ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸਲਾਹ।

0
429

ਆਦਰਯੋਗ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ।

ਰਸ਼ਪਾਲ ਸਿੰਘ, ਹੁਸ਼ਿਆਰਪੁਰ 98554-40151

ਵਿਸ਼ਾ : ਉੱਚੀ-ਸੁੱਚੀ ਭਾਵਨਾ ਦੇ ਬਾਵਜੂਦ ਸੁਨੇਹਾ ਸੰਕਟਮਈ ਅਤੇ ਦੁੱਖਦਾਈ ਹੋਣ ਸਬੰਧੀ।

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਿਹ ॥

ਸਨਿਮਰ ਬੇਨਤੀ ਹੈ ਕਿ ਪਿੱਛਲੇ ਦਿਨੀਂ ਗਾਇਕ ਮੂਸੇਵਾਲਾ ਦੇ ਮਾਈ ਭਾਗੋ ਜੀ ਨਾਲ ਤੁਲਨਾ ਕਰਨ ਵਾਲੇ ਗੀਤ ਬੋਲਾਂ ਦੇ ਸੰਦਰਭ ਵਿਚ ਆਪ ਜੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਬਿਨਾਂ ਸ਼ੱਕ ਪ੍ਰਗਟਾਵੇ ਪਿੱਛੇ ਆਪ ਜੀ ਦੀਆਂ ਭਾਵਨਾਵਾਂ ਉੱਚੀਆਂ-ਸੁੱਚੀਆਂ ਹੋਣਗੀਆਂ। ਭਾਵਨਾ ਨੂੰ ਉੱਚੀ-ਸੁੱਚੀ ਕਹਿਣਾ ਇਸ ਲਈ ਵੀ ਯੋਗ ਹੈ ਕਿ ਆਪ ਜੀ ਨੇ ਕਿਹਾ ਕਿ ਗਾਇਕ ਤਾਂ ਮੁਆਫ਼ੀ ਮੰਗ ਰਿਹਾ ਹੈ ਤੇ ਉਸ ਪਾਸੇ ਵੱਲ ਵੀ ਝਾਕ ਲਈਏ ਜਿੱਥੇ ਗਲਤ ਹੁੰਦਿਆਂ ਵੀ ਆਪਣੇ ਆਪ ਨੂੰ ਸਹੀ ਸਿੱਧ ਕੀਤਾ ਜਾ ਰਿਹਾ ਹੈ। ਸੱਚ ਹੈ ਕਿ ਸਾਡੇ ਕੁਝ ਤਖਤਾਂ ਤੇ ਗੁਰਧਾਮਾਂ ’ਤੇ ਹੀ ਐਸਾ ਕੁਝ ਕੀਤਾ ਜਾਂਦਾ ਹੈ ਜੋ ਮਨਮਤਿ ਹੈ ਤੇ ਗੁਰਮਤਿ ਨੂੰ ਚੁਣੌਤੀ ਹੈ, ਪਰ ਆਪ ਜੀ ਵੱਲੋਂ ਪ੍ਰਗਟਾਵੇ ਦਾ ਤੌਰ-ਤਰੀਕਾ ਤੇ ਮੌਕਾ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਗਿਆ। ਇਹ ਪੱਤਰ ਭਾਵੇਂ ਮੇਰੇ ਵੱਲੋਂ ਹੈ ਪਰ ਇਸ ਪਿੱਛੇ ਸੁਨੇਹਾ ਸਾਂਝਾ ਕਰਨ ਦੀ ਤਾਕੀਦ ਹੁਸ਼ਿਆਰਪੁਰ ਸ਼ਹਿਰ ਦੀਆਂ ਉਹਨਾਂ ਸੰਗਤਾਂ ਵੱਲੋਂ ਹੈ, ਜੋ ਨਾ ਕਿਸੇ ਸੰਪਰਦਾ ਨਾਲ ਜੁੜੀਆਂ ਹੋਈਆਂ ਹਨ ਅਤੇ ਨਾ ਹੀ ਆਪ ਜੀ ਦੀਆਂ ਆਲੋਚਕ ਹਨ। ਨਾ ਹੀ ਸੋਸ਼ਲ ਮੀਡੀਏ ਨੂੰ ਬਹੁਤਾ ਸਮਾਂ ਦਿੰਦੀਆਂ ਹਨ। ਹਾਲਾਂਕਿ ਦਾਸ ਦਾ ਨਾਮਵਰ ਜਥੇਬੰਦੀਆਂ ਅਤੇ ਸ਼ਖ਼ਸੀਅਤਾਂ ਨਾਲ ਮੇਲ-ਮਿਲਾਪ ਹੈ। ਉਹਨਾਂ ਨਾਲ ਮਾਮਲਾ ਸਾਂਝਾ ਕਰਨ ਦਾ ਮੌਕਾ ਵੀ ਨਹੀਂ ਬਣਿਆ ਹੈ ਕਿਉਂਕਿ ਇਕ ਦੂਜੇ ਦੇ ਵਿਚਾਰਾਂ ਤੋਂ ਜਾਣੂ ਹਾਂ ਕਿ ਇਹ ਚਸਕਾ ਲੈਣ ਵਾਲਾ ਮਸਲਾ ਨਹੀਂ ਅਤੇ ਨਾ ਹੀ ਕਿਸੇ ਦੀ ਵਿਰੋਧਤਾ ਕਰਨ ਵਾਲਾ ਹਥਿਆਰ। ਮਸਲਾ ਕੌਮੀ ਪਰਿਵਾਰ ਦਾ ਹੈ। ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬਾਂ ਨੂੰ ਸਮਰਪਿਤ ਸਵੇਰੇ-ਸ਼ਾਮ ਦੋ ਜਥੇਬੰਦੀਆਂ ਵੱਲੋਂ ਘਰਾਂ ਤੇ ਗੁਰਦੁਆਰਿਆਂ ਵਿੱਚ ਕੀਰਤਨ ਸਮਾਗਮ ਲੜੀ ਚੱਲ ਰਹੀ ਹੈ। ਆਮ ਸੰਗਤਾਂ ਨੇ ਆਉਂਦਿਆਂ ਜਾਂਦਿਆਂ ਕਿਹਾ ਕਿ ਭਾਈ ਸਾਹਿਬ ਜੀ ਆਪਣੀ ਕਲਮ ਨਾਲ ਚੱਲ ਰਹੇ ਵਿਵਾਦ ਨੂੰ ਸੰਬੋਧਤ ਹੋਵੋ। ਸੰਗਤਾਂ ਦਾ ਕਹਿਣਾ ਹੈ ਕਿ ਇਹ ਵਿਚਾਰ ਸੁਣ ਕੇ ਪੀੜਾ ਮਹਿਸੂਸ ਕਰ ਰਹੇ ਹਾਂ। ਸਾਹਿਤ ਜਾਂ ਕਿਸੇ ਗ੍ਰੰਥ ਦੀਆਂ ਊਣਤਾਈਆਂ ਪ੍ਰਤੀ ਇਸ਼ਾਰਾ ਦਿੱਤਾ ਜਾ ਸਕਦਾ ਸੀ, ਪਰ ਸਿੱਧਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਈ ਭਾਗੋ ਜੀ ਦਾ ਨਾਮ ਲੈ ਕੇ ਘਟਨਾ ਦਾ ਜ਼ਿਕਰ ਕਰ ਦੇਣ ਦੇ ਤਰੀਕੇ ਨਾਲ ਸ਼ੰਕੇ ਪੈਦਾ ਕਰਦਾ ਸੁਨੇਹਾ ਗਿਆ ਹੈ, ਜੋ ਕਿ ਬਹੁਤ ਦੁੱਖਦਾਈ ਹੈ। ਕਿੰਨਾ ਚੰਗਾ ਹੋਵੇ ਕਿ ਅਜਿਹੇ ਮਸਲੇ ਜਨਤਕ ਪੱਧਰ ’ਤੇ ਛੇੜਨ ਦੀ ਥਾਂ ਪੰਥਕ ਘਰ ਦੇ ਅੰਦਰ ਬੈਠ ਸੁਲਝਾਉਣ ਲਈ ਅਣਥੱਕ ਮਿਹਨਤ ਕਰੀਏ। ਸੰਗਤ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਆਪ ਜੀ ਨੂੰ ਪੱਤਰ ਲਿਖਣ ਦੀ ਗੁਸਤਾਖੀ ਕੀਤੀ ਹੈ। ਡਰ ਆਉਂਦਾ ਹੈ ਕਿ ਕਿਸੇ ਵੱਲੋਂ ਵੀ ਕਹੀ ਕਿਸੇ ਗੱਲ ਜਾਂ ਲਿਖਤ ਨੂੰ ਕਿਸੇ ਏਜੰਸੀ ਜਾਂ ਵਿਰੋਧੀ ਦੀ ਕਠਪੁਤਲੀ ਸਮਝ ਲੈਣ ਦਾ ਵਰਤਾਰਾ ਭਾਰੂ ਹੈ।

ਬੇਨਤੀ ਇਹ ਹੈ ਕਿ ਆਪ ਜੀ ਗੁਣੀ-ਗਿਆਨੀ ਤੇ ਵਿਦਵਾਨ ਹੋ। ਜ਼ਰਾ ਵਿਚਾਰੀਏ ! ਆਪਾਂ ਨੂੰ ਕੋਈ ਸਕਾ-ਸਬੰਧੀ-ਗੁਆਂਢੀ ਆ ਕੇ ਕਹੇ ਕਿ ਤੁਹਾਡੇ ਵਿਰੋਧੀ ਨੇ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੀਆਂ ਇਸਤ੍ਰੀਆਂ, ਬੱਚਿਆਂ ਜਾਂ ਮਰਦਾਂ ਨੂੰ ਆ ਗਾਲ ਇੰਝ ਕੱਢੀ ਹੈ ਤਾਂ, ਆਪਾਂ ਵਿਰੋਧੀ ਤੋਂ ਪਹਿਲਾਂ ਪ੍ਰਗਟਾਵਾ ਕਰਨ ਵਾਲੇ ਨੂੰ ਬਹੁਤ ਬੁਰਾ ਸਮਝਾਂਗੇ। ਕਿਸੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਅਫ਼ਸਰ ਸਾਹਮਣੇ ਅਹਿਲਕਾਰ ਜਾਂ ਸਾਧ-ਸੰਤ ਸਾਹਮਣੇ ਸੇਵਾਦਾਰ ਕਦੇ ਵੀ ਵਿਰੋਧੀ ਵੱਲੋਂ ਬੋਲੇ ਅਸ਼ਲੀਲ ਬੋਲਾਂ ਦਾ ਪ੍ਰਗਟਾਵਾ ਨਹੀਂ ਕਰ ਸਕਦੇ।

ਖਿਮਾਂ ਕਰਨਾ। ਆਪ ਜੀ ਦੀਆਂ ਭਾਵਨਾਵਾਂ ਸਹੀ ਹੋ ਸਕਦੀਆਂ ਹਨ ਪਰ ਭਾਵ-ਅਰਥ ਹੋਰ ਨਿੱਕਲ ਰਿਹਾ ਹੈ। ਸੰਭਵ ਹੈ ਕਿ ਆਪ ਜੀ ਨੂੰ ਆਪਣੇ ਵੱਲੋਂ ਬੋਲੇ ਬੋਲਾਂ ਵਿੱਚ ਕੋਈ ਊਣਤਾਈ ਮਹਿਸੂਸ ਨਾ ਹੋ ਰਹੀ ਹੋਵੇ ਪਰ ਸੰਗਤ ਅੰਦਰ ਰੋਸ ਜ਼ਰੂਰ ਹੈ। ਫਿਰ ਦੁਹਰਾ ਦੇਈਏ ਕਿ ਆਪ ਜੀ ਨੂੰ ਵਿਚਾਰ ਭੇਜਣ ਪਿੱਛੇ ਕੋਈ ਦੁਸ਼ਮਣੀ ਜਾਂ ਵਿਰੋਧਤਾ ਦਾ ਅੰਸ਼ ਨਹੀਂ ਹੈ। ‘ਗੁਣਹ ਕੇਰੀ’ ਸਾਂਝ ਪਰਿਵਾਰ ਨਾਲ ਕਰਨੀ ਜ਼ਰੂਰੀ ਹੁੰਦੀ ਹੈ ਤਾਂ ਕਿ ਪਰਿਵਾਰ ਦੇ ਹੋ ਰਹੇ ਜਾਂ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਅਤ ਰਹਿ ਸਕੀਏ। ਵਿਵਾਦਾਂ ਦਾ ਘੇਰਾ ਤੋੜ ਕੇ ਸੰਵਾਦ ਦੇ ਘੇਰੇ ਵਿੱਚ ਬਹਿ ਸਕੀਏ। ਦੁਸ਼ਮਣ ਨੂੰ ਸੁਝਾਅ ਦੇਣ ਦੀ ਲੋੜ ਵੀ ਨਹੀਂ ਹੁੰਦੀ।

ਦਰਅਸਲ ਪੁਆੜੇ ਦੀ ਜੜ੍ਹ ਤਾਂ ਇਹ ਹੈ ਕਿ ਅਸੀਂ ਗੁਰਮੁਖ ਨਾ ਬਣ ਸਕੇ। ਗੁਰਮੁਖ ਹੁੰਦੇ ਤਾਂ ਗੁਰਮਤਿ ਦੇ ਘਰ ਵਿੱਚ ਮਨਮਤਿ ਪਸਾਰੇ ਵਾਲੇ ਵਾਦ-ਵਿਵਾਦ ਸਫਾਂ ਵਿਛਾ ਕੇ ਬੈਠ ਖਤਮ ਕਰ ਚੁੱਕੇ ਹੁੰਦੇ। ਇਹ ਵੀ ਸਪੱਸ਼ਟ ਕਰ ਚੁੱਕੇ ਹੁੰਦੇ ਕਿ ਕਵੀ ਸੰਤੋਖ ਸਿੰਘ ਨਾਲ ਵੀ ਕਿਤੇ ਧੱਕੇਸ਼ਾਹੀ ਤਾਂ ਨਹੀਂ ਹੋਈ। ਚੰਗੇ ਵਿੱਚ ਮੰਦਾ ਮਿਲਾ ਦਿੱਤਾ ਹੋਵੇ। ਐਸੀ ਚੰਗੀ ਕੋਸ਼ਿਸ਼ ਵੀ ਸਾਹਮਣੇ ਹੈ ਕਿ ਗੁਰ ਪ੍ਰਤਾਪ ਸੂਰਜ ਗ੍ਰੰਥ ਆਧਾਰਿਤ ਗੁਰੂ ਸਾਹਿਬਾਨਾਂ ਦੇ ਜੀਵਨ ਬਿਰਤਾਂਤ ਦੇ ਅਰਥ ਕਰਦਿਆਂ ਡਾ: ਕਿਰਪਾਲ ਸਿੰਘ ਹੋਰਾਂ ਨੇ ਟਿੱਪਣੀਆਂ ਦਰਜ ਕੀਤੀਆਂ ਹੋਈਆਂ ਹਨ ਕਿ ਇਹ ਸਤਰਾਂ ਗੁਰਮਤਿ ਅਨੁਕੂਲ ਨਹੀਂ ਹਨ। ਇਹ ਛਪਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਹੋਈ ਹੈ। ਇਕ ਫੈਸਲਾ ਤਾਂ ਅਟੱਲ ਹੈ ਕਿ ਸਾਡਾ ਗੁਰੂ ਇਕ ਹੈ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਭਾਵੇਂ ਸਿਰ ਲਹਿ ਜਾਵੇ ਸਿੱਖ ਨੇ ਹੋਰ ਕਿਸੇ ਨੂੰ ਗੁਰੂ ਨਹੀਂ ਕਹਿਣਾ ਤੇ ਨਾ ਮੰਨਣਾ। ਸਿੱਖ ਸਾਹਿਤ ਨੂੰ ਘੋਖ ਲੈਣਾ ਚਾਹੀਦਾ ਹੈ। ਅਮੀਰ ਖਜ਼ਾਨੇ ਵਿੱਚ ਪਾਈਆਂ ਖੋਟਾਂ ਨੂੰ ਵਗਾਹ ਮਾਰਨ ਦੀ ਸਹਿਮਤੀ ਬਣਾ ਲਈਏ, ਪਰ ਆਪਣੇ ਅਮੀਰ ਖਜ਼ਾਨੇ ਨੂੰ ਸੰਭਾਲੀਏ ਵੀ ਤੇ ਗੁਆਈਏ ਨਾ। ‘‘ਗੁਰਮੁਖਿ ਬੈਸਹੁ ਸਫਾ ਵਿਛਾਇ’’ ਦਾ ਉਪਦੇਸ਼ ਮਨਮੁਖਿ ਨੂੰ ਸੰਬੋਧਨ ਨਹੀਂ ਹੈ, ਗੁਰਮੁਖਿ ਨੂੰ ਸੰਬੋਧਨ ਕਰ ਰਿਹਾ ਹੈ। ਮਨਮੁਖਿ ਤੇ ਸਫਾਂ ਵਿਛਾ ਬੈਠਣਗੇ ਹੀ ਨਹੀਂ ਤੇ ਜੇ ਬੈਠਣਗੇ ਵੀ ਤਾਂ ਕਿਹੜੀ ਪ੍ਰਾਪਤੀ ਕਰ ਲੈਣਗੇ। ਪੰਜ ਪਿਆਰਿਆਂ ਨਾਲ ਬੈਠ ਗੁਰਮਤਾ ਕਰ ਕੇ ਤੁਰਨ ਦੀ ਪਿਰਤ ਕਾਇਮ ਰੱਖਦੇ ਤਾਂ ਵਿਵਾਦ ਕੋਹਾਂ ਦੂਰ ਰਹਿੰਦੇ। ਜੇ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਪਿਆਰਿਆਂ ਦਾ ਨਿਰਾਦਰ ਕਰਨ ਦਾ ਹੀਆ ਕਰ ਲਿਆ ਤਾਂ ਸਾਧਾਂ-ਸੰਤਾਂ ਨੇ ਵੀ ਕੋਈ ਵਿਚਾਰ ਦੇਣ ਜਾਂ ਕਾਰਵਾਈ ਪਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਤੋਂ ਆਦੇਸ਼ ਲੈਣਾ ਕਦੇ ਯੋਗ ਨਹੀਂ ਸਮਝਿਆ। ਸਾਡੀ ਸਥਿਤੀ ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਫ਼ੁਰਮਾਨ ਤੋਂ ਸਪੱਸ਼ਟ ਹੁੰਦੀ ਹੈ :

ਹਰਣਾਂ ਬਾਜਾਂ ਤੈ ਸਿਕਦਾਰਾਂ ਏਨ੍ਾ ਪੜਿ੍ਆ ਨਾਉ ॥ ਫਾਂਧੀ ਲਗੀ ਜਾਤਿ ਫਹਾਇਨਿ ਅਗੈ ਨਾਹੀ ਥਾਉ ॥  ਸੋ ਪੜਿਆ ਸੋ ਪੰਡਿਤੁ ਬੀਨਾ ਜਿਨ੍ੀ ਕਮਾਣਾ ਨਾਉ ॥  ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥ (ਮ: ੧, ਪੰਨਾ ੧੨੮੮)

ਹਿਰਨ, ਬਾਜ਼ ਅਤੇ ਅਫ਼ਸਰਾਂ ਨੂੰ ਇਲਮਦਾਰ (ਪੜ੍ਹੇ-ਲਿਖੇ) ਸਮਝਿਆ ਜਾਂਦਾ ਹੈ ਅਤੇ ਚਤਰ ਵੀ ਆਖੇ ਜਾਂਦੇ ਹਨ। ਜਦ ਜਾਲ ਲਾ ਦਿੱਤਾ ਜਾਂਦਾ ਹੈ ਤਾਂ ਇਹ ਆਪਣੀ ਜਾਤ ਨੂੰ ਹੀ ਫਸਾ ਦਿੰਦੇ ਹਨ। ਇਸ ਲਈ ਇਲਮਦਾਰ ਹੋਣ ਦੇ ਬਾਵਜੂਦ ਧੋਖੇਬਾਜ ਹੋਣ ਕਰ ਕੇ ਰੱਬ ਦੇ ਘਰ ਵਿੱਚ ਥਾਂ ਨਹੀਂ ਲੈ ਪਾਉਂਦੇ। ਪੜ੍ਹਿਆ, ਵਿਦਵਾਨ ਤੇ ਸਿਆਣਾ ਉਹੀ ਹੈ ਜੋ ਪ੍ਰਭੂ ਦੇ ਨਾਮ ਦੀ ਕਮਾਈ ਕਰਦਾ ਹੈ; ਜਿਵੇਂ ਪਹਿਲੋਂ ਰੁੱਖ ਕੇਵਲ ਜ਼ਮੀਨ ਵਿੱਚ ਜੜ ਫੜਦਾ ਹੈ ਤੇ ਫਿਰ ਉੱਪਰੋਂ ਛਾਂ ਦੇਣ ਯੋਗ ਹੁੰਦਾ ਹੈ। ਆਪਣੇ ਭਾਈਆਂ ਤੇ ਆਪਣੀ ਜਾਤੀ ਨੂੰ ਫਾਹੇ ਲੁਆਉਣ ਦੇ ਵਰਤਾਰੇ ਦਾ ਵਿਸਥਾਰ ਪੇਸ਼ ਕਰਦਿਆਂ ਕਰਦਿਆਂ ਨਸੀਹਤ ਕਰ ਦਿੱਤਾ ਕਿ ਇਹ ਬੇਇਤਬਾਰੇ ਨੱਕ ਵੱਢੇ ਹਨ ਅਤੇ ਇਹ ਪ੍ਰਭੂ ਦੇ ਦਰਬਾਰ ’ਚ ਪਰਖੇ ਜਾਣਗੇ। ਫ਼ੁਰਮਾਨ ਹੈ :  ‘‘ਜਿਥੈ ਜੀਆਂ ਹੋਸੀ ਸਾਰ ॥  ਨਕਂੀ ਵਢਂੀ ਲਾਇਤਬਾਰ ॥’’ (ਮ: ੧, ਪੰਨਾ ੧੨੮੮)

ਭਾਈ ਸਾਹਿਬ ਜੀ! ਆਪ ਜੀ ਤਾਂ ਇਤਿਹਾਸ ਸੁਣਾਉਂਦੇ ਹੋ, ਸਾਖੀਆਂ ਸੁਣਾਉਂਦੇ ਹੋ।  ਇਕ ਸਾਖੀ ਬੜੀ ਖ਼ੂਬਸੂਰਤ ਸੇਧ ਦੇਂਦੀ ਹੈ ਕਿ ਸਾਡਾ ਵਿਹਾਰ ਤੇ ਵਿਵਹਾਰ ਕੈਸਾ ਹੋਵੇ? ਤਰੀਕਾ ਤੇ ਸਲੀਕਾ ਕੈਸਾ ਹੋਵੇ?

ਭਾਈ ਮੂਲਾ ਕੀੜ ਜੀ ਆਏ ਗਏ ਸਾਧੂ ਸੰਤ ਦੀ ਸੇਵਾ ਕਰਕੇ ਖੁਸ਼ ਰਹਿੰਦੇ ਸਨ। ਇਕ ਦਿਨ ਇਕ ਠੱਗ, ਸਿੱਖ ਦੇ ਰੂਪ ਵਿੱਚ ਘਰ ਆ ਗਿਆ। ਭਾਈ ਮੂਲੇ ਨੇ ਸੇਵਾ ਲੋੜਦੇ ਹੋਏ ਉਸ ਨੂੰ ਰਾਤ ਆਪਣੇ ਘਰ ਠਹਿਰਾ ਲਿਆ। ਠੱਗ ਨੇ ਕਾਫ਼ੀ ਬਾਣੀ ਮੂੰਹ ਜ਼ਬਾਨੀ ਯਾਦ ਕੀਤੀ ਹੋਈ ਸੀ।  ਭਾਈ ਮੂਲਾ ਜੀ ਉਸ ਤੋਂ ਬੜਾ ਪ੍ਰਭਾਵਤ ਹੋਏ।  ਕਥਾ ਕਹਾਣੀਆਂ ਕਰਦੇ, ਰਾਤ ਨੂੰ ਭੋਜਨ ਪਾਣੀ ਕਰ ਕੇ ਸੌਂ ਗਏ।

ਦੰਭੀ ਸਿੱਖ ਨੇ ਦਾਅ ਲੱਗਦੇ ਹੀ ਭਾਈ ਮੂਲੇ ਦਾ ਘਰ ਫਰੋਲ ਲਿਆ ਅਤੇ ਕੀਮਤੀ ਗਹਿਣਾ ਗੱਟਾ ਲਪੇਟ ਕੇ ਗੱਠੜੀ ਬੰਨ੍ਹ ਲਈ ਸੀ। ਦੰਭੀ ਤੜਕਸਾਰ ਚੁੱਪ-ਚਾਪ ਨਿੱਕਲ ਜਾਣ ਦੇ ਚੱਕਰ ਵਿੱਚ ਸੀ, ਪਰ ਘਰ ਦਾ ਦਰਵਾਜ਼ਾ ਬੰਦ ਸੀ। ਭਾਈ ਮੂਲਾ ਜੀ ਵਿੜਕ ਨਾਲ ਜਾਗ ਪਏ ਅਤੇ ਦਰਵਾਜ਼ਾ ਖੋਲ੍ਹਣ ਲਈ ਦਰਵਾਜ਼ੇ ਪਾਸ ਜਾ ਪਹੁੰਚੇ। ਦੰਭੀ ਦੀ ਡਰਦੇ ਦੀ ਗੱਠੜੀ ਡਿੱਗ ਪਈ। ਭਾਈ ਮੂਲਾ ਜੀ ਨੂੰ ਸਾਰੀ ਕਹਾਣੀ ਸਮਝ ਪੈ ਗਈ ਕਿ ਇਹ ਸਿੱਖ ਨਹੀਂ, ਚੋਰ ਹੈ; ਪਰ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਯਾਦ ਸਨ ਕਿ ਸਿੱਖ ਨੂੰ ਗੁਰੂ ਰੂਪ ਵਿੱਚ ਦੇਖਣਾ ਹੈ। ਭਾਈ ਮੂਲਾ ਜੀ ਨੇ ਗੱਠੜੀ ਚੁੱਕ ਕੇ ਚੋਰ-ਸਿੱਖ ਦੇ ਹੱਥ ਫੜਾਈ ਅਤੇ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਨੂੰ ਨਮਸਕਾਰ ਕਰ ਕੇ ਚੋਰ ਨੂੰ ਵਿਦਾ ਕਰ ਦਿੱਤਾ।  ਭਾਈ ਜੀ ਨੇ ਦਰਵਾਜ਼ਾ ਖੁੱਲ੍ਹਾ ਰਹਿਣ ਦਿੱਤਾ ਅਤੇ ਚਾਬੀ ਪਾਸੇ ਕਰ ਦਿੱਤੀ। ਸਵੇਰਸਾਰ ਭਾਈ ਮੂਲਾ ਜੀ ਦੀ ਪਤਨੀ ਨੇ ਆਪਣੇ ਗਹਿਣੇ ਆਪਣੀ ਥਾਂ ਉੱਤੇ ਨਾ ਦੇਖ ਕੇ ਚਿੰਤਾ ਜ਼ਾਹਰ ਕੀਤੀ। ਤਦ ਭਾਈ ਜੀ ਨੇ ਕਿਹਾ, ਭਲੀਏ ਲੋਕੇ ! ਗਲਤੀ ਮੇਰੀ ਹੈ। ਮੈਂ ਹੀ ਰਾਤੀਂ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਸਾਂ। ਸ਼ਾਇਦ ਕਿਸੇ ਚੋਰ ਦਾ ਦਾਅ ਲੱਗ ਗਿਆ ਹੈ। ਸਿੱਖ ਉੱਤੇ ਸ਼ੱਕ ਕਰਨ ਦੀ ਲੋੜ ਨਹੀਂ, ਉਸ ਨੂੰ ਤਾਂ ਮੈਂ ਆਪਣੇ ਹੱਥੀਂ ਤੋਰ ਕੇ ਆਇਆ ਹਾਂ। ਗੁਰੂ ਦਾ ਸਿੱਖ ਚੋਰ ਕਿਵੇਂ ਹੋ ਸਕਦਾ ਹੈ ? ਤੂੰ ਚਿੱਤ ਹੌਲਾ ਨਾ ਕਰ। ਮੈਂ ਤੈਨੂੰ ਹੋਰ ਗਹਿਣੇ ਅੱਜ ਹੀ ਘੜਵਾ ਦਿਆਂਗਾ। ਤੂੰ ਬਾਹਰ ਕਿਸੇ ਨਾਲ ਗੱਲ ਨਾ ਕਰੀਂ। ਐਵੇਂ ਲੋਕ, ਸਿੱਖ ਉੱਤੇ ਸ਼ੱਕ ਕਰਨਗੇ। ਇਸ ਘਟਨਾ ਦੀ ਖ਼ਬਰ ਜਦ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੀ ਤਦ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ, ‘ਮੂਲਾ ! ਤੂੰ ਨਿਹਾਲ। ਤੂੰ ਸ਼ਬਦ ਰੂਪ ਵਿਚ ਗੁਰੂ ਪਛਾਣ ਲਿਆ ਹੈ। ਤੂੰ ਸਿੱਖ ਦਾ ਪਰਦਾ ਕੱਜ ਕੇ, ਗੁਰੂ ਦਾ ਪਰਦਾ ਕੱਜਿਆ ਹੈ। ਭਾਈ ਸਿੱਖਾ ਤੂੰ ਨਿਹਾਲ।’

ਸੋ ਅੱਜ ਲੋੜ ਹੈ ਕਿ ਅਸੀਂ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਇਆ ਹੇਠ ਗੁਰੂ-ਪੰਥ ਦੀ ਬਿਹਤਰੀ ਲਈ ਵੱਧ ਤੋਂ ਵੱਧ ਸਾਵਧਾਨ ਹੋਈਏ।  ਸੇਵਾ ਨਿਭਾਉਦਿਆਂ ਭੁੱਲ-ਚੁੱਕ ਨਾ ਹੋਵੇ, ਸਹੁੰ ਨਹੀਂ ਖਾਦੀ ਜਾ ਸਕਦੀ। ਸਵੈ-ਮੰਥਨ ਕਰ ਕੇ ਅਗਾਂਹ ਤੋਂ ਹੋਰ ਸਾਵਧਾਨੀ ਵਰਤਣ ਦਾ ਸੰਕਲਪ ਲੈਂਦਿਆਂ ਵਧਦੇ ਜਾਣਾ ਚਾਹੀਦਾ ਹੈ। ਆਪ ਜੀ ਵੱਲੋਂ ਕੀਤੀ ਵੀਚਾਰ ਨੂੰ ਸੰਗਤ ਗੁਨਾਹ ਮੰਨ ਰਹੀ ਹੈ। ਕਬੂਲ ਕਰ ਕੇ ਸੰਗਤ ਦੀਆਂ ਅਸੀਸਾਂ ਦੇ ਪਾਤਰ ਬਣਨਾ ਆਪ ਜੀ ’ਤੇ ਨਿਰਭਰ ਕਰਦਾ ਹੈ। ਉਸਾਰੂ ਭਾਵਨਾ ਨਾਲ ਆਪਣਾ ਫਰਜ਼ ਅਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੱਤਰ ਨੂੰ ਪੜ੍ਹ ਲਵੋਗੇ ਤੇ ਜਵਾਬ ਵੀ ਦੇਵੋਗੇ, ਇਸ ਸਬੰਧੀ ਆਸ ਤਾਂ ਕਰਨੀ ਬਣਦੀ ਹੈ। ਅਰਦਾਸ ਹੈ ਕਿ ਸਤਿਗੁਰੂ ਕੌਮ ਨੂੰ ਸੰਜੀਦਾ ਬਲ ਤੇ ਬੁਧਿ ਬਖਸ਼ਣ।

ਨਿਮਰਤਾ ਸਹਿਤ ਰਸ਼ਪਾਲ ਸਿੰਘ, ਪ੍ਰੀਤ ਨਿਵਾਸ, ਐਸ. ਜੇ. ਐਸ. ਨਗਰ (ਸਾਹਮਣੇ : ਆਊਟਡੋਰ ਸਟੇਡੀਅਮ) ਟਾਂਡਾ ਰੋਡ, ਹੁਸ਼ਿਆਰਪੁਰ 98554-40151, rashpalsingh714@gmail.com