31.5 C
Jalandhar
Saturday, June 28, 2025
spot_img
Home Blog Page 53

ਨਵੀਂ ਕਿਸਮ ਦੀ ਅਗਨ ਪ੍ਰੀਖਿਆ 

0

ਨਵੀਂ ਕਿਸਮ ਦੀ ਅਗਨ ਪ੍ਰੀਖਿਆ 

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ (ਪਟਿਆਲਾ)-0175-2216783

ਇਤਿਹਾਸ ਗਵਾਹ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਭਾਰਤ ਦੀ ਧਰਤੀ ਉੱਤੇ ਉਤਰੇ ਰੱਬੀ ਅਵਤਾਰ ਨੇ ਵੀ ਇੱਕ ਧੋਬੀ ਦੇ ਕਹਿਣ ’ਤੇ ਆਪਣੀ ਪਤਨੀ ਨੂੰ ਸਾਵਿਤ੍ਰੀ ਸਾਬਤ ਕਰਨ ਲਈ ਅਗਨ ਪ੍ਰੀਖਿਆ ਵਾਸਤੇ ਮਜਬੂਰ ਕੀਤਾ ਸੀ। ਤਦ ਤੋਂ ਇਸ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਸਿਰਫ਼ ਇੱਕ ਗ਼ੁਲਾਮ ਹੀ ਮੰਨੀ ਗਈ ! ਭਾਵੇਂ ਵਿਕਸਿਤ ਮੁਲਕ ਦੀ ਰਾਣੀ ਡਾਇਨਾ ਰਹੀ ਹੋਵੇ ਤੇ ਭਾਵੇਂ ਵਿਕਾਸਸ਼ੀਲ ਦੇਸ ਦੀ ਗ਼ਰੀਬ ਔਰਤ, ਅੱਜ ਤੱਕ ਵੀ ਉਸ ਦੀ ਅਗਨ ਪ੍ਰੀਖਿਆ ਕਦੇ ਮੁੱਕੀ ਨਹੀਂ। ਕੁਆਰਪੁਣੇ ਦੀ ਮਰਦਾਨਾ ਭੁੱਖ; ਕਿਸੇ ਸਦੀ ’ਚ ਹੀ ਤ੍ਰਿਪਤ ਨਾ ਹੋਈ !

ਇੱਕ ਪਾਸੇ ਖ਼ਬਰ ਛਪਦੀ ਹੈ ਕਿ 20 ਜਣਿਆਂ ਨੇ ਰਲ਼ ਕੇ ਇਕ ਨਾਬਾਲਗ ਬੱਚੀ ਦਾ ਕੁਆਰ ਭੰਗ ਕੀਤਾ ਤੇ ਦੂਜੇ ਪਾਸੇ ਇਹ ਸਾਰੇ 20 ਦੇ ਵੀਹ ਜਣੇ ਆਪਣੇ ਵਿਆਹ ਲਈ ‘ਕੁਆਰੀ’ ਬਾਲੜੀ ਦੀ ਭਾਲ ’ਚ ਜੁਟ ਜਾਂਦੇ ਹਨ।

ਇਕ ਵਹਿਮ ਦੀ ਬੀਮਾਰੀ ਨੇ ਵੀ ਲੱਖਾਂ ਔਰਤਾਂ ਦੀ ਜੂਨ ਖ਼ਰਾਬ ਕੀਤੀ ਹੈ। ਇਹ ਵਹਿਮ ‘ਓਥੈਲੋ ਸਿੰਡਰੋਮ’ ਦੀ ਸ਼ਕਲ ’ਚ ਮਰਦ ਨੂੰ ਚਿੰਬੜਦਾ ਹੈ। ਮਾਨਸਿਕ ਰੋਗੀ ਮਰਦ; ਹਰ ਵੇਲੇ ਇੱਕੋ ਸੋਚ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਕਿ ਉਸ ਦੀ ਪਤਨੀ ਦਾ ਕਿਸੇ ਹੋਰ ਮਰਦ ਨਾਲ ਸਰੀਰਕ ਸੰਬੰਧ ਹੈ। ਮਾਨਸਿਕ ਰੋਗ ਦੇ ਵਹਿਮ ਦਾ ਸ਼ਿਕਾਰ ਮਰਦ ਕਦੇ ਆਪਣਾ ਇਲਾਜ ਕਰਵਾਉਂਦਾ ਹੀ ਨਹੀਂ ਤੇ ਬੇਦੋਸੀ ਪਤਨੀ ਦਾ ਕਤਲ ਤੱਕ ਕਰ ਦਿੰਦਾ ਹੈ। ਅਜਿਹੇ ਅਣਗਿਣਤ ਕੇਸ ਮੈਡੀਕਲ ਜਰਨਲਾਂ ਵਿੱਚ ਲਿਖੇ ਮਿਲਦੇ ਹਨ ਤੇ ਅਨੇਕ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ।

ਇਸ ਬੇਬੁਨਿਆਦ ਮਾਨਸਿਕ ਵਹਿਮ ਨੇ ਹੁਣ ਨਵਾਂ ਚੰਨ ਚਾੜ੍ਹਿਆ ਹੈ। ਗੱਲ ਰਾਮਪੁਰ ਪਿੰਡ ਦੀ ਹੈ। ਉੱਥੇ ਵੀ ਓਥੈਲੋ ਸਿੰਡਰੋਮ ਨਾਲ ਪੀੜਤ ਬੰਦਾ ਨਸ਼ੇ ਦੀ ਹਾਲਤ ਵਿੱਚ ਰੋਜ਼ ਆਪਣੀ ਪਤਨੀ ਉੱਤੇ ਸ਼ੱਕ ਕਰਦਿਆਂ ਉਸ ਨੂੰ ਕੁੱਟਦਾ ਰਹਿੰਦਾ ਸੀ। ਗੁਆਂਢੀਆਂ ਨੇ ਬਥੇਰਾ ਸਮਝਾਇਆ ਕਿ ਉਸ ਦੀ ਪਤਨੀ ਸਾਰਾ ਦਿਨ ਘਰ ਹੀ ਹੁੰਦੀ ਹੈ ਤੇ ਘਰ ਦਾ ਕੰਮ ਕਰਦੀ ਰਹਿੰਦੀ ਹੈ। ਕਿਤੇ ਆਉਂਦੀ ਜਾਂਦੀ ਨਹੀਂ, ਇਸ ਲਈ ਉਸ ਉੱਤੇ ਬੇਬੁਨਿਆਦ ਸ਼ੱਕ ਸਦਕਾ ਜ਼ੁਲਮ ਢਾਹੁਣਾ ਠੀਕ ਨਹੀਂ, ਪਰ ਮਾਨਸਿਕ ਰੋਗੀ ਪਤੀ ਕਿੱਥੇ ਮੰਨਣ ਵਾਲਾ ਸੀ !

ਹਰ ਰੋਜ਼ ਮਾਰ ਕੁਟਾਈ ਚੱਲਦੀ ਰਹੀ ਤੇ ਗਵਾਂਢੀ ਤੰਗ ਹੁੰਦੇ ਰਹੇ। ਅਖ਼ੀਰ ਇਕ ਦਿਨ ਅਤਿ ਹੋ ਗਈ। ਪਤੀ ਨੇ ਰਾਤ ਘਰ ਮੁੜ ਕੇ ਆਪਣੀ ਪਤਨੀ ਨੂੰ ਮਨਾ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਉਹ ਸ਼ੱਕ ਨਹੀਂ ਕਰੇਗਾ ਜੇ ਪਤਨੀ ਆਪਣੇ ਅੰਦਰੂਨੀ ਅੰਗ ਉਸ ਕੋਲੋਂ ਆਪ ਚੈੱਕ ਕਰਵਾ ਲਵੇ। ਇਸ ਵਾਸਤੇ ਪਤੀ ਉਸ ਦੇ ਹੱਥ ਪੈਰ ਬੰਨ੍ਹ ਕੇ ਚੈੱਕ ਕਰੇਗਾ। ਤੰਗ ਹੋ ਚੁੱਕੀ ਔਰਤ ਮੰਨ ਗਈ। ਪਤੀ ਨੇ ਹੱਥ ਪੈਰ ਬੰਨ੍ਹਣ ਤੋਂ ਬਾਅਦ ਔਰਤ ਦਾ ਮੂੰਹ ਵੀ ਘੁੱਟ ਕੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਔਰਤ ਨੇ ਚੀਕਣਾ ਚਾਹਿਆ ਤਾਂ ਘੁੱਟ ਕੇ ਮੂੰਹ ਦੱਬ ਦਿੱਤਾ। ਉਸ ਨੂੰ ਬੰਨ੍ਹਣ ਤੋਂ ਬਾਅਦ ਪਤੀ ਨੇ ਐਲਮੀਨੀਅਮ ਦੀ ਤਾਰ ਨਾਲ ਪਤਨੀ ਦੀ ਬੱਚੇਦਾਨੀ ਦੇ ਮੂੰਹ ਨੂੰ ਸੀਅ ਦਿੱਤਾ ! ਤੜਫਦੀ ਪਤਨੀ ਨੂੰ ਉਂਜ ਹੀ ਲਹੂ ਲੁਹਾਨ ਤੇ ਬੰਨ੍ਹੀ ਨੂੰ ਛੱਡ ਗਾਲ੍ਹਾਂ ਕੱਢਦਾ ਪਤੀ ਘਰੋਂ ਭੱਜ ਗਿਆ।

ਅਗਲੇ ਦਿਨ ਸਵੇਰੇ ਬਹੁਤ ਲਹੂ ਵਹਿ ਜਾਣ ਤੇ ਅੰਤਾਂ ਦੀ ਪੀੜ ਕਾਰਨ ਨੀਮ ਬੇਹੋਸ਼ ਹੋਈ ਪਤਨੀ ਨੂੰ ਗਵਾਂਢਣ ਨੇ ਆ ਕੇ ਵੇਖਿਆ ਤਾਂ ਘਬਰਾ ਗਈ। ਹੋਰ ਔਰਤਾਂ ਨੂੰ ਸੱਦ ਕੇ ਉਸ ਨੂੰ ਖੋਲ੍ਹ ਕੇ ਝੱਟ ਹਸਪਤਾਲ ਲਿਜਾਇਆ ਗਿਆ। ਪਤੀ ਤਦ ਤੋਂ ਫਰਾਰ ਹੈ। ਰਿਪੋਰਟ ਦਰਜ ਕਰਵਾਈ ਜਾ ਚੁੱਕੀ ਹੈ ਪਰ ਪਤਨੀ ਤਾਂ ਹੁਣ ਅਨੇਕ ਅਪਰੇਸ਼ਨਾਂ ਬਾਅਦ ਵੀ ਨਾਰਮਲ ਨਹੀਂ ਹੋ ਸਕਣ ਲੱਗੀ !

ਓਥੈਲੋ ਸਿੰਡਰੋਮ ਦਾ ਮਰੀਜ਼ ਪਤੀ ਦਰਅਸਲ ਆਪ ਸਰੀਰਕ ਸੰਬੰਧ ਬਣਾਉਣ ਜੋਗਾ ਨਹੀਂ ਹੁੰਦਾ ਤੇ ਆਪਣੀ ਕਮਜ਼ੋਰੀ ਦਾ ਭਾਂਡਾ ਬੇਕਸੂਰ ਪਤਨੀ ਸਿਰ ਭੰਨ੍ਹਦਾ ਹੈ। ਔਰਤ ਦੇ ਬੱਚੇਦਾਨੀ ਦੇ ਮੂੰਹ ਦੀ ਕੱਟ ਵੱਢ ਕਰਨੀ ਵੀ ਇਹ ਕੋਈ ਪਹਿਲਾ ਕੇਸ ਨਹੀਂ ਹੈ। ਯੂਨਾਈਟਿਡ ਨੇਸ਼ਨਜ਼ ਨੇ ਇਸ ਤਰ੍ਹਾਂ ਦੀ ਔਰਤਾਂ ਦੇ ਅੰਦਰੂਨੀ ਅੰਗ ਦੀ ਕੱਟ ਵੱਢ ਨੂੰ ਮਨੁੱਖੀ ਅਧਿਕਾਰਾਂ ਦਾ ਸੰਗੀਨ ਜੁਰਮ ਮੰਨਿਆ ਹੈ।

ਅਫਰੀਕਾ ਵਿੱਚ ਤਾਂ ਸਦੀਆਂ ਤੋਂ ਇਹ ਕੁਕਰਮ ਹੁੰਦਾ ਰਿਹਾ ਹੈ। ਮੁੰਬਈ ਵਿਖੇ ਇਸ ਸੰਗੀਨ ਜੁਰਮ ਦਾ ਪਰਦਾ ਫਾਸ਼ ਹੋਇਆ ਹੈ ਜਿਸ ਬਾਰੇ ਇਕ ਅੰਗਰੇਜ਼ੀ ਅਖ਼ਬਾਰ ਵਿੱਚ ਪੂਰੀ ਰਿਪੋਰਟ ਇਉਂ ਛਪੀ ਹੈ :

ਛੇ ਤੋਂ ਸੱਤ ਵਰ੍ਹਿਆਂ ਦੀਆਂ ਬਾਲੜੀਆਂ ਨੂੰ ਹਨ੍ਹੇਰੇ ਕਮਰੇ ਵਿਚ ਲਿਜਾ ਕੇ, ਉਨ੍ਹਾਂ ਸਾਹਮਣੇ ਗੈਸ ਉੱਤੇ ਚਾਕੂ ਨੂੰ ਲਾਲ ਸੁਰਖ਼ ਗਰਮ ਕਰ ਕੇ, ਉਨ੍ਹਾਂ ਦੇ ਅੰਦਰੂਨੀ ਅੰਗਾਂ ਨੂੰ ਵੱਢ ਦਿੱਤਾ ਜਾਂਦਾ ਹੈ। ਚੀਕਦੀਆਂ ਕੁਰਲਾਉਂਦੀਆਂ ਬਾਲੜੀਆਂ, ਜੋ ਬੋਹਰਾ ਜਾਤ ਨਾਲ ਸੰਬੰਧਿਤ ਹਨ, ਦਾ ਮੂੰਹ ਦੱਬ ਕੇ, ‘ਖਤਨਾ’ ਦਾ ਨਾਂ ਦੇ ਕੇ ਜ਼ਿੰਦਗੀਭਰ ਲਈ ਦਰਦ ਸਹਿਨ ਕਰਨ ਲਈ ਛੱਡ ਦਿੱਤੀਆਂ ਜਾਂਦੀਆਂ ਹਨ। ਲੱਖਾਂ ਦੀ ਗਿਣਤੀ ਵਿੱਚ ਹੁਣ ਤੱਕ ਮਨੁੱਖੀ ਅਧਿਕਾਰਾਂ ਦਾ ਘਾਣ ਕਰਵਾ ਚੁੱਕੀਆਂ ਬਾਲੜੀਆਂ ਵਿੱਚੋਂ 18 ਜਣੀਆਂ ਨੇ ਹਿੰਮਤ ਵਿਖਾ ਕੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ। ਦਿੱਲੀ ਦੀ ‘ਮਸੂਮਾ ਰਨਾਲਵੀ’ ਅਤੇ ਉਸ ਨਾਲ 17 ਹੋਰ ਔਰਤਾਂ ਨੇ ‘ਓਨਲਾਈਨ ਪੈਟੀਸ਼ਨ’ ਰਾਹੀਂ ਸਮਾਜ ਨੂੰ ਸ਼ੀਸ਼ਾ ਵਿਖਾਇਆ ਹੈ। ਇਹ ਸਾਰੀਆਂ ਔਰਤਾਂ 42 ਸਾਲ ਪਹਿਲਾਂ ਸ਼ਿਕਾਰ ਬਣਾਈਆਂ ਗਈਆਂ ਸਨ।

ਆਰੀਫਾ ਜੌਹਰੀ ਵੀ ਮੁੰਬਈ ਦੇ ਭਿੰਡੀ ਬਜ਼ਾਰ ’ਚ ਹਨ੍ਹੇਰੇ ਕਮਰੇ ਵਿੱਚ ਚਾਕਲੇਟ ਦੇ ਲਾਲਚ ’ਚ ਆਪਣੇ ਨਾਲ ਹੋਏ ਇਸ ਅਤਿ ਘਿਨਾਉਣੇ ਜੁਰਮ ਨੂੰ ਯਾਦ ਕਰਦਿਆਂ ਕੰਬਣ ਲੱਗ ਪੈਂਦੀ ਹੈ। ਉਸ ਨੇ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਦੀ ਹੈਵਾਨੀਅਤ ਤੋਂ ਬਚਾਇਆ ਤਾਂ ਸਮਾਜ ਦੀਆਂ ਲਾਅਨਤਾਂ ਦਾ ਸ਼ਿਕਾਰ ਬਣ ਗਈ। ਪੂਰਾ ਮਰਦ ਪ੍ਰਧਾਨ ਸਮਾਜ ਉਸ ਉੱਤੇ ਚਿੱਕੜ ਸੁੱਟਣ ਲੱਗ ਪਿਆ ਪਰ ਉਸ ਨੇ ਹਿੰਮਤ ਨਹੀਂ ਹਾਰੀ। ਮਰਦ ਪ੍ਰਧਾਨ ਸਮਾਜ ਇਹ ਮੰਨ ਚੁੱਕਿਆ ਹੈ ਕਿ ਜੇ ਔਰਤ ਦਾ ਖਤਨਾ ਨਹੀਂ ਹੋਇਆ ਤਾਂ ਉਹ ਸਰੀਰਕ ਸੰਬੰਧਾਂ ਦਾ ਆਨੰਦ ਲੈਣ ਲੱਗ ਪਵੇਗੀ। ਔਰਤ ਨੂੰ ਸਰੀਰਕ ਸੰਬੰਧਾਂ ਵਿੱਚੋਂ ਅਤਿ ਦੀ ਪੀੜ ਮਹਿਸੂਸ ਹੋਣੀ ਚਾਹੀਦੀ ਹੈ ਤੇ ਉਸ ਦਾ ਕੰਮ ਸਿਰਫ਼ ਪਤੀ ਦੇ ਬੱਚੇ ਜੰਮ ਕੇ ਮਰ-ਮੁੱਕ ਜਾਣਾ ਹੁੰਦਾ ਹੈ।

ਹਾਲਾਤ ਇਹ ਹੋ ਚੁੱਕੇ ਹਨ ਕਿ ਔਰਤ ਦੇ ਇਸ ਅੰਗ ਨੂੰ ‘ਹਰਾਮ ਦੀ ਬੋਟੀ’ ਵਰਗਾ ਦਿਲ ਕੰਬਾਊ ਨਾਂ ਦੇ ਕੇ ਉਸ ਉੱਤੇ ਕਹਿਰ ਢਾਹੁਣਾ ਜਾਰੀ ਹੈ, ਜੋ ਮਰਦ ਪ੍ਰਧਾਨ ਸਮਾਜ ਅਨਪੜ੍ਹ ਦਾਈਆਂ ਹੱਥੋਂ ਹੀ ਕਰਵਾਉਂਦਾ ਹੈ।

ਅਮਰੀਕਾ ਵਿੱਚ ਬੈਠੀ ‘ਜ਼ਹਿਰਾ ਪਤਵਾ’ ਨੇ ਵੀ ਮੰਨਿਆ ਕਿ ਉਹ ਇਸ ਜੁਰਮ ਦਾ ਸ਼ਿਕਾਰ ਹੋਈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਕਸੂਰਵਾਰ ਮੰਨਿਆ। ਬਾਅਦ ’ਚ ਪਤਾ ਲੱਗਿਆ ਕਿ ਉਸ ਦੀ ਮਾਂ, ਦਾਦੀ, ਪੜਦਾਦੀ, ਸਭ ਮਰਦਾਂ ਦੇ ਹੁਕਮਾਂ ਤਹਿਤ ਚੁੱਪ ਚੁਪੀਤੇ ਇਸ ਰਸਮ ਨੂੰ ਨਿਭਾਈ ਜਾ ਰਹੀਆਂ ਸਨ। ਇਨ੍ਹਾਂ ਵਿੱਚੋਂ ਬਥੇਰੀਆਂ ਕੀਟਾਣੂਆਂ ਦੇ ਹਮਲੇ ਸਦਕਾ ਸਦੀਵੀ ਰੋਗੀ ਬਣ ਜਾਂਦੀਆਂ ਹਨ, ਕੁੱਝ ਦੇ ਬੱਚਾ ਨਹੀਂ ਠਹਿਰ ਸਕਦਾ, ਕੁੱਝ ਬਹੁਤਾ ਲਹੂ ਵਹਿ ਜਾਣ ਕਾਰਨ ਬੀਮਾਰ ਹੋ ਜਾਂਦੀਆਂ ਹਨ।

ਇਸ ਪ੍ਰਥਾ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਨੂੰ ਸਮਾਜ ਵਿੱਚੋਂ ਛੇਕ ਤੱਕ ਦਿੱਤਾ ਜਾਂਦਾ ਹੈ। ਕਿਸੇ ਇਕੱਠ ਵਿੱਚ ਜਾਂ ਕਿਸੇ ਸਮਾਗਮ ’ਚ ਉਸ ਦਾ ਜਾਣਾ ਵਰਜਿਤ ਕਰ ਦਿੱਤਾ ਜਾਂਦਾ ਹੈ।

ਬੋਹਰਾ ਪ੍ਰਜਾਤੀ ਦਾ ਧਾਰਮਿਕ ਮੁਖੀ ਸਾਈਨੇਡਾ ਇਸ ਪ੍ਰਥਾ ਦਾ ਜ਼ੋਰਦਾਰ ਸਮਰਥਨ ਕਰਦਾ ਹੈ ਤੇ ਹੁਣ ਵੀ ਇਹੋ ਹੁਕਮ ਦੇ ਰਿਹਾ ਹੈ ਕਿ ਪੂਰੇ ਭਾਰਤ ਦੇ ਹਰ ਕੋਨੇ ’ਚ ਹਰ ਔਰਤ ਦਾ ਅੰਗ ਵੱਢਣਾ ਜ਼ਰੂਰੀ ਹੈ।

ਭਾਰਤ ਵਿੱਚ ਅੱਜ ਤੱਕ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਕਤਲ ਲਈ ਕੋਈ ਰੋਕ ਨਹੀਂ ਲੱਗੀ ਹੋਈ। ਅਸਟ੍ਰੇਲੀਆ ਵਿੱਚ ਵੀ ਇਸ ਕੁਕਰਮ ਵਿਰੁੱਧ ਇੰਸੀਆ ਅਤੇ ਮਾਰੀਆ, ਦੋ ਔਰਤਾਂ ਨੇ ਮੁਹਿੰਮ ਵਿੱਢੀ ਹੈ। ਬੱਚੀਆਂ ਉੱਤੇ ਪਹਿਲਾਂ ਹੀ ਅਨੇਕ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਢਾਹੇ ਜਾ ਰਹੇ ਹਨ। ਕੁੱਖ ਵਿੱਚ ਮਾਰੇ ਜਾਣ ਤੋਂ ਲੈ ਕੇ ਨਾਬਾਲਗ ਬੇਟੀਆਂ ਦੇ ਸਮੂਹਕ ਬਲਾਤਕਾਰਾਂ ਉਪਰੰਤ ਸਾੜਨ ਦੇ ਅਣਗਿਣਤ ਕਿੱਸੇ ਛੱਪ ਚੁੱਕੇ ਹਨ।

ਹੁਣ ਅਨੇਕ ਨੌਜਵਾਨ ਔਰਤਾਂ ਵੀ ਆਪਣੇ ਪਤੀਆਂ ਹੱਥੋਂ ਇਸ ਤਰ੍ਹਾਂ ਦੇ ਅੰਗਾਂ ਦਾ ਕੱਟੇ ਵੱਢੇ ਜਾਣ ਦਾ ਸ਼ਿਕਾਰ ਬਣ ਚੁੱਕੀਆਂ ਹਨ। ਕਿਸੇ ਵੱਲੋਂ ਵੀ ਆਵਾਜ਼ ਚੁੱਕਣ ’ਤੇ ਸਮਾਜ; ਔਰਤਾਂ ਵਿੱਚ ਹੀ ਦੋਸ਼ ਕੱਢ ਕੇ ਉਨ੍ਹਾਂ ਨੂੰ ਚੁੱਪ ਹੋ ਜਾਣ ਲਈ ਮਜਬੂਰ ਕਰ ਦਿੰਦਾ ਹੈ।

ਅੱਜ ਤੱਕ ਜਿਸ ਵੀ ਔਰਤ ਨੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ, ਸਾਰੇ ਉਹ ਲੋਕ, ਜੋ ਔਰਤ ਉੱਤੇ ਹੋ ਰਹੀ ਹਿੰਸਾ ਨੂੰ ਸਹੀ ਮੰਨਦੇ ਹਨ, ਉੱਚੀ-ਉੱਚੀ ਚੀਕਣ ਲੱਗ ਪੈਂਦੇ ਹਨ। ਹੋ-ਹੱਲਾ ਕਰ ਕੇ ਔਰਤ ਦੀ ਆਵਾਜ਼ ਦਬਾਅ ਦਿੰਦੇ ਹਨ। ਯੂਨਾਈਟਿਡ ਨੇਸ਼ਨਜ਼ ਵੱਲੋਂ ਐਲਾਨੇ ਇਸ ਮਨੁੱਖੀ ਅਧਿਕਾਰਾਂ ਦੇ ਕਤਲ ਵਿਰੁੱਧ ਅੱਜ ਸੁਹਿਰਦ ਲੋਕਾਂ ਵੱਲੋਂ ਵਿਰੋਧ ਕਰਨ ਦੀ ਲੋੜ ਹੈ। ਇਸ ਅਤਿ ਘਿਨਾਉਣੇ ਜੁਰਮ ਨੂੰ ਹਰ ਹਾਲ ਠੱਲ ਪਾਉਣ ਦੀ ਲੋੜ ਹੈ।

ਇੱਕ ਔਰਤ ਹੁੰਦਿਆਂ, ਆਪਣੀ ਜ਼ਾਤ ਦੀ ਇਹ ਪੀੜ ਸਮਝਦਿਆਂ ਮੈਂ ਉਨ੍ਹਾਂ ਦੇ ਹੱਕਾਂ ਲਈ ਅੱਜ ਆਵਾਜ਼ ਚੁੱਕੀ ਹੈ, ਇਸ ਉਮੀਦ ਵਿੱਚ ਕਿ ਹੁਣ ਇੱਕੀਵੀਂ ਸਦੀ ਵਿੱਚ ਤਾਂ ਘੱਟੋ-ਘੱਟ ਔਰਤ ਦੀ ਅਗਨ ਪ੍ਰੀਖਿਆ ਬੰਦ ਕਰਨੀ ਪਵੇਗੀ। ਆਖ਼ਿਰ ਕਿਸੇ ਸਦੀ ਵਿੱਚ ਤਾਂ ਔਰਤ ਨੂੰ ਸਹੀ ਮਾਅਨਿਆਂ ਵਿੱਚ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ !

ਕੇਲ-ਬੇਸ਼ਕੀਮਤੀ ਪੱਤਾ

0

ਕੇਲਬੇਸ਼ਕੀਮਤੀ ਪੱਤਾ

ਡਾ. ਹਰਸ਼ਿੰਦਰ ਕੌਰ, ਐਮ. ਡੀ.,ਬੱਚਿਆਂ ਦੀ ਮਾਹਰ (ਪਟਿਆਲਾ)-0175-2216783

ਕੇਲ ਦਾ ਕੋਈ ਪੰਜਾਬੀ ਨਾਂ ਹਾਲੇ ਤੱਕ ਰੱਖਿਆ ਨਹੀਂ ਗਿਆ ਕਿਉਂਕਿ ਪਹਿਲਾਂ ਪੰਜਾਬ ਵਿੱਚ ਇਹ ਬੀਜਿਆ ਨਹੀਂ ਜਾਂਦਾ ਸੀ। ਮੂਲੀ, ਸਰ੍ਹੋਂ ਤੇ ਪੱਤਾ ਗੋਭੀ ਦੇ ਮਿਸ਼ਰਨ ਵਰਗਾ ਕੇਲ ਪੱਤਾ; ਐਨੇ ਕਮਾਲ ਦੇ ਗੁਣਕਾਰੀ ਤੱਤ ਲੁਕਾਈ ਬੈਠਾ ਹੈ ਕਿ ਹੁਣ ਪੂਰੀ ਦੁਨੀਆ ਵਿੱਚ ਚੋਟੀ ਦੇ ਲਾਜਵਾਬ 11 ਖਾਣਿਆਂ ਵਿੱਚ ਇਸ ਦਾ ਨਾਂ ਸ਼ੁਮਾਰ ਹੈ। ਇੱਕ ਨਹੀਂ, ਅਨੇਕ ਖੋਜਾਂ ਵਿੱਚ ਦਿਲ ਅਤੇ ਕੈਂਸਰ ਦੇ ਮਰੀਜ਼ਾਂ ਲਈ ਬਿਹਤਰੀਨ ਦਵਾਈ ਸਾਬਤ ਹੋ ਚੁੱਕੇ ਹਲਕੇ ਅਤੇ ਗੂੜ੍ਹੇ ਹਰੇ ਰੰਗ ਦੇ ਗੁਣਕਾਰੀ ਪੱਤੇ ਹੁਣ ਸਰੀਰ ਦੇ ਕਈ ਅੰਗਾਂ ਦੇ ਕੰਮਕਾਰ ਨੂੰ ਸਹੀ ਰੱਖਣ ਵਿੱਚ ਵੀ ਸਹਾਈ ਸਾਬਤ ਹੋ ਰਹੇ ਹਨ।

ਹਾਲੇ ਤੱਕ ਦੇ ਮਿਲੇ ਇਤਿਹਾਸਕ ਤੱਥਾਂ ਅਨੁਸਾਰ ਰੋਮ ’ਚ ਪਹਿਲੀ ਵਾਰ ਕਿਸੇ ਮਨੁੱਖ ਨੇ ਇਨ੍ਹਾਂ ਪੱਤਿਆਂ ਨੂੰ ਚੱਖਿਆ ਤੇ ਉਸ ਨੂੰ ਏਨੇ ਫ਼ਾਇਦੇ ਦਿਸੇ ਕਿ ਉਸ ਨੇ ਆਪ ਬੀਜਣ ਦਾ ਫ਼ੈਸਲਾ ਕਰ ਲਿਆ। ਬਸ ਫਿਰ ਕੀ ਸੀ ! ਹਰ ਘਰ ਵਿੱਚ ਕੇਲ ਪੱਤਿਆਂ ਦੀਆਂ ਕਿਆਰੀਆਂ ਤਿਆਰ ਹੋ ਗਈਆਂ।

ਪੁਰਾਣੇ ਸਮਿਆਂ ਵਿੱਚ ਸੋਮ ਰਸ ਪੀਣ ਤੋਂ ਬਾਅਦ ਚੜ੍ਹੇ ਨਸ਼ੇ ਨੂੰ ਲਾਹੁਣ ਲਈ ਕੇਲ ਪੱਤਿਆਂ ਨੂੰ ਉਬਾਲ ਕੇ ਉਸ ਦਾ ਪਾਣੀ ਪੀ ਲਿਆ ਜਾਂਦਾ ਸੀ। ਜੇ ਰੋਮਨ ਵਿੱਚ ਲਿਖੇ ਪੁਰਾਣੇ ਪਤਰੇ ਪੜ੍ਹੇ ਜਾਣ ਤਾਂ ਲਿਖਿਆ ਮਿਲਦਾ ਹੈ ਕਿ ‘ਬਰਾਸਿਕਾ’ ਸਿਹਤਮੰਦ ਖ਼ੁਰਾਕ ਹੈ। ਬਰਾਸਿਕਾ ਵਿੱਚ ਸ਼ਲਗਮ, ਪੱਤਗੋਭੀ ਅਤੇ ਕੇਲ ਸ਼ਾਮਲ ਕੀਤੇ ਗਏ ਸਨ। ਹਲਕੇ ਜਾਮਨੀ ਤੋਂ ਲੈ ਕੇ ਹਲਕੇ ਹਰੇ ਰੰਗ ਦੇ ਖਿਲਰੀ ਪੱਤ ਗੋਭੀ ਵਾਂਗ, ਪਰ ਸਿਰਿਆਂ ਤੋਂ ਘੁੰਘਰਾਲੇ ਕੇਲ ਪੱਤੇ ਕੁਦਰਤ ਦੀ ਕੀਤੀ ਕਾਰੀਗਰੀ ਦੀ ਖ਼ੁਬੂਸੂਰਤ ਮਿਸਾਲ ਹਨ। ਇਸੇ ਲਈ ਅਨੇਕ ਲੋਕ ਇਨ੍ਹਾਂ ਨੂੰ ਬਾਗ਼ ਵਿੱਚ ਜਾਂ ਗਮਲਿਆਂ ’ਚ ਘਰ ਦੀ ਖ਼ੂਬਸੂਰਤੀ ਵਧਾਉਣ ਲਈ ਵੀ ਲਾ ਲੈਂਦੇ ਹਨ।

ਈਸਾ ਮਸੀਹ ਤੋਂ 2000 ਸਾਲ ਪਹਿਲਾਂ ਤੋਂ ਹੀ ਕੇਲ ਪੱਤੇ ਉਗਾਏ ਜਾਣ ਲੱਗ ਪਏ ਸਨ। ਯੂਰਪ ਵਿੱਚ ਤੇਹਰਵੀਂ ਸਦੀ ’ਚ ਕੇਲ ਨੂੰ ‘ਸਿਰਲੱਥ ਗੋਭੀ’ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਪੱਤੇ ਤਾਂ ਪੱਤਗੋਭੀ ਨਾਲ ਰਲਦੇ ਸਨ, ਪਰ ਗੋਭੀ ਵਾਂਗ ਗੰਢ ਕੋਈ ਨਹੀਂ ਹੁੰਦੀ ਸੀ।

ਰੂਸੀ ਕੇਲ ਤਾਂ ਏਨੀ ਖ਼ੂਬਸੂਰਤ ਹੁੰਦੀ ਹੈ; ਜਿਵੇਂ ਕਿਸੇ ਮੁਟਿਆਰ ਦੇ ਹਵਾ ਦੇ ਬੁੱਲੇ ਨਾਲ ਘੁੰਘਰਾਲੇ ਵਾਲ ਖਿਲਰ ਗਏ ਹੋਣ। ਉੱਨੀਵੀਂ ਸਦੀ ਵਿੱਚ ਰੂਸ ਤੋਂ ਕੇਲ ਪੱਤੇ ਅਮਰੀਕਾ ਅਤੇ ਕਨੇਡਾ ਵਿਖੇ ਲਿਜਾਏ ਗਏ ਸਨ।

‘ਡੇਵਿਡ ਫੇਅਰਚਾਈਲਡ’, ਜੋ ਵਨਸਪਤੀ ਦਾ ਡਾਕਟਰ ਸੀ, ਨੂੰ ਪੱਤਗੋਭੀ ਜਾਂ ਕੇਲ ਉੱਕਾ ਹੀ ਖਾਣੇ ਪਸੰਦ ਨਹੀਂ ਸੀ। ਖੋਜਾਂ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਕੇਲ ਪੱਤੇ ਧਰਤੀ ਹੇਠਲਾ ਵਾਧੂ ਲੂਣ ਖਿੱਚ ਲੈਂਦੇ ਹਨ ਤੇ ਧਰਤੀ ਉਪਜਾਊ ਬਣਾ ਦਿੰਦੇ ਹਨ। ਸੌਖੇ ਉੱਗ ਜਾਣ ਵਾਲੇ ਇਨ੍ਹਾਂ ਪੱਤਿਆਂ ਨੂੰ ਕਰੋਸ਼ੀਆ ਤੋਂ ਅਮਰੀਕਾ ਲਿਆ ਕੇ ਬਹੁਤ ਵੱਡੀ ਪੱਧਰ ’ਤੇ ਉਗਾਉਣ ’ਚ ਡੇਵਿਡ ਦਾ ਹੀ ਹੱਥ ਹੈ।

ਅਮਰੀਕਨ ਉਦੋਂ ਤੱਕ ਇਨ੍ਹਾਂ ਪੱਤਿਆਂ ਨੂੰ ਖ਼ੂਬਸੂਰਤੀ ਵਜੋਂ ਹੀ ਉਗਾਉਂਦੇ ਤੇ ਵਰਤਦੇ ਰਹੇ ਜਦ ਤਕ ਸੰਨ 1990 ਵਿੱਚ ਇਸ ਵਿਚਲੇ ਕੁਦਰਤੀ ਗੁਣਾਂ ਦੇ ਖਜ਼ਾਨੇ ਬਾਰੇ ਪਤਾ ਨਾ ਲੱਗਿਆ। ਬਸ ਫਿਰ ਕੀ ਸੀ ! ਧੜਾਧੜ ਇਸ ਦੀ ਵਰਤੋਂ ਹਰ ਰੋਜ਼ ਦੇ ਖਾਣਿਆਂ ’ਚ ਹੋਣ ਲੱਗ ਪਈ। ਵਿਸ਼ਵ ਜੰਗ ਦੂਜੀ ਵਿੱਚ ਇੰਗਲੈਂਡ ’ਚ ਫ਼ੌਜੀਆਂ ਦੀ ਸਿਹਤ ਠੀਕ ਰੱਖਣ ਅਤੇ ਖ਼ੁਰਾਕ ਦੀ ਕਮੀ ਨਾਲ ਜੂਝਣ ਲਈ ਕੇਲ ਪੱਤੇ ਹੀ ਖਾਣ ਲਈ ਦਿੱਤੇ ਜਾਂਦੇ ਰਹੇ ਸਨ।

ਗਰਮੀ ਸਰਦੀ ਦੇ ਮੌਸਮ ਨੂੰ ਜਰਨ ਲਈ ਕੇਲ ਪੱਤੇ ਤਕੜੇ ਹਨ। ਕੁਦਰਤ ਨੇ ਮਨਫ਼ੀ 15 ਡਿਗਰੀ ਸੈਲਸੀਅਸ ਤੱਕ ਦੀ ਬਰਫੀਲੀ ਠੰਡ ਵਿੱਚ ਵੀ ਕੇਲ ਪੱਤਿਆਂ ਨੂੰ ਸੁਰੱਖਿਅਤ ਰਹਿਣ ਦੀ ਜਾਚ ਸਿਖਾਈ ਹੋਈ ਹੈ। ਸਗੋਂ ਬਰਫ਼ ਪੈਣ ਤੋਂ ਬਾਅਦ ਕੇਲ ਪੱਤਿਆਂ ਦਾ ਨਿਖ਼ਾਰ ਦੁੱਗਣਾ ਹੋ ਜਾਂਦਾ ਹੈ ਤੇ ਇਹ ਖਾਣ ਵਿੱਚ ਵੀ ਹੋਰ ਮਿੱਠੇ ਹੋ ਜਾਂਦੇ ਹਨ। ਇਨ੍ਹਾਂ ਦਾ ਰੰਗ ਵੀ ਹੋਰ ਗੂੜਾ ਜਾਮਨੀ ਤੇ ਭੂਰਾ ਹੋ ਜਾਂਦਾ ਹੈ।

ਹਲਕਾ ਜਿਹਾ ਰੰਗ ਦਾ ਹੇਰ ਫੇਰ ਹੀ ਕੇਲ ਪੱਤਿਆਂ ਨੂੰ ਢੇਰ ਸਾਰੇ ਵੱਖੋ-ਵੱਖ ਨਾਂ ਦੇ ਦਿੰਦਾ ਹੈ। ਕੋਈ ਘੁੰਘਰਾਲੇ ਪੱਤੇ, ਕਾਲੀ ਗੋਭੀ, ਲੈਸੀਨਾਟੋ, ਡਾਇਨਾਸੋਰ ਕੇਲ, ਟਸਕਨ ਕੇਲ, ਕਵੋਲੋ ਨੀਰੋ (ਇਟਲੀ ਵਿੱਚ), ਸਕਾਟ ਕੇਲ, ਨੀਲੀ ਘੁੰਘਰਾਲੀ ਕੇਲ, ਚਿੱਟੀ ਰੂਸੀ ਕੇਲ, ਲਾਲ ਰੂਸੀ ਕੇਲ ਤੇ ਕੋਈ ਸਖ਼ਤ ਜਾਨ ਕੇਲ ਦੇ ਨਾਂ ਨਾਲ ਕੇਲ ਨੂੰ ਜਾਣਦੇ ਹਨ।

ਕਈ ਥਾਈਂ ਤਾਂ ਕੇਲ ਪੱਤੇ ਵਧੀਆ ਤੋਂ ਵਧੀਆ ਫੁੱਲ ਦੀ ਖ਼ੂਬਸੂਰਤੀ ਨੂੰ ਵੀ ਮਾਤ ਪਾਉਂਦੇ ਹਨ। ਬਾਹਰੋਂ ਹਰੇ ਤੇ ਅੰਦਰੋਂ ਹਲਕੇ ਗੁਲਾਬੀ, ਲਾਲ, ਜਾਮਨੀ ਜਾਂ ਚਿੱਟੇ ਗੋਲੇ ਮਨ ਮੋਹ ਲੈਂਦੇ ਹਨ। ਇਸ ਕਿਸਮ ਦੀ ਕੇਲ ਨੂੰ ‘ਮੋਰ ਕੇਲ’, ਕਾਮੋਨ ਕੋਰਲ ਰਾਣੀ, ਕੋਰਲ ਰਾਜਾ ਆਦਿ ਵੀ ਕਿਹਾ ਜਾਂਦਾ ਹੈ। ਇਹ ਜਿੰਨੀ ਖਾਣ ਲਈ ਫ਼ਾਇਦੇਮੰਦ ਵਜੋਂ ਵਰਤੀ ਜਾ ਰਹੀ ਹੈ, ਓਨੀ ਹੀ ਵਿਆਹਾਂ ’ਚ ਸਜਾਵਟ ਲਈ ਵਰਤੀ ਜਾਂਦੀ ਹੈ।

ਰੱਤਾ ਝਾਤ ਮਾਰੀਏ ਕਿ ਰੱਬ ਨੇ ਵਿਹਲੇ ਵੇਲੇ ਬਹਿ ਕੇ ਕੇਲ ਪੱਤਿਆਂ ਵਿੱਚ ਭਰਿਆ ਕੀ ਹੈ ?

ਸੌ ਗ੍ਰਾਮ ਤਾਜ਼ੇ ਪੱਤਿਆਂ ਵਿੱਚ :-

–  49 ਕੈਲਰੀਆਂ

–  2.3 ਗ੍ਰਾਮ ਮਿੱਠਾ

–  3.6 ਗ੍ਰਾਮ ਫਾਈਬਰ

–  0.9 ਗ੍ਰਾਮ ਥਿੰਦਾ

–  4.3 ਗ੍ਰਾਮ ਪ੍ਰੋਟੀਨ

–  ਵਿਟਾਮਿਨ ਏ

–  ਵਿਟਾਮਿਨ ਬੀ ਇੱਕ, ਦੋ, ਤਿੰਨ, ਪੰਜ, ਛੇ

–  ਫੋਲੇਟ

–  ਕੋਲੀਨ

–  ਵਿਟਾਮਿਨ ਸੀ (120 ਮਿਲੀਗ੍ਰਾਮ)

–  ਵਿਟਾਮਿਨ ਕੇ (390 ਮਾਈਕਰੋਗ੍ਰਾਮ)

–  ਵਿਟਾਮਿਨ ਈ

–  150 ਮਿਲੀਗ੍ਰਾਮ ਕੈਲਸ਼ੀਅਮ

–  ਲੋਹ ਕਣ

–  ਮੈਗਨੀਸ਼ੀਅਮ

–  ਮੈਂਗਨੀਜ਼

–  ਫੌਸਫੋਰਸ, ਪੋਟਾਸ਼ੀਅਮ, ਸੀਲੀਨੀਅਮ

–  ਸੋਡੀਅਮ, ਜ਼ਿੰਕ

–  84 ਗ੍ਰਾਮ ਪਾਣੀ

ਜੇ ਕੇਲ ਪੱਤਿਆਂ ਨੂੰ ਜ਼ਿਆਦਾ ਉਬਾਲ ਲਿਆ ਜਾਵੇ ਜਾਂ ਰਿੰਨ੍ਹ ਲਿਆ ਜਾਵੇ ਤਾਂ ਏਨੇ ਸਾਰੇ ਤੱਤਾਂ ਵਿੱਚੋਂ ਕਾਫ਼ੀ ਬਾਹਰ ਨਿਕਲ ਜਾਂਦੇ ਹਨ, ਪਰ ਭਾਫ਼ ਜਾਂ ਮਾਈਕਰੋਵੇਵ ਵਿੱਚ ਬਣਾਉਣ ਨਾਲ ਕਾਫ਼ੀ ਤੱਤ ਬਚ ਜਾਂਦੇ ਹਨ।

ਇਨ੍ਹਾਂ ਤੋਂ ਇਲਾਵਾ ਕੈਰੋਟੀਨਾਇਡ, ਲਿਊਟੀਨ ਤੇ ਜ਼ੀਜ਼ੈਂਥੀਨ ਵੀ ਭਰੇ ਪਏ ਹਨ। ਕੇਲ ਪੱਤਿਆਂ ਵਿਚਲਾ ਗਲੂਕੋਰਾਫੈਨਿਨ ਹੀ ਮਨੁੱਖੀ ਖੋਜ ਦਾ ਆਧਾਰ ਬਣ ਕੇ ਇਸ ਨੂੰ ਗੁਣਾਂ ਦੀ ਖਾਣ ਬਣਾ ਰਿਹਾ ਹੈ। ਪੌਲੀਫੀਨੋਲ ਵੀ ਕੇਲ ’ਚ ਕਾਫ਼ੀ ਮਾਤਰਾ ਵਿੱਚ ਹਨ। ਕੇਲ ਵਿਚਲਾ ਓਗਜ਼ੈਲਿਕ ਏਸਿਡ ਨੁਕਸਾਨ ਕਰ ਸਕਦਾ ਹੈ ਪਰ ਮਾਈਕਰੋਵੇਵ ਵਿੱਚ ਬਣਾਉਣ ਨਾਲ ਉਸ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਸਕਾਟਲੈਂਡ ਦੀ ਇੱਕ ਮਜ਼ੇਦਾਰ ਕਹਾਣੀ ਕੇਲ ਪੱਤਿਆਂ ਬਾਰੇ ਮਸ਼ਹੂਰ ਹੈ। ਕਿਲਮੌਰ ਵਿੱਚ ਖ਼ੂਬਸੂਰਤ ਕੇਲ ਪੱਤਿਆਂ ਦੀ ਭਰਮਾਰ ਸੀ। ਨਾਲ ਦੇ ਪਿੰਡ ਵਾਲਿਆਂ ਨੇ ਇਸ ਦੀ ਖ਼ੂਬਸੂਰਤੀ ਉੱਤੇ ਮੋਹਿਤ ਹੁੰਦਿਆਂ ਬਹੁਤ ਸਾਰੇ ਪੈਸੇ ਦੇ ਕੇ ਪੱਤੇ ਖ਼ਰੀਦਣੇ ਚਾਹੇ।

ਕਿਲਮੌਰ ਵਾਲਿਆਂ ਨੇ ਚੁਸਤੀ ਵਰਤਦਿਆਂ ਪੈਸੇ ਲੈ ਲਏ ਪਰ ਕੋਲਿਆਂ ਦੀ ਹਲਕੀ ਅੱਗ ਉੱਤੇ ਰੱਤਾ ਰੱਤਾ ਭੁੰਨ ਕੇ ਪੱਤੇ ਵੇਚ ਦਿੱਤੇ ਤਾਂ ਜੋ ਇੱਕ ਵਾਰ ਭਾਵੇਂ ਉਹ ਵਰਤ ਲੈਣ ਪਰ ਇਹ ਪੱਤੇ ਕਦੇ ਦੂਜੀ ਥਾਂ ਪੁੰਗਰਨ ਨਾ ਅਤੇ ਪਿੰਡ ਵਾਲੇ ਹਮੇਸ਼ਾ ਵਾਸਤੇ ਪੱਤੇ ਖ਼ਰੀਦਣ ਉਨ੍ਹਾਂ ਕੋਲ ਹੀ ਆਉਂਦੇ ਰਹਿਣ !

ਫ਼ਾਇਦੇ :-

  1. ਸ਼ੱਕਰ ਰੋਗੀ :- ਅਮਰੀਕਨ ਡਾਇਆਬੀਟੀਜ਼ ਐਸੋਸੀਏਸ਼ਨ ਨੇ ਤਾਂ ਐਲਾਨ ਕਰ ਦਿੱਤਾ ਹੈ ਕਿ ਜੇ ਸ਼ੱਕਰ ਰੋਗ ਤੋਂ ਬਚਣਾ ਹੈ ਤਾਂ ਕੇਲ ਪੱਤਾ ਰੁਜ਼ਾਨਾ ਖਾ ਲੈਣਾ ਚਾਹੀਦਾ ਹੈ। ਇਸ ਵਿਚਲੇ ਵਿਟਾਮਿਨ, ਮਿਨਰਲ ਕਣ, ਫਾਈਬਰ ਅਤੇ ਐਂਟੀਆਕਸੀਡੈਂਟ ਸ਼ੱਕਰ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ। ਸੰਨ 2018 ਵਿੱਚ ਹੋਈ ਖੋਜ ਅਨੁਸਾਰ ਜਿਹੜੇ ਬੰਦੇ ਜ਼ਿਆਦਾ ਫਾਈਬਰ ਵਾਲੀ ਖ਼ੁਰਾਕ ਖਾਂਦੇ ਸੀ, ਉਨ੍ਹਾਂ ਦੇ ਲਹੂ ’ਚ ਸ਼ੱਕਰ ਦੀ ਮਾਤਰਾ ਕਾਬੂ ਵਿੱਚ ਰਹਿੰਦੀ ਹੈ।

ਸਰੀਰ ਅੰਦਰ ਵਧੀ ਸ਼ੱਕਰ ਦੀ ਮਾਤਰਾ ਨਾਲ ਫਰੀ ਰੈਡੀਕਲ ਅੰਸ਼ ਨਿਕਲ ਪੈਂਦੇ ਹਨ, ਜੋ ਸਾਰੇ ਅੰਗਾਂ ਦਾ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਤੋਂ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੁਦਰਤੀ ਵਿਟਾਮਿਨ ਸੀ ਅਤੇ ਐਲਫਾ ਲਿਨੋਲਿਨਿਕ ਏਸਿਡ ਵਧੀਆ ਸਾਬਤ ਹੋ ਚੁੱਕੇ ਹਨ, ਜੋ ਕੇਲ ’ਚ ਭਰੇ ਪਏ ਹਨ।

  1. ਦਿਲ ਦੇ ਰੋਗ :- ਦਿਲ ਨੂੰ ਸਿਹਤਮੰਦ ਰੱਖਣ ਲਈ ਜੋ ਅੰਸ਼ ਚਾਹੀਦੇ ਹਨ, ਉਹ ਸਾਰੇ ਕੇਲ ਪੱਤਿਆਂ ਵਿੱਚ ਹਨ।

ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਦਿਲ ਵਾਸਤੇ ਪੋਟਾਸ਼ੀਅਮ ਵੱਧ ਤੇ ਲੂਣ ਘੱਟ ਠੀਕ ਰਹਿੰਦਾ ਹੈ ਕਿਉਂਕਿ ਬਲੱਡ ਪ੍ਰੈੱਸ਼ਰ ਕਾਬੂ ’ਚ ਰਹਿੰਦਾ ਹੈ। ਇਕ ਕੱਪ ਭੁੰਨੇ ਕੇਲ ਵਿੱਚ ਰੋਜ਼ ਦੇ ਲੋੜੀਂਦੇ ਪੋਟਾਸ਼ੀਅਮ ਦਾ 3.6 ਫੀਸਦੀ ਹਿੱਸਾ ਪਹੁੰਚ ਜਾਂਦਾ ਹੈ।

ਸੰਨ 2016 ਦੀ ਕੋਕਰੇਨ ਖੋਜ ਵਿੱਚ ਵੀ ਵੱਧ ਫਾਈਬਰ ਨਾਲ ਕੋਲੈਸਟਰੋਲ ਦਾ ਘਟਣਾ ਜੋੜਿਆ ਗਿਆ ਹੈ। ਇੰਜ ਬਲੱਡ ਪ੍ਰੈੱਸ਼ਰ ਵੀ ਕਾਬੂ ਵਿੱਚ ਰਹਿੰਦਾ ਹੈ। ਇਸੇ ਲਈ ਕੇਲ ਸਹਾਈ ਸਾਬਤ ਹੋ ਰਿਹਾ ਹੈ।

  1. ਕੈਂਸਰ :- ਜਦੋਂ ਮੀਟ-ਚਿਕਨ ਤੇਜ਼ ਅੱਗ ਉੱਤੇ ਗਰਿੱਲ ਕਰ ਕੇ ਪਕਾਇਆ ਜਾਵੇ ਤਾਂ ਉਸ ਵਿੱਚੋਂ ‘ਹੈਟਰੋਸਾਈਕਲਿਕ ਅਮੀਨ’ ਅੰਸ਼ ਨਿਕਲ ਪੈਂਦੇ ਹਨ, ਜੋ ਲਗਾਤਾਰ ਖਾਂਦੇ ਰਹਿਣ ਨਾਲ ਕੈਂਸਰ ਦਾ ਕਾਰਨ ਬਣਦੇ ਹਨ। ਕੇਲ ਵਿਚਲਾ ਕਲੋਰੋਫਿਲ; ਸਰੀਰ ਹਜ਼ਮ ਨਹੀਂ ਕਰ ਸਕਦਾ ਪਰ ਉਹ ਇਨ੍ਹਾਂ ਮਾੜੇ ਅੰਸ਼ਾਂ ਨੂੰ ਆਪਣੇ ਨਾਲ ਮਿਲਾ ਕੇ ਸਰੀਰ ਅੰਦਰ ਨੁਕਸਾਨ ਕਰਨ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦਾ ਹੈ।

ਵਿਟਾਮਿਨ ਸੀ, ਬੀਟਾ ਕੈਰੋਟੀਨ, ਸੀਲੀਨੀਅਮ ਤੇ ਹੋਰ ਕੇਲ ਵਿਚਲੇ ਐਂਟੀਆਕਸੀਡੈਂਟ ਕੈਂਸਰ ਵਾਲੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਕੇਲ ਵਿਚਲਾ ਫਾਈਬਰ ਵੀ ਅੰਤੜੀਆਂ ਦੇ ਕੈਂਸਰ (ਕੋਲੋਰੈਕਟਲ) ਤੋਂ ਬਚਾਅ ਕਰਦਾ ਹੈ (ਸੰਨ 2015 ਵਿੱਚ ਛਪੀ ਖੋਜ)।

  1. ਹੱਡੀਆਂ ਲਈ :- ਕੇਲ ਵਿਚਲੇ ਕੈਲਸ਼ੀਅਮ ਤੇ ਫਾਸਫੋਰਸ ਹੱਡੀਆਂ ਤਕੜੀਆਂ ਕਰਨ ’ਚ ਮਦਦ ਕਰਦੇ ਹਨ। ਵਿਟਾਮਿਨ ਕੇ; ਹੱਡੀਆਂ ਟੁੱਟਣ ਤੋਂ ਬਚਾਅ ਕਰਦਾ ਹੈ ਤੇ ਲਹੂ ਵਗਣ ਤੋਂ ਵੀ ਰੋਕਦਾ ਹੈ।

ਹੁਣ ਧਿਆਨ ਕਰੋ ਕਿ ਭੁੰਨੇ ਕੇਲ ਦੇ ਪੱਤਿਆਂ ਦਾ ਇੱਕ ਕੱਪ ਰੋਜ਼ ਦੇ ਲੋੜੀਂਦੇ ਵਿਟਾਮਿਨ ਕੇ ਤੋਂ ਪੰਜ ਗੁਣਾ ਵੱਧ ਹਿੱਸਾ ਸਰੀਰ ਅੰਦਰ ਪਹੁੰਚਾ ਦਿੰਦਾ ਹੈ, ਕੈਲਸ਼ੀਅਮ ਦਾ 18 ਫੀਸਦੀ ਤੇ ਫਾਸਫੋਰਸ ਦਾ ਸੱਤ ਫੀਸਦੀ ਹਿੱਸਾ !

  1. ਹਾਜ਼ਮਾ :- ਕੇਲ ਵਿਚਲਾ ਫਾਈਬਰ ਤੇ ਪਾਣੀ ਦਾ ਮਿਸ਼ਰਣ ਜਿੱਥੇ ਕਬਜ਼ ਹੋਣ ਤੋਂ ਰੋਕਦਾ ਹੈ, ਉੱਥੇ ਹਾਜ਼ਮਾ ਵੀ ਸਹੀ ਕਰ ਦਿੰਦਾ ਹੈ।
  2. ਚਮੜੀ ਤੇ ਵਾਲ :- ਬੀਟਾ ਕੈਰੋਟੀਨ ਸਰੀਰ ਅੰਦਰ ਵਿਟਾਮਿਨ ਏ ਵਿੱਚ ਤਬਦੀਲ ਹੋ ਕੇ ਵਾਲ ਤੇ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਕੇਲ ਵਿਚਲਾ ਵਿਟਾਮਿਨ ਸੀ ਚਮੜੀ ਵਿਚਲੇ ਕੋਲਾਜਨ ਨੂੰ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦਾ ਹੈ।

ਇੱਕ ਕੌਲੀ ਭੁੰਨਿਆ ਕੇਲ ਰੁਜ਼ਾਨਾ ਦੀ ਲੋੜੀਂਦੀ ਵਿਟਾਮਿਨ ਏ ਦਾ 20 ਫੀਸਦੀ ਹਿੱਸਾ ਤੇ ਵਿਟਾਮਿਨ ਸੀ ਦਾ 23 ਫੀਸਦੀ ਹਿੱਸਾ ਪੂਰਾ ਕਰ ਦਿੰਦਾ ਹੈ।

  1. ਅੱਖਾਂ ਲਈ :-ਕੇਲ ਵਿਚਲੇ ਲਿਊਟੀਨ ਅਤੇ ਜ਼ੀਜ਼ੈਂਥੀਨ ਤਕੜੇ ਐਂਟੀਆਕਸੀਡੈਂਟ ਹਨ, ਜੋ ਵਧਦੀ ਉਮਰ ਨਾਲ ਅੱਖ ਅੰਦਰਲੀ ਪਰਤ ਦਾ ਸੁੰਗੜਨਾ ਰੋਕ ਦਿੰਦੇ ਹਨ ਤੇ ਅੰਨ੍ਹੇ ਹੋਣ ਤੋਂ ਬਚਾ ਦਿੰਦੇ ਹਨ। ਵਿਟਾਮਿਨ ਸੀ, ਈ, ਬੀਟਾ ਕੈਰੋਟੀਨ ਤੇ ਜ਼ਿੰਕ ਵੀ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਧੀਆ ਰੋਲ ਅਦਾ ਕਰਦੇ ਹਨ। ਇਹ ਸਾਰੇ ਹੀ ਸਹੀ ਮਾਤਰਾ ’ਚ ਕੇਲ ਵਿੱਚ ਹਨ।

ਕਿਵੇਂ ਖਾਈਏ :-

–  ਕੱਚੇ ਸਲਾਦ ਵਿੱਚ ਪੱਤੇ

–  ਹਲਕਾ ਉਬਾਲ ਕੇ

–  ਭੁੰਨ ਕੇ

–  ਸੂਪ ਵਿੱਚ

–  ਬਰੈੱਡ ਵਿੱਚ ਲਾ ਕੇ/ਬਰਗਰ ਆਦਿ।

–  ਥੋਮ, ਪਿਆਜ਼ ਤੇ ਕੇਲ ਦੇ ਪੱਤੇ ਤੇਜ਼ ਅੱਗ ਉੱਤੇ ਹਲਕਾ ਭੁੰਨ ਕੇ ਓਲਿਵ ਤੇਲ ਪਾ ਕੇ ਖਾਧੇ ਜਾ ਸਕਦੇ ਹਨ ਜਾਂ ਹਲਕਾ ਉਬਾਲ ਕੇ, ਪਾਣੀ ਰੋੜ੍ਹ ਕੇ, ਬਾਕੀ ਪੱਤਿਆਂ ਵਿੱਚ ਸੋਇਆ ਚਟਨੀ ਪਾ ਕੇ ਖਾਧੇ ਜਾ ਸਕਦੇ ਹਨ।

–  ਕੇਲ ਪੱਤਿਆਂ ਦੇ ਚਿੱਪਸ ਵੀ ਬਣਾਏ ਜਾ ਸਕਦੇ ਹਨ। ਮਸਾਲੇ ਪਾ ਕੇ ਓਵਨ ਵਿੱਚ 20 ਮਿੰਟ ਪਕਾਏ ਜਾ ਸਕਦੇ ਹਨ। ਜ਼ਿਆਦਾਤਰ ਡਾਇਨਾਸੌਰ ਕੇਲ ਦੇ ਹੀ ਚਿੱਪਸ ਬਣਾਏ ਜਾਂਦੇ ਹਨ ਕਿਉਂਕਿ ਇਸ ਦੇ ਪੱਤੇ ਵੱਡੇ ਹੁੰਦੇ ਹਨ।

–  ਕਿਸੇ ਵੀ ਤਰ੍ਹਾਂ ਦੇ ਫਲਾਂ ਦੇ ਰਸ ਵਿੱਚ ਪਾਏ ਜਾ ਸਕਦੇ ਹਨ ਜਾਂ ਸਮੂਦੀ ਬਣਾਈ ਜਾ ਸਕਦੀ ਹੈ।

–  ਤਾਜ਼ੇ ਛੋਟੇ ਪੱਤੇ ਕੌੜੇ ਨਹੀਂ ਹੁੰਦੇ ਤੇ ਉਨ੍ਹਾਂ ਵਿੱਚ ਫਾਈਬਰ ਵੀ ਵੱਧ ਹੁੰਦਾ ਹੈ।

–  ਲਾਲ ਰੂਸੀ ਕੇਲ ਕਾਫ਼ੀ ਮਿੱਠੀ ਹੁੰਦੀ ਹੈ ਤੇ ਕੱਚੀ ਹੀ ਜ਼ਿਆਦਾਤਰ ਸਲਾਦ ਵਿੱਚ ਖਾਧੀ ਜਾਂਦੀ ਹੈ।

ਖ਼ਤਰੇ :-1.  ਕੇਲ ਵਿੱਚ ਅੱਜ ਕੱਲ੍ਹ ਏਨਾ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ ਕਿ ਬਿਨਾਂ ਚੰਗੀ ਤਰ੍ਹਾਂ ਧੋਤਿਆਂ ਖਾਣ ਨਾਲ ਇਨ੍ਹਾਂ ਵਿਚਲਾ ਜ਼ਹਿਰ ਸਰੀਰ ਅੰਦਰ ਪਹੁੰਚ ਕੇ ਕਹਿਰ ਢਾਅ ਸਕਦਾ ਹੈ।

  1. ਜਿਹੜੇ ਮਰੀਜ਼ ਬੀਟਾ ਬਲੌਕਰ ਦਵਾਈ ਖਾ ਰਹੇ ਹੋਣ, ਉਨ੍ਹਾਂ ਨੂੰ ਕੇਲ ਪੱਤੇ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿੱਚ ਪੋਟਾਸ਼ੀਅਮ ਕਾਫ਼ੀ ਵੱਧ ਹੁੰਦਾ ਹੈ।
  2. ਗੁਰਦੇ ਦੀ ਬੀਮਾਰੀ ਵਾਲੇ ਮਰੀਜ਼ਾਂ ਲਈ ਵੀ ਵੱਧ ਪੋਟਾਸ਼ੀਅਮ ਹਾਨੀਕਾਰਕ ਹੋ ਸਕਦੀ ਹੈ।
  3. ਵਾਰਫੈਰਿਨ ਦਵਾਈ ਲੈ ਰਹੇ ਮਰੀਜ਼ਾਂ ਨੂੰ ਵੀ ਕੇਲ ਪੱਤੇ ਜ਼ਿਆਦਾ ਨਹੀਂ ਖਾਣੇ ਚਾਹੀਦੇ ਕਿਉਂਕਿ ਕੇਲ ਲਹੂ ਜਮਾਉਣ ਵਿੱਚ ਮਦਦ ਕਰਦੀ ਹੈ ਜਦਕਿ ਵਾਰਫੈਰਿਨ ਲਹੂ ਜੰਮਣ ਤੋਂ ਰੋਕਦੀ ਹੈ।

ਸਾਰ :- ਕੁਦਰਤ ਵਿੱਚ ਏਨੀਆਂ ਬੇਸ਼ਕਮੀਤੀ ਚੀਜ਼ਾਂ ਲੁਕੀਆਂ ਪਈਆਂ ਹਨ, ਜਿਨ੍ਹਾਂ ਬਾਰੇ ਹਾਲੇ ਖੋਜਾਂ ਹੋਈਆਂ ਹੀ ਨਹੀਂ ਜਾਂ ਖੋਜਾਂ ਜਾਰੀ ਹਨ। ਇਹ ਪੱਕਾ ਹੈ ਕਿ ਸਿਹਤਮੰਦ ਰਹਿਣ ਲਈ ਅਤੇ ਬੀਮਾਰੀਆਂ ਤੋਂ ਬਚਣ ਲਈ ਕੁਦਰਤ ਦੇ ਨੇੜੇ ਹੋਣਾ ਜ਼ਰੂਰੀ ਹੈ ਤੇ ਕੁਦਰਤ ਨੂੰ ਸੰਭਾਲਣ ਦੀ ਲੋੜ ਹੈ। ਹਵਾ, ਪਾਣੀ, ਧਰਤੀ, ਹਰ ਚੀਜ਼ ਨੂੰ ਸੰਭਾਲ ਕੇ ਪਲੀਤ ਹੋਣ ਤੋਂ ਬਚਾ ਲਈਏ ਤਾਂ ਕੇਲ ਵਰਗੀਆਂ ਅਨੇਕ ਹੋਰ ਕੁਦਰਤੀ ਸੁਗ਼ਾਤਾਂ ਸਾਨੂੰ ਲੰਮੀ ਉਮਰ ਦੇਣ ਲਈ ਤਿਆਰ ਬੈਠੀਆਂ ਹਨ।

ਅੱਖੀਂ ਵੇਖਿਆ ਨਨਕਾਣਾ ਸਾਕਾ 

0

ਅੱਖੀਂ ਵੇਖਿਆ ਨਨਕਾਣਾ ਸਾਕਾ 

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਸਿੱਖੀ ਇੱਕ ਵਿਚਾਰਧਾਰਾ ਹੈ, ਜੋ ਕਿਸੇ ਵੀ ਸਦੀ ਦਾ ਹਾਕਮ ਸਮਝ ਹੀ ਨਹੀਂ ਸਕਿਆ। ਇੱਕ ਪਾਸੇ ਸਿਰੇ ਦੀ ਬਹਾਦਰੀ ਤੇ ਦੂਜੇ ਪਾਸੇ ਸਹਿਣ ਸ਼ਕਤੀ ਦਾ ਸਿਖਰ। ਬਹਾਦਰੀ (ਪਹਿਲਾ ਮਰਣੁ ਕਬੂਲਿ) ਅਤੇ ਸਹਿਣਸ਼ਕਤੀ (ਹੋਹੁ ਸਭਨਾ ਕੀ ਰੇਣੁਕਾ); ਦੇ ਸਿਖਰ ਹੀ ਹਨ ਗੁਰੂ ਜੀ ਦੇ ਇਹ ਵਚਨ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ   ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ (ਮਹਲਾ /੧੧੦੨) ਇਹ ਨਾਸਮਝੀ ਹੀ ਹਰ ਹਾਕਮ ਨੂੰ ਸਿੱਖ ਵਿਰੋਧੀ ਬਣਾ ਦਿੰਦੀ ਹੈ ਤੇ ਹਰ ਵਾਰ ਦੀ ਤਰ੍ਹਾਂ ਜ਼ਾਲਮ ਰਾਜਾ ਸਿੱਖਾਂ ਨੂੰ ਮੁਕਾਉਂਦਾ ਆਪ ਮੁੱਕ ਜਾਂਦਾ ਰਿਹਾ ਹੈ।

ਸਾਕਾ ਨਨਕਾਣਾ ਸਾਹਿਬ ਵਿੱਚ ਵਾਪਰੇ ਸਿਖਰ ਦੇ ਕਹਿਰ ਵਿੱਚੋਂ ਕੁੱਝ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ ਕਿ ਉਸ ਸਮੇਂ ਦੀ ਸਰਕਾਰ ਮਹੰਤਾਂ ਨਾਲ ਰਲ਼ਗੱਡ ਸੀ। ਸਰਕਾਰ ਨੇ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਨਾਲ ਉੱਪਰੋਂ ਉੱਪਰੋਂ ਬਣਾ ਕੇ ਰੱਖਣ ਲਈ ਇਹ ਕਹਿ ਦਿੱਤਾ ਸੀ ਕਿ ਅਸੀਂ ਸਿੱਖਾਂ ਦੇ ਧਾਰਮਿਕ ਸਥਾਨਾਂ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਨੀ। ਦੂਜੇ ਪਾਸੇ ਮਹੰਤਾਂ ਨੂੰ ਇਹ ਕਹਿ ਦਿੱਤਾ ਕਿ ਆਪਣੀ ਰੱਖਿਆ ਆਪ ਕਰਨ ਦਾ ਬੰਦੋਬਸਤ ਕਰ ਲਵੋ ਕਿਉਂਕਿ ਉਹ ਮਹੰਤਾਂ ਕੋਲੋਂ ਮਾਇਆ ਹਾਸਲ ਕਰ ਰਹੇ ਸਨ। ਇੰਜ ਸਿੱਖਾਂ ਦੀ ਵਧਦੀ ਤਾਕਤ ਨੂੰ ਰੋਕਣ ਦਾ ਢੰਗ ਵੀ ਉਨ੍ਹਾਂ ਲੱਭ ਲਿਆ ਸੀ।

ਉਸ ਸਮੇਂ ਦੀਆਂ ਛਪੀਆਂ ਖ਼ਬਰਾਂ, ਭੁਗਤੇ ਗਵਾਹ, ਲਿਖੀਆਂ ਗਈਆਂ ਚਿੱਠੀਆਂ ਤੇ ਅੱਖੀਂ ਵੇਖੇ ਗਵਾਹਾਂ ਵੱਲੋਂ ਲਿਖੇ ਦਸਤਾਵੇਜ਼ਾਂ ਅਨੁਸਾਰ ਜੋ ਤੱਥ ਸਾਹਮਣੇ ਆ ਚੁੱਕੇ ਹੋਏ ਹਨ, ਉਹ ਹਨ :-

  1. ਬਹੁਤ ਅਖ਼ਬਾਰਾਂ ਅੰਗ੍ਰੇਜ਼ਾਂ ਦੇ ਹੱਕ ਵਿੱਚ ਭੁਗਤ ਰਹੀਆਂ ਸਨ ਤੇ ਇੱਕ ਪਾਸੜ ਖ਼ਬਰਾਂ ਛਾਪ ਕੇ ਸਿੱਖਾਂ ਨੂੰ ‘ਅੱਤਵਾਦੀ’ ਤੱਕ ਐਲਾਨ ਰਹੀਆਂ ਸਨ। ਇੰਜ ਮਹੰਤਾਂ ਦੇ ਹੱਕ ਵਿੱਚ ਆਮ ਲੋਕਾਂ ਨੂੰ ਭੁਗਤਾ ਕੇ ਸਿੱਖਾਂ ਦੀ ਤਾਕਤ ਨੂੰ ਢਾਅ ਲਾਈ ਜਾ ਰਹੀ ਸੀ। ਆਮ ਜਨਤਾ ਨੂੰ ਰੋਜ਼ ਦੀਆਂ ਵਿਰੋਧੀ ਤੇ ਬੇਬੁਨਿਆਦ ਖ਼ਬਰਾਂ ਪੜ੍ਹਾ ਕੇ, ਹੱਕ ਮੰਗਦੇ ਤੇ ਸ਼ਾਂਤਮਈ ਸੰਘਰਸ਼ ਕਰਦੇ ਸਿੱਖਾਂ ਤੋਂ ਪਰ੍ਹਾਂ ਕਰਨ ਦੀ ਅਣਥੱਕ ਕੋਸ਼ਿਸ਼ ਕੀਤੀ ਜਾ ਰਹੀ ਸੀ। ਧਾਰਮਿਕ ਪਾੜ ਪਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ। ਇਸ ਸਭ ਦੇ ਬਾਵਜੂਦ ਸਿੱਖਾਂ ਵੱਲੋਂ ਗੁਰਦੁਆਰਿਆਂ ਦੀ ਦੁਰਵਰਤੋਂ ਦੇ ਵਿਰੋਧ ਨੂੰ ਵੀ ਬਿਆਨ ਕਰਨ ਵਾਲੀਆਂ ਕੁੱਝ ਦਮਦਾਰ ਅਖ਼ਬਾਰਾਂ ਸਨ, ਜਿਨ੍ਹਾਂ ਨੇ ਸੱਚ ਲਿਖਣ ਦੀ ਹਿੰਮਤ ਵਿਖਾਈ ਤੇ ਪੁਲਿਸੀਆ ਤਸ਼ੱਦਦ ਵੀ ਝੱਲਿਆ।
  2. ਸਿੱਖੀ ਸੋਚ ਨਾਲ ਜੁੜੇ ਲੋਕ ਗੁਰਦੁਆਰਿਆਂ ਨੂੰ ਆਪਣੇ ਗੁਰੂ ਦਾ ਘਰ ਮੰਨਦਿਆਂ ਉਸ ਥਾਂ ਦੇ ਅਪਵਿੱਤਰ ਹੋਣ ਨਾਲੋਂ ਆਪਣੇ ਆਪ ਨੂੰ ਖ਼ਤਮ ਕਰ ਦੇਣਾ ਬਿਹਤਰ ਮੰਨਦੇ ਹਨ। ਪੰਥ ਵਸੇ ਮੈਂ ਉਜੜਾਂ ! ਉਸ ਸਮੇਂ ਮਹੰਤ ਨਾਰਾਇਣ ਦਾਸ, ਜੋ ਵਿਲਾਸੀ ਅਤੇ ਅਧਰਮੀ ਸੀ, ਗੁਰਦੁਆਰੇ ਅੰਦਰ ਔਰਤਾਂ ਨਚਾਉਂਦਾ ਸੀ, ਲੱਚਰ ਗੀਤ ਗਵਾਉਂਦਾ ਸੀ ਤੇ ਲੋਕਾਂ ਵੱਲੋਂ ਗੁਰਦੁਆਰੇ ਲਈ ਦਿੱਤੇ ਦਾਨ ਦੀ ਦੁਰਵਰਤੋਂ ਕਰਦਾ ਸੀ। ਇਸ ਬਾਰੇ ਸਾਰੀ ਜਾਣਕਾਰੀ ਸਰਕਾਰ ਨੂੰ ਸੀ। ਸਿੱਖਾਂ ਵੱਲੋਂ ਇਸ ਬਾਰੇ ਬੇਅੰਤ ਵਾਰ ਸਰਕਾਰ ਨੂੰ ਲਿਖਤ ਜਾਣਕਾਰੀ ਅਤੇ ਸਬੂਤ ਦੇਣ ਤੋਂ ਬਾਅਦ ਵੀ ਸਰਕਾਰ ਟਸ ਤੋਂ ਮਸ ਨਾ ਹੋਈ ਅਤੇ ਪੁਲਿਸ ਮਹੰਤ ਦਾ ਸਾਥ ਹੀ ਦਿੰਦੀ ਰਹੀ।
  3. ਜਦੋਂ ਸਰਕਾਰ ਨੇ ਕੰਨਾਂ ਉੱਤੇ ਜੂੰ ਨਾ ਰੇਂਗੀ ਤਾਂ ਮਜਬੂਰਨ ਸ਼ਾਂਤ ਤਰੀਕੇ ਮੁਜ਼ਾਹਰਾ ਕਰਨ ਬਾਰੇ ਸੋਚਿਆ ਗਿਆ। ਸ਼ਾਂਤਮਈ ਢੰਗ ਨਾਲ ਜੱਥੇ ਦੀ ਸ਼ਕਲ ਵਿੱਚ ਸਿੰਘਾਂ ਨੂੰ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਵੱਲ ਜਾ ਕੇ ਮਹੰਤਾਂ ਤੋਂ ਆਜ਼ਾਦ ਕਰਵਾਉਣ ਬਾਰੇ ਵਿਚਾਰ ਕੀਤਾ ਗਿਆ। ਉਸ ਥਾਂ ਦੀ ਪਵਿੱਤਰਤਾ ਵਾਪਸ ਬਹਾਲ ਕਰਨ ਲਈ ਚਾਬੀਆਂ ਅਤੇ ਕਬਜ਼ਾ ਦਵਾਉਣ ਲਈ ਸਰਕਾਰ ਨੂੰ ਬੇਨਤੀ ਕੀਤੀ ਗਈ। ਇਸ ਉੱਤੇ ਸਰਕਾਰ ਵੱਲੋਂ ਦੱਬ ਕੇ ਕੂੜ ਪ੍ਰਚਾਰ ਕੀਤਾ ਗਿਆ ਕਿ ਸਿੱਖ ਜੱਥੇਬੰਦੀਆਂ ਹੱਲਾ ਬੋਲਣ ਚੱਲੀਆਂ ਹਨ। ਵਧਾ ਚੜ੍ਹਾ ਕੇ ਸਾਰੀਆਂ ਸਰਕਾਰੀ ਅਖ਼ਬਾਰਾਂ ਵਿੱਚ ਅਤੇ ਰੇਡੀਓ ਪ੍ਰਸਾਰਣ ਰਾਹੀਂ ਲੋਕਾਂ ਨੂੰ ਦੱਸਿਆ ਗਿਆ ਤਾਂ ਜੋ ਆਮ ਲੋਕ ਇਸ ਸ਼ਾਂਤਮਈ ਸੰਘਰਸ਼ ਦਾ ਸਾਥ ਨਾ ਦੇਣ।
  4. ਮਹੰਤ ਨਾਰਾਇਣ ਦਾਸ ਬਰਤਾਨਵੀ ਅਧਿਕਾਰੀਆਂ ਨੂੰ ਗੁਰਦੁਆਰਾ ਫੰਡ ਵਿੱਚੋਂ ਕੀਮਤੀ ਸੁਗਾਤਾਂ ਭੇਂਟ ਕਰਦਾ ਸੀ, ਜਿਸ ਕਾਰਨ ਉਹ ਪਲ-ਪਲ ਦੀ ਸਾਰੀ ਜਾਣਕਾਰੀ ਮਹੰਤ ਨੂੰ ਦਿੰਦੇ ਰਹੇ ਅਤੇ ਉਸ ਨੂੰ ਅਸਲਾ ਇਕੱਠ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ। ਸਿੱਖ ਸਭਾਵਾਂ ਨੂੰ ਜਦੋਂ ਪਤਾ ਲੱਗਿਆ ਤਾਂ ਮਤੇ ਪਾਸ ਕਰ ਕੇ ਸਰਕਾਰ ਨੂੰ ਭੇਜੇ ਗਏ, ਪਰ ਸਰਕਾਰ ਨੇ ਕੁੱਝ ਨਾ ਕੀਤਾ।
  5. ਅਕਤੂਬਰ 1920 ਵਿੱਚ ਧਾਰੋਵਾਲ ਵਿਖੇ ਦੀਵਾਨ ਵਿੱਚ ਲਏ ਫ਼ੈਸਲੇ ਅਨੁਸਾਰ ਸਿੱਖ ਜਥੇਬੰਦੀਆਂ ਨੇ ਮਹੰਤ ਨਰਾਇਣ ਦਾਸ ਨੂੰ ਤੌਰ ਤਰੀਕੇ ਠੀਕ ਕਰਨ ਨੂੰ ਕਿਹਾ, ਪਰ ਇਸ ਦਾ ਅਸਰ ਕੁੱਝ ਨਾ ਹੋਇਆ। ਨਾ ਸਰਕਾਰ ਨੇ ਸੁਣੀ, ਨਾ ਮਹੰਤ ਨੇ। ਅਖ਼ੀਰ ਇਹ ਮਤਾ ਪਾਸ ਕੀਤਾ ਗਿਆ ਕਿ ਹਰਿਮੰਦਰ ਸਾਹਿਬ, ਅਕਾਲ ਤਖ਼ਤ ਤੇ ਅੰਮ੍ਰਿਤਸਰ ਦੇ ਹੋਰ ਗੁਰਦੁਆਰੇ ਅਕਾਲੀ ਸੁਧਾਰਕਾਂ ਹੇਠ ਲਿਆਂਦੇ ਜਾਣ ਤਾਂ ਜੋ ਉਨ੍ਹਾਂ ਦੀ ਬੇਅਦਬੀ ਨਾ ਹੋਵੇ।
  6. ਇਸ ਗੱਲ ਨੂੰ ਸਰਕਾਰੀ ਅਖ਼ਬਾਰੀ ਨੁਮਾਇੰਦਿਆਂ ਨੇ ਲੂਣ ਮਿਰਚ ਲਾ ਕੇ ਛਾਪਿਆ ਤੇ ਮਹੰਤ ਨੂੰ ਅਧਿਕਾਰੀਆਂ ਵੱਲੋਂ ਸਮਾਂ ਦਿੱਤਾ ਗਿਆ ਕਿ ਉਹ 60 ਹੋਰ ਮਹੰਤ ਬੁਲਾ ਕੇ ਮੀਟਿੰਗ ਕਰ ਸਕੇ। ਅਕਾਲੀ ਲਹਿਰ ਖ਼ਿਲਾਫ਼ ਕੂੜ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਗਿਆ। ਲਾਹੌਰ ਤੋਂ ਛਪਦੇ ਸੰਤ ਸੇਵਕ ਅਖ਼ਬਾਰ ਵਿੱਚ ਰੱਜ ਕੇ ਸਿੱਖ ਜੱਥੇਬੰਦੀਆਂ ਨੂੰ ਭੰਡਿਆ ਗਿਆ।
  7. ਮਹੰਤਾਂ ਨੇ ਅਸਲਾ ਇਕੱਠਾ ਕਰਨ ਦੇ ਨਾਲ-ਨਾਲ ਤਲਵਾਰਾਂ, ਲਾਠੀਆਂ, ਛਵ੍ਹੀਆਂ, ਟਕਵੇ, ਗੋਲਾ ਬਾਰੂਦ, ਪਿਸਤੌਲਾਂ, ਪਿਸਤੌਲਾਂ ਦੀਆਂ ਗੋਲ਼ੀਆਂ, 400 ਭਾੜੇ ਦੇ ਗੁੰਡੇ, ਵੱਡੇ ਲੋਹੇ ਦਾ ਫਾਟਕ ਤੇ 100 ਪਠਾਣਾਂ ਦਾ ਵੱਖ ਗਿਰੋਹ ਹੱਲਾ ਕਰਨ ਲਈ ਤਿਆਰ ਕਰ ਲਿਆ। ਬਰਤਾਨਵੀ ਅਧਿਕਾਰੀ ਅੱਖਾਂ ਬੰਦ ਕਰ ਕੇ ਸਭ ਵੇਖਦੇ ਰਹੇ ਤੇ ਅੰਦਰੋ ਅੰਦਰੀ ਖ਼ੁਸ਼ ਹੁੰਦੇ ਰਹੇ ਕਿ ਚਲੋ ਸਿੱਖ ਜਥੇਬੰਦੀਆਂ ਨੂੰ ਤਕੜਾ ਮੁਕਾਬਲਾ ਸਹਿਣਾ ਪਵੇਗਾ !
  8. ਇਹ ਤੱਥ ਵੀ ਛਪ ਚੁੱਕੇ ਹੋਏ ਹਨ ਕਿ ਮਹੰਤ ਮਾਝੇ ਦੇ ਗੁੰਡਿਆਂ ਨੂੰ ਉਸ ਸਮੇਂ ਡੇਢ ਲੱਖ ਰੁਪੈ ਦੇ ਕੇ 12 ਕਾਤਲ ਵੀ ਨਨਕਾਣਾ ਸਾਹਿਬ ਅੰਦਰ ਲੈ ਗਿਆ ਸੀ। ਬਰਤਾਨਵੀ ਪੁਲਿਸ ਨੂੰ ਸਭ ਪਤਾ ਸੀ ਪਰ ਉਹ ਉੱਕਾ ਹੀ ਚੁੱਪ ਧਾਰਨ ਕਰ ਕੇ ਤਮਾਸ਼ਾ ਵੇਖਦੀ ਰਹੀ।
  9. ਅਖ਼ੀਰ ਉਹ ਦਿਨ ਵੀ ਆਇਆ ਜਦ ਪਹਿਲਾ ਜੱਥਾ ਲਛਮਣ ਸਿੰਘ ਦੀ ਕਮਾਨ ਹੇਠ 19 ਫਰਵਰੀ 1921 ਨੂੰ ਨਨਕਾਣਾ ਸਾਹਿਬ ਲਈ ਸ਼ਾਂਤਮਈ ਢੰਗ ਨਾਲ ਰਵਾਨਾ ਹੋਇਆ। ਰਾਹ ਵਿੱਚ ਹੋਰ ਸਿੱਖ ਵੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸ਼ਾਮਲ ਹੋ ਗਏ। ਸਭ ਨਿਹੱਥੇ ਸਨ। ਵੀਹ ਫ਼ਰਵਰੀ ਨੂੰ ਜਦੋਂ ਜੱਥਾ ਸਿਰਫ਼ ਨਨਕਾਣਾ ਸਾਹਿਬ ਤੋਂ ਅੱਧਾ ਕੁ ਮੀਲ ਦੂਰ ਰਹਿ ਗਿਆ ਤਾਂ ਅਕਾਲੀ ਲਹਿਰ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਮੈਂਬਰਾਂ ਨੇ ਦਲੀਪ ਸਿੰਘ ਹਰਕਾਰੇ ਰਾਹੀਂ ਸੁਨੇਹਾ ਭੇਜਿਆ ਕਿ ਅੰਦਰ ਗੋਲਾ ਬਾਰੂਦ ਜਮਾਂ ਕੀਤਾ ਗਿਆ ਹੈ, ਸੋ ਅੱਗੇ ਨਾ ਜਾਇਆ ਜਾਵੇ। ਇੰਜ ਜਾਨੀ ਨੁਕਸਾਨ ਦਾ ਖ਼ਤਰਾ ਸੀ ਕਿਉਂਕਿ ਪੁਲਿਸ ਹੱਥ ਬੰਨ੍ਹ ਕੇ ਬੈਠੀ ਹੋਈ ਸੀ।

ਲਛਮਣ ਸਿੰਘ ਤਾਂ ਮੰਨਿਆ ਪਰ ਬਾਕੀ ਜੱਥਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਰ ਹਾਲ ਅੰਦਰ ਜਾਣਾ ਚਾਹੁੰਦਾ ਸੀ। ਸਭ ਨੇ ਰਲ਼ ਕੇ ਕਿਹਾ ਕਿ ਜਦ ਅਸੀਂ ਅਮਨ ਅਮਾਨ ਨਾਲ ਜਾਣਾ ਹੈ ਤਾਂ ਫਿਰ ਰੱਬ ਦੇ ਘਰ ਕਾਹਦਾ ਡਰ ! ਤੜਕੇ 6 ਵਜੇ ਸਾਰਾ ਜੱਥਾ ਅੰਦਰ ਦਾਖ਼ਲ ਹੋ ਕੇ ਅਰਦਾਸ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੋਣ ਲਈ ਅਗਾਂਹ ਹੋਇਆ ਤਾਂ ਅੰਨ੍ਹੇਵਾਹ ਗੋਲ਼ੀਆਂ ਚੱਲਣੀਆਂ ਸ਼ੁਰੂ ਹੋ ਗਈਆਂ।

  1. ਬਿਲਕੁਲ ਨਾਲ ਪੁਲਿਸ ਥਾਣਾ ਹੁੰਦਿਆਂ ਹੋਇਆਂ ਵੀ ਕੋਈ ਨਾ ਬਹੁੜਿਆ। ਉੱਚੀ-ਉੱਚੀ ਮਹੰਤ ਚੀਕ ਰਿਹਾ ਸੁਣਿਆ ਗਿਆ, ‘‘ਵੇਖਿਓ ਕੋਈ ਕੇਸਾਂ ਵਾਲਾ ਸਿੱਖ ਜਿਊਂਦਾ ਨਾ ਬਚੇ !’’ ਬਾਹਰਲਾ ਗੇਟ ਬੰਦ ਕਰ ਕੇ ਇੱਟਾਂ, ਪੱਥਰ ਸੁੱਟ ਕੇ, ਕਿਰਪਾਨਾਂ ਕੁਹਾੜੀਆਂ ਨਾਲ ਵੱਢ ਕੇ, ਗੋਲ਼ੀਆਂ ਨਾਲ ਵਿੰਨ੍ਹ ਕੇ ਸਾਰੇ ਨਿਹੱਥੇ ਸਿੱਖਾਂ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਪੱਚੀ ਸਿੰਘ ਗੁਰਦੁਆਰੇ ਅੰਦਰ ਅਰਦਾਸ ਕਰਦੇ ਹੋਏ ਮਾਰ ਮੁਕਾਏ। ਸੱਠ ਚੌਖੰਡੀ ਅੰਦਰ ਲੁਕੇ ਦਰਵਾਜ਼ੇ ਤੋੜ ਕੇ ਵੱਢ ਸੁੱਟੇ। ਪੱਚੀ ਪਾਸੇ ਦੇ ਕਮਰਿਆਂ ਅੰਦਰੋਂ ਕੱਢ ਜ਼ਖ਼ਮੀ ਕਰ ਦਿੱਤੇ ਤੇ ਸਭ ਜ਼ਖ਼ਮੀ, ਅਧਮਰਿਆਂ ਤੇ ਲਾਸ਼ਾਂ ਨੂੰ ਘੜੀਸ ਕੇ ਇਕੱਠੇ ਕਰ ਇੱਕੋ ਥਾਂ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ।
  2. ਲਗਭਗ 10 ਕੁ ਵਜੇ 20 ਫ਼ਰਵਰੀ 1921 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਨਕਾਣਾ ਸਾਹਿਬ ਤੋਂ ਸ੍ਰ. ਉੱਤਮ ਸਿੰਘ ਜੀ ਮਿਲ-ਮਾਲਕ ਵੱਲੋਂ ਇਸ ਘਟਨਾ ਬਾਰੇ ਤਾਰ ਭੇਜੀ ਗਈ ਕਿ ਨਨਕਾਣਾ ਸਾਹਿਬ ਦਾ ਮਹੰਤ ਬੜੀ ਬੇਰਹਿਮੀ ਨਾਲ ਸਿੱਖਾਂ ਦੇ ਜੱਥੇ ਨੂੰ ਜਾਨੋਂ ਮਾਰ ਰਿਹਾ ਹੈ। ਦੋ ਘੰਟਿਆਂ ਬਾਅਦ ਫਿਰ ਤਾਰ ਪਹੁੰਚੀ ਕਿ ਗੁਰਦੁਆਰੇ ਅੰਦਰ ਚੁਫ਼ੇਰੇ ਅਧਸੜੇ ਹੱਥ, ਪੈਰ, ਲੱਤਾਂ, ਖੋਪੜੀਆਂ, ਸਰੀਰਾਂ ਦੇ ਅੰਗ, ਮਾਸ ਦੀਆਂ ਬੋਟੀਆਂ ਤੇ ਅਨੇਕ ਲੋਥੜੇ ਖਿਲਰੇ ਪਏ ਹਨ। ਸਾਰਾ ਅਹਾਤਾ ਲਹੂ ਲੁਹਾਨ ਹੋਇਆ ਪਿਆ ਹੈ। ਸਾਰੇ ਸ਼ਹਿਰ ਗੁੱਜਰਾਂਵਾਲਾ ਦੇ ਘਰ-ਘਰ ਵਿੱਚ ਇਹ ਖ਼ਬਰ ਫੈਲ ਗਈ। ਸ੍ਰ. ਜੋਧ ਸਿੰਘ ਜੀ; ਸ਼ੋ੍ਰਮਣੀ ਕਮੇਟੀ ਵੱਲੋਂ ਸਟੇਸ਼ਨ ਤੋਂ ਸਿੱਧੇ ਗੁਰਦੁਆਰੇ ਪਹੁੰਚੇ। ਉੱਥੇ ਦੇ ਲੂੰ-ਕੰਡੇ ਖੜ੍ਹੇ ਕਰਨ ਵਾਲੀ ਜ਼ੁਲਮ ਕਹਾਣੀ ਅੱਖੀਂ ਵੇਖੀ ਤੇ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਵੱਡੀ ਗਿਣਤੀ ਵਿੱਚ ਨਨਕਾਣਾ ਸਾਹਿਬ ਪਹੁੰਚਣ।
  3. ਜ਼ਿਲ੍ਹਾ ਗੁਜਰਾਂਵਾਲਾ ਅਤੇ ਸਿਆਲਕੋਟ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹੋਣ ਸਦਕਾ ਪ੍ਰੋ. ਸਾਹਿਬ ਸਿੰਘ (ਮੇਰੇ ਨਾਨਾ ਜੀ) ਜੀ ਨੂੰ ਵੀ ਸਾਰੇ ਸਿੰਘਾਂ ਨੂੰ ਲੈ ਕੇ ਲਾਰੀਆਂ ਦੇ ਅੱਡੇ ਪਹੁੰਚਣ ਨੂੰ ਕਿਹਾ ਗਿਆ। ਸਰਕਾਰ ਨੂੰ ਅੰਦਰੋਂ ਅੰਦਰੀ ਸਭ ਖ਼ਬਰ ਪਹੁੰਚ ਚੁੱਕੀ ਸੀ। ਹਿੰਦੁਸਤਾਨ ਦੇ ਵਾਈਸਰਾਏ ਲਾਰਡ ਰੀਡਿੰਗ ਦੀ ਰਿਪੋਰਟ ਵਿੱਚ ਇਹ ਲਿਖਿਆ ਮਿਲਦਾ ਹੈ। ਸਟੇਸ਼ਨ ਮਾਸਟਰ ਸ੍ਰ. ਕਰਮ ਸਿੰਘ ਨੇ ਅੱਖੀਂ ਵੇਖਿਆ ਹਾਲ ਬਿਆਨ ਕੀਤਾ। ਪੁਲਿਸ ਕਰਮੀ ਸਭ ਕੁੱਝ ਜਾਣਦੇ ਬੁੱਝਦੇ ਹੋਏ ਉਸ ਦਿਨ ਉੱਥੋਂ ਨੇੜਲੇ ਥਾਣੇ ’ਚੋਂ ਛੁੱਟੀ ਲੈ ਕੇ ਗ਼ਾਇਬ ਹੋ ਗਏ। ਕੋਈ ਡਿਊਟੀ ਉੱਤੇ ਹਾਜ਼ਰ ਨਾ ਹੋਇਆ। ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਜਗ ਜ਼ਾਹਰ ਹੋ ਗਈ ਸੀ। ਅਗਲੇ ਦਿਨ ਦੀਆਂ ਛਪੀਆਂ ਖ਼ਬਰਾਂ ਵਿੱਚ ਸਪਸ਼ਟ ਕੀਤਾ ਗਿਆ ਕਿ ਡੀ. ਸੀ. ਅਤੇ ਉਸ ਨਾਲ ਇੱਕ ਸਬ ਇੰਸਪੈਕਟਰ ਦੇ ਘਟਨਾ ਵਾਲੀ ਥਾਂ ਪਹੁੰਚਣ ਬਾਅਦ ਵੀ ਡੇਢ ਘੰਟਾ ਹੋਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਫੱਟੜ ਤੇ ਮੁਰਦੇ ਸੜ੍ਹਦੇ ਰਹੇ ਪਰ ਇੱਕ ਵੀ ਫੱਟੜ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਨਾ ਹੀ ਅੱਗ ਬੁਝਾਈ ਗਈ।

ਸ੍ਰ. ਕਰਮ ਸਿੰਘ ਤੇ ਮਿਲ ਮਾਲਕ ਸ੍ਰ. ਉੱਤਮ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੁਪਰਡੰਟ ਪੁਲਿਸ, ਡੀ. ਸੀ. ਤੇ ਮਹਾਤਮਾ ਗਾਂਧੀ ਨੂੰ ਵੀ ਇਸ ਘਟਨਾ ਬਾਰੇ ਤੁਰੰਤ ਜਾਣਕਾਰੀ ਦਿੱਤੀ।

ਦੇਰ ਰਾਤ ਲਾਹੌਰ ਡਵਿਜ਼ਨ ਦਾ ਕਮਿਸ਼ਨਰ ਸੀ. ਐਮ. ਕੰਗ ਤੇ ਡਿਪਟੀ ਇੰਸਪੈਕਟਰ ਜਨਰਲ ਉੱਥੇ 100 ਬਰਤਾਨਵੀ ਅਤੇ 100 ਹਿੰਦੁਸਤਾਨੀ ਫ਼ੌਜੀ ਲੈ ਕੇ ਪਹੁੰਚੇ। ਪੂਰਾ ਜ਼ੋਰ, ਖ਼ਬਰ ਦਬਾਉਣ ਅਤੇ ਹੋਰ ਸਿੱਖਾਂ ਨੂੰ ਉੱਥੇ ਪਹੁੰਚਣ ਤੋਂ ਰੋਕਣ ਲਈ ਲਾਇਆ ਗਿਆ।

  1. ਮਹੰਤ ਨਰਾਇਣ ਦਾਸ ਤੇ ਉਸ ਦੇ ਦੋ ਚੇਲਿਆਂ ਨਾਲ 26 ਪਠਾਣ ਫੜ ਲਏ ਗਏ। ਬਾਕੀਆਂ ਨੂੰ ਫਰਾਰ ਹੋਣ ਦਾ ਸਮਾਂ ਦੇ ਦਿੱਤਾ ਗਿਆ। ਨਨਕਾਣਾ ਸਾਹਿਬ ਵਿੱਚ ਫ਼ੌਜ ਦਾ ਪਹਿਰਾ ਲਾ ਦਿੱਤਾ ਗਿਆ।
  2. ਪ੍ਰੋ. ਸਾਹਿਬ ਸਿੰਘ ਅਨੁਸਾਰ ਉਨ੍ਹਾਂ ਨਾਲ ਹੋਰ ਅਨੇਕ ਸਿੰਘ ਨਨਕਾਣਾ ਸਾਹਿਬ ਪਹੁੰਚਣ ਲਈ ਲਾਰੀਆਂ ਦੇ ਚੱਕਰ ਕੱਢਦੇ ਰਹੇ ਪਰ ਕਈ ਘੰਟੇ ਸਰਕਾਰੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਖੱਜਲ ਖ਼ੁਆਰ ਕੀਤਾ ਗਿਆ। ਅਖ਼ੀਰ ਕਈ ਘੰਟਿਆਂ ਬਾਅਦ ਇੱਕ ਵਜ਼ੀਰਾਬਾਦ ਵੱਲੋਂ ਲਾਹੌਰ ਜਾਣ ਵਾਲੀ ਗੱਡੀ ਪਹੁੰਚੀ। ਜਦੋਂ ਇਹ ਸਾਰੇ ਸਿੱਖ ਲਾਹੌਰ ਸਟੇਸ਼ਨ ਉੱਤੇ ਅਪੜੇ, ਉਦੋਂ ਹੀ ਦੂਜੀ ਗੱਡੀ ਵਿੱਚ ਮਹੰਤ ਤੇ ਉਸ ਦੇ ਬਾਕੀ ਸਾਧੂਆਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਇਆ ਜਾ ਰਿਹਾ ਸੀ।

ਨਨਕਾਣਾ ਸਾਹਿਬ ਨੂੰ ਗੱਡੀ ਹਾਲੇ ਜਾਣੀ ਸੀ। ਅੰਮ੍ਰਿਤਸਰ ਵੱਲੋਂ ਵੀ ਢੇਰ ਸਾਰੇ ਸਿੱਖ ਪਹੁੰਚ ਗਏ ਸਨ। ਸਰਕਾਰੀ ਹੁਕਮਾਂ ਅਨੁਸਾਰ ਗੱਡੀ ਨੂੰ ‘ਚੀਚੋ ਕੀ ਮੱਲੀਆਂ’ ਸਟੇਸ਼ਨ ਤੋਂ ਤੇਜ਼ ਭਜਾ ਕੇ ਨਨਕਾਣਾ ਸਾਹਿਬ ਲੰਘਾ ਕੇ ਅੱਗੇ ਚੌਥੇ ਸਟੇਸ਼ਨ ‘ਜੜ੍ਹਾਂ ਵਾਲੇ’ ਜਾ ਖੜ੍ਹੀ ਕੀਤੀ ਗਈ। ਉੱਥੇ ਵੀ ਸਿਰਫ਼ ਤਿੰਨ ਲਾਰੀਆਂ ਹੀ ਖੜ੍ਹੀਆਂ ਮਿਲੀਆਂ। ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਰਤਾਨਵੀ ਸਰਕਾਰ ਨੇ ਪੂਰਾ ਜ਼ੋਰ ਲਾਇਆ ਸੀ ਕਿ ਨਨਕਾਣਾ ਸਾਹਿਬ ਬਹੁਤੇ ਲੋਕ ਨਾ ਪਹੁੰਚ ਸਕਣ। ਤਿੰਨ ਮੀਲ ਦਾ ਪੈਂਡਾ ਉੱਥੋਂ ਬਹੁਤਿਆਂ ਨੇ ਪੈਦਲ ਤੈਅ ਕੀਤਾ। ਕੁੱਝ ਲਾਰੀਆਂ ਵਿੱਚ ਗਏ।

  1. ਏਨੀ ਦੇਰ ਨੂੰ ਜੱਥੇਦਾਰ ਝੱਬਰ ਜੀ; 2200 ਅਕਾਲੀਆਂ ਨੂੰ ਲੈ ਕੇ ਗੁਰਦੁਆਰੇ ਬਾਹਰ ਪਹੁੰਚ ਗਏ। ਉੱਥੇ ਪੁਲਿਸ ਉਨ੍ਹਾਂ ਨੂੰ ਭਜਾਉਣ ਦੀ ਫ਼ਿਰਾਕ ਵਿੱਚ ਖੜ੍ਹੀ ਸੀ। ਏਨੀ ਭਾਰੀ ਗਿਣਤੀ ਸਿੰਘਾਂ ਅਤੇ ਹੋਰ ਜੱਥੇਬੰਦੀਆਂ ਦੇ ਪਹੁੰਚਣ ਦੀ ਖ਼ਬਰ ਸੁਣ ਪੁਲਿਸ ਨੇ ਡਰਦੇ ਮਾਰੇ ਗੁਰਦੁਆਰੇ ਦੀਆਂ ਚਾਬੀਆਂ ਝੱਬਰ ਜੀ ਦੇ ਹਵਾਲੇ ਕਰਨ ਨੂੰ ਹੀ ਬਿਹਤਰ ਸਮਝਿਆ। ਉਸ ਸਮੇਂ ਰੇਲਵੇ ਲਾਈਨ ਤੋਂ ਪਰਲੇ ਪਾਸੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਇਕੱਠੇ ਹੋ ਚੁੱਕੇ ਸਨ। ਏਥੇ ਹੀ ਪ੍ਰੋ. ਸਾਹਿਬ ਸਿੰਘ ਤੇ ਹੋਰ ਲਾਰੀਆਂ ਵਿਚਲੇ ਸਿੰਘ ਵੀ ਇਕੱਠੇ ਹੋ ਗਏ।

ਸਭ ਨੂੰ ਐਲਾਨ ਕਰ ਦਿੱਤਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਗਲੇ ਦਿਨ ਸਵੇਰੇ ਕਰਵਾਏ ਜਾਣਗੇ। ਉਸ ਦਿਨ ਗੁਰੂ ਹਰਿ ਰਾਇ ਜੀ ਦਾ ਜਨਮਦਿਨ ਸੀ।

  1. ਅਗਲੇ ਦਿਨ 21 ਜਨਵਰੀ ਨੂੰ ਜਦੋਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ੍ਹੇ ਗਏ ਤਾਂ ਦੱਖਣੀ ਗੇਟ ਰਾਹੀਂ ਪੰਜ-ਪੰਜ ਆਦਮੀ ਅੰਦਰ ਵਾੜੇ ਗਏ, ਜੋ ਬਿਨਾਂ ਰੁਕੇ ਚੜ੍ਹਦੇ ਦੇ ਫਾਟਕ ਰਾਹੀਂ ਬਾਹਰ ਕੱਢ ਦਿੱਤੇ ਗਏ।
  2. ਮੇਰੇ ਨਾਨਾ (ਪ੍ਰੋ. ਸਾਹਿਬ ਸਿੰਘ) ਜੀ, ਜਦੋਂ ਇਸ ਅੱਖੀਂ ਵੇਖੀ ਗੁਰਦੁਆਰੇ ਅੰਦਰਲੀ ਘਟਨਾ ਬਾਰੇ ਗੱਲ ਕਰਦੇ ਸਨ ਤਾਂ ਉਨ੍ਹਾਂ ਦਾ ਮੂੰਹ ਲਾਲ ਹੋ ਜਾਂਦਾ ਸੀ ਤੇ ਆਵਾਜ਼ ਕੰਬਣ ਲੱਗਦੀ ਸੀ, ‘‘ਚੁਫ਼ੇਰੇ ਬੋ ਹੀ ਬੋ ਸੀ। ਗੁਰਦੁਆਰੇ ਦੇ ਪਹਾੜ ਵਾਲੇ ਪਾਸੇ ਅੱਧ ਸੜ੍ਹੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਸਨ। ਮਣਾਂ ਮੂੰਹੀਂ ਬਲਦੀਆਂ ਲੱਕੜਾਂ ਦੇ ਕੋਲ ਮਿੱਟੀ ਦੇ ਤੇਲ ਦੇ ਅਣਗਿਣਤ ਪੀਪੇ ਪਏ ਸਨ। ਦੂਰ-ਦੂਰ ਤੱਕ ਅੱਧ-ਸੜੀਆਂ ਲੱਤਾਂ ਤੇ ਬਾਹਵਾਂ ਖਿਲਰੀਆਂ ਪਈਆਂ ਸਨ। ਜੇ ਕੁੱਝ ਸਮਾਂ ਮਹੰਤ ਤੇ ਉਸ ਦੇ ਸਾਥੀਆਂ ਨੂੰ ਹੋਰ ਮਿਲ ਜਾਂਦਾ ਤਾਂ ਸਿਰਫ਼ ਉਹ ਤਿੰਨ ਸਾਬਤ ਬਚੀਆਂ ਲਾਸ਼ਾਂ ਹੀ ਵਿਖਾਈਆਂ ਜਾਂਦੀਆਂ, ਜੋ ਪਰ੍ਹਾਂ ਰੱਖੀਆਂ ਹੋਈਆਂ ਸਨ। ਬਾਕੀ ਸਭ ਫ਼ਨਾਹ ਕਰ ਦਿੱਤਾ ਜਾਂਦਾ। ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਸਤੇ ਇੱਕ ਸਾਧ ਅਤੇ ਦੋ ਅਕਾਲੀਆਂ ਦੀ ਝੜਪ ਵਿਖਾ ਕੇ ਤਿੰਨ ਲਾਸ਼ਾਂ ਪਰ੍ਹਾਂ ਰੱਖ ਕੇ ਬਾਕੀ ਸਾਰੇ ਅਮਨ ਅਮਾਨ ਨਾਲ ਵੱਸਦੇ ਸਿੱਖਾਂ ਉੱਤੇ ਕਹਿਰ ਢਾਹੁਣ ਤੇ ਕੁਫ਼ਰ ਤੋਲਣ ਲਈ ਪੂਰਾ ਪ੍ਰਾਪੇਗੰਡਾ ਰਚਿਆ ਪਿਆ ਸੀ। ਉਨ੍ਹਾਂ ਸਿੱਖਾਂ ਦੀਆਂ ਲਾਸ਼ਾਂ ਕੋਲ ਮਹੰਤ ਨੇ ਆਪਣੇ ਦੋ ਹਥਿਆਰ ਰੱਖ ਦਿੱਤੇ ਸਨ, ਜੋ ਕੋਈ ਵੀ ਸਿੱਖ ਬਾਹਰੋਂ ਲੈ ਕੇ ਹੀ ਨਹੀਂ ਸੀ ਗਿਆ। ਇਸ ਝੂਠ ਦੇ ਪ੍ਰਚਾਰ ਨੇ ਹੋਰ ਪ੍ਰਚੰਡ ਰੂਪ ਧਾਰਨ ਕਰਨਾ ਸੀ ਤੇ ਧਾਰਮਿਕ ਪਾੜ ਪਾਉਣ ਦਾ ਜ਼ਰੀਆ ਬਣ ਜਾਣਾ ਸੀ। ਸ਼ੁਕਰ ਹੈ ਇਸ ਤੋਂ ਬਚਾਓ ਹੋ ਗਿਆ।

‘‘ਏਨੀਆਂ ਜਵਾਨ ਮੌਤਾਂ ਵੇਖ ਮੈਂ ਭੁੱਬਾਂ ਮਾਰ ਕੇ ਰੋਇਆ। ਏਨੇ ਘਰ ਉਜੜੇ ਤੇ ਉਹ ਵੀ ਏਨੀ ਬੇਰਹਿਮੀ ਨਾਲ ਤੇ ਉੱਤੋਂ ਗੁਰੂ ਦੇ ਘਰ ਅੰਦਰ ! ਤੌਬਾ, ਕਹਿਰ ਹੀ ਕਹਿਰ ਸੀ। ਰੋਣ ਠੱਲਿਆ ਹੀ ਨਹੀਂ ਸੀ ਜਾਂਦਾ। ਤੁਰਨ ਜੋਗਾ ਵੀ ਸਾਹ ਸੱਤ ਨਾ ਰਿਹਾ। ਜਦੋਂ ਮੈਂ ਗੁਰਦੁਆਰੇ ਦੇ ਅੰਦਰ ਗਿਆ ਤਾਂ ਭਾਈ ਹੀਰਾ ਸਿੰਘ ਜੀ ਰਾਗੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਨ ਜਿਸ ਵਿੱਚ ਸਾਧਾਂ ਦੀਆਂ ਬੰਦੂਕਾਂ ਦੀਆਂ ਸੱਤ ਗੋਲੀਆਂ ਵੱਜੀਆਂ ਪਈਆਂ ਸਨ। ਭਾਈ ਹੀਰਾ ਸਿੰਘ ਜੀ ਨੇ ਮੈਨੂੰ ਵੇਖ ਕੇ ਉੱਚੀ-ਉੱਚੀ ਰੋ ਕੇ ਕਿਹਾ-ਭਾਈ ਸਾਹਿਬ ਸਿੰਘ ਜੀ ! ਇਹ ਵੇਖੋ ਸਤਿਗੁਰੂ ਜੀ ਦੀ ਛਾਤੀ ਵੀ ਗੋਲ਼ੀਆਂ ਨਾਲ ਵਿੰਨ੍ਹੀ ਪਈ ਹੈ। ਅਸੀਂ ਦੋਵੇਂ ਜ਼ਾਰ ਜ਼ਾਰ ਰੋਏ।

‘‘ਚੜ੍ਹਦੇ ਪਾਸੇ ਦੇ ਫਾਟਕ ਰਾਹੀਂ ਵਾਪਸ ਜਾਣ ਦੇ ਰਾਹ ਵਿੱਚ ਕਈ ਸਿੰਘਾਂ ਦੇ ਸਰੀਰ ਕੀਮਾ ਕਰ ਕੇ ਨਿੱਕੇ ਟੋਟੇ ਬਣਾਏ ਪਏ ਸਨ। ਭਲਾ ਕੋਈ ਦੱਸੇ ਕਿਸ ਕਸੂਰ ਦੀ ਸਜ਼ਾ ਦਿੱਤੀ ਗਈ ਸੀ ? ਸਿਰਫ਼ ਨਨਕਾਣਾ ਸਾਹਿਬ ਦੀ ਹੱਦ ਦੀ ਪਵਿੱਤਰਤਾ ਬਹਾਲ ਕਰਨ ਦੀ ਸ਼ਾਂਤਮਈ ਅਰਦਾਸ ਲਈ ?

‘‘ਪੂਰੀ ਪਰਕਰਮਾ ਵਿੱਚ ਲਹੂ ਭਿੱਜੇ ਕੇਸ ਧਰਤੀ ਉੱਤੇ ਚੰਬੜੇ ਪਏ ਸਨ। ਤੁਰਨ ਜੋਗਾ ਰਾਹ ਵੀ ਨਹੀਂ ਸੀ ਛੱਡਿਆ। ਦਿਸ ਰਿਹਾ ਸੀ ਕਿ ਕਿਵੇਂ ਜੀਊਂਦੇ ਜ਼ਖ਼ਮੀ ਸਿੰਘਾਂ ਨੂੰ ਬੇਰਹਿਮੀ ਨਾਲ ਘੜੀਸ ਕੇ ਧੂਹ ਧੂਹ ਬਲਦੇ ਲੱਕੜਾਂ ਦੇ ਭਾਂਬੜ ਵਿੱਚ ਸੁੱਟਿਆ ਹੋਵੇਗਾ ! ਪਾਸੇ ਦੀਆਂ ਨਿੱਕੀਆਂ ਕੋਠੜੀਆਂ ਵਿੱਚ ਤੇਲ ਦੇ ਬੇਸ਼ੁਮਾਰ ਪੀਪੇ ਹਾਲੇ ਵੀ ਭਰੇ ਪਏ ਸਨ। ਕੀ ਏਨਾ ਅਸਲਾ ਤੇ ਤੇਲ ਦੇ ਭਰੇ ਪੀਪਿਆਂ ਬਾਰੇ ਨਾਲ ਲੱਗਦੇ ਥਾਣੇ ਵਾਲਿਆਂ ਨੂੰ ਪਤਾ ਨਹੀਂ ਸੀ ? ਆਖ਼ਰ ਕਿੰਨ੍ਹਾਂ ਲਈ ਇਹ ਸਭ ਜਮਾਂ ਹੋਣ ਦਿੱਤਾ ਗਿਆ ? ਕਿਉਂ ਇੱਕ ਵੀ ਜ਼ਖ਼ਮੀ ਸਿੰਘ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ? ਕਿਉਂ ਪੁਲਿਸ ਮੁਲਾਜ਼ਮ ਸਾਰੇ ਹੀ ਉਸ ਦਿਨ ਛੁੱਟੀ ਲੈ ਗਏ ? ਕਿਉਂ ਆਪਣੀ ਰੱਖਿਆ ਆਪ ਕਰਨ ਦੇ ਸਰਕਾਰੀ ਹੁਕਮ ਮਹੰਤ ਨੂੰ ਦੇ ਦਿੱਤੇ ਗਏ ? ਗੁਰਦੁਆਰੇ ਦੇ ਬਾਹਰਵਾਰ ਚੜ੍ਹਦੇ ਦੱਖਣ ਦੀ ਗੁੱਠੇ ਘੁਮਿਆਰਾਂ ਦੀ ਆਵੀ ਵਿੱਚ ਇੱਕ ਅਧਸੜੀ ਲਾਸ਼ ਉਸ ਸਮੇਂ ਤੱਕ ਵੀ ਧੁੱਖ ਰਹੀ ਦਿਸੀ। ਚੁਫ਼ੇਰੇ ਮੌਤ ਦਾ ਤਾਂਡਵ ਸੀ। ਹਨ੍ਹੇਰ ਗਰਦੀ ਦੀ ਸਿਖਰ ! ਉਦਾਸੀ ਤੇ ਗ਼ਮ ਨੇ ਮਨ ਭਰ ਦਿੱਤਾ। ਉੱਥੇ ਕਿਸੇ ਨੂੰ ਟਿਕਣ ਨਹੀਂ ਸਨ ਦੇ ਰਹੇ। ਸਭ ਭਾਰੇ ਮਨ ਨਾਲ ਵਾਪਸ ਮੁੜੇ। ਕੋਈ ਬੋਲ ਸਕਣ ਵਾਲੀ ਹਾਲਤ ਵਿੱਚ ਨਹੀਂ ਸੀ ਰਿਹਾ।’’

  1. ਅਗਲੇ ਦਿਨ ਪਹਿਲੀ ਵਾਰ ਸਰਕਾਰੀ ਏਜੰਸੀਆਂ ਦੇ ਅਖ਼ਬਾਰਾਂ ਨੇ ਵੀ ਇਸ ਬੇਰਹਿਮੀ ਨਾਲ ਕੀਤੇ ਨਰਸੰਹਾਰ ਦੀ ਨਿਖੇਧੀ ਕੀਤੀ। ਜਿਹੜੇ ਅਖ਼ਬਾਰ ਹਾਲੇ ਤੱਕ ਅਕਾਲੀਆਂ ਵਿਰੁੱਧ ਜ਼ਹਿਰ ਉਗਲ ਰਹੇ ਸਨ, ਉਨ੍ਹਾਂ ਵੀ ਖ਼ਬਰ ਛਾਪੀ ਕਿ ਸ਼ਾਂਤਮਈ ਸੰਘਰਸ਼ ਉੱਤੇ ਆਖ਼ਰ ਹੱਲਾ ਕਿਉਂ ? ਕੁੱਝ ਦਮ ਰੱਖਣ ਵਾਲੀਆਂ ਅਖ਼ਬਾਰਾਂ ਨੇ ਸਪਸ਼ਟ ਛਾਪਿਆ ਕਿ ਮਹੰਤ ਦੇ ਗੁੰਡੇ ਅਤੇ ਸਰਕਾਰੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਕਤਲੇਆਮ ਹੋਇਆ।
  2. ਚੁਫ਼ੇਰੇ ਹਾਹਾਕਾਰ ਮਚੀ ਵੇਖ ਮਹਾਤਮਾ ਗਾਂਧੀ, ਮੌਲਾਨਾ ਸ਼ੌਕਤ ਅਲੀ, ਡਾ. ਕਿਚਲੂ, ਲਾਲਾ ਦੁਨੀ ਚੰਦ, ਲਾਲਾ ਲਾਜਪਤ ਰਾਏ, ਉੱਘੇ ਸਿੱਖ ਆਗੂ, ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ, ਸਿੱਖ ਲੀਗ, ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਤੇ ਦੂਜੀਆਂ ਸਿੱਖ ਜਥੇਬੰਦੀਆਂ ਵੀ ਉੱਥੇ ਪਹੰੁਚੀਆਂ ਤੇ ਸਭ ਨੇ ਇਸ ਘਟਨਾ ਦੀ ਨਿਖੇਧੀ ਕੀਤੀ।
  3. ਤਿੰਨ ਮਾਰਚ 1921 ਨੂੰ ਨਨਕਾਣਾ ਸਾਹਿਬ ਬਹੁਤ ਵਿਸ਼ਾਲ ਸ਼ਹੀਦੀ ਦੀਵਾਨ ਸਜਿਆ। ਉੱਥੇ ਜੱਥੇਦਾਰ ਕਰਤਾਰ ਸਿੰਘ ਝੱਬਰ, ਜਿਨ੍ਹਾਂ ਨੇ ਚਾਬੀਆਂ ਪ੍ਰਾਪਤ ਕੀਤੀਆਂ ਸੀ, ਨੇ ਕਿਹਾ, ‘‘ਇਸ ਘਟਨਾ ਨੇ ਸਿੱਖਾਂ ਨੂੰ ਨੀਂਦਰ ਵਿੱਚੋਂ ਜਗਾ ਦਿੱਤਾ ਹੈ। ਹੁਣ ਸਵਰਾਜ ਵੱਲ ਤੁਰਨ ਲਈ ਸਿੱਖਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਹੈ। ਇਤਿਹਾਸ ਦੁਹਰਾਉਂਦਾ ਜ਼ਰੂਰ ਹੈ। ਪਹਿਲਾਂ ਵੀ ਸਿੰਘਾਂ ਦਾ ਕਤਲੇਆਮ ਹੋਇਆ ਸੀ। ਜੇ ਅੱਗੋਂ ਹੋਰ ਹੋਣ ਤੋਂ ਰੋਕਣਾ ਹੈ ਤਾਂ ਤਿਆਰ-ਬਰ-ਤਿਆਰ ਰਹਿਣਾ ਪੈਣਾ ਹੈ। ਹਰ ਸਦੀ ਬਲੀ ਨਹੀਂ ਦੇਣੀ। ਇਸੇ ਲਈ ਢਿੱਲੇ ਨਹੀਂ ਪੈਣਾ। ਜੇ ਢਿੱਲੇ ਪੈਂਦੇ ਰਹੇ ਤਾਂ ਹੱਕ ਹਮੇਸ਼ਾ ਖੋਹੇ ਜਾਂਦੇ ਰਹਿਣਗੇ ਤੇ ਕੌਮ ਗ਼ੁਲਾਮ ਬਣਾ ਲਈ ਜਾਏਗੀ।’’
  4. ਮੌਲਾਨਾ ਸ਼ੌਕਤ ਅਲੀ ਨੇ ਵੀ ਦੀਵਾਨ ਵਿੱਚ ਕਿਹਾ ‘‘ਇਸ ਸਰਕਾਰ ਤੋਂ ਇਨਸਾਫ਼ ਦੀ ਆਸ ਰੱਖਣੀ ਫ਼ਜ਼ੂਲ ਹੈ। ਲੱਖ ਲਾਹਨਤ ਉਨ੍ਹਾਂ ਪਠਾਣਾਂ ਦੇ, ਜਿਨ੍ਹਾਂ ਨੇ ਮਹੰਤ ਦਾ ਸਾਥ ਦਿੱਤਾ।’’
  5. ਮਹਾਤਮਾ ਗਾਂਧੀ ਵੀ ਇਸ ਦੀਵਾਨ ਵਿੱਚ ਬੋਲੇ ‘‘ਨਨਕਾਣੇ ਦੀ ਖ਼ਬਰ ਨੇ ਚਕਰਾ ਦਿੱਤਾ ਹੈ। ਜੇ ਆਪ ਨਾ ਆਉਂਦਾ ਤਾਂ ਕਦੇ ਵੀ ਵਿਸ਼ਵਾਸ ਨਾ ਕਰਦਾ ਕਿ ਏਨਾ ਜ਼ੁਲਮ ਵੀ ਹੋ ਸਕਦਾ ਹੈ। ਸਿੱਖਾਂ ਦਾ ਸ਼ਾਂਤਮਈ ਢੰਗ ਨਾਲ ਸਭ ਕੁੱਝ ਜਰਨਾ ‘ਰਾਸ਼ਟਰੀ ਬਹਾਦਰੀ ਦਾ ਅਮਲ’ ਮੰਨਿਆ ਜਾਣਾ ਚਾਹੀਦਾ ਹੈ। ਸਰਕਾਰੀ ਅਧਿਕਾਰੀਆਂ ਦੀ ਸ਼ੈਅ ਉੱਤੇ ਹੋਏ ਇਨ੍ਹਾਂ ਕਤਲਾਂ ਲਈ ਮੈਂ ਇਸ ਰਾਜ ਨੂੰ ਸ਼ੈਤਾਨ ਦੀ ਸਲਤਨਤ ਮੰਨਦਾ ਹਾਂ। ਇਹ ਡਾਇਰਵਾਦ ਦਾ ਦੂਜਾ ਰੂਪ ਹੈ ਪਰ ਜੱਲਿਆਂਵਾਲਾ ਬਾਗ਼ ਦੇ ਕਤਲਾਂ ਨਾਲੋਂ ਕਿਤੇ ਵੱਧ ਕਰੂਰ ਤੇ ਜਾਬਰਾਨਾ !’’
  6. ਮਿਸਟਰ ਕਿੰਗ ਦੀ ਰਿਪੋਰਟ ਨੇ ਸਪਸ਼ਟ ਕੀਤਾ ਕਿ ਮਹੰਤ ਬਾਰੇ ਸਭ ਕੁੱਝ ਪਹਿਲਾਂ ਤੋਂ ਹੀ ਸਰਕਾਰ ਨੂੰ ਪਤਾ ਸੀ। ਇਹ ਸਰਕਾਰੀ ਪੱਧਰ ਉੱਤੇ ਗ਼ਲਤ ਖ਼ਬਰ ਫੈਲਾਈ ਗਈ ਸੀ ਕਿ ਅਕਾਲੀ ਨਨਕਾਣਾ ਸਾਹਿਬ ਉੱਤੇ ਹਮਲਾ ਕਰਨ ਆ ਰਹੇ ਸਨ।
  7. ਇਕ ਸਰਕਾਰੀ ਅਖ਼ਬਾਰ ਨੇ ਨਵੰਬਰ 1920 ਵਿੱਚ ਲੇਖ ਲਿਖਿਆ, ਜਿਸ ਵਿੱਚ ਰਿਪੋਰਟ ਛਾਪੀ-ਸਲਾਨਾ ਮੇਲੇ ਦੇ ਮੌਕੇ ਨਨਕਾਣੇ ਦੇ ਗੁਰਦੁਆਰੇ ਉੱਤੇ ‘ਅਤਿਵਾਦੀਆਂ’ ਵੱਲੋਂ ਵੱਡੇ ਧਾਵੇ ਵਾਸਤੇ ਜੋ ਰਾਹ ਅਪਣਾਇਆ ਗਿਆ ਸੀ, ਉਸ ਤੋਂ ਬਚਾਓ ਵਾਸਤੇ ਥੋੜੀ ਬਹੁਤ ਮਹੰਤਾਂ ਨੇ ਤਿਆਰੀ ਕੀਤੀ ਸੀ, ਜਿਸ ਸਦਕਾ ਵੱਡਾ ਹਾਦਸਾ ਹੋਣ ਤੋਂ ਬਚਾਓ ਹੋ ਗਿਆ ਤੇ ਸਭ ਅਮਨ ਅਮਾਨ ਨਾਲ ਲੰਘ ਗਿਆ।
  8. ਬਾਅਦ ਵਿੱਚ ਲੱਭੇ ਪੁਲਿਸ ਮਹਿਕਮੇ ਦੇ ਕਾਗਜ਼ਾਂ ਵਿੱਚ ਦਰਜ ਕੀਤਾ ਮਿਲਿਆ ਕਿ ਮਹੰਤ ਮੰਨਿਆ ਸੀ, ਉਸ ਨੇ ਸਭ ਸਰਕਾਰੀ ਸ਼ੈਅ ਉੱਤੇ ਕੀਤਾ ਸੀ।
  9. ਗਵਾਹਾਂ ਦੇ ਦਰਜ ਬਿਆਨਾਂ ਅਨੁਸਾਰ ਸਰਕਾਰ ਨੇ ਇਸ ਮਾਮਲੇ ਵਿੱਚ ਦੋਗਲੀ ਨੀਤੀ ਖੇਡੀ ਸੀ ਕਿਉਂਕਿ ਅਧਿਕਾਰੀ ਸਿੱਖਾਂ ਦੀ ਪ੍ਰਫੁਲਿਤ ਹੋ ਰਹੀ ਅਕਾਲੀ ਲਹਿਰ ਨੂੰ ਮਹੰਤਾਂ ਰਾਹੀਂ ਕੁਚਲਣਾ ਚਾਹੁੰਦੇ ਸਨ ਤੇ ਦੂਜੇ ਪਾਸੇ ਸਿੱਖਾਂ ਦੀਆਂ ਨਜ਼ਰਾਂ ਵਿੱਚ ਵੀ ਉੱਚੇ ਸੁੱਚੇ ਬਣੇ ਰਹਿਣਾ ਚਾਹੁੰਦੇ ਸਨ।
  10. ਬਾਬਾ ਕਰਤਾਰ ਸਿੰਘ ਬੇਦੀ ਸਪੁੱਤਰ ਬਾਬਾ ਸਰ ਖੇਮ ਸਿੰਘ ਬੇਦੀ; ਮਿੰਟਗੁਮਰੀ ਦਾ ਵੱਡਾ ਜਾਗੀਰਦਾਰ ਮੰਨਿਆ ਜਾਂਦਾ ਸੀ ਤੇ ਦਰਜ ਇਤਿਹਾਸ ਅਨੁਸਾਰ ਮਹੰਤ ਨਰਾਇਣ ਦਾ ਗੂੜ੍ਹਾ ਮਿੱਤਰ ਤਾਂ ਹੈ ਹੀ ਸੀ, ਅੰਗਰੇਜ਼ ਅਫ਼ਸਰਾਂ ਵਿੱਚ ਵੀ ਬੜਾ ਰਸੂਖ਼ ਵਾਲਾ ਸੀ। ਉਹ ਮਹੰਤਾਂ ਦੀ ਹਰ ਮੀਟਿੰਗ ਵਿੱਚ ਸ਼ਾਮਲ ਹੁੰਦਾ ਰਿਹਾ ਸੀ। ਅਕਾਲੀਆਂ ਵੱਲੋਂ ਉਸ ਨੂੰ ਤਨਖ਼ਾਹੀਆ ਘੋਸ਼ਿਤ ਕੀਤਾ ਗਿਆ ਸੀ। ਬਦਲਦੇ ਆਸਾਰ ਵੇਖ ਸੰਨ 1923 ਦੇ ਅਖ਼ੀਰ ਵਿੱਚ ਬੇਦੀ ਤਨਖ਼ਾਹ ਬਖ਼ਸ਼ਵਾ ਕੇ ਅਕਾਲੀਆਂ ਤੇ ਸਿੱਖਾਂ ਦਾ ਉੱਘਾ ਧਾਰਮਿਕ ਆਗੂ ਹੋ ਨਿਬੜਿਆ। ਇਸ ਸੱਜਣ ਦੀ ਭੂਮਿਕਾ ਉੱਤੇ ਇਤਿਹਾਸਕਾਰਾਂ ਨੇ ਕਿੰਤੂ ਪਰੰਤੂ ਕੀਤਾ !

ਉਕਤ ਇਤਿਹਾਸਕ ਤੱਥਾਂ ਨੂੰ ਜਾਣਨ ਤੋਂ ਬਾਅਦ ਅਗਲੇ ਸਵਾਲਾਂ ਵੱਲ ਗ਼ੌਰ ਕਰਨ ਦੀ ਲੋੜ ਹੈ :-

  1. ਕੀ ਉਸ ਸਮੇਂ ਗੁਰਦੁਆਰਿਆਂ ਅੰਦਰ ਹੁੰਦੀਆਂ ਬੇਅਦਬੀਆਂ, ਬੇਈਮਾਨੀਆਂ ਅਤੇ ਲੋਕਾਂ ਵੱਲੋਂ ਸ਼ਰਧਾ ਨਾਲ ਟੇਕੇ ਪੈਸੇ ਦੀ ਦੁਰਵਰਤੋਂ ਰੋਕਣ ਲਈ ਬਣੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਹੀ ਰਾਹ ਤੁਰ ਰਹੀ ਹੈ ? ਕੀ ਹੁਣ ਕੋਈ ਸਰਕਾਰੀ ਅਦਾਰਾ ਉਸ ਉੱਤੇ ਆਪਣੀ ਚੌਧਰ ਤਾਂ ਨਹੀਂ ਜਮਾ ਰਿਹਾ ?
  2. ਕੋਈ ਬੁੱਧੀਜੀਵੀ ਸਿੱਖ ਆਗੂ, ਕਮੇਟੀ ਜਾਂ ਜੱਥੇਬੰਦੀ ਅੱਜ ਪੰਥ ਲਈ ਫ਼ੈਸਲੇ ਲੈਣ ਯੋਗ ਹੈ, ਜੋ ਅਗਵਾਈ ਕਰ ਕੇ ਨੌਜਵਾਨਾਂ ਨੂੰ ਸਹੀ ਰਾਹ ਵਿਖਾ ਸਕੇ ?
  3. ਕੀ ਅੱਜ ਸਿੱਖ ਨੌਜਵਾਨਾਂ ਨੂੰ ਰੋਲ ਮਾਡਲ ਲਈ ਗੈਂਗਸਟਰ ਤਾਂ ਨਹੀਂ ਦਿਸਣ ਲੱਗ ਪਏ ?
  4. ਕੀ ਹੁਣ ਸਿੱਖ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਭੜਕਾਹਟ ਤਾਂ ਨਹੀਂ ਆ ਗਈ ? ਕੀ ਅਮੀਰੀ ਗ਼ਰੀਬੀ ਵਿੱਚ ਪਾੜ ਵੱਧ ਤਾਂ ਨਹੀਂ ਹੋ ਗਿਆ ? ਕੀ ਇਖ਼ਲਾਕੀ ਗਿਰਾਵਟ ਤਾਂ ਨਹੀਂ ਦਿਸ ਰਹੀ ?
  5. ਕੀ ਬਹਾਦਰ ਕੌਮ ਦਾ ਮਾਣਮੱਤਾ ਇਤਿਹਾਸ ਹੌਲ਼ੀ-ਹੌਲ਼ੀ ਗ਼ਾਇਬ ਤਾਂ ਨਹੀਂ ਹੋਣਾ ਸ਼ੁਰੂ ਹੋ ਗਿਆ ?
  6. ਕੀ ਨਨਕਾਣਾ ਸਾਹਿਬ ਵਿੱਚ ਬਰਪਾਏ ਕਹਿਰ ਵਾਂਗ ਫਿਰ ਬੇਕਸੂਰ ਸਿੱਖਾਂ ਉੱਤੇ ਹੱਲੇ ਹੋਣੇ ਜਾਰੀ ਹਨ ? ਕੀ ਗੱਡਿਆਂ ਵਿੱਚ ਸਿਰ ਭਰ ਦੇ ਲਿਜਾਉਣ ਤੋਂ ਗਲੇ ’ਚ ਬਲਦੇ ਟਾਇਰ ਪਾ ਕੇ ਸਾੜ੍ਹਨ ਤੱਕ ਦੇ ਸਫ਼ਰ ਵਿੱਚ ਕੁੱਝ ਫ਼ਰਕ ਪਿਆ ਦਿੱਸਦਾ ਹੈ ?
  7. ਕੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਨਹੀਂ ਕੀਤੀ ਜਾ ਰਹੀ ?
  8. ਕੀ ਅੱਜ ਸਰਹੱਦ ਉੱਤੇ ਸ਼ਹੀਦ ਹੋਣ ਵੇਲੇ ਉਚਾਰੇ ‘ਬੋਲੇ ਸੋ ਨਿਹਾਲ’ ਤੇ ਗੁਰਦੁਆਰੇ ਵਿੱਚ ਉਸ ਦੇ ਉਚਾਰਨ ਵਿੱਚ ਫਰਕ ਮੰਨਦਿਆਂ ਕਿਸੇ ਸਿੱਖ ਨੂੰ ਅਤਿਵਾਦੀ ਤਾਂ ਨਹੀਂ ਕਿਹਾ ਜਾ ਰਿਹਾ ?
  9. ਕੀ ਹੁਣ ਸਰਕਾਰੀ ਏਜੰਸੀਆਂ ਫਿਰਕੂਪੁਣੇ ਦਾ ਰਾਗ ਤਾਂ ਨਹੀਂ ਅਲਾਪ ਰਹੀਆਂ ?
  10. ਕੀ ਹੁਣ ਸਰਕਾਰੀ ਅਖ਼ਬਾਰਾਂ ਰਾਹੀਂ ਕੂੜ ਪ੍ਰਚਾਰ ਵਿੱਚ ਕਮੀ ਆਈ ਹੈ ?
  11. ਕੀ ਹੁਣ ‘ਕਿਰਤ’ ਤੋਂ ਪਰ੍ਹਾਂ ਕਰ ਕੇ ਹੌਲ਼ੀ-ਹੌਲ਼ੀ ਗੁਰੂਆਂ ਦੀ ਧਰਤੀ ਤੋਂ ਸਿੱਖ ਨੌਜਵਾਨਾਂ ਨੂੰ ਪਰ੍ਹਾਂ ਧੱਕ ਕੇ ਇਸ ਧਰਤੀ ਨੂੰ ਖੋਹਣ ਜਾਂ ਹੋਰ ਸੁੰਗੇੜਨ ਦਾ ਯਤਨ ਤਾਂ ਨਹੀਂ ਕੀਤਾ ਜਾ ਰਿਹਾ ?
  12. ਕੀ ਗੁਰੂ ਗ੍ਰੰਥ ਸਾਹਿਬ ਵਿਚਲੀ ਸੋਚ ਪਿਛਾਂਹ ਧੱਕ ਕੇ ਕਰਾਮਾਤਾਂ ਦੇ ਚੱਕਰਵਿਊ ਵਿੱਚ ਫਸਾ ਕੇ ਕਮਜ਼ੋਰ ਮਨ ਵਾਲੀ ਪੁਸ਼ਤ ਤਾਂ ਨਹੀਂ ਤਿਆਰ ਕੀਤੀ ਜਾ ਰਹੀ ?
  13. ਕੀ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਅੱਗੋਂ ਸਿੱਖਾਂ ਦਾ ਘਾਣ ਨਹੀਂ ਹੋਵੇਗਾ ? ਕੀ ਹਰ ਵਾਰ ਡੂੰਘੀ ਨੀਂਦਰ ਤੋਂ ਜਾਗਣ ਲਈ ਬਲੀਦਾਨ ਹੀ ਦੇਣਾ ਪਵੇਗਾ ?
  14. ਕੀ ਸਿੱਖਾਂ ਦੀ ਅਣਖ ਮਾਰਨ ਦੇ ਯਤਨ ਤਾਂ ਨਹੀਂ ਕੀਤੇ ਜਾ ਰਹੇ ?
  15. ਇਤਿਹਾਸ ਵਿੱਚ ਦਰਜ ਹੈ ਕਿ ਸਿੱਖਾਂ ਉੱਤੇ ਹੋਏ ਹਰ ਅਣਮਨੁੱਖੀ ਤਸ਼ੱਦਦ ਬਾਅਦ ਇੱਕੋ ਗੱਲ ਉਭਰੀ-ਯੋਗ ਸਿੱਖ ਆਗੂ ਦੀ ਲੋੜ ਹੈ ਜੋ ਸਭ ਨੂੰ ਇਕੱਠਾ ਕਰ ਕੇ ਰਾਜਸੀ ਤਾਕਤ ਬਣਨ ਵੱਲ ਤੋਰੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸਕ ਤੱਥਾਂ ਤੋਂ ਸੇਧ ਲੈ ਕੇ ਅੱਗੋਂ ਧੋਖਾ ਖਾਣ ਤੋਂ ਬਚਾਇਆ ਜਾ ਸਕੇ ਤੇ ਸਿੱਖ ਨਸਲਕੁਸ਼ੀ ਹੋਣੀ ਬੰਦ ਹੋਵੇ ! ਕੀ ਇਸ ਪਾਸੇ ਕਦੇ ਧਿਆਨ ਦਿੱਤਾ ਗਿਆ ?

ਆਖ਼ਰੀ ਸਵਾਲ ਇਹ ਹੈ ਕਿ ਆਖ਼ਰ ਕਿੰਨੀਆਂ ਹੋਰ ਬੇਦੋਸੀਆਂ ਪੁਸ਼ਤਾਂ ਕਹਿਰ ਦੇ ਵਾ-ਵਰੋਲੇ ਝੱਲਣਗੀਆਂ ਪਰ ਫਿਰ ਵੀ ਅਤਿਵਾਦੀ ਹੀ ਅਖਵਾਉਂਦੀਆਂ ਰਹਿਣਗੀਆਂ ?

ਸਬਰ ਤੇ ਸੰਤੋਖ ਨਾਲ ਲਬਰੇਜ਼ ਸਿੱਖ ਅੱਜ ਵੀ ਦੁਨੀਆ ਦੇ ਹਰ ਭੁੱਖੇ ਤੇ ਲੋੜਵੰਦ ਨੂੰ ਰਜਾਉਣ ਵਿੱਚ ਰੁੱਝੇ ਹਨ ਤੇ ਹੁਣ ਵੀ ਹਕੂਮਤ ਵੱਲੋਂ ਰਾਹਾਂ ਵਿੱਚ ਕਿੱਲਾਂ ਦੇ ਸਾਹਮਣੇ ਫੁੱਲ ਉਗਾ ਕੇ ਆਪਣੇ ਲਹੂ ਨਾਲ ਸਿੰਜ ਕੇ ਪਿਆਰ ਜਤਾ ਰਹੇ ਹਨ ਪਰ ਸਰਕਾਰੀ ਏਜੰਸੀਆਂ ਤੇ ਅਖ਼ਬਾਰਾਂ ਵੱਲੋਂ ਬਾਗ਼ੀ ਹੀ ਐਲਾਨੇ ਜਾ ਰਹੇ ਹਨ !

ਆਖ਼ਰ ਕਿੰਨੀ ਦੇਰ ਹੋਰ ਡਾਇਰ, ਨਰਾਇਣੇ ਤੇ ਬਲਦੇ ਟਾਇਰ ਸਿੱਖਾਂ ਦੀ ਸਰਦਾਰੀ ਨੂੰ ਲਲਕਾਰਦੇ ਰਹਿਣਗੇ ? ਹਾਲੇ ਵੀ ਸਮਾਂ ਹੈ ! ਯੋਗ ਅਗਵਾਈ ਵਾਲੀ ਸਿਆਸੀ ਤਾਕਤ ਬਣਨ ਵੱਲ ਧਿਆਨ ਦੇਈਏ, ਨਹੀਂ ਤਾਂ ਕੋਈ ਹੋਰ ਕਹਿਰੀ ਸਾਕਾ ਫਿਰ ਢਾਹ ਲਾਵੇਗਾ ! ਕਿਉਂ ਤੇਗ਼ ਨੂੰ ਤੇਗ਼ ਵਿਖਾਉਂਦਾ ? ਇਹ ਤੇਗ਼ ਨਹੀਂ ਤੇਗ਼ ਤੋਂ ਡਰਨ ਵਾਲਾ ਵਿੱਚੋਂ ਤੇਗ਼ ਦੇ ਖ਼ਾਲਸਾ ਹੋਊ ਪੈਦਾ, ਨਿਸ਼ਾਨ ਜ਼ੁਲਮ ਦਾ ਖ਼ਤਮ ਜੋ ਕਰਨ ਵਾਲਾ ਤੇਗ਼, ਤੇਗ਼ ਦੇ ਧਨੀ ਦਾ ਹੈ ਪੁੱਤਰ, ਮੀਰੀ ਪੀਰੀ ਦੀ ਤੇਗ਼ ਜੋ ਫੜਨ ਵਾਲਾ ਪੰਜਵੇਂ ਪਾਤਸ਼ਾਹ ਖ਼ੂਨ ਨਾਲ ਸਿੰਜਿਆ ਜੋ, ਸਿੱਖੀ ਬੂਟਾ ਨਹੀਂ ਤੇਗ਼ ਨਾਲ ਝੜਨ ਵਾਲਾ

ਹੋਲੀ ਅਤੇ ਮਾਰਸ਼ਲ ਖੇਡ ਦਾ ਪ੍ਰਤੀਕ ਹੋਲਾ

0

ਹੋਲੀ ਅਤੇ ਮਾਰਸ਼ਲ ਖੇਡ ਦਾ ਪ੍ਰਤੀਕ ਹੋਲਾ

ਅਵਤਾਰ ਸਿੰਘ ਮਿਸ਼ਨਰੀ (5104325827)

ਹੋਲੀ ਸੰਸਕ੍ਰਿਤ, ਹੋਲਾ ਫਾਰਸੀ ਅਤੇ ਮਹੱਲਾ ਅਰਬੀ ਦਾ ਸ਼ਬਦ ਹੈ। ਹੋਲੀ ਹਰਨਾਕਸ਼ ਦੀ ਭੈਣ ਹੋਲਿਕਾ ਤੋਂ ਬਣਿਆ ਮੰਨਿਆ ਜਾਂਦਾ ਹੈ। ਹੋਲੇ ਦਾ ਅਰਥ ਹੱਲਾ ਬੋਲਣਾ ਅਤੇ ਮਹੱਲਾ ਜਿਸ ਥਾਂ ਨੂੰ ਫ਼ਤਿਹ ਕਰ ਪੜਾਅ ਕੀਤਾ ਜਾਵੇ। ਹੋਲੀ ਭਾਰਤ ਦਾ ਇੱਕ ਮਿਥਿਹਾਸਕ ਅਤੇ ਪੌਰਾਣਿਕ ਤਿਉਹਾਰ ਹੈ। ਜਿਸ ਦਾ ਮੂਲ ਸੰਬੰਧ ਪ੍ਰਚਲਿਤ ਬ੍ਰਾਹਮਣੀ ਵਰਣਵੰਡ ਨਾਲ ਹੈ, ਪਰ ਇਸ ਦੇ ਉਲਟ ਹੋਲੇ ਮਹੱਲੇ ਦਾ ਸੰਬੰਧ ਸ਼ਸਤਰ ਵਿਦਿਆ ਅਭਿਆਸ ਨਾਲ ਹੈ। ਜਿਸ ਦਾ ਆਰੰਭ ਸੰਨ 1700 (ਸੰਮਤ ੧੭੫੭ ਚੇਤ ਵਦੀ ਪਹਿਲੀ) ਨੂੰ ਅਨੰਦਪੁਰ ਸਾਹਿਬ ਵਿਖੇ ਹੋਲਗੜ੍ਹ ਦੇ ਸਥਾਨ ’ਤੇ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ। ਇਨ੍ਹਾਂ ਦੋਨਾਂ ਤਿਉਹਾਰਾਂ ਦੀ ਵਿਚਾਰਧਾਰਾ ਵਿੱਚ ਜ਼ਿਮੀਂ ਅਸਮਾਨ ਦਾ ਫ਼ਰਕ ਹੈ। ਕਈ ਵਾਰ ਹੋਲੀ ਖ਼ੂਨ ਦੀ ਵੀ ਖੇਡੀ ਜਾਂਦੀ ਤੇ ਹੋਲਾ ਮਹੱਲਾ ਸ਼ਸਤਰ ਵਿਦਿਆ ਦੇ ਤੇਜਸਵੀ ਦਾਅ ਪੇਚਾਂ ਨਾਲ ਘੋੜੇ ਭਜਾ ਅਤੇ ਗਤਕੇ ਦੇ ਜੌਹਰ ਦਿਖਾ ਖੇਡਿਆ ਜਾਂਦਾ ਹੈ। ਪੱਕੇ ਰੰਗਾਂ ਅਤੇ ਗੰਦ-ਪਿੱਲ ਸੁੱਟਣ ਦੇ ਥਾਂ ’ਤੇ ਮਹਿਕਦਾਰ ਗੁਲਾਲ ਹੀ ਬਖੇਰੇ ਜਾਂਦੇ ਹਨ। ਹੋਲਾ-ਮਹੱਲਾ ਘੋੜ ਸਵਾਰੀ, ਗਤਕੇ ਬਾਜ਼ੀ ਆਦਿਕ ਮਰਦਾਵੀਂ ਖੇਡਾਂ ਹਨ, ਜੋ ਦੋ ਦਲ ਬਣਾ ਕੇ ਖੇਡੀਆਂ ਜਾਂਦੀਆਂ ਹਨ। ਇਸ ਕਰਕੇ ਹੋਲਾ-ਮਹੱਲਾ ਫ਼ੌਜੀ-ਟ੍ਰੇਨਿੰਗ ਦਾ ਵੀ ਪ੍ਰਤੀਕ ਹੈ, ਜਿਸ ਤੋਂ ਸੰਤ ਸਿਪਾਹੀ ਬਿਰਤੀ ਉਤਪੰਨ ਹੁੰਦੀ ਹੈ। ਨਸ਼ੇ ਧਤੂਰੇ ਪੀ ਕੇ ਸ਼ਿਵਜੀ; ਹੋਲਕਾਂ ਅਤੇ ਹਰਨਾਕਸ਼ ਵਰਗਿਆਂ ਨੂੰ ਪ੍ਰਸੰਨ ਹੋ ਕੇ ਵਰ ਦਿੰਦਾ ਸੀ, ਪਰ ਇੱਧਰ ਕਲਗੀਧਰ ਪਾਤਿਸ਼ਾਹ ਨੇ ਦਬਲੇ-ਕੁਚਲੇ ਤੇ ਉੱਚ-ਜਾਤੀਆਂ ਵੱਲੋਂ ਦੁਰਕਾਰੇ ਹੋਏ ਲੋਕਾਂ ਨੂੰ ਗਲ ਨਾਲ ਲਾਇਆ ਤੇ ਹੌਸਲਾ ਦਿੱਤਾ ‘‘ਇਨ ਗਰੀਬ ਸਿਖਨ ਕਉ ਦੇਹੂੰ ਪਾਤਸ਼ਾਹੀ’ ਆਦਿਕ ਬਖ਼ਸ਼ਸ਼ਾਂ ਹੀ ਕੀਤੀਆਂ।

ਦੇਖੋ ! ਬ੍ਰਾਹਮਣ ਨੇ ਜਿੱਥੇ ਮਨੁੱਖਤਾ ਨੂੰ ਜਾਤਾਂ-ਪਾਤਾਂ ਦੇ ਆਧਾਰ ’ਤੇ ਚਾਰ ਵਰਨਾਂ (ਬ੍ਰਾਹਮਣ, ਖਤਰੀ, ਵੈਸ਼ ਅਤੇ ਸ਼ੂਦ) ਵਿੱਚ ਵੰਡਿਆ ਓਥੇ ਤਿਉਹਾਰ ਵੀ ਵੱਖਰੇ-ਵੱਖਰੇ ਵੰਡ ਦਿੱਤੇ; ਜਿਵੇਂ ਵੈਸਾਖੀ ਉੱਤਮ ਹੋਣ ਕਰਕੇ ਬ੍ਰਾਹਮਣ, ਦੀਵਾਲੀ ਖਤਰੀ, ਦਸਹਿਰਾ ਵੈਸ਼ ਅਤੇ ਹੋਲੀ ਸ਼ੂਦਰਾਂ ਲਈ ਨਿਯਤ ਕੀਤੀ ਗਈ। ਰੱਬੀ-ਭਗਤਾਂ ਅਤੇ ਸਿੱਖ-ਗੁਰੂ ਸਾਹਿਬਾਨ ਨੇ ਬ੍ਰਾਹਮਣ ਦਾ ਇਹ ਪਾਖੰਡ ਤੋੜਦੇ ਹੋਏ ਜਨਤਾ ਨੂੰ ਦਰਸਾਇਆ ਕਿ ਹਰੇਕ ਇਨਸਾਨ ਜੋ ਅਸਲ ਬ੍ਰਹਮ ਨੂੰ ਜਾਣਦਾ ਭਾਵ ਪ੍ਰਭੂ ਨੂੰ ਯਾਦ ਕਰਦਾ ਹੋਇਆ ਵਿਦਿਆ ਵਿਚਾਰਦਾ ਹੈ, ਉਹ ਬ੍ਰਾਹਮਣ ਹੈ। ਜੋ ਆਪਣੇ ਅਤੇ ਦੂਜਿਆਂ ਦੇ ਹੱਕਾਂ ਲਈ ਜੂਝਦੇ ਹਨ ਉਹ ਖੱਤ੍ਰੀ ਹਨ। ਜੋ ਧਰਮ ਦੀ ਕਿਰਤ ਕਰਕੇ ਆਪਣਾ ਅਤੇ ਦੂਜਿਆਂ ਦਾ ਪੇਟ ਪਾਲਦੇ ਹਨ ਉਹ ਵੈਸ਼ ਅਤੇ ਮਨੁੱਖਤਾ ਦੀ ਸੇਵਾ ਕਰਦੇ ਹਨ ਤਾਂ ਉਹ ਸ਼ੂਦਰ ਭਾਵ ਇਹ ਚਾਰੇ ਗੁਣ ਹਰੇਕ ਵਿਅਕਤੀ ਅੰਦਰ ਹੋਣੇ ਜ਼ਰੂਰੀ ਹਨ। ਉਸ ਨੂੰ ਬ੍ਰਾਹਮਣ ਜਾਂ ਕਿਸੇ ਧਾਰਮਕ ਕਾਜ਼ੀ-ਮੁੱਲਾਂ, ਪੰਡਿਤ-ਪਾਦਰੀ ਆਦਿਕ ਦੀ ਮੁਥਾਜੀ ਦੀ ਲੋੜ ਨਹੀਂ ਰਹਿੰਦੀ।

ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨ੍ਹਾਭਾ ਨੇ ਹੋਲੇ-ਮਹੱਲੇ ਅਤੇ ‘ਹੋਲੀ’ ਬਾਰੇ ਇਸ ਤਰ੍ਹਾਂ ਲਿਖਿਆ ਹੈ ‘‘ਯੁਧ ਵਿਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਕਲਗੀਧਰ ਜੀ ਦੀ ਚਲਾਈ ਹੋਈ ਰੀਤ ਅਨੁਸਾਰ ਚੇਤ ੧ ਨੂੰ ਸਿੱਖਾਂ ਵਿੱਚ ਹੋਲਾ-ਮਹੱਲਾ ਹੁੰਦੈ ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ‘ਮਹੱਲਾ’ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜ-ਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਆਂ ਤੋਂ ਇਕ ਖ਼ਾਸ ਹਮਲੇ ਦੀ ਥਾਂ ਉੱਤੇ ਹਮਲਾ ਕਰਦੇ ਹਨ। ਕਲਗੀਧਰ ਜੀ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਅਤੇ ਦੋਹਾਂ ਦਲਾਂ ਨੂੰ ਅਭਿਆਸ ਵਿਦਿਆ ਦਿੰਦੇ ਸਨ। ਜਿਹੜਾ ਦਲ ਜੇਤੂ ਹੁੰਦਾ ਉਸ ਨੂੰ ਸਜੇ ਦੀਵਾਨ ਵਿਖੇ ਸਿਰੋਪਾ ਬਖ਼ਸ਼ਦੇ ਸਨ।

ਅਸੀਂ ਸਾਲ ਪਿੱਛੋਂ ਇਹ ਰਸਮ ਨਾਮ ਮਾਤਰ ਪੂਰੀ ਕਰ ਛੱਡਦੇ ਹਾਂ, ਪਰ ਲਾਭ ਕੁਝ ਨਹੀਂ ਉਠਾਉਂਦੇ। ਹਾਲਾਂਕਿ ਸ਼ਸਤਰ-ਵਿਦਿਆ ਤੋਂ ਅਣਜਾਣ ਸਿੱਖ, ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਅਧੂਰਾ ਸਿੱਖ ਹੈ। ਇਸੇ ਵਿਸ਼ੇ ’ਤੇ ਭਾਈ ਸਾਹਿਬ ਹੋਰ ਲਿਖਦੇ ਹਨ ‘‘ਸ਼ੋਕ ਹੈ ਕਿ ਹੁਣ ਸਿੱਖਾਂ ਨੇ ਸ਼ਸਤਰ ਵਿਦਿਆ ਨੂੰ ਆਪਣੀ ਕੌਮੀ ਵਿਦਿਆ ਨਹੀਂ ਸਮਝਿਆ, ਸਿਰਫ ਫੌਜੀਆਂ ਦਾ ਕਰਤਬ ਮੰਨ ਲਿਆ ਹੈ। ਜਦ ਕਿ ਦਸਮੇਸ਼ ਜੀ ਦਾ ਉਪਦੇਸ਼ ਹੈ ਕਿ ਹਰੇਕ ਸਿਖ ਪੂਰਾ ਸੰਤ ਸਿਪਾਹੀ ਹੋਵੇ ਅਤੇ ਸ਼ਸਤਰ ਵਿਦਿਆ ਦਾ ਅਭਿਆਸ ਕਰੇ, ਇਸ ਤੋਂ ਬਿਨਾਂ ਸਿੱਖ ਅਧੂਰਾ ਹੈ।

ਇਸ ਤਰ੍ਹਾਂ ਹੋਲਾ-ਮਹੱਲਾ  ਸ਼ਸਤਰ ਵਿਦਿਆ, ਅਣਖ ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਇੱਕ ਵਿਲੱਖਣ ਤਿਉਹਾਰ ਹੈ ਜਦ ਕਿ ਹੋਲੀ ਨੂੰ ਸਦੀਆਂ ਤੋਂ ਰੰਗ ਰਲੀਆਂ ਵਜੋਂ ਮਨਾਉਂਦੇ ਆ ਰਹੇ ਲੋਕ, ਆਪਣੀ ਅਣਖ-ਗੈਰਤ ਗਵਾ ਨਿਹੱਥੇ ਹੋ ਜ਼ਾਲਮ ਮੁਗਲ ਹਕੂਮਤ ਦੀ ਗੁਲਾਮੀ ਕਬੂਲ ਕਰ ਚੁੱਕੇ ਸਨ। ਉਸ ਵੇਲੇ ਕੋਈ ਸ਼ਸਤਰ ਨਹੀਂ ਸੀ ਰੱਖ ਸਕਦਾ। ਸਿਰ ’ਤੇ ਪੱਗ ਨਹੀਂ ਸੀ ਬੰਨ੍ਹ ਸਕਦਾ। ਸ਼ਿਕਾਰ ਨਹੀਂ ਸੀ ਖੇਡ ਸਕਦਾ ਅਤੇ ਜਿਸ ਦੇ ਅੰਦਰ ਇਹ ਧਾਰਨਾ ਬਣ ਚੁੱਕੀ ਸੀ ਕਿ ‘ਕਾਮ ਹਮਾਰਾ ਤੋਲਣ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੱੜੀ ਉੱਡੇ ਤਉ ਹਮ ਡਰ ਜਾਏਂ। ਦੁਸ਼ਮਣ ਸੇ ਕੈਸੇ ਲੜ ਪਾਏਂ।’ ਅਜਿਹੇ ਸਹਿਮੇ ਹੋਏ ਲੋਕਾਂ ਅੰਦਰ ਸ਼ਸਤਰਧਾਰੀ ਹੋ ਕੇ, ਛਾਤੀਆਂ ਤਾਣ ਕੇ, ਵੈਰੀਆਂ ਦਾ ਮੁਕਾਬਲਾ ਕਰਨ ਦਾ ਅਥਾਹ ਬਲ ਭਰਨ ਲਈ ਗੁਰੂ ਕਲਗੀਧਰ ਪਾਤਿਸ਼ਾਹ ਨੇ ਸ਼ਸਤਰ-ਵਿਦਿਆ, ਘੋੜ-ਸਵਾਰੀ, ਸ਼ਿਕਾਰ ਖੇਡਣਾ ਅਤੇ ਦਸਤਾਰਾਂ ਉੱਪਰ ਫਰਲੇ ਸਜਾਉਣਾ ਆਦਿਕ ਹੋਲੇ-ਮਹੱਲੇ ਦੇ ਜੰਗੀ ਕਰਤਬ ਡੰਕੇ ਦੀ ਚੋਟ ਨਾਲ ਸ਼ੁਰੂ ਕੀਤੇ। ਮੱਛੀ-ਮੱਛਰ ਮਾਰਨ ਤੋਂ ਡਰਨ ਵਾਲੇ ਸ਼ੇਰਾਂ ਦਾ ਸ਼ਿਕਾਰ ਕਰਨ ਲੱਗ ਪਏ। ਖ਼ਾਲਸੇ ਨੇ ਸ਼ਸਤਰਧਾਰੀ ਹੋ ਕੇ ਜ਼ਾਲਮ ਮੁਗਲ ਹਕੂਮਤ ਦੀਆਂ ਜੜ੍ਹਾਂ ਭਾਰਤ ਵਿੱਚੋਂ ਉਖੇੜ ਕੇ ਖਾਲਸਾ ਰਾਜ ਕਾਇਮ ਕੀਤਾ ਅਤੇ ਫਿਰ ਕਾਫ਼ੀ ਸਮੇਂ ਬਾਅਦ ਭਾਰੀ ਕੁਰਬਾਨੀਆਂ ਦੇ ਕੇ ਅੰਗਰੇਜ਼ਾਂ ਤੋਂ ਭਾਰਤ ਨੂੰ ਵੀ ਅਜ਼ਾਦ ਕਰਵਾਇਆ। ਅੱਜ ਵੀ ਹਰ ਅਜ਼ਾਦ ਦੇਸ਼ ਭਾਵੇਂ ਉਸ ਦੀ ਕਿਸੇ ਦੂਜੇ ਦੇਸ਼ ਨਾਲ ਜੰਗ ਨਹੀਂ ਵੀ ਲੱਗੀ ਹੋਈ ਫਿਰ ਵੀ ਆਪਣੀ ਫ਼ੌਜ ਨੂੰ ਨਿਤਾਪ੍ਰਤੀ ਜੰਗੀ ਅਭਿਆਸ ਕਰਵਾਉਂਦਾ ਰਹਿੰਦਾ ਹੈ।

ਸੋ ਹੋਲਾ-ਮਹੱਲਾ ਫ਼ਤਿਹ ਅਤੇ ਅਜ਼ਾਦੀ ਦਾ ਵੀ ਪ੍ਰਤੀਕ ਹੈ। ਕਵੀ ਨਿਹਾਲ ਸਿੰਘ ਨੇ ਵੀ ਖਾਲਸੇ ਦੀ ਚੜ੍ਹਦੀ ਕਲਾ ਦੇ ਬੋਲਾਂ ਦਾ ਜ਼ਿਕਰ ਕਰਦੇ ਹੋਏ ਹੋਲੇ ਦੀ ਵਿਲੱਖਣਤਾ ਇਉਂ ਦਰਸਾਈ ਹੈ ‘ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ। ਛਕਾ ਪ੍ਰਸ਼ਾਦ ਸਜਾ ਦਸਤਾਰਾ, ਅਰ ਕਰਦੌਨਾ ਟੋਲਾ ਹੈ। ਸੁਭੱਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ। ਅਪਰ ਮੁਛਹਿਰਾ ਦਾੜਾ ਜੈਸੇ, ਤੈਸੇ ਬੋਲਾ ਹੋਲਾ ਹੈ।

ਸਤਿਸੰਗੀਆਂ ਦੀ ਆਤਮਕ ਹੋਲੀ ਦਾ ਜ਼ਿਕਰ ਗੁਰਬਾਣੀ ਵਿਖੇ ਪਹਿਲੇ ਤੋਂ ਹੀ ਮੌਜੂਦ ਹੈ ‘‘ਆਜੁ ਹਮਾਰੈ ਬਨੇ ਫਾਗ ॥  ਪ੍ਰਭ ਸੰਗੀ ਮਿਲਿ ਖੇਲਨ ਲਾਗ ॥  ਹੋਲੀ ਕੀਨੀ ਸੰਤ ਸੇਵ ॥  ਰੰਗੁ ਲਾਗਾ ਅਤਿ ਲਾਲ ਦੇਵ ॥’’ (ਮਹਲਾ ੫/੧੧੮੦) ਭਾਵ ਜਦ ਸਤਸੰਗੀ ਸੇਵਾ ਸਿਮਰਨ ਵਿਚਾਰ ਰੂਪੀ ਹੋਲੀ ਖੇਡਦੇ ਹਨ ਤਾਂ ਉਨ੍ਹਾਂ ਦੇ ਹਿਰਦੇ ਰੂਪੀ ਕੱਪੜੇ ਉੱਤੇ ਪ੍ਰਭੂ ਪਿਆਰ ਦਾ ਗੂੜ੍ਹਾ ਰੰਗ ਲੱਗ ਜਾਂਦਾ ਹੈ। ਛੇਵੇਂ ਪਾਤਿਸ਼ਾਹ ਨੇ ਪੰਥ ਨੂੰ ਬਾਕਾਇਦਾ ਸ਼ਸਤਰਧਾਰੀ ਕੀਤਾ ਅਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ। ਚੌਹਾਂ ਵਿੱਚ ਹੀ ਆਪ ਜੀ ਨੇ ਫ਼ਤਿਹ ਹਾਸਲ ਕੀਤੀ। ਗੁਰਗੱਦੀ ਸੌਂਪਣ ਸਮੇਂ ਆਪ ਜੀ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ 2200 ਸ਼ਸਤਰਧਾਰੀ ਘੋੜ ਸਵਾਰ ਫ਼ੌਜ ਵੀ ਸਪੁਰਦ ਕੀਤੀ ਅਤੇ ਨਾਲ ਹੀ ਹੁਕਮ ਕੀਤਾ ਕਿ ਇਨ੍ਹਾਂ ਫ਼ੌਜਾਂ ਨੂੰ ਬਾਕਾਇਦਾ ਕਾਇਮ ਰੱਖਣਾ ਹੈ। ਸਪਸ਼ਟ ਹੈ ਕਿ ਜੇ ਫ਼ੌਜਾਂ ਨੂੰ ਕਾਇਮ ਰੱਖਣਾ ਹੈ ਤਾਂ ਉਨ੍ਹਾਂ ਦੇ ਅਭਿਆਸ ਵੀ ਚੱਲਦੇ ਹੀ ਰਹਿਣੇ ਹਨ। ਅੰਤ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਦੇ ਬਾਕਾਇਦਾ ਜੁਝਾਰੂ ਹੋਣ ਦਾ ਐਲਾਨ ਵੀ ਕਰ ਦਿੱਤਾ। ਕ੍ਰਿਪਾਨ ਨੂੰ ਪੰਜਾਂ ਕਕਾਰਾਂ ਵਿੱਚ ਸ਼ਾਮਲ ਕਰਕੇ ਸਿੱਖੀ ਪਹਿਰਾਵੇ ਦਾ ਸਦਾ ਵਾਸਤੇ ਅੰਗ ਬਣਾ ਦਿੱਤਾ ਗਿਆ। ਫਿਰ ਹੋਲੇ-ਮਹੱਲੇ ਰਾਹੀਂ ਸ਼ਸਤਰ ਵਿਦਿਆ ਦੇ ਅਭਿਆਸ ਵਾਲਾ ਇਹ ਨੇਮ ਵੀ ਪੱਕਾ ਕਰ ਦਿੱਤਾ। ਇਸ ਤੋਂ ਵੱਡਾ ਹੋਰ ਕੋਈ ਸਬੂਤ ਨਹੀਂ ਕਿ ਹੋਲਾ-ਮਹੱਲਾ ਅਰੰਭ ਕਰਕੇ, ਗੁਰੂ ਜੀ ਨੇ ਸਿੱਖਾਂ ਨੂੰ ਆਪ ਹੀ ਇਹ ਹਿਦਾਇਤ ਵੀ ਕੀਤੀ ਕਿ ਉਹ ਸ਼ਸਤਰ ਵਿਦਿਆ ਦਾ ਅਭਿਆਸ ਸਦਾ ਜਾਰੀ ਰੱਖਣ।

ਹੋਲੀ ਬਾਰੇ ਵਿਚਾਰ ਹੋਲੀ ਇੱਕ ਮਿਥਿਹਾਸਕ ਪੌਰਾਣਕ ਤਿਉਹਾਰ ਹੈ। ਬ੍ਰਾਹਮਣ ਮੱਤ ਅਨੁਸਾਰ ਵਰਣ-ਵੰਡ ਵਿੱਚ ਦ੍ਰਿੜ੍ਹਤਾ ਲਿਆਉਣ ਵਾਸਤੇ ਜਿੱਥੇ ਹਰੇਕ ਵਰਣ ਵਾਸਤੇ ਜੰਝੂ ਤੇ ਇਸ ਨੂੰ ਪਾਉਣ ਦੇ ਢੰਗ ਅਤੇ ਸਮੇਂ ਵੱਖਰੇ-ਵੱਖਰੇ ਹਨ। ਫਿਰ ਵਰਣਾਂ ਅਨੁਸਾਰ ਨਾਵਾਂ ਦੀ ਵੰਡ ਅਤੇ ਹੋਰ ਨੇਮ ਬਣਾਏ ਗਏ ਹਨ। ਇਸ ਤਰ੍ਹਾਂ ਬ੍ਰਾਹਮਣ ਵਰਗ ਨੇ ਆਪਣੇ ਵਾਸਤੇ ਵਿਸਾਖੀ, ਵੈਸ਼ਾਂ ਵਾਸਤੇ ਦਿਵਾਲੀ, ਖੱਤਰੀਆਂ ਵਾਸਤੇ ਦਸਹਿਰਾ ਅਤੇ ਸ਼ੂਦਰਾਂ ਵਾਸਤੇ ਹੋਲੀ ਦਾ ਤਿਉਹਾਰ ਪ੍ਰਚਲਿਤ ਕੀਤਾ। ਮੂਲ ਰੂਪ ਵਿੱਚ ਇਹ ਬ੍ਰਾਹਮਣੀ ਤਿਉਹਾਰ ਹਨ; ਜਿਵੇਂ ਕਿ ਇਕ ਪੌਰਾਣਿਕ ਕਥਾ ਅਨੁਸਾਰ ਹੰਕਾਰੀ ਹਰਨਾਖਸ਼ ਨੇ ਸ਼ਿਵ ਤੋਂ ਵਰ ਪ੍ਰਾਪਤ ਕੀਤਾ ਕਿ ‘ਅੰਦਰ ਜਾਂ ਬਾਹਰ, ਦਿਨੇ ਜਾਂ ਰਾਤੀਂ, ਮਨੁੱਖ ਜਾਂ ਪਸ਼ੂ ਕਿਸੇ ਤੋਂ ਨਾ ਮਰਾਂ’ ਅਜਿਹਾ ਵਰ ਪ੍ਰਾਪਤ ਕਰਕੇ ਉਹ ਵੱਡਾ ਜ਼ਾਲਮ ਬਣ ਗਿਆ ਅਤੇ ਐਲਾਨ ਕਰ ਦਿੱਤਾ ਕਿ ਕੋਈ ਰਾਮ ਨੂੰ ਨਾ ਜਪੇ ਅਤੇ ਸਾਰੇ ਮੇਰਾ ਹੀ ਜਾਪ ਕਰਨ। ਕਰਤਾਰ ਦੀ ਕਰਨੀ, ਘਰ ਵਿੱਚੋਂ ਹੀ, ਹਰਨਾਖਸ਼ ਦਾ ਪੁੱਤਰ ਪ੍ਰਹਿਲਾਦ ਇਸ ਗਲੋਂ ਵਿਰੋਧੀ ਹੋ ਗਿਆ ਅਤੇ ਖਲਕਤ ਵਿੱਚ ਰਮੇ ਹੋਏ ‘ਰਾਮ’ ਨੂੰ ਜਪਣ ਅਤੇ ਪ੍ਰਚਾਰਨ ਲੱਗਾ। ਇਸ ਕਰਕੇ ਹੰਕਾਰੀ ਪਿਤਾ ਹਰਨਾਕਸ਼ ਨੇ ਉਸ ਨੂੰ ਪਹਾੜ ਤੋਂ ਦਰਿਆ ਵਿੱਚ ਸੁੱਟ ਕੇ ਭਾਵ ਹਰ ਢੰਗ ਨਾਲ ਮਰਵਾਉਣ ਦਾ ਜਤਨ ਕੀਤਾ, ਪਰ ਪ੍ਰਭੂ ਨੇ ਹਰ ਵਾਰੀ ਪ੍ਰਹਿਲਾਦ ਦੀ ਰੱਖਿਆ ਕੀਤੀ। ਪ੍ਰਚਲਿਤ ਕਹਾਣੀ ਅਨੁਸਾਰ ਅੰਤ ਹਰਨਾਖਸ਼ ਦੀ ਭੈਣ ਹੋਲਕਾ ਨੇ ਤਪ ਕਰਕੇ ਸ਼ਿਵ ਪਾਸੋਂ ਇੱਕ ਦੁਪੱਟਾ ਪ੍ਰਾਪਤ ਕੀਤਾ, ਜਿਸ ਨੂੰ ਉੱਪਰ ਲੈਣ ਤੋਂ ਬਾਅਦ ਅੱਗ ਉਸ ਉੱਪਰ ਕੋਈ ਅਸਰ ਨਹੀਂ ਕਰ ਸਕਦੀ ਸੀ। ਹਰਨਾਖਸ਼ ਦੇ ਕਹੇ ’ਤੇ, ਹੋਲਿਕਾ ਆਪਣੇ ਭਣੇਵੇਂ ਪ੍ਰਹਿਲਾਦ ਨੂੰ ਗੋਦੀ ਵਿੱਚ ਲੈ ਕੇ ਬਲਦੀ ਅੱਗ ਦੀ ਚਿਖਾ ’ਤੇ ਬੈਠ ਗਈ। ਕਰਤਾਰ ਦੀ ਕਰਨੀ, ਉਹ ਦੁਪੱਟਾ ਹੋਲਿਕਾ ਤੋਂ ਉੱਡ ਕੇ, ਪ੍ਰਹਿਲਾਦ ਉੱਤੇ ਜਾ ਪਿਆ। ਹੋਲਿਕਾਂ ਸੜ ਕੇ ਸਵਾਹ ਹੋ ਗਈ ਅਤੇ ਪ੍ਰਹਿਲਾਦ ਬਚ ਗਿਆ। ਅੰਤ ਅੱਗ ਨਾਲ ਤਪਾ ਕੇ ਲਾਲ ਕੀਤੇ ਲੋਹੇ ਦੇ ਥੰਮ੍ਹ ਨਾਲ ਪ੍ਰਹਿਲਾਦ ਨੂੰ ਜੱਫਾ ਮਾਰਨ ਦਾ ਹੁਕਮ ਹੋਇਆ। ਮਨੌਤ ਹੈ ਕਿ ਠੀਕ ਉਸ ਸਮੇਂ ਪ੍ਰਭੂ ਨੇ ਨਰਸਿੰਘ ਦਾ ਰੂਪ ਧਾਰ, ਪ੍ਰਹਿਲਾਦ ਨੂੰ ਬਚਾ ਲਿਆ ਅਤੇ ਹਰਨਾਖਸ਼ ਨੂੰ ਦਹਿਲੀਜ ’ਤੇ ਤਿਖੇ ਨੌਹਾਂ ਨਾਲ ਫਾੜ ਕੇ ਦੋਫਾੜ ਕਰ ਦਿੱਤਾ। ਇਸ ਪੌਰਾਣਿਕ ਸਾਖੀ ਦਾ ਜ਼ਿਕਰ ਗੁਰਬਾਣੀ ’ਚ ਕਈ ਵਾਰ, ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਕੀਤਾ ਹੈ; ਜਿਵੇਂ ਕਿ ‘‘ਹਰਣਾਖਸੁ ਲੇ ਨਖਹੁ ਬਿਧਾਸਾ (ਮਹਲਾ /੨੨੪), ਹਰਣਾਖਸੁ ਦੁਸਟੁ ਹਰਿ ਮਾਰਿਆ; ਪ੍ਰਹਲਾਦੁ ਤਰਾਇਆ (ਮਹਲਾ /੪੫੧), ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ (ਮਹਲਾ /੬੩੭), ਕੀਨੀ ਰਖਿਆ ਭਗਤ ਪ੍ਰਹਿਲਾਦੈ; ਹਰਨਾਖਸ ਨਖਹਿ ਬਿਦਾਰੇ (ਮਹਲਾ /੯੯੯), ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ (ਭਗਤ ਨਾਮਦੇਵ/੧੧੦੫), ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ; ਹਰਨਾਖਸੁ ਨਖ ਬਿਦਰਿਓ (ਭਗਤ ਕਬੀਰ/੮੫੬), ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ; ਹਰਨਾਖਸ ਫਾਰੇ ਕਰ ਆਜ ’’ (ਭਟ ਨਲੵ/੧੪੦੦) ਆਦਿ। ਲੋਕਾਈ ਨੂੰ ਇਹ ਸਮਝਾਉਣ ਵਾਸਤੇ ਕਿ ਮਨੁੱਖ ਭਾਵੇਂ ਕਿਨ੍ਹਾਂ ਵੀ ਜ਼ਾਲਮ ਜਾਂ ਹੰਕਾਰੀ ਹੋਵੇ, ਪ੍ਰਭੂ ਆਪਣੇ ਪਿਆਰਿਆਂ ਦੀ ਸਦਾ ਲਾਜ ਰੱਖਦਾ ਹੈ ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ’’ (ਮਹਲਾ /੪੫੧)

ਚੇਤੇ ਰਹੇ ਕਿ ਪ੍ਰਚਲਿਤ ਕਥਾ ਅਨੁਸਾਰ ਇਹ ਕਹਾਣੀ ਕਹੇ ਜਾਂਦੇ ਉਸ ਸਤਜੁਗ ਦੀ ਹੈ ਜਦੋਂ ‘ਦਸ਼ਰਥ-ਪੁੱਤ੍ਰ ਰਾਮ’ ਅਜੇ ਪੈਦਾ ਵੀ ਨਹੀਂ ਹੋਇਆ ਸੀ। ਇਸ ਲਈ ਇੱਥੇ ‘ਸਰਬ ਵਿਆਪਕ ਰਾਮ’ ਦੀ ਗੱਲ ਹੈ, ਨਾ ਕਿ ‘ਦਸ਼ਰਥ-ਪੁੱਤਰ ਰਾਮ ਚੰਦਰ’ ਦੀ। ਹੋਲੀ ਦੇ ਤਿਉਹਾਰ ਨੂੰ ਮਨਾਉਣ ਵਾਲੇ ਸੱਜਣ, ਇਸ ਘਟਨਾ ਨੂੰ ਆਧਾਰ ਬਣਾ ਕੇ ਰਾਤ ਨੂੰ ਹੋਲੀ ਜਲਾਉਂਦੇ ਹਨ। ਇਸ ਤਰ੍ਹਾਂ ਇਸ ਨੂੰ ਹੋਲਿਕਾ ਦੀ ਰਾਖ ਮੰਨ ਕੇ, ਸਵੇਰੇ ਉਸ ਰਾਖ ਨੂੰ ਉਡਾਇਆ ਜਾਂਦਾ ਹੈ। ਸ੍ਰੀ ਮਦੁ ਭਾਗਵਤ ਪੁਰਾਣ ਦੀ ਇੱਕ ਕਥਾ ਅਨੁਸਾਰ ਜਿੱਥੇ ਗੋਪੀਆਂ ਨੇ ਕ੍ਰਿਸ਼ਨ ਜੀ ਨਾਲ ਰੰਗ ਆਦਿਕ ਉੱਡਾ ਕੇ ਖੂਬ ਹੋਲੀ ਖੇਡੀ, ਉੱਥੇ ਇਸ ਕਥਾ ਨੂੰ ਬੜਾ ਕਾਮੁਕ ਬਣਾ ਕੇ ਪੇਸ਼ ਕੀਤਾ ਗਿਆ ਹੈ, ਜਿਸ ਦਾ ਸਿੱਟਾ ਅੱਜ ਕੱਲ੍ਹ ਵੀ ਗੋਕੁਲ, ਮਥੁਰਾ, ਬ੍ਰਿੰਦਾਬਨ ਦੀ ਹੋਲੀ ਵਿੱਚ ਅਜਿਹੀਆਂ ਕਾਮ-ਖੇਡਾਂ ਆਮ ਪ੍ਰਚਲਿਤ ਹਨ। ਇਸ ਤਿਉਹਾਰ ਸਮੇਂ ਲੋਕੀਂ ਇੱਕ ਦੂਜੇ ’ਤੇ ਕੇਵਲ ਰੰਗ-ਗੁਲਾਲ ਹੀ ਨਹੀਂ ਬਲਕਿ ਚਿੱਕੜ, ਗੋਹਾ, ਲੁੱਕ, ਤੇਲ ਅਤੇ ਗੰਦਗੀ ਆਦਿ ਵੀ ਸੁੱਟਦੇ ਹਨ। ਹੋਲੀ ਦੇ ਤਿਉਹਾਰ ਨੂੰ ਸ਼ਰਾਬਾਂ ਉੱਡਦੀਆਂ ਅਤੇ ਕਈ ਝਗੜੇ, ਫਸਾਦ, ਲੜਾਈਆਂ, ਐਕਸੀਡੈਂਟ ਅਤੇ ਕਤਲ ਤੀਕ ਹੁੰਦੇ ਹਨ। ਸ਼ਰਾਬ ਦੇ ਨਸ਼ੇ ਵਿੱਚ ਕਈ ਭੂਤਰੇ ਲੋਕ ਇਸ ਵਿਗੜੇ ਹੋਏ ਵਾਤਾਵਰਣ ਦਾ ਆਪਣੇ ਢੰਗ ਨਾਲ ਲਾਭ ਉਠਾਉਂਦੇ ਹਨ ਅਤੇ ਅਪਣੀਆਂ ਦੁਸ਼ਮਣੀਆਂ ਕੱਢਦੇ ਹਨ। ਇਨ੍ਹੀਂ ਦਿਨੀਂ ਹਸਪਤਾਲਾਂ ਵਿੱਚ ਜਾ ਕੇ ਅਜਿਹੇ ਨਜ਼ਾਰੇ, ਆਮ ਦੇਖੇ ਜਾ ਸਕਦੇ ਹਨ। ਜਵਾਨ ਬੱਚੀਆਂ ਅਤੇ ਇਸਤਰੀਆਂ ਨਾਲ ਭੱਦੇ ਮਜ਼ਾਕ ਹੁੰਦੇ ਹਨ।

ਗੁਰੂ ਦਰ ’ਤੇ ਹੋਲੀ ਦਾ ਤਿਉਹਾਰ ਕੱਚੇ ਰੰਗਾਂ, ਨਸ਼ਿਆਂ ਆਦਿ ਦੇ ਢੰਗ ਨਾਲ ਮਨਾਉਣਾ ਪੂਰੀ ਤਰ੍ਹਾਂ ਵਰਜਿਤ ਹੈ। ਅਕਾਲ ਪੁਰਖ ਦੇ ਬਖ਼ਸ਼ੇ ਸੁੰਦਰ ਕੇਸਾਧਾਰੀ ਸਰੂਪ ਦੀ ਬੇਅਦਬੀ ਕਰਨ ਜਾਂ ਕਰਾਉਣ ਦਾ ਸਾਨੂੰ ਕੋਈ ਅਧਿਕਾਰ ਨਹੀਂ।

ਹੋਲੇ ਮਹੱਲੇ ਦਾ ਮਹੱਤਵ ਹੋਰ ਵੀ ਸਪਸ਼ਟ ਹੋ ਜਾਂਦਾ ਹੈ, ਜਦੋਂ ਅਸੀਂ ਸਿੱਖੀ ਦੇ ਮੂਲ ਸਿਧਾਂਤ ‘ਦੇਗ ਤੇਗ ਫ਼ਤਹਿ’ ਵਾਲੇ ਸ਼ਬਦਾਂ ਵੱਲ ਧਿਆਨ ਕਰੀਏ । ਗੁਰੂ ਕੀਆਂ ਸੰਗਤਾਂ ਨੂੰ ਗੁਰਦੇਵ ਨੇ, ਜਿੱਥੇ ਕੜਾਹ ਪ੍ਰਸ਼ਾਦ ਅਤੇ ਗੁਰੂ ਕੇ ਲੰਗਰ ਆਦਿ ਨੂੰ ‘ਦੇਗ ਅਥਵਾ ਦੇਗਾਂ’ ਕਹਿ ਕੇ ਬਖ਼ਸ਼ਿਆ ਹੈ, ਉੱਥੇ ਨਾਲ ਹੀ ਨਿਯਮ ਹੈ ਕਿ ਬਿਨਾਂ ‘ਕ੍ਰਿਪਾਨ ਭੇਟ’ ਕੜਾਹ ਪ੍ਰਸ਼ਾਦ ਦੀ ਦੇਗ਼ ਵੀ ਨਹੀਂ ਵਰਤਾਉਣੀ। ਕੁਝ ਸੱਜਣ ਕੜਾਹ ਪ੍ਰਸ਼ਾਦ ਦੀ ਦੇਗ ਦੇ ਕ੍ਰਿਪਾਨ ਭੇਟ ਕਰਨ ਨੂੰ ‘ਭੋਗ ਲੁਆਉਣਾ’ ਸਮਝਦੇ ਹਨ ਭਾਵੇਂ ਕਿ ਗੁਰੂ ਦਰਬਾਰ ਵਿੱਚ ਭੋਗ ਲਵਾਉਣ ਦਾ ਕੋਈ ਵਿਧਾਨ ਨਹੀਂ। ਭੋਗ ਲਵਾਉਣ ਦੀ ਪ੍ਰਥਾ ਤਾਂ ਦੇਵੀ-ਦੇਵਤਿਆਂ ਅਥਵਾ ਮੂਰਤੀਆਂ ਲਈ ਪੰਡਿਤਾਂ ਨੇ ਨਿਰਧਾਰਿਤ ਕੀਤੀ ਹੈ। ਗੁਰੂ ਦਰ ’ਤੇ ਤਾਂ ਸਿੱਖ ਧਰਮ ਦੇ ਮੂਲ ਸਿਧਾਂਤ ਦੇਗ ਤੇਗ ਫ਼ਤਹਿ ਮੁਤਾਬਕ ਕ੍ਰਿਪਾਨ ਭੇਟ ਦਾ ਨਿਯਮ ਹੈ। ਇਸ ਦਾ ਸਿੱਧਾ ਅਰਥ ਹੈ ਕਿ ਗੁਰਸਿੱਖ ਨੇ ਸ਼ਸਤਰਾਂ ਨੂੰ ਦਰਕਿਨਾਰ ਕਰ ਕੇਵਲ ਦੇਗ ਛੱਕਣ ਤੱਕ ਹੀ ਨਹੀਂ ਰਹਿ ਜਾਣਾ। ਤੇਗ (ਸ਼ਸਤਰ) ਨੂੰ ਭੁਲਾ ਕੇ ਕੇਵਲ ਦੇਗ ਛੱਕਣ ਦਾ ਵੀ ਹੱਕ ਨਹੀਂ।

ਗੁਰ ਬਿਲਾਸ ਪਾਤਸ਼ਾਹੀ ਦਸਵੀਂ ਅਧਿਆਯ ੨੩ ਵਿੱਚ ਸਿੱਖਾਂ ਵਾਸਤੇ ਦਸਵੇਂ ਪਾਤਿਸ਼ਾਹ ਜੀ ਦਾ ਇਹ ਹੁਕਮ ਹੈ ਪੁਨੰ ਸੰਗ ਸਾਰੇ ਪ੍ਰਭੁ ਜੀ ਸੁਨਾਈ ਬਿਨਾ ਤੇਗ ਤੀਰੋ ਰਹੋ ਨਾਹ ਭਾਈ ਬਿਨਾ ਸ਼ਸਤਰ, ਕੇਸੰ, ਨਰੰ ਭੇਡ ਜਾਨੋ ਗਹੈ ਕਾਨ ਤਾ ਕੋ ਕਿਤੇ ਲੇ ਸਿਧਾਨੋ ਇਹੋ ਮੋਰ ਆਗਿਆ, ਸੁਨੋ ਹੇ ਪਿਆਰੇ ਬਿਨਾ ਕੇਸ, ਤੇਗੰ ਦਿਉ ਦੀਦਾਰੇ ਇਹੋ ਮੋਰ ਬੈਨਾ, ਮਨੇਗਾ ਸੁ ਜੋਈ ਤਿਸੇ ਇੱਛ ਪੂਰੀ, ਸਭੇ ਜਾਨ ਸੋਈ ਇਸ ਤਰ੍ਹਾਂ ਹੀ ਰਹਿਤਨਾਮਾ, ਪ੍ਰਸ਼ਨ-ਉੱਤਰ ਭਾਈ ਨੰਦ ਲਾਲ ਸਿੰਘ ਜੀ ’ਚ ਦਰਜ ਹੈ ਸ਼ਸਤ੍ਰਹੀਨ ਇਹ ਕਬਹੁ ਹੋਈ ਰਹਤਵੰਤ ਖਾਲਿਸ ਹੈ ਸੋਈ ਰਹਿਤਨਾਮਾ ਭਾਈ ਦੇਸਾ ਸਿੰਘ ਜੀ ’ਚ ਇਉਂ ਦਰਜ ਹੈ ਕਛੁ ਕ੍ਰਿਪਾਨ ਕਬਹੂੰ ਤਿਆਗੈ ਸਨਮੁਖ ਲਰੈ ਰਣ ਤੇ ਭਾਗੈ  ਦਸਮੇਸ਼ ਜੀ ਦਾ ਖ਼ਾਲਸੇ ਨੂੰ ਹੁਕਮ ਹੈ ਸ਼ਸਤ੍ਰਨ ਕੇ ਅਧੀਨ ਹੈ ਰਾਜ ਜੋ ਧਰਹਿ, ਤਿਸ ਬਿਗਰਹਿ ਕਾਜ ਯਾਂ ਤੇ ਸਰਬ ਖਾਲਸਾ ਸੁਨੀਅਹਿ ਅਯੁਧ ਸਰਬੇ ਉਤਮ ਗੁਨੀਅਹਿ ਜਬ ਹਮਰੇ ਦਰਸ਼ਨ ਕੋ ਆਵਹੁ ਬਨ ਸੁਚੇਤ, ਤਨ ਸ਼ਸਤ੍ਰ ਸਜਾਵਹੁ ਕਮਰਕਸਾ ਕਰ ਦੇਹੁ ਦਿਖਾਈ ਹਮਰੀ ਖੁਸ਼ੀ ਹੋਇ ਅਧਿਕਾਈ

ਹੋਲੇ ਮਹੱਲੇ ਦੇ ਤਿਉਹਾਰ ਦਾ ਇੱਕ ਆਪਣਾ ਹੀ ਵਿਸ਼ੇਸ਼ ਮਹੱਤਵ ਹੈ; ਜਿਵੇਂ ਕਿ ਸਾਰੇ ਸਮਕਾਲੀ ਲਿਖਾਰੀ ਅਤੇ ਸਿੱਖ ਇਤਿਹਾਸਕਾਰ ਇਸ ਬਾਰੇ ਇੱਕ ਮੱਤ ਹਨ ਕਿ ਗੁਰੂ ਸਾਹਿਬਾਨ ਵੱਲੋਂ ਸਿੱਖਾਂ ਵਾਸਤੇ ‘ਕੇਸਾਧਾਰੀ ਅਤੇ ਸ਼ਸਤ੍ਰਧਾਰੀ’ ਹੋਣਾ ਸਭ ਤੋਂ ਜ਼ਰੂਰੀ ਦੱਸਿਆ ਹੈ; ਉਸੇ ਤਰ੍ਹਾਂ ਸਿੱਖਾਂ ਵਿੱਚ, ਸ਼ਸਤਰ ਅਭਿਆਸ ਨੂੰ ਪੱਕਾ ਕਰਨ ਵਾਸਤੇ ਪਾਤਿਸ਼ਾਹ ਨੇ ‘ਹੋਲੇ-ਮਹੱਲੇ’ ਦਾ ਤਿਉਹਾਰ ਵੀ ਆਪ ਸਿਰਜਿਆ ਹੈ। ਜਿਸ ਤਰ੍ਹਾਂ ਗੁਰਸਿਖ ਨੇ ਕੜਾਹ ਪ੍ਰਸ਼ਾਦ ਸਮੇਂ ਨਿਤਾਪ੍ਰਤੀ ਕ੍ਰਿਪਾਨ ਭੇਟ ਕਰਨੀ ਹੈ, ਉਸੇ ਤਰ੍ਹਾਂ ਹੀ ਸ਼ਸਤਰਾਂ ਨਾਲ ਨਿਤਾਪ੍ਰਤੀ ਸਾਂਝ ਬਣਾਉਣੀ ਹੈ। ਹੋਲਾ-ਮਹੱਲਾ ਨਿਰਾ ਪੁਰਾ ਇੱਕ ਸਿੱਖ ਤਿਉਹਾਰ ਹੀ ਨਹੀਂ ਬਲਕਿ ਸਿੱਖ ਨੂੰ ਸ਼ਸਤਰ ਅਭਿਆਸੀ ਬਣੇ ਰਹਿਣ ਲਈ ਇੱਕ ਚੇਤਾਵਨੀ ਵੀ ਹੈ। ਅਸਲ ਵਿੱਚ ਸ਼ਸਤਰਧਾਰੀ ਫ਼ੌਜਾਂ ਦਾ ਵੀ ਇਹੀ ਨੇਮ ਹੁੰਦਾ ਹੈ। ਹਰ ਦੇਸ਼ ਦੀਆਂ ਫ਼ੌਜਾਂ ਹਮੇਸ਼ਾ ਜੰਗਾਂ ਜੁਧਾਂ ’ਤੇ ਨਹੀਂ ਚੜ੍ਹੀਆਂ ਰਹਿੰਦੀਆਂ ਪਰ ਉਨ੍ਹਾਂ ਦੇ ਸ਼ਸਤਰ-ਅਭਿਆਸ ਰੁਜ਼ਾਨਾ ਚੱਲਦੇ ਰਹਿੰਦੇ ਹਨ। ਜੁੱਧਾਂ ਸਮੇਂ ਇਹੀ ਨਕਲੀ ਲੜਾਈ ਦੀ ਤਿਆਰੀ; ਅਸਲੀ ਜੁੱਧ ਦਾ ਆਧਾਰ ਬਣਦੀ ਹੈ।

ਨਿਰਾ-ਪੁਰਾ ਸ਼ਸਤਰਧਾਰੀ ਹੋਣਾ ਵੀ ਕਿਸੇ ਵਕਤ ਮਨੁੱਖ ਨੂੰ ਜ਼ਾਲਮ ਬਣਾ ਸਕਦਾ ਹੈ। ਜਦੋਂ ਉਸ ਦੇ ਜੀਵਨ ਨੂੰ ਗੁੜ੍ਹਤੀ ਹੀ ਗੁਰਬਾਣੀ ਦੀ ਹੋਵੇ।  ਸ਼ਸਤਰ ਵਰਤੋਂ ਦਾ ਮਤਲਬ ਮਜ਼ਲੂਮ ਦੀ ਰਾਖੀ, ਅਣਖ ਅਤੇ ਗੈਰਤ ਵਾਲਾ ਜੀਵਨ ਹੋਵੇ ਤਾਂ ਹੀ ਮਨੁੱਖ ਦੇ ਜ਼ਾਲਮ ਬਣਨ ਦੀ ਕਹਾਣੀ ਮੁੱਕਦੀ ਹੈ। ਗੁਰਮਤਿ ਅਨੁਸਾਰ ਹਥਿਆਰ ਦੀ ਵਰਤੋਂ ਤਾਂ ਹੀ ਜਾਇਜ਼ ਹੈ ਜਦੋਂ ਬਾਕੀ ਸਾਰੇ ਹੀਲੇ ਮੁੱਕ ਜਾਣ।

ਗੁਰ ਇਤਿਹਾਸ ਮੁਤਾਬਕ ਗੁਰੂ ਨਾਨਕ ਸਾਹਿਬ ਉਚੇਚੇ ਤੌਰ ’ਤੇ ਹੋਲੀ ਦੇ ਦਿਨ ਮਥੁਰਾ ਪੁੱਜੇ। ਭਾਰਤ ਵਿੱਚ ਮਥੁਰਾ ਹੋਲੀਆਂ ਦੇ ਤਿਉਹਾਰ ਦਾ ਕੇਂਦਰ ਮੰਨਿਆ ਜਾਂਦਾ ਹੈ। ਗੁਰੂ ਪਾਤਿਸ਼ਾਹ ਨੇ ਉੱਥੇ ਧਰਮ-ਤਿਉਹਾਰ ਸਮੇਂ ਪਹੁੰਚ ਕੇ ਲੁਕਾਈ ਵਿੱਚ ਖੇਡੀਆਂ ਜਾ ਰਹੀਆਂ ਅਸਭਿਅਕ ਖੇਡਾਂ ਤੋਂ ਲੋਕਾਂ ਨੂੰ ਮਨ੍ਹਾ ਕੀਤਾ ਅਤੇ ਸਮਝਾਇਆ ਜਦ ਕਿ ਪਾਂਡਿਆਂ ਨੇ ਇਸ ਨੂੰ ਕਲਿਜੁਗ ਦਾ ਪ੍ਰਭਾਵ ਦੱਸਿਆ। ਗੁਰੂ ਜੀ ਨੇ ਉੱਥੇ ‘‘ਸੋਈ ਚੰਦੁ ਚੜਹਿ ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ   ਸਾ ਧਰਤੀ ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ, ਥਾਵ ਕੈਸੇ  ?’’ (ਮਹਲਾ /੯੦੨) ਸ਼ਬਦ ਰਾਹੀਂ ਸਮਝਾਇਆ ਕਿ ਸਤਿਜੁਗ, ਤ੍ਰੇਤਾ, ਕਲਜੁਗ ਆਦਿ ਸਮੇਂ ਦੀ ਵੰਡ ਨਹੀਂ ਹੈ।  ਇਸ ਤਰ੍ਹਾਂ ਅਖੌਤੀ ਕਲਿਜੁਗ ਦਾ ਪੜ੍ਹਦਾ ਪਾ ਕੇ ਧਾਰਮਿਕ ਆਗੂ ਜਾਂ ਆਮ ਲੁਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ ‘‘ਨਾਨਕ  ! ਨਾਮੁ ਮਿਲੈ ਵਡਿਆਈ; ਏਦੂ ਉਪਰਿ ਕਰਮੁ ਨਹੀ ’’ (ਮਹਲਾ /੯੦੩) ਤਾਂ ਤੇ ਲੋੜ ਹੈ ਮਨੁੱਖ ਇੱਕ ਨੇਕ-ਪਰਉਪਕਾਰੀ ਮਨੁੱਖ ਬਣੇ ਅਤੇ ਆਪਣੇ ਜੀਵਨ ਨੂੰ ਸਫਲ ਕਰੇ। ਹਰੇਕ ਗੁਰਸਿੱਖ ਵਾਸਤੇ ਇਸ ਪੱਖੋਂ ਸਮਝਣਾ ਜ਼ਰੂਰੀ ਹੈ। ਪੰਜਵੇਂ ਪਾਤਿਸ਼ਾਹ ਨੇ ਹੋਲੀ ਨੂੰ ਆਧਾਰ ਬਣਾ ਕੇ ਆਪਣੇ ਮੂੰਹ-ਸਿਰ, ਲਾਲ-ਨੀਲੇ, ਕਾਲੇ-ਪੀਲੇ ਕਰਨ ਵਾਲੇ ਲੋਕਾਂ ਨੂੰ ਉਪਦੇਸ਼ ਦਿਤਾ ‘‘ਗੁਰੁ ਸੇਵਉ ਕਰਿ ਨਮਸਕਾਰ   ਆਜੁ ਹਮਾਰੈ ਮੰਗਲਚਾਰ   ਆਜੁ ਹਮਾਰੈ ਮਹਾ ਅਨੰਦ   ਚਿੰਤ ਲਥੀ; ਭੇਟੇ ਗੋਬਿੰਦ   ਆਜੁ ਹਮਾਰੈ; ਗ੍ਰਿਹਿ ਬਸੰਤ   ਗੁਨ ਗਾਏ ਪ੍ਰਭ; ਤੁਮ੍ ਬੇਅੰਤ ਰਹਾਉ   ਆਜੁ ਹਮਾਰੈ ਬਨੇ ਫਾਗ   ਪ੍ਰਭ ਸੰਗੀ ਮਿਲਿ; ਖੇਲਨ ਲਾਗ   ਹੋਲੀ ਕੀਨੀ ਸੰਤ ਸੇਵ   ਰੰਗੁ ਲਾਗਾ; ਅਤਿ ਲਾਲ ਦੇਵ   ਮਨੁ ਤਨੁ ਮਉਲਿਓ; ਅਤਿ ਅਨੂਪ   ਸੂਕੈ ਨਾਹੀ ਛਾਵ ਧੂਪ   ਸਗਲੀ ਰੂਤੀ; ਹਰਿਆ ਹੋਇ   ਸਦ ਬਸੰਤ; ਗੁਰ ਮਿਲੇ ਦੇਵ ’’ (ਮਹਲਾ /੧੧੮੦) ਭਾਵ ਇਹ ਮਨੁਖਾ ਜੀਵਨ ਪ੍ਰਭੁ ਪਿਆਰਿਆਂ ਨਾਲ ਮਿਲ ਕੇ, ਪ੍ਰਭੁ ਰੰਗ ਵਿੱਚ ਰੰਗੇ ਜਾਨ ਵਾਸਤੇ ਹੈ।  ਪ੍ਰਭ ਪਿਆਰਿਆਂ ਦੇ ਹਿਰਦੇ ਵਿੱਚ, ਸਦਾ ਖੇੜਾ ਤੇ ਬਸੰਤ ਬਣੀ ਰਹਿੰਦੀ ਹੈ। ਇਸ ਵਾਸਤੇ ਹੇ ਦੁਨੀਆਂ ਦੇ ਲੋਕੋ ! ਜੇਕਰ ਫੱਗਣ ਅਤੇ ਬਸੰਤ ਦਾ ਸਹੀ ਅਨੰਦ ਮਾਨਣਾ ਹੈ ਤਾਂ ਪ੍ਰਭੂ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਨਾਮ ਮਸਤੀ ਵਾਲਾ ਪੱਕਾ ਲਾਲ ਰੰਗ ਮਨ ਤੇ ਚੜਾਉਣਾ ਪਵੇਗਾ। ਮਨੁੱਖਾ ਜਨਮ ਵਾਸਤੇ ਇਹੀ ਉੱਤਮ ਹੋਲੀ ਹੈ।

ਗੁਰੂ ਪਾਤਿਸ਼ਾਹ ਨੇ ਹੋਲੀ ਦੇ ਨਾਮ ਦਾ ਵਿਰੋਧ ਨਹੀਂ ਕੀਤਾ ਬਲਕਿ ਉਸ ਦੇ ਅਰਥ ਹੀ ਬਦਲ ਦਿੱਤੇ। ਦੂਜੇ ਸ਼ਬਦਾਂ ਵਿੱਚ ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ-ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਵਰਜਿਆ ਅਤੇ ਨਾਮ ਬਾਣੀ ਵਾਲੇ ਪਾਸੇ ਜੀਵਨ ਨੂੰ ਮੋੜਣ ਦੀ ਪ੍ਰੇਰਨਾ ਕੀਤੀ। ਵਿਗੜੇ ਵਾਤਾਵਰਨ ’ਚ ਗੁਰਸਿਖਾਂ ਵਿੱਚ ਸ਼ਸਤਰ ਅਭਿਆਸ ਅਰੰਭ ਕਰ ‘ਹੋਲਾ-ਮਹੱਲਾ’ ਨਵਾਂ ਤਿਉਹਾਰ ਬਖ਼ਸ਼ਿਆ।

ਭਾਈ ਨੰਦ ਲਾਲ ਸਿੰਘ ਜੀ ਨੇ ਪੰਜਵੇਂ ਪਾਤਿਸ਼ਾਹ ਦੇ ਉਪਰੋਕਤ ਵਚਨਾਂ ਨੂੰ ਆਧਾਰ ਬਣਾ ਇੱਕ ਗਜ਼ਲ ਲਿਖੀ। ਇਸ ਗਜ਼ਲ ਰਾਹੀਂ ਪ੍ਰਭੂ ਰੰਗ ਵਿੱਚ ਰੰਗੀਆਂ ਦਸਮੇਸ਼ ਜੀ ਦੇ ਦਰਬਾਰ ਵਿੱਚ ਉਸ ਸਮੇਂ ਦੀਆਂ ਸੰਗਤਾਂ ਦਾ ਨਜ਼ਾਰਾ ਪੇਸ਼ ਕੀਤਾ ਹੈ ‘‘ਗੁਲਿ ਹੋਲੀ ਬਬਾਗ਼ਿ ਦਹਰ ਬੂ ਕਰਦ ਲਬਿ ਚੂੰ ਗੁੰਚਹ ਰਾ, ਫ਼ਰਖ਼ੰਦਾ ਖ਼ੂ ਕਰਦ1 ….  ਜ਼ਹੇ ਪਚਕਾਰੀਏ ਪੁਰ ਜ਼ਾਫ਼ਰਾਨੀ  ਕਿ: ਹਰ ਬੇਰੰਗ ਰਾ, ਖ਼ੁਸ਼ਰੰਗੋ ਬੂ ਕਰਦ 3’’  ਭਾਵ ਭਾਈ ਸਾਹਿਬ ਕਹਿ ਰਹੇ ਹਨ ਕਿ ਦਸਮੇਸ਼ ਜੀ ਦੇ ਦਰਬਾਰ ਵਿੱਚ, ਬੇਰੰਗ ਹੋਏ ਲੋਕਾਂ ਨੂੰ (ਭਾਵ ਪ੍ਰਭੂ ਤੋਂ ਟੁਟੀ ਹੋਈ ਲੁਕਾਈ ਨੂੰ) ਨਾਮ ਰੰਗ ਦੇ ਕੇਸਰ ਨਾਲ ਭਰੀਆਂ ਹੋਈਆਂ ਪਿਚਕਾਰੀਆਂ ਨਾਲ, ਨਾਮ ਰੰਗ ਦੀ ਸੋਹਣੀ ਮਸਤੀ ਵਿੱਚ ਰੰਗ ਕੇ ਖੁਸ਼ੀਆਂ ਭਰਿਆ ਬਣਾਇਆ ਜਾ ਰਿਹਾ ਹੈ।

ਅਫ਼ਸੋਸ ਕਿ ਅੱਜ ਕਈ ਸਿੱਖ; ਸੰਗਤਾਂ ਉੱਪਰ ਕੱਚੇ ਰੰਗ ਉਡਾਉਂਦੇ ਵੇਖੇ ਜਾ ਸਕਦੇ ਹਨ। ‘ਹੋਲੇ-ਮਹੱਲੇ’ ਵਾਲੇ ਸ਼ਸਤਰ ਅਭਿਆਸ ਵਾਲੇ ਪਵਿਤਰ ਤਿਉਹਾਰ ਸਮੇਂ ਅਨੰਦਪੁਰ ਵਿਖੇ ਹੀ ਸੁੱਖਾ ਆਦਿਕ ਨਸ਼ੇ ਪੀਤੇ ਜਾਂਦੇ ਹਨ, ਜਿਸ ਨੂੰ ਟੀ. ਵੀ. ਆਦਿ ਰਾਹੀਂ ਸੰਸਾਰਭਰ ਵਿੱਚ ਵੇਖਿਆ ਜਾਂਦਾ ਹੈ। ਗੁਰਬਾਣੀ ਨੂੰ ਅਮਲ ’ਚ ਲਿਆਉਣ ਤੋਂ ਬਿਨਾਂ ਇਤਿਹਾਸਿਕ ਗੁਰੂ ਘਰਾਂ ’ਚ ਵੀ ਗੁਰਮਤਿ ਵਿਰੁਧ ਕਾਰਜ ਹੁੰਦਾ ਹੈ। ਫਿਰ ਵੀ ਇਹ ਉਮੀਦ ਰੱਖਦੇ ਹਾਂ ਕਿ ਸਾਡੇ ਬੱਚੇ ਪਤਿਤਪੁਣੇ ਵੱਲ ਨਾਂ ਵਧਣ ਭਾਵ ਗੁਰਬਾਣੀ ਆਸ਼ੇ ’ਤੇ ਚਲਣ। ਕਾਸ਼ ! ਅਸੀਂ ਕਦੇ ਆਪਣੇ ਅੰਦਰ ਵੀ ਝਾਤੀ ਮਾਰ ਸਕੀਏ। ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕ ਵੀ ਅਜਿਹੀ ਮਿਸਾਲ ਨਹੀਂ ਮਿਲਦੀ ਜਦੋਂ ਸਤਿਗੁਰਾਂ ਨੇ ਆਪ ਜਾਂ ਸਿੱਖਾਂ ਨੇ ਕਦੇ ਰਵਾਇਤੀ ਹੋਲੀ ਖੇਡੀ ਹੋਵੇ।

ਸੋ ਕੱਚੀਆਂ ਰਸਮਾਂ ਵਿੱਚੋਂ ਨਿਕਲ ਕੇ ਗੁਰਬਾਣੀ ਅਨੁਸਾਰ ਜੀਵਨ ਨੂੰ ਸਵੱਛ ਰੰਗਤ ਦੇਣ ਦੀ ਲੋੜ ਹੈ। ਖਾਲਸਾਈ ਖੇਡ ਗਤਕਾ ਆਦਿਕ ਸ਼ਸਤਰ ਵਿੱਦਿਆ ਦਾ ਅਧੁਨਿਕ ਢੰਗ ਨਾਲ ਅਭਿਆਸ ਕਰਨਾ ਚਾਹੀਦਾ ਹੈ। ਜੋ ਅਣਖ ਅਤੇ ਸਵੈਮਾਨਤਾ ਜਗਾਉਣ ਦੇ ਪ੍ਰਤੀਕ ਹਨ, ਨਾ ਕਿ ਕਿਸੇ ਨੂੰ ਡਰਾਉਣ ਲਈ। ਤੇਗ਼ ਦੇ ਧਨੀ ਗੁਰੂ ਤੇਗ਼ ਬਹਾਦਰ ਜੀ ਦੇ ਵੀ ਵਚਨ ਹਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭)

ਗੁਰਬਾਣੀ ਪਰਿਪੇਖ ’ਚ ਕਿਰਸਾਨ ਅਤੇ ਕਿਰਸਾਨੀ ਦਾ ਸਮਾਧਾਨ

0

ਗੁਰਬਾਣੀ ਪਰਿਪੇਖ ’ਚ ਕਿਰਸਾਨ ਅਤੇ ਕਿਰਸਾਨੀ ਦਾ ਸਮਾਧਾਨ

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ) 001-631-455-5164

ਸੰਸਾਰਭਰ ਦੇ ਧਰਮ ਗ੍ਰੰਥਾਂ ਅਤੇ ਖੇਤੀ ਭੂ-ਵਿਗਿਆਨੀਆਂ ਦੀਆਂ ਲਿਖਤਾਂ ਮੁਤਾਬਕ ਮਨੁੱਖੀ ਸਭਿਅਤਾ ਦਾ ਵਿਕਾਸ ਅਤੇ ਕਿਰਸਾਨੀ (ਖੇਤੀਬਾੜੀ) ਦਾ ਇਤਿਹਾਸ; ਲਗਭਗ ਸਮਾਨੰਤਰ ਚੱਲਦੇ ਆ ਰਹੇ ਹਨ ਕਿਉਂਕਿ ਮੁੱਢ ਤੋਂ ਹੀ ਧਰਤੀ ’ਚੋਂ ਪੈਦਾ ਹੋਣ ਵਾਲੀਆਂ ਵਸਤੂਆਂ ਪ੍ਰਾਣੀਆਂ ਦਾ ਭੋਜਨ ਬਣ ਕੇ ਉਨ੍ਹਾਂ ਨੂੰ ਜੀਵਨ ਪ੍ਰਦਾਨ ਕਰਦੀਆਂ ਆ ਰਹੀਆਂ ਹਨ। ਅਮਰੀਕਨ ਸਟੇਸਮੈਨ ‘ਡੇਨੀਅਲ ਵੈਬਸਟਰ’ (1782-1852) ਵੀ ਮੰਨਦਾ ਸੀ ਕਿ ‘ਮਨੁੱਖੀ ਸਭਿਅਤਾ ਦੀ ਸਥਾਪਤੀ ’ਚ ਕਿਸਾਨ ਦਾ ਯੋਗਦਾਨ ਸਭ ਤੋਂ ਅਹਿਮ ਹੈ’। ਆਧੁਨਿਕ ਖੇਤੀ ਵਿਗਿਆਨ ‘ਖੇਤੀਬਾੜੀ’ ਨੂੰ ਪੌਦੇ ਅਤੇ ਜਾਨਵਰਾਂ ਦੀ ਕਾਸ਼ਤ ਕਰਨ ਦਾ ਵਿਗਿਆਨ ਤੇ ਕਲਾ ਮੰਨਦਾ ਹੈ ਅਤੇ ਉਸ ਦਾ ਅੰਦਾਜ਼ਾ ਹੈ ਕਿ ਇਹ ਕਿੱਤਾ ਹਜ਼ਾਰਾਂ ਸਾਲ ਪੁਰਾਣਾ ਹੈ। ਸੰਸਾਰ ਦੇ 2 ਅਰਬ ਲੋਕ ਹੁਣ ਵੀ ਖੇਤੀਬਾੜੀ ਦੇ ਧੰਦੇ ਵਿੱਚ ਰੁੱਝੇ ਹੋਏ ਹਨ। ਜੋ ਕਈ ਕਿਸਮ ਦੇ ਖ਼ਤਰਿਆਂ ਨਾਲ ਜੂਝਦੇ ਹੋਏ ਈਮਾਨਦਾਰੀ ਨਾਲ ਆਪਣੇ ਪਰਵਾਰ ਵੀ ਪਾਲ਼ ਰਹੇ ਹਨ ਅਤੇ ਉਨ੍ਹਾਂ ਦੀ ਬਦੌਲਤ ਬਾਕੀ ਦੇ ਮਨੁੱਖੀ ਭਾਈਚਾਰੇ ਤੇ ਪਸ਼ੂ ਪੰਛੀਆਂ ਨੂੰ ਵੀ ਕਈ ਕਿਸਮ ਦਾ ਭੋਜਨ ਉਪਲਬਧ ਹੋ ਰਿਹਾ ਹੈ। ਇਸੇ ਲਈ ਖੇਤੀਬਾੜੀ ਨੂੰ ਸੱਚਾ-ਸੁੱਚਾ ਤੇ ਉੱਤਮ ਕਿੱਤਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਜੀਵਨ ਰੇਖਾ ਹੈ, ਨਾ ਕਿ ਬਜ਼ਾਰੀ ਮੁਨਾਫ਼ਾ ਕਮਾਉਣ ਵਾਲਾ ਕੋਈ ਧੰਦਾ।

ਕਿਰਸਾਨੀ ਦੇ ਸਾਧਨਾ ਤੇ ਸੰਦਾਂ, ਪਾਣੀ ਦੇ ਸੋਮਿਆਂ ਅਤੇ ਫ਼ਸਲਾਂ ਤੇ ਫਲ਼ਦਾਰ ਪੌਦਿਆਂ ਆਦਿਕ ਦਾ ਸੰਕੇਤਕ, ਅਲੰਕਾਰਕ ਤੇ ਹਵਾਲਾ-ਜਨਕ ਅਤਿ ਸੰਖੇਪ ਵਰਣਨ ਤਾਂ ਰਿਗ-ਵੇਦ, ਬਾਈਬਲ, ਕੁਰਾਣ ਆਦਿਕ ਧਰਮ-ਗ੍ਰੰਥਾਂ ਵਿੱਚ ਵੀ ਮਿਲਦਾ ਹੈ। ਇਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਵੈਦਿਕ ਕਾਲ ਵਿੱਚ ਵੀ ਭਾਰਤ ਖੇਤੀ ਪ੍ਰਧਾਨ ਦੇਸ਼ ਸੀ ਅਤੇ ਇਸ ਪੱਖੋਂ ਪੰਜਾਬ ਦਾ ਇਲਾਕਾ ਸਭ ਤੋਂ ਸਿਰਮੌਰ ਸੀ । ਸੰਸਾਰ ਦੇ ਸਭ ਤੋਂ ਪ੍ਰਾਚੀਨ ਮੰਨੇ ਜਾਂਦੇ ਗ੍ਰੰਥ ਰਿਗ ਵੇਦ ਦਾ ਖੇਤੀ ਲਈ ਪ੍ਰੇਰਨਾਦਾਇਕ ਮੰਤਰ ਹੈ : अक्षैर्मा दीव्यः कृषिमित् कृषस्व वित्ते रमस्व बहुमन्यमानः (ऋग्वेद-३४-१३) ਅਰਥ : ਜੂਆ ਮਤ ਖੇਲੋ, ਕ੍ਰਿਸ਼ੀ (ਖੇਤੀ) ਕਰੋ ਤੇ ਸਨਮਾਨ ਸਹਿਤ ਧਨ ਪ੍ਰਾਪਤ ਕਰੋ, ਪਰ ਧਰਮਾਂ ਦੇ ਤੁਲਨਾਤਮਿਕ ਅਧਿਐਨ (ਕੰਪੈਰੇਟਿਵ ਥਿਆਲੋਜੀ) ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਗੁਰਮਤਿ ਦੇ ਵਿਸ਼ਵ-ਵਿਆਪੀ ਤੇ ਸਰਬਸਾਂਝੇ ਦਰਸ਼ਨ ਦੀ ਸਰਬੋਤਮਤਾ ਵਾਂਗ ਉਪਰੋਕਤ ਪੱਖੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਸਿਰਮੌਰ ਹਨ। ਇਸ ਵਿੱਚ ਕਿਰਸਾਨ ਤੇ ਕਿਰਸਾਨੀ ਨਾਲ ਸੰਬੰਧਿਤ ਸਰਬਪੱਖੀ ਵਰਣਨ ਸਭ ਤੋਂ ਵਧੇਰੇ, ਸਪਸ਼ਟ ਅਤੇ ਰੂਹਾਨੀਅਤ ਪੱਖੋਂ ਕਿਸਾਨ ਲਈ ਅਤਿਅੰਤ ਸਿਖਿਆਦਾਇਕ ਹੈ। ਸੰਸਾਰ ਦੇ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ (1469-1539) ਪਹਿਲੇ ਤੇ ਇੱਕੋ-ਇੱਕ ਪੈਗ਼ੰਬਰ ਹਨ, ਜਿਨ੍ਹਾਂ ਨੇ ਆਪਣੇ ਪ੍ਰਚਾਰ ਦੌਰਿਆਂ (ਉਦਾਸੀਆਂ) ਉਪਰੰਤ ਸ੍ਰੀ ਕਰਤਾਰਪੁਰ (ਪਾਕਿਸਤਾਨ) ਵਿਖੇ ਜ਼ਿੰਦਗੀ ਦੇ 20 ਸਾਲ ਆਪ ਖੇਤੀਬਾੜੀ ਕੀਤੀ । ਉਹ ਜਦੋਂ ਵੀ ਪ੍ਰਚਾਰ ਦੌਰੇ (ਉਦਾਸੀ) ਤੋਂ ਵਾਪਸ ਸ੍ਰੀ ਕਰਤਾਰਪੁਰ ਪਹੁੰਚਦੇ, ਉਦੋਂ ਹੀ ਹਲ਼ ਪੰਜਾਲੀ ਚੁੱਕ ਲੈਂਦੇ। ਉਨ੍ਹਾਂ ਨੇ ਆਪਣੇ ਪਰਮ ਸੇਵਕ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੂੰ ਗੁਰਿਆਈ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਲਈ ਮੁੰਜੀ (ਝੋਨੇ) ਦੇ ਖੇਤਾਂ ਵਿੱਚੋਂ ਪੁੱਟੇ ਨਦੀਨ ਘਾਹ ਦੀ ਪੰਡ ਹੀ ਸਿਰ ’ਤੇ ਚੁਕਵਾਈ ਸੀ। ਉਨ੍ਹਾਂ ਦੀਆਂ ਅਜਿਹੀਆਂ ਸਿਖਿਆਵਾਂ ਦਾ ਹੀ ਸਿੱਟਾ ਹੈ ਕਿ ਸਾਰੇ ਗੁਰੂ ਸਾਹਿਬਾਨ ਔਖੇ ਵੇਲੇ ਕਿਸਾਨ ਦੀ ਬਾਂਹ ਫੜਦੇ ਰਹੇ।

‘ਗੁਰ ਇਤਿਹਾਸ ਪਾਤਸ਼ਾਹੀ 2 ਤੋਂ 9’ ਵਿੱਚ ਪ੍ਰੋ. ਸਾਹਿਬ ਸਿੰਘ ਜੀ ਲਿਖਦੇ ਹਨ ਕਿ ਸੰਨ 1598 ਦੇ ਭਿਆਨਕ ਕਾਲ ਵੇਲੇ ਸ੍ਰੀ ਗੋਇੰਦਵਾਲ ਵਿਖੇ ‘ਗੁਰੂ ਅਰਜਨ ਸਾਹਿਬ ਨੇ ਪਿੰਡਾਂ ਦੇ ਜੱਟ-ਕਿਸਾਨਾਂ ਦੇ ਦੁਖੜੇ ਅਕਬਰ ਨੂੰ ਦੱਸੇ । ਸਤਿਗੁਰੂ ਜੀ ਦੀ ਪ੍ਰੇਰਨਾ ਨਾਲ ਅਕਬਰ ਨੇ ਉਸ ਸਾਲ ਪੰਜਾਬ ਦਾ ਬਹੁਤ ਸਾਰਾ ਮਾਮਲਾ (ਮਸੂਲ) ਮਾਫ਼ ਕਰ ਦਿੱਤਾ।’ ਪੰ. 156 ਸ੍ਰੀ ਅੰਮ੍ਰਿਤਸਰ ਦੇ ਪ੍ਰਸਿੱਧ ਪਿੰਡ ਝੁਬਾਲ ਨੇੜੇ ‘ਗੁਰਦੁਆਰਾ ਬੀੜ ਸਾਹਿਬ’ ਨਾਂ ਦਾ ਗੁਰ ਸਥਾਨ, ਅਜੋਕੇ ਮੁਹਾਵਰੇ ਵਿੱਚ ਗੁਰੂ-ਕਾਲ ਵੇਲੇ ਕੁਦਰਤੀ ਖੇਤੀ ਦਾ ਇੱਕ ਅਜਿਹਾ ਵਿਸ਼ੇਸ਼ ‘ਫਾਰਮ-ਹਾਊਸ’ ਸੀ, ਜਿਸ ਦਾ ਵੱਡਾ ਹਿੱਸਾ ਜੰਗਲ਼ ਦੇ ਰੂਪ ਵਿੱਚ ਪਸ਼ੂਆਂ ਦੇ ਚਰਣ ਲਈ ਘਾਹ ਆਦਿਕ ਦੀ ਖੁੱਲ੍ਹੀ ਚੀਰਾਂਦ (ਬੀੜ) ਵੀ ਸੀ । ਬਾਬਾ ਬੁੱਢਾ ਜੀ (1506-1631) ਦੀ ਅਗਵਾਈ ਵਿੱਚ ਇੱਥੇ ਖੇਤੀਬਾੜੀ ਤੇ ਪਸ਼ੂ-ਪਾਲਣ ਦਾ ਕੰਮ ਧੰਦਾ ਹੁੰਦਾ ਸੀ, ਜਿਸ ਦੁਆਰਾ ਲੋੜਵੰਦ ਗ਼ਰੀਬਾਂ ਲਈ ਚਲਾਏ ਜਾਂਦੇ ਸਰਬਸਾਂਝੇ ਗੁਰੂ ਕੇ ਲੰਗਰਾਂ ਲਈ ਅੰਨ, ਦਾਲ਼ਾਂ ਅਤੇ ਦੁੱਧ ਘਿਉ ਆਦਿਕ ਦੀਆਂ ਪਦਾਰਥਕ ਲੋੜਾਂ ਪੂਰੀਆਂ ਹੁੰਦੀਆਂ ਸਨ। ਉਸ ਵੇਲੇ ਦੀ ਖੇਤੀ ਵਿੱਚ ਪਸ਼ੂਆਂ ਦਾ ਵੱਡਾ ਯੋਗਦਾਨ ਸੀ ਕਿਉਂਕਿ ਬੈਲ ਹਲ਼ ਜੋਤੀਦੇ ਸਨ ਅਤੇ ਗੋਬਰ ਤੋਂ ਫ਼ਸਲਾਂ ਲਈ ਖਾਦ (ਰੂੜੀ) ਬਣਦੀ ਸੀ। ਇਸੇ ਲਈ ਪੰਜਾਬ ਦੇ ਕੁਝ ਕਿਰਸਾਨ ਹੁਣ ਜੈਵਿਕ ਖੇਤੀ ਨੂੰ ‘ਨਾਨਕੀ ਖੇਤੀ’ ਕਹਿਣ ਵਿੱਚ ਫ਼ਖ਼ਰ ਮਹਿਸੂਸ ਕਰ ਰਹੇ ਹਨ ਕਿਉਂਕਿ ਅਜਿਹੀ ਖੇਤੀ ਸ੍ਰੀ ਕਰਤਾਰਪੁਰ ਸਾਹਿਬ ਨਾਲ ਜੁੜ ਕੇ ਗੁਰੂ ਨਾਨਕ ਸਾਹਿਬ ਜੀ ਦੀ ਪਹਿਚਾਣ ਬਣ ਚੁੱਕੀ ਹੈ। ਇਹੀ ਕਾਰਨ ਹੈ ਕਿ ਗੁਰੂ ਨਾਨਕ ਜੋਤਿ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਪਹਿਲਾ ਤੇ ਇੱਕੋ ਇੱਕ ਅਜਿਹਾ ਧਰਮ ਗ੍ਰੰਥ ਸਥਾਪਿਤ ਹੋ ਸਕਿਆ, ਜਿਸ ਵਿੱਚ ਕਿਸਾਨ ਦੁਆਰਾ ਫ਼ਸਲ ਦੇ ਬੀਜ (ਦਾਣੇ) ਬੀਜਣ ਤੋਂ ਪਹਿਲਾਂ ਜ਼ਮੀਨ ਨੂੰ ਸੋਧਣ ਵਰਗੀ ਉਸ ਦੀ ਅਭੁੱਲ ਸਿਆਣਪ ਅਤੇ ਮਾਪਿਆਂ ਵਾਂਗ ਖੇਤ ਦੀ ਸਰਬਪੱਖੀ ਸਾਂਭ-ਸੰਭਾਲ਼ ਦੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਰੱਬ ਨੂੰ ‘ਸਚਾ ਵਡ ਕਿਰਸਾਣੁ’ ਕਹਿ ਕੇ ਵਡਿਆਇਆ ਗਿਆ ਹੈ ਭਾਵ ਕਿਰਸਾਨ ਦੀ ਤੁਲਨਾ ਸਦਾ-ਥਿਰ ਰੱਬ ਨਾਲ ਕੀਤੀ ਗਈ ਹੈ। ਕਿਰਤ ਤੇ ਕੀਰਤੀ ਸੁਮੇਲ ਕਰਦਿਆਂ ਸੰਸਾਰ ਨੂੰ ਹਰੀ ਪ੍ਰਭੂ ਦਾ ਖੇਤ ਅਤੇ ਨਾਮ ਜਪਣ ਦੀ ਧਰਮ-ਸਾਧਨਾ ਨੂੰ ਮਨੁੱਖਾਂ ਲਈ ਵਾਹੀ ਦੀ ਕਾਰ ਦੱਸਿਆ ਹੈ। ਸਪਸ਼ਟ ਹੈ ਕਿ ਕਿਰਸਾਨ ਨੂੰ ਉਪਰੋਕਤ ਕਿਸਮ ਦੀ ਰੂਹਾਨੀਅਤ ਵਡਿਆਈ ਤੇ ਸਨਮਾਨ ਹੋਰ ਕਿਸੇ ਵੀ ਮਜ਼੍ਹਬ ਵਿੱਚ ਪ੍ਰਾਪਤ ਨਹੀਂ ਹੋ ਸਕਿਆ। ਪ੍ਰਮਾਣ ਸਰੂਪ ਇਲਾਹੀ ਗੁਰਵਾਕ ਹਨ ‘‘ਆਪਿ ਸੁਜਾਣੁ, ਭੁਲਈ; ਸਚਾ ਵਡ ਕਿਰਸਾਣੁ   ਪਹਿਲਾ ਧਰਤੀ ਸਾਧਿ ਕੈ; ਸਚੁ ਨਾਮੁ ਦੇ ਦਾਣੁ (ਮਹਲਾ /੧੯), ਹਰਿ ਪ੍ਰਭ ਕਾ ਸਭੁ ਖੇਤੁ ਹੈ; ਹਰਿ ਆਪਿ ਕਿਰਸਾਣੀ ਲਾਇਆ   ਗੁਰਮੁਖਿ ਬਖਸਿ ਜਮਾਈਅਨੁ; ਮਨਮੁਖੀ ਮੂਲੁ ਗਵਾਇਆ ’’ (ਮਹਲਾ /੩੦੪) ਧਨ ਦੌਲਤ ਕਮਾਉਣ ਦੇ ਕਿੱਤਿਆਂ (ਖੇਤੀ, ਦੁਕਾਨਦਾਰੀ, ਵਪਾਰ ਤੇ ਨੌਕਰੀ) ਨੂੰ ਰੱਬੀ ਪ੍ਰਾਪਤੀ ਦੇ ਰੂਪ ਵਿੱਚ ਗੁਣਾਤਮਕ ਨਾਮ-ਧਨ ਕਮਾਉਣ ਲਈ ਵਰਤਣ ਦੀ ਜਾਚ ਸਿਖਾਉਣ ਹਿੱਤ ਗੁਰੂ ਨਾਨਕ ਸਾਹਿਬ ਜਦੋਂ ਅਲੰਕਾਰਕ ਬਾਣੀ ਉਚਾਰਦੇ ਹਨ ਤਾਂ ਵੀ ਉਹ ਖੇਤੀਬਾੜੀ ਦਾ ਸਭ ਤੋਂ ਪਹਿਲਾਂ ਵਰਣਨ ਕਰਦੇ ਹਨ ਕਿਉਂਕਿ ਹਜ਼ੂਰ ਦੀ ਨਜ਼ਰ ਵਿੱਚ ਰੱਬੀ ਭਰੋਸੇ ਤੇ ਈਮਾਨ ਜਮਾਉਣ ਵਾਲੀ ਇਹ ਉਪਕਾਰੀ ਘਾਲ ਸਰਬੋਤਮ ਕਾਰ ਸੀ । ਹਜ਼ੂਰ ਦਾ ਫ਼ੁਰਮਾਨ ਹੈ ‘‘ਮਨੁ ਹਾਲੀ ਕਿਰਸਾਣੀ ਕਰਣੀ; ਸਰਮੁ ਪਾਣੀ ਤਨੁ ਖੇਤੁ   ਨਾਮੁ ਬੀਜੁ ਸੰਤੋਖੁ ਸੁਹਾਗਾ; ਰਖੁ ਗਰੀਬੀ ਵੇਸੁ ’’ (ਮਹਲਾ /੫੯੫) ਭਗਤੀ ਲਹਿਰ ਤੇ ਗੁਰੂ-ਕਾਲ ਵੇਲੇ ਵੱਡੇ ਵੱਡੇ ਚੌਧਰੀ ਜ਼ਿਮੀਦਾਰ ਸਨ ਅਤੇ ਕਿਸਾਨ ਉਨ੍ਹਾਂ ਦੇ ਮੁਜ਼ਾਰੇ, ਜਿਨ੍ਹਾਂ ਤੋਂ ਉਹ ਆਪਣੀ ਮਨਮਰਜ਼ੀ ਦੇ ਫ਼ਸਲੀ ਹਿੱਸੇ ਤੋਂ ਇਲਾਵਾ ਪਟਵਾਰੀਆਂ ਰਾਹੀਂ ਖੇਤੀ ਦਾ ਮਾਮਲਾ ਵਸੂਲ ਕੇ ਹਕੂਮਤ ਨੂੰ ਭੇਜਦੇ ਸਨ। ਜ਼ਿਮੀਦਾਰਾਂ ਦੀ ਧੱਕੇਸ਼ਾਹੀ ਤੇ ਪਟਵਾਰੀਆਂ ਦੇ ਵੱਢੀ-ਖੋਰੀ (ਬਿਸਟਾਲਾ) ਵਾਲੇ ਵਿਹਾਰ ਤੋਂ ਕਿਸਾਨ ਬਹੁਤ ਦੁੱਖੀ ਸਨ। ਲੋਕ ਇਉਂ ਮਹਿਸੂਸ ਕਰਦੇ ਸਨ; ਜਿਵੇਂ ਸੱਪ ਵੱਲੋਂ ਡੰਗੇ ਜਾ ਰਹੇ ਹੋਣ । ਭਗਤ ਕਬੀਰ ਸਾਹਿਬ (1398-1518) ਵੱਲੋਂ ‘‘ਏਕੁ ਕੋਟੁ ਪੰਚ ਸਿਕਦਾਰਾ; ਪੰਚੇ ਮਾਗਹਿ ਹਾਲਾ   ਜਿਮੀ ਨਾਹੀ ਮੈ ਕਿਸੀ ਕੀ ਬੋਈ; ਐਸਾ ਦੇਨੁ ਦੁਖਾਲਾ   ਹਰਿ ਕੇ ਲੋਗਾ ! ਮੋ ਕਉ ਨੀਤਿ ਡਸੈ ਪਟਵਾਰੀ   ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ; ਤਿਨਿ ਹਉ ਲੀਆ ਉਬਾਰੀ ਰਹਾਉ   ਨਉ ਡਾਡੀ ਦਸ ਮੁੰਸਫ ਧਾਵਹਿ; ਰਈਅਤਿ ਬਸਨ ਦੇਹੀ   ਡੋਰੀ ਪੂਰੀ ਮਾਪਹਿ ਨਾਹੀ; ਬਹੁ ਬਿਸਟਾਲਾ ਲੇਹੀ ’’ (ਭਗਤ ਕਬੀਰ/੭੯੩) ਅਤੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰੇ ਸ਼ਬਦ ‘‘ਪੰਜਿ ਕਿਰਸਾਣ ਮੁਜੇਰੇ ਮਿਹਡਿਆ   ਕੰਨੁ ਕੋਈ ਕਢਿ ਹੰਘਈ..’’ (ਮਹਲਾ /੭੩) ਆਦਿਕ ਗੁਰਵਾਕਾਂ ਤੋਂ ਉਪਰੋਕਤ ਕਿਸਾਨੀ ਪੱਖ ਸਹਿਜੇ ਹੀ ਸਮਝਿਆ ਜਾ ਸਕਦਾ ਹੈ ਪ੍ਰੰਤੂ ਅਜਿਹੇ ਗ਼ੁਲਾਮੀ-ਜਨਕ ਸਰਕਾਰੀ ਪ੍ਰਬੰਧ ਦੇ ਬਾਵਜੂਦ ਵੀ ਭਗਤ ਕਬੀਰ ਸਾਹਿਬ ਜੀ ਦੇ ਉਪਰੋਕਤ ਵਾਕ ‘‘ਜਿਮੀ ਨਾਹੀ ਮੈ ਕਿਸੀ ਕੀ ਬੋਈ ..’’ ਅਤੇ ਗੁਰੂ ਅਰਜਨ ਸਾਹਿਬ ਜੀ ਦੇ ਪਦੇ ‘‘ਜੈਸੇ ਕਿਰਸਾਣੁ ਬੋਵੈ ਕਿਰਸਾਨੀ   ਕਾਚੀ ਪਾਕੀ ਬਾਢਿ ਪਰਾਨੀ ’’ (ਮਹਲਾ /੩੭੫) ਤੋਂ ਇਹ ਨਿਸ਼ਚੇ ਹੁੰਦਾ ਹੈ ਕਿ ਗੁਰੂ ਸਾਹਿਬਾਨ ਅਤੇ ਭਗਤ-ਜਨ ਕਿਰਸਾਨ ਨੂੰ ਖੇਤ ਦੇ ਐਸੇ ਮਾਲਕ ਵਜੋਂ ਵੇਖਣਾ ਚਾਹੁੰਦੇ ਹਨ, ਜਿਸ ਨੂੰ ਆਪਣੀ ਕੱਚੀ ਪੱਕੀ ਫ਼ਸਲ ਵੱਢਣ ਦਾ ਪੂਰਨ ਅਧਿਕਾਰ ਹੋਵੇ। ਉਨ੍ਹਾਂ ਨੂੰ ਕਿਸੇ ਜ਼ਿਮੀਦਾਰ ਦੇ ਮੁਜ਼ਾਰੇ ਤੇ ਸੇਪੀ ਬਣ ਕੇ ਗ਼ੁਲਾਮਾਂ ਵਾਂਗ ਜਿਊਣਾ ਪਸੰਦ ਨਹੀਂ ਸੀ। ਇਹੀ ਕਾਰਨ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੰਨ 1708 ਵਿੱਚ ਜੋਤੀ-ਜੋਤਿ ਸਮਾਉਣ ਦੇ ਦੋ ਸਾਲਾਂ ਦੇ ਅੰਦਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿਖੇ ਛੋਟੇ ਜਿਹੇ ਸਿੱਖ ਰਾਜ ਦੀ ਸਥਾਪਨਾ ਕੀਤੀ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੁਗਲਾਂ ਦੇ ਜ਼ਿਮੀਦਾਰਾ ਨਿਜ਼ਾਮ ਨੂੰ ਮੁੱਢੋਂ ਰੱਦ ਕੀਤਾ। ਮੁਜ਼ਾਰਿਆ ਵਜੋਂ ਕਿਰਸਾਨੀ ਕਰਦੇ ਸਿੱਖਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ।

ਡਾ. ਗੰਡਾ ਸਿੰਘ ‘ਬੰਦਾ ਸਿੰਘ ਬਹਾਦਰ’ ਨਾਂ ਦੀ ਪੁਸਤਕ ਵਿੱਚ ਲਿਖਦੇ ਹਨ ‘ਅਸਲੀ ਹਲਵਾਹਕ ਭੁਇੰ ਦੇ ਮਾਲਕ ਬਣ ਗਏ ਅਤੇ ਉਨ੍ਹਾਂ ਦੇ ਇਲਾਕੇ ਵਿੱਚੋਂ ਇਹ ਸਦਾ ਵਗਦਾ ਮੋਗਲੀ ਫੋੜਾ ਹਟ ਗਿਆ। ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਇਹ ਸੁਧਾਰ ਆਖ਼ਰੀ ਅਤੇ ਪੂਰੀ ਹੱਦ ਤਕ ਪਹੁੰਚਾ ਦਿੱਤਾ ਗਿਆ।’ (ਪੰ. 45), ਪਰ ਅਫ਼ਸੋਸ ਕਿ ਅਜੋਕੇ ਦੌਰ ਦੀ ਮੋਦੀ ਹਕੂਮਤ ਨੇ ਪੰਜਾਬ ਸਮੇਤ ਭਾਰਤੀ ਕਿਸਾਨਾਂ ਨੂੰ ਅਡਾਨੀ ਤੇ ਅੰਬਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਮੁਜ਼ਾਰੇ ਬਣਾਉਣ ਦੀ ਠਾਣ ਲਈ ਹੈ ਕਿਉਂਕਿ ਉਨ੍ਹਾਂ ਦੀ ਆਰਥਿਕ ਸਹਾਇਤਾ ਦੇ ਬਲ ਬੋਤੇ ਬੀ. ਜੇ. ਪੀ ਦਿੱਲੀ ਦੇ ਤਖ਼ਤ ਦੀ ਮਾਲਕ ਬਣੀ ਹੈ। ਆਰਥਕ ਮਾਹਰਾਂ ਦਾ ਮੰਨਣਾ ਹੈ ਕਿ ਕੇਂਦਰ ਨੇ ਕਰੋਨਾ ਮਹਾਂਮਾਰੀ ਦੀ ਆੜ ਹੇਠ ਜੋ ਤਿੰਨ ਬਜ਼ਾਰਵਾਦੀ ਕਾਨੂੰਨ (1) ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਹੂਲਤ) ਕਾਨੂੰਨ 2020, (2) ਕਿਸਾਨ (ਸ਼ਕਤੀਕਰਨ ਤੇ ਸੁਰਖਿਆ) ਕੀਮਤ ਭਰੋਸੇ ਅਤੇ ਖੇਤੀ ਸੇਵਾਵਾਂ ਬਾਰੇ ਸਮਝੌਤਾ ਕਾਨੂੰਨ 2020, (3) ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਬਣਾਏ ਹਨ, ਉਹ ਪਹਿਲਾਂ ਹੀ ਮੁਸੀਬਤਾਂ ਵਿੱਚ ਘਿਰੇ ਪੇਂਡੂ ਭਾਈਚਾਰੇ ਨੂੰ ਹੋਰ ਵੀ ਮੁਸ਼ਕਲਾਂ ਵਿੱਚ ਧੱਕ ਦੇਣਗੇ ।

ਭਾਰਤ ਵਿੱਚ ਤਾਂ ਪਹਿਲਾਂ ਹੀ ਹਰੇਕ 32 ਮਿੰਟ ਪਿੱਛੋਂ ਇੱਕ ਕਿਸਾਨ ਖ਼ੁਦਕਸ਼ੀ ਕਰ ਰਿਹਾ ਹੈ ਪ੍ਰੰਤੂ ਉਪਰੋਕਤ ਕਾਨੂੰਨਾਂ ਦੀ ਨੀਤੀ ਮੁਤਾਬਕ ਜੇ ਕਿਰਤ ਸ਼ਕਤੀ ਹੋਰ ਘਟਾ ਦਿੱਤੀ ਗਈ ਤਾਂ ਕਿਸਾਨਾਂ ਦੀ ਅਜਿਹੀ ਬੇਦਖ਼ਲੀ ਤੇ ਬੇਰੁਜ਼ਗਾਰੀ ਕਾਰਨ ਕਿਰਸਾਨੀ ਖ਼ੁਦਕਸ਼ੀਆਂ ਦੀ ਦਰ ਵਿੱਚ ਹੋਰ ਵਾਧਾ ਹੋ ਜਾਵੇਗਾ । ਪੰਜਾਬ ਦੇ ਕਿਸਾਨ ਤਾਂ ਅਜਿਹੇ ਕੇਂਦਰੀ ਕਾਨੂੰਨਾਂ ਨੂੰ ਆਪਣੀ ਮੌਤ ਦੇ ਵਾਰੰਟ ਵਜੋਂ ਵੇਖ ਰਹੇ ਹਨ। ਇਹੀ ਕਾਰਨ ਹੈ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜ਼ੋਰਦਾਰ ਅੰਦੋਲਨ ਕਰ ਰਹੀਆਂ ਹਨ। ਪੰਜਾਬ ਵਿੱਚ ਕੇਂਦਰ ਦੀ ਸੱਤਾਧਾਰੀ ਪਾਰਟੀ ਨੂੰ ਛੱਡ ਕੇ ਬਾਕੀ ਦੀਆਂ ਸਾਰੀਆਂ ਰਾਜਨੀਤਕ ਜਥੇਬੰਦੀਆਂ ਕਿਸਾਨਾਂ ਦੀ ਹਮਾਇਤ ਵਿੱਚ ਆ ਖੜ੍ਹੀਆਂ ਹਨ। ਪੰਜਾਬ ਦੀ ਵਿਧਾਨ ਸਭਾ ਨੇ ਵੀ ਸਾਂਝੇ ਤੌਰ ’ਤੇ ਕੇਂਦਰੀ ਕਾਨੂੰਨਾਂ ਦੀ ਰੋਕ-ਥਾਮ ਲਈ ਨਵੇਂ ਕਾਨੂੰਨ ਘੜ ਕੇ ਰਾਸ਼ਟਰਪਤੀ ਵੱਲ ਤੋਰੇ ਹਨ, ਪਰ ਉਪਰੋਕਤ ਕਿਸਮ ਦੇ ਸਾਰੇ ਪੱਖਾਂ ਨੂੰ ਪੜਚੋਲਣ ਉਪਰੰਤ ਗੁਰਬਾਣੀ ਪਰਿਪੇਖ ਵਿੱਚ ਮੈਨੂੰ ਤਾਂ ਕਿਰਸਾਨੀ ਦੇ ਸਮਾਧਾਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਕਤੂਬਰ 1973 ਵਿੱਚ ਪਾਸ ਕੀਤਾ ‘ਅਨੰਦਪੁਰ ਸਾਹਿਬ ਦਾ ਮਤਾ’ ਹੀ ਪੰਜਾਬ ਦੇ ਸਰਬਪੱਖੀ ਦੁੱਖਾਂ ਦਾ ਦਾਰੂ ਤੇ ਮਜ਼ਬੂਤ ਆਧਾਰ ਜਾਪਦਾ ਹੈ ਕਿਉਂਕਿ ਉਹ ਗੁਰਬਾਣੀ ਅੰਦਰਲੀ ਸਰਬਤ ਦੇ ਭਲੇ ਵਾਲੀ ਸੋਚ ਦੇ ਸਿਧਾਂਤਕ ਸਾਰ ‘ਕਿਰਤ ਕਰੋ ਨਾਮ ਜਪ ਅਤੇ ਵੰਡ ਕੇ ਛਕੋ’ ਦੇ ਅਸੂਲਾਂ ’ਤੇ ਆਧਾਰਿਤ ਹੈ। ਉਹ ਇੱਕ ਪਾਸੇ ਤਾਂ ਸਮੁੱਚੇ ਦੇਸ਼ ਵਿੱਚ ਅਮਰੀਕਾ ਵਰਗੇ ਸੰਘੀ ਢਾਂਚੇ ਦੀ ਵਕਾਲਤ ਕਰਦਾ ਹੈ ਅਤੇ ਦੂਜੇ ਪਾਸੇ ਸਮੁੱਚੇ ਪੰਜਾਬੀਆਂ ਦੀ ਬਾਂਹ ਫੜ ਕੇ ਕਿਸਾਨਾਂ ਲਈ ਵੱਡਾ ਸਹਾਰਾ ਬਣਦਾ ਹੈ। ਉਹ ਯਤਨ ਕਰਦਾ ਹੈ ਕਿ ਖੇਤੀਬਾੜੀ ਉਪਜ ਦੀਆਂ ਕੀਮਤਾਂ ਮੱਧ ਦਰਜ਼ੇ ਦੇ ਕਿਸਾਨਾਂ ਦੀ ਪੈਦਾਵਾਰ ਦੇ ਖ਼ਰਚੇ ਦੀ ਬੁਨਿਆਦ ਤੇ ਨੀਯਤ ਹੋ ਜਾਣ। ਉਹ ਚਾਹੁੰਦਾ ਹੈ ਕਿ ਖੇਤੀ ਕੀਮਤਾਂ ਨੀਯਤ ਕਰਨ ਦਾ ਅਧਿਕਾਰ ਰਾਜ-ਸਰਕਾਰਾਂ ਪਾਸ ਹੋਵੇ। ਉਹ ਅੰਨ ਵਪਾਰ ਦੇ ਸੰਪੂਰਨ ਕੌਮੀਕਰਨ ਦੀ ਹਮਾਇਤ ਕਰਦਾ ਹੋਇਆ ਰਾਜ-ਸਰਕਾਰ ਤੇ ਸਰਕਾਰੀ ਏਜੰਸੀਆਂ ਰਾਹੀਂ ਅੰਨ ਅਤੇ ਦੂਜੀਆਂ ਹੋਰ ਫ਼ਸਲਾਂ ਦੀ ਥੋਕ ਦੇ ਵਪਾਰ ਦਾ ਵੀ ਪੂਰਨ ਸਰਕਾਰੀ-ਕਰਨ ਲਈ ਉਪਰਾਲੇ ਕਰਦਾ ਹੈ।

ਅਫ਼ਸੋਸ ਕਿ ਅਜੋਕੇ ਅਕਾਲੀ ਆਗੂ ਤਾਂ ਇਸ ਮਤੇ ਵੱਲ ਅਜੇ ਵੀ ਪਿੱਠ ਕਰੀ ਖੜ੍ਹੇ ਹਨ। ਹਕੀਕਤ ਇਹ ਹੈ ਕਿ ਅਨੰਦਪੁਰੀ ਮਤੇ ਨੂੰ ਰਾਜਸੀ ਏਜੰਡਾ ਬਣਾਏ ਬਗ਼ੈਰ ਹੁਣ ਅਕਾਲੀ ਦਲ ਸਮੇਤ ਕੋਈ ਵੀ ਖੇਤਰੀ ਪਾਰਟੀ ਆਪਣੀ ਹੋਂਦ ਸਥਾਪਤ ਨਹੀਂ ਕਰ ਸਕੇਗੀ । ਇਹੀ ਕਾਰਨ ਹੈ ਕਿ ਅਖੌਤੀ ਅਕਾਲੀ ਤਾਂ ਇਸ ਪੱਖੋਂ ਦੜ ਵੱਟੀ ਬੈਠੇ ਹਨ, ਪਰ ਆਮ ਪਾਰਟੀ ਦੀਆਂ ਨੀਤੀਆਂ ਤੋਂ ਨਿਰਾਸ ਆਗੂ ਐਮ. ਪੀ. ਗਾਂਧੀ ਉਪਰੋਕਤ ਮਤੇ ਦਾ ਝੰਡਾ-ਬਰਦਾਰ ਬਣਿਆ ਫਿਰਦਾ ਹੈ ਕਿਉਂਕਿ ਕੰਗਾਲੀ, ਭੁੱਖ-ਨੰਗ ਤੇ ਥੁੜ ਨੂੰ ਦੂਰ ਕਰਨਾ, ਨਿਆਕਾਰੀ ਨਿਜ਼ਾਮ ਸਥਾਪਤ ਕਰਨਾ, ਦੌਲਤ ਤੇ ਉਪਜ ਨੂੰ ਵਧਾਉਣਾ ਅਤੇ ਪੰਜਾਬ ਦੇ ਪਾਣੀਆਂ ਦੀ ਮੌਜੂਦਾ ਲੁੱਟ-ਘਸੁੱਟ ਨੂੰ ਮਿਟਾਉਣਾ ਤੇ ਜਾਤ-ਪਾਤ ਦੇ ਵਿਤਕਰੇ ਦਾ ਫਸਤਾ (ਰੱਫੜ) ਵੱਢਣਾ; ਉਸ ਅਕਾਲੀ ਮਤੇ ਦੇ ਮਾਨਵ-ਹਿਤਕਾਰੀ ਉੱਚੇ ਮਨੋਰਥ ਹਨ। ਭੁੱਲ-ਚੁੱਕ ਮੁਆਫ਼।

ਗੁਰੂ ਗ੍ਰੰਥ ਤੇ ਪੰਥ ਦਾ ਸੇਵਾਦਾਰ ਜਗਤਾਰ ਸਿੰਘ ਜਾਚਕ

ਤਾਂ ਵਸਿ ਆਵੀ ਕੰਤੁ 

0

ਤਾਂ ਵਸਿ ਆਵੀ ਕੰਤੁ 

ਰਣਜੀਤ ਸਿੰਘ B.Sc., M.A., M.Ed. (ਲੁਧਿਆਣਾ)- 99155-15436

 ੴ ਸਤਿ ਗੁਰ ਪ੍ਰਸਾਦਿ

ਪ੍ਰਮਾਤਮਾ ਦੀ ਸਾਜੀ ਹੋਈ ਸ੍ਰਿਸ਼ਟੀ ਵਿੱਚ ਕੇਵਲ ਤੇ ਕੇਵਲ ਮਨੁੱਖ ਹੀ ਇੱਕ ਸਮਝਦਾਰ ਜੀਵ ਹੈ, ਜਿਸ ਨੂੰ ਆਪਣੀ ਮੰਜ਼ਲ ਸਰ ਕਰਨ ਲਈ ਅਕਾਲ ਪੁਰਖ ਨੇ ਸੰਪੂਰਨ ਵਿਕਸਤ ਕੀਤਾ ਹੋਇਆ ਦਿਮਾਗ਼ ਬਖ਼ਸ਼ਸ਼ ਕੀਤਾ ਹੈ। ਗੁਰੂ ਅਮਰਦਾਸ ਜੀ ‘ਅਨੰਦ’ ਬਾਣੀ ਵਿੱਚ ਫ਼ੁਰਮਾਉਂਦੇ ਹਨ ਕਿ ਜਨਮ ਲੈਣ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਮਨੁੱਖ ਦੀ ਪ੍ਰਮਾਤਮਾ ਨਾਲ ਲਿਵ ਜੁੜੀ ਹੋਈ ਸੀ। ਜਿਉਂ ਹੀ ਉਸ ਦਾ ਜਨਮ ਹੋਇਆ ਲਿਵ ਟੁਟ ਗਈ ਤੇ ਸੰਸਾਰਿਕ ਮੋਹ ਵਿੱਚ ਫਸ ਗਿਆ। ਗੁਰੂ ਪਾਤਸ਼ਾਹ ਫ਼ੁਰਮਾਉਂਦੇ ਹਨ ‘‘ਲਿਵ ਛੁੜਕੀ ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ’’ (ਮਹਲਾ /੯੨੧) ਇਹ ਟੁੱਟੀ ਹੋਈ ਲਿਵ ਪ੍ਰਮਾਤਮਾ ਨਾਲ ਕਿਵੇਂ ਜੁੜੇ ? ਗੁਰੂ ਗ੍ਰੰਥ ਸਾਹਿਬ ਜੀ ਦੀ ਸਮੂਹ ਬਾਣੀ ਮਨੁੱਖ ਨੂੰ ਇਸ ਪ੍ਰਤੀ ਅਗਵਾਈ ਦਿੰਦੀ ਹੈ। ਦੁਨਿਆਵੀ ਤੌਰ ’ਤੇ ਵੀ ਦੇਖਿਆ ਜਾਏ ਕਿ ਕਿਸੇ ਇੱਕ ਵਿਅਕਤੀ ਦੀ ਪ੍ਰੀਤ ਕਿਸੇ ਦੂਜੇ ਨਾਲ ਕਿਵੇਂ ਬਣ ਸਕਦੀ ਹੈ ਜਾਂ ਇਹ ਕਹਿ ਲਈਏ ਕਿ ਧਨ ਅਤੇ ਪਿਰ ਜਾਂ ਪਤੀ ਅਤੇ ਪਤਨੀ ਦੀ ਪ੍ਰੀਤ ਕਿਵੇਂ ਨਿਭ ਸਕਦੀ ਹੈ ? ਬਾਬਾ ਫ਼ਰੀਦ ਜੀ ਪ੍ਰਸ਼ਨ ਕਰਦੇ ਹਨ ‘‘ਕਵਣੁ ਸੁ ਅਖਰੁ ? ਕਵਣੁ ਗੁਣੁ  ? ਕਵਣੁ ਸੁ ਮਣੀਆ ਮੰਤੁ ?   ਕਵਣੁ ਸੁ ਵੇਸੋ ਹਉ ਕਰੀ ? ਜਿਤੁ ਵਸਿ ਆਵੈ ਕੰਤੁ ੧੨੬’’ (ਬਾਬਾ ਫ਼ਰੀਦ ਜੀ/੧੩੮੪) ਭਾਵ ਮੈਂ ਕਿਹੜੇ ਬੋਲ ਬੋਲਾਂ, ਕਿਹੜੇ ਗੁਣ ਧਾਰਨ ਕਰਾਂ ਅਤੇ ਕਿਹੜਾ ਵੇਸ ਧਾਰਨ ਕਰਾਂ ਤਾਂ ਜੋ ਮੈਂ ਪਿਰ (ਪਤੀ) ਨੂੰ ਰਿਝਾ ਸਕਾਂ। ਇਸ ਦੇ ਜਵਾਬ ਵਿੱਚ ਗੁਰੂ ਅਮਰਦਾਸ ਜੀ ਇਸ ਤਰ੍ਹਾਂ ਸਮਝਾਉਂਦੇ ਹਨ ‘‘ਨਿਵਣੁ ਸੁ ਅਖਰੁ, ਖਵਣੁ ਗੁਣੁ; ਜਿਹਬਾ ਮਣੀਆ ਮੰਤੁ   ਤ੍ਰੈ ਭੈਣੇ  ! ਵੇਸ ਕਰਿ; ਤਾਂ ਵਸਿ ਆਵੀ ਕੰਤੁ ੧੨੭’’ (ਬਾਬਾ ਫ਼ਰੀਦ ਜੀ/੧੩੮੪) ਭਾਵ ਨਿਮਰਤਾ ਵਿੱਚ ਰਹਿਣਾ, ਖਿਮਾ ਧਾਰਨ ਕਰਨੀ, ਮੁੱਖ ਤੋਂ ਮਿਠੇ ਬਚਨ ਬੋਲਣੇ ਆਦਿ ਗੁਣ ਧਾਰਨ ਕਰਨ ਨਾਲ ਪ੍ਰਭੂ ਪਤੀ ਦੀ ਪ੍ਰਾਪਤੀ ਹੋ ਸਕਦੀ ਹੈ।

ਸੰਸਾਰ ਵਿੱਚ ਰਹਿੰਦੇ ਹੋਏ ਗ੍ਰਹਿਸਤ ਜੀਵਨ ਦੀ ਗੱਡੀ ਚਲਾਉਣ ਲਈ ਵੀ ਇਨ੍ਹਾਂ ਗੁਣਾਂ ਦਾ ਧਾਰਨੀ ਹੋਣਾ ਜ਼ਰੂਰੀ ਹੈ। ਪਤੀ ਪਤਨੀ ਦੋਵੇਂ ਇਨ੍ਹਾਂ ਗੁਣਾਂ ਦੇ ਧਾਰਨੀ ਹੋ ਕੇ, ਪ੍ਰਭੂ ਪਤੀ ਨਾਲ ਪਿਆਰ ਪਾ ਕੇ ਆਪਣਾ ਜੀਵਨ ਸਫਲ ਕਰ ਸਕਦੇ ਹਨ ਪ੍ਰੰਤੂ ਜੇ ਅਸੀਂ ਪਿਛੋਕੜ ਵਿੱਚ ਝਾਤ ਮਾਰੀਏ ਤਾਂ ਸਾਡਾ ਸਮਾਜ ਮੁੱਢ ਕਦੀਮ ਤੋਂ ਹੀ ਮਰਦ ਪ੍ਰਧਾਨ ਸਮਾਜ ਰਿਹਾ ਹੈ। ਜਿਸ ਵਿੱਚ ਔਰਤ ਦਾ ਦਰਜਾ; ਮਰਦ ਨਾਲੋਂ ਨੀਵੇਂ ਪੱਧਰ ਦਾ ਸਮਝਿਆ ਜਾਂਦਾ ਰਿਹਾ ਹੈ।

ਮਨੁੱਖ ਦੇ ਉੱਤੇ ਔਰਤ ਜਾਤੀ ਦਾ ਵੱਡਾ ਪਰਉਪਕਾਰ ਰਿਹਾ ਹੈ। ਕਦੀ ਮਾਂ ਦੇ ਰੂਪ ਵਿੱਚ, ਕਦੀ ਭੈਣ ਦੇ ਰੂਪ ਵਿੱਚ, ਕਦੀ ਧੀ ਬਣ ਕੇ ਤੇ ਕਦੀ ਪਤਨੀ ਬਣ ਕੇ ਇਸ ਨੇ ਮਰਦ ਦੀ ਹਰ ਤਰ੍ਹਾਂ ਸੇਵਾ ਕੀਤੀ ਪਰ ਫਿਰ ਉਸ ਨੂੰ ਵੀ ਕਦੀ ਧੀ ਬਣ ਕੇ ਤੇ ਕਦੀ ਨੂੰਹ ਬਣ ਕੇ ਬਣਦਾ ਸਤਿਕਾਰ ਨਾ ਮਿਲਿਆ ਸਗੋਂ ਤ੍ਰਿਸ਼ਕਾਰਿਆ ਹੀ ਗਿਆ। ਔਰਤ ਨਾਲ ਇਸ ਤਰ੍ਹਾਂ ਦੀ ਬੇਇਨਸਾਫੀ ਤੇ ਧੱਕਾ ਜਿੱਥੇ ਸਮਾਜ ਵੱਲੋਂ ਕੀਤਾ ਗਿਆ ਉੱਥੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਅਤੇ ਧਰਮ ਦਾ ਚੋਲ਼ਾ ਪਹਿਨਣ ਵਾਲੇ ਪੀਰਾਂ ਫ਼ਕੀਰਾਂ ਨੇ ਵੀ ਔਰਤ ਨੂੰ ਦੁਰਕਾਰਿਆ।

ਈਸਾਈ ਧਰਮ ਅਨੁਸਾਰ ਸਾਰੇ ਗੁਨਾਹਾਂ ਤੇ ਪਾਪਾਂ ਦੀ ਅਸਲ ਜੜ੍ਹ ਇਸਤਰੀ ਹੈ, ਜੋ ਮਨੁੱਖ ਨੂੰ ਕੁਰਾਹੇ ਪਾਉਂਦੀ ਹੈ। ਉਹ ਇਸਤਰੀ ਨੂੰ ਰੱਬ ਦੀ ਗਲਤੀ ਵਜੋਂ ਮੰਨਦੇ ਹਨ। ਹਿੰਦੂ ਧਰਮ ਵਿੱਚ ਮੰਨੂ ਸਿਮਰਤੀ ਦਾ ਸਥਾਨ ਬੜਾ ਉੱਚਾ ਮੰਨਿਆ ਜਾਂਦਾ ਹੈ। ਇਸ ਵਿੱਚ ਮੰਨੂ ਜੀ ਕਹਿੰਦੇ ਹਨ ਕਿ ਇਸਤਰੀ ਸਭ ਦੁੱਖਾਂ ਦਾ ਮੂਲ ਕਾਰਨ ਹੈ, ਇਸ ਲਈ ਇਸਤਰੀ ਤੋਂ ਦੂਰ ਰਹਿਣਾ ਚਾਹੀਦਾ ਹੈ। ਪੁਰਾਣਾ ਵਿੱਚ ਇਸਤਰੀ ਨੂੰ ਨਸ਼ੀਲੀ ਸ਼ਰਾਬ ਤੇ ਸਭ ਤੋਂ ਮਾਰੂ ਜ਼ਹਿਰ ਕਰਕੇ ਲਿਖਿਆ ਗਿਆ ਹੈ। ਜੈਨ ਮੱਤ ਨੇ ਵੀ ਇਸਤਰੀ ਨਾਲ ਇਨਸਾਫ਼ ਨਹੀਂ ਕੀਤਾ। ਸ਼੍ਰੀ ਦਿਗੰਬਰ ਜੈਨ ਲਿਖਦੇ ਹਨ ਕਿ ਔਰਤ ਓਨਾ ਚਿਰ ਤੱਕ ਮੁਕਤੀ ਪ੍ਰਾਪਤ ਨਹੀਂ ਕਰ ਸਕਦੀ ਜਦ ਤੱਕ ਦੁਬਾਰਾ ਮਨੁੱਖਾ ਜਨਮ ਧਾਰਨ ਨਹੀਂ ਕਰਦੀ। ਮਹਾਤਮਾ ਬੁੱਧ ਵੀ ਕਹਿੰਦੇ ਹਨ ਕਿ ਔਰਤ ਨੂੰ ਬੋਧੀ ਭਿਕਸ਼ੂਆਂ ਵਿੱਚ ਦਾਖਲ ਕਰਨ ਨਾਲ ਧਰਮ ਦੀ ਆਯੂ ਘਟ ਜਾਵੇਗੀ। ਇਸਲਾਮ ਧਰਮ ਵਿੱਚ ਤਾਂ ਔਰਤ ਮਸਜਿਦ ਵਿੱਚ ਜਾ ਕੇ ਨਮਾਜ ਵੀ ਨਹੀਂ ਪੜ੍ਹ ਸਕਦੀ ਅਤੇ ਔਰਤ ਨੂੰ ਘਟੀਆ ਦੱਸਣ ਲਈ ਦੋ ਔਰਤਾਂ ਦੀ ਗਵਾਹੀ ਇੱਕ ਮਰਦ ਦੇ ਬਰਾਬਰ ਮੰਨੀ ਜਾਂਦੀ ਹੈ। ਸੁਕਰਾਤ ਵੀ ਲਿਖਦਾ ਹੈ ਕਿ ਮਰਦ ਦੀ ਖੁਸ਼ੀ ਹੁਕਮ ਕਰਨ ਵਿੱਚ ਅਤੇ ਔਰਤ ਦੀ ਖੁਸ਼ੀ ਹੁਕਮ ਮੰਨਣ ਵਿੱਚ ਹੈ।

ਜੋ ਮਾਨ ਸਨਮਾਨ ਅਤੇ ਸਤਿਕਾਰਯੋਗ ਅਸਥਾਨ ਸਿੱਖ ਧਰਮ ਨੇ ਔਰਤ ਨੂੰ ਦਿੱਤਾ ਹੈ, ਉਹ ਹੋਰ ਕਿਸੇ ਧਰਮ ਦੇ ਹਿੱਸੇ ਨਹੀਂ ਆਇਆ। ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ਸਮਾਜ ਵਿੱਚ ਆਪਣੇ ਨਵੀਨ ਤੇ ਨਰੋਏ ਵਿਚਾਰਾਂ ਨਾਲ ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਆਰਥਿਕ ਕ੍ਰਾਂਤੀ ਲਿਆਂਦੀ ਉੱਥੇ ਔਰਤ ਦੇ ਹੱਕ ਵਿੱਚ ਵੀ ਆਪਣੀ ਅਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਪੁਰਸ਼ ਜਾਂ ਇਸਤਰੀ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਵਾਹਿਗੁਰੂ ਦੀ ਦਰਗਾਹ ਵਿੱਚ ਤਾਂ ਚੰਗੇ ਕਰਮਾਂ ਦਾ ਹੀ ਮੁੱਲ ਪੈਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬੁਲੰਦ ਅਵਾਜ਼ ਕਰਦਿਆਂ ਕਿਹਾ ਕਿ ਵੱਡੇ ਵੱਡੇ ਰਾਜਿਆਂ, ਮਹਾਂ ਰਾਜਿਆਂ, ਯੋਧਿਆਂ, ਸਾਇੰਸਦਾਨਾਂ, ਵਿਦਵਾਨਾਂ, ਗੁਰੂਆਂ, ਪੀਰਾਂ ਨੂੰ ਜਨਮ ਇਸਤਰੀ ਹੀ ਦਿੰਦੀ ਹੈ। ਜੇ ਇਹ ਸਾਰੇ ਲੋਕ ਚੰਗੇ ਤੇ ਵਡਿਆਈ ਦੇ ਪਾਤਰ ਹਨ ਤਾਂ ਉਨ੍ਹਾਂ ਦੀ ਜਣਨੀ ਇਸਤਰੀ ਕਿਵੇਂ ਮੰਦੀ ਹੋ ਸਕਦੀ ਹੈ ? ਆਸਾ ਕੀ ਵਾਰ ਵਿੱਚ ਆਪ ਫ਼ੁਰਮਾਉਂਦੇ ਹਨ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩)

ਇਸਤਰੀ ਤੇ ਪੁਰਸ਼ ਦੀ ਬਰਾਬਰੀ ਨੂੰ ਸਪਸ਼ਟ ਕਰਦਿਆਂ ਹੋਇਆਂ ਆਪ ਨੇ ਫ਼ੁਰਮਾਇਆ ਕਿ ਸਾਰਿਆਂ ਅੰਦਰ ਜੀਵ ਆਤਮਾ ਇਸਤਰੀ ਰੂਪ ਹੀ ਹੈ ਤੇ ਉਨ੍ਹਾਂ ਦਾ ਮਾਲਕ ਜਾਂ ਖਸਮ ਪ੍ਰਮਾਤਮਾ ਆਪ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧)

ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਉਮਰ ਆਪਣੇ ਮਾਤਾ, ਭੈਣ ਤੇ ਪਤਨੀ ਦਾ ਸਤਿਕਾਰ ਕੀਤਾ ਤੇ ਸਾਡੇ ਲਈ ਪੂਰਨੇ ਪਾਏ। ਅਜਿਹੀਆਂ ਇਸਤਰੀਆਂ ਨੂੰ ਗੁਰਮਤਿ ਵਿੱਚ ਸੁਹਾਗਣ ਕਹਿ ਕੇ ਵਡਿਆਇਆ ਗਿਆ ਹੈ।

ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਬੀਬੀ ਖੀਵੀ ਜੀ, ਜੋ ਸੇਵਾ ਦੀ ਮੂਰਤ ਸਨ ਅਤੇ ਲੰਗਰ ਵਿੱਚ ਘਿਓ ਵਾਲੀ ਖੀਰ ਤਿਆਰ ਕਰਕੇ ਵਰਤਾਉਂਦੇ ਰਹੇ ਸਨ, ਦਾ ਨਾਂ ਭਾਈ ਸੱਤੇ ਤੇ ਬਲਵੰਡ ਜੀ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ   ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ’’ (ਬਲਵੰਡ ਸਤਾ/੯੬੭)

ਗੁਰੂ ਅਰਜਨ ਦੇਵ ਜੀ ਨੇ ਤਾਂ ਇਸਤਰੀ ਜਾਤੀ ਨੂੰ ਬੱਤੀ ਸੁਲੱਖਣੀ ਭਾਵ ਸਦ ਗੁਣਾਂ ਨਾਲ ਭਰਪੂਰ ਆਖ ਕੇ ਸਨਮਾਨ ਦਿੱਤਾ ਹੈ। ਗੁਰੂ ਜੀ ਫ਼ੁਰਮਾਉਂਦੇ ਹਨ ਕਿ ਅਜਿਹੇ ਸਦਗੁਣਾਂ ਨਾਲ ਭਰਪੂਰ ਇਸਤਰੀ ਜਿਸ ਘਰ ਵਿੱਚ ਆਵੇਗੀ ਉੱਥੇ ਸੁੱਖ ਸ਼ਾਂਤੀ, ਖੁਸ਼ਹਾਲੀ ਅਤੇ ਖੇੜਾ ਬਣਿਆ ਰਹੇਗਾ। ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ ‘‘ਬਤੀਹ ਸੁਲਖਣੀ; ਸਚੁ ਸੰਤਤਿ ਪੂਤ   ਆਗਿਆਕਾਰੀ ਸੁਘੜ ਸਰੂਪ   ਇਛ ਪੂਰੇ ਮਨ ਕੰਤ ਸੁਆਮੀ   ਸਗਲ ਸੰਤੋਖੀ ਦੇਰ ਜੇਠਾਨੀ   ਸਭ ਪਰਵਾਰੈ ਮਾਹਿ ਸਰੇਸਟ   ਮਤੀ ਦੇਵੀ ਦੇਵਰ ਜੇਸਟ   ਧੰਨੁ ਸੁ ਗ੍ਰਿਹੁ; ਜਿਤੁ ਪ੍ਰਗਟੀ ਆਇ   ਜਨ ਨਾਨਕ ! ਸੁਖੇ ਸੁਖਿ ਵਿਹਾਇ ’’ (ਮਹਲਾ /੩੭੧)

ਭਾਈ ਕਾਨ੍ਹ ਸਿੰਘ ਨਾਭਾ ਕਰਤਾ ਮਹਾਨ ਕੋਸ਼ ਨੇ ਇਸਤਰੀ ਦੇ 32 ਗੁਣ ਇਹ ਦਰਸਾਏ ਹਨ – ਸੁੰਦਰਤਾ, ਸਵੱਛਤਾ, ਲੱਜਾ, ਚਤੁਰਾਈ, ਵਿੱਦਿਆ, ਸੇਵਾ, ਪਤੀ-ਭਗਤੀ, ਦਇਆ, ਸਤਯ, ਪ੍ਰਿਯਬਾਣੀ, ਪ੍ਰਸੰਨਤਾ, ਨਿਮਰਤਾ, ਨਿਸ਼ਕਪਟਤਾ, ਏਕਤਾ, ਧੀਰਜ, ਧਰਮਨਿਸ਼ਠਾ, ਸੰਜਮ, ਉਦਾਰਤਾ, ਗੰਭੀਰਤਾ, ਉਦਮ, ਸੂਰਵੀਰਤਾ, ਰਾਗ ਕਾਵਯ, ਚਿਤ੍ਰ, ਔਸ਼ਧੀ, ਰਸੋਈ, ਸਿਊਣ-ਪਰੋਣ ਦੀ ਵਿੱਦਿਆ, ਘਰ ਦੀਆਂ ਵਸਤਾਂ ਦਾ ਯਥਾ-ਯੋਗ ਸ਼ਿੰਗਾਰਣਾ, ਬਜੁਰਗਾਂ ਦਾ ਮਾਨ, ਘਰ ਆਏ ਪ੍ਰਹੁਣਿਆਂ ਦਾ ਸਨਮਾਨ ਅਤੇ ਸੰਤਾਨ ਦਾ ਪਾਲਣਾ ਆਦਿ।

ਅਜਿਹੇ ਗੁਣਾਂ ਦੀ ਮਾਲਕਣ ਇਸਤਰੀ, ਸੱਚ ਦੀ ਧਾਰਨੀ ਬਣੇਗੀ ਭਾਵ ‘ਸਚੁ ਸੰਤਤਿ ਪੂਤ’ ਅਤੇ ‘ਸਭ ਪਰਵਾਰੈ ਮਾਹਿ ਸਰੇਸਟ’ ਹੋਵੇਗੀ ਜੋ ਗਲਤ ਰਾਹ ’ਤੇ ਚੱਲ ਰਹੇ ਦੇਵਰ ਤੇ ਜੇਠ ਨੂੰ ਵੀ ਮੱਤ ਦੇ ਕੇ ਸਿੱਧੇ ਰਾਹ ਪਾਉਣ ਦੇ ਯੋਗ ਹੋਵੇਗੀ। ਅਜਿਹੇ ਗੁਣਾਂ ਭਰਪੂਰ ਇਸਤਰੀ ਜਿੱਥੇ ਵੀ ਰਹੇਗੀ ਉੱਥੇ ‘ਸੁਖੇ ਸੁਖਿ ਵਿਹਾਇ’ ਬਣਾਏਗੀ।

ਅਜਿਹੇ ਗੁਣਾਂ ਭਰਪੂਰ ਇਸਤਰੀ ਆਪਣੇ ਪਰਵਾਰ ਤੇ ਸਮਾਜ ਲਈ ਚਾਨਣ ਮੁਨਾਰਾ ਬਣਦੀ ਹੈ। ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਬੀਬੀ ਅਮਰੋ, ਜੋ ਅਜਿਹੇ ਗੁਣਾਂ ਭਰਪੂਰ ਸੀ, ਆਪਣੇ ਸਹੁਰੇ ਘਰ ਜਾ ਕੇ ਐਸੀ ਖੁਸ਼ਬੋ ਫੈਲਾਈ, ਜਿਸ ਦੇ ਮੁਖਾਰਬਿੰਦ ਤੋਂ ਬਾਣੀ ਸੁਣ ਕੇ ਚਾਚਾ ਸਹੁਰਾ ਬਾਬਾ ਅਮਰਦਾਸ ਜੀ ਗੁਰੂ ਨਾਨਕ ਜੀ ਦੀ ਗੱਦੀ ਦੇ ਤੀਜੇ ਵਾਰਸ਼ ਗੁਰੂ ਅਮਰਦਾਸ ਜੀ ਬਣੇ। ਇਸ ਤੋਂ ਇਲਾਵਾ ਬੀਬੀ ਭਾਨੀ ਜੀ ਅਤੇ ਮਾਤਾ ਗੁਜਰੀ ਜੀ ਦਾ ਧਰਮੀ ਜੀਵਨ; ਸਾਡੇ ਲਈ ਚਾਨਣ ਮੁਨਾਰੇ ਹਨ। ਸਿੱਖ ਇਤਿਹਾਸ ਵਿੱਚ ਅਜਿਹੀਆਂ ਅਨੇਕਾਂ ਹੀ ਇਸਤਰੀਆਂ ਹੋਈਆਂ ਹਨ, ਜਿਨ੍ਹਾਂ ਨੇ ਵੱਡੀ ਤੋਂ ਵੱਡੀ ਰਾਜਸੀ ਤਾਕਤ ਦੇ ਸਾਹਮਣੇ ਆਪਣੇ ਧਰਮ ਖਾਤਰ ਈਨ ਨਹੀਂ ਮੰਨੀ।

ਅਜਿਹੇ ਗੁਣਾਂ ਭਰਪੂਰ ਔਰਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ‘ਸੁਚੱਜੀ’ ਕਹਿ ਕੇ ਸਤਿਕਾਰ ਦਿੱਤਾ ਹੈ। ਗੁਰੂ ਨਾਨਕ ਸਾਹਿਬ ਜੀ ਸੂਹੀ ਰਾਗ ਵਿੱਚ ਸੁਚਜੀ ਸਿਰਲੇਖ ਹੇਠ ਫ਼ੁਰਮਾਉਂਦੇ ਹਨ ‘‘ਜਾ ਤੂ ਤਾ ਮੈ ਸਭੁ ਕੋ; ਤੂ ਸਾਹਿਬੁ ਮੇਰੀ ਰਾਸਿ ਜੀਉ ਤੁਧੁ ਅੰਤਰਿ ਹਉ ਸੁਖਿ ਵਸਾ; ਤੂੰ ਅੰਤਰਿ ਸਾਬਾਸਿ ਜੀਉ ’’ (ਮਹਲਾ /੭੬੨)

ਵੇਖਣ ਵਿੱਚ ਕਈ ਵਾਰ ਇਹ ਵੀ ਆਉਂਦਾ ਹੈ ਕਿ ਸ਼ੁਭ ਗੁਣਾਂ ਦੀ ਮਾਲਕਣ ਤੇ ਸੁਚੱਜੀ ਹੋਣ ਦੇ ਬਾਵਜੂਦ ਵੀ ਇਸਤਰੀ ਨੂੰ ਸਮੱਸਿਆਵਾਂ ਪੇਸ਼ ਆਉਂਦੀਆਂ ਹਨ, ਪਰ ਉਹ ਹੌਂਸਲਾ ਨਹੀਂ ਛੱਡਦੀ। ਉਹ ਉਸ ਦਾ ਕਾਰਨ ਤੇ ਉਸ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੀ ਹੈ। ਅਜਿਹੀ ਸੁਚੱਜੀ ਔਰਤ ਨੂੰ ‘ਗੁਣਵੰਤੀ’ ਕਹਿ ਕੇ ਸਲਾਹਿਆ ਗਿਆ ਹੈ। ਗੁਰੂ ਨਾਨਕ ਸਾਹਿਬ ਜੀ ਸੂਹੀ ਰਾਗ ਵਿੱਚ ਗੁਣਵੰਤੀ ਸਿਰਲੇਖ ਹੇਠ ਫ਼ੁਰਮਾਉਂਦੇ ਹਨ ‘‘ਮੈ ਬਹੁੜਿ ਤ੍ਰਿਸਨਾ ਭੁਖੜੀ; ਹਉ ਰਜਾ ਤ੍ਰਿਪਤਿ ਅਘਾਇ ਜੀਉ   ਜੋ ਗੁਰ ਦੀਸੈ ਸਿਖੜਾ; ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ’’  (ਸੁਚਜੀ/ਮਹਲਾ /੭੬੩)

ਅਜਿਹੀ ਇਸਤਰੀ ਦੀ ਬੇਕਦਰੀ ਅਤੇ ਉਸ ਨਾਲ ਦਰਿੰਦਗੀ ਦੀ ਸਭ ਤੋਂ ਵੱਡੀ ਮਿਸਾਲ ਸਤੀ ਪ੍ਰਥਾ ਅਤੇ ਵਿਧਵਾ ਨੂੰ ਪੁਨਰ ਵਿਆਹ ਦੀ ਮਨਾਹੀ ਸੀ। ਇਹ ਪ੍ਰਥਾ ਹਿੰਦੂ ਸਮਾਜ ਵਿੱਚ ਪੁਰਾਤਨ ਸਮੇਂ ਤੋਂ ਪ੍ਰਚਲਿਤ ਸੀ। ਇਸ ਤੋਂ ਵੱਡਾ ਤਸੀਹਾ ਤੇ ਜੁਲਮ ਹੋਰ ਕੀ ਹੋ ਸਕਦਾ ਹੈ ?

ਗੁਰੂ ਅਮਰਦਾਸ ਜੀ ਨੇ ਇਸ ਘੋਰ ਅਨਿਆ ਦੇ ਵਿਰੁੱਧ ਜ਼ੋਰਦਾਰ ਅਵਾਜ਼ ਉਠਾਈ। ਗੁਰੂ ਸਾਹਿਬ ਨੇ ਪਤੀ ਦੀ ਚਿਖਾ ਵਿੱਚ ਸੜ ਕੇ ਮਰਨ ਵਾਲੀਆਂ ਔਰਤਾਂ ਨੂੰ ਸਤੀ ਮੰਨਣ ਤੋਂ ਇਨਕਾਰ ਕਰ ਦਿੱਤਾ ਸਗੋਂ ਲੋਕਾਂ ਨੂੰ ਉਪਦੇਸ਼ ਕੀਤਾ ਕਿ ਅਸਲ ਸਤੀ ਤਾਂ ਉਹ ਹੈ, ਜੋ ਰੱਬ ਤੋਂ ਪਏ ਵਿਛੋੜੇ ਦੀ ਪੀੜਾ ਵਿੱਚ ਜੀਵਨ ਬਸਰ ਕਰਦੀ ਹੈ ਅਤੇ ਸੀਲ ਸੰਤੋਖ ਨਾਲ ਆਪਣਾ ਜੀਵਨ ਬਸਰ ਕਰਦੀ ਹੈ। ਗੁਰੂ ਸਾਹਿਬ ਦਾ ਫ਼ੁਰਮਾਨ ਹੈ ‘‘ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍   ਨਾਨਕ  ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍   ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍   ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਾਲੰਨਿ੍ ’’ (ਮਹਲਾ /੭੮੭)

ਜੋ ਉੱਚਾ ਰੁਤਬਾ ਗੁਰੂ ਸਾਹਿਬ ਨੇ ਇਸਤਰੀ ਜਾਤੀ ਨੂੰ ਬਖਸ਼ਿਆ, ਉਹ ਹੋਰ ਕਿਸੇ ਪੀਰ ਪੈਗ਼ੰਬਰ, ਫ਼ਿਲਾਸਫ਼ਰ ਜਾਂ ਵਿਦਵਾਨ ਦੇ ਹਿੱਸੇ ਨਹੀਂ ਆਇਆ। ਵਿਆਹ ਸਮੇਂ ਲੜਕੀ ਨੂੰ ਦਿੱਤੇ ਜਾਣ ਵਾਲੇ ਦਾਜ ਦਾ ਵਿਰੋਧ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਕੀਤਾ ਹੈ ‘‘ਹੋਰਿ ਮਨਮੁਖ ਦਾਜੁ ਜਿ ਰਖਿ ਦਿਖਾਲਹਿ; ਸੁ ਕੂੜੁ ਅਹੰਕਾਰੁ ਕਚੁ ਪਾਜੋ   ਹਰਿ ਪ੍ਰਭ ਮੇਰੇ ਬਾਬੁਲਾ; ਹਰਿ ਦੇਵਹੁ ਦਾਨੁ ਮੈ ਦਾਜੋ ’’ (ਮਹਲਾ /੭੯)

ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਸੰਤ ਸਮਰਥ ਰਾਮਦਾਸ ਦੇ ਇਕ ਸੁਆਲ ਦੇ ਜਵਾਬ ਵਿੱਚ ਫ਼ੁਰਮਾਇਆ ਸੀ ਔਰਤ ਈਮਾਨ ਦੌਲਤ ਗੁਜ਼ਰਾਨ ਪੁੱਤਰ ਨਿਸ਼ਾਨ

ਗੁਰਮਤਿ ਸਿਧਾਂਤ ਮਨੁੱਖ ਦੇ ਸੰਸਾਰਕ ਅਤੇ ਅਧਿਆਤਮਕ ਜੀਵਨ ਸੰਗਰਾਮ ਲਈ ਪ੍ਰੇਰਣਾ ਸਰੋਤ ਹੈ। ਜਿੱਥੇ ਗੁਰੂ ਸਾਹਿਬਾਨ ਨੇ ਸੁਚੱਜੀ, ਸੁਹਾਗਣ ਤੇ ਗੁਣਵੰਤੀ ਇਸਤਰੀ ਦਾ ਨਕਸ਼ਾ ਖਿੱਚਿਆ ਹੈ ਉੱਥੇ ਜੇ ਜੀਵ ਇਸਤਰੀ; ਜੀਵਨ ਪੱਧਰ ਤੋਂ ਡਿੱਗ ਪਵੇ ਅਤੇ ਉਸ ’ਤੇ ਔਗਣ ਹਾਵੀ ਹੋ ਜਾਣ ਤਾਂ ਉਸ ਨੂੰ ਸਖਤ ਸ਼ਬਦ ਵਿੱਚ ਤਾੜਨਾ ਵੀ ਕਰਦੇ ਹਨ। ਉਸ ਦੇ ਲਈ ਦੋਹਾਗਣੀ ਤੇ ਕੁਚੱਜੀ ਸ਼ਬਦ ਵੀ ਵਰਤਿਆ ਹੈ। ਜਦੋਂ ਉਸ ਨੂੰ ਦੋਹਾਗਣ ਦੇ ਰੂਪ ਵਿੱਚ ਦੇਖਦੇ ਹਨ ਤਾਂ ਉਸ ਦੇ ਅਵਗੁਣਾਂ ਬਾਰੇ ਇਸ ਤਰ੍ਹਾਂ ਫ਼ੁਰਮਾਉਂਦੇ ਹਨ ‘‘ਦੋਹਾਗਣੀ ਕਿਆ ਨੀਸਾਣੀਆ  ?  ਖਸਮਹੁ ਘੁਥੀਆ; ਫਿਰਹਿ ਨਿਮਾਣੀਆ   ਮੈਲੇ ਵੇਸ ਤਿਨਾ ਕਾਮਣੀ; ਦੁਖੀ ਰੈਣਿ ਵਿਹਾਇ ਜੀਉ ’’ (ਮਹਲਾ /੭੨)

ਜੋ ਜੀਵ ਇਸਤਰੀਆਂ ਪ੍ਰਭੂ ਨੂੰ ਵਿਸਾਰ ਦਿੰਦੀਆਂ ਹਨ ਉਨ੍ਹਾਂ ਬਾਰੇ ਗੁਰੂ ਨਾਨਕ ਜੀ ਦਾ ਫ਼ੁਰਮਾਨ ਹੈ ‘‘ਸਭਿ ਅਵਗਣ ਮੈ; ਗੁਣੁ ਨਹੀ ਕੋਈ   ਕਿਉ ਕਰਿ ਕੰਤ ਮਿਲਾਵਾ ਹੋਈ  ?’’ (ਮਹਲਾ /੭੫੦)

ਅਜਿਹੀ ਇਸਤਰੀ ਨੂੰ ਕੁਚੱਜੀ ਕਹਿ ਕੇ ਵੀ ਸੰਬੋਧਨ ਕੀਤਾ ਹੈ ਅਤੇ ਉਸ ਦੇ ਅਵਗੁਣ ਵੀ ਉਸ ਨੂੰ ਦੱਸੇ ਹਨ ਕਿ ਉਸ ਦਾ ਪਿਆਰ ਕੇਵਲ ਮਾਇਕ ਪਦਾਰਥਾਂ ਤੱਕ ਹੀ ਸੀਮਤਿ ਹੈ। ਗੁਰੂ ਨਾਨਕ ਜੀ ਸੂਹੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸੁਇਨਾ ਰੁਪਾ ਰੰਗੁਲਾ; ਮੋਤੀ ਤੈ ਮਾਣਿਕੁ ਜੀਉ   ਸੇ ਵਸਤੂ ਸਹਿ ਦਿਤੀਆ; ਮੈ ਤਿਨ੍ ਸਿਉ ਲਾਇਆ ਚਿਤੁ ਜੀਉ   ਮੰਦਰ ਮਿਟੀ ਸੰਦੜੇ; ਪਥਰ ਕੀਤੇ ਰਾਸਿ ਜੀਉ   ਹਉ ਏਨੀ ਟੋਲੀ ਭੁਲੀਅਸੁ; ਤਿਸੁ ਕੰਤ ਬੈਠੀ ਪਾਸਿ ਜੀਉ ’’ (ਕੁਚਜੀ/ਮਹਲਾ /੭੬੨)

ਸੋ ਸੁਚੱਜੀ, ਸੁਹਾਗਣ ਤੇ ਗੁਣਵੰਤੀ ਇਸਤਰੀ ਜਿੱਥੇ ਗ੍ਰਹਿਸਤ ਜੀਵਨ ਬਤੀਤ ਕਰਦਿਆਂ ਆਪਣੇ ਗੁਣਾਂ ਨਾਲ ਪਤੀ ਨੂੰ ਰਿਝਾ ਲੈਂਦੀ ਹੈ ਉੱਥੇ ਉਹ ਅਕਾਲ ਪੁਰਖ ਦੇ ਹੁਕਮ ਅਨੁਸਾਰ ਜੀਵਨ ਬਤੀਤ ਕਰਦੀ ਹੋਈ ਪ੍ਰਭੂ ਪਤੀ ਵਾਲੇ ਗੁਣ ਗ੍ਰਹਿਣ ਕਰਕੇ ਉਸ ਨਾਲ ਸਾਂਝ ਪਾ ਲੈਂਦੀ ਹੈ।

ਗੁਰਬਾਣੀ ਦੀ ਅਗਵਾਈ ਵਿੱਚ ਰਹਿ ਕੇ ਪ੍ਰਾਪਤ ਕੀਤਾ ਗਿਆਨ ਜਿੱਥੇ ਬਰਾਬਰੀ ਦੀ ਭਾਵਨਾ ਪੈਦਾ ਕਰਦਾ ਹੈ ਉੱਥੇ ਜੀਵਨ ਪੰਧ ਨੂੰ ਸੁਖਾਲਾ ਤੇ ਸਹਿਜ ਵੀ ਬਣਾਉਂਦਾ ਹੈ। ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਦੇ ਘਰ ਜਦੋਂ ਪਹਿਲੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤਾਂ ਮਾਤਾ ਗੰਗਾ ਜੀ ਨੇ ਅਸੀਸ ਦਿੰਦਿਆਂ ਕਿਹਾ ਕਿ ਪੁੱਤਰਾਂ ਦੀ ਜੋੜੀ ਰਲੇ ਤਾਂ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਾਤਾ ਜੀ ਸਪੁੱਤਰੀ ਹੋਣ ਦੀ ਅਸੀਸ ਬਖ਼ਸ਼ੋ ਤਾਂ ਜੋ ਗ੍ਰਹਿਸਤ ਪੂਰਾ ਹੋਵੇ। ਗੁਰੂ ਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਗੁਰੂ ਸਾਹਿਬ ਦੇ ਵਾਕ ਇਸ ਪ੍ਰਕਾਰ ਦਰਜ ਹਨ ਸੀਲ ਖਾਨ ਕੰਨਿਆ ਇਕ ਹੋਵੇ; ਨਹੀਂ ਤੋ ਮਾਂ ਗ੍ਰਹਿਸਤ ਵਿਗੋਵੈ

ਬਾਬੁਲ ਦੇ ਘਰ ਪਿਆਰ ਭਰਿਆ ਜੀਵਨ ਜੀਉਣ ਵਾਲੀ ਬੇਟੀ ਨੂੰ ਉਪਦੇਸ਼ ਦਿੰਦੇ ਹੋਏ ‘ਓਅੰਕਾਰ’ ਬਾਣੀ ਵਿੱਚ ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ‘‘ਬਾਬੁਲ ਕੈ ਘਰਿ ਬੇਟੜੀ; ਬਾਲੀ ਬਾਲੈ ਨੇਹਿ   ਜੇ ਲੋੜਹਿ ਵਰੁ ਕਾਮਣੀ; ਸਤਿਗੁਰੁ ਸੇਵਹਿ ਤੇਹਿ ’’ (ਓਅੰਕਾਰ (ਮਹਲਾ /੯੩੫)

ਮਾਦਾ ਗੁਣ ਅਧਿਆਤਮਿਕ, ਸਮਾਜਕ ਤੇ ਗ੍ਰਿਹਸਤ ਜੀਵਨ ਨੂੰ ਉਸਾਰੂ ਬਣਾਉਂਦੇ ਹਨ ਅਤੇ ਨਰ ਗੁਣ ਸਭ ਤਰ੍ਹਾਂ ਦੇ ਸਮਾਜਕ, ਆਰਥਿਕ ਤੇ ਰਾਜਨੀਤਿਕ ਅਨਿਆਂ ਦੇ ਵਿਰੁੱਧ ਅਵਾਜ਼ ਬੁਲੰਦ ਕਰਕੇ ਜੀਵਨ ਨੂੰ ਸੰਪੂਰਨਤਾ ਪ੍ਰਦਾਨ ਕਰਦੇ ਹਨ। ਇਸਤ੍ਰੀ ਦਾ ‘ਨਿਵਣੁ ਸੁ ਅਖਰੁ’ ਅਤੇ ‘ਖਵਣੁ ਗੁਣੁ’; ਉਸ ਦੇ ‘ਸਰਬ ਸਰੇਸਟ’ ਹੋਣ ਦੀ ਨਿਸ਼ਾਨੀ ਹੈ।

ਜਿਵੇਂ ਸੁਹਾਗਣ ਇਸਤ੍ਰੀ ਆਪਣਾ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਂਦੀ ਹੈ, ਇਸੇ ਤਰ੍ਹਾਂ ਅਸੀਂ ਵੀ ਸਾਰੀਆਂ ਜੀਵ ਇਸਤ੍ਰੀਆਂ ਨੇ ਇਸ ਸੰਸਾਰ ਰੂਪੀ ਪੇਕਾ ਘਰ ਛੱਡ ਕੇ ਅਕਾਲ ਪੁਰਖ ਰੂਪੀ ਸਹੁਰੇ ਘਰ ਵਿੱਚ ਜਾਣਾ ਹੀ ਹੈ। ਗੁਰੂ ਅਰਜਨ ਦੇਵ ਜੀ ਸ੍ਰੀ ਰਾਗ ਵਿੱਚ ਫ਼ੁਰਮਾਉਂਦੇ ਹਨ ‘‘ਸਭਨਾ ਸਾਹੁਰੈ ਵੰਞਣਾ; ਸਭਿ ਮੁਕਲਾਵਣਹਾਰ   ਨਾਨਕ  ! ਧੰਨੁ ਸੋਹਾਗਣੀ; ਜਿਨ ਸਹ ਨਾਲਿ ਪਿਆਰੁ ’’ (ਮਹਲਾ /੫੧)

ਜਿਵੇਂ ਸੁਹਾਗਣੀ ਆਪਣਾ ਆਪ ਤਬਦੀਲ ਕਰਦੀ ਹੈ, ਉਸੇ ਤਰ੍ਹਾਂ ਅਸੀਂ ਆਪਣਾ ਆਪ ਸੰਵਾਰ ਕੇ ਪ੍ਰਭੂ ਪਤੀ ਦੇ ਦਰ ’ਤੇ ਪਰਵਾਣ ਹੋਣਾ ਹੈ। ਜਿਵੇਂ ਇੱਕ ਸੁਹਾਗਣ ਇਸਤ੍ਰੀ ਆਪਣੇ ਪਤੀ ਨੂੰ ਭਾਅ ਜਾਣ ਕਰਕੇ ਸਾਰੇ ਸੁੱਖ ਪ੍ਰਾਪਤ ਕਰਦੀ ਹੈ ਉਸ ਤਰ੍ਹਾਂ ਜੇ ਅਸੀਂ ਵੀ ਪ੍ਰਭੂ ਪਤੀ ਨੂੰ ਭਾਅ ਗਏ ਤਾਂ ਜੀਵਨ ਦੇ ਸਾਰੇ ਸੁੱਖ ਤੇ ਅਨੰਦ ਪ੍ਰਾਪਤ ਹੋ ਜਾਣਗੇ। ਗੁਰੂ ਨਾਨਕ ਸਾਹਿਬ ਦਾ ਫ਼ੁਰਮਾਨ ਹੈ ‘‘ਨਾਨਕ  ! ਧੰਨੁ ਸੁਹਾਗਣੀ; ਜਿਨ ਸਹ ਨਾਲਿ ਪਿਆਰੁ ’’ (ਮਹਲਾ /੧੯)

ਇੱਕ ਸੁਹਾਗਣੀ ਦੀ ਉਦਾਹਰਨ ਦੇ ਕੇ ਸਤਿਗੁਰੂ ਜੀ ਨੇ ਸਭ ਨੂੰ ਰੱਬ ਦੀ ਰਜ਼ਾ ਵਿੱਚ ਰਹਿ ਕੇ ਨਿਜ ਘਰ ਮਹਿਲ ਦਾ ਸਹਜ ਸੁਖ ਮਾਣਨ ਦਾ ਤਰੀਕਾ ਦੱਸਿਆ ਹੈ। ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਸਾਹੁਰੈ ਪੇਈਐ ਕੰਤ ਕੀ; ਕੰਤੁ ਅਗੰਮੁ ਅਥਾਹੁ   ਨਾਨਕ  ! ਸੋ ਸੋਹਾਗਣੀ; ਜੁ ਭਾਵੈ ਬੇਪਰਵਾਹ ੩੨’’ (੧੩੭੯)

ਸੁਹਾਗਣ ਔਰਤ ਦੀ ਕੀ ਨਿਸ਼ਾਨੀ ਹੈ ? ਇਸ ਬਾਰੇ ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ ‘‘ਨਾਨਕ  ! ਸੋਹਾਗਣਿ ਕਾ ਕਿਆ ਚਿਹਨੁ ਹੈ ? ਅੰਦਰਿ ਸਚੁ, ਮੁਖੁ ਉਜਲਾ; ਖਸਮੈ ਮਾਹਿ ਸਮਾਇ ’’ (ਮਹਲਾ /੭੮੫)

ਜ਼ਿੰਦਗੀ ਅੰਦਰ ਰਿਸ਼ਤੇ ਤਾਂ ਅਨੇਕਾਂ ਹਨ ਪਰ ਪਤੀ-ਪਤਨੀ ਦੇ ਰਿਸ਼ਤੇ ਨੂੰ ਜੀਵਨ ਸਾਥੀ ਵੀ ਕਿਹਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ ਪ੍ਰਮਾਤਮਾ ਨਾਲ ਸਾਂਝ ਪਾਉਣ ਲਈ ਇਸ ਰਿਸ਼ਤੇ ਦੇ ਦ੍ਰਿਸ਼ਟਾਂਤ ਦਿੱਤੇ ਗਏ ਹਨ। ਦੁਨਿਆਵੀ ਪ੍ਰੇਮ ਵਿੱਚ ਰਤੀ ਹੋਈ ਸੁਹਾਗਣ ਦਾ ਜੀਵਨ ਸਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ, ਜਿਸ ਕਰਕੇ ਉਸ ਨੂੰ ਸਮਝਣਾ ਸੌਖਾ ਹੁੰਦਾ ਹੈ। ਉਸੇ ਤਰ੍ਹਾਂ ਜੀਵ ਰੂਪ ਇਸਤ੍ਰੀ ਦਾ ਪ੍ਰਭੂ ਪਤੀ ਨਾਲ ਰਿਸ਼ਤਾ ਸਮਝਾਇਆ ਗਿਆ ਹੈ ਕਿ ਸੱਚੀ ਸੁਹਾਗਣ ਜੀਵ ਇਸਤ੍ਰੀ ਪ੍ਰਭੂ ਪਤੀ ਦੇ ਘਰ ਕਬੂਲ ਹੋ ਜਾਂਦੀ ਹੈ।

ਗੁਰਬਾਣੀ ਦੀ ਅਗਵਾਈ ਹੇਠ ਉੱਚਾ, ਸੁੱਚਾ ਤੇ ਅਧਿਆਤਮਕ ਜੀਵਨ ਜਿਊਣ ਵਾਲੀਆਂ ਬੀਬੀਆਂ ਇਸ ਸੰਸਾਰ ਵਿੱਚ ਕਿੰਨੀਆਂ ਕੁ ਹੋਈਆਂ ਹਨ ਤੇ ਉਨ੍ਹਾਂ ਦੇ ਜੀਵਨ ਤੋਂ ਕਿਵੇਂ ਸੇਧ ਲੈਣੀ ਹੈ, ਜਾਣਨ ਲਈ ਸਾਨੂੰ ਸਿੱਖ ਇਤਿਹਾਸ ਦੇ ਪੰਨਿਆਂ ’ਚ ਦਰਜ ਉਨ੍ਹਾਂ ਦੇ ਜੀਵਨ ’ਤੇ ਇੱਕ ਪੰਛੀ ਝਾਤ ਮਾਰਨ ਦੀ ਲੋੜ ਹੈ। ਗੁਰੂ ਨਾਨਕ ਸਾਹਿਬ ਜੀ ਦੇ ਵਿਚਾਰਾਂ ਨੂੰ ਧਾਰਨ ਕਰਨ ਵਾਲੀ ਪਹਿਲੀ ਔਰਤ ਬੇਬੇ ਨਾਨਕੀ ਸੀ। ਸੇਵਾ ਦੀ ਪੁੰਜ ਪਹਿਲੀ ਇਸਤ੍ਰੀ ਮਾਤਾ ਖੀਵੀ ਜੀ ਸਨ, ਜਿਨ੍ਹਾਂ ਨੂੰ ਨੇਕ ਜ਼ਨ ਕਹਿ ਕੇ ਸਤਕਾਰਿਆ ਗਿਆ ਹੈ। ਬੇਬੇ ਅਮਰੋ ਜੀ, ਜਿਸ ਨੇ ਆਪਣੇ ਸਹੁਰੇ ਘਰ ਜਾ ਕੇ ਗੁਰਬਾਣੀ ਦੀ ਐਸੀ ਜਾਗ ਲਾਈ, ਜਿਸ ਨਾਲ ਬਾਬਾ ਅਮਰਦਾਸ ਜੀ ਤੀਜੇ ਗੁਰੂ ਅਮਰਦਾਸ ਜੀ ਸਥਾਪਿਤ ਹੋਏ। ਬੀਬੀ ਭਾਨੀ ਜੀ ਨੇ ਆਪਣੇ ਪੁੱਤਰ ਨੂੰ ਜੋ ਅਸੀਸ ਦਿੱਤੀ ਇਸ ਦਾ ਵਰਣਨ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਇਸ ਤਰ੍ਹਾਂ ਅੰਕਿਤ ਹੈ ‘‘ਪੂਤਾ  ! ਮਾਤਾ ਕੀ ਆਸੀਸ   ਨਿਮਖ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ਰਹਾਉ ’’ (ਮਹਲਾ /੪੯੬)

ਬੀਬੀ ਰੂਪ ਕੌਰ ਪਹਿਲੀ ਸਿੱਖ ਇਤਿਹਾਸਕਾਰ ਇਸਤਰੀ ਹੋ ਨਿੱਬੜੀ, ਜਿਸ ਨੇ ਛੇਵੇਂ ਗੁਰੂ ਪਾਤਸ਼ਾਹ ਦੇ ਮੁਖਾਰਬਿੰਦ ’ਚੋਂ ਉਚਾਰੇ ਬਚਨਾਂ ਨੂੰ ਲਿਖਤੀ ਰੂਪ ਦਿੱਤਾ। ਮਾਤਾ ਗੁਜਰੀ ਜੀ, ਜਿਸ ਨੇ ਆਪਣੇ ਪਤੀ ਅਤੇ ਪੋਤਰਿਆਂ ਦੇ ਸ਼ਹੀਦ ਹੋਣ ਉਪਰੰਤ ਆਪ ਵੀ ਸ਼ਹਾਦਤ ਪ੍ਰਾਪਤ ਕੀਤੀ। ਮਾਤਾ ਸੁੰਦਰੀ ਜੀ, ਪਹਿਲੀ ਸੂਝਵਾਨ ਇਸਤਰੀ ਹੋਈ ਹੈ, ਜਿਸ ਨੇ ਬੰਦਈ ਤੇ ਤੱਤ ਖਾਲਸੇ ਵਿੱਚ ਭੇਦ ਮਿਟਾ ਕੇ ਪੰਥ ਨੂੰ ਏਕੇ ਵਿੱਚ ਪਰੋਇਆ। ਮਾਤਾ ਸਾਹਿਬ ਕੌਰ ਜੀ ਨੇ ਦਸਮ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੁਕਮਨਾਮੇ ਜਾਰੀ ਕਰ ਪੰਥ ਦੀ ਅਗਵਾਈ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬੀਬੀ ਹਰਸ਼ਰਨ ਕੌਰ; ਰਾਤ ਨੂੰ ਭੇਸ ਬਦਲ ਕੇ ਦੁਸ਼ਮਣ ਦੀਆਂ ਫ਼ੌਜਾਂ ਦੀਆਂ ਖ਼ੁਫ਼ੀਆ ਖ਼ਬਰਾਂ ਖ਼ਾਲਸਾ ਦਰਬਾਰ ਵਿੱਚ ਪਹੁੰਚਾਉਂਦੀ ਸੀ। ਮਾਈ ਭਾਗ ਕੌਰ, ਪਹਿਲੀ ਸਿੱਖ ਜਰਨੈਲ ਹੋਈ, ਜਿਸ ਨੇ ਗੁਰੂ ਤੋਂ ਵਿਛੜੇ ਸਿੱਖਾਂ ਨੂੰ ਖਿਦਰਾਣੇ ਦੀ ਢਾਬ ’ਤੇ ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਨਾਲ ਮਿਲਾਇਆ। ਰਾਣੀ ਜ਼ਿੰਦਾ, ਓਨਾ ਚਿਰ ਤੱਕ ਚੈਨ ਨਾਲ ਨਹੀਂ ਬੈਠੀ, ਜਿੰਨਾ ਚਿਰ ਉਸ ਨੇ ਪਤਿਤ ਹੋਏ ਆਪਣੇ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਦਾਇਰੇ ਵਿੱਚ ਵਾਪਸ ਨਹੀਂ ਲੈ ਆਂਦਾ। ਰਾਣੀ ਸਦਾ ਕੌਰ ਵਿੱਚ ਰਾਜਨੀਤਿਕ ਤੇ ਪ੍ਰਬੰਧਕੀ ਸੂਝ-ਬੂਝ ਮਰਦਾਂ ਨਾਲੋਂ ਵੀ ਵਧੇਰੇ ਸੀ। ਇਸ ਤੋਂ ਇਲਾਵਾ ਅਨੇਕਾਂ ਹੋਰ ਸੂਰਬੀਰ ਤੇ ਧਰਮੀ ਇਸਤ੍ਰੀਆਂ ਇਤਿਹਾਸ ਦੇ ਪੰਨਿਆਂ ਦਾ ਸ਼ਿੰਗਾਰ ਬਣੀਆਂ ਹਨ ਜਿਨ੍ਹਾਂ ਆਪਣੇ ਬੱਚਿਆਂ ਦੇ ਟੁਕੜਿਆਂ ਨੂੰ ਗਲਾਂ ਵਿੱਚ ਪੁਆਇਆ, ਪਰ ਆਪਣੇ ਧਰਮ ਅਤੇ ਪਤੀ ਬ੍ਰਤਾ ਜੀਵਨ ਨੂੰ ਆਂਚ ਨਹੀਂ ਆਉਣ ਦਿੱਤੀ।

ਅਜਿਹੀਆਂ ਸੂਝਵਾਨ ਅਤੇ ਉੱਚੇ ਸੁੱਚੇ ਧਾਰਮਿਕ ਕਿਰਦਾਰ ਵਾਲੀਆਂ ਸਦਾ ਸੁਹਾਗਣ ਔਰਤਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਹੀ‘‘ਤਾਂ ਵਸਿ ਆਵੀ ਕੰਤੁ’’  ਵਾਲਾ ਜੀਵਨ ਮਨੋਰਥ ਪੂਰਾ ਹੁੰਦਾ ਹੈ।

ਪਗੜੀ ਸੰਭਾਲ ਜੱਟਾ ਬਨਾਮ ਕਿਸਾਨ ਅੰਦੋਲਨ !

0

ਪਗੜੀ ਸੰਭਾਲ ਜੱਟਾ ਬਨਾਮ ਕਿਸਾਨ ਅੰਦੋਲਨ !

                        ਡਾ. ਪਰਗਟ ਸਿੰਘ ਬੱਗਾ (ਕੈਨੇਡਾ) ਫੋਨ: 905-531-8901

ਲੋਕਤੰਤਰੀ-ਰਾਜਨੀਤੀ ’ਚ ਇੱਕੀਵੀਂ ਸਦੀ ਦੇ ਇਤਿਹਾਸ ਅੰਦਰ ਇੰਨਾ ਵਿਸ਼ਾਲ ਤੇ ਲਾਮਿਸਾਲ ਅੰਦੋਲਨ, ਆਜ਼ਾਦ ਭਾਰਤ ਦੀ ਧਰਾਤਲ ’ਤੇ ਪਹਿਲੀ ਵਾਰ ਹੋਇਆ ਹੈ, ਜਦੋਂ ਦੇਸ਼ ਦੇ ਕਿਸਾਨਾਂ ਨੂੰ ਆਪਣੇ ਅਧਿਆਰਾਂ ਦੀ ਰਾਖੀ ਲਈ ਸਿਰ-ਧੜ ਦੀ ਬਾਜ਼ੀ ਲਾਉਣ ਦਾ ਜੋਖ਼ਮ ਉਠਾਉਣਾ ਪਿਆ ਹੈ। ਸੰਨ 2014 ਵਿੱਚ ਵੀ ਨਰਿੰਦਰ ਮੋਦੀ ਨੇ ਪਹਿਲੀ ਵਾਰ ਰਾਜਸੱਤਾ ’ਤੇ ਕਾਬਜ਼ ਹੁੰਦਿਆਂ ਹੀ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਦਾ ਛੜ-ਜੰਤਰ ਰਚਿਆ ਸੀ। ਕਾਰਪੋਰੇਟਰਾਂ ਦੀ ਵਰਤੋਂ ਲਈ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕਰਾਉਣ ਦੇ ਚੱਕਰ ’ਚ ਉੱਪਰੋ-ਥਲੀ ਇੱਕ ਤੋਂ ਬਾਅਦ ਇੱਕ, ਇਕੱਠੇ ਤਿੰਨ ਆਰਡੀਨੈਸ ਸੰਸਦ ਵਿੱਚ ਪਾਸ ਕਰਵਾਉਣ ਦੇ ਮਕਸਦ ਨਾਲ ਲਿਆਂਦੇ ਸਨ, ਪਰ ਮੋਦੀ ਦੀ ਮਾੜੀ ਕਿਸਮਤ ਹੀ ਸਮਝੋ ਕਿ ਉਸ ਵੇਲੇ ਇਨ੍ਹਾਂ ਆਰਡੀਨੈਂਸਾਂ ਨੂੰ ਕਾਨੂੰਨ ਬਣਾਉਣਯੋਗ ਸੱਤਾਧਾਰੀ ਭਾਜਪਾਈਆਂ ਕੋਲ ਸੰਸਦ ਦੇ ਦੋਵਾਂ ਸਦਨਾਂ ’ਚ ਬਹੁਮਤ ਹਾਸਲ ਨਹੀਂ ਸੀ। ਨਤੀਜਨ, ਵਿਰੋਧੀ ਪਾਰਟੀਆਂ ਡਟ ਕੇ ਖੜ੍ਹੋ ਗਈਆਂ ਅਤੇ ਮੋਦੀ ਨੂੰ ਆਪਣਾ ਪੈਰ ਪਿਛਾਂਹ ਖਿੱਚਣਾ ਪਿਆ। ਉਸ ਵੇਲੇ ਇੰਝ ਲੱਗਿਆ ਕਿ ਮੋਦੀ ਕਿਸਾਨਾਂ ਅੱਗੇ ਝੁਕ ਗਿਆ ਹੈ, ਪਰ ਸਚਾਈ ਇਹ ਹੈ ਕਿ ਜੇਕਰ ਉਸ ਵੇਲੇ ਮੋਦੀ ਕੋਲ ਅੱਜ ਵਾਂਗ ਸੰਸਦ ’ਚ ਭਾਰੀ ਬਹੁਮਤ ਹੁੰਦਾ ਤਾਂ ਉਸ ਨੇ ਤਿੰਨਾਂ ਆਰਡੀਨੈਂਸਾਂ ਨੂੰ ‘ਖੇਤੀ-ਕਾਨੂੰਨ’ ਬਣਾ ਕੇ ਸਾਹ ਲੈਣਾ ਸੀ। ਅੱਜ ਮੰਨਣਾ ਪਵੇਗਾ 2014 ਵਿੱਚ ਦੇਸ਼ ਦੀ ਜਨਤਾ ਸ਼ਾਇਦ ਪ੍ਰਧਾਨ ਮੰਤਰੀ ਦੇ ਅੜੀਅਲ ਸੁਭਾਅ ਦਾ ਸਹੀ ਮੁਲੰਕਣ ਨਹੀਂ ਸੀ ਕਰ ਸਕੀ। ਪਰ ਅੱਜ ਸੱਤਾਧਾਰੀ ਪਾਰਟੀ ਭਾਜਪਾ ਕੋਲ ਭਾਰੀ ਬਹੁਮਤ ਹੈ ਅਤੇ ਪੂਰੇ ਦੇਸ਼ ’ਚ ਲੰਮੇ ਸਮੇਂ ਤੋਂ ਕਰੋਨਾ ਮਹਾਮਾਰੀ ਕਾਰਨ ਤਾਲਾਬੰਦੀ ਦੌਰ ਦੇ ਨਾਲ-ਨਾਲ ਬੀਜੇਪੀ ਦੇ ਪ੍ਰਚਾਰ ਤੰਤਰ ਭਾਰਤੀ-ਮੀਡੀਏ ’ਚ ਰਾਜਨੀਤਕ ਗਤੀਵਿਧੀਆ ਬਾਰੇ ਖ਼ਾਮੋਸ਼ੀ ਦਾ ਪੂਰਾ ਲਾਭ ਲੈਂਦਿਆਂ, ਸਾਡੇ ਦੇਸ਼ ਦੇ ਮਹਾਂ-ਮੁਸ਼ਤੈਦ ਪ੍ਰਧਾਨ ਮੰਤਰੀ ਨੇ 5 ਜੂਨ 2020 ਨੂੰ ਫਿਰ ਉਹੀ ਤਿੰਨ ਆਰਡੀਨੈਂਸ ਸੰਸਦ ਦੇ ਦੋਵਾਂ ਸਦਨਾਂ ’ਚ ਪੇਸ਼ ਕਰਕੇ, ਨਵੇਂ ‘ਖੇਤੀ ਕਾਨੂੰਨਾਂ’ ਨੂੰ ਦਰਜਾ ਦਿਵਾ ਦਿੱਤਾ ਹੈ। ਨਤੀਜਨ, ਇਨ੍ਹਾਂ ਕਾਨੂੰਨਾਂ ਪਿੱਛੇ ਛੁਪੀਆਂ ਮੋਦੀ ਦੀਆਂ ਸ਼ਾਤਰ-ਚਾਲਾਂ ਨੂੰ ਭਾਂਪਦਿਆਂ, 25 ਨਵੰਬਰ 2020 ਤੋਂ ਪੰਜਾਬ ਦੇ ਕਿਸਾਨ ਆਪਣੇ ਟਰੈਕਟਰ-ਟਰਾਲੀਆਂ ਲੈ ਕੇ ਦਿੱਲੀ ਦੇ ਬਾਰਡਰਾਂ ’ਤੇ ਆਣ ਬੈਠੇ ਹਨ ਜਦਕਿ ਬਾਅਦ ’ਚ ਹਰਿਆਣਾ, ਉੱਤਰ-ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਮੱਧ-ਪ੍ਰਦੇਸ਼, ਗੁਜਰਾਤ, ਕਰਨਾਟਕ, ਮਹਾਂਰਾਸ਼ਟਰ, ਤਾਮਿਲਨਾਡੂ, ਬਿਹਾਰ, ਬੰਗਾਲ, ਹਿਮਾਚਲ-ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਕਿਸਾਨ ਵੀ ਇਸ ਅੰਦੋਲਨ ’ਚ ਸ਼ਾਮਲ ਹੋ ਕੇ, ਮੋਦੀ ਸਰਕਾਰ ਨੂੰ ਲਲਕਾਰ ਰਹੇ ਹਨ।

ਇਤਿਹਾਸ ਗਵਾਹ ਹੈ ਕਿ ਐਸਾ ਪ੍ਰਚੰਡ ਅੰਦੋਲਨ ਭਾਰਤ ਦੀ ਧਰਤੀ ’ਤੇ ਪਹਿਲੀ ਵਾਰ ਨਹੀਂ ਹੋਇਆ ਬਲਕਿ ਪਿਛਲੇ ਸੌ ਸਾਲਾਂ ਤੋਂ ਦੇਸ਼ ਦੇ ਕਿਸਾਨਾਂ ਨੂੰ ਆਪਣੇ ਅਧਿਕਾਰਾਂ ਦੀ ਰਾਖੀ ਲਈ ਵਾਰ-ਵਾਰ ਸੰਘਰਸ਼ਾਂ ਦੇ ਰਾਹ ਪੈਣ ਲਈ ਮਜ਼ਬੂਰ ਹੋਣਾ ਪਿਆ ਹੈ। ਸੰਨ 1906 ’ਚ ਅੰਗਰੇਜ਼ ਸਰਕਾਰ ਨੇ ਵੀ ਮੋਦੀ ਸਰਕਾਰ ਵਾਂਗ ਭਾਰਤੀ ਕਿਸਾਨਾਂ ਤੋਂ ਜ਼ਮੀਨਾਂ ਦੀ ਮਾਲਕੀ ਦੇ ਹੱਕ-ਹਕੂਕ ਹੜੱਪਣ ਲਈ ਤਿੰਨ ‘ਖੇਤੀ-ਕਾਨੂੰਨ’ ਪਾਸ ਕਰਕੇ, ਕਿਸਾਨਾਂ ਸਿਰ ਜ਼ਬਰੀ ਥੋਪ ਦਿੱਤੇ ਸਨ। ਇਹ ਕਾਨੂੰਨ ਸਨ: 1. ਪੰਜਾਬ ਲੈਂਡ ਕਲੋਨਾਈਜ਼ੇਸ਼ਨ ਐਕਟ, 2. ਪੰਜਾਬ ਲੈਂਡ ਅਲਾਈਨੇਸ਼ਨ ਐਕਟ ਅਤੇ 3. ਬਾਰੀ-ਦੁਆਬ ਐਕਟ। ਇਨ੍ਹਾਂ ਕਾਨੂੰਨਾਂ ਦਾ ਮਕਸਦ ਸੀ : ‘ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਵੇਚਣ ਅਤੇ ਵਸੀਅਤ ਕਰਨ ਦੇ ਅਧਿਕਾਰ ਮੂਲੋਂ ਖ਼ਤਮ ਕਰਨਾ, ਕਾਂਟੈਕਟ ਫਾਰਮਰਜ਼ ਐਕਟ ਦੁਆਰਾ ਜ਼ਿਮੀਦਾਰਾਂ ਨੂੰ ਆਪਣੀਆਂ ਹੀ ਜ਼ਮੀਨਾਂ ’ਤੇ ਮੁਜ਼ਾਰੇ ਬਣਨ ਦਾ ਰਾਹ ਪੱਧਰਾ ਕਰਨਾ, ਆਪਣੇ ਹੀ ਖੇਤਾਂ ’ਚੋਂ ਲੱਕੜ ਕੱਟਣ ’ਤੇ ਪੂਰਨ ਪਾਬੰਦੀ, ਬਲਕਿ ਆਪਣੇ ਖੇਤੀ-ਸੰਦਾਂ ਲਈ ਲੱਕੜੀ ਕੱਟਣਾ ਵੀ ਕਾਨੂੰਨੀ ਜੁਰਮ ਅਤੇ ਬਾਰੀ-ਦੁਆਬ ਐਕਟ ਅਧੀਨ ਰਾਵੀ ਅਤੇ ਬਿਆਸ ਵਿਚਕਾਰ ਪੈਂਦੇ ਨਹਿਰੀ-ਇਲਾਕਿਆਂ ਦੇ ਸਰਕਾਰੀ-ਮਾਮਲੇ ਦੀ ਰਕਮ ’ਚ ਇਸ ਕਦਰ ਅਥਾਹ ਵਾਧਾ ਕਰ ਦਿੱਤਾ ਗਿਆ ਕਿ ਮਾਮਲਾ ਭਰਨ ਤੋਂ ਅਸਮਰਥ ਕਿਸਾਨ ਨੂੰ ਆਪਣੇ-ਆਪ ਹੀ ਆਪਣੀ ਜ਼ਮੀਨ ਛੱਡ ਕੇ ਭੱਜਣ ਲਈ ਮਜ਼ਬੂਰ ਹੋਣਾ ਪਿਆ।

ਅਸਲ ਕਹਾਣੀ ਇਹ ਹੈ ਕਿ ਬ੍ਰਿਟਿਸ਼ ਸਰਕਾਰ ਨੇ ਬੇਕਾਰ ਪਈ ਜੰਗਲ਼ੀ-ਜਮੀਨ, ਪੰਜਾਬ ਦੇ ਕਿਸਾਨਾਂ ਨੂੰ ਸੌਂਪ ਦਿੱਤੀ ਅਤੇ ਉਨ੍ਹਾਂ ਨੇ ਸਾਲਾਂ-ਬੱਧੀ ਮਿਹਨਤ-ਮੁਸ਼ੱਕਤ ਕਰਕੇ, ਬੰਜਰ ਪਈ ਜ਼ਮੀਨ ਨੂੰ ਖੇਤੀਯੋਗ ਉਪਜਾਊ ਬਣਾ ਲਿਆ ਸੀ। ਫਿਰ ਗੋਰੀ ਸਰਕਾਰ ਇਨ੍ਹਾਂ ਤਿੰਨੇ ਖੇਤੀ-ਕਾਨੂੰਨਾਂ ਦਾ ਸਹਾਰਾ ਲੈ ਕੇ, ਕਿਸਾਨਾਂ ਦਾ ਜ਼ਮੀਨਾਂ ਤੋਂ ਮਾਲਕਾਨਾ ਹੱਕ ਸਿੱਧੇ ਤੌਰ ’ਤੇ ਹੜੱਪਣ ਦੀ ਗੱਲ ਕਰਨ ਲੱਗੀ। ਇਨ੍ਹਾਂ ਕਾਲੇ-ਕਾਨੂੰਨਾਂ ਦਾ ਸਭ ਤੋਂ ਵੱਧ ਮਾਰੂ-ਪ੍ਰਭਾਵ; ਨਵ-ਆਬਾਦ ਇਲਾਕਿਆਂ (ਬਾਰਾਂ ਦੇ ਕਿਸਾਨਾਂ) ’ਤੇ ਪੈਂਦਾ ਸੀ। ਬਾਰਾਂ ਤੋਂ ਭਾਵ ਉਹ ਇਲਾਕੇ ਜਿੱਥੇ ਕਿਸਾਨ ਆਪਣੀਆਂ ਜ਼ਮੀਨਾਂ ਆਬਾਦ  ਕਰਨ ਲਈ ਨਹਿਰਾਂ ਦੇ ਪਾਣੀ ਦੀ ਵਰਤੋਂ ਕਰ ਰਹੇ ਸਨ। ਉੱਪਰੋਂ ਸਿਤਮਜ਼ਰੀਫ਼ੀ ਇਹ ਕਿ ਅੰਗਰੇਜ਼ ਸਰਕਾਰ ਨਵੀਆਂ ਕੱਢੀਆਂ ਨਹਿਰਾਂ ਦੇ ਪਾਣੀ ਦਾ ਲਾਭ ਵੀ ਛੋਟੇ ਕਿਸਾਨਾਂ ਨੂੰ ਦੇਣ ਦੀ ਬਜਾਇ ਵੱਡੇ ਜ਼ਿਮੀਦਾਰ-ਘਰਾਣਿਆਂ ਨੂੰ ਦੇਣਾ ਚਾਹੁੰਦੀ ਸੀ। ਇਨ੍ਹਾਂ ਖੇਤੀ-ਕਾਨੂੰਨਾਂ ਦਾ ਸਭ ਤੋਂ ਖ਼ਤਰਨਾਕ ਪਹਿਲੂ ਇਹ ਸੀ ਕਿ ਜੇਕਰ ਕਿਸਾਨ ਦਾ ਵੱਡਾ ਪੁੱਤਰ ਕਿਸੇ ਕਾਰਨ 18 ਸਾਲ ਤੱਕ ਜ਼ਿੰਦਾ ਨਹੀਂ ਰਹੇਗਾ ਤਾਂ ਉਸ ਦੀ ਜ਼ਮੀਨ ਉਸ ਦੇ ਛੋਟੇ ਪੁੱਤਰ ਨੂੰ ਜਾਣ ਦੀ ਬਜਾਇ ਸਰਕਾਰ ਕੋਲ ਆਪਣੇ-ਆਪ ਵਾਪਸ ਚਲੀ ਜਾਵੇਗੀ। ਇਨ੍ਹਾਂ ਘਾਤਕ ਖੇਤੀ-ਕਾਨੂੰਨਾਂ ਵਿਰੁੱਧ ਕਿਸਾਨਾਂ ’ਚ ਰੋਹ ਪ੍ਰਚੰਡ ਹੋ ਗਿਆ। ਫਲਸਰੂਪ ਇਨ੍ਹਾਂ ਕਾਲੇ-ਕਾਨੂੰਨਾਂ ਨੂੰ ਰੱਦ ਕਰਵਾਉਣ ਲਈ, ਪੰਜਾਬ ਦੇ ਕਿਸਾਨਾਂ  ਵੱਲੋਂ ਜ਼ਬਰਦਸਤ ਅੰਦੋਲਨ ਵਿੱਢਿਆ ਗਿਆ ਅਤੇ ਇਸ ‘ਕਿਸਾਨ-ਅੰਦੋਲਨ’ ’ਚੋਂ ਹੀ ‘ਪਗੜੀ ਸੰਭਾਲ ਜੱਟਾ’ ਗਾਣੇ ਦਾ ਜਨਮ ਹੋਇਆ ।

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਚਾਚਾ ਸ. ਅਜੀਤ ਸਿੰਘ ਨੇ ਇਸ ਕ੍ਰਾਂਤੀਕਾਰੀ ਅੰਦੋਲਨ ਦੀ ਕਮਾਂਡ ਸੰਭਾਲੀ ਹੋਈ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਭਰਾ ਸ. ਕਿਸ਼ਨ ਸਿੰਘ ਅਤੇ ਸ. ਸਵਰਨ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ ਅਤੇ ਇਨ੍ਹਾਂ ਕਾਲੇ-ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਬੀੜਾ ਚੁੱਕਿਆ। ਸ. ਅਜੀਤ ਸਿੰਘ ਅਤੇ ਅੰਬਾ ਪ੍ਰਸਾਦ ਸੂਫ਼ੀ ਵੱਲੋਂ ਬਣਾਈ ਗਈ ‘ਭਾਰਤ ਮਾਤਾ ਸੁਸਾਇਟੀ’ ਨਾਂ ਦੀ ਇਕ ਗੁਪਤ ਸੰਸਥਾ ਪਹਿਲਾਂ ਹੀ ਕਾਰਜਸ਼ੀਲ ਸੀ, ਪਰ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰਨ ਲਈ ‘ਅੰਜੁਮਨ-ਏ-ਮੋਹਿਬਾਨ-ਏ-ਵਤਨ’ ਨਾਂ ਹੇਠ ਦੇਸ਼-ਭਗਤ ਜਥੇਬੰਦੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸੀਤਾ ਰਾਮ, ਲਾਲਾ ਪਿੰਡੀ ਦਾਸ, ਘਸੀਟਾ ਰਾਮ ਅਤੇ ਲਾਲ ਚੰਦ ਫਲਕ ਸ਼ਾਮਲ ਸਨ। ਇਸ ਅੰਦੋਲਨ ਨੂੰ ਲਾਲਾ ਲਾਜਪਤ ਰਾਏ ਵਰਗੇ ਪ੍ਰਮੁੱਖ ਆਗੂਆਂ ਦਾ ਸਮਰਥਨ ਹਾਸਲ ਸੀ। ਇਸ ਜਾਗ੍ਰਿਤੀ-ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਲਈ ਜਨਵਰੀ 1907 ’ਚ ‘ਪੇਸ਼ਵਾਂ’ ਨਾਂ ਦਾ ਇੱਕ ਅਖ਼ਬਾਰ ਪ੍ਰਕਾਸ਼ਤ ਕਰ ਕੇ, ਬ੍ਰਿਟਿਸ਼-ਸਰਕਾਰ ਖ਼ਿਲਾਫ਼ ਅੰਦੋਲਨ ਦਾ ਬਿਗਲ ਬਜਾ ਦਿੱਤਾ ਗਿਆ। ਇਹ ਅੰਦੋਲਨ 22 ਮਾਰਚ 1907 ਨੂੰ ਵਿਢਿਆ ਗਿਆ, ਜੋ ਨਵੰਬਰ 1907 ਤੱਕ ਲਗਭਗ 9 ਮਹੀਨੇ ਤੱਕ ਨਿਰੰਤਰ ਚੱਲਿਆ ਸੀ।

ਲਾਇਲਪੁਰ (ਪਾਕਿਸਤਾਨ) ਵਿੱਚ 3 ਮਾਰਚ 1907 ਨੂੰ  ਕਿਸਾਨਾਂ ਦੇ ਵਿਸ਼ਾਲ ਪ੍ਰਦਰਸ਼ਨ ਦਾ ਆਯੋਜਨ ਕੀਤਾ ਗਿਆ ਸੀ। ਇਸੇ ਸਟੇਜ ਤੋਂ ਪਹਿਲੀ ਵਾਰ ‘ਪਗੜੀ ਸੰਭਾਲ ਜੱਟਾ’ ਗਾਣਾ ਗਾਇਆ ਗਿਆ। ਲੋਕਾਂ ਦੇ ਭਾਰੀ ਇਕੱਠ ’ਚ ਅਖ਼ਬਾਰ ‘ਝੰਗ ਸਿਆਲ’ ਦੇ ਸੰਪਾਦਕ ਲਾਲਾ ਬਾਂਕੇ ਦਿਆਲ ਨੇ ਇਹ ਗਾਣਾ ਬੜੇ ਜੋਸ਼-ਓ-ਖ਼ਰੋਸ਼ ਨਾਲ ਗਾਇਆ ਸੀ। ਜਿਉਂ ਜਿਉਂ ਅੰਦੋਲਨ ਭਖਦਾ ਜਾ ਰਿਹਾ ਸੀ; ਤਿਉਂ ਤਿਉਂ ਇਸ ਇਨਕਲਾਬੀ ਗਾਣੇ ਨੇ ਨਾ ਸਿਰਫ਼ ਅੰਦੋਲਨਕਾਰੀਆਂ ਦੇ ਦਿਲਾਂ ’ਤੇ ਗਹਿਰੀ ਛਾਪ ਛੱਡੀ ਬਲਕਿ ਪੂਰੇ ਪੰਜਾਬ ਦੇ ਲੋਕ-ਮਨਾਂ ’ਤੇ ਐਸਾ ਮਕਬੂਲ ਹੋਇਆ ਕਿ ‘ਪਗੜੀ ਸੰਭਾਲ ਜੱਟਾ’ ਗਾਣਾ ਪੰਜਾਬੀਆਂ ਦੀ ਆਨ, ਬਾਣ ਤੇ ਸ਼ਾਨ ਬਣ ਗਿਆ। ਅੱਜ ਵੀ 1907 ਦੇ ਅੰਦੋਲਨ ਨੂੰ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ।

ਸ. ਅਜੀਤ ਸਿੰਘ ਨੇ ਆਪਣੀ ਪੁਸਤਕ ਆਤਮ-ਕਥਾ ’ਚ 1907 ਦੇ ਅੰਦੋਲਨ ਬਾਰੇ ਜ਼ਿਕਰ ਕਰਦਿਆਂ ਜੋ ਕੁੱਝ ਲਿਖਿਆ ਹੈ, ਉਸ ਨੂੰ ਪੜ੍ਹ ਕੇ ਸਪਸ਼ਟ ਹੁੰਦਾ ਹੈ ਕਿ ਅੱਜ ਤੋਂ ਇੱਕ ਸਦੀ ਪਹਿਲਾਂ ਸੰਨ 1907 ’ਚ ਵਾਪਰੇ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦਾ….ਮੌਜੂਦਾ 2020 ਦੇ ਕਿਸਾਨ-ਅੰਦੋਲਨ ਨਾਲ ਬਹੁਤ ਕੁੱਛ ਮੇਲ ਖਾਂਦਾ ਹੈ। ਫ਼ਰਕ ਸਿਰਫ਼ ਇੰਨਾ ਹੀ ਹੈ ਕਿ 1907 ਦਾ ਅੰਦੋਲਨ ਪੰਜਾਬ ਦੇ ਕਿਸਾਨਾਂ ਨੇ ਅੰਗਰੇਜ਼-ਸਰਕਾਰ ਦੇ ਖ਼ਿਲਾਫ਼ ਸ਼ੁਰੂ ਕੀਤਾ ਸੀ ਜਦਕਿ ਮੌਜੂਦਾ ਕਿਸਾਨ ਅੰਦੋਲਨ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਹੀ ਦੇਸ਼ ਦੀ ਭਾਰਤ-ਸਰਕਾਰ ਵਿਰੁੱਧ ਵਿੱਢਣਾ ਪਿਆ ਹੈ। ਇਹ ਇਤਫ਼ਾਕ ਹੀ ਸਮਝੋ ਕਿ 1907 ਦਾ ਕਿਸਾਨ-ਅੰਦੋਲਨ ਪਰਾਏ ਦੇਸ਼ ਦੀ ਅੰਗਰੇਜ਼-ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਕਾਰਨ ਸ਼ੁਰੂ ਹੋਇਆ ਸੀ ਜਦਕਿ ਵਰਤਮਾਨ 2020 ਦਾ ਕਿਸਾਨ-ਅੰਦੋਲਨ ਆਪਣੇ ਹੀ ਦੇਸ਼ ਦੇ ਗੋਰੇ ਬਣੇ ਬੈਠੇ ਭਾਰਤ-ਸਰਕਾਰ ਦੇ ਹੁਕਮਰਾਨਾਂ ਵੱਲੋਂ ਆਪਣੇ ਹੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਜ਼ੋਰ-ਅਜ਼ਮਾਈ ਕਾਰਨ ਵਿੱਢਿਆ ਗਿਆ ਹੈ।

ਸੰਨ 1907 ’ਚ ਗੋਰੀ-ਸਰਕਾਰ ਪੰਜਾਬ ਦੇ ਗੁਲਾਮ-ਕਿਸਾਨਾਂ ਖ਼ਿਲਾਫ਼ ਕਾਲੇ ਖੇਤੀ-ਕਾਨੂੰਨ ਨੂੰ ਲੈ ਕੇ ਆਈ ਸੀ ਅਤੇ ਅੱਜ ਸਾਡੀ ਆਪਣੀ ਹੀ ਆਜ਼ਾਦ ਭਾਰਤ-ਸਰਕਾਰ, ਆਪਣੇ ਹੀ ਕਿਸਾਨਾਂ ਲਈ ਕਾਲੇ ਖੇਤੀ-ਕਾਨੂੰਨ ਲੈ ਕੇ ਆਈ ਹੈ। ਸੰਨ 1907 ’ਚ ਗੋਰੀ-ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਮਕਸਦ, ਗੁਲਾਮ-ਪੰਜਾਬ ਦੇ ਕਿਸਾਨਾਂ ਦਾ ਆਪਣੀਆਂ ਜ਼ਮੀਨਾਂ ’ਤੇ ਮਾਲਕਾਨਾ ਹੱਕ ਹੜੱਪਣਾ ਸੀ ਅਤੇ  ਅੱਜ ਮੋਦੀ-ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਮਕਸਦ, ਆਪਣੇ ਹੀ ਆਜ਼ਾਦ ਦੇਸ਼ ਦੇ ਕਿਸਾਨਾਂ ਤੋਂ ਜ਼ਮੀਨਾਂ ’ਤੇ ਮਾਲਕਾਨਾ ਹੱਕ ਖੋਹ ਕੇ, ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨਾ ਹੈ। ਸੰਨ 1907 ਵਿੱਚ ਗੋਰੀ-ਸਰਕਾਰ ਇਹ ਘਾਤਕ ਖੇਤੀ-ਕਾਨੂੰਨ ਜ਼ਬਰੀ ਕਿਸਾਨਾਂ ’ਤੇ ਲਾਗੂ ਕਰਨਾ ਚਾਹੁੰਦੀ ਸੀ ਅਤੇ ਅੱਜ ਮੋਦੀ-ਸਰਕਾਰ ਵੀ ਇਹ ਘਾਤਕ ਖੇਤੀ-ਕਾਨੂੰਨ ਕਿਸਾਨਾਂ ਦੀ ਇੱਛਾ ਤੋਂ ਉਲਟ, ਜ਼ਬਰੀ ਉਨ੍ਹਾਂ ਸਿਰ ਮੜ੍ਹਨਾ ਚਾਹੁੰਦੀ ਹੈ। ਸੰਨ 1907 ’ਚ ਗੋਰੀ-ਸਰਕਾਰ ਇਨ੍ਹਾਂ ਖੇਤੀ-ਕਾਨੂੰਨਾਂ ਰਾਹੀਂ ਕਿਸਾਨਾਂ ਨੂੰ ਕਮਜ਼ੋਰ ਬਣਾ ਕੇ, ਉਨ੍ਹਾਂ ਨੂੰ ਆਪਣੇ-ਆਪ ਹੀ ਆਪਣੀਆਂ ਜ਼ਮੀਨਾਂ ਛੱਡ ਕੇ ਭੱਜਣ ਲਈ ਮਜ਼ਬੂਰ ਕਰਨਾ ਚਾਹੁੰਦੀ ਸੀ ਅਤੇ ਅੱਜ ਮੋਦੀ-ਸਰਕਾਰ ਵੀ ਇਨ੍ਹਾਂ ਖੇਤੀ-ਕਾਨੂੰਨਾਂ ਪਿੱਛੇ ਛੁਪੀਆਂ ਸ਼ਾਤਰ-ਚਾਲਾਂ ਰਾਹੀਂ ਕਿਸਾਨਾਂ ਨੂੰ ਨਿਰਧਨ ਬਣਾ ਕੇ ਕਾਰਪੋਰੇਟਰਾਂ ਦੇ ਮੁਜਾਰੇ ਬਣਨ ਲਈ ਮਜ਼ਬੂਰ ਕਰਨਾ ਚਾਹੁੰਦੀ ਹੈ। ਸੰਨ 1907 ਦੇ ਕਿਸਾਨ-ਅੰਦੋਲਨ ਦੀਆਂ ਖ਼ਬਰਾਂ ਆਮ ਜਨਤਾ ਤੱਕ ਪਹੁੰਚਾਉਣ ਲਈ ਉਸ ਵੇਲੇ ਕਿਸਾਨਾਂ ਵੱਲੋਂ ‘ਪੇਸ਼ਵਾ’ ਨਾਮੀ ਅਖ਼ਬਾਰ ਕੱਢਿਆ ਗਿਆ ਸੀ ਅਤੇ ਅੱਜ 2020 ਦੇ ਕਿਸਾਨ-ਅੰਦੋਲਨ ਦੀ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਉਣ ਲਈ ਵੀ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਵੱਲੋਂ ‘ਟਰਾਲੀ ਟਾਈਮਜ਼’ ਨਾਮੀ ਅਖ਼ਬਾਰ ਕੱਢਿਆ ਗਿਆ ਹੈ।

ਸ. ਭਗਤ ਸਿੰਘ ਨੇ 1931 ਵਿੱਚ People ਨਾਂ ਦੀ ਅਖ਼ਬਾਰ ਦੇ ਆਰਟੀਕਲ ’ਚ ਲਿਖ਼ਿਆ ਸੀ ਕਿ ਸੰਨ 1907 ਵਿੱਚ ਲਾਇਲਪੁਰ ਦੀ ਜਨ-ਸਭਾ ਦੌਰਾਨ ਲਾਲਾ ਲਾਜਪਤ ਰਾਏ ਨੇ ਮੇਰੇ ਚਾਚਾ ਸ. ਅਜੀਤ ਸਿੰਘ ਨੂੰ ਦੱਸਿਆ ਸੀ ਕਿ ਭਾਵੇਂ ਅੰਗਰੇਜ਼ ਸਰਕਾਰ ਤਿੰਨੇ-ਕਾਨੂੰਨਾਂ ’ਚ ਥੋੜ੍ਹਾ-ਬਹੁਤ ਬਦਲਾਅ ਕਰਨ ਲਈ ਰਜ਼ਾਮੰਦ ਹੋ ਗਈ ਹੈ ਪਰ ਸਾਡਾ ਸੰਘਰਸ਼ ਇਨ੍ਹਾਂ ਕਾਨੂੰਨਾਂ ਨੂੰ ਰੱਦ ਹੋਣ ਤੱਕ ਨਿਰੰਤਰ ਜਾਰੀ ਰਹੇਗਾ ਅਤੇ ਦਿੱਲੀ ਦੇ ਬਾਰਡਰਾਂ ’ਤੇ ਚੱਲ ਰਹੇ ਕਿਸਾਨ-ਅੰਦੋਲਨ ਦਾ ਪ੍ਰਚੰਡ ਰੂਪ ਵੇਖ ਕੇ ਮੋਦੀ-ਸਰਕਾਰ ਵੀ ਤਿੰਨੇ-ਕਾਨੂੰਨਾਂ ’ਚ ਥੋੜ੍ਹਾ-ਬਹੁਤ ਸੰਸ਼ੋਧਨ ਕਰਨ ਲਈ ਸਹਿਮਤ ਹੋ ਗਈ ਹੈ, ਪਰ ਅੰਦੋਲਨਕਾਰੀ ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਸੰਘਰਸ਼ ਇਨ੍ਹਾਂ ਕਾਨੂੰਨਾਂ ਨੂੰ ਰੱਦ ਹੋਣ ਤੱਕ ਜਾਰੀ ਰਹੇਗਾ। ਉਪਰੋਕਤ ਤੱਥ ਦੱਸਦੇ ਹਨ ਕਿ ਅੱਜ ਤੋਂ ਇੱਕ ਸਦੀ ਪਹਿਲਾਂ ਸੰਨ 1907 ’ਚ ਵਾਪਰੇ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦਾ ਅਤੇ ਮੌਜੂਦਾ 2020 ਦੇ ‘ਕਿਸਾਨ-ਅੰਦੋਲਨ’ ਦਾ ਆਪਸ ’ਚ ਬਹੁਤ ਕੁੱਛ ਮਿਲਦਾ-ਜੁਲਦਾ ਹੀ ਹੈ।

‘ਪਗੜੀ ਸੰਭਾਲ ਜੱਟਾ’ ਅੰਦੋਲਨ ਜਿਉਂ ਜਿਉਂ ਲੰਮੇਰਾ ਹੁੰਦਾ ਗਿਆ; ਤਿਉਂ-ਤਿਉਂ ਕਿਸਾਨਾਂ ਅਤੇ ਅੰਗਰੇਜ਼ਾਂ ਵਿਚਕਾਰ ਕਾਫ਼ੀ ਹੱਦ ਤੱਕ ਤਲਖ਼ੀ ਵੱਧਦੀ ਜਾ ਰਹੀ ਸੀ। ਰਾਵਲਪਿੰਡੀ ਵਿਖੇ 2 ਅਪੈਲ 1907 ਨੂੰ ਕਿਸਾਨਾਂ ਦੇ ਵਿਸ਼ਾਲ ਪ੍ਰਦਰਸ਼ਨ ਦੌਰਾਨ ਲੋਕਾਂ ਦੇ ਭਾਰੀ-ਇਕੱਠ ਨੂੰ ਖਦੇੜਨ ਲਈ, ਗੋਰੀ ਸਰਕਾਰ ਵੱਲੋਂ ਮਿਲਟਰੀ ਬੁਲਾਈ ਗਈ। ਮਾਹੌਲ ਤਣਾਅ ਪੂਰਨ ਉਸ ਵੇਲੇ ਬਣ ਗਿਆ, ਜਦੋਂ ਗੋਰੇ ਫ਼ੌਜੀ-ਕਮਾਂਡਰ ਵੱਲੋਂ ਫੌਜ ਨੂੰ ਜਨਤਾ ਦੀ ਭੀੜ ’ਤੇ ਗੋਲ਼ੀ ਚਲਾਉਣ ਦੇ ਹੁਕਮ ਦੇ ਦਿੱਤੇ ਗਏ। ਬਦਲੇ ’ਚ ਭਾਰਤੀ ਸਿਪਾਹੀਆਂ ਨੇ ਬੰਦੂਕਾਂ ਦੇ ਮੂੰਹ ਕਿਸਾਨਾਂ ਵੱਲ ਕਰਨ ਦੀ ਬਜਾਏ ਗੋਰੇ-ਕਮਾਂਡਰ ਵੱਲ ਮੋੜ ਦਿੱਤੇ। ਫ਼ੌਜ ਦੇ ਕਮਾਂਡਰ ਨੂੰ ਫ਼ੌਜੀ ਟੁਕੜੀ ਵਾਪਸ ਲੈ ਜਾਣ ਲਈ ਮਜ਼ਬੂਰ ਹੋਣਾ ਪਿਆ। ਅੰਗਰੇਜ਼-ਕਮਾਂਡਰ ਦੀ ਐਸੀ ਕਮੀਨੀ ਹਰਕਤ ਵੇਖ ਕੇ ਪੰਜਾਬੀਆਂ ਦੇ ਖ਼ੂਨ ਨੇ ਉਬਾਲਾ ਖਾਧਾ। ਭੜਕੀ ਹੋਈ ਭੀੜ ਨੇ ਗੋਰਿਆਂ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ, ਸਰਕਾਰੀ ਇਮਾਰਤਾਂ ਤੇ ਦਫ਼ਤਰਾਂ ਨੂੰ ਅੱਗਾਂ ਲਾਈਆਂ ਗਈਆਂ, ਗਿਰਜਾ-ਘਰਾਂ ਦੀ ਭੰਨ-ਤੋੜ ਅਤੇ ਅੰਗਰੇਜ਼ ਹੁਕਮਰਾਨਾਂ ਨਾਲ ਬਦਸਲੂਕੀ ਕਰਨ ’ਤੇ ਉੱਤਰ ਆਈ। ਜਨਤਾ-ਜਨਾਰਧਨ ਵਿੱਚ ਰੋਹ ਦੀ ਪ੍ਰਚੰਡ ਲਹਿਰ ਵੇਖ, ਖ਼ੌਫਜ਼ਦਾ ਅੰਗਰੇਜ਼-ਹੁਕਮਰਾਨਾਂ ਨੇ ਆਪਣੇ ਟੱਬਰਾਂ ਨੂੰ ਬਿਨਾਂ ਦੇਰੀ ਕੀਤਿਆਂ ਵਾਪਸ ਇੰਗਲੈਂਡ ਭੇਜਣਾ ਸ਼ੁਰੂ ਕਰ ਦਿੱਤਾ। ਸ. ਅਜੀਤ ਸਿੰਘ ਨੇ ਆਪਣੀ ਕਿਤਾਬ ’ਚ ਵੀ ਲਿਖਿਆ ਹੈ ਕਿ ਆਖ਼ਰ 1907 ਦਾ ਅੰਦੋਲਨ ਗੋਰਿਆਂ ’ਤੇ ਇਸ ਕਦਰ ਭਾਰੂ ਹੋ ਗਿਆ ਸੀ ਕਿ ਅੰਗਰੇਜ਼-ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਅਤੇ ਤਿੰਨੇ ਖੇਤੀ-ਕਾਨੂੰਨ ਵਾਪਸ ਲੈ ਕੇ ਰੱਦ ਕਰਨੇ ਪਏ ਸਨ। ਬਿਨਾਂ ਸ਼ੱਕ, ਗੁਲਾਮ ਭਾਰਤ  ਦੇ ਕਿਸਾਨਾਂ ਦੀ ਇਹ ਇਤਿਹਾਸਕ ਜਿੱਤ ਸਿੱਧ ਹੋਈ ਸੀ।

ਸਿਆਣਿਆਂ ਦਾ ਕਥਨ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਸਿਰਫ਼ ਦੁਹਰਾਉਂਦਾ ਹੀ ਨਹੀਂ ਬਲਕਿ ਸਬਕ ਵੀ ਸਿਖਾਉਂਦਾ ਹੈ। ਐਸਾ ਲੱਗਦਾ ਹੈ ਕਿ ਅੱਜ ਫਿਰ ਇਤਿਹਾਸ ਨੇ ਆਪਣੇ ਪੰਨੇ ਪਰਤੇ ਹਨ। ਮੋਦੀ ਜੀ ! ਬਰਾਏ ਮਿਹਰਬਾਨੀ ਅਤੀਤ ਤੋਂ ਸਬਕ ਲੈਣ ਦੇ ਯਤਨ ਕਰੋ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ’ਤੇ ਦੇਸ਼ ਦੇ ਕਿਸਾਨਾਂ ਵੱਲੋਂ ਵਿੱਢਿਆ ਅੰਦੋਲਨ, ਇਕ ਸਦੀ ਪਹਿਲਾਂ ਵਾਲੇ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦੀ ਯਾਦ ਦਿਵਾਉਂਦਾ ਹੈ। ਇਤਿਹਾਸ ਗਵਾਹ ਹੈ ਕਿ ਕਿਸਾਨਾਂ ਨਾਲ ਲੜਾਈ ਕਰਕੇ ਨਾ ਕੋਈ ਜਿੱਤਿਆ ਹੈ, ਨਾ ਜਿੱਤੇਗਾ। ਵਕਤ ਨੂੰ ਪਹਿਚਾਣੋ ਇਹ ਅਰਥਹੀਣ ਖੇਤੀ ਕਾਨੂੰਨ ਵਾਪਸ ਲੈਣ ਲਈ ਤੁਸੀਂ ਖ਼ੁਦ ਐਲਾਨ ਕਰੋ ਤਾਂ ਜ਼ਿਆਦਾ ਚੰਗਾ ਲਗੇਗਾ। ਸਮਾਂ ਬਰਬਾਦ ਕਰੋਗੇ, ਸਿੱਟੇ ਭਿਆਨਕ ਨਿਕਲਣਗੇ। ਕਿਸਾਨ-ਅੰਦੋਲਨ ਭੁਗੋਲਿਕ-ਖੇਤਰ ਅਤੇ ਜਨ-ਮਾਨਸ ਤੌਰ ’ਤੇ ਦਿਨ-ਬ-ਦਿਨ ਵਿਸ਼ਾਲ ਅਤੇ ਪ੍ਰਚੰਡ ਰੂਪ ਧਾਰਨ ਕਰਦਾ ਜਾ ਰਿਹਾ ਹੈ। ਤੁਹਾਡੇ ਅੜੀਅਲ ਰਵਈਏ ਦੇ ਬਾਵਜੂਦ ਦੇਸ਼ ਦਾ ਅੰਨਦਾਤਾ ਸ਼ਾਂਤੀ-ਪੂਰਵਕ ਦਿੱਲੀ ਦੀਆਂ ਸੜਕਾਂ ’ਤੇ ਬੈਠਾ ਸਬਰ, ਸੰਤੋਖ ਅਤੇ ਕੁਰਬਾਨੀਆਂ ਨਾਲ ਇਤਿਹਾਸ ਸਿਰਜ ਰਿਹਾ ਹੈ। ਯਾਦ ਰੱਖੋ ! ਇਕ ਸਦੀ ਪਹਿਲਾਂ ‘ਪਗੜੀ ਸੰਭਾਲ ਜੱਟਾ’ ਅੰਦੋਲਨ ਦੌਰਾਨ 9 ਮਹੀਨਿਆਂ ਦੇ ਲੰਮੇ ਅਰਸੇ ਬਾਅਦ ਆਖ਼ਿਰ ! ਅੰਗਰੇਜ਼ਾਂ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਸੀ ਤੇ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਕਿਸਾਨਾਂ ਅੱਗੇ ਗੋਡੇ ਟੇਕਣ ਲਈ ਮਜ਼ਬੂਰ ਹੋਣਾ ਪਵੇਗਾ।

ਮੇਰਾ ਮੁਰਸ਼ਦ / ਚਿੰਤਾ ਨਾ ਕਰ ਬੰਦਿਆ  !

0

ਮੇਰਾ ਮੁਰਸ਼ਦ 

ਮੇਰਾ ਮੁਰਸ਼ਦ ਹੈ ਨੇਕ ਕੁੜੇ, ਜਿਹਨੇ ਸਭ ’ਚੋਂ ਦਿਖਾਇਆ ਏਕ ਕੁੜੇ ।

ਉਹਦੇ ਨਾਲ ਲੱਗ ਤਰ ਗਿਆ ਮੈਂ, ਜਿਵੇਂ ਲੱਕੜ ਵਿੱਚ ਲੱਗ ਮੇਖ ਕੁੜੇ ।

ਦੋਨੋਂ ਰੁੱਖ ਮੈਂ ਸਮ ਕਰ ਜਾਣੇ, ਹੋਵੇ ਚੰਦਨ ਭਾਵੇਂ ਧਰੇਕ ਕੁੜੇ ।

ਛੱਡ ਕੇ ਦੂਜਾ ਭਾਉ ਤੂੰ ਵੀ, ਇੱਕ ਦੀ ਰੱਖ ਲੈ ਟੇਕ ਕੁੜੇ ।

ਪ੍ਰੀਤ ਕਰੇ ਸਿਫ਼ਤ ਮੁਰਸ਼ਦ ਤਾਈਂ, ਕਈ ਲਿਖ ਬੈਠਾ ਏ ਲੇਖ ਕੁੜੇ ।

ਮੇਰਾ ਮੁਰਸ਼ਦ ਹੈ ਨੇਕ ਕੁੜੇ, ਜਿਹਨੇ ਸਭ ’ਚੋਂ ਦਿਖਾਇਆ ਏਕ ਕੁੜੇ ।

————————————————————————————————

ਚਿੰਤਾ ਨਾ ਕਰ ਬੰਦਿਆ  !

ਮਹਲਾਂ ਵਿੱਚ ਤੇ ਝੁੱਗੀਆਂ ਵਿੱਚ, ਰਹਿਣ ਵਾਲੇ ਲੋਕਾਂ ਨੂੰ

ਸਾਰੇ ਪਸ਼ੂ ਪੰਛੀਆਂ, ਘੁੱਗੀਆਂ ਤੇ ਜੋਕਾਂ ਨੂੰ

ਰਹਿਣ ਲਈ ਆਪੋ ਆਪਣੇ, ਦਿੰਦਾ ਏ ਘਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਵੇਂ ਨਾ ਚਿੰਤਾ ਕਰ ਬੰਦਿਆ !

ਦੇਖ ਇਸ ਦੁਨੀਆਂ ਵਿੱਚ, ਕਿੰਨੇ ਛੋਟੇ ਵੱਡੇ ਕੀੜੇ ਨੇ।

ਬੰਦੇ ਮਾੜੇ ਭਾਵੇਂ ਚੰਗੇ, ਪਰ ਸਭ ਦੇ ਤਨ ਤੇ ਲੀੜੇ ਨੇ।

ਦੁਨੀਆਂ ਦੇ ਵਿੱਚ ਫ਼ਸਲ ਕਿੰਨੀ, ਦੇਖ ਪਸ਼ੂ ਰਹੇ ਨੇ ਚਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਂਵੇ ਨਾ ਚਿੰਤਾ ਕਰ ਬੰਦਿਆ !

ਮਨੁੱਖਾ ਜਨਮ ਅਨਮੋਲ ਹੈ, ਕਰ ਲੈ ਥੋੜ੍ਹਾ ਧਿਆਨ ਵੇ !

ਗੁਰੂ ਦੀ ਬਾਣੀ ਕੋਲ ਬਹਿ ਕੇ, ਲੈ ਲਾ ਤੂੰ ਗਿਆਨ ਵੇ !

ਪ੍ਰੀਤ ਆਖੇ ਜ਼ਿੰਦਗੀ ਦੀ ਬਾਜ਼ੀ, ਨਾ ਜਾਵੀਂ ਤੂੰ ਹਰ ਬੰਦਿਆ !

ਰੱਬ ਸਭ ਨੂੰ ਦਾਤਾਂ ਦਿੰਦਾ ਏ, ਐਂਵੇ ਨਾ ਚਿੰਤਾ ਕਰ ਬੰਦਿਆ !

ਗਿਆਨੀ ਮਨਪ੍ਰੀਤ ਸਿੰਘ ਲੁਧਿਆਣਾ-84275-60570

Most Viewed Posts