ਅੰਮ੍ਰਿਤ ਅਤੇ ਇਸ ਦੀਆਂ ਬਰਕਤਾਂ
ਅੰਮ੍ਰਿਤ ਅਤੇ ਇਸ ਦੀਆਂ ਬਰਕਤਾਂ
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ,ਹੈਡਮਾਸਟਰ (ਸੇਵਾ ਮੁਕਤ)
105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436
ੴ ਸਤਿ ਗੁਰ ਪ੍ਰਸਾਦਿ
ਅੰਮ੍ਰਿਤ ਇੱਕ ਪ੍ਰਣ ਹੈ, ਜੋ ਸਿੱਖ ਨੇ ਆਪਣੇ ਗੁਰੂ ਨਾਲ ਕਰਨਾ ਹੁੰਦਾ ਹੈ। ਇਸ ਪ੍ਰਣ ਦੀ ਕਿੰਨੀ ਮਹਾਨਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਦਾ ਹੈ ਕਿ ਇਹ ਪ੍ਰਣ ਗੁਰੂ ਗੋਬਿੰਦ ਸਿਘ ਜੀ ਨੇ ਖ਼ੁਦ 1699 ਦੀ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੇ ਸਾਹਮਣੇ ਕੀਤਾ ਸੀ। ਅਸਲ ਵਿੱਚ ਇਹ ਪ੍ਰਣ ਸੰਪੂਰਨ ਮਨੁੱਖ ਦੀ ਘਾੜਤ ‘ਖ਼ਾਲਸਾ’ ਹੈ। ਕਈ ਵਾਰ ਅਸੀਂ ਆਪਣੇ ਮਨ ਵਿੱਚ ਹੀ ਕਿਸੇ ਗੱਲ ਦੀ ਦ੍ਰਿੜ੍ਹਤਾ ਲਈ ਪ੍ਰਣ ਕਰ ਬੈਠਦੇ ਹਾਂ ਭਾਵੇਂ ਕਿ ਬਹੁਤ ਵਾਰੀ ਉਹ ਪ੍ਰਣ ਨਿਭਦਾ ਨਹੀਂ, ਪਰ ਕਿਸੇ ਮਹਾਨ ਸ਼ਖ਼ਸੀਅਤ ਦੇ ਸਾਹਮਣੇ ਕੀਤੇ ਹੋਏ ਪ੍ਰਣ ਦੇ ਨਿਭਣ ਦੀ ਆਸ ਬੱਝ ਜਾਂਦੀ ਹੈ। ਜੋ ਪ੍ਰਣ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬ ਦੇ ਸਾਹਮਣੇ ਕੀਤਾ, ਉਹ ਪ੍ਰਣ ਅੱਜ ਹਰ ਸਿੱਖ ਅੰਮ੍ਰਿਤਪਾਨ ਕਰਨ ਸਮੇਂ ਗੁਰੂ ਦੇ ਸਾਹਮਣੇ ਕਰਦਾ ਹੈ। ਇਹ ਪ੍ਰਣ ਹੈ ‘ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਹਰ ਪ੍ਰਕਾਰ ਦੇ ਨਸ਼ੇ ਤੋਂ ਬਚਣਾ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਸੰਗ ਨਹੀਂ ਕਰਨਾ ਅਤੇ ਕੁੱਠਾ-ਹਲਾਲ ਨਹੀਂ ਖਾਣਾ’।
ਵੈਸੇ ਅੰਮ੍ਰਿਤ ਸ਼ਬਦ ਗੁਰਬਾਣੀ ਵਿੱਚ ਬਹੁ-ਅਰਥੀ ਸ਼ਬਦਾਂ ਲਈ ਵਰਤਿਆ ਗਿਆ ਹੈ। ਇਹ ਸ਼ਬਦ ਭੋਜਨ ਲਈ ਵੀ ਹੈ; ਜਿਵੇਂ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ ਵਿੱਚ ਫ਼ੁਰਮਾਉਂਦੇ ਹਨ ‘‘ਜਿਹ ਪ੍ਰਸਾਦਿ; ਛਤੀਹ ਅੰਮ੍ਰਿਤ ਖਾਹਿ ॥ ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥’’ (ਮਹਲਾ ੫/੨੬੯) ਇੱਥੇ ਅੰਮ੍ਰਿਤ ਦਾ ਅਰਥ ਹੈ ‘ਛਤੀ ਪ੍ਰਕਾਰ ਦੇ ਸੁਆਦਲੇ ਭੋਜਨ’। ਦੁੱਧ ਵਾਸਤੇ ਵੀ ਗੁਰਬਾਣੀ ਵਿੱਚ ਸ਼ਬਦ ਅੰਮ੍ਰਿਤ ਵਰਤਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਗੂਜਰੀ ਰਾਗ ਵਿੱਚ ਫ਼ੁਰਮਾਉਂਦੇ ਹਨ : ‘‘ਪਸੂ ਮਿਲਹਿ ਚੰਗਿਆਈਆ; ਖੜੁ ਖਾਵਹਿ ਅੰਮ੍ਰਿਤੁ ਦੇਹਿ ॥’’ (ਮਹਲਾ ੧/੪੮੯) ਗੁਰੂ ਸਾਹਿਬ ਕਹਿੰਦੇ ਹਨ ਕਿ ਪਸ਼ੂ ਨੂੰ ਸੁੱਕੇ ਕੱਖ ਪਾਈਏ ਤਾਂ ਵੀ ਉਹ ਦੁੱਧ ਰੂਪੀ ਅੰਮ੍ਰਿਤ ਦਿੰਦਾ ਹੈ। ਗੁਰਬਾਣੀ ਵਿੱਚ ਚੰਦਨ ਵਾਸਤੇ ਵੀ ਅੰਮ੍ਰਿਤ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਭਗਤ ਰਵੀਦਾਸ ਜੀ ਦੇ ਬਚਨ ਹਨ ‘‘ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥ ਬਿਖੁ ਅੰਮ੍ਰਿਤੁ; ਬਸਹਿ ਇਕ ਸੰਗਾ ॥’’ (ਭਗਤ ਰਵਿਦਾਸ/੫੨੫) ਬਿਖੁ ਸ਼ਬਦ ਸੱਪ ਲਈ ਵਰਤਿਆ ਗਿਆ ਹੈ ਅਤੇ ਅੰਮ੍ਰਿਤ ਸ਼ਬਦ ਚੰਦਨ ਦੀ ਲਕੜ ਲਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਅੰਮ੍ਰਿਤ ਸ਼ਬਦ ਪ੍ਰਭੂ ਦੇ ਨਾਮ-ਜਲ ਲਈ ਵੀ ਵਰਤਿਆ ਗਿਆ ਹੈ ‘‘ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ; ਕਾਮੁ ਕ੍ਰੋਧ ਲੋਭੁ ਮੋਹੁ ਅੰਧਕਾਰਾ॥ ਅੰਮ੍ਰਿਤੁ ਲੂਟਹਿ, ਮਨਮੁਖ ਨਹੀ ਬੂਝਹਿ; ਕੋਇ ਨ ਸੁਣੈ ਪੂਕਾਰਾ ॥’’ (ਮਹਲਾ ੩/੬੦੦)
ਅੰਮ੍ਰਿਤ ਸ਼ਬਦ ਕਾਇਆ (ਸਰੀਰ) ਨੂੰ ਸੰਬੋਧਨ ਕਰਕੇ ਵੀ ਵਰਤਿਆ ਹੈ, ਜੋ ਆਪਣੇ ਆਪ ਨੂੰ ਅਮਰ ਸਮਝ ਕੇ ਸੁਖ ਮਾਨਣ ’ਚ ਲੱਗੀ ਰਹਿੰਦੀ ਹੈ। ਗੁਰਬਾਣੀ ਦਾ ਫ਼ੁਰਮਾਨ ਹੈ ‘‘ਅੰਮ੍ਰਿਤ ਕਾਇਆ ਰਹੈ ਸੁਖਾਲੀ; ਬਾਜੀ ਇਹੁ ਸੰਸਾਰੋ ॥’’ (ਮਹਲਾ ੧/੧੫੪)
ਸੋ ਅੰਮ੍ਰਿਤ ਦਾ ਅਰਥ ਭੋਜਨ ਵੀ ਹੈ, ਦੁਧ ਵੀ ਹੈ, ਨਾਮ-ਧਨ ਵੀ ਹੈ। ਬਾਣੀ ਵਾਸਤੇ ਵੀ ਸ਼ਬਦ ਅੰਮ੍ਰਿਤ ਆਇਆ ਹੈ ‘‘ਅੰਮ੍ਰਿਤੁ ਤੇਰੀ ਬਾਣੀਆ ॥ ਤੇਰਿਆ ਭਗਤਾ ਰਿਦੈ ਸਮਾਣੀਆ ॥’’ (ਮਹਲਾ ੧/੭੨) ਇਕੱਲੀ ਬਾਣੀ ਹੀ ਅੰਮ੍ਰਿਤ ਨਹੀਂ, ਪ੍ਰਮਾਤਮਾ ਦਾ ਨਾਮ ਵੀ ਅੰਮ੍ਰਿਤ ਹੈ। ਗੁਰੂ ਅਰਜਨ ਦੇਵ ਜੀ ਦੇ ਬਚਨ ਹਨ ‘‘ਅੰਮ੍ਰਿਤ ਨਾਮੁ ਪਰਮੇਸਰੁ ਤੇਰਾ; ਜੋ ਸਿਮਰੈ ਸੋ ਜੀਵੈ ॥’’ (ਮਹਲਾ ੫/੬੧੬) ਅਤੇ ‘‘ਅੰਮ੍ਰਿਤੁ ਨਾਮੁ ਨਿਧਾਨੁ ਹੈ; ਮਿਲਿ ਪੀਵਹੁ ਭਾਈ ! ॥’’ (ਮਹਲਾ ੫/੩੧੮)
ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਇਸ ਅੰਮ੍ਰਿਤ ਦਾ ਟਿਕਾਣਾ ਤਾਂ ਮਨੁੱਖ ਦੇ ਸਰੀਰ ਵਿੱਚ ਹੀ ਹੈ । ਆਪ ਜੀ ਦੇ ਬਚਨ ਹਨ ‘‘ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥’’ (ਮਹਲਾ ੫/੨੯੩) ਮਨੁੱਖ ਦੇ ਅੰਦਰ ਹੀ ਅੰਮ੍ਰਿਤ ਦਾ ਸਰੋਵਰ ਹੈ ਭਾਵੇਂ ਉਹ ਗੁਰਮੁਖ ਹੋਵੇ ਜਾਂ ਮਨੁਮੁਖ, ਪਰ ਇਹ ਗੱਲ ਵਖਰੀ ਹੈ ਕਿ ਮਨਮੁਖਾਂ ਨੇ ਉਸ ਅੰਮ੍ਰਿਤ ਦਾ ਰਸ ਨਹੀਂ ਜਾਣਿਆ; ਜਿਵੇਂ ਮਿਰਗ ਨੂੰ ਆਪਣੇ ਅੰਦਰ ਛੁਪੀ ਹੋਈ ਕਸਤੂਰੀ ਦਾ ਪਤਾ ਨਹੀਂ ਲਗਦਾ, ਜਿਸ ਲਈ ਉਹ ਬਾਹਰ ਭਟਕਦਾ ਫਿਰਦਾ ਹੈ ‘‘ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ; ਮਨਮੁਖਾ ਸਾਦੁ ਨ ਪਾਇਆ ॥ ਜਿਉ ਕਸਤੂਰੀ ਮਿਰਗੁ ਨ ਜਾਣੈ; ਭ੍ਰਮਦਾ ਭਰਮਿ ਭੁਲਾਇਆ ॥’’ (ਮਹਲਾ ੩/੬੪੪)
ਅੰਮ੍ਰਿਤ ਦਾ ਟਿਕਾਣਾ ਕਿੱਥੇ ਹੈ ਅਤੇ ਇਸ ਦੀ ਸੋਝੀ ਕਿਵੇਂ ਪੈਂਦੀ ਹੈ? ਇਸ ਪਰਥਾਇ ਗੁਰੂ ਅੰਗਦ ਦੇਵ ਜੀ ਫ਼ੁਰਮਾਉਂਦੇ ਹਨ ‘‘ਨਾਨਕ ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥’’ (ਮਹਲਾ ੨/੧੨੩੮) ਮਨ ਵਿਚਲਾ ਅੰਮ੍ਰਿਤ ਹਿਰਦੇ ਨੂੰ (ਸ਼ੁਭ ਗੁਣਾਂ ਨਾਲ) ਪਵਿੱਤਰ ਕਰਕੇ, ਮਨ ਨੂੰ ਭਟਕਣ ਤੋਂ ਰੋਕ ਕੇ, ਸਰੀਰ ਰੂਪੀ ਭਾਂਡੇ ਨੂੰ ਸਾਫ਼ ਕਰਕੇ ਪ੍ਰਾਪਤ ਹੁੰਦਾ ਹੈ। ਸਭ ਕੁਝ ਕਰਦਿਆਂ ਹੋਇਆਂ ਮਾਇਆ (ਸੰਸਾਰ ਦੇ ਪਦਾਰਥਾਂ ਦਾ ਮੋਹ) ਤੋਂ ਪੂਰੀ ਤਰ੍ਹਾਂ ਬਚ ਕੇ ਰਹਿਣਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਭਾਂਡਾ ਧੋਇ ਬੈਸਿ ਧੂਪੁ ਦੇਵਹੁ; ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ; ਹੋਇ ਨਿਰਾਸ ਜਮਾਵਹੁ ॥੧॥ ਜਪਹੁ ਤ, ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥’’ (ਮਹਲਾ ੧/੭੨੮) ਨਾਮ ਅੰਮ੍ਰਿਤ ਦੀ ਦਾਤ ਨੂੰ ਵੱਡੇ ਵੱਡੇ ਦੇਵਤੇ ਵੀ ਲੋਚਦੇ ਰਹੇ, ਪਰ ਇਹ ਦਾਤ ਗੁਰੂ ਤੋਂ ਪ੍ਰਾਪਤ ਹੁੰਦੀ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ; ਸੁ ਅੰਮ੍ਰਿਤੁ ਗੁਰ ਤੇ ਪਾਇਆ ॥’’ (ਅਨੰਦ/ਮਹਲਾ ੩/੯੧੮)
ਸਿੱਖ ਨੇ ਜਿੱਥੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਕਰਨੀ ਹੈ, ਓਥੇ ਗੁਰੂ ਜੀ ਤੋਂ ਖੰਡੇ ਦੀ ਪਾਹੁਲ (ਅੰਮ੍ਰਿਤ) ਵੀ ਪ੍ਰਾਪਤ ਕਰਨੀ ਹੈ। ਅੰਮ੍ਰਿਤ ਦਾਤ ਜਦੋਂ ਗੁਰੂ ਸਾਹਿਬ ਨੇ ਦਿੱਤੀ ਤਾਂ ਉਨ੍ਹਾਂ ਨੇ 15 ਵਾਰੀ ਅੰਮ੍ਰਿਤ ਦੀਆਂ ਚੁਲੀਆਂ ਦੀ ਬਖਸ਼ਸ਼ ਕੀਤੀ। ਪੰਜ ਚੂਲੇ ਅੰਮ੍ਰਿਤ ਦੇ ਮੂੰਹ ਵਿੱਚ ਪਾ ਕੇ ਛਕਾਏ ਤਾਂ ਜੋ ਹਿਰਦੇ ਅੰਦਰ ਅੰਮ੍ਰਿਤ ਦੀ ਵਰਖਾ ਹੋਵੇ ਤੇ ਮਨੁੱਖ ਦਾ ਹਿਰਦਾ ਪਾਕ ਤੇ ਪਵਿਤਰ ਹੋ ਜਾਵੇ। ਪੰਜ ਛਿੱਟੇ ਅੱਖਾਂ ਵਿੱਚ ਪਾਏ ਕਿਉਂਕਿ ਅੱਖਾਂ ਰਾਹੀਂ ਭੈੜੇ ਵਿਚਾਰ ਮਨੁੱਖ ਦੇ ਮਨ ਉੱਤੇ ਅਸਰ ਕਰਦੇ ਹਨ। ਇਸ ਤਰ੍ਹਾਂ ਅੰਮ੍ਰਿਤ ਦੇ ਛਿੱਟੇ ਮਾਰ ਕੇ ਗੁਰੂ ਜੀ ਨੇ ਮਨੁੱਖ ਦੀ ਦ੍ਰਿਸ਼ਟੀ ਨੂੰ ਅੰਮ੍ਰਿਤ ਦ੍ਰਿਸ਼ਟੀ ਬਣਾ ਦਿੱਤਾ ਤਾਂ ਜੋ ਹਰ ਥਾਂ ਅਤੇ ਹਰ ਜੀਵ ਵਿੱਚ ਪ੍ਰਮਾਤਮਾ ਨਜ਼ਰ ਆਵੇ। ਗੁਰੂ ਅਮਰਦਾਸ ਜੀ ਅਨੰਦ ਬਾਣੀ ਵਿੱਚ ਫ਼ੁਰਮਾਉਂਦੇ ਹਨ ‘‘ਏ ਨੇਤ੍ਰਹੁ ਮੇਰਿਹੋ ! ਹਰਿ ਤੁਮ ਮਹਿ ਜੋਤਿ ਧਰੀ; ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥’’ (ਮਹਲਾ ੩/੯੨੨)
ਪੰਜ ਛਿੱਟੇ ਗੁਰੂ ਸਾਹਿਬ ਨੇ ਕੇਸਾਂ ਵਿੱਚ ਵੀ ਪਾਏ ਤਾਂ ਜੋ ਸਿੱਖ ਦੀ ਮੱਤ ਗੁਰੂ ਦੀ ਮੱਤ ਅਨੁਸਾਰ ਰਹੇ। ਜੇ ਗੁਰੂ ਦੀ ਮੱਤ ਤਿਆਗ ਦਿੱਤੀ ਤਾਂ ਚੋਟਾਂ ਹੀ ਪੈਣਗੀਆਂ। ਗੁਰੂ ਅਮਰਦਾਸ ਜੀ ਦਾ ਫ਼ੁਰਮਾਨ ਹੈ ‘‘ਸੋ ਸਿਖੁ ਸਖਾ ਬੰਧਪੁ ਹੈ ਭਾਈ ! ਜਿ ਗੁਰ ਕੇ ਭਾਣੇ ਵਿਚਿ ਆਵੈ ॥ ਆਪਣੈ ਭਾਣੈ ਜੋ ਚਲੈ ਭਾਈ ! ਵਿਛੁੜਿ ਚੋਟਾ ਖਾਵੈ ॥’’ (ਮਹਲਾ ੩/੬੦੧)
ਕੇਸਾਂ ਦੀ ਮਹਾਨਤਾ ਨੂੰ ਦਰਸਾਉਣ ਲਈ ਗੁਰੂ ਪਾਤਸ਼ਾਹ ਨੇ ਇਹ ਰਹਿਤ ਵਿੱਚ ਤੇ ਕੁਰਹਿਤ ਵਿੱਚ ਸ਼ਾਮਲ ਕਰ ਦਿੱਤੇ। ਜਿੱਥੇ ਕੇਸਾਂ ਨੂੰ ਪੰਜ ਕਕਾਰਾਂ ਵਿੱਚ ਮਾਨਤਾ ਦਿੱਤੀ, ਉੱਥੇ ਕੇਸ ਕਤਲ ਕਰਵਾਉਣ ਵਾਲਾ ਵੀ ਸਿੱਖੀ ’ਚੋਂ ਖਰਾਜ ਕੀਤਾ ਗਿਆ, ਜਿਸ ਨੂੰ ਅਸੀਂ ਪਤਿਤ ਕਹਿੰਦੇ ਹਾਂ। ਪ੍ਰੋ. ਪੂਰਨ ਸਿੰਘ ਜੀ ਲਿਖਦੇ ਹਨ ਕਿ ਕੇਸ ਇਸ ਕਰਕੇ ਨਹੀਂ ਰੱਖਣੇ ਕਿ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਸਗੋਂ ਇਸ ਕਰਕੇ ਰੱਖਣੇ ਹਨ ਕਿ ਗੁਰੂ ਦਾ ਹੁਕਮ ਹੈ। ਕਿਸੇ ਤਰਕ ਦੇ ਆਧਾਰ ’ਤੇ ਕੇਸ ਲਾਜ਼ਮੀ ਨਹੀਂ ਸਗੋਂ ਗੁਰੂ ਦਾ ਹੁਕਮ ਹੀ ਸਿਖ ਲਈ ਪਰਮ ਧਰਮ ਹੈ। ਇਸੇ ਤਰ੍ਹਾਂ ਕੰਘਾ ਕੇਸਾਂ ਦੀ ਸਫਾਈ ਲਈ ਜ਼ਰੂਰੀ ਹੈ। ਭਾਈ ਨੰਦ ਲਾਲ ਜੀ ਤਨਖਾਹਨਾਮਾ ਵਿੱਚ ਲਿਖਦੇ ਹਨ ‘ਕੰਘਾ ਦੋਹਉਂ ਵਕਤ ਕਰ, ਪਾਗ ਚੁਨਹਿ ਕਰ ਬਾਂਧਈ॥’
ਕੜਾ ਇਸ ਗੱਲ ਦਾ ਸੂਚਕ ਹੈ ਕਿ ਸਿੱਖ ਨੇ ਕਿਸੇ ਦਿਨ, ਥਿਤਿ, ਵਾਰ ਜਾਂ ਸਮੇਂ ਦਾ ਵਹਿਮ ਭਰਮ ਨਹੀਂ ਕਰਨਾ। ਕਛਹਿਰਾ ਸਿੱਖ ਦੇ ਉੱਚੇ ਤੇ ਸੁੱਚੇ ਆਚਰਨ ਦਾ ਪ੍ਰਤੀਕ ਹੈ। ਸਿੱਖ ਨੇ ਹਰ ਸਮੇਂ ਹਰ ਹਾਲਾਤ ਵਿੱਚ ਆਪਣਾ ਜੀਵਨ ਗੁਰੂ ਦੇ ਦੱਸੇ ਹੁਕਮ ਅਨੁਸਾਰ ਬਤੀਤ ਕਰਨਾ ਹੈ ਅਤੇ ਆਪਣੇ ਚਰਿਤਰ ਦੀ ਮਿਸਾਲ ਦੁਨੀਆਂ ਦੇ ਲੋਕਾਂ ਸਾਹਮਣੇ ਪੇਸ਼ ਕਰਨੀ ਹੈ। ਕਿਰਪਾਨ ਸਿੱਖ ਦੀ ਅਜ਼ਾਦ ਹਸਤੀ ਦੀ ਪ੍ਰਤੀਕ ਹੈ। ਸਿੱਖ ਕਦੇ ਕਿਸੇ ਦੀ ਗੁਲਾਮੀ ਸਵੀਕਾਰ ਨਹੀਂ ਕਰਦਾ ਭਾਵੇਂ ਉਹ ਗੁਲਾਮੀ ਰਾਜਸੀ ਹੋਵੇ, ਸਮਾਜਕ ਹੋਵੇ, ਧਾਰਮਿਕ ਹੋਵੇ ਜਾਂ ਆਰਥਿਕ। ਉਹ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਗੁਰੂ ਤੇਗ ਬਹਾਦਰ ਜੀ ਦੇ ਬਚਨ ਹਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥’’ (ਮਹਲਾ ੯/੧੪੨੭)
ਸੋ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਪਾਤਸ਼ਾਹ ਨੇ ਜੋ ਅੰਮ੍ਰਿਤ ਦੀ ਦਾਤ ਪੰਜ ਪਿਆਰਿਆਂ ਨੂੰ ਬਖ਼ਸ਼ਿਸ਼ ਕੀਤੀ ਅਤੇ ਬਾਅਦ ਵਿੱਚ ਆਪ ਉਨ੍ਹਾਂ ਨੂੰ ਬੇਨਤੀ ਕਰ ਇਹ ਦਾਤ ਖ਼ੁਦ ਹਾਸਲ ਕੀਤੀ। ਭਾਈ ਗੁਰਦਾਸ ਜੀ (ਦੂਜੇ) ਲਿਖਦੇ ਹਨ ‘ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ॥ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ॥’ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕੋ ਦਿਨ 20 ਹਜ਼ਾਰ ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਉਸ ਤੋਂ ਬਾਅਦ ਇਹ ਸਿਲਸਲਾ ਅੱਜ ਤੱਕ ਜਾਰੀ ਹੈ ਅਤੇ ਜਾਰੀ ਰਹੇਗਾ।
ਇਸ ਅੰਮ੍ਰਿਤ ਦੀ ਦਾਤ ਨੇ ਦੁਨੀਆਭਰ ਵਿੱਚ ਕ੍ਰਾਂਤੀ ਲਿਆਂਦੀ। ਅੰਮ੍ਰਿਤ ਅਸਲ ਵਿੱਚ ਪਵਿੱਤਰ ਜਲ ਦੀਆਂ ਕੁਝ ਘੁੱਟਾਂ ਹੀ ਨਹੀਂ, ਇਹ ਤਾਂ ਜ਼ਿੰਦਗੀ ਵਿੱਚ ਬਹੁਤ ਵਡੀ ਤਬਦੀਲੀ ਲੈ ਆਉਣ ਵਾਲੀ ਦਾਤ ਹੈ। ਅੰਮ੍ਰਿਤ ਮਨੁੱਖ ਨੂੰ ਚੰਗਾ ਕਿਰਦਾਰ ਦਿੰਦਾ ਹੈ। ਅੰਮ੍ਰਿਤਧਾਰੀ ਵਿਅਕਤੀ ਵਫ਼ਾਦਾਰ ਹੁੰਦਾ ਹੈ, ਉਹ ਕਿਸੇ ਨਾਲ ਧੋਖਾ, ਠੱਗੀ ਤੇ ਫਰੇਬ ਨਹੀਂ ਕਰਦਾ। ਉਹ ਨੇਕ ਕਮਾਈ ਕਰਦਾ ਹੈ, ਉਸ ਵਿੱਚੋਂ ਲੋੜਵੰਦਾਂ ਦੀ ਮਦਦ ਕਰਦਾ ਹੈ। ਅੰਮ੍ਰਿਤਧਾਰੀ ਵਿਅਕਤੀ ਆਪਣਾ ਮਨ; ਗੁਰੂ ਨੂੰ ਅਰਪਣ ਕਰਕੇ ਸੁੱਖੀ ਅਤੇ ਅਜ਼ਾਦ ਜੀਵਨ ਬਤੀਤ ਕਰਦਾ ਹੈ। ਉਹ ਮਨ ਨੂੰ ਜਿੱਤ ਲੈਂਦਾ ਹੈ ਅਤੇ ਹਮੇਸ਼ਾਂ ‘ਨਾਨਕ ਭਗਤਾ ਸਦਾ ਵਿਗਾਸੁ’ ਵਾਲੀ ਅਵਸਥਾ ਵਿੱਚ ਰਹਿੰਦਾ ਹੈ। ਜਿੱਥੇ ਅੰਮ੍ਰਿਤ ਅੰਦਰ ਦੀ ਬਾਦਸ਼ਾਹਿਤ ਪੈਦਾ ਕਰਦਾ ਹੈ ਉੱਥੇ ਹਰ ਇੱਕ ਲਈ ਪਰਉਪਕਾਰੀ ਜੀਵਨ ਜਿਊਣ ਦੀ ਜਾਚ ਦੱਸਦਾ ਹੈ। ਅੰਮ੍ਰਿਤ ਸਾਡੇ ਮਨ ਅੰਦਰ ਅੰਜਨ (ਕਾਲ਼ਖ਼) ਵਿੱਚ ਰਹਿੰਦਿਆਂ ਨਿਰੰਜਨ ਹੋਣ ਲਈ ਪ੍ਰੇਰਨਾ ਸਰੋਤ ਹੈ। ਰੋਜ਼ਾਨਾ ਨਿਤਨੇਮ ਕਰਦਿਆਂ ਪਾਪਾਂ ਭਰੀ ਮੱਤ ਨੂੰ ਗੁਰਬਾਣੀ ਨਾਲ ਧੋਣ ਦੀ ਜਾਚ ਸਿਖਾਉਂਦਾ ਹੈ। ਦੁਨੀਆਂ ਦੀ ਬਰਬਾਦੀ ਦਾ ਕਾਰਨ ਅਕਸਰ ਨਫ਼ਰਤ ਅਤੇ ਈਰਖਾ ਹੁੰਦੀ ਹੈ ਪਰ ਅੰਮ੍ਰਿਤ ਜਿੱਥੇ ਮਨ ਅਤੇ ਬਚਨਾਂ ’ਚੋਂ ਇੱਕ ਕਰਦਾ ਹੈ ਉੱਥੇ ਉਹ ਸਾਰਿਆਂ ’ਚ ਇੱਕ ਅਕਾਲ ਪੁਰਖ ਦੀ ਜੋਤ ਵੇਖਦਾ ਹੈ ਉਸ ਨੂੰ ਸਾਰਾ ਸਮਾਜ ਹੀ ਆਪਣਾ ਪਰਵਾਰ ਨਜ਼ਰ ਆਉਂਦਾ ਹੈ।
ਅੰਮ੍ਰਿਤ ਗੁਰੂ ਨਾਲ ਕੀਤਾ ਹੋਇਆ ਵਾਅਦਾ ਯਾਦ ਦਿਵਾਉਂਦਾ ਹੈ ਕਿ ਮਨੁੱਖ ਨੇ ਸੰਸਾਰ ਅੰਦਰ ਕਰਮ ਇੰਦਰਿਆਂ ਤੇ ਗਿਆਨ ਇੰਦਰਿਆਂ ਦੀ ਕੈਦ ਵਿੱਚੋਂ ਨਿਕਲ ਕੇ ਚੰਗਾ ਇਨਸਾਨ ਬਣਨਾ ਹੈ। ਇਸ ਤਰ੍ਹਾਂ ਸੰਸਾਰ ’ਚ ਵਿਚਰਦਿਆਂ ਵੀ ਜੀਵਨ ਜੁਗਤੀ ਅਪਣਾਈ ਰੱਖਦਾ ਹੈ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਨਾਨਕ ! ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥’’ (ਮਹਲਾ ੫/੫੨੨)
ਇਸ ਅੰਮ੍ਰਿਤ ਦੀ ਦਾਤ ਨੇ ਸੰਸਾਰ ਦੇ ਲੋਕਾਂ ਸਾਹਮਣੇ ਜੋ ਕਾਰਨਾਮੇ ਕਰ ਵਿਖਾਏ, ਉਨ੍ਹਾਂ ਨੂੰ ਵੇਖ ਕੇ ਦੁਸ਼ਮਣਾਂ ਦੀ ਕਲਮ ਵੀ ਪ੍ਰਭਾਵਤ ਹੋਏ ਬਿਨਾਂ ਨਾ ਰਹਿ ਸਕੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਉਪਰੰਤ ਭਾਈ ਮਨੀ ਸਿੰਘ ਜੀ ਦੇ ਸਪੁੱਤਰਾਂ ਭਾਈ ਬਚਿੱਤਰ ਸਿੰਘ ਤੇ ਭਾਈ ਉਦੇ ਸਿੰਘ ਨੇ ਬਹਾਦਰੀ ਦੇ ਉਹ ਕਾਰਨਾਮੇ ਕਰ ਵਿਖਾਏ, ਜੋ ਪਹਾੜੀ ਰਾਜਿਆਂ ਨੇ ਸੋਚੇ ਵੀ ਨਹੀਂ ਸਨ। ਕਹਿਲੂਰ ਦੇ ਰਾਜੇ ਅਜ਼ਮੇਰ ਚੰਦ ਨੇ ਹਾਥੀ ਨੂੰ ਸ਼ਰਾਬ ਪਿਲਾ ਕੇ ਅਤੇ ਮੱਥੇ ਉੱਤੇ ਤਵੇ ਬੰਨ੍ਹ ਕੇ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਲਈ ਤਿਆਰ ਕੀਤਾ। ਭਾਈ ਬਚਿੱਤਰ ਸਿੰਘ ਨੇ ਸਤਿਗੁਰਾਂ ਤੋਂ ਆਸ਼ੀਰਵਾਦ ਲੈ ਕੇ ਨਾਗਨੀ ਬਰਛੇ ਨਾਲ ਮਦ ਮਸਤ ਜੰਗੀ ਹਾਥੀ ਨੂੰ ਐਸਾ ਬਰਛਾ ਮਾਰਿਆ ਕਿ ਉਹ ਤਵਿਆਂ ਨੂੰ ਪਾੜ ਕੇ ਹਾਥੀ ਦੇ ਮੱਥੇ ਨੂੰ ਚੀਰ ਗਿਆ ਤੇ ਹਾਥੀ ਚਿੰਘਾੜਦਾ ਹੋਇਆ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੂੰ ਲਿਤਾੜਦਾ ਹੋਇਆ ਪਿੱਛੇ ਭੱਜ ਗਿਆ। ਇਸ ਤੋਂ ਖਫ਼ਾ ਹੋ ਕੇ ਪਹਾੜੀ ਰਾਜਿਆਂ ਦੇ ਮੁੱਖੀ ਕੇਸਰੀ ਚੰਦ ਨੇ ਬੜ੍ਹਕ ਮਾਰੀ ਕਿ ਉਹ ਕੱਲ੍ਹ ਸੂਰਜ ਡੁੱਬਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਸੀਸ ਧੜ ਤੋਂ ਜੁਦਾ ਕਰ ਦੇਵੇਗਾ। ਜਦੋਂ ਇਸ ਦੀ ਖਬਰ ਭਾਈ ਉਦੇ ਸਿੰਘ ਨੂੰ ਮਿਲੀ ਤਾਂ ਉਸ ਨੇ ਕੇਸਰੀ ਚੰਦ ਨੂੰ ਵੰਗਾਰਿਆ ਤੇ ਬਿਜਲੀ ਦੀ ਫੁਰਤੀ ਨਾਲ ਉਸ ਦਾ ਸੀਸ ਵੱਢ ਕੇ ਆਪਣੇ ਨੇਜੇ ਤੇ ਟੰਗ ਕੇ, ਜੈਕਾਰੇ ਗਜਾਉਂਦਾ ਹੋਇਆ ਸਿੱਖ ਫ਼ੌਜਾਂ ਵਿੱਚ ਆ ਪਹੁੰਚਿਆ। ਇਹ ਘਟਨਾਵਾਂ ਸਤੰਬਰ 1700 ਦੀਆਂ ਹਨ। ਇਨ੍ਹਾਂ ਸੂਰਬੀਰ ਧੋਧਿਆਂ ਨੇ 1699 ਵਿੱਚ ਅੰਮ੍ਰਿਤਪਾਨ ਕੀਤਾ ਹੋਇਆ ਸੀ।
ਅਨੰਦਪੁਰ ਸਾਹਿਬ ਦਾ ਘੇਰਾ 3 ਮਈ 1705 ਤੋਂ 5 ਦਸੰਬਰ 1705 ਤੱਕ ਜਾਰੀ ਰਿਹਾ। ਇਕ ਪਾਸੇ ਗਿਣਤੀ ਦੇ ਅੰਮ੍ਰਿਤਧਾਰੀ ਸਿੰਘ ਤੇ ਗੁਰੂ ਸਾਹਿਬ ਆਪ ਤੇ ਦੂਜੇ ਪਾਸੇ ਔਰੰਗਜ਼ੇਬ ਵੱਲੋਂ ਵਜੀਰ ਖ਼ਾਨ ਨੂੰ ਸਖ਼ਤ ਹੁਕਮ ਦੇ ਕੇ ਗੁਰੂ ਸਾਹਿਬ ਨੂੰ ਫੜਨ ਜਾਂ ਮਾਰਨ ਦਾ ਹੁਕਮ ਅਤੇ ਨਾਲ ਹੀ ਵੱਡੇ ਮੁਗਲ ਜਰਨੈਲ ਤੇ ਸਾਰੀਆਂ ਫ਼ੌਜੀ ਤਾਕਤਾਂ ਜਿਸ ਵਿੱਚ ਕਹਿਲੂਰ, ਕਾਂਗੜਾ, ਜਸਵਾਲ, ਜੰਮੂ, ਨੂਰਪੁਰ, ਚੰਬਾ, ਮੰਡੀ, ਕੁਲੂ, ਗੜ੍ਹਵਾਲ, ਨਾਲਾਗੜ੍ਹ ਆਦਿ ਦੇ ਰਾਜੇ ਮਿਲ ਕੇ ਵੀ ਗੁਰੂ ਸਾਹਿਬ ਦਾ ਕੁਝ ਨਾ ਵਿਗਾੜ ਸਕੇ। ਇਸੇ ਤਰ੍ਹਾਂ 7-8 ਦਸੰਬਰ 1705 ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਗੁਰੂ ਕੇ 40 ਅੰਮ੍ਰਿਤਧਾਰੀ ਸਿੰਘਾਂ ਨੇ ਇਨਕਲਾਬ ਤੇ ਉਹ ਨਜ਼ਾਰੇ ਤੇ ਘਟਨਾਵਾਂ ਪੇਸ਼ ਕੀਤੀਆਂ ਕਿ ਰਹਿੰਦੀ ਦੁਨੀਆਂ ਤੱਕ ਸਭ ਨਿਰਪੱਖ ਧਰਮੀ ਬੰਦੇ ਇਸ ਅਣਖਾਮਤੀ ਧਰਤੀ ਅੱਗੇ ਨਤਮਸਤਕ ਹੁੰਦੇ ਰਹਿਣਗੇ। ਦੁਨੀਆਂ ਦੀ ਇਹ ਅਸਾਵੀਂ ਜੰਗ ਇੱਕ ਪਾਸੇ ਕੇਵਲ 40 ਸਿੰਘ ਤੇ ਦੂਜੇ ਪਾਸੇ ਅਣਗਿਣਤ ਫ਼ੌਜ ਦਾ ਜਿਸ ਦਲੇਰੀ ਤੇ ਬਹਾਦਰੀ ਨਾਲ ਮੁਕਾਬਲਾ ਕੀਤਾ, ਉਸ ਦੀ ਉਦਾਹਰਨ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ।
ਖੰਡੇ ਦੀ ਪਹੁਲ ਨੇ ਐਸੀ ਦ੍ਰਿੜ੍ਹਤਾ ਤੇ ਬੀਰਤਾ ਸਿੰਘਾਂ ਅੰਦਰ ਭਰ ਦਿਤੀ ਕਿ ਉਹ ਮੌਤ ਨੂੰ ਮਖ਼ੌਲ ਸਮਝਣ ਲੱਗੇ। ਭਾਈ ਬੀਰ ਸਿੰਘ ਤੇ ਧੀਰ ਸਿੰਘ ਦੋਵੇਂ ਪਿਓ ਪੁੱਤਰ ਦਸਤਾਰਾਂ ਸਜਾ ਰਹੇ ਹਨ। ਗੁਰੂ ਸਾਹਿਬ ਦਾ ਹੁਕਮ ਮਿਲਦਾ ਹੈ ਕਿ ਕੋਈ ਇੱਕ ਸਿੱਖ ਆਵੇ, ਗੁਰੂ ਸਾਹਿਬ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਦੋਵੇਂ ਪਿਓ ਪੁੱਤਰਾਂ ਨੇ ਅਧੀਆਂ ਪੱਗਾਂ ਅਜੇ ਬੰਨ੍ਹੀਆਂ ਸਨ ਕਿ ਹੁਕਮ ਸੁਣ ਕੇ ਇਕ ਦੂਜੇ ਤੋਂ ਅੱਗੇ ਆ ਪਹੁੰਚੇ। ਦੋਵੇਂ ਆਪਣੀ ਥਾਂ ਕਹਿ ਰਹੇ ਸਨ ਕਿ ਸੱਚੇ ਪਾਤਸ਼ਾਹ ਮੈਂ ਆਪ ਜੀ ਦਾ ਹੁਕਮ ਪਹਿਲਾਂ ਸੁਣਿਆ ਹੈ। ਬੰਦੂਕ ਦਾ ਨਿਸ਼ਾਨਾ ਮੇਰੇ ’ਤੇ ਪਰਖੋ।
ਗੁਰੂ ਸਾਹਿਬ ਦੀ ਬਖ਼ਸ਼ੀ ਖੰਡੇ ਦੀ ਪਾਹੁਲ ਨੇ ਸੰਨ 1708 ਵਿੱਚ ਬਿਲਕੁਲ ਨਿਵੇਕਲੀ ਕਿਸਮ ਦਾ ਨਜ਼ਾਰਾ ਪੇਸ਼ ਕੀਤਾ। ਨਾਦੇੜ ਦੀ ਧਰਤੀ ਤੇ ਗੋਦਾਵਰੀ ਨਦੀ ਦੇ ਕੰਢੇ ’ਤੇ ਡੇਰਾ ਲਾਈ ਬੈਠੇ ਅਤੇ ਰਿਧੀਆਂ ਸਿਧੀਆਂ ਕਰਮਕਾਂਡਾਂ, ਸੁੱਚ ਭਿੱਟ ਅਤੇ ਘਰ ਗ੍ਰਹਿਸਤੀ ਦੇ ਫੋਕੇ ਤਿਆਗਾਂ ਦੀ ਖਲਜਗਨ ਵਿੱਚ ਜਕੜੇ ਹੋਏ ਮਾਧੋ ਦਾਸ ਬੈਰਾਗੀ ਦੀ ਗੁਰੂ ਪਾਤਸ਼ਾਹ ਨੇ ਕਾਂਇਆਂ ਕਲਪ ਕਰ ਦਿੱਤੀ ਅਤੇ ਮਨੂਰ ਤੋਂ ਕੰਚਨ ਬਣਾ ਕੇ ਸਿੱਖ ਇਤਿਹਾਸ ਵਿੱਚ ਇੱਕ ਇਨਕਲਾਬੀ ਯੋਧਾ ਪੇਸ਼ ਕਰ ਦਿੱਤਾ। 14 ਮਈ 1710 ਨੂੰ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਕੇ 28 ਪਰਗਨਿਆਂ ਵਾਲੇ ਤੇ 52 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਇਸ ਸੂਬੇ ਤੇ ਸਿੱਖ ਰਾਜ ਕਾਇਮ ਕਰ ਲਿਆ। ਕਾਮਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ। ਜਦੋਂ ਇੱਕ ਕਥਿਤ ਨੀਵੀਂ ਜਾਤ ਦਾ ਕਾਮਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਜ਼ਮੀਨ ਦਾ ਪਟਾ ਲਿਖਾ ਕੇ ਪਿੰਡ ਜਾਂਦਾ ਤਾਂ ਪਿੰਡ ਵਿੱਚ ਵੜਦਿਆਂ ਹੀ ਉੱਚ ਜਾਤੀਏ ਬ੍ਰਾਹਮਣ ਹੱਥ ਜੋੜ ਕੇ ਉਸ ਦਾ ਸਵਾਗਤ ਕਰਦੇ।
ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਨੰਗਲ ਦੀ ਗੜ੍ਹੀ ਵਿੱਚੋਂ ਅੱਠ ਮਹੀਨੇ ਦੇ ਘੇਰੇ ਤੋਂ ਬਾਅਦ ਗ੍ਰਿਫ਼ਤਾਰ ਕਰਕੇ ਦਿੱਲੀ ਵਿੱਚ ਲਿਆਂਦਾ ਗਿਆ ਤਾਂ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਦੇ ਚਾਰ ਸਾਲਾ ਬੱਚੇ ਨੂੰ ਛੁਰਾ ਮਾਰ ਕੇ ਤੜਫਦਾ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ, ਪਰ ਉਹ ਗੁਰੂ ਦੇ ਭਾਣੇ ਵਿੱਚ ਅਡੋਲ ਰਹੇ। ਉਹੀ ਬੰਦਾ ਸਿੰਘ ਜਿਸ ਨੇ ਜਵਾਨੀ ਵਿੱਚ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਤੇ ਉਸ ਦੇ ਪੇਟ ਵਿੱਚੋਂ ਨਿੱਕਲੇ ਦੋ ਬੱਚੇ ਤੜਫ ਕੇ ਮਰ ਗਏ ਤਾਂ ਹਮੇਸ਼ਾਂ ਲਈ ਸ਼ਿਕਾਰ ਕਰਨਾ ਛੱਡ ਦਿੱਤਾ। ਉਹੀ ਬੰਦਾ ਸਿੰਘ, ਗੁਰੂ ਸਾਹਿਬ ਪਾਸੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਉਸ ਸਮੇਂ ਵੀ ਨਹੀਂ ਡੋਲਿਆ ਜਦੋਂ ਉਸ ਦੇ ਆਪਣੇ ਪੁੱਤਰ ਦਾ ਦਿਲ ਕੱਢ ਕੇ ਉਸ ਦੇ ਮੂੰਹ ਵਿੱਚ ਤੁੰਨ੍ਹਿਆ ਗਿਆ। ਅੰਤਾਂ ਦੇ ਤਸੀਹੇ ਸਹਿ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਪ੍ਰਭੂ ਦੇ ਹੁਕਮ ਵਿੱਚ ਅਡੋਲ ਟਿਕਿਆ ਰਿਹਾ।
ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਭਾਈ ਮਨੀ ਸਿੰਘ ਜੀ ਦੇ ਭਤੀਜੇ ਭਾਈ ਅਘੜ ਸਿੰਘ ਤੇ ਭਾਈ ਥਰਾਜ ਸਿੰਘ ਨੇ ਭਾਈ ਮਨੀ ਸਿੰਘ ਜੀ ਦੀ ਹੋਈ ਸ਼ਹੀਦੀ ਦਾ ਬਦਲਾ ਸ਼ਹਾਦਤ ਤੋਂ ਕੁੱਝ ਮਹੀਨਿਆਂ ਬਾਅਦ ਹੀ ਲੈ ਲਿਆ। ਦੋਹਾਂ ਸੂਰਬੀਰਾਂ ਨੇ ਫਤਵਾ ਦੇਣ ਵਾਲੇ ਕਾਜੀ ਅਬਦੁਲ ਰਜ਼ਾਬ ਤੇ ਇਕ ਹੋਰ ਪ੍ਰਭਾਵਸ਼ਾਲੀ ਹਾਕਮ ਮੋਮਨ ਖਾਂ ਕਸੂਰੀਏ ਦੇ ਸਿਰ ਲਾਹ ਕੇ ਦਲ ਖਾਲਸਾ ਦੇ ਇਕੱਠ ਵਿੱਚ ਲੈ ਆਏ। ਸੰਨ 1739 ਵਿੱਚ ਹਕੂਮਤ ਨੇ ਐਲਾਨ ਕਰ ਦਿੱਤਾ ਕਿ ਸਿੱਖ ਖ਼ਤਮ ਹੋ ਚੁੱਕੇ ਹਨ ਤਾਂ ਇਸ ਗੱਲ ਨੂੰ ਗ਼ਲਤ ਸਾਬਤ ਕਰਨ ਲਈ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਤਰਨ ਤਾਰਨ ਦੇ ਨੇੜੇ ਨੂਰਦੀਨ ਦੀ ਸਰਾਂ ਕੋਲ ਸ਼ਾਹੀ ਸੜਕ ਉੱਤੇ ਖਾਲਸਾਈ ਝੰਡਾ ਗੱਡ ਕੇ ਸਿੱਖ ਰਾਜ ਦਾ ਐਲਾਨ ਕਰ ਦਿੱਤਾ ਤੇ ਚੁੰਗੀ ਉਗਰਾਹੁਣੀ ਸ਼ੁਰੂ ਕਰ ਦਿੱਤੀ। ਬਹੁਤ ਦੇਰ ਬਾਅਦ ਹਕੂਮਤ ਨੂੰ ਪਤਾ ਲੱਗਾ ਤਾਂ ਇਨ੍ਹਾਂ ਉੱਤੇ ਫ਼ੌਜ ਚਾੜ੍ਹ ਦਿੱਤੀ। ਦੋ ਸੂਰਬੀਰ ਯੋਧਿਆਂ ਨੇ ਕਈਆਂ ਨੂੰ ਮਾਰ ਮੁਕਾਉਣ ਤੋਂ ਬਾਅਦ ਸ਼ਹੀਦੀ ਪ੍ਰਾਪਤ ਕੀਤੀ। ਭਾਈ ਤਾਰੂ ਸਿੰਘ ਨੇ 25 ਸਾਲ ਦੀ ਉਮਰ ਵਿੱਚ ਸਿਰ ਦੀ ਖੋਪਰੀ ਲਹਾਉਣ ਦੀ ਸਜ਼ਾ ਤਾਂ ਪਰਵਾਨ ਕਰ ਲਈ ਪਰ ਕੇਸ ਕਟਾਉਣ ਦੀ ਸਜ਼ਾ ਠੁਕਰਾ ਦਿੱਤੀ।
ਗੁਰੂ ਸਾਹਿਬ ਦੀ ਸਾਜੀ ਹੋਈ ਸਿੱਖ ਕੌਮ ਜਿੱਥੇ ਅੰਤਾਂ ਦੀ ਦਿਆਲੂ ਹੈ, ਉੱਥੇ ਉਹ ਆਪਣੇ ਗੁਰਧਾਮਾਂ ਦੀ ਬੇਅਦਬੀ ਦਾ ਬਦਲਾ ਆਪਣੀ ਜਾਨ ’ਤੇ ਖੇਡ ਕੇ ਵੀ ਲੈਂਦੀ ਹੈ। ਸੰਨ 1740 ਵਿੱਚ ਜਦੋਂ ਮੱਸੇ ਰੰਘੜ ਨੇ ਦਰਬਾਰ ਸਾਹਿਬ ਅੰਮ੍ਰਿਤਸਰ ’ਤੇ ਕਬਜ਼ਾ ਕਰਕੇ ਪਲੰਘ ’ਤੇ ਬੈਠ ਕੇ ਸ਼ਰਾਬ ਪੀਣ ਲਗਾ ਤੇ ਮੁਜਰੇ ਕਰਵਾਉਣੇ ਸ਼ੁਰੂ ਕਰ ਦਿੱਤੇ ਤਾਂ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਬੀਕਾਨੇਰ ਤੋਂ ਆ ਕੇ ਉਸ ਪਾਪੀ ਦਾ ਸਿਰ ਲਾਹ ਕੇ ਬਦਲਾ ਲਿਆ। ਸੰਨ 1757 ਵਿੱਚ ਜਦੋਂ ਜਹਾਨ ਖ਼ਾਨ ਨੇ ਹਰਿਮੰਦਰ ਸਾਹਿਬ ਦੀ ਇਮਾਰਤ ਢਾਹ ਕੇ ਸਰੋਵਰ ਨੂੰ ਪੂਰ ਦਿੱਤਾ ਤਾਂ ਬਾਬਾ ਦੀਪ ਸਿੰਘ ਜੀ ਨੇ ਫ਼ੌਜ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਬਦਲਾ ਲਿਆ।
ਅਬਦਾਲੀ ਜਦੋਂ ਦੇਸ਼ ਵਿੱਚੋਂ ਲੁਟ ਮਾਰ ਕਰਕੇ ਜਾ ਰਿਹਾ ਸੀ ਤਾਂ ਬਾਬਾ ਦੀਪ ਸਿੰਘ ਜੀ ਦੇ ਜੱਥੇ ਦੇ ਸਿੰਘਾਂ ਨੇ ਉਸ ਦਾ ਭਾਰ ਹਲਕਾ ਕੀਤਾ, 300 ਦੇ ਕਰੀਬ ਭਾਰਤੀ ਬੀਬੀਆਂ ਤੇ 100 ਕੁ ਸੁੰਦਰ ਭਾਰਤੀ ਲੜਕੇ ਉਸ ਦੀ ਕੈਦ ਵਿੱਚੋਂ ਛੁਡਾਏ। ਕੋਈ ਮਰਹੱਟਾ, ਕੋਈ ਰਾਜਪੂਤ ਜਾਂ ਰੋਹੇਲਾ ਇਨ੍ਹਾਂ ਦੀ ਮਦਦ ਲਈ ਨਾ ਆਇਆ। ਇਸ ਤੋਂ ਅਗਲੇ ਸਾਲ ਅਬਦਾਲੀ ਦੇ ਹਮਲੇ ਸਮੇਂ ਗੁਰੂ ਕੇ ਸਿੰਘਾਂ ਨੇ 2200 ਬੀਬੀਆਂ ਉਸ ਕੋਲੋਂ ਛੁਡਾਈਆਂ। ਗੁਰੂ ਕੇ ਸਿੰਘਾਂ ਨੇ ਕੇਵਲ ਛੁਡਾਇਆ ਹੀ ਨਹੀਂ ਸਗੋਂ ਕੋਲੋਂ ਖ਼ਰਚ ਕਰਕੇ ਘਰੋਂ ਘਰ ਵੀ ਪਹੁੰਚਾਇਆ। ਅਬਦਾਲੀ ਨੇ ਤੰਗ ਆ ਕੇ ਸਿੰਘਾਂ ਨੂੰ ਸੂਬੇਦਾਰੀ ਦਾ ਸੱਦਾ ਪੱਤਰ ਤੇ ਕਾਬਲੀ ਮੇਵਿਆਂ ਦਾ ਤੋਹਫ਼ਾ ਭੇਜਿਆ। ਸਿੰਘਾਂ ਨੇ ਸਭ ਕੁੱਝ ਧੰਨਵਾਦ ਸਹਿਤ ਵਾਪਸ ਮੋੜ ਦਿੱਤਾ ਤੇ ਸਾਫ਼ ਕਹਿ ਦਿੱਤਾ ਕਿ ਅਸੀਂ ਗੁਰੂ ਸਾਹਿਬ ਦੀ ਕਿਰਪਾ ਨਾਲ ਤੇ ਆਪਣੇ ਬਾਹੂ ਬਲ ਨਾਲ ਰਾਜ ਪ੍ਰਾਪਤ ਕਰਾਂਗੇ ਤੇ ਗੁਰੂ ਸਾਹਿਬ ਦਾ ਇਹ ਸਿਧਾਂਤ ਸਪਸ਼ਟ ਕੀਤਾ ‘ਕੋਊ ਕਿਸੀ ਕੋ ਰਾਜ ਨ ਦੇ ਹੈ॥ ਜੋ ਲੇ ਹੈਂ ਨਿਜ ਬਲ ਤੇ ਲੈ ਹੈਂ॥’
ਖਾਲਸਾ ਸਾਜਣ ਤੋਂ ਕੇਵਲ 64 ਸਾਲ ਬਾਅਦ ਗੁਰੂ ਕੇ ਸਿੰਘਾਂ ਨੇ 16 ਮਈ 1765 ਨੂੰ ਲਹੌਰ ਉੱਤੇ ਕਬਜ਼ਾ ਕਰ ਕੇ ਖਾਲਸਾ ਰਾਜ ਦੀ ਸਰਕਾਰੀ ਮੋਹਰ ਜਾਰੀ ਕਰ ਦਿੱਤੀ। 8 ਮਾਰਚ 1783 ਨੂੰ ਦਲ ਖਾਲਸੇ ਦੀ ਤੀਹ ਹਜ਼ਾਰੀ ਫ਼ੌਜ ਨੇ ਸ: ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਮਲਕਾ ਗੰਜ, ਸਬਜ਼ੀ ਮੰਡੀ, ਮੁਗਲਪੁਰਾ ਆਦਿ ਇਲਾਕਿਆਂ ਉੱਤੇ ਕਬਜ਼ਾ ਕਰਕੇ ਖਾਲਸਾਈ ਝੰਡਾ ਲਹਿਰਾਇਆ। ਦਿੱਲੀ ਦੇ ਤੀਸ ਹਜ਼ਾਰੀ ਮੈਦਾਨ ਦਾ ਨਾਮ ਖਾਲਸਾਈ ਫ਼ੌਜ ਦੀ 30 ਹਜ਼ਾਰ ਫੌਜ ਦੀ ਛਾਵਣੀ ਦਾ ਪ੍ਰਤੀਕ ਹੈ। ਦਿੱਲੀ ਜਿੱਤਣ ਦੀ ਖੁਸ਼ੀ ਵਿੱਚ ਜਿਸ ਪੁਲ ’ਤੇ ਸਿੰਘ, ਮੁਸਾਫਿਰਾਂ ਨੂੰ ਮਠਿਆਈ ਵੰਡਦੇ ਰਹੇ ਉਸ ਦਾ ਨਾਂ ਅੱਜ ਤੱਕ ਮਿਠਾਈ ਵਾਲਾ ਪੁਲ ਕਰਕੇ ਜਾਣਿਆ ਜਾਂਦਾ ਹੈ। 3 ਜਨਵਰੀ 1791 ਨੂੰ ਖਾਲਸਾਈ ਸ਼ਕਤੀ ਅੱਗੇ ਅੰਗਰੇਜ਼ ਵੀ ਨਾ ਟਿਕ ਸਕੇ ਤੇ ਸਿੰਘਾਂ ਨੇ ਲੈਫਟੀਨੈਂਟ ਕਰਨਲ ਰਾਬਰਟ ਸਟੂਅਰਟ ਨੂੰ ਕੈਦ ਕਰ ਲਿਆ ਅਤੇ ਰਿਹਾਈ ਲਈ ਇਕ ਲੱਖ ਰੁਪਿਆ ਮੁਕਰਰ ਕੀਤਾ। ਬੇਗਮ ਸਮੂਰ ਸਮੇਤ ਕਈ ਸਿਫਾਰਸ਼ਾਂ ਪੈਣ ’ਤੇ ਅਖੀਰ 10 ਮਹੀਨੇ ਬਾਅਦ ਸੱਠ ਹਜ਼ਾਰ ਰੁਪਏ ਦੇ ਕੇ 24 ਅਕਤੂਬਰ 1791 ਨੂੰ ਰਿਹਾ ਕੀਤਾ ਗਿਆ। ਅਖੀਰ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਆਦਿ ਵਡੇ ਵਡੇ ਜਰਨੈਲਾਂ ਦੀ ਮਦਦ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਕਾਇਮ ਹੋਇਆ।
ਅੰਗਰੇਜ਼ੀ ਹਕੂਮਤ ਸਮੇਂ ਵੀ ਜੋ ਬਹਾਦਰੀ ਦੇ ਕਾਰਨਾਮੇ ਗੁਰੂ ਕੇ ਸਿੰਘਾਂ ਨੇ ਵਿਖਾਏ ਉਹ ਕਿਸੇ ਤੋਂ ਛੁਪੇ ਹੋਏ ਨਹੀਂ। ਜਲ੍ਹਿਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ, ਬਜਬਜ ਘਾਟ ਦੀ ਘਟਨਾ ਅਤੇ ਗੁਰੂ ਕੇ ਬਾਗ ਵਿਖੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨਾ ਆਦਿ ਘਟਨਾਵਾਂ ਨੇ ਦੁਨੀਆਭਰ ਦੇ ਇਤਿਹਾਸਕਾਰਾਂ ਦਾ ਧਿਆਨ ਆਪਣੇ ਵੱਲ ਖਿਚਿਆ ਅਤੇ ਸੰਸਾਰ ਦੇ ਇਤਿਹਾਸ ਵਿੱਚ ਉਨ੍ਹਾਂ ਦਾ ਕੋਈ ਸਾਨ੍ਹੀ ਨਹੀਂ। ਗੁਰੂ ਕੇ ਬਾਗ ਦੇ ਮੋਰਚੇ ਨੂੰ ਵੇਖਣ ਲਈ ਪਾਦਰੀ ਸੀ. ਐਫ. ਐਂਡੀਰੀਊਜ਼ ਖ਼ੁਦ ਆਇਆ ਅਤੇ ਗਵਰਨਰ ਪੰਜਾਬ ਨੂੰ ਪੱਤਰ ਲਿਖ ਕੇ ਜ਼ੁਲਮ ਬੰਦ ਕਰਵਾਇਆ ਅਤੇ ਉਹ ਲਿਖਦਾ ਹੈ ‘ਗੁਰੂ ਨਾਨਕ ਦੇ ਸਿੱਖਾਂ ਨੇ ਕੁਨੀਆਂ ਨੂੰ ਅਹਿੰਸਕ ਲੜਾਈ ਦਾ ਇੱਕ ਨਵਾਂ ਸਬਕ ਸਿਖਾਇਆ ਹੈ।’ ਅੱਗੇ ਉਹ ਲਿਖਦਾ ਹੈ ਕਿ ‘ਗੁਰੂ ਕੇ ਬਾਗ ਵਿੱਚ ਮੈ ਹਜ਼ਾਰਾਂ ਹੀ ਈਸਾ ਨੂੰ ਸੂਲੀ ਚੜ੍ਹਦਿਆਂ ਆਪਣੇ ਅੱਖੀਂ ਵੇਖਿਆ ਹੈ’। ਇਸ ਸਭ ਕੁਝ ਪਿੱਛੇ ਅੰਮ੍ਰਿਤ ਦੀ ਸ਼ਕਤੀ ਕੰਮ ਕਰਦੀ ਪਈ ਸੀ।
ਇੱਥੇ ਹੀ ਬਸ ਨਹੀਂ ਅਜੋਕੇ ਸਮੇਂ ਵਿੱਚ ਸੰਨ 1984 ਵਿੱਚ ਜੂਨ ਦੇ ਪਹਿਲੇ ਹਫਤੇ ਵਿੱਚ ਦਰਬਾਰ ਸਾਹਿਬ ਤੇ ਹੋਏ ਫ਼ੌਜੀ ਹਮਲੇ ਵਿੱਚ ਜੋ ਸੂਰਮਗਤੀ ਗੁਰੂ ਕੇ ਮੁਠੀ ਭਰ ਸਿੰਘਾਂ ਨੇ ਵਿਖਾਈ ਉਸ ਦੀ ਮਿਸਾਲ ਦੁਨੀਆਂ ਦੇ ਕਿਸੇ ਇਤਿਾਸ ਵਿੱਚ ਨਹੀਂ ਮਿਲਦੀ। ਇਕ ਪਾਸੇ ਪੂਰੀ ਭਾਰਤੀ ਫ਼ੌਜ, ਜਿਸ ਕੋਲ ਪੈਟਰਨ, ਟੈਂਕ, ਹੈਲੀਕਾਪਟਰ, ਗੋਤਾ ਖੋਰ ਤੇ ਹਰ ਤਰ੍ਹਾਂ ਦੀਆਂ ਸਹੂਲਤਾਂ ਤੇ ਦੂਜੇ ਪਾਸੇ ਗਿਣਤੀ ਦੇ ਗੁਰੂ ਕੇ ਸਿੰਘਾਂ ਨੇ ਜੋ ਬਹਾਦਰੀ ਦਿਖਾਈ ਉਸ ਦੀ ਕੋਈ ਮਿਸਾਲ ਨਹੀਂ ਮਿਲਦੀ। ਚਮਕੌਰ ਸਾਹਿਬ ਦੀ ਜੰਗ ਤੋਂ ਬਾਅਦ ਇਹ ਦੁਨੀਆਂ ਦੀ ਦੂਜੀ ਅਸਾਵੀਂ ਜੰਗ ਸੀ। ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸੁਰੱਖਿਆ ਦੇ ਦੋ ਕਰਮਚਾਰੀ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਅੰਮ੍ਰਿਤਪਾਨ ਕਰਕੇ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਹਿੱਤ ਹਮਲੇ ਤੋਂ ਕੇਵਲ ਚਾਰ ਮਹੀਨੇ ਬਾਅਦ ਉਸ ਦੇ ਘਰ ਵਿੱਚ ਹੀ ਉਸ ਨੂੰ ਗੋਲੀਆਂ ਮਾਰ ਕੇ ਪਾਰ ਬੁਲਾ ਦਿੱਤਾ। ਸ੍ਰ. ਸੋਹਣ ਸਿੰਘ ਘੁਕੇ ਵਾਲੀਏ ਨੇ ਸਿੰਘਾਂ ਦੀ ਅੰਮ੍ਰਿਤ ਦੀ ਸ਼ਕਤੀ ਨੂੰ ਵੇਖ ਕੇ ਲਿਖਿਆ ਹੈ :
ਇੱਕ ਮੁਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾ ਚੋਂ; ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ॥
ਤੇਰੇ ਦਰਬਾਰ ਵਿੱਚੋਂ ਧੂੜੀ ਲੈ ਕੇ ਜੋੜਿਆਂ ਦੀ; ਠੋਕ੍ਹਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ॥
ਪੰਜ ਘੁਟ ਪੀ ਕੇ ਤੇਰੇ ਬਾਟਿਓ ਪ੍ਰੇਮ ਵਾਲੇ; ਮਸਤੇ ਹੋਏ ਹਾਥੀਆਂ ਨੂੰ ਢਾਹਵੇ ਤੇਰਾ ਖਾਲਸਾ॥
ਪਵੇ ਕਿਤੇ ਲੋੜ ਜੇ ਨਿਸ਼ਾਨਾ ਅਜ਼ਮਾਵਣੇ ਦੀ; ਹੱਸ ਹੱਸ ਮੂਹਰੇ ਛਾਤੀ ਡਾਹਵੇ ਤੇਰਾ ਖਾਲਸਾ॥
ਸੋ ਗੁਰੂ ਪਾਤਸ਼ਾਹ ਵੱਲੋਂ ਬਖ਼ਸ਼ੀ ਹੋਈ ਅੰਮ੍ਰਿਤ ਦੀ ਦਾਤ ਦੀ ਸ਼ਕਤੀ ਰਹਿੰਦੀ ਦੁਨੀਆਂ ਤੱਕ ਆਪਣੀ ਕਲਾ ਵਰਤਾਉਂਦੀ ਰਹੇਗੀ। ਅੰਮ੍ਰਿਤ ਦੀਆਂ ਬਰਕਤਾਂ ਦਾ ਵਰਣਨ ਕਰਦੇ ਹੋਏ ਇਬਸਟਨ ਨੇ ਠੀਕ ਹੀ ਲਿਖਿਆ ਹੈ ਕਿ ਹਿੰਦੋਸਤਾਨ ਦੇ ਲੰਬੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇਕ ਵਖਰੀ ਕਿਸਮ ਦੀ ਸੀ। ਇਸ ਅੰਮ੍ਰਿਤ ਦੀ ਬਰਕਤ ਨਾਲ ਉਹ ਲੋਕ ਜਿਨ੍ਹਾਂ ਨੂੰ ਚੂਹੜੇ, ਚਮਿਆਰ, ਨਾਈ, ਛੀਂਬੇ ਆਦਿ ਕਹਿ ਕੇ ਦੁਰਕਾਰਿਆ ਜਾਂਦਾ ਸੀ ਅਤੇ ਜਿਨ੍ਹਾਂ ਨੇ ਕਦੇ ਸ਼ਸਤਰ ਨੂੰ ਹੱਥ ਤੱਕ ਨਹੀਂ ਸੀ ਲਾਇਆ ਤੇ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਸੀ ‘ਹਮ ਤੋ ਤੋਲਨ ਜਾਨੈ ਤਕੜੀ॥ ਨੰਗੀ ਕਰਦ ਕਦੀ ਨਾ ਪਕੜੀ॥ ਚਿੜੀ ਉੜੇ ਡਰ ਸੇ ਮਰ ਜਾਏਂ॥ ਮੁਗਲੋਂ ਸੇ ਕੈਸੇ ਟਕਰਾਏਂ?॥’
ਅਜਿਹੇ ਲੋਕਾਂ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ ਕੇ ਗੁਰੂ ਸਾਹਿਬ ਨੇ ਸ਼ਸਤਰ ਫੜਾ ਦਿੱਤੇ ਅਤੇ ਇਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਵੱਡੇ ਵੱਡੇ ਜਰਨੈਲਾਂ ਦੇ ਮੂੰਹ ਭਵਾ ਦਿੱਤੇ। ਇਹ ਅੰਮ੍ਰਿਤ ਦੀ ਸ਼ਕਤੀ ਹੀ ਸੀ ਕਿ ਸਿੱਖਾਂ ਅੰਦਰ ਐਸੀ ਜੁਰਅਤ ਪੈਦਾ ਕਰ ਦਿੱਤੀ ਕਿ ਉਹ ਟੁਟ ਤਾਂ ਸਕਦਾ ਸੀ ਪਰ ਝੁਕ ਨਹੀਂ ਸੀ ਸਕਦਾ। ਉਹ ਜ਼ੁਲਮ ਦੀ ਲਹਿਰ ਅੱਗੇ ਚਟਾਨ ਵਾਂਗ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਵਾ ਲਵੇਗਾ, ਖੋਪਰ ਲੁਹਾ ਲਵੇਗਾ ਪਰ ਖਾਲਸੇ ਦੇ ਆਦਰਸ਼ਾਂ ਅਤੇ ਸਿਧਾਂਤ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾ ਖੰਡੇ ਬਾਟੇ ਦਾ ਅੰਮ੍ਰਿਤ ਗੁਰੂ ਨਾਲ ਕੀਤਾ ਹੋਇਆ ਇਕ ਦ੍ਰਿੜ੍ਹ ਪ੍ਰਣ ਹੈ ‘ਅੰਮ੍ਰਿਤ ਵੇਲੇ ਉੱਠਣ ਦਾ, ਇਸ਼ਨਾਨ ਕਰਕੇ ਨਿਤਨੇਮ ਕਰਨ ਦਾ, ਸੰਗਤ ਅਤੇ ਸਿਮਰਨ ਕਰਨ ਦਾ ਅਤੇ ਸਭ ਤੋਂ ਵਧ ਕੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਦਾ’।
ਆਲੂ
ਆਲੂ
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783
ਦੁਨੀਆ ਵਿੱਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਖਾਣਿਆਂ ਵਿੱਚ ਚੌਲ, ਕਣਕ, ਮੱਕੀ ਤੇ ਆਲੂ ਹੀ ਆਉਂਦੇ ਹਨ। ਈਸਾ ਮਸੀਹ ਤੋਂ ਲਗਭਗ 8000 ਸਾਲ ਪਹਿਲਾਂ ਪੀਰੂ ਵਿਖੇ ਆਲੂ ਬੀਜੇ ਜਾਂਦੇ ਸਨ। ਸੰਨ 1536 ਵਿੱਚ ਪੀਰੂ ਉੱਤੇ ਸਪੇਨ ਤੋਂ ਲੋਕ ਹੱਲਾ ਬੋਲਣ ਆਏ ਤਾਂ ਉਨ੍ਹਾਂ ਨੇ ਪਹਿਲੀ ਵਾਰ ਆਲੂ ਦਾ ਸਵਾਦ ਚੱਖਿਆ। ਉਨ੍ਹਾਂ ਨੂੰ ਆਲੂ ਏਨੇ ਪਸੰਦ ਆਏ ਕਿ ਉਹ ਯੂਰਪ ਵਿੱਚ ਵਾਪਸ ਹੋਰ ਲੁੱਟ ਦੇ ਸਮਾਨ ਨਾਲ ਆਲੂ ਵੀ ਲੈ ਗਏ।
ਆਇਰਲੈਂਡ ਦੀ ਕਹਾਣੀ ਕੁੱਝ ਵੱਖ ਹੈ। ਸਰ ਵਾਲਟਰ ਜਦੋਂ ਪਹਿਲੀ ਵਾਰ ਸੰਨ 1589 ਵਿਚ ਆਇਰਲੈਂਡ ਵਿਖੇ ਆਪਣੇ ਮਨਪਸੰਦ ਆਲੂ ਲੈ ਕੇ ਗਏ ਤਾਂ ਕੌਰਕ ਕੇ ਨੇੜੇ 40,000 ਏਕੜ ਵਿੱਚ ਨਿਰੇ ਆਲੂ ਹੀ ਬੀਜ ਦਿੱਤੇ ਗਏ। ਉਸ ਤੋਂ 40 ਸਾਲ ਬਾਅਦ ਸਾਰੇ ਯੂਰਪ ਵਿੱਚ ਆਲੂ ਹੀ ਆਲੂ ਦਿਸਣ ਲੱਗ ਪਏ। ਹੌਲੀ-ਹੌਲੀ ਯੂਰਪ ਦੇ ਕਿਸਾਨਾਂ ਨੂੰ ਕਣਕ ਅਤੇ ਸੱਤੂਆਂ ਨਾਲੋਂ ਆਲੂ ਜ਼ਿਆਦਾ ਸਵਾਦੀ ਲੱਗਣ ਲੱਗੇ ਅਤੇ ਬੀਜਣੇ ਤੇ ਵੇਚਣੇ ਵੀ ਸੌਖੇ ਲੱਗੇ। ਬਾਅਦ ਵਿੱਚ ਪਤਾ ਲੱਗਿਆ ਕਿ ਲੋੜੀਂਦੇ ਵਿਟਾਮਿਨ ਆਲੂਆਂ ਵਿੱਚ ਭਰੇ ਪਏ ਹਨ ਅਤੇ ਇੱਕ ਏਕੜ ਜ਼ਮੀਨ ਵਿੱਚ ਬੀਜੇ ਆਲੂ ਦਸ ਬੰਦਿਆਂ ਦਾ ਢਿੱਡ ਭਰ ਸਕਦੇ ਹਨ। ਹਾਲਾਂਕਿ ਸੰਨ 1621 ਵਿੱਚ ਬਰਮੂਦਾ ਦਾ ਗਵਰਨਰ ਆਲੂਆਂ ਦੇ ਭਰੇ ਟਰੱਕ ਵਰਜੀਨੀਆ ਵਿਖੇ ਲੈ ਕੇ ਗਿਆ, ਪਰ ਬਿਜਾਈ ਸੰਨ 1719 ਵਿੱਚ ਸਕਾਟਲੈਂਡ ਤੋਂ ਆਏ ਲੋਕਾਂ ਨੇ ਹੀ ਅਮਰੀਕਾ ਵਿੱਚ ਸ਼ੁਰੂ ਕੀਤੀ।
ਫਰਾਂਸ ਵਿੱਚ ਅਠਾਹਰਵੀਂ ਸਦੀ ਵਿੱਚ ਰਾਜਾ ਲੂਈ ਨੇ ਆਲੂਆਂ ਦੀ ਬਿਜਾਈ ਸ਼ੁਰੂ ਕਰਵਾਈ। ਅੱਜ ਦੇ ਦਿਨ ਇਡਾਹੋ ਦੁਨੀਆ ਭਰ ਵਿੱਚ ਸਭ ਤੋਂ ਵੱਧ ਆਲੂ ਬੀਜ ਰਿਹਾ ਹੈ। ਇਸ ਥਾਂ ਉੱਤੇ ਪਹਿਲੀ ਵਾਰ ਸੰਨ 1836 ਵਿੱਚ ਆਲੂ ਪਹੁੰਚੇ ਸਨ। ਉਦੋਂ ਮਿਸ਼ਨਰੀ ਲੋਕਾਂ ਨੇ ਰੋਜ਼ ਜੰਗਲਾਂ ਵਿੱਚ ਧੱਕੇ ਖਾ ਕੇ ਸ਼ਿਕਾਰ ਕਰਨ ਦੀ ਥਾਂ ਆਲੂ ਬੀਜਣੇ ਸ਼ੁਰੂ ਕਰ ਦਿੱਤੇ। ਸੰਨ 1872 ਵਿੱਚ ਇੱਥੇ ਆਲੂਆਂ ਦੀ ਸਬਜ਼ੀ ਤੋਂ ਇਲਾਵਾ ਹੋਰ ਚੀਜ਼ਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਕਮਾਲ ਤਾਂ ਇਹ ਹੈ ਕਿ ਸੰਨ 1995 ਅਕਤੂਬਰ ਵਿੱਚ ਆਲੂ ਪਹਿਲੀ ਸਬਜ਼ੀ ਬਣ ਗਏ, ਜੋ ਨਾਸਾ ਨੇ ਪੁਲਾੜ ਦੇ ਸਪੇਸ ਸੈਂਟਰ ਵਿੱਚ ਬੀਜੇ। ਉੱਥੇ ਪੁਲਾੜ ਯਾਤਰੀਆਂ ਨੂੰ ਖ਼ੁਰਾਕ ਵਜੋਂ ਲੰਮੇ ਸਮੇਂ ਤੱਕ ਆਲੂ ਹੀ ਖੁਆਏ ਗਏ। ਹੁਣ ਵੀ ਪੁਲਾੜ ਵਿੱਚ ਬਣ ਚੱਲੀਆਂ ਕਲੋਨੀਆਂ ਵਿੱਚ ਸਿਰਫ਼ ਆਲੂ ਹੀ ਬੀਜੇ ਜਾਣ ਦੀ ਖੋਜ ਜਾਰੀ ਹੈ।
ਫਰੈਂਚ ਫਰਾਈਜ਼ ਅੱਜ ਦੁਨੀਆ ਭਰ ਵਿੱਚ ਮਸ਼ਹੂਰ ਹਨ। ਪਤਲੇ ਤਲੇ ਆਲੂ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ। ਪਹਿਲੀ ਵਾਰ ਪ੍ਰੈਜ਼ੀਡੈਂਟ ਥੌਮਸ ਜੈੱਫਰਸਨ ਨੂੰ ਅਮਰੀਕਾ ਦੇ ਵਾਈਟ ਹਾਊਸ ਵਿੱਚ ਸੰਨ 1801 ਤੋਂ 1809 ਤੱਕ ਦੇ ਰਾਜ ਵਿੱਚ ਉੱਥੇ ਇਹ ਖਾਣ ਨੂੰ ਮਿਲੇ। ਇਨ੍ਹਾਂ ਨੂੰ ਬਣਾਉਣ ਦੀ ਕਹਾਣੀ ਵੀ ਬੜੀ ਮਜ਼ੇਦਾਰ ਹੈ।
ਕੁੱਝ ਚਿਰ ਪਹਿਲਾਂ ਦੇ ਤਲੇ ਹੋਏ ਆਲੂ ਰਸੋਈ ਵਿੱਚ ਪਏ ਸਨ ਜਦੋਂ ਅਚਾਨਕ ਰਾਜਾ, ਰਾਤ ਦੀ ਰੋਟੀ ਲਈ ਪਹੁੰਚ ਗਿਆ। ਵਕਤ ਘੱਟ ਹੋਣ ਸਦਕਾ ਰਸੋਈਏ ਕੌਲੀਨੈੱਟ (ਜੋ ਫਰਾਂਸੀਸੀ ਰਾਜੇ ਲੂਈ ਫਿਲਿੱਪ ਦਾ ਰਸੋਈਆ ਵੀ ਰਿਹਾ ਸੀ) ਨੇ ਫਟਾਫਟ ਪਹਿਲਾਂ ਦੇ ਤਲੇ ਆਲੂਆਂ ਨੂੰ ਖ਼ੌਲਦੇ ਤੇਲ ਵਿੱਚੋਂ ਝਟਪਟ ਦੁਬਾਰਾ ਕੱਢ ਦਿੱਤਾ। ਉਸ ਨੇ ਵੇਖਿਆ ਕਿ ਆਲੂ ਹਲਕੇ ਜਿਹੇ ਫੁੱਲ ਗਏ ਸਨ ਤੇ ਕੜਕ ਵੀ ਹੋ ਗਏ ਸਨ। ਉਸ ਨੇ ਉਨ੍ਹਾਂ ਉੱਤੇ ਲੂਣ ਛਿੜਕ ਕੇ ਖਾਣ ਨੂੰ ਦੇ ਦਿੱਤੇ, ਜੋ ਰਾਜੇ ਨੂੰ ਬੇਹੱਦ ਪਸੰਦ ਆਏ।
ਇੰਜ ਹੀ ਇੱਕ ਵਾਰ ਸੰਨ 1853 ਵਿੱਚ ਇੱਕ ਕਮਾਂਡਰ ਨੇ ਨਿਊਯਾਰਕ ਵਿਖੇ ਸਾਰਾਤੋਗਾ ਸਪਰਿੰਗ ਰਿਜ਼ੌਰਟ ਵਿਖੇ ਰੋਟੀ ਨਾਲ ਮਿਲੇ ਮੋਟੇ ਆਲੂਆਂ ਦੀ ਸ਼ਿਕਾਇਤ ਕੀਤੀ ਤਾਂ ਉੱਥੋਂ ਦੇ ਰਸੋਈਏ ਨੇ ਝਟਪਟ ਉਨ੍ਹਾਂ ਹੀ ਆਲੂਆਂ ਨੂੰ ਉੱਕਾ ਹੀ ਪਤਲੇ ਕੱਟ ਕੇ ਦੁਬਾਰਾ ਤਲ ਦਿੱਤਾ, ਜਿੱਥੋਂ ‘ਸਾਰਾਤੋਗਾ ਚਿੱਪਸ’ ਨਾਂ ਮਸ਼ਹੂਰ ਹੋ ਗਿਆ ਤੇ ਹੁਣ ਦੁਨੀਆ ਭਰ ਵਿੱਚ ਇਹ ਆਲੂਆਂ ਦੇ ਚਿੱਪਸ ਵਿਕ ਰਹੇ ਹਨ।
ਬਿਲਕੁਲ ਏਸੇ ਹੀ ਤਰ੍ਹਾਂ ਵੋਦਕਾ ਸ਼ਰਾਬ ਵੀ ਫਲ਼ਾਂ, ਬਾਜਰਾ, ਚੌਲ, ਰਾਈ, ਮੱਕੀ ਆਦਿ ਤੋਂ ਬਣਾਉਂਦਿਆਂ ਜਦੋਂ ਆਲੂ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਾਕੀ ਕਿਸਮਾਂ ਵਾਂਗ ਹੀ ਮਕਬੂਲ ਹੋ ਗਈ। ਹੁਣ ਤੱਕ ਵੀ ਅੰਨ ਦੇ ਨਾਲ ਅੰਗੂਰ, ਦੁੱਧ ਤੇ ਆਲੂ, ਵੋਦਕਾ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ ਹਨ।
ਮੌਜੂਦਾ ਤੱਥਾਂ ਅਨੁਸਾਰ ਦੁਨੀਆ ਭਰ ਵਿੱਚ ਸਭ ਤੋਂ ਵੱਧ ਆਲੂ ਅਮਰੀਕਨ ਲੋਕ ਖਾ ਰਹੇ ਹਨ। ਸੰਨ 1950 ਤੋਂ ਆਲੂਆਂ ਨੂੰ ਫੇਹ ਕੇ, ਟਿੱਕੀ ਬਣਾ ਕੇ (ਹੈਸ਼ ਬਰਾਊਨ), ਫਰੈਂਚ ਫਰਾਈਜ਼, ਚਿੱਪਸ ਆਦਿ ਬੇਅੰਤ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ। ਅਮਰੀਕਨ ਲੋਕ ਆਲੂਆਂ ਨੂੰ ਏਨਾ ਪਸੰਦ ਕਰਦੇ ਸਨ ਕਿ ਸੰਨ 1960 ਵਿੱਚ 35 ਫੀਸਦੀ ਅਮਰੀਕਨ ਖ਼ੁਰਾਕ ਆਲੂਆਂ ਤੋਂ ਸੀ ਜਿਹੜੀ ਸੰਨ 2000 ਵਿੱਚ 64 ਫੀਸਦੀ ਤੱਕ ਪਹੁੰਚ ਗਈ। ਇਸ ਦਾ ਮਤਲਬ ਇਹ ਹੈ ਕਿ ਔਸਤਨ ਅਮਰੀਕਨ ਹਰ ਸਾਲ 35 ਕਿਲੋ ਬਰਫ਼ ਵਿੱਚ ਜਮਾਏ ਆਲੂ, 19 ਕਿੱਲੋ ਤਾਜ਼ੇ ਆਲੂ, 8 ਕਿੱਲੋ ਆਲੂ ਦੇ ਚਿੱਪਸ ਅਤੇ 6 ਕਿੱਲੋ ਸੁੱਕੇ ਆਲੂ ਖਾ ਲੈਂਦੇ ਹਨ। ਉਬਲ਼ੇ ਆਲੂਆਂ ਨੂੰ ਫੇਹ ਕੇ, ਉਸ ਵਿੱਚ ਮੱਖਣ ਜਾਂ ਕਰੀਮ ਮਿਲਾ ਕੇ ਖਾਣਾ ਅਮਰੀਕਨਾਂ ਨੂੰ ਬੇਹੱਦ ਪਸੰਦ ਹੈ, ਜੋ ਉਨ੍ਹਾਂ ਵਿੱਚ ਮੋਟਾਪਾ, ਸ਼ੱਕਰ ਰੋਗ ਤੇ ਦਿਲ ਦੇ ਰੋਗਾਂ ਦਾ ਆਧਾਰ ਬਣ ਰਿਹਾ ਹੈ।
ਅਮਰੀਕਨ ਜਰਨਲ ਔਫ਼ ਕਲਿਨਿਕਲ ਨਿਊਟਰੀਸ਼ਨ ਵਿੱਚ ਸੰਨ 2017 ਵਿੱਚ ਛਪੀ ਖੋਜ ਅਨੁਸਾਰ ਜਿਹੜੇ ਲੋਕ ਹਫ਼ਤੇ ਵਿੱਚ ਦੋ ਵਾਰ ਤਲੇ ਹੋਏ ਆਲੂ ਖਾਂਦੇ ਹੋਣ, ਉਨ੍ਹਾਂ ਵਿੱਚ ਮੌਤ ਦਾ ਖ਼ਤਰਾ ਦੁਗਣਾ ਹੋ ਜਾਂਦਾ ਹੈ। ਇਸ ਖੋਜ ਵਿੱਚ 45 ਤੋਂ 79 ਸਾਲਾਂ ਦੇ 4400 ਲੋਕ ਸ਼ਾਮਲ ਕੀਤੇ ਗਏ। ਇਹ ਖੋਜ ਲਗਾਤਾਰ 8 ਸਾਲ ਚੱਲੀ। ਇਸ ਦੌਰਾਨ ਖੋਜ ਵਿਚਲੇ 236 ਲੋਕ ਮਰ ਗਏ। ਇਨ੍ਹਾਂ ਮਰ ਗਏ ਲੋਕਾਂ ਵਿੱਚੋਂ 208 ਲੋਕ ਤਲੇ ਆਲੂ, ਟਿੱਕੀਆਂ ਅਤੇ ਫਰੈਂਚ ਫਰਾਈਜ਼ ਹਫ਼ਤੇ ਵਿੱਚ ਦੋ ਵਾਰ ਖਾ ਰਹੇ ਸਨ।
ਇਸ ਖੋਜ ਤੋਂ ਬਾਅਦ ਟੈਕਸਾਸ ਯੂਨੀਵਰਸਿਟੀ ਵਿੱਚ ਡਾ. ਵਿਕਟੋਰੀਆ ਨੇ ਸਪਸ਼ਟ ਕੀਤਾ ਕਿ ਆਲੂ ਓਨੇ ਮਾੜੇ ਨਹੀਂ ਜਿੰਨਾ ਉਸ ਵਿੱਚ ਪੈ ਰਿਹਾ ਘਿਓ, ਤੇਲ, ਮੱਖਣ, ਪਨੀਰ ਅਤੇ ਕਰੀਮ ਉਨ੍ਹਾਂ ਨੂੰ ਮਾੜਾ ਸਾਬਤ ਕਰ ਰਹੇ ਹਨ।
ਆਪਣੇ ਆਪ ਵਿੱਚ ਆਲੂਆਂ ਅੰਦਰ ਓਨੀਆਂ ਕੈਲਰੀਆਂ ਨਹੀਂ ਹੁੰਦੀਆਂ ਜੋ ਨੁਕਸਾਨਦੇਹ ਹੋਣ। ਇੱਕ ਆਮ ਵਿਚਕਾਰਲੇ ਮੇਲ ਦੇ ਬਿਨਾਂ ਤੇਲ ਦੇ ਭੁੰਨੇ ਜਾਂ ਉਬਾਲੇ ਹੋਏ ਆਲੂ ਵਿੱਚ 110 ਕੈਲਰੀਆਂ ਹੁੰਦੀਆਂ ਹਨ ਤੇ ਢੇਰ ਸਾਰਾ ਵਿਟਾਮਿਨ ਸੀ ਅਤੇ ਬੀ-6 ਵੀ ਹੁੰਦਾ ਹੈ। ਆਲੂਆਂ ਵਿੱਚ ਮੈਂਗਨੀਜ਼, ਫਾਸਫੋਰਸ, ਨਾਇਆਸਿਨ ਅਤੇ ਪੈਂਟੋਥੀਨਿਕ ਏਸਿਡ ਵੀ ਹੁੰਦਾ ਹੈ। ਕੋਲੈਸਟਰੋਲ ਅਤੇ ਥਿੰਦਾ ਨਾ ਬਰਾਬਰ ਹੁੰਦਾ ਹੈ, ਸੋਡੀਅਮ 8 ਮਿਲੀਗ੍ਰਾਮ ਅਤੇ ਤਿੰਨ ਗ੍ਰਾਮ ਪ੍ਰੋਟੀਨ ਭਰੇ ਪਏ ਹਨ। ਇਨ੍ਹਾਂ ਤੋਂ ਇਲਾਵਾ ਕੈਲਸ਼ੀਅਮ, ਲੋਹ ਕਣ, ਕਾਰਬੋਹਾਈਡ੍ਰੇਟ 26 ਗ੍ਰਾਮ, ਫਾਈਬਰ ਦੋ ਗ੍ਰਾਮ ਅਤੇ ਮਿੱਠਾ ਇੱਕ ਗ੍ਰਾਮ ਹੁੰਦਾ ਹੈ। ਇਸ ਵਿਚਲੇ ਫਾਈਟੋ ਨਿਊਟਰੀਐਂਟ-ਕੈਰੋਟੀਨਾਇਡ, ਫਲੇਵੋਨਾਇਡ ਅਤੇ ਕੈਫਿਕ ਏਸਿਡ ਸਰੀਰ ਉੱਤੇ ਵਧੀਆ ਅਸਰ ਵਿਖਾਉਂਦੇ ਹਨ।
ਨੈਸ਼ਨਲ ਇੰਸਟੀਚਿਊਟ ਔਫ਼ ਹੈੱਲਥ ਅਨੁਸਾਰ ਆਲੂਆਂ ਵਿਚਲਾ ਵਿਟਾਮਿਨ ਸੀ ਬਹੁਤ ਵਧੀਆ ਐਂਟੀਆਕਸੀਡੈਂਟ ਹੈ। ਕੈਂਸਰ ਦੇ ਸੈੱਲਾਂ ਦਾ ਵਧਣਾ ਰੋਕਣਾ ਤੇ ਦਿਲ ਸਿਹਤਮੰਦ ਰੱਖਣਾ ਐਂਟੀਆਕਸੀਡੈਂਟ ਦਾ ਹੀ ਕੰਮ ਹੁੰਦਾ ਹੈ। ਜਾਮਨੀ ਰੰਗ ਵਾਲੇ ਆਲੂਆਂ ਵਿੱਚ ਫਾਈਟੋ ਨਿਊਟੀਐਂਟ ਤੇ ਐਂਟੀਆਕਸੀਡੈਂਟ ਕਾਫ਼ੀ ਜ਼ਿਆਦਾ ਹੁੰਦੇ ਹਨ।
ਇਨ੍ਹਾਂ ਜਾਮਨੀ ਆਲੂਆਂ ਉੱਤੇ ਹੋਈ ਖੋਜ ਜਰਨਲ ਔਫ਼ ਐਗਰੀਕਲਚਰ ਅਤੇ ਫੂਡ ਕੈਮਿਸਟਰੀ ਵਿੱਚ ਛਪੀ ਹੈ, ਜਿਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰੋਜ਼ ਸਿਰਫ਼ 6 ਤੋਂ 8 ਬਹੁਤ ਨਿੱਕੇ ਜਾਮਨੀ ਉਬਲੇ ਹੋਏ ਆਲੂ, ਜੇ ਦਿਨ ਵਿੱਚ 2 ਵਾਰ ਵੰਡ ਕੇ ਖਾਧੇ ਜਾਣ ਤਾਂ ਬਲੱਡ ਪ੍ਰੈੱਸ਼ਰ ਨੂੰ ਕਾਬੂ ਵਿੱਚ ਰੱਖਦੇ ਹਨ ਜਿਸ ਨਾਲ ਪਾਸਾ ਮਾਰੇ ਜਾਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਾਮਨੀ ਆਲੂਆਂ ਵਿਚਲੇ ਕਾਰਬੋਹਾਈਡ੍ਰੇਟ ਸਦਕਾ ਕਿਸੇ ਖਾਣ ਵਾਲੇ ਨੂੰ ਮੋਟਾਪਾ ਨਹੀਂ ਹੋਇਆ।
ਜਾਮਨੀ ਆਲੂ ਫਾਈਬਰ ਭਰਪੂਰ ਹੋਣ ਸਦਕਾ ਕੈਲੇਸਟਰੋਲ ਨੂੰ ਆਪਣੇ ਨਾਲ ਚਿਪਕਾ ਕੇ ਸਰੀਰ ਅੰਦਰੋਂ ਬਾਹਰ ਕੱਢ ਦਿੰਦਾ ਹੈ। ਹਰ ਰੰਗ ਦਾ ਆਲੂ ਪੋਟਾਸ਼ੀਅਮ ਭਰਪੂਰ ਹੁੰਦਾ ਹੈ। ਇਹ ਸਾਬਤ ਹੋ ਚੁੱਕਿਆ ਹੈ ਕਿ ਕੇਲੇ ਨਾਲੋਂ ਵੱਧ ਪੋਟਾਸ਼ੀਅਮ ਆਲੂ ਵਿੱਚ ਹੁੰਦਾ ਹੈ। ਪੋਟਾਸ਼ੀਅਮ ਦਾ ਕਾਫ਼ੀ ਹਿੱਸਾ ਆਲੂ ਦੀ ਛਿੱਲੜ ਵਿੱਚ ਹੁੰਦਾ ਹੈ। ਛਿੱਲੜ ਵਿੱਚ ਫਾਈਬਰ ਵੀ ਕਾਫ਼ੀ ਹੁੰਦਾ ਹੈ। ਪੋਟਾਸ਼ੀਅਮ ਜਿੱਥੇ ਬਲੱਡ ਪ੍ਰੈੱਸ਼ਰ ਘਟਾਉਂਦਾ ਹੈ। ਉੱਥੇ ਨਸਾਂ ਵੀ ਖੋਲ੍ਹਦਾ ਹੈ। ਇੰਸਟੀਚਿਊਟ ਔਫ਼ ਫੂਡ ਰਿਸਰਚ ਵਿੱਚ ਹੋਈ ਖੋਜ ਦੌਰਾਨ ਆਲੂ ਵਿੱਚ ‘ਕੁਕੋਆਮੀਨ’ ਲੱਭੇ ਹਨ, ਜੋ ਬਲੱਡ ਪ੍ਰੈੱਸ਼ਰ ਘਟਾਉਣ ਵਿੱਚ ਕਾਫ਼ੀ ਮਦਦ ਕਰਦੇ ਹਨ ਬਸ਼ਰਤੇ ਕਿ ਆਲੂ ਤਲੇ ਨਾ ਜਾਣ।
ਆਲੂਆਂ ਵਿਚਲਾ ਵਿਟਾਮਿਨ ਬੀ-ਛੇ, ਦਿਮਾਗ਼ ਲਈ ਬਿਹਤਰੀਨ ਹੈ। ਯੂਨੀਵਰਸਿਟੀ ਔਫ਼ ਮੈਰੀਲੈਂਡ ਮੈਡੀਕਲ ਸੈਂਟਰ ਨੇ ਸਪਸ਼ਟ ਕੀਤਾ ਹੈ ਕਿ ਤਣਾਓ, ਢਹਿੰਦੀ ਕਲਾ ਅਤੇ ਏ. ਡੀ. ਐੱਚ. ਡੀ. ਬੀਮਾਰੀ ਵਿੱਚ ਆਲੂ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ ਕਿਉਂਕਿ ਇਨ੍ਹਾਂ ਵਿਚਲੇ ਵਿਟਾਮਿਨ ਬੀ-ਸਿਰੌਟੋਨਿਨ, ਡੋਪਾਮੀਨ ਤੇ ਨੌਰਐਪੀਨੈਫਰੀਨ ਰਸ ਬਣਾਉਂਦੇ ਹਨ। ਆਲੂਆਂ ਵਿਚਲਾ ਕਾਰਬੋਹਾਈਡ੍ਰੇਟ ਦਿਮਾਗ਼ ਦੇ ਸਹੀ ਕੰਮਕਾਰ ਲਈ ਵਧੀਆ ਹੈ ਅਤੇ ਦਿਮਾਗ਼ ਨੂੰ ਲੋੜੀਂਦੀ ਗਲੂਕੋਜ਼ ਪਹੁੰਚਾ ਦਿੰਦਾ ਹੈ।
ਸੰਨ 1995 ਵਿੱਚ ਅਮਰੀਕਨ ਜਰਨਲ ਔਫ਼ ਕਲੀਨੀਕਲ ਨਿਊਟਰੀਸ਼ਨ ਵਿੱਚ ਛਪਿਆ ਸੀ ਕਿ ਯਾਦਦਾਸ਼ਤ ਤੇਜ਼ ਕਰਨ ਵਿੱਚ ਆਲੂਆਂ ਵਿਚਲਾ ਕਾਰਬੋਹਾਈਡ੍ਰੇਟ (ਗਲੂਕੋਜ਼ ਤਬਦੀਲ ਹੋ ਕੇ) ਅਤੇ ਪੋਟਾਸ਼ੀਅਮ (ਨਸਾਂ ਖੋਲ੍ਹ ਕੇ ਲਹੂ ਦੀ ਰਵਾਨੀ ਵਧਾ ਕੇ) ਵਧੀਆ ਸਾਬਤ ਹੋ ਚੁੱਕੇ ਹਨ।
ਇਮਿਊਨਿਟੀ ਵਧਾਉਣ ਲਈ :-
ਇੱਕ ਉੱਬਲੇ ਆਲੂ ਵਿੱਚ (ਵਿਚਕਾਰਲਾ ਮੇਲ) ਹਰ ਰੋਜ਼ ਦੀ ਲੋੜੀਂਦੀ ਵਿਟਾਮਿਨ ਸੀ ਦਾ 45 ਫੀਸਦੀ ਹਿੱਸਾ ਹੁੰਦਾ ਹੈ। ਸੋ ਵਾਇਰਲ ਕੀਟਾਣੂ, ਖੰਘ ਜ਼ੁਕਾਮ ਅਤੇ ਵਿਟਾਮਿਨ ਸੀ ਦੀ ਕਮੀ ਨਾਲ ਕਮਜ਼ੋਰ ਹੋ ਰਹੀਆਂ ਹੱਡੀਆਂ ਨੂੰ ਆਲੂ ਖਾਣ ਨਾਲ ਫ਼ਾਇਦਾ ਮਿਲਦਾ ਹੈ।
ਆਰਥਰਾਈਟਿਸ :-
ਆਮ ਧਾਰਨਾ ਬਣ ਚੁੱਕੀ ਹੈ ਕਿ ਆਲੂ, ਬੈਂਗਣ ਤੇ ਮਿਰਚਾਂ ਜੋੜਾਂ ਦਾ ਦਰਦ ਵਧਾਉਂਦੇ ਹਨ। ਇਹ ਸੋਚ ਉਕਾ ਹੀ ਬੇਬੁਨਿਆਦ ਹੈ। ਖੋਜਾਂ ਅਨੁਸਾਰ ਆਲੂ ਸਗੋਂ ਸੋਜ਼ਿਸ਼ ਘਟਾਉਣ ਵਿੱਚ ਮਦਦ ਕਰਦੇ ਹਨ।
ਹਾਜ਼ਮੇ ਲਈ :- ਵੱਧ ਕਾਰਬੋਹਾਈਡ੍ਰੇਟ ਸਦਕਾ ਅਤੇ ਬਾਹਰੀ ਪਰਤ ਵਿਚਲੇ ਫਾਈਬਰ ਸਦਕਾ ਇਹ ਸੌਖੇ ਹਜ਼ਮ ਹੋ ਜਾਂਦੇ ਹਨ।
ਦਿਲ ਵਾਸਤੇ :- ਫਾਈਬਰ, ਵਿਟਾਮਿਨ ਸੀ ਤੇ ਵਿਟਾਮਿਨ ਬੀ 6 ਹੋਣ ਕਾਰਨ ਮਾੜੇ ਫਰੀ ਰੈਡੀਕਲ ਅੰਸ਼ ਘਟਾ ਕੇ ਆਲੂ ਦਿਲ ਨੂੰ ਸਿਹਤਮੰਦ ਰੱਖਦੇ ਹਨ। ਸਰੀਰ ਵਿਚਲੇ ਖ਼ਤਰਨਾਕ ਹੋਮੋਸਿਸਟੀਨ ਨੂੰ ਮਿਥਾਇਓਨੀਨ ਬਣਾ ਕੇ ਆਲੂ ਵਿਚਲਾ ਵਿਟਾਮਿਨ ਬੀ-6 ਲਹੂ ਦੀਆਂ ਨਾੜੀਆਂ ਨੂੰ ਖ਼ਰਾਬ ਨਹੀਂ ਹੋਣ ਦਿੰਦਾ ਤੇ ਹਾਵਰਡ ਯੂਨੀਵਰਸਿਟੀ ਅਨੁਸਾਰ ਹਾਰਟ ਅਟੈਕ ਅਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਘਟਾ ਦਿੰਦਾ ਹੈ।
ਕਸਰਤ ਕਰਨ ਵਾਲਿਆਂ ਲਈ :- ਆਲੂ ਦੀਆਂ ਛਿੱਲੜਾਂ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ। ਕਸਰਤ ਕਰਨ ਵਾਲਿਆਂ ਦੇ ਪਸੀਨੇ ਰਾਹੀਂ ਇਹ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਲੱਤਾਂ ਵਿੱਚ ਕੜਵੱਲ (ਨਾੜ ’ਤੇ ਨਾੜ ਚੜਨਾ) ਪੈ ਜਾਂਦੇ ਹਨ। ਆਲੂ ਖਾਣ ਨਾਲ ਇਹ ਕੜਵੱਲ ਠੀਕ ਹੋ ਜਾਂਦੇ ਹਨ।
ਚਮੜੀ ਲਈ :- ਉਬਾਲੇ ਹੋਏ ਆਲੂਆਂ ਵਿਚਲੇ ਵਿਟਾਮਿਨ ਬੀ-6, ਸੀ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ ਅਤੇ ਫਾਸਫੋਰਸ ਚਮੜੀ ਨੂੰ ਤਰੋਤਾਜ਼ਾ ਤੇ ਚਮਕਦਾਰ ਰੱਖਦੇ ਹਨ।
ਕੈਂਸਰ :-ਸੰਨ 2017 ਵਿੱਚ ਜਰਨਲ ਔਫ ਨਿਊਟਰੀਸ਼ਨਲ ਬਾਇਓਕੈਮਿਸਟਰੀ ਵਿੱਚ ਛਪੀ ਖੋਜ ਅਨੁਸਾਰ ਜਾਮਨੀ ਆਲੂ ਅੰਤੜੀਆਂ (ਕੋਲਨ) ਦਾ ਕੈਂਸਰ ਹੋਣ ਤੋਂ ਰੋਕਦੇ ਹਨ ਕਿਉਂਕਿ ਉਨ੍ਹਾਂ ਵਿਚਲੇ ਤੱਤ, ਇੰਟਰਲਿਊਕਿਨ 6 ਨੂੰ ਘਟਾ ਦਿੰਦੇ ਹਨ, ਜੋ ਕੈਂਸਰ ਕਰਦੇ ਹਨ। ਇਹ ਖੋਜ ਸੂਰਾਂ ਉੱਤੇ ਕੀਤੀ ਗਈ ਸੀ। ਜਿਨ੍ਹਾਂ ਸੂਰਾਂ ਨੂੰ ਜਾਮਨੀ ਆਲੂ ਖੁਆਏ ਗਏ, ਉਨ੍ਹਾਂ ਦੇ ਸਰੀਰ ਅੰਦਰਲੇ ਇੰਟਰਲਿਊਕਿਨ 6, ਦੂਜਿਆਂ ਨਾਲੋਂ ਛੇ ਗੁਣਾਂ ਘਟ ਗਏ। ਸੂਰਾਂ ਦੀ ਅੰਤੜੀ ਮਨੁੱਖੀ ਅੰਤੜੀਆਂ ਨਾਲ ਕਾਫ਼ੀ ਰਲਦੀ ਹੈ, ਸੋ ਉਹੀ ਅਸਰ ਬੰਦਿਆਂ ਵਿੱਚ ਵੀ ਦਿਸਣ ਦੀ ਉਮੀਦ ਹੈ।
ਭਾਰ :- ਸੰਨ 2017 ਵਿੱਚ ਇੱਕ ਅਸਟ੍ਰੇਲੀਅਨ ਬੰਦੇ ਨੇ ਕਾਫ਼ੀ ਰੌਲਾ ਪਾਇਆ ਕਿ ਉਸ ਨੇ ਇੱਕ ਸਾਲ ਸਿਰਫ ਉਬਲੇ ਆਲੂ ਖਾ ਕੇ 110 ਪੌਂਡ ਭਾਰ ਘਟਾ ਲਿਆ ਹੈ। ਇਸ ਖ਼ਬਰ ਤੋਂ ਬਾਅਦ ਦੁਨੀਆ ਭਰ ਵਿੱਚ ਆਲੂ ਖਾਣ ਦਾ ਰੁਝਾਨ ਵੱਧ ਗਿਆ। ਇਸ ਖ਼ਬਰ ਦਾ ਖੰਡਨ ਡਾਕਟਰਾਂ ਵੱਲੋਂ ਕੀਤਾ ਗਿਆ ਕਿਉਂਕਿ ਸਾਰੇ 20 ਜ਼ਰੂਰੀ ਅਮਾਈਨੋ ਏਸਿਡ, ਵਿਟਾਮਿਨ ਤੇ ਤੱਤ; ਸਿਰਫ਼ ਆਲੂਆਂ ਰਾਹੀਂ ਪੂਰੇ ਨਹੀਂ ਕੀਤੇ ਜਾ ਸਕਦੇ। ਇਸੇ ਲਈ ਸੰਪੂਰਨ ਖ਼ੁਰਾਕ ਬਣਾਉਣ ਵਾਸਤੇ ਰੋਜ਼ਾਨਾ ਖ਼ੁਰਾਕ ਵਿੱਚ ਉਬਲੇ ਆਲੂਆਂ ਨੂੰ ਸ਼ਾਮਲ ਕਰਨ ਦੀ ਲੋੜ ਸਮਝੀ ਗਈ ਹੈ।
ਸ਼ੱਕਰ ਰੋਗ :- ਆਲੂਆਂ ਵਿੱਚ ਥਿੰਦਾ ਨਹੀਂ ਹੁੰਦਾ ਪਰ ਵਾਧੂ ਕਾਰਬੋਹਾਈਡ੍ਰੇਟ ਸਦਕਾ ਖਾਣੇ ਤੋਂ ਬਾਅਦ ਇਕਦਮ ਸ਼ੱਕਰ ਦੀ ਮਾਤਰਾ ਵਧਾ ਦਿੰਦੇ ਹਨ ਤੇ ਝਟਪਟ ਹਜ਼ਮ ਹੋਣ ਬਾਅਦ ਹੋਰ ਭੁੱਖ ਲਾ ਦਿੰਦੇ ਹਨ। ਇਸ ਵਾਸਤੇ ਸ਼ੱਕਰ ਰੋਗੀਆਂ ਨੂੰ ਆਲੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਵੀ ਆਲੂਆਂ ਤੋਂ ਪਰਹੇਜ਼ ਰੱਖਣ ਦੀ ਲੋੜ ਹੈ। ਸਿਰਫ਼ ਆਲੂ ਹੀ ਨਹੀਂ, ਚਿੱਟੀ ਬਰੈੱਡ ਅਤੇ ਮੈਦੇ ਤੋਂ ਵੀ ਬਚਣ ਦੀ ਲੋੜ ਹੈ।
ਸੰਨ 2016 ਵਿੱਚ ਬਰਿਟਿਸ਼ ਮੈਡੀਕਲ ਜਰਨਲ ਵਿੱਚ ਇੱਕ ਖੋਜ ਛਪੀ, ਜਿਸ ਵਿੱਚ ਕੁੱਝ ਨੂੰ ਉਬਲੇ ਅਤੇ ਕੁੱਝ ਨੂੰ ਤਲੇ ਆਲੂ ਖੁਆ ਕੇ ਵੱਖੋ-ਵੱਖ ਲੋਕਾਂ ਉੱਤੇ ਅਸਰ ਵੇਖਿਆ ਗਿਆ ਸੀ। ਉਸ ਵਿੱਚ ਪਤਾ ਲੱਗਿਆ ਕਿ ਔਰਤਾਂ ਉੱਤੇ ਤਲੇ ਆਲੂਆਂ ਦੇ ਮਾੜੇ ਅਸਰ ਪੁਰਸ਼ਾਂ ਨਾਲੋਂ ਵੱਧ ਹੁੰਦੇ ਹਨ। ਔਰਤਾਂ ਵਿੱਚ ਬਲੱਡ ਪ੍ਰੈੱਸ਼ਰ ਬੰਦਿਆਂ ਨਾਲੋਂ ਜ਼ਿਆਦਾ ਵਧਿਆ ਹੋਇਆ ਮਿਲਿਆ। ਇਸੇ ਲਈ ਮਾਈਕਰੋਵੇਵ ਜਾਂ ਕੁੱਕਰ ਵਿੱਚ ਬਿਨਾਂ ਘਿਓ ਜਾਂ ਤੇਲ ਦੇ, ਉਬਲੇ ਹੋਏ ਆਲੂ ਹੀ ਖਾਣੇ ਚਾਹੀਦੇ ਹਨ, ਜਿਸ ਨਾਲ ਉਨ੍ਹਾਂ ਵਿਚਲੇ ਤੱਤ ਕਾਇਮ ਰਹਿ ਜਾਂਦੇ ਹਨ। ਬਹੁਤੇ ਤੱਤ ਛਿੱਲੜ ਵਿੱਚ ਜਾਂ ਉਸ ਦੇ ਇਕਦਮ ਹੇਠਾਂ ਹੁੰਦੇ ਹਨ ਸੋ ਬਹੁਤ ਪਤਲੇ ਛਿੱਲੜ ਲਾਹੁਣੇ ਚਾਹੀਦੇ ਹਨ ਜਾਂ ਚੰਗੀ ਤਰ੍ਹਾਂ ਸਾਫ਼ ਕਰ ਕੇ ਨਿੱਕੇ ਆਲੂ ਛਿੱਲੜਾਂ ਸਮੇਤ ਹੀ ਖਾਧੇ ਜਾ ਸਕਦੇ ਹਨ। ਛਿੱਲੜ ਲਾਹ ਕੇ ਆਲੂ ਉਬਾਲਣ ਨਾਲ ਆਲੂਆਂ ਵਿਚਲੇ ਸਾਰੇ ਹੀ ਤੱਤ ਪਾਣੀ ਵਿੱਚ ਨਿਕਲ ਜਾਂਦੇ ਹਨ। ਵਿਟਾਮਿਨ ਸੀ ਤਾਂ 80 ਫੀਸਦੀ ਬਾਹਰ ਨਿਕਲ ਜਾਂਦਾ ਹੈ। ਜੇ ਉਬਾਲਣ ਤੋਂ ਬਾਅਦ ਆਲੂ ਛਿੱਲ ਕੇ ਪਾਣੀ ਵਿੱਚ ਰੱਖ ਦਿੱਤੇ ਜਾਣ, ਤਾਂ ਵੀ ਤੱਤ ਬਾਹਰ ਨਿਕਲ ਕੇ ਪਾਣੀ ਵਿੱਚ ਰਲ਼ ਜਾਂਦੇ ਹਨ।
ਜੇ ਆਲੂ ਪੁੰਗਰ ਚੁੱਕੇ ਹੋਣ :- ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਅਨੁਸਾਰ ਪੁੰਗਰ ਰਹੇ ਆਲੂ (ਆਲੂ ਦੀਆਂ ਅੱਖਾਂ) ਯਾਨੀ ਪੁੰਗਰ ਰਹੀਆਂ ਚਿੱਟੀਆਂ ਚੋਭਾਂ ਉੱਕਾ ਹੀ ਨਹੀਂ ਖਾਣੀਆਂ ਚਾਹੀਦੀਆਂ। ਇਸੇ ਤਰ੍ਹਾਂ ਆਲੂਆਂ ਦੀਆਂ ਟਾਹਣੀਆਂ ਜਾਂ ਪੱਤੇ ਵੀ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਸਾਰਿਆਂ ਵਿੱਚ ਆਰਸੈਨਿਕ, ਚਾਕੋਨੀਨ ਅਤੇ ਸੋਲਾਨੀਨ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ, ਜੋ ਥੋੜ੍ਹੀ ਮਾਤਰਾ ਵਿੱਚ ਵੀ ਭਾਰੀ ਨੁਕਸਾਨ ਕਰ ਸਕਦੇ ਹਨ। ਹਰੇ ਆਲੂ ਤਾਂ ਜ਼ਹਿਰੀਲੇ ਵੀ ਹੁੰਦੇ ਹਨ। ਜਦੋਂ ਆਲੂਆਂ ਨੂੰ ਬਹੁਤੀ ਧੁੱਪ ਲੱਗਦੀ ਰਹੇ ਤਾਂ ਉਹ ਹਰੇ ਰੰਗ ਦੇ ਹੋ ਜਾਂਦੇ ਹਨ। ਛਿੱਲੜ ਹੇਠਾਂ ਵੀ ਜੇ ਹਰਾ ਰੰਗ ਦਿਸੇ ਤਾਂ ਆਲੂ ਸੁੱਟ ਦੇਣਾ ਚਾਹੀਦਾ ਹੈ।
ਕੁੱਝ ਮਜ਼ੇਦਾਰ ਤੱਥ :- 1. ਆਲੂ ਸਪੈਨਿਸ਼ ਲਫਜ਼ ‘ਪਟਾਟਾ’ ਤੋਂ ਅੰਗਰੇਜ਼ੀ ਵਿੱਚ ‘ਪੋਟੈਟੋ’ ਸ਼ਬਦ ਬਣਿਆ। ਖੋਦਣ ਵਾਲੇ ਔਜ਼ਾਰ ਤੋਂ ਕੁੱਝ ਨੇ ਇਸ ਦਾ ਨਾ ‘ਸਪੱਡ’ ਰੱਖ ਦਿੱਤਾ, ਡੁੱਚ ਵਿੱਚ ‘ਸਪਿੱਡ’ ਤੇ ਬਥੇਰੇ ਅੰਗਰੇਜ਼ ‘ਸਪੇਡ’ ਵੀ ਕਹਿੰਦੇ ਹਨ।
- ਆਲੂਆਂ ਦੀਆਂ ਕਿਸਮਾਂ ਜਿਹੜੀਆਂ ਹੁਣ ਮਿਲ ਰਹੀਆਂ ਹਨ, ਉਹ ਹਨ-ਜਾਮਨੀ, ਲਾਲ, ਚਿੱਟੇ, ਪੀਲੇ, ਫਿੰਗਰਿਗ, ਰਸੱਟ, ਪੈਟੀਟ।
- ਅਮਰੀਕਾ ਵਿੱਚ ਸੰਨ 2013 ਵਿੱਚ ਇੱਕ ਮਿਲੀਅਨ ਏਕੜ ਤੋਂ ਵੱਧ ਵਿੱਚ ਆਲੂ ਉਗਾਏ ਗਏ ਅਤੇ ਉਸ ਵਿੱਚੋਂ 20 ਬਿਲੀਅਨ ਕਿੱਲੋ ਆਲੂਆਂ ਦੀ ਉਪਜ ਹੋਈ।
- ਇਸ ਸਾਲ ਦੀ ਰਿਪੋਰਟ ਅਨੁਸਾਰ ਔਸਤਨ ਇਕ ਅਮਰੀਕਨ 56 ਕਿਲੋ ਆਲੂ ਪੂਰੇ ਸਾਲ ਵਿੱਚ ਖਾ ਲੈਂਦਾ ਹੈ ਤੇ ਇੱਕ ਜਰਮਨ 112 ਕਿੱਲੋ।
- ਗਿੰਨੀਜ਼ ਵਰਲਡ ਰਿਕਾਰਡ ਅਨੁਸਾਰ ਹੁਣ ਤੱਕ ਦਾ ਸਭ ਤੋਂ ਵੱਡਾ ਆਲੂ 3.2 ਕਿੱਲੋ ਦਾ ਸੀ।
- ਬਾਈਬਲ ਵਿੱਚ ਆਲੂਆਂ ਦਾ ਜ਼ਿਕਰ ਨਹੀਂ ਮਿਲਦਾ, ਇਸ ਲਈ ਕਈ ਸਦੀਆਂ ਤੱਕ ਆਲੂ ਨੂੰ ਮਾੜਾ ਮੰਨਿਆ ਜਾਂਦਾ ਰਿਹਾ ਤੇ ਇਹ ਮੰਨ ਲਿਆ ਗਿਆ ਕਿ ਆਲੂ ਕੋਹੜ ਦੀ ਬੀਮਾਰੀ ਕਰਦੇ ਹਨ।
- ਮੈਰੀ ਐਂਟੋਨਿਓ ਨੇ ਫਰਾਂਸ ਵਿੱਚ ਆਪਣੇ ਵਾਲਾਂ ਉੱਤੇ ਆਲੂਆਂ ਦੇ ਹਿੱਸੇ ਸਜਾਏ ਤਾਂ ਪੂਰੇ ਫਰਾਂਸ ਵਿੱਚ ਆਲੂ ਫੈਸ਼ਨ ਸ਼ੁਰੂ ਹੋ ਗਿਆ ਸੀ।
- ਆਇਰਲੈਂਡ ਵਿੱਚ ਸੰਨ 1840 ਵਿੱਚ ਆਲੂਆਂ ਦੀ ਫ਼ਸਲ ਮਾਰ ਜਾਣ ਤੋਂ ਬਾਅਦ ਉਹ ਗ਼ਰੀਬ ਲੋਕ, ਜੋ ਸਿਰਫ਼ ਆਲੂ ਖਾ ਕੇ ਗੁਜ਼ਾਰਾ ਕਰ ਰਹੇ ਸਨ, ਦੀ ਭਾਰੀ ਮਾਤਰਾ ਵਿੱਚ ਮੌਤ ਹੋ ਗਈ। ਉਦੋਂ ਲਗਭਗ 10 ਲੱਖ ਗ਼ਰੀਬ ਲੋਕ ਭੁੱਖ ਨਾਲ ਮਰ ਗਏ ਅਤੇ ਏਨੇ ਹੀ ਕੰਮ ਕਾਰ ਦੀ ਖੋਜ ਵਿੱਚ ਭੁੱਖ ਮਿਟਾਉਣ ਖ਼ਾਤਰ ਅਮਰੀਕਾ ਜਾਂ ਕੈਨੇਡਾ ਵੱਲ ਤੁਰ ਗਏ।
ਸਾਰ :- ਹਰ ਖਾਣ ਵਾਲੀ ਚੀਜ਼ ਦੇ ਫ਼ਾਇਦੇ ਵੀ ਹੁੰਦੇ ਹਨ ਅਤੇ ਨੁਕਸਾਨ ਵੀ। ਇਸੇ ਲਈ ਸਹੀ ਮਿਕਦਾਰ ਵਿੱਚ ਅਤੇ ਸਹੀ ਢੰਗ ਨਾਲ ਬਣਾਉਣ ਅਤੇ ਖਾਣ ਦੀ ਲੋੜ ਹੁੰਦੀ ਹੈ।
ਕੀ ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ ?
ਕੀ ਪੰਜਾਬ ਮੁੜ ਲੀਹਾਂ ਉੱਤੇ ਪਾਇਆ ਜਾ ਸਕਦਾ ਹੈ ?
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783
ਇਜ਼ਰਾਈਲ ਵਿਚਲਾ ਜੈਰੂਸਲਮ (ਟੈਂਪਲ ਮਾਊਂਟ) ਤਿੰਨ ਧਰਮਾਂ ਲਈ ਬਹੁਤ ਪਵਿੱਤਰ ਥਾਂ ਹੈ-ਯਹੂਦੀ, ਇਸਲਾਮ ਅਤੇ ਈਸਾਈ। ਇਸੇ ਲਈ ਕੋਈ ਮੁਸਲਮਾਨ, ਈਸਾਈ ਔਰਤ ਨਾਲ ਵਿਆਹ ਕਰਵਾ ਸਕਦਾ ਹੈ ਪਰ ਹਿੰਦੂ ਔਰਤ ਨਾਲ ਬਿਨਾਂ ਉਸ ਦੇ ਧਰਮ ਤਬਦੀਲੀ ਦੇ ਨਹੀਂ ਕਰਵਾ ਸਕਦਾ। ਇਤਿਹਾਸ ਵਿੱਚ ਦਰਜ ਹੈ ਕਿ ਸਦੀਆਂ ਤੋਂ ਯਹੂਦੀਆਂ ਉੱਤੇ ਅਤਿ ਦੇ ਜ਼ੁਲਮ ਢਾਹੇ ਗਏ। ਹਿਟਲਰ; ਇਹ ਜ਼ੁਲਮ ਸਿਖਰ ਉੱਤੇ ਲੈ ਗਿਆ। ਸਿਰਫ਼ ਏਥੇ ਹੀ ਬਸ ਨਹੀਂ। ਸ਼ੇਕਸਪੀਅਰ ਨੇ ਯਹੂਦੀਆਂ ਨੂੰ ਬਹੁਤ ਭੰਡਿਆ ਹੈ ਤੇ ਲੋਕਾਂ ਦੇ ਮਨਾਂ ਵਿੱਚ ਜਿੰਨੀ ਔਰਤਾਂ ਪ੍ਰਤੀ ਨਫ਼ਰਤ ਬੀਜੀ ਹੈ, ਓਨਾ ਹੀ ਯਹੂਦੀਆਂ ਖ਼ਿਲਾਫ਼ ਜ਼ਹਰ ਉਗਲਿਆ ਹੈ। ਆਖ਼ਰੀ ਢਾਅ ਲਾਉਣ ਲਈ ਯਹੂਦੀਆਂ ਦੀ ਜ਼ਬਾਨ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਅੰਗਰੇਜ਼ੀ ਜ਼ਬਾਨ ਸਿੱਖਣ ਵੱਲ ਪ੍ਰੇਰ ਦਿੱਤਾ ਗਿਆ। ਧਿਆਨ ਕਰੀਏ ਤਾਂ ਪੰਜਾਬੀ ਜ਼ਬਾਨ ਉੱਤੇ ਵੀ ਅਜਿਹਾ ਹੀ ਕੁੱਝ ਲਾਗੂ ਹੋ ਚੁੱਕਿਆ ਹੈ।
ਜਦੋਂ ਬਜ਼ੁਰਗ ਯਹੂਦੀਆਂ ਨੂੰ ਆਪਣੀ ਹੋਂਦ ਉੱਤੇ ਖ਼ਤਰਾ ਦਿਸਿਆ ਤਾਂ ਉਨ੍ਹਾਂ ਨੇ ਕਮਾਨ ਸੰਭਾਲ ਲਈ ਅਤੇ ਆਪਣੇ ਪੋਤਰੇ ਦੋਹਤਰਿਆਂ ਨੂੰ ਇਤਿਹਾਸ ਬਾਰੇ ਦੱਸਣਾ ਸ਼ੁਰੂ ਕੀਤਾ ਤਾਂ ਜੋ ਕੌਮ ਦੇ ਸ਼ਹੀਦਾਂ ਦੇ ਪਿੰਡੇ ਉੱਤੇ ਹੰਢਾਏ ਜ਼ੁਲਮਾਂ ਨੂੰ ਕਿਤੇ ਭੁੱਲ ਨਾ ਜਾਣ। ਇਹ ਦੱਸਣ ਲਈ ਬਜ਼ਰਗਾਂ ਨੇ ਆਪਣੀ ਜ਼ਬਾਨ ਹਿਬਰਿਊ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਨਤੀਜਾ ਇਹ ਨਿਕਲਿਆ ਕਿ ਹੌਲੀ-ਹੌਲੀ ਹਿਬਰਿਊ ਜ਼ਬਾਨ ਬੋਲਣ ਵਾਲਿਆਂ ਵਿੱਚ ਜਿੱਥੇ ਵਾਧਾ ਹੋ ਗਿਆ, ਉੱਥੇ ਹੀ ਮਾਣਮੱਤੇ ਇਤਿਹਾਸ ਨੂੰ ਜ਼ਿੰਦਾ ਰੱਖਣ ਅਤੇ ਜ਼ੁਲਮਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਜਾਚ ਅਗਲੀ ਪੁਸ਼ਤ ਨੇ ਸਿੱਖ ਲਈ।
ਸਿਰਫ਼ ਏਥੇ ਹੀ ਬਸ ਨਹੀਂ, ਬਜ਼ੁਰਗਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਾਤ-ਭੂਮੀ ਸਾਂਭਣ ਲਈ ਵੀ ਪ੍ਰੇਰਿਤ ਕੀਤਾ। ਈਸਾ ਮਸੀਹ ਤੋਂ 500 ਸਾਲ ਪਹਿਲਾਂ ਇਜ਼ਰਾਈਲ ਵਿੱਚੋਂ ਯਹੂਦੀਆਂ ਨੂੰ ਕੋਹ-ਕੋਹ ਕੇ ਬਾਹਰ ਕੱਢ ਦਿੱਤਾ ਗਿਆ ਸੀ। ਇਜ਼ਰਾਈਲ ਨੂੰ ਆਪਣੇ ਰੱਬ ਦੀ ਪਵਿੱਤਰ ਧਰਤੀ ਮੰਨ ਕੇ, ਜਾਨ ਦੀ ਬਾਜ਼ੀ ਲਾ ਕੇ ਅਖ਼ੀਰ ਸੰਨ 1948 ਵਿੱਚ ਆਜ਼ਾਦੀ ਲੈ ਕੇ ਯਹੂਦੀ ਇੱਥੇ ਆ ਵੱਸੇ। ਉਸ ਸਮੇਂ ਹਰ ਯਹੂਦੀ ਨੇ ਫ਼ੈਸਲਾ ਲੈ ਲਿਆ ਕਿ ਜਿੱਥੇ ਆਪਣੇ ਰੱਬ ਦੀ ਧਰਤੀ ਉਪਜਾਊ ਅਤੇ ਉਸਾਰੂ ਬਣਾ ਕੇ ਦੁਨੀਆ ਵਿੱਚ ਸਭ ਤੋਂ ਅਗਾਂਹ ਲੈ ਕੇ ਜਾਣੀ ਹੈ, ਉੱਥੇ ਅਗਲੀ ਪੀੜੀ ਨੂੰ ਇਸ ਨਾਲ ਜੋੜੀ ਰੱਖਣਾ ਹੈ। ਹੁਣ ਤੱਕ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਯਹੂਦੀ ਵੱਸਦਾ ਹੋਵੇ ਤਾਂ ਉਹ ਕਦੇ ਵੀ ਬਿਨਾਂ ਵੀਜ਼ੇ ਦੇ ਆਪਣੀ ਇਸ ਮਾਤ-ਭੂਮੀ ਵਿੱਚ ਜਾ ਕੇ ਰਹਿ ਸਕਦਾ ਹੈ। ਇਸ ਧਰਤੀ ਦੀ ਜ਼ਮੀਨ ਤੁਰਕਾਂ ਤੇ ਫਲਸਤੀਨੀਆਂ ਤੋਂ ਯਹੂਦੀਆਂ ਨੇ ਆਪਣੀ ਉਮਰਭਰ ਦੀ ਕਮਾਈ ਦੇ ਕੇ ਖ਼ਰੀਦੀ ਸੀ। ਹਰ ਬੱਚੇ ਨੂੰ ਇਤਿਹਾਸ ਬਾਰੇ ਜਾਣੂੰ ਕਰਵਾ ਕੇ ਉਸ ਦੇ ਦਿਮਾਗ਼ ਨੂੰ ਦੇਸ ਪ੍ਰੇਮ ਨਾਲ ਭਰ ਦਿੱਤਾ ਗਿਆ। ਹਰ ਬੱਚੇ ਲਈ ਫ਼ੌਜ ਵਿੱਚ ਕੰਮ ਕਰਨਾ ਹੁਣ ਤੱਕ ਲਾਜ਼ਮੀ ਹੈ, ਭਾਵੇਂ ਪ੍ਰਧਾਨ ਮੰਤਰੀ ਦਾ ਮੁੰਡਾ ਹੀ ਕਿਉਂ ਨਾ ਹੋਵੇ।
ਚੁਫ਼ੇਰੇ ਦੁਸ਼ਮਨ ਮੁਲਕ ਹੋਣ ਸਦਕਾ ਇਹ ਕਦਮ ਪੁੱਟਣਾ ਜ਼ਰੂਰੀ ਸੀ। ਨਾਲੋ ਨਾਲ ਮਾਤ-ਭੂਮੀ ਨੂੰ ਮਜ਼ਬੂਤ ਕਰਨ ਲਈ ਵੀ ਕੁੱਝ ਕਰਨਾ ਪੈਣਾ ਸੀ। ਸੋ ਜਿੱਥੇ ਇੱਕ ਪਾਸੇ ਪੜ੍ਹਾਈ ਉੱਤੇ ਜ਼ੋਰ ਪਾਇਆ ਗਿਆ, ਉੱਥੇ ਪਾਣੀ ਦੀ ਕਿੱਲਤ ਨੂੰ ਵੇਖਦਿਆਂ ਬੂੰਦ-ਬੂੰਦ ਪਾਣੀ ਨੂੰ ਬਚਾਉਣ ਦੇ ਯਤਨ ਆਰੰਭੇ ਗਏ। ਕੰਪਿਊਟਰ ਜ਼ਰੀਏ ਬੂੰਦ-ਬੂੰਦ ਪਾਣੀ ਬੂਟੇ ਦੇ ਜੜ੍ਹਾਂ ਵਿੱਚ ਪਾਉਂਦਿਆਂ ਇਜ਼ਰਾਈਲ ਦੀ ਪੂਰੀ ਧਰਤੀ ਹਰੀ ਭਰੀ ਕਰ ਦਿੱਤੀ ਗਈ। ਫੁੱਲਾਂ ਤੇ ਫਲ਼ਾਂ ਨਾਲ ਭਰਪੂਰ ! ਫਿਰ ਕੋਆਪਰੇਟਿਵ ਫਾਰਮਿੰਗ ਯਾਨੀ ‘ਕਿੱਬੂਜ਼’ ਰਾਹੀਂ ਕਿਸਾਨਾਂ ਨੂੰ ਵਧੀਆ ਰੋਜ਼ੀ ਰੋਟੀ ਕਮਾਉਣ ਜੋਗੇ ਬਣਾ ਦਿੱਤਾ।
ਆਪਣੀ ਧਰਤੀ ਲਈ ਲੜ ਮਰਨ ਦਾ ਜਜ਼ਬਾ ਏਨਾ ਪ੍ਰਬਲ ਹੈ ਕਿ ਜੇ ਅੱਜ ਵੀ ਕਿਸੇ ਇਜ਼ਰਾਈਲੀ ਦੇ ਘਰ ਜਾਓ ਤਾਂ ਦੋ ਤਿੰਨ ਬੰਦੂਕਾਂ ਪਿਸਤੌਲਾਂ ਹਰ ਘਰ ਵਿੱਚ ਲੱਭ ਜਾਣਗੀਆਂ, ਜੋ ਦੁਸ਼ਮਨਾਂ ਨੂੰ ਮਾਰਨ ਲਈ ਤਿਆਰ-ਬਰ-ਤਿਆਰ ਰੱਖੀਆਂ ਹੋਣਗੀਆਂ ਜੋ ਇੱਕ ਸੁਣੇਹਾ ਹੈ ਕਿ ਹਰ ਘਰ ਦੁਸ਼ਮਨਾਂ ਦੇ ਹੱਲੇ ਨੂੰ ਰੋਕਣ ਲਈ ਮਰ ਮਿਟਣ ਨੂੰ ਤਿਆਰ ਹੈ।
ਫਲਸਤੀਨ ਤੇ ਇਜ਼ਰਾਈਲ ਦੀ ਸਰਹੱਦ ਸਾਂਝੀ ਹੈ। ਉੱਥੇ ਖਲ੍ਹੋ ਕੇ ਇਜ਼ਰਾਈਲੀਆਂ ਦੀ ਆਪਣੇ ਵਤਨ ਨਾਲ ਮੁਹੱਬਤ ਮੂੰਹੋਂ ਬੋਲਦੀ ਦਿਸਦੀ ਹੈ। ਫਲਸਤੀਨ ਵਿੱਚ ਗ਼ਰੀਬੀ ਤੇ ਬੰਜਰ ਇਲਾਕਾ ਦਿਸਦਾ ਹੈ ਜਦ ਕਿ ਸਰਹੱਦ ਪਾਰ ਉਸੇ ਬੰਜਰ ਜ਼ਮੀਨ ਨੂੰ ਸਮੁੰਦਰ ਵਿੱਚੋਂ ਪਾਣੀ ਕੱਢ ਕੇ, ਸਾਫ਼ ਕਰ ਕੇ, ਬੂੰਦ-ਬੂੰਦ ਸੰਭਾਲ ਕਰ ਵਰਤ ਕੇ, ਲਹਿਲਹਾਉਂਦੇ ਖੇਤ, ਫੈਕਟਰੀਆਂ, ਫਲਾਈਓਵਰ ਤੇ ਵਧੀਆ ਈਮਾਰਤਾਂ ਬਣੀਆਂ ਦਿਸਦੀਆਂ ਹਨ।
ਇਤਿਹਾਸ ਗਵਾਹ ਹੈ ਕਿ ਆਪਣੇ ਵੱਡੇ-ਵਡੇਰਿਆਂ ਉੱਤੇ ਜ਼ੁਲਮ ਢਾਹੁਣ ਵਾਲਿਆਂ ਨੂੰ ਇਜ਼ਰਾਈਲੀਆਂ ਨੇ ਕਦੇ ਨਹੀਂ ਬਖ਼ਸ਼ਿਆ। ਭਾਵੇਂ ਜ਼ਾਲਮ ਕਿਸੇ ਹੋਰ ਮੁਲਕ ਵਿੱਚ ਵੀ ਰਹਿ ਰਹੇ ਹੋਣ, ਉੱਥੇ ਜਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਜਾਂ ਅਗਵਾ ਕਰ ਕੇ ਵਾਪਸ ਇਜ਼ਰਾਈਲ ਲਿਆ ਕੇ ਕੈਦ ਰੱਖਿਆ ਅਤੇ ਮੁਕੱਦਮਾ ਚਲਾ ਕੇ, ਜੁਰਮ ਸਾਬਤ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਇਜ਼ਰਾਈਲ ਵਿੱਚ ਉੱਗੇ ਫੁੱਲਾਂ ਦੀ ਪੂਰੀ ਦੁਨੀਆ ਵਿੱਚ ਮੰਗ ਹੈ। ਨਵੀਆਂ ਖੋਜਾਂ ਅਤੇ ਪੜ੍ਹਾਈ ਉੱਤੇ ਪੂਰਾ ਜ਼ੋਰ ਪਾਇਆ ਜਾਂਦਾ ਹੈ। ਸਰੀਰਕ ਪੱਖੋਂ ਹਰ ਕਿਸੇ ਨੂੰ ਤਕੜਾ ਕੀਤਾ ਜਾਂਦਾ ਹੈ ਤੇ ਮੁਲਕ ਪ੍ਰਤੀ ਪਿਆਰ ਹਰ ਕਿਸੇ ਦੇ ਮਨ ਵਿੱਚ ਬਚਪਨ ਤੋਂ ਹੀ ਕੁੱਟ-ਕੁੱਟ ਕੇ ਭਰ ਦਿੱਤਾ ਜਾਂਦਾ ਹੈ। ਉੱਥੋਂ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਇਹ ਧਰਤੀ ਸਿਰਫ਼ ਉਨ੍ਹਾਂ ਦੀ ਜਨਮ ਭੂਮੀ ਹੀ ਨਹੀਂ ਬਲਕਿ ਰੱਬ ਦੀ ਪਵਿੱਤਰ ਧਰਤੀ ਹੈ ਜੋ ਜਾਨ ਉੱਤੇ ਖੇਡ ਕੇ ਹਰ ਹਾਲ ਬਚਾਉਣੀ ਹੈ। ਇਸੇ ਲਈ ਕਿਸੇ ਵੀ ਬਾਹਰੀ ਹਮਲੇ ਦਾ ਮੂੰਹ-ਤੋੜ ਜਵਾਬ ਦੇਣ ਲਈ ਚੌਵੀ ਘੰਟੇ ਪੂਰੇ ਮੁਲਕ ਦਾ ਹਰ ਬਾਸ਼ਿੰਦਾ ਤਿਆਰ-ਬਰ-ਤਿਆਰ ਰਹਿੰਦਾ ਹੈ।
ਸ਼ਹੀਦਾਂ ਪ੍ਰਤੀ ਸ਼ਰਧਾ ਦਾ ਇਹ ਹਾਲ ਹੈ ਕਿ ਸਾਲ ਵਿੱਚ ਇੱਕ ਵਾਰ ਦੋ ਮਿੰਟ ਲਈ ਪੂਰਾ ਮੁਲਕ ਖੜ੍ਹਾ ਹੋ ਜਾਂਦਾ ਹੈ। ਚੱਲਦੀਆਂ ਬੱਸਾਂ, ਗੱਡੀਆਂ, ਕਾਰਾਂ, ਐਂਬੂਲੈਂਸ ਸਭ ਖਲੋ ਜਾਂਦੇ ਹਨ। ਇੱਥੋਂ ਤੱਕ ਕਿ ਭੱਜਦਾ ਹੋਇਆ ਚੋਰ ਤੇ ਪੁਲਿਸ ਵੀ ਉਸ ਸਮੇਂ ਪੱਥਰ ਦੀ ਸਿੱਲ ਵਾਂਗ ਸੁੰਨ ਹੋ ਕੇ ਖੜ੍ਹੇ ਦਿਸਦੇ ਹਨ। ਜੇ ਇਜ਼ਰਾਈਲ ਦਾ ਹਿੱਸਾ ਮਿਨਣਾ ਹੋਵੇ ਤਾਂ ਪੂਰੇ ਭਾਰਤ ਵਿੱਚ 146 ਇਜ਼ਰਾਈਲ ਟਿਕ ਸਕਦੇ ਹਨ ਤੇ ਇਕੱਲੇ ਮੌਜੂਦਾ ਭਾਰਤੀ ਪੰਜਾਬ ਵਿੱਚ ਦੋ ਇਜ਼ਰਾਈਲ ਸਮੋ ਸਕਦੇ ਹਨ।
ਪੰਜਾਬ ਦੀ ਇੱਕ ਬੰਦੇ ਦੀ ਔਸਤਨ ਜੀ.ਡੀ.ਪੀ. ਵੇਖਣੀ ਹੋਵੇ ਤਾਂ ਦੋ ਲੱਖ 14 ਹਜ਼ਾਰ 600 ਰੁਪੈ ਹੈ ਪਰ ਇਜ਼ਰਾਈਲ, ਜੋ ਪੰਜਾਬ ਤੋਂ ਅੱਧੇ ਇਲਾਕੇ ਵਿੱਚ ਵੱਸਿਆ ਹੈ, ਓਥੇ ਹਰ ਬੰਦੇ ਦੀ ਔਸਤਨ ਜੀ.ਡੀ.ਪੀ. 31 ਕਰੋੜ 38 ਲੱਖ ਰੁਪੈ ਦੇ ਨੇੜੇ ਤੇੜੇ ਹੈ। ਇਸੇ ਤੋਂ ਸਮਝ ਆ ਜਾਂਦੀ ਹੈ ਕਿ ਕਿਵੇਂ ਉਹ ਮੁਲਕ ਤਰੱਕੀ ਕਰ ਰਿਹਾ ਹੈ ਤੇ ਆਪਣੇ ਹਰ ਬੰਦੇ ਦਾ ਕਿੰਨਾ ਖ਼ਿਆਲ ਰੱਖ ਰਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਦੁਨੀਆ ਦੇ ਕਈ ਵੱਡੇ ਮੁਲਕਾਂ ਵਿੱਚ ਯਹੂਦੀ ਚੋਟੀ ਦੇ ਵਪਾਰੀ ਤੇ ਸਿਆਸਤਦਾਨ ਬਣੇ ਹੋਏ ਹਨ ਪਰ ਇਜ਼ਰਾਈਲ ਪ੍ਰਤੀ ਉਨ੍ਹਾਂ ਦਾ ਮੋਹ ਲੁਕਾਏ ਨਹੀਂ ਲੁਕਦਾ। ਅਮਰੀਕਾ; ਆਪਣੇ ਯਹੂਦੀ ਸਿਆਸਤਦਾਨਾਂ ਸਦਕਾ ਇਜ਼ਰਾਈਲ ਦੀ ਮਦਦ ਕਰਦਾ ਰਹਿੰਦਾ ਹੈ।
ਧਿਆਨ ਕਰੀਏ ਤਾਂ ਹਜ਼ਾਰਾਂ ਸਾਲਾਂ ਦੀ ਲਗਾਤਾਰ ਮਿਹਨਤ ਸਦਕਾ ਹੀ ਇਜ਼ਰਾਈਲ ਵਸ ਸਕਿਆ ਕਿਉਂਕਿ ਦੁਨੀਆਭਰ ਵਿੱਚ ਖਿਲਰੇ ਇਜ਼ਰਾਈਲੀਆਂ ਨੇ ਆਪਣੇ ਮਨਾਂ ਅੰਦਰ ਲੱਗੀ ਅੱਗ ਨੂੰ ਬੁਝਣ ਨਹੀਂ ਦਿੱਤਾ। ਇਹ ਨਹੀਂ ਹੈ ਕਿ ਉੱਥੇ ਬੇਈਮਾਨ, ਰਿਸ਼ਵਤਖੋਰ ਜਾਂ ਭ੍ਰਿਸ਼ਟ ਲੋਕ ਨਹੀਂ ਹਨ ਪਰ ਗੱਲ ਇਹ ਹੈ ਕਿ ਆਪਣੇ ਮੁਲਕ ਲਈ ਸਭ ਮਰ ਮਿਟਣ ਨੂੰ ਤਿਆਰ ਹਨ। ਯੂਨਾਈਟਿਡ ਨੇਸ਼ਨਜ਼ ਅਨੁਸਾਰ ਇਜ਼ਰਾਈਲੀ ਲੋਕਾਂ ਦੀ ਹਿਊਮਨ ਡਿਵੈਲਪਮੈਂਟ ਇੰਡੈਕਸ ਦੁਨੀਆਭਰ ਵਿੱਚੋਂ 19ਵੇਂ ਨੰਬਰ (0.906) ਉੱਤੇ ਹੈ ਜੋ ਉੱਥੇ ਦੀ ਖ਼ੁਸ਼ਹਾਲੀ ਦਾ ਪ੍ਰਤੀਕ ਹੈ। ਦੂਜੇ ਪਾਸੇ ਪੰਜਾਬ ਦੀ ਸਿਰਫ਼ 0.569 ਹੈ !
ਏਨਾ ਕੁੱਝ ਜਾਣ ਲੈਣ ਤੋਂ ਬਾਅਦ ਥੋੜ੍ਹਾ ਪੰਜਾਬ ਬਾਰੇ ਝਾਤ ਮਾਰੀਏ। ਪਾਣੀ ਦਾ ਡਿੱਗਦਾ ਪੱਧਰ ਏਥੋਂ ਦੀ ਧਰਤੀ ਨੂੰ ਬੰਜਰ ਕਰਨ ਵੱਲ ਤੁਲਿਆ ਹੈ। ਪੂਰੀ ਦੁਨੀਆ ਸਮੇਤ ਭਾਰਤ ਦੇ ਬਥੇਰੇ ਹਿੱਸਿਆਂ ਜਿਵੇਂ ਹਰਿਆਣਾ, ਕਸ਼ਮੀਰ, ਰਾਜਸਥਾਨ ਹੌਲੀ-ਹੌਲੀ ਸਪਰਿੰਕਲਰ ਸਿਸਟਮ ਜਾਂ ਡਰਿੱਪ ਇਰੀਗੇਸ਼ਨ (ਛਿੜਕਾਓ ਪ੍ਰਣਾਲੀ ਜਾਂ ਫੁਹਾਰਾ ਸਿੰਚਾਈ) ਵੱਲ ਮੁੜ ਚੁੱਕਿਆ ਹੈ ਤਾਂ ਜੋ ਧਰਤੀ ਹੇਠਲਾ ਪਾਣੀ ਅਗਲੀਆਂ ਪੁਸ਼ਤਾਂ ਲਈ ਬਚਾਇਆ ਜਾ ਸਕੇ ਅਤੇ ਆਪਣੀ ਮਾਤ ਭੂਮੀ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪੰਜਾਬ ਵਿੱਚ ਬੋਰ ਲਾ-ਲਾ ਕੇ ਪੂਰੀ ਧਰਤੀ ਦਾ ਸੀਨਾ ਛਲਣੀ ਕੀਤਾ ਜਾ ਚੁੱਕਿਆ ਹੈ ਪਰ ਅਸੀਂ ਅਗਾਊਂ ਖ਼ਤਰੇ ਭਾਂਪ ਸਕਣ ਤੋਂ ਅਸਮਰੱਥ ਹੋ ਚੁੱਕੇ ਹਾਂ।
ਇਜ਼ਰਾਈਲ ਨੇ ਸਮਝਾ ਦਿੱਤਾ ਹੈ ਕਿ ਆਪਣੀ ਧਰਤੀ ਪ੍ਰਤੀ ਮੋਹ ਹੀ ਸਭ ਕੁੱਝ ਕਰਨ ਨੂੰ ਮਜਬੂਰ ਕਰਦਾ ਹੈ। ਉਨ੍ਹਾਂ ਫ਼ੈਸਲਾ ਲੈ ਲਿਆ ਹੈ ਕਿ ਉਹ ਫ਼ਸਲਾਂ ਬੀਜੀਆਂ ਜਾਣ ਜੋ ਘੱਟ ਪਾਣੀ ਮੰਗਦੀਆਂ ਹਨ ਤੇ ਜੇ ਪਾਣੀ ਚਾਹੀਦਾ ਹੈ ਤਾਂ ਜੜ੍ਹਾਂ ਵਿੱਚ ਬੂੰਦ-ਬੂੰਦ ਪਾ ਕੇ ਬੰਜਰ ਧਰਤੀ ਨੂੰ ਹਰਿਆ ਭਰਿਆ ਕੀਤਾ ਜਾਵੇ।
ਕਿਸਾਨੀ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਕੋਆਪਰੇਟਿਵ ਦੀਆਂ ਉਦਾਹਰਣਾਂ ਪੂਰੀ ਦੁਨੀਆ ਵਿੱਚ ਦਿੱਤੀਆਂ ਜਾ ਰਹੀਆਂ ਹਨ ਪਰ ਅਸੀਂ ਕਿਸਾਨਾਂ ਦਾ ਹੱਕ ਖੋਹ ਕੇ ਖ਼ੁਦਕੁਸ਼ੀਆਂ ਵੱਲ ਤੋਰ ਰਹੇ ਹਾਂ। ਹਰ ਘਰ ਰੁਜ਼ਗਾਰ ਨੇ ਇਜ਼ਰਾਈਲ ਨੂੰ ਦੁਨੀਆ ਦੇ ਨਕਸ਼ੇ ਉੱਤੇ ਵੱਖ ਚਮਕਾ ਦਿੱਤਾ ਹੈ ਪਰ ਅਸੀਂ ਫੈਕਟਰੀਆਂ ਬੰਦ ਕਰਨ ਉੱਤੇ ਤੁਲੇ ਪਏ ਹਾਂ।
ਪੰਜਾਬ ਵਿਚਲੇ ਆਖ਼ਿਰ ਕਿੰਨੇ ਕੁ ਸਿਆਸਤਦਾਨਾਂ ਤੇ ਬਾਬੂਆਂ ਦੇ ਬੱਚੇ ਫ਼ੌਜ ਵਿੱਚ ਕੰਮ ਕਰ ਰਹੇ ਹਨ ? ਕਿੰਨੇ ਅਫ਼ਸਰਾਂ ਅਤੇ ਸਿਆਸਤਦਾਨਾਂ ਦੇ ਬੱਚੇ ਹਮੇਸ਼ਾ ਲਈ ਇਹ ਧਰਤੀ ਛੱਡ ਕੇ ਦੂਜੇ ਮੁਲਕਾਂ ਦਾ ਹਿੱਸਾ ਬਣ ਚੁੱਕੇ ਹਨ ? ਪੰਜਾਬ ਲਈ ਮਰ ਮਿਟਣ ਵਾਲੇ ਕਿੰਨੇ ਕੁ ਪੰਜਾਬੀ ਬਚੇ ਹਨ ? ਕਿੰਨੇ ਘਰ ਨਸ਼ਿਆਂ ਕਾਰਨ ਖ਼ਤਮ ਹੋ ਚੁੱਕੇ ਹਨ ?
ਪੰਜਾਬ ਨੂੰ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਮੰਨਦਿਆਂ ਕਿੰਨੇ ਕੁ ਜਣੇ ਇਸ ਦੀ ਹਵਾ ਪ੍ਰਦੂਸ਼ਣ ਰਹਿਤ ਰੱਖਣ ਵਿੱਚ ਯਤਨਸ਼ੀਲ ਹਨ ? ਕਿੰਨੇ ਜਣੇ ਇਸ ਧਰਤੀ ਦੇ ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਚਿੰਤਿਤ ਹਨ ? ਇਸ ਥਾਂ ਵੱਸਦੇ ਨੌਜਵਾਨਾਂ ਵਿੱਚੋਂ ਕਿੰਨਿਆਂ ਨੂੰ ਆਪਣੇ ਮਾਣ ਮੱਤੇ ਇਹਿਤਾਸ ਬਾਰੇ ਪੂਰੀ ਜਾਣਕਾਰੀ ਹੈ ਤੇ ਕਿੰਨਿਆਂ ਦੇ ਮਨਾਂ ਅੰਦਰ ਇਸ ਧਰਤੀ ਦੀ ਸੇਵਾ ਕਰਨ ਲਈ ਉਬਾਲ ਉੱਠਿਆ ਹੈ ਕਿ ਉਹ ਆਈਲੈਟਸ ਪਾਸ ਕਰਨ ਦੀ ਥਾਂ ਪੰਜਾਬ ਨੂੰ ਬਿਹਤਰ ਬਣਾਉਣ ਦਾ ਜ਼ਰੀਆ ਬਣਨਾ ਚਾਹੁੰਦੇ ਹੋਣ ?
ਦੇਸ ਪ੍ਰੇਮ ਦਾ ਜਜ਼ਬਾ ਜਾਂ ਪੰਜਾਬ ਲਈ ਮਰ ਮਿਟਣ ਦਾ ਸੁਫ਼ਨਾ ਕਿੰਨੇ ਨੌਜਵਾਨਾਂ ਵਿੱਚ ਹੈ ? ਕੀ ਮਾਂ-ਬੋਲੀ ਪੰਜਾਬੀ ਪੜ੍ਹਾਉਣ ਲਈ ਮਾਪੇ ਸਕੂਲ ਵਾਲਿਆਂ ਉੱਤੇ ਜ਼ੋਰ ਪਾ ਰਹੇ ਹਨ ਜਾਂ ਅੰਗਰੇਜ਼ੀ ਮੀਡੀਅਮ ਪਿੱਛੇ ਝੱਲੇ ਹੋਏ ਪਏ ਹਨ ? ਜੇ ਇਨ੍ਹਾਂ ਸਾਰਿਆਂ ਸਵਾਲਾਂ ਦੇ ਜਵਾਬ ਠੋਕ ਕੇ ‘ਹਾਂ’ ਕਹਿਣ ਵੱਲ ਨਹੀਂ ਹਨ ਤਾਂ ਪੰਜਾਬ ਕਦੇ ਵੀ ਤਰੱਕੀ ਵੱਲ ਮੋੜਾ ਨਹੀਂ ਪਾ ਸਕਦਾ। ਪੰਜਾਬ ਨੂੰ ਇਜ਼ਰਾਈਲ ਵਾਂਗ ਬਣਾਉਣ ਲਈ ਸਭ ਤੋਂ ਪਹਿਲਾਂ ਘਰ ਦੇ ਬਜ਼ੁਰਗਾਂ ਨੂੰ ਆਪਣਾ ਰੋਲ ਸਮਝ ਕੇ ਪੋਤਰੇ, ਦੋਹਤਰਿਆਂ ਨੂੰ ਮਾਂ-ਬੋਲੀ ਵਿੱਚ ਸਾਰਾ ਮਾਣਮੱਤਾ ਇਤਿਹਾਸ ਪੜ੍ਹਾਉਣਾ ਸ਼ੁਰੂ ਕਰਨਾ ਪੈਣਾ ਹੈ। ਮਾਂ-ਬੋਲੀ ਰਾਹੀਂ ਸ਼ਹੀਦਾਂ ਦੀ ਪੀੜ ਸਮਝ ਕੇ ਨੌਜਵਾਨਾਂ ਦਾ ਇਸ ਧਰਤੀ ਨਾਲ ਮੋਹ ਜਾਗੇਗਾ।
ਇਜ਼ਰਾਈਲ ਵਿੱਚ ਸਮੁੰਦਰੀ ਪਾਣੀ ਵਿੱਚੋਂ ਲੂਣ ਕੱਢ ਕੇ ਵਰਤਣ ਯੋਗ ਬਣਾ ਕੇ ਦੁਬਾਰਾ ਵਰਤੋਂ ਵਿੱਚ ਲਿਆਇਆ ਜਾ ਰਿਹਾ ਹੈ। ਘਰਾਂ ਵਿਚਲਾ 80 ਫੀਸਦੀ ਪਾਣੀ ਦੁਬਾਰਾ ਫੈਕਟਰੀਆਂ ਤੇ ਖੇਤਾਂ ਵਿੱਚ ਵਰਤਿਆ ਜਾ ਰਿਹਾ ਹੈ। ਜ਼ਿਆਦਾਤਰ ਇਜ਼ਰਾਈਲ ਵਿੱਚ ਕਣਕ, ਫੁੱਲ, ਮੂੰਗਫਲੀ, ਹਰ ਤਰ੍ਹਾਂ ਦੇ ਫਲ਼, ਨਿੰਬੂ, ਆਲੂ, ਗਾਜਰਾਂ, ਮਿਰਚਾਂ ਆਦਿ ਹੀ ਉਗਾਏ ਜਾ ਰਹੇ ਹਨ।
ਕੁਦਰਤੀ ਖੇਤੀ ਦੇ ਨਾਲ ਉਹ ਸਾਰੀਆਂ ਫ਼ਸਲਾਂ ਦੀ ਅਦਲਾ ਬਦਲੀ ਕਰਦੇ ਰਹਿੰਦੇ ਹਨ ਤਾਂ ਜੋ ਧਰਤੀ ਵਿਚਲੇ ਜ਼ਰੂਰੀ ਕਣਾਂ ਦੀ ਘਾਟ ਨਾ ਹੋ ਜਾਵੇ। ਫ਼ਸਲਾਂ ਦਾ ਬਚਿਆ ਖੁਚਿਆ ਹਿੱਸਾ ਜਾਨਵਰਾਂ ਨੂੰ ਪਾ ਦਿੰਦੇ ਹਨ। ਇੰਜ ਸਭ ਕੁੱਝ ਕੁਦਰਤ ਵਿੱਚ ਹੀ ਰਚ ਮਿਚ ਜਾਂਦਾ ਹੈ।
ਇਜ਼ਰਾਈਲ ਦੇ ਅੰਗੂਰ, ਖਜੂਰਾਂ, ਬਾਜਰਾ, ਅੰਜੀਰ, ਓਲਿਵ ਤੇ ਅਨਾਰ ਅੱਜ ਦੁਨੀਆਭਰ ਵਿੱਚ ਮਸ਼ਹੂਰ ਹਨ। ਇਸ ਵੇਲੇ ਉਹ ਹਾਈਬਰਿਡ ਬੀਜ ਵਰਤ ਰਹੇ ਹਨ, ਜਿਨ੍ਹਾਂ ਨਾਲ ਕਿਸਾਨਾਂ ਦੀ ਫ਼ਸਲ ਭਰਪੂਰ ਹੋ ਰਹੀ ਹੈ। ਕੀਟਨਾਸ਼ਕਾਂ ਦੀ ਵਰਤੋਂ, ਨਾ ਬਰਾਬਰ ਹੈ। ਹੁਣ ਉੱਥੇ ਖੇਤਾਂ ਵਿੱਚ ਰੋਬੋਟ ਜ਼ਿਆਦਾ ਕੰਮ ਕਰ ਰਹੇ ਹਨ, ਜਿਹੜੇ ਫ਼ਸਲ ਦਾ ਤਾਪਮਾਨ ਤੇ ਨਮੀ ਚੈੱਕ ਕਰ ਕੇ ਹਿਸਾਬ ਸਿਰ ਪਾਣੀ ਲਾਉਂਦੇ ਹਨ। ਤਕਨੀਕੀ ਗਿਆਨ ਨੂੰ ਖੇਤੀ ਵਿਗਿਆਨ ਨਾਲ ਜੋੜ ਕੇ ਇਜ਼ਰਾਈਲ ਨੇ ਖੇਤੀ ਕ੍ਰਾਂਤੀ ਲਿਆ ਦਿੱਤੀ ਹੈ। ਇਹੀ ਕਾਰਨ ਹੈ ਕਿ ਅੱਧੇ ਤੋਂ ਵੱਧ ਮੁਲਕ ਦੇ ਰੇਗਿਸਤਾਨ ਹੋਣ ਦੇ ਬਾਵਜੂਦ ਇਜ਼ਰਾਈਲ ਹੁਣ ਦੁਨੀਆਭਰ ਵਿੱਚ ਆਪਣੇ ਮੁਲਕ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਵਾਧੂ ਚੀਜ਼ਾਂ ਐਕਸਪੋਰਟ ਕਰਨ (ਵੇਚਣ) ਲੱਗ ਪਿਆ ਹੈ।
ਪੰਜਾਬ ਵਿੱਚ ਖੇਤੀਬਾੜੀ ’ਚ ਤਬਦੀਲੀ ਲਿਆਉਣ ਬਾਰੇ ਕੋਈ ਗੰਭੀਰ ਨਹੀਂ ਜਾਪਦਾ। ਇਹੀ ਕਾਰਨ ਹੈ ਕਿ ਖ਼ੁਦਕੁਸ਼ੀਆਂ ਦੇ ਰਾਹ ਪਏ ਕਿਸਾਨ ਆਪਣੀਆਂ ਜ਼ਮੀਨਾਂ ਵੇਚ ਕੇ ਪੰਜਾਬੋਂ ਬਾਹਰ ਜਾਣ ਨੂੰ ਕਾਹਲੇ ਪਏ ਹੋਏ ਹਨ। ਸਰਕਾਰਾਂ ਵੱਲੋਂ ਵੀ ਪਰਵਾਸ ਨੂੰ ਉਤਸਾਹਿਤ ਕਰਨ ਦਾ ਮਤਲਬ ਹੈ ਕਿ ਪੰਜਾਬ ਦੇ ਸਿੱਖਿਅਤ, ਹੁਨਰਮੰਦ, ਮਿਹਨਤੀ ਤੇ ਸਿਹਤਮੰਦ ਨੌਜਵਾਨ ਸਸਤੀ ਕਿਰਤ ਕਰਨ ਲਈ ਵਿਦੇਸਾਂ ਵਿੱਚ ਜਜ਼ਬ ਹੋ ਜਾਣਗੇ ਅਤੇ ਪੰਜਾਬ ਦਾ ਬੌਧਿਕ ਵਿਕਾਸ ਰੁਕ ਜਾਵੇਗਾ। ਇਸ ਦੇ ਨਾਲ ਅੰਤਾਂ ਦਾ ਪੰਜਾਬ ਦਾ ਧਨ ਵਿਦੇਸਾਂ ਵੱਲ ਰੁੜ੍ਹਦਾ ਜਾ ਰਿਹਾ ਹੈ ਜੋ ਪੰਜਾਬ ਨੂੰ ਖੋਖਲਾ ਕਰ ਰਿਹਾ ਹੈ। ਕੀ ਇਸ ਨਾਲ ਨੌਜਵਾਨ ਪੰਜਾਬੀਆਂ ਦਾ ਪੂਰਾ ਧਿਆਨ ਵਿਦੇਸਾਂ ਵਿੱਚ ਨਿਜ ਕੇ ਵਿਕਾਸ ਵੱਲ ਨਹੀਂ ਹੋ ਜਾਵੇਗਾ ? ਭਲਾ ਫਿਰ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਸਾਂਭਣ ਜਾਂ ਅਣਖ ਭਰਪੂਰ ਜ਼ਿੰਦਗੀ ਜੀਊਣ ਦੇ ਸੁਫਨੇ ਕਿਵੇਂ ਜਿਊਂਦੇ ਰੱਖੇ ਜਾ ਸਕਦੇ ਹਨ ?
ਨਾ ਖੇਤੀਬਾੜੀ, ਨਾ ਫੈਕਟਰੀਆਂ, ਨਾ ਨੌਕਰੀਆਂ, ਨਾ ਪੜ੍ਹਾਈ, ਨਾ ਦੇਸ਼ ਪ੍ਰੇਮ ਦਾ ਜਜ਼ਬਾ, ਨਾ ਜ਼ਬਾਨ ਨਾਲ ਸਾਂਝ ਤੇ ਨਾ ਹੀ ਇਤਿਹਾਸ ਨਾਲ ਡੂੰਘੀ ਜਾਣ ਪਛਾਣ, ਤਾਂ ਫਿਰ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਕੀ ਬਣੇਗਾ ? ਜੇ ਚੇਤੇ ਹੋਵੇ ਤਾਂ ਇਹੋ ਕੁੱਝ ਪਾਰਸੀਆਂ ਨਾਲ ਹੋਇਆ ਸੀ। ਈਰਾਨ ’ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਉਨ੍ਹਾਂ ਕੋਲ ਆਪਣੀ ਕੋਈ ਥਾਂ ਨਹੀਂ ਸੀ ਬਚੀ। ਸਮੁੰਦਰ ਵਿੱਚ ਧੱਕੇ ਖਾਂਦਿਆਂ ਨੂੰ ਭਾਰਤ ਨੇ ਰਹਿਣ ਲਈ ਥਾਂ ਦਿੱਤੀ। ਇਨ੍ਹਾਂ ਵਿੱਚ ਰਤਨ ਟਾਟਾ ਅਤੇ ਸੈਮ ਮਾਨਿਕ ਸ਼ਾਅ ਵਰਗੇ ਦਿੱਗਜਾਂ ਦਾ ਨਾਂ ਸ਼ਾਮਲ ਹੈ। ਜਿਨ੍ਹਾਂ ਨੇ ਭਾਰਤ ਦਾ ਕਰਜ਼ਾ ਲਾਹ ਦਿੱਤਾ ਪਰ ਹੌਲੀ-ਹੌਲੀ ਆਪ ਖ਼ਤਮ ਹੋਣ ਦੇ ਕਗਾਰ ਉੱਤੇ ਪਹੁੰਚ ਚੁੱਕੇ ਹਨ। ਹੁਣ ਪੰਜਾਬੀ ਆਪ ਹੀ ਫ਼ੈਸਲਾ ਕਰਨ ਕਿ ਉਨ੍ਹਾਂ ਨੇ ਹੋਰਨਾਂ ਮੁਲਕਾਂ ਵਿੱਚ ਗੁੰਮ ਹੋ ਕੇ ਇੰਜ ਹੀ ਖ਼ਤਮ ਹੋ ਜਾਣਾ ਹੈ ਜਾਂ ਪੰਜਾਬ ਦੀ ਧਰਤੀ ਨੂੰ ਖ਼ੁਸ਼ਹਾਲ ਬਣਾ ਕੇ, ਪੰਜਾਬੀ ਜ਼ਬਾਨ ਦਾ ਰਹਿਬਰ ਬਣ ਪੰਜਾਬ ਨੂੰ ਮੁੜ ਲੀਹਾਂ ਉੱਤੇ ਲੈ ਕੇ ਆਉਣਾ ਹੈ ?
ਸਭ ਤੋਂ ਪਹਿਲਾ ਕੰਮ ਹੈ ਪੰਜਾਬੀ ਜ਼ਬਾਨ ਵਿੱਚ ਜਾਨ ਪਾਉਣੀ। ਇਸ ਵਾਸਤੇ ਮਾਪਿਆਂ ਵੱਲੋਂ ਪੰਜਾਬੀ ਜ਼ਬਾਨ ਪੜ੍ਹਾਉਣ ਉੱਤੇ ਜ਼ੋਰ ਦੇਣਾ ਪਵੇਗਾ ! ਫਿਰ ਪੰਜਾਬ ਦਾ ਇਤਿਹਾਸ ਸਾਂਭ ਕੇ ਉਜਾਗਰ ਕਰਨਾ ਪੈਣਾ ਹੈ। ਖੇਤੀਬਾੜੀ ਵਿੱਚ ਤਬਦੀਲੀ, ਸਿਆਸੀ ਖੋਰਾ ਘਟਾਉਣਾ, ਪੰਜਾਬੀਪੁਣਾ ਸਾਂਭਣਾ ਅਤੇ ਵਿਦਿਆ ਉੱਤੇ ਜ਼ੋਰ ਪਾ ਕੇ ਸਵੈ-ਰੁਜ਼ਗਾਰ ਪੈਦਾ ਕਰਨ ਦੇ ਢੰਗ ਸਿਖਾਉਣ ਦੀ ਲੋੜ ਹੈ, ਪਰ ਇਹ ਸਭ ਤਾਂ ਹੀ ਸੰਭਵ ਹੋਵੇਗਾ ਜੇ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਾਹਰ ਦਾ ਰਾਹ ਵਿਖਾਇਆ ਜਾਵੇ, ਨਸ਼ੇ ਦੇ ਵਪਾਰੀਆਂ ਉੱਤੇ ਤਕੜੀ ਰੋਕ ਲੱਗੇ, ਪੰਜਾਬੀ ਗਭਰੂ ਸਿਹਤਮੰਦ ਹੋਣ ਵਾਲੇ ਰਾਹ ਤੁਰਨ ਅਤੇ ਪੰਜਾਬ ਲਈ ਮਰ ਮਿਟਣ ਵਾਸਤੇ ਤਿਆਰ-ਬਰ-ਤਿਆਰ ਰਹਿਣ।
ਇਨਸਾਨੀਅਤ ਲਈ ਕਿਰਤ ਦਾ ਮਹੱਤਵ
ਇਨਸਾਨੀਅਤ ਲਈ ਕਿਰਤ ਦਾ ਮਹੱਤਵ
ਵਾਇਸ ਪ੍ਰਿੰਸੀਪਲ ਮਨਿੰਦਰ ਪਾਲ ਸਿੰਘ-94175-86121
ਸਿੱਖੀ ਦੇ ਤਿੰਨ ਮੁੱਢਲੇ ਨਿਯਮਾਂ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਵਿੱਚ ਕਿਰਤ ਕਰਨਾ ਵੀ ਸ਼ਾਮਲ ਹੈ। ਮਨੁੱਖ ਦਾ ਮੁੱਖ ਨਿਸ਼ਾਨਾ ‘‘ਅਵਰਿ ਕਾਜ, ਤੇਰੈ ਕਿਤੈ ਨ ਕਾਮ ॥ ਮਿਲੁ ਸਾਧ ਸੰਗਤਿ; ਭਜੁ ਕੇਵਲ ਨਾਮ ॥’’ (ਸੋ ਪੁਰਖੁ ਆਸਾ, ਮਹਲਾ ੫, ਪੰਨਾ ੧੨) ਅਨੁਸਾਰ ਨਾਮ ਜਪਣਾ ਹੀ ਹੈ, ਪਰ ‘‘ਨਾਨਕ ! ਸੋ ਪ੍ਰਭੁ ਸਿਮਰੀਐ; ਤਿਸੁ ਦੇਹੀ ਕਉ ਪਾਲਿ ॥’’ (ਮਹਲਾ ੫, ਪੰਨਾ ੫੫੪) ਦਾ ਉਪਦੇਸ਼ ਇਹ ਚਾਨਣ ਬਖ਼ਸ਼ਦਾ ਹੈ ਕਿ ਨਾਮ ਜਪਣ ਲਈ ਸਰੀਰ ਦਾ ਕਾਇਮ ਹੋਣਾ ਵੀ ਜ਼ਰੂਰੀ ਹੈ। ਸਰੀਰ ਦੀਆਂ ਤਿੰਨ ਮੁੱਢਲੀਆਂ ਲੋੜਾਂ ਹੁੰਦੀਆਂ ਹਨ ‘ਕੁੱਲੀ, ਗੁੱਲੀ ਤੇ ਜੁੱਲੀ’, ਇਨ੍ਹਾਂ ਦੀ ਪ੍ਰਾਪਤੀ ਲਈ ਕਿਰਤ ਕਰਨੀ ਬੇਹੱਦ ਜ਼ਰੂਰੀ ਹੈ। ਗੁਰਮਤਿ ਇਹ ਸਿੱਖਿਆ ਦੇਂਦੀ ਹੈ ਕਿ ਹੇ ਬੰਦਿਆ ! ਤੂੰ ਰੱਜ ਕੇ ਮਿਹਨਤ ਕਰ, ਤਾਂ ਕਿ ਤੂੰ ਆਪਣਾ ਗੁਜ਼ਰਾਨ ਕਰਨ ਦੇ ਨਾਲ-ਨਾਲ ਲੋੜਵੰਦਾਂ ਦੀ ਵੀ ਸਹਾਇਤਾ ਕਰ ਸਕੇਂ। ਪਾਵਨ ਬਚਨ ਹਨ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਮਹਲਾ ੧, ਪੰਨਾ ੧੨੪੫) ਗੁਰਮਤਿ ਜੀਵਨ ਦਾ ਸਹੀ ਮਾਰਗ ਦੱਸਦੀ ਹੈ ‘‘ਉਦਮੁ ਕਰੇਦਿਆ ਜੀਉ ਤੂੰ; ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ; ਨਾਨਕ ! ਉਤਰੀ ਚਿੰਤ ॥’’ (ਮਹਲਾ ੫, ਪੰਨਾ ੫੨੨)
ਕਿਰਤ ਵੀ; ਸੁਕਿਰਤ ਹੋਣੀ ਚਾਹੀਦੀ ਹੈ। ਇਤਿਹਾਸ ਗਵਾਹ ਹੈ ਕਿ ਗੁਰੂ ਜੀ ਨੇ ਧਰਮ ਦੀ ਕਿਰਤ ਨੂੰ ਹੀ ਮਾਨਤਾ ਦਿੱਤੀ ਹੈ। ਐਮਨਾਬਾਦ ਵਿਖੇ ਮਲਕ ਭਾਗੋ ਦੇ ਪਕਵਾਨਾ ਨੂੰ ਠੁਕਰਾ ਕੇ ਭਾਈ ਲਾਲੋ ਜੀ ਦੀ ਕੋਧਰੇ ਦੀ ਰੋਟੀ ਖਾਣੀ ਸੱਚੀ-ਸੁੱਚੀ ਕਿਰਤ ਸਮੇਤ ਇੱਕ ਕਿਰਤੀ ਨੂੰ ਮਾਣ ਬਖ਼ਸ਼ਣਾ ਹੈ। ਗੁਰਮਤਿ ਤਾਂ ਕਿਰਤ ਵਿੱਚੋਂ ਧਰਮ ਪੈਦਾ ਕਰਨ ਦੀ ਜਾਚ ਸਿਖਾਉਂਦੀ ਹੈ ਅਤੇ ਉਨ੍ਹਾਂ ਦਾ ਵਿਰੋਧ ਕਰਦੀ ਹੈ, ਜੋ ਧਰਮ ਨੂੰ ਕਿਰਤ ਬਣਾ ਲੈਂਦੇ ਹਨ। ਵਿਹਲੜ ਤੇ ਮਖੱਟੂ ਲਈ ਗੁਰਮਤਿ ਵਿੱਚ ਕੋਈ ਥਾਂ ਨਹੀਂ ਭਾਵੇਂ ਉਸ ਦਾ ਪਹਿਰਾਵਾ ਧਾਰਮਿਕ ਹੀ ਕਿਉਂ ਨਾ ਹੋਵੇ। ਪਾਵਨ ਬਚਨ ਹਨ ‘‘ਗਿਆਨ ਵਿਹੂਣਾ; ਗਾਵੈ ਗੀਤ ॥ ਭੁਖੇ ਮੁਲਾਂ; ਘਰੇ ਮਸੀਤਿ ॥ ਮਖਟੂ ਹੋਇ ਕੈ; ਕੰਨ ਪੜਾਏ ॥ ਫਕਰੁ ਕਰੇ; ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ; ਮੰਗਣ ਜਾਇ ॥ ਤਾ ਕੈ ਮੂਲਿ ਨ; ਲਗੀਐ ਪਾਇ ॥’’ (ਮਹਲਾ ੧, ਪੰਨਾ ੧੨੪੫) ਇਨ੍ਹਾਂ ’ਚ ਨਾਮ ਜਪਣ ਤੇ ਚੰਗੀ ਕਿਰਤ ਕਰਨ ਦਾ ਹੀ ਉਪਦੇਸ਼ ਹੈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਜੀਵ ! ਨਰਕ (ਵਿਕਾਰਾਂ) ਤੋਂ ਬਚਣ ਦਾ ਇਹੀ ਇੱਕ ਢੰਗ ਹੈ ਕਿ ਸੁਕਿਰਤ ਕੀਤੀ ਜਾਏ ਅਤੇ ਰੱਬ ਦਾ ਨਾਮ ਜਪਿਆ ਜਾਏ ‘‘ਸੁ ਕ੍ਰਿਤੁ ਕੀਜੈ, ਨਾਮੁ ਲੀਜੈ; ਨਰਕਿ ਮੂਲਿ ਨ ਜਾਈਐ ॥’’ (ਮਹਲਾ ੫, ਪੰਨਾ ੪੬੧)
ਕਿਰਤ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ, ਖੇਤੀ ਕਰਨੀ, ਮਜ਼ਦੂਰੀ ਕਰਨੀ, ਕੱਪੜੇ ਬੁਣਨਾ, ਕੱਪੜੇ ਰੰਗਣਾ, ਦੁਕਾਨਦਾਰੀ ਕਰਨੀ, ਵਪਾਰ ਕਰਨਾ, ਆਦਿ। ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤਾਂ ਦੀ ਬਾਣੀ ਵੀ ਦਰਜ ਹੈ, ਜੋ ਵੱਖ-ਵੱਖ ਕਿਰਤ ਕਰਦੇ ਸਨ ਪਰ ਇੱਕ ਵਿਸ਼ੇਸ਼ਤਾ ਸਾਂਝੀ ਹੈ ਕਿ ਮਨ ਅੰਦਰ ਰੱਬੀ ਭੈ-ਅਦਬ ਹੋਣ ਕਾਰਨ ਧਰਮ ਦੀ ਕਿਰਤ ਕੀਤੀ ਗਈ ਹੈ।
ਸੋ ਸਪੱਸ਼ਟ ਹੈ ਕਿ ਜੀਵ; ਕੋਈ ਵੀ ਕਿਰਤ ਕਰੇ, ਪਰ ਅੰਦਰੋਂ ਉਹ ਸੱਚਾ-ਸੁੱਚਾ ਕਿਰਤੀ ਹੋਵੇ। ਪੁਰਾਤਨ ਜਨਮ ਸਾਖੀ ਅਨੁਸਾਰ ਸੁਲਤਾਨਪੁਰ ਵਿਖੇ ਮੋਦੀਖ਼ਾਨੇ ਦੀ ਕਾਰ ਸੰਭਾਲਦੇ ਹੋਏ ਗੁਰੂ ਨਾਨਕ ਪਾਤਸ਼ਾਹ ਨੇ ਧਰਮ ਦੀ ਕਿਰਤ ਸਿਖਲਾਂਦੇ ਹੋਏ ਆਖਿਆ ‘ਅਸੀਂ ਠੂੰਗਾਂ ਕਿਉਂ ਮਾਰੀਏ, ਆਪਣੀ ਆਤਮਾ ਉੱਤੇ ਵੱਟੇ ਪੱਥਰ ਬਣ ਕੇ ਆਤਮਾ ਨੂੰ ਡੋਬ ਦਿੰਦੇ ਹਨ। ਪਾਸਕੂ ਕਿਉਂ ਰੱਖੀਏ ? ਇਖਲਾਕ ਵਿੱਚ ਕਾਣ ਪੈ ਜਾਂਦੀ ਹੈ। ਕਣਕ ਉਸ ਸਿਰਜਣਹਾਰ ਦੀ ਹੈ, ਅਸੀਂ ਕਿਉਂ ਗਿਣਤੀਆਂ ਦੀ ਉਧੇੜ ਬੁਣ ਵਿੱਚ ਪਈਏ? ਸ਼ੱਕਰ ਉਸ ਕਰਤਾਰ ਦੀ ਹੈ, ਸ਼ੱਕਰ ਤੋਲ ਕੇ ਅਸੀਂ ਕਿਉਂ ਕੌੜੇ ਬਣੀਏ ? ਘਾਟਾ ਪੈਂਦਾ ਹੈ ਉਸ ਨਾਲੋਂ ਟੁੱਟ ਜਾਣ ਵਿੱਚ ਤੇ ਵਾਧਾ ਹੁੰਦਾ ਹੈ ਉਸ ਨਾਲ ਜੁੜ ਜਾਣ ਵਿੱਚ। ਉਸ ਦੀਆਂ ਦਿੱਤੀਆਂ ਦਾਤਾਂ ਨਹੀਂ ਨਿਖੁਟਦੀਆਂ, ਖਾਣ ਵਾਲੇ ਮੁੱਕ ਜਾਂਦੇ ਹਨ।’
ਜੋ ਲੋਕ ਸੱਚੀ ਸੁੱਚੀ ਕਿਰਤ ਕਰਨ ਦੀ ਥਾਂ ਦੂਜਿਆਂ ਦਾ ਹੱਕ ਖੋਹ ਕੇ ਆਪਣੀਆਂ ਤਜੌਰੀਆਂ ਭਰਦੇ ਹਨ, ਸਤਿਗੁਰੂ ਜੀ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਦੌਲਤ ਦੀ ਖ਼ਾਤਰ ਆਪਣੇ ਆਪ ਨੂੰ ਖ਼ਵਾਰ (ਬਰਬਾਦ) ਨਹੀਂ ਕਰਨਾ ਚਾਹੀਦਾ। ਯਾਦ ਰੱਖੋ ਜਿਸ ਦੌਲਤ ਲਈ ਤੁਸੀਂ ਪਾਪ ਕਮਾ ਰਹੇ ਹੋ, ਉਹ ਤੁਹਾਡੇ ਨਾਲ ਨਹੀਂ ਜਾਣੀ। ਫ਼ੁਰਮਾਨ ਹੈ ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ (ਮਹਲਾ ੧, ਪੰਨਾ ੪੧੭)
ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿੱਚ ਸੁਕਿਰਤ ਬਾਰੇ ਇਉਂ ਲਿਖਿਆ ਹੈ ‘ਖੇਤੀ ਵਣਜ ਵਾ ਸਿਲਪ ਬਨਾਵੇ॥ ਔਰ ਟਹਿਲ ਜੋ ਮਨ ਮੈ ਭਾਵੇ॥ ਦ੍ਰਿੜ ਹੋਇ, ਸੋਈ ਕਾਰ ਕਮਾਵੇ॥ ਚੋਰੀ ਡਾਕੇ ਕਬਹੂ ਨ ਜਾਵੇ॥’ ਭਾਵ ਕੋਈ ਕਿਰਤ ਮਨ੍ਹਾ ਨਹੀਂ। ਖੇਤੀ, ਵਪਾਰ, ਦਸਤਕਾਰੀ ਜਾਂ ਸੇਵਾ ਜੋ ਮਨ ਨੂੰ ਚੰਗੀ ਲੱਗੇ ਬੇਸ਼ੱਕ ਕਰੇ, ਦ੍ਰਿੜ੍ਹ ਹੋ ਕੇ ਅਣਖ ਨਾਲ ਕਰੇ, ਤਨਖ਼ਾਹ ਵਿੱਚ ਹੀ ਗੁਜਾਰਾ ਕਰੇ, ਰਿਸ਼ਵਤ ਨਹੀਂ ਲੈਣੀ। ਜੇ ਸਿਪਾਹੀਗਿਰੀ ਕਰੇ ਤਾਂ ਲੜਾਈ ਵਿੱਚ ਲੋੜ ਪੈਣ ’ਤੇ ਸੂਰਬੀਰਤਾ ਵਿਖਾਵੇ।
ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦੋਂ ਇਕ ਸਿੱਖ (ਭਾਈ ਬਹੋੜੇ) ਨੇ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਕਿ ਮੈਂ ਕਿਹੜੀ ਕਿਰਤ ਕਰਾਂ ? ਤਾਂ ਗੁਰੂ ਅਰਜਨ ਦੇਵ ਜੀ ਨੇ ਫ਼ੁਰਮਾਇਆ, ਕਿਰਤ ਕੋਈ ਵੀ ਕਰੋ ਜਿਸ ਨਾਲ ਜੀਵਨ ਦਾ ਨਿਰਬਾਹ ਹੋ ਸਕੇ। ਰੋਟੀ ਕਮਾਓ, ਪਰ ਕਪਟ ਰਹਿਤ ਹੋ ਕੇ, ਕਿਸੇ ਦੂਸਰੇ ਦਾ ਹੱਕ ਨਹੀਂ ਛੁਪਾਉਣਾ। ਆਪਣੀ ਕਮਾਈ ਵਿੱਚੋਂ ਜੋ ਪ੍ਰਭੂ ਹਿਤ ਵੰਡ ਕੇ ਛਕੇਗਾ ਉਸ ਦਾ ਮਨ ਨਿਰਮਲ ਹੋਵੇਗਾ। ਪਾਵਨ ਬਚਨ ਹਨ ‘ਸੁਨ ਗੁਰ ਕਹਯੋ ਕਿਰਤ ਕਰ ਸੋਈ॥ ਧਰਮ ਸਮੇਤ ਨਿਬਾਹਹੁ ਸੋਈ॥ ਕਪਟ ਬਿਹੀਨ ਜੀਵਕਾ ਕਰੇ॥ ਪਰ ਜੀ ਵਸਤੁ ਛੁਪਾਇ ਨ ਧਰੇ॥ ਤਿਸ ਮਹਿ ਬਾਂਟ ਪ੍ਰਭੂ ਹਿਤ ਖਾਵੇ॥ ਤਿਸ ਕੋ ਉਰ ਨਿਰਮਲ ਹੋਇ ਜਾਵੇ॥’
ਸਮੁੱਚਾ ਗੁਰੂ ਇਤਿਹਾਸ ਸੁਕਿਰਤ ਕਰਨ ਦੀ ਪ੍ਰੇਰਨਾ ਦੇਂਦਾ ਹੈ, ਇਸ ਵਿੱਚੋਂ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਦਾ ਜੀਵਨ ਮਨੁੱਖੀ ਹਿਰਦੇ ਨੂੰ ਬੜੀ ਧੂਹ ਪਾਉਂਦਾ ਹੈ। ਬਚਪਨ ਵਿੱਚ ਮਾਤਾ, ਪਿਤਾ ਜੀ ਚੜ੍ਹਾਈ ਕਰ ਗਏ, ਰਿਸ਼ਤੇਦਾਰਾਂ ਨੇ ਆਪਣੇ ਦਰਵਾਜ਼ੇ ਬੰਦ ਕਰ ਲਏ। ਬਹੁਤ ਛੋਟੀ ਉਮਰ ਹੈ, ਫਿਰ ਵੀ ਆਪਣਾ ਤੇ ਆਪਣੀ ਨਾਨੀ ਜੀ ਦਾ ਪੇਟ ਪਾਲਣ ਲਈ ਸਿਰ ’ਤੇ ਛਾਬੜੀ ਚੁੱਕ ਕੇ ਘੁੰਗਣੀਆਂ ਵੇਚਣ ਦੀ ਕਿਰਤ ਕੀਤੀ ਅਤੇ ਧਰਮ ਵੀ ਕਮਾਇਆ, ਜਦੋਂ ਇੱਕ ਫ਼ਕੀਰ ਨੇ ਆਪਣੀ ਕਈ ਦਿਨਾਂ ਦੀ ਭੁੱਖ ਮਿਟਾਉਣ ਲਈ ਇਨ੍ਹਾਂ ਅੱਗੇ ਆਪਣੀ ਝੋਲੀ ਅੱਡੀ ਤਾਂ ਸਤਿਗੁਰੂ ਜੀ ਨੇ ਆਪਣੀ ਸਾਰੀ ਛਾਬੜੀ ਹੀ ਉਸ ਦੀ ਝੋਲੀ ’ਚ ਉਲਟਾ ਦਿੱਤੀ, ਇਹ ਸੁਕਿਰਤ ਦੀ ਅਨੁਪਮ (ਉਪਮਾ ਰਹਿਤ) ਮਿਸਾਲ ਹੈ।
ਆਤਮ ਪ੍ਰਕਾਸ਼
4. ਆਤਮ ਪ੍ਰਕਾਸ਼
ਗਿਆਨੀ ਅਵਤਾਰ ਸਿੰਘ
ਹਰ ਬੰਦੇ ਦੀ ਮਾਨਤਾ ਉਸ ਲਈ ਇੱਕ ਧਰਮ ਹੁੰਦਾ ਹੈ। ਵੈਸੇ ਦੁਨੀਆ ’ਚ 300 ਤੋਂ ਵੱਧ ਧਰਮ; ਗਿਣਤੀ ਕੀਤੇ ਗਏ। ਇਨ੍ਹਾਂ ’ਚੋਂ ਪ੍ਰਾਚੀਨਤਾ ਪੱਖੋਂ ਕ੍ਰਮਵਾਰ ਇਹ 12 ਪ੍ਰਮੁੱਖ ਹਨ : ‘ਹਿੰਦੂ, ਜੈਨੀ, ਯਹੂਦੀ, ਪੇਗਨ, ਵੂਡੋ, ਪਾਰਸੀ, ਜੇਨ (ਇਹ ‘ਜੈਨ’ ਨਹੀਂ ਹੈ), ਬੌਧੀ, ਸਿੰਤੋ, ਈਸਾਈ, ਇਸਲਾਮ ਅਤੇ ਸਿੱਖ’। ਸਿੱਖ ਧਰਮ ਤੋਂ ਬਗ਼ੈਰ ਬਾਕੀ ਇਹ 11 ਪ੍ਰਮੁੱਖ ਧਰਮ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ‘ਜਾਦੂ-ਟੂਣੇ, ਕਰਮਕਾਂਡ ਅਤੇ ਦੇਵਤਿਆਂ-ਪੈਗ਼ੰਬਰਾਂ ਦੇ ਅਸਤਿੱਤਵ’ ’ਤੇ ਨਿਰਭਰ ਹਨ ਬਾਕੀ 288 ਧਰਮਾਂ ਤੋਂ ਕਾਹਦੀ ਉਮੀਦ ਰੱਖੀ ਜਾ ਸਕਦੀ ਹੈ। ਇਨ੍ਹਾਂ ਸਭ ਦਾ ਇਸਟ (ਪੂਜ੍ਯ ਦੇਵ/ਰੱਬ) ਕਣ-ਕਣ ’ਚ ਵਿਆਪਕ ਜੋਤ ਸੂਰਪ ਨਹੀਂ; ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ’ਚ ਬਿਅਨ ਕੀਤਾ ਗਿਆ ਹੈ।
ਜਦ ਕਿਸੇ ਦਾ ਪੂਜ੍ਯ ਦੇਵ ਹੀ ਸਰਵ ਵਿਆਪਕ ਨਾ ਹੋਵੇ ਤਾਂ ਉਸ ਲਈ ਰੂਹਾਨੀਅਤ ਬਲ, ਚੇਤੰਨ ਸੱਤਾ ਜਾਂ ਆਤਮ ਪ੍ਰਕਾਸ ਦਾ ਮਤਲਬ ਵੀ ਉਹ ਨਹੀਂ ਹੋਏਗਾ, ਜੋ ਸਿੱਖ ਧਰਮ ’ਚ ਬਿਆਨ ਕੀਤਾ ਹੈ। ਹਰ ਬੰਦਾ ਆਪਣੇ-ਆਪਣੇ ਧਰਮ ਨੂੰ ਵਿਲੱਖਣ ਮੰਨ ਕੇ ਹੀ ਉਸ ਨਾਲ ਜੁੜਿਆ ਹੁੰਦਾ ਹੈ। ਸਿੱਖ ਵੀ ਆਪਣੇ ਧਰਮ ਨੂੰ ਵਿਲੱਖਣ ਮੰਨਦੇ ਹਨ ਭਾਵੇਂ ਕਿ ਇਸ ਵਿਲੱਖਣਤਾ ਨੂੰ ਬਹੁਤੇ ਸਿੱਖ ਬਿਆਨ ਨਾ ਕਰ ਸਕਣ।
ਕਿਸੇ ਧਰਮ ਦੀ ਵਿਲੱਖਣਤਾ; ਉਸ ਦੇ ਰਹਿਬਰ ਜਾਂ ਗੁਰੂ ਦੀ ਸੋਚ ’ਚੋਂ ਉਪਜਦੀ ਹੈ। ਜਿੰਨੀ ਗਹਿਰੀ ਅਤੇ ਉੱਚੀ ਸੋਚ ਹੋਏਗੀ ਓਨੀ ਹੀ ਵਿਲੱਖਣਤਾ ਹੋਵੇਗੀ। ਸਿੱਖ ਧਰਮ ਦੀ ਵਿਲੱਖਣਤਾ ਤੋਂ ਭਾਵ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਜਿਸ ਨੂੰ ਉਨ੍ਹਾਂ ਆਪ ਲਿਖਤੀ ਰੂਪ ਦਿੱਤਾ। ਪਿਛਲੇ ਲੇਖ (ਆਤਮਾ ਬਨਾਮ ਅੰਤਹਕਰਣ) ’ਚ ਗੁਰੂ ਨਾਨਕ ਜੀ ਦਾ ‘ਆਤਮ ਪ੍ਰਕਾਸ਼’ ਜਨਮ ਤੋਂ; ਵਿਚਾਰਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਜਗਤ ’ਚ ਰਹਿੰਦਿਆਂ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਹੈ।
ਗੁਰੂ ਨਾਨਕ ਸਾਹਿਬ ਜੀ ਦੇ ‘ਆਤਮ ਪ੍ਰਕਾਸ਼’ ਦੀ ਮਿਸਾਲ ‘ਜਪੁ’ ਬਾਣੀ ਹੈ, ਜੋ ਸਮੁੱਚੀ ਗੁਰਬਾਣੀ ਦਾ ਨਿਚੋੜ (ਸਾਰੰਸ਼) ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ ਦਰਜ ਹੈ। ‘ਜਪੁ’ ਬਾਣੀ ਦਾ ਵਿਸਥਾਰ ਹੀ ਸਮੁੱਚੀ ਗੁਰਬਾਣੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗੁਰੂ ਨਾਨਕ ਜੀ ਦੀ ਸੋਚ ਦੀ ਵਿਆਖਿਆ ਹੀ ਬਾਕੀ 34 ਬਾਣੀਕਾਰ ਕਰਦੇ ਹਨ। ਇਹ ਭੁਲੇਖਾ ਨਾ ਰਹੇ ਕਿ 15 ਭਗਤ; ਜੋ ਗੁਰੂ ਨਾਨਕ ਜੀ ਦੇ ਜਨਮ ਤੋਂ ਪਹਿਲਾਂ ਪੈਦਾ ਹੋਏ ਹਨ ਉਨ੍ਹਾਂ ਦੀ ਬਾਣੀ ਕਿਵੇਂ ਗੁਰੂ ਨਾਨਕ ਜੀ ਦੀ ਬਾਣੀ ਦੀ ਵਿਆਖਿਆ ਹੈ ? ਇਸ ਦਾ ਜਵਾਬ, ਗੁਰੂ ਅਰਜਨ ਸਾਹਿਬ ਜੀ ਦੇ 20 ਸਵੱਈਏ, 11 ਭੱਟ ਸਾਹਿਬਾਨ ਦੇ 123 ਸਵੱਈਏ ਅਤੇ ਸੱਤਾ-ਬਲਵੰਡ ਜੀ ਦੀ ਵਾਰ (2 ਸ਼ਬਦ) ਦੀ ਵਿਚਾਰ ਕੀਤਿਆਂ ਮਿਲ ਜਾਂਦਾ ਹੈ। ਇਨ੍ਹਾਂ 145 ਸ਼ਬਦਾਂ ਨੂੰ ਪੜਚੋਲਿਆਂ ਗੁਰਮਤਿ ਦੀ ਵਿਲੱਖਣਤਾ ਨਜ਼ਰ ਆਉਂਦੀ ਹੈ ਕਿਉਂਕਿ ਇਨ੍ਹਾਂ ’ਚ ‘ਨਾਨਕ ਜੋਤਿ’ ਨੂੰ ਵੇਖਣ ਦਾ ਨਜ਼ਰੀਆ ਹੀ ਦਰਜ ਹੈ।
ਗੁਰਮਤਿ ਫ਼ਲਸਫ਼ੇ ਦਾ ਆਧਾਰ ਇਹ ਵਿਸ਼ੇ ਹਨ : ‘ਨਿਰਾਕਾਰ ਦੇ ਵਜੂਦ ਨੂੰ ਪ੍ਰਗਟ ਕਰਨਾ, ਉਨ੍ਹਾਂ ਦੇ ਹੁਕਮ ਤੇ ਰਹਿਮਦਿਲ ਦੀ ਵਿਆਖਿਆ, ਗੁਰੂ ਦੀ ਭੂਮਿਕਾ ਨੂੰ ਰੂਪਮਾਨ ਕਰਨਾ, ਸਦਾਚਾਰ ਤੇ ਦੁਰਾਚਾਰ ਦੀ ਵਿਆਖਿਆ ਅਤੇ ਰੂੜ੍ਹੀਵਾਦੀ ਧਾਰਮਿਕ ਵਿਸ਼ਵਾਸ ਨੂੰ ਤਰਕ ਸੰਗਤ ਦਲੀਲਾਂ ਨਾਲ਼ ਅਰਥਹੀਣ ਸਾਬਤ ਕਰਨਾ’। ਹਥਲਾ ਲੇਖ ਗੁਰੂ ਦੀ ਭੂਮਿਕਾ ਨਾਲ ਸੰਬੰਧਿਤ ਹੈ, ਜਿਸ ਨੂੰ ‘ਗੁਰੂ ਗਿਆਨ, ਗੁਰੂ ਸਰੀਰ ਤੇ ਗੁਰੂ ਜੋਤਿ’ ’ਚ ਵੰਡ ਕੇ ਕੇਵਲ ‘ਨਾਨਕ ਜੋਤਿ’ ਪੱਖ ਵਿਚਾਰਨਾ ਹੈ ਕਿਉਂਕਿ ਇੱਥੋਂ ਹੀ ਗੁਰਮਤਿ ਦੀ ਵਿਲੱਖਣਤਾ ਸਾਬਤ ਹੋਣੀ ਹੈ।
ਗੁਰਬਾਣੀ ਮੁਤਾਬਕ ਨਾਮ ਅੰਮ੍ਰਿਤ ਹਰ ਇੱਕ ਜੀਵ ਅੰਦਰ ਹੈ ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ (ਨਾਲ)॥ (ਮਹਲਾ ੨/੧੨੩੮), ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥ ਦੇਹੀ ਮਹਿ ਇਸ ਕਾ ਬਿਸ੍ਰਾਮੁ ॥’’ (ਮਹਲਾ ੫/੨੯੩), ਇਹ ਨਾਮ ਅੰਮ੍ਰਿਤ ਹੀ ਨਿਰਾਕਾਰੀ/ਰੱਬੀ ਜੋਤਿ ਹੈ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ (ਉਸ ਰੱਬ ਦੀ)॥’’ (ਸੋਹਿਲਾ/ਮਹਲਾ ੧/੧੩) ਉਕਤ 145 ਸ਼ਬਦ; ਰੱਬੀ ਜੋਤਿ ਨੂੰ ਨਾਨਕ ਜੋਤਿ ਮੰਨਦੇ ਹਨ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ .. ॥੧॥’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਤਾਂ ਤੇ ਨਾਨਕ ਜੋਤਿ ਵੀ ਸਰਬ ਵਿਆਪਕ ਹੈ ‘‘ਪਰਤਾਪੁ ਸਦਾ ਗੁਰ ਕਾ, ਘਟਿ ਘਟਿ (’ਚ)॥’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨)
ਨਿਰਾਕਾਰੀ ਜੋਤਿ ਅਤੇ ਮਨੁੱਖਤਾ ਦੀ ਅਗਵਾਈ ਕਰਦੀ ‘ਨਾਨਕ ਜੋਤਿ’ ਭਾਵੇਂ ਸਰਬ ਵਿਆਪਕ ਹੀ ਹਨ ਪਰ ‘ਨਾਨਕ ਜੋਤਿ’ ਨੂੰ ਅਕਾਲ ਪੁਰਖ ਦੁਆਰਾ ਧਾਰਨ ਕੀਤਾ ਵਿਸ਼ੇਸ਼ ਰੂਪ ਮੰਨਿਆ ਹੈ ‘‘ਆਪਿ ਨਰਾਇਣੁ ਕਲਾ ਧਾਰਿ (ਕੇ); ਜਗ ਮਹਿ ਪਰਵਰਿਯਉ ॥ ਨਿਰੰਕਾਰਿ (ਨੇ) ਆਕਾਰੁ (ਭਾਵ ਨਾਨਕ ਜੋਤਿ ਧਾਰ ਕੇ); ਜੋਤਿ (ਚਾਨਣ) ਜਗ ਮੰਡਲਿ (’ਚ) ਕਰਿਯਉ ॥ ਜਹ ਕਹ ਤਹ (ਭਾਵ ਹਰ ਥਾਂ) ਭਰਪੂਰੁ; ਸਬਦੁ ਦੀਪਕਿ (ਨਾਲ਼) ਦੀਪਾਯਉ.. ॥੨॥ (ਸਵਈਏ ਮਹਲੇ ਤੀਜੇ ਕੇ/ਭਟ ਕੀਰਤ/੧੩੯੫) ਭਾਈ ਗੁਰਦਾਸ ਜੀ ਵੀ ਗੁਰੂ ਨਾਨਕ ਸਾਹਿਬ ਦੁਆਰਾ ਜਗਤ ’ਚ ਚਾਨਣ ਹੋਇਆ, ਮੰਨਦੇ ਹਨ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’ਚ) ਚਾਨਣੁ ਹੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭)
ਚੇਤੇ ਰਹੇ ਕਿ (ੳ). ਉਕਤ ਭਾਵੇਂ ‘ਸਵਈਏ ਮਹਲੇ ਤੀਜੇ ਕੇ’ ਹਨ, ਪਰ ਸ਼ੁਰੂਆਤ ਗੁਰੂ ਨਾਨਕ ਜੀ ਤੋਂ ਹੀ ਹੁੰਦੀ ਹੈ।
(ਅ). ਭੱਟ ਬਾਣੀ ਦੀ ਵਿਚਾਰ ਕਰਦਿਆਂ ਸ਼ਬਦ ਸਮਾਪਤੀ ’ਚ ਦਿੱਤੀ ਅੰਕ ਸੰਖਿਆ, ਭੱਟ ਦਾ ਨਾਂ ਅਤੇ ਗੁਰਬਾਣੀ ਦਾ ਪੰਨਾ ਨੰਬਰ; ਵਿਸ਼ੇਸ਼ ਧਿਆਨ ਮੰਗਦਾ ਹੁੰਦਾ ਹੈ। ਇਸ ਲਈ ਹਥਲੇ ਲੇਖ ’ਚ ਹਰ ਤੁਕ ਨਾਲ਼ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਗੁਰਬਾਣੀ ਲਿਖਤ ਤਰਤੀਬ ਮੁਤਾਬਕ ਪਹਿਲਾਂ ਇਸ਼ਟ ਨੂੰ ਯਾਦ ਕਰੀਦਾ ਹੈ, ਫਿਰ ਹਰ ਵਿਸ਼ੇ ’ਤੇ ਵਿਚਾਰ ਹੁੰਦੀ ਹੈ; ਜਿਵੇਂ ਕਿ ‘ਜਪੁ’ ਬਾਣੀ ’ਚ ‘‘ਆਦਿ ਸਚੁ ਜੁਗਾਦਿ ਸਚੁ ॥’’ ਸਲੋਕ ਮੰਗਲਾਚਰਨ (ਭਾਵ ਆਪਣੇ ਇਸ਼ਟ ਨੂੰ ਯਾਦ ਕੀਤਾ) ਹੈ, ਤਾਂ ਜੋ ਅਗਾਂਹ ‘‘ਸੋਚੈ ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ … ॥੧॥’’ ਪਹਿਲੀ ਪਉੜੀ ਨਾਲ਼ ‘ਜਪੁ’ ਵਿਸ਼ਾ ਵਿਚਾਰਿਆ ਜਾਵੇ, ਪਰ ਭੱਟ ਸਾਹਿਬਾਨ ਨੇ ਆਪਣਾ ਇਸ਼ਟ; ਨਿਰਾਕਾਰ ਦੀ ਥਾਂ ਸਤਿਗੁਰੂ ਨੂੰ ਮੰਨਿਆ ਹੈ ਭਾਵ ਮੰਗਲਾਚਰਨ ਸਤਿਗੁਰੂ ਨਾਲ ਸੰਬੰਧਿਤ ਹਨ। ਵੈਸੇ ਸਾਰੀ ਭੱਟ ਬਾਣੀ ਹੀ ਗੁਰੂ ਉਪਮਾ ਹੈ। ਉੱਚੇ ਇਖ਼ਲਾਕ ਵਾਲ਼ੇ ਭੱਟ ਸਾਹਿਬਾਨ ਦੇ ਨਜ਼ਰੀਏ ਨਾਲ਼ ਸਤਿਗੁਰੂ ਨੂੰ ਵਾਚਣ ਲਈ ਸਿੱਖ ਅੰਦਰ ਸ਼ਰਧਾ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਗੁਰੂ ਸਿੱਖਿਆ ਮੰਨਣ ਵਾਲ਼ੇ ਬਾਰੇ ਮੰਨਣ ਵਾਲ਼ਾ ਹੀ ਜਾਣ ਸਕਦਾ ਹੈ ਉਂਝ ਭਾਵੇਂ ਇਹ ਬਿਆਨ ਰਹਿਤ ਅਵਸਥਾ ਹੈ ‘‘ਮੰਨੇ ਕੀ ਗਤਿ; ਕਹੀ ਨ ਜਾਇ ॥…. (ਪਰ ਹਾਂ) ਜੇ ਕੋ ਮੰਨਿ (ਕੇ) ਜਾਣੈ; ਮਨਿ (’ਚ) ਕੋਇ ॥ (ਜਪੁ) ਭਾਵ ਆਪ ਮੰਨਣ ਵਾਲ਼ਾ ਹੀ ਕੁਝ ਸਮਝਣਯੋਗ ਹੁੰਦਾ ਹੈ।
ਗੁਰਬਾਣੀ ’ਚ ‘ਹਰਿ/ਹਰੀ’ ਸ਼ਬਦ 7171 ਵਾਰ ਹੈ, ਪ੍ਰਭੂ/ਪ੍ਰਭੁ/ਪ੍ਰਭਿ 2744 ਵਾਰ, ਰਾਮ/ਰਾਮੁ/ਰਾਮਿ 1967 ਵਾਰ ਹੈ, ਪਰ 10 ਰੂਪਾਂ ’ਚ ‘ਕਰਤਾਰ’ ਸ਼ਬਦ ਮਾਤਰ 105 ਵਾਰ ਹੈ ਭਾਵ ਬਹੁਤ ਹੀ ਘੱਟ; ਫਿਰ ਵੀ ਭੱਟ ਬਾਣੀ ’ਚ ‘ਕਰਤਾਰ’ ਸ਼ਬਦ ਦੀ ਵਰਤੋਂ ਵਧੇਰੇ ਹੈ। ‘ਕਰਤਾਰ’ ਦਾ ਅਰਥ ਹੈ : ‘ਸਿਰਜਣਾ, ਪੈਦਾ ਕਰਨਾ’; ਜਿਵੇਂ ਰੱਬ; ਸ੍ਰਿਸ਼ਟੀ ਨੂੰ ਸਿਰਜਦਾ ਹੈ; ਓਸੇ ਤਰ੍ਹਾਂ ਸਤਿਗੁਰੂ; ਮਨੁੱਖਤਾ ਨੂੰ ਸਿਰਜਦਾ ਹੈ। ‘ਕਰਤਾਰ’ ਸ਼ਬਦ ਤੋਂ ਇਲਾਵਾ ‘ਕਰਤਾਰੈ, ਕਰਤਾ/ਕਰਤੈ, ਕਰਣ ਕਾਰਣ, ਤਰਣ ਤਾਰਣ’ ਸ਼ਬਦ ਵੀ ਹਨ, ਜੋ ਸਿਰਜਣਾਤਮਿਕ ਅਰਥ ਹੀ ਦਿੰਦੇ ਹਨ। ਇਨ੍ਹਾਂ ਤੋਂ ਜਾਪਦਾ ਹੈ ਕਿ ਭੱਟ ਸਾਹਿਬਾਨ ‘ਸਤਿਗੁਰੂ’ ਨੂੰ ਰੱਬ ਸਮਾਨ ਮੰਨਦੇ ਹਨ, ਪਰ ਜਿੱਥੇ ‘ਕਰਤਾਰ ਨਾਮ, ਕਰਤਾਰ ਜਨ’ ਕਾਵਿ ਤੋਲ ਨਹੀਂ ਬੈਠਦਾ ਓਥੇ ‘ਹਰਿ ਨਾਮ, ਹਰਿ ਦਰਸ, ਹਰਿ ਭਗਤ, ਹਰਿ ਜਨ’ ਸ਼ਬਦ ਵੀ ਹਨ। ਸਿਰਜਣਾਤਮਿਕ ਸ਼ਬਦ; ਗੁਰੂ ਅਰਜਨ ਸਾਹਿਬ ਜੀ ਦੇ ਸਵੱਈਆਂ ਦੀ ਪਹਿਲੀ ਤੁਕ ‘‘ਆਦਿ ਪੁਰਖ ਕਰਤਾਰ; ਕਰਣ ਕਾਰਣ ਸਭ ਆਪੇ ॥’’ (ਸਵਈਏ ਸ੍ਰੀ ਮੁਖਬਾਕੵ/ਮਹਲਾ ੫/੧੩੮੫) ’ਚ ਵੀ ਹਨ। ਗੁਰੂ ਸਾਹਿਬ ਦੇ ਸਵੱਈਏ ਵੀ ਸਿਧਾਂਤਿਕ ਪੱਖੋਂ ਭੱਟ ਬਾਣੀ ਦੇ ਨੇੜੇ ਹੀ ਹਨ।
ਭੱਟ ਬਾਣੀ ਦਾ ਕੋਈ ਸਵੱਈਆ ਜੇ ਰੱਬ ਦੇ ਸੰਬੰਧ ’ਚ ਹੁੰਦਾ ਤਾਂ ਉਸ ਦਾ ਸਥਾਨ ਹਰ ਭੱਟ ਰਚਨਾ ’ਚ ਆਰੰਭਕ ਹੋਣਾ ਸੀ; ਜਿਵੇਂ ਕਿ ਭੱਟ ਮਥੁਰਾ ਜੀ ਅਤੇ ਭੱਟ ਬਲੵ ਜੀ ਦੇ ਹੇਠਲੇ ਇੱਕ-ਇੱਕ ਅਰੰਭਕ ਸ਼ਬਦ ’ਚ ਨਿਰਾਕਾਰ ਦਾ ਕੁਝ ਕੁ ਹਵਾਲਾ ਹੈ :
(ੳ). ਅਗਮੁ ਅਨੰਤੁ ਅਨਾਦਿ ਆਦਿ; ਜਿਸੁ ਕੋਇ ਨ ਜਾਣੈ ॥ ਸਿਵ ਬਿਰੰਚਿ (ਬ੍ਰਹਮਾ) ਧਰਿ ਧੵਾਨੁ ਨਿਤਹਿ; ਜਿਸੁ ਬੇਦੁ ਬਖਾਣੈ ॥ ਨਿਰੰਕਾਰੁ ਨਿਰਵੈਰੁ; ਅਵਰੁ ਨਹੀ ਦੂਸਰ ਕੋਈ ॥ ਭੰਜਨ ਗੜ੍ਹਣ ਸਮਥੁ; ਤਰਣ ਤਾਰਣ ਪ੍ਰਭੁ ਸੋਈ ॥ ਨਾਨਾ (ਕਈ) ਪ੍ਰਕਾਰ (ਦਾ) ਜਿਨਿ ਜਗੁ ਕੀਓ; ਜਨੁ ਮਥੁਰਾ ਰਸਨਾ ਰਸੈ (ਜੀਭ ਜਪਦੀ ਹੈ ਕਿ ਉਹ)॥ ਸ੍ਰੀ ਸਤਿ ਨਾਮੁ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ ॥੧॥ (ਸਵਈਏ ਮਹਲੇ ਚਉਥੇ ਕੇ/ਭਟ ਮਥੁਰਾ/੧੪੦੪)
(ਅ). ਤੀਨਿ ਭਵਨ; ਭਰਪੂਰਿ ਰਹਿਓ, ਸੋਈ ॥ ਅਪਨ ਸਰਸੁ (ਵਰਗਾ); ਕੀਅਉ ਨ ਜਗਤਿ (’ਚ) ਕੋਈ ॥ ਆਪੁਨ ਆਪੁ, ਆਪ ਹੀ ਉਪਾਯਉ ॥ ਸੁਰਿ ਨਰ ਅਸੁਰ; ਅੰਤੁ ਨਹੀ ਪਾਯਉ ॥.. ਸ੍ਰੀ ਗੁਰ ਰਾਮਦਾਸ ! ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥੧॥ (ਸਵਈਏ ਮਹਲੇ ਚਉਥੇ ਕੇ/ਭਟ ਬਲੵ/੧੪੦੫) ਇਨ੍ਹਾਂ ਦੋਵੇਂ ਸਵੱਈਆਂ ’ਚ ਅੰਤਲਾ ਅੰਕ ੧ ਚੇਤੇ ਰੱਖਣਯੋਗ ਹੈ।
ਗੁਰਬਾਣੀ ਵਚਨ ਹਨ : ‘‘ਨਾਨਕ ! ਅੰਮ੍ਰਿਤੁ ਮਨੈ ਮਾਹਿ..॥’’ ਭਾਵ ਨਾਮ ਅੰਮ੍ਰਿਤ; ਸਭ ਅੰਦਰ ਹੈ। ਇਹ ਨਾਮ ਅੰਮ੍ਰਿਤ ਹੀ ਆਤਮ ਪ੍ਰਕਾਸ਼ ਹੈ, ਰੱਬੀ ਜੋਤਿ ਹੈ, ਜਿਸ ਨੂੰ ਗੁਰੂ ਨਾਨਕ ਜੀ ਨੇ ਜਾਣ ਲਿਆ ਤਾਹੀਓਂ (ਬਾਲਪਣ ਤੋਂ) ਇਕਾਗਰ ਚਿੱਤ ਹੋ ਕੇ ਰੱਬ ਨਾਲ ਧਿਆਨ ਜੋੜਦੇ ਰਹੇ ‘‘ਨਾਨਕਿ (ਨੇ) ਨਾਮੁ ਨਿਰੰਜਨ ਜਾਨੵਉ; ਕੀਨੀ ਭਗਤਿ ਪ੍ਰੇਮ ਲਿਵ ਲਾਈ ॥’’ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬) ‘ਨਾਮੁ ਨਿਰੰਜਨ’ ਦਾ ਅਰਥ ਹੈ : ‘ਕਾਲ਼ਖ਼ ਰਹਿਤ (ਰੱਬ) ਦਾ ਅੰਮ੍ਰਿਤ ਨਾਮ, ਚੇਤੰਨ ਸੱਤਾ, ਆਤਮ ਪ੍ਰਕਾਸ਼’। ਜੇ ਸਰਬ ਵਿਆਪਕ ਰੱਬੀ ਜੋਤਿ ਨੂੰ ਨਾਮ ਅੰਮ੍ਰਿਤ ਨਾ ਮੰਨੀਏ ਤਾਂ ‘ਨਾਮੁ ਨਿਰੰਜਨ’; ਗੁਰੂ ਨਾਨਕ ਜੀ ਨੇ ਕਿਸ ਤੋਂ ਜਾਣਿਆ ਹੈ ? ਸਵਾਲ ਪੈਦਾ ਹੋਏਗਾ।
ਨਾਮ ਅੰਮ੍ਰਿਤ ਰਾਹੀਂ ਨਾਨਕ ਜੀ ਅਨੰਦ ਮਾਣਦੇ ਰਹੇ। ਗੁਰੂ ਨਾਨਕ ਜੀ ਤੋਂ ਇਹ ਨਾਮ ਅੰਮ੍ਰਿਤ ਜਾਣਨ ਉਪਰੰਤ ਲਹਿਣਾ ਜੀ ਗੁਰੂ ਥਾਪੇ ਗਏ ਭਾਵ ‘ਨਾਮੁ ਨਿਰੰਜਨ’; ਗੁਰੂ ਅੰਗਦ ਜੀ ਨੇ ਜਾਣ ਲਿਆ, ਜਿਸ ਕਾਰਨ ਬਹੁਤਾਤ ਸਫਲਤਾ ਮਿਲੀ ‘‘ਤਿਤੁ ਨਾਮਿ ਰਸਿਕੁ ਨਾਨਕੁ, ਲਹਣਾ ਥਪਿਓ; ਜੇਨ ਸ੍ਰਬ ਸਿਧੀ ॥’’ (ਸਵਈਏ ਮਹਲੇ ਤੀਜੇ ਕੇ/ਭਟ ਕਲੵ/੧੩੯੨) ਪਦ ਅਰਥ : ਤਿਤੁ ਨਾਮਿ- ਉਸ ਨਾਮ ਨਾਲ਼, ਰਸਿਕੁ- ਅਨੰਦ ਮਾਣਿਆ, ਜੇਨ- ਜਿਸ ਕਰਕੇ (ਬਹੁਤੀ ਸਫਲਤਾ ਮਿਲੀ)।
‘ਨਾਮੁ ਨਿਰੰਜਨ’ ਦੀ ਪ੍ਰਾਪਤੀ ਲਈ ਸਾਰੇ ਜੁਗਾਂ ’ਚ ਮੁਨੀ ਧਿਆਨ ਧਰਦਾ ਫਿਰਿਆ। ਕੋਈ ਵਿਰਲਾ ਹੀ ਆਤਮ ਪ੍ਰਕਾਸ਼ (ਨਾਮ ਅੰਮ੍ਰਿਤ) ਪਾ ਸਕਿਆ ‘‘ਜਾ ਕਉ ਮੁਨਿ ਧੵਾਨੁ ਧਰੈ ਫਿਰਤ ਸਗਲ ਜੁਗ; ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ ॥’’ (ਸਵਈਏ ਮਹਲੇ ਚਉਥੇ ਕੇ/ਭਟ ਮਥੁਰਾ/੧੪੦੪)
ਸੋ ਆਤਮ ਪ੍ਰਕਾਸ਼ ਹੀ ਅੰਮ੍ਰਿਤ ਨਾਮ ਹੈ, ਰੱਬੀ ਜੋਤਿ ਹੈ, ਨਾਨਕ ਜੋਤਿ ਹੈ, ਜੋ ਕਣ-ਕਣ ’ਚ ਮੌਜੂਦ ਅਤੇ ਸਦੀਵੀ ਸਥਿਰ ਹੈ। ਇਹ ਆਤਮ ਪ੍ਰਕਾਸ਼; ਗੁਰੂ ਨਾਨਕ ਜੀ ਅੰਦਰ ਬਚਪਨ ਤੋਂ ਸੀ ਭਾਵ ਉਨ੍ਹਾਂ ਦਾ ਅੰਤਹਕਰਣ ਨਿਰਮਲ (ਪਾਰਦਰਸ਼ੀ) ਸੀ, ਜਿਸ ਕਾਰਨ ਆਤਮ ਪ੍ਰਕਾਸ਼; ਹੂ-ਬਹੂ ਦਿਮਾਗ਼ ’ਚੋਂ ਬਿਬੇਕ ਬਣ ਪ੍ਰਗਟ ਹੁੰਦਾ ਰਿਹਾ। ਇਸ ਮੁਕਾਮ ਨੂੰ ਪਾਉਣ ਲਈ ਬਾਕੀ ਸਭ ਨੂੰ ਅੰਤਹਕਰਣ ਪਾਰਦਰਸ਼ੀ ਕਰਨਾ ਪੈਣਾ ਹੈ। ਸੁਰਤਿ, ਮਤਿ, ਮਨਿ, ਬੁਧਿ ਨੂੰ ਘੜਨਾ ਪੈਣਾ ਹੈ; ਜਿਵੇਂ ਕਿ ਬਾਕੀ 34 ਬਾਣੀਕਾਰਾਂ ਨੇ ਵੀ ਸਤਿਗੁਰੂ ਦੀ ਮਦਦ ਨਾਲ਼ ਘੜਿਆ ਹੈ।
ਅੰਮ੍ਰਿਤ ਨਾਮ, ਆਤਮ ਪ੍ਰਕਾਸ਼, ਰੱਬੀ ਜੋਤਿ ਅਤੇ ਨਾਨਕ ਜੋਤਿ ਇੱਕੋ ਹੀ ਹੋਣ ਕਾਰਨ ਉਕਤ 145 ਸ਼ਬਦਾਂ ’ਚ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਸਮਾਨ ਮੰਨਿਆ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ; ਆਪਣੇ ਪਹਿਲੇ 4 ਸਵੱਈਆਂ ਦੇ ਅੰਤ ’ਚ ਇਹ ਲਿਖਦੇ ਹਨ ‘‘ਜਨੁ ਨਾਨਕੁ ਭਗਤੁ ਦਰਿ (’ਤੇ); ਤੁਲਿ ਬ੍ਰਹਮ ਸਮਸਰਿ; ਏਕ ਜੀਹ ਕਿਆ ਬਖਾਨੈ ?॥’’ (ਸਵਈਏ ਸ੍ਰੀ ਮੁਖਬਾਕੵ/ਮਹਲਾ ੫/੧੩੮੭) ਅਰਥ : ਰੱਬੀ ਸੇਵਕ/ਦਾਸ; ਗੁਰੂ ਨਾਨਕ ਜੀ; ਰੱਬ ਦੇ ਦਰ ’ਤੇ ਪ੍ਰਵਾਨ ਹਨ। ਰੱਬ ਵਰਗੇ ਹਨ, ਰੱਬ ਸਮਾਨ ਹਨ। ਇੱਕ ਜੀਭ ਉਨ੍ਹਾਂ ਬਾਰੇ ਕੀ ਕੀ ਬਿਆਨ ਕਰ ਸਕਦੀ ਹੈ ? ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਜੀ ਨੂੰ ਇੱਕ ਜਗ੍ਹਾ ਇਉਂ ਵੀ ਕਿਹਾ ਹੈ‘‘ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥’’ (ਮਹਲਾ ੫/੭੫੦)
ਨੋਟ : ਰੱਬ ਹੋਣਾ ਅਤੇ ਰੱਬ ਦਾ ਰੂਪ ਹੋਣਾ; ਦੋਵਾਂ ’ਚ ਅੰਤਰ ਹੁੰਦਾ ਹੈ। ਗੁਰਬਾਣੀ ’ਚ ਸਤਿਗੁਰੂ ਨੂੰ ਰੱਬ ਦਾ ਰੂਪ ਮੰਨਿਆ ਹੈ, ਰੱਬ ਨਹੀਂ। ਗੁਰੂ ਅਰਜਨ ਸਾਹਿਬ ਜੀ ਦੇ ਉਕਤ ਸ਼ਬਦ ਦੇ ਅੰਤ ’ਚ ਦਿੱਤੀ ਅੰਕ ਸੰਖਿਆ ‘॥੪॥੧੦॥੫੭॥’ ਦਰਸਾਉਂਦੀ ਹੈ ਕਿ ਇੱਥੇ 10ਵੇਂ ਸ਼ਬਦ ਦੀ ਸਮਾਪਤੀ ਹੈ। ਇੱਥੋਂ ਤੱਕ ਪਹੁੰਚਦਿਆਂ ਇਲਾਹੀ ਬਾਣੀ ਦੇ ਪਏ ਮਨ ’ਤੇ ਪ੍ਰਭਾਵ ਉਪਰੰਤ ਨਿਮਾਣਾ ਹੋਇਆ ਮਨ; ਸਹਿਜੇ ਹੀ ਇਸ਼ਟ (ਸਤਿਗੁਰੂ) ਬਾਰੇ ਵਾਹ-ਵਾਹ ਕਹਿ ਉੱਠਦਾ ਹੈ ਤਾਹੀਓਂ ‘‘ਸਭ ਤੇ ਵਡਾ ਸਤਿਗੁਰੁ ਨਾਨਕੁ’’ ਬੋਲ ਪ੍ਰਗਟ ਹੋਏ।
ਸੰਦੇਹ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਆਪ ਵੀ ‘ਨਾਨਕ ਜੋਤਿ’ ਹਨ, ਇਸ ਲਈ ਆਪਣੇ ਆਪ ਨੂੰ ‘ਸਭ ਤੇ ਵਡਾ’ ਨਹੀਂ ਕਹਿ ਸਕਦੇ, ਇਸ ਲਈ ‘ਸਤਿਗੁਰੁ ਨਾਨਕੁ’ ਨਹੀਂ, ‘ਸਤਿਗੁਰੁ ਨਾਨਕ’ ਹੈ ਭਾਵ ਹੇ ਨਾਨਕ ! ਸਭ ਤੋਂ ਵੱਡਾ ਸਤਿਗੁਰ ਹੈ, ਪਰ ਸਵਾਲ ਫਿਰ ਵੀ ਰਹੇਗਾ ਕਿ ਕਿਹੜਾ ਸਤਿਗੁਰ ? ਜਵਾਬ ਹੋਏਗਾ : ‘ਨਾਨਕ’। ਗੁਰੂ ਜੀ ਉਕਤ ਵਾਕ‘‘ਜਨੁ ਨਾਨਕੁ ਭਗਤੁ ਦਰਿ (’ਤੇ); ਤੁਲਿ ਬ੍ਰਹਮ ਸਮਸਰਿ’’ ’ਚ ਪ੍ਰਤੱਖ ਕਹਿ ਹੀ ਰਹੇ ਹਨ ਕਿ ‘ਸਭ ਤੇ ਵਡਾ’ ਨਾਨਕ ਹੈ ਕਿਉਂਕਿ ਰੱਬ ਸਮਾਨ ਹੈ। ਫਿਰ ਤਾਂ ਇੱਥੇ ਵੀ ਕਹਿਣਾ ਬਣਦਾ ਹੈ ਕਿ ਆਪਣੇ ਆਪ ਨੂੰ ਰੱਬ ਸਮਾਨ ਕਿਵੇਂ ਕਹਿ ਸਕਦੇ ਹਨ। ਦਰਅਸਲ ਸਮੁੱਚੀ ਗੁਰਬਾਣੀ ਦਾ ਅਧਿਐਨ ਕਰਨ ਤੋਂ ਬਿਨਾਂ ਸੰਦੇਹ ਹੀ ਉਪਜਦੇ ਹਨ। ਸਚਾਈ ਇਹ ਹੈ ਕਿ ਭਾਵੇਂ ਸਾਰੇ ਗੁਰੂ ਸਾਹਿਬਾਨ ‘ਨਾਨਕ ਜੋਤਿ’ ਹੀ ਹਨ, ਫਿਰ ਵੀ ਗੁਰੂ ਨਾਨਕ ਜੀ ਨੂੰ ਮਾਣ ਬਖ਼ਸ਼ਿਆ ਗਿਆ ਹੈ; ਜਿਵੇਂ ਕਿ
(ੳ). ‘ਨਾਨਕੁ ਨੀਚੁ’ ਸ਼ਬਦ 6 ਵਾਰ ਕੇਵਲ ਗੁਰੂ ਨਾਨਕ ਜੀ ਨੇ ਹੀ ਵਰਤਿਆ ਹੈ :
ਨਾਨਕੁ ਨੀਚੁ ਕਹੈ ਵੀਚਾਰੁ ॥ (ਜਪੁ)
ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ; ਕਰਤਾਰ ! ॥ (ਮਹਲਾ ੧/੨੪)
ਨਾਨਕੁ ਨੀਚੁ ਕਹੈ ਲਿਵ ਲਾਇ ॥ (ਮਹਲਾ ੧/੨੨੩)
ਭਾਇ ਮਿਲੈ; ਭਾਵੈ ਭਇਕਾਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥ (ਮਹਲਾ ੧/੪੧੩)
ਨਾਨਕੁ ਨੀਚੁ ਭਿਖਿਆ ਦਰਿ (’ਤੇ) ਜਾਚੈ; ਮੈ ਦੀਜੈ ਨਾਮੁ ਵਡਾਈ ਹੇ ॥ (ਮਹਲਾ ੧/੧੦੨੧)
ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ॥ (ਮਹਲਾ ੧/੧੦੨੨), ਇਸ ਦਾ ਇਹ ਮਤਲਬ ਨਹੀਂ ਕਿ ਬਾਕੀ ਗੁਰੂ ਸਾਹਿਬਾਨ ਦੁਆਰਾ ਇਹ ਸ਼ਬਦ ਨਾ ਵਰਤਣ ਕਾਰਨ ਉਨ੍ਹਾਂ ਅੰਦਰ ਅਹੰਕਾਰ ਹੈ।
(ਅ). ਗੁਰੂ ਨਾਨਕ ਜੀ ਦਾ ਇੱਕੋ ਸ਼ਬਦ ‘ਸੋ ਦਰੁ’, ਗੁਰਬਾਣੀ ’ਚ ਤਿੰਨ ਵਾਰ ਹੈ ਤੇ ਸੁਬ੍ਹਾ-ਸ਼ਾਮ ਨਿਤਨੇਮ ਦਾ ਭਾਗ ਹੈ। ਇਹ ਸਭ ਗੁਰੂ ਨਾਨਕ ਜੀ ਨੂੰ ਦਿੱਤਾ ਮਹੱਤਵ ਹੀ ਹੈ। ਅਫ਼ਸੋਸ ਕਿ ਅੱਜ ‘ਚੌਪਈ’ ਨੂੰ ਸੁਬ੍ਹਾ-ਸ਼ਾਮ ਨਿਤਨੇਮ ’ਚ ਸ਼ਾਮਲ ਕਰ ਇਹ ਬਜ਼ੁਰਗੀ ਅਲੋਪ ਕਰ ਦਿੱਤੀ ਗਈ।
(ੲ). ਸਮੁੱਚੀ ਗੁਰਬਾਣੀ ’ਚ ਗੁਰੂ ਰਾਮਦਾਸ ਜੀ ਤੱਕ ਦੇ ਸ਼ਬਦਾਂ ਦਾ ਕੁੱਲ ਜੋੜ ਦੇਣ ਉਪਰੰਤ ਗੁਰੂ ਅਰਜਨ ਸਾਹਿਬ ਜੀ ਆਪਣੇ ਸ਼ਬਦਾਂ ਦਾ ਜੋੜ ਵੱਖਰਾ ਦਿੰਦੇ ਹਨ ਭਾਵ ਪੰਜਵੇਂ ਪਾਤਿਸ਼ਾਹ; ਪਹਿਲੇ ਚਾਰ ਗੁਰੂ ਸਾਹਿਬਾਨ ਦਾ ਸਤਿਕਾਰ ਵੀ ਕਰਦੇ ਹਨ।
ਗੁਰੂ ਅਰਜਨ ਸਾਹਿਬ ਜੀ ਵਾਙ ਭੱਟ ਗਯੰਦ ਜੀ ਵੀ ਗੁਰੂ ਨਾਨਕ ਜੀ ਨੂੰ ਸਭ ਤੋਂ ਵੱਡਾ ਕਹਿ ਰਹੇ ਹਨ ‘‘ਸਿਰੀ ਗੁਰੂ ਸਾਹਿਬੁ ਸਭ ਊਪਰਿ ॥ ਕਰੀ ਕ੍ਰਿਪਾ ਸਤਜੁਗਿ (’ਚ) ਜਿਨਿ (ਨੇ) ਧ੍ਰੂ ਪਰਿ ॥…. ਪਰਤਖਿ ਦੇਹ ਪਾਰਬ੍ਰਹਮੁ ਸੁਆਮੀ; ਆਦਿ ਰੂਪਿ ਪੋਖਣ ਭਰਣੰ .. ॥੧॥’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੧) ਅੰਤ ’ਚ ਦਿੱਤੀ ਅੰਕ ਸੰਖਿਆ ॥੧॥ ਚੇਤੇ ਰਹੇ ਕਿਉਂਕਿ ‘ਸਵਈਏ ਮਹਲੇ ਚਉਥੇ ਕੇ’ ਹਨ, ਜਿਨ੍ਹਾਂ ਦੇ ਅਰੰਭ ’ਚ ਮੰਗਲਾਚਰਨ ਗੁਰੂ ਨਾਨਕ ਜੀ ਦੇ ਸੰਬੰਧ ’ਚ ਹੈ।
ਭੱਟ ਸਲੵ ਜੀ; ਸਤਿਗੁਰੂ ਜੀ ਬਾਰੇ ਲਿਖਦੇ ਹਨ ‘‘ਤੂ ਸਤਿਗੁਰੁ ਚਹੁ ਜੁਗੀ; ਆਪਿ ਆਪੇ ਪਰਮੇਸਰੁ ॥’’…॥੨॥੬੦॥ (ਸਵਈਏ ਮਹਲੇ ਚਉਥੇ ਕੇ/ਭਟ ਸਲੵ/੧੪੦੬) ਭੱਟ ਕਲਸਹਾਰ ਜੀ; ਗੁਰੂ ਨਾਨਕ ਜੀ ਬਾਰੇ ਲਿਖਦੇ ਹਨ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ, ਬਾਵਨ ਭਾਇਓ ॥ ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ॥ ਦੁਆਪੁਰਿ (’ਚ) ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ ..॥੭॥ (ਤੇਰੇ) ਗੁਣ ਗਾਵੈ ਰਵਿਦਾਸੁ; ਭਗਤੁ ਜੈਦੇਵ, ਤ੍ਰਿਲੋਚਨ ॥ ਨਾਮਾ ਭਗਤੁ ਕਬੀਰੁ; ਸਦਾ ਗਾਵਹਿ, ਸਮ ਲੋਚਨ ॥ ਭਗਤੁ ਬੇਣਿ ਗੁਣ ਰਵੈ; ਸਹਜਿ ਆਤਮ ਰੰਗੁ ਮਾਣੈ ॥ (ਸਵਈਏ ਮਹਲੇ ਪਹਿਲੇ ਕੇ/ਭਟ ਕਲੵ/੧੩੯੦) ਚੇਤੇ ਰਹੇ ਕਿ ਇੱਥੇ ਅੰਕ ਭਾਵੇਂ ॥੭॥ ਹੈ, ਪਰ ‘ਸਵਈਏ ਮਹਲੇ ਪਹਿਲੇ ਕੇ’ ਹੀ ਹਨ, ਜਿਨ੍ਹਾਂ ਦੀ ਸਮਾਪਤੀ ਤੱਕ ਗੁਰੂ ਨਾਨਕ ਜੀ ਦੀ ਉਪਮਾ ਹੀ ਹੋਣੀ ਹੈ।
ਕਲਸਹਾਰ ਜੀ ਦੇ ਉਕਤ ਵਚਨ ਮੁਤਾਬਕ ‘ਨਾਨਕ ਜੋਤਿ’; ‘ਆਤਮ ਪ੍ਰਕਾਸ਼’ ਰੂਪ ’ਚ ਹਰ ਜੁਗ ਵਿਖੇ ਰਹੀ ਹੈ। ਇਸੇ ਕਾਰਨ ਬਾਣੀਕਾਰ ਭਗਤ ਵੀ ‘ਨਾਨਕ ਜੋਤਿ’ ਦੇ ਆਦਿ ਨੂੰ ਗਾਉਂਦੇ ਹਨ। ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਭਗਤਾਂ ਅਤੇ ਬਾਕੀ ਗੁਰੂ ਸਾਹਿਬਾਨ ਨੂੰ ਜੁਗ-ਜੁਗ ਵਿਖੇ ਨਹੀਂ ਮੰਨਿਆ ਸਗੋਂ ਸਤਿਗੁਰੂ ਪਾਸੋਂ ‘ਨਾਮੁ ਨਿਰੰਜਨ’ ਪ੍ਰਾਪਤ ਕਰਦੇ, ਵਿਖਾਇਆ ਹੈ। ਭੱਟ ਕਲਸਹਾਰ ਜੀ, ਜਾਲਪ ਜੀ ਤੇ ਕੀਰਤ ਜੀ ਦੇ ਹੇਠਲੇ ਵਾਕ ਇਸ ਦੀ ਪੁਸ਼ਟੀ ਕਰਦੇ ਹਨ :
(ੳ). (ਜਿਸ ਨਾਮ ਨਾਲ਼) ਉਧਉ (ਕ੍ਰਿਸ਼ਨ ਭਗਤ) ਅਕ੍ਰੂਰੁ ਤਿਲੋਚਨੁ ਨਾਮਾ; ਕਲਿ ਕਬੀਰਿ (ਨੇ) ਕਿਲਵਿਖ ਹਰਿਆ (ਪਾਪ ਦੂਰ ਕੀਤਾ)॥ ਸੋਈ ਨਾਮੁ ਅਛਲੁ; ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ ॥…. ਭਲਉ ਪ੍ਰਸਿਧੁ ਤੇਜੋ ਤਨੌ; ਕਲੵ ਜੋੜਿ ਕਰ ਧੵਾਇਅਓ ॥ ਸੋਈ ਨਾਮੁ, ਭਗਤ ਭਵਜਲ ਹਰਣੁ (ਮੁਕਤ ਕਰਨ ਵਾਲ਼ਾ); ਗੁਰ ਅਮਰਦਾਸ ਤੈ ਪਾਇਓ ॥੫॥ (ਸਵਈਏ ਮਹਲੇ ਤੀਜੇ ਕੇ/ਭਟ ਕਲੵ/੧੩੯੩)
(ਅ). ਜਿ (ਜਿਹੜੀ) ਮਤਿ ਗਹੀ ਜੈਦੇਵਿ (ਨੇ); ਜਿ ਮਤਿ ਨਾਮੈ (’ਚ) ਸੰਮਾਣੀ ॥ ਜਿ ਮਤਿ ਤ੍ਰਿਲੋਚਨ ਚਿਤਿ (’ਚ); ਭਗਤ ਕੰਬੀਰਹਿ (ਨੇ) ਜਾਣੀ ॥… (ਹੇ ਗੁਰੂ ਅਮਰਦਾਸ ਜੀ ! ਤੈਂ) … ਸੁ ਮਤਿ ਜਲੵ (ਜਾਲਪ) ਜਾਣੀ ਜੁਗਤਿ ॥ ਗੁਰੁ ਅਮਰਦਾਸੁ ਨਿਜ ਭਗਤੁ ਹੈ; ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥ (ਸਵਈਏ ਮਹਲੇ ਤੀਜੇ ਕੇ/ਭਟ ਜਾਲਪ/੧੩੯੪) ਭਾਵ ਜੋ ਮੱਤ ਭਗਤਾਂ ਨੇ ਪਾਈ ਉਹੀ (ਸੁ ਮਤਿ ਜਾਣੀ ਜੁਗਤਿ) ਗੁਰੂ ਅਮਰਦਾਸ ਜੀ ਨੇ (ਗੁਰੂ ਪਾਸੋਂ) ਜੁਗਤੀ ਨਾਲ਼ ਜਾਣ ਲਈ ਹੈ।
(ੲ). ਧ੍ਰੂ ਪ੍ਰਹਲਾਦ ਕਬੀਰ ਤਿਲੋਚਨ; ਨਾਮੁ ਲੈਤ ਉਪਜੵੋ ਜੁ ਪ੍ਰਗਾਸੁ ॥ ਜਿਹ ਪਿਖਤ ਅਤਿ ਹੋਇ ਰਹਸੁ ਮਨਿ (’ਚ); ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬) ਅਰਥ : ਧਰੂ, ਪ੍ਰਹਿਲਾਦ, ਕਬੀਰ ਤੇ ਤਿਲੋਚਨ ਜੀ ਅੰਦਰ ‘ਨਾਮੁ ਨਿਰੰਜਨ’ ਜਪਦਿਆਂ ਜੋ ਆਤਮ ਪ੍ਰਕਾਸ਼ ਹੋਇਆ ਉਹੀ ਆਤਮ ਪ੍ਰਕਾਸ਼ ਸੰਤਾਂ ਦੇ ਰਖਵਾਲੇ ਗੁਰੂ ਰਾਮਦਾਸ ਜੀ ਨੂੰ ਹੋਇਆ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮਨ ’ਚ ਬੜਾ ਅਨੰਦ ਹੁੰਦਾ ਹੈ।
ਸੋ ਉਕਤ ਸਵੱਈਆਂ ’ਚ ਭਗਤ ਸਾਹਿਬਾਨ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ‘ਆਤਮ ਪ੍ਰਕਾਸ਼’ ਕਮਾਈ ਕਰਕੇ ਪਾਉਂਦੇ ਹਨ।
ਸਾਵਧਾਨੀ : ਇਹ ਵਿਚਾਰ 35 ਬਾਣੀਕਾਰਾਂ ਦੇ ਰੂਹਾਨੀਅਤ ਬਲ ਦਾ ਅੰਤਰ ਵਾਚਣ ਲਈ ਨਹੀਂ ਬਲਕਿ ‘ਆਤਮ ਪ੍ਰਕਾਸ਼/ਅੰਮ੍ਰਿਤ ਨਾਮੁ’; ਇਨਸਾਨੀ ਜ਼ਿੰਦਗੀ ’ਚ ‘ਨਾਨਕ ਜੋਤਿ’ ਕਦੋਂ ਬਣਿਆ ਭਾਵੇਂ ਕਿ ਇਸ ਦੀ ਮੌਜੂਦਗੀ ਸ੍ਰਿਸ਼ਟੀ ਦੇ ਆਦਿ (ਮੁੱਢ) ਤੋਂ ਹੈ, ਨੂੰ ਪੜਚੋਲਣਾ ਹੈ। ਵੈਸੇ ਸਾਰੇ ਗੁਰੂ ਸਾਹਿਬਾਨ ’ਚ ਆਤਮ ਪ੍ਰਕਾਸ਼ ਇੱਕ ਸਮਾਨ ਹੈ। ਇਸ ਦੀ ਪੁਸ਼ਟੀ ਹੇਠਲੇ ਸ਼ਬਦ ਕਰਦੇ ਹਨ :
(1). ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ॥ ਤਾ ਤੇ ਅੰਗਦੁ ਭਯਉ; ਤਤ ਸਿਉ ਤਤੁ ਮਿਲਾਯਉ … ॥੧॥ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਅਰਥ : ‘ਜੋਤਿ ਸਰੂਪ ਹਰੀ; ਆਪ ਹੀ ਜਗਤ ’ਚ ਗੁਰੂ ਨਾਨਕ ਜੀ ਅਖਵਾਇਆ ਹੈ। ਉਸ ਨਾਨਕ ਜੋਤਿ ਤੋਂ ਗੁਰੂ ਅੰਗਦ ਜੀ ਹੋਏ। ਅੰਗਦ ਜੀ ਦੀ ਜੋਤਿ (ਤਤ) ਨਾਲ਼ ਗੁਰੂ ਨਾਨਕ ਦੀ ਜੋਤਿ (ਤਤੁ) ਮਿਲ ਗਈ।’ ਅਜਿਹਾ ਹੀ ਸੱਤਾ-ਬਲਵੰਡ ਜੀ ਆਖਦੇ ਹਨ ‘‘ਜੋਤਿ ਓਹਾ ਜੁਗਤਿ ਸਾਇ; (ਨਾਨਕ-) ਸਹਿ (ਨੇ) ਕਾਇਆ ਫੇਰਿ ਪਲਟੀਐ ॥’’ (ਬਲਵੰਡ ਸਤਾ/੯੬੬)
ਨੋਟ : ਉਕਤ ਤੁਕ ‘‘ਤਤ ਸਿਉ ਤਤੁ ਮਿਲਾਯਉ’’ ’ਚ ਪਹਿਲਾ ‘ਤਤ’ ਅੰਤ ਮੁਕਤ; ਸੰਬੰਧਕ ‘ਸਿਉ’ ਨੇ ਕੀਤਾ ਹੈ, ਇਸ ਲਈ ਹੀ ‘ਤਤੁ’ ਦਾ ਅਰਥ ‘ਜੋਤਿ’ ਬਣਿਆ ਹੈ। ਗੁਰਬਾਣੀ ’ਚ ‘ਤਤੁ’ (ਅੰਤ ਔਂਕੜ) ਦਾ ਅਰਥ ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਵੀ ਹੈ। ਓਥੇ ਇਸ ਦੀ ਅੰਤ ਔਂਕੜ; ਕਿਸੇ ਸੰਬੰਧਕ ਚਿੰਨ੍ਹ ਆਇਆਂ ਹਟਦੀ ਨਹੀਂ; ਜਿਵੇਂ ਕਿ ‘‘ਇਹੁ ਮਨੁ; ਪੰਚ ਤਤੁ ਤੇ ਜਨਮਾ ॥’’ (ਮਹਲਾ ੧/੪੧੫) ਤੁਕ ’ਚ ‘ਪੰਚ’ ਬਹੁ ਵਚਨ ਵਿਸ਼ੇਸ਼ਣ ਵੀ ਹੈ ਅਤੇ ‘ਤੇ’ ਸੰਬੰਧਕੀ ਵੀ; ਫਿਰ ਵੀ ‘ਤਤੁ’ ਅੰਤ ਮੁਕਤ ਨਹੀਂ ਹੋਇਆ। ਇਸ ਦਾ ਉਚਾਰਨ ਹੈ : ‘ਤਤ੍ਵ’; ਜਿਵੇਂ ਕਿ ‘ਮਹਤੁ, ਵਿਸੁ’ ਦਾ ਉਚਾਰਨ ਹੁੰਦਾ ਹੈ : ‘ਮਹਤ੍ਵ, ਵਿਸ੍ਵ’, ਨਾ ਕਿ ‘ਮਹਤ, ਵਿਸ਼’। ਇਹ ਦੂਜੀ ਬੋਲੀ ’ਚੋਂ ਆਏ ਸ਼ਬਦ ਹਨ, ਜਿਨ੍ਹਾਂ ਨੂੰ ‘ਤਤਸਮ’ ਕਿਹਾ ਗਿਆ ਜਦ ਕਿ ‘ਤਤੁ’ (ਸੰਬੰਧਕ ਨਾਲ਼ ਅੰਤ ਮੁਕਤ ਹੋਣ ਵਾਲ਼ੇ) ਦਾ ਅਰਥ ਹੈ : ‘ਜੋਤਿ, ਅਸਲੀਅਤ, ਨਿਚੋੜ, ਸੱਚ, ਰੱਬ, ਮੱਖਣ, ਤੁਰੰਤ’। ਇਹ ਗੁਰਮੁਖੀ ਸ਼ਬਦ ਹੈ, ਜਿਸ ’ਤੇ ਵਿਆਕਰਣ ਨਿਯਮ ਲਾਗੂ ਹੁੰਦੇ ਹਨ ਭਾਵ ਇਸ ਦੇ ‘ਤਤ/ਤਤੁ/ਤਤਿ’ ਰੂਪਾਂ ’ਚੋਂ ਲੁਪਤ ਅਰਥ ਮਿਲਦੇ ਹਨ। ਇਨ੍ਹਾਂ ਦਾ ਉਚਾਰਨ ਹੋਏਗਾ : ‘ਤਤ’, ਨਾ ਕਿ ਤਤ੍ਵ।
(2). ਗੁਰਿ+ਨਾਨਕਿ (ਨੇ) ਅੰਗਦੁ ਵਰੵਉ; ਗੁਰਿ+ਅੰਗਦਿ (ਨੇ) ਅਮਰ ਨਿਧਾਨੁ ॥ ਗੁਰਿ+ਰਾਮਦਾਸਿ (ਨੇ) ਅਰਜੁਨੁ ਵਰੵਉ; ਪਾਰਸੁ ਪਰਸੁ ਪ੍ਰਮਾਣੁ ॥੪॥ (ਸਵਈਏ ਮਹਲੇ ਪੰਜਵੇਂ ਕੇ/ਭਟ ਕਲੵ/੧੪੦੭)
ਅਰਥ : ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਵਰਦਾਨ ਦਿੱਤਾ। ਗੁਰੂ ਅੰਗਦ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਣੀ ਨਿਧਾਨ ਬਣਾਇਆ। (ਉਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਅਤੇ) ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਜੀ ਨੂੰ ਵਰਦਾਨ ਦਿੱਤਾ। ਪਾਰਸ (ਗੁਰੂ ਨਾਨਕ ਜੀ) ਨੂੰ ਛੁਹ ਕੇ ਉੱਤਰਾਧਿਕਾਰੀ ਵੀ ਪ੍ਰਮਾਣੀਕ (ਆਤਮ ਪ੍ਰਕਾਸ਼ ਸਹਿਤ) ਹੋ ਗਏ।
(3). ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ (ਨਾਨਕ) ਜੋਤਿ, ਅਰਜੁਨ ਮਾਹਿ ਧਰੀ ॥੪॥ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯)
ਨੋਟ : ਜੋ ਜੋਤਿ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਅੰਦਰ ਧਰੀ, ਓਹੀ ਜੋਤਿ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਅੰਦਰ ਧਰੀ; ਇਉਂ ਹੀ ਨਾਵੇਂ ਪਾਤਿਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਅੰਦਰ ਧਰੀ, ਜੋ ਹੁਣ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ ਅਤੇ ਆਪਣੇ ਸ਼ਬਦ ਗਿਆਨ ’ਤੇ ਵਿਸ਼ਵਾਸ ਬਣਾਏ ਰੱਖਣ ਲਈ ਸ਼ਰਧਾਵਾਨ ਉੱਤੇ ਬਖ਼ਸ਼ਸ਼ ਕਰਦੀ ਹੈ, ਪਰ ਜੋ ਦਸਮੇਸ਼ ਪਿਤਾ ਅੰਦਰ ਆਤਮ ਪ੍ਰਕਾਸ਼; ‘ਨਾਨਕ ਜੋਤਿ ਰਾਹੀਂ ਨਹੀਂ ਬਲਕਿ ਪੂਰਵਲੀ ਤਪੱਸਿਆ ਦਾ ਫਲ਼ ਮੰਨਦੇ ਹਨ, ਉਹ ਨਾਨਕ ਜੋਤਿ ਦੇ ਨਿੰਦਕ ਹਨ।
ਉਕਤ ਕੀਤੀ ਵਿਚਾਰ ਕਿ ਨਾਨਕ ਜੋਤਿ; ਆਦਿ ਕਾਲ ਤੋਂ ਹੈ, ਜੋ ਸ੍ਰਿਸ਼ਟੀ ਦੇ ਅੰਤ ਤੱਕ ਰਹੇਗੀ, ਇਸ ਲਈ ਗੁਰੂ ਰਾਮਦਾਸ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਭੀ ਭੱਟ ਹਰਬੰਸ ਜੀ ਉਨ੍ਹਾਂ ਨੂੰ ਜੀਵਤ ਕਹਿ ਰਹੇ ਹਨ ‘‘ਮਿਲਿ ਨਾਨਕ ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ॥ ਹਰਿਬੰਸ ਜਗਤਿ (’ਚ) ਜਸੁ ਸੰਚਰੵਉ (ਪਸਰਿਆ); ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ?॥੧॥ (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/੧੪੦੯)
ਆਮ ਸਿੱਖ ਦਾ ਵਿਸ਼ਵਾਸ ਬਣਾਏ ਰੱਖਣ ਲਈ ਭੱਟ ਮਥੁਰਾ ਜੀ ਵਚਨ ਕਰਦੇ ਹਨ ਕਿ ਜੋ ਬ੍ਰਹਮ ਰੂਪ ਗੁਰੂ ਨਾਨਕ ਜੀ ਸਨ, ਉਹੀ ਹੁਣ ਗੁਰੂ ਅਰਜਨ ਜੀ ਹਨ (ਤੇ ਅਗਾਂਹ ਗੁਰੂ ਗੋਬਿੰਦ ਸਿੰਘ ਜੀ ਹੋਣਗੇ)। ਕੋਈ ਸੰਦੇਹ ਨਾ ਕਰ ਬੈਠਿਓ ਕਿ ਇਹ ਚਮਤਕਾਰ ‘ਨਾਨਕ ਜੋਤਿ’ ਦਾ ਨਹੀਂ ਬਲਕਿ ਕਿਸੇ ਪੂਰਵਲੀ ਤਪੱਸਿਆ ਦਾ ਹੈ ‘‘ਜਗ ਅਉਰੁ ਨ ਯਾਹਿ ਮਹਾ ਤਮ ਮੈ (ਡੂੰਘੇ ਹਨ੍ਹੇਰੇ ’ਚ); ਅਵਤਾਰੁ ਉਜਾਗਰੁ ਆਨਿ (ਲਿਆ ਕੇ) ਕੀਅਉ ॥ ਤਿਨ ਕੇ ਦੁਖ ਕੋਟਿਕ ਦੂਰਿ ਗਏ; ਮਥੁਰਾ ! ਜਿਨ੍ ਅੰਮ੍ਰਿਤ ਨਾਮੁ ਪੀਅਉ ॥ ਇਹ ਪਧਤਿ ਤੇ (ਇਸ ਰਾਹ/ਵਿਸ਼ਵਾਸ ਤੋਂ) ਮਤ ਚੂਕਹਿ ਰੇ ਮਨ ! ਭੇਦੁ ਬਿਭੇਦੁ ਨ ਜਾਨ ਬੀਅਉ (ਕੋਈ ਦੂਜਾ ਤਪੱਸਿਆ ਵਰਗਾ)॥ ਪਰਤਛਿ ਰਿਦੈ ਗੁਰ ਅਰਜੁਨ ਕੈ; ਹਰਿ ਪੂਰਨ ਬ੍ਰਹਮਿ (ਨੇ) ਨਿਵਾਸੁ ਲੀਅਉ ॥੫॥’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯)
(4). ਧਰਨਿ ਗਗਨ ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ (ਵਿਆਪਕ)॥ ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ॥੭॥੧੯॥ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯)
ਅਰਥ : ਧਰਤੀ ਤੋਂ ਆਕਾਸ਼ ਤੱਕ 9 ਖੰਡਾਂ ’ਚ ਜੋਤਿ ਸਰੂਪ (ਹਰੀ, ਆਤਮ ਪ੍ਰਕਾਸ਼, ਨਾਮ ਅੰਮ੍ਰਿਤ, ਨਾਨਕ ਜੋਤਿ) ਵਿਆਪਕ ਹੈ, ਇਸ ਲਈ ਹੇ ਭੱਟ ਮਥੁਰਾ ! ਮਿਸਾਲ ਵਜੋਂ ਇਹ ਜਾਣ ਲੈ ਕਿ ਗੁਰੂ ਨਾਨਕ ਜੀ ਵਾਙ ਹੁਣ ਵੀ ਹਰੀ ਅਤੇ ਗੁਰੂ ਅਰਜਨ ਜੀ ’ਚ ਕੋਈ ਭੇਦ ਨਹੀਂ, ਜੋ ਸਾਡੇ ਰੂ-ਬਰੂ ਵਿਰਾਜਮਾਨ ਹਨ (ਭਾਵ ਮਥੁਰਾ ਜੀ ਦੇ ਬਾਣੀ ਲਿਖਣ ਸਮੇਂ ਗੁਰੂ ਅਰਜਨ ਸਾਹਿਬ ਜੀ ਸਿੱਖ ਕੌਮ ਦੇ ਪ੍ਰਮਾਣੀਕ ਗੁਰੂ ਸਨ)।
ਨੋਟ : ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਕੁਝ ਵਡੇਰੀ ਉਮਰ ’ਚ ਗੁਰੂ ਸ਼ਰਨ ਆਏ ਹਨ ਪਰ ਗੁਰੂ ਅਰਜਨ ਸਾਹਿਬ ਜੀ ਬਾਰੇ ਭੱਟ ਸਾਹਿਬਾਨ ਫ਼ੁਰਮਾਉਂਦੇ ਹਨ ‘‘ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ..॥੧॥ (ਸਵਈਏ ਮਹਲੇ ਪੰਜਵੇਂ ਕੇ/ਭਟ ਕਲੵ/੧੪੦੭) ਭਾਵ ਤੈਂ ਬਚਪਨ ਤੋਂ ਹੀ ਗੁਰੂ ਦੀ ਸੰਗਤ ’ਚ ਰਹਿ ਕੇ ਨਿਰਾਕਾਰ (ਨਾਮੁ ਨਿਰੰਜਨ) ਨੂੰ ਜਾਣਿਆ ਹੈ। ਚੇਤੇ ਰਹੇ ਕਿ ਭੱਟ ਬਾਣੀ ’ਚ ਇਸ ਤਰ੍ਹਾਂ ਦੇ ਕੁੱਝ ਇਤਿਹਾਸਕ ਤੱਥ ਮਿਲਦੇ ਹਨ।
ਗੁਰਬਾਣੀ ’ਚ ‘ਵਾਹ ਵਾਹ’ ਸੰਯੁਕਤ ਸ਼ਬਦ 75 ਵਾਰ ਹਨ, ਜਿਨ੍ਹਾਂ ’ਚ ਕੇਵਲ ਗੁਰੂ ਅਮਰਦਾਸ ਜੀ ਦੇ ਹੀ 49 ਵਾਰ ਇਉਂ ਵਰਤਿਆ ਹੈ :
ਵਾਹੁ ਵਾਹੁ ਕਰਤਿਆ; ਸਦਾ ਅਨੰਦੁ ਹੋਵੈ ਮੇਰੀ ਮਾਇ ! ॥ (ਮਹਲਾ ੩/੫੧੪)
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ; ਹਉਮੈ ਵਿਚਹੁ ਜਾਇ ॥ (ਮਹਲਾ ੩/੫੧੫)
ਵਾਹੁ ਵਾਹੁ ਹਿਰਦੈ (’ਚੋਂ) ਉਚਰਾ; ਮੁਖਹੁ ਭੀ ਵਾਹੁ ਵਾਹੁ ਕਰੇਉ ॥ (ਮਹਲਾ ੩/੫੧੫)
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ; ਗੁਰ ਪੂਰੇ (ਨੂੰ) ਵਾਹੁ ਵਾਹੁ ਭਾਵੈ ॥ (ਮਹਲਾ ੩/੫੧੫)
ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥ (ਮਹਲਾ ੩/੫੧੫)
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ; ਗੁਰਮੁਖਿ ਪਾਵੈ ਕੋਇ ॥ (ਮਹਲਾ ੩/੫੧੫)
ਵਾਹੁ ਵਾਹੁ ਸਚੇ ਪਾਤਿਸਾਹ ਤੂ; ਸਚੀ ਨਾਈ (ਵਡਿਆਈ)॥੧॥ ਰਹਾਉ ॥ (ਮਹਲਾ ੩/੯੪੭)
ਵਾਹੁ ਮੇਰੇ ਸਾਹਿਬਾ ! ਵਾਹੁ ॥ (ਮਹਲਾ ੩/੭੫੫) ਆਦਿ, ਇਸੇ ਲਈ ਹੀ ਭੱਟ ਬਲੵ ਜੀ ਨੇ ਲਿਖਿਆ ਹੈ ‘‘ਗੁਰਿ+ਅਮਰਦਾਸਿ (ਨੇ) ਕਰਤਾਰੁ ਕੀਅਉ ਵਸਿ (’ਚ); ਵਾਹੁ ਵਾਹੁ ਕਰਿ ਧੵਾਇਯਉ … ॥੨॥’’ (ਸਵਈਏ ਮਹਲੇ ਚਉਥੇ ਕੇ/ਭਟ ਬਲੵ/੧੪੦੫), ਪਰ ਅਫ਼ਸੋਸ ਕਿ ਅੱਜ ਸਾਡਾ ਮਨ ‘ਵਾਹਿ ਗੁਰੂ ! ਵਾਹਿ ਗੁਰੂ !’ ਉਚਾਰਨ ਨੂੰ ਪਾਖੰਡ ਸਮਝਦਾ ਹੈ ਤਾਂ ਜੋ ਆਪਣਾ ਮਨਹਠ ਕਾਇਮ ਰਹੇ।
(5). ਹੇਠਲੇ 5 ਸਵੱਈਆਂ ਦੇ ਅੰਤ ’ਚ ਕ੍ਰਮਵਾਰ ਅੰਕ ਸੰਖਿਆ ॥੮॥੧੨॥ ਦਾ ਮਤਲਬ ਹੈ ਕਿ ਭੱਟ ਨਲੵ ਜੀ ਦਾ ਇਹ ੮ਵਾਂ ਨਹੀਂ, ੧੨ਵਾਂ ਸ਼ਬਦ ਹੈ।, ਭੱਟ ਗਯੰਦ ਜੀ ਦੇ 4 ਸਵੱਈਆਂ ’ਚੋਂ ਪਹਿਲੇ ਅੰਕ ॥੩॥੮॥ ਦਾ ਮਤਲਬ ਹੈ ੮ਵਾਂ ਸ਼ਬਦ, ॥੧॥੧੧॥ ਦਾ ਮਤਲਬ ਹੈ ੧੧ਵਾਂ ਸ਼ਬਦ, ॥੨॥੧੨॥ ਦਾ ਮਤਲਬ ਹੈ ੧੨ਵਾਂ ਸ਼ਬਦ ਅਤੇ ਅੰਤਮ ਅੰਕ ਸੰਖਿਆ ॥੩॥੧੩॥੪੨॥ ਦਾ ਮਤਲਬ ਹੈ ੧੩ਵਾਂ ਸ਼ਬਦ ਭਾਵ ਹਰ ਪਹਿਲੇ ਅੰਕ ‘॥੮॥,॥੩॥,॥੧॥, ॥੨॥,॥੩॥’ ਨੂੰ ਸ਼ਬਦ ਅੰਕ ਸੰਖਿਆ ਨਾ ਸਮਝ ਲੈਣਾ ਕਿਉਂਕਿ ਫਿਰ ਇਹ ਸਾਰੇ ਸ਼ਬਦ ਜੋ ਗੁਰੂ ਰਾਮਦਾਸ ਜੀ ਦੇ ਸੰਬੰਧ ’ਚ ਉਚਾਰੇ ਹਨ, ਉਹ ਮੰਗਲਾਚਰਨ ਵਜੋਂ ‘ਨਿਰਾਕਾਰ’ ਜਾਂ ‘ਗੁਰੂ ਨਾਨਕ ਜੀ’ ਦੇ ਸੰਬੰਧ ’ਚ ਉਚਾਰੇ ਗਏ ਹੋਣ ਦਾ ਭੁਲੇਖਾ ਪੈ ਸਕਦਾ ਹੈ। ਹੇਠਲੇ ਸ਼ਬਦਾਂ ’ਚ ਗੁਰੂ ਰਾਮਦਾਸ ਜੀ ਦਾ ਆਤਮ ਪ੍ਰਕਾਸ਼ ਵੀ ਗੁਰੂ ਨਾਨਕ ਜੀ ਦੇ ਆਤਮ ਪ੍ਰਕਾਸ਼ ਵਾਙ ਸ੍ਰਿਸ਼ਟੀ ਦੇ ਆਦਿ ਤੋਂ ਮੰਨ ਕੇ ਫ਼ਰਿਆਦ ਕੀਤੀ ਗਈ ਹੈ :
(ੳ). ਅਬ ਰਾਖਹੁ ਦਾਸ ਭਾਟ ਕੀ ਲਾਜ ॥ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ; ਹਰਨਾਖਸ ਫਾਰੇ ਕਰ ਆਜ ॥ ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ! ਛੀਨਤ ਬਸਤ੍ਰ ਦੀਨ ਬਹੁ ਸਾਜ ॥ ਸੋਦਾਮਾ ਅਪਦਾ ਤੇ ਰਾਖਿਆ; ਗਨਿਕਾ ਪੜ੍ਹਤ ਪੂਰੇ ਤਿਹ ਕਾਜ ॥ ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ; ਰਾਖਹੁ ਦਾਸ ਭਾਟ ਕੀ ਲਾਜ ॥੮॥੧੨॥ (ਸਵਈਏ ਮਹਲੇ ਚਉਥੇ ਕੇ/ਭਟ ਨਲੵ/੧੪੦੦)
ਪਦ ਅਰਥ : ਭਾਟ- ਭੱਟ ਨਲੵ, ਕਰ ਆਜ-ਹੱਥਾਂ ਦੇ ਨਹੂੰਆਂ ਨਾਲ਼, ਫੁਨਿ-ਭੀ, ਹਰਿ ਪ੍ਰਭ ਜੀ- ਭਾਵ ਹੇ ਗੁਰੂ ਰਾਮਦਾਸ ਜੀ !, ਦੀਨ-ਦਿੱਤੇ, ਸਾਜ-ਸਮਾਨ/ਬਸਤਰ, ਅਪਦਾ -ਗ਼ਰੀਬੀ, ਗਨਿਕਾ-ਵੇਸਵਾ, ਪੜ੍ਹਤ-ਰਾਮ ਨਾਮ ਪੜ੍ਹਦਿਆਂ, ਤਿਹ-ਉਸ ਦੇ।
ਨੋਟ : ‘ਹਰਿ ਪ੍ਰਭ ਜੀ’ ਸ਼ਬਦਾਂ ਦਾ ਅਰਥ ‘ਕ੍ਰਿਸ਼ਨ ਜੀ’ ਨਹੀਂ ਹੋ ਸਕਦਾ ਕਿਉਂਕਿ ਕ੍ਰਿਸ਼ਨ ਜੀ; ਭੱਟ ਨਲੵ ਜੀ ਦੇ ਸਨਮੁਖ ਨਹੀਂ ਸਨ। ਭਾਵੇਂ ਕਿ ਇਹ ਨਾਂ, ਗੁਰੂ ਰਾਮਦਾਸ ਜੀ ਦੇ ਵੀ ਨਹੀਂ ਪਰ ਭੱਟ ਬਾਣੀ ਮੁਤਾਬਕ ‘ਹਰੀ ਜੋਤਿ ਹੀ ਨਾਨਕ ਜੋਤਿ ਹੈ’।
(ਅ). ਅਕਥ ਕਥਾ; ਕਥੀ ਨ ਜਾਇ; ਤੀਨਿ ਲੋਕ ਰਹਿਆ ਸਮਾਇ; ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ! (ਭਾਵ ਹੇ ਗੁਰੂ ਰਾਮਦਾਸ ਜੀ !) ॥ ਸਤਿ ਸਾਚੁ ਸ੍ਰੀ ਨਿਵਾਸੁ; ਆਦਿ ਪੁਰਖੁ ਸਦਾ ਤੁਹੀ; ਵਾਹਿ ਗੁਰੂ ! ਵਾਹਿ ਗੁਰੂ ! ਵਾਹਿ ਗੁਰੂ ਵਾਹਿ ਜੀਉ ॥੩॥੮॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੩)
ਨੋਟ : ਜੋ ਸਿੱਖ; ਵਾਹਿ ਗੁਰੂ ਨੂੰ ਵਾਹਿਗੁਰੂ (ਅਕਾਲ ਪੁਰਖ) ਮੰਨਦੇ ਹਨ, ਉਹ ਭੱਟ ਬਾਣੀ ’ਚੋਂ ਗੁਰਮਤਿ ਦੀ ਵਿਲੱਖਣਤਾ ਨਹੀਂ ਵੇਖ ਸਕਦੇ। ਗੁਰਬਾਣੀ ਸੰਪਾਦਨਾ ਸਮੇਂ ਵਰਤੀ ਗਈ ਅੰਕ ਸੰਖਿਆ ਅਤੇ ਗੁਰਮਤਿ ਫ਼ਲਸਫ਼ੇ ਬਾਰੇ ਉਹ ਦੁਬਿਧਾ ’ਚ ਹਨ, ਇਸ ਲਈ ‘ਸਤਿਗੁਰੂ’ ਦੀ ਮਹਾਨਤਾ ਨੂੰ ਵੀ ਰੱਬ ਦਾ ਸਿਮਰਨ ਬਣਾ ਬੈਠੇ ਜਦ ਕਿ ਭੱਟ ਬਾਣੀ ਦੇ ਸਿਰਲੇਖ ਹੀ ਗੁਰੂ ਉਪਮਾ ਵਾਲ਼ੀ ਬਾਣੀ, ਸਾਬਤ ਕਰਦੇ ਹਨ। ਵੈਸੇ ਵੀ ਗੁਰਬਾਣੀ ‘ਚ ‘ਵਾਹਿਗੁਰੂ’ ਸ਼ਬਦ ਦਰਜ ਨਹੀਂ ਹੈ। ਵੈਸੇ ਵੀ ਗੁਰਬਾਣੀ ’ਚ ‘ਵਾਹਿਗੁਰੂ’ ਸ਼ਬਦ ਦਰਜ ਨਹੀਂ ਹੈ, ਜਿਸ ਦਾ ਅਰਥ ‘ਅਕਾਲ ਪੁਰਖ/ ਨਿਰਾਕਾਰ’ ਹੋਵੇ।
(ੲ). ਸੇਵਕ ਕੈ (ਅੰਦਰ, ਤੂੰ) ਭਰਪੂਰ ਜੁਗੁ ਜੁਗੁ; ਵਾਹ ਗੁਰੂ (ਭਾਵ ਹੇ ਗੁਰੂ ਰਾਮਦਾਸ ਜੀ) ! ਤੇਰਾ ਸਭੁ ਸਦਕਾ ॥ ਨਿਰੰਕਾਰੁ ਪ੍ਰਭੁ (ਵਾਙ ਤੂੰ ਵੀ) ਸਦਾ ਸਲਾਮਤਿ; ਕਹਿ ਨ ਸਕੈ ਕੋਊ, ਤੂ ਕਦ ਕਾ (ਭਾਵ ਤੂੰ ਆਦਿ ਤੋਂ ਹੈਂ)॥ ਬ੍ਰਹਮਾ ਬਿਸਨੁ ਸਿਰੇ (ਸਿਰਜੇ) ਤੈ ਅਗਨਤ; ਤਿਨ ਕਉ ਮੋਹੁ ਭਯਾ ਮਨ ਮਦ ਕਾ ॥ ਚਵਰਾਸੀਹ ਲਖ ਜੋਨਿ ਉਪਾਈ; ਰਿਜਕੁ ਦੀਆ ਸਭ ਹੂ ਕਉ ਤਦ ਕਾ ॥ ਸੇਵਕ ਕੈ (ਹਿਰਦੇ ’ਚ) ਭਰਪੂਰ ਜੁਗੁ ਜੁਗੁ; ਵਾਹ ਗੁਰੂ ! ਤੇਰਾ ਸਭੁ ਸਦਕਾ ॥੧॥੧੧॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੩)
ਨੋਟ : ਚੇਤੇ ਰਹੇ ਕਿ ਸਿਰਜਣਾਤਮਿਕ ਸ਼ਬਦਾਂ ਦੀ ਵਧੇਰੇ ਵਰਤੋਂ ’ਚੋਂ ‘‘ਰਿਜਕੁ ਦੀਆ ਸਭ ਹੂ ਕਉ ਤਦ ਕਾ’’ ਵਾਕ ਦਾ ਭਾਵਾਰਥ ਸਿੱਧਾ ਹੀ ਗੁਰੂ ਜੀ ਵੱਲੋਂ ਦਿੱਤੀ ਜਾਂਦੀ ਰੂਹਾਨੀਅਤ ਖ਼ੁਰਾਕ (ਨਾਮ ਅੰਮ੍ਰਿਤ) ਨਾਲ਼ ਸੰਬੰਧਿਤ ਹੈ ਕਿਉਂਕਿ ਇਹ ਤੁਕ; ‘‘ਮੋਹੁ ਭਯਾ ਮਨ ਮਦ ਕਾ’’ ਦੇ ਇਲਾਜ ਵਜੋਂ ਹੈ।
(ਸ). ਵਾਹੁ ਵਾਹੁ (ਸਤਿਗੁਰੂ ਰਾਮਦਾਸ) ਕਾ ਬਡਾ ਤਮਾਸਾ ॥ ਆਪੇ ਹਸੈ, ਆਪਿ ਹੀ ਚਿਤਵੈ; ਆਪੇ ਚੰਦੁ ਸੂਰੁ ਪਰਗਾਸਾ ॥ ਆਪੇ ਜਲੁ, ਆਪੇ ਥਲੁ ਥੰਮ੍ਨੁ; ਆਪੇ ਕੀਆ ਘਟਿ ਘਟਿ (’ਚ) ਬਾਸਾ ॥ ਆਪੇ ਨਰੁ; ਆਪੇ ਫੁਨਿ ਨਾਰੀ; ਆਪੇ ਸਾਰਿ (ਸ਼ਾਰਿ/ਨਰਦਾਂ) ਆਪ ਹੀ ਪਾਸਾ (ਚੌਪੜ) ॥ ਗੁਰਮੁਖਿ ਸੰਗਤਿ ਸਭੈ ਬਿਚਾਰਹੁ; ਵਾਹੁ ਵਾਹੁ (ਸਤਿਗੁਰੂ) ਕਾ ਬਡਾ ਤਮਾਸਾ ॥੨॥੧੨॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੩)
(ਹ). ਗੁਰ ਪ੍ਰਸਾਦਿ (ਰਾਹੀਂ) ਪਾਈਐ ਪਰਮਾਰਥੁ (ਉੱਚਾ ਰੁਤਬਾ); ਸਤਸੰਗਤਿ ਸੇਤੀ ਮਨੁ ਖਚਨਾ (ਜੁੜਨਾ)॥ ਕੀਆ ਖੇਲੁ ਬਡ ਮੇਲੁ ਤਮਾਸਾ; ਵਾਹ ਗੁਰੂ (ਹੇ ਗੁਰੂ ਰਾਮਦਾਸ ਜੀ) ! ਤੇਰੀ ਸਭ ਰਚਨਾ (ਹੀ ਅਨੰਦਿਤ ਹੁੰਦੀ ਹੈ) ॥੩॥੧੩॥੪੨॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੪)
ਨੋਟ : ਜੇ ਉਕਤ ਸ਼ਬਦਾਂ ਨੂੰ ਮੰਗਲਾਚਰਨ ਵਜੋਂ ਵੇਖੀਏ ਤਾਂ ਇਹ ਅਰੰਭਕ ਸ਼ਬਦ ਹੋਣੇ ਚਾਹੀਦੇ ਹਨ, ਨਾ ਕਿ ਅੰਤਮ। ਇਸ ਨਾਸਮਝੀ ਕਾਰਨ ਹੀ ਕੁਝ ਸਿੱਖ ਉੱਚੇ ਇਖ਼ਲਾਕ ’ਚੋਂ ਉਪਜੀ ਬਾਣੀ ਨੂੰ ਆਪਣੇ ਨਜ਼ਰੀਏ ਨਾਲ਼ ਵੇਖਣ ਦੀ ਜ਼ਿੱਦ ਕਰਦੇ ਹਨ। ਭੱਟ ਗਯੰਦ ਜੀ ਆਪ ਹੀ ਇਨ੍ਹਾਂ ਸਵੱਈਆਂ ਤੋਂ ਪਹਿਲਾਂ ਆਪਣੇ ੫ਵੇਂ ਸਵੱਈਏ ’ਚ ਹੀ ਇਸ ਮੂਰਖਤਾ ਵੱਲੋਂ ਸਾਵਧਾਨ ਕਰਦੇ ਹਨ ‘‘ਜਿਨਹੁ ਬਾਤ ਨਿਸਲ ਧ੍ਰੂਅ ਜਾਨੀ; ਤੇਈ ਜੀਵ ਕਾਲ ਤੇ ਬਚਾ ॥ … ਕੁੰਡਲਨੀ ਸੁਰਝੀ ਸਤਸੰਗਤਿ; ਪਰਮਾਨੰਦ ਗੁਰੂ ਮੁਖਿ ਮਚਾ ॥ ਸਿਰੀ ਗੁਰੂ ਸਾਹਿਬੁ ਸਭ ਊਪਰਿ; ਮਨ ਬਚ ਕ੍ਰੰਮ ਸੇਵੀਐ ਸਚਾ ॥੫॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨) ਪਦ ਅਰਥ : ਗੁਰੂ ਮੁਖਿ-ਗੁਰੂ ਵੱਲ ਮੂੰਹ ਕਰਕੇ, ਮਚਾ-ਪ੍ਰਗਟ ਹੋਏ।
ਅਰਥ : ਜਿਨ੍ਹਾਂ ਨੇ ਸਤਿਗੁਰੂ ਨੂੰ ਧਰੂ ਭਗਤ ਵਾਙ ਟਿਕ ਕੇ ਸਮਝਿਆ ਉਹੀ ਆਤਮਕ ਮੌਤ ਤੋਂ ਬਚੇ। ਗੁਰੂ ਵੱਲ ਮੂੰਹ ਕਰਕੇ ਅੰਤਹਕਰਣ ਸ਼ੁੱਧ ਹੋ ਗਿਆ ਭਾਵ ਮਾਇਆ ਦੀ ਗੰਢ ਖੁੱਲ੍ਹ ਗਈ (ਅੰਨ੍ਹਾਪਣ ਦੂਰ ਹੋ ਗਿਆ)। ਸਤਿਗੁਰੂ; ਸਰਬੋਤਮ ਹੈ, ਉਸ ਰਾਹੀਂ ਸ੍ਰੇਸ਼ਟ ਅਨੰਦ (ਆਤਮ ਪ੍ਰਕਾਸ਼) ਲੈ ਕੇ ਪ੍ਰਗਟ ਹੋ ਗਏ। ਉਸ ਸਰਬੋਤਮ ਸੱਚੇ-ਗੁਰੂ ਨੂੰ ਮਨ ਕਰਕੇ, ਵਚਨ ਕਰਕੇ, ਕਰਮ ਕਰਕੇ ਸਿਮਰਨਾ ਬਣਦਾ ਹੈ ਭਾਵ ਤਨ, ਮਨ ਤੇ ਕਾਰ-ਵਿਹਾਰ ’ਚ ਗੁਰੂ ਦਾ ਡਰ- ਅਦਬ ਹੋਣਾ ਚਾਹੀਦਾ ਹੈ। ਚੇਤੇ ਰਹੇ ਕਿ ਇੱਥੇ ਸ਼ਬਦ ‘ਸਚਾ’ ਹੈ ਕਿਉਂਕਿ ਕਈ ‘ਕਚੇ’ ਗੁਰੂ ਭੀ ਹੁੰਦੇ ਹਨ।
ਹੁਣ ਸਵਾਲ ਪੈਦਾ ਹੋਣਗੇ ਕਿ ਹਰ ਧਰਮ ਦਾ ਵਿਅਕਤੀ ਆਪਣੇ-ਆਪਣੇ ‘ਗੁਰੂ, ਰਹਿਬਰ, ਪੀਰ, ਪੈਗ਼ੰਬਰ, ਦੇਵਤੇ ਆਦਿ ਨੂੰ ਹੀ ‘ਆਤਮ ਪ੍ਰਕਾਸ਼’ ਭਰਪੂਰ ਕਹੇਗਾ। ਕਿਵੇਂ ਨਿਰਣਾ ਹੋਵੇ ਕਿ ਕੌਣ ਗੁਰੂ ਜਾਂ ਅਚਾਰੀਆ ਸਹੀ ਹੈ ਤੇ ਕੌਣ ਗ਼ਲਤ ? ਇਸ ਦੀ ਪਛਾਣ ਕਰਨੀ ਮੁਸ਼ਕਲ ਨਹੀਂ। ਜੋ ਆਪਣੇ ਨਾਲ਼ ਜੋੜੇ ਉਹ ਨਕਲੀ ਹੈ ਅਤੇ ਜੋ ਮਨੁੱਖ ਤੋਂ ਸਵੈ ਪੜਚੋਲ ਕਰਵਾਏ, ਅੰਤਰਮੁਖੀ ਕਰੇ; ਜਿਵੇਂ ਕਿ ਵਾਕ ਹਨ ‘‘ਅੰਤਰਗਤਿ ਤੀਰਥਿ (’ਤੇ); ਮਲਿ ਨਾਉ ॥ (ਜਪੁ), .. ਹਰਿ ਬਸੇ ਨਿਰੰਤਰਿ; ਘਟ ਹੀ ਖੋਜਹੁ ਭਾਈ !॥ (ਮਹਲਾ ੯/੬੮੪), ਆਤਮੁ ਚੀਨਹੁ ਭਾਈ ! ॥ (ਮਹਲਾ ੫/੮੮੩), ਆਤਮ ਚੀਨਹੁ; ਰਿਦੈ (’ਚ) ਮੁਰਾਰੀ ॥ (ਮਹਲਾ ੧/੧੦੪੧), ਇਸੁ ਮਨ (ਅੰਤਹਕਰਣ) ਕਉ; ਕੋਈ ਖੋਜਹੁ ਭਾਈ ! ॥ ਮਨੁ ਖੋਜਤ; ਨਾਮੁ (ਅੰਮ੍ਰਿਤ/ਆਤਮ ਪ੍ਰਕਾਸ਼) ਨਉ ਨਿਧਿ ਪਾਈ ॥ (ਮਹਲਾ ੩/੧੧੨੮), ਬੰਦੇ ! ਖੋਜੁ ਦਿਲ, ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ ॥ (ਭਗਤ ਕਬੀਰ ਜੀ/੭੨੭), ਦਿਲ ਮਹਿ ਖੋਜਿ (ਕੇ) ਦਿਲੈ ਦਿਲਿ ਖੋਜਹੁ; ਏਹੀ ਠਉਰ ਮੁਕਾਮਾ (ਰੱਬ ਦਾ ਘਰ)॥’’ (ਭਗਤ ਕਬੀਰ/੧੩੪੯) ਵੱਲ ਲੈ ਜਾਵੇ ਉਹ ਸੱਚਾ ਗੁਰੂ ਹੋਵੇਗਾ ‘‘ਜਿਹ (ਜਿਸ) ਸਤਿਗੁਰ ਸਿਮਰੰਤ; ਨਯਨ ਕੇ ਤਿਮਰ (ਹਨ੍ਹੇਰੇ/ਖਿੱਚ/ਵੱਟ) ਮਿਟਹਿ ਖਿਨੁ ॥ ਜਿਹ ਸਤਿਗੁਰ ਸਿਮਰੰਥਿ (ਯਾਦ ਕੀਤਿਆਂ); ਰਿਦੈ (’ਚ) ਹਰਿ ਨਾਮੁ ਦਿਨੋ ਦਿਨੁ ॥ ਜਿਹ ਸਤਿਗੁਰ ਸਿਮਰੰਥਿ (ਨਾਲ਼); ਜੀਅ ਕੀ ਤਪਤਿ ਮਿਟਾਵੈ ॥ ਜਿਹ ਸਤਿਗੁਰ ਸਿਮਰੰਥਿ; ਰਿਧਿ ਸਿਧਿ ਨਵ ਨਿਧਿ ਪਾਵੈ ॥ ਸੋਈ ਰਾਮਦਾਸੁ ਗੁਰੁ ਬਲੵ ਭਣਿ (ਆਖਦਾ ਹੈ); ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥ ਜਿਹ ਸਤਿਗੁਰ ਲਗਿ (ਕੇ) ਪ੍ਰਭੁ ਪਾਈਐ; ਸੋ ਸਤਿਗੁਰੁ ਸਿਮਰਹੁ ਨਰਹੁ (ਹੇ ਲੋਕੋ !) !॥੫॥੫੪॥ (ਸਵਈਏ ਮਹਲੇ ਚਉਥੇ ਕੇ/ਭਟ ਬਲੵ/੧੪੦੫)
ਸੱਚਾ ਸਤਿਗੁਰੂ ਜੋ ਕਰਨਾ ਲੋਚਦਾ ਹੈ ਓਹੀ ਨਿਰਾਕਾਰ ਤੁਰੰਤ ਕਰਦਾ ਹੈ ‘‘ਸਤਿਗੁਰੁ ਆਖੈ ਸਚਾ ਕਰੇ; ਸਾ ਬਾਤ ਹੋਵੈ ਦਰਹਾਲੀ ॥’’ (ਬਲਵੰਡ ਸਤਾ/੯੬੭) ਕਿਉਂਕਿ ਸੱਚਾ ਗੁਰੂ; ਅਕਾਲ ਪੂਰਖ ਦਾ ਰੂਪ ਹੈ ‘‘(ਗੁਰੂ ਅਮਰਦਾਸ ਜੀ) ਕਲਿ ਮਾਹਿ ਰੂਪੁ ਕਰਤਾ ਪੁਰਖੁ; ਸੋ ਜਾਣੈ ਜਿਨਿ ਕਿਛੁ ਕੀਅਉ ॥’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੫) ਸੱਚਾ ਸਤਿਗੁਰੂ; ਮਨੁੱਖ ਦੀ ਸੁਰਤ ਨੂੰ ਜੋਤਿ ਸਰੂਪ (ਰੱਬ, ਨਾਮ ਅੰਮ੍ਰਿਤ, ਆਤਮ ਪ੍ਰਕਾਸ਼) ਨਾਲ਼ ਜੋੜਦਾ ਹੈ ‘‘ਕੰਚਨੁ ਤਨੁ ਹੋਇ ਪਰਸਿ (ਕੇ) ਪਾਰਸ (ਸੱਚੇ ਗੁਰੂ) ਕਉ; ਜੋਤਿ ਸਰੂਪੀ ਧੵਾਨੁ ਧਰੰ ॥’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨)
ਗੁਰੂ ਨਾਨਕ ਜੀ ਦੇ ਰੂਹਾਨੀਅਤ ਬਲ ਦੇ ਦਰਸ਼ਨ ਕਰ ਗੁਰੂ ਅੰਗਦ ਸਾਹਿਬ ਨੇ ਆਸਾ ਕੀ ਵਾਰ ਦੇ ਆਰੰਭ ’ਚ ਫ਼ੁਰਮਾਇਆ ਹੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ ॥ ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ॥’’ (ਆਸਾ ਕੀ ਵਾਰ/ਮਹਲਾ ੨/੪੬੩) ਭੱਟ ਨਲੵ ਜੀ ਨੇ ਵੀ ਕੁਝ ਇਉਂ ਫ਼ੁਰਮਾਇਆ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ ਸਮਝ ਨ ਆਵੈ ॥ (ਸਵਈਏ ਮਹਲੇ ਚਉਥੇ ਕੇ/ਭਟ ਨਲੵ/੧੩੯੯), ਜਉ ਹਰਿ ਬੁਧਿ ਰਿਧਿ ਸਿਧਿ ਚਾਹਤ; ਗੁਰੂ ਗੁਰੂ ! ਗੁਰੁ ਕਰੁ ਮਨ ਮੇਰੇ ! ॥੫॥੯॥’’ (ਸਵਈਏ ਮਹਲੇ ਚਉਥੇ ਕੇ/ਭਟ ਨਲੵ/੧੪੦੦)
ਭੱਟ ਭਿਖਾ ਜੀ ਆਪਣੇ ਜੀਵਨ ਦਾ ਅਨੁਭਵ ਇਉਂ ਬਿਆਨ ਕਰਦੇ ਹਨ ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ ॥ ਸੰਨਿਆਸੀ ਤਪਸੀਅਹ; ਮੁਖਹੁ ਏ ਪੰਡਿਤ ਮਿਠੇ ॥ ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ ॥ ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਨ ਆਯਉ ॥ (ਜੋ) ਹਰਿ ਨਾਮੁ ਛੋਡਿ, ਦੂਜੈ ਲਗੇ; ਤਿਨ੍ ਕੇ ਗੁਣ ਹਉ ਕਿਆ ਕਹਉ ? ॥ ਗੁਰੁ ਦਯਿ (ਨੇ) ਮਿਲਾਯਉ ਭਿਖਿਆ ! (ਹੁਣ) ਜਿਵ ਤੂ ਰਖਹਿ, ਤਿਵ ਰਹਉ ॥੨॥੨੦॥’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬) ਸਮੁੱਚੀ ਗੁਰਬਾਣੀ; ਆਤਮ ਪ੍ਰਕਾਸ਼ ਦੀ ਲਾਜਵਾਬ ਮਿਸਾਲ ਹੈ । ਇਸ ਦੀ ਸਮਝ ਆਉਂਦਿਆਂ ਹੀ ਭੱਟ ਭਿੱਖਾ ਜੀ ਵਾਙ ਅਨੁਭਵ ਬਿਆਨ ਹੋਣ ਲਗਦਾ ਹੈ ਤਾਹੀਓਂ ਗੁਰਸਿੱਖ; ਸਤਿਗੁਰੂ ਨੂੰ ਰੱਬ ਸਮਾਨ ਜਾਣ ਕੇ ਨਮਸਕਾਰ ਕਰਦੇ ਹਨ ‘‘ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ ਤਿਨੈ ਸਵਾਰਿਆ ॥… ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮)
ਅੰਤ ’ਚ ਭਗਤ ਨਾਮਦੇਵ ਜੀ ਦਾ ਇਹ ਵਿਚਾਰ ਦੁਚਿੱਤੀ ’ਚ ਪਏ ਸਿੱਖ ਨੂੰ ਜ਼ਰੂਰ ਸਾਵਧਾਨ ਕਰੇਗਾ ਕਿ ਹਿੰਦੂ; ਆਪਣੇ ਇਸ਼ਟ-ਦੇਵਤੇ ਅਤੇ ਰੱਬ ਵੱਲੋਂ ਅਸ਼ਰਧਕ ਹੋਣ ਕਾਰਨ ਦੋਵੇਂ ਅੱਖਾਂ ਗਵਾ ਬੈਠਾ ਹੈ। ਪੈਗ਼ੰਬਰ ’ਤੇ ਸ਼ਰਧਾ ਬਚੀ ਹੋਣ ਕਾਰਨ ਮੁਸਲਮਾਨ ਦੀ ਅਜੇ ਇੱਕ ਅੱਖ ਬਚੀ ਹੈ ਭਾਵ ਕਾਣਾ ਹੀ ਹੈ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ॥’’ (ਭਗਤ ਨਾਮਦੇਵ/੮੭੫) ਸੁਜਾਖਾ ਓਹੀ ਹੈ ਜੋ ਸੱਚੇ ਗੁਰੂ ਅਤੇ ਰੱਬ ’ਤੇ ਬਰਾਬਰ ਭਰੋਸਾ ਰੱਖੇ। ‘ਧਰਮ’ ਦਾ ਅਰਥ ਵੀ ‘ਰੱਬ ਦੀ ਸਰਬ ਵਿਆਪਕਤਾ (ਆਤਮ ਪ੍ਰਕਾਸ਼) ਨਾਲ਼ ਅੰਤਹਕਰਣ ਨੂੰ ਨਿਰਮਲ ਕਰਨਾ ਹੈ ਤਾਂ ਜੋ ‘ਆਤਮ ਪ੍ਰਕਾਸ਼’; ਹੂ-ਬਹੂ ਬਿਬੇਕ ਬਣ ਜ਼ਿੰਦਗੀ ਨੂੰ ਮੰਜ਼ਲ ਤੱਕ ਲੈ ਜਾਵੇ। ਸਿੱਖਾਂ ਨੂੰ ‘ਦੁੱਖ ਭੰਜਨੀ, ਚੌਪਈ ਅਤੇ ਸੁਖਮਨੀ ਸਾਹਿਬ ਦੇ ਪਾਠਾਂ ਤੋਂ ਅੱਗੇ ਵਧ ਕੇ ਇਨ੍ਹਾਂ 145 ਸ਼ਬਦਾਂ ਨੂੰ ਵੀ ਨਿਤਨੇਮ ਬਣਾਉਣਾ ਚਾਹੀਦਾ ਹੈ ਤਾਂ ਜੋ ਭੱਟ ਸਾਹਿਬਾਨ ਵਰਗਾ ਉੱਚਾ ਇਖ਼ਲਾਕ ਬਣ ਸਕੇ। ਨਹੀਂ ਤਾਂ ਬਾਬਾ ਰਾਮਰਾਏ ਨੇ ਇੱਕ ਤੁਕ ਬਦਲੀ ਸੀ; ਸਤਿਗੁਰੂ ਨੇ ਮੂੰਹ ਨਹੀਂ ਲਾਇਆ। ਅਸੀਂ ਗੁਰਮਤਿ ਨੂੰ ਮਨਮਤ ਬਣਾ ਕੇ ਕਿੱਥੇ ਬਖ਼ਸ਼ੇ ਜਾਵਾਂਗੇ ?
ਸੋ ਰੱਬੀ ਜੋਤਿ, ਜਿਸ ਨੂੰ ਆਤਮਾ, ਰੂਹ, ਜਿੰਦੁ ਵੀ ਕਿਹਾ ਹੈ; ਜ਼ਰਰੇ-ਜ਼ੱਰੇ ’ਚ ਵਿਆਪਕ ਹੈ। ਇਹੀ ‘ਨਾਮ ਅੰਮ੍ਰਿਤ’ ਤੇ ‘ਆਤਮ ਪ੍ਰਕਾਸ਼’ ਹੈ। ਗੁਰੂ ਨਾਨਕ ਜੀ ਦੇ ਜਨਮ ਤੋਂ ਇਸ ਨੂੰ ‘ਨਾਨਕ ਜੋਤਿ’ ਕਿਹਾ ਗਿਆ। ਅਗਲਾ ਲੇਖ ‘ਪਾਰਦਰਸ਼ੀ ਅੰਤਹਕਰਣ’ ਹੋਏਗਾ ਕਿਉਂਕਿ ਉਸ ਨੇ ਹੀ ‘ਆਤਮ ਪ੍ਰਕਾਸ਼’ ਦਾ ਮਨੁੱਖੀ ਜੀਵਨ ’ਤੇ ਪੈਂਦਾ ਪ੍ਰਭਾਵ; ਪ੍ਰਗਟ ਕਰਨਾ ਹੈ।
1. ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ
2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ
ਕਿਸਾਨ ਅੰਦੋਲਨ ਤਾਨਾਸ਼ਾਹੀ ਵਿਰੁੱਧ ਜਨ ਅੰਦੋਲਨ ’ਚ ਤਬਦੀਲ ਹੋਇਆ
ਕਿਸਾਨ ਅੰਦੋਲਨ ਤਾਨਾਸ਼ਾਹੀ ਵਿਰੁੱਧ ਜਨ ਅੰਦੋਲਨ ’ਚ ਤਬਦੀਲ ਹੋਇਆ
ਕਿਰਪਾਲ ਸਿੰਘ ਬਠਿੰਡਾ 8837813661, 01645014887
ਸੰਨ 2014 ’ਚ ਜਦੋਂ ਤੋਂ ਸ਼੍ਰੀ ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਹਨ ਤਦ ਤੋਂ ਉਨ੍ਹਾਂ ਦਾ ਰਵਈਆ ਤਾਨਾਸ਼ਾਹ ਹਾਕਮ ਵਾਲਾ ਬਣਿਆ ਹੋਇਆ ਹੈ। ਭਾਰਤ ਦੀ ਬਹੁਗਿਣਤੀ ਹਿੰਦੂਆਂ ਨੂੰ ਆਪਣਾ ਪੱਕਾ ਵੋਟ ਬੈਂਕ ਬਣਾਈ ਰੱਖਣ ਲਈ ਉਸ ਦਾ ਤਿੰਨ ਸੂਤਰੀ ਪ੍ਰੋਗਰਾਮ ਹੈ : (ੳ) ਰਾਮ ਮੰਦਰ ਦੀ ਉਸਾਰੀ (ਅ) ਧਰਮ ਆਧਾਰਿਤ ਵੰਡੀਆਂ ਪਾ ਕੇ ਮੁਸਲਮਾਨਾਂ ਵਿਰੁੱਧ ਅਤੇ ਪਾਕਿਸਤਾਨ ਵਿਰੁੱਧ ਨਫ਼ਰਤ ਦਾ ਮਾਹੌਲ ਬਣਾਈ ਰੱਖਣਾ ਅਤੇ (ੲ) ਜੇ ਕੋਈ ਘੱਟ ਗਿਣਤੀ/ਮਜਲੂਮਾਂ ਤੇ ਤਾਨਾਸ਼ਾਹ ਮੋਦੀ ਸਰਕਾਰ ਵਿਰੁੱਧ ਅਵਾਜ਼ ਉਠਾਵੇ ਤਾਂ ਉਨ੍ਹਾਂ ਨੂੰ ਪਾਕਿਸਤਾਨੀ ਏਜੰਟ ਕਹਿ ਕੇ ਬਦਨਾਮ ਕਰਨਾ। ਇਨ੍ਹਾਂ ਤਿੰਨੇ ਨੀਤੀਆਂ ਤਹਿਤ 2019 ਦੀਆਂ ਲੋਕ ਸਭਾ ਚੋਣਾਂ ਸਮੇਂ ਸੀ.ਆਰ.ਪੀ.ਐੱਫ. ਕਾਨਵਾਈ ’ਤੇ ਜੈਸ਼-ਏ-ਮੁਹੰਮਦ ਜਥੇਬੰਦੀ ਵੱਲੋਂ ਕੀਤੇ ਆਤਮਘਾਤੀ ਹਮਲੇ, ਜਿਸ ਵਿੱਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਤੇ 70 ਜਖ਼ਮੀ ਹੋਏ ਅਤੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਵਿੱਚ ਕੀਤੇ ਬਾਲਾਕੋਟ ਸਰਜੀਕਲ ਸਟਰਾਈਕ ਨੂੰ ਆਪਣੀਆਂ ਚੋਣ ਰੈਲੀਆਂ ਵਿੱਚ ਖ਼ੂਬ ਉਛਾਲਿਆ ਅਤੇ 40 ਸ਼ਹੀਦਾਂ ਦੀਆਂ ਫੋਟੋਆਂ ਚੋਣ ਰੈਲੀਆਂ ਵਿੱਚ ਪ੍ਰਦਸ਼ਤ ਕੀਤੀਆਂ ਗਈਆਂ; ਜਿਸ ਦਾ ਭਾਜਪਾ ਨੂੰ ਕਾਫ਼ੀ ਲਾਭ ਵੀ ਮਿਲਿਆ। ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਜੁਆਨਾਂ ਨੂੰ ਸ਼ਹੀਦ ਕਹਿੰਦਿਆਂ ਵੋਟਾਂ ਲੈਂਦੇ ਰਹੇ ਉਨ੍ਹਾਂ ਨੂੰ ਨਾਂ ਤਾਂ ਸ਼ਹੀਦਾਂ ਦਾ ਰੁਤਬਾ ਦਿੱਤਾ ਗਿਆ ਅਤੇ ਨਾ ਹੀ ਸ਼ਹੀਦਾਂ ਦੇ ਪਰਵਾਰਾਂ ਨੂੰ ਮਿਲਣ ਵਾਲੇ ਆਰਥਿਕ ਲਾਭ ਉਨ੍ਹਾਂ ਦੇ ਵਾਰਸ਼ਾਂ ਨੂੰ ਦਿੱਤੇ ਗਏ। ਸੰਨ 2019 ’ਚ 2014 ਨਾਲੋਂ ਵੀ ਵੱਧ ਸੀਟਾਂ ਪ੍ਰਾਪਤ ਕੀਤੇ ਜਾਣ ਦੇ ਹੰਕਾਰ ਵਿੱਚ ਤਾਂ ਇਸ ਨੇ ਫ਼ਾਸ਼ੀਵਾਦੀ ਨੀਤੀਆਂ ਨੂੰ ਹੋਰ ਵੀ ਤਾਨਾਸ਼ਾਹੀ ਢੰਗ ਨਾਲ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ ਹੈ ਜਿਸ ਵਿੱਚ ਧਰਮ ਨਿਰਪੱਖ ਸੰਵਿਧਾਨ ਦੀਆਂ ਧੱਜੀਆਂ ਉਡਾਉਂਦੇ ਹੋਏ ਸਿਟੀਜ਼ਨ ਅਮੈਂਡਮੈਂਟ ਐਕਟ ਅਤੇ ਐੱਨ.ਆਰ.ਸੀ. ਕਾਨੂੰਨ ਪਾਸ ਕੀਤੇ ਜਾਣੇ; ਜੰਮੂ ਕਸ਼ਮੀਰ ’ਚ ਧਾਰਾ 370 ਖ਼ਤਮ ਕਰਨਾ, ਇਸ ਨੂੰ ਦੋ ਯੂਨੀਅਨ ਟੈਰੀਟਰੀਜ਼ ਵਿੱਚ ਵੰਡ ਕੇ ਇਸ ਦਾ ਸਟੇਟ ਹੋਣ ਦਾ ਰੁਤਬਾ ਖ਼ਤਮ ਕੀਤੇ ਜਾਣਾ ਅਤੇ ਹੁਣ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਤਿੰਨ ਖੇਤੀ ਕਾਨੂੰਨ ਪਾਸ ਕਰਨੇ, ਜਿਨ੍ਹਾਂ ਨੂੰ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਵੱਡਾ ਝੂਠ ਬੋਲਿਆ ਜਾਣਾ, ਮੁੱਖ ਤੌਰ ’ਤੇ ਸ਼ਾਮਲ ਹਨ। ਇਨ੍ਹਾਂ ਗ਼ੈਰ ਸੰਵਿਧਾਨਕ ਕਾਨੂੰਨਾਂ ਦਾ ਭਾਵੇਂ ਸਿਆਸੀ ਅਤੇ ਜਨਤਕ ਤੌਰ ’ਤੇ ਕਾਫ਼ੀ ਵਿਰੋਧ ਹੋ ਰਿਹਾ ਹੈ ਪਰ ਪਾਰਲੀਮੈਂਟ ਵਿੱਚ ਆਪਣੀ ਬਹੁ ਗਿਣਤੀ ਹੋਣ ਕਾਰਨ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।
‘ਮੋਦੀ ਹੈ ਤਾਂ ਮੁਮਕਿਨ ਹੈ’ ਦਾ ਭਰਮ ਪਾਲ਼ ਬੈਠੀ ਮੋਦੀ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੇ ਦੌਰਾਨ 5 ਜੂਨ 2020 ਨੂੰ ਤਿੰਨ ਆਰਡੀਨੈਂਸ : (ੳ) ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹੂਲਤ) ਬਿੱਲ- 2020, (ਅ) ਕਿਸਾਨ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਭਰੋਸਗੀ ਬਿੱਲ- 2020, (ੲ) ਖੇਤੀ ਸੇਵਾਵਾਂ ਸਮਝੌਤਾ ਬਿੱਲ- 2020 ਜਾਰੀ ਕੀਤੇ ਗਏ ਅਤੇ ਸੰਸਦ ਵਿੱਚੋਂ ਸਤੰਬਰ 2020 ’ਚ ਪਾਸ ਕਰਵਾ ਕੇ ਇਨ੍ਹਾਂ ਨੂੰ ਕਾਨੂੰਨਾਂ ਦਾ ਰੂਪ ਵੀ ਦੇ ਦਿੱਤਾ। ਲੋਕ ਸਭਾ ਵਿੱਚ ਤਾਂ ਭਾਜਪਾ ਦੀ ਬਹੁ ਗਿਣਤੀ ਹੋਣ ਕਰਕੇ ਇਹ ਪਾਸ ਕਰਵਾ ਹੀ ਲੈਣੇ ਸਨ ਪਰ ਰਾਜ ਸਭਾ ਵਿੱਚ ਘੱਟ ਗਿਣਤੀ ਹੋਣ ਦੇ ਬਾਵਜੂਦ, ਜਿਸ ਢੰਗ ਨਾਲ ਪਾਸ ਕਰਵਾਏ ਗਏ, ਇਸ ਨਾਲ ਸੰਸਦੀ ਕਾਰਵਾਈ ਦੀਆਂ ਵੀ ਧੱਜੀਆਂ ਉੱਡੀਆਂ। ਇਹ ਦੱਸਣਯੋਗ ਹੈ ਕਿ 245 ਮੈਂਬਰੀ ਰਾਜ ਸਭਾ ਵਿੱਚ ਭਾਜਪਾ ਦੇ ਕੇਵਲ 93 ਮੈਂਬਰ ਹਨ, ਐੱਨ.ਡੀ.ਏ ਵਿੱਚ ਭਾਈਵਾਲਾਂ ਨੂੰ ਮਿਲਾ ਕੇ ਵੀ ਕੁੱਲ 118 ਮੈਂਬਰ ਹੋਣ ਕਰਕੇ ਅੰਕਾਂ ਦੇ ਆਧਾਰ ’ਤੇ ਇਨ੍ਹਾਂ ਕੋਲ ਬਿੱਲ ਪਾਸ ਕਰਵਾਉਣ ਦੀ ਸਮਰੱਥਾ ਨਹੀਂ ਹੈ; ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸੇਖਰ ਰਾਓ ਨੇ ਵੀ ਆਪਣੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਨੂੰ ਹਦਾਇਤ ਕੀਤੀ ਸੀ ਕਿ ਉਹ ਬਿੱਲ ਦੇ ਵਿਰੋਧ ਵਿੱਚ ਵੋਟਾਂ ਪਾਉਣ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੀ ਬਿੱਲਾਂ ਦਾ ਵਿਰੋਧ ਕਰ ਰਹੀ ਸੀ। ਭਾਜਪਾ ਅਤੇ ਭਾਈਵਾਲਾਂ ਦੇ ਮੈਂਬਰਾਂ ਵਿੱਚ ਵੀ ਅੰਦਰੋ ਅੰਦਰੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਹੋਣ ਕਾਰਨ ਗੁਪਤ ਵੋਟਿੰਗ ਵਿੱਚ ਤਾਂ ਸੱਤਾਧਾਰੀ ਪਾਰਟੀ ਲਈ 118 ਮੈਂਬਰ ਪੱਖ ਵਿੱਚ ਭੁਗਤਾਉਣ ਦੀ ਵੀ ਚਿੰਤਾ ਸੀ। ਇਸੇ ਕਾਰਨ ਵਿਰੋਧੀ ਧਿਰ ਦੇ ਦੋ ਮੈਂਬਰਾਂ ਵੱਲੋਂ ਗੁਪਤ ਪਰਚੀ ਦੇ ਆਧਾਰ ’ਤੇ ਵੋਟਿੰਗ ਕਰਵਾਉਣ ਦੀ ਕੀਤੀ ਮੰਗ ਦੇ ਬਾਵਜੂਦ ਰੋਲ਼ੇ-ਰੱਪੇ ਵਿੱਚ ਹੀ ਪਾਸ ਕਰ ਦਿੱਤੇ ਗਏ। ਇਹ ਸੰਸਦੀ ਪ੍ਰਣਾਲੀ ਦੀ ਭਾਰੀ ਉਲੰਘਣਾ ਸੀ ਕਿਉਂਕਿ ਸੰਵਿਧਾਨ ਅਨੁਸਾਰ ਜੇ ਇੱਕ ਮੈਂਬਰ ਵੀ ਵੋਟਿੰਗ ਦੀ ਮੰਗ ਕਰਦਾ ਹੈ ਤਾਂ ਚੇਅਰਪਰਸਨ ਲਈ ਪਰਚੀ ਦੇ ਆਧਾਰ ’ਤੇ ਵੋਟਿੰਗ ਕਰਵਾਉਣੀ ਲਾਜ਼ਮੀ ਹੋ ਜਾਂਦੀ ਹੈ।
ਇਨ੍ਹਾਂ ਕਾਨੂੰਨਾਂ ਦਾ ਪ੍ਰਭਾਵ ਕਿਸਾਨਾਂ ਦੇ ਨਾਲ-ਨਾਲ ਛੋਟੇ ਵਾਪਾਰੀਆਂ ਅਤੇ ਖਾਧ ਪਦਾਰਥਾਂ ਦੇ ਸਾਰੇ ਖਪਤਕਾਰਾਂ ’ਤੇ ਵੀ ਪੈਣਾ ਹੈ ਕਿਉਂਕਿ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਨੂੰ ਘੱਟੋ-ਘੱਟ ਲਾਗਤ ਕੀਮਤ ’ਤੇ ਫ਼ਸਲ ਖਰੀਦਣ ਅਤੇ ਖਪਤਕਾਰਾਂ ਨੂੰ ਵੱਧ ਤੋਂ ਵੱਧ ਮੁੱਲ ’ਤੇ ਵੇਚਣ ਦੀ ਕੋਈ ਬੰਦਸ਼ ਨਹੀਂ ਅਤੇ ਨਾ ਹੀ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ’ਤੇ ਕੋਈ ਰੋਕ ਹੈ, ਜਿਸ ਕਾਰਨ ਬਲੈਕ ਮਾਰਕੀਟ ਨੂੰ ਬਢਾਵਾ ਮਿਲੇਗਾ ਤੇ ਖਪਤਕਾਰਾਂ ਦਾ ਸੋਸ਼ਨ ਹੋਵੇਗਾ। ਇਸੇ ਖਦਸੇ ਵਜੋਂ ਪੰਜਾਬ ਵਿੱਚ ਤਾਂ ਕੋਰੋਨੇ ਦੀ ਬਿਨਾਂ ਪ੍ਰਵਾਹ ਕੀਤਿਆਂ ਕਿਸਾਨ ਜਥੇਬੰਦੀਆਂ ਵੱਲੋਂ ਜੂਨ ਮਹੀਨੇ ਤੋਂ ਹੀ ਵਿਰੋਧ ਸ਼ੁਰੂ ਹੋ ਚੁੱਕਾ ਸੀ, ਪਰ ਸਤੰਬਰ ਮਹੀਨੇ ਜਦੋਂ ਇਹ ਬਿੱਲ ਸੰਸਦ ਵਿੱਚ ਪੇਸ਼ ਕੀਤੇ ਗਏ ਤਾਂ ਉਸ ਵੇਲੇ ਰੋਸ ਮੁਜਾਹਰੇ ਇਸ ਕਦਰ ਤੇਜ਼ ਹੋਏ, ਜਿਨ੍ਹਾਂ ਦੇ ਚਲਦੇ ਐੱਨ.ਡੀ.ਏ. ਦੀ ਸਭ ਤੋਂ ਪੁਰਾਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੀ ਭਾਜਪਾ ਤੋਂ ਵੱਖ ਹੋਣਾ ਪਿਆ ਅਤੇ ਹਰਸਿਮਰਤ ਕੌਰ ਬਾਦਲ ਨੂੰ ਕੇਂਦਰੀ ਵਜਾਰਤ ’ਚੋਂ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ। ਇਸ ਦਾ ਅਸਰ ਪੂਰੇ ਦੇਸ ਦੀ ਰਾਜਨੀਤੀ ’ਤੇ ਪਿਆ। ਪੰਜਾਬ ਤੋਂ ਬਾਅਦ ਦੂਜੇ ਨੰਬਰ ’ਤੇ ਹਰਿਆਣੇ ਵਿੱਚ ਕਿਸਾਨ ਜਥੇਬੰਦੀਆਂ ਵੀ ਹਰਕਤ ਵਿੱਚ ਆਈਆਂ, ਜਿਨ੍ਹਾਂ ਨੇ ਭਾਜਪਾ ਦੀ ਭਾਈਵਾਲ ਜੇ. ਜੇ. ਪੀ. ਦੇ ਮੁੱਖੀ ਅਤੇ ਖੱਟਰ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਦੁਸ਼ਯੰਤ ਚੁਟਾਲਾ ’ਤੇ ਅਸਤੀਫ਼ਾ ਦੇਣ ਲਈ ਦਿਨੋ ਦਿਨ ਵਧ ਰਹੇ ਦਬਾਅ ਕਾਰਨ ਕਿਸੇ ਵੀ ਸਮੇਂ ਭਾਜਪਾ ਦੀ ਖੱਟਰ ਸਰਕਾਰ ਡਿੱਗ ਸਕਦੀ ਹੈ। ਕਿਸਾਨ ਅੰਦਲਨ ਹੁਣ ਕੇਵਲ ਪੰਜਾਬ ਤੱਕ ਸੀਮਤ ਨਹੀਂ ਰਿਹਾ ਬਲਕਿ ਹਰਿਆਣਾ ਤੋਂ ਹੁੰਦਾ ਹੋਇਆ ਸਾਰੇ ਦੇਸ਼ ਵਿੱਚ ਫੈਲ ਚੁੱਕਾ ਹੈ, ਜਿਸ ਨੂੰ ਕਿਸਾਨਾਂ ਤੋਂ ਇਲਾਵਾ ਹਰ ਧਰਮ, ਜਾਤ ਅਤੇ ਵਰਗ, ਜਿਨ੍ਹਾਂ ਵਿੱਚ ਮਜ਼ਦੂਰ, ਮੁਲਾਜ਼ਮ, ਆੜਤੀਏ, ਛੋਟੇ ਵਾਪਾਰੀ, ਲੇਖਕ, ਕਲਾਕਾਰ, ਗਾਇਕ, ਕਵੀ ਅਤੇ ਆਮ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਇੱਥੋਂ ਤੱਕ ਕਿ ਸੇਵਾ ਮੁਕਤ ਫ਼ੌਜੀ/ਪੁਲਿਸ/ਸਿਵਲ ਅਧਿਕਾਰੀ ਅਤੇ ਕਰਮਚਾਰੀਆਂ ਨੇ ਵੀ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਦੇ ਦਿੱਤਾ ਹੈ ਅਤੇ ਉਹ ਧਰਨਿਆਂ ਵਿੱਚ ਆਪਣੀ ਪੂਰੀ ਹਾਜ਼ਰੀ ਲਵਾ ਰਹੇ ਹਨ। ਹਰ ਵਰਗ ਦੀ ਪੂਰਨ ਹਮਾਇਤ ਨੇ ਕਿਸਾਨ ਅੰਦੋਲਨ ਨੂੰ ਜਨ ਅੰਦੋਲਨ ਵਿੱਚ ਤਬਦੀਲ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ 26-27 ਨਵੰਬਰ ਨੂੰ ਦਿੱਲੀ ਚੱਲੋ ਦੇ ਸੱਦੇ ’ਤੇ ਜਦੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ ਤਾਂ ਹਰਿਆਣਾ ਸਰਕਾਰ ਨੇ ਜਿਸ ਤਰ੍ਹਾਂ ਸੜਕਾਂ ’ਤੇ ਭਾਰੀ ਪੱਥਰ ਤੇ ਕੰਡਿਆਲੀਆਂ ਤਾਰਾਂ ਲਾ ਕੇ ਬੈਰੀਕੇਡਸ ਲਾਏ ਸੜਕ ’ਚ ਡੂੰਘੇ ਟੋਏ ਪੁੱਟੇ, ਜਲ ਤੋਪਾਂ, ਅੱਥਰੂ ਗੈਸਾਂ ਅਤੇ ਲਾਠੀ ਚਾਰਜ ਦੀ ਵਰਤੋਂ ਕੀਤੀ, ਇਸ ਨੇ ਇਸ ਅੰਦੋਲਨ ਨੂੰ ਭਾਰਤ ਦੀਆਂ ਸਰਹੱਦਾਂ ਤੋਂ ਪਾਰ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ। ਜਿੱਥੇ-ਜਿੱਥੇ ਭਾਰਤੀ ਮੂਲ ਖ਼ਾਸ ਕਰ ਪੰਜਾਬੀ ਸਿੱਖ ਵਸਦੇ ਹਨ ਉੱਥੇ-ਉੱਥੇ ਭਾਰਤੀ ਦੂਤ ਘਰਾਂ ਅੱਗੇ ਮੁਜ਼ਾਹਰੇ ਹੋ ਰਹੇ ਹਨ। ਤਨਮਨਜੀਤ ਸਿੰਘ ਢੇਸੀ ਦੀ ਅਗਵਾਈ ’ਚ ਯੂ. ਕੇ. ਦੇ 36 ਸੰਸਦ ਮੈਂਬਰਾਂ ਨੇ ਯੂ. ਕੇ. ਦੇ ਵਿਦੇਸ਼, ਰਾਸਟਰ ਮੰਡਲ ਅਤੇ ਵਿਕਾਸ ਮੰਤਰੀ ਡੌਮਨਿਕ ਰਾਬ ਨੂੰ ਇੱਕ ਪੱਤਰ ਭੇਜਿਆ, ਜਿਸ ਦੀ ਇੱਕ ਨਕਲ ਭਾਰਤੀ ਹਾਈ ਕਮਿਸਨ ਲੰਡਨ ਨੂੰ ਵੀ ਭੇਜੀ ਗਈ। ਪੱਤਰ ’ਚ ਉਨ੍ਹਾਂ ਡੌਮਨਿਕ ਰਾਬ ਨੂੰ ਲਿਖਿਆ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਪੰਜਾਬ ਦੇ ਲੋਕਾਂ ਅਤੇ ਬ੍ਰਿਟਿਸ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ, ਇਸ ਲਈ ਉਹ ਆਪਣੇ ਭਾਰਤੀ ਹਮ ਰੁਤਬਾ ਐਸ. ਜੈ ਸ਼ੰਕਰ ਕੋਲ ਮੁੱਦਾ ਉਠਾਉਣ ਲਈ ਉਨ੍ਹਾਂ ਦੀ ਪ੍ਰਤੀਨਿਧਤਾ ਕਰਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਭਾਰਤ ਸਰਕਾਰ ਜੋ ਕੁਝ ਕਰ ਰਹੀ ਹੈ ਉਹ ਗ਼ਲਤ ਹੈ। ਯੂ. ਐੱਨ. ਓ. ਦੇ ਜਨਰਲ ਸਕੱਤਰ ਐਨਤੋਨੀਓ ਗੁਟਰਜ਼ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉੱਠਾਈ ਹੈ। ਯੂ. ਐੱਸ. ਏ. ਦੇ ਬਹੁਤ ਸਾਰੇ ਕਾਂਗਰਸ ਮੈਂਬਰਾਂ ਨੇ ਕਿਸਾਨ ਅੰਦੋਲਨ ਦੀ ਹਿਮਾਇਤ ਕੀਤੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਦੇ ਪ੍ਰਸਿੱਧ ਲੇਖਕਾਂ ਅਤੇ ਕਵੀਆਂ, ਖਿਡਾਰੀਆਂ ਨੇ ਹਾਸਲ ਕੀਤੇ ਆਪਣੇ ਪਦਮ ਸ੍ਰੀ ਅਤੇ ਹੋਰ ਸਨਮਾਨ ਜਾਂ ਤਾਂ ਮੋੜ ਦਿੱਤੇ ਗਏ ਜਾਂ ਮੋੜਨ ਦਾ ਐਲਾਨ ਕਰ ਦਿੱਤਾ ਹੈ। ਸਿਆਸੀ ਆਗੂਆਂ ਵਿੱਚੋਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਸਨਮਾਨ ਵਾਪਸ ਕਰ ਦਿੱਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀ ਡਾ: ਵਰਿੰਦਰਪਾਲ ਸਿੰਘ ਨੇ ਦਿੱਲੀ ਵਿੱਚ ਹੋਏ ਸਨਮਾਨ ਵੰਡ ਸਮਾਗਮ ਦੌਰਾਨ ਕੇਂਦਰੀ ਕੈਮੀਕਲਜ ਅਤੇ ਖਾਦ ਮੰਤਰੀ ਸਦਾਨੰਦ ਗੌੜਾ ਤੋਂ ਤਕਰੀਬਨ 800 ਹੋਰ ਵਿਗਿਆਨੀਆਂ ਦੀ ਮੌਜੂਦਗੀ ’ਚ ਮੰਚ ’ਤੋਂ ਹੀ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇੱਕ ਪੱਤਰ ਸੌਂਪਦਿਆਂ ਕਿਹਾ ਕਿ ਜਦੋਂ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ, ਉਨ੍ਹਾਂ ਦੀਆਂ ਜਾਇਜ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ, ਉਸ ਵਕਤ ਇਹੋ ਜਿਹਾ ਐਵਾਰਡ ਲੈਣਾ ਮੇਰੀ ਜ਼ਮੀਰ ਉੱਤੇ ਬੋਝ ਪਾਵੇਗਾ। ਪੰਜਾਬ ਦੇ ਸਾਬਕਾ ਡੀ. ਜੀ. ਪੀ. ਐੱਮ. ਐਚ. ਭੁੱਲਰ ਦੀ ਆਗਵਾਈ ਵਿੱਚ ਪੰਜਾਬ ਦੇ 25 ਸੇਵਾ ਮੁਕਤ ਆਈ. ਪੀ. ਐੱਸ. ਅਫ਼ਸਰਾਂ ਨੇ ਆਪਣੇ ਬਹਾਦਰੀ ਮੈਡਲ ਰਾਸਟਰਪਤੀ ਨੂੰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਫ਼ੌਜ ਦੇ ਸੇਵਾ ਮੁਕਤ ਅਧਿਕਾਰੀਆਂ ਤੇ ਜੁਆਨਾਂ ਨੇ ਮੈਡਲਾਂ ਸਮੇਤ ਆਪਣੀ ਫ਼ੌਜੀ ਵਰਦੀ ਪਹਿਣ ਕੇ ਐਲਾਨ ਕੀਤਾ ਕਿ ਜੇ ਕਿਸਾਨਾਂ ਦਾ ਮਸਲਾ ਕੇਂਦਰ ਸਰਕਾਰ ਨੇ ਹੱਲ ਨਾ ਕੀਤਾ ਤਾਂ ਉਹ ਸਾਰੇ 26 ਜਨਵਰੀ ਨੂੰ ਆਪਣੇ ਮੈਡਲ ਬੋਰੀਆਂ ਵਿੱਚ ਭਰ ਕੇ ਵਾਪਸ ਕਰਨਗੇ। ਪੰਜਾਬ ਦੇ ਡੀ.ਆਈ.ਜੀ. (ਜੇਲ੍ਹਾਂ) ਲਖਮਿੰਦਰ ਸਿੰਘ ਜਾਖੜ ਨੇ ਆਪਣੇ ਆਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਾਜਸਥਾਨ ਦੇ ਡਾ: ਅਸ਼ੋਕ ਕੁਮਾਰ ਸ਼ਰਮਾ ਨੂੰ ਕਿਸਾਨਾਂ ਦੇ ਧਰਨੇ ਵਿੱਚ ਮੁਫ਼ਤ ਡਾਕਟਰੀ ਸਹਾਇਤਾ ਨਿਭਾਉਣ ਲਈ ਸਰਕਾਰ ਨੇ ਛੁੱਟੀ ਦੇਣ ਤੋਂ ਨਾਂਹ ਕੀਤਾ ਤਾਂ ਉਹ ਤੁਰੰਤ ਸਵੈ-ਇੱਛਤ ਸੇਵਾ ਮੁਕਤੀ ਦੀ ਦਰਖ਼ਾਸਤ ਦੇ ਕੇ ਦਿੱਲੀ ਦੇ ਬਾਰਡਰ ’ਤੇ ਮੁਫ਼ਤ ਦੁਆਈਆਂ ਦੀ ਸੇਵਾ ਕਰ ਰਹੇ ਹਨ ਅਤੇ ਰਾਤ ਨੂੰ ਆਪਣੀ ਗੱਡੀ ਵਿੱਚ ਹੀ ਸੌਂਦੇ ਹਨ ਤਾਂ ਕਿ ਜੇ ਕਿਸੇ ਨੂੰ ਰਾਤ ਸਮੇਂ ਦਵਾਈਆਂ ਦੀ ਲੋੜ ਪਵੇ ਤਾਂ ਉਨ੍ਹਾਂ ਨੂੰ ਤੁਰੰਤ ਦਿੱਤੀ ਜਾ ਸਕੇ।
16 ਦਸੰਬਰ ਨੂੰ ਨਾਨਕਸਰ ਕਰਨਾਲ ਦੇ ਮੁਖੀ ਬਾਬਾ ਰਾਮ ਸਿੰਘ ਸੀਂਗੜੇਵਾਲੇ ਨੇ ਕੁੰਡਲੀ ਬਾਰਡਰ ਦੀ ਸਟੇਜ ’ਤੇ ਆਪਣੀ ਹਾਜ਼ਰੀ ਲਵਾਉਣ ਪਿੱਛੋਂ ਧਰਨੇ ਵਾਲੀ ਜਗ੍ਹਾ ਦੇ ਨਜ਼ਦੀਕ ਹੀ ਖ਼ੁਦਕਸ਼ੀ ਕਰ ਲਈ। ਉਨ੍ਹਾਂ ਖ਼ੁਦਕਸ਼ੀ ਨੋਟ ਵਿੱਚ ਲਿਖਿਆ ਹੈ ‘ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ ਅਤੇ ਸਰਕਾਰ ਦੇ ਜੁਲਮ ਦੇ ਵਿਰੁੱਧ ਕੁਝ ਕੀਤਾ, ਕਿਸੇ ਨੇ ਕੁਝ ਕੀਤਾ, ਕਈਆਂ ਨੇ ਸਨਮਾਨ ਵਾਪਸ ਕੀਤੇ, ਕਈਆਂ ਨੇ ਪੁਰਸਕਾਰ ਵਾਪਸ ਕਰਕੇ ਰੋਸ ਜਤਾਇਆ; ਦਾਸ ਕਿਸਾਨਾਂ ਦੇ ਹੱਕ ਵਿੱਚ ਅਤੇ ਸਰਕਾਰੀ ਜੁਲਮ ਦੇ ਰੋਸ ਵਿੱਚ ਆਤਮਦਾਰ ਕਰਦਾ ਹੈ। ਇਹ ਜੁਲਮ ਦੇ ਫ਼ਿਲਾਫ਼ ਆਵਾਜ਼ ਹੈ ਅਤੇ ਕਿਰਤੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਹੈ’। ਤਾਕਤ ਦੇ ਨਸ਼ੇ ’ਚ ਅੰਨ੍ਹੀ ਬੋਲ਼ੀ ਮੋਦੀ ਸਰਕਾਰ ਹਾਲੀ ਵੀ ਪਿਛਲੇ 6 ਮਹੀਨਿਆਂ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਅਤੇ ਚਾਰ ਹਫ਼ਤੇ ਤੋਂ ਵੱਧ ਸਮੇਂ ਤੋਂ ਕੜਕਦੀ ਠੰਡ ਅਤੇ ਵਰ੍ਹਦੇ ਮੀਂਹ ਵਿੱਚ ਦਿੱਲੀ ਦੇ ਬਾਰਡਰਾਂ ’ਤੇ ਅਸਮਾਨ ਦੀ ਛੱਤ ਹੇਠ ਬੈਠੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਥਾਂ ਉਨ੍ਹਾਂ ਨੂੰ ਬਦਨਾਮ ਕਰਕੇ, ਫੁੱਟ ਪਾ ਕੇ ਅੰਦੋਲਨ ਫੇਲ੍ਹ ਕਰਨ ’ਤੇ ਤੁਲੀ ਹੋਈ ਹੈ। ਕੇਂਦਰੀ ਮੰਤਰੀ, ਭਾਜਪਾ ਦੇ ਅਧਿਕਾਰਤ ਬੁਲਾਰੇ ਅਤੇ ਕੌਮੀ (ਗੋਦੀ) ਮੀਡੀਆ ਕਦੀ ਕਹਿੰਦਾ ਹੈ ਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਗੁਮਰਾਹ ਕੀਤੇ ਕੇਵਲ ਪੰਜਾਬ ਦੇ ਕੁਝ ਲੋਕ ਹਨ ਜਦੋਂ ਕਿ ਬਾਕੀ ਭਾਰਤ ਦੇ ਸਾਰੇ ਕਿਸਾਨ ਇਨ੍ਹਾਂ ਨਵੇਂ ਕਾਨੂੰਨਾਂ ਦੇ ਪੱਖ ਵਿੱਚ ਹਨ; ਕਦੀ ਉਨ੍ਹਾਂ ਨੂੰ ਖ਼ਾਲਸਤਾਨੀ, ਕਦੀ ਮਾਉਵਾਦੀ, ਕਦੀ ਪਾਕਿਸਤਾਨ ਤੇ ਚੀਨ ਦੇ ਏਜੰਟ, ਕਦੀ ਅਰਬਨ ਨਕਸਲਾਈਟ ਦੱਸ ਕੇ ਉਨ੍ਹਾਂ ਨੂੰ ਉਕਸਾਉਣ ਦਾ ਪੂਰਾ ਜਤਨ ਹੋ ਰਿਹ ਹੈ ਤਾਂ ਕਿ 1984 ਦੀ ਤਰ੍ਹਾਂ ਪੰਜਾਬ ਦੀ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਸਬਕ ਸਿਖਾਇਆ ਜਾ ਸਕੇ।
ਇਹ ਦੱਸਣਯੋਗ ਹੈ ਕਿ 1982 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀਆਂ ਕੁਝ ਆਰਥਿਕ ਤੇ ਧਾਰਮਿਕ ਮੰਗਾਂ ਤੋਂ ਇਲਾਵਾ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ, ਪਾਣੀਆਂ ਦੀ ਵੰਡ ਅੰਤਰਾਸ਼ਟਰੀ ਪ੍ਰਮਾਣਿਤ ਰਿਪੇਰੀਅਨ ਲਾਅ ਅਨੁਸਾਰ ਕਰਨ ਅਤੇ ਸੰਘੀ ਢਾਂਚੇ (ਫੈੱਡਰਲ ਸਿਸਟਮ) ਨੂੰ ਮਜ਼ਬੂਤ ਕਰਨ ਲਈ ਅਨੰਦਪੁਰ ਦਾ ਮਤਾ ਲਾਗੂ ਕਰਕੇ ਸਾਰੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਦੀ ਮੰਗ ਕਰਦੀ ਸੀ, ਪਰ ਜਿਸ ਤਰ੍ਹਾਂ ਹੁਣ ਭਾਜਪਾ ਦੀ ਕੇਂਦਰ ਸਰਕਾਰ ਨੂੰ ਪੰਜਾਬ ਦੇ ਕਿਸਾਨ ਆਗੂਆਂ ’ਤੇ ਇਸ ਕਾਰਨ ਗੁੱਸਾ ਹੈ ਕਿ ਸਭ ਤੋਂ ਪਹਿਲਾਂ ਇਨ੍ਹਾਂ ਨੇ ਹੀ ਨਵੇਂ ਕਾਨੂੰਨਾਂ ਵਿਰੁੱਧ ਅੰਦੋਲਨ ਖੜ੍ਹਾ ਕੀਤਾ ਹੈ ਤੇ ਬਾਕੀ ਸਾਰੇ ਦੇਸ਼ ਦੇ ਕਿਸਾਨਾਂ ਨੂੰ ਜਾਗਰੂਕ ਕਰਕੇ ਇਸ ਅੰਦੋਲਨ ਨੂੰ ਦੇਸ਼ ਵਿਆਪੀ ਬਣਾ ਕੇ ਕੇਂਦਰ ਸਰਕਾਰ ਲਈ ਸਿਰਦਰਦੀ ਖੜ੍ਹੀ ਕਰ ਦਿੱਤੀ ਹੈ; ਉਸੇ ਤਰ੍ਹਾਂ ਇੰਦਰਾ ਗਾਂਧੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਸਿੱਖ ਸਮੁਦਾਇ ’ਤੇ ਇਹ ਗੁੱਸਾ ਸੀ ਕਿ ਉਨ੍ਹਾਂ ਨੇ ਕਾਂਗਰਸ ਸਰਕਾਰ ਵੱਲੋਂ ਲਾਈ ਐਮਰਜੈਂਸੀ ਵਿਰੁੱਧ ਜੈ ਪ੍ਰਕਾਸ਼ ਨਰਾਇਣ ਵੱਲੋਂ ਖੜ੍ਹੇ ਕੀਤੇ ਜਨ ਅੰਦੋਲਨ ਵਿੱਚ ਸਭ ਤੋਂ ਵੱਧ ਸ਼ਮੂਲੀਅਤ ਕਰਕੇ ਇੰਦਰਾ ਗਾਂਧੀ ਸਮੇਤ ਸਮੁੱਚੀ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣ ਲਈ ਮਜ਼ਬੂਰ ਕੀਤਾ ਸੀ।
ਭਾਵੇਂ ਮੋਦੀ ਸਰਕਾਰ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਹਾਲੀ ਵੀ ਕਰ ਰਹੀ ਹੈ ਕਿ ਇਸ ਦੇਸ਼ ਵਿਆਪੀ ਅੰਦੋਲਨ ਨੂੰ ਕੇਵਲ ਪੰਜਾਬ ਤੱਕ ਸੀਮਤ ਕਰ ਆਪਣੀਆਂ ਏਜੰਸੀਆਂ ਰਾਹੀਂ ਥੋੜ੍ਹੀ ਗੜਬੜ ਕਰਵਾ ਕੇ ਅਮਨ ਕਾਨੂੰਨ ਨੂੰ ਖ਼ਤਰੇ ਦੇ ਬਹਾਨੇ ਕਿਸਾਨਾਂ ਨੂੰ ਖਦੇੜ ਦਿੱਤਾ ਜਾਵੇ ਤੇ ਪੰਜਾਬ ਦੀ ਘੇਰਾਬੰਦੀ ਕਰਕੇ 1984 ਦੀ ਤਰ੍ਹਾਂ ਸਬਕ ਸਿਖਾਇਆ ਜਾਵੇ, ਪਰ 1984 ਵਿੱਚ ਅੱਜ-ਕੱਲ੍ਹ ਨਾਲੋਂ ਹਾਲਤ ਵੱਖਰੇ ਸਨ। ਉਸ ਵੇਲੇ ਸੋਸ਼ਲ ਮੀਡੀਏ ਦੀ ਅਣਹੋਂਦ ਸੀ। ਇੱਕੋ ਇੱਕ ਆਲ ਇੰਡੀਆ ਰੇਡੀਓ ਤੇ ਦੂਰ ਦਰਸ਼ਨ ਟੀਵੀ ਚੈਨਲ ਸਿੱਧੇ ਤੌਰ ’ਤੇ ਕੇਂਦਰ ਸਰਕਾਰ ਦੇ ਹੱਥ ਵਿੱਚ ਸੀ, ਪ੍ਰਿੰਟ ਮੀਡੀਏ ’ਤੇ ਸਰਕਾਰੀ ਧਿਰ ਤੇ ਹਿੰਦੂਤਵੀ ਜਾਂ ਖੱਬੀ ਵੀਚਾਰਧਾਰਾ ਨੂੰ ਪ੍ਰਣਾਈ ਲਾਬੀ ਕਾਬਜ਼ ਸੀ, ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕਾਂਗਰਸ, ਜਨਸੰਘ ਤੇ ਖੱਬੀਆਂ ਧਿਰਾਂ ਅਕਾਲੀ ਦਲ ਦੇ ਅੰਦੋਲਨ ਦੇ ਵਿਰੋਧ ’ਚ ਡਟ ਕੇ ਖੜ੍ਹੀਆਂ ਸਨ, ਜਿਨ੍ਹਾਂ ਸਾਰਿਆਂ ਨੇ ਮਿਲ ਕੇ ਇਹ ਪ੍ਰਚਾਰ ਕਰ ਦਿੱਤਾ ਕਿ ਸਿੱਖ ਖ਼ਾਲਸਤਾਨ ਮੰਗਦੇ ਹਨ, ਜੋ ਸਾਰੇ ਗ਼ੈਰ ਸਿੱਖਾਂ ਖ਼ਾਸ ਕਰ ਹਿੰਦੂਆਂ ਨੂੰ ਉਸੇ ਤਰ੍ਹਾਂ ਮਾਰ ਕੇ ਕੱਢ ਦੇਣਗੇ; ਜਿਵੇਂ ਪਾਕਿਸਤਾਨ ਵਿੱਚੋਂ ਹਿੰਦੂ, ਸਿੱਖ ਕੱਢੇ ਗਏ। ਇਸ ਨਾਲ ਸਾਰੇ ਦੇਸ਼ ਵਿੱਚ ਸਿੱਖਾਂ ਵਿਰੁੱਧ ਜ਼ਹਰ ਭਰ ਦਿੱਤੀ ਗਈ ਤੇ ਪੰਜਾਬ ਦੀਆਂ ਸਿਆਸੀ ਤੇ ਆਰਥਿਕ ਮੰਗਾਂ ਨੂੰ ਹਿੰਦੂ ਸਿੱਖਾਂ ਦੀ ਵੰਡ ਵਿੱਚ ਬਦਲ ਕੇ ਕਾਂਗਰਸ ਸਰਕਾਰ ਨੇ ਬੜੀ ਸਹਿਜਤਾ ਨਾਲ ਜੂਨ 1984 ਅਤੇ ਨਵੰਬਰ 1984 ਦੇ ਦੋ ਘੱਲੂਘਾਰੇ ਕੀਤੇ। ਇਸ ਦੇ ਇਵਜ਼ ਵਜੋਂ ਕਾਂਗਰਸ ਨੇ ਤਾਂ ਕਰਨਾ ਹੀ ਸੀ ਜਨਸੰਘ ਆਗੂਆਂ ਨੇ ਵੀ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਖ਼ਿਤਾਬ ਦੇ ਕੇ ਪ੍ਰਸੰਸਾ ਕੀਤੀ। ਇੰਦਰਾ ਗਾਂਧੀ ਦੀ ਇਸ ਦੇਸ਼ ਵਿਆਪੀ ਪ੍ਰਸੰਸਾ ਕਾਰਨ ਹੀ ਉਨ੍ਹਾਂ ਦੀ ਮੌਤ ਪਿੱਛੋਂ ਰਾਜਨੀਤੀ ਤੋਂ ਬਿਲਕੁਲ ਆਨਾੜੀ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਨੇ ਇੰਨੀ ਜ਼ਬਰਦਸਤ ਜਿੱਤ ਹਾਸਲ ਕੀਤੀ, ਜਿੰਨੀ ਕਦੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਵੀ ਨਹੀਂ ਹੋਈ ਸੀ। ਇਸੇ ਤਰ੍ਹਾਂ 2002 ’ਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਕੀਤੇ ਕਤਲੇਆਮ ਨੇ ਮੋਦੀ ਨੂੰ ਵੱਡਾ ਆਗੂ ਬਣਾ ਦਿੱਤਾ। ਭਾਰਤ ਦੇਸ਼ ਦੀ ਤਰਾਸਦੀ ਹੀ ਇਹ ਹੈ ਕਿ ਇੱਥੇ ਮਨੁੱਖਤਾ ਦੇ ਕਾਤਲਾਂ ਨੂੰ ਸਿਰ ’ਤੇ ਚੁੱਕਿਆ ਜਾਂਦਾ ਹੈ ਪਰ ਰਿਆਇਆ ’ਤੇ ਜ਼ੁਲਮ ਢਾਹੁਣ ਵਾਲੇ ਭ੍ਰਿਸ਼ਟ ਰਾਜਿਆਂ ਨੂੰ ‘‘ਰਾਜੇ ਸੀਹ ਮੁਕਦਮ ਕੁਤੇ ॥ (ਮਹਲਾ ੧/੧੨੮੮), ਪਾਪ ਕੀ ਜੰਞ ਲੈ ਕਾਬਲਹੁ ਧਾਇਆ ; ਜੋਰੀ ਮੰਗੈ ਦਾਨੁ ਵੇ ਲਾਲੋ !॥’’ (ਮਹਲਾ ੧/੭੨੨) ਕਹਿਣ ਵਾਲਿਆਂ ਅਤੇ ਸਰਬੱਤ ਦਾ ਭਲਾ ਮੰਗਣ ਵਾਲਿਆਂ ਨੂੰ ਅਤਿਵਾਦੀ, ਵੱਖਵਾਦੀ, ਦੇਸ਼ ਧਰੋਹੀ ਕਹਿ ਕੇ ਭੰਡਿਆ ਜਾਂਦਾ ਹੈ, ਪਰ ਇਸ ਵਾਰ ਅਕਾਲ ਪੁਰਖ ਦੀ ਪੂਰੀ ਕ੍ਰਿਪਾ ਰਹੀ ਕਿ ਕਿਸਾਨ ਆਗੂਆਂ ਦੀ ਸੂਝ ਬੂਝ, ਮੋਦੀ ਦੀ ਤਾਨਾਸ਼ਾਹੀ ਦੇ ਸਤਾਏ ਲੋਕਾਂ ਅਤੇ ਸੋਸ਼ਲ ਮੀਡੀਏ ਨੇ ਉਨ੍ਹਾਂ ਦੇ ਸਾਰੇ ਨਾਪਾਕ ਇਰਾਦੇ ਫੇਲ੍ਹ ਕਰ ਦਿੱਤੇ। ਦਿੱਲੀ ਦੇ ਬਾਰਡਰਾਂ ’ਤੇ ਬੈਠੇ ਅੰਦੋਲਨਕਾਰੀ ਅਸਲੀ ਰਾਸ਼ਟਰੀ ਏਕਤਾ ਦਾ ਨਜ਼ਾਰਾ ਪੇਸ਼ ਕਰ ਰਹੇ ਹਨ. ਜਿੱਥੇ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਧਰਮ ਨਾਲ ਸੰਬੰਧਿਤ ਕੇਵਲ ਕਿਸਾਨ ਹੀ ਨਹੀਂ ਬਲਕਿ ਸਮਾਜ ਦੇ ਸਭ ਵਰਗਾਂ ਦੇ ਲੋਕ ਗੁਰੂ ਕੇ ਸਾਂਝੇ ਲੰਗਰਾਂ ਵਿੱਚ ਇੱਕੋ ਪੰਗਤ ਵਿੱਚ ਬੈਠ ਕੇ ਪ੍ਰਸ਼ਾਦੇ ਛਕ ਰਹੇ ਹਨ, ਇੱਕੋ ਸਟੇਜ ’ਤੇ ਇੱਕੋ ਨਿਸ਼ਾਨੇ ਨੂੰ ਮੁੱਖ ਰੱਖ ਕੇ ਇੱਕ ਸੁਰ ’ਚ ਆਪਣੀ ਆਵਾਜ਼ ਉੱਠਾ ਰਹੇ ਹਨ ਕਿ ਨਵੇਂ ਕਾਨੂੰਨ ਕੇਵਲ ਕਿਸਾਨ ਵਿਰੋਧੀ ਹੀ ਨਹੀਂ ਸਗੋਂ ਸਮਾਜ ਦੇ ਹਰ ਉਸ ਇਨਾਸਨ ਵਿਰੋਧੀ ਹਨ, ਜੋ ਖਾਣਾ ਖਾਂਦੇ ਹਨ। ਹਰ ਪਾਸਿਓਂ ਪੰਜਾਬ ਦੇ ਕਿਸਾਨਾਂ ਦੀ ਪ੍ਰਸੰਸਾ ਹੋ ਰਹੀ ਹੈ ਕਿ ਇਨ੍ਹਾਂ ਨੇ ਸਾਰੇ ਦੇਸ਼ਵਾਸੀਆਂ ਨੂੰ ਆਪਣੇ ਹੱਕਾਂ ਲਈ ਅੰਦੋਲਨ ਕਰਨਾ ਸਿਖਾ ਦਿੱਤਾ। ਹਰਿਆਣਾ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਵੱਡੇ ਭਰਾ ਦੱਸ ਕੇ ਉਨ੍ਹਾਂ ਦਾ ਇਸ ਗੱਲੋਂ ਧੰਨਵਾਦ ਕਰਦੇ ਨਹੀਂ ਥਕਦੇ ਕਿ ਇਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਅੰਦੋਲਨ ਸ਼ੁਰੂ ਕਰਕੇ ਇਸ ਨੂੰ ਦੇਸ਼ ਵਿਆਪੀ ਬਣਾ ਦਿੱਤਾ ਅਤੇ ਇਸ ਵੇਲੇ ਸੁਚੱਜੀ ਅਗਵਾਈ ਦੇ ਰਹੇ ਹਨ।
ਜਦ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਤੇ ਨਕਸਲਵਾਦੀ ਦੱਸਣ ਵਾਲੀ ਨੀਤੀ ਸਫਲ ਨਾ ਹੋਈ ਤਾਂ ਵੰਡ ਪਾਊ ਤੇ ਟੁਕੜੇ-ਟੁਕੜੇ ਕਰਨ ’ਤੇ ਤੁਲੀ ਭਾਜਪਾ ਦੇ ਮੁੱਖ ਮੰਤਰੀ ਅਤੇ ਸਾਂਸਦਾਂ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਲੜਾਉਣ ਲਈ ਨਵੀਂ ਚਾਲ ਚੱਲੀ ਕਿ ਪਿਛਲੇ 40 ਸਾਲਾਂ ਤੋਂ ਲਮਕਦਾ ਆ ਰਿਹਾ ਐੱਸ. ਵਾਈ. ਐੱਲ. ਨਹਿਰ ਦਾ ਮਸਲਾ, ਜੋ ਇਸ ਸਮੇਂ ਸੁਪਰੀਮ ਕੋਰਟ ਵਿੱਚ ਹੈ; ਨੂੰ ਉਛਾਲਣ ਲਈ ਨਹਿਰ ਦੀ ਉਸਾਰੀ ਦੀ ਮੰਗ ਕਰ ਦਿੱਤੀ। ਉਨ੍ਹਾਂ ਦਾ ਖ਼ਿਆਲ ਸੀ ਕਿ ਨਹਿਰੀ ਪਾਣੀ ਖੇਤੀ ਦੀ ਅਹਿਮ ਲੋੜ ਹੋਣ ਕਰਕੇ ਇਸ ਮੰਗ ਨਾਲ ਪੰਜਾਬ ਤੇ ਹਰਿਆਣਾ ਦੇ ਕਿਸਾਨ ਇੱਕ ਦੂਜੇ ਦੇ ਵਿਰੋਧ ਵਿੱਚ ਹੋ ਜਾਣਗੇ ਤੇ ਖੇਤੀ ਕਾਨੂੰਨਾਂ ਵੱਲੋਂ ਹਟ ਕੇ ਪਾਣੀਆਂ ਦੀ ਵੰਡ ਵੱਲ ਵਧਣਗੇ, ਪਰ ਭਾਜਪਾ ਦੀ ਇਹ ਚਾਲ ਵੀ ਉਨ੍ਹਾਂ ਨੂੰ ਪੁੱਠੀ ਪਈ ਜਦੋਂ ਉਨ੍ਹਾਂ ਦੀ ਇਸ ਚਾਲ ਦਾ ਹਰਿਆਣਾ ਦੇ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਕਿ ਜਿਸ ਮੁੱਦੇ ’ਤੇ ਤੁਸੀਂ ਉਸ ਸਮੇਂ ਕੋਈ ਆਵਾਜ਼ ਨਹੀਂ ਉੱਠਾਈ ਜਿਸ ਸਮੇਂ ਹਰਿਆਣਾ ਅਤੇ ਕੇਂਦਰ ਵਿੱਚ ਭਾਜਪਾ ਦੀਆਂ ਸਰਕਾਰਾਂ ਅਤੇ ਪੰਜਾਬ ਵਿੱਚ ਭਾਜਪਾ ਦੀ ਭਾਈਵਾਲੀ ਵਾਲੀ ਸਰਕਾਰ ਸੀ; ਤਾਂ ਇਸ ਸਮੇਂ ਇਹ ਮੁੱਦਾ ਉੱਠਾ ਕੇ ਸਾਨੂੰ ਲੜਾ ਕੇ ਸਿਖਰਾਂ ’ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਦੀ ਬਦਨੀਤੀ ਹੀ ਹੈ, ਜਿਸ ਵਿੱਚ ਅਸੀਂ ਨਹੀਂ ਫਸਾਂਗੇ। ਕਿਸਾਨ ਅੰਦੋਲਨ ਦੇ ਸਮਰਥਨ ’ਚ ਆਏ ਪੰਜਾਬ ਦੇ ਆੜਤੀਆਂ ਨੂੰ ਡਰਾਉਣ ਲਈ ਉਨ੍ਹਾਂ ਦੇ ਆਗੂਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਰਵਾਏ ਗਏ ਤਾਂ ਇਸ ਦੇ ਪ੍ਰਤੀਕਰਮ ’ਚ ਆੜਤੀਆ-ਕਿਸਾਨ ਸਾਂਝ ਸਗੋਂ ਹੋਰ ਮਜ਼ਬੂਤ ਹੋਈ।
ਸਰਕਾਰ ਦੀਆਂ ‘ਸਾਮ ਦਾਮ ਦੰਡ ਭੇਦ’ ਦੀਆਂ ਪਹਿਲੀਆਂ ਤਿੰਨ ਕੂਟਨੀਤਕ ਨੀਤੀਆਂ ਹੁਣ ਤੱਕ ਪੂਰੀ ਤਰ੍ਹਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ ਤਾਂ ਹੁਣ ਚੌਥੀ ਨੀਤੀ ‘ਭੇਦ’ ਦੀ ਵਰਤੋਂ ਅਧੀਨ ਕਿਸਾਨਾਂ ਨੂੰ ਆਪਸ ਵਿੱਚ ਲੜਾਉਣ ਲਈ ਪ੍ਰਧਾਨ ਮੰਤਰੀ ਪਿਛਲੇ ਇੱਕ ਮਹੀਨੇ ਤੋਂ ਦਿੱਲੀ ਬੈਠੇ ਕਿਸਾਨਾਂ ਨਾਲ ਗੱਲ ਕਰਨ ਦੀ ਬਜਾਏ ਗੁਜਰਾਤ, ਮੱਧ ਪ੍ਰਦੇਸ਼ ਆਦਿਕ ਸੂਬਿਆਂ ਦੇ ਕਿਸਾਨਾਂ ਨਾਲ ਵਰਚੂਅਲ ਮੀਟਿੰਗਾਂ ਕਰ ਰਹੇ ਹਨ । ਫਰਜੀ ਕਿਸਾਨ ਜਥੇਬੰਦੀਆਂ ਖੜ੍ਹੀਆਂ ਕਰਕੇ ਉਨ੍ਹਾਂ ਦੀ ਮੀਟਿੰਗਾਂ ਖੇਤੀ ਮੰਤਰੀ ਨਾਲ ਕਰਵਾ ਕੇ ਕਹਿੰਦੇ ਹਨ ਕਿ ਇਹ ਜਥੇਬੰਦੀਆਂ ਨੇ ਤਿੰਨੇ ਕਾਨੂੰਨਾਂ ਨੂੰ ਬਹੁਤ ਲਾਹੇਵੰਦ ਦੱਸ ਕੇ ਬੇਨਤੀ ਕੀਤੀ ਹੈ ਕਿ ਇਨ੍ਹਾਂ ਕਾਨੂੰਨਾਂ ਵਿੱਚ ਕੋਈ ਸੋਧ ਨਾ ਕੀਤੀ ਜਾਵੇ, ਪਰ ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥ ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ ॥’’ (ਮਹਲਾ ੧/੪੧੭) ਵਾਕਾਂ ਅਨੁਸਾਰ ਇਨ੍ਹਾਂ ਨੂੰ ਸਭ ਪੁੱਠੇ ਪੈ ਰਹੇ ਹਨ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦਾ ਇੱਕ ਕਿਸਾਨ ਹਰਪ੍ਰੀਤ ਸਿੰਘ ‘ਹਰਫ਼ ਫ਼ਾਰਮ’ ਜੋ ਸ਼ੁਰੂ ਤੋਂ ਦਿੱਲੀ ਬਾਰਡਰ ’ਤੇ ਅੰਦੋਲਨਕਾਰੀਆਂ ਨਾਲ ਬੈਠਾ ਹੈ ਉਸ ਦੀ ਫੋਟੋ ਭਾਜਪਾ ਨੇ ਆਪਣੀ ਉਸ ਪ੍ਰਚਾਰ ਸਮਗਰੀ ’ਤੇ ਛਾਪ ਦਿੱਤੀ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਕਾਨੂੰਨ ਕਿਸਾਨਾਂ ਲਈ ਬਹੁਤ ਲਾਭਕਾਰੀ ਹਨ। ਜਦੋਂ ਸੰਬੰਧਿਤ ਕਿਸਾਨ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਦਿੱਲੀ ਬਾਰਡਰ ਤੋਂ ਹੀ ਲਾਈਵ ਹੋ ਕੇ ਭਾਜਪਾ ਦੇ ਝੂਠ ਦਾ ਭਾਂਡਾ ਭੰਨ ਦਿੱਤਾ ਕਿ ਮੈਂ ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿੱਚ ਸ਼ੁਰੂ ਤੋਂ ਅੰਦੋਲਨ ’ਚ ਸ਼ਾਮਲ ਹਾਂ ਭਾਜਪਾ ਨੇ ਮੈਨੂੰ ਬਿਨਾਂ ਦੱਸੇ ਹੀ ਮੇਰੀ ਫੋਟੋ ਦੀ ਵਰਤੋਂ ਕਰ ਲਈ ਹੈ, ਜਿਸ ਲਈ ਭਾਜਪਾ ਨੂੰ ਕਾਨੂੰਨੀ ਨੋਟਿਸ ਭੇਜਾਂਗਾ।
1984 ਵਿੱਚ ਸਰਕਾਰੀ ਤੰਤਰ ਅਤੇ ਸਰਕਾਰੀ ਪ੍ਰਚਾਰ ਸਾਧਨਾਂ ਰਾਹੀਂ ਜਿੱਥੇ ਸਿੱਖਾਂ ਨੂੰ ਪੂਰੀ ਤਰ੍ਹਾਂ ਬਦਨਾਮ ਕੀਤਾ ਗਿਆ ਸੀ। ਸਾਰੇ ਭਾਰਤ ’ਚ ਸਿੱਖਾਂ ਦੇ ਮਾਨ ਸਨਮਾਨ ਨੂੰ ਭਾਰੀ ਖੋਰਾ ਲੱਗਾ ਸੀ, ਉੱਥੇ ਇਸ ਵਾਰ ਚੰਗੀ ਗੱਲ ਇਹ ਰਹੀ ਕਿ ਕੇਵਲ ਭਾਰਤ ਹੀ ਨਹੀਂ ਪੂਰੇ ਸੰਸਾਰ ਵਿੱਚ ਖ਼ਾਲਸਾ ਏਡ, ਸਰਬੱਤ ਦਾ ਭਲਾ ਟਰੱਸਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਧਰਨਾਕਾਰੀਆਂ ਨੂੰ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਬਿਨਾਂ ਕਿਸੇ ਧਰਮ, ਜਾਤ ਪਾਤ ਅਤੇ ਖੇਤਰੀ ਵਿਤਕਿਰਿਆਂ ਦੇ ਸੇਵਾਵਾਂ ਦੇਣ ਦੇ ਨਾਲ ਨਾਲ ਸਫਾਈ ਦਾ ਵੀ ਪੂਰਾ-ਪੂਰਾ ਧਿਆਨ ਰੱਖਿਆ ਜਾ ਰਿਹਾ ਹੈ; ਜਿਸ ਨਾਲ ਸਿੱਖਾਂ ਦਾ ਮਾਨ ਸਨਮਾਨ ਸਾਰੇ ਦੇਸ਼ ਹੀ ਨਹੀਂ ਬਲਕਿ ਵਿਸ਼ਵ ’ਚ ਵਧ ਗਿਆ। ਸਿੱਖਾਂ ਦਾ ਬੀਤ ਚੁੱਕਾ ਇਤਿਹਾਸ ਦੁਹਰਾਇਆ ਜਾਂਦਾ ਪ੍ਰਤੱਖ ਰੂਪ ਵਿੱਚ ਵਿਖਾਈ ਦਿੰਦਾ ਹੈ ਕਿ ਜਿਵੇਂ ਸੰਨ 1705 ਦੇ ਦਸੰਬਰ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਸਾਰੇ ਗੁਰੂ ਪਰਵਾਰ ਅਤੇ ਸਿੱਖਾਂ ਨੇ ਵਰਦੇ ਮੀਂਹ ਵਿੱਚ ਸਿਰਸਾ ਨਦੀ ਪਾਰ ਕੀਤੀ ਉਸੇ ਤਰ੍ਹਾਂ ਅੱਜ ਦਸੰਬਰ ਦੇ ਮਹੀਨੇ ਵਿੱਚ ਹੀ ਖੱਟਰ ਸਰਕਾਰ ਵੱਲੋਂ ਵਰਸਾਈਆਂ ਜਲ ਤੋਪਾਂ ਤੇ ਅਥਰੂ ਗੈਸਾਂ ਦੀ ਪ੍ਰਵਾਹ ਕੀਤੇ ਬਿਨਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ, ਸਰਕਾਰ ਵੱਲੋਂ ਲਾਈਆਂ ਸਾਰੀਆਂ ਰੋਕਾਂ ਅਤੇ ਸੜਕਾਂ ’ਤੇ ਪੁੱਟੇ ਗਏ ਡੂੰਘੇ ਖੱਡਿਆਂ ਨੂੰ ਪਾਰ ਕਰ ਦਿੱਲੀ ਬਾਰਡਰਾਂ ’ਤੇ ਪਹੁੰਚ ਗਏ। ਜਿਸ ਤਰ੍ਹਾਂ ਦਸੰਬਰ ਮਹੀਨੇ ’ਚ ਹੀ 7 ਤੇ 9 ਸਾਲ ਦੇ ਛੋਟੇ ਸਾਹਿਬਜ਼ਾਦੇ ਤੇ ਬਜ਼ੁਰਗ ਮਾਤਾ ਗੁੱਜਰ ਕੌਰ ਜੀ ਨੇ ਸਰਹਿੰਦ ਦੇ ਠੰਡੇ ਬੁਰਜ ਵਿੱਚ ਅਡੋਲ ਰਹਿ ਕੇ ਰਾਤਾਂ ਕੱਟੀਆਂ ਉਸੇ ਤਰ੍ਹਾਂ ਅੱਜ 5 ਸਾਲ ਦੇ ਬੱਚਿਆਂ ਤੋਂ ਲੈ ਕੇ 85 ਸਾਲ ਦੇ ਬਜ਼ੁਰਗ ਬਾਬੇ ਤੇ ਮਾਤਾਵਾਂ ਅੰਤਾਂ ਦੀ ਠੰਡ ’ਚ ਬਾਹਰ ਖੁੱਲ੍ਹੇ ਮੈਦਾਨਾਂ ਵਿੱਚ ਧਰਨਿਆਂ ਵਿੱਚ ਰਾਤਾਂ ਕੱਟਦੇ ਹੋਏ ਪੂਰੀ ਚੜ੍ਹਦੀਕਲਾ ਅਤੇ ਜਿੱਤ ਤੱਕ ਡਟੇ ਰਹਿਣ ਲਈ ਦ੍ਰਿੜ੍ਹ ਹਨ। ਜਿਸ ਤਰ੍ਹਾਂ ਭਾਈ ਘਨਈਆ ਜੀ ਚਲਦੇ ਜੰਗ ਵਿੱਚ ਦੁਸ਼ਮਣਾਂ ਨੂੰ ਪਾਣੀ ਪਿਲਾਉਂਦੇ ਤੇ ਗੁਰੂ ਕੇ ਲੰਗਰਾਂ ਵਿੱਚ ਉਨ੍ਹਾਂ ਨੂੰ ਆਵਾਜ਼ਾਂ ਮਾਰ ਕੇ ਸਤਿਕਾਰ ਨਾਲ ਲੰਗਰ ਛਕਾਇਆ ਜਾਂਦਾ ਸੀ ਉਸੇ ਤਰ੍ਹਾਂ ਅੱਜ ਵੀ ਡਾਂਗਾਂ, ਅੱਥਰੂ ਗੈਸ ਤੇ ਜਲ ਤੋਪਾਂ ਵਰ੍ਹਾੳਣ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਤਿਕਾਰ ਸਹਿਤ ਲੰਗਰ ਛਕਾ ਰਹੇ ਹਨ। ਇਸ ਸਭ ਕੁਝ ਵੇਖ ਕੇ ਬਾਕੀਆਂ ਨੇ ਤਾਂ ਵਾਹ-ਵਾਹ ਕਰਨੀ ਹੀ ਸੀ ਗੋਦੀ ਮੀਡੀਆ ਦਾ ਵੀ ਇੱਕ ਟੀ.ਵੀ. ਐਂਕਰ ਜਿਹੜੇ ਸਿੱਖਾਂ ਨੂੰ ਅੱਤਵਾਦੀ ਤੇ ਵੱਖਵਾਦੀ ਦੱਸਣ ਦਾ ਵੀ ਪੂਰਾ ਜ਼ੋਰ ਲਾ ਰਹੇ ਹਨ, ਪ੍ਰਾਈਮ ਟਾਈਮ ਵਿੱਚ ਇਹ ਕਹਿੰਦਾ ਸੁਣਿਆ ਗਿਆ ਕਿ ਜੇ ਕਿਸੇ ਪ੍ਰਦਰਸ਼ਨਕਾਰੀਆਂ ਨੇ ਸਿੱਖਣਾ ਹੈ ਕਿ ਉਹ ਪ੍ਰਦਰਸ਼ਨ ਕਿਸ ਤਰ੍ਹਾਂ ਕਰਨ, ਸਫਾਈ ਤੇ ਅਨੁਸਾਸ਼ਨ ਕਿਸ ਤਰ੍ਹਾਂ ਰੱਖਣ ਤਾਂ ਉਹ ਸਿੱਖਾਂ ਤੋਂ ਸਿੱਖਣ। ਹਰਿਆਣਾ ਦਾ ਇੱਕ ਕਿਸਾਨ ਇਹ ਕਹਿੰਦਾ ਸੁਣਿਆ ਗਿਆ ਕਿ ਸਿੱਖਾਂ ਨੂੰ ਅੱਤਵਾਦੀ ਜਾਂ ਖ਼ਾਲਸਤਾਨੀ ਮੱਤ ਕਹੋ; ਇਹ ਸਾਡੇ ਵੱਡੇ ਭਰਾ ਹਨ, ਇਨ੍ਹਾਂ ਨੇ ਸਾਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਜਗਾਇਆ ਹੈ ਅਤੇ ਹੁਣ ਸਾਰੇ ਦੇਸ਼ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ; ਜੇ ਇਹ ਖ਼ਾਲਸਤਾਨੀ ਹਨ, ਆਪਣੇ ਹੱਕਾਂ ਲਈ ਸ਼ੰਘਰਸ਼ ਕਰਨਾ ਹੀ ਅੱਤਵਾਦ ਹੈ ਤਾਂ ਅਸੀਂ ਵੀ ਅੱਤਵਾਦੀ ਹਾਂ, ਖ਼ਾਲਸਤਾਨੀ ਹਾਂ। ਇਸੇ ਤਰ੍ਹਾਂ ਹੀ ਕਰਨਾਟਕਾ ਦਾ ਇੱਕ ਬਜ਼ੁਰਗ ਕਿਸਾਨ ਅੰਗਰੇਜ਼ੀ ਭਾਸ਼ਾ ’ਚ ਬੜੇ ਹੀ ਜਜ਼ਬਾਤੀ ਢੰਗ ਨਾਲ ਕਹਿ ਰਿਹਾ ਸੀ ‘ਇਹ ਅੱਤਵਾਦੀ ਤੇ ਦੋਸ਼ ਧਰੋਹੀ ਨਹੀਂ ਹਨ, ਇਹ ਤਾਂ ਅਸਲੀ ਹੀਰੋ ਹਨ। ਇਨ੍ਹਾਂ ਨੂੰ ਅੱਤਵਾਦੀ ਤੇ ਦੋਸ਼ ਧਰੋਹੀ ਕਹਿਣ ਵਾਲੇ ਅੱਤਵਾਦੀ ਹਨ, ਦੇਸ਼ ਧ੍ਰੋਹੀ ਹਨ’।
ਬੀਤੇ ਸਮੇਂ ’ਚ ਸਿੱਖਾਂ ਦੇ ਮਾਨ ਸਨਮਾਨ ਨੂੰ ਸਰਕਾਰੀ ਤੰਤਰ ਅਤੇ ਮੀਡੀਏ ਰਾਹੀਂ ਜੋ ਢਾਹ ਲਾਈ ਗਈ ਸੀ; ਗੁਰੂ ਕ੍ਰਿਪਾ ਰਾਹੀਂ ਉਹ ਮਾਨ ਸਨਮਾਨ ਇਸ ਅੰਦੋਲਨ ਵਿੱਚ ਮੁੜ ਬਹਾਲ ਹੋ ਰਿਹਾ ਹੈ। ਅੰਦੋਲਨ ਚਲਾ ਰਹੇ ਆਗੂਆਂ ਦੀ ਸੂਝ-ਬੂਝ, ਨੌਜਾਵਾਨਾਂ ਦਾ ਅਨੁਸਾਸ਼ਨ ਵਿੱਚ ਰਹਿਣਾ, ਸੇਵਾ ਵਿੱਚ ਜੁਟੀਆਂ ਸੰਸਥਵਾਂ ਤੇ ਵਿਅਕਤੀਆਂ ਦੀਆਂ ਸੇਵਾਵਾਂ ਤੇ ਸੋਸ਼ਲ ਮੀਡੀਏ ਦਾ ਪੂਰਾ ਯੋਗਦਾਨ ਮਿਲ ਰਿਹਾ ਹੈ, ਜਿਸ ਨੇ ਸਾਰੀ ਦੁਨੀਆਂ ਨੂੰ ਵਿਖਾ ਦਿੱਤਾ ਕਿ ਮੋਦੀ ਸਰਕਾਰ ਉਨ੍ਹਾਂ ਲੋਕਾਂ ਦੇ ਹੱਕ ਵਿੱਚ ਨਹੀਂ ਜਿਨ੍ਹਾਂ ਤੋਂ ਝੂਠੇ ਵਾਅਦਿਆਂ ਨਾਲ ਵੋਟਾਂ ਲੈ ਕੇ ਇਹ ਸੱਤਾ ਵਿੱਚ ਆਈ, ਸਗੋਂ ਗਿਣਤੀ ਦੇ ਕੁਝ ਉਨ੍ਹਾਂ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਦੀ ਹੈ, ਜਿਨ੍ਹਾਂ ਤੋਂ ਵੱਡੀ ਮਾਤਰਾ ’ਚ ਗੁਪਤ ਫੰਡ ਲੈ ਕੇ ਮੀਡੀਆ ਅਤੇ ਵੋਟਾਂ ਖ਼ਰੀਦ ਕੇ ਸਰਕਾਰ ਬਣਾਉਣ ਵਿੱਚ ਸਫਲ ਹੁੰਦੀ ਹੈ। ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅੰਗਰੇਜ਼ੀ ਸਰਕਾਰ ਨੇ ਵੀ 1906 ਈ: ’ਚ ਅਬਾਦਕਾਰੀ ਬਿੱਲ-1906 ਲਿਆਂਦਾ ਸੀ, ਜਿਸ ਦਾ ਉਦੇਸ਼ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਵੱਡੇ ਸ਼ਾਹੂਕਾਰਾਂ ਦੇ ਹੱਥਾਂ ਵਿੱਚ ਦੇਣਾ ਸੀ ਤਦ ਸ਼ਹੀਦ ਭਗਤ ਸਿੰਘ ਦੇ ਚਾਚਾ ਸ: ਅਜੀਤ ਸਿੰਘ ਨੇ ਲਾਲਾ ਬੰਕੇ ਦਿਆਲ ਨਾਲ ਮਿਲ ਕੇ ਮਾਰਚ 1907 ’ਚ ਉਸ ਕਾਲ਼ੇ ਕਾਨੂੰਨ ਵਿਰੁੱਧ ਅੰਦੋਲਨ ਸ਼ੁਰੂ ਕੀਤਾ, ਜੋ 9 ਮਹੀਨੇ ਚੱਲਿਆ।
‘ਪਗੜੀ ਸੰਭਾਲ ਓਏ ਜੱਟਾ’ ਉਸੇ ਅੰਦੋਲਨ ਵਿੱਚ ਗਾਇਆ ਜਾਂਦਾ ਸੀ ਤੇ ਅਖੀਰ ਨਵੰਬਰ 1907 ਵਿੱਚ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ। ਮੋਦੀ ਤਾਂ ਫਿਰ ਵੀ ਇਨ੍ਹਾਂ ਕਿਸਾਨਾਂ ਦੀਆਂ ਵੋਟਾਂ ਨਾਲ ਹੀ ਪ੍ਰਧਾਨ ਮੰਤਰੀ ਬਣਿਆ ਹੈ, ਇਸ ਲਈ ਕਿਸਾਨਾਂ ਦੇ ਸਬਰ ਨੂੰ ਪਰਖਣ ਦੀ ਗ਼ਲਤੀ ਨਹੀਂ ਕਰਨੀ ਚਾਹੀਦੀ। ਮੋਦੀ ਦਾ ਲੋਹ ਪੁਰਸ਼ ਹੋਣ ਦਾ ਰੁਤਬਾ ਖੁਰ ਜਾਣ ਦੇ ਡਰੋਂ ਮੋਦੀ ਸਰਕਾਰ ਹਾਲੀ ਤੱਕ ਲਮਕਾਉਣ ਦੀ ਨੀਤੀ ’ਤੇ ਇਸ ਭਾਵਨਾ ਨਾਲ ਚੱਲ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਵਿੱਚ ਫੁੱਟ ਪਾ ਕੇ ਜਾਂ ਇਸ ਨੂੰ ਹਿੰਸਕ ਬਣਾ ਕੇ ਫੇਲ੍ਹ ਕਰਨ ਕੀਤਾ ਜਾਵੇ ਪਰ ਉਸ ਦੀਆਂ ਇਨ੍ਹਾਂ ਕੋਝੀਆਂ ਚਾਲਾਂ ਤੇ ਅੜੀਅਲ ਵਤੀਰੇ ਵਿਰੁਧ ਭਾਜਪਾ ਅੰਦਰ ਵੀ ਫੁੱਟ ਪੈ ਰਹੀ ਹੈ। ਪੰਜਾਬ ਦੇ ਪਾਰਟੀ ਅਹੁੱਦੇਦਾਰ ਵੱਲੋਂ ਅਸਤੀਫੇ ਦੇਣ, ਹਰਿਆਣਾ ਤੋਂ ਭਾਜਪਾ ਸੀਨੀਅਰ ਆਗੂ ਚੌਧਰੀ ਵਰਿੰਦਰ ਸਿੰਘ ਵੱਲੋਂ ਖੁੱਲ੍ਹ ਕੇ ਕਿਸਾਨਾਂ ਦੇ ਪੱਖ ’ਚ ਆਉਣ ਅਤੇ ਐਨ.ਡੀ.ਏ. ਦੇ ਸਹਿਯੋਗੀ ਰਾਸ਼ਟਰੀ ਲੋਕਤਾਂਤਰਿਕ ਪਾਰਟੀ ਦੇ ਪ੍ਰਮੁੱਖ ਹਨੂੰਮਾਨ ਬੈਨੀਵਾਲ ਵੱਲੋਂ ਸੰਸਦ ਦੀਆਂ ਤਿੰਨੇ ਕਮੇਟੀਆਂ ਤੋਂ ਅਸਤੀਫ਼ਾ ਦੇਣ ਅਤੇ 26 ਦਸੰਬਰ ਨੂੰ ਦੋ ਲੱਖ ਸਮਰਥਕਾਂ ਨਾਲ ਰਾਜਸਥਾਨ ਤੋਂ ਦਿੱਲੀ ਲਈ ਕੂਚ ਕਰਨ ਦੇ ਐਲਾਨ ਸਦਕਾ ਸਰਕਾਰੀ ਪੱਖ ਕਮਜ਼ੋਰ ਅਤੇ ਕਿਸਾਨ ਚੜ੍ਹਦੀਕਲਾ ਵੱਲ ਵਧ ਰਹੇ ਹਨ।
ਅੰਦੋਲਨ ਦੀ ਪ੍ਰਾਪਤੀ ਕੇਂਦਰੀ ਸਰਕਾਰ ਦੇ ਉਸ ਵਿਸ਼ਵਾਸ ਨੂੰ ਚੁਨੌਤੀ ਦੇਣਾ ਹੈ ਕਿ ਉਹ ਕੋਈ ਵੀ ਫ਼ੈਸਲਾ ਕਰ ਸਕਦੀ ਹੈ ਅਤੇ ਉਸ ਨੂੰ ਕੋਈ ਵੀ ਚੁਨੌਤੀ ਨਹੀਂ ਦੇਵੇਗਾ। ਸਭ ਅੰਦੋਲਨਾਂ ਵਾਂਗ ਕਿਸਾਨ ਅੰਦੋਲਨ ਕੁਝ ਹੱਥਾਂ ਵਿੱਚ ਸੱਤਾ ਦੇ ਕੇਂਦਰੀਕਰਨ ਦੇ ਵਿਰੁੱਧ ਲਾਮਬੰਦੀ ਵੀ ਹੈ। ਜੇ ਮੋਦੀ ਸਰਕਾਰ ਨੇ ਹਾਲੀ ਵੀ ਵਕਤ ਦੀ ਨਬਜ਼ ਨਾ ਪਛਾਣੀ ਤਾਂ ਇਹ ਕਿਸਾਨ ਅੰਦੋਲਨ ਤੋਂ ਬਣਿਆ ਜਨ ਅੰਦੋਲਨ ਕਿਸੇ ਵੀ ਵੇਲੇ ਇਨਕਲਾਬ ਵਿੱਚ ਬਦਲ ਸਕਦਾ ਹੈ, ਜਿਸ ਦੀ ਮੋਦੀ ਸਰਕਾਰ ਅਤੇ ਭਾਜਪਾ ਨੂੰ ਭਾਰੀ ਕੀਮਤ ਚੁਕਾਉਣੀ ਪਵੇਗੀ।