38.3 C
Jalandhar
Monday, May 18, 2026
spot_img
Home Blog Page 56

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ।

0

ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਇਆ ਗਿਆ।

ਬਠਿੰਡਾ, ਅਪ੍ਰੈਲ 18 (ਕਿਰਪਾਲ ਸਿੰਘ) : ਬਠਿੰਡਾ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਵਿਖੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ’ਚ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਭਾਈ ਰਘਵੀਰ ਸਿੰਘ ਖਿਆਲੀਵਾਲਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਚਾਰਨ ਕੀਤੇ ਸ਼ਬਦ ‘‘ਜੋ ਨਰੁ  ਦੁਖ ਮੈ ਦੁਖੁ ਨਹੀ ਮਾਨੈ ਸੁਖ ਸਨੇਹੁ ਅਰੁ ਭੈ ਨਹੀ ਜਾ ਕੈਕੰਚਨ ਮਾਟੀ ਮਾਨੈ ’’ (ਮਹਲਾ ੯/੬੩੩) ਦੀ ਬਾਖ਼ੂਬੀ ਵਿਆਖਿਆ ਕਰਦਿਆਂ ਸਮਝਾਇਆ ਕਿ ਉਨ੍ਹਾਂ ਨੇ ਇਹ ਸ਼ਬਦ ਸਿਰਫ ਸਾਡੇ ਲਈ ਉਚਾਰਨ ਹੀ ਨਹੀਂ ਕੀਤਾ ਸਗੋਂ ਇਸ ਅਨੁਸਾਰ ਜੀਵਨ ਆਪ ਬਤੀਤ ਕਰਕੇ ਸਾਡੇ ਲਈ ਪੂਰਨੇ ਵੀ ਪਾਏ ਹਨ।

ਭਾਈ ਕਿਰਪਾਲ ਸਿੰਘ ਬਠਿੰਡਾ ਨੇ ਨਾਨਕਸ਼ਾਹੀ ਕੈਲੰਡਰ ਦੀ ਸਿੱਖ ਕੌਮ ਨੂੰ ਲੋੜ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਤਿਹਾਸ ’ਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਵਦੀ ੫, ੫ ਵੈਸਾਖ ਬਿਕ੍ਰਮੀ ਸੰਮਤ ੧੬੭੮ ਮੁਤਾਬਕ 1 ਅਪ੍ਰੈਲ ਸੰਨ 1621 ਈਸਵੀ ਨੂੰ ਹੋਇਆ ਦਰਜ ਹੈ। ਇਹ ਤਿੰਨੇ ਪਧਤੀਆਂ ਦੀਆਂ ਤਾਰੀਖ਼ਾਂ ਹੁਣ ਕਦੀ ਵੀ ਇਕੱਠੀਆਂ ਨਹੀਂ ਆਉਂਦੀਆਂ। ਮੌਜੂਦਾ ਸਮੇਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜੇ ਚੰਦ੍ਰਮਾਂ ਦੀਆਂ ਤਿੱਥਾਂ ਮੁਤਾਬਕ ਮਨਾਏ ਜਾਣ ਕਰਕੇ ਹਰ ਸਾਲ ਬਦਲਵੀਆਂ ਤਾਰੀਖ਼ਾਂ ਨੂੰ ਆਉਂਦੇ ਹਨ ਜਿਸ ਕਾਰਨ ਪਿਛਲੇ ਸਾਲ 12 ਅਪ੍ਰੈਲ/੩੦ ਚੇਤ ਨੂੰ ਸੀ, ਇਸ ਸਾਲ 1 ਮਈ/੧੯ ਵੈਸਾਖ ਨੂੰ ਮਨਾਇਆ ਜਾਵੇਗਾ ਅਤੇ ਅਗਲੇ ਸਾਲ 21 ਅਪ੍ਰੈਲ/੮ ਵੈਸਾਖ ਨੂੰ ਹੋਵੇਗਾ ਭਾਵ ਕਿਸੇ ਦੇ ਕੁਝ ਪੱਲੇ ਨਹੀਂ ਪੈਂਦਾ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਕਿਸ ਤਾਰੀਖ਼ ਨੂੰ ਆ ਰਿਹਾ ਹੈ।

ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਯੂਨਾਇਟਡ ਨੇਸ਼ਨ ਨੂੰ ਪੱਤਰ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੂਸਰੇ ਧਰਮ ਦੇ ਧਾਰਮਿਕ ਚਿੰਨ੍ਹਾਂ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਆਪਣੇ ਤਿਨ ਪਿਆਰੇ ਗੁਰਸਿਖਾਂ ਸਮੇਤ ਮਹਾਨ ਕੁਰਬਾਨੀ ਦਿੱਤੀ, ਜਿਹੜੀ ਦੁਨੀਆਂ ਦੇ ਇਤਿਹਾਸ ਵਿੱਚ ਇੱਕ ਨਿਵੇਕਲੀ ਮਿਸਾਲ ਹੈ, ਇਸ ਲਈ ਗੁਰੂ ਸਾਹਿਬ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਮਨਾਉਂਦਿਆਂ ਉਨ੍ਹਾਂ ਦੇ ਪ੍ਰਕਾਸ਼ ਪੁਰਬ ਜਾਂ ਸ਼ਹੀਦੀ ਪੁਰਬ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਨੁੱਖੀ ਅਧਿਕਾਰਾਂ ਦੇ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਜਾਵੇ।

ਹੁਣ ਮੰਨ ਲਓ ਯੂਨਾਇਟਡ ਨੇਸ਼ਨ ਨੇ ਇਹ ਮੰਗ ਮੰਨ ਲਈ ਤਾਂ ਸ਼੍ਰੋਮਣੀ ਕਮੇਟੀ ਨੇ ਉਸ ਸੰਸਥਾ ਨੂੰ ਕਿਹੜੀ ਤਾਰੀਖ਼ ਦੇਣੀ ਹੈ ? ਇਸ ਲਈ ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ ਅਤਿ ਜ਼ਰੂਰੀ ਹੈ। ਉਸ ਮੁਤਾਬਕ ਹਰ ਸਾਲ ੫ ਵੈਸਾਖ/18 ਅਪ੍ਰੈਲ ਨੂੰ ਹੀ ਆਵੇਗਾ ਕਿਉਂਕਿ ਅੱਜ ਕੱਲ੍ਹ ਬਿਕ੍ਰਮੀ ਕੈਲੰਡਰ ਦਾ ੫ ਵੈਸਾਖ, ਜੋ 1621 ਈਸਵੀ ’ਚ 1 ਅਪ੍ਰੈਲ ਨੂੰ ਆਇਆ ਸੀ, ਅੱਜ ਕੱਲ੍ਹ ਉਹ 17 ਜਾਂ 18 ਅਪ੍ਰੈਲ ਨੂੰ ਆਉਂਦਾ ਹੈ। ਜੇਕਰ ਅਜੇ ਵੀ ਸੋਧ ਨਾ ਕੀਤੀ ਤਾਂ ਉਕਤ ਵੇਰਵਿਆਂ ਮੁਤਾਬਕ ਹੋਰ ਵੀ ਅਗਾਂਹ-ਪਿਛਾਂਹ ਹੁੰਦਾ ਰਹੇਗਾ।

ਮਰਹੂਮ ਨਾਵਲਕਾਰ ਸਰਦਾਰ ਜਸਵੰਤ ਸਿੰਘ ਕੰਵਲ ਜੀ

0

ਇਸ ਵੀਡੀਓ ਚ ਪੇਸ਼ ਕੀਤੇ ਤੱਥ; ਜ਼ਮੀਨੀ ਹਾਲਾਤਾਂ ਤੋਂ ਵਿਪਰੀਤ ਹਨ।

0

ਜੋ ਵੀਰ ਇਸ ਵੀਡੀਓ ’ਚ ਪੇਸ਼ ਕੀਤੇ ਵਿਚਾਰਾਂ ਨਾਲ ਸਹਿਮਤੀ ਜਤਾ ਰਹੇ ਹਨ ਉਨ੍ਹਾਂ ਨੂੰ ਆਪਣੇ ਆਪ ਤੋਂ ਹੇਠਲੇ ਸਵਾਲ ਪੁੱਛਣੇ ਬਣਦੇ ਹਨ :

(1). ਜਦ ਭਾਰਤ ਦੀ ਕੇਂਦਰ ਸਰਕਾਰ; ਸੂਬਿਆਂ ਦੇ ਅਧਿਕਾਰਾਂ ਨੂੰ ਸਮੇਟਦੀ ਜਾ ਰਹੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਵਿਦੇਸ਼ਾਂ ’ਚ ਆਪਣੀ ਜਿਨਸ ਕਿਵੇਂ ਬੇਚਣ ਦੇ ਸਕਦੀ ਹੈ ? ਕਿਉਂਕਿ ਹਰ ਇੱਕ ਨਾਗਰਿਕ ਦੀ ਆਮਦਨ ਦਾ ਲੇਖਾ-ਜੋਖਾ ਸਰਕਾਰੀ ਰਿਕਾਰਡ ’ਚ ਆਉਣਾ ਜ਼ਰੂਰੀ ਹੈ ਭਾਵੇਂ ਕਿ ਕਿਸਾਨਾਂ ਨੂੰ ਟੈਕਸ ’ਚ ਛੂਟ ਹੀ ਮਿਲਦੀ ਹੋਵੇ।

(2). ਜੇਕਰ ਕੋਈ ਅਰਬ ਵਪਾਰੀ ਕਿਸਾਨ ਦੀ ਜਿਨਸ ਖ਼ਰੀਦ ਕੇ ਰਕਮ ਨਹੀਂ ਦਿੰਦਾ ਤਾਂ ਉਸ ਦਾ ਕੇਸ ਕਿਸ ਅਦਾਲਤ ’ਚ ਲੜਿਆ ਜਾਵੇਗਾ ਕਿਉਂਕਿ (ੳ). ਭਾਰਤ ਦੀ ਸਰਕਾਰ ਦੀ ਵਿਚੋਲਗੀ ਸਾਡੀ ਮੰਗ ਮੁਤਾਬਕ ਖ਼ਤਮ ਹੋ ਜਾਣੀ ਹੈ। (ਅ). ਭਾਰਤ ’ਚ ਹੀ ਕਈ ਵਪਾਰੀ, ਕਿਸਾਨਾਂ ਦੇ ਪੈਸੇ ਮਾਰ ਗਏ ਤੇ ਕਿਸਾਨ ਆਪਣੀ ਬਣਦੀ ਰਕਮ ਨਾ ਲੈ ਸਕਿਆ ?

(3). ਪੰਜਾਬ ਦਾ 95% ਕਿਸਾਨ ਕਰਜ਼ੇ ’ਚ ਡੁੱਬਿਆ ਪਿਆ ਹੈ ਉਹ ਆਪਣੀ ਖੇਤੀ ਆੜਤੀਏ ’ਤੋ ਰਕਮ ਲੈ ਕੇ ਕਰਦਾ ਹੈ ਤੇ ਆਪਣੀ ਫ਼ਸਲ ਦੂਸਰੇ ਆੜਤੀਏ ਕੋਲ ਨਹੀਂ ਬੇਚ ਸਕਦਾ।  ਅਰਬ ਦੇਸਾਂ ’ਚ ਬੇਚਣਾ ਉਸ ਅਣਪੜ੍ਹ ਅਤੇ ਕਰਜ਼ਦਾਰ ਲਈ ਕਿੰਨਾ ਮੁਸ਼ਕਲ ਹੋਵੇਗਾ ?

(4). ਜਦ ਪੰਜਾਬ ਦੀ ਜਿਨਸ (ਕਣਕ, ਚਾਵਲ) ਪੂਰੀ ਦੁਨੀਆ ਨਾਲੋਂ ਮਹਿੰਗੇ ਪੈ ਰਹੇ ਹਨ (ਇਸੇ ਕਾਰਨ ਕੇਂਦਰ ਸਰਕਾਰ ਵੀ ਹੱਥ ਖੜ੍ਹੇ ਕਰਦੀ ਪਈ ਹੈ ਤਾਂ) ਫਿਰ ਕਿਸਾਨ ਮਹਿੰਗੀ ਫ਼ਸਲ ਅਰਬ ਦੇਸਾਂ ਵਿੱਚ ਕਿਵੇਂ ਬੇਚੇਗਾ ਜਦ ਚੀਨ ਅਤੇ ਅਮਰੀਕਾ ਸਸਤੀ ਕਣਕ ਦਿੰਦਾ ਪਿਐ ?

(ਨੋਟ : ਚੇਤੇ ਰਹੇ ਕਿ ਭਾਰਤ ਸਰਕਾਰ ਇਰਾਨ ਤੋਂ ਤੇਲ ਲੈਂਦੀ ਸੀ, ਜਿਸ ਬਦਲੇ ਅਨਾਜ ਦਿੱਤਾ ਜਾਂਦਾ ਸੀ, ਪਰ ਹੁਣ ਅਮਰੀਕਾ ਦੁਆਰਾ ਲਗਾਏ ਗਏ ਇਰਾਨ ’ਤੇ ਪ੍ਰਤਿਬੰਧਾਂ ਉਪਰੰਤ ਭਾਰਤ; ਇਰਾਨ ਤੋਂ ਤੇਲ ਨਹੀਂ ਖ਼ਰੀਦ ਪਾ ਰਿਹਾ ਜਿਸ ਕਾਰਨ ਕਣਕ ਦਾ ਭੰਡਾਰ ਭਾਰਤ ’ਚ ਤਿੰਨ ਸਾਲ ਤੱਕ ਦਾ ਸਟੋਰ ਹੋ ਚੁੱਕਾ ਹੈ, ਜਿਸ ਨੂੰ ਸੰਭਾਲਣ ਲਈ ਹੀ ਮੋਦੀ ਸਰਕਾਰ ਅਡਾਨੀ/ਅਬਾਨੀ ਦੇ ਦਰ ’ਤੇ ਗਈ ਹੈ।)

(5). ਉਕਤ ਸੁਝਾਅ ਦੇਣ ਵਾਲਿਆਂ ਨੇ ਕਿਸਾਨਾਂ ਦੁਆਰਾ ਗਰਮ ਕੀਤੇ ਤਵੇ ’ਤੇ ਅਚਾਨਕ ਰੋਟੀ ਛੇਕਣ ਤੋਂ ਇਲਾਵਾ ਅੱਜ ਤੱਕ ਵਿਦੇਸਾਂ ’ਚ ਕਿਰਸਾਨੀ ਜਿਨਸ ਬੇਚਣ ਲਈ ਕਿਹੜੀ ਜ਼ਮੀਨ ਤਿਆਰ ਕੀਤੀ ਹੈ ਜਾਂ ਕਦੇ ਮੰਗ ਉਠਾਈ ਹੈ ?

ਪਰ ਹਾਂ, ਕੁਝ ਸਾਲ ਪਹਿਲਾਂ ਅਜਿਹਾ ਹੀ ਇੱਕ ਬਿਆਨ ਸਿਮਰਨਜੀਤ ਸਿੰਘ ਮਾਨ ਨੇ ਵੀ ਦਿੱਤਾ ਸੀ ਕਿ ਸਾਡੀ ਸਰਕਾਰ; ਪੰਜਾਬ ’ਚ ਆਉਣ ਤੋਂ ਬਾਅਦ ਪਾਕਿਸਤਾਨ ਦਾ ਬਾਰਡਰ ਖੋਲ੍ਹ ਦਿੱਤਾ ਜਾਵੇਗਾ। ਅਸੀਂ ਆਪਣੀ ਜਿਨਸ ਪਾਕਿਸਤਾਨ ਦੀਆਂ ਮੰਡੀਆਂ ’ਚ ਬੇਚਾਂਗੇ, ਪਰ ਫਿਰ ਨਤੀਜਾ ਕੀ ਨਿਕਲਿਆ ? ਕੀ ਇਸ ਵੀਡੀਓ ਦੇ ਸੁਝਾਅ; ਮਾਨ ਸਾਹਿਬ ਦੇ ਵਿਚਾਰਾਂ ਦੀ ਪ੍ਰੋੜ੍ਹਤਾ ਮਾਤਰ ਹਨ ?

ਕੁਝ ਸਮੇਂ ਬਾਅਦ ਇਨ੍ਹਾਂ ਦਾ ਹਾਲ ਵੀ ਪੰਜਾਬ ’ਚ ਮਾਨ ਦਲ ਵਰਗਾ ਹੋਣਾ ਹੈ, ਪਰ ਤਦ ਤੱਕ ਕਿਸਾਨ ਸੰਘਰਸ਼ ਨੂੰ ਨੁਕਸਾਨ ਜ਼ਰੂਰ ਪਹੁੰਚਾ ਜਾਣਗੇ। ਸੰਨ 2015 ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ’ਚੋਂ ਪੈਦਾ ਹੋਇਆ ਸਰਬਤ ਖ਼ਾਲਸਾ ਇਕੱਠ ਵੀ ਅਜਿਹੇ ਹੀ ਬਰਬਾਦ ਕੀਤੇ ਜਨ ਅੰਦਲਨ ਨੂੰ ਗੁਮਰਾਹ ਕਰਨ ਮਾਤਰ ਸੀ।

ਸੋ ਇਸ ਵੀਡੀਓ ’ਚ ਬਿਆਨ ਕੀਤਾ ਗਿਆ ਤੱਥ; ਜ਼ਮੀਨੀ ਹਾਲਾਤਾਂ ਤੋਂ ਨਾ ਸਮਝੀ ਦਾ ਪ੍ਰਤੀਕ ਹੈ ਜਾਂ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੀ ਸਾਜ਼ਸ਼, ਜੋ ਪੰਜਾਬ ਦੀ ਜਜ਼ਬਾਤੀ ਨੌਜਵਾਨੀ ਨੂੰ ਅੱਗੇ ਕਰ ਅਸਲ ਮੁੱਦੇ (ਕਿਰਸਾਨੀ ਟੀਚੇ) ਤੋਂ ਧਿਆਨ ਭਟਕਾਉਣਾ ਹੈ। ਇਹ ਲੋਕ ਨਹੀਂ ਸਮਝਣ ਦੇਣਗੇ ਕਿ ਕਿਸਾਨ ਮਾਰੂ ਬਿੱਲ ਲਾਗੂ ਹੋਣ ਨਾਲ ਕਿਸਾਨਾਂ ਦੀ ਆਉਣ ਵਾਲੀ ਪੀੜ੍ਹੀ ਦਾ ਕਿੰਨਾ ਕੁ ਨੁਕਸਾਨ ਹੋ ਜਾਣਾ ਹੈ। ਅਫਸੋਸ ਕਿ ਇਸ ਲੱਤਾਂ ਖਿੱਚਣ ਵਾਲੀ ਜਮਾਤ ’ਚ ਕੁਝ ਸਿੱਖ ਪ੍ਰਚਾਰਕ ਵੀ ਆਪਣੀ ਨਾ ਸਮਝੀ ਦਾ ਸਬੂਤ ਦਿੰਦੇ ਪਏ ਹਨ।

ਗੁਰੂ ਨਾਨਕ ਜੀ ਦਾ ਧਰਮ ਵਿਚਾਰਕ ਮਤਭੇਦਾਂ ਦੌਰਾਨ ਵੀ ਹਿਰਦੇ ’ਚ ਕਿਸੇ ਪ੍ਰਤੀ ਨਫ਼ਰਤ ਪੈਦਾ ਨਹੀਂ ਹੋਣ ਦਿੰਦਾ ਕਿਉਂਕਿ ਸਭ ਕੁਝ ਰੱਬੀ ਭਾਣੇ ’ਚ ਹੋ ਰਿਹਾ ਹੁੰਦਾ ਹੈ, ਪਰ ਕਠੋਰਤਾ; ਗੁਰੂ ਨਾਨਕ ਜੀ ਦੇ ਧਰਮ ਦੇ ਨਾਂ ’ਤੇ ਹੀ ਦੂਸਰਿਆਂ ਨੂੰ ਅਧਰਮੀ ਸਿੱਧ ਕਰਨ ਲੱਗੀ ਹੈ, ਜ਼ਹਿਰੀਲੇ ਅਤੇ ਦਬਾਅ ਬਣਾਉਣ ਵਾਲੇ ਬੋਲ ਬੋਲਦੀ ਪਈ ਹੈ।

ਗਿਆਨੀ ਅਵਤਾਰ ਸਿੰਘ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਾਜਨਾ ਦਿਵਸ; ਮੂਲ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ

0

ਰਾਜੋਆਣਾ ਖੁਰਦ ਦੀ ਸੰਗਤ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖਾਲਸਾ ਸਿਰਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਰਾਜੋਆਣਾ ਖੁਰਦ, 15 ਅਪ੍ਰੈਲ (ਰਜਿੰਦਰ ਸਿੰਘ ਕੋਟਲਾ): ਪਹਿਲੀ ਪਾਤਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਿਰਜਨਾ ਦਿਵਸ; ਗੁਰਦੁਆਰਾ ਦੇਗਸਰ ਪਿੰਡ ਰਾਜੋਆਣਾ ਖੁਰਦ ਵਿਖੇ ਬੀਤੇ ਐਤਵਾਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੂਰਨ ਗੁਰ ਮਰਿਆਦਾ ’ਚ ਬਹੁਤ ਹੀ ਉਤਸ਼ਾਹ ਜਨਕ ਅਤੇ ਸੁਚੱਜੇ ਢੰਗ ਨਾਲ ਮਨਾਇਆ ਗਿਆ। ਸਮੁੱਚਾ ਪ੍ਰੋਗਰਾਮ ਭਾਈ ਅਤਿੰਦਰਪਾਲ ਸਿੰਘ ਸਾਬਕਾ ਐੱਮ. ਪੀ., ਦੀ ਪ੍ਰੇਰਣਾ ਅਤੇ ਯੋਗ ਅਗਵਾਈ ਹੇਠ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ, ਨਿਸ਼ਕਾਮ ਜਥੇਬੰਦੀ ‘ਕਰ ਸੇਵਾ ਭਾਈ’ ਦੇ ਮੁਖੀ ਭਾਈ ਅਜਮੇਰ ਸਿੰਘ, ਨੌਜਵਾਨ ਕਲੱਬ ਦੇ ਪ੍ਰਧਾਨ ਭਾਈ ਗਗਨਦੀਪ ਸਿੰਘ ਵੱਲੋਂ ਉਲੀਕਿਆ ਤੇ ਨਿਭਾਇਆ ਗਿਆ।

ਅੱਜ ਕੱਲ੍ਹ ਆਮ ਗੁਰਦੁਆਰਿਆਂ ਦੇ ਪ੍ਰਬੰਧਕ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਹੋਣ ਦੇ ਬਾਵਜੂਦ ਵੀ ਆਪਣੇ ਪ੍ਰਬੰਧ ਹੇਠ ਆਉਂਦੇ ਗੁਰਦੁਆਰਿਆਂ ਅੰਦਰ ਨਾਨਕਸ਼ਾਹੀ ਕੈਲੰਡਰ ਹੂ-ਬਹੂ ਲਾਗੂ ਕਰਨ ਲਈ ਅੱਗੇ ਨਹੀਂ ਆਉਂਦੇ। ਅਜਿਹੇ ਹਾਲਾਤਾਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ; ਕੱਤਕ ਦੀ ਪੂਰਨਮਾਸ਼ੀ ਦੀ ਬਜਾਏ 1 ਵੈਸਾਖ ਨੂੰ ਮਨਾਉਣਾ ਵਾਕਿਆ ਹੀ ਇੱਕ ਕ੍ਰਾਂਤੀਕਾਰੀ ਕਦਮ ਹੈ, ਜਿਸ ਲਈ ਵਿਸ਼ੇਸ ਤੌਰ ’ਤੇ ਭਾਈ ਅਤਿੰਦਰ ਪਾਲ ਸਿੰਘ ਜੀ ਅਤੇ ਉਕਤ ਗੁਰਦੁਆਰਾ ਪ੍ਰਬੰਧਕ ਵਧਾਈ ਦੇ ਹੱਕਦਾਰ ਹਨ। ਇਸ ਪ੍ਰੋਗਰਾਮ ਦੀ ਵਰਣਨਯੋਗ ਖ਼ਾਸ ਵਿਸ਼ੇਸ਼ਤਾ ਇਹ ਵੀ ਹੈ ਕਿ ਜਿੱਥੇ ਸਾਡੇ ਗੁਰਦੁਆਰਿਆਂ ਦੇ ਸਮਾਗਮਾਂ ’ਚ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਨਾ ਦੇ ਬਰਾਬਰ ਹੁੰਦੀ ਹੈ ਉੱਥੇ ਭਾਈ ਸਤਿਨਾਮ ਸਿੰਘ ਫਲੌਰ ਦੀ ਅਗਵਾਈ ਹੇਠ ‘ਕਰ ਸੇਵਾ ਭਾਈ ਗੁਰਮਤਿ ਵਿਦਿਆਲਾ ਅਤੇ ਪ੍ਰਿੰਸੀਪਲ ਭਾਈ ਹਰਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਦੇ ਸਿਖਲਾਈ ਪ੍ਰਾਪਤ ਬੱਚਿਆਂ ਵੱਲੋਂ ਨਿਭਾਈ ਗਈ ਕੀਰਤਨ ਅਤੇ ਕਥਾ ਦੀ ਸੇਵਾ ਵੀ ਸਲਾਹੁਣਯੋਗ ਰਹੀ; ਜਿਸ ਨੂੰ ਸੰਗਤਾਂ ਵੱਲੋਂ ਬਹੁਤ ਸਲਾਹਿਆ ਗਿਆ। ਸੰਗਤ ਵਿੱਚ ਸਿਖਲਾਈ ਪ੍ਰਾਪਤ ਬੱਚਿਆਂ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਇੱਕ ਮਿਸਾਲ ਸੀ।

ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਨੂੰ ਗੁਰਮਤਿ ਦੀ ਵਿਦਿਆ ਦੇਣ ਵਾਲੇ ਅਧਿਆਪਕਾਂ ਤੋਂ ਇਲਾਵਾ ਬਠਿੰਡਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਭਾਈ ਕਿਰਪਾਲ ਸਿੰਘ (ਬਠਿੰਡਾ) ਨੇ ਕੈਲੰਡਰਾਂ ਸੰਬੰਧੀ ਸੰਖੇਪ ਜਾਣਕਾਰੀ ਦਿੱਤੀ ਤੇ ਨਾਨਕਸ਼ਾਹੀ ਕੈਲੰਡਰ ਦੀ ਲੋੜ ਕਿਉਂ ਸੰਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1 ਵੈਸਾਖ ਸੰਮਤ 1526 ਨੂੰ ਹੋਇਆ ਹੈ, ਜੋ ਅੰਗਰੇਜੀ ਕੈਲੰਡਰ ਮੁਤਾਬਕ 27 ਮਾਰਚ 1469 ਬਣਦੀ ਹੈ; ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਦੀ ਵਿਸ਼ੇਸ਼ਤਾ ਨੂੰ ਮੁੱਖ ਰੱਖ ਕੇ ਅਨੰਦਪੁਰ ਸਾਹਿਬ ਵਿਖੇ 1 ਵੈਸਾਖ ਬਿਕ੍ਰਮੀ ਸੰਮਤ 1756 ਨੂੰ ਖ਼ਾਲਸਾ ਪੰਥ ਦੀ ਸਿਰਜਨਾ ਵੀ ਕੀਤੀ, ਜੋ ਅੰਗਰੇਜ਼ੀ ਕੈਲੰਡਰ ਅਨੁਸਾਰ 29 ਮਾਚਚ 1699 ਬਣਦੀ ਹੈ, ਪਰ ਅੱਜ ਕੱਲ੍ਹ 13 ਜਾਂ 14 ਅਪ੍ਰੈਲ ਨੂੰ ਵੈਸਾਖੀ ਆ ਰਹੀ ਹੈ ਭਾਵ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਵਰ੍ਹੇ ਤੋਂ 550 ਸਾਲਾਂ ਵਿੱਚ ਹੀ 17/18 ਦਿਨਾਂ ਦਾ ਫ਼ਰਕ ਪੈ ਗਿਆ ਅਤੇ ਜੇ ਅਸੀਂ ਹੁਣ ਵੀ ਸ: ਪਾਲ ਸਿੰਘ ਪੁਰੇਵਾਲ ਜੀ ਵੱਲੋਂ ਸੁਝਾਇਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਨਾ ਕੀਤਾ ਤਾਂ ਇਸੇ ਤਰ੍ਹਾਂ ਵੈਸਾਖੀ; ਅੱਗੇ ਤੋਂ ਅੱਗੇ ਖਿਸਕਦੀ ਜਾਵੇਗੀ, ਜਿਸ ਕਾਰਨ ਬਾਕੀ ਦੀਆਂ ਤਾਰੀਖ਼ਾਂ ਵੀ ਖਿਸਕਦੀਆਂ ਜਾਣਗੀਆਂ ਅਤੇ ਸਾਡੇ ਸਕੂਲੀ ਅਤੇ ਯੂਨੀਵਰਸਿਟੀਆਂ ਦੀਆਂ ਪੁਸਤਕਾਂ ਵਿੱਚ ਲਿਖੀਆਂ ਤਾਰੀਖ਼ਾਂ ਨਾਲੋਂ ਭਿੰਨ ਹੁੰਦੀਆਂ ਜਾਣਗੀਆਂ ਜਿਸ ਨਾਲ ਇਤਿਹਾਸ ਨੂੰ ਸਮਝਣ ’ਚ ਭਾਰੀ ਮੁਸ਼ਕਲ ਆਵੇਗੀ ਤੇ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਵੀ ਗੁਰਬਾਣੀ ’ਚ ਦਰਜ ਮੌਸਮੀ ਮਹੀਨਿਆਂ ਦੀਆਂ ਰੁੱਤਾਂ ਨਾਲੋਂ ਟੁੱਟ ਜਾਵੇਗਾ।

ਭਾਵੇਂ ਸਿਹਤ ਠੀਕ ਨਾ ਹੋਣ ਕਾਰਨ ਭਾਈ ਅਤਿੰਦਰਪਾਲ ਸਿੰਘ ਜੀ ਦੀ ਸਮਾਗਮ ਵਿੱਚ ਗ਼ੈਰ ਹਾਜ਼ਰੀ ਰੜਕਦੀ ਰਹੀ ਪਰ ਉਨ੍ਹਾਂ ਦੀ ਜੀਵਨ ਸਾਥਨ ਬੀਬੀ ਕਮਲਜੀਤ ਕੌਰ ਜੀ ਅਤੇ ਅਮਰੀਕਾ ਰਹਿੰਦੀ ਬੇਟੀ ਬੀਬੀ ਰਕਿੰਦ ਕੌਰ ਜੀ ਨੇ ਉਹ ਘਾਟ ਪੂਰੀ ਕਰ ਦਿੱਤੀ। ਬੀਬੀ ਰਕਿੰਦ ਕੌਰ ਜੀ ਨੇ ਬ੍ਰਹਿਮੰਡੀ ਜੈਂਡਰ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਰਿਆਦਾ ਦੀ ਵਿਆਖਿਆ ਕੀਤੀ। ਬਠਿੰਡਾ ਤੋਂ ਪਹੁੰਚੇ ਭਾਈ ਜੀਤ ਸਿੰਘ ਖਾਲਸਾ ਨੇ ਵੀ ਗੁਰਮਤਿ ਵੀਚਾਰਾਂ ਕੀਤੀਆਂ।

ਸਟੇਜ ਸਕੱਤਰ ਦੀ ਸੇਵਾ ਸੀ-5 ਯੂ-ਟਿਊਬ ਚੈਨਲ ਦੇ ਭਾਈ ਜੁਝਾਰ ਸਿੰਘ ਨੇ ਨਿਭਾਈ। ਇਸ ਕ੍ਰਾਂਤੀਕਾਰੀ ਉਦਮੀ ਪ੍ਰੋਗਰਾਮ ਦੇ ਪੋਸਟਰ ਸੋਸ਼ਲ ਮੀਡੀਆਤੇ ਸਰਕੂਲੇਟ ਹੋਣਤੇ ਦੇਸ਼ ਵਿਦੇਸ਼ ਦੇ ਸਿੱਖਾਂ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਜਿਸ ਦੀ ਮਿਸਾਲ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਮੁੱਖ ਨਿਰਮਾਤਾ ਕੈਨੇਡਾ ਨਿਵਾਸੀ ਭਾਈ ਪਾਲ ਸਿੰਘ ਪੁਰੇਵਾਲ ਨੇ 11 ਹਜ਼ਾਰ ਰੁਪਏ ਅਤੇ ਉਨ੍ਹਾਂ ਦੇ ਦੋ ਦੋਸਤ ਭਾਈ ਅਜੈਬ ਸਿੰਘ ਮਾਨ ਤੇ ਭਾਈ ਕੁਲਵੰਤ ਸਿੰਘ ਢਿੱਲੋਂ ਨੇ ਸਾਢੇ 5-5 ਹਜਾਰ ਰੁਪਏ ਲੰਗਰ ਦੀ ਸੇਵਾ ਲਈ ਭੇਜਣ ਤੋਂ ਇਲਾਵਾ ਪ੍ਰਬੰਧਕਾਂ ਨੂੰ ਵਧਾਈਆਂ ਵੀ ਭੇਜੀਆਂ

ਗ੍ਰੰਥੀ ਸਿੰਘ ਭਾਈ ਬਘੇਲ ਸਿੰਘ, ਡਾ: ਸੁਰਜੀਤ ਸਿੰਘ ਖ਼ਾਲਸਤਾਨੀ, ਭਾਈ ਸੁਖਵਿੰਦਰ ਸਿੰਘ ਨਾਥੇਵਾਲ ਅਤੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

ਨਵੀਂ ਕਿਸਮ ਦੀ ਅਗਨ ਪ੍ਰੀਖਿਆ 

0

ਨਵੀਂ ਕਿਸਮ ਦੀ ਅਗਨ ਪ੍ਰੀਖਿਆ 

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ (ਪਟਿਆਲਾ)-0175-2216783

ਇਤਿਹਾਸ ਗਵਾਹ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੀ ਧਰਤੀ ਉੱਤੇ ਉਤਰੇ ਰੱਬੀ ਅਵਤਾਰ ਨੇ ਵੀ ਇੱਕ ਧੋਬੀ ਦੇ ਕਹਿਣ ’ਤੇ ਆਪਣੀ ਪਤਨੀ ਨੂੰ ਸਾਵਿਤ੍ਰੀ ਸਾਬਤ ਕਰਨ ਲਈ ਅਗਨ ਪ੍ਰੀਖਿਆ ਵਾਸਤੇ ਮਜਬੂਰ ਕੀਤਾ ਸੀ। ਤਦ ਤੋਂ ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਸਿਰਫ਼ ਇੱਕ ਗ਼ੁਲਾਮ ਹੀ ਮੰਨੀ ਗਈ ! ਭਾਵੇਂ ਵਿਕਸਿਤ ਮੁਲਕ ਦੀ ਰਾਣੀ ਡਾਇਨਾ ਰਹੀ ਹੋਵੇ ਤੇ ਭਾਵੇਂ ਵਿਕਾਸਸ਼ੀਲ ਦੇਸ ਦੀ ਗ਼ਰੀਬ ਔਰਤ, ਅੱਜ ਤੱਕ ਵੀ ਉਸ ਦੀ ਅਗਨ ਪ੍ਰੀਖਿਆ ਕਦੇ ਮੁੱਕੀ ਨਹੀਂ। ਕੁਆਰਪੁਣੇ ਦੀ ਮਰਦਾਨਾ ਭੁੱਖ; ਕਿਸੇ ਸਦੀ ’ਚ ਹੀ ਤ੍ਰਿਪਤ ਨਾ ਹੋਈ !

ਇੱਕ ਪਾਸੇ ਖ਼ਬਰ ਛਪਦੀ ਹੈ ਕਿ 20 ਜਣਿਆਂ ਨੇ ਰਲ਼ ਕੇ ਇਕ ਨਾਬਾਲਗ ਬੱਚੀ ਦਾ ਕੁਆਰ ਭੰਗ ਕੀਤਾ ਤੇ ਦੂਜੇ ਪਾਸੇ ਇਹ ਸਾਰੇ 20 ਦੇ ਵੀਹ ਜਣੇ ਆਪਣੇ ਵਿਆਹ ਲਈ ‘ਕੁਆਰੀ’ ਬਾਲੜੀ ਦੀ ਭਾਲ ’ਚ ਜੁਟ ਜਾਂਦੇ ਹਨ।

ਇਕ ਵਹਿਮ ਦੀ ਬੀਮਾਰੀ ਨੇ ਵੀ ਲੱਖਾਂ ਔਰਤਾਂ ਦੀ ਜੂਨ ਖ਼ਰਾਬ ਕੀਤੀ ਹੈ। ਇਹ ਵਹਿਮ ‘ਓਥੈਲੋ ਸਿੰਡਰੋਮ’ ਦੀ ਸ਼ਕਲ ’ਚ ਮਰਦ ਨੂੰ ਚਿੰਬੜਦਾ ਹੈ। ਮਾਨਸਿਕ ਰੋਗੀ ਮਰਦ; ਹਰ ਵੇਲੇ ਇੱਕੋ ਸੋਚ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਮਰਦ ਨਾਲ ਸਰੀਰਕ ਸੰਬੰਧ ਹੈ। ਮਾਨਸਿਕ ਰੋਗ ਦੇ ਵਹਿਮ ਦਾ ਸ਼ਿਕਾਰ ਮਰਦ ਕਦੇ ਆਪਣਾ ਇਲਾਜ ਕਰਵਾਉਂਦਾ ਹੀ ਨਹੀਂ ਤੇ ਬੇਦੋਸੀ ਪਤਨੀ ਦਾ ਕਤਲ ਤੱਕ ਕਰ ਦਿੰਦਾ ਹੈ। ਅਜਿਹੇ ਅਣਗਿਣਤ ਕੇਸ ਮੈਡੀਕਲ ਜਰਨਲਾਂ ਵਿੱਚ ਲਿਖੇ ਮਿਲਦੇ ਹਨ ਤੇ ਅਨੇਕ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ।

ਇਸ ਬੇਬੁਨਿਆਦ ਮਾਨਸਿਕ ਵਹਿਮ ਨੇ ਹੁਣ ਨਵਾਂ ਚੰਨ ਚਾੜ੍ਹਿਆ ਹੈ। ਗੱਲ ਰਾਮਪੁਰ ਪਿੰਡ ਦੀ ਹੈ। ਉੱਥੇ ਵੀ ਓਥੈਲੋ ਸਿੰਡਰੋਮ ਨਾਲ ਪੀੜਤ ਬੰਦਾ ਨਸ਼ੇ ਦੀ ਹਾਲਤ ਵਿੱਚ ਰੋਜ਼ ਆਪਣੀ ਪਤਨੀ ਉੱਤੇ ਸ਼ੱਕ ਕਰਦਿਆਂ ਉਸ ਨੂੰ ਕੁੱਟਦਾ ਰਹਿੰਦਾ ਸੀ। ਗੁਆਂਢੀਆਂ ਨੇ ਬਥੇਰਾ ਸਮਝਾਇਆ ਕਿ ਉਸ ਦੀ ਪਤਨੀ ਸਾਰਾ ਦਿਨ ਘਰ ਹੀ ਹੁੰਦੀ ਹੈ ਤੇ ਘਰ ਦਾ ਕੰਮ ਕਰਦੀ ਰਹਿੰਦੀ ਹੈ। ਕਿਤੇ ਆਉਂਦੀ ਜਾਂਦੀ ਨਹੀਂ, ਇਸ ਲਈ ਉਸ ਉੱਤੇ ਬੇਬੁਨਿਆਦ ਸ਼ੱਕ ਸਦਕਾ ਜ਼ੁਲਮ ਢਾਹੁਣਾ ਠੀਕ ਨਹੀਂ, ਪਰ ਮਾਨਸਿਕ ਰੋਗੀ ਪਤੀ ਕਿੱਥੇ ਮੰਨਣ ਵਾਲਾ ਸੀ !

ਹਰ ਰੋਜ਼ ਮਾਰ ਕੁਟਾਈ ਚੱਲਦੀ ਰਹੀ ਤੇ ਗਵਾਂਢੀ ਤੰਗ ਹੁੰਦੇ ਰਹੇ। ਅਖ਼ੀਰ ਇਕ ਦਿਨ ਅਤਿ ਹੋ ਗਈ। ਪਤੀ ਨੇ ਰਾਤ ਘਰ ਮੁੜ ਕੇ ਆਪਣੀ ਪਤਨੀ ਨੂੰ ਮਨਾ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਉਹ ਸ਼ੱਕ ਨਹੀਂ ਕਰੇਗਾ ਜੇ ਪਤਨੀ ਆਪਣੇ ਅੰਦਰੂਨੀ ਅੰਗ ਉਸ ਕੋਲੋਂ ਆਪ ਚੈੱਕ ਕਰਵਾ ਲਵੇ। ਇਸ ਵਾਸਤੇ ਪਤੀ ਉਸ ਦੇ ਹੱਥ ਪੈਰ ਬੰਨ੍ਹ ਕੇ ਚੈੱਕ ਕਰੇਗਾ। ਤੰਗ ਹੋ ਚੁੱਕੀ ਔਰਤ ਮੰਨ ਗਈ। ਪਤੀ ਨੇ ਹੱਥ ਪੈਰ ਬੰਨ੍ਹਣ ਤੋਂ ਬਾਅਦ ਔਰਤ ਦਾ ਮੂੰਹ ਵੀ ਘੁੱਟ ਕੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਔਰਤ ਨੇ ਚੀਕਣਾ ਚਾਹਿਆ ਤਾਂ ਘੁੱਟ ਕੇ ਮੂੰਹ ਦੱਬ ਦਿੱਤਾ। ਉਸ ਨੂੰ ਬੰਨ੍ਹਣ ਤੋਂ ਬਾਅਦ ਪਤੀ ਨੇ ਐਲਮੀਨੀਅਮ ਦੀ ਤਾਰ ਨਾਲ ਪਤਨੀ ਦੀ ਬੱਚੇਦਾਨੀ ਦੇ ਮੂੰਹ ਨੂੰ ਸੀਅ ਦਿੱਤਾ ! ਤੜਫਦੀ ਪਤਨੀ ਨੂੰ ਉਂਜ ਹੀ ਲਹੂ ਲੁਹਾਨ ਤੇ ਬੰਨ੍ਹੀ ਨੂੰ ਛੱਡ ਗਾਲ੍ਹਾਂ ਕੱਢਦਾ ਪਤੀ ਘਰੋਂ ਭੱਜ ਗਿਆ।

ਅਗਲੇ ਦਿਨ ਸਵੇਰੇ ਬਹੁਤ ਲਹੂ ਵਹਿ ਜਾਣ ਤੇ ਅੰਤਾਂ ਦੀ ਪੀੜ ਕਾਰਨ ਨੀਮ ਬੇਹੋਸ਼ ਹੋਈ ਪਤਨੀ ਨੂੰ ਗਵਾਂਢਣ ਨੇ ਆ ਕੇ ਵੇਖਿਆ ਤਾਂ ਘਬਰਾ ਗਈ। ਹੋਰ ਔਰਤਾਂ ਨੂੰ ਸੱਦ ਕੇ ਉਸ ਨੂੰ ਖੋਲ੍ਹ ਕੇ ਝੱਟ ਹਸਪਤਾਲ ਲਿਜਾਇਆ ਗਿਆ। ਪਤੀ ਤਦ ਤੋਂ ਫਰਾਰ ਹੈ। ਰਿਪੋਰਟ ਦਰਜ ਕਰਵਾਈ ਜਾ ਚੁੱਕੀ ਹੈ ਪਰ ਪਤਨੀ ਤਾਂ ਹੁਣ ਅਨੇਕ ਅਪਰੇਸ਼ਨਾਂ ਬਾਅਦ ਵੀ ਨਾਰਮਲ ਨਹੀਂ ਹੋ ਸਕਣ ਲੱਗੀ !

ਓਥੈਲੋ ਸਿੰਡਰੋਮ ਦਾ ਮਰੀਜ਼ ਪਤੀ ਦਰਅਸਲ ਆਪ ਸਰੀਰਕ ਸੰਬੰਧ ਬਣਾਉਣ ਜੋਗਾ ਨਹੀਂ ਹੁੰਦਾ ਤੇ ਆਪਣੀ ਕਮਜ਼ੋਰੀ ਦਾ ਭਾਂਡਾ ਬੇਕਸੂਰ ਪਤਨੀ ਸਿਰ ਭੰਨ੍ਹਦਾ ਹੈ। ਔਰਤ ਦੇ ਬੱਚੇਦਾਨੀ ਦੇ ਮੂੰਹ ਦੀ ਕੱਟ ਵੱਢ ਕਰਨੀ ਵੀ ਇਹ ਕੋਈ ਪਹਿਲਾ ਕੇਸ ਨਹੀਂ ਹੈ। ਯੂਨਾਈਟਿਡ ਨੇਸ਼ਨਜ਼ ਨੇ ਇਸ ਤਰ੍ਹਾਂ ਦੀ ਔਰਤਾਂ ਦੇ ਅੰਦਰੂਨੀ ਅੰਗ ਦੀ ਕੱਟ ਵੱਢ ਨੂੰ ਮਨੁੱਖੀ ਅਧਿਕਾਰਾਂ ਦਾ ਸੰਗੀਨ ਜੁਰਮ ਮੰਨਿਆ ਹੈ।

ਅਫਰੀਕਾ ਵਿੱਚ ਤਾਂ ਸਦੀਆਂ ਤੋਂ ਇਹ ਕੁਕਰਮ ਹੁੰਦਾ ਰਿਹਾ ਹੈ। ਮੁੰਬਈ ਵਿਖੇ ਇਸ ਸੰਗੀਨ ਜੁਰਮ ਦਾ ਪਰਦਾ ਫਾਸ਼ ਹੋਇਆ ਹੈ ਜਿਸ ਬਾਰੇ ਇਕ ਅੰਗਰੇਜ਼ੀ ਅਖ਼ਬਾਰ ਵਿੱਚ ਪੂਰੀ ਰਿਪੋਰਟ ਇਉਂ ਛਪੀ ਹੈ :

ਛੇ ਤੋਂ ਸੱਤ ਵਰ੍ਹਿਆਂ ਦੀਆਂ ਬਾਲੜੀਆਂ ਨੂੰ ਹਨ੍ਹੇਰੇ ਕਮਰੇ ਵਿਚ ਲਿਜਾ ਕੇ, ਉਨ੍ਹਾਂ ਸਾਹਮਣੇ ਗੈਸ ਉੱਤੇ ਚਾਕੂ ਨੂੰ ਲਾਲ ਸੁਰਖ਼ ਗਰਮ ਕਰ ਕੇ, ਉਨ੍ਹਾਂ ਦੇ ਅੰਦਰੂਨੀ ਅੰਗਾਂ ਨੂੰ ਵੱਢ ਦਿੱਤਾ ਜਾਂਦਾ ਹੈ। ਚੀਕਦੀਆਂ ਕੁਰਲਾਉਂਦੀਆਂ ਬਾਲੜੀਆਂ, ਜੋ ਬੋਹਰਾ ਜਾਤ ਨਾਲ ਸੰਬੰਧਿਤ ਹਨ, ਦਾ ਮੂੰਹ ਦੱਬ ਕੇ, ‘ਖਤਨਾ’ ਦਾ ਨਾਂ ਦੇ ਕੇ ਜ਼ਿੰਦਗੀਭਰ ਲਈ ਦਰਦ ਸਹਿਨ ਕਰਨ ਲਈ ਛੱਡ ਦਿੱਤੀਆਂ ਜਾਂਦੀਆਂ ਹਨ। ਲੱਖਾਂ ਦੀ ਗਿਣਤੀ ਵਿੱਚ ਹੁਣ ਤੱਕ ਮਨੁੱਖੀ ਅਧਿਕਾਰਾਂ ਦਾ ਘਾਣ ਕਰਵਾ ਚੁੱਕੀਆਂ ਬਾਲੜੀਆਂ ਵਿੱਚੋਂ 18 ਜਣੀਆਂ ਨੇ ਹਿੰਮਤ ਵਿਖਾ ਕੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ। ਦਿੱਲੀ ਦੀ ‘ਮਸੂਮਾ ਰਨਾਲਵੀ’ ਅਤੇ ਉਸ ਨਾਲ 17 ਹੋਰ ਔਰਤਾਂ ਨੇ ‘ਓਨਲਾਈਨ ਪੈਟੀਸ਼ਨ’ ਰਾਹੀਂ ਸਮਾਜ ਨੂੰ ਸ਼ੀਸ਼ਾ ਵਿਖਾਇਆ ਹੈ। ਇਹ ਸਾਰੀਆਂ ਔਰਤਾਂ 42 ਸਾਲ ਪਹਿਲਾਂ ਸ਼ਿਕਾਰ ਬਣਾਈਆਂ ਗਈਆਂ ਸਨ।

ਆਰੀਫਾ ਜੌਹਰੀ ਵੀ ਮੁੰਬਈ ਦੇ ਭਿੰਡੀ ਬਜ਼ਾਰ ’ਚ ਹਨ੍ਹੇਰੇ ਕਮਰੇ ਵਿੱਚ ਚਾਕਲੇਟ ਦੇ ਲਾਲਚ ’ਚ ਆਪਣੇ ਨਾਲ ਹੋਏ ਇਸ ਅਤਿ ਘਿਨਾਉਣੇ ਜੁਰਮ ਨੂੰ ਯਾਦ ਕਰਦਿਆਂ ਕੰਬਣ ਲੱਗ ਪੈਂਦੀ ਹੈ। ਉਸ ਨੇ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਦੀ ਹੈਵਾਨੀਅਤ ਤੋਂ ਬਚਾਇਆ ਤਾਂ ਸਮਾਜ ਦੀਆਂ ਲਾਅਨਤਾਂ ਦਾ ਸ਼ਿਕਾਰ ਬਣ ਗਈ। ਪੂਰਾ ਮਰਦ ਪ੍ਰਧਾਨ ਸਮਾਜ ਉਸ ਉੱਤੇ ਚਿੱਕੜ ਸੁੱਟਣ ਲੱਗ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ। ਮਰਦ ਪ੍ਰਧਾਨ ਸਮਾਜ ਇਹ ਮੰਨ ਚੁੱਕਿਆ ਹੈ ਕਿ ਜੇ ਔਰਤ ਦਾ ਖਤਨਾ ਨਹੀਂ ਹੋਇਆ ਤਾਂ ਉਹ ਸਰੀਰਕ ਸੰਬੰਧਾਂ ਦਾ ਆਨੰਦ ਲੈਣ ਲੱਗ ਪਵੇਗੀ। ਔਰਤ ਨੂੰ ਸਰੀਰਕ ਸੰਬੰਧਾਂ ਵਿੱਚੋਂ ਅਤਿ ਦੀ ਪੀੜ ਮਹਿਸੂਸ ਹੋਣੀ ਚਾਹੀਦੀ ਹੈ ਤੇ ਉਸ ਦਾ ਕੰਮ ਸਿਰਫ਼ ਪਤੀ ਦੇ ਬੱਚੇ ਜੰਮ ਕੇ ਮਰ-ਮੁੱਕ ਜਾਣਾ ਹੁੰਦਾ ਹੈ।

ਹਾਲਾਤ ਇਹ ਹੋ ਚੁੱਕੇ ਹਨ ਕਿ ਔਰਤ ਦੇ ਇਸ ਅੰਗ ਨੂੰ ‘ਹਰਾਮ ਦੀ ਬੋਟੀ’ ਵਰਗਾ ਦਿਲ ਕੰਬਾਊ ਨਾਂ ਦੇ ਕੇ ਉਸ ਉੱਤੇ ਕਹਿਰ ਢਾਹੁਣਾ ਜਾਰੀ ਹੈ, ਜੋ ਮਰਦ ਪ੍ਰਧਾਨ ਸਮਾਜ ਅਨਪੜ੍ਹ ਦਾਈਆਂ ਹੱਥੋਂ ਹੀ ਕਰਵਾਉਂਦਾ ਹੈ।

ਅਮਰੀਕਾ ਵਿੱਚ ਬੈਠੀ ‘ਜ਼ਹਿਰਾ ਪਤਵਾ’ ਨੇ ਵੀ ਮੰਨਿਆ ਕਿ ਉਹ ਇਸ ਜੁਰਮ ਦਾ ਸ਼ਿਕਾਰ ਹੋਈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਕਸੂਰਵਾਰ ਮੰਨਿਆ। ਬਾਅਦ ’ਚ ਪਤਾ ਲੱਗਿਆ ਕਿ ਉਸ ਦੀ ਮਾਂ, ਦਾਦੀ, ਪੜਦਾਦੀ, ਸਭ ਮਰਦਾਂ ਦੇ ਹੁਕਮਾਂ ਤਹਿਤ ਚੁੱਪ ਚੁਪੀਤੇ ਇਸ ਰਸਮ ਨੂੰ ਨਿਭਾਈ ਜਾ ਰਹੀਆਂ ਸਨ। ਇਨ੍ਹਾਂ ਵਿੱਚੋਂ ਬਥੇਰੀਆਂ ਕੀਟਾਣੂਆਂ ਦੇ ਹਮਲੇ ਸਦਕਾ ਸਦੀਵੀ ਰੋਗੀ ਬਣ ਜਾਂਦੀਆਂ ਹਨ, ਕੁੱਝ ਦੇ ਬੱਚਾ ਨਹੀਂ ਠਹਿਰ ਸਕਦਾ, ਕੁੱਝ ਬਹੁਤਾ ਲਹੂ ਵਹਿ ਜਾਣ ਕਾਰਨ ਬੀਮਾਰ ਹੋ ਜਾਂਦੀਆਂ ਹਨ।

ਇਸ ਪ੍ਰਥਾ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਨੂੰ ਸਮਾਜ ਵਿੱਚੋਂ ਛੇਕ ਤੱਕ ਦਿੱਤਾ ਜਾਂਦਾ ਹੈ। ਕਿਸੇ ਇਕੱਠ ਵਿੱਚ ਜਾਂ ਕਿਸੇ ਸਮਾਗਮ ’ਚ ਉਸ ਦਾ ਜਾਣਾ ਵਰਜਿਤ ਕਰ ਦਿੱਤਾ ਜਾਂਦਾ ਹੈ।

ਬੋਹਰਾ ਪ੍ਰਜਾਤੀ ਦਾ ਧਾਰਮਿਕ ਮੁਖੀ ਸਾਈਨੇਡਾ ਇਸ ਪ੍ਰਥਾ ਦਾ ਜ਼ੋਰਦਾਰ ਸਮਰਥਨ ਕਰਦਾ ਹੈ ਤੇ ਹੁਣ ਵੀ ਇਹੋ ਹੁਕਮ ਦੇ ਰਿਹਾ ਹੈ ਕਿ ਪੂਰੇ ਭਾਰਤ ਦੇ ਹਰ ਕੋਨੇ ’ਚ ਹਰ ਔਰਤ ਦਾ ਅੰਗ ਵੱਢਣਾ ਜ਼ਰੂਰੀ ਹੈ।

ਭਾਰਤ ਵਿੱਚ ਅੱਜ ਤੱਕ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਕਤਲ ਲਈ ਕੋਈ ਰੋਕ ਨਹੀਂ ਲੱਗੀ ਹੋਈ। ਅਸਟ੍ਰੇਲੀਆ ਵਿੱਚ ਵੀ ਇਸ ਕੁਕਰਮ ਵਿਰੁੱਧ ਇੰਸੀਆ ਅਤੇ ਮਾਰੀਆ, ਦੋ ਔਰਤਾਂ ਨੇ ਮੁਹਿੰਮ ਵਿੱਢੀ ਹੈ। ਬੱਚੀਆਂ ਉੱਤੇ ਪਹਿਲਾਂ ਹੀ ਅਨੇਕ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਢਾਹੇ ਜਾ ਰਹੇ ਹਨ। ਕੁੱਖ ਵਿੱਚ ਮਾਰੇ ਜਾਣ ਤੋਂ ਲੈ ਕੇ ਨਾਬਾਲਗ ਬੇਟੀਆਂ ਦੇ ਸਮੂਹਕ ਬਲਾਤਕਾਰਾਂ ਉਪਰੰਤ ਸਾੜਨ ਦੇ ਅਣਗਿਣਤ ਕਿੱਸੇ ਛੱਪ ਚੁੱਕੇ ਹਨ।

ਹੁਣ ਅਨੇਕ ਨੌਜਵਾਨ ਔਰਤਾਂ ਵੀ ਆਪਣੇ ਪਤੀਆਂ ਹੱਥੋਂ ਇਸ ਤਰ੍ਹਾਂ ਦੇ ਅੰਗਾਂ ਦਾ ਕੱਟੇ ਵੱਢੇ ਜਾਣ ਦਾ ਸ਼ਿਕਾਰ ਬਣ ਚੁੱਕੀਆਂ ਹਨ। ਕਿਸੇ ਵੱਲੋਂ ਵੀ ਆਵਾਜ਼ ਚੁੱਕਣ ’ਤੇ ਸਮਾਜ; ਔਰਤਾਂ ਵਿੱਚ ਹੀ ਦੋਸ਼ ਕੱਢ ਕੇ ਉਨ੍ਹਾਂ ਨੂੰ ਚੁੱਪ ਹੋ ਜਾਣ ਲਈ ਮਜਬੂਰ ਕਰ ਦਿੰਦਾ ਹੈ।

ਅੱਜ ਤੱਕ ਜਿਸ ਵੀ ਔਰਤ ਨੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ, ਸਾਰੇ ਉਹ ਲੋਕ, ਜੋ ਔਰਤ ਉੱਤੇ ਹੋ ਰਹੀ ਹਿੰਸਾ ਨੂੰ ਸਹੀ ਮੰਨਦੇ ਹਨ, ਉੱਚੀ-ਉੱਚੀ ਚੀਕਣ ਲੱਗ ਪੈਂਦੇ ਹਨ। ਹੋ-ਹੱਲਾ ਕਰ ਕੇ ਔਰਤ ਦੀ ਆਵਾਜ਼ ਦਬਾਅ ਦਿੰਦੇ ਹਨ। ਯੂਨਾਈਟਿਡ ਨੇਸ਼ਨਜ਼ ਵੱਲੋਂ ਐਲਾਨੇ ਇਸ ਮਨੁੱਖੀ ਅਧਿਕਾਰਾਂ ਦੇ ਕਤਲ ਵਿਰੁੱਧ ਅੱਜ ਸੁਹਿਰਦ ਲੋਕਾਂ ਵੱਲੋਂ ਵਿਰੋਧ ਕਰਨ ਦੀ ਲੋੜ ਹੈ। ਇਸ ਅਤਿ ਘਿਨਾਉਣੇ ਜੁਰਮ ਨੂੰ ਹਰ ਹਾਲ ਠੱਲ ਪਾਉਣ ਦੀ ਲੋੜ ਹੈ।

ਇੱਕ ਔਰਤ ਹੁੰਦਿਆਂ, ਆਪਣੀ ਜ਼ਾਤ ਦੀ ਇਹ ਪੀੜ ਸਮਝਦਿਆਂ ਮੈਂ ਉਨ੍ਹਾਂ ਦੇ ਹੱਕਾਂ ਲਈ ਅੱਜ ਆਵਾਜ਼ ਚੁੱਕੀ ਹੈ, ਇਸ ਉਮੀਦ ਵਿੱਚ ਕਿ ਹੁਣ ਇੱਕੀਵੀਂ ਸਦੀ ਵਿੱਚ ਤਾਂ ਘੱਟੋ-ਘੱਟ ਔਰਤ ਦੀ ਅਗਨ ਪ੍ਰੀਖਿਆ ਬੰਦ ਕਰਨੀ ਪਵੇਗੀ। ਆਖ਼ਿਰ ਕਿਸੇ ਸਦੀ ਵਿੱਚ ਤਾਂ ਔਰਤ ਨੂੰ ਸਹੀ ਮਾਅਨਿਆਂ ਵਿੱਚ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ !

ਕੇਲ-ਬੇਸ਼ਕੀਮਤੀ ਪੱਤਾ

0

ਕੇਲਬੇਸ਼ਕੀਮਤੀ ਪੱਤਾ

ਡਾ. ਹਰਸ਼ਿੰਦਰ ਕੌਰ, ਐਮ. ਡੀ.,ਬੱਚਿਆਂ ਦੀ ਮਾਹਰ (ਪਟਿਆਲਾ)-0175-2216783

ਕੇਲ ਦਾ ਕੋਈ ਪੰਜਾਬੀ ਨਾਂ ਹਾਲੇ ਤੱਕ ਰੱਖਿਆ ਨਹੀਂ ਗਿਆ ਕਿਉਂਕਿ ਪਹਿਲਾਂ ਪੰਜਾਬ ਵਿੱਚ ਇਹ ਬੀਜਿਆ ਨਹੀਂ ਜਾਂਦਾ ਸੀ। ਮੂਲੀ, ਸਰ੍ਹੋਂ ਤੇ ਪੱਤਾ ਗੋਭੀ ਦੇ ਮਿਸ਼ਰਨ ਵਰਗਾ ਕੇਲ ਪੱਤਾ; ਐਨੇ ਕਮਾਲ ਦੇ ਗੁਣਕਾਰੀ ਤੱਤ ਲੁਕਾਈ ਬੈਠਾ ਹੈ ਕਿ ਹੁਣ ਪੂਰੀ ਦੁਨੀਆ ਵਿੱਚ ਚੋਟੀ ਦੇ ਲਾਜਵਾਬ 11 ਖਾਣਿਆਂ ਵਿੱਚ ਇਸ ਦਾ ਨਾਂ ਸ਼ੁਮਾਰ ਹੈ। ਇੱਕ ਨਹੀਂ, ਅਨੇਕ ਖੋਜਾਂ ਵਿੱਚ ਦਿਲ ਅਤੇ ਕੈਂਸਰ ਦੇ ਮਰੀਜ਼ਾਂ ਲਈ ਬਿਹਤਰੀਨ ਦਵਾਈ ਸਾਬਤ ਹੋ ਚੁੱਕੇ ਹਲਕੇ ਅਤੇ ਗੂੜ੍ਹੇ ਹਰੇ ਰੰਗ ਦੇ ਗੁਣਕਾਰੀ ਪੱਤੇ ਹੁਣ ਸਰੀਰ ਦੇ ਕਈ ਅੰਗਾਂ ਦੇ ਕੰਮਕਾਰ ਨੂੰ ਸਹੀ ਰੱਖਣ ਵਿੱਚ ਵੀ ਸਹਾਈ ਸਾਬਤ ਹੋ ਰਹੇ ਹਨ।

ਹਾਲੇ ਤੱਕ ਦੇ ਮਿਲੇ ਇਤਿਹਾਸਕ ਤੱਥਾਂ ਅਨੁਸਾਰ ਰੋਮ ’ਚ ਪਹਿਲੀ ਵਾਰ ਕਿਸੇ ਮਨੁੱਖ ਨੇ ਇਨ੍ਹਾਂ ਪੱਤਿਆਂ ਨੂੰ ਚੱਖਿਆ ਤੇ ਉਸ ਨੂੰ ਏਨੇ ਫ਼ਾਇਦੇ ਦਿਸੇ ਕਿ ਉਸ ਨੇ ਆਪ ਬੀਜਣ ਦਾ ਫ਼ੈਸਲਾ ਕਰ ਲਿਆ। ਬਸ ਫਿਰ ਕੀ ਸੀ ! ਹਰ ਘਰ ਵਿੱਚ ਕੇਲ ਪੱਤਿਆਂ ਦੀਆਂ ਕਿਆਰੀਆਂ ਤਿਆਰ ਹੋ ਗਈਆਂ।

ਪੁਰਾਣੇ ਸਮਿਆਂ ਵਿੱਚ ਸੋਮ ਰਸ ਪੀਣ ਤੋਂ ਬਾਅਦ ਚੜ੍ਹੇ ਨਸ਼ੇ ਨੂੰ ਲਾਹੁਣ ਲਈ ਕੇਲ ਪੱਤਿਆਂ ਨੂੰ ਉਬਾਲ ਕੇ ਉਸ ਦਾ ਪਾਣੀ ਪੀ ਲਿਆ ਜਾਂਦਾ ਸੀ। ਜੇ ਰੋਮਨ ਵਿੱਚ ਲਿਖੇ ਪੁਰਾਣੇ ਪਤਰੇ ਪੜ੍ਹੇ ਜਾਣ ਤਾਂ ਲਿਖਿਆ ਮਿਲਦਾ ਹੈ ਕਿ ‘ਬਰਾਸਿਕਾ’ ਸਿਹਤਮੰਦ ਖ਼ੁਰਾਕ ਹੈ। ਬਰਾਸਿਕਾ ਵਿੱਚ ਸ਼ਲਗਮ, ਪੱਤਗੋਭੀ ਅਤੇ ਕੇਲ ਸ਼ਾਮਲ ਕੀਤੇ ਗਏ ਸਨ। ਹਲਕੇ ਜਾਮਨੀ ਤੋਂ ਲੈ ਕੇ ਹਲਕੇ ਹਰੇ ਰੰਗ ਦੇ ਖਿਲਰੀ ਪੱਤ ਗੋਭੀ ਵਾਂਗ, ਪਰ ਸਿਰਿਆਂ ਤੋਂ ਘੁੰਘਰਾਲੇ ਕੇਲ ਪੱਤੇ ਕੁਦਰਤ ਦੀ ਕੀਤੀ ਕਾਰੀਗਰੀ ਦੀ ਖ਼ੁਬੂਸੂਰਤ ਮਿਸਾਲ ਹਨ। ਇਸੇ ਲਈ ਅਨੇਕ ਲੋਕ ਇਨ੍ਹਾਂ ਨੂੰ ਬਾਗ਼ ਵਿੱਚ ਜਾਂ ਗਮਲਿਆਂ ’ਚ ਘਰ ਦੀ ਖ਼ੂਬਸੂਰਤੀ ਵਧਾਉਣ ਲਈ ਵੀ ਲਾ ਲੈਂਦੇ ਹਨ।

ਈਸਾ ਮਸੀਹ ਤੋਂ 2000 ਸਾਲ ਪਹਿਲਾਂ ਤੋਂ ਹੀ ਕੇਲ ਪੱਤੇ ਉਗਾਏ ਜਾਣ ਲੱਗ ਪਏ ਸਨ। ਯੂਰਪ ਵਿੱਚ ਤੇਹਰਵੀਂ ਸਦੀ ’ਚ ਕੇਲ ਨੂੰ ‘ਸਿਰਲੱਥ ਗੋਭੀ’ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਪੱਤੇ ਤਾਂ ਪੱਤਗੋਭੀ ਨਾਲ ਰਲਦੇ ਸਨ, ਪਰ ਗੋਭੀ ਵਾਂਗ ਗੰਢ ਕੋਈ ਨਹੀਂ ਹੁੰਦੀ ਸੀ।

ਰੂਸੀ ਕੇਲ ਤਾਂ ਏਨੀ ਖ਼ੂਬਸੂਰਤ ਹੁੰਦੀ ਹੈ; ਜਿਵੇਂ ਕਿਸੇ ਮੁਟਿਆਰ ਦੇ ਹਵਾ ਦੇ ਬੁੱਲੇ ਨਾਲ ਘੁੰਘਰਾਲੇ ਵਾਲ ਖਿਲਰ ਗਏ ਹੋਣ। ਉੱਨੀਵੀਂ ਸਦੀ ਵਿੱਚ ਰੂਸ ਤੋਂ ਕੇਲ ਪੱਤੇ ਅਮਰੀਕਾ ਅਤੇ ਕਨੇਡਾ ਵਿਖੇ ਲਿਜਾਏ ਗਏ ਸਨ।

‘ਡੇਵਿਡ ਫੇਅਰਚਾਈਲਡ’, ਜੋ ਵਨਸਪਤੀ ਦਾ ਡਾਕਟਰ ਸੀ, ਨੂੰ ਪੱਤਗੋਭੀ ਜਾਂ ਕੇਲ ਉੱਕਾ ਹੀ ਖਾਣੇ ਪਸੰਦ ਨਹੀਂ ਸੀ। ਖੋਜਾਂ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਕੇਲ ਪੱਤੇ ਧਰਤੀ ਹੇਠਲਾ ਵਾਧੂ ਲੂਣ ਖਿੱਚ ਲੈਂਦੇ ਹਨ ਤੇ ਧਰਤੀ ਉਪਜਾਊ ਬਣਾ ਦਿੰਦੇ ਹਨ। ਸੌਖੇ ਉੱਗ ਜਾਣ ਵਾਲੇ ਇਨ੍ਹਾਂ ਪੱਤਿਆਂ ਨੂੰ ਕਰੋਸ਼ੀਆ ਤੋਂ ਅਮਰੀਕਾ ਲਿਆ ਕੇ ਬਹੁਤ ਵੱਡੀ ਪੱਧਰ ’ਤੇ ਉਗਾਉਣ ’ਚ ਡੇਵਿਡ ਦਾ ਹੀ ਹੱਥ ਹੈ।

ਅਮਰੀਕਨ ਉਦੋਂ ਤੱਕ ਇਨ੍ਹਾਂ ਪੱਤਿਆਂ ਨੂੰ ਖ਼ੂਬਸੂਰਤੀ ਵਜੋਂ ਹੀ ਉਗਾਉਂਦੇ ਤੇ ਵਰਤਦੇ ਰਹੇ ਜਦ ਤਕ ਸੰਨ 1990 ਵਿੱਚ ਇਸ ਵਿਚਲੇ ਕੁਦਰਤੀ ਗੁਣਾਂ ਦੇ ਖਜ਼ਾਨੇ ਬਾਰੇ ਪਤਾ ਨਾ ਲੱਗਿਆ। ਬਸ ਫਿਰ ਕੀ ਸੀ ! ਧੜਾਧੜ ਇਸ ਦੀ ਵਰਤੋਂ ਹਰ ਰੋਜ਼ ਦੇ ਖਾਣਿਆਂ ’ਚ ਹੋਣ ਲੱਗ ਪਈ। ਵਿਸ਼ਵ ਜੰਗ ਦੂਜੀ ਵਿੱਚ ਇੰਗਲੈਂਡ ’ਚ ਫ਼ੌਜੀਆਂ ਦੀ ਸਿਹਤ ਠੀਕ ਰੱਖਣ ਅਤੇ ਖ਼ੁਰਾਕ ਦੀ ਕਮੀ ਨਾਲ ਜੂਝਣ ਲਈ ਕੇਲ ਪੱਤੇ ਹੀ ਖਾਣ ਲਈ ਦਿੱਤੇ ਜਾਂਦੇ ਰਹੇ ਸਨ।

ਗਰਮੀ ਸਰਦੀ ਦੇ ਮੌਸਮ ਨੂੰ ਜਰਨ ਲਈ ਕੇਲ ਪੱਤੇ ਤਕੜੇ ਹਨ। ਕੁਦਰਤ ਨੇ ਮਨਫ਼ੀ 15 ਡਿਗਰੀ ਸੈਲਸੀਅਸ ਤੱਕ ਦੀ ਬਰਫੀਲੀ ਠੰਡ ਵਿੱਚ ਵੀ ਕੇਲ ਪੱਤਿਆਂ ਨੂੰ ਸੁਰੱਖਿਅਤ ਰਹਿਣ ਦੀ ਜਾਚ ਸਿਖਾਈ ਹੋਈ ਹੈ। ਸਗੋਂ ਬਰਫ਼ ਪੈਣ ਤੋਂ ਬਾਅਦ ਕੇਲ ਪੱਤਿਆਂ ਦਾ ਨਿਖ਼ਾਰ ਦੁੱਗਣਾ ਹੋ ਜਾਂਦਾ ਹੈ ਤੇ ਇਹ ਖਾਣ ਵਿੱਚ ਵੀ ਹੋਰ ਮਿੱਠੇ ਹੋ ਜਾਂਦੇ ਹਨ। ਇਨ੍ਹਾਂ ਦਾ ਰੰਗ ਵੀ ਹੋਰ ਗੂੜਾ ਜਾਮਨੀ ਤੇ ਭੂਰਾ ਹੋ ਜਾਂਦਾ ਹੈ।

ਹਲਕਾ ਜਿਹਾ ਰੰਗ ਦਾ ਹੇਰ ਫੇਰ ਹੀ ਕੇਲ ਪੱਤਿਆਂ ਨੂੰ ਢੇਰ ਸਾਰੇ ਵੱਖੋ-ਵੱਖ ਨਾਂ ਦੇ ਦਿੰਦਾ ਹੈ। ਕੋਈ ਘੁੰਘਰਾਲੇ ਪੱਤੇ, ਕਾਲੀ ਗੋਭੀ, ਲੈਸੀਨਾਟੋ, ਡਾਇਨਾਸੋਰ ਕੇਲ, ਟਸਕਨ ਕੇਲ, ਕਵੋਲੋ ਨੀਰੋ (ਇਟਲੀ ਵਿੱਚ), ਸਕਾਟ ਕੇਲ, ਨੀਲੀ ਘੁੰਘਰਾਲੀ ਕੇਲ, ਚਿੱਟੀ ਰੂਸੀ ਕੇਲ, ਲਾਲ ਰੂਸੀ ਕੇਲ ਤੇ ਕੋਈ ਸਖ਼ਤ ਜਾਨ ਕੇਲ ਦੇ ਨਾਂ ਨਾਲ ਕੇਲ ਨੂੰ ਜਾਣਦੇ ਹਨ।

ਕਈ ਥਾਈਂ ਤਾਂ ਕੇਲ ਪੱਤੇ ਵਧੀਆ ਤੋਂ ਵਧੀਆ ਫੁੱਲ ਦੀ ਖ਼ੂਬਸੂਰਤੀ ਨੂੰ ਵੀ ਮਾਤ ਪਾਉਂਦੇ ਹਨ। ਬਾਹਰੋਂ ਹਰੇ ਤੇ ਅੰਦਰੋਂ ਹਲਕੇ ਗੁਲਾਬੀ, ਲਾਲ, ਜਾਮਨੀ ਜਾਂ ਚਿੱਟੇ ਗੋਲੇ ਮਨ ਮੋਹ ਲੈਂਦੇ ਹਨ। ਇਸ ਕਿਸਮ ਦੀ ਕੇਲ ਨੂੰ ‘ਮੋਰ ਕੇਲ’, ਕਾਮੋਨ ਕੋਰਲ ਰਾਣੀ, ਕੋਰਲ ਰਾਜਾ ਆਦਿ ਵੀ ਕਿਹਾ ਜਾਂਦਾ ਹੈ। ਇਹ ਜਿੰਨੀ ਖਾਣ ਲਈ ਫ਼ਾਇਦੇਮੰਦ ਵਜੋਂ ਵਰਤੀ ਜਾ ਰਹੀ ਹੈ, ਓਨੀ ਹੀ ਵਿਆਹਾਂ ’ਚ ਸਜਾਵਟ ਲਈ ਵਰਤੀ ਜਾਂਦੀ ਹੈ।

ਰੱਤਾ ਝਾਤ ਮਾਰੀਏ ਕਿ ਰੱਬ ਨੇ ਵਿਹਲੇ ਵੇਲੇ ਬਹਿ ਕੇ ਕੇਲ ਪੱਤਿਆਂ ਵਿੱਚ ਭਰਿਆ ਕੀ ਹੈ ?

ਸੌ ਗ੍ਰਾਮ ਤਾਜ਼ੇ ਪੱਤਿਆਂ ਵਿੱਚ :-

–  49 ਕੈਲਰੀਆਂ

–  2.3 ਗ੍ਰਾਮ ਮਿੱਠਾ

–  3.6 ਗ੍ਰਾਮ ਫਾਈਬਰ

–  0.9 ਗ੍ਰਾਮ ਥਿੰਦਾ

–  4.3 ਗ੍ਰਾਮ ਪ੍ਰੋਟੀਨ

–  ਵਿਟਾਮਿਨ ਏ

–  ਵਿਟਾਮਿਨ ਬੀ ਇੱਕ, ਦੋ, ਤਿੰਨ, ਪੰਜ, ਛੇ

–  ਫੋਲੇਟ

–  ਕੋਲੀਨ

–  ਵਿਟਾਮਿਨ ਸੀ (120 ਮਿਲੀਗ੍ਰਾਮ)

–  ਵਿਟਾਮਿਨ ਕੇ (390 ਮਾਈਕਰੋਗ੍ਰਾਮ)

–  ਵਿਟਾਮਿਨ ਈ

–  150 ਮਿਲੀਗ੍ਰਾਮ ਕੈਲਸ਼ੀਅਮ

–  ਲੋਹ ਕਣ

–  ਮੈਗਨੀਸ਼ੀਅਮ

–  ਮੈਂਗਨੀਜ਼

–  ਫੌਸਫੋਰਸ, ਪੋਟਾਸ਼ੀਅਮ, ਸੀਲੀਨੀਅਮ

–  ਸੋਡੀਅਮ, ਜ਼ਿੰਕ

–  84 ਗ੍ਰਾਮ ਪਾਣੀ

ਜੇ ਕੇਲ ਪੱਤਿਆਂ ਨੂੰ ਜ਼ਿਆਦਾ ਉਬਾਲ ਲਿਆ ਜਾਵੇ ਜਾਂ ਰਿੰਨ੍ਹ ਲਿਆ ਜਾਵੇ ਤਾਂ ਏਨੇ ਸਾਰੇ ਤੱਤਾਂ ਵਿੱਚੋਂ ਕਾਫ਼ੀ ਬਾਹਰ ਨਿਕਲ ਜਾਂਦੇ ਹਨ, ਪਰ ਭਾਫ਼ ਜਾਂ ਮਾਈਕਰੋਵੇਵ ਵਿੱਚ ਬਣਾਉਣ ਨਾਲ ਕਾਫ਼ੀ ਤੱਤ ਬਚ ਜਾਂਦੇ ਹਨ।

ਇਨ੍ਹਾਂ ਤੋਂ ਇਲਾਵਾ ਕੈਰੋਟੀਨਾਇਡ, ਲਿਊਟੀਨ ਤੇ ਜ਼ੀਜ਼ੈਂਥੀਨ ਵੀ ਭਰੇ ਪਏ ਹਨ। ਕੇਲ ਪੱਤਿਆਂ ਵਿਚਲਾ ਗਲੂਕੋਰਾਫੈਨਿਨ ਹੀ ਮਨੁੱਖੀ ਖੋਜ ਦਾ ਆਧਾਰ ਬਣ ਕੇ ਇਸ ਨੂੰ ਗੁਣਾਂ ਦੀ ਖਾਣ ਬਣਾ ਰਿਹਾ ਹੈ। ਪੌਲੀਫੀਨੋਲ ਵੀ ਕੇਲ ’ਚ ਕਾਫ਼ੀ ਮਾਤਰਾ ਵਿੱਚ ਹਨ। ਕੇਲ ਵਿਚਲਾ ਓਗਜ਼ੈਲਿਕ ਏਸਿਡ ਨੁਕਸਾਨ ਕਰ ਸਕਦਾ ਹੈ ਪਰ ਮਾਈਕਰੋਵੇਵ ਵਿੱਚ ਬਣਾਉਣ ਨਾਲ ਉਸ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਸਕਾਟਲੈਂਡ ਦੀ ਇੱਕ ਮਜ਼ੇਦਾਰ ਕਹਾਣੀ ਕੇਲ ਪੱਤਿਆਂ ਬਾਰੇ ਮਸ਼ਹੂਰ ਹੈ। ਕਿਲਮੌਰ ਵਿੱਚ ਖ਼ੂਬਸੂਰਤ ਕੇਲ ਪੱਤਿਆਂ ਦੀ ਭਰਮਾਰ ਸੀ। ਨਾਲ ਦੇ ਪਿੰਡ ਵਾਲਿਆਂ ਨੇ ਇਸ ਦੀ ਖ਼ੂਬਸੂਰਤੀ ਉੱਤੇ ਮੋਹਿਤ ਹੁੰਦਿਆਂ ਬਹੁਤ ਸਾਰੇ ਪੈਸੇ ਦੇ ਕੇ ਪੱਤੇ ਖ਼ਰੀਦਣੇ ਚਾਹੇ।

ਕਿਲਮੌਰ ਵਾਲਿਆਂ ਨੇ ਚੁਸਤੀ ਵਰਤਦਿਆਂ ਪੈਸੇ ਲੈ ਲਏ ਪਰ ਕੋਲਿਆਂ ਦੀ ਹਲਕੀ ਅੱਗ ਉੱਤੇ ਰੱਤਾ ਰੱਤਾ ਭੁੰਨ ਕੇ ਪੱਤੇ ਵੇਚ ਦਿੱਤੇ ਤਾਂ ਜੋ ਇੱਕ ਵਾਰ ਭਾਵੇਂ ਉਹ ਵਰਤ ਲੈਣ ਪਰ ਇਹ ਪੱਤੇ ਕਦੇ ਦੂਜੀ ਥਾਂ ਪੁੰਗਰਨ ਨਾ ਅਤੇ ਪਿੰਡ ਵਾਲੇ ਹਮੇਸ਼ਾ ਵਾਸਤੇ ਪੱਤੇ ਖ਼ਰੀਦਣ ਉਨ੍ਹਾਂ ਕੋਲ ਹੀ ਆਉਂਦੇ ਰਹਿਣ !

ਫ਼ਾਇਦੇ :-

  1. ਸ਼ੱਕਰ ਰੋਗੀ :- ਅਮਰੀਕਨ ਡਾਇਆਬੀਟੀਜ਼ ਐਸੋਸੀਏਸ਼ਨ ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਜੇ ਸ਼ੱਕਰ ਰੋਗ ਤੋਂ ਬਚਣਾ ਹੈ ਤਾਂ ਕੇਲ ਪੱਤਾ ਰੁਜ਼ਾਨਾ ਖਾ ਲੈਣਾ ਚਾਹੀਦਾ ਹੈ। ਇਸ ਵਿਚਲੇ ਵਿਟਾਮਿਨ, ਮਿਨਰਲ ਕਣ, ਫਾਈਬਰ ਅਤੇ ਐਂਟੀਆਕਸੀਡੈਂਟ ਸ਼ੱਕਰ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ। ਸੰਨ 2018 ਵਿੱਚ ਹੋਈ ਖੋਜ ਅਨੁਸਾਰ ਜਿਹੜੇ ਬੰਦੇ ਜ਼ਿਆਦਾ ਫਾਈਬਰ ਵਾਲੀ ਖ਼ੁਰਾਕ ਖਾਂਦੇ ਸੀ, ਉਨ੍ਹਾਂ ਦੇ ਲਹੂ ’ਚ ਸ਼ੱਕਰ ਦੀ ਮਾਤਰਾ ਕਾਬੂ ਵਿੱਚ ਰਹਿੰਦੀ ਹੈ।

ਸਰੀਰ ਅੰਦਰ ਵਧੀ ਸ਼ੱਕਰ ਦੀ ਮਾਤਰਾ ਨਾਲ ਫਰੀ ਰੈਡੀਕਲ ਅੰਸ਼ ਨਿਕਲ ਪੈਂਦੇ ਹਨ, ਜੋ ਸਾਰੇ ਅੰਗਾਂ ਦਾ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਤੋਂ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੁਦਰਤੀ ਵਿਟਾਮਿਨ ਸੀ ਅਤੇ ਐਲਫਾ ਲਿਨੋਲਿਨਿਕ ਏਸਿਡ ਵਧੀਆ ਸਾਬਤ ਹੋ ਚੁੱਕੇ ਹਨ, ਜੋ ਕੇਲ ’ਚ ਭਰੇ ਪਏ ਹਨ।

  1. ਦਿਲ ਦੇ ਰੋਗ :- ਦਿਲ ਨੂੰ ਸਿਹਤਮੰਦ ਰੱਖਣ ਲਈ ਜੋ ਅੰਸ਼ ਚਾਹੀਦੇ ਹਨ, ਉਹ ਸਾਰੇ ਕੇਲ ਪੱਤਿਆਂ ਵਿੱਚ ਹਨ।

ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਦਿਲ ਵਾਸਤੇ ਪੋਟਾਸ਼ੀਅਮ ਵੱਧ ਤੇ ਲੂਣ ਘੱਟ ਠੀਕ ਰਹਿੰਦਾ ਹੈ ਕਿਉਂਕਿ ਬਲੱਡ ਪ੍ਰੈੱਸ਼ਰ ਕਾਬੂ ’ਚ ਰਹਿੰਦਾ ਹੈ। ਇਕ ਕੱਪ ਭੁੰਨੇ ਕੇਲ ਵਿੱਚ ਰੋਜ਼ ਦੇ ਲੋੜੀਂਦੇ ਪੋਟਾਸ਼ੀਅਮ ਦਾ 3.6 ਫੀਸਦੀ ਹਿੱਸਾ ਪਹੁੰਚ ਜਾਂਦਾ ਹੈ।

ਸੰਨ 2016 ਦੀ ਕੋਕਰੇਨ ਖੋਜ ਵਿੱਚ ਵੀ ਵੱਧ ਫਾਈਬਰ ਨਾਲ ਕੋਲੈਸਟਰੋਲ ਦਾ ਘਟਣਾ ਜੋੜਿਆ ਗਿਆ ਹੈ। ਇੰਜ ਬਲੱਡ ਪ੍ਰੈੱਸ਼ਰ ਵੀ ਕਾਬੂ ਵਿੱਚ ਰਹਿੰਦਾ ਹੈ। ਇਸੇ ਲਈ ਕੇਲ ਸਹਾਈ ਸਾਬਤ ਹੋ ਰਿਹਾ ਹੈ।

  1. ਕੈਂਸਰ :- ਜਦੋਂ ਮੀਟ-ਚਿਕਨ ਤੇਜ਼ ਅੱਗ ਉੱਤੇ ਗਰਿੱਲ ਕਰ ਕੇ ਪਕਾਇਆ ਜਾਵੇ ਤਾਂ ਉਸ ਵਿੱਚੋਂ ‘ਹੈਟਰੋਸਾਈਕਲਿਕ ਅਮੀਨ’ ਅੰਸ਼ ਨਿਕਲ ਪੈਂਦੇ ਹਨ, ਜੋ ਲਗਾਤਾਰ ਖਾਂਦੇ ਰਹਿਣ ਨਾਲ ਕੈਂਸਰ ਦਾ ਕਾਰਨ ਬਣਦੇ ਹਨ। ਕੇਲ ਵਿਚਲਾ ਕਲੋਰੋਫਿਲ; ਸਰੀਰ ਹਜ਼ਮ ਨਹੀਂ ਕਰ ਸਕਦਾ ਪਰ ਉਹ ਇਨ੍ਹਾਂ ਮਾੜੇ ਅੰਸ਼ਾਂ ਨੂੰ ਆਪਣੇ ਨਾਲ ਮਿਲਾ ਕੇ ਸਰੀਰ ਅੰਦਰ ਨੁਕਸਾਨ ਕਰਨ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦਾ ਹੈ।

ਵਿਟਾਮਿਨ ਸੀ, ਬੀਟਾ ਕੈਰੋਟੀਨ, ਸੀਲੀਨੀਅਮ ਤੇ ਹੋਰ ਕੇਲ ਵਿਚਲੇ ਐਂਟੀਆਕਸੀਡੈਂਟ ਕੈਂਸਰ ਵਾਲੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਕੇਲ ਵਿਚਲਾ ਫਾਈਬਰ ਵੀ ਅੰਤੜੀਆਂ ਦੇ ਕੈਂਸਰ (ਕੋਲੋਰੈਕਟਲ) ਤੋਂ ਬਚਾਅ ਕਰਦਾ ਹੈ (ਸੰਨ 2015 ਵਿੱਚ ਛਪੀ ਖੋਜ)।

  1. ਹੱਡੀਆਂ ਲਈ :- ਕੇਲ ਵਿਚਲੇ ਕੈਲਸ਼ੀਅਮ ਤੇ ਫਾਸਫੋਰਸ ਹੱਡੀਆਂ ਤਕੜੀਆਂ ਕਰਨ ’ਚ ਮਦਦ ਕਰਦੇ ਹਨ। ਵਿਟਾਮਿਨ ਕੇ; ਹੱਡੀਆਂ ਟੁੱਟਣ ਤੋਂ ਬਚਾਅ ਕਰਦਾ ਹੈ ਤੇ ਲਹੂ ਵਗਣ ਤੋਂ ਵੀ ਰੋਕਦਾ ਹੈ।

ਹੁਣ ਧਿਆਨ ਕਰੋ ਕਿ ਭੁੰਨੇ ਕੇਲ ਦੇ ਪੱਤਿਆਂ ਦਾ ਇੱਕ ਕੱਪ ਰੋਜ਼ ਦੇ ਲੋੜੀਂਦੇ ਵਿਟਾਮਿਨ ਕੇ ਤੋਂ ਪੰਜ ਗੁਣਾ ਵੱਧ ਹਿੱਸਾ ਸਰੀਰ ਅੰਦਰ ਪਹੁੰਚਾ ਦਿੰਦਾ ਹੈ, ਕੈਲਸ਼ੀਅਮ ਦਾ 18 ਫੀਸਦੀ ਤੇ ਫਾਸਫੋਰਸ ਦਾ ਸੱਤ ਫੀਸਦੀ ਹਿੱਸਾ !

  1. ਹਾਜ਼ਮਾ :- ਕੇਲ ਵਿਚਲਾ ਫਾਈਬਰ ਤੇ ਪਾਣੀ ਦਾ ਮਿਸ਼ਰਣ ਜਿੱਥੇ ਕਬਜ਼ ਹੋਣ ਤੋਂ ਰੋਕਦਾ ਹੈ, ਉੱਥੇ ਹਾਜ਼ਮਾ ਵੀ ਸਹੀ ਕਰ ਦਿੰਦਾ ਹੈ।
  2. ਚਮੜੀ ਤੇ ਵਾਲ :- ਬੀਟਾ ਕੈਰੋਟੀਨ ਸਰੀਰ ਅੰਦਰ ਵਿਟਾਮਿਨ ਏ ਵਿੱਚ ਤਬਦੀਲ ਹੋ ਕੇ ਵਾਲ ਤੇ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਕੇਲ ਵਿਚਲਾ ਵਿਟਾਮਿਨ ਸੀ ਚਮੜੀ ਵਿਚਲੇ ਕੋਲਾਜਨ ਨੂੰ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦਾ ਹੈ।

ਇੱਕ ਕੌਲੀ ਭੁੰਨਿਆ ਕੇਲ ਰੁਜ਼ਾਨਾ ਦੀ ਲੋੜੀਂਦੀ ਵਿਟਾਮਿਨ ਏ ਦਾ 20 ਫੀਸਦੀ ਹਿੱਸਾ ਤੇ ਵਿਟਾਮਿਨ ਸੀ ਦਾ 23 ਫੀਸਦੀ ਹਿੱਸਾ ਪੂਰਾ ਕਰ ਦਿੰਦਾ ਹੈ।

  1. ਅੱਖਾਂ ਲਈ :-ਕੇਲ ਵਿਚਲੇ ਲਿਊਟੀਨ ਅਤੇ ਜ਼ੀਜ਼ੈਂਥੀਨ ਤਕੜੇ ਐਂਟੀਆਕਸੀਡੈਂਟ ਹਨ, ਜੋ ਵਧਦੀ ਉਮਰ ਨਾਲ ਅੱਖ ਅੰਦਰਲੀ ਪਰਤ ਦਾ ਸੁੰਗੜਨਾ ਰੋਕ ਦਿੰਦੇ ਹਨ ਤੇ ਅੰਨ੍ਹੇ ਹੋਣ ਤੋਂ ਬਚਾ ਦਿੰਦੇ ਹਨ। ਵਿਟਾਮਿਨ ਸੀ, ਈ, ਬੀਟਾ ਕੈਰੋਟੀਨ ਤੇ ਜ਼ਿੰਕ ਵੀ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਧੀਆ ਰੋਲ ਅਦਾ ਕਰਦੇ ਹਨ। ਇਹ ਸਾਰੇ ਹੀ ਸਹੀ ਮਾਤਰਾ ’ਚ ਕੇਲ ਵਿੱਚ ਹਨ।

ਕਿਵੇਂ ਖਾਈਏ :-

–  ਕੱਚੇ ਸਲਾਦ ਵਿੱਚ ਪੱਤੇ

–  ਹਲਕਾ ਉਬਾਲ ਕੇ

–  ਭੁੰਨ ਕੇ

–  ਸੂਪ ਵਿੱਚ

–  ਬਰੈੱਡ ਵਿੱਚ ਲਾ ਕੇ/ਬਰਗਰ ਆਦਿ।

–  ਥੋਮ, ਪਿਆਜ਼ ਤੇ ਕੇਲ ਦੇ ਪੱਤੇ ਤੇਜ਼ ਅੱਗ ਉੱਤੇ ਹਲਕਾ ਭੁੰਨ ਕੇ ਓਲਿਵ ਤੇਲ ਪਾ ਕੇ ਖਾਧੇ ਜਾ ਸਕਦੇ ਹਨ ਜਾਂ ਹਲਕਾ ਉਬਾਲ ਕੇ, ਪਾਣੀ ਰੋੜ੍ਹ ਕੇ, ਬਾਕੀ ਪੱਤਿਆਂ ਵਿੱਚ ਸੋਇਆ ਚਟਨੀ ਪਾ ਕੇ ਖਾਧੇ ਜਾ ਸਕਦੇ ਹਨ।

–  ਕੇਲ ਪੱਤਿਆਂ ਦੇ ਚਿੱਪਸ ਵੀ ਬਣਾਏ ਜਾ ਸਕਦੇ ਹਨ। ਮਸਾਲੇ ਪਾ ਕੇ ਓਵਨ ਵਿੱਚ 20 ਮਿੰਟ ਪਕਾਏ ਜਾ ਸਕਦੇ ਹਨ। ਜ਼ਿਆਦਾਤਰ ਡਾਇਨਾਸੌਰ ਕੇਲ ਦੇ ਹੀ ਚਿੱਪਸ ਬਣਾਏ ਜਾਂਦੇ ਹਨ ਕਿਉਂਕਿ ਇਸ ਦੇ ਪੱਤੇ ਵੱਡੇ ਹੁੰਦੇ ਹਨ।

–  ਕਿਸੇ ਵੀ ਤਰ੍ਹਾਂ ਦੇ ਫਲਾਂ ਦੇ ਰਸ ਵਿੱਚ ਪਾਏ ਜਾ ਸਕਦੇ ਹਨ ਜਾਂ ਸਮੂਦੀ ਬਣਾਈ ਜਾ ਸਕਦੀ ਹੈ।

–  ਤਾਜ਼ੇ ਛੋਟੇ ਪੱਤੇ ਕੌੜੇ ਨਹੀਂ ਹੁੰਦੇ ਤੇ ਉਨ੍ਹਾਂ ਵਿੱਚ ਫਾਈਬਰ ਵੀ ਵੱਧ ਹੁੰਦਾ ਹੈ।

–  ਲਾਲ ਰੂਸੀ ਕੇਲ ਕਾਫ਼ੀ ਮਿੱਠੀ ਹੁੰਦੀ ਹੈ ਤੇ ਕੱਚੀ ਹੀ ਜ਼ਿਆਦਾਤਰ ਸਲਾਦ ਵਿੱਚ ਖਾਧੀ ਜਾਂਦੀ ਹੈ।

ਖ਼ਤਰੇ :-1.  ਕੇਲ ਵਿੱਚ ਅੱਜ ਕੱਲ੍ਹ ਏਨਾ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ ਕਿ ਬਿਨਾਂ ਚੰਗੀ ਤਰ੍ਹਾਂ ਧੋਤਿਆਂ ਖਾਣ ਨਾਲ ਇਨ੍ਹਾਂ ਵਿਚਲਾ ਜ਼ਹਿਰ ਸਰੀਰ ਅੰਦਰ ਪਹੁੰਚ ਕੇ ਕਹਿਰ ਢਾਅ ਸਕਦਾ ਹੈ।

  1. ਜਿਹੜੇ ਮਰੀਜ਼ ਬੀਟਾ ਬਲੌਕਰ ਦਵਾਈ ਖਾ ਰਹੇ ਹੋਣ, ਉਨ੍ਹਾਂ ਨੂੰ ਕੇਲ ਪੱਤੇ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿੱਚ ਪੋਟਾਸ਼ੀਅਮ ਕਾਫ਼ੀ ਵੱਧ ਹੁੰਦਾ ਹੈ।
  2. ਗੁਰਦੇ ਦੀ ਬੀਮਾਰੀ ਵਾਲੇ ਮਰੀਜ਼ਾਂ ਲਈ ਵੀ ਵੱਧ ਪੋਟਾਸ਼ੀਅਮ ਹਾਨੀਕਾਰਕ ਹੋ ਸਕਦੀ ਹੈ।
  3. ਵਾਰਫੈਰਿਨ ਦਵਾਈ ਲੈ ਰਹੇ ਮਰੀਜ਼ਾਂ ਨੂੰ ਵੀ ਕੇਲ ਪੱਤੇ ਜ਼ਿਆਦਾ ਨਹੀਂ ਖਾਣੇ ਚਾਹੀਦੇ ਕਿਉਂਕਿ ਕੇਲ ਲਹੂ ਜਮਾਉਣ ਵਿੱਚ ਮਦਦ ਕਰਦੀ ਹੈ ਜਦਕਿ ਵਾਰਫੈਰਿਨ ਲਹੂ ਜੰਮਣ ਤੋਂ ਰੋਕਦੀ ਹੈ।

ਸਾਰ :- ਕੁਦਰਤ ਵਿੱਚ ਏਨੀਆਂ ਬੇਸ਼ਕਮੀਤੀ ਚੀਜ਼ਾਂ ਲੁਕੀਆਂ ਪਈਆਂ ਹਨ, ਜਿਨ੍ਹਾਂ ਬਾਰੇ ਹਾਲੇ ਖੋਜਾਂ ਹੋਈਆਂ ਹੀ ਨਹੀਂ ਜਾਂ ਖੋਜਾਂ ਜਾਰੀ ਹਨ। ਇਹ ਪੱਕਾ ਹੈ ਕਿ ਸਿਹਤਮੰਦ ਰਹਿਣ ਲਈ ਅਤੇ ਬੀਮਾਰੀਆਂ ਤੋਂ ਬਚਣ ਲਈ ਕੁਦਰਤ ਦੇ ਨੇੜੇ ਹੋਣਾ ਜ਼ਰੂਰੀ ਹੈ ਤੇ ਕੁਦਰਤ ਨੂੰ ਸੰਭਾਲਣ ਦੀ ਲੋੜ ਹੈ। ਹਵਾ, ਪਾਣੀ, ਧਰਤੀ, ਹਰ ਚੀਜ਼ ਨੂੰ ਸੰਭਾਲ ਕੇ ਪਲੀਤ ਹੋਣ ਤੋਂ ਬਚਾ ਲਈਏ ਤਾਂ ਕੇਲ ਵਰਗੀਆਂ ਅਨੇਕ ਹੋਰ ਕੁਦਰਤੀ ਸੁਗ਼ਾਤਾਂ ਸਾਨੂੰ ਲੰਮੀ ਉਮਰ ਦੇਣ ਲਈ ਤਿਆਰ ਬੈਠੀਆਂ ਹਨ।

Most Viewed Posts