ਬੰਦੀਛੋੜ ਦਿਵਸ ਦੀ ਕਿਹੜੀ ਤਾਰੀਖ਼
ਕਿਰਪਾਲ ਸਿੰਘ (ਬਠਿੰਡਾ)- 88378-13661
ਸਿੱਖ ਇਤਿਹਾਸ ਦੀਆਂ ਇਤਿਹਾਸਕ ਤਾਰੀਖ਼ਾਂ ਲੱਭਣ ਲਈ ਸਿਰਫ਼ ਦੋ ਹੀ ਮੁੱਢਲੇ ਸੋਮੇ ਹਨ : (1). ਸਮਕਾਲੀ ਮੁਗ਼ਲ ਇਤਿਹਾਸ (2). ਭੱਟ ਵਹੀਆਂ। ਇਨ੍ਹਾਂ ਦੋਵਾਂ ਹੀ ਸੋਮਿਆਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਣ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਦੀ ਕੋਈ ਵੀ ਪ੍ਰਮਾਣਿਕ ਤਾਰੀਖ਼ ਨਹੀਂ ਮਿਲਦੀ। ਇਸ ਦੇ ਬਾਵਜੂਦ ਸਿੱਖ ਕੌਮ ਦੇ ਆਗੂ ਅਤੇ ਕਈ ਸਿੱਖ ਪ੍ਰਚਾਰਕ; ਬੰਦੀਛੋੜ ਦਿਵਸ ਨੂੰ ਦੀਵਾਲੀ ਨਾਲ਼ ਜੋੜ ਕੇ ਝੂਠ ਬੋਲਦੇ ਆ ਰਹੇ ਹਨ ਕਿ ਛੇਵੇਂ ਪਾਤਿਸ਼ਾਹ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਅ ਕਰਵਾ ਕੇ ਦੀਵਾਲੀ ਵਾਲੇ ਦਿਨ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ। ਇਸ ਦੀ ਖ਼ੁਸ਼ੀ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਦਰਬਾਰ ਸਾਹਿਬ ਵਿੱਚ ਦੀਪਮਾਲਾ ਕੀਤੀ ਸੀ। ਇਸ ਤਰ੍ਹਾਂ ਜਿੱਥੇ ਇਤਿਹਾਸ ਦੀ ਤੋੜ ਮਰੋੜ ਹੋ ਰਹੀ ਹੈ ਉੱਥੇ ਸਿੱਖੀ ਸਿਧਾਂਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ। ਕੇਵਲ ਦੋ ਭੱਟ ਵਹੀਆਂ ਹਨ, ਜਿਨ੍ਹਾਂ ’ਚੋਂ ਇੱਕ ਵਿੱਚ ਗੁਰੂ ਸਾਹਿਬਾਨ ਜੀ ਦੀ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾਈ ਦੀ ਤਾਰੀਖ਼ ਹੈ ਅਤੇ ਦੂਜੀ ਵਿੱਚ ਦਰਬਾਰ ਸਾਹਿਬ ਵਿਖੇ ਪਹੁੰਚਣ ਦੀ ਤਾਰੀਖ਼ ਦਿੱਤੀ ਹੋਈ ਹੈ। ਬਹੁਤੇ ਇਤਿਹਾਸਕਾਰਾਂ ਨੇ ਇਨ੍ਹਾਂ ਦੋਵੇਂ ਭੱਟ ਵਹੀਆਂ ਦੇ ਹਵਾਲਿਆਂ ਨਾਲ ਹੀ ਗੁਰੂ ਇਤਿਹਾਸ ’ਚ ਤਾਰੀਖ਼ਾਂ ਲਿਖੀਆਂ ਹਨ। ਸੋ ਆਓ ਇਨ੍ਹਾਂ ਦੋ ਭੱਟ ਵਹੀਆਂ ਵਿੱਚ ਦਰਜ ਤਾਰੀਖ਼ਾਂ ਦਾ ਤੁਜ਼ਕ-ਏ-ਜਹਾਂਗੀਰੀ ਵਿੱਚ ਦਰਜ ਤਾਰੀਖ਼ਾਂ ਅਤੇ ਹੋਰ ਇਤਿਹਾਸਕਾਰਾਂ ਦੀਆਂ ਤਰੀਖ਼ਾਂ ਨਾਲ ਮਿਲਾਣ ਕਰ ਕੇ ਵੇਖੀਏ।
ਗੁਰੂ ਕੀਆਂ ਸਾਖੀਆਂ ਭਾਈ ਸਵਰੂਪ ਸਿੰਘ ਕੌਸ਼ਿਸ਼ ਸੰਪਾਦਨਾ ਪ੍ਰੋ: ਪਿਆਰਾ ਸਿੰਘ ਪਦਮ ਪ੍ਰਕਾਸ਼ਕ ਸਿੰਘ ਬ੍ਰਦਰਜ਼-1991 ਸੀ. ਈ :
‘ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖੱਤ੍ਰੀ ਚੱਕ ਗੁਰੂ ਕਾ ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ।
ਨਾਇਕ ਹਰੀਰਾਮ ਦਰੋਗਾ ਨੇ ਬੰਦੀ ਛੋੜ ਗੁਰੂ ਹਰਿਗੋਬਿੰਦ ਜੀ ਕੇ ਬੰਧਨ–ਮੁਕਤ ਹੋਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ।’ (ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ)
ਨੋਟ : ਉਕਤ ਕੱਤਕ ਵਦੀ ੧੪, ਸੰਮਤ ੧੬੭੬ ਨੂੰ ਕੈਲੰਡਰ ਦੀਆਂ ਦੂਸਰੀਆਂ ਪੱਧਤੀਆਂ ਵਿੱਚ ਤਬਦੀਲ ਕਰਨ ’ਤੇ ੨੬ ਕੱਤਕ ਸੰਮਤ ੧੬੭੬, ਦਿਨ ਐਤਵਾਰ; 26 ਅਕਤੂਬਰ 1619 ਈ: ਜੂਲੀਅਨ ਬਣਦਾ ਹੈ। ਹੇਠਲੇ ਕੁਝ ਕਾਰਨਾਂ ਕਰਕੇ ਭੱਟ ਵਹੀ ਦੀ ਇਹ ਤਾਰੀਖ਼ ਸ਼ੰਦੇਹ ਪੈਦਾ ਕਰਦੀ ਹੈ :
(1). ਹਿੰਦੂ ਤਿਉਹਾਰ ਦੀਵਾਲੀ; ਕਦੇ ਕੱਤਕ ਵਦੀ ੧੪ ਨੂੰ ਹੁੰਦੀ ਹੈ ਤੇ ਕਦੇ ਕੱਤਕ ਦੀ ਮੱਸਿਆ ਨੂੰ, ਪਰ ਹਿੰਦੂ ਸ਼ਾਸਤਰਾਂ ਮੁਤਾਬਕ ਸੰਮਤ ੧੬੭੬ ਦੀ ਕੱਤਕ ਵਦੀ ੧੪ ਨੂੰ ਹੀ ਦੀਵਾਲੀ ਸੀ ਅਤੇ ਇਸੇ ਦਿਨ ਗੁਰੂ ਜੀ ਦੀ ਰਿਹਾਈ ਦੱਸਣ ਵਾਲੇ ਭੱਟ ਲੇਖਕ ਨੇ ਫਿਰ ਦੀਵਾਲੀ ਦਾ ਜ਼ਿਕਰ ਕਿਉਂ ਨਹੀਂ ਕੀਤਾ ? ਭਾਰਤ ਦਾ ਇਹ ਇੱਕ ਖ਼ਾਸ ਤੇ ਪ੍ਰਸਿੱਧ ਤਿਉਹਾਰ ਹੈ, ਜਿਸ ਤੋਂ ਹਰ ਕੋਈ ਵਾਕਫ਼ ਹੈ ਜਦਕਿ ਕੱਤਕ ਵਦੀ ੧੪ ਨੂੰ ਭਾਵੇਂ ਕੋਈ ਨਾ ਹੀ ਜਾਣਦਾ ਹੋਵੇ, ਜੋ ਇਸ ਵਿੱਚ ਦਿੱਤੀ ਹੈ।
(2). ਭੱਟ ਵਹੀ ਅਨੁਸਾਰ ਨਾਇਕ ਹਰੀਰਾਮ ਦਰੋਗਾ ਨੇ ਗੁਰੂ ਸਾਹਿਬ ਦੀ ਰਿਹਾਈ ਉਪਰੰਤ ਆਪਣੀ ਹਵੇਲੀ ਪਹੁੰਚਣ ’ਤੇ ਖ਼ੁਸ਼ੀ ’ਚ ਦੀਪਮਾਲਾ ਕੀਤੀ। ਹੁਣ ਜਦ ਹੈ ਹੀ ਕੱਤਕ ਵਦੀ ੧੪ ਨੂੰ ਦੀਵਾਲੀ ਤਾਂ ਗਵਾਲੀਅਰ (ਸ਼ਹਿਰ) ਸਮੇਤ ਪੂਰੇ ਭਾਰਤ ’ਚ ਦੀਪਮਾਲਾ ਹੋਣੀ ਚਾਹੀਦੀ ਸੀ ? ਪਰ ਇੱਥੇ ਕੇਵਲ ਹਰੀਰਾਮ ਦਰੋਗਾ ਹੀ ਦੀਪਮਾਲਾ ਕਰਦਾ ਹੈ। ਕਿਉਂ ? ਇਹ ਵੀ ਨਹੀਂ ਕਹਿ ਸਕਦੇ ਕਿ ਪੂਰੇ ਭਾਰਤ ’ਚ ਗੁਰੂ ਜੀ ਦੀ ਰਿਹਾਈ ਦੀ ਖ਼ੁਸ਼ੀ ਵਜੋਂ ਦੀਪਮਾਲਾ ਕੀਤੀ ਗਈ ਹੋਵੇ ਕਿਉਂਕਿ ਦੀਵਾਲੀ ਵਾਲੇ ਦਿਨ ਤਾਂ ਵੈਸੇ ਹੀ ਸਾਰੇ ਲੋਕ ਦੀਪਮਾਲਾ ਕਰਦੇ ਹਨ।
(3). ਹਰੀ ਰਾਮ ਦਰੋਗੇ ਦੀ ਹਵੇਲੀ ਵਾਲੀ ਥਾਂ ਅੱਜ ਕੱਲ੍ਹ ਬੰਦੀਛੋੜ ਗੁਰਦੁਆਰਾ (ਗਵਾਲੀਅਰ) ਸੁਸ਼ੋਭਤ ਹੈ। ਇੱਥੇ ਹਰ ਸਾਲ ਅੱਸੂ ਵਦੀ ਮੱਸਿਆ ਨੂੰ ਬੰਦੀ ਛੋੜ ਦਿਨ ਦੀ ਯਾਦ ਵਿੱਚ ਜੋੜਮੇਲਾ ਲੱਗਦਾ ਹੈ। ਜੇ ਗੁਰੂ ਜੀ; ਦੀਵਾਲੀ ਵਾਲੇ ਦਿਨ ਕੱਤਕ ਵਦੀ ੧੪ ਨੂੰ ਰਿਹਾ ਹੋਏ ਹੁੰਦੇ ਤਾਂ ਗਵਾਲੀਅਰ ਵਿਖੇ ਅੱਸੂ ਵਦੀ ਮੱਸਿਆ ਨੂੰ ਬੰਦੀਛੋੜ ਦਿਵਸ ਕਿਉਂ ਮਨਾਇਆ ਜਾ ਰਿਹਾ ਹੈ ? ਆਦਿਕ ਕਾਰਨਾਂ ਕਰਕੇ ਭੱਟ ਵਹੀ ਦੀ ਇਹ ਤਾਰੀਖ਼ ਮੰਨਣਯੋਗ ਨਹੀਂ।
ਵੱਖ ਵੱਖ ਇਤਿਹਾਸਕਾਰਾਂ ਨੇ ਜੋ ਤਾਰੀਖ਼ਾਂ ਦਿੱਤੀਆਂ ਹਨ ਉਹ ਵੀ ਬਿਨਾਂ ਕਿਸੇ ਜਾਚ-ਪੜਤਾਲ ਤੋਂ ਹੀ ਲਿਖੀਆਂ ਹਨ। ਆਓ ਹੁਣ ਉਨ੍ਹਾਂ ਦੀ ਪੁਣ-ਛਾਣ ਕਰੀਏ :
ਅੰਮ੍ਰਿਤਸਰ ਦੀ ਤਵਾਰੀਖ਼ ਨਾਮੀ ਡਾਇਰੀ ਵਿੱਚ ਐਡਵੋਕੇਟ ਸਤਨਾਮ ਸਿੰਘ ਖ਼ਾਲਸਾ ਗੁਰੂ ਮਹਾਰਾਜ ਦੀ ਰਿਹਾਈ 1612 ਨੂੰ ਮੰਨਦਾ ਹੈ। ਵਿਦਵਾਨ ਲੇਖਕ ਪਿਆਰਾ ਸਿੰਘ ਪਦਮ ‘ਸੰਖੇਪ ਸਿੱਖ ਇਤਿਹਾਸ’ ਵਿੱਚ ਪੰਨਾ 38, 39 ’ਤੇ ਦੁਬਿਸਤਾਨਿ ਮਜ਼ਾਹਬ ਦੇ ਕਰਤਾ ਮੁਹੱਸਨ ਫ਼ਾਨੀ ਦੇ ਹਵਾਲੇ ਨਾਲ ਲਿਖਦਾ ਹੈ ਕਿ ਗੁਰੂ ਸਾਹਿਬ ਨੂੰ 12 ਵਰ੍ਹੇ ਕੈਦ ’ਚ ਰੱਖਿਆ ਗਿਆ ਅਤੇ 1619 ਵਿੱਚ ਗੁਰੂ ਜੀ ਦੀ ਰਿਹਾਈ ਹੋਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਮੁਖੀ ਵਿੱਚ ਛਪੇ ਸਿੱਖ ਇਤਿਹਾਸ ਭਾਗ ੧ ਵਿੱਚ ਪ੍ਰੋ. ਕਰਤਾਰ ਸਿੰਘ ਐਮ. ਏ. ਲਿਖਦੇ ਹਨ ਕਿ ਗੁਰੂ ਸਾਹਿਬ 1614 ਵਿੱਚ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਹਨ। ਇਨ੍ਹਾਂ ਸਾਰੇ ਲੇਖਕਾਂ ਨੇ ਵੀ ਦਿਵਾਲੀ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਕੋਈ ‘ਸੰਨ’ ਤੋਂ ਇਲਾਵਾ ਮਿਤੀ ਦਿੱਤੀ ਹੈ। ਸ਼੍ਰੋਮਣੀ ਕਮੇਟੀ ਆਪਣੀਆਂ ਧਾਰਮਿਕ ਪੋਥੀਆਂ ਵਿੱਚ ਵੀ ਛੇਵੀਂ ਪਾਤਿਸ਼ਾਹੀ ਜੀ ਦੀ ਗਵਾਲੀਅਰ ਕਿਲ੍ਹੇ ਤੋਂ ਰਿਹਾਈ ਦਾ ਕੇਵਲ ਸਾਲ ਸੰਨ 1614 ਲਿਖਦੀ ਹੈ; ਇੱਥੇ ਵੀ ਕੋਈ ਤਾਰੀਖ਼ ਨਹੀਂ ਦਿੱਤੀ ਗਈ ਜਦ ਕਿ ਦੂਜੇ ਪਾਸੇ ਸ. ਕਿਰਪਾਲ ਸਿੰਘ ਅਤੇ ਸ. ਖੜਕ ਸਿੰਘ ਤੋਂ ਲਿਖਵਾਈ ਗਈ ‘ਸਿੱਖ ਹਿਸਟਰੀ’ ਦੇ ਪੰਨਾ 175 ’ਤੇ ਗੁਰੂ ਸਾਹਿਬਾਨ ਦੀ ਰਿਹਾਈ 28 ਨਵੰਬਰ 1619 ਲਿਖੀ ਹੈ ਅਤੇ ਨਾਲ ਹੀ ਇਹ ਦੋਵੇਂ ਲੇਖਕ ਇਹ ਵੀ ਲਿਖਦੇ ਹਨ ਕਿ ਸ਼ਾਇਦ ਰਿਹਾਈ 30 ਦਸੰਬਰ 1619 ਨੂੰ ਹੋਈ ਹੋਵੇ। [ਇਨ੍ਹਾਂ ਦੋਵੇਂ ਦਿਨਾਂ ’ਚ ਵੀ ਦੀਵਾਲੀ ਨਹੀਂ ਕਿਉਂਕਿ ਸੰਨ 1619 ’ਚ ਦੀਵਾਲੀ 26 ਅਕਤੂਬਰ ਨੂੰ ਸੀ]। ਇਨ੍ਹਾਂ ਇਤਿਹਾਸਕਾਰਾਂ ਵੱਲੋਂ ਦਿੱਤੀਆ ਤਾਰੀਖ਼ਾਂ ਦੇ ਸੋਮੇ (ਸਰੋਤ) ਦਾ ਵੀ ਕੋਈ ਹਵਾਲਾ ਨਹੀਂ ਦਿੱਤਾ ਗਿਆ, ਫਿਰ ਇਹ ਮਿਤੀਆਂ ਸਹੀ ਕਿਵੇਂ ਮੰਨੀਆਂ ਜਾਣ ?
ਸ਼੍ਰੋਮਣੀ ਕਮੇਟੀ ਦੀ ਹੀ ਹਿਸਟਰੀ ਆਫ਼ ਦਾ ਸਿੱਖਸ ਵਿਚ ਛੇਵੀਂ ਪਾਤਿਸ਼ਾਹੀ ਦਾ ਅੰਮ੍ਰਿਤਸਰ ਵਿਖੇ ਵਾਪਸ ਪਹੁੰਚਣ ਦੀ ਤਾਰੀਖ਼ 28 ਜਨਵਰੀ 1620 ਦਿੱਤੀ ਹੈ [ਨੋਟ: ਇਹ 28 ਜਨਵਰੀ 1620 ਦਾ ਦਿਨ; ਦ੍ਰਿਕ ਗਣਿਤ ਸਿਧਾਂਤ ਮੁਤਾਬਕ ੧ ਫੱਗਣ ਸੰਮਤ ੧੬੭੬ ਦਿਨ ਸ਼ੁੱਕਰਵਾਰ ਨੂੰ ਹੈ ਅਤੇ ਸੂਰਜੀ ਸਿਧਾਂਤ ਅਨੁਸਾਰ ੨ ਫੱਗਣ ਸੰਮਤ ੧੬੭੬ ਦਿਨ ਸ਼ੁੱਕਰਵਾਰ ਨੂੰ ਹੈ]। ਇਸ 28 ਤਾਰੀਖ਼ ਦਾ ਵੀ ਲੇਖਕ ਨੇ ਕੋਈ ਸਰੋਤ ਨਹੀਂ ਦਿੱਤਾ ਅਤੇ ਨਾ ਹੀ ਇਸ ਤਾਰੀਖ਼ ਨੂੰ ਦੀਵਾਲੀ ਸੰਭਵ ਹੈ।
ਬਹੁ ਚਰਚਿਤ ਅਤੇ ਵਿਵਾਦਿਤ ਪੁਸਤਕ ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’, ਜੋ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸੰਪਾਦਿਤ ਕੀਤੀ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਛਾਪੀ ਹੈ; ਇਸ ਵਿੱਚ ਵੀ ਗੁਰੂ ਮਹਾਰਾਜ ਦੇ ਅੰਮ੍ਰਿਤਸਰ ਪਹੁੰਚਣ ਦੀ ਕਿਤੇ ਮਿਤੀ ਨਹੀਂ ਦਿੱਤੀ ਗਈ ਹਾਲਾਂਕਿ ਇਸ ਕਿਤਾਬ ਵਿੱਚ ਜ਼ਿਆਦਾਤਰ ਹਿੰਦੂ ਮਿਥਿਹਾਸ ਦੀ ਪੁਸ਼ਟੀ ਲਈ ਗੁਰੂ ਸਾਹਿਬਾਨ ਦਾ ਨਾਂ ਵਾਰ-ਵਾਰ ਵਰਤਿਆ ਹੈ, ਫਿਰ ਵੀ ਇਹ ਨਹੀਂ ਲਿਖਿਆ ਕਿ ਗੁਰੂ ਜੀ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਪਹੁੰਚੇ ਹਨ। ਇਹ ਵੀ ਦਰਜ ਨਹੀਂ ਕਿ ਗੁਰੂ ਜੀ ਦੀ ਰਿਹਾਈ ਸਮੇਂ ਜਾਂ ਅੰਮ੍ਰਿਤਸਰ ਪਹੁੰਚਣ ’ਤੇ ਕੋਈ ਦੀਪਮਾਲਾ ਕੀਤੀ ਗਈ।
ਨੋਟ : ਵੱਖ ਵੱਖ ਪੁਸਤਕਾਂ ਦੇ ਉਕਤ ਹਵਾਲੇ ‘ਸਿੱਖ ਸਭਿਅਤਾ ਦੇ ਮੂਲ ਆਧਾਰ’ ਲੇਖਕ ਸ: ਅਤਿੰਦਰਪਾਲ ਸਿੰਘ ਖ਼ਾਲਸਤਾਨੀ ਸਾਬਕਾ M.P. ਦੀ ਪੁਸਤਕ ਵਿੱਚੋਂ ਲਏ ਗਏ ਹਨ।
ਡਾ. ਇੰਦੂ ਭੂਸ਼ਨ ਬੈਨਰਜੀ ਅਨੁਸਾਰ ਗੁਰੂ ਸਾਹਿਬਾਨ ਨੂੰ 1607 ਈ: ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ 1612 ਵਿੱਚ ਰਿਹਾਅ, ਪਰ ਉਨ੍ਹਾਂ ਨੇ ਵੀ ਸੰਨ ਦੀ ਕੋਈ ਮਾਸਿਕ ਤਾਰੀਖ਼ ਨਹੀਂ ਦਿੱਤੀ।
ਗੁਰੂ ਕੀਆਂ ਸਾਖੀਆਂ ਵਿੱਚੋਂ ਭੱਟ ਵਹੀ ਜਾਦੋਬੰਸੀਆਂ ਬੜਤੀਆਂ ਕੀ ਦੇ ਹਾਵਾਲੇ ਨਾਲ ਡਾ. ਹਰਜਿੰਦਰ ਸਿੰਘ ਦਿਲਗੀਰ; ਆਪਣੀ ਪੁਸਤਕ ਦੇ ਪੰਨਾ 230 ’ਤੇ ਗੁਰੂ ਸਾਹਿਬਾਨ ਦੀ ਰਿਹਾਈ ਦਾ ਸਮਾਂ 26 ਅਕਤੂਬਰ 1619 ਲਿਖਦਾ ਹੈ; ਜਿਵੇਂ ਕਿ ਭੱਟ ਵਹੀ ਨੇ ਉਸ ਦਿਨ ਦੀਵਾਲੀ ਦਾ ਕੋਈ ਜ਼ਿਕਰ ਨਹੀਂ ਕੀਤਾ ਉਸੇ ਤਰ੍ਹਾਂ ਇਸ ਵਿਦਵਾਨ ਲੇਖਕ ਨੇ ਵੀ ਦੀਵਾਲੀ ਵਾਲੇ ਦਿਨ ਦਾ ਕੋਈ ਜ਼ਿਕਰ ਨਹੀਂ ਕੀਤਾ। ਦੂਸਰਾ ਕਾਰਨ ਇਹ ਹੈ ਕਿ ‘ਗੁਰੂ ਕੀਆਂ ਸਾਖੀਆਂ’ ਦੇ ਸੰਪਾਦਕ (ਪ੍ਰੋ. ਪਿਆਰਾ ਸਿੰਘ ਪਦਮ) ਨੇ ਇਸ ਦੀ ਭੂਮਿਕਾ ਵਿੱਚ ਹੀ ਲਿਖਿਆ ਹੈ ਕਿ ਅਸਲ ਭੱਟ ਵਹੀਆਂ ਮੌਜੂਦ ਨਹੀਂ, ਭੱਟ ਵਹੀਆਂ ਦੀ ਸੰਪਾਦਨਾ ਕਰਨ ਵਾਲੇ ਸਵਰੂਪ ਸਿੰਘ ਕੌਸ਼ਿਸ਼ ਦੀ ਅਸਲ ਲਿਖਤ ਵੀ ਨਹੀਂ ਮਿਲਦੀ। ਸਵਰੂਪ ਸਿੰਘ ਦੀ ਨਕਲ ਦਰ ਨਕਲ ਵੀ ਨਹੀ ਮਿਲਦੀ। ਸਾਡੇ ਪਾਸ ਸਿਰਫ਼ ਅਖੀਰ ’ਤੇ ਗਿਆਨੀ ਗਰਜਾ ਸਿੰਘ ਵੱਲੋਂ ਕੀਤੀ ਨਕਲ ਹੀ ਮੌਜੂਦ ਹੈ, ਇਸ ਲਈ ਨਕਲ ਕਰਦੇ ਸਮੇਂ ਹੋਈਆਂ ਸੁਭਾਵਕ ਗ਼ਲਤੀਆਂ ਕਾਰਨ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। [ਮਿਸਾਲ ਦੇ ਤੌਰ ’ਤੇ ਪ੍ਰੋ: ਪਿਆਰਾ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਪੰਨਾ ਨੰਬਰ 30 ਉੱਤੇ ਲਿਖਿਆ ਹੈ : ‘ਗੁਰੂ ਹਰਿਗੋਬਿੰਦ ਜੀ ਮਹਲਾ ਛਟਾ, ਤਾਊ ਗੁਰੂ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਅਰ ਪਰਗਣਾ ਪੱਟੀ ਗੁਰੂ ਮਿਹਰਵਾਨ ਜੀ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ ਦਿਹੁੰ ਸ਼ੁੱਕਰਵਾਰ ਕੋ।’
ਟਿੱਪਣੀ : ੨੮ ਪੋਹ ਸੰਮਤ ੧੬੭੭ ਵਾਲੇ ਦਿਨ ਮੰਗਲਵਾਰ; 26 ਦਸੰਬਰ 1620 ਬਣਦਾ ਹੈ ਅਤੇ ੧੮ ਪੋਹ ਸੰਮਤ ੧੬੭੬ ਨੂੰ ਦਿਨ ਸ਼ੁੱਕਰਵਾਰ; 17 ਦਸੰਬਰ 1619 ਬਣਦਾ ਹੈ, ਇਸ ਲਈ ਭੱਟ ਵਹੀ ਦੀ ੨੮ ਪੋਹ ਸੰਮਤ ੧੬੭੭[26 ਦਸੰਬਰ 1620] ਤਾਰੀਖ਼ ਵਿੱਚ ਜਾਂ ੨੮ ਪੋਹ ਗ਼ਲਤ ਹੈ ਜਾਂ ਫਿਰ ਦਿਨ ਸ਼ੁੱਕਰਵਾਰ ਗ਼ਲਤ ਹੈ]।
ਡਾ. ਦਿਲਗੀਰ; ਆਪਣੀ ਪੁਸਤਕ ‘ਸਿੱਖ ਤਵਾਰੀਖ਼’ ਦੇ ਪੰਨਾ 231 ’ਤੇ ਲਿਖਦੇ ਹਨ: ‘ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜਹਾਂਗੀਰ ਨਾਲ ਇੱਕ ਮੁਲਾਕਾਤ ਗੋਇੰਦਵਾਲ ਵਿਖੇ 27 ਜਨਵਰੀ 1620 ਨੂੰ ਹੋਈ। ਦੂਸਰੀ ਮੁਲਾਕਾਤ 8 ਫ਼ਰਵਰੀ 1620 ਨੂੰ ਕਲਾਨੌਰ ਵਿਖੇ ਹੋਈ। ਤੁਜ਼ਕ-ਏ-ਜਹਾਂਗੀਰੀ ਦੇ ਹਵਾਲੇ ਨਾਲ ਲਿਖਦੇ ਹਨ ਕਿ ਉਸ ਮੀਟਿੰਗ ਵਿੱਚ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਨ ਵਾਲੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ ਗਿਆ। ਇੱਥੋਂ ਜਹਾਂਗੀਰ ਅਤੇ ਗੁਰੂ ਸਾਹਿਬਾਨ ਨੇ ਇਕੱਠਿਆਂ ਸਾਈਂ ਮੀਆਂਮੀਰ ਨਾਲ 16 ਫ਼ਰਵਰੀ ਨੂੰ ਲਾਹੌਰ ’ਚ ਮੁਲਾਕਾਤ ਕੀਤੀ।
1620 ਦੀਆਂ ਗਰਮੀਆਂ ਵਿੱਚ ਜਹਾਂਗੀਰ ਅਤੇ ਗੁਰੂ ਸਾਹਿਬਾਨ ਇਕੱਠੇ ਕਸ਼ਮੀਰ ਦੇ ਦੌਰੇ ’ਤੇ ਗਏ। ਇਸ ਤੋਂ ਪਿੱਛੋਂ ਗੁਰੂ ਜੀ; ਜਹਾਂਗੀਰ ਤੋਂ ਵੱਖਰੇ ਹੋ ਕੇ ਧਰਮ ਪ੍ਰਚਾਰ ਲਈ ਨਿਕਲ ਗਏ। ਕਸ਼ਮੀਰ ਤੋਂ ਵਾਪਸੀ ਸਮੇਂ ਗੁਰੂ ਜੀ 28 ਦਸੰਬਰ 1620 ਦੇ ਦਿਨ ਗੁਰੂ ਦਾ ਚੱਕ (ਅੰਮ੍ਰਿਤਸਰ) ਵੀ ਆਏ। ਰਿਹਾਈ ਤੋਂ ਮਗਰੋਂ ਗੁਰੂ ਜੀ ਦਾ ਅੰਮ੍ਰਿਤਸਰ ਵਿਖੇ ਇਹ ਪਹਿਲਾ ਦੌਰਾ ਸੀ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਇਸ ਦਿਨ ਹਿੰਦੂਆਂ ਦੀ ਦੀਵਾਲੀ ਦਾ ਤਿਉਹਾਰ ਨਹੀਂ ਸੀ। [ਸੰਨ 1620 ਵਿੱਚ 15 ਅਕਤੂਬਰ ਨੂੰ ਦੀਵਾਲੀ ਸੀ] ਅੰਮ੍ਰਿਤਸਰ ਵਿੱਚ ਦੀਵਾਲੀ ਮਹੰਤਾਂ ਦੇ ਵੇਲੇ ਤੋਂ ਮਨਾਉਣੀ ਸ਼ੁਰੂ ਹੋਈ ਸੀ।’
ਅੰਮ੍ਰਿਤਸਰ ਵਿਖੇ ਪਹੁੰਚਣ ਦੀ ਪ੍ਰੋੜ੍ਹਤਾ ਵਜੋਂ ਡਾ: ਦਿਲਗੀਰ ਵੱਲੋਂ ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਦਾ ਦਿੱਤਾ ਹਵਾਲਾ ਇੰਝ ਹੈ : ‘ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ ਸੰਮਤ ਸੋਲਾ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚੱਕ ਆਏ, …… ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ।….’ (ਡਾ. ਹਰਜਿੰਦਰ ਸਿੰਘ ਦਲਗੀਰ)
ਡਾ: ਦਿਲਗੀਰ ਵੱਲੋਂ ਦਿੱਤੀਆਂ ਉਕਤ ਤਰੀਖ਼ਾਂ ਅਤੇ ਸਥਾਨ ਹੇਠਲੇ ਕੁਝ ਕਾਰਨਾਂ ਕਰਕੇ ਸੰਦੇਹ ਪੈਦਾ ਕਰਦੇ ਹਨ :
(1). ਡਾ: ਦਿਲਗੀਰ, ਜੋ ਹਮੇਸ਼ਾਂ ਭੱਟ ਵਹੀਆਂ ਦੇ ਹਵਾਲੇ ਨਾਲ ਇਤਿਹਾਸਕ ਤਾਰੀਖ਼ਾਂ ਦਰਜ ਕਰਦੇ ਹਨ ਪਰ ਗੋਇੰਦਵਾਲ, ਕਲਾਨੌਰ ਅਤੇ ਲਾਹੌਰ ਵਿਖੇ ਹੋਈਆਂ ਮੁਲਾਕਾਤਾਂ ਅਤੇ ਕਸ਼ਮੀਰ ’ਚ ਜਹਾਂਗੀਰ ਅਤੇ ਗੁਰੂ ਸਾਹਿਬ ਦੇ ਇਕੱਠੇ ਜਾਣ ਦੀ ਪ੍ਰੋੜ੍ਹਤਾ ਲਈ ਉਨ੍ਹਾਂ ਨੇ ਕੋਈ ਹਵਾਲਾ ਨਹੀਂ ਦਿੱਤਾ ਜਦੋਂ ਕਿ ਸ. ਪਾਲ ਸਿੰਘ ਪੁਰੇਵਾਲ ਵੱਲੋਂ ਲਿਖੇ ਲੇਖ ‘Bandi Chhod Date’ ਵਿੱਚ ਦਿੱਤੇ ਤੁਜ਼ਕ-ਏ-ਜਹਾਂਗੀਰੀ ਦੇ ਇੰਦਰਾਜ ਡਾ: ਦਿਲਗੀਰ ਵੱਲੋਂ ਦਿੱਤੀਆਂ ਤਾਰੀਖ਼ਾਂ ਦੇ ਉਲ਼ਟ ਹੈ।
‘English Translation of Jahangir’s Memoirs’ [ਤੁਜ਼ਕ-ਏ-ਜਹਾਂਗੀਰੀ] by Alexander Rogers and Henery Beveridge ਵਿੱਚ ਦਿੱਤੀਆਂ ਕੁਝ ਚੋਣਵੀਆਂ ਤਰੀਖ਼ਾਂ ਦਾ ਪੰਜਾਬੀ ਤਰਜਮਾ ਇਉਂ ਹੈ :
2 ਬਾਹਮਨ [ਇਰਾਨੀ ਸੂਰਜੀ ਕੈਲੰਡਰ ਮਹੀਨੇ ਬਾਹਮਨ ਦੀ 2 ਤਾਰੀਖ਼] (ਬੁੱਧਵਾਰ, 12 ਜਨਵਰੀ 1620 ਈ: ਜੂਲੀਅਨ) : ਆਪਣੇ ਪਿਤਾ ਅਕਬਰ ਦਾ ਤਖ਼ਤ ’ਤੇ ਬੈਠਣ ਵਾਲੇ ਸਥਾਨ ਕਲਾਨੌਰ ਦੇ ਬਾਗ਼ ਵਿੱਚ ਠਹਿਰੇ।
3 ਬਾਹਮਨ; (ਵੀਰਵਾਰ 13 ਜਨਵਰੀ 1620 ਈ: ਜੂਲੀਅਨ) ਨੂੰ ਕਲਾਨੌਰ।
10 ਬਾਹਮਨ; (ਵੀਰਵਾਰ 20 ਜਨਵਰੀ 1620 ਈ: ਜੂਲੀਅਨ) ਨੂੰ ਸ਼ਾਹਜਹਾਨ ਲਾਹੌਰ ਤੋਂ ਵਾਪਸ ਕਲਾਨੌਰ ਆਇਆ ਕਿਉਂਕਿ ਉਸ ਦਾ ਪਿਤਾ ਹਾਲੀ ਕਲਾਨੌਰ ਵਿਖੇ ਹੀ ਸੀ।
ਤੁਜ਼ਕ-ਏ-ਜਹਾਂਗੀਰੀ ਵਿੱਚ ਜਹਾਂਗੀਰ ਲਿਖ ਰਹੇ ਹਨ।
‘As it was reported to me that in Lahore one Miyan Sheikh Muhammad Mir [Sai’n Miyan Mir] by name, who was a Darvish [Darvesh], a Sindi [Sindhi] by origin, very eloquent, virtuous, austere, of auspicious temperament, a lord of ecstasy, had seated himself in the corner of reliance upon God and retirement, and was rich in his poverty and independent of the world, my truth-seeking mind was not at rest without meeting him, and my desire to see him increased. As it was impossible to go to Lahore, I wrote a note to him, and explained to him the desire of my heart, and that saint, not withstanding his great age and weakness took the trouble to come. I sate [sat] with him for a long time alone, and enjoyed a thorough interview with him. Truly he is a noble personage and in this Age he is a great gain and a delightful existence. This supplicant for Grace was taken out of himself by companionship with him and heard from him sublime words of truth and religious knowledge. Although I desired to make him some gift, I found that his spirit was too high for this, and so did not express my wish. I left him the skin of a white antelope to pray upon, and he immediately bade me farewell and went back to Lahore.’
ਇਸ ਪੈਰੇ ਦਾ ਭਾਵ ਅਰਥ ਸਮਝਣ ਪਿੱਛੋਂ ਸਪਸ਼ਟ ਹੁੰਦਾ ਹੈ ਕਿ ਜਹਾਂਗੀਰ ਸਾਂਈ ਮੀਆਂਮੀਰ ਨੂੰ ਮਿਲਣ ਵਾਸਤੇ ਲਾਹੌਰ ਨਹੀਂ ਗਿਆ ਕਿਉਂਕਿ ਉਸ ਦੇ ਆਪਣੇ ਪਹਿਲਾਂ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਰੁਝੇਵੇਂ ਹੀ ਇੰਨੇ ਸਨ ਕਿ ਉਹ ਲਾਹੌਰ ਜਾਣ ਤੋਂ ਅਸਮਰਥ ਸੀ। ਇਸ ਲਈ ਉਨ੍ਹਾਂ ਨੇ ਸਾਂਈ ਮੀਆਂਮੀਰ ਨੂੰ ਚਿੱਠੀ ਲਿਖ ਕੇ ਮਿਲਣ ਦੀ ਇੱਛਾ ਅਤੇ ਲਾਹੌਰ ਜਾਣ ਦੀ ਆਪਣੀ ਅਸਮਰਥਾ ਦੱਸੀ। ਜਹਾਂਗੀਰ ਲਿਖਦਾ ਹੈ ਕਿ ਆਪਣੀ ਵੱਡੇਰੀ ਉਮਰ ਅਤੇ ਕਮਜੋਰੀ ਦੇ ਬਾਵਜੂਦ ਉਸ ਪਵਿੱਤਰ ਆਤਮਾ ਵਾਲੇ ਮਹਾਨ ਸੰਤ (ਸਾਈਂ ਮੀਆਂਮੀਰ) ਨੇ ਮੈਨੂੰ ਮਿਲਣ ਦਾ ਕਸ਼ਟ ਸਹਾਰਿਆ। ਮੈਂ ਇਕੱਲਿਆਂ ਲੰਬਾ ਸਮਾਂ ਉਸ ਨਾਲ ਬੈਠ ਕੇ ਗੱਲ-ਬਾਤ ਕੀਤੀ ਅਤੇ ਉਸ ਨਾਲ ਚੰਗੀ ਤਰ੍ਹਾਂ ਇੰਟਰਵਿਉ ਦਾ ਅਨੰਦ ਮਾਣਿਆ।
ਜਹਾਂਗੀਰ ਅੱਗੇ ਲਿਖਦਾ ਹੈ ਕਿ ਮੈਂ ਉਨ੍ਹਾਂ ਨੂੰ ਕੋਈ ਤੋਹਫ਼ਾ ਦੇਣਾ ਚਾਹੁੰਦਾ ਸੀ ਪਰ ਵੇਖਿਆ ਕਿ ਉਸ ਦੀ ਅਧਿਆਤਮਿਕ ਅਵਸਥਾ ਤੋਹਫ਼ਿਆਂ ਦੇ ਤੁਲ ਬਹੁਤ ਉੱਚੀ ਹੈ, ਇਸ ਲਈ ਮੈਂ ਆਪਣੀ ਇੱਛਾ ਪ੍ਰਗਟ ਨਹੀਂ ਕੀਤੀ। ਮੈਂ ਚਿੱਟੇ ਹਿਰਨ ਦੀ ਚਮੜੀ [ਮ੍ਰਿਗਸ਼ਾਲਾ] ਛੱਡ ਕੇ ਪ੍ਰਾਰਥਨਾ ਕੀਤੀ ਤੇ ਉਹ ਤੁਰੰਤ ਮੈਨੂੰ ਅਲਵਿਦਾ ਕਹਿ ਕੇ ਲਾਹੌਰ ਨੂੰ ਵਾਪਸ ਚਲੇ ਗਏ।
ਮੈਂ ਕਲਾਨੌਰ ਤੋਂ ਚੱਲ ਕੇ 2 ਫ਼ਰਵਰੀ ਨੂੰ ਦੌਲਤਾਬਾਦ [ਪਾਕਿਸਤਾਨ] ਪਹੁੰਚਿਆ ਅਤੇ ਇਸ ਤੋਂ ਅੱਗੇ ਪਰਗਨਾ ਕਰੋਹੀ, ਜੇਹਲਮ ਦਰਿਆ ਪਾਰ ਕਰਕੇ ਰੋਹਤਾਸ ਹੁੰਦਾ ਹੋਇਆ 12 ਫ਼ਰਵਰੀ ਨੂੰ ਹਸਨ ਅਬਦਾਲ [ਪੰਜਾ ਸਾਹਿਬ] ਪਹੁੰਚਿਆ। ਅੱਗੇ ਬਾਰਾਮੁੱਲਾ ਹੁੰਦਾ ਹੋਇਆ 20 ਮਾਰਚ 1620 ਨੂੰ ਡੱਲ ਝੀਲ ਸ਼੍ਰੀ ਨਗਰ [ਕਸ਼ਮੀਰ] ਵਿਖੇ ਜਾ ਤੰਬੂ ਗੱਡੇ।
ਤੁਜ਼ਕ-ਏ-ਜਹਾਂਗੀਰੀ ਦੀਆਂ ਉਕਤ ਤਾਰੀਖ਼ਾਂ ਮੁਤਾਬਕ ਜਦ ਜਹਾਂਗੀਰ ਲਾਹੌਰ ਗਿਆ ਹੀ ਨਹੀਂ ਤਾਂ ਇਹ ਹੋ ਸਕਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਸਾਂਈ ਮੀਆਂਮੀਰ ਨੂੰ ਕਲਾਨੌਰ ਵਿਖੇ 12 ਜਨਵਰੀ 1620 ਤੋਂ ਲੈ ਕੇ 25 ਜਨਵਰੀ 1620 ਤੱਕ ਦੀਆਂ ਤਾਰੀਖ਼ਾਂ ਦੌਰਾਨ ਕਿਸੇ ਸਮੇਂ ਮਿਲੇ ਹੋਣਗੇ ਜਾਂ ਗੁਰੂ ਜੀ ਨੇ ਇਕੱਲਿਆਂ ਹੀ ਲਾਹੌਰ ਜਾ ਕੇ ਮੀਆਂਮੀਰ ਜੀ ਨਾਲ ਮੁਲਾਕਾਤ ਕੀਤੀ ਹੋਵੇ।
(2). ਸਾਡਾ ਸੱਭਿਅਕ ਸਿਸ਼ਟਾਚਾਰ ਹੈ ਕਿ ਜਦ ਕੋਈ ਵਿਅਕਤੀ ਲੰਬੇ ਸਮੇਂ ਤੋਂ ਬਾਅਦ ਘਰ ਆਵੇ ਤਾਂ ਅੱਗਿਓਂ ਜੇਕਰ ਆਪਣੇ ਨੇੜਲੇ ਰਿਸ਼ਤੇਦਾਰ ਦੇ ਘਰ ਦੁਖਦਾਈ ਘਟਨਾ (ਜਿਵੇਂ ਕਿ ਮੌਤ) ਹੋਈ ਹੋਵੇ ਤਾਂ ਪਹਿਲਾਂ ਓਥੇ ਅਫ਼ਸੋਸ ਕਰਨ ਜਾਂਦਾ ਹੈ। ਇਸ ਲਈ ਗੁਰੂ ਸਾਹਿਬ ਸਭ ਤੋਂ ਪਹਿਲਾਂ ਆਪਣੇ ਤਾਇਆ (ਬਾਬਾ ਪ੍ਰਿਥੀ ਚੰਦ, ਜਿਨ੍ਹਾਂ ਦੀ ਮੌਤ 8 ਅਪਰੈਲ 1619 ਨੂੰ ਹੋਈ ਸੀ, ਉਨ੍ਹਾਂ) ਦੇ ਘਰ ਪਿੰਡ ਹੇਹਰਾਂ ਜ਼ਰੂਰ ਗਏ ਹੋਣਗੇ।
ਪ੍ਰੋ. ਪਿਆਰਾ ਸਿੰਘ ਵੱਲੋਂ ਸੰਪਾਦਿਤ ਕੀਤੀ ਪੁਸਤਕ ਦੇ ਪੰਨਾ ਨੰਬਰ 30 ’ਤੇ ਵੀ ਲਿਖਿਆ ਹੈ ਕਿ ‘ਰਿਹਾਈ ਤੋਂ ਤੁਰੰਤ ਬਾਅਦ ਪਹਿਲੇ ਆਪਣੇ ਤਾਇਆ ਜੀ ਪ੍ਰਿਥੀ ਚੰਦ ਦੀ ਮੁਕਾਣ ਦੇਣ ਲਾਹੌਰ ਲਾਗੇ ਪਿੰਡ ਹੇਹਰ ਜਾਂਦੇ ਹਨ। ਪ੍ਰਿਥੀ ਚੰਦ 12 ਵੈਸਾਖ 1676 ਬਿ: [8 ਅਪ੍ਰੈਲ 1619] ਨੂੰ ਦੇਹਾਂਤ ਪਾ ਗਿਆ ਸੀ। ਭੱਟ ਵਹੀ ‘ਮੁਲਤਾਨੀ ਸਿੰਧੀ ਖਾਤਾ ਜਲਾਨੋਂ ਕਾ’ ਵਿੱਚ ਲਿਖਿਆ ਹੈ : ‘ਗੁਰੂ ਹਰਿਗੋਬਿੰਦ ਜੀ ਮਹਲਾ ਛਟਾ, ਤਾਊ ਗੁਰੂ ਪ੍ਰਿਥੀ ਚੰਦ ਕੀ ਮੁਕਾਣ ਦੇਣ ਗੋਇੰਦਵਾਲ ਸੇ ਗਾਮ ਹੇਅਰ ਪਰਗਣਾ ਪੱਟੀ ਗੁਰੂ ਮਿਹਰਵਾਨ ਜੀ ਕੇ ਘਰ ਆਏ ਸਾਲ ਸੋਲਾਂ ਸੈ ਸਤੱਤਰ ਪੋਖ ਪ੍ਰਵਿਸ਼ਟੇ ਅਠਾਈ ਦਿਹੁੰ ਸ਼ੁੱਕਰਵਾਰ ਕੋ।’
ਟਿੱਪਣੀ: 28 ਪੋਹ ਸੰਮਤ 1677 ਨੂੰ ਦਿਨ ਮੰਗਲਵਾਰ; 26 ਦਸੰਬਰ 1620 ਬਣਦਾ ਹੈ ਅਤੇ 18 ਪੋਹ ਸੰਮਤ 1676 ਨੂੰ ਦਿਨ ਸ਼ੁੱਕਰਵਾਰ; 17 ਦਸੰਬਰ 1619 ਈ. ਹੈ, ਇਸ ਲਈ ਭੱਟ ਵਹੀ ਦੀ 28 ਪੋਹ ਸੰਮਤ 1677 (26 ਦਸੰਬਰ 1620) ਤਾਰੀਖ਼ ਵਿੱਚ ਜਾਂ 28 ਪੋਹ ਗ਼ਲਤ ਹੈ ਜਾਂ ਦਿਨ ਸ਼ੁੱਕਰਵਾਰ ਗਲਤ ਹੈ। ਢੁੱਕਵੀਂ ਤਾਰੀਖ਼ (ਇੱਕ ਸਾਲ ਪਹਿਲਾਂ) 18 ਪੋਹ 17 ਦਸੰਬਰ 1619 ਜਾਪਦੀ ਹੈ ਕਿਉਂਕਿ ਜੇ 28 ਪੋਹ 1677 ਮੰਨੀਏ ਤਾਂ ਰਿਹਾਈ ਤੋਂ ਤੁਰੰਤ ਬਾਅਦ ਪਿੰਡ ਹੇਹਰਾਂ ਪਹੁੰਚਣ ਵਾਲੀ ਗੱਲ ਸਹੀ ਨਹੀਂ ਬੈਠਦੀ ਭਾਵੇਂ ਕਿ ਡਾ. ਦਿਲਗੀਰ ਨੇ ਗੁਰੂ ਜੀ ਦੇ ਪਿੰਡ ਹੇਹਰ ਵਿਖੇ ਪ੍ਰਿਥੀ ਚੰਦ ਦੇ ਘਰ ਜਾਣ ਦਾ ਜ਼ਿਕਰ ਨਹੀਂ ਕੀਤਾ।
(3). ‘ਗੁਰੂ ਕੀਆਂ ਸਾਖੀਆਂ’ ਦੇ ਸੰਪਾਦਕ (ਪ੍ਰੋ. ਪਿਆਰਾ ਸਿੰਘ ਪਦਮ) ਨੇ ਇਸ ਦੀ ਭੂਮਿਕਾ ਵਿੱਚ ਹੀ ਲਿਖਿਆ ਹੈ ਕਿ ਨਕਲ ਦਰ ਨਕਲ ਕਰਦੇ ਸਮੇਂ ਹੋਈਆਂ ਸੁਭਾਵਕ ਗ਼ਲਤੀਆਂ ਕਾਰਨ ਮਿਲਾਵਟ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
(4). ਡਾ. ਦਿਲਗੀਰ ਮੁਤਾਬਕ ਗੁਰੂ ਜੀ ਜਨਵਰੀ 1613 ਨੂੰ ਦਿੱਲੀ ’ਚ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ 26 ਅਕਤੂਬਰ 1619 ਨੂੰ ਗਵਾਲੀਅਰ ਦੇ ਕਿਲ੍ਹੇ ’ਚੋਂ ਰਿਹਾ ਹੋਏ ਹਨ ਅਤੇ 28 ਦਸੰਬਰ 1620 ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਦੇ ਹਨ, ਜੋ ਕਿ ਉਸ ਸਮੇਂ ਸਿੱਖੀ ਦਾ ਮੁੱਖ ਕੇਂਦਰ ਸੀ। ਹੁਣ ਕੀ ਮੰਨੀਏ ਕਿ ਜਦ ਦਰਬਾਰ ਸਾਹਿਬ ਵਿਖੇ ਹਜ਼ਾਰਾਂ ਸੰਗਤਾਂ; ਸਤਿਗੁਰੂ ਜੀ ਨੂੰ ਪਿਛਲੇ 7-8 ਸਾਲਾਂ ਤੋਂ ਉਡੀਕ ਰਹੀਆਂ ਹੋਣ ਤਾਂ ਗੁਰੂ ਜੀ ਨੇ ਰਿਹਾ ਹੋਣ ਤੋਂ ਲੈ ਕੇ ਦਰਬਾਰ ਸਾਹਿਬ ਪਹੁੰਚਣ ਤੱਕ 14 ਮਹੀਨੇ ਲਗਾ ਦਿੱਤੇ ਉਹ ਵੀ ਤਦ; ਜਦ ਗੁਰੂ ਜੀ ਅੰਮ੍ਰਿਤਸਰ ਦੇ ਇਰਦ-ਗਿਰਦ (ਗੋਇੰਦਵਾਲ, ਕਲਾਨੌਰ, ਲਾਹੌਰ, ਕਸ਼ਮੀਰ ਆਦਿ ’ਚ) ਹੀ ਵਿਚਰਦੇ ਰਹੇ ਹੋਣ ?
(5). ਡਾ. ਦਿਲਗੀਰ ਜੀ ਮੁਤਾਬਕ ਗੁਰੂ ਜੀ 27 ਜਨਵਰੀ 1620 ਨੂੰ ਗੋਇੰਦਵਾਲ ’ਚ ਅਤੇ 8 ਫ਼ਰਵਰੀ ਨੂੰ ਕਲਾਨੌਰ ਵਿੱਚ ਜਹਾਂਗੀਰ ਨੂੰ ਮਿਲੇ, ਜਿੱਥੋਂ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰਨ ਦਾ ਹੁਕਮ ਜਾਰੀ ਕੀਤਾ। ਗਰਮੀਆਂ (ਭਾਵ ਮਈ ਜੂਨ) ’ਚ ਗੁਰੂ ਜੀ ਜਹਾਂਗੀਰ ਨਾਲ ਕਸ਼ਮੀਰ ਜਾਂਦੇ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਕਲਾਨੌਰ ਤੋਂ 50 ਕੁ ਕਿਲੋਮੀਟਰ ਦੀ ਦੂਰੀ ’ਤੇ ਅੰਮ੍ਰਿਤਸਰ ਹੈ। ਕੀ ਗੁਰੂ ਜੀ ਫ਼ਰਵਰੀ, ਮਾਰਚ ਤੇ ਅਪਰੈਲ ਵਿੱਚ ਓਥੇ ਜਾਂ ਪਿੰਡ ਹੇਹਰ ਨਹੀਂ ਗਏ ਹੋਣਗੇ ਤਾਂ ਜੋ ਸੰਗਤਾਂ ਨੂੰ 28 ਦਸੰਬਰ ਤੱਕ ਦਾ ਇੰਤਜ਼ਾਰ ਕਰਵਾਇਆ ਗਿਆ ?
(6) ਭੱਟ ਵਹੀ ‘ਤਲਾਉਂਡਾ ਪਰਗਣਾ ਜੀਂਦ’ ਵਿੱਚ ਦਰਜ ਹੈ ਕਿ ਪਿੰਡ ਹੇਹਰਾਂ ਤੋਂ ਚੱਲ ਕੇ ਗੁਰੂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ [ਮਾਘ ਦੀ ਸੰਗਰਾਂਦ] ਸੰਮਤ ੧੬੭੭ [28 ਦਸੰਬਰ 1620] ਨੂੰ ਪਹੁੰਚੇ। ਇਸ ਦਾ ਹੀ ਹਵਾਲਾ ਡਾ. ਦਿਲਗੀਰ ਜੀ ਨੇ ਦਿੱਤਾ ਹੈ। ਇਹ ਵੀ ਹੋ ਸਕਦਾ ਹੈ ਕਿ ਭੱਟ ਵਹੀ ਵਿੱਚ ਸੰਮਤ 1677 ਦੀ ਥਾਂ ਸੰਮਤ 1676 ਅਤੇ ਮਾਘ ਪ੍ਰਵਿਸ਼ਟੇ ਪਹਿਲੀ ਕੇ ਦੀ ਥਾਂ ਫੱਗਣ ਪ੍ਰਵਿਸ਼ਟੇ ਪਹਿਲੀ ਕੇ ਹੋਵੇ। ਇਹ ਪ੍ਰਿੰਟਿੰਗ ਦੀ ਗ਼ਲਤੀ ਹੋ ਸਕਦੀ ਹੈ ਜਾਂ ਨਕਲ ਦਰ ਨਕਲ ਕਰਦਿਆਂ ਚੱਲੀ ਆ ਰਹੀ ਹੋਵੇ । ਚੇਤੇ ਰਹੇ ਕਿ ਸੰਮਤ 1677 ਦੇ ਮਾਘ ਦੀ ਸੰਗਰਾਂਦ 28 ਦਸੰਬਰ 1620 ਈ: ਜੂਲੀਅਨ ਨੂੰ ਸੀ ਅਤੇ ਸੰਮਤ ੧੬੭੬ ਦੇ ਫੱਗਣ ਦੀ ਸੰਗਰਾਂਦ 27 ਜਨਵਰੀ 1619 ਈ: ਜੂਲੀਅਨ ਨੂੰ ਸੀ ਕਿਉਂਕਿ ਭੱਟ ਵਹੀ ’ਚ ਸੰਗਰਾਂਦ ਦਾ ਜ਼ਿਕਰ ਹੈ।
ਜੇ ਗੁਰੂ ਜੀ ਜਨਵਰੀ ਦੇ ਆਖ਼ੀਰ ਤੱਕ ਕਲਾਨੌਰ ’ਚ ਸਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਅੰਮ੍ਰਿਤਸਰ ਪਹੁੰਚਣ ਤੱਕ 28 ਦਸੰਬਰ ਹੋ ਗਿਆ ? ਲਾਜ਼ਮੀ ਤੌਰ ’ਤੇ ਭੱਟ ਵਹੀ ਦੇ ਲੇਖਕ ਤੋਂ ਜਾਂ ਉਸ ਦੀ ਅੱਗੇ ਨਕਲ ਦਰ ਨਕਲ ਕਰਨ ਵਾਲੇ ਤੋਂ ਸੰਮਤ ਤੇ ਮਹੀਨਾ ਗ਼ਲਤ ਲਿਖ ਹੋ ਗਿਆ ਜਾਂ ਗੁਰੂ ਜੀ ਦੇ ਦਰਬਾਰ ਸਾਹਿਬ ਪਹੁੰਚਣ ਦੀ ਇਹ ਪਹਿਲੀ ਤਾਰੀਖ਼ ਨਹੀਂ ਹੋਵੇਗੀ।
ਅੰਮ੍ਰਿਤਸਰ ਵਿਖੇ ਗੁਰੂ ਜੀ ੧ ਫੱਗਣ (ਫੱਗਣ ਦੀ ਸੰਗਰਾਂਦ) ਸੰਮਤ ੧੬੭੬ ਨੂੰ ਪਹੁੰਚੇ ਹੋ ਸਕਦੇ ਹਨ, ਪਰ ਉਸ ਦਿਨ ਵੀ ਕੋਈ ਦੀਵਾਲੀ ਨਹੀਂ। ਜੇ ਦੀਵਾਲੀ ਵਾਲ਼ੇ ਦਿਨ ਪਹੁੰਚੇ ਹੁੰਦੇ ਤਾਂ ਅੰਮ੍ਰਿਤਸਰ ਸ਼ਹਿਰ ਸਮੇਤ ਪੰਜਾਬ ਵਿੱਚ ਵੀ ਦੀਪਮਾਲਾ ਹੋਣੀ ਸੀ। ਕੇਵਲ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵੱਲੋਂ ਬੰਦੀ ਛੋੜ ਗੁਰੂ ਸਾਹਿਬ ਜੀ ਦੀ ਆਮਦ ’ਤੇ ਦੀਪਮਾਲਾ ਕੀਤੇ ਜਾਣਾ ਕੋਈ ਅਰਥ ਨਹੀਂ ਰਹਿੰਦਾ ਜਦ ਕਿ ਬਾਬਾ ਬੁੱਢਾ ਜੀ ਦੀ ਉਮਰ ਵੀ ਇਸ ਸਮੇਂ 113 ਸਾਲ ਬਣਦੀ ਹੈ।
ਇਸੇ ਤਰ੍ਹਾਂ ਦੀ ਗ਼ਲਤੀ ਸ਼੍ਰੋਮਣੀ ਕਮੇਟੀ ਦੀ ਹਿਸਟਰੀ ਆਫ਼ ਦਾ ਸਿੱਖਸ ਵਿੱਚ ਵੀ ਲਗਦੀ ਹੈ, ਜਿਸ ਵਿੱਚ ਅੰਮ੍ਰਿਤਸਰ ਵਾਪਸ ਪਹੁੰਚਣ ਦੀ ਤਾਰੀਖ਼ 27 ਜਨਵਰੀ 1620 ਦੀ ਥਾਂ 28 ਜਨਵਰੀ 1620 ਲਿਖੀ ਹੋਈ ਹੈ ਕਿਉਂਕਿ 27 ਜਨਵਰੀ 1620 ਨੂੰ ਹੀ ੧ ਫੱਗਣ (ਸੰਗਰਾਂਦ) ਸੰਮਤ ੧੬੭੬ ਬਣਦਾ ਹੈ।
ਸਾਰੇ ਤੱਥਾਂ ਨੂੰ ਵੀਚਾਰ ਕੇ ਨਾਨਕਸ਼ਾਹੀ ਕੈਲੰਡਰ ਵਿੱਚ ਬੰਦੀਛੋੜ ਦਿਵਸ ੧ ਫੱਗਣ ਆਉਂਦਾ ਹੈ, ਜੋ ਹਰ ਸਾਲ 12 ਫ਼ਰਵਰੀ ਨੂੰ ਆਉਂਦਾ ਹੈ।
ਹਥਲੇ ਲੇਖ ਦੀ ਸਮੁੱਚੀ ਵਿਚਾਰ ਤੋਂ ਸਾਫ਼ ਹੋ ਜਾਂਦਾ ਹੈ ਕਿ ਗੁਰੂ ਜੀ ਦੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਈ ਜਾਂ ਦਰਬਾਰ ਸਾਹਿਬ (ਅੰਮ੍ਰਿਤਸਰ) ਪਹੁੰਚਣ ਦੀਆਂ ਤਾਰੀਖ਼ਾਂ ਨਾਲ ਦੀਵਾਲੀ ਦਾ ਨੇੜੇ ਦਾ ਵੀ ਕੋਈ ਸੰਬੰਧ ਨਹੀਂ, ਪਰ ਫਿਰ ਵੀ ਅਸੀਂ ‘ਬੰਦੀ ਛੋੜ ਦਿਵਸ’ ਨੂੰ ਦੀਵਾਲੀ ਨਾਲ ਜੋੜ ਕੇ ਭਾਈ ਗੁਰਦਾਸ ਜੀ ਦਾ ਹੇਠਲਾ ਸ਼ਬਦ ਪੜ੍ਹਦੇ ਰਹਿੰਦੇ ਹਾਂ ਜਦਕਿ ਇਸ ਸ਼ਬਦ ’ਚ ਭਾਈ ਸਾਹਿਬ ਜੀ ਹੋਰਨਾਂ ਉਦਾਹਰਨਾਂ ਵਾਂਗ ਦੀਵਾਲੀ ਦੇ ਦੀਵਿਆਂ ਦੇ ਆਰਜੀ ਰੌਸ਼ਨੀ ਨੂੰ ਇਕ ਮਿਸਾਲ ਵਜੋਂ ਲੈ ਰਹੇ ਹਨ : ਦੀਵਾਲੀ ਦੀ ਰਾਤਿ; ਦੀਵੇ ਬਾਲੀਅਨਿ। ਤਾਰੇ ਜਾਤਿ ਸਨਾਤਿ; ਅੰਬਰਿ ਭਾਲੀਅਨਿ। ਫੁਲਾਂ ਦੀ ਬਾਗਾਤਿ; ਚੁਣਿ ਚੁਣਿ ਚਾਲੀਅਨਿ। ਤੀਰਥਿ ਜਾਤੀ ਜਾਤਿ; ਨੈਣ ਨਿਹਾਲੀਅਨਿ। ਹਰਿਚੰਦਉਰੀ ਝਾਤਿ; ਵਸਾਇ ਉਚਾਲੀਅਨਿ। ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ ॥੬॥ (ਵਾਰ ੧੯ ਪਉੜੀ ੬)
ਭਾਵ ਜਿਵੇਂ ਦੀਵਾਲੀ ਦੀ ਰਾਤ ਨੂੰ ਦੀਵੇ ਬਾਲੀਦੇ ਹਨ (ਪਰ ਥੋੜ੍ਹੇ ਸਮੇਂ ਬਾਅਦ ਹੀ ਇਹ ਬੁਝ ਕੇ ਅਲੋਪ ਹੋ ਜਾਂਦੇ ਹਨ)।
ਜਿਵੇਂ ਰਾਤ ਨੂੰ ਤਾਰੇ ਅਕਾਸ਼ ’ਚ ਚਮਕਦੇ ਹਨ (ਪਰ ਦਿਨੇ ਉਨ੍ਹਾਂ ਦਾ ਖੁਰਾ ਖੋਜ ਨਹੀਂ ਦਿੱਸਦਾ)।
ਜਿਵੇਂ ਫੁਲਾਂ ਦੀਆਂ ਬਗ਼ੀਚੀਆਂ ਕੁਝ ਸਮੇਂ ਲਈ ਬਹੁਤ ਸੋਹਣਾ ਖਿੜਦੀਆਂ ਹਨ (ਪਰ ਕੁਝ ਸਮੇਂ ਬਾਅਦ ਫੁੱਲ ਚੁਣ ਚੁਣ ਕੇ ਤੋੜ ਲਏ ਜਾਂਦੇ ਹਨ ਜਾਂ ਮੁਰਝਾ ਜਾਂਦੇ ਹਨ ਫਿਰ ਬਗ਼ੀਚੀ ਨਹੀਂ ਰਹਿੰਦੀ)।
ਜਿਵੇਂ ਬੜੇ ਟੋਲਿਆਂ ’ਚ ਯਾਤ੍ਰੀ ਤੀਰਥਾਂ ’ਤੇ ਜਾਂਦੇ ਅੱਖਾਂ ਨਾਲ ਵੇਖੀਦੇ ਹਨ (ਪਰ ਕੁਝ ਦਿਨਾਂ ਬਾਅਦ ਮੁੜ ਵਾਪਸ ਆ ਜਾਂਦੇ ਹਨ ਭਾਵ ਉਹ ਵੀ ਸਥਾਈ ਤੌਰ ’ਤੇ ਯਾਤ੍ਰਾ ’ਤੇ ਨਹੀਂ ਰਹਿ ਸਕਦੇ)।
ਜਿਵੇਂ ਹਰੀ ਚੰਦਉਰੀ (ਨਗਰੀ) ਛਲ-ਕਪਟ ਹੈ (ਇਉਂ ਜਗਤ-ਰਚਨਾ ਵੀ ਸਥਾਈ ਨਹੀਂ ‘‘ਇਹ ਜੁ ਦੁਨੀਆ ਸਿਹਰੁ ਮੇਲਾ; ਦਸਤਗੀਰੀ ਨਾਹਿ॥’’)।
ਉਕਤ ਉਦਾਹਰਣਾਂ ਦੇ ਕੇ ਭਾਈ ਗੁਰਦਾਸ ਜੀ ਦਾ ਅਸਲ ਭਾਵ ਤਾਂ ਇਹ ਸਮਝਾਉਣਾ ਸੀ ਕਿ ਗੁਰਮੁਖ ਜਨ ਦਿਵਾਲੀ ਦੀ ਰਾਤ ਨੂੰ ਬਾਲੇ ਦੀਵੇ, ਰਾਤ ਨੂੰ ਚਮਕਣ ਵਾਲੇ ਤਾਰੇ, ਫੁੱਲ, ਤੀਰਥ-ਮੇਲਿਆਂ ’ਤੇ ਗਏ ਯਾਤਰੀਆਂ ਅਤੇ ਹਰੀਚੰਦ ਦੀ ਕਾਲਪਨਿਕ ਨਗਰੀ ਵਾਙ ਸੰਸਾਰ ਨੂੰ ਥੋੜ੍ਹੇ ਸਮੇਂ ਦੀ ਖੁਸ਼ੀ ਮੰਨ ਕੇ ਜਗਤ ਵੱਲੋਂ ਚਿਤ ਕਰ ਕੇ ਉਪਰਾਮ ਰਹਿੰਦੇ ਅਤੇ ਗੁਰੂ ਜੀ ਦੇ ਸ਼ਬਦ ਦਾ ਸਿਮਰਣ ਕਰਦੇ ਰਹਿੰਦੇ ਹਨ ਜਿਸ ਨਾਲ ਗੁਰਮੁਖਾਂ ਨੂੰ (ਆਤਮਾਨੰਦ ਰੂਪੀ) ਸੁਖ ਫਲ ਦੀ ਦਾਤ ਹੋਈ ਹੈ, (ਕਿਉਂ ਜੋ ਉਹ ਨਾਸ਼ਵੰਤ ਪਦਾਰਥਾਂ ਵਿੱਚ ਆਪਣਾ ਮਨ ਨਹੀਂ ਜੋੜਦੇ ਸਗੋਂ ਗੁਰੂ ਦੇ ਸ਼ਬਦ ਨੂੰ ਯਾਦ ਕਰਦੇ ਹਨ।
ਸੋ ਕੀਰਤਨੀਏ ਜਥਿਆਂ ਨੂੰ ਚਾਹੀਦਾ ਤਾਂ ਇਹ ਸੀ ਕਿ ਅੰਤਮ ਤੁਕ ‘‘ਗੁਰਮੁਖਿ ਸੁਖ ਫਲ ਦਾਤਿ; ਸਬਦਿ ਸਮ੍ਹਾਲੀਅਨਿ॥’’ ਦੀ ਟੇਕ ਲੈਂਦੇ, ਜੋ ਸਦੀਵੀ ਸਥਿਰਤਾ ਦੇਣ ਵਾਲੀ ਹੈ, ਪਰ ਅਸੀਂ ਆਰਜੀ ਮਿਸਾਲਾਂ ਨੂੰ ਸ਼ਬਦ ਦਾ ਕੇਂਦਰੀ ਭਾਵ ਬਣਾ ਕੇ ਜੀਵਨ ਲਈ ਸੇਧ ਦੇਣ ਵਾਲੇ ਸ਼ਬਦਾਂ ਨੂੰ ਵੀ ਅੰਧਵਿਸ਼ਵਾਸ ’ਚ ਬਦਲ ਦਿੰਦੇ ਹਾਂ। ਸੋ ਸੰਗਤਾਂ ਨੂੰ ਆਪ ਹੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਇਤਿਹਾਸ ਨੂੰ ਵਾਚਣ ਦੀ ਜ਼ਰੂਰਤ ਹੈ।