ਵਿਸ਼ਵ ਸ਼ਾਂਤੀ ਦਾ ਇੱਕੋ ਇੱਕ ਹੱਲ : ਗੁਰੂ ਨਾਨਕ ਫ਼ਲਸਫ਼ਾ ਨੂੰ ਲਾਗੂ ਕਰਨਾ

0
832

ਵਿਸ਼ਵ ਸ਼ਾਂਤੀ ਦਾ ਇੱਕੋ ਇੱਕ ਹੱਲ : ਗੁਰੂ ਨਾਨਕ ਫ਼ਲਸਫ਼ਾ ਨੂੰ ਲਾਗੂ ਕਰਨਾ

ਕਿਰਪਾਲ ਸਿੰਘ (ਬਠਿੰਡਾ) 88378-13661

ਜਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ ਉਸ ਦਿਨ ਤੋਂ ਹੀ ਆਪਣੇ ਵਿਅਕਤੀਗਤ ਮਾਨ-ਸਨਮਾਨ, ਧਰਮ, ਸਭਿਆਚਾਰ, ਜਾਤੀ, ਪ੍ਰਾਂਤ ਅਤੇ ਕੌਮ ਦੇ ਨਾਂ ’ਤੇ ਆਪਣੀ-ਆਪਣੀ ਹੋਂਦ ਕਾਇਮ ਰੱਖਣ ਅਤੇ ਆਪਣੇ ਹੱਕੀ ਅਧਿਕਾਰ ਪ੍ਰਾਪਤ ਕਰਨ ਲਈ ਸੰਘਰਸ਼ ਕਿਸੇ ਨਾ ਕਿਸੇ ਰੂਪ ’ਚ ਚੱਲਦਾ ਆਇਆ ਹੈ। ਆਪਣੇ ਹੱਕਾਂ ਤੋਂ ਵਾਂਝੇ ਕੀਤੇ ਜਿਹੜੇ ਵਰਗ ਆਪਣੇ ਹੱਕ ਬਹਾਲ ਕਰਵਾਉਣ ਲਈ ਸੰਘਰਸ਼ ਕਰ ਰਹੇ ਹੁੰਦੇ ਹਨ ਉਨ੍ਹਾਂ ਨੂੰ ਤਾਂ ਹਰ ਪਹਿਲੂ ਤੋਂ ਜਾਇਜ਼ ਮੰਨਿਆ ਜਾਣਾ ਚਾਹੀਦਾ ਹੈ ਪਰ ਟਕਰਾਅ ਉਸ ਸਮੇਂ ਸ਼ੁਰੂ ਹੁੰਦਾ ਹੈ, ਜਦੋਂ ਕੋਈ ਤਾਕਤਵਰ ਵਰਗ, ਦੇਸ਼, ਕੌਮ ਜਾਂ ਆਪਣੇ ਹੀ ਦੇਸ਼ ਦੀ ਰਾਜਸੱਤਾ (ਭਾਵੇਂ ਉਹ ਬਾਹੂਬਲ ਦੇ ਸਹਾਰੇ ਸਥਾਪਿਤ ਕੀਤੀ ਤਾਨਾਸ਼ਾਹੀ ਹੋਵੇ ਜਾਂ ਧਾਰਮਿਕ ਬਹੁ ਗਿਣਤੀ ਦੇ ਆਧਾਰ ’ਤੇ ਅਖੌਤੀ ਲੋਕਤੰਤਰ ਰਾਹੀਂ ਹਥਿਆਈ ਸੱਤਾ ਹੋਵੇ) ਦੇ ਬਲ ਨਾਲ ਦੂਸਰਿਆਂ ਦੇ ਹੱਕ ਦੇਣ ਤੋਂ ਕੇਵਲ ਇਨਕਾਰੀ ਹੀ ਨਹੀਂ ਬਲਕਿ ਉਨ੍ਹਾਂ ਦੇ ਅਧਿਕਾਰ ਹੋਰ ਸੀਮਤ ਕਰਕੇ ਉਨ੍ਹਾਂ ਨੂੰ ਗੁਲਾਮੀ ਵਾਲਾ ਜੀਵਨ ਜਿਊਣ ਲਈ ਮਜਬੂਰ ਕਰ ਦਿੰਦੀ ਹੈ। ਜੇ ਕੇਵਲ ਭਾਰਤ ਦੀ ਮਿਸਾਲ ਹੀ ਲੈ ਲਈਏ ਤਾਂ ਮੰਨੇ ਗਏ ਸਤਿਜੁਗ ਦੇ ਸਮੇਂ ਤੋਂ ਹੀ ਦੇਵਤਿਆਂ ਅਤੇ ਰਾਖਸ਼ਾਂ ਦੇ ਜੁੱਧ ਤੋਂ ਸ਼ੁਰੂ ਹੋਇਆ ਸੰਘਰਸ਼ ਅੱਜ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਨਿਰੰਤਰ ਚੱਲ ਰਿਹਾ ਹੈ; ਜਿਵੇਂ ਕਿ ਮੱਧ ਕਾਲ ਦੌਰਾਨ ਇਰਾਨ ਤੋਂ ਆਰੀਅਨ ਲੋਕ ਭਾਰਤ ਵਿੱਚ ਆਏ ਤਾਂ ਉਨ੍ਹਾਂ ਨੇ ਇੱਥੋਂ ਦੇ ਮੂਲ ਨਿਵਾਸੀ ਦਰਾਵਿੜਾਂ ਨੂੰ ਹਰਾ ਕੇ ਆਪਣਾ ਰਾਜ ਕਾਇਮ ਕਰ ਲਿਆ ਅਤੇ ਦਰਾਵਿੜਾਂ ਨੂੰ ਗੁਲਾਮੀ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ। ਆਪਣੀ ਸਰਦਾਰੀ ਕਾਇਮ ਰੱਖਣ ਲਈ ਉਨ੍ਹਾਂ ਨੇ ਸਭ ਤੋਂ ਪਹਿਲਾਂ ਸਮਾਜ ਨੂੰ ਚਾਰ ਵਰਨਾਂ – ਆਰੀਅਨਾਂ ’ਚੋਂ ਬ੍ਰਾਹਮਣ ਤੇ ਖੱਤਰੀ ਅਤੇ ਦਰਾਵਿੜਾਂ ਵਿੱਚੋਂ ਵੈਸ਼ ਤੇ ਸ਼ੂਦਰਾਂ ਵਿੱਚ ਵੰਡ ਕੇ ਇਨ੍ਹਾਂ ਨੂੰ ਅੱਗੋਂ ਕਈ ਹੋਰ ਜਾਤਾਂ ਅਤੇ ਉਪਜਾਤਾਂ ਵਿੱਚ ਵੰਡ ਦਿੱਤਾ। ਮੰਨੂੰ ਸਿਮਰਿਤੀਆਂ ਵਰਗੇ ਸਖ਼ਤ ਕਾਨੂੰਨਾਂ ਰਾਹੀਂ ਵਿਦਿਆ ਪੜ੍ਹਨ, ਪੜ੍ਹਾਉਣ ਅਤੇ ਧਾਰਮਿਕ ਰਸਮਾਂ ਨਿਭਾਉਣ ਦਾ ਹੱਕ ਬ੍ਰਾਹਮਣ ਲਈ ਰਾਖਵਾਂ ਰੱਖ ਕੇ ਬਾਕੀ ਦੇ ਤਿੰਨ ਵਰਗ ਖ਼ਾਸ ਕਰ ਸ਼ੂਦਰ ਨੂੰ ਵਿਦਿਆ ਪੜ੍ਹਨ ਅਤੇ ਧਾਰਮਿਕ ਕਰਮ ਨਿਭਾਉਣ ਦੇ ਅਧਿਕਾਰ ਤੋਂ ਹੀ ਵੰਚਿਤ ਕਰ ਦਿੱਤਾ। ਖੱਤਰੀ ਦਾ ਕੰਮ ਸ਼ਸਤਰਧਾਰੀ ਹੋ ਕੇ ਜੰਗ ਕਰਨਾ, ਵੈਸ਼ ਦਾ ਕੰਮ ਵਾਪਾਰ ਅਤੇ ਸ਼ੂਦਰ ਦਾ ਕੰਮ ਖੇਤੀ, ਸਾਫ-ਸਫਾਈ ਅਤੇ ਬਾਕੀ ਤਿੰਨੇ ਵਰਨਾਂ ਦੀ ਸੇਵਾ ਕਰਨਾ ਨਿਯਤ ਕੀਤਾ। ਵਿਦਵਾਨਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਨੇ ਪਹਿਲੇ ਹੱਲੇ ਹੀ ਗੁਲਾਮੀ ਕਬੂਲ ਕਰ ਲਈ ਉਨ੍ਹਾਂ ਨੂੰ ਜਾਤੀ ਆਧਾਰ ’ਤੇ ਥੋੜ੍ਹਾ ਉਚੇਚਾ ਦਰਜਾ ਅਤੇ ਚੰਗਾ ਕੰਮ ਦੇ ਦਿੱਤਾ ਅਤੇ ਜਿਨ੍ਹਾਂ ਨੇ ਗੁਲਾਮੀ ਕਬੂਲਣ ਵਿੱਚ ਜਿੰਨਾ ਵੱਧ ਵਿਰੋਧ ਜਤਾਇਆ ਉਨ੍ਹਾਂ ਦਾ ਉਸ ਮੁਤਾਬਕ ਹੀ ਦਰਜਾ ਘਟਦਾ ਗਿਆ। ਇਨ੍ਹਾਂ ਜਾਤੀਆਂ ਉਪਜਾਤੀਆਂ ਨੂੰ ਦਰਜਾ ਬਦਰਜਾ ਉੱਚੀਆਂ ਨੀਵੀਆਂ ਦਰਸਾ ਕੇ ਉਨ੍ਹਾਂ ਵਿੱਚ ਛੂਆ ਛਾਤ ਦਾ ਭਰਮ ਇਸ ਕਦਰ ਪੈਦਾ ਕਰ ਦਿੱਤਾ ਕਿ ਉਨ੍ਹਾਂ ਵਿੱਚ ਆਪਸੀ ਏਕਤਾ ਲਗਭਗ ਖ਼ਤਮ ਹੀ ਹੋ ਗਈ। ਇਸ ਵਰਨ ਵੰਡ ਰਾਹੀਂ ਬ੍ਰਾਹਮਣ ਅਤੇ ਖੱਤਰੀ ਨੂੰ ਤਾਂ ਇਹ ਲਾਭ ਹੋਇਆ ਕਿ ਉਨ੍ਹਾਂ ਦੀ ਸਰਦਾਰੀ ਕਾਇਮ ਹੋ ਗਈ ਪਰ ਭਾਈਚਾਰਕ ਸਾਂਝ ਅਤੇ ਕੌਮੀ ਏਕਤਾ/ਤਾਕਤ ਇਸ ਕਦਰ ਕਮਜ਼ੋਰ ਹੋਈ ਕਿ ਗਿਆਰਵੀਂ ਸਦੀ ਦੇ ਸ਼ੁਰੂ ਵਿੱਚ ਕਾਬਲ ਕੰਧਾਰ ਤੋਂ ਚੱਲੇ ਪਠਾਨਾਂ/ਮੁਗਲਾਂ ਨੇ 7 ਸਦੀਆਂ ਅਤੇ ਫਿਰ 2 ਸਦੀਆਂ ਤੱਕ ਅੰਗਰੇਜ਼ਾਂ ਨੇ ਭਾਰਤ ’ਤੇ ਰਾਜ ਕੀਤਾ। ਭਾਵੇਂ ਕਹਿਣ ਨੂੰ ਇਹ ਕਿਹਾ ਜਾਂਦਾ ਹੈ ਕਿ ਮੁਸਲਮਾਨਾਂ ਨੇ ਹਿੰਦੂ/ਸਿੱਖਾਂ ’ਤੇ ਅਤਿਆਚਾਰ ਕੀਤੇ ਅਤੇ ਅੰਗਰੇਜ਼ਾਂ ਨੇ ਭਾਰਤੀਆਂ ’ਤੇ; ਪਰ ਅਸਲ ਗੱਲ ਇਹ ਹੈ ਕਿ ਹਰ ਸਮੇਂ ਸੱਤਾ ’ਤੇ ਕਾਬਜ਼ ਲੋਕਾਂ ਨੇ ਆਪਣੇ ਰਾਜ ਲਈ ਬਾਗੀ ਸਮਝੇ ਜਾਂਦੇ ਲੋਕਾਂ ’ਤੇ ਅਤਿਆਚਾਰ ਕੀਤੇ। ਇਹ ਸਚਾਈ ਆਰੀਅਨਾਂ ਵੱਲੋਂ ਦਰਾਵਿੜਾਂ ’ਤੇ, ਮੁਗਲਾਂ ਵੱਲੋਂ ਹਿੰਦੂ/ਸਿੱਖਾਂ ਅਤੇ ਅੰਗਰੇਜ਼ਾਂ ਵੱਲੋਂ ਭਾਰਤੀਆਂ ’ਤੇ ਕੀਤੇ ਜ਼ੁਲਮਾਂ ਦੇ ਨਾਲ-ਨਾਲ ਅਜੋਕੇ ਅਜ਼ਾਦ ਭਾਰਤ ਵਿੱਚ ਸੱਤਾਧਾਰੀਆਂ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਉੱਪਰ ਕੀਤੇ ਜਾ ਰਹੇ ਤਸ਼ੱਦਦ ਦੇ ਕੇਸਾਂ ਵਿੱਚ ਵੀ ਸਹੀ ਢੁੱਕਦੀ ਹੈ। ਅਜ਼ਾਦ ਭਾਰਤ ਦੀ ਤਰਾਸਦੀ ਇਹ ਹੈ ਕਿ ਇਸ ਵਿੱਚ ਹਿੰਦੂ ਬਹੁਗਿਣਤੀ ਦੇ ਆਧਾਰ ’ਤੇ ਹੋਂਦ ਵਿੱਚ ਆਈਆਂ ਸਰਕਾਰਾਂ ਦੇ ਸਮੇਂ ਦੌਰਾਨ ਧਾਰਮਿਕ ਨਫ਼ਰਤ ਇੰਨੀ ਵਧਦੀ ਜਾ ਰਹੀ ਹੈ ਕਿ ਚਿਰਾਂ ਤੋਂ ਭਾਈਚਾਰਕ ਸਾਂਝ ਹੰਡਾਅ ਰਹੇ ਵੱਖ ਵੱਖ ਫਿਰਕਿਆਂ ਵਿੱਚ ਫੈਲ ਰਹੀ ਫਿਰਕੂ ਜ਼ਹਿਰ ਨੇ ਭਾਰਤ ਨੂੰ ਸਮੂਹਿਕ ਕਤਲਾਂ ਅਤੇ ਮੌਬ ਲਿੰਚਿੰਗ (ਹਜੂਮੀ ਕਤਲਾਂ) ਦਾ ਦੇਸ਼ ਬਣਾ ਦਿੱਤਾ ਹੈ। ਇਨ੍ਹਾਂ ਘਿਨਾਉਣੀਆਂ ਘਟਨਾਵਾਂ ਦੇ ਮੁੱਖ 2 ਕਾਰਨ ਹਨ: (1) ਧਾਰਮਿਕ ਆਗੂਆਂ ਵੱਲੋਂ ਧਰਮ ਦੇ ਅਸਲੀ ਅਰਥ ਨਾ ਸਮਝਣਾ (2) ਸੱਤਾਧਾਰੀ ਪਾਰਟੀਆਂ ਵੱਲੋਂ ਘੱਟ ਗਿਣਤੀਆਂ ਪ੍ਰਤੀ ਫਿਰਕੂ ਜ਼ਹਿਰ ਫੈਲਾਅ ਕੇ ਬਹੁ ਗਿਣਤੀ ਸਮਾਜ ਦੀਆਂ ਵੋਟਾਂ ਰਾਹੀਂ ਰਾਜ ਗੱਦੀ ’ਤੇ ਕਬਜ਼ਾ ਜਮਾਈ ਰੱਖਣ ਦੀ ਭਾਵਨਾ ਨਾਲ ਹਿੰਦੂ ਰਾਸ਼ਟਰ ਘੋਸ਼ਤ ਕਰਕੇ ‘ਰਾਮ-ਰਾਜ’ (ਮੰਨੂ ਸਿਮਰਤੀ ਨਿਯਮ) ਲਾਗੂ ਕਰਨ ਦੇ ਐਲਾਨ ਕਰਨਾ।

ਜੇ ਸੁਹਿਰਦਤਾ ਨਾਲ ਸੋਚਿਆ ਜਾਵੇ ਤਾਂ ਅੱਜ ਕੱਲ੍ਹ ਚਿਤਵਿਆ ਜਾ ਰਿਹਾ ‘ਰਾਮ-ਰਾਜ’ ਇਨ੍ਹਾਂ ਸਾਰੀਆਂ ਸਮਾਜਿਕ, ਧਾਰਮਿਕ, ਆਰਥਿਕ ਅਤੇ ਰਾਜਨੀਤਕ ਬੁਰਿਆਈਆਂ ਦਾ ਹੱਲ ਨਹੀਂ ਬਲਕਿ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਜੀ ਵੱਲੋਂ ਮਨੁੱਖਤਾ ਨੂੰ ਦਿੱਤੇ ਫ਼ਲਸਫ਼ੇ ਨੂੰ ਅਪਣਾਇਆਂ ਹੀ ਸਥਾਈ ਸ਼ਾਂਤੀ ਹੋ ਸਕਦਾ ਹੈ ਕਿਉਂਕਿ ਇਹ ਫ਼ਲਸਫ਼ਾ ਸਰਬਕਾਲੀ, ਸਰਬਸਾਂਝਾ, ਸਰਬਪੱਖੀ, ਸਰਬਦੇਸੀ ਅਤੇ ਸਾਰੇ ਧਾਰਮਿਕ ਫਿਰਕਿਆਂ ਮਜ਼ਹਬਾਂ ਅਤੇ ਵਰਣ/ਜਾਤਾਂ ਦੇ ਅਧਿਕਾਰਾਂ ’ਤੇ ਇੱਕ ਸਮਾਨ ਸਹੀ ਢੁੱਕਦਾ ਹੈ। ਉਨ੍ਹਾਂ ਨੇ ਨਾ ਹੀ ਸਾਰੇ ਭਾਰਤੀਆਂ ਨੂੰ ਜ਼ਬਰੀ ਮੁਸਲਮਾਨ ਬਣਾਉਣ ਦੀ ਔਰੰਗਜ਼ੇਬੀ ਨੀਤੀ ਪ੍ਰਵਾਨ ਕੀਤੀ ਅਤੇ ਨਾ ਹੀ ਅਜੋਕਾ ਭਾਰਤ ਸਰਕਾਰ ਦੇ ਸਿਰਜਕਾਂ/ਸਮਰਥਕਾਂ ਵੱਲੋਂ ਦਿੱਤੇ ਜਾ ਰਹੇ ਗ਼ੈਰ ਜ਼ਿੰਮੇਵਾਰ ਬਿਆਨ (ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਜਿਸ ਨੂੰ ਹਿੰਦੂ ਰਾਸ਼ਟਰ, ਹਿੰਦੀ ਅਤੇ ‘ਜੈ ਸ਼ੀਆ ਰਾਮ’ ਕਹਿਣਾ ਪਸੰਦ ਨਹੀਂ ਹੈ ਉਹ ਪਾਕਿਸਤਾਨ ਚਲਾ ਜਾਵੇ) ਨੂੰ ਪ੍ਰਵਾਨ ਕਰਨਗੇ ਬਲਕਿ ਠੀਕ ਉਸੇ ਤਰ੍ਹਾਂ ਵਿਰੋਧ ਕਰਨਗੇ; ਜਿਵੇਂ ਕਿ ਕਸ਼ਮੀਰੀ ਪੰਡਿਤਾਂ ਨੂੰ ਜ਼ਬਰੀ ਮੁਸਲਮਾਨ ਬਣਾਏ ਜਾਣ ਦੇ ਔਰੰਗਜ਼ੇਬੀ ਫਤਵੇ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨੌਵੇਂ ਸਰੂਪ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹਾਦਤ ਦੇ ਕੇ ਵਿਰੋਧ ਦਰਜ ਕਰਵਾਇਆ ਸੀ ਅਤੇ ਮੌਕੇ ਦੇ ਧਾੜਵੀਆਂ ਅਤੇ ਜ਼ਾਲਮ ਰਾਜਿਆਂ ਨੂੰ ‘‘ਪਾਪ ਕੀ ਜੰਞ ਲੈ ਕਾਬਲਹੁ ਧਾਇਆ; ਜੋਰੀ ਮੰਗੈ ਦਾਨੁ ਵੇ ਲਾਲੋ ॥’’ (ਮ: ੧/੭੨੨) ਅਤੇ ‘‘ਰਾਜੇ ਸੀਹ, ਮੁਕਦਮ ਕੁਤੇ ॥’’  (ਮ: ੧/੧੨੮੮) ਆਦਿਕ ਸ਼ਬਦਾਂ ਰਾਹੀਂ ਵੰਗਾਰਿਆ ਸੀ।  ਉਨ੍ਹਾਂ ਨੇ ਬੜੇ ਹੀ ਤਰਕਸੰਗਤ ਢੰਗ ਨਾਲ ਹਰ ਧਰਮ ਦੇ ਠੇਕੇਦਾਰ ਬਣੇ ਪੁਜਾਰੀ ਵਰਗ ਦੀਆਂ ਊਣਤਾਈਆਂ ਤੇ ਪਾਖੰਡਾਂ ਨੂੰ ਦਲੇਰਾਨਾ ਢੰਗ ਨਾਲ ਜੱਗ ਜ਼ਾਹਰ ਕੀਤਾ ਅਤੇ ਆਪਣੇ-ਆਪਣੇ ਧਰਮ ਵਿੱਚ ਪ੍ਰਪੱਕ ਹੋ ਕੇ ਚੰਗਾ ਹਿੰਦੂ ਅਤੇ ਚੰਗਾ ਮੁਸਲਮਾਨ ਬਣਨ ਦੀ ਸਿੱਖਿਆ ਦਿੱਤੀ।  ਪ੍ਰਚਾਰਕ ਫੇਰੀਆਂ (ਉਦਾਸੀਆਂ) ਦੌਰਾਨ ਪੂਰੇ ਏਸ਼ੀਆ ਵਿੱਚ ਘੁੰਮ ਕੇ ਜਾਤ ਧਰਮ ਅਤੇ ਵਰਣ ਤੋਂ ਉੱਪਰ ਉੱਠ ਕੇ ਧਾਰਮਿਕ ਪਾਖੰਡਾਂ ਦਾ ਵਿਰੋਧ ਅਤੇ ਕੇਵਲ ਪ੍ਰਭੂ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਰ ਜਾਤੀ ਨਾਲ ਸਬੰਧਿਤ ਰੱਬੀ ਭਗਤਾਂ ਦੀ ਬਾਣੀ ਇਕੱਤਰ ਕੀਤੀ ਜੋ ਅੱਗੋਂ ਆਪਣੇ ਉੱਤਰਾਧਿਕਾਰੀਆਂ ਨੂੰ ਸੌਂਪੀ ਜਾਂਦੀ ਰਹੀ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਗੁਰੂ ਅਰਜਨ ਸਾਹਿਬ ਜੀ ਨੇ ਬਾਕੀ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸਤਿਕਾਰ; ਯੋਗ ਢੰਗ ਨਾਲ ਦਰਜ ਕੀਤਾ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ; ਧਰਮ, ਜਾਤ ਵਰਣ, ਖੇਤਰ ਅਤੇ ਦੇਸ਼ਾਂ ਦੀਆਂ ਵਲਗਣਾਂ ਤੋਂ ਉੱਪਰ ਉੱਠੇ ਸਰਬ ਸਾਂਝੇ ਜਗਤ ਗੁਰੂ ਹਨ। ਸਰਬ ਸਾਂਝੇ ਉਪਦੇਸ਼ਾਂ ਦੀਆਂ ਕੁਝ ਕੁ ਉਦਾਹਰਨਾਂ ਹੇਠਾਂ ਲਿਖਤ ਹਨ:-

ਹਿੰਦੂ ਧਰਮ ਗੁਰੂ ਪੰਡਿਤ ਲਈ ਉਪਦੇਸ਼:

  1. ਪੰਡਿਤ ਲੋਕਾਂ ਦਾ ਧਰਮ ਪ੍ਰਤੀ ਸਾਰਾ ਉੱਦਮ ਮਾਇਆ ਕਮਾਉਣ ਲਈ ਵਪਾਰ ਹੀ ਬਣ ਜਾਣ ਕਰਕੇ ਉਹ ਧਾਰਮਿਕ ਪੁਸਤਕਾਂ ਤਾਂ ਪੜ੍ਹਦੇ ਪਰ ਅੰਦਰੋਂ ਗੁਣ ਤੋਂ ਸੱਖਣੇ ਹੋਣ ਕਰਕੇ ਉਹਨਾਂ ਪੁਸਤਕਾਂ ਦੀ ਵਿਚਾਰ ਸਮਝੇ ਬਿਨਾਂ ਹੀ ਹੋਰਾਂ ਨੂੰ ਮੱਤਾਂ ਦੇ ਕੇ (ਜਗਤ ਤੋਂ) ਚਲੇ ਜਾਂਦੇ, ਉਨ੍ਹਾਂ ਲਈ ਬਚਨ ਉਚਾਰੇ ਗਏ: ‘‘ਪੰਡਿਤ ਵਾਚਹਿ ਪੋਥੀਆ; ਨਾ ਬੂਝਹਿ ਵੀਚਾਰੁ ॥ ਅਨ ਕਉ ਮਤੀ ਦੇ ਚਲਹਿ; ਮਾਇਆ ਕਾ ਵਾਪਾਰੁ ॥ ਕਥਨੀ ਝੂਠੀ ਜਗੁ ਭਵੈ; ਰਹਣੀ ਸਬਦੁ ਸੁ ਸਾਰੁ ॥’’ (ਮ: ੧/੫੬)
  2. ਉਨ੍ਹਾਂ ਨੂੰ ਦੱਸਿਆ ਗਿਆ ਕਿ ਪਰਮਾਤਮਾ ਦੇ ਨਾਮ ਵਿਚ ਹੀ ਸੁੱਚ ਹੋਣ ਕਰਕੇ ਉਹ (ਗੁਰੂ ਜੀ) ਤਾਂ ਪਰਮਾਤਮਾ ਦਾ ਨਾਮ-ਸਿਮਰਨ (-ਰੂਪ ਵੇਦ) ਹੀ ਪੜ੍ਹਦੇ ਹਨ ਕਿਉਂਕਿ ਪ੍ਰਭੂ ਦੇ ਨਾਮ ਵਿੱਚ ਹੀ ਸਾਰੀਆਂ ਧਾਰਮਿਕ ਰਸਮਾਂ ਆ ਜਾਂਦੀਆਂ ਹਨ। ਇਸ ਲਈ ਹੇ ਪਾਂਡੇ ! ਤੂੰ ਭੀ ਇਸੇ ਤਰ੍ਹਾਂ ਪਰਮਾਤਮਾ ਦੇ ਗੁਣਾਂ ਦਾ ਵਿਚਾਰ ਕਰ : ‘‘ਪਾਂਡੇ ! ਐਸਾ ਬ੍ਰਹਮ ਬੀਚਾਰੁ ॥ ਨਾਮੇ ਸੁਚਿ, ਨਾਮੋ ਪੜਉ; ਨਾਮੇ ਚਜੁ ਆਚਾਰੁ ॥’’ (ਮ: ੧/੩੫੫ )
  3. ਉਹੀ ਬੰਦਾ ਪੜ੍ਹਿਆ ਹੋਇਆ ਹੈ, ਉਹੀ ਪੰਡਿਤ ਹੈ, ਜੋ ਇਹ ਸਮਝ ਲਏ ਕਿ ਸਿਰਫ਼ ਪਰਮਾਤਮਾ ਹੀ ਸਾਰੇ ਜੀਵਾਂ ਵਿੱਚ ਮੌਜੂਦ ਹੈ। (ਜੋ ਇਹ ਭੇਦ ਸਮਝ ਲੈਂਦਾ ਹੈ, ਉਸ ਦੀ ਪਛਾਣ ਇਹ ਹੈ ਕਿ) ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ : ‘‘ਙੰਙੈ, ਙਿਆਨੁ ਬੂਝੈ ਜੇ ਕੋਈ; ਪੜਿਆ ਪੰਡਿਤੁ ਸੋਈ ॥ ਸਰਬ ਜੀਆ ਮਹਿ ਏਕੋ ਜਾਣੈ; ਤਾ ਹਉਮੈ ਕਹੈ ਨ ਕੋਈ ॥’’ (ਮ: ੧/੪੩੨)
  4. (ਅਸਲੀ) ਪੰਡਿਤ ਉਹ ਹੈ, ਜੋ ਆਪਣੇ ਮਨ ਨੂੰ ਸਮਝਾਵੇ ਅਤੇ ਰੱਬੀ ਗੁਣਾਂ ਨੂੰ ਆਪਣੇ ਮਨ ’ਚ ਭਾਲਦਾ ਹੈ। ਉਸ ਪੰਡਿਤ ਦੇ ਉਪਦੇਸ਼ ਨਾਲ (ਸਾਰਾ) ਸੰਸਾਰ ਰੂਹਾਨੀ ਜ਼ਿੰਦਗੀ ਹਾਸਲ ਕਰਦਾ ਹੈ। ਜੋ ਪ੍ਰਭੂ-ਨਾਮ ਦਾ ਮਿੱਠਾ ਸੁਆਦ ਚੱਖਦਾ ਹੈ, ਜੋ ਅਕਾਲ ਪੁਰਖ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਆਪਣੇ ਹਿਰਦੇ ’ਚ ਵਸਾਉਂਦਾ ਹੈ, ਜੋ ਵੇਦ ਪੁਰਾਣ ਸਿਮ੍ਰਿਤੀਆਂ (ਆਦਿਕ ਸਭ ਧਰਮ-ਪੁਸਤਕਾਂ) ਦੇ ਸਰੋਤ (ਪ੍ਰਭੂ ਨੂੰ) ਸਮਝਦਾ ਹੈ, ਜੋ ਇਹ ਜਾਣਦਾ ਹੈ ਕਿ ਇਹ ਸਾਰਾ ਦਿੱਸਦਾ ਜਗਤ; ਅਦ੍ਰਿਸ਼ਟ ਪ੍ਰਭੂ ਦੇ ਹੀ ਆਸਰੇ ਹੈ, ਜੋ (ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ) ਚਾਰੇ ਹੀ ਜਾਤੀਆਂ ਨੂੰ ਸਿੱਖਿਆ ਦੇਂਦਾ ਹੈ, ਉਹ ਪੰਡਿਤ ਮੁੜ ਜਨਮ (-ਮਰਨ) ’ਚ ਨਹੀਂ ਆਉਂਦਾ, ਉਸ ਪੰਡਿਤ ਅੱਗੇ ਅਸੀਂ ਸਦਾ ਸਿਰ ਨਿਵਾਉਂਦੇ ਹਾਂ : ‘‘ਸੋ ਪੰਡਿਤੁ, ਜੋ ਮਨੁ ਪਰਬੋਧੈ ॥ ਰਾਮ ਨਾਮੁ ਆਤਮ ਮਹਿ ਸੋਧੈ ॥ ਰਾਮ ਨਾਮ ਸਾਰੁ ਰਸੁ ਪੀਵੈ ॥ ਉਸੁ ਪੰਡਿਤ ਕੈ ਉਪਦੇਸਿ, ਜਗੁ ਜੀਵੈ ॥ ਹਰਿ ਕੀ ਕਥਾ, ਹਿਰਦੈ ਬਸਾਵੈ ॥ ਸੋ ਪੰਡਿਤੁ, ਫਿਰਿ ਜੋਨਿ ਨ ਆਵੈ ॥ ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥ ਸੂਖਮ ਮਹਿ ਜਾਨੈ ਅਸਥੂਲੁ ॥ ਚਹੁ ਵਰਨਾ ਕਉ ਦੇ ਉਪਦੇਸੁ ॥ ਨਾਨਕ ! ਉਸੁ ਪੰਡਿਤ ਕਉ ਸਦਾ ਅਦੇਸੁ ॥’’ (ਗਉੜੀ ਸੁਖਮਨੀ, ਮ: ੫/੨੭੪)
  5. ਕਬੀਰ ਸਾਹਿਬ ਜੀ ਬ੍ਰਾਹਮਣ ਨੂੰ ਸੰਬੋਧਿਤ ਹੋ ਕੇ ਬਚਨ ਕਰਦੇ ਹਨਕਿ ਹੇ ਪੰਡਿਤ! ਤੂੰ ਮੇਰੀ ਵਿਚਾਰ ਗਹੁ ਨਾਲ ਨਹੀਂ ਸੁਣ ਸਕਦਾ ਕਿਉਂਕਿ ਤੇਰੀਆਂ ਨਜ਼ਰਾਂ ਵਿੱਚ ਤੂੰ ਉੱਚੀ ਕੁਲ ਦਾ ਬ੍ਰਾਹਮਣ ਹੈਂ ਤੇ ਮੈਂ ਕਾਸ਼ੀ ਦਾ (ਗ਼ਰੀਬ) ਜੁਲਾਹਾ, ਭਾਵੇਂ ਕਿ ਅਸੀਂ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਤੋਂ) ਬਚ ਰਹੇ ਹਾਂ, ਪਰ ਵੇਦਾਂ ਦੇ (ਦੱਸੇ ਕਰਮ-ਕਾਂਡ ਦੇ) ਭਰੋਸੇ ਤੁਸੀਂ ਡੁੱਬ ਕੇ ਮਰ ਰਹੇ ਹੋ : ‘‘ਤੂੰ ਬ੍ਰਹਮਨੁ, ਮੈ ਕਾਸੀਕ ਜੁਲਹਾ; ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥ ਹਮਰੇ, ਰਾਮ ਨਾਮ ਕਹਿ ਉਬਰੇ; ਬੇਦ ਭਰੋਸੇ, ਪਾਂਡੇ ! ਡੂਬਿ ਮਰਹਿ ॥’’ (ਭਗਤ ਕਬੀਰ ਜੀਉ/੯੭੦)

ਜੋਗੀਆਂ ਅਤੇ ਗ੍ਰਹਿਸਤੀ ਦਾ ਤਿਆਗ ਕਰਨ ਵਾਲਿਆਂ ਲਈ ਉਪਦੇਸ਼:

  1. ਘਰੇਲੂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋਏ ਜੋਗੀਆਂ ਨੂੰ ਕਿਹਾ ਕਿ ਗੋਦੜੀ ਪਹਿਨਣ, ਹੱਥ ਵਿੱਚ ਡੰਡਾ ਫੜ ਲੈਣ ਅਤੇ ਸਰੀਰ ’ਤੇ ਸੁਆਹ ਮਲ਼ ਲੈਣ ਨਾਲ ਰੱਬੀ ਮਿਲਾਪ ਨਹੀਂ ਹੁੰਦਾ। (ਕੰਨਾਂ ’ਚ) ਮੁੰਦ੍ਰਾਂ ਪਾਇਆਂ, ਸਿਰ ਮੁਨਾ ਲੈਣ ਅਤੇ ਸਿੰਙੀ ਵਜਾਇਆਂ ਵੀ ਜੋਗ ਸਿੱਧੀ ਨਹੀਂ ਪ੍ਰਾਪਤ ਹੋ ਜਾਂਦੀ। ਪਰਮਾਤਮਾ ਦੇ ਮਿਲਾਪ ਦਾ ਸਿਰਫ਼ ਇਹੀ ਤਰੀਕਾ ਹੈ ਕਿ ਮਾਇਆ ਮੋਹ ਦੀ ਕਾਲਖ਼ (ਗ੍ਰਹਿਸਤ) ਵਿਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ਨਾਲ ਜੁੜੇ ਰਹੀਏ : ‘‘ਜੋਗੁ ਨ ਖਿੰਥਾ, ਜੋਗੁ ਨ ਡੰਡੈ; ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ, ਮੂੰਡਿ ਮੁਡਾਇਐ; ਜੋਗੁ ਨ ਸਿੰਙੀ ਵਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੧॥’’ (ਮ: ੧, ਪੰਨਾ ੭੩੦)

ਨਿਰੀਆਂ ਗੱਲਾਂ ਕਰਨ ਨਾਲ ਪ੍ਰਭੂ-ਮਿਲਾਪ ਨਹੀਂ ਹੁੰਦਾ। ਉਹੀ ਮਨੁੱਖ ਜੋਗੀ ਅਖਵਾ ਸਕਦਾ ਹੈ ਜੋ ਸਮਦ੍ਰਿਸ਼ਟੀ ਨਾਲ ਸਭ (ਜੀਵਾਂ) ਨੂੰ ਬਰਾਬਰ (ਦੇ ਇਨਸਾਨ) ਸਮਝੇ : ‘‘ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ; ਜੋਗੀ ਕਹੀਐ ਸੋਈ ॥੧॥ ਰਹਾਉ ॥’’  (ਮ: ੧, ਪੰਨਾ ੭੩੦)

(ਘਰੋਂ) ਬਾਹਰ ਮੜ੍ਹੀਆਂ ਮਸਾਣਾਂ ਵਿੱਚ ਰਿਹਾਂ ਅਤੇ ਸਮਾਧੀਆਂ ਲਾਇਆਂ ਭੀ ਰੱਬ ਨਾ ਮਿਲਦਾ। ਦੇਸ਼ ਪ੍ਰਦੇਸ਼ ’ਚ ਭੌਂਦੇ ਫਿਰਨ ਅਤੇ ਤੀਰਥਾਂ ਉੱਤੇ ਇਸ਼ਨਾਨ ਕੀਤਿਆਂ ਭੀ ਪ੍ਰਭੂ-ਪ੍ਰਾਪਤੀ ਨਹੀਂ ਹੁੰਦੀ। ਰੱਬੀ ਮਿਲਾਪ ਸਿਰਫ਼ ਮਾਇਆ ਮੋਹ ਦੀ ਕਾਲਖ (ਗ੍ਰਹਿਸਤੀ) ’ਚ ਰਹਿੰਦਿਆਂ ਹੀ ਮਾਇਆ ਤੋਂ ਨਿਰਲੇਪ ਪ੍ਰਭੂ ’ਚ ਜੁੜਿਆਂ ਹੁੰਦਾ ਹੈ: ‘‘ਜੋਗੁ ਨ ਬਾਹਰਿ ਮੜੀ ਮਸਾਣੀ; ਜੋਗੁ ਨ ਤਾੜੀ ਲਾਈਐ ॥ ਜੋਗੁ ਨ ਦੇਸਿ ਦਿਸੰਤਰਿ ਭਵਿਐ; ਜੋਗੁ ਨ ਤੀਰਥਿ ਨਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੨॥’’  (ਮ: ੧, ਪੰਨਾ ੭੩੦)

ਜਦੋਂ ਸੱਚਾ ਗੁਰੂ ਮਿਲ ਪਏ ਤਾਂ ਮਨ ਦਾ ਸਹਿਮ ਮੁੱਕ ਜਾਂਦਾ ਹੈ, ਵਿਕਾਰਾਂ ਵੱਲ ਦੌੜਦੇ ਮਨ ਨੂੰ ਰੋਕ ਕੇ ਰੱਖ ਸਕੀਦਾ ਹੈ, (ਮਨ ’ਚ ਰੱਬੀ ਅੰਮ੍ਰਿਤ ਨਾਮ ਦਾ) ਚਸ਼ਮਾ ਚੱਲ ਪੈਂਦਾ ਹੈ, ਅਡੋਲ ਅਵਸਥਾ ਦੀ ਰੌ ਬਣ ਜਾਂਦੀ ਹੈ; ਹਿਰਦੇ ਅੰਦਰ ਹੀ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ: ‘‘ਸਤਿਗੁਰੁ ਭੇਟੈ, ਤਾ ਸਹਸਾ ਤੂਟੈ; ਧਾਵਤੁ ਵਰਜਿ ਰਹਾਈਐ ॥ ਨਿਝਰੁ ਝਰੈ, ਸਹਜ ਧੁਨਿ ਲਾਗੈ; ਘਰ ਹੀ ਪਰਚਾ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਇਵ ਪਾਈਐ ॥੩॥’’ (ਮ: ੧, ਪੰਨਾ ੭੩੦)

ਰੱਬੀ ਮਿਲਾਪ ਦਾ ਅਭਿਆਸ ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਹੀ ਵਿਕਾਰਾਂ ਵੱਲੋਂ ਨਿਰਮੋਹ ਰਹਿੰਦਿਆਂ ਕਰਨਾ ਹੈ। (ਜੋਗੀ ਤਾਂ ਸਿੰਙ ਦਾ ਵਾਜਾ ਵਜਾਂਦਾ ਹੈ, ਪਰ ਸਿਮਰਨ-ਅੱਭਿਆਸ ਕਰਨ ਵਾਲੇ ਦੇ ਅੰਦਰ ਇੱਕ ਅਜੇਹਾ ਸੁਰੀਲਾ ਆਨੰਦ ਬਣਦਾ ਹੈ ਜੋ ਮਾਨੋ) ਬਿਨਾਂ ਵਾਜਾ ਵਜਾਇਆਂ ਹੀ ਸਿੰਙ ਵਾਜਾ ਵੱਜ ਰਿਹਾ ਹੈ। (ਇਸ ਆਨੰਦਮਈ) ਅਵਸਥਾ ਵਿਚ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ: ‘‘ਨਾਨਕ! ਜੀਵਤਿਆ, ਮਰਿ ਰਹੀਐ; ਐਸਾ ਜੋਗੁ ਕਮਾਈਐ ॥ ਵਾਜੇ ਬਾਝਹੁ ਸਿੰਙੀ ਵਾਜੈ; ਤਉ ਨਿਰਭਉ ਪਦੁ ਪਾਈਐ ॥ ਅੰਜਨ ਮਾਹਿ ਨਿਰੰਜਨਿ ਰਹੀਐ; ਜੋਗ ਜੁਗਤਿ ਤਉ ਪਾਈਐ ॥੪॥੧॥’’ (ਮ: ੧/੭੩੦)

  1. ਰਾਗ ਗਾਣ ਨਾਲ, ਨਾਦ ਵਜਾਉਣ ਨਾਲ ਜਾਂ ਵੇਦ (ਆਦਿਕ ਧਰਮ-ਪੁਸਤਕਾਂ) ਪੜ੍ਹਨ ਨਾਲ, ਸਮਾਧੀ ਲਾਇਆਂ, ਗਿਆਨ-ਚਰਚਾ ਕੀਤਿਆ ਜਾਂ ਜੋਗ ਦਾ ਕੋਈ ਸਾਧਨ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ। ਨਿਤ ਸੋਗ ਕੀਤਿਆਂ; ਰੂਪ, ਮਾਲ-ਧਨ ਤੇ ਰੰਗ-ਤਮਾਸ਼ੇ ਵਿਚ ਰੁੱਝਿਆਂ ਭੀ ਪ੍ਰਭੂ (ਜੀਵ ਉੱਤੇ) ਤਰੁੱਠਦਾ ਨਹੀਂ। ਤੀਰਥ ਨ੍ਹਾਤਿਆਂ ਜਾਂ ਨੰਗੇ ਭਵਿਆਂ, ਦਾਨ-ਪੁੰਨ ਕੀਤਿਆਂ ਅਤੇ ਬਾਹਰ (ਜੰਗਲਾਂ ’ਚ) ਸੁੰਨ-ਮੁੰਨ ਬੈਠਿਆਂ ਭੀ ਪ੍ਰਭੂ ਨਾ ਰੀਝਦਾ। ਲੜਾਈ ’ਚ ਲੜ ਕੇ ਮਰਨ ਵਾਲੇ ਤੇ (ਸੁਆਹ ਆਦਿਕ ਮਲ਼ ਕੇ) ਮਿੱਟੀ ’ਚ ਲਿੱਬੜੇ ਰਹਿਣ ਵਾਲਿਆਂ ’ਤੇ ਭੀ ਪ੍ਰਭੂ ਖ਼ੁਸ਼ ਨਹੀਂ ਹੁੰਦਾ। ਪਰਮਾਤਮਾ ਪ੍ਰਸੰਨ ਹੁੰਦਾ ਹੈ ਜੇ ਉਸ ਸਦਾ ਕਾਇਮ ਰਹਿਣ ਵਾਲੇ ਦੇ ਨਾਮ ਵਿਚ (ਜੁੜੀਏ ਕਿਉਂਕਿ ਜੀਵਾਂ ਦੇ ਚੰਗੇ ਮੰਦੇ ਹੋਣ ਦੀ) ਪਰਖ ਮਨ ਦੀ ਭਾਵਨਾ ਅਨੁਸਾਰ ਕੀਤੀ ਜਾਂਦੀ ਹੈ : ‘‘ਨ ਭੀਜੈ, ਰਾਗੀ ਨਾਦੀ ਬੇਦਿ ॥ ਨ ਭੀਜੈ, ਸੁਰਤੀ ਗਿਆਨੀ ਜੋਗਿ ॥ ਨ ਭੀਜੈ, ਸੋਗੀ ਕੀਤੈ ਰੋਜਿ ॥ ਨ ਭੀਜੈ, ਰੂਪੀ ਮਾਲੀ ਰੰਗਿ ॥ ਨ ਭੀਜੈ, ਤੀਰਥਿ ਭਵਿਐ ਨੰਗਿ ॥ ਨ ਭੀਜੈ, ਦਾਤੀ ਕੀਤੈ ਪੁੰਨਿ ॥ ਨ ਭੀਜੈ, ਬਾਹਰਿ ਬੈਠਿਆ ਸੁੰਨਿ ॥ ਨ ਭੀਜੈ, ਭੇੜਿ ਮਰਹਿ ਭਿੜਿ ਸੂਰ ॥ ਨ ਭੀਜੈ, ਕੇਤੇ ਹੋਵਹਿ ਧੂੜ ॥ ਲੇਖਾ ਲਿਖੀਐ ਮਨ ਕੈ ਭਾਇ ॥ ਨਾਨਕ ! ਭੀਜੈ ਸਾਚੈ ਨਾਇ ॥’’ (ਮ: ੧/੧੨੩੭)

ਮੁਸਲਮਾਨਾਂ ਲਈ ਉਪਦੇਸ਼:

ਪਾਵਨ ਅੰਕ ਨੰ: 24 ਉੱਪਰ ਦਰਜ ਪੂਰਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਮੁਸਲਮਾਨ ਕਾਜ਼ੀ ਮੌਲਾਣਿਆਂ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ ਜਿਸ ਰਾਹੀਂ ਮੁਸਲਮਾਨਾਂ ਨੂੰ ਉਪਦੇਸ਼ ਹੈ ਕਿ ਜਿਸ ਮਾਲਕ ਨੇ ਸਾਰਾ ਜਗਤ ਪ੍ਰਫੁਲਿਤ ਤੇ ਹਰਾ-ਭਰਾ ਕੀਤਾ ਹੈ, ਜਿਸ ਨੇ ਪਾਣੀ ਤੇ ਮਿੱਟੀ (ਵਿਰੋਧੀ ਤੱਤ) ਇਕੱਠੇ ਕਰ ਕੇ ਰੱਖ ਦਿੱਤੇ ਹਨ, ਉਹ ਸਿਰਜਣਹਾਰ ਧੰਨ ਹੈ : ‘‘ਸੋਈ ਮਉਲਾ, ਜਿਨਿ, ਜਗੁ ਮਉਲਿਆ; ਹਰਿਆ ਕੀਆ ਸੰਸਾਰੋ ॥  ਆਬ ਖਾਕੁ ਜਿਨਿ ਬੰਧਿ ਰਹਾਈ; ਧੰਨੁ ਸਿਰਜਣਹਾਰੋ ॥੧॥’’

ਹੇ ਮੁੱਲਾਂ ! ਮੌਤ (ਦਾ ਡਰ) ਹਰੇਕ ਦੇ ਸਿਰ ਉੱਤੇ ਹੈ ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ ਭਾਵ ਰੱਬ ਦੇ ਡਰ ’ਚ ਰਿਹਾਂ ਹੀ ਮੌਤ ਦਾ ਡਰ ਦੂਰ ਹੁੰਦਾ ਹੈ) : ‘‘ਮਰਣਾ, ਮੁਲਾ ! ਮਰਣਾ ॥  ਭੀ ਕਰਤਾਰਹੁ ਡਰਣਾ ॥੧॥ ਰਹਾਉ ॥’’

(ਮਜ਼ਹਬੀ ਕਿਤਾਬਾਂ ਨਿਰੀਆਂ ਪੜ੍ਹ ਲੈਣ ਨਾਲ ਅਸਲ ਕਾਜ਼ੀ ਮੁੱਲਾਂ ਨਹੀਂ ਬਣ ਜਾਈਦਾ) ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾਂ ਤੇ ਕਾਜ਼ੀ ਸਮਝ ਜਦੋਂ ਰੱਬ ਦੇ ਨਾਮ ਨਾਲ ਡੂੰਘੀ ਸਾਂਝ ਪਾ ਲਏਂਗਾ (ਤੇ ਮੌਤ ਦਾ ਡਰ ਮੁਕਾ ਲਏਂਗਾ, ਨਹੀਂ ਤਾਂ) ਭਾਵੇਂ ਤੂੰ ਕਿੰਨੀਆਂ ਹੀ ਮਜ਼ਹਬੀ ਕਿਤਾਬਾਂ ਪੜ੍ਹ ਜਾਏਂ (ਡਰ ਅਧੀਨ ਰਹੇਂਗਾ)। ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਕੋਈ ਇੱਥੇ ਰਹਿ ਨਹੀਂ ਸਕਦਾ : ‘‘ਤਾ ਤੂ ਮੁਲਾ, ਤਾ ਤੂ ਕਾਜੀ; ਜਾਣਹਿ ਨਾਮੁ ਖੁਦਾਈ ॥ ਜੇ ਬਹੁਤੇਰਾ ਪੜਿਆ ਹੋਵਹਿ; ਕੋ ਰਹੈ ਨ, ਭਰੀਐ ਪਾਈ ॥੨॥’’ 

ਉਹੀ ਅਸਲ ਕਾਜ਼ੀ ਹੈ ਜਿਸ ਨੇ ਆਪਾ-ਭਾਵ ਤਿਆਗ ਦਿੱਤਾ ਤੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਜੋ ਹੁਣ ਭੀ ਹੈ ਅਗਾਂਹ ਨੂੰ ਭੀ ਰਹੇਗਾ, ਜੋ ਨ ਜੰਮਦਾ ਹੈ ਨ ਮਰਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਨੂੰ ਪੈਦਾ ਕਰਨ ਵਾਲਾ ਹੈ : ‘‘ਸੋਈ ਕਾਜੀ, ਜਿਨਿ ਆਪੁ ਤਜਿਆ; ਇਕੁ ਨਾਮੁ ਕੀਆ ਆਧਾਰੋ ॥  ਹੈ ਭੀ, ਹੋਸੀ, ਜਾਇ ਨ ਜਾਸੀ; ਸਚਾ ਸਿਰਜਣਹਾਰੋ ॥੩॥’’ 

(ਹੇ ਕਾਜ਼ੀ!) ਤੂੰ ਪੰਜੇ ਵੇਲੇ ਨਿਮਾਜ਼ਾਂ ਪੜ੍ਹਦਾ ਹੈਂ। ਕੁਰਾਨ ਸਮੇਤ ਹੋਰ ਮਜ਼ਹਬੀ ਕਿਤਾਬਾਂ ਭੀ ਪੜ੍ਹਦਾ ਹੈਂ (ਫਿਰ ਭੀ ਸੁਆਰਥ ’ਚ ਬੱਝਾ ਹੋਣ ਕਾਰਨ ਮੌਤ ਤੋਂ ਡਰਦਾ ਹੈਂ), ਜਦੋਂ ਮੌਤ ਸੱਦਾ ਦੇਂਦੀ ਹੈ ਤਾਂ ਦਾਣਾ ਪਾਣੀ ਇੱਥੇ ਹੀ ਧਰਿਆ ਰਹਿ ਜਾਂਦਾ ਹੈ (ਇਸ ਮੌਤ ਦੇ ਡਰ ਤੋਂ ਮੁਕਤ ਹੋਣ ਲਈ ਰੱਬੀ ਡਰ-ਅਦਬ ’ਚ ਜੁੜਿਆ ਰਹਿ) : ‘‘ਪੰਜ ਵਖਤ ਨਿਵਾਜ ਗੁਜਾਰਹਿ; ਪੜਹਿ ਕਤੇਬ ਕੁਰਾਣਾ ॥ ਨਾਨਕੁ ਆਖੈ ਗੋਰ ਸਦੇਈ; ਰਹਿਓ ਪੀਣਾ ਖਾਣਾ ॥੪॥’’ (ਮ: ੧/੨੪)

ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 34 ਉੱਪਰ ਦਰਜ ਸਲੋਕੁ ਰਾਹੀਂ ਸਾਹਿਬ ਬਚਨ ਕਰਦੇ ਹਨ – (ਅਸਲ) ਮੁਸਲਮਾਨ ਅਖਵਾਉਣਾ ਬੜਾ ਔਖਾ ਹੈ (ਇਸ ਲਈ) ਸਭ ਤੋਂ ਪਹਿਲਾਂ ਮਜ਼ਹਬ ਪਿਆਰਾ ਲੱਗੇ, (ਫਿਰ) ਜਿਵੇਂ ਮਿਸਕਲੇ ਨਾਲ ਜੰਗਾਲ ਲਾਹੀਦਾ ਹੈ; ਤਿਵੇਂ (ਹੱਕ-ਹਲਾਲ ਦਾ) ਧਨ (ਲੋੜਵੰਦਾਂ ’ਚ) ਵੰਡ ਕੇ ਵਰਤਾਅ (ਦੌਲਤ ਦਾ ਅਹੰਕਾਰ ਦੂਰ ਕਰ)। ਮਜ਼ਹਬ ਦੀ ਅਗਵਾਈ ’ਚ ਤੁਰ ਕੇ ਮੁਸਲਮਾਨ ਬਣ ਤੇ ਸਾਰੀ ਉਮਰ ਦੀ ਭਟਕਣਾ ਮੁਕ ਜਾਏਗੀ (ਭਾਵ ਸਾਰੀ ਉਮਰ ਮਜ਼ਹਬੀ ਰਾਹ ਤੋਂ ਲਾਂਭੇ ਨਹੀਂ ਹੋਵੇਂਗਾ), ਰੱਬੀ ਹੁਕਮ ਨੂੰ ਸਿਰ ਮੱਥੇ ਮੰਨ, ਕਾਦਰ ਨੂੰ ਹੀ (ਸਭ ਕੁਝ ਕਰਨ ਵਾਲਾ) ਮੰਨ ਤੇ ਖ਼ੁਦੀ ਮਿਟਾ ਦੇਹ, (ਰੱਬ ਦੇ ਪੈਦਾ ਕੀਤੇ) ਸਾਰੇ ਬੰਦਿਆਂ ਨਾਲ ਪਿਆਰ ਕਰ ਤਾਂ ਮੁਸਲਮਾਨ ਅਖਵਾ : ‘‘ਮੁਸਲਮਾਣੁ ਕਹਾਵਣੁ ਮੁਸਕਲੁ; ਜਾ ਹੋਇ, ਤਾ ਮੁਸਲਮਾਣੁ ਕਹਾਵੈ ॥ ਅਵਲਿ ਅਉਲਿ ਦੀਨੁ ਕਰਿ ਮਿਠਾ; ਮਸਕਲ ਮਾਨਾ ਮਾਲੁ ਮੁਸਾਵੈ ॥ ਹੋਇ ਮੁਸਲਿਮੁ ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ ॥ ਰਬ ਕੀ ਰਜਾਇ ਮੰਨੇ ਸਿਰ ਉਪਰਿ; ਕਰਤਾ ਮੰਨੇ, ਆਪੁ ਗਵਾਵੈ ॥ ਤਉ, ਨਾਨਕ ! ਸਰਬ ਜੀਆ ਮਿਹਰੰਮਤਿ ਹੋਇ; ਤ, ਮੁਸਲਮਾਣੁ ਕਹਾਵੈ ॥’’  (ਮ:੧/੧੪੧)

ਪਰਾਈ ਅਮਾਨਤ ’ਤੇ ਨਜ਼ਰ ਰੱਖਣ ਵਾਲ਼ਿਆਂ ਅਤੇ ਵਿਕਾਰੀ ਜੀਵਨ ਵਾਲ਼ਿਆਂ ਲਈ ਨਸੀਹਤ :

ਧਨ ਖ਼ਾਤਰ ਬਹੁਤ ਲੋਕਾਈ ਖ਼ੁਆਰ ਹੁੰਦੀ ਹੈ। ਇਸ ਧਨ ਨੇ ਦੁਨੀਆ ਨੂੰ ਖ਼ੁਆਰ ਕੀਤਾ ਹੈ। ਪਾਪ ਜਾਂ ਜ਼ੁਲਮ ਕਰਨ ਤੋਂ ਬਿਨਾਂ, ਇਹ ਦੌਲਤ ਇਕੱਠੀ ਨਹੀਂ ਹੋ ਸਕਦੀ ਭਾਵੇਂ ਕਿ ਮਰਨ ਵੇਲੇ ਇਹ ਨਾਲ ਵੀ ਨਹੀਂ ਜਾਂਦੀ: ‘‘ਇਸੁ ਜਰ ਕਾਰਣਿ, ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ (ਮ: ੧/੪੧੭)

(ਜੇ ਮਨੁੱਖ) ਕਾਮ, ਕਰੋਧ, ਝੂਠ, ਨਿੰਦਿਆ, ਮਾਇਆ ਦਾ ਲਾਲਚ, ਅਹੰਕਾਰ ਆਦਿ ਛੱਡ ਦੇਵੇ, ਜੇ ਵਿਸ਼ੇ-ਵਿਕਾਰਾਂ ਵਜੋਂ ਇਸਤ੍ਰੀ ਸਨੇਹ ਤਿਆਗ ਦੇਵੇ ਤਾਂ ਗ੍ਰਹਿਸਤ (ਮਾਯਾ-ਕਾਲਖ) ’ਚ ਰਹਿੰਦਿਆਂ ਹੀ ਮਾਇਆ-ਰਹਿਤ ਪ੍ਰਭੂ ਨੂੰ ਪਾ ਲੈਂਦਾ ਹੈ। (ਜੇ ਮਨੁੱਖ) ਅਹੰਕਾਰ ਵਜੋਂ ਪੁੱਤ੍ਰ ਵਹੁਟੀ ਦਾ ਮੋਹ ਛੱਡ ਦੇਵੇ, ਜੇ (ਦੁਨੀਆ ਦੇ ਪਦਾਰਥਾਂ ਦੀਆਂ) ਆਸਾਵਾਂ-ਤ੍ਰਿਸ਼ਨਾ ਤਿਆਗ ਕੇ ਪਰਮਾਤਮਾ ਨਾਲ ਸੁਰਤ ਜੋੜ ਲਏ ਤਾਂ ਹੇ ਨਾਨਕ ! ਸਦਾ-ਸਥਿਰ ਪਰਮਾਤਮਾ ਮਨ ’ਚ ਵਸ ਪੈਂਦਾ ਹੈ, ਗੁਰੂ ਸ਼ਬਦ ਦੁਆਰਾ ਰੱਬੀ ਨਾਮ ’ਚ ਲੀਨ ਹੋ ਜਾਂਦਾ ਹੈ : ‘‘ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ; ਤਜਿ ਮਾਇਆ, ਅਹੰਕਾਰੁ ਚੁਕਾਵੈ ॥ ਤਜਿ ਕਾਮੁ, ਕਾਮਿਨੀ ਮੋਹੁ ਤਜੈ; ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥ ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ; ਤਜਿ ਪਿਆਸ ਆਸ; ਰਾਮ ਲਿਵ ਲਾਵੈ ॥ ਨਾਨਕ ! ਸਾਚਾ ਮਨਿ ਵਸੈ; ਸਾਚ ਸਬਦਿ, ਹਰਿ ਨਾਮਿ ਸਮਾਵੈ ॥’’  (ਮ: ੧/੧੪੧) ਗੁਰਬਾਣੀ ਦੇ ਸੁਖਦਾਈ ਜੀਵਨ ਬਾਬਤ ਵਚਨ ਹਨ ਕਿ (ਰੱਬੀ ਭਗਤੀ ਵਾਲ਼ਾ) ਉੱਦਮ ਕਰਦਿਆਂ ਆਤਮਕ ਜੀਵਨ ਮਿਲਦਾ ਹੈ, ਸੁਖ ਮਾਣੀਦਾ ਹੈ; ਰੱਬੀ ਮਿਲਾਪ ਨਾਲ਼ ਚਿੰਤਾ ਮਿਟ ਜਾਂਦੀ ਹੈ: ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (ਮ: ੫/੫੨੨)

ਰਾਜੇ ਮਹਾਰਾਜਿਆਂ ਲਈ ਉਪਦੇਸ਼ :

ਮਿਸਾਲ ਵਜੋਂ ਜਿਵੇਂ ਮਾਰੂਥਲ ਮੀਂਹ ਨਾਲ ਨਹੀਂ ਰੱਜਦਾ, ਅੱਗ ਦੀ ਭੁੱਖ (ਬਾਲਣ ਨਾਲ) ਨਹੀਂ ਮਿਟਦੀ, ਸਮੁੰਦਰ ਕਦੋਂ ਕਿਸੇ ਨਦੀਆਂ ਨਾਲਿਆਂ ਨਾਲ਼ ਭਰਦੇ ਹਨ  ? ਇਉਂ ਹੀ ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ ਜਦਕਿ ਰੱਬੀ ਭਗਤਾਂ ਅੰਦਰ ਰੱਬੀ ਨਾਮ ਦੀ ਅਥਾਹ ਤਾਂਘ ਬਣੀ ਰਹਿੰਦੀ ਹੈ: ‘‘ਮਾਰੂ, ਮੀਹਿ ਨ ਤ੍ਰਿਪਤਿਆ; ਅਗੀ, ਲਹੈ ਨ ਭੁਖ ॥ ਰਾਜਾ, ਰਾਜਿ ਨ ਤ੍ਰਿਪਤਿਆ; ਸਾਇਰ ਭਰੇ ਕਿਸੁਕ ॥ ਨਾਨਕ ! ਸਚੇ ਨਾਮ ਕੀ, ਕੇਤੀ ਪੁਛਾ ਪੁਛ ॥’’ (ਮ: ੧/੧੪੮)

ਜਾਤ ਅਭਿਮਾਨੀਆਂ ਲਈ ਉਪਦੇਸ਼:

  1. ਜਾਤ ਅਭਿਮਾਨੀਆਂ ਅਤੇ ਧਨਾਢ ਵਿਅਕਤੀਆਂ ਸਾਹਮਣੇ ਨਿੰਮੋਝੂਣਾ ਹੋਣ ਦੀ ਬਜਾਇ ਆਮ ਵਰਗ ਨੂੰ ਬਣਦਾ ਸਤਿਕਾਰ ਦੇਣ ਲਈ ਅਸਲ ਦਾਤਾਰ ਮਾਲਕ ਅੱਗੇ ਬੇਨਤੀ ਕੀਤੀ ਗਈ ਕਿ ਹੇ ਪ੍ਰਭੂ! ਤੇਰੀ ਮਿਹਰ ਦੀ ਨਜ਼ਰ ਉੱਥੇ ਹੁੰਦੀ ਹੈ ਜਿੱਥੇ ਗ਼ਰੀਬਾਂ ਨੂੰ ਬਣਦਾ ਸਤਿਕਾਰ ਮਿਲੇ, ਇਸ ਲਈ ਮੈਂ ਤੇਰਾ ਦਾਸ ਨਾਨਕ ਨੀਵਿਆਂ ਤੋਂ ਭੀ ਅਤਿ ਨੀਵੇਂ ਬੰਦਿਆਂ ਦੇ ਨਾਲ ਹਾਂ, ਸਮਾਜਿਕ ਅਹੰਕਾਰੀਆਂ ਦੀ ਕਾਹਦੀ ਰੀਸ ਕਰੀਏ: ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ?॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥’’ (ਮ: ੧/੧੫)
  2. ਕੋਈ (ਉੱਚੀ) ਜਾਤਿ ਦਾ ਮਾਣ ਨਾ ਕਰਿਓ (ਜਾਤਿ ਆਧਾਰਿਤ ਬ੍ਰਾਹਮਣ ਨਹੀਂ ਹੁੰਦਾ ਕਿਉਂਕਿ) ਜੋ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ਅਸਲ ’ਚ ਉਹੀ ਬ੍ਰਾਹਮਣ ਹੈ : ‘‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ, ਸੋ ਬ੍ਰਾਹਮਣੁ ਹੋਈ ॥੧॥’’

ਮੂਰਖ-ਗਵਾਰ ਦੇ ਪ੍ਰਥਾਇ ਬੋਲਿਆਂ ਕਿਹਾ ਗਿਆ ਕਿ ਜਾਤਿ ਦਾ ਮਾਣ ਨਾ ਕਰੀਏ ਕਿਉਂਕਿ ਇਸ ਨਾਲ਼ (ਸਮਾਜਿਕ ਸਾਂਝ ’ਚ) ਕਈ ਤ੍ਰੇੜਾਂ ਪੈਂਦੀਆਂ ਹਨ : ‘‘ਜਾਤਿ ਕਾ ਗਰਬੁ ਨ ਕਰਿ, ਮੂਰਖ ਗਵਾਰਾ !॥ ਇਸੁ ਗਰਬ ਤੇ, ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥’’ 

ਹਰ ਕੋਈ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ (ਪਰ ਇਹ ਨਹੀਂ ਸਮਝਦੇ ਕਿ) ਰੱਬੀ ਜੋਤਿ-ਰੂਪ ਸਰੋਤ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ; ਜਿਵੇਂ ਘੁਮਿਆਰ ਇੱਕ ਮਿੱਟੀ ਦੇ ਕਈ ਭਾਂਡੇ ਬਣਾਉਂਦਾ ਹੈ ਉਸੇ ਤਰ੍ਹਾਂ ਇੱਕ ਜੋਤਿ ਤੋਂ ਸੰਸਾਰ ਬਣਿਆ ਹੈ :‘‘ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ, ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥  ਬਹੁ ਬਿਧਿ ਭਾਂਡੇ ਘੜੈ ਕੁਮ੍ਹ੍ਹਾਰਾ ॥੩॥’’ (ਮ: ੩/੧੧੨੭)

ਨਾਨਕ ਫ਼ਲਸਫ਼ੇ ਦੇ ਉਕਤ ਸਰਬ ਕਲਿਆਣਕਾਰੀ ਗੁਣਾਂ ਦੇ ਵਿਪਰੀਤ ਅਜੋਕੇ ‘ਰਾਮ-ਰਾਜ’ ਨੂੰ ਲਾਗੂ ਕਰਨ ਲਈ ਤਤਪਰ ਮੰਨੂਵਾਦੀਆਂ ਨੂੰ ਆਪਣੇ ਧਾਰਮਿਕ ਗ੍ਰੰਥ ਪੜ੍ਹ ਕੇ ਵੇਖਣਾ ਚਾਹੀਦਾ ਹੈ, ਜਿਨ੍ਹਾਂ ਵਿੱਚ ਲਿਖਿਆ ਹੈ ਕਿ ਬ੍ਰਾਹਮਣਾਂ ਦੀ ਸ਼ਿਕਾਇਤ ’ਤੇ ਰਾਜਾ ਰਾਮ ਨੇ ਭਗਤੀ ਕਰ ਰਹੇ ਸ਼ੂਦਰ ਜਾਤੀ ਨਾਲ ਸਬੰਧਿਤ ਸੰਭੂਕ ਰਿਸ਼ੀ ਦਾ ਕਤਲ ਇਹ ਦੋਸ਼ ਲਾ ਕੇ ਕਰ ਦਿੱਤਾ ਕਿ ਉਸ ਨੇ ਰੱਬ ਦੀ ਭਗਤੀ ਕਰਕੇ ਮਰਿਆਦਾ ਦਾ ਉਲੰਘਨ ਕਰ ਦਿੱਤਾ ਜਿਸ ਕਾਰਨ ਇੱਕ ਬ੍ਰਾਹਮਣ ਦਾ ਲੜਕਾ ਛੋਟੀ ਉਮਰ ਵਿੱਚ ਹੀ ਮਰ ਗਿਆ ਸੀ।  ਕੀ ਸਵੈਮਾਣ ਦੀ ਜ਼ਿੰਦਗੀ ਜਿਊਣ ਵਾਲਾ ਇਨਸਾਫ਼ ਪਸੰਦ ਕੋਈ ਵਿਅਕਤੀ ਇਸ ਤਰ੍ਹਾਂ ਦੇ ਰਾਮ-ਰਾਜ ਨੂੰ ਸਵੀਕਾਰ ਕਰੇਗਾ  ? ਬਿਲਕੁਲ ਨਹੀਂ ਜਦੋਂ ਕਿ ਹਰ ਵਿਅਕਤੀ ਭਾਵੇਂ ਕਿ ਉਹ ਕਿਸੇ ਵੀ ਦੇਸ਼, ਧਰਮ, ਜਾਤੀ ਅਤੇ ਖਿੱਤੇ ਨਾਲ ਸੰਬੰਧਿਤ ਕਿਉਂ ਨਾ ਹੋਵੇ ਉਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪਾਵਨ ਅੰਕ 345 ਉੱਪਰ ਦਰਜ ਗਉੜੀ ਰਾਗ ’ਚ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਸ਼ਬਦ ਵਿੱਚ ਚਿਤਵੇ ਸ਼ਹਿਰ ਅਤੇ ਰਾਜ ਵਿੱਚ ਹਮੇਸ਼ਾਂ ਰਹਿਣਾ ਚਾਹੇਗਾ, ਜੋ ਕਿ ਇਸ ਤਰ੍ਹਾਂ ਹੈ:

ਮਨੁੱਖ ਚਿੰਤਾਵਾਂ ਦੀ ਮਾਰ ’ਚ ਸਦਾ ਸਹਿਮਿਆ ਰਹਿੰਦਾ ਹੈ, ਸਮਾਜਿਕ ਸੰਘਰਸ਼ ਕਰਨ ਲਈ ਹਿੰਮਤ ਨਹੀਂ ਜੁਟਾ ਸਕਦਾ ਜਦਕਿ ਭਗਤ ਰਵਿਦਾਸ ਜੀ ਭਾਵੇਂ ਆਰਥਿਕ ਪੱਖੋਂ ਬਹੁਤੇ ਸੰਪੰਨ ਨਹੀਂ ਕਹੇ ਜਾ ਸਕਦੇ ਪਰ ਹੌਂਸਲਾ ਤੇ ਦਲੇਰੀ ਬੇਮਿਸਾਲ ਹੈ। ਉਨ੍ਹਾਂ ਫ਼ੁਰਮਾਇਆ ਕਿ (ਜਿਸ ਰੂਹਾਨੀਅਤ ਸ਼ਹਿਰ ’ਚ ਮੇਰਾ ਨਿਵਾਸ ਹੈ) ਉਹ ਸ਼ਹਿਰ ਹੈ ‘ਬੇ-ਗ਼ਮਪੁਰਾ’ (ਭਾਵ ਜਿੱਥੇ ਕੋਈ ਚਿੰਤਾ ਨਹੀਂ); ਉੱਥੇ ਨਾ ਕੋਈ ਦੁੱਖ ਹੈ, ਨਾ ਚਿੰਤਾ, ਨਾ ਕੋਈ ਘਬਰਾਹਟ, ਨਾ ਦੁਨਿਆਵੀ ਸੰਪੱਤੀ, ਨਾ ਜ਼ਮੀਨ ਟੈਕਸ, ਨਾ ਪਾਪ ਕਰਨ ਦਾ ਡਰ, ਨਾ ਊਚ-ਨੀਚ: ‘‘ਬੇਗਮ ਪੁਰਾ ਸਹਰ ਕੋ ਨਾਉ ॥  ਦੂਖੁ ਅੰਦੋਹੁ ਨਹੀ, ਤਿਹਿ ਠਾਉ ॥  ਨਾਂ ਤਸਵੀਸ ਖਿਰਾਜੁ ਨ ਮਾਲੁ ॥  ਖਉਫੁ ਨ ਖਤਾ; ਨ ਤਰਸੁ ਜਵਾਲੁ ॥੧॥’’

ਮੇਰੇ ਵਸਣ ਲਈ ਹੁਣ ਸੋਹਣੀ ਥਾਂ ਹੈ, ਇੱਥੇ ਸਦਾ ਸੁੱਖ ਹੀ ਸੁੱਖ ਹੈ : ‘‘ਅਬ, ਮੋਹਿ ਖੂਬ ਵਤਨ ਗਹ ਪਾਈ ॥  ਊਹਾਂ, ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥’’

ਇੱਥੇ (ਅਜਿਹੀ) ਪਾਤਸ਼ਾਹੀ (ਹੈ ਜੋ) ਸਦੀਵੀ ਹੈ।, ਕਿਸੇ ਦਾ ਦੂਜਾ, ਤੀਜਾ ਦਰਜਾ ਨਹੀਂ, ਸਭ ਸਮਾਨੰਤਰ ਹਨ; ਸਦੀਵੀ ਪ੍ਰਸਿੱਧ ਸ਼ਹਿਰ ਹੈ ਤੇ ਆਬਾਦ ਹੈ, ਗੁਣਾਂ ਪੱਖੋਂ ਧਨਾਢ ਤੇ ਮਾਇਆ ਪੱਖੋਂ ਰੱਜੇ ਹੋਏ ਭਗਤ ਵਸਦੇ ਹਨ : ‘‘ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ; ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥’’

ਸਾਰੇ ਆਜ਼ਾਦ ਤੇ ਅਨੰਦ ਵਿੱਚ ਵਿਚਰਦੇ ਹਨ, ਰੱਬੀ ਮਹਲ ਦੇ ਭੇਤੀ ਹੁੰਦੇ ਹਨ, ਕੋਈ (ਰਾਹ ’ਚ) ਰੁਕਾਵਟ ਨਹੀਂ ਬਣਦਾ। (ਹੇ ਜਾਤਿ ਅਭਿਮਾਨੀਓ!) ਚਮਿਆਰ ਰਵਿਦਾਸ ਆਖਦਾ ਹੈ ਕਿ ਉਹੀ ਸਾਡਾ ਮਿੱਤਰ ਹੈ, ਸਤਿਸੰਗੀ ਬਣ ਸਕਦਾ ਹੈ, ਜਿਸ ਨੇ (ਸਾਡੇ ਵਾਙ ਦੁਖ-ਅੰਦੋਹ ਤਸ਼ਵੀਸ਼ ਆਦਿਕ ਤੋਂ) ਮੁਕਤੀ ਪਾ ਲਈ: ‘‘ਤਿਉ ਤਿਉ ਸੈਲ ਕਰਹਿ; ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ; ਸੁ ਮੀਤੁ ਹਮਾਰਾ ॥੩॥੨॥’’  (ਭਗਤ ਰਵਿਦਾਸ ਜੀ/੩੪੫)

ਸੋ ਜੇ ਮਨੁੱਖਤਾ ਕੋਲ ਸਮਾਜਿਕ ਸਮਾਨਤਾ ਅਤੇ ਸ਼ਾਂਤੀ ਬਣਾਏ ਰੱਖਣ ਲਈ ਕੋਈ ਵਿਚਾਰਧਾਰਾ ਨਾ ਹੋਵੇ ਭਾਵ ਕੋਈ ਜ਼ਰੀਆ ਨਾ ਹੋਵੇ ਤਾਂ ਫਿਰ ਭਟਕਣਾ ’ਚ ਪੈਣਾ ਸੁਭਾਵਕ ਹੈ ਪਰ ਗੁਰੂ ਗ੍ਰੰਥ ਸਾਹਿਬ ਰੂਪ ਸਰਬਸਾਂਝੇ ਅਤੇ ਸਰਬ ਕਲਿਆਣਕਾਰੀ ਸੰਦੇਸ਼ ਹੋਣ ਦੇ ਬਾਵਜੂਦ, ਇਸ ਤੋਂ ਲਾਹਾ ਨਾ ਲੈਣਾ ਜਾਂ ਲਾਹਾ ਨਾ ਲੈਣ ਦੇਣਾ ਭਾਵ ਇਸ ਦੇ ਪ੍ਰਚਾਰ-ਪ੍ਰਸਾਰ ’ਚ ਸਹਾਇਕ ਬਣਨ ਦੀ ਬਜਾਇ ਰੁਕਾਵਟਾਂ ਪੈਦਾ ਕਰਨਾ; ਮਾਨਵਤਾ ਦਾ ਸਭ ਤੋਂ ਵੱਡਾ ਨੁਕਸਾਨ ਹੈ, ਜੋ ਸਾਡੇ ਸਾਹਮਣੇ ਹੀ ਧਾਰਮਿਕ ਅਤੇ ਰਾਜਸੀ ਲੋਕ ਕਰ ਰਹੇ ਹਨ।

ਹੁਣ ਜੇ ਝਾਤ ਮਾਰੀਏ ਕਿ ਗੁਰੂ ਨਾਨਕ ਸਾਹਿਬ ਜੀ ਦੇ 550ਵਾਂ ਪ੍ਰਕਾਸ਼ ਗੁਰ ਪੁਰਬ ਵੱਡੀ ਪੱਧਰ ’ਤੇ ਮਨਾ ਰਹੀਆਂ ਅਤੇ ਮਨਾਏ ਜਾਣ ਦਾ ਐਲਾਨ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਅਤੇ ਸਰਕਾਰਾਂ ਦੇ ਮੁਖੀਆਂ ਦੇ ਕਿਰਦਾਰ ਅਤੇ ਸੁਹਿਰਦਤਾ ਉੱਤੇ; ਤਾਂ ਇਹ ਵੇਖਣ ਵਿੱਚ ਨਿਰਾਸ਼ਤਾ ਹੀ ਪੱਲੇ ਪਵੇਗੀ ਕਿ ਉਨ੍ਹਾਂ ਦਾ ਗੁਰੂ ਨਾਨਕ ਸਾਹਿਬ ਜੀ ਵੱਲੋਂ ਪ੍ਰਚਾਰੇ ਗਏ ਸਿਧਾਂਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਉਨ੍ਹਾਂ ਦਾ ਸੰਘਰਸ਼ ਤਾਂ ਇਹ ਚੱਲ ਰਿਹਾ ਹੈ ਕਿ ਸਾਂਝੀ ਸਟੇਜ ’ਤੇ ਕਿਸ ਪਾਰਟੀ ਜਾਂ ਜਥੇਬੰਦੀ ਦੇ ਕਿਹੜੇ ਕਿਹੜੇ ਆਗੂਆਂ ਨੂੰ ਸਟੇਜ ’ਤੇ ਕਿਸ ਕ੍ਰਮ ਅਨੁਸਾਰ ਬੈਠਾਇਆ ਜਾਵੇਗਾ, ਕਿਹੜੇ ਕਿਹੜੇ ਆਗੂਆਂ ਨੂੰ ਬੋਲਣ ਦਾ ਕਿੰਨਾ ਕਿੰਨਾ ਸਮਾਂ ਮਿਲੇਗਾ ਤੇ ਕਿਸ ਪ੍ਰਕਾਰ ਦਾ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਹੋਵੇਗਾ  ? ਜੇ ਕਿਸੇ ਧਿਰ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਨੁੰਮਾਇੰਦਗੀ ਮਿਲੀ ਤਾਂ ਸਾਂਝੀ ਸਟੇਜ ’ਤੇ ਗੁਰਪੁਰਬ ਮਨਾਉਣ ਲਈ ਸਹਿਮਤੀ ਹੋਵੇਗੀ ਨਹੀਂ ਤਾਂ ਵੱਖਰੀ-ਵੱਖਰੀ ਸਟੇਜ ਲੱਗੇਗੀ। ਸਾਡੇ ਜਥੇਦਾਰ ਸਾਹਿਬ, ਜਿਨ੍ਹਾਂ ਨੂੰ ਸਿੱਖ ਰਹਿਤ ਮਰਿਆਦਾ, ਨਾਨਕਸ਼ਾਹੀ ਕੈਲੰਡਰ, ਸਿੱਖ ਇਤਿਹਾਸ ਵਿੱਚ ਰਲਾਵਟ ਸਮੇਤ ਪੰਥ ਦੇ ਅਨੇਕਾਂ ਵਿਵਾਦਤ ਮੁੱਦਿਆਂ ਦੇ ਹੱਲ ਲਈ ਕਦੀ ਵੀ ਪੰਥ ਦੀਆਂ ਸਮੁੱਚੀਆਂ ਧਿਰਾਂ ਅਤੇ ਵਿਦਵਾਨਾਂ, ਪ੍ਰਚਾਰਕਾਂ ਦੀ ਸਾਂਝੀ ਮੀਟਿੰਗ ਸੱਦਣ ਦੀ ਫੁਰਸਤ ਨਹੀਂ ਮਿਲੀ ਉਹ ਵੀ ਸ਼੍ਰੋਮਣੀ ਕਮੇਟੀ (ਅਸਲ ਵਿੱਚ ਅਕਾਲੀ ਦਲ ਬਾਦਲ) ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਮਿਲ ਕੇ ਸਾਂਝੀ ਸਟੇਜ ’ਤੇ ਗੁਰਪੁਰਬ ਮਨਾਉਣ ਵਾਸਤੇ ਸਿਰਜੋੜ ਯਤਨ ਕਰ ਰਹੇ ਹਨ। ਸਾਂਝੀ ਸਟੇਜ ’ਤੇ ਗੁਰਪੁਰਬ ਮਨਾਉਣ ਦੇ ਯਤਨਾਂ ਵਿੱਚ ਜਥੇਦਾਰ ਸਾਹਿਬਾਨ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਸਵਾਲ ਇਹ ਹੈ ਕਿ ਜੇ ਦੋ ਸਿਆਸੀ ਧਿਰਾਂ ਇੱਕੋ ਸਟੇਜ ’ਤੇ ਬੈਠ ਕੇ ਸਿਆਸਤੀ ਬਿਆਨ ਦੇ ਕੇ ਚਲੇ ਜਾਂਦੇ ਹਨ ਤਾਂ ਇਸ ਨੂੰ ਕਿੱਡੀ ਵੱਡੀ ਪ੍ਰਾਪਤੀ ਸਮਝੀਏ ਜਾਂ ਜੇ ਵੱਖੋ ਵੱਖਰੇ ਮਨਾ ਲੈਣ ਤਾਂ ਕਿੱਡਾ ਕੁ ਨੁਕਸਾਨ ਸਮਝੀਏ  ? ਕੀ ਇਹ ਨੁਕਸਾਨ ਹਰ ਡੇਰੇ ਅਤੇ ਹਰ ਜਥੇਬੰਦੀ ਵੱਲੋਂ ਵੱਖਰੀ ਵੱਖਰੀ ਰਹਿਤ ਮਰਿਆਦਾ ਅਪਣਾਏ ਜਾਣ ਅਤੇ ਇੱਕੋ ਗੁਰਪੁਰਬ ਵੱਖ ਵੱਖ ਤਰੀਖਾਂ ਨੂੰ ਮਨਾਏ ਜਾਣ ਤੋਂ ਵੀ ਵੱਡਾ ਹੋਵੇਗਾ  ?