ਕਿਸਾਨੀ ਬਿੱਲ 2020 ਬਨਾਮ ਸਿਆਸੀ ਪਾਰਟੀਆਂ ਦਾ ਰੋਲ
ਕਿਸਾਨੀ ਬਿੱਲ 2020 ਬਨਾਮ ਸਿਆਸੀ ਪਾਰਟੀਆਂ ਦਾ ਰੋਲ
ਕਿਰਪਾਲ ਸਿੰਘ ਬਠਿੰਡਾ 88378-13661
ਬਿਨਾਂ ਲੋਕਾਂ ਦੀ ਰਾਇ ਜਾਣਨ ਅਤੇ ਬਿਨਾਂ ਵਿਰੋਧੀ ਪਾਰਟੀਆਂ ਦੀ ਪ੍ਰਵਾਹ ਕੀਤਿਆਂ ਦੇਸ਼ ਵਿੱਚ ਆਪਣੇ ਏਜੰਡੇ ਨੂੰ ਲਾਗੂ ਕਰਨ ਅਤੇ ਸਾਰੇ ਦੇਸ਼ ਨੂੰ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਭਾਜਪਾ, ਜਿਸ ਤੇਜ਼ੀ ਨਾਲ ਆਰਡੀਨੈਂਸ ਜਾਰੀ ਕਰ ਕੇ ਕਾਨੂੰਨ ਪਾਸ ਕਰ ਗਈ ਹੈ; ਇਹ ਹੰਕਾਰੀ ਅਤੇ ਤਾਨਾਸ਼ਾਹੀ ਵਿਰਤੀ ਦੀ ਨਿਸ਼ਾਨੀ ਹੋਣ ਤੋਂ ਇਲਾਵਾ ਭਾਰਤੀ ਲੋਕਤੰਤਰੀ ਪ੍ਰਣਾਲੀ ਨੂੰ ਵੀ ਤਹਿਸ਼ ਨਹਿਸ਼ ਕਰਨ ਵਾਲੀ ਕਾਰਵਾਈ ਹੈ। ਇਸ ਨੂੰ ਮਨੁੱਖੀ ਹੱਕਾਂ ਅਤੇ ਲੋਕਤੰਤਰ ਦੀ ਬਹਾਲੀ ਲਈ ਠੱਲ੍ਹ ਪਾਉਣਾ ਅਤਿ ਜ਼ਰੂਰੀ ਹੈ। ਸਿਟੀਜ਼ਨ ਅਮੈਂਡਮੈਂਟ ਐਕਟ-2019; ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਖ਼ਤਮ ਕੀਤੇ ਜਾਣਾ, ਜੇ. ਐਂਡ ਕੇ. ਰੀਆਰਗੇਨਾਈਜੇਸ਼ਨ ਐਕਟ- 2019; ਬਿਜਲੀ ਸੋਧ ਐਕਟ-2020; ਅਤੇ ਕਿਸਾਨ ਬਿੱਲ 2020 ਇਸ ਦੀਆਂ ਮੁੱਖ ਉਦਾਹਰਨਾਂ ਹਨ। ਸਿਟੀਜ਼ਨ ਅਮੈਂਡਮੈਂਟ ਐਕਟ-2019 ਮੁਸਲਮਾਨ ਭਾਈਆਂ ਨਾਲ ਉਨ੍ਹਾਂ ਦੇ ਧਰਮ ਦੇ ਆਧਾਰ ’ਤੇ ਭਾਰੀ ਵਿਤਕਰਾ ਅਤੇ ਸੰਵਿਧਾਨ ਦੀ ਘੋਰ ਉਲੰਘਣਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੋਣ ਕਰਕੇ ਧਰਮਾਂ ਦੇ ਆਧਾਰ ’ਤੇ ਵੱਖਰੇ-ਵੱਖਰੇ ਕਾਨੂੰਨ ਲਾਗੂ ਨਹੀਂ ਕੀਤੇ ਜਾ ਸਕਦੇ।
ਦੇਸ਼ ਦੀ ਵੰਡ ਸਮੇਂ ਇੱਕ ਸਮਝੌਤੇ ਅਧੀਨ ਜੰਮੂ ਕਸ਼ਮੀਰ ਨੂੰ ਧਾਰਾ 370 ਅਧੀਨ ਕੁਝ ਵਿਸ਼ੇਸ਼ ਅਧਿਕਾਰ ਮਿਲੇ ਸਨ, ਜੋ ਸੂਬੇ ਦੀਆਂ ਸਿਆਸੀ ਪਾਰਟੀਆਂ ਅਤੇ ਲੋਕਾਂ ਦੀ ਰਾਇ ਜਾਣਨ ਤੋਂ ਬਿਨਾਂ ਹੀ ਇੱਕੋ ਝਟਕੇ ਵਿੱਚ ਖ਼ਤਮ ਕਰ ਦਿੱਤੇ ਗਏ। ਜੇ. ਐਂਡ. ਕੇ. ਰੀਆਰਗੇਨਾਈਜੇਸ਼ਨ ਐਕਟ- 2019 ਰਾਹੀਂ ਇੱਕ ਸਟੇਟ ਨੂੰ ਖ਼ਤਮ ਕਰਕੇ ਉਸ ਨੂੰ ਦੋ ਯੂਨੀਅਨ ਟੈਰੇਟਰੀਜ਼ ਵਿੱਚ ਵੰਡ ਦਿੱਤਾ ਗਿਆ ਤਾਂ ਕਿ ਲੋਕਾਂ ਦੀ ਚੁਣੀ ਹੋਈ ਨੁਮਾਇੰਦਾ ਸਰਕਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਵਾਙ ਬਾਈਪਾਸ ਕਰਕੇ ਲੈਫ: ਗਵਰਨਰਾਂ ਦੇ ਰਾਹੀਂ ਕੇਂਦਰ ਸਰਕਾਰ ਸਿੱਧੀ ਦਖ਼ਲ ਅੰਦਾਜ਼ੀ ਕਰ ਸਕੇ।
ਬਿਜਲੀ ਸੋਧ ਐਕਟ-2020 ਅਤੇ ਖੇਤੀ ਉਤਪਾਦਾਂ ਦੀ ਵੇਚ/ਖ਼ਰੀਦ ਅਤੇ ਭੰਡਾਰ/ਵੰਡ ਨਾਲ ਸੰਬੰਧਿਤ ਤਿੰਨੇ ਬਿੱਲ ਕੇਂਦਰੀ ਸਰਕਾਰ ਦੇ ਅਧਿਕਾਰ ਹੇਠ ਨਹੀਂ ਬਲਕਿ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਿੱਚ ਆਉਣ ਸਦਕਾ ਜਿੱਥੇ ਸੂਬਾ ਸਰਕਾਰਾਂ ਦੇ ਅਧਿਕਾਰਾਂ ’ਤੇ ਛਾਪਾ ਹੈ, ਉੱਥੇ ਸੰਵਿਧਾਨ ਵਿਰੋਧੀ ਵੀ ਹਨ। ਕਿਸਾਨਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਖੇਤੀ ਵਸਤਾਂ ਦਾ ਵਾਪਾਰ ਸਿੱਧਾ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਕੇ ਕੇਂਦਰੀ ਨੀਤੀਆਂ ਕਾਰਨ ਪਹਿਲਾਂ ਤੋਂ ਹੀ ਕਰਜੇ ਦੀ ਮਾਰ ਹੇਠ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਹੋਰ ਨਪੀੜਿਆ ਜਾ ਰਿਹਾ ਹੈ, ਜਿਸ ਤਰੀਕੇ ਨਾਲ ਪਬਲਿਕ ਸੈਕਟਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ, ਉਸ ਬਾਰੇ ਮਨਸ਼ਾ ਕਿਸੇ ਤੋਂ ਛੁਪੀ ਹੋਈ ਨਹੀਂ ਕਿਉਂਕਿ ਇਹ ਘਰਾਣੇ ਸੱਤਾਧਾਰੀ ਪਾਰਟੀਆਂ ਨੂੰ ਬਹੁਤ ਵੱਡੀ ਰਾਸ਼ੀ ਚੋਣ ਫੰਡਾਂ ਦੇ ਰੂਪ ਵਿੱਚ ਦਿੰਦੇ ਹਨ, ਜਿਸ ਦੀ ਦੁਰਵਰਤੋਂ ਰਾਹੀਂ ਸਰਕਾਰ ਨੇ ਦੇਸ਼ ਦੇ ਸਾਰੇ ਨੈਸ਼ਨਲ ਮੀਡੀਏ ਨੂੰ ਖ਼ਰੀਦ ਕੇ ਉਨ੍ਹਾਂ ’ਤੇ ਗੋਦੀ ਮੀਡੀਆ ਬਣਨ ਦਾ ਕਲੰਕ ਤਾਂ ਲਾ ਹੀ ਦਿੱਤਾ ਸਗੋਂ ਲੋਕਤੰਤਰ ਦਾ ਚੌਥਾ ਥੰਭ ਤਹਿਸ਼ ਨਹਿਸ਼ ਕਰ ਦਿੱਤਾ ਗਿਆ ਹੈ। ਇਹ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਹੈ। ਭਾਵੇਂ ਮਸਲੇ ਸਾਰੇ ਹੀ ਗੰਭੀਰ ਹਨ, ਪਰ ਇਸ ਲੇਖ ਵਿੱਚ ਕੇਵਲ ਚਲੰਤ ਮਸਲੇ ਕਿਸਾਨ ਬਿੱਲਾਂ ਸੰਬੰਧੀ ਹੀ ਕੁਝ ਨੁਕਤੇ ਸਾਂਝੇ ਕੀਤੇ ਜਾਣਗੇ।
ਭਾਜਪਾ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਹੀ 5 ਜੂਨ 2020 ਨੂੰ ਖੇਤੀ ਉਤਪਾਦਾਂ ਸੰਬੰਧੀ ਤਿੰਨ ਵੱਖ-ਵੱਖ ਆਰਡੀਨੈਂਸ ਜਾਰੀ ਕੀਤੇ ਅਤੇ ਸਮੁੱਚੇ ਦੇਸ਼ ਦੇ ਕਿਸਾਨਾਂ ਖ਼ਾਸ ਕਰ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਜ਼ਬਰਦਸਤ ਵਿਰੋਧ ਦੇ ਬਾਵਜੂਦ ਸਤੰਬਰ ਮਹੀਨੇ ’ਚ ਸਾਰੀਆਂ ਵਿਰੋਧੀ ਪਾਰਟੀਆਂ, ਇੱਥੋਂ ਤੱਕ ਕਿ ਆਪਣੀ ਭਾਈਵਾਲ ਪਾਰਟੀ ਅਕਾਲੀ ਦਲ ਵੱਲੋਂ ਵੀ ਲੋਕ ਸਭਾ ਵਿੱਚ ਕੀਤੇ ਵਿਰੋਧ ਨੂੰ ਅਣਡਿੱਠ ਕਰਕੇ ਆਪਣੀ ਭਾਰੀ ਬਹੁ ਗਿਣਤੀ ਦੇ ਬਲ ਨਾਲ; ਬਿੱਲ ਪਾਸ ਕਰਨ ਤੋਂ ਪਹਿਲਾਂ ਸਿਲੈਕਟ ਕਮੇਟੀ ਨੂੰ ਭੇਜੇ ਜਾਣ ਦੀ ਵਿਰੋਧੀ ਪਾਰਟੀਆਂ ਦੀ ਮੰਗ ਅਣਗੌਲ਼ਿਆਂ ਕਰਕੇ ਭਾਰੀ ਰੌਲ਼ੇ ਰੱਪੇ ਦੌਰਾਨ ਜ਼ਬਾਨੀ ਵੋਟ ਦੇ ਆਧਾਰ ’ਤੇ ਤਿੰਨੇ ਬਿੱਲ ਪਾਸ ਕਰ ਦਿੱਤੇ ਗਏ। ਰਾਜ ਸਭਾ ਵਿੱਚ ਤਾਂ ਸੰਵਿਧਾਨ ਦੀਆਂ ਹੋਰ ਵੀ ਧੱਜੀਆਂ ਉਡਾਈਆਂ ਗਈਆਂ ਕਿਉਂਕਿ ਸੰਵਿਧਾਨ ਅਨੁਸਾਰ ਜੇ ਕਿਸੇ ਬਿੱਲ ਵਿਰੁੱਧ; ਸਮੁੱਚੀ ਵਿਰੋਧੀ ਧਿਰ ਅਤੇ ਪਬਲਿਕ ਵਿੱਚ ਜ਼ਬਰਦਸਤ ਆਵਾਜ਼ ਉੱਠ ਰਹੀ ਹੋਵੇ ਤਾਂ ਉਸ ਬਿੱਲ ’ਤੇ ਹੋਰ ਵੀਚਾਰ ਕਰਨ ਲਈ ਸਿਲੈਕਟ ਕਮੇਟੀ ਨੂੰ ਭੇਜਿਆ ਜਾਂਦਾ ਹੈ, ਪਰ ਬਿੱਲ ਦਾ ਵਿਰੋਧ ਕਰਨ ਵਾਲਿਆਂ ਦੀ ਇਹ ਗੱਲ ਨਹੀਂ ਮੰਨੀ ਗਈ। ਇਸ ਤੋਂ ਇਲਾਵਾ ਜੇ ਇੱਕ ਵੀ ਮੈਂਬਰ ਵੋਟ ਵੰਡ ਦੀ ਮੰਗ ਕਰਦਾ ਹੈ ਤਾਂ ਚੇਅਰ ਵੱਲੋਂ ਹਾਊਸ ਵਿੱਚ ਹਾਜ਼ਰ ਮੈਂਬਰਾਂ ਦੀਆ ਵੋਟਾਂ ਪਵਾ ਕੇ ਉਨ੍ਹਾਂ ਦੀ ਗਿਣਤੀ ਦੇ ਆਧਾਰ ’ਤੇ ਆਪਣਾ ਫ਼ੈਸਲਾ ਸੁਣਾਇਆ ਜਾਂਦਾ ਹੈ ਪਰ ਇੱਥੇ ਤਾਂ 12 ਵਿਰੋਧੀ ਪਾਰਟੀਆਂ ਵੱਲੋਂ ਲਿਖਤੀ ਅਤੇ ਜ਼ਬਾਨੀ ਤੌਰ ’ਤੇ ਵੋਟਾਂ ਪਵਾਉਣ ਦੀ ਕੀਤੀ ਮੰਗ ਠੁਕਰਾ ਕੇ ਰੌਲ਼ੇ ਰੱਪੇ ਵਿੱਚ ਹੀ ਤਿੰਨੇ ਬਿੱਲ ਬਿਨਾਂ ਵੋਟਾਂ ਤੋਂ ਜ਼ਬਾਨੀ ਵੋਟ ਦੇ ਆਧਾਰ ’ਤੇ ਪਾਸ ਕਰ ਦਿੱਤੇ। ਸ਼ਾਇਦ ਸੱਤਾਧਾਰੀ ਪਾਰਟੀ ਨੂੰ ਡਰ ਸੀ ਕਿ ਉਨ੍ਹਾਂ ਦੇ ਭਾਈਵਾਲ ਅਕਾਲੀ ਦਲ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਮੈਂਬਰ ਤਾਂ ਵਿਰੋਧ ਵਿੱਚ ਭੁਗਤਣਗੇ ਹੀ ਜੇਕਰ ਉਨ੍ਹਾਂ ਦੇ ਹੋਰ ਭਾਈਵਾਲ ਜਾਂ ਆਪਣੀ ਹੀ ਪਾਰਟੀ ਦੇ ਕੁਝ ਮੈਂਬਰ ਵੀ ਵਿਰੋਧ ਵਿੱਚ ਭੁਗਤ ਗਏ ਜਾਂ ਕੁਝ ਮੈਂਬਰ ਵੋਟਾਂ ਸਮੇਂ ਗ਼ੈਰ ਹਾਜਰ ਹੋ ਗਏ ਤਾਂ ਹੋ ਸਕਦਾ ਹੈ ਕਿ ਬਿੱਲ ਪਾਸ ਹੋਣ ਤੋਂ ਰਹਿ ਜਾਣ। ਜਦੋਂ ਵੋਟ ਵੰਡ ਦੀ ਸੰਵਿਧਾਨਿਕ ਮੰਗ ਠੁਕਰਾ ਕੇ ਜ਼ਬਾਨੀ ਵੋਟ ਦੇ ਆਧਾਰ ’ਤੇ ਬਿੱਲ ਪਾਸ ਕਰ ਦਿੱਤੇ ਤਾਂ ਮੰਗ ਕਰ ਰਹੀਆਂ ਵਿਰੋਧੀ ਪਾਰਟੀਆਂ ਦੇ 8 ਰਾਜ ਸਭਾ ਮੈਂਬਰ ਇੰਨੇ ਗੁੱਸੇ ਵਿੱਚ ਆ ਗਏ ਕਿ ਭਾਰੀ ਸ਼ੋਰ ਸ਼ਰਾਬਾ ਕਰਦੇ ਹੋਏ ਉਨ੍ਹਾਂ ਸਭਾਪਤੀ ਦੀ ਸੀਟ ਕੋਲ਼ ਜਾ ਕੇ ਰੂਲ-ਬੁੱਕ ਦੀਆਂ ਕਾਪੀਆਂ ਪਾੜ ਦਿੱਤੀਆਂ ਅਤੇ ਇੱਕ ਮੈਂਬਰ ਨੇ ਸਭਾਪਤੀ ਅੱਗੋਂ ਮਾਇਕ ਚੁੱਕ ਕੇ ਤੋੜ ਦਿੱਤਾ। ਭਾਵੇਂ ਵਿਰੋਧੀ ਮੈਂਬਰਾਂ ਦੀ ਇਹ ਕਾਰਵਾਈ ਸ਼ੋਭਦੀ ਨਹੀਂ ਪਰ ਇਹ ਸਥਿਤੀ ਪੈਦਾ ਕਰਨ ਦੇ ਜ਼ਿੰਮੇਵਾਰ ਖ਼ੁਦ ਸਭਾਪਤੀ ਹਨ, ਜਿਸ ਨੇ ਕਿਸਾਨਾਂ, ਜਿਨ੍ਹਾਂ ਨਾਲ ਇਹ ਬਿੱਲ ਸਿੱਧੇ ਤੌਰ ’ਤੇ ਸੰਬੰਧਿਤ ਹਨ; ਵੱਲੋਂ ਦੇਸ਼ ਭਰ ਖ਼ਾਸ ਕਰਕੇ ਪੰਜਾਬ ਹਰਿਆਣਾ ਵਿੱਚ ਕੀਤੇ ਜਾ ਰਹੇ ਰੋਹ ਭਰਪੂਰ ਮੁਜ਼ਾਹਰੇ ਅਣਡਿੱਠ ਕੀਤੇ ਅਤੇ ਸਮੁੱਚੀ ਵਿਰੋਧੀ ਪਾਰਟੀਆਂ ਵੱਲੋਂ ਇੱਕਮੁੱਠ ਆਵਾਜ਼ ਵਿੱਚ ਵੋਟ ਵੰਡ ਦੀ ਕੀਤੀ ਮੰਗ (ਜਿਸ ਨੂੰ ਸੰਵਿਧਾਨ ਅਤੇ ਸਭਾ ਦੀ ਮਰਿਆਦਾ ਅਨੁਸਾਰ ਅਣਸੁਣਿਆ ਨਹੀਂ ਕੀਤਾ ਜਾ ਸਕਦਾ) ਠੁਕਰਾ ਦਿੱਤੀ ਤਾਂ ਵਿਰੋਧੀ ਪਾਰਟੀਆਂ ਕੋਲ਼ ਸਿਵਾਏ ਸ਼ੋਰ ਸ਼ਰਾਬਾ ਕਰਨ ਤੋਂ ਹੋਰ ਕਿਹੜਾ ਰਾਹ ਬਚਦਾ ਸੀ ? ਹਮੇਸ਼ਾਂ ਵਿਰੋਧੀ ਧਿਰਾਂ ਨੂੰ ਦੋਸ਼ੀ ਠਹਿਰਾ ਕੇ ਸੱਤਾਧਾਰੀ ਪਾਰਟੀ ਆਪ ਦੋਸ਼ ਮੁਕਤ ਨਹੀਂ ਹੋ ਸਕਦੀ।
ਹੁਣ ਤਿੰਨੇ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚੋਂ ਪਾਸ ਹੋ ਚੁੱਕੇ ਹਨ ਅਤੇ ਰਾਸ਼ਟਰਪਤੀ ਵੱਲੋਂ ਦਸਤਖ਼ਤ ਕੀਤੇ ਜਾਣ ਉਪਰੰਤ ਇਹ ਐਕਟ ਭਾਵ ਕਾਨੂੰਨ ਵਿੱਚ ਬਦਲ ਜਾਣਗੇ ਕਿਉਂਕਿ ਰਾਸ਼ਟਰਪਤੀ ਵੀ ਭਾਜਪਾ ਨਾਲ ਹੀ ਸੰਬੰਧਿਤ ਹੈ ਇਸ ਲਈ ਬਿਨਾਂ ਕਿਸਾਨਾਂ ਦੀਆਂ ਭਾਵਨਾਵਾਂ ਵੇਖਿਆਂ ਉਸ ਨੇ ਵੀ ਦਸਤਖ਼ਤ ਕਰ ਹੀ ਦੇਣੇ ਹਨ। ਗੱਲ ਸਿਰਫ਼ ਇੱਥੇ ਹੀ ਨਹੀਂ ਰੁਕੀ ਪੰਜਾਬ ਤੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਚਾਰ ਮੈਂਬਰ ਪਾਰਲੀਮੈਂਟ ਮੋਮਬੱਤੀਆਂ ਫੜ ਕੇ ਰਾਸ਼ਟਰਪਤੀ ਨੂੰ ਮੈਮੋਰੰਡਮ ਦੇਣ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਦਿੱਲੀ ਪੁਲਿਸ ਜਿਹੜੀ ਸਿੱਧੀ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਦੇ ਅਧੀਨ ਹੈ, ਨੇ ਜਿਸ ਤਰ੍ਹਾਂ ਪਾਰਲੀਮੈਂਟ ਮੈਂਬਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਧੱਕਾ-ਮੁੱਕੀ ਕੀਤੀ ਇਹ ਬਿਲਕੁਲ ਹੀ ਸ਼ਰਮਸ਼ਾਰ ਕਰਨ ਵਾਲਾ ਸੀ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ 8-8 ਲੱਖ ਤੋਂ ਵੱਧ ਵੋਟਰਾਂ ਦੇ ਚੁਣੇ ਹੋਏ ਨੁਮਾਇੰਦਿਆਂ ਅਤੇ ਦੇਸ਼ ਦੀ ਸਰਬਉੱਚ ਕਾਨੂੰਨ ਘਾੜੀ ਸੰਸਥਾ ਪਾਰਲੀਮੈਂਟ ਦੇ ਚਾਰ ਮੈਂਬਰਾਂ ਨਾਲ ਦੇਸ਼ ਦੇ ਰਾਸ਼ਟਰਪਤੀ ਨੂੰ ਮੈਮੋਰੰਡਮ ਦੇਣ ਜਾਂਦਿਆਂ ਦਿੱਲੀ ਪੁਲਿਸ ਇਸ ਤਰ੍ਹਾਂ ਪੇਸ਼ ਆਉਂਦੀ ਹੈ ਤਾਂ ਆਮ ਸ਼ਹਿਰੀਆਂ ਦਾ ਪੁਲਿਸ ਕੀ ਹਾਲ ਕਰਦੀ ਹੋਵੇਗੀ; ਉਹ ਕਿਸੇ ਤੋਂ ਛੁਪਿਆ ਹੋਇਆ ਨਹੀਂ ਹੈ। ਇਹ ਬਿੱਲ ਪਾਸ ਹੋਣ ਸਮੇਂ ਲੋਕਤੰਤਰ ਦਾ ਦਿਨ-ਦਿਹਾੜੇ ਕਤਲ ਹੋਇਆ ਹੈ।
ਭਾਜਪਾ ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਨੂੰ ਲਾਭ ਪਹੁੰਚਾਉਣ ਵਾਲੇ ਅਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਵਾਲੇ ਦੱਸ ਰਹੀ ਹੈ। ਇਨ੍ਹਾਂ ਬਿੱਲਾਂ ਦੇ ਫ਼ਾਇਦੇ ਗਿਣਾਉਂਦੇ ਹੋਏ ਪ੍ਰਧਾਨ ਮੰਤਰੀ ਤੋਂ ਲੈ ਕੇ ਭਾਜਪਾ ਦਾ ਹਰ ਬੁਲਾਰਾ ਕਹਿ ਰਿਹਾ ਹੈ ਕਿ ਇਨ੍ਹਾਂ ਕਾਨੂੰਨਾਂ ਰਾਹੀਂ ਵਿਚੋਲਗੀ ਭਾਵ ਆੜਤੀਆ ਸਿਸਟਮ ਖ਼ਤਮ ਹੋ ਜਾਵੇਗਾ, ਜਿਸ ਸਦਕਾ ਆੜਤੀਆਂ ਨੂੰ ਮਿਲਣ ਵਾਲੇ ਕਮਿਸ਼ਨ ਅਤੇ ਹੋਰ ਟੈਕਸਾਂ ਤੋਂ ਛੋਟ ਹੋਣ ਕਰਕੇ, ਇਸ ਦਾ ਸਿੱਧਾ ਲਾਭ ਕਿਸਾਨ ਨੂੰ ਮਿਲੇਗਾ। 70 ਸਾਲਾਂ ਬਾਅਦ ਪਹਿਲੀ ਵਾਰ ਕਿਸਾਨਾਂ ਨੂੰ ਆਜ਼ਾਦੀ ਮਿਲੀ ਹੈ ਕਿ ਉਹ ਆਪਣੀ ਫ਼ਸਲ ਨੂੰ ਭਾਰਤ ਵਿੱਚ ਕਿਸੇ ਵੀ ਸਥਾਨ ’ਤੇ ਮਨਚਾਹੇ ਭਾਅ ’ਤੇ ਵੇਚ ਸਕਣਗੇ। ਫ਼ਸਲ ਬੀਜਣ ਤੋਂ ਪਹਿਲਾਂ ਹੀ ਉਹ ਕੀਮਤ ਸੰਬੰਧੀ ਖ਼ਰੀਦਦਾਰ ਨਾਲ ਲਿਖਤੀ ਸਮਝੌਤਾ ਕਰ ਸਕਦੇ ਹਨ, ਇਸ ਲਈ ਕਿਸਾਨਾਂ ਦੀ ਆਮਦਨ ਵਧੇਗੀ। ਦੂਜੇ ਪਾਸੇ ਕਿਸਾਨ, ਇਨ੍ਹਾਂ ਬਿੱਲਾਂ ਨੂੰ ਕਿਸਾਨਾਂ ਦੀ ਮੌਤ ਦੇ ਵਰੰਟ ਦੱਸ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਜਿਸ ਸਮੇਂ ਦੇਸ਼ਵਾਸੀ ਦੋ ਡੰਗ ਦੀ ਰੋਟੀ ਤੋਂ ਭੁੱਖੇ ਰਹਿੰਦੇ ਸਨ ਅਤੇ ਅਨਾਜ਼ ਬਾਹਰੋਂ ਮੰਗਵਾਉਣਾ ਪੈਂਦਾ ਸੀ, ਉਸ ਸਮੇਂ ਵੱਧ ਅਨਾਜ ਉਗਾਉਣ ਲਈ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ। ਹਰੀ ਕ੍ਰਾਂਤੀ ਦੇ ਨਾਂ ਹੇਠ ਕਣਕ ਝੋਨੇ ਦੀਆਂ ਫ਼ਸਲਾਂ ਦੀ ਖ਼ਰੀਦ ਲਈ ਐੱਮ.ਐੱਸ.ਪੀ. ਲਾਗੂ ਕੀਤੀ ਗਈ, ਝੋਨੇ ਲਈ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਟਿਊਬਵੈੱਲਾਂ ਦੇ ਕੁਨੈਕਸ਼ਨ ਦਿੱਤੇ ਗਏ, ਬਿਜਲੀ ਬਿੱਲ ਮੁਆਫ਼ ਕੀਤੇ ਗਏ, ਸਸਤੇ ਰੇਟ ’ਤੇ ਡੀਜ਼ਲ ਦਿੱਤਾ ਜਾਣ ਲੱਗਾ, ਰਸਾਇਣਕ ਖਾਦਾਂ ਦੀ ਵੱਧ ਮਾਤਰਾ ਪਾਉਣ ਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ। ਪਾਣੀ ਅਤੇ ਖਾਦਾਂ ਦੀ ਵੱਧ ਵਰਤੋਂ ਹੋਣ ਕਰਕੇ ਕੀੜੇਮਾਰ ਦੁਆਈਆਂ ਦੀ ਵਰਤੋਂ ਵਧਾਉਣੀ ਪਈ, ਜਿਸ ਕਾਰਨ ਪੰਜਾਬ ਦੀ ਧਰਤੀ, ਹੇਠਲਾ ਪਾਣੀ ਅਤੇ ਵਾਤਾਵਰਨ ਜ਼ਹਿਰੀਲਾ ਹੋ ਜਾਣ ਕਰਕੇ ਜ਼ਿਆਦਾਤਰ ਪੰਜਾਬੀ; ਕੈਂਸਰ ਦੀ ਨਾ-ਮੁਰਾਦ ਬੀਮਾਰੀ ਨੇ ਨਿਗਲ ਲਏ। ਵੱਧ ਤੋਂ ਵੱਧ ਕਣਕ, ਝੋਨਾ ਉਗਾਉਣ ਲਈ ਟਿਊਬਵੈੱਲਾਂ ਰਾਹੀਂ ਪੰਜਾਬੀ ਕਿਸਾਨਾਂ ਨੇ ਜ਼ਮੀਨ ਹੇਠਲਾ ਪਾਣੀ ਇੰਨੀ ਜ਼ਿਆਦਾ ਮਾਤਰਾ ਵਿੱਚ ਖਿੱਚਿਆ ਕਿ ਧਰਤੀ ਹੇਠਾਂ ਪਾਣੀ ਹੀ ਮੁੱਕ ਗਿਆ ਅਤੇ ਜ਼ਮੀਨਾਂ ਬੰਜਰ ਹੋਣ ਚੱਲੀਆਂ ਹਨ। ਹੁਣ ਜਦੋਂ ਦੇਸ਼ਵਾਸੀਆਂ ਦਾ ਢਿੱਡ ਭਰਨ ਲਈ ਪੰਜਾਬੀਆਂ ਨੇ ਸਿਰਤੋੜ ਮਿਹਨਤ ਕਰਕੇ ਅਤੇ ਵੱਧ ਤੋਂ ਵਧ ਖ਼ਰਚੇ ਕਰਕੇ ਦੇਸ਼ ਨੂੰ ਫੂਡ ਸਰਪਲੱਸ ਕਰ ਦਿੱਤਾ, ਜਿਸ ਦੀ ਕੀਮਤ ’ਤੇ ਪੰਜਾਬ ਦੀ ਧਰਤੀ ਬੰਜਰ ਕਰ ਲਈ ਤਾਂ ਹੁਣ ਨਵੇਂ ਬਣ ਰਹੇ ਖੇਤੀ ਕਾਨੂੰਨਾਂ ਰਾਹੀਂ ਕਣਕ ਝੋਨੇ ’ਤੇ ਮਿਲਣ ਵਾਲੀ ਐੱਮ.ਐੱਸ.ਪੀ. ਦੀ ਸਹੂਲਤ ਖ਼ਤਮ ਕਰ ਦਿੱਤੀ ਅਤੇ ਬਿਜਲੀ ਸੋਧ ਬਿੱਲ-2020 ਰਾਹੀਂ ਪਹਿਲਾਂ ਹੀ ਮੁਫ਼ਤ ਬਿਜਲੀ ਦੀ ਸਹੂਲਤ ਖੋਹ ਲਈ ਗਈ ਸੀ। ਕਿਸਾਨਾਂ ਨੇ ਪ੍ਰਧਾਨ ਮੰਤਰੀ ਅਤੇ ਖੇਤੀ ਮੰਤਰੀ ਵੱਲੋਂ ਕੀਤੇ ਜਾ ਰਹੇ ਵਾਅਦਿਆਂ ਕਿ ਐੱਮ.ਐੱਸ.ਪੀ. ਦੀ ਸਹੂਲਤ ਜਾਰੀ ਰਹੇਗੀ, ਮੰਡੀ ਸਿਸਟਮ ਵੀ ਇਸੇ ਤਰ੍ਹਾਂ ਚਾਲੂ ਰਹੇਗਾ; ਨੂੰ ਵੀ ਉਸੇ ਤਰ੍ਹਾਂ ਦੇ ਲਾਰੇ ਦੱਸਿਆ, ਜਿਸ ਤਰ੍ਹਾਂ 2014 ਦੀਆਂ ਚੋਣਾਂ ਸਮੇਂ ਇਨ੍ਹਾਂ ਨੇ ਹਰ ਇੱਕ ਦੇ ਖ਼ਾਤੇ ਵਿੱਚ 15 ਲੱਖ ਰੁਪਏ ਜਮ੍ਹਾ ਕਰਵਾਉਣ, ਸਵਾਮੀਨਾਥਨ ਰਿਪੋਰਟ ਲਾਗੂ ਕਰਨ ਅਤੇ ਹਰ ਸਾਲ ਦੋ ਕਰੋੜ ਨਵੀਆਂ ਨੌਕਰੀਆ ਦੇਣ ਤੋਂ ਇਲਾਵਾ ਅਨੇਕਾਂ ਹੋਰ ਦਿਲ ਲੁਭਾਊ ਵਾਅਦੇ ਕਰਕੇ ਸਰਕਾਰ ਬਣਾ ਲਈ ਅਤੇ 2019 ਦੀਆਂ ਚੋਣਾਂ ਪੁਲਵਾਮਾਂ ਅਤੇ ਸਰਜੀਕਲ ਸਟਰਾਇਕ ਦੇ ਨਾਂ ’ਤੇ ਜਿੱਤ ਲਈਆਂ; ਜਦੋਂ ਕਿ ਪੁਲਵਾਮਾਂ ਕਾਂਡ ਹੋਣ ’ਤੇ ਹੀ ਸੰਦੇਹ ਜਤਾਇਆ ਜਾ ਰਿਹਾ ਹੈ। ਸਰਕਾਰ ਇਨ੍ਹਾਂ ਭਾਰਤੀਆਂ ਦੇ ਦਰਦ ਦੀ ਜ਼ਿੰਮੇਵਾਰੀ ਲੈਣ ਨੂੰ ਬਿਲਕੁਲ ਤਿਆਰ ਨਹੀਂ ਹੈ।
ਸਮੇਂ ਤੋਂ ਪਹਿਲਾਂ ਕਣਕ ’ਤੇ ਐੱਮ.ਐੱਸ.ਪੀ. 50 ਰੁਪਏ, ਚਨੇ 250 ਰੁਪਏ, ਮਸਰ 300 ਰੁਪਏ ਪ੍ਰਤੀ ਕੁਇੰਟਲ ਵਧਾਏ ਜਾਣ ਦੇ ਐਲਾਨ ਨੂੰ ਵੀ ਕਿਸਾਨਾਂ ਨੇ ਰੱਦ ਕਰਦਿਆਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਏਹ ਭਾਅ ਲਾਗਤ ਕੀਮਤ ਤੋਂ ਬਹੁਤ ਘੱਟ ਹਨ, ਜਦੋਂ ਕਿ ਅੱਜ ਤੋਂ ਸਾਢੇ 6 ਸਾਲ ਪਹਿਲਾਂ ਕਿਸਾਨਾਂ ਦੀਆਂ ਫ਼ਸਲਾਂ ਦੀਆਂ ਕੀਮਤਾਂ ਤੈਅ ਕਰਨ ਲਈ ਸਵਾਨੀਨਾਥਨ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ। ਦੂਸਰੀ ਗੱਲ ਇਹ ਹੈ ਕਿ ਪਹਿਲਾਂ 23 ਜਿਨਸਾਂ ’ਤੇ ਐੱਮ. ਐੱਸ. ਪੀ. ਲਾਗੂ ਹੈ ਜਦੋਂ ਕਿ ਸਹੀ ਮਾਅਨਿਆਂ ਵਿੱਚ ਕਣਕ ਝੋਨੇ ਨੂੰ ਛੱਡ ਕੇ ਬਾਕੀ ਕੋਈ ਵੀ ਜਿਨਸ ਐੱਮ. ਐੱਸ. ਪੀ ’ਤੇ ਨਹੀਂ ਖ਼ਰੀਦੀ ਜਾ ਰਹੀ ਤਾਂ ਐੱਮ.ਐੱਸ.ਪੀ. ਲਾਗੂ ਰਹਿਣ ਦਾ ਅਰਥ ਹੀ ਕੀ ਰਹਿ ਜਾਂਦਾ ਹੈ ?
ਤੀਜੀ ਗੱਲ ਹੈ ਕਿ ਮੋਦੀ ਜੀ ਕਿਸਾਨਾਂ ਨੂੰ ਇਹ ਸਮਝਾਉਣ ਕਿ ਐੱਮ.ਐੱਸ.ਪੀ.; ਕਿਸ ਤਰ੍ਹਾਂ ਯਕੀਨੀ ਬਣਾਇਆ ਜਾਵੇਗਾ ਜਦੋਂ ਕਿ ਖੇਤੀ ਬਿੱਲਾਂ ਵਿੱਚ ਇਸ ਮੱਦ ਦਾ ਕੋਈ ਜ਼ਿਕਰ ਹੀ ਨਹੀਂ ਹੈ। ਜਦ ਤੱਕ ਇਸ ਕਾਨੂੰਨ ਵਿੱਚ ਇਹ ਮੱਦ ਸ਼ਾਮਲ ਨਹੀਂ ਕਰਦੇ ਕਿ ਪ੍ਰਾਈਵੇਟ ਖ਼ਰੀਦਦਾਰ; ਐੱਮ.ਐੱਸ.ਪੀ. ’ਤੇ ਜਿਨਸਾਂ ਖ਼ਰੀਦਣ ਦੇ ਪਾਬੰਦ ਹੋਣਗੇ ਓਨੀ ਦੇਰ ਤੱਕ ਐੱਮ.ਐੱਸ.ਪੀ. ਲਾਗੂ ਰਹਿਣ ਦੇ ਦਾਅਵੇ ਵੀ ਭਾਜਪਾ ਵੱਲੋਂ ਪਹਿਲਾਂ ਕੀਤੇ ਗਏ ਝੂਠੇ ਵਾਅਦਿਆਂ ਵਾਙ ਇੱਕ ਹੋਰ ਝੂਠਾ ਵਾਅਦਾ ਹੀ ਹੋਵੇਗਾ। ਕਿਸਾਨ ਬੜੇ ਜ਼ੋਰਦਾਰ ਢੰਗ ਨਾਲ ਇਹ ਆਵਾਜ਼ ਬੁਲੰਦ ਕਰਦੇ ਹਨ ਕਿ ਹੁਣ ਤੱਕ ਹਰੇਕ ਪਾਰਟੀ ਝੂਠੇ ਵਾਅਦੇ ਕਰਕੇ ਭੋਲ਼ੇ-ਭਾਲ਼ੇ ਕਿਸਾਨਾਂ ਨੂੰ ਵਰਤਦੇ ਆ ਰਹੇ ਹਨ ਪਰ ਹੁਣ ਅਸੀਂ ਇਨ੍ਹਾਂ ਸਾਰਿਆਂ ਦੀਆਂ ਚਾਲਾਂ ਨੂੰ ਭਲੀਭਾਂਤ ਸਮਝ ਚੁੱਕੇ ਹਾਂ ਇਸ ਲਈ ਹੁਣ ਅਸੀਂ ਝੂਠੇ ਵਾਅਦਿਆਂ ਨਾਲ ਰੀਝਣ ਵਾਲੇ ਨਹੀਂ ਹਾਂ।
ਕਿਸਾਨ ਬੜੀ ਦ੍ਰਿੜ੍ਹਤਾ ਨਾਲ ਇੱਕ ਅਵਾਜ਼ ਹੋ ਕੇ ਇਸ ਸਟੈਂਡ ’ਤੇ ਅੜੇ ਹੋਏ ਹਨ ਕਿ ਜਦ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਐਕਟ ਅਤੇ ਚੌਥਾ ਬਿਜਲੀ ਸੋਧ ਬਿੱਲ-2020 ਰੱਦ ਨਹੀਂ ਕਰਦੀ ਓਨੀ ਦੇਰ ਸਾਡਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਤੋਂ ਇਲਾਵਾ ਜਿਹੜੀਆਂ ਪਾਰਟੀਆਂ ਸਾਡੀ ਇਸ ਮੰਗ ਦੇ ਹੱਕ ਵਿੱਚ ਸਾਡਾ ਸਾਥ ਨਹੀਂ ਦੇਣਗੀਆਂ ਜਾਂ ਵਿਰੋਧ ਕਰਨਗੀਆਂ, ਉਨ੍ਹਾਂ ਨੂੰ ਅਸੀਂ ਪਿੰਡਾਂ ਵਿੱਚ ਵੜਨ ਨਹੀਂ ਦੇਵਾਂਗੇ। ਅਕਾਲੀ-ਭਾਜਪਾ ਨੂੰ ਛੱਡ ਕੇ ਬਾਕੀ ਦੀਆਂ ਪਾਰਟੀਆਂ ਤਾਂ ਪਹਿਲਾਂ ਹੀ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਦੇ ਸਮਰਥਨ ਵਿੱਚ ਖੜ੍ਹੀਆਂ ਸਨ ਪਰ ਹੁਣ ਬੀਬੀ ਹਰਸਿਮਰਤ ਕੌਰ ਵੱਲੋਂ ਕੇਂਦਰੀ ਮੰਤਰੀ ਪਦ ਤੋਂ ਅਸਤੀਫ਼ਾ ਦਿੱਤੇ ਜਾਣ ਦੇ ਬਾਵਜੂਦ ਉਨ੍ਹਾਂ ’ਤੇ ਉਸ ਸਮੇਂ ਤੱਕ ਯਕੀਨ ਕਰਨ ਨੂੰ ਤਿਆਰ ਨਹੀਂ ਹਨ ਜਦੋਂ ਤੱਕ ਉਹ ਐੱਨ. ਡੀ. ਏ ਦਾ ਹਿੱਸਾ ਹਨ। ਕਿਸਾਨਾਂ ਦੇ ਇਸ ਫ਼ੈਸਲੇ ਨੇ ਅਕਾਲੀ ਦਲ ਦੀ ਸਥਿਤੀ ਬਹੁਤ ਕਮਜ਼ੋਰ ਕਰ ਦਿੱਤੀ ਹੈ ਕਿਉਂਕਿ ਉਸ ਦੀ ਵੋਟ ਬੈਂਕ ਦੇ ਦੋ ਹੀ ਮਜ਼ਬੂਤ ਥੰਮ ਸਨ ਪੰਥਕ ਏਜੰਡਾ ਅਤੇ ਕਿਸਾਨ ਏਜੰਡਾ। ਪੰਥਕ ਮੁੱਦਿਆਂ ’ਤੇ ਪਹਿਲਾਂ ਹੀ ਬੁਰੀ ਤਰ੍ਹਾਂ ਘਿਰੇ ਹੋਏ ਹਨ, ਹੁਣ ਕਿਸਾਨ ਮੁੱਦਿਆਂ ਨੇ ਉਨ੍ਹਾਂ ਦੀ ਸਥਿਤੀ ਬਹੁਤ ਹੀ ਪਤਲੀ ਬਣਾ ਦਿੱਤੀ ਹੈ। ਜੇ ਅਕਾਲੀ ਦਲ ਨੇ ਮਜਬੂਰ ਹੋ ਕੇ ਐੱਨ. ਡੀ. ਏ ’ਚੋਂ ਬਾਹਰ ਆਉਣ ਦਾ ਫ਼ੈਸਲਾ ਕਰ ਲਿਆ ਤਾਂ ਭਾਜਪਾ ਜਿਹੜੀ ਕਿ 2022 ਦੀਆਂ ਚੋਣਾਂ ਵਿੱਚ ਆਪਣਾ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਵੇਖ ਰਹੀ ਸੀ ਉਸ ਦੀਆਂ ਆਸਾਂ ’ਤੇ ਬਿਲਕੁਲ ਪਾਣੀ ਫਿਰ ਜਾਣਾ ਹੈ।
ਯੂ-ਟਰਨ; ਕੇਵਲ ਅਕਾਲੀ ਦਲ ਨੇ ਹੀ ਨਹੀਂ ਲਿਆ ਬਲਕਿ ਕਾਂਗਰਸ, ਭਾਜਪਾ ਸਮੇਤ ਕੋਈ ਵੀ ਪਾਰਟੀ ਇਹ ਦਾਗ਼ ਲਵਾਉਣ ਤੋਂ ਬਚੀ ਨਹੀਂ ਹੈ। ਕਾਂਗਰਸ ਜਿਹੜੀ ਅੱਜ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਹੈ ਉਸ ਨੇ ਖ਼ੁਦ ਇਹੀ ਬਿੱਲ ਸਾਲ 2013 ’ਚ ਡਾ: ਮਨਮੋਹਨ ਸਿੰਘ ਦੀ ਸਰਕਾਰ ਸਮੇਂ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਹੁਣ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਇਸ ਸੰਬੰਧੀ ਕੀਤੀਆਂ ਮੁੱਖ ਮੰਤਰੀਆਂ ਦੀਆ ਮੀਟਿੰਗਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਪੂਰੀ ਤਰ੍ਹਾਂ ਅਵੇਸਲੇ ਰਹੇ ਤੇ ਆਪਣਾ ਫ਼ਰਜ਼ ਨਹੀਂ ਨਿਭਾ ਸਕੇ ਜਦੋਂ ਕਿ ਹੁਣ ਕਿਸਾਨਾਂ ਦਾ ਮੋਰਚਾ ਭਖਣ ਤੋਂ ਬਾਅਦ ਬੜੀ ਸਰਗਰਮੀ ਨਾਲ ਕਿਸਾਨਾਂ ਦੇ ਸਮਰਥਨ ਵਿੱਚ ਖੜ੍ਹਨ ਦਾ ਐਲਾਨ ਕਰਦੇ ਫਿਰਦੇ ਹਨ।
ਜਿਸ ਸਮੇਂ 2013 ਵਿੱਚ ਇਸੇ ਤਰ੍ਹਾਂ ਦੇ ਬਿੱਲ ਕਾਂਗਰਸ ਸਰਕਾਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਸਨ ਤਾਂ ਉਸ ਸਮੇਂ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਕਿਸਾਨ ਅਤੇ ਆੜਤੀਆਂ ਦਾ ਨਹੁੰ ਮਾਸ ਦਾ ਰਿਸ਼ਤਾ ਹੈ, ਜਿਸ ਨੂੰ ਤੋੜਿਆ ਨਹੀਂ ਜਾ ਸਕਦਾ ਕਿਉਂਕਿ ਆੜਤੀਏ ਤਾਂ ਕਿਸਾਨ ਦਾ ਏ. ਟੀ. ਐੱਮ. ਕਾਰਡ ਹੈ ਭਾਵ ਦਿਨ ਹੋਵੇ ਜਾਂ ਰਾਤ, ਜਦੋਂ ਵੀ ਕਿਸਾਨ ਨੂੰ ਪੈਸੇ ਦੀ ਲੋੜ ਹੁੰਦੀ ਹੈ ਤਾਂ ਉਹ ਉਸੇ ਵੇਲੇ ਆਪਣੇ ਆੜਤੀਏ ਤੋਂ ਫੜ ਲੈਂਦਾ ਹੈ, ਪਰ ਅੱਜ ਉਹੀ ਭਾਜਪਾ ਕਹਿ ਰਹੀ ਹੈ ਕਿ ਅਸੀਂ ਵਿਚੋਲਗੀ ਨੂੰ ਖ਼ਤਮ ਕਰਕੇ ਕਿਸਾਨਾਂ ਨੂੰ ਲਾਭ ਪਹੁੰਚਾ ਰਹੇ ਹਾਂ।
ਭਾਜਪਾ ਦੇ ਤਾਨਾਸ਼ਾਹੀ ਢੰਗ ਨਾਲ ਬਣਾਏ ਜਾ ਰਹੇ ਕਾਨੂੰਨਾਂ ਕਾਰਨ ਕਿਸਾਨ-ਮਜਦੂਰ-ਆੜਤੀਆਂ ਨੂੰ ਭਾਵੇਂ ਲੰਬਾ ਸੰਘਰਸ਼ ਕਰਨਾ ਪਵੇਗਾ ਪਰ ਇਹ ਦੇਸ਼ ਅਤੇ ਖ਼ਾਸ ਕਰ ਪੰਜਾਬ ਲਈ ਹੇਠ ਲਿਖੇ ਕਾਰਨਾਂ ਕਰਕੇ ਸ਼ੁੱਭ ਸੰਕੇਤ ਵੀ ਹੈ :
(1). ਜਿਸ ਤਰ੍ਹਾਂ ਮੋਦੀ ਸਰਕਾਰ ਬਹੁਤ ਹੀ ਤਾਨਾਸ਼ਾਹੀ ਢੰਗ ਨਾਲ ਆਮ ਲੋਕਾਂ ਦੀਆਂ ਜੇਬਾਂ ਕੱਟਣ ਅਤੇ ਕਾਰਪੋਰੇਟ ਜਗਤ ਨੂੰ ਅੱਗੇ ਲਿਆਉਣ ਲਈ ਬੜੀ ਤੇਜ਼ੀ ਨਾਲ ਵਧ ਰਹੀ ਸੀ ਅਤੇ ਇੱਕ ਵੀ ਕਦਮ ਪਿੱਛੇ ਨਾ ਹਟਣ ਦੇ ਦਮਗਜੇ ਮਾਰਦੇ ਸਨ, ਉਨ੍ਹਾਂ ਨੂੰ ਪਹਿਲੀ ਵਾਰ ਪੰਜਾਬੀ ਕਿਸਾਨਾਂ ਵੱਲੋਂ ਮੂੰਹ ਤੋੜ ਜਵਾਬ ਮਿਲ ਰਿਹਾ ਹੈ,ਇਸ ਵਿਰੋਧ ਦੀ ਉਮੀਦ ਵੀ ਪੰਜਾਬੀਆਂ ਤੋਂ ਹੀ ਰੱਖੀ ਜਾ ਸਕਦੀ ਹੈ। ਜੇਕਰ ਕਿਸਾਨਾਂ ਦਾ ਮੋਰਚਾ ਇਸੇ ਤਰ੍ਹਾਂ ਚੱਲਦਾ ਰਿਹਾ ਅਤੇ ਹੁਣ ਦੀ ਤਰ੍ਹਾਂ ਸਾਰੀਆਂ ਕਿਸਾਨ ਜਥੇਬੰਦੀਆਂ ਵਿੱਚ ਏਕਤਾ ਕਾਇਮ ਰਹੀ ਤਾਂ ਆਸ ਹੈ ਕਿ ਕਿਸਾਨਾਂ ਨਾਲ ਸੰਬੰਧਿਤ ਉਕਤ ਚਾਰੇ ਐਕਟਾਂ ਵਿੱਚ ਸੋਧ ਕਰਨ ਲਈ ਭਾਜਪਾ ਸਰਕਾਰ ਨੂੰ ਮਜ਼ਬੂਰ ਹੋਣਾ ਹੀ ਪਵੇਗਾ ਅਤੇ ਅੱਗੇ ਤੋਂ ਲੋਕਤੰਤਰ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਤੋਂ ਤੋਬਾ ਕਰਨੀ ਪਵੇਗੀ, ਜਿਸ ਨਾਲ ਦੇਸ਼ ਦਾ ਲੋਕਤੰਤਰ; ਮੁੜ ਬਹਾਲੀ ਵੱਲ ਵਧੇਗਾ।
(2). ਕੇਂਦਰ ਸਰਕਾਰ ਦੀ ਸੂਬਿਆਂ ਦੀਆਂ ਸਾਰੀਆਂ ਆਰਥਿਕ ਅਤੇ ਪ੍ਰਸਾਸ਼ਨਿਕ ਤਾਕਤਾਂ ਨੂੰ ਆਪਣੇ ਹੱਥ ਵਿੱਚ ਲੈਣ ਦੀ ਨੀਤੀ ਨੂੰ ਠੱਲ ਪਵੇਗੀ। ਜੀ. ਐੱਸ. ਟੀ ਰਾਹੀਂ ਸੂਬਿਆਂ ਨੂੰ ਪਹਿਲਾਂ ਹੀ ਕੇਂਦਰ ਨੇ ਭਿਖਾਰੀ ਬਣਾ ਛੱਡਿਆ ਹੈ ਕਿਉਂਕਿ ਜੀ. ਐੱਸ. ਟੀ; ਸੂਬਿਆਂ ਭਾਵ ਸੂਬਾ ਸਰਕਾਰਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈ ਪਰ ਉਹ ਸਾਰੇ ਦਾ ਸਾਰਾ ਕੇਂਦਰੀ ਖ਼ਜਾਨੇ ਵਿੱਚ ਜਮ੍ਹਾਂ ਕਰਵਾਉਣਾ ਪੈਂਦਾ ਹੈ ਤੇ ਫਿਰ ਮੁੜ ਆਪਣਾ ਹਿੱਸਾ ਲੈਣ ਲਈ ਭਿਖਾਰੀਆਂ ਵਾਙ ਕੇਂਦਰ ਤੋਂ ਮੰਗਣਾ ਪੈਂਦਾ ਹੈ। ਜਿੱਥੇ-ਜਿੱਥੇ ਭਾਜਪਾ ਦੀਆਂ ਸੂਬਾ ਸਰਕਾਰਾਂ ਹਨ, ਉਨ੍ਹਾਂ ਨੂੰ ਤਾਂ ਜੀ. ਐੱਸ. ਟੀ ’ਚੋਂ ਰਾਜਾ ਸਰਕਾਰ ਦਾ ਬਣਦਾ ਹਿੱਸਾ ਬੜੀ ਅਸਾਨੀ ਨਾਲ ਮਿਲ ਜਾਂਦਾ ਹੈ, ਪਰ ਗ਼ੈਰ ਭਾਜਪਾ ਸਰਕਾਰਾਂ ਵਾਲੇ ਸੂਬਿਆਂ ਨੂੰ ਲੰਬਾ ਇੰਤਜ਼ਾਰ ਕਰਵਾਇਆ ਜਾਂਦਾ ਹੈ। ਹੁਣ ਨਵੇਂ ਖੇਤੀ ਕਾਨੂੰਨਾਂ ਰਾਹੀਂ ਪ੍ਰਾਈਵੇਟ ਖ਼ਰੀਦਦਾਰਾਂ ਨੂੰ ਟੈਕਸ ਮੁਕਤ ਕੀਤੇ ਜਾਣ ਸਦਕਾ ਇੱਕ ਦੋ ਸਾਲ ਉਹ, ਉਹੀ ਟੈਕਸ ਦੀ ਰਕਮ, ਕਿਸਾਨਾਂ ਨੂੰ ਮੰਡੀ ਨਾਲੋਂ ਵੱਧ ਕੀਮਤ ਦੇ ਰੂਪ ਵਿੱਚ ਦੇਣਗੇ, ਜਿਸ ਨਾਲ ਮੰਡੀਆਂ ’ਚ ਮਾਲ ਜਾਣਾ ਬੰਦ ਹੋ ਜਾਵੇਗਾ ਅਤੇ ਮੰਡੀ ਬੋਰਡ ਤੇ ਹੋਰ ਸਰਕਾਰੀ ਖ਼ਰੀਦ ਏਜੰਸੀਆਂ ਘਾਟੇ ਵਿੱਚ ਜਾਣ ਕਰਕੇ ਉਨ੍ਹਾਂ ਦਾ ਬਾਕੀ ਦੇ ਮਹਿਕਮਿਆਂ ਵਾਙ ਭੋਗ ਪੈ ਜਾਣਾ ਹੈ, ਜਿਸ ਕਾਰਨ ਮੰਡੀ ਫੀਸ ਸੂਬਾ ਸਰਕਾਰਾਂ ਦੀ ਇੱਕੋ ਇੱਕ ਆਮਦਨ ਦਾ ਵਸੀਲਾ ਸੀ, ਜਿਹੜੀ ਜੀ. ਐੱਸ. ਟੀ. ਤੋਂ ਮੁਕਤ ਹੈ, ਉਹ ਵੀ ਖ਼ਤਮ ਹੋ ਜਾਏਗਾ।
(3). ਜਿਸ ਭਾਜਪਾ ਨੇ 2014 ਵਿੱਚ ਹਰ ਸਾਲ ਦੋ ਕਰੋੜ ਨਵੀਆਂ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉਸ ਨੇ ਬਹੁਤ ਸਾਰੀਆਂ ਅਸਾਮੀਆਂ ਤਾਂ ਪਹਿਲਾਂ ਹੀ ਖ਼ਤਮ ਕਰ ਦਿੱਤੀਆਂ ਹਨ, ਉਸ ਦੇ ਨਵੇਂ ਕਾਨੂੰਨਾਂ ਨੇ ਬਹੁਤ ਸਾਰੀਆਂ ਅਸਾਮੀਆਂ; ਜਿਵੇਂ ਕਿ ਮੰਡੀ ਬੋਰਡ ਅਤੇ ਹੋਰ ਸਰਕਾਰੀ ਖ਼ਰੀਦ ਏਜੰਸੀਆਂ ਦੇ ਮਹਿਕਮਿਆਂ ਦੀਆਂ ਅਸਾਮੀਆਂ ਖ਼ਤਮ ਕਰ ਦੇਣ ਤੋਂ ਇਲਾਵਾ ਆੜਤੀਏ, ਮੰਡੀ ਮਜ਼ਦੂਰ ਅਤੇ ਹੋਰ ਖੇਤੀ ਸਹਾਇਕ ਧੰਦੇ ਕਰਨ ਵਾਲਿਆਂ ਨੂੰ ਬੇਰੁਜ਼ਗਾਰ ਕਰ ਦੇਣਾ ਹੈ, ਜਿਸ ਦਾ ਬਚਾਓ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਨਾਲ ਹੀ ਹੋ ਸਕਦਾ ਹੈ।
(4). ਕਿਸਾਨਾਂ ਦਾ ਇਹ ਸੰਘਰਸ਼ ਦੇਸ਼ ਅਤੇ ਖ਼ਾਸ ਕਰ ਪੰਜਾਬ ਦੀ ਰਾਜਨੀਤੀ ਨੂੰ ਇੱਕ ਨਵਾਂ ਮੋੜ ਦੇਣ ਦੇ ਸਮਰੱਥ ਸਿੱਧ ਹੋ ਸਕਦਾ ਹੈ ਕਿਉਂਕਿ ਹੁਣ ਤੱਕ ਸਾਰੀਆਂ ਪਾਰਟੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਪਾਟੋਧਾੜ ਕਰਕੇ ਸਭ ਨੂੰ ਆਪਣੇ ਰਾਜਨੀਤਕ ਲਾਭ ਲਈ ਵਰਤਦੀਆਂ ਆ ਰਹੀਆਂ ਸਨ ਪਰ ਮੋਦੀ ਵੱਲੋਂ ਤਾਨਾਸ਼ਾਹੀ ਢੰਗ ਨਾਲ ਖੇਤੀ ਬਿੱਲ ਪਾਸ ਕਰਵਾਉਣ ਦੀ ਨੀਤੀ ਨੇ 31 ਵੱਖ ਵੱਖ ਕਿਸਾਨ ਜਥੇਬੰਦੀਆਂ, ਮਜਦੂਰਾਂ ਅਤੇ ਆੜਤੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨ ਤੋਂ ਇਲਾਵਾ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਉਨ੍ਹਾਂ ਦੇ ਹੱਕ ਵਿੱਚ ਡੱਟਣ ਲਈ ਮਜਬੂਰ ਕਰ ਦਿੱਤਾ ਹੈ। ਜਿਹੜੀਆ ਪਾਰਟੀਆਂ ਹੁਣ ਤੱਕ ਸੰਘਰਸ਼ੀ ਜਥੇਬੰਦੀਆਂ ਨੂੰ ਵਰਤਦੀਆਂ ਰਹੀਆਂ ਹਨ, ਉਨ੍ਹਾਂ ਨੂੰ ਕਿਸਾਨਾਂ ਨੇ ਵੀ ਆਪਣੇ ਪੱਖ ਵਿੱਚ ਵਰਤਣ ਦੀ ਜਾਚ ਸਿੱਖ ਲਈ ਹੈ।
(5). ਆਪਣੀ ਕੁਰਸੀ ਦੇ ਲਾਲਚ ਹੇਠ ਅਕਾਲੀ ਦਲ ਬਾਦਲ ਵੱਲੋਂ ਪੂਰੀ ਤਰ੍ਹਾਂ ਭਾਜਪਾ ਦੀ ਝੋਲ਼ੀ ਪੈ ਜਾਣ ਉਪਰੰਤ ਪੰਜਾਬ ਨੂੰ ਬੜੇ ਲੰਬੇ ਸਮੇਂ ਤੋਂ ਫੈੱਡਰਲ ਢਾਂਚੇ ਦੀ ਮੰਗ ਕਰਨ ਵਾਲੀ ਇੱਕ ਖੇਤਰੀ ਪਾਰਟੀ ਦੀ ਜ਼ਰੂਰਤ ਸੀ, ਜੋ ਕਿ ਹੁਣ ਇਸ ਸੰਘਰਸ਼ ਵਿੱਚੋਂ ਉੱਭਰਨ ਦੀ ਸੰਭਾਵਨਾ ਬਣ ਸਕਦੀ ਹੈ ਬਸ਼ਰਤੇ ਕਿਸਾਨ ਆਗੂ; ਪਰਖੇ ਹੋਏ ਸਿਆਸੀ ਆਗੂਆਂ ਤੋਂ ਸੁਚੇਤ ਹੋ ਕੇ ਚੱਲਣ।
ਉਪਰੋਕਤ ਸੰਭਾਵੀ ਲਾਭਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੂਹ ਇਨਸਾਫ਼ ਪਸੰਦ; ਫੈੱਡਰਲ ਢਾਂਚੇ ਦੀਆਂ ਸਮਰਥਕ ਅਤੇ ਪੰਥਕ ਜਥੇਬੰਦੀਆਂ ਨੂੰ ਕਿਸਾਨੀ ਸੰਘਰਸ਼ ਦੀ ਡਟ ਕੇ ਹਿਮਾਇਤ ਕਰਨੀ ਬਣਦੀ ਹੈ।
ਗੁਰਬਾਣੀ ਅਨੁਸਾਰ ਦੁੱਖ-ਸੁੱਖ
ਗੁਰਬਾਣੀ ਅਨੁਸਾਰ ਦੁੱਖ-ਸੁੱਖ
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ) 105,
ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ) ੯੯੧੫੫-੧੫੪੩੬
ੴ ਸਤਿ ਗੁਰ ਪ੍ਰਸਾਦਿ
ਜੇਕਰ ਸਮੁੱਚੀ ਸ੍ਰਿਸ਼ਟੀ ਨੂੰ ਵਾਚਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਦਾ ਹਰ ਪ੍ਰਾਣੀ ਸੁਖ ਦੀ ਭਾਲ ਹੀ ਕਰਦਾ ਫਿਰਦਾ ਹੈ। ਕੋਈ ਵੀ ਮਨੁੱਖ; ਦੁੱਖ ਨੂੰ ਨਹੀਂ ਚਾਹੁੰਦਾ ਪਰ ਦੁੱਖ ਅਤੇ ਸੁੱਖ ਜੀਵਨ ਵਿੱਚ ਆਉਂਦੇ ਜ਼ਰੂਰ ਹਨ। ਜੀਵਨ ਦੀ ਕਾਰ-ਵਿਹਾਰ ਇਨ੍ਹਾਂ ਦੇ ਨਾਲ ਹੀ ਚੱਲਦੀ ਹੈ ਪਰ ਆਮ ਮਨੁੱਖ ਦੀ ਜੀਵਨ ਦੌੜ; ਸੁੱਖਾਂ ਦੀ ਪ੍ਰਾਪਤੀ ਲਈ ਹੀ ਹੁੰਦੀ ਹੈ। ਏਨੇ ਯਤਨਾਂ ਤੋਂ ਬਾਅਦ ਵੀ ਬਹੁਤ ਸਾਰੇ ਅਣਕਿਆਸੇ ਦੁੱਖ ਸਾਡੀ ਝੋਲ਼ੀ ਵਿੱਚ ਆਣ ਪੈਂਦੇ ਹਨ, ਜਿਨ੍ਹਾਂ ਲਈ ਅਸੀਂ ਕਦੀ ਕੋਈ ਯਤਨ ਵੀ ਨਹੀਂ ਕੀਤਾ ਹੁੰਦਾ। ਅਦ੍ਰਿਸ਼ਟ ਜਾ ਅੰਤਰੀਵ ਦੁੱਖਾਂ ਤੋਂ ਮੁਕਤ ਹੋਣ ਲਈ ਵੀ ਮਨੁੱਖ; ਕੋਈ ਸਾਰਥਕ ਯਤਨ ਨਹੀਂ ਕਰਦਾ। ਗੁਰੂ ਤੇਗ਼ ਬਹਾਦਰ ਸਾਹਿਬ ਫ਼ੁਰਮਾਉਂਦੇ ਹਨ ‘‘ਜਤਨ ਬਹੁਤ ਸੁਖ ਕੇ ਕੀਏ; ਦੁਖ ਕੋ ਕੀਓ ਨ ਕੋਇ ॥ ਕਹੁ ਨਾਨਕ ! ਸੁਨਿ ਰੇ ਮਨਾ ! ਹਰਿ ਭਾਵੈ, ਸੋ ਹੋਇ ॥’’ (ਮਹਲਾ ੯/੧੪੨੮)
ਸੁੱਖ ਸਾਡੇ ਜੀਵਨ ਨੂੰ ਖੁਸ਼ੀ ਤੇ ਖੇੜੇ ਨਾਲ ਭਰ ਦਿੰਦੇ ਹਨ ਤੇ ਇਸ ਦੇ ਵਿਪਰੀਤ ਦੁੱਖਾਂ ਨਾਲ ਸਾਡੇ ਜੀਵਨ ਵਿੱਚ ਸੋਗ, ਚਿੰਤਾ ਤੇ ਉਦਾਸੀ ਛਾ ਜਾਂਦੀ ਹੈ। ਸੁੱਖਾਂ ਵਿੱਚ ਵਧੇਰੇ ਖਚਿਤ ਹੋ ਜਾਣ ਨਾਲ ਵੀ ਅਸੀਂ ਕਈ ਵਾਰ ਦੁਖਾਂ ਦੀ ਦਹਿਲੀਜ਼ ’ਤੇ ਪਹੁੰਚ ਜਾਂਦੇ ਹਾਂ। ਹਰੇਕ ਸੁੱਖ ਸੀਮਾ ਤੋਂ ਅੱਗੇ ਨਿਕਲ ਕੇ ਦੁੱਖ ਹੋ ਨਿਬੜਦਾ ਹੈ। ਜੇਕਰ ਸੁਖਦਾਈ ਭੋਗ ਵੀ ਹੱਦ ਤੋਂ ਵੱਧ ਹੋ ਜਾਣ ਤਾਂ ਬਿਮਾਰੀ ਆਣ ਘੇਰਦੀ ਹੈ ਅਤੇ ਅਸੀਂ ਦੁੱਖਾਂ ਵਿੱਚ ਗ੍ਰਸਤ ਹੋ ਜਾਂਦੇ ਹਾਂ। ਵੈਸੇ ਤਾਂ ਜਦੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਤਾਂ ਉਸ ਨੇ ਦੁੱਖ ਤੇ ਸੁੱਖ ਨਾਲ ਹੀ ਪੈਦਾ ਕੀਤੇ ਹਨ। ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਹੈ ‘‘ਸੰਜੋਗੁ ਵਿਜੋਗੁ, ਮੇਰੈ ਪ੍ਰਭਿ ਕੀਏ ॥ ਸ੍ਰਿਸਟਿ ਉਪਾਇ, ਦੁਖਾ ਸੁਖ ਦੀਏ ॥’’ (ਮਹਲਾ ੧/੧੦੩੨)
ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਚਾਰ ਤਰ੍ਹਾਂ ਦੇ ਦੁੱਖਾਂ ਦਾ ਵਰਣਨ ਕੀਤਾ ਗਿਆ ਹੈ। ਇਨ੍ਹਾਂ ਚਾਰੇ ਦੁੱਖਾਂ ਵਿੱਚੋਂ ਸਭ ਤੋਂ ਵੱਡਾ ਦੁੱਖ ਪ੍ਰਮਾਤਮਾ ਤੋਂ ਪਏ ਵਿਛੋੜੇ ਦਾ ਦੁੱਖ ਮੰਨਿਆ ਗਿਆ ਹੈ। ਦੂਜਾ ਦੁੱਖ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਅਨੁਸਾਰ ਮਨ ਅੰਦਰ ਉੱਠੀ ਹੋਈ ਤ੍ਰਿਸ਼ਨਾ (ਲਾਲਸਾ) ਹੈ। ਤੀਸਰਾ ਦੁੱਖ ਮੌਤ ਦਾ ਹੈ ਅਤੇ ਚੌਥਾ ਇਸ ਪੰਜ ਭੌਤਿਕ ਸਰੀਰ ਵਿੱਚ ਰਹਿੰਦਿਆਂ ਹੋਇਆਂ ਤਨ ਦੇ ਰੋਗਾਂ ਦਾ ਹੈ। ਗੁਰੂ ਨਾਨਕ ਸਾਹਿਬ ਜੀ ਇਨ੍ਹਾਂ ਚਾਰੇ ਦੁੱਖਾਂ ਦਾ ਵਰਣਨ ਕਰਦੇ ਹੋਏ ਫ਼ੁਰਮਾਉਂਦੇ ਹਨ ‘‘ਦੁਖੁ ਵੇਛੋੜਾ, ਇਕੁ ਦੁਖੁ ਭੂਖ ॥ ਇਕੁ ਦੁਖੁ ਸਕਤਵਾਰ ਜਮਦੂਤ ॥ ਇਕੁ ਦੁਖੁ; ਰੋਗੁ ਲਗੈ ਤਨਿ ਧਾਇ ॥ ਵੈਦ ਨ ਭੋਲੇ ! ਦਾਰੂ ਲਾਇ ॥ (ਮਹਲਾ ੧/੧੨੫੬)
ਗੁਰੂ ਸਾਹਿਬਾਨ ਸਮਝਾਉਂਦੇ ਹੋਏ ਵੈਦ ਨੂੰ ਕਹਿੰਦੇ ਹਨ ਕਿ ਤੇਰੇ ਕੋਲ਼ ਤਾਂ ਕੇਵਲ ਤਨ ਦੇ ਰੋਗਾਂ ਦਾ ਹੀ ਇਲਾਜ ਹੈ, ਪਰ ਜਿਹੜੇ ਰੋਗ ਤਨ ਦੇ ਅੰਦਰ (ਭਾਵ ਮਨ ਦੇ ਰੋਗ) ਹਨ ਉਨ੍ਹਾਂ ਦੀ ਨਵਿਰਤੀ; ਗੁਰੂ ਤੋਂ ਬਿਨਾਂ ਕੋਈ ਹੋਰ ਨਹੀਂ ਕਰ ਸਕਦਾ।
ਵਿਛੋੜੇ ਦੇ ਦੁੱਖ ਨੂੰ ਬਿਆਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਆਪਣੀ ਪਵਿੱਤਰ ਬਾਣੀ ਵਿੱਚ ਇਕ ਸਰੋਵਰ ਦੀ ਉਦਾਹਰਨ ਦਿੰਦੇ ਹੋਏ ਮਨੁੱਖ ਨੂੰ ਸਮਝਾਉਂਦੇ ਹਨ ਕਿ ਪਾਣੀ ਦਾ ਇੱਕ ਸਰੋਵਰ ਹੈ, ਜੋ ਹਰ ਲੰਘਣ ਵਾਲੇ ਮਨੁੱਖ ਨੂੰ ਆਕਰਸ਼ਿਤ ਕਰਦਾ ਹੈ। ਉਸ ਸਰੋਵਰ ਵਿੱਚ ਕਮਲ ਦੇ ਫੁੱਲ ਉਗੇ ਹੋਏ ਹਨ। ਖਿੜੇ ਹੋਏ ਕਮਲ ਦੇ ਫੁੱਲਾਂ ਦੀ ਮਹਿਕ ਨੂੰ ਦੇਖ ਕੇ ਭੰਵਰੇ; ਉਸ ਦੇ ਆਲੇ-ਦੁਆਲੇ ਪਰਕਰਮਾ ਕਰਦੇ ਹੋਏ ਉਸ ਦੀ ਸੁਗੰਧੀ ਦਾ ਅਨੰਦ ਮਾਣਦੇ ਹਨ। ਆਉਣ ਜਾਣ ਵਾਲੇ ਰਾਹੀ ਵੀ ਇਸ ਨਜ਼ਾਰੇ ਨੂੰ ਵੇਖਣ ਲਈ ਸਰੋਵਰ ਦੇ ਕੰਢੇ ’ਤੇ ਬੈਠ ਜਾਂਦੇ ਹਨ ਪਰ ਕੁਝ ਦਿਨਾਂ ਬਾਅਦ ਉਸੇ ਹੀ ਸਰੋਵਰ ਵਿੱਚ ਕਮਲ ਦੇ ਫੁੱਲ ਮੁਰਝਾ ਜਾਂਦੇ ਹਨ, ਸਰੋਵਰ ਦਾ ਜਲ ਵੀ ਨਿਰਮਲ ਨਹੀਂ ਰਹਿੰਦਾ ਸਗੋਂ ਉਸ ਵਿੱਚੋਂ ਬਦਬੋ ਆਉਣੀ ਸ਼ੁਰੂ ਹੋ ਗਈ। ਗੁਰੂ ਸਾਹਿਬ ਦੀ ਸਾਨੂੰ ਸਮਝਾਉਣ ਲਈ ਉਸ ਸਰੋਵਰ ਨੂੰ ਸਵਾਲ ਕਰਦੇ ਹਨ ਕਿ ਤੇਰੀ ਇਹ ਹਾਲਤ ਕਿਵੇਂ ਹੋ ਗਈ ? ਤਾਂ ਉਹ ਅਗਿਓਂ ਜਵਾਬ ਦਿੰਦਾ ਹੈ ਕਿ ਜਿਸ ਪਾਣੀ ਦੀ ਬਰਕਤ ਨਾਲ ਕਮਲ ਫੁੱਲ ਖਿੜੇ ਹੋਏ ਸਨ, ਉਸ ਪਾਣੀ ਨਾਲੋਂ ਮੇਰਾ ਵਿਛੋੜਾ ਪੈ ਗਿਆ। ਜਿਸ ਸੋਮੇ ਤੋਂ ਮੇਰੇ ਅੰਦਰ ਪਾਣੀ ਆ ਰਿਹਾ ਸੀ, ਉਸ ਨਾਲੋਂ ਮੇਰਾ ਸੰਬੰਧ ਟੁੱਟ ਗਿਆ ਹੈ ਅਤੇ ਮੈਂ ਇਸ ਵਿਛੋੜੇ ਕਾਰਨ ਇਸ ਹਾਲਤ ਵਿੱਚ ਪਹੁੰਚ ਗਿਆ ਹਾਂ ਤੇ ਮੇਰਾ ਜੁੱਸਾ (ਤਕੜਾ ਸਰੀਰ) ਵੀ ਕਾਲ਼ਾ ਹੋ ਗਿਆ। ਪਾਣੀ ਵਿੱਚ ਵੀ ਦੁਰਗੰਧ ਆਉਣ ਲੱਗ ਪਈ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਸਾਰੀ ਵਾਰਤਾ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ ‘‘ਪਬਰ ! ਤੂੰ ਹਰੀਆਵਲਾ; ਕਵਲਾ ਕੰਚਨ ਵੰਨਿ ॥ ਕੈ ਦੋਖੜੈ ਸੜਿਓਹਿ; ਕਾਲੀ ਹੋਈਆ ਦੇਹੁਰੀ; ਨਾਨਕ ! ਮੈ ਤਨਿ ਭੰਗੁ ॥’’ ਅਗੋਂ ਸਰੋਵਰ ਜੁਆਬ ਦਿੰਦਾ ਹੈ – ‘‘ਜਾਣਾ ਪਾਣੀ ਨਾ ਲਹਾਂ; ਜੈ ਸੇਤੀ ਮੇਰਾ ਸੰਗੁ ॥ ਜਿਤੁ ਡਿਠੈ ਤਨੁ ਪਰਫੁੜੈ; ਚੜੈ ਚਵਗਣਿ ਵੰਨੁ ॥’’ (ਮਹਲਾ ੧/੧੪੧੨)
ਇਹੀ ਹਾਲ ਮਨੁੱਖਾ ਸਰੀਰ ਦਾ ਹੈ। ਜੇਕਰ ਇਸ ਦੀ ਲਿਵ ਪ੍ਰਮਾਤਮਾ ਨਾਲ ਜੁੜੀ ਰਹੇਗੀ ਤਾਂ ਮਨ ਦੀ ਅਵਸਥਾ ਖੁਸ਼ੀ ਖੇੜੇ ਤੇ ਅਨੰਦ ਵਿੱਚ ਰਹੇਗੀ ਅਤੇ ਚਿਹਰਾ ਵੀ ਜਲੌ-ਜਲਾਲ ਵਿੱਚ ਰਹੇਗਾ। ਹਰ ਉਹ ਮਨੁੱਖ ਜੋ ਉਸ ਦੇ ਸੰਪਰਕ ਵਿੱਚ ਆਵੇਗਾ ਖੁਸ਼ੀ ਮਹਿਸੂਸ ਕਰੇਗਾ। ਇਹ ਸਰੀਰ ਵੀ ਇੱਕ ਸਰੋਵਰ ਦੀ ਨਿਆਈਂ ਹੈ। ਜੇ ਪ੍ਰਭੂ ਨਾਲ ਜੁੜਿਆ ਰਹੇਗਾ ਤਾਂ ‘‘ਨਾਨਕ ! ਭਗਤਾ ਸਦਾ ਵਿਗਾਸੁ॥’’ ਵਾਲੀ ਅਵਸਥਾ ਬਣੀ ਰਹੇਗੀ, ਪਰ ਜੇ ਪ੍ਰਭੂ ਨਾਲੋਂ ਟੁੱਟ ਗਿਆ ਤਾਂ ਅਵਸਥਾ ਉਸ ਸਰੋਵਰ ਦੀ ਨਿਆਈਂ ਹੋ ਜਾਵੇਗੀ, ਜਿਸ ਦੇ ਕੋਲ਼ੋਂ ਲੰਘਣਾ ਵੀ ਕੋਈ ਪਸੰਦ ਨਹੀਂ ਕਰਦਾ। ਪ੍ਰਭੂ ਨਾਲੋਂ ਟੁੱਟ ਕੇ ਫਿਰ ਮਨੁੱਖ ਸੰਸਾਰਕ ਮੋਹ ਮਾਇਆ ਵਿੱਚ ਫਸਿਆ ਜੀਵਨ ਵਿੱਚ ਦੁੱਖ ਹੀ ਦੁੱਖ ਖੱਟੇਗਾ। ਗੁਰੂ ਨਾਲੋਂ ਟੁੱਟੇ ਹੋਏ ਮਨੁੱਖ ਦੇ ਉੱਪਰ ਪਾਇਆ ਆਪਣਾ ਪ੍ਰਭਾਵ ਪਾ ਲੈਂਦੀ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਲਿਵ ਛੁੜਕੀ, ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ॥’’ (ਅਨੰਦ/ਮਹਲਾ ੩/੯੨੧)
ਕਈ ਜਨਮਾਂ ਤੋਂ ਪ੍ਰਮਾਤਮਾ ਤੋਂ ਵਿਛੜ ਕੇ ਅਸੀਂ ਦੁੱਖ ਪਾਉਂਦੇ ਆ ਰਹੇ ਹਾਂ, ਉਸ ਦੀ ਯਾਦ; ਮਨ ਵਿੱਚ ਵਸਾ ਕੇ ਇਨ੍ਹਾਂ ਦੁੱਖਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਹਉ ਆਇਆ ਦੂਰਹੁ ਚਲਿ ਕੈ; ਮੈ ਤਕੀ ਤਉ ਸਰਣਾਇ ਜੀਉ ॥ ਮੈ ਆਸਾ ਰਖੀ ਚਿਤਿ ਮਹਿ; ਮੇਰਾ ਸਭੋ ਦੁਖੁ ਗਵਾਇ ਜੀਉ ॥’’ (ਮਹਲਾ ੧/੭੬੩) ਜਦੋਂ ਅਸੀਂ ਪ੍ਰਮਾਤਮਾ ਨੂੰ ਭੁੱਲ ਬੈਠਦੇ ਹਾਂ ਤਾਂ ਹੀ ਦੁੱਖ ਵਾਪਰਦੇ ਹਨ। ਬਾਰਹਮਾਹਾ ਦੀ ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ‘‘ਪਰਮੇਸਰ ਤੇ ਭੁਲਿਆਂ; ਵਿਆਪਨਿ ਸਭੇ ਰੋਗ ॥ ਵੇਮੁਖ ਹੋਏ ਰਾਮ ਤੇ; ਲਗਨਿ ਜਨਮ ਵਿਜੋਗ ॥’’ (ਮਹਲਾ ੫/੧੩੫)
ਪਰਿਵਾਰ ’ਚੋਂ ਸਰੀਰਕ ਵਿਛੋੜਾ ਵੀ ਦੁੱਖਾਂ ਦਾ ਕਾਰਨ ਹੈ। ਘਰ ਵਿੱਚੋਂ ਕਿਸੇ ਪਿਆਰੇ ਦਾ ਅਚਾਨਕ ਮਰ ਜਾਣਾ ਵੀ ਦੁਖਦਾਈ ਜਾਪਦਾ ਹੈ, ਪਰ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਲਿਵ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ, ਉਹ ਅਜਿਹੇ ਸਰੀਰਕ ਵਿਛੋੜਿਆਂ ਤੋਂ ਉੱਪਰ ਉੱਠ ਜਾਂਦੇ ਹਨ। ਉਹ ਰੱਬੀ ਹੁਕਮ ਅੱਗੇ ਸਿਰ ਨਿਵਾਉਂਦੇ ਹੋਏ ਇਹ ਗੱਲ ਮਨ ਵਿੱਚ ਵਸਾ ਲੈਂਦੇ ਹਨ, ‘‘ਆਵਨ ਜਾਨੁ ਇਕੁ ਖੇਲੁ ਬਨਾਇਆ ॥’’ (ਸੁਖਮਨੀ/ਮਹਲਾ ੫/੨੯੪) ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੰਸਾਰ ਦੀ ਪਰਿਭਾਸ਼ਾ ਹੀ ਇਹ ਹੈ, ‘‘ਜੰਮਣੁ ਮਰਣਾ ਹੈ ਸੰਸਾਰੁ ॥’’ (ਮਹਲਾ ੩/੩੬੪)
ਦੂਸਰਾ ਦੁੱਖ ਹੈ ਭੁੱਖ ਦਾ। ਭੁੱਖ ਦੋ ਤਰ੍ਹਾਂ ਦੀ ਹੈ : ਇਕ ਤਨ ਦੀ ਭੁੱਖ ਤੇ ਦੂਜੀ ਮਨ ਦੀ ਭੁੱਖ। ਤਨ ਦੀ ਭੁੱਖ ਤਾਂ ਮਨੁੱਖ ਦੀ ਛੇਤੀ ਮਿਟ ਜਾਂਦੀ ਹੈ ਪਰ ਮਨ ਦੀ ਭੁੱਖ; ਗੁਰੂ ਉਪਦੇਸ਼ ’ਤੇ ਪਹਿਰਾ ਦੇਣ ਨਾਲ ਹੀ ਮਿਟਦੀ ਹੈ। ਭਾਵੇਂ ਤਨ ਦੀ ਭੁੱਖ ਵੀ ਕਸ਼ਟ ਦਾਇਕ ਹੁੰਦੀ ਹੈ ਪਰ ਗੁਰਮੁਖ ਪਿਆਰੇ ਉਸ ਨੂੰ ਵੀ ਸਹਿਣ ਕਰ ਲੈਂਦੇ ਹਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਅਨੰਦਪੁਰ ਸਾਹਿਬ ਦਾ ਘੇਰਾ ਲਗਾਤਾਰ ਅੱਠ ਮਹੀਨੇ ਪਿਆ ਰਿਹਾ ਸੀ। ਅੰਦਰ ਜੋ ਰਾਸ਼ਨ ਪਾਣੀ ਸੀ, ਸਭ ਖ਼ਤਮ ਹੋ ਗਿਆ, ਪਰ ਸਿੰਘਾਂ ਨੇ ਹੌਂਸਲਾ ਨਾ ਛੱਡਿਆ।
ਬਾਬਾ ਬੰਦਾ ਸਿੰਘ ਬਹਾਦਰ ਵੇਲੇ ਵੀ ਗੁਰਦਾਸ ਨੰਗਲ ਦੀ ਗੜ੍ਹੀ ਵਿੱਚ ਏਨਾ ਲੰਬਾ ਸਮਾਂ ਹੀ ਘੇਰਾ ਪਿਆ ਰਿਹਾ। ਅੰਨ ਪਾਣੀ ਰਾਸ਼ਨ ਸਭ ਕੁੱਝ ਖ਼ਤਮ ਹੋ ਗਿਆ। ਦਰਖ਼ਤਾਂ ਦੇ ਪਤੇ ਖਾ ਕੇ ਵੀ ਸਿੰਘਾਂ ਨੇ ਪ੍ਰਭੂ ਦਾ ਸ਼ੁਕਰ ਮਨਾਇਆ। ਫਿਰ ਵੀ ਸਰੀਰਕ ਭੁੱਖ ਤਾਂ ਕੁੱਝ ਖਾਣ ਪੀਣ ਨਾਲ ਦੂਰ ਹੋ ਜਾਂਦੀ ਹੈ ਪਰ ਮਨ ਦੀ ਭੁੱਖ; ਕੇਵਲ ਗੁਰੂ ਦੇ ਹੁਕਮ ਨੂੰ ਸਮਝਣ ਅਤੇ ਉਸ ’ਤੇ ਅਮਲ ਕਰਨ ਨਾਲ ਹੀ ਦੂਰ ਹੁੰਦੀ ਹੈ। ਮਨ, ਚੰਚਲ ਹੈ। ਕਿਸੇ ਸਮੇਂ ਲੱਖਾਂ ਰੁਪਿਆ ਵੇਖ ਕੇ ਵੀ ਇਮਾਨਦਾਰੀ ਦਿਖਾਉਂਦਾ ਹੈ ਤੇ ਕਿਸੇ ਸਮੇਂ ਇੱਕ-ਇੱਕ ਰੁਪਏ ਉੱਤੇ ਵੀ ਬੇਈਮਾਨ ਹੋ ਜਾਂਦਾ ਹੈ। ਗੁਰੂ ਦਾ ਸਿੱਖ; ਇਨ੍ਹਾਂ ਦੋਹਾਂ ਅਵਸਥਾਵਾਂ ਤੋਂ ਮੁਕਤ ਰਹਿੰਦਾ ਹੈ। ਉਹ, ਗੁਰੂ ਪਾਸੋਂ ਸਮਝ ਚੁੱਕਾ ਹੁੰਦਾ ਹੈ ਕਿ ਬਹੁਤਾ ਧਨ ਵੀ ਚਿੰਤਾ ਦਾ ਕਾਰਨ ਬਣਦਾ ਹੈ ਤੇ ਥੋੜ੍ਹੇ ਧਨ ਵਾਲਾ ਵੀ ਭਟਕਦਾ ਰਹਿੰਦਾ ਹੈ। ਜੋ ਵਿਅਕਤੀ ਇਨ੍ਹਾਂ ਦੋਹਾਂ ਅਵਸਥਾਵਾਂ ਤੋਂ ਉੱਪਰ ਉੱਠ ਜਾਂਦਾ ਹੈ ਉਹੀ ਸੁੱਖੀ ਜੀਵਨ ਬਤੀਤ ਕਰਦਾ ਹੈ। ਮਾਰੂ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥’’ (ਮਹਲਾ ੫/੧੦੧੯)
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਭਾਈ ਸੀਹਾਂ ਜੀ ਸਾਰੇ ਦਿਨ ’ਚ ਦੋ ਪੈਸੇ ਦੀ ਕਮਾਈ ਦਾ ਆਟਾ, ਦਾਲ਼ ਆਦਿ ਲੈਣ ਬਾਬਾ ਲਹਿਣਾ ਜੀ ਦੀ ਦੁਕਾਨ ’ਤੇ ਜਾਇਆ ਸਕਦੇ ਸਨ। ਉਸ ਦੀ ਗ਼ਰੀਬੀ ਵੇਖ ਕੇ ਬਾਬਾ ਲਹਿਣਾ ਜੀ ਕੁੱਝ ਆਟਾ ਆਪਣੇ ਕੋਲ਼ੋਂ ਵਾਧੂ ਪਾ ਦਿਆ ਕਰਦੇ ਸਨ। ਭਾਈ ਸੀਹਾਂ ਜੀ; ਵਾਧੂ ਆਟਾ ਲੈਣ ਤੋਂ ਇਨਕਾਰ ਕਰ ਦਿੰਦੇ ਹਨ ਕਿ ਮੇਰੇ ਗੁਰੂ ਦਾ ਹੁਕਮ ਹੈ ਕਿ ਧਰਮ ਦੀ ਕਿਰਤ ਨਾਲ ਜੀਵਨ ਦੀ ਕਿਰਤ-ਕਾਰ ਚਲਾਉਣੀ ਹੈ। ਇਉਂ ਗੁਰੂ ਦੀ ਸਿੱਖਿਆ ’ਤੇ ਚੱਲ ਕੇ ਮਨ ਦੀ ਭੁੱਖ ਤੇ ਤ੍ਰਿਸ਼ਨਾਵਾਂ ਉੱਪਰ ਕਾਬੂ ਪਾ ਕੇ ਸੁੱਖੀ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਅਜਿਹੇ ਗੁਰਮੁਖ ਪਿਆਰਿਆਂ ਦੀ ਅਵਸਥਾ ਦੁੱਖ ਤੇ ਸੁੱਖ ਵਿੱਚ ਇੱਕੋ ਜਿਹੀ ਰਹਿੰਦੀ ਹੈ। ‘ਜਪੁ’ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਜੀ ਫ਼ੁਰਮਾਨ ਕਰਦੇ ਹਨ ‘‘ਕੇਤਿਆ; ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ; ਦਾਤਾਰ ! ॥੨੫॥, ਪਰ ਮਨਮੁਖ ਬੰਦਾ ਕਦੀ ਵੀ ਨਹੀਂ ਰੱਜਦਾ; ਜਿਵੇਂ ਅੱਗ; ਲੱਕੜਾਂ ਨਾਲ ਤ੍ਰਿਪਤ ਨਹੀਂ ਹੋ ਸਕਦੀ। ਸੁਖਮਨੀ ਸਾਹਿਬ ਵਿੱਚ ਗੁਰੂ ਸਾਹਿਬ ਫ਼ੁਰਮਾਉਂਦੇ ਹਨ ‘‘ਸੰਤ ਕਾ ਦੋਖੀ; ਭੂਖਾ, ਨਹੀ ਰਾਜੈ ॥ ਜਿਉ ਪਾਵਕੁ; ਈਧਨਿ ਨਹੀ ਧ੍ਰਾਪੈ ॥’’ (ਸੁਖਮਨੀ/ਮਹਲਾ ੫/੨੮੦)
ਤੀਜਾ ਦੁੱਖ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤਾ ਹੈ ਉਹ ਹੈ : ਜਮਦੂਤਾਂ ਦਾ ਡਰ ਭਾਵ ਮੌਤ ਦਾ ਦੁੱਖ। ਮਨੁੱਖ ਦੇ ਮਨ ਵਿੱਚ ਸਭ ਤੋਂ ਵੱਡਾ ਦੁੱਖ; ਮੌਤ ਦਾ ਭੈ ਹੈ। ਸਾਰੀ ਉਮਰ ਦੀ ਕੀਤੀ ਹੋਈ ਕਮਾਈ ਕਈ ਵਾਰ ਮਨੁੱਖ ਮੌਤ ਦੇ ਡਰ ਤੋਂ ਬਚਨ ਲਈ ਤਾਕਤਵਾਰ ਅੱਗੇ ਢੇਰੀ ਕਰ ਦਿੰਦਾ ਹੈ ਤੇ ਮੌਤ ਤੋਂ ਬਚਣ ਦਾ ਵਾਸਤਾ ਪਾਉਂਦਾ ਹੈ। ਸਰੀਰਕ ਮੌਤ ਦਾ ਦੁੱਖ; ਮਨੁੱਖ ਨੂੰ ਸਭ ਤੋਂ ਵੱਧ ਸਤਾਉਂਦਾ ਹੈ ਹਾਲਾਂਕਿ ਇਹ ਵੀ ਪਤਾ ਹੈ ਕਿ ਇਹ ਇੱਕ ਦਿਨ ਆਉਣੀ ਜ਼ਰੂਰ ਹੈ ਭਾਵੇਂ ਕਿ ਇਹ ਨਹੀਂ ਪਤਾ ਲਗਦਾ ਕਿ ਕਦੋਂ, ਕਿੱਥੇ ਤੇ ਕਿਵੇਂ ਆ ਜਾਣੀ ਹੈ, ਪਰ ਜੇ ਗੁਰੂ ਦੀ ਸਿੱਖਿਆ; ਮਨ ਵਿੱਚ ਹੋਵੇ ਤਾਂ ਮੌਤ ਵੱਲੋਂ ਬੇਫ਼ਿਕਰ ਹੋ ਜਾਈਦਾ ਹੈ।
ਗੁਰੂ ਇਤਿਹਾਸ ਪੜ੍ਹੀਏ ਤਾ ਪਤਾ ਲੱਗਦਾ ਹੈ ਕਿ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਮੌਤ ਦੀ ਪਰਵਾਹ ਨਹੀਂ ਕਰਦੇ ਸਨ। ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸਾਮ੍ਹਣੇ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਪਰ ਉਹ ਆਪਣੇ ਗੁਰੂ ਵਚਨਾਂ ’ਤੇ ਕਾਇਮ ਰਹੇ। ਸੱਤ ਤੇ ਨੌ ਸਾਲ ਦੇ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ; ਮੌਤ ਦੀ ਪ੍ਰਵਾਹ ਨਹੀਂ ਕਰਦੇ ਸਨ, ਇਸ ਲਈ ਅੰਤ ਤੱਕ ਬੁਲੰਦ ਹੌਂਸਲੇ ਰੱਖੇ।
ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਹਰਿਗੋਬਿੰਦ ਜੀ ਦੇ ਨੌ ਸਾਲਾਂ ਦੇ ਪੁੱਤਰ ਬਾਬਾ ਅਟਲ ਰਾਏ ਜੀ ਅਕਾਲ ਚਲਾਣਾ ਕਰਦੇ ਹਨ ਤਾਂ ਉਨ੍ਹਾਂ ਦੇ ਚਿਹਰੇ ’ਤੇ ਕੋਈ ਉਦਾਸੀ ਨਹੀਂ ਵੇਖੀ ਗਈ ਸੀ। ਉਨ੍ਹਾਂ ਦੇ ਸਾਂਢੂ ਭਾਈ ਸਾਂਈ ਦਾਸ ਜੀ ਨੇ ਜਦੋਂ ਕਾਰਨ ਪੁੱਛਿਆ ਤਾਂ ਸਮਝਾਉਣ ਲਈ ਉਨ੍ਹਾਂ ਨੇ ਜਮੀਨ ਉੱਤੇ ਇਕ ਲਕੀਰ ਖਿੱਚਣ ਲਈ ਕਿਹਾ ਤੇ ਫਿਰ ਉਹੋ ਲਕੀਰ ਮਿਟਾਉਣ ਲਈ ਕਿਹਾ। ਫਿਰ ਉਨ੍ਹਾਂ ਨੂੰ ਸਮਝਾਇਆ ਕਿ ਜਿਵੇਂ ਤੁਹਾਨੂੰ ਲਕੀਰ ਖਿੱਚਣ ਵੇਲੇ ਤੇ ਮਿਟਾਉਣ ਵੇਲੇ ਕੋਈ ਖੁਸ਼ੀ ਜਾਂ ਗਮੀ ਨਹੀਂ ਹੋਈ ਤਾਂ ਉਸੇ ਤਰ੍ਹਾਂ ਹੀ ਬਾਬਾ ਅਟੱਲ ਰਾਏ ਜੀ ਵੀ ਪ੍ਰਮਾਤਮਾ ਦੇ ਹੁਕਮ ਵਿੱਚ ਇੱਕ ਲਕੀਰ ਦੀ ਨਿਆਈਂ ਹੀ ਆਏ ਸਨ ਤੇ ਲਕੀਰ ਮਿਟਣ ਦੀ ਨਿਆਈਂ ਚਲੇ ਗਏ ਫਿਰ ਉਦਾਸੀ ਕਿਸ ਗੱਲ ਦੀ।
ਭਾਈ ਭਿਖਾਰੀ ਦਾ ਜੀਵਨ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਦੁੱਖ ਤੇ ਸੁੱਖ ਵਿੱਚ ਇੱਕੋ ਜਿਹੀ ਅਵਸਥਾ ਬਣੀ ਹੋਈ ਸੀ। ਇੱਕ ਦਿਨ ਪੁੱਤਰ ਦਾ ਵਿਆਹ ਹੈ ਤੇ ਅਗਲੇ ਦਿਨ ਪੁੱਤਰ ਚੜ੍ਹਾਈ ਕਰ ਜਾਂਦਾ ਹੈ। ਮਨ ਦੀ ਅਵਸਥਾ ਦੋਵੇਂ ਦਿਨ ਇੱਕੋ ਜਿਹੀ ਰਹੀ ਕਿਉਂਕਿ ਲਿਵ ਅਕਾਲ ਪੁਰਖ ਨਾਲ ਜੁੜੀ ਹੋਈ ਸੀ।
ਅਸਲ ਵਿੱਚ ਜੀਵਨ ਹੈ ਹੀ ਮਿਲਣਾ, ਵਿਛੜਨਾ। ਸੰਜੋਗ ਤੇ ਵਿਜੋਗ ਨਾਲ ਹੀ ਜੀਵਨ ਦੀ ਗਤੀ ਚੱਲਦੀ ਹੈ। ਮਿਲਾਪ ਜਿੱਥੇ ਖੁਸ਼ੀ ਦਾ ਪ੍ਰਤੀਕ ਹੈ ਉੱਥੇ ਵਿਛੋੜਾ ਦਰਦ ਪੈਦਾ ਕਰਦਾ ਹੈ। ਦਰਦ ਦੀ ਕੋਈ ਪਰਿਭਾਸ਼ਾ ਨਹੀਂ ਹੁੰਦੀ। ਕਿਸੇ ਪਿਆਰੇ ਦੇ ਜਾਣ ਨਾਲ ਵਿਛੋੜਾ ਦਰਦ ਪੈਦਾ ਕਰਦਾ ਹੈ ਅਤੇ ਮਨ ਉਦਾਸੀ ਨਾਲ ਭਰ ਜਾਂਦਾ ਹੈ। ਉਸ ਨਾਲ ਬਿਤਾਏ ਹੋਏ ਪਲ ਦੀ ਯਾਦ ਕਿਸੇ ਅਨੋਖੇ ਦਰਦ ਦਾ ਅਹਿਸਾਸ ਕਰਾਉਂਦੀ ਹੈ ਪਰ ਇਹ ਉਦਾਸੀ, ਪੀੜਾ ਜਾਂ ਦਰਦ ਕਦੇ ਮੁੜ ਉਸ ਦੇ ਮਿਲਾਪ ਤੱਕ ਨਹੀਂ ਪਹੁੰਚਾ ਸਕਦੇ। ਬਸ ਫਿਰ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿਣਾ ਹੀ ਜੀਵਨ ਦਾ ਤੱਤ ਹੈ। ਜਿਹੜੇ ਗੁਰਮੁਖ ਪਿਆਰੇ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਜਾਣ ਲੈਂਦੇ ਹਨ ਉਹ ਸੁਖਦਾਈ ਜੀਵਨ ਬਤੀਤ ਕਰਦੇ ਹਨ। ਅਜਿਹੇ ਜੀਵਨ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਮਾਰੂ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ; ਬਾਹੁੜਿ ਦੂਖੁ ਨ ਪਾਇਦਾ ॥’’ (ਮਹਲਾ ੧/੧੦੩੪)
ਚੌਥਾ ਰੋਗ ਹੈ ਤਨ ਦਾ ਰੋਗ, ਜਿਸ ਦੀ ਦਵਾ ਵੈਦ ਦਿੰਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਜੀਵਣ ਜੀਊਣ ਵਾਲਾ ਵਿਅਕਤੀ ਸਰੀਰਕ ਰੋਗਾਂ ਤੋਂ ਬਹੁਤ ਹੱਦ ਤੱਕ ਬਚਿਆ ਰਹਿੰਦਾ ਹੈ। ਗੁਰਬਾਣੀ ਨੇ ਮਨੁੱਖ ਨੂੰ ਐਸੀ ਜੀਵਨਸ਼ੈਲੀ ਸਮਝਾਈ ਹੈ ਕਿ ਉਸ ਦਾ ਖਾਣਾ ਪੀਣਾ, ਉੱਠਣਾ ਬਹਿਣਾ, ਪਹਿਨਣਾ, ਸੌਣਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਖ਼ੁਰਾਕ; ਉਹ ਖਾਧੀ ਜਾਵੇ ਜੋ ਸਰੀਰ ਨੂੰ ਕਸ਼ਟ ਨਾ ਦੇਵੇ ਤੇ ਮਨ ਵਿੱਚ ਵਿਕਾਰ ਪੈਦਾ ਨਾ ਕਰੇ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਬਾਬਾ ! ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥੧॥ ਰਹਾਉ ॥’’ (ਮਹਲਾ ੧/੧੬)
ਸਰੀਰਕ ਰੋਗਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਮਨੁੱਖ ਦਾ ਕਾਮ ਵਾਸਨਾ ’ਤੇ ਕੰਟਰੋਲ ਨਾ ਹੋਣਾ। ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ‘‘ਨਿਮਖ ਕਾਮ ਸੁਆਦ ਕਾਰਣਿ; ਕੋਟਿ ਦਿਨਸ ਦੁਖੁ ਪਾਵਹਿ ॥ ਘਰੀ ਮੁਹਤ ਰੰਗ ਮਾਣਹਿ; ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥’’ (ਮਹਲਾ ੫/੪੦੩)
ਕਾਮ ਅਤੇ ਕ੍ਰੋਧ ਸਰੀਰ ਨੂੰ ਗਾਲ ਕੇ ਰੱਖ ਦਿੰਦੇ ਹਨ। ਕ੍ਰੋਧ ਨਾਲ ਮਨੁੱਖ ਦਾ ਰਕਤ ਦਬਾ ਵਧ ਜਾਂਦਾ ਹੈ ਅਤੇ ਉਹ ਰੋਗ ਗ੍ਰਸਤ ਹੋ ਜਾਂਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਕਾਮੁ ਕ੍ਰੋਧੁ; ਕਾਇਆ ਕਉ ਗਾਲੈ ॥ ਜਿਉ ਕੰਚਨ ਸੋਹਾਗਾ ਢਾਲੈ ॥’’ (ਓਅੰਕਾਰ/ਮਹਲਾ ੧/੯੩੨)
ਆਮ ਜੀਵਨ ਵਿੱਚ ਵਿਚਰਦਿਆਂ ਮਨੁੱਖ ਨੂੰ ਗੁੱਸਾ ਆਉਣਾ ਸੁਭਾਵਕ ਹੈ ਪਰ ਉਹ ਛਿਨ ਭਰ ਲਈ ਹੁੰਦਾ ਹੈ, ਪਰੰਤੂ ਜੇ ਗੁੱਸੇ ਨੂੰ ਮਨ ਵਿੱਚ ਹੀ ਰੱਖਿਆ ਜਾਵੇ ਤਾਂ ਉਹ ਦੁਖਾਂ ਦਾ ਕਾਰਨ ਬਣ ਜਾਂਦਾ ਹੈ। ਬਾਬਾ ਫ਼ਰੀਦ ਜੀ ਦੱ ਬਚਨ ਹਨ ‘‘ਫਰੀਦਾ ! ਬੁਰੇ ਦਾ ਭਲਾ ਕਰਿ; ਗੁਸਾ ਮਨਿ ਨ ਹਢਾਇ ॥ ਦੇਹੀ ਰੋਗੁ ਨ ਲਗਈ; ਪਲੈ ਸਭੁ ਕਿਛੁ ਪਾਇ ॥’’ (ਬਾਬਾ ਫ਼ਰੀਦ ਜੀ/੧੩੮੨)
ਲੋਭ-ਲਾਲਚ ਦੀ ਬਿਰਤੀ ਵੀ ਮਨੁੱਖ ਨੂੰ ਰੋਗੀ ਬਣਾ ਦਿੰਦੀ ਹੈ ਅਤੇ ਉਹ ਆਪਣਾ ਸਾਰਾ ਜੀਵਨ ਇਨ੍ਹਾਂ ਦੇ ਮਗਰ ਲੱਗ ਕੇ ਆਪਣੀ ਬੁੱਧੀ ਨੂੰ ਨਾਸ ਕਰ ਲੈਂਦਾ ਹੈ, ਜਿਸ ਕਾਰਨ ਜੀਵਨ ਦੇ ਅਸਲ ਮਨੋਰਥ ਨੂੰ ਭੁੱਲ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਗਾਉੜੀ ਰਾਗ ਵਿੱਚ ਸਮਝਾਉਂਦੇ ਹਨ ‘‘ਲਬੁ ਲੋਭੁ ਮੁਚੁ ਕੂੜੁ ਕਮਾਵਹਿ; ਬਹੁਤੁ ਉਠਾਵਹਿ ਭਾਰੋ ॥ ਤੂੰ ਕਾਇਆ ਮੈ ਰੁਲਦੀ ਦੇਖੀ; ਜਿਉ ਧਰ ਉਪਰਿ ਛਾਰੋ ॥’’ (ਮਹਲਾ ੧/੧੫੪) ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ਲਾਲਚ ਵਾਲੀ ਬਿਰਤੀ ਦੁਖਾਂ ਦਾ ਕਾਰਨ ਬਣਦੀ ਹੈ। ਜਿੰਨਾ ਚਿਰ ਗੁਰੂ ਦੀ ਸਿਖਿਆ ’ਤੇ ਅਮਲ ਨਾ ਕੀਤਾ ਜਾਵੇ ਇਹ ਵਾਸ਼ਨਾ ਖ਼ਤਮ ਨਹੀਂ ਹੁੰਦੀ ‘‘ਲਾਲਚੁ ਛੋਡਹੁ ਅੰਧਿਹੋ; ਲਾਲਚਿ ਦੁਖੁ ਭਾਰੀ ॥ ਸਾਚੌ ਸਾਹਿਬੁ ਮਨਿ ਵਸੈ; ਹਉਮੈ ਬਿਖੁ ਮਾਰੀ ॥’’ (ਮਹਲਾ ੧/੪੧੯)
ਭਾਈ ਸੱਤਾ ਤੇ ਭਾਈ ਬਲਵੰਡ ਜੀ ਰਾਮਕਲੀ ਕੀ ਵਾਰ ਵਿੱਚ ਬਿਆਨ ਕਰਦੇ ਹਨ ਕਿ ਜਿਵੇਂ ਪਾਣੀ ਉੱਤੇ ਹਰਿਆਵਲ ਜੰਮ ਜਾਏ ਤੇ ਉਹ ਪਾਣੀ; ਦੁਰਗੰਧ ਮਾਰਨ ਲੱਗ ਜਾਂਦਾ ਹੈ, ਪੀਣ ਯੋਗ ਨਹੀਂ ਰਹਿੰਦਾ ਇਸੇ ਤਰ੍ਹਾਂ ਲਾਲਚ ਮਨੁੱਖ ਦੇ ਸਰੀਰ ਨੂੰ ਰੋਗੀ ਕਰ ਦਿੰਦਾ ਹੈ ਤੇ ਉਹ ਦੁੱਖਾਂ ਨਾਲ ਤੜਫਦਾ ਹੈ ‘‘ਲਬੁ ਵਿਣਾਹੇ ਮਾਣਸਾ; ਜਿਉ ਪਾਣੀ ਬੂਰੁ ॥’’ (ਬਲਵੰਡ ਸਤਾ/੯੬੭)
ਧਨ ਕਮਾਉਣ ਦੇ ਲਾਲਚ ਪਿੱਛੇ ਮਨੁੱਖ ਸਾਰੀ ਉਮਰ ਖੁਆਰ ਹੁੰਦਾ ਹੈ। ਬਹੁਤ ਵਾਰ ਆਪਣੀ ਸਿਹਤ ਗੁਆ ਕੇ ਦੁੱਖੀ ਹੁੰਦਾ ਹੈ। ਅਖੀਰ ਕਮਾਇਆ ਹੋਇਆ ਧਨ ਫਿਰ ਆਪਣੇ ਸਰੀਰ ਨੂੰ ਅਰੋਗ ਕਰਨ ’ਤੇ ਖ਼ਰਚ ਕਰ ਲੈਂਦਾ ਹੈ।
ਗੁਰਬਾਣੀ ’ਚ ਤਿੰਨ ਤਰ੍ਹਾਂ ਦੇ ਅਨਮੱਤੀ ਰੋਗਾਂ ਦਾ ਜ਼ਿਕਰ ਆਉਂਦਾ ਹੈ। ਇਨ੍ਹਾਂ ਨੂੰ ਤਿੰਨ ਤਾਪ ਵੀ ਲਿਖਿਆ ਗਿਆ ਹੈ : ‘ਆਧਿ, ਵਿਆਦਿ, ਉਪਾਧਿ’ ਭਾਵ ਮਾਨਸਿਕ ਰੋਗ, ਸਰੀਰਕ ਰੋਗ ਅਤੇ ਦੁਨਿਆਵੀ ਝਗੜੇ। ਇਨ੍ਹਾਂ ਤਿੰਨਾ ਦੀ ਨਵਿਰਤੀ ਕਰਨ ਵਾਲਾ ਪ੍ਰਭੂ ਦਾ ਨਾਮ ਹੀ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਤੀਨੇ ਤਾਪ ਨਿਵਾਰਣਹਾਰਾ, ਦੁਖ ਹੰਤਾ ਸੁਖ ਰਾਸਿ ॥ ਤਾ ਕਉ ਬਿਘਨੁ ਨ ਕੋਊ ਲਾਗੈ; ਜਾ ਕੀ ਪ੍ਰਭ ਆਗੈ ਅਰਦਾਸਿ ॥’’ (ਮਹਲਾ ੫/੭੧੪)
ਪ੍ਰਮਾਤਮਾ ਦਾ ਸਿਮਰਨ ਹਰ ਤਰ੍ਹਾਂ ਦੇ ਦੁੱਖ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ। ਪ੍ਰਮਾਤਮਾ ਨੂੰ ਵਿਸਾਰ ਕੇ ਰਸਾਂ ਕਸਾਂ ਵਿੱਚ ਖਚਿਤ ਹੋਣ ਨਾਲ ਮਨੁੱਖ ਸਰੀਰਕ ਤੌਰ ’ਤੇ ਰੋਗੀ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਖਸਮੁ ਵਿਸਾਰਿ, ਕੀਏ ਰਸ ਭੋਗ ॥ ਤਾਂ ਤਨਿ ਉਠਿ ਖਲੋਏ ਰੋਗ ॥’’ (ਮਹਲਾ ੧/੧੨੫੬)
ਸੰਸਾਰ ਵਿੱਚ ਨਜ਼ਰ ਮਾਰੀਏ ਤਾਂ ਹਰ ਮਨੁੱਖ ਕਿਸੇ ਨਾ ਕਿਸੇ ਕਾਰਨ ਦੁਖੀ ਹੈ, ਪਰ ਜੋ ਵਿਅਕਤੀ ਦੁੱਖੀ ਹੈ ਉਹ ਸਮਝਦਾ ਹੈ ਕਿ ਮੈਂ ਹੀ ਦੁੱਖੀ ਹਾਂ ਬਾਕੀ ਸਾਰੇ ਸੁਖੀ ਜੀਵਨ ਬਤੀਤ ਕਰ ਰਹੇ ਹਨ ਪਰ ਜੇ ਸਾਰੇ ਪਾਸੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਹਰ ਮਨੁੱਖ ਕਿਸੇ ਨਾ ਕਿਸੇ ਕਾਰਨ ਦੁੱਖੀ ਹੈ। ਬਾਬਾ ਫ਼ਰੀਦ ਜੀ ਫ਼ੁਰਮਾਨ ਕਰਦੇ ਹਨ ‘‘ਫਰੀਦਾ ! ਮੈ ਜਾਨਿਆ ਦੁਖੁ ਮੁਝ ਕੂ; ਦੁਖੁ ਸਬਾਇਐ ਜਗਿ ॥ ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥’’ (ਬਾਬਾ ਫ਼ਰੀਦ ਜੀ/੧੩੮੨), ਗੁਰੂ ਨਾਨਕ ਜੀ ਦਾ ਵੀ ਫ਼ੁਰਮਾਨ ਹੈ ‘‘ਨਾਨਕ ! ਦੁਖੀਆ ਸਭੁ ਸੰਸਾਰੁ ॥’’ (ਮਹਲਾ ੧/੯੫੪)
ਕੋਈ ਸਰੀਰਕ ਰੋਗ ਕਾਰਨ ਤੇ ਕੋਈ ਆਤਮਕ ਜਾਂ ਮਾਨਸਿਕ ਰੋਗਾਂ ਕਾਰਨ ਦੁੱਖੀ ਹੈੈ। ਕੁੱਝ ਰੋਗ ਜਾਂ ਦੁੱਖਾਂ ਦਾ ਕਾਰਨ ਕੁਦਰਤੀ ਆਫ਼ਤਾਂ ਵੀ ਬਣ ਜਾਂਦੀਆਂ ਹਨ। ਜਿਨ੍ਹਾਂ ਦਾ ਕਦੀ ਸਾਨੂੰ ਚਿੱਤ-ਚੇਤਾ ਵੀ ਨਹੀਂ ਹੁੰਦਾ। ਇਹ ਘਟਨਾਵਾਂ ਅਚਾਨਕ ਵਾਪਰ ਜਾਂਦੀਆਂ, ਮਨੁੱਖ ਦਾ ਇਨ੍ਹਾਂ ਉੱਤੇ ਕੋਈ ਵੱਸ ਨਹੀਂ ਚੱਲਦਾ। ਹੋਰ ਨਹੀਂ ਤਾਂ ਰਾਜਨੀਤਕ ਉਥਲ-ਪੁਥਲ, ਜਿਸ ਦਾ ਮਨੁੱਖ ਨਾਲ ਕੋਈ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਉਹ ਵੀ ਉਸ ਦੀ ਮਾਰ ਹੇਠ ਆ ਕੇ ਦੁਖਦਾਈ ਜੀਵਨ ਬਤੀਤ ਕਰਨ ਲਈ ਮਜਬੂਰ ਹੋ ਜਾਂਦੇ ਹਨ; ਜਿਵੇਂ ਕਿ ਸੰਨ 1947 ਵਿੱਚ ਅਤੇ 1984 ਵਿੱਚ ਵਾਪਰੀਆਂ ਘਟਨਾਵਾਂ ਹਨ।
ਇਹ ਸਭ ਕੁੱਝ ਅਕਾਲ ਪੁਰਖ ਦੇ ਆਪਣੇ ਭਾਣੇ ਵਿੱਚ ਵਾਪਰਦਾ ਹੈ। ਮਨੁੱਖ ਉਸ ਤੋਂ ਬਿਨਾਂ ਕਿਸੇ ਹੋਰ ਅੱਗੇ ਪੁਕਾਰ ਵੀ ਨਹੀਂ ਕਰ ਸਕਦਾ। ਗੁਰੂ ਨਾਨਕ ਸਾਹਿਬ ਜੀ; ਬਾਬਰਵਾਣੀ ਦੇ ਸ਼ਬਦਾਂ ਵਿੱਚ ਬਾਬਰ ਦੇ ਹਮਲੇ ਸਮੇਂ ਲੋਕਾਂ ਨੇ ਜੋ ਦੁਖ ਝੱਲੇ ਉਨ੍ਹਾਂ ਦਾ ਜ਼ਿਕਰ ਕਰਦੇ ਹਨ ‘‘ਦੁਖੁ ਸੁਖੁ ਤੇਰੈ ਭਾਣੈ ਹੋਵੈ; ਕਿਸ ਥੈ ਜਾਇ ਰੂਆਈਐ ॥ ਹੁਕਮੀ ਹੁਕਮਿ ਚਲਾਏ ਵਿਗਸੈ; ਨਾਨਕ ! ਲਿਖਿਆ ਪਾਈਐ ॥’’ (ਮਹਲਾ ੧/੪੧੮)
ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੂੰ ਜਦੋਂ ਸਿੱਖਾਂ ਨੇ ਪੁੱਛਿਆ ਕਿ ਸਤਿਗੁਰੂ ਜੀ ਭਗਤਾਂ ਨੂੰ ਦੁੱਖ ਕਿਉਂ ਵਾਪਰਦੇ ਹਨ ਤਾਂ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਬੰਦੇ ਨੂੰ ਰੱਬ; ਦੁੱਖਾਂ ਵਿੱਚ ਜਲਦੀ ਸਮਝ ਆਉਂਦਾ ਹੈ। ਪ੍ਰਮਾਤਮਾ ਦੁੱਖ ਅਤੇ ਸੁੱਖ; ਦੋਹਾਂ ਨਾਲ ਆਪਣੇ ਭਗਤਾਂ ਦੀ ਪਰਖ ਕਰਦਾ ਹੈ। ਬਹੁਤ ਸੁੱਖ ਦੇ ਕੇ ਵੀ ਉਹ ਪਰਖ ਕਰਦਾ ਹੈ ਕਿ ਮੇਰਾ ਭਗਤ ਕਿਤੇ ਮਾਇਕ ਪਦਾਰਥਾਂ ਦੇ ਸੁੱਖਾਂ ਵਿੱਚ ਖਚਿਤ ਹੋ ਕੇ ਪਰਉਪਕਾਰੀ ਜੀਵਨ ਵੱਲੋਂ ਤਾਂ ਨਹੀਂ ਮੂੰਹ ਮੋੜ ਗਿਆ। ਇਸੇ ਤਰ੍ਹਾਂ ਦੁੱਖ ਦੇ ਕੇ ਵੀ ਪਰਖ ਕਰਦਾ ਹੈ ਕਿ ਭਗਤ ਦੇ ਮਨ ਵਿੱਚ ਇਹ ਤਾਂ ਨਹੀਂ ਆ ਗਿਆ ਜੇ ਭਗਤੀ ਕਰਕੇ ਵੀ ਦੁੱਖ ਹੀ ਮਿਲਣੇ ਹਨ ਤਾਂ ਕੀ ਲੋੜ ਹੈ ਨਾਮ ਜਪਣ ਦੀ। ਜਿਨ੍ਹਾਂ ਗੁਰਮੁਖਾਂ ਦੀ ਲਿਵ; ਅਕਾਲ ਪੁਰਖ ਨਾਲ ਜੁੜੀ ਹੁੰਦੀ ਹੈ, ਉਹ ਦੁੱਖ ਅਤੇ ਸੁੱਖ ਨੂੰ ਸਰੀਰ ਉੱਤੇ ਪਹਿਨਣ ਵਾਲੇ ਕੱਪੜਿਆਂ ਦੀ ਨਿਆਈਂ ਸਮਝਦੇ ਹਨ। ਗੁਰੂ ਨਾਨਕ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਨਾਨਕ ! ਬੋਲਣੁ ਝਖਣਾ; ਦੁਖ ਛਡਿ, ਮੰਗੀਅਹਿ ਸੁਖ ॥ ਸੁਖੁ ਦੁਖੁ ਦੁਇ ਦਰਿ ਕਪੜੇ; ਪਹਿਰਹਿ ਜਾਇ ਮਨੁਖ ॥’’ (ਮਹਲਾ ੧/੧੪੯)
ਦੁੱਖ ਅਤੇ ਸੁੱਖ ਪ੍ਰਮਾਤਮਾ ਦੀ ਖੇਡ (ਰਜ਼ਾ) ਹਨ। ਜੋ ਉਸ ਦੇ ਹੁਕਮ ਨੂੰ ਸਮਝ ਲੈਂਦਾ ਹੈ, ਉਹ ਦੁੱਖੀ ਨਹੀਂ ਹੁੰਦਾ। ਜਿੰਨਾ ਚਿਰ ਬੰਦਾ ਇਹ ਗੱਲ ਨਹੀਂ ਸਮਝਦਾ, ਦੁਖੀ ਰਹਿੰਦਾ ਹੈ। ਹੁਕਮ ਸਮਝਣ ’ਤੇ ਹੀ ਸੁੱਖੀ ਜੀਵਨ ਬਤੀਤ ਹੁੰਦਾ ਹੈ। ਗੁਰੂ ਰਾਮਦਾਸ ਜੀ ਦੇ ਬਚਨ ਹਨ ‘‘ਜਬ ਲਗੁ ਹੁਕਮੁ ਨ ਬੂਝਤਾ; ਤਬ ਹੀ ਲਉ ਦੁਖੀਆ ॥ ਗੁਰ ਮਿਲਿ ਹੁਕਮੁ ਪਛਾਣਿਆ; ਤਬ ਹੀ ਤੇ ਸੁਖੀਆ ॥’’ (ਮਹਲਾ ੫/੪੦੦)
ਇਹ ਜ਼ਰੂਰੀ ਨਹੀਂ ਕਿ ਜਿਸ ਕੋਲ਼ ਵੱਧ ਧਨ ਪਦਾਰਥ ਹਨ ਅਤੇ ਉੱਚ ਪਦਵੀ ’ਤੇ ਹੈ, ਉਹ ਸੁੱਖੀ ਜੀਵਨ ਬਤੀਤ ਕਰਦਾ ਹੈ ਤੇ ਜਿਸ ਕੋਲ਼ ਧਨ ਦੌਲਤ ਸੀਮਤ ਹੈ, ਉਹ ਦੁੱਖੀ ਹੈ। ਦੁੱਖ ਤੇ ਸੁੱਖ ਤਾਂ ਮਨ ਦੀ ਅਵਸਥਾਵਾਂ ਹਨ। ਇੱਕ ਬਾਦਸ਼ਾਹ ਜੋ ਸਾਰੇ ਦੇਸ਼ ’ਤੇ ਰਾਜ ਕਰਦਾ ਹੈ ਉਹ ਵੀ ਦੁੱਖੀ ਹੈ ਤਾਂ ਤੇ ਸੁੱਖਾਂ ਦਾ ਸਾਧਨ ਕੇਵਲ ਪ੍ਰਮਾਤਮਾ ਦਾ ਨਾਮ ਹੈ। ਸੁਖਮਨੀ ਸਾਹਿਬ ਵਿੱਚ ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥ ਹਰਿ ਕਾ ਨਾਮੁ; ਜਪਤ ਹੋਇ ਸੁਖੀਆ ॥’’ (ਮਹਲਾ ੫/੨੬੪) ਗੁਰੂ ਤੇਗ਼ ਬਹਾਦਰ ਸਾਹਿਬ ਜੀ ਫ਼ੁਰਮਾਉਂਦੇ ਹਨ ‘‘ਜਉ ਸੁਖ ਕਉ ਚਾਹੈ ਸਦਾ; ਸਰਨਿ ਰਾਮ ਕੀ ਲੇਹ ॥ ਕਹੁ ਨਾਨਕ ! ਸੁਨਿ ਰੇ ਮਨਾ ! ਦੁਰਲਭ ਮਾਨੁਖ ਦੇਹ ॥’’ (ਮਹਲਾ ੯/੧੪੨੭)
ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਲਿਵ ਅਕਾਲ ਪੁਰਖ ਨਾਲ ਜੁੜੀ ਹੋਈ ਹੈ ਉਹ ਦੁੱਖ ਤੇ ਸੁੱਖ ਵਿੱਚ ਵੀ ਸਹਿਜ ਅਵਸਥਾ ਮਾਣਦੇ ਰਹਿੰਦੇ ਹਨ। ਪ੍ਰਮਾਤਮਾ ਦਾ ਲੜ ਨਹੀਂ ਛੱਡਦੇ। ਉਨ੍ਹਾਂ ਦੀ ਅਵਸਥਾ ਇਉਂ ਇਹ ਹੁੰਦੀ ਹੈ ‘‘ਜੇ ਸੁਖੁ ਦੇਹਿ; ਤ ਤੁਝਹਿ ਅਰਾਧੀ; ਦੁਖਿ ਭੀ, ਤੁਝੈ ਧਿਆਈ ॥ ਜੇ ਭੁਖ ਦੇਹਿ; ਤ ਇਤ ਹੀ ਰਾਜਾ; ਦੁਖ ਵਿਚਿ, ਸੂਖ ਮਨਾਈ ॥’’ (ਮਹਲਾ ੪/੭੫੭)
ਸੁੱਖਾਂ ਦੀ ਪ੍ਰਾਪਤੀ ਬਹੁਤ ਧਨ ਕਮਾਉਣ ਵਿੱਚ ਨਹੀਂ। ਨਾ ਹੀ ਬਹੁਤੇ ਨਾਟਕ ਚੇਟਕ (ਨੱਚਣ ਦੇ ਸ਼ੌਕ) ਵੇਖਣ ਵਿੱਚ ਹੈ। ਨਾ ਹੀ ਬਹੁਤੇ ਦੇਸ਼ਾਂ ਦਾ ਭਰਮਣ ਕਰਨ ਵਿੱਚ ਹੈ। ਸੁੱਖ ਕੇਵਲ ਸਰਬ ਸੁੱਖਾਂ ਦੇ ਦਾਤੇ ਨਾਲ ਇਕਿ-ਮਿਕਤਾ ਹਾਸਲ ਕਰਨ ਵਿੱਚ ਹੈ। ਗੁਰੂ ਅਰਜਨ ਦੇਵ ਜੀ ਭੈਰਉ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੁਖੁ ਨਾਹੀ, ਬਹੁਤੈ ਧਨਿ ਖਾਟੇ ॥ ਸੁਖੁ ਨਾਹੀ, ਪੇਖੇ ਨਿਰਤਿ ਨਾਟੇ ॥ ਸੁਖੁ ਨਾਹੀ; ਬਹੁ ਦੇਸ ਕਮਾਏ ॥ ਸਰਬ ਸੁਖਾ; ਹਰਿ ਹਰਿ ਗੁਣ ਗਾਏ ॥’’ (ਮਹਲਾ ੫/੧੧੪੭)
ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਵਾਚੀਏ ਤਾਂ ਪਤਾ ਲੱਗਦਾ ਹੈ ਕਿ ਉਹ ਵੀ ਸਮਾਂ ਹੈ ਜਦੋਂ ਅਨੰਦਪੁਰ ਸਾਹਿਬ ਵਿਖੇ ਤਖ਼ਤ ਲਾ ਕੇ ਦੀਵਾਨ ਸਜਾਉਂਦੇ ਹਨ। ਹਰ ਵੇਲੇ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਹਨ ਤੇ ਉਹ ਵੀ ਸਮਾਂ ਹੈ ਜਦੋਂ ਮਾਛੀਵਾੜੇ ਦੇ ਜੰਗਲ਼ ਵਿੱਚ, ਪੈਰਾਂ ਵਿੱਚ ਸੂਲ਼ਾਂ ਚੁਭੀਆਂ ਹੋਈਆਂ ਹਨ। ਦੋਹਾਂ ਹਾਲਤਾਂ ਵਿੱਚ ਮਨ ਦੀ ਅਵਸਥਾ ਇਕੋ ਜਿਹੀ ਹੈ। ਚੜ੍ਹਦੀ ਕਲਾ ਵਿੱਚ ਹਨ ਅਤੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਨ। ਬਿਖੜੇ ਸਮੇਂ ਵਿੱਚ ਵੀ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਜ਼ਫ਼ਰਨਾਮਾ ਲਿਖਦੇ ਹਨ। ਚਾਰੇ ਸਾਹਿਬਜ਼ਾਦੇ, ਮਾਤਾ ਗੁਜਰੀ ਅਤੇ ਅਨੇਕਾਂ ਪਿਆਰੇ ਸਿੱਖ ਸ਼ਹੀਦ ਹੋ ਚੁੱਕੇ ਹਨ। ਜ਼ਫ਼ਰਨਾਮੇ ਦੇ ਸ਼ਬਦ ਹਨ ‘‘ਨ ਸਾਜ਼ੋ, ਨ ਬਾਜ਼ੋ; ਨ ਫ਼ੌਜੋ ਨ ਫ਼ਰਸ਼ ॥ ਖ਼ੁਦਾਵੰਦ ਬਖ਼ਸ਼ਿੰਦਏ ਐਸ਼ੁ ਅਰਸ਼ ॥੪॥ (ਜ਼ਫ਼ਰਨਾਮਾ) ਭਾਵ ਨਾ ਸਾਜੋ-ਸਮਾਨ ਹੈ, ਨਾ ਬਾਜ਼, ਨਾ ਫ਼ੌਜ, ਨਾ ਗ਼ਲੀਚੇ ਫਿਰ ਵੀ ਰੱਬ; ਸੁਰਗ ਵਰਗਾ ਅਨੰਦ ਬਖ਼ਸ਼ਦਾ ਹੈ।
ਹੁਮਾ ਪੰਛੀ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਜਿਸ ਦੇ ਸਿਰ ਉੱਪਰ ਹੁਮਾ ਪੰਛੀ (ਭਾਵ ਰੱਬ) ਦਾ ਸਾਇਆ ਹੋਵੇ ਫਿਰ ਚਲਾਕ ਕਾਂ (ਔਰੰਗਜੇਬ) ਵੀ ਕੀ ਵਿਗਾੜ ਸਕਦਾ ਹੈ ਭਾਵੇਂ ਉਹ ਕਿੰਨਾ ਵੀ ਦਲੇਰ ਕਿਉਂ ਨਾ ਹੋਵੇ ? ਹਰ ਹਾਲਤ ਵਿੱਚ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ‘‘ਹੁਮਾ ਰਾ ਕਸੇ ਸਾਯਹ ਆਯਦ ਬਜ਼ੇਰ ॥ ਬਰੋ ਦਸਤ ਦਾਰਦ ਨ ਜ਼ਾਗ਼ੋ ਦਲੇਰ ॥੧੬॥’’ (ਜ਼ਫ਼ਰਨਾਮਾ)
ਸ਼ੁਕਰਾਨਾ ਦਾ ਸੰਬੰਧ ਹੈ ਸੁੱਖ ਨਾਲ । ਗੁਰਮਤਿ ਨੇ ਸੁੱਖ ਤੇ ਦੁੱਖ ਵੇਲੇ; ਸਦਾ ਸ਼ੁਕਰਾਨਾ ਕਰਨ ਲਈ ਸਮਝਾਇਆ ਹੈ। ਭਾਈ ਗੁਰਦਾਸ ਜੀ ਸਮਝਾਉਂਦੇ ਹਨ ‘‘ਕਾਰਣੁ ਕਰਤਾ ਜੋ ਕਰੈ; ਸਿਰਿ ਧਰਿ ਮੰਨਿ ਕਰੈ ਸੁਕਰਾਣਾ। ਰਾਜੀ ਹੋਇ ਰਜਾਇ ਵਿਚਿ; ਦੁਨੀਆਂ ਅੰਦਰਿ ਜਿਉ ਮਿਹਮਾਣਾ।’’ (ਭਾਈ ਗੁਰਦਾਸ ਜੀ/ਵਾਰ ੧੮ ਪਉੜੀ ੨੧) ਭਗਤ ਨਾਮਦੇਵ ਜੀ ਫ਼ੁਰਮਾਉਂਦੇ ਹਨ ਕਿ ਰੱਬ; ਜਿਵੇਂ ਬੰਦੇ ਨੂੰ ਰੱਖਦਾ ਹੈ; ਓਵੇਂ ਹੀ ਰਹਿਣਾ ਸੁਖਦਾਈ ਹੁੰਦਾ ਹੈ ‘‘ਜਿਉ ਰਾਮੁ ਰਾਖੈ; ਤਿਉ ਰਹੀਐ ਰੇ ਭਾਈ ! ॥’’ (ਭਗਤ ਨਾਮਦੇਵ/੧੧੬੪)
ਸੋ ਦੁੱਖ ਅਤੇ ਸੁੱਖ ਜ਼ਿੰਦਗੀ ਦੇ ਅਨਿਖੜਵੇਂ ਅੰਗ ਹਨ। ਜਿਹੜਾ ਕਰਮ ਮਨੁੱਖ ਦੇ ਅਨੁਕੂਲ ਹੁੰਦਾ ਹੈ, ਉਸ ਨੂੰ ਉਹ ਸੁੱਖ ਕਹਿੰਦਾ ਹੈ ਅਤੇ ਜੋ ਕਰਮ ਜ਼ਿੰਦਗੀ ਦੇ ਪ੍ਰਤਿਕੂਲ (ਵਿਰੋਧ ਵਜੋਂ) ਹੋਵੇ, ਉਹ ਦੁਖਦਾਈ ਹੁੰਦਾ ਹੈ। ਇੱਕ ਪਦਾਰਥ ਕਿਸੇ ਲਈ ਦੁਖਾਂ ਦਾ ਕਾਰਨ ਹੈ ਜਦਕਿ ਕਿਸੇ ਹੋਰ ਲਈ ਉਹੀ ਸੁਖਦਾਈ ਹੈ। ਜੋ ਕੁਝ ਦੂਜੇ ਕੋਲ਼ ਹੈ, ਮੇਰੇ ਕੋਲ ਨਹੀਂ, ਉਹੀ ਦੁਖਾਂ ਦਾ ਕਾਰਨ ਬਣ ਜਾਂਦਾ ਹੈ। ਜੋ ਵਿਚਾਰ ਮੇਰੇ ਅਨੁਕੂਲ ਨਹੀਂ ਉਹ ਦੁਖਦਾਈ ਹਨ, ਪਰ ਅਕਾਲ ਪੁਰਖ ਨਾਲ ਇਕ-ਮਿਕ ਹੋਈ ਆਤਮਾ ਲਈ ਸਭ ਸੁੱਖ ਹੀ ਸੁੱਖ ਹਨ। ਜੋ ਉੱਚੀ ਸੋਚ ਰੱਖਦਾ ਹੈ ਉਸ ਲਈ ਦੁੱਖ ਤੇ ਸੁੱਖ ਇਕ ਸਮਾਨ ਹਨ। ਕਾਮ, ਕਰੋਧ, ਲੋਭ, ਮੋਹ, ਹੰਕਾਰ; ਦੁਖਾਂ ਦੇ ਕਾਰਨ ਤਦ ਬਣਦੇ ਹਨ ਜਦ ਇਹ ਸਾਡੀ ਅੰਦਰ ਆਤਮਾ ਤੱਕ ਪ੍ਰਭਾਵ ਪਾਉਂਦੇ ਹਨ। ਦੁੱਖ ਤੇ ਸੁੱਖ; ਜਿਨ੍ਹਾਂ ਦੇ ਅੰਦਰ ਆਤਮਾ ਨਾਲ ਨਹੀਂ ਛੂਹਦੇ ਉਹ ਰੱਬ ਦਾ ਰੂਪ ਹੁੰਦੇ ਹਨ। ਗੁਰੂ ਤੇਗ਼ ਬਹਾਦਰ ਜੀ ਫ਼ੁਰਮਾਉਂਦੇ ਹਨ ‘‘ਸੁਖੁ ਦੁਖੁ ਜਿਹ ਪਰਸੈ ਨਹੀ; ਲੋਭੁ ਮੋਹੁ ਅਭਿਮਾਨੁ ॥ ਕਹੁ ਨਾਨਕ ! ਸੁਨੁ ਰੇ ਮਨਾ ! ਸੋ ਮੂਰਤਿ ਭਗਵਾਨ ॥’’ (ਮਹਲਾ ੯/੧੪੨੭)
ਸੋ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਦੁੱਖ ਤੇ ਸੁੱਖ ਜ਼ਿੰਦਗੀ ’ਚ ਆਉਂਦੇ ਹਨ। ਨਿਤਨੇਮ ’ਚ ਰੋਜ਼ਾਨਾ ਪੜ੍ਹਦੇ ਹਾਂ ‘‘ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥’’ (ਜਪੁ) ਬੱਚਾ ਜਦੋਂ ਕਸ਼ਟ ਵਿੱਚ ਹੋਵੇ ਤਾਂ ਮਾਂ ਨੂੰ ਗਲਵਕੜੀ ਪਾਉਂਦਾ ਹੈ। ਇਸ ਤਰ੍ਹਾਂ ਮਨੁੱਖ ਵੀ ਜਦ ਪੀੜਾ ਵਿੱਚ ਹੋਵੇ ਤਾਂ ਰੱਬ ਨੂੰ ਚੇਤੇ ਕਰਨ ਨਾਲ ਡੋਲਦੇ ਮਨ ਨੂੰ ਢਾਰਸ ਮਿਲ ਜਾਂਦੀ ਹੈ। ਗੁਰੂ ਜੀ ਦੇ ਬਚਨ ਹਨ ‘‘ਡੰਡਉਤਿ ਬੰਦਨ ਅਨਿਕ ਬਾਰ; ਸਰਬ ਕਲਾ ਸਮਰਥ ॥ ਡੋਲਨ ਤੇ ਰਾਖਹੁ ਪ੍ਰਭੂ ! ਨਾਨਕ ਦੇ ਕਰਿ ਹਥ ॥’’ (ਮਹਲਾ ੫/੨੫੬) ਸੁੱਖ ਇਸ ਵਿੱਚ ਨਹੀਂ ਕਿ ਤੁਸੀਂ ਕੀ ਹੋ ? ਕਿਸ ਅਹੁਦੇ ’ਤੇ ਹੋ ਜਾਂ ਕਿੰਨੀ ਜਾਇਦਾਦ ਦੇ ਮਾਲਕ ਹੋ ਬਲਕਿ ਸੁਖਦਾਈ ਜੀਵਨ; ਸੁੱਖਾਂ ਜਾਂ ਦੁੱਖਾਂ ਨੂੰ ਮਹਿਸੂਸ ਕਰਨ ਵਾਲੇ ਦ੍ਰਿਸ਼ਟੀਕੋਣ ’ਤੇ ਨਿਰਭਰ ਕਰਦਾ ਹੈ। ਜੇ ਦ੍ਰਿਸ਼ਟੀਕੋਣ ਗੁਰੂ ਹੁਕਮਾਂ ਅਨੁਸਾਰ ਹੈ ਤਾਂ ਜੀਵਨ ਸੁੱਖੀ ਹੋਵੇਗਾ । ਇਹੀ ਸੰਸਾਰ ਵਿੱਚ ਆਉਣਾ ਸਫਲ ਜੀਵਨ ਅਖਵਾਉਂਦਾ ਹੈ।
ਇਸ ਪੋਸਟ ਦੀ ਪੀ ਡੀ ਐਫ ਡਾਊਨਲੋਨ ਕਰਨ ਲਈ ਕਲਿਕ ਕਰੋ ਜੀ Dwonlod PDF
ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783
ਮਨੁੱਖੀ ਸਰੀਰ ਅੰਦਰ ਕੁਦਰਤੀ ਇਮਿਊਨ ਸਿਸਟਮ ਫਿੱਟ ਹੋਇਆ ਪਿਆ ਹੈ, ਜਿਸ ਦਾ ਕੰਮ ਹੈ ‘ਬੀਮਾਰੀਆਂ ਤੋਂ ਬਚਾਉਣਾ’ ! ਇੱਕ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਹ ਇੱਕ ਪੂਰਾ ‘ਸਿਸਟਮ’ ਹੈ, ਨਾ ਕਿ ਕੋਈ ਇੱਕ ਸੈੱਲ।
ਜਿਵੇਂ ਬੈਂਕ ਜਾ ਕੇ ਬਾਹਰ ਖੜ੍ਹੇ ਸਕਿਓਰਿਟੀ ਗਾਰਡ ਕੋਲੋਂ ਪੈਸੇ ਲੈ ਕੇ ਵਾਪਸ ਨਹੀਂ ਮੁੜਿਆ ਜਾ ਸਕਦਾ ਤੇ ਇੱਕ ਸਿਸਟਮ ਅਧੀਨ ਚੈੱਕ ਦੇ ਕੇ ਪੈਸੇ ਕੱਢਵਾਏ ਜਾ ਸਕਦੇ ਹਨ, ਉਸੇ ਤਰ੍ਹਾਂ ਜਦੋਂ ਕੋਈ ਵਾਇਰਸ, ਬੈਕਟੀਰੀਆ ਜਾਂ ਹੋਰ ਕੀਟਾਣੂ ਸਰੀਰ ਅੰਦਰ ਵੜਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇੱਕ ਸਿਸਟਮ ਰਾਹੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ। ਸਰੀਰ ਦੇ ਵੱਖੋ-ਵੱਖ ਹਿੱਸਿਆਂ ਵਿੱਚ ਜੜੇ ਯੰਤਰ, ਇਹ ਫ਼ੈਸਲਾ ਲੈਂਦੇ ਹਨ ਕਿ ਇਹ ਕੀਟਾਣੂ ਸਰੀਰ ਲਈ ਠੀਕ ਹਨ ਜਾਂ ਨਹੀਂ। ਫੇਰ ਉਨ੍ਹਾਂ ਨੂੰ ਉੱਥੋਂ ਹੀ ਨਿੱਛ (ਛਿੱਕ) ਰਾਹੀਂ ਜਾਂ ਖੰਘ ਰਾਹੀਂ ਬਾਹਰ ਕੱਢਣ ਜਾਂ ਸਰੀਰ ਦੇ ਲਿੰਫੈਟਿਕ ਸਿਸਟਮ (ਹੱਡੀਆਂ ਦਾ ਮਾਦਾ, ਤਿਲੀ, ਥਾਈਮਸ, ਲਿੰਫ ਨੋਡ-ਗਿਲਟੀਆਂ) ਰਾਹੀਂ ਤਿਆਰ ਕੀਤੇ ਸੈੱਲਾਂ ਨਾਲ ਮਾਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ।
ਹੱਡੀਆਂ ਦੇ ਮਾਦੇ ਵਿੱਚੋਂ ਚਿੱਟੇ ਸੈੱਲ ਤਿਆਰ ਹੁੰਦੇ ਹਨ, ਜਿਨ੍ਹਾਂ ਦਾ ਕੰਮ ਕੀਟਾਣੂਆਂ ਨਾਲ ਲੜਨਾ ਹੈ। ਤਿਲੀ ਵੀ ਕੀਟਾਣੂ ਮਾਰਦੀ ਹੈ। ਥਾਈਮਸ ਵਿੱਚ ਟੀ-ਸੈੱਲ ਬਣਦੇ ਹਨ, ਜੋ ਕੀਟਾਣੂ ਲੱਦੇ ਸੈੱਲਾਂ ਨੂੰ ਮਾਰਦੇ ਹਨ। ਲਿੰਫ ਨੋਡ ਵਿੱਚ ਫ਼ੌਜੀ ਸੈੱਲ ਤਿਆਰ ਵੀ ਹੰੁਦੇ ਹਨ ਤੇ ਜਮ੍ਹਾਂ ਵੀ ਹੁੰਦੇ ਰਹਿੰਦੇ ਹਨ। ਬੀ-ਸੈੱਲ ਐਂਟੀ ਬਾਡੀ ਤਿਆਰ ਕਰਦੇ ਹਨ ਅਤੇ ਕੀਟਾਣੂਆਂ ਉੱਤੇ ਹਮਲਾ ਬੋਲਦੇ ਹਨ। ਟੀ-ਸੈਲ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।
ਹਰ ਸਰੀਰ ਅੰਦਰ ਵੜੇ ਮਾੜੇ ਕੀਟਾਣੂ ਨੂੰ ਸਮਝ ਕੇ, ਉਸ ਹਿਸਾਬ ਦੇ ਫ਼ੌਜੀ ਸੈੱਲ ਤਿਆਰ ਕਰ ਕੇ ਉਨ੍ਹਾਂ ਨੂੰ ਮਾਰਨ ਅਤੇ ਅੱਗੇ ਤੋਂ ਵੜਨ ਤੋਂ ਵੀ ਰੋਕਣ ਲਈ ਪੂਰਾ ਸਿਸਟਮ ਮਿਲ-ਜੁਲ ਕੇ ਕੰਮ ਕਰਦਾ ਹੈ। ਜੇ ਕੀਟਾਣੂ ਲੋੜੋਂ ਵੱਧ ਹੋਣ ਅਤੇ ਸਰੀਰ ਦਾ ਸਿਸਟਮ ਪਹਿਲਾਂ ਤਿਆਰ ਨਾ ਹੋਵੇ ਤਾਂ ਬੀਮਾਰੀ ਹੋ ਜਾਂਦੀ ਹੈ।
ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ :
ਜਿਵੇਂ ਹੀ ਬੈਕਟੀਰੀਆ, ਵਾਇਰਸ, ਉੱਲੀ, ਕੈਂਸਰ ਸੈੱਲ ਆਦਿ ਦੇ ਬਾਹਰਵਾਰ ਲੱਗੇ ਪ੍ਰੋਟੀਨ ਘੁੰਮਦੇ ਫਿਰਦੇ ਜਾਂ ਟਿਕੇ ਹੋਏ ਇਮਿਊਨ ਸੈੱਲਾਂ ਨਾਲ ਜੁੜਦੇ ਹਨ ਤਾਂ ਝਟਪਟ ਅੱਗੇ ਇਸ ਕੀਟਾਣੂ ਬਾਰੇ ਜਾਣਕਾਰੀ ਭੇਜ ਦਿੱਤੀ ਜਾਂਦੀ ਹੈ। ਜੇ ਕੀਟਾਣੂ ਪਹਿਲੀ ਵਾਰ ਸਰੀਰ ਅੰਦਰ ਵੜਿਆ ਹੋਵੇ ਤਾਂ ਉਸ ਬਾਰੇ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਕਿ ਕਿਵੇਂ ਮਾਰਨਾ ਹੈ ਜਾਂ ਕਾਬੂ ਕਰਨਾ ਹੈ। ਜੇ ਦੂਜੀ ਵਾਰ ਵੜਿਆ ਹੋਵੇ ਤਾਂ ਪਹਿਲਾਂ ਦੇ ਤਿਆਰ ਹੋਏ ਫ਼ੌਜੀ ਸੈੱਲ ਝਟਪਟ ਕੀਟਾਣੂ ਨੂੰ ਮਾਰ ਮੁਕਾਉਂਦੇ ਹਨ। ਕਦੇ ਕਦਾਈਂ ਸਰੀਰ ਦੇ ਫ਼ੌਜੀ ਸੈੱਲ ਆਪਣੇ ਹੀ ਸੈੱਲਾਂ ਉੱਪਰਲੀ ਪ੍ਰੋਟੀਨ ਉੱਤੇ ਹੱਲਾ ਬੋਲ ਦਿੰਦੇ ਹਨ। ਇਸ ਨੂੰ ‘ਆਟੋ ਇਮਿਊਨ ਰਿਸਪੌਂਸ’ ਕਹਿੰਦੇ ਹਨ।
ਦੋ ਵੱਖੋ-ਵੱਖਰੇ ਇਮਿਊਨ ਸਿਸਟਮ, ਯਾਨੀ ‘ਇੰਨੇਟ’ ਤੇ ‘ਅਡੈਪਟਿਵ’ ਰਲ ਮਿਲ ਕੇ ਸਰੀਰ ਅੰਦਰ ਕੰਮ ਕਰਦੇ ਹਨ। ਇੰਨੇਟ ਦਾ ਕੰਮ ਹੁੰਦਾ ਹੈ ਹਰ ਕਿਸਮ ਦੇ ਮਾੜੇ ਕੀਟਾਣੂਆਂ ਨੂੰ ਮਾਰ ਮੁਕਾਉਣਾ। ਇਸ ਵਾਸਤੇ ਕੁਦਰਤੀ ਕਿੱਲਰ ਸੈੱਲ ਤੇ ਫੇਗੋਸਾਈਟ ਕੰਮ ਉੱਤੇ ਲੱਗ ਜਾਂਦੇ ਹਨ। ਆਮ ਤੌਰ ਉੱਤੇ ਚਮੜੀ ਤੇ ਮੂੰਹ ਰਾਹੀਂ ਢਿੱਡ ਅੰਦਰ ਪਹੁੰਚਦੇ ਕੀਟਾਣੂਆਂ ਉੱਤੇ ਇਹ ਹਮਲਾ ਬੋਲਦੇ ਹਨ।
ਅਡੈਪਟਿਵ ਦਾ ਕੰਮ ਹੁੰਦਾ ਹੈ ਐਂਟੀਬਾਡੀਜ਼ ਬਣਾਉਣੀਆਂ ਤੇ ਇਕ ਖ਼ਾਸ ਕਿਸਮ ਦੇ ਕੀਟਾਣੂ ਮਾਰ ਮੁਕਾਉਣੇ, ਜੋ ਪਹਿਲਾਂ ਬੀਮਾਰੀ ਕਰ ਚੁੱਕੇ ਹੋਣ। ਇਹ ਪਹਿਲੇ ਹੱਲੇ ਉੱਤੇ ਨਹੀਂ ਬਲਕਿ ਕੀਟਾਣੂਆਂ ਦੇ ਦੂਜੇ ਹੱਲੇ ਉੱਤੇ ਕੰਮ ਸ਼ੁਰੂ ਕਰਦੇ ਹਨ।
ਅਡੈਪਟਿਵ ਇਮਿਊਨ ਸਿਸਟਮ ਕੁਦਰਤੀ ਤੌਰ ਉੱਤੇ ਏਨਾ ਤਕੜਾ ਹੁੰਦਾ ਹੈ ਕਿ ਜੇ ਕੀਟਾਣੂ ਥੋੜ੍ਹੀ ਬਹੁਤ ਸ਼ਕਲ ਬਦਲ ਕੇ ਦੁਬਾਰਾ ਸਰੀਰ ਅੰਦਰ ਵੜਨ ਦੀ ਕੋਸ਼ਿਸ਼ ਕਰਨ, ਤਾਂ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ। ਬੀ ਲਿੰਫੋਸਾਈਟ ਐਂਟੀਬਾਡੀ ਤਿਆਰ ਕਰਦੇ ਹਨ, ਜਿਸ ਵਿੱਚ ਕਾਫ਼ੀ ਸਮਾਂ ਲੱਗਦਾ ਹੈ। ਜਦੋਂ ਬੱਚੇ ਦਾ ਟੀਕਾਕਰਨ ਕੀਤਾ ਜਾਂਦਾ ਹੈ ਤਾਂ ਇਹੋ ਸਿਸਟਮ ਬੀਮਾਰੀਆਂ ਨਾਲ ਲੜਨ ਦੀ ਤਾਕਤ ਬਖ਼ਸ਼ਦਾ ਹੈ।
ਨੱਕ ਪਿੱਛਲੇ ਐਡੀਨਾਈਡ ਗ੍ਰੰਥੀਆਂ, ਹੱਡੀਆਂ ਦਾ ਮਾਦਾ, ਗਿਲਟੀਆਂ (ਲਿੰਫ ਨੋਡ), ਲਿੰਫੈਨਿਕ ਨਸਾਂ, ਅੰਤੜੀਆਂ ਵਿਚਲੇ ਪਾਇਰ ਪੈਚ, ਤਿਲੀ, ਟੌਂਸਿਲ, ਥਾਈਮਸ (ਛਾਤੀ ਵਿਚਲਾ ਗਲੈਂਡ) ਆਦਿ ਸਭ ਸਰੀਰ ਦੇ ਇਮਿਊਨ ਸਿਸਟਮ ਦੇ ਹੀ ਹਿੱਸੇ ਹਨ।
ਐਂਟੀਬਾਇਓਟਿਕ ਦਵਾਈਆਂ ਕਿਵੇਂ ਅਸਰ ਕਰਦੀਆਂ ਹਨ :
ਜਦੋਂ ਕਿਸੇ ਨੂੰ ਐਂਟੀਬਾਇਓਟਿਕ ਦਵਾਈਆਂ ਖਾਣ ਲਈ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸਰੀਰ ਅੰਦਰ ਵੜੇ ਬੈਕਟੀਰੀਆ ਕੀਟਾਣੂ ਮਾਰ ਸਕਦੀਆਂ ਹਨ, ਪਰ ਵਾਇਰਸ ਜਾਂ ਉੱਲੀ ਨੂੰ ਨਹੀਂ। ਜੇ ਬੇਲੋੜੀਆਂ ਐਂਟੀਬਾਇਓਟਿਕ ਦਵਾਈਆਂ ਖਾਧੀਆਂ ਜਾਣ ਤਾਂ ਉਹ ਕਿਸੇ ਬੈਕਟੀਰੀਆ ਨੂੰ ਮਾਰ ਹੀ ਨਹੀਂ ਸਕਦੀਆਂ, ਪਰ ਸਰੀਰ ਉਨ੍ਹਾਂ ਵਿਰੁੱਧ ਆਪਣੇ ਐਂਟੀਬਾਡੀ ਸੈੱਲ ਬਣਾ ਲੈਂਦਾ ਹੈ, ਜਿਸ ਕਰਕੇ ਦੁਬਾਰਾ ਲੋੜ ਪੈਣ ਉੱਤੇ ਇਹ ਦਵਾਈਆਂ ਬੇਅਸਰ ਹੋ ਜਾਂਦੀਆਂ ਹਨ। ਜੇ ਗ਼ਲਤ ਦਵਾਈ ਦੇ ਦਿੱਤੀ ਜਾਵੇ ਤਾਂ ਬੈਕਟੀਰੀਆ ਕੀਟਾਣੂ ਜ਼ਿਆਦਾ ਜ਼ਹਿਰੀ ਹੋ ਜਾਂਦੇ ਹਨ ਅਤੇ ਦਵਾਈ ਉਨ੍ਹਾਂ ਉੱਤੇ ਅਸਰ ਕਰਦੀ ਹੀ ਨਹੀਂ। ਜੇ ਅਸਰ ਕਰਦੀ ਦਵਾਈ ਪੂਰੇ ਸਮੇਂ ਲਈ ਨਾ ਖਾਧੀ ਜਾਵੇ ਤਾਂ ਵੀ ਬੈਕਟੀਰੀਆ ਕੀਟਾਣੂ ਦੁਬਾਰਾ ਵਧ ਕੇ ਤਕੜਾ ਹੱਲਾ ਕਰ ਦਿੰਦੇ ਹਨ, ਜਿੱਥੇ ਉਹ ਦਵਾਈ ਬੇਅਸਰ ਸਾਬਤ ਹੋ ਜਾਂਦੀ ਹੈ। ਇੰਜ ਹੀ ਜੇ ਲੋੜੋਂ ਵੱਧ ਸਮੇਂ ਤੱਕ ਦਵਾਈ ਖਾਧੀ ਜਾਵੇ, ਤਾਂ ਵੀ ਇਹੋ ਕੁੱਝ ਹੁੰਦਾ ਹੈ।
ਕੀ ਇਮਿਊਨਿਟੀ ਵੱਧ ਸਕਦੀ ਹੈ ?
ਅੱਜ ਤੱਕ ਸਰੀਰ ਅੰਦਰਲੇ ਇਮਿਊਨਿਟੀ ਸਿਸਟਮ ਦੇ ਜਾਲ ਅਤੇ ਉਸ ਦੇ ਕੰਮ ਕਰਨ ਦੇ ਢੰਗ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇੱਕੋ ਵੇਲੇ ਇਸ ਸਿਸਟਮ ਦਾ ਕਿੰਨਾ ਹਿੱਸਾ ਹਰਕਤ ਵਿੱਚ ਆਇਆ ਹੈ ਤੇ ਕਿੰਨੀ ਦੇਰ ਰਹੇਗਾ !
ਜੇ ਇਮਿਊਨ ਸਿਸਟਮ ਲੋੜੋਂ ਵੱਧ ਹਰਕਤ ਵਿੱਚ ਆ ਜਾਵੇ ਤਾਂ ਆਪਣੇ ਹੀ ਸਰੀਰ ਦੇ ਸੈੱਲਾਂ ਨੂੰ ਖਾਣ ਲੱਗ ਪੈਂਦਾ ਹੈ। ਇਸ ਦੇ ਨਤੀਜੇ ਵਜੋਂ ਕਈ ਭਿਆਨਕ ਬੀਮਾਰੀਆਂ ਸ਼ੁਰੂ ਹੋ ਸਕਦੀਆਂ ਹਨ, ਜਿਨ੍ਹਾਂ ਲਈ ਪੂਰੀ ਉਮਰ ਦਵਾਈ ਖਾਣੀ ਪੈ ਸਕਦੀ ਹੈ; ਜਿਵੇਂ ਸ਼ੱਕਰ ਰੋਗ, ਰਿਊਮੈਟਾਇਡ ਆਰਥਰਾਈਟਿਸ, ਲਿਊਪਸ ਆਦਿ। ਸਦੀਆਂ ਤੋਂ ਖੋਜੀ ਡਾਕਟਰ ਇਸ ਬਾਰੇ ਕਿਆਸ ਲਾ ਰਹੇ ਹਨ ਕਿ ਸ਼ਾਇਦ ਕੋਈ ਖ਼ੁਰਾਕ, ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਕਿਸੇ ਕਿਸਮ ਦੇ ਪਾਣੀ ਜਾਂ ਹਵਾ ਵਿਚਲੇ ਮਾੜੇ ਤੱਤ ਆਦਿ ਇਸ ਦੇ ਕਾਰਨ ਹੋਣਗੇ, ਪਰ ਹਾਲੇ ਤੱਕ ਇੱਕ ਵੀ ਕਿਆਸ ਸਾਬਤ ਨਹੀਂ ਹੋ ਸਕਿਆ। ਹੋ ਸਕਦਾ ਹੈ ਕਿ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਕਾਰਨ ਹੋਵੇ ਜਾਂ ਸਾਰੇ ਕਾਰਨ ਇਕੱਠੇ ਅਸਰ ਕਰਦੇ ਹੋਣ !
ਕੀ ਲੋੜੋਂ ਵੱਧ ਵਿਟਾਮਿਨ ਜਾਂ ਮਿਨਰਲ ਤੱਤ ਇਮਿਊਨ ਸਿਸਟਮ ਦਾ ਕੰਮ ਵਧਾ ਸਕਦੇ ਹਨ ?
ਹਾਲੇ ਤੱਕ ਦੀ ਇੱਕ ਵੀ ਖੋਜ ਅਜਿਹਾ ਸਾਬਤ ਨਹੀਂ ਕਰ ਸਕੀ ਕਿ ਕਿਸੇ ਤਰ੍ਹਾਂ ਦੇ ਵਿਟਾਮਿਨ ਜਾਂ ਮਿਨਰਲ ਤੱਤ ਇਮਿਊਨਿਟੀ ਵਧਾ ਸਕੇ ਹੋਣ। ਸਿਰਫ਼ ਉਨ੍ਹਾਂ ਲੋਕਾਂ ਵਿੱਚ, ਜਿਨ੍ਹਾਂ ਵਿੱਚ ਲਹੂ ਦੀ ਕਮੀ ਜਾਂ ਮਿਨਰਲ ਤੱਤਾਂ ਦੀ ਕਮੀ ਹੋ ਚੁੱਕੀ ਹੋਵੇ, ਉਸ ਕਮੀ ਨੂੰ ਠੀਕ ਕਰਨ ਬਾਅਦ ਜ਼ਰੂਰ ਬੀਮਾਰੀ ਨਾਲ ਲੜਨ ਦੀ ਤਾਕਤ ਵਿੱਚ ਕੁੱਝ ਵਾਧਾ ਵੇਖਿਆ ਗਿਆ ਹੈ। ਸੋਚਣ ਦੀ ਗੱਲ ਇਹ ਹੈ ਕਿ ਜੇ ਅਸੀਂ ਹਾਲੇ ਤੱਕ ਕੁਦਰਤ ਵੱਲੋਂ ਬਖ਼ਸ਼ੇ ਇਮਿਊਨ ਸਿਸਟਮ ਦੀਆਂ ਬਰੀਕੀਆਂ ਬਾਰੇ ਹੀ ਨਹੀਂ ਸਮਝ ਸਕੇ ਤਾਂ ਉਸ ਦੇ ਕੰਮ-ਕਾਰ ਨੂੰ ਵਧਾ ਜਾਂ ਘਟਾ ਕਿਵੇਂ ਸਕਦੇ ਹਾਂ ?
ਕੀ ਟੀਕਾਕਰਨ ਨੁਕਸਾਨ ਕਰ ਸਕਦਾ ਹੈ ?
ਕਾਰ ਚਲਾਉਣ ਵਾਲਿਆਂ ਵਿੱਚ ਵੀ ਹਰ 6700 ਪਿੱਛੇ ਇੱਕ ਮੌਤ ਹੋਣੀ ਆਮ ਗੱਲ ਮੰਨੀ ਜਾਂਦੀ ਹੈ। ਨਹਾਉਣ ਲੱਗਿਆਂ ਬਾਥ ਟੱਬ ਵਿੱਚ ਵੀ 8 ਲੱਖ 40 ਹਜ਼ਾਰ ਪਿੱਛੇ ਇੱਕ ਮੌਤ ਹੋ ਰਹੀ ਹੈ। ਕਿਸੇ ਕਿਸਮ ਦੇ ਟੀਕਾਕਰਨ ਵਿੱਚ 10 ਲੱਖ ਪਿੱਛੇ ਇੱਕ ਨੂੰ ਜ਼ਰੂਰ ਥੋੜ੍ਹਾ ਬਹੁਤ ਰਿਐਕਸ਼ਨ ਵੇਖਣ ਵਿੱਚ ਆਉਂਦਾ ਹੈ। ਸੋਚਣ ਦੀ ਗੱਲ ਇਹ ਵੀ ਹੈ ਕਿ ਜੇ ਮੌਤਾਂ ਦੇ ਬਾਅਦ ਵੀ ਕਾਰ ਚਲਾਉਣੀ ਜਾਂ ਨਹਾਉਣਾ ਨਹੀਂ ਛੱਡਿਆ ਗਿਆ ਤਾਂ ਟੀਕਾਕਰਨ ਲਈ ਸ਼ੋਰ ਕਿਉਂ ?
ਕੀ ਇਮਿਊਨ ਸਿਸਟਮ ਤਕੜਾ ਕੀਤਾ ਜਾ ਸਕਦਾ ਹੈ ?
ਸਭ ਤੋਂ ਜ਼ਰੂਰੀ ਨੁਕਤਾ ਇਹ ਹੈ ਕਿ ਇਮਿਊਨ ਸਿਸਟਮ ਨੂੰ ਆਪਣਾ ਕੰਮ-ਕਾਰ ਕਰਨ ਦਿੱਤਾ ਜਾਵੇ ਤੇ ਉਸ ਵਿੱਚ ਕੋਈ ਰੋਕ ਜਾਂ ਅਚੜਨ ਨਾ ਪਾਈ ਜਾਵੇ। ਜੇ ਮਦਦ ਕੀਤੀ ਜਾ ਸਕਦੀ ਹੈ ਤਾਂ ਕੀਟਾਣੂਆਂ ਦੇ ਹਮਲੇ ਨੂੰ ਘਟਾ ਕੇ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ, ਹੱਥ ਸਾਫ਼ ਰੱਖੇ ਜਾਣ ! ਜੇ ਲੋੜੋਂ ਵੱਧ ਸੈਨੇਟਾਈਜ਼ਰ ਵਰਤੇ ਜਾਣ ਤਾਂ ਚਮੜੀ ਉੱਤੇ ਪਏ ਚੰਗੇ ਬੈਕਟੀਰੀਆ ਖ਼ਤਮ ਹੋ ਜਾਣਗੇ, ਜੋ ਇਮਿਊਨ ਸਿਸਟਮ ਦੀ ਮਦਦ ਕਰਨ ਲਈ ਬੈਠੇ ਹੁੰਦੇ ਹਨ। ਇਨ੍ਹਾਂ ਦਾ ਕੰਮ ਹੁੰਦਾ ਹੈ ਮਾੜੇ ਬੈਕਟੀਰੀਆ ਨੂੰ ਚਮੜੀ ਰਾਹੀਂ ਸਰੀਰ ਅੰਦਰ ਵੜਨ ਹੀ ਨਾ ਦਿੱਤਾ ਜਾਵੇ। ਇੰਜ ਇਮਿਊਨ ਸਿਸਟਮ ਦੀ ਆਪੇ ਹੀ ਕੁਦਰਤੀ ਤੌਰ ਉੱਤੇ ਮਦਦ ਹੋ ਜਾਂਦੀ ਹੈ।
- ਸਾਬਣ ਨਾਲ ਜਾਂ ਸਾਫ਼ ਪਾਣੀ ਨਾਲ ਦਿਨ ਵਿੱਚ ਕਈ ਵਾਰ ਹੱਥ ਧੋਣ ਨਾਲ ਵੀ ਕਈ ਚੰਗੇ ਬੈਕਟੀਰੀਆ ਚਿਪਕੇ ਰਹਿੰਦੇ ਹਨ। ਜੇ ਇਹ ਨਾ ਰਹਿਣ ਤਾਂ ਮਾੜੇ ਬੈਕਟੀਰੀਆ ਵੱਡੀ ਗਿਣਤੀ ਵਿੱਚ ਸਰੀਰ ਉੱਤੇ ਹੱਲਾ ਬੋਲ ਸਕਦੇ ਹਨ, ਜਿਨ੍ਹਾਂ ਲਈ ਸਰੀਰ ਦੇ ਸੈੱਲ ਤਿਆਰ ਨਹੀਂ ਹੁੰਦੇ।
- ਖਾਣਾ ਚੰਗੀ ਤਰ੍ਹਾਂ ਪਕਾ ਕੇ ਖਾਧਾ ਜਾਵੇ ਤਾਂ ਵੀ ਬਹੁਤ ਸਾਰੇ ਮਾੜੇ ਕੀਟਾਣੂ ਖ਼ਤਮ ਹੋ ਸਕਦੇ ਹਨ।
- ਸਿਗਰਟ ਨਾ ਪੀ ਕੇ ਅਸੀਂ ਫੇਫੜਿਆਂ ਵਿਚਲੇ ਇਮਿਊਨ ਸਿਸਟਮ ਦੇ ਸੈੱਲਾਂ ਦੀ ਮਦਦ ਕਰ ਸਕਦੇ ਹਾਂ ਤੇ ਫੇਫੜਿਆਂ ਅੰਦਰਲੇ ਸੈੱਲਾਂ ਨੂੰ ਰਵਾਂ ਰੱਖ ਸਕਦੇ ਹਾਂ।
- ਲੋੜੋਂ ਵਾਧੂ ਸ਼ੱਕਰ, ਘਿਓ, ਲੂਣ, ਪ੍ਰੋਟੀਨ, ਡੱਬਾ ਬੰਦ ਚੀਜ਼ਾਂ, ਫਾਸਟ ਫੂਡਜ਼ ਆਦਿ ਤੋਂ ਪਰਹੇਜ਼ ਕਰਨ ਨਾਲ ਵੀ ਸਰੀਰ ਨੂੰ ਬੇਲੋੜਾ ਭਾਰ ਨਹੀਂ ਝੱਲਣਾ ਪੈਂਦਾ ਤੇ ਨਾ ਹੀ ਇਨ੍ਹਾਂ ਨੂੰ ਸਰੀਰ ਵਿੱਚੋਂ ਕੱਢਣ ਲਈ ਮਿਹਨਤ ਕਰਨੀ ਪੈਂਦੀ ਹੈ।
- ਨੱਕ ਵਿਚਲੇ ਵਾਲ ਨਾ ਕੱਟੇ ਜਾਣ। ਇਨ੍ਹਾਂ ਦਾ ਕੰਮ ਹੁੰਦਾ ਹੈ ਮਿੱਟੀ ਘੱਟਾ ਤੇ ਵੱਡੇ ਕੀਟਾਣੂਆਂ ਨੂੰ ਅੜਾ ਕੇ ਨਿੱਛ ਰਾਹੀਂ ਬਾਹਰ ਕੱਢ ਦਿੱਤਾ ਜਾਏ। ਇਸੇ ਲਈ ਨਿੱਛ ਨੂੰ ਰੋਕਣਾ ਨਹੀਂ ਚਾਹੀਦਾ ਤੇ ਨਾ ਹੀ ਨਿੱਛ ਮਾਰਨ ਨੂੰ ਨਹਿਸ਼ (ਬਦਸ਼ਗਨ) ਮੰਨਣੀ ਚਾਹੀਦੀ ਹੈ।
- ਰੋਜ਼ਾਨਾ 40 ਮਿੰਟ ਕਸਰਤ ਕਰਦੇ ਰਹਿਣ ਨਾਲ ਸਾਰਾ ਸਰੀਰ ਹੀ ਚੁਸਤ ਹੋ ਜਾਂਦਾ ਹੈ ਤੇ ਇਸੇ ਨਾਲ ਹੀ ਇਮਿਊਨ ਸਿਸਟਮ ਵੀ। ਇੰਜ ਭਾਰ ਕਾਬੂ ਵਿੱਚ ਰਹਿੰਦਾ ਹੈ ਤੇ ਮੋਟਾਪੇ ਦੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਂਦਾ ਹੈ।
- ਬਲੱਡ ਪ੍ਰੈੱਸ਼ਰ ਨਾ ਵਧਣ ਦਿੱਤਾ ਜਾਵੇ ਅਤੇ ਤਣਾਓ ਘੱਟ ਸਹੇੜਿਆ ਜਾਵੇ। ਤਣਾਓ, ਸਾਡੇ ਪੂਰੇ ਸਰੀਰ ਦਾ ਨਾਸ ਮਾਰ ਦਿੰਦਾ ਹੈ ਤੇ ਇਮਿਊਨ ਸਿਸਟਮ ਨੂੰ ਠੱਪ ਕਰ ਦਿੰਦਾ ਹੈ।
- ਪੂਰੀ ਨੀਂਦਰ ਲੈਣ ਨਾਲ ਸਰੀਰ ਦੇ ਸੈੱਲਾਂ ਨੂੰ ਰਿਪੇਅਰ ਕਰਨ ਦਾ ਸਮਾਂ ਮਿਲ ਜਾਂਦਾ ਹੈ।
- ਸ਼ਰਾਬ ਤੇ ਨਸ਼ਾ ਵੀ ਇਮਿਊਨ ਸਿਸਟਮ ਨੂੰ ਕੰਮ ਕਾਰ ਕਰਨ ਤੋਂ ਰੋਕਦਾ ਹੈ, ਇਸੇ ਲਈ ਇਨ੍ਹਾਂ ਤੋਂ ਬਚਣ ਦੀ ਲੋੜ ਹੈ।
ਵਾਇਰਸ ਸਰੀਰ ਅੰਦਰ ਕਿਵੇਂ ਵੜਦੀ ਹੈ ?
ਚਮੜੀ, ਸਾਹ ਦੇ ਰਾਹ ਅਤੇ ਮੂੰਹ ਅੰਦਰਲੀ ਪਰਤ; ਵਾਇਰਸ ਲਈ ਰੋਕਾ ਬਣ ਕੇ ਖੜ੍ਹੇ ਹੁੰਦੇ ਹਨ।
ਜਦੋਂ ਵੱਡੀ ਗਿਣਤੀ ਵਾਇਰਸ ਹੱਲਾ ਬੋਲ ਕੇ ਇਹ ਰਾਹ ਲੰਘ ਜਾਣ ਤਾਂ ਇੰਨੇਟ ਇਮਿਊਨਿਟੀ ਕੰਮ ਸ਼ੁਰੂ ਕਰ ਦਿੰਦੀ ਹੈ। ਇਸ ਵਿੱਚ ਕੁੱਝ ਕੈਮੀਕਲ ਤੇ ਬਾਕੀ ਸਰੀਰ ਦੇ ਸੈੱਲ ਰਲ਼ ਮਿਲ ਕੇ ਵਾਇਰਸ ਨੂੰ ਢਾਅ ਲੈਂਦੇ ਹਨ। ਜੇ ਵਾਇਰਸ ਬਹੁਤ ਜ਼ਿਆਦਾ ਮਾਤਰਾ ਵਿੱਚ ਹੋਵੇ ਤਾਂ ਸਰੀਰ ਦੇ ਸੈੱਲ ਤੇ ਪ੍ਰੋਟੀਨ ਰਲ਼ ਕੇ ਕੁੱਝ ਦਿਨਾਂ ਜਾਂ ਹਫਤਿਆਂ ਵਿੱਚ ਐਂਟੀਬਾਡੀ ਤਿਆਰ ਕਰ ਲੈਂਦੇ ਹਨ ਤੇ ਫੇਰ ਵਾਇਰਸ ਨੂੰ ਮਾਰ ਮੁਕਾਉਂਦੇ ਹਨ। ਜੇ ਸਰੀਰ ਦਾ ਸਾਰਾ ਸਿਸਟਮ ਫੇਲ੍ਹ ਹੋ ਜਾਵੇ ਅਤੇ ਵਾਇਰਸ ਉਸ ਤੋਂ ਵੀ ਕਿਤੇ ਵੱਧ ਹੋ ਜਾਵੇ ਤਾਂ ਮੌਤ ਹੋ ਸਕਦੀ ਹੈ।
ਧਿਆਨ ਰਹੇ ਕਿ ਟੀ-ਸੈੱਲ ਵੱਲੋਂ ਬਣਾਈ ਫ਼ੌਜ ਸਿਰਫ਼ ਉਸੇ ਹਮਲੇ ਵਿੱਚ ਵੜੀ ਵਾਇਰਸ ਵਿਰੁੱਧ ਹੀ ਅਸਰਦਾਰ ਸਾਬਤ ਹੁੰਦੀ ਹੈ। ਮਿਸਾਲ ਵਜੋਂ ਜੇ ਕੋਵਿਡ 19 ਖ਼ਿਲਾਫ਼ ਸੈੱਲ ਤਿਆਰ ਹੋ ਚੁੱਕੇ ਹਨ ਤਾਂ ਉਹ ਇਨਫਲੂਐਂਜ਼ਾ ਵਾਇਰਸ ਵਿਰੁੱਧ ਅਸਰ ਨਹੀਂ ਵਿਖਾਉਂਣਗੇ। ਉਸ ਵਾਸਤੇ ਸਰੀਰ ਨੂੰ ਵੱਖ ਐਂਟੀਬਾਡੀ ਬਣਾਉਣੇ ਪੈਂਦੇ ਹਨ।
ਐਂਟੀਬਾਡੀ ਜਾਂ ਤਾਂ ਕੀਟਾਣੂਆਂ ਦੇ ਹੱਲੇ ਤੋਂ ਬਾਅਦ ਜਾਂ ਟੀਕਾਕਰਨ ਰਾਹੀਂ ਵੜੇ ਥੋੜ੍ਹੇ ਕੀਟਾਣੂਆਂ ਦੇ ਆਧਾਰ ਉੱਤੇ ਹੀ ਤਿਆਰ ਹੁੰਦੇ ਹਨ; ਨਿੰਬੂ, ਅਦਰਕ, ਹਲਦੀ ਜਾਂ ਤੁਲਸੀ ਨਾਲ ਨਹੀਂ।
ਜੇ ਖੰਘ, ਜ਼ੁਕਾਮ ਨਾਲ ਬੁਖ਼ਾਰ, ਸਿਰ ਪੀੜ, ਬਲਗਮ ਜਾਂ ਬੇਹੋਸ਼ੀ ਹੁੰਦੀ ਹੈ ਤਾਂ ਇਹ ਸਾਰਾ ਕੁੱਝ ਵਾਇਰਸ ਸਦਕਾ ਨਹੀਂ ਹੰੁਦਾ ਬਲਕਿ ਵਾਇਰਸ ਵਿਰੁੱਧ ਸਰੀਰ ਨੇ ਜੋ ਜੰਗ ਵਿੱਢੀ ਹੁੰਦੀ ਹੈ, ਉਸੇ ਇੰਨੇਟ ਇਮਿਊਨਿਟੀ ਸਦਕਾ ਇਹ ਲੱਛਣ ਦਿੱਸਦੇ ਹਨ ਕਿ ਸਰੀਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ। ਇਮਿਊਨਿਟੀ ਵਧਣ ਦਾ ਮਤਲਬ ਹੈ ਕਿ ਇਹ ਲੱਛਣ ਹੋਰ ਜ਼ਿਆਦਾ ਵੱਧ ਦਿਸਣਗੇ, ਨਾ ਕਿ ਘੱਟ ਹੋ ਜਾਣਗੇ।
ਚੁਫ਼ੇਰੇ ਇਸ਼ਤਿਹਾਰਬਾਜ਼ੀ ਵਿੱਚ ਇਮਿਊਨਿਟੀ ਦੇ ਨਾਂ ਉੱਤੇ ਖ਼ਰਬਾਂ ਦੇ ਵਪਾਰ ਵਿੱਚ ਇਮਿਊਨਿਟੀ ਵਧਾਉਣ ਦੇ ਜੋ ਨੁਸਖ਼ੇ ਦੱਸੇ ਜਾ ਰਹੇ ਹਨ ਉਹ ਬੀਮਾਰੀ ਦੇ ਲੱਛਣ ਰੋਕਣ ਬਾਰੇ ਰੌਲਾ ਪਾ ਰਹੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਉਹ ਇਮਿਊਨਿਟੀ ਵਧਾ ਨਹੀਂ ਰਹੇ ਸਗੋਂ ਇਮਿਊਨ ਸਿਸਟਮ ਹੀ ਠੱਪ ਕਰਨ ਲੱਗੇ ਹਨ।
ਬੁਖ਼ਾਰ, ਖੰਘ, ਬਲਗਮ, ਸਰੀਰ ਟੁੱਟਣਾ ਤਾਂ ਵਧੀਆ ਲੱਛਣ ਹਨ ਕਿ ਸਾਡੀ ਕੁਦਰਤ ਵੱਲੋਂ ਬਖ਼ਸ਼ੀ ਇਮਿਊਨਿਟੀ ਪਹਿਲਾਂ ਤੋਂ ਹੀ ਤਕੜੀ ਹੈ, ਹੋਰ ਤਕੜੀ ਕਰਨ ਦੀ ਲੋੜ ਨਹੀਂ। ਬੁਖ਼ਾਰ; ਵਾਇਰਸ ਨੂੰ ਹੋਰ ਫੈਲਣ ਤੋਂ ਰੋਕ ਕੇ ਉਸ ਨੂੰ ਮਾਰ ਦਿੰਦਾ ਹੈ। ਵਾਇਰਸ ਨੂੰ ਮਾਰਨ ਤੋਂ ਬਾਅਦ ਜਿਹੜੀ ਉਸ ਦੀ ਗੰਦਗੀ ਇਕੱਠੀ ਹੁੰਦੀ ਹੈ, ਉਸ ਨਾਲ ਸਰੀਰ ਟੁੱਟਦਾ ਮਹਿਸੂਸ ਹੁੰਦਾ ਹੈ। ਇਹ ਗੰਦਗੀ ਜਦੋਂ ਨਸਾਂ ਰਾਹੀਂ ਸਰੀਰ; ਬਾਹਰ ਧੱਕਦਾ ਹੈ ਤਾਂ ਸੈੱਲ, ਉਨ੍ਹਾਂ ਬਚੇ ਖੁਚੇ ਟੋਟਿਆਂ ਨੂੰ ਬਾਹਰ ਕੱਢਣ ਵੇਲੇ ਦਿਮਾਗ਼ ਨੂੰ ਸੁਨੇਹਾ ਭੇਜ ਦਿੰਦਾ ਹੈ ਕਿ ਹੁਣ ਸਫ਼ਾਈ ਲਗਭਗ ਮੁਕੰਮਲ ਹੈ। ਇੰਜ ਸਰੀਰ ਸੁਸਤ ਪੈ ਕੇ ਠੀਕ ਹੋਣ ਵੱਲ ਤੁਰ ਪੈਂਦਾ ਹੈ।
ਇਸ ਸਾਰੇ ਦੌਰ ਵਿੱਚ ਹਰੀ ਚਾਹ ਜਾਂ ਕਿਸੇ ਵੀ ਕਿਸਮ ਦੇ ਜ਼ਿੰਕ, ਵਿਟਾਮਿਨ ਜਾਂ ਹੋਰ ਇਮਿਊਨ ਬੂਸਟਰ ਕਿਤੇ ਕੰਮ ਨਹੀਂ ਆਉਂਦੇ ਕਿਉਂਕਿ ਢਿੱਡ ਵਿੱਚ ਗਈਆਂ ਇਨ੍ਹਾਂ ਚੀਜ਼ਾਂ ਨੂੰ ਹਜ਼ਮ ਕਰ ਕੇ ਕਿਸੇ ਪਾਸੇ ਲਾਉਣ ਨਾਲੋਂ ਸਰੀਰ ਆਪਣੇ ਇਮਿਊਨ ਸਿਸਟਮ ਦੇ ਕੰਮ ਕਾਰ ਵੱਲ ਪੂਰਾ ਧਿਆਨ ਦੇ ਰਿਹਾ ਹੁੰਦਾ ਹੈ।
ਅਣਗਿਣਤ ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਜ਼ਿੰਕ ਜਾਂ ਵਿਟਾਮਿਨ ਸੀ ਸਰੀਰ ਵਿਚਲੀ ਕਿਸੇ ਕਿਸਮ ਦੀ ਕਮੀ ਨੂੰ ਠੀਕ ਕਰਨ ਵਿੱਚ ਭਾਵੇਂ ਥੋੜ੍ਹੀ ਬਹੁਤ ਮਦਦ ਕਰ ਦੇਣ ਪਰ ਵਾਇਰਸ ਦੇ ਮੌਜੂਦਾ ਹੱਲੇ ਦੌਰਾਨ ਬੇਅਸਰ ਹਨ। ਜੇ ਅਡੈਪਟਿਵ ਇਮਿਊਨਿਟੀ ਵਿੱਚ ਅਸਰ ਭਾਲਣਾ ਹੋਵੇ ਤਾਂ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ, ਸਗੋਂ ਕਹਿਰ ਢਾਅ ਸਕਦੀਆਂ ਹਨ ਕਿਉਂਕਿ ਲੋੜੋਂ ਵੱਧ ਇਮਿਊਨ ਰਿਐਕਸ਼ਨ ਲਗਾਤਾਰ ਨਿੱਛਾਂ, ਅੱਖਾਂ ਵਿੱਚੋਂ ਪਾਣੀ ਵੱਗਣਾ, ਅੱਖਾਂ ਲਾਲ ਹੋਣੀਆਂ, ਸਰੀਰ ਟੁੱਟਦੇ ਰਹਿਣਾ, ਥਕਾਵਟ ਆਦਿ ਬਹੁਤ ਵਧਾ ਦੇਵੇਗਾ।
ਖੋਜਾਂ ਪੂਰੀ ਤਰ੍ਹਾਂ ਸਪਸ਼ਟ ਕਰ ਚੁੱਕੀਆਂ ਹਨ ਕਿ ਲੋੜੋਂ ਵੱਧ ਵਿਟਾਮਿਨ ਫ਼ਾਇਦਾ ਕਰਨ ਦੀ ਥਾਂ ਨੁਕਸਾਨਦੇਹ ਸਾਬਤ ਹੋ ਰਹੇ ਹਨ।
ਨੋਬਲ ਪੁਰਸਕਾਰ ਜੇਤੂ ਪੋਲਿੰਗ ਵੱਲੋਂ ਵਿਟਾਮਿਨ ‘ਸੀ’ ਦਾ ਜ਼ੁਕਾਮ ਵਿੱਚ ਵਧੀਆ ਅਸਰ ਵਿਖਾਇਆ ਗਿਆ ਸੀ। ਕਈ ਸਾਲਾਂ ਤੱਕ ਦੁਨੀਆ ਭਰ ਵਿੱਚ ਇਸ ਵਿਟਾਮਿਨ ਉੱਤੇ ਖੋਜ ਕਰ ਕੇ ਇਹ ਸਾਬਤ ਹੋਇਆ ਕਿ 18,000 ਮਿਲੀਗ੍ਰਾਮ ਵਿਟਾਮਿਨ ਸੀ, ਰੋਜ਼ ਖਾਣ ਤੋਂ ਬਾਅਦ ਵੀ ਕਿਸੇ ਇੱਕ ਵੀ ਮਰੀਜ਼ ਦਾ ਖੰਘ ਜ਼ੁਕਾਮ ਨਾ ਘਟਿਆ ਤੇ ਨਾ ਹੀ ਠੀਕ ਹੋਇਆ। ਇਨ੍ਹਾਂ ਸਾਰੀਆਂ ਖੋਜਾਂ ਦਾ ਨਿਚੋੜ ਸੰਨ 2013 ਵਿੱਚ ਕੋਕਰੇਨ ਨੇ ਛਾਪਿਆ ਕਿ ਜ਼ੁਕਾਮ, ਖੰਘ ਠੀਕ ਕਰਨ ਵਿੱਚ ਵਿਟਾਮਿਨ ਸੀ ਦਾ ਕੋਈ ਰੋਲ ਨਹੀਂ ਲੱਭਿਆ ਗਿਆ ਬਲਕਿ ਲੋੜੋਂ ਵੱਧ ਵਿਟਾਮਿਨ ਸੀ ਖਾਣ ਨਾਲ ਗੁਰਦੇ ਵਿੱਚ ਪੱਥਰੀਆਂ ਜ਼ਰੂਰ ਬਣ ਗਈਆਂ।
ਇਸੇ ਤਰ੍ਹਾਂ ਐਂਟੀਆਕਸੀਡੈਂਟ, ਜ਼ਿੰਕ ਆਦਿ ਵੀ ਬੇਅਸਰ ਸਾਬਤ ਹੋਏ। ਸਿਰਫ਼ ਵਿਟਾਮਿਨ ਡੀ ਦੀ ਜੇ ਕਮੀ ਹੋਵੇ ਤਾਂ ਵਿਟਾਮਿਨ ਡੀ ਸਹੀ ਮਾਤਰਾ ਵਿੱਚ ਲਈ ਜਾ ਸਕਦੀ ਹੈ।
ਯੇਲ ਯੂਨੀਵਰਸਿਟੀ ਦੇ ਇਮਿਊਨੋਲੌਜਿਸਟ ਡਾ. ਅਕੀਕੋ ਨੇ ਸਪਸ਼ਟ ਕੀਤਾ ਹੈ ਕਿ ਸੰਨ 1918 ਦੀ ਫਲੂ ਮਹਾਂਮਾਰੀ ਦੌਰਾਨ 50 ਕਰੋੜ ਲੋਕਾਂ ਨੂੰ ਬੀਮਾਰੀ ਹੋਈ ਤੇ ਇਕ ਕਰੋੜ ਮਰ ਗਏ। ਉਦੋਂ ਵਿਕਸ ਵੇਪੋਰਬ, ਸੱਪ ਦੇ ਤੇਲ ਅਤੇ ਮਿੰਟ ਚੂਸਣ ਦੀਆਂ ਗੋਲੀਆਂ ਦਾ ਅਰਬਾਂ ਦਾ ਕਾਰੋਬਾਰ ਹੋਇਆ। ਕੋਈ ਵਿਰਲਾ ਹੀ ਘਰ ਹੋਵੇਗਾ, ਜਿਸ ਨੇ ਉਦੋਂ ਇਨ੍ਹਾਂ ਚੀਜ਼ਾਂ ਨੂੰ ਵਰਤਿਆ ਨਾ ਹੋਵੇ। ਉਸ ਤੋਂ ਬਾਅਦ ਅਣਗਿਣਤ ਖੋਜਾਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਚੀਜ਼ਾਂ ਦਾ ਇਮਿਊਨਿਟੀ ਵਧਾਉਣ ਉੱਤੇ ਕੋਈ ਅਸਰ ਨਹੀਂ ਪਿਆ। ਸਿਰਫ਼ ਹਰ ਕਿਸੇ ਦੇ ਮਨ ਨੂੰ ਇਹ ਤਸੱਲੀ ਹੋ ਗਈ ਸੀ ਕਿ ਉਨ੍ਹਾਂ ਨੇ ਕੋਈ ਫ਼ਾਇਦੇਮੰਦ ਚੀਜ਼ ਖਾਧੀ ਹੈ, ਜਿਸ ਨਾਲ ਉਹ ਬਚ ਜਾਣਗੇ।
ਮੌਜੂਦਾ ਹਾਲਾਤ :-
ਇਸ ਸਮੇਂ ਵਿਸ਼ਵ ਪੱਧਰ ਉੱਤੇ ਖ਼ਰਬਾਂ ਦਾ ਕਾਰੋਬਾਰ ਸਿਰਫ਼ ਇਮਿਊਨਿਟੀ ਵਧਾਉਣ ਉੱਤੇ ਕੇਂਦ੍ਰਿਤ ਹੋਇਆ ਪਿਆ ਹੈ। ਜੇ ਸਮਝ ਆ ਗਈ ਹੋਵੇ ਕਿ ਇਮਿਊਨਿਟੀ ਨਾਲ ਛੇੜਛਾੜ ਮਹਿੰਗੀ ਪੈ ਸਕਦੀ ਹੈ ਤਾਂ ਇਸ ਝੰਜਟ ਤੋਂ ਪਰ੍ਹਾਂ ਹੋ ਕੇ ਸੰਤੁਲਿਤ ਖ਼ੁਰਾਕ, ਕਸਰਤ ਅਤੇ ਚੜ੍ਹਦੀਕਲਾ ਨਾਲ ਕੀਟਾਣੂਆਂ ਨਾਲ ਵਿੱਢੀ ਜੰਗ ਜਿੱਤੀ ਜਾ ਸਕਦੀ ਹੈ ਅਤੇ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਵੀ ਲੜਿਆ ਜਾ ਸਕਦਾ ਹੈ।
ਸਾਰ :-
ਸਾਰ ਇਹੋ ਹੈ ਕਿ ਅੰਤ ਤਾਂ ਹਰ ਕਿਸੇ ਉੱਤੇ ਆਉਣਾ ਹੀ ਹੈ। ਆਪਣੇ ਸਰੀਰ ਨਾਲ ਜਾਂ ਕੁਦਰਤ ਨਾਲ ਛੇੜਛਾੜ ਕਰਨੀ ਮਹਿੰਗੀ ਪੈਂਦੀ ਹੈ। ਇਮਿਊਨਿਟੀ ਵਧਾਉਣ ਜਾਂ ਸਰੀਰ ਵਿਚਲੇ ਇਮਿਊਨ ਸਿਸਟਮ ਨੂੰ ਹਾਲੇ ਤੱਕ ਆਪਣੇ ਹਿਸਾਬ ਨਾਲ ਚਲਾਉਣ ਦਾ ਢੰਗ ਕਿਸੇ ਨੂੰ ਨਹੀਂ ਆਇਆ। ਇਨ੍ਹਾਂ ਢਕੋਸਲਿਆਂ ਤੋਂ ਬਚ ਕੇ, ਫਾਲਤੂ ਦੇ ਸੈਨੇਟਾਈਜ਼ਰ ਤੇ ਡਿਸਇਨਫੈਕਟੈਂਟਾਂ ਤੋਂ ਨਿਜਾਤ ਪਾਉਣੀ ਬਿਹਤਰ ਹੈ। ਗੰਦਗੀ ਹਰ ਹਾਲ ਫੈਲਾਉਣ ਤੋਂ ਰੋਕਣ ਦੀ ਲੋੜ ਹੈ। ਮਾਸਕ ਪਾ ਕੇ ਆਪਣੇ ਸਾਹ ਰਾਹੀਂ ਫੈਲਦੇ ਕੀਟਾਣੂਆਂ ਨੂੰ ਜ਼ਰੂਰ ਬੰਨ੍ਹਿਆ ਜਾ ਸਕਦਾ ਹੈ।
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਿੱਗਦਾ ਮਿਆਰ
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡਿੱਗਦਾ ਮਿਆਰ
ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ-95920-93472
ਕੌਮਾਂ; ਆਪਣੀ ਕੌਮੀਅਤ ਨੂੰ ਸੰਭਾਲਣ ਲਈ ਜਿੰਦ-ਜਾਨ ਦਾਅ ’ਤੇ ਲਾ ਕੇ ਸੰਘਰਸ਼ ਕਰਦੀਆਂ ਹਨ। ਉਨ੍ਹਾਂ ਸਾਹਮਣੇ ਕੌਮੀ ਹੋਂਦ ਦੀ ਸਲਾਮਤੀ ਕਾਇਮ ਕਰਨੀ ਅਤੇ ਉਸ ਦਾ ਮਾਨ ਸਨਮਾਨ ਬਹਾਲ ਰੱਖਣਾ; ਵੱਡਾ ਨਿਸ਼ਾਨਾ ਹੁੰਦਾ ਹੈ। ਕੌਮੀ ਜਥੇਬੰਦੀ ਲਈ ਇੱਕ ਮਜ਼ਬੂਤ ਪ੍ਰਬੰਧ ਦੀ ਵੀ ਵੱਡੀ ਲੋੜ ਮਹਿਸੂਸ ਹੁੰਦੀ ਹੈ। ਅਜਿਹਾ ਢਾਂਚਾ; ਬੌਧਿਕ ਸ਼ਕਤੀ ਅਤੇ ਵੱਡੀ ਮਸ਼ੱਕਤ ਨਾਲ ਤਿਆਰ ਹੁੰਦਾ ਹੈ। ਕੌਮ ਸਾਹਮਣੇ ਵੱਡਾ ਸੰਕਟ ਸੰਸਥਾਂਵਾਂ ਦੀ ਗਰਿਮਾ ਨੂੰ ਸੰਭਾਲ਼ ਕੇ ਰੱਖਣਾ ਹੁੰਦਾ ਹੈ, ਜਿਸ ਲਈ ਸੰਸਥਾ ਨੂੰ ਹੋਂਦ ਵਿੱਚ ਲਿਆਉਣ ’ਚ ਇਸ ਦੇ ਸੰਸਥਾਪਕਾਂ ਨੇ ਸਫਲਤਾ ਪਾਈ ਸੀ।
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਲਈ ਵੀ ਇਸ ਦੇ ਪਿੱਛੇ ਸਿੱਖ ਕੌਮ ਦੇ ਸੂਝਵਾਨ ਸਿੱਖਾਂ ਦੀ ਗਹਿਰੀ ਸਿਆਣਪ ਰਹੀ ਹੈ। ਫਿਰ ਕਿਤੇ ਜਾ ਕੇ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੋਣ ਦਾ ਮਾਨ ਹਾਸਲ ਹੋਇਆ ਹੈ। ਹੁਣ ਇਹੀ (ਗਰਿਮਾ ਨੂੰ ਸੰਭਾਲ਼ ਕੇ ਰੱਖਣ ਵਾਲਾ) ਸੰਕਟ ਇਸ ਸੰਸਥਾ ਦੇ ਅਗਲੇ ਤੋਂ ਅਗਲੇ ਨਵੇਂ ਪ੍ਰਬੰਧਕਾਂ ਦੇ ਸਾਹਮਣੇ ਹੈ। ਸਿਆਣੇ ਅਤੇ ਦੂਰਅੰਦੇਸ਼ੀ ਵਾਲੇ ਨਵੇਂ ਸੱਜਣ ਕਈ ਵਾਰ ਜ਼ਿੰਮੇਵਾਰੀ ਲਈ ਆਪਣੇ ਅੰਦਰ ਦੀ ਯੋਗਤਾ ਚੰਗੀ ਤਰ੍ਹਾਂ ਪੜਚੋਲਦੇ ਹਨ। ਉਹ ਦੇਖਦੇ ਹਨ ਕਿ ਸਾਡੇ ਵਿੱਚ ਬਜ਼ੁਰਗਾਂ ਨਾਲੋਂ ਕੀ ਕੀ ਘਾਟ ਹੈ। ਐਸਾ ਦੇਖ ਕੇ ਉਹ ਆਪਣੀ ਘਾਟ ਪੂਰੀ ਕਰਨ ਦਾ ਨਿਸ਼ਾਨਾ ਤਹਿ ਕਰਦੇ ਹਨ। ਪ੍ਰਬੰਧਕ ਬਣਨਾ ਕੋਈ ਅਹੁਦਿਆਂ ਉੱਪਰ ਬੈਠ ਕੇ ਖ਼ਾਨਾਪੂਰਤੀ ਦੀ ਮਰਯਾਦਾ ਨਹੀਂ ਹੁੰਦੀ। ਪ੍ਰਬੰਧਕ ਬਣਨਾ ਤਾਂ ਆਪਣੀ ਨਰੋਈ ਯੋਗਤਾ ਦਾ ਬਿਹਤਰੀਨ ਪ੍ਰਭਾਵ ਆਪਣੇ ਸਮਾਜ ਉੱਤੇ ਪਾਉਣ ਦਾ ਮੌਕਾ ਹੁੰਦਾ ਹੈ ਤਾਂ ਕਿ ਕੌਮ ਮਾਣ ਕਰ ਸਕੇ ਕਿ ਸਾਡੀ ਕੌਮ ਵਿੱਚ ਵੇਖੋ ਕਿੰਨੇ ਯੋਗ ਪ੍ਰਬੰਧਕ ਹਨ, ਜਿਹੜੇ ਪਹਿਲਿਆਂ ਨਾਲੋਂ ਵੀ ਦੋ ਕਦਮ ਹੋਰ ਅੱਗੇ ਵਧ ਕੇ ਤਸੱਲੀ ਬਖ਼ਸ਼ ਸੇਵਾਵਾਂ ਨਿਭਾਅ ਰਹੇ ਹਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਿਆਰ ਅੱਜ ਤੋਂ ਨਹੀਂ, ਕਈ ਦਹਾਕੇ ਪਹਿਲਾਂ ਤੋਂ ਹੇਠਾਂ ਆਉਣਾ ਅਰੰਭ ਹੋ ਚੁੱਕਾ ਸੀ ਕਿਉਂਕਿ ਅਸੀਂ ਕੇਵਲ ਨੇੜੇ ਦੇ ਹਾਲਾਤਾਂ ਤੋਂ ਹੀ ਵਾਕਫ਼ ਹੁੰਦੇ ਹਾਂ। ਬੀਤ ਚੁੱਕੇ ਦੀ ਚੰਗਿਆਈ ਬੁਰਿਆਈ, ਨਫ਼ਾ-ਨੁਕਸਾਨ ਨਾਲ ਪੜ੍ਹ ਸੁਣ ਕੇ ਸੰਬੰਧ ਬਣਾਉਣ ਤੋਂ ਪਛੜ ਜਾਂਦੇ ਹਾਂ। ਪ੍ਰਬੰਧਕੀ ਮਿਆਰ ਦੇ ਡਿੱਗਣ ਪਿੱਛੇ ਕੁਝ ਬੁਨਿਆਦੀ ਇਹ ਕਾਰਨ ਰਹੇ ਹਨ :
ਪਹਿਲਾ ਕਾਰਨ ਗੁਰਬਾਣੀ ਅਤੇ ਰਹਿਤ ਮਰਯਾਦਾ ਅਨੁਸਾਰ ਨਿੱਜੀ ਜੀਵਨ ’ਚ ਅਮਲ ਨਾ ਹੋਣਾ ਹੈ, ਜਿਸ ਕਾਰਨ ਆਪਣੇ ਅੰਦਰ ਕੌਮ-ਪ੍ਰਸਤੀ ਲਈ ਮਜ਼ਬੂਤ ਸੋਚ ਨੂੰ ਪੈਦਾ ਨਾ ਕਰਨਾ ਹੈ। ਦੂਜਾ ਕਾਰਨ ਪਦਵੀ ਦੇ ਮਹੱਤਵ ਨੂੰ ਸਮਝੇ ਬਿਨਾਂ ਪਦਵੀ ਦੀ ਲਾਲਸਾ ਪਾਲ਼ ਲੈਣੀ ਤੇ ਉਹ ਪਦਵੀ ਅਯੋਗ ਢੰਗ ਨਾਲ ਹਾਸਲ ਵੀ ਕਰ ਲੈਣੀ ਹੈ। ਤੀਜਾ ਕਾਰਨ ਪ੍ਰਬੰਧਕੀ ਢਾਂਚੇ ਦੇ ਨਵੇਂ ਵਾਰਸਾਂ ਅੰਦਰ ਪਦਵੀ ਦੀ ਮਹੱਤਤਾ ਜਾਂ ਜਾਤੀ ਪ੍ਰਭੁਤਾ ਨੂੰ ਵੱਡਾ ਦਿਖਾਉਣ ਵਾਲੀ ਭੁੱਖ ਹੈ। ਚੌਥਾ ਕਾਰਨ ਪਦਵੀ ਦੇ ਅਸਰ ਰਸੂਖ ਦੀ ਦੁਰਵਰਤੋਂ ਕਰ ਆਪਣੇ ਜਾਤੀ ਹਿੱਤਾਂ ਦੀ ਪੂਰਤੀ ਲਈ ਸੋਚਦੇ ਰਹਿਣਾ ਹੈ। ਪੰਜਵਾਂ ਕਾਰਨ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਅੰਦਰ ਵੱਡੀ ਰਾਜਸੀ ਧਿਰ ਵੱਲ ਹੋਰ ਵੱਡੇ ਅਹੁਦੇਦਾਰੀਆਂ ਵਾਸਤੇ ਝਾਕਣਾ ਹੈ। ਛੇਵਾਂ ਕਾਰਨ ਭਾਈ-ਭਤੀਜਾਵਾਦ ਦੀ ਲਾਗ ਲੱਗਣੀ ਹੈ। ਸੱਤਵਾਂ ਕਾਰਨ ਮੁਲਾਜ਼ਮਾਂ ਦੀ ਭਰਤੀ ਲਈ ਯੋਗਤਾ ਦੀ ਥਾਂ ਮੂੰਹ ਮੁਲਾਹਜੇਦਾਰੀ ਨੂੰ ਸ੍ਰੇਸ਼ਟ ਮੰਨਣਾ ਹੈ ਆਦਿ। ਇਨ੍ਹਾਂ ਸਾਰੇ ਕਾਰਨਾਂ ਤੋਂ ਇਲਾਵਾ ਵੀ ਕਈ ਹੋਰ ਲੱਛਣ ਹੋ ਸਕਦੇ ਹਨ। ਅਜਿਹੇ ਲੱਛਣ ਜਿਵੇਂ ਜਿਵੇਂ ਸੰਸਥਾ ਦੇ ਨਵੇਂ ਬਣਨ ਵਾਲੇ ਪ੍ਰਬੰਧਕਾਂ ਵਿੱਚ ਵਧਦੇ ਜਾਣਗੇ ਤਿਵੇਂ ਤਿਵੇਂ ਹੀ ਪ੍ਰਬੰਧਕੀ ਮਿਆਰ ਉੱਚਾ ਉੱਠਣ ਦੀ ਥਾਂ ਰਸਾਤਲ ਵੱਲ ਹੋਰ ਵਧਦਾ ਰਹੇਗਾ।
ਇਸ ਡਿਗਦੇ ਮਿਆਰ ਦਾ ਅਹਿਸਾਸ; ਕੌਮ ਦਾ ਚੇਤੰਨ ਵਰਗ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਹੈ ਮਗਰ ਫਿਰ ਵੀ ਇਸ ਨੂੰ ਡਿੱਗਣ ਤੋਂ ਰੋਕਣ ਲਈ ਜੋ ਕੁਝ ਸਮੇਂ ਰਹਿੰਦਿਆਂ ਕਰਨਾ ਬਣਦਾ ਸੀ, ਉਹ ਨਾ ਹੋ ਸਕਿਆ ਕਿਉਂਕਿ ਚੇਤੰਨ ਵਰਗ ਅੰਦਰ ਵੀ ਇਸ ਪੱਖੋਂ ਨਿਰੰਤਰ ਢਿੱਲ ਪੈਂਦੀ ਆ ਰਹੀ ਹੈ। ਨਵੇਂ ਚੁਣੇ ਅਤੇ ਮੌਜੂਦਾ ਪ੍ਰਬੰਧ ਸੰਭਾਲੀ ਬੈਠੇ ਸੱਜਣ ਵੀ ਜਦੋਂ ਅਤੀਤ ਦੇ ਸੰਸਥਾਪਕਾਂ ਦੁਆਰਾ ਸੰਸਥਾ ਲਈ ਭਰੇ ਹੀਰੇ ਮੋਤੀ (ਕੌਮੀ ਹਿੱਤ ’ਚ ਲਏ ਨਿੱਗਰ ਫ਼ੈਸਲੇ) ਦੇਖਦੇ ਹਨ ਤਾਂ ਇੱਕ ਵਾਰ ਜ਼ਰੂਰ ਉਨ੍ਹਾਂ ਦੀ ਕਰਨੀ ਵਾਲਾ ਵਿਸਮਾਦ; ਇਨ੍ਹਾਂ ਅੰਤਰ ਥਰਥਰਾਹਟ ਛੇੜ ਕੇ ਜਾਗਣ ਦੀ ਪ੍ਰੇਰਨਾ ਕਰਦਾ ਹੋਵੇਗਾ। ਉਸ ਰੁਤਬੇ ਨੂੰ ਸਾਂਭਣ ਅਤੇ ਕਰਨੀ ਨੂੰ ਮਾਨਣ ਦੀ ਹਿੰਮਤ ਸਤਿਗੁਰੂ ਜੀ ਦੇ ਦਰੋਂ-ਘਰੋਂ; ਝੋਲ਼ੀ ਅੱਡ ਕੇ ਮੰਗਣੀ ਪਵੇਗੀ। ਇਹ ਮੰਗਣ ਦਾ ਸੁਭਾਗ ਹਰ ਇੱਕ ਦੇ ਭਾਗਾਂ ਵਿੱਚ ਨਹੀਂ ਹੁੰਦਾ। ਬਹੁਤੇ ਆਪਣੀ ਮੈਂ ਤੇ ਟੈਂ ਦੀ ਟੀਸੀ ਤੋਂ ਥੱਲੇ ਝਾਕ ਸਕਣ ਵਾਲੀ ਗੁਰ ਬਖ਼ਸ਼ਿਸ਼ ਨੂੰ ਜਾਣਦੇ ਹੀ ਨਹੀਂ ਹਨ। ਹੁਣ ਦਿਖਾਈ ਦੇ ਰਿਹਾ ਪ੍ਰਬੰਧਕਾਂ ਦੇ ਡਿੱਗੇ ਮਿਆਰ ਦਾ ਆਖਰੀ ਸਿਰਾ ਮਹਿਸੂਸ ਹੋ ਰਿਹਾ ਹੈ। ਇਨ੍ਹਾਂ ਪ੍ਰਬੰਧਕਾਂ ਦੀ ਕਾਰਜਵਿਧੀ ਵਿੱਚ ਕੌਮੀ ਸਿਧਾਂਤਾਂ ਅਤੇ ਸਵੈਮਾਨ ਪੱਖੋਂ ਆਈ ਹੋਈ ਗਿਰਾਵਟ ਦੀ ਤੋਬਾ ਹੀ ਹੋ ਗਈ।
ਇੱਕ ਸਵਾਲ ਬਹੁਤ ਰੜਕਦਾ ਹੈ ਕਿ ਡਿੱਗੇ ਹੋਏ ਮਿਆਰ ਨੂੰ ਦੁਬਾਰਾ ਉੱਚਾ ਕਿਵੇਂ ਚੁੱਕਿਆ ਜਾ ਸਕਦਾ ਹੈ ? ਪਿਛਲੇ ਦੋ ਤਿੰਨ ਦਹਾਕਿਆਂ ਤੋਂ ਵਧੇਰੇ ਡਿੱਗਣਾ ਅਰੰਭ ਹੋਇਆ ਇਹ ਮਿਆਰ; ਅੱਜ ਬੱਚੇ, ਬੁੱਢੇ ਤੇ ਜਵਾਨ ਲਈ ਵੱਡੀ ਬੇਚੈਨੀ ਬਣ ਗਿਆ ਹੈ। ਵੇਖਣ ਨੂੰ ਤਾਂ ਦੋ ਜਾਂ ਤਿੰਨ ਦਹਾਕਿਆਂ ਤੋਂ ਚੋਣ ਪ੍ਰਬੰਧ ਵਿੱਚ ਬਰਾਬਰ ਅਤੇ ਭਾਈਵਾਲ ਬਣਨ ਲਈ ਕੁਝ ਕੁ ਧਿਰਾਂ ਪ੍ਰਬੰਧਕ ਮਿਆਰ ਦੀ ਗੱਲ ਅੱਗੇ ਰੱਖ ਕੇ ਪ੍ਰਬੰਧ ਤੱਕ ਪਹੁੰਚਣ ਲਈ ਕਾਫ਼ੀ ਯਤਨਸ਼ੀਲ ਹਨ, ਪਰ ਉਨ੍ਹਾਂ ਦੇ ਕੰਮ ਕਰਨ ਦਾ ਢੰਗ ਸਿੱਖ ਕੌਮ ਦੀ ਮਾਨਸਿਕਤਾ ਨੂੰ ਪ੍ਰਭਾਵਤ ਨਹੀਂ ਕਰਦਾ। ਉਹ ਕੇਵਲ ਆਪਣੀ ਜਥੇਬੰਦਕ ਹੋਂਦ ਬਚਾਉਣ ਤੱਕ ਹੀ ਰੁਝੇ ਹੋਏ ਹਨ। ਸੰਨ 2015 ਤੋਂ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਕਾਲ ਸਿੱਖ ਕੌਮ ਦੇ ਵਿਹੜੇ ’ਚ ਸਭ ਤੋਂ ਵੱਡੀ ਨਿਰਾਸ਼ਾ ਪੈਦਾ ਕਰਦਾ ਆ ਰਿਹਾ ਹੈ। ਇਸ ਸੰਸਥਾ ਦੀਆਂ ਨਵੀਆਂ ਚੋਣਾਂ ਨੂੰ ਲੈ ਕੇ ਕੌਮੀ ਝੋਲ਼ੀ ਅੰਦਰ ਕੇਵਲ ਕਿਆਸ-ਅਰਾਈਆਂ ਹਨ ਜਾਂ ਗ਼ਲਤਫ਼ਹਿਮੀ ਵਿੱਚੋਂ ਬੁਣੇ ਸੁਪਨੇ ਹਨ। ਇਸ ਘੋਰ ਰਸਾਤਲ ਵਿੱਚ ਡਿੱਗ ਚੁੱਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਿਆਰ ਤੋਂ ਬਾਅਦ ਜਾਪਦਾ ਹੈ ਕਿ ਹੁਣ ਸਿੱਖ ਹੋਰ ਬਰਦਾਸ਼ਤ ਨਹੀਂ ਕਰਨਾ ਚਾਹੇਗੇ। ਕੌਮੀ ਸੱਥਾਂ ਵਿੱਚੋਂ ਇਸ ਦੇ ਪੱਕੇ ਸੁਧਾਰ ਲਈ ਕੌਮੀ ਸਿਧਾਂਤਾਂ ਅਤੇ ਸਵੈਮਾਨ ਦੇ ਉਸ ਰੁਤਬੇ ਨੂੰ ਮੁੜ ਹਾਸਲ ਕਰਨ ਵਾਸਤੇ ਛੇਤੀ ਹੀ ਵਿਉਂਤਬੰਦੀ ਨਾਲ ਕਦਮ ਪੁੱਟਣ ਦੀ ਮਜ਼ਬੂਤ ਪਹਿਲ ਕਦਮੀ ਹੋਵੇਗੀ।
ਦਾਸ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੂਨੀ ਅਤੇ ਬਹਿਰੂਨੀ ਸਾਰੇ ਪ੍ਰਬੰਧ ਨਾਲ ਸੰਨ 1975 ਤੋਂ ਸਿੱਧਾ ਸੰਬੰਧ
ਰਿਹਾ ਹੈ। 18 ਕੁ ਵਰ੍ਹਿਆਂ ਤੋਂ ਸ਼੍ਰੋਮਣੀ ਕਮੇਟੀ ਤੋਂ ਬਾਹਰ ਵੀ ਪੰਥਕ ਅਤੇ ਸਮਾਜਕ ਗਤੀਵਿਧੀਆਂ ਨਾਲ ਸੰਬੰਧ ਰਿਹਾ, ਪਰ ਫਿਰ ਵੀ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਹਾਲਾਤਾਂ ਨਾਲ ਲਗਾਅ ਬਣਿਆ ਰਿਹਾ ਹੈ। ਸੱਚ ਤਾਂ ਇਹ ਹੈ ਕਿ ਜੇਕਰ ਸ: ਗੁਰਚਰਨ ਸਿੰਘ ਟੌਹੜਾ ਅਤੇ ਸ: ਪ੍ਰਕਾਸ਼ ਸਿੰਘ ਬਾਦਲ ਵਿਚਕਾਰ ਜੋ ਭਾਰਤੀ ਖ਼ੁਫ਼ੀਆ ਤੰਤਰ ਨੇ ਭਾਈ ਰਣਜੀਤ ਸਿੰਘ ਜੀ ਦੀ ਕਾਰਗੁਜ਼ਾਰੀ ਨਾਲ ਖੇਲ ਖੇਡਿਆ ਹੈ ਕਾਸ਼ ਉਸ ਨੂੰ ਸਮੇਂ ਸਿਰ ਸਮਝ ਲਿਆ ਜਾਂਦਾ ਤਾਂ ਅਜੋਕੀ ਉਦਾਸੀ ਤੇ ਨਿਰਾਸ਼ਾ ਤੋਂ ਬਚਾਅ ਹੋ ਜਾਣਾ ਸੀ। ਸੰਨ 1998 ਤੋਂ ਸ: ਬਾਦਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਪ੍ਰਬੰਧ ’ਤੇ ਮਨ ਚਾਹਿਆ ਦਬ ਦਬਾਅ ਹੈ। ਪ੍ਰਧਾਨ ਉਨ੍ਹਾਂ ਦੀ ਜੀਅ ਹਜ਼ੂਰੀ ਤੋਂ ਬਗੈਰ ਨਾ ਛਿੱਕ ਮਾਰਦੇ ਹਨ, ਨਾ ਕਦਮ ਪੁੱਟਦੇ ਹਨ ਅਤੇ ਨਾ ਹੀ ਕਾਗਜ਼ ’ਤੇ ਕੋਈ ਅੱਖਰ ਲਿਖਣ ਦੀ ਹਿੰਮਤ ਰੱਖਦੇ ਹਨ। ਸ: ਬਾਦਲ ਤੇ ਉਸ ਦੀ ਪਾਰਟੀ ਦੇ ਕੁਝ ਮੋਹਤਬਰ ਲਗਾਤਾਰ ਉੱਚੀ-ਉੱਚੀ ਕਹਿੰਦੇ ਰਹਿੰਦੇ ਹਨ ਕਿ ਸਾਡਾ ਕੋਈ ਦਖ਼ਲ ਨਹੀਂ, ਪਰ ਸੱਚ ਇਹ ਹੈ ਕਿ ਉਨ੍ਹਾਂ ਦੀ ਮਰਜ਼ੀ ਬਿਨਾਂ ਸ੍ਰੋਮਣੀ ਕਮੇਟੀ ’ਚ ਪੱਤਾ ਵੀ ਨਹੀਂ ਹਿਲਦਾ।
ਮੂਲ ਨਾਨਕਸ਼ਾਹੀ ਕੈਲੰਡਰ ਦੇ ਕਤਲ ਕਰਨ ਤੋਂ ਸਾਹਮਣੇ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗ਼ੁਲਾਮ ਅਹੁਦੇਦਾਰੀ ਦਾ ਨੰਗਾ ਨਾਚ ਨਿਰੰਤਰ ਜਾਰੀ ਹੈ। ਕੰਮ ਧੰਦਿਆਂ ਦੀ ਨੀਂਦ ਵਿੱਚ ਸੁੱਤੇ ਪਏ ਸਿੱਖ; ਮਾਇਆ ਮਮਤਾ ਦੇ ਨਿੱਜੀ ਸੁਪਨੇ ਦੇਖਦੇ ਘਰਾੜੇ ਮਾਰਦੇ ਪਏ ਹਨ। ਜਦ ਵੱਡਾ ਝਟਕਾ ਲੱਗਦਾ ਹੈ ਤਾਂ ਅੱਬੜ ਵਾਹੇ ਉੱਠ ਕੇ ਬਾਵਰਾ ਦੌੜ, ਦੌੜਨ ਲੱਗਦੇ ਹਨ। ਕੌਮ ਦਾ ਵੱਡਾ ਹਿੱਸਾ ਸਿਆਸੀ ਗ਼ਰਜ਼ਾਂ ਨੇ ਗੁਮਰਾਹ ਕਰ ਪਿੱਛੇ ਲਗਾ ਲਿਆ ਹੈ। ਅਣਦਿਸਦੀ ਆਰ. ਐਸ. ਐਸ. ਦੀ ਦਖ਼ਲ ਅੰਦਾਜ਼ੀ; ਸਿੱਖ ਸਰੂਪ ’ਚ ਖ਼ਾਲਸਈ ਸਿਧਾਂਤਾਂ ਅਤੇ ਮਾਨ ਮਰਯਾਦਾ ਦੀਆਂ ਜੜ੍ਹਾਂ ਵਿੱਚਰ ਲਗਾਤਾਰ ਤੇਲ ਪਾ ਕੇ ਭਾਂਬੜ ਬਾਲ਼ ਰਹੀ ਹੈ। ਸਿੱਖ ਕੌਮ ਦੇ ਥੋੜ੍ਹੇ ਜਿਹੇ ਸਿਧਾਂਤਵਾਦੀ ਜੋ ਅਸਲ ’ਚ ਖ਼ਾਲਸਾ ਪੰਥ ਦੇ ਸੱਚੇ ਸੇਵਕ ਹਨ, ਉਨ੍ਹਾਂ ਨੂੰ ਪੰਥਕ ਗਦਾਰ ਸਾਬਤ ਕਰਨ ਲਈ ਬ੍ਰਾਹਮਣਵਾਦੀ ਸੰਪਰਦਾ ਦਾ ਸਿਰਮੌਰ ਸਿੱਖ ਸੰਸਥਾਂਵਾਂ ਅੰਦਰ ਪ੍ਰਵੇਸ਼ ਕਰਵਾ ਦਿੱਤਾ ਗਿਆ ਹੈ। ਗੁਰੂ ਦੁਆਰਾ ਬਖ਼ਸ਼ੀ ਕੌਮ ਪ੍ਰਤੀ ਵਫ਼ਾਦਾਰੀ ਹੋਣ ਕਾਰਨ ਬਹੁਤ ਹੀ ਗੰਭੀਰਤਾ ਨਾਲ ਜੋ ਦਾਸ ਨੇ ਮਹਿਸੂਸ ਕੀਤਾ, ਉਹੀ ਖ਼ਾਲਸਾ ਪੰਥ ਦੀ ਕਚਹਿਰੀ ਵਿੱਚ ਬਿਆਨ ਕਰ ਰਿਹਾ ਹਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰਾਂ ਅਹੁਦੇਦਾਰਾਂ ਵੱਲੋਂ ਹਰਿਆਣੇ ਦੇ ਸਿੱਖਾਂ ਦਾ ਵਿਸ਼ਵਾਸ ਨਾ ਜਿੱਤ ਸਕਣ ਕਾਰਨ ਹੀ ਆਪਣੇ ਵੱਡੇ ਹੋਣ ਦਾ ਰੁਤਬਾ ਕਮਜ਼ੋਰ ਕਰ ਲਿਆ ਹੈ। ਇੱਥੋਂ ਤੱਕ ਕਿ ਉੱਥੋਂ ਦੇ ਸਤਿਕਾਰਤ ਨੁਮਾਇੰਦਿਆਂ ਨਾਲ ਵੀ ਕੌਮੀ ਮਾਨਤਾਵਾਂ ਵਾਲਾ ਵਿਵਹਾਰ ਨਾ ਕਰਨਾ ਤੇ ਨਾ ਕਰਵਾਉਣਾ; ਅਜੋਕੀ ਗਿਰਾਵਟ ਵੱਲ ਡਿੱਗਣ ਦਾ ਧੱਕਾ ਲੱਗਿਆ ਹੈ। ਸੰਨ 2015 ਵਿੱਚ ਜਥੇਦਾਰ ਗਿ: ਗੁਰਬਚਨ ਸਿੰਘ ਜੀ ਅਤੇ ਹੋਰ ਸਹਿਯੋਗੀਆਂ ਰਾਹੀਂ ਸੌਦਾ ਸਾਧ ਨੂੰ ਮਾਫ਼ ਕਰਵਾਉਣ ਵਾਲਾ ਕੋਝਾ ਕੰਮ ਕਰਵਾਉਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਨੇ ਸੰਸਥਾਂਵਾਂ ਦਾ ਮਿਆਰ ਡੇਗਣ ਤੋਂ ਇਲਾਵਾ ਕੌਮੀ ਚਿਹਰੇ ਉੱਤੇ ਕਲੰਕ ਦੀ ਕਾਲ਼ੀ ਕਾਲ਼ਖ ਐਸੀ ਮਲ਼ੀ, ਜੋ ਧੋਤਿਆਂ ਵੀ ਨਹੀਂ ਉਤਰਨੀ। ਇਸ ਸਾਰੀ ਖੇਡ ਦਾ ਕਪਤਾਨ ਬਾਦਲ ਪਰਿਵਾਰ ਹੈ। ਗੁਰੂ ਦੀ ਗੋਲਕ ’ਚੋਂ 94 ਲੱਖ ਰੁਪਏ ਤੋਂ ਵੱਧ; ਇਸ (ਸੌਦਾ ਸਾਧ) ਕੁਫ਼ਰ ਨੂੰ ਸਹੀ ਸਿੱਧ ਕਰਨ ਲਈ ਅਖ਼ਬਾਰੀ ਇਸ਼ਤਿਹਾਰੀ ’ਤੇ ਖ਼ਰਚ ਕਰ ਦਿੱਤਾ ਗਿਆ। ਕੌਮ ਕਲਪਦੀ ਰਹੀ ਕਿ ਪਾਪ ਹੈ, ਪਾਪ ਹੈ। ਕੌਮ ਨਾਲ ਧੋਖਾ ਹੈ, ਧੋਖਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਬੇਬਾਕੀ ਨਾਲ ਸਾਰੇ ਝਾਕੇ ਲਾਹ ਕੇ ਜਥੇਦਾਰਾਂ ਦੇ ਪਹਿਲਾਂ ਲਏ ਫ਼ੈਸਲੇ ਨੂੰ ਰੱਦ ਕੀਤਾ ਗਿਆ। ਸਭ ਨੇ ਇਹ ਮਹਿਸੂਸ ਕੀਤਾ ਕਿ ਇੱਕ ਧੜੇ ਦੇ ਸਮੱਰਥਕ ਇਨ੍ਹਾਂ ਜਥੇਦਾਰਾਂ ਨੇ ਜੋ ਕੁਝ ਵੀ ਕਰਨਾ ਹੈ, ਕਰ ਲੈਣ ਸਾਨੂੰ ਇਨ੍ਹਾਂ ਦੀ ਹੁਣ ਕੋਈ ਪਰਵਾਹ ਨਹੀਂ। ਜ਼ਿਆਦਾਤਰ ਸਿੱਖ; ਜਥੇਦਾਰਾਂ ਦੇ ਫ਼ੈਸਲਿਆਂ ਤੋਂ ਹੀ ਬਾਗੀ ਹੋ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਿਗਦੇ ਜਾ ਰਹੇ ਮਿਆਰ ਦਾ ਇਹ ਸਭ ਤੋਂ ਹੇਠਲਾ ਡੰਡਾ ਸੀ। ਕੁਫ਼ਰ ਨੂੰ ਸੱਚ ਕਹਿਣ ਲਈ ਦਿੱਲੀ ਤੋਂ ਬਾਦਲਕਿਆਂ ਦੇ ਝੋਲ਼ੀ ਚੁੱਕ ਬੱਸਾਂ ਭਰ-ਭਰ ਕੇ ਆਏ, ਪਰ ਫਿਰ ਵੀ ਕੌਮ ਨੇ ਇਨ੍ਹਾਂ ਨੂੰ ਬਰਦਾਸ਼ਤ ਨਾ ਕੀਤਾ।
ਸਤੰਬਰ 2015 ’ਚ ਜਥੇਦਾਰ; ਸੌਦਾ ਸਾਧ ਨੂੰ ਮਾਫ਼ ਕਰ ਕੌਮ ਨੂੰ ਨਿਰਾਸ਼ਾ ਦੇ ਖੂਹ ’ਚ ਸੁੱਟਣ ਦਾ ਕਾਲ਼ਾ ਕਾਰਾ ਕਰਦੇ ਹਨ। 12 ਅਕਤੂਬਰ 2015 ਨੂੰ ਬਾਦਲਕਿਆਂ ਦੀ ਸਿਆਸੀ ਵੋਟ ਬੈਂਕ ਦਾ ਆਕਾ, ਸੌਦਾ ਸਾਧ ਆਪਣੇ ਚੇਲਿਆਂ ਰਾਹੀਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਘੋਰ ਨਿਰਾਦਰ, ਐਲਾਨੀਆ ਰੂਪ ਵਿੱਚ ਕਰਵਾ ਕੇ ਕੌਮ ਦੀ ਸਾਹ ਰਗ ਨੂੰ ਹੱਥ ਪਾ ਲੈਂਦਾ ਹੈ। ਇਹ ਗੁਰੂ ਸਾਹਿਬ ਦਾ ਸ਼ੁਕਰ ਹੈ ਕਿ ਇਸ ਦੁੱਖਦਾਈ ਮੌਕੇ ਸਿੱਖ ਕੌਮ ਨਿਰਭੈ ਹੋ ਕੇ ਸੜਕਾਂ ’ਤੇ ਆਣ ਖਲੋਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸਾਰੇ ਪੰਜਾਬ ਭਰ ਵਿੱਚੋਂ ਹਨ ਇਨ੍ਹਾਂ ਨੂੰ ਅੱਜ ਤੱਕ ਸਮਝ ਨਾ ਆਈ; ਜਿਵੇਂ ਸੱਪ ਸੁੰਘ ਗਿਆ ਹੋਵੇ। ਇਸ ਦੇ ਵਿਰੋਧ ’ਚ ਇੱਕ ਬੋਲ ਨਾ ਬੋਲ ਸਕੇ। ਬਹੁਤ ਥੋੜ੍ਹੇ ਜਿਹੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਬਰਗਾੜੀ ਅਤੇ ਬਹਿਬਲ ਕਲਾਂ ਕਾਂਡ ਦੇ ਦੁੱਖ ਵਜੋਂ ਅਸਤੀਫ਼ੇ ਦਿੱਤੇ। ਸਿੱਖ ਸੰਗਤ ਦੇ ਮਨਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਹੋਰ ਵੀ ਹੇਠਾਂ ਡਿੱਗ ਪਈ।
ਸੰਨ 2016 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ (ਗੁਰਦੁਆਰਾ ਰਾਮਸਰ) ਵਿਖੇ ਬਿਜਲੀ ਦੇ ਕਰੰਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਦਾ ਨੁਕਸਾਨ ਹੋਇਆ। ਅੱਗ ਬੁਝਾਉਣ ਲਈ ਗੱਡੀਆ ਪੁੱਜਦੀਆਂ ਹਨ। ਮੌਕੇ ਦੀ ਕਾਰਜ ਕਾਰਨੀ ਅਤੇ ਮੁੱਖ ਅਧਿਕਾਰੀ ਤੇ ਮੁਲਾਜ਼ਮ ਉੱਥੇ ਪੁੱਜਦੇ ਹਨ, ਪਰ ਸਾਰੇ ਘਟਨਾਕ੍ਰਮ ’ਤੇ ਇੰਝ ਪਰਦਾ ਪਾਇਆ ਗਿਆ ਜਿਵੇਂ ਕਿ ਕੁਝ ਹੋਇਆ ਹੀ ਨਹੀਂ। ਨੁਕਸਾਨ-ਗ੍ਰਸਤ ਪਾਵਨ ਬੀੜਾਂ ਅਤੇ ਅੰਗੀਠੇ ਪੁੱਜੀਆਂ ਬੀੜਾਂ ਦਾ ਕੋਈ ਲਿਖਤੀ ਹਿਸਾਬ ਕਿਸੇ ਖਾਤੇ ਨਾ ਪਾਇਆ ਗਿਆ। ਕੌਮੀ ਤੌਰ ’ਤੇ ਜਾਂ ਗੁਪਤ ਤਰੀਕੇ ਨਾਲ ਵੀ ਕੋਈ ਪਾਠ ਜਾਂ ਪਛਤਾਵਾ ਤੱਕ ਵੀ ਨਹੀਂ ਕੀਤਾ ਗਿਆ ਕਿਉਂਕਿ ਅਗਲੇ ਸਾਲ ਸੰਨ 2017 ਦੀਆਂ ਚੋਣਾਂ ’ਤੇ ਅਸਰ ਪੈ ਜਾਣਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਾਵਨ ਬੀੜਾਂ ਵਿਸ਼ੇਸ਼ ਬੱਸ ’ਚ ਰੱਖ ਕੇ ਕੈਨੇਡਾ ਭੇਜੀਆਂ ਗਈਆਂ, ਜਿਨ੍ਹਾਂ ਨੂੰ ਵਿਸ਼ੇਸ਼ ਪ੍ਰੋਗਰਾਮ ਸਜਾ ਕੇ ਸਿਆਸੀ ਲਾਹਾ ਲੈਂਦਿਆਂ ਨਗਰ ਕੀਰਤਨ ਦੇ ਰੂਪ ’ਚ ਕੈਨੇਡਾ-ਅਮਰੀਕਾ ਦੇ ਭਿੰਨ-ਭਿੰਨ ਗੁਰਦੁਆਰਿਆਂ ’ਚ ਸਥਾਪਿਤ ਕਰਨਾ ਸੀ, ਪਰ ਕੋਰੋਨਾ ਬੀਮਾਰੀ ਕਾਰਨ ਪੰਜਾਬ ਤੋਂ ਸਿਆਸੀ ਲੋਕਾਂ ਦੇ ਓਥੇ ਸਮੇਂ ’ਤੇ ਨਾ ਪਹੁੰਚ ਸਕਣ ਕਾਰਨ ਹੋਈ ਦੇਰੀ ਕਰਕੇ ਸਾਰੇ ਹੀ ਪਾਵਨ ਸਰੂਪ ਬੱਸ ’ਚ ਪਏ ਪਏ ਖ਼ਰਾਬ ਹੋ ਗਏ। ਜਿਸ ਤਰ੍ਹਾਂ ਕੁਝ ਲੋਕਾਂ ਦੀ ਖੁਸ਼ਾਮਦ ਨੂੰ ਮੁੱਖ ਰੱਖ ਕੇ ਭੇਜੀਆਂ ਗਈਆਂ ਇਹ ਬੀੜਾਂ; ਬੇਅਦਬ ਹੋਈਆਂ ਇਹ ਵੀ ਪ੍ਰਬੰਧ ਦਾ ਗੂੜਾ ਕਾਲ਼ਾ ਪੰਨਾ ਹੈ। ਬੀੜਾਂ ਲੈ ਜਾਣ ਵਾਲੀ ਗੁਰੂ ਦੀ ਗੋਲਕ ’ਚੋਂ ਖ਼ਰੀਦੀ ਬਹੁ ਕੀਮਤੀ ਬੱਸ ਉੱਥੇ ਹੀ ਕੌਡੀਆਂ ਦੇ ਭਾਅ ਵੇਚ ਦਿੱਤੀ ਗਈ। ਇੱਥੇ ਬੱਸ ਦੇ ਰਿਕਾਰਡ ’ਤੇ ਅਜੇ ਵੀ ਸਵਾਲ ਉੱਠ ਰਹੇ ਹਨ।
ਸੰਨ 2016 ਤੋਂ ਲਗਾਤਾਰ ਗ਼ੈਰ-ਸਤਿਕਾਰਤ ਤਰੀਕੇ ਨਾਲ ਪਾਵਨ ਬੀੜਾਂ ਚਹੇਤਿਆਂ ਨੂੰ ਦਿੱਤੀਆਂ ਅਤੇ ਦਿਵਾਈਆਂ ਗਈਆਂ। 267 ਬੀੜਾਂ ਦੀ ਜਾਂਚ ’ਚ ਖ਼ੁਲਾਸਾ ਹੋ ਗਿਆ ਕਿ 328 ਬੀੜਾਂ ਗ਼ਾਇਬ ਹਨ। ਇਸ ਮਾਮਲੇ ’ਚ 27 ਅਗਸਤ 2020 ਨੂੰ ਅੰਤ੍ਰਿਗ ਕਮੇਟੀ; ਮੁਲਾਜ਼ਮ ਦੋਸ਼ੀਆਂ ’ਤੇ ਪਰਚੇ ਦਰਜ ਕਰਾਉਣ ਦਾ ਐਲਾਨ ਕਰਦੀ ਹੈ, ਪਰ 5 ਸਤੰਬਰ ਨੂੰ ਕੂਹਣੀ ਮੋੜ ਕੱਟ ਲਿਆ ਜਾਂਦਾ ਹੈ। ਪੰਥ ਦੀ ਸੰਤੁਸ਼ਟੀ ਕਰਵਾਉਣ ਦੀ ਜਾਂ ਸਹਿਮਤੀ ਲੈਣ ਦੀ ਕੋਈ ਪਰਵਾਹ ਨਹੀਂ ਕੀਤੀ ਗਈ।
ਹੁਣ ਅਗਲਾ ਸਵਾਲ ਸਿੱਖ ਸੰਗਤ ਦੇ ਸਾਹਮਣੇ ਹੈ ਕਿ ਆਪਣੀ ਇਸ ਸਿਰਮੌਰ ਕਹੀ ਜਾਂਦੀ ਸੰਸਥਾ ਨੂੰ ਸੰਭਾਲਣਾ ਹੈ ਜਾਂ ਨਹੀਂ। ਜੇਕਰ ਕੌਮ ਨੇ ਇਸ ਹੋਈ ਦੁਰਗਤੀ ਨੂੰ ਸੁਧਾਰ ਕੇ ਮੁੜ ਇਸ ਕੌਮੀ ਘਾਟ ਨੂੰ ਅਤੇ ਇਸ ਦੇ ਮਿਆਰ ਨੂੰ ਮਾਨ ਕਰਨਯੋਗ ਬਣਾਉਣਾ ਹੈ ਤਾਂ ਜਾਤੀ-ਜਮਾਤੀ ਸੁੱਖ ਵਾਰਨ ਲਈ ਤਿਆਰ ਹੋਣਾ ਪਵੇਗਾ। ਇਕੱਲੀਆਂ ਊਣਤਾਈਆਂ ’ਤੇ ਟਿੱਪਣੀਆਂ ਕਰਨ ਨਾਲ, ਨਾ ਕਦੇ ਸੁਧਾਰ ਹੋਇਆ ਹੈ ਤੇ ਨਾ ਹੀ ਅਗਾਂਹ ਹੋਣਾ ਹੈ। ਪੰਥ-ਦਰਦੀਆਂ ਦੀ ਅਜੇ ਵੀ ਕੋਈ ਕਮੀ ਨਹੀਂ। ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਮਰਜ਼ੀ ਦਾ ਪ੍ਰਬੰਧ ਸਿਰਜਣ ਲਈ ਲਾਮਬੰਦ ਹੋਣਾ ਪਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਜਾਰੀ ਸਿੱਖ ਰਹਿਤ ਮਰਯਾਦਾ ’ਤੇ ਪਹਿਰਾ ਦਿੰਦਿਆਂ ਪੰਥਕ ਏਕਤਾ ਨਾਲ ਕੌਮੀ ਆਨ-ਸ਼ਾਨ ਲਈ ਸਮਰਪਿਤ ਹੋਣਾ ਪਵੇਗਾ।
Transforming Relations Part 13
Transforming Relations Part 13
A Journey from Autumn to Spring – The Secrets of Blissful Living
2nd Installment of 7th Chapter – Parenting – Last & Final Part of this Book
Parenting:
Should We Teach Our Religion To Our Children?
Some people, purely for psychological reasons, would not like to acquaint their children with any religion. They think that the child must grow up and then form his own ideas and select his own religion. They would give no religious instruction or moral training. This is not the right attitude, because the children in their formative years remain deprived of the vital direction they need in the early years of their life. Thus; their growth will be arbitrary and undisciplined like wild plants. As children, they must ask questions and if they are not satisfied or receive vague replies, they feel that something is lacking & wanting in their life. They thus grow up in a spiritual limbo. The idea that when they grow up, they will select a suitable moral code or spiritual guide does not work. Neither; will they have the time, desire or opportunity to do so.
Undoubtedly, children have a right to the best their parents possess in all phases of life, including religion. If the parents are Sikhs, they must make the effort to bring the true values of Sikhism and the noble ideals of the Gurus to the notice of their children. To deprive children of religious instruction is to deny them the assistance that the teachings of the Gurus can give them.
ਗਉੜੀ ਗੁਆਰੇਰੀ ਮਹਲਾ 5 ॥
ਹਮ ਧਨਵੰਤ ਭਾਗਠ ਸਚ ਨਾਇ ॥ ਹਰਿ ਗੁਣ ਗਾਵਹ ਸਹਜਿ ਸੁਭਾਇ ॥1॥ ਰਹਾਉ ॥
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥
(ਸ੍ਰ. ਗੁ. ਗ੍ਰੰ. ਸਾ. – ਪੰਨਾ 185-186)
Gau-rhee Guaa-ray-ree Mehlaa 5 ||
Ham Dhanvant Bhaagath Sach Naa-ay ||
Har Gun Gaava-ah Sahj Subhaa-ay || 1 || Rahaa-u ||
Pee-au Daa-day Kaa Khol Dithaa Khajaanaa ||
Taa May-rae Man Bha-i-aa Nidhaanaa || 1 ||
(SGGS – Gauree Guareree Mehla 5 – Page 185-186)
This will also mean that the vacuum in the child’s mind will remain unfulfilled and he will continue to live in a state of uncertainty and moral ignorance. It is better to provide him with some moral values & ideas rather than none.
Let Us Make a More Positive Approach to the Problem: It is not enough to encourage the social instincts of children. This may help in a limited way to make them realize that social instincts should have preference over selfish ones but the temptations in life are so sudden, overwhelming and strong that mere sense of social responsibility will not lead to any consequences. A strong moral foundation is necessary to withstand the onslaught of evil ideas or bad company.
It is meaningful and rewarding to tell children of the benefits of the moral support of the Gurus and the assistance they will receive if they follow the Sikh ethical code.
Should Religion Put Restrictions On Us ?
Some Thoughts from Late Dr. Gurbakhsh Singh Canada: At the Vancouver Island Camp, students asked some unusual questions. One youth asked, “Uncle, anyway, why do we have to have a religion? Why should it put restrictions on the freedom of an individual? One should be able to live the way one likes. Of course, one should not cheat or commit any other crime. “After listening to the question, I said, “This is a wonderful question. Today, let us utilize this period only to answer your open questions on any topic. Any more questions please. “The second student came out with another question, “Why should one continue to say ‘God’, ‘God’ (Waheguru, Waheguru), every day? OK, God does many favors for us. However, why should He demand daily recitation of His Name, contemplation & remembrance from us? Uncle, is God not Himself egocentric? I do not like your God.
“When asked how many of them would like to go swimming that afternoon (it was summertime) every one raised his hand. I asked, “Will the pool benefit from you when you swim in it? Do you oblige the pool when you enjoy it?” The answer was “No”.
I put another question to them, “During winter when you enjoy the sun at the beach, is the sun benefited by your sitting there?” Of course, the answer was the same.
Having thus prepared their mind, I asked, “If not, then why should you think you are obliging God when you bask in the ‘sun’ of the virtues of God or ‘swim’ in the comforts provided by Him?”
When we focus our thoughts on God, we contemplate on HIS virtues and try to imbibe them for lighting the path of our life. It is not GOD, who benefits, when we remember HIM, it is we, who benefit by focusing on HIS virtues to obtain peace and happiness. No doubt, reciting & repeating on HIS NAME like a parrot, without keeping the mind tuned to HIS virtues, is of little benefit. Now, I think you understand God is not an egocentric person. It is we; who on many occasions become ungrateful and fail to thank HIM for HIS favors. Again, it is we, who lose the benefit, which flows from HIS virtues if we do not contemplate & focus our thoughts on HIM & HIS VIRTUES.
Did anyone of you notice that I was late for the morning assembly in the Gurdwara? I asked, “Anyway, when the classes are over today I need two volunteers to go with me with a small gun.”
The students were surprised to hear that and looked at me askance. I continued, “I want you to break all the traffic red lights on my way, they unnecessarily delayed me in the morning. Today morning when I was coming to this place, at every crossing (intersection) the driver stopped the car. When I told him to move on as no car was coming from any other side, he responded that the police will give him a ticket (fine him).”When I pointed out that there was no police officer to be seen anywhere, he replied, “We may meet an accident and may lose our life.” I asked the driver, “How can there be an accident when there is no vehicle coming from any side?”
He said, “That is the law. We have to stop at the red light, vehicle or no vehicle from other sides.” I questioned the youth, “Is it not the wrong law? Why should one stop when there is no vehicle coming from any direction? A red light unnecessarily delays our journey.”
The students jointly responded, “Without red and green lights to direct the traffic, there will be chaos and many accidents will occur.
Even when the law is there, some people ignore the traffic rules and cause accidents. We should not remove red lights.”
‘Red and Green Light’ Of Our faith
“You mean to say that even when you are bothered and delayed, you should not disregard red lights.” The youth in one voice replied, “Yes, one should always follow the signals.”
I continued, “Now, it should be easy for you to understand the answer to your second question, why a religion has ‘red’ lights. They tell you not to defy certain directions to save yourself from meeting accidents of life. They have been ‘fixed’ not to obstruct your way of life, but to keep your path clear and safe. Some roads’ have permanent ‘red lights’, i.e. no entry.
A Sikh can neither SMOKE nor DRINK; nor is he/she is permitted to indulge in premarital / extramarital sexual relationships etc. You must study the Panth Pravanit Sikh Reht Maryada for this. One must move on at the ‘green light’ to reach his destination. Otherwise, not only he himself will miss the goal but will also delay the traffic (mislead other people) following him. I believe, now, you will also understand why Sikhs must focus their thoughts on GOD, contemplate & are in remembrance of Him for all time and recite Gurbani regularly, as directed by the Guru; this is the ‘green light’ of our faith.”
(ਇਹ ਇਸ ਪੁਸਤਕ ਦੀ ਆਖ਼ਰੀ ਕਿਸ਼ਤ ਹੈ —We shall start new series from next issue)
ਸੋ ਕਿਛੁ ਕਰਿ; ਜਿਤੁ ਮੈਲੁ ਨ ਲਾਗੈ ॥
ਸੋ ਕਿਛੁ ਕਰਿ; ਜਿਤੁ ਮੈਲੁ ਨ ਲਾਗੈ ॥
ਵਾ. ਪ੍ਰਿੰਸੀਪਲ ਮਨਿੰਦਰ ਪਾਲ ਸਿੰਘ-94175-86121
ਇਹ ਰੱਬੀ ਸੁਨੇਹਾ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਗਉੜੀ ਰਾਗ ਅੰਦਰ ਉਚਾਰਨ ਕੀਤਾ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 199 ਉੱਪਰ ਸੁਭਾਇਮਾਨ ਹੈ। ਇਸ ਸ਼ਬਦ ਰਾਹੀਂ ਸਤਿਗੁਰ ਜੀ ਸਮਝਾਉਂਦੇ ਹਨ ਕਿ ਹੇ ਭਾਈ ! ਉਹ ਉੱਦਮ ਕਰ, ਜਿਸ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ਼ ਨਾ ਲੱਗ ਸਕੇ ਤੇ ਤੇਰਾ ਮਨ; ਪਰਮਾਤਮਾ ਦੀ ਸਿਫ਼ਤ ਸਾਲਾਹ ਵਿੱਚ ਟਿੱਕ ਕੇ ਵਿਕਾਰਾਂ ਦੇ ਹੱਲਿਆਂ ਤੋਂ ਸਾਵਧਾਨ ਰਹੇ ‘‘ਸੋ ਕਿਛੁ ਕਰਿ; ਜਿਤੁ ਮੈਲੁ ਨ ਲਾਗੈ ॥ ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ॥’’ (ਮਹਲਾ ੫/੧੯੯)
ਜੀਵ ਇਸ ਸਚਾਈ ਤੋਂ ਅਨਜਾਣ ਹੈ ਕਿ ਇਹ ਆਪ ਅਪਵਿਤ੍ਰ ਹੈ। ਇਸ ਦੇ ਮਨ ਨੂੰ ਜਨਮਾਂ-ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ। ਫਲਸਰੂਪ ਇਹ ਸਿਆਹ ਕਾਲਾ ਹੋ ਗਿਆ ਹੈ। ਸਤਿਗੁਰ ਜੀ ਇਸ ਦੀ ਹਾਲਤ ਨੂੰ ਉਘਾੜਦੇ ਹਨ ਕਿ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ ੩/੬੫੧)
ਚਾਹੀਦਾ ਤਾਂ ਇਹ ਹੈ ਇਹ ਗੰਦਗੀ ਨੂੰ ਧੋਵੇ ਪਰ ਇਸ ਦੇ ਕਰਮ ਗੰਦਗੀ ਨੂੰ ਵਧਾਉਣ ਵਾਲੇ ਹਨ, ਘਟਾਉਣ ਵਾਲੇ ਨਹੀਂ। ਜੀਵ ਵਿੱਚ ਲਗਾਤਾਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਮੈਲ਼ ਵਧ ਰਹੀ ਹੈ। ਇਸ ਦਾ ਮਨ, ਇਸ ਦਾ ਸਰੀਰ; ਗੰਦਗੀ ਨਾਲ ਭਰਿਆ ਪਿਆ ਹੈ। ਚੌਥੇ ਪਾਤਿਸ਼ਾਹ ਇਸ ਸਚਾਈ ਨੂੰ ਦਰਸਾਉਂਦੇ ਹਨ ਕਿ ‘‘ਕਾਮਿ ਕਰੋਧਿ ਨਗਰੁ ਬਹੁ ਭਰਿਆ..॥’’ (ਮਹਲਾ ੪/੧੩), ਪਰ ਜੀਵ ਧਿਆਨ ਨਹੀਂ ਦਿੰਦਾ ਹਰ ਰੋਜ਼ ਕੰਨਾਂ ਰਾਹੀਂ ਪਤਾ ਨਹੀਂ ਕਿੰਨੀ ਗੰਦਗੀ ਹੋਰ ਆਪਣੇ ਅੰਦਰ ਸੁੱਟ ਰਿਹਾ ਹੈ। ਜੀਭ, ਨੱਕ ਤੇ ਅੱਖਾਂ ਰਾਹੀਂ ਲਗਾਤਰ ਇਸ ਗੰਦਗੀ ਵਿੱਚ ਹੋਰ ਵਾਧਾ ਕਰਦਾ ਰਹਿੰਦਾ ਹੈ। ਇਨ੍ਹਾਂ ਦਰਵਾਜ਼ਿਆਂ ਰਾਹੀਂ ਗੰਦਗੀ ਅੰਦਰ ਆਉਂਦੀ ਹੈ ਤੇ ਦਰਵਾਜ਼ਿਆਂ ਰਾਹੀਂ ਹੀ ਗੰਦਗੀ ਨੂੰ ਬਾਹਰ ਕੱਢਿਆ ਜਾਂਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸੁਚੇਤ ਹੋ ਕੇ ਆਪਣੇ ਇੰਦਰਿਆਂ ਨੂੰ ਇਹ ਗੰਦਗੀ ਸਾਫ਼ ਕਰਨ ਲਈ ਸਮਝਾਵੋ। ਕੰਨਾਂ ਨੂੰ ਕਹੋ ਕਿ ‘‘ਏ ਸ੍ਰਵਣਹੁ ਮੇਰਿਹੋ ! ਸਾਚੈ (ਨੇ) ਸੁਨਣੈ ਨੋ ਪਠਾਏ ॥ (ਮਹਲਾ ੩/੯੨੨), ਇਸ ਲਈ ‘‘ਸੁਣਹੁ ਸਤਿ ਬਾਣੀ ॥’’
ਰਸਨਾ ਨੂੰ ਆਵਾਜ਼ ਮਾਰ ਕੇ ਕਹੋ ਕਿ ‘‘ਏ ਰਸਨਾ ! ਤੂ ਅਨ ਰਸਿ ਰਾਚਿ ਰਹੀ; ਤੇਰੀ ਪਿਆਸ ਨ ਜਾਇ ॥ ਪਿਆਸ ਨ ਜਾਇ ਹੋਰਤੁ ਕਿਤੈ; ਜਿਚਰੁ ਹਰਿ ਰਸੁ ਪਲੈ ਨ ਪਾਇ ॥’’ (ਮਹਲਾ ੩/੯੨੧)
ਅੱਖਾਂ ਨੂੰ ਆਵਾਜ਼ ਸਮਝਾਓ ਕਿ ‘‘ਏ ਨੇਤ੍ਰਹੁ ਮੇਰਿਹੋ ! ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥’’ (ਮਹਲਾ ੩/੯੨੨) ਆਦਿ।
ਜਦੋਂ ਇਹ ਇੰਦਰੇ ਇਸ ਢੰਗ ਨਾਲ ਗੁਰਮਤਿ ਅਨੁਸਾਰੀ ਕੰਮ ਕਮਾਉਣ ਲੱਗ ਪੈਣਗੇ ਤਾਂ ਇਨ੍ਹਾਂ ਦੀ ਮੈਲ਼ ਕੱਟੀ ਜਾਵੇਗੀ। ਇਹ ਪਵਿਤ੍ਰ ਹੋ ਜਾਣਗੇ, ਪਰ ਸਾਡਾ ਗੁਰਬਾਣੀ ਵੱਲੋਂ ਦ੍ਰਿਸ਼ਟੀਕੋਣ ਹੀ ਬਦਲ ਗਿਆ ਹੋਇਆ ਹੈ। ਪਵਿੱਤ੍ਰਤਾ ਬਖ਼ਸ਼ਿਸ਼ ਕਰਨ ਵਾਲੀਆਂ ਚੀਜ਼ਾਂ ਦਾ ਅਸੀਂ ਤਿਆਗ ਕਰ ਦਿੱਤਾ ਹੈ ਤੇ ਜੋ ਮਨ ਨੂੰ ਮਲੀਨ ਕਰਦੀਆਂ ਹਨ ਉਨ੍ਹਾਂ ਨਾਲ ਪ੍ਰੇਮ ਪਾ ਲਿਆ ਹੈ। ਸਾਡੀ ਤਾਂ ਹਾਲਤ ਇਉਂ ਹੈ ‘‘ਖੋਟੇ ਕਉ ਖਰਾ ਕਹੈ; ਖਰੇ ਸਾਰ ਨ ਜਾਣੈ ॥’’ (ਮਹਲਾ ੧/੨੨੯) ਅਸੀਂ ਅੰਮ੍ਰਿਤ ਪਦਾਰਥਾਂ ਨੂੰ ਕੌੜਾ ਸਮਝ ਕੇ ਤਿਆਗ ਦਿੱਤਾ ਹੈ ਅਤੇ ਸ਼ਰਾਬ, ਭੰਗ, ਅਫ਼ੀਮ ਆਦਿ ਜ਼ਹਿਰੀਲੀਆਂ ਚੀਜਾਂ ਨੂੰ ਪੀਣਾ ਅਤੇ ਖਾਣਾ ਸ਼ੁਰੂ ਕਰ ਕੇ ਗੰਦੇ ਹੋ ਰਹੇ ਹਾਂ। ਸਾਡੇ ਜੀਵਨ ਦੀ ਇਹ ਸਚਾਈ ਹੈ ਕਿ ‘‘ਜੋ ਹਲਾਹਲ; ਸੋ ਪੀਵੈ ਬਉਰਾ ॥ ਅੰਮ੍ਰਿਤੁ ਨਾਮੁ; ਜਾਨੈ ਕਰਿ ਕਉਰਾ ॥’’ (ਮਹਲਾ ੫/੧੮੦) ਅਸੀਂ ਪੁੱਠੇ ਰਸਤੇ ਪਏ ਹੋਏ ਹਾਂ। ਪ੍ਰਭੂ ਭਗਤੀ, ਪਵਿੱਤ੍ਰਤਾ ਬਖ਼ਸ਼ਿਸ਼ ਕਰਨ ਵਾਲਾ ਮਾਰਗ ਛੱਡ ਬੈਠੇ ਹਾਂ ‘‘ਬਾਵੈ ਮਾਰਗੁ; ਟੇਢਾ ਚਲਨਾ ॥ ਸੀਧਾ ਛੋਡਿ; ਅਪੂਠਾ ਬੁਨਨਾ ॥’’ (ਮਹਲਾ ੫/੧੮੫) ਇਹੀ ਸਾਡੀ ਹਾਲਤ ਬਣ ਗਈ ਹੈ।
ਭਾਈ ਗੁਰਦਾਸ ਜੀ ਵੀ ਜੀਵ ਦੀ ਇਸ ਅਪਵਿੱਤਰ ਹਾਲਤ ਨੂੰ ਬਿਆਨ ਕਰਦੇ ਹੋਏ ਫ਼ੁਰਮਾਉਂਦੇ ਹਨ ਕਿ ਇਹ ਮਨ; ਜਿਸ ਉਤਸੁਕਤਾ ਨਾਲ ਪਰਾਏ ਧਨ ਤੇ ਪਰਾਈ ਨਿੰਦਾ ਕਰਨ ਵੱਲ ਜਾਂਦਾ ਹੈ, ਓਨੀ ਤਾਂਘ ਨਾਲ ਗੁਰੂ ਦੀ ਸੰਗਤ ਵਿੱਚ ਨਹੀਂ ਆਉਂਦਾ। ਮਨ; ਜਿੰਨੀ ਤਾਂਘ ਨਾਲ ਔਗੁਣਾਂ ਨਾਲ ਭਰ ਕੇ ਪਰ ਅਧੀਨ ਹੁੰਦਾ ਹੈ ਤੇ ਲਾਚਾਰ ਵਾਂਗ ਬੇਨਤੀ ਕਰਦਾ ਹੈ, ਓਨੀ ਉਤਸੁਕਤਾ ਨਾਲ ਸਤਿ ਸੰਗਤ ਅਤੇ ਗੁਰੂ ਦੀ ਦੱਸੀ ਸੇਵਾ ਨਹੀਂ ਕਰਦਾ। ਮਨ; ਕੰਮ-ਕਾਰ ਵਿੱਚ ਤਾਂ ਮਗਨ ਰਹਿੰਦਾ ਹੈ ਪਰ ਗੁਰੂ ਦੀ ਸੰਗਤ ਵਿੱਚ ਨਹੀਂ ਜੁੜਦਾ; ਜਿਵੇਂ ਕੁੱਤਾ ਜੀਭ ਨਾਲ ਚੱਕੀ ਨੂੰ ਚੱਟਣ ਜਾਂਦਾ ਹੈ ਅਤੇ ਮਿੱਠੇ ਪਿੱਛੇ ਦੌੜਦਾ ਹੈ; ਉਵੇਂ ਹੀ ਲਾਲਚੀ ਮਨ ਪਦਾਰਥਾਂ ਅਤੇ ਵਿਕਾਰਾਂ ਪਿੱਛੇ ਦੌੜ ਕੇ ਮਲੀਨ ਹੋ ਰਿਹਾ ਹੈ। ਆਪ ਜੀ ਦੇ ਬਚਨ ਹਨ ‘‘ਜੈਸੇ ਮਨੁ ਧਾਵੈ ਪਰ ਤਨ ਧਨ ਦੂਖਨਾ ਲਉ; ਸ੍ਰੀ ਗੁਰ ਸਰਨਿ ਸਾਧਸੰਗ ਲਉ ਨ ਆਵਈ। ਜੈਸੇ ਮਨੁ ਪਰਾਧੀਨ ਹੀਨ ਦੀਨਤਾ ਮੈ; ਸਾਧਸੰਗ ਸਤਿਗੁਰ ਸੇਵਾ ਨ ਲਗਾਵਈ। ਜੈਸੇ ਮਨੁ ਕਿਰਤਿ ਬਿਰਤਿ ਮੈ ਮਗਨੁ ਹੋਇ; ਸਾਧਸੰਗ ਕੀਰਤਨ ਮੈ ਨ ਠਹਿਰਾਵਈ। ਕੂਕਰ ਜਿਉ ਚਉਚ ਕਾਢਿ, ਚਾਕੀ ਚਾਟਿਬੇ ਕਉ ਜਾਇ; ਜਾ ਕੇ ਮੀਠੀ ਲਾਗੀ ਦੇਖੈ, ਤਾਹੀ ਪਾਛੈ ਧਾਵਈ ॥੨੩੫॥’’ (ਭਾਈ ਗੁਰਦਾਸ ਜੀ : ਕਬਿੱਤ ੨੩੫)
ਇਸ ਮੈਲ਼ ਨੂੰ ਛੁਪਾਉਣ ਲਈ ਜੀਵ ਕਈ ਵਾਰੀ ਬਾਹਰੋਂ ਗਿਆਨ-ਧਿਆਨ ਦੀਆਂ ਗੱਲਾਂ ਕਰਦਾ ਹੈ ਪਰ ਅੰਦਰ ਲਾਲਚੀ ਕੁੱਤਾ ਹਰ ਸਮੇਂ ਗੰਦ ਖਿਲਾਰਦਾ ਰਹਿੰਦਾ ਹੈ ‘‘ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ; ਲੋਭੁ ਸੁਆਨੁ ॥’’ (ਮਹਲਾ ੫/੨੬੭)
ਕੋਈ ਤੀਰਥਾਂ ਉੱਤੇ ਜਾ ਕੇ, ਸਰੋਵਰਾਂ, ਬਉਲੀਆਂ, ਦਰਿਆਵਾਂ ਜਾਂ ਸਮੁੰਦਰਾਂ ਵਿੱਚ ਡੁੱਬਕੀਆਂ ਲਗਾ ਕੇ ਆਪਣੇ ਆਪ ਨੂੰ ਪਵਿੱਤਰ ਸਮਝੀ ਬੈਠਾ ਹੈ। ਉਸ ਨੂੰ ਇੰਨੀ ਵੀ ਸੂਝ ਨਹੀਂ ਆਈ ਕਿ ‘‘ਮਨਿ ਮੈਲੈ, ਸਭੁ ਕਿਛੁ ਮੈਲਾ; ਤਨਿ ਧੋਤੈ, ਮਨੁ ਹਛਾ ਨ ਹੋਇ ॥’’ (ਮਹਲਾ ੩/੫੫੮)
ਸਤਿਗੁਰੂ ਅਰਜੁਨ ਸਾਹਿਬ ਜੀ ਸਮਝਾਉਂਦੇ ਹਨ ਕਿ ਜੀਵ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਪ੍ਰਭੂ ਦਾ ਨਾਮ ਜਪਣ ਦੇ ਨਾਂ ’ਤੇ ਕਰਮਕਾਂਡੀ ਹੋ ਜਾਂਦਾ ਹੈ। ਕਿਸੇ ਤੀਰਥ ਉੱਤੇ ਡੇਰੇ ਲਗਾ ਬੈਠਦਾ ਹੈ। ਤੀਰਥਾਂ ’ਤੇ ਇਸ਼ਨਾਨ ਕਰਦਾ ਹੈ। ਦੇਹੀ ਨੂੰ ਸਾਧਦਾ ਹੈ। ਅਨੇਕਾਂ ਕਰਮ ਕਰਦਾ ਹੈ, ਜਿਨ੍ਹਾਂ ਨਾਲ ਮਨ ਨੀਂਵਾਂ ਨਹੀਂ ਹੁੰਦਾ ਸਗੋਂ ਹੋਰ ਹੰਕਾਰ ਨਾਲ ਭਰ ਜਾਂਦਾ ਹੈ (ਕਿ ਮੈ ਧਰਮੀ ਹਾਂ)। ਇਸ ਤਰ੍ਹਾਂ ਮਨ ਤੋਂ ਜ਼ਹਿਰ ਬਿਲਕੁਲ ਨਹੀਂ ਉਤਰ ਸਕਦੀ। ਇਹ ਸ਼ੁੱਧ ਹੋਣ ਦੀ ਥਾਂ ਹੋਰ ਅਪਵਿੱਤਰ ਹੋ ਜਾਂਦਾ ਹੈ। ਐ ਜੀਵ ! ਵਿਸ਼ੇ ਵਿਕਾਰਾਂ ਦੀ ਮੈਲ਼ ਨੂੰ ਧੋਣ ਲਈ ਪ੍ਰਭੂ ਦੇ ਨਾਮ ਦੀ ਵਡਿਆਈ ਕਰਨਾ ਹੀ ਸਹੀ ਸਾਧਨ ਹੈ (ਤਾਂ ਜੋ ਮਨ ਦੀ ਅਪਣੱਤ (ਮੈ-ਮੇਰੀ) ਖ਼ਤਮ ਹੋ ਸਕੇ) । ਪ੍ਰਭੂ ਸਿਮਰਨ ਨਾਲ ਹੀ ਕਈ ਵਿਕਾਰਾਂ ਨਾਲ ਲਿਬੜੇ ਹੋਏ ਜੀਵ ਨਿਰਮਲ ਹੋਏ ਹਨ, ਇਸ ਕਰ ਕੇ ਤੂੰ ਵੀ ਸਿਮਰਨ ਕਰਿਆ ਕਰ। ਪਾਵਨ ਬਚਨ ਹਨ ‘‘ਮਨ ਕਾਮਨਾ, ਤੀਰਥ ਦੇਹ ਛੁਟੈ ॥ ਗਰਬੁ ਗੁਮਾਨੁ; ਨ ਮਨ ਤੇ ਹੁਟੈ ॥ ਸੋਚ ਕਰੈ; ਦਿਨਸੁ ਅਰੁ ਰਾਤਿ ॥ ਮਨ ਕੀ ਮੈਲੁ; ਨ ਤਨ ਤੇ ਜਾਤਿ ॥ ਇਸੁ ਦੇਹੀ ਕਉ; ਬਹੁ ਸਾਧਨਾ ਕਰੈ ॥ ਮਨ ਤੇ; ਕਬਹੂ ਨ ਬਿਖਿਆ ਟਰੈ ॥ ਜਲਿ ਧੋਵੈ; ਬਹੁ ਦੇਹ ਅਨੀਤਿ ॥ ਸੁਧ ਕਹਾ ਹੋਇ ? ਕਾਚੀ ਭੀਤਿ ॥ ਮਨ ! ਹਰਿ ਕੇ ਨਾਮ ਕੀ ਮਹਿਮਾ ਊਚ ॥ ਨਾਨਕ ! ਨਾਮਿ ਉਧਰੇ; ਪਤਿਤ ਬਹੁ ਮੂਚ ॥੩॥ (ਮਹਲਾ ੫/੨੬੫)
ਗੁਰੂ ਅਰਜੁਨ ਸਾਹਿਬ ਜੀ ਦਾ ਇੱਕ ਹੋਰ ਫ਼ੁਰਮਾਨ ਹੈ ਕਿ ਜੀਵ ਕੇਵਲ ਰੱਬੀ ਗੁਣ ਗਾਉਣ ਨਾਲ ਹੀ ਨਿਰਮਲ ਹੋ ਸਕਦਾ ਹੈ ‘‘ਗੁਨ ਗਾਵਤ; ਤੇਰੀ ਉਤਰਸਿ ਮੈਲੁ ॥’’ (ਮਹਲਾ ੫/੨੮੯) ਕਿਉਂਕਿ ਮਨੁੱਖ ਦੇ ਮਨ ਦੀ ਸਫ਼ਾਈ ਲਈ ਜ਼ਰੂਰੀ ਹੈ ਕਿ ਉਹ ਅਕਾਲ ਪੁਰਖ ਦੇ ਗੁਣ ਗਾਵੇ। ਮਨ ਨਾਲ ਨਿਰਮਲ ਮਾਲਕ ਨੂੰ ਯਾਦ ਕਰਦਿਆਂ ਇੱਕ ਦਿਨ ਆਏਗਾ ਜਦੋਂ ਆਪ ਵੀ ਨਿਰਮਲ ਹੋ ਜਾਏਗਾ; ਜਿਵੇਂ ਭਗਤ ਕਬੀਰ ਜੀ ਫ਼ੁਰਮਾਉਂਦੇ ਹਨ ਕਿ ‘‘ਕਬੀਰ ! ਤੂੰ ਤੂੰ ਕਰਤਾ ਤੂ ਹੂਆ; ਮੁਝ ਮਹਿ ਰਹਾ ਨ ਹੂੰ ॥’’ (ਭਗਤ ਕਬੀਰ/੧੩੭੫) ਭਾਵ ਤੇਰੇ ਗੁਣ ਗਾਉਂਦਿਆਂ ਮੇਰੇ ਵਿੱਚ ਵੀ ਤੇਰੇ ਗੁਣਾਂ ਵਾਲੀ ਸ਼ੁੱਧਤਾ ਆ ਗਈ।
‘ਜਪੁ’ ਜੀ ਸਾਹਿਬ ਵਿੱਚ ਵੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ ਕਿ ਜਿਵੇਂ ਮਿੱਟੀ ਨਾਲ ਲਿਬੜੇ ਸਰੀਰ ਦੇ ਅੰਗ; ਪਾਣੀ ਨਾਲ ਅਤੇ ਗੰਦਗੀ ਨਾਲ ਲਿਬੜੇ ਕੱਪੜੇ ਸਾਬਣ ਨਾਲ ਸਾਫ਼ ਹੋ ਜਾਂਦੇ ਹਨ; ਉਸੇ ਤਰ੍ਹਾਂ ਪਾਪਾਂ ਦੇ ਨਾਲ ਮਲੀਨ ਹੋਈ ਮੱਤ ਵੀ ਪ੍ਰਭੂ ਦੇ ਨਾਮ ਨਾਲ ਸਾਫ਼ ਹੋ ਜਾਂਦੀ ਹੈ। ਪਾਵਨ ਬਚਨ ਹਨ ‘‘ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ ਮੂਤ ਪਲੀਤੀ ਕਪੜੁ ਹੋਇ ॥ ਦੇ ਸਾਬੂਣੁ; ਲਈਐ ਓਹੁ ਧੋਇ ॥ ਭਰੀਐ ਮਤਿ; ਪਾਪਾ ਕੈ ਸੰਗਿ ॥ ਓਹੁ ਧੋਪੈ; ਨਾਵੈ ਕੈ ਰੰਗਿ ॥’’ (ਜਪੁ) ਇਸੇ ਤਰ੍ਹਾਂ ਹੀ ਪੰਚਮ ਪਾਤਿਸ਼ਾਹ ਵੀ ਸਮਝਾਉਂਦੇ ਹਨ ਕਿ ‘‘ਹਰਿ ਹਰਿ ਹਰਿ ਹਰਿ ਜਾਪੀਐ; ਅੰਤਰਿ ਲਿਵ ਲਾਈ ॥ ਕਿਲਵਿਖ ਉਤਰਹਿ ਸੁਧੁ ਹੋਇ; ਸਾਧੂ ਸਰਣਾਈ ॥’’ (ਮਹਲਾ ੫/੮੧੪)
ਸੋ ਜਦੋਂ ਅਸੀਂ ਗੁਰੂ ਦੀ ਸੰਗਤ ’ਚ ਜਾਵਾਂਗੇ ਤਾਂ ‘‘ਪੰਚ ਚੋਰ ਆਗੈ ਭਗੇ; ਜਬ ਸਾਧ ਸੰਗੇਤ ॥’’ (ਮਹਲਾ ੫/੮੧੦) ਅਨੁਸਾਰ ਵਿਕਾਰਾਂ ਦੀ ਮੈਲ਼ ਆਪਣੇ ਆਪ ਮਨ ਤੋਂ ਉਤਰ ਜਾਵੇਗੀ, ਇਸੇ ਕਰ ਕੇ ਸਾਨੂੰ ਪੰਚਮ ਪਿਤਾ ਜੀ ਪ੍ਰਭੂ ਗਿਆਨ ਰੂਪੀ ਸ਼ੁੱਭ ਕਰਮ ਕਰਨ ਲਈ ਪ੍ਰੇਰਦੇ ਹਨ ਤੇ ਮਾੜੇ ਕੰਮਾਂ ਤੋਂ ਰੋਕਣ ਲਈ ਉਪਦੇਸ਼ ਕਰਦੇ ਹਨ ਕਿ ‘‘ਸੋ ਕਿਛੁ ਕਰਿ; ਜਿਤੁ ਮੈਲੁ ਨ ਲਾਗੈ ॥ ਹਰਿ ਕੀਰਤਨ ਮਹਿ; ਏਹੁ ਮਨੁ ਜਾਗੈ ॥’’ (ਮਹਲਾ ੫/੧੯੯)
ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ
2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ
ਗਿਆਨੀ ਅਵਤਾਰ ਸਿੰਘ
ਜ਼ਰੂਰੀ ਸੂਚਨਾ : ਇਸ ਹਥਲੇ ਲੇਖ ਦਾ ਵਿਸ਼ਾ ਬੜਾ ਮਹੱਤਵ ਪੂਰਨ ਤੇ ਸੰਵੇਦਨਸ਼ੀਲ ਹੈ, ਇਸ ਲਈ ਗੁਰਬਾਣੀ ਦੀਆਂ ਪੰਕਤੀਆਂ ’ਚ ਕਿਤੇ-ਕਿਤੇ ਗੁਰਬਾਣੀ ਲਿਖਤ (ਵਿਆਕਰਨ) ਮੁਤਾਬਕ ਸੰਖੇਪ ’ਚ ਅਰਥ ਦਿੱਤੇ ਗਏ ਹਨ ਤਾਂ ਜੋ ਮਨਮਤ ਦੀ ਬਜਾਇ ਗੁਰਮਤਿ ਦੇ ਨੇੜੇ ਰਹਿ ਕੇ ਇਸ ਨੂੰ ਗੰਭੀਰਤਾ ਨਾਲ ਵਿਚਾਰਿਆ ਜਾ ਸਕੇ।
ਗੁਰਮਤਿ ਨੂੰ ਹੂ-ਬਹੂ ਸਮਝਣ ਲਈ ਸ਼ਬਦਾਰਥ-ਭਾਵਾਰਥ ਗਹਿਰਾ ਧਿਆਨ ਮੰਗਦੇ ਹਨ, ਨਹੀਂ ਤਾਂ ਦੁਬਿਧਾ ਬਣੀ ਰਹਿੰਦੀ ਹੈ। ਜੇ ਵਕਤੇ ਦੇ ਆਪਣੇ ਵਿਚਾਰ ਸਥਿਰ ਨਾ ਹੋਣ ਤਾਂ ਸਰੋਤੇ ਵੀ ਵੈਸੇ ਹੀ ਹੋਣਗੇ। ਇਉਂ ਬੇਲੋੜੇ ਵਿਵਾਦ; ਕੌਮ ਨੂੰ ਧੜਿਆਂ ’ਚ ਵੰਡ ਦਿੰਦੇ ਹਨ।
ਦੂਸਰੇ ’ਤੇ ਬਹੁਤਾ ਨਿਰਭਰ ਰਹਿਣ ਦੀ ਬਜਾਇ ਗੁਰਬਾਣੀ ਆਪ ਪੜ੍ਹਨੀ-ਵਾਚਣੀ ਚਾਹੀਦੀ ਹੈ, ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ॥ (ਮਹਲਾ ੧/੯੦੪), ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ (ਗੁਰੂ ਸ਼ਬਦ ’ਚ) ਨ ਕਰੇ ਵੀਚਾਰੁ ॥ (ਮਹਲਾ ੩/੫੯੪) ਗੁਰਬਾਣੀ ਰਾਹੀਂ ਆਪਣੇ ਆਪ ਨੂੰ ਵਾਚਣ ਨਾਲ ਮਨਮਤ ਜਲਦੀ ਪਿੱਛਾ ਛੱਡਦੀ ਹੈ, ‘‘ਨਾ ਹਉ; ਨਾ ਮੈ; ਨਾ ਹਉ ਹੋਵਾ; ਨਾਨਕ ! ਸਬਦੁ ਵੀਚਾਰਿ (ਕੇ)॥’’ (ਮਹਲਾ ੧/੧੩੯)
ਸਿੱਖ ਦੇ ਜੀਵਨ ’ਚ ਗੁਰਮਤਿ; ਆਕਸੀਜਨ ਦੀ ਤਰ੍ਹਾਂ ਹੈ, ਜੋ ਹਰ ਖੇਤਰ ’ਚ ਸਹਾਰਾ ਦਿੰਦੀ ਹੈ। ਬੰਦਾ; ਸਵੈ ਪੜਚੋਲ ਤੋਂ ਲੈ ਕੇ ਪਰਵਾਰਿਕ ਫ਼ਰਜ਼ ਤੇ ਕੌਮੀ ਕਾਰਜਾਂ ਤੱਕ ਸੋਚਣ ਲੱਗ ਪੈਂਦਾ ਹੈ। ਇਹ ਨਿਵੇਕਲੀ ਊਰਜਾ ਗੁਰਮਤਿ ਦੇ ਤੱਤ-ਸਾਰ ‘ਅਸਲ ਮਾਲਕ ਦੀ ਬੰਦਗੀ ਕਰਨ’ ’ਚੋਂ ਮਿਲਦੀ ਹੈ। ਮਾਲਕ ਨਾਲ ਮਿਲਾਪ ਹੀ ਜ਼ਿੰਦਗੀ ਦੀ ਮੰਜ਼ਲ ਹੈ ਤਾਂ ਤੇ ਹਰ ਮਨੁੱਖ ਨੂੰ ਆਪਣੀ ਮੰਜ਼ਲ (ਮਾਲਕ ਦੀ ਹੋਂਦ, ਨਿਵਾਸ ਸਥਾਨ ਤੇ ਉਸ ਦੇ ਗੁਣਾਂ) ਬਾਰੇ ਬਿਲਕੁਲ ਦੁਬਿਧਾ ਨਹੀਂ ਰਹਿਣੀ ਚਾਹੀਦੀ।
ਦੁਨੀਆ ਦਾ ਹਰ ਧਰਮ; ਰੱਬ (ਮਾਲਕ) ਤੋਂ ਮੁਨਕਰ ਨਹੀਂ ਹੈ ਭਾਵੇਂ ਕਿ ਉਸ ਬਾਰੇ ਨਜ਼ਰੀਏ ਅਲੱਗ-ਅਲੱਗ ਹਨ :
(1). ਯਹੂਦੀ, ਪਾਰਸੀ, ਈਸਾਈ ਤੇ ਇਸਲਾਮ ਮੱਤ ਦਾ ਮੰਨਣਾ ਹੈ ਕਿ ਅੱਲ੍ਹਾ; ਕਣ-ਕਣ ’ਚ ਵਿਆਪਕ ਨਹੀਂ, ਨਾ ਹੀ ਉਹ, ਇਸ ਧਰਤੀ ਦੇ ਕਿਸੇ ਖ਼ਾਸ ਜਗ੍ਹਾ ਨਿਵਾਸ ਰੱਖਦਾ ਹੈ। ਉਸ ਦਾ ਟਿਕਾਣਾ; ਸੱਤ ਆਕਾਸ਼ ਉੱਪਰ ਹੈ, ਜੋ ਆਪਣੇ ਦੂਤਾਂ (ਪੈਗ਼ੰਬਰਾਂ) ਰਾਹੀਂ ਮਨੁੱਖਤਾ ਲਈ ਸੰਦੇਸ਼ ਭੇਜਦਾ ਹੈ।
(2). ਜੈਨੀ, ਬੋਧੀ ਤੇ ਜੋਗ ਮੱਤ ਦਾ ਮੰਨਣਾ ਹੈ ਕਿ ਮਨ ਦੀ ਸ਼ੁੱਧਤਾ ਹੀ ਧਰਮ ਹੈ, ਰੱਬ ਹੈ। ਇਸ ਤੋਂ ਇਲਾਵਾ ਕੋਈ ਸ਼ਕਤੀ ਰੱਬ ਨਹੀਂ।
(3). ਸਨਾਤਨੀ ਮੱਤ ਦਾ ਮੰਨਣਾ ਹੈ ਕਿ ਤਿੰਨ ਦੇਵਤੇ (ਬ੍ਰਹਮਾ, ਵਿਸ਼ਨੂੰ ਤੇ ਸ਼ਿਵ) ਹੀ ਰੱਬ ਹਨ, ਜੋ ਇੱਕ ਵਿਸ਼ੇਸ਼ ਸਥਾਨ ਆਕਾਸ਼ (ਸੁਰਗ) ’ਚ ਬੈਠੇ ਸ੍ਰਿਸ਼ਟੀ ਨੂੰ ਪੈਦਾ ਕਰ ਰਹੇ (ਬ੍ਰਹਮਾ), ਰਿਜ਼ਕ ਦੇ ਰਹੇ (ਵਿਸ਼ਨੂੰ) ਅਤੇ ਵਿਨਾਸ਼ ਕਰ ਰਹੇ (ਸ਼ਿਵ) ਹਨ। ਵਿਸ਼ਨੂੰ ਹੀ ਮਨੁੱਖਤਾ ਦੇ ਭਲੇ ਲਈ ਵਾਰ-ਵਾਰ ਧਰਤੀ ’ਤੇ ਜਨਮ ਲੈਂਦਾ ਹੈ। ਉਸ ਦੇ ਨਵੇਂ ਵਿਚਾਰ ਹੀ ਯੁੱਗ ਬਦਲਣ ਦਾ ਕਾਰਨ ਬਣਦੇ ਹਨ।
(4). ਸੂਫ਼ੀਮੱਤ, ਭਗਤੀ ਲਹਿਰ ਅਤੇ ਗੁਰਮਤਿ; ਰੱਬ ਨੂੰ ਸਰਬ ਵਿਆਪਕ, ਅਦ੍ਰਿਸ਼, ਨਿਰਾਕਾਰ ਤੇ ਸਦੀਵੀ ਸਥਿਰ ਮੰਨਦੇ ਹਨ। ਰੱਬ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਸਤਿਗੁਰੂ ਕਿਹਾ ਗਿਆ ਹੈ, ਜੋ ਸਿੱਖਾਂ ਦੇ ਪੂਜਨੀਕ ਵਜੋਂ ‘ਗੁਰੂ ਗ੍ਰੰਥ ਸਾਹਿਬ’ ਜੀ; ਸ਼ਬਦ ਸਰੂਪ ’ਚ ਸੁਭਾਇਮਾਨ ਹਨ, ਇਸ ਲਈ ਸਿੱਖਾਂ ਨੂੰ ਕਿਸੇ ਹੋਰ ਦੀ ਪਨਾਹ (ਓਟ) ਲੈਣ ਦੀ ਬਿਲਕੁਲ ਲੋੜ ਨਹੀਂ।
ਗੁਰੂ ਸਾਹਿਬਾਨ ਨੇ ਆਪਣੇ ਟੀਚੇ ਨੂੰ ਸ਼ਬਦ ਸੰਗ੍ਰਹਿ (ਗੁਰੂ ਗ੍ਰੰਥ ਸਾਹਿਬ) ਵਿਖੇ ਕਈ ਮਿਸਾਲਾਂ, ਕਈ ਅਲੰਕਾਰਾਂ ਨਾਲ ਸਰਲ ਤੇ ਸਪਸ਼ਟ ਕਰਨ ਦਾ ਯਤਨ ਕੀਤਾ ਹੈ, ਪਰ ਫਿਰ ਵੀ ਸਿੱਖਾਂ ਅੰਦਰ ਸਿਧਾਂਤਿਕ ਮਤਭੇਦ ਹੋਣਾ, ਦਰਸਾਉਂਦਾ ਹੈ ਕਿ ਗੁਰਮਤਿ ਨੂੰ ਇੰਨ-ਬਿੰਨ ਸਮਝਣ ’ਚ ਸਿੱਖ; ਸਫਲ ਨਹੀਂ ਹੋਏ; ਖ਼ਾਸਕਰ ਆਪਣੀ ਅਸਲ ਮੰਜ਼ਲ (ਮਾਲਕ ਦੀ ਹੋਂਦ, ਨਿਵਾਸ ਸਥਾਨ ਤੇ ਉਸ ਦੇ ਗੁਣਾਂ) ਬਾਰੇ। ਇਸ ਦੀ ਪੁਸ਼ਟੀ ਸਿੱਖਾਂ ਅੰਦਰ ਪੈਦਾ ਹੋਏ ਹੇਠਲੇ ਆਪਾ-ਵਿਰੋਧੀ ਖ਼ਿਆਲ ਕਰਦੇ ਹਨ :
(ੳ). ਰੱਬ ਦੀ ਹੋਂਦ ਬਾਰੇ ਦੁਬਿਧਾ : ਕੁਦਰਤ ਜਾਂ ਕੁਦਰਤ ਦਾ ਨਿਯਮ ਜਾਂ ਕੁਦਰਤ ਰਚੇਤਾ (ਜੋਤਿ ਸਰੂਪ, ਅਦ੍ਰਿਸ਼, ਨਿਰਾਕਾਰ ਸਦੀਵੀ ਸਥਿਰ) ਆਦਿ।
(ਅ). ਰੱਬ ਦੇ ਗੁਣਾਂ ਬਾਰੇ ਦੁਬਿਧਾ : ਕੇਵਲ ਸਦਾਚਾਰੀ ਗੁਣ ਜਾਂ ਸਦਾਚਾਰੀ ਅਤੇ ਦੁਰਾਚਾਰੀ; ਦੋਵੇਂ ਗੁਣ ਆਦਿ।
(ੲ). ਰੱਬ ਦੇ ਨਿਵਾਸ ਸਥਾਨ ਬਾਰੇ ਦੁਬਿਧਾ : ਸਰਬ ਵਿਆਪਕਤਾ ਰੱਬ ਬਾਰੇ ਭਾਵੇਂ ਆਮ ਰਾਏ ਹੈ ਪਰ ਫਿਰ ਵੀ ਨਜ਼ਰੀਆ ਭਿੰਨ-ਭਿੰਨ ਹੈ :
(1). ਰੱਬ; ਪ੍ਰਤਿਬਿੰਬ (ਅਕਸ) ਵਾਙ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਜਿਵੇਂ ਸ਼ੀਸ਼ੇ ’ਚ ਮੂੰਹ ਵੇਖੀਦਾ ਹੈ ਜਾਂ ਪਾਣੀ ’ਚ ਪਰਛਾਵਾਂ; ਓਵੇਂ ਹੀ ਰੱਬ; ਸਰਬ ਵਿਆਪਕ ਹੈ। ਇਹ ਆਪਣੇ ਵਿਚਾਰਾਂ ਲਈ ਇਹ ਮਿਸਾਲ ਦਿੰਦੇ ਹਨ‘‘ਐਸੋ ਰਾਮ ਰਾਇ ਅੰਤਰਜਾਮੀ ॥ ਜੈਸੇ ਦਰਪਨ (ਸ਼ੀਸ਼ੇ) ਮਾਹਿ; ਬਦਨ ਪਰਵਾਨੀ (ਮੂੰਹ ਸਾਫ਼ ਵਿਖਾਈ ਦਿੰਦਾ)॥੧॥ ਰਹਾਉ ॥ … ਪਾਨੀ ਮਾਹਿ; ਦੇਖੁ ਮੁਖੁ ਜੈਸਾ ॥ ਨਾਮੇ ਕੋ ਸੁਆਮੀ; ਬੀਠਲੁ ਐਸਾ ॥੨॥’’ (ਭਗਤ ਨਾਮਦੇਵ/੧੩੧੮)
(2). ਰੱਬ; ਤੱਤ ਰੂਪ ਵਜੋਂ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ, ਆਕਾਸ਼) ਰੂਪ ਹੋ ਕੇ ਸਰਬ ਵਿਆਪਕ ਹੈ। ਜਦ ਬੰਦਾ ਮਰਦਾ ਹੈ ਤਾਂ ਪੰਜੇ ਤੱਤ; ਆਪਣੇ-ਆਪਣੇ ਸਰੋਤ ਤੱਤਾਂ ’ਚ ਮਿਲ ਜਾਂਦੇ ਹਨ ਬਾਕੀ ਕੁਝ ਨਹੀਂ ਬਚਦਾ ਭਾਵ ‘ਆਤਮਾ, ਜਿੰਦੁ, ਰੂਹੁ’ ਨਹੀਂ ਹੁੰਦੇ ਤੇ ਨਾ ਹੀ ਆਵਾਗਮਣ। ਇਹ ‘ਆਤਮਾ’ ਦਾ ਅਰਥ ‘ਦਿਮਾਗ਼’ ਮੰਨਦੇ ਹਨ। ਇਹ ਆਪਣੇ ਵਿਚਾਰਾਂ ਲਈ ਇਹ ਮਿਸਾਲ ਦਿੰਦੇ ਹਨ, ‘‘ਪਵਨੈ ਮਹਿ, ਪਵਨੁ ਸਮਾਇਆ ॥ ਜੋਤੀ ਮਹਿ ਜੋਤਿ; ਰਲਿ ਜਾਇਆ ॥ ਮਾਟੀ ਮਾਟੀ; ਹੋਈ ਏਕ ॥ ਰੋਵਨਹਾਰੇ ਕੀ, ਕਵਨ ਟੇਕ ?॥੧॥ ਕਉਨੁ ਮੂਆ ਰੇ ! ਕਉਨੁ ਮੂਆ ? ॥ ਬ੍ਰਹਮ ਗਿਆਨੀ ! ਮਿਲਿ (ਕੇ) ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ॥੧॥ ਰਹਾਉ ॥.. ਕਹੁ ਨਾਨਕ ! ਗੁਰਿ (ਨੇ) ਭਰਮੁ ਚੁਕਾਇਆ ॥ ਨਾ ਕੋਈ ਮਰੈ; ਨ ਆਵੈ ਜਾਇਆ (ਭਾਵ ਨਾ ਆਵਾਗਮਣ ਹੈ)॥੪॥ (ਮਹਲਾ ੫/੮੮੫)
(3). ਰੱਬ; ਸਦਾਚਾਰੀ ਗੁਣ ਰੂਪ ਵਜੋਂ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਕੇਵਲ ਸਦਾਚਾਰੀ ਗੁਣਾਂ ਭਰਪੂਰ ਹੈ, ਇਸ ਲਈ ‘ਗੁਣੀ ਨਿਧਾਨ, ਗੁਣਤਾਸ’ ਭਾਵ ਗੁਣਾਂ ਦਾ ਖ਼ਜ਼ਾਨਾ ਕਿਹਾ ਗਿਆ। ਬੰਦਾ; ਗੁਣਾਂ ਨੂੰ ਗਾ-ਗਾ ‘ਗੁਣੀ ਨਿਧਾਨ’ ’ਚ ਲੀਨ ਹੁੰਦਾ ਹੈ ‘‘ਗੁਰਮੁਖਿ ਹੋਵੈ ਸੋਈ ਬੂਝੈ; ਗੁਣ ਕਹਿ ਗੁਣੀ (ਗੁਣਾਂ ਦੇ ਸਰੋਤ– ਰੱਬ ’ਚ) ਸਮਾਵਣਿਆ ॥ (ਮਹਲਾ ੩/੧੧੧), ਸਰਬ ਨਿਧਾਨ ! ਗੁਣ ਤੁਮ ਹੀ ਪਾਸਿ ॥ (ਮਹਲਾ ੫/੧੮੦), ਹੇ ਪੂਰਨ ਹੇ ਸਰਬ ਮੈ ! ਦੁਖ ਭੰਜਨ ਗੁਣਤਾਸ !॥ .. ਹੇ ਗੋਬਿਦ ! ਹੇ ਗੁਣ ਨਿਧਾਨ ! .. ॥’’ (ਮਹਲਾ ੫/੨੬੨) ਇਨ੍ਹਾਂ ਮੁਤਾਬਕ ਬੁਰੇ ਬੰਦੇ ’ਚ ਰੱਬ ਨਹੀਂ ਹੈ।
(4). ਰੱਬ; ਜੋਤਿ ਸਰੂਪ ਵਜੋਂ ਸਰਬ ਵਿਆਪਕ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ; ਜੋਤਿ (ਚੇਤਨ-ਸੱਤਾ/ਨੂਰ/ਜੀਵਾਤਮਾ/ਅਦ੍ਰਿਸ਼ ਸ਼ਕਤੀ) ਰੂਪ ਹੋ ਕੇ ਸਰਬ ਵਿਆਪਕ ਹੈ। ਜੋਤਿ ਹੀ ‘ਰੂਹ, ਆਤਮਾ, ਜਿੰਦ ਹੈ, ਜੋ ਕਦੇ ਮਰਦੀ ਨਹੀਂ ਸਗੋਂ ਆਪਣੇ ਕਰਮਾਂ ਦੇ ਫਲ਼ ਸਮੇਤ ਆਵਾਗਮਨ ’ਚ ਨਵਾਂ ਸਰੀਰ ਧਾਰ ਲੈਂਦੀ ਹੈ ਜਾਂ ਰੱਬ ਦੀ ਬੰਦਗੀ ਕਰ-ਕਰ ਆਪਣਾ ਪੁਰਾਣਾ ਨਸੀਬ ਖ਼ਤਮ ਕਰ ਰੱਬ ’ਚ ਲੀਨ ਹੋ ਜਾਂਦੀ ਹੈ। ਇਨ੍ਹਾਂ ਦੀ ਸੋਚ ਦਾ ਆਧਾਰ; ਗੁਰਬਾਣੀ ਦੇ ਇਹ ਵਚਨ ਹਨ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥ (ਮਹਲਾ ੧/੧੩), ਨਾ ਇਹੁ (ਆਤਮਾ) ਜੀਵੈ; ਨ ਮਰਤਾ, ਦੇਖੁ ॥ ਇਸੁ ਮਰਤੇ ਕਉ, ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥.. ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ (ਜਿਵੇਂ) ਕਾਗਦ ਪਰ; ਮਿਟੈ ਨ ਮੰਸੁ (ਸਿਆਹੀ, ਇਉਂ ਅਟੱਲ ਹੈ)॥ (ਭਗਤ ਕਬੀਰ/੮੭੧)
ਗੁਰਮਤਿ ਦੇ ਤੱਤ-ਸਾਰ ਵਿਸ਼ੇ ਬਾਰੇ ਸਿੱਖਾਂ ਅੰਦਰ ਇੰਨੇ ਭੁਲੇਖੇ; ਆਮ ਬੰਦੇ ਨੂੰ ਨਾਸਤਕ ਬਣਾ ਸਕਦੇ ਹਨ। ਗੁਰੂ ਸਾਹਿਬਾਨ ਜੀ ਦੁਆਰਾ ਆਪ ਰਚੀ ਬਾਣੀ ’ਚ ਇੰਨੇ ਵੱਖ-ਵੱਖ ਮਤਲਬ ਨਹੀਂ ਹੋਣਗੇ। ਦਿਲੀ ਪਿਆਰ ਤੇ ਸਹਿਜਤਾ ਨਾਲ ਗੁਰਬਾਣੀ ਨੂੰ ਨਾ ਵਾਚਣ ਕਾਰਨ ਇਹ ਭੁਲੇਖਾ ਰਹੇ ਹਨ।
ਭਾਰਤ ’ਚ ਸਦੀਆਂ ਤੋਂ ਰੱਬ ਦੇ ਪਿਆਰਿਆਂ ਦੀ ਭਗਤੀ ਲਹਿਰ ਚੱਲਦੀ ਆਈ ਹੈ। ਇਸ ਨੇ ਕੁਝ ਉਪਨਿਸ਼ਦ ਵੀ ਲਿਖੇ ਹਨ। ਇਸੇ ਲਹਿਰ ’ਚੋਂ ਹੀ 12ਵੀਂ ਤੋਂ 15ਵੀਂ ਸਦੀ ਤੱਕ ਪ੍ਰਗਟ ਹੋਏ 15 ਭਗਤਾਂ ਦਾ ਰੱਬ ਬਾਰੇ ਅਨੁਭਵ; ਗੁਰਬਾਣੀ ’ਚ ਦਰਜ ਹੈ। ਇਸ ਭਗਤ ਰਚਨਾ ਨੂੰ ਭਗਤੀ ਲਹਿਰ ਦਾ ਤੱਤ-ਸਾਰ ਕਹਿ ਸਕਦੇ ਹਾਂ। ਭਗਤਾਂ ਦੇ ਇਸ ਰੱਬੀ ਅਨੁਭਵ ਤੋਂ ਬਾਅਦ ਗੁਰੂ ਨਾਨਕ ਜੀ ਦੇ ਰੱਬੀ ਅਨੁਭਵ ਨੂੰ ਵਾਚਣ ਨਾਲ ਹੋਰਾਂ ਮਜ਼੍ਹਬਾਂ ਦੇ ਮੁਕਾਬਲੇ ‘‘ਮਾਰਿਆ ਸਿਕਾ ਜਗਤ੍ਰ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ। (ਭਾਈ ਗੁਰਦਾਸ ਜੀ) ਵਾਲਾ ਗੁਰਮਤਿ ਸਿਧਾਂਤ; ਆਧੁਨਿਕ, ਅਦੁੱਤੀ ਤੇ ਗਹਿਰੀ ਖੋਜ ’ਚੋਂ ਉਪਜਿਆ ਪ੍ਰਤੀਤ ਹੋਵੇਗਾ। ਇੱਕ ਸ਼ਬਦ ‘ਜੋਤਿ’ ਨੂੰ ਹੀ ਲੈ ਕੇ ਵਿਚਾਰ ਕਰਦੇ ਹਾਂ :
ਗੁਰਬਾਣੀ ’ਚ 84 ਵਾਰ ‘ਜੋਤੀ ਜੋਤਿ’ ਸੰਯੁਕਤ ਸ਼ਬਦ ਹਨ। ਇਨ੍ਹਾਂ ਦੇ ਅਰਥ ਹਨ : ਇੱਕ ਜੋਤਿ ਦਾ ਜੋਤਾਂ ਦੇ ਸਰੋਤ (ਜੋਤੀ) ’ਚ ਲੀਨ ਹੋਣਾ ਭਾਵ ਇਨ੍ਹਾਂ 84 ਵਾਕਾਂ ’ਚ ਮਨੁੱਖੀ ਜ਼ਿੰਦਗੀ ਦੇ ਅੰਤਿਮ ਸਮੇਂ ਜਾਂ ਸਰਬੋਤਮ ਪੜਾਅ ਬਾਰੇ ਸੰਕੇਤ ਹੈ।
ਗੁਰਬਾਣੀ ’ਚ 200 ਤੋਂ ਵੱਧ ਵਾਰ; ਵਾਕ ’ਚ ਕੇਵਲ ‘ਜੋਤਿ’ ਸ਼ਬਦ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ’ਚ ਇੱਕ ਵਾਰ ਅਤੇ ਕੁਝ ਭਗਤਾਂ ਦੀ ਬਾਣੀ ’ਚ ‘ਜੋਤਿ’ ਦਾ ਅਰਥ ‘ਨਜ਼ਰ, ਰੌਸ਼ਨੀ, ਲਗਨ’ ਹੈ :
ਨਾਮ ਤੇਰੇ ਕੀ ਜੋਤਿ (ਲਗਨ) ਲਗਾਈ; ਭਇਓ ਉਜਿਆਰੋ ਭਵਨ ਸਗਲਾਰੇ (ਸਾਰੇ ਭਵਨਾਂ ’ਚ)॥ (ਭਗਤ ਰਵਿਦਾਸ/੬੯੪)
ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥ ਰਾਮ ਰਤਨੁ ਪਾਇਆ; ਕਰਤ ਬੀਚਾਰਾ ॥ (ਭਗਤ ਕਬੀਰ/੧੩੪੯)
ਸਿਰੁ ਕੰਪਿਓ ਪਗ ਡਗਮਗੇ; ਨੈਨ ਜੋਤਿ ਤੇ ਹੀਨ ॥ (ਮਹਲਾ ੯/੧੪੨੮) ਆਦਿ।
ਤਕਰੀਬਨ 200 ਵਾਰ ‘ਜੋਤਿ’ ਦਾ ਅਰਥ ਹੈ : ‘ਆਤਮਾ, ਰੂਹ, ਜਿੰਦ–ਜਾਨ, ਜੀਵਾਤਮਾ, ਆਤਮ ਸ਼ਕਤੀ, ਚੇਤਨ ਸੱਤਾ’ ਆਦਿ। ‘ਆਤਮਾ/ਆਤਮੁ’; ਸੰਸਕ੍ਰਿਤ ਦਾ ਇੱਕ ਵਚਨ ਪੁਲਿੰਗ ਨਾਂਵ ਹੈ, ‘ਰੂਹੁ’; ਅਰਬੀ ਦਾ ਇੱਕ ਵਚਨ ਪੁਲਿੰਗ ਨਾਂਵ ਅਤੇ ‘ਜਿੰਦੁ’; ਫ਼ਾਰਸੀ ਦਾ ਅੰਤ ਔਂਕੜ ਇਸਤਰੀ ਲਿੰਗ ਨਾਂਵ ਹੈ। ਅਰਥ ਤਿੰਨਾ ਦੇ ਇੱਕੋ ਹੀ ਹਨ।
ਗੁਰਬਾਣੀ ’ਚ ਭਗਤ ਬਾਣੀ ਦੇ 769 ਸ਼ਬਦ ਹਨ, ਜੋ ਗੁਰੂ ਨਾਨਕ ਸਾਹਿਬ ਜੀ ਤੋਂ ਤਕਰੀਬਨ ਪਹਿਲਾਂ ਰਚੇ ਗਏ। ਸਾਰੇ ਹੀ ਭਗਤ; ਰੱਬ ਨੂੰ ਸਰਬ ਵਿਆਪਕ ਮੰਨਦੇ ਹਨ :
ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ ?॥ (ਬਾਬਾ ਫਰੀਦ ਜੀ/੧੩੭੮)
ਜਹਾ ਜਾਈਐ; ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ; ਸਭ ਸਮਾਨ ॥ (ਭਗਤ ਰਾਮਾਨੰਦ/੧੧੯੫)
ਭਾਵ ਰੱਬ ਨੂੰ ਪਾਉਣ ਲਈ ਜਿੱਥੇ-ਜਿੱਥੇ ਤੀਰਥਾਂ ’ਤੇ ਜਾਈਦਾ ਹੈ; ਓਥੇ-ਓਥੇ ਹੀ ਪਾਣੀ (ਨਦੀ) ਜਾਂ ਪੱਥਰ (ਮੂਰਤੀਆਂ) ਹਨ ਪਰ ਹੇ ਪ੍ਰਭ ! ਤੂੰ ਤਾਂ ਇਕ ਰਸ ਹਰ ਥਾਂ ਵਿਆਪਕ ਹੈਂ।
ਘਟ ਘਟ ਅੰਤਰਿ ਸਰਬ ਨਿਰੰਤਰਿ; ਕੇਵਲ ਏਕ ਮੁਰਾਰੀ ॥ (ਭਗਤ ਨਾਮਦੇਵ/੪੮੫)
ਸਰਬ ਨਿਰੰਤਰਿ ਰਾਮੁ ਰਹਿਆ ਰਵਿ (ਰਮ ਭਾਵ ਜੁੜ ਕੇ), ਐਸਾ ਰੂਪੁ ਬਖਾਨਿਆ ॥ (ਭਗਤ ਨਾਮਦੇਵ/੧੩੫੧)
ਹਰਿ ਮਹਿ ਤਨੁ ਹੈ, ਤਨ ਮਹਿ ਹਰਿ ਹੈ; ਸਰਬ ਨਿਰੰਤਰਿ ਸੋਇ ਰੇ ॥ (ਭਗਤ ਕਬੀਰ/੮੭੦)
ਅੰਤਰਿ ਜੋਤਿ (ਕਾਰਨ) ਰਾਮ ਪਰਗਾਸਾ; (ਪਰ) ਗੁਰਮੁਖਿ ਬਿਰਲੈ (ਨੇ) ਜਾਨੀ ॥ (ਭਗਤ ਕਬੀਰ/੯੭੦)
ਸਰਬੇ ਏਕੁ ਅਨੇਕੈ ਸੁਆਮੀ; ਸਭ ਘਟ ਭੁੋਗਵੈ ਸੋਈ ॥ ਕਹਿ ਰਵਿਦਾਸ ! ਹਾਥ ਪੈ ਨੇਰੈ; ਸਹਜੇ ਹੋਇ ਸੁ ਹੋਈ ॥ (ਭਗਤ ਰਵਿਦਾਸ/੬੫੮) ਆਦਿ।
ਉਕਤ ਵਾਕਾਂ ’ਚ ਭਾਵੇਂ ਸਾਰੇ ਭਗਤ ਰੱਬ ਨੂੰ ਸਰਬ ਵਿਆਪਕ ਮੰਨਦੇ ਹਨ ਪਰ ਫਿਰ ਵੀ ਕੇਵਲ ਹੇਠਲੇ ਵਾਕਾਂ ’ਚ ਹੀ ‘ਜੋਤਿ’ ਸਰੂਪ ਸਰਬ ਵਿਆਪਕ ਹੋਣ ਦੇ ਸੰਕੇਤ ਮਿਲਦੇ ਹਨ :
ਜੋਤਿ ਦੀ ਵਟੀ; ਘਟ ਮਹਿ ਜੋਇ ॥ (ਭਗਤ ਕਬੀਰ/੩੪੪)
ਭਾਵ ਰੱਬ ਦੀ ਜੋ ਸੋਹਣੀ ਜਿਹੀ/ਨਿੱਕੀ ਜਿਹੀ ਜੋਤ ਹੈ, ਉਹ ਸਰੀਰ ਅੰਦਰ ਹੈ।
ਸਗਲ ਜੋਤਿ ਇਨਿ ਹੀਰੈ (ਰੱਬ ਨੇ) ਬੇਧੀ; ਸਤਿਗੁਰ ਬਚਨੀ ਮੈ ਪਾਈ (ਸਮਝੀ)॥ (ਭਗਤ ਕਬੀਰ/੪੮੩)
ਜਬ ਲਗੁ ਜੋਤਿ ਕਾਇਆ ਮਹਿ ਬਰਤੈ; ਆਪਾ ਪਸੂ ਨ ਬੂਝੈ ॥ (ਭਗਤ ਕਬੀਰ/੬੯੨)
ਸਰੀਰ ਸਰੋਵਰ ਭੀਤਰੇ; ਆਛੈ (ਹੈ) ਕਮਲ ਅਨੂਪ ॥ ਪਰਮ ਜੋਤਿ ਪੁਰਖੋਤਮੋ; ਜਾ ਕੈ ਰੇਖ ਨ ਰੂਪ ॥ (ਭਗਤ ਕਬੀਰ/੮੫੭)
ਚੰਦੁ ਸੂਰਜੁ ਦੁਇ; (ਰੱਬੀ) ਜੋਤਿ (ਦਾ ਬਾਹਰਲਾ) ਸਰੂਪੁ ॥ ਜੋਤੀ ਅੰਤਰਿ; ਬ੍ਰਹਮੁ ਅਨੂਪੁ ॥੧॥ ਕਰੁ ਰੇ ਗਿਆਨੀ ! ਬ੍ਰਹਮ ਬੀਚਾਰੁ ॥ ਜੋਤੀ ਅੰਤਰਿ ਧਰਿਆ ਪਸਾਰੁ (ਬ੍ਰਹਿਮੰਡ)॥੧॥ ਰਹਾਉ ॥ (ਭਗਤ ਕਬੀਰ/੯੭੨)
ਜੀਅ ਕੀ ਜੋਤਿ; ਨ ਜਾਨੈ ਕੋਈ ॥ ਤੈ ਮੈ ਕੀਆ; ਸੁ ਮਾਲੂਮੁ ਹੋਈ ॥ (ਭਗਤ ਨਾਮਦੇਵ/੧੩੫੧)
ਭਾਵ ਜੀਵਾਂ ਅੰਦਰ ਵਸਦੀ ਜੋਤਿ ਨੂੰ ਕੋਈ ਨਹੀਂ ਜਾਣਦਾ ਭਾਵੇਂ ਕਿ ਮੈਂ ਅਤੇ ਤੈਂ (ਨੇ) ਜੋ ਕੀਤਾ ਹੈ ਉਹ ਸਭ; (ਜੋਤਿ ਨੂੰ) ਪਤਾ ਹੁੰਦਾ ਹੈ।
ਜੋਤਿ ਸਮਾਇ ਸਮਾਨੀ ਜਾ ਕੈ; ਅਛਲੀ ਪ੍ਰਭੁ ਪਹਿਚਾਨਿਆ ॥ (ਭਗਤ ਧੰਨਾ/੪੮੭)
ਭਾਵ ਜਿਸ ਦੇ ਹਿਰਦੇ ’ਚ ਜੋਤਿ ਸਰੂਪ ਸਰਬ ਵਿਆਪਕ ਵੱਸਦਾ ਹੈ। ਉਸ ਨੇ ਕਪਟ ਰਹਿਤ ਮਾਲਕ ਨੂੰ ਜਾਣ ਲਿਆ।
ਗੁਰੂ ਨਾਨਕ ਜੀ ਨੇ ਆਪਣੀ ਬਾਣੀ ’ਚ 97 ਵਾਰ ‘ਜੋਤਿ–ਸੱਤਾ’ ਦੀ ਮੌਜੂਦਗੀ ਜ਼ਰਰੇ–ਜ਼ਰਰੇ (ਸ੍ਰਿਸ਼ਟੀ, ਬਨਸਪਤੀ, ਬ੍ਰਹਿਮੰਡ, ਤ੍ਰਿਲੋਕ, ਚਾਰੇ ਖਾਣੀਆਂ, ਅੱਗ, ਪਾਣੀ, ਚੰਦ, ਸੂਰਜ’ ਆਦਿ) ਵਿੱਚ ਇਉਂ ਖੁਲ੍ਹ ਕੇ ਬਿਆਨ ਕੀਤੀ ਹੈ :
ਜਾਤਿ (ਸ੍ਰਿਸ਼ਟੀ) ਮਹਿ ਜੋਤਿ, ਜੋਤਿ ਮਹਿ ਜਾਤਾ (ਜੋਤਿ ’ਚੋਂ ਰੱਬ ਜਾਣੀਦਾ ਹੈ); ਅਕਲ ਕਲਾ ਭਰਪੂਰਿ ਰਹਿਆ ॥ (ਮਹਲਾ ੧/੪੬੯)
ਸਰਬ ਜੋਤਿ ਤੇਰੀ; ਪਸਰਿ ਰਹੀ ॥ ਜਹ ਜਹ ਦੇਖਾ; ਤਹ ਨਰਹਰੀ ॥ (ਮਹਲਾ ੧/੮੭੬)
ਤ੍ਰਿਭਵਣ (’ਚ) ਜੋਤਿ ਧਰੀ ਪਰਮੇਸਰਿ (ਨੇ); ਅਵਰੁ ਨ ਦੂਜਾ ਭਾਈ ਹੇ ॥ (ਮਹਲਾ ੧/੧੦੨੪)
ਅਗਨਿ ਪਾਣੀ ਜੀਉ (ਜੀਵ ’ਚ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ॥ (ਮਹਲਾ ੧/੧੦੩੭)
ਅੰਡਜ ਜੇਰਜ ਸੇਤਜ ਉਤਭੁਜ; ਘਟਿ ਘਟਿ (’ਚ) ਜੋਤਿ ਸਮਾਣੀ ॥ (ਬਾਰਹਮਾਹਾ/ਮਹਲਾ ੧/੧੧੦੯)
ਸੂਰਜੁ ਚੰਦੁ ਉਪਾਇ (ਕੇ); ਜੋਤਿ ਸਮਾਣਿਆ (ਭਾਵ ਵਿੱਚ ਜੋਤਿ ਰੱਖੀ)॥ (ਮਹਲਾ ੧/੧੨੭੯)
ਸਗਲ ਸਰੋਵਰ (’ਚ) ਜੋਤਿ ਸਮਾਣੀ ॥ (ਮਹਲਾ ੧/੧੩੪੨)
ਜਲ ਮਹਿ ਜੋਤਿ; ਰਹਿਆ ਭਰਪੂਰਿ ॥ (ਮਹਲਾ ੧/੪੧੧), ਇਸੇ ਵਾਕ ਦੇ ਪ੍ਰਥਾਇ ਹੈ ਕਿ ‘‘ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ ਹਰਿਆ ਸਭੁ ਕੋਇ ॥’’ (ਮਹਲਾ ੧/੪੭੨) ਇਹ ਵਿਗਿਆਨਿਕ ਤੱਥ ਹੈ ਕਿ ਬੇਜਾਨ ਵਸਤੂ ’ਚੋਂ ਕਦੇ ਜਿੰਦ-ਜਾਨ ਨਹੀਂ ਉਪਜਦੀ। ਪਾਣੀ ਤੋਂ ਸ੍ਰਿਸ਼ਟੀ ਬਣੀ। ਭੋਜਨ; ਜੀਵਨ ਦਾ ਆਧਾਰ ਹੈ ਤਾਂ ਤੇ ‘ਪਾਣੀ/ਭੋਜਨ’ ਨਿਰਜਿੰਦ ਨਹੀਂ ਹਨ, ‘‘ਜੇਤੇ ਦਾਣੇ ਅੰਨ ਕੇ; ਜੀਆ ਬਾਝੁ ਨ ਕੋਇ ॥’’ (ਮਹਲਾ ੧/੪੭੨)
ਪੂਰੇ ਬ੍ਰਹਿਮੰਡ ’ਚ ਰੱਬ ਦੀ ਜੋਤਿ ਨੂੰ ਪ੍ਰਗਟਾਉਂਦੇ ਉਕਤ ਵਚਨਾਂ ਤੋਂ ਜਾਪਦਾ ਹੈ ਕਿ ਗੁਰੂ ਨਾਨਕ ਜੀ ਨੇ ਇਹੀ ਸਚਾਈ ਆਪਣਾ ਹਥਿਆਰ ਬਣਾ ਕੇ ਸੰਸਾਰ ਦਾ ਭਰਮਣ ਕੀਤਾ ਹੈ। ਗੁਰੂ ਜੀ ਦੇ ਇਸ ਦ੍ਰਿੜ੍ਹ ਇਰਾਦੇ ਨੂੰ ਵਿਸਥਾਰ ਨਾਲ ਜਾਣਨ ਲਈ ਜੋਗੀਆਂ ਨੇ ਇਹ ਸਵਾਲ ਪੁੱਛੇ ਹਨ :
ਸਵਾਲ ਨੰਬਰ 30 : ਕਿਤੁ ਬਿਧਿ ਜੋਤਿ ਨਿਰੰਤਰਿ ਪਾਈ ? ॥ (ਗੋਸਟਿ/ਮਹਲਾ ੧/੯੪੦)
ਜਵਾਬ : ਗੁਰਮੁਖਿ ਜੋਤਿ ਨਿਰੰਤਰਿ ਪਾਈ ॥ (ਮਹਲਾ ੧/੯੪੦)
ਭਾਵ ਗੁਰੂ (ਰੱਬ) ਪਾਸੋਂ (ਉਸ ਦੀ) ਜੋਤਿ; ਜ਼ਰਰੇ-ਜ਼ਰਰੇ ’ਚ ਸਮਝੀ ਹੈ।
ਨੋਟ : ਇੱਥੇ ਗੁਰਮੁਖਿ ਤੋਂ ਭਾਵ ਮੁਖੀ ਗੁਰੂ ਭਾਵ ਰੱਬ ਹੈ; ਜੋ ‘ਜੋਤਿ ਸਰੂਪ’ ਹੈ। ਆਪ ਜੀ ਦੇ ਹੀ ਵਚਨ ਹਨ ਕਿ ਸਭ ਜੋਤਾਂ ਦੇ ਸੰਗ੍ਰਹਿ (ਜੋਤੀ/ਰੱਬ) ਲਈ ਸਮੁੱਚੀ ਕੁਦਰਤਿ ਆਰਤੀ ਕਰਦੀ ਪਈ ਹੈ, ‘‘ਧੂਪੁ ਮਲਆਨਲੋ ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ (ਭਾਵ ਜੋਤਿ ਸੂਰਪ ਲਈ)॥ (ਸੋਹਿਲਾ/ਮਹਲਾ ੧/੧੩) ਵੈਸੇ ਭੀ ਗੁਰੂ ਨਾਨਕ ਜੀ ਆਪਣੇ ਗੁਰੂ ਬਾਰੇ ਸਪਸ਼ਟ ਕਰਦੇ ਪਏ ਹਨ ‘‘ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ! ਗੁਰੁ ਮਿਲਿਆ ਸੋਈ ਜੀਉ ॥’’ (ਮਹਲਾ ੧/੫੯੯)
ਸਵਾਲ ਨੰਬਰ 86 : ਰਕਤੁ ਬਿੰਦੁ ਕੀ ਮੜੀ ਨ ਹੋਤੀ; ਮਿਤਿ ਕੀਮਤਿ ਨਹੀ ਪਾਈ ? ॥ (ਗੋਸਟਿ/ਮਹਲਾ ੧/੯੪੫)
ਭਾਵ ਮਾਤਾ ਦੇ ਖ਼ੂਨ ਅਤੇ ਪਿਤਾ ਦੇ ਬਿੰਦ ਤੋਂ ਬਣਿਆ ਜਦ ਸਰੀਰ ਨਹੀਂ ਸੀ ਤਾਂ ਜੋਤਿ ਸਰੂਪ ਦਾ ਅੰਦਾਜ਼ਾ ਕਿਵੇਂ ਲੱਗ ਸਕਦਾ ਸੀ ?
ਜਵਾਬ : ਗਉਨੁ ਗਗਨੁ ਜਬ ਤਬਹਿ ਨ ਹੋਤਉ; ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥ (ਮਹਲਾ ੧/੯੪੫)
ਭਾਵ ਜਦ ਦੁਨੀਆ, ਆਕਾਸ਼ ਨਹੀਂ ਸਨ ਤਦੋਂ ਤਿੰਨੇ ਭਵਨਾਂ (ਪਤਾਲ ਲੋਕ, ਮਾਤ ਲੋਕ ਤੇ ਸੁਰਗ ਲੋਕ) ’ਚ ਵਿਆਪਕ ਜੋਤਿ; ਅਕਾਰ ਰਹਿਤ ਰੂਪ ’ਚ ਆਪ ਹੀ ਆਪ (ਜੋਤਿ ਸਰੂਪ ਰੱਬ) ਸੀ।
ਨੋਟ : ਭੱਟ ਗਯੰਦ ਜੀ; ਗੁਰੂ ਨਾਨਕ ਜੀ ਬਾਰੇ ਇਹ ਵਚਨ ਕਰਦੇ ਹਨ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥’’ (ਭਟ ਮਥੁਰਾ/੧੪੦੮) ਭਾਵ ਜੋਤਿ ਸਰੂਪ ਹਰੀ ਨੇ ਆਪ ਹੀ (ਸੰਸਾਰ ’ਚ) ਗੁਰੂ ਨਾਨਕ ਜੀ ਅਖਵਾਇਆ ਹੈ।
ਜੋਗੀਆਂ ਦੁਆਰਾ ਪੁੱਛੇ ਗਏ ਉਕਤ ਸਵਾਲ ਸਾਫ਼ ਸੰਕੇਤ ਕਰਦੇ ਪਏ ਹਨ ਕਿ ਰੱਬ ਦੀ ਹੋਂਦ, ਰੱਬ ਦੇ ਗੁਣ ਅਤੇ ਰੱਬ ਦੇ ਨਿਵਾਸ ਸਥਾਨ ਬਾਰੇ ਗੁਰੂ ਨਾਨਕ ਜੀ ਨਾਲ ਜਗ੍ਹਾ-ਜਗ੍ਹਾ ਵਿਚਾਰ-ਚਰਚਾ ਖੁੱਲ੍ਹ ਕੇ ਹੁੰਦੀ ਰਹੀ ਹੈ। ਸਾਰੇ ਸ਼ੰਕਿਆਂ ਦਾ ਨਿਵਾਰਨ; ਗੁਰੂ ਜੀ ਬਾਦਲੀਲ ਦਿੰਦੇ ਰਹੇ ਹਨ, ਪਰ ਗੁਰੂ ਜੀ ਦੇ ਆਪਣੇ ਅਨੁਯਾਈ (ਆਧੁਨਿਕ ਅਖਵਾਉਂਦੇ ਸਿੱਖ); ਗੁਰੂ ਨਾਨਕ ਜੀ ਦੇ ਕੇਵਲ ਇਹੀ ਵਚਨ ‘‘ਕਾਦੀ ਕੂੜੁ ਬੋਲਿ; ਮਲੁ ਖਾਇ ॥ ਬ੍ਰਾਹਮਣੁ ਨਾਵੈ; ਜੀਆ ਘਾਇ ॥ ਜੋਗੀ; ਜੁਗਤਿ ਨ ਜਾਣੈ ਅੰਧੁ ॥ ਤੀਨੇ; ਓਜਾੜੇ ਕਾ ਬੰਧੁ ॥’’ (ਮਹਲਾ ੧/੬੬੨) ਦ੍ਵੈਤ-ਭਾਵਨਾ ਅਧੀਨ ਉਛਾਲਦੇ-ਉਛਾਲਦੇ ਆਪਣੀ ਹਉਮੈ ਨੂੰ ਇੰਨਾ ਵਧਾ ਬੈਠੇ ਕਿ ਆਪਣੇ ਅਸਲ ਮਾਲਕ (ਜੋਤਿ ਸਰੂਪ) ਨੂੰ ਜਾਣਨਾ; ਅੰਧਵਿਸ਼ਵਾਸ ਹੀ ਜਾਪਣ ਲੱਗ ਪਿਆ ਭਾਵੇਂ ਕਿ ਗੁਰਮਤਿ ਦਾ ਇਹ ਤੱਤ-ਸਾਰ ਬਾਕੀ ਗੁਰੂ ਸਾਹਿਬਾਨ ਵੀ ਸਮਝਾਉਂਦੇ ਰਹੇ :
ਗੁਰੂ ਅੰਗਦ ਸਾਹਿਬ ਜੀ
ਜਿਚਰੁ ਤੇਰੀ ਜੋਤਿ; ਤਿਚਰੁ ਜੋਤੀ ਵਿਚਿ ਤੂੰ ਬੋਲਹਿ; ਵਿਣੁ ਜੋਤੀ, ਕੋਈ ਕਿਛੁ ਕਰਿਹੁ, ਦਿਖਾ ਸਿਆਣੀਐ ?॥ (ਮਹਲਾ ੨/੧੩੮)
ਭਾਵ (ਜੀਵਾਂ ’ਚ) ਜਿੰਨਾ ਚਿਰ ਤੇਰੀ ਜੋਤਿ ਮੌਜੂਦ ਹੈ ਓਨਾ ਚਿਰ (ਇਸ) ਜੋਤਿ ਵਿੱਚੋਂ ਤੂੰ ਬੋਲਦਾ ਹੈਂ, ਪਰ ਜਦ ਤੇਰੀ ਜੋਤਿ ਨਿਕਲ ਗਈ ਤਾਂ ਕੋਈ ਕੁਝ ਕਰੇ ਤਾਂ ਸਹੀ ? ਮੈ ਵੀ ਵੇਖਾਂ, ਪਛਾਣਾਂ-ਪਰਖਾਂ ?
ਗੁਰੂ ਅਮਰਦਾਸ ਜੀ ਉਕਤ ਸਿਧਾਂਤ ਦੀ ਹੋਰ ਪੁਸ਼ਟੀ ਕਰਦੇ ਹਨ ‘‘ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ! ਤਬ ਕੋਈ ਕਰਉ, ਦਿਖਾ ਵਖਿਆਨਾ ? ॥ (ਮਹਲਾ ੩/੭੯੭)
ਨੋਟ : (1). ਗੁਰੂ ਨਾਨਕ ਜੀ ਦੇ ਵਿਚਾਰ ਅਤੇ ਜੋਤਿ; ਗੁਰੂ ਅੰਗਦ ਸਾਹਿਬ ਅੰਦਰ ਜਾਣ ਦੀ ਪੁਸ਼ਟੀ ਭਾਈ ਸੱਤਾ-ਬਲਵੰਡ ਜੀ ਕਰਦੇ ਹਨ :
(ੳ). ਜੋਤਿ ਓਹਾ ਜੁਗਤਿ ਸਾਇ; ਸਹਿ (ਨਾਨਕ-ਸ਼ਾਹ ਨੇ) ਕਾਇਆ ਫੇਰਿ ਪਲਟੀਐ ॥ (ਬਲਵੰਡ ਸਤਾ/੯੬੬)
ਭਾਵ ਗੁਰੂ ਅੰਗਦ ਜੀ ਅੰਤਰ ਉਹੀ (ਗੁਰੂ ਨਾਨਕ ਜੀ ਵਾਲੀ) ਜੋਤਿ ਹੈ ਅਤੇ ਗੁਰਮਤਿ ਰਹਿਣੀ ਵੀ ਓਹੀ (ਮਾਨੋ ਗੁਰੂ ਨਾਨਕ) ਪਾਤਿਸ਼ਾਹ ਜੀ ਨੇ ਸਰੀਰ ਹੀ ਦੁਬਾਰਾ ਬਦਲ ਲਿਆ ਹੈ।
(ਅ). ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ ॥ (ਬਲਵੰਡ ਸਤਾ/੯੬੭)
ਭਾਵ ਗੁਰੂ ਨਾਨਕ ਜੀ ਦੀ ਜੋਤਿ; ਗੁਰੂ ਅੰਗਦ ਜੀ ਦੀ ਜੋਤਿ ’ਚ ਲੀਨ ਹੋ ਗਈ। (ਗੁਰੂ ਨਾਨਕ ਜੀ ਨੇ) ਆਪਣੇ ਆਪ ਨੂੰ (ਗੁਰੂ ਅੰਗਦ ਜੀ ਦੇ) ਆਪਣੇ ਆਪ ਨਾਲ ਇੱਕ-ਮਿਕ ਕਰ ਲਿਆ।
(2). ਭੱਟ ਗਯੰਦ ਜੀ; ਸਵੱਈਆਂ ’ਚ ਇਹ ਵਚਨ ਕਰਦੇ ਹਨ ‘‘ਤਿਨਿ ਲਹਣਾ ਥਾਪਿ (ਕੇ, ਆਪਣੀ) ਜੋਤਿ ਜਗਿ (’ਚ) ਧਾਰੀ ॥ (ਭਟ ਗਯੰਦ/੧੪੦੧)
ਭਾਵ ਉਸ ਗੁਰੂ ਨਾਨਕ ਜੀ ਨੇ ਲਹਿਣਾ ਜੀ ਨੂੰ ਗੁਰਿਆਈ ਸੋਂਪ ਕੇ ਆਪਣੀ ਜੋਤਿ; (ਅਗਾਂਹ ਵੀ) ਜਗਤ ’ਚ ਸਥਾਪਿਤ ਕੀਤੀ ਹੈ।
ਗੁਰੂ ਅਮਰਦਾਸ ਜੀ
ਸਭ (ਸ੍ਰਿਸ਼ਟੀ ’ਚ) ਏਕਾ ਜੋਤਿ; ਜਾਣੈ ਜੇ ਕੋਈ ॥ (ਮਹਲਾ ੩/੧੨੦)
(ਰੱਬ ਦੀ) ਨਿਰਮਲ ਜੋਤਿ; ਸਭ ਮਾਹਿ ਸਮਾਣੀ ॥ (ਮਹਲਾ ੩/੧੨੧)
ਏਕਾ ਜੋਤਿ, ਜੋਤਿ ਹੈ ਸਰੀਰਾ (’ਚ)॥ (ਮਹਲਾ ੩/੧੨੫)
ਏ ਸਰੀਰਾ ਮੇਰਿਆ ! ਹਰਿ (ਨੇ) ਤੁਮ ਮਹਿ ਜੋਤਿ ਰਖੀ; ਤਾ ਤੂ ਜਗ ਮਹਿ ਆਇਆ ॥ (ਅਨੰਦ/ਮਹਲਾ ੩/੯੨੧)
ਮਨੁ ਤਨੁ ਮੈਲਾ; (ਪਰ ਇਸ) ਵਿਚਿ ਜੋਤਿ ਅਪਾਰਾ (ਅਪਰੰਪਰ ਰੱਬ ਦੀ ਨਿਰਮਲ) ॥ (ਮਹਲਾ ੩/੧੦੫੩)
ਦਾਤਿ ਜੋਤਿ ਸਭ ਸੂਰਤਿ ਤੇਰੀ ॥ ਬਹੁਤੁ ਸਿਆਣਪ; ਹਉਮੈ ਮੇਰੀ ॥ (ਮਹਲਾ ੩/੧੨੫੧)
ਜੋਤੀ ਹੂ ਪ੍ਰਭੁ ਜਾਪਦਾ; ਬਿਨੁ ਸਤਗੁਰ ਬੂਝ ਨ ਪਾਇ ॥ (ਮਹਲਾ ੩/੩੫)
ਭਾਵ ਸਰਬ ਵਿਆਪਕ ਪਸਰੀ ਜੋਤਿ ਤੋਂ ਹੀ ਪ੍ਰਭੂ ਦੀ ਹੋਂਦ ਪ੍ਰਗਟ ਹੁੰਦੀ ਹੈ, ਪਰ ਇਹ ਸਮਝ ਗੁਰੂ ਤੋਂ ਬਿਨਾਂ ਨਹੀਂ ਮਿਲਦੀ।
ਨੋਟ : ਭੱਟ ਕੀਰਤ ਜੀ; ਗੁਰੂ ਅਮਰਦਾਸ ਜੀ ਬਾਰੇ ਇਹ ਵਚਨ ਕਰਦੇ ਹਨ ‘‘ਨਿਰੰਕਾਰਿ (ਨੇ) ਆਕਾਰੁ; ਜੋਤਿ ਜਗ ਮੰਡਲਿ (’ਚ) ਕਰਿਯਉ ॥ (ਭਟ ਕੀਰਤ/੧੩੯੫) ਭਾਵ (ਜੋਤਿ ਸਰੂਪ-) ਨਿਰਾਕਾਰ ਨੇ (ਗੁਰੂ ਅਮਰਦਾਸ ਜੀ ਦੇ ਰੂਪ ’ਚ) ਆਕਾਰ-ਸਰੀਰ ਧਾਰ ਕੇ ਜਗਤ-ਮੰਡਲ ’ਚ (ਆਪਣੀ) ਜੋਤਿ ਪ੍ਰਗਟ ਕੀਤੀ ਹੈ।
ਗੁਰੂ ਰਾਮਦਾਸ ਜੀ
ਸਭ (ਸ੍ਰਿਸ਼ਟੀ ’ਚ) ਇਕਾ ਜੋਤਿ ਵਰਤੈ ਭਿਨਿ ਭਿਨਿ; ਨ ਰਲਈ, ਕਿਸੈ ਦੀ ਰਲਾਈਆ ॥ (ਮਹਲਾ ੪/੯੬)
ਭਾਵ ਇੱਕੋ ਹਰੀ ਦੀ ਜੋਤਿ; ਭਾਵੇਂ ਕਣ-ਕਣ ’ਚ ਹੈ, ਪਰ ਇਹ ਆਪਸ ’ਚ ਮਿਲ ਕੇ ਸਮੁੰਦਰ (ਜੋਤਾਂ ਦਾ ਸਰੋਤ/ਰੱਬ) ਨਹੀਂ ਬਣ ਸਕਦੀ।
ਇਹੁ ਸਰੀਰੁ ਸਭੁ ਧਰਮੁ ਹੈ; ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ (ਮਹਲਾ ੪/੩੦੯)
ਭਾਵ ਇਹ ਸਰੀਰ, ਜਿਸ ਵਿੱਚ ਰੱਬ ਦੀ ਜੋਤਿ ਹੈ (ਇਸ ਲਈ) ਧਰਮ ਕਮਾ ਸਕਦਾ ਹੈ।
ਹਰਿ (ਨੇ) ਪਰਪੰਚੁ (ਜਗਤ-ਖਿਲਾਰਾ) ਕੀਆ ਸਭੁ ਕਰਤੈ (ਨੇ); ਵਿਚਿ ਆਪੇ ਆਪਣੀ ਜੋਤਿ ਧਰਈਐ ॥ (ਮਹਲਾ ੪/੮੬੧)
ਸਭ ਜੋਤਿ ਤੇਰੀ ਜਗਜੀਵਨਾ ! ਤੂ ਘਟਿ ਘਟਿ (’ਚ) ਹਰਿ ਰੰਗ ਰੰਗਨਾ ॥ (ਮਹਲਾ ੪/੧੩੧੩)
ਭਾਵ ਹੇ ਜਗਤ ਦੇ ਜੀਵਨ ਹਰੀ ! ਹਰ ਥਾਂ ’ਚ ਤੇਰੀ ਹੀ ਜੋਤਿ ਹੈ। ਤੂੰ ਹੀ ਹਰ ਇੱਕ ਹਿਰਦੇ ’ਚ ਬੈਠ ਆਪਣੇ ਰੰਗ ਮਾਣ ਰਿਹਾ ਹੈਂ, ਪਦਾਰਥ ਭੋਗ ਰਿਹਾ ਹੈਂ।
ਸਭ ਤੇਰੀ ਜੋਤਿ, ਜੋਤੀ ਵਿਚਿ ਵਰਤਹਿ; ਗੁਰਮਤੀ ਤੁਧੈ (ਤੈਂ ਨੇ ਹੀ) ਲਾਵਣੀ ॥ (ਮਹਲਾ ੪/੧੩੧੪)
ਭਾਵ ਸਾਰੀ ਸ੍ਰਿਸ਼ਟੀ ’ਚ ਤੇਰੀ ਜੋਤਿ/ਨੂਰ ਹੈ। ਇਸ ਨੂਰ ’ਚ ਤੂੰ ਬੈਠਾ ਹੈਂ। ਤੂੰ ਹੀ ਗੁਰੂ ਦੀ ਸਿੱਖਿਆ ਨਾਲ ਜੋੜਦਾ ਹੈਂ।
ਨੋਟ : (1). ਭੱਟ ਗਯੰਦ ਜੀ; ਗੁਰੂ ਰਾਮਦਾਸ ਜੀ ਬਾਰੇ ਇਹ ਵਚਨ ਕਰਦੇ ਹਨ : ‘‘ਕੰਚਨੁ ਤਨੁ ਹੋਇ, ਪਰਸਿ ਪਾਰਸ ਕਉ; ਜੋਤਿ ਸਰੂਪੀ ਧੵਾਨੁ ਧਰੰ ॥ (ਭਟ ਗਯੰਦ/੧੪੦੨) ਭਾਵ ਜੋਤਿ ਸਰੂਪ (ਗੁਰੂ ਰਾਮਦਾਸ-) ਪਾਰਸ ਨੂੰ ਛੂਹ ਕੇ, (ਉਨ੍ਹਾਂ ਦਾ) ਧਿਆਨ ਧਰ ਕੇ ਸੋਨੇ ਵਰਗਾ ਸ਼ੁੱਧ ਹੋ ਜਾਈਦਾ ਹੈ।
(2). ਭੱਟ ਮਥਰਾ ਜੀ; ਗੁਰੂ ਰਾਮਦਾਸ ਜੀ ਬਾਰੇ ਇਹ ਵਚਨ ਕਰਦੇ ਹਨ ‘‘ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ (ਰੂਪ ਭਾਵ ਆਪਣੀ) ਜੋਤਿ ਅਰਜੁਨ ਮਾਹਿ ਧਰੀ ॥’’ (ਭਟ ਮਥੁਰਾ/੧੪੦੯)
ਗੁਰੂ ਅਰਜਨ ਸਾਹਿਬ ਜੀ
ਪ੍ਰਭ ਕੀ ਜੋਤਿ; ਸਗਲ ਘਟ ਸੋਹੈ ॥ (ਸੁਖਮਨੀ/ਮਹਲਾ ੫/੨੮੨)
ਊਚ ਨੀਚ ਮਹਿ ਜੋਤਿ ਸਮਾਣੀ; ਘਟਿ ਘਟਿ (’ਚ) ਮਾਧਉ ਜੀਆ (ਜੀਵਾਂ ’ਚ)॥ (ਮਹਲਾ ੫/੬੧੭)
ਭਾਣੈ (’ਚ) ਮਿਟੀ (ਸਰੀਰ) ਸਾਜਿ ਕੈ; ਭਾਣੈ (’ਚ) ਜੋਤਿ ਧਰੇਇ ॥ (ਮਹਲਾ ੫/੯੬੩)
ਕਾਚੇ ਭਾਡੇ ਸਾਜਿ ਨਿਵਾਜੇ; (ਕਿਉਂਕਿ) ਅੰਤਰਿ ਜੋਤਿ ਸਮਾਈ ॥ (ਮਹਲਾ ੫/੮੮੨)
ਜੋਤਿ ਸਰੂਪ (ਰੱਬ); ਜਾ ਕੀ ਸਭ ਵਥੁ (ਵਸਤੂ/ਸ੍ਰਿਸ਼ਟੀ)॥ (ਮਹਲਾ ੫/੧੧੫੦) ਆਦਿ।
ਨੋਟ : ਭੱਟ ਮਥਰਾ ਜੀ; ਗੁਰੂ ਅਰਜਨ ਸਾਹਿਬ ਜੀ ਬਾਰੇ ਇਹ ਵਚਨ ਕਰਦੇ ਹਨ :
(1). ਪ੍ਰਗਟ ਜੋਤਿ ਜਗਮਗੈ; ਤੇਜੁ ਭੂਅ ਮੰਡਲਿ (’ਤੇ) ਛਾਯਉ ॥ (ਭਟ ਮਥੁਰਾ/੧੪੦੮)
ਭਾਵ (ਹੇ ਗੁਰੂ ਅਰਜਨ ਜੀ ! ਤੁਹਾਡੇ ਅੰਦਰ) ਪ੍ਰਤੱਖ (ਰੱਬੀ) ਜੋਤਿ ਜਗਮਗ-ਜਗਮਗ ਕਰ ਰਹੀ ਹੈ, (ਜਿਸ ਕਰਕੇ) ਤੁਹਾਡਾ ਜਲਾਲ (ਨੂਰ) ਧਰਤੀ ’ਤੇ ਛਾਇਆ ਪਿਆ ਹੈ।
(2). ਧਰਨਿ ਗਗਨ ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ ॥ (ਭਟ ਮਥੁਰਾ/੧੪੦੯)
ਭਾਵ (ਗੁਰੂ ਅਰਜਨ ਜੀ) ਜੋਤਿ ਸਰੂਪ ਵਜੋਂ ਧਰਤੀ, ਆਕਾਸ਼ ਅਤੇ 9 ਖੰਡਾਂ ’ਚ ਵਿਆਪਕ ਹੈ।
ਉਕਤ ਸੈਂਕੜੇ ਗੁਰੂ ਵਚਨਾਂ ਤੋਂ ਬਾਅਦ ਤਾਂ ਕੋਈ ਸੰਦੇਹ ਨਹੀਂ ਰਹਿਣਾ ਚਾਹੀਦਾ ਕਿ ਰੱਬ; ਸਰਬ ਵਿਆਪਕ ਜੋਤਿ ਸਰੂਪ ਨਹੀਂ ਹੈ, ਪਰ ਫਿਰ ਵੀ ਰੱਬ ਨੂੰ ‘ਤੱਤ ਰੂਪ’ ਵਜੋਂ ਮੰਨਣ ਵਾਲਿਆਂ ਦੇ ਮੂੰਹੋਂ ਇਹ ਸਵਾਲ ਅਕਸਰ ਸੁਣੀਦਾ ਹੈ ਕਿ ਜੇ ਗੁਰੂ ਨਾਨਕ ਜੀ ‘ਆਤਮਾ’ ਜਾਂ ‘ਰੂਹ’ ਨੂੰ ਹੀ ‘ਜੋਤਿ’ ਕਹਿ ਰਹੇ ਹਨ ਤਾਂ ਇਹ ਖੋਜ ਤਾਂ ਬਹੁਤ ਪਹਿਲਾਂ ਸਨਾਤਨ ਧਰਮ ਅਤੇ ਇਸਲਾਮ (ਈਸਾਈ, ਯਹੂਦੀ, ਪਾਰਸੀ) ਆਦਿ ਧਰਮਾਂ ਨੇ ਕਰ ਰੱਖੀ ਹੈ। ਫਿਰ ਗੁਰਮਤਿ ਦਾ ਨਿਆਰਾਪਣ ਕੀ ਹੈ ?
ਜਵਾਬ (ੳ) : ਭਾਵੇਂ ਸਨਾਤਨ ਅਤੇ ਇਸਲਾਮ ਆਦਿ ਧਰਮ; ਆਤਮਾ/ਰੂਹ ਦੀ ਹੋਂਦ ਨੂੰ ਮੰਨਦੇ ਹਨ ਅਤੇ ਇਸ ਨੂੰ ਸਜ਼ਾ ਮਿਲਦੀ ਵੀ ਮੰਨੀ ਹੈ, ਪਰ ਇਸ ਦਾ ਅੰਤ ਕੀ ਹੈ ਭਾਵ ਇਹ ਸਜ਼ਾ ਭੋਗ ਕੇ ਜਾਂ ਮੁਕਤ ਹੋਣ ਤੋਂ ਬਾਅਦ ਕਿੱਥੇ ਜਾਂਦਾ ਹੈ ? ਜੇ ਸ਼ੁੱਧ ਹੋ ਕੇ ਮੁੜ ਜਨਮ ਲੈਂਦਾ ਹੈ ਤਾਂ ਫਿਰ ਸਭ ਮਨੁੱਖਾਂ ਦੀ ਸੋਚ ਇਕ ਸਮਾਨ ਕਿਉਂ ਨਹੀਂ ? ਇਨ੍ਹਾਂ ਵਿੱਚ ਵਿਤਕਰਾ (ਜਾਤਿ, ਨਸਲ, ਧਰਮ ਆਦਿ) ਕਿਉਂ ਬਚਿਆ ਰਿਹਾ ? ਕਿਉਂਕਿ ਪਿਛਲੇ ਪਾਪਾਂ ਦੀ ਸਜ਼ਾ ਤਾਂ ਸਭ ਭੋਗ ਕੇ ਨਿਰਮਲ ਹੋ ਚੁੱਕੇ ਸਨ। ਜੇ ਆਤਮਾ ਸਜ਼ਾ ਭੋਗ ਕੇ ਨਿਰਮਲ ਹੋ ਗਈ ਸੀ ਤਾਂ ਨਿਰਮਲ ਰੱਬ ’ਚ ਲੀਨ ਕਿਉਂ ਨਹੀਂ ਹੋਈ ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭਣ ਵੱਲ ਕੋਈ ਵੀ ਧਰਮ (ਗੁਰਮਤਿ ਤੋਂ ਬਿਨਾਂ) ਨਹੀਂ ਗਿਆ।
ਪੰਡਿਤ ਨੇ ‘ਆਤਮਾ’ ਦੀ ਮੁਕਤੀ ਨੂੰ ਆਰਥਿਕ ਲੋੜਾਂ ਅਤੇ ਆਪਣੇ ਪਾਸ ਮੁਕਤ ਕਰ ਸਕਣ ਦੀ ਸਮਰੱਥਾ (ਪੰਡਿਤਾਈ) ਨਾਲ ਜੋੜ ਲਿਆ। ਪਹਿਲਾਂ ਤੀਰਥਾਂ ’ਤੇ ਲਿਜਾ ਕੇ ਪਾਪ ਨਸ਼ਟ ਕਰਵਾਏ ਭਾਵ ‘ਆਤਮਾ’ ਨਿਰਮਲ ਕੀਤਾ, ਫਿਰ ਸਾਰੀ ਧਨ-ਸੰਪਤੀ ਬ੍ਰਾਹਮਣ ਨੂੰ ਦਾਨ ਕਰ ਆਪ ਆਰੇ ਨਾਲ ਸਰੀਰ ਦੁਫਾੜ ਕਰਕੇ ਮਰਨ ਨਾਲ ‘ਆਤਮਾ’ ਮੁਕਤ ਕੀਤਾ, ਫਿਰ ਮਰਨ ਉਪਰੰਤ ਸਰਾਧ ਕਰਾ ਕੇ ‘ਆਤਮਾ’ ਮੁਕਤ ਕੀਤਾ, ਫਿਰ ਬ੍ਰਾਹਮਣ ਦੇ ਸਰਾਪ ਨਾਲ ਨੀਚ ਜਾਤ ਘਰ ਜਨਮ ਲੈ ਕੇ ‘ਆਤਮਾ’ ਮੁਕਤ ਹੁੰਦਾ ਵਿਖਾਇਆ। ਜੇ ‘ਆਤਮਾ’ ਨੂੰ ਮੁਕਤ ਹੋਣ ਲਈ ਇੰਨੇ ਪੜਾਅ ਪਾਰ ਕਰਨੇ ਹਨ ਤਾਂ ਫਿਰ ਮੁੜ ਜਨਮ ਲੈਣ ਵਾਲੇ ਸਾਰੇ ਮਨੁੱਖਾਂ ਦੇ ਵਿਚਾਰ ਇੱਕ ਸਮਾਨ ਤਾਂ ਹੋਣੇ ਹੀ ਚਾਹੀਦੇ ਸੀ ?
ਟਕਸਾਲ ਮੁਖੀ ਗਿਆਨੀ ਗੁਰਬਚਨ ਸਿੰਘ ਜੀ ‘ਖਾਲਸਾ’ ਨੇ ਵੀ ਬ੍ਰਾਹਮਣ ਦੇ ਇਸ ਸਰਾਪ-ਦੰਡ ਨੂੰ ਅਪਣਾਉਂਦਿਆਂ ਗੁਰੂ ਸਾਹਿਬਾਨ ਅਤੇ ਪੰਜ ਪਿਆਰਿਆਂ ਦੀ ਪਿਛਲੀ ਜਾਤ ਨੂੰ ਬ੍ਰਾਹਮਣ ਦੀ ਅੱਖ ਨਾਲ ਵੇਖ ਕੇ ਹੁਣ ਵੀ ਓਸੇ ਅਖੌਤੀ ਜਾਤ ਘਰ ਜਨਮ ਕਰਾ ਕੇ ਮੁਕਤ ਹੁੰਦੇ ਵਿਖਾਇਆ ਹੈ, ਜੋ ਬਿਲਕੁਲ ਹੀ ਗੁਰਮਤਿ ਵਿਰੁਧ ਹੈ।
ਦੂਸਰੇ ਪਾਸੇ ਗੁਰਮਤਿ; ਗੁਰਸਿੱਖ ਦੀ ‘ਜੋਤਿ’ ਨੂੰ ਜੋਤਾਂ ਦੇ ਸਰੋਤ (ਜੋਤੀ) ’ਚ ਲੀਨ ਹੁੰਦੀ; ਗੁਰਬਾਣੀ ’ਚ 84 ਵਾਰ (‘ਜੋਤੀ ਜੋਤਿ’ ਸ਼ਬਦਾਂ ਰਾਹੀਂ) ਇਉਂ ਬਿਆਨ ਕਰਦੀ ਹੈ :
ਭਗਤ ਸਾਹਿਬਾਨ
(1). ਜੋਤਿ ਸਰੂਪ ਅਨਾਹਤ ਲਾਗੀ; ਕਹੁ ਹਲਾਲੁ ਕਿਆ ਕੀਆ ?॥ (ਭਗਤ ਕਬੀਰ/੧੩੫੦)
ਭਾਵ (ਜਾਨਵਰ ਦੀ) ਅਨਾਹਤ ਜੋਤਿ (ਨਾਸ਼ ਰਹਿਤ ਜੋਤਿ) ਜਨਮ ਮਰਨ (ਸਰੂਪਾਂ) ਦੇ ਰਾਹ ਜਾ ਲੱਗੀ। ਦੱਸੋ, ਤੁਸੀਂ ਹਲਾਲ ਕੀ ਕੀਤਾ ? ਕਿਉਂਕਿ ਆਤਮਾ ਅਮਰ ਹੈ ‘‘ਨਾ ਇਹੁ (ਆਤਮਾ) ਜੀਵੈ; ਨ ਮਰਤਾ ਦੇਖੁ ॥ ਇਸੁ ਮਰਤੇ ਕਉ; ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥’’ (ਭਗਤ ਕਬੀਰ/੮੭੧)
(2). ਜੋਤੀ ਜੋਤਿ ਸਮਾਨੀ ॥ ਮੈ ਗੁਰ ਪਰਸਾਦੀ ਜਾਨੀ ॥ (ਭਗਤ ਨਾਮਦੇਵ/੬੫੭)
ਚੰਦੁ ਸੂਰਜੁ (ਭਾਵ ਰਾਤ ਦਿਨ) ਦੁਇ ਸਮ ਕਰਿ ਰਾਖਉ; ਬ੍ਰਹਮ ਜੋਤਿ ਮਿਲਿ ਜਾਉਗੋ ॥ (ਭਗਤ ਨਾਮਦੇਵ/੯੭੩)
ਗੁਰੂ ਨਾਨਕ ਸਾਹਿਬ ਜੀ
ਗੁਰੂ ਨਾਨਕ ਜੀ ਨੇ ਜਿਵੇਂ ‘ਜੋਤਿ’ ਸ਼ਬਦ ਨੂੰ 97 ਵਾਰ (ਭਾਵ ਸਭ ਤੋਂ ਵੱਧ ਵਾਰ) ਦਰਜ ਕਰ ਹਰ ਜਗ੍ਹਾ ਵਿਆਪਕ ਜੋਤਿ ਸਰੂਪ ਨੂੰ ਬਿਆਨਿਆ ਹੈ ਓਵੇਂ ਹੀ 17 ਵਾਰ ‘ਜੋਤੀ ਜੋਤਿ’ ਸੰਯੁਕਤ ਸ਼ਬਦ; ਦਰਜ ਕਰ ਜ਼ਿੰਦਗੀ ਦੇ ਅੰਤਿਮ ਸਮੇਂ ‘ਆਤਮਾ’ ਦਾ ਮਾਰਗ (ਆਵਾਗਮਣ ਜਾਂ) ਰੱਬ ’ਚ ਲੀਨਤਾ ਬਾਰੇ ਵਿਸਥਾਰ ’ਚ ਬਿਆਨਿਆ ਹੈ :
ਤਿਥੈ ਕਾਲੁ ਨ ਸੰਚਰੈ (ਪਹੁੰਚਦਾ, ਜਦ) ਜੋਤੀ ਜੋਤਿ ਸਮਾਇ ॥ (ਮਹਲਾ ੧/੫੫)
ਭਾਵ ਜਦ ਇੱਕ ਵਾਰ ਜੋਤਿ; ਜੋਤੀ ’ਚ ਲੀਨ ਹੋ ਗਈ ਤਾਂ ਓਥੇ ਮੁੜ ਮੌਤ (ਜਨਮ-ਮਰਨ) ਦਾ ਡਰ ਪੋਹ ਨਹੀਂ ਸਕਦਾ।
ਨਾਨਕ ! ਸਦਾ ਸੋਹਾਗਣੀ; ਜਿਨ ਜੋਤੀ ਜੋਤਿ ਸਮਾਇ ॥ (ਮਹਲਾ ੧/੧੫੭)
ਭਾਵ ਜਿਨ੍ਹਾਂ ਦੀ ਜੋਤਿ; ਜੋਤੀ ’ਚ ਮਿਲ ਗਈ, ਉਹ ਸਦਾ ਸੁਹਾਗਣਾਂ ਬਣੀਆਂ ਰਹਿੰਦੀਆਂ ਹਨ (ਮੁੜ ਵਿਛੁੜਦੀਆਂ ਨਹੀਂ, ਜਨਮ-ਮਰਨ ’ਚ ਨਹੀਂ ਪੈਦੀਆਂ ਤਾਂ ਜੋ ਰੰਡੀਆਂ ਅਖਵਾਉਣ)।
ਪੁਨਰਪਿ (ਮੁੜ) ਜਨਮੁ ਨਾਹੀ ਜਨ ਸੰਗਤਿ; ਜੋਤੀ ਜੋਤਿ ਮਿਲਾਈ ॥ (ਮਹਲਾ ੧/੫੦੫)
ਆਵਾਗਉਣੁ ਨਿਵਾਰਿਆ; ਜੋਤੀ ਜੋਤਿ ਮਿਲਾਇ (ਕੇ)॥ (ਮਹਲਾ ੧/੧੦੦੯) ਆਦਿ।
ਗੁਰੂ ਅਮਰਦਾਸ ਜੀ
ਗੁਰੂ ਨਾਨਕ ਜੀ ਦੇ ਵਚਨ ਹਨ ‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਨ ਜਾਈ ॥’’ (ਜਪੁ) ਅਤੇ ਗੁਰੂ ਅਮਰਦਾਸ ਜੀ ਦੇ ਵਚਨ ਹਨ ‘‘ਸਭਨਾ ਜੀਆ ਕਾ ਇਕੁ ਦਾਤਾ; ਜੋਤੀ ਜੋਤਿ ਮਿਲਾਵਣਹਾਰੁ ॥’’ (ਮਹਲਾ ੩/੬੮) ਆਪ ਨੇ ਕੁੱਲ 84 ਵਾਰ ’ਚੋਂ 38 ਵਾਰ (ਭਾਵ ਸਭ ਤੋਂ ਵੱਧ ਵਾਰ) ‘ਜੋਤੀ ਜੋਤਿ’ ਸ਼ਬਦਾਂ ਨੂੰ ਆਪਣੀ ਬਾਣੀ ’ਚ ਦਰਜ ਕੀਤਾ ਹੈ :
(ਗੁਰੂ) ਪਾਰਸਿ+ਪਰਸਿਐ (ਨਾਲ) ਪਾਰਸੁ ਹੋਇ; ਜੋਤੀ ਜੋਤਿ ਸਮਾਇ ॥ (ਮਹਲਾ ੩/੨੭)
ਜੋਤੀ ਜੋਤਿ ਮਿਲੀ ਮਨੁ ਮਾਨਿਆ; ਹਰਿ ਦਰਿ (’ਤੇ) ਸੋਭਾ ਪਾਵਣਿਆ ॥ (ਮਹਲਾ ੩/੧੨੪)
ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥ (ਜਿਸ) ਗੁਰਮੁਖਿ (ਗੁਰੂ ਰਾਹੀਂ) ਜੋਤੀ ਜੋਤਿ ਮਿਲਾਈ ॥ (ਮਹਲਾ ੩/੩੬੨)
ਸੋ ਗੁਰੂ; ਸੋ ਸਿਖੁ ਹੈ, ਭਾਈ ! ਜਿਸੁ ਜੋਤੀ ਜੋਤਿ ਮਿਲਾਇ ॥ (ਮਹਲਾ ੩/੬੦੨)
ਭਾਵ ਹੇ ਭਾਈ ! (ਅਸਲ ’ਚ) ਓਹੀ ਸੱਚਾ ਗੁਰੂ ਹੈ, ਜੋ ਸਿੱਖ ਦੀ ਜੋਤਿ ਨੂੰ ਜੋਤੀ ’ਚ ਮਿਲਾ ਦੇਵੇ।
ਗੁਰਮੁਖਿ ਗਿਆਨੁ ਤਤੁ ਬੀਚਾਰਾ; ਜੋਤੀ ਜੋਤਿ ਮਿਲਾਏ ॥ (ਮਹਲਾ ੩/੧੧੩੧)
ਭਾਵ ਗੁਰੂ-ਸ਼ਬਦ ’ਚੋਂ ਤੱਤ-ਗਿਆਨ ਨੂੰ ਵਿਚਾਰ ਕੇ (ਸਿੱਖ; ਆਪਣੀ) ਜੋਤਿ ਨੂੰ ਜੋਤੀ ’ਚ ਮਿਲਾ ਲੈਂਦਾ ਹੈ।
ਨਾਨਕ ! ਹਰਿ ਭਗਤਿ ਪਰਾਪਤਿ ਹੋਈ; (ਫਿਰ) ਜੋਤੀ ਜੋਤਿ ਸਮਾਇ ॥ (ਮਹਲਾ ੩/੧੧੩੨) ਆਦਿ।
ਗੁਰੂ ਰਾਮਦਾਸ ਜੀ
ਨਾਨਕ ! ਦਾਤਿ ਕਰੀ ਪ੍ਰਭਿ+ਦਾਤੈ (ਨੇ, ਫਿਰ) ਜੋਤੀ ਜੋਤਿ ਸਮਾਣੀ ॥ (ਮਹਲਾ ੪/੪੪੨)
ਨਾਨਕ ! ਪ੍ਰਭੁ ਪਾਇਆ, ਸਬਦਿ (ਗੁਰੂ ਸ਼ਬਦ ਨੇ) ਮਿਲਾਇਆ; ਜੋਤੀ ਜੋਤਿ ਮਿਲਾਈ ॥ (ਮਹਲਾ ੪/੭੭੬)
ਜੋਤੀ ਜੋਤਿ ਮਿਲਾਇ (ਕੇ) ਜੋਤਿ ਰਲਿ ਜਾਵਹਗੇ ॥ (ਮਹਲਾ ੪/੧੩੨੧) ਆਦਿ।
ਗੁਰੂ ਅਰਜਨ ਸਾਹਿਬ ਜੀ
ਜਲ ਤਰੰਗੁ; ਜਿਉ ਜਲਹਿ ਸਮਾਇਆ ॥ ਤਿਉ ਜੋਤੀ ਸੰਗਿ; ਜੋਤਿ ਮਿਲਾਇਆ ॥ (ਮਹਲਾ ੫/੧੦੨)
ਜਿਉ ਜਲ ਮਹਿ; ਜਲੁ ਆਇ (ਕੇ) ਖਟਾਨਾ (ਮਿਲਦਾ) ॥ ਤਿਉ, ਜੋਤੀ ਸੰਗਿ ਜੋਤਿ ਸਮਾਨਾ ॥ (ਸੁਖਮਨੀ/ਮਹਲਾ ੫/੨੭੮)
ਜੋਤੀ ਜੋਤਿ ਰਲੀ; ਸੰਪੂਰਨੁ ਥੀਆ (ਪੂਰਾ ਸਫਰ ਹੋਇਆ) ਰਾਮ ॥ (ਮਹਲਾ ੫/੮੪੬) ਆਦਿ।
ਸੋ ਗੁਰਮਤਿ ਅਨੁਸਾਰੀ ਜੀਵਨ ਬਤੀਤ ਕਰਨ ਵਾਲੇ ਗੁਰਸਿੱਖ ਦੀ ‘ਆਤਮਾ’; ‘ਜੋਤਿ ਸਰੂਪ’ ’ਚ ਲੀਨ ਹੁੰਦੀ ਹੈ, ਜੋ ਇਸ ਦਾ ਸਰੋਤ ਹੈ।
ਜਵਾਬ (ਅ) : ‘ਆਤਮਾ’ ਨੂੰ ਸਜ਼ਾ ਦੇਣ ਲਈ ਮਨੂ ਸਿਮ੍ਰਿਤੀ ’ਚ 21 ਨਰਕ ਕੁੰਡ ਦੱਸੇ ਗਏ, ਭਾਗਵਤ ’ਚ 28 ਅਤੇ ਬ੍ਰਹਮ ਵੈਵਰਤ ਪੁਰਾਣ ’ਚ 86 ਨਰਕ ਕੁੰਡਾਂ ਦਾ ਜ਼ਿਕਰ ਹੈ। ‘ਰੂਹ’ ਨੂੰ ਸਜ਼ਾ ਦੇਣ ਲਈ ਪਾਰਸੀ ਦਾ ਨਰਕ ਕੁੰਡ; ਦੁਜੋਤਮਨ ਹੈ। ਇਸਲਾਮ ਦਾ ਪੁਰਸਲਾਤ (ਦੋਜ਼ਖ਼ ਦੀ ਅੱਗ ’ਤੇ ਬਣਿਆ ਪੁਲ) ਆਦਿ, ਪਰ ਗੁਰਮਤਿ ਅਨੁਸਾਰ ‘ਆਤਮਾ’ ਕੋਈ ਸਜ਼ਾ ਨਹੀਂ ਭੋਗਦੀ, ਇਸ ਲਈ ਮਰਨ ਤੋਂ ਬਾਅਦ ਇਸ ਦੀ ਮੁਕਤੀ ਲਈ ਕੋਈ ਧਾਰਮਕ ਰਸਮ ਕਰਨ ਦੀ ਜ਼ਰੂਰਤ ਹੈ। ਇਹ ਵਾਕ ‘‘ਧਰਮ ਰਾਇ ਨੋ ਹੁਕਮੁ ਹੈ; ਬਹਿ (ਕੇ) ਸਚਾ ਧਰਮੁ ਬੀਚਾਰਿ ॥ ਦੂਜੈ ਭਾਇ ਦੁਸਟੁ ਆਤਮਾ; ਓਹੁ ਤੇਰੀ ਸਰਕਾਰ ॥’’ (ਮਹਲਾ ੩/੩੯) ਵੀ ਸਨਾਤਨ ਧਰਮ ’ਚੋਂ ਲਈ ਗਈ ਇੱਕ ਮਿਸਾਲ ਮਾਤਰ ਹੈ, ਨਾ ਕਿ ਸਿੱਖਾਂ ਜਾਂ ਗ਼ੈਰ ਸਿੱਖਾਂ ਲਈ ਗੁਰਮਤਿ ਦਾ ਸਿਧਾਂਤ ਹੈ। ਗੁਰਬਾਣੀ ਕਿਸੇ ਕਾਲਪਨਿਕ ਧਰਮਰਾਜ ਨੂੰ ਹੀ ਨਹੀਂ ਮੰਨਦੀ। ਗੁਰਬਾਣੀ ਦਾ ਨਰਕ ਆਵਾਗਮਣ ਹੈ ਭਾਵ ਸਰੀਰ ਧਾਰ ਕੇ ਹੀ ਕੀਤੇ ਬੁਰੇ ਕਰਮਾਂ ਅਨੁਸਾਰ ਕਸ਼ਟ ਭੋਗਣੇ ਨਰਕ ਹੈ। ਜ਼ਰਾ ਸੋਚੋ ਕਿ ਜੁੜਵੇਂ ਬੱਚੇ, ਜੋ ਗਰਭ ਦੌਰਾਨ 9 ਮਹੀਨੇ; ਖ਼ੂਨ, ਖ਼ੁਰਾਕ, ਸੁਆਸ ਇੱਕੋ ਥਾਂ ਤੋਂ ਲੈਂਦੇ ਰਹੇ, ਫਿਰ ਪੈਦਾ ਹੁੰਦਿਆਂ ਉਨ੍ਹਾਂ ਦੇ ਵਿਚਾਰਾਂ ’ਚ ਅੰਤਰ ਕਿਉ ਆ ਜਾਂਦਾ ਹੈ ?
ਗੁਰਬਾਣੀ ’ਚ ਕਈ ਵਾਰ ‘ਜੀਉ’ ਸ਼ਬਦ ਦਾ ਅਰਥ ਵੀ ‘ਆਤਮਾ’ ਹੈ। ਇਸ ਦਾ ਬਹੁ ਵਚਨ ਰੂਪ ‘ਜੀਅ’ (ਜਿੰਦਾਂ) ਹੈ, ਪਰ ਇੱਕ ਵਚਨ ‘ਜੀਉ’ ਨਾਲ ਜਦ ਕੋਈ ਸੰਬੰਧਕੀ ‘ਕਾ, ਕੇ, ਕੀ’ ਆਵੇ ਤਾਂ ਵੀ ‘ਜੀਉ’ ਤੋਂ ‘ਜੀਅ’ (ਬਹੁ ਵਚਨ ਸਰੂਪ ਵਰਗਾ) ਬਣ ਜਾਂਦਾ ਹੈ, ਜੋ ਹੁੰਦਾ ਇੱਕ ਵਚਨ ਹੀ ਹੈ; ਜਿਵੇਂ ਕਿ
ਹਰਿ (ਨੇ); ਜੀਉ ਗੁਫਾ (ਸਰੀਰ) ਅੰਦਰਿ ਰਖਿ ਕੈ; ਵਾਜਾ ਪਵਣੁ ਵਜਾਇਆ ॥ (ਅਨੰਦ/ਮਹਲਾ ੩/੯੨੨) (ਜੀਉ ਭਾਵ ਆਤਮਾ)
ਜੀਅ ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥ (ਮਹਲਾ ੫/੫੧੯) (ਜੀਅ ਭਾਵ ਜਿੰਦ/ਇੱਕ ਵਚਨ, ਨਾ ਕਿ ਬਹੁ ਵਚਨ)
ਹੁਕਮੀ; ਹੋਵਨਿ ਆਕਾਰ (ਭਾਵ ਜੀਵ-ਜੰਤ)..॥ (ਜਪੁ)
ਹੁਕਮੀ; ਹੋਵਨਿ ਜੀਅ (ਭਾਵ ਉਨ੍ਹਾਂ ਜੀਵ-ਜੰਤਾਂ ’ਚ ਜਿੰਦਾਂ).. ॥ (ਜਪੁ) (ਜੀਅ ਭਾਵ ਜਿੰਦਾਂ/ਬਹੁ ਵਚਨ)
ਅੰਤ ’ਚ ਰੱਬ ਦੀ ਸਰਬ ਵਿਆਪਕਤਾ ‘ਤੱਤ ਸਰੂਪ’ ਜਾਂ ‘ਗੁਣ ਸਰੂਪ’ ਜਾਂ ‘ਪ੍ਰਤਿਬਿੰਬ ਸਰੂਪ’ ਦੁਬਿਧਾ ਨੂੰ ਸੰਖੇਪ ’ਚ ਵਿਚਾਰਨਾ ਜ਼ਰੂਰੀ ਹੈ :
(1). ਤੱਤ ਸਰੂਪ : ਕੁਝ ਸਿੱਖ; ਇਸ ਪਾਵਨ ਵਾਕ ‘‘ਪਵਨੈ ਮਹਿ; ਪਵਨੁ ਸਮਾਇਆ ॥ ਜੋਤੀ ਮਹਿ; ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ? ॥ (ਮਹਲਾ ੫/੮੮੫) ਭਾਵ ਸਰੀਰ ’ਚੋਂ ਪ੍ਰਾਣ ਨਿਕਲਣ ਤੋਂ ਬਾਅਦ ਪੰਜੇ ਤੱਤ; ਆਪਣੇ-ਆਪਣੇ ਸਰੋਤ ਤੱਤਾਂ ’ਚ ਮਿਲ ਜਾਂਦੇ ਹਨ, ਕੋਈ ‘ਆਤਮਾ’ ਨਹੀਂ ਬਚਦੀ; ਆਖਦੇ ਹਨ, ਪਰ ਸਚਾਈ ਇਹ ਹੈ ਕਿ ਇਹ ਸਿੱਖ; ਆਪਣੀ ਮਨਮਤ ਨੂੰ ਛੁਪਾਉਣ ਲਈ ਇਸੇ ਵਾਕ ਦੀ ਤੁਕ ‘‘ਜੋਤੀ ਮਹਿ; ਜੋਤਿ ਰਲਿ ਜਾਇਆ ॥’’ ਨੂੰ ਛੁਪਾ ਲੈਂਦੇ ਹਨ। ਭੋਲ਼ੀ ਭਾਲ਼ੀ ਸੰਗਤ ਨੂੰ ਪਤਾ ਤੱਕ ਨਹੀਂ ਲੱਗਣ ਦਿੰਦੇ। ਕੀ ਇਹ ਤੁਕ ਗੁਰਮਤਿ ਸਿਧਾਂਤ ਦਾ ਭਾਗ ਨਹੀਂ ? ਗੁਰਬਾਣੀ ਦੇ ਇੱਕੋ ਸ਼ਬਦ ’ਚੋਂ ਇੱਕ ਬੰਦ ਨੂੰ ਵੀ ਪੂਰਾ ਨਾ ਵਿਚਾਰਨਾ; ਆਪਣੀ ਮਨਮਤ ਨੂੰ ਜੀਵਤ ਰੱਖਣਾ ਹੈ। ਜੇ ਸਮੁੱਚਾ ਸ਼ਬਦ ਗੁਰਮਤਿ ਅਨੁਸਾਰ ਵਿਚਾਰੀਏ ਤਾਂ ਇਸ ਮਨਮਤੀ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ।
ਉਕਤ ਸ਼ਬਦ ਦੀ ‘ਰਹਾਉ’ ਤੁਕ ਹੈ ‘‘ਕਉਨੁ ਮੂਆ ਰੇ ! ਕਉਨੁ ਮੂਆ ? ॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ॥੧॥ ਰਹਾਉ ॥ ਭਾਵ ਇਸ ਵਿੱਚ ਕਿਸੇ ਦੇ ਮਰਨ ’ਤੋਂ ਬਾਅਦ ਰੋਣ-ਕੁਰਲਾਉਣ ਪ੍ਰਸੰਗ ਚੱਲਦਾ ਪਿਆ ਹੈ, ਇਸ ਲਈ ਪੂਰੇ ਸ਼ਬਦ ’ਚ ਸਮਝਾਇਆ ਗਿਆ ਹੈ ਕਿ ‘ਆਤਮਾ’ ਮਰਦਾ ਨਹੀਂ, ਜਿਸ ਲਈ ਤੁਸੀਂ ਰੋਂਦੇ ਪਏ ਹੋ। ਮਰਨ ਉਪਰੰਤ ਪੰਜੇ ਤੱਤ; ਆਪਣੇ-ਆਪਣੇ ਤੱਤਾਂ ’ਚ ਜਾ ਮਿਲੇ ਅਤੇ ਜੋਤਿ; ਜੋਤੀ ’ਚ ਜਾ ਰਲ਼ੀ। ਤੁਸੀਂ ਕਿਸ ਨੂੰ ਰੋਂਦੇ ਪਏ ਹੋ ? ਸਰੀਰਕ ਮੌਤ; ਆਤਮਾ ਦੀ ਮੌਤ ਨਹੀਂ। ਇਹੀ ਪ੍ਰਸੰਗ ਕਬੀਰ ਜੀ ਦੇ ਇਸ ਵਾਕ ’ਚ ਹੈ ‘‘ਜੋਤਿ ਸਰੂਪ ਅਨਾਹਤ ਲਾਗੀ; ਕਹੁ ਹਲਾਲੁ ਕਿਆ ਕੀਆ ?॥’’ (ਭਗਤ ਕਬੀਰ/੧੩੫੦) ਭਾਵ ਮ੍ਰਿਤਕ ਸਰੀਰ-ਮਾਸ ਨੂੰ ਹਲਾਲ (ਖ਼ੁਦਾ ਨੂੰ ਮਨਜ਼ੂਰ) ਕਹਿਣਾ ਜਾਂ ਉਸ ਲਈ ਰੋਣਾ; ਦੋਵੇਂ ਇੱਕ ਸਮਾਨ ਹਨ, ਗ਼ਲਤ ਹਨ।
ਗੁਰੂ ਅਮਰਦਾਸ ਜੀ ਦੇ ਅੰਤਿਮ ਵਚਨ, ਜੋ ਬਾਬਾ ਸੁੰਦਰ ਜੀ ਦੁਆਰਾ ਕਲਮਬੰਦ ਕੀਤੇ ਗਏ, ਉਨ੍ਹਾਂ ’ਚ ਗੁਰੂ ਜੀ ਦਾ ਸੰਦੇਸ਼ ਹੈ, ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥੨॥ …ਸਤਿਗੁਰਿ (ਨੇ) ਭਾਣੈ ਆਪਣੈ; ਬਹਿ ਪਰਵਾਰੁ ਸਦਾਇਆ ॥ ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਨ ਭਾਇਆ ॥੪॥ (ਰਾਮਕਲੀ ਸਦ/ਬਾਬਾ ਸੁੰਦਰ ਜੀ/੯੨੩) ਇੱਥੇ ਵੀ ਰੋਣ ਨੂੰ ਅਰਥਹੀਣ ਦੱਸਿਆ ਹੈ। ਹੁਣ ਜੇ ‘ਆਤਮਾ’ ਨਹੀਂ ਤਾਂ ਗੁਰੂ ਜੀ ਅੰਤਿਮ ਸੁਆਸ ਲੈਂਦਿਆਂ ਕਿਸ ਹਰੀ ਕੋਲ਼ ਜਾ ਰਹੇ ਹਨ ‘‘ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥’’ ?
ਗੁਰਬਾਣੀ ‘ਪੰਜ ਤੱਤਾਂ’ ਨੂੰ ਅਲੱਗ ਅਤੇ ‘ਜੋਤਿ’ ਨੂੰ ਅਲੱਗ ਮੰਨਦੀ ਹੈ‘‘ਪੰਚ ਤਤ ਰਚਿ (ਨੇ) ਜੋਤਿ ਨਿਵਾਜਿਆ ॥’’ (ਮਹਲਾ ੫/੧੩੩੭) ਇਸ ਲਈ ‘ਜੋਤਿ/ਆਤਮਾ’ ਨੂੰ ਅਣਡਿੱਠ ਕਰਨਾ ਮਨਮਤ/ਮਨਹੱਠ ਹੈ।
(2). ਗੁਣ ਰੂਪ ਰੱਬ: ਕੁੱਝ ਸਿੱਖ; ‘ਗੁਣੀ ਨਿਧਾਨ, ਗੁਣਤਾਸੁ ਜਾਂ ਗੁਣ ਕਹਿ ਗੁਣੀ ਸਮਾਵਣਿਆ ॥’’ ਸ਼ਬਦਾਂ ਕਾਰਨ ਰੱਬ ਨੂੰ ਕੇਵਲ ਗੁਣ ਰੂਪ ਸਰਬ ਵਿਆਪਕ ਰੱਬ ਮੰਨਦੇ ਹਨ, ਪਰ ਗੁਰੂ ਨਾਨਕ ਜੀ ਇਸ ਵਾਕ ’ਚ ‘ਮੂਰਖ’ ਅਤੇ ਸਿਆਣੇ’ ਦੋਵਾਂ ਅੰਦਰ ਰੱਬੀ ਜੋਤਿ ਮੰਨ ਰਹੇ ਹਨ ‘‘ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ ॥’’ (ਮਹਲਾ ੧/੧੦੧੫)
(3). ਪ੍ਰਤਿਬਿੰਬ ਰੂਪ ਰੱਬ : ਕੁਝ ਸਿੱਖਾਂ ਦਾ ਮੰਨਣਾ ਹੈ ਕਿ ਰੱਬ ਪ੍ਰਤਿਬਿੰਬ ਰੂਪ ਸਰਬ ਵਿਆਪਕ ਹੈ; ਜਿਵੇਂ ਪਾਣੀ ਜਾਂ ਸ਼ੀਸ਼ੇ ’ਚ ਅਕਸ (ਪਰਛਾਵਾਂ) ਵਿਖਾਈ ਦਿੰਦਾ ਹੈ, ਪਰ ਗੁਰਬਾਣੀ; ‘ਅਕਸ’ ਅਤੇ ‘ਜੋਤਿ’ ਨੂੰ ਵੱਖਰਾ-ਵੱਖਰਾ ਮੰਨਦੀ ਪਈ ਹੈ ‘‘ਹਭ ਸਮਾਣੀ ਜੋਤਿ; ਜਿਉ ਜਲ ਘਟਾਊ ਚੰਦ੍ਰਮਾ ॥’’ (ਮਹਲਾ ੫/੧੦੯੯) ਭਾਵ ਰੱਬ ਦੀ ਜੋਤਿ ਹਰ ਥਾਂ ਇਉਂ ਸਮਾਈ ਹੋਈ ਹੈ; ਜਿਵੇਂ ਪਾਣੀ ਦੇ ਘੜਿਆਂ ’ਚ ਚੰਦ੍ਰਮਾ ਦਾ ਪ੍ਰਤਿਬਿੰਬ, ਇਸ ਲਈ‘‘ਐਸੋ ਰਾਮ ਰਾਇ ਅੰਤਰਜਾਮੀ ॥ ਜੈਸੇ ਦਰਪਨ (ਸ਼ੀਸ਼ੇ) ਮਾਹਿ; ਬਦਨ ਪਰਵਾਨੀ (ਮੂੰਹ ਸਾਫ਼ ਵਿਖਾਈ ਦਿੰਦਾ)॥੧॥ ਰਹਾਉ ॥…ਪਾਨੀ ਮਾਹਿ; ਦੇਖੁ ਮੁਖੁ ਜੈਸਾ ॥ ਨਾਮੇ ਕੋ ਸੁਆਮੀ; ਬੀਠਲੁ ਐਸਾ ॥੨॥’’ (ਭਗਤ ਨਾਮਦੇਵ/੧੩੧੮) ਵਾਕ ਦਾ ਇਹ ਮਤਲਬ ਨਹੀਂ ਕਿ ਰੱਬ ਪ੍ਰਤਿਬਿੰਬ ਰੂਪ ’ਚ ਸਰਬ ਵਿਆਪਕ ਹੈ ਬਲਕਿ ਇੱਥੇ ਰੱਬ ਦੇ ਅੰਤਰਯਾਮੀ ਸੁਭਾਅ ਨੂੰ ਪਾਣੀ ਅਤੇ ਸ਼ੀਸ਼ੇ ਦੀ ਮਿਸਾਲ ਨਾਲ ਸਮਝਾਇਆ ਗਿਆ ਹੈ ਕਿ ਰੱਬ ਦਿਲ ਦੀ ਹਰ ਗੱਲ ਇਉਂ ਇੰਨ-ਬਿੰਨ ਵੇਖਦਾ ਹੈ; ਜਿਵੇਂ ਪਾਣੀ ਜਾਂ ਸ਼ੀਸ਼ੇ ’ਚ ਸਭ ਕੁਝ ਹੂ-ਬਹੂ ਵਿਖਾਈ ਦਿੰਦਾ ਹੈ।
ਅੰਤ ’ਚ ਹਥਲੇ ਵਿਸ਼ੇ ’ਚ ‘ਰੱਬ ਦੀ ਹੋਂਦ, ਨਿਵਾਸ ਸਥਾਨ ਅਤੇ ਉਸ ਦੇ ਗੁਣ’ ਬਾਰੇ ਤੱਤ-ਸਾਰ ਇਹੀ ਹੈ ਕਿ ਰੱਬ ਦੀ ਹੋਂਦ ‘ਅਦ੍ਰਿਸ਼, ਨਿਰਾਕਾਰ, ਸਦੀਵੀ ਸਥਿਰ, ਅਸੀਮ ਸ਼ਕਤੀ’ ਹੈ।, ਉਸ ਦਾ ਨਿਵਾਸ ਸਥਾਨ; ਕਣ-ਕਣ ਵਿੱਚ ਜੋਤਿ ਸਰੂਪ ਵਜੋਂ ਸਰਬ ਵਿਆਪਕ ਹੈ।, ਹਰ ਪਸ਼ੂ, ਹਰ ਜਾਨਵਰ ਤੇ ਹਰ ਮਨੁੱਖ ਦਾ ਸੁਭਾਅ ਹੀ ਉਸ ਦੇ ਗੁਣ ਹਨ। ਕੁਦਰਤਿ; ਉਸ ਦਾ ਬਾਹਰੀ ਤੇ ਚਲਾਇਮਾਨ ਰੂਪ ਹੈ। ਰੱਬ ਦਾ ਹੁਕਮ ਹੀ ਕੁਦਰਤਿ ਦਾ ਨਿਯਮ ਹੈ, ਜੋ ਆਪਾ ਵਿਰੋਧੀ ਸ਼ਕਤੀਆਂ ਦਾ ਸੁਮੇਲ ਹੈ। ਇਨ੍ਹਾਂ ਦੇ ਆਪਸੀ ਸੰਘਰਸ਼ ਨੂੰ ਹੀ ਜਗਤ ਖੇਡ ਨਾਂ ਦਿੱਤਾ ਗਿਆ ਹੈ।
ਕੁਦਰਤਿ ਦੇ ਮੁਕਾਬਲੇ ਰੱਬ ਬੇਸ਼ੁਮਾਰ ਸ਼ਕਤੀ ਅਤੇ ਵਿਸ਼ਾਲ ਗੁਣਾਂ ਦਾ ਮਾਲਕ ਹੈ। ਉਸ ਦੇ ਗੁਣਾਂ ਨੂੰ ਸਦਾ ਵਿਚਾਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਪਣੇ ਵਜੂਦ ਦੀ ਹੈਸੀਅਤ ਦਾ ਪਤਾ ਲੱਗਦਾ ਰਹੇ, ਜਿਸ (ਮੈਂ-ਮੇਰੀ) ਕਾਰਨ ਵਿਕਾਰ ਉਪਜਦੇ ਹਨ। ਜੋ ਰੱਬ ਨੂੰ ਜੋਤਿ ਸਰੂਪ ਜਾਣ ਕੇ ਸਿਮਰਨ ਕਰਦਾ ਹੈ, ਉਸ ਦੇ ਮਨ ’ਤੇ ਰੱਬੀ ਪਿਆਰ ਅਤੇ ਉਸ ਦੇ ਡਰ-ਅਦਬ ਦਾ ਪ੍ਰਭਾਵ ਪੈਂਦਾ ਜਾਏਗਾ, ਪਰ ਜੋ ‘ਤੱਤ-ਰੂਪ’ ਜਾਣ ਕੇ ਸਿਮਰਨ ਕਰੇਗਾ ਉਸ ਦਾ ਮਨ; ਕਿਸੇ ਵਿਸ਼ਵਾਸ ਜਾਂ ਡਰ-ਅਦਬ ਨੂੰ ਨਹੀਂ ਮੰਨੇਗਾ (ਫਿਰ ਮਨ ਕਾਬੂ ਕਿਵੇਂ ਹੋਣਾ ਹੈ ?)। ਜੋ ਰੱਬ ਨੂੰ ‘ਗੁਣ ਰੂਪ’ ਜਾਣ ਕੇ ਸਿਮਰਨ ਕਰੇਗਾ ਉਸ ਦੇ ਅੰਦਰ ਦੂਸਰਿਆਂ ਪ੍ਰਤੀ ਹੀਣ ਭਾਵਨਾ ਬਣੀ ਰਹੇਗੀ। ਜੋ ਰੱਬ ਨੂੰ ਪ੍ਰਤਿਬਿੰਬ ਰੂਪ ਜਾਣ ਕੇ ਉਸ ਦਾ ਸਿਮਰਨ ਕਰੇਗਾ ਉਹ, ਰੱਬ ਦੇ ਨਾਲ ਆਪਣੇ ਆਪ ਨੂੰ ਕਦੇ ਨਹੀਂ ਪਰਖ ਸਕਦਾ।
‘ਜਪੁ’ ਬਾਣੀ ’ਚ ਗੁਰੂ ਨਾਨਕ ਜੀ ਦਾ ਇਹ ਵਚਨ ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ ॥ ਵਿਣੁ ਗੁਣ ਕੀਤੇ; ਭਗਤਿ ਨ ਹੋਇ ॥੨੧॥’’ (ਜਪੁ) ਭਾਵ ਹੇ ਪ੍ਰਭੂ ! ਮੇਰੇ ਅੰਦਰਲੇ ਸਾਰੇ ਗੁਣ ਤੇਰੇ (ਦੁਆਰਾ ਬਖ਼ਸ਼ੇ ਹੋਏ ਹਨ) ਮੇਰੀ ਕੋਈ ਸਮਰੱਥਾ ਨਹੀਂ ਸੀ (ਕਿ ਇਨ੍ਹਾਂ ਨੂੰ ਗ੍ਰਹਿਣ ਕਰ ਸਕਦਾ) ਤੇਰੇ ਇਸ ਉਪਕਾਰ ਤੋਂ ਬਿਨਾਂ, ਮੈਥੋਂ ਤੇਰੀ ਭਗਤੀ ਨਹੀਂ ਹੋਣੀ ਸੀ।
ਗੁਰੂ ਅਰਜਨ ਸਾਹਿਬ ਜੀ ਦੇ ਇਹ ਵਚਨ ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ ॥ ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ॥’’ (ਮਹਲਾ ੫/੧੪੨੯) ਭਾਵ ਹੇ ਪ੍ਰਭੂ ! ਤੇਰਾ ਕੀਤਾ (ਮੇਰੇ ’ਤੇ) ਉਪਕਾਰ; ਮੈਂ ਜਾਣ ਨਹੀਂ ਸਕਦਾ। ਤੈਂ ਆਪ ਹੀ ਮੈਨੂੰ ਇਸ ਯੋਗ ਬਣਾਇਆ (ਕਿ ਮੈਂ ਆਦਿ ਗ੍ਰੰਥ ਜੀ ਨੂੰ ਸੰਪੂਰਨ ਆਦਿਕ ਕਾਰਜ ਕਰ ਸਕਿਆ) ਮੇਰੇ ਗੁਣਹੀਣ ’ਚ ਕੋਈ ਸਮਰੱਥਾ ਨਹੀਂ ਸੀ। ਤੈਨੂੰ ਆਪ ਹੀ (ਮਾਨਵਤਾ ’ਤੇ) ਰਹਿਮ ਹੋਇਆ (ਤੇ ਮੈਥੋਂ ਇਹ ਸਭ ਕਾਰਜ ਸੰਪੂਰਨ ਕਰਾ ਲਏ)। ਕੀ ਇਹ ਦੋਵੇਂ ਵਾਕ ਰੱਬ ਨੂੰ ‘ਜੋਤਿ ਸਰੂਪ’ ਸਿੱਧ ਕਰਦੇ ਹਨ ਜਾਂ ‘ਤੱਤ ਸਰੂਪ’; ਇਸ ਦਾ ਫ਼ੈਸਲਾ ਆਪ ਨੇ ਕਰਨਾ ਹੈ ਕਿਉਂਕਿ ਆਪਣੀ ਜ਼ਿੰਦਗੀ ਨੂੰ ਸੰਵਾਰਨਾ ਜਾਂ ਖ਼ਤਮ ਕਰਨਾ; ਵਿਅਕਤੀਗਤ ਅਧਿਕਾਰ ਹੈ।
ਜ਼ਰੂਰੀ ਸੂਚਨਾ : ਪਾਠਕ; ਗੁਰਬਾਣੀ ਦੇ ਹਵਾਲੇ ਨਾਲ ਇਸ ਵਿਸ਼ੇ ਬਾਰੇ ਆਪਣੇ ਸੁਝਾਅ ਹੇਠਾਂ ਟਿੱਪਣੀ ’ਚ ਦੇਣ ਤਾਂ ਖ਼ੁਸੀ ਹੋਵੇਗਾ, ਜੀ। ਜੇ ਆਪ ਇਸ ਵਿਸ਼ੇ ਨਾਲ ਸਹਿਮਤ ਹੋ ਤਾਂ ਲਾਇਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ।
1. ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ
ਨਾਸਤਕ ਬਨਾਮ ਸੰਤ ਸਮਾਜ ਦੇ ਟਕਰਾਅ ’ਚ ਰੁਲ਼ਦੇ ਸਿੱਖੀ ਅਸੂਲ
ਨਾਸਤਕ ਬਨਾਮ ਸੰਤ ਸਮਾਜ ਦੇ ਟਕਰਾਅ ’ਚ ਰੁਲ਼ਦੇ ਸਿੱਖੀ ਅਸੂਲ
ਕਿਰਪਾਲ ਸਿੰਘ ਬਠਿੰਡਾ 88378-13661
ਅੱਜ ਕੱਲ੍ਹ ਢੱਡਰੀਆਂ ਵਾਲਾ ਬਨਾਮ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਵਾਦ ਪੰਥ ਲਈ ਇੱਕ ਸੰਕਟ ਬਣਿਆ ਹੋਇਆ ਹੈ ਜਿਸ ਵਿੱਚੋਂ ਨਿਕਲਣਾ ਸਾਡੇ ਅੱਜ ਦੇ ਆਗੂਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਦੇ ਵੱਸੋਂ ਬਾਹਰ ਜਾਪਦਾ ਹੈ। ਇਸ ਵਿਵਾਦ ਵਿੱਚੋਂ ਨਿਕਲਣ ਦੇ ਉਪਾਅ ਖੋਜਣ ਤੋਂ ਪਹਿਲਾਂ ਆਓ ਇਸ ਵਿਵਾਦ ਦੇ ਉਤਪੰਨ ਹੋਣ ਦੇ ਕਾਰਨਾਂ ਵੱਲ ਧਿਆਨ ਦੇਣਾ ਸ਼ੁਰੂ ਕਰੀਏ।
ਕਿਸੇ ਧਰਮ ਜਾਂ ਸੰਸਥਾ ਦੀ ਮਜ਼ਬੂਤੀ ਦੇ ਦੋ ਮਹੱਤਵਪੂਰਨ ਥੰਮ ਹਨ : (1) ਸਿਧਾਂਤ (2) ਇਤਿਹਾਸ।
ਇਹ ਚੇਤੇ ਰੱਖਣ ਵਾਲੀ ਗੱਲ ਹੈ ਕਿ ਸਿੱਖ ਧਰਮ ਦਾ ਸਿਧਾਂਤ, ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਗਟ ਹੁੰਦਾ ਹੈ ਜਿਸ ਦੀ ਰਚਨਾ ਅਤੇ ਸੰਪਾਦਨਾ ਗੁਰੂ ਸਾਹਿਬਾਨ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਖ਼ੁਦ ਆਪ ਕੀਤੀ ਹੋਣ ਕਰਕੇ ਇਸ ਨੂੰ ਬਿਨਾਂ ਮਿਲਾਵਟ ਤੋਂ ਸ਼ੁੱਧ ਰੂਪ ਵਿੱਚ ਸਮਝਣਾ ਚਾਹੀਦਾ ਹੈ (ਭਾਵੇਂ ਕਿ ਹੱਥ ਲਿਖਤ ਬੀੜਾਂ ਦੀ ਨਕਲ ਦਰ ਨਕਲ ਕਰਦਿਆਂ ਅਤੇ ਛਾਪੇ ਦੌਰਾਨ ਮਨੁੱਖੀ ਅਣਗਹਿਲੀਆਂ ਕਾਰਨ ਕੁਝ ਕੁ ਲਗਾਂ ਮਾਤਰਾ ਅਤੇ ਅਤੇ ਪਦ-ਛੇਦ ਸ਼ਬਦਾਂ ਵਿੱਚ ਪਾਠ-ਭੇਦ ਹਨ; ਜਿਨ੍ਹਾਂ ਨੂੰ ਡੂੰਘੀ ਖੋਜ ਰਾਹੀਂ ਦੂਰ ਕਰਨ ਦਾ ਯਤਨ ਹੋਣਾ ਚਾਹੀਦਾ ਹੈ)। ਇਨ੍ਹਾਂ ਮੁੱਖ ਸਿਧਾਂਤਾਂ ’ਤੇ ਪਹਿਰਾ ਦਿੰਦਿਆਂ; ਇਸ ਦੀ ਸ਼ੁੱਧਤਾ ਨੂੰ ਕਾਇਮ ਰੱਖਣ ਲਈ ਅਤੇ ਸਿੱਖਾਂ ’ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਸਿਧਾਂਤ ਨੂੰ ਦ੍ਰਿੜਤਾ ਨਾਲ ਅਪਨਾਉਣ ਦਾ ਚਾਅ ਅਤੇ ਹਿੰਮਤ ਪੈਦਾ ਕਰਨ ਦੀ ਤਿਆਰੀ ਕਰਦਿਆਂ ਦਸਾਂ ਪਾਤਸ਼ਾਹੀਆਂ ਨੇ 239 ਸਾਲ ਮਹਾਨ ਘਾਲਣਾ ਘਾਲੀ; ਸਾਡੇ ਮਹਾਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ, ਚਾਰੇ ਸਾਹਿਬਜ਼ਾਦਿਆਂ ਅਤੇ ਅਨੇਕਾਂ ਹੋਰ ਸਿੰਘ ਸਿੰਘਣੀਆਂ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ ’ਤੇ ਸਿੱਖਾਂ ਵੱਲੋਂ ਪੂਰੇ ਉਤਰਨ ਦੀ ਪਰਖ ਕਰਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ੬ ਕੱਤਕ ਬਿਕ੍ਰਮੀ ਸੰਮਤ ੧੭੬੫, ਨਾਨਕਸ਼ਾਹੀ ਸੰਮਤ 240 ਮੁਤਾਬਕ 6 ਅਕਤੂਬਰ 1708 ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਿੱਖਾਂ ਲਈ ਹੁਕਮ ਕੀਤਾ ‘ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ’। ਇਸ ਹੁਕਮ ਨਾਲ ਸ਼ਖ਼ਸੀ-ਗੁਰੂ ਪ੍ਰਪਾਟੀ ਸਦਾ ਲਈ ਖ਼ਤਮ ਹੋ ਗਈ। ਇਸ ਮੁਕਾਮ ’ਤੇ ਪਹੁੰਚਣ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖ ਦਿੱਤੀ ਸੀ ਜਿਸ ’ਤੇ ਪਹੁੰਚਣ ਲਈ 239 ਸਾਲ ਲੱਗੇ ਹਨ।
ਗੁਰੂ ਸਾਹਿਬਾਨ ਅਤੇ ਉਨ੍ਹਾਂ ਸਿੰਘ ਸਿੰਘਣੀਆਂ, ਜਿਨ੍ਹਾਂ ਨੇ ਗੁਰ ਸ਼ਬਦ ਦੀ ਸਿੱਖਿਆ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਦਿਆਂ ਆਪਣਾ ਸਾਰਾ ਜੀਵਨ ਲਾ ਦਿੱਤਾ, ਉਨ੍ਹਾਂ ਦੇ ਜੀਵਨ ਬ੍ਰਿਤਾਂਤ ਅਤੇ ਉਸ ਸਮੇਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਕਲਮਬੰਦ ਕਰਨ ਵਾਲੀਆਂ ਪੁਸਤਕਾਂ ਨੂੰ ਇਤਿਹਾਸ ਦਾ ਨਾਂ ਦਿੱਤਾ ਜਾਂਦਾ ਹੈ; ਜੋ ਜ਼ਿਆਦਾਤਰ ਗੁਰੂ ਸਾਹਿਬਾਨ ਤੋਂ ਬਾਅਦ ਵਿੱਚ ਬਹੁਤ ਸਮਾਂ ਪਿੱਛੋਂ ਮਨੁੱਖਾਂ ਵੱਲੋਂ ਲਿਖਿਆ ਗਿਆ। ਸਿੱਖ ਇਤਿਹਾਸ ਦੇ ਮੂਲ ਸੋਮੇ ਜਨਮ ਸਾਖੀਆਂ, ਭੱਟ ਵਹੀਆਂ, ਗੁਰਬਿਲਾਸ ਪਾਤਸ਼ਾਹੀ ੬ਵੀਂ, ਗੁਰਬਿਲਾਸ ਪਾਤਸ਼ਾਹੀ ੧੦ਵੀਂ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼, ਤਵਾਰੀਖ਼ ਗੁਰੂ ਖ਼ਾਲਸਾ ਆਦਿਕ ਗ੍ਰੰਥ ਹਨ, ਜੋ ਮਨੁੱਖੀ ਕ੍ਰਿਤ ਹੋਣ ਕਰਕੇ ਇਨ੍ਹਾਂ ਵਿੱਚ ਕੁਝ ਗੁਰਮਤਿ ਵਿਰੋਧੀ ਲਿਖਤਾਂ ਵੀ ਦਰਜ ਹਨ, ਜਿਨ੍ਹਾਂ ਤੋਂ ਇਨ੍ਹਾਂ ਇਤਿਹਾਸਕ ਗ੍ਰੰਥਾਂ ਦਾ ਵੱਡਾ ਸਮਰਥਕ ਰਿਹਾ ਧੜਾ ਵੀ ਮੁਨਕਰ ਨਹੀਂ।
ਸਿੱਖ ਇਤਿਹਾਸ ਵਿੱਚ ਇਨ੍ਹਾਂ ਗੁਰਮਤਿ ਸਿਧਾਂਤ ਵਿਰੋਧੀ ਲਿਖਤਾਂ ਕਾਰਨ ਪਿਛਲੇ ਲੰਬੇ ਸਮੇਂ ਤੋਂ ਸਿੱਖ ਧਰਮ ਦੇ ਪ੍ਰਚਾਰਕ ਮੁੱਖ ਤੌਰ ’ਤੇ ਦੋ ਧੜਿਆਂ ਵਿੱਚ ਵੰਡੇ ਹੋਏ ਹਨ। ਇੱਕ ਧੜਾ ਉਹ ਹੈ ਜੋ ਮਨੁੱਖੀ ਕ੍ਰਿਤ ਸਿੱਖ ਇਤਿਹਾਸ ਅਤੇ ਪੁਰਾਤਨ ਰਹਿਤਨਾਮਿਆਂ ਵਿੱਚੋਂ ਸਿੱਖ ਧਰਮ ਦੇ ਸਿਧਾਂਤ ਖੋਜਣ ਲਈ ਬਜ਼ਿਦ ਹੈ। ਇਨ੍ਹਾਂ ਇਤਿਹਾਸਕ ਗ੍ਰੰਥਾਂ ਤੋਂ ਇਲਾਵਾ ਇਹ ਧੜਾ ਬਚਿੱਤਰ ਨਾਟਕ ਨਾਮੀ ਪੁਸਤਕ (ਜਿਸ ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਦੱਸ ਕੇ ਦਸਮ ਗ੍ਰੰਥ ਦੇ ਨਾਂ ਨਾਲ ਪ੍ਰਚਾਰਿਆ ਜਾ ਰਿਹਾ ਹੈ) ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਨ ਦੇ ਵੀ ਹੱਕ ਵਿੱਚ ਹੈ। ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ, ਤਖ਼ਤ ਸ਼੍ਰੀ ਪਟਨਾ ਸਾਹਿਬ ਅਤੇ ਨਿਹੰਗ ਸਿੰਘਾਂ ਦੀਆਂ ਕਈ ਛਾਉਣੀਆਂ ਵਿੱਚ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਵੀ ਕੀਤਾ ਜਾ ਰਿਹਾ ਹੈ ਅਤੇ ਬਾਕੀ ਦੇ ਗੁਰਦੁਆਰਿਆਂ ਵਿੱਚ ਪ੍ਰਕਾਸ਼ ਕਰਨ ਦੀ ਮੁਹਿੰਮ ਜਾਰੀ ਹੈ। ਇਸ ਧੜੇ ਨਾਲ ਨਿਰਮਲੇ ਸੰਤ ਅਤੇ ਉਦਾਸੀ ਮੱਤ ਦੇ ਸੰਤਾਂ ਦੀਆਂ ਸੰਪ੍ਰਦਾਵਾਂ ਵੀ ਖੜ੍ਹੀਆਂ ਹਨ ਜਿਨ੍ਹਾਂ ਦੇ ਸਮੂਹ ਨੂੰ ਸੰਤ ਸਮਾਜ ਕਿਹਾ ਜਾਂਦਾ ਹੈ।
ਦੂਸਰੇ ਧੜੇ ਦਾ ਮੰਨਣਾ ਹੈ ਕਿ ਸਾਡਾ ਸਿਧਾਂਤ ਨਿਰੋਲ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਪ੍ਰਗਟ ਹੁੰਦਾ ਹੈ। ਇਤਿਹਾਸਕ ਗ੍ਰੰਥਾਂ ਵਿੱਚ ਬਹੁਤ ਕੁਝ ਮਿਲਾਵਟ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ’ਤੇ ਪਰਖ ਕੇ ਸੋਧਿਆ ਜਾਣਾ ਬੜਾ ਜ਼ਰੂਰੀ ਹੈ ਭਾਵ ਜੋ ਭਾਗ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਨਾਲ ਮੇਲ ਖਾਂਦਾ ਹੈ ਉਸ ਨੂੰ ਰੱਖ ਲਿਆ ਜਾਵੇ ਅਤੇ ਜੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਮੇਲ ਨਹੀਂ ਖਾਂਦਾ ਉਸ ਨੂੰ ਸਿੱਖੀ ਸਾਹਿਤ ਵਿੱਚੋਂ ਕੱਢ ਕੇ ਬਾਕੀ ਇਤਿਹਾਸ ਦੁਬਾਰਾ ਲਿਖਿਆ ਜਾਵੇ। ਇਸ ਵੀਚਾਰਧਾਰਾ ਵਾਲੇ ਪ੍ਰਚਾਰਕਾਂ ਨੂੰ ਮਿਸ਼ਨਰੀ ਵਰਗ ਵਿੱਚ ਰੱਖਿਆ ਗਿਆ ਹੈ। ਮਿਸ਼ਨਰੀ ਵਰਗ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਪ੍ਰਕਾਸ਼ ਕਰਨ ਦੇ ਵੀ ਵਿਰੋਧ ਵਿੱਚ ਹੈ ਕਿਉਂਕਿ ਇਨ੍ਹਾਂ ਦਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ ਅਤੇ ਉਸ ਸਮੇਂ ਦਸਮ ਗ੍ਰੰਥ ਦਾ ਕੋਈ ਵਜੂਦ ਨਹੀਂ ਸੀ। ਇਸ ਲਈ ਦਸਮ ਗ੍ਰੰਥ ਸਮੇਤ ਹੋਰ ਕੋਈ ਵੀ ਪੁਸਤਕ ਜਾਂ ਗ੍ਰੰਥ, ਗੁਰੂ ਗ੍ਰੰਥ ਸਾਹਿਬ ਜੀ ਵਾਲੇ ਸਤਿਕਾਰ, ਚੰਦੋਆ ਅਤੇ ਚੌਰ ਦਾ ਹੱਕਦਾਰ ਨਹੀਂ ਹੋ ਸਕਦਾ। ਦਸਮ ਗ੍ਰੰਥ ਦਾ ਬਰਾਬਰ ਪ੍ਰਕਾਸ਼ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੁਣੌਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੰਤਮ ਪਾਵਨ ਸੰਦੇਸ਼ ਨੂੰ ਅਣਸੁਣਿਆ ਕਰਨਾ ਹੈ।
ਇਨ੍ਹਾਂ ਵੀਚਾਰਧਾਰਕ ਵਖਰੇਵਿਆਂ ਕਾਰਨ ਸੰਤ ਸਮਾਜ ਅਤੇ ਮਿਸ਼ਨਰੀ ਵਰਗ ਦਾ ਵਿਵਾਦ ਦਿਨੋ ਦਿਨ ਵਧਦਾ ਗਿਆ। ਇਸ ਵਿਵਾਦ ਦੇ ਚਲਦਿਆਂ ਹਰਨਾਮ ਸਿੰਘ ਧੁੰਮਾ ਬਨਾਮ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਸ਼ੁਰੂ ਹੋਇਆ ਤਿੱਖਾ ਵਿਵਾਦ ਸੰਤ ਸਮਾਜ ਵੱਲੋਂ ਬੜੀ ਹੁਸ਼ਿਆਰੀ ਨਾਲ ਸ਼੍ਰੀ ਅਕਾਲ ਤਖ਼ਤ ਬਨਾਮ ਢੱਡਰੀਆਂ ਵਾਲੇ ਵਿਚਕਾਰ ਤਬਦੀਲ ਕਰ ਦਿੱਤੇ ਜਾਣ ਕਾਰਨ ਸਿੱਖ ਕੌਮ ਲਈ ਇਹ ਹੋਰ ਡੂੰਘੇ ਸੰਕਟ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਵਿਵਾਦ ਨੂੰ ਉਤੇਜਿਤ ਕਰਨ ਵਾਲੀ ਪਹਿਲੀ ਧਿਰ, ਟਕਸਾਲੀ ਭਾਈ ਹਰਨਾਮ ਸਿੰਘ ਧੁੰਮਾ ਨੂੰ ਮੰਨਿਆ ਜਾ ਸਕਦਾ ਹੈ, ਜੋ ਵਿਅਕਤੀਗਤ ਟਿੱਪਣੀਆਂ ਤੋਂ ਅੱਗੇ ਜਾ ਕੇ ਛਬੀਲ ਦੀ ਆੜ ਵਿੱਚ ਢੱਡਰੀਆਂ ਵਾਲੇ ’ਤੇ ਕਾਤਲਾਨਾਂ ਹਮਲਾ ਕਰਵਾਉਂਦਾ ਹੈ। ਉਸ ਹਮਲੇ ਵਿੱਚ ਢੱਡਰੀਆਂ ਵਾਲਾ ਤਾਂ ਬਚ ਗਿਆ ਪਰ ਉਸ ਦਾ ਇੱਕ ਬੇਕਸੂਰ ਸਾਥੀ ਭਾਈ ਭੂਪਿੰਦਰ ਸਿੰਘ ਮਾਰਿਆ ਗਿਆ। ਇਸ ਵੇਲੇ ਤੱਕ ਮਿਸ਼ਨਰੀ ਵਰਗ ਪੂਰੀ ਤਰ੍ਹਾਂ ਢੱਡਰੀਆਂ ਵਾਲੇ ਦੀ ਹਿਮਾਇਤ ਵਿੱਚ ਖੜ੍ਹਦਾ ਰਿਹਾ ਹੈ। ਇਸੇ ਸਮੇਂ ਦਾ ਫਾਇਦਾ ਲੈਂਦਿਆਂ ਵਿਰਸਾ ਰੇਡੀਓ ਨਿਊਜ਼ੀਲੈਂਡ ਦਾ ਗਰੁੱਪ ਬੜੀ ਤੇਜੀ ਨਾਲ ਚਰਚਿਤ ਹੋਇਆ ਜਿਸ ਨਾਲ ਕਿਸੇ ਵੇਲੇ ਮਿਸ਼ਨਰੀ ਵਰਗ ਦੇ ਇੱਕ ਹਿੱਸੇ ਦਾ ਵੀ ਤਾਲਮੇਲ ਰਿਹਾ ਹੈ। ਨਿਊਜ਼ੀਲੈਂਡ ਗਰੁੱਪ ਇਨ੍ਹਾਂ ਪ੍ਰਸਿੱਧ ਮਿਸ਼ਨਰੀ ਪ੍ਰਚਾਰਕਾਂ ਦੇ ਮੂੰਹੋਂ ਕੁਝ ਉਹ ਵਿਵਾਦਿਤ ਗੱਲਾਂ ਅਖਵਾਉਣਾ ਚਾਹ ਰਿਹਾ ਸੀ ਜਿਨ੍ਹਾਂ ਨੂੰ ਕਹਿਣ ਲਈ ਇਸ ਦਾ ਕਿਸੇ ਦਿਨ ਹਿਮਾਇਤੀ ਰਿਹਾ ਮਿਸ਼ਨਰੀ ਵਰਗ ਹੁਣ ਤੱਕ ਵੀ ਤਿਆਰ ਨਹੀਂ ਹਨ। ਇਨ੍ਹਾਂ ਵਿਵਾਦਿਤ ਗੱਲਾਂ ਵਿੱਚੋਂ ਇੱਕ ਤਾਂ ਇੱਕ ਟਾਕ-ਸ਼ੋਅ ਵਿੱਚ ਵਿਰਸਾ ਰੇਡੀਓ ਟੀਮ ਦੇ ਮੁਖੀ ਹਰਨੇਕ ਸਿੰਘ ਨੇ ਕਹੀ ਸੀ ਕਿ ਗੁਰੂ ਸਾਹਿਬਾਨ ਨੇ ਜੋ ਬਾਣੀ ਉਚਾਰਨ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹ ਤਾਂ 100% ਸੱਚ ਹੈ ਪਰ ਜੋ ਉਨ੍ਹਾਂ ਨੇ ਜੀਵਨ ਜੀਵਿਆ ਉਹ ਆਮ ਮਨੁੱਖਾ ਪੱਧਰ ਦਾ ਹੋਣ ਕਰਕੇ ਆਮ ਮਨੁੱਖਾਂ ਵਾਙ ਹੀ ਕਈ ਗਲਤੀਆਂ ਹੋਈਆਂ ਸਨ। ਇਸ ਦੀ ਪਹਿਲੀ ਮਿਸਾਲ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਦੀ ਦਿੱਤੀ ਜਿਨ੍ਹਾਂ ਨੇ ਪਹਿਲਾਂ ਤਾਂ ਗੁਰੂ ਘਰ ਦੇ ਸਾਰੇ ਕਾਰੋਬਾਰ ਦੀ ਜਿੰਮੇਵਾਰੀ ਆਪਣੇ ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ ਨੂੰ ਸੌਂਪ ਦਿੱਤੀ ਅਤੇ ਬਾਅਦ ਵਿੱਚ ਗੁਰਿਆਈ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਨੂੰ ਦੇ ਦਿੱਤੀ, ਜਿਸ ਕਾਰਨ ਗੁਰੂ ਵੰਸ਼ਜ ਵਿੱਚ ਸ਼ਰੀਕੇਬਾਜ਼ੀ ਪੈਦਾ ਹੋਈ।
ਦੂਸਰੀ ਮਿਸਾਲ ਗੁਰੂ ਹਰਿਰਾਇ ਸਾਹਿਬ ਜੀ ਦੀ ਦਿੱਤੀ ਗਈ ਕਿ ਉਨ੍ਹਾਂ ਨੇ ਪਹਿਲਾਂ ਤਾਂ ਆਪਣੇ ਵੱਡੇ ਪੁੱਤਰ ਰਾਮਰਾਇ ਨੂੰ ਯੋਗ ਜਾਣ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਗੁਰੂ ਘਰ ਦਾ ਪੱਖ ਰੱਖਣ ਲਈ ਭੇਜ ਦਿੱਤਾ ਪਰ ਉਸ ਵੱਲੋਂ ਗੁਰਬਾਣੀ ਦੀ ਇੱਕ ਤੁਕ ਬਦਲ ਕੇ ਪੜ੍ਹ ਦਿੱਤੇ ਜਾਣ ਕਾਰਨ ਉਸ ਨੂੰ ਸਦਾ ਲਈ ਤਿਆਗ ਦਿੱਤਾ ਅਤੇ ਗੁਰਿਆਈ ਕੇਵਲ ਪੰਜ ਸਾਲ ਦੇ ਆਪਣੇ ਛੋਟੇ ਪੁੱਤਰ ਗੁਰੂ ਸ਼੍ਰੀ ਹਰਿਕ੍ਰਿਸ਼ਨ ਜੀ ਨੂੰ ਦੇ ਦਿੱਤੀ। ਇੱਕ ਦੀਬਾਨ ਵਿੱਚ ਭਾਈ ਰਣਜੀਤ ਸਿੰਘ ਵੱਲੋਂ ਰਾਮਰਾਇ ਵਾਲੀ ਅਧੂਰੇ ਰੂਪ ਵਿੱਚ ਸੁਣਾਈ ਸਾਖੀ ਨੂੰ ਹਰਨੇਕ ਸਿੰਘ ਨੇ ਆਪਣੀ ਫੇਸਬੁੱਕ ਵਿੱਚ ਸ਼ੇਅਰ ਕਰਕੇ ਆਪਣੇ ਕਥਨ ਦੇ ਹੱਕ ਵਿੱਚ ਵਰਤ ਲਿਆ। ਕਈ ਸਮਝਦਾਰ ਗੁਰਸਿੱਖਾਂ ਵੱਲੋਂ ਜਿਸ ਵੱਲ ਧਿਆਨ ਦਿਵਾਏ ਜਾਣ ਉਪਰੰਤ ਵੀ ਢੱਡਰੀਆਂ ਵਾਲੇ ਨੇ ਅੱਜ ਤੱਕ ਇਸ ਦਾ ਖੰਡਨ ਨਹੀਂ ਕੀਤਾ ਕਿ ਮੈਂ ਸਾਖੀ ਉਸ ਭਾਵ ਵਿੱਚ ਨਹੀਂ ਸੁਣਾਈ ਸੀ ਜਿਸ ਭਾਵ ਨਾਲ ਹਰਨੇਕ ਸਿੰਘ ਪੇਸ਼ ਕਰ ਰਿਹਾ ਹੈ। ਢੱਡਰੀਆਂ ਵਾਲੇ ਦੀ ਚੁੱਪ ਅਸਿੱਧੇ ਰੂਪ ਵਿੱਚ ਸਹਿਮਤੀ ਕਿਹਾ ਜਾ ਸਕਦਾ ਹੈ।
ਅੱਜ ਕੱਲ੍ਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆਪਣੀਆਂ ਵੀਡੀਓਜ਼ ਵਿੱਚ ਸ਼ਰੇਆਮ ਇਹ ਆਖ ਰਹੇ ਹਨ ਕਿ ਪੁਜਾਰੀਆਂ ਤੇ ਮਿਸ਼ਨਰੀਆਂ ਵਾਲੇ ਰੱਬ ਨੂੰ ਮੈਂ ਨਹੀਂ ਮੰਨਦਾ। “ਬਲਿਹਾਰੀ, ਕੁਦਰਤਿ ਵਸਿਆ ॥” ਦਾ ਹਵਾਲਾ ਦੇ ਕੇ ਉਨ੍ਹਾਂ ਦਾ ਕਹਿਣਾ ਹੈ ਕਿ ਰੱਬ ਇਸ ਕੁਦਰਤ ਵਿੱਚ ਵਸਿਆ ਹੋਇਆ ਹੋਣ ਕਾਰਨ ਇਹ ਕੁਦਰਤ ਹੀ ਰੱਬ ਹੈ, ਇਸ ਨੂੰ ਸਮਝੋ, ਇਸ ਦੇ ਨਿਯਮਾਂ ਨੂੰ ਸਮਝੋ, ਇਹ ਨਿਯਮ ਹੀ ਰੱਬ ਹਨ।
ਭਾਵੇਂ ਕਿ ਸਮੁੱਚਾ ਮਿਸ਼ਨਰੀ ਵਰਗ ਇੱਥੋਂ ਤੱਕ ਤਾਂ ਬਿਲਕੁਲ ਸਹਿਮਤ ਹੈ ਕਿ ਰੱਬ ਇਸ ਕੁਦਰਤ ਵਿੱਚ ਵਸ ਰਿਹਾ ਹੋਣ ਕਰਕੇ ਕੁਦਰਤ ਰੱਬ ਦਾ ਸਰਗੁਨ ਸਰੂਪ ਹੈ: “ਏਹੁ ਵਿਸੁ ਸੰਸਾਰੁ, ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥” (੯੨੨) ਪਰ ਇਨ੍ਹਾਂ ਦਾ ਇਹ ਮੰਨਣਾ ਵੀ ਹੈ ਕਿ ਭਾਵੇਂ ਇਹ ਦਿਸਦਾ ਸੰਸਾਰ ਜਾਂ ਕੁਦਰਤਿ ਵੀ ਰੱਬ ਦਾ ਸਰਗੁਨ ਸਰੂਪ ਹੈ ਪਰ ਕੁਦਰਤਿ ਦੀ ਰਚਨਾ ਖ਼ੁਦ ਪ੍ਰਭੂ ਨਹੀਂ ਬਲਕਿ ਨਿਰੰਕਾਰ ਸਰੂਪ ਪ੍ਰਭੂ ਤੋਂ ਦੂਸਰੇ ਨੰਬਰ ’ਤੇ ਹੈ: “ਆਪੀਨ੍ਹ੍ਹੈ ਆਪੁ ਸਾਜਿਓ; ਆਪੀਨ੍ਹ੍ਹੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥” (੪੬੩) ਕਾਦਰ ਆਪਣੀ ਹਰ ਕ੍ਰਿਤ ਦੇ ਵਿੱਚ ਵਸਿਆ ਹੋਇਆ ਵੀ ਹੈ, ਸਭਨਾਂ ਦੇ ਨੇੜੇ ਵੀ ਹੈ ਅਤੇ ਇਨ੍ਹਾਂ ਸਭਨਾਂ ਤੋਂ ਦੂਰ ਵੀ ਹੈ, ਸਭ ਥਾਈਂ ਵਿਆਪਕ ਹੋਣ ਦੇ ਬਾਵਜੂਦ ਸਭਨਾਂ ਤੋਂ ਨਿਰਲੇਪ ਵੀ ਹੈ: “ਸਭ ਤੇ ਨੇਰੈ, ਸਭਹੂ ਤੇ ਦੂਰਿ ॥ ਨਾਨਕ ! ਆਪਿ ਅਲਿਪਤੁ, ਰਹਿਆ ਭਰਪੂਰਿ ॥” (੨੭੬) ਪਰ ਜਿੰਨਾ ਚਿਰ ਮਨੁੱਖ ਦੇ ਤ੍ਰਿਗੁਣੀ ਇੰਦ੍ਰੇ ਸੰਸਾਰ ਦੇ ਮੋਹ ਮਾਇਆ ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਨਹੀਂ ਸਮਝਿਆ ਜਾ ਸਕਦਾ: “ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ; ਅਲਖੁ ਨ ਲਖਣਾ ਜਾਈ ਰੇ ॥” (੧੫੬) ਉਸ ਦੇ ਸਮੁੱਚੇ ਸਰੂਪ ਨੂੰ ਬਿਆਨ ਕਰਨਾ ਅਸੰਭਵ ਹੈ ਕਿਉਂਕਿ ਉਸ ਦਾ ਅੰਤ ਕੋਈ ਮਨੁੱਖ ਨਹੀਂ ਪਾ ਸਕਦਾ ਕਿ ਉਹ ਕਿੱਡਾ ਵੱਡਾ ਹੈ।
ਇਨ੍ਹਾਂ ਸ਼ਬਦਾਂ ਦੇ ਅਰਥ ਭਾਵਾਂ ਵਾਲੇ ਨਿਰੰਕਾਰ ਪ੍ਰਭੂ ਨੂੰ ਹੀ ਮਿਸ਼ਨਰੀ ਮੰਨਦੇ ਹਨ ਪਰ ਇਸ ਅਲੱਖ ਅਤੇ ਅਲਿਪਤ ਪ੍ਰਭੂ ਦੇ ਸਰੂਪ ਪ੍ਰਤੀ ਢੱਡਰੀਆਂ ਵਾਲੇ ਨੂੰ ਪਤਾ ਨਹੀਂ ਕੀ ਭੁਲੇਖਾ ਪਿਆ ਹੈ ਜਿਸ ਨੂੰ ਮੰਨਣ ’ਚ ਉਸ ਨੂੰ ਮੁਸ਼ਕਿਲ ਆ ਰਹੀ ਹੈ।
ਤੀਜੀ ਵਿਵਾਦਿਤ ਗੱਲ ਅਰਦਾਸ ਦੇ ਸੰਕਲਪ ਨਾਲ ਜੁੜੀ ਹੈ, ਜਿਸ ’ਤੇ ਹੁਣ ਢੱਡਰੀਆਂ ਵਾਲਾ ਵੀ ਕਿੰਤੂ-ਪਰੰਤੂ ਕਰ ਰਿਹਾ ਹੈ। ਉਸ ਦਾ ਕਥਨ ਹੈ ਕਿ ਕਿਸੇ ਵੱਲੋਂ ਅਰਦਾਸਾਂ ਕੀਤੇ ਜਾਣ ਨਾਲ ਕੁਝ ਨਹੀਂ ਮਿਲਣਾ, ਨਾ ਕਿਸੇ ਰੱਬ ਨੇ ਕੁਝ ਦੇਣਾ ਹੈ। ਜੋ ਕੁਝ ਮਨੁੱਖ ਨੇ ਪ੍ਰਾਪਤ ਕਰਨਾ ਹੈ ਉਹ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪ ਕਰਨਾ ਹੈ ਜਦ ਕਿ ਗੁਰਮਤਿ ਰੌਸ਼ਨੀ ਨਾਲ ਵੇਖਿਆਂ ਇਹ ਸ਼ਬਦ ਹਉਮੈਂ ਦੇ ਪ੍ਰਤੀਕ ਹਨ। ਜਿੱਥੇ ਹਉਮੈਂ ਹੈ ਉੱਥੇ ਬੰਦੇ ਦੀ ਮੈਂ ਮੈਂ; ਨਾ ਗੁਰੂ ਸ਼ਖ਼ਸੀਅਤ ਨੂੰ ਸਮਝਣ ਦੇ ਸਮਰਥ ਹੁੰਦੀ ਹੈ ਅਤੇ ਨਾ ਹੀ ਪ੍ਰਭੂ ਨੂੰ ਵੇਖਣਯੋਗ : “ਹਉਮੈ, ਨਾਵੈ ਨਾਲਿ ਵਿਰੋਧੁ ਹੈ; ਦੁਇ ਨ ਵਸਹਿ ਇਕ ਠਾਇ ॥” (੫੬੦) ਸੋਝੀ ਉਸ ਨੂੰ ਹੋ ਸਕਦੀ ਹੈ ਜਿਸ ਦੇ ਹਿਰਦੇ ’ਚੋਂ ਇਹ ਨਿਮਾਣੇਪਣ ਵਾਲੀ ਹੂਕ ਨਿਕਲਦੀ ਹੋਵੇ: “ਮੇਰਾ ਕੀਆ, ਕਛੂ ਨ ਹੋਇ ॥ ਕਰਿ ਹੈ ਰਾਮੁ, ਹੋਇ ਹੈ ਸੋਇ ॥” (੧੧੬੫) ਸਮੁੱਚੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ 105 ਵਾਰੀ ਅਰਦਾਸਿ, 1 ਵਾਰ ਅਰਦਾਸਾ, 2 ਵਾਰ ਅਰਦਾਸੇ ਸ਼ਬਦ ਆਇਆ ਹੈ ਅਤੇ ਸਭਨਾਂ ਵਿੱਚ ਮਨੁੱਖ ਨੂੰ ਅਰਦਾਸ ਕਰਨ ਦੀ ਪ੍ਰੇਰਨਾ ਕੀਤੀ ਗਈ ਹੈ। ਇਹ ਠੀਕ ਹੈ ਕਿ ਕੇਵਲ ਅਰਦਾਸ ਕਰਕੇ ਹੱਥ ’ਤੇ ਹੱਥ ਧਰ ਕੇ ਬੈਠ ਜਾਣਾ, ਕਿਸੇ ਕਾਰਜ ਜਾਂ ਵਸਤੂ ਦੀ ਪ੍ਰਾਪਤੀ ਲਈ ਕੋਈ ਉਦਮ ਨਾ ਕਰਨਾ ਠੀਕ ਨਹੀਂ, ਪਰ ਪ੍ਰਭੂ ਦੀ ਹੋਂਦ ਅਤੇ ਅਰਦਾਸ ਵਿੱਚ ਵਿਸ਼ਵਾਸ ਨਾ ਰੱਖਣਾ ਗੁਰਬਾਣੀ ਨਹੀਂ ਸਿਖਾਉਂਦੀ। ਅਰਦਾਸ ਤਾਂ ਹੀ ਪੂਰੀ ਹੋਵੇਗੀ ਜੇ ਪ੍ਰਭੂ ਨੂੰ ਪਸੰਦ ਆਏਗੀ ਭਾਵ ਉਸ ਵੱਲੋਂ ਪਹਿਲਾਂ ਮਿਲ ਚੁੱਕੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਸਿੱਖੇਗਾ। ਅਰਦਾਸ ਨਾਲ ਸੰਬੰਧਿਤ ਕੁਝ ਗੁਰੂ ਵਚਨ ਇਉਂ ਦਰਜ ਹਨ : “ਸਭਿ ਤੁਧੈ ਪਾਸਹੁ ਮੰਗਦੇ; ਨਿਤ ਕਰਿ ਅਰਦਾਸਿ ॥ (੮੬), ਜੀਅ ਕੀ ਬਿਰਥਾ ਹੋਇ, ਸੁ ਗੁਰ ਪਹਿ ਅਰਦਾਸਿ ਕਰਿ ॥ (੫੧੯), ਦੁਇ ਕਰ ਜੋੜਿ, ਕਰਉ ਅਰਦਾਸਿ ॥ ਤੁਧੁ ਭਾਵੈ, ਤਾ ਆਣਹਿ ਰਾਸਿ ॥(੭੩੭), ਮਾਗਨਾ, ਮਾਗਨੁ ਨੀਕਾ; ਹਰਿ ਜਸੁ ਗੁਰ ਤੇ ਮਾਗਨਾ ॥” (ਮਹਲਾ ੫/੧੦੧੮) ਆਦਿਕ।
ਭਾਵੇਂ ਕਿ ਉੱਦਮ ਕਰਨ ਲਈ ਵੀ ਗੁਰਬਾਣੀ ਅੰਦਰ ਕਈ ਗੁਰੂ ਉਪਦੇਸ਼ ਦਰਜ ਹਨ ਫਿਰ ਵੀ ਇਸ ਦੇ ਨਾਲ ਨਾਲ ਸੁਚੇਤ ਕੀਤਾ ਤਾਂ ਜੋ ਆਪਣੀ ਸਿਆਣਪ ਨੂੰ ਹੀ ਬੰਦਾ ਸਭ ਕੁਝ ਨਾ ਮੰਨ ਬੈਠੇ, ਜੋ ਅਹੰਕਾਰ ਹੈ। ਆਪਣੇ ਉੱਦਮ ਅਤੇ ਸਿਆਣਪ ਨਾਲ ਕੁਝ ਪ੍ਰਾਪਤੀ ਨਹੀਂ ਹੁੰਦੀ ਸਗੋਂ ਉੱਦਮ ਕਰਨ ਲਈ ਤਾਕਤ ਪ੍ਰਭੂ ਆਪ ਹੀ ਬਖ਼ਸ਼ਦਾ ਹੈ : “ਆਪਣ ਲੀਆ, ਕਿਛੂ ਨ ਪਾਈਐ; ਕਰਿ ਕਿਰਪਾ, ਕਲ ਧਾਰੀ ਜੀਉ ॥ (੧੦੧੬), ਆਪਣ ਲੀਆ ਜੇ ਮਿਲੈ; ਵਿਛੁੜਿ ਕਿਉ ਰੋਵੰਨਿ ? ॥” (੧੩੪) ਆਪਣੇ ਉੱਦਮ ਅਤੇ ਸਿਆਣਪ ’ਤੇ ਮਾਣ ਕਰਨ ਨਾਲ ਹਉਮੈਂ ਵਧਦੀ ਹੈ ਜੋ ਪ੍ਰਭੂ ਨਾਲੋਂ ਵਿੱਥ ਪੈਦਾ ਕਰਨ ਦਾ ਕਾਰਨ ਬਣਦੀ ਹੈ: “ਹਉਮੈ ਵਿਚਿ ਜਗੁ ਬਿਨਸਦਾ; ਮਰਿ ਜੰਮੈ, ਆਵੈ ਜਾਇ ॥” (੩੩), ਇਸ ਲਈ ਅਰਦਾਸ ਕਰਨੀ ਹੈ ਕਿ “ਤ੍ਰੈ ਗੁਣ ਸਭਿ ਤੇਰੇ, ਤੂ ਆਪੇ ਕਰਤਾ; ਜੋ ਤੂ ਕਰਹਿ, ਸੁ ਹੋਈ ॥ (੬੦੪), ਤੂ ਕਰਤਾਰੁ ! ਕਰਹਿ, ਸੋ ਹੋਇ ॥ (੭੨੩), ਅਸਾ ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ, ਤਿਵੈ ਬਖਸਿ ॥” (੭੩੬) ਆਦਿ।
ਸੋ ਟਕਸਾਲ, ਅਕਾਲ ਤਖ਼ਤ ਸਾਹਿਬ ਅਤੇ ਢੱਡਰੀਆਂ ਵਾਲੇ ਵਿਚਕਾਰ ਵਿਵਾਦ ਪੈਦਾ ਹੋਣ ਤੋਂ ਬਾਅਦ ਮਿਸ਼ਨਰੀ ਵਰਗ ਨੇ ਕਾਫੀ ਸਮਾਂ ਦੋਵੇਂ ਧਿਰਾਂ ਵਿੱਚੋਂ ਕਿਸੇ ਵੀ ਧਿਰ ਦਾ ਪੱਖ ਪੂਰਨ ਜਾਂ ਸਿੱਧੇ ਰੂਪ ਵਿੱਚ ਵਿਰੋਧ ਕਰਨ ਤੋਂ ਗੁਰੇਜ ਹੀ ਕੀਤਾ ਹੈ ਕਿਉਂਕਿ ਉਹ ਸਮਝਦੇ ਹਨ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਪ੍ਰਚਾਰ ਭਾਵੇਂ ਪਾਖੰਡਵਾਦ, ਕਰਮਕਾਂਡ, ਪੁਜਾਰੀਵਾਦ ਆਦਿਕ ਵਿਸ਼ਿਆਂ ’ਤੇ ਗੁਰਮਤਿ ਨਾਲ ਮੇਲ ਖਾਂਦਾ ਹੈ ਪਰ ਉਸ ਦਾ ਗੁਰਮਤਿ ਵਾਲੇ ਰੱਬ ਅਤੇ ਅਰਦਾਸ ਪ੍ਰਤੀ ਗਿਆਨ, ਅਧੂਰਾ ਹੈ, ਇਸ ਲਈ ਹਉਮੈਂ ਝਲਕਦੀ ਹੈ।
ਜਦ ਕੋਈ ਰੱਬ ਦਾ ਭਗਤ ਅਖਵਾਉਣ ਵਾਲਾ, ਆਪਣੀ ਭਗਤੀ ਭਾਵਨਾ ਬਦਲੇ ਰੱਬ ਤੋਂ ਬਹੁਤੀ ਪ੍ਰਾਪਤੀ ਦੀ ਉਮੀਦ ਰੱਖ ਲਵੇ ਤੇ ਉਹ ਪੂਰੀ ਨਾ ਹੋਵੇ ਤਾਂ ਬੰਦਾ, ਰੱਬ ਦੀ ਹੋਂਦ ਤੋਂ ਹੀ ਇਨਕਾਰੀ ਹੋ ਜਾਂਦਾ ਹੈ। ਇਸੇ ਲਈ ਗੁਰੂ ਜੀ ਨੇ ਬਚਨ ਕੀਤੇ ਹਨ ਕਿ ਸੇਵਾ-ਬੰਦਗੀ ਕਰਨ ਬਦਲੇ ਆਪਣੇ ਮਨ ਵਿੱਚ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ, “ਮਨੁ ਬੇਚੈ, ਸਤਿਗੁਰ ਕੈ ਪਾਸਿ ॥ ਤਿਸੁ ਸੇਵਕ ਕੇ ਕਾਰਜ ਰਾਸਿ ॥ ਸੇਵਾ ਕਰਤ, ਹੋਇ ਨਿਹਕਾਮੀ ॥ ਤਿਸ ਕਉ ਹੋਤ, ਪਰਾਪਤਿ ਸੁਆਮੀ ॥” (ਸੁਖਮਨੀ/ਮਹਲਾ ੫/੨੮੭), ਗੁਰਬਾਣੀ ਦੇ ਇਨ੍ਹਾਂ ਬਚਨਾਂ ਦੀ ਅਵੱਗਿਆ ਹੀ ਢੱਡਰੀਆਂ ਵਾਲੇ ਨੂੰ ਰੱਬ ਦੀ ਹੋਂਦ ਤੋਂ ਇਨਕਾਰੀ ਬਣਾ ਗਈ ਹੈ। 17 ਮਈ 2016 ਨੂੰ ਇਸ ਉਤੇ ਹਮਲਾ ਹੁੰਦਾ ਹੈ ਅਤੇ ਇਕ ਸਾਲ ਤੱਕ ਇਹਦੇ ਮੁਤਾਬਕ ਇਨਸਾਫ਼ ਨਾ ਮਿਲਦਾ ਵੇਖ ਇਹ ਜੂਨ 2017 ਤੋਂ ਰੱਬ ਤੋਂ ਮੁਨਕਰ ਹੋ ਜਂਦਾ ਹੈ। ਇਹੀ ਕਹਿ ਸਕਦੇ ਹਾਂ ਕਿ ਢੱਡਰੀਆਂ ਵਾਲੇ ਨੂੰ ਗੁਰਬਾਣੀ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਉਹ ਗੁਰਮਤਿ ਦੀ ਥਾਂ ਨਾਸਤਿਕਤਾ ਅਤੇ ਹਉਮੈ ਵੱਲ ਵਧ ਗਿਆ ਹੈ। ਇਸ ਤੋਂ ਬਾਅਦ ਮਿਸ਼ਨਰੀ ਵਰਗ ਅਤੇ ਇਸ ਦੇ ਵਿੱਚ ਸਿਧਾਂਤਕ ਮੱਤਭੇਦ ਪੈਦਾ ਹੋ ਜਾਂਦਾ ਹੈ। ਮਿਸ਼ਨਰੀ ਸਮੇਂ ਸਮੇਂ ’ਤੇ ਗੁਰਬਾਣੀ ਵਿੱਚ ਰੱਬ ਦੀ ਹੋਂਦ ਅਤੇ ਅਰਦਾਸ ਦੇ ਸੰਕਲਪ ਦੀ ਗੁਰਮਤਿ ਆਧਾਰਿਤ ਵਿਆਖਿਆ ਕਰਦੇ ਆ ਰਹੇ ਹਨ। ਮਿਸ਼ਨਰੀਆਂ ਦੁਆਰਾ ਹੁੰਦੀ ਆ ਰਹੀ ਇਸੇ ਵਿਆਖਿਆ ਨੂੰ ਆਪਣੇ ਵਿਰੋਧ ਵਿੱਚ ਸਮਝ ਕੇ ਢੱਡਰੀਆਂ ਵਾਲਿਆਂ ਨੇ ਮਿਸ਼ਨਰੀਆਂ ਨੂੰ ਵੀ ਤਾਹਨੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਮੈਂ ਮਿਸ਼ਨਰੀਆਂ ਦੀ ਲੜਾਈ ਲੜ ਰਿਹਾ ਹਾਂ ਪਰ ਇਹ ਟਕਸਾਲੀਆਂ ਨਾਲੋਂ ਵੀ ਵੱਧ ਮੇਰਾ ਵਿਰੋਧ ਕਰਦੇ ਪਏ ਹਨ। ਅਸਲ ਸਿਧਾਂਤਿਕ ਮੁੱਦੇ ਨੂੰ ਨਜ਼ਰ ਅੰਦਾਜ਼ ਕਰ ਇਸ ਨੇ ਮਿਸ਼ਨਰੀਆਂ ਬਾਰੇ ਇਹ ਵੀ ਆਰੋਪ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਹਰ ਇੱਕ ਨੇ ਤਕੜੀ ਧਿਰ ਨਾਲ ਖੜ੍ਹਨਾ ਹੁੰਦਾ ਹੈ। ਢੱਡਰੀਆਂ ਵਾਲੇ ਵੱਲੋਂ ਮਿਸ਼ਨਰੀਆਂ ਵਿਰੁੱਧ ਵਰਤੀ ਜਾ ਰਹੀ ਸ਼ਬਦਾਵਲੀ ਦੇ ਪਿੱਛੇ ਅਸਲੀ ਕਾਰਨ ਇਹ ਹੈ ਕਿ ਉਹ ਭਲੀ ਭਾਂਤ ਜਾਣਦਾ ਹੈ ਕਿ ਸੰਤ ਸਮਾਜ ਉਨ੍ਹਾਂ ਦੀਆਂ ਦਲੀਲਾਂ ਦਾ ਗੁਰਬਾਣੀ ਆਧਾਰਿਤ ਕੋਈ ਵੀ ਢੁੱਕਵਾਂ ਜਵਾਬ ਨਹੀਂ ਦੇ ਸਕਦਾ। ਰੱਬ ਦੇ ਸਰੂਪ ਅਤੇ ਅਰਦਾਸ ਸੰਬੰਧੀ ਕੀਤੀਆਂ ਟਿੱਪਣੀਆਂ ਵਿਰੁੱਧ ਸੰਪ੍ਰਦਾਈਆਂ ਨੇ ਹਾਲੀ ਤੱਕ ਕਿਤੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ, ਉਨ੍ਹਾਂ ਦੀ ਸ਼ਿਕਾਇਤ ਮਾਈ ਭਾਗੋ ਪ੍ਰਤੀ ਸੂਰਜ ਗ੍ਰੰਥ ਵਿੱਚ ਦਰਜ ਲਿਖਤ ’ਤੇ ਟਿੱਪਣੀਆਂ ਕਰਨ ਸੰਬੰਧੀ ਸੀ; ਪਰ ਮਿਸ਼ਨਰੀ ਉਨ੍ਹਾਂ (ਟਕਸਾਲੀਆਂ) ਨੂੰ ਮੇਰੇ ਵਿਰੁੱਧ ਬੋਲਣ ਲਈ ਮਸਾਲਾ ਦੇ ਰਹੇ ਹਨ।
ਮੇਰਾ ਮੰਨਣਾ ਹੈ ਕਿ ਸਿੱਖ-ਪ੍ਰਚਾਰਕਾਂ ਦੁਆਰਾ ਗੁਰਬਾਣੀ ਦਾ ਪ੍ਰਚਾਰ; ਨਿਮ੍ਰਤਾ ਵਿੱਚ ਰਹਿ ਕੇ ਕੀਤੇ ਜਾਣਾ ਹੀ ਸਫਲ ਅਤੇ ਪ੍ਰਭਾਵਸ਼ਾਲੀ ਹੋ ਸਕਦਾ ਹੈ, ਪਰ ਜਦ ਕਿਸੇ ਪ੍ਰਚਾਰਕ ਅੰਦਰ ਬਚਪਣ ਤੋਂ ਪ੍ਰਸਿੱਧੀ ਹਾਸਲ ਕਰਨ ਦੀ ਰੁਚੀ ਪ੍ਰਬਲ ਰਹੀ ਹੋਵੇ ਤਾਂ ਇਹ ਕਮਜੋਰੀ ਉਸ ਨੂੰ ਕਈ ਗੈਰਸਿਧਾਂਤਕ ਰਸਤੇ ਪਕੜਣ ਲਈ ਮਜਬੂਰ ਕਰ ਦਿੰਦੀ ਹੈ। ਬੰਦਾ ਕੋਈ ਇਕ ਸਟੈਂਡ ਨਹੀਂ ਬਣਾ ਸਕਦਾ। ਵਾਰ-ਵਾਰ ਕੌਮੀ ਸਿਧਾਂਤ ਦੀ ਵਿਆਖਿਆ ਬਦਲਣੀ ਪੈਂਦੀ ਹੈ ਤੇ ਉਹ ਵਧੇਰਾ ਜੋਰ, ਇਨ੍ਹਾਂ ਗੈਰਸਿਧਾਂਤਿਕ ਗੱਲਾਂ ਨੂੰ ਗੁਰਮਤਿ ਅਨੁਸਾਰੀ ਸਿੱਧ ਕਰਨ ’ਤੇ ਹੀ ਲਾ ਰਿਹਾ ਹੁੰਦਾ ਹੈ। ਇਸ ਲਈ ਮੈਂ ਸਮਝਦਾ ਹਾਂ ਕਿ ਮਿਸ਼ਨਰੀਆਂ ਦੁਆਰਾ ਕੌਮੀ ਸਿਧਾਂਤ ਨੂੰ ਛੱਡ ਕੇ ਕਿਸੇ ਵੱਡੀ ਧਿਰ ਦਾ ਸਾਥ ਦੇਣ ਦੀ ਕਦੇ ਕੋਈ ਭਾਵਨਾ ਨਹੀਂ ਵੇਖੀ ਗਈ। ਉਹ ਹਮੇਸ਼ਾਂ ਹਰ ਗੱਲ, ਸਿਧਾਂਤ ਦੇ ਨੇੜੇ ਰਹਿ ਕੇ ਕਰਦੇ ਆ ਰਹੇ ਹਨ। ਉਹ ਸਮਝਦੇ ਹਨ ਕਿ ਜਿੱਥੇ ਸੰਤ ਸਮਾਜ ਦਾ ਬਹੁਤਾ ਪ੍ਰਚਾਰ ਗੁਰਮਤਿ ਵਿਰੋਧੀ ਅਤੇ ਵਿਪਰਵਾਦ ਦੇ ਨੇੜੇ ਹੈ ਉੱਥੇ ਢੱਡਰੀਆਂ ਵਾਲਾ ਇਨ੍ਹਾਂ ਦੇ ਮੁਕਾਬਲੇ ਭਾਵੇਂ ਕੁਝ ਠੀਕ ਹੈ, ਪਰ ਜੋ ਇਸ ਨੇ ਗੁਰਮਤਿ ਦੇ ਉਲ਼ਟ ਨਾਸਤਕ ਨਜ਼ਰੀਆ ਬਣਾ ਲਿਆ ਹੈ ਉਹ ਵੀ ਸੰਤ ਸਮਾਜ ਦੇ ਪ੍ਰਚਾਰ ਨਾਲੋਂ ਕਿਤੇ ਘੱਟ ਨੁਕਸਾਨਦੇਹ ਨਹੀਂ ਹੈ।
ਗੁਰਮਤਿ ਵਿੱਚ ਰੱਬ ਦਾ ਨਿਰਾਕਾਰ, ਅਦ੍ਰਿਸ਼ ਸਰੂਪ ਤੇ ਉਸ ਦੀ ਬਖ਼ਸ਼ਿਸ਼, ਗੁਰੂ ਜੀ ਦੀ ਨਿਰੰਤਰ ਅਗਵਾਈ ਅਤੇ ਅਰਦਾਸ ਦਾ ਸੰਕਲਪ; ਸਿੱਖੀ ਦਾ ਮੂਲ ਆਧਾਰ ਹੈ ਜਿਸ ਨੂੰ ਅਜਿਹੇ ਸਿੱਖ ਅਖਵਾਉਂਦੇ ਪ੍ਰਚਾਰਕ ਅੱਜ ਰੱਦ ਹੀ ਕਰਦੇ ਪਏ ਹਨ। ਅਗਾਂਹ ਚੱਲ ਕੇ ਜੇ ਇਹ ਨਿਊਜ਼ੀਲੈਂਡ ਵਾਲੇ ਵਾਙ ਗੁਰੂ ਸਾਹਿਬਾਨ ਨੂੰ ਵੀ ਆਮ ਮਨੁੱਖਾਂ ਦੀ ਤਰ੍ਹਾਂ ਗਲਤ ਫੈਸਲੇ ਲੈਣ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੇਵਲ ਗਿਆਨ ਦੀ ਪੁਸਤਕ ਦੱਸਣ ਲੱਗ ਪੈਣ ਤਾਂ ਇਹ ਪੰਥ ਦੋਖੀ ਸ਼ਕਤੀਆਂ ਨਾਲੋਂ ਵੀ ਵੱਧ ਨੁਕਸਾਨ ਕਰਨ ਦੇ ਭਾਗੀ ਹੋਣਗੇ। ਇਹੀ ਮਿਸ਼ਨਰੀਆਂ ਦੀ ਚਿੰਤਾ ਵਿੱਚੋਂ ਪ੍ਰਤੀਤ ਹੋ ਰਿਹਾ ਹੈ। ਇਸ ਲਈ ਅਜਿਹੇ ਬੰਦੇ ਨਾਲ ਮਿਸ਼ਨਰੀ ਕਦਾਚਿਤ ਵੀ ਨਹੀਂ ਖੜ੍ਹਣਗੇ।
ਭਾਵੇਂ ਕਿ ਅੱਜ ਸਿੱਖ ਕੌਮ ਅਨੇਕਾਂ ਜਥੇਬੰਦੀਆਂ ਅਤੇ ਸੰਪ੍ਰਦਾਵਾਂ ਵਿੱਚ ਵੰਡ ਦਿੱਤੀ ਗਈ ਹੈ, ਪਰ ਮੁੱਖ ਤੌਰ ’ਤੇ ਦੋ ਵਿਚਾਰਧਾਰਾਵਾਂ (ਸੰਪ੍ਰਦਾਈ ਅਤੇ ਮਿਸ਼ਨਰੀ) ਦਾ ਸਿਧਾਂਤਕ ਟਕਰਾਅ ਚੱਲਦਾ ਹੀ ਆਇਆ ਹੈ। ਇਹ ਵਿਚਾਰਕ ਟਕਰਾਅ ‘ਗੁਰਮਤਿ ਨੂੰ ਬਿਪਰਵਾਦੀ ਸੋਚ ਤੋਂ ਵੱਖਰਾ ਕਰਨ ਅਤੇ ਬਿਪਰਵਾਦੀ ਨਜ਼ਰੀਏ ਨਾਲ ਗੁਰਬਾਣੀ ਨੂੰ ਵੇਖਣ’ ਵਿਚਕਾਰ ਰਿਹਾ ਹੈ, ਪਰ ਹੁਣ ਇਕ ਤੀਸਰਾ ਵਰਗ (ਨਾਸਤਿਕ) ਵੀ ਪੈਦਾ ਹੋ ਗਿਆ ਜੋ ਆਪਣੀ ਆਕਸੀਜਨ ਪੁਰਾਤਨ ਸਿੱਖ ਇਤਿਹਾਸਕ ਗ੍ਰੰਥਾਂ ਵਿੱਚ ਸੰਤ ਸਮਾਜ ਸੋਚ ਦੁਆਰਾ ਰੱਖੀਆਂ ਊਣਤਾਈਆਂ ’ਚੋਂ ਲੈ ਰਿਹਾ ਹੈ।
ਦੂਸਰੇ ਪਾਸੇ ਅਕਾਲ ਤਖ਼ਤ ਦੇ ਫੈਸਲੇ ਇੱਕ ਪਾਸੜ (ਸੰਤ ਸਮਾਜ ਹਮਾਇਤੀ) ਹੋਣ ਕਰਕੇ ਉਨ੍ਹਾਂ ਦੀ ਹਿਮਾਇਤ ਵਿੱਚ ਸਿੱਧੇ ਰੂਪ ਵਿੱਚ ਖੜ੍ਹਨਾ ਬਿਲਕੁਲ ਪੰਥਕ ਹਿੱਤਾਂ ਵਿੱਚ ਨਹੀਂ। ਮਿਸ਼ਨਰੀ ਸੋਚ ਨਾਲ ਸੰਬੰਧਿਤ ਸਮੁੱਚਾ ਜਾਗਰੂਕ ਸਿੱਖ ਵਰਗ, ਸ਼੍ਰੀ ਅਕਾਲ ਤਖ਼ਤ ਦੇ ਫੈਸਲਿਆਂ ਨੂੰ ਇੱਕ ਪਾਸੜ ਭਲੀਭਾਂਤ ਸਮਝਦਾ ਹੈ। ਭਾਵੇਂ ਕਿ ਇਸ ਸੰਬੰਧੀ ਕਿਸੇ ਨੂੰ ਵੀ ਕੋਈ ਭੁਲੇਖਾ ਨਾ ਹੋਵੇ, ਪਰ ਫਿਰ ਵੀ ਪਿਛਲੇ ਕੁਝ ਸਮੇਂ ਵਿੱਚ ਅਕਾਲ ਤਖ਼ਤ ਤੋਂ ਹੋਏ ਇੱਕ ਤਰਫੇ ਫੈਸਲਿਆਂ ਦੀ ਮਿਸਾਲ ਹੇਠਾਂ ਦਿੱਤੀ ਜਾ ਰਹੀ ਹੈ :
- ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲਾ ਗੁਰਗੱਦੀ ਪੁਰਬ ਤੋਂ ਪਹਿਲਾਂ ਪ੍ਰੋ: ਦਰਸ਼ਨ ਸਿੰਘ ਨੇ ਤਖ਼ਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਕੀਰਤਨ ਕਰਦਿਆਂ ਤਿੰਨ ਸਵਾਲ ਕੀਤੇ:
(੧) ਸੰਨ 1708 ਵਿੱਚ ਜਿਸ ਸਮੇਂ ਇਸੇ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਹੁਕਮ ਕੀਤਾ ਸੀ : “ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ”, ਕੀ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਹੋਰ ਗ੍ਰੰਥ ਵੀ ਬਿਰਾਜਮਾਨ ਕੀਤਾ ਹੋਇਆ ਸੀ ?
(੨) ਜੇ ਨਹੀਂ ਤਾਂ ਕਿਸ ਨੇ ਅਧਿਕਾਰ ਦਿੱਤਾ ਹੈ ਕਿ ਉਨ੍ਹਾਂ ਤੋਂ ਬਾਅਦ ਕਿਸੇ ਹੋਰ ਗ੍ਰੰਥ ਨੂੰ ਗੁਰੂ ਗ੍ਰੰਥ ਜੀ ਦੇ ਬਰਾਬਰ ਪ੍ਰਕਾਸ਼ ਕੀਤਾ ਜਾਵੇ ਤੇ ਗੁਰੂ ਜੀ ਦੇ ਤੁਲ ਸਨਮਾਨ ਤੇ ਸਤਿਕਾਰ ਦਿੱਤਾ ਜਾਵੇ ?
(੩) 300 ਸਾਲਾ ਸ਼ਤਾਬਦੀ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਲੋਕ ਇਸ ਸਥਾਨ ’ਤੇ ਦਰਸ਼ਨ ਕਰਨ ਆਉਣਗੇ ਤਾਂ ਉਹ ਕੀ ਸੰਦੇਸ਼ ਲੈ ਕੇ ਜਾਣਗੇ ?
ਇਸ ਤੋਂ ਬਾਅਦ ਅਮਰੀਕਾ ਦੇ ਕਿਸੇ ਗੁਰਦੁਆਰੇ ਵਿੱਚ ਕੀਰਤਨ ਕਰਦਿਆਂ ਦਸਮ ਗ੍ਰੰਥ ’ਚੋਂ ਤ੍ਰਿਆ ਚਰਿਤ੍ਰਾਂ ਦੇ ਕੁਝ ਭਾਗ ਦੀ ਵਿਆਖਿਆ ਕਰਦਿਆਂ ਉਨ੍ਹਾਂ ਕਿਹਾ : “ਮੇਰਾ ਗੁਰੂ ਐਸੇ ਸ਼ਬਦ ਲਿਖ ਜਾਂ ਬੋਲ ਨਹੀਂ ਸਕਦਾ, ਇਸ ਲਈ ਇਨ੍ਹਾਂ ਚਰਿਤ੍ਰਾਂ ਨੂੰ ਮੇਰੇ ਗੁਰੂ ਦੇ ਨਾਂ ਨਾਲ ਮੜ੍ਹ ਕੇ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਦਨਾਮ ਨਹੀਂ ਕੀਤਾ ਜਾਣਾ ਚਾਹੀਦਾ।” ਪ੍ਰੋ: ਦਰਸ਼ਨ ਸਿੰਘ ਦੇ ਇਹ ਸ਼ਬਦ ਅਤੇ ਉਕਤ ਤਿੰਨੇ ਸਵਾਲ ਗੁਰਮਤਿ ਅਤੇ ਸਿੱਖ ਰਹਿਤ ਮਰਿਆਦਾ ਦੇ ਬਿਲਕੁਲ ਅਨੂਕੂਲ ਅਤੇ ਪੰਥ ਦੇ ਹਿੱਤ ਵਿੱਚ ਹਨ, ਇਨ੍ਹਾਂ ’ਤੇ ਸਿੱਖ ਵਿਦਵਾਨਾਂ ਅਤੇ ਸਿੱਖ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦ ਕੇ ਖੁੱਲ੍ਹੀ ਵਿਚਾਰ ਚਰਚਾ ਕਰਨ ਉਪਰੰਤ ਠੋਸ ਫੈਸਲੇ ਲੈਣੇ ਚਾਹੀਦੇ ਸਨ ਪਰ ਇਸ ਤੋਂ ਪਹਿਲੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਸਮਾਗਮ ਦੀ ਪੂਰੀ ਰੀਕਾਰਡਿੰਗ ਸੁਣਨ ਅਤੇ ਭਾਵਨਾ ਸਮਝਣ ਦੀ ਥਾਂ ਉਸ ਰੀਕਾਰਡਿੰਗ ਵਿੱਚੋਂ ਕਟਿੰਗ ਕਰਕੇ ਤਿਆਰ ਕੀਤੀ ਕਲਿੱਪ ਦੇ ਆਧਾਰ ’ਤੇ ਪ੍ਰੋ: ਦਰਸ਼ਨ ਸਿੰਘ ਨੂੰ ਇਸ ਝੂਠੇ ਇਲਜ਼ਾਮ ਅਧੀਨ ਪੰਥ ਵਿੱਚੋਂ ਛੇਕ ਦਿੱਤਾ ਕਿ ਉਹ ਅਕਾਲ ਤਖ਼ਤ ’ਤੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਪੇਸ਼ ਨਹੀਂ ਹੋਇਆ; ਭਾਵੇਂ ਕਿ ਉਹ ਆਪਣੇ ਸੈਂਕੜੇ ਸਮਰਥਕਾਂ ਸਮੇਤ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਜਥੇਦਾਰਾਂ ਦੀ ਉਡੀਕ ਵਿੱਚ ਡੇੜ ਘੰਟੇ ਤੋਂ ਵੱਧ ਸਮੇਂ ਤੱਕ ਬੈਠੇ ਰਹੇ ਸਨ, ਪਰ ਕੋਈ ਜਥੇਦਾਰ ਉਨ੍ਹਾਂ ਦਾ ਸਪਸ਼ਟੀਕਰਨ ਲੈਣ ਵਾਸਤੇ ਨਹੀਂ ਆਇਆ।
- ਇਸ ਤੋਂ ਬਾਅਦ ਸਿਆਸੀ ਵੋਟ ਲੈਣ ਲਈ ਸੰਤ ਸਮਾਜ ਦੀ ਮੰਗ ਪੂਰਦਿਆਂ, ਬਿਨਾਂ ਕਿਸੇ ਜਥੇਬੰਦੀ ਜਾਂ ਵਿਦਵਾਨਾਂ ਦੀ ਸਲਾਹ ਦੇ, ਕੇਵਲ ਦੋ ਮੈਂਬਰੀ (ਧੁੰਮਾ+ਮੱਕੜ) ਕਮੇਟੀ (ਜਿਨ੍ਹਾਂ ਨੂੰ ਖ਼ੁਦ ਬਿਕ੍ਰਮੀ ਪੰਚਾਂਗਾਂ ਸੰਬੰਧੀ ਕੋਈ ਜਾਣਕਾਰੀ ਹੀ ਨਹੀਂ) ਰਾਹੀਂ 7 ਸਾਲਾਂ (2003-2010) ਤੋਂ ਲਾਗੂ ਵਿਗਿਆਨ ਅਤੇ ਗੁਰਬਾਣੀ ਆਧਾਰਿਤ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਵਾ ਦਿੱਤਾ ਭਾਵੇਂ ਕਿ ਅੱਜ ਤੱਕ ਕੋਈ ਐਸਾ ਸਾਲ ਨਹੀਂ ਰਿਹਾ ਜਦ ਇਨ੍ਹਾਂ ਦੁਆਰਾ (ਕੁ)ਸੋਧੇ ਕੈਲੰਡਰ ਵਿੱਚ ਗਲਤੀਆਂ ਰਹਿਣ ਕਰਕੇ ਕੁਝ ਗੁਰਪੁਰਬਾਂ ਦੀਆਂ ਤਾਰੀਖ਼ਾਂ ਐਨ ਮੌਕੇ ’ਤੇ ਤਬਦੀਲ ਨਾ ਕਰਨੀਆਂ ਪਈਆਂ ਹੋਣ।
ਮਿਤੀ 1 ਜਨਵਰੀ 2014 ਨੂੰ ਸੰਤ ਸਮਾਜ ਨੂੰ ਛੱਡ ਕੇ ਬਾਕੀ ਸਮੂਹ ਸਿੱਖ ਜਥੇਬੰਦੀਆਂ ਚੋਂ ਅਕਾਲ ਤਖ਼ਤ ਸਾਹਿਬ ਅਤੇ ਸਿੱਖ ਰਹਿਤ ਮਰਿਆਦਾ ਨੂੰ ਪੂਰੀ ਤਰ੍ਹਾਂ ਸਮਰਪਿਤ 5000 ਤੋਂ ਵੱਧ ਸਿੱਖਾਂ ਨੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਕਿ ਹਰ ਸਾਲ ਸ਼੍ਰੋਮਣੀ ਕਮੇਟੀ ਦੇ (ਕੁ)ਸੋਧੇ ਕੈਲੰਡਰ ਦੀਆਂ ਗਲਤੀਆਂ ਕਾਰਨ ਕੁਝ ਗੁਰ ਪਰਬ ਮੌਕੇ ’ਤੇ ਤਬਦੀਲ ਕਰਨ ਨਾਲੋਂ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕੀਤਾ ਜਾਵੇ ਤਾਂ ਕਿ ਦੁਬਿਧਾਵਾਂ ਤੇ ਆਪਸੀ ਟਕਰਾਅ ਤੋਂ ਬਚਿਆ ਜਾ ਸਕੇ, ਪਰ ਅੱਜ ਤੱਕ ਉਸ ਮੰਗ ਪੱਤਰ ’ਤੇ ਵੀਚਾਰ ਤੱਕ ਨਹੀਂ ਕੀਤਾ ਗਿਆ ਜਦੋਂ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਿਰੁੱਧ ਕੇਵਲ 5-7 ਉਹ ਪ੍ਰਚਾਰਕ ਜਿਹੜੇ ਖ਼ੁਦ ਸਿੱਖ ਰਹਿਤ ਮਰਿਆਦਾ ਤੋਂ ਮੁਨਕਰ ਹਨ, ਦੀ ਸ਼ਿਕਾਇਤ ’ਤੇ ਕੁਝ ਦਿਨਾਂ ਵਿੱਚ ਹੀ ਕਮੇਟੀ ਬਣਾ ਕੇ ਉਨ੍ਹਾਂ ਸਾਹਮਣੇ ਸਪਸ਼ਟੀਕਰਨ ਦੇਣ ਲਈ ਢੱਡਰੀਆਂ ਵਾਲੇ ਨੂੰ ਹਿਦਾਇਤ ਕਰ ਦਿੱਤੀ।
- ਹਰਨਾਮ ਸਿੰਘ ਧੁੰਮਾ ਹਮਾਇਤੀਆਂ ਵੱਲੋਂ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਕਰਨ ਲਈ ਸਿੱਖ ਧਰਮ ਦੇ ਅਸੂਲ ਮਨੁੱਖਤਾ ਦੀ ਸੇਵਾ ਦੀ ਪ੍ਰਤੀਕ ਛਬੀਲ ਦੀ ਦੁਰਵਰਤੋਂ ਕਰਕੇ ਜਿੱਥੇ ਛਬੀਲ ਨੂੰ ਬਦਨਾਮ ਕੀਤਾ ਗਿਆ, ਉੱਥੇ ਭਰਾ ਮਾਰੂ ਜੰਗ ਦਾ ਮੁੱਢ ਬੰਨ੍ਹਿਆ। ਅਕਾਲ ਤਖ਼ਤ ਦੇ ਜਥੇਦਾਰ ਨੂੰ ਚਾਹੀਦਾ ਸੀ ਕਿ ਉਹ ਦੋਸ਼ੀਆਂ ਵਿਰੁੱਧ ਸਿੱਖ ਪਰੰਪਰਾ ਅਨੁਸਾਰ ਸਖ਼ਤ ਕਾਰਵਾਈ ਕਰਦੇ ਪਰ ਉਨ੍ਹਾਂ ਨੇ ਇਸ ਮੰਦਭਾਗੀ ਘਟਨਾ ਦੀ ਨਿੰਦਾ ਤੱਕ ਨਹੀਂ ਕੀਤੀ ਉਲਟਾ ਢੱਡਰੀਆਂ ਵਾਲੇ ਨੂੰ ਸੁਲ੍ਹਾ ਕਰਨ ਦਾ ਮਸ਼ਵਰਾ ਦਿੰਦੇ ਰਹੇ।
- ਭਾਈ ਅਮਰੀਕ ਸਿੰਘ ਅਜਨਾਲਾ ਸ਼ਰੇਆਮ ਧਮਕੀਆਂ ਦੇ ਕੇ ਢੱਡਰੀਆਂ ਵਾਲੇ (ਜਿਨ੍ਹਾਂ ਵਿਰੁੱਧ ਉਸ ਸਮੇਂ ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਕਾਰਵਾਈ ਵੀ ਨਹੀਂ ਸੀ ਕੀਤੀ ਗਈ); ਦੇ ਦੀਬਾਨ ਬੰਦ ਕਰਵਾਉਂਦੇ ਰਹੇ, ਜੋ ਕਿ ਕਾਨੂੰਨ ਅਤੇ ਅਕਾਲ ਤਖ਼ਤ ਦੀ ਮਰਿਆਦਾ ਦੇ ਉਲਟ ਸੀ ਕਿਉਂਕਿ ਉਸ ਸਮੇਂ ਤੱਕ ਢੱਡਰੀਆਂ ਵਾਲੇ ਵਿਰੁੱਧ ਅਕਾਲ ਤਖ਼ਤ ਵੱਲੋਂ ਕੋਈ ਆਦੇਸ਼ ਜਾਂ ਹੁਕਮਨਾਮਾ ਜਾਰੀ ਨਹੀਂ ਹੋਇਆ ਸੀ। ਇਸੇ ਤਰ੍ਹਾਂ ਪ੍ਰੋ: ਦਰਸ਼ਨ ਸਿੰਘ ਵਿਰੁੱਧ ਕੋਈ ਕਾਰਵਾਈ ਤੋਂ ਪਹਿਲਾਂ ਹੀ ਉਨ੍ਹਾਂ ਦੇ ਦੀਬਾਨਾਂ ਵਿੱਚ ਖਲਲ ਪਾਉਣਾ ਸ਼ੁਰੂ ਕਰ ਦਿੱਤਾ ਸੀ। ਭਾਈ ਸਰਬਜੀਤ ਸਿੰਘ ਧੂੰਦਾ ਨੂੰ ਅਕਾਲ ਤਖ਼ਤ ਤੋਂ ਮੁਆਫ਼ ਕੀਤੇ ਜਾਣ ਉਪ੍ਰੰਤ ਵੀ ਉਨ੍ਹਾਂ ਦੇ ਦੀਬਾਨ ਬੰਦ ਕਰਵਾਉਣ ਲਈ ਹੁਲੜਬਾਜ਼ੀ ਕਰਦੇ ਰਹੇ ਹਨ। ਹੁੱਲੜਬਾਜਾਂ ਨੂੰ ਕੋਈ ਤਾੜਨਾ ਕਰਨ ਦੀ ਬਜਾਏ ਕਮੇਟੀ ਸਾਹਮਣੇ ਪੇਸ਼ ਨਾ ਹੋਣ ਦਾ ਬਹਾਨਾ ਲਾ ਕੇ ਜਥੇਦਾਰ ਨੇ ਢੱਡਰੀਆਂ ਵਾਲੇ ਦੇ ਦੀਬਾਨਾਂ ’ਤੇ ਹੀ ਪਾਬੰਦੀ ਲਗਾ ਕੇ ਫ਼ਤਵਾ ਜਾਰੀ ਕਰ ਦਿੱਤਾ ਕਿ ਜੇਕਰ ਦੀਬਾਨਾਂ ਦੌਰਾਨ ਕੋਈ ਮੰਦਭਾਗੀ ਘਟਨਾ ਵਾਪਰਦੀ ਹੈ ਤਾਂ ਦੀਬਾਨਾਂ ਦਾ ਪ੍ਰਬੰਧ ਕਰਨ ਵਾਲੇ ਖ਼ੁਦ ਜਿੰਮੇਵਾਰ ਹੋਣਗੇ। ਜਥੇਦਾਰ ਸਾਹਿਬ ਨੂੰ ਪੁਛਣਾ ਬਣਦਾ ਹੈ ਕਿ ਜਦੋਂ ਟਕਸਾਲੀਆਂ ਵੱਲੋਂ ਛਬੀਲ ਦੀ ਆੜ ਵਿੱਚ ਢੱਡਰੀਆਂ ਵਾਲੇ ’ਤੇ ਕਾਤਲਾਨਾ ਹਮਲਾ ਕੀਤਾ ਸੀ ਜਾਂ ਅਮਰੀਕ ਸਿੰਘ ਉਸ ਦੇ ਦੀਬਾਨ ਜ਼ਬਰਨ ਬੰਦ ਕਰਵਾਉਂਦਾ ਰਿਹਾ, ਤਦ ਤੁਸੀਂ ਕਿਹੜੀ ਜਿੰਮੇਵਾਰੀ ਨਿਭਾਈ ਸੀ ? ਇਸ ਦਾ ਭਾਵ ਹੈ ਕਿ ਅਕਾਲ ਤਖ਼ਤ ਦੇ ਫੈਸਲੇ ਨਿਰਪੱਖ ਨਹੀਂ ਬਲਕਿ ਜਾਰੀ ਕੀਤੇ ਜਾਂਦੇ ਇਕ ਪਾਸੜ ਹੁਕਮਨਾਮੇ ਹੁਲੜਬਾਜਾਂ ਦੀ ਕਾਰਵਾਈ ਨੂੰ ਜਾਇਜ਼ ਠਹਿਰਾਉਣ ਲਈ ਇਕ ਮੋਹਰ ਲਾਉਣ ਵਾਸਤੇ ਹੀ ਹਨ। ਇਹੋ ਕਾਰਣ ਹੈ ਕਿ ਢੱਡਰੀਆਂ ਵਾਲੇ ਸਮੇਤ ਹੋਰ ਬਹੁਤ ਸਾਰੇ ਸਿੱਖ ਅਕਾਲ ਤਖ਼ਤ ’ਤੇ ਪੇਸ਼ ਹੋਣ ਤੋਂ ਇਨਕਾਰੀ ਹੋ ਰਹੇ ਹਨ; ਭਾਵੇਂ ਇਨ੍ਹਾਂ ਨੂੰ ਹਉਂਮੈ ਛੱਡ ਕੇ ਨਿਰਮਾਣ ਸਿੱਖਾਂ ਦੀ ਤਰ੍ਹਾਂ ਪੇਸ਼ ਹੋਣ ਦੀਆਂ ਸਲਾਹਾਂ ਦੇਣ ਵਾਲਿਆਂ ਵਿੱਚ ਵੀ ਕਮੀ ਨਹੀਂ ਹੈ।
- ਜਿਸ ਦਿਨ ਢੱਡਰੀਆਂ ਵਾਲੇ ਵਿਰੁੱਧ ਪਾਬੰਦੀ ਲਾਈ ਗਈ ਉਸ ਦਿਨ ਦੋ ਹੋਰ ਅਹਿਮ ਫੈਸਲੇ ਲਏ ਗਏ, ਜੋ ਇਸ ਤਰ੍ਹਾਂ ਹਨ :
(ੳ) ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਮੌਕੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਕਿਹਾ ਸਿੱਖ ਲਵ-ਕੁਸ਼ ਦੀ ਔਲਾਦ ਹਨ। ਇਸੇ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਮਾਇਣ ਲਿਖੀ ਹੈ। ਇਹ ਦੋਵੇਂ ਬਿਆਨ ਸਿੱਖ ਭਾਵਨਾਂ ਦੇ ਵਿਰੁੱਧ ਹੋਣ ਕਰਕੇ ਤਕਰੀਬਨ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਆਮ ਸਿੱਖਾਂ ਵਿੱਚ ਭਾਰੀ ਰੋਸ ਸੀ, ਪਰ ਅਕਾਲ ਤਖ਼ਤ ਦੇ ਫੈਸਲਿਆਂ ਵਿੱਚ ਮੋਦੀ ਦੇ ਬਿਆਨ ਨੂੰ ਤਾਂ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਤੇ ਇਕਬਾਲ ਸਿੰਘ ਦੇ ਬਿਆਨ ਬਾਰੇ ਕੇਵਲ ਇੰਨਾ ਹੀ ਕਿਹਾ ਗਿਆ ਕਿ ਉਹ, ਇਸ ਬਿਆਨ ਨਾਲ ਸਹਿਮਤ ਨਹੀਂ ਹਨ। ਚੇਤੇ ਰੱਖਣਯੋਗ ਹੈ ਕਿ ਇਸ ਫੈਸਲੇ ਤੋਂ ਪਹਿਲਾਂ ਇਕਬਾਲ ਸਿੰਘ ਟੀ ਵੀ ਚੈੱਨਲਾਂ ਉੱਪਰ ਸੂਰਜ ਪ੍ਰਕਾਸ਼ ਤੇ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਗੁਰਬਚਨ ਸਿੰਘ ਦੀ ਪੁਸਤਕ ਵਿੱਚੋਂ ਉਹ ਪੰਨੇ ਵਿਖਾ ਚੁੱਕਾ ਸੀ, ਜਿਨ੍ਹਾਂ ’ਤੇ ਇਹੀ ਸਭ ਕੁਝ ਲਿਖਿਆ ਹੋਇਆ ਹੈ ਕਿ ਸਿੱਖ ਲਵ-ਕੁਸ਼ ਦੀ ਔਲਾਦ ਹਨ। ਇਕਬਾਲ ਸਿੰਘ ਨੇ ਕਿਹਾ ਕਿ ਮੈਂ ਤਾਂ ਇਨ੍ਹਾਂ ਪੁਸਤਕਾਂ ਵਿੱਚੋਂ ਪੜ੍ਹ ਕੇ ਹੀ ਬੋਲਿਆ ਸੀ ਤਾਂ ਇਸ ਵਿੱਚ ਗਲਤ ਕੀ ਹੈ ? ਦਸਮ ਗ੍ਰੰਥ ਦਾ ਹਵਾਲਾ ਦੇ ਕੇ ਨਾਮਧਾਰੀਆਂ ਨੇ ਮੋਦੀ ਦਾ ਬਿਆਨ ਵੀ ਸਹੀ ਠਹਿਰਾਇਆ। ਤਾਂ ਤੇ ਇਕਬਾਲ ਸਿੰਘ ਨਾਲ ਅਸਹਿਮਤੀ ਕਹਿਣ ਦੇ ਨਾਲ-ਨਾਲ ਉਨ੍ਹਾਂ ਲਿਖਤਾਂ ’ਤੇ ਵੀ ਉਂਗਲ ਚੁੱਕਣੀ ਬਣਦੀ ਸੀ ਜਿੱਥੇ ਇਹ ਸਭ ਕੁਝ ਲਿਖਿਆ ਪਿਆ ਹੈ, ਪਰ ਐਸਾ ਕੁਝ ਨਹੀਂ ਕੀਤਾ ਗਿਆ ਕਿਉਂਕਿ ਉਸ ਧਿਰ ਵਿਰੁਧ ਕਦੇ ਅਕਾਲ ਤਖ਼ਤ ਸਖ਼ਤ ਹੀ ਨਹੀਂ ਹੋਇਆ।
(ਅ) ਹੈਰਾਨੀ ਹੁੰਦੀ ਹੈ ਕਿ ਜਿਸ ਪੁਸਤਕ ’ਚੋਂ ਪੜ੍ਹ ਕੇ ਇਕਬਾਲ ਸਿੰਘ ਵੱਲੋਂ ਬੋਲੇ ਸ਼ਬਦਾਂ ਨਾਲ ਜਥੇਦਾਰ ਅਸਹਿਮਤੀ ਪ੍ਰਗਟਾ ਰਹੇ ਹਨ ਉਸੇ ਦਿਨ ਉਸ ਪੁਸਤਕ ਦੇ ਲਿਖਾਰੀ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਨੂੰ ਮਰਨ ਉਪਰੰਤ ਅਵਾਰਡ ਦੇ ਕੇ ਸਨਮਾਨਤ ਕਰਨ ਦਾ ਫੈਸਲਾ ਵੀ ਕੀਤਾ ਗਿਆ। ਕਿਸੇ ਲਿਖਾਰੀ ਨੂੰ ਅਕਾਲ ਤਖ਼ਤ ਤੋਂ ਅਵਾਰਡ ਦੇ ਕੇ ਸਨਮਾਨਤ ਕਰਨ ਦਾ ਭਾਵ ਹੈ ਕਿ ਉਸ ਦੀਆਂ ਲਿਖਤਾਂ ਗੁਰਮਤਿ ਦੇ ਅਨੁਕੂਲ ਹਨ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਹੁਤ ਲਾਹੇਵੰਦ ਤੇ ਅਮੋਲਕ ਹਨ।
ਅਜੀਬ ਫੈਸਲੇ ਹਨ ਕਿ ਗਿਆਨੀ ਗੁਰਬਚਨ ਸਿੰਘ ਦੀਆਂ ਲਿਖਤਾਂ ਗੁਰਮਤਿ ਅਨੁਕੂਲ ਹਨ, ਪਰ ਉਨ੍ਹਾਂ ’ਚੋਂ ਪੜ੍ਹ ਕੇ ਸੁਣਾਉਣ ਵਾਲਿਆਂ ਨਾਲ ਅਸਹਿਮਤੀ ?
(ੲ) ਜਿਸ ਸੂਰਜ ਪ੍ਰਕਾਸ਼ ’ਚੋਂ ਪੜ੍ਹ ਕੇ ਇਕਬਾਲ ਸਿੰਘ ਵੱਲੋਂ ਬੋਲੇ ਸ਼ਬਦਾਂ ਨਾਲ ਜਥੇਦਾਰ ਸਾਹਿਬਾਨ ਦੀ ਅਸਹਿਮਤੀ ਹੈ ਉਸੇ ਸੂਰਜ ਪ੍ਰਕਾਸ਼ ਵਿੱਚੋਂ ਮਾਈ ਭਾਗੋ ਜੀ ਬਾਰੇ ਲਿਖੇ ਇਤਰਾਜ਼ਯੋਗ ਸ਼ਬਦਾਂ ਨੂੰ ਪੜ੍ਹ ਕੇ ਸੁਣਾਉਣ ਵਾਲੇ ਰਣਜੀਤ ਸਿੰਘ ਢੱਡਰੀਆਂ ਵਾਲੇ ਗਲਤ ?
- ਪਿਛਲੇ 40-50 ਸਾਲਾਂ (ਖਾਸ ਕਰ ਕੇ ਪਿਛਲੇ 20 ਸਾਲਾਂ) ਵਿੱਚ ਅਕਾਲ ਤਖ਼ਤ ਸਾਹਿਬ ਵੱਲੋਂ ਕਰਵਾਏ ਅਜਿਹੇ ਅਨੇਕਾਂ ਫੈਸਲੇ ਹਨ ਜਿਹੜੇ ਸਿਆਸੀ ਪ੍ਰਭਾਵ ਹੇਠ ਅਕਾਲੀ ਦਲ ਬਾਦਲ ਨੂੰ ਸਿਆਸੀ ਲਾਭ ਪਹੁੰਚਾਉਣ ਹਿਤ ਗੁਰਮਤਿ ਵਿਰੋਧੀ ਡੇਰਾਵਾਦ ਅਤੇ ਸੰਪ੍ਰਦਾਈ ਵੀਚਾਰਧਾਰਾ ਨੂੰ ਪ੍ਰਫੁਲਿਤ ਕਰਨ ਲਈ ਕੀਤੇ ਗਏ। ਸੌਦਾ ਸਾਧ ਨੂੰ ਬਿਨਾਂ ਮੁਆਫੀ ਮੰਗਿਆਂ ਹੀ ਮਾਫੀ ਦੇ ਦਿੱਤੀ ਗਈ, ਪਰ ਸਿੱਖਾਂ ਦੇ ਭਾਰੀ ਵਿਰੋਧ ਨੂੰ ਵੇਖਦਿਆਂ ਮੁੜ ਹੁਕਮਨਾਮਾ ਵਾਪਸ ਲੈਣਾ ਪਿਆ।
- ਭਾਵੇਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਣ ਤੱਕ ਦੇ ਬਿਆਨ, ਲੋਕਾਂ ਨੂੰ ਇਹ ਯਕੀਨ ਦਿਵਾ ਰਹੇ ਸਨ ਕਿ ਪੜ੍ਹਿਆ ਲਿਖਿਆ ਹੋਣ ਕਰਕੇ ਇਹ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵਰਗੀ ਸਿਰਮੌਰ ਸੰਸਥਾ ਦੇ ਡੇਗੇ ਗਏ ਵਕਾਰ ਨੂੰ ਮੁੜ ਬਹਾਲ ਕਰਨ ਲਈ ਕੰਮ ਕਰਨਗੇ ਪਰ ਇੱਕੋ ਬੈਠਕ ਵਿੱਚ ਕੀਤੇ ਉਕਤ ਤਿੰਨੇ ਫੈਸਲਿਆਂ ਨੂੰ ਵੇਖ ਕੇ ਜਥੇਦਾਰ ਦਾ ਇੱਕ ਪਾਸੜ ਰਵਈਆ ਪ੍ਰਤੱਖ ਤੌਰ ’ਤੇ ਵੇਖਿਆ ਗਿਆ ਜੋ ਅਫਸੋਸਨਾਕ ਹੈ। ਸੋ ਇਹ ਸਾਰੇ ਫੈਸਲੇ ਵੀ ਸਿਆਸੀ ਪ੍ਰਭਾਵ ਤੋਂ ਮੁਕਤ ਨਹੀਂ ਕਹੇ ਜਾ ਸਕਦੇ।
ਉਪਰੋਕਤ ਪ੍ਰਸਥਿਤੀਆਂ ਵਿੱਚ ਆਓ ਸਾਰੇ ਮਿਲ ਕੇ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰੀਏ ਕਿ ਪੰਥ ਦੇ ਫੈਸਲੇ ਕਰਨ ਵਾਲੇ ਪੰਜੇ ਸਿੰਘ ਸਾਹਿਬਾਨਾਂ ਵਿੱਚ ਇੰਨੀ ਹਿੰਮਤ ਭਰ ਦੇਣ ਕਿ ਉਹ ਕਿਸੇ ਸਿਆਸਤ ਅਤੇ ਧੜੇ ਤੋਂ ਆਜ਼ਾਦ ਹੋ ਕੇ ਕੇਵਲ ਪੰਥ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਨਿਰਪੱਖ ਫੈਸਲੇ ਲੈਣ ਦੇ ਸਮਰਥ ਹੋ ਸਕਣ। ਪਹਿਲੇ ਕਦਮ ਵਜੋਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਵਿਸ਼ਵਾਸ਼ ਪ੍ਰਗਟ ਕਰਨ ਵਾਲੇ ਪਰ ਕੇਵਲ ਦਸਮ ਗ੍ਰੰਥ ਅਤੇ ਸੂਰਜ ਪ੍ਰਕਾਸ਼ ਆਦਿਕ ਗ੍ਰੰਥ ਦੇ ਆਧਾਰ ’ਤੇ ਹੁਣ ਤੱਕ ਛੇਕੇ ਗਏ ਸਾਰੇ ਸਾਰੇ ਪੰਥਕ ਵਿਦਵਾਨਾਂ ਅਤੇ ਪ੍ਰਚਾਰਕਾਂ ਵਿਰੁੱਧ ਜਾਰੀ ਹੁਕਮਨਾਮੇ ਵਾਪਸ ਲੈ ਲੈਣ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਪ੍ਰਚਾਰਕਾਂ ਨੂੰ ਇੱਕ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਦੇ ਸੱਦੇ ਹੇਠ ਇੱਕ ਮੰਚ ’ਚੇ ਇਕੱਤ੍ਰ ਹੋਣ ਦਾ ਸੱਦਾ ਦੇਣ। ਜੇ ਸਿਰਸਾ ਵਾਲੇ ਸੌਦਾ ਸਾਧ ਨੂੰ ਮੁਆਫ਼ ਕੀਤੇ ਜਾਣ ਵਾਲਾ ਹੁਕਮਨਾਮਾ ਵਾਪਸ ਹੋ ਸਕਦਾ ਹੈ ਤਾਂ ਇੱਕ ਧੜੇ ਨੂੰ ਖ਼ੁਸ਼ ਕਰਨ ਲਈ ਪੰਥਕ ਵਿਦਵਾਨ ਤੇ ਪ੍ਰਚਾਰਕਾਂ ਵਿਰੁੱਧ ਜਾਰੀ ਹੋਏ ਗ਼ਲਤ ਹੁਕਮਨਾਮੇ ਵਾਪਸ ਕਿਉਂ ਨਹੀਂ ਹੋ ਸਕਦੇ ? ਭਾਈ ਢੱਡਰੀਆਂ ਵਾਲੇ ਨੂੰ ਵੀ ਅਰਦਾਸ ਦੇ ਸੰਕਲਪ, ਨਿਰੰਕਾਰ ਪ੍ਰਭੂ ਦੀ ਹੋਂਦ, ਪ੍ਰਭੂ/ਗੁਰੂ ਦੀ ਸੱਤਿਆ ਅਤੇ ਬਖ਼ਸ਼ਿਸ਼ ਆਦਿਕ ਸਿੱਖੀ ਦੇ ਮੂਲ ਸਿਧਾਂਤਾਂ ਪ੍ਰਤੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਮੰਨ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਮੂਲ ਸਿਧਾਂਤਾਂ ਪ੍ਰਤੀ ਉਸ ਦਾ ਅਧੂਰਾ ਗਿਆਨ ਇਸ ਵੀਡੀਓ ਵਿੱਚ ਜਪੁ ਜੀ ਬਾਣੀ ਦੀ ਪਹਿਲੀ ਪਉੜੀ ਦੀ ਪੰਕਤੀ “ਭੁਖਿਆ, ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥” ਦੇ ਉਸ ਵਲੋਂ ਕੀਤੇ ਅਰਥ ਵਾਚਣ ਤੋਂ ਲਗਾਇਆ ਜਾ ਸਕਦਾ ਹੈ। ਇਸ ਤੁਕ ਦੇ ਉਹ ਅਰਥ ਕਰ ਰਿਹਾ ਹੈ: ‘ਭੁੱਖਿਆਂ ਰਹਿਣ ਨਾਲ ਭਾਵ ਵਰਤ ਰੱਖਣ ਨਾਲ ਰੱਬ ਨਹੀਂ ਮਿਲਦਾ’।
ਇਹ ਅਰਥ ਗੁਰਮਤਿ ਅਨੁਸਾਰੀ ਹੋਣੇ ਤਾਂ ਦੂਰ ਦੀ ਗੱਲ ਹੈ ਅੱਖਰੀ ਅਰਥਾਂ ਨਾਲ ਵੀ ਮੇਲ ਨਹੀਂ ਖਾਂਦੇ ਕਿਉਂਕਿ ਇਸ ਤੁਕ ਦੇ ਅਰਥ ਬਣਦੇ ਹਨ ਤ੍ਰਿਸ਼ਨਾਂ ਅਧੀਨ ਰਿਹਾਂ ਮਨ ਵਿੱਚ ਪਦਾਰਥਾਂ ਦੀ ਤ੍ਰਿਸ਼ਨਾਂ ਦੀ ਭੁੱਖ ਮਿਟ ਨਹੀਂ ਸਕਦੀ ਭਾਵੇਂ ਸਾਰੀਆਂ ਪੁਰੀਆਂ (ਸਾਰੇ ਭਵਨਾਂ) ਦੇ ਪਦਾਰਾਥਾਂ ਦੇ ਢੇਰ ਵੀ ਕਿਉਂ ਨਾ ਮਿਲ ਜਾਣ।
ਅਕਾਲ ਤਖ਼ਤ ’ਤੇ ਬੈਠ ਕੇ ਪੰਥ ਦੇ ਫੈਸਲੇ ਕਰਨ ਵਾਲੇ ਜਥੇਦਾਰਾਂ ਵੱਲੋਂ ਨਿਰਪੱਖਤਾ ਦਾ ਸਬੂਤ ਦਿੱਤੇ ਜਾਣ ਉਪਰੰਤ ਸਮੂਹ ਜਥੇਬੰਦੀਆਂ ਇੱਕ ਗੁਰੂ ਗ੍ਰੰਥ ਸਾਹਿਬ ਜੀ, ਇੱਕ ਸਿੱਖ ਰਹਿਤ ਮਰਿਆਦਾ ਅਤੇ ਇੱਕ ਨਾਨਕਸ਼ਾਹੀ ਕੈਲੰਡਰ ਨੂੰ ਆਧਾਰ ਮੰਨ ਕੇ ਇੱਕ ਪਲੈਟਫਾਰਮ ’ਤੇ ਇਕੱਠੇ ਹੋ ਕੇ ਗੁਰਮਤਿ ਅਨੁਸਾਰੀ ਸਰਬਸਾਂਝਾ ਵਿਧਾਨ ਤਿਆਰ ਕਰਨ ਲਈ ਮਾਹੌਲ ਸਿਰਜਣਾ ਸ਼ੁਰੂ ਕਰ ਦੇਣ ਤਾਂ ਪੰਥ ਦਾ ਮੁੜ ਚੜ੍ਹਦੀਆਂ ਕਲਾ ਵਿੱਚ ਜਾਣਾ ਸੰਭਵ ਹੈ ਪਰ ਜੇ “ਸਭੁ ਕੋ ਪੂਰਾ ਆਪੇ ਹੋਵੈ; ਘਟਿ ਨ ਕੋਈ ਆਖੈ ॥” ਵਾਲਾ ਵਿਵਹਾਰ ਕਰਦੇ ਹੋਏ ਕੇਵਲ ਆਪਣੀ ਵੀਚਾਰਧਾਰਾ ਨੂੰ ਦੂਸਰਿਆਂ ’ਤੇ ਥੋਪਣ ਦੇ ਯਤਨ ਵਿੱਚ ਰਹਿਣਗੇ ਤਾਂ ਜੋ ਹਸ਼ਰ ਸਾਡਾ ਸਾਰਿਆਂ ਦਾ ਹੋਣ ਜਾ ਰਿਹਾ ਹੈ ਉਹ ਕਿਸੇ ਤੋਂ ਗੁੱਝਾ ਨਹੀਂ ਹੈ। ਭਾਵੇਂ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਵੱਖ ਵੱਖ ਧੜਿਆਂ ਦੀ ਸੋਚ ਮੁਤਾਬਕ ਅਨੇਕਾਂ ਤਰੁੱਟੀਆਂ ਹੋ ਸਕਦੀਆਂ ਹਨ ਪਰ ਇਸ ਵੇਲੇ ਕੇਵਲ ਇਸੇ ’ਤੇ ਇਕਮੱਤ ਹੋਣ ਦੀ ਸੰਭਾਵਨਾ ਬਣ ਜਾਣਾ ਹੀ ਬਹੁਤ ਵੱਡੀ ਪ੍ਰਾਪਤੀ ਹੋਵੇਗੀ।








