ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ- ਮੇਜਰ ਜਨਰਲ ਸ਼ਬੇਗ ਸਿੰਘ    

0
792

ਨੋਟ: ਜਰਨਲ ਸ਼ਬੇਗ ਸਿੰਘ ਨਾਲ ਹੋਈ ਬੇਇਨਸਾਫ਼ੀ ਨੂੰ ਓਹੀ ਸਹੀ ਤਰ੍ਹਾਂ ਬਿਆਨ ਕਰ ਸਕਦਾ ਸੀ, ਜਿਸ ਨੇ ਖ਼ੁਦ ਭੀ ਕੁਝ ਸਰਕਾਰੀ ਤਸ਼ੱਦਦ ਝੱਲੇ ਹੋਣ ਉਨ੍ਹਾਂ ਵਿੱਚੋਂ ਹੀ ਇੱਕ ਹਨ : ‘ਡਾਕਟਰ ਹਰਸ਼ਿੰਦਰ ਕੌਰ ਜੀ’, ਜਿਨ੍ਹਾਂ ਨੂੰ ਇਸ ਲਈ ਨੌਕਰੀ ਤੋਂ ਲੰਬਾ ਸਮਾਂ ਲਾਂਭੇ ਕੀਤਾ ਗਿਆ ਕਿਉਂਕਿ ਉਹ ਇੱਕ ਦਿਨ ਦੀ  OPD ਦੌਰਾਨ ਹੀ 417 ਮਰੀਜ਼ ਵੇਖ ਰਹੀ ਸੀ ਜਦਕਿ ਰਾਜਿੰਦਰਾ ਹਸਪਤਾਲ ਦੇ ਬਾਕੀ ਡਾਕਟਰ ਮਾਤਰ 20 ਮਰੀਜ਼ ਬੀਮਾਰ ਲੋਕਾਂ ਦਾ ਉਨ੍ਹਾਂ ਕੌਲ਼ ਵਧੀਕ ਜਾਣ ਦਾ ਕਾਰਨ ਇਹ ਸੀ ਕਿ ਉਹ, ਗ਼ਰੀਬਾਂ ਨੂੰ ਬਹੁਤ ਦਵਾ ਆਪਣੇ ਕੋਲ਼ੋ ਮੁਫ਼ਤ ਦਿੰਦੀ ਰਹੀ ਧੰਨਵਾਦ ਹੈ ਅਦਾਲਤ ਦਾ, ਜਿਸ ਨੇ ਉਨ੍ਹਾਂ ਦੇ ਜੀਉਂਦਿਆਂ ਇਨਸਾਫ਼ ਦੇ ਦਿੱਤਾ, ਪਰ ਇਹ ਇਨਸਾਫ਼ ਜੀਵਦਿਆਂ ਸਰਦਾਰ ਸ਼ਬੇਗ ਸਿੰਘ ਜੀ ਨੂੰ ਨਾ ਮਿਲ ਸਕਿਆ ਡਾਕਟਰ ਸਾਹਿਬ ਦੇ ਹੱਕ ਆਏ ਅਦਾਲਤੀ ਫ਼ੈਸਲੇ ਦੀ ਕਾਪੀ ਇਸ ਲੇਖ ਦੇ ਹੇਠਾਂ ਦਿੱਤੀ ਜਾ ਰਹੀ ਹੈ

ਇਸ ਲੇਖ ਸੁਬੇਗ ਸਿੰਘ ਦੀ ਜਗ੍ਹਾ ਹਰ ਥਾਂ ਸ਼ਬੇਗ ਸਿੰਘ ਲਿਖਿਆ ਹੈ ਕਿਉਂਕਿ ਇਹੀ ਨਾਂ ਉਨ੍ਹਾਂ ਦੇ ਭਰਾ ਨੇ ਸਹੀ ਦੱਸਿਆ ਹੈ

 

ਜਰਨੈਲਾਂ ਦਾ ਜਰਨੈਲ, ਬੇਮਿਸਾਲ ਯੋਧਾ, ਮਹਾਂ ਮਾਨਵ- ਮੇਜਰ ਜਨਰਲ ਸ਼ਬੇਗ ਸਿੰਘ        

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜਿਆ ਨਿਵਾਜਿਆ ਖ਼ਾਲਸਾ ਦੁਨੀਆ ਵਿੱਚ ਇਕ ਵਿਲੱਖਣ ਕੌਤਕ ਸੀ। ਜਿਸ ਕਿਸਮ ਦੀ ਵੀਰਤਾ ਉਸ ਸਮੇਂ ਖ਼ਾਲਸਿਆਂ ਵਿੱਚ ਭਰੀ ਗਈ ਸੀ, ਉਸ ਦੀ ਚਿਣਗ ਹਾਲੇ ਤੱਕ ਮੱਠੀ ਨਹੀਂ ਪਈ। ਹਰ ਸਦੀ ਵਿੱਚ ਅਜਿਹੇ ਖ਼ਾਲਸੇ ਉਭਰ ਕੇ ਸਾਹਮਣੇ ਆਉਂਦੇ ਰਹੇ, ਜਿਨ੍ਹਾਂ ਦੀ ਤਾਕਤ ਅਤੇ ਰਵਾਨੀ ਵੇਖ ਕੇ ਲੋਕ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜਬੂਰ ਹੋ ਜਾਂਦੇ ਰਹੇ ਹਨ। ਭਾਵੇਂ ਬਾਘ ਮਾਰ ਨਲੂਆ ਹੋਵੇ, ਭਾਰਤ ਦਾ ਨੇਪੋਲੀਅਨ-ਜਰਨੈਲ ਜ਼ੋਰਾਵਰ ਸਿੰਘ ਜਾਂ ਸੂਰਬੀਰਾਂ ਦਾ ਸੂਰਬੀਰ ਮੇਜਰ ਜਨਰਲ ਸ਼ਬੇਗ ਸਿੰਘ; ਅਜਿਹੇ ਸੂਰਮਿਆਂ ਨੂੰ ਸਾਹਮਣਿਓਂ ਢਾਹੁਣਾ ਲਗਭਗ ਨਾਮੁਮਕਿਨ ਹੁੰਦਾ ਹੈ। ਏਸੇ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਪਿੱਠ ਪਿੱਛੇ ਛੁਰਾ ਮਾਰਨਾ, ਹੱਕ ਖੋਹਣਾ, ਅਧੀਨਗੀ ਵਿੱਚ ਵਿਚਰਨ ਵਾਲਿਆਂ ਵੱਲੋਂ ਜਾਲਸਾਜ਼ੀ ਵਿੱਚ ਅੜ੍ਹਾਉਣਾ ਜਾਂ ਸਾਥੀਆਂ ਵੱਲੋਂ ਚਾਲ ਖੇਡ ਕੇ ਫਸਾਉਣਾ; ਹੀ ਅਜਿਹੇ ਸੂਰਬੀਰਾਂ ਨੂੰ ਢਾਹ ਕੇ ਆਪਣੀ ਪੱਧਰ ਉੱਤੇ ਹੇਠਾਂ ਖਿੱਚ ਕੇ ਲਿਆਉਣ ਲਈ ਕੀਤਾ ਜਾਂਦਾ ਹੈ ਕਿਉਂਕਿ ਇਹ ਬਹੁਤਿਆਂ ਦੀਆਂ ਅੱਖਾਂ ’ਚ ਕੰਕਰ ਬਣ ਜਾਂਦੇ ਹਨ। ਲੋਕ, ਉਸ ਪੱਧਰ ’ਤੇ ਆਪ ਪਹੁੰਚ ਨਹੀਂ ਸਕਦੇ, ਇਸ ਲਈ ‘ਅੰਗੂਰ ਖੱਟੇ ਹਨ’; ਅਖਾਣ ਵਾਙ ਅਜਿਹੇ ਸੂਰਮਿਆਂ ਵਿਰੁੱਧ ਸਰਕਾਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੰਦੇ ਹਨਸ ਪਰ ਸੂਰਜ ਦੀ ਰੌਸ਼ਨੀ ਅਤੇ ਫੁੱਲਾਂ ਦੀ ਖ਼ੁਸ਼ਬੋ; ਨੂੰ ਕਦੇ ਕੋਈ ਫੈਲਣ ਤੋਂ ਰੋਕ ਸਕਿਆ ਹੈ ? ਇਸੇ ਲਈ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਅਤਿ ਦਾ ਤਸ਼ੱਦਦ ਢਾਹਿਆ ਗਿਆ, ਪਰ ਇਤਿਹਾਸ ਨੇ ਹਾਲੇ ਤੱਕ ਉਸ ਨੂੰ ਬਾਂਹਾਂ ਫੈਲਾ ਕੇ ਸੰਭਾਲ਼ਿਆ ਹੋਇਆ ਹੈ।

ਜਦੋਂ ਕਿਸੇ ਬੇਦੋਸੇ ਉੱਤੇ ਲੋੜੋਂ ਵੱਧ ਤਸ਼ੱਦਦ ਢਾਅ ਦਿੱਤਾ ਜਾਵੇ ਤਾਂ ਉਹ ਬਾਗ਼ੀ ਹੋ ਜਾਂਦਾ ਹੈ। ਇਹੀ ਕਾਰਨ ਸੀ ਕਿ ਜੰਮੂ ਕਸ਼ਮੀਰ ਵਿੱਚ ਜਿਨ੍ਹਾਂ ਬਾਲਾਂ ਨਾਲ ਬਦਫੈਲੀ ਕੀਤੀ ਗਈ ਜਾਂ ਬੇਵਜ੍ਹਾ ਪੁਲਿਸ ਕਰਮੀਆਂ ਵੱਲੋਂ ਅਣਮਨੁੱਖੀ ਤਸ਼ੱਦਦ ਢਾਹੇ ਗਏ ਤਾਂ ਉਹ ਮਨੁੱਖੀ ਬੰਬ ਬਣ ਗਏ। ਇਹੋ ਜਿਹਾ ਹੀ ਕੁੱਝ ਜਰਨਲ ਸ਼ਬੇਗ ਸਿੰਘ ਨਾਲ ਹੋਇਆ। ਉਸ ਦੇ ਦੋ ਭਾਰੀ ਜੁਰਮ ਸਨ। ਪਹਿਲਾ-ਉਹ ਸਿੱਖ ਸੀ ਅਤੇ ਦੂਜਾ- ਕੋਈ ਹੋਰ ਉਸ ਦੇ ਨਾਲਦਿਆਂ ਵਿੱਚੋਂ ਉਸ ਜਿੰਨੀ ਉੱਤਮਤਾ ਦੀ ਮਿਸਾਲ ਹੈ ਹੀ ਨਹੀਂ ਸੀ।

ਸੰਨ 1925 ਵਿੱਚ ਖ਼ਿਆਲਾ ਪਿੰਡ ਵਿੱਚ (ਅੰਮ੍ਰਿਤਸਰ ਤੋਂ 14 ਕਿਲੋਮੀਟਰ ਦੂਰ) ਜੰਮਿਆ ਸ਼ਬੇਗ ਸਿੰਘ ਆਪਣੇ ਤਿੰਨ ਭਰਾਵਾਂ ਤੇ ਇੱਕ ਭੈਣ ਵਿੱਚੋਂ ਸਭ ਤੋਂ ਵੱਡਾ ਸੀ। ਪਿਤਾ ਸ੍ਰ. ਭਗਵਾਨ ਸਿੰਘ ਤੇ ਮਾਤਾ ਪ੍ਰੀਤਮ ਕੌਰ ਦਾ ਲਾਡਲਾ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚੋਂ ਪੜ੍ਹਿਆ ਤੇ ਅਗਲੇਰੀ ਪੜ੍ਹਾਈ ਲਈ ਸਰਕਾਰੀ ਕਾਲਜ ਲਾਹੌਰ ਚਲਾ ਗਿਆ।

ਸੰਨ 1942 ਵਿੱਚ ਫ਼ੌਜ ਦੀ ਟੀਮ ਕਾਲਜਾਂ ਵਿੱਚੋਂ ਤਾਕਤਵਰ ਤੇ ਹਿੰਮਤੀ ਨੌਜਵਾਨ ਲੱਭਣ ਨਿਕਲੀ ਤਾਂ ਸ਼ਬੇਗ ਸਿੰਘ ਨੂੰ ਪਹਿਲੀ ਸੱਟੇ ‘ਬਰਿਟਿਸ਼ ਇੰਡੀਅਨ ਆਰਮੀ’ ਵਿੱਚ ਅਫ਼ਸਰ ਵਜੋਂ ਸ਼ਾਮਲ ਕਰ ਲਿਆ ਗਿਆ। ਇੰਡੀਅਨ ਮਿਲਟਰੀ ਅਕਾਦਮੀ ਵਿੱਚ ਉਸ ਦੀ ਪ੍ਰਤਿਭਾ ਨੂੰ ਨਿਖਾਰਿਆ ਗਿਆ। ਉਸ ਦੀ ਬਹਾਦਰੀ ਅਤੇ ਸੂਝ-ਬੂਝ ਵੇਖਦਿਆਂ ਉਸ ਨੂੰ ਗੜ੍ਹਵਾਲ ਰਾਈਫਲਜ਼ ਵਿੱਚ ਬਤੌਰ ਸੈਕੰਡ ਲੈਫਟੀਨੈਂਟ ਤੈਨਾਤ ਕਰ ਦਿੱਤਾ ਗਿਆ।

ਸ਼ਬੇਗ ਸਿੰਘ ਪੜ੍ਹਨ ਦਾ ਬਹੁਤ ਸ਼ੌਕੀਨ ਸੀ। ਉਸ ਨੂੰ ਜਿਹੜੀ ਕਿਤਾਬ ਮਿਲਦੀ, ਪੂਰੀ ਪੜ੍ਹੇ ਬਗ਼ੈਰ ਨਹੀਂ ਰਹਿੰਦਾ ਸੀ। ਇਤਿਹਾਸ ਦੀਆਂ ਤੇ ਫ਼ੌਜ ਦੇ ਜਰਨੈਲਾਂ ਦੀਆਂ ਜੀਵਨੀਆਂ ਉਸ ਨੇ ਦਿਮਾਗ਼ ’ਚ ਘੋਟ ਲਈਆਂ ਹੋਈਆਂ ਸਨ। ਇੱਕ ਜਾਂ ਦੋ ਨਹੀਂ ਬਲਕਿ ਸ਼ਬੇਗ ਸਿੰਘ ਨੂੰ ਅੱਠ ਜ਼ਬਾਨਾਂ ਦੀ ਮੁਹਾਰਤ ਹਾਸਲ ਸੀ- ‘ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਬੰਗਲਾ, ਗੋਰਖਲੀ, ਚੀਨੀ ਤੇ ਫਾਰਸੀ’!

ਉਸ ਸਮੇਂ ਦੇ ਉਨ੍ਹਾਂ ਦੇ ਸਾਥੀ ਅੱਜ ਵੀ ਸ਼ਬੇਗ ਸਿੰਘ ਨੂੰ ਜ਼ਾਂਬਾਜ਼ (ਸਾਹਸੀ), ਬਹਾਦਰ, ਨਿਡਰ ਤੇ ਹਰ ਗ਼ਲਤ ਨੂੰ ਸਨਮੁਖ ਹੀ ਸਪਸ਼ਟ ਗ਼ਲਤ ਕਹਿਣ ਦਾ ਦਮ ਰੱਖਣ ਵਾਲਾ ਮੰਨਦੇ ਹਨ। ਸੱਚਾ ਸੁੱਚਾ ਤੇ ਹਰ ਲੋੜਵੰਦ ਦੀ ਮਦਦ ਕਰਨ ਲਈ ਤਤਪਰ ਸ਼ਬੇਗ ਸਿੰਘ; ਨਾ ਤਾਂ ਕਿਸੇ ਦੀ ਬਦਖੋਈ ਕਰਦਾ ਸੀ ਤੇ ਨਾ ਹੀ ਉਸ ਨੂੰ ਚਮਚਾਗਿਰੀ ਪਸੰਦ ਸੀ। ਆਪਣੇ ਕੰਮ ਨਾਲ ਕੰਮ ਰੱਖਣ ਵਾਲਾ ਤੇ ਨਿੱਠ ਕੇ ਪੂਰੀ ਡਿਊਟੀ ਨਿਭਾਉਣ ਵਾਲਾ ਸ਼ਬੇਗ ਸਿੰਘ ਈਮਾਨਦਾਰੀ ਵਜੋਂ 100 ਵਿੱਚੋਂ ਹਮੇਸ਼ਾ 100 ਨੰਬਰ ਲੈਣ ਵਾਲਾ ਸੀ।

ਫ਼ੌਜ ਪ੍ਰਤੀ ਵਫਾਦਾਰੀ ਵਿੱਚ ਉਸ ਦਾ ਕੋਈ ਸਾਨੀ ਨਹੀਂ ਸੀ। ਸ਼ਾਇਦ ਇਸੇ ਲਈ ਕਈਆਂ ਦੀ ਅੱਖ ਵਿੱਚ ਰੜਕ ਵੀ ਪੈਦਾ ਕਰਦਾ ਸੀ। ਉਸ ਦੀ ਨਿਪੁੰਨਤਾ ਵੇਖਦਿਆਂ ਉਸ ਨੂੰ ਦੇਹਰਾਦੂਨ ਦੀ ਮਿਲਟਰੀ ਅਕਾਦਮੀ ਵਿੱਚ ਬਤੌਰ ਇੰਸਟਰਕਟਰ ਲਾ ਦਿੱਤਾ ਗਿਆ।

ਉਸ ਨੇ ਆਪਣੀ ਬਹਾਦਰੀ ਸਦਕਾ ਵਿਸ਼ਵ ਜੰਗ ਦੂਜੀ, 1947 ਕਸ਼ਮੀਰ, 1962 ਹਿੰਦ ਚੀਨ ਜੰਗ, 1965 ਹਿੰਦ-ਪਾਕਿ ਜੰਗ ਅਤੇ 1971 ਦੀ ਹਿੰਦ-ਪਾਕਿ ਜੰਗ ਵਿੱਚ ਆਪਣੀ ਸੂਰਬੀਰਤਾ ਦੇ ਝੰਡੇ ਗੱਡ ਦਿੱਤੇ!

ਉਸ ਦੀ ਪਹਿਲੀ ਪੋਸਟਿੰਗ ‘ਗੜ੍ਹਵਾਲ ਰਾਈਫਲਜ਼’ ਵਿਖੇ ਸੈਕੰਡ ਲੈਫਟੀਨੈਂਟ ਵਜੋਂ ਹੋਈ, ਜਿੱਥੋਂ ਪੂਰੀ ਰੈਜਮੈਂਟ ਬਰਮਾ ਚਲੀ ਗਈ ਅਤੇ ਜਪਾਨੀਆਂ ਵਿਰੁੱਧ ਲੜੀ। ਜਦੋਂ 1945 ਵਿੱਚ ਦੂਜੀ ਵਿਸ਼ਵ ਜੰਗ ਖ਼ਤਮ ਹੋਈ ਤਾਂ ਸ਼ਬੇਗ ਸਿੰਘ ਦੀ ਯੂਨਿਟ ਮਲਾਇਆ ਵਿੱਚ ਸੀ।

ਜਦੋਂ ਹਿੰਦ ਪਾਕਿ ਵੰਡ ਹੋਈ ਤਾਂ ਸ਼ਬੇਗ ਸਿੰਘ ਨੂੰ ਪੈਰਾਸ਼ੂਟ ਬ੍ਰਿਗੇਡ ਵਿੱਚ ਭੇਜ ਦਿੱਤਾ ਗਿਆ, ਜਿੱਥੇ ਉਸ ਨੇ ਪੈਰਾਟਰੂਪਰ ਵਜੋਂ ਸੰਨ 1959 ਤੱਕ ਕੰਮ ਕੀਤਾ। ਜ਼ਿਕਰਯੋਗ ਹੈ ਕਿ ਅਣਥੱਕ ਯੋਧੇ ਵਜੋਂ ਸ਼ਬੇਗ ਸਿੰਘ ਦੀ ਪਛਾਣ 1947 ਵਿੱਚ ਨੌਸ਼ਹਿਰੇ (ਜੰਮੂ ਕਸ਼ਮੀਰ) ਵਿਖੇ ਪਾਕਿਤਸਾਨੀ ਫ਼ੌਜੀਆਂ ਨਾਲ ਰਲੇ ਅਫਗਾਨੀਆਂ ਨਾਲ ਲੜਨ ਅਤੇ ਸਟਾਫ਼ ਕਾਲਜ ਵਿੱਚ ਘੁੜਸਵਾਰੀ ਵਿੱਚ ਜਿੱਤੀਆਂ ਅੱਠ ਰੇਸਾਂ, ਜਿਸ ਦਾ ਰਿਕਾਰਡ ਅੱਜ ਤਾੲੀਂ ਤੋੜਿਆ ਨਹੀਂ ਜਾ ਸਕਿਆ, ਸਦਕਾ ਹੋਈ।

ਮਿਲਟਰੀ ਅਪਰੇਸ਼ਨ ਵਿਚਲੀ ਯੁੱਧ ਕਲਾ ਵਿੱਚ ਅਤੇ ਮਿਲਟਰੀ ਸਾਇੰਸ ਵਿੱਚ ਸ਼ਬੇਗ ਸਿੰਘ ਏਨਾ ਪ੍ਰਬੀਨ ਸੀ ਕਿ ਉਸ ਪੱਧਰ ਦਾ ਕੋਈ ਵੀ ਉਸ ਦਾ ਸਾਨੀ ਹਾਲੇ ਤੱਕ ਨਹੀਂ ਬਣ ਸਕਿਆ। ਉਸ ਦੇ ਕੰਮ ਵਜੋਂ ਮੁਹਾਰਤ ਵੇਖਦੇ ਹੋਏ, ਉਸ ਨੂੰ 166 ਇਨਫੈਂਟਰੀ ਬ੍ਰਿਗੇਡ ਦਾ ਬ੍ਰਿਗੇਡ ਮੇਜਰ ਲਾ ਦਿੱਤਾ ਗਿਆ।

ਸੰਨ 1962 ਹਿੰਦ-ਚੀਨ ਜੰਗ ਵਿੱਚ ਬਤੌਰ ਲੈਫ. ਕਰਨਲ ਉਸ ਨੇ ਸੇਵਾਵਾਂ ਨਿਭਾਈਆਂ ਤੇ ਆਪਣੀ ਲਿਆਕਤ ਸਦਕਾ ਇੰਟੈਲੀਜੈਂਸ ਵਿੰਗ ਵਿੱਚ ਆਪਣਾ ਸਿੱਕਾ ਜਮਾ ਲਿਆ।

ਸੰਨ 1965 ਵਿੱਚ ਪਾਕਿਸਤਾਨ ਵਿਰੁੱਧ ਜੰਮੂ ਕਸ਼ਮੀਰ ਦੇ ਹਾਜੀ ਪੀਰ ਸੈਕਟਰ ਵਿੱਚ ਗੋਰਖਾ ਰਾਈਫਲਜ਼ ਬਟਾਲੀਅਨ ਦੀ ਅਗਵਾਈ ਕਰਦਿਆਂ ਬਹਾਦਰੀ ਦੀ ਅਦੁੱਤੀ ਮਿਸਾਲ ਕਾਇਮ ਕਰਕੇ ਸ਼ਬੇਗ ਸਿੰਘ ਨੇ ਦੁਸ਼ਮਨਾਂ ਦੀਆਂ ਸਭ ਤੋਂ ਔਖੀਆਂ ਪਾਕਿਸਤਾਨੀ ਪੋਸਟਾਂ ਉੱਤੇ ਫ਼ਤਿਹ ਪ੍ਰਾਪਤ ਕਰਦਿਆਂ ਲਾਹੌਰ ਦੇ ਨੇੜੇ ਪਹੁੰਚ ਕੇ ਦੁਨੀਆ ਨੂੰ ਸਾਬਤ ਕਰ ਦਿੱਤਾ ਕਿ ਉਸ ਵਰਗਾ ਅਗਵਾਈ ਕਰਨ ਵਾਲਾ ਕੋਈ ਹੋਰ ਹੈ ਹੀ ਨਹੀਂ।

ਇਸੇ ਲਈ ਸੰਨ 1971 ਵਿੱਚ ਲੈਫ. ਜਰਨਲ ਜਗਜੀਤ ਸਿੰਘ ਅਰੋੜਾ ਜੀ ਨੇ ਉਸ ਸਮੇਂ ਬ੍ਰਿਗੇਡੀਅਰ ਬਣ ਚੁੱਕੇ ਸ਼ਬੇਗ ਸਿੰਘ ਨੂੰ ਸਭ ਤੋਂ ਔਖੇ ਕੰਮ ਲਈ ਚੁਣਿਆ ਤੇ ਅਗਰਤਲਾ ਦੇ ਡੈਲਟਾ ਸੈਕਟਰ ਵਿਖੇ ਈਸਟ ਪਾਕਿਸਤਾਨ ਵਿੱਚੋਂ ਬੰਗਲਾਦੇਸ਼ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ। ਬਗ਼ਾਵਤ ਨੂੰ ਸਾਂਭਣ ਅਤੇ ਉੱਥੇ ਦੇ ਮਿਲਟਰੀ ਅਪਰੇਸ਼ਨਾਂ ਦੀ ਪੂਰੀ ਜ਼ਿੰਮੇਵਾਰੀ ਸ਼ਬੇਗ ਸਿੰਘ ਉੱਤੇ ਸੀ। ਜ਼ਿਆ ਉਰ ਰਹਿਮਾਨ, ਜੋ ਬਾਅਦ ਵਿੱਚ ਬੰਗਲਾਦੇਸ਼ ਦੇ ਪ੍ਰੈਜ਼ੀਡੈਂਟ ਬਣੇ ਅਤੇ ਮੁਸਤਾਕ ਮੁਹੰਮਦ, ਜੋ ਫ਼ੌਜ ਦੇ ਮੁਖੀ ਬਣੇ, ਉਸ ਸਮੇਂ ਸ਼ਬੇਗ ਸਿੰਘ ਦੇ ਕੰਮ ਦੇ ਅੱਖੀਂ ਵੇਖੇ ਗਵਾਹ ਸਨ ਤੇ ਉਸ ਦੇ ਜੰਗੀ ਨੁਕਤਿਆਂ ਅਧੀਨ ਕੰਮ ਕਰਦੇ ਉਸ ਦੀ ਅਗਵਾਈ ਦੇ ਕਾਇਲ ਹੋ ਗਏ ਸਨ।

ਸੰਨ 1971 ਵਿੱਚ ਮੁਕਤੀ ਵਾਹਿਨੀ ਨੂੰ ਤਿਆਰ ਕਰਨ ਵਿੱਚ ਸ਼ਬੇਗ ਸਿੰਘ ਦੀ ਸਲਾਹੁਣਯੋਗ ਭੂਮਿਕਾ ਕਿਸੇ ਤੋਂ ਲੁਕੀ ਨਹੀਂ ਰਹੀ। ਉੱਥੇ ਦੇ ਗੁਰਿੱਲਿਆਂ ਨੂੰ ਪੂਰੀ ਤਰ੍ਹਾਂ ਤਿਆਰ ਕਰਨ ਅਤੇ ਬੇਮਿਸਾਲ ਟ੍ਰੇਨਿੰਗ ਦਿੰਦਿਆਂ ਮੁਲਕ ਪ੍ਰਤੀ ਉਸ ਦੀ ਵਫ਼ਾਦਾਰੀ ਵਿੱਚ ਕਿਸੇ ਪਾਸਿਓਂ ਕਿੰਤੂ ਪਰੰਤੂ ਕੀਤਾ ਹੀ ਨਹੀਂ ਜਾ ਸਕਦਾ ਸੀ। ਇਹ ਅਪਰੇਸ਼ਨ ਏਨਾ ਗੁਪਤ ਸੀ ਕਿ ਸ਼ਬੇਗ ਸਿੰਘ ਦੇ ਆਪਣੇ ਘਰ ਵਿੱਚ 6 ਮਹੀਨੇ ਤੱਕ ਉਸ ਬਾਰੇ ਕੋਈ ਖ਼ਬਰ ਨਹੀਂ ਸੀ ਕਿ ਉਹ ਜ਼ਿੰਦਾ ਵੀ ਹੈ ਜਾਂ ਨਹੀਂ। ਸਿਰਫ਼ ਇੱਕ ਚਿੱਠੀ, ਜੋ ਛੇ ਮਹੀਨਿਆਂ ਬਾਅਦ ਘਰ ਪਹੁੰਚੀ ਸੀ, ਉਹ ਵੀ ਕਿਸੇ ਹੋਰ ਨਾਂ ਹੇਠ ਗ਼ੈਰ ਫ਼ੌਜੀ ਪਤੇ ਤੋਂ, ਸਿਰਫ਼ ਇਹ ਸੁਣੇਹਾ ਪਹੁੰਚਿਆ ਸੀ-‘‘ਪਰਵਾਹ ਨਾ ਕਰੋ, ਮੈਂ ਠੀਕ ਹਾਂ।’’

ਮੁਕਤੀ ਵਾਹਿਨੀ ਦਾ ਪੂਰਾ ਸਿਹਰਾ ਸਿਰਫ਼ ਸ਼ਬੇਗ ਸਿੰਘ ਦੇ ਸਿਰ ਸੀ ਕਿ ਇੱਕ ਲੱਖ ਦੁਸ਼ਮਨ ਫ਼ੌਜੀਆਂ ਸਮੇਤ ਜਰਨੈਲ ਤੱਕ ਦੇ ਅਫ਼ਸਰਾਂ ਨੇ ਭਾਰਤ ਅੱਗੇ ਗੋਡੇ ਟੇਕ ਦਿੱਤੇ। ਦਿਨ-ਰਾਤ ਇੱਕ ਕਰ ਕੇ, ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਜੋ ਸ਼ਬੇਗ ਸਿੰਘ ਨੇ ਕਰ ਵਿਖਾਇਆ, ਹੋਰ ਕੋਈ ਮਾਂ ਦਾ ਲਾਲ ਅਜਿਹੀ ਹਿੰਮਤ ਨਹੀਂ ਵਿਖਾ ਸਕਿਆ। ਇਸੇ ਲਈ ਪੂਰੀ ਦੁਨੀਆ ਵਿੱਚ ਸ਼ਬੇਗ ਸਿੰਘ ਦੇ ਨਾਂ ਦਾ ਡੰਕਾ ਵੱਜ ਗਿਆ।

ਭਾਰਤ ਸਰਕਾਰ ਨੇ ਸ਼ਬੇਗ ਸਿੰਘ ਨੂੰ ਪਹਿਲਾਂ ਅਤੀ ਵਸ਼ਿਸ਼ਟ ਸੇਵਾ ਮੈਡਲ ਤੇ ਫੇਰ ਪਰਮ ਵਸ਼ਿਸ਼ਟ ਸੇਵਾ ਮੈਡਲ ਨਾਲ ਨਿਵਾਜਿਆ ਅਤੇ ਸ਼ਬੇਗ ਸਿੰਘ ਨੂੰ ਮੇਜਰ ਜਰਨਲ ਦਾ ਅਹੁਦਾ ਦੇ ਦਿੱਤਾ।

ਏਨੀ ਸ਼ੁਹਰਤ ਬਥੇਰੀ ਸੀ ਹੋਰਨਾਂ ਦੇ ਮਨਾਂ ਵਿੱਚ ਅੱਗ ਲਾਉਣ ਲਈ! ਨਾਲ ਦੇ ਅਫ਼ਸਰਾਂ ਵਿੱਚ ਸਾੜਾ ਏਨਾ ਵਧ ਚੁੱਕਿਆ ਸੀ ਕਿ ਉਨ੍ਹਾਂ ਨੇ ਸੀਨੀਅਰ ਅਫ਼ਸਰਾਂ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ। ਸਰਕਾਰ ਵੀ ਕਿੱਥੇ ਸਿੱਖਾਂ ਦੇ ਹੱਕ ਵਿੱਚ ਸੀ। ਏਸੇ ਲਈ ਏਨਾ ਸਭ ਕੁੱਝ ਹੋਣ ਦੇ ਬਾਅਦ ਵੀ ਸ਼ਬੇਗ ਸਿੰਘ ਨੂੰ ਭਾਰਤੀ ਫ਼ੌਜ ਦੀ ਕਮਾਂਡ ਨਹੀਂ ਸੌਂਪੀ ਗਈ ਤਾਂ ਜੋ ਉਸ ਨੂੰ ਬਣਦੀ ਪ੍ਰਮੋਸ਼ਨ ਨਾ ਦੇਣੀ ਪਵੇ।

ਹਾਲੇ ਏਥੇ ਵੀ ਬਸ ਨਹੀਂ ਕੀਤਾ ਗਿਆ। ਇੱਕ ਕਮਾਂਡਰ ਨੇ ਦੂਜੇ ਜਨਰਲ ਨੂੰ ਕੁੜੀ ਦੇ ਵਿਆਹ ਦੇ ਸ਼ਗਨ ਵਜੋਂ ਪੈਸੇ ਭੇਜੇ ਤਾਂ ਝੂਠ ਮੂਠ ਉਨ੍ਹਾਂ ਪੈਸਿਆਂ ਨੂੰ ਰਿਸ਼ਵਤ ਮੰਨਦਿਆਂ ਸ਼ਬੇਗ ਸਿੰਘ ਦਾ ਨਾਂ ਉਛਾਲ ਦਿੱਤਾ ਗਿਆ ਜਿਸ ਦਾ ਇਨ੍ਹਾਂ ਪੈਸਿਆਂ ਨਾਲ ਕੋਈ ਲੈਣਾ-ਦੇਣਾ ਹੀ ਨਹੀਂ ਸੀ। ਜਦੋਂ ਸ਼ਬੇਗ ਸਿੰਘ ਨੇ ਬੇਗੁਨਾਹੀ ਸਾਬਤ ਕਰ ਦਿੱਤੀ ਤਾਂ ਝਟਪਟ ਉਸ ਨੂੰ ਹੀ ਯੂਨਿਟ ਵਿੱਚੋਂ ਬਦਲ ਕੇ ਇਨਕੁਆਇਰੀ ਰਫਾ ਦਫਾ ਕਰ ਦਿੱਤੀ ਤਾਂ ਜੋ ਫ਼ੌਜ ਵਿਚਲੀ ਗੜਬੜੀ ਦੀ ਗੱਲ ਬਾਹਰ ਨਾ ਨਿਕਲੇ। ਉਸ ਤੋਂ ਬਾਅਦ ਉਸੇ ਜਨਰਲ ਨੂੰ ਫ਼ੌਜ ਦਾ ਮੁਖੀ ਲਾ ਦਿੱਤਾ ਗਿਆ ਜੋ ਪੈਸਿਆਂ ਦੇ ਅਦਾਨ ਪ੍ਰਦਾਨ ਵਿੱਚ ਸ਼ਾਮਲ ਸੀ।

ਸ਼ਬੇਗ ਸਿੰਘ ਖ਼ਿਲਾਫ਼ ਸਾੜਾ ਘਟਿਆ ਨਹੀਂ ਸੀ। ਉਸ ਨਾਲ ਹਾਲੇ ਹੋਰ ਧੱਕਾ ਕੀਤਾ ਜਾਣਾ ਸੀ। ਉਸ ਵਿਰੁੱਧ ਬੇਬੁਨਿਆਦ ਇਲਜ਼ਾਮ ਲਾ ਕੇ, ਕਿ ਉਸ ਨੇ ਸਰਕਾਰੀ ਕੋਠੀ ਅੰਦਰ ਸਬਜ਼ੀਆਂ ਬੀਜੀਆਂ ਹਨ, ਉਸ ਵਿਰੁੱਧ ਇਨਕੁਆਇਰੀ ਖੋਲ੍ਹ ਦਿੱਤੀ ਗਈ। ਇਸ ਦੇ ਨਾਲ ਇੱਕ ਹੋਰ ਇਲਜ਼ਾਮ ਲਾਇਆ ਗਿਆ ਕਿ ਬਦਲੀ ਵੇਲੇ ਫ਼ੌਜੀ ਯੂਨਿਟ ਵੱਲੋਂ ਇੱਕ ਯਾਦਗਾਰੀ ਲੱਕੜ ਦਾ ਚਿੰਨ੍ਹ ਸਨਮਾਨ ਵਜੋਂ ਉਸ ਨੇ ਹਾਸਲ ਕੀਤਾ ਜੋ ਹਰ ਕਿਸੇ ਨੂੰ ਦਿੱਤਾ ਜਾਂਦਾ ਸੀ, ਪਰ ਸ਼ਬੇਗ ਸਿੰਘ ਲਈ ਏਨਾ ਭਾਰਾ ਜੁਰਮ ਸਾਬਤ ਕਰ ਦਿੱਤਾ ਗਿਆ ਕਿ ਉਸ ਵਿਰੁੱਧ ਜਾਣ ਬੁੱਝ ਕੇ ਰਿਟਾਇਰ ਹੋਣ ਤੱਕ ਲਗਾਤਾਰ ਪੂਰਾ ਸਾਲ ਇਹ ਕੇਸ ਲਟਕਾਇਆ ਗਿਆ ਤੇ ਸੁਣਵਾਈ ਨਹੀਂ ਕੀਤੀ ਗਈ।

30 ਅਪਰੈਲ 1976 ਨੂੰ ਫ਼ੌਜ ਵਿੱਚੋਂ ਰਿਟਾਇਰ ਹੋਣ ਤੋਂ ਇੱਕ ਦਿਨ ਪਹਿਲਾਂ ਮੁਕਤੀ ਵਾਹਿਨੀ ਦਾ ਹੀਰੋ ਅਤੇ ਭਾਰਤ ਦੀ ਸ਼ਾਨ ਅਤੇ ਬਾਨ ਦੇ ਪ੍ਰਤੀਕ ਜਰਨੈਲ ਸ਼ਬੇਗ ਸਿੰਘ ਨੂੰ ਬਿਨਾਂ ਸੁਣਵਾਈ ਦੇ ਫ਼ੌਜ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੇ ਪਤਨੀ ਦੀ ਬੀਮਾਰੀ ਦੇ ਬਾਵਜੂਦ ਪੈਨਸ਼ਨ ਤੱਕ ਨਾ ਦਿੱਤੀ ਗਈ।

ਏਨਾ ਧੱਕਾ ਕੋਈ ਕਿਵੇਂ ਬਰਦਾਸ਼ਤ ਕਰ ਸਕਦਾ ਹੈ ? ਸ਼ਬੇਗ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਿੱਥੋਂ ਉਸ ਨੂੰ ਨਿਆਂ ਮਿਲਿਆ ਤੇ ਉਹ ਬੇਕਸੂਰ ਸਾਬਤ ਕਰ ਦਿੱਤਾ ਗਿਆ ਪਰ ਅਫ਼ਸੋਸ ਉਦੋਂ ਤੱਕ ਭਾਰਤੀ ਹਕੂਮਤ ਉਸ ਨੂੰ ਅਤਿਵਾਦੀ ਕਹਿ ਕੇ ਮਾਰ ਮੁਕਾ ਚੁੱਕੀ ਸੀ।

ਮੇਰਾ ਸਵਾਲ ਇਹ ਹੈ ਕਿ ਬੇਮਿਸਾਲ ਤਾਕਤ, ਮਿਸਾਲੀ ਫ਼ੌਜੀ ਅਗਵਾਈ, ਅਸਾਧਾਰਨ ਸੂਝ ਬੂਝ ਅਤੇ ਦੇਸ਼ ਲਈ ਮਰ ਮਿਟਣ ਦੇ ਅਥਾਹ ਜਜ਼ਬੇ ਨਾਲ ਭਰਪੂਰ ਜਰਨੈਲ ਸ਼ਬੇਗ ਸਿੰਘ ਨਾਲ ਇਹ ਧੱਕਾ ਕਿਉਂ ਹੋਇਆ ? ਇਸ ਤਰ੍ਹਾਂ ਦਾ ਅਸਹਿ ਧੱਕਾ, ਜੋ ਸਿਰਫ਼ ਸਿੱਖ ਹੋਣ ਸਦਕਾ ਕੀਤਾ ਗਿਆ ਹੋਵੇ ਤਾਂ ਜ਼ਰੂਰੀ ਹੈ ਕਿ ਕਿਸੇ ਵੀ ਧਰਮ ਦਾ ਬੰਦਾ ਧਾਰਮਿਕ ਯੁੱਧ ਵੱਲ ਬਦੋਬਦੀ ਖਿੱਚਿਆ ਜਾਵੇਗਾ।

ਮੇਜਰ ਜਨਰਲ ਸ਼ਬੇਗ ਸਿੰਘ ਇੱਕ ਸ਼ਾਨਦਾਰ ਫ਼ੌਜੀ ਪ੍ਰਦਰਸ਼ਨ ਦੀ ਲਾਮਿਸਾਲ ਉਦਾਹਰਨ ਹੈ, ਜੋ ਸਰਕਾਰੀ ਤੰਤਰ ਦੀ ਜ਼ਿਆਦਤੀ ਅਤੇ ਧਰਮ ਆਧਾਰਿਤ ਵਿਤਕਰੇ ਦਾ ਸ਼ਿਕਾਰ ਹੋਇਆ, ਜਿਸ ਨੂੰ ਇਕ ਬਦਨੁਮਾ ਦਾਗ਼ ਵਾਂਗ ਉਭਾਰ ਦਿੱਤਾ ਗਿਆ ਪਰ ਇਤਿਹਾਸ ਹਮੇਸ਼ਾ ਝੂਠ ਦੀਆਂ ਚਾਦਰਾਂ ਲਾਹ ਦਿਆ ਕਰਦਾ ਹੈ। ਪਹਿਲਾਂ ਉਸ ਨੂੰ ਅਕਾਲੀ ਦਲ ਨੇ ਕਲਾਵੇ ਵਿੱਚ ਲਿਆ ਤੇ ਫੇਰ ਧਰਮਯੁੱਧ ਮੋਰਚੇ ਵੱਲ ਉਸ ਦਾ ਝੁਕਾਅ ਹੋ ਗਿਆ। ਸਾਕਾ ਨੀਲਾ ਤਾਰਾ ਵਿੱਚ 200 ਤੋਂ ਘੱਟ ਮੁੱਛਫੁੱਟ ਨੌਜਵਾਨਾਂ ਨਾਲ ਪੂਰੀ ਕਿਲ੍ਹੇਬੰਦੀ ਕਰ ਕੇ ਦਰਬਾਰ ਸਾਹਿਬ ਅੰਦਰੋਂ ਤੋਪਾਂ ਤੇ ਟੈਕਾਂ ਦਾ ਸਾਹਮਣਾ ਕਰਨ ਦੀ ਜੁਗਤ ਵੀ ਬਦੇਸੀ ਮਾਹਿਰਾਂ ਅਨੁਸਾਰ ਸ਼ਬੇਗ ਸਿੰਘ ਦੀ ਲਾਮਿਸਾਲ ਸੀ। ਓਨੇ ਫ਼ੌਜੀ ਹਿੰਦ-ਪਾਕਿ ਜੰਗ ਵਿੱਚ ਸ਼ਹੀਦ ਨਹੀਂ ਹੋਏ ਜਿੰਨੇ ਸ਼ਬੇਗ ਸਿੰਘ ਦੀ ਕਿਲ੍ਹੇਬੰਦੀ ਵਿੱਚ ਮਹਿਜ਼ 100 ਜਣਿਆਂ ਹੱਥੋਂ ਗਿਣੇ ਚੁਣੇ ਹਥਿਆਰਾਂ ਨਾਲ ਫ਼ਨਾਹ ਹੋ ਗਏ ਸਨ। ਫ਼ੌਜੀ ਆਪ ਮੰਨਦੇ ਸਨ ਕਿ ਧਰਤੀ ਵਿੱਚੋਂ ਵੀ ਤੇ ਅਸਮਾਨੋਂ ਵੀ ਗੋਲ਼ੀਆਂ ਦਾ ਮੀਂਹ ਵਰ੍ਹਿਆ, ਜਿਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਕਿਵੇਂ ਏਨੀ ਕਮਾਲ ਦੀ ਜੁਗਤ ਵਰਤੀ ਗਈ ਸੀ।

ਇਤਿਹਾਸ ਕਦੇ ਇੱਕ ਤਰਫ਼ਾ ਨਹੀਂ ਲਿਖਿਆ ਜਾਂਦਾ। ਏਸੇ ਲਈ ਸਰਕਾਰੀ ਇਤਿਹਾਸ ਭਾਵੇਂ ਉਸ ਨੂੰ ਅਤਿਵਾਦੀ ਕਰਾਰ ਕਰ ਦੇਵੇ ਅਤੇ ਉਸ ਨਾਲ ਕੀਤੇ ਧੱਕੇ ਨੂੰ ਲੁਕਾਉਣ ਦਾ ਅਣਥੱਕ ਜਤਨ ਕਰੇ ਪਰ ਵਫ਼ਾ ਕਰਨ ਵਾਲੇ ਉਸ ਨੂੰ ਸ਼ਾਨਦਾਰ ਜਰਨੈਲ ਤੇ ਮਿਸਾਲੀ ਯੋਧਾ ਮੰਨਦੇ ਰਹਿਣਗੇ। ਜੇ ਸਰਕਾਰੀ ਤੰਤਰ ਉਸ ਨਾਲ ਧੱਕਾ ਨਾ ਕਰਦਾ ਤਾਂ ਫ਼ੌਜ ਦਾ ਮੁਖੀ ਬਣ ਕੇ ਉਸ ਨੇ ਭਾਰਤੀ ਫ਼ੌਜ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਦੇਣਾ ਸੀ।

ਮੈਂ ਆਪ ਸਾੜੇ ਤੇ ਸਰਕਾਰੀ ਤੰਤਰ ਦੀ ਸ਼ਿਕਾਰ ਹੋ ਚੁੱਕੀ ਹਾਂ ਜਿਸ ਵਿੱਚ ਇੱਕ ਪਾਸੇ ਮੈਂ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਨਮਾਨ ਹਾਸਲ ਕੀਤਾ ਤੇ ਦੂਜੇ ਪਾਸੇ ਵਿਭਾਗੀ ਸੀਨੀਅਰਤਾ ਨਾ ਦੇਣ ਪਿੱਛੇ ਝੂਠੇ ਕੇਸ ਵਿੱਚ ਫਸਾਇਆ ਗਿਆ, ਜਿਸ ਤੋਂ ਹਾਈ ਕੋਰਟ ਨੇ ਰਾਹਤ ਦਿੱਤੀ ਪਰ ਫਿਰ ਵੀ ਤੰਤਰ ਨਾ ਹਿੱਲਿਆ ਤੇ ਕੋਰਟ ਵੱਲੋਂ ‘‘ਕੰਟੈਂਪਟ ਆਫ਼ ਕੋਰਟ’’ ਨੋਟਿਸ ਵੀ ਜਾਰੀ ਹੋਇਆ। ਇਸੇ ਲਈ ਮੈਂ ਬਾਖ਼ੂਬੀ ਮੇਜਰ ਜਨਰਲ ਸ਼ਬੇਗ ਸਿੰਘ ਦੀ ਲਾਮਿਸਾਲ ਬਹਾਦਰੀ ਨੂੰ ਵੱਟਾ ਲੱਗਣ ਵੇਲੇ ਉਸ ਦੀ ਮਾਨਸਿਕ ਪੀੜ ਨੂੰ ਸਮਝ ਸਕਦੀ ਹਾਂ। ਜੇ ਉਸ ਵੇਲੇ ਸਿੱਖ ਕੌਮ ਉਸ ਦੇ ਜ਼ਖ਼ਮਾਂ ਉੱਤੇ ਮੱਲ੍ਹਮ ਲਾ ਦਿੰਦੀ ਤਾਂ ਬਹੁਤ ਕੁੱਝ ਠੀਕ ਹੋ ਸਕਦਾ ਸੀ, ਪਰ ਕਿਸੇ ਨੇ ਉਸ ਦੀ ਬਾਂਹ ਨਾ ਫੜੀ।

ਲਾਅਨਤ ਤਾਂ ਇਹ ਹੈ ਕਿ ਜਿਨ੍ਹਾਂ ਸਾਥੀਆਂ ਨੂੰ ਸ਼ਬੇਗ ਸਿੰਘ ਨੇ ਆਪਣੇ ਹੱਥਾਂ ਨਾਲ ਬੰਦੂਕ ਫੜ ਕੇ ਚਲਾਉਣੀ ਸਿਖਾਈ, ਉਹੀ ਫ਼ੌਜੀ ਸ਼ਹੀਦ ਸ਼ਬੇਗ ਸਿੰਘ ਦੀ ਲਾਸ਼ ਦੀ ਬੇਕਦਰੀ ਕਰਦਿਆਂ ਉਸ ਲਾਸ਼ ਨਾਲ ਸੀਨਾ ਤਾਣ ਕੇ ਮੁਸਕਰਾਉਂਦਿਆਂ ਫੋਟੋ ਖਿਚਵਾਉਂਦੇ ਵੇਖੇ ਗਏ। ਇਸੇ ਇਕਜੁੱਟਤਾ ਦੀ ਘਾਟ ਕਾਰਨ ਹੀ ਸਿੱਖ ਕੌਮ ਅਨੇਕ ਵਾਰ ਧਾਰਮਿਕ ਤਸ਼ੱਦਦ ਦਾ ਸ਼ਿਕਾਰ ਹੋਈ ਤੇ ਹੁਣ ਤੱਕ ਵੀ ਪੂਰੇ ਭਾਰਤ ਵਿੱਚ ਅਤੇ ਵਤਨੋਂ ਪਾਰ ਵੀ ਇਕੱਲੇ ਸਿੱਖ ਨੂੰ ਵੇਖ ਕੇ ਢਾਅ ਲੈਣ ਵਾਲੇ ਹੱਲੇ ਜਾਰੀ ਹਨ।

ਦੁਨੀਆਭਰ ਦੀਆਂ ਕੌਮਾਂ ਆਪਣੇ ਲਾਮਿਸਾਲ ਯੋਧਿਆਂ ਦੀਆਂ ਯਾਦਗਾਰਾਂ ਬਣਾਉਂਦੀਆਂ ਹਨ ਅਤੇ ਬੁੱਤ ਲਾਉਂਦੀਆਂ ਹਨ ਤਾਂ ਜੋ ਅਗਲੀ ਪਨੀਰੀ ਉਸੇ ਤਰ੍ਹਾਂ ਦੀ ਬਹਾਦਰ ਬਣ ਸਕੇ। ਜੇ ਕੀੜੀ ਨੂੰ ਵੀ ਬੇਵਜ੍ਹਾ ਮਾਰੋ ਤਾਂ ਵਾਪਸ ਲੜਨ ਨੂੰ ਪੈਂਦੀ ਹੈ। ਫੇਰ ਭਲਾ ਏਨਾ ਸ਼ਾਨਦਾਰ ਜਰਨੈਲ ਧੱਕਾ ਕਿਵੇਂ ਜਰਦਾ ? ਕੀ ਇਹ ਜਾਇਜ਼ ਹੈ ਕਿ ਉਸ ਨੂੰ ਸਿਰਫ਼ ਅਤਿਵਾਦੀ ਕਹਿ ਕੇ ਇਤਿਹਾਸ ਦਾ ਪੰਨਾ ਪਰਤ ਦੇਈਏ ? ਜੇ ਹਾਂ, ਤਾਂ ਤਿਆਰ ਰਹੋ ਅਗਲੀ ਵਾਰੀ ਤੁਹਾਡੀ ਹੈ! ਜੇ ਨਾ, ਤਾਂ ਫਿਰ ਕਦੋਂ ਉਸ ਉੱਤਮ ਸੂਰਮੇ ਦੀ ਬਹਾਦਰੀ ਦੀ ਯਾਦਗਾਰ ਤਿਆਰ ਹੋਵੇਗੀ ਜਿੱਥੇ ਉਸ ਮਿਸਾਲੀ ਯੋਧੇ ਦੀ ਆਦਮਕੱਦ ਤਸਵੀਰ ਹੋਵੇ, ਜਿਸ ਤੋਂ ਪੰਜਾਬ ਵਿਚਲੇ ਫ਼ੌਜੀ ਉਸ ਦੀ ਫ਼ੌਜੀ ਅਗਵਾਈ ਦੀ ਤਕਨੀਕ ਸਿੱਖ ਕੇ ਆਪਣਾ ਅਤੇ ਆਪਣੇ ਦੇਸ ਦਾ ਨਾਂ ਰੌਸ਼ਨ ਕਰਦੇ ਰਹਿਣ ?