ਵਿਲੱਖਣ ਸ਼ਖ਼ਸੀਅਤ ਸਨ ਸ. ਜਸਪਾਲ ਸਿੰਘ ਮੁੰਬਈ

0
175

ਵਿਲੱਖਣ ਸ਼ਖ਼ਸੀਅਤ ਸਨ ਸ. ਜਸਪਾਲ ਸਿੰਘ ਮੁੰਬਈ

ਪ੍ਰਿੰਸੀਪਲ ਗੁਰਬਚਨ ਸਿੰਘ

ਸਰਦਾਰ ਜਸਪਾਲ ਸਿੰਘ ਜੀ ਬੰਬੇ ਵਾਲੇ 7 ਜੂਨ 1947 ਨੂੰ ਪੱਛਮੀ ਪੰਜਾਬ ਵਿੱਚ ਪੈਦਾ ਹੋਏ ਸਨ। ਘੁੱਗ ਵੱਸਦੇ ਪੰਜਾਬ ਵਿੱਚ ਸਫਲਤਾ ਪੂਰਵਕ ਇਨ੍ਹਾਂ ਦੇ ਪਿਤਾ ਜੀ ਦਾ ਕਾਰੋਬਾਰ ਚੱਲਦਾ ਸੀ। ਚੰਦਰੀ ਰਾਜਨੀਤੀ ਨੇ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਤਕਸੀਮ ਕਰ ਦਿੱਤਾ। ਸਾਂਝੇ ਪੰਜਾਬ ਦੇ ਬਸ਼ੰਦਿਆਂ ’ਤੇ ਜ਼ੁਲਮ ਦਾ ਕਹਿਰ ਟੁੱਟਿਆ। ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਖ਼ੂਨ ਰੁੜ੍ਹਿਆ। ਲੱਖਾਂ ਦੀ ਗਿਣਤੀ ਵਿੱਚ ਦੋਹਾਂ ਕੌਮਾਂ ਨੇ ਆਪਣੇ ਪਰਿਵਾਰ ਗਵਾਏ। ਬੁੱਢੀਆਂ ਮਾਵਾਂ ਦੇ ਵੈਣ ਅੱਜ ਵੀ ਦਿਲ ਚੀਰਵੇਂ ਹਨ, ਜੋ ਨਹੀਂ ਸੁਣੇ ਜਾ ਸਕਦੇ। ਕਾਰੋਬਾਰ ਛੱਡ ਕੇ ਆਏ ਬਜ਼ੁਰਗਾਂ ਦੇ ਹੌਕੇ ਕਿਸੇ ਤੋਂ ਕੋਈ ਗੁੱਝੇ ਨਹੀਂ ਹਨ। ਰੱਤ ਭਿੱਜੇ ਇਤਿਹਾਸ ਵਿੱਚ ਉਸਤਾਦ ਦਾਮਨ ਕਵੀ ਨੇ ਰੱਤ ਚੋਂਦੇਂ ਬੋਲ ਲਿਖੇ ਹਨ :

ਇਸ ਮੁਲਕ ਦੀ ਵੰਡ ਕੋਲੋਂ ਯਾਰੋ, ਖੋਏ ਤੁਸੀਂ ਵੀ ਹੋ, ਖੋਏ ਅਸੀਂ ਵੀ ਹਾਂ।

ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿੱਚੀ, ਖੋਏ ਤੁਸੀਂ ਵੀ ਓ ਖੋਏ ਅਸੀਂ ਵੀ ਆਂ।…

ਜਾਗਣ ਵਾਲਿਆਂ ਰੱਜ ਕੇ ਲੁਟਿਆ ਏ, ਸੋਏ ਤੁਸੀਂ ਵੀ ਓ ਸੋਏ ਅਸੀਂ ਵੀ ਆਂ।

ਲਾਲੀ ਅੱਖੀਆਂ ਦੀ ਪਈ ਦਸਦੀ ਏ, ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।

ਅੱਜ ਬੇਲੇ ਲਾਸ਼ਾਂ ਵਿੱਛੀਆਂ ਤੇ ਲਹੂ ਦੀ ਭਰੀ ਚਨਾਬ- ਤਰ ਕੇ ਬੱਚਦਿਆਂ ਬਚਾਉਂਦਿਆਂ ਪੂਰਬੀ ਪੰਜਾਬ ਆ ਗਏ। ਵਕਤ ਦੇ ਮਾਰੇ ਪਰਿਵਾਰਾਂ ਨੇ ਨਵੇਂ ਸਿਰੇ ਤੋਂ ਜੀਵਨ ਦੀ ਕਹਾਣੀ ਲਿਖਣੀ ਸ਼ੂਰੂ ਕੀਤੀ। ਸਰਦਾਰ ਜਸਪਾਲ ਸਿੰਘ ਦੇ ਪਿਤਾ ਜੀ ਨੇ ਮੁੜ ਵਪਾਰ ਸ਼ੁਰੂ ਕੀਤਾ। ਮਾਂ ਨੇ ਬਾਲਕ ‘ਪਾਲ’ ਨੂੰ ਗੁਰਬਾਣੀ ਦੀਆਂ ਲੋਰੀਆਂ ਤੇ ਇਤਿਹਾਸ ਦੀਆਂ ਸਾਖੀਆਂ ਸੁਣਾ-ਸੁਣਾ ਕੇ ਗੁਰਮਤਿ ਦੇ ਰੰਗ ਵਿੱਚ ਰੰਗਿਆ। ਸਾਲਾਂ ਦੇ ਸਾਲ ਬੀਤਣ ਨਾਲ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਦੇ ਨਾਲ ਘਰ ਵਿੱਚੋਂ ਸਿੱਖੀ ਦਾ ਰੰਗ ਚੜ੍ਹ ਗਿਆ ਸੀ। ਰਹਿੰਦੀ ਕਸਰ ਗਿਆਨੀ ਜੀਤ ਸਿੰਘ ਹੈੱਡ ਗ੍ਰੰਥੀ ਬੰਬੇ ਵਾਲਿਆਂ ਪੂਰੀ ਕਰ ਦਿੱਤੀ। ਉਨ੍ਹਾਂ ਨੇ ਗੁਰਮਤਿ ਸਿਧਾਂਤ ਦੀਆਂ ਗੁੰਝਲ਼ਾਂ, ਗੁਰਬਾਣੀ ਵਿਆਕਰਣ ਅਤੇ ਇਤਿਹਾਸ ਦੀਆਂ ਬਰੀਕੀਆਂ ਕੋਲ ਬਿਠਾ ਕੇ ਸਮਝਾਈਆਂ।

ਕਾਰੋਬਾਰ ਨੂੰ ਸਥਾਪਿਤ ਕਰਨ ਲਈ ਬੰਬੇ ਵਿੱਚ ਕੱਪੜਾ ਤਿਆਰ ਕਰਨ ਦਾ ਕਾਰਖ਼ਾਨਾ ਲਾਇਆ। ਸਿੱਖ ਦਰਦ ਦੀ ਅੰਦਰ ਬਲ ਰਹੀ ਚਿਣਗ ਨੇ ਕਾਰੋਬਾਰ ਦੇ ਨਾਲ ਨਾਲ ਗੁਰਮਤਿ ਦੀਆਂ ਕਲਾਸਾਂ ਲਗਾਉਣ ਦਾ ਦੀਵਾ ਬਾਲਿਆ। ਇਸ ਦੀਵੇ ਦੀ ਲੋਅ ਨੇ ਨੌਜਵਾਨਾਂ ਨੂੰ ਸਿੱਖੀ ਦਾ ਅਸਲ ਮਾਰਗ ਦਿਖਾਇਆ। ਬੰਬੇ ਵਿੱਚ ਸਿੱਖੀ ਪ੍ਰਚਾਰ ਦੀ ਲਹਿਰ ਚਲਾਈ। ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਨਾਲ ਇਨ੍ਹਾਂ ਦਾ ਨੌਂਹ ਮਾਸ ਦਾ ਰਿਸ਼ਤਾ ਸੀ। ਪੰਚਾਇਤ ਦੇ ਸੀਨੀਅਰ ਮੈਂਬਰ ਹੋਣ ਕਰਕੇ ਕਾਲਜ ਦੀਆਂ ਸੇਵਾਵਾਂ ਵਿੱਚ ਹਮੇਸ਼ਾ ਤੱਤਪਰ ਰਹੇ। ਵੀਰ ਜਸਪਾਲ ਸਿੰਘ ਦਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿੱਚ ਅਕਸਰ ਆਉਣਾ ਜਾਣਾ ਰਿਹਾ। ਵੀਰ ਰਾਣਾ ਇੰਦਰਜੀਤ ਸਿੰਘ ਜੀ, ਪ੍ਰਿੰਸੀਪਲ ਕੰਵਰ ਮਹਿੰਦਰ ਪ੍ਰਤਾਪ ਸਿੰਘ ਤੇ ਅਧਿਆਪਕ ਵੀਰਾਂ ਨਾਲ ਗੁਰਮਤਿ ਦੀਆਂ ਵਿਚਾਰਾਂ ਹੁੰਦੀਆਂ ਰਹਿੰਦੀਆਂ ਸਨ।

ਇਸ ਤੋਂ ਪਹਿਲਾਂ ਵੀਰ ਜਸਪਾਲ ਸਿੰਘ ਨਾਲ ਮੇਰੀ ਕੋਈ ਗੱਲ-ਬਾਤ ਨਹੀਂ ਸੀ। ਵੀਰ ਜਸਪਾਲ ਸਿੰਘ ਵੱਲੋਂ ਬੰਬੇ ਵਿੱਚ ਕੀਤੀਆਂ ਜਾ ਰਹੀਆਂ ਸੇਵਾਵਾਂ ਸੰਬੰਧੀ ਵੀਰ ਸਤਪਾਲ ਸਿੰਘ ਜੀ ਨਿਊਜ਼ੀਲੈਂਡ ਨੇ ਮੈਨੂੰ ਦੱਸਿਆ ਸੀ। ਵੀਰ ਸਤਪਾਲ ਸਿੰਘ ਜੀ ਬੰਬੇ ਰਹਿੰਦਿਆਂ ਗੁਰਮਤਿ ਦੀਅ ਕਲਾਸਾਂ ਲਗਾਉਂਦੇ ਰਹੇ ਸਨ। ਉਨ੍ਹਾਂ ਨੇ ਵੀਰ ਜਸਪਾਲ ਸਿੰਘ ਸੰਬੰਧੀ ਬਹੁਤ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਦੇ ਕੰਮ ਕਰਨ ਦੀ ਸ਼ੈਲੀ, ਕੌਮ ਪ੍ਰਤੀ ਵਚਨਬੱਧਤਾ, ਹਲੀਮੀ, ਸੰਤੋਖੀ, ਸਹਿਜ, ਮਿੱਠਾ ਬੋਲਣਾ ਆਦਿ ਦੈਵੀ ਗੁਣਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

2012 ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੜਕੀਆਂ ਦਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਬਹੁਤ ਵੱਡਾ ਮਿਲਵਰਤਣ ਦਿੱਤਾ ਸੀ। ਉਹ ਗੁਰਬਾਣੀ ਵਿਆਕਰਣ ਦੀਆਂ ਕਾਲਸਾਂ ਉਚੇਚੇ ਤੌਰ ’ਤੇ ਲਗਾਉਂਦੇ ਸਨ। ਹੁਣ ਜਦੋਂ ਸਾਰੇ ਕਰੋਨਾ ਦੀ ਮਾਰ ਪੈ ਰਹੀ ਸੀ ਤਾਂ ਆਪ ਬਿਜਲਈ ਮਾਧਿਅਮ ਰਾਹੀਂ ਗੁਰਮਤਿ ਦੀਆਂ ਕਲਾਸਾਂ ਲਗਾਉਂਦੇ ਰਹੇ ਸਨ। ਚੜ੍ਹਾਈ ਕਰਨ ਤੋਂ ਇਕ ਦਿਨ ਪਹਿਲਾਂ ਹਸਪਤਾਲ ਵਿੱਚ ਮਰਨ ਸੇਜਾ ’ਤੇ ਪਿਆਂ ਨੇ ਵੀ ਲੰਮੇਰੀ ਕਲਾਸ ਲਗਾਈ। ਅਜਿਹੇ ਸਿਰੜੀ ਸਿੱਖ ਕਿੱਥੋਂ ਲੱਭਾਂਗੇ ਇਹੋ ਹੀ ਕਹਾਂਗੇ ‘ਨਹੀਓਂ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀਆ।’

ਇਹ ਠੀਕ ਹੈ ਕਿ ਸਿੱਖੀ ਅੰਦਰ ਹਰ ਵਿਦਵਾਨ ਆਪੋ ਆਪਣੀ ਜ਼ਿੰਮੇਵਾਰੀ ਨਿਭਾਅ ਰਿਹਾ ਹੈ ਪਰ ਕੁਝ ਵਿਦਵਾਨ ਅਜਿਹੀਆਂ ਸੇਵਾਵਾਂ ਕਰ ਜਾਂਦੇ ਹਨ, ਜੋ ਆਉਣ ਵਾਲੀਆਂ ਨਸਲਾਂ ਲਈ ਮੀਲ ਪੱਥਰ ਬਣ ਜਾਂਦੀਆਂ ਹਨ ‘‘ਸਫਲ ਸਫਲ ਭਈ ਸਫਲ ਜਾਤ੍ਰਾ   ਆਵਣ ਜਾਣ ਰਹੇ; ਮਿਲੇ ਸਾਧਾ ’’ (ਮਹਲਾ /੬੮੭)

ਆਦਾਰਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਜਵੱਦੀ ਕਲਾਂ, ਪੰਜਾਬੀ ਬਾਗ, ਲੁਧਿਆਣਾ ਪ੍ਰਿੰਸੀਪਲ ਹਰਭਜਨ ਸਿੰਘ, ਚੇਅਰਮੈਨ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਅਤੇ ਵੀਰ ਜਸਪਾਲ ਸਿੰਘ ਬੰਬੇ ਵਾਲੇ ਸੀਨੀਅਰ ਪੰਚਾਇਤ ਮੈਂਬਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਰੋਪੜ ਦੇ ਚਲਾਣੇ ’ਤੇ ਪਰਿਵਾਰ, ਸੁਪਰੀਮ ਪੰਚਾਇਤ, ਸੁਪਰੀਮ ਕੌਂਸਲ ਅਤੇ ਸਭ ਸੁਨੇਹੀਆਂ ਨਾਲ ਹਮਦਰਦੀ ਪ੍ਰਗਟ ਕਰਦਾ ਹੋਇਆ ਅਰਦਾਸ ਕਰਦਾ ਹੈ ਕਿ ਸਾਨੂੰ ਸਭ ਨੂੰ ਅਕਾਲ ਪੁਰਖ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।