ਸਿੱਖ ਮਿਸ਼ਨਰੀ ਪਰਿਵਾਰ ਲਈ ਕੋਈ ਵੀ ਗ਼ਮਗੀਨ ਮੌਕਾ ਨਿਰਾਸ਼ ਹੋਣ ਦਾ ਮੁਕਾਮ ਨਹੀਂ  !

0
265

ਸਿੱਖ ਮਿਸ਼ਨਰੀ ਪਰਿਵਾਰ ਲਈ ਕੋਈ ਵੀ ਗ਼ਮਗੀਨ ਮੌਕਾ ਨਿਰਾਸ਼ ਹੋਣ ਦਾ ਮੁਕਾਮ ਨਹੀਂ  !

ਗਿਆਨੀ ਜਗਤਾਰ ਸਿੰਘ ਜਾਚਕ

ਅਕਾਲ ਪੁਰਖ ਦੀ ਮਿਹਰ ਭਰੀ ਪ੍ਰੇਰਨਾ ਸਦਕਾ ਸਰਬੱਤ ਸਿੱਖ ਮਿਸ਼ਨਰੀ ਪਰਿਵਾਰ ਗੁਰ ਸ਼ਬਦ ਵੀਚਾਰ ਦੀ ਰੌਸ਼ਨੀ ਵਿੱਚ ਜੀਊਣ ਅਤੇ ਗੁਰਮਤਿ ਪ੍ਰਚਾਰਨ ਦਾ ਹਾਮੀ ਹੈ । ਉਹ ਭਲੀਭਾਂਤ ਸਮਝਦਾ ਹੈ ਕਿ ਬਸੰਤ ਦੀ ਰੁੱਤ ਵਿੱਚ ਬਨਸਪਤੀ ਦੇ ਖੇਤਰ ਵਿੱਚ ਹਰ ਪਾਸੇ ਹਰਿਆਵਲ ਤੇ ਫੁੱਲਾਂ ਦਾ ਖੇੜਾ ਪਸਰ ਜਾਂਦਾ ਹੈ । ਗੁਰਵਾਕ ਵੀ ਹੈ ‘‘ਬਨਸਪਤਿ ਮਉਲੀ ਚੜਿਆ ਬਸੰਤੁ ’’ (ਮਹਲਾ /੧੧੭੬)  ਪਤਝੜ ਆਉਂਦੀ ਤਾਂ ਫੁੱਲ ਆਦਿਕ ਪੱਤਰਾਂ ਸਮੇਤ ਝੜ ਜਾਂਦੇ ਹਨ। ਕੁਦਰਤ ਦਾ ਇਹ ਗੇੜ ਸੁਭਾਵਕ ਤੇ ਨਿਰੰਤਰ ਚੱਲਦਾ ਰਹਿੰਦਾ ਹੈ। ਧੁਰ ਦਾ ਫ਼ੁਰਮਾਨ ਹੈ ‘‘ਮਾਹਾ ਰੁਤੀ ਆਵਹਿ ਵਾਰ ਵਾਰ   ਦਿਨਸੁ ਰੈਣਿ ਤਿਵੈ ਸੰਸਾਰੁ ’’ (ਮਹਲਾ /੮੪੨)

18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦਾ ਸਿੱਖ ਇਤਿਹਾਸ ਗਵਾਹ ਹੈ ਕਿ ਗੁਰਸਿੱਖੀ ਹੋਂਦ ਦੀ ਸਲਾਮਤੀ ਅਤੇ ਪ੍ਰਚਾਰ ਤੇ ਪ੍ਰਸਾਰ ਲਈ ਬਸੰਤ ਦੇ ਫੁੱਲਾਂ ਵਾਂਗ ਮਹਾਨ ਗੁਰਸਿੱਖ ਇਕੱਠੇ ਹੀ ਪੈਦਾ ਹੋ ਕੇ ਕੌਮ ਨੂੰ ਚੜ੍ਹਦੀਕਲਾ ਵਾਲੀਆਂ ਖ਼ੁਸ਼ੀਆਂ ਖੇੜੇ ਤੇ ਸਿੱਖ ਸੁਗੰਧੀ ਵੀ ਵੰਡਦੇ ਰਹੇ ਅਤੇ ਸਮੇਂ ਦੇ ਗੇੜ ਨਾਲ ਉਨ੍ਹਾਂ ਦੇ ਦੁਖਦਾਈ ਵਿਛੋੜੇ ਵੀ ਕੌਮ ਨੂੰ ਸਹਿਣੇ ਪੈਂਦੇ ਰਹੇ। ਇਸ ਦਰਮਿਆਨ ਕੁਝ ਪੰਥ ਦਰਦੀ ਸੱਜਣਾਂ ਵੱਲੋਂ ‘ਸਾਡਾ ਬੇੜਾ ਇਉਂ ਗਰਕਿਆ’ ਤੇ ‘ਸਿੱਖ ਵੀ ਨਿਗਲਿਆ ਗਿਆ’ ਵਰਗੇ ਨਿਰਾਸ਼ਾਜਨਕ ਖ਼ਿਆਲ ਵੀ ਭਾਵੇਂ ਪ੍ਰਚਾਰੇ ਜਾਂਦੇ ਰਹੇ ਹਨ, ਪਰ ਸਚਾਈ ਇਹ ਹੈ ਕਿ ਕੌਮੀ ਜਾਗਰੂਕਤਾ ਵਿੱਚ ਦਿਨ-ਬਦਿਨ ਵਾਧਾ ਹੋਇਆ ਹੈ। ਇਸ ਵਿੱਚ ਵੱਡਾ ਯੋਗਦਾਨ ਹੈ 19ਵੀਂ ਸਦੀ ਦੀ ਸਿੰਘ ਸਭਾ ਲਹਿਰ ਤੋਂ ਪਿੱਛੋਂ 20ਵੀਂ ਸਦੀ ਦੀ ਸਿੱਖ ਮਿਸ਼ਨਰੀ ਲਹਿਰ ਦਾ, ਜਿਸ ਦੀ ਫੁਲਵਾੜੀ ਹਨ ਲੁਧਿਆਣੇ, ਰੋਪੜ ਤੇ ਸ੍ਰੀ ਅਨੰਦਪੁਰ ਸਾਹਿਬ ਦੇ ਸਿੱਖ ਮਿਸ਼ਨਰੀ ਕਾਲਜ, ਜਿਨ੍ਹਾਂ ਦਾ ਮੁੱਢ ਬੱਝਾ ਸੀ ਸ਼੍ਰੋਮਣੀ ਕਮੇਟੀ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ (ਅਕਤੂਬਰ 1927) ਦੀ ਸਥਾਪਨਾ ਨਾਲ।

ਮਰਹੂਮ ਬਾਪੂ ਬਲਬੀਰ ਸਿੰਘ ਤੇ ਗਿ. ਸੁਰਜੀਤ ਸਿੰਘ ਦਿੱਲੀ, ਗਿ. ਜਗਮੋਹਣ ਸਿੰਘ ਅਤੇ ਪ੍ਰਿੰਸੀਪਲ ਕੰਵਰ ਪ੍ਰਤਾਪ ਸਿੰਘ ਲੁਧਿਆਣਾ ਤੇ ਸ. ਮਹਿੰਦਰ ਸਿੰਘ ਜੋਸ਼ ਮੁਹਾਲੀ, ਸ. ਗੁਰਚਰਨ ਸਿੰਘ ਵਰਗੇ ਅਣਥੱਕ ਕੌਮੀ ਸੇਵਕ ਸਿੱਖ ਮਿਸ਼ਨਰੀ ਲਹਿਰ ਦੇ ਮੋਢੀਆਂ ਵਿੱਚ ਗਿਣੇ ਜਾਂਦੇ ਰਹਿਣਗੇ। ਪ੍ਰਿੰਸੀਪਲ ਜਗਜੀਤ ਸਿੰਘ ਸਿਦਕੀ ਦਾ ਸਹਿਯੋਗ ਵੀ ਸਦਾ ਯਾਦ ਰੱਖਿਆ ਜਾਏਗਾ ਪ੍ਰੰਤੂ ਜਿਸ ਢੰਗ ਨਾਲ ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ ਲੁਧਿਆਣੇ ਵਾਲਿਆਂ ਨੇ ਗੁਰਮਤਿ ਕਲਾਸਾਂ ਦੁਆਰਾ ਦੇਸ਼ ਭਰ ਵਿੱਚ ਮਿਸ਼ਨਰੀ ਸਰਕਲ ਸਥਾਪਤ ਕੀਤੇ, ਸਿੱਖ ਫੁਲਵਾੜੀ ਮੈਗਜ਼ੀਨ ਦੀ ਬਦੌਲਤ ਸਿੱਖ ਸਾਹਿਤ ਨੂੰ ਛਾਪ ਕੇ ਸੰਸਾਰਭਰ ਵਿੱਚ ਵੰਡ ਕੇ ਸਿੱਖ ਮਿਸ਼ਨਰੀ ਲਹਿਰ ਨੂੰ ਸਦੀਵੀ ਬਣਾਇਆ ਅਤੇ ਬੰਬੇ ਵਾਲੇ ਨਿਰਮਾਣ ਵੀਰ ਸ. ਜਸਪਾਲ ਸਿੰਘ (ਮਰਹੂਮ) ਨੇ ਸਾਰੀਆਂ ਸਿੱਖ ਮਿਸ਼ਨਰੀ ਸੰਸਥਾਵਾਂ ਨੂੰ ਆਪਸ ਵਿੱਚ ਜੋੜੀ ਰੱਖਣ ਦੇ ਉਪਰਾਲੇ ਕੀਤੇ, ਉਨ੍ਹਾਂ ਕਰਕੇ ਇਨ੍ਹਾਂ ਦੋਹਾਂ ਸੱਜਣਾਂ ਦੇ ਇਕੱਠੇ ਸਰੀਰਕ ਵਿਛੋੜੇ ਨੇ ਮਿਸ਼ਨਰੀ ਲਹਿਰ ਦੇ ਸਥਾਪਤ ਉਤਸ਼ਾਹੀ ਆਗੂਆਂ ਤੇ ਸਹਿਯੋਗੀਆਂ ਨੂੰ ਵਧੇਰੇ ਝੰਝੋੜਿਆ ਤੇ ਚਿੰਤਾਤੁਰ ਕੀਤਾ ਹੈ। ਅਜਿਹਾ ਹੋਣਾ ਸੁਭਾਵਕ ਸੀ ਕਿਉਂਕਿ ਅਜਿਹੀਆਂ ਅਜ਼ੀਮ ਸ਼ਖ਼ਸੀਅਤਾਂ ਪੈਦਾ ਹੋਣੀਆਂ ਸੁਖਾਲੀਆਂ ਨਹੀਂ ਹਨ। ਪ੍ਰਿੰਸੀਪਲ ਹਰਿਭਜਨ ਸਿੰਘ ਅੰਦਰਲੀ ਗੁਰੂ ਤੇ ਪੰਥ ਵਾਲੀ ਲੋਹੜੇ ਦੀ ਸਮਰਪਤ ਭਾਵਨਾ ਅਤੇ ਵੀਰ ਜਸਪਾਲ ਸਿੰਘ ਵਰਗੀ ਮਿਠਾਸ, ਨਿਰਮਾਣਤਾ, ਸਿਧਾਂਤਕ ਸਪਸ਼ਟਤਾ ਤੇ ਦ੍ਰਿੜ੍ਹਤਾ ਮਿਲਣੀ ਡਾਢੀ ਔਖੀ ਹੈ, ਫਿਰ ਵੀ ‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ’’ (ਜਪੁ) ਅਤੇ  ‘‘ਬੇੜੇ ਡੁਬਣਿ ਨਾਹਿ ਭਉ ’’ (ਮਹਲਾ /੧੪੧੦) ਆਦਿਕ ਇਲਾਹੀ ਨਗ਼ਮਿਆਂ ਦੀ ਸੇਧ ਵਿੱਚ ਨਿਰਾਸ਼ ਹੋਣ ਦੀ ਥਾਂ ਚੜ੍ਹਦੀਕਲਾ ਵਿੱਚ ਰਹਿਣ ਦੀ ਲੋੜ ਹੈ। ਇਹ ਵੇਲਾ ਨਿਰਾਸ਼ਤਾ ਦਾ ਨਹੀਂ, ਸਗੋਂ ਉਨ੍ਹਾਂ ਦੀ ਥਾਂ ਭਾਈ ਹਰਜੀਤ ਸਿੰਘ ਜਲੰਧਰ ਵਰਗੇ ਸਥਾਪਤ ਕੌਮੀ ਸੇਵਕਾਂ ਨੂੰ ਸਹਿਯੋਗ ਦਿੰਦਿਆਂ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ (ਮਹਲਾ /੧੦੯੬) ਗੁਰਵਾਕ ਦੇ ਚਾਨਣ ਵਿੱਚ ਆਪੋ ਆਪਣੇ ਜੀਵਨ ਵਿਹਾਰ ਨੂੰ ਉਚਿਆਂਦਿਆਂ ਅੱਗੇ ਵਧਣ ਦੀ ਲੋੜ ਹੈ। ਚੰਗਾ ਹੋਵੇ ਜੇ ਸਾਲ ਵਿੱਚ ਇੱਕ ਦਿਹਾੜਾ ਸਾਰੇ ਮਰਹੂਮ ਮਿਸ਼ਨਰੀ ਵੀਰਾਂ ਦੀ ਕਰਣੀ ਨੂੰ ਯਾਦ ਕਰਨ ਲਈ ਨਿਯਤ ਕਰ ਲਿਆ ਜਾਵੇ। ਭੁੱਲ-ਚੁੱਕ ਦੀ ਖ਼ਿਮਾ ।

ਗੁਰੂ ਗ੍ਰੰਥ ਤੇ ਪੰਥ ਦਾ ਦਾਸ : ਜਗਤਾਰ ਸਿੰਘ ਜਾਚਕ, ਨਿਊਯਾਰਕ।