ਆਖਿਰ ਡੇਰਿਆਂ ਵੱਲ ਕਿਉਂ ਭੱਜ ਰਹੇ ਹਨ ਸਿੱਖ ?
ਗੁਰਪ੍ਰੀਤ ਸਿੰਘ (ਅੰਮ੍ਰਿਤਸਰ)-94616-71914
ਪਿਛਲੇ ਕਈ ਸਾਲਾਂ ਤੋਂ ਡੇਰੇਵਾਦ ਵਿਰੁੱਧ ਅਖਬਾਰਾਂ ਵਿੱਚ ਬਹੁਤ ਸਾਰਾ ਮੈਟਰ ਛਪਦਾ ਆ ਰਿਹਾ ਹੈ। ਹੁਣ ਜਦੋਂ ਤੋਂ ਵਿਗਿਆਨੀ ਖੋਜਾਂ ਨੇ ਯੂ-ਟਿਊਬ, ਵਟਸਅੱਪ, ਫੇਸਬੁੱਕ ਨਾਮ ਦੀਆਂ ਸਾਈਟਾਂ ਖੋਲ੍ਹੀਆਂ ਹਨ ਉਦੋਂ ਤੋਂ ਹੋਰ ਵੀ ਇਸ ਬਾਰੇ ਇੱਕ ਤੋਂ ਵੱਧ ਡੇਰਿਆਂ ਬਾਰੇ ਪਤਾ ਲੱਗ ਰਿਹਾ ਹੈ। ਟਾਈਮ ਟੀ. ਵੀ. ਜਾਂ ਪੰਜਾਬੀ ਦੇ ਕਈ ਹੋਰ ਚੈਨਲ ਤੋਂ, ਕਥਾ ਕਰਨ ਵਾਲੇ ਵੀ ਅਕਸਰ ਹੁਣ ਡੇਰਿਆਂ ਬਾਰੇ ਬੋਲਣ ਲੱਗ ਪਏ ਹਨ, ਪਰ ਫਿਰ ਵੀ ਬਹੁਤਾ ਅਸਰ ਨਹੀਂ ਪੈਂਦਾ ਕਿਉਂਕਿ ਡੇਰੇਦਾਰਾਂ ਦੇ ਆਪਣੇ ਚੈਨਲ ਹਨ ਜਾਂ ਪੰਜਾਬ ਵਿੱਚ ਹੋਰ ਬਹੁਤ ਸਾਰੇ ਚੈਨਲ ਹਨ ਜੋ ਇਨ੍ਹਾਂ ਦੇ ਪ੍ਰੋਗਰਾਮਾਂ ਨੂੰ ਲਗਾਤਾਰ ਵਿਖਾਈ ਜਾ ਰਹੇ ਹਨ। ਇਉਂ ਕੌਮ ਦਾ ਕੁੱਝ ਸੁਧਰਨਾ ਨਹੀਂ ਕਿਉਂਕਿ ਉਹ ਵੀ ਜਾਣਦੇ ਹਨ ਕਿ ਇਨ੍ਹਾਂ ਪ੍ਰਚਾਰਕਾਂ ਵਿੱਚ ਸਮੇਤ ਲਿਖਾਰੀਆਂ ਦੇ ਕਿੰਨੀ ਕੁ ਸਿੱਖੀ ਹੈ ? ਖੈਰ! ਵਿਸ਼ੇ ਤੋਂ ਬਾਹਰ ਨਾਂ ਜਾਵਾਂ।
ਡੇਰੇਦਾਰ ਦੇ ਵਿਰੁੱਧ ਇਕ ਕਿਤਾਬ ਲਿਖੀ, ਜਿਸ ਦਾ ਸਿਰਲੇਖ ਹੈ ‘ਡੇਰੇਦਾਰ ਤੇ ਸਿੱਖ’। ਇਸ ਤੋਂ ਪਹਿਲਾਂ ਕਿ ਸਿੱਖਾਂ ਕੋਲ ਇਹ ਕਿਤਾਬ ਜਾਵੇ ਉਸ ’ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ। ਕਿਉਂ ? ‘‘ਜੇ ਕੋ ਬੋਲੈ ਸਚੁ; ਕੂੜਾ ਜਲਿ ਜਾਵਈ ॥ (ਮ: ੪, ਪੰਨਾ ੬੪੬), ਡੇਰੇਦਾਰਾਂ ਦੀ ਅਸਲੀ ਸਰਪ੍ਰਸਤ ਸਰਕਾਰ ਹੀ ਹੈ ਤੇ ਇੱਕ ਬਹੁਤ ਵੱਡਾ ‘ਵੋਟ ਬੈਂਕ’ ਵੀ, ਇਸ ਲਈ ਜਿੰਨਾ ਇਨ੍ਹਾਂ ਦੇ ਵਿਰੁੱਧ ਬੋਲਿਆ ਜਾਂਦਾ ਹੈ ਉਸ ਦਾ ਅਸਰ ਇਨ੍ਹਾਂ ਨੂੰ ਛੱਡ ਆਮ ਸਿੱਖ ਉੱਤੇ ਵੀ ਕਿਉਂ ਨਹੀਂ ਹੁੰਦਾ, ਇਹ ਸੋਚਣ ਵਾਲੀ ਗੱਲ ਹੈ, ਪਰ ਬਹੁਤਿਆਂ ਦਾ ਧਿਆਨ ਇਸ ਪਾਸੇ ਵੱਲ ਜਾਂਦਾ ਵੀ ਨਹੀਂ ਹੈ। ਮਨ ਬਾਰੇ ਗੁਰਬਾਣੀ ਵਿੱਚ ਬਹੁਤ ਕੁੱਝ ਆਇਆ ਹੈ ਅਤੇ ਕਈ ਵਾਰੀ ਆਇਆ ਹੈ। ਮਨ ਨੂੰ ਸਮਝਾਉਣ ਲਈ ਗੁਰੂ ਸਾਹਿਬਾਨ ਤੇ ਭਗਤਾਂ ਨੇ ਕੀ ਕਿਹਾ ਹੈ, ਸ਼ਾਇਦ ਇਸ ਬਾਰੇ ਕਦੀ ਕਿਸੇ ਨੇ ਵਿਆਖਿਆ ਨਹੀਂ ਕੀਤੀ। ਹਾਂ! ਏਨਾਂ ਜ਼ਰੂਰ ਕਹਿ ਛੱਡਦੇ ਹਨ ਕਿ ਭਰਾਓ! ਆਪਣੇ ਮਨ ਨੂੰ ਸਮਝਾਓ, ਪਰ ਮਨ ਕਿਵੇਂ ਸਮਝੇ, ਕੌਣ ਸਮਝਾਵੇ ਤੇ ਕਿਵੇਂ ਸਮਝਾਵੇ, ਕੋਈ ਦੱਸੇ ਤਾਂ ਸਹੀ। ਜਵਾਬ ਹੈ ਬਾਣੀ ਪੜ੍ਹੋ, ਸਮਝੋ ਤੇ ਵੀਚਾਰੋ, ਪਰ ਸਮਝ ਕਿੱਦਾਂ ਆਵੇ ? ਕਿਵੇਂ ਵੀਚਾਰਿਆ ਜਾਵੇ ? ਇਹੋ ਹੀ ਔਖੀ ਖੇਡ ਹੈ। ਹਰ ਆਮ ਅਤੇ ਖ਼ਾਸ ਮਨੁੱਖ ਨੂੰ ਏਨਾ ‘ਸ਼ਾਰਟਕੱਟ’ ਚਾਹੀਦਾ ਹੈ ਕਿ ਇੱਧਰ ਕਿਸੇ ਦੇ ਪੈਰੀਂ ਪਏ ਨਹੀਂ ਕਿ ਓਧਰ ਕੰਮ ਹੋ ਗਿਆ। ਪੈਰੀਂ ਪੈਣ ਦੀ ਦੇਰ ਸੀ ਕਿ ਨੌਕਰੀ ਮਿਲ ਗਈ, ਰਿਸ਼ਤਾ ਹੋ ਗਿਆ, ਲੜਕਾ ਵਿਦੇਸ਼ ਚਲਾ ਗਿਆ ਤੇ ਫਿਰ ਪੈਸੇ ਦੀ ਬਰਸਾਤ ਹੋਣੀ ਸ਼ੁਰੂ ਹੋ ਗਈ। ਇਹ ਕੌਣ ਕੰਮ ਕਰਦਾ ਫਿਰੇ ਕਿ ਪਹਿਲਾਂ ਬਾਣੀ ਪੜ੍ਹੇ, ਫਿਰ ਅਰਦਾਸ ਕਰੇ ਤੇ ਪਤਾ ਨਹੀਂ ਕਿ ਆਖਿਰ ਰੱਬ ਸੁਣੇ ਵੀ ਕਿ ਨਾਂ ਸੁਣੇ ?
ਮਨ ਆਪਣੇ ਆਪ ਵਿੱਚ ਬਹੁਤ ਵੱਡੀ ਤਾਕਤ ਹੈ। ਇਸ ਲਈ ਇਸ ਨੂੰ ਕਾਬੂ ਰੱਖਣਾ ਵੀ ਏਨਾਂ ਅਸਾਨ ਨਹੀਂ ਹੈ। ਬੰਗਾਲ ਦਾ ਇੱਕ ਕੇਸ਼ਵਚੰਦਰ ਹੋਇਆ ਹੈ ਜਿਸ ਨੇ ਧਰਮ ’ਤੇ ਬਹੁਤ ਕਿਤਾਬਾਂ ਲਿਖੀਆਂ ਤੇ ਬਾਅਦ ਵਿੱਚ ਉਹ ਨਾਸਤਿਕ ਹੋ ਗਿਆ। ਉਹ ਕਹਿੰਦਾ ਹੈ, ‘ਜਿਸ ਮਨ ਨੂੰ ਤੁਸੀਂ ਜਿੱਤ ਨਹੀਂ ਸਕਦੇ ਉਸ ਨਾਲ ਲੜਨਾ ਕੋਈ ਅਕਲਮੰਦੀ ਨਹੀਂ ਹੈ। ਸੋ ਮਨ ਦੇ ਮਗਰ ਲੱਗ ਜਾਓ ਤੇ ਆਪਣੀ ਜ਼ਿੰਦਗੀ ਐਸ਼ ਨਾਲ ਜੀਓ।’, ਪਰ ਮਨ ਬਾਰੇ ਗੁਰੂ ਸਾਹਿਬਾਨ ਨੇ ਇਹ ਸਮਝਾਇਆ ਹੈ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥ ਖੰਨਲੀ ਧੋਤੀ, ਉਜਲੀ ਨ ਹੋਵਈ; ਜੇ ਸਉ ਧੋਵਣਿ ਪਾਹੁ ॥ (ਮ: ੩, ਪੰਨਾ ੬੫੧), ਮਨ ਰੇ ! ਕਹਾ ਭਇਓ ਤੈ ਬਉਰਾ ॥ ਅਹਿਨਿਸਿ ਅਉਧ ਘਟੈ, ਨਹੀ ਜਾਨੈ; ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥’’ (ਮ: ੯, ਪੰਨਾ ), ਮਾਈ ! ਮਨੁ ਮੇਰੋ ਬਸਿ ਨਾਹਿ ॥ ਨਿਸ ਬਾਸੁਰ ਬਿਖਿਅਨ ਕਉ ਧਾਵਤ; ਕਿਹਿ ਬਿਧਿ ਰੋਕਉ ਤਾਹਿ ?॥੧॥ ਰਹਾਉ ॥’’ (ਮ: ੯, ਪੰਨਾ ੬੩੨), ਆਦਿ ਅਨੇਕਾਂ ਫ਼ੁਰਮਾਨ ਮਿਲ ਜਾਂਦੇ ਹਨ, ਜੋ ਕਿਤੇ ਮਨ ਨੂੰ ਸਮਝਾਉਣ ਵਾਸਤੇ ਹਨ, ਕਿਤੇ ਜਗਾਉਣ ਲਈ ਹਨ, ਕਿਤੇ ਮਨ ਬਾਰੇ ਸਮਝਣ ਲਈ ਹਨ। ਜੇ ਕੋਈ ਜਾਣ ਬੁੱਝ ਕੇ ਗਲਤੀ ਕਰੇ ਅਤੇ ਉਸ ਨੂੰ ਸਵੀਕਾਰ ਵੀ ਨਾ ਕਰੇ, ‘‘ਕਬੀਰ ! ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ? ਹਾਥਿ ਦੀਪੁ, ਕੂਏ ਪਰੈ ॥’’ (੧੩੭੬) ਮਨ; ਜਿਵੇਂ ਕਿ ਉੱਪਰ ਲਿਖ ਚੁੱਕਾਂ ਹਾਂ, ਇੱਕ ਬਹੁਤ ਵੱਡੀ ਤਾਕਤ ਹੈ। ਇਹ ਕਿਸੇ ਦੇ ਅਧੀਨ ਨਹੀਂ ਸਗੋਂ ਵੇਖਿਆ ਜਾਵੇ ਤਾਂ ਮਨੁੱਖ ਨੂੰ ਆਪਣੇ ਅਧੀਨ ਚਲਾਉਣ ਵਾਲਾ ਹੀ ਇਹੋ ਹੈ। ਦੁਨੀਆਂ ਅੰਦਰ ਜੋ ਵੀ ਦੰਗਾ-ਫ਼ਸਾਦ ਅਤੇ ਅਪਰਾਧ ਵਾਪਰਦਾ ਹੈ, ਉਹ ਮਨ ਸ਼ਕਤੀ ਦਾ ਹੀ ਬਾਹਰੀ ਸ਼ੈਤਾਨੀ ਚਿੰਨ੍ਹ ਹੁੰਦਾ ਹੈ। ਧਾਰਮੀ ਅਖਵਾਉਂਦੇ ਬੰਦੇ ਵੀ ਜਦੋਂ ਖ਼ਤਰਨਾਕ ਸਜ਼ਾਵਾਂ ਦਿੰਦੇ ਸਨ ਤਾਂ ਉਹ ਵੀ ਮਨ ਦੇ ਮਗਰ ਲੱਗ ਕੇ ਸਜ਼ਾਵਾਂ ਦਿੰਦੇ ਸਨ। ਦੂਰ ਕਿਉਂ ਜਾਓ, ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਦਾ ਕੰਮ ਉਨ੍ਹਾਂ ਦਿਖਾਵਟੀ ਧਰਮੀਆਂ ਦਾ ਹੀ ਸੀ, ਜੋ ਆਪਣੇ ਆਪ ਨੂੰ ਮਜ਼੍ਹਬੀ ਸਮਝਦੇ ਸਨ। ਸਿੱਖਾਂ ਦੀਆਂ ਆਏ ਦਿਨ ਸਿੱਖਾਂ ਹੱਥੋਂ ਉਤਰਦੀਆਂ ਪੱਗਾਂ ਵੀ ਗ਼ੈਰਧਰਮੀ ਸੰਘਰਸ਼ ਨਹੀਂ ਕਿਹਾ ਜਾ ਸਕਦਾ, ਇਹ ਸਭ ਮਨ-ਸ਼ਕਤੀ ਦੇ ਪ੍ਰਭਾਵ ਨੂੰ ਹੀ ਜ਼ਾਹਰ ਕਰਦੇ ਹੁੰਦੇ ਹਨ।
ਵਿਸ਼ਾ ਸ਼ੁਰੂ ਕੀਤਾ ਹੈ ਕਿ ਆਖਿਰ ਡੇਰਿਆਂ ਵੱਲ ਕਿਉਂ ਭੱਜ ਰਹੇ ਹਨ ਸਿੱਖ ? ਪਹਿਲੀ ਗੱਲ ਤਾਂ ਇਹ ਹੈ ਕਿ ਮਨੁੱਖ ਚਾਹੁੰਦਾ ਕੀ ਹੈ ? ਜੋ ਇਹ ਚਾਹੁੰਦਾ ਹੈ, ਕੀ ਗੁਰਬਾਣੀ ਉਸ ਦੀ ਪੂਰਤੀ ਕਰਦੀ ਹੈ ਜਾਂ ਕਰ ਸਕਦੀ ਹੈ ? ਸਾਡੇ ਮਨ ਦੀਆਂ ਏਨੀਆਂ ਖਾਹਿਸ਼ਾਂ ਹਨ ਕਿ ਬੰਦਾ ਸੋਚਦਾ ਰਹਿੰਦਾ ਹੈ ਕਿ ਇੱਕ-ਇੱਕ ਕਰਕੇ ਇਹ ਸਾਰੀਆਂ ਪੂਰੀਆਂ ਹੋ ਜਾਣ। ਸਾਡੇ ਵਿੱਚੋਂ ਬਹੁਤੇ ਬੰਦੇ ਅੰਮ੍ਰਿਤ ਛੱਕ ਕੇ ਵੀ ਦੇਹਧਾਰੀ ਗੁਰੂ ਦੀ ਹੋਂਦ ਨੂੰ ਮੰਨਦੇ ਹਨ। ਜੇ ਉਹ ਨਾਂ ਵੀ ਮੰਨਣ, ਤਾਂ ਉਹ ਹੋਰ ਧਾਗੇ, ਤਵੀਤਾਂ, ਜਾਦੂ, ਟੂਣਿਆਂ ਵਿੱਚ ਵਿਸ਼ਵਾਸ ਰੱਖਦੇ ਹਨ। ਬਹੁਤਿਆਂ ਦਾ ਪਾਠ ਤਾਂ ਆਪਣੀ ਸੁਆਰਥ ਪੂਰਤੀ ਕਰਨ ਤੱਕ ਹੁੰਦਾ ਹੈ। ਇਸੇ ਲਈ ਕਈ ਵਰ੍ਹਿਆਂ ਬਹੁਤੇ ਪਾਠ ਕਰਨ ਵਾਲੇ ਵੀ ਕਹਿ ਦਿੰਦੇ ਹਨ ਕਿ ਕੋਈ ਚਮਤਕਾਰ ਤਾਂ ਹੋਇਆ ਨਹੀਂ। ਗੁਰਬਾਣੀ ਪੜ੍ਹਨ ਸਮਝਣ ਦਾ ਅਰਥ ਹੈ ‘ਆਪਣਾ ਚਾਲ ਚੱਲਣ ਠੀਕ ਕਰਨਾ, ਗੁਰੂ ਦਾ ਸਤਿਕਾਰ ਕਰਨਾ ਅਤੇ ਇੱਕ ਪ੍ਰਮਾਤਮਾ ’ਤੇ ਵਿਸ਼ਵਾਸ ਕਰਨਾ’ ਜਦਕਿ ਦੇਹਧਾਰੀ ’ਤੇ ਵਿਸ਼ਵਾਸ ਕਰਨ ਦਾ ਮਤਲਬ ਹੈ ‘ਸਾਰਾ ਕੁੱਝ ਓਸੇ ’ਤੇ ਸੁੱਟ ਦਿਓ ਉਹ ਆਪੇ ਹੀ ਕੰਮ ਕਰੇਗਾ ਅਤੇ ਕਰੇਗਾ ਵੀ ਉਦੋਂ ਜਦੋਂ ਉਸ ਦੀ ਮਰਜ਼ੀ ਹੋਵੇਗੀ ਤੇ ਉਸ ਦੀ ਮਰਜ਼ੀ ਕਦੀ ਵੀ ਨਹੀਂ ਹੁੰਦੀ ਭਾਵ ਉਸ ਦੇ ਪੱਲੇ ਕੁਝ ਹੁੰਦਾ ਹੀ ਨਹੀਂ। ਸੋ ਡੇਰਿਆਂ ਵੱਲ ਜਾਣ ਦਾ ਮਤਲਬ ਆਪਣਾ ਚਾਲ ਚੱਲਣ ਦਰੁਸਤ ਕਰਨ ਨਾਲ ਨਹੀਂ ਹੈ।
ਵਿਸ਼ਵਾਸ ਆਪਣੇ ਉਸ ਗੁਰੂ ’ਤੇ ਕਰਨਾ ਚਾਹੀਦਾ ਹੈ, ਜਿਸ ਕੋਲੋਂ ਸਿੱਖ ਨੇ ਨਾਮ ਲਿਆ ਹੁੰਦਾ ਹੈ। ਡੇਰਿਆਂ ’ਚ ਝੂਠੀਆਂ ਗੱਲਾਂ ’ਤੇ ਢਾਰਸ ਹੋ ਜਾਂਦੀ ਹੈ, ਪਰ ਗੁਰਬਾਣੀ ’ਤੇ ਢਾਰਸ ਨਹੀਂ ਹੁੰਦੀ। ਜਿਸ ‘ਆਮ ਬੰਦੇ’ ਨੂੰ ‘ਗੁਰੂ’ ਮੰਨ ਲੈਂਦੇ ਹਨ, ਉਹ ਬੋਲ ਕੇ ਦੱਸ ਦੇਵੇਗਾ ਕਿ ਕੰਮ ਹੋ ਜਾਵੇਗਾ, ਪਰ ਗੁਰਬਾਣੀ ਇਹ ਪਹਿਲਾਂ ਤੋਂ ਨਹੀਂ ਦੱਸੇਗੀ ਕਿ ਕੰਮ ਹੋਵੇਗਾ ਕਿ ਨਹੀਂ। ਬੱਸ ਇੱਥੋਂ ਹੀ ਇਹ ਖੇਡ ਵਿਗੜ ਜਾਂਦੀ ਹੈ। ਜਿੱਥੇ ਇਹ ਖੇਡ ਵਿਗੜਦੀ ਹੈ ਓਥੇ ਅਜਿਹਾ ਸੰਜੋਗ ਬਣਦਾ ਚਲਾ ਜਾਂਦਾ ਹੈ ਕਿ ਸਿੱਖ; ਗੁਰਬਾਣੀ ਨਾਲੋਂ ਟੁੱਟ ਕੇ ਡੇਰਿਆਂ ਵੱਲ ਭੱਜਾ ਤੁਰਿਆ ਜਾਂਦਾ ਹੈ। ਇੱਥੇ ਸਭ ਤੋਂ ਵੱਡੀ ਖੁਸ਼ੀ ਇਸ ਗੱਲ ਦੀ ਹੈ ਕਿ ਨਾਂ ਕਿਸੇ ਨਿਤਨੇਮ ਦੀ ਗੱਲ, ਨਾਂ ਅਰਦਾਸ ਦੀ ਗੱਲ, ਨਾਂ ਇੱਥੇ ਕੋਈ ਗੁਰਦੁਆਰਿਆਂ ਵਿੱਚ ਲੜਾਈ ਝਗੜੇ ਵਾਲਾ ਮਹੌਲ, ਨਾਂ ਦਸਮ ਗਰੰਥ ਦਾ ਰੌਲਾ ਰੱਪਾ, ਨਾਂ ਕਿਹੜੀਆਂ ਬਾਣੀਆਂ ਪੜ੍ਹਨੀਆਂ ਹਨ, ਕਿਹੜੀਆਂ ਨਹੀਂ ਦਾ ਚੱਕਰ, ਨਾਂ ਰਹਿਤ ਮਰਿਆਦਾ ਦੀ ਗੱਲ, ਆਏ ਦਿਨ ਜਦੋਂ ਵੇਖੋ ਤਲਵਾਰਾਂ ਨਾਲ ਬਿਨਾਂ ਮਤਲਬ ਖੂਨ ਖਰਾਬਾ ਕਰਦੇ ਜਾਣਾ ਤੇ ਫਿਰ ਗਵਾਹੀਆਂ ਲਈ ਕੋਰਟ ਕਚਹਿਰੀਆਂ ਵਿੱਚ ਭੱਜੇ ਫਿਰਨਾ, ਜੋ ਬਹੁਤੇ ਸਿੱਖਾਂ ਨੂੰ ਪ੍ਰਵਾਨ ਨਹੀਂ। ਜਿਸ ਕਾਰਨ ਸਿੱਖ ਡੇਰਿਆਂ ਵੱਲ ਜਾਂਦਾ ਹੈ ਉਸ ਦੇ ਕੁੱਝ ਹੋਰ ਕਾਰਨ ਹਨ, ਜਿਨ੍ਹਾਂ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਇਹੀ ਮਨੁੱਖ ਦੀ ਸੱਭ ਤੋਂ ਵੱਡੀ ਤੇ ਬੁਨਿਆਦੀ ਲੋੜ ਹੈ –
- ਪੈਸਾ – ਇਸ ਦਾ ਕੋਈ ਵੀ ਤਰੀਕਾ ਹੋਵੇ, ਪਰ ਮਿਲੇ ਸਹੀ। ਚੰਗੀ ਨੌਕਰੀ, ਚੰਗਾ ਵਪਾਰ ਚੱਲੇ, ਇੱਕ ਟਰੱਕ ਹੋਵੇ ਤੇ ਫਿਰ ਇੱਕ ਦੇ ਦੋ, ਤੇ ਦੋ ਦੇ ਤਿੰਨ। ਬਾਹਰ ਜਾਣ ਦੀ ਲਾਲਸਾ ਵੀ ਪੈਸੇ ਖਾਤਰ ਹੈ। ਇਹ ਇਨਸਾਨ ਦੀ ਵੱਡੀ ਮਜ਼ਬੂਰੀ ਹੈ ਕਿ ਇੱਥੇ ਜਿੰਨੀ ਮਿਹਨਤ ਕਰਨ ਨਾਲ ਪੈਸਾ ਮਿਲਦਾ ਹੈ ਓਥੇ ਵੀ ਏਨੀ ਮਿਹਨਤ ਕਰਨ ਨਾਲ ਜ਼ਿਆਦਾ ਪੈਸਾ ਮਿਲ ਜਾਂਦਾ ਹੈ, ਇਸ ਲਈ ਬਾਹਰ ਜਾਣਾ ਮਨੁੱਖ ਦੀ ਮਜ਼ਬੂਰੀ ਹੈ।
- ਰੋਜ਼ਗਾਰ ਮਿਲਣ ਦੀ ਆਸ – ਕਈਆਂ ਨੂੰ ਇਹ ਭਰਮ ਵੀ ਹੁੰਦਾ ਹੈ ਕਿ ਕਿਸੇ ਡੇਰੇ ਜਾਣ ਨਾਲ ’ਤੇ ਮਹਾਰਾਜ ਜੀ ਦੀ ਸੰਗਤ ਕੀਤਿਆਂ ਸ਼ਾਇਦ ਕੁੱਝ ਬਖਸ਼ਿਸ਼ ਹੋ ਜਾਵੇ।
- ਬੀਮਾਰੀ ਤੋਂ ਛੁਟਕਾਰਾ – ਕਿਸੇ ਬੀਮਾਰੀ ਤੋਂ ਨਜਾਤ ਮਿਲ ਜਾਵੇ! ਕਿਸੇ ਤਰ੍ਹਾਂ ਵੀ ਸਹੀ, ਅਰਾਮ ਮਿਲ ਜਾਵੇ। ਬੀਮਾਰੀ ਜਿਸ ਦਾ ਇਲਾਜ ਨਾ ਲੱਭੇ, ਉਸ ਵੱਲੋਂ ਹੌਸਲਾ ਹਾਰਨਾ ਵੀ ਮਨੁੱਖ ਦੀ ਮਜ਼ਬੂਰੀ ਹੈ। ਇਸ ਲਈ ਉਹ ਅਰਾਮ ਦੀ ਖਾਤਰ ਇਸ ਪਾਸੇ ਜਾਂਦਾ ਹੈ ਕਿ ਸ਼ਾਇਦ ਕਿਸੇ ਦੇ ਚਰਨੀਂ ਪਿਆਂ ਕੋਈ ‘ਚਮਤਕਾਰ’ ਹੋ ਜਾਵੇ, ਪਰ ਇਹ ਵੀ ਅਸੰਭਵ ਹੈ ਕਿਉਂਕਿ ਹਰ ਚੀਜ਼ ਨਕਲੀ ਹੈ, ਮਿਲਾਵਟ ਵਾਲੀ ਹੈ, ਇੱਥੋਂ ਤੱਕ ਕੇ ਹਵਾ ਵੀ ਸ਼ੁੱਧ ਨਹੀਂ ਹੈ, ਇਸ ਲਈ ਤੰਦਰੁਸਤ ਰਹਿਣਾ ਵੀ ਅਸਾਨ ਨਹੀਂ ਹੈ।
- ਚੰਗੇ ਰਿਸ਼ਤਿਆਂ ਦੀ ਆਸ – ਰਿਸ਼ਤੇ ਕਰਨ ਵਿੱਚ ਅੱਜ ਏਨਾਂ ਧੋਖਾ, ਹਰ ਪਾਸੇ ਹੋ ਰਿਹਾ ਹੈ ਕਿ ਕੋਈ ਵੀ ਬੰਦਾ ਇਸ ਪਾਸੇ ਤੋਂ ਈਮਾਨਦਾਰ ਨਜ਼ਰ ਨਹੀਂ ਆਉਂਦਾ। ਦੋਵੇਂ ਧਿਰਾਂ ਹੀ ਕੁੱਝ ਲੁਕਾ ਰੱਖ ਜਾਂਦੀਆਂ ਹਨ। ਇੱਥੋਂ ਤੱਕ ਕਿ ਵਿਚੋਲੇ ਵੀ ਭੇਦ ਰੱਖ ਜਾਂਦੇ ਹਨ। ਅਖਬਾਰਾਂ ਰਾਹੀਂ ਜਾਂ ਹੋਰ ਜੋ ਵੀ ਸਾਧਨ ਹਨ ਉਨ੍ਹਾਂ ਵਿੱਚ ਵੀ ਕੋਈ ਅਸਲੀਅਤ ਸਾਹਮਣੇ ਰੱਖਣ ਲਈ ਤਿਆਰ ਨਹੀਂ ਹੁੰਦਾ। ਲੜਕਾ/ਲੜਕੀ ਕਿੰਨਾਂ ਪੜ੍ਹਿਆ ਹੈ ? ਲੜਕੇ ਦੀ ਕੀ ਕਮਾਈ ਹੈ ? ਰਿਸ਼ਤਾ ਕਰਨ ਵੇਲੇ ਵਧਾ ਚੜ੍ਹਾ ਕੇ ਦੱਸਿਆ ਜਾਂਦਾ ਹੈ ਤੇ ਜਦੋਂ ਫੇਰੇ ਹੋ ਜਾਂਦੇ ਹਨ ਪਤਾ ਉਦੋਂ ਲੱਗਦਾ ਹੈ ਕਿ ਪੜ੍ਹਾਈ ਲਿਖਾਈ ਕਿੰਨੀ ਹੈ, ਕੀ ਕਾਰੋਬਾਰ ਕਰਦਾ ਹੈ ਤੇ ਕਿੰਨੀ ਕਮਾਈ ਹੈ, ਨਸ਼ਾ ਕਿੰਨਾ ਕੁ ਤੇ ਕਿਹੜਾ-ਕਿਹੜਾ ਕਰਦਾ ਹੈ ਆਦਿ ਮਸਲਿਆਂ ਨੂੰ ਗੌਣ (ਅਲੋਪ) ਕਰ ਦਿੱਤਾ ਜਾਂਦਾ ਹੈ। ਇਹ ਗੱਲਾਂ ਆਮ ਵਾਪਰਦੀਆਂ ਹਨ ਤੇ ਬੰਦਾ ਸੋਚਦਾ ਹੈ ਕਿ ਸ਼ਾਇਦ ਡੇਰੇ ਜਾਣ ਨਾਲ ਅਜਿਹੀਆਂ ਸਮੱਸਿਆਵਾਂ ਮਿੰਟਾਂ ਵਿੱਚ ਹੱਲ ਹੋ ਜਾਣਗੀਆਂ ਤੇ ਕੋਈ ਸਤਸੰਗੀ ਹੀ ਸਹੀ ਰਿਸ਼ਤਾ ਕਰਵਾ ਦਵੇਗਾ ਕਿਉਂ ਕਿ ਮਹਾਰਾਜ ਜੀ ‘ਵਿਚੋਲੇ ਦੇ ਤੌਰ ’ਤੇ ਵਿੱਚ’ ਤਾਂ ਹਨ ਹੀ।
- ਪੁੱਤਰ ਦੀ ਆਸ – ਬਹੁਤੇ ਲੋਕ ਗੁਰਦੁਆਰਿਆਂ ਵਿੱਚ ਜਾ ਕੇ ਮੱਥੇ ਟੇਕਦੇ ਹਨ ਤੇ ਪੁੱਤਰ ਦੀ ਦਾਤ ਮੰਗਦੇ ਹਨ, ਪੁੱਤਰੀਆਂ ਦੀ ਨਹੀਂ, ਪਰ ਕਈ ਸਾਲ ਤੱਕ ਜਦੋਂ ਇੱਧਰੋਂ ਕੁੱਝ ਵੀ ਹਾਸਲ ਨਹੀਂ ਹੁੰਦਾ ਤਾਂ ਉਹ ਫਿਰ ਹਾਰ ਕੇ ਡੇਰੇਦਾਰਾਂ ਦੀ ਸ਼ਰਨੀ ਪੈਂਦੇ ਹਨ ਜਦ ਕਿ ਇਹ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੈ ਕਿ ਕਿਸੇ ਦੀ ਕਿਸਮਤ ਬਦਲ ਦਿੱਤੀ ਜਾਵੇ ‘‘ਭਾਈ ! ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ॥ ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ; ਕੋਈ ਲਾਗਿ ਨ ਸਕੈ, ਬਿਨੁ ਹਰਿ ਕਾ ਲਾਇਆ ॥’’ (ਮ: ੪, ਪੰਨਾ ੧੬੮) ਡੇਰਿਆਂ ਵੱਲ ਜਾਣ ਵਾਲੇ ਬੰਦੇ ਅੰਦਰ ਮੋਟੀ ਸੋਚ ਇਹ ਕੰਮ ਕਰਦੀ ਹੈ ਕਿ ਬਾਣੀ ਨੂੰ ਪੜ੍ਹਨ ਦਾ ਕੰਮ ਉਨ੍ਹਾਂ ਲੋਕਾਂ ਦਾ ਹੈ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੁੰਦਾ ਹੈ ਜਾਂ ਫਿਰ ਲੇਖਕ ਵਰਗ ਦਾ ਕੰਮ ਹੈ, ਪਰ ਵੱਡੀ ਸਮੱਸਿਆ ਇਹ ਵੀ ਹੈ ਕਿ ਜ਼ਿਆਦਾਤਰ ਪ੍ਰਚਾਰਕ ਨੇ ਵੀ ਓਨਾ ਕਰੰਟ ਛੱਡਣਾ ਹੁੰਦਾ ਹੈ ਜਿਸ ਨਾਲ ਉਸ ਦੀ ਭੇਟਾ ਵੀ ਤਿਆਰ ਹੁੰਦੀ ਰਹੇ। ਗੁਰਦੁਆਰੇ ਤੋਂ ਜੋ ਭੇਟਾ ਮਿਲਣੀ ਹੈ ਉਹ ਤਾਂ ਹੈ ਹੀ, ਸੰਗਤ ਵੱਲੋਂ ਵੱਖਰੀ। ਇਸ ਲਈ ਉਹ ਅਜਿਹੀਆਂ ਗੱਲਾਂ ਨਹੀਂ ਦੱਸਣਗੇ ਕਿ ‘‘ਦਾਤੈ ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥ ਨਾਨਕ ! ਨਾਮਿ ਰਤੇ ਸੁਖੁ ਪਾਇਆ; ਦਰਗਹ ਜਾਪਹਿ ਸੇਈ ॥’’ (ਮ: ੩, ਪੰਨਾ ੬੦੪), ਲੁਕਾਈ ਨੂੰ ਵਹਿਮਾਂ ਭਰਮਾਂ ’ਚੋਂ ਕੱਢਣ ਲਈ ਸਾਰੇ ਹੀ ਪ੍ਰਚਾਰਕਾਂ ਨੂੰ ਸਬਰ-ਸੰਤੋਖ ਅਤੇ ਰੱਬੀ ਭਰੋਸੇ ’ਤੇ ਨਿਰਭਰ ਰਹਿ ਕੇ ਸੰਗਤਾਂ ਦੀ ਕਮਜ਼ੋਰੀ ਮੁਤਾਬਕ ਨਿਡਰ ਹੋ ਕੇ ਗੁਰੂ ਉਪਦੇਸ਼ ਸੁਣਾਉਣੇ ਚਾਹੀਦੇ ਹਨ।
- ਪ੍ਰਮਾਤਮਾ ਨੂੰ ਮਿਲਣ ਦੀ ਇੱਛਾ – ਬਹੁਤੇ ਡੇਰੇਦਾਰ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਦੱਸਦੇ ਹੋਏ ‘ਗੁਪਤ ਨਾਮ ਦਾਨ’ ਦਿੰਦੇ ਹਨ, ਜਿਸ ਦਾ ਪਤਾ ਵੀ ਕੇਵਲ ਉਨ੍ਹਾਂ ਕੋਲ ਹੈ। ਜੋ ਉਨ੍ਹਾਂ ਦੇ ਸਤਿਸੰਗੀ ਹੀ ਨਾ ਹੋਣ ਬਲਕਿ ਉਨ੍ਹਾਂ ਨੇ ਨਾਮ ਦਾਨ ਵੀ ਉਸੇ ਡੇਰੇ ਦੇ ਮਹਾਰਾਜ ਕੋਲੋਂ ਲਿਆ ਹੋਵੇ। ਹੋਰ ਕਿਸੇ ਨੂੰ ਦੱਸਣ ਨਾਲ ਬਾਕੀ ਦੇ ਪਤਾ ਨਹੀਂ ਉਨ੍ਹਾਂ ਦਾ ਭੇਤ ਖੋਲ੍ਹ ਦੇਣ, ਜਿਨ੍ਹਾਂ ਨੇ ਨਾਮ ਲਿਆ ਹੈ। ਰੱਬ ਨਾਲ ਮਿਲਣਾ ਏਨਾ ਅਸਾਨ ਨਹੀਂ ਹੈ ਜਿੰਨਾ ਇਨ੍ਹਾਂ ਲੋਕਾਂ ਨੇ ਸਮਝ ਰੱਖਿਆ ਹੈ। ਸਹੀ ਗੱਲ ਤਾਂ ਇਹ ਹੈ ਕਿ ਜੇ ਲੋਕਾਂ ਨੂੰ ਗੁਰਬਾਣੀ ਦੀ ਸਮਝ ਲੱਗ ਗਈ ਤਾਂ ਵਿਹਲੇ ਬੈਠੇ ਲੋਕਾਂ ਨੂੰ ਪੁੱਛੇਗਾ ਕੌਣ ? ਹੁਣ ਤਾਂ ਇਹ ਗੱਲ ਵੀ ਸਾਹਮਣੇ ਆ ਗਈ ਹੈ ਕਿ ਇਹ ਇੱਕ ਬਹੁਤ ਵੱਡਾ ‘ਵੋਟ ਬੈਂਕ’ ਬਣ ਕੇ ਰਹਿ ਗਿਆ ਹੈ ਇਸੇ ਕਰਕੇ ਤਾਂ ਲੀਡਰ, ਇਨ੍ਹਾਂ ਦੇ ਦਰ ’ਤੇ ਵੋਟਾਂ ਲੈਣ ਲਈ ਮੰਗਤਿਆਂ ਵਾਙ ਫਿਰਦੇ ਵੇਖੀਦੇ ਹਨ। ਹੋਰ ਅੰਦਰ ਖਾਤੇ ਕੀ ਕੁੱਝ ਹੋ ਰਿਹਾ ਹੈ ਉਹ ਵੀ ਛੁਪਿਆ ਹੋਇਆ ਨਹੀਂ ਹੈ।
- ਗੁਰਦੁਆਰਿਆਂ ਵਿੱਚ ਕ੍ਰਿਪਾਨਾਂ ਨਾਲ ਲਹੂ ਲੁਹਾਨ ਹੋਣਾ– ਗੁਰਦੁਆਰਿਆਂ ਵਿੱਚ ਬਹੁਤ ਸਮੇਂ ਤੋਂ ਤਲਵਾਰਾਂ ਨਿਕਲਦੀਆਂ ਆ ਰਹੀਆਂ ਹਨ। ਇਸ ਗੱਲ ਦੀ ਪੁਸ਼ਟੀ ਤਾਂ ਪ੍ਰੋ. ਸਾਹਿਬ ਸਿੰਘ ਨੇ ਹੀ ਆਪਣੀਆਂ ਲਿਖਤਾਂ ਵਿੱਚ ਅਚਰਜ ਖੇਡ ਵਜੋਂ ਕੀਤੀ ਹੈ ਕਿ ਗੁਰਦੁਆਰਾ ਸੁਧਾਰ ਲਹਿਰ ਸਮੇਂ ਦਰਬਾਰ ਸਾਹਿਬ ਵਿੱਚ ਵੀ ਖੂਨ ਖਰਾਬਾ ਜਦੋਂ ਹੋਇਆ ਤਾਂ ਬਹੁਤੇ ਸਿੱਖ ਰਾਧਾ-ਸੁਆਮੀਆਂ ਵੱਲ ਜਾਣੇ ਸ਼ੁਰੂ ਹੋ ਗਏ ਇਸ ਲਈ ਕਿ ਉਨ੍ਹਾਂ ਨੂੰ ਖੂਨ ਖਰਾਬਾ ਪਸੰਦ ਨਹੀਂ ਸੀ। ਉਦੋਂ ਤਾਂ ਇੱਕ ਡੇਰਾ ਸੀ, ਪਰ ਹੁਣ ਤਾਂ ਇਹ ਕਾਲਜਾਂ ਯੂਨੀਵਰਸਿਟੀਆਂ ਵਾਂਗ ਹੋ ਗਏ ਹਨ। ਇਨ੍ਹਾਂ ਦੀ ਹਾਲਤ ਤਾਂ ਇੱਥੋਂ ਤੱਕ ਹੋ ਗਈ ਹੈ ਜਿਵੇਂ ਡਿਪਲੋਮੇ-ਡਿਗਰੀਆਂ ਲੈਣ ਲਈ ਜਦੋਂ ਕਉਂਸਲਿੰਗ ਹੁੰਦੀ ਹੈ ਤਾਂ ਓਥੇ ਕਾਲਜਾਂ ਵਾਲੇ ਭੱਜੇ ਫਿਰਦੇ ਹਨ ਕਿ ਸਾਡੇ ਕਾਲਜ ਵਿੱਚ ਦਾਖਲਾ ਲਓ। ਓਥੇ ਪੜ੍ਹਾਈ ਕਿੱਦਾਂ ਦੀ ਹੁੰਦੀ ਹੈ, ਅੱਗੇ ਕਿਸੇ ਨੂੰ ਨੌਕਰੀ ਮਿਲਦੀ ਵੀ ਹੈ ਜਾਂ ਨਹੀਂ, ਇਹ ਵੱਖਰੀ ਗੱਲ ਹੈ। ਸੋ ਇਨ੍ਹਾਂ ਦਾ ਹਾਲ ਅਜਿਹਾ ਹੈ ਕਿ ਕਿਸੇ ਨੂੰ ਰੱਬ ਮਿਲਦਾ ਹੈ ਜਾਂ ਨਹੀਂ, ਕਿਸੇ ਦੇ ਧੀ ਪੁੱਤ ਹੁੰਦਾ ਹੈ ਜਾਂ ਨਹੀਂ, ਕਿਸੇ ਦੇ ਘਰ ਮਾਇਆ ਆਉਂਦੀ ਹੈ ਜਾਂ ਨਹੀਂ, ਕੋਈ ਮਤਲਬ ਨਹੀਂ। ਬਸ! ਆ ਜਾਓ ਤੇ ਦਾਖਲਾ ਲੈ ਲਓ। ਖੈਰ! ਗੱਲ ਵਿੱਚ ਆ ਗਈ, ਪਰ ਬਹੁਤੇ ਲੋਕ ਜੋ ਅਜਿਹੇ ਖੂਨ ਖਰਾਬਿਆਂ ਤੋਂ ਡਰਦੇ ਹਨ ਉਹ ਵੀ ਗੁਰੂ ਘਰ ਛੱਡ ਕੇ ਡੇਰੇਦਾਰਾਂ ਵੱਲ ਜਾਂਦੇ ਹਨ। ਹੁਣ ਵੀ ਬਹੁਤੀ ਸਥਿਤੀ ਇਹੋ ਹੈ ਕਿ ਲੋਕ ਖੂਨ ਖਰਾਬਿਆਂ ਦੇ ਡਰ ਕਰਕੇ ਗੁਰਦੁਆਰੇ ਛੱਡ ਚੁੱਕੇ ਹਨ ਤੇ ਡੇਰਿਆਂ ਵਾਲੇ ਪਾਸੇ ਰੁਝਾਨ ਵਧਦਾ ਜਾ ਰਿਹਾ ਹੈ।
- ਅਜੋਕੇ ਪੜ੍ਹੇ ਲਿਖੇ ਵਰਗ ਵੱਲੋਂ ਸੁਹਿਰਦ ਗੁਰਮਤਿ ਪ੍ਰਚਾਰਕਾਂ ਨੂੰ ਘੱਟ ਪੜ੍ਹੇ–ਲਿਖੇ ਸਮਝਣਾ – ਗੁਰਬਾਣੀ ਨਾਲੋਂ ਟੁੱਟਣ ਦੀ ਇੱਕ ਬੀਮਾਰੀ ਇਹ ਵੀ ਹੈ ਕਿ ਮਨ; ਗੁਰਬਾਣੀ ਨੂੰ ਇੱਕ ਲਿਖਤੀ ਗਿਆਨ ਵਜੋਂ ਲੈਂਦਾ ਹੈ, ਨਾ ਕਿ ਬੰਦੇ ਦੀ ਕਮਾਈ ਅਤੇ ਅਨੁਭਵ ਪੱਖੋਂ। ਅਜੋਕਾ ਸਾਇੰਸ ਯੁੱਗ ਹੋਣ ਕਾਰਨ ਬਹੁਤਾ ਪੜ੍ਹਿਆ ਲਿਖਿਆ ਵਰਗ ਗੁਰਦੁਆਰਿਆਂ ਵਿੱਚ ਹੁੰਦੀ ਗੁਰਬਾਣੀ ਵਿਚਾਰ ਤੋਂ ਇਸ ਲਈ ਦੂਰ ਰਹਿੰਦਾ ਹੈ ਕਿ ਗੁਰਮਤਿ ਪ੍ਰਚਾਰਕ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ। ਜ਼ਰਾ ਸੋਚੀਏ ਕਿ ਇਹੀ ਲੋਕ ਜਦ ਡੇਰੇਦਾਰਾਂ ਦੇ ਪੈਰੀਂ ਪੈਂਦੇ ਹਨ ਤਾਂ ਉਨ੍ਹਾਂ ਕੋਲ ਰੱਖੀਆਂ ‘ਸੰਤ, ਬ੍ਰਹਮ ਗਿਆਨੀ, ਸ੍ਰੀ 108, ਸ੍ਰੀ 1008’ ਆਦਿ ਡਿਗਰੀਆਂ ਕਿਹੜੀ ਯੂਨੀਵਰਸਿਟੀ ਵਿੱਚੋਂ ਲਈਆਂ ਹੁੰਦੀਆਂ ਹਨ ?
ਗੁਰਬਾਣੀ ਵਿੱਚ ਵਿਦਿਆ ਦੀ ਅਹਿਮੀਅਤ ਪੱਖੋਂ ਇਸ ਤਰ੍ਹਾਂ ਵਿਚਾਰ ਦਰਜ ਹਨ ‘‘ਮਨ ਸਮਝਾਵਨ ਕਾਰਨੇ; ਕਛੂਅਕ ਪੜੀਐ ਗਿਆਨ ॥ (ਭਗਤ ਕਬੀਰ ਜੀ, ਪੰਨਾ ੩੪੦), ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ (ਮ: ੧, ਪੰਨਾ ੧੪੦), ਜੋ ਪ੍ਰਾਣੀ; ਗੋਵਿੰਦੁ ਧਿਆਵੈ ॥ ਪੜਿਆ ਅਣਪੜਿਆ; ਪਰਮ ਗਤਿ ਪਾਵੈ ॥’’ (ਮ: ੫, ਪੰਨਾ ੧੯੭), ਆਦਿ।
ਗੁਰੂ ਸਾਹਿਬਾਨ ਦੀ ਵਿਚਾਰਧਾਰਾ, ਜੋ ਮਾਂ ਪਿਓ ਦੀ ਨਸੀਹਤ ਵਾਂਗ ਸਾਡੀ ਸੰਭਾਲ਼ ਕਰਦੀ ਹੈ। ਪਲ-ਪਲ ਸਾਡਾ ਮਾਰਗ ਦਰਸ਼ਨ ਕਰਦੀ ਹੈ। ਮਾਂ ਪਿਓ ਵਾਂਗ ਸਾਡੀ ਉਂਗਲ ਫੜ ਕੇ ਰੱਖਦੀ ਹੈ ਤਾਂ ਜੋ ਕਿੱਧਰੇ ਮਨੁੱਖ ਥਿੜਕ ਨਾ ਜਾਵੇ, ਪਰ ਨਾਸਮਝੀ ਕਾਰਨ ਮਨ ਫਿਰ ਵੀ ਥਿੜਕਦਾ ਰਹਿੰਦਾ ਹੈ। ਆਂਢ ਗਵਾਂਢ ਨੇ ਦੱਸਿਆ ਜੀ! ਬਹੁਤ ਬਾਣੀ ਪੜ੍ਹ ਲਈ ਜਦੋਂ ਕਈ ਸਾਲ ਇਹੋ ਕੁੱਝ ਕਰਦੇ ਰਹੇ, ਪਰ ਉਹ ਖੇਡ ਨਾ ਬਣੀ ਤਾਂ ਕਿਸੇ ਨੇ ਦੱਸਿਆ ਕਿ ਫਲਾਣੇ ਸੰਤ ਕੋਲ ਜਾਓ ਤਾਂ ਅਸੀਂ ਗਏ ਤੇ ਸਭ ਕੁੱਝ ਸਹੀ ਹੋ ਗਿਆ ਤਦ ਤੋਂ ਅਸੀਂ ਤਾਂ ਉਨ੍ਹਾਂ ਮਹਾਰਾਜ ਜੀ ਨੂੰ ਮੰਨਦੇ ਆ ਰਹੇ ਹਾਂ ਤੇ ਨਾਲੇ ਉਨ੍ਹਾਂ ਕੋਲੋਂ ਹੀ ਨਾਮ ਦਾਨ ਵੀ ਲੈ ਲਿਆ ਹੈ। ਦੇਖਾ-ਦੇਖੀ ’ਚ ਹੋਰ ਵੀ ਉਸ ਰਾਹ ਤੁਰ ਪੈਂਦੇ ਹਨ। ਇੱਕ ਪਾਸੇ ਉਨ੍ਹਾਂ ਦੀਆਂ ਗੋਲਕਾਂ ਭਰਦੀਆਂ ਜਾਂਦੀਆਂ ਹਨ ਅਤੇ ਦੂਜੇ ਪਾਸੇ ਸਿਆਸੀ ਲੋਕਾਂ ਨੂੰ ਵੋਟ ਦੇਣ ਬਦਲੇ ਸਰਕਾਰੀ ਗ੍ਰਾਂਟਾਂ ਮਿਲਣ ਨਾਲ ਸੰਤ ਮਾਲਾਮਾਲ ਹੁੰਦੇ ਜਾਂਦੇ ਹਨ, ਜਿਨ੍ਹਾਂ ਨੂੰ ਵੇਖ ਨਵੇਂ ਸੰਤ ਜਨਮ ਲੈਂਦੇ ਜਾਂਦੇ ਹਨ।
ਅਸੀਂ ਸਾਰੇ ਹੀ ਅਕਸਰ ਬੱਸਾਂ ਵਿੱਚ ਸਫਰ ਕਰਦੇ ਹਾਂ। ਰਸਤੇ ਵਿੱਚ ਜਾਂਦੇ ਟਰੱਕਾਂ ਦੇ ਪਿੱਛੇ ਲਿਖਿਆ ਹੁੰਦਾ ਹੈ ‘ਸਮੇਂ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਕਦੇ ਨਹੀਂ ਮਿਲਦਾ’। ਅਸੀਂ ਇਹ ਸਾਰੇ ਪੜ੍ਹਦੇ ਵੀ ਹਾਂ ਅਤੇ ਜਾਣਦੇ ਵੀ, ਪਰ ਭਰੋਸੇ ਦੀ ਘਾਟ ਅਤੇ ਮਾੜੀ ਕਿਸਮਤ ਨੂੰ ਬਦਲਣ ਲਈ ਗੁਰੂ ਉਪਦੇਸ਼ ਦੀ ਕਮਾਈ ਕਰਨ ਲਈ ਤਿਆਰ ਨਹੀਂ ਹੁੰਦੇ।
ਸੋ ਲੋੜ ਹੈ ਗੁਰਬਾਣੀ ਨੂੰ ਆਪ ਪੜ੍ਹ ਕੇ ਆਪਣੀਆਂ ਸਮੱਸਿਆਵਾਂ ਦੇ ਹੱਲ ਲੱਭਣ ਦੀ। ਰਹੀ ਰੱਬ ਦੀ ਪ੍ਰਾਪਤੀ ਦੀ ਗੱਲ, ਜਦੋਂ ਅਸੀਂ ਗਿਆਨਵਾਨ ਹੋ ਗਏ, ਵਿਸ਼ਾਲ ਹਿਰਦੇ ਵਾਲੇ ਹੋ ਗਏ, ਸਮਝੋ ਰੱਬ ਦੀ ਪ੍ਰਾਪਤੀ ਹੋ ਗਈ ਤੇ ਰੱਬ ਮਿਲ ਗਿਆ। ਜਦ ਤੱਕ ਅਸੀਂ ਅਗਿਆਨੀ ਹਾਂ, ਹਨੇਰੇ ਵਿੱਚ ਹਾਂ। ਮਨਸੂਰ ਦਾ ਕਥਨ ਹੈ-‘ਜਿਸ ਕਿਸਮ ਦੀ ਬੰਦਗੀ ਤੁਸੀਂ ਕਰਦੇ ਹੋ ਖੁੱਦ ਉਹੋ ਕੁੱਝ ਹੁੰਦੇ ਹੋ। ਬੁੱਤ ਪੂਜਾ ਕਰਨ ਵਾਲਾ ਆਪ ਪੱਥਰ ਹੁੰਦਾ ਹੈ ਜੇ ਮਨੁੱਖ ਦੀ ਪੂਜਾ ਕਰੋਗੇ ਤਾਂ ਮਨੁੱਖ ਹੋਵੋਗੇ ਤੇ ਜੇ ਰੱਬ ਦੀ ਬੰਦਗੀ ਕਰੋਗੇ ਤਾਂ ਤੁਸੀਂ ਕੀ ਬਣ ਜਾਵੋਗੇ, ਇਹ ਕੋਈ ਮਨਸੂਰ (ਪ੍ਰਾਪਤੀ ਕਰ ਚੁੱਕਾ ਫ਼ਕੀਰ) ਹੀ ਦੱਸ ਸਕਦਾ ਹੈ’।
- ਡੇਰੇਦਾਰਾਂ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਪੜ੍ਹ ਲਿਆ ਹੁੰਦਾ ਹੈ– ਕਹਿੰਦੇ ਨੇ ਚਿਹਰਾ ਮਨ ਦਾ ਪ੍ਰਤੀਬਿੰਬ ਹੁੰਦਾ ਹੈ। ਚਿਹਰਾ ਮਨ ਦੀ ਸਥਿਤੀ ਦੱਸ ਦਿੰਦਾ ਹੈ ਕਿ ਫਲਾਣਾ ਮਨੁੱਖ ਕਿਹੋ ਜਿਹਾ ਹੈ। ਫਿਰ ਉਸ ਨੂੰ ਓਸੇ ਤਰੀਕੇ ਨਾਲ ਗੱਲ ਬਾਤ ਕਰਕੇ ਉਸ ਦਾ ਭੇਦ ਲੈ ਲਿਆ ਜਾਂਦਾ ਹੈ ਤੇ ਫਿਰ ਬਲੈਕ ਮੇਲ ਕੀਤਾ ਜਾਂਦਾ ਹੈ। ਆਪੂੰ ਬਣੇ ਸੰਤ ਜਾਣਦੇ ਹਨ ਕਿ ਇਨ੍ਹਾਂ ਸਿੱਖਾਂ ਨੂੰ ਜਾਂ ਬਹੁਤੀ ਲੁਕਾਈ ਨੂੰ ਕੀ ਚਾਹੀਦਾ ਹੈ, ਉਹ ਓਸੇ ਹਿਸਾਬ ਨਾਲ ਚੋਗਾ ਸੁੱਟਦੇ ਹਨ। ਜਿਹੜਾ ਚੋਗਾ ਉਹ ਸੁੱਟਦੇ ਹਨ, ਉਸ ਦੀ ਦਸ਼ਾ ਗੁਰਬਾਣੀ ਦੇ ਇਨ੍ਹਾਂ ਬਚਨਾਂ ਵਰਗੀ ਹੁੰਦੀ ਹੈ ‘‘ਜਿਉ ਕੂਕਰੁ ਹਰਕਾਇਆ; ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ; ਭਖੁ ਅਭਖੁ ਸਭ ਖਾਇ ॥ ਕਾਮ ਕ੍ਰੋਧ ਮਦਿ ਬਿਆਪਿਆ; ਫਿਰਿ ਫਿਰਿ ਜੋਨੀ ਪਾਇ ॥’’ (ਮ: ੫, ਪੰਨਾ ੫੦) ਸੁਆਰਥੀ ਮਨੁੱਖ ਦੀ ਤੁਲਨਾਂ ਗੁਰੂ ਸਾਹਿਬਾਨ ਨੇ ਕੁੱਤੇ ਦੀ ਬਿਰਤੀ ਨਾਲ ਕੀਤੀ ਹੈ ਕੁੱਤੇ ਨਾਲ ਹੀ ਨਹੀਂ ਬਲਕਿ ਬਾਣੀ ਪੜ੍ਹੋ ਤਾਂ ਜਾਨਵਰਾਂ ਦੇ ਨਾਲ ਵੀ ਤੁਲਨਾਂ ਕੀਤੀ ਮਿਲਦੀ ਹੈ ਜੋ ਆਪਣੇ ਲੋਭ ਖਾਤਰ ਸਭ ਥਾਂਵਾਂ ’ਤੇ ਮੂੰਹ ਮਾਰੀ ਫਿਰਦਾ ਹੈ।
ਹਿਰਨਾਂ ਨੂੰ ਇਕੱਠੇ ਕਰਨ ਲਈ ਇੱਕ ਨਾਦ ਵਜਾਇਆ ਜਾਂਦਾ ਹੈ ਜਿਸ ਨਾਲ ਹਿਰਨ ਉਸ ਨਾਦ ਦੀ ਅਵਾਜ਼ ਸੁਣ ਕੇ ਉਸ ਵੱਲ ਦੌੜਦੇ ਹਨ। ਡੇਰੇਦਾਰ ਵੀ ਉਸ ਸ਼ਿਕਾਰੀ ਵਾਙ ਹਨ ਜੋ ਕਾਲਪਨਿਕ ਗੱਲਾਂ ਕਰਕੇ, ਝੂਠੀਆਂ ਕਹਾਣੀਆਂ ਸੁਣਾ ਕੇ, ਆਪਣੇ ਪੂਰਵਜ ਸੰਤਾਂ ਦੀ ਮਹਿਮਾ ਗਾ ਕੇ, ਚੰਗੇ ਲੰਗਰ ਪ੍ਰਬੰਧ ਕਰਕੇ ਭੋਲੀ ਭਾਲੀ ਸਿੱਖ ਸੰਗਤ ਅੱਗੇ ਲੁਭਾਉਣਾ ਨਾਦ ਵਜਾਉਂਦੇ ਹਨ, ਜਿਸ ਨਾਲ ਗੁਰਮਤਿ ਤੋਂ ਸੱਖਣੇ ਅਤੇ ਸੁਆਰਥੀ ਸੋਚ ਰੱਖਣ ਵਾਲੇ ਛੋਟੀਆਂ ਮੰਗਾਂ ਲੈ ਕੇ ਡੇਰਿਆਂ ਵੱਲ ਦੌੜਦੇ ਚਲੇ ਜਾਂਦੇ ਹਨ ਕਿਉਂਕਿ ਉਨ੍ਹਾਂ ਨੇ ਗੁਰੂ ਉਪਦੇਸ ਨੂੰ ਸਮਝਿਆ ਨਹੀਂ ਹੁੰਦਾ। ਬਾਬਾ ਕਬੀਰ ਜੀ ਅਖੌਤੀ ਸੰਤਾਂ ਬਾਰੇ ਸਮਝਾਉਂਦੇ ਹਨ, ‘‘ਗਲੀ ਜਿਨ੍ਾ ਜਪਮਾਲੀਆ; ਲੋਟੇ ਹਥਿ ਨਿਬਗ ॥ ਓਇ ਹਰਿ ਕੇ ਸੰਤ ਨ ਆਖੀਅਹਿ; ਬਾਨਾਰਸਿ ਕੇ ਠਗ ॥’’ (ਭਗਤ ਕਬੀਰ ਜੀ, ਪੰਨਾ ੪੭੬)
ਸੋ ਹਰ ਗੁਰਸਿੱਖ ਲਈ ਗੁਰਬਾਣੀ ਪੜ੍ਹਨੀ, ਵਿਚਾਰਨੀ ਅਤੇ ਹੋਰਾਂ ਨਾਲ ਸਾਂਝੀ ਕਰਨੀ ਸਾਡਾ ਫ਼ਰਜ਼ ਹੈ, ਇਸ ਬਾਰੇ ਗੁਰੂ ਬਚਨ ਹਨ, ‘‘ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ॥ ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ॥ ਹਉਮੈ ਮੈਲੁ ਨ ਚੁਕਈ; ਨਾਮਿ ਨ ਲਗੈ ਪਿਆਰੁ ॥’’ (ਮ: ੩, ਪੰਨਾ ੫੯੪), ਗੁਰ ਸਤਿਗੁਰ ਕਾ ਜੋ ਸਿਖੁ ਅਖਾਏ; ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ; ਸੋ ਗੁਰਸਿਖੁ, ਗੁਰੂ ਮਨਿ ਭਾਵੈ ॥ ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ, ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥’’ (ਮ: ੪, ਪੰਨਾ ੩੦੬)