾਂ ਝਗੜੇ ਵਾਲੀ। ਜੇ ਇਹ ਅਨੁਪਾਤ 2:3 ਹੋ ਜਾਏ ਤੇ ਅਣਬਣ ਤਿੰਨ ਤੱਕ ਪਹੁੰਚ ਜਾਏ ਤਾਂ ਰਿਸ਼ਤੇ ਦਾ ਅਗਾਂਹ ਤੁਰਨਾ ਨਾਮੁਮਕਿਨ ਹੋ ਜਾਂਦਾ ਹੈ।

ਲੰਬੇ ਸਮੇਂ ਤੱਕ ਨਿਭਣ ਵਾਲੀਆਂ ਦੋਸਤੀਆਂ ਵਿੱਚ ਵੀ ਇਹੀ ਕੁੱਝ ਸਹੀ ਸਾਬਤ ਹੋਇਆ ਹੈ। ਜੇ ਦੋਸਤਾਂ ਵਿੱਚ ਉੱਕਾ ਹੀ ਅਣਬਣ ਨਾ ਹੋਵੇ ਤਾਂ ਰਿਸ਼ਤਾ ਨਿੱਘਾ ਹੁੰਦਾ ਹੀ ਨਹੀਂ ਕਿਉਂਕਿ ਹਰ ਜਣਾ ਗੱਲ, ਦਿਲ ਵਿੱਚ ਹੀ ਲੁਕਾਉਂਦਾ ਸਿਰਫ਼ ਆਪਣਾ ਚੰਗਾ ਪੱਖ ਉਜਾਗਰ ਕਰਦਾ ਰਹਿੰਦਾ ਹੈ, ਜੋ ਰਿਸ਼ਤੇ ਵਿਚਲੀ ਖਿੱਚ ਖ਼ਤਮ ਕਰ ਦਿੰਦਾ ਹੈ।

ਜੇ ਅਨੁਪਾਤ ਵਿਗੜ ਰਿਹਾ ਹੋਵੇ ਤਾਂ ਰਿਸ਼ਤਾ ਟਿਕਾਊ ਕਰਨ ਲਈ ਸਾਰਥਕ ਕਦਮ ਪੁੱਟਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਆਪਣੇ ਮਨ ਅੰਦਰ ਭਰੀ ਕੌੜ ਨੂੰ ਕਿਸੇ ਹੋਰ ਢੰਗ ਨਾਲ ਬਾਹਰ ਕੱਢਣ ’ਤੇ ਦੋਸਤ ਨੂੰ ਨਿੱਘੀ ਜੱਫੀ ਜਾਂ ਕੁੱਝ ਚੰਗੇ ਸੁਣੇਹੇ ਭੇਜਣ ਨਾਲ ਰਿਸ਼ਤੇ ਵਿੱਚ ਨਿੱਘ ਭਰਿਆ ਜਾ ਸਕਦਾ ਹੈ। ਅਜਿਹਾ ਉਦੋਂ ਤੱਕ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤਕ ਅਨੁਪਾਤ 5:1 ਨਾ ਹੋ ਜਾਵੇ।

ਹੁਣ ਗੱਲ ਕਰੀਏ ਸਿਫ਼ਰ ਨਕਾਰਾਤਮਕ ਸੋਚ ਵਾਲੇ ਮਨੁੱਖ ਦੀ, ਜੋ ਆਲੋਚਨਾ ਤੋਂ ਇਲਾਵਾ ਕੁੱਝ ਜਾਣਦਾ ਹੀ ਨਾ ਹੋਵੇ ਤੇ ਕਦੇ ਵੀ ਸਾਰਥਕ ਗੱਲ ਨਾ ਕਰਦਾ ਹੋਵੇ। ਅਜਿਹਾ ਮਨੁੱਖ ਆਪਣੇ ਮਨ ਨੂੰ ਇਹ ਸਮਝਾ ਲੈਂਦਾ ਹੈ ਕਿ ਰੁੱਖਾ ਬੋਲਣਾ ਉਸ ਦਾ ਖਾਸ ਗੁਣ ਹੈ ਤੇ ਇੰਜ ਹੀ ਉਹ ਆਪਣੇ ਆਪ ਨੂੰ ਬਾਕੀਆਂ ਤੋਂ ਵੱਖ ਤੇ ਉੱਚਾ ਸਮਝਣ ਲੱਗ ਪੈਂਦਾ ਹੈ। ਹੌਲੀ-ਹੌਲੀ ਅਜਿਹੇ ਮਨੁੱਖ ਦੀ ਸੋਚ ਹੀ ਤਬਦੀਲ ਹੋ ਜਾਂਦੀ ਹੈ ਤੇ ਹਉਮੈ ਉਸ ਨੂੰ ਜਕੜ ਲੈਂਦੀ ਹੈ। ਉਸ ਨੂੰ ਆਪਣੇ ਸਾਹਮਣੇ ਸਾਰੇ ਬੌਣੇ ਜਾਪਣ ਲੱਗ ਪੈਂਦੇ ਹਨ। ਦੂਜੇ ਦੀ ਚੀਸ (ਪੀੜਾ) ਨਾ ਸਮਝਣਾ ਤੇ ਦੂਜੇ ਨੂੰ ਨੀਵਾਂ ਵਿਖਾ ਕੇ ਖ਼ੁਸ਼ ਮਹਿਸੂਸ ਹੋਣਾ ਹੀ ਕਿਸੇ ਕਿਸੇ ਦਾ ਸੁਭਾਅ ਬਣ ਜਾਂਦਾ ਹੈ।

ਅਜਿਹਾ ਮਨੁੱਖ ਰੁੱਖਾ ਹੋਣ ਦੇ ਨਾਲ ਅੜਬ ਤੇ ਆਪਣੇ ਆਲੇ-ਦੁਆਲੇ ਭੇਦ ਨਾ ਸਕਣ ਵਾਲਾ ਚੱਕਰਵਿਊ ਸਿਰਜ ਲੈਂਦਾ ਹੈ, ਜਿਸ ਨੂੰ ਪਾਰ ਨਾ ਕਰ ਸਕਣ ਵਾਲਾ, ਕਿਨਾਰਾ ਕਰਨ ਲੱਗ ਪੈਂਦਾ ਹੈ ਤੇ ‘ਅੰਗੂਰ ਖੱਟੇ ਹਨ’ ਵਾਂਗ ਹੀ ਉਸ ਬਾਰੇ ਮਾੜੀ ਸ਼ਬਦਾਵਲੀ ਵਰਤ ਕੇ ਪਰ੍ਹਾਂ ਹੋ ਜਾਂਦਾ ਹੈ। ਇਹੋ ਨਿੰਦਾ ਅਗਾਂਹ ਤੁਰਦੀ ਹੋਈ ਉਸ ਮਨੁੱਖ ਨੂੰ ਰੁੱਖਾ ਤੇ ਨਕਾਰਾਤਮਕ ਸਾਬਤ ਕਰ ਦਿੰਦੀ ਹੈ ਤੇ ਲੋਕਾਂ ਵਿੱਚ ਅਜਿਹੇ ਮਨੁੱਖ ਦੇ ਜ਼ਿਕਰ ਨਾਲ ਹੀ ਉਸ ਨੂੰ ਭੰਡਿਆ ਜਾਣ ਲੱਗ ਪੈਂਦਾ ਹੈ।

ਇਹ ਸਾਰੀ ਖੋਜ ਮਨੋਵਿਗਿਆਨੀਆਂ ਨੇ ਸਿਰਫ਼ ਇਸ ਨੁਕਤੇ ਨੂੰ ਸਾਬਤ ਕਰਨ ਉੱਤੇ ਲਾਈ ਹੈ ਕਿ ਇਨਸਾਨੀ ਮਨ, ਨਿੰਦਿਆ ਵੱਲ ਛੇਤੀ ਖਿੱਚਿਆ ਜਾਂਦਾ ਹੈ ਤੇ ਆਪ ਵੀ ਸੁਣੀ ਸੁਣਾਈ ਨਿੰਦਿਆ ਦਾ ਹਿੱਸਾ ਅਚੇਤ ਮਨ ਰਾਹੀਂ ਬਣ ਜਾਂਦਾ ਹੈ, ਪਰ ਲਗਾਤਾਰ ਸੁਣੀ ਜਾ ਰਹੀ ਨਿੰਦਿਆ ਤੋਂ ਅਕੇਵਾਂ ਹੁੰਦੇ ਸਾਰ, ਮਨੁੱਖੀ ਮਨ ਸਹਿਜ ਹੋਣ ਲਈ ਕੁੱਝ ਸੁਖਾਵੇਂ ਸ਼ਬਦ ਭਾਲਣ ਲੱਗ ਪੈਂਦਾ ਹੈ। ਯਾਨੀ ਬਹੁਤੀ ਦੇਰ ਰੁੱਖਾਪਣ ਸੁਣਿਆ ਨਹੀਂ ਜਾਂਦਾ ਤੇ ਦਿਮਾਗ਼ ਵਿਚਲੀਆਂ ਬਿਜਲਈ ਤਰੰਗਾਂ ਨੂੰ ਸ਼ਾਂਤ ਕਰਨ ਲਈ ਕੁੱਝ ਚੰਗਾ ਸੁਣਨਾ ਇਨਸਾਨੀ ਮਨ ਦੀ ਫ਼ਿਤਰਤ ਹੈ। ਜਿਹੜਾ ਮਨੁੱਖ ਸਦਾ ਹੀ ਰੁੱਖੇ ਬਚਨ ਉਚਾਰਦਾ ਰਹੇ, ਉਸ ਦੀ ਬਾਕੀਆਂ ਨਾਲ ਸਾਂਝ ਹੌਲੀ-ਹੌਲੀ ਟੁੱਟਣ ਲੱਗ ਪੈਂਦੀ ਹੈ ਤੇ ਲੋਕ ਉਸ ਤੋਂ ਪਾਸਾ ਵੱਟਣ ਲੱਗ ਪੈਂਦੇ ਹਨ। ਹੁਣ ਤਾਂ ਸੌਖਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਸ਼ਬਦ ਸਮਝ ਆ ਸਕਦਾ ਹੈ – ‘‘ਨਾਨਕ ! ਫਿਕੈ ਬੋਲਿਐ; ਤਨੁ ਮਨੁ ਫਿਕਾ ਹੋਇ ॥  ਫਿਕੋ ਫਿਕਾ ਸਦੀਐ; ਫਿਕੇ ਫਿਕੀ ਸੋਇ ॥  ਫਿਕਾ ਦਰਗਹ ਸਟੀਐ; ਮੁਹਿ ਥੁਕਾ ਫਿਕੇ ਪਾਇ ॥  ਫਿਕਾ ਮੂਰਖੁ ਆਖੀਐ; ਪਾਣਾ ਲਹੈ ਸਜਾਇ ॥’’ (ਆਸਾ ਕੀ ਵਾਰ, ਮ: ੧, ਪੰਨਾ ੪੭੩)

ਅੱਗੇ ਤੋਂ ਜਿਹੜਾ ਜਣਾ ਸਿਰਫ਼ ਸਿਫ਼ਤ ਹੀ ਕਰਦਾ ਮਿਲੇ ਤਾਂ ਉਸ ਉੱਪਰ ਝੂਠ ਦੇ ਚੜ੍ਹੇ ਮੁਖੌਟੇ ਬਾਰੇ ਸਮਝ ਲੈਣਾ ਚਾਹੀਦਾ ਹੈ ਤੇ ਇਸ ‘ਫੂਕ ਸ਼ਸਤਰ’ ਤੋਂ ਬਚਾਓ ਹੀ ਬਿਹਤਰ ਹੁੰਦਾ ਹੈ। ਕਿਸੇ ਅੰਦਰ ਸਿਰਫ਼ ਹੀ ਗੁਣ ਹੋਣ, ਇਹ ਸੰਭਵ ਨਹੀਂ, ਪਰ ਸਿਰਫ਼ ਔਗੁਣ ਹੋਣ, ਇਹ ਵੀ ਸਹੀ ਨਹੀਂ ਹੈ। ਰਿਸ਼ਤਿਆਂ ਨੂੰ ਲੰਮੇ ਸਮੇਂ ਤੱਕ ਚੱਲਦੇ ਰੱਖਣ ਲਈ 5:1 ਦੀ ਸਹੀ ਮਿਕਦਾਰ ਜ਼ਰੂਰੀ ਚਾਹੀਦੀ ਹੈ।

ਵਿਸ਼ਵ ਸ਼ਾਂਤੀ ਦਾ ਇੱਕੋ ਇੱਕ ਹੱਲ : ਗੁਰੂ ਨਾਨਕ ਫ਼ਲਸਫ਼ਾ ਨੂੰ ਲਾਗੂ ਕਰਨਾ

0

ਵਿਸ਼ਵ ਸ਼ਾਂਤੀ ਦਾ ਇੱਕੋ ਇੱਕ ਹੱਲ : ਗੁਰੂ ਨਾਨਕ ਫ਼ਲਸਫ਼ਾ ਨੂੰ ਲਾਗੂ ਕਰਨਾ

ਕਿਰਪਾਲ ਸਿੰਘ (ਬਠਿੰਡਾ) 88378-13661

ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ ਉਸ ਦਿਨ ਤੋਂ ਹੀ ਆਪਣੇ ਵਿਅਕਤੀਗਤ ਮਾਨ-ਸਨਮਾਨ, ਧਰਮ, ਸਭਿਆਚਾਰ, ਜਾਤੀ, ਪ੍ਰਾਂਤ ਅਤੇ ਕੌਮ ਦੇ ਨਾਂ ’ਤੇ ਆਪਣੀ-ਆਪਣੀ ਹੋਂਦ ਕਾਇਮ ਰੱਖਣ ਅਤੇ ਆਪਣੇ ਹੱਕੀ ਅਧਿਕਾਰ ਪ੍ਰਾਪਤ ਕਰਨ ਲਈ ਸੰਘਰਸ਼ ਕਿਸੇ ਨਾ ਕਿਸੇ ਰੂਪ ’ਚ ਚੱਲਦਾ ਆਇਆ ਹੈ। ਆਪਣੇ ਹੱਕਾਂ ਤੋਂ ਵਾਂਝੇ ਕੀਤੇ ਜਿਹੜੇ ਵਰਗ ਆਪਣੇ ਹੱਕ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੇ ਹੁੰਦੇ ਹਨ ਉਨ੍ਹਾਂ ਨੂੰ ਤਾਂ ਹਰ ਪਹਿਲੂ ਤੋਂ ਜਾਇਜ਼ ਮੰਨਿਆ ਜਾਣਾ ਚਾਹੀਦਾ ਹੈ ਪਰ ਟਕਰਾਅ ਉਸ ਸਮੇਂ ਸ਼ੁਰੂ ਹੁੰਦਾ ਹੈ, ਜਦੋਂ ਕੋਈ ਤਾਕਤਵਰ ਵਰਗ, ਦੇਸ਼, ਕੌਮ ਜਾਂ ਆਪਣੇ ਹੀ ਦੇਸ਼ ਦੀ ਰਾਜਸੱਤਾ (ਭਾਵੇਂ ਉਹ ਬਾਹੂਬਲ ਦੇ ਸਹਾਰੇ ਸਥਾਪਿਤ ਕੀਤੀ ਤਾਨਾਸ਼ਾਹੀ ਹੋਵੇ ਜਾਂ ਧਾਰਮਿਕ ਬਹੁ ਗਿਣਤੀ ਦੇ ਆਧਾਰ ’ਤੇ ਅਖੌਤੀ ਲੋਕਤੰਤਰ ਰਾਹੀਂ ਹਥਿਆਈ ਸੱਤਾ ਹੋਵੇ) ਦੇ ਬਲ ਨਾਲ ਦੂਸਰਿਆਂ ਦੇ ਹੱਕ ਦੇਣ ਤੋਂ ਕੇਵਲ ਇਨਕਾਰੀ ਹੀ ਨਹੀਂ ਬਲਕਿ ਉਨ੍ਹਾਂ ਦੇ ਅਧਿਕਾਰ ਹੋਰ ਸੀਮਤ ਕਰਕੇ ਉਨ੍ਹਾਂ ਨੂੰ ਗੁਲਾਮੀ ਵਾਲਾ ਜੀਵਨ ਜਿਊਣ ਲਈ ਮਜਬੂਰ ਕਰ ਦਿੰਦੀ ਹੈ। ਜੇ ਕੇਵਲ ਭਾਰਤ ਦੀ ਮਿਸਾਲ ਹੀ ਲੈ ਲਈਏ ਤਾਂ ਮੰਨੇ ਗਏ ਸਤਿਜੁਗ ਦੇ ਸਮੇਂ ਤੋਂ ਹੀ ਦੇਵਤਿਆਂ ਅਤੇ ਰਾਖਸ਼ਾਂ ਦੇ ਜੁੱਧ ਤੋਂ ਸ਼ੁਰੂ ਹੋਇਆ ਸੰਘਰਸ਼ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਚੱਲ ਰਿਹਾ ਹੈ; ਜਿਵੇਂ ਕਿ ਮੱਧ ਕਾਲ ਦੌਰਾਨ ਇਰਾਨ ਤੋਂ ਆਰੀਅਨ ਲੋਕ ਭਾਰਤ ਵਿੱਚ ਆਏ ਤਾਂ ਉਨ੍ਹਾਂ ਨੇ ਇੱਥੋਂ ਦੇ ਮੂਲ ਨਿਵਾਸੀ ਦਰਾਵਿੜਾਂ ਨੂੰ ਹਰਾ ਕੇ ਆਪਣਾ ਰਾਜ ਕਾਇਮ ਕਰ ਲਿਆ ਅਤੇ ਦਰਾਵਿੜਾਂ ਨੂੰ ਗੁਲਾਮੀ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ। ਆਪਣੀ ਸਰਦਾਰੀ ਕਾਇਮ ਰੱਖਣ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਮਾਜ ਨੂੰ ਚਾਰ ਵਰਨਾਂ – ਆਰੀਅਨਾਂ ’ਚੋਂ ਬ੍ਰਾਹਮਣ ਤੇ ਖੱਤਰੀ ਅਤੇ ਦਰਾਵਿੜਾਂ ਵਿੱਚੋਂ ਵੈਸ਼ ਤੇ ਸ਼ੂਦਰਾਂ ਵਿੱਚ ਵੰਡ ਕੇ ਇਨ੍ਹਾਂ ਨੂੰ ਅੱਗੋਂ ਕਈ ਹੋਰ ਜਾਤਾਂ ਅਤੇ ਉਪਜਾਤਾਂ ਵਿੱਚ ਵੰਡ ਦਿੱਤਾ। ਮੰਨੂੰ ਸਿਮਰਿਤੀਆਂ ਵਰਗੇ ਸਖ਼ਤ ਕਾਨੂੰਨਾਂ ਰਾਹੀਂ ਵਿਦਿਆ ਪੜ੍ਹਨ, ਪੜ੍ਹਾਉਣ ਅਤੇ ਧਾਰਮਿਕ ਰਸਮਾਂ ਨਿਭਾਉਣ ਦਾ ਹੱਕ ਬ੍ਰਾਹਮਣ ਲਈ ਰਾਖਵਾਂ ਰੱਖ ਕੇ ਬਾਕੀ ਦੇ ਤਿੰਨ ਵਰਗ ਖ਼ਾਸ ਕਰ ਸ਼ੂਦਰ ਨੂੰ ਵਿਦਿਆ ਪੜ੍ਹਨ ਅਤੇ ਧਾਰਮਿਕ ਕਰਮ ਨਿਭਾਉਣ ਦੇ ਅਧਿਕਾਰ ਤੋਂ ਹੀ ਵੰਚਿਤ ਕਰ ਦਿੱਤਾ। ਖੱਤਰੀ ਦਾ ਕੰਮ ਸ਼ਸਤਰਧਾਰੀ ਹੋ ਕੇ ਜੰਗ ਕਰਨਾ, ਵੈਸ਼ ਦਾ ਕੰਮ ਵਾਪਾਰ ਅਤੇ ਸ਼ੂਦਰ ਦਾ ਕੰਮ ਖੇਤੀ, ਸਾਫ-ਸਫਾਈ ਅਤੇ ਬਾਕੀ ਤਿੰਨੇ ਵਰਨਾਂ ਦੀ ਸੇਵਾ ਕਰਨਾ ਨਿਯਤ ਕੀਤਾ। ਵਿਦਵਾਨਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਨੇ ਪਹਿਲੇ ਹੱਲੇ ਹੀ ਗੁਲਾਮੀ ਕਬੂਲ ਕਰ ਲਈ ਉਨ੍ਹਾਂ ਨੂੰ ਜਾਤੀ ਆਧਾਰ ’ਤੇ ਥੋੜ੍ਹਾ ਉਚੇਚਾ ਦਰਜਾ ਅਤੇ ਚੰਗਾ ਕੰਮ ਦੇ ਦਿੱਤਾ ਅਤੇ ਜਿਨ੍ਹਾਂ ਨੇ ਗੁਲਾਮੀ ਕਬੂਲਣ ਵਿੱਚ ਜਿੰਨਾ ਵੱਧ ਵਿਰੋਧ ਜਤਾਇਆ ਉਨ੍ਹਾਂ ਦਾ ਉਸ ਮੁਤਾਬਕ ਹੀ ਦਰਜਾ ਘਟਦਾ ਗਿਆ। ਇਨ੍ਹਾਂ ਜਾਤੀਆਂ ਉਪਜਾਤੀਆਂ ਨੂੰ ਦਰਜਾ ਬਦਰਜਾ ਉੱਚੀਆਂ ਨੀਵੀਆਂ ਦਰਸਾ ਕੇ ਉਨ੍ਹਾਂ ਵਿੱਚ ਛੂਆ ਛਾਤ ਦਾ ਭਰਮ ਇਸ ਕਦਰ ਪੈਦਾ ਕਰ ਦਿੱਤਾ ਕਿ ਉਨ੍ਹਾਂ ਵਿੱਚ ਆਪਸੀ ਏਕਤਾ ਲਗਭਗ ਖ਼ਤਮ ਹੀ ਹੋ ਗਈ। ਇਸ ਵਰਨ ਵੰਡ ਰਾਹੀਂ ਬ੍ਰਾਹਮਣ ਅਤੇ ਖੱਤਰੀ ਨੂੰ ਤਾਂ ਇਹ ਲਾਭ ਹੋਇਆ ਕਿ ਉਨ੍ਹਾਂ ਦੀ ਸਰਦਾਰੀ ਕਾਇਮ ਹੋ ਗਈ ਪਰ ਭਾਈਚਾਰਕ ਸਾਂਝ ਅਤੇ ਕੌਮੀ ਏਕਤਾ/ਤਾਕਤ ਇਸ ਕਦਰ ਕਮਜ਼ੋਰ ਹੋਈ ਕਿ ਗਿਆਰਵੀਂ ਸਦੀ ਦੇ ਸ਼ੁਰੂ ਵਿੱਚ ਕਾਬਲ ਕੰਧਾਰ ਤੋਂ ਚੱਲੇ ਪਠਾਨਾਂ/ਮੁਗਲਾਂ ਨੇ 7 ਸਦੀਆਂ ਅਤੇ ਫਿਰ 2 ਸਦੀਆਂ ਤੱਕ ਅੰਗਰੇਜ਼ਾਂ ਨੇ ਭਾਰਤ ’ਤੇ ਰਾਜ ਕੀਤਾ। ਭਾਵੇਂ ਕਹਿਣ ਨੂੰ ਇਹ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਨੇ ਹਿੰਦੂ/ਸਿੱਖਾਂ ’ਤੇ ਅਤਿਆਚਾਰ ਕੀਤੇ ਅਤੇ ਅੰਗਰੇਜ਼ਾਂ ਨੇ ਭਾਰਤੀਆਂ ’ਤੇ; ਪਰ ਅਸਲ ਗੱਲ ਇਹ ਹੈ ਕਿ ਹਰ ਸਮੇਂ ਸੱਤਾ ’ਤੇ ਕਾਬਜ਼ ਲੋਕਾਂ ਨੇ ਆਪਣੇ ਰਾਜ ਲਈ ਬਾਗੀ ਸਮਝੇ ਜਾਂਦੇ ਲੋਕਾਂ ’ਤੇ ਅਤਿਆਚਾਰ ਕੀਤੇ। ਇਹ ਸਚਾਈ ਆਰੀਅਨਾਂ ਵੱਲੋਂ ਦਰਾਵਿੜਾਂ ’ਤੇ, ਮੁਗਲਾਂ ਵੱਲੋਂ ਹਿੰਦੂ/ਸਿੱਖਾਂ ਅਤੇ ਅੰਗਰੇਜ਼ਾਂ ਵੱਲੋਂ ਭਾਰਤੀਆਂ ’ਤੇ ਕੀਤੇ ਜ਼ੁਲਮਾਂ ਦੇ ਨਾਲ-ਨਾਲ ਅਜੋਕੇ ਅਜ਼ਾਦ ਭਾਰਤ ਵਿੱਚ ਸੱਤਾਧਾਰੀਆਂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਉੱਪਰ ਕੀਤੇ ਜਾ ਰਹੇ ਤਸ਼ੱਦਦ ਦੇ ਕੇਸਾਂ ਵਿੱਚ ਵੀ ਸਹੀ ਢੁੱਕਦੀ ਹੈ। ਅਜ਼ਾਦ ਭਾਰਤ ਦੀ ਤਰਾਸਦੀ ਇਹ ਹੈ ਕਿ ਇਸ ਵਿੱਚ ਹਿੰਦੂ ਬਹੁਗਿਣਤੀ ਦੇ ਆਧਾਰ ’ਤੇ ਹੋਂਦ ਵਿੱਚ ਆਈਆਂ ਸਰਕਾਰਾਂ ਦੇ ਸਮੇਂ ਦੌਰਾਨ ਧਾਰਮਿਕ ਨਫ਼ਰਤ ਇੰਨੀ ਵਧਦੀ ਜਾ ਰਹੀ ਹੈ ਕਿ ਚਿਰਾਂ ਤੋਂ ਭਾਈਚਾਰਕ ਸਾਂਝ ਹੰਡਾਅ ਰਹੇ ਵੱਖ ਵੱਖ ਫਿਰਕਿਆਂ ਵਿੱਚ ਫੈਲ ਰਹੀ ਫਿਰਕੂ ਜ਼ਹਿਰ ਨੇ ਭਾਰਤ ਨੂੰ ਸਮੂਹਿਕ ਕਤਲਾਂ ਅਤੇ ਮੌਬ ਲਿੰਚਿੰਗ (ਹਜੂਮੀ ਕਤਲਾਂ) ਦਾ ਦੇਸ਼ ਬਣਾ ਦਿੱਤਾ ਹੈ। ਇਨ੍ਹਾਂ ਘਿਨਾਉਣੀਆਂ ਘਟਨਾਵਾਂ ਦੇ ਮੁੱਖ 2 ਕਾਰਨ ਹਨ: (1) ਧਾਰਮਿਕ ਆਗੂਆਂ ਵੱਲੋਂ ਧਰਮ ਦੇ ਅਸਲੀ ਅਰਥ ਨਾ ਸਮਝਣਾ (2) ਸੱਤਾਧਾਰੀ ਪਾਰਟੀਆਂ ਵੱਲੋਂ ਘੱਟ ਗਿਣਤੀਆਂ ਪ੍ਰਤੀ ਫਿਰਕੂ ਜ਼ਹਿਰ ਫੈਲਾਅ ਕੇ ਬਹੁ ਗਿਣਤੀ ਸਮਾਜ ਦੀਆਂ ਵੋਟਾਂ ਰਾਹੀਂ ਰਾਜ ਗੱਦੀ ’ਤੇ ਕਬਜ਼ਾ ਜਮਾਈ ਰੱਖਣ ਦੀ ਭਾਵਨਾ ਨਾਲ ਹਿੰਦੂ ਰਾਸ਼ਟਰ ਘੋਸ਼ਤ ਕਰਕੇ ‘ਰਾਮ-ਰਾਜ’ (ਮੰਨੂ ਸਿਮਰਤੀ ਨਿਯਮ) ਲਾਗੂ ਕਰਨ ਦੇ ਐਲਾਨ ਕਰਨਾ।

ਜੇ ਸੁਹਿਰਦਤਾ ਨਾਲ ਸੋਚਿਆ ਜਾਵੇ ਤਾਂ ਅੱਜ ਕੱਲ੍ਹ ਚਿਤਵਿਆ ਜਾ ਰਿਹਾ ‘ਰਾਮ-ਰਾਜ’ ਇਨ੍ਹਾਂ ਸਾਰੀਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਬੁਰਿਆਈਆਂ ਦਾ ਹੱਲ ਨਹੀਂ ਬਲਕਿ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਵੱਲੋਂ ਮਨੁੱਖਤਾ ਨੂੰ ਦਿੱਤੇ ਫ਼ਲਸਫ਼ੇ ਨੂੰ ਅਪਣਾਇਆਂ ਹੀ ਸਥਾਈ ਸ਼ਾਂਤੀ ਹੋ ਸਕਦਾ ਹੈ ਕਿਉਂਕਿ ਇਹ ਫ਼ਲਸਫ਼ਾ ਸਰਬਕਾਲੀ, ਸਰਬਸਾਂਝਾ, ਸਰਬਪੱਖੀ, ਸਰਬਦੇਸੀ ਅਤੇ ਸਾਰੇ ਧਾਰਮਿਕ ਫਿਰਕਿਆਂ ਮਜ਼ਹਬਾਂ ਅਤੇ ਵਰਣ/ਜਾਤਾਂ ਦੇ ਅਧਿਕਾਰਾਂ ’ਤੇ ਇੱਕ ਸਮਾਨ ਸਹੀ ਢੁੱਕਦਾ ਹੈ। ਉਨ੍ਹਾਂ ਨੇ ਨਾ ਹੀ ਸਾਰੇ ਭਾਰਤੀਆਂ ਨੂੰ ਜ਼ਬਰੀ ਮੁਸਲਮਾਨ ਬਣਾਉਣ ਦੀ ਔਰੰਗਜ਼ੇਬੀ ਨੀਤੀ ਪ੍ਰਵਾਨ ਕੀਤੀ ਅਤੇ ਨਾ ਹੀ ਅਜੋਕਾ ਭਾਰਤ ਸਰਕਾਰ ਦੇ ਸਿਰਜਕਾਂ/ਸਮਰਥਕਾਂ ਵੱਲੋਂ ਦਿੱਤੇ ਜਾ ਰਹੇ ਗ਼ੈਰ ਜ਼ਿੰਮੇਵਾਰ ਬਿਆਨ (ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਸ ਨੂੰ ਹਿੰਦੂ ਰਾਸ਼ਟਰ, ਹਿੰਦੀ ਅਤੇ ‘ਜੈ ਸ਼ੀਆ ਰਾਮ’ ਕਹਿਣਾ ਪਸੰਦ ਨਹੀਂ ਹੈ ਉਹ ਪਾਕਿਸਤਾਨ ਚਲਾ ਜਾਵੇ) ਨੂੰ ਪ੍ਰਵਾਨ ਕਰਨਗੇ ਬਲਕਿ ਠੀਕ ਉਸੇ ਤਰ੍ਹਾਂ ਵਿਰੋਧ ਕਰਨਗੇ; ਜਿਵੇਂ ਕਿ ਕਸ਼ਮੀਰੀ ਪੰਡਿਤਾਂ ਨੂੰ ਜ਼ਬਰੀ ਮੁਸਲਮਾਨ ਬਣਾਏ ਜਾਣ ਦੇ ਔਰੰਗਜ਼ੇਬੀ ਫਤਵੇ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨੌਵੇਂ ਸਰੂਪ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਵਿਰੋਧ ਦਰਜ ਕਰਵਾਇਆ ਸੀ ਅਤੇ ਮੌਕੇ ਦੇ ਧਾੜਵੀਆਂ ਅਤੇ ਜ਼ਾਲਮ ਰਾਜਿਆਂ ਨੂੰ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ॥’’ (ਮ: ੧/੭੨੨) ਅਤੇ ‘‘ਰਾਜੇ ਸੀਹ, ਮੁਕਦਮ ਕੁਤੇ ॥’’  (ਮ: ੧/੧੨੮੮) ਆਦਿਕ ਸ਼ਬਦਾਂ ਰਾਹੀਂ ਵੰਗਾਰਿਆ ਸੀ।  ਉਨ੍ਹਾਂ ਨੇ ਬੜੇ ਹੀ ਤਰਕਸੰਗਤ ਢੰਗ ਨਾਲ ਹਰ ਧਰਮ ਦੇ ਠੇਕੇਦਾਰ ਬਣੇ ਪੁਜਾਰੀ ਵਰਗ ਦੀਆਂ ਊਣਤਾਈਆਂ ਤੇ ਪਾਖੰਡਾਂ ਨੂੰ ਦਲੇਰਾਨਾ ਢੰਗ ਨਾਲ ਜੱਗ ਜ਼ਾਹਰ ਕੀਤਾ ਅਤੇ ਆਪਣੇ-ਆਪਣੇ ਧਰਮ ਵਿੱਚ ਪ੍ਰਪੱਕ ਹੋ ਕੇ ਚੰਗਾ ਹਿੰਦੂ ਅਤੇ ਚੰਗਾ ਮੁਸਲਮਾਨ ਬਣਨ ਦੀ ਸਿੱਖਿਆ ਦਿੱਤੀ।  ਪ੍ਰਚਾਰਕ ਫੇਰੀਆਂ (ਉਦਾਸੀਆਂ) ਦੌਰਾਨ ਪੂਰੇ ਏਸ਼ੀਆ ਵਿੱਚ ਘੁੰਮ ਕੇ ਜਾਤ ਧਰਮ ਅਤੇ ਵਰਣ ਤੋਂ ਉੱਪਰ ਉੱਠ ਕੇ ਧਾਰਮਿਕ ਪਾਖੰਡਾਂ ਦਾ ਵਿਰੋਧ ਅਤੇ ਕੇਵਲ ਪ੍ਰਭੂ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਜਾਤੀ ਨਾਲ ਸਬੰਧਿਤ ਰੱਬੀ ਭਗਤਾਂ ਦੀ ਬਾਣੀ ਇਕੱਤਰ ਕੀਤੀ ਜੋ ਅੱਗੋਂ ਆਪਣੇ ਉੱਤਰਾਧਿਕਾਰੀਆਂ ਨੂੰ ਸੌਂਪੀ ਜਾਂਦੀ ਰਹੀ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸਤਿਕਾਰ; ਯੋਗ ਢੰਗ ਨਾਲ ਦਰਜ ਕੀਤਾ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ; ਧਰਮ, ਜਾਤ ਵਰਣ, ਖੇਤਰ ਅਤੇ ਦੇਸ਼ਾਂ ਦੀਆਂ ਵਲਗਣਾਂ ਤੋਂ ਉੱਪਰ ਉੱਠੇ ਸਰਬ ਸਾਂਝੇ ਜਗਤ ਗੁਰੂ ਹਨ। ਸਰਬ ਸਾਂਝੇ ਉਪਦੇਸ਼ਾਂ ਦੀਆਂ ਕੁਝ ਕੁ ਉਦਾਹਰਨਾਂ ਹੇਠਾਂ ਲਿਖਤ ਹਨ:-

ਹਿੰਦੂ ਧਰਮ ਗੁਰੂ ਪੰਡਿਤ ਲਈ ਉਪਦੇਸ਼:

  1. ਪੰਡਿਤ ਲੋਕਾਂ ਦਾ ਧਰਮ ਪ੍ਰਤੀ ਸਾਰਾ ਉੱਦਮ ਮਾਇਆ ਕਮਾਉਣ ਲਈ ਵਪਾਰ ਹੀ ਬਣ ਜਾਣ ਕਰਕੇ ਉਹ ਧਾਰਮਿਕ ਪੁਸਤਕਾਂ ਤਾਂ ਪੜ੍ਹਦੇ ਪਰ ਅੰਦਰੋਂ ਗੁਣ ਤੋਂ ਸੱਖਣੇ ਹੋਣ ਕਰਕੇ ਉਹਨਾਂ ਪੁਸਤਕਾਂ ਦੀ ਵਿਚਾਰ ਸਮਝੇ ਬਿਨਾਂ ਹੀ ਹੋਰਾਂ ਨੂੰ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ, ਉਨ੍ਹਾਂ ਲਈ ਬਚਨ ਉਚਾਰੇ ਗਏ: ‘‘ਪੰਡਿਤ ਵਾਚਹਿ ਪੋਥੀਆ; ਨਾ ਬੂਝਹਿ ਵੀਚਾਰੁ ॥ ਅਨ ਕਉ ਮਤੀ ਦੇ ਚਲਹਿ; ਮਾਇਆ ਕਾ ਵਾਪਾਰੁ ॥ ਕਥਨੀ ਝੂਠੀ ਜਗੁ ਭਵੈ; ਰਹਣੀ ਸਬਦੁ ਸੁ ਸਾਰੁ ॥’’ (ਮ: ੧/੫੬)
  2. ਉਨ੍ਹਾਂ ਨੂੰ ਦੱਸਿਆ ਗਿਆ ਕਿ ਪਰਮਾਤਮਾ ਦੇ ਨਾਮ ਵਿਚ ਹੀ ਸੁੱਚ ਹੋਣ ਕਰਕੇ ਉਹ (ਗੁਰੂ ਜੀ) ਤਾਂ ਪਰਮਾਤਮਾ ਦਾ ਨਾਮ-ਸਿਮਰਨ (-ਰੂਪ ਵੇਦ) ਹੀ ਪੜ੍ਹਦੇ ਹਨ ਕਿਉਂਕਿ ਪ੍ਰਭੂ ਦੇ ਨਾਮ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ। ਇਸ ਲਈ ਹੇ ਪਾਂਡੇ ! ਤੂੰ ਭੀ ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ : ‘‘ਪਾਂਡੇ ! ਐਸਾ ਬ੍ਰਹਮ ਬੀਚਾਰੁ ॥ ਨਾਮੇ ਸੁਚਿ, ਨਾਮੋ ਪੜਉ; ਨਾਮੇ ਚਜੁ ਆਚਾਰੁ ॥’’ (ਮ: ੧/੩੫੫ )
  3. ਉਹੀ ਬੰਦਾ ਪੜ੍ਹਿਆ ਹੋਇਆ ਹੈ, ਉਹੀ ਪੰਡਿਤ ਹੈ, ਜੋ ਇਹ ਸਮਝ ਲਏ ਕਿ ਸਿਰਫ਼ ਪਰਮਾਤਮਾ ਹੀ ਸਾਰੇ ਜੀਵਾਂ ਵਿੱਚ ਮੌਜੂਦ ਹੈ। (ਜੋ ਇਹ ਭੇਦ ਸਮਝ ਲੈਂਦਾ ਹੈ, ਉਸ ਦੀ ਪਛਾਣ ਇਹ ਹੈ ਕਿ) ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ : ‘‘ਙੰਙੈ, ਙਿਆਨੁ ਬੂਝੈ ਜੇ ਕੋਈ; ਪੜਿਆ ਪੰਡਿਤੁ ਸੋਈ ॥ ਸਰਬ ਜੀਆ ਮਹਿ ਏਕੋ ਜਾਣੈ; ਤਾ ਹਉਮੈ ਕਹੈ ਨ ਕੋਈ ॥’’ (ਮ: ੧/੪੩੨)
  4. (ਅਸਲੀ) ਪੰਡਿਤ ਉਹ ਹੈ, ਜੋ ਆਪਣੇ ਮਨ ਨੂੰ ਸਮਝਾਵੇ ਅਤੇ ਰੱਬੀ ਗੁਣਾਂ ਨੂੰ ਆਪਣੇ ਮਨ ’ਚ ਭਾਲਦਾ ਹੈ। ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ। ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ, ਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ’ਚ ਵਸਾਉਂਦਾ ਹੈ, ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦੇ ਸਰੋਤ (ਪ੍ਰਭੂ ਨੂੰ) ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ; ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ, ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ, ਉਹ ਪੰਡਿਤ ਮੁੜ ਜਨਮ (-ਮਰਨ) ’ਚ ਨਹੀਂ ਆਉਂਦਾ, ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ : ‘‘ਸੋ ਪੰਡਿਤੁ, ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ ਰਾਮ ਨਾਮ ਸਾਰੁ ਰਸੁ ਪੀਵੈ ॥ ਉਸੁ ਪੰਡਿਤ ਕੈ ਉਪਦੇਸਿ, ਜਗੁ ਜੀਵੈ ॥ ਹਰਿ ਕੀ ਕਥਾ, ਹਿਰਦੈ ਬਸਾਵੈ ॥ ਸੋ ਪੰਡਿਤੁ, ਫਿਰਿ ਜੋਨਿ ਨ ਆਵੈ ॥ ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥ ਸੂਖਮ ਮਹਿ ਜਾਨੈ ਅਸਥੂਲੁ ॥ ਚਹੁ ਵਰਨਾ ਕਉ ਦੇ ਉਪਦੇਸੁ ॥ ਨਾਨਕ ! ਉਸੁ ਪੰਡਿਤ ਕਉ ਸਦਾ ਅਦੇਸੁ ॥’’ (ਗਉੜੀ ਸੁਖਮਨੀ, ਮ: ੫/੨੭੪)
  5. ਕਬੀਰ ਸਾਹਿਬ ਜੀ ਬ੍ਰਾਹਮਣ ਨੂੰ ਸੰਬੋਧਿਤ ਹੋ ਕੇ ਬਚਨ ਕਰਦੇ ਹਨਕਿ ਹੇ ਪੰਡਿਤ! ਤੂੰ ਮੇਰੀ ਵਿਚਾਰ ਗਹੁ ਨਾਲ ਨਹੀਂ ਸੁਣ ਸਕਦਾ ਕਿਉਂਕਿ ਤੇਰੀਆਂ ਨਜ਼ਰਾਂ ਵਿੱਚ ਤੂੰ ਉੱਚੀ ਕੁਲ ਦਾ ਬ੍ਰਾਹਮਣ ਹੈਂ ਤੇ ਮੈਂ ਕਾਸ਼ੀ ਦਾ (ਗ਼ਰੀਬ) ਜੁਲਾਹਾ, ਭਾਵੇਂ ਕਿ ਅਸੀਂ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਪਰ ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਤੁਸੀਂ ਡੁੱਬ ਕੇ ਮਰ ਰਹੇ ਹੋ : ‘‘ਤੂੰ ਬ੍ਰਹਮਨੁ, ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ ਹਮਰੇ, ਰਾਮ ਨਾਮ ਕਹਿ ਉਬਰੇ; ਬੇਦ ਭਰੋਸੇ, ਪਾਂਡੇ ! ਡੂਬਿ ਮਰਹਿ ॥’’ (ਭਗਤ ਕਬੀਰ ਜੀਉ/੯੭੦)

ਜੋਗੀਆਂ ਅਤੇ ਗ੍ਰਹਿਸਤੀ ਦਾ ਤਿਆਗ ਕਰਨ ਵਾਲਿਆਂ ਲਈ ਉਪਦੇਸ਼:

  1. ਘਰੇਲੂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋਏ ਜੋਗੀਆਂ ਨੂੰ ਕਿਹਾ ਕਿ ਗੋਦੜੀ ਪਹਿਨਣ, ਹੱਥ ਵਿੱਚ ਡੰਡਾ ਫੜ ਲੈਣ ਅਤੇ ਸਰੀਰ ’ਤੇ ਸੁਆਹ ਮਲ਼ ਲੈਣ ਨਾਲ ਰੱਬੀ ਮਿਲਾਪ ਨਹੀਂ ਹੁੰਦਾ। (ਕੰਨਾਂ ’ਚ) ਮੁੰਦ੍ਰਾਂ ਪਾਇਆਂ, ਸਿਰ ਮੁਨਾ ਲੈਣ ਅਤੇ ਸਿੰਙੀ ਵਜਾਇਆਂ ਵੀ ਜੋਗ ਸਿੱਧੀ ਨਹੀਂ ਪ੍ਰਾਪਤ ਹੋ ਜਾਂਦੀ। ਪਰਮਾਤਮਾ ਦੇ ਮਿਲਾਪ ਦਾ ਸਿਰਫ਼ ਇਹੀ ਤਰੀਕਾ ਹੈ ਕਿ ਮਾਇਆ ਮੋਹ ਦੀ ਕਾਲਖ਼ (ਗ੍ਰਹਿਸਤ) ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਨਾਲ ਜੁੜੇ ਰਹੀਏ : ‘‘ਜੋਗੁ ਨ ਖਿੰਥਾ, ਜੋਗੁ ਨ ਡੰਡੈ; ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ, ਮੂੰਡਿ ਮੁਡਾਇਐ; ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੧॥’’ (ਮ: ੧, ਪੰਨਾ ੭੩੦)

ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ। ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਸਮਦ੍ਰਿਸ਼ਟੀ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ : ‘‘ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ; ਜੋਗੀ ਕਹੀਐ ਸੋਈ ॥੧॥ ਰਹਾਉ ॥’’  (ਮ: ੧, ਪੰਨਾ ੭੩੦)

(ਘਰੋਂ) ਬਾਹਰ ਮੜ੍ਹੀਆਂ ਮਸਾਣਾਂ ਵਿੱਚ ਰਿਹਾਂ ਅਤੇ ਸਮਾਧੀਆਂ ਲਾਇਆਂ ਭੀ ਰੱਬ ਨਾ ਮਿਲਦਾ। ਦੇਸ਼ ਪ੍ਰਦੇਸ਼ ’ਚ ਭੌਂਦੇ ਫਿਰਨ ਅਤੇ ਤੀਰਥਾਂ ਉੱਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ ਹੁੰਦੀ। ਰੱਬੀ ਮਿਲਾਪ ਸਿਰਫ਼ ਮਾਇਆ ਮੋਹ ਦੀ ਕਾਲਖ (ਗ੍ਰਹਿਸਤੀ) ’ਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ’ਚ ਜੁੜਿਆਂ ਹੁੰਦਾ ਹੈ: ‘‘ਜੋਗੁ ਨ ਬਾਹਰਿ ਮੜੀ ਮਸਾਣੀ; ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ; ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੨॥’’  (ਮ: ੧, ਪੰਨਾ ੭੩੦)

ਜਦੋਂ ਸੱਚਾ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵੱਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ, (ਮਨ ’ਚ ਰੱਬੀ ਅੰਮ੍ਰਿਤ ਨਾਮ ਦਾ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ: ‘‘ਸਤਿਗੁਰੁ ਭੇਟੈ, ਤਾ ਸਹਸਾ ਤੂਟੈ; ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ, ਸਹਜ ਧੁਨਿ ਲਾਗੈ; ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੩॥’’ (ਮ: ੧, ਪੰਨਾ ੭੩੦)

ਰੱਬੀ ਮਿਲਾਪ ਦਾ ਅਭਿਆਸ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵੱਲੋਂ ਨਿਰਮੋਹ ਰਹਿੰਦਿਆਂ ਕਰਨਾ ਹੈ। (ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇੱਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਜੋ ਮਾਨੋ) ਬਿਨਾਂ ਵਾਜਾ ਵਜਾਇਆਂ ਹੀ ਸਿੰਙ ਵਾਜਾ ਵੱਜ ਰਿਹਾ ਹੈ। (ਇਸ ਆਨੰਦਮਈ) ਅਵਸਥਾ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ: ‘‘ਨਾਨਕ! ਜੀਵਤਿਆ, ਮਰਿ ਰਹੀਐ; ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ; ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਤਉ ਪਾਈਐ ॥੪॥੧॥’’ (ਮ: ੧/੭੩੦)

  1. ਰਾਗ ਗਾਣ ਨਾਲ, ਨਾਦ ਵਜਾਉਣ ਨਾਲ ਜਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹਨ ਨਾਲ, ਸਮਾਧੀ ਲਾਇਆਂ, ਗਿਆਨ-ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ। ਨਿਤ ਸੋਗ ਕੀਤਿਆਂ; ਰੂਪ, ਮਾਲ-ਧਨ ਤੇ ਰੰਗ-ਤਮਾਸ਼ੇ ਵਿਚ ਰੁੱਝਿਆਂ ਭੀ ਪ੍ਰਭੂ (ਜੀਵ ਉੱਤੇ) ਤਰੁੱਠਦਾ ਨਹੀਂ। ਤੀਰਥ ਨ੍ਹਾਤਿਆਂ ਜਾਂ ਨੰਗੇ ਭਵਿਆਂ, ਦਾਨ-ਪੁੰਨ ਕੀਤਿਆਂ ਅਤੇ ਬਾਹਰ (ਜੰਗਲਾਂ ’ਚ) ਸੁੰਨ-ਮੁੰਨ ਬੈਠਿਆਂ ਭੀ ਪ੍ਰਭੂ ਨਾ ਰੀਝਦਾ। ਲੜਾਈ ’ਚ ਲੜ ਕੇ ਮਰਨ ਵਾਲੇ ਤੇ (ਸੁਆਹ ਆਦਿਕ ਮਲ਼ ਕੇ) ਮਿੱਟੀ ’ਚ ਲਿੱਬੜੇ ਰਹਿਣ ਵਾਲਿਆਂ ’ਤੇ ਭੀ ਪ੍ਰਭੂ ਖ਼ੁਸ਼ ਨਹੀਂ ਹੁੰਦਾ। ਪਰਮਾਤਮਾ ਪ੍ਰਸੰਨ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਨਾਮ ਵਿਚ (ਜੁੜੀਏ ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ) ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ : ‘‘ਨ ਭੀਜੈ, ਰਾਗੀ ਨਾਦੀ ਬੇਦਿ ॥ ਨ ਭੀਜੈ, ਸੁਰਤੀ ਗਿਆਨੀ ਜੋਗਿ ॥ ਨ ਭੀਜੈ, ਸੋਗੀ ਕੀਤੈ ਰੋਜਿ ॥ ਨ ਭੀਜੈ, ਰੂਪੀ ਮਾਲੀ ਰੰਗਿ ॥ ਨ ਭੀਜੈ, ਤੀਰਥਿ ਭਵਿਐ ਨੰਗਿ ॥ ਨ ਭੀਜੈ, ਦਾਤੀ ਕੀਤੈ ਪੁੰਨਿ ॥ ਨ ਭੀਜੈ, ਬਾਹਰਿ ਬੈਠਿਆ ਸੁੰਨਿ ॥ ਨ ਭੀਜੈ, ਭੇੜਿ ਮਰਹਿ ਭਿੜਿ ਸੂਰ ॥ ਨ ਭੀਜੈ, ਕੇਤੇ ਹੋਵਹਿ ਧੂੜ ॥ ਲੇਖਾ ਲਿਖੀਐ ਮਨ ਕੈ ਭਾਇ ॥ ਨਾਨਕ ! ਭੀਜੈ ਸਾਚੈ ਨਾਇ ॥’’ (ਮ: ੧/੧੨੩੭)

ਮੁਸਲਮਾਨਾਂ ਲਈ ਉਪਦੇਸ਼:

ਪਾਵਨ ਅੰਕ ਨੰ: 24 ਉੱਪਰ ਦਰਜ ਪੂਰਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਮੁਸਲਮਾਨ ਕਾਜ਼ੀ ਮੌਲਾਣਿਆਂ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ ਜਿਸ ਰਾਹੀਂ ਮੁਸਲਮਾਨਾਂ ਨੂੰ ਉਪਦੇਸ਼ ਹੈ ਕਿ ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁਲਿਤ ਤੇ ਹਰਾ-ਭਰਾ ਕੀਤਾ ਹੈ, ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ : ‘‘ਸੋਈ ਮਉਲਾ, ਜਿਨਿ, ਜਗੁ ਮਉਲਿਆ; ਹਰਿਆ ਕੀਆ ਸੰਸਾਰੋ ॥  ਆਬ ਖਾਕੁ ਜਿਨਿ ਬੰਧਿ ਰਹਾਈ; ਧੰਨੁ ਸਿਰਜਣਹਾਰੋ ॥੧॥’’

ਹੇ ਮੁੱਲਾਂ ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ ਭਾਵ ਰੱਬ ਦੇ ਡਰ ’ਚ ਰਿਹਾਂ ਹੀ ਮੌਤ ਦਾ ਡਰ ਦੂਰ ਹੁੰਦਾ ਹੈ) : ‘‘ਮਰਣਾ, ਮੁਲਾ ! ਮਰਣਾ ॥  ਭੀ ਕਰਤਾਰਹੁ ਡਰਣਾ ॥੧॥ ਰਹਾਉ ॥’’

(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਜਾਈਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਤੇ ਕਾਜ਼ੀ ਸਮਝ ਜਦੋਂ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ) ਭਾਵੇਂ ਤੂੰ ਕਿੰਨੀਆਂ ਹੀ ਮਜ਼ਹਬੀ ਕਿਤਾਬਾਂ ਪੜ੍ਹ ਜਾਏਂ (ਡਰ ਅਧੀਨ ਰਹੇਂਗਾ)। ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇੱਥੇ ਰਹਿ ਨਹੀਂ ਸਕਦਾ : ‘‘ਤਾ ਤੂ ਮੁਲਾ, ਤਾ ਤੂ ਕਾਜੀ; ਜਾਣਹਿ ਨਾਮੁ ਖੁਦਾਈ ॥ ਜੇ ਬਹੁਤੇਰਾ ਪੜਿਆ ਹੋਵਹਿ; ਕੋ ਰਹੈ ਨ, ਭਰੀਐ ਪਾਈ ॥੨॥’’ 

ਉਹੀ ਅਸਲ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਤੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਨੂੰ ਪੈਦਾ ਕਰਨ ਵਾਲਾ ਹੈ : ‘‘ਸੋਈ ਕਾਜੀ, ਜਿਨਿ ਆਪੁ ਤਜਿਆ; ਇਕੁ ਨਾਮੁ ਕੀਆ ਆਧਾਰੋ ॥  ਹੈ ਭੀ, ਹੋਸੀ, ਜਾਇ ਨ ਜਾਸੀ; ਸਚਾ ਸਿਰਜਣਹਾਰੋ ॥੩॥’’ 

(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ। ਕੁਰਾਨ ਸਮੇਤ ਹੋਰ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ’ਚ ਬੱਝਾ ਹੋਣ ਕਾਰਨ ਮੌਤ ਤੋਂ ਡਰਦਾ ਹੈਂ), ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਇਸ ਮੌਤ ਦੇ ਡਰ ਤੋਂ ਮੁਕਤ ਹੋਣ ਲਈ ਰੱਬੀ ਡਰ-ਅਦਬ ’ਚ ਜੁੜਿਆ ਰਹਿ) : ‘‘ਪੰਜ ਵਖਤ ਨਿਵਾਜ ਗੁਜਾਰਹਿ; ਪੜਹਿ ਕਤੇਬ ਕੁਰਾਣਾ ॥ ਨਾਨਕੁ ਆਖੈ ਗੋਰ ਸਦੇਈ; ਰਹਿਓ ਪੀਣਾ ਖਾਣਾ ॥੪॥’’ (ਮ: ੧/੨੪)

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 34 ਉੱਪਰ ਦਰਜ ਸਲੋਕੁ ਰਾਹੀਂ ਸਾਹਿਬ ਬਚਨ ਕਰਦੇ ਹਨ – (ਅਸਲ) ਮੁਸਲਮਾਨ ਅਖਵਾਉਣਾ ਬੜਾ ਔਖਾ ਹੈ (ਇਸ ਲਈ) ਸਭ ਤੋਂ ਪਹਿਲਾਂ ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ; ਤਿਵੇਂ (ਹੱਕ-ਹਲਾਲ ਦਾ) ਧਨ (ਲੋੜਵੰਦਾਂ ’ਚ) ਵੰਡ ਕੇ ਵਰਤਾਅ (ਦੌਲਤ ਦਾ ਅਹੰਕਾਰ ਦੂਰ ਕਰ)। ਮਜ਼ਹਬ ਦੀ ਅਗਵਾਈ ’ਚ ਤੁਰ ਕੇ ਮੁਸਲਮਾਨ ਬਣ ਤੇ ਸਾਰੀ ਉਮਰ ਦੀ ਭਟਕਣਾ ਮੁਕ ਜਾਏਗੀ (ਭਾਵ ਸਾਰੀ ਉਮਰ ਮਜ਼ਹਬੀ ਰਾਹ ਤੋਂ ਲਾਂਭੇ ਨਹੀਂ ਹੋਵੇਂਗਾ), ਰੱਬੀ ਹੁਕਮ ਨੂੰ ਸਿਰ ਮੱਥੇ ਮੰਨ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨ ਤੇ ਖ਼ੁਦੀ ਮਿਟਾ ਦੇਹ, (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰ ਤਾਂ ਮੁਸਲਮਾਨ ਅਖਵਾ : ‘‘ਮੁਸਲਮਾਣੁ ਕਹਾਵਣੁ ਮੁਸਕਲੁ; ਜਾ ਹੋਇ, ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ; ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ; ਕਰਤਾ ਮੰਨੇ, ਆਪੁ ਗਵਾਵੈ ॥ ਤਉ, ਨਾਨਕ ! ਸਰਬ ਜੀਆ ਮਿਹਰੰਮਤਿ ਹੋਇ; ਤ, ਮੁਸਲਮਾਣੁ ਕਹਾਵੈ ॥’’  (ਮ:੧/੧੪੧)

ਪਰਾਈ ਅਮਾਨਤ ’ਤੇ ਨਜ਼ਰ ਰੱਖਣ ਵਾਲ਼ਿਆਂ ਅਤੇ ਵਿਕਾਰੀ ਜੀਵਨ ਵਾਲ਼ਿਆਂ ਲਈ ਨਸੀਹਤ :

ਧਨ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ। ਇਸ ਧਨ ਨੇ ਦੁਨੀਆ ਨੂੰ ਖ਼ੁਆਰ ਕੀਤਾ ਹੈ। ਪਾਪ ਜਾਂ ਜ਼ੁਲਮ ਕਰਨ ਤੋਂ ਬਿਨਾਂ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ ਭਾਵੇਂ ਕਿ ਮਰਨ ਵੇਲੇ ਇਹ ਨਾਲ ਵੀ ਨਹੀਂ ਜਾਂਦੀ: ‘‘ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ (ਮ: ੧/੪੧੭)

(ਜੇ ਮਨੁੱਖ) ਕਾਮ, ਕਰੋਧ, ਝੂਠ, ਨਿੰਦਿਆ, ਮਾਇਆ ਦਾ ਲਾਲਚ, ਅਹੰਕਾਰ ਆਦਿ ਛੱਡ ਦੇਵੇ, ਜੇ ਵਿਸ਼ੇ-ਵਿਕਾਰਾਂ ਵਜੋਂ ਇਸਤ੍ਰੀ ਸਨੇਹ ਤਿਆਗ ਦੇਵੇ ਤਾਂ ਗ੍ਰਹਿਸਤ (ਮਾਯਾ-ਕਾਲਖ) ’ਚ ਰਹਿੰਦਿਆਂ ਹੀ ਮਾਇਆ-ਰਹਿਤ ਪ੍ਰਭੂ ਨੂੰ ਪਾ ਲੈਂਦਾ ਹੈ। (ਜੇ ਮਨੁੱਖ) ਅਹੰਕਾਰ ਵਜੋਂ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਵਾਂ-ਤ੍ਰਿਸ਼ਨਾ ਤਿਆਗ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ ਤਾਂ ਹੇ ਨਾਨਕ ! ਸਦਾ-ਸਥਿਰ ਪਰਮਾਤਮਾ ਮਨ ’ਚ ਵਸ ਪੈਂਦਾ ਹੈ, ਗੁਰੂ ਸ਼ਬਦ ਦੁਆਰਾ ਰੱਬੀ ਨਾਮ ’ਚ ਲੀਨ ਹੋ ਜਾਂਦਾ ਹੈ : ‘‘ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ; ਤਜਿ ਮਾਇਆ, ਅਹੰਕਾਰੁ ਚੁਕਾਵੈ ॥ ਤਜਿ ਕਾਮੁ, ਕਾਮਿਨੀ ਮੋਹੁ ਤਜੈ; ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥ ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ; ਤਜਿ ਪਿਆਸ ਆਸ; ਰਾਮ ਲਿਵ ਲਾਵੈ ॥ ਨਾਨਕ ! ਸਾਚਾ ਮਨਿ ਵਸੈ; ਸਾਚ ਸਬਦਿ, ਹਰਿ ਨਾਮਿ ਸਮਾਵੈ ॥’’  (ਮ: ੧/੧੪੧) ਗੁਰਬਾਣੀ ਦੇ ਸੁਖਦਾਈ ਜੀਵਨ ਬਾਬਤ ਵਚਨ ਹਨ ਕਿ (ਰੱਬੀ ਭਗਤੀ ਵਾਲ਼ਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, ਸੁਖ ਮਾਣੀਦਾ ਹੈ; ਰੱਬੀ ਮਿਲਾਪ ਨਾਲ਼ ਚਿੰਤਾ ਮਿਟ ਜਾਂਦੀ ਹੈ: ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (ਮ: ੫/੫੨੨)

ਰਾਜੇ ਮਹਾਰਾਜਿਆਂ ਲਈ ਉਪਦੇਸ਼ :

ਮਿਸਾਲ ਵਜੋਂ ਜਿਵੇਂ ਮਾਰੂਥਲ ਮੀਂਹ ਨਾਲ ਨਹੀਂ ਰੱਜਦਾ, ਅੱਗ ਦੀ ਭੁੱਖ (ਬਾਲਣ ਨਾਲ) ਨਹੀਂ ਮਿਟਦੀ, ਸਮੁੰਦਰ ਕਦੋਂ ਕਿਸੇ ਨਦੀਆਂ ਨਾਲਿਆਂ ਨਾਲ਼ ਭਰਦੇ ਹਨ  ? ਇਉਂ ਹੀ ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ ਜਦਕਿ ਰੱਬੀ ਭਗਤਾਂ ਅੰਦਰ ਰੱਬੀ ਨਾਮ ਦੀ ਅਥਾਹ ਤਾਂਘ ਬਣੀ ਰਹਿੰਦੀ ਹੈ: ‘‘ਮਾਰੂ, ਮੀਹਿ ਨ ਤ੍ਰਿਪਤਿਆ; ਅਗੀ, ਲਹੈ ਨ ਭੁਖ ॥ ਰਾਜਾ, ਰਾਜਿ ਨ ਤ੍ਰਿਪਤਿਆ; ਸਾਇਰ ਭਰੇ ਕਿਸੁਕ ॥ ਨਾਨਕ ! ਸਚੇ ਨਾਮ ਕੀ, ਕੇਤੀ ਪੁਛਾ ਪੁਛ ॥’’ (ਮ: ੧/੧੪੮)

ਜਾਤ ਅਭਿਮਾਨੀਆਂ ਲਈ ਉਪਦੇਸ਼:

  1. ਜਾਤ ਅਭਿਮਾਨੀਆਂ ਅਤੇ ਧਨਾਢ ਵਿਅਕਤੀਆਂ ਸਾਹਮਣੇ ਨਿੰਮੋਝੂਣਾ ਹੋਣ ਦੀ ਬਜਾਇ ਆਮ ਵਰਗ ਨੂੰ ਬਣਦਾ ਸਤਿਕਾਰ ਦੇਣ ਲਈ ਅਸਲ ਦਾਤਾਰ ਮਾਲਕ ਅੱਗੇ ਬੇਨਤੀ ਕੀਤੀ ਗਈ ਕਿ ਹੇ ਪ੍ਰਭੂ! ਤੇਰੀ ਮਿਹਰ ਦੀ ਨਜ਼ਰ ਉੱਥੇ ਹੁੰਦੀ ਹੈ ਜਿੱਥੇ ਗ਼ਰੀਬਾਂ ਨੂੰ ਬਣਦਾ ਸਤਿਕਾਰ ਮਿਲੇ, ਇਸ ਲਈ ਮੈਂ ਤੇਰਾ ਦਾਸ ਨਾਨਕ ਨੀਵਿਆਂ ਤੋਂ ਭੀ ਅਤਿ ਨੀਵੇਂ ਬੰਦਿਆਂ ਦੇ ਨਾਲ ਹਾਂ, ਸਮਾਜਿਕ ਅਹੰਕਾਰੀਆਂ ਦੀ ਕਾਹਦੀ ਰੀਸ ਕਰੀਏ: ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ?॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥’’ (ਮ: ੧/੧੫)
  2. ਕੋਈ (ਉੱਚੀ) ਜਾਤਿ ਦਾ ਮਾਣ ਨਾ ਕਰਿਓ (ਜਾਤਿ ਆਧਾਰਿਤ ਬ੍ਰਾਹਮਣ ਨਹੀਂ ਹੁੰਦਾ ਕਿਉਂਕਿ) ਜੋ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਅਸਲ ’ਚ ਉਹੀ ਬ੍ਰਾਹਮਣ ਹੈ : ‘‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥੧॥’’

ਮੂਰਖ-ਗਵਾਰ ਦੇ ਪ੍ਰਥਾਇ ਬੋਲਿਆਂ ਕਿਹਾ ਗਿਆ ਕਿ ਜਾਤਿ ਦਾ ਮਾਣ ਨਾ ਕਰੀਏ ਕਿਉਂਕਿ ਇਸ ਨਾਲ਼ (ਸਮਾਜਿਕ ਸਾਂਝ ’ਚ) ਕਈ ਤ੍ਰੇੜਾਂ ਪੈਂਦੀਆਂ ਹਨ : ‘‘ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ !॥ ਇਸੁ ਗਰਬ ਤੇ, ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥’’ 

ਹਰ ਕੋਈ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ (ਪਰ ਇਹ ਨਹੀਂ ਸਮਝਦੇ ਕਿ) ਰੱਬੀ ਜੋਤਿ-ਰੂਪ ਸਰੋਤ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ; ਜਿਵੇਂ ਘੁਮਿਆਰ ਇੱਕ ਮਿੱਟੀ ਦੇ ਕਈ ਭਾਂਡੇ ਬਣਾਉਂਦਾ ਹੈ ਉਸੇ ਤਰ੍ਹਾਂ ਇੱਕ ਜੋਤਿ ਤੋਂ ਸੰਸਾਰ ਬਣਿਆ ਹੈ :‘‘ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ, ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥  ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥’’ (ਮ: ੩/੧੧੨੭)

ਨਾਨਕ ਫ਼ਲਸਫ਼ੇ ਦੇ ਉਕਤ ਸਰਬ ਕਲਿਆਣਕਾਰੀ ਗੁਣਾਂ ਦੇ ਵਿਪਰੀਤ ਅਜੋਕੇ ‘ਰਾਮ-ਰਾਜ’ ਨੂੰ ਲਾਗੂ ਕਰਨ ਲਈ ਤਤਪਰ ਮੰਨੂਵਾਦੀਆਂ ਨੂੰ ਆਪਣੇ ਧਾਰਮਿਕ ਗ੍ਰੰਥ ਪੜ੍ਹ ਕੇ ਵੇਖਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਬ੍ਰਾਹਮਣਾਂ ਦੀ ਸ਼ਿਕਾਇਤ ’ਤੇ ਰਾਜਾ ਰਾਮ ਨੇ ਭਗਤੀ ਕਰ ਰਹੇ ਸ਼ੂਦਰ ਜਾਤੀ ਨਾਲ ਸਬੰਧਿਤ ਸੰਭੂਕ ਰਿਸ਼ੀ ਦਾ ਕਤਲ ਇਹ ਦੋਸ਼ ਲਾ ਕੇ ਕਰ ਦਿੱਤਾ ਕਿ ਉਸ ਨੇ ਰੱਬ ਦੀ ਭਗਤੀ ਕਰਕੇ ਮਰਿਆਦਾ ਦਾ ਉਲੰਘਨ ਕਰ ਦਿੱਤਾ ਜਿਸ ਕਾਰਨ ਇੱਕ ਬ੍ਰਾਹਮਣ ਦਾ ਲੜਕਾ ਛੋਟੀ ਉਮਰ ਵਿੱਚ ਹੀ ਮਰ ਗਿਆ ਸੀ।  ਕੀ ਸਵੈਮਾਣ ਦੀ ਜ਼ਿੰਦਗੀ ਜਿਊਣ ਵਾਲਾ ਇਨਸਾਫ਼ ਪਸੰਦ ਕੋਈ ਵਿਅਕਤੀ ਇਸ ਤਰ੍ਹਾਂ ਦੇ ਰਾਮ-ਰਾਜ ਨੂੰ ਸਵੀਕਾਰ ਕਰੇਗਾ  ? ਬਿਲਕੁਲ ਨਹੀਂ ਜਦੋਂ ਕਿ ਹਰ ਵਿਅਕਤੀ ਭਾਵੇਂ ਕਿ ਉਹ ਕਿਸੇ ਵੀ ਦੇਸ਼, ਧਰਮ, ਜਾਤੀ ਅਤੇ ਖਿੱਤੇ ਨਾਲ ਸੰਬੰਧਿਤ ਕਿਉਂ ਨਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਅੰਕ 345 ਉੱਪਰ ਦਰਜ ਗਉੜੀ ਰਾਗ ’ਚ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਸ਼ਬਦ ਵਿੱਚ ਚਿਤਵੇ ਸ਼ਹਿਰ ਅਤੇ ਰਾਜ ਵਿੱਚ ਹਮੇਸ਼ਾਂ ਰਹਿਣਾ ਚਾਹੇਗਾ, ਜੋ ਕਿ ਇਸ ਤਰ੍ਹਾਂ ਹੈ:

ਮਨੁੱਖ ਚਿੰਤਾਵਾਂ ਦੀ ਮਾਰ ’ਚ ਸਦਾ ਸਹਿਮਿਆ ਰਹਿੰਦਾ ਹੈ, ਸਮਾਜਿਕ ਸੰਘਰਸ਼ ਕਰਨ ਲਈ ਹਿੰਮਤ ਨਹੀਂ ਜੁਟਾ ਸਕਦਾ ਜਦਕਿ ਭਗਤ ਰਵਿਦਾਸ ਜੀ ਭਾਵੇਂ ਆਰਥਿਕ ਪੱਖੋਂ ਬਹੁਤੇ ਸੰਪੰਨ ਨਹੀਂ ਕਹੇ ਜਾ ਸਕਦੇ ਪਰ ਹੌਂਸਲਾ ਤੇ ਦਲੇਰੀ ਬੇਮਿਸਾਲ ਹੈ। ਉਨ੍ਹਾਂ ਫ਼ੁਰਮਾਇਆ ਕਿ (ਜਿਸ ਰੂਹਾਨੀਅਤ ਸ਼ਹਿਰ ’ਚ ਮੇਰਾ ਨਿਵਾਸ ਹੈ) ਉਹ ਸ਼ਹਿਰ ਹੈ ‘ਬੇ-ਗ਼ਮਪੁਰਾ’ (ਭਾਵ ਜਿੱਥੇ ਕੋਈ ਚਿੰਤਾ ਨਹੀਂ); ਉੱਥੇ ਨਾ ਕੋਈ ਦੁੱਖ ਹੈ, ਨਾ ਚਿੰਤਾ, ਨਾ ਕੋਈ ਘਬਰਾਹਟ, ਨਾ ਦੁਨਿਆਵੀ ਸੰਪੱਤੀ, ਨਾ ਜ਼ਮੀਨ ਟੈਕਸ, ਨਾ ਪਾਪ ਕਰਨ ਦਾ ਡਰ, ਨਾ ਊਚ-ਨੀਚ: ‘‘ਬੇਗਮ ਪੁਰਾ ਸਹਰ ਕੋ ਨਾਉ ॥  ਦੂਖੁ ਅੰਦੋਹੁ ਨਹੀ, ਤਿਹਿ ਠਾਉ ॥  ਨਾਂ ਤਸਵੀਸ ਖਿਰਾਜੁ ਨ ਮਾਲੁ ॥  ਖਉਫੁ ਨ ਖਤਾ; ਨ ਤਰਸੁ ਜਵਾਲੁ ॥੧॥’’

ਮੇਰੇ ਵਸਣ ਲਈ ਹੁਣ ਸੋਹਣੀ ਥਾਂ ਹੈ, ਇੱਥੇ ਸਦਾ ਸੁੱਖ ਹੀ ਸੁੱਖ ਹੈ : ‘‘ਅਬ, ਮੋਹਿ ਖੂਬ ਵਤਨ ਗਹ ਪਾਈ ॥  ਊਹਾਂ, ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥’’

ਇੱਥੇ (ਅਜਿਹੀ) ਪਾਤਸ਼ਾਹੀ (ਹੈ ਜੋ) ਸਦੀਵੀ ਹੈ।, ਕਿਸੇ ਦਾ ਦੂਜਾ, ਤੀਜਾ ਦਰਜਾ ਨਹੀਂ, ਸਭ ਸਮਾਨੰਤਰ ਹਨ; ਸਦੀਵੀ ਪ੍ਰਸਿੱਧ ਸ਼ਹਿਰ ਹੈ ਤੇ ਆਬਾਦ ਹੈ, ਗੁਣਾਂ ਪੱਖੋਂ ਧਨਾਢ ਤੇ ਮਾਇਆ ਪੱਖੋਂ ਰੱਜੇ ਹੋਏ ਭਗਤ ਵਸਦੇ ਹਨ : ‘‘ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ; ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥’’

ਸਾਰੇ ਆਜ਼ਾਦ ਤੇ ਅਨੰਦ ਵਿੱਚ ਵਿਚਰਦੇ ਹਨ, ਰੱਬੀ ਮਹਲ ਦੇ ਭੇਤੀ ਹੁੰਦੇ ਹਨ, ਕੋਈ (ਰਾਹ ’ਚ) ਰੁਕਾਵਟ ਨਹੀਂ ਬਣਦਾ। (ਹੇ ਜਾਤਿ ਅਭਿਮਾਨੀਓ!) ਚਮਿਆਰ ਰਵਿਦਾਸ ਆਖਦਾ ਹੈ ਕਿ ਉਹੀ ਸਾਡਾ ਮਿੱਤਰ ਹੈ, ਸਤਿਸੰਗੀ ਬਣ ਸਕਦਾ ਹੈ, ਜਿਸ ਨੇ (ਸਾਡੇ ਵਾਙ ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਮੁਕਤੀ ਪਾ ਲਈ: ‘‘ਤਿਉ ਤਿਉ ਸੈਲ ਕਰਹਿ; ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥੨॥’’  (ਭਗਤ ਰਵਿਦਾਸ ਜੀ/੩੪੫)

ਸੋ ਜੇ ਮਨੁੱਖਤਾ ਕੋਲ ਸਮਾਜਿਕ ਸਮਾਨਤਾ ਅਤੇ ਸ਼ਾਂਤੀ ਬਣਾਏ ਰੱਖਣ ਲਈ ਕੋਈ ਵਿਚਾਰਧਾਰਾ ਨਾ ਹੋਵੇ ਭਾਵ ਕੋਈ ਜ਼ਰੀਆ ਨਾ ਹੋਵੇ ਤਾਂ ਫਿਰ ਭਟਕਣਾ ’ਚ ਪੈਣਾ ਸੁਭਾਵਕ ਹੈ ਪਰ ਗੁਰੂ ਗ੍ਰੰਥ ਸਾਹਿਬ ਰੂਪ ਸਰਬਸਾਂਝੇ ਅਤੇ ਸਰਬ ਕਲਿਆਣਕਾਰੀ ਸੰਦੇਸ਼ ਹੋਣ ਦੇ ਬਾਵਜੂਦ, ਇਸ ਤੋਂ ਲਾਹਾ ਨਾ ਲੈਣਾ ਜਾਂ ਲਾਹਾ ਨਾ ਲੈਣ ਦੇਣਾ ਭਾਵ ਇਸ ਦੇ ਪ੍ਰਚਾਰ-ਪ੍ਰਸਾਰ ’ਚ ਸਹਾਇਕ ਬਣਨ ਦੀ ਬਜਾਇ ਰੁਕਾਵਟਾਂ ਪੈਦਾ ਕਰਨਾ; ਮਾਨਵਤਾ ਦਾ ਸਭ ਤੋਂ ਵੱਡਾ ਨੁਕਸਾਨ ਹੈ, ਜੋ ਸਾਡੇ ਸਾਹਮਣੇ ਹੀ ਧਾਰਮਿਕ ਅਤੇ ਰਾਜਸੀ ਲੋਕ ਕਰ ਰਹੇ ਹਨ।

ਹੁਣ ਜੇ ਝਾਤ ਮਾਰੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ 550ਵਾਂ ਪ੍ਰਕਾਸ਼ ਗੁਰ ਪੁਰਬ ਵੱਡੀ ਪੱਧਰ ’ਤੇ ਮਨਾ ਰਹੀਆਂ ਅਤੇ ਮਨਾਏ ਜਾਣ ਦਾ ਐਲਾਨ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਅਤੇ ਸਰਕਾਰਾਂ ਦੇ ਮੁਖੀਆਂ ਦੇ ਕਿਰਦਾਰ ਅਤੇ ਸੁਹਿਰਦਤਾ ਉੱਤੇ; ਤਾਂ ਇਹ ਵੇਖਣ ਵਿੱਚ ਨਿਰਾਸ਼ਤਾ ਹੀ ਪੱਲੇ ਪਵੇਗੀ ਕਿ ਉਨ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਵੱਲੋਂ ਪ੍ਰਚਾਰੇ ਗਏ ਸਿਧਾਂਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਉਨ੍ਹਾਂ ਦਾ ਸੰਘਰਸ਼ ਤਾਂ ਇਹ ਚੱਲ ਰਿਹਾ ਹੈ ਕਿ ਸਾਂਝੀ ਸਟੇਜ ’ਤੇ ਕਿਸ ਪਾਰਟੀ ਜਾਂ ਜਥੇਬੰਦੀ ਦੇ ਕਿਹੜੇ ਕਿਹੜੇ ਆਗੂਆਂ ਨੂੰ ਸਟੇਜ ’ਤੇ ਕਿਸ ਕ੍ਰਮ ਅਨੁਸਾਰ ਬੈਠਾਇਆ ਜਾਵੇਗਾ, ਕਿਹੜੇ ਕਿਹੜੇ ਆਗੂਆਂ ਨੂੰ ਬੋਲਣ ਦਾ ਕਿੰਨਾ ਕਿੰਨਾ ਸਮਾਂ ਮਿਲੇਗਾ ਤੇ ਕਿਸ ਪ੍ਰਕਾਰ ਦਾ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ  ? ਜੇ ਕਿਸੇ ਧਿਰ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਨੁੰਮਾਇੰਦਗੀ ਮਿਲੀ ਤਾਂ ਸਾਂਝੀ ਸਟੇਜ ’ਤੇ ਗੁਰਪੁਰਬ ਮਨਾਉਣ ਲਈ ਸਹਿਮਤੀ ਹੋਵੇਗੀ ਨਹੀਂ ਤਾਂ ਵੱਖਰੀ-ਵੱਖਰੀ ਸਟੇਜ ਲੱਗੇਗੀ। ਸਾਡੇ ਜਥੇਦਾਰ ਸਾਹਿਬ, ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ, ਸਿੱਖ ਇਤਿਹਾਸ ਵਿੱਚ ਰਲਾਵਟ ਸਮੇਤ ਪੰਥ ਦੇ ਅਨੇਕਾਂ ਵਿਵਾਦਤ ਮੁੱਦਿਆਂ ਦੇ ਹੱਲ ਲਈ ਕਦੀ ਵੀ ਪੰਥ ਦੀਆਂ ਸਮੁੱਚੀਆਂ ਧਿਰਾਂ ਅਤੇ ਵਿਦਵਾਨਾਂ, ਪ੍ਰਚਾਰਕਾਂ ਦੀ ਸਾਂਝੀ ਮੀਟਿੰਗ ਸੱਦਣ ਦੀ ਫੁਰਸਤ ਨਹੀਂ ਮਿਲੀ ਉਹ ਵੀ ਸ਼੍ਰੋਮਣੀ ਕਮੇਟੀ (ਅਸਲ ਵਿੱਚ ਅਕਾਲੀ ਦਲ ਬਾਦਲ) ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਮਿਲ ਕੇ ਸਾਂਝੀ ਸਟੇਜ ’ਤੇ ਗੁਰਪੁਰਬ ਮਨਾਉਣ ਵਾਸਤੇ ਸਿਰਜੋੜ ਯਤਨ ਕਰ ਰਹੇ ਹਨ। ਸਾਂਝੀ ਸਟੇਜ ’ਤੇ ਗੁਰਪੁਰਬ ਮਨਾਉਣ ਦੇ ਯਤਨਾਂ ਵਿੱਚ ਜਥੇਦਾਰ ਸਾਹਿਬਾਨ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਵਾਲ ਇਹ ਹੈ ਕਿ ਜੇ ਦੋ ਸਿਆਸੀ ਧਿਰਾਂ ਇੱਕੋ ਸਟੇਜ ’ਤੇ ਬੈਠ ਕੇ ਸਿਆਸਤੀ ਬਿਆਨ ਦੇ ਕੇ ਚਲੇ ਜਾਂਦੇ ਹਨ ਤਾਂ ਇਸ ਨੂੰ ਕਿੱਡੀ ਵੱਡੀ ਪ੍ਰਾਪਤੀ ਸਮਝੀਏ ਜਾਂ ਜੇ ਵੱਖੋ ਵੱਖਰੇ ਮਨਾ ਲੈਣ ਤਾਂ ਕਿੱਡਾ ਕੁ ਨੁਕਸਾਨ ਸਮਝੀਏ  ? ਕੀ ਇਹ ਨੁਕਸਾਨ ਹਰ ਡੇਰੇ ਅਤੇ ਹਰ ਜਥੇਬੰਦੀ ਵੱਲੋਂ ਵੱਖਰੀ ਵੱਖਰੀ ਰਹਿਤ ਮਰਿਆਦਾ ਅਪਣਾਏ ਜਾਣ ਅਤੇ ਇੱਕੋ ਗੁਰਪੁਰਬ ਵੱਖ ਵੱਖ ਤਰੀਖਾਂ ਨੂੰ ਮਨਾਏ ਜਾਣ ਤੋਂ ਵੀ ਵੱਡਾ ਹੋਵੇਗਾ  ?

ਆਖਿਰ ਡੇਰਿਆਂ ਵੱਲ ਕਿਉਂ ਭੱਜ ਰਹੇ ਹਨ ਸਿੱਖ  ?

0

ਆਖਿਰ ਡੇਰਿਆਂ ਵੱਲ ਕਿਉਂ ਭੱਜ ਰਹੇ ਹਨ ਸਿੱਖ  ?

ਗੁਰਪ੍ਰੀਤ ਸਿੰਘ (ਅੰਮ੍ਰਿਤਸਰ)-94616-71914

ਪਿਛਲੇ ਕਈ ਸਾਲਾਂ ਤੋਂ ਡੇਰੇਵਾਦ ਵਿਰੁੱਧ ਅਖਬਾਰਾਂ ਵਿੱਚ ਬਹੁਤ ਸਾਰਾ ਮੈਟਰ ਛਪਦਾ ਆ ਰਿਹਾ ਹੈ। ਹੁਣ ਜਦੋਂ ਤੋਂ ਵਿਗਿਆਨੀ ਖੋਜਾਂ ਨੇ ਯੂ-ਟਿਊਬ, ਵਟਸਅੱਪ, ਫੇਸਬੁੱਕ ਨਾਮ ਦੀਆਂ ਸਾਈਟਾਂ ਖੋਲ੍ਹੀਆਂ ਹਨ ਉਦੋਂ ਤੋਂ ਹੋਰ ਵੀ ਇਸ ਬਾਰੇ ਇੱਕ ਤੋਂ ਵੱਧ ਡੇਰਿਆਂ ਬਾਰੇ ਪਤਾ ਲੱਗ ਰਿਹਾ ਹੈ। ਟਾਈਮ ਟੀ. ਵੀ. ਜਾਂ ਪੰਜਾਬੀ ਦੇ ਕਈ ਹੋਰ ਚੈਨਲ ਤੋਂ, ਕਥਾ ਕਰਨ ਵਾਲੇ ਵੀ ਅਕਸਰ ਹੁਣ ਡੇਰਿਆਂ ਬਾਰੇ ਬੋਲਣ ਲੱਗ ਪਏ ਹਨ, ਪਰ ਫਿਰ ਵੀ ਬਹੁਤਾ ਅਸਰ ਨਹੀਂ ਪੈਂਦਾ ਕਿਉਂਕਿ ਡੇਰੇਦਾਰਾਂ ਦੇ ਆਪਣੇ ਚੈਨਲ ਹਨ ਜਾਂ ਪੰਜਾਬ ਵਿੱਚ ਹੋਰ ਬਹੁਤ ਸਾਰੇ ਚੈਨਲ ਹਨ ਜੋ ਇਨ੍ਹਾਂ ਦੇ ਪ੍ਰੋਗਰਾਮਾਂ ਨੂੰ ਲਗਾਤਾਰ ਵਿਖਾਈ ਜਾ ਰਹੇ ਹਨ। ਇਉਂ ਕੌਮ ਦਾ ਕੁੱਝ ਸੁਧਰਨਾ ਨਹੀਂ ਕਿਉਂਕਿ ਉਹ ਵੀ ਜਾਣਦੇ ਹਨ ਕਿ ਇਨ੍ਹਾਂ ਪ੍ਰਚਾਰਕਾਂ ਵਿੱਚ ਸਮੇਤ ਲਿਖਾਰੀਆਂ ਦੇ ਕਿੰਨੀ ਕੁ ਸਿੱਖੀ ਹੈ  ? ਖੈਰ! ਵਿਸ਼ੇ ਤੋਂ ਬਾਹਰ ਨਾਂ ਜਾਵਾਂ।

ਡੇਰੇਦਾਰ ਦੇ ਵਿਰੁੱਧ ਇਕ ਕਿਤਾਬ ਲਿਖੀ, ਜਿਸ ਦਾ ਸਿਰਲੇਖ ਹੈ ‘ਡੇਰੇਦਾਰ ਤੇ ਸਿੱਖ’। ਇਸ ਤੋਂ ਪਹਿਲਾਂ ਕਿ ਸਿੱਖਾਂ ਕੋਲ ਇਹ ਕਿਤਾਬ ਜਾਵੇ ਉਸ ’ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ। ਕਿਉਂ  ? ‘‘ਜੇ ਕੋ ਬੋਲੈ ਸਚੁ; ਕੂੜਾ ਜਲਿ ਜਾਵਈ ॥ (ਮ: ੪, ਪੰਨਾ ੬੪੬), ਡੇਰੇਦਾਰਾਂ ਦੀ ਅਸਲੀ ਸਰਪ੍ਰਸਤ  ਸਰਕਾਰ ਹੀ ਹੈ ਤੇ ਇੱਕ ਬਹੁਤ ਵੱਡਾ ‘ਵੋਟ ਬੈਂਕ’ ਵੀ, ਇਸ ਲਈ ਜਿੰਨਾ ਇਨ੍ਹਾਂ ਦੇ ਵਿਰੁੱਧ ਬੋਲਿਆ ਜਾਂਦਾ ਹੈ ਉਸ ਦਾ ਅਸਰ ਇਨ੍ਹਾਂ ਨੂੰ ਛੱਡ ਆਮ ਸਿੱਖ ਉੱਤੇ ਵੀ ਕਿਉਂ ਨਹੀਂ ਹੁੰਦਾ, ਇਹ ਸੋਚਣ ਵਾਲੀ ਗੱਲ ਹੈ, ਪਰ ਬਹੁਤਿਆਂ ਦਾ ਧਿਆਨ ਇਸ ਪਾਸੇ ਵੱਲ ਜਾਂਦਾ ਵੀ ਨਹੀਂ ਹੈ। ਮਨ ਬਾਰੇ ਗੁਰਬਾਣੀ ਵਿੱਚ ਬਹੁਤ ਕੁੱਝ ਆਇਆ ਹੈ ਅਤੇ ਕਈ ਵਾਰੀ ਆਇਆ ਹੈ।  ਮਨ ਨੂੰ ਸਮਝਾਉਣ ਲਈ ਗੁਰੂ ਸਾਹਿਬਾਨ ਤੇ ਭਗਤਾਂ ਨੇ ਕੀ ਕਿਹਾ ਹੈ, ਸ਼ਾਇਦ ਇਸ ਬਾਰੇ ਕਦੀ ਕਿਸੇ ਨੇ ਵਿਆਖਿਆ ਨਹੀਂ ਕੀਤੀ। ਹਾਂ! ਏਨਾਂ ਜ਼ਰੂਰ ਕਹਿ ਛੱਡਦੇ ਹਨ ਕਿ ਭਰਾਓ! ਆਪਣੇ ਮਨ ਨੂੰ ਸਮਝਾਓ, ਪਰ ਮਨ ਕਿਵੇਂ ਸਮਝੇ, ਕੌਣ ਸਮਝਾਵੇ ਤੇ ਕਿਵੇਂ ਸਮਝਾਵੇ, ਕੋਈ ਦੱਸੇ ਤਾਂ ਸਹੀ। ਜਵਾਬ ਹੈ ਬਾਣੀ ਪੜ੍ਹੋ, ਸਮਝੋ ਤੇ ਵੀਚਾਰੋ, ਪਰ ਸਮਝ ਕਿੱਦਾਂ ਆਵੇ  ? ਕਿਵੇਂ ਵੀਚਾਰਿਆ ਜਾਵੇ  ? ਇਹੋ ਹੀ ਔਖੀ ਖੇਡ ਹੈ। ਹਰ ਆਮ ਅਤੇ ਖ਼ਾਸ ਮਨੁੱਖ ਨੂੰ ਏਨਾ ‘ਸ਼ਾਰਟਕੱਟ’ ਚਾਹੀਦਾ ਹੈ ਕਿ ਇੱਧਰ ਕਿਸੇ ਦੇ ਪੈਰੀਂ ਪਏ ਨਹੀਂ ਕਿ ਓਧਰ ਕੰਮ ਹੋ ਗਿਆ। ਪੈਰੀਂ ਪੈਣ ਦੀ ਦੇਰ ਸੀ ਕਿ ਨੌਕਰੀ ਮਿਲ ਗਈ, ਰਿਸ਼ਤਾ ਹੋ ਗਿਆ, ਲੜਕਾ ਵਿਦੇਸ਼ ਚਲਾ ਗਿਆ ਤੇ ਫਿਰ ਪੈਸੇ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ। ਇਹ ਕੌਣ ਕੰਮ ਕਰਦਾ ਫਿਰੇ ਕਿ ਪਹਿਲਾਂ ਬਾਣੀ ਪੜ੍ਹੇ, ਫਿਰ ਅਰਦਾਸ ਕਰੇ ਤੇ ਪਤਾ ਨਹੀਂ ਕਿ ਆਖਿਰ ਰੱਬ ਸੁਣੇ ਵੀ ਕਿ ਨਾਂ ਸੁਣੇ  ?

ਮਨ ਆਪਣੇ ਆਪ ਵਿੱਚ ਬਹੁਤ ਵੱਡੀ ਤਾਕਤ ਹੈ। ਇਸ ਲਈ ਇਸ ਨੂੰ ਕਾਬੂ ਰੱਖਣਾ ਵੀ ਏਨਾਂ ਅਸਾਨ ਨਹੀਂ ਹੈ। ਬੰਗਾਲ ਦਾ ਇੱਕ ਕੇਸ਼ਵਚੰਦਰ ਹੋਇਆ ਹੈ ਜਿਸ ਨੇ ਧਰਮ ’ਤੇ ਬਹੁਤ ਕਿਤਾਬਾਂ ਲਿਖੀਆਂ ਤੇ ਬਾਅਦ ਵਿੱਚ ਉਹ ਨਾਸਤਿਕ ਹੋ ਗਿਆ। ਉਹ ਕਹਿੰਦਾ ਹੈ, ‘ਜਿਸ ਮਨ ਨੂੰ ਤੁਸੀਂ ਜਿੱਤ ਨਹੀਂ ਸਕਦੇ ਉਸ ਨਾਲ ਲੜਨਾ ਕੋਈ ਅਕਲਮੰਦੀ ਨਹੀਂ ਹੈ। ਸੋ ਮਨ ਦੇ ਮਗਰ ਲੱਗ ਜਾਓ ਤੇ ਆਪਣੀ ਜ਼ਿੰਦਗੀ ਐਸ਼ ਨਾਲ ਜੀਓ।’, ਪਰ ਮਨ ਬਾਰੇ ਗੁਰੂ ਸਾਹਿਬਾਨ ਨੇ ਇਹ ਸਮਝਾਇਆ ਹੈ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥ ਖੰਨਲੀ ਧੋਤੀ, ਉਜਲੀ ਨ ਹੋਵਈ; ਜੇ ਸਉ ਧੋਵਣਿ ਪਾਹੁ ॥ (ਮ: ੩, ਪੰਨਾ ੬੫੧), ਮਨ ਰੇ ! ਕਹਾ ਭਇਓ ਤੈ ਬਉਰਾ ॥  ਅਹਿਨਿਸਿ ਅਉਧ ਘਟੈ, ਨਹੀ ਜਾਨੈ; ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥’’ (ਮ: ੯, ਪੰਨਾ ), ਮਾਈ ! ਮਨੁ ਮੇਰੋ ਬਸਿ ਨਾਹਿ ॥  ਨਿਸ ਬਾਸੁਰ ਬਿਖਿਅਨ ਕਉ ਧਾਵਤ; ਕਿਹਿ ਬਿਧਿ ਰੋਕਉ ਤਾਹਿ   ?॥੧॥ ਰਹਾਉ ॥’’ (ਮ: ੯, ਪੰਨਾ ੬੩੨), ਆਦਿ ਅਨੇਕਾਂ ਫ਼ੁਰਮਾਨ ਮਿਲ ਜਾਂਦੇ ਹਨ, ਜੋ ਕਿਤੇ ਮਨ ਨੂੰ ਸਮਝਾਉਣ ਵਾਸਤੇ ਹਨ, ਕਿਤੇ ਜਗਾਉਣ ਲਈ ਹਨ, ਕਿਤੇ ਮਨ ਬਾਰੇ ਸਮਝਣ ਲਈ ਹਨ। ਜੇ ਕੋਈ ਜਾਣ ਬੁੱਝ ਕੇ ਗਲਤੀ ਕਰੇ ਅਤੇ ਉਸ ਨੂੰ ਸਵੀਕਾਰ ਵੀ ਨਾ ਕਰੇ, ‘‘ਕਬੀਰ ! ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ॥  ਕਾਹੇ ਕੀ ਕੁਸਲਾਤ   ? ਹਾਥਿ ਦੀਪੁ, ਕੂਏ ਪਰੈ ॥’’ (੧੩੭੬) ਮਨ; ਜਿਵੇਂ ਕਿ ਉੱਪਰ ਲਿਖ ਚੁੱਕਾਂ ਹਾਂ, ਇੱਕ ਬਹੁਤ ਵੱਡੀ ਤਾਕਤ ਹੈ। ਇਹ ਕਿਸੇ ਦੇ ਅਧੀਨ ਨਹੀਂ ਸਗੋਂ ਵੇਖਿਆ ਜਾਵੇ ਤਾਂ ਮਨੁੱਖ ਨੂੰ ਆਪਣੇ ਅਧੀਨ ਚਲਾਉਣ ਵਾਲਾ ਹੀ ਇਹੋ ਹੈ। ਦੁਨੀਆਂ ਅੰਦਰ ਜੋ ਵੀ ਦੰਗਾ-ਫ਼ਸਾਦ ਅਤੇ ਅਪਰਾਧ ਵਾਪਰਦਾ ਹੈ, ਉਹ ਮਨ ਸ਼ਕਤੀ ਦਾ ਹੀ ਬਾਹਰੀ ਸ਼ੈਤਾਨੀ ਚਿੰਨ੍ਹ ਹੁੰਦਾ ਹੈ। ਧਾਰਮੀ ਅਖਵਾਉਂਦੇ ਬੰਦੇ ਵੀ ਜਦੋਂ ਖ਼ਤਰਨਾਕ ਸਜ਼ਾਵਾਂ ਦਿੰਦੇ ਸਨ ਤਾਂ ਉਹ ਵੀ ਮਨ ਦੇ ਮਗਰ ਲੱਗ ਕੇ ਸਜ਼ਾਵਾਂ ਦਿੰਦੇ ਸਨ। ਦੂਰ ਕਿਉਂ ਜਾਓ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਦਾ ਕੰਮ ਉਨ੍ਹਾਂ ਦਿਖਾਵਟੀ ਧਰਮੀਆਂ ਦਾ ਹੀ ਸੀ, ਜੋ ਆਪਣੇ ਆਪ ਨੂੰ ਮਜ਼੍ਹਬੀ ਸਮਝਦੇ ਸਨ। ਸਿੱਖਾਂ ਦੀਆਂ ਆਏ ਦਿਨ ਸਿੱਖਾਂ ਹੱਥੋਂ ਉਤਰਦੀਆਂ ਪੱਗਾਂ ਵੀ ਗ਼ੈਰਧਰਮੀ ਸੰਘਰਸ਼ ਨਹੀਂ ਕਿਹਾ ਜਾ ਸਕਦਾ, ਇਹ ਸਭ ਮਨ-ਸ਼ਕਤੀ ਦੇ ਪ੍ਰਭਾਵ ਨੂੰ ਹੀ ਜ਼ਾਹਰ ਕਰਦੇ ਹੁੰਦੇ ਹਨ।

ਵਿਸ਼ਾ ਸ਼ੁਰੂ ਕੀਤਾ ਹੈ ਕਿ ਆਖਿਰ ਡੇਰਿਆਂ ਵੱਲ ਕਿਉਂ ਭੱਜ ਰਹੇ ਹਨ ਸਿੱਖ  ? ਪਹਿਲੀ ਗੱਲ ਤਾਂ ਇਹ ਹੈ ਕਿ ਮਨੁੱਖ ਚਾਹੁੰਦਾ ਕੀ ਹੈ  ? ਜੋ ਇਹ ਚਾਹੁੰਦਾ ਹੈ, ਕੀ ਗੁਰਬਾਣੀ ਉਸ ਦੀ ਪੂਰਤੀ ਕਰਦੀ ਹੈ ਜਾਂ ਕਰ ਸਕਦੀ ਹੈ  ? ਸਾਡੇ ਮਨ ਦੀਆਂ ਏਨੀਆਂ ਖਾਹਿਸ਼ਾਂ ਹਨ ਕਿ ਬੰਦਾ ਸੋਚਦਾ ਰਹਿੰਦਾ ਹੈ ਕਿ ਇੱਕ-ਇੱਕ ਕਰਕੇ ਇਹ ਸਾਰੀਆਂ ਪੂਰੀਆਂ ਹੋ ਜਾਣ। ਸਾਡੇ ਵਿੱਚੋਂ ਬਹੁਤੇ ਬੰਦੇ ਅੰਮ੍ਰਿਤ ਛੱਕ ਕੇ ਵੀ ਦੇਹਧਾਰੀ ਗੁਰੂ ਦੀ ਹੋਂਦ ਨੂੰ ਮੰਨਦੇ ਹਨ। ਜੇ ਉਹ ਨਾਂ ਵੀ ਮੰਨਣ, ਤਾਂ ਉਹ ਹੋਰ ਧਾਗੇ, ਤਵੀਤਾਂ, ਜਾਦੂ, ਟੂਣਿਆਂ ਵਿੱਚ ਵਿਸ਼ਵਾਸ ਰੱਖਦੇ ਹਨ। ਬਹੁਤਿਆਂ ਦਾ ਪਾਠ ਤਾਂ ਆਪਣੀ ਸੁਆਰਥ ਪੂਰਤੀ ਕਰਨ ਤੱਕ ਹੁੰਦਾ ਹੈ। ਇਸੇ ਲਈ ਕਈ ਵਰ੍ਹਿਆਂ ਬਹੁਤੇ ਪਾਠ ਕਰਨ ਵਾਲੇ ਵੀ ਕਹਿ ਦਿੰਦੇ ਹਨ ਕਿ ਕੋਈ ਚਮਤਕਾਰ ਤਾਂ ਹੋਇਆ ਨਹੀਂ। ਗੁਰਬਾਣੀ ਪੜ੍ਹਨ ਸਮਝਣ ਦਾ ਅਰਥ ਹੈ ‘ਆਪਣਾ ਚਾਲ ਚੱਲਣ ਠੀਕ ਕਰਨਾ, ਗੁਰੂ ਦਾ ਸਤਿਕਾਰ ਕਰਨਾ ਅਤੇ ਇੱਕ ਪ੍ਰਮਾਤਮਾ ’ਤੇ ਵਿਸ਼ਵਾਸ ਕਰਨਾ’ ਜਦਕਿ ਦੇਹਧਾਰੀ ’ਤੇ ਵਿਸ਼ਵਾਸ ਕਰਨ ਦਾ ਮਤਲਬ ਹੈ ‘ਸਾਰਾ ਕੁੱਝ ਓਸੇ ’ਤੇ ਸੁੱਟ ਦਿਓ ਉਹ ਆਪੇ ਹੀ ਕੰਮ ਕਰੇਗਾ ਅਤੇ ਕਰੇਗਾ ਵੀ ਉਦੋਂ ਜਦੋਂ ਉਸ ਦੀ ਮਰਜ਼ੀ ਹੋਵੇਗੀ ਤੇ ਉਸ ਦੀ ਮਰਜ਼ੀ ਕਦੀ ਵੀ ਨਹੀਂ ਹੁੰਦੀ ਭਾਵ ਉਸ ਦੇ ਪੱਲੇ ਕੁਝ ਹੁੰਦਾ ਹੀ ਨਹੀਂ। ਸੋ ਡੇਰਿਆਂ ਵੱਲ ਜਾਣ ਦਾ ਮਤਲਬ ਆਪਣਾ ਚਾਲ ਚੱਲਣ ਦਰੁਸਤ ਕਰਨ ਨਾਲ ਨਹੀਂ ਹੈ।

ਵਿਸ਼ਵਾਸ ਆਪਣੇ ਉਸ ਗੁਰੂ ’ਤੇ ਕਰਨਾ ਚਾਹੀਦਾ ਹੈ, ਜਿਸ ਕੋਲੋਂ ਸਿੱਖ ਨੇ ਨਾਮ ਲਿਆ ਹੁੰਦਾ ਹੈ। ਡੇਰਿਆਂ ’ਚ ਝੂਠੀਆਂ ਗੱਲਾਂ ’ਤੇ ਢਾਰਸ ਹੋ ਜਾਂਦੀ ਹੈ, ਪਰ ਗੁਰਬਾਣੀ ’ਤੇ ਢਾਰਸ ਨਹੀਂ ਹੁੰਦੀ। ਜਿਸ ‘ਆਮ ਬੰਦੇ’ ਨੂੰ ‘ਗੁਰੂ’ ਮੰਨ ਲੈਂਦੇ ਹਨ, ਉਹ ਬੋਲ ਕੇ ਦੱਸ ਦੇਵੇਗਾ ਕਿ ਕੰਮ ਹੋ ਜਾਵੇਗਾ, ਪਰ ਗੁਰਬਾਣੀ ਇਹ ਪਹਿਲਾਂ ਤੋਂ ਨਹੀਂ ਦੱਸੇਗੀ ਕਿ ਕੰਮ ਹੋਵੇਗਾ ਕਿ ਨਹੀਂ। ਬੱਸ ਇੱਥੋਂ ਹੀ ਇਹ ਖੇਡ ਵਿਗੜ ਜਾਂਦੀ ਹੈ। ਜਿੱਥੇ ਇਹ ਖੇਡ ਵਿਗੜਦੀ ਹੈ ਓਥੇ ਅਜਿਹਾ ਸੰਜੋਗ ਬਣਦਾ ਚਲਾ ਜਾਂਦਾ ਹੈ ਕਿ ਸਿੱਖ; ਗੁਰਬਾਣੀ ਨਾਲੋਂ ਟੁੱਟ ਕੇ ਡੇਰਿਆਂ ਵੱਲ ਭੱਜਾ ਤੁਰਿਆ ਜਾਂਦਾ ਹੈ। ਇੱਥੇ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਨਾਂ ਕਿਸੇ ਨਿਤਨੇਮ ਦੀ ਗੱਲ, ਨਾਂ ਅਰਦਾਸ ਦੀ ਗੱਲ, ਨਾਂ ਇੱਥੇ ਕੋਈ ਗੁਰਦੁਆਰਿਆਂ ਵਿੱਚ ਲੜਾਈ ਝਗੜੇ ਵਾਲਾ ਮਹੌਲ, ਨਾਂ ਦਸਮ ਗਰੰਥ ਦਾ ਰੌਲਾ ਰੱਪਾ, ਨਾਂ ਕਿਹੜੀਆਂ ਬਾਣੀਆਂ ਪੜ੍ਹਨੀਆਂ ਹਨ, ਕਿਹੜੀਆਂ ਨਹੀਂ ਦਾ ਚੱਕਰ, ਨਾਂ ਰਹਿਤ ਮਰਿਆਦਾ ਦੀ ਗੱਲ, ਆਏ ਦਿਨ ਜਦੋਂ ਵੇਖੋ ਤਲਵਾਰਾਂ ਨਾਲ ਬਿਨਾਂ ਮਤਲਬ ਖੂਨ ਖਰਾਬਾ ਕਰਦੇ ਜਾਣਾ ਤੇ ਫਿਰ ਗਵਾਹੀਆਂ ਲਈ ਕੋਰਟ ਕਚਹਿਰੀਆਂ ਵਿੱਚ ਭੱਜੇ ਫਿਰਨਾ, ਜੋ ਬਹੁਤੇ ਸਿੱਖਾਂ ਨੂੰ ਪ੍ਰਵਾਨ ਨਹੀਂ। ਜਿਸ ਕਾਰਨ ਸਿੱਖ ਡੇਰਿਆਂ ਵੱਲ ਜਾਂਦਾ ਹੈ ਉਸ ਦੇ ਕੁੱਝ ਹੋਰ ਕਾਰਨ ਹਨ, ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਇਹੀ ਮਨੁੱਖ ਦੀ ਸੱਭ ਤੋਂ ਵੱਡੀ ਤੇ ਬੁਨਿਆਦੀ ਲੋੜ ਹੈ –

  1. ਪੈਸਾ ਇਸ ਦਾ ਕੋਈ ਵੀ ਤਰੀਕਾ ਹੋਵੇ, ਪਰ ਮਿਲੇ ਸਹੀ। ਚੰਗੀ ਨੌਕਰੀ, ਚੰਗਾ ਵਪਾਰ ਚੱਲੇ, ਇੱਕ ਟਰੱਕ ਹੋਵੇ ਤੇ ਫਿਰ ਇੱਕ ਦੇ ਦੋ, ਤੇ ਦੋ ਦੇ ਤਿੰਨ। ਬਾਹਰ ਜਾਣ ਦੀ ਲਾਲਸਾ ਵੀ ਪੈਸੇ ਖਾਤਰ ਹੈ। ਇਹ ਇਨਸਾਨ ਦੀ ਵੱਡੀ ਮਜ਼ਬੂਰੀ ਹੈ ਕਿ ਇੱਥੇ ਜਿੰਨੀ ਮਿਹਨਤ ਕਰਨ ਨਾਲ ਪੈਸਾ ਮਿਲਦਾ ਹੈ ਓਥੇ ਵੀ ਏਨੀ ਮਿਹਨਤ ਕਰਨ ਨਾਲ ਜ਼ਿਆਦਾ ਪੈਸਾ ਮਿਲ ਜਾਂਦਾ ਹੈ, ਇਸ ਲਈ ਬਾਹਰ ਜਾਣਾ ਮਨੁੱਖ ਦੀ ਮਜ਼ਬੂਰੀ ਹੈ।
  2. ਰੋਜ਼ਗਾਰ ਮਿਲਣ ਦੀ ਆਸ – ਕਈਆਂ ਨੂੰ ਇਹ ਭਰਮ ਵੀ ਹੁੰਦਾ ਹੈ ਕਿ ਕਿਸੇ ਡੇਰੇ ਜਾਣ ਨਾਲ ’ਤੇ ਮਹਾਰਾਜ ਜੀ ਦੀ ਸੰਗਤ ਕੀਤਿਆਂ ਸ਼ਾਇਦ ਕੁੱਝ ਬਖਸ਼ਿਸ਼ ਹੋ ਜਾਵੇ।
  3. ਬੀਮਾਰੀ ਤੋਂ ਛੁਟਕਾਰਾ – ਕਿਸੇ ਬੀਮਾਰੀ ਤੋਂ ਨਜਾਤ ਮਿਲ ਜਾਵੇ! ਕਿਸੇ ਤਰ੍ਹਾਂ ਵੀ ਸਹੀ, ਅਰਾਮ ਮਿਲ ਜਾਵੇ। ਬੀਮਾਰੀ ਜਿਸ ਦਾ ਇਲਾਜ ਨਾ ਲੱਭੇ, ਉਸ ਵੱਲੋਂ ਹੌਸਲਾ ਹਾਰਨਾ ਵੀ ਮਨੁੱਖ ਦੀ ਮਜ਼ਬੂਰੀ ਹੈ। ਇਸ ਲਈ ਉਹ ਅਰਾਮ ਦੀ ਖਾਤਰ ਇਸ ਪਾਸੇ ਜਾਂਦਾ ਹੈ ਕਿ ਸ਼ਾਇਦ ਕਿਸੇ ਦੇ ਚਰਨੀਂ ਪਿਆਂ ਕੋਈ ‘ਚਮਤਕਾਰ’ ਹੋ ਜਾਵੇ, ਪਰ ਇਹ ਵੀ ਅਸੰਭਵ ਹੈ ਕਿਉਂਕਿ ਹਰ ਚੀਜ਼ ਨਕਲੀ ਹੈ, ਮਿਲਾਵਟ ਵਾਲੀ ਹੈ, ਇੱਥੋਂ ਤੱਕ ਕੇ ਹਵਾ ਵੀ ਸ਼ੁੱਧ ਨਹੀਂ ਹੈ, ਇਸ ਲਈ ਤੰਦਰੁਸਤ ਰਹਿਣਾ ਵੀ ਅਸਾਨ ਨਹੀਂ ਹੈ।
  4. ਚੰਗੇ ਰਿਸ਼ਤਿਆਂ ਦੀ ਆਸ – ਰਿਸ਼ਤੇ ਕਰਨ ਵਿੱਚ ਅੱਜ ਏਨਾਂ ਧੋਖਾ, ਹਰ ਪਾਸੇ ਹੋ ਰਿਹਾ ਹੈ ਕਿ ਕੋਈ ਵੀ ਬੰਦਾ ਇਸ ਪਾਸੇ ਤੋਂ ਈਮਾਨਦਾਰ ਨਜ਼ਰ ਨਹੀਂ ਆਉਂਦਾ। ਦੋਵੇਂ ਧਿਰਾਂ ਹੀ ਕੁੱਝ ਲੁਕਾ ਰੱਖ ਜਾਂਦੀਆਂ ਹਨ। ਇੱਥੋਂ ਤੱਕ ਕਿ ਵਿਚੋਲੇ ਵੀ ਭੇਦ ਰੱਖ ਜਾਂਦੇ ਹਨ। ਅਖਬਾਰਾਂ ਰਾਹੀਂ ਜਾਂ ਹੋਰ ਜੋ ਵੀ ਸਾਧਨ ਹਨ ਉਨ੍ਹਾਂ ਵਿੱਚ ਵੀ ਕੋਈ ਅਸਲੀਅਤ ਸਾਹਮਣੇ ਰੱਖਣ ਲਈ ਤਿਆਰ ਨਹੀਂ ਹੁੰਦਾ। ਲੜਕਾ/ਲੜਕੀ ਕਿੰਨਾਂ ਪੜ੍ਹਿਆ ਹੈ ? ਲੜਕੇ ਦੀ ਕੀ ਕਮਾਈ ਹੈ ? ਰਿਸ਼ਤਾ ਕਰਨ ਵੇਲੇ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ ਤੇ ਜਦੋਂ ਫੇਰੇ ਹੋ ਜਾਂਦੇ ਹਨ ਪਤਾ ਉਦੋਂ ਲੱਗਦਾ ਹੈ ਕਿ ਪੜ੍ਹਾਈ ਲਿਖਾਈ ਕਿੰਨੀ ਹੈ, ਕੀ ਕਾਰੋਬਾਰ ਕਰਦਾ ਹੈ ਤੇ ਕਿੰਨੀ ਕਮਾਈ ਹੈ, ਨਸ਼ਾ ਕਿੰਨਾ ਕੁ ਤੇ ਕਿਹੜਾ-ਕਿਹੜਾ ਕਰਦਾ ਹੈ ਆਦਿ ਮਸਲਿਆਂ ਨੂੰ ਗੌਣ (ਅਲੋਪ) ਕਰ ਦਿੱਤਾ ਜਾਂਦਾ ਹੈ। ਇਹ ਗੱਲਾਂ ਆਮ ਵਾਪਰਦੀਆਂ ਹਨ ਤੇ ਬੰਦਾ ਸੋਚਦਾ ਹੈ ਕਿ ਸ਼ਾਇਦ ਡੇਰੇ ਜਾਣ ਨਾਲ ਅਜਿਹੀਆਂ ਸਮੱਸਿਆਵਾਂ ਮਿੰਟਾਂ ਵਿੱਚ ਹੱਲ ਹੋ ਜਾਣਗੀਆਂ ਤੇ ਕੋਈ ਸਤਸੰਗੀ ਹੀ ਸਹੀ ਰਿਸ਼ਤਾ ਕਰਵਾ ਦਵੇਗਾ ਕਿਉਂ ਕਿ ਮਹਾਰਾਜ ਜੀ ‘ਵਿਚੋਲੇ ਦੇ ਤੌਰ ’ਤੇ ਵਿੱਚ’ ਤਾਂ ਹਨ ਹੀ।
  5. ਪੁੱਤਰ ਦੀ ਆਸ ਬਹੁਤੇ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਮੱਥੇ ਟੇਕਦੇ ਹਨ ਤੇ ਪੁੱਤਰ ਦੀ ਦਾਤ ਮੰਗਦੇ ਹਨ, ਪੁੱਤਰੀਆਂ ਦੀ ਨਹੀਂ, ਪਰ ਕਈ ਸਾਲ ਤੱਕ ਜਦੋਂ ਇੱਧਰੋਂ ਕੁੱਝ ਵੀ ਹਾਸਲ ਨਹੀਂ ਹੁੰਦਾ ਤਾਂ ਉਹ ਫਿਰ ਹਾਰ ਕੇ ਡੇਰੇਦਾਰਾਂ ਦੀ ਸ਼ਰਨੀ ਪੈਂਦੇ ਹਨ ਜਦ ਕਿ ਇਹ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ ਕਿ ਕਿਸੇ ਦੀ ਕਿਸਮਤ ਬਦਲ ਦਿੱਤੀ ਜਾਵੇ ‘‘ਭਾਈ ! ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ॥ ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ; ਕੋਈ ਲਾਗਿ ਨ ਸਕੈ, ਬਿਨੁ ਹਰਿ ਕਾ ਲਾਇਆ ॥’’ (ਮ: ੪, ਪੰਨਾ ੧੬੮) ਡੇਰਿਆਂ ਵੱਲ ਜਾਣ ਵਾਲੇ ਬੰਦੇ ਅੰਦਰ ਮੋਟੀ ਸੋਚ ਇਹ ਕੰਮ ਕਰਦੀ ਹੈ ਕਿ ਬਾਣੀ ਨੂੰ ਪੜ੍ਹਨ ਦਾ ਕੰਮ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੁੰਦਾ ਹੈ ਜਾਂ ਫਿਰ ਲੇਖਕ ਵਰਗ ਦਾ ਕੰਮ ਹੈ, ਪਰ ਵੱਡੀ ਸਮੱਸਿਆ ਇਹ ਵੀ ਹੈ ਕਿ ਜ਼ਿਆਦਾਤਰ ਪ੍ਰਚਾਰਕ ਨੇ ਵੀ ਓਨਾ ਕਰੰਟ ਛੱਡਣਾ ਹੁੰਦਾ ਹੈ ਜਿਸ ਨਾਲ ਉਸ ਦੀ ਭੇਟਾ ਵੀ ਤਿਆਰ ਹੁੰਦੀ ਰਹੇ। ਗੁਰਦੁਆਰੇ ਤੋਂ ਜੋ ਭੇਟਾ ਮਿਲਣੀ ਹੈ ਉਹ ਤਾਂ ਹੈ ਹੀ, ਸੰਗਤ ਵੱਲੋਂ ਵੱਖਰੀ। ਇਸ ਲਈ ਉਹ ਅਜਿਹੀਆਂ ਗੱਲਾਂ ਨਹੀਂ ਦੱਸਣਗੇ ਕਿ ‘‘ਦਾਤੈ ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥ ਨਾਨਕ ! ਨਾਮਿ ਰਤੇ ਸੁਖੁ ਪਾਇਆ; ਦਰਗਹ ਜਾਪਹਿ ਸੇਈ ॥’’ (ਮ: ੩, ਪੰਨਾ ੬੦੪), ਲੁਕਾਈ ਨੂੰ ਵਹਿਮਾਂ ਭਰਮਾਂ ’ਚੋਂ ਕੱਢਣ ਲਈ ਸਾਰੇ ਹੀ ਪ੍ਰਚਾਰਕਾਂ ਨੂੰ ਸਬਰ-ਸੰਤੋਖ ਅਤੇ ਰੱਬੀ ਭਰੋਸੇ ’ਤੇ ਨਿਰਭਰ ਰਹਿ ਕੇ ਸੰਗਤਾਂ ਦੀ ਕਮਜ਼ੋਰੀ ਮੁਤਾਬਕ ਨਿਡਰ ਹੋ ਕੇ ਗੁਰੂ ਉਪਦੇਸ਼ ਸੁਣਾਉਣੇ ਚਾਹੀਦੇ ਹਨ।
  6. ਪ੍ਰਮਾਤਮਾ ਨੂੰ ਮਿਲਣ ਦੀ ਇੱਛਾ – ਬਹੁਤੇ ਡੇਰੇਦਾਰ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਦੇ ਹੋਏ ‘ਗੁਪਤ ਨਾਮ ਦਾਨ’ ਦਿੰਦੇ ਹਨ, ਜਿਸ ਦਾ ਪਤਾ ਵੀ ਕੇਵਲ ਉਨ੍ਹਾਂ ਕੋਲ ਹੈ। ਜੋ ਉਨ੍ਹਾਂ ਦੇ ਸਤਿਸੰਗੀ ਹੀ ਨਾ ਹੋਣ ਬਲਕਿ ਉਨ੍ਹਾਂ ਨੇ ਨਾਮ ਦਾਨ ਵੀ ਉਸੇ ਡੇਰੇ ਦੇ ਮਹਾਰਾਜ ਕੋਲੋਂ ਲਿਆ ਹੋਵੇ। ਹੋਰ ਕਿਸੇ ਨੂੰ ਦੱਸਣ ਨਾਲ ਬਾਕੀ ਦੇ ਪਤਾ ਨਹੀਂ ਉਨ੍ਹਾਂ ਦਾ ਭੇਤ ਖੋਲ੍ਹ ਦੇਣ, ਜਿਨ੍ਹਾਂ ਨੇ ਨਾਮ ਲਿਆ ਹੈ। ਰੱਬ ਨਾਲ ਮਿਲਣਾ ਏਨਾ ਅਸਾਨ ਨਹੀਂ ਹੈ ਜਿੰਨਾ ਇਨ੍ਹਾਂ ਲੋਕਾਂ ਨੇ ਸਮਝ ਰੱਖਿਆ ਹੈ। ਸਹੀ ਗੱਲ ਤਾਂ ਇਹ ਹੈ ਕਿ ਜੇ ਲੋਕਾਂ ਨੂੰ ਗੁਰਬਾਣੀ ਦੀ ਸਮਝ ਲੱਗ ਗਈ ਤਾਂ ਵਿਹਲੇ ਬੈਠੇ ਲੋਕਾਂ ਨੂੰ ਪੁੱਛੇਗਾ ਕੌਣ ? ਹੁਣ ਤਾਂ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਇਹ ਇੱਕ ਬਹੁਤ ਵੱਡਾ ‘ਵੋਟ ਬੈਂਕ’ ਬਣ ਕੇ ਰਹਿ ਗਿਆ ਹੈ ਇਸੇ ਕਰਕੇ ਤਾਂ ਲੀਡਰ, ਇਨ੍ਹਾਂ ਦੇ ਦਰ ’ਤੇ ਵੋਟਾਂ ਲੈਣ ਲਈ ਮੰਗਤਿਆਂ ਵਾਙ ਫਿਰਦੇ ਵੇਖੀਦੇ ਹਨ। ਹੋਰ ਅੰਦਰ ਖਾਤੇ ਕੀ ਕੁੱਝ ਹੋ ਰਿਹਾ ਹੈ ਉਹ ਵੀ ਛੁਪਿਆ ਹੋਇਆ ਨਹੀਂ ਹੈ।
  7. ਗੁਰਦੁਆਰਿਆਂ ਵਿੱਚ ਕ੍ਰਿਪਾਨਾਂ ਨਾਲ ਲਹੂ ਲੁਹਾਨ ਹੋਣਾ– ਗੁਰਦੁਆਰਿਆਂ ਵਿੱਚ ਬਹੁਤ ਸਮੇਂ ਤੋਂ ਤਲਵਾਰਾਂ ਨਿਕਲਦੀਆਂ ਆ ਰਹੀਆਂ ਹਨ। ਇਸ ਗੱਲ ਦੀ ਪੁਸ਼ਟੀ ਤਾਂ ਪ੍ਰੋ. ਸਾਹਿਬ ਸਿੰਘ ਨੇ ਹੀ ਆਪਣੀਆਂ ਲਿਖਤਾਂ ਵਿੱਚ ਅਚਰਜ ਖੇਡ ਵਜੋਂ ਕੀਤੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਸਮੇਂ ਦਰਬਾਰ ਸਾਹਿਬ ਵਿੱਚ ਵੀ ਖੂਨ ਖਰਾਬਾ ਜਦੋਂ ਹੋਇਆ ਤਾਂ ਬਹੁਤੇ ਸਿੱਖ ਰਾਧਾ-ਸੁਆਮੀਆਂ ਵੱਲ ਜਾਣੇ ਸ਼ੁਰੂ ਹੋ ਗਏ ਇਸ ਲਈ ਕਿ ਉਨ੍ਹਾਂ ਨੂੰ ਖੂਨ ਖਰਾਬਾ ਪਸੰਦ ਨਹੀਂ ਸੀ। ਉਦੋਂ ਤਾਂ ਇੱਕ ਡੇਰਾ ਸੀ, ਪਰ ਹੁਣ ਤਾਂ ਇਹ ਕਾਲਜਾਂ ਯੂਨੀਵਰਸਿਟੀਆਂ ਵਾਂਗ ਹੋ ਗਏ ਹਨ। ਇਨ੍ਹਾਂ ਦੀ ਹਾਲਤ ਤਾਂ ਇੱਥੋਂ ਤੱਕ ਹੋ ਗਈ ਹੈ ਜਿਵੇਂ ਡਿਪਲੋਮੇ-ਡਿਗਰੀਆਂ ਲੈਣ ਲਈ ਜਦੋਂ ਕਉਂਸਲਿੰਗ ਹੁੰਦੀ ਹੈ ਤਾਂ ਓਥੇ ਕਾਲਜਾਂ ਵਾਲੇ ਭੱਜੇ ਫਿਰਦੇ ਹਨ ਕਿ ਸਾਡੇ ਕਾਲਜ ਵਿੱਚ ਦਾਖਲਾ ਲਓ। ਓਥੇ ਪੜ੍ਹਾਈ ਕਿੱਦਾਂ ਦੀ ਹੁੰਦੀ ਹੈ, ਅੱਗੇ ਕਿਸੇ ਨੂੰ ਨੌਕਰੀ ਮਿਲਦੀ ਵੀ ਹੈ ਜਾਂ ਨਹੀਂ, ਇਹ ਵੱਖਰੀ ਗੱਲ ਹੈ। ਸੋ ਇਨ੍ਹਾਂ ਦਾ ਹਾਲ ਅਜਿਹਾ ਹੈ ਕਿ ਕਿਸੇ ਨੂੰ ਰੱਬ ਮਿਲਦਾ ਹੈ ਜਾਂ ਨਹੀਂ, ਕਿਸੇ ਦੇ ਧੀ ਪੁੱਤ ਹੁੰਦਾ ਹੈ ਜਾਂ ਨਹੀਂ, ਕਿਸੇ ਦੇ ਘਰ ਮਾਇਆ ਆਉਂਦੀ ਹੈ ਜਾਂ ਨਹੀਂ, ਕੋਈ ਮਤਲਬ ਨਹੀਂ। ਬਸ! ਆ ਜਾਓ ਤੇ ਦਾਖਲਾ ਲੈ ਲਓ। ਖੈਰ! ਗੱਲ ਵਿੱਚ ਆ ਗਈ, ਪਰ ਬਹੁਤੇ ਲੋਕ ਜੋ ਅਜਿਹੇ ਖੂਨ ਖਰਾਬਿਆਂ ਤੋਂ ਡਰਦੇ ਹਨ ਉਹ ਵੀ ਗੁਰੂ ਘਰ ਛੱਡ ਕੇ ਡੇਰੇਦਾਰਾਂ ਵੱਲ ਜਾਂਦੇ ਹਨ। ਹੁਣ ਵੀ ਬਹੁਤੀ ਸਥਿਤੀ ਇਹੋ ਹੈ ਕਿ ਲੋਕ ਖੂਨ ਖਰਾਬਿਆਂ ਦੇ ਡਰ ਕਰਕੇ ਗੁਰਦੁਆਰੇ ਛੱਡ ਚੁੱਕੇ ਹਨ ਤੇ ਡੇਰਿਆਂ ਵਾਲੇ ਪਾਸੇ ਰੁਝਾਨ ਵਧਦਾ ਜਾ ਰਿਹਾ ਹੈ।
  8. ਅਜੋਕੇ ਪੜ੍ਹੇ ਲਿਖੇ ਵਰਗ ਵੱਲੋਂ ਸੁਹਿਰਦ ਗੁਰਮਤਿ ਪ੍ਰਚਾਰਕਾਂ ਨੂੰ ਘੱਟ ਪੜ੍ਹੇਲਿਖੇ ਸਮਝਣਾ – ਗੁਰਬਾਣੀ ਨਾਲੋਂ ਟੁੱਟਣ ਦੀ ਇੱਕ ਬੀਮਾਰੀ ਇਹ ਵੀ ਹੈ ਕਿ ਮਨ; ਗੁਰਬਾਣੀ ਨੂੰ ਇੱਕ ਲਿਖਤੀ ਗਿਆਨ ਵਜੋਂ ਲੈਂਦਾ ਹੈ, ਨਾ ਕਿ ਬੰਦੇ ਦੀ ਕਮਾਈ ਅਤੇ ਅਨੁਭਵ ਪੱਖੋਂ। ਅਜੋਕਾ ਸਾਇੰਸ ਯੁੱਗ ਹੋਣ ਕਾਰਨ ਬਹੁਤਾ ਪੜ੍ਹਿਆ ਲਿਖਿਆ ਵਰਗ ਗੁਰਦੁਆਰਿਆਂ ਵਿੱਚ ਹੁੰਦੀ ਗੁਰਬਾਣੀ ਵਿਚਾਰ ਤੋਂ ਇਸ ਲਈ ਦੂਰ ਰਹਿੰਦਾ ਹੈ ਕਿ ਗੁਰਮਤਿ ਪ੍ਰਚਾਰਕ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ। ਜ਼ਰਾ ਸੋਚੀਏ ਕਿ ਇਹੀ ਲੋਕ ਜਦ ਡੇਰੇਦਾਰਾਂ ਦੇ ਪੈਰੀਂ ਪੈਂਦੇ ਹਨ ਤਾਂ ਉਨ੍ਹਾਂ ਕੋਲ ਰੱਖੀਆਂ ‘ਸੰਤ, ਬ੍ਰਹਮ ਗਿਆਨੀ, ਸ੍ਰੀ 108, ਸ੍ਰੀ 1008’ ਆਦਿ ਡਿਗਰੀਆਂ ਕਿਹੜੀ ਯੂਨੀਵਰਸਿਟੀ ਵਿੱਚੋਂ ਲਈਆਂ ਹੁੰਦੀਆਂ ਹਨ ?

ਗੁਰਬਾਣੀ ਵਿੱਚ ਵਿਦਿਆ ਦੀ ਅਹਿਮੀਅਤ ਪੱਖੋਂ ਇਸ ਤਰ੍ਹਾਂ ਵਿਚਾਰ ਦਰਜ ਹਨ ‘‘ਮਨ ਸਮਝਾਵਨ ਕਾਰਨੇ; ਕਛੂਅਕ ਪੜੀਐ ਗਿਆਨ ॥ (ਭਗਤ ਕਬੀਰ ਜੀ, ਪੰਨਾ ੩੪੦), ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ (ਮ: ੧, ਪੰਨਾ ੧੪੦), ਜੋ ਪ੍ਰਾਣੀ; ਗੋਵਿੰਦੁ ਧਿਆਵੈ ॥ ਪੜਿਆ ਅਣਪੜਿਆ; ਪਰਮ ਗਤਿ ਪਾਵੈ ॥’’ (ਮ: ੫, ਪੰਨਾ ੧੯੭), ਆਦਿ।

ਗੁਰੂ ਸਾਹਿਬਾਨ ਦੀ ਵਿਚਾਰਧਾਰਾ, ਜੋ ਮਾਂ ਪਿਓ ਦੀ ਨਸੀਹਤ ਵਾਂਗ ਸਾਡੀ ਸੰਭਾਲ਼ ਕਰਦੀ ਹੈ।  ਪਲ-ਪਲ ਸਾਡਾ ਮਾਰਗ ਦਰਸ਼ਨ ਕਰਦੀ ਹੈ। ਮਾਂ ਪਿਓ ਵਾਂਗ ਸਾਡੀ ਉਂਗਲ ਫੜ ਕੇ ਰੱਖਦੀ ਹੈ ਤਾਂ ਜੋ ਕਿੱਧਰੇ ਮਨੁੱਖ ਥਿੜਕ ਨਾ ਜਾਵੇ, ਪਰ ਨਾਸਮਝੀ ਕਾਰਨ ਮਨ ਫਿਰ ਵੀ ਥਿੜਕਦਾ ਰਹਿੰਦਾ ਹੈ। ਆਂਢ ਗਵਾਂਢ ਨੇ ਦੱਸਿਆ ਜੀ! ਬਹੁਤ ਬਾਣੀ ਪੜ੍ਹ ਲਈ ਜਦੋਂ ਕਈ ਸਾਲ ਇਹੋ ਕੁੱਝ ਕਰਦੇ ਰਹੇ, ਪਰ ਉਹ ਖੇਡ ਨਾ ਬਣੀ ਤਾਂ ਕਿਸੇ ਨੇ ਦੱਸਿਆ ਕਿ ਫਲਾਣੇ ਸੰਤ ਕੋਲ ਜਾਓ ਤਾਂ ਅਸੀਂ ਗਏ ਤੇ ਸਭ ਕੁੱਝ ਸਹੀ ਹੋ ਗਿਆ ਤਦ ਤੋਂ ਅਸੀਂ ਤਾਂ ਉਨ੍ਹਾਂ ਮਹਾਰਾਜ ਜੀ ਨੂੰ ਮੰਨਦੇ ਆ ਰਹੇ ਹਾਂ ਤੇ ਨਾਲੇ ਉਨ੍ਹਾਂ ਕੋਲੋਂ ਹੀ ਨਾਮ ਦਾਨ ਵੀ ਲੈ ਲਿਆ ਹੈ। ਦੇਖਾ-ਦੇਖੀ ’ਚ ਹੋਰ ਵੀ ਉਸ ਰਾਹ ਤੁਰ ਪੈਂਦੇ ਹਨ। ਇੱਕ ਪਾਸੇ ਉਨ੍ਹਾਂ ਦੀਆਂ ਗੋਲਕਾਂ ਭਰਦੀਆਂ ਜਾਂਦੀਆਂ ਹਨ ਅਤੇ ਦੂਜੇ ਪਾਸੇ ਸਿਆਸੀ ਲੋਕਾਂ ਨੂੰ ਵੋਟ ਦੇਣ ਬਦਲੇ ਸਰਕਾਰੀ ਗ੍ਰਾਂਟਾਂ ਮਿਲਣ ਨਾਲ ਸੰਤ ਮਾਲਾਮਾਲ ਹੁੰਦੇ ਜਾਂਦੇ ਹਨ, ਜਿਨ੍ਹਾਂ ਨੂੰ ਵੇਖ ਨਵੇਂ ਸੰਤ ਜਨਮ ਲੈਂਦੇ ਜਾਂਦੇ ਹਨ।

ਅਸੀਂ ਸਾਰੇ ਹੀ ਅਕਸਰ ਬੱਸਾਂ ਵਿੱਚ ਸਫਰ ਕਰਦੇ ਹਾਂ। ਰਸਤੇ ਵਿੱਚ ਜਾਂਦੇ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਹੈ ‘ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕਦੇ ਨਹੀਂ ਮਿਲਦਾ’। ਅਸੀਂ ਇਹ ਸਾਰੇ ਪੜ੍ਹਦੇ ਵੀ ਹਾਂ ਅਤੇ ਜਾਣਦੇ ਵੀ, ਪਰ ਭਰੋਸੇ ਦੀ ਘਾਟ ਅਤੇ ਮਾੜੀ ਕਿਸਮਤ ਨੂੰ ਬਦਲਣ ਲਈ ਗੁਰੂ ਉਪਦੇਸ਼ ਦੀ ਕਮਾਈ ਕਰਨ ਲਈ ਤਿਆਰ ਨਹੀਂ ਹੁੰਦੇ।

 ਸੋ ਲੋੜ ਹੈ ਗੁਰਬਾਣੀ ਨੂੰ ਆਪ ਪੜ੍ਹ ਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੀ। ਰਹੀ ਰੱਬ ਦੀ ਪ੍ਰਾਪਤੀ ਦੀ ਗੱਲ, ਜਦੋਂ ਅਸੀਂ ਗਿਆਨਵਾਨ ਹੋ ਗਏ, ਵਿਸ਼ਾਲ ਹਿਰਦੇ ਵਾਲੇ ਹੋ ਗਏ, ਸਮਝੋ ਰੱਬ ਦੀ ਪ੍ਰਾਪਤੀ ਹੋ ਗਈ ਤੇ ਰੱਬ ਮਿਲ ਗਿਆ। ਜਦ ਤੱਕ ਅਸੀਂ ਅਗਿਆਨੀ ਹਾਂ, ਹਨੇਰੇ ਵਿੱਚ ਹਾਂ। ਮਨਸੂਰ ਦਾ ਕਥਨ ਹੈ-‘ਜਿਸ ਕਿਸਮ ਦੀ ਬੰਦਗੀ ਤੁਸੀਂ ਕਰਦੇ ਹੋ ਖੁੱਦ ਉਹੋ ਕੁੱਝ ਹੁੰਦੇ ਹੋ। ਬੁੱਤ ਪੂਜਾ ਕਰਨ ਵਾਲਾ ਆਪ ਪੱਥਰ ਹੁੰਦਾ ਹੈ ਜੇ ਮਨੁੱਖ ਦੀ ਪੂਜਾ ਕਰੋਗੇ ਤਾਂ ਮਨੁੱਖ ਹੋਵੋਗੇ ਤੇ ਜੇ ਰੱਬ ਦੀ ਬੰਦਗੀ ਕਰੋਗੇ ਤਾਂ ਤੁਸੀਂ ਕੀ ਬਣ ਜਾਵੋਗੇ, ਇਹ ਕੋਈ ਮਨਸੂਰ (ਪ੍ਰਾਪਤੀ ਕਰ ਚੁੱਕਾ ਫ਼ਕੀਰ) ਹੀ ਦੱਸ ਸਕਦਾ ਹੈ’।

  1. ਡੇਰੇਦਾਰਾਂ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਪੜ੍ਹ ਲਿਆ ਹੁੰਦਾ ਹੈ– ਕਹਿੰਦੇ ਨੇ ਚਿਹਰਾ ਮਨ ਦਾ ਪ੍ਰਤੀਬਿੰਬ ਹੁੰਦਾ ਹੈ। ਚਿਹਰਾ ਮਨ ਦੀ ਸਥਿਤੀ ਦੱਸ ਦਿੰਦਾ ਹੈ ਕਿ ਫਲਾਣਾ ਮਨੁੱਖ ਕਿਹੋ ਜਿਹਾ ਹੈ। ਫਿਰ ਉਸ ਨੂੰ ਓਸੇ ਤਰੀਕੇ ਨਾਲ ਗੱਲ ਬਾਤ ਕਰਕੇ ਉਸ ਦਾ ਭੇਦ ਲੈ ਲਿਆ ਜਾਂਦਾ ਹੈ ਤੇ ਫਿਰ ਬਲੈਕ ਮੇਲ ਕੀਤਾ ਜਾਂਦਾ ਹੈ। ਆਪੂੰ ਬਣੇ ਸੰਤ ਜਾਣਦੇ ਹਨ ਕਿ ਇਨ੍ਹਾਂ ਸਿੱਖਾਂ ਨੂੰ ਜਾਂ ਬਹੁਤੀ ਲੁਕਾਈ ਨੂੰ ਕੀ ਚਾਹੀਦਾ ਹੈ, ਉਹ ਓਸੇ ਹਿਸਾਬ ਨਾਲ ਚੋਗਾ ਸੁੱਟਦੇ ਹਨ। ਜਿਹੜਾ ਚੋਗਾ ਉਹ ਸੁੱਟਦੇ ਹਨ, ਉਸ ਦੀ ਦਸ਼ਾ ਗੁਰਬਾਣੀ ਦੇ ਇਨ੍ਹਾਂ ਬਚਨਾਂ ਵਰਗੀ ਹੁੰਦੀ ਹੈ ‘‘ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ; ਭਖੁ ਅਭਖੁ ਸਭ ਖਾਇ ॥ ਕਾਮ ਕ੍ਰੋਧ ਮਦਿ ਬਿਆਪਿਆ; ਫਿਰਿ ਫਿਰਿ ਜੋਨੀ ਪਾਇ ॥’’ (ਮ: ੫, ਪੰਨਾ ੫੦) ਸੁਆਰਥੀ ਮਨੁੱਖ ਦੀ ਤੁਲਨਾਂ ਗੁਰੂ ਸਾਹਿਬਾਨ ਨੇ ਕੁੱਤੇ ਦੀ ਬਿਰਤੀ ਨਾਲ ਕੀਤੀ ਹੈ ਕੁੱਤੇ ਨਾਲ ਹੀ ਨਹੀਂ ਬਲਕਿ ਬਾਣੀ ਪੜ੍ਹੋ ਤਾਂ ਜਾਨਵਰਾਂ ਦੇ ਨਾਲ ਵੀ ਤੁਲਨਾਂ ਕੀਤੀ ਮਿਲਦੀ ਹੈ ਜੋ ਆਪਣੇ ਲੋਭ ਖਾਤਰ ਸਭ ਥਾਂਵਾਂ ’ਤੇ ਮੂੰਹ ਮਾਰੀ ਫਿਰਦਾ ਹੈ।

ਹਿਰਨਾਂ ਨੂੰ ਇਕੱਠੇ ਕਰਨ ਲਈ ਇੱਕ ਨਾਦ ਵਜਾਇਆ ਜਾਂਦਾ ਹੈ ਜਿਸ ਨਾਲ ਹਿਰਨ ਉਸ ਨਾਦ ਦੀ ਅਵਾਜ਼ ਸੁਣ ਕੇ ਉਸ ਵੱਲ ਦੌੜਦੇ ਹਨ। ਡੇਰੇਦਾਰ ਵੀ ਉਸ ਸ਼ਿਕਾਰੀ ਵਾਙ ਹਨ ਜੋ ਕਾਲਪਨਿਕ ਗੱਲਾਂ ਕਰਕੇ, ਝੂਠੀਆਂ ਕਹਾਣੀਆਂ ਸੁਣਾ ਕੇ, ਆਪਣੇ ਪੂਰਵਜ ਸੰਤਾਂ ਦੀ ਮਹਿਮਾ ਗਾ ਕੇ, ਚੰਗੇ ਲੰਗਰ ਪ੍ਰਬੰਧ ਕਰਕੇ ਭੋਲੀ ਭਾਲੀ ਸਿੱਖ ਸੰਗਤ ਅੱਗੇ ਲੁਭਾਉਣਾ ਨਾਦ ਵਜਾਉਂਦੇ ਹਨ, ਜਿਸ ਨਾਲ ਗੁਰਮਤਿ ਤੋਂ ਸੱਖਣੇ ਅਤੇ ਸੁਆਰਥੀ ਸੋਚ ਰੱਖਣ ਵਾਲੇ ਛੋਟੀਆਂ ਮੰਗਾਂ ਲੈ ਕੇ ਡੇਰਿਆਂ ਵੱਲ ਦੌੜਦੇ ਚਲੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਗੁਰੂ ਉਪਦੇਸ ਨੂੰ ਸਮਝਿਆ ਨਹੀਂ ਹੁੰਦਾ। ਬਾਬਾ ਕਬੀਰ ਜੀ ਅਖੌਤੀ ਸੰਤਾਂ ਬਾਰੇ ਸਮਝਾਉਂਦੇ ਹਨ, ‘‘ਗਲੀ ਜਿਨ੍ਾ ਜਪਮਾਲੀਆ; ਲੋਟੇ ਹਥਿ ਨਿਬਗ ॥  ਓਇ ਹਰਿ ਕੇ ਸੰਤ ਨ ਆਖੀਅਹਿ; ਬਾਨਾਰਸਿ ਕੇ ਠਗ ॥’’ (ਭਗਤ ਕਬੀਰ ਜੀ, ਪੰਨਾ ੪੭੬)

ਸੋ ਹਰ ਗੁਰਸਿੱਖ ਲਈ ਗੁਰਬਾਣੀ ਪੜ੍ਹਨੀ, ਵਿਚਾਰਨੀ ਅਤੇ ਹੋਰਾਂ ਨਾਲ ਸਾਂਝੀ ਕਰਨੀ ਸਾਡਾ ਫ਼ਰਜ਼ ਹੈ, ਇਸ ਬਾਰੇ ਗੁਰੂ ਬਚਨ ਹਨ, ‘‘ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ; ਨਾਮਿ ਨ ਲਗੈ ਪਿਆਰੁ ॥’’ (ਮ: ੩, ਪੰਨਾ ੫੯੪), ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ, ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ, ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥’’ (ਮ: ੪, ਪੰਨਾ ੩੦੬)

ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸਿਖਿਆਵਾਂ

0

ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਸਿਖਿਆਵਾਂ

(ਸਰੋਤ: ਗੁਰੂ ਗ੍ਰੰਥ ਸਾਹਿਬ)

                                                                ਇੰਜੀ. ਜੋਗਿੰਦਰ ਸਿੰਘ (ਲੁਧਿਆਣਾ)-੯੪੬੩੦-੫੫੨੦੬

ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤੀ ਉਪ ਮਹਾਂਦੀਪ ਦੇ ਧਰਮ ਚਿੰਤਨ, ਦਰਸ਼ਨ, ਅਧਿਆਤਮਿਕਤਾ ਅਤੇ ਸਾਂਸਕ੍ਰਿਤਕ-ਸਾਹਿਤ ਦਾ ਸਮੁੱਚ ਵੀ ਹੈ ਅਤੇ ਸਿਖਰ ਵੀ ਹੈ। ਇਸ ਦੇ ਅੰਤਰਗਤ ਅਧਿਆਤਮਿਕ-ਰੌਂਆਂ, ਭਾਰਤ ਵਰਸ਼ ਦੇ ਵੱਖ ਵੱਖ ਖੰਡਾਂ, ਪ੍ਰਦੇਸ਼ਾਂ, ਵਰਗਾਂ, ਵਰਣਾਂ, ਆਸ਼ਰਮਾਂ, ਜਾਤਿ ਬਿਰਾਦਰੀਆਂ ਤੋਂ, ਭਿੰਨ-ਭਿੰਨ ਮਤਾਂ, ਮਾਰਗਾਂ ਰਾਹੀਂ ਉੱਨਤ ਹੋ ਕੇ ਸ੍ਰੇਸ਼ਟ ਆਤਮਿਕ ਪੱਧਰ ਤੱਕ ਅਪੜੀਆਂ ਉਤਕ੍ਰਿਸ਼ਟ ਧਾਰਮਿਕ ਸ਼ਖ਼ਸੀਅਤਾਂ ਦੀਆਂ ਰਚਨਾਵਾਂ ਦੇ ਰੂਪ ਵਿੱਚ, ਮਾਨਵ-ਚੇਤਨਾ ਅਤੇ ਬ੍ਰਹਮੰਡੀ ਮਹਾਂ ਚੇਤਨਾ ਦੇ ਸੰਕਲਪਾਂ, ਸਰੂਪਾਂ ਅਤੇ ਉਨ੍ਹਾਂ ਵਿਚਲੇ ਆਪਸੀ ਰਿਸ਼ਤਿਆਂ ਨਾਤਿਆਂ ਦੇ ਅਨੁਭਵਾਂ ਦੀ ਅੰਤਰ-ਸਾਂਝ, ਪਰਸਪਰ-ਪ੍ਰੇਮ ਤੇ ਪਰਮ-ਆਨੰਦ ਦਾ ਮਹਾਂ-ਸਾਗਰ ਸਿਰਜ ਰਹੀਆਂ ਹਨ। ਇਸ ਦੇ ਅੰਤਰੀਵ ਵਿੱਚ ਰਿਸ਼ੀਆਂ ਵਾਲਾ ਵਿਸਮਾਦ, ਸ਼ਾਸਤਰੀਆਂ ਵਾਲਾ ਗੰਭੀਰ ਗਿਆਨ ਤੇ ਵਿਸ਼ਲੇਸ਼ਣਕਾਰੀ, ਸਹਜ ਯੋਗੀਆਂ ਵਾਲਾ ਸ਼ਾਂਤ ਅਡੋਲ ਧਿਆਨ ਤੇ ਪਰਉਪਕਾਰੀ ਵੈਰਾਗ-ਬਿਰਤੀ, ਸੂਫ਼ੀ ਦਰਵੇਸ਼ਾਂ ਵਾਲੀ ਪ੍ਰੇਮ-ਖ਼ੁਮਾਰੀ ਅਤੇ ਸੰਤਾਂ-ਭਗਤਾਂ ਵਾਲੀ ‘‘ਬਲਿਹਾਰੀ ਕੁਦਰਤਿ ਵਸਿਆ ॥  ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥’’ (ਮ: ੧/੪੬੯) ਅਤੇ ‘‘ਨਿਰਗੁਨੁ ਆਪਿ, ਸਰਗੁਨੁ ਭੀ ਓਹੀ ॥ ਕਲਾ ਧਾਰਿ ਜਿਨਿ ਸਗਲੀ ਮੋਹੀ ॥’’ (ਮ: ੫/੨੮੮) ਵਾਲੀ ਸੁਹਜਾਤਮਕ ਸ਼ਰਧਾ ਭਾਵਨਾ ਸੁਭਾਇਮਾਨ ਹੈ। ਇਸ ਦਾ ਕੇਂਦਰੀ ਵਿਸ਼ਾ-ਵਸਤੂ ਜੀਵਨ ਬਿਰਤਾਂਤ, ਕਥਾ-ਕਹਾਣੀਆਂ, ਪਾਪ-ਪੁੰਨ, ਲੈਣ-ਦੇਣ, ਸੁਰਗ-ਨਰਕ, ਜਾਤਾਂ-ਜਿਨਸਾਂ ਦੀ ਉੱਤਮਤਾ ਜਾਂ ਮੱਧਮਤਾ ਆਦਿ ਨਹੀਂ। ਇਹ ਤਾਂ ‘ਸਬਦੁ ਬ੍ਰਹਮ’ ਹੈ, ‘ਬ੍ਰਹਮ ਬੀਚਾਰ’ ਹੈ, ‘‘ਪ੍ਰਭ ਬਾਣੀ ਸਬਦੁ ਸੁਭਾਖਿਆ ॥’’ (ਮ: ੫, ਪੰਨਾ ੬੧੧) ਹੈ, ‘‘ਧੁਰ ਕੀ ਬਾਣੀ.. ॥’’ (ਮ: ੫, ਪੰਨਾ ੬੨੮) ਹੈ ਅਤੇ ‘‘ਅੰਮ੍ਰਿਤ ਬਾਣੀ ਤਤੁ ਵਖਾਣੀ; ਗਿਆਨ ਧਿਆਨ ਵਿਚਿ ਆਈ ॥  ਗੁਰਮੁਖਿ ਆਖੀ, ਗੁਰਮੁਖਿ ਜਾਤੀ; ਸੁਰਤਂੀ ਕਰਮਿ ਧਿਆਈ ॥’’ (ਮ: ੨/੧੨੪੩) ਹੈ! ਪਰ ਫਿਰ ਵੀ ਇਸ ਪਾਵਨ ਪਵਿੱਤਰ ਗੰ੍ਰਥ ਵਿੱਚ ਅਨੇਕਾਂ ਇਤਿਹਾਸਿਕ ਸੰਦਰਭ, ਹਵਾਲੇ ਤੇ ਪ੍ਰਸੰਗ ਸਾਂਭੇ ਪਏ ਹਨ।  ਪ੍ਰਥਮ, ਪ੍ਰਮੁੱਖ ਤੇ ਪਰਮ ਵਿਸ਼ਿਸ਼ਟ ਬਾਣੀਕਾਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ-ਕਾਲ ਨਾਲ ਸੰਬੰਧਿਤ ਕਈ ਘਟਨਾਵਾਂ ਬਾਰੇ ਸੰਕੇਤਕ ਦ੍ਰਿਸ਼ਟਾਂਤ ਅਤੇ ਦ੍ਰਿਸ਼ਟੀਖੇਤਰ ਉਪਲਬਧ ਹਨ, ਜਿਨ੍ਹਾਂ ਤੋਂ ਪੂਰੀ ਮਾਨਵਤਾ ਦੇ ਭਲੇ ਵਾਸਤੇ ਵਿਵੇਕ ਅਤੇ ਆਦਰਸ਼ਕ ਆਚਾਰ-ਸੰਹਿਤਾ ਦੁਆਰਾ ਪਰਮ-ਸ੍ਰੇਸ਼ਟਤਾ ਦੀ ਹੋਣੀ ਤੱਕ ਅਪੜਨ ਲਈ ਸੇਧਾਂ ਤੇ ਸਿਖਿਆਵਾਂ ਗ੍ਰਹਿਣ ਕੀਤੀਆਂ ਜਾ ਸਕਦੀਆਂ ਹਨ।

ਗੁਰੂ ਨਾਨਕ ਆਗਮਨ ਨੂੰ ਭੱਟ ਬਾਣੀਕਾਰਾਂ ਨੇ ‘‘ਆਪਿ ਨਰਾਇਣੁ ਕਲਾ ਧਾਰਿ; ਜਗ ਮਹਿ ਪਰਵਰਿਯਉ ॥  ਨਿਰੰਕਾਰਿ ਆਕਾਰੁ ਜੋਤਿ; ਜਗ ਮੰਡਲਿ ਕਰਿਯਉ ॥’’ (ਸਵਈਏ ਮਹਲੇ ਤੀਜੇ ਕੇ/ਭਟ ਕੀਰਤ/੧੩੯੫), ਅਤੇ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਆਖਿਆ ਹੈ। ਇਸ ਦਾਰਸ਼ਨਿਕ ਸਿਧਾਂਤ ਦਾ ਆਧਾਰ ਰਾਗ ਸੋਰਠਿ ਵਿਚਲੇ ਮਹਲਾ ੧ ਦੇ ਕਥਨ, ‘‘ਤਤੁ ਨਿਰੰਜਨੁ ਜੋਤਿ ਸਬਾਈ; ਸੋਹੰ ਭੇਦੁ ਨ ਕੋਈ ਜੀਉ ॥’’ (ਮ: ੧/੫੯੯) (Soham : Skt. I am He. Doctrine of identification of the self with the Supreme Self.) ਵਿੱਚ ਵੇਖਿਆ ਜਾ ਸਕਦਾ ਹੈ, ਜਿਸ ਦੀ ਅਗਲੀ ਪੰਕਤੀ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ਗੁਰੁ ਮਿਲਿਆ ਸੋਈ ਜੀਉ ॥’’ (ਮ: ੧/੫੯੯) ਅਨੁਸਾਰ ਗੁਰੂ ਪਾਤਸ਼ਾਹ ਓਸ ਆਦਿ ਏਕੰਕਾਰੀ ਸਰਵ ਸਮਰੱਥ ‘ਹੋਂਦ’ ਪਾਰਬ੍ਰਹਮੁ-ਵਾਹਿਗੁਰੂ ਨੂੰ ਹੀ ਆਪਣਾ ਗੁਰੂ ਐਲਾਨਦੇ ਹਨ- The Transcendent Sole Supreme Being, Supreme Lord has Nanak’s Preceptor become (English Translation by Dr. G.S. Talib)- ਅਤੇ ਪੂਰੀ ਮਨੁੱਖਤਾ ਨੂੰ ਅੱਡੋ-ਅੱਡਰੀਆਂ ਪ੍ਰਕਿਰਤਕ ਦੇਵ-ਸ਼ਕਤੀਆਂ ਤੇ ਬਹੁ-ਈਸ਼ਵਰਵਾਦੀ ਅਵਤਾਰ-ਪਰੰਪਰਾਵਾਂ ਦੀ ਬਜਾਏ ਸਰਵ-ਸ਼ਕਤੀਮਾਨ ਪ੍ਰਭੂ-ਪ੍ਰਮੇਸਰ ਦੀ ਉਪਾਸ਼ਨਾ-ਅਰਾਧਨਾ ਵੱਲ ਸੁਚੇਤ ਸਾਵਧਾਨ ਕਰਦੇ ਹਨ: ‘‘ਆਦੇਸੁ ਤਿਸੈ ਆਦੇਸੁ ॥  ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’ (ਜਪੁ/ਮ: ੧)

ਜਨਮ ਸਾਖੀ ਪਰੰਪਰਾ ਨੇ ਸੱਤ ਵਰ੍ਹਿਆਂ ਦੇ ਬਾਲ-ਗੁਰੂ ਨਾਨਕ ਨੂੰ ਪੰਡਿਤ ਗੋਪਾਲ ਦਾਸ ਅਤੇ ਪੰਡਿਤ ਬ੍ਰਿਜ ਲਾਲ ਪਾਸ ਹਿੰਦੀ-ਸੰਸਕ੍ਰਿਤ ਤੇ ਬਾਅਦ ਵਿੱਚ ਮੌਲਵੀ ਕੁਤਬਦੀਨ ਪਾਸ ਫ਼ਾਰਸੀ ਪੜ੍ਹਨ ਸਮੇਂ, ਗੁਰਬਾਣੀ ਸ਼ਬਦਾਂ ਦੇ ਉਚਾਰਨ ਦੀ ਉਥਾਨਕਾ ਘੜੀ ਹੈ। ਇਉਂ ਪ੍ਰਤੀਤ ਹੁੰਦਾ ਹੈ ਕਿ ਪੰਡਿਤ ਅਤੇ ਮੌਲਵੀ ਜੀ ਨਾਲ ਧੁਰੋਂ-ਵਰੋਸਾਏ ਬਾਲਕ ਨੇ, ‘ਆਦਿ ਪੁਰਖੁ’ ਵੱਲੋਂ ਸ੍ਰਿਸ਼ਟੀ-ਸਾਜਨਾ ਦੀਆਂ ਖਾਣੀਆਂ-ਬਾਣੀਆਂ ਦੀ ਰਚਨਾ ਤੇ ਪ੍ਰਤਿਪਾਲਣਾ ਹੋਣ ਦੇ ਅਤੇ ਜੈਵਿਕਤਾ ਦੀ ਆਵਾਗਵਣ ਰੂਪੀ ‘‘ਬਬੈ ਬਾਜੀ ਖੇਲਣ ਲਾਗਾ..॥’’ (ਮ: ੧, ਪੰਨਾ ੪੩੩) ਦੇ ਖ਼ਿਆਲਾਂ ਦਾ ਸਰਲ ਤੇ ਬਾਲ-ਬੁਧਿ ਅਨੁਸਾਰ, ਪੁੱਛਾਂ-ਗਿਛਾਂ, ਪ੍ਰਸ਼ਨ-ਉੱਤਰਾਂ ਤੇ ਪ੍ਰਤਿਉੱਤਰਾਂ ਦਾ ਸਹਜ-ਸੁਭਾਵੀਂ ਜਿਗਿਆਸਾ-ਭਰਪੂਰ ਸੰਵਾਦ ਰਚਾਇਆ ਹੋਵੇਗਾ, ਜਿਸ ਵਾਰਤਾਲਾਪ ਨੂੰ ਪਿਛਲੇਰੀ ਪ੍ਰੋਢ ਅਵਸਥਾ ’ਚ ਅਪੜ ਕੇ ਉਕਤ ਬਾਣੀ ਦਾ ਰੂਪ ਦਿੱਤਾ ਗਿਆ ਹੈ। ਵਿਦਿਅਕ ਪੜ੍ਹਾਈ-ਲਿਖਾਈ ਦੇ ਮੁੱਢਲੇ ਮੰਤਵਾਂ ਨੂੰ ਨਿਸ਼ਚਿਤ ਕਰਨ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ‘‘ਪੜਿਐ ਨਾਹੀ, ਭੇਦੁ ਬੁਝਿਐ ਪਾਵਣਾ ॥ (ਮ: ੧, ਪੰਨਾ ੧੪੮), ਸੋ ਪੜਿਆ ਸੋ ਪੰਡਿਤੁ ਬੀਨਾ; ਜਿਨ੍ੀ ਕਮਾਣਾ ਨਾਉ ॥ (ਮ: ੧, ਪੰਨਾ ੧੨੮੮), ਪੜ੍ੀਐ ਨਾਮੁ ਸਾਲਾਹ; ਹੋਰਿ ਬੁਧਂੀ ਮਿਥਿਆ ॥ (ਮ: ੧, ਪੰਨਾ ੧੨੮੯), ਲਿਖੁ ਨਾਮੁ, ਸਾਲਾਹ ਲਿਖੁ; ਲਿਖੁ ਅੰਤੁ ਨ ਪਾਰਾਵਾਰੁ ॥’’ (ਮ: ੧, ਪੰਨਾ ੧੬), ਆਦਿਕ ਬੌਧਿਕ ਕੀਮਤ-ਮੀਮਾਂਸਾ ਦਾ ਸ਼ੁਭਾਰੰਭ ਹੋਇਆ। ਗੁਰੂ ਜੀ ਨੇ ਪਦਾਰਥਿਕ ਮੋਹ ਨੂੰ ਸਾੜ ਅਤੇ ਘਿਸਾ ਕੇ ਸਿਆਹੀ, ਸ੍ਰੇਸ਼ਟ ਬੁਧੀ ਨੂੰ ਕਾਗਜ਼, ਪ੍ਰੇਮ ਨੂੰ ਕਲਮ ਅਤੇ ਮਨੁੱਖੀ ਮਨ ਨੂੰ ਸਿਖਿਆਰਥੀ ਬਣਾਨ ਦਾ ਸੁਝਾਅ ਦੇਂਦਿਆਂ, ਪ੍ਰਮਾਤਮਾ ਦੇ ਗੁਣਾਂ ਅਤੇ ਉਸ ਦੀ ਸਿਰਜੀ ਪ੍ਰਕ੍ਰਿਤੀ ਦੀ ਬੇਅੰਤਤਾ-ਅਨੰਤਤਾ ਦੇ ਪਰਿਪੇਖ ਨੂੰ ਵਿਚਾਰਨ ਤੇ ਸਮਝਣ ਵੱਲ ਪ੍ਰੇਰਿਤ ਕੀਤਾ ਹੈ ਤਾਂ ਜੋ ਪੜ੍ਹਾਈ ਦਾ ਫਲ਼ ਸੱਚਾ-ਸੁੱਚਾ ਜੀਵਨ-ਆਚਾਰ ਬਣੇ, ਪ੍ਰਗਤੀਸ਼ੀਲ ਸਾਧਨਾ ਲਈ ਲਗਨ ਉਪਜੇ, ਸੁਕ੍ਰਿਤ ਲਈ ਉਤਸ਼ਾਹ ਜਗਾਏ, ਖੁਸ਼ਹਾਲੀ ਤੇ ਸਰਬੱਤ ਦੇ ਭਲੇ ਦੇ ਕਾਰਜਾਂ ਪ੍ਰਤੀ ਚਾਉ ਪੈਦਾ ਕਰੇ, ਦੁਨੀਆਂ ਵਿੱਚ ਤੇ ਰੱਬੀ ਦਰਗਾਹੇ ਵਡਿਆਈਆਂ ਮਿਲਣ।

ਮਾਝ ਕੀ ਵਾਰ ਵਿਚ, ‘‘ਪੜਿਆ ਮੂਰਖੁ ਆਖੀਐ; ਜਿਸੁ ਲਬੁ ਲੋਭੁ ਅਹੰਕਾਰਾ ॥’’ (ਮ: ੧/੧੪੦), ਅਤੇ ਰਾਗ ਆਸਾ ਮਹਲਾ ਪਟੀ ਲਿਖੀ ਦੀ ਰਹਾਉ ਦੀਆਂ ਪੰਕਤੀਆਂ ਵਿੱਚ ਕਰੜੀ ਚੇਤਾਵਨੀ ਕੀਤੀ ਹੈ ਕਿ ਹੇ ਮੂਰਖ ਮਨ! ਅਸਲ, ਜੀਵਨ-ਰਾਹ ਤੋਂ ਕਿਉਂ ਲਾਂਭੇ ਜਾ ਰਿਹਾ ਹੈਂ  ? ਕੇਵਲ ਤਾਂ ਹੀ ਤੂੰ ਪੜ੍ਹਿਆ ਲਿਖਿਆ ਵਿਦਵਾਨ ਸਮਝਿਆ ਜਾਵੇਂਗਾ ਜੇਕਰ ਤੂੰ ਨਿੱਜੀ ਆਚਾਰ-ਵਿਹਾਰ ਵਿੱਚ ਸਚਾਈ ਤੇ ਸੰਜਮ ਨੂੰ ਧਾਰਨ ਕਰ ਕੇ ਦੁਨੀਆਂ ’ਚ ਵਿਚਰੇਂਗਾ: ‘‘ਮਨ ! ਕਾਹੇ ਭੂਲੇ ਮੂੜ ਮਨਾ !॥  ਜਬ ਲੇਖਾ ਦੇਵਹਿ, ਬੀਰਾ ! ਤਉ ਪੜਿਆ ॥੧॥ ਰਹਾਉ ॥’’ (ਮ: ੧/੪੩੨)

ਗੁਰੂ ਸਾਹਿਬ ਦੇ ਪਠਨ-ਪਾਠਨ ਦੀ ਸਾਰਥਿਕਤਾ, ਪ੍ਰਮਾਤਮ-ਪਛਾਣ ਅਤੇ ਓਸ ਦੇ ਹੁਕਮ-ਰਜ਼ਾ ਵਿੱਚ: ‘‘ਤਿਸੈ ਸਰੇਵਹੁ ਤਾ ਸੁਖੁ ਪਾਵਹੁ; ਸਰਬ ਨਿਰੰਤਰਿ ਰਵਿ ਰਹਿਆ ॥’’ (ਮ: ੧/੪੩੩) ਆਦਿਕ ਫ਼ੁਰਮਾਨਾ ਰਾਹੀਂ ਜੀਵਨ-ਯਾਤਰਾ ਵਿੱਚ ਕਰੜੀ ਮਿਹਨਤ-ਮਸ਼ੱਕਤ ਕਰਦਿਆਂ, ਬਿਨਾਂ ਦੂਜਿਆਂ ਸੰਗੀਆਂ-ਸਾਥੀਆਂ ਪਰ ਵੈਰ-ਵਿਰੋਧੀ ਭਾਵਨਾ ਤਹਿਤ ਦੋਸ਼ਾਰੋਪਣ ਕਰਨ ਦੇ, ਨਿਰੰਤਰ ਅਗਾਹਾਂ ਨੂੰ ਤ੍ਰਾਂਘਦੇ ਰਹਿਣ ਦੀ ਸਿੱਖਿਆ ਦਿੱਤੀ ਹੈ: ‘‘ਦਦੈ, ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ॥  ਜੋ ਮੈ ਕੀਆ, ਸੋ ਮੈ ਪਾਇਆ; ਦੋਸੁ ਨ ਦੀਜੈ ਅਵਰ ਜਨਾ ॥’’ (ਮ: ੧/੪੩੩)

ਗੁਰੂ ਨਾਨਕ ਦੇਵ ਜੀ ਦੀ ਬਾਲ-ਵਰੇਸੀ ਪ੍ਰਤਿਭਾ ਸਮਾਜਿਕ ਭਾਈਚਾਰਿਕ ਰਸਮਾਂ ਤੇ ਰੀਤੀ-ਰਿਵਾਜ਼ਾਂ ਦੀ ਧੁਰ-ਅੰਦਰਲੀ ਮੂਲਕ ਭਾਵਨਾ ਪ੍ਰਤੀ ਸਹਜ-ਸੁਭਾਏ ਹੀ ਜਾਗਰੂਕਤਾ ਅਤੇ ਵਿਸ਼ਲੇਸ਼ਣਾਤਮਕ ਪਹੁੰਚ ਰੱਖਦੀ ਸੀ। ਜਦੋਂ ਪਰਿਵਾਰਿਕ ਪ੍ਰੰਪਰਾ ਅਨੁਸਾਰ ਬਰਾਦਰੀ ਦੇ ਭਰਵੇਂ ਇਕੱਠ ਵਿੱਚ ਉਨ੍ਹਾਂ ਨੂੰ ਜਨੇਊ ਪਹਿਨਾਉਣ ਵਾਸਤੇ ਬ੍ਰਾਹਮਣ ਪਰੋਹਿਤ ਜੀ ਅੱਗੇ ਵਧੇ ਤਾਂ ਉਨ੍ਹਾਂ ਜਨੇਊ ਵਿਚਲੇ ਗੁਣਾਂ, ਉਦੇਸ਼ਾਂ, ਉਪਦੇਸ਼ਾਂ, ਆਦਰਸ਼ਕ ਸੰਵੇਦਨਾਵਾਂ ਅਤੇ ਵਿਵਹਾਰਿਕਤਾ ਬਾਰੇ ਪੁੱਛਿਆ, ਜਿਨ੍ਹਾਂ ਦਾ ਇਹ ਧਾਰਮਿਕ-ਚਿੰਨ੍ਹ ਪ੍ਰਤੀਕ ਸੀ। ਸਦੀਆਂ ਬੀਤ ਚੁੱਕੀਆਂ ਸਨ ਅਜਿਹਾ ਸਵਾਲ ਪਹਿਲਾਂ ਕਦੇ ਕਿਸੇ ਨੇ ਨਹੀਂ ਉਠਾਇਆ ਸੀ, ਲੋਕੀਂ ਨਿਸ਼ਚਿਤ ਮਰਯਾਦਾ ਅਨੁਸਾਰ ਸਮਾਜਿਕ ਰਸਮਾਂ ਪੂਰੀਆਂ ਕਰ ਰਹੇ ਸਨ, ਜਜਮਾਨ ਧਰਮ-ਕਰਮ ਪੂਰਾ ਹੋਇਆ ਜਾਣ ਕੇ ਖੁਸ਼ੀਆਂ ਮਨਾਉਂਦੇ ਤੇ ਪੁਜਾਰੀ ਜੀ ਦਾਨ-ਦਕਸ਼ਣਾ ਪ੍ਰਾਪਤ ਕਰਕੇ ਖੁਸ਼ੀ-ਖੁਸ਼ੀ ਆਪਣੀ ਉਪਜੀਵਕਾ ਤੇ ਧਨ-ਸੰਪਦਾ ’ਚ ਵਾਧਾ ਕਰਦੇ ਗਏ।  ਸਿਧਾਂਤਾ ਦੀ ਸੁੱਚਤਾ ਜਾਂ ਉੱਚਤਾ ਤਾਂ ਕਿਸੇ ਦੇ ਵੀ ਚਿੱਤ ਚੇਤੇ ਨਹੀਂ ਸੀ। ਚਿੰਨ੍ਹਾਂ ਵਿਚਲੀ ਮੁੱਢਲੀ, ਮਿੱਥੀ ਹੋਈ ਚੰਗਿਆਈ ਜਦੋਂ ਖ਼ਤਮ ਹੋ ਜਾਏ, ਪ੍ਰਤੀਕਾਂ ਨਾਲ ਜੁੜੀ ਪ੍ਰਤਿਬੱਧਤਾ ਜਦੋਂ ਖੰਭ ਲਾ ਕੇ ਉੱਡ ਜਾਏ, ਤਾਂ ਕਰਮਕਾਂਡ ਨਿਰਾਰਥੱਕ ਹੋ ਜਾਂਦੇ ਹਨ ਤੇ ਬਾਕੀ ਬਚਿਆ ਹੈ ਉਹ ਕੇਵਲ ਬਾਹਰਲਾ ਦਿਖਾਵਾ ਤੇ ਅਡੰਬਰ । ਗੁਰੂ ਜੀ ਦੀ ਇਹ ਰੀਤੀ-ਰਿਵਾਜ਼ਾਂ ਦੇ ਪ੍ਰਚਲਿਤ ਵਰਤਾਰੇ ਦੀ ਪੁਣ-ਛਾਣ, ਪ੍ਰਸ਼ਨੋਤਰੀ ਤੇ ਤਾਰਕਿਕ-ਸੰਵਾਦ, ਤਤਕਾਲੀਨ ਸਥਾਪਿਤ ਸਮਾਜਿਕ ਪ੍ਰਬੰਧ ਨੂੰ ਪਹਿਲੀ ਵੱਡੀ ਚੁਣੌਤੀ ਸੀ, ਕ੍ਰਾਂਤੀਕਾਰੀ ਉੱਥਾਨ ਸੀ, ਸਮਾਜਿਕ ਵਿਗਿਆਨ ਨਾਲ ਜੁੜੀਆਂ ਕਦਰਾਂ-ਕੀਮਤਾਂ ਦੇ ਪਹਿਲੇ ਅਧਿਆਯ ਦੀ ਆਰੰਭਣਾ ਸੀ। ਗੁਰੂ ਜੀ ਦੇ ਇਨ੍ਹਾਂ ਵਿਚਾਰਾਂ ਦੀ ਅਭਿਵਿਅਕਤੀ ਆਸਾ ਕੀ ਵਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਗ 471 ’ਤੇ ਅੰਕਿਤ ਚਾਰ ਸਲੋਕਾਂ ਵਿੱਚ ਉਪਲਬਧ ਹੈ। ਗੁਰੂ ਨਾਨਕ ਦੇਵ ਜੀ ਨੇ ਜੀਆਂ ਪ੍ਰਤੀ ਦਇਆ, ਜੀਵਨ-ਸ਼ੈਲੀ ਵਿੱਚ ਸੰਤੋਖੀ ਬਿਰਤੀ,ਇੰਦ੍ਰਿਆਵੀ ਵਿਕਾਰਾਂ ਨੂੰ ਰੋਕਣ ਅਤੇ ਉੱਚਾ-ਸੁੱਚਾ ਸਮਾਜਿਕ ਆਚਰਣ ਕਾਇਮ ਕਰਨ ਵਾਸਤੇ ਸਿੱਖਿਆ ਦਿੱਤੀ ਹੈ। ਝੂਠ ਨਾ ਬੋਲਣ, ਅਮਾਨਤ ਵਿੱਚ ਖ਼ਯਾਨਤ (ਚੋਰੀ) ਨਾ ਕਰਣ, ਪਰ-ਇਸਤਰੀ ਗਮਨ ਵੱਲ ਰੁਚਿਤ ਨਾ ਹੋਣ ਅਤੇ ਬੋਲ-ਚਾਲ ਵਿਾਚ ਗਾਲੀ-ਗਲੋਚ ਨਾ ਕਰਨ ਦੀ ਸਿੱਖਿਆ ਦਿੱਤੀ ਹੈ, ‘‘ਨਾਇ ਮੰਨਿਐ ਪਤਿ ਊਪਜੈ; ਸਾਲਾਹੀ ਸਚੁ ਸੂਤੁ ॥  ਦਰਗਹ ਅੰਦਰਿ ਪਾਈਐ; ਤਗੁ ਨ ਤੂਟਸਿ ਪੂਤ (ਭਾਵ ਪਵਿੱਤਰ)॥’’ (ਮ: ੧/੪੭੧) ਉਚਾਰਦਿਆਂ ਮਨੁੱਖਤਾ ਨੂੰ ਹਰੀ-ਪ੍ਰਭੂ ਦੀ ਸਿਫ਼ਤ-ਸਾਲਾਹ ਰੂਪੀ ਸੁੱਚਾ-ਜਨੇਊ ਧਾਰਨ ਕਰਨ ਦੀ ਸਿੱਖਿਆ ਦਿੱਤੀ ਹੈ।

ਰਾਇ ਭੋਇ ਦੀ ਤਲਵੰਡੀ ਜਾਂ ਨਾਨਕਿਆਨਾ (ਜਿਸ ਨੂੰ ਅੱਜ ਕੱਲ ਨਨਕਾਣਾ ਸਾਹਿਬ ਆਖਦੇ ਹਨ) ਦੀਆਂ ਜੂਹਾਂ, ਜੰਗਲਾਂ-ਬੇਲਿਆਂ ਵਿੱਚ ਬਾਬਾ ਨਾਨਕ ਨੇ ਆਪਣੀ ਬਾਲ-ਲੀਲਾ ਦੀਆਂ ਰਹੱਸਮਈ ਖੇਡਾਂ-ਖੇਡਦਿਆਂ, ਹਰ ਵਰਗ ਦੇ ਲੋਕਾਂ ’ਤੇ ਆਪਣੀ ਬਜ਼ੁਰਗੀਅਤ ਦਾ ਪੱਕਾ ਪ੍ਰਭਾਵ, ਸਹਿਜ-ਸੁਭਾਵਿਕਤਾ ਨਾਲ ਹੀ ਸਥਾਪਿਤ ਕਰ ਲਿਆ ਸੀ। ਰਾਇ ਬਲਾਰ ਨੇ ਉਨ੍ਹਾਂ ਵਿੱਚ ਰੱਬੀ-ਜ਼ਹੂਰ (ਲੋਅ) ਤੱਕਿਆ ਅਤੇ ਕੁਲ-ਪੁਰੋਹਿਤ ਤੇ ਹੋਰ ਕਈਆਂ ਨੂੰ ਈਸ਼ਵਰੀ-ਸਾਖਿਆਤਕਾਰ ਦੀਆਂ ਛੁਆਂ ਦੀ ਝਰਨਾਹਟ ਵੱਜੀ ਜਿਸ ਦਾ ਬਖਿਆਨ, ਸਾਖੀਕਾਰਾਂ ਨੇ ਅਲੌਕਿਕ-ਅਲੰਕਾਰਿਕ ਭਾਖਾ ਵਿੱਚ ਅਤੇ ਭੱਟ ‘ਕਲਸਹਾਰ’ ਜੀ ਨੇ ਪੌਰਾਣਿਕ-ਵਿਧਾ ਵਿੱਚ ‘ਸਵੱਈਏ ਮਹਲੇ ਪਹਿਲੇ ਕੇ’ ਉਚਾਰਨ ਕੀਤੇ ਹਨ। ਤਲਵੰਡੀ ਵਿਖੇ ਹੀ ‘ਓਮ’ ਤੇ ‘ਅਲਫ਼’ ਦੇ ਅਰਥ-ਭਾਵ ਸਮਝਾਏ ਗਏ, ਖੂਹ ਗੇੜਦਿਆਂ ਬਲਦਾਂ ਦਾ ਪਿੱਛਾ ਤੇ ਫਸਲਾਂ ਦੀ ਰਖਵਾਲੀ ਕੀਤੀ, ਮੱਝਾਂ ਚਾਰੀਆਂ ਤੇ ਝਿੱੜੀਆਂ ’ਚ ਆਂਦੇ ਜਾਂਦੇ ਰਮਤੇ ਦਰਵੇਸ਼ਾਂ ਅਤੇ ਭਾਂਤ-ਭਾਂਤ ਦੇ ਜੋਗੀਆਂ ਨਾਲ ਧਰਮ ਸਿਧਾਂਤਾਂ ਤੇ ਰਹੁ-ਰੀਤਾਂ ਬਾਰੇ ਗੰਭੀਰ ਵਿਚਾਰਾਂ ਹੋਈਆਂ। ਇੱਥੇ ਰਹਿੰਦਿਆਂ ਹੀ ‘ਸੱਚੇ ਸੌਦੇ’ ਕੀਤੇ, ਹੱਟੀ ਪਾਈ, ਮਰਦਾਨੇ ਮਿਰਾਸੀ ਨਾਲ ਪੱਕੀ ਯਾਰੀ ਪਾਈ ਤੇ ਘਰ ਦੀਆਂ ਕੀਮਤੀ ਵਸਤਾਂ, ਅੰਨ, ਬਸਤਰ, ਬਰਤਨ ਆਦਿ ਲੋੜਵੰਦ ਗਰੀਬਾਂ ਨੂੰ ਦੇ ਆਵਣ ਕਾਰਨ ਝਿੜਕਾਂ ਵੀ ਖਾਧੀਆਂ। ਪੰਦਰਾਂ ਵਰ੍ਹਿਆਂ ਦੀ ਉਮਰੇ ਭਾਈ ਮੂਲ਼ਾ ਜੀ ਦੀ ਸਪੁੱਤਰੀ ਸੁਲੱਖਣੀ ਨਾਲ ਵਿਆਹ ਹੋਇਆ, ਬਰਾਤ ਬਟਾਲੇ ਗਈ, ਜੰਞ ਵਿੱਚ ਹਰ ਜਾਤੀ ਦੇ ਲੋਕਾਂ, ਸਾਰਿਆਂ ਨੇ ਇੱਕੋ ਪੰਗਤ ਵਿੱਚ ਬਰਾਬਰ ਬੈਠ ਕੇ ਭੋਜਨ ਕੀਤਾ।

‘ਗ੍ਰਹਿਸਤੀ’ ਵਿਚ ‘ਉਦਾਸੀ’ ਦਾ ਰਹੱਸ ਲੋਕਾਂ ਲਈ ਇੱਕ ਬੁਝਾਰਤ ਤੇ ਮੂਲੋਂ-ਨਵਾਂ ਨਵੇਕਲਾ ਵਰਤਾਰਾ ਸੀ। ਗੁਰੂ ਨਾਨਕ ਦੇਵ ਜੀ ਬਹੁਤਾ ਸਮਾਂ ਘਰੋਂ ਬਾਹਰ ਖੂਹਾਂ, ਜੰਗਲ, ਝਿੜੀਆਂ ’ਚ ਬੈਠੇ ਅੰਤਰ-ਧਿਆਨ ਰਹਿੰਦੇ, ਪ੍ਰਕ੍ਰਿਤੀ ਦੀ ਇਕਸੁਰਤਾ, ਨੇਮ ਬੱਧਤਾ ਤੇ ਨਿਰੰਤਰਤਾ ਵਿੱਚੋਂ ਪ੍ਰਮਾਤਮ-ਖੇਡ ਨੂੰ ਸਦਾ-ਵਿਗਾਸ ਦੇ ਰੂਪ ਵਿੱਚ ਤੱਕਦੇ, ਕਿਰਤਮ ਭੌਤਿਕਤਾ ਵਿੱਚ ਇੱਕੋ-ਇੱਕ ਕਰਤਾਰ ਨੂੰ ਹਾਜ਼ਰ-ਨਾਜ਼ਰ ਵੇਖਦੇ, ਪਰ ਨਾਲ ਹੀ ਪੂਰੀ ਮਾਨਵ ਜਾਤੀ ਨੂੰ ਬਹੁਦੇਵ-ਵਾਦੀ ਅੰਧ-ਵਿਸ਼ਵਾਸ ਵਿਚਲੇ ਭਰਮਾਂ-ਵਹਿਮਾਂ ਤੇ ਕੁਟਿਲ ਕਰਮਕਾਂਡਾਂ ਦੀ ਕੈਦ ਵਿੱਚ ਜਕੜਿਆ ਹੋਇਆ, ਸਹਿਮਿਆ ਹੋਇਆ, ਨੀਰਸ ਤੇ ਨਿਰਾਸ਼ ਜੀਵਨ ਜੀਵਦਿਆਂ ਈਰਖਾ-ਦਵੈਸ਼, ਛਲ-ਕਪਟ ਤੇ ਹਾਵਿਆਂ-ਹੌਂਕਿਆਂ ਵਿੱਚ ਸੜਦਾ-ਬਲ਼ਦਾ ਵੇਖ ਕੇ ਦਿਲਗੀਰੀਆਂ ਵਿੱਚ ਗੁਆਚ ਜਾਂਦੇ। ਅੰਤਰੀਵ ’ਚ ਬੈਠੇ ‘ਏਕੋ ਸਾਹਿਬ’ ਨਾਲ ਗੱਲਾਂ ਕਰਦੇ ਤੇ ‘ਸੱਚੇ’ ਦੇ ਦਰਬਾਰ ਵੱਲੋਂ ‘ਧਰਤੀ ਥਾਪਿ ਰਖੀ ਧਰਮਸਾਲ’ ਵਿੱਚ ‘ਕਰਮੀ ਕਰਮੀ ਹੋਇ ਵੀਚਾਰੁ’ ਅਨੁਸਾਰ ਨਿਆਂ-ਯੁਕਤ ਵਿਧੀ-ਵਿਧਾਨ ਦਾ ਸਵੈਚਾਲਨ ਨਜ਼ਰੀ ਆਉਂਦਾ। ‘ਹੁਕਮਿ ਰਜਾਈ ਚਲਣਾ’ ਗੁਰੂ ਨਾਨਕ ਦੇਵ ਜੀ ਦੇ ‘ਜਪੁ’ ਦੀ ਪਹਿਲੀ ਪਉੜੀ ਹੈ ਤੇ ‘ਸੋ ਕਰੈ, ਜਿ ਤਿਸੈ ਰਜਾਇ॥’, ਉਨ੍ਹਾਂ ਦੀ ਆਸ਼ਾਵਾਦੀ ਵਿਚਾਰਧਾਰਾ ਦੀ ਦ੍ਰਿੜ੍ਹਤਾ ਤੇ ਕਰਤਾ ਪੁਰਖ ‘ਵਾਹਿਗੁਰੂ’ ਉੱਪਰ ਭਰੋਸੇ ਦਾ ਅਖੀਰਲਾ ਪੜਾਅ ਹੈ ਤੇ ਇਹ ਵੀ ਪਰਤੱਖ ਦ੍ਰਿਸ਼ਟੀ ਗੋਚਰ ਹੁੰਦੇ ਕਿ ਪ੍ਰਸਥਿਤੀਆਂ ਦੇ ਕਾਰਨਾਂ ਨੂੰ ਬਦਲਿਆਂ, ਆਤਮ-ਮੁਖੀ ਪ੍ਰਗਤੀਸ਼ੀਲ ਉਪਰਾਲਿਆਂ ਰਾਹੀਂ ਅਧੌਗਤੀ ਦੇ ਮੁਹਾਣ ਨੂੰ ਉਲਟਾਇਆ ਜਾ ਸਕਦਾ ਹੈ। ‘‘ਤਿਥੈ ਘੜੀਐ, ਸੁਰਤਿ ਮਤਿ ਮਨਿ ਬੁਧਿ’’, ਦੀ ਸਫਲਤਾ ਮਨੁੱਖਤਾ ਦੀਆਂ ਹੋਣੀਆਂ ਨੂੰ ਸ੍ਰੇਸ਼ਟਤਮ ਅਵਸਥਾ ’ਚ ਪਹੁੰਚਾ ਸਕਦੀ ਹੈ।

ਪੱਛਮ ਵੱਲੋਂ ਚੜ੍ਹਦੇ ਧਾੜਵੀਆਂ, ਹਮਲਾਵਰਾਂ, ਮੁਗਲ਼ਾਂ-ਪਠਾਣਾਂ ਦੀ ਲੁੱਟ ਮਾਰ ਤੇ ਦਹਿਸ਼ਤਗਰਦੀ ਤੋਂ ਬਚਦੇ ਅਨੇਕਾਂ ਸੂਫ਼ੀ, ਸੰਤਾਂ, ਜੋਗੀਆਂ ਤੇ ਸਾਧੂਆਂ ਨੇ ਤਲਵੰਡੀ-ਚੂਹੜਕਾਣੇ ਦੀ ਬਾਰ ਵਿੱਚ ਆਪਣਾ ਟਿਕਾਣਾ ਬਣਾਇਆ ਹੋਇਆ ਸੀ। ਨਿੱਤ ਸਤਸੰਗਿ ਹੁੰਦੇ, ਕਈ ਹਮ-ਖ਼ਿਆਲ ਬਣੇ ਤੇ ਗੁਰੂ ਨਾਨਕ ਇਨ੍ਹਾਂ ਦੀਆਂ ਪਦਾਰਥਕ ਲੋੜਾਂ ਵੀ ਪੂਰੀਆਂ ਕਰ ਦਿਆ ਕਰਦੇ ਸਨ। ਪਰਿਵਾਰ ਤੇ ਲੋਕਾਂ ਨੇ ਸਮਝਿਆ, ਕਾਲੂ ਜੀ ਦਾ 22 ਵਰ੍ਹਿਆਂ ਦਾ ਜਵਾਨ ਫਰਜ਼ੰਦ ਕੰਮ-ਧੰਧਾ ਕੋਈ ਨਹੀਂ ਕਰਦਾ, ਘਰ ਉਜਾੜ ਰਿਹਾ ਹੈ। ਰਮਤੇ ਸਾਧੂਆਂ ਪਾਸੋਂ ਜਰਵਾਣੇ ਹਾਕਮਾਂ ਤੇ ਹਮਲਾਵਰਾਂ ਵੱਲੋਂ ਗਰੀਬ ਜਨ-ਸਾਧਾਰਣ ’ਤੇ ਢਾਹੇ ਜਾ ਰਹੇ ਅਤਿਆਚਾਰਾਂ ਦੀਆਂ ਖ਼ਬਰਾਂ, ਗੁਰੂ ਜੀ ਨੂੰ ਹੋਰ ਗੰਭੀਰਤਾ ਤੇ ਉਦਾਸੀਨਤਾ ਦੇ ਆਲਮ ਵਿੱਚ ਲੈ ਜਾਂਦੀਆਂ, ਉਹ ਘੰਟਿਆਂ ਬੱਧੀ ਅੰਤਰਧਿਆਨ ਹੋ ਜਾਂਦੇ। ਕਈ-ਕਈ ਦਿਨ ਕਿਸੇ ਨਾਲ ਨਾ ਬੋਲਦੇ। ਪਿਤਾ ਕਾਲੂ ਜੀ ਨੇ ਹਕੀਮ ਸੱਦਿਆ, ਵੈਦ ਬੁਲਾਇਆ, ਪਰ ਖੁਦਾਈ-ਬੰਦਗੀ ਅਤੇ ਸਮੁੱਚੀ ਮਖ਼ਲੂਕਾਤ (ਜਨਤਾ) ਦੇ ਦੁੱਖ-ਦਰਦਾਂ ਦੇ ਅਹਿਸਾਸ ਦੀ ਪਛਾਣ ਤਾਂ ਕੇਵਲ ਜਾਗ੍ਰਿਤ ਰੌਸ਼ਨ-ਰੂਹਾਂ ਨੂੰ ਹੀ ਹੋ ਸਕਦੀ ਹੈ। ਉਕਤ ਘਟਨਾ ਦਾ ਸੰਕੇਤ ਗੁਰੂ ਗ੍ਰੰਥ ਸਾਹਿਬ ਵਿੱਚ ਉਪਲਬਧ ਹੈ, ‘‘ਵੈਦੁ ਬੁਲਾਇਆ ਵੈਦਗੀ, ਪਕੜਿ ਢੰਢੋਲੇ ਬਾਂਹ ॥  ਭੋਲਾ ਵੈਦੁ ਨ ਜਾਣਈ, ਕਰਕ ਕਲੇਜੇ ਮਾਹਿ ॥’’ (ਮ: ੧, ਪੰਨਾ ੧੨੭੯)

ਭਾਈ ਜੈ ਰਾਮ ਜੀ ਦੀ ਸਿਫ਼ਾਰਿਸ਼ ਦੁਆਰਾ, ਨਵਾਬ ਦੌਲਤ ਖ਼ਾਂ ਦੇ ਮੋਦੀਖ਼ਾਨੇ ਦੀ ਲਗਭਗ ਤਿੰਨ ਵਰ੍ਹੇ ਸਰਕਾਰੀ ਨੌਕਰੀ ਕਰਦਿਆਂ ਵੀ ਆਪ ਜੀ ਦਾ ਵਧੇਰਾ ਸਮਾਂ ‘ਸੁਣਨ ਮੰਨਨ’ ਵਿੱਚ ਗੁਜ਼ਰਦਾ, ਸੰਤਾਂ ਫਕੀਰਾਂ ਦੀ ਸੰਗਤ ਤੇ ਸਰਕਾਰੀ ਕਰਿੰਦਿਆਂ ਤੋਂ ਉਨ੍ਹਾਂ ਨੂੰ ਸਮਾਜਿਕ-ਬੁਰਿਆਈਆਂ ਅਤੇ ਰਾਜਨੀਤਕ-ਪ੍ਰਬੰਧਕੀ ਤਾਣੇ-ਬਾਣੇ ਬਾਰੇ ਜਾਣਕਾਰੀਆਂ ਮਿਲਦੀਆਂ ਰਹਿੰਦੀਆਂ ਸਨ। ਵੇਈਂ ਨਦੀ (ਜਿਸ ਨੂੰ ਪ੍ਰਦੂਸ਼ਣ ਮੁਕਤ ਕਰਨ, ਮੁੱਢਲੀ ਸਾਫ਼ ਸਫ਼ਾਈ ਤੇ ਪ੍ਰਕਿਰਤਕ ਸੁੰਦਰਤਾ ਦੀ ਬਹਾਲੀ ਦੇ ਕਾਰਜ ਬਾਬਾ ਬਲਬੀਰ ਸਿੰਘ ਜੀ ਸੀਚੇਵਾਲ, ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੁਆਰਾ ਕਰਵਾ ਰਹੇ ਹਨ ਅਤੇ ਇਨ੍ਹਾਂ ਕਾਰਜਾਂ ਦੀ ਪ੍ਰਸ਼ੰਸਾ ਭਾਰਤ ਦੇ ਰਾਸ਼ਟਰਪਤੀ ਸ੍ਰੀ ਅਬਦੁਲ ਕਲਾਮ ਹੁਰਾਂ ਵੱਲੋਂ ਵੀ ਕੀਤੀ ਗਈ) ਵਿਚਲੇ ਮਹਾਂ ਇਸ਼ਨਾਨ ਮਗਰੋਂ ਗੁਰੂ ਜੀ ਆਪਣੇ ਨਿੱਜੀ ਤੇ ਪਰਿਵਾਰਿਕ ਸੁਖ-ਅਰਾਮ ਵਾਲੇ ਮਾਇਆ-ਮੋਹ ਨੂੰ ਤਿਆਗ ਕੇ ਜਨ-ਕਲਿਆਣ ਹਿਤ ਸਹਿਯੋਗੀਆਂ-ਪਰਉਪਕਾਰੀ ਗੁਰਮੁਖਾਂ ਦੀ ਢੂੰਢ ਅਤੇ ਮਾਨਵ-ਧਰਮ ਨੂੰ ਸੰਗਠਨਾਤਮਕ ਰੂਪ ਦੇਣ ਲਈ ਦੇਸ-ਦੇਸਾਂਤਰਾਂ ਦੀ ਯਾਤਰਾ ’ਤੇ ਨਿਕਲ ਪਏ। ਉਨ੍ਹਾਂ ਨੇ ਪ੍ਰਸਿੱਧ ਹਿੰਦੂ-ਮੁਸਲਮਾਣੀ ਧਰਮ-ਅਸਥਾਨਾਂ ’ਤੇ ਜਾ ਕੇ ਬੇਬਾਕ, ਬੇਲਾਗ, ਸੁਲਹ ਕੁਲ, ਸੁਹਿਰਦ, ਸਮਭਾਵੀ, ਸਹਜ, ਸਚ ਹੱਕ ਨਿਆਂ ਭਰਪੂਰ ਇੱਕ-ਈਸ਼ਵਰਵਾਦ, ‘‘ਏਕ ਮਹਿ ਸਰਬ, ਸਰਬ ਮਹਿ ਏਕਾ; ਏਹ ਸਤਿਗੁਰਿ ਦੇਖਿ ਦਿਖਾਈ ॥’’ (ਮ: ੧, ਪੰਨਾ ੯੦੭), ਦੀ ਸਰਵ-ਸਾਂਝੀ ਸਮਾਜਿਕ-ਚੇਤਨਾ ਨੂੰ ਰੌਸ਼ਨ ਕੀਤਾ ਹੈ।

ਉਦਾਸੀਆਂ ਦੌਰਾਨ ਪੂਰੇ ਭਾਰਤ ਵਰਸ਼, ਪੂਰਬੀ ਅਤੇ ਸਾਮੀ ਦੇਸ਼ਾਂ ਵਿੱਚ ਵਿਚਰਦਿਆਂ ਪ੍ਰਮੁੱਖ ਤੀਰਥ-ਅਸਥਾਨਾਂ, ਮੱਠਾਂ-ਡੇਰਿਆਂ ਉੱਤੇ ਵੱਖ-ਵੱਖ ਮੱਤ-ਮੱਤਾਂਤਰਾਂ ਨਾਲ ਸਬੰਧਿਤ ਸਿਧਾਂ, ਸਰੇਵੜਿਆਂ, ਜੋਗੀਆਂ-ਜੰਗਮਾਂ, ਪੀਰਾਂ, ਫ਼ਕੀਰਾਂ, ਪੰਡਿਤਾਂ, ਪੁਜਾਰੀਆਂ, ਅਉਲੀਏ (ਧਾਰਮਿਕ ਆਗੂ)-ਮੌਲਾਣਿਆਂ ਨਾਲ ਸਿਧਾਂਤਕ ਤੇ ਵਿਵਹਾਰਿਕ ਵਿਚਾਰ-ਵਟਾਂਦਰੇ ਹੋਏ, ਗੋਸ਼ਟੀਆਂ ਤੇ ਸ਼ਾਸਤ੍ਰਾਥ ਹੋਏ। ਭਾਰਤ ਵਰਸ਼ ਦੀ ਬਹੁ-ਗਿਣਤੀ ਵਸੋਂ ਦਾ ਧਰਮ ‘ਹਿੰਦੂ’ ਅਤੇ ਰਾਜ-ਸ਼ਾਹੀ ਦਾ ਧਰਮ ‘ਇਸਲਾਮ’ ਸੀ। ਗੁਰੂ ਨਾਨਕ ਦੇਵ ਜੀ, ਨੇ ਸਮੇਂ ਦੇ ਪ੍ਰਮੁੱਖ ਦਾਰਸ਼ਨਿਕ ਚਿੰਤਕ ਦੇ ਰੂਪ ਵਿੱਚ ਦੋਵਾਂ ਵੱਡੇ ਧਰਮਾਂ ਦੇ ਮੂਲ-ਤੱਤਾਂ ਨੂੰ ਨਿਤਾਰ ਕੇ, ਲੋਕਾਂ-ਸਨਮੁਖ ਪੇਸ਼ ਕੀਤਾ। ਧਾਰਮਿਕ ਤੇ ਸਮਾਜਿਕ ਆਚਰਣ ਦੀਆਂ ਕਦਰਾਂ-ਕੀਮਤਾਂ ਦਾ ਵਿਸ਼ਲੇਸ਼ਣਾਤਮਕ ਮੁਲੰਕਣ ਹੋਇਆ ਅਤੇ ਮਨੁੱਖੀ ਜੀਵਨ-ਜੁਗਤ ਲਈ ਲੋੜੀਂਦੀਆਂ ਉੱਚੀਆਂ-ਸੁੱਚੀਆਂ ਤੇ ਸਹੀ ਸੇਧਾਂ ਸਿਖਿਆਵਾਂ ਦਾ ਸਪਸ਼ਟ ਨਿਰਧਾਰਣ ਕੀਤਾ ਗਿਆ। ਉਕਤ ਜੀਵਨ ਮੂਲਕ ਸਿੱਖਿਆਵਾਂ, ਸੰਦੇਸ਼ਾਂ ਤੇ ਉਪਦੇਸ਼ਾਂ ਦਾ ਵਿਸਤ੍ਰਿਤ ਵਰਣਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ ਅਤੇ ਨਾਲ ਹੀ ਦੂਸਰੇ ਵਰਗਾਂ, ਵਰਣਾਂ, ਦੇਸ਼ਾਂ, ਪ੍ਰਦੇਸ਼ਾਂ ਨਾਲ ਸੰਬੰਧਿਤ ਹਮ-ਖ਼ਿਆਲ ਧਰਮੀਆਂ ਦੀਆਂ ਰਚਨਾਵਾਂ ਵੀ ਦਰਜ ਕੀਤੀਆਂ ਗਈਆਂ ਹਨ। ਸਿਖਿਆਵਾਂ ਦਾ ਅਜਿਹਾ ਸੰਕਲਨ (ਸੰਗ੍ਰਹਿ) ਆਪਣੇ ਆਪ ਵਿੱਚ ਹੀ ਧਾਰਮਿਕ, ਸਾਂਸਕ੍ਰਿਤਕ ਤੇ ਸਭਿਆਚਾਰਿਕ ਸਹਿਤ-ਰਚਨਾ ਦੇ ਇਤਿਹਾਸ ਵਿੱਚ ਬਿਲਕੁਲ ਨਵਾਂ-ਨਵੇਕਲਾ, ਅਤਿ-ਆਧੁਨਿਕ, ਭਵਿੱਖ ਮੁਖੀ ਤੇ ਕ੍ਰਾਂਤੀਕਾਰੀ ਕ੍ਰਿਸ਼ਮਾ ਹੋ ਨਿਬੜਦਾ ਹੈ।

‘‘ਪਰਥਾਇ ਸਾਖੀ ਮਹਾ ਪੁਰਖ ਬੋਲਦੇ; ਸਾਝੀ ਸਗਲ ਜਹਾਨੈ ॥’’ (ਮ: ੩, ਪੰਨਾ ੬੪੭) ਅਨੁਸਾਰ ਗੁਰਬਾਣੀ, ਬਾਣੀਕਾਰਾਂ ਵੱਲੋਂ ਵਿਭਿੰਨ ਵਿਸ਼ੇਸ਼-ਵਿਅਕਤੀਆਂ ਪ੍ਰਤੀ ਉਚਾਰੀਆਂ ਸ਼ੁਭ-ਸਿਖਿਆਵਾਂ ਹਨ ਜੋ ਵਿਵਹਾਰਿਕ ਰੂਪ ਵਿੱਚ ਸਾਰੀ ਮਨੁੱਖਾ ਜਾਤੀ ਲਈ ਸਾਂਝੀ ਕੀਮਤ-ਮੀਮਾਂਸਾ ਸਿਰਜਦੀਆਂ ਹਨ। ਗੁਰੂ ਨਾਨਕ ਦੇਵ ਜੀ ਦਾ ਜੀਵਨ ਅਤੇ ਉਨ੍ਹਾਂ ਵੱਲੋਂ ਰਚੀ ਸਮੁੱਚੀ ਗੁਰਬਾਣੀ (ਸਿਖਿਆਵਾਂ) ਦੀ ਆਪਸੀ ਅਭੇਦਤਾ ਹੈ, ਦੋਵਾਂ ਨੂੰ ਅੱਡ-ਅੱਡ ਵੇਖਣਾ-ਵਿਚਾਰਨਾ ਵੱਡੀ ਭੁੱਲ ਹੋਵੇਗੀ ਕਿਉਂਕਿ ਕਿਸੇ ਵੀ ਸਮੇਂ, ਸਥਾਨ ਜਾਂ ਪ੍ਰਥਾਇ ਰਚੀ ਨਾਨਕ-ਬਾਣੀ ਉਨ੍ਹਾਂ ਦੀ ਰਹੱਸਮਈ-ਪ੍ਰਤਿਭਾ ਤੇ ਅਨੁਭਵ-ਪ੍ਰਕਾਸ਼ ਦੀ ਅਭਿਵਿਅੰਜਨਾ ਹੀ ਤਾਂ ਹੈ। ਇਸ ਤਰ੍ਹਾਂ ਅਸਲੀਅਤ ਵਿੱਚ ਪੂਰੀ ਗੁਰਬਾਣੀ ਹੀ ਉਪਦੇਸ਼ਾਤਮਕ ਹੈ ਜਿਸ ਦਾ ਘੇਰਾ ਤੇ ਪਾਸਾਰ ਬਹੁ-ਦਿਸ਼ਾਵੀ ਤੇ ਬਹੁ ਪਰਤੀ ਹੈ। ਇੱਥੇ ਕੇਵਲ ਕੁਝ ਇੱਕ ਉਘੜਵੇਂ ਸੂਤਰਾਂ ਨੂੰ ਹੀ ਸੂਚੀ ਬੱਧ ਕਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ:-

  1. ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥ (ਜਪੁ), ਮਤੁ ਕੋ ਜਾਣੈ; ਜਾਇ ਅਗੈ, ਪਾਇਸੀ ॥ ਜੇਹੇ ਕਰਮ ਕਮਾਇ; ਤੇਹਾ ਹੋਇਸੀ ॥ (ਮ: ੧/੭੩੦), ਆਦਿ ਫੁਰਮਾਉਂਦਿਆਂ ਗੁਰੂ ਨਾਨਕ ਦੇਵ ਜੀ ਨੇ ਕਰਮਾਚਾਰ ਦੀ ਉੱਚਤਾ-ਸੁੱਚਤਾ ’ਤੇ ਬਹੁਤ ਬਲ ਦਿੱਤਾ ਹੈ।
  2. ਹੁਕਮਿ ਰਜਾਈ ਚਲਣਾ..॥, ਨਾਨਕ ! ਹੁਕਮੈ ਜੇ ਬੁਝੈ; ਤ ਹਉਮੈ ਕਹੈ ਨ ਕੋਇ॥, ਆਦਿ ਰਾਹੀਂ ਸਭ ਤਰ੍ਹਾਂ ਦੀ ਹਉੁਂ-ਹਉਂ ਮੈਂ-ਮੈਂ ਦੇ ਤਿਆਗ ਦੀ ਸਿੱਖਿਆ ਦਿੱਤੀ ਗਈ ਹੈ।
  3. ਨਦਰੀ ਮੋਖ ਦੁਆਰੁ॥, ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ; ਚਹੁ ਦਿਸਿ ਨਾਮ ਪਤਾਲੰ ॥ ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ; ਕਰਮਿ ਮਿਲੈ ਬੈਆਲੰ ॥ (ਮ: ੧/੧੨੭੫), ਆਦਿ ਆਖਦਿਆਂ ਪ੍ਰਭੂ ਦੇ ਨਾਮੁ-ਹੁਕਮੁ-ਸਬਦੁ ਦੀ ਸਰਵ ਭਰਪੂਰਤਾ ਦ੍ਰਿਸ਼ਟਾਉਂਦਿਆਂ ਵਾਹਿਗੁਰੂ ਦੇ ‘ਕਰਮਿ’ ਜਾਂ ਮਿਹਰਾਮਤਿ ਦੀ ਮਹੱਤਵ ਸਥਾਪਨਾ ਸਰਵ ਉੱਚ ਦੱਸੀ ਗਈ ਹੈ।
  4. ਆਪਿ ਬੀਜਿ, ਆਪੇ ਹੀ ਖਾਇ ॥ (ਮ: ੧/੨੫), ਚੰਗਿਆਈਆ ਬੁਰਿਆਈਆ; ਵਾਚੈ ਧਰਮੁ ਹਦੂਰਿ ॥ (ਜਪੁ/ਮ: ੧/੮), ਜਿਤੁ ਕੀਤਾ ਪਾਈਐ ਆਪਣਾ; ਸਾ ਘਾਲ ਬੁਰੀ ਕਿਉ ਘਾਲੀਐ ?॥ (ਮ: ੧/੪੭੪), ਆਦਿ ਵਚਨਾਂ ਅਨੁਸਾਰ ਅਨਾਚਾਰ, ਦੁਰਾਚਾਰ ਤੇ ਅਤਿਆਚਾਰ ਵਿੱਚ ਭਾਗੀਦਾਰ ਹੋਣ ਤੋਂ ਪੱਕੀ ਤਰ੍ਹਾਂ ਮਨ੍ਹਾ ਕੀਤਾ ਗਿਆ ਹੈ।
  5. ਵਿਣੁ ਗੁਣ ਕੀਤੇ; ਭਗਤਿ ਨ ਹੋਇ ॥ (ਜਪੁ/ਮ: ੧/੪) ਦਾ ਨਿਰਣਾ ਮਨੁੱਖ ਨੂੰ ਈਸ਼ਵਰੀ ਸਦਗੁਣਾਂ ਨੂੰ ਗ੍ਰਹਿਣ ਕਰਨ ਹਿੱਤ ਸਿੱਖਿਆ ਹੈ। ‘ਨਾਮ’ ਈਸ਼ਵਰੀ ਗੁਣਾਂ ਦਾ ਸਮੁੱਚ ਹੈ ਅਤੇ ਗੁਰੂ ਨਾਨਕ ਦੇਵ ਜੀ ਪ੍ਰਭਾਤੀ ਰਾਗ ਵਿਚਲੇ ਸ਼ਬਦ ‘‘ਕਰਤਾ ! ਤੂ ਮੇਰਾ ਜਜਮਾਨੁ ॥ ਇਕ ਦਖਿਣਾ, ਹਉ ਤੈ ਪਹਿ ਮਾਗਉ; ਦੇਹਿ ਆਪਣਾ ਨਾਮੁ ॥੧॥ ਰਹਾਉ ॥’’ (ਮ: ੧, ਪੰਨਾ ੧੩੨੯) ਰਾਹੀਂ ‘ਜਤੁ, ਸਤੁ, ਦਇਆ, ਸੁਕ੍ਰਿਤ, ਸੰਤੋਖ, ਖਿਮਾ ਤੇ ਧੀਰਜ’ ਆਦਿ ਗੁਣ ਅਪਨਾਉਣ ਅਤੇ ‘ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ’ ਨੂੰ ਨਿਯੰਤਰਣ ਹੇਠ ਕਾਬੂ ਰੱਖਣਾ ਲੋਚਦੇ ਹਨ। ਬਾਣੀ ਵਿੱਚ ਹੋਰ ਅਨੇਕ ਥਾਈਂ ‘ਸੇਵਾ, ਸਿਮਰਨ, ਸਚਾਈ, ਸਬਰ, ਸਾਹਸ, ਸੰਜਮ, ਸਤਿਸੰਗਤ, ਸਮਾਨਤਾ, ਪ੍ਰੇਮ, ਭਾਉ, ਵਿਵੇਕ, ਨਿਆਂ ਤੇ ਨਿਮਰਤਾ’ ਆਦਿਕ ਗੁਣ ਗ੍ਰਹਿਣ ਕਰਨ ਹਿਤ ਸਿੱਖਿਆ ਦਿੱਤੀ ਗਈ ਹੈ-‘ਗੁਣ ਕਹਿ ਗੁਣੀ ਸਮਾਵਣਿਆ’ ਕਿਉਂਕਿ ਅਵਗੁਣ, ਗੁਣਾਂ ਦੀ ਵਿਪਰੀਪਤਾ ਹੈ, ਉਨ੍ਹਾਂ ਦੀ ਚਰਚਾ ਵੀ ਇੱਥੇ ਕਰਨੀ ਉਚਿਤ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ‘ਝੂਠ, ਨਿੰਦਾ, ਚੋਰੀ, ਯਾਰੀ, ਈਰਖਾ, ਕਪਟ, ਹਿੰਸਾ, ਰਿਸ਼ਵਤ ਲੈਣਾ, ਪਰਾਇਆ ਹੱਕ ਮਾਰਨਾ, ਧੋਖਾਧੜੀ, ਧੱਕਾ ਕਰਨਾ, ਅਸਮਾਨਤਾ ਤੇ ਅੱਨਿਆਂ ਪੂਰਨ ਵਿਵਹਾਰ’ ਵਿਰੁੱਧ ਸਖ਼ਤ ਚੇਤਾਵਨੀਆਂ ਦਿੱਤੀਆਂ ਗਈਆਂ ਹਨ- ਅਵਗੁਣਾਂ ਦੇ ਤਿਆਗ ਬਿਨਾਂ, ਪ੍ਰਭੂ-ਭਗਤੀ ਨਿਰਾ ਪਾਖੰਡ ਹੋ ਨਿਬੜਦਾ ਹੈ।
  6. ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ ॥ (ਮ: ੧/੪੬੯), ਸਭ ਮਹਿ ਜੋਤਿ; ਜੋਤਿ ਹੈ ਸੋਇ ॥ (ਮ: ੧/੧੩), ਅਗੈ ਜਾਤਿ ਨ ਜੋਰੁ ਹੈ; ਅਗੈ, ਜੀਉ ਨਵੇ ॥’’ (ਮ: ੧/੪੬੯) ਆਦਿਕ ਫ਼ੁਰਮਾਨਾਂ ਰਾਹੀਂ ਸਾਰੇ ਮਨੁੱਖਾਂ ਨੂੰ ਇੱਕੋ ਪਰਮਾਤਮਾ ਦੇ ਹੀ ਅੰਸ਼ ਦੱਸਦਿਆਂ, ਬਰਾਬਰਤਾ, ਸਮਾਨਤਾ ਤੇ ਭਾਈਚਾਰਕ ਸਾਂਝ ਦੀ ਸਿੱਖਿਆ ਦਿੱਤੀ ਗਈ ਹੈ। ਜਾਤ-ਪਾਤ, ਕੁਲ-ਨਸਲ, ਧਰਮ, ਪੇਸ਼ੇ, ਆਰਥਿਕ, ਸਮਾਜਿਕ ਜਾਂ ਰਾਜਨੀਤਿਕ ਵਖਰੇਵਿਆਂ ਦੇ ਬਾਵਜੂਦ ਸਤਿਗੁਰਾਂ ਵੱਲੋਂ ‘ਸਦਭਾਵਨਾ, ਸਹਿਚਾਰ, ਸੁਹਿਰਦਤਾ ਤੇ ਸੁਖਾਵੀਂ ਸਮਾਜਿਕ ਸਹਿਹੋਂਦ’ ਸਿਰਜਣ ਵੱਲ ਪ੍ਰੇਰਿਤ ਕੀਤਾ ਗਿਆ ਹੈ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ ॥੧॥ ਰਹਾਉ ॥’’ (ਮ: ੧/੩੪੯)
  7. ਗੁਰੂ ਸਾਹਿਬ ਨੇ ਸਾਹਾ ਕਢਾਉਣ, ਕਿਸੇ ਵਿਸ਼ੇਸ਼ ਦਿਨ ਨੂੰ ਚੰਗਾ ਮਹੂਰਤ ਜਾਣਨ ਅਤੇ ਹੋਰ ਬਹੁ-ਪ੍ਰਕਾਰੀ ਭਰਮਾਂ-ਵਹਿਮਾਂ ਵਿਰੁਧ ਨਿਖੱਰਵੀਆਂ ਨਸੀਹਤਾਂ ਦਿੱਤੀਆਂ ਹਨ: ‘‘ਸਾਹਾ ਗਣਹਿ; ਨ ਕਰਹਿ ਬੀਚਾਰੁ !!॥’’ (ਮ: ੧/੯੦੪)
  8. ਧਾਰਮਿਕ ਦਿੱਸਦੇ ਵੇਸਾਂ-ਭੇਸਾਂ ਨੂੰ ਧਾਰਨ ਕਰ ਕੇ ‘ਗੁਰ ਪੀਰ’ ਸਦਾਉਣ ਵਾਲੇ ਮੰਗਤਿਆਂ ਨੂੰ ਮੂੰਹ ਨਾ ਲਾਉਣ ਅਤੇ ਦਸਾਂ-ਨਹੁੰਆਂ ਦੀ ਕਿਰਤ ਵਿਰਤ ਕਰਦਿਆਂ ਅਕਲਮੰਦ ਰਹਿ ਕੇ ਲੋੜਵੰਦਾਂ ਦੀ ਸਹਾਇਤਾ ਕਰਨ ਹਿਤ ਸਮਾਜ ਕਲਿਆਣਕਾਰੀ ਮਾਰਗ-ਦਰਸ਼ਨ ਕੀਤਾ ਹੈ, ‘‘ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ; ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥  ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧, ਪੰਨਾ ੧੨੪੫)
  9. ਆਸਾ ਦੀ ਵਾਰ ਵਿਚਲੇ ਇੱਕ ਸਲੋਕ ਰਾਹੀਂ ਇਸਤ੍ਰੀ ਵਰਗ ਦੀਆਂ ਵਡਿਆਈਆਂ ਦਰਸਾ ਕੇ ਗੁਣਵੰਤੀ-ਇਸਤ੍ਰੀਆਂ ਦਾ ਪੂਰਾ ਆਦਰ ਸਤਿਕਾਰ ਕਰਨ ਅਤੇ ਸਮਾਜ ਵਿੱਚ ਅਧਿਕਾਰ ਯੁਕਤ, ਸਥਾਨ ਨੀਯਤ ਕਰਨ ਹਿਤ ਸਿੱਖਿਆ ਦਾ ਪ੍ਰਤਿਪਾਦਨ ਹੈ, ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥ (ਮ: ੧, ਪੰਨਾ ੪੭੩), ਸਮੇਂ ਨਾਲ ਬਦਲਦੀ ਸਥਿਤੀ ਦੇ ਪੱਖੋਂ ਬਿਹਾਗੜੇ ਕੀ ਵਾਰ ਵਿਚਲਾ ਗੁਰੂ ਨਾਨਕ ਦੇਵ ਜੀ ਦਾ ‘‘ਕਲੀ ਅੰਦਰਿ ਨਾਨਕਾ! ਜਿੰਨਾਂ ਦਾ ਅਉਤਾਰੁ ॥  ਪੁਤੁ ਜਿਨੂਰਾ ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ॥’’ (ਮ: ੧, ਪੰਨਾ ੫੫੬) ਧਿਆਨ ਗੋਚਰੇ ਰੱਖਿਆ ਜਾਣਾ ਚਾਹੀਦਾ ਹੈ।
  10. ਜਗਨ ਨਾਥ ਪੁਰੀ ਦੇ ਪ੍ਰਤਿਸ਼ਠਿਤ ਮੰਦਿਰ ’ਚ ਮੂਰਤੀ-ਪੂਜਣ ਸਮੇਂ ਥਾਲੀ ਵਿੱਚ ਦੀਵੇ ਬਾਲ ਕੇ ਅਤੇ ਹੋਰ ਫਲ਼-ਫੁੱਲ ਤੇ ਸੁਗੰਧੀਆਂ ਆਦਿਕ ਕਈ ਪ੍ਰਕਾਰ ਦੀ ਸਮੱਗਰੀ ਰੱਖ ਕੇ ਆਰਤੀ ਕੀਤੇ ਜਾਣ ਨੂੰ ਗੁਰੂ ਨਾਨਕ ਦੇਵ ਜੀ ਨੇ ਇਸ ਸਿੱਖਿਆ ਨਾਲ ਨਿਰਾਰਥਕ ਆਖਿਆ ਕਿ ਜਗਤ ਦੇ ਮਾਲਕ ਪ੍ਰਭੂ-ਪ੍ਰਮਾਤਮਾ ਦੀ ਆਰਤੀ ਤਾਂ ਸੰਪੂਰਨ-ਪ੍ਰਕ੍ਰਿਤੀ ਹਰ ਵੇਲੇ ਕਰ ਰਹੀ ਹੈ। ਅਨੰਤ ਅਕਾਸ਼ ਰੂਪੀ ਥਾਲ ਵਿੱਚ ਸੂਰਜ, ਚੰਦ੍ਰਮਾ, ਦੀਵੇ ਹਨ ਅਤੇ ਝਿਲਮਿਲਾਂਦੇ ਤਾਰਿਆਂ ਦੇ ਝੂੰਡ, ਮਾਨੋ ਕੀਮਤੀ ਮੋਤੀ ਰੱਖੇ ਹੋਣ, ਮਲਯ ਪਰਬਤ ਵੱਲੋਂ ਆਉਂਦੀ ਚੰਦਨ ਸੁਗੰਧੀ-ਯੁਕਤ ਪਵਨ ਧੂਪ-ਅਗਰਬਤੀ, ਹਵਾਵਾਂ ਦੇ ਝੋਕੇ ਚਵਰ ਅਤੇ ਸਾਰੀ ਬਨਸਪਤੀ ਫੁੱਲ-ਪੱਤੀਆਂ ਦੇ ਅੰਗ-ਸੰਗ ਸਮੁੱਚੀ ਸ੍ਰਿਸ਼ਟੀ ਦੀ ਅਨਹਤ ਜੀਵਨ-ਰੌਂ ਜਿਵੇਂ ਢੌਲਕੀਆਂ ਛੈਣੇ ਤੇ ਨਗਾਰਿਆਂ ਸਹਿਤ ‘ਭਵਖੰਡਨਾਂ’ ਦੀ ਨਿਰੰਤਰ ਬ੍ਰਹਮੰਡੀ-ਆਰਤੀ ਕਰ ਰਹੇ ਹੋਵਣ ਦੀ ਅਤਿ ਸੁੰਦਰ ਬਿੰਬਾਵਲੀ ਸਿਰਜਦਿਆਂ, ਭਗਤ-ਜਨਾਂ ਦੀ ਚੇਤਨਾ ਨੂੰ ਉੱਚਤਮ ਮੰਡਲਾਂ ਨੂੰ ਪਹੁੰਚਦੀ ਸੁਹਜਾਤਮਕ-ਯਾਤਰਾ ’ਤੇ ਤੁਰਨਾ, ਸਿਖਾਉਂਦੇ ਹਨ। ਸਭ ਜੀਵਾਂ ਵਿੱਚ ‘ਜੋਤਿ-ਸਰੂਪ’ ਹੋ ਕੇ ਵਿਦਮਾਨ ਪਰਮੇਸਰੁ, ਸਮੱਸਤ ਮੂਰਤਾਂ, ਸੂਰਤਾਂ, ਅੱਖਾਂ, ਕੰਨਾਂ, ਨੱਕਾਂ, ਹੱਥਾਂ-ਪੈਰਾਂ ਨਾਲ ਅਸਚਰਜ ਖੇਡਾਂ ਖੇਡ ਰਿਹਾ ਹੈ, ਪਰ ਨਿਰਾਕਾਰ ਹੋਣ ਪੱਖੋਂ ਉਸ ਦਾ ਕੋਈ ਵੀ ਵਿਸ਼ੇਸ਼ ਜਾਂ ਵਿਅਕਤੀਗਤ ਰੂਪ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਪ੍ਰਭੂ ਤਾਂ ਨਿਰਾਕਾਰ, ਨਿਰਗੁਣ, ਨਿਰੰਕਾਰ ਹੈ!, ਹੈਰਾਨਗੀ ਦਾ ਆਲਮ ਹੈ, ਵਿਸਮਾਦ ਹੀ ਵਿਸਮਾਦ! ਵਾਹ! ‘‘ਤੇਰੇ ਮੁੰਧ ਕਟਾਰੇ ਜੇਵਡਾ, ਤਿਨਿ ਲੋਭੀ ਲੋਭ ਲੁਭਾਇਆ ॥’’ (ਮ: ੧/੫੫੭), ਉਚਾਰਦਿਆਂ, ਗੁਰੂ ਸਾਹਿਬ ਨੇ ਕੁਝ ਚੀਜ਼ਾਂ ਨੂੰ ਸੁਭਾਵਕ ਤੌਰ ’ਤੇ ਸੁੰਦਰ ਮੰਨਿਆ ਹੈ: ‘ਤਿਰਛੇ ਨੈਨ, ਸੰਧੂਰ ਸਜਾਈਆਂ ਪਟੀਆਂ, ਸਲੋਨੜੀਆਂ ਅੱਖਾਂ, ਚੇਤ ਦਾ ਮਹੀਨਾ ਤੇ ਬਸੰਤ ਦਾ ਮੌਸਮ’ ਆਦਿਕ। ਬਾਰ੍ਹਾਂ ਮਾਹ ਤੁਖਾਰੀ ਦੇ ਸਤਾਰ੍ਹਾਂ ਪਦਿਆਂ ਵਿੱਚੋਂ ਬਾਰ੍ਹਾਂ ਪਦੇ ਸਾਲ ਦੇ ਮਹੀਨਿਆਂ ਦੀ ਸੁੰਦਰਤਾ ਬਿਆਨ ਕਰਦੇ ਹਨ: ‘ਰੁੱਤਾਂ ਭੰਵਰੇ, ਕੋਇਲ, ਵਰਖਾ, ਬਿਜਲੀ, ਮੋਰ, ਪਪੀਹੇ, ਹਾਰ-ਸ਼ਿੰਗਾਰ’ ਰੋਮਾਂਚਕਾਰੀ ਵਾਤਾਵਰਣ ਸਿਰਜਦੇ ਹਨ ਤੇ ਪ੍ਰਕਿਰਤਕ ਸੁਹਜ, ਇਕਸੁਰਤਾ, ਇਕਾਗਰਤਾ ਨੂੰ ਮਾਣਨਾ, ਸੁਆਦ, ਰਸ, ਅਨੁਰਾਗ, ਵੈਰਾਗ, ਬਿਰਹਾ ਤੇ ਬਿਸਮਾਦ ਪੈਦਾ ਕਰਦਾ ਹੈ। ਗੁਰੂ ਨਾਨਕ ਦੇਵ ਜੀ ਬ੍ਰਹਿਮੰਡੀ ਭੌਤਿਕ-ਸੁਹਜ ਦੇ ਮਾਧਿਅਮ ਰਾਹੀਂ ਸਾਨੂੰ ਅਧਿਆਤਮਕ ਵਿਸਮਾਦੀ ਮੰਡਲ ਵਿੱਚ ਲੈ ਜਾਣਾ ਚਾਹੁੰਦੇ ਹਨ। ਜਿਹੜਾ ਜਿਗਿਆਸੂ ਸੁੰਦਰਤਾ ਨੂੰ ਪਛਾਣਨਾ ਸਿਖ ਲੈਂਦਾ ਹੈ, ਉਸ ਨੂੰ ਸਿਸ਼੍ਰਟੀ ਦੇ ਕੇਵਲ ਅਨੌਖੇ ਸੁੰਦਰ ਦ੍ਰਿਸ਼ ਹੀ ਨਹੀਂ ਬਲਕਿ ਹਰ ਵਸਤੂ, ਹਰ ਘਟਨਾ ਤੇ ਹਰ ਸਥਿਤੀ ਸੁੰਦਰਤਾ- ਭਰਪੂਰ ਸਹਜ-ਅਨੰਦਮਈ ਪ੍ਰਤੀਤ ਹੁੰਦੀ ਹੈ, ਸਾਰੀਆਂ ਵਸਤਾਂ ਇੱਕ ਸੂਤਰ ਵਿੱਚ ਪ੍ਰੋਈਆਂ ਨਜ਼ਰ ਆਉਂਦੀਆਂ ਹਨ, ਅਨੇਕਤਾ ਵਿੱਚ ਏਕਤਾ ਪ੍ਰਕ੍ਰਿਤਕ-ਸੁਹਜਤਾਮਕ ਵਿਸਮਾਦ ਉਪਜਾਉਂਦੀ ਹੈ ਤੇ ਯਾਤਰਾ ਚਲਦੀ ਰਹਿੰਦੀ ਹੈ ਆਪਣੀ ਮੰਜ਼ਿਲ ਤੇ ਆਨੰਦ ਵੱਲ, ਨੇੜੇ ਹੋਰ ਨੇੜੇ, ‘‘ਜਹ ਜਹ ਦੇਖਾ, ਤਹ ਜੋਤਿ ਤੁਮਾਰੀ; ਤੇਰਾ ਰੂਪੁ ਕਿਨੇਹਾ ! ॥ ਇਕਤੁ ਰੂਪਿ ਫਿਰਹਿ ਪਰਛੰਨਾ; ਕੋਇ ਨ ਕਿਸ ਹੀ ਜੇਹਾ ॥’’ (ਮ: ੧/੫੯੬)
  11. ਦੱਖਣੀ ਭਾਰਤ ’ਚ ਉਦਾਸੀਆਂ ਦੌਰਾਨ, ਵਿਦਵਾਨਾਂ ਦੇ ਮਤਭੇਦਾਂ ਨੂੰ ਦੇਖਦਿਆਂ, ਸਾਨੂੰ ਇਹ ਸਹੀ ਜਾਪਦਾ ਹੈ ਕਿ ‘ਓਅੰਕਾਰ ਬਾਣੀ’ ਨਰਮਦਾ-ਨਦੀ ਦੇ ਕੰਢੇ ਪਾਂਡਿਆਂ ਪ੍ਰਤੀ ਉਚਾਰੀ ਗਈ ਸੀ। ਵਿਦਿਅਕ ਪ੍ਰਣਾਲੀ ਦਾ ਉਦੇਸ਼ ਕੇਵਲ ਮਾਤਰ ਕਿੱਤਾ-ਮੁੱਖੀ ਜਾਂ ਜ਼ਿੰਦਗੀ ਵਿੱਚ ਸੁਆਰਥੀ ਤੇ ਅਹੰਕਾਰੀ ਬਿਰਤੀਆਂ ਤਹਿਤ ਧਨ-ਸੰਪਦਾ ਦੇ ਲਾਲਚ ਵੱਸ ਪਦਾਰਥਕ ਜਮ੍ਹਾਖ਼ੋਰੀ ਨਹੀਂ ਹੋਣਾ ਚਾਹੀਦਾ, ਇਹ ਤਾਂ ਮਨੁੱਖੀ ਮਾਨਸਿਕਤਾ ਦਾ ਨਿਘਾਰ ਹੈ। ਮਾਇਆਵੀ ਤ੍ਰਿਸ਼ਨਾਵਾਂ ਦੇ ਇਸ ਨਿਘਾਰ ਵਿੱਚੋਂ ਨਿਕਲਣ ਦਾ ਇੱਕੋ ਇੱਕ ਰਾਹ ਪ੍ਰਭੂ-ਸਿਮਰਨ ਹੈ, ਪ੍ਰੇਮਾ ਭਗਤੀ ਹੈ ਤੇ ਇਸ ਭਗਤੀ ਲਈ ਜੰਗਲ਼ਾਂ-ਪਹਾੜਾਂ ਤੇ ਬੀਆਬਾਨਾਂ ਦਾ ਭ੍ਰਮਣ ਨਹੀਂ ਕਰਨਾ ਪੈਂਦਾ, ਬਲਕਿ ਘਰ-ਗ੍ਰਹਿਸਤੀ ਦੀਆਂ ਸਹਜ ਸੁੱਖ-ਸੁਵਿਧਾਵਾਂ ਦੇ ਸੰਗਿ ਸਾਥ ਵਿੱਚ ਹੀ ‘‘ਸਮਝੈ ਸੂਝੈ ਪੜਿ ਪੜਿ ਬੂਝੈ; ਅੰਤਿ ਨਿਰੰਤਰਿ ਸਾਚਾ ॥ (ਮ: ੧/੯੩੦), ਮਨਿ ਤਨਿ ਮੁਖਿ ਜਾਪੈ ਸਦਾ; ਗੁਣ ਅੰਤਰਿ ਮਨਿ ਧੀਰ ॥’’ (ਮ: ੧/੯੩੭), ਮਾਰਗ ’ਤੇ ਚਲਦਿਆਂ ‘‘ਪਾਧਾ ਪੜਿਆ ਆਖੀਐ; ਬਿਦਿਆ ਬਿਚਰੈ ਸਹਜਿ ਸੁਭਾਇ ॥ ਬਿਦਿਆ ਸੋਧੈ ਤਤੁ ਲਹੈ; ਰਾਮ ਨਾਮ ਲਿਵ ਲਾਇ ॥’’ (ਮ: ੧/੯੩੮) ਅਵਸਥਾ ਵਾਲੇ ਜੀਵਨ-ਆਦਰਸ਼ ਨੂੰ ਅਪੜਨਾ ਹੈ। ਵਿਦਿਆ ਦਾ ਏਹੀ ਅਸਲ-ਉਦੇਸ਼ ਹੈ। ਪ੍ਰਭੂ-ਨਾਮ ਦੀ ਸੋਝੀ ਤੇ ਸਿਮਰਨ ਤੋਂ ਬਿਨਾਂ ਵਿਕਾਰ ਖਹਿੜਾ ਨਹੀਂ ਛੱਡਦੇ, ਇਸ ਕਰਕੇ ਸੰਸਾਰੀ-ਵਿਦਿਆਵਾਂ ਦੇ ਨਾਲ-ਨਾਲ ਪਰਮਾਰਥਕ ਉੱਨਤੀ ਦੇ ਟੀਚਿਆਂ ਵੱਲ ਵੱਧਣਾ ਅਤਿ ਜ਼ਰੂਰੀ ਹੈ ਤਾਂ ਹੀ ਜੀਵਨ ’ਚ ਅਸਲ ਸਫਲਤਾ ਤੇ ਸੁਖ-ਸ਼ਾਂਤੀ ਹਾਸਲ ਹੋਵੇਗੀ, ‘‘ਪਾਧਾ ਗੁਰਮੁਖਿ ਆਖੀਐ; ਚਾਟੜਿਆ ਮਤਿ ਦੇਇ ॥ ਨਾਮੁ ਸਮਾਲਹੁ ਨਾਮੁ ਸੰਗਰਹੁ; ਲਾਹਾ ਜਗ ਮਹਿ ਲੇਇ ॥  ਸਚੀ ਪਟੀ ਸਚੁ ਮਨਿ; ਪੜੀਐ ਸਬਦੁ ਸੁ ਸਾਰੁ ॥  ਨਾਨਕ!  ਸੋ ਪੜਿਆ ਸੋ ਪੰਡਿਤੁ ਬੀਨਾ; ਜਿਸੁ, ਰਾਮ ਨਾਮੁ ਗਲਿ ਹਾਰੁ ॥੫੪॥੧॥’’ (ਮ: ੧/੯੩੮)

ਓਅੰਕਾਰ ਬਾਣੀ ਦੀ ਪ੍ਰਸੰਗਤਾ, ਅਧਿਆਪਨ-ਖੇਤਰ ਨਾਲ ਸੰਬੰਧਿਤ ਵਿਅਕਤੀਆਂ ਲਈ ਮਾਇਕ ਅੰਧਕਾਰ ਰੂਪੀ ਭਵਸਾਗਰ ਵਿੱਚ ਚਾਨਣ-ਮੁਨਾਰੇ ਦੀ ਤਰ੍ਹਾਂ ਹੈ। ਅੱਜ ਵੀ ਵਿਦਿਆਰਥੀਆਂ ਅਤੇ ਅਧਿਆਤਮਕ-ਵਰਗ ਵਿਚਲਾ ਤਣਾਅ, ਟਕਰਾਅ, ਧਰਨੇ, ਸਾੜ-ਫੂਕ ਤੇ ਹਿੰਸਾਤਮਿਕ ਗਤੀਵਿਧੀਆਂ, ਗਲਤ ਵਿਦਿਅਕ-ਪ੍ਰਣਾਲੀ ਦੇ ਨਤੀਜਿਆਂ ਦੇ ਤੌਰ ’ਤੇ ਉਗਦੇ ਅਸੰਤੋਸ਼ ਦਾ ਫਲ਼ ਹਨ। ਜੇ ਵਿਦਿਅਕ ਪੜ੍ਹਾਈ ਦਾ ਫਲ਼ ਪਰਮ-ਤੱਤ ਦਾ ਗਿਆਨ, ਸਹਜ-ਸੰਤੋਖ, ਮਾਨਸਿਕ ਖਿੜਾਓ, ਵਿਕਾਸ ਤੇ ਵਿਗਾਸ ਦਾ ਹੁੱਲਾਸ ਅਤੇ ਆਨੰਦ ਦੀ ਅਨੁਭੂਤੀ ਵਿੱਚ ਪਰੀਵਰਤਿਤ ਨਹੀਂ ਹੋ ਰਿਹਾ ਤਾਂ ਨਿਸ਼ਚੈਪੂਰਵਕ ਅਸੀਂ ਸੁੱਖ-ਸ਼ਾਂਤੀ ਦੀ ਦਿਸ਼ਾ ਵੱਲ ਨਹੀਂ ਵੱਧ ਰਹੇ, ਬਲਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਨਰਕ ਵਿੱਚ ਸਥਾਈ-ਅਸੰਤੁਸ਼ਟਤਾ ਦੇ ਨਾਲ-ਨਾਲ ਮੁਜਰਮਾਨਾ-ਜ਼ਿੰਦਗੀ ਭੌਗਣ ਦੇ ਰਾਹੇ ਪਾ ਰਹੇ ਹੋਵਾਂਗੇ।

  1. (ੳ) ਮੁਸਲਮਾਨ ਆਵਾਮ ਨੂੰ, ਦੂਸਰਿਆਂ ਪਰ ਦਇਆ ਰੂਪੀ ਮਸੀਤ, ਸ਼ਰਧਾ-ਵਿਸ਼ਵਾਸ ਰੂਪੀ ਸਫ਼ (ਨਮਾਜ਼ ਪੜ੍ਹਨ ਵਾਲੀ ਚਟਾਈ) ਅਤੇ ਹੱਕ ਦੀ ਕਮਾਈ ਨੂੰ ਕੁਰਾਨ ਜਾਣਨ, ਬੁਰੇ ਕੰਮਾਂ ਤੋਂ ਸ਼ਰਮ ਨੂੰ ਸੁੰਨਤ, ਸ਼ੀਲ ਸੁਭਾ ਨੂੰ ਰੋਜ਼ਾ ਅਤੇ ਸਚਾਈ ਨੂੰ ਆਪਣਾ ਪੀਰ ਮੰਨਣ ਦੀ ਸਿੱਖਿਆ ਦਿੱਤੀ ਹੈ। ਵਿਕਾਰਾਂ ਤੋਂ ਪ੍ਰਹੇਜ਼ ਤੇ ਨੇਕ ਅਮਲਾਂ ਨੂੰ ਪੰਜ ਵਕਤੀ ਨਮਾਜ਼ ਦੀ ਤਰ੍ਹਾਂ ਅਪਨਾਉਂਦਿਆਂ ਤੇ ਸਰਬੱਤ ਦਾ ਭਲਾ ਮੰਗਦਿਆਂ ਸੱਚਾ ਮੁਸਲਮਾਨ ਹੋਣ ਦੀ ਤਾਕੀਦ ਕੀਤੀ ਹੈ। ਮੌਲਾਣਿਆਂ-ਕਾਜ਼ੀਆਂ ਨੂੰ, ਮਉਲਾ ਵੱਲੋਂ ਸਾਰੀ ਸਿਸ਼੍ਰਟੀ ਨੂੰ ਹਰਿਆ ਭਰਿਆ ਤੇ ਖੁਸ਼ਹਾਲੀ ਬਖ਼ਸ਼ਣ ਵਾਲਾ ਦੱਸ ਕੇ, ਖੁਦਾਈ ਨਾਮ ਦੀ ਵਡਿਆਈ ਤੇ ਸਰਵ ਕਾਲੀਨ ਸਮਰਥਾ ਨੂੰ ਸਮਝਣ-ਬੁੱਝਣ ਅਤੇ ਉਸੇ ਤਰ੍ਹਾਂ ਦੀ ਤਰਜ਼ੇ-ਜ਼ਿੰਦਗੀ ਬਣਾਉਣ ਦੀ ਪ੍ਰੇਰਨਾ ਦਿੱਤੀ ਹੈ। ਨਿਰੀ ਵਿਦਵਤਾ ਨਿਰਾਰਥਕ ਆਖੀ ਗਈ ਹੈ।

(ਅ) ਕਾਜ਼ੀਆਂ, ਬ੍ਰਾਹਮਣਾਂ ਤੇ ਜੋਗੀਆਂ ਦੀ ਪਾਖੰਡੀ ਜੀਵਨਸ਼ੈਲੀ ਅਤੇ ਲੋਕਾਈ ਨੂੰ ਦਿੱਤੀ ਜਾ ਰਹੀ ਭਰਮਾਊ-ਅਗਵਾਈ ਨੂੰ ‘‘ਤੀਨੇ ਓਜਾੜੇ ਕਾ ਬੰਧੁ ॥’’ (ਮ: ੧/੬੬੨) ਆਖਦਿਆਂ ਬੇਬਾਕੀ ਨਾਲ ਨਿੰਦਿਆ ਹੈ। ਨਿਰੇ ਵਿਖਾਵੇ ਦੇ ਭੇਖਾਂ, ਚਿੰਨ੍ਹਾਂ, ਆਡੰਬਰਾਂ ਤੇ ਕਰਮ-ਕਾਂਡਾਂ ਦਾ ਖੰਡਨ ਕਰਦਿਆਂ ‘‘ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥’’ (ਮ: ੧/੭੩੦) ਦੀ ਸਿੱਖਿਆ ਸਮਝਾਈ ਗਈ ਹੈ। ਜਪੁ ਜੀ ਸਾਹਿਬ ਦੀ ਬਾਣੀ ਦੀਆਂ ਚਾਰ ਪਉੜੀਆਂ (28 ਤੋਂ 31) ਦਾ ਗੰਭੀਰ ਅਧਿਐਨ ਲੋੜੀਂਦਾ ਹੈ। ਇਸ ਦੇ ਅੰਤਰਗਤ ਸੰਤੋਖ, ਉੱਦਮ, ਮਿਹਨਤ, ਪ੍ਰਮਾਤਮ-ਧਿਆਨ, ਉੱਚਾ ਆਚਰਣ, ਸਾਂਝੀਵਾਲਤਾ, ਮਨ ਉੱਪਰ ਕਾਬੂ ਪਾਉਣਾ, ਗਿਆਨ ਨੂੰ ਭੋਜਨ ਅਤੇ ਨਾਮੁ-ਧੁਨਿ ਨੂੰ ਪਛਾਨਣ ਦੀਆਂ ਸਿਖਿਆਵਾਂ ਨਾਲ ਆਦਰਸ਼ਕ ਧਰਮ-ਨੀਤੀ ਸਥਾਪਤ ਕੀਤੀ ਗਈ ਹੈ।

(ੲ) ਜੈਨੀ ਸੰਤਾਂ ਦੀ ਭਰਮ-ਵਿਗੂਤੀ ਅਹਿੰਸਾ ਤੇ ਇਸ਼ਨਾਨਹੀਣ ਕੁਚੀਲ ਜੀਵਨ ਨੂੰ ਤ੍ਰਿਸਕਾਰਦਿਆਂ ਨਾਮੁ-ਦਾਨ-ਇਸ਼ਨਾਨ ਦੀ ਪ੍ਰੇਰਨਾ ਦਿੱਤੀ ਹੈ।

(ਸ) ਗੁਰੂ ਨਾਨਕ ਦੇਵ ਜੀ ਨੇ ਵਿਛੜੀ-ਆਤਮਾ ਦੇ ਕਲਿਆਣ ਵਾਸਤੇ ਮ੍ਰਿਤਕ ਦੇ ਨਾਂ ਦੇ ਦੀਵੇ ਬਾਲਣੇ, ਪਿੰਡ ਭਰਾਣੇ, ਕਿਰਿਆ ਕਰਣੀ, ਫੁੱਲ ਪ੍ਰਵਾਹ ਕਰਨ ਨੂੰ ਵਿਅਰਥ ਦੱਸਦਿਆਂ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੁੜਨ ਦੀ ਸਿੱਖਿਆ ਦਿੱਤੀ ਹੈ। ਇਸੇ ਤਰ੍ਹਾਂ ਸੂਤਕ ਪਾਤਕ ਨਾ ਮੰਨਣ ਦੀਆਂ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ : ‘‘ਮਨ ਕਾ ਸੂਤਕੁ ਲੋਭੁ ਹੈ; ਜਿਹਵਾ ਸੂਤਕੁ ਕੂੜੁ ॥ (ਮ: ੧/੪੭੨), ਸਭੋ ਸੂਤਕੁ ਭਰਮੁ ਹੈ; ਦੂਜੈ ਲਗੈ ਜਾਇ ॥  ਜੰਮਣੁ ਮਰਣਾ ਹੁਕਮੁ ਹੈ; ਭਾਣੈ ਆਵੈ ਜਾਇ ॥’’ (ਮ: ੧/੪੭੨), ਆਦਿ।

(ਹ) ਗੁਰੂ ਜੀ ਨੇ ਮੂਰਤੀ-ਪੂਜਾ, ਚਉਂਕੇ ਦੀ ਸੁੱਚਤਾ, ਵਰਤ, ਹਵਨ ਤੇ ਵਿਸ਼ੇਸ਼ ਤੀਰਥ ਇਸ਼ਨਾਨਾਂ ਦੀ ਖੁਲ੍ਹ ਕੇ ਨਿਖੇਧੀ ਕੀਤੀ ਹੈ।

ਉੱਪਰਲੀਆਂ ਨਿਸ਼ੇਧਾਤਮਕ ਸਿੱਖਿਆਵਾਂ ਵੱਖ-ਵੱਖ ਸਮਿਆਂ ਉੱਤੇ ਗੁਰੂ ਜੀ ਨੇ ਭਾਵੇਂ ਵਿਭਿੰਨ ਮਜ਼੍ਹਬਾਂ-ਮਿੱਲਤਾਂ ਵਾਲਿਆਂ ਪ੍ਰਤੀ ਉਚਾਰਨ ਕੀਤੀਆਂ ਸਨ, ਪਰ ਇਨ੍ਹਾਂ ’ਤੇ ਸਖ਼ਤੀ ਨਾਲ ਨਿੱਜੀ ਜੀਵਨ ਵਿੱਚ ਅਮਲ ਕਰਨ ਦੀ ਜ਼ਿੰਮੇਵਾਰੀ ਅਸਾਡੀ, ਸਤਿਗੁਰੂ ਜੀ ਦੇ ਸਿੱਖ ਅਖਵਾਉਂਦੇ ਲੋਕਾਂ ਦੀ ਵਧੇਰੇ ਬਣਦੀ ਹੈ।

  1. ਗੁਰੂ ਨਾਨਕ ਦੇਵ ਜੀ ਮਨੁੱਖੀ ਸ਼ਖ਼ਸੀਅਤ ਵਿੱਚ ਦਵੰਦ, ਦੁਬਿਧਾ ਜਾਂ ਦੋਗਲਾਪਣ ਨੂੰ ਸਭ ਤੋਂ ਵੱਡਾ ਨੁਕਸ ਸਮਝਦੇ ਸਨ, ਜਿਹੜਾ ਕਿ ਸਮਾਜਿਕ ਤੇ ਧਾਰਮਿਕ ਜੀਵਨ ਵਿੱਚ ਆਮ ਚਲਨ ਹੀ ਬਣ ਕੇ ਭੋਲ਼ੀ ਭਾਲ਼ੀ ਆਸਤਕ ਜਨਤਾ ਦੇ ਸ਼ੋਸ਼ਣ ਦਾ ਕਾਰਨ ਬਣ ਚੁੱਕਾ ਸੀ। ‘‘ਅੰਦਰਹੁ ਝੂਠੇ ਪੈਜ ਬਾਹਰਿ.. ॥’’ (ਮ: ੧, ਪੰਨਾ ੪੭੩) ਹੋਣ ਨੂੰ ਸਿਆਣਪ ਤੇ ਬੁੱਧੀਮਤਾ ਦੀ ਨਿਸ਼ਾਨੀ ਮੰਨਿਆ ਜਾ ਚੁੱਕਾ ਸੀ। ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਵੀ, ਨਵਾਬ ਦੌਲਤ ਖ਼ਾਂ ਤੇ ਕਾਜ਼ੀ ਨੂੰ ਕੇਵਲ ਵਿਖਾਵੇ ਲਈ (ਉੱਤਲੇ-ਮਨੋਂ) ਨਮਾਜ਼ ਪੜ੍ਹਦਿਆਂ ਬੇਝਿਜਕ ਟੋਕਿਆ ਸੀ ਤੇ ਫਿਰ ਸੱਜਣ ਠੱਗ ਵੱਲੋਂ ਸੱਜਣ-ਤਾਈ ਦਾ ਭਰਮ ਜਾਲ ਵਿਛਾ ਕੇ ਲੋਕਾਂ ਦੀ ਲੁੱਟ-ਖਸੁੱਟ ਦਾ ਪੜਦਾ ਫ਼ਾਸ਼ ਕਰਦਿਆਂ ਅਤੇ ਬੁਰਿਆਈਆਂ ਦਾ ਨਤੀਜਾ ਨਿਹਫਲ਼ਤਾ ਦ੍ਰਿਸ਼ਟਾਉਂਦਿਆਂ, ਜੀਵਨ ਮਨੋਰਥ ਦੇ ਅਸਲ ਮੰਤਵ ਦੀ ਸੋਝੀ ਬਖ਼ਸ਼ੀ। ਧੋਖਾਧੜੀ ਤੇ ਪਾਪ ਕਰ ਕਰ ਕੇ ਇਕੱਠਾ ਕੀਤਾ ਧਨ, ਝੂਠੀਆਂ ਖੁਸ਼ਾਮਦਾਂ ਤੇ ਲੋਕ ਦਿਖਾਵੇ ਦੀਆਂ ਚਲਾਕੀਆਂ, ਬੇ-ਅਰਥ ਹਨ ਤਾਂ ਤੇ ਹਿਰਦੇ ਵਿੱਚ ਪ੍ਰਭੂ-ਨਾਮ ਵਸਾਉਣਾ ਅਤੇ ਪਰਉਪਕਾਰੀ ਜੀਵਨ ਵਿਵਹਾਰ ਹੀ ਵਿਕਾਰੀ ਬੰਧਨਾਂ ਤੋਂ ਛੁਡਾ ਕੇ ਅਸਲ ਖ਼ੁਸ਼ੀ ਤੇ ਸ਼ਾਂਤੀ ਦੇਣ ਵਿੱਚ ਸਹਾਈ ਹੋਵੇਗਾ।
  2. ਬਾਬਰ ਦੇ ਹਮਲਿਆਂ ਸਮੇਂ ਗੁਰੂ ਨਾਨਕ ਸਾਹਿਬ; ਭਾਈ ਲਾਲੋ ਜੀ ਕੋਲ਼ ਠਹਿਰੇ ਹੋਏ ਸਨ। ਗੁਰੂ ਨਾਨਕ ਸਾਹਿਬ ਤਤਕਾਲੀਨ ਸਮਾਜਿਕ, ਧਾਰਮਿਕ ਤੇ ਰਾਜਨੀਤਕ ਪ੍ਰਸਥਿਤੀਆਂ ਸੰਬੰਧੀ ਪੂਰੇ ਜਾਗਰੂਕ, ਚੇਤੰਨ ਤੇ ਸੰਵੇਦਨਸ਼ੀਲ ਪਹੁੰਚ ਰੱਖਦੇ ਸਨ। ਤਿਲੰਗ ਰਾਗ ’ਚ ਉਚਾਰੇ ਸ਼ਬਦ ਬਾਬਾ ਜੀ ਦੀ ਮਨੁੱਖਤਾ ਪ੍ਰਤੀ ਦਰਦ-ਭਰੇ ਅਹਿਸਾਸ ਦੀ ਹੂਕ ਬਣ ਜਾਂਦੇ ਹਨ। ਪਰਜਾ ਆਪਣੇ ਦੁਰਭਾਗ ਦੀ ਸਿਖਰ ਨੂੰ ਛੂੰਹਦੀ ਪ੍ਰਤੀਤ ਹੁੰਦੀ ਹੈ-ਵਿਦੇਸ਼ੀ-ਧਾੜਵੀਆਂ, ਬਾਬਰਕਿਆਂ, ਜਰਵਾਣਿਆਂ ਦੀ ਅੰਨ੍ਹੀ ਅਤਿਵਾਦੀ ਲੁੱਟਮਾਰ ਤੇ ਕਤਲੋਗਾਰਤ ਦੇ ਸਾਹਵੇਂ (ਸਾਹਮਣੇ), ਸਾਹ-ਸਤ (ਤਾਕਤ) ਹੀਣ, ਬੇ-ਸਹਾਰਾ, ਬੇ-ਆਸਰਾ, ਬੇਆਬਰੂ, ਬੇਅਣਖ, ਬੇਹਾਲ ਤੇ ਬੇ-ਆਵਾਜ਼ ਜਿਉਂਦੀ-ਲਾਸ਼ ਦੇ ਰੂਪ ਵਿੱਚ ਲੋਕਾਈ ਨੂੰ ਹੌਂਸਲਾ ਦੇਣ ਲਈ ਬੁਲੰਦ ਆਵਾਜ਼ ’ਚ ਉਚਾਰਿਆ, ‘‘ਤਿਲੰਗ ਮਹਲਾ ੧ ॥ ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ !॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ !॥ ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ !॥ ਕਾਜੀਆ ਬਾਮਣਾ ਕੀ ਗਲ ਥਕੀ; ਅਗਦੁ ਪੜੈ ਸੈਤਾਨੁ ਵੇ ਲਾਲੋ !॥ ਮੁਸਲਮਾਨੀਆ ਪੜਹਿ ਕਤੇਬਾ; ਕਸਟ ਮਹਿ ਕਰਹਿ ਖੁਦਾਇ, ਵੇ ਲਾਲੋ !॥ ਜਾਤਿ ਸਨਾਤੀ ਹੋਰਿ ਹਿਦਵਾਣੀਆ; ਏਹਿ ਭੀ ਲੇਖੈ ਲਾਇ ਵੇ ਲਾਲੋ !॥ ਖੂਨ ਕੇ ਸੋਹਿਲੇ ਗਾਵੀਅਹਿ, ਨਾਨਕ ! ਰਤੁ ਕਾ ਕੁੰਗੂ ਪਾਇ ਵੇ ਲਾਲੋ !॥੧॥ ਸਾਹਿਬ ਕੇ ਗੁਣ ਨਾਨਕੁ ਗਾਵੈ; ਮਾਸ ਪੁਰੀ ਵਿਚਿ ਆਖੁ ਮਸੋਲਾ ॥ ਜਿਨਿ ਉਪਾਈ ਰੰਗਿ ਰਵਾਈ; ਬੈਠਾ ਵੇਖੈ ਵਖਿ ਇਕੇਲਾ ॥ ਸਚਾ ਸੋ ਸਾਹਿਬੁ ਸਚੁ ਤਪਾਵਸੁ; ਸਚੜਾ ਨਿਆਉ ਕਰੇਗੁ ਮਸੋਲਾ ॥  ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥ ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥  ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ ॥੨॥੩॥੫॥ (ਮ: ੧, ਪੰਨਾ ੭੨੩)

ਉਪਰੋਕਤ ਪੰਕਤੀਆਂ ਵਿਚਲੇ ਸੰਦੇਸ਼ਾਂ, ਉਪਦੇਸ਼ਾਂ ਤੇ ਸਿਖਿਆਵਾਂ ਨੂੰ ਕ੍ਰਮਵਾਰ ਹੇਠ ਅਨੁਸਾਰ ਅੰਕਿਆ ਜਾ ਸਕਦਾ ਹੈ।

(1). ਭਾਈ ਲਾਲੋ ਜੀ ਦੇ ਨਾਂ ਦਾ ਉਲੇਖ ਕਰਦਿਆਂ ਬਾਣੀ ਉਚਾਰਨਾ, ਭਾਰਤੀ ਸੰਸਕ੍ਰਿਤੀ ਦੀਆਂ ਅਖੌਤੀ ਸ਼ੂਦਰ ਸ਼੍ਰੇਣੀਆਂ ਵਿੱਚ ਆਪਣੀ ਅਤਿ ਨਿਕਟਵਰਤੀ ਮੁੱਢਲੀ-ਮਿੱਤਰਤਾਈ ਦਾ ਸੁਚੇਤ ਪ੍ਰਦਰਸ਼ਨ, ਗੁਰੂ ਨਾਨਕ ਦੇਵ ਜੀ ਵੱਲੋਂ ਭਵਿੱਖ ਵਿੱਚ ਪ੍ਰਚਾਰੇ ਜਾਣ ਵਾਲੀ ਵਿਚਾਰਧਾਰਾ ਦਾ ਐਲਾਨਨਾਮਾ ਹੈ, ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥  ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ   ?॥ (ਮ: ੧/੧੫) ਵਾਲੇ ਕ੍ਰਾਂਤੀਕਾਰੀ ਸਿਧਾਂਤ ਦਾ ਨਿੱਜੀ-ਜੀਵਨ ਵਿੱਚ ਅਮਲ ਹੈ।

(2). ਗੁਰੂ ਨਾਨਕ ਦੇਵ ਜੀ, ਜਗਤ ਵਿੱਚ ਵਾਪਰ ਰਹੀਆਂ ਘਟਨਾਵਾਂ ਦਾ, ਪ੍ਰਭੂ-ਪ੍ਰਮਾਤਮਾ ਨਾਲ ਇਕਮਿਕ ਹੋਈ ਚੇਤਨਾ ਦੁਆਰਾ  ‘ਨਿਰਭੈਤਾ, ਨਿਰਵੈਰਤਾ, ਸੱਚ ਹੱਕ ਨਿਆਂ ਤੇ ਨਿਰਪੱਖਤਾ’ ਦਾ ਝੰਡਾ ਬਰਦਾਰ ਬਣ ਕੇ ਮੁਲੰਕਣ ਕਰ ਰਹੇ ਹਨ।

(3). ਧਾੜਵੀਂ-ਹਮਲਾਵਰਾਂ ਦੇ ਜ਼ੋਰ-ਜਬਰ ਨੂੰ ਪਾਪ ਕੀ ਜੰਞ ਆਖਦਿਆਂ, ਬਲ਼ਦੀ ਦੇ ਬੂਥੇ ਆਈ ਜਨਸ਼ਕਤੀ ਨੂੰ, ਮਨੁੱਖੀ ਹੱਕਾਂ ਦੀ ਰਾਖੀ ਲਈ ਸੰਘਰਸ਼ ਅਤੇ ਦੁਸ਼ਮਣ-ਤਾਕਤਾਂ ਦੇ ਮੁਕਾਬਲੇ ਵਿੱਚ ਉੱਠ ਖਲੋਣ ਲਈ ਵਿਦਰੋਹੀ ਸੁਰ ਆਲਾਪੀ ਗਈ ਹੈ।

(4). ਹਿੰਦਵਾਣੀਆਂ ਤੇ ਮੁਸਲਮਾਣੀਆਂ ਦੀ ਬੇਹੁਰਮਤੀ ਦਾ ਇਕੱਠਿਆਂ ਜ਼ਿਕਰ ਕਰਕੇ, ਦੁਹਾਂ ਮੁੱਖ ਕੌਮਾਂ ਨੂੰ, ਸਾਂਝੀਵਾਲਤਾ, ਮਿਲਵਰਤਨ, ਸੁਹਿਰਦਤਾ ਤੇ ਅਨੇਕਤਾ ਵਿੱਚ ਏਕਤਾ ਵਾਲੇ, ਮੇਲ-ਮਿਲਾਪੀ ਸਭਿਆਚਾਰ ਸਿਰਜਣ ਵੱਲ ਪ੍ਰੇਰਿਤ ਕੀਤਾ ਹੈ।

(5). ਅਤਿ ਔਖੇ ਹਾਲਾਤਾਂ ਵਿੱਚ ਵੀ ‘ਸੱਚ’ ਹੀ ਬੋਲਣ ਦਾ ਉਪਦੇਸ਼ ਹੈ: ‘‘ਸਚੁ ਸੁਣਾਇਸੀ ਸਚ ਕੀ ਬੇਲਾ ॥’’ (ਮ: ੧/੭੨੩) (Nanak Utters the word of truth-Truth he uttera, truth the time calls for.)

(6). ਜੈਸੀ ਮੈ ਆਵੈ ਖਸਮ ਕੀ ਬਾਣੀ.. ॥ (ਮ: ੧/੭੨੨) ਭਾਵ ਜਿਵੇਂ ਆਗਮਿਤ ਹੋ ਰਹੀ ਹੈ ਅਤੇ ‘ਹੋਰੁ ਭੀ ਉਠਸੀ ਮਰਦ ਕਾ ਚੇਲਾ’ ਭਵਿੱਖ-ਮੁਖੀ ਅੰਤਰਯਾਮਤਾ ਦੇ ਪੈਗ਼ੰਬਰੀ-ਜ਼ਹੂਰ ਦੇ ਦਰਸ਼ਨ ਹੀ ਤਾਂ ਹਨ; ਜਿਵੇਂ ਕਿ ‘‘ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥’’ (ਮ: ੧/੧੪੧੨) ਵਾਲਾ ਇੱਕ ਪੰਕਤੀ ਸਲੋਕ, ਦੁਸ਼ਮਣ-ਸ਼ਕਤੀਆਂ ਵਿਰੁੱਧ ਫ਼ੈਸਲਾਕੁਨ ਜੰਗ ਲਈ ਤਿਆਰ ਹੋ ਜਾਣ ਲਈ ਉਤੇਜਿਤ ਕਰਦਾ ਨਾਹਰਾ ਨਜ਼ਰ ਆਉਂਦਾ ਹੈ। ਇਹ ਨਾਵੇਂ ਜਾਮੇ ਵਿੱਚ ਆ ਕੇ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ (ਮ: ੯/੧੪੨੭) ਦੀ ਨੀਤੀ ਦੀ ਅਧਾਰਸ਼ਿਲਾ ਬਣ ਕੇ, ਰਾਜਨੀਤਿਕ ਸਰੋਕਾਰਾਂ ਨੂੰ ਧਰਮ-ਸਿਖਿਆਵਾਂ ਦਾ ਮਹੱਤਵਪੂਰਨ ਅੰਗ ਬਣਾ ਦਿੰਦਾ ਹੈ।

ਗੁਰੂ ਨਾਨਕ ਦੇਵ ਜੀ ਨੇ ‘ਰਾਗ ਆਸਾ ਮਹਲਾ ਦੇ ਅੰਤਰਗਤਿ, ਬਿਨਾਂ ਕਿਸੀ ਭੇਦ-ਭਾਵ ਦੇ ਹਿੰਦੂ ਤੇ ਮੁਸਲਮਾਨ ਸਮਕਾਲੀਨ ਅਮੀਰਾਂ, ਵਜ਼ੀਰਾਂ ਤੇ ਹੁਕਮਰਾਨਾ ਦੀ ਦੋਸ਼-ਪੂਰਨ, ਭਰਿਸ਼ਟ, ਬਦਚਲਨ ਤੇ ਬਦ-ਇੰਤਜ਼ਾਮੀ ਵਾਲੇ ਰਾਜ-ਪ੍ਰਬੰਧ ਨੂੰ ਨਿੰਦਿਆ, ਤ੍ਰਿਸਕਾਰਿਆ ਤੇ ਫਿਟਕਾਰਿਆ ਹੈ। ਇਸ ਪੂਰੇ ਪ੍ਰਸੰਗ ਦੀ ਤੱਤ-ਸਾਰ ਸਿੱਖਿਆ ਸਮਭਾਵੀ-ਸਭਿਆਚਾਰ, ਸੱਚਾ-ਸੁੱਚਾ ਸਾਦਗੀ-ਭਰਪੂਰ ਜੀਵਨ-ਆਚਾਰ, ਸਮਾਜਿਕ ਇੱਕ-ਜੁੱਟਤਾ, ਹੱਕ-ਪ੍ਰਸਤ ਬਰਾਬਰਤਾ, ਸਨਮਾਨ ਜਨਕ ਮਨੁੱਖੀ ਨੈਤਿਕਤਾ, ਕਦਰਾਂ-ਕੀਮਤਾਂ ਅਤੇ ‘‘ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ   ?॥’’ (ਮ: ੧/੪੧੭) ਦੇ ਗੁਰ ਫ਼ੁਰਮਾਨਾਂ ਵਿੱਚ ਸਪੱਸ਼ਟ ਹੋ ਰਹੀ ਹੈ। ਤੁਜ਼ਕੇ ਬਾਬਰੀ ਅਨੁਸਾਰ ਲੜਾਈਆਂ ਵਿੱਚ ਤੋੜੇਦਾਰ ਬੰਦੂਕਾਂ ਦੀ ਵਰਤੋਂ ਉਸ ਦੀ ਜਿੱਤ ਦਾ ਕਾਰਨ ਬਣੀਆਂ, ਲਿਖਿਆ ਹੈ। ਗੁਰੂ ਜੀ ਵੀ ਹਾਥੀਆਂ ਵਿਰੁੱਧ ਤੁਪਕ ਚਲਾਈ ਦੇ ਉਲੇਖ ਨਾਲ ਦੁਸ਼ਮਣ-ਤਾਕਤਾਂ ਦਾ ਢੁੱਕਵਾਂ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਵਧੀਆਂ ਆਧੁਨਿਕ ਹਥਿਆਰਾਂ ਨਾਲ ਲੈਸ਼ ਹੋਣਾ ਲੋਚਦੇ ਹਨ ਤਾਂ ਜੋ ਦਮਨਕਾਰੀ ਜ਼ੁਲਮ ਨੂੰ ਠੱਲ੍ਹ ਪਾਈ ਜਾ ਸਕੇ। ਇਹ ਸ਼ਾਂਤੀ ਨੂੰ ਪੱਕਿਆ ਕਰਨ ਵਾਸਤੇ, ਜੰਗ ਲਈ ਅਗਾਂਓ ਤਿਆਰ-ਬਰ-ਤਿਆਰ ਰਹਿਣ ਦੀ ਨੀਤੀ-ਸਿੱਖਿਆ ਹੈ।

  1. ਗੁਰੂ ਨਾਨਕ ਦੇਵ ਜੀ ਦੂਰ-ਦਰਾਜ਼, ਦੇਸ਼ਾਂ-ਪ੍ਰਦੇਸ਼ਾਂ ਵਿਚਲੀਆਂ ਧਰਮ-ਯਾਤਰਾਵਾਂ ਦੌਰਾਨ ਉੱਥੋਂ ਦੀ ਮੂਲ-ਵਸੋਂ ਦੀ ਭਾਸ਼ਾ ਦੁਆਰਾ ਹੀ ਖ਼ਿਆਲਾਂ ਦੀ ਸਾਂਝ ਬਣਾਉਂਦੇ ਸਨ, ਜਿਸ ਕਰਕੇ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਦੂਸਰੀਆਂ ਬੋਲੀਆਂ ਦੇ ਸ਼ਬਦਾਂ ਦੀ ਆਮ ਵਰਤੋਂ ਮਿਲਦੀ ਹੈ; ਜਿਵੇਂ ਕਿ ‘‘ਯਕ ਅਰਜ ਗੁਫਤਮ, ਪੇਸਿ ਤੋ; ਦਰ ਗੋਸ ਕੁਨ ਕਰਤਾਰ !॥ ਹਕਾ ਕਬੀਰ ਕਰੀਮ ਤੂ; ਬੇਐਬ ਪਰਵਦਗਾਰ ॥੧॥ ਦੁਨੀਆ ਮੁਕਾਮੇ ਫਾਨੀ; ਤਹਕੀਕ ਦਿਲ ਦਾਨੀ ॥ ਮਮ ਸਰ ਮੂਇ, ਅਜਰਾਈਲ ਗਿਰਫਤਹ; ਦਿਲ ਹੇਚਿ ਨ ਦਾਨੀ ॥੧॥ ਰਹਾਉ ॥’’ (ਮ: ੧, ਪੰਨਾ ੭੨੧) ਅਤੇ ‘‘ਪੜਿ੍ ਪੁਸਕ ਸੰਧਿਆ ਬਾਦੰ ॥ ਸਿਲ ਪੂਜਸਿ, ਬਗੁਲ ਸਮਾਧੰ ॥ ਮੁਖਿ ਝੂਠੁ; ਬਿਭੂਖਨ ਸਾਰੰ ॥  ਤ੍ਰੈਪਾਲ ਤਿਹਾਲ ਬਿਚਾਰੰ ॥’’ (ਸਲੋਕ ਸਹਸਿਤੀ/ਮ: ੧/੧੩੫੩) ਇਤਿਆਦਿਕ। ਸਾਨੂੰ ਵੀ ਭਾਸ਼ਾਗਤ ਸਰੋਕਾਰਾਂ ਪ੍ਰਤੀ ਖੁਲ੍ਹਦਿਲੀ ਵਾਲੀ ਪਹੁੰਚ ਅਪਣਾਉਣੀ ਚਾਹੀਦੀ ਹੈ।
  2. ਗੁਰੂ ਗ੍ਰੰਥ ਸਾਹਿਬ ਦੇ ਅੰਗ ੫੫੩ ’ਤੇ ‘‘ਕਲਿ ਕਲਵਾਲੀ ਕਾਮੁ ਮਦੁ; ਮਨੂਆ ਪੀਵਣਹਾਰੁ ॥’’ (ਮ: ੧, ਪੰਨਾ ੫੫੩) ਤੋਂ ਆਰੰਭ ਹੁੰਦਿਆ ‘‘ਸਤਸੰਗਤਿ ਸਿਉ ਮੇਲਾਪੁ ਹੋਇ; ਲਿਵ ਕਟੋਰੀ ਅੰਮ੍ਰਿਤ ਭਰੀ; ਪੀ ਪੀ ਕਟਹਿ ਬਿਕਾਰ ॥’’ (ਮ: ੧, ਪੰਨਾ ੫੫੩) ਤੱਕ, ਗੁਰੂ ਨਾਨਕ ਦੇਵ ਜੀ ਸਾਨੂੰ ਭਾਈ ਮਰਦਾਨਾ ਜੀ ਦੇ ਮਾਧਿਅਮ ਰਾਹੀਂ, ਭੈੜੇ-ਵਿਕਾਰੀ ਨਸ਼ਿਆਂ ਤੋਂ ਹਟਾ ਕੇ ਗੁਣਵੱਤਾ ਭਰਪੂਰ ਜੀਵਨ-ਜਾਚ ਦੀ ਸਿੱਖਿਆ ਦੇ ਰਹੇ ਹਨ।
  3. ਗੁਰੂ ਨਾਨਕ ਦੇਵ ਜੀ ਦੀਆਂ ਧਾਰਮਿਕ-ਦਾਰਸ਼ਨਿਕ ਸਿੱਖਿਆਵਾਂ ਦਾ ਤੱਤ-ਸਾਰ ‘ਸਿਧ ਗੋਸਟਿ’ ਬਾਣੀ ਦੇ ਗੰਭੀਰ ਅਧਿਐਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਘਰ-ਗ੍ਰਹਿਸਤੀ ’ਚ ਰਹਿੰਦਿਆਂ ਹੀ ਪ੍ਰਭੂ ਮਿਲਾਪ ਦੀ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਵਾਲੀ ਜੋਗ-ਜੁਗਤ ਦਾ ਗੁਪਤ-ਤੱਤ ਇੱਕ ਪਦੇ ਵਿੱਚ ਪ੍ਰਗਟ ਕਰ ਦਿੱਤਾ ਗਿਆ ਹੈ : ‘‘ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ! ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ; ਨਾਮੈ ਤੇ ਸੁਖੁ ਹੋਈ ॥  ਨਾਮੈ ਹੀ ਤੇ ਸਭੁ ਪਰਗਟੁ ਹੋਵੈ; ਨਾਮੇ ਸੋਝੀ ਪਾਈ ॥  ਬਿਨੁ ਨਾਵੈ ਭੇਖ ਕਰਹਿ ਬਹੁਤੇਰੇ; ਸਚੈ ਆਪਿ ਖੁਆਈ ॥  ਸਤਿਗੁਰ ਤੇ ਨਾਮੁ ਪਾਈਐ, ਅਉਧੂ! ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ, ਨਾਨਕ! ਬਿਨੁ ਨਾਵੈ, ਮੁਕਤਿ ਨ ਹੋਈ ॥੭੨॥ (ਮ: ੧, ਪੰਨਾ ੯੪੬)

‘ਨਿਬੇੜਾ’ ਭਾਵ ਸਾਰੇ ਉਪਦੇਸ਼ ਦਾ ਤੱਤ-ਸਾਰ ਗੁਰੂ ਜੀ ‘ਨਾਮੁ’ ਦ੍ਰਿੜ੍ਹ ਕਰਵਾਉਣ ਵੱਲ ਲੈ ਜਾਂਦੇ ਹਨ, ਜੋ ਕਿ ਇੱਕ ਸਜੀਵ (ਜਾਨਦਾਰ) ਸੰਕਲਪ ਹੈ, ਚੇਤਨ-ਊਰਜਾ ਹੈ, ਗਤੀਸ਼ੀਲ ਹੈ, ਇੱਕ ਮਾਰਗ ਹੈ। ਇਸ ਮਾਰਗ ’ਤੇ ਚੱਲਣ ਵਾਲੇ ਸਾਧਕ ਲਈ ਹਉਮੈ, ਲੱਬ-ਲੋਭ, ਝੂਠ-ਪਾਖੰਡ ਆਦਿ ਵਿਕਾਰਾਂ ਦਾ ਤਿਆਗ ਕਰਨਾ ਜ਼ਰੂਰੀ ਹੈ, ਗ੍ਰਹਿਸਤੀ ਜੀਵਨ ਛੱਡ ਕੇ ਜੰਗਲਾਂ-ਪਹਾੜਾਂ ਤੇ ਇਕਾਂਤਵਾਸੀ ਹੋਣਾ ਜ਼ਰੂਰੀ ਨਹੀਂ, ‘‘ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ ॥’’ (ਜਪੁ/ਮ: ੧/੬) ਫ਼ੁਰਮਾਉਂਦਿਆਂ ਗੁਰੂ ਜੀ ਨੇ ਤਾਂਤ੍ਰਿਕ ਜਪ ਤਪ ਵੱਲੋਂ ਮਨ੍ਹਾ ਕੀਤਾ ਹੋਇਆ ਹੈ ਕਿਉਂਕਿ ਅਜਿਹੀਆਂ ਮਨੌਤਾਂ ਅਧਿਆਤਮਿਕਤਾ ਨੂੰ ਦਾਗ਼ੀ ਕਰਨ ਦੇ ਨਾਲ-ਨਾਲ ਸਮਾਜ ਵਿੱਚ ਸ਼ੱਕ-ਸ਼ੁਬ੍ਹਾ, ਭਰਮ-ਵਹਿਮ, ਵੈਰ-ਵਿਰੋਧ ਤੇ ਅਨਚਾਰ (ਦੁਰਾਚਾਰ) ਨੂੰ ਵਧਾ ਕੇ ਕਲਜੁਗੀ-ਵਿਵਸਥਾ ਉਪਜਾਉਂਦੀਆਂ ਹਨ (ਅਜੌਕੇ ਆਧੁਨਿਕ ਕਹਾਉਂਦੇ ਸਮੇਂ ਵਿੱਚ ਵੀ ਪਰਿੰਟ-ਮੀਡੀਆ ਤੇ ਟੈਲੀਵੀਜ਼ਨ ਰਾਹੀਂ ਅਖੌਤੀ ਮਹਾਂਪੁਰਸ਼ਾਂ ਦੇ ਕੁਕਰਮ ਨਸ਼ਰ ਹੁੰਦੇ ਵੇਖੀਦੇ ਹਨ।) ‘ਨਾਮੁ’ ਨੂੰ ਕਿਸੇ ਇੱਕ ਮੰਤਰ-ਵਿਸ਼ੇਸ਼ ਵਿੱਚ ਮਹਦੂਦ (ਪੱਕਾ) ਨਹੀਂ ਕੀਤਾ ਜਾ ਸਕਦਾ, ਇਹ ਤਾਂ ਨਿਰੰਕਾਰ ਹੈ, ਸਰਬ-ਵਿਆਪਕ ਹੈ ਤੇ ਇਸ ਸਿੱਖਿਆ ਨੂੰ ਸਮਝ ਕੇ ਗ੍ਰਹਿਣ ਕਰਨ ਵਾਲਾ ਸਿੱਖ ਦੂਈ-ਦ੍ਵੈਤ ਮਿਟਾ ਕੇ ਗੁਰਮੁਖ ਬਣ ਜਾਂਦਾ ਹੈ : ‘‘ਤ੍ਰੈ ਗੁਣ ਮੇਟੈ, ਸਬਦੁ ਵਸਾਏ; ਤਾ ਮਨਿ ਚੂਕੈ ਅਹੰਕਾਰੋ ॥  ਅੰਤਰਿ ਬਾਹਰਿ ਏਕੋ ਜਾਣੈ; ਤਾ ਹਰਿ ਨਾਮਿ ਲਗੈ ਪਿਆਰੋ ॥’’  (ਮ: ੧/੯੪੪)

  1. ਗੁਰੂ ਨਾਨਕ ਦੇਵ ਜੀ ਵੱਲੋਂ ‘ਜਪੁ’ ਬਾਣੀ ਵਿੱਚ ‘‘ਕੀਤਾ ਪਸਾਉ ਏਕੋ ਕਵਾਉ ॥, ਧਰਤੀ ਹੋਰੁ, ਪਰੈ ਹੋਰੁ ਹੋਰੁ ॥’’ ਅਤੇ ਸਿਰੀ ਰਾਗ ਵਿੱਚ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥’’ (ਮ: ੧/੧੯) ਅਤੇ ‘‘ਅਰਬਦ ਨਰਬਦ ਧੁੰਧੂਕਾਰਾ ॥ ਧਰਣਿ ਨ ਗਗਨਾ; ਹੁਕਮੁ ਅਪਾਰਾ ॥’’ (ਮ: ੧/੧੦੩੫) ਵਾਲੇ ਸ਼ਬਦਾਂ ਅਨੁਸਾਰ, ਬ੍ਰਹਿਮੰਡੀ ਭੌਤਿਕਤਾ ਦੇ ਸੰਦਰਭ ਵਿੱਚ ਬਿਲਕੁਲ ਵਿਗਿਆਨਿਕ ਪਹੁੰਚ, ਸਾਨੂੰ ਵੀ ਯਥਾਰਥਿਕ, ਤਰਕ, ਸਿੱਧ ਤੇ ਖੁਲ੍ਹੀ ਭਵਿਖ-ਮੁਖੀ ਗਤੀਸ਼ੀਲ ਸੋਚ ਅਪਣਾਉਣ ਦੀ ਸਿੱਖਿਆ ਪ੍ਰਦਾਨ ਕਰਦੀ ਹੈ। ਇਸ ਸੰਦਰਭ ਵਿੱਚ ਸਤਿਗੁਰਾਂ ਨੂੰ ਮੁੱਢਲਾ ਵਿਗਿਆਨੀ-ਪਿਤਾਮਾ ਆਖਿਆ ਜਾਣਾ ਚਾਹੀਦਾ ਹੈ।
  2. ਮਨੁੱਖਤਾ ਨੂੰ ਵਰਤਮਾਨ ਜੀਵਨ ਵਿੱਚ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥ (ਜਪੁ/ਮ: ੧) ਵਾਸਤੇ ਹੁਕਮ-ਰਜ਼ਾ ’ਚ ਚੱਲਣ ਦੀ ਸਿੱਖਿਆ ਦੇ ਨਾਲ ਨਰਕ-ਸੁਰਗ ਵਾਲੇ ਸੰਕਲਪਾਂ ਦੀ ਅਸਲੀਅਤ ਸਮਝਾਉਂਦਿਆਂ ‘ਜੀਵਨ ਮੁਕਤਿ’ ਦੀ ਦਾਰਸ਼ਨਿਕਤਾ ਦ੍ਰਿੜ੍ਹਾਈ ਗਈ ਹੈ :

(ੳ). ਨਾਮੁ ਵਿਸਾਰਿ; ਦੋਖ ਦੁਖ ਸਹੀਐ ॥  ਹੁਕਮੁ ਭਇਆ, ਚਲਣਾ; ਕਿਉ ਰਹੀਐ   ?॥  ਨਰਕ ਕੂਪ ਮਹਿ ਗੋਤੇ ਖਾਵੈ; ਜਿਉ ਜਲ ਤੇ ਬਾਹਰਿ ਮੀਨਾ ਹੇ ॥੮॥ ਚਉਰਾਸੀਹ ਨਰਕ; ਸਾਕਤੁ ਭੋਗਾਈਐ ॥ ਜੈਸਾ ਕੀਚੈ; ਤੈਸੋ ਪਾਈਐ ॥ ਸਤਿਗੁਰ ਬਾਝਹੁ ਮੁਕਤਿ ਨ ਹੋਈ; ਕਿਰਤਿ ਬਾਧਾ ਗ੍ਰਸਿ ਦੀਨਾ ਹੇ ॥੯॥ (ਮ: ੧, ਪੰਨਾ ੧੦੨੮)

(ਅ) ਜੀਵਨ ਮੁਕਤਿ, ਸੋ ਆਖੀਐ; ਮਰਿ ਜੀਵੈ ਮਰੀਆ ॥ (ਮ: ੪/੪੪੯), ਜੀਵਨ ਮੁਕਤੁ ਸੋ ਆਖੀਐ; ਜਿਸੁ, ਵਿਚਹੁ ਹਉਮੈ ਜਾਇ ॥ (ਮ: ੧/੧੦੦੯), ਆਦਿ।

(ੲ) ਜੀਵਨ ਮੁਕਤੁ; ਜਾ ਸਬਦੁ ਸੁਣਾਏ ॥  ਸਚੀ ਰਹਤ, ਸਚਾ ਸੁਖੁ ਪਾਏ ॥ (ਮ: ੧/੧੩੪੩), ਇਤਿਆਦਿਕ।

  1. ਜਉ ਤਉ; ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ; ਗਲੀ ਮੇਰੀ ਆਉ ॥ ਇਤੁ ਮਾਰਗਿ; ਪੈਰੁ ਧਰੀਜੈ ॥  ਸਿਰੁ ਦੀਜੈ; ਕਾਣਿ ਨ ਕੀਜੈ ॥ (ਮ: ੧/੧੪੧੨) ਸਲੋਕ ਰਾਹੀਂ ਗੁਰੂ ਨਾਨਕ ਸਾਹਿਬ ਨੇ ਧਰਮ-ਦਰਸ਼ਨ ਦੇ ਸੰਕਲਪਾਂ ਅਤੇ ਪਰਿਭਾਸ਼ਾ ਨੂੰ ਨਵੇਂ ਸਿਰਿਓਂ ਉਕਰਦਿਆਂ, ਮਨੁੱਖਤਾ ਦੇ ਸਮੂਹਿਕ ਕਲਿਆਣ ਲਈ ਸੰਘਰਸ਼ ਦੀ ਅਗਵਾਈ ਅਤੇ ਆਤਮ ਬਲਿਦਾਨ ਲਈ ਤੱਤਪਰ ਹੋਣ ਨੂੰ ਧਰਮੀ-ਪੁਰਸ਼ਾਂ ਦਾ ਕਰਤੱਵ ਨਿਸ਼ਚਿਤ ਕਰ ਦਿੱਤਾ।  ਭਗਤੀ ਦੇ ਨਾਲ-ਨਾਲ ਸ਼ਕਤੀਸ਼ਾਲੀ ਹੋਣ ਦੀ ਵਿਲੱਖਣ ਸਿੱਖਿਆ ਪ੍ਰਦਾਨ ਕੀਤੀ ਹੋਈ ਹੈ।
  2. ਗੁਰੂ ਨਾਨਕ ਦੇਵ ਜੀ ਪੂਰਨ ਪ੍ਰਭੁਤ੍ਵ (ਬਜ਼ੁਰਗੀ) ਸੰਪੰਨ ਹੋ ਕੇ ‘ਸੋ ਦਰੁ-ਸੋ ਘਰੁ’ ਦਾ ਅਲੌਕਿਕ ਦਰਸ਼ਨ ਕਰਵਾਉਂਦਿਆਂ ‘‘ਪਉਣੁ ਪਾਣੀ ਬੈਸੰਤਰੁ’’ ਅਤੇ ‘‘ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥’’ (ਜਪੁ/ਮ: ੧) ਰਾਹੀਂ ਬ੍ਰਹਿਮੰਡੀ ਖਿਲਾਰਾ ਅਤੇ ਸੰਚਾਲਨ (ਪ੍ਰੇਰਨਾ) ਦੀ ਅਨੰਤਤਾ, ਅਸੀਮਤਾ ਤੇ ਅਕੱਥਤਾ ਦੇ ਵਿਸਮਾਦ ਨੂੰ ‘‘ਨਾਨਕ ! ਕਥਨਾ ਕਰੜਾ ਸਾਰੁ ॥੩੭॥’’ (ਜਪੁ/ਮ: ੧) ਆਖਦੇ ਹਨ। ਇੰਞ ਪ੍ਰਤੀਤ ਹੁੰਦਾ ਹੈ ਕਿ ਗੁਰੂ ਸਾਹਿਬ ਨੇ ‘ਜਪੁ’ ਬਾਣੀ ਰਾਹੀਂ ਮਨੁੱਖਤਾ ਲਈ ਅਨੁਪਮ (ਉਪਮਾ ਰਹਿਤ) ਘਾੜਤ ਦੁਆਰਾ ਕਾਇਆ ਕਲਪ ਕਰਕੇ (ਤਿਥੈ, ਘਾੜਤਿ ਘੜੀਐ; ਬਹੁਤੁ ਅਨੂਪੁ ॥ ਜਪੁ/ਮ: ੧) ਸਚਿਆਰ-ਭਗਤ ਬਣਨ ਅਤੇ ‘ਸਚਖੰਡਿ’ ਮੰਡਲ ਵਾਲੇ ਅਨੰਦਮਈ ਜੀਵਨ-ਜਿਊਣ ਦੇ ਆਦਰਸ਼ ਵੱਲ ਉਤੇਜਿਤ ਹੋਣ ਦੀ ਉੱਦਮੀ-ਉਤਸ਼ਾਹੀ ਸਿੱਖਿਆ ਦਾ ਸਿਲੇਬਸ ਅਠੱਤੀਵੀਂ ਪਾਉੜੀ ਵਿੱਚ ਨਿਰਧਾਰਿਤ ਕੀਤਾ ਹੈ: ‘‘ਜਤੁ ਪਾਹਾਰਾ ਧੀਰਜੁ ਸੁਨਿਆਰੁ ॥.. ਘੜੀਐ ਸਬਦੁ ਸਚੀ ਟਕਸਾਲ ॥.. ਨਾਨਕ ! ਨਦਰੀ ਨਦਰਿ ਨਿਹਾਲ ॥੩੮॥’’ (ਜਪੁ/ਮ: ੧, ਪੰਨਾ ੮)
  3. ਗੁਰੂ ਬਾਬਾ ਜੀ; ਉਮਰ ਦੇ ਅਖੀਰਲੇ ਵਰ੍ਹਿਆਂ ’ਚ ਰਾਵੀ ਕੰਢੇ ਕਰਤਾਰਪੁਰ ਵਿਖੇ ਆ ਬਿਰਾਜਮਾਨ ਹੋਏ। ਘਰਿ ਗ੍ਰਹਿਸਤੀ ’ਚ ਰਹਿੰਦਿਆਂ, ਧਰਮੀ ਜੀਵਨ-ਜਾਚ ਦੀ ਅਮਲੀ ਤੌਰ ’ਤੇ ਸਿਖਲਾਈ ਸ਼ੁਰੂ ਕੀਤੀ। ਸਮਾਜ ਵਿਚਲੇ ਹੁੰਦੇ ਆਰਥਕ-ਸ਼ੋਸ਼ਣ ਨੂੰ ਸਮਾਪਤ ਕਰਨ ਲਈ, ਆਪੂੰ ਵਾਹੀ ਕਰ ਕੇ ਰੋਜ਼ੀ ਰੋਟੀ ਕਮਾਉਂਦਿਆਂ ਸੰਗਤਾਂ ਨਾਲ ਵੰਡ ਕੇ ਛਕਿਆ। ਸਮਾਜਿਕ-ਸਰੋਕਾਰਾਂ ਨੂੰ ਧਰਮ ਦਾ ਅੰਗ ਬਣਾਇਆ ਤੇ ਹੱਥੀਂ ਕੀਤੀ ਖੇਤੀ ਦੁਆਰਾ ਸਹਿਕਾਰਤਾ ਦੇ ਸੰਕਲਪ ਨੂੰ ਅਮਲੀ ਜਾਮਾ ਪਹਿਣਾਇਆ ਗਿਆ। ਸਤਿਸੰਗਤਿ ਤੇ ਵਿਚਾਰ-ਗੋਸਟੀਆਂ ਦੇ ਨਾਲ-ਨਾਲ, ਭਾਈ ਲਹਿਣਾ ਜੀ ਕੋਲ਼ੋਂ ਬਾਣੀ ਦਾ ਲਿਖਤੀ ਸੰਕਲਨ (ਸੰਗ੍ਰਹਿ) ਆਰੰਭ ਕਰਵਾਇਆ। ਸੰਗਠਨਾਤਮਕ (ਸਾਂਝੇ) ਧਰਮ ਦੀਆਂ ਜ਼ਿੰਮੇਵਾਰੀਆਂ ਨੂੰ ਭਵਿੱਖ ਵਿੱਚ ਲਗਾਤਾਰਤਾ ਨਾਲ ਚੱਲਦਾ ਰੱਖਣਾ ਯਕੀਨੀ ਬਣਾਉਣ ਹਿਤ ਯੋਗ ਉਤਰਾਧਿਕਾਰੀ ਦੀ ਪਰਖ ਕਰਦਿਆਂ ਪ੍ਰਚਲਿਤ ਵਿਰਾਸਤੀ ਰੀਤੀ-ਰਿਵਾਜ਼ਾਂ ਤੋਂ ਬਿਲਕੁਲ ਬੇਨਿਆਜ਼ (ਚਾਹਤ ਰਹਿਤ) ਹੋ ਕੇ ਆਪਣੇ ਜਿਊਂਦਿਆਂ ਹੀ, ‘‘ਸਿਖਾਂ ਪੁਤ੍ਰਾਂ ਘੋਖਿ ਕੈ’’ ਵਿੱਚੋਂ ਪਰਮ-ਸਿੱਖ ਨੂੰ ਆਪਣੇ ਅੰਗ ਨਾਲ ਲਾ ਕੇ ‘ਅੰਗਦ’ ਬਣਾ ਲਿਆ, ‘‘ਗੁਰਿ, ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ; ਜੀਵਦੈ ॥’’ (ਬਲਵੰਡ ਸਤਾ, ਪੰਨਾ ੯੬੬) ਇਸ ਅਨੌਖੇ ਤੇ ਵਿਲੱਖਣ ਘਟਨਾਕ੍ਰਮ ਨੂੰ ਵੇਖ ਕੇ ਸੰਸਾਰ ਦੇ ਲੋਕਾਂ ਦੀ ਚੇਤੰਨਤਾ ਧੁਰ ਅੰਦਰ ਤੱਕ ਝੰਜੋੜੀ ਗਈ, ਹਿਲਾਈ ਗਈ। ਭਰਮ ਤੇ ਦੈ੍ਵਤ ਦੇ ਪਰਦੇ ਫ਼ਾਸ਼-ਫ਼ਾਸ਼ ਹੋ ਗਏ, ਉਘੜ ਆਏ ਤੇ ਆਤਮ-ਅੰਸ਼ ਪ੍ਰਕਾਸ਼ਿਤ ਹੋ ਉੱਠਿਆ। ਸੱਤੇ ਬਲਵੰਡ ਦੀ ਵਾਰ ਵਿਚਲਾ ਬਿਆਨ ਬਾਕਮਾਲ ਹੈ: ‘‘ਹੋਰਿਂਓ ਗੰਗ ਵਹਾਈਐ; ਦੁਨਿਆਈ ਆਖੈ ਕਿ ਕਿਓਨੁ ॥ ਨਾਨਕ ! ਈਸਰਿ ਜਗਨਾਥਿ; ਉਚਹਦੀ ਵੈਣੁ ਵਿਰਿਕਿਓਨੁ ॥ ਮਾਧਾਣਾ ਪਰਬਤੁ ਕਰਿ; ਨੇਤ੍ਰਿ ਬਾਸਕੁ; ਸਬਦਿ ਰਿੜਕਿਓਨੁ ॥ ਚਉਦਹ ਰਤਨ ਨਿਕਾਲਿਅਨੁ; ਕਰਿ ਆਵਾ ਗਉਣੁ ਚਿਲਕਿਓਨੁ ॥  ਕੁਦਰਤਿ ਅਹਿ ਵੇਖਾਲੀਅਨੁ; ਜਿਣਿ ਐਵਡ ਪਿਡ ਠਿਣਕਿਓਨੁ ॥ ਲਹਣੇ ਧਰਿਓਨੁ ਛਤ੍ਰੁ ਸਿਰਿ; ਅਸਮਾਨਿ ਕਿਆੜਾ ਛਿਕਿਓਨੁ ॥ ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ ॥’’ (ਬਲਵੰਡ ਸਤਾ, ਪੰਨਾ ੯੬੭) ਭਾਈ ਲਹਿਣਾ ਜੀ ਦੀ ਚੋਣ ਅਤੇ ਗੁਰਤਾ-ਗੱਦੀ ਦੀ ਬਖ਼ਸ਼ਸ਼ ਵਿੱਚੋਂ ਅਖ਼ੀਰਲੀ ਕ੍ਰਾਂਤੀਕਾਰੀ-ਸਿੱਖਿਆ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸ ਲਿਖਤ ਦੇ ਅੰਤਮ ਚਰਣ ਵਜੋਂ ਅਸੀਂ ਗੁਰੂ ਨਾਨਕ ਦੇਵ ਜੀ ਦੇ ਕੁਝ ਚੋਣਵੇਂ ਸਿੱਖਿਆਦਾਇਕ ਸਰਵ ਪ੍ਰਮਾਣਿਤ ਸੁਖ਼ਨ (ਅੰਸ਼) ਪੇਸ਼ ਕਰਦੇ ਹਾਂ:

0 ਅੰਮਿ੍ਰਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ॥ (ਜਪੁ ਜੀ ਸਾਹਿਬ)

0 ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ॥ (ਜਪੁ ਜੀ ਸਾਹਿਬ)

0 ਮਿਠਤੁ ਨੀਵੀ ਨਾਨਕਾ ! ਗੁਣ ਚੰਗਿਆਈਆ ਤਤੁ॥ (ਮ: ੧, ਪੰਨਾ ੪੭੦)

0 ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ! ਰਾਹੁ ਪਛਾਣਹਿ ਸੇਇ॥ (ਮ: ੧, ਪੰਨਾ ੧੨੮੫)

0 ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗੁਣ ਚਲੀਐ॥ (ਮ: ੧, ਪੰਨਾ ੭੬੬)

0 ਹੰਸੁ ਹੇਤੁ ਲੋਭੁ ਕੋਪੁ; ਚਾਰੇ ਨਦੀਆ ਅਗਿ॥ ਪਵਹਿ ਦਝਹਿ ਨਾਨਕਾ ! ਤਰੀਐ ਕਰਮੀ ਲਗਿ॥ (ਮ: ੧, ਪੰਨਾ ੧੪੭)

0 ਸਚਹੁ ਓਰੈ ਸਭੁ ਕੋ; ਉਪਰਿ ਸਚੁ ਆਚਾਰੁ॥ (ਸਿਰੀ ਰਾਗ, ਮ: ੧, ਪੰਨਾ ੬੨)

0 ਬਾਬਾ ! ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ॥ (ਸਿਰੀ ਰਾਗ ਮ: ੧, ਪੰਨਾ ੧੬)

0 ਮਤੁ ਜਾਣਸਹਿ, ਗਲੀ ਪਾਇਆ॥ ਮਾਲ ਕੈ ਮਾਣੈ, ਰੂਪ ਕੀ ਸੋਭਾ; ਇਤੁ ਬਿਧੀ ਜਨਮੁ ਗਵਾਇਆ॥ (ਮ: ੧, ਪੰਨਾ ੨੪)

0 ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (ਮ: ੧, ਪੰਨਾ ੨੬)

0 ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ॥ (ਮ: ੧, ਪੰਨਾ ੪੬੫)

0 ਸਬਦੁ ਗੁਰੂ; ਸੁਰਤਿ ਧੁਨਿ ਚੇਲਾ॥ (ਮ: ੧, ਪੰਨਾ ੮੪੩)

0 ਸਭਨਾ ਕਾ ਦਰਿ ਲੇਖਾ ਹੋਇ॥ ਕਰਣੀ ਬਾਝਹੁ ਤਰੈ ਨ ਕੋਇ॥ (ਮ: ੧, ਪੰਨਾ ੯੫੨)

0 ਸੁਖ ਦੁਖ ਸਮ ਕਰਿ ਜਾਣੀਅਹਿ; ਸਬਦਿ ਭੇਦਿ ਸੁਖੁ ਹੋਇ॥ (ਮ: ੧, ਪੰਨਾ ੫੭)

0 ਵਿਦਿਆ ਵੀਚਾਰੀ ਤਾਂ; ਪਰਉਪਕਾਰੀ॥ (ਆਸਾ ਮ: ੧, ਪੰਨਾ ੩੫੬)

0 ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ॥ (ਮ: ੧, ਪੰਨਾ ੪੭੪)

0 ਕੂੜ ਨਿਖੁਟੇ ਨਾਨਕਾ! ਓੜਕਿ ਸਚਿ ਰਹੀ॥ (ਮ: ੧, ਪੰਨਾ ੯੫੩)

0 ਫਿਟੁ ਇਵੇਹਾ ਜੀਵਿਆ; ਜਿਤੁ ਖਾਇ ਵਧਾਇਆ ਪੇਟੁ॥ (ਮ: ੧, ਪੰਨਾ ੭੯੦)

0 ਖੰਡਿਤ ਨਿਦ੍ਰਾ, ਅਲਪ ਅਹਾਰੰ; ਨਾਨਕ ! ਤਤੁ ਬੀਚਾਰੋ॥ (ਮ: ੧, ਪੰਨਾ ੯੩੯)

0 ਖੋਜੀ ਉਪਜੈ; ਬਾਦੀ ਬਿਨਸੈ॥ (ਮ: ੧, ਪੰਨਾ ੧੨੫੫)

0 ਜਬ ਲਗੁ ਦੁਨੀਆ ਰਹੀਐ, ਨਾਨਕ !  ਕਿਛੁ ਸੁਣੀਐ ਕਿਛੁ ਕਹੀਐ॥ (ਮ: ੧, ਪੰਨਾ ੬੬੧)

0  ਨਾਨਕ ! ਦੁਨੀਆ ਕੀਆ ਵਡਿਆਈਆ; ਅਗੀ ਸੇਤੀ ਜਾਲਿ॥ ਏਨੀ ਜਲੀਈਂ ਨਾਮੁ ਵਿਸਾਰਿਆ; ਇਕ ਨ ਚਲੀਆ ਨਾਲਿ॥ (ਮ: ੧, ਪੰਨਾ ੧੨੯੦)

0  ਮਨੁ ਹਾਲੀ ਕਿਰਸਾਣੀ ਕਰਣੀ; ਸਰਮੁ ਪਾਣੀ, ਤਨੁ ਖੇਤੁ॥ ਨਾਮੁ ਬੀਜੁ, ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ॥ (ਮ: ੧, ਪੰਨਾ ੫੯੫)

0  ਪਰਵਿਰਤਿ ਨਿਰਵਿਰਤਿ ਹਾਠਾ; ਦੋਵੈ ਵਿਚਿ; ਧਰਮੁ ਫਿਰੈ ਰੈਬਾਰਿਆ ॥ (ਮਲਾਰ ਕੀ ਵਾਰ/ਮ: ੧/੧੨੮੦) ਭਾਵ ਮਾਇਆਵੀ ਅਤੇ ਨਿਰਲੇਪ ਪਾਸਾ ਹੈ, ਦੋਵਾਂ ’ਚ ਰੱਬੀ ਨਿਯਮ ਵਿਚੋਲਾ ਬਣਿਆ ਫਿਰਦਾ ਹੈ।

0   ਜਹ ਗਿਆਨ ਪ੍ਰਗਾਸੁ; ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥  ਪੜਿ੍ ਪੜਿ੍ ਪੰਡਿਤ ਕਰਹਿ ਬੀਚਾਰ ॥  ਬਿਨੁ ਬੂਝੇ ਸਭ ਹੋਇ ਖੁਆਰ ॥  ਨਾਨਕ ਗੁਰਮੁਖਿ ਉਤਰਸਿ ਪਾਰਿ ॥ (ਮ: ੧, ਪੰਨਾ ੭੯੧), ਆਦਿ।

ਦੁੱਖੀ ਮਨੁੱਖਤਾ ਲਈ ਗੁਰੂ ਤੇਗ਼ ਬਹਾਦਰ ਸਾਹਿਬ ਤੇ ਸਿੱਖਾਂ ਦਾ ਸਿਧਾਂਤਿਕ ਸ਼ਹੀਦੀ ਪ੍ਰਣ

0

ਦੁੱਖੀ ਮਨੁੱਖਤਾ ਲਈ ਗੁਰੂ ਤੇਗ਼ ਬਹਾਦਰ ਸਾਹਿਬ ਤੇ ਸਿੱਖਾਂ ਦਾ ਸਿਧਾਂਤਿਕ ਸ਼ਹੀਦੀ ਪ੍ਰਣ

ਗਿਆਨੀ ਅਵਤਾਰ ਸਿੰਘ

ਕਿਸੇ ਕੌਮ ਦੇ ਇਤਿਹਾਸ ਦੀ ਪਰਖ, ਉਸ ਦੇ ਸ਼ਹੀਦਾਂ ਦੀ ਗਿਣਤੀ ’ਤੇ ਨਿਰਭਰ ਕਰਦੀ ਹੈ।  ‘ਸ਼ਹੀਦ’ ਦਾ ਅਰਥ ਹੈ: ‘ਗਵਾਹੀ ਭਰਨਾ, ਕਿਸੇ ਨਿਯਮ ਉੱਤੇ ਡਟੇ ਰਹਿਣ ਵਾਲ਼ਾ, ਮਾਨਵਤਾ ਲਈ ਕੁਰਬਾਨ ਹੋਣ ਵਾਲ਼ਾ’ ਆਦਿ।  ਅਜਿਹੇ ਜੀਵਨ ਦੀ ਸਮਾਜ ’ਚ ਹਮੇਸ਼ਾਂ ਮਿਸਾਲ ਦਿੱਤੀ ਜਾਂਦੀ ਹੈ, ਜਿਸ ਕਾਰਨ ‘ਸ਼ਹੀਦ’ ਸ਼ਬਦ ਦਾ ਅੱਖਰੀਂ ਅਰਥ ‘ਸਾਖੀ ਭਰਨਾ ਜਾਂ ਗਵਾਹੀ ਭਰਨਾ’ ਪ੍ਰਸਿੱਧ ਹੋ ਗਿਆ।

ਸਿੱਖ ਕੌਮ ਇੱਕ ਸਹੀਦਾਂ ਦੀ ਕੌਮ ਹੈ, ਜਿਸ ਨੇ ਇੱਕ ਗੌਰਵਮਈ ਇਤਿਹਾਸ ਸਿਰਜਿਆ, ਜੋ ਮਾਨਵਤਾ ਲਈ ਮਿਸਾਲ ਬਣ ਗਿਆ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸ਼ਹੀਦੀਆਂ ਤੇ ਕੁਰਬਾਨੀਆਂ ਦਾ ਦੂਸਰਾ ਨਾਂ ਹੀ ‘ਸਿੱਖੀ’ ਹੈ। 

ਹਿੰਦੂ ਇਤਿਹਾਸ (ਮਿਥਿਹਾਸ) ਅਨੁਸਾਰ ਜਦ ਵੀ ਬਦੀ ਨੇ ਸਿਰ ਚੁੱਕਿਆ, ਜ਼ੁਲਮ ਨੇ ਅੰਗੜਾਈ ਲਈ, ਚੀਕਾਂ-ਕੂਕਾਂ, ਫ਼ਰਿਆਦਾਂ ਆਦਿ ਨਾਲ਼ ਅਸਮਾਨ ਚੀਰਿਆ ਗਿਆ ਤਾਂ ਬਦੀ ਦਾ ਸਿਰ ਕੁਚਲਣ ਲਈ, ਜ਼ੁਲਮ ਦਾ ਮਲੀਆਮੇਟ ਕਰਨ ਲਈ ਰੱਬ ਦੇ ਕਿਸੇ ਅਵਤਾਰ (ਰਾਮ, ਕ੍ਰਿਸ਼ਨ, ਦੁਰਗਾ ਆਦਿਕ) ਨੇ ਜਨਮ ਧਾਰਿਆ, ਪਰ ਇਤਿਹਾਸ ਗਵਾਹ ਹੈ ਕਿ ਇਨ੍ਹਾਂ ਨੇ ਸਮਾਜਿਕ ਜ਼ੁਲਮਾਂ ਤੋਂ ਪੀੜਤ ਲੁਕਾਈ ਦੀ ਕੋਈ ਖ਼ਾਸ ਮਦਦ ਨਹੀਂ ਕੀਤੀ; ਜਿਵੇਂ ਕਿ ਰਮਾਇਣ ਕਥਾ ਮੁਤਾਬਕ ਸ਼੍ਰੀ ਰਾਮ ਚੰਦਰ ਜੀ ਨੇ ਮਾਤਾ ਸੀਤਾ ਜੀ ਨੂੰ ਛੁਡਵਾਉਣ ਲਈ ਰਾਵਣ ਨਾਲ਼ ਯੁੱਧ ਕੀਤਾ।  ਰਾਮਾਇਣ ਮੁਤਾਬਕ ਹੀ ਮਾਤਾ ਸੀਤਾ ਨੂੰ ਚੁੱਕਣ ਦਾ ਕਾਰਨ ਇਹ ਹੈ ਕਿ ਰਾਮ ਚੰਦਰ ਦੇ ਛੋਟੇ ਭਰਾ ਲਛਮਣ ਨੇ ਰਾਵਣ ਦੀ ਭੈਣ ਸਰੂਪਨਖਾ (ਸੂਪਨਖਾ) ਦਾ ਨੱਕ ਕੱਟਿਆ ਸੀ, ਜਦ ਉਸ ਨੇ ਰਾਮ ਚੰਦਰ ਨਾਲ਼ ਸ਼ਾਦੀ ਕਰਨ ਦੀ ਇੱਛਾ ਜਤਾਈ ਸੀ।

ਇੱਕ ਹੋਰ ਕਥਾ ਮੁਤਾਬਕ ਪੰਡਿਤ ਦੇ ਕਹਿਣ ਉੱਤੇ ਰਾਮ ਚੰਦਰ ਜੀ ਨੇ ਰੱਬੀ ਭਗਤ ਸੰਭੂਕ (ਸ਼ੂਦਰ) ਦਾ ਕਤਲ ਇਸ ਲਈ ਕਰ ਦਿੱਤਾ ਕਿਉਂਕਿ ਪੰਡਿਤਾਂ ਮੁਤਾਬਕ ਸ਼ੂਦਰ ਦਾ ਕਰਮ ਰੱਬੀ ਭਗਤੀ ਕਰਨਾ ਨਹੀਂ।  ਇਸੇ ਤਰ੍ਹਾਂ ਮਹਾਂਭਾਰਤ ਅਨੁਸਾਰ ਜੂਏ ’ਚ ਹਾਰਿਆ ਹੋਇਆ ਰਾਜ ਤੇ ਦ੍ਰੋਪਤੀ ਮੁੜ ਪਾਂਡਵਾਂ ਨੂੰ ਦਿਲਵਾਉਣ ਲਈ ਸ਼੍ਰੀ ਕ੍ਰਿਸ਼ਨ ਜੀ ਨੇ ਕੌਰਵਾਂ ਨਾਲ਼ ਯੁੱਧ ਕਰਵਾਇਆ।

ਦੂਸਰੇ ਪਾਸੇ ਲਿੰਗ, ਧਰਮ ਤੇ ਜਾਤ-ਪਾਤ ਆਧਾਰਿਤ ਵਿਤਕਰਿਆਂ ਦਾ ਸ਼ਿਕਾਰ ਹੋਈ ਮਾਨਵਤਾ ਦੀ ਮਦਦ ਲਈ ਅਗਰ ਕੋਈ ਅੱਗੇ ਆਇਆ ਤਾਂ ਉਹ ਗੁਰੂ ਸਾਹਿਬਾਨ ਜਾਂ ਉਨ੍ਹਾਂ ਦੇ ਅਨੁਯਾਈ ਸਿੱਖ ਸਨ।  ਇਨ੍ਹਾਂ ਤੱਥਾਂ ਦੀ ਗਵਾਹੀ ਗੌਰਵਮਈ ਸਿੱਖ ਇਤਿਹਾਸ ਦੇ ਖ਼ੂਨੀ ਪੱਤਰੇ ਭਰਦੇ ਹਨ, ਜਿਨ੍ਹਾਂ ’ਚ ਸਮਾਜਿਕ ਸੁਖ-ਸ਼ਾਂਤੀ ਲਈ ਤੱਤੀਆਂ ਤਵੀਆਂ ’ਤੇ ਬੈਠਣਾ, ਆਰਿਆਂ ਨਾਲ ਚੀਰੇ ਜਾਣਾ, ਖੋਪੜੀਆਂ ਲੁਹਾਉਣਾ, ਦੇਗਾਂ ਵਿੱਚ ਉਬਾਲੇ ਜਾਣਾ, ਨੇਜ਼ਿਆਂ ਉੱਤੇ ਟੰਗੇ ਜਾਣਾ ਆਦਿ ਤਸ਼ੱਦਦ ਦਰਜ ਹੈ।

ਧਰਮ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਅਤੇ ਮਾਨਵੀ ਕਦਰਾਂ-ਕੀਮਤਾਂ ਨੂੰ ਬਚਾਉਣ ਲਈ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਦਮਾਂ ’ਤੇ ਚੱਲਦਿਆਂ ਧਰਮ ਦੀ ਸਫ਼ੈਦ ਚਾਦਰ ਬਣ ਕੇ ਆਏ ਗੁਰੂ ਤੇਗ਼ ਬਹਾਦਰ ਜੀ ਦਾ ਨਾਂ ਮਾਨਵਤਾ ਦੇ ਇਤਿਹਾਸ ’ਚ ਸੂਰਜ ਵਾਙ ਚਮਕਦਾ ਹੈ, ਜਿਨ੍ਹਾਂ ਨੇ ਅਨਮਤੀ ਧਰਮ ਦੀ ਰਾਖੀ ਕਰਦਿਆਂ ਹੀ ਆਪਣਾ ਬਲਿਦਾਨ ਦੇ ਦਿੱਤਾ।

ਦੂਸਰੇ ਪਾਸੇ ਆਪਣੀ ਪ੍ਰਭੁਤਾ ਕਾਇਮ ਕਰਨ ਲਈ ਤਾਜ ਦੇ ਭੁੱਖੇ ਔਰੰਗਜ਼ੇਬ ਨੇ ਆਪਣੇ ਹੀ ਖ਼ੂਨ ਉੱਪਰ ਅਤਿਆਚਾਰ ਕਰਦਿਆਂ ਕਦੇ ਨਰਮਦਿਲੀ ਨਹੀਂ ਵਿਖਾਈ।  ਜਦ ਬਜ਼ੁਰਗ ਪਿਤਾ (ਸ਼ਾਹਜਹਾਂ/ਉਮਰ 66 ਸਾਲ, ਜਿਸ ਦੇ 4 ਬੇਟੇ ‘ਦਾਰਾਸ਼ਿਕੋਹ, ਮੁਰਾਦ, ਔਰੰਗਜ਼ੇਬ ਤੇ ਸ਼ੁਜਾ ਸੀ) ਥੋੜ੍ਹਾ ਬਿਮਾਰ ਹੋਇਆ ਤਾਂ ਇਸ ਨੇ ਜ਼ਬਰਨ ਰਾਜ ਸੱਤਾ ’ਤੇ ਕਾਬਜ਼ ਹੋ ਕੇ ਉਸ ਨੂੰ ਕੈਦ ਕਰਵਾ ਦਿੱਤਾ, ਜੋ 7 ਸਾਲ ਕੈਦ ਦੌਰਾਨ ਤਸੀਹੇ ਝਲਦਾ ਹੋਇਆ ਸੰਨ 1666 ’ਚ ਮਰ ਗਿਆ।

ਔਰੰਗਜ਼ੇਬ ਦੇ ਵਤੀਰੇ ਦੀ ਇੱਕ ਝਲਕ ਉਸ ਦੇ ਕੈਦੀ ਪਿਤਾ (ਸ਼ਾਹਜਹਾਂ) ਦੁਆਰਾ ਔਰੰਗਜ਼ੇਬ ਨੂੰ ਲਿਖੀ ਇੱਕ ਚਿੱਠੀ ਰਾਹੀਂ ਸਪਸ਼ਟ ਹੁੰਦੀ ਹੈ, ਜਿਸ ਰਾਹੀਂ ਪਿਤਾ ਨੇ ਕਿਹਾ ‘ਐ ਮੇਰੇ ਪਿਆਰੇ ਪੁੱਤਰ (ਔਰੰਗਜ਼ੇਬ) !  ਤੇਰੇ ਨਾਲੋਂ ਉਹ ਹਿੰਦੂ ਚੰਗੇ ਹਨ ਜੋ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਵੀ ਦੂਰ ਪਾਣੀ ਭੇਜਦੇ ਹਨ, ਪਰ ਤੂੰ ਆਪਣੇ ਜਿਊਂਦੇ ਬਾਪ ਨੂੰ ਇੱਕ ਘੁੱਟ ਪਾਣੀ ਨਹੀਂ ਦੇ ਰਿਹਾ।  ਕ੍ਰਿਪਾ ਕਰਕੇ ਮੈਨੂੰ ਕਲ੍ਹ ਨੂੰ ਜੋ ਪਾਣੀ ਪੀਣ ਲਈ ਦੇਣਾ ਹੈ, ਉਸ ਵਿੱਚੋਂ ਅੱਧਾ ਪਾਣੀ ਅੱਜ ਭੇਜਦੇ ਤਾਂ ਜੋ ਮੈਂ ਆਪਣੇ ਸੁੱਕ ਰਹੇ ਬੁੱਲਾਂ ਦੀ ਪਿਆਸ ਬੁਝਾ ਸਕਾਂ।’ ਔਰੰਗਜ਼ੇਬ ਨੇ ਜਵਾਬ ਦਿੰਦਿਆਂ ਕਿਹਾ ‘ਐ ਅੱਬਾ ਜਾਨ !  ਜਿਸ ਸਿਆਹੀ ਨਾਲ ਚਿੱਠੀ ਲਿਖੀ ਹੈ, ਉਸ ਦੇ ਸੂਪ ਨਾਲ ਆਪਣਾ ਮੂੰਹ ਗਿੱਲਾ ਕਰ ਲੈਂਦਾ, ਮੇਰਾ ਐਵੇਂ ਸਮਾਂ ਬਰਬਾਦ ਕੀਤੈ।’

ਸ਼ਾਹਜਹਾਂ ਦਾ ਜੇਠਾ ਸਪੁੱਤਰ ‘ਦਾਰਾਸ਼ਿਕੋਹ’ ਬੜਾ ਨੇਕ-ਦਿਲ ਇਨਸਾਨ ਸੀ ਤੇ ਤੀਸਰੀ ਔਲਾਦ (ਔਰੰਗਜ਼ੇਬ) ਨੇ ਉਸ ਨੂੰ ਰਸਤੇ ’ਚੋਂ ਹਟਾਉਣ ਲਈ ਦੂਸਰੇ ਭਰਾ ‘ਮੁਰਾਦ’ (ਜਿਸ ਦੇ ਨਾਂ ’ਤੇ ਮੁਰਾਦਾਬਾਦ ਯੂ. ਪੀ. ਸ਼ਹਿਰ ਹੈ) ਪਾਸੋਂ ਧੋਖੇ ਨਾਲ਼ ਮਦਦ ਲੈ ਲਈ।  ਸੰਨ 1659 ’ਚ ‘ਦਾਰਾਸ਼ਿਕੋਹ’ ਦਾ ਸਿਰ ਵੱਢ ਕੇ ਕੈਦ ’ਚ ਬੰਦ ਪਿਤਾ ਨੂੰ ਭੇਟ ਕੀਤਾ ਗਿਆ ਅਤੇ ‘ਮੁਰਾਦ’ ਨੂੰ ਵੀ ਸ਼ਰਾਬ ਨਾਲ਼ ਬੇਹੋਸ਼ ਕਰਕੇ ਕੈਦ ਕਰ ਲਿਆ।  3 ਸਾਲ ਕੈਦ ’ਚ ਰੱਖਣ ਉਪਰੰਤ ਝੂਠਾ ਖ਼ੂਨ ਦਾ ਕੇਸ ਦਰਜ ਕੀਤਾ ਗਿਆ ਤੇ ਮੌਤ ਦਾ ਫ਼ਤਵਾ ਜਾਰੀ ਕਰਕੇ ਉਸ ਨੂੰ ਵੀ ਮਰਵਾ ਦਿੱਤਾ।

ਔਰੰਗਜ਼ੇਬ ਨੇ ਆਪਣੀ ਵੱਡੀ ਭੈਣ ਰੋਸ਼ਨ ਆਰਾ, ਆਪਣੀ ਵੱਡੀ ਬੇਟੀ ਜ਼ੇਬੁਨਿਸ਼ਾ, ਆਪਣੇ ਨਿਕਟ ਵਰਤੀ ਮਿਰਜ਼ਾ ਰਾਜਾ ਜੈ ਸਿੰਘ ਆਦਿ ਨੂੰ ਵੀ ਜ਼ਹਿਰ ਦੇ ਕੇ ਮਾਰ ਦਿੱਤਾ। ਔਰੰਗਜ਼ੇਬ, ਆਪ ਇੰਨਾ ਮਜ਼ਹਬੀ ਕੱਟੜ ਸੀ ਕਿ ਆਪਣਾ ਖਾਣ ਪਹਿਨਣ ਬੜਾ ਸਾਦਾ ਰੱਖਦਾ, ਹੱਥੀਂ ਟੋਪੀਆਂ ਬੁਣਦਾ, ਕੁਰਾਨ ਲਿਖਦਾ, ਪਰ ਦੂਸਰੇ ਧਰਮਾਂ ਨੂੰ ਆਪਣੇ ਦਾਦਾ (ਜਹਾਂਗੀਰ) ਵਾਙ ਝੂਠ ਦੀਆਂ ਦੁਕਾਨਾਂ ਸਮਝਦਾ ਸੀ।  ਜਹਾਂਗੀਰ ਨੇ ਵੀ ਆਪਣੇ ਧਰਮੀ ਸਪੁੱਤਰ ਖ਼ੁਸਰੋ ਦੀਆਂ ਅੱਖਾਂ ਸਿਲਵਾ ਦਿੱਤੀਆਂ ਸਨ, ਜੋ 35 ਸਾਲ ਦੀ ਉਮਰ ਭੋਗਦਿਆਂ ਸੰਨ 1622 ’ਚ ਦਮ ਤੋੜ ਗਿਆ।  ਜਹਾਂਗੀਰ ਦੇ ਪਾਏ ਹੋਏ ਪੂਰਨਿਆਂ ਉੱਤੇ ਚਲਦਿਆਂ ਹੀ ਔਰੰਗਜ਼ੇਬ ਨੇ ਪੂਰੇ ਭਾਰਤ ਨੂੰ ਸੁੰਨੀ ਮੁਸਲਮਾਨ ਬਣਾਉਣ ਦਾ ਇਰਾਦਾ ਬਣਾ ਰੱਖਿਆ ਸੀ।

ਸੰਨ 1659 ’ਚ ਨਵੇਂ ਮੰਦਿਰ ਬਣਾਉਣ ’ਤੇ ਪਾਬੰਦੀ ਲਗਾਈ ਗਈ ਤੇ ਪੁਰਾਣਿਆਂ ਦੀ ਮੁਰੰਮਤ ਨਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ।  ਸੰਨ 1665 ਵਿੱਚ ਹਿੰਦੂਆਂ ਕੋਲੋਂ 5% ਤੇ ਮੁਸਲਮਾਨਾਂ ਪਾਸੋਂ ਢਾਈ ਫੀ ਸਦੀ ਚੁੰਗੀ ਲੈਣ ਦਾ ਹੁਕਮ ਲਾਗੂ ਕੀਤਾ।  ਜੋ ਬਾਅਦ ’ਚ ਕੇਵਲ ਗ਼ੈਰ ਸੁੰਨੀਆਂ ਉੱਤੇ ਲਾਇਆ ਗਿਆ।  ਅਕਬਰ ਦੇ ਸਮੇਂ ਤੋਂ ਬੰਦ ਕੀਤਾ ਗਿਆ ਜਜ਼ੀਆ (ਧਾਰਮਿਕ ਟੈਕਸ) ਮੁੜ ਲਾਗੂ ਕੀਤਾ ਗਿਆ।  ਪਿਤਾ (ਸ਼ਾਹਜਹਾਂ) ਵੇਲ਼ੇ ਰਿਆਸਤ ਦਾ ਟੈਕਸ 23 ਕਰੋੜ ਸੀ, ਜੋ ਵਧ ਕੇ 32 ਕਰੋੜ ਕਰ ਲਿਆ ਗਿਆ।  ਸੰਨ 1669 ’ਚ ਤਮਾਮ ਸਕੂਲਾਂ ਨੂੰ ਮਦਰੱਸਿਆਂ ’ਚ ਬਦਲਣ ਦਾ ਹੁਕਮ ਸੁਣਾ ਦਿੱਤਾ। ਹਿੰਦੂਆਂ ਦੇ ਮੇਲੇ, ਮੰਦਿਰਾਂ ਦੇ ਉਤਸਵ ਬੰਦ ਕਰਵਾ ਦਿੱਤੇ ਗਏ।  ਸੰਨ 1670 ’ਚ ਬਨਾਰਸ, ਮਥੁਰਾ, ਉਦੈਪੁਰ, ਉਜੈਨ, ਜੋਧਪੁਰ ਆਦਿ ਦੇ ਵਿਸ਼ਵ ਪ੍ਰਸਿੱਧ ਮੰਦਿਰ ਤੋੜ ਕੇ ਮਸੀਤਾਂ ਬਣਾਉਣ ਲਈ ਹੁਕਮ ਜਾਰੀ ਕੀਤੇ ਗਏ।  ਹਿੰਦੂਆਂ ਨੂੰ ਜਮਨਾ ਨਦੀ ਦੇ ਕਿਨਾਰੇ ਦਾਹ-ਸੰਸਕਾਰ ਕਰਨ ’ਤੇ ਰੋਕ ਲਗਾ ਦਿੱਤੀ।

ਰਾਗ ਵਿੱਦਿਆ ਨੂੰ ਸ਼ਰ੍ਹਾ ਦੇ ਵਿਰੁਧ ਮੰਨ ਕੇ ਪਾਬੰਦੀ ਲਗਾ ਦਿੱਤੀ ਗਈ।  ਰਾਗ ਪ੍ਰਤਿ ਨਫ਼ਰਤ ਦੀ ਇੱਕ ਝਲਕ ਇਉਂ ਮਿਲਦੀ ਹੈ ਕਿ ਇੱਕ ਦਿਨ ਦਰਬਾਰੀ ਰਾਗ ਪ੍ਰੇਮੀ ਨਕਲੀ ਅਰਥੀ ਦੇ ਪਿੱਛੇ ਜਾ ਰਹੇ ਸਨ, ਬਾਦਸ਼ਾਹ ਦੇ ਪੁੱਛਣ ’ਤੇ ਉਨ੍ਹਾਂ ਜਵਾਬ ਦਿੱਤਾ ਕਿ ਤੁਹਾਡੇ ਰਾਜ ਪ੍ਰਬੰਧ ’ਚ ਰਾਗ ਵਿਦਿਆ ਮਰ ਚੁੱਕੀ ਹੈ, ਉਸ ਨੂੰ ਦਫ਼ਨਾਉਣ ਜਾ ਰਹੇ ਹਾਂ, ਔਰੰਗਜ਼ੇਬ ਨੇ ਕਿਹਾ ਕਿ ਇਸ ਸ਼ੈਤਾਨ ਨੂੰ ਡੁੰਘਾ ਦੱਬਣਾ ਤਾਂ ਜੋ ਮੁੜ ਕੇ ਬਾਹਰ ਨਾ ਨਿਕਲੇ, ਆਦਿ ਜ਼ਮੀਨੀ ਹਾਲਾਤ ਭਾਰਤੀ ਜਨਤਾ ਦੀ ਬੰਦ ਜ਼ਬਾਨ ਦਾ ਕਾਰਨ ਬਿਆਨ ਕਰਦੇ ਸਨ।

ਔਰੰਗਜ਼ੇਬ ਨੇ ਸੰਨ 1674 ਈ. ’ਚ ਪੂਰੇ ਭਾਰਤ ਨੂੰ ਇਸਲਾਮਿਕ ਦੇਸ਼ ਬਣਾਉਣ ਲਈ ਸਖ਼ਤ ਹੁਕਮ ਜਾਰੀ ਕਰ ਦਿੱਤੇ।  ਹਰ ਪਾਸੇ ਜ਼ੁਲਮ ਦੀ ਹਾਹਾਕਾਰ ਮੱਚ ਗਈ।  ਔਰੰਗਜ਼ੇਬ ਨੂੰ ਖ਼ੁਸ਼ ਕਰਨ ਗਈ ਵਜ਼ੀਰਾਂ, ਗਵਰਨਰਾਂ (ਸੂਬੇਦਾਰਾਂ) ਨੇ ਗ਼ੈਰ ਸੁੰਨੀਆਂ ਉੱਤੇ ਸਖ਼ਤਾਈ ਹੋਰ ਵਧਾ ਦਿੱਤੀ।  ਬੰਗਾਲ ਦੇ ਗਵਰਨਰ ਨੇ ਉੱਥੇ ਬਣੀ ‘ਨਾਰਾਇਣ’ ਦੀ ਮੂਰਤੀ ਆਪਣੇ ਹੱਥੀਂ ਤੋੜੀ।  ਕਸ਼ਮੀਰ ਦੇ ਸੂਬੇਦਾਰ (ਗਵਰਨਰ) ਸ਼ੇਰ ਅਫ਼ਗਾਨ ਖ਼ਾਂ ਨੇ ਕਸ਼ਮੀਰੀ ਪੰਡਿਤਾਂ ਅੱਗੇ ਮੌਤ ਜਾਂ ਇਸਲਾਮ ਕਬੂਲਣ ਦੀਆਂ ਕੇਵਲ ਦੋ ਹੀ ਸ਼ਰਤਾਂ ਰੱਖੀਆਂ ਕਿਉਂਕਿ ਉਸ ਦੀ ਨੀਤੀ ਸੀ ਕਿ ਅਗਰ ਬ੍ਰਾਹਮਣ ਮੁਸਲਮਾਨ ਬਣ ਜਾਣ ਤਾਂ ਬਾਕੀ ਜਨਤਾ ਨੂੰ ਇਸਲਾਮ ਗ੍ਰਹਿਣ ਕਰਦਿਆਂ ਦੇਰ ਨਹੀਂ ਲੱਗੇਗੀ।  ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਔਰੰਗਜ਼ੇਬ ਦੀ ਇਸ ਨੀਤੀ ਦਾ ਵਰਣਨ ਇਉਂ ਦਰਜ ਹੈ: ‘ਹਿੰਦੋ ਹਿੰਦੂ ਨਿਰਬੀਜ ਹੋ ਕਰਨੇ। ਸਾਹਿ ਨੌਰੰਗੇ ਜੋ ਲਿਖ ਬਰਨੇ। ਤੁਰਕ ਪ੍ਰਥਮ ਹੋ ਬ੍ਰਾਹਮਣ ਕਰਨੇ।  ਔਰ ਹਿੰਦੂ ਕੋ ਪਾਛੇ ਫਰਨੇ।’ ਇਸ ਲਈ ਮਣਾਂ ਦੀ ਗਿਣਤੀ ’ਚ ਰੁਜ਼ਾਨਾ ਜਨੇਊ ਉਤਰਨ ਲੱਗੇ।

ਕਸ਼ਮੀਰੀ ਪੰਡਿਤਾਂ ਨੇ ਵਿਚਾਰ-ਵਟਾਂਦਰਾ ਕਰਨ ਉਪਰੰਤ (ਕਿਸੇ ਦੈਵੀ ਅਵਤਾਰ ਦੇ ਜਨਮ ਲੈਣ ਦੀ ਉਡੀਕ ਨਾ ਕਰਦਿਆਂ) ਪੰਡਿਤ ਕਿਰਪਾ ਰਾਮ (ਜਿਨ੍ਹਾਂ ਦੀ ਸ਼ਹੀਦੀ ਦਸੰਬਰ 1705 ਈ. ਨੂੰ ਚਮਕੌਰ ਸਾਹਿਬ ਵਿਖੇ 40 ਸਿੰਘਾਂ ’ਚ ਹੋਈ) ਦੀ ਅਗਵਾਈ ’ਚ 25 ਮਈ 1675 ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਰਨ ’ਚ ਅਨੰਦਪੁਰ ਸਾਹਿਬ ਵਿਖੇ ਪਹੁੰਚਣਾ ਮੁਨਾਸਬ ਸਮਝਿਆ ਗਿਆ।  ਇਕ ਕਵੀ ਨੇ ਇਸ ਫ਼ਰਿਆਦ ਨੂੰ ਇਉਂ ਫ਼ੁਰਮਾਇਆ: ‘ਦੁਖੀਏ ਬਿਪਰ ਜੁ ਚਲ ਆਏ ਪੁਰੀ ਅਨੰਦ। ਬਾਂਹ ਸਾਡੀ ਪਕੜੀਏ ਗੁਰੂ ਹਰਿਗੋਬਿੰਦ ਕੇ ਚੰਦ।’

ਕਸ਼ਮੀਰੀ ਪੰਡਿਤਾਂ ਦੀ ਦਰਦਭਰੀ ਆਪ ਬੀਤੀ ਸੁਣ ਕੇ ਗੁਰੂ ਜੀ ਨੇ ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ॥’’ (ਮ: ੫/੫੪੪)  ਮਹਾਂਵਾਕ ਮੁਤਾਬਕ ਉਨ੍ਹਾਂ ਨੂੰ ਵਚਨ ਕੀਤਾ ਕਿ ਗੁਰੂ ਨਾਨਕ ਦਾ ਘਰ ‘ਨਿਆਸਰਿਆਂ ਦਾ ਆਸਰਾ’ ਹੈ, ਜਿੱਥੋਂ ਕੋਈ ਨਿਰਾਸ਼ ਨਹੀਂ ਮੁੜਦਾ।

ਬੇਸ਼ੱਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਪੂਰੇ ਭਾਰਤ ’ਚ ਗੁਰਮਤਿ ਦਾ ਪ੍ਰਚਾਰ ਕਰਦਿਆਂ ਸਮਾਜਿਕ ਅਤਿਆਚਾਰ ਨੂੰ ਕਾਫ਼ੀ ਨੇੜਿਓਂ ਵੇਖਿਆ ਸੀ, ਜਿਸ ਕਾਰਨ ਗੁਰੂ ਜੀ ਨੇ ‘‘ਭੈ ਕਾਹੂ ਕਉ ਦੇਤ ਨਹਿ;  ਨਹਿ ਭੈ ਮਾਨਤ ਆਨ ॥’’ (ਮ: ੯/੧੪੨੭) ਆਦਿ ਵਚਨ ਉਚਾਰਨ ਕੀਤੇ ਸਨ, ਪਰ ਕਸ਼ਮੀਰੀ ਪੰਡਿਤਾਂ ਦੀ ਗੁਰੂ ਘਰ ਆਈ ਫ਼ਰਿਆਦ ਨੂੰ ਲੈ ਕੇ ਗੁਰੂ ਸਾਹਿਬ ਜੀ ਕੁਝ ਦਿਨ ਇਸ ਜ਼ੁਲਮ ਦਾ ਹੱਲ ਲੱਭਣ ਲਈ ਡੂੰਘੀ ਸੋਚ-ਵਿਚਾਰ ਕਰਦੇ ਰਹੇ।  ਇੱਕ ਦਿਨ ਸਪੁੱਤਰ ਬਾਲਕ ਗੋਬਿੰਦ ਰਾਇ (ਉਮਰ 9 ਸਾਲ) ਨੇ ਗੰਭੀਰਤਾ ਦਾ ਕਾਰਨ ਪੁੱਛਿਆ ਤਾਂ ਆਪ ਜੀ ਨੇ ਵਚਨ ਕੀਤਾ ਕਿ ਸਮਾਜਿਕ ਬੇਇਨਸਾਫ਼ੀ ਨੂੰ ਠੱਲ ਪਾਉਣ ਲਈ ਕਿਸੇ ਮਹਾਨ ਆਤਮਾ ਦੀ ਸ਼ਹੀਦੀ ਦੀ ਲੋੜ ਹੈ ਤਾਂ ਜੋ ਅਮਨ-ਸ਼ਾਂਤੀ ਕਾਇਮ ਕੀਤੀ ਜਾ ਸਕੇ।  ਆਪ ਜੀ ਦੇ ਵਚਨ ਸੁਣ ਕੇ ਬਾਲਕ ਗੋਬਿੰਦ ਰਾਇ ਜੀ ਨੇ ਕਿਹਾ ਕਿ ਆਪ ਜੀ ਤੋਂ ਉੱਪਰ ਮਹਾਨ ਆਤਮਾ ਕੌਣ ਹੋ ਸਕਦੀ ਹੈ?  ਆਪ ਜੀ ਹੀ ਆਪਣੇ ਪਵਿੱਤਰ ਖ਼ੂਨ ਦਾ ਬਲੀਦਾਨ ਦੇ ਕੇ ਲੁਕਾਈ ਨੂੰ ਇਸ ਭੈ-ਭੀਤ ਵਾਤਾਵਰਨ ਤੋਂ ਮੁਕਤ ਕਰ ਸਕਦੇ ਹੋ।

ਛੋਟੇ ਜਿਹੇ ਬਾਲਕ ਦੇ ਮੂੰਹੋਂ ਏਨੀ ਵੱਡੀ ਗੱਲ ਸੁਣ ਕੇ ਗੁਰੂ ਜੀ ਨੇ ਸਮਝ ਲਿਆ ਕਿ ਇਹ ਬਾਲਕ ਆਉਣ ਵਾਲੀ ਹਰ ਮੁਸੀਬਤ ਤੋਂ ਪਾਰ ਪਾ ਸਕਦਾ ਹੈ।  ਬਾਲਕ ਗੋਬਿੰਦ ਰਾਇ ਦੁਆਰਾ ਪੁੱਛਿਆ ਗਿਆ ਸਵਾਲ ਅਤੇ ਇਸ ਜ਼ੁਲਮ ਦੇ ਖ਼ਾਤਮੇ ਲਈ ਆਪ ਹੀ ਦੱਸਿਆ ਹੱਲ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਗੁਰੂ ਨਾਨਕ ਜੋਤ ਲਈ ਦਸਵੇਂ ਉਤਰਾਧਿਕਾਰੀ ਦੀ ਪਰਖ ਕਰਨ ਦੀ ਯੁਕਤੀ ਦਾ ਭਾਗ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਗੁਰੂ ਸਾਹਿਬਾਨ ਦੇ ਉਤਰਾਧਿਕਾਰੀ ਦੀ ਅਜਿਹੀ ਹੀ ਪਰਖ (ਕਸੌਟੀ) ਕਰਨਾ; ਦੂਸਰੇ ਨਾਨਕ (ਗੁਰੂ ਅੰਗਦ ਸਾਹਿਬ ਜੀ) ਦੇ ਸਮੇਂ ਤੋਂ ਚੱਲਦੀ ਆ ਰਹੀ ਹੈ।

ਆਪ ਜੀ ਨੇ ਹਿੰਦੂ ਮਾਨਤਾਵਾਂ (ਅਸੂਲਾਂ) ਦੀ ਰੱਖਿਆ ਅਤੇ ਧਾਰਮਿਕ ਅਜ਼ਾਦੀ ਲਈ ਕੁਰਬਾਨੀ ਦੇਣ ਦਾ ਫ਼ੈਸਲਾ ਕਰ ਲਿਆ।  ਗੁਰੂ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੱਤਾ ਕਿ ਤੁਸੀਂ ਨਿਸ਼ਚਿੰਤ ਹੋ ਕੇ ਜਾਓ ਤੇ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਖ਼ਾਂ ਨੂੰ ਕਹਿ ਦਿਓ ਕਿ ਪਹਿਲਾਂ ਸਾਡੇ ਆਗੂ (ਤੇਗ਼ ਬਹਾਦਰ ਸਾਹਿਬ) ਨੂੰ ਮੁਸਲਮਾਨ ਬਣਾ ਲਓ।  ਜੇਕਰ ਉਨ੍ਹਾਂ ਨੇ ਇਸਲਾਮ ਅਸੂਲ (ਸਿਧਾਂਤ) ਕਬੂਲ ਕਰ ਲਏ ਤਾਂ ਅਸੀਂ ਵੀ ਖ਼ੁਸ਼ੀ-ਖ਼ੁਸ਼ੀ ਸੁੰਨੀ ਮੁਸਲਮਾਨ ਬਣ ਜਾਵਾਂਗੇ। ਕਸ਼ਮੀਰ ਦੇ ਸੂਬੇਦਾਰ ਨੇ ਇਹ ਸੂਚਨਾ ਦਿੱਲੀ ਔਰੰਗਜ਼ੇਬ ਦੇ ਦਰਬਾਰ ’ਚ ਭੇਜੀ ਤੇ ਉੱਥੋਂ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਜਾਰੀ ਕਰਵਾ ਲਏ। (ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਲਗੀਰ ਮੁਤਾਬਕ ਔਰੰਗਜ਼ੇਬ 7 ਅਪਰੈਲ 1674 ਤੋਂ 27 ਮਾਰਚ 1676 ਤੱਕ ਹਸਨ ਅਬਦਾਲ (ਪਾਕਿਸਤਾਨ) ਵਿੱਚ ਗਿਆ ਹੋਇਆ ਸੀ, ਨਾ ਕਿ ਦਿੱਲੀ ਵਿਖੇ ਸੀ।)

ਗੁਰੂ ਤੇਗ਼ ਬਹਾਦਰ ਸਾਹਿਬ ਜੀ 11 ਜੁਲਾਈ 1675 ਈਸਵੀ ਨੂੰ ਗੋਬਿੰਦ ਰਾਇ ਨੂੰ ਗੁਰਿਆਈ ਦੀ ਜ਼ਿੰਮੇਵਾਰੀ ਸੌਂਪ ਕੇ 3 ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ) ਸਮੇਤ ਦਿੱਲੀ ਲਈ ਰਵਾਨਾ ਹੋ ਗਏ।  ਹੋਰ ਵੀ ਸਿੱਖ ਸੰਗਤ ਆਪ ਜੀ ਦੇ ਨਾਲ਼ ਚੱਲਣਾ ਚਾਹੁੰਦੀ ਸੀ, ਪਰ ਆਪ ਜੀ ਨੇ ਹੁਕਮ ਕੀਤਾ ਕਿ ਬਾਕੀ ਸੰਗਤ ਅਨੰਦਪੁਰ ਵਿੱਚ ਹੀ ਰਹੇਗੀ।  ਕੁਝ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਜੀ ਨਾਲ਼ ਜਾਣ ਵਾਲ਼ੇ ਸਿੱਖਾਂ ਦੀ ਗਿਣਤੀ 6 (ਭਾਈ ਜੈਤਾ ਜੀ, ਭਾਈ ਉਦੈ ਜੀ ਤੇ ਭਾਈ ਗੁਰਦਿੱਤਾ ਜੀ) ਵੀ ਦੱਸੀ ਹੈ, ਪਰ ਕੁਝ ਦਾ ਮੰਨਣਾ ਹੈ ਕਿ ਇਹ ਦਿੱਲੀ ਜਾ ਕੇ ਸ਼ਾਮਲ ਹੋਏ ਸਨ।

ਇੱਥੇ ਇਹ ਵਿਚਾਰਨਾ ਵੀ ਯੋਗ ਹੈ ਕਿ ਇਨ੍ਹਾਂ ਸਿੱਖਾਂ ਅੱਗੇ ਵੀ ਸਿਰ ਭੇਟਾ ਕਰਨ ਦੀ ਮੰਗ ਉਸ ਤਰ੍ਹਾਂ ਹੀ ਰੱਖੀ ਗਈ ਹੋਵੇਗੀ; ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਦੀ ਵਿਸਾਖੀ ਨੂੰ ਪੰਜ ਸਿੰਘਾਂ (ਪਿਆਰਿਆਂ) ਪਾਸੋਂ ਮੰਗੀ ਸੀ ਕਿਉਂਕਿ ਜੋ ਕੁਰਬਾਨੀ ਦੇਣ ਲਈ ਗੁਰੂ ਜੀ ਨੇ ਕਦਮ ਪੁੱਟਿਆ ਸੀ, ਉਸ ਇਮਤਿਹਾਨ ’ਚ ਇਨ੍ਹਾਂ ਦਾ ਪਾਸ ਹੋਣਾ ਵੀ ਓਨਾ ਹੀ ਜ਼ਰੂਰੀ ਸੀ, ਜਿੰਨਾ ਕਿ ਗੁਰੂ ਸਾਹਿਬਾਨ ਜੀ ਦਾ।

ਔਰੰਗਜ਼ੇਬ ਵੱਲੋਂ ਹੁਕਮ ਮਿਲਦਿਆਂ ਹੀ ਸਾਹਰਿੰਦ ਦੇ ਸੂਬੇਦਾਰ ਨੇ ਇੱਕ ਫ਼ੌਜੀ ਦਸਤਾ ਰੋਪੜ ਦੇ ਥਾਣੇਦਾਰ ਮਿਰਜ਼ਾ ਨੂਰ ਮੁਹੰਮਦ ਖ਼ਾਨ ਦੀ ਕਮਾਨ ਹੇਠ ਗੁਰੂ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਚੱਕ ਨਾਨਕੀ (ਅਨੰਦਪੁਰ ਸਾਹਿਬ) ਭੇਜਿਆ, ਪਰ ਗੁਰੂ ਜੀ; 3 ਸਿੱਖਾਂ ਸਮੇਤ ਇੱਕ ਦਿਨ ਪਹਿਲਾਂ ਹੀ ਇੱਥੋਂ ਦਿੱਲੀ ਵੱਲ ਰਵਾਨਾ ਹੋ ਚੁੱਕੇ ਸਨ।  ਉਸ ਦਿਨ ਗੁਰੂ ਜੀ ਪਿੰਡ ਮਲਿਕਪੁਰ ਰੰਘੜਾਂ (ਰੋਪੜ) ’ਚ ਭਾਈ ਨਗਾਹੀਆ ਜੀ ਦੇ ਘਰ ਠਹਿਰੇ ਸਨ।  ਸਵੇਰੇ ਭਾਈ ਮਤੀ ਦਾਸ ਜੀ ਨ੍ਹਾਉਣ ਲਈ ਖੂਹ ਤੋਂ ਪਾਣੀ ਲੈਣ ਗਏ ਤਾਂ ਖੂਹ ਵਿੱਚ ਡਿੱਗ ਪਏ।  ਲੋਕ ਇਕੱਠੇ ਹੋ ਗਏ ਤੇ ਮੁਖ਼ਬਰਾਂ ਨੇ ਰੋਪੜ ਚੌਂਕੀ ’ਚ ਸੂਚਨਾ ਭੇਜ ਦਿੱਤੀ।  ਕੇਸਰ ਸਿੰਘ ਛਿਬਰ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਚਰਣ ਨੌਵਾਂ (ਬੰਦ 75-77) ਵਿੱਚ ਵੀ ਇਸ ਦਾ ਜ਼ਿਕਰ ਹੈ: ‘ਪਿੰਡ ਤੇ ਰੰਘੜ ਆਏ ਧਾਇ। ਗਹਿ ਲੀਤੇ ਸਾਹਿਬ ਤੇ ਸਤੀ ਦਾਸ। ਮਤੀ ਦਾਸ ਭੀ ਖੂਹ ਤੇ ਕਢਿਆ ਮੰਗਾਇ।… ਭੇਜ ਆਦਮੀ ਫ਼ੌਜ ਰੋਪੜੋਂ ਮੰਗਾਈ।.. ਸੋ ਪਿੰਜਰਾ ਲੋਹੇ ਕਾ ਕਰ ਲਿਆਇ। ਸਾਹਿਬ ਤਿਸ ਵਿਚ ਲੀਤੇ ਪਾਇ। ਚਉਥੇ ਮਹੀਨੇ ਸਾਹਿਬ ਦਿੱਲੀ ਪਹੁਤੇ। ਵਿਚ ਮਾਰਗ ਦੁਖ ਪਾਇ ਬਹੁਤੇ।’

ਭੱਟ ਵਹੀ ਮੁਲਤਾਨੀ ਸਿੰਧੀ ਮੁਤਾਬਕ ਗੁਰੂ ਜੀ ਨੂੰ ਲਗਭਗ 4 ਮਹੀਨੇ ਤੱਕ ਬਸੀ ਪਠਾਣਾਂ ਦੇ ਕਿਲ੍ਹੇ ’ਚ ਕੈਦ ਕਰਕੇ ਰੱਖਿਆ ਗਿਆ ਕਿਉਂਕਿ ਔਰੰਗਜ਼ੇਬ ਨੇ ਵੀ ਇਸੇ ਰਸਤੇ ਵਾਪਸ ਦਿੱਲੀ ਨੂੰ ਮੁੜਨਾ ਸੀ। (ਸ਼ੈਖ਼ ਅਹਿਮਦ ਦੇ ਗੱਦੀ-ਨਸ਼ੀਨ) ਸ਼ੈਖ਼ ਸ਼ੈਫ਼-ਉਦ-ਦੀਨ ਦੀ ਡਿਉਟੀ ਲਾਈ ਗਈ ਕਿ ਉਹ ਗੁਰੂ ਜੀ ਨੂੰ ਇਸਲਾਮ ’ਚ ਲਿਆਉਣ ਦੀ ਕੋਸ਼ਿਸ਼ ਕਰੇ, ਉਸ ਨੇ ਵਾਰ-ਵਾਰ ਬਸੀ ਪਠਾਣਾਂ ਦੇ ਕਿਲ੍ਹੇ ’ਚ ਜਾ ਕੇ ਗੁਰੂ ਜੀ ਨਾਲ਼ ਵਿਚਾਰ-ਚਰਚਾ ਵੀ ਕੀਤੀ, ਪਰ ਕੋਈ ਸਫਲਤਾ ਨਾ ਮਿਲੀ ਅਤੇ ਗੁਰੂ ਜੀ ਨੂੰ ਦਿੱਲੀ ਵਿਖੇ ਭੇਜਣ ਦਾ ਫ਼ੈਸਲਾ ਕੀਤਾ ਗਿਆ।

ਚਾਂਦਨੀ ਚੌਕ (ਦਿੱਲੀ) ਵਿਖੇ 10 ਨਵੰਬਰ 1675 ਈ: ਨੂੰ ਹਜ਼ਾਰਾਂ ਦੀ ਨਫ਼ਰੀ (ਭੀੜ) ਦੇ ਸਾਮ੍ਹਣੇ ਭਾਈ ਮਤੀ ਦਾਸ ਜੀ ਦੀ ਆਖ਼ਰੀ ਇੱਛਾ ਪੁੱਛੀ ਗਈ, ਜੋ ਉਨ੍ਹਾਂ ਆਪਣਾ ਮੂੰਹ, ਪਿੰਜਰੇ ’ਚ ਕੈਦ ਕਰਕੇ ਸਾਮ੍ਹਣੇ ਲਿਆਂਦੇ ਗਏ ਗੁਰੂ ਜੀ ਵੱਲ ਕਰਨ ਨੂੰ ਦੱਸਿਆ।  ਗੁਰੂ ਜੀ ਵੱਲ ਮੂੰਹ ਕਰਕੇ ਸ਼ਹੀਦੀ ਦੇਣਾ, ਬਿਬੇਕੀ ਸਿੱਖ ਦਾ ਗੁਰੂ ਜੀ ਨੂੰ ਆਪਣੀਆਂ ਅੱਖਾਂ ਨਾਲ਼ ਅੰਤਿਮ ਸੁਆਸ ਤੱਕ ਵੇਖਣਾ ਤੇ ਪੰਡਿਤ ਕਿਰਪਾ ਰਾਮ ਜੀ ਨੂੰ ਦਿੱਤੇ ਗਏ ਗੁਰੂ ਜੀ ਵੱਲੋਂ ਵਿਸ਼ਵਾਸ ’ਤੇ ਪੂਰਾ ਉਤਰਨ ਦਾ ਪ੍ਰਤੀਕ ਸੀ।

ਭਾਈ ਮਤੀ ਦਾਸ ਜੀ ਤੇ ਕਾਜ਼ੀ ਦੀ ਹੋਈ ਇਸ ਵਾਰਤਾਲਾਪ ਨੂੰ ਇੱਕ ਕਵੀ ਨੇ ਆਪਣੇ ਸ਼ਬਦਾਂ ’ਚ ਇਉਂ ਬੰਦ ਕੀਤਾ:

‘ਕਾਜ਼ੀ ਆਖਦਾ ਦੱਸ ਖ਼ਾਂ ਮਤੀ ਦਾਸਾ  !  ਤੇਰੀ ਆਖ਼ਰੀ ਇੱਛਿਆ ਹੱਲ ਹੋਵੇ।  ਜੋ ਚਾਹੇਂ, ਉਹ ਤੂੰ ਪਾ ਸਕਦੈਂ, ਉਹ ਹਾਜ਼ਰ ਹੀ ਓਸੇ ਪਲ ਹੋਵੇ।’

ਅੱਗੋਂ ਮਤੀ ਦਾਸ ਜੀ ਦਾ ਜਵਾਬ ਸੀ: ‘ਕਿਹਾ ਮਤੀ ਦਾਸ ਜੀ ਨੇ ਹੱਸ ਕੇ ਤੇ ਮੇਰੀ ਆਖ਼ਰੀ ਇੱਛਿਆ ਹੱਲ ਹੋਵੇ। ਸੀਸ ਮੇਰੇ ’ਤੇ ਜਦੋਂ ਚੱਲੇ ਆਰਾ, ਮੇਰਾ ਮੂੰਹ ਗੁਰੂ ਪਿੰਜਰੇ ਵੱਲ ਹੋਵੇ।’

ਕਾਜ਼ੀ ਨੇ ਭਾਈ ਮਤੀ ਦਾਸ ਜੀ ਦੀ ਇੱਛਾ ਮੁਤਾਬਤ ਗੁਰੂ ਵੱਲ ਮੂੰਹ ਕਰਕੇ (ਕਿਉਂਕਿ ਗੁਰੂ ਜੀ ਦਾ ਸਾਹਸ ਡੇਗਣ ਲਈ ਕਾਜ਼ੀ ਵੀ ਇਹੀ ਚਾਹੁੰਦਾ ਸੀ) ਲੱਕੜ ਦੇ ਦੋ ਫੱਟਿਆਂ ’ਚ ਕੱਸ ਕੇ ਸਿਰ ਉੱਤੇ ਆਰਾ ਚਲਵਾ ਦਿੱਤਾ, ਜਿਸ ਨੇ ਭਾਈ ਸਾਹਿਬ ਦੇ ਸਰੀਰ ਦੇ ਦੋ ਟੁਕੜੇ ਕਰ ਦਿੱਤੇ।  ਅਗਲੀ ਵਾਰੀ ਭਾਈ ਦਿਆਲਾ ਜੀ ਦੀ ਸੀ, ਜਿਨ੍ਹਾਂ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ।  ਤੀਸਰੀ ਵਾਰੀ ਭਾਈ ਸਤੀ ਦਾਸ ਜੀ ਦੀ ਸੀ, ਜਿਨ੍ਹਾਂ ਨੂੰ ਰੂੰ ਵਿੱਚ ਵਲ੍ਹੇਟ ਕੇ ਰੱਸਿਆਂ ਨਾਲ਼ ਕੱਸਿਆ ਗਿਆ ਤੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ।  ਇਨ੍ਹਾਂ ਤਿੰਨੇ ਸ਼ਹੀਦੀਆਂ ਦੌਰਾਨ ਸਿੱਖਾਂ ਦਾ ਮੂੰਹ ਗੁਰੂ ਵੱਲ ਸੀ ਤੇ ਮੂੰਹੋਂ ਗੁਰੂ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ‘ਜਪੁ’ ਪਾਠ ਕੀਤਾ ਗਿਆ।

ਇਸ ਦਿਲ ਕੰਬਾਊ ਘਟਨਾ ਨੇ ਇਕੱਠੇ ਕੀਤੇ ਗਏ ਲੋਕਾਂ ਦੇ ਮਨਾਂ ਉੱਤੇ ਬਹੁਤ ਪ੍ਰਭਾਵ ਪਾਇਆ, ਪਰ ਗੁਰੂ ਜੀ ਫਿਰ ਵੀ ਨਿਡਰ ਤੇ ਸ਼ਾਂਤ-ਚਿੱਤ ਰਹੇ। ਔਰੰਗਜ਼ੇਬ ਦੀ ਦਿਲੀ-ਇੱਛਾ ਮੁਤਾਬਕ ਕਾਜ਼ੀ ਨੇ ਗੁਰੂ ਜੀ ਨੂੰ ਸੁੰਨੀ ਮੁਸਲਮਾਨ ਬਣਨ ਲਈ ਫਿਰ ਕਿਹਾ, ਜਿਸ ਦੇ ਜਵਾਬ ’ਚ ਗੁਰੂ ਜੀ ਦੇ ਵਚਨ ਸਨ ਕਿ ਇਸਲਾਮ ਗ੍ਰਹਿਣ ਕਰਨ ਨਾਲ਼ ਅਗਰ ਮੌਤ ਨਹੀਂ ਆਉਂਦੀ ਤਾਂ ਹੀ ਇਹ ਕੰਮ ਹੋ ਸਕਦਾ ਹੈ।  ਇੰਨੀ ਵੱਡੀ ਘਟਨਾ ਵਾਪਰਨ ਤੋਂ ਬਾਅਦ ਵੀ ਔਰੰਗਜ਼ੇਬ ਆਪਣੇ ਮਕਸਦ ’ਚ ਅਸਫਲ ਹੋ ਰਿਹਾ ਸੀ। 

ਕੁਝ ਇਤਿਹਾਸਕਾਰਾਂ ਅਨੁਸਾਰ ਗੁਰੂ ਜੀ ਨੂੰ ਉਸੇ ਦਿਨ ਸ਼ਹੀਦ ਕਰ ਦਿੱਤਾ ਗਿਆ ਪਰ ਕੁਝ ਦਾ ਮੰਨਣਾ ਹੈ ਕਿ ਇੱਕ ਦਿਨ ਹੋਰ ਗੁਰੂ ਸਾਹਿਬ ਜੀ ਨੂੰ ਪਿੰਜਰੇ ’ਚ ਬੰਦ ਰੱਖਿਆ ਗਿਆ, ਤਾਂ ਜੋ ਡਰ ਕਾਰਨ ਸ਼ਾਇਦ ਦੂਸਰੇ ਦਿਨ ਤੱਕ ਮਨ ਬਦਲ ਜਾਏ ਕਿਉਂਕਿ ਔਰੰਗਜ਼ੇਬ ਵੱਲੋਂ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਉਣ ਬਾਬਤ ਕੋਈ ਜਲਦੀ ਵੀ ਨਹੀਂ ਸੀ।

ਸੋ, ਆਖ਼ਰ ਉਹ ਘੜੀ ਵੀ ਆ ਗਈ ਜਿਸ ਦਿਨ ਕਸ਼ਮੀਰੀ ਪੰਡਿਤਾਂ ਨੂੰ ਦਿੱਤੇ ਗਏ ਵਚਨਾਂ ਉੱਤੇ ਪਹਿਰਾ ਦੇ ਕੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਔਰੰਬਜ਼ੇਬ, ਉਸ ਦੇ ਵਜ਼ੀਰਾਂ, ਸੂਬੇਦਾਰਾਂ, ਕਾਜ਼ੀਆਂ ਨੂੰ ਭਾਰਤੀ ਜਨਤਾ ਸਾਮ੍ਹਣੇ ਹਾਰ ਸਵੀਕਾਰਨ ਲਈ ਮਜਬੂਰ ਕਰਨਾ ਸੀ। 11 ਨਵੰਬਰ 1675 ਈ: ਨੂੰ ਦੁਬਾਰਾ ਜਨਤਾ ਇਕੱਠੀ ਕੀਤੀ ਗਈ, ਪਰ ਗੁਰੂ ਜੀ ਆਪਣੇ ਵਚਨਾਂ ਉੱਤੇ ਅਡੋਲ ਸਨ।  ਕਾਜ਼ੀ ਉਲ-ਕਜ਼ਾਤ ਅਬੂਲ ਵਹਾਰ ਸ਼ੇਰਾ ਨੇ ਜੱਲਾਦ ਨੂੰ ਫ਼ਤਵਾ ਸੁਣਾਇਆ ਕਿ ਗੁਰੂ ਜੀ ਦਾ ਸੀਸ, ਧੜ ਤੋਂ ਅਲੱਗ ਕਰ ਦਿੱਤਾ ਜਾਵੇ।  ਇਸ ਘਟਨਾ ਨੂੰ ਉਸਤਾਦ ਕਵੀ ‘ਦੀਪਕ ਜੈਤੋਈ’ ਆਪਣੇ ਸ਼ਬਦਾਂ ’ਚ ਇਉਂ ਬਿਆਨ ਕਰਦਾ ਹੈ: ‘ਅੰਤ ਵਿੱਚ ਨੂਰ ਦੇ ਪੁੰਜ ਸਤਿਗੁਰ, ਕੀਤੇ ਗਏ ਸ਼ਹੀਦ ਤਲਵਾਰ ਦੇ ਨਾਲ਼। ਹਾਹਾਕਾਰ ਮੱਚੀ ਸਾਰੇ ਜੱਗ ਅੰਦਰ, ਜੈ ਜੈ ਦੇਵਤੇ ਕਰਨ ਸਤਿਕਾਰ ਦੇ ਨਾਲ। ਮਿਲੀ ਜ਼ਿੰਦਗੀ ਧਰਮ ਨੂੰ ਨਵੀਂ ‘ਦੀਪਕ’, ਉਹ ਅਸੀਸਾਂ ਦਾਤਾਰ ਨੂੰ ਦੇ ਰਿਹਾ ਏ।  ਅਜੇ ਤੀਕ ਵੀ ਚਾਂਦਨੀ ਚੌਂਕ ਅੰਦਰ, ਚਾਨਣ ਸਾਰੇ ਸੰਸਾਰ ਨੂੰ ਦੇ ਰਿਹਾ ਹੈ।’

ਇਤਿਹਾਸਕਾਰਾਂ ਮੁਤਾਬਕ ਉਸ ਦਿਨ ਕਾਫ਼ੀ ਤੇਜ਼ ਹਵਾ ਚੱਲੀ, ਜਿਸ ਨਾਲ਼ ਲੱਖੀ ਸ਼ਾਹ ਵਣਜਾਰੇ ਦੇ 100 ਬੈਲ ਗੱਡਿਆਂ ਦੀ ਧੂੜ ਨੇ ਉਸ ਨੂੰ ਤੁਫ਼ਾਨ ’ਚ ਬਦਲ ਦਿੱਤਾ, ਜਿਸ ਦੀ ਮਦਦ ਤੇ ਬੜੀ ਹੁਸ਼ਿਆਰੀ ਨਾਲ਼ ਭਾਈ ਜੈਤਾ ਜੀ, ਗੁਰੂ ਜੀ ਦੇ ਸੀਸ ਨੂੰ ਚੁੱਕ ਕੇ ਲੈ ਗਏ ਤੇ ਲੱਖੀ ਸ਼ਾਹ ਵਣਜਾਰਾ, ਭਾਈ ਉਦੈ ਜੀ, ਭਾਈ ਗੁਰਦਿੱਤਾ ਜੀ ਆਦਿ ਗੁਰੂ ਪਿਆਰੇ, ਗੁਰੂ ਜੀ ਦੇ ਧੜ ਨੂੰ ਇੱਕ ਗੱਡੇ ’ਚ ਛੁਪਾ ਕੇ ਰਕਾਬ ਗੰਜ ਤੱਕ ਲੈ ਜਾਣ ’ਚ ਸਫਲ ਹੋਏ ਜਿੱਥੇ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਹੀ ਅੱਗ ਲਗਾ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕੀਤਾ। ਇਸ ਸਾਰੀ ਘਟਨਾ ’ਚ ਰੱਬੀ ਸ਼ਕਤੀ ਵੱਲੋਂ ਅਚਨਚੇਤ (ਇਤਫਾਕ ਨਾਲ਼) ਮਿਲ਼ੀ ਮਦਦ, ਜਿਸ ਰਾਹੀਂ ਕਾਮਯਾਬੀ ਸਿਖਰਾਂ ਨੂੰ ਛੂਹ ਗਈ, ਕਿਸੇ ਕਰਾਮਾਤ ਤੋਂ ਘੱਟ ਨਹੀਂ ਆਂਕਿਆ ਜਾ ਸਕਦਾ ਕਿਉਂਕਿ ਗੁਰੂ ਜੀ ਦਾ ਦਾਹ ਸੰਸਕਾਰ ਵੀ ਇਸਲਾਮ ਰੀਤ ਨਾਲ਼ ਕਰਨ ’ਚ ਔਰੰਗਜ਼ੇਬ ਸਫਲ ਨਾ ਹੋ ਸਕਿਆ।

ਉਕਤ ਸਚਾਈ ’ਚ ਇਹ ਪੱਖ ਵੀ ਸ਼ਾਮਲ ਕਰਨਯੋਗ ਹੈ ਕਿ ਹਜ਼ਾਰਾਂ ਦੀ ਤਾਦਾਦ ’ਚ ਇਕੱਠੀ ਹੋਈ ਭੀੜ, ਜਿਸ ਵਿੱਚ ਗੁਰੂ ਘਰ ਦੇ ਬਹੁਤ ਸ਼ਰਧਾਲੂ ਵੀ ਸਨ ਕਿਉਂਕਿ 30 ਮਾਰਚ 1664 (ਮਾਤ੍ਰ 11 ਸਾਲ ਪਹਿਲਾਂ) ਦਿੱਲੀ ਵਿੱਚ ਫੈਲੀ ਚੇਚਕ ਦੀ ਬਿਮਾਰੀ ਦੌਰਾਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਵੀ ਬੰਗਲਾ ਸਾਹਿਬ (ਦਿੱਲੀ) ਵਿਖੇ ਰਹਿ ਕੇ ਅਨੇਕਾਂ ਰੋਗੀਆਂ ਨੂੰ ਆਤਮਕ ਤੇ ਸਰੀਰਕ ਦਵਾ ਦਿੰਦਿਆਂ ਆਪਣੀ ਸ਼ਹਾਦਤ ਦਿੱਤੀ ਸੀ।  ਜਿਨ੍ਹਾਂ ਦੇ ਜਜ਼ਬਾਤਾਂ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੇ ਮੁੜ ਸੁਰਜੀਤ ਕਰ ਦਿੱਤਾ।  ਪਹਿਲੇ ਦਿਨ ਦੀਆਂ ਘਟਨਾਵਾਂ ਉਪਰੰਤ 100 ਗੱਡਿਆਂ ਦਾ ਕਾਫ਼ਲਾ ਚਾਂਦਨੀ ਚੌਂਕ ਕੋਲ਼ ਦੀ ਲੰਘਾਉਣਾ; ਭਾਈ ਜੈਤਾ ਜੀ, ਭਾਈ ਓਦੈ ਜੀ, ਭਾਈ ਗੁਰਦਿੱਤਾ ਜੀ, ਭਾਈ ਲੱਖੀ ਸ਼ਾਹ ਵਣਜਾਰਾ ਆਦਿ ਸਿੱਖਾਂ ਦੀ ਰਣਨੀਤੀ ਦਾ ਭਾਗ ਸੀ।  ਇਸ ਨਰਸੰਘਾਰ ਦੀ ਗਵਾਹ ਭੀੜ ’ਚ ਸ਼ਾਮਲ ਗੁਰੂ ਪਿਆਰਿਆਂ ਦੇ ਗ਼ੁੱਸੇ ਦੇ ਸਾਹਮਣੇ ਔਰੰਗਜ਼ੇਬ ਦੇ ਕਾਜ਼ੀ, ਸਿਪਾਹੀ, ਜੱਲਾਦ ਲਾਚਾਰ ਹੋ ਗਏ ਹੋਣਗੇ ਕਿਉਂਕਿ ਚਾਂਦਨੀ ਚੌਂਕ ਤੋਂ ਰਕਾਬਗੰਜ ਗੱਡਿਆਂ ਰਾਹੀਂ ਜਾਣਾ ਤੇ ਰਿਆਸਤ ਦੀ ਰਾਜਧਾਨੀ ’ਚ ਕਿਸੇ ਨੂੰ ਪਤਾ ਨਾ ਲੱਗਣਾ, ਜਨਤਾ ਦੇ ਗੁਰੂ ਪਿਆਰ ਨੂੰ ਦਰਸਾਉਂਦਾ ਹੈ।

ਗੁਰੂ ਰਾਮਦਾਸ ਜੀ; ਸਮਾਜਿਕ ਜੀਵਨ ਬਸਰ ਕਰਦਿਆਂ ਆਪ ਵੀ ਬੇਸਹਾਰਾ ਰਹੇ, ਜਿਨ੍ਹਾਂ ਦਾ ਪਾਲਣ-ਪੋਸ਼ਣ ਨਾਨਕੇ ਘਰ ਹੋਇਆ। ਆਪਣੇ ਜੀਵਨ ਦੇ ਇਨ੍ਹਾਂ ਰੁੱਖੇ-ਮਿੱਸੇ ਅਨੁਭਵਾਂ ’ਚੋਂ ਵਚਨ ਪ੍ਰਗਟ ਕੀਤੇ ਕਿ ਗੁਰੂ, ਬੇਸਹਾਰਿਆਂ ਦਾ ਸਹਾਰਾ ਹੀ ਨਹੀਂ ਹੁੰਦਾ ਬਲਕਿ ਉਨ੍ਹਾਂ ਨੂੰ ਸ਼ਾਬਾਸ਼ (ਹੌਸਲਾ-ਅਫ਼ਜ਼ਾਈ, ਸਹਾਰਾ) ਦੇ ਕੇ ਖੜ੍ਹੇ ਵੀ ਕਰਦਾ ਹੈ: ‘‘ਨਿਮਾਣਿਆ ਗੁਰੁ ਮਾਣੁ ਹੈ; ਗੁਰੁ ਸਤਿਗੁਰੁ ਕਰੇ ਸਾਬਾਸਿ ॥’’ (ਮ: ੪/੪੧)  ਗੁਰੂ ਤੇਗ਼ ਬਹਾਦਰ ਜੀ ਦੁਆਰਾ ਕਸ਼ਮੀਰੀ ਪੰਡਿਤਾਂ ਨੂੰ ਦਿੱਤਾ ਗਿਆ ਦਿਲਾਸਾ (ਧੀਰਜ) ਗੁਰੂ ਰਾਮਦਾਸ ਜੀ ਦੇ ਵਚਨਾਂ ਦੀ ਇੱਕ ਮਿਸਾਲ ਹੈ ਤੇ ਉਹੀ ਪੰਡਿਤ ਕਿਰਪਾ ਰਾਮ ਤੋਂ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਜੰਗ ’ਚ ਆਪ ਵੀ ਸ਼ਹੀਦ ਹੋਏ।

11 ਜੁਲਾਈ (ਅਨੰਦਪੁਰ) ਤੋਂ 11 ਨਵੰਬਰ 1675 ਤੱਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਹਰ ਕਦਮ ਨਾਲ਼ ਕਦਮ ਮਿਲਾ ਕੇ ਚੱਲਣ ਵਾਲ਼ੇ 3 ਗੁਰੂ ਸੂਰਮਿਆਂ ਨੇ ਜਿਸ ਤਰ੍ਹਾਂ ਗੁਰੂ ਨੂੰ ਸਮਰਪਿਤ ਹੋ ਕੇ ਜੀਵਨ ਦੀ ਮਿਸਾਲ ਕਾਇਮ ਕੀਤੀ ਉਹ ਬੜੀ ਲਾਜਵਾਬ ਹੈ।  ਉਨ੍ਹਾਂ ਤਿੰਨ ਗੁਰਸਿੱਖਾਂ ਲਈ ਵੀ ਕਿਹੜੇ ਸ਼ਬਦ ਵਰਤੇ ਜਾਣ, ਜਿਨ੍ਹਾਂ ਨੇ ਅੰਤਿਮ ਸੁਆਸ ਤੱਕ ਆਪਣਾ ਮੂੰਹ ਗੁਰੂ ਵੱਲ ਰੱਖਣ ਨੂੰ ਮਹੱਤਤਾ ਦਿੱਤੀ।

ਹਰ ਸਮਾਜਿਕ ਘਟਨਾ ਨਾਲ਼ ਸੰਬੰਧਿਤ ਸ਼ਹੀਦ ਦਾ ਇਤਿਹਾਸ ਸੰਭਾਲਣਾ ਬੜਾ ਕਠਿਨ ਕਾਰਜ ਹੁੰਦਾ ਹੈ ਕਿਉਂਕਿ ਸ਼ਹੀਦੀ ਦੀ ਜਗ੍ਹਾ ਤੇ ਓਥੋਂ ਦੇ ਜ਼ਮੀਨੀ ਹਾਲਾਤ, ਜ਼ਰੂਰੀ ਨਹੀਂ ਕਿ ਸੰਬੰਧਿਤ ਕੌਮ ਨੂੰ ਸਚਾਈ ਬਿਆਨ ਕਰਕੇ ਦੇਣ; ਜਿਵੇਂ ਕਿ ਸ਼ਹੀਦ ਭਗਤ ਸਿੰਘ (1907-1931) ਨਾਲ਼ ਇੰਗਲੈਂਡ ’ਚ ਕੀ ਕੀ ਵਾਪਰਿਆ?  ਬਾਰੇ ਵੀ ਪੂਰਨ ਜਾਣਕਾਰੀ ਉਪਲਬਧ ਨਹੀਂ ਹੈ।  ਸਿੱਖ ਕੌਮ, ਜੋ ਸ਼ਹੀਦਾਂ ਦੀ ਜਨਮਦਾਤੀ ਹੈ, ਇਸ ਵਿੱਚ ਕਿਸ ਨੇ, ਕਦੋਂ, ਕਿੱਥੇ ਸ਼ਹੀਦੀ ਦੇਣੀ ਹੈ?  ਉਸ ਦਾ ਪਿਛੋਕੜ ਲੱਭਣਾ ਹੋਰ ਵੀ ਜਟਿਲ ਸੀ/ਹੈ।  ਇਸੇ ਤਰ੍ਹਾਂ ਸ਼ਹੀਦ ਭਾਈ ਮਤੀ ਦਾਸ ਜੀ, ਸ਼ਹੀਦ ਭਾਈ ਸਤੀ ਦਾਸ ਜੀ ਤੇ ਸ਼ਹੀਦ ਭਾਈ ਦਿਆਲਾ ਜੀ ਦੇ ਜੀਵਨ ਬਾਰੇ ਬਿਆਨ ਕਰਨ ਲਈ ਸਾਡੇ ਪਾਸ ਬਹੁਤਾ ਕੁਝ ਉਪਲਬਧ ਨਹੀਂ ਹੈ।  ਜੋ ਮੌਜੂਦ ਹੈ, ਉਸ ਵਿੱਚ ਵੀ ਇਤਿਹਾਸਕਾਰਾਂ ਦੀ ਅਸਹਿਮਤੀ ਵਧੇਰੇ ਵਿਖਾਈ ਦਿੰਦੀ ਹੈ, ਪਰ ਜ਼ਿਆਦਾਤਰ ਦੀ ਰਾਏ ਇਸ ਪ੍ਰਕਾਰ ਹੈ: (1). ਪਿੰਡ ਕੜ੍ਹੀਆਲਾ (ਕਰਿਆਲਾ), ਜ਼ਿਲ੍ਹਾ ਜੇਹਲਮ (ਪਾਕਿਸਤਾਨ) ਦੇ ਛਿੱਬਰ ਗੋਤਰ ’ਚ ਇੱਕ ਬ੍ਰਾਹਮਣ ਦੇ ਘਰ ਮਹਾਤਮਾ ਗੋਤਮ ਦਾਸ ਜੀ ਦਾ ਜਨਮ ਹੋਇਆ, ਜਿਨ੍ਹਾਂ ਨੇ ਗੁਰੂ ਅਰਜਨ ਸਾਹਿਬ ਜੀ ਦੇ ਵਚਨ ਸੁਣਦਿਆਂ ਸੰਗਤਾਂ ਦੀ ਸ਼ਰਧਾ ਤੇ ਲਗਨ ਨਾਲ ਸੇਵਾ ਕੀਤੀ।  ਇਸ ਤੋਂ ਪ੍ਰਸੰਨ ਹੋ ਕੇ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ‘ਭਾਈ’ ਦਾ ਖ਼ਿਤਾਬ (ਰੁਤਬਾ) ਬਖ਼ਸ਼ਸ ਕੀਤਾ, ਜੋ ਇਸ ਪਰਿਵਾਰ ਨਾਲ਼ ਅੱਜ ਵੀ ਜੁੜਿਆ ਚਲਿਆ ਆ ਰਿਹਾ ਹੈ।

ਭਾਈ ਗੋਤਮ ਦਾਸ ਜੀ ਦੇ ਸਪੁੱਤਰ ਭਾਈ ਪਰਾਗਾ ਜੀ ਸਨ।  ਭਾਈ ਪਰਾਗਾ ਜੀ ਇੱਕ ਮਹਾਨ ਯੋਧੇ ਸਨ, ਜਿਨ੍ਹਾਂ ਦੀ ਬਹਾਦਰੀ ਤੋਂ ਤਰੁਠ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਆਰੰਭ ਕੀਤੇ ਗਏ ਮਾਨਵਤਾ ਹਿਤਕਾਰੀ ਯੁੱਧ ’ਚ ਇਨ੍ਹਾਂ ਨੂੰ ਜੱਥੇ ਦਾ ਕਮਾਂਡਰ ਬਣਾ ਦਿੱਤਾ ਗਿਆ।  ਸੰਨ 1628 ਈ: ਵਿੱਚ ਸ਼ਾਹਜਹਾਂ ਦਾ ਫ਼ੌਜੀ ਸਰਦਾਰ ਮੁਖ਼ਲਿਸਖ਼ਾਨ, ਜਿਸ ਨੇ ਸ਼ਾਹੀ ਬਾਜ਼ ਨੂੰ ਪਕੜਨ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ (ਸੰਨ 1590-1644, ਗੁਰਿਆਈ ਕਾਲ 1606-1644) ਉੱਤੇ ਅੰਮ੍ਰਿਤਸਰ ਹਮਲਾ ਕਰ ਦਿੱਤਾ, ਇਸ ਜੰਗ ’ਚ ਮੁਖ਼ਲਿਸਖ਼ਾਨ, ਗੁਰੂ ਜੀ ਦੇ ਹੱਥੋਂ ਮਾਰਿਆ ਗਿਆ, ਪਰ ਇਸ ਤੋਂ ਪਹਿਲਾਂ ਭਾਈ ਪਰਾਗਾ ਜੀ, ਮੁਖ਼ਲਿਸਖ਼ਾਨ ਨਾਲ਼ ਲੜਦਿਆਂ ਸ਼ਹੀਦ ਹੋ ਗਏ ਸਨ।

ਸ਼ਹੀਦ ਭਾਈ ਪਰਾਗਾ ਜੀ ਦੇ ਗ੍ਰਹਿ ਭਾਈ ਲੱਖੀ ਦਾਸ ਜੀ ਦਾ ਜਨਮ ਹੋਇਆ, ਜਿਨ੍ਹਾਂ ਦੇ ਸਪੁੱਤਰ ਸਨ: ਭਾਈ ਹੀਰਾ ਨੰਦ ਜੀ ਤੇ ਭਾਈ ਦਰਗਾਹ ਮੱਲ ਜੀ।  ਇਹ ਦੋਵੇਂ ਮਹਾਨ ਯੋਧੇ; ਗੁਰੂ ਹਰਿਰਾਇ ਸਾਹਿਬ ਜੀ (ਸੰਨ 1630-1661, ਗੁਰਿਆਈ ਕਾਲ 1644-1661) ਦੀ ਸ਼ਰਨ ’ਚ ਕੀਰਤਪੁਰ ਆਏ।  ਗੁਰੂ ਸਾਹਿਬ ਜੀ ਨੇ ਇਨ੍ਹਾਂ ਦੀ ਲਿਆਕਤ (ਯੋਗਤਾ) ਨੂੰ ਵੇਖਦਿਆਂ ਭਾਈ ਦਰਗਾਹ ਮੱਲ ਜੀ ਨੂੰ ਗੁਰੂ ਘਰ ਦਾ ਦੀਵਾਨ (ਮੰਤ੍ਰੀ) ਤੇ ਭਾਈ ਹੀਰਾ ਨੰਦ ਜੀ ਨੂੰ ਇਨ੍ਹਾਂ ਦਾ ਵਜ਼ੀਰ ਨਿਯੁਕਤ ਕਰ ਦਿੱਤਾ, ਜੋ ਗੁਰੂ ਹਰਕ੍ਰਿਸ਼ਨ ਸਾਹਿਬ (ਸੰਨ 1652-1664, ਗੁਰਿਆਈ ਕਾਲ 1661-1664) ਦੌਰਾਨ ਵੀ ਸੇਵਾ ਨਿਭਾਉਂਦੇ ਰਹੇ।

ਭਾਈ ਹੀਰਾ ਨੰਦ ਜੀ ਦੇ 4 ਸਪੁੱਤਰ ਸਨ: ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਜਤੀਦਾਸ ਜੀ ਤੇ ਭਾਈ ਸਖੀਦਾਸ ਜੀ।  ਸੰਨ 1657 ਈ: ਵਿੱਚ ਭਾਈ ਹੀਰਾ ਨੰਦ ਜੀ ਚਲਾਣਾ ਕਰ ਗਏ, ਪਰ ਇਸ ਤੋਂ ਪਹਿਲਾਂ ਆਪਣੇ ਦੋਵੇਂ ਵੱਡੇ ਸਪੁੱਤਰ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਘਰ ਦੀ ਸੇਵਾ ਲਈ ਭੇਟਾ ਕਰ ਦਿੱਤਾ ਗਿਆ, ਜੋ ਕਿ ਫ਼ਾਰਸੀ ਦੇ ਵਿਦਵਾਨ ਤੇ ਮਹਾਨ ਯੋਧੇ ਸਨ।

ਗੁਰੂ ਤੇਗ਼ ਬਹਾਦਰ ਸਾਹਿਬ (ਸੰਨ 1621-1675, ਗੁਰਿਆਈ ਕਾਲ 1665-1675) ਸਮੇਂ ਭਾਈ ਦਰਗਾਹ ਮੱਲ ਜੀ ਨੇ ਆਪਣੀ ਸਰੀਰਕ ਸ਼ਕਤੀ ਇਜਾਜ਼ਤ ਨਾ ਦਿੰਦੀ ਵੇਖ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਦੀਵਾਨ ਦੀ ਸੇਵਾ ਲਈ ਕਿਸੇ ਹੋਰ ਸਿੱਖ ਨੂੰ ਨਿਯੁਕਤ ਕਰ ਦਿੱਤਾ ਜਾਵੇ, ਜਿਸ ਉਪਰੰਤ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ (ਮੰਤ੍ਰੀ) ਤੇ ਭਾਈ ਸਤੀ ਦਾਸ ਜੀ ਨੂੰ ਉਨ੍ਹਾਂ ਦਾ ਵਜ਼ੀਰ ਨਿਯੁਕਤ ਕਰ ਦਿੱਤਾ।

ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪ੍ਰਚਾਰਿਕ ਦੌਰਿਆਂ ਸਮੇਂ ਵੀ ਭਾਈ ਮਤੀ ਦਾਸ ਜੀ ਉਨ੍ਹਾਂ ਨਾਲ਼ ਸ਼ਾਮਲ ਰਹੇ ਸਨ। ਪੜ੍ਹੇ-ਲਿਖੇ ਹੋਣ ਕਾਰਨ ਗੁਰਬਾਣੀ ਦੀ ਸਮਝ ਇਨ੍ਹਾਂ ਨੂੰ ਕਾਫ਼ੀ ਸੀ।  ਕਸ਼ਮੀਰੀ ਪੰਡਿਤਾਂ ਦਾ ਗੁਰੂ ਘਰ ’ਚ ਆਉਣਾ ਤੇ ਉਨ੍ਹਾਂ ਨਾਲ਼ ਵਾਪਰੇ ਦੁਖਾਂਤ ਨੂੰ ਇਨ੍ਹਾਂ ਨੇ ਬੜਾ ਹੀ ਨਜ਼ਦੀਕ ਤੋਂ ਸੁਣਿਆ ਤੇ ਵੇਖਿਆ ਸੀ।  ਅਨੰਦਪੁਰ ਤੋਂ ਦਿੱਲੀ ਵੱਲ ਕੂਚ ਕਰਨ ਤੱਕ ਇਹ ਗੁਰੂ ਘਰ ’ਚ ਦੀਵਾਨ ਤੇ ਵਜ਼ੀਰ ਦੇ ਪਦ ’ਤੇ ਬਿਰਾਜਮਾਨ ਸਨ।

ਇਨ੍ਹਾਂ ਦੋਵੇਂ ਗੁਰਸਿੱਖਾਂ ਦੀ ਵੰਸ਼ ਦਾ ਵੇਰਵਾ ‘ਭਟ ਵਹੀ ਮੁਲਤਾਨੀ ਸਿੰਧੀ’ ਵਿੱਚ ਇਉਂ ਅੰਕਿਤ ਹੈ: ‘ਗੋਲੋ ਮਤੀ ਦਾਸ, ਸਤੀ ਦਾਸ ਬੇਟੇ ਹਰਿ ਨੰਦ ਕੇ, ਪੋਤੇ ਲਖੀ ਦਾਸ ਕੇ ਪੜਪੋਤੇ ਪਰਾਗਾ ਕੇ, ਬੰਸ ਗੋਤਮ ਕਾ, ਸਰਸਵਤੀ ਭਾਗਵਤ ਗੋਤਰ ਬ੍ਰਾਹਮਣ ਛਿਬਰ ਮਘਰ ਸੁਦੀ ਪੰਚਮੀ ਸੰਬਤ 1732 (ਸੰਨ 1675) ਦਿੱਲੀ ਚਾਂਦਨੀ ਚੌਂਕ ਕੇ ਮਹਾਨ, ਸ਼ਾਹੀ ਹੁਕਮ ਗੈਲ ਮਾਰੇ ਗਏ।’

(ਨੋਟ: ਭਾਈ ਕਾਨ ਸਿੰਘ ਕ੍ਰਿਤ ਮਹਾਨ ਕੋਸ਼ ਵਿੱਚ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਦੇ ਪਿਤਾ ਭਾਈ ਪਰਾਗਾ ਜੀ ਨੂੰ ਦੱਸਿਆ ਗਿਆ ਹੈ, ਜੋ ਕਿ ਦਰੁਸਤ ਨਹੀਂ ਜਾਪਦਾ ਕਿਉਂਕਿ ਭਾਈ ਪਰਾਗਾ ਜੀ ਸੰਨ 1628 ਈਸਵੀ ’ਚ ਸ਼ਹੀਦ ਹੋ ਗਏ ਸੀ ਤੇ ਭਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ 1675 ਈਸਵੀ ਵਿੱਚ ਸ਼ਹੀਦ ਹੋਏ, ਇਨ੍ਹਾਂ ਦਾ ਫ਼ਾਸਲਾ 47 ਸਾਲ ਬਣਦਾ ਹੈ।  ਅੱਜ ਕੱਲ੍ਹ ਬੱਚਿਆਂ ਦੀ ਵਿਦਿਆ ਨੂੰ ਆਧਾਰ ਬਣਾ ਕੇ ਸ਼ਾਦੀ ਦੀ ਉਮਰ 25-30 ਸਾਲ ਹੋ ਗਈ ਜਦਕਿ ਪਿਛਲਾ ਇਤਿਹਾਸ ਗਵਾਹ ਹੈ ਕਿ ਕੋਈ ਕਾਇਦਾ-ਨਿਯਮ ਨਾ ਹੋਣ ਕਾਰਨ, ਧਾੜਵੀਆਂ ਦੇ ਡਰ ਕਾਰਨ ਬੱਚਿਆਂ ਦੀ ਸ਼ਾਦੀ 14-18 ਸਾਲ ਦੇ ਦਰਮਿਆਨ ਕਰ ਦਿੱਤੀ ਜਾਂਦੀ ਸੀ, ਜਿਸ ਕਾਰਨ ਹਰ ਪੀੜ੍ਹੀ ਦਾ ਅੰਤਰ 20 ਸਾਲ ਤੋਂ ਘੱਟ ਰਹਿ ਜਾਂਦਾ ਸੀ, ਜੋ ਹੁਣ 25-30 ਸਾਲ ਹੋ ਗਿਆ ਹੈ।)

(2). ਭਾਈ ਦਿਆਲਾ ਜੀ ਦਾ ਜਨਮ ਪਿੰਡ ਕੰਬੋਵਾਲ (ਹੁਣ ਲੌਂਗੋਵਾਲ) ਵਿੱਚ ਹੋਇਆ, ਇਨ੍ਹਾਂ ਦਾ ਪਰਿਵਾਰ ਬਾਅਦ ’ਚ ਪਿੰਡ ਕੰਬੋਵਾਲ ਤੋਂ ਉੱਠ ਕੇ ਅਨੰਦਪੁਰ ਸਾਹਿਬ (ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਾਸ) ਆ ਗਿਆ ਤੇ ਗੁਰੂ ਜੀ ਦੀ ਸੇਵਾ ਲਈ ਪੂਰਾ ਪਰਿਵਾਰ ਹੀ ਸਮਰਪਿਤ ਹੋ ਗਿਆ।

ਭਾਈ ਦਿਆਲ ਦਾਸ ਜੀ ਦੇ 11 ਭਰਾ ਸਨ: ‘ਭਾਈ ਲਹਿਣਾ ਸਿੰਘ, ਭਾਈ ਹਠੀ ਚੰਦ, ਭਾਈ ਮੋਹਣ ਚੰਦ, ਭਾਈ ਦਾਨ ਸਿੰਘ, ਭਾਈ ਰਾਏ ਸਿੰਘ, ਭਾਈ ਮਾਨ ਸਿੰਘ, ਭਾਈ ਮਨੀ ਸਿੰਘ, ਭਾਈ ਜੇਠਾ ਸਿੰਘ, ਭਾਈ ਰੂਪ ਸਿੰਘ ਤੇ ਭਾਈ ਜਗਤ ਸਿੰਘ’ ਆਦਿ।  ਇਨ੍ਹਾਂ ਤਮਾਮ ਗੁਰਸਿੱਖਾਂ ਦਾ ਜੀਵਨ ਗੁਰੂ ਸਾਹਿਬ ਨੂੰ ਸਮਰਪਿਤ ਰਿਹਾ ਹੈ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ।  ਇਨ੍ਹਾਂ ਦੇ ਛੋਟੇ ਭਰਾ ਸਨ: ਸ਼ਹੀਦ ਭਾਈ ਮਨੀ ਸਿੰਘ ਜੀ।

ਜਦ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਘਰ ਦੇ ‘ਦੀਵਾਨ’ ਤੇ ‘ਵਜ਼ੀਰ’ ਪਦ ਲਈ ਨਿਯੁਕਤ ਕੀਤਾ ਤਾਂ ਭਾਈ ਦਿਆਲਾ ਜੀ ਨੂੰ ‘ਘਰਬਾਰਗੀ’ (ਲੰਗਰ, ਰਾਸ਼ਨ-ਪਾਣੀ ਆਦਿ) ਦੀ ਸੇਵਾ-ਸੰਭਾਲ਼ ਸੌਂਪੀ ਗਈ ਸੀ। ਆਪ ਜੀ ਦੇ ਪਿਤਾ ਦਾ ਨਾਂ ਭਾਈ ਮਾਈ ਦਾਸ, ਦਾਦਾ ਭਾਈ ਬਾਲੂ ਜੀ ਤੇ ਪੜਦਾਦੇ ਭਾਈ ਮੂਲਾ ਜੀ ਸਨ।  ਸੰਨ 1628 ਈ: ਵਿੱਚ ਮੁਖ਼ਲਿਸਖ਼ਾਨ ਨਾਲ਼ ਹੋਈ ਅੰਮ੍ਰਿਤਸਰ ਦੀ ਜੰਗ ਦੌਰਾਨ ਭਾਈ ਪਰਾਗਾ ਜੀ ਦੀ ਕਮਾਂਡ ਹੇਠ ਭਾਈ ਬਾਲੂ ਜੀ ਨੇ ਵੀ ਆਪਣੀ ਬਹਾਦਰੀ ਦੇ ਜੌਹਰ ਵਿਖਾਏ ਤੇ ਸ਼ਹੀਦੀ ਪ੍ਰਾਪਤ ਕੀਤੀ ਸੀ।

ਇਸ ਗੁਰਸਿੱਖ ਦੇ ਵੰਸ਼ ਦਾ ਵੇਰਵਾ ‘ਭਟ ਵਹੀ ਮੁਲਤਾਨੀ ਸਿੰਧੀ’ ਵਿੱਚ ਇਉਂ ਅੰਕਿਤ ਹੈ: ‘ਦਿਆਲ ਦਾਸ ਬੇਟਾ ਮਾਈ ਦਾਸ ਕਾ, ਪੋਤਾ ਬਾਲੂ ਕਾ, ਪੜਪੋਤਾ ਮੂਲੇ ਕਾ, ਗੁਰੂ ਗੈਲ ਮਘਰ ਸੁਦੀ ਪੰਚਮੀ ਸੰਬਤ 1732 (ਸੰਨ 1675) ਦਿੱਲੀ ਚਾਂਦਨੀ ਚੌਂਕ ਕੇ ਮਹਾਨ, ਸ਼ਾਹੀ ਹੁਕਮ ਗੈਲ ਮਾਰਾ ਗਯਾ।’

ਕਿਸੇ ਸ਼ਾਇਰ ਦਾ ਸ਼ਹੀਦਾਂ ਬਾਬਤ ਲਿਖਿਆ ਇਹ ਦੋਹਰਾ ਬੜੇ ਕਮਾਲ ਦੀ ਸ਼ਰਧਾਂਜਲੀ ਦਿੰਦਾ ਹੈ: ‘ਫ਼ਲ਼ਦੇ ਫ਼ੁਲ਼ਦੇ ਨੇ ਕੌਮਾਂ ਦੇ ਬ੍ਰਿਛ ਉਹੋ, ਕੌਮਾਂ ਉਹਨਾਂ ਦੀ ਹੀ ਛਾਵੇਂ ਬਹਿੰਦੀਆਂ ਨੇ। ਵਿੱਚ ਔੜ ਦੇ ਵੀ ਜੜ੍ਹਾਂ ਜਿਨ੍ਹਾਂ ਦੀਆਂ, ਨਾਲ ਰੱਤ ਦੇ ਗਿਲੀਆਂ ਰਹਿੰਦੀਆਂ ਨੇ।’

ਗੁਰੂ ਨਾਨਕ ਜੀ ਦਾ ਸਰਬ ਸਾਂਝਾ ‘ਸਾਚੁ ਧਰਮੁ’

0

ਗੁਰੂ ਨਾਨਕ ਜੀ ਦਾ ਸਰਬ ਸਾਂਝਾ ‘ਸਾਚੁ ਧਰਮੁ’

ਜਗਤਾਰ ਸਿੰਘ ਜਾਚਕ, ਨਿਊਯਾਰਕ ਵਟਸਅੱਪ ਸੰਪਰਕ +91-98995 63906, ਮੋ. 001 631 455 5164

ਸੰਸਾਰ ਭਰ ਵਿਚ ਬਹੁਤ ਸਾਰੇ ਪਰਉਪਕਾਰੀ ਧਾਰਮਿਕ ਰਹਬਰ (ਆਗੂ) ਹੋਏ ਹਨ, ਜਿਨ੍ਹਾਂ ਨੇ ਆਪਣੀ-ਆਪਣੀ ਸੂਝ ਤੇ ਸਮਰਥਾ ਅਨੁਸਾਰ ਮਨੁੱਖੀ ਭਾਈਚਾਰੇ ਨੂੰ ਜ਼ਿੰਦਗੀ ਦਾ ਮਨੋਰਥ ਸਮਝਾਉਣ ਅਤੇ ਜੀਵਨ ਜਾਚ ਦਰਸਾਉਣ ਹਿਤ ਨਿਰੰਤਰ ਯਤਨ ਕੀਤੇ । ਸਾਡੇ ਲਈ ਉਹ ਸਾਰੇ ਸਤਿਕਾਰ ਦੇ ਪਾਤਰ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ‘‘ਕਬੀਰੁ ਪੂੰਗਰਾ ਰਾਮ ਅਲਹ ਕਾ; ਸਭ ਗੁਰ ਪੀਰ ਹਮਾਰੇ ॥’’ (ਭਗਤ ਕਬੀਰ/੧੩੪੯) ਦਾ ਹੋਕਾ ਦੇ ਰਹੇ ਹਨ, ਪ੍ਰੰਤੂ ਫਿਰ ਵੀ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਰੱਬ ਇੱਕ ਹੈ ਅਤੇ ਉਸ ਦੇ ਬਣਾਏ ਹੋਏ ਕੁਦਰਤੀ ਨਿਯਮ ਸਾਰਿਆਂ ਲਈ ਇੱਕ ਸਮਾਨ ਹਨ ਤਾਂ ਫਿਰ ਤਿੰਨ ਸੌ ਦੇ ਲਗਭਗ ਮਜ਼ਹਬ (ਧਰਮ) ਅਤੇ ਹਜ਼ਾਰਾਂ ਹੀ ਸੰਪਰਦਾਵਾਂ ਕਿੱਥੋਂ ਅਤੇ ਕਿਵੇਂ ਪੈਦਾ ਹੋ ਗਈਆਂ ? ਜਿਨ੍ਹਾਂ ਵਿਚਲੀ ਆਪਸੀ ਖਿਚੋਤਾਣ ਅੱਜ ਸਮੁੱਚੇ ਸੰਸਾਰ ਲਈ ਇੱਕ ਖ਼ਤਰਾ ਬਣ ਕੇ ਉਭਰ ਰਹੀ ਹੈ। ਜਿਸ ਤਰ੍ਹਾਂ ਮਜ਼ਹਬੀ ਕੱਟੜਤਾ ਦਾ ਪ੍ਰਭਾਵ ਵਧ ਰਿਹਾ ਹੈ, ਉਹ ਇਸ ਐਟਮੀ ਯੁਗ ਵਿੱਚ ਕਿਸੇ ਵੇਲੇ ਵੀ ਮਨੁੱਖਤਾ ਦੇ ਸਰਬਨਾਸ਼ ਦਾ ਕਾਰਨ ਬਣ ਸਕਦਾ ਹੈ । ਇਤਿਹਾਸ ਇਸ ਹਕੀਕਤ ਦਾ ਗਵਾਹ ਹੈ ਕਿ ਓਨਾ ਖ਼ੂਨ-ਖ਼ਰਾਬਾ ਰਾਜਨੀਤਕ ਜੰਗਾਂ ਕਾਰਨ ਨਹੀਂ ਹੋਇਆ, ਜਿੰਨਾ ਕਿ ਆਪਣੀ ਸੰਪਰਦਾ ਜਾਂ ਮੱਤ ਨੂੰ ਸ੍ਰੇਸ਼ਟ ਦਰਸਾਉਣ, ਦੂਜਿਆਂ ਨੂੰ ਨੀਵੇਂ ਜਨਾਉਣ ਅਤੇ ਹਰ ਹਰਬਾ ਵਰਤ ਕੇ ਉਨ੍ਹਾਂ ਸਾਰਿਆਂ ਨੂੰ ਆਪਣੇ ਸੰਪ੍ਰਦਾਈ ਸੰਕੀਰਨ ਦਾਇਰੇ ਵਿੱਚ ਲਿਆਉਣ ਲਈ ਹੋਇਆ ਹੈ।

ਭਾਵੇਂ ਹੁਣ ਸੰਸਾਰ ਦੇ ਕੁਝ ਮਾਨਵ-ਹਿਤਕਾਰੀ ਧਾਰਮਿਕ ਤੇ ਰਾਜਨੀਤਕ ਆਗੂ ‘ਲੀਗ ਆਫ਼ ਨੇਸ਼ਨਜ’ ਅਤੇ ‘ਯੂਨਾਈਟਡ ਨੇਸ਼ਨਜ’ ਵਾਂਗ ਸਾਰੇ ਮਜ਼ਹਬਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਤਰ ਕਰਕੇ ਮਜ਼ਹਬੀ ਨੇੜਤਾ ਪੈਦਾ ਕਰਨ ਦੇ ਯਤਨ ਕਰ ਰਹੇ ਹਨ; ਪਰੰਤੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਲੰਮੀ ਨਦਰ ਨੇ 550 ਸਾਲ ਪਹਿਲਾਂ ਹੀ ਇਸ ਖ਼ਤਰੇ ਨੂੰ ਭਾਂਪ ਲਿਆ ਸੀ। ਇਹੀ ਕਾਰਨ ਹੈ ਕਿ ਉਨ੍ਹਾਂ ਨੇ ਸੰਸਾਰ ਦੇ ਸਾਹਮਣੇ ਇੱਕ ਸਰਬ-ਸਾਂਝੇ ‘ਸਾਚੁ-ਧਰਮੁ’ ਦਾ ਆਸ਼ਾ ਰਖਿਆ ਭਾਵ ਉਨ੍ਹਾਂ ਨੇ ਸਮਝਾਇਆ ਕਿ ਮਨੁੱਖਾ ਜ਼ਿਦਗੀ ਦੇ ਹਰ ਖੇਤਰ ਵਿੱਚ ਸੱਚ ਨੂੰ ਦ੍ਰਿੜ੍ਹ ਕਰਕੇ ਜੀਊਣਾ ਹੀ ਸਰਬੋਤਮ ਧਰਮ ਹੈ। ‘ਬੁੱਧ ਮੱਤ’ ਨਾਲ ਮਹਾਤਮਾ ਬੁੱਧ ਜੀ ਦਾ ਨਾਂ, ‘ਈਸਾਈ ਮੱਤ’ ਨਾਲ ਹਜ਼ਰਤ ਈਸਾ ਜੀ ਦਾ ਨਾਂ ਅਤੇ ‘ਮੁਹੰਮਡਨ’ ਨਾਲ ਹਜ਼ਰਤ ਮੁਹੰਮਦ ਜੀ ਦਾ ਨਾਂ, ਜੁੜਿਆ ਹੋਇਆ ਹੈ ਕਿਉਂਕਿ ਇਹ ਸਾਰੇ ਮਹਾਂਪੁਰਖ ਆਪੋ-ਆਪਣੇ ਮੱਤਾਂ ਦੇ ਚਾਲਕ ਸਨ, ਪਰ ਗੁਰਬਾਣੀ ਅਤੇ ਗੁਰ ਇਤਿਹਾਸ ਇਸ ਹਕੀਕਤ ਦੇ ਗਵਾਹ ਹਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਰੱਬੀ ਹੁਕਮ ਅਧੀਨ ਚਲਾਏ ਧਰਮ-ਪੰਥ ਨੂੰ ਕੋਈ ਵਿਅਕਤੀਗਤ ਜਾਂ ਕੌਮੀ ਨਾਂ ਨਹੀਂ ਦਿੱਤਾ ਕਿਉਂਕਿ ਉਹ ਸਮਝਦੇ ਸਨ ਕਿ ਧਾਰਮਿਕ ਜਗਤ ਦੇ ਐਸੇ ਵਰਤਾਰੇ ਕਾਰਨ ਹੀ ਮਜ਼ਹਬੀ ਕੱਟੜਤਾ ਜਨਮ ਲੈਂਦੀ ਹੈ ਅਤੇ ਮਾਨਵਤਾ ਵਿੱਚ ਸੰਪਰਦਾਈ ਦੀਵਾਰਾਂ ਖੜ੍ਹੀਆਂ ਹੁੰਦੀਆਂ ਹਨ।

ਗੁਰਬਾਣੀ ਟੀਕਾਕਾਰਾਂ ਅਨੁਸਾਰ ‘ਸਾਚੁ ਧਰਮੁ’ ਦਾ ਅਰਥ ਹੈ : ‘ਸਦਾ ਥਿਰ (ਸੱਚੇ) ਪ੍ਰਭੂ ਦੇ ਨਾਮ ਸਿਮਰਨ ਵਾਲਾ ਤੇ ਸਦਾ ਸਾਥ ਨਿਭਣ ਵਾਲਾ ਧਰਮ’। ਅਕਾਲ ਪੁਰਖ ਵਾਹਗੁਰੂ ਜੀ ਦੀ ਹੋਂਦ ਦੇ ਵਿਸ਼ਵਾਸ ਵਿੱਚ ਭਰ ਕੇ ਉਸ ਦੀ ਨਿਕਟਤਾ ਭਰਪੂਰ ਹਜ਼ੂਰੀ ਅਤੇੇ ਰਜ਼ਾ ਵਿੱਚ ਜੀਊਣ ਦੀ ਸਰਬਸਾਂਝੀ ਜੀਵਨ-ਜੁਗਤ । ਰੱਬ ਨੂੰ ਯਾਦ ਰੱਖਦਿਆਂ ਸੱਚ ’ਤੇ ਪਹਿਰਾ ਤਾਂ ਹਰੇਕ ਥਾਂ ਅਤੇ ਹਰ ਵੇਲੇ ਦਿੱਤਾ ਜਾ ਸਕਦਾ ਹੈ, ਪਰ ਮਜ਼ਹਬੀ ਤੇ ਜਥੇਬੰਦਕ ਪਹਿਚਾਣ ਦੇ ਚਿੰਨਾਂ ਤੇ ਹੋਰ ਗਿਣੇ-ਮਿੱਥੇ ਕਰਮਕਾਂਡਾਂ ਵਾਲਾ ਧਰਮ; ਸਦਾ ਨਹੀਂ ਨਿਭਾਇਆ ਜਾ ਸਕਦਾ । ਗੁਰੂ ਨਾਨਕ ਸਾਹਿਬ ਜੀ ਨੇ ਸਪੱਸ਼ਟ ਲਿਖਿਆ ਹੈ ਕਿ ਜੋ ਕੋਈ ਮਨੁੱਖ ਆਪਣੇ ਹਿਰਦੇ ਵਿੱਚ ਇਹ ਨਿਸ਼ਚਾ ਬਿਠਾਂਦਾ ਹੈ ਕਿ ਸੱਚ ਸਰੂਪ ਪ੍ਰਭੂ ਦੇ ਨਾਮ ਸਿਮਰਨ ਵਜੋਂ ਸੱਚ ਨੂੰ ਦ੍ਰਿੜ੍ਹ ਕਰਕੇ ਜੀਊਣਾ ਹੀ ਇੱਕੋ ਇੱਕ ਠੀਕ ਧਰਮ ਹੈ, ਉਹ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ ਵਿਕਾਰਾਂ ਦੇ ਟਾਕਰੇ ’ਤੇ ਅਡੋਲ ਹੋ ਜਾਂਦਾ ਹੈ। ਉਹ ਮਨੁੱਖ ਇਕਤਾਰ ਸੁਰਤਿ ਜੋੜ ਕੇ ਅਬਿਨਾਸ਼ੀ ਪ੍ਰਭੂ ਵਿੱਚ ਮਸਤ ਰਹਿੰਦਾ ਹੈ । ਗੁਰੂ ਦੀ ਸ਼ਰਨ ਪੈ ਕੇ ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ ਭਾਵ ਉਹ ਸ੍ਰਿਸ਼ਟੀ ਦੇ ਜੀਅ-ਜੰਤਾਂ ਤੇ ਹੋਰ ਕੁਦਰਤੀ ਅੰਗਾਂ ਅੰਦਰਲੀ ਰੱਬੀ ਜੋਤਿ ਨੂੰ ਪਹਿਚਾਣ ਲੈਂਦਾ ਹੈ । ਗੁਰ ਵਾਕ ਹੈ : ‘‘ਏਕੋ ਧਰਮੁ; ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ; ਜੁਗਿ ਜੁਗਿ ਸੋਈ ॥ ਅਨਹਦਿ ਰਾਤਾ; ਏਕ ਲਿਵ ਤਾਰ ॥ ਓਹੁ ਗੁਰਮੁਖਿ; ਪਾਵੈ ਅਲਖ ਅਪਾਰ ॥’’ (ਮ: ੧/ ੧੧੮੮)

ਗੁਰੂ ਨਾਨਕ ਸਾਹਿਬ ਜੀ ਨੇ ਇਹ ਵੀ ਸਮਝਾਇਆ ਕਿ ਜਦੋਂ ਕਿਸੇ ਮਨੁੱਖ ਦਾ ਮਨ, ਪਰਮੇਸ਼ਰ ਦੇ ਨਾਮ ਵਿੱਚ ਪਤੀਜ ਜਾਂਦਾ ਹੈ ਭਾਵ ਰੱਬੀ ਹੋਂਦ ਦੀ ਪ੍ਰਤੀਤ ਵਿੱਚ ਭਿੱਜ ਜਾਂਦਾ ਹੈ ਤਾਂ ਉਸ ਮਨੁੱਖ ਦਾ ਧਰਮ ਨਾਲ ਸਿੱਧਾ ਸੰਬੰਧ ਜੁੜ ਜਾਂਦਾ ਹੈ। ਐਸਾ ਵਿਅਕਤੀ ਫਿਰ ਦੁਨੀਆਂ ਦੇ ਵੱਖੋ-ਵੱਖਰੇ ਮਜ਼ਹਬਾਂ ਅਤੇ ਫਿਰਕਾ-ਪ੍ਰਸਤੀ ਦੇ ਵਖਰੇਵਿਆਂ ਵਿੱਚ ਨਹੀਂ ਪੈਂਦਾ ਕਿ ਇਹ ਰਸਤਾ ਚੰਗਾ ਹੈ ਅਤੇ ਇਹ ਮਾੜਾ । ਜਪੁ ਜੀ ਸਾਹਿਬ ਵਿੱਚ ਉਨ੍ਹਾਂ ਦਾ ਗੁਰਮਤੀ ਫ਼ੈਸਲਾ ਹੈ ‘‘ਮੰਨੈ ਮਗੁ ਨ ਚਲੈ ਪੰਥੁ ॥ ਮੰਨੈ ਧਰਮ ਸੇਤੀ ਸਨਬੰਧੁ ॥’’ ਪਰ ਇਸ ਦਾ ਇਹ ਅਰਥ ਨਹੀਂ ਕਿ ਉਹ ਵਖਾਵੇ ਦੇ ਕਰਮਕਾਂਡਾਂ ਅਤੇ ਹੋਰ ਵਹਿਮਾਂ ’ਤੇ ਆਧਾਰਿਤ ਫੋਕੀਆਂ ਰਸਮਾਂ ਨੂੰ ਰੱਦ ਨਹੀਂ ਕਰਦਾ। ਉਨ੍ਹਾਂ ਦੇ ਜੋਤਿ ਸਰੂਪ ਪੰਚਮ ਗੁਰਦੇਵ ਬੜੀ ਬੇਬਾਕੀ ਨਾਲ ਆਖਦੇ ਹਨ : ‘‘ਕਰਮ ਧਰਮ ਪਾਖੰਡ ਜੋ ਦੀਸਹਿ; ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ; ਨਿਮਖ ਸਿਮਰਤ ਜਿਤੁ ਛੂਟੈ ॥’’ (ਮ: ੫/੭੪੭)

ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ‘ਸਾਚੁ ਧਰਮੁ’ ਦਾ ਅਧਿਆਤਮਿਕ ਰਹੱਸ ਵੀ ਪ੍ਰਗਟ ਕੀਤਾ ਹੈ । ਉਹ ਦੱਸਦੇ ਹਨ ਕਿ ਜਿਵੇਂ ਕੋਈ ਕਿਰਸਾਨ; ਆਪਣੀ ਖੇਤੀ ਨੂੰ ਅਵਾਰਾ ਡੰਗਰਾਂ ਤੇ ਹੋਰ ਜਾਨਵਰਾਂ ਤੋਂ ਬਚਾਉਣ ਲਈ ਵਾੜ ਅਤੇ ਮਜ਼ਬੂਤ ਫਾਟਕ ਲਗਾਉਂਦਾ ਹੈ; ਤਿਵੇਂ ਹੀ ਗੁਰੂ-ਬਾਬੇ ਨੇ ਮਨੁੱਖ ਦੀ ਜੀਵਨ ਰੂਪ ਖੇਤੀ ਨੂੰ ਵਿਕਾਰਾਂ ਤੋਂ ਬਚਾਉਣ ਲਈ ‘ਸਾਚੁ ਧਰਮੁ’ ਦੀ ਵਾੜ ਕੀਤੀ ਹੈ ਅਤੇ ਗੁਰੂ ਗਿਆਨ ਦੇ ਪੱਕੇ ਫਲ੍ਹੇ (ਸਟਰੌਂਗ ਗੇਟ) ਲਗਾਏ ਹਨ। ਗੁਰਦੇਵ ਜੀ ਦਾ ਵਿਖਿਆਤਮਿਕ ਗੁਰਵਾਕ ਹੈ ‘‘ਸਾਚ ਧਰਮ ਕੀ ਕਰਿ ਦੀਨੀ ਵਾਰਿ ॥ ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥’’ (ਮ: ੫/੪੩੦), ਹਜ਼ੂਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਿਹਰਵਾਨ ਅਕਾਲ ਪੁਰਖ ਜਿਸ ਮਨੁੱਖ ਨੂੰ ਸੱਚਾ ਧਰਮ ਦ੍ਰਿੜ੍ਹ ਕਰਕੇ ਜੀਵਣ ਦਾ ਬਲ ਬਖ਼ਸ਼ਦਾ ਹੈ, ਉਸ ਪਾਸੋਂ ਉਹ ਸਰਬੱਤ ਦੇ ਭਲੇ ਵਾਲੇ ਕੰਮ ਕਰਾਂਦਾ ਹੈ । ਗੁਰੂ ਗਿਆਨ ਤੇ ਦੈਵੀ ਗੁਣਾਂ ਦੇ ਨਾਮ-ਧਨ ਨੂੰ ਇਕੱਠਾ ਕਰਦਿਆਂ ਉਸ ਦੀ ਦੁਨੀਆਂ ਵੀ ਨਹੀਂ ਵਿਗੜਦੀ ਭਾਵ ਨਾਮ-ਧਨ ਕਮਾਉਣ ਦੇ ਨਾਲ-ਨਾਲ ਉਹ ਉਪਕਾਰੀ ਜੀਵਨ ਨਿਰਬਾਹ ਲਈ ਮਾਲ-ਧਨ ਵੀ ਕਮਾਉਂਦਾ ਹੈ। ਇਸ ਪ੍ਰਕਾਰ ਉਸ ਦਾ ਲੋਕ ਸੁਖੀਆ ਤੇ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ । ਫ਼ੈਸਲਾਕੁਨ ਗੁਰਵਾਕ ਹੈ : ‘‘ਸਚਾ ਧਰਮੁ; ਪੁੰਨੁ ਭਲਾ ਕਰਾਏ ॥ ਦੀਨ ਕੈ ਤੋਸੈ; ਦੁਨੀ ਨ ਜਾਏ ॥’’ (ਮ: ੫/੭੪੩)

ਗੁਰਬਾਣੀ ਵਿੱਚ ‘ਸਤਿ’ (ਸੱਚ) ਤੇ ‘ਨਾਮੁ’ ਲਫ਼ਜ਼ਾਂ ਨੂੰ ਜਗਤ ਕਰਤੇ ਪ੍ਰਭੂ ਵਜੋਂ ਸਮਾਨਾਰਥਕ ਰੂਪ ਵਿੱਚ ਵਰਤਿਆ ਗਿਆ ਹੈ; ਜਿਵੇਂ ‘‘ਸਾਚੇ ਤੇ ਪਵਨਾ ਭਇਆ..॥’’ (ਮ: ੧/ ੧੯) ਅਤੇ  ‘‘ਨਾਮੈ ਹੀ ਤੇ ਸਭੁ ਕਿਛੁ ਹੋਆ..॥’’ (ਮ: ੩/ ੭੫੩), ਇਸ ਲਈ ਗੁਰੂ ਪੰਚਮ ਪਾਤਸ਼ਾਹ ਨੇ ‘ਸਾਚੁ ਧਰਮੁ’ ਨੂੰ ‘ਨਾਮ ਧਰਮ’ ਦਸਦਿਆਂ ਇਉਂ ਵੀ ਲਿਖਿਆ ਕਿ ਗੁਰੂ ਨਾਨਕ ਸਾਹਿਬ ਜਗਤ ਦੀ ਅਗਿਆਨਤਾ ਨੂੰ ਦੂਰ ਕਰਨ ਲਈ ਇੱਕ ਚਰਾਗ (ਚਹੁੰ-ਮੁਖੀ ਦੀਵੇ) ਵਾਂਗ ਜਗੇ ਅਤੇ ਉਨ੍ਹਾਂ ਦੇ ਦਰਸਾਏ ‘ਨਾਮ-ਧਰਮ’ ਦੁਆਰਾ ਸਾਰੀ ਸ੍ਰਿਸ਼ਟੀ ਪਾਰ ਉਤਰ ਗਈ ਭਾਵ ਵਿਕਾਰਾਂ ਤੋਂ ਮੁਕਤ ਹੁੰਦਿਆਂ ਰੱਬੀ ਮਿਲਾਪ ਦੇ ਰੂਪ ਵਿੱਚ ਗੁਣਵੰਤ, ਧਨਵੰਤ, ਪਤਿਵੰਤ ਤੇ ਕੁਲਵੰਤ ਬਣਨ ਦਾ ਹਰੇਕ ਮਨੱਖ ਨੂੰ ਬਰਾਬਰ ਮੌਕਾ ਮਿਲਿਆ ਕਿਉਂਕਿ ਗੁਰੂ-ਬਾਬੇ ਦੀ ਮਾਨਵਵਾਦੀ ਜੀਵਨ-ਜੁਗਤਿ ਵਿੱਚ ਊਚ ਨੀਚ, ਸ੍ਰੇਸ਼ਟ ਜਾਂ ਸ਼ੂਦਰ ਅਤੇ ਮੋਮਨ ਜਾਂ ਕਾਫ਼ਰ ਆਦਿਕ ਵਰਗੇ ਸਮਾਜਕ ਤੇ ਧਾਰਮਕ ਵਿਤਕਰੇ ਨਹੀਂ ਸਨ।  ਗੁਰ ਵਾਕ ਹੈ : ‘‘ਬਲਿਓ ਚਰਾਗੁ ਅੰਧੵਾਰ ਮਹਿ; ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ; ਜਨੁ ਨਾਨਕੁ ਗੁਰੁ ਪਾਰਬ੍ਰਹਮ ॥’’ (ਮ: ੫/ ੧੩੮੭)

ਹਜ਼ੂਰ ਨੂੰ ਜਦੋਂ ਕਿਸੇ ਸੂਝਵਾਨ ਜਗਿਆਸੂ ਨੇ ਪੁੱਛਿਆ ਕਿ ਮਹਾਰਾਜ ! ਸੰਸਾਰ ਦਾ ਸਭ ਤੋਂ ਸ੍ਰੇਸ਼ਟ ਧਰਮ ਕਿਹੜਾ ਹੈ ? ਤਾਂ ਹਜ਼ੂਰ ਨੇ ਫ਼ੁਰਮਾਇਆ ਕਿ ਮਨੁੱਖੀ ਜ਼ਿੰਦਗੀ ਦਾ ਹਰੇਕ ਕੰਮ ਕਾਰ ਅਤੇ ਅਮਲ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਲਿਵ ’ਤੇ ਆਧਾਰਿਤ ਹੋਵੇ। ਮਨੁੱਖ ਵਾਹਿਗੁਰੂ ਦੀ ਯਾਦ ਵਿੱਚ ਜੀਵੇ ਅਤੇ ਨਿਰਮਲ ਕਰਮ ਕਰੇ ਕਿਉਂਕਿ ਰੱਬੀ-ਯਾਦ; ਮਨੁੱਖ ਨੂੰ ਸੰਨਿਆਸੀ ਤੇ ਵੈਰਾਗੀ ਬਣਾ ਕੇ ਜ਼ਿੰਦਗੀ ਤੋਂ ਦੂਰ ਨਹੀਂ ਲਿਜਾਂਦੀ, ਸਗੋਂ ਸਿਮਰਨ ਰੂਪ ਰੱਬੀ ਹਜ਼ੂਰੀ ਦੇ ਨਿਰਮਲ-ਭਉ (ਅਦਬ) ਅਧੀਨ ਕਰਮ ਜੋਗੀ ਬਣਾਉਂਦੀ ਹੈ। ਅਮ੍ਰਿਤ ਬਚਨ ਹਨ : ‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਗਉੜੀ ਸੁਖਮਨੀ/ ਮ: ੫/ ੨੬੬)

ਗੁਰੂ ਨਾਨਕ ਸਾਹਿਬ ਜੀ ਉਨ੍ਹਾਂ ਦੇ ਜੋਤਿ ਸਰੂਪ ਬਾਕੀ ਗੁਰੂ ਸਾਹਿਬਾਨ ਨੇ ਪੂਰਬੀ ਤੇ ਪੱਛਮੀ ਮਤ-ਮਤਾਂਤਰਾਂ ਵਿੱਚ ਰੱਬੀ ਹੋਂਦ ਨੂੰ ਪ੍ਰਗਟਾਉਂਦੇ ਹੋਏ ਸਾਰੇ ਦੈਵੀ ਨਾਵਾਂ ਦੀ ਵਰਤੋਂ ਕੀਤੀ, ਪਰ ਕਿਸੇ ਇੱਕ ਨੂੰ ਵਿਸ਼ੇਸ਼ਤਾ ਵੀ ਨਾ ਦਿਤੀ ਕਿਉਂਕਿ ਉਹ ਦੇਖ ਰਹੇ ਸਨ ਕਿ ਲੋਕ ਰੱਬੀ ਨਾਵਾਂ ’ਤੇ ਵੀ ਝਗੜਦੇ ਪਏ ਹਨ ਜਦੋਂ ਕਿ ਸਾਰੀ ਸ੍ਰਿਸ਼ਟੀ ਦਾ ਮੂਲ ਪਰਮਾਤਮਾ ਇੱਕ ਹੀ ਹੈ। ਉਸ ਨੂੰ ਯਾਦ ਕਰਨ ਲਈ ਕਿਸੇ ਖ਼ਾਸ ਨਾਮ, ਕਿਸੇ ਖ਼ਾਸ ਦਿਸ਼ਾ ਜਾਂ ਕਿਸੇ ਖ਼ਾਸ ਸਥਾਨ ਅਤੇ ਸਰੀਰਕ ਮੁਦਰਾ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਸਰਬ ਵਿਆਪਕ ਤੇ ਸਾਰਿਆਂ ਦਾ ਜੀਵਨ ਹੈ। ਉਸ ਨੂੰ ਧਾਰਮਕ ਮੰਦਰਾਂ ਦੀਆਂ ਦੀਵਾਰਾਂ ਵਿੱਚ ਕੈਦ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਵਿਸ਼ੇਸ਼ ਕਰਮ ਧਰਮ ਨਾਲ ਉਸ ਨੂੰ ਰੀਝਾਇਆ ਜਾ ਸਕਦਾ ਹੈ। ਉਹ ਵੱਖ-ਵੱਖ ਮਜ਼ਹਬੀ ਜਪ-ਤਪ ਅਤੇ ਸਰੀਰਕ ਜੁਗਤੀਆਂ ਦੀ ਪਕੜ ਤੋਂ ਉਚੇਰਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਐਸਾ ਮਨੋਰਥ ਨਹੀਂ ਸੀ ਕਿ ਲੋਕਾਂ ਨੂੰ ਇੱਕ ਧਰਮ ਤੋਂ ਦੂਜੇ ਧਰਮ ਵੱਲ ਪ੍ਰੇਰਿਆ ਜਾਵੇ, ਸਗੋਂ ਉਹ ਤਾਂ ਸਾਰਿਆਂ ਨੂੰ ਆਪਣੇ ਸੱਚੇ ਈਮਾਨ ਵਿੱਚ ਪੱਕੇ ਰਹਿੰਦਿਆਂ ਮਨੁੱਖ ਮਾਤਰ ਦੀ ਸੇਵਾ ਲਈ ਇੱਕ ਸਾਂਝਾ ਤੇ ਨਿਰਭਉ ਨਿਰਵੈਰ ਮਨੁੱਖੀ ਭਾਈਚਾਰਾ ਕਾਇਮ ਕਰਨਾ ਚਾਹੁੰਦੇ ਸਨ, ਜੋ ਇੱਕ ਅਕਾਲ ਪੁਰਖ ਦੇ ਦੈਵੀ-ਗੁਣਾਂ ਦਾ ਪੁਜਾਰੀ, ਕਿਰਤੀ ਤੇ ਸ਼ੁਭ ਅਮਲਾਂ ਵਾਲੇ ਹੋਣ। ਸਾਰੇ ਜਾਣਦੇ ਹਨ ਕਿ ਪਰਮਾਤਮਾ ਦੀ ਸਰਬ ਵਿਆਪਕਤਾ ਦਰਸਾਉਣ ਲਈ ਜਦੋਂ ਉਹ ਇਸਲਾਮ ਦੇ ਕੇਂਦਰੀ ਧਰਮ ਅਸਥਾਨ ਮੱਕੇ ਦੀ ਜ਼ਯਾਰਤ (ਯਾਤਰਾ) ਲਈ ਗਏ ਅਤੇ ਉੱਥੇ ਹਾਜੀਆਂ ਨੇ ਪੁੱਛਿਆ ਕਿ ਤੁਹਾਡੀ ਦ੍ਰਿਸ਼ਟੀ ਵਿੱਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ ? ਤਾਂ ਉਨ੍ਹਾਂ ਸਪਸ਼ਟ ਕਿਹਾ ਕਿ ਸ਼ੁਭ ਅਮਲਾਂ ਬਾਝੋਂ ਕਿਸੇ ਨੂੰ ਵੀ ਰੱਬੀ ਦਰਗਾਹ ਵਿੱਚ ਆਦਰ ਨਹੀਂ ਮਿਲ ਸਕਦਾ । ਭਾਈ ਗੁਰਦਾਸ ਜੀ ਲਿਖਦੇ ਹਨ : ‘‘ਬਾਬਾ ਆਖੇ ਹਾਜੀਆ! ਸੁਭਿ ਅਮਲਾ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦੁਇ, ਦਰਗਹ ਅੰਦਰਿ ਲਹਨਿ ਨ ਢੋਈ। (ਭਾਈ ਗੁਰਦਾਸ ਜੀ/ਵਾਰ ੧ ਪਉੜੀ ੩੩)

ਗੁਰਦੇਵ ਜੀ ਲਈ ਇਹ ਪੱਖ ਵੀ ਕੋਈ ਮਹੱਤਵ ਨਹੀਂ ਸੀ ਰੱਖਦਾ ਕਿ ਕੋਈ ਮਨੁੱਖ ਕਿਸ ਮਜ਼ਹਬ ਨਾਲ ਸਬੰਧਿਤ ਹੈ। ਉਹ ਤਾਂ ਸਦਾ ਇਹੀ ਦੇਖਦੇ ਸਨ ਕਿ ਉਸ ਮਨੁੱਖ ਦਾ ਦੂਸਰਿਆਂ ਨਾਲ ਵਰਤੋਂ ਵਿਹਾਰ ਕੈਸਾ ਹੈ। ਉਹ ਸੁਕ੍ਰਿਤ ਕਰਦਾ ਹੈ ਜਾਂ ਦੁਕ੍ਰਿਤ । ਸਤਿਗੁਰੂ ਜੀ ਨੇ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਬਹਿਸ਼ਤ (ਸਵਰਗ) ਦੇ ਲਾਰੇ ਨਹੀਂ ਲਾਏ ਅਤੇ ਨਾ ਹੀ ਦੋਜ਼ਕ (ਨਰਕ) ਦੇ ਡਰਾਵੇ ਦਿਤੇ ਕਿਉਂਕਿ ਉਹ ਭਲੀਭਾਂਤ ਸਮਝਦੇ ਸਨ ਕਿ ਇਹ ਸਭ ਮਨੁੱਖੀ ਈਮਾਨ ਨੂੰ ਕਮਜ਼ੋਰ ਕਰਦੇ ਹਨ। ਇਸੇ ਲਈ ਉਨ੍ਹਾਂ ਆਖਿਆ : ‘‘ਸਭਨਾ ਕਾ; ਦਰਿ ਲੇਖਾ ਹੋਇ ॥ ਕਰਣੀ ਬਾਝਹੁ; ਤਰੈ ਨ ਕੋਇ ॥’’ (ਮ: ੧/ ੯੫੨), ਗੁਰੂ ਨਾਨਕ ਸਾਹਿਬ ਮਜ਼੍ਹਬੀ ਬੰਧਨਾਂ ਤੋਂ ਉਚੇਰੇ ਸਨ। ਉਨ੍ਹਾਂ ਨੂੰ ਕਿਸੇ ਇੱਕ ਸੰਪਰਦਾਇਕ ਦਾਇਰੇ ਵਿੱਚ ਬੰਦ ਨਹੀਂ ਕੀਤਾ ਜਾ ਸਕਦਾ। ਜਦੋਂ ਕਿਸੇ ਸਿਆਣੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਅਤੇ ਤੁਹਾਡਾ ਰੱਬ ਕਿਹੜਾ ਹੈ  ? ਤਾਂ ਹਜ਼ੂਰ ਦਾ ਜਵਾਬ ਸੀ ਕਿ ਆਤਮਕ ਜੀਵਨ ਦੀ ਅਗਵਾਈ ਵਾਸਤੇ ਨਾ ਅਸੀਂ ਹਿੰਦੂ ਦੇ ਮੁਥਾਜ ਹਾਂ ਅਤੇ ਨਾ ਹੀ  ਮੁਸਲਮਾਨ ਦੇ; ਕਿਉਂਕਿ ਸਾਡੇ ਇਹ ਸਰੀਰ, ਸਾਡੀ ਇਹ ਜਿੰਦ ਉਸ ਪਰਮਾਤਮਾ ਦੇ ਦਿੱਤੇ ਹੋਏ ਹਨ, ਜਿਸ ਨੂੰ ਮੁਸਲਮਾਨ ‘ਅੱਲਾ’ ਆਖਦਾ ਹੈ ਅਤੇ ਹਿੰਦੂ ‘ਰਾਮ’ ਭਾਵ ਇਹ ਕਿ ਰੱਬ ਸਾਰੇ ਸੰਸਾਰ ਦਾ ਇੱਕ ਸਰਬਸਾਂਝਾ ਮਾਂ ਬਾਪ ਹੈ ਅਤੇ ਉਸ ਦੇ ਪੈਦਾ ਕੀਤੇ ਅਸੀਂ ਸਾਰੇ ਜੀਵ-ਜੰਤ ਇੱਕ ਪਰਿਵਾਰ ਵਾਂਗ ਹਾਂ।  ਵੇਲੇ ਸਿਰ ਸੱਚ ਬੋਲਣ ਦਾ ਮਾਦਾ ਰੱਖਣ ਵਾਲੇ (ਸਚ ਕੀ ਵੇਲਾ) ਗੁਰੂ ਬਾਬੇ ਦਾ ਐਲਾਨ ਹੈ : ‘‘ਨਾ ਹਮ ਹਿੰਦੂ, ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥’’ (੧੧੩੬), ਇਹੀ ਕਾਰਨ ਸੀ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਸਮੇਂ ਹਿੰਦੂ ਤੇ ਸਿੱਖ ਆਪਣੀ ਪ੍ਰਚਲਿਤ ਸਮਾਜਕ ਰੀਤ ਅਨੁਸਾਰ ਉਨ੍ਹਾਂ ਦੀ ਦੇਹ ਨੂੰ ਜਲਾਉਣਾ ਚਾਹੁੰਦੇ ਸਨ ਅਤੇ ਮੁਸਲਮਾਨ ਆਪਣੀ ਸ਼ਰਾ ਅਨੁਸਾਰ ਦਫ਼ਨਾਉਣਾ ਕਿਉਂਕਿ ਰਾਜ-ਜੋਗੀ ਬਾਬਾ ਸਾਰਿਆਂ ਨੂੰ ਪ੍ਰਵਾਨ ਸੀ, ਇਸੇ ਲਈ ਲਕੋਕਤੀ ਵੀ ਬਣੀ ‘ਬਾਬਾ ਨਾਨਕ, ਸ਼ਾਹ ਫ਼ਕੀਰ। ਸਿੱਖ ਹਿੰਦੂਆਂ ਦਾ ਗੁਰੂ ਤੇ ਮੁਸਲਮਾਨਾਂ ਦਾ ਪੀਰ’।  ਹਜ਼ੂਰ ਦੇ ਸਮਦ੍ਰਿਸ਼ਟ ਵਰਤਾਰੇ ਕਾਰਨ ਕੋਈ ਅਜਿਹਾ ਨਿਰਣੈ ਨਹੀਂ ਸੀ ਕਰ ਸਕਦਾ ਕਿ ਉਨ੍ਹਾਂ ਦਾ ਮਜ਼੍ਹਬ ਕਿਹੜਾ ਹੈ  ? ਅਸਲੀਅਤ ਤਾਂ ਇਹ ਹੈ ਕਿ ਉਨ੍ਹਾਂ ਦਾ ਧਰਮ ਇਨਸਾਨੀਅਤ ਸੀ, ਜਿਸ ਨੂੰ ਉਹ ‘ਨਾਮ ਧਰਮ’ ਆਖਦੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰੂ-ਸਾਹਿਬਾਨ ਤੇ ਭਗਤ-ਜਨਾਂ ਦੀ ਅਟੁੱਟ ਸਾਂਝ ਇਸ ਸੱਚ ਦਾ ਪਰਤੱਖ ਪ੍ਰਮਾਣ ਹੈ।  ਗੁਰੂ ਜੀ ਇਸ ਅਸੂਲ ’ਤੇ ਆਧਾਰਿਤ ਸਾਰੀ ਮਾਨਵਤਾ ਨੂੰ ਇੱਕ ਪਲੇਟਫਾਰਮ ’ਤੇ ਇਕੱਤਰ ਕਰਨਾ ਚਾਹੁੰਦੇ ਸਨ ਕਿ ਅਸੀਂ ਸਾਰੇ ਇੱਕ ਪ੍ਰਮਾਤਮਾ ਦੀ ਸੰਤਾਨ ਹੋਣ ਕਰਕੇ ਭੈਣ ਭਰਾ ਹਾਂ । ਸਾਰਾ ਜਗਤ ਇੱਕ ਨਿਰੰਕਾਰੀ ਰੱਬ ਦੇ ਨੂਰ ਤੋਂ ਪੈਦਾ ਹੋਣ ਕਰਕੇ ਨਾ ਕੋਈ ਵਿਸ਼ੇਸ਼ ਚੰਗਾ ਹੈ ਅਤੇ ਨਾ ਕੋਈ ਵਿਸ਼ੇਸ਼ ਮੰਦਾ। ਨਾ ਕੋਈ ਊਚ ਤੇ ਨਾ ਕੋਈ ਨੀਚ। ਸਾਰੇ ਇੱਕ ਸਮਾਨ ਹਨ। ਸੋ ਗੁਰਦੇਵ ਜੀ ਦੀ ਅਜਿਹੀ ਸਰਬ-ਸਾਂਝੀਵਾਲਤਾ ਵਾਲੀ ਸਿੱਖਿਆ ਸਿੱਖਣ ਵਾਲਿਆਂ ਨੂੰ ‘ਸਿੱਖ’ ਕਿਹਾ ਜਾਣ ਲੱਗਾ, ਜਿਸ ਕਰਕੇ ਹਜ਼ੂਰ ਦੇ ਦਰਸਾਏ ‘ਨਾਮ-ਧਰਮ’ ਨੂੰ ਸਿਖ ਧਰਮ ਦੇ ਨਾਂ ਤੋਂ ਵੀ ਜਾਣਿਆ ਜਾਣ ਲਗਾ । ਗੁਰਬਾਣੀ ਦੀ ਰੌਸ਼ਨੀ ਵਿੱਚ ਇੱਕ ਨੇਕ ਅਤੇ ਆਦਰਸ਼ਕ ਇਨਸਾਨ ਬਣਨਾ, ਗੁਰੂ ਨਾਨਕ ਸਾਹਿਬ ਦੇ ਸਿੱਖ ਬਣਨਾ ਹੈ, ਭਾਵੇਂ ਉਹਦੀਆਂ ਪਿਤਾ ਪੁਰਖੀ ਸਮਾਜਕ ਰੀਤਾਂ ਅਤੇ ਮਜ਼੍ਹਬ ਕੋਈ ਵੀ-ਹੋਵੇ।

ਸ੍ਰੀ ਗੁਰ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਉਸਤਤੀ ਦੇ ਗੀਤ ਗਾਉਣ ਵਾਲੇ ਗਿਆਰਾਂ ਭੱਟ ਬ੍ਰਹਮਣਾਂ ਵਿੱਚੋਂ ਅਤੇ ਭਾਈ ਮਰਦਾਨਾ ਜੀ ਅਤੇ ਪੀਰ ਬੁਧੂ ਸ਼ਾਹ ਵਰਗੇ ਮੁਸਲਮਾਨ ਘਰਾਣਿਆਂ ਵਿੱਚੋਂ ਹੁੰਦੇ ਹੋਏ ਵੀ ਗੁਰੂ ਸਹਿਬਾਨ ਦੇ ਪਿਆਰੇ ਸੇਵਕ ਸਿੱਖ ਸਨ । ਗੁਰੂ ਹਰਿਸਹਾਏ ਵਾਲੀ ਇੱਕ ਪੋਥੀ ਵਿੱਚ ਭੈਰੋ (ਭੈਰਉ) ਰਾਗ ਦੇ ਇੱਕ ਸਿਰਲੇਖ ਵਜੋਂ ਲਿਖਿਆ ਹੋਇਆ ਹੈ ‘ਕਬੀਰ ਨਾਮਾ ਭਗਤ ਬਾਬੇ ਦੇ’; ਕਿਉਂਕਿ ਉਨ੍ਹਾਂ ਨੇ ਗੁਰੂ ਨਾਨਕ ਫ਼ਲਸਫ਼ੇ ਨੂੰ ਪ੍ਰਵਾਨ ਕਰ ਲਿਆ ਸੀ। ਗੁਰਦੇਵ ਜੀ ਅਤੇ ਉਨ੍ਹਾਂ ਦੇ ਸੇਵਕ ਸਿੱਖ ਹੁਕਮ ਰਜਾਈ ਚੱਲਣ ਕਰਕੇ ਸਾਬਤ ਸੂਰਤਿ ਰਹੇ, ਜਿਸ ਕਰਕੇ ‘ਸਾਬਤ ਸੂਰਤਿ’ ਹੋਣਾ ਉਨ੍ਹਾਂ ਦੀ ਬਾਹਰੀ ਦਿਖ ਅਤੇ ਇੱਕ ਪਹਿਚਾਣ ਬਣ ਗਈ ਜੋ ਕਿ ਕੁਦਰਤੀ ਹੈ। ਇਹ ਕੋਈ ਭੇਖ ਨਹੀਂ ਕਿਉਂਕਿ ਭੇਖ ਉਹ ਹੁੰਦਾ ਹੈ, ਜੋ ਉਚੇਚ ਕਰਕੇ ਬਣਾਇਆ ਜਾਵੇ; ਜਿਵੇਂ ਮੁੰਡਨ ਕਰਨਾ, ਸੁੰਨਤ ਕਰਨੀ ਅਤੇ ਕੰਨ ਆਦਿਕ ਪਾੜਣੇ । ਧਾਰਮਕ ਖੇਤਰ ਦੇ ਐਸੇ ਵਰਤਾਰੇ ਕਾਰਨ ਹੀ ਮਨੁੱਖੀ ਭਾਈਚਾਰੇ ਅੰਦਰ ਭਿੰਨ ਭੇਦ ਪੈਦਾ ਹੁੰਦੇ ਹਨ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ‘ਨਾਮੁ ਧਰਮੁ’ ਨੂੰ ਹਰ ਪ੍ਰਕਾਰ ਦੀ ਸੰਪ੍ਰਦਾਇਕ ਮੈਲ ਤੋਂ ਰਹਿਤ ਸਮਝ ਕੇ ਹੀ ਭਾਈ ਗੁਰਦਾਸ ਜੀ ਨੇ ਬੁਲੰਦ ਅਵਾਜ਼ ਵਿੱਚ ਗਾਇਆ ਸੀ  ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ ਨਿਰਮਲ ਪੰਥ ਚਲਾਇਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੪੫) ਇਸ ਨਿਰਮਲ-ਪੰਥ ਦਾ ਹੀ ਸਮਾਨਾਰਥਕ ਸ਼ਬਦ ਹੈ ‘ਖਾਲਸਾ ਪੰਥ’; ਭਾਵੇਂ ਕਿ ਸੁਆਰਥੀ ਧਾਰਮਕ ਤੇ ਰਾਜਨੀਤਕ ਆਗੂਆਂ ਕਾਰਨ ਹੁਣ ਉਸ ਵਿੱਚ ਵੀ ਸੰਪ੍ਰਦਾਇਕ ਸੰਕੀਰਨਤਾ ਦਾ ਬੋਲ-ਬਾਲਾ ਹੋ ਰਿਹਾ ਹੈ, ਜੋ ਸਿੱਖੀ ਲਈ ਘਾਤਕ ਹੈ।  ਸੋ ਹੁਣ ਜਦੋਂ ਅਸੀਂ ਜਗਤ-ਗੁਰ ਬਾਬੇ ਨਾਨਕ ਸਾਹਿਬ ਜੀ ਦਾ 550ਵਾਂ ਸਾਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਉਨ੍ਹਾਂ ਲਈ ਸਾਡੀ ਸੱਚੀ ਸਰਧਾਂਜਲੀ ਇਹੀ ਹੋਏਗੀ ਕਿ ਗੋਬਿੰਦ ਰੂਪ ਬਾਬੇ ਦੇ ਚਲਾਏ ‘ਨਾਮ-ਧਰਮ’ ਦੀ ਅਸਲੀਅਤ ਨੂੰ ਸਮਝੀਏ, ਸਮਝਾਈਏ। ਸੰਪਰਦਾਇਕ ਸੰਕੀਰਨਤਾ ਤੋਂ ਮੁਕਤ ਹੋ ਕੇ ਵੱਖ ਵੱਖ ਭਾਸ਼ਾਵਾਂ ਵਿੱਚ ਉਸ ਦੇ ਸਰਬ-ਦੇਸ਼ੀ, ਸਰਬ-ਕਾਲੀ ਤੇ ਸਰਬ-ਸਾਂਝੇ ਫ਼ਲਸਫੇ ਨੂੰ ਪ੍ਰਚਾਰੀਏ ਅਤੇ ‘ਸਚ ਕੀ ਬਾਣੀ’ ਦੇ ਸਾਖੀ ਬਣ ਕੇ ਧਰਮ ਦੀ ਕਿਰਤ ਕਰੀਏ, ਨਾਮ ਜਪੀਏ ਤੇ ਲੋੜਵੰਦਾਂ ਨਾਲ ਵੰਡ ਕੇ ਛਕੀਏ।  ਇਸ ਵਿੱਚ ਹੀ ਛੁਪਿਆ ਹੋਇਆ ਹੈ ‘ਗੁਰੂ ਨਾਨਕ ਦੇ ਨਿਰਮਲ ਪੰਥ ਦੀ ਵ੍ਰਿਧੀ ਅਤੇ ਵਿਸ਼ਵ ਕਲਿਆਣ ਦਾ ਰਾਜ਼’। ਨਾਮ-ਧਰਮ ਨੂੰ ਨਿਰਮਲ ਤੇ ਨਿਆਰਾ ਰੱਖਣ ਦੀ ਤੜਪ ਰੱਖਣ ਵਾਲੇ ਸੁਪ੍ਰਸਿੱਧ ਵਿਦਵਾਨ ਪ੍ਰਿੰਸੀਪਲ ਹਰਭਜਨ ਸਿੰਘ ਜੀ ਚੰਡੀਗੜ ਵਾਲੇ ਬੜੇ ਸਰੂਰ ਵਿੱਚ ਗਾਇਆ ਕਰਦੇ ਸਨ : ‘ਉਠੋ ਗੁਰੂ ਕੇ ਸਿਖੋ, ਉਠੋ ਜਾਂ ਨਿਸਾਰੋ । ਗੁਰੂ ਕੇ ਫ਼ਲਕ ਪਰ ਚਮਕਦੇ ਸਿਤਾਰੋ।  ਹੈ ਜੋ ਨਗ਼ਮਾਇ ਤੌਹੀਦ ਨਾਨਕ ਗੁਰੂ ਕਾ, ਵੁਹ ਘਰ ਘਰ ਮੇਂ ਪਹੁੰਚਾ ਦੋ, ਗੁਰੂ ਕੇ ਦੁਲਾਰੋ।’

ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸਲਾਹ।

0

ਆਦਰਯੋਗ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ।

ਰਸ਼ਪਾਲ ਸਿੰਘ, ਹੁਸ਼ਿਆਰਪੁਰ 98554-40151

ਵਿਸ਼ਾ : ਉੱਚੀ-ਸੁੱਚੀ ਭਾਵਨਾ ਦੇ ਬਾਵਜੂਦ ਸੁਨੇਹਾ ਸੰਕਟਮਈ ਅਤੇ ਦੁੱਖਦਾਈ ਹੋਣ ਸਬੰਧੀ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਸਨਿਮਰ ਬੇਨਤੀ ਹੈ ਕਿ ਪਿੱਛਲੇ ਦਿਨੀਂ ਗਾਇਕ ਮੂਸੇਵਾਲਾ ਦੇ ਮਾਈ ਭਾਗੋ ਜੀ ਨਾਲ ਤੁਲਨਾ ਕਰਨ ਵਾਲੇ ਗੀਤ ਬੋਲਾਂ ਦੇ ਸੰਦਰਭ ਵਿਚ ਆਪ ਜੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਬਿਨਾਂ ਸ਼ੱਕ ਪ੍ਰਗਟਾਵੇ ਪਿੱਛੇ ਆਪ ਜੀ ਦੀਆਂ ਭਾਵਨਾਵਾਂ ਉੱਚੀਆਂ-ਸੁੱਚੀਆਂ ਹੋਣਗੀਆਂ। ਭਾਵਨਾ ਨੂੰ ਉੱਚੀ-ਸੁੱਚੀ ਕਹਿਣਾ ਇਸ ਲਈ ਵੀ ਯੋਗ ਹੈ ਕਿ ਆਪ ਜੀ ਨੇ ਕਿਹਾ ਕਿ ਗਾਇਕ ਤਾਂ ਮੁਆਫ਼ੀ ਮੰਗ ਰਿਹਾ ਹੈ ਤੇ ਉਸ ਪਾਸੇ ਵੱਲ ਵੀ ਝਾਕ ਲਈਏ ਜਿੱਥੇ ਗਲਤ ਹੁੰਦਿਆਂ ਵੀ ਆਪਣੇ ਆਪ ਨੂੰ ਸਹੀ ਸਿੱਧ ਕੀਤਾ ਜਾ ਰਿਹਾ ਹੈ। ਸੱਚ ਹੈ ਕਿ ਸਾਡੇ ਕੁਝ ਤਖਤਾਂ ਤੇ ਗੁਰਧਾਮਾਂ ’ਤੇ ਹੀ ਐਸਾ ਕੁਝ ਕੀਤਾ ਜਾਂਦਾ ਹੈ ਜੋ ਮਨਮਤਿ ਹੈ ਤੇ ਗੁਰਮਤਿ ਨੂੰ ਚੁਣੌਤੀ ਹੈ, ਪਰ ਆਪ ਜੀ ਵੱਲੋਂ ਪ੍ਰਗਟਾਵੇ ਦਾ ਤੌਰ-ਤਰੀਕਾ ਤੇ ਮੌਕਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਗਿਆ। ਇਹ ਪੱਤਰ ਭਾਵੇਂ ਮੇਰੇ ਵੱਲੋਂ ਹੈ ਪਰ ਇਸ ਪਿੱਛੇ ਸੁਨੇਹਾ ਸਾਂਝਾ ਕਰਨ ਦੀ ਤਾਕੀਦ ਹੁਸ਼ਿਆਰਪੁਰ ਸ਼ਹਿਰ ਦੀਆਂ ਉਹਨਾਂ ਸੰਗਤਾਂ ਵੱਲੋਂ ਹੈ, ਜੋ ਨਾ ਕਿਸੇ ਸੰਪਰਦਾ ਨਾਲ ਜੁੜੀਆਂ ਹੋਈਆਂ ਹਨ ਅਤੇ ਨਾ ਹੀ ਆਪ ਜੀ ਦੀਆਂ ਆਲੋਚਕ ਹਨ। ਨਾ ਹੀ ਸੋਸ਼ਲ ਮੀਡੀਏ ਨੂੰ ਬਹੁਤਾ ਸਮਾਂ ਦਿੰਦੀਆਂ ਹਨ। ਹਾਲਾਂਕਿ ਦਾਸ ਦਾ ਨਾਮਵਰ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨਾਲ ਮੇਲ-ਮਿਲਾਪ ਹੈ। ਉਹਨਾਂ ਨਾਲ ਮਾਮਲਾ ਸਾਂਝਾ ਕਰਨ ਦਾ ਮੌਕਾ ਵੀ ਨਹੀਂ ਬਣਿਆ ਹੈ ਕਿਉਂਕਿ ਇਕ ਦੂਜੇ ਦੇ ਵਿਚਾਰਾਂ ਤੋਂ ਜਾਣੂ ਹਾਂ ਕਿ ਇਹ ਚਸਕਾ ਲੈਣ ਵਾਲਾ ਮਸਲਾ ਨਹੀਂ ਅਤੇ ਨਾ ਹੀ ਕਿਸੇ ਦੀ ਵਿਰੋਧਤਾ ਕਰਨ ਵਾਲਾ ਹਥਿਆਰ। ਮਸਲਾ ਕੌਮੀ ਪਰਿਵਾਰ ਦਾ ਹੈ। ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬਾਂ ਨੂੰ ਸਮਰਪਿਤ ਸਵੇਰੇ-ਸ਼ਾਮ ਦੋ ਜਥੇਬੰਦੀਆਂ ਵੱਲੋਂ ਘਰਾਂ ਤੇ ਗੁਰਦੁਆਰਿਆਂ ਵਿੱਚ ਕੀਰਤਨ ਸਮਾਗਮ ਲੜੀ ਚੱਲ ਰਹੀ ਹੈ। ਆਮ ਸੰਗਤਾਂ ਨੇ ਆਉਂਦਿਆਂ ਜਾਂਦਿਆਂ ਕਿਹਾ ਕਿ ਭਾਈ ਸਾਹਿਬ ਜੀ ਆਪਣੀ ਕਲਮ ਨਾਲ ਚੱਲ ਰਹੇ ਵਿਵਾਦ ਨੂੰ ਸੰਬੋਧਤ ਹੋਵੋ। ਸੰਗਤਾਂ ਦਾ ਕਹਿਣਾ ਹੈ ਕਿ ਇਹ ਵਿਚਾਰ ਸੁਣ ਕੇ ਪੀੜਾ ਮਹਿਸੂਸ ਕਰ ਰਹੇ ਹਾਂ। ਸਾਹਿਤ ਜਾਂ ਕਿਸੇ ਗ੍ਰੰਥ ਦੀਆਂ ਊਣਤਾਈਆਂ ਪ੍ਰਤੀ ਇਸ਼ਾਰਾ ਦਿੱਤਾ ਜਾ ਸਕਦਾ ਸੀ, ਪਰ ਸਿੱਧਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਈ ਭਾਗੋ ਜੀ ਦਾ ਨਾਮ ਲੈ ਕੇ ਘਟਨਾ ਦਾ ਜ਼ਿਕਰ ਕਰ ਦੇਣ ਦੇ ਤਰੀਕੇ ਨਾਲ ਸ਼ੰਕੇ ਪੈਦਾ ਕਰਦਾ ਸੁਨੇਹਾ ਗਿਆ ਹੈ, ਜੋ ਕਿ ਬਹੁਤ ਦੁੱਖਦਾਈ ਹੈ। ਕਿੰਨਾ ਚੰਗਾ ਹੋਵੇ ਕਿ ਅਜਿਹੇ ਮਸਲੇ ਜਨਤਕ ਪੱਧਰ ’ਤੇ ਛੇੜਨ ਦੀ ਥਾਂ ਪੰਥਕ ਘਰ ਦੇ ਅੰਦਰ ਬੈਠ ਸੁਲਝਾਉਣ ਲਈ ਅਣਥੱਕ ਮਿਹਨਤ ਕਰੀਏ। ਸੰਗਤ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਆਪ ਜੀ ਨੂੰ ਪੱਤਰ ਲਿਖਣ ਦੀ ਗੁਸਤਾਖੀ ਕੀਤੀ ਹੈ। ਡਰ ਆਉਂਦਾ ਹੈ ਕਿ ਕਿਸੇ ਵੱਲੋਂ ਵੀ ਕਹੀ ਕਿਸੇ ਗੱਲ ਜਾਂ ਲਿਖਤ ਨੂੰ ਕਿਸੇ ਏਜੰਸੀ ਜਾਂ ਵਿਰੋਧੀ ਦੀ ਕਠਪੁਤਲੀ ਸਮਝ ਲੈਣ ਦਾ ਵਰਤਾਰਾ ਭਾਰੂ ਹੈ।

ਬੇਨਤੀ ਇਹ ਹੈ ਕਿ ਆਪ ਜੀ ਗੁਣੀ-ਗਿਆਨੀ ਤੇ ਵਿਦਵਾਨ ਹੋ। ਜ਼ਰਾ ਵਿਚਾਰੀਏ ! ਆਪਾਂ ਨੂੰ ਕੋਈ ਸਕਾ-ਸਬੰਧੀ-ਗੁਆਂਢੀ ਆ ਕੇ ਕਹੇ ਕਿ ਤੁਹਾਡੇ ਵਿਰੋਧੀ ਨੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੀਆਂ ਇਸਤ੍ਰੀਆਂ, ਬੱਚਿਆਂ ਜਾਂ ਮਰਦਾਂ ਨੂੰ ਆ ਗਾਲ ਇੰਝ ਕੱਢੀ ਹੈ ਤਾਂ, ਆਪਾਂ ਵਿਰੋਧੀ ਤੋਂ ਪਹਿਲਾਂ ਪ੍ਰਗਟਾਵਾ ਕਰਨ ਵਾਲੇ ਨੂੰ ਬਹੁਤ ਬੁਰਾ ਸਮਝਾਂਗੇ। ਕਿਸੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਅਫ਼ਸਰ ਸਾਹਮਣੇ ਅਹਿਲਕਾਰ ਜਾਂ ਸਾਧ-ਸੰਤ ਸਾਹਮਣੇ ਸੇਵਾਦਾਰ ਕਦੇ ਵੀ ਵਿਰੋਧੀ ਵੱਲੋਂ ਬੋਲੇ ਅਸ਼ਲੀਲ ਬੋਲਾਂ ਦਾ ਪ੍ਰਗਟਾਵਾ ਨਹੀਂ ਕਰ ਸਕਦੇ।

ਖਿਮਾਂ ਕਰਨਾ। ਆਪ ਜੀ ਦੀਆਂ ਭਾਵਨਾਵਾਂ ਸਹੀ ਹੋ ਸਕਦੀਆਂ ਹਨ ਪਰ ਭਾਵ-ਅਰਥ ਹੋਰ ਨਿੱਕਲ ਰਿਹਾ ਹੈ। ਸੰਭਵ ਹੈ ਕਿ ਆਪ ਜੀ ਨੂੰ ਆਪਣੇ ਵੱਲੋਂ ਬੋਲੇ ਬੋਲਾਂ ਵਿੱਚ ਕੋਈ ਊਣਤਾਈ ਮਹਿਸੂਸ ਨਾ ਹੋ ਰਹੀ ਹੋਵੇ ਪਰ ਸੰਗਤ ਅੰਦਰ ਰੋਸ ਜ਼ਰੂਰ ਹੈ। ਫਿਰ ਦੁਹਰਾ ਦੇਈਏ ਕਿ ਆਪ ਜੀ ਨੂੰ ਵਿਚਾਰ ਭੇਜਣ ਪਿੱਛੇ ਕੋਈ ਦੁਸ਼ਮਣੀ ਜਾਂ ਵਿਰੋਧਤਾ ਦਾ ਅੰਸ਼ ਨਹੀਂ ਹੈ। ‘ਗੁਣਹ ਕੇਰੀ’ ਸਾਂਝ ਪਰਿਵਾਰ ਨਾਲ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਕਿ ਪਰਿਵਾਰ ਦੇ ਹੋ ਰਹੇ ਜਾਂ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਰਹਿ ਸਕੀਏ। ਵਿਵਾਦਾਂ ਦਾ ਘੇਰਾ ਤੋੜ ਕੇ ਸੰਵਾਦ ਦੇ ਘੇਰੇ ਵਿੱਚ ਬਹਿ ਸਕੀਏ। ਦੁਸ਼ਮਣ ਨੂੰ ਸੁਝਾਅ ਦੇਣ ਦੀ ਲੋੜ ਵੀ ਨਹੀਂ ਹੁੰਦੀ।

ਦਰਅਸਲ ਪੁਆੜੇ ਦੀ ਜੜ੍ਹ ਤਾਂ ਇਹ ਹੈ ਕਿ ਅਸੀਂ ਗੁਰਮੁਖ ਨਾ ਬਣ ਸਕੇ। ਗੁਰਮੁਖ ਹੁੰਦੇ ਤਾਂ ਗੁਰਮਤਿ ਦੇ ਘਰ ਵਿੱਚ ਮਨਮਤਿ ਪਸਾਰੇ ਵਾਲੇ ਵਾਦ-ਵਿਵਾਦ ਸਫਾਂ ਵਿਛਾ ਕੇ ਬੈਠ ਖਤਮ ਕਰ ਚੁੱਕੇ ਹੁੰਦੇ। ਇਹ ਵੀ ਸਪੱਸ਼ਟ ਕਰ ਚੁੱਕੇ ਹੁੰਦੇ ਕਿ ਕਵੀ ਸੰਤੋਖ ਸਿੰਘ ਨਾਲ ਵੀ ਕਿਤੇ ਧੱਕੇਸ਼ਾਹੀ ਤਾਂ ਨਹੀਂ ਹੋਈ। ਚੰਗੇ ਵਿੱਚ ਮੰਦਾ ਮਿਲਾ ਦਿੱਤਾ ਹੋਵੇ। ਐਸੀ ਚੰਗੀ ਕੋਸ਼ਿਸ਼ ਵੀ ਸਾਹਮਣੇ ਹੈ ਕਿ ਗੁਰ ਪ੍ਰਤਾਪ ਸੂਰਜ ਗ੍ਰੰਥ ਆਧਾਰਿਤ ਗੁਰੂ ਸਾਹਿਬਾਨਾਂ ਦੇ ਜੀਵਨ ਬਿਰਤਾਂਤ ਦੇ ਅਰਥ ਕਰਦਿਆਂ ਡਾ: ਕਿਰਪਾਲ ਸਿੰਘ ਹੋਰਾਂ ਨੇ ਟਿੱਪਣੀਆਂ ਦਰਜ ਕੀਤੀਆਂ ਹੋਈਆਂ ਹਨ ਕਿ ਇਹ ਸਤਰਾਂ ਗੁਰਮਤਿ ਅਨੁਕੂਲ ਨਹੀਂ ਹਨ। ਇਹ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਹੋਈ ਹੈ। ਇਕ ਫੈਸਲਾ ਤਾਂ ਅਟੱਲ ਹੈ ਕਿ ਸਾਡਾ ਗੁਰੂ ਇਕ ਹੈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਭਾਵੇਂ ਸਿਰ ਲਹਿ ਜਾਵੇ ਸਿੱਖ ਨੇ ਹੋਰ ਕਿਸੇ ਨੂੰ ਗੁਰੂ ਨਹੀਂ ਕਹਿਣਾ ਤੇ ਨਾ ਮੰਨਣਾ। ਸਿੱਖ ਸਾਹਿਤ ਨੂੰ ਘੋਖ ਲੈਣਾ ਚਾਹੀਦਾ ਹੈ। ਅਮੀਰ ਖਜ਼ਾਨੇ ਵਿੱਚ ਪਾਈਆਂ ਖੋਟਾਂ ਨੂੰ ਵਗਾਹ ਮਾਰਨ ਦੀ ਸਹਿਮਤੀ ਬਣਾ ਲਈਏ, ਪਰ ਆਪਣੇ ਅਮੀਰ ਖਜ਼ਾਨੇ ਨੂੰ ਸੰਭਾਲੀਏ ਵੀ ਤੇ ਗੁਆਈਏ ਨਾ। ‘‘ਗੁਰਮੁਖਿ ਬੈਸਹੁ ਸਫਾ ਵਿਛਾਇ’’ ਦਾ ਉਪਦੇਸ਼ ਮਨਮੁਖਿ ਨੂੰ ਸੰਬੋਧਨ ਨਹੀਂ ਹੈ, ਗੁਰਮੁਖਿ ਨੂੰ ਸੰਬੋਧਨ ਕਰ ਰਿਹਾ ਹੈ। ਮਨਮੁਖਿ ਤੇ ਸਫਾਂ ਵਿਛਾ ਬੈਠਣਗੇ ਹੀ ਨਹੀਂ ਤੇ ਜੇ ਬੈਠਣਗੇ ਵੀ ਤਾਂ ਕਿਹੜੀ ਪ੍ਰਾਪਤੀ ਕਰ ਲੈਣਗੇ। ਪੰਜ ਪਿਆਰਿਆਂ ਨਾਲ ਬੈਠ ਗੁਰਮਤਾ ਕਰ ਕੇ ਤੁਰਨ ਦੀ ਪਿਰਤ ਕਾਇਮ ਰੱਖਦੇ ਤਾਂ ਵਿਵਾਦ ਕੋਹਾਂ ਦੂਰ ਰਹਿੰਦੇ। ਜੇ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰਿਆਂ ਦਾ ਨਿਰਾਦਰ ਕਰਨ ਦਾ ਹੀਆ ਕਰ ਲਿਆ ਤਾਂ ਸਾਧਾਂ-ਸੰਤਾਂ ਨੇ ਵੀ ਕੋਈ ਵਿਚਾਰ ਦੇਣ ਜਾਂ ਕਾਰਵਾਈ ਪਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਤੋਂ ਆਦੇਸ਼ ਲੈਣਾ ਕਦੇ ਯੋਗ ਨਹੀਂ ਸਮਝਿਆ। ਸਾਡੀ ਸਥਿਤੀ ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਫ਼ੁਰਮਾਨ ਤੋਂ ਸਪੱਸ਼ਟ ਹੁੰਦੀ ਹੈ :

ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਾ ਪੜਿ੍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥  ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ੀ ਕਮਾਣਾ ਨਾਉ ॥  ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ (ਮ: ੧, ਪੰਨਾ ੧੨੮੮)

ਹਿਰਨ, ਬਾਜ਼ ਅਤੇ ਅਫ਼ਸਰਾਂ ਨੂੰ ਇਲਮਦਾਰ (ਪੜ੍ਹੇ-ਲਿਖੇ) ਸਮਝਿਆ ਜਾਂਦਾ ਹੈ ਅਤੇ ਚਤਰ ਵੀ ਆਖੇ ਜਾਂਦੇ ਹਨ। ਜਦ ਜਾਲ ਲਾ ਦਿੱਤਾ ਜਾਂਦਾ ਹੈ ਤਾਂ ਇਹ ਆਪਣੀ ਜਾਤ ਨੂੰ ਹੀ ਫਸਾ ਦਿੰਦੇ ਹਨ। ਇਸ ਲਈ ਇਲਮਦਾਰ ਹੋਣ ਦੇ ਬਾਵਜੂਦ ਧੋਖੇਬਾਜ ਹੋਣ ਕਰ ਕੇ ਰੱਬ ਦੇ ਘਰ ਵਿੱਚ ਥਾਂ ਨਹੀਂ ਲੈ ਪਾਉਂਦੇ। ਪੜ੍ਹਿਆ, ਵਿਦਵਾਨ ਤੇ ਸਿਆਣਾ ਉਹੀ ਹੈ ਜੋ ਪ੍ਰਭੂ ਦੇ ਨਾਮ ਦੀ ਕਮਾਈ ਕਰਦਾ ਹੈ; ਜਿਵੇਂ ਪਹਿਲੋਂ ਰੁੱਖ ਕੇਵਲ ਜ਼ਮੀਨ ਵਿੱਚ ਜੜ ਫੜਦਾ ਹੈ ਤੇ ਫਿਰ ਉੱਪਰੋਂ ਛਾਂ ਦੇਣ ਯੋਗ ਹੁੰਦਾ ਹੈ। ਆਪਣੇ ਭਾਈਆਂ ਤੇ ਆਪਣੀ ਜਾਤੀ ਨੂੰ ਫਾਹੇ ਲੁਆਉਣ ਦੇ ਵਰਤਾਰੇ ਦਾ ਵਿਸਥਾਰ ਪੇਸ਼ ਕਰਦਿਆਂ ਕਰਦਿਆਂ ਨਸੀਹਤ ਕਰ ਦਿੱਤਾ ਕਿ ਇਹ ਬੇਇਤਬਾਰੇ ਨੱਕ ਵੱਢੇ ਹਨ ਅਤੇ ਇਹ ਪ੍ਰਭੂ ਦੇ ਦਰਬਾਰ ’ਚ ਪਰਖੇ ਜਾਣਗੇ। ਫ਼ੁਰਮਾਨ ਹੈ :  ‘‘ਜਿਥੈ ਜੀਆਂ ਹੋਸੀ ਸਾਰ ॥  ਨਕਂੀ ਵਢਂੀ ਲਾਇਤਬਾਰ ॥’’ (ਮ: ੧, ਪੰਨਾ ੧੨੮੮)

ਭਾਈ ਸਾਹਿਬ ਜੀ! ਆਪ ਜੀ ਤਾਂ ਇਤਿਹਾਸ ਸੁਣਾਉਂਦੇ ਹੋ, ਸਾਖੀਆਂ ਸੁਣਾਉਂਦੇ ਹੋ।  ਇਕ ਸਾਖੀ ਬੜੀ ਖ਼ੂਬਸੂਰਤ ਸੇਧ ਦੇਂਦੀ ਹੈ ਕਿ ਸਾਡਾ ਵਿਹਾਰ ਤੇ ਵਿਵਹਾਰ ਕੈਸਾ ਹੋਵੇ? ਤਰੀਕਾ ਤੇ ਸਲੀਕਾ ਕੈਸਾ ਹੋਵੇ?

ਭਾਈ ਮੂਲਾ ਕੀੜ ਜੀ ਆਏ ਗਏ ਸਾਧੂ ਸੰਤ ਦੀ ਸੇਵਾ ਕਰਕੇ ਖੁਸ਼ ਰਹਿੰਦੇ ਸਨ। ਇਕ ਦਿਨ ਇਕ ਠੱਗ, ਸਿੱਖ ਦੇ ਰੂਪ ਵਿੱਚ ਘਰ ਆ ਗਿਆ। ਭਾਈ ਮੂਲੇ ਨੇ ਸੇਵਾ ਲੋੜਦੇ ਹੋਏ ਉਸ ਨੂੰ ਰਾਤ ਆਪਣੇ ਘਰ ਠਹਿਰਾ ਲਿਆ। ਠੱਗ ਨੇ ਕਾਫ਼ੀ ਬਾਣੀ ਮੂੰਹ ਜ਼ਬਾਨੀ ਯਾਦ ਕੀਤੀ ਹੋਈ ਸੀ।  ਭਾਈ ਮੂਲਾ ਜੀ ਉਸ ਤੋਂ ਬੜਾ ਪ੍ਰਭਾਵਤ ਹੋਏ।  ਕਥਾ ਕਹਾਣੀਆਂ ਕਰਦੇ, ਰਾਤ ਨੂੰ ਭੋਜਨ ਪਾਣੀ ਕਰ ਕੇ ਸੌਂ ਗਏ।

ਦੰਭੀ ਸਿੱਖ ਨੇ ਦਾਅ ਲੱਗਦੇ ਹੀ ਭਾਈ ਮੂਲੇ ਦਾ ਘਰ ਫਰੋਲ ਲਿਆ ਅਤੇ ਕੀਮਤੀ ਗਹਿਣਾ ਗੱਟਾ ਲਪੇਟ ਕੇ ਗੱਠੜੀ ਬੰਨ੍ਹ ਲਈ ਸੀ। ਦੰਭੀ ਤੜਕਸਾਰ ਚੁੱਪ-ਚਾਪ ਨਿੱਕਲ ਜਾਣ ਦੇ ਚੱਕਰ ਵਿੱਚ ਸੀ, ਪਰ ਘਰ ਦਾ ਦਰਵਾਜ਼ਾ ਬੰਦ ਸੀ। ਭਾਈ ਮੂਲਾ ਜੀ ਵਿੜਕ ਨਾਲ ਜਾਗ ਪਏ ਅਤੇ ਦਰਵਾਜ਼ਾ ਖੋਲ੍ਹਣ ਲਈ ਦਰਵਾਜ਼ੇ ਪਾਸ ਜਾ ਪਹੁੰਚੇ। ਦੰਭੀ ਦੀ ਡਰਦੇ ਦੀ ਗੱਠੜੀ ਡਿੱਗ ਪਈ। ਭਾਈ ਮੂਲਾ ਜੀ ਨੂੰ ਸਾਰੀ ਕਹਾਣੀ ਸਮਝ ਪੈ ਗਈ ਕਿ ਇਹ ਸਿੱਖ ਨਹੀਂ, ਚੋਰ ਹੈ; ਪਰ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਯਾਦ ਸਨ ਕਿ ਸਿੱਖ ਨੂੰ ਗੁਰੂ ਰੂਪ ਵਿੱਚ ਦੇਖਣਾ ਹੈ। ਭਾਈ ਮੂਲਾ ਜੀ ਨੇ ਗੱਠੜੀ ਚੁੱਕ ਕੇ ਚੋਰ-ਸਿੱਖ ਦੇ ਹੱਥ ਫੜਾਈ ਅਤੇ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਨਮਸਕਾਰ ਕਰ ਕੇ ਚੋਰ ਨੂੰ ਵਿਦਾ ਕਰ ਦਿੱਤਾ।  ਭਾਈ ਜੀ ਨੇ ਦਰਵਾਜ਼ਾ ਖੁੱਲ੍ਹਾ ਰਹਿਣ ਦਿੱਤਾ ਅਤੇ ਚਾਬੀ ਪਾਸੇ ਕਰ ਦਿੱਤੀ। ਸਵੇਰਸਾਰ ਭਾਈ ਮੂਲਾ ਜੀ ਦੀ ਪਤਨੀ ਨੇ ਆਪਣੇ ਗਹਿਣੇ ਆਪਣੀ ਥਾਂ ਉੱਤੇ ਨਾ ਦੇਖ ਕੇ ਚਿੰਤਾ ਜ਼ਾਹਰ ਕੀਤੀ। ਤਦ ਭਾਈ ਜੀ ਨੇ ਕਿਹਾ, ਭਲੀਏ ਲੋਕੇ ! ਗਲਤੀ ਮੇਰੀ ਹੈ। ਮੈਂ ਹੀ ਰਾਤੀਂ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਸਾਂ। ਸ਼ਾਇਦ ਕਿਸੇ ਚੋਰ ਦਾ ਦਾਅ ਲੱਗ ਗਿਆ ਹੈ। ਸਿੱਖ ਉੱਤੇ ਸ਼ੱਕ ਕਰਨ ਦੀ ਲੋੜ ਨਹੀਂ, ਉਸ ਨੂੰ ਤਾਂ ਮੈਂ ਆਪਣੇ ਹੱਥੀਂ ਤੋਰ ਕੇ ਆਇਆ ਹਾਂ। ਗੁਰੂ ਦਾ ਸਿੱਖ ਚੋਰ ਕਿਵੇਂ ਹੋ ਸਕਦਾ ਹੈ ? ਤੂੰ ਚਿੱਤ ਹੌਲਾ ਨਾ ਕਰ। ਮੈਂ ਤੈਨੂੰ ਹੋਰ ਗਹਿਣੇ ਅੱਜ ਹੀ ਘੜਵਾ ਦਿਆਂਗਾ। ਤੂੰ ਬਾਹਰ ਕਿਸੇ ਨਾਲ ਗੱਲ ਨਾ ਕਰੀਂ। ਐਵੇਂ ਲੋਕ, ਸਿੱਖ ਉੱਤੇ ਸ਼ੱਕ ਕਰਨਗੇ। ਇਸ ਘਟਨਾ ਦੀ ਖ਼ਬਰ ਜਦ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੀ ਤਦ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ‘ਮੂਲਾ ! ਤੂੰ ਨਿਹਾਲ। ਤੂੰ ਸ਼ਬਦ ਰੂਪ ਵਿਚ ਗੁਰੂ ਪਛਾਣ ਲਿਆ ਹੈ। ਤੂੰ ਸਿੱਖ ਦਾ ਪਰਦਾ ਕੱਜ ਕੇ, ਗੁਰੂ ਦਾ ਪਰਦਾ ਕੱਜਿਆ ਹੈ। ਭਾਈ ਸਿੱਖਾ ਤੂੰ ਨਿਹਾਲ।’

ਸੋ ਅੱਜ ਲੋੜ ਹੈ ਕਿ ਅਸੀਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਇਆ ਹੇਠ ਗੁਰੂ-ਪੰਥ ਦੀ ਬਿਹਤਰੀ ਲਈ ਵੱਧ ਤੋਂ ਵੱਧ ਸਾਵਧਾਨ ਹੋਈਏ।  ਸੇਵਾ ਨਿਭਾਉਦਿਆਂ ਭੁੱਲ-ਚੁੱਕ ਨਾ ਹੋਵੇ, ਸਹੁੰ ਨਹੀਂ ਖਾਦੀ ਜਾ ਸਕਦੀ। ਸਵੈ-ਮੰਥਨ ਕਰ ਕੇ ਅਗਾਂਹ ਤੋਂ ਹੋਰ ਸਾਵਧਾਨੀ ਵਰਤਣ ਦਾ ਸੰਕਲਪ ਲੈਂਦਿਆਂ ਵਧਦੇ ਜਾਣਾ ਚਾਹੀਦਾ ਹੈ। ਆਪ ਜੀ ਵੱਲੋਂ ਕੀਤੀ ਵੀਚਾਰ ਨੂੰ ਸੰਗਤ ਗੁਨਾਹ ਮੰਨ ਰਹੀ ਹੈ। ਕਬੂਲ ਕਰ ਕੇ ਸੰਗਤ ਦੀਆਂ ਅਸੀਸਾਂ ਦੇ ਪਾਤਰ ਬਣਨਾ ਆਪ ਜੀ ’ਤੇ ਨਿਰਭਰ ਕਰਦਾ ਹੈ। ਉਸਾਰੂ ਭਾਵਨਾ ਨਾਲ ਆਪਣਾ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੱਤਰ ਨੂੰ ਪੜ੍ਹ ਲਵੋਗੇ ਤੇ ਜਵਾਬ ਵੀ ਦੇਵੋਗੇ, ਇਸ ਸਬੰਧੀ ਆਸ ਤਾਂ ਕਰਨੀ ਬਣਦੀ ਹੈ। ਅਰਦਾਸ ਹੈ ਕਿ ਸਤਿਗੁਰੂ ਕੌਮ ਨੂੰ ਸੰਜੀਦਾ ਬਲ ਤੇ ਬੁਧਿ ਬਖਸ਼ਣ।

ਨਿਮਰਤਾ ਸਹਿਤ ਰਸ਼ਪਾਲ ਸਿੰਘ, ਪ੍ਰੀਤ ਨਿਵਾਸ, ਐਸ. ਜੇ. ਐਸ. ਨਗਰ (ਸਾਹਮਣੇ : ਆਊਟਡੋਰ ਸਟੇਡੀਅਮ) ਟਾਂਡਾ ਰੋਡ, ਹੁਸ਼ਿਆਰਪੁਰ 98554-40151, rashpalsingh714@gmail.com

Most Viewed Posts