ਬਤੀਹ ਸੁਲਖਣੀ

0
976

ਬਤੀਹ ਸੁਲਖਣੀ

ੴ ਸਤਿ ਗੁਰ ਪ੍ਰਸਾਦਿ

ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,

ਹੈਡਮਾਸਟਰ (ਸੇਵਾ ਮੁਕਤ), 105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436

‘ਬਤੀਹ ਸੁਲਖਣੀ’ ਤੋਂ ਭਾਵ ਸ਼ੁਭ ਗੁਣਾਂ ਨਾਲ ਭਰਪੂਰ ਇਸਤਰੀ ਹੈ। ਇਸਤਰੀ ਦੇ ਵਿੱਚ ਇਹ ਸ਼ੁਭ ਗੁਣ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ  ਜੀ ਦੀ ਦਿਬ ਦ੍ਰਿਸ਼ਟੀ ਨੇ ਸੰਸਾਰ ਦੇ ਸਾਹਮਣੇ ਪ੍ਰਗਟ ਕੀਤੇ। ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ ਇਸਤਰੀ ਦੇ ਬੱਤੀ ਗੁਣ ਹਨ : ‘ਸੁੰਦਰਤਾ, ਸ਼੍ਵੱਛਤਾ, ਲੱਜਾ, ਚਤੁਰਾਈ, ਵਿਦਿਆ, ਸੇਵਾ, ਪਤਿਭਗਤੀ, ਦਯਾ, ਸਤਯ, ਪ੍ਰਿਯਬਾਣੀ, ਪ੍ਰਸੰਨਤਾ, ਨਮ੍ਰਤਾ, ਨਿਸ੍ਕਪਟਤਾ, ਏਕਤਾ, ਧੀਰਯ, ਧਰਮਨਿਸ਼ਠਾ, ਸੰਜਮ, ਉਦਾਰਤਾ, ਗੰਭੀਰਤਾ, ਉੱਦਮ, ਸੂਰਵੀਰਤਾ, ਰਾਗ, ਕਾਵਯ, ਚਿਤ੍ਰ, ਔਸਧ, ਰਸੋਈ ਅਤੇ ਸਿਊਣ ਪਰੋਣ ਦੀ ਵਿਦਿਆ, ਘਰ ਦੀਆਂ ਵਸਤੂਆਂ ਦਾ ਯਥਾ ਯੋਗ ਸ਼ਿੰਗਰਣਾ, ਬਜ਼ੁਰਗਾਂ ਦਾ ਮਾਨ, ਘਰ ਆਏ ਪਰਾਹੁਣਿਆਂ ਦਾ ਸਨਮਾਨ, ਸੰਤਾਨ ਦਾ ਪਾਲਣਾ’।

ਅਜਿਹੇ ਗੁਣਾਂ ਵਾਲੀ ਇਸਤਰੀ ਦਾ ਜ਼ਿਕਰ ਕਰਦੇ ਹੋਏ ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ : ਬਤੀਹ ਸੁਲਖਣੀ ਸਚੁ ਸੰਤਤਿ ਪੂਤ   ਆਗਿਆਕਾਰੀ ਸੁਘੜ ਸਰੂਪ   ਇਛ ਪੂਰੇ ਮਨ ਕੰਤ ਸੁਆਮੀ   ਸਗਲ ਸੰਤੋਖੀ ਦੇਰ ਜੇਠਾਨੀ   ਸਭ ਪਰਵਾਰੈ ਮਾਹਿ ਸਰੇਸਟ   ਮਤੀ ਦੇਵੀ ਦੇਵਰ ਜੇਸਟ   ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ   ਜਨ ਨਾਨਕ ਸੁਖੇ ਸੁਖਿ ਵਿਹਾਇ (ਮਹਲਾ /੩੭੧)

ਅਜਿਹੇ ਗੁਣਾਂ ਨਾਲ ਭਰਪੂਰ ਇਸਤਰੀ ਸੱਚ ਦੀ ਧਾਰਨੀ ਹੋਵੇਗੀ ਅਤੇ ਆਪਣੀ ਸੰਤਾਨ ਵਿੱਚ ਉੱਤਮ ਗੁਣ ਭਰੇਗੀ। ਅਜਿਹੀ ਔਰਤ ਪਰਿਵਾਰ ਵਿੱਚ ਸ੍ਰੇਸ਼ਟ ਦਰਜਾ ਪ੍ਰਾਪਤ ਕਰੇਗੀ ਅਤੇ ਜੇਕਰ ਲੋੜ ਪਵੇ ਤਾਂ ਦੇਵਰ ਤੇ ਜੇਠ ਨੂੰ ਸੁਚੱਜੀ ਮੱਤ ਵੀ ਦੇਵੇਗੀ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਉਹ ਆਪ ਵਿਦਿਆਵਤੀ ਹੋਵੇਗੀ। ਜਿਸ ਘਰ ਵਿੱਚ ਅਜਿਹੀ ਇਸਤਰੀ ਪ੍ਰਗਟ ਹੋ ਜਾਵੇਗੀ ਉੱਥੇ ਸਦਾ ਹੀ ਸੁਖ ਹੋਵੇਗਾ : ਸਭ ਪਰਵਾਰੈ ਮਾਹਿ ਸਰੇਸਟ   ਮਤੀ ਦੇਵੀ ਦੇਵਰ ਜੇਸਟ   ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ ਜਨ ਨਾਨਕ  ! ਸੁਖੇ ਸੁਖਿ ਵਿਹਾਇ (ਮਹਲਾ /੩੭੧)

ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਇਸਤਰੀ ਦੇ ਹੋਰ ਗੁਣਾਂ ਤੋਂ ਇਲਾਵਾ ਜਿੱਥੇ ਉਹ ਘਰ ਦੀ ਸਾਂਭ ਸੰਭਾਲ਼ ਕਰਦੀ ਹੈ ਅਤੇ ਕਿਸੇ ਦਾ ਬੁਰਾ ਵੀ ਨਹੀਂ ਚਿਤਵਦੀ। ਉਸ ਨੂੰ ਉੱਤਮ ਦਰਜਾ ਦੇ ਕੇ ਮਾਣ ਬਖਸ਼ਦੇ ਹਨ। ਆਪ ਜੀ ਦਾ ਫ਼ੁਰਮਾਉਂ ਹਨ : ਕਢਿ ਕਸੀਦਾ ਪਹਿਰਹਿ ਚੋਲੀ; ਤਾਂ ਤੁਮ੍ ਜਾਣਹੁ ਨਾਰੀ   ਜੇ ਘਰੁ ਰਾਖਹਿ ਬੁਰਾ ਚਾਖਹਿ; ਹੋਵਹਿ ਕੰਤ ਪਿਆਰੀ (ਮਹਲਾ /੧੧੭੧)

ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ਕਿ ਔਰਤ ਵਿੱਚ ਉੱਚੇ ਆਤਮਕ ਗੁਣ ਵੀ ਹੋਣ ਤੇ ਉਹ ਭਗਤੀ ਦੀ ਮੂਰਤ ਵੀ ਹੋਵੇ। ਇਸ ਤੋਂ ਇਲਾਵਾ ਉਸ ਦਾ ਰਸੋਈ ਵਿਦਿਆ ਵਿੱਚ ਪਰਪੱਕ ਹੋਣਾ ਵੀ ਉਸ ਦੀ ਸ਼ਖ਼ਸੀਅਤ ਨੂੰ ਉਘਾੜਦਾ ਹੈ। ਆਪ ਆਪਣੇ ਇੱਕ ਸਲੋਕ ਵਿੱਚ ਫ਼ੁਰਮਾਉਂਦੇ ਹਨ : ਜਿਉ ਪੁਰਖੈ ਘਰਿ ਭਗਤੀ ਨਾਰਿ ਹੈ; ਅਤਿ ਲੋਚੈ ਭਗਤੀ ਭਾਇ   ਬਹੁ ਰਸ ਸਾਲਣੇ ਸਵਾਰਦੀ; ਖਟ ਰਸ ਮੀਠੇ ਪਾਇ (ਮਹਲਾ /੧੪੧੪)

ਸੋ ਸ਼ੁਭ ਗੁਣਾਂ ਨਾਲ ਭਰਪੂਰ ਹੋਣਾ ਹੀ ਇਸਤਰੀ ਦਾ ਗਹਿਣਾ ਤੇ ਹਾਰ ਸ਼ਿੰਗਾਰ ਹੁੰਦਾ ਹੈ। ਸਿੱਖ ਸਭਿਆਚਾਰ ਵਿੱਚ ਇਸਤਰੀ ਨੂੰ ਹਰ ਪੱਖੋਂ ਉੱਤਮ ਦਰਜਾ ਪ੍ਰਾਪਤ ਹੈ। ਸਿੱਖ ਰਹਿਤ ਮਰਯਾਦਾ ਅਨੁਸਾਰ ਕੁੜੀ ਮਾਰ ਨਾਲ ਵਰਤਣ ਦੀ ਮਨਾਹੀ ਹੈ। ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਜੂਨ 1699 ਵਿੱਚ ਕਾਬਲ ਦੀ ਸੰਗਤ ਦੇ ਨਾਂ, ਜੋ ਹੁਕਮਨਾਮਾ ਭੇਜਿਆ, ਉਸ ਵਿੱਚ ਹੋਰ ਹਦਾਇਤਾਂ ਤੋਂ ਇਲਾਵਾ ਇਹ ਵੀ ਦਰਜ ਸੀ ਕਿ ਭਾਦਨੀ ਤਥਾ ਕੰਨਿਆ ਮਾਰਨੇ ਵਾਲੇ ਸੇ ਮੇਲ ਨਾ ਰਖੇਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜੋ ਔਰਤ ਵੱਡੇ ਵੱਡੇ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ, ਉਸ ਨੂੰ ਨੀਵਾਂ ਕਿਵੇਂ ਕਿਹਾ ਜਾ ਸਕਦਾ ਹੈ। ਆਸਾ ਕੀ ਵਾਰ ਵਿੱਚ ਅਸੀਂ ਰੋਜ਼ਾਨਾ ਪੜ੍ਹਦੇ ਸੁਣਦੇ ਹਾਂ : ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ (ਮਹਲਾ /੪੭੩)

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਕਿਸੇ ਵੀ ਸਮਾਜਕ, ਰਾਜਨੀਤਕ ਜਾਂ ਧਾਰਮਕ ਆਗੂ ਨੂੰ ਇਸਤਰੀ ਦੀ ਉੱਚਤਾ ਦੇ ਬਾਰੇ ਖ਼ਿਆਲ ਤੱਕ ਵੀ ਨਹੀਂ ਆਇਆ ਭਾਵੇਂ ਕਿ ਇਸਤਰੀ ਦੀ ਹਾਲਤ ਉਸ ਵਕਤ ਅਤੀ ਤਰਸਯੋਗ ਸੀ। ਪੁਰਾਤਨ ਧਾਰਮਕ ਗ੍ਰੰਥਾਂ ਵਿੱਚ ਵੀ ਇਸ ਦੇ ਹਵਾਲੇ ਮਿਲਦੇ ਹਨ। ਪੁਰਾਣਾ ਵਿੱਚ ਇਸਤਰੀ ਨੂੰ ਸਭ ਤੋਂ ਨਸ਼ੀਲੀ ਸ਼ਰਾਬ ਅਤੇ ਸਭ ਤੋਂ ਮਾਰੂ ਜ਼ਹਿਰ ਕਰਕੇ ਬਿਆਨਿਆ ਗਿਆ ਹੈ। ਪੁਰਾਤਨ ਮੰਦਰਾਂ ਵਿੱਚ ਇਸਤਰੀਆਂ ਨੂੰ ਦੇਵਦਾਸੀਆਂ ਦੇ ਰੂਪ ਵਿੱਚ ਰੱਖਿਆ ਜਾਂਦਾ ਸੀ, ਜਿਸ ਦਾ ਹਵਾਲਾ ਡਾ: ਰਾਧਾ ਕ੍ਰਿਸ਼ਨਨ ਨੇ ਆਪਣੀ ਪੁਸਤਕ ਧਰਮ ਤੇ ਸਮਾਜ ਦੇ ਪੰਨਾ 219 ’ਤੇ ਦਿੱਤਾ ਹੈ। ‘ਰਾਮ ਚਰਿਤ ਮਾਨਸ’ ਦਾ ਕਰਤਾ ਗੋਸਵਾਮੀ ਤੁਲਸੀ ਦਾਸ ਇਸਤਰੀ ਨੂੰ ਦਬਾ ਕੇ ਰੱਖਣ ਦੀ ਗੱਲ ਕਰਦਾ ਹੋਇਆ ਕਹਿੰਦਾ ਹੈ : ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਸਭ ਤਾੜਨ ਕੇ ਅਧਿਕਾਰੀ

ਜੈਨ ਮਤ ਵਾਲਿਆਂ ਦਾ ਇਹ ਵਿਚਾਰ ਹੈ ਕਿ ਇਸਤਰੀ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ। ਮਹਾਤਮਾ ਬੁਧ ਦਾ ਵੀ ਇਹ ਵਿਚਾਰ ਹੈ ਕਿ ਇਸਤਰੀਆਂ ਨੂੰ ਬੋਧੀ ਭਿਖਸ਼ੂਆਂ ਵਿੱਚ ਸ਼ਾਮਲ ਕਰਨ ਨਾਲ ਬੁਧ ਧਰਮ ਦੀ ਉਮਰ ਘਟ ਜਾਵੇਗੀ। ਇਸਲਾਮ ਵਿੱਚ ਇਸਤਰੀ ਨੂੰ ਘਟੀਆ ਦੱਸਣ ਲਈ ਦੋ ਔਰਤਾਂ ਦੀ ਗਵਾਹੀ ਇਕ ਮਰਦ ਦੇ ਬਰਾਬਰ ਮੰਨੀ ਜਾਂਦੀ ਹੈ। ਹੋਰ ਤਾਂ ਹੋਰ ਔਰਤ ਮਸਜਿਦ ਵਿੱਚ ਨਮਾਜ਼ ਵੀ ਅਦਾ ਨਹੀਂ ਕਰ ਸਕਦੀ। ਜੋਗ ਮਤ ਦਾ ਮੋਢੀ ਗੋਰਖ ਨਾਥ ਔਰਤ ਨੂੰ ‘ਬਘਿਆੜਨ’ ਸ਼ਬਦ ਨਾਲ ਸੰਬੋਧਨ ਕਰਦਾ ਹੋਇਆ ਕਹਿੰਦਾ ਹੈ ਕਿ ਇਸਤਰੀ ਨੇ ਸਾਰੀ ਦੁਨੀਆ ਦਾ ਨਾਸ ਕਰਕੇ ਰੱਖ ਦਿੱਤਾ ਹੈ : ਇਨ ਬਾਘਣ ਤ੍ਰੈ ਲੋਈ ਖਾਈ

ਯਹੂਦੀਆ ਦੀ ਤਾਂ ਅਰਦਾਸ ਹੀ ਇਹ ਹੈ : ਹੇ ਰੱਬਾ ਤੇਰਾ ਸ਼ੁਕਰ ਹੈ ਕਿ ਤੂੰ ਮੈਨੂੰ ਨਾ ਕਾਫ਼ਰ ਪੈਦਾ ਕੀਤਾ ਹੈ ਤੇ ਨਾ ਹੀ ਇਸਤਰੀ ਜਾਮਾ ਦਿੱਤਾ ਹੈ ਪ੍ਰਸਿੱਧ ਫ਼ਿਲਾਸਫ਼ਰ ਅਰਸਤੂ ਇਸਤਰੀ ਨੂੰ ਨਾ-ਮੁਕੰਮਲ ਵਸਤੂ ਲਿਖਦਾ ਹੈ। ਪੁਸਤਕ ਸਿੱਖ ਵਿਚਾਰਧਾਰਾ ਦੇ ਪੰਨਾ 139 ਤੇ ਸ਼ੁਕਰਾਤ ਦੇ ਵਿਚਾਰ ਇਸ ਤਰ੍ਹਾਂ ਲਿਖੇ ਹੋਏ ਹਨ : ਮਰਦ ਦੀ ਖੂਬੀ ਹੁਕਮ ਕਰਨ ਤੇ ਹੁਕਮ ਮਨਾਉਣ ਵਿੱਚ ਹੈ ਤੇ ਇਸਤਰੀ ਦੀ ਖੂਬੀ ਹੁਕਮ ਮੰਨਣ ਵਿੱਚ ਹੈ

ਗੁਰੂ ਅਮਰਦਾਸ ਜੀ ਨੇ ਇਸਤਰੀ ਬਾਰੇ ਇਨ੍ਹਾਂ ਸਾਰੇ ਵਿਚਾਰਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ (ਮਹਲਾ /੫੯੧) ਭਾਵ ਸਾਰੇ ਇਨਸਾਨ ਜੀਵ ਰੂਪ ਇਸਤਰੀਆਂ ਹੀ ਹਨ। ਕੇਵਲ ਪਰਮਾਤਮਾ ਨੂੰ ਹੀ ਪੁਰਖ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਇਸਤਰੀ ਨੂੰ ਬਹੁ ਗੁਣਾਂ ਦੀ ਮਾਲਕਣ ਸਮਝ ਕੇ ‘ਬਤੀਹ ਸੁਲਖਣੀ’ ਕਹਿ ਕੇ ਵਡਿਆਇਆ ਗਿਆ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਨੂੰ ਅੱਗੇ ਤੋਰਦਿਆਂ ਹੋਇਆਂ ਹੀ ਗੁਰੂ ਅਮਰਦਾਸ ਜੀ ਨੇ ਸਤੀ ਪਰਥਾ ਦਾ ਵਿਰੋਧ ਕੀਤਾ। ਸਮੇਂ ਦੇ ਬਾਦਸ਼ਾਹ ਅਕਬਰ ਨੂੰ ਕਾਨੂੰਨ ਰਾਹੀਂ ਇਹ ਪ੍ਰਥਾ ਬੰਦ ਕਰਵਾਉਣ ਲਈ ਕਿਹਾ ਗਿਆ। ਆਪ ਜੀ ਨੇ ਲੋਕਾਂ ਨੂੰ ਅਸਲ ਸਤੀ ਦੀ ਨਵੀਂ ਪਰਿਭਾਸ਼ਾ ਸਮਝਾਈ। ਆਪ ਜੀ ਦਾ ਫ਼ੁਰਮਾਨ ਹੈ : ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍   ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ (ਮਹਲਾ /੭੮੭) ਅਤੇ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍   ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਾਲੰਨਿ੍ (ਮਹਲਾ /੭੮੭) ਇੱਥੇ ਹੀ ਬੱਸ ਨਹੀਂ ਗੁਰੂ ਅਮਰਦਾਸ ਜੀ ਨੇ ਪਰਦੇ ਜਾਂ ਘੁੰਡ ਦੀ ਰਸਮ ਤੋਂ ਵੀ ਵਰਜਿਆ ਅਤੇ ਹੁਕਮ ਕੀਤਾ ਕਿ ਜੋ ਵੀ ਇਸਤਰੀ ਗੁਰੂ ਦਰਬਾਰ ਵਿੱਚ ਆਵੇ ਉਹ ਘੁੰਡ ਜਾਂ ਪਰਦਾ ਨਾ ਕਰੇ। ਜਦੋਂ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਨੇ ਖੰਡੇ ਦੀ ਪਹੁਲ ਦਿੱਤੀ ਤਾਂ ਬੀਬੀਆਂ ਨੂੰ ਵੀ ਸਿੰਘਾਂ ਦੇ ਨਾਲ ਬੈਠ ਕੇ ਅੰਮ੍ਰਿਤਪਾਨ ਕਰਵਾਇਆ। ਸਿੱਖ ਰਹਿਤ ਮਰਯਾਦਾ ਵਿੱਚ ਇਹ ਵੀ ਪੰਥ ਪ੍ਰਮਾਣਿਤ ਫ਼ੈਸਲਾ ਹੈ ਕਿ ਅੰਮ੍ਰਿਤਪਾਨ ਕਰਵਾਉਣ ਸਮੇਂ ਪੰਜ ਪਿਆਰਿਆਂ ਵਿੱਚ ਬੀਬੀਆਂ ਵੀ ਸ਼ਾਮਲ ਹੋ ਸਕਦੀਆਂ ਹਨ। ਇੱਥੋਂ ਤੱਕ ਕਿ ਜੰਗਾਂ-ਜੁਧਾਂ ਵਿੱਚ ਸਿੰਘਾਂ ਦੇ ਨਾਲ ਸ਼ਹੀਦ ਹੋਣ ਵਾਲੀਆਂ ਬੀਬੀਆਂ ਵੀ ਸਨ ਤਾਹੀਓਂ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਕਿ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ ਤਿਨਾ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ  !

ਅਜਿਹੇ ਆਤਮਿਕ ਗੁਣਾਂ ਨਾਲ ਭਰਪੂਰ ਇਸਤਰੀਆਂ; ਗੁਰੂ ਕਾਲ ਸਮੇਂ ਅਤੇ ਉਸ ਤੋਂ ਬਾਅਦ ਇਤਿਹਾਸ ਵਿੱਚ ਅਨੇਕਾਂ ਹੀ ਹੋਈਆਂ ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਰੁਸ਼ਨਾਇਆ ਹੈ। ਇਹ ਵੀ ਇੱਕ ਸਚਾਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਰੀਰਕ ਦਰਸ਼ਨ ਕਰਨ ਵਾਲੀ ਪਹਿਲੀ ਇਸਤਰੀ ਦਾਈ ਦੌਲਤਾ ਹੋਈ ਹੈ, ਜੋ ਲੜਕੇ ਦੇ ਜਨਮ ਸਮੇਂ ਪਰਿਵਾਰ ਕੋਲੋਂ ਬਹੁਤ ਕੁੱਝ ਮਿਲਣ ਦੀ ਆਸ ਰੱਖਦੀ ਸੀ, ਪਰ ਗੁਰੂ ਨਾਨਕ ਸਾਹਿਬ ਜੀ ਦੇ ਪਹਿਲੇ ਦਰਸ਼ਨ ਕਰਕੇ ਹੀ ਉਹ ਨਿਹਾਲ ਹੋ ਗਈ ਅਤੇ ਉਸ ਦੀ ਕੁੱਝ ਲੈਣ ਦੀ ਝਾਕ ਖ਼ਤਮ ਹੋ ਗਈ। ਗੁਰੂ ਨਾਨਕ ਸਾਹਿਬ ਵਿੱਚੋਂ ਪ੍ਰਭੂ ਦੇ ਦੀਦਾਰ ਕਰਨ ਵਾਲੀ ਪਹਿਲੀ ਔਰਤ ਉਨ੍ਹਾਂ ਦੀ ਭੈਣ ਬੇਬੇ ਨਾਨਕੀ ਹੋਈ ਹੈ, ਜੋ ਗੁਰੂ ਨਾਨਕ ਜੀ ਨੂੰ ਆਪਣਾ ਵੀਰ ਨਹੀਂ ਸਗੋਂ ਪੀਰ ਵੀ ਸਮਝਦੀ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਪਹੁੰਚੇ ਤਾਂ ਬੇਬੇ ਨਾਨਕੀ; ਆਪਣੇ ਵੀਰ ਦੇ ਪੈਰੀਂ ਪੈ ਗਈ ਤੇ ਗੁਰੂ ਸਾਹਿਬ ਨੇ ਕਿਹਾ ਕਿ ਬੇਬੇ ! ਤੂੰ ਮੇਰੇ ਤੋਂ ਵੱਡੀ ਹੈ। ਪੈਰੀਂ ਤਾਂ ਮੈਨੂੰ ਤੇਰੇ ਪੈਣਾ ਚਾਹੀਦਾ ਹੈ ਤਾਂ ਬੇਬੇ ਨਾਨਕੀ ਨੇ ਕਿਹਾ ਕਿ ਨਾਨਕ ! ਤੂੰ ਮੇਰਾ ਵੀਰ ਹੀ ਨਹੀਂ ਸਗੋਂ ਪੀਰ ਵੀ ਹੈਂ। ਗੁਰੂ ਨਾਨਕ ਸਾਹਿਬ ਜੀ ਦੇ ਵੇਈਂ ਨਦੀ ਵਿੱਚ ਅਲੋਪ ਹੋਣ ’ਤੇ ਕੇਵਲ ਬੇਬੇ ਨਾਨਕੀ ਜੀ ਨੇ ਹੀ ਦ੍ਰਿੜ੍ਹ ਨਿਸ਼ਚੇ ਨਾਲ ਕਿਹਾ ਸੀ ਕਿ ਮੇਰਾ ਵੀਰ, ਡੁੱਬ ਨਹੀਂ ਸਕਦਾ ਕਿਉਂਕਿ ਉਹ ਤਾਂ ਆਇਆ ਹੀ ਡੁੱਬਦਿਆਂ ਨੂੰ ਤਾਰਨ ਲਈ ਹੈ।

ਗੁਰੂ ਅੰਗਦ ਸਾਹਿਬ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਲੰਗਰ ਸੰਸਥਾ ਦੀ ਪਹਿਲੀ ਸੰਚਾਲਕ ਬਣੀ ਅਤੇ ਆਪਣੇ ਹੱਥੀਂ ਘਿਉ ਵਾਲੀ ਖੀਰ ਵਰਤਾਉਂਦੀ ਰਹੀ ਹੈ। ਉਹ, ਸਾਰੀ ਸੰਗਤ ਨੂੰ ਸੰਘਣੇ ਪੱਤਿਆਂ ਵਾਲੇ ਦਰਖ਼ਤ ਦੀ ਛਾਂ ਜਾਪਦੀ ਸੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਤਾ ਖੀਵੀ ਜੀ ਦਾ ਨਾਂ ਦਰਜ ਹੋਣਾ, ਸੰਸਾਰ ਦੀਆਂ ਸਮੁੱਚੀਆਂ ਔਰਤਾਂ ਲਈ ਇੱਕ ਮਾਣ ਵਾਲੀ ਗੱਲ ਹੈ। ਭਾਈ ਸੱਤਾ ਤੇ ਬਲਵੰਡ ਜੀ ਨੇ ਰਾਮਕਲੀ ਵਾਰ ਵਿੱਚ ਇਸ ਦਾ ਵਰਣਨ ਕੀਤਾ ਹੈ : ਬਲਵੰਡ ! ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ   ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ (ਬਲਵੰਡ ਸਤਾ/੯੬੭)

ਸਿੱਖ ਧਰਮ ਦੀ ਪਹਿਲੀ ਪ੍ਰਚਾਰਕ ਬੀਬੀ ਅਮਰੋ ਜੀ  (ਜਨਮ ਸੰਨ 1526) ਨੂੰ ਮਾਤਾ ਖੀਵੀ ਜੀ ਨੇ ਗੁਰਬਾਣੀ ਦੀ ਐਸੀ ਗੁੜ੍ਹਤੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਨੇਕ ਜੀਵਨ ਨਾਲ ਸਹੁਰੇ ਘਰ ਜਾ ਕੇ ਗੁਰਬਾਣੀ ਦੀ ਐਸੀ ਜਾਗ ਲਾਈ ਕਿ ਉਨ੍ਹਾਂ ਦੇ ਮੂੰਹੋਂ : ਕਰਣੀ ਕਾਗਦੁ ਮਨੁ ਮਸਵਾਣੀ; ਬੁਰਾ ਭਲਾ ਦੁਇ, ਲੇਖ ਪਏ ਜਿਉ ਜਿਉ ਕਿਰਤੁ ਚਲਾਏ, ਤਿਉ ਚਲੀਐ; ਤਉ ਗੁਣ ਨਾਹੀ ਅੰਤੁ ਹਰੇ  ! (ਮਹਲਾ /੯੯੦) ਸ਼ਬਦ ਸੁਣ ਕੇ ਚਾਚੇ (ਸਹੁਰੇ) ਬਾਬਾ ਅਮਰਦਾਸ ਜੀ; ਗੁਰੂ ਪਦਵੀ ਨੂੰ ਪ੍ਰਾਪਤ ਹੋ ਗਏ।

ਬੀਬੀ ਅਮਰੋ ਜੀ ਬਾਰੇ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਭਗਤੀ ਨੇ ਆਪਣਾ ਸਰੀਰ ਧਾਰਿਆ ਤਾਂ ਉਸ ਨੇ ਮਾਤਾ ਜੀ ਦੀ ਕੁੱਖੋਂ ਬਾਬਾ ਲਹਿਣਾ ਜੀ ਦੇ ਘਰ ਜਨਮ ਲਿਆ। ਅਸਲ ਵਿੱਚ ‘ਬਤੀਹ ਸੁਲਖਣੀ’ ਵਾਲੇ ਸਾਰੇ ਗੁਣ ਬੀਬੀ ਅਮਰੋ ਜੀ ਗ੍ਰਹਿਣ ਕਰ ਚੁੱਕੀ ਸੀ। ਇਸ ਬੀਬੀ ਨੂੰ ਜਪੁ, ਓਅੰਕਾਰ, ਆਸਾ ਕੀ ਵਾਰ, ਸਿਧ ਗੋਸਟਿ, ਪਟੀ ਤੇ ਮਾਰੂ ਰਾਗ ਦੇ ਸਾਰੇ ਸ਼ਬਦ ਯਾਦ ਸਨ।

ਆਤਮਕ ਗੁਣਾਂ ਨਾਲ ਭਰਪੂਰ ਬੀਬੀ ਭਾਨੀ ਜੀ (ਜਨਮ 30 ਅਪਰੈਲ 1534)  ਨੂੰ ਸ਼ਹੀਦ ਪਰਿਵਾਰ ਦੀ ਜਣਨੀ ਹੋਣ ਕਰਕੇ ਵੀ ਯਾਦ ਕੀਤਾ ਜਾਂਦਾ ਹੈ। ਆਪ ਦੇ ਪੁੱਤਰ ਗੁਰੂ ਅਰਜਨ ਸਾਹਿਬ ਜੀ; ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ, ਪੜਪੋਤੇ ਗੁਰੂ ਤੇਗ਼ ਬਹਾਦਰ ਜੀ ਸ਼ਹੀਦ, ਅੱਗੋਂ ਉਨ੍ਹਾਂ ਦੀ ਸੁਪਤਨੀ (ਮਾਤਾ ਗੁਜਰੀ ਜੀ) ਅਤੇ ਉਨ੍ਹਾ ਦੇ ਪੋਤਿਆਂ (ਚਾਰ ਸਾਹਿਬਜ਼ਾਦਿਆਂ ਨੇ ਸ਼ਹੀਦੀ ਦੇ ਕੇ ਸ਼ਾਨਦਾਰ ਇਤਿਹਾਸ ਸਿਰਜਿਆ। ਸੇਵਾ ਦੇ ਮਾਰਗ ’ਤੇ ਚਲਦਿਆਂ ਬੀਬੀ ਭਾਨੀ ਜੀ ਸੁਸ਼ੀਲ, ਸੰਜਮੀ, ਨਿਮਰਤਾ, ਰਜ਼ਾ ਵਿੱਚ ਰਹਿਣਾ, ਖਿਮਾ ਕਰਨੀ ਤੇ ਹੋਰ ਅਨੇਕਾਂ ਗੁਣਾਂ ਦੀ ਮਾਲਕਣ ਸਨ।

ਗੁਰੂ ਹਰਿਰਾਇ ਸਾਹਿਬ ਜੀ ਦੀ ਬੇਟੀ ਬੀਬੀ ਰੂਪ ਕੌਰ ਜੀ (ਜਨਮ 9 ਅਪਰੈਲ 1649) ਨੂੰ ਜੇ ਇਹ ਕਹੀਏ ਕਿ ਉਹ ਪਹਿਲੀ ਸਿੱਖ ਲਿਖਾਰੀ ਜਾਂ ਇਤਿਹਾਸਕਾਰ ਹੋਈ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ। ਗੁਰੂ ਹਰਿਰਾਇ ਜੀ, ਜੋ ਬਚਨ ਬਿਲਾਸ ਸੰਗਤਾਂ ਦੇ ਦੀਵਾਨ ਵਿੱਚ ਕਰਦੇ ਸਨ, ਬੀਬੀ ਰੂਪ ਕੌਰ ਜੀ ਉਸ ਨੂੰ ਲਿਖਤੀ ਰੂਪ ਦੇ ਦਿੰਦੇ ਸਨ।

ਮਨੁੱਖੀ ਅਧਿਕਾਰਾਂ ਦੀ ਖ਼ਾਤਰ ਸ਼ਹੀਦ ਹੋਣ ਵਾਲੀ ਪਹਿਲੀ ਔਰਤ, ਗੁਰੂ ਤੇਗ਼ ਬਹਾਦਰ ਸਾਹਿਬ ਦੀ ਸੁਪਤਨੀ ਮਾਤਾ ਗੁਜਰੀ ਜੀ ਸਨ ਜਿਹੜੇ ਔਖੇ ਤੋਂ ਔਖੇ ਸਮੇਂ ਵਿੱਚ ਵੀ ਸਬਰ, ਸੰਤੋਖ ਤੇ ਰਜ਼ਾ ਵਿੱਚ ਰਹਿਣ ਵਾਲੇ ਸਨ। ਜਦੋਂ ਕੀਰਤਪੁਰ ਵਿਖੇ ਆਪਣੇ ਪਤੀ ਦੇ ਸੀਸ ਦੇ ਦਰਸ਼ਨ ਕੀਤੇ ਤਾਂ ਮੁਖੋਂ ਉਚਾਰਿਆ: ਪਾਤਸ਼ਾਹ ! ਤੁਹਾਡੀ ਨਿਭ ਆਈ, ਕ੍ਰਿਪਾ ਕਰੋ ਹੁਣ ਮੇਰੀ ਭੀ ਨਿਭ ਆਵੇ ਉਨ੍ਹਾਂ ਦੇ ਪਤੀ, ਪੁੱਤਰ ਤੇ ਪੋਤਰਿਆਂ ਨੇ ਸਾਰਾ ਜੀਵਨ ਸਿੱਖ ਸੰਘਰਸ਼ ਦੇ ਲੇਖੇ ਲਾ ਦਿੱਤਾ। ਭਾਂਵੇ ਆਪ ਨੂੰ ਸਮੇਂ ਦੀ ਹਕੂਮਤ ਦੀ ਕਰੋਪੀ ਦਾ ਸ਼ਿਕਾਰ ਵੀ ਹੋਣਾ ਪਿਆ ਪਰ ਮਾਤਾ ਗੁਜਰੀ ਜੀ ਕਦੇ ਵੀ ਸੰਘਰਸ਼ ਵਿੱਚ ਘਬਰਾਏ ਨਹੀਂ ਸਗੋਂ ਸੰਘਰਸ਼ ਵਿੱਚ ਪੂਰਾ ਯੋਗਦਾਨ ਪਾਇਆ।

ਮਾਤਾ ਸੁੰਦਰ ਕੌਰ (ਸੁੰਦਰੀ ਜੀ) ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਲਗਾਤਾਰ 40 ਸਾਲ ਸਿੱਖ ਸੰਗਤਾਂ ਦੀ ਅਗਵਾਈ ਕੀਤੀ। ਇਸ ਘੋਰ ਸੰਕਟ ਦੇ ਸਮੇਂ ਵਿੱਚ ਮਾਤਾ ਜੀ ਨੇ ਚੜ੍ਹਦੀ ਕਲਾ ਵਿੱਚ ਰਹਿ ਕੇ ਸਿੱਖ ਮਸਲਿਆਂ ਨੂੰ ਸੁਲਝਾਉਣ ਵਿੱਚ ਵੱਡਾ ਯੋਗਦਾਨ ਪਾਇਆ। ਜਦੋਂ ਸਿੱਖ ਦੋ ਧੜਿਆਂ ਵਿੱਚ ਵੰਡੇ ਗਏ ਤਾਂ ਮਾਤਾ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਏਕਤਾ ਕਰਾਉਣ ਲਈ ਦਰਬਾਰ ਸਾਹਿਬ ਅੰਮ੍ਰਿਤਸਰ ਭੇਜਿਆ। ਮਾਤਾ ਜੀ ਨੇ ਨਕਲੀ ਗੁਰੂ ਬਣਨ ਵਾਲਿਆਂ ਦੇ ਯਤਨਾਂ ਨੂੰ ਨਾਕਾਮ ਕੀਤਾ। ਦਿੱਲੀ ਦੇ ਮੁਸਲਮਾਨੀ ਇਲਾਕੇ ਵਿੱਚ ਰਹਿੰਦੇ ਹੋਏ ਵੀ ਮਾਤਾ ਜੀ ਨੇ ਨਿਤਨੇਮ ਅਤੇ ਸਵੇਰ, ਸ਼ਾਮ ਦੇ ਕੀਰਤਨ ਤੇ ਗੁਰਮਤਿ ਸਮਾਗਮ ਜਾਰੀ ਰੱਖੇ ਤੇ ਗੁਰੂ ਕਾ ਲੰਗਰ ਵੀ ਅਤੁਟ ਵਰਤਦਾ ਰਿਹਾ ਕਿਉਂਕਿ ਮਾਤਾ ਜੀ ਆਪ ਸ਼ੁਭ ਗੁਣਾਂ ਦੇ ਧਾਰਨੀ ਸਨ।

ਮਾਤਾ ਸਾਹਿਬ ਕੌਰ ਜੀ ਸਿੱਖ ਇਤਿਹਾਸ ਵਿੱਚ ਸਭ ਗੁਣਾਂ ਨਾਲ ਭਰਪੂਰ ਇਕ ਐਸੀ ਔਰਤ ਹੋਈ ਹੈ ਜਿਸ ਨੂੰ ‘ਖਾਸਲੇ ਦੀ ਮਾਤਾ’ ਹੋਣ ਦਾ ਮਾਣ ਹਾਸਲ ਹੈ। ਆਪ ਜੀ ਦਾ ਸਵਾਸ-ਸਵਾਸ ਸਿਮਰਨ ਵਿੱਚ ਹੀ ਬਤੀਤ ਹੋਇਆ ਹੈ। ਹਮੇਸ਼ਾਂ ਖਾਲਸੇ ਦੀ ਚੜ੍ਹਦੀ ਕਲਾ ਲਈ ਤਤਪਰ ਰਹਿੰਦੇ। ਆਪ ਨੇ ਸਿੱਖਾਂ ਨੂੰ ਦਸਵੰਧ ਆਦਿ ਦੀ ਪ੍ਰੇਰਣਾ ਦੇਣ ਲਈ ਕਈ ਹੁਕਮਨਾਮੇ ਵੀ ਜਾਰੀ ਕੀਤੇ ਸਨ।

ਮਾਈ ਭਾਗ ਕੌਰ ਸਿੱਖ ਇਤਿਹਾਸ ਵਿੱਚ ਪਹਿਲੀ ਜੰਗੀ ਜਰਨੈਲ ਹੋਈ  ਹੈ, ਜਿਸ ਨੇ ਮੁਕਤਸਰ ਦੀ ਜੰਗ ਵਿੱਚ ਸਿੰਘਾਂ ਦੇ ਨਾਲ ਮਿਲ ਕੇ ਬਹਾਦਰੀ ਦੇ ਜੌਹਰ ਦਿਖਾਏ। ਇਹ ਮਾਈ ਆਪਣੇ ਪਿਤਾ ਨਾਲ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਦੋ ਵਾਰ ਜਾਣ ਨਾਲ ਸਿੱਖੀ ਅਸੂਲਾਂ ਵਿੱਚ ਪ੍ਰਪੱਕ ਹੋ ਗਈ ਸੀ ਤੇ ਸਿੱਖੀ ਵਾਲੇ ਸਾਰੇ ਗੁਣ ਇਨ੍ਹਾਂ ਨੇ ਧਾਰਨ ਕੀਤੇ ਹੋਏ ਸਨ।

ਬੀਬੀ ਹਰਸ਼ਰਨ ਕੌਰ ਇਕ ਐਸੀ ਦਲੇਰ ਔਰਤ ਹੋਈ ਹੈ, ਜਿਸ ਨੇ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਚਕਮੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸਿੰਘਾਂ ਤੇ ਵੱਡੇ ਸਾਹਿਬਜ਼ਾਦਿਆਂ ਦੀ ਰਾਤ ਦੇ ਹਨ੍ਹੇਰੇ ਵਿੱਚ ਜਾ ਕੇ ਪਛਾਣ ਕੀਤੀ ਅਤੇ ਉਨ੍ਹਾਂ ਦਾ ਆਪਣੇ ਹੱਥੀ ਲੱਕੜਾਂ ਇਕੱਠੀਆਂ ਕਰਕੇ ਸਸਕਾਰ ਕੀਤਾ। ਜਦੋਂ ਅੱਗ ਭੜਕੀ ਤਾਂ ਉਸ ਦੇ ਚਾਨਣ ਵਿੱਚ ਸ਼ਾਹੀ ਫ਼ੌਜਾਂ ਨੇ ਇਸ ਬੀਬੀ ਨੂੰ ਫੜ ਕੇ ਉਸੇ ਸਿਵੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ।

ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਮਹਾਰਾਣੀ ਜਿੰਦਾਂ (ਜਿੰਦ ਕੌਰ) ਧੁਨ ਦੀ ਪੱਕੀ ਤੇ ਦ੍ਰਿੜ੍ਹ ਇਰਾਦੇ ਵਾਲੀ ਔਰਤ ਸੀ। ਉਨ੍ਹਾਂ ਦੀ ਸਿਆਸੀ ਸੂਝ ਬੂਝ ਤੋਂ ਅੰਗਰੇਜ਼ ਹਕੂਮਤ ਵੀ ਡਰਦੀ ਸੀ। ਲਰਡ ਡਲਹੌਜੀ ਨੇ ਵੀ ਇੱਕ ਵਾਰ ਕਿਹਾ ਸੀ ਕਿ ਪੰਜਾਬ ਵਿੱਚੋਂ ਇੱਕੋ ਇੱਕ ਔਰਤ ਰਾਣੀ ਜਿੰਦਾਂ ਹੈ, ਜੋ ਮਰਦਾਂ ਵਾਲੀ ਸ਼ਕਤੀ ਰੱਖਦੀ ਹੈ। ਸਿੱਖੀ ਪ੍ਰਤੀ ਉਸ ਦੀ ਲਗਨ ਦਾ ਅੰਦਾਜ਼ਾ ਇਸੇ ਘਟਨਾ ਤੋਂ ਲੱਗ ਜਾਂਦਾ ਹੈ ਕਿ ਜਦੋਂ ਉਨ੍ਹਾਂ ਦਾ ਪੁੱਤਰ ਦਲੀਪ ਸਿੰਘ ਈਸਾਈ ਬਣ ਚੁੱਕਾ ਸੀ ਤੇ ਕੇਸ ਕਟਵਾ ਲਏ ਸਨ ਤੇ ਆਪਣੀ ਮਾਂ ਨੂੰ ਮਿਲਣ ਲਈ ਆਇਆ ਤਦੋਂ ਉਨ੍ਹਾਂ ਦੀ ਮਾਤਾ ਅੱਖਾਂ ਦੀ ਰੋਸ਼ਨੀ ਗਵਾ ਚੁੱਕੀ ਸੀ। ਮਾਂ ਨੇ ਜਦੋਂ ਸਿਰ ਪਲੋਸਣ ਲਈ ਹੱਥ ਫੇਰਿਆ ਤਾਂ ਬਿਜਲੀ ਦੇ ਕਰੰਟ ਵਾਂਗ ਤ੍ਰਭਕ (ਸਹਿਮ) ਪਈ। ਮਾਂ ਦੀ ਪ੍ਰੇਰਨਾ ਸਦਕਾ ਦਲੀਪ ਸਿੰਘ ਦੁਬਾਰਾ ਸਿੰਘ ਸਜ ਗਿਆ। ਅਜੋਕੀਆਂ ਸਿੱਖ ਬੀਬੀਆਂ ਅੰਦਰ ਮਹਾਰਾਣੀ ਜਿੰਦ ਕੌਰ ਵਾਲੀ ਸੂਝ-ਬੂਝ ਦ੍ਰਿੜ੍ਹਤਾ ਤੇ ਸਿੱਖੀ ਪਿਆਰ ਚਾਹੀਦਾ ਹੈ ਤਾਂ ਜੋ ਪਤਿਤਪੁਣੇ ਨੂੰ ਠਲ ਪਾਈ ਜਾ ਸਕੇ।

ਮਾਤਾ ਕ੍ਰਿਸ਼ਨ ਕੌਰ ਪਿੰਡ ਕਉਂਕੇ (ਜ਼ਿਲ੍ਹਾ ਲੁਧਿਆਣਾ) ਦੀ ਰਹਿਣ ਵਾਲੀ ਐਸੀ ਦਲੇਰ ਔਰਤ ਸੀ, ਜਿਸ ਨੇ ਜ਼ਾਲਮ ਪੁਲਿਸ ਅਫ਼ਸਰ ਬੀ.ਟੀ., ਜਿਸ ਨੇ ਗੁਰੂ ਕੇ ਬਾਗ਼ ਦੇ ਮੋਰਚੇ ਵਿੱਚ ਸ਼ਾਂਤੀਮਈ ਸਿੰਘਾਂ ’ਤੇ ਜੁਲਮ ਢਾਹਿਆ ਸੀ, ਨੂੰ ਇਕ ਐਸੀ ਜੋਰ ਦੀ ਚਪੇੜ ਮਾਰੀ ਕਿ ਮੂਧੇ ਮੂੰਹ ਜਾ ਡਿੱਗਾ ਤੇ ਮੂੰਹ ਛੁਪਾ ਕੇ ਆਪਣੇ ਕੈਂਪ ਵਿੱਚ ਜਾ ਵੜਿਆ। ਜੈਤੋ ਦੇ ਮੋਰਚੇ ਵਿੱਚ ਖ਼ੁਫ਼ੀਆ ਰੀਪੋਰਟ ਦੇਣ ਤੇ ਇਸ ਬੀਬੀ ਨੂੰ 4 ਸਾਲ ਦੀ ਕੈਦ ਹੋਈ।  ਰਿਹਾਅ ਹੋਣ ਤੋਂ ਬਾਅਦ ਅਕਾਲ ਤਖ਼ਤ ’ਤੇ ਬੀਬੀ ਜੀ ਦਾ ਸਨਮਾਨ ਕੀਤਾ ਗਿਆ ਤੇ ਮਾਤਾ ਦਾ ਖ਼ਿਤਾਬ ਦਿੱਤਾ।

ਰਾਣੀ ਸਦਾ ਕੌਰ; ਘਨਈਆ ਮਿਸਾਲ ਦੀ ਸਰਦਾਰਨੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੱਸ। ਉਹ ਅਸਾਧਾਰਨ ਹੌਸਲੇ ਅਤੇ ਤੀਖਣ ਬੁਧੀ ਵਾਲੀ ਇਸਤਰੀ ਸੀ, ਜਿਸ ਨੇ ਮਹਾਰਾਜੇ ਦੇ ਰਾਜ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ। ਉਹ ਘਨਈਆ ਮਿਸਲ ਦੀ ਅਗਵਾਈ ਕਰਦੀ ਸੀ। ਜਦੋਂ ਉਸ ਨੂੰ ਆਪਣੇ ਪਤੀ ਦੇ ਮੁਲਤਾਨ ਦੀ ਲੜਾਈ ਵਿੱਚ ਸ਼ਹੀਦ ਹੋਣ ਦੀ ਖ਼ਬਰ ਮਿਲੀ ਤਾਂ ਉਹ ਰੋਣ ਕੁਰਲਾਉਣ ਦੀ ਥਾਂ ਘੋੜੇ ’ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਜਾ ਪੁੱਜੀ ਤੇ ਘਨਈਆ ਮਿਸਲ ਦੀ ਕਮਾਨ ਸੰਭਾਲ਼ੀ। ਉਸ ਨੇ ਸ਼ੁਕਰਚਕੀਆ ਮਿਸਲ ਨਾਲ ਨਿੱਤ ਦੇ ਝਗੜੇ ਖ਼ਤਮ ਕਰਨ ਲਈ ਬੜੀ ਸਿਆਣਪ ਨਾਲ ਆਪਣੀ ਲੜਕੀ ਮਹਿਤਾਬ ਕੌਰ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਕਰ ਦਿੱਤਾ।

ਬੀਬੀ ਬਲਬੀਰ ਜੀ; ਜਿਸ ਦੀ ਉਮਰ ਕੇਵਲ 22 ਸਾਲ ਦੀ ਸੀ ਆਪਣੇ ਦੋ ਸਾਲ ਦੇ ਬੱਚੇ ਨੂੰ ਕੁੱਛੜ ਚੁੱਕ ਕੇ ਜੈਤੋ ਦੇ ਮੋਰਚੇ ਵਿੱਚ ਸਿੰਘਾਂ ਦੇ ਸ਼ਹੀਦੀ ਜੱਥੇ ਨਾਲ ਸ਼ਾਮਲ ਹੋ ਗਈ। ਜੱਥੇਦਾਰ ਦੇ ਰੋਕਣ ’ਤੇ ਵੀ ਨਾ ਰੁਕੀ ਤਾਂ ਜਥੇਦਾਰ ਨੇ ਕਿਹਾ ਕਿ ਅੱਗੇ ਗੋਲ਼ੀ ਚੱਲ ਰਹੀ ਹੈ, ਆਪਣੇ ਬੱਚੇ ਦਾ ਖ਼ਿਆਲ ਕਰ। ਅੱਗੋਂ ਉਹ ਕਹਿਣ ਲੱਗੀ ਕਿ ਬੱਚੇ ਦੇ ਖ਼ਿਆਲ ਕਰਕੇ ਹੀ ਤਾਂ ਅੱਗੇ ਵਧ ਰਹੀ ਹਾਂ। ਦੋ ਸਾਲਾ ਦੇ ਬੱਚੇ ਨੂੰ ਗੋਲ਼ੀ ਲੱਗੀ ਤਾਂ ਉਸ ਨੂੰ ਜ਼ਮੀਨ ’ਤੇ ਲਿਟਾ ਕੇ ਅੱਗੇ ਵਧਦੀ ਗਈ ਅਤੇ ਆਪ ਵੀ ਸ਼ਹੀਦੀ ਪਾ ਗਈ। ਅਜਿਹੇ ਗੁਣ ਧਾਰਨ ਕਰਨ ਵਾਲੀਆਂ ਇਸਤਰੀਆਂ ਹੀ ਕਿਸੇ ਉਸਾਰੂ ਕੌਮ ਦੀ ਸਿਰਜਣਾ ਕਰਨ ਦੇ ਸਮਰੱਥ ਹੋ ਸਕਦੀਆਂ ਹਨ। ਨੈਪੋਲੀਅਨ ਨੇ ਕਿਹਾ ਸੀ : ਮੈਨੂੰ ਚੰਗੀਆਂ ਮਾਵਾਂ ਦਿਉ, ਮੈਂ ਤੁਹਾਨੂੰ ਚੰਗੀ ਕੌਮ ਦੇਵਾਂਗਾ

ਉੱਚੇ ਗੁਣਾਂ ਨਾਲ ਭਰਪੂਰ ਮਾਂ ਹੀ ਅੱਜ ਬੱਚੇ ਨੂੰ ਅਜਿਹੀ ਅਸੀਸ ਦੇ ਸਕਦੀ ਹੈ, ਜਿਸ ਦਾ ਜ਼ਿਕਰ ਗੁਰੂ ਅਰਜਨ ਸਾਹਿਬ ਜੀ ਕਰਦੇ ਹੋਏ ਫ਼ੁਰਮਾਉਂਦੇ ਹਨ : ਪੂਤਾ ! ਮਾਤਾ ਕੀ ਆਸੀਸ   ਨਿਮਖ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ (ਮਹਲਾ /੪੯੬)

ਬੱਚੇ ਦੀ ਘਾੜਤ ਘੜਨ ਵਿੱਚ ਜਿੱਥੇ ਅਧਿਆਪਕ ਅਤੇ ਉਸ ਦੀ ਸੰਗਤ ਦਾ ਪ੍ਰਭਾਵ ਹੁੰਦਾ ਹੈ, ਉੱਥੇ ਸਭ ਤੋਂ ਵੱਧ ਅਸਰ ਮਾਂ ਦੀ ਸਿੱਖਿਆ ਦਾ ਹੁੰਦਾ ਹੈ। ਸਹਿਜ, ਸੰਤੋਖ, ਨਿਮਰਤਾ ਤੇ ਮਿੱਠਾ ਬੋਲਣਾ; ਅਜਿਹੇ ਗੁਣ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਇਸਤਰੀ ਆਪਣੇ ਸਹੁਰੇ ਘਰ ਵਿੱਚ ਮਾਨ ਪ੍ਰਾਪਤ ਕਰ ਸਕਦੀ ਹੈ। ਇਸੇ ਤਰ੍ਹਾਂ ਸਾਰੇ ਮਨੁੱਖ (ਜੀਵ ਇਸਤਰੀਆਂ) ਇਨ੍ਹਾਂ ਗੁਣਾਂ ਨੂੰ ਧਾਰਨ ਕਰਕੇ ਅਕਾਲ ਪੁਰਖ (ਪ੍ਰਭੂ ਪਤੀ) ਨੂੰ ਰੀਝਾ ਸਕਦੇ ਹਨ।

ਅਜਿਹੇ ਉੱਚੇ ਗੁਣਾਂ ਵਾਲੀਆਂ (ਬੱਤੀ ਸੁਲਖਣੀ) ਇਸਤਰੀਆਂ ਦੀ ਪਛਾਣ ਉਨ੍ਹਾਂ ਦੀ ਬਾਹਰੀ ਦਿਖ ਭਾਵ ਪਹਿਰਾਵੇ ਤੋਂ ਵੀ ਹੋ ਜਾਂਦੀ ਹੈ। ਆਮ ਕਰਕੇ ਬਾਹਰਲਾ ਪਹਿਰਾਵਾ ਮਨੁੱਖ ਦੇ ਅੰਦਰਲੇ ਗੁਣਾਂ ਨੂੰ ਹੀ ਪ੍ਰਗਟ ਕਰਦਾ ਹੁੰਦਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਪਹਿਰਾਵੇ ਸੰਬੰਧੀ ਲਿਖਿਆ ਹੈ: ‘ਦਸਤਾਰ ਅਤੇ ਕਛਹਿਰੇ ਤੋਂ ਛੁੱਟ ਪੁਸ਼ਾਕ ਸੰਬੰਧੀ ਹੋਰ ਕੋਈ ਪਾਬੰਦੀ ਨਹੀਂ। ਸਿੱਖ ਬੀਬੀਆਂ ਦਸਤਾਰ ਸਜਾਉਣ ਜਾਂ ਚੁੰਨੀ ਨਾਲ ਸਿਰ ਢੱਕਣ। ਕੌਮੀ ਮਹਿਲ ਦੀਆਂ ਨੀਂਹਾਂ ਦੀਆਂ ਇੱਟਾਂ ਮਾਵਾਂ ਨੇ ਹੀ ਰੱਖਣੀਆਂ ਹੁੰਦੀਆਂ ਹਨ। ਜਿਸ ਮਹਿਲ ਦੀ ਨੀਂਹ ਪੱਕੀ ਨਾ ਹੋਈ, ਉਸ ਦੀ ਬੁਨਿਆਦ ਬਹੁਤੀ ਲੰਮੀ ਨਹੀਂ ਹੋ ਸਕਦੀ, ਇਸ ਲਈ ਬੀਬੀਆਂ ਦਾ ਪਹਿਰਾਵਾ ਸਾਦਾ ਅਤੇ ਪ੍ਰਭਾਵਸਾਲੀ ਹੋਣਾ ਚਾਹੀਦਾ ਹੈ।

ਅੱਜ ਸੰਸਾਰ ਭਰ ਦੇ ਲੋਕ ਗੁਰਮਤਿ ਦੀ ਇਸ ਸਚਾਈ ਨੂੰ ਪ੍ਰਵਾਨ ਕਰਨ ਲਈ ਤਿਆਰ ਹਨ ਕਿ ਜੀਵਨ ਸੁਚਾਰੂ ਰੂਪ ਵਿੱਚ ਜੀਊਣ ਲਈ ਇਸਤਰੀ ਗੁਣਾਂ ਦੀ ਜ਼ਿਆਦਾ ਲੋੜ ਹੈ। ਗੁਰਮਤਿ ਦੀ ਫ਼ਿਲਾਸਫ਼ੀ ਇਸੇ ਸਿਧਾਂਤੇ ਆਧਾਰਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਵਿੱਚ ਮਨੁੱਖਤਾ ਨੂੰ ਇਸਤਰੀ ਗੁਣਾਂ ਦੇ ਧਾਰਨੀ ਹੋਣ ’ਤੇ ਜ਼ੋਰ ਦਿੱਤਾ ਗਿਆ ਹੈ। ਅੱਜ ਦੀ ਔਰਤ, ਆਪਣੇ ਜੀਵਨ ਨੂੰ ਸਰਲ ਅਤੇ ਸਹਿਜ ਬਣਾਉਣ ਲਈ ਆਤਮਕ ਬਲ; ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਪ੍ਰਾਪਤ ਕਰ ਸਕਦੀ ਹੈ। ਇਸੇ ਵਿੱਚ ਹੀ ਨਿਜ ਦਾ ਅਤੇ ਸੰਸਾਰ ਦਾ ਭਲਾ ਹੈ।