37.8 C
Jalandhar
Wednesday, June 25, 2025
spot_img
Home Blog Page 66

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਬਣਾ ਰਿਹਾ ਹੈ ਸਿੱਖ ਇਤਿਹਾਸ ਨੂੰ ਮਿਥਿਹਾਸ

0

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਬਣਾ ਰਿਹਾ ਹੈ ਸਿੱਖ ਇਤਿਹਾਸ ਨੂੰ ਮਿਥਿਹਾਸ

ਕਿਰਪਾਲ ਸਿੰਘ ਬਠਿੰਡਾ-88378-13661

ਹਰ ਸਾਲ 1 ਜੂਨ ਤੋਂ 6 ਜੂਨ ਤੱਕ 1984 ਦੀਆਂ ਕੌੜੀਆਂ ਯਾਦਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਸ਼ਹੀਦੀ ਹਫਤਾ ਮਨਾਉਂਦੀ ਹੈ। ਇਸ ਹਫਤੇ ਦੌਰਾਨ ਦੇਸ਼ ਵਿਦੇਸ਼ ਦੇ ਹਰ ਗੁਰਦੁਆਰੇ ਵਿੱਚ ਕਥਾਕਾਰ ਅਤੇ ਪ੍ਰਚਾਰਕ ਇਹ ਗੱਲ ਅਕਸਰ ਹੀ ਕਹਿੰਦੇ ਰਹਿੰਦੇ ਹਨ ਕਿ 1984 ’ਚ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ। ਜਦੋਂ ਸਿੱਖ ਸੰਗਤਾਂ ਸ਼ਹੀਦੀ ਗੁਰਪੁਰਬ ਮਨਾਉਣ ਲਈ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸਨ ਤਾਂ ਭਾਰਤ ਸਰਕਾਰ ਨੇ ਕਰਫਿਊ ਲਗਾ ਦਿੱਤਾ ਅਤੇ 4 ਜੂਨ ਨੂੰ ਭਾਰਤੀ ਫੌਜ ਨੇ ਤੋਪਾਂ ਤੇ ਟੈਂਕਾਂ ਰਾਹੀਂ ਦਰਬਰ ਸਾਹਿਬ ’ਤੇ ਹਮਲਾ ਕਰ ਦਿੱਤਾ; 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿਢੇਰੀ ਕਰ ਦਿੱਤਾ ਅਤੇ ਸੰਤ ਜਰਨੈਲ ਸਿੰਘ ਸਮੇਤ ਸੈਂਕੜੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ।

ਇਹ ਦੋਵੇਂ ਘਟਨਾਵਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਨਾਨਕਸ਼ਾਹੀ ਕੈਲੰਡਰ ਸੰਮਤ ੫੫੧ (2019-20) ’ਚ ਕਰਮਵਾਰ ਤੀਜਾ ਘੱਲੂਘਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ (ਜੂਨ 1984) = 21 ਜੇਠ ਅਤੇ ਸ਼ਹੀਦੀ ਸੰਤ ਜਰਨੈਲ ਸਿੰਘ = 23 ਜੇਠ ਲਿਖੀਆਂ ਸਨ ਅਤੇ ਇਸ ਸਾਲ ਸੰਮਤ ੫੫੨ (2020-21) ’ਚ ਕਰਮਵਾਰ 22 ਜੇਠ ਅਤੇ 24 ਜੇਠ। ਜਿਹੜੇ ਪ੍ਰਚਾਰਕ/ਕਥਾਵਾਚਕ ਪਿਛਲੇ ਸਾਲ ਕਹਿ ਰਹੇ ਸਨ ਕਿ ਅੱਜ 4 ਜੂਨ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ 21 ਜੇਠ ਹੈ, ਉਹੀ ਪ੍ਰਚਾਰਕ/ਕਥਾਵਾਚਕ ਅੱਜ ਕਹਿ ਰਹਿ ਸਨ ਕਿ ਅੱਜ ਦਾ ਦਿਹਾੜਾ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ 22 ਜੇਠ ਨੂੰ ਵਾਪਰਿਆ। ਇਨ੍ਹਾਂ ਪ੍ਰਚਾਰਕਾਂ/ਕਥਾਵਾਚਕਾਂ ਨੂੰ ਸਨਿਮਰ ਬੇਨਤੀ ਹੈ ਕਿ ਤੁਸੀਂ ਜਾਣਦੇ ਬੁਝਦੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਬਦਨਾਮ ਨਾ ਕਰੋ; ਅਜੇਹੇ ਮੌਕਿਆਂ ’ਤੇ ਪਿਛਲੇ ਇੱਕ ਦੋ ਸਾਲਾਂ ਦੇ ਕੈਲੰਡਰ ਵੇਖ ਲਏ ਜਾਣ ਅਤੇ ਉਨ੍ਹਾਂ ਦੇ ਫਰਕ ਨੂੰ ਸਮਝਿਆ ਜਾਵੇ। ਨਾਨਕਸ਼ਾਹੀ ਕੈਲੰਡਰ ਵਿੱਚ ਇਸ ਤਰ੍ਹਾਂ ਤਰੀਖ ਨਾ ਕਦੀ ਬਦਲੀ ਹੈ ਅਤੇ ਨਾ ਹੀ ਕਦੇ ਬਦਲੇਗੀ। ਨਾਨਕਸ਼ਾਹੀ ਕੈਲੰਡਰ ਵਿੱਚ ਹਮੇਸ਼ਾਂ ਲਈ ਕਰਮਵਾਰ ਇਹ ਦੋਵੇਂ ਤਰੀਖਾਂ 21 ਤੇ 23 ਜੇਠ ਹੀ ਰਹਿਣਗੀਆਂ, ਜੋ ਸਾਂਝੇ ਸਾਲ ਵਿੱਚ ਹਰ ਸਾਲ 4 ਅਤੇ 6 ਜੂਨ ਹੀ ਰਹਿਣਗੀਆਂ। ਸਾਰੇ ਪ੍ਰਚਾਰਕਾਂ/ਕਥਾਵਾਚਕਾਂ ਨੂੰ ਭਲੀਭਾਂਤ ਪਤਾ ਹੈ ਕਿ ਅੱਜ 4 ਜੂਨ ਦੇ ਜਿਹੜੇ ਦਿਹਾੜੇ ਨੂੰ ਨਾਨਕਸ਼ਾਹੀ ਕੈਲੰਡਰ ਦੀ 22 ਜੇਠ ਦੱਸ ਰਹੇ ਹਨ ਉਹ ਨਾਨਕਸ਼ਾਹੀ ਕੈਲੰਡਰ ਦੀ ਨਹੀਂ ਬਲਕਿ ਬਿਕ੍ਰਮੀ ਕੈਲੰਡਰ ਦੀ ਹੈ ਜਿਸ ਵਿੱਚ ਅਕਸਰ ਹੀ ਇਹ ਬਦਲਦੀ ਰਹੇਗੀ। ਉਨ੍ਹਾਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਸੰਨ 3000 ਵਿੱਚ 4 ਅਤੇ 6 ਜੂਨ ਨੂੰ ਕਰਮਵਾਰ 8 ਜੇਠ ਅਤੇ 10 ਜੇਠ ਹੋਵੇਗਾ। ਉਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਹੋਵੇਗਾ, 31 ਜੇਠ ਨੂੰ ਭਾਵ ਤੀਜੇ ਘੱਲੂਘਾਰੇ ਦੀ ਤਰੀਖ 8 ਜੇਠ ਤੋਂ ਪੂਰੇ 23 ਦਿਨ ਬਾਅਦ ਵਿੱਚ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ ਇਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੀਜੇ ਘੱਲੂਘਾਰੇ ਤੋਂ 9 ਦਿਨ ਪਹਿਲਾਂ 26 ਮਈ ਨੂੰ ਲੰਘ ਚੁੱਕਾ ਹੈ ਅਤੇ 1984 ਵਿੱਚ ਕੇਵਲ 1 ਦਿਨ ਪਹਿਲਾਂ ਸੀ। ਕਥਾਕਾਰਾਂ/ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਨੂੰ ਰਲ਼ਗੱਡ ਕਰਕੇ ਸੰਗਤਾਂ ਨੂੰ ਦੁਬਿਧਾ ਵਿੱਚ ਪਾਉਣ ਤੋਂ ਗੁਰੇਜ ਕੀਤਾ ਜਾਵੇ ਅਤੇ ਅਜੇਹੇ ਮੌਕਿਆਂ ’ਤੇ ਸੱਚ ਬੋਲਿਆ ਜਾਵੇ ਕਿ ਇਹ ਤਰੀਖਾਂ ਉਸ ਸਮੇ ਤੱਕ ਅੱਗੇ ਪਿੱਛੇ ਹੁੰਦੀਆਂ ਰਹਿਣਗੀਆਂ ਜਦ ਤੱਕ ਕੌਮ ਨਾਨਕਸ਼ਾਹੀ ਕੈਲੰਡਰ ਨਹੀਂ ਅਪਣਾਅ ਲੈਂਦੀ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ/ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਅਪੀਲ ਹੈ ਕਿ ਇਹ ਪ੍ਰਚਾਰਕਾਂ/ਕਥਾਵਾਚਕਾਂ ਦਾ ਤਾਂ ਰੋਟੀ ਰੋਜ਼ੀ ਦਾ ਮਸਲਾ ਹੈ ਜਿਸ ਕਾਰਨ ਜਾਣਦੇ ਬੁਝਦੇ ਵੀ ਇਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਪਰ ਤੁਹਾਡੀ ਕੀ ਮਜ਼ਬੂਰੀ ਹੈ ਕਿ ਤੁਸੀਂ ਦੋਵੇਂ ਧਿਰਾਂ ਰਲ਼ ਕੇ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਨੂੰ ਤਾਂ ਮਿਥਿਹਾਸ ਬਣਾ ਹੀ ਰਹੇ ਹੋ; ਇਨ੍ਹਾਂ ਗ਼ਰੀਬ ਪ੍ਰਚਾਰਕਾਂ ਨੂੰ ਵੀ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਕੋਈ ਪ੍ਰਚਾਰਕ ਸੱਚ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਛੁੱਟੀ ਕਰਨ ਦੇ ਡਰਾਵੇ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਤੁਸੀਂ ਸਾਰੇ ਯਾਦ ਰੱਖੋ ਕਿ ਜਦੋਂ ਤੱਕ ਕਿਸੇ ਕੌਮ ਦੇ ਪ੍ਰਚਾਰਕ ਅਤੇ ਆਗੂ ਸ਼ਰੇਆਮ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣਗੇ ਤਾਂ ਉਹ ਕੌਮ ਕਦਾਚਿਤ ਵੀ ਸੱਚ ਦੀ ਧਾਰਨੀ ਨਹੀਂ ਬਣ ਸਕਦੀ।

ਇਸ ਨਿੱਘਰੀ ਕੌਮੀ ਹਾਲਤ ਲਈ ਜ਼ਿੰਮੇਵਾਰ ਅਸੀਂ ਸਾਰੇ ਵੀ ਘੱਟ ਨਹੀਂ ਹਾਂ ਜੋ ਝੂਠ ਸੁਣਨ ਅਤੇ ਹਜ਼ਮ ਕਰਨ ਦੇ ਆਦੀ ਹੋ ਗਏ ਹਾਂ। ਹਰ ਵੀਰ ਭੈਣ ਜਿਸ ਪਾਸ ਮੇਰੀ ਇਹ ਬੇਨਤੀ ਪਹੁੰਚਦੀ ਹੈ ਉਹ ਇਸ ਨੂੰ ਇੰਨਾ ਸ਼ੇਅਰ ਕਰੇ ਕਿ ਸਾਡੇ ਕੌਮੀ ਆਗੂਆਂ ਅਤੇ ਪ੍ਰਚਾਰਕਾਂ ਦੇ ਬੋਲ਼ੇ ਕੰਨਾਂ ਤੱਕ ਇਸ ਦੀ ਗੂੰਜ ਪੈ ਸਕੇ ਤਾਂ ਕਿ ਉਹ ਕੁੰਭਕਰਨ ਦੀ ਨੀਂਦ ਤੋਂ ਜਾਗ ਕੇ ਕੌਮੀ ਹਿੱਤਾਂ ਲਈ ਕੁਝ ਸੋਚਣਾ ਸ਼ੁਰੂ ਕਰ ਦੇਣ।

ਸਰਕਾਰ ਅਤੇ ਸਮਾਜ ਦਾ ਆਦਰਸ਼ ਆਚਰਣ ਹੀ ਪੰਜਾਬ ਦਾ ਖ਼ਜ਼ਾਨਾ ਭਰੇਗਾ

0

ਸਰਕਾਰ ਅਤੇ ਸਮਾਜ ਦਾ ਆਦਰਸ਼ ਆਚਰਣ ਹੀ ਪੰਜਾਬ ਦਾ ਖ਼ਜ਼ਾਨਾ ਭਰੇਗਾ

ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ- 95920-93472

panthaknagara@gmail.com

ਮਨੁੱਖ ਦੀਆਂ ਜਨਮ ਤੋਂ ਮੌਤ ਦੀ ਯਾਤਰਾ ਤੱਕ ਮੁੱਢਲੀਆਂ ਲੋੜਾਂ ਹੁੰਦੀਆਂ ਹਨ। ਚੰਗੀ ਸਿਹਤ, ਸਿੱਖਿਆ, ਸੁਰੱਖਿਆ, ਸਨਮਾਨ, ਸੁਤੰਤਰਤਾ, ਸਮਾਨਤਾ, ਅਮਨ ਤੇ ਚੰਗਾ ਨਿਆਂ; ਜਿਹੀਆਂ ਕਈ ਆਸਾਂ ਨਾਲ ਬੰਦਾ ਜ਼ਿੰਦਗੀ ਜ਼ਿਊਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੁਪ੍ਰਬੰਧ ਵਿਵਸਥਾਵਾਂ ਕਾਰਨ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹੀ ਨਹੀਂ ਹਨ। ਦੂਸਰਾ ਤ੍ਰਿਸ਼ਨਾ ਗ੍ਰਸੇ ਮਨੁੱਖ ਦੇ ਸੁਆਸ ਮੁੱਕ ਜਾਂਦੇ ਹਨ ਪਰ ਆਸਾਵਾਂ ਨਹੀਂ ਮੁੱਕਦੀਆਂ। ਹਾਲਾਂ ਕਿ ਕੁਦਰਤ ਮਾਂ ਦੀ ਤਰ੍ਹਾਂ ਵਿਵਹਾਰ ਕਰਦੀ ਹੈ; ਜਿਵੇਂ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੁੱਧ ਦੀ ਮਾਲਕ ਬਣੀ ਬੈਠੀ ਹੁੰਦੀ ਹੈ। ਕੁਦਰਤ ਪਾਲਣ ਪੋਸ਼ਣ ਕਰਦੀ ਥੱਕਦੀ ਨਹੀਂ। ਮਨੁੱਖ ਨੂੰ ਇਹ ਬੜੀ ਵੱਡੀ ਪੂੰਜੀ ਮਿਲੀ ਹੁੰਦੀ ਹੈ। 

ਆਮ ਧਾਰਨਾ ਅਨੁਸਾਰ ਧਨ ਅਤੇ ਪਦਾਰਥਕ ਪ੍ਰਾਪਤੀ ਨੂੰ ਪੂੰਜੀ ਦੀ ਪ੍ਰਾਪਤੀ ਮੰਨਿਆ ਜਾਂਦਾ ਹੈ। ਪੂੰਜੀ ਦਾ ਸੰਬੰਧ ਅਰਥਚਾਰੇ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ। ਕਦੇ ਕਿਤੇ ਪੂੰਜੀਵਾਦ, ਸਮਾਜਵਾਦ ਅਤੇ ਸਾਮਵਾਦ ਦੇ ਤਜ਼ਰਬੇ ਹੋਏ, ਜੋ ਕੌੜੇ ਤੇ ਖੱਟੇ ਸਿੱਧ ਹੋਏ। ਕਿਤੇ ਡਿਜੀਟਲ ਦੇਸ਼ ਤੇ ਡਿਜੀਟਲ ਅਰਥਚਾਰੇ ਦੀ ਸਿਰਜਣਾ ਲਈ ਸਿਹਰਾਬੰਦੀ ਹੋ ਰਹੀ ਹੈ, ਪਰ ਆਰਥਿਕ ਅਸਮਾਨਤਾ ਅਸਮਾਨ ’ਤੇ ਹੈ। ਅਸਲ ਵਿੱਚ ਪੂੰਜੀ ਧਰਮ, ਅਰਥ, ਗਿਆਨ, ਵਿਗਿਆਨ, ਤਕਨੀਕਾਂ, ਸੱਤਾ, ਸਮਾਜਕ ਰਿਸ਼ਤਿਆਂ ਅਤੇ ਕੁਦਰਤੀ ਰਿਸ਼ਤਿਆਂ ਇਤਿਆਦਿਕ ਵਿਚਕਾਰ ਇਕ ਗੱਡੀ ਹੈ। ਮਨੁੱਖ ਜਿੰਨਾ ਕੁ ਗਿਆਨਵਾਨ ਹੈ, ਉਸ ਅਨੁਸਾਰ ਪੂੰਜੀ ਦੀ ਗੱਡੀ ਨੂੰ ਦਿਸ਼ਾ ਦਿੰਦਾ ਹੈ। ਜੇਕਰ ਮਨੁੱਖ ਨੈਤਿਕਤਾ ਦਾ ਮਾਲਕ ਹੈ ਤਾਂ ਉਹ ਗੱਡੀ ਨੂੰ ਬਤੌਰ ਸਫਲ ਅਰਥ ਸ਼ਾਸਤਰੀ, ਸਫਲ ਵਪਾਰੀ ਤੇ ਸਫਲ ਸੱਤਾਧਾਰੀ; ਕੁਦਰਤ ਮੁਖੀ ਰਸਤੇ ’ਤੇ ਰੱਖਦਾ ਹੈ। ਇਹ ਗੱਡੀ ਅਨੰਦ ਤੇ ਖੇੜੇ ਦਾ ਮਾਲ ਵੰਡਦੀ ਹੈ। ਇਸ ਪੂੰਜੀ ਦੀਆਂ ਜੜ੍ਹਾਂ ਸਮਾਜਕਤਾ ਦੀ ਧਰਤੀ ਵਿੱਚ ਹੁੰਦੀਆਂ ਹਨ। ਕਿਸੇ ਵੀ ਵਿਕਾਸ ਪ੍ਰਕਿਰਿਆ ਵਿੱਚ ਉਨ੍ਹਾਂ ਤੱਤਾਂ ਦੀ ਵੀ ਬਹੁਤ ਮਹੱਤਤਾ ਹੁੰਦੀ ਹੈ ਜੋ ਆਰਥਿਕ ਨਹੀਂ ਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਸ ਨੂੰ ਸਾਬਤ ਪੂੰਜੀ ਦੇ ਨਾਮ ਨਾਲ ਨਿਵਾਜਿਆ ਹੋਇਆ ਹੈ। ਜਿਸ ਵਿੱਚ ਸੱਚੇ ਵਣਜ ਵਪਾਰ ਦਾ ਸਿਧਾਂਤ ਲਾਗੂ ਹੈ। ਇਸ ਵਿੱਚ ਸੁਰਤਿ, ਮਤਿ, ਮਨ ਅਤੇ ਬੁਧਿ ਦੀ ਸਾਂਝ ਵਾਲੀ ਸਾਇੰਸ ਹੈ। ਜਿਸ ਸਦਕਾ ਸੱਚੀ ਸੁੱਚੀ ਕਿਰਤ ਕਰਕੇ ਪ੍ਰਾਪਤ ਹੋਈ ਪੂੰਜੀ ਕਾਰਨ ਕਰਤੇ ਦੀ ਯਾਦ ਅਤੇ ਕੀਰਤੀ ਬਣੇ ਰਹਿੰਦੇ ਹਨ। ਇਹ ਨਾਨਕਵਾਦ ਹਰ ਇਕ ਕਣ ਦੀ ਮਹੱਤਤਾ ਦਾ ਅਹਿਸਾਸ ਕਰਾਉਂਦਿਆਂ ਉਸ ਪ੍ਰਤੀ ਜ਼ਿੰਮੇਵਾਰੀ ਤੈਅ ਕਰਦਾ ਹੈ। ਆਦਰਸ਼ਕ ਵਾਕ ‘ਜੋ ਜੀਅ ਆਵੇ ਸੋ ਰਾਜੀ ਜਾਵੇ’ ਦੀ ਦਰਿਆਦਿਲੀ ਬਖ਼ਸ਼ਦਾ ਹੈ। ਪਰਾਏ ਹੱਕ ਨੂੰ ਮਾਰਨ ਦੀ ਮਨਾਹੀ ਹੈ।

ਇਹ ਨਾਨਕਵਾਦ ਹਰ ਸਮਾਜਕ-ਆਰਥਕ ਵਿਕਾਸ ਨੂੰ ਸਿਖ਼ਰ ਦੀ ਸਫ਼ਲਤਾ ਦੇਣ ਦਾ ਗੁਣ ਰੱਖਦਾ ਹੈ। ਉਹ ਵਿਸ਼ੇਸ਼ ਗੁਣ ਹੈ ਜੋ ਇਕੋ ਸਮੇਂ ਮਨੁੱਖ ਦੀ ਰੂਹਾਨੀ ਤੇ ਸੰਸਾਰੀ ਜ਼ਿੰਦਗੀ ਨੂੰ ਸੰਬੋਧਨ ਹੁੰਦਾ ਹੈ। ਨਿਰੰਕਾਰੀ ਵੀ ਤੇ ਸੰਸਾਰੀ ਖ਼ਜ਼ਾਨੇ ਦੀ ਲੋੜ, ਕਦਰ ਤੇ ਪਹਿਰੇਦਾਰ ਪਹੁੰਚ ਦੀ ਅਹਿਮੀਅਤ ਦਾ ਗਿਆਨ ਪ੍ਰਗਟਾਉਂਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਕਮਾਲ ਦੀ ਜੁਗਤਿ ਸੰਸਾਰੀ ਜੀਵ ਦੇ ਸਾਹਮਣੇ ਰੱਖੀ ਹੈ : ‘‘ਹਮ ਧਨਵੰਤ; ਭਾਗਠ ਸਚ ਨਾਇ ॥  ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥ ਪੀਊ ਦਾਦੇ ਕਾ; ਖੋਲਿ ਡਿਠਾ ਖਜਾਨਾ ॥  ਤਾ ਮੇਰੈ ਮਨਿ; ਭਇਆ ਨਿਧਾਨਾ ॥੧॥  ਰਤਨ ਲਾਲ; ਜਾ ਕਾ ਕਛੂ ਨ ਮੋਲੁ ॥  ਭਰੇ ਭੰਡਾਰ ਅਖੂਟ ਅਤੋਲ ॥੨॥  ਖਾਵਹਿ ਖਰਚਹਿ; ਰਲਿ ਮਿਲਿ ਭਾਈ ॥  ਤੋਟਿ ਨ ਆਵੈ; ਵਧਦੋ ਜਾਈ ॥੩॥  ਕਹੁ ਨਾਨਕ ! ਜਿਸੁ ਮਸਤਕਿ; ਲੇਖੁ ਲਿਖਾਇ ॥ ਸੁ ਏਤੁ ਖਜਾਨੈ; ਲਇਆ ਰਲਾਇ ॥੪॥’’ (ਮਹਲਾ ੫/੧੮੬)

ਕਾਦਰ-ਕੁਦਰਤ ਦੇ ਮਹਾਨ ਖ਼ਜ਼ਾਨੇ ਦਾ ਕਦਰਦਾਨ ਹੀ ਪੀਊ ਦਾਦੇ ਦੇ ਅਮੀਰ ਖ਼ਜ਼ਾਨੇ ਦਾ ਲਾਹਾ ਲੈਂਦਾ ਹੈ। ਖੋ-ਖਿੱਚ ਦੀ ਥਾਂ ਸਭ ਨਾਲ ਰਲ਼ ਮਿਲ਼ ਕੇ ਖਾਂਦਾ ਤੇ ਖਰਚਦਾ ਹੈ। ਜਿਸ ਕਰਕੇ ਖ਼ਜ਼ਾਨੇ ਵਿੱਚ ਤੋਟ ਨਹੀਂ ਆਉਂਦੀ ਬਲਕਿ ਵਧਦਾ ਜਾਂਦਾ ਹੈ। ਕੀ ਇਸ ਉੱਤਮ ਵਿਚਾਰ ਤੋਂ ਬਿਨਾਂ ਕਿਸੇ ਦੇਸ਼ ਦੀ ਅਰਥ ਵਿਵਸਥਾ ਅਤੇ ਅਰਥ ਸੰਸਥਾਵਾਂ ਨੂੰ ਬਚਾਇਆ ਜਾ ਸਕਦਾ ਹੈ ? ਕਦੇ ਵੀ ਨਹੀਂ। 

ਪਰ ਜਦੋਂ ਮਨੁੱਖ ਗੈਰਕੁਦਰਤੀ ਸਿਰਜਤ ਮੰਡੀ ਵਿੱਚ ਅਤੇ ਨਿੱਜੀ ਮਰਜ਼ੀ ਵੱਲ ਗੱਡੀ ਤੋਰ ਲੈਂਦਾ ਹੈ ਤਾਂ ਇਹ ਪੂੰਜੀ ਕੂੜੀ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਹਨ : ‘‘ਕੂੜੀ ਰਾਸਿ; ਕੂੜਾ ਵਾਪਾਰੁ ॥ ਕੂੜੁ ਬੋਲਿ; ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ; ਦੂਰਿ ॥ ਨਾਨਕ! ਕੂੜੁ ਰਹਿਆ ਭਰਪੂਰਿ ॥’’ (ਆਸਾ ਕੀ ਵਾਰ/ ਮਹਲਾ ੧/੪੭੨) ਤ੍ਰਿਸ਼ਨਾਲੂ ਮਨੁੱਖ ਨੇ ਹਰ ਪੂੰਜੀ ਜਾਂ ਖ਼ਜ਼ਾਨੇ ਦੇ ਮੂਲ ਸਰੋਤ ਕੁਦਰਤ ਅਤੇ ਕੁਦਰਤ ਦੇ ਸੋਮਿਆਂ ਨੂੰ ਬੜੀ ਨਿਰਦਇਤਾ ਨਾਲ ਲੁੱਟਿਆ ਹੈ। ਜਿਸ ਦੇ ਨਤੀਜੇ ਵਜੋਂ ਸੰਸਾਰ ਟਿਕਾਉ ਵਿੱਚ ਨਹੀਂ ਹੈ, ਬਲਕਿ ਡਾਵਾਂਡੋਲ ਹੈ।

ਕਰੋਨਾ ਵਾਇਰਸ ਨੇ ਸੰਸਾਰ ਦੀ ਆਰਥਿਕਤਾ ਡੋਲਣ ਲਾ ਦਿੱਤੀ ਹੈ। ਸਾਰੇ ਦੇਸ਼ਾਂ ਦੇ ਮੁਖੀ ਆਪਣੇ-ਆਪਣੇ ਢੰਗ ਨਾਲ ਦੇਸ਼ ਦੀ ਆਰਥਿਕਤਾ ਉੱਤੇ ਪੈਣ ਵਾਲੇ ਜਾਂ ਪੈ ਚੁੱਕੇ ਪ੍ਰਭਾਵ ਦਾ ਮੁਲਾਂਕਣ ਕਰ ਰਹੇ ਹਨ। ਭਾਰਤ ਦੇਸ਼ ਦਾ ਅਰਥਚਾਰਾ ਮਹਾਂਮਾਰੀ ਦੀ ਮਾਰ ਤੋਂ ਪਹਿਲਾਂ ਹੀ ਡਗਮਗਾ ਰਿਹਾ ਸੀ। ਦੇਸ਼ ਦੀ ਜਿਸ ਜੀ. ਡੀ. ਪੀ. ਦੇ 8 ਪ੍ਰਤੀਸ਼ਤ ਹੋਣ ਦੇ ਦਮਗਜੇ ਮਾਰੇ ਜਾ ਰਹੇ ਸਨ। ਉਹ ਅੱਜ 4.5 ਪ੍ਰਤੀਸ਼ਤ ਹੈ। ਇਸ ਸੰਭਾਵੀ ਭਿਆਨਕ ਸਥਿਤੀ ਦੀ ਭਵਿੱਖਬਾਣੀ ਅਰਥ ਸ਼ਾਸਤਰੀ ਕਰਦੇ ਆ ਰਹੇ ਸਨ। ਇਸ ਭਵਿੱਖਬਾਣੀ ਦੇ ਸੱਚ ਹੋਣ ਦੀ ਸਥਿਤੀ ਦੇ ਨਾਲ ਹੀ ਮਹਾਂਮਾਰੀ ਦੀ ਸ਼ਮੂਲੀਅਤ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਨਅਤ ਕਾਰੋਬਾਰ, ਵਪਾਰ, ਸਰਵਿਸ, ਕਿਸਾਨ, ਮਜ਼ਦੂਰ ਖੇਤਰ ਹੀ ਨਹੀਂ ਬਲਕਿ ਧਾਰਮਕ, ਵਿਦਿਅਕ ਅਤੇ ਸਮਾਜਕ ਖੇਤਰ ਵੀ ਆਰਥਕ ਮੰਦਵਾੜੇ ਨੇ ਪੜ੍ਹਨੇ ਪਾਏ ਹੋਏ ਹਨ।

ਪੰਜਾਬ ਦਾ ਖ਼ਜ਼ਾਨਾ ਤਾਂ ਦਹਾਕਿਆਂ ਤੋਂ ਕਰਜ਼ਾਈ ਹੈ ਮੁਢਲੀਆਂ ਸਿੱਖਿਆ ਸੇਵਾਵਾਂ, ਸਿਹਤ ਸੇਵਾਵਾਂ ਅਤੇ ਰੋਜ਼ਗਾਰ ਸੇਵਾਵਾਂ ਪਹਿਲ ਦੇ ਆਧਾਰਤੇ ਨਿਭਾਉਣ ਦੀ ਥਾਂ ਖਾਲੀ ਠੂਠੇ ਦੀਆਂ ਲੇਲੜੀਆਂ ਕੱਢਣੀਆਂ ਹੀ ਲਿਆਕਤ ਹੈ ਸੂਬੇ ਦੀ ਪੰਜਾਬ ਸਰਕਾਰਾਂ ਦੀਆਂ ਭਾਈਭਤੀਜਾਵਾਦ ਅਤੇ ਨਿੱਜਵਾਦ ਨੂੰ ਸੇਧਿਤ ਆਰਥਿਕ ਨੀਤੀਆਂ ਕਾਰਨ ਅੱਜ ਪੰਜਾਬ ਕਰੀਬ ਡੇਢ ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਾ ਹੈ ਇਸ ਤਰਾਸਦੀ ਨੂੰ ਪੜ੍ਹਦਿਆਂ, ਸੁਣਦਿਆਂ ਤੇ ਵੇਖਦਿਆਂ ਸਾਡੇ ਵਰਗਾ ਜਨਸਾਧਾਰਨ ਵੀ ਇਸ ਚਿੰਤਾ ਦਾ ਪਾਤਰ ਬਣ ਰਿਹਾ ਹੈ ਧੁਰ ਅੰਦਰੋਂ ਪਹਿਲਾ ਸਵਾਲ ਨਿੱਕਲਦਾ ਹੈ ਕਿ ਕੀ ਕੋਈ ਵੀ ਰਾਜਸੀ ਧਿਰ ਪੰਜਾਬ ਪ੍ਰਤੀ ਇਮਾਨਦਾਰ ਹੈ? ਜੇ ਰਾਜਸੀ ਧਿਰਾਂ ਰੂਹਾਨੀਅਤ ਤੋਂ ਪ੍ਰੇਰਿਤ ਤੇ ਇਮਾਨਦਾਰ ਹੁੰਦੀਆਂ ਤਾਂ ਪੰਜਾਬ ਦੀ ਸਥਿਤੀ ਅਜਿਹੀ ਨਹੀਂ ਹੋਣੀ ਸੀ ਪੰਜਾਬ ਦੇ ਖ਼ਜ਼ਾਨੇ ਦੀ ਸਵੈਨਿਰਭਰਤਾ ਦੀ ਕਹਾਣੀ ਵੀ ਪੜ੍ਹਨੀ ਹੋਵੇ ਤਾਂ ਲੱਭਣੀ ਔਖੀ ਹੈ   

ਜਿਸ ਸੂਬੇ ਦੇ ਮੁਲਾਜ਼ਮ ਹੱਕਾਂ ਲਈ ਲੰਮਾ ਲੰਮਾ ਸਮਾਂ ਸੜਕਾਂ ’ਤੇ ਲੋਹੇ ਲਾਖ਼ੇ ਹੋ ਤੜਫ਼ਦੇ ਰਹਿਣਗੇ, ਉਹ ਕਿਵੇਂ ਸੂਬੇ ਦੇ ਹਿਤ ਵਿੱਚ ਆਪਣੀ ਸ਼ਕਤੀ ਲਾ ਸਕਦੇ ਹਨ। ਪੰਜਾਬ ਦੇ ਸਾਰੇ ਕਿੱਤਾਕਾਰੀ ਵਰਗਾਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਕਾਰਖ਼ਾਨੇਦਾਰਾਂ ਲਈ ਬੜਾ ਗੰਭੀਰ ਹੋਣਾ ਪਵੇਗਾ। ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਨੂੰ ਵਿਧੀਵਤ ਢੰਗ ਨਾਲ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਕੁਝ ਸਮਾਂ ਵਿਰੋਧ ਲਈ ਵਿਰੋਧ ਛੱਡ ਕੇ ਪੰਜਾਬ ਦੇ ਹੱਕ ਵਿੱਚ ਹੋ ਜਾਈਏ, ਸਰਕਾਰ ਪਹਿਲ ਕਰੇ।  ਪੰਜਾਬ ਸਰਕਾਰ ਨੇ ਸਿਹਤਮੰਦ ਆਰਥਿਕਤਾ ਲਈ ਨਾਮਵਰ ਅਰਥ ਸ਼ਾਸਤਰੀਆਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਪਰ ਏਥੇ ਇਕ ਵੱਡਾ ਸਵਾਲ ਜਾਂ ਸ਼ੰਕਾ ਰਹੇਗਾ ਕਿ ਇਹ ਕਮੇਟੀ ਕਿਤੇ ਕਾਰਪੋਰੇਟ ਸੈਕਟਰ ਪੱਖੀ ਯੋਜਨਾਬੰਦੀ ਵੱਲ ਤਾਂ ਨਹੀਂ ਖੜ੍ਹੇਗੀ ਜਦ ਕਿ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਵਿਸ਼ਵ ਨੂੰ ਕੋਆਪ੍ਰੇਟਿਵ ਮਾਡਲ ਦੀ ਲੋੜ ਹੈ ਪੰਜਾਬ ਦੇ ਖ਼ਜ਼ਾਨੇ ਨੂੰ ਕੋਆਪਰੇਟਿਵ ਮਾਡਲ ਰਾਹੀਂ ਹੀ ਭਰਪੂਰ ਕੀਤਾ ਜਾ ਸਕਦਾ ਹੈ

ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ਲਈ ਪੰਜਾਬ ਸਰਕਾਰ ਤੇ ਸਮੁੱਚੇ ਢਾਂਚੇ ਨੂੰ ਆਦਰਸ਼ ਆਚਰਣ ਦੇ ਧਾਰਨੀ ਬਣਨਾ ਹੋਵੇਗਾ। ਸਭ ਤੋਂ ਪਹਿਲਾਂ ਪੰਜਾਬ ਦੇ ਰਾਜਨੀਤਕ ਲੋਕ ਜੋ ਸੱਤਾ ਦਾ ਹਿੱਸਾ ਰਹਿ ਚੁੱਕੇ ਹਨ ਜਾਂ ਹਨ ਉਹ ਵੀ ਐਲਾਨ ਕਰ ਦੇਣ ਕਿ ਅਸੀਂ 10 ਸਾਲ ਪੰਜਾਬ ਸੇਵਕ ਬਣ ਕੇ ਕੰਮ ਕਰਾਂਗੇ। ਸਰਕਾਰੀ ਖ਼ਜਾਨੇ ਵਿੱਚੋਂ ਨਾ ਤਨਖਾਹ ਲਵਾਂਗੇ ਅਤੇ ਨਾ ਹੀ ਪੈਨਸ਼ਨ ਪ੍ਰਾਪਤ ਕਰਾਂਗੇ ਵਿਧਾਇਕ ਕੇਵਲ ਇਕ ਪੈਨਸ਼ਨ ਲੈਣੀ ਵੀ ਪਾਪ ਸਮਝ ਲੈਣਪੰਜਾਬ ਤੋਂ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਮਿਲਦੀ ਪੈਨਸ਼ਨ ਪੰਜਾਬ ਨੂੰ ਭੇਟਾ ਕਰਨ ਸਿਆਸੀ ਲੋਕਾਂ ਅਤੇ ਅਫ਼ਸਰਾਂ ਦੀ ਸੁਰੱਖਿਆਤੇ ਰੁੜ੍ਹਦੇ ਧਨ ਨੂੰ ਬਚਾ ਕੇ ਪੰਜਾਬ ਦੇ ਲੇਖੇ ਲਾਇਆ ਜਾ ਸਕਦਾ ਹੈ ਸੁਰੱਖਿਆ ਛਤਰੀਆਂ ਦੀ ਛਾਂ ਮਾਣਨ ਵਾਲੇ ਲੋਕ ਅਕਸਰ ਵਿਦੇਸ਼ਾਂ ਦੇ ਦੌਰੇ ਕਰਦੇ ਹਨ, ਇਹ ਵਿਦੇਸ਼ਾਂ ਵਿਚਲੀ ਸੁਰੱਖਿਆ ਪ੍ਰਣਾਲੀ ਤੋਂ ਕੋਈ ਸਿੱਖਿਆਦਾਨ ਪ੍ਰਾਪਤ ਕਰ ਸਕਦੇ ਹਨ

ਦੂਸਰਾ ਪੰਜਾਬ ਦੇ ਸਰਕਾਰੀ ਤੰਤਰ ਵਿੱਚ ਕੰਮ ਕਰਦੇ ਦਾਨੇ ਅਕਲਦਾਨ ਅਫ਼ਸਰ ਆਪਣੇ ਆਪ ਨੂੰ ਸਿੱਧ ਕਰਨ ਕਿ ਪੰਜਾਬ ਦੇ ਸੁਘੜ ਸਿਆਣੇ ਪੁੱਤਰ ਧੀਆਂ ਹਨ। ਐਲਾਨ ਕਰਨ ਕਿ ਅਸੀਂ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸੇਵਾ ਕਰਾਂਗੇ। ਅਗਰ ਇਹ ਵਰਗ ਪੰਜਾਬ ਦੀ ਆਰਥਕ ਹੋਣੀ ਨੂੰ ਸੰਵਾਰਨ ਲਈ ਪੂਰੀ ਦ੍ਰਿੜ੍ਹਤਾ ਨਾਲ ਸੰਕਲਪ ਲੈ ਲੈਂਦਾ ਹੈ ਤਾਂ ਠੇਕੇਦਾਰੀ ਪ੍ਰਬੰਧਾਂ ਕਾਰਨ ਖ਼ੁਰਦ ਬੁਰਦ ਹੁੰਦੇ ਕਰੋੜਾਂ ਦੀ ਬੱਚਤ ਹੋ ਸਕੇਗੀ।

ਤੀਸਰਾ ਸਮਾਜ ਦਾ ਵੀ ਬੜਾ ਵੱਡਾ ਫ਼ਰਜ਼ ਹੈ ਕਿ ਜਿਸ ਖੂਹ ਤੋਂ ਪਾਣੀ ਪੀਂਦੇ ਹਾਂ ਉਸ ਦੇ ਸੋਕੇ ਨੂੰ ਦੂਰ ਕਰਨਾ ਆਪਣਾ ਫ਼ਰਜ਼ ਸਮਝੀਏ। ਪੰਜਾਬ ਸਰਕਾਰ ਤੋਂ ਸੇਵਾ ਮੁਕਤ ਸਬਰ-ਸੰਤੋਖੀ ਲੋਕਾਂ ਦਾ ਕਹਿਣਾ ਹੈ ਕਿ ਲੱਖ-ਲੱਖ ਰੁਪਿਆ ਪੈਨਸ਼ਨ ਲੈਂਦਿਆਂ ਸਾਨੂੰ ਸਾਲਾਨਾ ਵਧਦੇ ਭੱਤੇ ਨਹੀਂ ਮਿਲਣੇ ਚਾਹੀਦੇ। ਇਹ ਗਰੀਬਾਂ ਤੇ ਲੋੜਵੰਦਾਂ ਦੀ ਰੋਟੀ ਰੋਜ਼ੀ ਦੇ ਵਸੀਲੇ ਪੈਦਾ ਕਰਨ ਲਈ ਜਾਣੇ ਚਾਹੀਦੇ ਹਨ। ਅਜਿਹੀ ਉੱਚੀ ਸੁੱਚੀ ਸੋਚ ਵਾਲੇ ਰਾਹ-ਦਸੇਰਾ ਬਣ ਕੇ ਕਾਫ਼ਲਾ ਬਣਾ ਸਕਦੇ ਹਨ। ਜੇਕਰ ਇਹ ਲੋਕ ਸਾਲਾਨਾ ਭੱਤਾ ਵਾਧਾ ਤਿਆਗ ਦੇਂਦੇ ਹਨ ਅਤੇ ਮਿਲਦੀ ਪੈਨਸ਼ਨ ਦਾ ਦਸਵਾਂ ਹਿੱਸਾ ਪੰਜਾਬ ਦੇ ਖ਼ਜਾਨੇ ਵਿੱਚ ਪਾਉਣਾ ਅਰੰਭ ਕਰ ਦਿੰਦੇ ਹਨ ਤਾਂ ਆਸਰਾ ਮਿਲ ਸਕਦਾ ਹੈ। ਵਿਦੇਸ਼ਾਂ ਵਿੱਚ ਵਸ ਚੁੱਕੇ ਸੇਵਾ-ਮੁਕਤ ਲੋਕ ਸਿੱਧੀ ਸੇਵਾ ਭੇਟ ਕਰਨ ਦੀ ਸਹਿਮਤੀ ਦਰਜ ਕਰਾ ਸਕਦੇ ਹਨ। ਪੰਜਾਬ ਅੰਦਰ ਸੇਵਾ ਕਰ ਰਹੇ ਅਤੇ ਸੇਵਾ-ਮੁਕਤ ਪੰਜਾਬ ਹਿਤੈਸ਼ੀਆਂ ਨੂੰ ਹੱਥ ਜੋੜ ਬੇਨਤੀ ਹੈ ਕਿ ਪ੍ਰਸਪਰ ਹਮਦਰਦੀ ਤੇ ਸੁਹਿਰਦਤਾ ਬਿਨਾਂ ਕੋਈ ਵੀ ਢਾਂਚਾ, ਵਿਵਸਥਾ ਜਾ ਵਿਚਾਰਧਾਰਾ ਅਧੂਰੇ ਹਨ। ਅਧੂਰੇ ਖ਼ਜ਼ਾਨੇ ਕੰਗਾਲੀ ਹਨ।

ਆਓ ਪੰਜਾਬ ਨੂੰ ਆਪਣਾ ਪੰਜਾਬ ਮੰਨ ਲਈਏ। ਇਸ ਦੀ ਆਰਥਿਕਤਾ ਅਤੇ ਵਿਕਾਸ ਲਈ ਖੁਦ ਨੂੰ ਪੇਸ਼ ਕਰੀਏ। ਪੰਜਾਬ ਦੀ ਨੌਜਵਾਨੀ ਦੇ ਵਸਣ ਰਸਣ ਲਈ ਕੋਈ ਮੌਕੇ ਬਣਾ ਦੇਈਏ। ਪੰਜਾਬ ਵਿੱਚੋਂ ਵਿਦੇਸ਼ੀ ਪੜ੍ਹਾਈ ਦੇ ਨਾਂ ’ਤੇ 40 ਤੋਂ 50 ਹਜ਼ਾਰ ਕਰੋੜ ਵਿਦੇਸ਼ਾਂ ਨੂੰ ਜਾ ਰਿਹਾ ਹੈ।

ਪੰਜਾਬ ਸਰਕਾਰ ਕੇਵਲ ਸ਼ਰਾਬ ਦੀ ਆਮਦਨ ਦੇ ਮਾਨਵ-ਵਿਰੋਧੀ ਵਰਤਾਰੇ ਨੂੰ ਤਿਆਗ ਕੇ ਉੱਚੇ ਸੁੱਚੇ ਸਰੋਤਾਂ ਦਾ ਸਹਾਰਾ ਲਵੇ ਅਤੇ ਨਸ਼ਿਆਂ ਨਾਲ ਹੁੰਦੀ ਅਗਿਣਵੀਂ ਤਬਾਹੀ ਤੋਂ ਬਚਾਅ ਕਰੇ। ਸਿੱਖਿਆ ਖੇਤਰ ਅਤੇ ਸਿਹਤ ਖੇਤਰ ਅੰਦਰ ਸਰਕਾਰੀ ਆਮਦਨ ਦੇ ਵਸੀਲੇ ਪੈਦਾ ਕਰਨ ਲਈ ਗੁਆਚੀ ਭਰੋਸੇਯੋਗਤਾ ਨੂੰ ਬਹਾਲ ਕਰੇ।

ਪੰਜਾਬ ਦਾ ਖ਼ਜਾਨਾ ਭਰ ਸਕਦਾ ਹੈ। ਲੋੜ ਹੈ ਸਰਕਾਰ ਤੇ ਸਭ ਧਿਰਾਂ ਦੀ ਸੁਹਿਰਦਤਾ ਦੀ। ਚੰਗੀ ਨੀਅਤ ਤੇ ਚੰਗੀ ਨੀਤੀ ਦੀ। ਪੰਜਾਬ ਦੇ ਜਾਏ ਅਜੇ ਪਰਾਏ ਨਹੀਂ ਹੋਏ ਹਨ। ਉਹ ਵਿਦੇਸ਼ਾਂ ਵਿੱਚ ਬੈਠੇ ਵੀ ਪੰਜਾਬ ਦੀ ਸੱਚੀ ਸੁੱਚੀ ਆਵਾਜ਼ ਦਾ ਹੁੰਗਾਰਾ ਭਰਨ ਲਈ ਪੱਬਾਂ ਭਾਰ ਹਨ।

ਕੋਰੋਨਾ 19

0

        ਕੋਰੋਨਾ 19

ਕਰਫ਼ਿਊ ਅਤੇ ਕੋਰੋਨਾ ਪੈ ਗਏ, ਹਨ ਪਬਲਿਕ ’ਤੇ ਭਾਰੂ।

ਤਰਸੀ ਪਈ ਲੋਕਾਈ ਹਰ ਥਾਂ, ਮਿਲੇ ਨਾ ਚੀਜ਼ ਬਜ਼ਾਰੂ।

ਨਾ ਕੁੱਝ ਮਿਲ ਰਿਹਾ ਖਾਣ ਪੀਣ ਨੂੰ, ਨਾ ਹੀ ਦਵਾ ਤੇ ਦਾਰੂ।

ਢਹਿੰਦੀ ਕਲਾ ਦਾ ਪਿਆ ਖਿਲਾਰਾ, ਉੱਡ ਗਈ ਸੋਚ ਉਸਾਰੂ।

ਦੋਹੇਂ ਹੱਥੀਂ ਲੁੱਟ ਰਹੇ ਨੇ, ਜਿਨ੍ਹਾਂ ਦੀ ਪਹੁੰਚ ਵਪਾਰੂ।

ਜਿਸ ਦੀ ਜੇਬ ਜਵਾਬ ਦੇ ਗਈ, ਕਿੰਝ ਭਲਾ ਡੰਗ ਸਾਰੂ।

ਕੋਰੋਨੇ ਤਾਈਂ ਹਰਾਵਣ ਵਾਲਾ, ਭੁੱਖਮਰੀ ਤੋਂ ਹਾਰੂ।

ਆਇਆ ਸਮਾਂ ਭਿਆਨਕ, ਖਬਰੇ ਕੀ ਕੁੱਝ ਕਰ ਗੁਜਾਰੂ।

ਜਿਸ ਦਾ ਡਾਢਾ ਸਾਹਿਬ ਹੈ ‘ਚੋਹਲਾ’, ਕੌਣ ਉਸ ਨੂੰ ਮਾਰੂ।

      —0—      

-ਰਮੇਸ਼ ਬੱਗਾ ਚੋਹਲਾ, ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬਾ: 94631-32719

ਤੱਤੀ ਤਵੀ ’ਤੇ………

0

ਤੱਤੀ ਤਵੀ ’ਤੇ………

ਜਾਮ ਸ਼ਹਾਦਤ ਵਾਲਾ ਪੀ ਕੇ, ਸਿੱਖੀ ਤਾਈਂ ਉਭਾਰਨ ਲਈ।

ਤੱਤੀ ਤਵੀ ’ਤੇ ਬੈਠੇ ਸਤਿਗੁਰੂ, ਜਗਤ ਜਲੰਦਾ ਠਾਰਨ ਲਈ।

ਤੱਪਦਾ ਜੇਠ ਮਹੀਨਾ ਨਾਲੇ ਵਗਦੀਆਂ ਗਰਮ ਹਵਾਵਾਂ,

ਕਰ ਲਓ ਦੀਨ ਕਬੂਲ ਅਸਾਂ ਦਾ, ਦਿੰਦੇ ਮੁਗਲ ਸਲਾਹਾਂ,

ਦੇਣੀ ਪਊ ਕੁਰਬਾਨੀ ਨਹੀਂ ਤਾਂ, ਸਾਡੀ ਗੱਲ ਇਨਕਾਰਨ ਲਈ।

ਤੱਤੀ ਤਵੀ ’ਤੇ……………………………………………।                      

ਚੰਦਰੀ ਨੀਅਤ ਵਾਲਾ ਚੰਦੂ, ਕਰਨ ਲੱਗਾ ਚਤਰਾਈਆਂ,

ਪੰਜਵੇਂ ਗੁਰਾਂ ਤੋਂ ਬਦਲਾ ਲੈਣ ਲਈ, ਜੁਗਤਾਂ ਉਸ ਲੜਾਈਆਂ।

ਕੀਤੇ ਯਤਨ ਬਥੇਰੇ ਉਸ ਨੇ, ਝੂਠ ਦੀ ਕੰਧ ਉਸਾਰਨ ਲਈ।

ਤੱਤੀ ਤਵੀ ’ਤੇ………………………………………….।

ਗਰਮ ਭੱਠੀ ਦੇ ਹੇਠਾਂ ਵੈਰੀ, ਅਤਿ ਦੀ ਅੱਗ ਮਚਾਉਂਦੇ ਰਹੇ,

ਭਰ ਭਰ ਕੜਛੇ ਤੱਪਦੀ ਰੇਤਾ, ਅਰਜਨ ਦੇਵ ’ਤੇ ਪਾਉਂਦੇ ਰਹੇ,

ਦੇਗਾਂ ਵਿਚ ਉਬਾਲੇ ਦਿੰਦੇ, ਲੀਹ ਤੋਂ ਹੇਠ ੳਤਾਰਨ ਲਈ।

ਤੱਤੀ ਤਵੀ ’ਤੇ………………………………………..।

ਛੱਲਣੀ ਛੱਲਣੀ ਜਿਸਮ ਹੋ ਗਿਆ, ਪਰ ਨਾ ਮੰਨੀ ਹਾਰ ਗੁਰਾਂ,

ਧਰਮ ਸਲਾਮਤ ਰੱਖਣ ਖਾਤਰ, ਦਿੱਤੀ ਜ਼ਿੰਦਗੀ ਵਾਰ ਗੁਰਾਂ।

ਸਹਿ ਹੱਸ ਤਸੀਹੇ ‘ਚੋਹਲਾ’, ਕੌਮ ਦੇ ਕਸ਼ਟ ਨਿਵਾਰਨ ਲਈ।

ਤੱਤੀ ਤਵੀ ’ਤੇ ਬਹਿ ਗਏ ਸਤਿਗੁਰ, ਜਗਤ ਜਲੰਦਾ ਠਾਰਨ ਲਈ।

           ———–0————–

-ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

ਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ ?

0

ਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

(ਨੋਟ-ਇਹ ਲੇਖ ਇਸ ਆਧਾਰ ਤੇ ਹੈ ਕਿ ਕੀ ਭਗਤੀ-ਭਾਵਨਾ ਨਾਲ immune system ਮਜ਼ਬੂਤ ਹੁੰਦਾ ਹੈ ਕਿਉਂਕਿ ਵਿਸ਼ਵ ਪੱਧਰੀ ਖੋਜ ਨੇ ਇਸ ਤੇ ਸੰਦੇਹ ਜਤਾਇਆ ਹੈ।)

ਸਾਡੇ ਸਰੀਰ ਅੰਦਰ ਪੂਰੀ ਜ਼ਿੰਦਗੀ ਵਿਚ ਲਗਭਗ ਇੱਕ ਮਿਲੀਅਨ ਦੇ ਕਰੀਬ ਵੱਖੋ-ਵੱਖ ਕਿਸਮਾਂ ਦੇ ਕੀਟਾਣੂ, ਖ਼ੁਰਾਕ ਵਿਚਲੇ ਨਵੇਂ ਤੱਥ, ਕਈ ਤਰ੍ਹਾਂ ਦੇ ਹਲਕੇ ਜ਼ਹਿਰ ਅਤੇ ਹੋਰ ਵੀ ਕਈ ਕੁੱਝ ਜੋ ਇਨਸਾਨੀ ਸਰੀਰ ਦੇ ਹਿਸਾਬ ਨਾਲ ਅਨੁਕੂਲ ਨਾ ਹੋਵੇ, ਵੜ ਜਾਂਦੇ ਹਨ। ਇਸ ਨੂੰ ਸੌਖੇ ਤਰੀਕੇ ਸਮਝਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਸਾਡਾ ਸਰੀਰ ਹਰ ਪਲ ਕਿਸੇ ਅਣਕਿਆਸੇ ਦੁਸ਼ਮਣ ਨਾਲ ਜੰਗ ਲੜਨ ਨੂੰ ਤਿਆਰ ਰਹਿੰਦਾ ਹੈ, ਭਾਵੇਂ ਉਹ ਸਾਹ ਰਾਹੀਂ, ਲਹੂ ਰਾਹੀਂ, ਮੂੰਹ ਰਾਹੀਂ, ਅੱਖਾਂ ਰਾਹੀਂ ਜਾਂ ਚਮੜੀ ਰਾਹੀਂ ਅੰਦਰ ਵੜ ਰਿਹਾ ਹੋਵੇ।

ਇਸ ਵਾਸਤੇ ਕੁਦਰਤ ਨੇ ਸਰੀਰ ਦੇ ਅੰਦਰ ਵੱਖੋ-ਵੱਖ ਥਾਵਾਂ ਉੱਤੇ ਅਨੇਕ ਫ਼ੌਜੀ ਯੂਨਿਟ ਬਣਾਏ ਹੋਏ ਹਨ। ਇਹ ਯੂਨਿਟ ਅੰਤੜੀਆਂ ਵਿਚ, ਫੇਫੜਿਆਂ ਵਿਚ, ਲਿੰਫ ਨੋਡ ਵਿਚ, ਹੱਡੀਆਂ ਵਿਚ, ਟੌਂਸਿਲ ਵਿਚ, ਐਡੀਨਾਇਡ ਵਿਚ, ਥਾਇਮਸ ਗਲੈਂਡ ਵਿਚ, ਬੱਚੇ ਪੈਦਾ ਕਰਨ ਵਾਲੇ ਅੰਗਾਂ ਵਿਚ ਤੇ ਹੋਰ ਵੀ ਕਈ ਥਾਈਂ ਆਪੋ ਆਪਣੇ ਕੰਮ ਲੱਗੇ ਹੋਏ ਹਨ। ਜਿਉਂ ਹੀ ਕੀਟਾਣੂ ਸਰੀਰ ਅੰਦਰ ਵੜਨ; ਲੋੜ ਮੁਤਾਬਕ ਇਹ ਸੈਂਟਰ ਰਵਾਂ ਹੋ ਜਾਂਦੇ ਹਨ ਤੇ ਢੇਰਾਂ ਦੇ ਢੇਰ ਸੈੱਲ ਤਿਆਰ ਕਰ ਕੇ ਉਸ ਕੀਟਾਣੂ ਦੇ ਆਕਾਰ, ਵਿਹਾਰ ਅਤੇ ਹੱਲਾ ਬੋਲਣ ਦੇ ਢੰਗ ਦੇ ਹਿਸਾਬ ਨਾਲ ਉਸ ਨੂੰ ਕਾਬੂ ਕਰਨ ਲੱਗ ਪੈਂਦੇ ਹਨ।

ਜੇ ਸਰੀਰ ਕੋਲ ਵਾਧੂ ਸੈੱਲ ਬਣਾਉਣ ਦੀ ਸਮਰੱਥਾ ਹੋਵੇ ਤਾਂ ਇਮਿਊਨ ਸਿਸਟਮ ਦੇ ਸੈੱਲ ਇਸ ਕੀਟਾਣੂ ਨੂੰ ਮਾਰ ਮੁਕਾਉਂਦੇ ਹਨ। ਉਸ ਕੀਟਾਣੂ ਬਾਰੇ ਪੂਰਾ ਗਿਆਨ ਹਾਸਲ ਕਰ ਕੇ ਦੁਬਾਰਾ ਕਦੇ ਵੀ ਉਸ ਵੱਲੋਂ ਹੱਲਾ ਬੋਲੇ ਜਾਣ ਉੱਤੇ ਪਹਿਲਾਂ ਤੋਂ ਤਿਆਰ ਹੋਏ ਫ਼ੌਜੀ ਸੈੱਲ ਝਟਪਟ ਉਸ ਨੂੰ ਮਾਰ ਮੁਕਾਉਂਦੇ ਹਨ ਤੇ ਸਰੀਰ ਅੰਦਰ ਫੈਲਣ ਦਾ ਸਮਾਂ ਹੀ ਨਹੀਂ ਦਿੰਦੇ।

ਜੇ ਸਰੀਰ ਦਾ ਇਮਿਊਨ ਸਿਸਟਮ ਢਿੱਲਾ ਹੋਵੇ ਤਾਂ ਕੀਟਾਣੂਆਂ ਨੂੰ ਰੋਕਣ ਲਈ ਪੂਰੇ ਸੈੱਲ ਬਣਦੇ ਹੀ ਨਹੀਂ। ਇੰਜ ਕੀਟਾਣੂਆਂ ਨੂੰ ਸਰੀਰ ਅੰਦਰ ਫੈਲ ਕੇ ਬੀਮਾਰੀ ਕਰਨ ਦਾ ਸਮਾਂ ਮਿਲ ਜਾਂਦਾ ਹੈ। ਜੇ ਇਮਿਊਨ ਸਿਸਟਮ ਤਕੜਾ ਹੋਵੇ ਪਰ ਕੀਟਾਣੂ ਦੇ ਆਕਾਰ, ਵਿਹਾਰ ਤੇ ਉਸ ਦੇ ਹੱਲਾ ਬੋਲਣ ਦੇ ਢੰਗ ਬਾਰੇ ਸਰੀਰ ਸਮਝ ਹੀ ਨਾ ਸਕੇ ਤਾਂ ਫ਼ੌਜੀ ਯੂਨਿਟ ’ਚੋਂ ਸੈੱਲ ਤਿਆਰ ਹੋ ਕੇ ਨਿਕਲਣ ਵਿਚ ਦੇਰ ਹੋ ਸਕਦੀ ਹੈ। ਅਜਿਹੇ ਮੌਕੇ ਕੀਟਾਣੂ ਬੀਮਾਰੀ ਕਰ ਸਕਦੇ ਹਨ ਪਰ ਬੀਮਾਰੀ ਬਹੁਤੀ ਫੈਲਦੀ ਨਹੀਂ ਤੇ ਛੇਤੀ ਕਾਬੂ ਵਿਚ ਆ ਜਾਂਦੀ ਹੈ।

ਸਾਈਕੋਨਿਊਰੋਇਮਿਊਨੌਲੋਜੀ ਦੇ ਸੈਂਟਰ ਵਿਖੇ ਲਾਸ ਏਂਜਲਸ ਦੀ ਕੈਲੀਫੌਰਨੀਆ ਯੂਨੀਵਰਸਿਟੀ ਵਿਚ ਖੋਜੀ ‘ਕੋਲ’ ਨੇ ਇਕ ਖੋਜ ਆਰੰਭੀ ਕਿਉਂਕਿ ਉਹ ਸਮਝਣਾ ਚਾਹੁੰਦਾ ਸੀ ਕਿ ਇਮਿਊਨ ਸਿਸਟਮ ਦਾ ਕੰਮ-ਕਾਰ ਹਰ ਸਰੀਰ ਅੰਦਰ ਵੱਖ ਕਿਉਂ ਹੈ ? ਕਿਸੇ ਨੂੰ ਉਹੀ ਕੀਟਾਣੂ ਵੱਧ ਮਾਰੂ ਬਿਮਾਰੀ ਕਰਦੇ ਹਨ ਤੇ ਕਿਸੇ ਨੂੰ ਘੱਟ। ਕਿਸੇ ਦੇ ਸਰੀਰ ਅੰਦਰ ਉਹੀ ਕੀਟਾਣੂ ਬਿਲਕੁਲ ਹੀ ਮਾਰ ਨਹੀਂ ਮਾਰਦੇ।

‘ਕੋਲ’ ਨੇ ਸਾਰੀ ਉਮਰ ਵੱਖੋ-ਵੱਖ ਤਰ੍ਹਾਂ ਦੀਆਂ ਖੋਜਾਂ ਇਸੇ ਵਿਸ਼ੇ ਉੱਤੇ ਕੀਤੀਆਂ। ਉਸ ਨੇ ਪਹਿਲੀ ਖੋਜ ਕਰਨ ਸਮੇਂ ਨੋਟ ਕੀਤਾ ਕਿ ਜਿਹੜੇ ਲੋਕ ਤਣਾਅ ਅਧੀਨ ਰਹਿੰਦੇ ਸਨ, ਉਨ੍ਹਾਂ ਵਿਚ ਸ਼ੱਕਰ ਰੋਗ ਕਾਫ਼ੀ ਵੱਧ ਹੋ ਰਿਹਾ ਸੀ। ਉਸ ਨੇ ਸਰੀਰ ਦੇ ਮਾਲੀਕੁਲਰ ਪੱਧਰ ਉੱਤੇ ਸੈੱਲਾਂ ਅੰਦਰਲੀ ਤਬਦੀਲੀ ਬਾਰੇ ਖੋਜ ਆਰੰਭੀ।

ਇਮਿਊਨ ਸਿਸਟਮ ਅਤੇ ਦਿਮਾਗ਼ ਵਿਚਲੇ ਆਪਸੀ ਸੰਬੰਧਾਂ ਦੇ ਤਾਲਮੇਲ ਨੂੰ ਘੋਖਣ ਲਈ ਉਸ ਨੇ ਦੋ ਹਿੱਸਿਆਂ ਵਿਚ ਆਮ ਲੋਕਾਂ ਨੂੰ ਵੰਡ ਲਿਆ। ਪਹਿਲੇ ਉਹ ਜਿਹੜੇ ਇਕੱਲੇ ਰਹਿ ਰਹੇ ਸਨ ਤੇ ਦੂਜੇ ਉਹ ਜੋ ਟੱਬਰਦਾਰ ਸਨ।

ਉਸ ਤੋਂ ਬਾਅਦ ਉਸ ਨੇ ਉਨ੍ਹਾਂ ਵਿਚ ਸ਼ੱਕਰ ਰੋਗ, ਦਿਲ ਦੇ ਰੋਗ, ਏਡਜ਼, ਕੈਂਸਰ ਆਦਿ ਬੀਮਾਰੀਆਂ ਨੋਟ ਕਰ ਕੇ ਉਨ੍ਹਾਂ ਦਾ ਛੇਤੀ ਵਧਣਾ ਤੇ ਉਨ੍ਹਾਂ ਦੇ ਮਾਰੂ ਅਸਰ ਘੋਖੇ। ਉਸ ਦੇ ਨਾਲੋ-ਨਾਲ ‘ਕੋਲ’ ਨੇ ਉਨ੍ਹਾਂ ਦਾ ਖ਼ੁਸ਼ੀ ਦਾ ਮੀਟਰ ਵੀ ਨੋਟ ਕੀਤਾ ਕਿ ਕਿੰਨੇ ਢਹਿੰਦੀ ਕਲਾ ਵਿਚ ਰਹਿੰਦੇ ਸਨ ਤੇ ਕਿੰਨੇ ਖ਼ੁਸ਼ ਜਾਂ ਸੰਤੁਸ਼ਟ ਸਨ।

ਅਜਿਹਾ ਕਰਨ ਤੋਂ ਪਹਿਲਾਂ ਖੋਜੀ ਕੋਲ ਨੇ ਇੱਕ ਖੋਜ ਪੱਤਰ ਪੜ੍ਹਿਆ ਸੀ, ਜੋ ਸੰਨ 1964 ਵਿਚ ਛਪਿਆ ਸੀ। ਉਸ ਖੋਜ ਪੱਤਰ ਵਿਚ ਇੱਕ ਮਰੀਜ਼ ਨੌਰਮਨ ਦਾ ਜ਼ਿਕਰ ਸੀ, ਜਿਸ ਨੂੰ ਜੋੜਾਂ ਦੀ ਤਕਲੀਫ਼ (ਐਨਕਾਈਲੋਜ਼ਿੰਗ ਸਪੌਂਡੀਲਾਈਟਿਸ) ਸੀ ਜਿਸ ਦੇ ਠੀਕ ਹੋਣ ਦੇ ਆਸਾਰ ਬਹੁਤ ਹੀ ਘੱਟ ਹੁੰਦੇ ਹਨ ਤੇ ਇਹ ਇਮਿਊਨ ਸਿਸਟਮ ਵਿਚ ਗੜਬੜੀ ਸਦਕਾ ਹੁੰਦੀ ਹੈ। ਉਸ ਮਰੀਜ਼ ਨੂੰ ‘ਹੈਪੀਨੈੱਸ ਥੈਰੇਪੀ’ ਦਿੱਤੀ ਗਈ।

ਇਸ ਇਲਾਜ ਅਧੀਨ ਰੋਜ਼ ਦਿਨ ਵਿਚ ਤਿੰਨ ਵਾਰ ਇੱਕ-ਇੱਕ ਘੰਟੇ ਵਾਸਤੇ ਹਾਸੇ ਦੀਆਂ ਫ਼ਿਲਮਾਂ ਜਾਂ ਚੁਟਕੁਲੇ ਸੁਣਾਏ ਗਏ। ਦੋ ਹਫ਼ਤਿਆਂ ਬਾਅਦ ਹੀ ਉਸ ਦੇ ਜੋੜਾਂ ਵਿਚ ਕਾਫ਼ੀ ਸੁਧਾਰ ਦਿਸਿਆ। ਉਦੋਂ ਇਸ ਖੋਜ ਦਾ ਕਾਫ਼ੀ ਵਿਰੋਧ ਹੋਇਆ ਤੇ ਕਈ ਖੋਜੀਆਂ ਨੇ ਇਸ ਖੋਜ ਨੂੰ ਕੋਈ ਅਹਿਮੀਅਤ ਨਾ ਦਿੱਤੀ। ਕੁੱਝ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਕਿ ਨੌਰਮਨ ਨੂੰ ਬੀਮਾਰੀ ਹੋਣੀ ਹੀ ਨਹੀਂ ਤੇ ਪਾਖੰਡ ਕਰ ਰਿਹਾ ਹੋਣਾ ਹੈ।

ਸੰਨ 1980 ਅਤੇ ਫੇਰ 1990 ਵਿਚ ਹੋਰ ਖੋਜਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਦਿਮਾਗ਼ ਅਤੇ ਇਮਿਊਨ ਸਿਸਟਮ ਦੇ ਵਿਚ ਡੂੰਘਾ ਸੰਬੰਧ ਲੱਭ ਲਿਆ ਗਿਆ। ਸੰਤੁਸ਼ਟੀ ਅਤੇ ਚੜ੍ਹਦੀ ਕਲਾ ਦੇ ਇਹਸਾਸ (ਅਹਿਸਾਸ) ਰੱਖਣ ਵਾਲਿਆਂ ਅਤੇ ਖ਼ੁਸ਼ ਰਹਿਣ ਵਾਲਿਆਂ ਵਿਚ ਉਨ੍ਹਾਂ ਦੇ ਇਮਿਊਨ ਸਿਸਟਮ ਵਿਚਲੇ ਥਾਇਮਸ ਗਲੈਂਡ ਤੇ ਹੱਡੀਆਂ ਦੇ ਮਾਦੇ ਵਿਚਲੇ ਸੈੱਲਾਂ ਉੱਤੇ ਲੱਗੇ ਰਿਸੈਪਟਰ ਦੇ ਸਿਰੇ ਜ਼ਿਆਦਾ ਚੁਸਤ ਲੱਭੇ।

ਇਸ ਖੋਜ ਦੀ ਪਕਿਆਈ ਕਰਨ ਲਈ ਉਹ ਲੋਕ ਲੱਭੇ ਗਏ ਜਿਹੜੇ ਤਣਾਅ ਅਧੀਨ ਰਹਿੰਦੇ ਸਨ। ਖੋਜੀ ਰੋਨੈਲਡ ਗਲੇਜ਼ਰ ਨੇ ਓਹੀਓ ਸਟੇਟ ਯੂਨੀਵਰਸਿਟੀ ਵਿਚ ‘ਇੰਸਟੀਚਿਊਟ ਫੌਰ ਬਿਹੇਵਿਓਰਲ ਮੈਡੀਸ਼ਨ ਰਿਸਰਚ’ ਵਿਚ ਸੰਨ 1980 ਵਿਚ ਪਹਿਲੀ ਵਾਰ ਇਹ ਤੱਥ ਸਭ ਦੇ ਸਾਹਮਣੇ ਰੱਖੇ। ਉਸ ਨੇ ਡਾਕਟਰੀ ਪੜ੍ਹਦੇ ਵਿਦਿਆਰਥੀਆਂ ਦੇ ਲਹੂ ਦੇ ਸੈਂਪਲ ਲਏ ਤੇ ਨੋਟ ਕੀਤਾ ਕਿ ਇਮਤਿਹਾਨਾਂ ਨੇੜੇ ਉਨ੍ਹਾਂ ਦੇ ਇਮਿਊਨ ਸਿਸਟਮ ਦੇ ਸੈੱਲ ਘੱਟ ਕੰਮ ਕਰਦੇ ਸਨ। ਉਸ ਸਮੇਂ ਉਨ੍ਹਾਂ ਉੱਤੇ ਵਾਇਰਸ ਕੀਟਾਣੂ ਵੱਧ ਹਮਲਾ ਕਰਦੇ ਸਨ। ਕਈਆਂ ਦੇ ਤਾਂ ਪਹਿਲਾਂ ਦੇ ਥੋੜ੍ਹੀ ਮਾਤਰਾ ਵਿਚ ਪਏ ਵਾਇਰਸ ਕੀਟਾਣੂ ਇਕਦਮ ਦੁਗਣੇ ਤਿਗਣੇ ਹੋ ਗਏ ਲੱਭੇ। ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਵਿਕਸਿਤ ਮੁਲਕਾਂ ਵਿਚ ਡਾਕਟਰਾਂ ਦੇ ਮਨੋਬਲ ਨੂੰ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ।

ਲੰਮੀ ਦੇਰ ਚੱਲੀ ਖੋਜ ਵਿਚ ਇਹ ਤੱਥ ਸਾਹਮਣੇ ਆਏ ਕਿ ਤਣਾਅ ਤੇ ਢਹਿੰਦੀ ਕਲਾ ਨਾਲ ਇਮਿਊਨ ਸਿਸਟਮ ਦਾ ਕੰਮ-ਕਾਰ ਢਿੱਲਾ ਪੈ ਜਾਂਦਾ ਹੈ। ਢਿੱਲਾ ਪੈਣ ਦਾ ਮਤਲਬ ਹੈ ਕਿ ਵਾਇਰਸ ਕੀਟਾਣੂ ਤੇਜ਼ੀ ਨਾਲ ਫੈਲ ਕੇ ਸਰੀਰ ਅੰਦਰ ਬੀਮਾਰੀ ਕਰ ਸਕਦੇ ਹਨ।

1967 ਵਿਚ ਬਰਿਟੇਨ ਦੇ ਸਰਕਾਰੀ ਮੁਲਾਜ਼ਮਾਂ ਦੇ ਵੀ ਇਹੋ ਟੈਸਟ ਕੀਤੇ ਗਏ ਸਨ ਤੇ ਲੱਭਿਆ ਗਿਆ ਸੀ ਕਿ ਜ਼ਿਆਦਾ ਤੇ ਲਗਾਤਾਰ ਤਣਾਅ ਅਧੀਨ ਰਹਿਣ ਵਾਲਿਆਂ ਵਿਚ ਦਿਲ ਦੇ ਰੋਗ ਅਤੇ ਸ਼ੱਕਰ ਰੋਗ ਵੱਧ ਹੁੰਦੇ ਸਨ।

ਜਿੱਥੇ ਗ਼ਰੀਬਾਂ ਵਿਚ ਉਸ ਸਮੇਂ ਲਾਗ ਨਾਲ ਹੋਣ ਵਾਲੀਆਂ ਬੀਮਾਰੀਆਂ ਵੱਧ ਲੱਭੀਆਂ, ਉੱਥੇ ਰੱਜੇ ਪੁੱਜਿਆਂ ਵਿਚ ਤਣਾਅ ਨਾਲ ਸਰੀਰ ਅੰਦਰ ਕੌਰਟੀਸੋਲ ਤੇ ਸਾਈਟੋਕੀਨ ਵਧੇ ਹੋਏ ਲੱਭੇ, ਜੋ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ, ਦਿਲ ਦੇ ਰੋਗ, ਕੈਂਸਰ, ਆਦਿ ਵਰਗੀਆਂ ਬੀਮਾਰੀਆਂ ਵਧਾ ਰਹੇ ਸਨ।

ਬਾਅਦ ਵਿਚ ਕੀਤੀਆਂ ਖੋਜਾਂ ਜੋ ਏਡਜ਼ ਦੇ ਮਰੀਜ਼ਾਂ ਉੱਤੇ ਕੀਤੀਆਂ ਗਈਆਂ, ਨੇ ਵੀ ਸਪਸ਼ਟ ਕੀਤਾ ਕਿ ਤਣਾਅ ਪਾਲਣ ਵਾਲਿਆਂ ਵਿਚ ਵਾਇਰਸ ਵੱਧ ਤੇਜ਼ੀ ਨਾਲ ਫੈਲੀ।

ਸੰਨ 2007 ਵਿਚ ਇਕੱਲੇ ਰਹਿਣ ਵਾਲਿਆਂ ਉੱਤੇ ਖੋਜਾਂ ਕੀਤੀਆਂ ਗਈਆਂ। ਇਹ ਵੇਖਣ ਵਿਚ ਆਇਆ ਕਿ ਇਕੱਲੇ ਰਹਿਣ ਵਾਲੇ ਤੇ ਖ਼ਾਸ ਕਰ ਜਿਨ੍ਹਾਂ ਦੇ ਦੋਸਤ ਜਾਂ ਰਿਸ਼ਤੇਦਾਰ ਨਾ ਹੋਣ, ਤਾਂ ਅਜਿਹੇ ਲੋਕ ਖਾਣਾ ਵੀ ਠੀਕ ਨਹੀਂ ਖਾਂਦੇ ਤੇ ਉਨ੍ਹਾਂ ਦੇ ਇਮਿਊਨ ਸਿਸਟਮ ਦੇ ਕੰਮ-ਕਾਰ ਵੀ ਘੱਟ ਜਾਂਦੇ ਹਨ। ਇਨ੍ਹਾਂ ਵਿਚ ਢਹਿੰਦੀ ਕਲਾ ਵੱਧ ਲੱਭੀ, ਮਾਨਸਿਕ ਰੋਗ ਵੱਧ ਲੱਭੇ, ਦਿਲ ਦੇ ਰੋਗ, ਸ਼ੱਕਰ ਰੋਗ, ਜੋੜਾਂ ਦੇ ਰੋਗ, ਐਲਰਜੀ, ਕੈਂਸਰ, ਆਦਿ ਵੀ ਵੱਧ ਲੱਭੇ। ਇਕੱਲੇ ਰਹਿਣ ਵਾਲਿਆਂ ਵਿਚ ਸ਼ਰਾਬ ਪੀਣ ਜਾਂ ਨਸ਼ਾ ਕਰਨ ਦਾ ਰੁਝਾਨ ਵੀ ਵੱਧ ਦਿਸਿਆ ਤੇ ਮੌਤ ਦਾ ਭੈਅ ਵੀ ਵੱਧ ਲੱਭਿਆ।

ਕੋਲ ਖੋਜੀ ਨੇ ਆਪਣੇ ਸਾਥੀਆਂ ਨਾਲ 6 ਸਦੀਵੀ ਇਕੱਲੇ ਰਹਿਣ ਵਾਲਿਆਂ ਦੇ ਲਹੂ ਵਿਚਲੇ ਬੀਮਾਰੀ ਨਾਲ ਲੜਨ ਵਾਲੇ ਚਿੱਟੇ ਸੈੱਲਾਂ ਦੇ ਜੀਨ ਐਕਸਪ੍ਰੈਸ਼ਨ ਉੱਤੇ ਖੋਜ ਕੀਤੀ। ਫੇਰ ਉਨ੍ਹਾਂ ਨੇ 8 ਅਜਿਹੇ ਇਕੱਲੇ ਰਹਿਣ ਵਾਲੇ ਸ਼ਾਮਲ ਕੀਤੇ, ਜਿਨ੍ਹਾਂ ਦਾ ਰੋਜ਼ ਦੋਸਤਾਂ-ਮਿੱਤਰਾਂ ਨਾਲ ਮੇਲ ਜੋਲ ਸੀ ਤੇ ਰਿਸ਼ਤੇਦਾਰੀ ਨਾਲ ਵੀ ਸਨ।

ਇਸ ਖੋਜ ਦੇ ਨਤੀਜੇ ਸਨ :-

ਇਨਸਾਨੀ ਸਰੀਰ ਵਿਚਲੇ ਜੀਨੋਮ ਵਿੱਚੋਂ ਲਗਭਗ 22,000 ਜੀਨਾਂ ਵਿੱਚੋਂ 209 ਅਜਿਹੇ ਜੀਨ ਲੱਭ ਲਏ ਗਏ, ਜੋ ਸਿਰਫ਼ ਬਿਲਕੁਲ ਇਕੱਲੇ ਰਹਿਣ ਵਾਲੇ, ਉਨ੍ਹਾਂ ਲੋਕਾਂ ਵਿਚ ਸਨ ਜਿਹੜੇ ਕਿਸੇ ਨਾਲ ਕੋਈ ਮੇਲ-ਜੋਲ ਨਹੀਂ ਰੱਖਦੇ ਸਨ। ਇਹ ਜੀਨ ਵੱਖ-ਵੱਖ ਤਰ੍ਹਾਂ ਦੀ ਪ੍ਰੋਟੀਨ ਬਣਾਉਣ ਦਾ ਕੰਮ ਕਰਦੇ ਹਨ ਜੋ ਵਾਇਰਲ ਕੀਟਾਣੂਆਂ ਦੇ ਹਮਲੇ ਵਿਚ ਉਸ ਦਾ ਮਾਰੂ ਅਸਰ ਵਧਾ ਦਿੰਦੇ ਹਨ।

ਜਿਹੜੇ ਇਕੱਲੇ ਰਹਿੰਦੇ ਹੋਏ ਵੀ ਸਭ ਨਾਲ ਰਲ-ਮਿਲ ਰਹੇ ਸਨ, ਉਨ੍ਹਾਂ ਦੇ ਸਰੀਰ ਅੰਦਰਲੇ ਇਹੀ ਜੀਨ ਵਾਇਰਸ ਨੂੰ ਮਾਰਨ ਵਿਚ ਮਦਦ ਕਰਦੇ ਲੱਭੇ। ਇਸ ਨੂੰ ‘ਜੀਨ ਐਕਸਪ੍ਰੈਸ਼ਨ’ ਵਿਚਲਾ ਫ਼ਰਕ ਮੰਨ ਲਿਆ ਗਿਆ ਜੋ ਪਹਿਲੀ ਵਾਰ ਦੁਨੀਆ ਸਾਹਮਣੇ ਵਿਗਿਆਨਿਕ ਤੌਰ ਉੱਤੇ ਸਾਬਤ ਕਰਨ ਵਿਚ ਸਹਾਈ ਹੋਇਆ ਕਿ ਇਕੱਲੇ ਸਾਰਿਆਂ ਤੋਂ ਕੱਟ ਕੇ ਰਹਿਣਾ ਕਿੰਨਾ ਹਾਣੀਕਾਰਕ ਹੋ ਸਕਦਾ ਹੈ !

ਇਸ ਖੋਜ ਤੋਂ ਬਾਅਦ 93 ਹੋਰ ਉਨ੍ਹਾਂ ਬੰਦਿਆਂ ਨੂੰ ਸ਼ਾਮਲ ਕੀਤਾ ਗਿਆ ਜੋ ਕਿਸੇ ਹਾਲਾਤ ਸਦਕਾ, ਮਜਬੂਰੀ ਵਸ ਜਾਂ ਬੀਮਾਰੀ ਕਰ ਕੇ ਇਕੱਲੇ ਰਹਿ ਗਏ ਸਨ ਜਾਂ ਸਮਾਜ ’ਚੋਂ ਛੇਕੇ ਗਏ ਸਨ। ਇਨ੍ਹਾਂ ਵਿਚ ਵੀ ਜੀਨਾਂ ਵਿਚ ਹੋ ਰਹੀ ਤਬਦੀਲੀ ਸਪਸ਼ਟ ਨਜ਼ਰੀ ਪੈ ਗਈ ਜੋ ਬੀਮਾਰੀਆਂ ਨੂੰ ਸੱਦਾ ਦੇਣ ਲੱਗ ਪਈ ਸੀ ਤੇ ਉਨ੍ਹਾਂ ਦੀ ਉਮਰ ਵੀ ਛੋਟੀ ਕਰ ਰਹੀ ਸੀ।

ਇਹ ਵੀ ਤੱਥ ਨਜ਼ਰੀਂ ਪਏ ਕਿ ਇਕੱਲੇ ਰਹਿਣ ਵਾਲਿਆਂ ਦੇ ਜ਼ਖ਼ਮ ਭਰਨ ਵਿਚ ਵੀ ਵੱਧ ਸਮਾਂ ਲੱਗਦਾ ਹੈ ਤੇ ਬੈਕਟੀਰੀਅਲ ਕੀਟਾਣੂਆਂ ਦਾ ਹਮਲਾ ਵੀ ਵੱਧ ਹੁੰਦਾ ਹੈ।

ਇਸ ਤੋਂ ਬਾਅਦ ਇਹ ਕਿਆਸ ਲਾਇਆ ਗਿਆ ਕਿ ਸਦੀਆਂ ਪਹਿਲਾਂ ਜਦੋਂ ਲੋਕ ਛੋਟੇ ਝੁੰਡਾਂ ਵਿਚ ਰਹਿੰਦੇ ਸਨ ਤਾਂ ਵਾਇਰਲ ਬੀਮਾਰੀਆਂ ਬਥੇਰੀਆਂ ਫੈਲਦੀਆਂ ਹੋਣਗੀਆਂ ਪਰ ਉਨ੍ਹਾਂ ਦਾ ਸਰੀਰ ਉਨ੍ਹਾਂ ਕੀਟਾਣੂਆਂ ਵਿਰੁੱਧ ਬੀਮਾਰੀ ਨਾਲ ਲੜਨ ਵਾਲੇ ਸੈੱਲ ਤੇਜ਼ੀ ਨਾਲ ਤਿਆਰ ਕਰ ਕੇ ਉਨ੍ਹਾਂ ਨੂੰ ਬਚਾ ਲੈਂਦਾ ਹੋਵੇਗਾ।

ਮੌਜੂਦਾ ਸਮੇਂ ਦਾ ਕੰਮ ਦਾ ਤਣਾਅ ਜਿੱਥੇ ਦਿਲ ਦੀਆਂ ਨਾੜੀਆਂ ਦੀ ਪਰਤ ਖ਼ਰਾਬ ਕਰ ਕੇ ਉਸ ਥਾਂ ਘੱਪੇ ਜੰਮਣ ਵਿਚ ਮਦਦ ਕਰਦਾ ਹੈ, ਉੱਥੇ ਬਲੱਡ ਪ੍ਰੈੱਸ਼ਰ, ਕੈਂਸਰ ਤੇ ਸ਼ੱਕਰ ਰੋਗ ਵਧਾਉਣ ਵਿਚ ਚਾਰ ਜਾਂ ਪੰਜ ਗੁਣਾਂ ਵੱਧ ਮਾਰੂ ਸਾਬਤ ਹੋ ਰਿਹਾ ਹੈ।

ਨਿਊਯਾਰਕ ਦੇ ਰੌਕਫੈਲਰ ਯੂਨੀਵਰਸਿਟੀ ਦੇ ਇਮਿਊਨੋਲੋਜਿਸਟ, ਐਲਗਜ਼ਾਂਡਰ ਤਰੋਕਵਸਕੀ ਨੇ ਸਪਸ਼ਟ ਕੀਤਾ ਹੈ ਕਿ ‘ਕੋਲ’ ਦੀ ਖੋਜ ਨੇ ਹੋਰ ਖੋਜਾਂ ਲਈ ਰਾਹ ਖੋਲ੍ਹ ਦਿੱਤਾ ਹੈ, ਪਰ ਹਾਲੇ ਤੱਕ ਇਹ ਸਮਝ ਨਹੀਂ ਲੱਗ ਸਕੀ ਕਿ ਜੀਨਾਂ ਦੀ ਕਿਹੜੀ ਹਰਕਤ ਨਾਲ ਔਖੇ ਹਾਲਾਤ ਨੂੰ ਕੁੱਝ ਜਣੇ ਵਧੀਆ ਤਰੀਕੇ ਜਰ ਕੇ ਅਣਕਿਆਸੀ ਸਫਲਤਾ ਪ੍ਰਾਪਤ ਕਰ ਜਾਂਦੇ ਹਨ ਤੇ ਕੁੱਝ ਉਸੇ ਹਾਲਾਤ ਵਿਚ ਖ਼ੁਦਕੁਸ਼ੀ ਕਰ ਜਾਂਦੇ ਹਨ।

ਐਟਲਾਂਟਾ ਦੇ ਜੌਰਜੀਆ ਇੰਸਟੀਚਿਊਟ ਔਫ ਟੈਕਨਾਲੋਜੀ ਦੇ ਗਰੈਗ ਗਿਬਸਨ ਨੇ ਵੀ ਹਾਮੀ ਭਰੀ ਹੈ ਕਿ ਜੇ ਜੀਨਾਂ ਵਿਚਲੀ ਹੋਰ ਬਰੀਕੀ ਸਮਝ ਆ ਜਾਵੇ ਤਾਂ ਢਹਿੰਦੀ ਕਲਾ ਦਾ ਇਲਾਜ ਕਰਨ ਵਿਚ ਸੌਖ ਹੋ ਜਾਵੇਗੀ, ਪਰ ਉਦੋਂ ਤਕ ਹਰ ਹਾਲ ਵਿਚ ਲੰਮੀ ਉਮਰ ਭੋਗਣ ਲਈ ਖ਼ੁਸ਼ ਰਹਿਣਾ ਹੀ ਪੈਣਾ ਹੈ।

ਸੰਨ 2010 ਵਿਚ ‘ਕੋਲ’ ਦੀ ਖੋਜ ਦੇ ਆਧਾਰ ਉੱਤੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿਖੇ ਖ਼ੁਸ਼ੀ ਤੇ ਚੜ੍ਹਦੀ ਕਲਾ ਦਾ ਅਸਰ ਤਣਾਅ ਅਧੀਨ ਆ ਚੁੱਕੇ ਲੋਕਾਂ ਉੱਤੇ ਵੇਖਿਆ ਗਿਆ।

ਇਸ ਵਾਸਤੇ 45 ਆਪੋ ਆਪਣੇ ਟੱਬਰ ਵਿਚ ਰਹਿੰਦੇ ਚਿੰਤਾ ਤੇ ਤਣਾਅ ਗ੍ਰਸਤ ਲੋਕ ਸ਼ਾਮਲ ਕੀਤੇ ਗਏ ਤੇ 40 ਇਕੱਲੇ ਰਹਿੰਦੇ ਬੰਦੇ। ਉਨ੍ਹਾਂ ਦੇ ਲਹੂ ਵਿਚਲੇ ਕੌਰਟੀਸੋਲ ਨਾਪੇ ਗਏ ਤੇ ਸਵਾਲਾਂ ਦੇ ਚਾਰ ਫਾਰਮ ਭਰਵਾਏ ਗਏ। ਉਸ ਤੋਂ ਬਾਅਦ ਉਨ੍ਹਾਂ ਕੋਲੋਂ ਰੋਜ਼ ਇੱਕ ਘੰਟਾ ਮੈਡੀਟੇਸ਼ਨ ਦੇ ਨਾਲ ਇੱਕ ਘੰਟਾ ਸਵੇਰੇ ਤੇ ਇੱਕ ਘੰਟਾ ਸ਼ਾਮ ਖੁੱਲ੍ਹ ਕੇ ਹੱਸਣ ਵਾਲੇ ਸੈਸ਼ਨ ਕਰਵਾਏ ਗਏ।

ਇੱਕ ਹਫਤੇ ਬਾਅਦ ਹੀ ਨਤੀਜੇ ਹੈਰਾਨ ਕਰ ਦੇਣ ਵਾਲੇ ਸਨ। ਉਨ੍ਹਾਂ ਦੇ ਬੀਮਾਰੀ ਵਧਾਉਣ ਵਾਲੇ ‘ਜੀਨ ਐਕਸਪ੍ਰੈਸ਼ਨ’ ਵਿੱਚ ਤਬਦੀਲੀ ਦਿੱਸਣ ਲੱਗ ਪਈ ਤੇ ਵਾਇਰਲ ਕੀਟਾਣੂਆਂ ਨਾਲ ਲੜਨ ਦੀ ਸਮਰਥਾ ਵੱਧ ਗਈ।

ਇਸ ਖੋਜ ਨੂੰ ਅੱਗੇ ਤੋਰਦਿਆਂ ਫਲੋਰੀਡਾ ਦੇ ਯੂਨੀਵਰਸਿਟੀ ਔਫ ਮਿਆਮੀ ਦੇ ਮਾਈਕਲ ਐਨਟੋਨੀ ਨੇ 200 ਉਨ੍ਹਾਂ ਔਰਤਾਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਨੂੰ ਛਾਤੀ ਦੇ ਕੈਂਸਰ ਦੀ ਪਹਿਲੀ ਸਟੇਜ ਸੀ, ਇਨ੍ਹਾਂ ਵਿੱਚੋਂ 100 ਨੂੰ 10 ਹਫ਼ਤੇ ਦੀ ਮੈਡੀਟੇਸ਼ਨ ਤੇ ਖੁੱਲ੍ਹ ਕੇ ਹੱਸਣ ਦੇ ਸੈਸ਼ਨ ਕਰਵਾਏ ਗਏ ਜਦਕਿ ਬਾਕੀ 100 ਨੂੰ ਸਿਰਫ਼ ਇਕ ਦਿਨ ਦੇ ਸੈਮੀਨਾਰ ਵਿਚ ਹਿੰਮਤ ਵਧਾਉਣ ਤੇ ਚੜ੍ਹਦੀ ਕਲਾ ਬਾਰੇ ਦੱਸਿਆ ਗਿਆ।

ਦਸ ਹਫ਼ਤਿਆਂ ਬਾਅਦ ਦੀ ਸਰੀਰਕ ਤਬਦੀਲੀ ਨੇ ਸੰਸਾਰ ਭਰ ਦੇ ਖੋਜੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹ ਜੀਨ ਜਿਹੜੇ ‘‘ਟਾਈਪ 1 ਇੰਟਰਫਿਰੋਨ ਰਿਸਪੌਂਸ’’ ਅਧੀਨ ਰਸੌਲੀਆਂ ਤੇ ਵਾਇਰਸ ਕੀਟਾਣੂਆਂ ਨਾਲ ਲੜਦੇ ਹਨ, ਕਈ ਗੁਣਾਂ ਵੱਧ ਚੁਸਤ ਉਨ੍ਹਾਂ 100 ਔਰਤਾਂ ਵਿਚ ਸਨ ਜਿਹੜੀਆਂ ਰੋਜ਼ ਖ਼ੁਸ਼ ਰਹਿਣ ਦੇ ਕੋਰਸ ਕਰ ਰਹੀਆਂ ਸਨ। ਇਸ ਦੇ ਨਾਲ-ਨਾਲ ਉਹ ਜੀਨ ਜੋ ਵਾਇਰਸ ਕੀਟਾਣੂ ਦਾ ਹਮਲਾ ਵਧਾਉਂਦੇ ਹਨ ਜਾਂ ਕੈਂਸਰ ਨੂੰ ਫੈਲਣ ਵਿਚ ਮਦਦ ਕਰਦੇ ਹਨ, ਉੱਕਾ ਹੀ ਸੁਸਤ ਪਏ ਹੋਏ ਲੱਭੇ !

ਇਨ੍ਹਾਂ ਸਾਰੀਆਂ ਔਰਤਾਂ ਨੂੰ ਲਗਾਤਾਰ ਚੈੱਕਅੱਪ ਕਰਦੇ ਰਹਿਣ ਬਾਅਦ ਪਤਾ ਲੱਗਿਆ ਕਿ ਖ਼ੁਸ਼ ਰਹਿਣ ਤੇ ਤਣਾਅ ਛੱਡਣ ਵਾਲੀਆਂ 100 ਔਰਤਾਂ ਕੈਂਸਰ ਰਹਿਤ ਹੋ ਗਈਆਂ ਸਨ ਜਦਕਿ ਦੂਜੇ ਗਰੁੱਪ ਦੀਆਂ 100 ਵਿੱਚੋਂ 60 ਦਾ ਕੈਂਸਰ ਫੈਲ ਗਿਆ ਸੀ !

ਸਪਸ਼ਟ ਹੋ ਗਿਆ ਕਿ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਨਾਲ ਵੀ ਚੜ੍ਹਦੀ ਕਲਾ ਵਿਚ ਰਹਿਣ ਨਾਲ ਲੰਮੀ ਉਮਰ ਭੋਗੀ ਜਾ ਸਕਦੀ ਹੈ ਤੇ ਕੈਂਸਰ ਦੇ ਸੈੱਲਾਂ ਨੂੰ ਮਾਰ ਮੁਕਾਇਆ ਜਾ ਸਕਦਾ ਹੈ। ਇੰਜ ਹੀ ਵਾਇਰਲ ਕੀਟਾਣੂਆਂ ਦੇ ਹਮਲੇ ਦਾ ਅਸਰ ਵੀ, ਖ਼ੁਸ਼ ਰਹਿ ਕੇ ਘਟਾਇਆ ਜਾ ਸਕਦਾ ਹੈ।

ਇਸ ਖੋਜ ਤੋਂ ਬਾਅਦ ਖ਼ੁਸ਼ ਰਹਿਣ ਵਾਲੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੇ ਲਹੂ ਦੇ ਟੈਸਟਾਂ ਦੇ ਨਾਲ ਤਿੰਨ ਫਾਰਮ ਵੀ ਭਰਵਾਏ ਗਏ। ਉਨ੍ਹਾਂ ਦੇ ਖਾਣ-ਪੀਣ, ਰਹਿਣ ਸਹਿਣ, ਦੋਸਤਾਂ ਮਿੱਤਰਾਂ ਦੇ ਸਾਥ ਅਤੇ ਜਿਸਮਾਨੀ ਸੰਬੰਧਾਂ ਬਾਰੇ ਵੀ ਪੁੱਛਿਆ ਗਿਆ। ਇੱਕ ਫਾਰਮ ਵਿਚ ਉਨ੍ਹਾਂ ਦੇ ਰਿਸ਼ਤਿਆਂ ਦੀ ਡੂੰਘਿਆਈ, ਪੱਕੀ ਦੋਸਤੀ ਤੇ ਸਮਾਜ ਸੇਵੀ ਕੰਮਾਂ ਬਾਰੇ ਵੀ ਨੋਟ ਕੀਤਾ ਗਿਆ।

ਇਹ ਵੇਖਿਆ ਗਿਆ ਕਿ ਖ਼ੁਸ਼ ਰਹਿਣ ਵਾਲਿਆਂ ਵਿੱਚੋਂ ਜਿੰਨ੍ਹਾਂ ਦੀ ਜ਼ਿੰਦਗੀ ਵਿਚ ਸੰਤੁਸ਼ਟੀ ਸੀ, ਗੂੜ੍ਹੇ ਰਿਸ਼ਤੇ ਸੀ, ਪੱਕੀ ਦੋਸਤੀ ਸੀ, ਸਮਾਜ ਸੇਵੀ ਕੰਮਾਂ ਨਾਲ ਜੁੜੇ ਸਨ ਤੇ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਸੀ, ਉਨ੍ਹਾਂ ਦੇ ਜੀਨ ਵਧੀਆ ਅਸਰ ਵਿਖਾ ਰਹੇ ਸਨ। ਜਿਹੜੇ ਵੇਖਣ ਨੂੰ ਖ਼ੁਸ਼ ਸਨ ਪਰ ਉਨ੍ਹਾਂ ਦੇ ਕੋਈ ਪੱਕੇ ਦੋਸਤ ਮਿੱਤਰ ਨਹੀਂ ਸਨ, ਜੀਵਨ ਸਾਥੀ ਨਾਲ ਰਿਸ਼ਤਾ ਨਿੱਘਾ ਨਹੀਂ ਸੀ, ਸਿਰਫ਼ ਕੰਮ ਕਾਰ ਵਿਚ ਹੀ ਆਪਣੇ ਆਪ ਨੂੰ ਮਸਰੂਫ਼ ਰੱਖ ਰਹੇ ਸਨ ਅਤੇ ਬਾਕੀ ਸਮਾਂ ਸ਼ਰਾਬ ਪੀ ਕੇ ਜਾਂ ਮਸਤੀ ਕਰ ਕੇ ਲੰਘਾ ਰਹੇ ਸਨ, ਉਨ੍ਹਾਂ ਦੇ ਸਰੀਰਾਂ ਅੰਦਰ ਉਹੋ ਜਿਹਾ ਹੀ ਹਾਲ ਲੱਭਿਆ ਜਿਹੋ ਜਿਹਾ ਇਕੱਲੇ ਰਹਿਣ ਵਾਲਿਆਂ ਵਿਚ ਸੀ। ਯਾਨੀ ਅਜਿਹੇ ਲੋਕ ਔਖੇ ਸਮੇਂ ਛੇਤੀ ਢਹਿ ਢੇਰੀ ਹੋ ਜਾਂਦੇ ਸਨ ਤੇ ਬੀਮਾਰੀਆਂ ਵੀ ਛੇਤੀ ਸਹੇੜ ਰਹੇ ਸਨ। ਇਨ੍ਹਾਂ ਦਾ ਇਮਿਊਨ ਸਿਸਟਮ ਓਨਾ ਤਕੜਾ ਨਹੀਂ ਸੀ। ਜਿਵੇਂ ਹੀ ਇਨ੍ਹਾਂ ਵਿੱਚੋਂ ਕੁੱਝ ਦਾ ਧਿਆਨ ਹੋਰ ਪਾਸਿਆਂ ਵੱਲ ਵੰਡਾ ਕੇ ਤਣਾਅ ਘਟਾਇਆ ਗਿਆ ਤਾਂ ਇਨ੍ਹਾਂ ਦੇ ਸਰੀਰਾਂ ਵਿਚ ਵੀ ਤਬਦੀਲੀ ਦਿਸ ਪਈ। ਇਹ ਹੋਰ ਪਾਸੇ ਸਨ-ਸਮਾਜ ਸੇਵਾ, ਫੋਟੋਗ੍ਰਾਫੀ, ਪੇਂਟਿੰਗ, ਖੇਡਾਂ, ਡਾਂਸ ਸਿੱਖਣਾ, ਕਸਰਤ ਕਰਨੀ, ਪਾਲਿਟਿਕਸ ਵੱਲ ਰੁਝਾਨ, ਆਦਿ।

ਇਸ ਖੋਜ ਉੱਤੇ ਆਧਾਰਿਤ ਹੁਣ ਮੈਡੀਕਲ ਦੀਆਂ ਕਿਤਾਬਾਂ ਵਿਚ ਦਰਜ ਚੈਪਟਰ ਵੀ ਪੜ੍ਹਨ ਨੂੰ ਮਿਲਦੇ ਹਨ, ਜਿਨ੍ਹਾਂ ਵਿਚ ਸ਼ੁਰੂਆਤ ਹੀ ਇਨ੍ਹਾਂ ਸਤਰਾਂ ਤੋਂ ਕੀਤੀ ਜਾਂਦੀ ਹੈ :-

‘‘ਖ਼ੁਸ਼ੀ ਤੇ ਚੜ੍ਹਦੀ ਕਲਾ ਸਿਹਤ ਅਤੇ ਲੰਮੀ ਉਮਰ ਦਾ ਰਾਜ਼ ਹਨ। ਸਕਾਰਾਤਮਕ ਸੋਚ ਮਾੜੀ ਤੋਂ ਮਾੜੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਚੌਗੁਣੀ ਕਰ ਦਿੰਦੀ ਹੈ ਤੇ ਕਈ ਵਾਰ ਇਮਿਊਨ ਸਿਸਟਮ ਨੂੰ ਏਨਾ ਰਵਾਂ ਕਰ ਦਿੰਦੀ ਹੈ ਕਿ ਬਿਨਾਂ ਦਵਾਈ ਦੇ ਵੀ ਬੀਮਾਰੀ ਠੀਕ ਹੋ ਜਾਂਦੀ ਹੈ।’’

ਜਿਹੜਾ ਫਾਰਮੂਲਾ ਦੁਨੀਆ ਭਰ ਦੇ ਡਾਕਟਰ ਯਾਦ ਕਰਦੇ ਹਨ, ਉਹ ਹੈ :-

ਕਿੰਨੇ ਕੀਟਾਣੂ           X        ਕੀਟਾਣੂਆਂ ਦੀ ਤਾਕਤ

ਬੀਮਾਰੀ ਕਿੰਨੀ ਵੱਧ =         ——————————

ਸਰੀਰ ਵਿਚਲੀ ਬੀਮਾਰੀਆਂ ਨਾਲ ਲੜਨ ਦੀ ਤਾਕਤ  (ਖਿੜਿਆ ਮਨ, ਚੜ੍ਹਦੀਕਲਾ ਤੇ ਸਕਾਰਾਤਮਕ ਸੋਚ)

ਅੰਤ ਵਿਚ ਸਿਰਫ਼ ਏਨਾ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਮਤ ਭਾਵੇਂ ਥੋੜ੍ਹੀ ਹੈ ਪਰ ਫਿਰ ਵੀ ਮੈਂ ਆਪਣੀ ਸਮਝ ਅਨੁਸਾਰ ਹੈਰਾਨ ਜ਼ਰੂਰ ਹੋਈ ਹਾਂ ਕਿ ਚੜ੍ਹਦੀ ਕਲਾ ਬਾਰੇ 60 ਸਾਲਾਂ ਦੀ ਖੋਜ ਤੋਂ ਬਾਅਦ ਹੀ ਮੈਡੀਕਲ ਸਾਇੰਸ ਸਮਝ ਸਕੀ ਹੈ ਕਿ ਇਹ ਕਿੰਨੀ ਬੇਸ਼ਕੀਮਤੀ ਹੈ, ਪਰ ਸਵਾਲ ਇਹ ਹੈ ਕਿ ਸਿੱਖਾਂ ਦੀ ਅਰਦਾਸ ਵਿਚ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਸਦੀਆਂ ਪਹਿਲਾਂ ਕਿਵੇਂ ਸ਼ਾਮਲ ਹੋ ਗਏ ਸਨ ?

ਕੋਰੋਨਾ ਅਤੇ ਬੱਚੇ

0

ਕੋਰੋਨਾ ਅਤੇ ਬੱਚੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਲਗਭਗ ਸਾਰੇ ਹੀ ਮਾਪੇ ਆਪਣੇ ਨਿੱਕੇ ਬੱਚਿਆਂ ਲਈ ਬਹੁਤ ਚਿੰਤਿਤ ਹਨ ਅਤੇ ਉਨ੍ਹਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਵਾਰ-ਵਾਰ ਨਿੱਕੇ ਬੱਚਿਆਂ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਨ ਤੋਂ ਲੈ ਕੇ ਮਾਸਕ ਪਾਉਣ ਅਤੇ ਘਰਾਂ ਅੰਦਰ ਡੱਕਣ ਦੀ ਅਣਥੱਕ ਕੋਸ਼ਿਸ਼ ਕਰ ਰਹੇ ਹਨ। ਕਈ ਮਾਪਿਆਂ ਨੂੰ ਤਾਂ ਬੱਚਿਆਂ ਦੇ ਬੀਮਾਰ ਹੋ ਜਾਣ ਦੇ ਡਰ ਸਦਕਾ ਨੀਂਦਰ ਆਉਣੀ ਘੱਟ ਚੁੱਕੀ ਹੈ।

ਕੁੱਝ ਨੁਕਤੇ ਜੋ ਬੱਚਿਆਂ ਵਿੱਚ ਕੋਰੋਨਾ ਬਾਰੇ ਮਾਪਿਆਂ ਨੂੰ ਪਤਾ ਹੋਣੇ ਚਾਹੀਦੇ ਹਨ, ਉਹ ਹਨ :-

  1. ਚੀਨ ਤੇ ਸਿੰਗਾਪੁਰ ਵਿੱਚ ਇੱਕ ਵੀ 9 ਸਾਲ ਤੋਂ ਛੋਟੇ ਬੱਚੇ ਦੀ ਕੋਵਿਡ ਨਾਲ ਮੌਤ ਨਹੀਂ ਹੋਈ।
  2. ਸਿਵਾਏ ਇੱਕ 13 ਮਹੀਨੇ ਦੇ ਬੱਚੇ ਦੇ, ਜਿਸ ਨੂੰ ਨਿਮੂਨੀਆ ਹੋਇਆ, ਹੋਰ ਕਿਸੇ ਬੱਚੇ ਨੂੰ ਕੋਵਿਡ ਨਾਲ ਬਹੁਤੀ ਸੀਰੀਅਸ ਬੀਮਾਰੀ ਨਹੀਂ ਹੋਈ।
  3. ਛੋਟੇ ਬੱਚੇ ਕੋਰੋਨਾ ਵਾਇਰਸ ਨਾਲ ਬੀਮਾਰ ਘੱਟ ਹੁੰਦੇ ਹਨ ਪਰ ਇਨ੍ਹਾਂ ਤੋਂ ਅੱਗੇ ਹੋਰਨਾਂ ਨੂੰ ਬੀਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ, ਯਾਨੀ ਇਨ੍ਹਾਂ ਦਾ ਬੀਮਾਰੀ ਫੈਲਾਉਣ ਵਿੱਚ ਰੋਲ ਹੈ।
  4. ਡਾ. ਵਿਲਿਅਮ, ਜੋ ਹਾਵਰਡ ਸਕੂਲ ਆਫ਼ ਪਬਲਿਕ ਹੈਲਥ ਦੇ ਵਿੱਚ ਐਪੀਡੀਮੀਓਲੋਜਿਸਟ ਹਨ, ਨੇ ਕਿਹਾ ਹੈ ਕਿ ਸਕੂਲ ਵਿੱਚ ਛੋਟੇ ਬੱਚਿਆਂ ਤੋਂ ਵੱਡੇ ਬੱਚਿਆਂ, ਸਫ਼ਾਈ ਸੇਵਕਾਂ ਤੇ ਅਧਿਆਪਿਕਾਂ ਨੂੰ ਬੀਮਾਰੀ ਦੇ ਕੀਟਾਣੂ ਚੰਬੜ ਸਕਦੇ ਹਨ। ਨਿੱਕੇ ਬੱਚਿਆਂ ਦੇ ਸਰੀਰਾਂ ਵਿੱਚੋਂ ਵਾਇਰਸ ਕੀਟਾਣੂ ਵੱਡੇ ਬੱਚਿਆਂ ਨਾਲੋਂ ਘੱਟ ਮਾਤਰਾ ਵਿੱਚ ਬਾਹਰ ਨਿਕਲਦੇ ਹਨ।
  5. ਸਾਇੰਸ ਰਸਾਲੇ ਵਿੱਚ ਛਪੀ ਚੀਨ ਦੀ ਇਕ ਖੋਜ ਨੇ ਸਪਸ਼ਟ ਕੀਤਾ ਹੈ ਕਿ 15 ਸਾਲਾਂ ਤੋਂ ਛੋਟੇ ਬੱਚਿਆਂ ਵਿੱਚ ਬੀਮਾਰੀ ਦਾ ਪ੍ਰਕੋਪ ਘੱਟ ਹੁੰਦਾ ਹੈ। ਪੰਦਰਾਂ ਤੋਂ 64 ਸਾਲ ਦੀ ਉਮਰ ਵਿੱਚ ਬੀਮਾਰੀ ਓਨੀ ਸੀਰੀਅਸ ਨਹੀਂ ਹੁੰਦੀ ਜਿੰਨੀ 64 ਸਾਲਾਂ ਤੋਂ ਵੱਧ ਉਮਰ ਦੇ ਬੰਦਿਆਂ ਵਿੱਚ ਹੁੰਦੀ ਹੈ।
  6. ਲਾਸ ਏਂਜਲਸ ਦੇ ਸਿਨਾਈ ਮੈਡੀਕਲ ਸੈਂਟਰ ਦੀ ਡਾਕਟਰ ਪ੍ਰਿਆ ਸੋਨੀ ਨੇ ਵੀ ਮੰਨਿਆ ਹੈ ਕਿ ਕੋਵਿਡ-19 ਬਾਰੇ ਹਾਲੇ ਤੱਕ ਪੂਰੀ ਸਮਝ ਨਹੀਂ ਪੈ ਸਕੀ ਤੇ ਖੋਜਾਂ ਜਾਰੀ ਹਨ। ਉਸ ਨੇ ਸਿੰਗਾਪੁਰ ਦੇ ਇਕ ਕੇਸ ਦਾ ਜ਼ਿਕਰ ਕੀਤਾ ਹੈ ਜਿੱਥੇ ਦੋਨੋਂ ਮਾਪੇ ਕੋਵਿਡ ਨਾਲ ਕਾਫ਼ੀ ਢਿੱਲੇ ਹੋ ਗਏ ਸਨ ਪਰ ਉਨ੍ਹਾਂ ਦੇ 6 ਮਹੀਨੇ ਦੇ ਬੇਟੇ ਵਿੱਚ ਕੋਵਿਡ ਬੀਮਾਰੀ ਦੇ ਕੀਟਾਣੂ ਹੁੰਦਿਆਂ ਵੀ ਸਿਰਫ਼ ਇੱਕ ਘੰਟੇ ਦੇ ਹਲਕੇ ਬੁਖ਼ਾਰ ਦੇ ਹੀ ਲੱਛਣ ਦਿੱਸੇ। ਤਿੰਨ ਹਫ਼ਤੇ ਤੱਕ ਉਸ ਦਾ ਚੈੱਕਅੱਪ ਕਰਦੇ ਰਹਿਣ ਬਾਅਦ ਦਿਸਿਆ ਕਿ ਉਸ ਦੇ ਸਰੀਰ ਅੰਦਰੋਂ ਭਾਰੀ ਮਾਤਰਾ ਵਿੱਚ ਵਾਇਰਸ ਬਾਹਰ ਨਿਕਲਦੀ ਰਹੀ ਪਰ ਉਸ ਵਿੱਚ ਕੋਈ ਵੀ ਲੱਛਣ ਨਹੀਂ ਦਿਸਿਆ। ਬੀਮਾਰੀ ਦੇ 17ਵੇਂ ਦਿਨ ਉਸ ਦਾ ਟੈਸਟ ਨੈਗੇਟਿਵ ਆਇਆ ਪਰ ਉਦੋਂ ਤੱਕ ਖ਼ਰਬਾਂ ਵਾਇਰਸ ਉਸ ਦਾ ਸਰੀਰ ਬਾਹਰ ਸੁੱਟ ਚੁੱਕਿਆ ਸੀ।

ਇਸ ਦਾ ਮਤਲਬ ਕੱਢਿਆ ਗਿਆ ਕਿ ਸਕੂਲ ਬਸ ਰਾਹੀਂ ਜੇ ਬੱਚੇ ਸਕੂਲਾਂ ਵਿਚ ਜਾਂਦੇ ਹਨ ਤਾਂ ਆਪ ਭਾਵੇਂ ਬੀਮਾਰ ਨਾ ਹੋਣ ਪਰ ਦੂਜਿਆਂ ਨੂੰ ਬੀਮਾਰੀ ਦੇ ਸਕਦੇ ਹਨ। ਇੰਜ ਹੀ ਸਕੂਲ ਵਿਚਲਾ ਕਾਫ਼ੀ ਹਾਊਸ, ਕੈਂਟੀਨ, ਹੌਸਟਲ ਜਾਂ ਲਾਇਬਰੇਰੀ ਵੀ ਬੱਚਿਆਂ ਸਦਕਾ ਕੀਟਾਣੂਆਂ ਨਾਲ ਭਰ ਸਕਦੇ ਹਨ, ਜਿੱਥੋਂ ਬਾਕੀਆਂ ਨੂੰ ਬੀਮਾਰੀ ਹੋ ਸਕਦੀ ਹੈ। ਇਸੇ ਲਈ ਬੱਚਿਆਂ ਨੂੰ ਸਕੂਲ ਨਾ ਭੇਜਣ ਵਿੱਚ ਹੀ ਸਿਆਣਪ ਹੈ।

  1. ਜੌਨ ਹਾਪਕਿੰਨਸ ਹਸਪਤਾਲ ਬਾਲਟੀਮੋਰ ਦੇ ਡਾ. ਐਨਾ ਸੈਮੂਅਲ ਨੇ ਸਲਾਹ ਦਿੱਤੀ ਹੈ ਕਿ ਜੇ ਬੱਚਿਆਂ ਤੋਂ ਵੱਡਿਆਂ ਵੱਲ ਬੀਮਾਰੀ ਫੈਲਣ ਤੋਂ ਰੋਕਣੀ ਹੈ ਤਾਂ ਬੱਚਿਆਂ ਨੂੰ ਨਿੱਛ ਮਾਰਨ ਲੱਗਿਆਂ ਜਾਂ ਖੰਘਣ ਲੱਗਿਆਂ ਮੂੰਹ ਢੱਕਣ ਜਾਂ ਮੋਢਾ ਅਗਾਂਹ ਕਰ ਲੈਣਾ ਸਿਖਾਉਣਾ ਚਾਹੀਦਾ ਹੈ। ਬੱਚਿਆਂ ਨੂੰ ਦਿਨ ਵਿਚ ਛੇ ਸੱਤ ਵਾਰ ਹੱਥ ਜ਼ਰੂਰ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਸਾਫ਼ ਕਰਨ ਲਈ ਸਮਝਾਉਣਾ ਚਾਹੀਦਾ ਹੈ।
  2. ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਦੋ ਸਾਲ ਤੋਂ ਛੋਟੇ ਬੱਚਿਆਂ ਨੂੰ ਮਾਸਕ ਨਹੀਂ ਪਾਉਣੇ ਚਾਹੀਦੇ ਕਿਉਂਕਿ ਉਨ੍ਹਾਂ ਨੂੰ ਮਾਸਕ ਪਾਉਣ ਦੀ ਸਮਝ ਨਹੀਂ ਹੁੰਦੀ ਤੇ ਉਹ ਵਾਰ-ਵਾਰ ਮਾਸਕ ਨੂੰ ਹੱਥ ਲਾਉਂਦੇ, ਖ਼ੁਰਕਦੇ ਸਗੋਂ ਬੀਮਾਰੀ ਫੈਲਾ ਦਿੰਦੇ ਹਨ ਜਾਂ ਸਹੇੜ ਲੈਂਦੇ ਹਨ।
  3. ਨਿੱਕੇ ਬੱਚਿਆਂ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਨ ਦੀ ਥਾਂ ਸਾਬਣ ਨਾਲ ਧੋਣੇ ਹੀ ਬਿਹਤਰ ਰਹਿੰਦੇ ਹਨ।
  4. ਗਰਭਵਤੀ ਔਰਤਾਂ ਨੂੰ ਬਾਕੀਆਂ ਵਾਂਗ ਹੀ ਆਪਣੀ ਸਾਫ਼ ਸਫ਼ਾਈ ਦਾ ਧਿਆਨ ਰੱਖਣ ਦੀ ਲੋੜ ਹੈ।
  5. ਬੱਚਾ ਜੰਮਣ ਤੋਂ ਬਾਅਦ ਕੋਰੋਨਾ ਬੀਮਾਰੀ ਦੌਰਾਨ ਵੀ ਮਾਂ ਆਪਣੇ ਨਵਜੰਮੇਂ ਬੱਚੇ ਨੂੰ ਦੁੱਧ ਪਿਆ ਸਕਦੀ ਹੈ।
  6. ਆਪਣੇ ਸਰੀਰ ਨਾਲ ਬੱਚੇ ਦਾ ਸਰੀਰ ਜੋੜਨ ਨਾਲ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਦੇ ਪਿਆਰੇ ਨਿੱਘੇ ਇਹਸਾਸ ਨਾਲ ਇਮਿਊਨ ਸਿਸਟਮ ਵੀ ਰਵਾਂ ਹੋ ਜਾਂਦਾ ਹੈ।
  7. ਨਵਜੰਮੇਂ ਬੱਚੇ ਨੂੰ ਆਂਢ-ਗੁਆਂਢ ਜਾਂ ਘਰ ਦੇ ਜੀਆਂ ਵੱਲੋਂ ਨਹੀਂ ਚੁੱਕਣਾ ਚਾਹੀਦਾ।
  8. ਮਾਂ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਦੁੱਧ ਪਿਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਚੰਗੀ ਤਰ੍ਹਾਂ ਜ਼ਰੂਰ ਧੋਵੇ।
  9. ਬੱਚੇ ਦੇ ਮਲ ਮੂਤਰ ਨੂੰ ਦਸਤਾਨੇ ਪਾ ਕੇ ਸਾਫ਼ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਕੋਸੇ ਖੁੱਲ੍ਹੇ ਪਾਣੀ ਨਾਲ ਬੱਚੇ ਨੂੰ ਸਾਫ਼ ਕਰਕੇ, ਪੂੰਝ ਕੇ, ਕੱਪੜੇ ਪਾਉਣੇ ਚਾਹੀਦੇ ਹਨ।
  10. ਬੱਚੇ ਦੇ ਕੱਪੜੇ ਬਾਕੀਆਂ ਨਾਲੋਂ ਵੱਖਰੇ ਧੋਣ ਦੀ ਲੋੜ ਹੁੰਦੀ ਹੈ।
  11. ਕਿਸੇ ਵੀ ਬੇਬੀ ਸਾਬਣ ਜਾਂ ਗਲਿਸਰੀਨ ਵਾਲੇ ਸਾਬਣ ਨਾਲ ਬੱਚੇ ਨੂੰ ਨੁਹਾਇਆ ਜਾ ਸਕਦਾ ਹੈ। ਐਂਟੀ ਬੈਕਟੀਰੀਅਲ ਸਾਬਣ ਵਰਤਣ ਦੀ ਲੋੜ ਨਹੀਂ ਹੁੰਦੀ।
  12. ਓਪਰਾ ਦੁੱਧ ਜਾਂ ਪਾਣੀ 6 ਮਹੀਨੇ ਦੀ ਉਮਰ ਪੂਰੀ ਹੋਣ ਤੱਕ ਬਿਲਕੁਲ ਨਹੀਂ ਪਿਆਉਣਾ ਚਾਹੀਦਾ। ਮਾਂ ਦੇ ਦੁੱਧ ਵਿਚਲੇ ਕੁਦਰਤੀ ਜਿਊਂਦੇ ਸੈੱਲ ਬੱਚੇ ਦੇ ਸਰੀਰ ਅੰਦਰ ਬੀਮਾਰੀ ਨਾਲ ਲੜਨ ਦੀ ਕੁਦਰਤੀ ਤਾਕਤ ਵਧਾ ਦਿੰਦੇ ਹਨ। ਇਹੀ ਸੈੱਲ ਇਮਿਊਨ ਸਿਸਟਮ ਏਨਾ ਤਕੜਾ ਕਰ ਦਿੰਦੇ ਹਨ ਕਿ ਬੱਚਿਆਂ ਨੂੰ ਕੋਵਿਡ ਬੀਮਾਰੀ ਹੁੰਦੀ ਹੀ ਨਹੀਂ।

ਇਸ ਸਾਰੀ ਖੋਜ ਵਿੱਚੋਂ ਕੁੱਝ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ :-

  1. ਕੁਦਰਤੀ ਤੌਰ ਉੱਤੇ ਬੱਚਿਆਂ ਵਿੱਚ ਮਾਂ ਵੱਲੋਂ ਬੀਮਾਰੀ ਨਾਲ ਲੜਨ ਦੀ ਤਾਕਤ ਪਹੁੰਚ ਜਾਂਦੀ ਹੈ।
  2. ਕੁਦਰਤ ਦਾ ਸੁਨੇਹਾ ਹੈ ਕਿ ਜੇ ਮੇਰੇ ਨਾਲ ਬਹੁਤੀ ਛੇੜਛਾੜ ਨਹੀਂ ਕਰੋਗੇ ਤਾਂ ਮੈਂ ਵੀ ਤੁਹਾਨੂੰ ਆਪਣੇ ਬੱਚਿਆਂ ਵਾਂਗ ਪਾਲਾਂਗੀ ਪੋਸਾਂਗੀ।
  3. ਨਵਜੰਮੇ ਬੱਚਿਆਂ ਨੂੰ ਕੀ ਬੀਮਾਰੀਆਂ ਤੋਂ ਬਚਣ ਵਾਲੇ ਟੀਕੇ ਜੰਮਦੇ ਸਾਰ ਲਾਉਣ ਦੀ ਲੋੜ ਹੈ ਜਾਂ ਕੁੱਝ ਠਹਿਰ ਕੇ ਲਾਉਣੇ ਚਾਹੀਦੇ ਹਨ?
  4. ਸੰਤੁਲਿਤ ਖ਼ੁਰਾਕ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਬੱਚਿਆਂ ਨੂੰ ਤਲੀਆਂ ਚੀਜ਼ਾਂ ਤੇ ਬਜ਼ਾਰੀ ਚੀਜ਼ਾਂ ਖਾਣ ਤੋਂ ਰੋਕਣਾ ਚਾਹੀਦਾ ਹੈ।

ਕੋਰੋਨਾ ਸੰਬੰਧੀ ਕੁੱਝ ਸ਼ੰਕੇ

0

ਕੋਰੋਨਾ ਸੰਬੰਧੀ ਕੁੱਝ ਸ਼ੰਕੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਕੋਰੋਨਾ ਨੇ ਸਾਰੀ ਦੁਨੀਆ ਨੂੰ ਆਪਣੇ ਸ਼ਿਕੰਜੇ ਵਿਚ ਕਸ ਲਿਆ ਹੋਇਆ ਹੈ। ਇਸ ਬਾਰੇ ਵੱਖੋ-ਵੱਖ ਅਦਾਰੇ ਆਪੋ ਆਪਣੇ ਸ਼ੰਕੇ ਉਜਾਗਰ ਕਰ ਕੇ ਵੱਖੋ-ਵੱਖ ਖੋਜੀਆਂ ਦੇ ਆਧਾਰ ਉੱਤੇ ਜਵਾਬ ਦੇ ਰਹੇ ਹਨ ਜਿਸ ਨਾਲ ਆਮ ਲੋਕਾਂ ਵਿਚ ਭੰਬਲਭੂਸਾ ਪਿਆ ਹੋਇਆ ਹੈ। ਦਰਅਸਲ ਇਹ ਵਾਇਰਸ ਨਵੀਂ ਹੈ ਤੇ ਇਸ ਬਾਰੇ ਖੋਜਾਂ ਹਾਲੇ ਵੱਡੀ ਪੱਧਰ ’ਤੇ ਜਾਰੀ ਹਨ। ਇਸੇ ਲਈ ਹਰ ਰੋਜ਼ ਨਵੀਂ ਗੱਲ ਸਾਹਮਣੇ ਆ ਰਹੀ ਹੈ। ਕੁੱਝ ਪਿੱਛਲੀਆਂ ਖੋਜਾਂ ਬਾਰੇ ਕਿੰਤੂ-ਪਰੰਤੂ ਹੋ ਜਾਂਦਾ ਹੈ ਤੇ ਕੁੱਝ ਖੋਜਾਂ ਨੂੰ ਉੱਕਾ ਹੀ ਰੱਦ ਕਰ ਦਿੱਤਾ ਜਾਂਦਾ ਹੈ।

ਮਜ਼ੇਦਾਰ ਗੱਲ ਇਹ ਹੈ ਕਿ ਬਹੁਤੀਆਂ ਖੋਜਾਂ ਉੱਤੇ ਕਿੰਤੂ-ਪਰੰਤੂ ਕਰਨ ਵਾਲੇ ਜਾਂ ਤਾਂ ਗਿਣੇ ਚੁਣੇ ਮੀਡੀਆ ਦੇ ਕੁੱਝ ਲੋਕ ਹਨ ਜਾਂ ਉਹ ਲੋਕ ਹਨ, ਜੋ ਵਿਗਿਆਨ ਦੇ ਨੇੜੇ-ਤੇੜੇ ਵੀ ਨਹੀਂ ਹਨ।

ਅਜਿਹੇ ਲੋਕ ਅੱਜ ਤੋਂ ਨਹੀਂ, ਸਦੀਆਂ ਤੋਂ ਇਸੇ ਤਰ੍ਹਾਂ ਕਰਦੇ ਆਏ ਹਨ। ਉਨ੍ਹਾਂ ਦਾ ਕੰਮ ਹੀ ਸਿਰਫ਼ ਵਿਰੋਧ ਕਰਨਾ ਹੁੰਦਾ ਹੈ ਕਿਉਂਕਿ ਹੋਰ ਕੁੱਝ ਉਨ੍ਹਾਂ ਦੇ ਪੱਲੇ ਹੀ ਨਹੀਂ ਹੁੰਦਾ। ਅਗਿਆਨਤਾ ਨੇ ਹਮੇਸ਼ਾ ਤੋਂ ਹੀ ਵਿਗਿਆਨੀਆਂ ਤੇ ਖੋਜੀਆਂ ਦੇ ਪੈਰੀਂ ਬੇੜੀਆਂ ਪਾਈਆਂ ਹਨ। ਇਤਿਹਾਸ ਵਿੱਚ ਝਾਤ ਮਾਰੀਏ ਤਾਂ ਅਜਿਹੀਆਂ ਕਈ ਉਦਾਹਰਨਾਂ ਮਿਲ ਜਾਣਗੀਆਂ।

ਗੈਲੀਲੀਓ ਨੇ ਜਦੋਂ ਸਭਨਾਂ ਦੀ ਸੋਚ ਦੇ ਉਲਟ ਇਹ ਕਿਹਾ ਕਿ ਧਰਤੀ ਖਲੋਤੀ ਨਹੀਂ ਹੋਈ ਬਲਕਿ ਸੂਰਜ ਦੇ ਦੁਆਲੇ ਘੁੰਮਦੀ ਪਈ ਹੈ ਤਾਂ ਇਸ ਨੂੰ ਬਾਈਬਲ ਦੇ ਉਲ਼ਟ ਮੰਨਦਿਆਂ ਉਸ ਨੂੰ ਸਜ਼ਾ ਦੇ ਤੌਰ ’ਤੇ ਹਮੇਸ਼ਾ ਲਈ ਘਰ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ।

ਬਿਲਕੁਲ ਇੰਜ ਹੀ ਹਰ ਨਵੀਂ ਖੋਜ ਉੱਤੇ ਅੱਜ ਤੱਕ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਮੌਜੂਦਾ ਕੋਰੋਨਾ ਵਾਇਰਸ ਏਨਾ ਮਹੀਨ ਕੀਟਾਣੂ ਹੈ ਜਿਸ ਬਾਰੇ ਹਾਲੇ ਤੱਕ ਪੂਰੀ ਜਾਣਕਾਰੀ ਹਾਸਲ ਹੀ ਨਹੀਂ ਹੋ ਸਕੀ। ਜਿੰਨਾ ਕੁੱਝ ਅੱਜ ਦੇ ਦਿਨ ਤੱਕ ਖੋਜਾਂ ਰਾਹੀਂ ਸਾਹਮਣੇ ਆਇਆ ਹੈ, ਉਨ੍ਹਾਂ ਨੂੰ ਸਾਂਝਾ ਕਰਨ ਲੱਗੀ ਹਾਂ। ਇਹ ਵੀ ਕੋਈ ਪਤਾ ਨਹੀਂ ਕਿ ਕੱਲ੍ਹ ਨੂੰ ਨਵੀਂ ਖੋਜ ਰਾਹੀਂ ਇਹ ਸਾਰੇ ਤੱਥ ਗਲਤ ਸਾਬਤ ਹੋ ਜਾਣ ਜਾਂ ਵਾਇਰਸ ਹੀ ਵੱਖ ਰੂਪ ਇਖ਼ਤਿਆਰ ਕਰ ਕੇ ਹੋਰ ਰੂਪ ਵਿਚ ਸਾਹਮਣੇ ਆ ਜਾਏ !

ਸਵਾਲ 1.    ਕੀ ਇਹ ਵਾਇਰਸ ਨਵੀਂ ਹੈ ?

ਜਵਾਬ : ਨਹੀਂ, ਕੋਰੋਨਾ ਵਾਇਰਸ ਕੀਟਾਣੂ ਲਗਭਗ 400 ਕਿਸਮਾਂ ਦੇ ਹਨ। ਕੋਵਿਡ 19 ਬੀਮਾਰੀ ਕਰਨ ਵਾਲਾ ਕੋਰੋਨਾ ਵਾਇਰਸ ਪਹਿਲਾਂ ਦੀ ਸਾਰਸ ਬੀਮਾਰੀ ਕਰਨ ਵਾਲੇ ਕੀਟਾਣੂ ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਇਸੇ ਲਈ ਇਸ ਨੂੰ ‘‘ਸਾਰਸ ਕੋਵ-2’’ ਨਾਂ ਦੇ ਦਿੱਤਾ ਗਿਆ ਹੈ।

ਸਵਾਲ 2.    ਪਹਿਲੀ ਵਾਰ ਇਹ ਵਾਇਰਸ ਕਿੱਥੋਂ ਲੱਭੀ ?

ਜਵਾਬ : ਵੂਹਾਨ (ਚੀਨ) ਵਿਚ ਦਸੰਬਰ 2019 ਵਿਚ ਪਹਿਲਾ ਕੇਸ ਲੱਭਿਆ ਤੇ ਇਸ ਬੀਮਾਰੀ ਦਾ ਨਾਂ ‘ਕੋਵਿਡ 19’ ਦੇ ਦਿੱਤਾ ਗਿਆ।

ਸਵਾਲ 3.    ਇਸ ਵਾਇਰਸ ਦਾ ਜਾਨਵਰਾਂ ਨਾਲ ਕੀ ਸੰਬੰਧ ਹੈ ?

ਜਵਾਬ :‘ਸਾਰਸ ਵਾਇਰਸ’ ਸਿਵਟ ਬਿੱਲੀਆਂ ਤੋਂ ਬੰਦਿਆਂ ਵਿੱਚ ਆਇਆ ਹੈ। ‘ਮਰਸ ਵਾਇਰਸ’ ਊਠਾਂ ਵਿੱਚੋਂ ਬੰਦਿਆਂ ਵਿੱਚ ਆਇਆ। ਇਹ ਦੋਨੋਂ ਕਿਸਮਾਂ ਕੋਰੋਨਾ ਦੀਆਂ ਹਨ। ਕੋਵਿਡ 19 ਬਾਰੇ ਕਿਆਸ ਲਾਇਆ ਜਾ ਰਿਹਾ ਹੈ ਕਿ ਇਹ ਚਮਗਿੱਦੜ ਤੋਂ ਇਨਸਾਨ ਵਿੱਚ ਵੜਿਆ ਤੇ ਅੱਗੋਂ ਹੁਣ ਤੱਕ ਕੁੱਝ ਪਾਲਤੂ (ਕੁੱਤੇ, ਬਿੱਲੀਆਂ) ਤੇ ਕੁੱਝ ਚਿੜੀਆਘਰ ਦੇ (ਬਾਂਦਰ, ਸ਼ੇਰ) ਜਾਨਵਰ੍ਹਾਂ ਵਿੱਚ ਲੱਭਿਆ ਜਾ ਚੁੱਕਿਆ ਹੈ। ਇਨ੍ਹਾਂ ਜਾਨਵਰਾਂ ਤੋਂ ਅੱਗੋਂ ਕਿਸੇ ਬੰਦੇ ਵਿੱਚ ਜਾਣ ਦੀਆਂ ਖੋਜਾਂ ਹਾਲੇ ਤੱਕ ਸ਼ੁਰੂ ਨਹੀਂ ਹੋਈਆਂ। ਚਿੜੀਆ ਘਰਾਂ ਵੱਲੋਂ ਪੰਛੀਆਂ ਵਿਚ ਵੀ ਇਸ ਵਾਇਰਸ ਦੇ ਲੱਛਣ ਲੱਭਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ।

ਸਵਾਲ 4.    ਕੀ ਹੁਣ ਦੇ ਮਾਹੌਲ ਵਿਚ ਕੱਚਾ ਦੁੱਧ ਪੀਤਾ ਜਾ ਸਕਦਾ ਹੈ ?

ਜਵਾਬ : ਕੱਚਾ ਦੁੱਧ ਪੀਣ ਨਾਲ ਕਈ ਕਿਸਮਾਂ ਦੇ ਵਾਇਰਸ ਤੇ ਬੈਕਟੀਰੀਆ ਕੀਟਾਣੂ ਹਮਲਾ ਬੋਲ ਸਕਦੇ ਹਨ ਜਿਨ੍ਹਾਂ ਵਿਚ ਅੰਤੜੀਆਂ ਦੀ ਟੀ. ਬੀ. ਵੀ ਸ਼ਾਮਲ ਹੈ। ਇਸੇ ਲਈ ਦੁੱਧ ਹਮੇਸ਼ਾ ਉਬਾਲ ਕੇ ਹੀ ਪੀਣਾ ਚਾਹੀਦਾ ਹੈ।

ਸਵਾਲ 5.    ਕੋਰੋਨਾ ਕਿੰਨੀ ਦੇਰ ਤੱਕ ਆਲੇ ਦੁਆਲੇ ਦੀਆਂ ਚੀਜ਼ਾਂ ਉੱਤੇ ਜ਼ਿੰਦਾ ਰਹਿੰਦਾ ਹੈ ?

ਜਵਾਬ : ਵੱਖੋ-ਵੱਖ ਤਾਪਮਾਨ ਤੇ ਨਮੀ ਦੇ ਹਿਸਾਬ ਨਾਲ ਕੁੱਝ ਘੰਟਿਆਂ ਤੋਂ ਕਈ ਦਿਨਾਂ ਤੱਕ ਕੋਰੋਨਾ ਜ਼ਿੰਦਾ ਰਹਿ ਸਕਦਾ ਹੈ। ਜਦੋਂ ਤਾਪਮਾਨ 53 ਡਿਗਰੀ ਫਾਰਨਹੀਟ ਤੱਕ ਪਹੁੰਚ ਜਾਵੇ ਤਾਂ ਇਹ ਵਾਇਰਸ ਮਰ ਜਾਂਦਾ ਹੈ। ਪਲਾਸਟਿਕ ਤੇ ਸਟੀਲ ਉੱਤੇ 4 ਦਿਨ ਤੱਕ ਟਿਕਿਆ ਰਹਿ ਸਕਦਾ ਹੈ। ਇਸੇ ਲਈ ਇਨ੍ਹਾਂ ਥਾਵਾਂ ਨੂੰ ਸਾਫ਼ ਕਰਨ ਲਈ ਸਾਬਣ ਜਾਂ ਡਿਟੋਲ ਜਾਂ ਸਪਿਰਿਟ ਵਰਤੀ ਜਾ ਸਕਦੀ ਹੈ।

ਸਵਾਲ 6.    ਕੀ ਪਾਰਸਲ ਜਾਂ ਚਿੱਠੀਆਂ ਰਾਹੀਂ ਇਹ ਫੈਲਦਾ ਹੈ ?

ਜਵਾਬ : ਬਾਹਰਲੇ ਗੱਤੇ ਜਾਂ ਕਾਗਜ਼ ਨੂੰ ਘਰੋਂ ਬਾਹਰ ਹੀ ਖੋਲ੍ਹ ਕੇ ਸਮਾਨ ਜਾਂ ਚਿੱਠੀ ਘਰ ਅੰਦਰ ਲਿਆਣੀ ਚਾਹੀਦੀ ਹੈ। ਹਾਲੇ ਤੱਕ ਦੀ ਖੋਜ ਦਰਸਾਉਂਦੀ ਹੈ ਕਿ ਇਨ੍ਹਾਂ ਰਾਹੀਂ ਵਾਇਰਸ ਫੈਲਣ ਦਾ ਖ਼ਤਰਾ ਘੱਟ ਹੈ।

ਸਵਾਲ 7. ਕੀ ਨੋਟਾਂ ਤੇ ਸਿੱਕਿਆਂ ਰਾਹੀਂ ਕੋਰੋਨਾ ਫੈਲਦਾ ਹੈ ?

ਜਵਾਬ : ਨੋਟਾਂ ਤੇ ਸਿੱਕਿਆਂ ਰਾਹੀਂ ਬੀਮਾਰੀ ਫੈਲਣ ਦੀ ਸ਼ੰਕਾ ਵਿਸ਼ਵ ਪੱਧਰ ਉੱਤੇ ਜਤਾਈ ਜਾ ਰਹੀ ਹੈ। ਕਨੇਡਾ, ਆਸਟ੍ਰੇਲੀਆ ਤੇ ਯੂ. ਕੇ. ਵਿਚ ਪਲਾਸਟਿਕ ਦੇ ਨੋਟਾਂ ਨੂੰ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜਦ ਤੱਕ ਖੋਜਾਂ ਸਪਸ਼ਟ ਨਹੀਂ ਕਰਦੀਆਂ, ਧਿਆਨ ਰੱਖਣ ਦੀ ਲੋੜ ਹੈ ਤੇ ਇਹਤਿਆਤ ਵਜੋਂ ਸਿੱਲ੍ਹੇ ਨੋਟ ਕੁੱਝ ਘੰਟੇ ਧੁੱਪੇ ਰੱਖੇ ਜਾ ਸਕਦੇ ਹਨ। ਸਿੱਕੇ ਸਪਿਰਿਟ ਵਾਲੇ ਹੱਥਾਂ ਨਾਲ ਸੌਖਿਆਂ ਸਾਫ਼ ਕੀਤੇ ਜਾ ਸਕਦੇ ਹਨ।

ਸਵਾਲ 8.    ਗਰਭਵਤੀ ਔਰਤਾਂ ਨੂੰ ਕਿੰਨਾ ਖ਼ਤਰਾ ਹੈ  ?

ਜਵਾਬ : ਹਾਲੇ ਤੱਕ ਦੀਆਂ ਖੋਜਾਂ ਵਿੱਚ ਗਰਭਵਤੀ ਔਰਤਾਂ ਨੂੰ ਵੱਧ ਖ਼ਤਰਾ ਨਹੀਂ ਲੱਭਿਆ। ਭਰੂਣ ਤੱਕ ਕੋਰੋਨਾ ਦੇ ਪਹੁੰਚਣ ਬਾਰੇ ਵੀ ਹਾਲੇ ਤੱਕ ਕਿਸੇ ਖੋਜੀ ਨੇ ਨਹੀਂ ਦੱਸਿਆ। ਬਾਕੀਆਂ ਵਾਂਗ ਗਰਭਵਤੀ ਔਰਤਾਂ ਨੂੰ ਵੀ ਪਰਹੇਜ਼ ਤੇ ਸਫ਼ਾਈ ਰੱਖਣ ਦੀ ਲੋੜ ਹੈ ?

ਸਵਾਲ 9.    ਕੀ ਨਵਜੰਮੇ ਬੱਚੇ ਨੂੰ ਕੋਰੋਨਾ ਪੀੜਤ ਮਾਂ ਦੁੱਧ ਪਿਆ ਸਕਦੀ ਹੈ ?

ਜਵਾਬ : ਜੀ ਹਾਂ।

ਸਵਾਲ 10.  ਫਲੂ ਤੇ ਕੋਵਿਡ 19 ਵਿਚ ਕੀ ਫ਼ਰਕ ਹੈ ?

ਜਵਾਬ : ਇਨ੍ਹਾਂ ਦੇ ਲੱਛਣ ਲਗਭਗ ਇੱਕੋ ਜਿਹੇ ਹੁੰਦੇ ਹਨ ਪਰ ਫਲੂ ਬੱਚਿਆਂ ਵਿਚ ਵੱਧ ਹੁੰਦਾ ਹੈ। ਇੱਕ ਤੋਂ ਦੂਜੇ ਵੱਲ ਜਾਣ ਦਾ ਖ਼ਤਰਾ ਕੋਵਿਡ 19 ਵਿਚ ਵੱਧ ਹੈ। ਫਲੂ ਦਾ ਖ਼ਤਰਾ ਗਰਭਵਤੀ ਔਰਤਾਂ ਤੇ ਬਜ਼ੁਰਗਾਂ ਵਿਚ ਵੀ ਵੱਧ ਹੁੰਦਾ ਹੈ। ਕੋਵਿਡ 19 ਬਜ਼ੁਰਗਾਂ ਤੇ ਬੀਮਾਰਾਂ ਉੱਤੇ ਵੱਧ ਹੱਲਾ ਬੋਲਦਾ ਹੈ, ਖ਼ਾਸ ਕਰ ਸ਼ੱਕਰ ਰੋਗੀਆਂ ਅਤੇ ਬਲੱਡ ਪ੍ਰੈੱਸ਼ਰ ਦੇ ਰੋਗੀਆਂ ਉੱਤੇ।

ਸਵਾਲ 11.  ਕੋਵਿਡ ਤੋਂ ਮੌਤ ਦਾ ਖ਼ਤਰਾ ਕਿੰਨਾ ਹੈ ?

ਜਵਾਬ : ਹਾਲੇ ਤੱਕ ਦੇ ਡਾਟੇ ਅਨੁਸਾਰ ਤਿੰਨ ਤੋਂ ਚਾਰ ਪ੍ਰਤੀਸ਼ਤ ਹੈ। ਫਲੂ ਤੋਂ ਹੋਈਆਂ ਮੌਤਾਂ ਦੀ ਦਰ ਸਿਰਫ਼ 0.1 ਪ੍ਰਤੀਸ਼ਤ ਹੈ।

ਸਵਾਲ 12. ਕੀ ਕੋਵਿਡ 19 ਬੀਮਾਰੀ ਦੇ ਹੁੰਦਿਆਂ ਵੀ ਟੈਸਟ ਨੈਗੇਟਿਵ ਆ ਸਕਦਾ ਹੈ ?

ਜਵਾਬ : ਪੀ. ਸੀ.ਆਰ. ਟੈਸਟ 30 ਫੀਸਦੀ ਕੇਸਾਂ ਵਿਚ ਨੈਗੇਟਿਵ ਆ ਸਕਦੇ ਹਨ।

ਸਵਾਲ 13.  ਕੀ ਮਾਸਕ ਪਾਉਣਾ ਹਰ ਕਿਸੇ ਲਈ ਜ਼ਰੂਰੀ ਹੈ ?

ਜਵਾਬ : ਕਮਿਊਨਿਟੀ ਰਾਹੀਂ ਫੈਲਾਓ ਤੋਂ ਬਚਣ ਲਈ ਘਰੋਂ ਬਾਹਰ ਨਿਕਲਣ ਵੇਲੇ ਹਰ ਕਿਸੇ ਨੂੰ ਮਾਸਕ ਪਾ ਲੈਣਾ ਚਾਹੀਦਾ ਹੈ।

ਸਵਾਲ 14. ਕਿਸ ਕਿਸਮ ਦਾ ਮਾਸਕ ਬਿਹਤਰ ਹੈ ?

ਜਵਾਬ : ਆਮ ਬੰਦਿਆਂ ਲਈ ਕੱਪੜੇ ਦਾ ਮਾਸਕ ਵੀ ਅਸਰਦਾਰ ਹੈ। ਇਸ ਮਾਸਕ ਨੂੰ ਰੋਜ਼ ਸਾਬਣ ਨਾਲ ਧੋਣਾ ਚਾਹੀਦਾ ਹੈ।

ਸਵਾਲ 15. ਕੀ ਇਹ ਹਵਾ ਰਾਹੀਂ ਫੈਲਦਾ ਹੈ ?

ਜਵਾਬ : ਕਿਸੇ ਕੋਵਿਡ 19 ਦੀ ਬੀਮਾਰੀ ਨਾਲ ਪੀੜਤ ਮਰੀਜ਼ ਦੀ ਨਿੱਛ ਜਾਂ ਖੰਘ ਨਾਲ ਇੱਕ ਮੀਟਰ ਦੂਰ ਤੱਕ ਖੜ੍ਹੇ ਲੋਕਾਂ ਨੂੰ ਇਸ ਬੀਮਾਰੀ ਦੇ ਹੋਣ ਦਾ ਖ਼ਤਰਾ ਹੈ। ਇਸ ਤੋਂ ਅੱਗੇ ਦੀਆਂ ਖੋਜਾਂ ਕਿ ਇਹ ਕਿੰਨੀ ਦੇਰ ਹਵਾ ਵਿਚ ਟਿਕਿਆ ਰਹਿ ਸਕਦਾ ਹੈ, ਹਾਲੇ ਜਾਰੀ ਹਨ। ਹੁਣ ਤੱਕ ਇਹੀ ਕਿਹਾ ਜਾ ਰਿਹਾ ਹੈ ਕਿ ਨਿੱਛ ਮਾਰਨ ਬਾਅਦ ਆਲੇ-ਦੁਆਲੇ ਜਾਂ ਸਾਹਮਣੇ ਖੜ੍ਹੇ ਬੰਦੇ ਦੇ ਕੱਪੜਿਆਂ, ਮੂੰਹ, ਹੱਥਾਂ, ਰੇਲਿੰਗ, ਕੰਧਾਂ ਰਾਹੀਂ ਇਹ ਦੂਜੇ ਨੂੰ ਜਕੜ ਲੈਂਦਾ ਹੈ।

ਸਵਾਲ 16. ਕੀ ਹਰ ਕੋਰੋਨਾ ਪੀੜਤ ਬੰਦੇ ਨੂੰ ਬੀਮਾਰੀ ਦੇ ਲੱਛਣ ਹੁੰਦੇ ਹਨ ?

ਜਵਾਬ : 80 ਫੀਸਦੀ ਵਿਚ ਲਗਭਗ ਨਾ ਬਰਾਬਰ ਲੱਛਣ ਹੁੰਦੇ ਹਨ। ਚੀਨ ਵਿਚ ਵੀ ਹਰ ਚਾਰਾਂ ਵਿੱਚੋਂ ਇੱਕ ਨੂੰ ਕੋਈ ਵੀ ਲੱਛਣ ਨਾ ਲੱਭੇ ਜਾਣ ਸਦਕਾ ਹੀ ਇਹ ਬੀਮਾਰੀ ਮਹਾਂਮਾਰੀ ਵਾਂਗ ਫੈਲੀ। ਇਹ ਲੋਕ, ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹਨ, ਅੱਗੋਂ ਬੀਮਾਰੀ ਫੈਲਾਉਣ ਦੇ ਸਮਰੱਥ ਹੁੰਦੇ ਹਨ। ਇਸੇ ਲਈ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਆਪਣੇ ਹੱਥ ਸਾਬਣ ਨਾਲ ਵਾਰ-ਵਾਰ ਧੋ ਕੇ ਸਾਫ਼ ਕਰਨੇ ਚਾਹੀਦੇ ਹਨ ਜਾਂ ਸੈਨੇਟਾਈਜ਼ ਕਰਨੇ ਚਾਹੀਦੇ ਹਨ।

ਸਵਾਲ 17.  ਕੋਵਿਡ 19 ਦੇ ਲੱਛਣ ਕੀ ਹਨ  ?

ਜਵਾਬ : ਤੇਜ਼ ਬੁਖਾਰ, ਸੁੱਕੀ ਖੰਘ, ਸਾਹ ਚੜ੍ਹਨਾ ਜਾਂ ਸਾਹ ਲੈਣ ਵਿਚ ਔਖਿਆਈ ਮਹਿਸੂਸ ਹੋਣੀ। ਕੁੱਝ ਮਰੀਜ਼ਾਂ ਨੂੰ ਸਰੀਰ ਟੁੱਟਦਾ ਮਹਿਸੂਸ ਹੋ ਸਕਦਾ ਹੈ, ਨੱਕ ਬੰਦ ਹੋਣਾ ਜਾਂ ਵੱਗਣਾ, ਟੱਟੀਆਂ ਲੱਗਣੀਆਂ, ਗਲੇ ਵਿਚ ਪੀੜ, ਆਦਿ ਵੀ ਹੋ ਸਕਦੇ ਹਨ।

ਸਵਾਲ 18. ਕੀ ਕੋਈ ਟੀਕਾ ਬਣਿਆ ਹੈ ?

ਜਵਾਬ : ਹਾਲੇ ਤੱਕ ਕੋਵਿਡ 19 ਲਈ ਕੋਈ ਵੀ ਟੀਕਾ ਨਹੀਂ ਬਣਿਆ। ਖੋਜਾਂ ਜਾਰੀ ਹਨ।

ਸਵਾਲ 19.  ਕੀ ਅਖਬਾਰਾਂ ਰਾਹੀਂ ਕੋਰੋਨਾ ਫੈਲ ਸਕਦਾ ਹੈ ?

ਜਵਾਬ : ਸਿਰਫ਼ ਇੱਕ ਖੋਜ ਨੇ ਸਪਸ਼ਟ ਕੀਤਾ ਸੀ ਕਿ ਕੋਰੋਨਾ ਜੇ ਅਖ਼ਬਾਰੀ ਕਾਗਜ਼ ਉੱਤੇ ਲੱਗ ਜਾਵੇ ਤਾਂ 4 ਜਾਂ 5 ਦਿਨ ਤੱਕ ਉੱਥੇ ਟਿਕਿਆ ਰਹਿ ਸਕਦਾ ਹੈ।

ਵਿਸ਼ਵ ਸਿਹਤ ਸੰਸਥਾ ਨੇ ਵੀ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਬੈਂਕ ਦੇ ਨੋਟਾਂ ਤੇ ਅਖ਼ਬਾਰੀ ਕਾਗਜ਼ਾਂ ਰਾਹੀਂ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਇਸ ਬਾਰੇ ਹਾਲੇ ਤੱਕ ਸਪਸ਼ਟ ਖੋਜ ਸਾਹਮਣੇ ਨਹੀਂ ਆਈ। ਇਸੇ ਲਈ ਸਿਰਫ਼ ਧਿਆਨ ਰੱਖਣ ਦੀ ਲੋੜ ਹੈ। ਅਖ਼ਬਾਰਾਂ ਬਿਸਤਰਿਆਂ ਵਿਚ ਨਾ ਰੱਖੀਆਂ ਜਾਣ। ਇਹਤਿਆਤ ਵਜੋਂ ਪੜ੍ਹਨ ਬਾਅਦ ਹੱਥ ਅਤੇ ਮੇਜ਼ ਸਾਫ਼ ਕਰ ਲੈਣੇ ਚਾਹੀਦੇ ਹਨ।

ਸਵਾਲ 20.  ਕੀ ਹਾਈਡਰੌਕਸੀ ਕਲੋਰੋਕਵਿਨ ਦਵਾਈ ਕੋਰੋਨਾ ਲਈ ਅਸਰਦਾਰ ਹੈ ?

ਜਵਾਬ : ਹਾਲੇ ਕੋਵਿਡ 19 ਬੀਮਾਰੀ ਬਾਰੇ ਪੂਰੀ ਸਮਝ ਹੀ ਨਹੀਂ ਪੈ ਸਕੀ। ਇਸੇ ਲਈ ਵੱਖੋ-ਵੱਖ ਮੁਲਕਾਂ ਵਿਚ ਇਸ ਦੇ ਇਲਾਜ ਲਈ ਵੱਖੋ-ਵੱਖ ਦਵਾਈਆਂ ਦਾ ਤਜਰਬਾ ਕੀਤਾ ਜਾ ਰਿਹਾ ਹੈ।

ਹਾਈਡਰੌਕਸੀ ਕਲੋਰੋਕਵਿਨ ਦਵਾਈ ਬਿਨਾਂ ਲੋੜ ਦੇ ਨਹੀਂ ਖਾਣੀ ਚਾਹੀਦੀ। ਇਹ ਦਵਾਈ ਕਈ ਤਰ੍ਹਾਂ ਦੀਆਂ ਜੋੜਾਂ ਦੀਆਂ ਬੀਮਾਰੀਆਂ ਤੇ ਮਲੇਰੀਆ ਲਈ ਵਰਤੀ ਜਾਂਦੀ ਹੈ। ਇਸ ਦੇ ਮਾੜੇ ਅਸਰ ਨਜ਼ਰ ਅਤੇ ਦਿਲ ਉੱਤੇ ਪੈਂਦੇ ਹਨ। ਇਸ ਦੇ ਖਾਣ ਨਾਲ ਇਸ ਬੀਮਾਰੀ ਤੋਂ ਬਚਾਓ ਵਾਸਤੇ ਹਾਲੇ ਤੱਕ ਆਮ ਜਨਤਾ ਨੂੰ ਕੋਈ ਫ਼ਾਇਦਾ ਹੋਇਆ ਨਹੀਂ ਲੱਭਿਆ। ਸਿਰਫ਼ ਡਾਕਟਰੀ ਦੇਖ-ਰੇਖ ਹੇਠਾਂ, ਬੀਮਾਰੀ ਦੇ ਲੱਛਣ ਦਿਸਣ ਤੋਂ ਬਾਅਦ ਹੀ ਇਸ ਦੀ ਵਰਤੋਂ ਲੋੜ ਅਨੁਸਾਰ ਕੀਤੀ ਜਾ ਸਕਦੀ ਹੈ।

ਸਵਾਲ 21. ਕੀ ਕੋਈ ਦੇਸੀ ਦਵਾਈ ਬਚਾਓ ਲਈ ਖਾਧੀ ਜਾ ਸਕਦੀ ਹੈ ?

ਜਵਾਬ : ਹਾਲੇ ਤੱਕ ਦੀਆਂ ਵਿਸ਼ਵ ਪੱਧਰੀ ਖੋਜਾਂ ਵਿੱਚ ਕੋਈ ਦੇਸੀ ਜਾਂ ਅੰਗਰੇਜ਼ੀ ਦਵਾਈ ਅਸਰਦਾਰ ਸਾਬਤ ਨਹੀਂ ਹੋਈ। ਸਿਰਫ਼ ਪਰਹੇਜ਼ ਅਤੇ ਸਾਫ਼ ਸਫਾਈ ਰੱਖਣ ਬਾਅਦ ਆਪਣੇ ਆਪ ਨੂੰ ਭੀੜ ਤੋਂ ਪਰ੍ਹਾਂ ਰੱਖ ਕੇ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ !

ਕੋਵਿਡ 19 ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ ?

0

ਕੋਵਿਡ 19 ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-ਫੋਨ ਨੰ: 0175-2216783

ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿਚ ਸੰਨ 1989 ਵਿਚ ਛਪਿਆ ਸੀ ਕਿ ਸਾਇੰਸ ਕਿੰਨੀ ਵੀ ਤਰੱਕੀ ਕਰ ਲਵੇ ਪਰ ਟੈਸਟ ਕਰਨ ਵਿਚ ਕੁੱਝ ਨਾ ਕੁੱਝ ਕੁਤਾਹੀ ਤਾਂ ਹੁੰਦੀ ਹੀ ਰਹੇਗੀ।

ਫਿਰ ਸੰਨ 2009 ਵਿਚ ਬਰਿਟਿਸ਼ ਨੈਸ਼ਨਲ ਹੈਲਥ ਸਿਸਟਮ ਨੇ ਸਰਵੇਖਣ ਕਰ ਕੇ ਦੱਸਿਆ ਕਿ 15 ਫੀਸਦੀ ਮਰੀਜ਼ਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਠੀਕ ਨਹੀਂ ਆ ਰਹੀਆਂ।

ਇਸ ਤੋਂ ਬਾਅਦ ਸੰਨ 2014 ਵਿਚ ਅਮਰੀਕਾ ਨੇ ਵੀ ਮੰਨਿਆ ਕਿ ਹਸਪਤਾਲਾਂ ਵਿਚ ਦਾਖਲ ਅਤੇ ਫੈਮਿਲੀ ਡਾਕਟਰ ਤੋਂ ਦਵਾਈ ਲੈਂਦੇ ਮਰੀਜ਼ਾਂ ਦੇ ਟੈਸਟਾਂ ਵਿੱਚੋਂ 12 ਮਿਲੀਅਨ ਦੀਆਂ ਰਿਪੋਰਟਾਂ ਗ਼ਲਤ ਸਨ। ਇਹ ਨੰਬਰ ਬਹੁਤ ਜ਼ਿਆਦਾ ਸੀ। ਸੋ ਹਲਚਲ ਮਚਣੀ ਹੀ ਸੀ।

ਟੈਸਟ ਕਰਨ ਵਾਲੀਆਂ ਕਿੱਟਾਂ, ਮਸ਼ੀਨਾਂ ਅਤੇ ਟੈਸਟ ਲੈਣ ਦੇ ਢੰਗ ਆਦਿ ਅਨੇਕ ਚੀਜ਼ਾਂ ਸਨ ਜਿਨ੍ਹਾਂ ਸਦਕਾ ਟੈਸਟਾਂ ਦੀਆਂ ਰਿਪੋਰਟਾਂ ਠੀਕ ਨਹੀਂ ਸਨ ਆ ਰਹੀਆਂ।

ਇਹੋ ਨੁਕਸ ਸੰਨ 2019 ਵਿਚ ਵੀ ਉਸੇ ਤਰ੍ਹਾਂ ਦਿਸ ਰਿਹਾ ਸੀ। ਹੁਣ ਦੁਨੀਆ ਭਰ ਦੀ ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਟੈਸਟ ਜਲਦਬਾਜ਼ੀ ਵਿਚ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੁੱਝ ਵਾਇਰਸ ਦੀ ਬਣਤਰ ਦੀ ਫੋਟੋ ਕਾਪੀ ਤਿਆਰ ਕਰ ਕੇ ਉਸ ਨਾਲ ਮੇਚਣ ਵਾਲੇ ਹਨ। ਜਦੋਂ ਵਾਇਰਸ ਹਾਲੇ ਤੱਕ ਆਪਣੀ ਸ਼ਕਲ ਜਾਂ ਬਣਤਰ ਹੀ ਤਬਦੀਲ ਕਰ ਰਹੀ ਹੋਵੇ ਤਾਂ ਸਮਝ ਆ ਸਕਦੀ ਹੈ ਕਿ ਟੈਸਟ ਵੀ 100 ਫੀਸਦੀ ਸਹੀ ਨਹੀਂ ਹੋ ਸਕਦੇ।

ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਅੱਗੇ ਦੱਸੀਆਂ ਚਾਰ ਕਿਸਮਾਂ ਬਾਰੇ ਜਾਣੀਏ:-

  1. ਅਸਲ ਪਾਜ਼ੀਟਿਵ :- ਜਿਹੜਾ ਕੋਵਿਡ-19 ਪੀੜਤ ਹੋਵੇ ਤੇ ਉਸ ਦਾ ਟੈਸਟ ਵੀ ਪਾਜ਼ੀਟਿਵ ਹੋਵੇ।
  2. ਨਕਲੀ ਪਾਜ਼ੀਟਿਵ :- ਜਿਸ ਨੂੰ ਕੋਵਿਡ-19 ਨਾ ਹੋਵੇ ਪਰ ਟੈਸਟ ਪਾਜ਼ੀਟਿਵ ਹੋਵੇ।
  3. ਨਕਲੀ ਨੈਗੇਟਿਵ :- ਜਿਸ ਨੂੰ ਕੋਵਿਡ-19 ਬੀਮਾਰੀ ਹੋਵੇ ਪਰ ਟੈਸਟ ਨੈਗੇਟਿਵ ਹੋਵੇ।
  4. ਅਸਲ ਨੈਗੇਟਿਵ :- ਜਿਸ ਨੂੰ ਕੋਵਿਡ ਬੀਮਾਰੀ ਨਾ ਹੋਵੇ ਤੇ ਟੈਸਟ ਵੀ ਨੈਗੇਟਿਵ ਹੋਵੇ।

ਇਨ੍ਹਾਂ ਚਾਰਾਂ ਨੂੰ ਆਧਾਰ ਬਣਾ ਕੇ ਕਿਸੇ ਵੀ ਟੈਸਟ ਕਿੱਟ ਨੂੰ ਚੰਗੀ ਜਾਂ ਮਾੜੀ ਕਿਹਾ ਜਾ ਸਕਦਾ ਹੈ ਪਰ ਹਾਲੇ ਤਕ ਅਜਿਹਾ ਕੋਈ ਜੰਤਰ ਨਹੀਂ ਜਿਸ ਰਾਹੀਂ ਟੈਸਟਾਂ ਵਿਚ 100 ਫੀਸਦੀ ਸਹੀ ਰਿਪੋਰਟ ਮਿਲ ਰਹੀ ਹੋਵੇ।

ਇਕੱਲਾ ਹੀਮੋਗਲੋਬਿਨ ਵੀ ਜੇ ਵੱਖੋ-ਵੱਖ ਲੈਬਾਰਟਰੀਆਂ ਵਿੱਚੋਂ ਟੈਸਟ ਕਰਵਾਇਆ ਜਾਵੇ ਤਾਂ ਇੱਕੋ ਰਿਪੋਰਟ ਨਹੀਂ ਆਉਂਦੀ। ਭਲਾ ਫੇਰ ਕੋਵਿਡ 19 ਦਾ ਟੈਸਟ ਸੌ ਫੀਸਦੀ ਸਹੀ ਕਿਵੇਂ ਆ ਸਕਦਾ ਹੈ।

ਉੱਪਰ ਦੱਸੀਆਂ ਚਾਰ ਕਿਸਮਾਂ ਵਿੱਚੋਂ ਪਹਿਲੀ ਤੇ ਤੀਜੀ ਕਿਸਮ; ਬੀਮਾਰੀ ਹੈ। ਇਸੇ ਲਈ ਇਨ੍ਹਾਂ ਮਰੀਜ਼ਾਂ ਦੇ ਟੈਸਟਾਂ ਨੂੰ ਆਧਾਰ ਬਣਾ ਕੇ ਕਿਸੇ ਟੈਸਟ ਦੀ ਗੁਣਵੱਤਾ ਮੰਨੀ ਜਾਂਦੀ ਹੈ ਕਿ ਟੈਸਟ ਕਿੰਨਿਆਂ ਵਿਚ ਸਹੀ ਬੀਮਾਰੀ ਲੱਭ ਸਕਣ ਦੇ ਸਮਰੱਥ ਹੈ।

ਦੂਜੀ ਤੇ ਚੌਥੀ ਕਿਸਮ; ਬੀਮਾਰੀ ਨਹੀਂ ਹੈ। ਇਨ੍ਹਾਂ ਦੇ ਆਧਾਰ ਉੱਤੇ ਕਿਸੇ ਟੈਸਟ ਬਾਰੇ ਪਤਾ ਲਾਇਆ ਜਾ ਸਕਦਾ ਹੈ ਕਿ ਇਹ ਕਿੰਨੇ ਬੀਮਾਰੀ ਤੋਂ ਬਗ਼ੈਰ ਵਾਲਿਆਂ ਨੂੰ ਅਸਲ ਵਿਚ ਬੀਮਾਰੀ ਰਹਿਤ ਦੱਸ ਸਕਦਾ ਹੈ।

ਦੁਨੀਆ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਆਰ. ਟੀ. ਪੀ. ਸੀ. ਆਰ. ਟੈਸਟ, ਜੋ ਕੋਵਿਡ-19 ਬਾਰੇ ਦੱਸਦਾ ਹੈ, ਦੇ ਵੱਖੋ-ਵੱਖ ਨਤੀਜੇ ਸਾਹਮਣੇ ਆ ਰਹੇ ਹਨ। ਚੀਨ ਦੇ ਇੱਕ ਹਿੱਸੇ ਵਿਚ 51 ਕੋਵਿਡ ਦੇ ਮਰੀਜ਼ਾਂ ਵਿੱਚੋਂ 29 ਫੀਸਦੀ ਦੇ ਟੈਸਟ ਨੈਗੇਟਿਵ ਆਏ। ਅਮਰੀਕਾ ਵਿਚ ਪਹਿਲਾਂ 95 ਫੀਸਦੀ, ਫੇਰ 85 ਫੀਸਦੀ ਤੇ ਹੁਣ 75 ਫੀਸਦੀ ਵਿਚ ਬੀਮਾਰੀ ਦੇ ਹੁੰਦਿਆਂ ਟੈਸਟ ਨੈਗੇਟਿਵ ਆਏ ਹਨ।

ਇਸੇ ਲਈ ਦੋ ਵਾਰ ਟੈਸਟ ਕਰਨ ਨੂੰ ਕਿਹਾ ਗਿਆ ਹੈ। ਜੇ ਪਹਿਲੇ ਟੈਸਟ ਵਿਚ ਨੈਗੇਟਿਵ ਹੈ ਤੇ ਦੋ ਦਿਨ ਬਾਅਦ ਵੀ ਟੈਸਟ ਵਿਚ ਕੁੱਝ ਨਹੀਂ ਆਇਆ ਤਾਂ ਮੰਨ ਲਿਆ ਗਿਆ ਕਿ ਉਸ ਬੰਦੇ ਨੂੰ ਬੀਮਾਰੀ ਨਹੀਂ ਹੈ। ਇਨ੍ਹਾਂ ਵਿੱਚੋਂ ਵੀ ਅੱਗੋਂ ਇੱਕ ਫੀਸਦੀ ਨੂੰ ਬੀਮਾਰੀ ਹੋਈ ਲੱਭੀ ਹੈ।

ਇਸ ਦਾ ਮਤਲਬ ਸਪਸ਼ਟ ਹੈ ਕਿ ਜੇ ਦੁਨੀਆ ਭਰ ਵਿਚ ਦੋ ਕਰੋੜ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਤਾਂ ਉਸ ਵਿੱਚੋਂ ਦੋ ਲੱਖ ਲੋਕਾਂ ਦੇ ਟੈਸਟ ਦੀ ਰਿਪੋਰਟ ਗ਼ਲਤ ਹੈ।

ਹੁਣ ਹੋਰ ਕੋਈ ਚਾਰਾ ਨਾ ਵੇਖ ਕੇ ਇੱਕੋ ਰਾਹ ਰਹਿ ਜਾਂਦਾ ਹੈ ਕਿ ਭਾਵੇਂ ਟੈਸਟ ਨੈਗੇਟਿਵ ਵੀ ਹੋਵੇ ਤਾਂ ਵੀ ਜੇ ਸ਼ੱਕ ਹੋਵੇ ਤਾਂ 14 ਦਿਨ ਏਕਾਂਤਵਾਸ ਜ਼ਰੂਰੀ ਹੈ।

ਜਿਨ੍ਹਾਂ ਦੇ ਸਰੀਰ ਅੰਦਰ ਕੋਰੋਨਾ ਵੜ ਚੁੱਕਿਆ ਹੋਵੇ, ਉਨ੍ਹਾਂ ਬਾਰੇ ਬਾਕੀ ਵਾਇਰਲ ਕੀਟਾਣੂਆਂ ਵਾਂਗ ਇਹ ਸੋਚਿਆ ਗਿਆ ਸੀ ਕਿ ਹੁਣ ਇਨ੍ਹਾਂ ਦਾ ਸਰੀਰ ਇਸ ਬੀਮਾਰੀ ਨੂੰ ਝੱਲਣ ਦੇ ਸਮਰੱਥ ਹੋ ਚੁੱਕਿਆ ਹੈ, ਇਸੇ ਲਈ ਵਾਇਰਸ ਦੇ ਖ਼ਿਲਾਫ਼ ਤਿਆਰ ਹੋਏ ‘ਐਂਟੀਬਾਡੀ’ ਸੈੱਲਾਂ ਨੂੰ ਟੈਸਟ ਕੀਤਾ ਜਾ ਸਕਦਾ ਹੈ। ਕੋਵਿਡ-19 ਦਰਅਸਲ ਨਵੀਂ ਬੀਮਾਰੀ ਹੈ ਅਤੇ ਇਸ ਦੇ ਬਾਰੇ ਪੂਰੀ ਸਮਝ ਨਾ ਹੋਣ ਸਦਕਾ ਇਹ ਪੱਕਾ ਨਹੀਂ ਹੋ ਸਕਿਆ ਕਿ ‘ਐਂਟੀਬਾਡੀ’ ਸਰੀਰ ਅੰਦਰ ਤਿਆਰ ਹੋਏ ਹਨ ਜਾਂ ਨਹੀਂ। ਜਿੰਨੇ ਕੁ ਟੈਸਟ ਕੀਤੇ ਗਏ ਹਨ, ਉਨ੍ਹਾਂ ਬਾਰੇ ਕੁੱਝ ਮੁਲਕਾਂ ਵਿੱਚੋਂ ਇਹੋ ਪਤਾ ਲੱਗ ਸਕਿਆ ਹੈ ਕਿ ਆਰ. ਟੀ. ਪੀ. ਸੀ. ਆਰ. ਵਿੱਚੋਂ ਘੱਟ ਨਕਲੀ ਨੈਗੇਟਿਵ ਹਨ ਪਰ ਜ਼ਿਆਦਾ ਨਕਲੀ ਪਾਜ਼ੀਟਿਵ ਲੱਭ ਰਹੇ ਹਨ।

ਪੂਰਾ ਜ਼ੋਰ ਲਾਉਣ ਬਾਅਦ ਵੀ ਹਾਲੇ ਤੱਕ ਕਿਸੇ ਟੈਸਟ ਉੱਤੇ 100 ਫੀਸਦੀ ਨਿਰਭਰ ਨਹੀਂ ਹੋਇਆ ਜਾ ਸਕਦਾ। ਸੌਖੇ ਤਰੀਕੇ ਸਮਝਣ ਲਈ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਜੇ ਕਿਸੇ ਕਲੋਨੀ ਵਿਚ 20 ਫੀਸਦੀ ਨੂੰ ਬੀਮਾਰੀ ਹੈ, ਤਾਂ ਉਨ੍ਹਾਂ ਵਿੱਚੋਂ 80 ਫੀਸਦੀ ਦੇ ਟੈਸਟ ਪਾਜ਼ੀਟਿਵ ਆਉਣਗੇ ਤੇ ਅਸਲ ਨੈਗੇਟਿਵ 90 ਫੀਸਦੀ ਹੋਣਗੇ।

ਯਾਨੀ ਹਰ ਵੀਹ ਵਿੱਚੋਂ ਇੱਕ ਜਾਂ ਦੋ ਅਜਿਹੇ ਹੋਣਗੇ ਜਿਨ੍ਹਾਂ ਨੂੰ ਬੀਮਾਰੀ ਹੋਵੇਗੀ ਪਰ ਟੈਸਟ ਨੈਗੇਟਿਵ ਆਉਣਗੇ ਤੇ 33.3 ਫੀਸਦੀ ਨੂੰ ਬੀਮਾਰੀ ਨਾ ਹੋਣ ਉੱਤੇ ਵੀ ਨਕਲੀ ਪਾਜ਼ੀਟਿਵ ਕੱਢਿਆ ਜਾਵੇਗਾ। ਜਿਵੇਂ ਜਿਵੇਂ ਮਰੀਜ਼ ਵਧਣਗੇ, ਇਹ ਗਿਣਤੀ ਵੀ ਵਧਦੀ ਜਾਵੇਗੀ ਤੇ ਟੈਸਟ ਦੇ ਗ਼ਲਤ ਆਉਣ ਦੀ ਦਰ ਵੀ ਵਧ ਜਾਵੇਗੀ।

ਏਸੇ ਲਈ ਪੁਲਿਟਜ਼ਰ ਇਨਾਮ ਜੇਤੂ ਸਿਧਾਰਥ ਮੁਕਰਜੀ, ਜੋ ਕੈਂਸਰ ਦੀ ਖੋਜ ਵਿਚ ਮੋਹਰੀ ਸਨ, ਨੇ 2015 ਵਿਚ ਸਪਸ਼ਟ ਕਹਿ ਦਿੱਤਾ ਸੀ ਕਿ ਕਮਜ਼ੋਰ ਟੈਸਟ ਨਾਲੋਂ ਡਾਕਟਰ ਵੱਲੋਂ ਪੈਦਾ ਕੀਤਾ ਸ਼ੱਕ ਜ਼ਿਆਦਾ ਮਾਅਨੇ ਰੱਖਦਾ ਹੈ।

ਮੌਜੂਦਾ ਹਾਲਾਤ ਵਿਚ ਜਦੋਂ ਹਾਲੇ ਸਭ ਕੁੱਝ ਖੋਜ ਅਧੀਨ ਹੈ, ਤਾਂ ਇੱਕੋ ਹੱਲ ਬਚਦਾ ਹੈ ਕਿ ਜਿਹੜਾ ਵੀ ਟੈਸਟ ਮੌਜੂਦ ਹੈ, ਉਸੇ ਦੇ ਹਿਸਾਬ ਨਾਲ ਅਤੇ ਡਾਕਟਰ ਦੀ ਸਲਾਹ ਨਾਲ, ਜਾਨ ਬਚਾਉਣ ਅਤੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਏਕਾਂਤਵਾਸ ਵਿਚ ਰਹਿਣਾ ਹੀ ਪੈਣਾ ਹੈ।

ਸਰਕਾਰੀ ‘ਸਖੀ ਸੈਂਟਰ’ ਬਨਾਮ ‘ਸਖੀ-ਭਾਵ’ ਪ੍ਰਚਾਰ ਕੇਂਦਰ

0

ਸਰਕਾਰੀ ‘ਸਖੀ ਸੈਂਟਰ’ ਬਨਾਮ ‘ਸਖੀ-ਭਾਵ’ ਪ੍ਰਚਾਰ ਕੇਂਦਰ

ਜਗਤਾਰ ਸਿੰਘ ਜਾਚਕ, ਨਿਊਯਾਰਕ , ਵਟਸਅਪ : 98995-63906

ਗੁਰਮਤ ਪ੍ਰਕਾਸ਼ ਤੋਂ ਪਹਿਲਾਂ ਸਰਗੁਣ-ਵਾਦੀ ਵੈਸ਼ਨਵ ਭਗਤੀ ਸਾਧਨਾ ਦੇ ਖੇਤਰ ਵਿੱਚ ‘ਸਖਾ-ਭਾਵ’ ਤੇ ‘ਸਖੀ-ਭਾਵ’। ਭਗਤੀ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਬਿਪਰਵਾਦੀ ਵੈਸ਼ਨਵ (ਵਿਸ਼ਨੂੰ ਭਗਤ) ਪ੍ਰਚਾਰਕ ਅਜੋਕੇ ਦੌਰ ਵਿੱਚ ਵੀ ਉਪਰੋਕਤ ਭਗਤੀ-ਸਾਧਨਾ ਨੂੰ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਰਹੇ ਹਨ। ਪੌਰਾਣਿਕ ਭਗਤੀ ਸਾਹਿਤ ਵਿੱਚ ਊਧੌ, ਅਕ੍ਰੂਰ, ਬਿਦਰ, ਸੁਦਾਮਾ ਤੇ ਅਰਜਨ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਦੇ ਅਜਿਹੇ ਭਗਤਾਂ ਵਿੱਚ ਗਿਣਿਆ ਜਾਂਦਾ ਹੈ, ਜਿਹੜੇ ਸ੍ਰੀ ਕ੍ਰਿਸ਼ਨ ਪ੍ਰਤੀ ਸਖਾ-ਭਾਵ ਰੱਖਦੇ ਸਨ। ਮਤਲਬ ਕਿ ਇਹ ਸਾਰੇ ਆਪਣੇ ਆਪ ਨੂੰ ਭਗਵਾਨ ਦੇ ਮਿਤ੍ਰ ਮੰਨ ਕੇ ਭਗਤੀ ਕਰਦੇ ਸਨ। ਕਈ ਸ੍ਰੀ ਕ੍ਰਿਸ਼ਨ ਨੂੰ ਆਪਣਾ ਸਖਾ (ਜਾਰ/ਯਾਰ, ਦੋਸਤ) ਮੰਨਦੇ ਹੋਏ ਆਪਣੇ ਆਪ ਨੂੰ ਗੋਪੀਆਂ ਵਾਂਗ ਉਸ ਦੀਆਂ ਸਖੀਆਂ (ਗਰਲ ਫਰਿੰਡ) ਸਮਝਦੇ ਹਨ। ਅਜਿਹੀ ਭਗਤੀ ਦਾ ਨਾਂ ‘ਸਖੀ-ਭਾਵ’ ਹੈ, ਇਹੀ ਕਾਰਨ ਹੈ ਕਿ ਹਿੰਦੂਆਂ ਵਿੱਚ ਇਸ ਕਿਸਮ ਦੇ ਬਹੁਤ ਸਾਰੇ ਲੋਕ ਹਨ, ਜੋ ਪੁਰਸ਼ ਹੁੰਦੇ ਹੋਏ ਵੀ ਸਾੜ੍ਹੀ ਪਹਿਨਦੇ ਹਨ, ਅੱਖਾਂ ਵਿੱਚ ਸੁਰਮਾ ਮਟਕਾਉਂਦੇ ਹਨ ਅਤੇ ਮੱਥੇ ’ਤੇ ਬਿੰਦੀਆਂ ਵੀ ਚਮਕਾਉਂਦੇ ਹਨ। ਕਈ ਤਾਂ ਮਹੀਨੇ ਵਿੱਚ ਚਾਰ ਦਿਨ ਮਾਹਵਾਰੀ ਹੋਣ ਦਾ ਸਾਂਗ ਵੀ ਰਚਾਉਂਦੇ ਹਨ। ਚੈਤੰਨ ਮਹਾਂਪ੍ਰਭੂ ਆਪਣੇ ਆਪ ਨੂੰ ਸ੍ਰੀ ਕ੍ਰਿਸ਼ਨ ਦੀ ਅਤਿ ਪਿਆਰੀ ਪ੍ਰੇਮਿਕਾ (ਸਖੀ ਰਾਧਾ) ਦਾ ਅਵਤਾਰ ਮੰਨਦੇ ਸਨ। ਇਸ ਲਈ ਉਹ ਭਗਵਾਨ ਦੇ ਬਿਰਹਾ ਵਿੱਚ ਬੜੀ ਬਿਹਬਲਤਾ ਨਾਲ ਔਰਤਾਂ ਵਾਂਗ ਰੋਂਦੇ ਚਿਲਲਾਂਦੇ ਸਨ। ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀ ਜੁੜਵੀਂ ਮੂਰਤੀ ਦੀ ਪੂਜਾ ਹੁੰਦੀ ਹੈ ਅਤੇ ਉਸ ਅੱਗੇ ਪੁਰਸ਼ ਇਸਤ੍ਰੀਆਂ ਮਿਲ ਕੇ ਨ੍ਰਿਤ ਸਹਿਤ ਭਜਨਾਂ ਦਾ ਗਾਇਨ ਕਰਦੇ ਹਨ; ਜਿਵੇਂ – ਰਾਧਾ ਤੂ ਬਡਭਾਗਨੀ, ਕੌਨ ਤਪਸਿਆ ਕੀਨ। ਤੀਨ ਲੋਕ ਕੇ ਨਾਥ ਜੋ, ਸੋ ਤੇਰੇ ਅਧੀਨ।

ਪੁਰਾਣਾ ਮੁਤਾਬਕ ਕ੍ਰਿਸ਼ਨ ਦਾ ਸੰਬੰਧ ਅਨੇਕ ਇਸਤ੍ਰੀਆਂ ਨਾਲ ਰਿਹਾ ਹੈ, ਜਿਨ੍ਹਾਂ ਨਾਲ ਉਹ ਵ੍ਰਿੰਦਾਵਨ (ਬਿਦ੍ਰਾਬਨ) ਵਿਖੇ ਰਾਸ (ਪ੍ਰੇਮ-ਲੀਲਾ) ਰਚਾਉਂਦੇ ਰਹੇ, ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਨਿਕਟਤਾ ਹਾਸਲ ਰਹੀ ਹੈ ਗੋਪੀ ‘ਰਾਧਾ’ ਨੂੰ, ਜੋ ਉਨ੍ਹਾਂ ਦੀ ਪਾਲਕ ਮਾਤਾ ਯਸ਼ੋਧਾ ਦੇ ਭਰਾ ਰਾਯਾਣ ਵੈਸ਼ਵ ਦੀ ਪਤਨੀ ਹੋਣ ਕਰਕੇ ਮਾਮੀ ਲਗਦੀ ਸੀ। ਪੌਰਾਣਿਕ ਮੱਤੀਂ ਪ੍ਰਚਾਰਕਾਂ ਨੇ ਪਰਦਾ ਪਾਉਣ ਲਈ ਕਿਹਾ ਕਿ ਰਾਧਾ ਨਾਲ ਕ੍ਰਿਸ਼ਨ ਦਾ ਵਿਆਹ ਤਾਂ ਭਾਵੇਂ ਨਹੀਂ ਹੋਇਆ ਸੀ, ਪਰੰਤੂ ਬ੍ਰਹਮਾ ਜੀ ਖ਼ੁਦ ਪ੍ਰਗਟ ਹੋ ਕੇ ਰਾਧਾ ਦਾ ਪੱਲਾ ਉਨ੍ਹਾਂ ਨੂੰ ਫੜਾ ਗਏ ਸਨ। ਸ੍ਰੀ ਕ੍ਰਿਸ਼ਨ ਦੇ ਅਜਿਹੇ ‘ਧੱਕੇ ਅਤੇ ਛਲ ਦੀ ਪ੍ਰੋੜ੍ਹਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਕਥਨ ਤੋਂ ਵੀ ਹੁੰਦੀ ਹੈ; ਜੋ ਇੱਕ ਅਕਾਲ ਪੁਰਖ ਦੇ ਉਪਾਸ਼ਕ ਗੁਰਸਿੱਖਾਂ ਨੂੰ ਸੁਚੇਤ ਕਰਨ ਲਈ ਗੁਰਦੁਆਰਿਆਂ ਵਿਖੇ ਆਸਾ ਦੀ ਵਾਰ ਰਾਹੀਂ ਹਰ ਰੋਜ਼ ਗਾਇਨ ਕੀਤਾ ਜਾਂਦਾ ਹੈ :‘‘ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨ੍ ਕ੍ਰਿਸਨੁ ਜਾਦਮੁ ਭਇਆ ॥  ਪਾਰਜਾਤੁ ਗੋਪੀ ਲੈ ਆਇਆ; ਬਿੰਦ੍ਰਾਬਨ ਮਹਿ ਰੰਗੁ ਕੀਆ ॥’’ (ਮਹਲਾ ੧/ ਪੰਨਾ ੪੭੦)

ਸ੍ਰੀ ਕ੍ਰਿਸ਼ਨ ਦੇ ਬਿੰਦ੍ਰਾਬਨੀ ਚੋਜ ਜਾਨਣ ਲਈ ‘ਸ਼੍ਰੀ ਮਦਭਾਗਵਤ ਪੁਰਾਣ’, ‘ਬ੍ਰਹਮਵੈਰਤ ਪੁਰਾਣ’ ਅਤੇ ‘ਪਦਮ ਪੁਰਾਣ’ ਆਦਿਕ ਸੰਸਕ੍ਰਿਤ ਦੇ ਗ੍ਰੰਥ ਵਾਚੇ ਜਾ ਸਕਦੇ ਹਨ। ਪੰਜਾਬੀ ਵਿੱਚ ‘ਭਾਗਵਤ ਪੁਰਾਣ’ ਦੇ ਦਸਵੇਂ ਸਕੰਧ (ਅਧਿਆਇ) ਦਾ ਉਲੱਥਾ ਰੂਪ ਬਚਿਤ੍ਰਨਾਟਕੀ ਰਚਨਾ ‘ਕ੍ਰਿਸਨਾਵਤਾਰ’ ਵੀ ਪੜ੍ਹੀ ਜਾ ਸਕਦੀ ਹੈ। ਵੈਸ਼ਨਵ ਭਗਤੀ ਸਾਹਿਤ ਵਿੱਚ ਤਾਂ ਭਾਵੇਂ ਉਪਰੋਕਤ ਕਿਸਮ ਦੇ ਸਖੀ-ਭਾਵ ਨੂੰ ਸਭ ਤੋਂ ਸ੍ਰੇਸ਼ਟ ਦਰਜਾ ਹਾਸਲ ਹੈ ਕਿਉਂਕਿ ਇਸ ਰਿਸ਼ਤੇ ਵਿੱਚ ਸਮਾਜਕ ਪੱਖੋਂ ਕਿਸੇ ਕਿਸਮ ਦਾ ਕੋਈ ਮਰਯਾਦਿਕ ਬੰਧਨ ਨਹੀਂ ਰਹਿੰਦਾ। ਸਾਧਕ-ਜਨ ‘ਰਾਧਾ’ ਵਾਂਗ ਸਮਾਜਕ ਭਾਈਚਾਰੇ ਤੋਂ ਬੇਪ੍ਰਵਾਹ ਹੋ ਕੇ ਆਪਣੇ ਪ੍ਰੀਤਮ ਨਾਲ ਪ੍ਰੇਮ ਦਾ ਖੇਲ ਖੁੱਲ੍ਹ ਕੇ ਖੇਲਦੇ ਹਨ। ਮੀਰਾਂਬਾਈ ਦੇ ‘‘ਮੈਂ ਨਿਰਗੁਣੀਆ, ਗੁਣ ਨਹੀਂ ਜਾਨੀ। ਏਕ ਧਨੀ ਕੇ ਹਾਥ ਬਿਕਾਨੀ’’ ਆਦਿਕ ਭਜਨਾਂ ਨੂੰ ਉਪਰੋਕਤ ਪੱਖੋਂ ਵਿਚਾਰਿਆ ਜਾ ਸਕਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਖੀ-ਭਾਵ ਦਾ ਬਿਲਕੁਲ ਅਭਾਵ ਹੈ। ਗੁਰੂ ਸਾਹਿਬਾਨ ਤੇ ਭਗਤ-ਜਨਾਂ ਵੱਲੋਂ ਏਕੰਕਾਰੀ ਅਕਾਲ ਪੁਰਖ ਨਾਲ ਆਪਣੀ ਪਿਆਰ ਭਰੀ ਸਾਂਝ ਪ੍ਰਗਟਾਉਣ ਲਈ ਸਖੀ-ਭਾਵ ਦੀ ਥਾਂ ਪਤੀਵ੍ਰਤ ਪਤਨੀ-ਭਾਵ ਤੇ ਦਾਸ-ਭਾਵ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਬਾਰਿਕ (ਬਾਲਕ)-ਭਾਵ ਦੇ ਝਲਕਾਰੇ ਵੀ ਕਈ ਸ਼ਬਦਾਂ ਵਿੱਚ ਤੱਕੇ ਜਾ ਸਕਦੇ ਹਨ। ਕਾਰਨ ਇਹੀ ਹੈ ਕਿ ਇਸ ਪ੍ਰਕਾਰ ਦੇ ਸਾਰੇ ਰਿਸ਼ਤੇ ਸਮਾਜਕ ਮਰਯਾਦਾ ਦੇ ਅੰਤਰਗਤਿ ਹਨ। ਇਨ੍ਹਾਂ ਦੀ ਪੇ੍ਰਮ-ਸਾਂਝ ਤੇ ਵਰਤਾਰੇ ਤੋਂ ਕੋਈ ਐਸੀ ਪ੍ਰੇਰਨਾ ਨਹੀਂ ਮਿਲਦੀ, ਜਿਸ ਦੀ ਬਦੌਲਤ ਧਰਮ ਦੇ ਪਰਦੇ ਹੇਠ ਕੋਈ ਸਮਾਜਕ ਅਨੈਕਿਤਾ ਫੈਲੇ; ਜਿਵੇਂ ਕਿ ਸਖੀ-ਭਾਵ ਦੀ ਭਗਤੀ ’ਚੋਂ ਹਿੰਦੂ ਮੰਦਰਾਂ ਵਿੱਚ ਦੇਵ-ਦਾਸੀਆਂ ਵਰਗੀ ਮਲੀਨ ਪ੍ਰਥਾ ਦਾ ਜਨਮ ਹੋਇਆ, ਜੋ ਸਮਾਜ ਲਈ ਅਤਿਅੰਤ ਸ਼ਰਮਨਾਕ ਪਤਨ ਦਾ ਕਾਰਨ ਬਣੀ।

ਪ੍ਰਸਿੱਧ ਸਿੱਖ ਚਿੰਤਕ ਤੇ ਇਤਿਹਾਸਕਾਰ ਪ੍ਰਿਸੀਪਲ ਸਤਬੀਰ ਸਿੰਘ ਦੀ ਬੇਟੀ ਸਿਮਰਨ ਕੌਰ ਨੇ ਇੱਕ ਬਹੁਤ ਹੀ ਪਿਆਰੀ ਪੁਸਤਕ ਲਿਖੀ ਹੈ ‘ਪ੍ਰਸਿੱਧ ਸਿੱਖ ਬੀਬੀਆਂ’। ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖੀ ਮੁੱਢਲੀ ਵੀਚਾਰ ਦੀ ਲਿਖਤ ਹੈ ‘ਸਖਾ ਭਗਤੀ ਬਹੁਤ ਦੇਰ ਚਲਦੀ ਰਹੀ। (ਇੱਸ ਪੱਖੋਂ) ਸੁਦਾਮੇ ਦੀ ਉਦਾਹਰਨ, ਉਧੂ ਦੀ ਮਿਸਾਲ ਜਾਂ ਅਰਜਨ ਤੇ ਕ੍ਰਿਸ਼ਨ ਦੀ ਦੋਸਤੀ ਸਭ ਪ੍ਰਚਾਰਦੇ ਹਨ। ਸਖਾ-ਭਗਤੀ ਬਾਅਦ ਜੇ ਕਿਸੇ ਹੋਰ ਦਾ ਹਿੰਦੁਸਤਾਨ ਵਿੱਚ ਜ਼ੋਰ ਰਿਹਾ ਤਾਂ ਉਹ ‘ਸਖੀ’ ’ਤੇ ਹੈ। ਇਸੇ ‘ਸਖੀ ਭਗਤੀ’ ਨੇ ਰਾਧਾ ਨੂੰ ਜਨਮ ਦਿੱਤਾ। ਇਸ਼ਕ ਮਿਜ਼ਾਜੀ ਨੇ ਇਸ਼ਕ ਹਕੀਕੀ ਦੀ ਸ਼ਕਲ ਧਾਰਨ ਕੀਤੀ। ਇਸ ਸਖੀ ਭਗਤੀ ਨੇ ਹਿੰਦੁਸਤਾਨ ਵਿੱਚ ਔਰਤ ਦੇ ਪੱਧਰ ਨੂੰ ਇੰਨਾ ਨੀਵਾਂ ਕਰ ਦਿੱਤਾ ਕਿ ਉਹ ਪਹਿਲਾਂ ਮੰਦਿਰਾਂ ਦਾ ਸ਼ਿੰਗਾਰ ਦੇਵਦਾਸੀ ਦੇ ਰੂਪ ਵਿੱਚ ਬਣੀ, ਫਿਰ ਦੇਵੀ ਦੇ ਰੂਪ ਵਿੱਚ ਪ੍ਰਗਟ ਹੋਈ। ਆਤਮਕ ਉਚਾਈਆਂ ਨਾ ਛੁਹੇ ਜਾਣ ਜਾਣ ਦਾ ਕਾਰਨ ਇਹ ਕੋਝੀ ਸਖੀ-ਭਗਤੀ ਪ੍ਰਥਾ ਸੀ।’ (ਪੰ.15, ਐਡੀਸ਼ਨ 1991)

ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਰਾਮਚੰਦਰ ਸ਼ੁਕਲਾ ਨੇ ਲਿਖਿਆ ਹੈ ਕਿ ‘ਵੈਸ਼ਣਵੋਂ ਕੀ ਭਗਤੀ ਸ਼ਾਖ ਨੇ ਕੇਵਲ ਪ੍ਰੇਮ ਲੱਛਣਾ (ਸਖੀ ਭਾਵ) ਕੀ ਭਗਤੀ ਕੀ (ਕੀਤੀ), ਫਲ ਯਹਿ ਹੂਆ ਕਿ ਉਸ ਨੇ ਅਸ਼ਲੀਲ ਬਿਲਾਸਤਾ ਕੀ ਪ੍ਰਵਿਰਤੀ ਜਗਾਈ। ਸ੍ਰੀ ਮਦ ਭਾਗਵਤ ਗ੍ਰੰਥ ਮੇਂ ਸ੍ਰੀ ਕ੍ਰਿਸ਼ਨ ਕੇ ਮਧੁਰ ਰੂਪ ਕਾ ਵਿਸ਼ੇਸ਼ ਵਰਨਣ ਹੋਨੇ ਸੇ, ਭਗਤੀ ਛੇਤ੍ਰ ਮੇਂ ਗੋਪੀਓਂ ਕੇ ਢੰਗ ਕੇ ਮਧੁਰ੍ਯ-ਭਾਵ (ਸਖੀ-ਭਾਵ) ਕਾ ਰਸਤਾ ਖੁੱਲ੍ਹਾ। ਇਸ ਕੇ ਪ੍ਰਚਾਰ ਮੇਂ ਦਖਸ਼ਣ ਮੇਂ ਮੰਦਰੋਂ ਕੀ ਦੇਵਦਾਸੀਆਂ ਕੀ ਪ੍ਰਥਾ ਵਿਸ਼ੇਸ਼ ਰੂਪ ਵਿੱਚ ਸਹਾਇਕ ਹੋਈ। ਮਾਤਾ ਪਿਤਾ ਲੜਕੀਆਂ ਕੋ ਮੰਦਰ ਮੇਂ ਚੜ੍ਹਾ ਜਾਤੇ ਥੇ। ਉਨ ਕਾ ਵਿਆਹ ਭੀ ਠਾਕੁਰ (ਪੱਥਰ ਦੇ ਭਗਵਾਨ) ਕੇ ਸਾਥ ਹੋ ਜਾਤਾ ਥਾ। ਇਨ ਕੇ ਲੀਏ ਮੰਦਰ ਮੇਂ ਸਥਾਪਿਤ ਭਗਵਾਨ ਕੀ ਉਪਾਸ਼ਨਾ ਪਤੀ ਕੇ ਰੂਪ ਮੇਂ ਵਿਧੇਯ ਥੀ।’

ਕਿੰਨੀ ਨਖਿੱਧ ਹੈ ਦੇਵਦਾਸੀਆਂ ਦੀ ਪ੍ਰਥਾ, ਇਸ ਹਕੀਕਤ ਦੇ ਪ੍ਰਮਾਣ ਵੱਜੋਂ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ (ਐਡੀਸ਼ਨ ਮਈ 1990) ਦੀ ਭੂਮਿਕਾ ਪੜ੍ਹੀ ਜਾ ਸਕਦੀ ਹੈ। ਲਿਖਿਆ ਹੈ ਕਿ ਅਜੌਕੇ ਦੌਰ ਵਿੱਚ ਵੀ ‘ਬੰਬਈ, ਮਦਰਾਸ, ਕਰਨਾਟਕਾ ਤੇ ਕੇਰਲਾ ਦੇ ਵੇਸ਼ਆਲਿਆਂ ਵਿੱਚ ਦੇਵਦਾਸੀਆਂ ਦੀ ਵਧ ਰਹੀ ਗਿਣਤੀ ਅਤੇ ਮੰਦਰਾਂ ਵਿੱਚ ਹੋ ਰਹੀਆਂ ਵਿਭਚਾਰ ਦੀਆਂ ਦੁਰਘਟਨਾਵਾਂ ਸੰਬੰਧਤ ਪ੍ਰਾਂਤਾਂ ਦੀਆਂ ਸਰਕਾਰਾਂ ਲਈ ਕੌਮੀ ਸਿਰਦਰਦੀ ਬਣੀਆਂ ਹੋਈਆਂ ਹਨ। ਆਚਰਣਹੀਨਤਾ ਦੂਰ ਕਰਨ ਲਈ ਕਰੜੇ ਕਨੂਨ ਬਣਾਏ ਜਾ ਰਹੇ ਹਨ। ਹੁਣੇ ਹੀ ਫਰਵਰੀ 1990 ਦੇ ਮਾਸਕ ਪੱਤਰ ‘ਸੰਚੇਤਨਾ’ ਦਾ ਲੇਖ ਹੈ ‘ਖ਼ੂਬ ਵਧ ਫਲ ਰਹੀ ਹੈ ਦੇਵਦਾਸੀਓਂ ਕੀ ਪ੍ਰਥਾ’। ਇਹ ਹੈ ਫਲ ਸਰਗੁਣ ਭਗਤੀ ਧਾਰਾ ਦੀ ਮਧੁਰਤਾ, ਸੀਤਾ ਰਾਮ, ਰਾਧਾ ਕ੍ਰਿਸ਼ਨ ਦੇ ਨਾਮ ਹੇਠਾਂ ਪ੍ਰਚਲਿਤ ਕ੍ਰੀੜਾ, ਰੰਗਸ਼ਾਲਾ ਜਾਂ ਰਾਸ ਲੀਲਾ ਤੇ ਰਾਮ ਲੀਲਾ ਆਦਿ ਦਾ।’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਸਖੀ, ਸਖੀਆ ਅਤੇ ਸਖੀਏ’ ਲਫ਼ਜ਼ਾਂ ਦੀ ਵਰਤੋਂ ਤਾਂ ਭਾਵੇਂ ਮਿਲਦੀ ਹੈ, ਪਰ ਉਹ ਕੇਵਲ ਤੇ ਕੇਵਲ ‘ਸਤਿਸੰਗੀ ਸਹੇਲੀਆਂ’ ਦੇ ਅਰਥ ਵਿੱਚ। ਖ਼ੂਬਸੂਰਤੀ ਇਹ ਹੈ ਕਿ ਗੁਰਬਾਣੀ ਵਿੱਚ ਪਤੀ ਪਤਨੀ ਦੇ ਸਮਾਜਕ ਰਿਸ਼ਤੇ ਨੂੰ ਹੀ ‘ਸਖਾ’ ਤੇ ‘ਸਖੀ’ ਦੇ ਰੂਪ ਵਿੱਚ ਚਿਤਵਿਆ ਗਿਆ ਹੈ ਤਾਂ ਕਿ ਸਮਾਜ ਭਾਈਚਾਰਾ ਅਜਿਹੀ ਸਮਾਜਕ ਸਾਂਝ ਨੂੰ ਮੈਤ੍ਰੀ-ਭਾਵ (ਦੋਸਤਾਨਾ ਢੰਗ) ਨਾਲ ਨਿਭਾਵੇ, ਨਾ ਕਿ ਇੱਕ ਦੂਜੇ ਨੂੰ ਆਪਣੀ ਮਲਕੀਅਤ ਸਮਝ ਕੇ; ਜਿਵੇਂ ਗੁਰਵਾਕ ਹੈ ‘‘ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ; ਜੋ ਭਾਵੈ ਪਿਰ ਸਾ ਭਲੀ ॥’’ (ਦੇਵਗੰਧਾਰੀ/ਮਹਲਾ ੪/ ਪੰਨਾ ੫੨੭)

ਗੁਰਬਾਣੀ ਵਿੱਚ ਕੋਈ ਇੱਕ ਵੀ ਅਜਿਹਾ ਸੰਕੇਤ ਨਹੀਂ ਮਿਲਦਾ, ਜਿੱਥੇ ਕਿਸੇ ਵੀ ਰੰਗਰੱਤੇ ਬਾਣੀਕਾਰ ਨੇ ਆਪਣੇ ਆਪ ਨੂੰ ਪਤੀ ਪਰਮਾਤਮਾ ਦੇ ਸਨਮੁਖ ‘ਸਖੀ’ ਰੂਪ ਵਿੱਚ ਪੇਸ਼ ਕੀਤਾ ਹੋਵੇ। ਗੁਰੂ ਸਾਹਿਬਾਨ ਤੇ ਭਗਤ-ਜਨਾਂ ਨੇ ਜਦੋਂ ਵੀ ਅਕਾਲ ਪੁਰਖ ਨਾਲ ਆਪਣੀ ਆਤਮਕ ਸਾਂਝ ਦਾ ਪ੍ਰਗਟਾਵਾ ਕੀਤਾ ਤਾਂ ਉਹ ਪੇਸ਼ਕਾਰੀ ਕੇਵਲ ਇੱਕ ਪਤੀਵ੍ਰਤਾ ਸੁਹਾਗਣ ਦੇ ਰੂਪ ਵਿੱਚ ਹੀ ਮਿਲਦੀ ਹੈ; ਜਿਵੇਂ ਕਿ ‘‘ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ (ਭੈਰਉ/ਮ: ੩/ਪੰਨਾ ੧੧੨੮), ਹਰਿ ਮੇਰੋ ਪਿਰੁ; ਹਉ ਹਰਿ ਕੀ ਬਹੁਰੀਆ ॥’’ (ਆਸਾ/ਭਗਤ ਕਬੀਰ/ ਪੰਨਾ ੪੮੩) ਆਦਿ।

ਭਾਰਤ ਦੇ ਕੇਂਦਰੀ ‘ਮਹਿਲਾ ਤੇ ਬਾਲ ਵਿਕਾਸ ਮੰਤਰਾਲੇ’ ਵੱਲੋਂ ਪੀੜਤ ਮਹਿਲਾਵਾਂ ਤੇ ਬਾਲਿਕਾਵਾਂ ਦੀ ਸੁਰੱਖਿਅਕ ਸਹਾਇਤਾ ਲਈ ਰਾਜ ਸਰਕਾਰਾਂ ਦੁਆਰਾ ਦੇਸ਼ਭਰ ਵਿੱਚ ‘ਵੰਨ ਸਟਾਪ ਸੈਂਟਰ’ ਖੋਲ੍ਹੇ ਜਾ ਰਹੇ ਹਨ। ਇਹ ਇੱਕ ਵਧੀਆ ਤੇ ਸਲਾਹੁਣ ਯੋਗ ਕਦਮ ਹੈ ਭਾਵੇਂ ਕਿ ਇਸ ਤੋਂ ਪਹਿਲਾਂ ਵੀ ਪੀੜਤ ਨਾਰੀਆਂ ਤੇ ਬਾਲਿਕਾਂ ਦੀ ਸਹਾਇਤਾ ਦੇ ਅਜਿਹੇ ਕੇਂਦਰ ਵੱਖ ਵੱਖ ਰਾਜਾਂ ਵਿੱਚ ਮੌਜੂਦ ਹਨ, ਪ੍ਰੰਤੂ ਕੇਂਦਰ ਸਰਕਾਰ ਦੇ ‘ਵੰਨ ਸਟਾਪ ਸੈਂਟਰ’ ਨੂੰ ‘ਸਖੀ ਸੈਂਟਰ’ ਦਾ ਨਾਂ ਦੇਣਾ ਤੇ ਰਾਜ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਬੜੇ ਜ਼ੋਰ-ਸ਼ੋਰ ਨਾਲ ‘ਸਖੀ ਸੈਂਟਰਾਂ’ ਵਜੋਂ ਪ੍ਰਚਾਰਨਾ ਕੇਂਦਰ ਸਰਕਾਰ ਦੇ ਮਨੋਰਥ ਨੂੰ ਸ਼ੱਕੀ (ਸੰਦਿਗਧ) ਕਰਦਾ ਹੈ। ਚੰਗਾ ਹੁੰਦਾ ਜੇ ਐਸੇ ਭਲਾਈ ਸੈਂਟਰਾਂ ਨੂੰ ‘ਨਾਰੀ ਸਹਾਇਤਾ ਕੇਂਦਰ’ ਨਾਂ ਦਿੱਤਾ ਜਾਂਦਾ। ਕਾਰਨ ਇਹ ਹੈ ਕਿ ਹੁਣ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਪਿੱਛੇ ਵੀ ਆਰ.ਐਸ.ਐਸ ਦੀ ਉਹੀ ਬਿਪਰਵਾਦੀ ਸੋਚ ਹੀ ਕੰਮ ਕਰਦੀ ਪਈ ਹੈ, ਜਿਹੜੀ ਸਖੀ-ਭਾਵ ਦੀ ਗਲ਼ੀ-ਸੜੀ ਵੈਸ਼ਨਵ ਭਗਤੀ ਸਾਧਨਾ ਨੂੰ ਮੁੜ ਸੁਰਜੀਤ ਕਰਕੇ ਹਿੰਦੁਸਤਾਨ ਦੇ ਨਾਂ ਹੇਠ ਹਿੰਦੂ ਰਾਸ਼ਟਰ ਦੀ ਸਥਾਪਨਾ ਹਿੱਤ ਯਤਨਸ਼ੀਲ ਹੈ, ਇਸ ਲਈ ਜਿਹੜੇ ਮਾਨਵ-ਹਿਤਕਾਰੀ ਲੋਕ ਭਾਰਤ ਦੇ ਲੋਕ-ਰਾਜੀ ਸੰਵਿਧਾਨ ਦੀ ਸੁਰੱਖਿਆ ਲਈ ਮੌਜੂਦਾ ਕੇਂਦਰ ਸਰਕਾਰ ਦੀਆਂ ਨਾਗਰਿਕਤਾ ਸੋਧ ਬਿੱਲ ਵਰਗੀਆਂ ਡਿਕਟੇਟਰੀ ਤੇ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਸਖੀ ਸੈਂਟਰਾਂ ਦੇ ਪਿਛੋਕੜ ਵਿੱਚ ਬੈਠੀ ਹਿੰਦੂਤਵੀ ਬਦਨੀਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਖ਼ਤਰਾ ਹੈ ਕਿ ਜਿਵੇਂ ਵੈਸ਼ਨਵ ਸਖੀ-ਭਾਵ ਨੇ ਕਥਿਤ ਧਾਰਮਿਕ ਮੰਦਿਰਾਂ ਨੂੰ ਦੇਵਦਾਸੀਆਂ ਦੇ ਰੂਪ ਵਿੱਚ ਵਿਭਚਾਰ ਦੇ ਅੱਡੇ ਬਣਾ ਦਿੱਤਾ ਹੈ, ਕਿਤੇ ਐਸਾ ਨਾ ਹੋਵੇ ਕਿ ਸਰਕਾਰੀ ‘ਸਖੀ ਸੈਂਟਰ’ ਪੱਛਮੀ ਸਭਿਆਚਾਰ ਦੇ ‘ਗਰਲ ਫਰਿੰਡ ਕੇਂਦਰ’ ਬਣ ਕੇ ਸਮਾਜਿਕ ਅਨੈਕਤਾ ਫੈਲਾਉਣ ਤੇ ਬਦਨਾਮੀ ਦਾ ਕਾਰਨ ਬਣਨ। ਕੀ ਮਰਦ ਕਰਮਚਾਰੀ ਤੇ ਹੋਰ ਲੋਕ ‘ਸਖੀ ਸੈਂਟਰ’ ਵਿੱਚ ਸ਼ਰਨ ਲੈਣ ਵਾਲੀਆਂ ਧੀਆਂ, ਭੈਣਾਂ ਤੇ ਮਾਵਾਂ ਨੂੰ ਸਖੀ (ਫਰਿੰਡ) ਕਹਿ ਕੇ ਨਹੀਂ ਬਲਾਉਣਗੇ ? ਯਾਦ ਰੱਖਿਏ ਕਿ ਨਾਵਾਂ ਪਿੱਛੇ ਬਹੁਤ ਕੁਝ ਐਸਾ ਵੀ ਲੁਕਿਆ ਹੁੰਦਾ ਹੈ, ਜਿਹੜਾ ਸਮਾਜ ਦੀਆਂ ਸਭਿਆਚਾਰਕ, ਧਾਰਮਿਕ ਤੇ ਰਾਜਨੀਤਕ ਭਾਵਨਾਵਾਂ ਨੂੰ ਬਦਲਣ ਦੀ ਸਮਰਥਾ ਰੱਖਦਾ ਹੈ। ਇਹੀ ਕਾਰਨ ਹੈ ਕਿ ਮੋਦੀ ਸਰਕਾਰ ਆਪਣੇ ਵਿਭਾਗਾਂ, ਸ਼ਹਿਰਾਂ, ਸੜਕਾਂ, ਜੰਗੀ ਬੇੜਿਆਂ ਤੇ ਮਿਸਾਈਲਾਂ ਆਦਿਕਾਂ ਦੇ ਨਾਂ ਬਦਲ ਕੇ ਅਜਿਹੇ ਪੌਰਾਣਿਕ ਨਾਂ ਦੇ ਰਹੇ ਹਨ, ਜਿਹੜੇ ਦੇਸ਼ ਦੇ ਹਰੇਕ ਵਰਗ ਨੂੰ ਭਗਵੇਂ ਰੰਗ ਵਿੱਚ ਰੰਗ ਕੇ ਉਨ੍ਹਾਂ ਦੇ ਹਿੰਦੂਤਵੀ ਮਨੋਰਥਾਂ ਦੀ ਪੂਰਤੀ ਕਰ ਸਕਣ।

Most Viewed Posts