ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥

0
278

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥

ਸ. ਅਮਰਜੀਤ ਸਿੰਘ (ਵਾਇਸ ਚੇਅਰਮੈਨ)

ਵੀਰ ਜਸਪਾਲ ਸਿੰਘ ਜੀ ਦਾ ਜਨਮ 7-6-1947 ਨੂੰ ਪਿਤਾ ਸ. ਇੰਦਰਜੀਤ ਸਿੰਘ ਜੀ ਦੇ ਘਰ ਮਾਤਾ ਪ੍ਰਕਾਸ਼ ਕੌਰ ਜੀ ਦੀ ਕੁਖੋਂ ਸਰਗੋਧਾ (ਪਾਕਿਸਤਾਨ) ਦੀ ਧਰਤੀ ’ਤੇ ਹੋਇਆ। ਦੇਸ਼ ਦੀ ਵੰਡ ਉਪਰੰਤ ਪਰਿਵਾਰ ਨਾਲ ਪਹਿਲਾਂ ਰੋਹਤਕ ਤੇ ਫਿਰ ਹੁਸ਼ਿਆਰਪੁਰ ਵਿਖੇ ਆਣ ਵਸੇ। ਮੁੱਢਲੀ ਸਿੱਖਿਆ ਵੀ ਉੱਥੋਂ ਹੀ ਪ੍ਰਾਪਤ ਕੀਤੀ।  ਸੰਨ 1961 ਵਿੱਚ ਦਾਦਾ ਜੀ ਅਤੇ ਪਿਤਾ ਜੀ ਨਾਲ ਮੁੰਬਈ ਚਲੇ ਗਏ। ਘਰੇਲੂ ਹਾਲਾਤਾਂ ਕਰਕੇ ਕਾਲਜ ਦੀ ਪੜ੍ਹਾਈ ਅਧੂਰੀ ਛੱਡ ਪਿਤਾ ਜੀ ਨਾਲ ਮਿਲ ਕੇ ਕੱਪੜੇ ਦੀ ਅ੍ਹਾੜਤ ਦਾ ਕੰਮ ਲੰਮੇਰਾ ਸਮਾਂ ਕੀਤਾ। ਫਿਰ ਤਰੱਕੀ ਕਰਦਿਆਂ  ਆਪਣੀ ਕੱਪੜੇ ਦੀ ਮਿੱਲ ਆਰੰਭ ਕੀਤੀ ਅਤੇ ਕੁਆਲਿਟੀ ਦੇ ਖੇਤਰ ’ਚ ਮਜਬੂਤ ਪੈੜ ਛਾਪ ਪਾਈ।   ਮਿਤੀ 19-11-1972 ਨੂੰ ਅੰਮ੍ਰਿਤਸਰ ਵਾਸੀ ਸ. ਰਘੁਬੀਰ ਸਿੰਘ ਜੀ ਦੀ ਸਪੁਤਰੀ ਬੀਬੀ ਹਰਿੰਦਰ ਕੌਰ ਜੀ ਨਾਲ ਆਨੰਦ ਕਾਰਜ ਹੋਇਆ। ਆਨੰਦਮਈ ਜੀਵਨ ਦੀ ਮਿਸਾਲ ਰਹੀ ਇਹ ਜੋੜੀ ਹਮੇਸ਼ਾਂ ਦੂਜਿਆਂ ਲਈ ਇੱਕ ਮਿਸਾਲ ਬਣੀ ਰਹੀ। ਇਹ ਭੈਣ ਹਰਿੰਦਰ ਕੌਰ ਜੀ ਦਾ ਨਿੱਘਾ ਸਹਿਯੋਗ ਹੀ ਸੀ ਕਿ ਵੀਰ ਜੀ ਗੁਰਮਤਿ ਪ੍ਰਚਾਰ ਦੇ ਖੇਤਰ ’ਚ ਇੰਨਾ ਖੁੱਲ੍ਹਾ ਸਮਾਂ ਦੇ ਸਕੇ। ਸਤਿਗੁਰ ਜੀ ਦੀ ਕਿਰਪਾ ਨਾਲ ਇਸ ਸੁਭਾਗੀ ਜੋੜੀ ਦੇ ਘਰ ਤਿੰਨ ਬੱਚਿਆਂ (ਬੇਟੀ ਪਵਨਦੀਪ ਕੌਰ, ਬੇਟਾ ਨਵਦੀਪ ਸਿੰਘ ਅਤੇ ਬੇਟੀ ਮਨਮੀਤ ਕੌਰ) ਨੇ ਜਨਮ ਲਿਆ। ਜਿਸ ਜ਼ਿੰਮੇਵਾਰੀ ਨਾਲ ਇਨ੍ਹਾਂ ਬੱਚਿਆਂ ਦੀ ਘਾੜਤ ਘੜੀ ਗਈ, ਗੁਰਮਤਿ ਮਾਰਗ ਦੇ ਪਾਂਧੀ ਬਣਾਇਆ ਅਤੇ ਹਰ ਕਦਮ ’ਤੇ ਗੁਰਮਤਿ ਅਨੁਸਾਰੀ ਹੋ ਕੇ ਜੀਵਨ ਜਿਊਣ ਦੀ ਸਿੱਖਿਆ ਦਿੱਤੀ, ਉਹ ਵੀਰ ਜੀ ਦੇ ਸੁਚੱਜੇ ਪਿਤਾ ਹੋਣ ਦੀ ਸਫਲਤਾ ਹੈ।

ਦੁਨਿਆਵੀ ਜੀਵਨ ਦੀ ਉਥਲ-ਪੁਥਲ ਕਾਰਨ 1980 ਵਿੱਚ ਕੁਰਾਲੀ (ਪੰਜਾਬ) ਵਿੱਚ ਆ ਕੇ ਦਵਾਈਆਂ ਦੀ ਫੈਕਟਰੀ ਲਗਾਈ, ਪਰ ਕਾਮਯਾਬੀ ਨਾ ਮਿਲੀ। ਵੱਡਾ ਆਰਥਿਕ ਨੁਕਸਾਨ ਹੋਇਆ, ਫਿਰ ਵੀ ਹੌਂਸਲਾ ਕਾਇਮ ਸੀ। ਇਸ ਤੋਂ ਵੀ ਉੱਪਰ ਸ਼੍ਰੀ ਗੁਰੂ ਸਾਹਿਬ ’ਤੇ ਅਤੁੱਟ ਵਿਸ਼ਵਾਸ। ਅਖੀਰ 2011-12 ਵਿੱਚ ਲੁਧਿਆਣੇ ਆ ਗਏ ਤੇ ਨਵੇਂ ਸਿਰੇ ਤੋਂ ਕਾਰੋਬਾਰ ਆਰੰਭ ਕੀਤਾ ਤੇ ਸਤਿਗੁਰ ਜੀ ਦੀ ਮਿਹਰ ਸਦਕਾ ਅੱਜ ਬੇਟਾ ਨਵਦੀਪ ਸਿੰਘ ਬਾਖ਼ੂਬੀ ਕਾਰੋਬਾਰ ਸੰਭਾਲ ਰਿਹਾ ਹੈ।

ਵੀਰ ਜਸਪਾਲ ਸਿੰਘ ਜੀ ਦਾ ‘‘ਅੰਜਨ ਮਾਹਿ ਨਿਰੰਜਨਿ ਰਹੀਐ ..॥’’ (ਮਹਲਾ ੧/੭੩੦) ਗੁਰੂ ਉਪਦੇਸ਼ ਵਾਲਾ ਅਮਲੀ ਜੀਵਨ ਰਿਹਾ ਹੈ। ਇਨ੍ਹਾਂ ਦਾ ਸੰਨ 1965 ਵਿੱਚ ਗਿ. ਜੀਤ ਸਿੰਘ ਜੀ ਨਾਲ ਸੰਪਰਕ ਬਣਿਆ। ਵੱਖ ਵੱਖ ਇਲਾਕਿਆਂ ਚ ਗੁਰਮਤਿ ਦੀਆਂ ਕਲਾਸਾਂ ਆਰੰਭ ਕੀਤੀਆਂ ਤਾਂ ਸਮਝ ਪਈ ਕਿ ਸੰਗਤਾਂ ’ਚ ਅਸਲ ਸਮੱਸਿਆ ਪੰਜਾਬੀ ਭਾਸ਼ਾ ਦੀ ਜਾਣਕਾਰੀ ਦੀ ਘਾਟ ਹੈ। ਇਸ ਦੇ ਹੱਲ ਲਈ ਪਹਿਲਾਂ ਪੰਜਾਬੀ ਦੇ ਅਧਿਆਪਕ ਤਿਆਰ ਕੀਤੇ ਤੇ ਮੁੰਬਈ ਨੂੰ 5 ਭਾਗਾਂ ਵਿੱਚ ਵੰਡ ਕੇ ਹਫ਼ਤਾਵਾਰੀ ਪੰਜਾਬੀ ਕਲਾਸਾਂ ਆਰੰਭ ਕੀਤੀਆਂ। ਗੁਰਮਤਿ ਮਿਸ਼ਨਰੀ ਕਾਲਜ ਮੁੰਬਈ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੁੰਬਈ ਨੇ ਮਿਲ ਕੇ ਗੁਰਮਤਿ ਪ੍ਰਚਾਰ ਦੇ ਖੇਤਰ ’ਚ ਇੱਕ ਪਰਿਵਾਰ ਵਾਂਗ ਚੱਲਣਾ ਸਿੱਖਿਆ।  ਇਉਂ ਗੁਰਮਤਿ ਪ੍ਰਚਾਰ ਲਈ ਇੱਕ ਸੁਚੱਜੀ ਟੀਮ ਤਿਆਰ ਕੀਤੀ। ਇਹ ਆਪ ਜੀ ਦੀ ਅਗਵਾਈ ’ਚ ਵੱਡੀ ਸਫਲਤਾ ਰਹੀ ਹੈ।

ਸਮਾਜ ਵਿੱਚ ਵਿਚਰਦਿਆਂ ਆਪ ਜੀ ਨੇ ਸੁਆਸ ਸੁਆਸ ਮਾਲਕ ਨੂੰ ਯਾਦ ਕਰਦਿਆਂ, ਗੁਰੂ ਅਨੁਸਾਰੀ ਨਿਮਰਤਾ ਭਰਪੂਰ ਜੀਵਨ ਜੀਵਿਆ। ਜਿੱਥੇ ਆਪ ਜੀ ਨੇ ਇੱਕ ਆਦਰਸ਼ ਗੁਰਸਿੱਖ, ਆਦਰਸ਼ ਪਤੀ ਅਤੇ ਆਦਰਸ਼ ਪਿਤਾ ਹੋਣ ਦਾ ਫ਼ਰਜ਼ ਨਿਭਾਇਆ, ਆਰਥਿਕ ਪੱਖੋਂ ਉਤਰਾਅ ਚੜ੍ਹਾਅ ’ਚ ਚੜ੍ਹਦੀ ਕਲਾ ਅਤੇ ਰੱਬੀ ਭਾਣੇ ਵਿੱਚ ਰਹਿ ਕੇ ਜ਼ਿੰਦਗੀ ਜਿਊਣੀ ਸਿਖਾਈ, ਉੱਥੇ ਆਪ ਨੇ ਆਧੁਨਿਕ ਤਕਨੀਕਾਂ ਦੀ ਵੀ ਭਰਪੂਰ ਤੇ ਸੁਚੱਜੀ ਵਰਤੋਂ ਕੀਤੀ; ਜਿਵੇਂ ਕਿ ਸੰਨ 2000 ਵਿੱਚ ਪ੍ਰੋਜੈਕਟਰ (ਸਕ੍ਰੀਨ) ਰਾਹੀਂ ਗੁਰਮਤਿ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ, ਸੰਨ 2011 ਤੋਂ ਆੱਨ ਲਾਇਨ ਗੁਰਮਤਿ ਦੀਆਂ ਕਲਾਸਾਂ ਰਾਹੀਂ ਲੁਧਿਆਣਾ ਅਤੇ ਮੁੰਬਈ ਦਾ ਅੰਤਰ ਮਿਟਾ ਦਿੱਤਾ ਅਤੇ ਹੁਣ ਤਾਂ ਪੰਜਾਬ ਦੇ ਪਿੰਡ ਪੱਧਰ ਤੋਂ ਲੈ ਕੇ ਪੂਰੀ ਦੁਨੀਆ ’ਚ ਵਿਚਰਦੀ ਸਿੱਖ ਸੰਗਤ ਨੂੰ ਰੋਜ਼ਾਨਾ ਗੁਰਮਤਿ ਕਲਾਸਾਂ ਨਾਲ ਜੋੜਨ ’ਚ ਸਫਲਤਾ ਪਾ ਲਈ ਸੀ, ਜੋ ਕਿ ਵਡੇਰੀ ਉਮਰ ਦੇ ਮਿਸ਼ਨਰੀਆਂ ਲਈ ਬੜਾ ਅਦਭੁਤ ਕਾਰਜ ਹੈ।

ਅੱਜ ਮੁੰਬਈ ਵਿੱਚ ਕਾਲਜ ਦਾ ਬੁੱਕ ਸਟਾਲ ਕਮ ਲਾਇਬਰੇਰੀ, ਜੋ ਇੱਕ ਬਹੁਤ ਵੱਡੇ ਰੂਪ ਵਿੱਚ ਸਥਾਪਤ ਹੈ, ਵੀਰ ਭੁਪਿੰਦਰ ਸਿੰਘ ਜੀ ਨੇ ਦਸਿਆ ਕਿ ਇਸ ਦਾ ਆਰੰਭ ਵੀ ਵੀਰ ਜਸਪਾਲ ਸਿੰਘ ਜੀ ਨੇ ਖਾਰ ਵਾਲੇ ਸ.ਦਵਿੰਦਰ ਸਿੰਘ ਜੀ ਦੀ ਗੈਰੇਜ ਵਿੱਚ ਬਹੁਤ ਛੋਟੇ ਪੱਧਰ ’ਤੇ ਸ਼ੁਰੂ ਕੀਤਾ ਸੀ ਤੇ ਅੱਜ ਵਾਲੇ ਪੱਧਰ ਤੱਕ ਲੈ ਕੇ ਜਾਣ ਵਿੱਚ ਵੀ ਵੀਰ ਜੀ ਨੇ ਬਹੁਤ ਕਰੜੀ ਘਾਲਣਾ ਘਾਲੀ ਹੈ। ਉਸੇ ਦਾ ਨਤੀਜਾ ਹੈ ਕਿ ਇਸ ਲਾਇਬਰੇਰੀ ਵਿੱਚ ਅੱਜ ਹਰ ਨਵੀਨ ਤੇ ਪੁਰਾਤਨ ਕਿਤਾਬਾਂ ਦਾ ਸੰਗ੍ਰਹਿ ਹਾਜ਼ਰ ਹੈ ਤੇ ਸੰਗਤਾਂ ਫਾਇਦਾ ਉਠਾ ਰਹੀਆਂ ਹਨ। 

ਇੱਕ ਵਾਰ ਪੁਨੇ ਕੈਂਪ ਸੀ।  ਰਾਤ ਦਾ ਸਮਾਂ ਸੀ ਤੇ ਆਪ ਨੇ ਸਵਾਲ ਪੁੱਛਿਆ ਕਿ ਝੂਠ ਬੋਲਣ ਨਾਲ ਜੇ ਕਿਸੇ ਦਾ ਲਾਹਾ ਹੁੰਦਾ ਹੋਵੇ ਤਾਂ ਕੀ ਝੂਠ ਬੋਲਣਾ ਠੀਕ ਹੈ ? ਸਭ ਨੇ ਆਪਣਾ ਆਪਣਾ ਜਵਾਬ ਦਿੱਤਾ, ਪਰ ਅੰਤ ’ਚ ਸ. ਜਸਪਾਲ ਸਿੰਘ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਜੇ ਮੇਰੇ ਝੂਠ ਬੋਲਣ ਨਾਲ ਮਾਲਕ ਨਰਾਜ਼ ਹੁੰਦਾ ਹੋਵੇ ਤਾਂ ਸਮਝੋ ਕਿ ਸਾਨੂੰ ਅਜੇ ਸਿੱਖੀ ਦੇ ਮੁੱਢਲੇ ਸਿਧਾਂਤਾਂ ਦੀ ਵੀ ਸਮਝ ਨਹੀਂ ਆਈ (ਕਿ ਅਸੀਂ ਮਨਮਤ ਤਿਆਗਣੀ ਹੈ)। ਇਹ ਸਾਡੇ ਮਨ ਦਾ ਧੋਖਾ ਹੈ ਕਿ ਮੇਰੇ ਕੀਤਿਆਂ ਕੁੱਝ ਹੋ ਸਕਦਾ ਹੈ। ਵੀਰ ਜੀ ਨੇ ਨਿਜੀ ਜੀਵਨ ਵਿੱਚ ਹਮੇਸ਼ਾਂ ਸੱਚ ’ਤੇ ਪਹਿਰਾ ਦਿੱਤਾ ਭਾਵੇਂ ਕਿ ਕਈ ਵਾਰ ਸਮਾਜਿਕ ਨਰਾਜ਼ਗੀ ਤੇ ਆਰਥਿਕ ਨੁਕਸਾਨ ਵੀ ਸਹਿਣਾ ਪਿਆ।

ਸੰਗਤਾਂ ਲੋਖੰਡਵਾਲਾ ਤੋਂ ਕੈਂਪ ਲਗਾ ਕੇ ਮੁੰਬਈ ਵਾਪਸ ਆ ਰਹੀਆਂ ਸਨ। ਰਸਤੇ ’ਚ ਬੱਸ ਰੁਕਵਾ ਦਿੱਤੀ, ਨਾਲ ਵਾਲੀਆਂ ਕਾਰਾਂ ਵੀ ਰੁੱਕ ਗਈਆਂ। ਆਸਪਾਸ ਕੋਈ ਦੁਕਾਨ ਵੀ ਨਹੀਂ ਸੀ। ਬੱਸ ਤੋਂ ਉਤਰ ਕੇ ਕਹਿਣ ਲੱਗੇ ‘‘ਬਲਿਹਾਰੀ ਕੁਦਰਤਿ ਵਸਿਆ (ਮਹਲਾ /੪੬੯), ਕੁਦਰਤਿ ਕਵਣ ਕਹਾ ਵੀਚਾਰੁ (ਜਪੁ) ਇਉਂ ਸਾਰਿਆਂ ਨੇ ਅੱਧਾ ਪੌਣਾ ਘੰਟਾ ਪਹਾੜਾਂ ਅਤੇ ਬੱਦਲਾਂ ਨੂੰ ਵੇਖ ਪ੍ਰਾਕ੍ਰਿਤੀ ’ਚੋਂ ਖੂਬ ਆਨੰਦ ਮਾਣਿਆ।

ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਵੱਲੋਂ ਹਰ ਸਾਲ ਗੁਰਮਤਿ ਸਮਾਗਮ ਕੀਤਾ ਜਾਂਦਾ ਹੈ। ਇਸ ਸਮਾਗਮ ਵਿੱਚ ਹਰ ਸਾਲ ਕਿਸੇ ਨ ਕਿਸੇ ਹਸਤੀ ਨੂੰ ਪੰਥਕ ਸੇਵਾਵਾਂ ਲਈ ਸਨਮਾਨਿਤ ਕੀਤਾ ਜਾਂਦਾ ਹੈ।  ਸੰਨ 2016 ਵਿੱਚ ਪੰਚਾਇਤ ਨੇ ਇਹ ਸਨਮਾਨ ਵੀਰ ਜਸਪਾਲ ਸਿੰਘ ਜੀ ਨੂੰ ਦੇਣ ਦਾ ਨਿਰਣਾ ਲਿਆ, ਪਰ ਵੀਰ ਜੀ ਨੂੰ ਨਾ ਦੱਸਿਆ ਕਿ ਕਿਤੇ ਇਨਕਾਰ ਨਾ ਕਰ ਦੇਣ। ਉਹੀ ਗੱਲ ਹੋਈ, ਸਮਾਗਮ ਵਾਲੇ ਦਿਨ ਸਵੇਰੇ ਮੈਂ ਤੇ ਮਨਿੰਦਰਪਾਲ ਸਿੰਘ ਨੇ ਜਦੋਂ ਵੀਰ ਜੀ ਨੂੰ ਦੱਸਿਆ ਤਾਂ ਉਹ ਬਹੁਤ ਨਰਾਜ਼ ਹੋ ਗਏ, ਜਦੋਂ ਇਹ ਆਖਿਆ ਕਿ ਇਹ ਪੰਚਾਇਤ ਦਾ ਸਰਬਸੰਮਤੀ ਨਾਲ ਲਿਆ ਫ਼ੈਸਲਾ ਹੈ, ਜੋ ਮੰਨਣਾ ਪੈਣਾ ਹੈ ਤਾਂ ਮੁਸਕਰਾ ਕੇ ਕਹਿੰਦੇ ਕਿ ਮੈਂ ਪੰਚਾਇਤ ਦੇ ਫ਼ੈਸਲੇ ਨੂੰ ਸਿਰਮੱਥੇ ਮੰਨਦਾ ਰਹਾਂਗਾ।

ਵੀਰ ਜੀ ਸੰਸਾਰਕ ਉਮਰ ਪੱਖੋਂ ਭਾਵੇਂ ਬਜ਼ੁਰਗ ਸਨ, ਪਰ ਦਿਲ ਬੱਚਿਆਂ ਵਰਗਾ ਸੀ। ਸਹਿਜਤਾ ਵਿਸ਼ਾਲ ਨਦੀ ਵਾਂਗ ਸੀ। ਗੁਰੂ ਸਿਧਾਂਤ ਪ੍ਰਤੀ ਦ੍ਰਿੜ੍ਹਤਾ; ਪਹਾੜ ਵਾਂਗ ਅਡਿੱਗ ਸੀ। ਪਰਖ ਦ੍ਰਿਸ਼ਟੀ ਬਾਜ਼ ਵਾਂਗੂ ਤੇਜ਼ ਸੀ। ਸਭ ਨਾਲ ਪਿਆਰ; ਮਾਂ-ਬੱਚਿਆਂ ਵਾਲਾ ਸੀ।  ਸਾਦਗੀ; ਆਮ ਸ਼ਹਿਰੀ ਵਰਗੀ ਸੀ। ਸੋ ਉਨ੍ਹਾਂ ਦਾ ਜਾਣਾ ਮਿਸ਼ਨਰੀ ਪਰਿਵਾਰ ਅਤੇ ਪੰਥ ਦਰਦੀਆਂ ’ਚ ਸਦਾ ਇੱਕ ਘਾਟ ਵਜੋਂ ਵੇਖਿਆ ਜਾਂਦਾ ਰਹੇਗਾ  !

ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,

ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। (ਡਾ. ਮੁਹੰਮਦ ਇਕਬਾਲ)