34.9 C
Jalandhar
Monday, June 30, 2025
spot_img
Home Blog Page 40

ਗੁਰਬਾਣੀ ਸੰਥਿਆ ਦੀ ਲੋੜ ਤੇ ਉਸ ਦੀ ਮਹੱਤਤਾ

0

ਗੁਰਬਾਣੀ ਸੰਥਿਆ ਦੀ ਲੋੜ ਤੇ ਉਸ ਦੀ ਮਹੱਤਤਾ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਪ੍ਰਮਾਤਮਾ ਨੇ ਆਪਣੀ ਕੁਦਰਤ ਵਿੱਚ ਅਣਗਿਣਤ ਜੀਵ ਪੈਦਾ ਕਰ ਕੁਦਰਤ ਦੇ ਵਿਕਾਸ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ, ਜਿਨ੍ਹਾਂ ਵਿੱਚ ਮਨੁੱਖੀ ਜੀਵਨ ਸਭ ਤੋਂ ਸ੍ਰੇਸ਼ਟ ਹੈ, ਪਰ ਇਹ ਕੁਦਰਤ ਦੇ ਸਾਰੇ ਜੀਵਾਂ ਉੱਤੇ ਜੇਕਰ ਰਾਜ ਕਰਨ ਵਿੱਚ ਸਫਲ ਹੋਇਆ ਹੈ, ਤਾਂ ਇਹ ਆਪਣੀ ਬੋਲਣ-ਸ਼ਕਤੀ ਦੁਆਰਾ ਹੀ ਸਫਲ ਹੋਇਆ ਹੈ। ਹਰ ਇੱਕ ਦੇਸ਼ ਅਤੇ ਕੌਮ ਨੇ ਆਪਣੀ-ਆਪਣੀ ਬੋਲੀ ਨੂੰ ਆਪਣੀ ਸਹੂਲਤ ਅਨੁਸਾਰ ਵੱਖ-ਵੱਖ ਨਾਮ ਦਿੱਤੇ ਹਨ, ਇਸ ਤਰ੍ਹਾਂ ਸੰਸਾਰ ਵਿੱਚ ਅਣਗਿਣਤ ਮੰਨੀਆਂ ਜਾਣ ਵਾਲੀਆਂ ਬੋਲੀਆਂ ਨੇ ਆਪਣੇ-ਆਪਣੇ ਫਿਰਕੇ-ਕਬੀਲਿਆਂ ਨੂੰ ਆਪਣੇ ਸੂਤਰ, ਸਭਿਆਚਾਰਕ ਏਕਤਾ ਵਿੱਚ ਪ੍ਰੋ ਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੋਈ ਹੈ।

ਇਸ ਵੀਚਾਰ ਸੰਬੰਧੀ ਗੁਰੂ ਨਾਨਕ ਸਾਹਿਬ ਜੀ ਨੇ -‘‘ਅਖਰੀ ਨਾਮੁ; ਅਖਰੀ ਸਾਲਾਹ॥ ਅਖਰੀ; ਗਿਆਨੁ ਗੀਤ ਗੁਣ ਗਾਹ॥ ਅਖਰੀ; ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ; ਸੰਜੋਗ ਵਖਾਣਿ॥’’ ਦੇ ਭਾਵ ਪ੍ਰਗਟ ਕੀਤੇ ਹਨ।

ਅਜੋਕੇ ਵਿਗਿਆਨਕ ਯੁੱਗ ਨੇ ਸਮਾਜਿਕ ਜੀਵਾਂ ਦੀਆਂ ਦੂਰੀਆਂ ਨੂੰ ਮਿਟਾਉਣ ਵਿੱਚ, ਇਸ ਬੋਲੀ ਨੂੰ ਹੀ ਮਾਧਿਅਮ (ਵਸੀਲਾ) ਬਣਾਇਆ ਹੋਇਆ ਹੈ, ਪਰ ਬਹੁਤ ਹੀ ਤੀਬਰਤਾ ਤੇ ਨਿਰੰਤਰ ਹੋ ਰਹੇ ਇਸ ਵਿਕਾਸ ਵਿੱਚ ਜੋ ਕੌਮ, ਆਪਣੀ ਬੋਲੀ ਨੂੰ ਲੈ ਕੇ ਸਮੇਂ ਅਨੁਸਾਰ ਚੱਲਣ ਵਿੱਚ ਸਫਲ ਨਹੀਂ ਹੋਈ, ਉਹ ਕੌਮ ਅਤੇ ਉਸ ਦੀ ਬੋਲੀ ਦਾ ਭਵਿੱਖ ਨਿਸ਼ਚਿਤ ਹੀ ਆਪਣੇ ਖ਼ਾਤਮੇ ਵੱਲ ਵਧਦਾ ਪ੍ਰਤੀਤ ਹੁੰਦਾ ਹੈ। ਜੇਕਰ ਕਿਸੇ ਕੌਮ ਨੇ ਆਪਣੀ ਪਹਿਚਾਣ ਨੂੰ ਮਨੁੱਖਤਾ ਵਿੱਚ ਸਦੀਵੀ ਬਣਾਏ ਰੱਖਣਾ ਹੈ ਤਾਂ ਸਭ ਤੋਂ ਮਹੱਤਵ ਪੂਰਨ ਕਦਮ (ਫ਼ੈਸਲਾ) ਇਹ ਹੋਵੇਗਾ ਕਿ ਉਹ ਆਪਣੀ ਬੋਲੀ ਨੂੰ ਸੰਭਾਲ਼ੇ ਭਾਵ ਆਪਣੀ ਮਾਤ੍ਰੀ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਉਣ ਵਿੱਚ ਬਹੁਤ ਹੀ ਸਿਦਕੀ ਤੇ ਮਹੱਤਵ ਪੂਰਨ ਯੋਗਦਾਨ ਪਾਵੇ ਕਿਉਂਕਿ ਜਿਹੜੀਆਂ ਕੌਮਾਂ ਅਜਿਹਾ ਕਰਨ ਵਿੱਚ ਅਸਫਲ ਰਹਿ ਜਾਦੀਆਂ ਹਨ ਉਹ ਆਪਣੀ ਹੋਂਦ ਤੇ ਆਪਣੀ ਬੋਲੀ ਨੂੰ ਦੂਸਰੀਆਂ ਕੌਮਾਂ ਦੇ ਨਿਰੰਤਰ ਵਧਦੇ ਪ੍ਰਭਾਵ ਹੇਠਾਂ ਅਲੋਪ ਕਰ ਲੈਣਗੀਆਂ, ਨਸ਼ਟ ਕਰ ਲੈਣਗੀਆਂ ਕਿਉਂਕਿ ਜਿੱਥੇ ਬੋਲ-ਸ਼ਕਤੀ ਨੇ ਆਪਣੀ ਕੌਮੀ ਏਕਤਾ ਨੂੰ ਬਣਾਏ ਰੱਖਣਾ ਹੈ, ਉੱਥੇ ਕੌਮ ਨੇ ਉਸ ਬੋਲੀ ਵਿੱਚ ਸੰਭਾਲੇ ਹੋਏ ਬਹੁ ਕੀਮਤੀ ਗਿਆਨ ਦੇ ਖਜ਼ਾਨੇ ਬਾਰੇ ਆਪਣੀ ਨਸਲ, ਪੀੜੀ ਜਾਂ ਸਮਾਜ ਨੂੰ ਜਾਣਕਾਰੀ ਦੇਣੀ ਹੁੰਦੀ ਹੈ। ਵਿਸ਼ਵ ਸ਼ਾਂਤੀ ਅਤੇ ਆਪਸੀ ਸਦਭਾਵਨਾ, ਪ੍ਰੇਮ-ਸਾਂਝ ਨੂੰ ਬਣਾਏ ਰੱਖਣ ਲਈ ਬੋਲੀ ਹੀ ਆਪਣੀ ਕੌਮ ਦੇ ਵਡਮੁੱਲੇ ਇਤਿਹਾਸ ਦੇ ਰਾਹੀਂ ਪਵਿਤ੍ਰ ਸਮਾਜ ਦੀ ਸਿਰਜਣਾ ਕਰ ਸਕਦੀ ਹੈ, ਜੋ ਕਿ ਅਜੋਕੇ ਸੰਸਾਰ ਵਿੱਚ ਆਪਸੀ ਮਤਭੇਦਾਂ ਰਾਹੀਂ ਬਣੇ ਅਸਾਂਤ ਵਾਤਾਵਰਣ ਵਿੱਚ ਸ਼ਾਤਮਈ ਮਾਹੌਲ ਪੈਦਾ ਹੋਵੇਗਾ, ਉੱਥੇ ਪ੍ਰਮਾਤਮਾ ਦੁਆਰਾ ਸਾਜੀ ਗਈ ਕੁਦਰਤ ਲਈ ਵੀ ਲਾਭਕਾਰੀ ਹੋਵੇਗਾ ਕਿਉਂਕਿ ਮਨੁੱਖ ਹੀ ਸਾਰੀਆਂ ਜੂਨਾਂ ਤੋਂ ਸਰਬ ਸ੍ਰੇਸ਼ਟ ਜੂਨੀ ਹੈ ਇਸ ਲਈ ਮਨੁੱਖ ਦੇ ਰਹਿਮ-ਦਿਲ ਸੁਭਾਅ ਕਾਰਨ ਹੀ ਬਾਕੀ ਜੂਨਾਂ ਦਾ ਵਿਕਾਸ ਹੋਣਾ ਸੰਭਵ ਹੈ।

ਬੇਸ਼ੱਕ ਹਰ ਇੱਕ ਕੌਮ, ਆਪਣੀ ਬੋਲੀ ਨੂੰ ਉੱਤਮ ਮੰਨਦੀ ਹੈ ਪਰ ਉਸ ਦੀ ਉਚਤਾ ਦੀ ਪਰਖ, ਉਸ ਵਿੱਚ ਦਰਜ ਸਿਧਾਂਤਾਂ ਰਾਹੀਂ ਸਮੂਹ ਮਾਨਵਤਾ ਦੇ ਕਲਿਆਣ ਦੁਆਰਾ ਹੋਣੀ ਹੈ ‘‘ਸਫਲ ਸੁ ਬਾਣੀ, ਜਿਤੁ ਨਾਮੁ ਵਖਾਣੀ॥ ਗੁਰ ਪਰਸਾਦਿ, ਕਿਨੈ ਵਿਰਲੈ ਜਾਣੀ॥’’ (ਮਹਲਾ ੫/੧੦੩) ਇਤਿਹਾਸ ਗਵਾਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਬਹੁਤ ਹੀ ਘੱਟ ਮਰਜੀਵੜੇ, ਮਾਨਵਤਾ ਦੀ ਭਲਾਈ ਲਈ ਸੰਘਰਸਮਈ ਰਹੇ ਸਨ, ਜਿਨ੍ਹਾਂ ਵਿੱਚੋਂ ਬਹੁਤਾਤ ਦੇ ਵੀਚਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਕੀਤਾ ਹੋਇਆ ਮਿਲਦਾ ਹੈ, ਜੋ ਉੱਤਮ ਵੀਚਾਰ ਕਿਸੇ ਮਹਾਂਪੁਰਖ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋਣ ਤੋਂ ਕਿਸੇ ਕਾਰਨ ਰਹਿ ਗਏ ਉਨ੍ਹਾਂ ਦੀ ਸਮੇਂ ਅਨੁਸਾਰ ਹੋਂਦ ਹੀ ਖ਼ਤਮ ਹੋ ਗਈ ਹੈ ਜਾਂ ਕਹਿ ਸਕਦੇ ਹਾਂ ਕਿ ਕਾਲ-ਚੱਕ੍ਰ ਦੀ ਸ਼ਕਤੀ ਦੇ ਮੁਕਾਬਲੇ ਉਹ ਕੀਮਤੀ ਬਚਨ ਹੋਣ ਦੇ ਬਾਵਜੂਦ ਵੀ ਅਲੋਪ ਹੋ ਗਏ ਹਨ।

ਇਹ ਵੀ ਅਟੱਲ ਸਚਾਈ ਹੈ ਕਿ ਸਿਵਾਏ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 35 ਮਹਾਂ ਪੁਰਖਾਂ ਦੇ, ਸਮਾਜ ਦੀਆਂ ਜ਼ਿਆਦਾਤਰ ਕੌਮਾਂ ਦੇ ਜਨਮ ਦਾਤਿਆਂ ਨੇ ਆਪਣੇ ਵੀਚਾਰਾਂ ਨੂੰ ਆਪ, ਕਿਸੇ ਵੀ ਬੋਲੀ ਵਿੱਚ ਦਰਜ ਨਹੀਂ ਕੀਤਾ, ਸਿੱਖ ਗੁਰੂਆਂ ਦੇ ਉਪਰੋਕਤ ਸ਼ਬਦ ਨੂੰ ਆਧੁਨਿਕ ਜੁਗ ਦੇ ਤੁਲਨਾਤਮਕ ਧਰਮ ਦੇ ਅਧਿਐਨ ਦੇ ਇਕ ਪੱਛਮੀ ਵਿਦਵਾਨ ਖੋਜੀ ਨੇ ਕਿਵੇਂ ਰਹੱਸਮਈ ਕਰਾਰ ਦਿੱਤਾ, ਇਹ ਇੱਕ ਅਦਭੁਤ ਕਹਾਣੀ ਹੈ। ਸੰਨ 1862 ਈਸਵੀ ਦੀ ਗੱਲ ਹੈ ਕਿ ਇੱਕ ਆਇਰਿਸ਼ ਗਭਰੂ ਇੰਡੀਅਨ ਸਿਵਲ ਸਰਵਿਸ ਵਿੱਚ ਪ੍ਰੀਖਿਆ ਪਾਸ ਕਰਨ ਪਿੱਛੋਂ ਨੌਕਰੀ ਉੱਤੇ ਹਾਜ਼ਰ ਹੋਣ ਲਈ ਪੰਜਾਬ ਆਇਆ। ਉਸ ਦਾ ਨਾਮ ਮਿਸਟਰ ਮੈਕਸ ਆਰਥਰ ਮੈਕਾਲਿਫ ਸੀ। ਉਹ ਲਾਹੌਰ ਨੂੰ ਜਾਂਦਿਆਂ ਅੰਮ੍ਰਿਤਸਰ ਸਟੇਸ਼ਨ ’ਤੇ ਉੱਤਰ ਕੇ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਚਲਾ ਗਿਆ। ਪਾਵਨ ਵਾਤਾਵਰਣ ਨੇ ਉਸ ਨੂੰ ਮੋਹ ਲਿਆ। ਅੰਤਰੀ ਖਿੱਚ ਕਾਰਨ ਉਹ ਨੌਕਰੀ ਦੇ ਨਾਲੋਂ ਨਾਲ ਪੰਜਾਬੀ ਜ਼ਬਾਨ, ਗੁਰਮੁਖੀ ਲਿੱਪੀ, ਗੁਰਬਾਣੀ ਤੇ ਗੁਰੂਆਂ ਦੇ ਜੀਵਨ ਬਾਰੇ ਲਗਾਤਾਰ ਅਧਿਐਨ ਕਰਦਾ ਰਿਹਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਖੋਜ ਦੀ ਡੂੰਘੀ ਲਗਨ ਅਧੀਨ ਉਸ ਨੇ 1892 ਈਸਵੀ ਨੂੰ ਉੱਚ ਅਹੁਦੇ ਤੋਂ ਅਸਤੀਫਾ ਦੇ ਕੇ ਆਪਣਾ ਆਪ ਇਸੇ ਲਗਨ ਨੂੰ ਸਮਰਪਨ ਕਰ ਦਿੱਤਾ ਅਤੇ ਸੰਨ 1899 ਨੂੰ ਖਾਲਸੇ ਦੇ ਜਨਮ ਦੀ ਦੂਜੀ ਸ਼ਤਾਬਦੀ ਸਮੇਂ ਉਸ ਨੇ ਅਕਾਲਬੁੰਗੇ (ਅਕਾਲ ਤਖ਼ਤ ਸਾਹਿਬ) ਸ੍ਰੀ ਅੰਮ੍ਰਿਤਸਰ ਵਿਖੇ, ਸਿੱਖ ਗਿਆਨੀਆਂ ਨੂੰ ਆਪਣੇ ਅਨੁਭਵ ਪੰਜਾਬੀ ਜ਼ਬਾਨ ਵਿੱਚ ਸੁਣਾਏ। ਓਹੀ ਸ੍ਰੇਸ਼ਟ ਅਨੁਭਵ ਮੂਲ ਰੂਪ ਵਿੱਚ ਪੇਸ਼ ਹਨ ‘ਸਿੱਖ ਧਰਮ ਵਿੱਚ ਭਾਰਾ ਗੁਣ ਇਹ ਹੈ ਕਿ ਸੰਸਾਰ ਦੇ ਅਨਯ ਧਰਮਾਂ ਦੇ, ਜੋ ਵੱਡੇ ਵੱਡੇ ਗੁਰੂ ਹੋ ਬੀਤੇ ਹਨ, ਉਹਨਾਂ ਨੇ ਕਦੀ ਇਕ ਸਤਰ ਤਕ ਬੀ ਆਪਣੇ ਹੱਥੀਂ ਨਹੀਂ ਲਿਖੀ ਸੀ। ਆਪ ਵਿੱਚੋਂ ਸ਼ਾਇਦ ਕਿਸੇ ਕਿਸੇ ਨੇ ਸੁਣਿਆ ਹੋਵੇਗਾ ਕਿ ਯੂਨਾਨ ਦੇਸ ਦਾ ਵੱਡਾ ਤਤਵੇਤਾ ਜਿਸ ਦਾ ਨਾਉਂ ਪਾਇਥਾਗੋਰਸ ਸੀ, ਜਿਸ ਦੇ ਬਹੁਤ ਸਾਰੇ ਚੇਲੇ ਬਣ ਗਏ ਸਨ ਤੇ ਜੋ ਇਤਿਹਾਸ ਵਿੱਚ ਬਹੁਤ ਹੀ ਪ੍ਰਸਿੱਧ ਪੁਰਸ਼ ਹੋ ਗਿਆ ਸੀ ਪਰ ਉਸ ਨੇ ਇਕ ਸਤਰ ਵੀ ਆਪਣੇ ਹੱਥੀਂ ਲਿਖ ਕੇ ਪਿੱਛੇ ਨਹੀਂ ਛੱਡੀ ਜਿਸ ਕਰਕੇ ਅਸੀਂ ਜਾਣ ਲੈਂਦੇ ਕਿ ਇਹ ਉਸ ਦੇ ਨਿਯਮ ਸਨ। ਇਸ ਸੰਸਾਰ ਵਿੱਚ ਦੂਸਰਾ ਵੱਡਾ ਉਸਤਾਦ ਸੁਕਰਾਤ ਸੀ, ਜੋ ਮਸੀਹ ਤੋਂ ਪੰਜ ਸੌ ਵਰ੍ਹੇ ਪਹਿਲੇ ਯੂਨਾਨ ਦੇਸ ਵਿੱਚ ਵੱਡਾ ਧਾਰਮਕ ਮਹਾਤਮਾ ਪ੍ਰਸਿੱਧ ਹੋਇਆ ਸੀ। ਉਹ ਆਖਦਾ ਸੀ ਕਿ ਮੇਰੇ ਅੰਦਰ ਪਰਮਾਤਮਾ ਦੀ ਅਕਾਸ਼ ਬਾਣੀ ਹੁੰਦੀ ਹੈ, ਜੋ ਮੈਨੂੰ ਚੰਗੇ ਕੰਮਾਂ ਵੱਲ ਪ੍ਰੇਰਦੀ ਹੈ ਤੇ ਮੰਦੇ ਕੰਮਾਂ ਤੋਂ ਹਟਾਉਂਦੀ ਹੈ। ਉਹ ਵੀ ਆਪਣੇ ਪਿੱਛੇ ਕੋਈ ਤੁਕ ਅਜਿਹੀ ਲਿਖ ਕੇ ਨਾ ਛੱਡ ਗਿਆ, ਜਿਸ ਤੋਂ ਉਸ ਦਾ ਨਿਸ਼ਾਨਾ ਅਰ ਉਸ ਦੇ ਧਰਮ ਦੇ ਨਿਯਮਾਂ ਦੀ ਸਿਮਰਤੀ ਬਣੀ ਰਹਿੰਦੀ। ਜੋ ਕੁਝ ਉਸ ਦੀ ਸਿਖਿਆ ਪ੍ਰਗਟ ਹੈ, ਉਹ ਵੀ ਉਸ ਦੇ ਚੇਲੇ ਅਫਲਾਤੂਨ ਦੀ ਰਾਹੀਂ ਹੀ ਪ੍ਰਸਿੱਧ ਹੋਈ ਹੈ। ਉਪਰੰਤ ਇਸ ਭਾਰਤ-ਵਰਸ਼ ਵਿੱਚ ਵੱਡਾ ਧਾਰਮਕ ਗੁਰੂ ਬੁੱਧ ਹੋਇਆ ਹੈ। ਉਸ ਨੇ ਵੀ ਆਪਣੇ ਹੱਥੀਂ ਕਦੇ ਕੋਈ ਸਤਰ ਨਹੀਂ ਲਿਖੀ ਸੀ। ਫੇਰ ਉਸ ਦੇ ਪਿਛੋਂ ਬੜਾ ਪ੍ਰਸਿੱਧ ਧਾਰਮਕ ਗੁਰੂ ਮਸੀਹ ਹੋਇਆ ਸੀ, ਉਸ ਨੇ ਵੀ ਕੋਈ ਅੱਖਰ ਸਾਰਖਾ ਨਹੀਂ ਲਿਖਿਆ ਸੀ। ਇਸ ਦੀਆਂ ਸਿਖਿਆਵਾਂ ਵੀ ਉਨ੍ਹਾਂ ਦੇ ਚੇਲਿਆਂ ਦੁਆਰਾ ਲਿਖੀਆਂ ਅੰਜੀਲ ਨਾਮੇ ਪੋਥੀ ਦਵਾਰਾ ਹੀ ਪ੍ਰਸਿੱਧ ਹੋਈਆਂ ਸਨ, ਪ੍ਰੰਤੂ ਸਿੱਖਾਂ ਦੇ ਧਾਰਮਕ ਗੁਰੂ ਇਹਨਾਂ ਤੋਂ ਵਿਲੱਖਣ ਹੋਏ ਹਨ, ਕਿਉਂ ਜੋ ਉਹਨਾਂ ਨੇ ਆਪਣੇ ਧਰਮ ਦੇ ਨਿਯਮਾਂ ਨੂੰ ਆਪ ਲਿਖਿਆ ਤੇ ਸਤਯ ਉਪਦੇਸਾਂ ਦਾ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਰਚ ਗਏ। ਇਸ ਗੱਲ ਵਿੱਚ ਸਿੱਖਾਂ ਦਾ ਮਤ ਸਭ ਤੋਂ ਵਧ ਕੇ ਹੈ।’

ਇਕ ਵਿਦੇਸ਼ੀ ਹਾਕਮ ਸ਼੍ਰੇਣੀ ਦਾ ਵਿਦਵਾਨ ਜੋ ਸਮੂਹ ਧਰਮਾਂ ਦਾ ਅਧਿਐਨ ਕਰ ਚੁੱਕਾ ਹੋਵੇ ਅਤੇ ਖਾਨਦਾਨੀ ਤੌਰ ’ਤੇ ਵਿਸ਼ਵ ਦੇ ਪ੍ਰਮੁੱਖ ਈਸਾਈ ਧਰਮ ਦਾ ਪੈਰੋਕਾਰ ਹੋਵੇ, ਪਰ ਆਪਣੀ ਨਿਰਪੱਖ ਖੋਜ ਦੇ ਬਲਬੋਤੇ ਉੱਤੇ, ਅਤਿ ਬਾਰੀਕੀ ਨਾਲ, ਸਿੱਖ ਧਰਮ ਦੀ ਅਲੋਕਾਰੀ ਵਡਿਆਈ ਦਾ ਵਰਣਨ ਕਰੇ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੌਰਵ ਭਰਪੂਰ ਰਹੱਸ ਦੀ ਪ੍ਰਮਾਣਿਕਤਾ ਦਾ ਮੂੰਹ ਬੋਲਦਾ ਪ੍ਰਗਟਾਵਾ ਹੈ।

ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਉਨ੍ਹਾਂ ਕੌਮਾਂ ਦੀ ਬੋਲੀ ਵਿੱਚ ਦਰਜ ਵੀਚਾਰਾਂ ਨੂੰ 100% ਸੱਚ ਮੰਨਣ ਵਿਚ ਵੀ ਸੰਦੇਹ ਪੈਦਾ ਹੁੰਦਾ ਹੈ ਜਿਵੇਂ ਕਿ ਵੇਦ 900 ਸਾਲ ਤੱਕ ਜ਼ਬਾਨੀ ਯਾਦ ਰੱਖੇ ਗਏ, ਜੋ ਕਿ ਇੱਕ ਇਤਿਹਾਸਕ ਸਚਾਈ ਹੈ, ਜਿਸ ਤੋਂ ਉਪਰੰਤ ਉਸ ਕੌਮ ਦੇ ਕੁਝ ਬੁਧੀਜੀਵੀਆਂ ਨੇ ਉਨ੍ਹਾਂ ਬਚਨਾਂ ਨੂੰ ਬੋਲੀ (ਸੰਸਕ੍ਰਿਤ) ਦਾ ਨਾਮ ਦਿੱਤਾ, ਜਿਸ ਦਾ ਕਿ ਉਹ ਲੋਕ ਅੱਜ ਵਖਿਆਨ ਕਰ ਸਮਾਜ ਨੂੰ ਆਪਣੀ ਵਿਚਾਰਧਾਰਾ ਪ੍ਰਤੀ ਪ੍ਰੇਰਿਤ ਕਰ ਸਕਣ ਵਿੱਚ ਸਮਰੱਥ ਹੋਏ ਹਨ । ਸਮਾਜਿਕ ਜ਼ਿੰਦਗੀ ਵਿੱਚ ਵਿਖਾਈ ਦੇ ਰਹੀ ਗਿਰਾਵਟ ਦਾ ਇੱਕ ਉਪਰੋਕਤ ਕਾਰਨ ਵੀ ਮੰਨਿਆ ਜਾ ਸਕਦਾ ਹੈ ਕਿ ਸਾਰੇ (ਸਮੂਹ) ਮਤਾਂ (ਸਿਧਾਂਤਾਂ) ਦੇ ਮੂਲ ਸਰੋਤ ਮਹਾਂ ਪੁਰਖਾਂ ਵੱਲੋਂ ਆਪਣੇ ਬਚਨਾਂ ਨੂੰ ਖੁਦ ਆਪ ਕਿਸੇ ਲਿਖਤੀ ਰੂਪ ਵਿੱਚ ਸੰਭਾਲ ਕੇ ਰੱਖਣ ’ਚ ਤਰੁਟੀ ਰਹਿ ਗਈ। ਇੱਕ ਗੁਰਸਿੱਖ ਇਸ ਤਰੁਟੀ ਦੇ ਸਮਾਜਿਕ ਨੁਕਸਾਨ ਬਾਰੇ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ, ਜੋ ਕੇਵਲ 400 ਸਾਲ ਹੀ ਪਹਿਲਾਂ ਹੋਈ ਹੈ; ਜੇਕਰ ਉਸ ਸਮੇਂ ਲਿਖਤੀ ਰੂਪ ਦੇਣ ਦੀ ਬਜਾਏ ਅੱਜ ਤੱਕ (ਭਾਵ 400 ਸਾਲ ਤੱਕ) ਹੀ ਜ਼ਬਾਨੀ ਯਾਦ ਰੱਖ ਕੇ ਸਿੱਖ ਕੌਮ ‘ਗੁਰਮਤਿ ਸਿਧਾਂਤ’ ਦਾ ਪ੍ਰਚਾਰ ਤੇ ਪ੍ਰਸਾਰ ਕਰਦੀ ਤਾਂ ਸਾਡੀ ਸਥਿਤੀ ਅਕਾਸ਼ ਵੇਲ ਵਾਲੀ ਹੀ ਹੋਣੀ ਸੀ। ਇਹੀ ਹਾਲ ਉਨ੍ਹਾਂ ਕੌਮਾਂ ਦਾ ਅੱਜ ਅਸੀਂ ਵੇਖ ਰਹੇ ਹਾਂ ਜਿਨ੍ਹਾਂ ਦੇ ਮਹਾਂਪੁਰਖਾਂ ਦੇ ਬਚਨਾਂ ਨੂੰ ਕਿਸੇ ਕਾਰਨ (ਕਿਸੇ ਬੋਲੀ ਰਾਹੀਂ) ਸੰਭਾਲਿਆ ਨਹੀਂ ਭਾਵ ਸਮੇਂ ਦਾ ਹਾਣੀ ਨਹੀਂ ਬਣਾਇਆ ਜਾ ਸਕਿਆ।

‘ਗੁਰਮੁਖੀ ਭਾਸ਼ਾ’ (ਪੁਰਾਤਨ ਪੰਜਾਬੀ) ਦੀ ਲਿਖਤ ਤੇ ਨਵੀਨਤਮ ‘ਪੰਜਾਬੀ ਭਾਸ਼ਾ’ ਦੀ ਲਿਖਤ ਵਿੱਚ ਕੁਝ ਵਖਰੇਵੇਂ ਦਰਜ ਸਨ ਜਿਨ੍ਹਾਂ ਬਾਰੇ ਸਿੱਖ ਕੌਮ ਜਾਂ ਪੰਜਾਬੀ ਨਾਲ ਪਿਆਰ ਕਰਨ ਵਾਲੇ ਬੁਧੀਜੀਵੀਆਂ ਨੇ ਪੰਜਾਬੀ ਭਾਸ਼ਾ ਦੇ 35 ਵਰਣਾਂ ਵਿੱਚ 6 ਅੱਖਰ (ਸ਼, ਖ਼, ਗ਼, ਜ਼, ਫ਼ ਤੇ ਲ਼) ਸ਼ਾਮਲ ਕਰ ਇਸ ਵਰਣਮਾਲਾ ਦੀ ਗਿਣਤੀ 35 ਤੋਂ 41 ਕਰ ਦਿੱਤੀ ਤਾਂ ਜੋ ਗੁਰਮੁਖੀ ਲਿਪੀ ਨੂੰ ਸਮੇਂ ਦਾ ਹਾਣੀ ਬਣਾ ਕੇ ਰੱਖਣ ਵਿੱਚ ਸਫਲਤਾ ਮਿਲਦੀ ਰਹੇ ਤੇ ਸਾਧਾਰਨ ਬੋਧ ਰੱਖਣ ਵਾਲਾ ਇੱਕ ਗੁਰਸਿੱਖ, ਗੁਰਬਾਣੀ ਦੇ ਅਰਥ ਭਾਵ ਤੋਂ ਨਿਰੰਤਰ ਲਾਭ ਉਠਾਉਂਦਾ ਰਹੇ। ਸਿੱਖ ਕੌਮ ਨਾਲ ਸੰਬੰਧਿਤ ਬੁਧੀਜੀਵੀ ਵਰਗ ਤੇ ਪ੍ਰਚਾਰਕਾਂ ਨੂੰ ਵੀ ਆਮ ਜਨਤਾ ਤੱਕ ਅੰਮ੍ਰਿਤਮਈ ਬਚਨਾਂ ਦੇ ਬਹੁ ਕੀਮਤੀ ਖਜ਼ਾਨੇ ਨੂੰ ਪਹੁੰਚਾਉਣ ਵਿੱਚ ਆਸਾਨੀ ਬਣੀ ਰਹੇ, ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਦੂਜੀਆਂ ਭਾਸ਼ਾਵਾਂ ਦੇ ਹੋ ਰਹੇ ਨਿਰੰਤਰ ਵਿਕਾਸ ਦੇ ਮੁਕਾਬਲੇ ਪੰਜਾਬੀ ਦਾ ਉਸ ਤਰ੍ਹਾਂ ਵਿਕਾਸ ਸਿੱਖ ਕੌਮ ਨਹੀਂ ਕਰ ਸਕੀ, ਜਿਸ ਤਰ੍ਹਾਂ ਹੋਣਾ ਚਾਹੀਦਾ ਸੀ, ਇਸ ਕਾਰਨ ਪੰਜਾਬੀ (ਗੁਰਮੁਖੀ) ਨੂੰ ਪੰਜਾਬ ਸੂਬੇ ਤੋਂ ਬਾਹਰ ਭਾਰਤ ਦੇ ਕਿਸੇ ਵੀ ਹੋਰ ਪ੍ਰਾਂਤ ਵਿੱਚ ਬਣਦਾ ਹੱਕ ਜਾਂ ਸਥਾਨ ਨਹੀਂ ਮਿਲ ਸਕਿਆ।

ਲੋਕਤੰਤਰੀ ਢਾਂਚੇ ਰਾਹੀਂ, ਜਿੱਥੇ ਵੋਟ ਸ਼ਕਤੀ ਤੇ ਮਜ਼੍ਹਬੀ ਸੋਚ ਨੂੰ ਤਰਜੀਹ ਦਿੱਤੀ ਜਾਂਦੀ ਹੋਵੇ ਉੱਥੇ ਘੱਟ ਗਿਣਤੀਆਂ ਦੇ ਅਧਿਕਾਰ ਤੇ ਉਨ੍ਹਾਂ ਦੀਆਂ ਮਾਤ-ਭਾਸ਼ਾਵਾਂ (ਬੋਲੀਆਂ) ਦੀ ਹੋਂਦ ਨੂੰ ਬਚਾਏ ਰੱਖਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਆਦਿਕ ਵਿੱਚ ਸਾਡੇ ਬੱਚਿਆਂ ਨੂੰ ਗੁਰਮੁਖੀ (ਪੰਜਾਬੀ) ਦੇ ਮੁਕਾਬਲੇ ਭਾਰਤ ਦੀਆਂ ਦੂਜੀਆਂ ਭਾਸ਼ਾਵਾਂ ਨੂੰ ਪੜ੍ਹਾਉਣ ’ਤੇ ਵਧੇਰੇ ਜੋਰ ਦਿੱਤਾ ਜਾਂਦਾ ਹੈ ਜੋ ਕਿ ਭਾਰਤ ਦੀ ਨਵੀਂ ਪੀੜੀ (ਬੱਚਿਆਂ) ਦੇ ਭਵਿੱਖ ’ਤੇ (ਵੋਟ ਸ਼ਕਤੀ ਰਾਹੀਂ ਪਾਇਆ ਗਿਆ) ਇਹ ਵਾਧੂ ਬੋਝ ਹੀ ਹੈ।

ਸਿੱਖ ਸਮਾਜ ਵੱਲੋਂ ਗੁਰਦੁਆਰੇ ਬਣਾਉਣ ਦੇ ਮੁਕਾਬਲੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਦੀ ਗਿਣਤੀ ਨਾ-ਮਾਤਰ ਰੱਖੀ ਹੋਣ ਕਾਰਨ ਹੀ ਸਾਡੇ ਬੱਚਿਆਂ ਨੂੰ ਇਨ੍ਹਾਂ ਸਕੂਲਾਂ-ਕਾਲਜਾਂ ਵਿੱਚ ਜਾ ਕੇ ਸਮੇਂ ਲਈ ਅਢੁਕਵੀਂਆਂ ਭਾਸ਼ਾਵਾਂ ਨੂੰ ਪੜ੍ਹਨ ਲਈ ਮਜ਼ਬੂਰ ਹੋਣਾ ਪੈਂਦਾ ਹੈ; ਜੋ ਸਕੂਲ ਜਾਂ ਕਾਲਜ, ਗੁਰਦੁਆਰਾ ਪ੍ਰਬੰਧ ਅਧੀਨ ਚੱਲ ਰਹੇ ਹਨ ਉਨ੍ਹਾਂ ਦਾ ਹਾਲ ਵੀ ਕੋਈ ਬਹੁਤਾ ਚੰਗਾ (ਭਾਵ ਸਮੇਂ ਦਾ ਹਾਣੀ) ਨਹੀਂ ਕਿਹਾ ਜਾ ਸਕਦਾ, ਜਿਸ ਕਾਰਨ ਅੱਜ ਪੰਜਾਬ ਵਿੱਚ ਹੀ ਮਾਝਾ ਤੇ ਦੁਆਬਾ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਪੰਜਾਬੀ ਦੇ ਮੁਕਾਬਲੇ ਦੂਜੀਆਂ ਭਾਸ਼ਾਵਾਂ (ਸਿੱਖ ਪਰਿਵਾਰਾਂ ਸਮੇਤ) ਬੋਲਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਹੀ ਪੰਜਾਬ ਦੀ ਨੌਜਵਾਨੀ ਦਾ ਨਸ਼ਿਆਂ ਵੱਲ ਮੁੜਨ ਦਾ ਮੂਲ ਕਾਰਨ ਹੈ ਕਿਉਂਕਿ ਜਿਸ (ਗੁਰਮੁਖੀ) ਭਾਸ਼ਾ ਵਿੱਚ ਗੁਰੂ ਸਾਹਿਬਾਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਾਹੀਂ ਸਿੱਖ ਸਮਾਜ ਦੇ ਭਲੇ ਲਈ ਨੈਤਿਕਤਾ ਦਰਜ ਕੀਤੀ ਸੀ, ਜ਼ਿਆਦਾਤਰ ਅਜੋਕਾ ਸਮਾਜ ਜਾਂ ਸਿੱਖ ਪਰਿਵਾਰ ਉਸ ਭਾਸ਼ਾ ਦੀ ਸਮਝ ਤੋਂ ਦੂਰ ਚਲਾ ਗਿਆ ਹੈ।

ਉਪਰੋਕਤ ਕੀਤੀ ਗਈ ਵੀਚਾਰ ਕਿ ‘ਗੁਰਮੁਖੀ ਲਿਪੀ’ ਨੂੰ ਸਮੇਂ ਦਾ ਹਾਣੀ ਬਣਾਉਣ ਲਈ, ਉਸ ਵਿੱਚ 6 ਵਰਣ ਵਧੀਕ ਜੋੜਨੇ ਪਏ ਸਨ, ਇਸ ਤੋਂ ਇਲਾਵਾ ਸਮੇਂ ਦੇ ਪ੍ਰਭਾਵ ਕਾਰਨ ਗੁਰਬਾਣੀ ਵਿੱਚ ਦਰਜ ਕੁਝ ਸ਼ਬਦ ਅਜਿਹੇ ਹਨ ਜੋ ਅਜੋਕੀ ਪੰਜਾਬੀ ਵਿੱਚ ਸ਼ਾਮਲ ਨਹੀਂ ਹਨ, ਜਿਵੇਂ ‘ਕਉ’ ਤੇ ‘ਨੋ’, ਜਿਸ ਦਾ ਬਦਲ ਅਜੋਕੀ ਪੰਜਾਬੀ ਵਿੱਚ ‘ਨੂੰ’ ਹੈ, ਜੋ ਕਿ ਗੁਰਬਾਣੀ ਵਿੱਚ ਦਰਜ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਪਾਵਨ ਬਾਣੀ ਦੀ ਬੋਲੀ ਪੁਰਾਤਨ ਪੰਜਾਬੀ ਦੀ ਸ਼ੈਲੀ ਵਿੱਚ ਹੈ। ਗੁਰਬਾਣੀ ਦੀ ਲਿਖਤ ਵੀ ਲਗਭਗ ਚਾਰ ਸੋ ਸਾਲ ਪੁਰਾਣੀ ਹੈ। ਗੁਰਬਾਣੀ ਵਿੱਚ ਪੰਜਾਬੀ ਬੋਲੀ ਤੋਂ ਛੁਟ ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ, ਗੁਜਰਾਤੀ, ਮਾਰਵਾੜੀ, ਮਰਾਠੀ, ਸਿੰਧੀ ਆਦਿ ਬੋਲੀਆਂ ਦੇ ਸ਼ਬਦ ਕਾਫੀ ਗਿਣਤੀ ਵਿੱਚ ਮਿਲਦੇ ਹਨ; ਕੁਝ ਆਪਣੇ ਸਗਵੇਂ (ਤਤਸਮ) ਰੂਪ ਵਿੱਚ ਅਤੇ ਕੁਝ ਬਦਲਵੇਂ (ਤਤਭਵ) ਰੂਪ ਵਿੱਚ।

ਗੁਰਬਾਣੀ ਦੇ ਸ਼ੁੱਧ ਉਚਾਰਣ ਨਾਲ ਹੇਠ ਲਿਖੇ ਤੱਥ ਸਿੱਧਾ ਸੰਬੰਧ ਰੱਖਦੇ ਹਨ:

(ੳ). ਸ਼ਬਦ-ਜੋੜਾਂ ਦੇ ਭੇਦ।

ਅੱਖਰਾਂ ਦਾ ਦੁੱਤ ਉਚਾਰਣ, (ਅੱਧਕ ਸਹਿਤ ਉਚਾਰਣ) ਅਤੇ ਹੋਰ ਲਗਾਖਰਾਂ ਦਾ ਧਿਆਨ।

ਦੂਜੀਆਂ ਬੋਲੀਆਂ ਦੇ ਅਪਣਾਏ ਗਏ ਸ਼ਬਦਾਂ ਦਾ ਉਚਾਰਣ।

ਗੁਰਬਾਣੀ ਵਿੱਚ ਆਏ ਪੈਰ-ਚਿੰਨ੍ਹਾਂ ਅਤੇ ‘ਯ’ ਅੱਖਰ ਦਾ ਉਚਾਰਣ।

(ਅ). ਗੁਰਬਾਣੀ-ਪਾਠ ਦੀ ਸਪੱਸ਼ਟਤਾ ਲਈ ਅਰਧ ਬਿਸਰਾਮ।

(ੳ). ਸ਼ਬਦਜੋੜਾਂ ਦੇ ਭੇਦ:-

ਗੁਰਬਾਣੀ ਵਿੱਚ ‘ਕਉ’ ਤੇ ‘ਨੋ’ ਅੱਖਰ ਦੀ ਵਰਤੋਂ ‘ਨੂੰ’ ਅੱਖਰ ਦੇ ਸੰਬੰਧ ’ਚ ਕੀਤੀ ਹੋਈ ਮਿਲਦੀ ਹੈ; ਜਿਵੇਂ :-

(1). ‘ਕਉ’ ਦੀ ਵਰਤੋਂ (‘ਨੂੰ’ ਦੇ ਪ੍ਰਥਾਏ) 1571 ਵਾਰ ਕੀਤੀ ਗਈ ਹੈ; ਜਿਵੇਂ ‘‘ਜਾ ਕਰਤਾ ਸਿਰਠੀ ਕਉ ਸਾਜੇ, ਆਪੇ ਜਾਣੈ ਸੋਈ ॥ (ਜਪੁ /ਮਹਲਾ ੧), ਤਿਸੁ ਊਚੇ ਕਉ, ਜਾਣੈ ਸੋਇ ॥ (ਜਪੁ /ਮਹਲਾ ੧), ਮੇਰੇ ਮੀਤ ਗੁਰਦੇਵ ! ਮੋ ਕਉ ਰਾਮ ਨਾਮੁ ਪਰਗਾਸਿ ॥’’ (ਮਹਲਾ ੪) ਆਦਿ।

(2). ‘ਨੋ’ ਸ਼ਬਦ ਦੀ ਵਰਤੋਂ (‘ਨੂੰ’ ਦੇ ਪ੍ਰਥਾਏ) 428 ਵਾਰ ਹੈ; ਜਿਵੇਂ ਕਿ ‘‘ਜਿਸ ਨੋ ਬਖਸੇ, ਸਿਫਤਿ ਸਾਲਾਹ ॥ (ਜਪੁ /ਮਹਲਾ ੧), ਜਿਸ ਨੋ ਕ੍ਰਿਪਾ ਕਰਹਿ, ਤਿਨਿ ਨਾਮ ਰਤਨੁ ਪਾਇਆ ॥ (ਮਹਲਾ ੪), ਸਤਿਗੁਰੁ ਮਨ ਕਾਮਨਾ ਤੀਰਥੁ ਹੈ, ਜਿਸ ਨੋ ਦੇਇ ਬੁਝਾਇ ॥ (ਮਹਲਾ ੩/੨੬), ਧਰਮ ਰਾਇ ਨੋ ਹੁਕਮੁ ਹੈ, ਬਹਿ ਸਚਾ ਧਰਮੁ ਬੀਚਾਰਿ ॥’’ (ਮਹਲਾ ੩/੩੮) ਆਦਿ।

ਗੁਰਬਾਣੀ ਵਿੱਚ ਅੰਕਿਤ ਇਕੋ ਲਿਖਤੀ ਰੂਪ ਬਹੁ ਅਰਥੀ ਵੀ ਹੁੰਦਾ ਹੈ ਜਿਸ ਦਾ ਭੇਦ, ਪਾਠਕ ਨੂੰ ਪਤਾ ਹੋਣਾ ਜਰੂਰੀ ਹੈ। ਜਿਵੇਂ ‘‘ਜਾਗਨਾ ਜਾਗਨੁ ਨੀਕਾ’’ (ਨੀਕਾ ਭਾਵ ਚੰਗਾ, ਪਰ) ‘‘ਨਾਨਕ ਮੁਕਤਿ ਦੁਆਰਾ ਅਤਿ ਨੀਕਾ’’ (ਨੀਕਾ ਭਾਵ ਛੋਟਾ), ਅਨਾਜੁ ਮਗਉ ਸਤ ਸੀ ਕਾ ॥   (ਸੀ ਕਾ = ਸੀਆਂ ਭਾਵ ਵਾਹਿਆ ਹੋਇਆ, ਪਰ)  ‘‘ਲਖਿਮੀ ਕੇਤਕ ਗਨੀ ਨ ਜਾਈਐ; ਗਨਿ ਨ ਸਕਉ ਸੀਕਾ॥’’ (ਸੀਕਾ ਭਾਵ ਸਿੱਕਾ)

(ਅ). ਅੱਖਰਾਂ ਦਾ ਦੁੱਤ ਉਚਾਰਣ (ਅੱਧਕ ਸਹਿਤ ਉਚਾਰਣ) ਅਤੇ ਹੋਰ ਲਗਾਖਰਾਂ ਦਾ ਧਿਆਨ :-

ਲਗਾਂ-ਮਾਤ੍ਰਾਵਾਂ ਤੋਂ ਇਲਾਵਾ ਲਗਾਖਰ (ਭਾਵ ‘ਅੱਧਕ, ਬਿੰਦੀ ਤੇ ਟਿੱਪੀ’) ਦਾ ਵੀ ਗੁਰਬਾਣੀ ਉਚਾਰਨ ਵਿੱਚ ਬਹੁਤ ਮਹੱਤਵ ਹੈ। ਇਨ੍ਹਾਂ ਵਿੱਚੋਂ ‘ਅੱਧਕ’ ਗੁਰਬਾਣੀ ਵਿੱਚ ਦਰਜ ਨਹੀਂ, ਜਿਸ (ਅੱਧਕ) ਦੇ ਬਦਲੇ, ਅਨਭਾਸ਼ਾ ਵਿੱਚ ਸ਼ਬਦ ਨੂੰ ਦੁੱਤ ਕਰਨ ਲਈ ‘ਦੋਹਰੇ ਅੱਖਰ’ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਹਿੰਦੀ ਵਿੱਚ ‘ਦਿੱਲੀ’ ਲਿਖਣ ਲਈ ਦੋਹਰੇ (ਡਬਲ) ‘ਲ’ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਪੰਜਾਬੀ ਵਿੱਚ ਲਿਖਤੀ ਰੂਪ ‘ਦਿੱਲੀ’ ਭਾਵ ‘ਅੱਧਕ’ ਲਗਾ ਕੇ ਹੀ (‘ਲ’ ਧੁਨੀ ਡਬਲ) ਹੁੰਦਾ ਹੈ। ਇਸ ਲਈ ਗੁਰਬਾਣੀ ਵਿੱਚ ਇਸ (ਅੱਧਕ) ਦਾ ਅਭਾਵ ਹੋਣ ਕਾਰਨ ਸ਼ਬਦ ਉਚਾਰਨ ਵਧੇਰੇ ਧਿਆਨ ਮੰਗਦਾ ਹੈ; ਜਿਵੇਂ ‘ਮਸੱਕਤਿ, ਦੁੱਖ, ਸੁੱਖ, ਮੁਸੱਲਾ, ਅਟੱਲ, ਮੁਸੱਲਿਮ’ ਆਦਿ; ਜਿਵੇਂ ‘‘ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥ (ਅੰਕ ੮), ਦੁਖੁ ਸੁਖੁ ਤੇਰੈ ਭਾਣੈ ਹੋਵੈ, ਕਿਸ ਥੈ ਜਾਇ ਰੂਆਈਐ॥ (ਅੰਕ ੪੧੮), ਫਰੀਦਾ! ਕੰਨਿ ਮੁਸਲਾ, ਸੂਫੁ ਗਲਿ; ਦਿਲਿ ਕਾਤੀ, ਗੁੜੁ ਵਾਤਿ॥ (ਅੰਕ ੧੩੮੦), ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ; ਅਰੁ ਨਿਰਭੈ ਪਦੁ ਪਾਇਆ॥ (ਅੰਕ ੬੩੨), ਹੋਇ ਮੁਸਲਿਮੁ, ਦੀਨ ਮੁਹਾਣੈ; ਮਰਣ ਜੀਵਣ ਕਾ ਭਰਮੁ ਚੁਕਾਵੈ॥ (ਅੰਕ ੧੪੧) ਆਦਿ।

ਗੁਰਬਾਣੀ ਵਿਚ ਸਾਨੂੰ ਇਹ ਵੀ ਸੰਕੇਤ ਮਿਲਦਾ ਹੈ, ਕਿ ਕਿਸੇ ਇੱਕ ਸ਼ਬਦ ਨੂੰ ਇੱਕ ਜਗ੍ਹਾ ਬਿੰਦੀ ਲੱਗੀ ਹੁੰਦੀ ਹੈ ਪਰ ਦੂਸਰੀ ਥਾਂ ਨਹੀਂ ਜਦਕਿ ਅਰਥ ਸਮਾਨ ਹੋਣ ਕਾਰਨ ਉਚਾਰਨ ਵੀ ਇੱਕੋ ਜਿਹਾ ਹੋਣਾ ਚਾਹੀਦਾ ਹੈ, ਜਿਨ੍ਹਾਂ ਵਿੱਚੋਂ ਹੇਠਾਂ ਅੰਡਰ ਲਾਇਨ ਕੀਤੇ ਸ਼ਬਦ ਵੰਨਗੀ ਮਾਤ੍ਰ ਦਿੱਤੇ ਗਏ ਹਨ :

(1). ਆਵਹੁ ਮਿਲਹੁ ਸਹੇਲੀਹੋ ! ਸਚੜਾ ਨਾਮੁ ਲਏਹਾਂ .. ਜੋ ਤਿਨਿ ਕਰਿ ਪਾਇਆ, ਸੁ ਆਗੈ ਆਇਆ; ਅਸੀ ਕਿ ਹੁਕਮੁ ਕਰੇਹਾ ॥ ਆਵਹੁ ਮਿਲਹੁ ਸਹੇਲੀਹੋ! ਸਚੜਾ ਨਾਮੁ ਲਏਹਾ

(2). ਮਰਣੁ ਮੁਣਸਾ ਸੂਰਿਆ ਹਕੁ ਹੈ, ਜੋ ਹੋਇ ਮਰਨਿ ਪਰਵਾਣੋ ॥ ਸੂਰੇ ਸੇਈ ਆਗੈ ਆਖੀਅਹਿ; ਦਰਗਹ ਪਾਵਹਿ ਸਾਚੀ ਮਾਣੋ ॥ .. ਊਚਾ ਨਹੀ ਕਹਣਾ, ਮਨ ਮਹਿ ਰਹਣਾ; ਆਪੇ ਜਾਣੈ ਜਾਣੋ ॥ ਮਰਣੁ ਮੁਣਸਾਂ ਸੂਰਿਆ ਹਕੁ ਹੈ; ਜੋ ਹੋਇ ਮਰਹਿ ਪਰਵਾਣੋ ॥ (ਮਹਲਾ ੧/੫੮੦)

(3). ‘ਸਾਂਈਂ’ (1 ਵਾਰ) ਤੇ ‘ਸਾਂਈ’ 22 ਵਾਰ (ਬਿੰਦੀ ਸਮੇਤ) ਗੁਰਬਾਣੀ ਵਿੱਚ ਦਰਜ ਹੈ; ਜਿਵੇਂ ‘‘ਸਾਂਈਂ ਮੇਰੈ ਚੰਗਾ ਕੀਤਾ, ਨਾਹੀ ਤ ਹੰ ਭੀ ਦਝਾਂ ਆਹਿ ॥ (ਬਾਬਾ ਫਰੀਦ/੧੩੭੮), ਤੂੰ ਕਰਤਾ ਸਚਿਆਰੁ, ਮੈਡਾ ਸਾਂਈ ॥ (ਮਹਲਾ ੪), ਜੋ ਸਿਰੁ ਸਾਂਈ ਨਾ ਨਿਵੈ, ਸੋ ਸਿਰੁ ਦੀਜੈ ਡਾਰਿ ॥ (ਮਹਲਾ ੨/੮੯), ਕਬੀਰ! ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ ॥’’ (ਭਗਤ ਕਬੀਰ/੧੩੭੪) ਆਦਿ, ਪਰ 71 ਵਾਰ ‘ਸਾਈ’ ਸ਼ਬਦ ਨੂੰ ਬਿੰਦੀ ਲਿਖਤ ਰੂਪ ’ਚ ਨਹੀਂ। ਜਿਸ ਦੇ ਦੋ ਅਰਥ ਬਣਦੇ ਹਨ:

(ੳ). ‘ਸਾਂਈਂ’ (ਭਾਵ ਮਾਲਕ, 53 ਵਾਰ); ਜਿਵੇਂ ‘‘ਸਾਈ ਨਾਮੁ ਅਮੋਲੁ, ਕੀਮ ਨ ਕੋਈ ਜਾਣਦੋ ॥ (ਮਹਲਾ ੫/੮੧), ਹਰਿ! ਤੁਧਹੁ ਬਾਹਰਿ ਕਿਛੁ ਨਾਹੀ, ਤੂੰ ਸਚਾ ਸਾਈ ॥ (ਮਹਲਾ ੪/੮੩), ਤੁਮ੍ਹ ਕਰਹੁ ਦਇਆ; ਮੇਰੇ ਸਾਈ ! ॥’’ ਆਦਿ।

(ਅ). ‘ਉਹੀ’ (ਇਸਤ੍ਰੀ ਲਿੰਗ, 18 ਵਾਰ); ਜਿਵੇਂ ‘‘ਜੋ ਤੁਧੁ ਭਾਵੈ; ਸਾਈ ਭਲੀ ਕਾਰ ॥ (ਜਪੁ /ਮਹਲਾ ੧), ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥ (ਮਹਲਾ ੧/੭੫), ਸਾਈ ਪੁਤ੍ਰੀ ਜਜਮਾਨ ਕੀ, ਸਾ ਤੇਰੀ; ਏਤੁ ਧਾਨਿ ਖਾਧੈ, ਤੇਰਾ ਜਨਮੁ ਗਇਆ ॥ (ਮਹਲਾ ੩/੪੩੫), ਜੋ ਤਿਸੁ ਭਾਵੈ ਨਾਨਕਾ! ਸਾਈ ਭਲੀ ਕਾਰ ॥’’ (ਮਹਲਾ ੨/੧੨੩੯), ਆਦਿ।

(4). ਗੁਰਬਾਣੀ ਵਿੱਚ ‘ਗਲੀ’ ਸ਼ਬਦ 29 ਵਾਰ ਦਰਜ ਹੈ, ਜਿਸ ਦੇ ਤਿੰਨ ਤਰ੍ਹਾਂ ਅਰਥ ਬਣਦੇ ਹਨ ‘ਗਲ ਵਿੱਚ’, ‘ਗੱਲਾਂ ਨਾਲ’ ਤੇ ‘ਘਰਾਂ ਵਿਚਕਾਰ ਬਣਿਆ ਤੰਗ ਰਸਤਾ’। ਇਨ੍ਹਾਂ ਅਲੱਗ-ਅਲੱਗ ਅਰਥਾਂ ਵਾਲੇ ਕਿਸ ਸ਼ਬਦ ਦਾ ਉਚਾਰਨ ਬਿੰਦੀ ਰਾਹੀਂ (ਨਾਸਿਕੀ) ਕਰਨਾ ਹੈ ਤੇ ਕਿਸ ਦਾ ਨਹੀਂ; ਇਹ ਬੋਧ ਵੀ ਗੁਰਬਾਣੀ ਵਿੱਚੋਂ ਹੀ ਮਿਲਦਾ ਹੈ ਭਾਵ 3 ਵਾਰ (ਬਿੰਦੀ ਸਮੇਤ) ਦਰਜ ਹੈ; ਜਿਵੇਂ ‘‘ਇਕਨ੍ਾ ਗਲੀਂ ਜੰਜੀਰ ਬੰਦਿ ਰਬਾਣੀਐ ॥ (ਮਹਲਾ ੧/੧੨੮੭), ਗਲਂੀ ਅਸੀ ਚੰਗੀਆ, ਆਚਾਰੀ ਬੁਰੀਆਹ ॥ (ਮਹਲਾ ੧/੮੫), ਫਰੀਦਾ ! ਗਲਂੀ ਸੁ ਸਜਣ ਵੀਹ, ਇਕੁ ਢੂੰਢੇਦੀ ਨ ਲਹਾਂ ॥’’ (ਬਾਬਾ ਫਰੀਦ/੧੩੮੨)

ਉਕਤ ਪੰਕਤੀਆਂ ਤੋਂ ਸਪਸ਼ਟ ਹੈ ਕਿ ਜਦ ‘ਗਲੀ’ ਸ਼ਬਦ ਦੇ ਅਰਥ ‘ਗਲਾਂ ਵਿੱਚ’ ਜਾਂ ‘ਗੱਲਾਂ ਨਾਲ’ ਹੁੰਦੇ ਹਨ ਤਾਂ ‘ਗਲੀ’ ਦਾ ਉਚਾਰਨ ‘ਗਲੀਂ ’ (ਬਿੰਦੀ ਸਹਿਤ) ਹੈ ਪਰ ਜਦ ‘ਗਲੀ’ ਦਾ ਅਰਥ ‘ਰਸਤਾ’ ਹੋਵੇ ਤਾਂ ਬਿੰਦੀ ਰਹਿਤ ਉਚਾਰਨ ਹੋਵੇਗਾ; ਜਿਵੇਂ 4 ਵਾਰ (ੳ). ‘‘ਮੇਰੋ ਸੁੰਦਰੁ ਕਹਹੁ; ਮਿਲੈ ਕਿਤੁ ਗਲੀ ॥ (ਮਹਲਾ ੪/੫੨੭), ਆਵਣੁ ਜਾਣੁ ਨ ਸੁਝਈ; ਭੀੜੀ ਗਲੀ ਫਹੀ ॥ (ਮਹਲਾ ੧/੯੫੩), ਖੰਡੇ ਧਾਰ, ਗਲੀ ਅਤਿ ਭੀੜੀ ॥ (ਮਹਲਾ ੧/੧੦੨੮), ਸਿਰੁ ਧਰਿ ਤਲੀ; ਗਲੀ ਮੇਰੀ ਆਉ ॥’’ (ਮਹਲਾ ੧/੧੪੧੨)

(ਅ). ‘ਗਲੀ’ ਭਾਵ ਗਲਾਂ ਵਿੱਚ (ਉਚਾਰਨ ‘ਗਲੀਂ ’); ਜਿਵੇਂ 3 ਵਾਰ ‘‘ਇਕਨ੍ਰਾ ਗਲੀ ਜੰਜੀਰੀਆ; ਇਕਿ ਤੁਰੀ ਚੜਹਿ ਬਿਸੀਆਰ ॥ (ਮਹਲਾ ੧/੪੭੫), ਗਲੀ ਜਿਨ੍ਰਾ ਜਪਮਾਲੀਆ; ਲੋਟੇ ਹਥਿ ਨਿਬਗ ॥ (ਭਗਤ ਕਬੀਰ/੪੭੬), ਨਾਨਕ ! ਅਉਗੁਣ ਜੇਤੜੇ; ਤੇਤੇ ਗਲੀ ਜੰਜੀਰ ॥’’ (ਮਹਲਾ ੧/੫੯੫)

(ੲ). ‘ਗਲੀ’ ਭਾਵ ਨਿਰੀਆਂ ਗੱਲਾਂ ਨਾਲ (ਉਚਾਰਨ ‘ਗਲੀਂ ’); ਜਿਵੇਂ 15 ਵਾਰ ‘‘ਗਲੀ ਭਿਸਤਿ ਨ ਜਾਈਐ; ਛੁਟੈ ਸਚੁ ਕਮਾਇ ॥ (ਮਹਲਾ ੧/੧੪੧), ਭੁਖਿਆ ਭੁਖ ਨ ਉਤਰੈ; ਗਲੀ ਭੁਖ ਨ ਜਾਇ ॥ (ਮਹਲਾ ੨/੧੪੭), ਗਲੀ ਹਉ ਸੋਹਾਗਣਿ ਭੈਣੇ ! ਕੰਤੁ ਨ ਕਬਹੂੰ ਮੈ ਮਿਲਿਆ ॥’’ (ਮਹਲਾ ੧/੪੩੩) ਆਦਿ।

(5). ਗੁਰਬਾਣੀ ’ਚ ‘ਗਲਾ’ (ਬਿੰਦੀ ਰਹਿਤ) ਸ਼ਬਦ 29 ਵਾਰ ਹੈ, ਜਿਸ ਦੇ ਦੋ ਅਰਥ ਹਨ (ੳ). ਗੱਲਾਂ-ਬਾਤਾਂ (ਅ). ਗਰਦਨ

ਗੁਰਬਾਣੀ ਵਿੱਚ 3 ਵਾਰ ‘ਗਲਾਂ’ (ਬਿੰਦੀ ਸਹਿਤ) ਵੀ ਦਰਜ ਹੈ; ਜਿਵੇਂ ‘‘ਹੋਰਿ ਗਲਾਂ ਸਭਿ ਕੂੜੀਆ; ਤੁਧੁ ਭਾਵੈ ਪਰਵਾਣੁ ॥ (ਮਹਲਾ ੧/੧੬), ਨਾਨਕੁ ਆਖੈ ਰਾਹੁ ਏਹੁ; ਹੋਰਿ ਗਲਾਂ ਸੈਤਾਨੁ ॥ (ਮਹਲਾ ੧/੧੨੪੫), ਗਲਾਂ ਕਰੇ ਘਣੇਰੀਆ; ਤਾਂ ਅੰਨ੍ਰੇ ਪਵਣਾ ਖਾਤੀ ਟੋਵੈ ॥’’ (ਮਹਲਾ ੧/੧੪੧੨)

ਉਪਰੋਕਤ ਪੰਕਤੀਆਂ ਤੋਂ ਸਪਸ਼ਟ ਹੈ ਕਿ ਜਿੱਥੇ ‘ਗਲਾ’ ਸ਼ਬਦ ਦੇ ਅਰਥ ‘ਗੱਲਾਂ-ਬਾਤਾਂ’ ਹਨ ਉੱਥੇ ਬਿੰਦੀ (ਨਾਸਕੀ) ਉਚਾਰਨ ‘ਗੱਲਾਂ’ ਹੈ, ਪਰ ਜਦ ਇਸ ਦੇ ਅਰਥ ‘ਗਰਦਨ’ ਭਾਵ ‘ਗਲ’ ਹਨ ਉੱਥੇ ਉਚਾਰਨ ‘ਬਿੰਦੀ ਰਹਿਤ’ (ਗਲਾ) ਭਾਵ ਮੂਲ ਪਾਠ ਅਨੁਸਾਰ ਹੀ ਉਚਾਰਨ ਹੋਵੇਗਾ; ਜਿਵੇਂ

(ੳ). ‘ਗਲਾ’ ਭਾਵ ‘ਗਰਦਨ’; ਉਚਾਰਨ ‘ਗਲਾ’ (ਬਿੰਦੀ ਰਹਿਤ), 2 ਵਾਰ ਦਰਜ ਹੈ :

ਗਲਾ ਬਾਂਧਿ; ਦੁਹਿ ਲੇਇ ਅਹੀਰੁ ॥ (ਭਗਤ ਨਾਮਦੇਵ/੧੨੫੨) ਭਾਵ ਵੱਛੇ ਦਾ ਗਲਾ ਬੰਨ੍ਹ ਕੇ ਗੁੱਜਰ ਗਾਂ ਨੂੰ ਚੋ ਲੈਂਦਾ ਹੈ।

ਹੇਰਾ (ਮਾਸ ਤੇ) ਰੋਟੀ ਕਾਰਨੇ; ਗਲਾ ਕਟਾਵੈ ਕਉਨੁ ॥ (ਭਗਤ ਕਬੀਰ/੧੩੭੪)

(ਅ). ‘ਗਲਾ’ ਭਾਵ ‘ਕੇਵਲ ਗੱਲਾਂ ਵਾਲੇ’; ਉਚਾਰਨ ‘ਗੱਲਾਂ’ (ਬਿੰਦੀ ਰਹਿਤ); ਜਿਵੇਂ 26 ਵਾਰ ‘‘ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ॥ (ਜਪੁ /ਮਹਲਾ ੧), ਤਾ ਕੀਆ ਗਲਾ; ਕਥੀਆ ਨਾ ਜਾਹਿ ॥ (ਜਪੁ /ਮਹਲਾ ੧), ਗਲਾ ਕਰੇ ਘਣੇਰੀਆ; ਖਸਮ ਨ ਪਾਏ ਸਾਦੁ ॥ (ਮਹਲਾ ੨/੪੭੪), ਨਾਨਕ ! ਗਲਾ ਝੂਠੀਆ; ਸਚਾ ਨਾਮੁ ਸਮਾਲਿ ॥’’ (ਮਹਲਾ ੩/੧੦੮੯) ਆਦਿ।

ਦੂਜੀਆਂ ਬੋਲੀਆਂ ਦੇ ਅਪਣਾਏ ਗਏ ਸ਼ਬਦਾਂ ਦਾ ਉਚਾਰਣ :

ਗੁਰਬਾਣੀ ਵਿੱਚ ਪੰਜਾਬੀ ਬੋਲੀ ਤੋਂ ਛੁਟ ਸੰਸਕ੍ਰਿਤ, ਅਰਬੀ, ਫਾਰਸੀ, ਬ੍ਰਿਜ, ਗੁਜਰਾਤੀ, ਮਾਰਵਾੜੀ, ਮਰਾਠੀ, ਸਿੰਧੀ ਆਦਿ ਬੋਲੀਆਂ ਦੇ ਸ਼ਬਦ ਕਾਫ਼ੀ ਮਾਤਰਾ ’ਚ ਹਨ; ਕੁਝ ਆਪਣੇ ਸਗਵੇਂ (ਤਤਸਮ) ਰੂਪ ਵਿੱਚ ਅਤੇ ਕੁਝ ਬਦਲਵੇਂ (ਤਤਭਵ) ਰੂਪ ਵਿੱਚ, ਜੋ ਉਚਾਰਨ ਸਮੇਂ ਖ਼ਾਸ ਧਿਆਨ ਮੰਗਦੇ ਹਨ; ਜਿਵੇਂ

(1). ਬਲਵੰਡ ਖੀਵੀ ਨੇਕ ‘ਜਨ’; ਜਿਸੁ ਬਹੁਤੀ ਛਾਉ ਪਤ੍ਰਾਲੀ ॥ (ਬਲਵੰਡ ਸਤਾ/੯੬੭) (‘ਜ਼ਨ’ ਭਾਵ ਇਸਤ੍ਰੀ)

(2). ਹਰਿ ‘ਜਨ’ ਕੇ ਵਡ ਭਾਗ ਵਡੇਰੇ  (ਅੰਕ ੧੦) (‘ਜਨ’ ਭਾਵ ਸੇਵਕ)

ਇਸੇ ਤਰ੍ਹਾਂ ਪੈਦਾਇਸਿ, ਸੇਰ, ਸਾਇਰੁ, ਗੋਸ ਆਦਿ ਪੈਰ ’ਚ ਬਿੰਦੀ ਸਮੇਤ ਉਚਾਰਨ ਕਰਨ ਨਾਲ਼ ਸਹੀ ਅਰਥ ਸਪਸ਼ਟ ਹੋਣਗੇ।

ਗੁਰਬਾਣੀ ਵਿੱਚ ਆਏ ਪੈਰਚਿੰਨ੍ਹਾਂ ਅਤੇਅੱਖਰ ਦਾ ਉਚਾਰਣ :

ਗੁਰਬਾਣੀ ਵਿੱਚ ਕਈ ਅੱਖਰਾਂ ਦੇ ਹੇਠ ਉਦਾਤ ਚਿੰਨ੍ਹ ਹਲੰਤ ( ੍ ), ਹ ਚਿੰਨ੍ਹ ( ੍ਹ ) ਅਤੇ ਯਕਸ਼ ਚਿੰਨ੍ਹ (ਯ੍) ਲੱਗੇ ਹਨ, ਜਿਨ੍ਹਾਂ ਦਾ ਸ਼ਬਦ ਦੇ ਉਚਾਰਨ ’ਚ ਬਹੁਤ ਮਹੱਤਵ ਹੈ; ਜਿਵੇਂ (੧). ਗੁਣ ਰਾਸਿ ਬੰਨਿ੍ ਪਲੈ ਆਨੀ ॥ (ਅੰਕ ੩੭੨)

(੨). ‘ਨ੍ਾਤੀ’ ਧੋਤੀ ਸੰਬਹੀ, ਸੁਤੀ ਆਇ ਨਚਿੰਦੁ ॥ (ਅੰਕ ੧੩੭੯) (ਜਾਂ) ਇਕੁ ਲਖੁ ਪੂਤ, ਸਵਾ ਲਖੁ ‘ਨਾਤੀ’॥ (ਅੰਕ ੪੮੧)

ਇਸੇ ਤਰ੍ਹਾਂ ਯਕਸ਼ ਚਿੰਨ੍ਹ ਜੋ ਕਿ ਅੱਧੇ ਯੱਯੇ ਦੇ ਉਚਾਰਨ ਦਾ ਕੰਮ ਕਰਦਾ ਹੈ। ਗੁਰਬਾਣੀ ਵਿੱਚ ਇਸ ਦੀ ਵਰਤੋਂ ਕੀਤੀ ਗਈ ਹੈ; ਜਿਸ ਦਾ ਉਚਾਰਨ ਸਿੱਖਣ ਲਈ ਯੋਗ ਪਾਠੀ ਸਿੰਘ ਕੋਲੋਂ ਸੰਥਿਆ ਲੈਣੀ ਜ਼ਰੂਰੀ ਹੈ; ਜਿਵੇਂ:

       ਸ਼ਬਦ                  ਉਚਾਰਨ          

‘ਸੁਧਾਖ੍ਹਰ’; ਉਚਾਰਨ ‘ਸ਼ੁਧਾਖਿਅਰ’; ਜਿਵੇਂ  ‘‘ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਹਰ॥’’

‘ਆਖ੍ਹਰ’; ਉਚਾਰਨ ‘ਆਖਿਅਰ’; ਜਿਵੇਂ ‘‘ਕੀਨੇ ਰਾਮ ਨਾਮ ਇਕ ਆਖ੍ਹਰ ॥’’

‘ਲਬਧ੍ਹਿੰ’; ਉਚਾਰਨ ‘ਲਬਧਿਅੰ’ ; ਜਿਵੇਂ ‘‘ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧ੍ਹਿੰ ਸਾਧਸੰਗਿ ਕ੍ਰਿਪਾ ਪ੍ਰਭੰ॥’’

‘ਲਿਪ੍ਹਤੇ’; ਉਚਾਰਨ ‘ਲਿਪਿਅਤੇ’; ਜਿਵੇਂ ‘‘ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਹਤੇ ॥’’ ਆਦਿ।

ਯਾਦ ਰਹੇ ਕਿ ‘ਯ’ ਅੱਖਰ ਦੇ ਉਚਾਰਨ ਢੰਗ ਨਵੇਕਲੇ ਹੋਣ ਕਾਰਨ ਸਿੱਖਣ ਦੀ ਜਰੂਰਤ ਹੈ ਜਿਵੇ ‘‘ਨੀਚ ਕੁਲਾ ਜੋਲਾਹਰਾ; ਭਇਓ ‘ਗੁਨੀਯ’ ਗਹੀਰਾ॥’’ (ਅੰਕ ੪੮੭) (ਗੁਨੀਯ ਉਚਾਰਨ ਗੁਨੀਅ)

‘‘ਜਿਹ ਕਾਟੀ ਸਿਲਕ ‘ਦਯਾਲ’ ਪ੍ਰਭਿ; ਸੇਇ ਜਨ ਲਗੇ ਭਗਤੇ॥’’ (ਅੰਕ ੧੩੮੬) (ਦਯਾਲ ਉਚਾਰਨ ਦਇਆਲ)

ਗੁਣ ਗਾਵਹਿ ‘ਪਾਯਾਲਿ’; ਭਗਤ ਨਾਗਾਦਿ ‘ਭੁਯੰਗਮ’॥ (ਅੰਕ ੧੩੯੦) (ਪਾਯਾਲਿ ਉਚਾਰਨ ਪਾਇਆਲ) ਆਦਿ।

ਗੁਰਬਾਣੀਪਾਠ ਦੀ ਸਪੱਸ਼ਟਤਾ ਲਈ ਅਰਧ ਬਿਸਰਾਮ :

ਅਰਥ ਦੀ ਸਪੱਸ਼ਟਤਾ ਲਈ ਯੋਗ ਥਾਂ ’ਤੇ ਵਿਸਰਾਮ ਦੇਣਾ ਜ਼ਰੂਰੀ ਹੈ। ਗ਼ਲਤ ਥਾਂ ’ਤੇ ਦਿੱਤਾ ਅਰਧ ਵਿਸਰਾਮ, ਦੋਹੇ ਉਪਵਾਕਾਂ ਦੇ ਭਾਵਾਰਥ ਬਦਲ ਦਿੰਦਾ ਹੈ; ਜਿਵੇ ‘‘ਨਾਨਕ ! ਕੂੜੁ ਰਹਿਆ ਭਰਪੂਰਿ॥’’ ਵਾਕ ਨੂੰ ‘‘ਨਾਨਕ ਕੂੜੁ; ਰਹਿਆ ਭਰਪੂਰਿ॥’’ ਪੜ੍ਹਨ ਨਾਲ ਭਾਵਾਰਥ ਬਦਲ ਜਾਣਗੇ)

ਹਰਣਾਖਸੁ ਦੁਸਟੁ; ਹਰਿ ਮਾਰਿਆ  (‘ਦੁਸਟੁ ਹਰਿ’ ਇਕੱਠਾ ਕੀਤਾ ਗਿਆ ਪਾਠ ਅਸ਼ੁੱਧ ਹੋਵੇਗਾ।)

ਗੁਰੁ ਅਰਜੁਨ, ਘਰਿ ਗੁਰ ਰਾਮਦਾਸ; ਭਗਤ ਉਤਰਿ ਆਯਉ॥ (‘ਘਰਿ’ ਤੋਂ ਬਾਅਦ ਦਿੱਤਾ ਗਿਆ ਵਿਸਰਾਮ ਅਗਿਆਨਤਾ ਦੀ ਨਿਸ਼ਾਨੀ ਹੈ।)।

ਵਿਣੁ ਸਚੇ; ਦਰਬਾਰੁ, ਕੂੜਿ ਨ ਪਾਈਐ॥ (‘ਸਚੇ’ ਅਤੇ ‘ਦਰਬਾਰੁ’ ਦੋਹਾਂ ਸਬਦਾਂ ਤੋਂ ਬਾਅਦ ਦਿੱਤਾ ਗਿਆ ਵਿਸਰਾਮ ਹੀ ਦਰੁਸਤ ਹੋਵੇਗਾ।) ਆਦਿ।

ਉਪਰੋਕਤ ਵੀਚਾਰੇ ਗਏ ਕੁਝ ਕੁ ਨੁਕਤਿਆਂ ਤੋਂ ਸਪਸ਼ਟ ਹੁੰਦਾ ਹੈ ਕਿ ਗੁਰਬਾਣੀ ਭਾਸ਼ਾ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ਸ਼ ਕੀਤੀ ਗਈ ਉਪਰੋਕਤ ਸਮੁੱਚੀ ਸੇਧ ਤੋਂ ਜੇਕਰ ਅਸੀਂ ਸਮੇਂ ਅਨੁਸਾਰ ਉਚਿਤ ਅਗਵਾਈ ਲੈਣ ਦੀ ਬਜਾਏ ‘ਗੁਰਬਾਣੀ’ ਦੇ ਹੀ ਗ਼ਲਤ (ਮਨਮਤੀ) ਅਰਥ ਕੱਢਦਿਆਂ ਇਹੀ ਕਹੀ ਜਾਈਏ ਕਿ ‘‘ਅਖਰ ਲਿਖੇ ਸੇਈ ਗਾਵਾ; ਅਵਰ ਨ ਜਾਣਾ ਬਾਣੀ ॥’’ (ਮਹਲਾ ੧/੧੧੭੧) ਤਾਂ ਅਸੀਂ ਜਿੱਥੇ ਆਪਣਾ ਕੌਮੀ ਨੁਕਸਾਨ ਕਰਾਂਗੇ ਜਾਂ ਕਰ ਵੀ ਰਹੇ ਹਾਂ ਉੱਥੇ ‘ਗੁਰਬਾਣੀ ਸਿਧਾਂਤ’ ਰਾਹੀਂ ਸਮੂਹ ਮਾਨਵਤਾ ਨੂੰ ਦਿੱਤੇ ਗਏ ਕਲਿਆਣਕਾਰੀ ਉਪਦੇਸ਼ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ॥’’ (ਅੰਕ ੭੪੭) ਨੂੰ ਵੀ ਸੀਮਤ ਕਰ ਬੈਠਾਂਗੇ।

ਭਾਈ ਵੀਰ ਸਿੰਘ ਜੀ ਦਾ ਵਿਵਾਹ ਪ੍ਰਤੀ ਦ੍ਰਿਸ਼ਟੀਕੋਣ

0

ਭਾਈ ਵੀਰ ਸਿੰਘ ਜੀ ਦਾ ਵਿਵਾਹ ਪ੍ਰਤੀ ਦ੍ਰਿਸ਼ਟੀਕੋਣ

ਨਿਰਵੈਰ ਸਿੰਘ ‘ਅਰਸ਼ੀ’ ਸਾਬਕਾ ਡਾਇਰੈਕਟਰ ਡਾ: ਬਲਬੀਰ ਸਿੰਘ ਸਾਹਿਤ ਕੇਂਦਰ

ਵਿਵਾਹ ਇਕ ਪ੍ਰਵਿਰਤੀ ਕਰਮ ਹੈ, ਇਸ ਨਾਲ ਗ੍ਰਹਿਸਤ ਪ੍ਰਵੇਸ਼ ਹੁੰਦਾ ਹੈ। ਪੁਰਾਣਾ ਤਰੀਕਾ ਪਰਮਾਰਥ ਦਾ ਸੀ ਕਿ ਪ੍ਰਵਿਰਤੀ ਛੱਡ ਕੇ ਨਿਰਵਿਰਤੀ ਵਿੱਚ ਜਾਣਾ, ਗ੍ਰਹਿਸਤ ਛੱਡ ਕੇ ਉਪ੍ਰਾਮ ਤੇ ਅਤੀਤ ਹੋ ਜਾਣਾ। ਸ੍ਰੀ ਗੁਰੂ ਰਾਮਦਾਸ ਜੀ ਨੇ ਸੂਹੀ ਰਾਗ ਵਿੱਚ ਰਚੀਆਂ ਲਾਵਾਂ ਵਿੱਚ ਦੱਸਿਆ ਹੈ ਕਿ ਪ੍ਰਵਿਰਤੀ ਕਰਮ ਗ੍ਰਹਿਸਤ ਹੈ, ਇਸੇ ਵਿੱਚ ਰਹੋ, ਪਰ ਵਾਹਿਗੁਰੂ ਨੂੰ ਨਾ ਭੁੱਲੋ, ਉਸ ਨੂੰ ਯਾਦ ਰੱਗੋ, ਪਰ ਜਗਤ ਨਾਲ ਸਹਿਤ ਬੈਰਾਗ ਰੱਗੋ। ਇਸ ਤਰ੍ਹਾਂ ਜੋ ਜੀਵ ਕਰੇਗਾ, ਉਸ ਦਾ ਕਲਿਆਣ ਹੋਵੇਗਾ।’’ ‘‘ਵਿਵਾਹ ਦੀ ਮਰਯਾਦਾ ਦਾ ਸਮਝਣਾ ਸੰਸਾਰ ਦੇ ਮੁਸ਼ਕਿਲ ਮਸਲਿਆਂ ਵਿੱਚੋਂ ਇੱਕ ਹੈ। ਸਿੱਖ ਮਜ਼ਹਬ ਨੇ ਜੋ ਜੀਵਨ ਦੇ ਹਰ ਪਹਿਲੂ ਨੂੰ ਆਲ੍ਹਾ ਤੋਂ ਆਲ੍ਹਾ ਵਿਚਾਰ ਵਿੱਚ ਪ੍ਰਗਟ ਕੀਤਾ ਹੈ, ਇਸ ਵਿਵਾਹ ਨੂੰ ਵੀ ਉਸੇ ਉੱਚੇ ਭਾਵ ਨਾਲ ਦੇਖਿਆ ਹੈ ਕਿ ਜਿਸ ਲਈ ਜੀਵ ਦਾ ਆਪਣਾ ਆਪ ਆਪਣੇ ਆਪੇ ਵਿੱਚ ਆ ਕੇ ਲਿਸ਼ਕਦਾ ਹੈ, ਅਰ ਆਪਣੇ ਸਿਰਜਣਹਾਰ ਦੀ ਪ੍ਰਾਪਤੀ ਦੇ ਮੰਡਲ ਵਿੱਚ ਕਦਮ ਰੱਖ ਦੇਂਦਾ ਹੈ।’’ ਗੁਰਬਾਣੀ ਦੇ ਮਹਾਂਵਾਕ ‘‘ਏਕ ਜੋਤਿ ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮਹਲਾ ੩/੭੮੮) ਅਤੇ ਇਸ ਤੋਂ ਅਗਲੀ ਮੰਜ਼ਿਲ ‘‘ਠਾਕੁਰੁ ਏਕੁ; ਸਬਾਈ ਨਾਰਿ ॥’’ (ਮਹਲਾ ੧/੯੩੩) ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਫ਼ੁਰਮਾਦੇ ਹਨ : ‘ਧਨ ਪਿਰ ਵੱਖੋ ਵੱਖ ਹਨ ਦੋ ਮੂਰਤਾਂ, ਇਕ ਜੋਤ ਹੋ ਜਾਣ ਨਾਲ ਪਰੇਮ ਦੇ। ਜਾਂ ਦੋ ਇਕ ਹੋ ਜਾਣ ਤਾਂ ਬਣ ਜਾਂਵਦੀ ਰੂਹਾਨੀ ਹੈ ਨਾਰ-ਆਤਮ ਰੂਪ ਓ, ਉਸ ਦਾ ਫਿਰ ਸੰਜੋਗ ਸਾਈਂ ਨਾਲ ਹੋ। ਇਕੋ ਪੁਰਖ ਅਕਾਲ ਹੈ ਪਰਮਾਤਮਾ, ਹੋਰ ਆਤਮਾ ਸਭ ਜਾਣੋਂ ਨਾਰੀਆਂ। ‘ਆਤਮ’ ਜਾਂ ਕਹੁ ‘ਰੂਹ’ ਨਾਲ ਪਰੇਮ ਏ ਪਰਮਾਤਮ ਦੇ ਨਾਲ ਮਿਲਦੀਆਂ ਆ ਸਭੇ। ਭਾਈ ਸਾਹਿਬ ਅਨੁਸਾਰ ਗ੍ਰਹਿਸਤ ਧਾਰਨਾ ਕੋਈ ਸਾਧਾਰਨ ਗੱਲ ਨਹੀਂ, ਇਹ ਵੀ ਬੜਾ ਕਠਿਨ ਰਾਹ ਹੈ। ਮੰਜ਼ਿਲੇ-ਮਕਸੂਦ ਉੱਤੇ ਅੱਪੜਨ ਲਈ ਭਾਰੀ ਤਰੱਦਦ ਕਰਨੇ ਪੈਂਦੇ ਹਨ : ‘‘ਬਣਾਂ ਵਿਚ ਜਾ ਕੇ, ਛੇਤ੍ਰਹੀਨ (ਜਿਥੇ ਦਾਨੀਆਂ ਦੇ ਅੰਨ ਛੇਤ੍ਰ ਨਾ ਲੱਗੇ ਹੋਣ) ਤੀਰਥਾਂ ਤੇ ਬੈਠ ਕੇ, ਨਿਰਜਨ ਝਾੜੀਆਂ ਵਿਚ ਡੇਰੇ ਲਾ ਕੇ ਭਜਨ ਕਰਨਾ ਔਗਾ ਹੈ, ਸੰਨਿਆਸੀ ਹੋ ਕੇ ਘਰ ਬਾਰ ਛੱਡਣੇ ਬੜੇ ਕਠਨ ਹਨ, ਪਰ ਗੁਰੂ ਬਾਬੇ ਨੇ, ਜੋ ਗ੍ਰਹਿਸਤ ਵਿਚ ਰਹਿ ਕੇ ਪਾਣੀ ਵਿਚ ਕੰਵਲ ਸਮਾਨ ਉਦਾਸ ਰਹਿਣ ਦੀ ਆਗਿਆ ਬਖ਼ਸ਼ੀ ਹੈ, ਉਹ ਪਾਲਣੀ ਉਹਨਾਂ ਤੋਂ ਵੀ ਕਠਿਨ ਹੈ। ਬਣ ਵਿਚ ਮਨ ਉਕਤਾ ਕੇ ਮਨੁੱਖ ਦਾ ਸੰਗ ਲੋਚਦਾ ਹੈ ਤੇ ਜੇ ਮਨ ਨੂੰ ਇਸ ਗੱਲੋਂ ਹੋੜ੍ਹ ਲਈਏ, ਤਾਂ ਇਸ ਹੋੜ੍ਹਨ ਦੀ ਹੀ ਵੱਡੀ ਖੇਚਲ ਹੈ। ਪਰ ਜਲ ਵਿਚ ਖਿੜੇ ਕੰਵਲ ਵਾਂਗੂੰ ਜੇ ਕਿਸੇ ਗ੍ਰਹਿਸਤੀ ਨੂੰ ਨਾਮ ਅਭਿਆਸ ਨਾਲ ਅਲਪਤਾ ਪ੍ਰਾਪਤ ਹੋ ਗਈ ਹੈ ਤਾਂ ਉਸ ਦੇ ਦੁਆਲੇ ਪੈ ਰਹੀ ‘ਲਹਿਰ ਪਛਾੜ’ ਡਾਢੀ ਬੁਰੀ ਸ਼ੈ ਹੈ। ਕੁਸੰਗ ਦੇ ਘੇਰੇ ਵਿਚ ਰਹਿ ਕੇ ਆਪਾ ਸੁਆਰਨਾ, ਹਾਂ, ਨਾ ਕੇਵਲ ਆਪਾ ਸੁਆਰਨਾ ਸਗੋਂ ਸਾਕਾਂ ਮਿੱਤਰਾਂ ਦੇ ਨਾ ਟੁਟ ਸਕਣ ਵਾਲੇ ਸਬੰਧਾਂ ਵਿਚ ਸਭ ਨਾਲ ਨੇਕੀ ਵਰਤਣਾ ਤੇ ਵਰਤਣਾ ਦੁਜਾਇਗੀ ਵਾਲਿਆਂ ਨਾਲ ਦੁਜਾਇਗੀ ਛੱਡ ਕੇ, ਵਰਤਣਾ ਪਾਪ ਰਹਿਤ ਤਰੀਕੇ ਨਾਲ ਉਹਨਾਂ ਲੋਕਾਂ ਨਾਲ ਕਿ ਜਿਨ੍ਹਾਂ ਨੂੰ ਝੂਠ, ਕੁਸੱਤ, ਫਰੇਬ ਤੋਂ ਕਿਸੇ ਰੋਕਥਾਮ ਨਹੀਂ, ਕਿਤੇ ਸ਼ਰਮ ਨਹੀਂ ਤੇ ਜਿਨ੍ਹਾਂ ਦਾ ਕੋਈ ਅਸੂਲ ਨਹੀਂ, ਸੌਖਾ ਨਹੀਂ ਹੈ। ਗ੍ਰਹਿਸਤੀ ਨੂੰ ਰਾਜਾ ਤੇ ਰਾਜਾ ਦੇ ਦੂਤਾਂ ਦੇ ਮੱਲੋ ਮੱਲੀ ਦੇ ਝੇੜੇ ਗਲੇ ਆ ਪੈਂਦੇ ਹਨ। ਹਾਂ, ਆਪ ਕਮਾਉਣ ਦੀ ਤਰੱਦਦ ਤੇ ਮਿਹਨਤਾਂ, ਬਾਲ ਬੱਚੇ, ਇਸਤਰੀ, ਮਾਤਾ ਪਿਤਾ, ਸਭ ਦੇ ਫਰਜ਼, ਬਿਮਾਰੀਆਂ ਤੇ ਬੀਮਾਰਦਾਰੀਆਂ, ਮੌਤਾਂ ਅਤੇ ਮਰ ਗਿਆਂ ਤੋਂ ਵਿਛੁੜਿਆਂ ਦੀਆਂ ਦਿਲਦਾਰੀਆਂ, ਗ੍ਰਹਿਸਤ ਵਿਚ ਰਹਿ ਕੇ ਕੌਣ ਹੈ ਜੋ ਇਹਨਾਂ ਲਹਿਰ ਪਛਾੜਾਂ ਤੋਂ ਵਿਰਵਾ ਰਹਿ ਸਕਦਾ ਹੈ ?… ਇਉਂ ਗ੍ਰਹਿਸਤ-ਉਦਾਸੀ ਦਾ ਮਾਰਗ ਬਹੁਤ ਕਠਨ ਹੈ। ਉਧਰ ਬਣ ਵਿਚ ਰਹਿ ਕੇ ਬਣਵਾਸੀ ਸਾਧੂ ਨੇ ‘ਲਹਿਰ-ਪਛਾੜ’ ਕਿਸ ਦੀ ਝੱਲਣੀ ਹੈ ? ਇਹ ਆਪਣੇ ਮਨ ਦੀ, ਇਕ ਭੁੱਖ ਤਰੇਹ ਪਾਲੇ ਦੀ, ਤੇ ਸਭ ਤੋਂ ਵੱਡੀ ਮਨੁੱਖ ਦੇ ਦਰਸ਼ਨ ਤੋਂ ਵਿਰਵੇ ਹੋਣ ਦੀ, ਜੋ ਬੜੀ ਹੀ ਕਠਨ ਗੱਲ ਹੈ। ਪਰ ਇਹਨਾਂ ਸਭਨਾਂ ਮੁਸ਼ਕਲਾਂ ਦਾ ਲੰਮਾਉ ਚੁੜਾਉ ਆਪੇ ਤੇ ਹੀ ਮੁੱਕ ਜਾਂਦਾ ਹੈ। ਉਥੇ ਉਪਕਾਰ ਕਿਸ ’ਤੇ ਕਰਨਾ ਹੈ ਤੇ ਰੋਸ ਕਿਸ ਦੇ ਝੱਲਣੇ ਹਨ ? ਪਰ ਗ੍ਰਹਿਸਤ ਵਿਚ ਜੋ ਨਾਮੀ ਪੁਰਖ ਬੈਠਾ ਹੈ, ਉਹ ਪਰਵਾਰ ਦੀ ਬਿਮਾਰੀ ਵੇਲੇ ਕਿਥੇ ਭੱਜੇਗਾ ? ਘਰ ਵਿਚ ਕਿਸੇ ਸਬੰਧੀ ਦੇ ਵਿਧਵਾ ਜਾਂ ਮਹਿੱਟਰ ਹੋਣ ਸਮੇਂ ਕੀਕੂ ਆਪ ਰੋਟੀ ਖਾਵੇਗਾ ਤੇ ਉਹਨਾਂ ਨੂੰ ਭੁੱਖਾ ਦੇਖ ਸਕੇਗਾ ? ਇਸ ਨੂੰ ਜ਼ਰੂਰ ਸੇਵਾ ਤੇ ਉਪਕਾਰ ਦੇ ਵੇਲੇ ਆਉਣਗੇ। ਇਸ ਦੇ ਮਨ ਨੇ ਦੁਜਾਇਗੀ ਤੋਂ ਰਹਿਤ ਹੋਣਾ ਹੈ, ਪਰ ਪੀੜਾ ਹਰਨਾ ਇਸ ਦਾ ਇਕ ਸੁਭਾਵ ਹੋਣਾ ਹੈ। ਹਉਂ ਨਾਲ, ਦਿਖਾਵੇ ਨਾਲ ਇਸ ਨੇ ਕੁਛ ਨਹੀਂ ਕਰਨਾ। ਇਸ ਨੇ ਉੱਚੇ ਅਸੂਲਾਂ ਤੇ ਖੜੋ ਕੇ, ਆਪਾ ਨਿਵਾਰ ਕੇ, ਨੇਕੀ ਕਰਨੀ ਹੈ, ਇਸ ਨੇਕੀ ਦੇ ਵਕਤ ਧਨ, ਬਲ, ਮਨ, ਬੁੱਧੀ-ਸਾਰੇ ਤੇ ਵਗਾਰ ਪਾਉਣੀ ਹੈ। ਗ੍ਰਹਿਸਤੀ ਨਾਮ ਵਾਲੇ ਨੇ ਨਿੰਦਾ-ਉਸਤਤਿ ਝੱਲਣੀ ਹੈ, ਸਖ਼ਤੀਆਂ, ਜ਼ੁਲਮ ਤੇ ਅਨਿਆਏ ਸਹਾਰਨੇ ਹਨ। ਅਰਥਾਤ ਗ੍ਰਹਿਸਤੀ ਨਾਮ-ਪ੍ਰੇਮੀ ਨਾਲ ਆਪੇ ਤੇ ਟਿਕਣਾ ਤੇ ਫੇਰ ਇਸ ਲਹਿਰ-ਪਛਾੜ ਨਾਲ ਆਪ ਨੂੰ ਟੁੱਟਣ ਨਹੀਂ ਦੇਣਾ। ਇਹੋ ਹੁਕਮ ਹੈ। ਇਹੋ ਠੀਕ ਹੈ, ਇਹੋ ਕਰਨਾ ਹੈ ਕਿਉਂਕਿ ਇਸੇ ਵਿਚ ਰਹਿ ਕੇ ਤੇ ਵਰਤ ਕੇ ਮਨ ਅਤੇ ਸੁਰਤ ਨੇ ਪੱਕਣਾ ਹੈ ਤੇ ਸਭ ਮਾੜੇ ਅਸਰਾਂ ਨਾਲ ਜੁੱਧ ਕਰ ਕਰਾ ਕੇ ਉੱਚੇ ਉੱਠਣਾ ਹੈ। ਭਾਂਡਿਆਂ ਵਿਚ ਪਾ ਕੇ ਪਕਾਏ ਫਲ ਮਿੱਠੇ ਨਹੀਂ ਹੁੰਦੇ, ਜਿੰਨੇ ਕਿ ਮੀਂਹ ਹਨ੍ਹੇਰੀਆਂ ਤੇ ਧੁੱਪਾਂ ਸਹਿ, ਡਾਲੀਆਂ ਨਾਲ ਲੱਗੇ ਰਹਿ ਕੇ ਪੱਕੇ ਹੋਏ ਫਲ ਮਿੱਠੇ ਹੁੰਦੇ ਹਨ।’’

ਵਿਵਾਹ ਕੋਈ ਗੁਲਾਮੀ ਜਾਂ ਕੈਦ ਨਹੀਂ, ਬਲਕਿ ਇਕ ਪਵਿੱਤਰ ਬੰਧਨ ਹੈ, ਜੋ ਸੁਖਮਈ ਜੀਵਨ ਦੀ ਸੰਪੂਰਨਤਾ ਵੱਲ ਚੁੱਕਿਆ ਜਾਣ ਵਾਲਾ ਨਰੋਆ ਕਦਮ ਹੈ। ਭਾਈ ਸਾਹਿਬ ਲਿਖਦੇ ਹਨ : ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਨੂੰ ਜਿਉਂ-ਜਿਉਂ ਵਿਚਾਰੋ, ਸਿੱਟਾ ਇਹ ਨਿਕਲਦਾ ਹੈ ਕਿ ਵਿਆਹ ਦਾ ਸੰਬੰਧ ਇਸਤਰੀ ਪੁਰਖ ਨੂੰ ਪਾਪਾਂ ਤੋਂ ਬਚਾਉਣ ਅਤੇ ਗ੍ਰਹਿਸਤ ਜਤੀ ਰੱਖਣ ਵਾਸਤੇ ਹੈ। ਉਹਨਾਂ ਦੇ ਸੰਜੋਗ ਦਾ ਪ੍ਰਯੋਜਨ ਇਹ ਹੈ ਕਿ ਉਹ ਵਾਹਿਗੁਰੂ ਨੂੰ ਪ੍ਰਾਪਤ ਹੋਣ, ਪਰਮਾਰਥ ਵਿਚ ਪਰਸਪਰ ਸਹਾਈ ਹੋਣ, ਵਾਹਿਗੁਰੂ ਦੀ ਯਾਦ ਵਿਚ ਲੱਗਣ, ਸਰਬੱਤ ਦੇ ਭਲੇ ਵਿਚ ਵੱਸਣ। ਸੰਤਾਨ ਜੇ ਹੋਵੇ ਤਾਂ ਉਸ ਨੂੰ ਵਾਹਿਗੁਰੂ ਦੇ ਪਿਆਰ ਵਿਚ ਪਾਲਣ, ਸੰਤਾਨ ਦੇ ਮੋਹ ਵਿਚ ਰੁੜ੍ਹ ਨਾ ਜਾਣ, ਗੁਰਸਿੱਖ ਬਣਾਉਣ, ਸੰਤਾਨ ਨੂੰ ਵਾਹਿਗੁਰੂ ਦੇ ਘੱਲੇ ਪ੍ਰਾਹੁਣੇ ਸਮਝ ਕੇ ਸੇਵਾ ਕਰਨ। ਜੇ ਸੰਤਾਨ ਨਾ ਹੋਵੇ ਤਾਂ ਹੋਰਨਾਂ ਦੀ ਸੰਤਾਨ, ਜੋ ਉਹਨਾਂ ਦੀ ਸੇਵਾ ਦੀ ਮੁਥਾਜ ਹੋਵੇ, ਸੇਵਾ ਕਰਕੇ ਉਹਨਾਂ ਨੂੰ ਵਾਹਿਗੁਰੂ ਦੇ ਪਿਆਰ ਵਿਚ ਪਾਲਣ ਤੇ ਸਹਾਇਤਾ ਕਰਨ। ਸੰਸਾਰ ਵਿਚ ਜਿਤਨਾ ਭਲਾ ਪੰਥਕ ਵੀਰਾਂ, ਸੰਬੰਧੀਆਂ, ਹਮਸਾਇਆਂ, ਨਗਰ ਵਾਸੀਆਂ, ਦੇਸੀ ਭਾਈਆਂ ਤੇ ਸ੍ਰਿਸ਼ਟੀ ਮਾਤਰ ਦਾ ਹੋ ਸਕੇ, ਕਰਨ ਤੇ ਸੁਰਤ ਨੂੰ ਵਾਹਿਗੁਰੂ ਦੇ ਪਿਆਰ ਵਿਚ ਲਗਾਉਣ। ਮਿਲ ਕੇ ਹਰਿ ਪ੍ਰਕਾਰ ਪਰਮਾਰਥ ਸਿੱਧੀ ਕਰਨ ਅਤੇ ਇਕ ਦੂਜੇ ਦੀ ਸਹਾਇਤਾ ਕਰਨ ਤੇ ਇਕ ਦੂਜੇ ਨੂੰ ਹਰ ਤਰ੍ਹਾਂ ਦੇ ਗਿਰਾਉ ਤੋਂ ਬਚਾਉਣ। ਆਪਣੇ ਸੰਜੋਗ ਨੂੰ ਸਰੀਰਕ ਲੋੜਾਂ, ਬੀਮਾਰੀਆਂ, ਦੁੱਖਾਂ, ਸੁੱਖਾਂ ਵੇਲੇ ਸਾਂਝੀਵਾਲ ਹੋਣਾ ਸਮਝਣ। ਪਰਉਪਕਾਰ ਵੇਲੇ ਗ੍ਰਹਿਸਤ ਦਾ ਨਾਤਾ ਸਮਝਣ, ਪਰਸਪਰ ਮਨ ਸੰਬੋਧਨ, ਕਥਾ ਕੀਰਤਨ ਵੀਚਾਰ ਦੇ ਵੇਲੇ ਸਤਿਸੰਗ ਸਮਝਣ ਅਤੇ ਆਤਮ ਅਰੂੜਤਾ ਦੀ ਪ੍ਰਾਪਤੀ ਲਈ ਆਤਮ ਸੰਜੋਗ ਸਮਝਣ। ਵਿਵਾਹ ਵਿਸ਼ਯ ਵਿਕਾਰਾਂ ਦਾ ‘ਛੂਟ ਪੱਤਰ’ ਨਹੀਂ, ਵਿਵਾਹ ਠੇਕੇਦਾਰੀ ਨਹੀਂ, ਵਿਵਾਹ ਕੇਵਲ ਬੱਚੇ ਉਤਪਤ ਕਰਨ ਲਈ ਨਹੀਂ, ਵਿਵਾਹ ਗੁਲਾਮੀ ਤੇ ਕੈਦ ਨਹੀਂ, ਵਿਵਾਹ ਇਕ ਭੁੱਲ ਕੇ ਜੁੜ ਜਾਣ ਵਾਲੀ ਫਾਹੀ ਨਹੀਂ, ਵਿਵਾਹ ਪਵਿੱਤਰ ਸੰਬੰਧ ਹੈ, ਸੁੱਖ ਤੇ ਖ਼ੁਸ਼ੀ ਦਾ ਮੂਲ ਹੈ। ਇਹ ਪਰਮ ਪਾਵਨ ਨਾਤਾ ਹੈ, ਇਹ ਪੁਨੀਤ ਸੰਜੋਗ ਹੈ, ਜਿਸ ਦਾ ਮੁੱਖ ਪ੍ਰਯੋਜਨ ਵਾਹਿਗੁਰੂ ਦੇ ਚਰਨ ਕਮਲਾਂ ਦੀ ਪ੍ਰਾਪਤੀ ਹੈ। ਉਸ ਪ੍ਰਾਪਤੀ ਲਈ ਸਤਿਸੰਗ ਦੀ ਲੋੜ ਹੈ। ਸੋ ਵਿਵਾਹ ਸਤਿਸੰਗ ਹੈ। ਸੰਸਾਰਕ ਬਲਾਵਾਂ ਤੋਂ ਦੋਵੇਂ ਇਕ ਦੂਜੇ ਦੇ ਰਾਖੇ ਹੋ ਕੇ ਉਪਕਾਰ ਕਰਨ ਦਾ ਰਸਤਾ ਹੈ। ਇਕੱਲਾ ਮਨੁੱਖ ਕਈ ਸ਼ੁਭ ਕਰਮਾਂ ਤੋਂ ਰੁਕ ਜਾਂਦਾ ਹੈ, ਇਕੱਲੀ ਤੀਵੀਂ ਰੁਕ ਜਾਂਦੀ ਹੈ, ਪਰ ਧਰਮ ਨਾਲ ਜੋੜੇ ਗਏ ਇਸਤਰੀ ਪੁਰਖ ਹਰ ਤਰ੍ਹਾਂ ਦਾ ਉਪਕਾਰ ਕਰ ਸਕਦੇ ਹਨ। ਵਿਵਾਹ ਇਕ ਅਜਿਹਾ ਸਾਜ਼ ਹੈ, ਜੋ ਪੂਰੀ ਤਰ੍ਹਾਂ ਸੁਰ ਹੋਵੇ ਤਾਂ ਹੀ ਸੰਗੀਤਮਈ ਧੁਨਾਂ ਛਿੜ ਸਕਦੀਆਂ ਹਨ ਤੇ ਆਲੇ ਦੁਆਲੇ ਨੂੰ ਆਨੰਦਮਈ ਬਣਾ ਸਕਦੀਆਂ ਹਨ। ਪ੍ਰੰਤੂ ਜੇਕਰ ਸੁਰਾਂ ਦਾ ਤਵਾਜ਼ਨ ਵਿਗੜਿਆ ਹੋਇਆ ਹੈ ਤਾਂ ਸਭ ਕੁਝ ਬੇਸੁਰਾ ਹੋ ਜਾਂਦਾ ਹੈ। ਭਾਈ ਸਾਹਿਬ ਦੇ ਸ਼ਬਦਾਂ ਵਿਚ ‘‘ਜੇਕਰ ਪਤੀ ਪਤਨੀ ਦਾ ਆਪੋ ਵਿਚ ਪੂਰਾ ਪਿਆਰ ਤੇ ਹਿਤ ਹੋਵੇ ਤਾਂ ਦੁਨੀਆਂ ਭਰ ਵਿਚ ਇਸ ਤੋਂ ਵੱਧ ਕੇ ਕੋਈ ਸਾਕ ਨਹੀਂ। ਵਹੁਟੀ ਗੱਭਰੂ ਵਿਚ ਜੋ ਸਾਕ ਧਰਮ ਅਤੇ ਚਾਲ ਮੂਜਬ ਬੰਨ੍ਹਿਆ ਗਿਆ ਹੈ, ਉਹ ਕੁਦਰਤੀ ਸਾਕਾਂ ਤੋਂ ਵੱਖਰਾ ਤੇ ਜ਼ੋਰਦਾਰ ਹੁੰਦਾ ਹੈ। ਵਿਵਾਹ ਤੋਂ ਪਹਿਲੇ ਦੋਵੇਂ ਓਪਰੇ ਹੁੰਦੇ ਹਨ। ਏਸ਼ੀਆ ਦੇ ਕਈ ਦੇਸ਼ਾਂ ਵਿਚ ਤਾਂ ਅਕਸਰ ਇਕ ਦੂਜੇ ਦੀ ਸੂਰਤ ਦੀ ਪਛਾਣ ਵੀ ਨਹੀਂ ਹੁੰਦੀ, ਆਪੋ ਵਿਚ ਕੋਈ ਹਮਦਰਦੀ ਨਹੀਂ, ਇਕ ਕਿਸੇ ਹਾਲ ਵਿਚ ਪਲ ਰਿਹਾ ਹੈ, ਦੂਸਰਾ ਕਿਸੇ ਹਾਲਤ ਵਿਚ, ਪਰ ਇਸ ਸਾਕ ਦਾ ਹੋਣਾ ਸੀ ਕਿ ਦੋਵੇਂ ਸਰੀਰ ਇਕ ਜਾਨ ਹੋ ਗਏ। ਦੋਹਾਂ ਦੇ ਕੰਮ ਸਾਂਝੇ, ਦੋਹਾਂ ਦੇ ਆਸ਼ੇ ਇਕ, ਇੱਥੋਂ ਤਾਈਂ ਕਿ ਇਕ ਦੇ ਸਿਰ ਪੀੜ ਹੋਵੇ ਤਦ ਦੂਸਰਾ ਸਿਰ ਚਿੰਤਾ ਨਾਲ ਫਾਹਵਾ ਹੋ ਜਾਏ। ਇਕ ਨੂੰ ਖੁਸ਼ੀ ਹੋਵੇ ਤਾਂ ਦੂਜਾ ਸਾਂਝੀਵਾਲ, ਜੇ ਇਕ ਨੂੰ ਰੰਜ ਪਹੁੰਚੇ ਤਾਂ ਦੂਆ ਹਿੱਸੇਦਾਰ। ਇਸ ਤੋਂ ਵਧੀਕ ਲੋੜੀਂਦਾ ਪੱਕਾ ਤੇ ਪਵਿੱਤਰ ਸਾਕ ਹੋਰ ਕੀ ਹੋ ਸਕਦਾ ਹੈ ? ਇਸੇ ਕਰਕੇ ਇਸ ਨੂੰ ਸੰਜੋਗ ਕਹਿੰਦੇ ਹਨ, ਜਿਸ ਦਾ ਅਰਥ ਹੈ, ਚੰਗੀ ਤਰ੍ਹਾਂ ਜੋੜ ਦੇਣਾ, ਅਰਥਾਤ ਭਰਤਾ ਤੇ ਨਾਰ ਉਮਰ ਪ੍ਰਯੰਤ ਜਕੜੇ ਗਏ। ਵਿਵਾਹ ਦੀ ਗੰਢ ਐਸੀ ਪੱਕੀ ਹੁੰਦੀ ਹੈ ਕਿ ਮਰ ਕੇ ਹੀ ਖੁੱਲ੍ਹੇ (ਤੇ ਸ਼ਾਇਦ ਨਾ ਵੀ ਖੁੱਲ੍ਹੇ)। ਹੁਣ ਜੇ ਭਾਗਾਂ ਨਾਲ ਲਾੜਾ ਲਾੜੀ ਇਕ ਖ਼ਿਆਲ ਦੇ ਹਨ, ਇਕ ਦੂਜੇ ਦੀ ਦਿਲੋਂ ਕਦਰ ਕਰਦੇ ਹਨ ਅਤੇ ਇਕ ਦੂਜੇ ਨਾਲ ਉਮਰ ਭਰ ਸਾਥ ਨਿਭਾਉਣ ਵਿੱਚ ਤਿਆਰ-ਬਰ-ਤਿਆਰ ਹਨ ਤਾਂ ਇਹ ਉਹਨਾਂ ਲਈ ਖੁਸ਼ੀ ਦਾ ਸੋਮਾ ਹੈ। ਉਹ ਮਰ ਕੇ ਵੀ ਇਸ ਤੋਂ ਛੁੱਟਣਾ ਨਹੀਂ ਚਾਹੁੰਦੇ। ਪਿਆਰ ਦਾ ਜ਼ੰਜੀਰ ਐਸਾ ਨਹੀਂ ਹੁੰਦਾ ਕਿ ਜਿਸ ਦਾ ਕੈਦੀ ਉਸ ਤੋਂ ਕਦੀ ਅੱਕ ਜਾਏ : ‘ਬੱਧੇ ਤੇਰੀ ਵਿਚ ਕਮੰਦੇ, ਅਸਲ ਛੁੱਟੇ ਹਨ ਪਿਆਰ।’ ਪਰ ਜੇ ਖੋਟੇ ਭਾਗਾਂ ਨੂੰ ਦੋ ਉਲਟ ਤਬੀਅਤਾਂ ਆਪੋ ਵਿਚ ਜਕੜੀਆਂ ਗਈਆਂ ਤਦ ਦੋਹਾਂ ਦਾ ਜੀਊਣਾ ਕੁਝ ਨਹੀਂ ਰਹਿ ਜਾਂਦਾ। ਉਹਨਾਂ ਦਾ ਘਰ, ਘਰ ਨਹੀਂ ਹੰੁਦਾ, ਉਹ ਜੀਊਂਦਿਆਂ ਦੀ ਕਬਰ ਹੋ ਜਾਂਦਾ ਹੈ, ਤੇ ਕਬਰ ਵੀ ਐਸੀ ਕਿ ਜਿਸ ਵਿਚ ਹਰ ਵੇਲੇ ਕਸ਼ਟਾਂ ਦਾ ਸਹਾਰਨਾ…।’’

ਸ੍ਰੀ ਗੁਰੂ ਅੰਗਦ ਦੇਵ ਜੀ ਨੇ ਲੋਕਾਂ ਦੇ ਪਰਉਪਕਾਰ ਲਈ ਤਿੰਨ ਕੁੰਜੀਆਂ ਬਖ਼ਸ਼ੀਆਂ ਸਨ, ਤਿੰਨ ਭੱਭਿਆਂ ਦੇ ਰੂਪ ਵਿਚ। ਇਹ ਸਨ-ਭੁੱਲ ਗਿਆ, ਭਲਾ ਜੀ ਅਤੇ ਭਾਣਾ ਕਰਤਾਰ ਦਾ। ਭਾਈ ਵੀਰ ਸਿੰਘ ਜੀ ਨੇ ਵਿਆਹੁਤਾ ਨਾਰੀ ਨੂੰ ਵਿਆਹੁਤਾ ਜੀਵਨ ਸੁਖੀ ਬਣਾਣ ਲਈ ਵੀ ਇਹਨਾਂ ਤਿੰਨਾਂ ਕੁੰਜੀਆਂ ਨੂੰ ਵਰਤਣ ਦਾ ਗੁਰ ਹੀ ਦਰਸਾਇਆ ਹੈ ‘‘ਇਹ ਜੋ ਜਗਤ ਵਿਚ ਵਿਵਾਹ ਹੁੰਦੇ ਹਨ, ਇਕ ਪਵਿੱਤਰ ਕਰਮ ਹੈ ਅਰ ਪੁਰਖ ਤੇ ਇਸਤਰੀ ਇਕ ਦੂਜੇ ਦੇ ਦੁੱਖਾਂ ਸੁੱਖਾਂ ਦੇ ਸਾਂਝੀ ਬਣਾਏ ਜਾਂਦੇ ਹਨ। ਪ੍ਰੰਤੂ ਬਹੁਤ ਕਰਕੇ ਉਲਟਾ ਫਲ ਨਿਕਲਦਾ ਹੈ ਪਤੀ ਆਪਣੀ ਥਾਂ ਦੁਖੀ ਤੇ ਤੀਵੀਂ ਆਪਣੀ ਥਾਂ ਔਖੀ ਹੋ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਕੁੜੀਆਂ ਜੋ ਵਿਆਹ ਦਿੱਤੀਆਂ ਜਾਂਦੀਆਂ ਹਨ ਉਹਨਾਂ ਨੂੰ ਸਿੱਖਿਆ ਤਾਂ ਕਿਧਰੋਂ ਮਿਲੀ ਹੀ ਨਹੀਂ ਹੁੰਦੀ, ਜੋ ਸਾਰੀ ਉਮਰ ਪਤੀ ਦੀ ਛਾਤੀ ਵਿਚ ਇਕ ਰੜਕਣ ਵਾਲਾ ਰੋੜਾ ਹੋ ਜਾਂਦੀਆਂ ਹਨ। ਉਹਨਾਂ ਵਿਚਾਰੀਆਂ ਨੂੰ ਸੁੱਖ ਦੇ ਮਹਿਲ ਦੀਆਂ ਕੁੰਜੀਆਂ ਹੱਥ ਨਹੀਂ ਲੱਗੀਆਂ ਹੁੰਦੀਆਂ। ਉਹ ਹੰਕਾਰ, ਹਠ ਤੇ ਅਸੰਤੋਖ ਦੇ ਜੰਦਰੇ ਨਹੀਂ ਖੋਲ੍ਹ ਸਕਦੀਆਂ, ਇਸ ਕਰ ਕੇ ਦੁੱਖ ਦੇ ਬਣ ਵਿਚ ਭਟਕਦੀਆਂ ਰਹਿੰਦੀਆਂ ਹਨ। ਇਹਨਾਂ ਕੁੰਜੀਆਂ ਨੂੰ ਵਰਤਣੇ ਦੀ ਜਾਚ ਲੋੜੀਏ।

(1). ਜਦ ਪਤੀ ਕਹੇ ਫਲਾਣਾ ਕੰਮ ਕਰੋ, ਤਾਂ ਖਿੜ੍ਹੇ ਮੱਥੇ ਉਸ ਨੂੰ ਕਰੋ, ਕੋਈ ਕਰੜਾ ਬਚਨ ਮੂੰਹੋਂ ਨਾ ਕੱਢੋ ਤੇ ਮੱਥੇ ਤੀਉੜੀ ਨਾ ਪਾਉ, ਬੁੱਲ੍ਹਾਂ ਵਿਚ ਬੁੜ-ਬੁੜ ਨਾ ਕਰੋ। ਸੁਆਮੀ ਨੂੰ ਵਹੁਟੀ ਨਾਲੋਂ ਅਕਲ ਵਧੀਕ ਹੁੰਦੀ ਹੈ ਕਿਉਂਕਿ ਉਹ ਵਿਚਾਰੀ ਤਾਂ ਸਾਰਾ ਦਿਨ ਘਰ ਬੈਠੀ ਰਹਿੰਦੀ ਹੈ, ਪਰ ਪਤੀ ਸਭ ਥਾਂ ਫਿਰਦਾ ਹੈ, ਭਾਂਤ-ਭਾਂਤ ਦੇ ਮਨੁੱਖਾਂ ਨੂੰ ਮਿਲਦਾ ਹੈ, ਨਵੀਂ ਤੋਂ ਨਵੀਂ ਅਕਲ ਰੋਜ਼ ਸਿੱਖਦਾ ਹੈ।… ਪਰ ਜੇਕਰ ਤੀਵੀਂ ਅਕਲ ਵਾਲੀ ਹੋਵੇ ਜਾਂ ਕਿਸੇ ਗੱਲ ਵਿਚ ਪਤੀ ਨਾਲੋਂ ਉਸ ਦੀ ਸਮਝ ਵੱਧ ਗਈ ਹੋਵੇ ਤਾਂ ਮਿੱਠੇ ਬਚਨਾਂ ਨਾਲ ਜੋ ਕੁਝ ਉਸ ਦੀ ਸਮਝ ਵਿਚ ਆਇਆ ਹੋਵੇ, ਪਤੀ ਨੂੰ ਕਹਿ ਦੇਵੇ ਅਤੇ ਜੋ-ਜੋ ਕਾਰਨ ਉਸ ਗੱਲ ਦੇ ਵਿਰੁੱਧ ਜਾਣਦੀ ਹੋਵੇ, ਉਹ ਵੀ ਪਤੀ ਨੂੰ ਸਮਝਾ ਦੇਵੇ ਕਿਉਂਕਿ ਘਰ ਇਕ ਰਾਜ ਜਾਂ ਪਾਤਸ਼ਾਹਤ ਹੈ। ਪਤੀ ਉਸ ਦਾ ਰਾਜਾ ਅਤੇ ਇਸਤਰੀ ਵਜ਼ੀਰ ਹੈ। ਸੋ ਵਜ਼ੀਰ ਦਾ ਇਹ ਕੰਮ ਹੈ ਕਿ ਜਦ ਰਾਜਾ ਨੂੰ ਭੁੱਲ ਵਿਚ ਦੇਖੇ ਤਾਂ ਉਸ ਨੂੰ ਸਮਝਾ ਦੇਵੇ। ਹਠ ਤੇ ਹੈਂਕੜ ਕਰਕੇ ਉਸ ਨੂੰ ਕ੍ਰੋਧਿਤ ਤੇ ਆਪ ਨੂੰ ਦੁਖੀ ਨਾ ਕਰੇ। ਜੇਕਰ ਦੇਖੇ ਕਿ ਪਤੀ ਕੋ੍ਰਧ ਜਾਂ ਹਠ ਵਿਚ ਹੈ ਤਾਂ ਨੀਵੀਂ ਹੋ ਜਾਏ, ਮਿੱਠੇ ਬਚਨਾਂ ਤੇ ਸੱਤ ਕਹਿ ਕੇ ਗੁੱਸੇ ਨੂੰ ਟਾਲ ਦੇਵੇ ਅਤੇ ਮਿੱਠੇ ਬਚਨਾਂ ਦਾ ਜਲ ਪਾ ਕੇ ਠੰਢਿਆਂ ਕਰੇ, ਕਿਉਂਕਿ ਅੱਗੇ ਕ੍ਰੋਧ ਕਰਨਾ ਬਲਦੀ ਉੱਪਰ ਤੇਲ ਪਾਉਣਾ ਅਤੇ ਹਠ ਕਰਨਾ ਲੋਹੇ ਦੀ ਲੱਠ ਨੂੰ ਲੋਹੇ ਦੀ ਲੱਠ ਨਾਲ ਭੰਨਣਾ ਹੈ, ਜੋ ਕਦੀ ਨਹੀਂ ਹੋ ਸਕਦਾ। ਸੀਤਲ ਜਲ ਅੱਗ ਨੂੰ ਠੰਢਿਆਂ ਕਰ ਸਕਦਾ ਹੈ ਅਤੇ ਨਿਮਾਣੀ ਰੇਤੀ ਲੱਠ ਨੂੰ ਕੱਟ ਸਕਦੀ ਹੈ। ਸੋ ਚੇਤੇ ਰੱਖੋ ਕਿ ਪਤੀ ਦੇ ਹਰ ਹੁਕਮ ਉੱਪਰ ‘ਭਲਾ ਜੀ’ ਕਹਿਣਾ ਅਤੇ ਖਿੜ੍ਹੇ ਮੱਥੇ ਕੰਮ ਕਰਨਾ, ਸਦਾ ਮਿੱਠਾ ਬੋਲਣਾ, ਇਹ ਸੁਖ ਦੇ ਮਹਿਲ ਦੀ ਪਹਿਲੀ ਕੁੰਜੀ ਹੈ।

(2). ਦੂਜਾ ਨਿਯਮ ਹੈ, ‘ਭੁੱਲਾ ਜੀ’ ਦਾ ਵਰਤਣਾ। ਭੁੱਲ ਜਾਣਾ ਸੁਭਾਵਕ ਗੱਲ ਹੈ, ਜਿਹਾ ਕਿ ਗੁਰੂ ਜੀ ਵੀ ਆਖਦੇ ਹਨ ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ’’ (ਮਹਲਾ /੬੧) ਸੋ ਜੇ ਕਦੇ ਤੁਹਾਥੋਂ ਕੋਈ ਭੁੱਲ ਹੋ ਜਾਵੇ ਤਾਂ ਉਸ ਉੱਪਰ ਹਠ ਨਾ ਕਰੋ, ਅਤੇ ਨਿਕੰਮੀ ਜ਼ਿੱਦ ਨਾ ਬੰਨ੍ਹੋ, ਝੱਟ ਪੱਟ ਆਪਣੀ ਭੁੱਲ ਨੂੰ ਮੰਨ ਲਵੋ ਅਤੇ ਪਤੀ ਤੋਂ ਖਿਮਾਂ ਚਾਹੋ। ਇਸ ਗੁਣ ਨਾਲ ਜਿਸ ਦੀ ਅਸਾਂ ਭੁੱਲ ਕੀਤੀ ਹੋਵੇ, ਉਸ ਨੂੰ ਕ੍ਰੋਧ ਨਹੀਂ ਆਉਂਦਾ ਅਤੇ ਆਪਣਾ ਮਨ ਵੀ ਠੰਢਾ ਰਹਿੰਦਾ ਹੈ। ਕਿਉਂਕਿ ਅਸੀਂ ਸਭ ਭੁੱਲਣਹਾਰ ਹਾਂ, ਇਸ ਲਈ ਜੇ ਕੋਈ ਸਾਡਾ ਕੰਮ ਵਿਗਾੜ ਕੇ, ਸਾਥੋਂ ਖਿਮਾਂ ਮੰਗੇ, ਤਾਂ ਝੱਟ ਬਖ਼ਸ਼ ਦੇਣੀ ਚਾਹੀਦੀ ਹੈ, ਅਗਲੇ ਦਾ ਔਗੁਣ ਨਾ ਚਿਤਾਰੋ।

(3). ਤੀਜੀ ਗੱਲ ਭਾਣਾ ਮੰਨਣ ਦੀ ਹੈ। ਪਰਮੇਸ਼ਰ ਨਾ ਕਰੇ ਜੋ ਕਿਸੇ ਉੱਪਰ ਕੋਈ ਬਿਪਤਾ ਆ ਪਏ, ਪਰ ਇਸ ਮਨੁੱਖਾ ਦੇਹੀ ਨਾਲ ਦੁੱਖ-ਸੁੱਖ ਲੱਗੇ ਹੋਏ ਹਨ ਅਤੇ ਜ਼ਰੂਰ ਆਉਂਦੇ ਹਨ। ਸੁਖ ਵੇਲੇ ਤਾਂ ਫੁੱਲਣਾ ਨਹੀਂ ਚਾਹੀਦਾ, ਸਗੋਂ ਉਸ ਨੂੰ ਪਰਮੇਸ਼ਰ ਦੀ ਦਾਤ ਸਮਝ ਕੇ ਉਸ ਵੇਲੇ ਭਲਾ ਕਰਨ ਤੇ ਨੇਕੀ ਖੱਟਣ ਦਾ ਜਤਨ ਕਰਨਾ ਚਾਹੀਦਾ ਹੈ ਅਤੇ ਜਦ ਦੁੱਖ ਆਵੇ ਤਾਂ ਪਰਮੇਸ਼ਰ ਦੇ ਭਾਣੇ ਪੁਰ ਆਨੰਦ ਰਹਿਣਾ ਚਾਹੀਏ ਕਿਉਂਕਿ ਜੋ ਕੁਝ ਕਰਤਾਰ ਕਰਦਾ ਹੈ, ਸਾਡੇ ਲਾਭ ਲਈ ਕਰਦਾ ਹੈ, ਪਰ ਅਸੀਂ ਮੂਰਖਤਾ ਕਰਕੇ ਨਹੀਂ ਸਮਝਦੇ। ਇਸ ਲਈ ਦੁੱਖ ਵੇਲੇ ਪਰਮੇਸ਼ਰ ਦੇ ਕੀਤੇ ਉੱਪਰ ਪ੍ਰਸੰਨ ਰਹਿਣਾ ਸੁੱਖ ਦੇ ਮਹਿਲ ਦੀ ਤੀਜੀ ਕੁੰਜੀ ਹੈ।’’

ਲੜਕੇ ਲੜਕੀ ਲਈ ਵਰ ਘਰ ਢੂੰਡਣ ਸਮੇਂ ਦੂਜੀ ਧਿਰ ਦੀ ਆਨ ਸ਼ਾਨ ਨੂੰ ਨਹੀਂ, ਬਲਕਿ ਸ਼ੁਭ ਗੁਣਾਂ ਨੂੰ ਜੋਖਣਾ ਪਰਗਣਾ ਚਾਹੀਦਾ ਹੈ। ਭਾਈ ਸਾਹਿਬ ਇਸ ਪੱਖ ਸਬੰਧੀ ਵੀ ਆਪਣੇ ਵਿਚਾਰ ਪ੍ਰਗਟਾਂਦੇ ਹਨ ‘‘ਵਿਵਾਹ ਕਿਸੇ ਅਜਿਹੇ ਘਰ ਹੋਣਾ ਚਾਹੀਦਾ ਹੈ, ਜਿਥੇ ਲੜਕੀ ਸ਼ੁਸ਼ੀਲ ਤੇ ਸੁਚੱਜੀ ਹੋਵੇ, ਦਾਜ ਭਾਵੇਂ ਮਿਲੇ, ਨਾ ਮਿਲੇ।… ਲੜਕੀਆਂ ਵਾਲੇ ਜ਼ਾਤ ਬਰਾਦਰੀ ਵਿਚ ਆਪਣਾ ਨੱਕ ਨਮੂਜ ਰੱਖਣ ਲਈ ਵੱਧ ਚੜ੍ਹ ਕੇ ਦੇਣ ਲੱਗਿਆਂ ਆਪਣਾ ਘਰ ਬਾਹਰ ਵੀ ਨੀਲਾਮ ਕਰਵਾ ਲੈਂਦੇ ਹਨ।… ਲੜਕੇ ਲੜਕੀ ਦੇ ਸੁਭਾਉ ਨੂੰ ਨਾ ਕੋਈ ਵੇਖਦਾ ਹੈ ਤੇ ਨਾ ਹੀ ਕੋਈ ਯੋਗਤਾ ਦਾ ਖ਼ਿਆਲ ਕਰਦਾ ਹੈ, ਇਸ ਦਾ ਫਲ ਇਹ ਹੁੰਦਾ ਹੈ ਕਿ ਅੱਡ-ਅੱਡ ਖ਼ਿਆਲਾਂ ਤੇ ਸੁਭਾਉ ਦੇ ਲੜਕੇ ਲੜਕੀਆਂ ਦੇ ਨਾਤੇ ਆਪੋ ਵਿਚ ਹੋ ਜਾਂਦੇ ਹਨ ਜਿਸ ਤੋਂ ਦੋਨੋਂ ਆਪਣੇ ਅਜੋੜਵੇਂ ਸੁਭਾਉ ਦੇ ਕਾਰਨ ਦੁਖੀ ਰਹਿੰਦੇ ਹਨ। ਦੇਸ਼ ਦੀ ਇਸੇ ਅਵਸਥਾ ਨੂੰ ਵੇਖ ਕੇ ਕਿਸੇ ਨੇ ਕਿਹਾ ਹੈ-‘ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ’। ਸਾਡੇ ਦੇਸ਼ ਦੀ ਤਬਾਹੀ ਦੇ ਕਾਰਨਾਂ ਵਿਚੋਂ ਇਹ ਇਕ ਵੱਡਾ ਕਾਰਨ ਹੈ।’’

ਭਾਈ ਸਾਹਿਬ ਨੇ ਬਾਲ ਵਿਵਾਹ ਦੇ ਖ਼ਿਲਾਫ਼ ਵੀ ਜ਼ੋਰਦਾਰ ਆਵਾਜ਼ ਉਠਾਈ। ਆਪ ਬਾਲ ਵਿਵਾਹ ਦੀ ਸਮੱਸਿਆ ਦਾ ਮੁੱਖ ਕਾਰਨ ਮਾਪਿਆਂ ਦੇ ਮਨ ਵਿਚ ਬੱਚਿਆਂ ਦੇ ਵਿਵਾਹ ਹੁੰਦੇ ਵੇਖਣ ਦੀ ਰੀਝ ਦਾ ਹੋਣਾ ਦੱਸਦੇ ਹਨ  ‘‘ਕੁਝ ਸਮੇਂ ਤੋਂ ਹਰ ਇਕ ਮਾਤਾ ਪਿਤਾ ਆਪਣੇ ਪੁੱਤਰ ਦੇ ਵਿਵਾਹ ਕਰਨ ਨੂੰ ਖਾਸ ਫ਼ਰਜ਼ ਸਮਝੀ ਬੈਠਾ ਹੈ। ਸੰਤਾਨ ਪਿਛੋਂ ਹੁੰਦੀ ਹੈ ਤੇ ਵਿਵਾਹ ਦਾ ਭੂਤ ਪਹਿਲਾਂ ਸਿਰ ਤੇ ਸਵਾਰ ਹੋ ਜਾਂਦਾ ਹੈ। ਮਾਤਾ ਪਿਤਾ ਆਪਣੇ ਲੜਕੇ ਤੇ ਲੜਕੀ ਨੂੰ ਯੋਗ ਬਣਾਣਾ ਆਪਣਾ ਇੰਨਾ ਫਰਜ਼ ਨਹੀਂ ਸਮਝਦੇ ਜਿੰਨਾ ਕਿ ਵਿਵਾਹ ਕਰਨ ਨੂੰ ਸਮਝਦੇ ਹਨ। ਸੰਤਾਨ ਪੜ੍ਹੇ ਜਾਂ ਨਾ ਪੜ੍ਹੇ, ਕੋਈ ਹੁਨਰ ਉਹਦੇ ਵਿਚ ਹੋਵੇ ਜਾਂ ਨਾ ਹੋਵੇ, ਆਪਣੀ ਰੋਟੀ ਕਮਾਣ ਦੀ ਬੁੱਧੀ ਰੱਖਣ ਜਾਂ ਨਾ ਰੱਖਣ, ਕਿੰਤੂ ਸਾਡੇ ਜੀਊਂਦੇ ਜੀ ਵਿਵਾਹ ਜ਼ਰੂਰ ਹੋ ਜਾਵੇ-ਇਹ ਲਾਲਸਾ ਅੱਜ ਹਰ ਹਿੰਦੀ ਦੇ ਦਿਲ ਵਿਚ ਵੱਸਦੀ ਹੈ। ਜੇ ਕਦੀ ਕੋਈ ਮਰਦ ਜਾਂ ਤੀਵੀਂ ਚਲਾਣਾ ਕਰਨ ਲੱਗਦਾ ਤੇ ਉਹਦਾ ਕੋਈ ਬਾਲ ਕੰਵਾਰਾ ਰਹਿ ਜਾਵੇ ਤਾਂ ਅੰਤ ਦੇ ਵੇਲੇ ਜੇ ਕੋਈ ਗੱਲ ਹੁੰਦੀ ਹੈ ਤਾਂ ਇਹ ਹੀ ਕਿ ਹਾਏ ! ਮੈਂ ਆਪਣੇ ਬਾਲਾਂ ਦੇ ਵਿਵਾਹ ਆਪਣੀ ਹੱਥੀਂ ਨਹੀਂ ਕਰ ਚੱਲਿਆ, ਇਸ ਕਸ਼ਟ ਨੂੰ ਸਾਹਮਣੇ ਰੱਖ ਕਈ ਵੇਰ ਇੰਨੇ ਛੋਟੇ ਲੜਕੇ ਲੜਕੀਆਂ ਦੇ ਵਿਵਾਹ ਹੁੰਦੇ ਹਨ ਕਿ ਫੇਰੇ ਲੈਣ ਲੱਗਿਆਂ ਲੜਕੀ ਨੂੰ ਲੜਕੀ ਦੀ ਮਾਂ ਤੇ ਲੜਕੇ ਨੂੰ ਲੜਕੇ ਦਾ ਪਿਤਾ ਚੁੱਕ ਕੇ ਫੇਰੇ ਲੈਂਦੇ ਵੇਖੇ ਗਏ ਹਨ।’’

ਗੁਰਮਤਿ ਦੇ ਸਿਧਾਂਤਾਂ ਦੀ ਪ੍ਰੋੜ੍ਹਤਾ ਕਰਦੇ ਹੋਏ ਭਾਈ ਸਾਹਿਬ ਦੱਸਦੇ ਹਨ ਕਿ ਵਿਵਾਹ ਕਰਨਾ ਮਾੜਾ ਨਹੀਂ, ਇਸ ਵਿਚ ਲੰਪਟ ਹੋਣਾ ਮਾੜਾ ਹੈ ‘‘ਵਿਵਾਹ ਕਰਨਾ ਤਾਂ ਧਰਮ ਵਿਹਤ ਹੈ, ਪਰ ਲੰਪਟ ਹੋਣਾ ਧਰਮ ਵਿਹਤ ਨਹੀਂ। ਵੀਚਾਰ ਇਹ ਹੈ ਕਿ ਜਦ ਬੇਵਿਚਾਰੇ ਨਿਰੇ ਸੁਆਦਾਂ ਮਗਰ ਭੱਜੋਗੇ ਤਾਂ ਤੁਸੀਂ ਸੁੱਖ ਦਾ ਸਾਧਨ ਕਰਦੇ ਹੋਏ ਵੀ ਦੁਖੀ ਹੋ ਜਾਉਗੇ। ਵਿਵਾਹ ਇਸ ਲਈ ਸੀ ਕਿ ਮਨੁੱਖ ਤੇ ਇਸਤਰੀ ਮਿਲ ਕੇ ਇਕ ਦੂਜੇ ਦਾ ਸਹਾਰਾ ਬਣ ਜਾਣ। ਇਸਤਰੀ ਪੁਰਖ ਦੀ ਤੇ ਪੁਰਖ ਇਸਤਰੀ ਦਾ ਪਰਮ ਮਿੱਤਰ ਹੋਵੇ।… ‘ਗ੍ਰਹਿਸਤ ਜਤੀ’ ਪੁਰਖ ਅਕਸਰ ਅਰੋਗ ਰਹਿੰਦਾ ਹੈ। ਸਾਰੀ ਉਮਰ ਬੁਢੇਪੇ ਦੇ ਅੰਤ ਤੀਕ ਬਲੀ ਰਹਿੰਦਾ ਹੈ ਤੇ ਉਸ ਦੀ ਸੰਤਾਨ ਅਰੋਗ ਤੇ ਚੰਗੀ ਹੁੰਦੀ ਹੈ। ਹੁਣ ਤੁਸੀਂ ਦੱਸੋ ਜੇ ਵਿਵਾਹ ਕਰਕੇ ਤੁਸੀਂ ਨਿਰੇ ਸਰੀਰਕ ਰਸਾਂ ਵਿਚ ਹੀ ਲੱਗ ਜਾਉਂਗੇ ਅਤੇ ਫੇਰ ਰੋਗੀ ਹੋ ਜਾਉਂਗੇ ਜਾਂ ਨਿਰਬਲ ਹੋ ਕੇ ਕੰਮਕਾਰ, ਕਮਾਈ ਤੋਂ ਢਿੱਲੇ ਪੈ ਜਾਉਂਗੇ, ਅਥਵਾ ਨਿਰਬਲ ਜਾਂ ਰੋਗੀ ਸੰਤਾਨ ਉਤਪਤ ਕਰਕੇ ਉਹਨਾਂ ਲਈ ਰੋਜ਼ ਹਕੀਮਾਂ ਤੇ ਵੈਦਾਂ ਦੇ ਘਰੀਂ ਤਲੀਆਂ ਘਸਾਉਂਗੇ ਤਦ ਦੋਸ਼ ਕੁਦਰਤੀ ਖਿੱਚ ਦਾ ਹੋਵੇ, ਜਾਂ ਵਿਵਾਹ ਕਰਨ ਦਾ ਹੋਵੇਗਾ ਜਾਂ ਆਪਣੀ ਸਮਝ ਦਾ ਹੋਵੇਗਾ ?’’

‘‘ਵਹੁਟੀ ਨੂੰ ਸੱਚਾ ਸੱਜਣ ਸਮਝੋ ਅਤੇ ਇਕ ਦੂਜੇ ਨੂੰ ਇਉਂ ਪਿਆਰ ਕਰੋ ਜਿਕੂੰ ਸੱਚੇ ਪ੍ਰੇਮੀ ਕਰਦੇ ਹਨ।….. ਇਸ ਤਰ੍ਹਾਂ ਤੁਹਾਡੇ ਰੋਗ ਤੁਹਾਥੋਂ ਦੂਰ ਰਹਿਣਗੇ ਤੇ ਲੋੜਾਂ ਤੁਹਾਡੀਆਂ ਘੱਟ ਹੋਣਗੀਆਂ। ਜਦ ਪਰਸਪਰ ਪ੍ਰੇਮ ਹੈ ਤਦ ਫ਼ਜ਼ੂਲ ਹਾਰ ਸ਼ਿੰਗਾਰ ਤੇ ਨਿਕੰਮੇ ਕੀਮਤੀ ਬਸਤਰਾਂ ਤੇ ਰੁਪਇਆ ਘੱਟ ਗਰਚ ਹੋਊ। ਮੇਰਾ ਇਹ ਮਤਲਬ ਨਹੀਂ ਕਿ ਤੁਸੀਂ ਸੁਧਰੇ ਤੇ ਚੰਗੇ ਕੱਪੜੇ ਨਾ ਪਹਿਨੋਂ, ਪਰ ਇਹ ਕਿ ਇਹਨਾਂ ਚੀਜ਼ਾਂ ਉੱਤੇ ਘੱਟ ਖਰਚ ਹੋਣ ਕਰਕੇ ਤੁਸੀਂ ਹੱਕ ਹਲਾਲ ਦੀ ਕਮਾਈ ਤੇ ਸੰਤੋਖ ਕਰੋਗੇ ਅਤੇ ਕਦੇ ਚੋਰੀ ਜਾਂ ਧੱਕੇ ਨਾਲ ਪੈਸਾ ਲੈਣ ਦਾ ਯਤਨ ਨਹੀਂ ਕਰੋਗੇ ਅਤੇ ਉਹਨਾਂ ਦੁੱਖਾਂ ਤੋਂ, ਜੋ ਚੋਰੀ, ਠੱਗੀ, ਧੱਕਾ ਕਰਨ ਜਾਂ ਵਿਹਾਰਕ ਫਰੇਬ ਕਰਨ ਨਾਲ ਮਨ ਤੇ ਸਰੀਰ ਨੂੰ ਹੁੰਦੇ ਹਨ, ਬਚ ਜਾਉਂਗੇ। ਜੋ ਚਾਰ ਪੈਸੇ ਕਮਾਈ ਦੇ ਵਧਾਉਂਗੇ, ਉਹ ਅਜਾੲੀਂ ਜਾਣ ਨਾਲੋਂ, ਨੇਕ ਥਾੲੀਂ ਖਰਚ ਹੋਣਗੇ, ਬਾਲਾਂ ਦੀ ਚੰਗੀ ਪਰਵਰਿਸ਼ ਉੱਤੇ ਉਹ ਕਮਾਈ ਖਰਚ ਹੋ ਕੇ ਉਲਾਦ ਸੁਖੀ, ਤੰਦਰੁਸਤ, ਨੇਕ ਤੇ ਵਿਦਿਆ ਵਾਲੀ ਹੋ ਜਾਏਗੀ, ਜਿਸ ਕਰਕੇ ਉਲਾਦ ਵਲੋਂ ਦੁੱਖ ਨਾ ਦੇਖੋ। ਕੁਛ ਹੋਰ ਬਚੇਗਾ ਤਦ ਦੁਖੀ ਲੋੜਵੰਦ ਸਾਕ, ਸੈਨ, ਸੱਜਣ ਤੇ ਹਮਸਾਏ ਦਾ ਦੁੱਖ ਵੰਡਾਉਂਗੇ। ਉਸ ਦਾ ਦਰਦ ਵੰਡਾ ਕੇ ਤੁਹਾਨੂੰ ਇਕ ਰਸ ਆਵੇਗਾ, ਜੋ ਰਸ ਕਿਸੇ ਤਰ੍ਹਾਂ ਦੇ ਭੋਗ ਵਿਚ ਪ੍ਰਾਪਤ ਨਹੀਂ ਹੋ ਸਕਦਾ।’’

ਭਾਈ ਸਾਹਿਬ ਵਿਵਾਹ ਦੇ ਹੱਥ ਵਿਚ ਤਰਜਮਾਨੀ ਕਰਦੇ ਹੋਏ ਲਿਖਦੇ ਹਨ ‘‘ਜਿਸ ਨੇ ਵਿਵਾਹ ਨਹੀਂ ਕਰਾਇਆ, ਉਹ ਜੋਗੀ ਹੋ ਸਕਦਾ ਹੈ, ਤਪੀਆ ਵੀ। ਪਰ ਉਹ ਰਸੀਆ ਹੋਵੇ, ਸੰਸੇ ਵਾਲੀ ਗੱਲ ਹੈ। ਜਿਸ ਨੇ ਝੂਠਾ ਰਸ ਨਹੀਂ ਚੱਖਿਆ ਉਸ ਨੂੰ ਸੱਚੇ ਰਸ ਦਾ ਕਿਵੇਂ ਪਤਾ ਲੱਗੇਗਾ ? ਕਾਮ ਨੂੰ ਜਾਂ ਜੋਗੀ ਜਿੱਤ ਸਕਦਾ ਹੈ ਜਾਂ ਨਾਮ ਸਿਮਰਨ ਵਾਲਾ।’’

‘‘ਗ੍ਰਹਿਸਤ ਵਿਚ ਰਹਿ ਕੇ ਹੌਲੀ-ਹੌਲੀ ਤਰੱਕੀ ਹੁੰਦੀ ਹੈ, ਘਬਰਾਣਾ ਨਹੀਂ ਚਾਹੀਦਾ। ਜਿਹੜੇ ਘਰ ਬਾਰ ਛੱਡ ਕੇ, ਇਕਾਂਤ ਵਿਚ ਜਾ ਬੈਠਦੇ ਹਨ, ਉਹ ਭਾਵੇਂ ਜਲਦੀ ਤਰੱਕੀ ਕਰ ਜਾਂਦੇ ਹਨ, ਪਰ ਇਸ ਤਰ੍ਹਾਂ ‘ਭਾਈਚਾਰਾ’ ਚੰਗੇ ਆਦਮੀਆਂ ਤੋਂ ਸੰੁਨਾ ਹੋ ਜਾਂਦਾ ਹੈ। ਸਤਿਗੁਰੂ ਦਾ ਮਾਰਗ ‘ਗ੍ਰਹਿਸਤ ਉਦਾਸ’ ਦਾ ਹੈ।’’

‘ਸਿੱਖਾਂ ਦਾ ਧਰਮ individualistic (ਵਿਅਕਤੀਗਤ) ਨਹੀਂ, ਭਾਈਚਾਰਕ ਹੈ। ਜੇਕਰ ਪਿੰਡ ਵਿਚ ਪਲੇਗ ਪਈ ਹੋਵੇ ਤਾਂ ਆਦਮੀ ਸਿਰਫ ਆਪਣੇ ਘਰ ਦੀ ਸਫ਼ਾਈ ਨਾਲ ਨਹੀਂ ਬਚ ਸਕਦਾ, ਸਾਰੇ ਪਿੰਡ ਤੇ ਮੁਹੱਲੇ ਦੀ ਸਫ਼ਾਈ ਦੀ ਲੋੜ ਹੁੰਦੀ ਹੈ।’’ ‘‘ਅਸਾਂ ਗ੍ਰਹਿਸਤ ਨੂੰ ਨਹੀਂ ਛੱਡਣਾ, ਬਲਕਿ ਗ੍ਰਹਿਸਤ ਵਿਚ ਰਹਿੰਦੇ ਹੋਏ ਮੋਹ ਨੂੰ ਜਿੱਤਣਾ ਹੈ। ਉਸ ਦਾ ਕੀ ਫਾਇਦਾ ਹੋਇਆ ਜੇ ਇਕ ਆਦਮੀ ਨੇ ਆਪਣੀ ਵਹੁਟੀ ਤੇ ਟੱਬਰ ਨੂੰ ਤਾਂ ਛੱਡਿਆ, ਪਰ ਫੇਰ ਚੇਲਿਆਂ ਤੇ ਚੇਲੀਆਂ ਵਿਚ ਮੋਹ ਪਾ ਲਿਆ। ਅਸਲ ਗੱਲ ਤਾਂ ਮੋਹ ਨੂੰ ਜਿੱਤਣਾ ਹੈ, ਗ੍ਰਹਿਸਤ ਵਿਚ ਰਹਿੰਦੇ ਹੋਏ ਵਾਹਿਗੁਰੂ ਦਾ ਭਜਨ ਕਰਨਾ ਹੈ। ਸਿਮਰਨ ਵਾਲੇ ਦੀ ਸੁਰਤ ਕਿਸੇ ਦੇ ਦਬਾਉ ਹੇਠ ਨਹੀਂ ਰਹਿੰਦੀ, ਆਪਣੀ ਨਿਰਮਲਤਾ ਤੇ independence  (ਸੁਤੰਤਰਤਾ) ਵਿਚ ਆ ਜਾਂਦੀ ਹੈ। ਜਿਸ ਤਰ੍ਹਾਂ ਜ਼ਮੀਨ ਤੇ ਚੱਲਦੇ ਸੱਪ ਨੂੰ ਇਕ ਸੋਟੀ ਨਾਲ ਮਾਰ ਸਕੀਦਾ ਹੈ, ਪਰ ਫੰਨ੍ਹ ਚੁੱਕੇ ਫਨੀਅਰ ਨੂੰ ਮਾਰਨਾ ਮੁਸ਼ਕਲ ਹੈ, ਇਸੇ ਤਰ੍ਹਾਂ ਉੱਤੇ ਚੜ੍ਹੀ, ਸਿੱਧੀ ਹੋਈ ਸੁਰਤ ਵਾਲੇ ਆਦਮੀ ਨੂੰ ਕੋਈ ਆਪਣੇ ਅਸਰ ਹੇਠਾਂ ਨਹੀਂ ਦਬਾ ਸਕਦਾ।’’

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਇਕੱਠੇ ਇੱਕੋ ਹੀ ਦਿਨ ਅਤੇ ਕਦੀ ਕਈ ਦਿਨ ਪਿੱਛੋਂ ਕਿਉਂ ਆ ਜਾਂਦਾ ਹੈ ?

0

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਇਕੱਠੇ ਇੱਕੋ ਹੀ ਦਿਨ ਅਤੇ ਕਦੀ ਕਈ ਦਿਨ ਪਿੱਛੋਂ ਕਿਉਂ ਆ ਜਾਂਦਾ ਹੈ ?

ਕਿਰਪਾਲ ਸਿੰਘ ਬਠਿੰਡਾ 88378-13661

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਅਸਲ ਤਾਰੀਖ਼ ਪੋਹ ਸੁਦੀ ੭, ੨੩ ਪੋਹ ਬਿਕ੍ਰਮੀ ਸੰਮਤ ੧੭੨੩, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੋਹ ਵਦੀ ੭/ਪੋਹ ੮ ਬਿਕ੍ਰਮੀ ਸੰਮਤ ੧੭੬੧/7 ਦਸੰਬਰ 1704 ਜੂਲੀਅਨ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੋਹ ਵਦੀ ੧੨ ਬਿਕ੍ਰਮੀ ਸੰਮਤ ੧੭੬੧/ ਪੋਹ ੧੩ ਬਿਕ੍ਰਮੀ ਸੰਮਤ ੧੭੬੧/12 ਦਸੰਬਰ 1704 ਜੂਲੀਅਨ ਸੀ। ਜੇ ਸਿੱਖ ਇਤਿਹਾਸ ਦੇ ਸਾਰੇ ਦਿਹਾੜੇ ਚੰਦ੍ਰਮਾ ਦੀਆਂ ਕਰਮਵਾਰ ਤਿੱਥਾਂ ਪੋਹ ਵਦੀ ੭, ਪੋਹ ਵਦੀ ੧੨ ਅਤੇ ਪੋਹ ਸੁਦੀ ੭ ਮੁਤਾਬਕ ਨਿਸ਼ਚਿਤ ਕੀਤੀਆਂ ਜਾਣ ਜਾਂ ਫਿਰ ਸਾਰੇ ਹੀ ਦਿਹਾੜੇ ਸੂਰਜੀ ਪ੍ਰਵਿਸ਼ਟਿਆਂ (ਸੂਰਜ ਰਾਸ਼ੀ ਪ੍ਰਵੇਸ਼ ਮੁਤਾਬਕ ਭਾਵ ਸੰਗਰਾਂਦਾਂ ਦੀਆਂ ਤਾਰੀਖ਼ਾਂ) ਮੁਤਾਬਕ ੮ ਪੋਹ, ੧੩ ਪੋਹ ਅਤੇ ੨੩ ਪੋਹ ਨੂੰ ਮਨਾਏ ਜਾਣ ਜਾਂ ਫਿਰ ਸਾਰੇ ਹੀ ਦਿਹਾੜੇ ਅੰਗਰੇਜ਼ੀ ਤਾਰੀਖ਼ਾਂ ਕਰਮਵਾਰ 7 ਦਸੰਬਰ, 12 ਦਸੰਬਰ ਅਤੇ 22 ਦਸੰਬਰ ਨੂੰ ਮਨਾਏ ਜਾਣ ਤਾਂ ਹਰ ਸਾਲ ਇੱਕ ਹੀ ਤਰਤੀਬ ਮੁਤਾਬਕ ਹਮੇਸ਼ਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ 5 ਦਿਨ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਇਸ ਤੋਂ 10 ਦਿਨ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆਇਆ ਕਰੇਗਾ, ਪਰ ਪਤਾ ਨਹੀਂ ਹਿੰਦੂ ਮੱਤ ਤੋਂ ਉਧਾਰੀ ਲਈ ਵਹਿਮ ਪ੍ਰਸ਼ਤੀ ਵਾਲੀ ਵਿਚਾਰਧਾਰਾ ਕਿ ਅਵਤਾਰੀ ਪੁਰਸ਼ਾਂ ਦੇ ਦਿਨ ਚੰਦ੍ਰਮਾਂ ਦੀਆਂ ਤਿੱਥਾਂ ਅਤੇ ਸਾਹਿਬਜ਼ਾਦਿਆਂ ਸਮੇਤ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੂਰਜੀ ਪ੍ਰਵਿਸ਼ਟਿਆ ਮੁਤਾਬਕ ਮਨਾਉਣ ’ਤੇ ਸਾਡਾ ਸੰਤ ਸਮਾਜ ਕਿਉਂ ਸਖ਼ਤੀ ਨਾਲ ਪਹਿਰ ਦੇ ਰਿਹਾ ਹੈ ? ਇਨ੍ਹਾਂ ਦੀ ਜ਼ਿੱਦ ਕਾਰਨ ਅਤੇ ਅਕਾਲੀ ਦਲ ਬਾਦਲ ਦੀਆਂ ਵੋਟਾਂ ਦੀ ਲਾਲਸਾ ਕਾਰਨ 2003 ਦੀ ਵੈਸਾਖੀ ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ 2010 ’ਚ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਸਿੱਖਾਂ ਦੇ ਸਿਰ ਮੜ੍ਹ ਦਿੱਤਾ ਹਾਲਾਂ ਕਿ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਗੁਰਬਾਣੀ ਵਿੱਚ ਨਾ ਤਾਂ ਕਿਧਰੇ ਇਹ ਦਰਜ ਹੈ ਕਿ ਗੁਰੂ ਸਾਹਿਬਾਨਾਂ ਦੇ ਦਿਹਾੜੇ ਸੁਦੀਆਂ ਵਦੀਆਂ ਦੀਆਂ ਤਿੱਥਾਂ ਮੁਤਾਬਕ ਅਤੇ ਸਿੱਖ ਇਤਿਹਾਸ ਦੇ ਬਾਕੀ ਇਤਿਹਾਸਕ ਦਿਹਾੜੇ ਸੂਰਜੀ ਪ੍ਰਵਿਸ਼ਟਿਆਂ ਮੁਤਾਬਕ ਮਨਾਏ ਜਾਣ ਅਤੇ ਨਾਂ ਹੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਪ੍ਰਵੇਸ਼ ਕਰਨ ਸਮੇਂ ਸੰਗਰਾਂਦ ਹੋਣ ਸੰਬੰਧੀ ਲਿਖਿਆ ਹੈ। ਇੱਥੋਂ ਤੱਕ ਕਿ ਬਿਕ੍ਰਮੀ ਕੈਲੰਡਰ ’ਚ ਵਰਤੀਆਂ ਜਾਂਦੀਆਂ ਰਾਸ਼ੀਆਂ ਅਤੇ ਸੰਗਰਾਂਦਾਂ ਦਾ ਨਾਮ ਤੱਕ ਗੁਰਬਾਣੀ ’ਚ ਦਰਜ ਨਹੀਂ ਹੈ। ਗੁਰਬਾਣੀ ’ਚ ਜਿਵੇਂ ਪਟੀ ਅਤੇ ਬਾਵਨ ਅਖਰੀ ਸਿਰਲੇਖ ਹੇਠ ਲਿਖੀਆਂ ਬਾਣੀਆਂ ਰਾਹੀਂ ਗੁਰੂ ਸਾਹਿਬਾਨ ਜੀ ਨੇ ਸਾਨੂੰ ਅੱਖਰਾਂ ਰਾਹੀਂ ਅਕਾਲ ਪੁਰਖ ਸੰਬੰਧੀ ਗਿਆਨ ਕਰਵਾਇਆ ਹੈ ‘‘ਸਸੈ, ਸੋਇ ਸ੍ਰਿਸਟਿ ਜਿਨਿ ਸਾਜੀਸਭਨਾ ਸਾਹਿਬੁ ਏਕੁ ਭਇਆ ’’  (ਪਟੀ/ ਮਹਲਾ ੧/੪੩੨) ਭਾਵ ਜਿਸ ਨੇ ਇਹ ਜਗਤ-ਰਚਨਾ ਕੀਤੀ ਹੈ ਉਹੀ ਇੱਕੋ ਇੱਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ।  ਬਿਲਕੁਲ ਉਸੇ ਤਰ੍ਹਾਂ ਥਿਤੀ ਸਿਰਲੇਖ ਹੇਠ ਲਿਖੀਆਂ ਬਾਣੀ ’ਚ 15 ਤਿੱਥਾਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ, ਪਰ ਸੁਦੀਆਂ ਅਤੇ ਵਦੀਆਂ ਦਾ ਕਿਧਰੇ ਨਾਮ ਤੱਕ ਨਹੀਂ ਲਿਖਿਆ। ਗੁਰੂ ਸਾਹਿਬਾਨ ਨੇ ਬਾਰਹਮਾਹ, ਥਿਤੀ ਅਤੇ ਸਤ ਵਾਰ ਸਿਰਲੇਖ ਹੇਠ ਬਾਣੀਆਂ ਉਚਾਰ ਕੇ ਤੱਤ-ਸਾਰ ਇਹੀ ਕੱਢਿਆ ਹੈ ਕਿ ਇਨ੍ਹਾਂ ਤਿੱਥਾਂ, ਵਾਰਾਂ ਨੂੰ ਵਿਸ਼ੇਸ਼ਤਾ ਦੇਣ ਵਾਲੇ ਮੁਗਧ ਗਵਾਰ ਹਨ ‘‘ਆਪੇ ਪੂਰਾ ਕਰੇ, ਸੁ ਹੋਇ ਏਹਿ ਥਿਤੀ ਵਾਰ ਦੂਜਾ ਦੋਇ ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ; ਮੁਗਧ ਗਵਾਰ ਨਾਨਕ! ਗੁਰਮੁਖਿ ਬੂਝੈ; ਸੋਝੀ ਪਾਇ ਇਕਤੁ ਨਾਮਿ (’); ਸਦਾ ਰਹਿਆ ਸਮਾਇ ੧੦’’  (ਸਤ ਵਾਰ/ ਮਹਲਾ ੩/੮੪੩) ਇਸ ਦੇ ਬਾਵਜੂਦ ਬ੍ਰਾਹਮਣ ਮਤ ਤੋਂ ਉਧਾਰੀਆਂ ਲੈ ਕੇ ਇਹ ਸਿੱਖਾਂ ਦੇ ਸਿਰ ਕਿਉਂ ਮੜੀਆਂ ਜਾ ਰਹੀਆਂ ਹਨ ? ਤਾਂ ਉਨ੍ਹਾਂ ਦਾ ਇੱਕੋ ਜਵਾਬ ਹੁੰਦਾ ਹੈ ਕਿ ਐਨੇ ਸਾਲਾਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਅਸੀਂ ਕਿਉਂ ਤੋੜੀਏ ?

ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਨਜ਼ਰ ਅੰਦਾਜ਼ ਕਰ ਕੇਵਲ ਰਵਾਇਤਾਂ ’ਤੇ ਹੀ ਪਹਿਰਾ ਦੇਣਾ ਹੈ ਤਾਂ ਗੁਰਬਾਣੀ ਅਤੇ ਸਿੱਖ ਇਤਿਹਾਸ ’ਤੇ ਸਰਸਰੀ ਨਜ਼ਰ ਮਾਰਨ ’ਤੇ ਸਾਨੂੰ ਤੁਰੰਤ ਸਮਝ ਆ ਜਾਂਦੀ ਹੈ ਕਿ ਕਿਹੜੀ ਉਹ ਫੋਕਟ ਰਵਾਇਤ ਹੈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਤੋੜੀ ? ਸਭ ਤੋਂ ਪਹਿਲਾਂ ਤਾਂ ਉਨ੍ਹਾਂ ਆਪਣੇ ਪਰਿਵਾਰ ਦੀ ਚੱਲੀ ਆ ਰਹੀ ਜਨੇਊ ਪਾਉਣ ਦੀ ਰਵਾਇਤ ਹੀ ਭਰੀ ਸਭਾ ’ਚ ਤੋੜ ਸੁੱਟੀ। ਭਰਮੀ ਲੋਕਾਂ ਵੱਲੋਂ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਨਾਲ ਸਮਾਜਿਕ ਵਰਤੋਂ ਵਿਹਾਰ ਕਰਨ ਅਤੇ ਛੂਹ ਤੋਂ ਦੂਰ ਰਹਿਣ ਦੀ ਰਵਾਇਤ ਤੋੜਦਿਆਂ ਮਿਰਾਸੀ ਜਾਤ ’ਚ ਜਨਮ ਲੈਣ ਵਾਲੇ ਭਾਈ ਮਰਦਾਨੇ ਜੀ ਨੂੰ ਆਪਣਾ ਸਾਥੀ ਚੁਣਿਆ ਅਤੇ ਉਨ੍ਹਾਂ ਨੂੰ ਸਿਰਫ਼ ‘ਭਾਈ’ ਕਿਹਾ ਹੀ ਨਹੀਂ ਬਲਕਿ ਸਾਰੀ ਜ਼ਿੰਦਗੀ ਉਨ੍ਹਾਂ ਨੂੰ ਆਪਣਾ ਭਰਾ ਬਣਾ ਕੇ ਪੂਰਾ ਆਦਰ ਮਾਨ ਦਿੱਤਾ।

ਹਿੰਦੂ ਸਮਾਜ ਮੁਤਾਬਕ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਔਰਤ ਨੂੰ ‘‘ਸੋ ਕਿਉ ਮੰਦਾ ਆਖੀਐਜਿਤੁ ਜੰਮਹਿ ਰਾਜਾਨ ? ’’ (ਮਹਲਾ ੧/੪੭੩) ਵਰਗੇ ਸ਼ਬਦ ਮਨੁੱਖਤਾ ਦੀ ਅਗਵਾਈ ਲਈ ਉਚਾਰਨ ਕੀਤੇ। ਹਿੰਦੂ ਧਰਮ ਵੱਲੋਂ ਪਿੱਤਰਾਂ ਨੂੰ ਪਾਣੀ ਦੇਣ ਅਤੇ ਉਨ੍ਹਾਂ ਦੇ ਸ਼ਰਾਧ ਕਰਵਾਉਣ ਦਾ ਖੰਡਨ ਕਰਨ ਲਈ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ‘‘ਜੀਵਤ ਪਿਤਰ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ’’ (ਭਗਤ ਕਬੀਰ/੩੩੨) ਨੂੰ ਗੁਰਬਾਣੀ ’ਚ ਦਰਜ ਕੀਤਾ। ਜਗਨ ਨਾਥ ਪੁਰੀ ਵਿਖੇ ਪਾਂਡਿਆਂ ਵੱਲੋਂ ਕੀਤੀ ਜਾ ਰਹੀ ਆਰਤੀ ’ਚ ਸ਼ਾਮਲ ਹੋਣ ਦੀ ਬਜਾਏ ਮੰਦਰ ਦੇ ਬਾਹਰ ਬੈਠ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ’’ (ਮਹਲਾ ੧/੧੩) ਵਚਨਾਂ ਦਾ ਗਾਇਨ ਕਰ ਦੀਵਿਆਂ ਵਾਲ਼ੀ ਆਰਤੀ ਦਾ ਖੰਡਨ ਕੀਤਾ। ਮੱਕੇ ਵਿਖੇ ਜਾ ਕੇ ਮੁਸਲਮਾਨਾਂ ਦੇ ਇਹ ਵਿਸ਼ਵਾਸ ਕਿ ਅੱਲ੍ਹਾ ਕੇਵਲ ਓਥੇ ਮਸਜਿਦ ’ਚ ਹੀ ਵਸਦਾ ਹੈ, ਦਾ ਖੰਡਨ ਕਰਨ ਲਈ ਉਨ੍ਹਾਂ ਨੂੰ ਕਿਹਾ ਕਿ ਜਿਸ ਪਾਸੇ ਅੱਲ੍ਹਾ ਨਹੀਂ, ਮੇਰੇ ਪੈਰ ਉਸ ਪਾਸੇ ਕਰ ਦੇਵੋ। ਹੋਰ ਕਿਹੜੇ ਫੋਕਟ ਵਿਸ਼ਵਾਸ ਹਨ, ਜਿਨ੍ਹਾਂ ’ਤੇ ਗੁਰੂ ਨਾਨਕ ਸਾਹਿਬ ਸਮੇਤ ਸਾਰੇ ਗੁਰੂ ਸਾਹਿਬਾਨ ਅਤੇ ਉਨ੍ਹਾਂ ਭਗਤ ਸਾਹਿਬਾਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਵਿੱਚ ਦਰਜ ਹੈ, ਨੇ ਪ੍ਰਤੱਖ ਖੰਡਨ ਨਹੀਂ ਕੀਤਾ ? ਫਿਰ ਅਸੀਂ ਕਿਉਂ ਵਦੀਆਂ ਸੁਦੀਆਂ ਤੇ ਸੰਗਰਾਂਦਾਂ ਦੇ ਵਹਿਮ ’ਚੋਂ ਨਿਕਲਣ ਵਾਸਤੇ ਤਿਆਰ ਨਹੀਂ ਹੁੰਦੇ ?

ਸੰਨ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਲਈ ਪੰਥ ਸਾਮ੍ਹਣੇ ਪੋਹ ਸੁਦੀ ੭, ੨੩ ਪੋਹ ਅਤੇ 22 ਦਸੰਬਰ ਤਿੰਨੇ ਤਾਰੀਖ਼ਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਸੀ। ਕੈਲੰਡਰ ਕਮੇਟੀ ਦਾ ਫ਼ੈਸਲਾ ਸੀ ਕਿ ਜੇ 22 ਦਸੰਬਰ ਰੱਖ ਲਈ ਜਾਵੇ ਤਾਂ ਇਹ ਤਾਰੀਖ਼ ਸਾਡੇ ਮੁੱਢਲੇ ਪੁਰਾਤਨ ਇਤਿਹਾਸ ਦੇ ਕਿਸੇ ਵੀ ਸੋਮੇ ’ਚ ਉਪਲਬਧ ਨਹੀਂ ਹੈ ਕਿਉਂਕਿ ਇਹ ਤਾਰੀਖ਼ ਸੰਨ 1850 ਸੀਈ ਤੋਂ ਪਿੱਛੋਂ ਅੰਗਰੇਜ਼ ਸਰਕਾਰ ਦੁਆਰਾ ਲਿਖਵਾਏ ਇਤਿਹਾਸ ’ਚ ੨੩ ਪੋਹ ਨੂੰ ਸਾਂਝੇ ਸਾਲ ਦੀ ਤਬਦੀਲ ਕੀਤੀ ਹੋਈ ਤਾਰੀਖ਼ ਹੈ; ਜਿਸ ਨੂੰ ਕਿਸੇ ਵੀ ਹਾਲਤ ’ਚ ਮੁੱਢਲਾ ਇਤਿਹਾਸਕ ਸੋਮਾ ਨਹੀਂ ਮੰਨਿਆ ਜਾ ਸਕਦਾ। ਜੇ ਪੋਹ ਸੁਦੀ ੭ ਰੱਖ ਲਈ ਜਾਵੇ ਤਾਂ ਇਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 11 ਦਿਨ ਘੱਟ ਹੋਣ ਅਤੇ 2 ਜਾਂ 3 ਸਾਲ ਪਿੱਛੋਂ ਇੱਕ ਲੌਂਦ ਦਾ ਵਾਧੂ ਮਹੀਨਾ ਜੁੜ ਜਾਣ ਕਾਰਨ ਹਮੇਸ਼ਾਂ ਹੀ ਅੱਗੇ ਪਿੱਛੇ ਹੁੰਦੀ ਰਹੇਗੀ। ਦੁਨੀਆਂ ਭਰ ’ਚ ਵਸ ਰਹੇ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਗੁਰ ਪੁਰਬ ਕਿਸ ਤਾਰੀਖ਼ ਦਾ ਹੈ ਅਤੇ ਕੀ ਇਸ ਸਾਲ ਗੁਰੂ ਸਾਹਿਬਾਨ ਦਾ ਪੁਰਬ; ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਆਵੇਗਾ ਜਾਂ ਪਿੱਛੋਂ ? ਇਸ ਲਈ ਸਭ ਤੋਂ ਯੋਗ ਇਹੀ ਹੈ ਕਿ ਚੰਦਰ ਤਿੱਥਾਂ ਦਾ ਤਿਆਗ ਕਰ ਸਾਰੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਸੂਰਜੀ ਮਹੀਨਿਆਂ ਦੀਆਂ ਤਾਰੀਖ਼ਾਂ ਅਨੁਸਾਰ ਨਿਸ਼ਚਿਤ ਕਰ ਦਿੱਤੇ ਜਾਣ। ਇਸ ਦੇ ਨਾਲ ਹੀ ਸ: ਪਾਲ ਸਿੰਘ ਪੁਰੇਵਾਲ ਦਾ ਸੁਝਾਅ ਸੀ ਕਿ ਜਦੋਂ ਆਪਾਂ ਸੋਧ ਕਰਨ ਹੀ ਲੱਗੇ ਹਾਂ ਤਾਂ ਇੱਕੋ ਵਾਰ ਹੋ ਜਾਣੀ ਚਾਹੀਦੀ ਹੈ। ਜਿਸ ਤਰ੍ਹਾਂ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ 11 ਕੁ ਮਿੰਟ ਵੱਧ ਹੈ, ਜਿਸ ਕਰਕੇ ਉਨ੍ਹਾਂ ਨੂੰ 1582 ’ਚ 10 ਦਿਨਾਂ ਦੀ ਸੋਧ ਕਰਨੀ ਪਈ ਸੀ; ਤਾਂ ਸਾਡੇ ਬਿਕ੍ਰਮੀ ਸਾਲ ਦੀ ਲੰਬਾਈ ਤਾਂ ਰੁੱਤੀ ਸਾਲ ਨਾਲੋਂ ਲਗਭਗ ਸਾਢੇ 20 ਮਿੰਟ ਵੱਧ ਹੈ, ਇਸ ਲਈ ਸਾਨੂੰ ਵੀ ਆਪਣੇ ਸਾਲ ਦੀ ਲੰਬਾਈ ਸੋਧ ਕੇ ਨਵਾਂ ਕੈਲੰਡਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਗ੍ਰੈਗੋਰੀਅਨ ਕੈਲੰਡਰ, ਜੋ ਅੱਜ ਕੱਲ੍ਹ ਸਾਰੀ ਦੁਨੀਆਂ ’ਚ ਪ੍ਰਚਲਿਤ ਹੈ, ਉਹ ਸਾਂਝੇ ਕੈਲੰਡਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਤੇ ਸਾਲ ਦੀ ਲੰਬਾਈ ਦਾ ਰੁੱਤੀ ਸਾਲ ਦੀ ਲੰਬਾਈ ਨਾਲੋਂ ਕੇਵਲ 11 ਕੁ ਸੈਕੰਡ ਦਾ ਹੀ ਫ਼ਰਕ ਹੈ, ਇਸ ਕਾਰਨ 3300 ਸਾਲਾਂ ’ਚ ਰੁੱਤਾਂ ਨਾਲੋਂ ਕੇਵਲ ਇੱਕ ਦਿਨ ਦਾ ਫ਼ਰਕ ਪੈਂਦਾ ਹੈ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਲਗਭਗ ਸਾਢੇ 20 ਮਿੰਟ ਵੱਧ ਹੈ, ਜਿਸ ਕਰਕੇ 72 ਕੁ ਸਾਲਾਂ ਵਿੱਚ ਹੀ ਲਗਭਗ 1 ਦਿਨ ਦਾ ਫ਼ਰਕ ਪੈ ਜਾਂਦਾ ਹੈ।

ਇਹੋ ਕਾਰਨ ਹੈ ਕਿ ਜਿਹੜੀ ੨੩ ਪੋਹ 1666 ’ਚ 22 ਦਸੰਬਰ ਨੂੰ ਆਈ ਸੀ, ਉਹ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆ ਰਹੀ ਹੈ ਅਤੇ ਜੇ ਇਵੇਂ ਚੱਲਦਾ ਰਿਹਾ ਤਾਂ ੨੩ ਪੋਹ ਅੱਗੇ ਦੀ ਅੱਗੇ ਖਿਸਕਦੀ ਹੋਈ 3000 ਸੀਈ ’ਚ 20 ਜਨਵਰੀ ਨੂੰ ਆਵੇਗੀ।  ਇਸ ਲਈ ਸਾਨੂੰ ਵੀ ਆਪਣੇ ਸਾਲ ਦੀ ਲੰਬਾਈ ਸਾਂਝੇ ਕੈਲੰਡਰ, ਜੋ ਹੁਣ ਤੱਕ ਹੋਂਦ ਵਿੱਚ ਆਏ ਕੈਲੰਡਰਾਂ ’ਚੋਂ ਰੁੱਤੀ ਕੈਲੰਡਰ ਦੇ ਸਭ ਤੋਂ ਵੱਧ ਨੇੜੇ ਰਹਿਣ ਵਾਲਾ ਕੈਲੰਡਰ ਹੈ; ਦੇ ਸਾਲ ਦੀ ਲੰਬਾਈ ਦੇ ਬਰਬਾਰ ਕਰ ਲੈਣੀ ਚਾਹੀਦੀ ਹੈ। ਇਸ ਸੁਝਾਅ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਅਤੇ ਜਨਰਲ ਹਾਊਸ ਸਾਰਿਆਂ ਵੱਲੋਂ ਹੀ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2003 ਦੀ ਵੈਸਾਖੀ ਵਾਲੇ ਦਿਨ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਮੇਸ਼ਾਂ-ਹਮੇਸ਼ਾਂ ਲਈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ੮ ਪੋਹ/21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ੧੩ ਪੋਹ/26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/5 ਜਨਵਰੀ ਨੂੰ ਆਉਂਦਾ ਰਹੇਗਾ।

ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੀ ਨਹੀਂ ਬਲਕਿ ਹਰ ਗੁਰ ਪੁਰਬ ਜਿਹੜਾ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਇਆ ਜਾਂਦਾ ਹੈ, ਉਹ ਇਸੇ ਤਰ੍ਹਾਂ ਅੱਗੇ ਪਿੱਛੇ ਹੁੰਦਾ ਰਹਿੰਦਾ ਹੈ; ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮੱਘਰ ਸੁਦੀ ੫, ੧੧ ਮੱਘਰ ਬਿਕ੍ਰਮੀ ਸੰਮਤ ੧੭੩੨ ਮੁਤਾਬਕ 11 ਨਵੰਬਰ 1675 ਨੂੰ ਹੋਈ ਸੀ। ਸ਼ਹੀਦੀ ਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮੱਘਰ ਸੁਦੀ ੫,  ਨੂੰ ਮਨਾਏ ਜਾਣ ਸਦਕਾ 2020 ਈਸਵੀ ’ਚ ਮੱਘਰ ਸੁਦੀ ੫, 19 ਦਸੰਬਰ/ ੫ ਪੋਹ, ਇਸ ਸਾਲ (ਸੰਨ 2021) ’ਚ 8 ਦਸੰਬਰ ੨੩ ਮੱਘਰ ਨੂੰ ਆਈ ਅਤੇ ਅਗਲੇ ਸਾਲ 2022 ’ਚ 28 ਨਵੰਬਰ/ ੧੩ ਮੱਘਰ ਨੂੰ ਆਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਕਦੀ ਮੱਘਰ ਦੇ ਮਹੀਨੇ ਅਤੇ ਕਦੀ ਪੋਹ ਦੇ ਮਹੀਨੇ ’ਚ ਆ ਜਾਂਦਾ ਹੈ ਅਤੇ ਕਦੀ ਨਵੰਬਰ ਦੇ ਮਹੀਨੇ ਅਤੇ ਕਦੀ ਦਸੰਬਰ ਦੇ ਮਹੀਨੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਕਦੀ ਨਵੰਬਰ ਮਹੀਨੇ, ਕਦੀ ਦਸੰਬਰ ਮਹੀਨੇ; ਕਦੀ ਮੱਘਰ ਦੇ ਮਹੀਨੇ ਅਤੇ ਕਦੀ ਕੱਤਕ ਦੇ ਮਹੀਨੇ ’ਚ ਆ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਬਿ ਜੀ ਦਾ ਪ੍ਰਕਾਸ਼ ਵੈਸਾਖ ਵਦੀ ੫, ੫ ਵੈਸਾਖ ਬਿਕ੍ਰਮੀ ਸੰਮਤ ੧੬੭੮ ਨੂੰ ਹੋਇਆ ਸੀ। ਉਨ੍ਹਾਂ ਦਾ ਪ੍ਰਕਾਸ਼ ਪੁਰਬ ਚੰਦ੍ਰਮਾਂ ਦੀ ਤਿੱਥ ਵੈਸਾਖ ਵਦੀ ੫ ਨੂੰ ਮਨਾਏ ਜਾਣ ਸਦਕਾ 2020 ਈਸਵੀ ’ਚ ਵੈਸਾਖ ਵਦੀ ੫, 12 ਅਪ੍ਰੈਲ/ ੩੦ ਚੇਤ, ਇਸ ਸਾਲ (ਸੰਨ 2021) ’ਚ 1 ਮਈ/ ੧੯ ਵੈਸਾਖ ਨੂੰ ਆਈ ਅਤੇ ਅਗਲੇ ਸਾਲ 2022 ’ਚ 21 ਅਪ੍ਰੈਲ/ ੮ ਵੈਸਾਖ ਨੂੰ ਆਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕਦੀ ਅਪ੍ਰੈਲ ਵਿੱਚ ਅਤੇ ਕਦੀ ਮਈ ਮਹੀਨੇ ’ਚ; ਕਦੀ ਚੇਤ ਦੇ ਮਹੀਨੇ ਅਤੇ ਕਦੀ ਵੈਸਾਖ ਦੇ ਮਹੀਨੇ ’ਚ ਆ ਜਾਂਦਾ ਹੈ, ਪਰ ਜੇ ਸਾਰੇ ਗੁਰ ਪੁਰਬ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਮੁਤਾਬਕ ਮਨਾਏ ਜਾਣ ਤਾਂ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੧ ਵੈਸਾਖ/ 14 ਅਪ੍ਰੈਲ; ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ੫ ਵੈਸਾਖ/ 18 ਅਪ੍ਰੈਲ; ਭਾਵ ਪ੍ਰਕਾਸ਼ ਵਰ੍ਹੇ ’ਚ ਵੀ ਵੈਸਾਖੀ ਤੋਂ 4 ਦਿਨ ਪਿੱਛੋਂ ਅਤੇ ਹੁਣ ਹਰ ਸਾਲ ਅੱਜ ਕਲ੍ਹ ਵੀ ਵੈਸਾਖੀ ਤੋਂ 4 ਦਿਨ ਪਿੱਛੋਂ ੫ ਵੈਸਾਖ ਨੂੰ ਹੀ ਆਇਆ ਕਰੇਗਾ। ਇਸੇ ਤਰ੍ਹਾਂ ਇਨ੍ਹਾਂ ਦਾ ਸ਼ਹੀਦੀ ਪੁਰਬ ਹਰ ਸਾਲ ੧੧ ਮੱਘਰ/ 24 ਨਵੰਬਰ ਨੂੰ ਆਇਆ ਕਰੇਗਾ। ਹਰੇਕ ਦਿਹਾੜਾ ਹਰ ਸਾਲ ਇਨ੍ਹਾਂ ਹੀ ਨਾਨਕਸ਼ਾਹੀ ਤਾਰੀਖ਼ਾਂ ਅਤੇ ਇਨ੍ਹਾਂ ਹੀ ਸਾਂਝੇ ਸਾਲ ਦੀਆਂ ਤਾਰੀਖ਼ਾਂ ਨੂੰ ਆਵੇਗਾ। ਹਰੇਕ ਦਿਹਾੜਾ ਹਰ ਸਾਲ 365 ਦਿਨ ਜਾਂ ਲੀਪ ਦੇ ਸਾਲ ’ਚ 366 ਦਿਨ ਬਾਅਦ ਆਵੇਗਾ। ਹਰ ਦਿਹਾੜੇ ਦੇ ਵਿਚਕਾਰ ਦਿਨਾਂ ਦਾ ਫ਼ਰਕ ਉਹੀ ਰਹੇਗਾ ਜਿਹੜਾ ਇਤਿਹਾਸ ’ਚ ਦਰਜ ਹੈ।  ਹੁਣ ਫ਼ੈਸਲਾ ਪੰਥ ਨੇ ਕਰਨਾ ਹੈ ਕਿ ਉਨ੍ਹਾਂ ਨੇ ਕਿਹੜਾ ਕੈਲੰਡਰ ਅਪਣਾਉਣਾ ਹੈ।

ਗਾਥਾ ਨਿਹੰਗ ਖਾਨ ਅਤੇ ਬੀਬੀ ਮੁਮਤਾਜ

0

ਗਾਥਾ ਨਿਹੰਗ ਖਾਨ ਅਤੇ ਬੀਬੀ ਮੁਮਤਾਜ

ਜਦ ਬਚਿੱਤਰ ਸਿੰਘ ਜ਼ਖ਼ਮੀ ਹੋ ਗਿਆ, ਦਿੱਤਾ ਨਿਹੰਗ ਖਾਨ ਦੇ ਕਿਲ੍ਹੇ ਪਹੁੰਚਾ।

ਜੋ ਮੁਰੀਦ ਸੀ ਗੁਰੂ ਗੋਬਿੰਦ ਸਿੰਘ ਦਾ, ਜਿਸ ਦਾ ਗੁਰੂ ਨਾਲ ਸੀ ਪ੍ਰੇਮ ਅਥਾਹ।

ਕੀਤੀ ਕਿਸੇ ਸੂਹੀਏ ਨੇ ਮੁਖ਼ਬਰੀ, ਲਿਆ ਕਿਲ੍ਹੇ ਨੂੰ ਘੇਰਾ ਪਾ।

ਨਿਹੰਗ ਖਾਨ ਨੇ ਧੀ ਮੁਮਤਾਜ ਨੂੰ, ਸਿੰਘ ਦੀ ਸੇਵਾ ਦੇ ਵਿੱਚ ਲਾ।

ਇੱਕ ਕਮਰੇ ਅੰਦਰ ਬਿਠਾ ਕੇ, ਦਿੱਤਾ ਅੰਦਰੋਂ ਕੁੰਡਾ ਲਵਾ।

ਪੁਲਿਸ ਨੇ ਸਾਰਾ ਕਿਲ੍ਹਾ ਫਰੋਲਤਾ, ਕਿਤੋਂ ਕੁਝ ਵੀ ਨਾ ਮਿਲਿਆ।

ਇੱਕ ਬੰਦ ਕਮਰੇ ਨੂੰ ਵੇਖ ਕੇ, ਨਿਹੰਗ ਖਾਨ ਨੂੰ ਪੁੱਛਿਆ ਬੁਲਾਅ।

ਫਿਰ ਨਿਹੰਗ ਖਾਨ ਨੇ ਦੱਸਿਆ, ਤੁਸੀਂ ਵੇਖ ਲਓ ਭਾਵੇਂ ਜਾਅ।

ਇੱਥੇ ਮੇਰੀ ਧੀ ਅਤੇ ਦਾਮਾਦ ਹੈ, ਉਹ ਰਹੇ ਨੇ ਆਰਾਮ ਫ਼ੁਰਮਾ।

ਕਰ ਯਕੀਨ ਨਿਹੰਗ ਖਾਨ ’ਤੇ, ਫਿਰ ਹੋਈ ਪੁਲਿਸ ਵਿਦਾ।

ਮੁਮਤਾਜ ਦੇ ਬੋਲ ਕੰਨਾਂ ਵਿੱਚ ਪੈ ਗਏ, ਉਹਨੇ ਮਨ ਵਿਚ ਧਾਰ ਲਿਆ।

ਮੰਨ ਲਿਆ ਪਤੀ ਬੱਚਿਤਰ ਸਿੰਘ ਨੂੰ, ਕਹਿੰਦੀ ‘ਨਹੀਂ ਕਰਾਉਣਾ ਹੋਰ ਨਿਕਾਹ’।

ਕੁੱਝ ਦਿਨਾਂ ਬਾਅਦ ਬੱਚਿਤਰ ਸਿੰਘ ਜੀ, ਇਹ ਦੁਨੀਆਂ ਤੋਂ ਤੁਰ ਗਿਆ।

ਇਕ ਦਿਨ ਘਰੇ ਨਿਹੰਗ ਖਾਨ ਨੇ, ਮੁਮਤਾਜ ਦੇ ਵਿਆਹ ਦੀ ਕਰੀ ਸਲਾਹ।

ਮੁਮਤਾਜ ਨੇ ਝੱਟ ਪਿਤਾ ਨੂੰ ਆਖਿਆ, ਨਹੀਂ ਕਰਾਉਣਾ ਦੂਜਾ ਵਿਆਹ।

ਤੁਸੀਂ ਭੁੱਲ ਗਏ ਉਦੋਂ ਕੀ ਸੀ ਆਖਿਆ ? ਦਿੱਤਾ ਪਿਤਾ ਨੂੰ ਯਾਦ ਕਰਾ।

ਹੁਣ ਮੈਂ ਏਦਾਂ ਹੀ ਉਮਰ ਗੁਜਾਰਨੀ, ਇਹ ਜਿੰਦਗੀ ਉਸ ਦੇ ਦਿੱਤੀ ਲੇਖੇ ਲਾ।

ਮੁਮਤਾਜ ਪੱਕੀ ਰਹੀ ਸਿਦਕ ਦੀ, ਜੋ ਗਈ ਆਪਣੇ ਬੋਲ ਪੁਗਾ।

ਲੋਕੀ ਉਸ ਦੀ ਯਾਦਗਾਰ ਤੇ ਜਾ ਕੇ, ਮੇਜਰ ਰਹੇ ਨੇ ਸੀਸ ਨਿਵਾਅ

ਲੋਕ ਰਹੇ ਨੇ ਸੀਸ ਨਿਵਾਅ…।

ਮੇਜਰ ਸਿੰਘ ਬੁਢਲਾਡਾ 94176-42327

        ਬਾਬਾ ਨਾਨਕ

ਇਕ ਬਾਬਾ ਨਾਨਕ ਆਇਆ ਸੀ। ਜਿਸ ਨੇ ਸੱਚ ਦਾ ਪਾਠ ਪੜ੍ਹਾਇਆ ਸੀ।

ਪੰਡਿਤ, ਮੌਲਵੀ, ਜੋਗੀਆਂ ਦਰ ਜਾ ਕੇ, ਬੇਖੌਫ ਹੋ ਕੇ ਸੱਚ ਸੁਣਾਇਆ ਸੀ।

ਇਥੇ ਕੁਰਾਹੇ ਪਏ ਹੋਏ ਲੋਕਾਂ ਨੂੰ, ਉਹਨੇ ਸਿੱਧੇ ਰਸਤੇ ਪਾਇਆ ਸੀ।

ਅਗਿਆਨਤਾ ਦੇ ਹਨੇਰੇ ਭਟਕਦਿਆਂ ਲਈ, ਗਿਆਨ ਦਾ ਦੀਪ ਜਲਾਇਆ ਸੀ।

ਫ਼ਰਕ ਕਿਸੇ ਨਾਲ ਰੱਖਿਆ ਨਾ, ਸਭ ਨੂੰ ਗਲ਼ ਨਾਲ ਲਾਇਆ ਸੀ।

ਜ਼ਾਤ-ਪਾਤ ਦਾ ਕਰ ਕੇ ਖੰਡਨ, ਛੂਆ-ਛਾਤ ਦਾ ਭਰਮ ਮਿਟਾਇਆ ਸੀ।

‘‘ਨਾਨਕ ! ਉਤਮੁ ਨੀਚੁ ਨ ਕੋਇ’’ ਲੋਕਾਂ ਨੂੰ ਸਮਝਾਇਆ ਸੀ।

ਸਮਝਿਆ ਜਾਂਦਾ ਸੀ ਮੰਦਾ ਔਰਤ ਨੂੰ, ਬਾਬੇ ਨੇ ਖੂਬ ਵਡਿਆਇਆ ਸੀ।

‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਮੇਜਰ ਬਾਬੇ ਨੇ ਸਿਧਾਂਤ ਚਲਾਇਆ ਸੀ।

ਮੇਜਰ ਸਿੰਘ ਬੁਢਲਾਡਾ 94176-42327

           ਭਾਈ ਮਰਦਾਨਾ

ਭਾਈ ਮਰਦਾਨਾ ਰਾਇ ਭੋਇ ਦੀ ਤਲਵੰਡੀ ਦਾ ਰਹਿਣ ਵਾਲਾ,

ਮਾਤਾ ਲੱਖੋ ਪਿਤਾ ਮੀਰ ਬਾਦਰੇ ਦੀ ਸੀ ਸੰਤਾਨ ਭਾਈ !

ਗੁਰੂ ਨਾਨਕ ਸਾਹਿਬ ਜੀ ਦਾ ਸੰਤਾਲੀ ਸਾਲ ਸਾਥ ਦੇ ਕੇ,

ਸੇਵਾ ਗੁਰੂ ਸਾਹਿਬ ਦੀ ਕੀਤੀ ਬੜੀ ਮਹਾਨ ਭਾਈ !

ਰਬਾਬ ਐਸੀ ਵਜਾਉਂਦਾ ਸਰੋਤੇ ਮੰਤਰ-ਮੁਗਧ ਹੋ ਜਾਂਦੇ,

ਗੁਰੂ ਸਾਹਿਬ ਜਦ ਕਰਦੇ ਸੀ ਸ਼ਬਦ ਬਿਆਨ ਭਾਈ !

ਉਹਨਾਂ ਦਾ ਰਹਿੰਦੀ ਦੁਨੀਆਂ ਤੱਕ ਚਮਕਦਾ ਨਾਮ ਰਹਿੰਦਾ,

‘ਮੇਜਰ’ ਚੰਗੇ ਕੰਮ ਕਰ ਜਾਂਦੇ, ਜੋ ਵਿੱਚ ਜਹਾਨ ਭਾਈ !

ਮੇਜਰ ਸਿੰਘ ਬੁਢਲਾਡਾ 94176-42327

ਆਤਮ ਚਿੰਤਨ ਕਰੀਏ ਤਾਂ ਹੀ ਗੁਰ ਪੁਰਬ ਮਨਾਏ ਸਫਲ ਨੇ।

0

ਆਤਮ ਚਿੰਤਨ ਕਰੀਏ ਤਾਂ ਹੀ ਗੁਰ ਪੁਰਬ ਮਨਾਏ ਸਫਲ ਨੇ।

ਬੀਬੀ ਨਵਗੀਤ ਕੌਰ (ਲੁਧਿਆਣਾ)

ਜਿਸ ਵਕਤ ਦੁਨੀਆਂ ਪਖੰਡਾਂ ਅਤੇ ਆਡਬੰਰਾਂ ਵਿੱਚ ਫਸੀ ਹੋਈ ਸੀ। ਧਰਮ ਦੇ ਠੇਕੇਦਾਰਾਂ ਦੇ ਕਰਮਕਾਂਡਾਂ ’ਚ ਉਲਝੀ ਪਈ ਸੀ ਤਾਂ ਬਾਬੇ ਨੇ ਕੱਚ ਦਾ ਬੇੜਾ ਡੋਬ ਕੇ ਤੇ ਸੱਚ ਦਾ ਸੂਰਜ ਚੜ੍ਹਾ ਕੇ ਬੜਾ ਸੌਖਾ ਉਪਦੇਸ਼ ਦਿੱਤਾ ‘ਦਸਾਂ ਨਹੁੰਆਂ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ’।

ਕੂੜ ਦੀਆਂ ਅੱਖਾਂ ਚੁੰਧਿਆ ਗਈਆਂ, ਸ਼ੰਖ ਚੀਖੇ, ਘੜਿਆਲ ਕੰਬੇ ਪਰ ਸੱਚ ਦਾ ਸੂਰਜ ਚੜ੍ਹਣਾ ਸੀ, ਸੋ ਚੜ੍ਹਿਆ। ਪੰਡਿਤ ਮੁੱਲਾਂ ਦੇ ਪੇਟ ’ਤੇ ਲੱਤ ਵੱਜੀ। ਆਮ ਲੁਕਾਈ ਨੂੰ ਰਾਹਤ ਮਿਲੀ। ਜਿਵੇਂ ਸਿਰ ਤੋਂ ਮਣਾ ਮੂੰਹੀਂ ਭਾਰ ਉਤਰਿਆ ਹੋਵੇ ਕਰਮਕਾਂਡਾਂ ਦਾ ।

ਐਨਾ ਸੌਖਾ   ! ! ਛੁਟਕਾਰਾ  ! ! !

ਢੇਰਾਂ ਦੇ ਢੇਰ ਕਰਮਕਾਂਡ ਕਮਾਉਣੇ ਤੇ ਫੇਰ ਖ਼ਤਮ ਨਾ ਹੋਣੇ ਤੇ ਹੁਣ ਨਾ ਜੰਗਲਾਂ ’ਚ ਧੱਕੇ ਖਾਣੇ। ਨਾ ਸ਼ਿਲੇ ਕੱਟਣੇ। ਨਾ ਸਵਾਹ ਮਲਣੀ ਪਿੰਡੇ ’ਤੇ ।  ਨਾ ਨਿਉਲੀ ਕਰਮ । ਐਨੇ ਸਭ ਤੋਂ ਛੁਟਕਾਰਾ ਪਾ ਕੇ, ਗ੍ਰਹਿਸਤ ਮਾਰਗ ਵਿੱਚ ਰਹਿੰਦਿਆਂ ਤਿੰਨ ਬਚਨ ਕਮਾਉਣੇ, ਕਿੰਨਾ ਚੰਗਾ ਲੱਗਾ ਹੋਣਾ ਅਭਿਆਸੀਆਂ ਨੂੰ  ! ! ! ! ਜਿਨ੍ਹਾਂ ਨੇ ਇਮਾਨਦਾਰੀ ਨਾਲ ਇਹ ਤਿੰਨ ਬਚਨ ਕਮਾਏ । ਬੇਅੰਤ ਈ ਛੁੱਟ ਗਏ ਤੇ ਬੇਅੰਤ ਦਾ ਲੇਖਾ ਮੁਕਦਾ ਜਾ ਰਿਹੈ। ਬਸ ਕਮੀ ਏ ਤਾਂ ਇਮਾਨਦਾਰੀ ਨਾਲ ਚੱਲਣ ਦੀ।

ਅਸਲੀਅਤ ਤਾਂ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਮਾਰਗ ਸੱਚ ਦਾ, ਪ੍ਰੇਮ ਦਾ, ਮੁਹੱਬਤ ਦਾ ਮਾਰਗ ਹੈ। ਉਨ੍ਹਾਂ ਨੇ ਮਨੁੱਖ ਨੂੰ ਕਰਮਯੋਗੀ ਹੋਣ ਲਈ ਪ੍ਰੇਰਿਆ ਅਤੇ ਵਹਿਮਾਂ ਭਰਮਾਂ ਦਾ ਕੋਹੜ ਵੱਢਦੇ ਹੋਏ ਸਿੱਧਾ ਅਕਾਲ ਪੁਰਖ ਵੱਲ ਮੂੰਹ ਕਰਨ ਲਈ ਕਿਹਾ।

ਸੋ ਆਓ ਆਪਣੇ ਅੰਦਰ ਝਾਤ ਮਾਰੀਏ । ਗੁਰੂ ਨਾਨਕ ਦਾ ਸਿੱਖ ਹੰਕਾਰੀ ਨਹੀਂ, ਸ੍ਵੈ ਅਭਿਮਾਨੀ ਹੋ ਸਕਦਾ। ਲਾਲਚੀ ਨਹੀਂ, ਨਿਸ਼ਕਾਮੀ ਹੋ ਸਕਦਾ। ਸੁਆਰਥੀ ਨਹੀਂ, ਪਰਉਪਕਾਰੀ ਹੋ ਸਕਦਾ। ਈਰਖਾਲੂ ਨਹੀਂ, ਮੁਹੱਬਤ ’ਚ ਰੰਗਿਆ ਹੋ ਸਕਦਾ ! ! ! !

ਇੱਕ ਵਾਰ ਫਿਰ ਆਤਮ ਚਿੰਤਨ ਕਰੀਏ ਤਾਂ ਹੀ ਗੁਰ ਪੁਰਬ ਮਨਾਏ ਸਫਲ ਨੇ।

ਸਿਰ ਦੀਜੈ ਬਾਹਿ ਨ ਛੋੜੀਐ

0

ਸਿਰ ਦੀਜੈ ਬਾਹਿ ਨ ਛੋੜੀਐ

 -ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ.8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) 94631-32719

ਮਨੁੱਖਤਾ ਦੇ ਰਹਿਬਰ ਸ੍ਰੀ ਗੁਰੁ ਨਾਨਕ ਦੇਵ ਜੀ ਦੁਆਰਾ ਨਿਰਮਲ ਪੰਥ ਦੇ ਰੂਪ ਵਿੱਚ ਚਲਾਇਆ ਗਿਆ ਸਿੱਖ ਧਰਮ ਸੰਸਾਰਿਕ ਅਤੇ ਪਰਿਵਾਰਕ (ਗ੍ਰਹਿਸਥ ਪ੍ਰਧਾਨ) ਧਰਮ ਹੈ। ਜਗਤ ਗੁਰੂ ਨੇ ਆਪਣੀ ਅਣਥੱਕ ਘਾਲਣਾ ਅਤੇ ਸਰਵ-ਹਿੱਤਕਾਰੀ ਸੋਚ ਨਾਲ ਦੁਨੀਆਂ ਨੂੰ ਇੱਕ ਅਜਿਹੀ ਜੀਵਨ-ਜੁਗਤ ਦਿੱਤੀ ਹੈ, ਜਿਸ ਨੂੰ ਤਨੋਂ-ਮਨੋਂ ਅਪਣਾਉਣ ਅਤੇ ਕਮਾਉਣ ਨਾਲ ਕੋਈ ਵੀ ਬਸ਼ਰ (ਬੰਦਾ) ਆਪਣੇ ਲੋਕ ਅਤੇ ਪ੍ਰਲੋਕ ਨੂੰ ਸੰਵਾਰ ਸਕਦਾ ਹੈ। ਸਿੱਖ ਧਰਮ ਵਿੱਚ ਪ੍ਰਲੋਕ ਨੂੰ ਸੰਵਾਰਨ ਤੋਂ ਪਹਿਲਾਂ ਲੋਕ ਨੂੰ ਸੰਵਾਰਨ ਅਤੇ ਲੋਕ ਨੂੰ ਸੰਵਾਰਨ ਤੋਂ ਪਹਿਲਾਂ ਨਿੱਜ ਨੂੰ ਸੰਵਾਰਨ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਧਾਂਤਕ ਅਤੇ ਵਿਵਹਾਰਕ ਰੂਪ ਵਿੱਚ ਸਰਬਤ ਦਾ ਭਲਾ ਮੰਗਣਾ ਕੇਵਲ ਸਿੱਖ ਧਰਮ ਦੇ ਹਿੱਸੇ ਵਿੱਚ ਹੀ ਆਇਆ ਹੈ। ਬੇਸ਼ੱਕ ਸੰਸਾਰ ਦੇ ਬਾਕੀ ਧਰਮ ਵੀ ਮਾਨਵ-ਹਿੱਤੂ ਹੋਣ ਦੀ ਹਾਮੀ ਭਰਦੇ ਹਨ, ਪਰ ਜਿਹੜਾ ਕਲਾਵਾ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਿਆਰੇ ਸਿੱਖਾਂ ਨੇ ਸਮੇਂ-ਸਮੇਂ ਭਰਿਆ ਹੈ ਉਸ ਵਿੱਚ ਗ਼ੈਰ ਸਿੱਖਾਂ ਦੇ ਸਮਾਅ ਜਾਣ ਦੀ ਗੁੰਜਾਇਸ਼ ਵੀ ਬਰਾਬਰ ਰਹੀ ਹੈ। ਇਸ ਬਰਾਬਰਤਾ ਦਾ ਆਧਾਰ ‘‘ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਦਾ ਸਿਧਾਂਤ ਹੈ ਜਿਹੜਾ ਪਰਉਪਕਾਰ ਦੀ ਭਾਵਨਾ ਦਾ ਜਨਮ ਦਾਤਾ ਹੈ ਅਤੇ ਇਹ ਭਾਵਨਾ ਸਿੱਖੀ ਸੋਚ ਦਾ ਕੇਂਦਰੀ ਬਿੰਦੂ ਰਹੀ ਹੈ। ਇਹ ਭਾਵਨਾ ਏਨੀ ਬਲਵਾਨ ਰਹੀ ਹੈ ਕਿ ਇਸ ਦੇ ਪ੍ਰਭਾਵ ਹੇਠ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਸਮੇਂ-ਸਮੇਂ ਸ਼ਹਾਦਤ ਦੇ ਜਾਮ ਵੀ ਪੀਣੇ ਪਏ ਹਨ।

ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਭਾਵੇਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਹਾਸਲ ਹੈ ਪਰ ਪਰਉਪਕਾਰ ਦੀ ਭਾਵਨਾ ਤਹਿਤ ਸ਼ਹੀਦ ਹੋਣ ਦਾ ਮਾਣ ਉਨ੍ਹਾਂ ਦੇ ਪੋਤੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਭੀ ਜਾਂਦਾ ਹੈ।

ਹਿੰਦੋਸਤਾਨ ਦੇ ਹਾਕਮ ਔਰੰਗਜ਼ੇਬ ਦੇ ਹੁਕਮ ਮੁਤਾਬਕ ਕਸ਼ਮੀਰ ਦੇ ਸੂਬੇਦਾਰ ਸ਼ੇਰ ਅਫ਼ਗਾਨ ਨੇ ਜਦੋਂ ਕਸ਼ਮੀਰ ਦੇ ਪੰਡਤਾਂ ’ਤੇ ਅਕਹਿ ਅਤੇ ਅਸਹਿ ਜ਼ੁਲਮ ਕਰਨੇ ਸ਼ੁਰੂ ਕੀਤੇ ਤਾਂ ਕਿਸੇ ਨੇ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ। ਥੱਕ ਹਾਰ ਕੇ ਉਨ੍ਹਾਂ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਰਾਹ ਫੜ ਲਿਆ ਅਤੇ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕੋਲ ਆ ਫ਼ਰਿਆਦੀ ਹੋਏ। ਉਨ੍ਹਾਂ ਦੀ ਫ਼ਰਿਆਦ ਸੁਣ ਕੇ ਗੁਰੂ ਸਾਹਿਬ ਅਜੇ ਕੁੱਝ ਸੋਚ ਹੀ ਰਹੇ ਸਨ ਕਿ ਇਸ ਸਮੇਂ ਦੌਰਾਨ ਬਾਲ ਗੋਬਿੰਦ ਰਾਇ ਜੀ ਵੀ ਉਥੇ ਪਹੁੰਚ ਗਏ। ਉਦਾਸ ਬੈਠੇ ਪੰਡਿਤਾਂ ਨੂੰ ਦੇਖ ਕੇ ਪੁੱਛਣ ਲੱਗੇ-

‘ਪਿਤਾ ਜੀ ! ਇਹ ਕੌਣ ਲੋਕ ਹਨ ਜੋ ਉਦਾਸ ਬੈਠੇ ਹਨ ?’

‘ਇਹ ਕਸ਼ਮੀਰ ਦੇ ਵਿਦਵਾਨ ਲੋਕ ਹਨ।’ ਗੁਰੂ ਸਾਹਿਬ ਨੇ ਜਵਾਬ ਦਿੱਤਾ।

‘ਇਹ ਇੱਥੇ ਕਿਉਂ ਆਏ ਹਨ ?’ ਬਾਲ ਗੋਬਿੰਦ ਰਾਇ ਨੇ ਸਵਾਲੀਆ ਨਜ਼ਰਾਂ ਨਾਲ ਕਿਹਾ।

‘ਪੁੱਤਰ ਜੀ ! ਦਿੱਲੀ ਦਾ ਹਾਕਮ ਔਰੰਗਜ਼ੇਬ ਇਨ੍ਹਾਂ ਦੇ ਧਾਰਮਿਕ ਸਥਾਨਾਂ (ਮੰਦਿਰਾਂ) ਅਤੇ ਧਾਰਮਿਕ ਚਿੰਨ੍ਹਾਂ (ਤਿਲਕ, ਜੰਝੂ ਅਤੇ ਟਿੱਕਾ) ਦੀ ਬੇਅਦਬੀ ਕਰ ਰਿਹਾ ਹੈ, ਇਹ ਇੱਥੇ ਇਸ ਕਰਕੇ ਆਏ ਹਨ ਕਿ ਇਨ੍ਹਾਂ ਦੇ ਧਰਮ ਦੀ ਰਾਖੀ ਕੀਤੀ ਜਾਵੇ।’

ਗੁਰੂ ਸਾਹਿਬ ਨੇ ਕਸ਼ਮੀਰੀ ਪੰਡਿਤਾਂ ਦੀ ਆਮਦ ਦਾ ਸਬੱਬ ਬਿਆਨਦੇ ਹੋਏ ਕਿਹਾ।

‘ਪਿਤਾ ਜੀ ਫਿਰ ਰਾਖੀ ਹੋਵੇਗੀ ਕਿ ਨਹੀਂ ?’

‘ਪੁੱਤਰ ਜੀ ! ਇਨ੍ਹਾਂ ਦੇ ਧਰਮ ਦੀ ਰਾਖੀ ਲਈ ਕਿਸੇ ਮਹਾਨ-ਪੁਰਖ ਦੀ ਕੁਰਬਾਨੀ ਦੀ ਲੋੜ ਹੈ, ਜੋ ਆਪਣਾ ਬਲੀਦਾਨ ਦੇ ਕੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ੍ਹ ਪਾ ਸਕੇ।’  ‘ਪਿਤਾ ਜੀ  ! ਉਹ ਮਹਾਨ-ਪੁਰਖ ਤੁਹਾਡੀ ਨਜ਼ਰ ਵਿੱਚ ਹੈ ਕਿ ਜਾਂ ਫਿਰ ਮੈਂ ਦੱਸ ਦਿਆਂ।’ ‘ਪੱੁਤਰ  ! ਚੱਲ ਫਿਰ ਤੂੰ ਹੀ ਦੱਸ ਦੇ।’

‘ਪਿਤਾ ਜੀ ! ਉਹ ਮਹਾਨ-ਪੁਰਖ ਤੁਹਾਡੇ ਤੋਂ ਵੱਧ ਕੇ ਭਲਾ ਹੋਰ ਕੌਣ ਹੋ ਸਕਦਾ ਹੈ।’ ‘ਬੱਚਾ  ! ਦੇਖ ਲੈ ਤੂੰ ਅਨਾਥ ਹੋ ਜਾਵੇਂਗਾ।’

‘ਪਿਤਾ ਜੀ ! ਜੇਕਰ ਹਿੰਦੋਸਤਾਨ ਦੇ ਹਜ਼ਾਰਾਂ ਬੱਚੇ ਅਨਾਥ ਹੋਣ ਤੋਂ ਬਚ ਜਾਣ ਤਾਂ ਮੇਰੇ ਇੱਕ ਦੇ ਅਨਾਥ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ।’

ਇੱਕ ਪੌਣੇ ਕੁ ਨੌ ਸਾਲ ਦੇ ਬਾਲ ਦੇ ਮੁਖ਼ਾਰਬਿੰਦ ’ਚੋਂ ਨਿਕਲੇ ਇਹ ਵਾਕ ਸਿੱਖੀ ਸੋਚ ਵਿਚਲੀ ਪਰਉਪਕਾਰੀ ਭਾਵਨਾ ਦੀ ਸਿਖਰ ਸਨ ਜਿਨ੍ਹਾਂ ਨੂੰ ਅਮਲੀ ਜਾਮਾ ਪਹਿਣਾਉਣ ਲਈ ਨੌਵੇਂ ਪਾਤਸ਼ਾਹ ਨੂੰ ਆਪਣਾ ਬਲੀਦਾਨ ਦੇਣਾ ਪਿਆ। ਇਹ ਬਲੀਦਾਨ ਗੁਰੂ ਘਰ ਦੀ ਉਸ ਵਚਨਬੱਧਤਾ ਨੂੰ ਵੀ ਸਾਰਧਿਕ ਕਰਦਾ ਹੈ ਜਿਸ ਅਨੁਸਾਰ ਕਿਹਾ ਗਿਆ ਹੈ ‘‘ਬਾਹਿ ਜਿਨਾ ਦੀ ਪਕੜੀਐ; ਸਿਰ ਦੀਜੈ ਬਾਹਿ ਛੋੜੀਐ’’

ਕਿਸਾਨ ਮੋਰਚਾ – ਲੋਕ ਏਕਤਾ ਦੀ ਇਤਿਹਾਸਕ ਜਿੱਤ – ਤਾਨਾਸ਼ਾਹੀ ਦੀ ਹਾਰ

0

ਕਿਸਾਨ ਮੋਰਚਾ – ਲੋਕ ਏਕਤਾ ਦੀ ਇਤਿਹਾਸਕ ਜਿੱਤ – ਤਾਨਾਸ਼ਾਹੀ ਦੀ ਹਾਰ

ਕਿਰਪਾਲ ਸਿੰਘ ਬਠਿੰਡਾ 88378-13661

ਕਿਸਾਨ ਮੋਰਚੇ ਸੰਬੰਧੀ ਲਿਖੇ ਗਏ ਪਿਛਲੇ ਲੇਖਾਂ ’ਚ ਕਾਫ਼ੀ ਕੁਝ ਲਿਖਿਆ ਜਾ ਚੁੱਕਾ ਹੈ; ਇਸ ਲੇਖ ’ਚ ਉਨ੍ਹਾਂ ਨੂੰ ਦੁਹਰਾਇਆ ਨਹੀਂ ਜਾਵੇਗਾ ਕੇਵਲ ਭੂਮਿਕਾ ਬੰਨ੍ਹਣ ਲਈ ਟੂਕ ਮਾਤਰ ਘਟਨਾਵਾਂ ਦਾ ਜ਼ਿਕਰ ਕਰ ਇਸ ਮੋਰਚੇ ਨਾਲ ਪੰਜਾਬ ਅਤੇ ਸਮੁੱਚੇ ਦੇਸ਼ ਦੀ ਸਿਆਸਤ ’ਤੇ ਦੂਰ ਰਸੀ ਪੈਣ ਵਾਲੇ ਪ੍ਰਭਾਵ ਸੰਬੰਧੀ ਚਰਚਾ ਕਰਨ ਦਾ ਹੀ ਯਤਨ ਕੀਤਾ ਜਾ ਰਿਹਾ ਹੈ।  5 ਜੂਨ 2020 ਨੂੰ ਕੇਂਦਰ ਸਰਕਾਰ ਨੇ ਬਿਨਾਂ ਕਿਸਾਨਾਂ ਨਾਲ ਵੀਚਾਰ ਚਰਚਾ ਕੀਤਿਆਂ ਤਿੰਨ ਖੇਤੀ ਆਰਡੀਨੈਂਸ ਜਾਰੀ ਕੀਤੇ। ਜਿਸ ਸਮੇਂ ਕੇਵਲ ਭਾਰਤ ਹੀ ਨਹੀਂ ਬਲਕਿ ਲਗਭਗ ਸਮੁੱਚਾ ਵਿਸ਼ਵ ਕੋਰੋਨਾ ਵਾਇਰਸ ਕਾਰਨ ਲਾੱਕ ਆਊਟ ਦਾ ਸਾਮ੍ਹਣਾ ਕਰ ਰਿਹਾ ਸੀ ਉਸ ਸਮੇਂ ਇਸ ਢੰਗ ਨਾਲ ਆਰਡੀਨੈਂਸ ਕਰਨ ਦੀ ਕੋਈ ਤੁਕ ਹੀ ਨਹੀਂ ਸੀ ਬਣਦੀ ਕਿਉਂਕਿ ਸੰਵਿਧਾਨ ਮੁਤਾਬਕ ਆਰਡੀਨੈਂਨਸ ਕੇਵਲ ਉਸ ਸਮੇਂ ਜਾਰੀ ਕੀਤੇ ਜਾ ਸਕਦੇ ਹਨ, ਜਿਸ ਸਮੇਂ ਕਿਸੇ ਖ਼ਾਸ ਆਪਤਕਾਲੀਨ (Emergency) ਕਾਰਨ ਅਜਿਹੇ ਕਾਨੂੰਨ ਲਾਗੂ ਕਰਨੇ ਬਹੁਤ ਹੀ ਜਰੂਰੀ ਹੋਣ, ਪਰ ਉਸ ਸਮੇਂ ਆਪਤਕਾਲ ਹੋਣ ਕਾਰਨ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਣਾ ਸੰਭਵ ਨਾ ਹੋਵੇ, ਪਰ ਜਿਸ ਸਮੇਂ ਇਹ ਆਰਡੀਨੈਂਨਸ ਜਾਰੀ ਕੀਤੇ ਗਏ ਸਨ ਉਸ ਸਮੇਂ ਦੇਸ਼ ਜਾਂ ਸਰਕਾਰ ਨੂੰ ਐਸੀ ਕੋਈ ਬਿਪਤਾ ਨਹੀਂ ਸੀ ਪਈ ਕਿ ਖੇਤੀ ਕਾਨੂੰਨਾਂ ਨੂੰ ਤੁਰੰਤ ਲਾਗੂ ਕਰਨਾ ਸਮੇਂ ਅਤੇ ਦੇਸ਼ ਦੀ ਬਹੁਤ ਵੱਡੀ ਲੋੜ ਹੋਵੇ। ਕੇਵਲ ਤਿੰਨ ਮਹੀਨੇ ਬਾਅਦ ਸਤੰਬਰ ’ਚ ਸੰਸਦ ਦਾ ਇਜਲਾਸ ਹੋਣਾ ਸੀ ਉਸ ਸਮੇਂ ਇਨ੍ਹਾਂ ਕਾਨੂੰਨਾਂ ’ਤੇ ਵਿਸਥਾਰ ਸਹਿਤ ਵੀਚਾਰ ਚਰਚਾ ਉਪਰੰਤ ਬਿੱਲ ਪਾਸ ਕਰਵਾਏ ਜਾ ਸਕਦੇ ਸਨ। ਦੂਸਰੀ ਗੱਲ ਹੈ ਕਿ ਖੇਤੀ ਸੰਬੰਧੀ ਕਾਨੂੰਨ ਪਾਸ ਕਰਨ ਦਾ ਅਧਿਕਾਰ ਖੇਤਰ, ਕੇਵਲ ਸੂਬਾ ਸਰਕਾਰਾਂ ਦਾ ਹੈ ਪਰ ਮੋਦੀ ਸਰਕਾਰ ਨੇ ਧੱਕੇ ਨਾਲ ਹੀ ਵਾਪਾਰ ਅਤੇ ਕਾਮਰਸ ਸ਼ਬਦ ਜੋੜ ਕੇ ਬਹੁਤ ਤੇਜ਼ੀ ਨਾਲ ਕਾਨੂੰਨ ਬਣਾ ਦਿੱਤੇ। ਘਟਨਾਕ੍ਰਮ ਇਉਂ ਹੈ ਕਿ 5 ਜੂਨ ਨੂੰ ਜਾਰੀ ਹੋਏ ਆਰਡੀਨੈਂਸਾਂ ਨੂੰ ਕਾਨੂੰਨੀ ਰੂਪ ਦੇਣ ਲਈ 16 ਸਤੰਬਰ 2020 ਨੂੰ ਬਿਨਾਂ ਕਿਸੇ ਵੀਚਾਰ ਚਰਚਾ ਅਤੇ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਬਿੱਲਾਂ ਨੂੰ ਸੰਸਦੀ ਕਮੇਟੀ ਕੋਲ਼ ਭੇਜਣ ਦੀ ਮੰਗ ਠੁਕਰਾ ਕੇ ਬਹੁਤ ਕਾਹਲ਼ੀ ’ਚ ਪਾਸ ਕੀਤੇ ਗਏ। ਰਾਜ ਸਭਾ ’ਚ ਭਾਜਪਾ ਘੱਟ ਗਿਣਤੀ ਹੈ; ਜੇ ਵੋਟਾਂ ਪੈਂਦੀਆਂ ਤਾਂ ਇਹ ਬਿੱਲ ਪਾਸ ਨਹੀਂ ਸਨ ਹੋ ਸਕਦੇ ਪਰ ਚੇਅਰਪਰਸਨ ਨੇ ਵਿਰੋਧੀ ਧਿਰਾਂ ਵੱਲੋਂ ਵੋਟਾਂ ਪਵਾਉਣ ਦੀ ਮੰਗ ਠੁਕਰਾ ਕੇ 20 ਸਤੰਬਰ ਨੂੰ ਰੌਲ਼ੇ-ਰੱਪੇ ’ਚ ਕੇਵਲ ਜ਼ਬਾਨੀ ਵੋਟ ਨਾਲ ਰਾਜ ਸਭਾ ’ਚ ਪਾਸ ਕਰਨ ਦਾ ਐਲਾਨ ਕਰ ਦਿੱਤਾ।  24 ਸਤੰਬਰ 2020 ਨੂੰ ਰਾਸ਼ਟਰਪਤੀ ਨੇ ਆਪਣੇ ਦਸਤਖ਼ਤ ਕਰ ਦਿੱਤੇ ਅਤੇ 27 ਸਤੰਬਰ ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਆਪਣੇ ਵੱਲੋਂ ਕਾਨੂੰਨ ਲਾਗੂ ਕਰ ਦਿੱਤੇ।

ਜੂਨ ਮਹੀਨੇ ’ਚ ਤਿੰਨੇ ਖੇਤੀ ਆਰਡੀਨੈਂਸ ਜਾਰੀ ਹੁੰਦਿਆਂ ਹੀ ਪੰਜਾਬ ’ਚ ਕਿਸਾਨ ਜਥੇਬੰਦੀਆਂ ਇਸ ਦੇ ਵਿਰੋਧ ’ਚ ਲਾਮਬੰਦ ਹੋਣੀਆਂ ਸ਼ੁਰੂ ਹੋ ਗਈਆਂ। ਵੀਚਾਰਧਾਰਕ ਮੱਤਭੇਦ ਹੋਣ ਦੇ ਬਾਵਜੂਦ 32 ਕਿਸਾਨ ਜਥੇਬੰਦੀਆਂ ਇੱਕ ਮੰਚ ’ਤੇ ਬੈਠ ਕੇ ਸਾਂਝਾ ਪ੍ਰੋਗਰਾਮ ਦੇਣ ਲਈ ਕੇਵਲ ਸਹਿਮਤ ਹੀ ਨਹੀਂ ਹੋਈਆਂ ਬਲਕਿ ਮੋਰਚਾ ਸ਼ੁਰੂ ਹੋਣ ਤੋਂ ਲੈ ਕੇ ਆਪਣੀ ਜਿੱਤ ਤੱਕ ਹਰ ਪ੍ਰੋਗਰਾਮ ’ਤੇ ਪੂਰੀ ਦ੍ਰਿੜ੍ਹਤਾ ਅਤੇ ਸੁਹਿਰਦਤਾ ਨਾਲ ਅਮਲ ਕੀਤਾ। ਹਰਿਆਣਾ ਦੇ ਕਿਸਾਨ ਵੀ ਸਰਗਰਮ ਹੋ ਚੁੱਕੇ ਸਨ ਤੇ ਉਨ੍ਹਾਂ ਪੰਜਾਬ ਦੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਨੂੰ ਅੱਗੇ ਵਧਾਉਣ ’ਚ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਇਆ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਦੋਵਾਂ ਸੂਬਿਆਂ ਦੀਆਂ ਜਥੇਬੰਦੀਆਂ ਨੇ ਮਿਲ ਕੇ ਦੇਸ਼ ਦੇ ਬਾਕੀ ਸੂਬਿਆਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕਰ ਉਨ੍ਹਾਂ ਨੂੰ ਆਪਣੇ ਨਾਲ ਤੋਰਨ ’ਚ ਸਫਲਤਾ ਹਾਸਲ ਕੀਤੀ ਤੇ ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਸਾਰੀਆਂ ਫਸਲਾਂ ’ਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਦੇਣ; ਪਰਾਲੀ ਸਾੜਨ ਅਤੇ ਬਿਜਲੀ ਸੋਧ ਬਿੱਲ ਵਾਪਸ ਲੈਣ ਦੀਆਂ ਚਾਰ ਮੁੱਖ ਮੰਗਾਂ ਨੂੰ ਲੈ ਕੇ 26 ਨਵੰਬਰ 2020 ਨੂੰ ਦਿੱਲੀ ਚੱਲੋ ਪ੍ਰੋਗਰਾਮ ਦਿੱਤਾ ਗਿਆ, ਜਿਸ ਨਾਲ ਪੰਜਾਬ ਹਰਿਆਣਾ ਦੇ ਨਾਲ਼-ਨਾਲ਼ ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ ਸਮੇਤ ਮੋਰਚਾ ਸਾਰੇ ਦੇਸ਼ ’ਚ ਫੈਲ ਗਿਆ। ਦੇਸ਼ਭਰ ਦੀਆਂ ਚਾਰ ਸੌ ਦੇ ਲਗਭਗ ਕਿਸਾਨ ਜਥੇਬੰਦੀਆਂ ‘ਸੰਯੁਕਤ ਕਿਸਾਨ ਮੋਰਚੇ’ ਦੇ ਬੈੱਨਰ ਹੇਠ ਇੱਕ ਮੰਚ ’ਤੇ ਇਕੱਤਰ ਹੋਈਆਂ ਅਤੇ ਫ਼ੈਸਲੇ ਲੈਣ ਲਈ 40 ਮੈਂਬਰੀ ਕਮੇਟੀ ਬਣਾਈ ਗਈ, ਜਿਸ ’ਚ ਪੰਜਾਬ ਦੀਆਂ ਸਮੁੱਚੀਆਂ 32 ਜਥੇਬੰਦੀਆਂ ਦਾ ਇੱਕ-ਇੱਕ ਨੁਮਾਇੰਦਾ ਅਤੇ ਬਾਕੀ ਸਾਰੇ ਦੇਸ਼ ’ਚੋਂ ਭੀ 8 ਨੁਮਾਇੰਦੇ ਸ਼ਾਮਲ ਕੀਤੇ ਗਏ। ਇਸ ਤਰ੍ਹਾਂ ਮੋਰਚੇ ਦੀ ਸਾਰੀ ਕਮਾਂਡ ਤਕਰੀਬਨ ਪੰਜਾਬ ਦੇ ਹੱਥ ਰਹੀ। ਭਾਜਪਾ ਪੱਖੀਆਂ ਅਤੇ ਗੋਦੀ ਮੀਡੀਏ ਨੂੰ ਛੱਡ ਕੇ ਬਾਕੀ ਦੇ ਪੂਰੇ ਭਾਰਤ ਹੀ ਨਹੀਂ ਬਲਕਿ ਪੂਰੇ ਵਿਸ਼ਵ ’ਚੋਂ ਕਿਸਾਨ ਮੋਰਚੇ ਨੂੰ ਹਰ ਵਰਗ ਖ਼ਾਸ ਕਰ ਪੰਜਾਬੀਆਂ ਅਤੇ ਪੰਜਾਬੀਆਂ ’ਚੋਂ ਵਿਸ਼ੇਸ਼ ਤੌਰ ’ਤੇ ਸਿੱਖਾਂ ਦਾ ਪੂਰਾ ਸਮਰਥਨ ਮਿਲਿਆ। ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਭਾਜਪਾ ਦੇ ਹਰ ਛੋਟੇ ਵੱਡੇ ਆਗੂ ਨੇ ਮੋਰਚੇ ਨੂੰ ਬਦਨਾਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਮੋਰਚੇ ’ਚ ਸ਼ਾਮਲ ਕਿਸਾਨਾਂ ਨੂੰ ਖ਼ਾਲਿਸਤਾਨੀ, ਵੱਖਵਾਦੀ, ਅਤਿਵਾਦੀ ਦੱਸ ਕੇ ਸਿੱਖਾਂ ਨੂੰ ਬਦਨਾਮ ਕਰਨ ਅਤੇ ਧਰਮ ਦੇ ਆਧਾਰ ’ਤੇ ਵੰਡਣ ਦੀ ਕੋਸ਼ਿਸ ਕੀਤੀ ਕਿ ਇਹ ਕਿਸਾਨ ਨਹੀਂ ਬਲਕਿ ਦੇਸ਼ ਦੇ ਦੁਸ਼ਮਣ ਹਨ, ਜੋ ਦੇਸ਼ ਨੂੰ ਤੋੜਨਾ ਚਾਹੁੰਦੇ ਹਨ।  ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ’ਚ ਅੰਦੋਲਨਕਾਰੀ ਕਿਸਾਨਾਂ ਨੂੰ ਅੰਦੋਲਨਜੀਵੀ, ਪਰਜੀਵੀ ਆਦਿਕ ਸ਼ਬਦਾਂ ਨਾਲ ਸੰਬੋਧਨ ਕਰ ਕਿਸਾਨਾਂ ਦਾ ਮਜ਼ਾਕ ਉਡਾਇਆ, ਪਰ ਭਾਜਪਾ ਦਾ ਹਰ ਪੈਂਤੜਾ ਉਨ੍ਹਾਂ ਲਈ ਉਲਟਾ ਪਿਆ। ਮੋਰਚੇ ਰਾਹੀਂ ਸਿੱਖ ਫ਼ਿਲਾਸਫ਼ੀ ਦਾ ਅਮਲੀ ਤੌਰ ’ਤੇ ਹੋ ਰਿਹਾ ਪ੍ਰਦਰਸ਼ਨ ਅਤੇ ਪ੍ਰਚਾਰ ਤੋਂ ਦੂਸਰਿਆਂ ਸੂਬਿਆਂ ਦੇ ਲੋਕ ਇੰਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਕਹਿਣਾ ਸ਼ੁਰੂ ਕੀਤਾ ਕਿ ਜੇ ਇਹ ਖ਼ਾਲਿਸਤਾਨੀ ਹਨ ਤਾਂ ਅਜਿਹਾ ਖ਼ਾਲਿਸਤਾਨ ਤਾਂ ਸਿਰਫ ਪੰਜਾਬ ’ਚ ਹੀ ਨਹੀਂ ਬਲਕਿ ਸਮੁੱਚੇ ਭਾਰਤ ’ਚ ਹੀ ਬਣ ਜਾਣਾ ਚਾਹੀਦਾ ਹੈ। ਚਿਰਾਂ ਤੋਂ ਲਟਕ ਰਹੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਮੁੱਦਾ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਆਪਸ ’ਚ ਲੜਾਉਣ ਲਈ ਹਰਿਆਣਾ ਸਰਕਾਰ ਅਤੇ ਭਾਜਪਾ ਆਗੂਆਂ ਵੱਲੋਂ ਉਛਾਲਨ ਦੀ ਕੋਸ਼ਿਸ਼ ਕੀਤੀ, ਪਰ ਹਰਿਆਣਾ ਦੇ ਸੂਝਵਾਨ ਕਿਸਾਨਾਂ ਨੇ ਇਹ ਕੋਝੀ ਕੋਸ਼ਿਸ਼ ਤੁਰੰਤ ਇਹ ਕਹਿ ਕੇ ਖੁੰਡੀ ਕਰ ਦਿੱਤੀ ਕਿ ਤੁਹਾਡੇ ਤਿੰਨੇ ਖੇਤੀ ਕਾਨੂੰਨਾਂ ਨੇ ਸਾਡੇ ਪਾਸ ਜ਼ਮੀਨਾਂ ਹੀ ਨਹੀਂ ਰਹਿਣ ਦੇਣੀਆਂ ਫਿਰ ਅਸੀਂ ਪਾਣੀ ਕੀ ਕਰਨਾ ਹੈ ? ਪਹਿਲਾਂ ਤੁਸੀਂ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਓ; ਪੰਜਾਬ ਸਾਡਾ ਵੱਡਾ ਭਰਾ ਹੈ; ਪਾਣੀ ਦਾ ਮਸਲਾ ਅਸੀਂ ਆਪਸ ’ਚ ਬੈਠ ਕੇ ਆਪੇ ਹੱਲ ਕਰ ਲਵਾਂਗੇ। ਇਸ ਤਰ੍ਹਾਂ ਭਾਜਪਾ/ਕੇਂਦਰ ਸਰਕਾਰ ਦੀਆਂ ਸਾਰੀਆਂ ਕੋਝੀਆਂ ਚਾਲਾਂ ਦਾ ਕਿਸਾਨ ਏਕਤਾ ਅਤੇ ਕਿਰਦਾਰ ਤੁਰੰਤ ਭੋਗ ਪਾਉਂਦਾ ਰਿਹਾ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਦੀ ਖੇਤੀ ਮੰਤਰੀ ਨਰਿੰਦਰ ਤੋਮਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕੇਂਦਰੀ ਮੰਤਰੀਆਂ ਨਾਲ 11 ਮੀਟਿੰਗਾਂ ਹੋਈਆਂ। ਅੰਤਲੀ ਮੀਟਿੰਗ 21 ਜਨਵਰੀ 2021 ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਹੋਈ, ਪਰ ਸਾਰੀਆਂ ਬੇਸਿੱਟਾ ਰਹੀਆਂ ਕਿਉਂਕਿ ਸਰਕਾਰ ਕਾਨੂੰਨਾਂ ਨੂੰ ਕਿਸੇ ਵੀ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਸਿੱਧ ਨਾ ਕਰ ਸਕੀ ਤੇ ਇੱਕੋ ਰੱਟ ਲਾਉਂਦੀ ਰਹੀ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਹਨ; ਅਸੀਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨੀ ਹੈ, ਇਸ ਲਈ ਇਨ੍ਹਾਂ ਕਾਨੂੰਨਾਂ ’ਚ ਭਾਵੇਂ ਜਿੰਨੀਆਂ ਮਰਜ਼ੀ ਸੋਧਾਂ ਕਰਵਾ ਲਓ ਪਰ ਸਾਡੀ ਇੱਜ਼ਤ ਰੱਖੋ ਅਤੇ ਰੱਦ ਕਰਵਾਉਣ ਦੀ ਮੰਗ ਛੱਡ ਦੇਵੋ; ਜਦੋਂ ਕਿ ਕਿਸਾਨ ਇਸ ਗੱਲ ’ਤੇ ਬਜ਼ਿੱਦ ਸਨ ਕਿ ਜੇ ਸਾਰੀਆਂ ਮੱਦਾਂ ਨੂੰ ਤੁਸੀਂ ਗ਼ਲਤ ਹੀ ਮੰਨਦੇ ਹੋ ਤਾਂ ਇਨ੍ਹਾਂ ਕਾਨੂੰਨਾਂ ਦੀ ਲੋੜ ਹੀ ਕੀ ਰਹਿ ਜਾਂਦੀ ਹੈ।

ਕਿਸਾਨ ਜਥੇਬੰਦੀਆਂ ਨੇ ਸਰਕਾਰ ’ਤੇ ਦਬਾਅ ਵਧਾਉਣ ਲਈ 26 ਜਨਵਰੀ ਨੂੰ ਦਿੱਲੀ ’ਚ ਗਣਤੰਤਰ ਦਿਵਸ ਪਰੇਡ ਦੇ ਬਰਾਬਰ ਟਰੈਕਟਰ ਪਰੇਡ ਕਰਨ ਦਾ ਫ਼ੈਸਲਾ ਕੀਤਾ। ਇਸ ਪਰੇਡ ਦੌਰਾਨ ਸਰਕਾਰ ਅਤੇ ਭਾਜਪਾ ਦੇ ਕਾਰਕੁਨਾਂ ਵੱਲੋਂ ਹਿੰਸਾ ਫੈਲਾਉਣ ਦੀਆਂ ਕਨਸੋਆਂ ਆਉਣੀਆਂ ਸ਼ੁਰੂ ਹੋਈਆਂ। ਆਖ਼ਿਰ ਦਿੱਲੀ ਪੁਲਿਸ ਜਿਹੜੀ ਸਿੱਧੇ ਤੌਰ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਧੀਨ ਆਉਂਦੀ ਹੈ, ਨਾਲ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਦੌਰਾਨ ਟਰੈਕਟਰ ਮਾਰਚ ਲਈ ਦਿੱਲੀ ਦੇ ਬਾਹਰੀ ਹਿੱਸੇ ਦਾ ਰੂਟ ਤੈਅ ਹੋਇਆ। ਟਰੈਕਟਰ ਮਾਰਚ ਲਈ ਦਿੱਲੀ ਦੇ ਲਾਗਲੇ ਖੇਤਰ ਖ਼ਾਸ ਕਰ ਪੰਜਾਬ ਹਰਿਆਣਾ ’ਚੋਂ ਬੇਸ਼ੁਮਾਰ ਟਰੈਕਟਰ ਪਹੁੰਚ ਗਏ। ਇੱਕ ਸਾਜਿਸ਼ ਅਧੀਨ ਦਿੱਲੀ ਪੁਲਿਸ ਵੱਲੋਂ ਤੈਅ ਸ਼ੁਦਾ ਰੂਟ ’ਤੇ ਭਾਰੀ ਬੈਰੀਕੇਡਿੰਗ ਲਾ ਕੇ ਰੋਕਿਆ ਗਿਆ ਅਤੇ ਲਾਲ ਕਿਲੇ ਵੱਲ ਦੇ ਰਸਤੇ ਜਾਣ ਦੀ ਖੁੱਲ੍ਹ ਦਿੱਤੀ ਗਈ। ਕੁਝ ਕਿਸਾਨਾਂ ਨੂੰ ਦਿੱਲੀ ਦੀਆਂ ਸੜਕਾਂ ਬਾਰੇ ਪੂਰੀ ਜਾਣਕਾਰੀ ਨਾ ਹੋਣ ਅਤੇ ਕੁਝ ਨੌਜਵਾਨਾਂ ਦੇ ਜੋਸ਼ ਕਾਰਨ ਹਜ਼ਾਰਾਂ ਦੀ ਗਿਣਤੀ ’ਚ ਕਿਸਾਨ ਲਾਲ ਕਿਲੇ ’ਚ ਪਹੁੰਚ ਗਏ ਤੇ ਜੋਸ਼ ’ਚ ਆਇਆਂ ਉਨ੍ਹਾਂ ਨੇ ਲਾਲ ਕਿਲੇ ’ਚ ਖੜ੍ਹੇ ਦੋ ਖਾਲ੍ਹੀ ਪੋਲਾਂ ’ਤੇ ਖ਼ਾਲਸਾ ਪੰਥ ਦਾ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਲਹਿਰਾ ਦਿੱਤਾ। ਇਸ ਦੌਰਾਨ ਕਿਸਾਨ ਆਗੂ ਹਰਦੀਪ ਸਿੰਘ ਡਿਬਡਿਬਾ ਦਾ ਨੌਜਾਵਨ ਪੋਤਰਾ ਰਵਨੀਤ ਸਿੰਘ ਸ਼ਹੀਦ ਹੋ ਗਿਆ। ਕੁਝ ਜਖ਼ਮੀ ਹੋਏ ਅਤੇ ਸਾਰੇ ਕਿਸਾਨ ਆਗੂਆਂ ਸਮੇਤ ਸੈਂਕੜੇ ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ। ਸਰਕਾਰੀ ਤੰਤਰ ਅਤੇ ਗੋਦੀ ਮੀਡੀਆ ਇਸੇ ਮੌਕੇ ਦੀ ਭਾਲ਼ ’ਚ ਸੀ ਤੇ ਉਨ੍ਹਾਂ ਨੇ ਤੁਰੰਤ ਇਸ ਮਾਮੂਲੀ ਘਟਨਾ ਨੂੰ ਦੇਸ਼ ਵਿਰੋਧੀ ਅਤੇ ਤਿਰੰਗੇ ਦੀ ਬੇਅਦਬੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਮੋਰਚੇ ’ਤੇ ਇਸ ਦਾ ਕਾਫ਼ੀ ਅਸਰ ਵੀ ਪਿਆ। ਗਾਜੀਪੁਰ ਬਾਰਡਰ ਤੋਂ ਦੋ ਸਰਕਾਰ ਪੱਖੀ ਕਿਸਾਨ ਯੂਨੀਅਨਾਂ ਦੇ ਆਗੂ ਮੋਰਚੇ ਨੂੰ ਹਿੰਸਕ ਹੋਇਆ ਅਤੇ 26 ਜਨਵਰੀ ਦੀ ਘਟਨਾ ਨੂੰ ਤਿਰੰਗੇ ਦੀ ਬੇਅਦਬੀ ਦੱਸ ਕੇ ਆਪਣੇ ਵਰਕਰਾਂ ਸਮੇਤ 27 ਜਨਵਰੀ ਨੂੰ ਆਪਣੇ ਤੰਬੂ ਪੁੱਟ ਕੇ ਚਲੇ ਗਏ। ਇੱਕ ਵਾਰ ਤਾਂ ਅਜਿਹਾ ਜਾਪਦਾ ਸੀ ਕਿ ਮੋਰਚਾ ਫ਼ੇਲ ਹੋ ਗਿਆ ਹੈ। ਇਸ ਨਾਲ ਸਰਕਾਰ ਪੱਖੀ ਗੁੰਡਿਆਂ ਦੇ ਹੌਂਸਲੇ ਵਧ ਗਏ ਅਤੇ ਕੁਝ ਪੁਲਿਸ ਵਾਲਿਆਂ ਜਾਂ ਪੁਲਿਸ ਦੀ ਵਰਦੀ ’ਚ ਨੌਜਵਾਨਾਂ ਨੂੰ ਨਾਲ ਲੈ 28 ਜਨਵਰੀ ਨੂੰ ਯੂਪੀ ਦੇ ਕਿਸਾਨ ਆਗੂ ਸ਼੍ਰੀ ਰਾਕੇਸ਼ ਟਿਕੈਤ ਦੀ ਅਗਵਾਈ ’ਚ ਗਾਜ਼ੀਪੁਰ ਬਾਰਡਰ ’ਤੇ ਬੈਠੇ ਕਿਸਾਨ ਵਰਕਰਾਂ ਨੂੰ ਧਮਕਾਉਣ ਲੱਗੇ ਕਿ 24 ਘੰਟੇ ’ਚ ਆਪਣੇ ਤੰਬੂ ਪੁੱਟ ਕੇ ਲੈ ਜਾਓ ਨਹੀਂ ਤਾਂ ਅਸੀਂ ਕੱਲ੍ਹ ਨੂੰ ਆ ਕੇ ਤੁਹਾਨੂੰ ਭਜਾ ਦੇਵਾਂਗੇ। ਰਾਕੇਸ਼ ਟਿਕੈਤ ਦੇ ਭਾਵਕ ਬੋਲਾਂ ਨਾਲ਼ ਹੰਝੂਆਂ ਭਰੀ ਐਸੀ ਅਪੀਲ ਨਿਕਲੀ ਕਿ ਹਰਿਆਣਾ, ਯੂ.ਪੀ. ਅਤੇ ਪੰਜਾਬ ਦੇ ਕਿਸਾਨ ਵਹੀਰਾਂ ਘੱਤ ਕੇ ਮੁੜ ਗਾਜ਼ੀਪੁਰ, ਸਿੰਘੂ ਅਤੇ ਟਿੱਕਰੀ ਬਾਰਡਰਾਂ ’ਤੇ ਜਮ੍ਹਾਂ ਹੋਣੇ ਸ਼ੁਰੂ ਹੋ ਗਏ ਅਤੇ ਮੋਰਚਾ ਮੁੜ ਕੇਵਲ ਖੜ੍ਹਾ ਹੀ ਨਹੀਂ ਬਲਕਿ ਪਹਿਲਾਂ ਨਾਲੋਂ ਵੀ ਮਜ਼ਬੂਤ ਹੋ ਨਿਬੜਿਆ। ਪੁਲਿਸ ਦੀ ਸ਼ਹਿ ’ਤੇ ਭਾਜਪਾ ਦੇ ਗੁੰਡਿਆਂ ਨੇ ਕਈ ਐਸੀਆਂ ਹਰਕਤਾਂ ਕੀਤੀਆਂ ਜਿਨ੍ਹਾਂ ਨਾਲ ਕਿਸਾਨ ਹਿੰਸਕ ਹੋ ਜਾਣ ਅਤੇ ਹਿੰਸਾ ਦੀ ਆੜ ’ਚ ਪੁਲਿਸ ਕਾਰਵਾਈ ਕਰ ਉਨ੍ਹਾਂ ਤੋਂ ਮੋਰਚੇ ਖ਼ਾਲੀ ਕਰਵਾਏ ਜਾ ਸਕਣ, ਪਰ ਕਿਸਾਨ ਪੂਰੀ ਤਰ੍ਹਾਂ ਸ਼ਾਂਤ ਰਹੇ ਤੇ ਮੋਰਚਾ ਸਫਲਤਾ ਵੱਲ ਵਧਦਾ ਗਿਆ। ਮਾਰਚ, ਅਪ੍ਰੈਲ 2021 ’ਚ ਪੱਛਮੀ ਬੰਗਾਲ ਸਮੇਤ 5 ਸੂਬਿਆਂ ’ਚ ਮੱਧ ਵਰਤੀ ਚੋਣਾ ਹੋਣੀਆਂ ਸਨ। ਬੰਗਾਲ ਚੋਣਾ ਜਿੱਤਣ ਲਈ ਭਾਜਪਾ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਸੀ.ਬੀ.ਆਈ., ਈ.ਡੀ. ਆਦਿਕ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਅਤੇ ਅਹੁੱਦਿਆਂ ਦਾ ਲਾਲਚ ਦੇ ਕੇ ਤ੍ਰਿਣਾਮੂਲ ਕਾਂਗਰਸ ਦੇ ਤਕਰੀਬਨ ਅੱਧੋਂ ਵੱਧ ਵੱਡੇ ਆਗੂ ਤੇ ਵਰਕਰ ਭਾਜਪਾ ’ਚ ਸ਼ਾਮਲ ਕਰਵਾ ਲਏ, ਜਿਸ ਨਾਲ ਤ੍ਰਿਣਾਮੂਲ ਕਾਂਗਰਸ ਦੀ ਪ੍ਰਧਾਨ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਇਕੱਲੀ ਰਹਿ ਗਈ। ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕਰ ਦਿੱਤਾ ਕਿ ਭਾਜਪਾ; ਲੋਕ ਆਵਾਜ਼ ਨਹੀਂ ਸਮਝਦੀ ਵੋਟਾਂ ਦੀ ਗਿਣਤੀ ਸਮਝਦੀ ਹੈ, ਇਸ ਲਈ ਆ ਰਹੀਆਂ ਮੱਧ ਵਰਤੀ ਚੋਣਾਂ ’ਚ ਭਾਜਪਾ ਦੀ ਵੋਟ ’ਤੇ ਚੋਟ ਮਾਰੀ ਜਾਵੇਗੀ ਕਿਉਂਕਿ ਭਾਜਪਾ ਲਈ ਪੱਛਮੀ ਬੰਗਾਲ ਦੀਆਂ ਚੋਣਾ ਮਹਾਂਭਾਰਤ ਦੇ ਯੁੱਧ ਵਾਙ ਸੀ ਅਤੇ ਬੰਗਾਲ ਨੂੰ ਹਰ ਹਾਲਤ ਜਾਇਜ਼ ਨਜਾਇਜ਼ ਤਰੀਕੇ ਨਾਲ ਜਿੱਤਣਾ ਚਾਹੁੰਦੀ ਸੀ, ਇਸ ਲਈ ਭਾਜਪਾ ਦੀ ਵੋਟ ’ਤੇ ਚੋਟ ਮਾਰਨ ਦੇ ਨਾਹਰੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਸਾਰੇ ਮੁੱਖ ਆਗੂ ਤਕਰੀਬਨ ਹਰ ਹਲਕੇ ’ਚ ਗਏ, ਜਿੱਥੇ ਉਨ੍ਹਾਂ ਭਾਜਪਾ ਦੀ ਤਾਨਾਸ਼ਾਹੀ ਸਰਕਾਰ ਦੀਆਂ ਆਮ ਲੋਕਾਂ ਅਤੇ ਖ਼ਾਸ ਕਰ ਕਿਸਾਨਾਂ ’ਤੇ ਕੀਤੀਆਂ ਵਧੀਕੀਆਂ ਦਾ ਵੇਰਵਾ ਦੇ ਕੇ ਵੋਟਰਾਂ ਨੂੰ ਅਪੀਲ ਕਰਦੇ ਰਹੇ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਭਾਰਤ ’ਚ ਲੋਕਤੰਤਰ ਬਹਾਲ ਹੋਵੇ ਤਾਂ ਹੋਰ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾਓ ਪਰ ਭਾਜਪਾ ਨੂੰ ਬਿਲਕੁਲ ਨਾ ਪਾਈ ਜਾਵੇ। ਭਾਰਤੀ ਚੋਣ ਕਮਿਸ਼ਨ ਭਾਜਪਾ ਦੀ ਕਠਪੁਤਲੀ ਵਾਙ ਕੰਮ ਕਰਦੈ, ਜਿਸ ਦੀ ਖ਼ੂਬ ਦੁਰਵਰਤੋਂ ਕੀਤੀ ਗਈ। ਬੰਗਾਲ ’ਚ ਭਾਜਪਾ ਕੋਲ ਆਪਣੇ ਇੰਨੇ ਵਰਕਰ ਤਾਂ ਹੈ ਨਹੀਂ, ਇਸ ਲਈ ਪੱਛਮੀ ਬੰਗਾਲ ਦੀਆਂ ਚੋਣਾ 27 ਮਾਰਚ ਤੋਂ 29 ਅਪ੍ਰੈਲ 2021 ਤੱਕ 8 ਪੜਾਅ ’ਚ ਕਰਵਾਈਆਂ ਗਈਆਂ ਤਾਂ ਕਿ ਇੱਕ ਹਲਕੇ ’ਚ ਵੋਟਾਂ ਦਾ ਕੰਮ ਮੁਕੰਮਲ ਹੋਣ ਪਿੱਛੋਂ ਭਾਜਪਾ ਆਪਣੇ ਵਰਕਰਾਂ ਨੂੰ ਦੂਸਰੇ ਹਲਕੇ ’ਚ ਭੇਜ ਸਕੇ। ਕਿਸੇ ਸੂਬੇ ’ਚ ਵੋਟਾਂ ਪੈਣ ਦਾ ਕੰਮ 34 ਦਿਨਾਂ ਤੱਕ 8 ਪੜਾਵਾਂ ’ਚ ਪੂਰਾ ਹੋਇਆ ਹੋਵੇ ਇਹ ਭਾਰਤ ਦੇ ਚੋਣ ਇਤਿਹਾਸ ਦਾ ਰਿਕਾਰਡ ਹੈ, ਨਹੀਂ ਤਾਂ ਆਮ ਤੌਰ ’ਤੇ ਦੋ ਜਾਂ ਵੱਧ ਤੋਂ ਵੱਧ ਤਿੰਨ ਪੜਾਵਾਂ ’ਚ ਹਰ ਸੂਬੇ ’ਚ ਚੋਣ ਮੁਕੰਮਲ ਹੋ ਜਾਂਦੀ ਹੈ। ਸਾਰੀ ਭਾਜਪਾ ਪਾਰਟੀ, ਆਰ.ਐੱਸ.ਐੱਸ. ਅਤੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਸਾਰੇ ਕੇਂਦਰੀ ਵਜੀਰਾਂ, ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਫ਼ੌਜ ਬੰਗਾਲ ਚੋਣਾ ਵਿੱਚ ਝੋਕ ਦਿੱਤੀ ਗਈ। ਦੂਸਰੇ ਪਾਸੇ ਇਕੱਲੀ ਦਲੇਰ ਔਰਤ ਮਮਤਾ ਬੈਨਰਜੀ ਸ਼ੇਰਨੀ ਵਾਙ ਦਹਾੜਦੀ ਰਹੀ। ਚੋਣਾਂ ਦੇ ਨਤੀਜੇ ਆਏ ਤਾਂ ਭਾਜਪਾ ਦੇ ਮੂੰਹ ਅੱਡੇ ਰਹਿ ਗਏ ਜਦੋਂ ਉਨ੍ਹਾਂ ਸਰਕਾਰ ਬਣਾਉਣਯੋਗ ਤਾਂ ਕੀ ਹੋਣਾ ਸੀ ਸਗੋਂ ਤ੍ਰਿਣਾਮੂਲ ਕਾਂਗਰਸ ਵੱਲੋਂ ਪ੍ਰਾਪਤ ਕੀਤੀਆਂ ਸੀਟਾਂ ਤੋਂ ਅੱਧੀਆਂ ਸੀਟਾਂ ਵੀ ਪ੍ਰਾਪਤ ਨਾ ਕਰ ਸਕੇ ਅਤੇ ਤ੍ਰਿਣਾਮਲ ਕਾਂਗਰਸ ਦੇ ਜਿਹੜੇ ਆਗੂ ਚੋਣਾਂ ਤੋਂ ਪਹਿਲਾਂ ਆਪਣੀ ਪਾਰਟੀ ’ਚ ਸ਼ਾਮਲ ਕਰਵਾਏ ਸਨ, ਉਹ ਧੜਾ ਧੜ ਮੁੜ ਭਾਜਪਾ ਨੂੰ ਛੱਡ ਆਪਣੀ ਗ਼ਲਤੀ ਸਵੀਕਾਰ ਕਰਦੇ ਹੋਏ ਤ੍ਰਿਣਾਮਲ ਕਾਂਗਰਸ ’ਚ ਸ਼ਾਮਲ ਹੋ ਗਏ।

ਭਾਵੇਂ ਪੱਛਮੀ ਬੰਗਾਲ ’ਚ ਭਾਜਪਾ ਦੀਆਂ ਇਛਾਵਾਂ ਦੇ ਬਿਲਕੁਲ ਉਲਟ ਨਤੀਜੇ ਆਏ ਪਰ ਫਿਰ ਵੀ ਉਸ ਨੂੰ ਧਰਵਾਸ ਸੀ ਕਿ ਪੱਛਮੀ ਬੰਗਾਲ ’ਚ 2016 ਨਾਲੋਂ ਵੱਧ ਸੀਟਾਂ ਜਿੱਤਣ ’ਚ ਕਾਮਯਾਬ ਹੋਏ ਹਨ। ਉਨ੍ਹਾਂ ਨੂੰ ਉਮੀਦ ਸੀ ਕਿ ਬੰਗਾਲ ’ਚ ਤਾਂ ਉਹ ਹਿੰਦੂ ਮੁਸਲਮਾਨਾਂ ਦਾ ਵੰਡ ਨਹੀਂ ਕਰ ਸਕੇ ਪਰ ਯੂ.ਪੀ. ਸਮੇਤ ਬਾਕੀ ਦੇ ਉੱਤਰੀ ’ਤੇ ਮੱਧ ਭਾਰਤ ’ਚ ਜ਼ਰੂਰ ਇਸ ਧਾਰਮਿਕ ਵੰਡ ਦੇ ਆਧਾਰ ’ਤੇ ਵੱਡੀ ਸਫਲਤਾ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਣਗੇ, ਪਰ ਉਹ ਭੁੱਲ ਗਏ ਕਿ ਕੇਵਲ ਭਾਜਪਾ ਹੀ ਨਹੀਂ ਬਲਕਿ ਤ੍ਰਿਣਾਮੂਲ ਕਾਂਗਰਸ ਨੇ ਵੀ 2016 ਨਾਲੋਂ ਵੱਧ ਸੀਟਾਂ ਜਿੱਤੀਆਂ ਅਤੇ ਭਾਜਪਾ ਨੇ ਜੋ ਵਾਧੂ ਸੀਟਾਂ ਜਿੱਤੀਆਂ ਉਹ ਉਸ ਦੀ ਆਪਣੀ ਕਾਰਗੁਜ਼ਾਰੀ ਨਹੀਂ ਬਲਕਿ ਉਨ੍ਹਾਂ ਸੀਟਾਂ ’ਤੇ ਜਿੱਤ ਹਾਸਲ ਕੀਤੀ ਜਿਨ੍ਹਾਂ ’ਤੇ ਤ੍ਰਿਣਾਮਲ ਕਾਂਗਰਸ ਦੇ ਆਗੂਆਂ ਨੂੰ ਦਲਬਦਲੀ ਕਰਵਾ ਕੇ ਭਾਜਪਾ ਦੀ ਟਿਕਟ ’ਤੇ ਚੋਣ ਲੜਾਈ ਗਈ ਅਤੇ ਉਨ੍ਹਾਂ ਦਲਬਦਲੂਆਂ ਨੇ ਵੀ ਬਹੁਤੀਆਂ ਸੀਟਾਂ ਤ੍ਰਿਣਾਮੂਲ ਕਾਂਗਰਸ ਤੋਂ ਨਹੀਂ ਬਲਕਿ ਕਾਂਗਰਸ ਅਤੇ ਸੀ.ਪੀ.ਐੱਮ. ਤੋਂ ਖੋਹੀਆਂ ਸਨ। ਮਜ਼ੇ ਦੀ ਗੱਲ ਇਹ ਹੈ ਕਿ ਦਲ ਬਦਲੀ ਕਰ ਭਾਜਪਾ ਦੀ ਟਿੱਕਟ ’ਤੇ ਜਿੱਤੇ ਵਿਧਾਇਕ ਮੁੜ ਤ੍ਰਿਣਾਮੂਲ ਕਾਂਗਰਸ ’ਚ ਸ਼ਾਮਲ ਹੋਣ ਲੱਗ ਪਏ।

ਫ਼ਰਵਰੀ 2022 ’ਚ ਪੰਜਾਬ, ਉੱਤਰ ਪ੍ਰਦੇਸ਼ ਸਮੇਤ 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਪੰਜਾਬ ’ਚ ਤਾਂ ਭਾਜਪਾ ਦੇ ਕੁਝ ਹੱਥ ਪੱਲੇ ਆਉਣ ਵਾਲਾ ਨਹੀਂ ਪਰ ਯੂ.ਪੀ ’ਚ ਹਿੰਦੂ ਬਹੁ ਗਿਣਤੀ ’ਚ ਹੋਣ ਕਰਕੇ ਭਾਜਪਾ ਨੂੰ ਹਿੰਦੂ-ਮੁਸਲਮਾਨਾਂ ਦਰਮਿਆਨ ਵੰਡ/ਦੰਗੇ ਕਰਵਾੳਣੇ ਬਹੁਤ ਰਾਸ ਆਉਂਦੇ ਹਨ, ਜਿਸ ਦੇ ਸਹਾਰੇ ਭਾਜਪਾ 80 ਲੋਕ ਸਭਾ ਸੀਟਾਂ ਵਾਲੇ ਸੂਬੇ ’ਚੋਂ ਆਸਾਨੀ ਨਾਲ ਬਹੁਮਤ ਲੈ ਜਾਂਦੀ ਹੈ। ਬਾਕੀ ਦੇ ਸਭ ਸੂਬਿਆਂ ਨਾਲੋਂ ਵੱਧ ਸੰਸਦੀ ਸੀਟਾਂ ਹੋਣ ਕਾਰਨ ਮੰਨਿਆ ਜਾਂਦਾ ਹੈ ਕਿ ਦਿੱਲੀ ਦੀ ਸਿਆਸਤ ਦਾ ਰਾਹ ਯੂ.ਪੀ. ਵਿੱਚੋਂ ਹੋ ਕੇ ਨਿਕਲਦਾ ਹੈ, ਇਸ ਲਈ ਭਾਜਪਾ ਅਤੇ ਕਿਸਾਨ ਜਥੇਬੰਦੀਆਂ ਦੋਵਾਂ ਲਈ ਹੀ ਯੂ.ਪੀ. ਵਿਸ਼ੇਸ਼ ਮਹੱਤਵ ਪੂਰਨ ਹੈ। ਕਿਸਾਨ ਜਥੇਬੰਦੀਆਂ ਨੇ ਯੂ.ਪੀ. ’ਚ ਵੋਟ ਦੀ ਚੋਟ ਲਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ ਜਿਸ ਤਹਿਤ ਕੀਤੀਆਂ ਜਾਂ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦੇ ਮੰਚਾਂ ’ਤੇ ਹਿੰਦੂ-ਮੁਸਲਮਾਨ-ਸਿੱਖ ਕਿਸਾਨਾਂ ਵੱਲੋਂ ਇੱਕ ਸਾਥ ‘ਅੱਲਾ-ਹੂ-ਅਕਬਰ’, ‘ਜੈ ਸ਼੍ਰੀ ਰਾਮ’ ‘ਬੋਲੇ ਸੋ ਨਿਹਾਲ – ਸਤਿ ਸ਼੍ਰੀ ਅਕਾਲ’ ਅਤੇ ‘ਵਾਹਿਗੁਰੂ ਜੀ ਕਾ ਖਾਲਸਾ’ ਦੇ ਨਾਹਰੇ ਲਾ ਕੇ ਹਿੰਦੂ-ਸਿੱਖ-ਮੁਸਲਮਾਨ-ਈਸਾਈ ਏਕਤਾ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਭ ਧਰਮਾਂ ਦੀ ਏਕਤਾ ’ਚ ਸਾਡੀ ਅਤੇ ਲੋਕਤੰਤਰ ਦੀ ਜਿੱਤ ਹੈ ਜਦੋਂ ਕਿ ਫੁੱਟ ਅਤੇ ਆਪਸੀ ਮਜ਼੍ਹਬੀ ਦੰਗਿਆਂ ’ਚ ਭਾਜਪਾ ਦੀ ਜਿੱਤ ਅਤੇ ਲੋਕਤੰਤਰ ਦੀ ਹਾਰ ਹੈ। ਕਿਸਾਨ ਜਥੇਬੰਦੀਆਂ ਵੱਲੋਂ ਏਕਤਾ ਦੇ ਇਹ ਨਾਹਰੇ ਭਾਜਪਾ ਦੀ ਨੀਂਦ ਹਰਾਮ ਕਰਨ ਵਾਲੇ ਹਨ। ਏਕਤਾ ਦੇ ਇਹ ਨਾਹਰੇ ਬੰਦ ਕਰਵਾਉਣ ਲਈ ਅਪਰਾਧਿਕ ਪਿਛੋਕੜ ਵਾਲੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੇ ਕਿਸਾਨਾਂ ਨੂੰ ਡਰਾਉਣ ਧਮਕਾਉਣ ਦੀ ਮਨਸ਼ਾ ਨਾਲ ਬਿਆਨ ਦਿੱਤਾ ਕਿ ਮੈਨੂੰ ਸਿਰਫ ਐੱਮ.ਪੀ./ਮੰਤਰੀ ਹੀ ਨਾ ਸਮਝ ਲੈਣਾ ਮੇਰਾ ਪਿਛੋਕੜ ਵੀ ਵੇਖ ਲੈਣਾ ਕਿ ਮੈਂ ਕੀ ਸੀ ਅਤੇ ਕੀ ਕਰ ਸਕਦਾ ਹਾਂ ? ਜੇ ਮੈਂ ਸੜਕ ’ਤੇ ਉੱਤਰ ਆਇਆ ਤਾਂ ਤੁਹਾਡੇ ’ਚੋਂ ਇੱਕ ਵੀ ਨਹੀਂ ਲੱਭਣਾ। ਮਿਸ਼ਰਾ ਦੇ ਇਸ ਬਿਆਨ ਦੇ ਪ੍ਰਤੀਕਰਮ ਵਜੋਂ ਕਿਸਾਨ ਜਥੇਬੰਦੀਆਂ ਨੇ ਅਜੈ ਮਿਸ਼ਰਾ ਦੇ ਲਖੀਮਪੁਰ ਖੀਰੀ (ਯੂ.ਪੀ.) ਪਹੁੰਚਣ ’ਤੇ ਕਾਲ਼ੀਆਂ ਝੰਡੀਆਂ ਨਾਲ ਵਿਰੋਧ ਕਰਨ ਦਾ ਪ੍ਰੋਗਰਾਮ ਉਲੀਕਿਆ।  3 ਅਕਤੂਬਰ 2021 ਨੂੰ ਜਿਸ ਸਮੇਂ ਕਿਸਾਨ ਵਿਰੋਧ ਪ੍ਰਦਰਸ਼ਨ ਕਰ ਸੜਕ ਦੇ ਇੱਕ ਪਾਸੇ ਪੈਦਲ ਵਾਪਸ ਜਾ ਰਹੇ ਸਨ ਤਾਂ ਅਜੈ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਨੇ ਵਿਸ਼ੇਸ਼ ਤੌਰ ’ਤੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਨੂੰ ਨਿਸ਼ਾਨਾ ਬਣਾ ਪਿੱਛੋਂ ਗੱਡੀ ਚੜ੍ਹਾ ਦਿੱਤੀ ਜਿਸ ਨਾਲ ਚਾਰ ਕਿਸਾਨਾਂ ਦੀ ਗੱਡੀ ਥੱਲੇ ਆ ਕੇ ਅਤੇ ਅਸ਼ੀਸ਼ ਮਿਸ਼ਰਾ ਨਾਲ ਸਵਾਰ ਤਿੰਨ ਭਾਜਪਾ ਵਰਕਰ ਗੱਡੀ ਪਲਟਣ ਸਦਕਾ ਅਤੇ ਅਸ਼ੀਸ਼ ਮਿਸ਼ਰਾ ਦੇ ਰਿਵਾਲਵਰ ਅਤੇ ਰਾਈਫਲ ’ਚੋਂ ਚੱਲੀਆਂ ਗੋਲ਼ੀਆਂ ਨਾਲ ਇੱਕ ਪੱਤਰਕਾਰ ਦੀ ਮੌਤ ਹੋ ਗਈ; ਅਨੇਕਾਂ ਕਿਸਾਨ ਜਖ਼ਮੀ ਹੋ ਗਏ। ਇੱਕੇ ਹਾਦਸੇ ’ਚ ਹੋਈਆਂ 8 ਮੌਤਾਂ ਨੇ ਕਿਸਾਨਾਂ ਦਾ ਰੋਹ ਹੋਰ ਵਧਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਸੁਪ੍ਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਆਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਦੇ ਹਥਿਆਰਾਂ ਤੋਂ ਗੋਲ਼ੀਆਂ ਚੱਲਣ ਦੀ ਪੁਸ਼ਟੀ ਕੀਤੇ ਜਾਣ ਦੇ ਬਾਵਜੂਦ ਵੀ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਹਾਲੀ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ, ਜਿਸ ਦੇ ਅਧੀਨ ਦੇਸ਼ ਦੀ ਸਾਰੀ ਪੁਲਿਸ ਹੈ; ਆਪਣੀ ਕੁਰਸੀ ’ਤੇ ਬਿਰਾਜਮਾਨ ਹੈ; ਤਾਂ ਪੀੜਤਾਂ ਨੂੰ ਇਨਸਾਫ਼ ਕਿਵੇਂ ਮਿਲੇਗਾ ? ਪ੍ਰਧਾਨ ਮੰਤਰੀ ਜਾਂ ਭਾਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਅਜੈ ਮਿਸ਼ਰਾ ਦੇ ਭੜਕਾਊ ਬਿਆਨ ਅਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਕੀਤੇ ਖ਼ੂਨੀ ਕਾਂਡ ਦੀ ਹਾਲੀ ਤੱਕ ਨਿੰਦਾ ਨਾ ਕੀਤੀ ਜਾਣੀ ਅਤੇ ਨਾ ਹੀ ਅਜੈ ਮਿਸ਼ਰਾ ਨੂੰ ਆਪਣੇ ਅਹੁੱਦੇ ਤੋਂ ਤਿਆਗ ਪੱਤਰ ਦੇਣ ਲਈ ਕਹਿਣਾ, ਸੰਕੇਤ ਹੈ ਕਿ ਲਖੀਮਪਰ ਖੀਰੀ ਕਾਂਡ ਕੇਵਲ ਅਜੈ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਦੀ ਗੁੰਡਾ ਗਰਦੀ ਹੀ ਨਹੀਂ ਬਲਕਿ ਉਨ੍ਹਾਂ ਰਾਹੀਂ ਖ਼ੁਦ ਭਾਜਪਾ ਅਤੇ ਕੇਂਦਰੀ ਸਰਕਾਰ; ਆਰ.ਐੱਸ.ਐੱਸ. ਦਾ ਦੰਗੇ ਭੜਕਾਉਣ ਅਤੇ ਵੰਡ ਪਾਊ ਏਜੰਡਾ ਲਾਗੂ ਕਰਨਾ ਚਾਹ ਰਹੇ ਸਨ ਪਰ ਇਹ ਵੱਖਰੀ ਗੱਲ ਹੈ ਕਿ ਇਹ ਕਾਂਡ ਉਨ੍ਹਾਂ ਲਈ ਉਲਟਾ ਪਿਆ। ਯੂ.ਪੀ. ਸਮੇਤ ਸਮੁੱਚੇ ਦੇਸ਼ ’ਚ ਭਾਜਪਾ ਵਿਰੁੱਧ ਗੁੱਸੇ ਦੀ ਲਹਿਰ ਫੈਲ ਗਈ। ਲੋਕਾਂ ਦਾ ਇਹ ਰੋਹ 30 ਅਕਤੂਬਰ ਨੂੰ ਹੋਈਆਂ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੇ ਨਤੀਜੇ ਭਾਜਪਾ ਨੂੰ ਉੱਤਰ ਤੋਂ ਦੱਖਣ ਤੱਕ ਮਿਲੇ ਵੱਡੇ ਝਟਕਿਆਂ ਤੋਂ ਪ੍ਰਗਟ ਹੋਇਆ ਕਿਉਂਕਿ ਭਾਜਪਾ ਸ਼ਾਸ਼ਤ ਹਿਮਾਚਲ ਪ੍ਰਦੇਸ਼ ਅਤੇ ਕਾਂਗਰਸ ਸ਼ਾਸ਼ਤ ਰਾਜਸਥਾਨ ’ਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ ਹੋਈ ਅਤੇ ਭਾਜਪਾ ਇੱਥੇ ਇੱਕ ਵੀ ਸੀਟ ਹਾਸਲ ਨਹੀਂ ਕਰ ਸਕੀ; ਦਾਦਰਾ ਤੇ ਨਗਰ ਹਵੇਲੀ ਲੋਕ ਸਭਾ ਸੀਟ ਸ਼ਿਵ ਸੈਨਾ ਨੇ ਜਿੱਤੀ; ਮਹਾਂ ਰਾਸ਼ਟਰ ਦੀ ਵਿਧਾਨ ਸਭਾ ਸੀਟ ਉੱਤੇ ਕਾਂਗਰਸ ਜੇਤੂ; ਆਂਧਰਾ ਪ੍ਰਦੇਸ਼ ਵਿੱਚ ਵਾਈਐੱਸਆਰ ਕਾਂਗਰਸ ਨੇ ਭਾਜਪਾ ਨੂੰ ਹਰਾਇਆ। ਭਾਜਪਾ ਸ਼ਾਸ਼ਤ ਹਰਿਆਣਾ ’ਚ ਵੀ ਇੱਕੋ ਇੱਕ ਸੀਟ ਅਨੈਲੋ ਦੇ ਅਭੈ ਸਿੰਘ ਚੌਟਾਲਾ ਭਾਜਪਾ ਉਮੀਦਵਾਰ ਨੂੰ ਹਰਾ ਕੇ ਮੁੜ ਜਿੱਤਣ ’ਚ ਕਾਮਯਾਬ ਹੋਇਆ ਜਦੋਂ ਕਿ ਜ਼ਿਮਨੀ ਚੋਣਾਂ ਦਾ ਹਾਲ ਇਹ ਹੁੰਦਾ ਹੈ ਕਿ ਆਮ ਤੌਰ ’ਤੇ ਸੱਤਾਧਾਰੀ ਪਾਰਟੀ ਹੀ ਜਿੱਤ ਹਾਸਲ ਕਰਦੀ ਆਈ ਹੈ। ਜ਼ਿਮਨੀ ਚੋਣਾਂ ’ਚ ਭਾਜਪਾ ਨੂੰ ਮਿਲੀ ਨਮੋਸ਼ੀ ਭਰੀ ਹਾਰ ਅਤੇ ਪੰਜਾਬ, ਯੂ.ਪੀ., ਉੱਤਰਾਖੰਡ ਜਿੱਥੇ ਫ਼ਰਵਰੀ ’ਚ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਅਤੇੇ ਭਾਜਪਾ ਦੇ ਦਿਨੋ ਦਿਨ ਵਧ ਰਹੇ ਜਨਤਕ ਵਿਰੋਧ ਨੇ ਭਾਜਪਾ ਦੀ ਨੀਂਦ ਉਡਾ ਦਿੱਤੀ; ਜਿਸ ਤੋਂ ਡਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਚਾਨਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰ ਪੁਰਬ ਵਾਲੇ ਦਿਨ 19 ਨਵੰਬਰ ਨੂੰ ਸਵੇਰੇ ਦੇਸ਼ ਨੂੰ ਸੰਬੋਧਨ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ, ਐੱਮ.ਐੱਸ.ਪੀ. ਲਈ ਕਮੇਟੀ ਗਠਿਤ ਕਰਨ ਦਾ ਐਲਾਨ ਕਰਦਿਆਂ ਕਿਸਾਨਾਂ ਨੂੰ ਵਾਪਸ ਆਪਣੇ ਘਰੀਂ ਜਾ ਕੇ ਗੁਰ ਪੁਰਬ ਮਨਾਉਣ ਦੀ ਅਪੀਲ ਕਰ ਦਿੱਤੀ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਤੋਂ ਇਹ ਕਹਿੰਦਿਆਂ ਮਾਫ਼ੀ ਮੰਗੀ ਕਿ ਅਸੀਂ ਕਾਨੂੰਨ ਤਾਂ ਕਿਸਾਨਾਂ ਦੇ ਹਿੱਤ ’ਚ ਬਣਾਏ ਸਨ ਪਰ ਮੇਰੀ ਤਪੱਸਿਆ ’ਚ ਕੋਈ ਫਰਕ ਰਹਿ ਗਿਆ ਜਿਸ ਕਾਰਨ ਕਿਸਾਨਾਂ ਦੇ ਇੱਕ ਵਰਗ ਨੂੰ ਅਸੀਂ ਕਾਨੂੰਨਾਂ ਦੇ ਫਾਇਦੇ ਸਮਝਾ ਨਹੀਂ ਸਕੇ।

ਕਿਸਾਨਾਂ ਨੂੰ ਪ੍ਰਧਾਨ ਮੰਤਰੀ ਦੇ ਇਹ ਸ਼ਬਦ ਰਾਸ ਨਹੀਂ ਆ ਰਹੇ ਕਿਉਂਕਿ ਉਨ੍ਹਾਂ ਦਾ ਮੰਨਣੈ ਕਿ ਪ੍ਰਧਾਮ ਮੰਤਰੀ ਤਾਂ ਤਪੱਸਿਆ ਕਰਨ ਦਾ ਢੌਂਗ ਕਰਦਾ ਹੈ ਪਰ ਅਸਲ ਤਪੱਸਿਆ ਤਾਂ ਉਨ੍ਹਾਂ ਕਿਸਾਨਾਂ ਦੀ ਹੈ ਜਿਹੜੇ ਪੂਰੇ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਦੀਆਂ ਸੜਕਾਂ ਕੰਢੇ 46º ਗਰਮੀ ਤੋਂ 0º ਠੰਡ ਦੇ ਮੌਸਮ ਅਤੇ ਵਰਖਾ ਰੁੱਤ ’ਚ ਵਰਦੇ ਮੀਂਹ ’ਚ ਅਸਮਾਨ ਹੇਠ ਬੈਠੇ ਬਿਤਾ ਰਹੇ ਤੇ ਉਨ੍ਹਾਂ ਦੀ ਗ਼ੈਰ ਹਾਜ਼ਰੀ ’ਚ ਔਰਤਾਂ ਤੇ ਬੱਚਿਆਂ ਨੂੰ ਦੇਸ਼ ਲਈ ਅੰਨ ਪੈਦਾ ਕਰਨ ਲਈ ਅਜੇਹੇ ਮੌਸਮਾਂ ’ਚ ਬਾਹਰ ਖੇਤਾਂ ’ਚ ਕੰਮ ਕਰਨਾ ਪਿਐ। ਮੋਰਚੇ ਦੌਰਾਨ ਲਗਭਗ 700 ਕਿਸਾਨ ਸ਼ਹੀਦ ਹੋ ਗਏ, ਲਖੀਮਪੁਰ ਖੀਰੀ ਕਾਂਡ ’ਚ ਤੁਹਾਡੇ ਗੰਦੇ ਮੰਤਰੀ ਦੇ ਗੁੰਡੇ ਪੁੱਤਰ ਨੇ 4 ਕਿਸਾਨ ਦਰੜ ਕੇ ਸ਼ਹੀਦ ਕਰ ਦਿੱਤੇ ਅਤੇ ਦਰਜਨ ਦੇ ਲਗਭਗ ਜਖ਼ਮੀ ਕੀਤੇ। ਤੁਹਾਡੇ ਮੰਤਰੀ ਵੱਲੋਂ ਇਨ੍ਹਾਂ ਕਿਸਾਨਾਂ ਨੂੰ ਮਵਾਲੀ ਕਿਹਾ ਗਿਆ, ਜਿਸ ਦਾ ਭਾਵ ਲੁੱਚੇ ਲਫੰਗੇ ਅਤੇ ਰਾਹਗੀਰਾਂ ਦੀਆਂ ਲੁੱਟਾਂ ਖੋਹਾਂ ਕਰਨ ਵਾਲੇ ਹੁੰਦੇ ਹਨ ਜਦੋਂ ਕਿ ਕਿਸਾਨ ਮੋਰਚਿਆਂ ਲਈ ਲੱਗੇ ਲੰਗਰਾਂ ’ਚ ਦਿੱਲੀ ਅਤੇ ਹਰਿਆਣਾ ਦੀਆਂ ਬਸਤੀਆਂ ਦੇ ਲੱਖਾਂ ਗ਼ਰੀਬ ਲੋਕਾਂ, ਜਿਨ੍ਹਾਂ ਨੂੰ ਪੇਟ ਭਰ ਖਾਣਾ ਨਹੀਂ ਸੀ ਮਿਲਦਾ ਉਨ੍ਹਾਂ ਨੂੰ ਹਰ ਰੋਜ਼ ਰੱਜਵਾਂ ਲੰਗਰ ਛਕਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇਨ੍ਹਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਅਤੇ ਨਾ ਹੀ ਲਖੀਮਪੁਰ ਖੀਰੀ ਕਾਂਡ ਦੀ ਨਿੰਦਾ ਅਤੇ ਤਕਰੀਬਨ 700 ਸ਼ਹੀਦ ਹੋਏ ਕਿਸਾਨਾਂ ਦੀ ਮੌਤ ਦਾ ਅਫਸੋਸ ਪ੍ਰਗਟ ਕੀਤਾ ਹੈ।

ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਵੱਲੋਂ ਤਿੰਨੇ ਕਾਨੂੰਨ ਰੱਦ ਕਰਨ ਦੇ ਬਿਆਨ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਉਸ ਸਮੇਂ ਤੱਕ ਮੋਰਚੇ ਖ਼ਾਲੀ ਕਰਨ ਤੋਂ ਨਾਂਹ ਕਰਦਿਆਂ ਕਿਹਾ ਕਿ ਸ਼੍ਰੀ ਮੋਦੀ ਵਿਸ਼ਵਾਸਯੋਗ ਨਹੀਂ ਹੈ ਕਿਉਂਕਿ ਇਸ ਨੇ ਦੇਸ਼ ਨਾਲ ਜਿੰਨੇ ਵੀ ਵੱਡੇ ਵਾਅਦੇ ਕੀਤੇ; ਜਿਵੇਂ ਕਿ ਕਾਲ਼ਾ ਧਨ ਵਾਪਸ ਲਿਆਉਣ, ਹਰ ਭਾਰਤੀ ਦੇ ਖਾਤੇ ’ਚ 15-15 ਲੱਖ ਜਮ੍ਹਾਂ ਕਰਵਾਉਣ, ਹਰ ਸਾਲ ਦੋ ਕਰੋੜ ਨੌਕਰੀਆਂ ਦੇਣ, ਸਵਾਮੀਨਾਥਨ ਰਿਪੋਰਟ ਲਾਗੂ ਕਰਨ, ਮਹਿੰਗਾਈ ਦਰ ਘਟਾਉਣ, ਚੰਗੇ ਦਿਨ ਆਉਣ ਆਦਿਕ ’ਚੋਂ ਇੱਕ ਵੀ ਪੂਰਾ ਨਹੀਂ ਕੀਤਾ ਸਗੋਂ ਉਹ ਕੰਮ ਕੀਤੇ ਜਿਨ੍ਹਾਂ ਦਾ ਇਹ ਪਹਿਲਾਂ ਵਿਰੋਧ ਕਰਦੇ ਰਹੇ; ਜਿਵੇਂ ਜੀ.ਐੱਸ.ਟੀ., ਪੈਟਰੋਲ, ਡੀਜ਼ਲ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ, ਪਬਲਿਕ ਸੰਸਥਾਵਾਂ ਅਤੇ ਸੰਪਤੀ ਨੂੰ ਵੇਚ ਕੇ ਪ੍ਰਾਈਵੇਟ ਅਦਾਰਿਆਂ ਦੇ ਹੱਥ ਮਜ਼ਬੂਤ ਕਰਨੇ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇੰਨਾਂ ਤਿੰਨੇ ਖੇਤੀ ਕਾਨੂੰਨਾਂ ਦਾ ਵਿਰੋਧ ਅਤੇ ਐੱਮ.ਐੱਸ.ਪੀ. ਦੀ ਗਰੰਟੀ ਦੇਣ ਦੀ ਮੰਗ ਜ਼ੋਰਦਾਰ ਢੰਗ ਨਾਲ ਕਰਦੇ ਰਹੇ ਪਰ ਅੱਜ ਆਪਣੀ ਮੰਗ ਦੇ ਉਲਟ ਇਨ੍ਹਾਂ ਹੀ ਕਾਨੂੰਨਾਂ ਨੂੰ ਕਿਸਾਨਾਂ ਦੇ ਹਿੱਤ ’ਚ ਸਿੱਧ ਕਰਨ ਲਈ ਦਲੀਲਾਂ ਦੇ ਰਹੇ ਹਨ ਕਿ ਇਹ ਕਾਨੂੰਨ ਤਾਂ ਪਹਿਲਾਂ ਹੀ ਕਾਂਗਰਸ ਸਰਕਾਰ ਲਾਗੂ ਕਰਨਾ ਚਾਹੁੰਦੀ ਸੀ ਅਤੇ ਇਸ ਨੇ 2019 ਦੀਆਂ ਚੋਣਾਂ ਦੌਰਾਨ ਆਪਣੇ ਚੋਣ ਮਨੋਰਥ ਪੱਤਰ ’ਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਕਹੀ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਕਾਂਗਰਸ ਨੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨਾ ਆਪਣੇ ਚੋਣ ਮਨੋਰਥ ਪੱਤਰ ’ਚ ਘੋਸ਼ਿਤ ਕੀਤਾ ਸੀ ਤਾਂ ਅਸੀਂ ਉਨ੍ਹਾਂ ਨੂੰ ਚੋਣਾਂ ਵਿੱਚ ਹਰਾ ਦਿੱਤਾ ਅਤੇ ਭਾਜਪਾ ਨੂੰ ਜਿਤਾਇਆ ਪਰ ਤੁਸੀਂ ਤਾਂ ਵਾਅਦਾ ਕੀਤਾ ਹੀ ਨਹੀਂ ਸੀ ਤਾਂ ਹੁਣ ਇਹ ਕਾਨੂੰਨ ਲਾਗੂ ਕਰਨ ’ਤੇ ਕਿਉਂ ਤੁਲੇ ਹੋਏ ਹੋ ? ਜੇ ਤੁਸੀਂ ਉਹ ਕੰਮ ਕਰਨੇ ਹਨ ਜਿਨਾਂ ਦਾ ਵਾਅਦਾ ਨਹੀਂ ਸੀ ਕੀਤਾ ਅਤੇ ਉਹ ਕੰਮ ਨਹੀਂ ਕਰਨੇ ਜਿਨ੍ਹਾਂ ਦਾ ਤੁਸੀਂ ਵਾਅਦਾ ਕੀਤਾ ਸੀ ਤਾਂ ਤੁਹਾਡਾ ਵਿਸ਼ਵਾਸ ਕਿਵੇਂ ਕੀਤਾ ਜਾਵੇ ? ਨੋਟ ਬੰਦੀ ਕਰਕੇ ਮੋਦੀ ਨੇ ਵਾਅਦਾ ਕੀਤਾ ਸੀ ਕਿ ਮੈਨੂੰ 50 ਦਿਨ ਦਿਓ ਲੋਕਾਂ ਵੱਲੋਂ ਜਮ੍ਹਾ ਕੀਤਾ ਕਾਲ਼ਾ ਧਨ ਬਾਹਰ ਆਵੇਗਾ ਅਤੇ ਅਤਿਵਾਦ ਦਾ ਲੱਕ ਟੁੱਟ ਜਾਵੇਗਾ ਪਰ ਕੁਝ ਨਹੀਂ ਹੋਇਆ ਉਲਟਾ ਅਸਰ ਪਿਆ ਕਿ ਸੈਂਕੜੇ ਲੋਕ ਆਪਣੇ ਹੀ ਪੈਸੇ ਕਢਵਾਉਣ ਲਈ ਬੈਂਕਾਂ ਅੱਗੇ ਲਾਈਨਾਂ ’ਚ ਖੜ੍ਹੇ ਆਪਣੀ ਜਾਨ ਗਵਾ ਬੈਠੇ, ਲੋਕਾਂ ਅਤੇ ਦੇਸ਼ ਦੀ ਆਰਥਿਕਤਾ ਡਗਮਗਾ ਗਈ। ਨਾ ਕੋਈ ਕਾਲ਼ਾ ਧਨ ਬਾਹਰ ਆਇਆ ਅਤੇ ਨਾ ਹੀ ਅਤਿਵਾਦ ਦਾ ਲੱਕ ਟੁੱਟਾ। ਕਿਸਾਨ ਜਥੇਬੰਦੀਆਂ ਦਾ ਸਪਸ਼ਟ ਐਲਾਨ ਹੈ ਕਿ ਜਦ ਤੱਕ ਸੰਸਦ ’ਚ ਤਿੰਨੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਐੱਮ.ਐੱਸ.ਪੀ. ਦੀ ਕਾਨੂੰਨੀ ਗਰੰਟੀ ਦੇਣ ਦਾ ਕਾਨੂੰਨ ਪਾਸ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਪਹਿਲਾਂ ਦੇ ਉਲੀਕੇ ਪ੍ਰੋਗਰਾਮ ਬਕਾਇਦਾ ਸਿਰੇ ਚਾੜ੍ਹੇ ਜਾਣਗੇ ਜਿਵੇਂ ਕਿ 22 ਨਵੰਬਰ ਨੂੰ ਲਖਨਊ ਵਿਖੇ ਐਲਾਨੀ ਗਈ ਕਿਸਾਨ ਮਹਾਂ ਪੰਚਾਇਤ ਕਿਸਾਨਾਂ ਦੀ ਲਾਮਿਸਾਲ ਸ਼ਮੂਲੀਅਤ ਨਾਲ ਸਫਲਤਾ ਪੂਰਬਕ ਸਿਰੇ ਚੜ੍ਹੀ, 26 ਨਵੰਬਰ ਨੂੰ ਦਿੱਲੀ ਦੇ ਬਾਰਡਰਾਂ ’ਤੇ ਬੈਠਿਆਂ ਨੂੰ ਪੂਰਾ ਇੱਕ ਸਾਲ ਪੂਰਾ ਹੋਣ ’ਤੇ ਸਾਲਗਿਰਾਹ ਵੱਡੀ ਪੱਧਰ ’ਤੇ ਮਨਾਈ ਗਈ।  29 ਨਵੰਬਰ ਤੋਂ ਸੰਸਦ ਅੱਗੇ ਹਰ ਰੋਜ 500 ਕਿਸਾਨਾਂ ਦਾ ਜਥਾ ਟਰੈਕਟਰ ਮਾਰਚ ਕਰਦਾ ਹੋਇਆ ਜੰਤਰ ਮੰਤਰ ਗਰਾਊਂਡ ਪਹੁੰਚਿਆ ਕਰੇਗਾ ਜੋ ਸੰਸਦ ਦੇ ਚੱਲਦੇ ਸੈਸ਼ਨ ਤੱਕ ਉੱਥੇ ਹੀ ਬੈਠੇਗਾ, ਜਿਸ ਨਾਲ ਧਰਨਾਕਾਰੀ ਕਿਸਾਨਾਂ ਦੀ ਗਿਣਤੀ ’ਚ ਹਰ ਰੋਜ਼ 500  ਦਾ ਵਾਧਾ ਹੁੰਦਾ ਜਾਵੇਗਾ। ਜਦੋਂ ਹੀ ਕਿਸਾਨੀ ਕਾਨੂੰਨ ਰੱਦ ਹੋਣ ਅਤੇ ਐੱਮ.ਐੱਸ.ਪੀ. ਦੀ ਗਰੰਟੀ ਦੇਣ ਦਾ ਕਾਨੂੰਨ ਪਾਸ ਹੋ ਗਿਆ ਅਤੇ ਕਿਸਾਨਾਂ ਦੀਆਂ ਬਾਕੀ ਮੰਗਾਂ ਲਈ ਪ੍ਰਧਾਨ ਮੰਤਰੀ ਨਾਲ ਕਿਸਾਨਾਂ ਦੀ ਮੀਟਿੰਗ ’ਚ ਹੱਲ ਨਹੀਂ ਨਿਕਲਦਾ, ਉਸ ਸਮੇਂ ਤੱਕ ਮੋਰਚਾ ਬਾਦਸਤੂਰ ਇਸੇ ਤਰ੍ਹਾਂ ਚੱਲਦਾ ਰਹੇਗਾ ਅਤੇ ਜਦੋਂ ਇਹ ਮੰਗਾਂ ਮੰਨ ਲਈਆਂ ਗਈਆਂ ਉਸੇ ਸਮੇਂ ਕਿਸਾਨ ਵਾਪਸ ਆਪਣੇ ਘਰਾਂ ਨੂੰ ਮੁੜ ਆਉਣਗੇ।

ਸੋ ਕਿਸਾਨ ਮੋਰਚੇ ਕਾਰਨ ਲੋਕਤੰਤਰ ਅਤੇ ਦੇਸ਼ ਦੇ ਸੰਵਿਧਾਨ, ਜਿਸ ਦਾ ਵੱਡੀ ਪੱਧਰ ’ਤੇ ਘਾਣ ਹੋ ਰਿਹਾ ਸੀ ਉਹ ਮੁੜ ਬਹਾਲ ਹੋਣ ਦੇ ਰਾਹ ਪਿਆ ਹੈ; ਸਿਆਸੀ ਪਾਰਟੀਆਂ ਜਿਹੜੀਆਂ ਝੂਠੇ ਵਾਅਦੇ ਕਰਕੇ ਸੱਤਾ ’ਚ ਆ ਕੇ ਮਨਮਾਨੀਆਂ ਕਰਦੀਆਂ ਸਨ ਉਨ੍ਹਾਂ ਨੂੰ ਲੋਕ ਏਕਤਾ ਸਾਹਮਣੇ ਝੁਕਣ ਲਈ ਮਜ਼ਬੂਰ ਹੋਣਾ ਪਿਆ ਹੈ; ਪੰਥ, ਪੰਜਾਬ ਅਤੇ ਕਿਸਾਨਾਂ ਦੇ ਹਿੱਤਾਂ ਲਈ ਲੜਨ ਵਾਲਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਜਿਹੜਾ ਕੁਰਸੀ ਖਾਤਰ ਪਿਛਲੇ 25 ਸਾਲਾਂ ਤੋਂ ਭਾਜਪਾ ਦੀ ਝੋਲ਼ੀ ’ਚ ਪੈ ਕੇ ਪੰਥ, ਪੰਜਾਬ ਅਤੇ ਕਿਸਾਨਾਂ ਵਿਰੁੱਧ ਭਾਜਪਾ/ਆਰ.ਐੱਸ.ਐੱਸ. ਦੇ ਹਰ ਫ਼ੈਸਲੇ ਅਤੇ ਕਦਮ ਦੀ ਜ਼ੋਰਦਾਰ ਢੰਗ ਨਾਲ ਹਿਮਾਇਤ ਕਰਦਾ ਰਿਹੈ ਉਸ ਨੂੰ ਭਾਜਪਾ ਨਾਲੋਂ ਆਪਣਾ ਗੱਠਜੋੜ ਤੋੜਨ ਅਤੇ ਕੇਂਦਰੀ ਮੰਤਰੀ ਮੰਡਲ ’ਚੋਂ ਅਸਤੀਫ਼ਾ ਦੇਣ ਲਈ ਮਜ਼ਬੂਰ ਹੋਣਾ ਪਿਆ ਹੈ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਕਿ ਪਹਿਲਾਂ ਇਹੀ ਬਾਦਲ ਦਲ ਸੂਬਿਆਂ ਦੇ ਅਧਿਕਾਰਾਂ ’ਤੇ ਕੇਂਦਰ ਵੱਲੋਂ ਛਾਪਾ ਮਾਰਨ ਦੇ ਹਰ ਫ਼ੈਸਲੇ ਦੇ ਹੱਕ ’ਚ ਭੁਗਤਦਾ ਰਿਹਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਕਿਸਾਨ ਏਜੰਡੇ ਮੁਤਾਬਕ ਆਪਣੇ ਪ੍ਰੋਗਰਾਮ ਉਲੀਕਣ ਲਈ ਮਜ਼ਬੂਰ ਹੋ ਰਹੀਆਂ ਹਨ। ਜਿੱਥੇ ਚੋਣਾਂ ਦੌਰਾਨ ਆਗੂਆਂ ਨੂੰ ਲੋਕ ਆਪਣੇ ਘਰਾਂ ’ਚ ਸੱਦ ਕੇ ਨੋਟਾਂ ਦੇ ਹਾਰ ਪਾਉਂਦੇ ਅਤੇ ਸੇਵਾ ਕਰਦੇ ਸਨ ਉੱਥੇ ਅੱਜ ਉਨ੍ਹਾਂ ਨੂੰ ਸਵਾਲ ਪੁੱਛੇ ਜਾ ਰਹੇ ਹਨ ਕਿ ਪਿਛਲੀਆਂ ਚੋਣਾਂ ’ਚ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਅਤੇ ਹੁਣ ਕੀਤੇ ਜਾ ਰਹੇ ਵਾਅਦਿਆਂ ਨੂੰ ਪੂਰਾ ਕਰਨ ਲਈ ਪੈਸਾ ਕਿੱਥੋਂ ਲਿਆਓਗੇ ? ਇਸ ਤਰ੍ਹਾਂ ਕਿਸਾਨ ਮੋਰਚੇ ਨੇ ਕੇਵਲ ਭਾਰਤ ਹੀ ਨਹੀਂ ਬਲਕਿ ਪੂਰੇ ਸੰਸਾਰ ’ਚ ਇਹ ਸੰਦੇਸ਼ ਪਹੁੰਚਾ ਦਿੱਤੈ ਕਿ ਏਕਤਾ ਅਤੇ ਭਾਈਚਾਰਕ ਸਾਂਝ ’ਚ ਬਲ ਹੈ ਜਦੋਂ ਕਿ ਸੰਪ੍ਰਦਾਇਕ ਝਗੜੇ, ਦੰਗੇ ਕਿਸੇ ਸਿਆਸੀ ਪਾਰਟੀ ਲਈ ਲਾਭਦਾਇਕ ਹੋਣ ਕਾਰਨ ਸਿਆਸੀ ਸ਼ਹਿ ਤੇ ਕਰਵਾ ਕੇ ਦੇਸ਼ ਅਤੇ ਲੋਕਾਂ ਦਾ ਭਾਰੀ ਨੁਕਸਾਨ ਕੀਤਾ ਜਾ ਰਿਹੈ, ਜਿਸ ਤੋਂ ਬਚਣ ਦਾ ਫ਼ਾਰਮੂਲਾ ਕਿਸਾਨ ਜਥੇਬੰਦੀਆਂ ਤੋਂ ਸਿੱਖਣ ਦੀ ਲੋੜ ਹੈ।

ਪ੍ਰੋ. ਪ੍ਰੀਤਮ ਸਿੰਘ ਜੀ ਦਾ ਪੰਜਾਬੀ ਜ਼ਬਾਨ ਪ੍ਰਤੀ ਮੋਹ

0

ਪ੍ਰੋ. ਪ੍ਰੀਤਮ ਸਿੰਘ ਜੀ ਦਾ ਪੰਜਾਬੀ ਜ਼ਬਾਨ ਪ੍ਰਤੀ ਮੋਹ

-ਡਾ: ਹਰਸ਼ਿੰਦਰ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਰ, ਪਟਿਆਲਾ, ਫ਼ੋਨ : 0175-2216783

ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਤੇ ਸੰਤੋਖ ਸਿੰਘ ਧੀਰ ਜੀ ਇਕ ਵਾਰ ਦੁਪਹਿਰੇ ਪੰਜਾਬੀ ਜ਼ਬਾਨ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਮੈਨੂੰ ਉਸ ਸਮੇਂ ਉਨ੍ਹਾਂ ਕੋਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਤਾਂ ਉਨ੍ਹਾਂ ਦੀਆਂ ਉੱਚ ਪਧਰੀ ਵਿਦਵਤਾ ਭਰਪੂਰ ਗੱਲਾਂ ਵਿੱਚੋਂ ਬਹੁਤ ਕੁੱਝ ਸਮਝਣ ਨੂੰ ਮਿਲਿਆ। ਕਦੇ ਗੱਲ ਸ਼ਿਵ ਕੁਮਾਰ ਬਟਾਲਵੀ ਦੀ ਆ ਜਾਂਦੀ ਤੇ ਕਦੇ ਨਾਨਕ ਸਿੰਘ ਜੀ ਬਾਰੇ। ਕਦੇ ਮੌਜੂਦਾ ਲੱਚਰ ਗੀਤ ਸੰਗੀਤ ਉੱਤੇ।

ਭਾਪਾ ਜੀ ਨੇ ਦੱਸਿਆ ਕਿ ਭਾਵੇਂ ਡੇਢ ਲੱਖ ਸਾਲ ਪਹਿਲਾਂ ਜ਼ਬਾਨ ਦਾ ਜ਼ਿਕਰ ਮਿਲਦਾ ਹੈ ਪਰ ਸਾਨੂੰ ਸਿਰਫ਼ 6000 ਸਾਲ ਪਹਿਲਾਂ ਵਾਲੀਆਂ ਬੋਲੀਆਂ ਬਾਰੇ ਹੀ ਪਤਾ ਹੈ ਜਦੋਂ ਇਨ੍ਹਾਂ ਨੂੰ ਲਿਖਣਾ ਸ਼ੁਰੂ ਕੀਤਾ ਗਿਆ ਸੀ। ਪਹਿਲੇ ਮਨੁੱਖ ਤਾਂ ਵੱਖੋ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਜਾਂ ਚੀਜ਼ਾਂ ਅਤੇ ਸੀਟੀਆਂ ਦੀ ਵਰਤੋਂ ਕਰਦੇ ਰਹੇ। ਬਾਰ੍ਹਵੀਂ ਸਦੀ ਦੀ ਜਰਮਨੀ ਦੀ ਨਨ ਵੱਲੋਂ ਵਰਤੀ ‘ਲਿੰਗੂਆ ਇਗਨੋਤਾ’ ਬੋਲੀ ਦਾ ਸਿਰਫ਼ ਜ਼ਿਕਰ ਹੀ ਬਚਿਆ ਹੈ। ਬਾਕੀ ਸਭ ਇਤਿਹਾਸ ਵਿੱਚੋਂ ਗੁੰਮ ਹੋ ਚੁੱਕਿਆ ਹੋਇਆ ਹੈ। ਤਾਮਿਲ ਅਤੇ ਸੰਸਕ੍ਰਿਤ ਸਭ ਤੋਂ ਪੁਰਾਣੀਆਂ ਜ਼ਬਾਨਾਂ ਮੰਨੀਆਂ ਜਾ ਚੁੱਕੀਆਂ ਹਨ ਪਰ ਹੁਣ ਉਹ ਵੀ ਮਰ ਮੁੱਕ ਚੱਲੀਆਂ ਹਨ।

ਭਾਪਾ ਜੀ ਨੇ ਇਹ ਵੀ ਦੱਸਿਆ ਕਿ ਦੁਨੀਆਂ ਦੀ ਸਭ ਤੋਂ ਔਖੀ ਜ਼ਬਾਨ ‘ਮੈਂਡਾਰਿਨ’ ਹੈ ਪਰ ਫਿਰ ਵੀ ਉਸ ਨੂੰ ਬੋਲਣ ਵਾਲੇ 100 ਕਰੋੜ ਲੋਕ ਹਨ। ਉਹ ਵੀ ਹੋਰ ਭਾਸ਼ਾਵਾਂ ਸਿੱਖਣ ਦੀ ਚਾਹ ਰੱਖਦੇ ਹਨ ਪਰ ਆਪਣੀ ਜ਼ਬਾਨ ਮਿੱਧ ਕੇ ਨਹੀਂ।

ਕਮਾਲ ਤਾਂ ਇਹ ਵੇਖੋ ਕਿ ਅੰਗਰੇਜ਼ੀ ਜ਼ਬਾਨ ਮਸਾਂ ਹਜ਼ਾਰ ਕੁ ਸਾਲ ਪੁਰਾਣੀ ਹੈ ਪਰ ਫਿਰ ਵੀ ਸਾਰੀ ਦੁਨੀਆਂ ਵਿਚ ਧੁੰਮਾਂ ਪਾ ਰਹੀ ਹੈ। ਕਾਰਨ ਇਹ ਹੈ ਕਿ ਇਸ ਨੂੰ ਬੋਲਣ ਵਾਲੇ ਧੜਾਧੜ ਇਸ ਵਿਚ ਕਿੱਤਾ ਮੁਹੱਈਆ ਕਰਵਾਉਣ ਵਿਚ ਜੁਟੇ ਹਨ ਤੇ ਨਵੀਆਂ ਖੋਜਾਂ ਵੀ ਲਗਾਤਾਰ ਜਾਰੀ ਰੱਖ ਰਹੇ ਹਨ। ਜ਼ਬਾਨ ਨੂੰ ਪ੍ਰੋਤਸਾਹਿਤ ਕਰਨ ਦਾ ਹਰ ਹੀਲਾ ਵਰਤਿਆ ਜਾਂਦਾ ਹੈ। ਸਾਡੇ ਭੋਲੇ ਲੋਕ ਇਨ੍ਹਾਂ ਨੁਕਤਿਆਂ ਵਿਚ ਅੜ ਕੇ ਅਤੇ ਰੁਜ਼ਗਾਰ ਲੱਭਦੇ ਹੌਲੀ ਹੌਲੀ ਅੰਗਰੇਜ਼ੀ ਜ਼ਬਾਨ ਤੋਂ ਵੀ ਪੁਰਾਣੀ ਆਪਣੀ ਪੰਜਾਬੀ ਜ਼ਬਾਨ ਨੂੰ ਅਣਜਾਣੇ ਹੀ ਖ਼ਤਮ ਕਰਨ ਵੱਲ ਤੁਰ ਪਏ ਹਨ।

ਮੈਨੂੰ ਚੁਪ ਬੈਠੀ ਨੂੰ ਵੇਖ ਧੀਰ ਅੰਕਲ ਪੁੱਛਣ ਲੱਗੇ, ‘ਕਿਉਂ ਬਈ ਡਾਕਟਰ ਬੇਟੀ, ਤੇਰਾ ਕੀ ਖ਼ਿਆਲ ਐ? ਨਵੀਂ ਪੀੜ੍ਹੀ ਸਾਨੂੰ ਤਾਂ ਪੁਰਾਣਾ ਮੰਨ ਕੇ ਪੰਜਾਬੀ ਜ਼ਬਾਨ ਉੱਤੇ ਅੰਗਰੇਜ਼ੀ ਦਾ ਗਿਲਾਫ਼ ਚਾੜ੍ਹਨ ਲੱਗ ਪਈ ਐ। ਹੈ ਕੋਈ ਡਾਕਟਰੀ ਇਲਾਜ?’

ਇਸ ਤੋਂ ਪਹਿਲਾਂ ਕਿ ਮੈਂ ਕੁੱਝ ਬੋਲਦੀ, ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਕਹਿਣ ਲੱਗੇ, ‘ਇਸ ਨੇ ਕੀ ਦੱਸਣੈ, ਇਹ ਤਾਂ ਸਰੀਰ ਦੀਆਂ ਬੀਮਾਰੀਆਂ ਵਿਚ ਉਲਝੀ ਪਈ ਐ। ਸੰਨ 1971 ਤੋਂ ਹੁਣ ਤੱਕ ਸਿਰਫ਼ ਉਹ ਜ਼ਬਾਨਾਂ ਹੀ ਗਿਣੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਬੋਲਣ ਵਾਲੇ 10,000 ਤੋਂ ਵੱਧ ਹਨ। ਇਸ ਦਾ ਮਤਲਬ ਇਹ ਹੋਇਆ ਕਿ 1652 ਜ਼ਬਾਨਾਂ ’ਚੋਂ ਘੱਟ ਕੇ ਸਿਰਫ਼ 108 ਜ਼ਬਾਨਾਂ ਹੀ ਜ਼ਿੰਦਾ ਬਚੀਆਂ ਹਨ।’

‘ਇਹ ਤਾਂ ਬਹੁਤ ਖ਼ਤਰੇ ਦੀ ਗੱਲ ਹੈ’, ਮੈਂ ਬੋਲੀ।

‘ਇਸ ਤੋਂ ਵੀ ਖ਼ਤਰਨਾਕ ਗੱਲ ਇਹ ਹੈ ਕਿ ਪੰਜਾਬੀ ਲੋਕ; ਆਪਣੀ ਮਾਂ ਬੋਲੀ ਉੱਤੇ ਮੰਡਰਾਉਂਦੇ ਖ਼ਤਰੇ ਬਾਰੇ ਚਿੰਤਿਤ ਨਹੀਂ ਹਨ। ਦੁਨੀਆ ਭਰ ਵਿਚ ਝਾਤ ਮਾਰੀਏ ਤਾਂ ਭਾਰਤ ਵਿਚਲੀਆਂ ਜ਼ਬਾਨਾਂ ਉੱਤੇ ਸੱਭ ਤੋਂ ਵੱਧ ਮਾਰ ਪੈ ਰਹੀ ਹੈ, ਜਿੱਥੇ ਅਸਟੇ੍ਰਲੀਆ, ਕਨੇਡਾ, ਚੀਨ, ਰੂਸ, ਅਮਰੀਕਾ ਤੋਂ ਕਿਤੇ ਵੱਧ ਬੋਲੀਆਂ ਖ਼ਾਤਮੇ ਵੱਲ ਜਾ ਰਹੀਆਂ ਹਨ। ਕਬੀਲਿਆਂ ਦੀਆਂ ਜ਼ਬਾਨਾਂ ਜੇ ਹੌਲੀ ਹੌਲੀ ਖ਼ਤਮ ਹੋ ਗਈਆਂ ਤਾਂ ਸਮਝੋ ਸਾਡੇ ਪਿਛੋਕੜ ਵਿੱਚੋਂ ਅੱਧਾ ਇਤਿਹਾਸ ਗਾਇਬ ਹੋ ਗਿਆ। ਸਾਡਾ ਸਦੀਆਂ ਤੋਂ ਚੱਲਦਾ ਆਉਂਦਾ ਜੜੀਆਂ-ਬੂਟੀਆਂ ਦਾ ਗਿਆਨ ਅਤੇ ਪੁਰਾਣੇ ਰੀਤ ਰਿਵਾਜ਼ ਸਮੇਤ ਬਹੁਤ ਵਡਮੁੱਲੀ ਜਾਣਕਾਰੀ ਹਮੇਸ਼ਾ ਲਈ ਗੁੰਮ ਹੋ ਜਾਏਗੀ’ ਭਾਪਾ ਜੀ ਨੇ ਸਮਝਾਇਆ।

ਧੀਰ ਅੰਕਲ ਨੇ ਕਿਹਾ, ‘ਬਿਲਕੁਲ ਸਹੀ ਪ੍ਰੋਫੈਸਰ ਸਾਹਿਬ। ਜੇ ਸਾਡੇ ਯੂਨੀਵਰਸਿਟੀਆਂ ਵਿਚਲੇ ਪ੍ਰੋਫੈਸਰ ਇਹ ਨੁਕਤਾ ਸਮਝ ਜਾਣ ਤਾਂ ਕੁੱਝ ਹੋ ਸਕਦਾ ਹੈ। ਵੇਖੋ ਨਾ, ਉੜੀਸਾ, ਛੱਤੀਸਗੜ੍ਹ, ਮਿਜ਼ੋਰਮ, ਤ੍ਰਿਪੁਰਾ ਤੇ ਮੇਘਾਲਿਆ ਵਿਚ ਪੜ੍ਹੇ ਲਿਖੇ ਲੋਕਾਂ ਨੇ ਜ਼ਿੰਮਾ ਚੁੱਕ ਕੇ ਆਪੋ ਆਪਣੀ ਮਾਂ ਬੋਲੀ ਦੀ ਮਹੱਤਤਾ ਬਾਰੇ ਹੋਰਨਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਹੈ ਤੇ ਬੱਚਿਆਂ ਨਾਲ ਸਿਰਫ ਮਾਂ ਬੋਲੀ ਵਿਚ ਬੋਲਣਾ ਸ਼ੁਰੂ ਕਰ ਦਿੱਤਾ ਹੋਇਆ ਹੈ।’

‘ਬਿਲਕੁਲ,’ ਭਾਪਾ ਜੀ ਨੇ ਅੱਗੋਂ ਗੱਲ ਤੋਰੀ, ‘ਆਪਣੀ ਮਾਂ ਬੋਲੀ ਵਿਚ ਵਧੀਆ ਬਾਲ ਕਹਾਣੀਆਂ, ਕਵਿਤਾਵਾਂ, ਲੇਖ, ਨਾਵਲ, ਫ਼ਿਲਮਾਂ ਆਦਿ ਬਣਾ ਕੇ ਜ਼ਬਾਨ ਵਿਚ ਰੂਹ ਫੂਕੀ ਜਾ ਸਕਦੀ ਹੈ। ਸੱਭ ਤੋਂ ਵੱਡਾ ਉੱਦਮ ਤਾਂ ਤਕਨੀਕੀ ਮਾਹਿਰਾਂ ਵੱਲੋਂ ਕਰਨਾ ਪੈਣਾ ਹੈ। ਜੇ ਤਕਨੀਕੀ ਵਿਦਿਆ ਆਪਣੀ ਜ਼ਬਾਨ ਵਿਚ ਸਿਖਾਈ ਜਾਏ ਤਾਂ ਜ਼ਬਾਨ ਕਦੇ ਨਹੀਂ ਮਰ ਸਕਦੀ। ਬਿਲਕੁਲ ਇੰਜ ਹੀ ਹਰ ਦਾਦੇ ਨਾਨੇ ਨੂੰ ਵੀ ਆਪਣੇ ਪੋਤਰੇ-ਦੋਹਤਰਿਆਂ ਨੂੰ ਮਾਂ ਬੋਲੀ ਦੀਆਂ ਕਹਾਣੀਆਂ ਸੁਣਾ ਕੇ ਮਾਂ ਬੋਲੀ ਦੀ ਨੀਂਹ ਪੱਕੀ ਕਰਨੀ ਚਾਹੀਦੀ ਹੈ।’

ਮੈਂ ਉਤਸੁਕਤਾ ਨਾਲ ਪੁੱਛਿਆ, ‘ਭਲਾ ਕਬਾਇਲੀਆਂ ਦੀ ਭਾਸ਼ਾ ਮੁੱਕ ਜਾਣ ਨਾਲ ਹੋਰ ਭਾਸ਼ਾਵਾਂ ਉੱਤੇ ਕੀ ਫ਼ਰਕ ਪਵੇਗਾ?’ ਭਾਪਾ ਜੀ ਨੇ ਸਮਝਾਇਆ, ‘ਜ਼ਬਾਨ ਨਾਲ ਲੋਕਾਂ ਦੀ ਪਛਾਣ ਜੁੜੀ ਹੁੰਦੀ ਹੈ। ਉਸੇ ਪਛਾਣ ਸਦਕਾ ਹੀ ਉਹ ਆਪਣੀ ਧਰਤੀ ਨਾਲ ਜੁੜਦੇ ਹਨ। ਉਹੀ ਜ਼ਬਾਨ ਉਨ੍ਹਾਂ ਦੀ ਆਪਣੇ ਪੁਰਖਿਆਂ ਨਾਲ ਸਾਂਝ ਗੰਢਦੀ ਹੈ। ਜਦੋਂ ਜ਼ਬਾਨਾਂ ਮਰਨ ਲੱਗ ਜਾਣ ਤਾਂ ਉਨ੍ਹਾਂ ਨਾਲ ਜੁੜੀ ਸੱਭਿਅਤਾ ਤਾਂ ਮਰਨੀ ਹੀ ਹੋਈ ਪਰ ਉਨ੍ਹਾਂ ਦੀ ‘ਆਪਣੀ ਧਰਤੀ’ ਵੀ ਮਰ ਮੁੱਕ ਜਾਂਦੀ ਹੈ। ਜੇ ਅਜਿਹਾ ਵੱਡੀ ਪੱਧਰ ਉੱਤੇ ਹੋਣ ਲੱਗ ਪਏ ਤਾਂ ਸਭ ਇੱਕੋ ਜਿਹੀ ਦੌੜ ਵਿਚ ਲੱਗ ਜਾਣਗੇ ਤੇ ਆਪੋ ਵਿਚ ਹੀ ਲੜ ਮਰ ਕੇ ਖ਼ਤਮ ਹੋ ਜਾਣਗੇ। ਕਿਸੇ ਨੂੰ ਦੂਜੇ ਬਾਰੇ ਜਾਣਨ ਦੀ ਚਾਹ ਹੀ ਨਹੀਂ ਹੋਵੇਗੀ ਕਿਉਂਕਿ ਸਭ ਇੱਕੋ ਜ਼ਬਾਨ ਰਾਹੀਂ ਇੱਕੋ ਸੱਭਿਅਤਾ ਬਾਰੇ ਰਟਦੇ ਇੱਕ ਦੂਜੇ ਨੂੰ ਕਾਟ ਕਰਨ ਲੱਗ ਪੈਣਗੇ। ਜੇ ਦੋ ਵੱਖੋ ਵੱਖ ਜਣੇ ਮਿਲਣ ਤਾਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ ਤੇ ਦੂਜੇ ਨਾਲ ਜੁੜੇ ਇਤਿਹਾਸ ਵੱਲ ਵੀ ਝਾਤ ਮਾਰਨਗੇ। ਬੇਅੰਤ ਕੁਦਰਤੀ ਇਲਾਜ ਅਤੇ ਦਵਾਈਆਂ ਦੀ ਜਾਣਕਾਰੀ, ਜੋ ਪੁਰਾਤਨ ਸਮੇਂ ਵਿਚ ਸੀ, ਬਹੁਤ ਵਡਮੁੱਲੀ ਪੁਰਾਣੀ ਤਕਨੀਕੀ ਜਾਣਕਾਰੀ ਅਤੇ ਹੋਰ ਵੀ ਬਹੁਤ ਕੀਮਤੀ ਪੁਰਾਣਾ ਸਾਹਿਤ, ਸਭ ਕੁੱਝ ਖ਼ਤਮ ਹੋ ਜਾਵੇਗਾ। ਇਸੇ ਲਈ ਜ਼ਰੂਰੀ ਹੈ ਨਵੀਂ ਪਨੀਰੀ ਨੂੰ ਆਪਣੀ ਜ਼ਬਾਨ ਨਾਲ ਜੋੜਨਾ। ਉਹ ਭਾਵੇਂ ਦਸ ਹੋਰ ਜ਼ਬਾਨਾਂ ਸਿੱਖਣ ਪਰ ਆਪਣੀ ਮਾਂ ਬੋਲੀ ਮਿੱਧ ਕੇ ਨਹੀਂ।’

ਧੀਰ ਅੰਕਲ ਕਹਿਣ ਲੱਗੇ, ‘ਚੱਲ ਬੀਬਾ ਸਿਰਫ਼ ਏਨਾ ਹੀ ਸੋਚ ਕੇ ਵੇਖ ਕਿ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਲਿਖੀ ਭਾਸ਼ਾ ਨੂੰ ਸਮਝਣ ਵਾਲਾ ਕੋਈ ਬਚਿਆ ਹੀ ਨਾ, ਤਾਂ ਜਿਹੜਾ ਮਰਜ਼ੀ ਆ ਕੇ ਕਹਿ ਦੇਵੇਗਾ ਕਿ ਇਸ ਵਿਚ ਈਸਾ ਮਸੀਹ ਦੀ ਉਸਤਤ ਲਿਖੀ ਹੈ! ਫੇਰ ਸੋਚ ਕੇ ਵੇਖ ਕੀ ਬਣੇਗਾ!’

ਗੱਲ ਤਾਂ ਮੇਰੇ ਪੱਲੇ ਚੰਗੀ ਤਰ੍ਹਾਂ ਪੈ ਗਈ ਸੀ। ਉਸ ਸਮੇਂ ਜੋ ਮੇਰੇ ਜ਼ਿੰਮੇ ਉਨ੍ਹਾਂ ਦੋਵਾਂ ਨੇ ਕੰਮ ਲਾਇਆ ਸੀ, ਉਹ ਮੈਂ ਹਾਲੇ ਤੱਕ ਨਿਭਾ ਰਹੀ ਹਾਂ। ਭਾਪਾ ਜੀ 25 ਅਕਤੂਬਰ, 2008 ਨੂੰ ਅਲਵਿਦਾ ਕਹਿ ਗਏ ਸਨ ਪਰ ਨਿੱਕੇ ਬਾਲਾਂ ਨੂੰ ਤਕਨੀਕੀ ਜਾਣਕਾਰੀ ਪੰਜਾਬੀ ਜ਼ਬਾਨ ਵਿਚ ਦੇਣ ਦੀ ਜ਼ਿੰਮੇਵਾਰੀ ਮੈਂ ਲਗਾਤਾਰ ਨਿਭਾ ਰਹੀ ਹਾਂ ਅਤੇ ਪੁਰਾਣੇ ਪੰਜਾਬੀ ਸਾਹਿਤਕਾਰਾਂ ਦੀ ਯਾਦ ਵੀ ਤਾਜ਼ਾ ਕਰਦੀ ਰਹਿੰਦੀ ਹਾਂ। ਡਾਕਟਰੀ ਵਿਗਿਆਨ ਨੂੰ ਆਪਣੀ ਮਾਂ ਬੋਲੀ ਵਿਚ ਸੌਖੇ ਸ਼ਬਦਾਂ ਵਿਚ ਲਿਖਣ ਦਾ ਕੰਮ ਵੀ ਭਾਪਾ ਜੀ ਦੀ ਹੱਲਾਸ਼ੇਰੀ ਸਦਕਾ ਹੀ ਸੰਭਵ ਹੋ ਰਿਹਾ ਹੈ।

ਗੁਰਬਾਣੀ ਉਚਾਰਨ ਦੀ ਸਮੱਸਿਆ

0

ਗੁਰਬਾਣੀ ਉਚਾਰਨ ਦੀ ਸਮੱਸਿਆ

ਪ੍ਰੋਫ਼ੈਸਰ ਕਸ਼ਮੀਰਾ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪੰਥ ਰਤਨ ਸ. ਗੁਰਚਰਨ ਸਿੰਘ ਟੌਹੜਾ ਇਨਸਟੀਚਿਊਟ ਆੱਫ ਐਡਵਾਂਸਡ ਸਟੱਡੀਸ ਇਨ ਸਿੱਖਿਜ਼ਮ, ਬਹਾਦਰਗੜ੍ਹ ਪਟਿਆਲ਼ਾ ਵਿਖੇ 11 ਅਕਤੂਬਰ ਤੋਂ 15 ਅਕਤੂਬਰ 2021 ਤੱਕ ਗੁਰਬਾਣੀ ਸੰਥਿਆ ਕਾਰਜਸ਼ਾਲਾ ਕਰਵਾਈ ਗਈ । ਇਸ ਵਿੱਚ ਇਹ ਗੱਲ ਉੱਭਰ ਕੇ ਸਾਮ੍ਹਣੇ ਆਈ ਕਿ ਪਾਠੀ ਜਾਂ ਕਿਸੇ ਸਿੱਖ ਵਿਦਵਾਨ ਵੱਲੋਂ ਦਿੱਤੀ ਗਈ ਕੋਈ ਉਚਾਰਨ ਸੇਧ ਤੋਂ ਬਿਨਾਂ ਹੀ, ਗੁਰਬਾਣੀ ਦਾ ਪਾਠ ਉਚਾਰਨ ਉਸੇ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਜਿਵੇਂ ਕਿ ਗੁਰਬਾਣੀ ਸ਼ਬਦ ਲਿਖਤ ਰੂਪ ’ਚ ਵਿਰਾਮਜਾਨ ਹਨ ।

ਹੁਣ ਤੱਕ ਸਿੱਖ ਪ੍ਰਚਾਰਕ; ਪ੍ਰਿੰਸੀਪਲ ਤੇਜਾ ਸਿੰਘ ਵੱਲੋਂ ਲਿਖੇ ਕਿਤਾਬਚੇ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ (ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੂੰ ਅਪਣਾ ਕੇ ਗੁਰਬਾਣੀ ਦੀ ਪਾਠ ਸੰਥਿਆ ਕਰਵਾਉਂਦੇ ਆ ਰਹੇ ਹਨ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਪ੍ਰੈਲ ਸੰਨ 2007 ਵਿੱਚ ਇਸ ਕਿਤਾਬਚੇ ਦੀ 30,000 ਕਾਪੀ ਭੇਟਾ ਰਹਿਤ ਛਾਪੀ ਕੇ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਕਰਨ ਲਈ ਦਿੱਤੀ ਗਈ। ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕ ਭੀ ਇਸੇ ਕਿਤਾਬਚੇ ਨੂੰ ਮੁੱਖ ਰੱਖ ਕੇ ਪਾਠ ਸੰਥਿਆ ਕਰਵਾ ਰਹੇ ਹਨ, ਪਰ ਉਕਤ ਕਾਰਜਸ਼ਾਲਾ ਵਿੱਚ ਹੁਣ ਇਸ ਕਿਤਾਬਚੇ ਦੇ ਵਿਚਾਰਾਂ ਨਾਲ਼ ਅਸਹਿਮਤੀ ਪ੍ਰਗਟ ਕੀਤੀ ਗਈ ।

ਹਥਲੇ ਲੇਖ ’ਚ ਇਹ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰਬਾਣੀ ਸ਼ਬਦਾਂ ਨੂੰ ਹੂ-ਬਹੂ ਉਚਾਰਨ ਕਰਨਾ ਕਿੰਨਾ ਕੁ ਸਹੀ ਹੈ ਜਾਂ ਕਿੰਨਾ ਕੁ ਗ਼ਲਤ।

ਪੁਰਾਤਨ ਸਮੇਂ ਗੁਰਬਾਣੀ ਦਾ ਉਚਾਰਨ ਢੰਗ :

ਕੋਈ ਇਹ ਨਹੀਂ ਦੱਸ ਸਕਦਾ ਕਿ 12ਵੀਂ ਸਦੀ ਤੋਂ 17ਵੀਂ ਸਦੀ ਤੱਕ ਗੁਰਬਾਣੀ ਦਾ ਉਚਾਰਨ ਬਾਣੀਕਾਰਾਂ ਦੀ ਅਗਵਾਈ ਵਿੱਚ ਕਿਵੇਂ ਹੁੰਦਾ ਸੀ । ਚਿੰਤਕਾਂ ਵੱਲੋਂ ਇਸ ਬਾਰੇ ਦੋ ਕਿਆਸ-ਅਰਾਈਆਂ ਲਗਾਈਆਂ ਗਈਆਂ ਹਨ।

  1. ਓਦੋਂ ਗੁਰਬਾਣੀ ਨੂੰ ਲਿਖੇ ਸ਼ਬਦਾਂ ਅਨੁਸਾਰ ਹੀ ਬੋਲਦੇ ਸਨ ।
  2. ਗੁਰਬਾਣੀ ਦਾ ਪਾਠ, ਉਸ ਸਮੇਂ ਪ੍ਰਚਲਿਤ ਮੂਲ ਭਾਸ਼ਾਵਾਂ ਦੀਆਂ ਧੁਨੀਆਂ ਨੂੰ ਉਚਾਰ ਕੇ ਕੀਤਾ ਜਾਂਦਾ ਸੀ।

ਪਹਿਲੀ ਕਿਆਸਅਰਾਈ ਦੀ ਸਾਰਥਕਤਾ :

. ਮੁਹਾਰਨੀਤੇ ਜ਼ੋਰ ਦਿੱਤਾ ਗਿਆ : ਪਹਿਲੀ ਕਿਆਸ-ਅਰਾਈ ਅਨੁਸਾਰ ਪਾਠ ਸੰਥਿਆ ਲਈ ਕਰਵਾਈ ਕਾਰਜਸ਼ਾਲਾ ਵਿੱਚ ਦੱਸਿਆ ਗਿਆ ਹੈ ਕਿ ਗੁਰਬਾਣੀ ਦਾ ਉਚਾਰਨ ਜਿਉਂ ਦਾ ਤਿਉਂ ਹੀ ਕਰਨਾ ਚਾਹੀਦਾ ਹੈ। ਇਹ ਵੀ ਦੱਸਿਆ ਗਿਆ ਕਿ ਪੰਜਾਬੀ ਭਾਸ਼ਾ ਦੀ ਮੁਹਾਰਨੀ ਦਾ ਖ਼ੂਬ ਅਭਿਆਸ ਕਰਦਿਆਂ ਸ਼ਬਦਾਂ ਦੀ ਮੌਲਿਕਤਾ ਨੂੰ ਬਰਕਰਾਰ ਰੱਖਦਿਆਂ ਅੱਖਰਾਂ ਨੂੰ ਲੱਗੀਆਂ ਸਾਰੀਆਂ ਲਗਾਂ ਨੂੰ ਪਾਠ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ।

. ਮੁਹਾਰਨੀ ਦੀ ਵਰਤੋਂ ਦੀ ਸਾਰਥਕਤਾ : ਇਹ ਠੀਕ ਹੈ ਕਿ ਮੁਹਾਰਨੀ ਚੇਤੇ ਕਰਨ ਅਤੇ ਇਸ ਦੀ ਵਰਤੋਂ ਨਾਲ਼ ਅੱਖਰਾਂ ਨੂੰ ਲੱਗੀਆਂ ਦਸਾਂ ਮਾਤ੍ਰਾਂ ਦਾ ਉਚਾਰਨ ਕੀਤਾ ਜਾ ਸਕਦਾ ਹੈ ਪਰ ਇਹ ਨੇਮ ਸਾਰੀ ਗੁਰਬਾਣੀ ’ਤੇ ਲਾਗੂ ਨਹੀਂ ਹੋ ਸਕਦਾ । ਗੁਰਬਾਣੀ ਵਿੱਚ ਦੋਮਾਤ੍ਰੇ ਅੱਖਰ (ਤੋੁਹੀ, ਗੋੁਬਿੰਦ, ਜੁੋਆਨੀ, ਸੁੋਹੇਲਾ ਆਦਿਕ) ਵੀ ਸ਼ਬਦਾਂ ਅੰਦਰ ਵਰਤੇ ਗਏ ਹਨ। ਜਿਵੇਂ ਇਹ ਲਿਖੇ ਹੋਏ ਹਨ, ਓਵੇਂ ਹੀ ਇਨ੍ਹਾਂ ਦਾ ਉਚਾਰਨ ਨਹੀਂ ਕੀਤਾ ਜਾ ਸਕਦਾ । ਪਾਠਕ ਨੂੰ ਦੋਹਾਂ ਵਿੱਚੋਂ ਕੇਵਲ ਇੱਕ ਮਾਤ੍ਰਾ ਹੀ ਬੋਲਣੀ ਪਵੇਗੀ, ਨਹੀਂ ਤਾਂ ਦੋਮਾਤ੍ਰੇ ਅੱਖਰ ਵਾਲ਼ੇ ਕਿਸੇ ਵੀ ਸ਼ਬਦ ਦਾ ਪਾਠ ਨਹੀਂ ਹੋ ਸਕਦਾ । ਅਜਿਹੇ ਸ਼ਬਦਾਂ ਦੀ ਸੂਚੀ ਇਹ ਹੈ :

. ਇਕੱਲੀਆਂ ਸਭ ਮਾਤ੍ਰਾਂ ਦਾ ਬੋਲਣ ਤੋਂ ਬਿਨਾਂ ਹੋਰ ਵੀ ਬਹੁਤ ਕੁੱਝ ਉਚਾਰਨ ਦਾ ਭਾਗ ਹੈ : ਪਾਠ ਸੰਥਿਆ ਦੀ ਕਾਰਜਸ਼ਾਲਾ ਵਿੱਚ ਦੱਸਿਆ ਗਿਆ ਕਿ ਮੁਹਾਰਨੀ ਚੇਤੇ ਕਰ ਲਓ ਤੇ ਕਿਸੇ ਪਾਠ-ਸੰਥਿਆ ਦੀ ਲੋੜ ਨਹੀਂ ਰਹਿ ਜਾਂਦੀ । ਗੁਰਬਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਪਾਠ ਸੰਥਿਆ ਤੋਂ ਬਿਨਾਂ ਜਿਵੇਂ ਲਿਖਿਆ ਹੈ ਤਿਵੇਂ ਬੋਲਿਆ ਹੀ ਨਹੀਂ ਜਾ ਸਕਦਾ । ਗੁਰਬਾਣੀ ਵਿੱਚੋਂ ਕੁੱਝ ਉਦਾਹਰਣਾਂ ਹਨ; ਜਿਵੇਂ ਕਿ

  1. ਮੰਗਲਾਚਰਣ ਦੇ ਆਰੰਭ ਵਿੱਚ ‘ੴ’ ਦਰਜ ਹੈ। ਇਸ ਨੂੰ ਜਿਵੇਂ ਲਿਖਿਆ ਹੈ ਤਿਵੇਂ ਬੋਲਿਆ ਹੀ ਨਹੀਂ ਜਾ ਸਕਦਾ । ‘੧’ ਨੂੰ ‘ਪਹਿਲਾ’ ਜਾਂ ‘ਇੱਕ’ ਬੋਲਣਾ ਹੈ ? ਕਿੱਥੋਂ ਪਤਾ ਲੱਗੇਗਾ ਇਸ ‘੧’ ਦਾ ਵਿਸਥਾਰ ‘ਇਕ’ ਜਾਂ ‘ਇਕੁ’ ਜਾਂ ਇਕਿ ਹੋਵੇਗਾ ? ਜੇ ਇਹ ‘ਇਕੁ’ ਜਾਂ ‘ਇਕਿ’ ਹੈ ਤਾਂ ਕਾਰਜਸ਼ਾਲਾ ਦੇ ਨਿਰਣੇ ਅਨੁਸਾਰ ‘ਇਕੁ’ ਦਾ ਔਂਕੜ ਅਤੇ ‘ਇਕਿ’ ਦੀ ਅੰਤ ਸਿਹਾਰੀ ਵੀ ਬੋਲਣੀ ਹੋਵੇਗਾ । ‘੧’ ਤੋਂ ਅਗਲੇ ਸ਼ਬਦ ਵਿੱਚ ‘ਓ’; ਬਿਨਾਂ ਨਾਸਕੀ ਧੁਨੀ ਤੋਂ ਹੈ, ਜਿਸ ਦਾ ਪਾਠ ਲਿਖੇ ਅਨੁਸਾਰ ‘ਓਂ’ ਨਹੀਂ ਹੋ ਸਕਦਾ, ਜੋ ਕਿ ਕੀਤਾ ਜਾ ਰਿਹਾ ਹੈ । ‘ਓ’ ਦੇ ਹੋੜੇ ਦੇ ਨਾਲ਼ ਇੱਕ ਵਿੰਗੀ ਲਕੀਰ ਹੈ, ਜਿਸ ਦਾ ਉਚਾਰਨ ਵੀ ਲਿਖੇ ਅਨੁਸਾਰ ਨਹੀਂ ਹੋ ਸਕਦਾ ਕਿਉਂਕਿ ਇਹ ਵਿੰਗੀ ਲਕੀਰ ਨੂੰ ‘ਕਾਰ’ ਉਚਾਰਨਾ ਪੈਣਾ ਹੈ। ਜੇ ‘ੴ ’ ਦਾ ਲਿਖੇ ਅਨੁਸਾਰ ਉਚਾਰਨ ਹੀ ਨਹੀਂ ਹੋ ਸਕਦਾ ਫਿਰ ਜਿਵੇਂ ਗੁਰਬਾਣੀ ਲਿਖੀ ਹੈ ਤਿਵੇਂ ਪੜ੍ਹੀ ਕਿਵੇਂ ਜਾ ਸਕਦੀ ਹੈ ? ਕਿਸੇ ਪਾਸਿਓਂ ਤਾਂ ਉਚਾਰਨ ਸੇਧ ਲੈਣੀ ਹੀ ਪਵੇਗੀ ।
  2. ਗੁਰਬਾਣੀ ਵਿੱਚ 6464 ਵਾਰ ਇਕੱਲਾ ਅੱਖਰ ‘ਨ’ ਅਤੇ 234 ਵਾਰ ਇਕੱਲਾ ‘ਤ’ ਆਦਿਕ ਲਿਖੇ ਮਿਲਦੇ ਹਨ। ਜੇਕਰ ਲਿਖੇ ਅਨੁਸਾਰ ਹੀ ਪੜ੍ਹਨਾ ਹੈ ਤਾਂ ਇਹ ਅੱਖਰ ‘ਨੱਨਾਂ’ ਅਤੇ ‘ਤੱਤਾ’ ਹੀ ਪੜ੍ਹਨਾ ਪਵੇਗਾ । ਕੀ ਇਹ ਸ਼ੁੱਧ ਪਾਠ ਮੰਨਿਆਂ ਜਾ ਸਕਦਾ ਹੈ ?
  3. ਗੁਰਬਾਣੀ ਦੇ ਸਿਰਲੇਖਾਂ ਵਿੱਚ ‘ਮਹਲਾ ੧’ ਲਿਖਿਆ ਹੈ। ਇਸ ‘੧’ (ਇੱਕ) ਦਾ ਉਚਾਰਨ ਵੀ ‘ੴ’ ਵਿੱਚ ਦਰਜ ‘ਇੱਕ’ ਵਾਙ ‘ਮਹਲਾ ੧’ ਨੂੰ ‘ਮਹਲਾ ਇੱਕ’ ਕਿਉਂ ਨਹੀਂ ਬੋਲਿਆ ਜਾਂਦਾ ? ਕੀ ਇਉਂ ਸ਼ੁੱਧ ਉਚਾਰਨ ਹੋਵੇਗਾ ? ਜੇ ਲਿਖੇ ਅਨੁਸਾਰ ਹੀ ਪਾਠ ਕਰਨਾ ਹੈ ਤਾਂ ‘ਮਹਲਾ ਇੱਕ’ ਨੂੰ ‘ਮਹਲਾ ਪਹਿਲਾ’ ਕਿਉਂ ਬੋਲਿਆ ਜਾਂਦਾ ਹੈ ? ਇੱਕ ਜਗ੍ਹਾ ‘੧’ ਨੂੰ ਇੱਕ ਅਤੇ ਦੂਜੀ ਥਾਂ ‘੧’ ਨੂੰ ‘ਪਹਿਲਾ’ ਕਿਉਂ ਉਚਾਰਿਆ ਜਾਂਦਾ ਹੈ ? ਕਾਰਜਸ਼ਾਲਾ ਵਿੱਚ ਉਚਾਰਨ ਸੇਧ ਨੂੰ ਬੇਲੋੜਾ ਦਖ਼ਲ ਕਿਹਾ ਗਿਆ ਹੈ । ਇਹ ਬੇਲੋੜਾ ਦਖ਼ਲ ਨਹੀਂ ਸਗੋਂ ਗੁਰੂ ਪਾਤਿਸ਼ਾਹਾਂ ਨੇ ਆਪ ਹੀ ‘ਮਹਲਾ ੧’ ਨੂੰ ‘ਮਹਲਾ ੧ ਪਹਿਲਾ’ ਲਿਖ ਕੇ ਪਾਠਕ ਨੂੰ ਉਚਾਰਨ ਸੇਧ ਬਖ਼ਸ਼ੀ ਹੋਈ ਹੈ। ਹੁਣ ਕੀ ਇੱਥੇ ‘੧’ ਅਤੇ ‘ਪਹਿਲਾ’; ਦੋਵਾਂ ਨੂੰ ਉਚਾਰਨ ਕਰਕੇ ‘ਮਹਲਾ ਇੱਕ ਪਹਿਲਾ’ ਜਾਂ ‘ਮਹਲਾ ਪਹਿਲਾ ਪਹਿਲਾ’ ਉਚਾਰਨ ਕਰਨਾ ਸਹੀ ਉਚਾਰਨ ਹੋ ਸਕਦਾ ਹੈ ?
  4. ਉਕਤ ਕਾਰਜਸ਼ਾਲਾ ਅਨੁਸਾਰ ਜੇ ਲਿਖੇ ਅਨੁਸਾਰ ਹੀ ਪਾਠ ਕਰਨਾ ਜ਼ਰੂਰੀ ਹੈ ਤਾਂ ‘ਮ: ੧’ ਦਾ ਪਾਠ ‘ਮੰਮਾ ਦੋ ਬਿੰਦੀਆਂ ਇੱਕ’ ਕਰਨਾ ਚਾਹੀਦਾ ਹੈ। ਕੀ ਇਹ ਸ਼ੁੱਧ ਪਾਠ ਹੋਵੇਗਾ ? ਸੰਥਿਆ ਨਾਲ਼ ਜਗਿਆਸੂ ਨੂੰ ਪਤਾ ਲੱਗਦਾ ਹੈ ਕਿ ‘ਮ :’; ਦਰਅਸਲ ‘ਮਹਲਾ’ ਸ਼ਬਦ ਦਾ ਸੰਖੇਪ ਰੂਪ ਹੈ ਜਦਕਿ ਕਾਰਜਸ਼ਾਲਾ ਵੱਲੋਂ ਸੰਥਿਆ ਦੀ ਲੋੜ ਨੂੰ ਮੂਲੋਂ ਹੀ ਰੱਦ ਕੀਤਾ ਗਿਆ ਹੈ।
  5. ਉਕਤ ਕਾਰਜਸ਼ਾਲਾ ਅਨੁਸਾਰ ਜੇ ਗੁਰਬਾਣੀ ਦਾ ਲਿਖੇ ਅਨੁਸਾਰ ਹੀ ਉਚਾਰਨ ਕਰਨਾ ਹੈ ਤਾਂ ‘ਸੰਪੂਰਣ:’ (ਹੋਯੋ ਹੈ ਹੋਵੰਤੋ ਹਰਣ ਭਰਣ ਸੰਪੂਰਣ: ॥ ਮਹਲਾ ੫/੧੩੬੧) ਦਾ ਉਚਾਰਨ ‘ਸੰਪੂਰਣ ਦੋ ਬਿੰਦੀਆਂ’ ਬਣਦਾ ਹੈ । ਕੀ ਅਜਿਹਾ ਉਚਾਰਨ ਕੋਈ ਕਰੇਗਾ ? ਕਦਾਚਿਤ ਨਹੀਂ । ਸੋ ਇੱਥੇ ਵਰਤੀਆਂ ਦੋ ਬਿੰਦੀਆਂ (:) ਦੇਵਨਾਗਰੀ ਲਿਪੀ ਵਿੱਚ ਵਿਸਰਗ ਦਾ ਸੂਚਕ ਹਨ, ਜੋ ਬੋਲਣ ਸਮੇਂ ਅੱਧਾ ‘ਹ’ ਧੁਨੀ ਪ੍ਰਗਟਾਉਂਦੀਆਂ ਹਨ। ‘ਸੰਪੂਰਣ:’ ਦਾ ਸ਼ੁੱਧ ਉਚਾਰਨ ‘ਸੰਪੂਰਣਹ੍’ ਬਣਦਾ ਹੈ।
  6. ਉਕਤ ਕਾਰਜਸ਼ਾਲਾ ਅਨੁਸਾਰ ਜੇ ਪਾਠ ਲਿਖੇ ਸ਼ਬਦਾਂ ਅਨੁਸਾਰ ਕਰਨਾ ਹੈ ਤਾਂ ਗੁਰਬਾਣੀ ਵਿੱਚ ਇਉਂ ਸ਼ਬਦ ਲਿਖੇ ਹਨ- ਕੁਤੇ, ਕੁਤੀ, ਕੁਤਿਆ, ਮੁਸਲਾ (ਲਬੁ ਕੁਤਾ ਕੂੜੁ ਚੂਹੜਾ; ਠਗਿ ਖਾਧਾ ਮੁਰਦਾਰੁ ॥ (ਮਹਲਾ ੧/੧੫), ਰਾਜੇ ਸੀਹ ਮੁਕਦਮ ਕੁਤੇ ॥ (ਮਹਲਾ ੧/੧੨੮੮), ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ (ਬਾਬਾ ਫਰੀਦ/੧੩੮੧), ਸਚੁ ਨਿਵਾਜ ਯਕੀਨ ਮੁਸਲਾ ॥ (ਮਹਲਾ ੫/੧੦੮੩) ਅਤੇ ਉਚਕਾ, ਫਕਾ, ਛੁਟੀ (ਹਰਿ ਧਨ ਕਉ ਉਚਕਾ ਨੇੜਿ ਨ ਆਵਈ..॥(ਮਹਲਾ ੪/੭੩੪), ਇਕਿ ਖਾਵਹਿ ਬਖਸ ਤੋਟਿ ਨ ਆਵੈ; ਇਕਨਾ ਫਕਾ ਪਾਇਆ ਜੀਉ ॥ (ਮਹਲਾ ੪/੧੭੩), ਨਾਨਕ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ॥ (ਜਪੁ/ਮਹਲਾ ੧/੮) ਆਦਿਕ ਸ਼ਬਦਾਂ ਸਮੇਂ ਤਾਂ ਪਾਠ; ਰਸਹੀਣ ਹੋ ਜਾਵੇਗਾ ਕਿਉਂਕਿ ਇੱਥੇ ਅੱਧਕ ਧੁਨੀ ਦੀ ਵਰਤੋਂ ਜ਼ਰੂਰੀ ਹੈ (ਭਾਵੇਂ ਕਿ ਅੱਧਕ ਗੁਰਬਾਣੀ ਵਿੱਚ ਇੱਕ ਵਾਰ ਭੀ ਨਹੀਂ)। ਹੁਣ ਭੀ ਪੰਜਾਬੀ ਵਿੱਚ ਇਨ੍ਹਾਂ ਸ਼ਬਦਾਂ ਦਾ ਉਚਾਰਨ ਅੱਧਕ ਸਮੇਤ ਕੀਤਾ ਜਾਂਦਾ ਹੈ ‘ਕੁੱਤੇ, ਕੁੱਤੀ, ਕੁੱਤਿਆ, ਮੁਸੱਲਾ, ਉਚੱਕਾ, ਫੱਕਾ, ਛੁੱਟੀ’।
  7. ਉਕਤ ਕਾਰਜਸ਼ਾਲਾ ਅਨੁਸਾਰ ਜੇ ਜਿਵੇਂ ਲਿਖਿਆ ਹੈ; ਓਵੇਂ ਹੀ ਉਚਾਰਨ ਕਰਨਾ ਹੈ ਤਾਂ ਗੁਰਬਾਣੀ ਦੇ ਸ਼ਬਦ ‘ਦਯ, ਦਯੁ, ਦਯਿ, ਦਯੀ, ਦੁਯਾ, ਭਯਾ, ਮੁਯੇ, ਸਵਯੇ’ ’ਚ ਦਰਜ ‘ਯ’ ਦਾ ਉਚਾਰਨ ਸ੍ਵਰ ਵਿੱਚ ਬਦਲ ਕੇ ਕਿਤੇ ‘ਅ’ ਅਤੇ ਕਿਤੇ ‘ਈ/ਇ/ਈਏ’ ਵਾਂਗ ਕੀਤਾ ਜਾਣਾ ਹੈ। ਗੁਰਬਾਣੀ ’ਚ ਚੱਲਦੇ ਪ੍ਰਸੰਗ ਮੁਤਾਬਕ ਸ਼ਾਬਦਿਕ ਅਰਥ ਸਮਝ ਕੇ ਇਨ੍ਹਾਂ ਸ਼ਬਦਾਂ ਦਾ ਸਹੀ ਉਚਾਰਨ ਕਰਨਾ ਪਵੇਗਾ। ‘ਯ’ ਅੱਖਰ ਨੂੰ ਹਰ ਥਾਂ ਵਿਅੰਜਨ ਸਮਝ ਕੇ ਉਚਾਰਨਾ, ਸਹੀ ਨਹੀਂ। ਇਨ੍ਹਾਂ ਦਾ ਕਰਮਵਾਰ ਉਚਾਰਨ ਇਉਂ ਹੈ- ਦਈ, ਦਈਈ (ਦਯੀ), ਦੁਈਆ (ਦੁਯਾ), ਭਇਆ (ਭਯਾ), ਮੁਈਏ (ਮੁਯੇ), ਸਵੱਈਏ (ਸਵਯੇ) ਆਦਿ। ਹਰ ਥਾਂ ਲਿਖੇ ਮੁਤਾਬਕ ਉਚਾਰਨ ਕਰਨ ਨਾਲ ਇਹ ਭੇਦ ਨਹੀਂ ਸਮਝਿਆ ਜਾ ਸਕਦਾ।
  8. ਉਕਤ ਕਾਰਜਸ਼ਾਲਾ ਅਨੁਸਾਰ ਇਕੱਲੀ ਮੁਹਾਰਨੀ ਨੂੰ ਘੋਟਾ ਲਾਉਣ ਵਾਲ਼ਾ ਦਸਾਂ ਮਾਤ੍ਰਾਂ ਨੂੰ ਤਾਂ ਬਾਖ਼ੂਬੀ ਬੋਲ ਸਕੇਗਾ ਪਰ- ਸਿਖੵਾ, ਬੵਾਧਿ, ਬਸਿੵੰਤ, ਲਬਧੰੵ, ਇਤੰੵਤ ਆਦਿਕ ਸ਼ਬਦਾਂ ਨੂੰ ਸਹੀ ਨਹੀਂ ਬੋਲ ਸਕਦਾ । ਸੰਥਿਆ ਲੈ ਕੇ ਸਿੱਖਣਾ ਪੈਣਾ ਹੈ ਭਾਵੇਂ ਕਿਸੇ ਵਿਦਿਆਲੇ ਤੋਂ ਜਾਂ ਵਿਦਵਾਨਾਂ ਦੀਆਂ ਪੁਸਤਕਾਂ ਪੜ੍ਹ ਕੇ ਕੋਈ ਸਿੱਖ ਲਵੇ ।
  9. ਉਕਤ ਕਾਰਜਸ਼ਾਲਾ ਵਿੱਚ ਕੀਤੇ ਨਿਰਣੇ ਅਨੁਸਾਰ ਪਾਠਕ ਨੂੰ ਨਾਸਕੀ ਜਾਂ ਪੈਰ ਬਿੰਦੀਆਂ ਨਾ ਉਚਾਰਨ ਦੇ ਡਰ ਤੋਂ ਮੁਕਤ ਹੋ ਕੇ ਜਿਵੇਂ ਲਿਖਿਆ ਹੈ; ਤਿਵੇਂ ਪਾਠ ਕਰਨ ਦੀ ਹਦਾਇਤ ਕੀਤੀ ਗਈ, ਪਰ ਪੈਰ ਬਿੰਦੀ ਅਤੇ ਨਾਸਕੀ ਉਚਾਰਨ ਨਾ ਪਾਠ ਕੀਤਿਆਂ ਵੀ ਇਹ ਡਰ ਤਾਂ ਬਣਿਆ ਰਹੇਗਾ ਕਿ ਕਿਤੇ ਅਜਿਹਾ ਬੋਲਣ ਨਾਲ਼ ਸਰੋਤੇ, ਭਾਵਾਰਥ ਗ਼ਲਤ ਨਾ ਲੈ ਲੈਣ; ਜਿਵੇਂ ‘ਬੰਨਾ’ ਅਤੇ ‘ਬੰਨ੍ਾ’ ਵੱਖ ਵੱਖ ਅਰਥਾਂ ਵਾਲ਼ੇ ਸ਼ਬਦ ਹਨ । ਜਪੁ ਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ‘ਬੰਨਾ’ ਲਿਖਿਆ ਹੈ, ਜਿਸ ਦਾ ਸਹੀ ਅਰਥ ਹੈ ‘ਬੰਨ੍ਹਣਾ’, ਪਰ ਲਿਖੇ ਅਨੁਸਾਰ ‘ਬੰਨਾ’ ਪਾਠ ਕਰਨ ਨਾਲ਼ ਅਰਥ ਬਣ ਜਾਏਗਾ ‘ਬੰਨ੍ਹ ਮਾਰਨਾ ਜਾਂ ਡੱਕਾ ਲਾਉਣਾ’, ਜੋ ਪ੍ਰਸੰਗਕ ਨਹੀਂ ਹੈ (ਪਰਮੇਸਰਿ ਦਿਤਾ ਬੰਨਾ ॥ ਦੁਖ ਰੋਗ ਕਾ ਡੇਰਾ ਭੰਨਾ ॥ ਮਹਲਾ ੫/੬੨੭) ਸੋ ਜਪੁ ਜੀ ਸਾਹਿਬ ਵਿੱਚ ‘ਬੰਨਾ’ ਦਾ ਉਚਾਰਨ ‘ਬੰਨ੍ਾ’ ਹੈ (ਭੁਖਿਆ ਭੁਖ ਨ ਉਤਰੀ; ਜੇ ਬੰਨਾ ਪੁਰੀਆ ਭਾਰ ॥ (ਜਪੁ), ਨਾ ਕਿ ਜਿਵੇਂ ਲਿਖਿਐ ਓਵੇਂ ਉਚਾਰਨ (ਬੰਨਾ) ਕਰਨਾ ਹੈ।
  10. ਗੁਰਬਾਣੀ ਵਿੱਚ ਬਹੁਤ ਸਾਰੇ ਅਜਿਹੇ ਸ਼ਬਦ ਹਨ, ਜਿਨ੍ਹਾਂ ਨਾਲ਼ ਨਾਸਕੀ ਧੁਨੀ ਦੀ ਵਰਤੋਂ ਕੀਤਿਆਂ ਹੀ ਸਹੀ ਅਰਥ ਬਣਦੇ ਹਨ, ਜਿਵੇਂ ਲਿਖਿਆ ਹੈ; ਓਵੇਂ ਬੋਲਣ ਨਾਲ਼ ਨਹੀਂ ਅਤੇ ਇਹ ਸੇਧ ਵੀ ਗੁਰਬਾਣੀ ਵਿੱਚ ਵਰਤੀਆਂ ਨਾਸਕੀ ਬਿੰਦੀਆਂ ਸਹਿਤ ਸ਼ਬਦ ਕਰਦੇ ਹਨ; ਜਿਵੇਂ ਕਿ ‘‘ਪੁਤ੍ਰੀ ਕਉਲੁ ਨ ਪਾਲਿਓ; ਕਰਿ ਪੀਰਹੁ ਕੰਨ੍ ਮੁਰਟੀਐ ॥’’ (ਬਲਵੰਡ ਸਤਾ/੯੬੭) ਅਤੇ ‘‘ਮੋਰੀ ਰੁਣ ਝੁਣ ਲਾਇਆ, ਭੈਣੇ ! ਸਾਵਣੁ ਆਇਆ ॥’’ (ਮਹਲਾ ੧/੫੫੭) ਦੋਵੇਂ ਪੰਕਤੀਆਂ ’ਚੋਂ ਪਹਿਲੀ ਪੰਕਤੀ ’ਚ ਦਰਜ ‘ਪੁਤ੍ਰੀ’ ਸ਼ਬਦ ਦਾ ਅਰਥ ਹੈ ‘ਪੁੱਤਰਾਂ ਨੇ’ (ਉਚਾਰਨ ਹੈ ਪੁੱਤ੍ਰੀਂ) ਯਾਨੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਦੋ ਬਿੰਦੀ ‘ਪੁੱਤ੍ਰਾਂ ਨੇ’ (ਕਰਤਾ ਕਾਰਕ ਬਹੁ ਵਚਨ)। ਸ਼ਾਬਦਿਕ ਅਰਥ ਹਨ ‘ਗੁਰੂ ਜੀ ਦਾ ਵਚਨ (ਭਾਈ ਲਹਿਣਾ ਜੀ ਦੀ ਤਰ੍ਹਾਂ) ਉਨ੍ਹਾਂ ਦੇ ਪੁੱਤ੍ਰਾਂ ਨੇ ਨਹੀਂ ਮੰਨਿਆ’, ਪਰ ਇਸ ਦਾ ਉਚਾਰਨ ਬਿੰਦੀ ਰਹਿਤ ‘ਪੁਤ੍ਰੀ’ ਕੀਤਿਆਂ ਅਰਥ ਬਣਦਾ ਹੈ ‘ਬੇਟੀ’ (ਇਸਤਰੀ ਲਿੰਗ), ਜੋ ਕਿ ਇੱਥੇ ਚੱਲਦੇ ਪ੍ਰਸੰਗ ਮੁਤਾਬਕ ਸਹੀ ਨਹੀਂ। ਦੂਜੀ ਪੰਕਤੀ ’ਚ ‘ਮੋਰੀ’ ਸ਼ਬਦ ਦਾ ਅਰਥ ਹੈ ‘ਮੋਰਾਂ ਨੇ’ (ਕਰਤਾ ਕਾਰਕ ਬਹੁ ਵਚਨ। ਉਚਾਰਨ ਹੈ ‘ਮੋਰੀਂ’), ਪਰ ਜੇਕਰ ‘ਮੋਰੀ’ (ਬਿਨਾਂ ਬਿੰਦੀ) ਉਚਾਰਨ ਕਰੀਏ ਤਾਂ ਅਰਥ ਬਣਦਾ ਹੈ ‘ਸੁਰਾਗ਼, ਸਹੀ ਪਗਡੰਡੀ (ਇਸਤਰੀ ਲਿੰਗ); ਜਿਵੇਂ ਗੁਰੂ ਵਾਕ ਹੈ ‘‘ਗੁਰਿ, ਦਿਖਲਾਈ ਮੋਰੀ ॥ ਜਿਤੁ ਮਿਰਗ ਪੜਤ ਹੈ ਚੋਰੀ ॥’’ (ਭਗਤ ਕਬੀਰ/੬੫੬) ਸੋ ਗੁਰਬਾਣੀ ਦਾ ਸਹੀ ਉਚਾਰਨ ਕਰਨ ਲਈ ਗੁਰਬਾਣੀ ਅੰਦਰ ਦਿੱਤੇ ਗਏ ਕੁੱਝ ਨਾਸਕੀ ਸੰਕੇਤਾਂ ਤੋਂ ਸੇਧ ਲੈਣੀ ਬਣਦੀ ਹੈ; ਜਿਵੇਂ ਕਿ ‘‘ਗੁਰਸਿਖਂੀ ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥’’ (ਮਹਲਾ ੪/੪੫੦) ‘ਗੁਰਸਿਖਂੀ’ ਦਾ ਅਰਥ ਹੈ ‘ਗੁਰਸਿੱਖਾਂ ਨੇ’ (ਕਰਤਾ ਕਾਰਕ ਬਹੁ ਵਚਨ)।
  11. ਉਕਤ ਕਾਰਜਸ਼ਾਲਾ ਅਨੁਸਾਰ ਜੇ ਗੁਰਬਾਣੀ ਜਿਵੇਂ ਲਿਖੀ ਹੈ; ਓਵੇਂ ਪੜ੍ਹਨਾ ਹੈ ਤਾਂ ਤੁਕ ‘‘ਏ ਸ੍ਰਵਣਹੁ ਮੇਰਿਹੋ! ਸਾਚੈ, ਸੁਨਣੈ ਨੋ ਪਠਾਏ ॥’’ (ਅਨੰਦ/ਮਹਲਾ ੩/੯੨੨) ਵਿੱਚ ‘ਸ੍ਰਵਣਹੁ’ ਦਾ ਉਚਾਰਨ ‘ਸ੍ਰਵਣਹੁ’ ਕਰਨਾ ਪਵੇਗਾ ਤੇ ਅਰਥ ਬਣ ਜਾਣਗੇ- ਹੇ (ਨੇਤਹੀਣ ਅੰਧਕ ਵੈਸ਼੍ਯ ਰਿਸ਼ੀ ਦੇ ਪੁੱਤਰ) ਮੇਰੇ ਸਰਵਣ! ਤੁਹਾਨੂੰ ਸੱਚੇ ਰੱਬ ਨੇ, ਆਪਣੀ ਸਿਫ਼ਤ-ਸਾਲਾਹ ਸੁਣਨ ਲਈ ਭੇਜਿਐ ਕਿਉਂਕਿ ਇਸ ਸਰਵਣ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਰਚਨਾ ’ਚ ਹੈ ‘‘ਹੋਵੈ ਸਰਵਣ ਵਿਰਲਾ ਕੋਈ ॥ (ਵਾਰ ੩੭ ਪਉੜੀ ੧੧), ਇਨ੍ਹਾਂ ਨੂੰ ਹਨ੍ਹੇਰੇ ’ਚ ਜੰਗਲ਼ੀ ਜੀਵ ਸਮਝਦਿਆਂ ਰਾਜਾ ਦਸ਼ਰਥ ਨੇ ਆਪਣੇ ਤੀਰ ਨਾਲ਼ ਮਾਰ ਦਿੱਤਾ ਸੀ, ਜਦ ਇਹ ਆਪਣੇ ਬਜ਼ੁਰਗ ਮਾਤਾ-ਪਿਤਾ ਲਈ ਪਾਣੀ ਲੈਣ ਲਈ ਗਿਆ ਸੀ ਜਦਕਿ ਪ੍ਰਸੰਗ ਮੁਤਾਬਕ ਉਕਤ ਗੁਰਬਾਣੀ ਤੁਕ ’ਚ ਉਚਾਰਨ ‘ਸ਼੍ਰਵਣਹੁ’ ਹੋਣਾ ਚਾਹੀਦਾ ਹੈ, ਜਿਸ ਦਾ ਅਰਥ ਹੈ ‘ਦੋਵੇਂ ਕੰਨ’ (ਬਹੁ ਵਚਨ)। ਇਸ ਸ਼ਬਦ ਦੀ ਵਧੇਰੇ ਜਾਣਕਾਰੀ ਲਈ ਭਾਈ ਕਾਹਨ ਸਿੰਘ ਜੀ ਦੁਆਰਾ ਰਚਿਤ ਮਹਾਨ ਕੋਸ਼ ਨੂੰ ਵੇਖਿਆ ਜਾ ਸਕਦਾ ਹੈ।

ਇਸ ਤਰ੍ਹਾਂ ਹੀ ਗੁਰਬਾਣੀ ਅੰਦਰ ਕਈ ਹੋਰ ਸ਼ਬਦ ਹਨ; ਜਿਵੇਂ ਕਿ ‘ਸਾਹੁ (ਸੁਆਸ)-ਸ਼ਾਹੁ (ਪਾਤਿਸ਼ਾਹ), ਸਹੁ (ਸਹਾਰ)- ਸ਼ਹੁ (ਖਸਮ), ਜਨ (ਸੇਵਕ)-ਜ਼ਨ (ਔਰਤ), ਬਾਸਾ (ਨਿਵਾਸ) ਅਤੇ ਬਾਸ਼ਾ (ਸ਼ਿਕਾਰੀ ਪੰਛੀ), ਜਸ (ਜੈਸਾ) ਅਤੇ ਜਸ਼ (ਵਡਿਆਈ), ਰਾਸਿ (ਠੀਕ) ਅਤੇ ਰਾਸ਼ਿ (ਪੂੰਜੀ), ਸਾਰਿ (ਸੰਭਾਲ਼ ਕੇ) ਅਤੇ ਸ਼ਾਰਿ (ਚੌਪੜ/ਸ਼ਤਰੰਜ ਦਾ ਵਸਤ੍ਰ, ਜਿਸ ’ਤੇ ਗੋਟੀਆਂ ਖੇਲੀਦੀਆਂ ਹਨ), ਤਿਹ (ਉਹ/ਉਸ)- ਤਹ (ਤ੍ਹਾਂ, ਓਥੇ) ਆਦਿਕ ਸ਼ਬਦ ਜੋੜਾਂ ਦਾ ਨਿਖੇੜਾ ਜਿਵੇਂ ਲਿਖਿਆ ਤਿਵੇਂ ਬੋਲਣ ਨਾਲ਼ ਨਹੀਂ ਹੋਵੇਗਾ, ਵਰਤੀਆਂ ਭਾਸ਼ਾਵਾਂ, ਜੋ ਉਸ ਸਮੇਂ ਪ੍ਰਚਲਿਤ ਸਨ, ਦੀ ਮੂਲ ਸ਼ੈਲੀ ਨੂੰ ਧਿਆਨ ਵਿੱਚ ਰੱਖਣਾ ਪਵੇਗਾ।

  1. ਗੁਰਬਾਣੀ ਜਿਵੇਂ ਲਿਖੀ; ਤਿਵੇਂ ਉਚਾਰਨ ਕਰ ਬਾਣੀਕਾਰਾਂ ਵੱਲ ਉਂਗਲ਼ੀ ਉਠਾਉਣਾ : ਉਕਤ ਕਾਰਜਸ਼ਾਲਾ ਅਨੁਸਾਰ ਜੇ ਇਹ ਮੰਨ ਲਈਏ ਕਿ ਬਾਣੀ ਦਾ ਉਚਾਰਨ ਲਿਖਤ ਅਨੁਸਾਰ ਕੀਤਾ ਜਾਵੇ ਤਾਂ ਇਹ ਵੀ ਮੰਨਣਾ ਪਵੇਗਾ ਕਿ ਅਰਬੀ, ਫ਼ਾਰਸੀ, ਸੰਸਕ੍ਰਿਤ ਆਦਿ ਭਾਸ਼ਾ ਦੇ ਸ਼ਬਦਾਂ ’ਚ ਵਰਤੀਆਂ ਵਿਸ਼ੇਸ਼ ਧੁਨੀਆਂ; ਜਿਵੇਂ ਕਿ ‘ਸ਼, ਖ਼, ਗ਼, ਜ਼, ਫ਼’ ਤੋਂ ਬਿਨਾਂ ਹੀ ਬਾਣੀਕਾਰ ਬੋਲਦੇ ਅਤੇ ਲਿਖਦੇ ਸਨ। ਕੀ ਇਹ ਗੱਲ ਮੰਨਣਯੋਗ ਹੈ ? ਬਿਲਕੁਲ ਨਹੀਂ । ਬਾਣੀਕਾਰ ਤਾਂ ਇਨ੍ਹਾਂ ਭਾਸ਼ਾਵਾਂ ਦੇ ਖ਼ੂਬ ਗਿਆਤਾ ਸਨ ਤਾਂ ਹੀ ਉਹ ਵੱਖ-ਵੱਖ ਧਰਮਾਂ ਦੇ ਆਗੂਆਂ ਨਾਲ਼ ਉਨ੍ਹਾਂ ਦੀ ਭਾਸ਼ਾ ਵਿੱਚ ਵਿਚਾਰ-ਚਰਚਾ ਕਰ ਸਕੇ। ਫ਼ਾਰਸੀ ਦੇ ਵਿਦਵਾਨਾਂ ਨਾਲ਼ ਗੱਲ ਕਰਨ ਵਾਲ਼ਾ ਆਪ ਵੀ ਫ਼ਾਰਸੀ ਦਾ ਵਿਦਵਾਨ ਹੋਵੇਗਾ ਤਾਹੀਓਂ ਬੋਧ ਹੁੰਦੈ ਕਿ ਬਾਣੀਕਾਰ ਆਪ ਵਿਦਵਾਨ ਸਨ, ਤਾਂ ਹੀ ਉਨ੍ਹਾਂ ਫ਼ਾਰਸੀ ਦੇ ਸ਼ਬਦ ਗੁਰਬਾਣੀ ਵਿੱਚ ਲਿਖੇ ਸਨ, ਜਿਨ੍ਹਾਂ ਨੂੰ ਫ਼ਾਰਸੀ ਭਾਸ਼ਾ ਦੀ ਉਚਾਰਨ ਵਿਧੀ ਨਾਲ਼ ਪੜ੍ਹਨ ਉਪਰੰਤ ਹੀ ਸਹੀ ਉਚਾਰਨ ਮੰਨਿਆ ਜਾਣਾ ਹੈ । ਇਹ ਧੁਨੀਆਂ ਬਾਣੀ ਦੇ ਰਚਨ-ਕਾਲ਼ ਸਮੇਂ ਆਮ ਲੋਕਾਂ ਵਿੱਚ ਵੀ ਪ੍ਰਚਲਿਤ ਰਹੀਆਂ ਸਨ । ਪਾਤਿਸ਼ਾਹ ਨੂੰ ਪਾਤਿਸ਼ਾਹ ਹੀ ਬੋਲਿਆ ਤੇ ਲਿਖਿਆ ਜਾਂਦਾ ਸੀ, ਨਾ ਕਿ ਪਾਤਿਸਾਹ। ਸ਼ਿਕਾਰ ਨੂੰ ਸ਼ਿਕਾਰ ਬੋਲਿਆ ਤੇ ਲਿਖਿਆ ਜਾਂਦਾ ਸੀ; ਇਵੇਂ ਹੀ ਸ਼ਿਵ, ਕ੍ਰਿਸ਼ਨ, ਵਿਸ਼ਨੁ, ਮਹੇਸ਼, ਜਸ਼ੋਧਾ ਆਦਿ ਬੋਲੇ ਤੇ ਲਿਖੇ ਜਾਂਦੇ ਸਨ । ਗੁਰਬਾਣੀ ਵਿੱਚ ਵਰਤੇ ‘ਬੋਲਾ’ ਅਤੇ ‘ਬੋਲ਼ਾ’, ‘ਗੋਲਾ’ ਅਤੇ ‘ਗੋਲ਼ਾ’, ‘ਜਲ’ ਅਤੇ ‘ਜਲ਼’ ਆਦਿਕ ਇੱਕੋ ਤਰ੍ਹਾਂ ਨਹੀਂ ਬੋਲੇ ਜਾ ਸਕਦੇ; ਜਿਵੇਂ ਕਿ ਹੇਠਲੇ ਵਾਕਾਂ ’ਚ ਇਨ੍ਹਾਂ ਦੇ ਅਰਥ ਵੱਖ ਵੱਖ ਹਨ ਭਾਵੇਂ ਕਿ ਇਹ ਬਹੁ ਅਰਥਕ ਸ਼ਬਦ ਵੀ ਨਹੀਂ :

ਤੂੰ ਸਾਚਾ ਸਾਹਿਬੁ; ਦਾਸੁ ਤੇਰਾ ਗੋਲਾ ॥ (ਮਹਲਾ ੫/੧੩੨) ਗੋਲਾ-ਸੇਵਕ। ਉਚਾਰਨ-ਗੋਲਾ।

ਪ੍ਰੇਮ ਪਲੀਤਾ ਸੁਰਤਿ ਹਵਾਈ; ਗੋਲਾ ਗਿਆਨੁ ਚਲਾਇਆ ॥ (ਭਗਤ ਕਬੀਰ/੧੧੬੧) ਗੋਲਾ-ਬਾਰੂਦ ਦਾ ਗੋਲ਼ਾ। ਉਚਾਰਨ-ਗੋਲ਼ਾ।

ਇਹੁ ਮਨੁ ਅੰਧਾ ਬੋਲਾ ਹੈ; ਕਿਸੁ ਆਖਿ ਸੁਣਾਏ ॥ (ਮਹਲਾ ੩/੩੬੪) ਬੋਲਾ-ਸੁਣਨ ਤੋਂ ਸੱਖਣਾ । ਉਚਾਰਨ-ਬੋਲ਼ਾ।

ਕਾਇਆ ਕਪੜੁ ਟੁਕੁ ਟੁਕੁ ਹੋਸੀ; ਹਿਦੁਸਤਾਨੁ ਸਮਾਲਸੀ ਬੋਲਾ ॥ (ਮਹਲਾ ੧/੭੨੩) ਬੋਲਾ- ਬੋਲ, ਵਚਨ। ਉਚਾਰਨ ਬੋਲਾ।

ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ॥ (ਮਹਲਾ ੧/੧੯) ਜਲ-ਪਾਣੀ। ਉਚਾਰਨ-ਜਲ।

ਦੁਰਜਨ ! ਤੂ ਜਲੁ ਭਾਹੜੀ; ਵਿਛੋੜੇ ਮਰਿ ਜਾਹਿ ॥ (ਮਹਲਾ ੫/੧੦੯੪) ਜਲੁ- ਸੜ। ਉਚਾਰਨ- ਜਲ਼। ਆਦਿ।

ਸੋ ਭਾਵੇਂ ਕਿ ਉਕਤ ਧੁਨੀਆਂ ਨੂੰ ਪ੍ਰਗਟਾਉਂਦੇ ਅੱਖਰ; ਗੁਰਬਾਣੀ ਲਿਖਤ ’ਚ ਨਹੀਂ, ਪਰ ਆਮ ਉਚਾਰਨ ਕਰਦਿਆਂ ਤਦ ਜ਼ਰੂਰ ਬੋਲੇ ਜਾਂਦੇ ਸਨ। ਅੱਜ ਇਹ ਧੁਨੀਆਂ ਕਿਹੜੇ ਸ਼ਬਦ ’ਚ ਬੋਲਣੀਆਂ ਹਨ, ਕਿਹੜੇ ’ਚ ਨਹੀਂ, ਆਮ ਪਾਠਕ ਲਈ ਇਹ ਝੰਜਟ ਸਮਝਦਿਆਂ ਜਾਪਦਾ ਹੈ ਕਿ ਕਾਰਜਸ਼ਾਲਾ ਵਿੱਚ ਇਨ੍ਹਾਂ ਧੁਨੀਆਂ ਨੂੰ ਨਾ ਬੋਲਣ ਦਾ ਹੀ ਨਿਰਣਾ ਕਰ ਲਿਆ ਗਿਆ ਅਤੇ ਕਿਹਾ ਗਿਆ ਕਿ ਬਾਣੀ ਜਿਵੇਂ ਲਿਖੀ ਹੈ ਤਿਵੇਂ ਹੀ ਬਿਨਾਂ ਕਿਸੇ ਡਰ ਦੇ ਉਚਾਰਨ ਕਰਨੀ ਹੈ। ਇਨ੍ਹਾਂ ਧੁਨੀਆਂ ਨੂੰ ਸੰਬੰਧਿਤ ਭਾਸ਼ਾਵਾਂ ਵਾਂਗ ਨਾ ਉਚਾਰਨਾ; ਪਾਠ ਨੂੰ ਰਸਹੀਣ ਤਾਂ ਬਣਾਉਂਦਾ ਹੀ ਹੈ ਸਗੋਂ ਗੁਰਬਾਣੀ ’ਚ ਦਰਜ ਸਾਰੀਆਂ ਭਾਸ਼ਾਵਾਂ ਨਾਲ਼ ਬੇਇਨਸਾਫ਼ੀ ਵੀ ਹੈ।

ਭਾਈ ਜੋਗਿੰਦਰ ਸਿੰਘ ਤਲਵਾੜਾ ਨੇ ਆਪਣੀ ਪੁਸਤਕ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਠ ਬੋਧ ਭਾਗ ਦੂਜਾ ਗੁਰਬਾਣੀ ਉਚਾਰਣ’ ਦੇ ਪੰਨਾ ਨੰਬਰ 61, 62, 63, ਮੱਦ ਨੰਬਰ 4.3.2 (ਅ) ਅਤੇ (ੲ) ਅਧੀਨ ਗੁਰਬਾਣੀ ਵਿੱਚੋਂ ਉਦਾਹਰਣਾਂ ਦੇ ਦੇ ਕੇ ਸਿੱਧ ਕੀਤਾ ਕਿ ਦੁਹਰੀਆਂ ਧੁਨੀਆਂ ਵਾਲ਼ੇ (ਅਰਬੀ, ਫ਼ਾਰਸੀ, ਅਤੇ ਸੰਸਕ੍ਰਤ) ਦੇ ਸ਼ਬਦਾਂ ਦੀਆਂ ਪੈਰ ਬਿੰਦੀ ਵਾਲ਼ੀਆਂ ਧੁਨੀਆਂ ਉਚਾਰਨ ਦਾ ਜ਼ਰੂਰੀ ਭਾਗ ਹਨ।

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਛਾਪੇ ਕਿਤਾਬਚੇ ‘ਗੁਰਬਾਣੀ ਦਾ ਸ਼ੁੱਧ ਉਚਾਰਨ’ ਵਿੱਚ ਆਰਟੀਕਲ ਨੰਬਰ 9 ਅਧੀਨ, ਪੰਨਾ ਨੰਬਰ 33, 34 ਅਤੇ 35, ਉੱਤੇ ‘ਦੂਸਰੀਆਂ ਬੋਲੀਆਂ ਦੇ ਸ਼ਬਦਾਂ ਦਾ ਉਚਾਰਨ’ ਸਿਰਲੇਖ ਹੇਠ ਗੁਰਬਾਣੀ ਵਿੱਚੋਂ ਉਦਾਹਰਣਾਂ ਦੇ ਦੇ ਕੇ ਸਪਸ਼ਟ ਕੀਤਾ ਗਿਆ ਹੈ ਕਿ ਅਰਬੀ, ਫ਼ਾਰਸੀ ਅਤੇ ਸੰਸਕ੍ਰਿਤ ਵਿੱਚੋਂ ਆਏ ਸ਼ਬਦਾਂ ਨੂੰ ਉਨ੍ਹਾਂ ਵਿੱਚ ਵਰਤੀ ਭਾਸ਼ਾ ਅਨੁਸਾਰ ਬੋਲਣਾ ਹੀ ਸ਼ੁੱਧ ਪਾਠ ਹੈ।

ਦੂਜੀ ਕਿਆਸ ਅਰਾਈ ਦੀ ਸਾਰਥਕਤਾ: ਉਪਰੋਕਤ ਵਿਚਾਰ ਤੋਂ ਦੂਜੀ ਕਿਆਸ ਅਰਾਈ ਦੀ ਸਾਰਥਕਤਾ ਵਧੇਰੇ ਬਣਦੀ ਹੈ ਅਤੇ ਇਹ ਸੋਚ ਗੁਰਬਾਣੀ ਦੇ ਸ਼ੁੱਧ ਉਚਾਰਨ ਦੇ ਬਹੁਤ ਨੇੜੇ ਹੈ।

ਗੁਰਬਾਣੀ ਉਚਾਰਨ ਜੁਗਤ ਦੀ ਵਿਰਾਸਤੀ ਸੰਭਾਲ

0

ਗੁਰਬਾਣੀ ਉਚਾਰਨ ਜੁਗਤ ਦੀ ਵਿਰਾਸਤੀ ਸੰਭਾਲ

ਗਿਆਨੀ ਜਗਤਾਰ ਸਿੰਘ ਜਾਚਕ (ਨਿਊਯਾਰਕ)

ਗੁਰਬਾਣੀ ਦੇ ਅਖੁੱਟ ਭੰਡਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ; ਸਿੱਖੀ ਦੀ ਇੱਕੋ-ਇੱਕ ਤੇ ਜੁਗੋ-ਜੁਗ ਅਟੱਲ ਆਧਾਰਸ਼ਿਲਾ ਹੈ। ਗੁਰਵਾਕਾਂ ਦੀ ਰੌਸ਼ਨੀ ਵਿੱਚ ਅਗਿਆਨਤਾ ਦੇ ਅੰਧਕਾਰ ਨਾਲ ਭਰੇ ਸੰਸਾਰ-ਸਮੁੰਦਰ ਤੋਂ ਪਾਰ ਉਤਰਨ ਲਈ ‘ਸ੍ਰੀ ਗੁਰੂ ਗ੍ਰੰਥ ਸਾਹਿਬ’; ‘‘ਤਮ ਸੰਸਾਰੁ ਚਰਨ ਲਗਿ ਤਰੀਐ .. ’’ (ਮਹਲਾ /੧੪੨੯) ਅਤੇ ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ .. ’’ (ਮਹਲਾ /੬੭) ਹਰੇਕ ਮਨੁੱਖ ਲਈ ਕੇਵਲ ਇੱਕ ਬੋਹਿਥ (ਜਹਾਜ਼) ਹੀ ਨਹੀਂ, ਸਦੀਵੀ ਚਾਨਣ-ਮੁਨਾਰਾ ਵੀ ਹਨ । ਇਸ ਵਿੱਚ ਸਾਰੀ ਲੋਕਾਈ ਨੂੰ ਸਰਬਸਾਂਝਾ ਤੇ ਵਿਸ਼ਵਾਸ ਭਰਪੂਰ ਦਿਲਾਸਾ ਦਿੰਦਿਆਂ ਜ਼ੋਰਦਾਰ ਹੋਕਾ ਦਿੱਤਾ ਗਿਆ ਹੈ ਕਿ ਜਿਹੜਾ ਵੀ ਮਨੁੱਖ ਰੱਬੀ ਸਿਫ਼ਤ-ਸਾਲਾਹ ਵਾਲੇ ਸਤਿਗੁਰੂ ਦੇ ਸੁੰਦਰ ਸ਼ਬਦ (ਗੁਰਬਾਣੀ) ਨੂੰ ਗਾਵੇਗਾ, ਪੜ੍ਹੇਗਾ ਤੇ ਸੁਣੇਗਾ; ਸਤਿਗੁਰੂ ਉਸ ਦੀ ਸਰਬਪੱਖੀ ਰੱਖਿਆ ਕਰੇਗਾ ਭਾਵ ਉਹ ਮਨੁੱਖ ਗੁਰਬਾਣੀ ਦੇ ਚਾਨਣ ਵਿੱਚ ਅਗਿਆਨਤਾ ਦੇ ਹਨ੍ਹੇਰੇ ਦੀ ਭਟਕਣਾ ਤੋਂ ਬਚ ਕੇ ਸੁਭਾਵਕ ਹੀ ਵਿਕਾਰਾਂ ਵਾਲੇ ਰਾਹ ਨਹੀਂ ਤੁਰੇਗਾ । ਗੁਰਮਤਿ ਅਨੁਸਾਰ ਅਸਲ ਵਿੱਚ ਇਹੀ ਹੈ ਸੰਸਾਰ-ਸਾਗਰ ਤੋਂ ਪਾਰ ਉਤਰਨਾ । ਉਪਦੇਸ਼ਮਈ ਗੁਰਵਾਕ ਹਨ ‘‘ਪ੍ਰਭ ਬਾਣੀ ਸਬਦੁ ਸੁਭਾਖਿਆ   ਗਾਵਹੁ ਸੁਣਹੁ ਪੜਹੁ ਨਿਤ ਭਾਈ! ਗੁਰ ਪੂਰੈ ਤੂ ਰਾਖਿਆ ਰਹਾਉ ’’ (ਮਹਲਾ /੬੧੧)

 ਗੁਰੂ-ਕਾਲ ਅੰਦਰਲੇ ਗੁਰਬਾਣੀ ਦੇ ਮੋਢੀ ਤੇ ਪ੍ਰਮਾਣੀਕ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਵੀ ਗੁਰਬਾਣੀ ਗਾਇਨ ਤੇ ਉਚਾਰਨ ਦੇ ਉਪਰੋਕਤ ਮਨੋਰਥ ਦਾ ਬੜਾ ਖ਼ੂਬਸੂਰਤ ਵਰਣਨ ਕੀਤਾ ਹੈ । ਉਹ ਲਿਖਦੇ ਹਨ ਕਿ ‘ਘਰਿ ਘਰਿ ਅੰਦਰ ਧਰਮਸਾਲ’ ਦੀ ਤਾਂਘ ਰੱਖਣ ਵਾਲੇ ਗੁਰੂ-ਬਾਬਾ ਨਾਨਕ ਜੀ; ਜਦੋਂ ਸ੍ਰੀ ਕਰਤਾਰਪੁਰ (ਹੁਣ ਪਾਕਿਸਤਾਨ) ਦੀ ਸੱਚਖੰਡੀ ਧਰਮਸ਼ਾਲ ਵਿੱਚ ਟਿਕੇ ਤਾਂ ਉਨ੍ਹਾਂ ਨੇ ਆਪਣੇ ਮੁੱਖੋਂ ਗੁਰਬਾਣੀ ਉਚਾਰੀ ਤਾਂ ਕਿ ਦੁਨੀਆ ਅੰਦਰ ਚਾਨਣ ਹੋਵੇ, ਅਗਿਆਨਤਾ ਦਾ ਅੰਧੇਰਾ ਮਿਟ ਜਾਵੇ । ਇਸ ਲਈ ਉੱਥੇ ਗੁਰਮੁਖ-ਜਨਾਂ ਦੁਆਰਾ ਗਿਆਨ ਗੋਸ਼ਟ ਤੇ ਚਰਚਾ ਦੇ ਰੂਪ ਵਿੱਚ ਗੁਰ ਸ਼ਬਦ ਦੀ ਇਕਰਸ ਧੁਨੀ ਹੋਣ ਲੱਗੀ । ਧਰਮਸਾਲ ਵਿੱਚ ਸੰਧਿਆ ਨੂੰ ‘ਸੋ-ਦਰੁ’ ਤੇ ‘ਆਰਤੀ’ ਦਾ ਗਾਇਨ ਹੁੰਦਾ ਅਤੇ ਸਵੇਰੇ ਜਪੁ ਜੀ ਦਾ ਉਚਾਰਨ (ਪਾਠ) ਕੀਤਾ ਜਾਂਦਾ । ਸਿੱਟੇ ਵਜੋਂ ਗੁਰਮੁਖ-ਗੁਰਸਿੱਖਾਂ ਨੇ ਆਪਣੇ ਸਿਰੋਂ ‘ਅਥਰਬਣੀ ਭਾਰ’ ਉਤਾਰ ਦਿੱਤਾ ਭਾਵ ਗੁਰਬਾਣੀ ’ਤੇ ਭਰੋਸਾ ਕਰਕੇ ਵੈਦਿਕ-ਵਿਚਾਰਧਾਰਾ ਦੇ ਅਨੁਯਾਈ ਪੰਡਿਤਾਂ ਦੇ ਮੰਤਰਾਂ ਵਾਲਾ ਵਿਤਕਰਾ ਭਰਪੂਰ ਕਰਮਕਾਂਡੀ ਮਾਰਗ ਛੱਡ ਦਿੱਤਾ । ਭਾਈ ਜੀ ਰਚਿਤ ਪਹਿਲੀ ਵਾਰ ਦੀ ਲਿਖਤ ਹੈ ‘‘ਬਾਣੀ ਮੁਖਹੁ ਉਚਾਰੀਐ, ਹੁਇ ਰੁਸਨਾਈ ਮਿਟੈ ਅੰਧਿਆਰਾ ਗਿਆਨੁ ਗੋਸਟਿ ਚਰਚਾ ਸਦਾ, ਅਨਹਦਿ ਸਬਦਿ ਉਠੇ ਧੁਨਕਾਰਾ ਸੋ ਦਰੁ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪੁ ਉਚਾਰਾ ਗੁਰਮੁਖਿ ਭਾਰ ਅਥਰਬਣਿ ਤਾਰਾ ੩੮’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੮)

ਭੁੱਲਣਾ ਨਹੀਂ ਚਾਹੀਦਾ ਕਿ 20ਵੀਂ ਸਦੀ ਦੇ ਪ੍ਰਸਿੱਧ ਤੇ ਪ੍ਰਮਾਣੀਕ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨਕੋਸ਼ ਵਿੱਚ ‘ਅਥਰਬਣਿ’ ਦਾ ਅਰਥ ਕੀਤਾ ਹੈ : ਅਥਰਵ ਵੇਦ  ਦਾ ਗਿਆਤਾ ਪੰਡਿਤ । ਗੁਰੂ-ਕਾਲ ਦੇ ਸ਼ਹੀਦ ਭਾਈ ਮਨੀ ਸਿੰਘ ਜੀ ਵਾਲੀ ਸ੍ਰੀ ਅੰਮ੍ਰਿਤਸਰੀ ਟਕਸਾਲ ਨਾਲ ਸੰਬੰਧਿਤ ਅਤੇ ਸਤਿਕਾਰਯੋਗ ਭਾਈ ਵੀਰ ਸਿੰਘ ਜੀ ਦੇ ਨਾਨਾ ਗਿ. ਹਜ਼ਾਰਾ ਸਿੰਘ ਨੇ ਭਾਈ ਗੁਰਦਾਸ ਜੀ ਦੀ ਉਪਰੋਕਤ ਰਚਨਾ ਦਾ ਸਮੁੱਚਾ ਭਾਵਾਰਥ ਇੰਝ ਲਿਖਿਆ ਹੈ ‘‘ਭਾਵਬਾਬਾ ਜੀ ਨੇ ਪਹਿਲੇ ਫਿਰਕੇ ਸੰਸਾਰ ਨੂੰ ਤਾਰਿਆ, ਫੇਰ ਕਰਤਾਰ ਪੁਰ ਬੈਠ ਕੇ ਸਤਿਸੰਗ ਟੋਰਿਆ, ਤਾਕਿ ਲੋਕਾਂ ਦਾ ਅੰਧੇਰਾ, ਬਾਣੀ ਦੀ ਰੌਸ਼ਨੀ ਨਾਲ ਹਟ ਜਾਵੇ ਇਸ ਲਈ ਪੰਜਾਬੀ ਵਿਖੇ ਵਾਹਿਗੁਰੂ ਦਾ ਗਯਾਨ ਪ੍ਰਕਾਸ਼ ਕੀਤਾ’’  ਸਪਸ਼ਟ ਹੈ ਕਿ ਵੈਦਿਕ ਵਿਚਾਰਧਾਰਾ ਦੇ ਪੰਡਿਤਾਂ (ਬ੍ਰਾਹਮਣਾਂ) ਦੀ ਦ੍ਰਿਸ਼ਟੀ ਵਿੱਚ ਦੇਵ-ਭਾਸ਼ਾ ਸਮਝੀ ਜਾਣ ਵਾਲੀ ਅਤਿ ਬਿਖਮ (ਔਖੀ) ਵਿਦਿਆ ਸੰਸਕ੍ਰਿਤ ਨੂੰ ਛੱਡ ਕੇ ਗੁਰਬਾਣੀ ਨੂੰ ਗੁਰਮੁਖੀ ਲਿਪੀ ਵਿੱਚ ਲਿਖਣਾ ਅਤੇ ਉਸ ਦੇ ਗੁਰਮਤੀ ਪ੍ਰਕਾਸ਼ (ਗੁਰਬਾਣੀ ਉਚਾਰਨ ਤੇ ਵਿਆਖਿਆ) ਲਈ ਸੌਖੀ ਲੋਕ-ਭਾਸ਼ਾ ਪੰਜਾਬੀ ਬੋਲੀ ਨੂੰ ਵਰਤਣਾ, ਗਿ. ਜੀ ਦੀ ਦ੍ਰਿਸ਼ਟੀ ਵਿੱਚ ‘ਅਥਰਵਣੀ ਭਾਰ’ ਉਤਾਰਨਾ ਹੈ ।

ਅਸਲ ਵਿੱਚ ਇਹੀ ਕਾਰਨ ਸਨ ਕਿ ‘ਧੁਰ ਕੀ ਬਾਣੀ’ ਨੂੰ ਪ੍ਰਗਾਉਣ ਵਾਲੇ ‘ਲੰਮੀ ਨਦਰਿ’ ਦੇ ਮਾਲਕ ਗੁਰੂ-ਸਾਹਿਬਾਨ ਤੇ ਭਗਤ-ਜਨਾਂ ਨੇ ਗੁਰਬਾਣੀ ਗਾਇਨ, ਉਚਾਰਨ (ਪਾਠ) ਤੇ ਸੁਣਨ ਦੇ ਸਰਬਸਾਂਝੇ ਮਹਾਤਮ ਤੇ ਮਨੋਰਥ ਨੂੰ ਆਪ ਹੀ ‘‘ਕੋਈ ਗਾਵੈ, ਕੋ ਸੁਣੈ.. ’’ (ਮਹਲਾ /੩੦੦) ਕਹਿ ਕੇ ਬਾਖ਼ੂਬੀ ਪ੍ਰਗਟ ਕੀਤਾ । ਸਮਝਾਇਆ ਕਿ ਗੁਰਬਾਣੀ ਕੋਈ ਸਧਾਰਨ ਗੀਤ ਨਹੀਂ, ਜਿਸ ਨੂੰ ਆਮ ਗੀਤਾਂ ਵਾਂਗ ਕੇਵਲ ਮਨੋਰੰਜਨ ਲਈ ਗਾਇਆ, ਸੁਣਿਆ ਜਾਵੇ । ਇਹ ਤ੍ਰੈਗੁਣੀ ਵੇਦ-ਮੰਤ੍ਰਾਂ ਤੇ ਤੰਤ੍ਰਾਂ ਵਾਂਗ ਵੀ ਨਹੀਂ, ਜਿਸ ਦੀਆਂ ਮੰਤ੍ਰ-ਸਾਧਨਾ ਅਧੀਨ ਧੁਨੀਆਂ ਗਿਣ-ਗਿਣ ਕੇ ਉਚਾਰਦਿਆਂ ਕੋਈ ਦੁਨਿਆਵੀ ਕਾਰਜ ਸਿੱਧੀ ਅਤੇ ਰੋਗ-ਨਾਸ਼ਕ ਇੱਛਾ ਦੀ ਪੂਰਤੀ ਵਾਲੀ ਆਸ ਪਾਲ਼ੀ ਜਾਵੇ। ਜਿਵੇਂ ਪੰਜਾਬ ਦੀ ਇੱਕ ਯੂਨੀਵਰਸਿਟੀ ਦੇ ਭਾਸ਼ਾ ਵਿਗਿਆਨੀ ਨੇ ਲਿਖ ਮਾਰਿਆ ਹੈ ਕਿ ਧਰਮ-ਸ਼ਾਸਤਰ ਦੀ ਪਹੁੰਚ ਵਿਧੀ ਅਨੁਸਾਰ ‘‘ਆਦਿ ਸਚੁ ਜੁਗਾਦਿ ਸਚੁ ’’ (ਜਪੁ) ਤੁਕ ਵਿੱਚ ਗੁਰਮੁਖੀ ਦੇ 16 ਚਿੰਨਾਂ ਦੁਆਰਾ, ਜੋ 9 ਧੁਨੀਆਂ ਪੇਸ਼ ਕੀਤੀਆਂ ਹਨ, ਉਨ੍ਹਾਂ ਦਾ ਪੂਰਾ ਆਤਮਿਕ ਲਾਭ ਤਾਂ ਹੀ ਸੰਭਵ ਹੈ, ਜੇ ਉਚਾਰਨ ਵਿੱਚ ਮੂਲ ਉੱਤੇ ਕਾਇਮ ਰਿਹਾ ਜਾਵੇ ਭਾਵ ਜੇ ਮੰਤ੍ਰ ਤੇ ਤੰਤ੍ਰ-ਸ਼ਾਸਤਰਾਂ ਦੀ ਸਾਧਨਾ ਵਿਧੀ ਮੁਤਾਬਕ ਸ਼ਰਧਾਲੂ ਪਾਠਕ ਪਾਸੋਂ ਕੋਈ ਮਾਤ੍ਰਿਕ ਧੁਨੀ ਸੁਭਾਵਕ ਰਹਿ ਗਈ ਤਾਂ ਉਸ ਨੂੰ ਗੁਰਬਾਣੀ ਦਾ ਪੂਰਨ ਲਾਭ ਨਹੀਂ ਮਿਲੇਗਾ। ਇਉਂ ਜਾਪਦਾ ਹੈ ਗੁਰਬਾਣੀ ਦੇ ਉਚਾਰਨਿਕ ਤੇ ਵਿਵਹਾਰਿਕ ਪੱਖ ਤੋਂ ਜਿਹੜਾ ਅਥਰਵਣੀ ਭਾਰ; ਗੁਰਮੁਖ ਗੁਰਸਿੱਖ ਆਪਣੇ ਸਿਰੋਂ ਉਤਾਰਨ ਵਿੱਚ ਬਹੁਤ ਹੱਦ ਤੱਕ ਸਫਲ ਹੋਏ ਸਨ, ਉਸ ਨੂੰ ਮੁੜ ਉਨ੍ਹਾਂ ਦੀ ਸਿਰੀਂ ਮੜ੍ਹਣ ਦਾ ਗੁੰਮਰਾਹਕੁੰਨ ਯਤਨ ਹੋ ਰਿਹਾ ਹੈ । ਐਸੇ ਲੋਕ ਭੁੱਲ ਜਾਂਦੇ ਹਨ ਕਿ ਗੁਰਬਾਣੀ ਵੇਦ-ਮੰਤ੍ਰਾਂ ਵਾਂਗ ਕੇਵਲ ਉਨ੍ਹਾਂ ਵਰਗੇ ਵਿਦਵਾਨ ਪੰਡਿਤਾਂ ਦੇ ਪੜ੍ਹਣ, ਪੜ੍ਹਾਉਣ ਦਾ ਹੀ ਵਿਸ਼ਾ ਨਹੀਂ, ਇੱਥੇ ਤਾਂ ‘‘ਪੜਿਆ ਅਣਪੜਿਆ ਪਰਮ ਗਤਿ ਪਾਵੈ ’’ (ਮਹਲਾ /੧੯੭) ਦਾ ਸਰਬਸਾਂਝਾ ਰੂਹਾਨੀ ਪੈਗ਼ਾਮ ਦਿੱਤਾ ਹੈ । ਰੱਬੀ ਪ੍ਰੀਤਵਾਨਾਂ ਨੂੰ ਸੁਘੜ ਸਿਆਣੇ ਕਹਿ ਕੇ ‘‘ਜੇ ਬਾਹਰਹੁ ਭੁਲਿ ਚੁਕਿ ਬੋਲਦੇ; ਭੀ ਖਰੇ ਹਰਿ ਭਾਣੇ ’’ (ਮਹਲਾ /੪੫੦)  ਦਾ ਬਖ਼ਸ਼ਿੰਦੀ ਬਾਪ-ਦਿਲਾਸਾ ਵੀ ਨਿੱਤ ਸੁਣਾਇਆ ਜਾਂਦਾ ਹੈ। ‘‘ਅਉਖਧ ਮੰਤ੍ਰ ਤੰਤ ਸਭਿ ਛਾਰੁ   ਕਰਣੈਹਾਰੁ ਰਿਦੇ ਮਹਿ ਧਾਰੁ ’’ (ਮਹਲਾ /੧੯੬) ਅਤੇ ‘‘ਤੰਤੁ ਮੰਤੁ ਪਾਖੰਡੁ ਜਾਣਾ; ਰਾਮੁ ਰਿਦੈ ਮਨੁ ਮਾਨਿਆ ’’ (ਮਹਲਾ /੭੬੬) ਦਾ ਉਪਦੇਸ਼ ਦੇ ਕੇ ਗੁਰਮਤਿ ਪਾਂਧੀਆਂ ਦੇ ਸਿਰੋਂ ਉਪਰੋਕਤ ਕਿਸਮ ਦੀ ਪੰਡਿਤਾਈ ਤੇ ਪਾਖੰਡ ਵਾਲਾ ਸਾਰਾ ਵਿਚਾਰਧਾਰਕ ਤੇ ਵਿਉਹਾਰਕ ‘ਅਥਰਵਣੀ ਭਾਰ’ ਉਤਾਰ ਦਿੱਤਾ ਗਿਆ ਹੈ । ਭਗਤ ਕਬੀਰ ਜੀ ਮਹਾਰਾਜ ਨੇ ‘‘ਕਬੀਰ ! ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ   ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ੨੩੭ (ਭਗਤ ਕਬੀਰ/੧੩੭੭) ਅਤੇ ਭਗਤ ਬਾਬਾ ਨਾਮਦੇਵ ਜੀ ਨੇ ‘‘ਬੇਦ ਪੁਰਾਨ ਸਾਸਤ੍ਰ ਆਨੰਤਾ; ਗੀਤ ਕਬਿਤ ਗਾਵਉਗੋ   ਅਖੰਡ ਮੰਡਲ ਨਿਰੰਕਾਰ ਮਹਿ; ਅਨਹਦ ਬੇਨੁ ਬਜਾਵਉਗੋ (ਭਗਤ ਨਾਮਦੇਵ/੯੭੩ਦਾ ਬੇਬਾਕ ਐਲਾਨ ਕਰਕੇ ਉਪਰੋਕਤ ਪੱਖੋਂ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ।

ਪ੍ਰਤੀਤ ਹੁੰਦਾ ਹੈ ਕਿ ਅਜਿਹੇ ਹੀ ਬਿਪਰਵਾਦੀ ਖ਼ਤਰਿਆਂ ਨੂੰ ਧਿਆਨ ਵਿੱਚ ਰੱਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਢਲੇ ਸਰੂਪ ‘ਪੋਥੀ ਸਾਹਿਬ’ (ਆਦਿ ਗ੍ਰੰਥ) ਦੇ ਸੰਪਾਦਕ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਗਾਇਨ ਅਤੇ ਪਾਠ ਪੜ੍ਹਣ ਲਈ 8 ਪ੍ਰਕਾਰ ਦੀਆਂ ਸੇਧਾਂ ਵੀ ਬਖ਼ਸ਼ੀਆਂ ਕਿਉਂਕਿ ਸਮਾਜਿਕ ਪ੍ਰਚਾਰ ਤੇ ਮਨੁੱਖ ਦੇ ਪਰਮਾਰਥੀ ਪ੍ਰਵੇਸ਼ ਦੇ ਲਈ ਇਹੀ ਦੋ ਪ੍ਰਮੁਖ ਅਧਿਆਤਮੀ ਸਾਧਨ ਹਨ । ਇਸ ਲਈ ਉਹ ਨਹੀਂ ਸਨ ਚਾਹੁੰਦੇ ਕਿ ਭਵਿੱਖ ਵਿੱਚ ਇਨ੍ਹਾਂ ਉੱਤੇ ਕੋਈ ਅਥਰਵਣੀ ਰੰਗ ਚੜ੍ਹੇ, ਪਰ ਲੇਖ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਇੱਥੇ ਕੇਵਲ ‘ਸੰਗੀਤਕ’ ਤੇ ‘ਉਚਾਰਨਿਕ’ ਸੇਧਾਂ ਦਾ ਹੀ ਸੰਖੇਪ ਵਰਣਨ ਕੀਤਾ ਗਿਆ ਹੈ । ਗੁਰਬਾਣੀ ਦੀ ਸਾਹਿਤਕ ਭਾਸ਼ਾ ਵਿੱਚ ਜਿਹੜੀਆਂ ਸਿਰਲੇਖਕ ਸੂਚਨਾਵਾਂ ਤੋਂ ਸ਼ਬਦਾਂ ਨੂੰ ਗਾਉਣ ਲਈ ਰਾਗ ਅਤੇ ਤਾਲ ਦੀ ਜਾਣਕਾਰੀ ਮਿਲੇ, ਉਨ੍ਹਾਂ ਨੂੰ ‘ਸੰਗੀਤਕ ਸੇਧਾਂ’ ਆਖਿਆ ਜਾਂਦਾ ਹੈ । ਜਿਵੇਂ : ਸਿਰੀਰਾਗੁ, ਮਹਲਾ ੧, ਘਰੁ ੩ ॥, ਰਾਗੁ ਦੇਵਗਧਾਰੀ, ਮਹਲਾ ੫, ਘਰੁ ੬ ॥, ਸ੍ਰੀ ਰਾਗ ਬਾਣੀ ਭਗਤ ਬੇਣੀ ਜੀਉ ਕੀ ॥, ਪਹਰਿਆ ਕੈ  ਘਰਿ ਗਾਵਣਾ ॥, ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ ॥ ਆਦਿ । ‘ਰਾਗੁ ਆਸਾਵਰੀ ਘਰੁ ੧੬ ਕੇ ੨ ਮਹਲਾ ੪ ਸੁਧੰਗ’ ਸਿਰਲੇਖ ਦੀ ਵਿਆਖਿਆ ਕਰਦਿਆਂ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਇੰਝ ਲਿਖਿਆ ਹੈ : ‘‘ਸ਼ੁਧ ਅੰਗ ਵਾਲੀ, ਸ਼ੁਧ ਸੁਰ ਵਾਲੀ (ਸੁਧੰਗ) । ਇੱਥੇ ਆਸਾਵਰੀ ਸ਼ੁਧ ਅੰਗ ਵਾਲੀ ਕਰ ਕੇ ਆਖੀ ਗਈ ਹੈ । ਇਹ ਸੂਚਨਾ ਗਾਉਣ ਦੀ ਤਰਜ਼ ਬਾਬਤ ਹੈ ਕਿ ੧੬ ਤਾਲ ਵਿੱਚ ਆਸਾਵਰੀ ਸ਼ੁਧ ਅੰਗ ਵਿੱਚ ਗਾਵਣ ਵਾਲੀ ਹੈ ।’’

ਇਸੇ ਤਰ੍ਹਾਂ ਉਹ ਸੂਚਨਾਵਾਂ, ਜੋ ਵਿਆਕਰਨਿਕ ਦ੍ਰਿਸ਼ਟੀ ਤੋਂ ਗੁਰਬਾਣੀ ਦੇ ਸ਼ੁੱਧ-ਉਚਾਰਨ ਨਾਲ ਸੰਬੰਧਿਤ ਹਨ, ਉਨ੍ਹਾਂ ਨੂੰ ‘ਉਚਾਰਨਿਕ ਸੇਧਾਂ’ ਵਜੋਂ ਪਛਾਣਿਆ ਜਾਂਦਾ ਹੈ; ਜਿਵੇਂ ਹੇਠ ਲਿਖੀਆਂ ਸਿਰਲੇਖਕ ਤੇ ਅੰਤਕ ਸੂਚਨਾਵਾਂ ਵਿੱਚ ‘ਮਹਲਾ’ ਅਤੇ ‘ਘਰੁ’ ਨਾਵਾਂ ਨਾਲ  ੧, ੨, ੩, ੪ ਅਤੇ ੫ ਹਿੰਦਸੇ ਲਿਖ ਕੇ ਫਿਰ ਅੱਖਰਾਂ ਵਿੱਚ ‘ਪਹਿਲਾ’, ‘ਦੂਜਾ’, ‘ਤੀਜਾ’, ‘ਚਉਥਾ’ ਅਤੇ ‘ਪੰਜਵੇਂ ਕੇ’ ਬੋਲਣ ਦੀ ਵਿਸ਼ੇਸ਼ ਹਦਾਇਤ ਦਰਜ ਕੀਤੀ ਗਈ ਹੈ ਕਿਉਂਕਿ ਵਿਆਕਰਨਿਕ ਦ੍ਰਿਸ਼ਟੀ ਤੋਂ ਇਹ ਹਿੰਦਸੇ ਕਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹਨ, ਨਾ ਕਿ ਸਾਧਾਰਨ ਸੰਖਿਅਕ ਵਿਸ਼ੇਸ਼ਣ; ਜਿਵੇਂ ‘ਸੋਰਠਿ ਮਹਲਾ ੧ ਪਹਿਲਾ ਦੁਤੁਕੀ ॥ ਪੰਨਾ ੬੩੬,  ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ ਪੰਨਾ ੨੫, ‘‘ਹੁਕਮੁ ਪਛਾਣਿ; ਤਾ ਖਸਮੈ ਮਿਲਣਾ ॥੧॥ ਰਹਾਉ ਦੂਜਾ ॥’’ (ਭਗਤ ਕਬੀਰ/੯੨), ਗੂਜਰੀ ਮਹਲਾ ੩ ਤੀਜਾ ॥ ਪੰਨਾ ੪੯੨,  ਸੋਰਠਿ ਮਹਲਾ ੪ ਚਉਥਾ ॥ ਪੰਨਾ ੬੦੪,  ਸਵਈਏ ਮਹਲੇ ਪੰਜਵੇ ਕੇ ੫ ॥ ਪੰਨਾ ੧੪੦੬ ਆਦਿ। 

ਗਉੜੀ ਬਾਵਨ ਅੱਖਰੀ ਦੇ ਆਰੰਭ ਅਤੇ ਅੰਤ ਵਿੱਚ ਲਿਖੇ ਮੰਗਲਾਚਰਨ ਰੂਪ ਸਲੋਕ ਪਿੱਛੋਂ ‘‘ਏਹੁ ਸਲੋਕੁ ਆਦਿ ਅੰਤਿ ਪੜਣਾ’’ ਪੰਨਾ ੨੬੨ ਦੀ ਹਦਾਇਤ ਤਾਂ ਕਿਸੇ ਕਿਸਮ ਦਾ ਭੁਲੇਖਾ ਹੀ ਰਹਿਣ ਨਹੀਂ ਦਿੰਦੀ ਕਿ ਗੁਰੂ ਸਾਹਿਬਾਨ ‘ਗੁਰਬਾਣੀ ਉਚਾਰਨ ਜੁਗਤਿ’ ਦੇ ਭਵਿੱਖ ਪੱਖੋ ਕਿੰਨੇ ਫ਼ਿਕਰਮੰਦ ਸਨ । ਫਰੀਦਕੋਟ ਸੰਪਰਦਾਈ ਟੀਕੇ ਵਿੱਚ ਉਪਰੋਕਤ ਹਦਾਇਤ ਦਾ ਇਉਂ ਜ਼ਿਕਰ ਦਰਜ ਹੈ ‘1 ਇਕ ਸਲੋਕ ਮੇਂ ਗੁਰਾਂ ਕਾ ਮੰਗਲ ਕੀਆ, 2 ਦੂਸਰੇ ਸਲੋਕ ਮੇਂ ਪਰਮੇਸ੍ਵਰ ਕਾ ਮੰਗਲਾ ਚਰਨ ਕੀਆ, 52 ਸਲੋਕੋਂ ਮੇਂ ਅਖਰੋਂ ਦ੍ਵਾਰਾ ਉਪਦੇਸ਼ ਕਹਾ ਹੈ ਸਭ ਅੰਗ (ਸਲੋਕਾਂ ਦੀ ਗਿਣਤੀ) 55 ਪਚਵੰਜਾ ਹੈਂ ਇਹੁ ਮੰਗਲਾ ਚਰਣ ਰੂਪ ਸਲੋਕ ਆਦਿ ਅੰਤ ਮੇਂ (ਆਰੰਭ ਤੇ ਅਖੀਰ ਵਿੱਚ) ਪੜ ਲੈਣਾ, ਪਾਠ ਮੇਂ ਦੋ ਵਾਰ ਲਿਖਣੇ ਕੀ ਅਸੰਕਾ ਕਰ ਛੋਡ ਨਹੀਂ ਦੇਣਾ

ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ 20ਵੀਂ ਸਦੀ ਦੇ 8ਵੇਂ ਦਹਾਕੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਅਤੇ ਵਿਆਖਿਅਕਾਰੀ ਦੇ ਜੋ ਉਪਕਾਰੀ ਯਤਨ ਹੋਏ, ਉਨ੍ਹਾਂ ਦਾ ਵੇਰਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ’ ਦੇ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਵਿਭਾਗ’ ਦੇ ਪਹਿਲੇ ਮੁੱਖੀ ਡਾ. ਤਾਰਨ ਸਿੰਘ ਜੀ ਦੀ ‘ਪਬਲੀਕੇਸ਼ਨ ਬਿਊਰੋ’ ਵੱਲੋਂ ਸੰਨ 1980 ਵਿੱਚ ਪ੍ਰਕਾਸ਼ਤ ਹੋਈ ਪੁਸਤਕ ‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ’ ਵਿੱਚੋਂ ਵਿਸਥਾਰ ਪੂਰਵਕ ਪੜ੍ਹਿਆ ਜਾ ਸਕਦਾ ਹੈ। ਅਸਲ ਵਿੱਚ ਉਹ ਗੁਰਬਾਣੀ ਦੀਆਂ ਮੁਖ ਸੰਥਾ (ਸੰਥਿਆ) ਪ੍ਰਨਾਲੀਆਂ ਹੀ ਸਨ । ਕਾਰਨ ਹੈ ਕਿ ਗੁਰਬਾਣੀ ਦੇ ਉਚਾਰਨ ਸਮੇਤ ਲਫ਼ਜ਼ਾਂ ਦੇ ਭਾਸ਼ਾਈ ਤੇ ਵਿਆਕ੍ਰਣਿਕ ਰੂਪ (ਨਿਰੁਕਤ), ਪਦ-ਛੇਦ, ਵਿਸਰਾਮਕ ਵਾਕ-ਵੰਡ, ਸ਼ਬਦਾਰਥ, ਭਾਵ-ਅਰਥ ਅਤੇ ਸਾਧਨਾ ਦੀ ਦ੍ਰਿਸ਼ਟੀ ਤੋਂ ਸਿਧਾਂਤਕ ਵਿਆਖਿਆ ਸਮਝਾਉਣਾ ਸੰਥਿਆ ਦੇ ਭਾਗ ਮੰਨੇ ਜਾਂਦੇ ਹਨ । ਇਸ ਲਈ ਸੰਥਿਆ ਤੇ ਵਿਆਖਿਆ ਨੂੰ ਵਖਰਾਉਣਾ ਅਸੰਭਵ ਹੈ । ਭਾਈ ਸਾਹਿਬ ਭਾਈ ਵੀਰ ਸਿੰਘ ਜੀ ਰਚਿਤ ਟੀਕਾ ‘ਸੰਥ੍ਯਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਇਸ ਹਕੀਕਤ ਦਾ ਅਕੱਟ ਪ੍ਰਮਾਣ ਹੈ। ਡਾ. ਤਾਰਨ ਸਿੰਘ ਜੀ ਨੇ ਉਪਰੋਕਤ ਪੁਸਤਕ ਵਿੱਚ ਅਜਿਹੀਆਂ ਵਿਆਖਿਆ ਪ੍ਰਨਾਲੀਆਂ ਨੂੰ  8 ਭਾਗਾਂ ਵਿੱਚ ਵੰਡ ਕੇ ਹੇਠ ਲਿਖੀਆਂ 7 ਮੁੱਖ ਪ੍ਰਣਾਲੀਆਂ ਸਥਾਪਿਤ ਕੀਤੀਆਂ ਹਨ :

  1. ਸਹਜ ਪ੍ਰਣਾਲੀ (ਗੁਰ ਤੇ ਗੁਰ)
  2. ਭਾਈ ਪ੍ਰਣਾਲੀ (ਭਾਈ ਗੁਰਦਾਸ)
  3. ਪਰਮਾਰਥ ਪ੍ਰਣਾਲੀ (ਸ੍ਰੀ ਮਿਹਰਬਾਨ, ਸੋਢੀ ਹਰਿ ਜੀ ਤੇ ਸੋਢੀ ਚਤੁਰਭੁਜ)
  4. ਉਦਾਸੀ ਪ੍ਰਣਾਲੀ (ਸਾਧੂ ਅਨੰਦਘਨ ਤੇ ਸੁਆਮੀ ਸਦਾਨੰਦ)
  5. ਨਿਰਮਲਾ ਪ੍ਰਣਾਲੀ (ਭਾਈ ਸੰਤੋਖ ਸਿੰਘ, ਪੰਡਿਤ ਤਾਰਾ ਸਿੰਘ ਨਿਰੋਤਮ, ਭਾਈ ਦਲ ਸਿੰਘ ਗਿਆਨੀ, ਭਾਈ ਗਿਆਨ ਸਿੰਘ ਗਿਆਨੀ, ਪੰਡਿਤ ਗੁਲਾਬ ਸਿੰਘ, ਸਾਧੂ ਗੁਰਦਿੱਤ ਸਿੰਘ ਜੀ, ਸੰਤ ਸੰਪੂਰਣ ਸਿੰਘ ਤੇ ਸੰਤ ਨਿਰੰਕਾਰ ਸਿੰਘ)
  6. ਸੰਪਰਦਾਈ ਪ੍ਰਨਾਲੀ (ਭਾਈ ਮਨੀ ਸਿੰਘ ਜੀ, ਗਿਆਨੀ ਬਦਨ ਸਿੰਘ ਜੀ ਸ਼ੇਖਵਾਂ ਵਾਲੇ, ਸੰਤ ਅਮੀਰ ਸਿੰਘ ਅੰਮ੍ਰਿਤਸਰ, ਭਾਈ ਭਗਵਾਨ ਸਿੰਘ, ਸੋਢੀ ਬੁੱਢਾ ਸਿੰਘ, ਭਾਈ ਜੋਧ ਸਿੰਘ, ਗਿਆਨੀ ਸੰਤ ਰਾਮ, ਭਾਈ ਬਖ਼ਸ਼ੀਸ਼ ਸਿੰਘ, ਸੰਤ ਗੁਲਾਬ ਸਿੰਘ, ਗਿਆਨੀ ਬਿਸ਼ਨ ਸਿੰਘ ਲਖੂਵਾਲ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਨਰੈਣ ਸਿੰਘ ਗਿਆਨੀ ਮੁਜੰਗ ਵਾਲੇ, ਪੰਡਿਤ ਕਰਤਾਰ ਸਿੰਘ ਦਾਖਾ ।)
  7. ਸਿੰਘ ਸਭਾਈ ਪ੍ਰਨਾਲੀ (ਭਾਈ ਵੀਰ ਸਿੰਘ, ਪ੍ਰਿੰਸੀਪਲ ਤੇਜਾ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਡਾ. ਮੋਹਨ ਸਿੰਘ ਦੀਵਾਨਾ, ਡਾ. ਸ਼ੇਰ ਸਿੰਘ, ਪ੍ਰੋ. ਗੰਗਾ ਸਿੰਘ, ਸੋਢੀ ਹਜ਼ਾਰਾ ਸਿੰਘ, ਬੇਦੀ ਬ੍ਰਿਜ-ਬੱਲਭ ਸਿੰਘ ਊਨਾ ।)

8ਵੇਂ ਭਾਗ ਨੂੰ ‘ਗੁਰਬਾਣੀ ਵਿਆਖਿਆ ਦੇ ਹੋਰ ਯਤਨ’ ਦੇ ਨਾਂ ਹੇਠ ਸੰਕੋਚਿਆ ਗਿਆ ਹੈ। ਇਹ ਹਿੱਸਾ ਹੈ ਗੁਰਬਾਣੀ ਨਾਲ ਸੰਬੰਧਿਤ ਕੋਸ਼ਕਾਰੀ ਦਾ, ਜਿਸ ਵਿੱਚ ਭਾਈ ਕਾਨ੍ਹ ਸਿੰਘ ‘ਨਾਭਾ’ ਤੇ ਪ੍ਰੋ. ਪਿਆਰਾ ਸਿੰਘ ‘ਪਦਮ’ ਆਦਿਕ ਵਿਦਵਾਨਾਂ ਦੇ ਉਪਰਾਲੇ ਸ਼ਾਮਲ ਕੀਤੇ ਗਏ ਹਨ । ਪੁਸਤਕ ਦੇ ਮੁੱਖ-ਬੰਧ ਵਿੱਚ ਉਨ੍ਹਾਂ ਨੇ ਨਿਰਣੈ ਦਿੱਤਾ ਹੈ ਕਿ ‘‘ਵਿਆਖਿਆਕਾਰੀ ਦੇ ਸਾਰੇ ਯਤਨਾਂ ਨੂੰ ਸਮੁੱਚੇ ਤੌਰ ’ਤੇ ਦ੍ਰਿਸ਼ਟੀ ਗੋਚਰ ਕਰਨ ਨਾਲ ਸਾਨੂੰ ਇਉਂ ਪ੍ਰਤੀਤ ਹੋਇਆ ਹੈ ਕਿ ਭਾਵੇਂ ਕਹਿਣ ਨੂੰ ਅੱਠ ਪ੍ਰਣਾਲੀਆਂ ਕੰਮ ਕਰ ਚੁੱਕੀਆਂ ਹਨ, ਪਰ ਇਹਨਾਂ ਦੀਆਂ ਸੇਧਾਂ ਵਿੱਚ ਕੋਈ ਬੁਨਿਆਦੀ ਅੰਤਰ ਨਹੀਂ ਸੀ ਅਤੇ ਨਾ ਹੀ ਇਹਨਾਂ ਦੀਆਂ ਪ੍ਰਾਪਤੀਆਂ ਵਿੱਚ ਕੋਈ ਫ਼ਰਕ ਹੈ । ਗੁਰ-ਦਰਸ਼ਨ ਜਾਂ ਗੁਰਮਤਿ ਫ਼ਿਲਾਸਫ਼ੀ ਦਾ ਨਿਰਣਾ ਕਰਣਾ ਬਹੁਤ ਚੇਤੰਨ ਰੂਪ ਵਿੱਚ ਇਹਨਾਂ ਯਤਨਾ ਦਾ ਪ੍ਰਯੋਜਨ ਨਹੀਂ ਰਿਹਾ । ਜਿੱਥੋਂ ਤੀਕ ਇਸ ਸੰਬੰਧ ਵਿੱਚ ਕੋਈ ਪ੍ਰਾਪਤੀ ਹੈ, ਉਸ ਦਾ ਨਿਰਣਾ ਇਹ ਪ੍ਰਤੀਤ ਹੁੰਦਾ ਹੈ ਕਿ ਸਭ ਪ੍ਰਣਾਲੀਆਂ ਨੇ ਗੁਰ-ਦਰਸ਼ਨ ਵੈਦਿਕ ਹੀ ਮੰਨਿਆ ਹੈ ਕਿ ਗੁਰੂ ਦੀ ਫ਼ਿਲਾਸਫ਼ੀ ਆਮ ਬ੍ਰਾਹਮਣੀ ਜਾਂ ਹਿੰਦੂ ਫ਼ਿਲਾਸਫ਼ੀ ਤੋਂ ਭਿੰਨ ਨਹੀਂ ਹੈ ।’’ ਭਾਵ ਉਪਰੋਕਤ ਵਿਆਖਿਆ ਪ੍ਰਣਾਲੀਆਂ ਦੀਆਂ ਉਚਾਰਣਿਕ ਤੇ ਸਿਧਾਂਤਕ ਸੇਧਾਂ ਲਗਭਗ ਸਮਾਨ ਹਨ ਕਿਉਂਕਿ ਇਨ੍ਹਾਂ ਸਾਰੀਆਂ ਪ੍ਰਣਾਲੀਆਂ ਦਾ ਆਧਾਰ ‘ਸਹਜ ਪ੍ਰਣਾਲੀ’ (ਗੁਰ ਤੇ ਗੁਰ) ਹੀ ਬਣਿਆ ਰਿਹਾ ਹੈ ਪ੍ਰੰਤੂ ਅਜਿਹਾ ਹੋਣ ਦੇ ਬਾਵਜੂਦ ਵੀ ਉਹ ਵੈਦਿਕ ਦਰਸ਼ਨ ਤੇ ਗੁਰਮਤਿ ਦਰਸ਼ਨ ਨੂੰ ਨਿਖਾਰਨ ਪੱਖੋਂ ਸਫਲ ਨਹੀਂ ਹੋ ਸਕੇ। ਕਿਉਂ ? ਇਹ ਇੱਕ ਵੱਖਰਾ ਵਿਸ਼ਾ ਹੈ।

‘ਗੁਰ ਤੇ ਗੁਰ’ ਦਾ ਭਾਵਾਰਥ ਹੈ : ਗੁਰਬਾਣੀ ਦਾ ਉਚਾਰਨ ਤੇ ਵਿਆਖਿਆ ਗੁਰਬਾਣੀ ਦੇ ਚਾਨਣ ਵਿੱਚ ਗੁਰੂ ਬਖਸ਼ੀਆਂ ਵਿਆਕਰਣਿਕ ਸੇਧਾਂ ਅਤੇ ਵਿਸ਼ੇਸ਼ ਦਰਸ਼ਨ-ਬੋਧਕ ਸੰਕੇਤਾਂ ਮੁਤਾਬਕ ਕਰਨੀ ਕਿਉਂਕਿ ਗੁਰਬਾਣੀ ਦੇ ਪਦ-ਛੇਦੀ ਸ਼ੁਧ ਉਚਾਰਨ (ਸੰਥਾ) ਨੂੰ ਪਦ-ਅਰਥ ਤੇ ਵਿਆਖਿਆ ਤੋਂ ਵੱਖਰਾ ਰੱਖ ਕੇ ਵਿਚਾਰਨਾ ਅਸੰਭਵ ਹੈ । ਗੁਰਬਾਣੀ ਸੰਥਿਆ ਪੱਖੋਂ 19ਵੀਂ ਸਦੀ ਦੇ ਅੱਧ ਤਕ ‘ਸੰਪਰਦਾਈ ਪ੍ਰਣਾਲੀ’ ਸਭ ਤੋਂ ਪ੍ਰਭਾਵਸ਼ਾਲੀ ਰਹੀ ਹੈ। ਇਸ ਦੇ ਪ੍ਰਸਿੱਧ ਵਿਦਵਾਨ ਤੇ ਸਾਹਿਤ ਅਚਾਰੀਆ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਦੁਆਰਾ 14 ਸਾਲਾਂ ਦੀ ਮਿਹਨਤ ਸਦਕਾ 1944 ਵਿੱਚ ਸੰਪੂਰਨ ਕੀਤੀ ਅਤੇ ਸੰਨ 1945 ਵਿੱਚ ‘ਗਿਆਨੀ ਪ੍ਰੈਸ’ ਸ੍ਰੀ ਅੰਮ੍ਰਿਤਸਰ ਰਾਹੀਂ ਛਪਵਾਈ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀ ਭੂਮਿਕਾ ਉਪਰੋਕਤ ਸਚਾਈ ਦਾ ਪ੍ਰਤੱਖ ਪ੍ਰਮਾਣ ਹੈ । ਉਹ ਲਿਖਦੇ ਹਨ :

ਸ੍ਰੀ ਗੁਰੂ ਬਾਣੀ ਦੇ ਨਿਗਮ-ਆਗਮ

(4) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਧਿਆਤਮਿਕ ਗਿਆਨ ਦਾ ਨਿਰਬਹਣ ਅਨੰਤ ਰਸ ਭਿੰਨੀ ਵਿਦਿਆਵਾਂ ਵਿੱਚ ਕੀਤਾ ਗਿਆ ਹੈ ਜੋ ਉਸ ਗਿਆਨ ਦਾ ਅੰਗ ਹੋਣ ਕਰਕੇ ਸ੍ਰੀ ਗੁਰਬਾਣੀ ਹੀ ਆਪਣੇ ਸ੍ਵਤੰਤ੍ਰ ਨਿਗਮ-ਨਿਘੰਟੂ ਰੂਪ ਤੇ ਉਨ੍ਹਾਂ ਦਾ ਮੂਲ ਹੈ ਭਾਵ- ਉਚਾਰਨ ਦਾ ਆਧਾਰ ਹੀ ਗੁਰਬਾਣੀ ਨੂੰ ਸਪਸ਼ਟ ਕਰਦਾ ਹੈ। ਉਸ ਨੂੰ ‘ਨਿਗਮ’ ਆਖਿਆ ਹੈ। ਅਰਥ ਖੋਲ੍ਹਣ ਵਾਲੇ ਸ੍ਰੀ ਗੁਰਬਾਣੀ ਦੇ ਵਾਕਿ ‘ਨਿਘੰਟੂ’ ਹਨ; ਜੈਸੇ ‘‘ਕਿਰਤਿ ਕਰਮ ਕੇ ਵੀਛੁੜੇ’’ (ਮਹਲਾ /੧੩੩) ਆਦਿ ਵਾਕਾਂ ਵਿੱਚ ‘ਕਿਰਤਿ ਕਰਮ’ ਆਦਿ ਪਦ ‘ਨਿਗਮ’ ਹਨ ਅਤੇ ‘‘ਸਾਈ ਕਾਰ ਕਮਾਵਣੀ; ਧੁਰਿ ਛੋਡੀ ਤਿਨੈ ਪਾਇ ’’ ਆਦਿ ਵਾਕਿ ਇਸ ਦੀ ਪਰਿਭਾਸ਼ਾ ਦੱਸਣ ਵਾਲੇ ਹੋਣ ਕਰਕੇ ‘ਨਿਘੰਟੂ’ ਹਨ। ਧੁਰੋਂ ਫਰਮਾਈ ਕਾਰ ਕਮਾਉਣੀ ਅਤੇ ‘‘ਕਰਿ ਕਿਰਪਾ ਮੇਲਹੁ ਰਾਮ ’’ (ਮਹਲਾ /੧੩੩) ਤਥਾ ‘‘ਤਾ ਮਿਲੀਐ ਜਾ ਲਏ ਮਿਲਾਇ ’’ (ਓਅੰਕਾਰ/ਮਹਲਾ /੯੩੨) ਆਦਿ ਵਾਕ ਅਥਵਾ ਫਲ ਭੋਗ ਦੀ ਅਵਧੀ ਜਾਂ ਸਿੱਧੀ ਹਾਰੇ ਹੋਣ ਕਰਕੇ ‘ਆਗਮ’ ਰੂਪ ਹਨ । ਸੋ ‘‘ਅਗਮ ਨਿਗਮੁ ਸਤਿਗੁਰੂ ਦਿਖਾਇਆ ’’ (ਮਹਲਾ /੧੦੧੬) ਆਦਿ ਮਹਾ ਵਾਕਾਂ ਅਨੁਸਾਰ ‘ਦਰਸ਼ਨ’ ਆਦਿ ਅਰਥ ਸ਼ਾਸਤ੍ਰ ਅਤੇ ਵਿਆਕਰਣ, ਨਿਰੁਕਤ, ਕਾਵ੍ਯ, ਸੰਗੀਤ, ਸਾਹਿਤ੍ਯ ਆਦਿ ਸ਼ਬਦ ਸ਼ਾਸਤ੍ਰ ਦਾ ਮੂਲ ਭੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਹੈ। (ਪੰਡਿਤ ਕਰਤਾਰ ਸਿੰਘ ‘ਦਾਖਾ’)

ਸੋ ਗੁਰੂ-ਕਾਲ ਉਪਰੰਤ 200 ਸਾਲ ਦੇ ਅਜਿਹੇ ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਜਿਵੇਂ ਗੁਰਬਾਣੀ ਦੇ ਸਿਰਲੇਖਾਂ ਵਿੱਚ ਬਾਣੀਕਾਰ ਗੁਰੂ ਸਾਹਿਬਾਨ ਦੀ ਜਾਣਕਾਰੀ ਦੇਣ ਹਿਤ ‘ਮਹਲਾ’ ਅਤੇ ਸੰਗੀਤਕ ਸੂਚਨਾ ਵਜੋਂ ‘ਘਰੁ’ ਪਦਾਂ ਨਾਲ ਦਿੱਤੇ ਅੰਕਾਂ ਨੂੰ ਕਰਮਵਾਚਕ ਸੰਖਿਅਕ ਵਿਸ਼ੇਸ਼ਣਾਂ ਵਜੋਂ ‘ਪਹਿਲਾ’, ‘ਦੂਜਾ’ ਤੇ ‘ਤੀਜਾ’ ਆਦਿਕ ਉਚਾਰਨ ਦੀਆਂ ਗੁਰੂ ਬਖਸ਼ੀਆਂ ਹਦਾਇਤਾਂ ਨੂੰ ਮੰਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਸਿਰਲੇਖਾਂ ਨੂੰ ਉਸੇ ਤਰ੍ਹਾਂ ਹੀ ਉਚਾਰਿਆ ਜਾਂਦਾ ਹੈ; ਤਿਵੇਂ ਹੀ ਸੰਪੂਰਣ ਬਾਣੀ ਦੇ ਪਾਠ-ਉਚਾਰਨ ਵੇਲੇ ਵੀ ਜਿਹੜੇ ਲਫ਼ਜ਼ ਬਿੰਦੀ ਸਹਿਤ ‘ਨਾਸਕੀ’ ਹਨ ਅਤੇ ਅਜੋਕੇ ਭਾਰ-ਚਿੰਨ ‘ਅਧਿਕ’ ਦੀ ਅਣਹੋਂਦ ਕਾਰਨ ਜਿਹੜੇ ਲਫ਼ਜ਼ਾਂ ਉੱਤੇ ਟਿੱਪੀ ਦੀ ਨਾਸਕੀ ਤੇ ਦੁੱਤ ਅੱਖਰਾਂ ਲਈ ਭਾਰ-ਚਿੰਨ੍ਹ ਵਜੋਂ ਦੂਹਰੀ ਵਰਤੋਂ ਕੀਤੀ ਮਿਲਦੀ ਹੈ, ਉਨ੍ਹਾਂ ਤੋਂ ਸੇਧ ਲੈ ਕੇ ਬਾਕੀ ਦੀ ਸਾਰੀ ਬਾਣੀ ਦਾ ਉਚਾਰਨ ਕੀਤਾ ਜਾਵੇ; ਜਿਵੇਂ ‘ਨਿਰਮਲਾ ਪ੍ਰਣਾਲੀ’ ਦੇ ਸਿਰਕੱਢ ਵਿਦਵਾਨ ਤੇ ਚੂੜਾਮਣਿ ਕਵੀ ਭਾਈ ਸੰਤੋਖ ਸਿੰਘ ਜੀ ਦੁਆਰਾ ਲਗਭਗ 200 ਸਾਲ ਪਹਿਲਾਂ ਸੰਨ 1829 ਵਿੱਚ ਲਿਖੀ ਅਤੇ ਮਹਾਂਕਵੀ ਭਾਈ ਸੰਤੋਖ ਸਿੰਘ ਯਾਦਗਰੀ ਕਮੇਟੀ, ਨਵੀਂ ਦਿੱਲੀ ਦੁਆਰਾ ਸੰਨ 1986 ਵਿੱਚ ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੋ: ਅੰਮ੍ਰਿਤਸਰ ਦੁਆਰਾ ਪ੍ਰਕਾਸ਼ਤ ਕਰਵਾਈ ਜਪੁ-ਜੀ ਸਾਹਿਬ ਦੀ ‘ਗਰਬ ਗੰਜਨੀ’ ਨਾਂ ਦੀ ਸਟੀਕ ਵਿੱਚ ਲਿਖਿਆ ਹੈ ‘‘ਨਾਨਕ ਪਾਤਿਸਾਹੀ ਪਾਤਿਸਾਹੁ ੨੫’’ (ਜਪੁ/ਮਹਲਾ /) ‘‘ਸ੍ਰੀ ਨਾਨਕ ਸਾਹਿਬ ਜੀ ਕਹਤ ਹੈਂ : ਤਿਸ ਕੋ ਸਰਬ ਕੁਛ ਹੀ ਪ੍ਰਾਪਤ ਹੋਤ ਹੈ, ਐਸੀ ਵਸਤੁ ਕੋਈ ਨਹੀਂ ਜੋ ਤਿਸ ਕੋ ਅਲਭੁ ਹੋਇ, ਪਾਤਸ਼ਾਹੀ, ਅਨੇਕ ਜੋ ਪਾਤਿਸ਼ਾਹ ਜਗਤ ਕੇ ਹੈਂ । ਕਿੰਵਾ (ਅਥਵਾ) ਅਨੇਕ ਬ੍ਰਹਮੰਡੋਂ ਕੇ ਜੋ ਪਾਤਿਸ਼ਾਹ ਹੈਂ  ਤਿਨ ਸਭ ਕੋ ਪਾਤਿਸ਼ਾਹ ਹੋਤ ਹੈ । ‘ਪਾਤਸਾਹੀ’ ਪਦ ਮੇਂ ਜੋ ‘ਹੀ’ ਹੈ ਤਿਸ ਕੇ ਦੀਰਘ ਇਕਾਰ ਮੇਂ ਬਹੁ ਸਬਦ ਹੋਤ ਹੈ, ਬਿੰਦ ਕੇ ਸਮੇਤ । (ਭਾਵ-‘ਹ’ ਦੀ ਬਿਹਾਰੀ ਵਜੋਂ ਲੱਗੇ ਦੀਰਘ-ਮਾਤ੍ਰਾ ਚਿੰਨ ਨਾਲ ਬਿੰਦੀ ਲਗਾਇਆਂ ‘ਪਾਤਿਸ਼ਾਹੀਂ’ ਪਦ ਸੰਬੰਧਕੀ ਬਹੁ-ਵਚਨ ਬਣ ਜਾਂਦਾ ਹੈ, ਜਿਸ ਦਾ ਅਰਥ ਹੈ : ਪਾਤਿਸ਼ਾਹਾਂ ਦਾ ।) ਸੋ ਬਿੰਦਾ ਔਰ ਅਧਿਕ ਊਪਰਲੀ, ਇਨ ਦੋਊ ਕਾ ਆਦਿ ਗ੍ਰੰਥ ਸਾਹਿਬ ਮੇਂ ਅਭਾਵ ਹੈ, ਪਠਿਨ ਮੇਂ ਆਵਤ ਹੈ, ਜੇ ਨਾ ਪੜੇ ਤੌ ਅਰਥ ਤੇ ਅਨਰਥ ਹੋਤ ਹੈ । ਪ੍ਰਮਾਣ :- ‘‘ਵਡਾ ਸਾਹਿਬੁ ਵਡੀ ਨਾਈ ॥’’ (ਮਹਲਾ ੫/੧੦੮੧) ਇਸ ਮੇਂ ‘ਨਾਂਈ’ ਪਠਨ ਮੇਂ ਅਰਥ ਆਛੋ ਹੋਤ ਹੈ । ਤੇ ‘ਨਾਈ’ ਕੋ ਅਰਥ ਨਹੀਂ ਬਨਤ ਹੈ । ਐਸੇ ਹੀ ਅਨੇਕ ਸਥਾਨੋਂ ਮੇਂ ਯਹਿ ਰੀਤਿ ਹੈ । ਗੁਰੂ ਅਰਜਨ ਜੀ ਕੋ ਭੀ ਬਚਨ ਹੈ, ਜਿਸ ਸਮੇਂ ਗ੍ਰੰਥ ਸਾਹਿਬ ਪੂਰੋ ਲਿਖ੍ਯੋ ਗਯੋ ਹੈ, ਤਬ ਕਿਸੀ ਸਿਖ ਨੇ ਅਰਦਾਸ ਕਰੀ ਹਜ਼ੂਰ ਮੈਂ : ਬਿੰਦਾ ਔਰ ਅਧਿਕ ਇਨ ਕੋ ਘਾਟੋ ਰਹ੍ਯੋ ਗ੍ਰੰਥ ਸਾਹਿਬ ਮੇਂ । ਸਾਹਿਬ ਜੀ ਨੇ ਕਹ੍ਯੋ : ਅਬ ਨਹੀਂ ਲਗਤ ਹੈ, ਸਿਖ੍ਯ ਬੁਧਿਵਾਨ ਅਗਾਰੀ ਆਪ ਹੀ ਤਿਸੀ ਰੀਤਿ ਪਠ ਕਰਿ ਅਰਥ ਕੋ ਕਰੈਂਗੇ । ਯਾਂਤੇ ਈਹਾਂ ‘ਪਾਤਿਸ਼ਾਹੀਂ’ ਕੋ ਅਰਥ ਹੋਤ ਹੈ । ਕਿੰਵਾ ਪਾਤਿਸਾਹੀ ਨਾਮ ਪਾਤਿਸ਼ਾਹਿਤ ਕੋ; ਸਰਬ ਪਾਤਿਸ਼ਾਹਿਤ ਕੋ ਪਾਤਿਸ਼ਾਹ ਹੋਤ ਹੈ ।’’ (ਪੰਨਾ 136)

ਸੋ ਬਿਲਕੁਲ ਸਪਸ਼ਟ ਹੈ ਕਿ ਭਾਈ ਸੰਤੋਖ ਸਿੰਘ ਵਰਗੇ ਪ੍ਰੌਢ ਵਿਦਵਾਨ ਨੇ ‘ਜਪੁ-ਜੀ’ ਦੀਆਂ ਤੁਕਾਂ ‘‘ਵਡਾ ਸਾਹਿਬ ਵਡੀ ਨਾਈ..॥’’ ਅਤੇ ‘‘ਨਾਨਕ ਪਾਤਿਸਾਹੀ ਪਾਤਿਸਾਹੁ ॥’’ ਵਿੱਚੋਂ ‘ਨਾਈ’ ਅਤੇ ‘ਪਾਤਿਸਾਹੀ’ ਪਦਾਂ ਦੇ ਫ਼ਾਰਸੀ ਮੂਲਿਕ ਭਾਸ਼ਾਈ ਪਿਛੋਕੜ ਤੇ ਅਰਥਾਂ ਨੂੰ ਮੁਖ ਰੱਖ ਕੇ ‘ਨਾਂਈ’ ਅਤੇ ‘ਪਾਤਿਸ਼ਾਹੀਂ’ ਦੇ ਭਾਸ਼ਾਈ-ਮੂਲਿਕ ਤੇ ਨਾਸਕੀ ਉਚਾਰਨ ਨੂੰ ਗੁਰੂ-ਕਾਲ ਦੀ ਪਰੰਪਰਾ ਦੱਸਿਆ ਹੈ । ਇਹ ਵੀ ਲਿਖਿਆ ਹੈ ਕਿ ਜਿੰਨ੍ਹੀਂ ਥਾਈਂ ਗੁਰਬਾਣੀ ਦੇ ਮੂਲ-ਪਾਠ ਵਿੱਚ ਅੱਧਕ ਜਾਂ ਬਿੰਦੀ ਚਿੰਨ ਦਾ ਅਭਾਵ ਹੈ, ਜੇਕਰ ਉਥੇ ਉਚਾਰਨ ਵਿੱਚ ਲੋੜੀਂਦੇ ਅੱਧਕ ਤੇ ਬਿੰਦੀ ਚਿੰਨ ਦੀ ਵਰਤੋਂ ਨਾ ਹੋਵੇ ਤਾਂ ਅਰਥ ਦਾ ਅਨਰਥ ਹੋ ਸਕਦਾ ਹੈ । ‘ਗੁਰ ਪ੍ਰਤਾਪ ਸੂਰਜ’ ਦੀ ਤੀਜੀ ਰੁੱਤ ਦੇ ਅਧਿਆਇ 34 ਵਿੱਚ ਤਾਂ ਉਨ੍ਹਾਂ ਨੇ ‘‘ਜੇ ਅਸ਼ੁਧ ਹੈ੍ਵ, ਪਢੀਐ ਸ਼ੁਧਿ ਕਰ । ਬਿਗਰੀ ਵਸਤ ਸੁਧਾਰਹਿ ਜਿਮ ਘਰਿ ।’’ ਦੀ ਬੜੀ ਅਗਾਂਹ-ਵਧੂ, ਆਧੁਨਿਕ ਤੇ ਨੇਕ ਸਲਾਹ ਵੀ ਦਿੱਤੀ ਹੈ ।

ਸ੍ਰੀ ਮਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਜੀ ਦੀ ਰਚਿਤ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਵੀ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਵਾਲੀ ਉਪਰੋਕਤ ਉਚਾਰਨ ਪੱਧਤੀ ਦੀ ਹੀ ਪ੍ਰੋੜ੍ਹਤਾ ਕਰਦੀ ਹੈ । ਉਨ੍ਹਾਂ ਤਾਂ ਇਥੋਂ ਤੱਕ ਲਿਖਿਆ ਕਿ ਬਾਣੀ ਦੇ ਕਿਸੇ ਵੀ ਸ਼ਬਦ ਦਾ ਉਚਾਰਨ ਉਸ ਦੇ ਅਰਥ ਨੂੰ ਮੁੱਖ ਰੱਖ ਕੇ ਸ਼੍ਰੋਤੇ ਦੀ ਸਮਝ ਦੇ ਅਨੁਕੂਲ ਕਰੋ ਤਾਕਿ ਉਸ ਨੂੰ ਸੁਖਾਲਾ ਸਮਝ ਪਵੇ ਕਿਉਂਕਿ ਗੁਰਬਾਣੀ ਕੇਵਲ ਕੋਈ ਪੜ੍ਹਣ ਮਾਤ੍ਰ ਵੇਦ-ਮੰਤ੍ਰ ਨਹੀਂ, ਗੁਰ ਉਪਦੇਸ਼ ਹੈ, ਜੋ ਪਾਠ ਸੁਣਨ ਵਾਲਿਆਂ ਨੂੰ ਸੌਖੇ ਹੀ ਸਮਝ ਆਉਣਾ ਚਾਹੀਦਾ ਹੈ । ਇਸ ਲਈ ਪਾਠ ਕਰਨ ਮੌਕੇ ‘ਟਿੱਪੀ’, ‘ਬਿੰਦੀ’ ਤੇ ‘ਅੱਧਕ’ ਆਦਿਕ ਲੋੜੀਂਦੇ ਚਿੰਨਾਂ ਦਾ ਵੱਖ ਵੱਖ ਦੇਸ਼ਾਂ ਦੀ ਭਾਸ਼ਾਈ ਰੀਤ ਤੇ ਵਿਸ਼ੇਸ ਧੁਨੀ ਅਨੁਸਾਰ ਉਚਾਰਨ ਕਰਨਾ ਦੋਸ਼ ਨਹੀਂ, ਪਰ ਅਰਥ ਅਧੀਨ ਪਾਠਾਂਤਰ ਵੀ ਪ੍ਰਵਾਨ ਨਹੀਂ। ਜਿਵੇਂ ਕੋਈ ਪਾਠੀ ‘ਜੀਅ ਕਾ’ ਪਾਠ ਨੂੰ ‘ਮਨ ਕਾ’ ਉਚਾਰਨ ਕਰੇ । ਦਾਖਾ ਜੀ ਦਾ ਮੱਤ ਹੈ ਕਿ ਅਰਥ ਦੇ ਗਿਆਨ ਰਹਿਤ ਪਾਠ ਦਾ ਪਾਠੀ ਅਤੇ ਸ੍ਰੋਤੇ ਨੂੰ ਕੋਈ ਲਾਭ ਨਹੀਂ, ਨਿਹਫਲ ਹੈ । ‘‘ਸੁਣਿ ਸੁਣਿ ਬੂਝੈ ਮਾਨੈ ਨਾਉ   ਤਾ ਕੈ ਸਦ ਬਲਿਹਾਰੈ ਜਾਉ (ਮਹਲਾ /੧੫੨) ਗੁਰਵਾਕ ਵੀ ਹੈ । ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀਆਂ 19 ਤੇ 21 ਨੰਬਰ ਦੋ ਹਦਾਇਤਾਂ ਦਾਖਾ ਜੀ ਦੇ ਉਪਰੋਕਤ ਪੱਖ ਨੂੰ ਉਨ੍ਹਾਂ ਦੀ ਸ਼ਾਸਤਰੀ ਭਾਸ਼ਾ ਵਿੱਚ ਇਉਂ ਸਪਸ਼ਟ ਕਰਦੀਆਂ ਹਨ :

  1. ਅਰਥ ਦੇ ਗਿਆਨ ਰਹਿਤ ਪਾਠ ਨਿਸਫਲ ਅਤੇ ਪ੍ਰਯਾਇ ਪਾਠ ਅਥਵਾ ਪਾਠਾਂਤਰ ਕਰਕੇ (‘ਜੀਅ ਕਾ’ ਦੇ ਥਾਂ ‘ਮਨ ਕਾ’) ਕਰਕੇ ਬੋਲਣਾ ਮਹਾਂ ਪਾਪ ਹੈ ।
  2. ਸ੍ਰੀ ਗੁਰੂ ਬਾਣੀ ਵਿੱਚ ਵਿਪ, (ਪ੍ਰਤੰਤ੍ਰ ਵਿਅੰਜਨ ਮੰਨੇ ਜਾਂਦੇ) ਟਿੱਪੀ, ਬਿੰਦੀ, ਅੱਧਕ ਅਤੇ ਉਪਧ ਤਥਾ ‘ਧੁਪ’ (ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ ਅਤੇ ਲਾਂ ਤੇ ਦੁਲਾਂਵ ਆਦਿਕ ਵਿਸ਼ੇਸ਼ ਪ੍ਰਤੰਤ੍ਰ ਧੁਨੀਆਂ ਕਿਉਂਕਿ ਸ੍ਵਤੰਤ੍ਰ ਸ੍ਵਰ ਰੂਪ ਅੱਖਰਾਂ ਨਾਲ ਲਗਦੀਆਂ ਹਨ) ਦਾ ਉਚਾਰਨ ਭਿੰਨ-ਭਿੰਨ ਦੇਸ਼ ਦੀ ਪ੍ਰਥਾ ਅਨੁਸਾਰ ਕਰਨਾ ਦੋਸ਼ ਨਹੀਂ ਅਰਥਾਤ ਇਨ੍ਹਾਂ ਵਿੱਚੋਂ ਕਈਆਂ ਦਾ ਚਿੰਨ੍ ਪ੍ਰਗਟ ਨਾ ਹੋਣ ਕਰਕੇ ਨਿਪਾਤਨ ਦੁਆਰਾ ਯਥਾ ਯੋਗ ਹੀ ਹੋਣਾ ਚਾਹੀਏ । ਨਹੀਂ ਤਾਂ ਅਰਥ ਦਾ 1. ਅਨਰਥ ਹੋ ਜਾਵੇਗਾ ਕਿਉਂਕਿ ‘ਕਰਤਾ’ ਦਾ 2. ਅਰਥ ਕ੍ਰਮ ਅਤੇ ‘ਸ੍ਰੋਤਾ’ ਦਾ ਸਬਦ ਕ੍ਰਮ ਬਲੀ ਹੁੰਦਾ ਹੈ । ਇਸ ਲਈ ਗੁਰੂ ਸਾਹਿਬ ਅਰਥ ਕ੍ਰਮ ਬਲੀ (ਪ੍ਰਧਾਨ) ਮੰਨ ਕੇ ਉਸ ਦੇ ਅਨੁਸਾਰ ਹੀ ਪਾਠ ਕਰੋ ਅਤੇ ਸ੍ਰੋਤੇ ਨੂੰ ਤਦਨੁਕੂਲ ਸਬਦ ਕ੍ਰਮ ਸੁਣਾਉ ।

ਪੁਸਤਕ ਦੇ ਪੰਨਾ 65 ਦੇ ਆਰੰਭ ਵਿੱਚ ਲਿਖਿਆ ਹੈ : ‘‘ਅਨੁਨਾਸਿਕ ਪਰੇ ਹੁੰਦਿਆਂ ਉਰਲੀ ਟਿੱਪੀ ਦੀ ਵਿਕਲਪ ਕਰਕੇ ਅੱਧਕ ਹੋ । ਅੰਮਿਤ = ਅੱਮ੍ਰਿਤ, ਕੰਮ = ਕੱਮ ।’’ ਭਾਵ ਉਚਾਰਨ ਮੌਕੇ ਟਿੱਪੀ ਦੀ ਨਾਸਕੀ-ਧੁਨੀ ਅੱਧਕ ਵਿੱਚ ਬਦਲ ਜਾਂਦੀ ਹੈ । ਪੰਨਾ 61 ’ਤੇ ਅੰਕਿਤ ਹੈ ‘‘ਅੱਧਕ ਦਾ ਦੀਰਘ ਸ੍ਵਰ ਬਣ ਕੇ ਅਗਲੇ ਅਖਰ ਦੇ ਮੁਹਰੇ ਝਟਕਾ ਲਗਦਾ ਹੈ, ਤਾਂ ਉਸ ਵਰਣ ਨੂੰ ਅੱਧਕ ਦਾ ਆਗਮ ਭੀ ਹੁੰਦਾ ਹੈ । (ਭਾਵ, ਉਹ ਅੱਖਰ ਅੱਧਕ ਸਹਿਤ ਹੋ ਜਾਂਦਾ ਹੈ) ਅਤੇ ਉਸ ਅੱਖਰ ਨੂੰ ਦੁਹਰਾ ਨਾ ਲਿਖ ਕੇ ਝਟਕੇ ਨਾਲ ਉਚਾਰਨ ਕਰੀਦਾ ਹੈ । ਜੈਸੇ ‘ਆਟਾ’ (ਆਟੱਾ) ਤੇ ‘ਰਾਖਾ’ (ਰਾਖੱਾ) ਨੂੰ ਅੱਧਕ ਦਾ ਆਗਮ ਹੋਇਆ ਹੈ ।’’ ਏਥੇ ‘ਜਿਉਂ ਲਿਖਿਆ, ਤਿਉਂ ਹੀ ਪੜ੍ਹੋ’ ਕਹਿਣ ਦੀ ਵਕਾਲਤ ਕਰਨ ਵਾਲੇ ਸੱਜਣਾਂ ਪਾਸ ਉਪਰੋਕਤ ਕਿਸਮ ਦੀ ਸੁਭਾਵਿਕ ਤਬਦੀਲੀ ਦਾ ਕੀ ਉੱਤਰ ਹੈ? ਇਸ ਨੁਕਤੇ ਨਾਲ ਸੰਬੰਧਿਤ 65ਵੇਂ ਪੰਨੇ ਦੇ ਹੇਠਾਂ ਇੱਕ ਵਿਸ਼ੇਸ ਨੋਟ ਇਉਂ ਵੀ ਲਿਖਿਆ ਹੈ : ‘‘ਗੁਰਬਾਣੀ ਵਿੱਚ ਅੱਧਕ ਦਾ ਚਿੰਨ ਬਹੁਤ ਘਟ ਹੈ, ਉਚਾਰਨ ਤੋਂ ਸਮਝਿਆ ਜਾਂਦਾ ਹੈ ।’’ (ਪਾਠਕਾਂ ਦੇ ਨੋਟ ਕਰਨ ਵਾਲਾ ਨੁਕਤਾ ਹੈ ਕਿ ਮੌਜੂਦਾ ਛਾਪੇ ਦੀ ਬੀੜ ਵਿੱਚ ਅੱਧਕ ਦਾ ਮੂਲੋਂ ਹੀ ਅਭਾਵ ਹੈ।) 

ਗੁਰਬਾਣੀ ਦੇ ਸ਼ੁਧ ਉਚਾਰਨ ਅਤੇ ਵਿਆਖਿਆ ਨੂੰ ਗੁਰਮਤਿ ਦੀਆਂ ਸਿਧਾਂਤਕ ਲੀਹਾਂ ’ਤੇ ਤੋਰਦਿਆਂ, ਰਹਿੰਦਾ ਹੋਇਆ ‘ਅਥਰਵਣੀ ਭਾਰ’ ਉਤਾਰਨ ਲਈ ਸਿੰਘ-ਸਭਾਈ ਪ੍ਰਣਾਲੀ ਦੇ ਪ੍ਰੋਫੈਸਰ ਤੇਜਾ ਸਿੰਘ (1894-1958 ਈ.) ਤੇ ਪ੍ਰੋਫੈਸਰ ਸਾਹਿਬ ਸਿੰਘ ਜੀ (1893-1977 ਈ.) ਨੇ ਸਭ ਤੋਂ ਵੱਡਾ ਹੰਭਲਾ ਮਾਰਿਆ ਹੈ, ਭਾਵੇਂ ਕਿ ਇਸ ਵਿੱਚ ਹੋਰ ਨਿਖਾਰ ਲਿਆਉਣਾ ਅਜੇ ਵੀ ਲੋੜੀਂਦਾ ਹੈ । ਪ੍ਰੋ. ਤੇਜਾ ਸਿੰਘ ਜੀ ਨੇ ਸੰਨ 1925 ਵਿੱਚ ‘ਗੁਰੂ ਗ੍ਰੰਥ ਸਾਹਿਬ ਦੀਆਂ ਸ਼ਾਬਦਿਕ ਲਗਾਂ ਮਾਤ੍ਰਾਂ ਦੇ ਗੁਝੇ ਭੇਦ’ ਲੱਭੇ ਤੇ ਸੰਨ 1926 ਵਿੱਚ ਕਿਤਾਬਚੇ ਦੇ ਰੂਪ ਵਿੱਚ ਛਾਪੇ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਉਪਰੋਕਤ ਕਿਤਾਬਚਾ ਅਤੇ ਉਸ ਵਿੱਚ ਪ੍ਰਗਟਾਏ ਨਿਯਮਾਂ ਅਨੁਸਾਰ ਲਿਖੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਨੂੰ ਆਪਣੇ ਆਰੰਭਕ ਕਾਲ ਤੋਂ ਹੀ ਨਿਰੰਤਰ ਛਾਪਿਆ ਜਾ ਰਿਹਾ ਹੈ । ਸੰਨ 1932 ਵਿੱਚ ਪ੍ਰੋ. ਸਾਹਿਬ ਸਿੰਘ ਜੀ ਨੇ ‘ਗੁਰਬਾਣੀ ਵਿਆਕਰਣ’ ਨਾਂ ਦੀ ਵਿਗਿਆਨਕ ਲੀਹਾਂ ’ਤੇ ਵਿਸਥਾਰਤ ਪੁਸਤਕ ਰਚੀ । ਸੰਨ 1925 ਤੋਂ 1961 ਤੱਕ 36 ਸਾਲਾਂ ਦੀ ਮਿਹਨਤ ਨਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੇ ਨਾਂ ਹੇਠ ਗੁਰਬਾਣੀ ਦੀ ਅਦੁੱਤੀ ਸਟੀਕ ਲਿਖੀ ਗਈ, ਜਿਹੜੀ ਹੁਣ ਸਾਰੀਆਂ ਸਿੱਖ ਸੰਪਰਦਾਵਾਂ ਦੇ ਵਿਦਵਾਨਾਂ ਅਤੇ ਦੇਸ਼-ਵਿਦੇਸ਼ ਦੇ ਗੁਰਬਾਣੀ ਪ੍ਰੇਮੀਆਂ ਦੁਆਰਾ ਪਹਿਲ ’ਤੇ ਆਧਾਰਿਤ ਵੀਚਾਰੀ ਜਾ ਰਹੀ ਹੈ ।

ਸੰਥਿਆ ਦੇ ਦ੍ਰਿਸ਼ਟੀਕੋਨ ਤੋਂ ਇਸ ਟੀਕੇ ਦੀ ਪਹਿਲੀ ਤੇ ਵੱਡੀ ਵਿਸੇਸ਼ਤਾ ਇਹ ਹੈ ਕਿ ਸੰਪੂਰਣ ਬਾਣੀ ਨੂੰ ਪਦ-ਛੇਦ ਕਰਕੇ ਵਾਕ-ਵੰਡ ਲਈ ਤੁਕਾਂ ਵਿੱਚ ਵਿਸਰਾਮ ਚਿੰਨ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਪਦ-ਅਰਥ ਕਰਦਿਆਂ ਮਹਤਵ-ਪੂਰਨ ਲਫ਼ਜ਼ਾਂ ਦੇ ਸ਼ੁਧ ਉਚਾਰਨ ਲਈ ਲੋੜੀਂਦੇ ਅੱਧਕ, ਟਿੱਪੀ ਤੇ ਬਿੰਦੀ ਲਗਾ ਕੇ ਲਿਖਣ ਦੀ ਹਿੰਮਤ ਵੀ ਪ੍ਰਗਟਾਈ ਹੈ, ਪਰ ਇਸ ਪੱਖ ਦੀ ਸੰਥਿਆ ਸ਼ੈਲੀ ਵਿੱਚ ਵਿਸ਼ੇਸ਼ ਨਿਖਾਰ ਲਿਆਂਦਾ ਪੰਜਾਬ ਦੇ ਪ੍ਰਸਿੱਧ ਗੁਰਮਤਿ ਪ੍ਰਚਾਰ ਜਥੇ ਦੇ ਮੁਖੀ ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ (ਸੰਨ 1902-1969) ਭਿੰਡਰਾਂ ਵਾਲਿਆਂ ਨੇ; ਜਿਨ੍ਹਾਂ ਨੇ ਦਸਮ ਪਾਤਸ਼ਾਹ ਦੇ ਸਮਕਾਲੀ ਸ਼ਹੀਦ ਭਾਈ ਮਨੀ ਸਿੰਘ ਜੀ ਨਾਲ ਸੰਬੰਧਿਤ ਮੰਨੀ ਜਾਂਦੀ ਸੰਪਰਦਾ ਦੇ ਵਿਰਾਸਤੀ ਵਿਦਵਾਨਾਂ ਦੀ ਉਚਾਰਨ ਸ਼ੈਲੀ ਅਤੇ ਪ੍ਰੋ. ਸਾਹਿਬ ਸਿੰਘ ਜੀ ਦੀ ਟੀਕਾਕਾਰੀ ਤੋਂ ਪ੍ਰਭਾਵਤ ਹੁੰਦਿਆਂ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਸ਼ੁਧ-ਪਾਠ ਅਤੇ ਅਰਥਾਂ ਦੀ ਸੰਥਿਆ ਕਰਾਉਣ ਵੇਲੇ ਲੋੜੀਦੀਆਂ ਥਾਵਾਂ ’ਤੇ ਬਿੰਦੀ, ਟਿੱਪੀ ਤੇ ਅਧਿਕ ਦੀ ਵਰਤੋਂ ਸਮਝਾਉਣ ਦੇ ਨਾਲ, ਵਾਕ ਵੰਡ ਤੇ ਅਰਥਾਂ ਦੀ ਸਪਸ਼ਟਤਾ ਲਈ ਹਰੇਕ ਕਿਸਮ ਦੇ ਅੰਗਰੇਜ਼ੀ ਵਿਸਰਾਮ ਚਿੰਨ੍ਹ ਲਗਵਾਉਣੇ ਸ਼ੁਰੂ ਕਰ ਦਿੱਤੇ । ਹੋਰ ਉਪਕਾਰ ਕੀਤਾ ਉਨ੍ਹਾਂ ਦੇ ਉੱਤਰਾਧਿਕਾਰੀ ਗਿਆਨੀ ਮੋਹਣ ਸਿੰਘ ਜੀ (ਗੁਰਦੁਆਰਾ ਅਖੰਡ ਪ੍ਰਕਾਸ਼, ਭਿੰਡਰ ਕਲਾਂ, ਫਿਰੋਜ਼ਪੁਰ) ਵਾਲਿਆਂ ਨੇ, ਜਿਨ੍ਹਾਂ ਨੇ ਖ਼ਾਲਸਾ ਜੀ ਦੀ ਉਪਰੋਕਤ ਕਿਰਤ ਨੂੰ ਸੰਨ 1973 ਵਿੱਚ ‘ਗੁਰਬਾਣੀ ਪਾਠ ਦਰਸ਼ਨ’ ਨਾਮੀ ਪੁਸਤਕ ਰਾਹੀਂ ਪ੍ਰਕਾਸ਼ਿਤ ਕੀਤਾ । ਗਿ. ਗੁਰਬਚਨ ਸਿੰਘ ਜੀ ਖ਼ਾਲਸਾ ਦੇ ਦੂਜੇ ਉੱਤਰਾਧਿਕਾਰੀ ਗਿ. ਕਰਤਾਰ ਸਿੰਘ ਜੀ ‘ਖ਼ਾਲਸਾ’ ਦੁਆਰਾ ਸਥਾਪਤ ਜਥਾ ਚੌਕ ਮਹਿਤਾ (ਸ੍ਰੀ ਅੰਮ੍ਰਿਤਸਰ) ਵੱਲੋਂ ਹੁਣ ਓਹੀ ਪੁਸਤਕ ਪੰਨਿਆਂ ਦੀ ਕੁਝ ਤਬਦੀਲੀ ਨਾਲ ‘ਗੁਰਬਾਣੀ ਪਾਠ ਦਰਪਣ’ ਦੇ ਨਾਮ ਹੇਠ ਵੀ ਛਾਪੀ ਜਾ ਰਹੀ ਹੈ ।

ਇਸ ਪੁਸਤਕ ਵਿੱਚ ਹਜ਼ਾਰਾਂ ਹੀ ਗੁਰਬਾਣੀ ਦੀਆਂ ਤੁਕਾਂ ਦੇ ਦਰਸ਼ਨ ਕੀਤੇ ਜਾ ਸਕਦੇ ਹਨ, ਜਿਨ੍ਹਾਂ ਨੂੰ ਵੱਖ ਵੱਖ ਕਿਸਮਾਂ ਦੇ ਵਿਸਰਾਮ ਚਿੰਨ੍ਹਾਂ ਨਾਲ ਨਿਖੇੜਿਆ ਗਿਆ ਹੈ। ਅਰਧ ਵਿਸਰਾਮ ਲਈ ਬਿੰਦੀ ਕਾਮਾ (;) ਅਤੇ ਇਸ ਤੋਂ ਘਟ ਵਿਸਰਾਮ (ਜਮਕੀ) ਲਈ ਕਾਮਾ (,) ਦੀ ਵਰਤੋਂ ਕੀਤੀ ਗਈ ਹੈ । ਸਮਾਸੀ ਲਫ਼ਜ਼ਾਂ ਦੇ ਹਿੱਸੇ ਪ੍ਰਗਟਾਉਣ ਲਈ ਜੁੜਤ ਲਫ਼ਜ਼ਾਂ ਨੂੰ ਤੋੜ ਕੇ ਜੋੜਣੀ (-) ਦੀ ਵਰਤੋਂ ਕੀਤੀ ਗਈ ਹੈ । ਇੱਥੋਂ ਤੱਕ ਕਿ ਕਈ ਖ਼ਾਸ ਲਫ਼ਜ਼ਾਂ ਨੂੰ ਉਭਾਰਨ ਲਈ ਪੁਠੇ ਕਾਮਿਆਂ (‘’) ਦੀ ਵਰਤੋਂ ਕਰਨੋ ਵੀ ਸੰਕੋਚ ਨਹੀਂ ਕੀਤਾ । ਤੁਕਾਂ ਦੇ ਅਖ਼ੀਰ ਵਿੱਚ ਬ੍ਰੈਕਟਾਂ ਪਾ ਕੇ ਬਿੰਦੀ, ਟਿੱਪੀ, ਅਧਿਕ ਅਤੇ ਪੈਰ-ਚਿੰਨ੍ਹਾਂ ਦੀ ਵਰਤੋਂ ਬਾਰੇ ਸੇਧਾਂ ਦਿੱਤੀਆਂ ਹੋਈਆਂ ਹਨ । ਸ਼ਬਦਾਂ ਦੇ ਪਦਛੇਦ ਪਾਠਾਂਤਰ ਤੇ ਲਿਖਤ ਦੇ ਪਾਠ-ਭੇਦ ਵੀ ਲਿਖੇ ਹਨ । ਉਦਾਹਰਨ ਵਜੋਂ ਹੇਠਾਂ ਕੁਝ ਤੁਕਾਂ ਦੇ ਹੂ-ਬਹੂ ਦਰਸ਼ਨ ਕਰਵਾਏ ਜਾ ਰਹੇ ਹਨ :

ਸੋਚੈ, ਸੋਚਿ ਨ ਹੋਵਈ; ਜੇ ਸੋਚੀ ਲਖ ਵਾਰ ॥ (ਜਪੁ/ਮਹਲਾ ੧/੧) (ਲੱਖ ਪੜ੍ਹੋ)

ਸਚੁ ਸੰਜਮੁ ਕਰਣੀ ਕਾਰਾਂ; ਨਾਵਣੁ ਨਾਉ ਜਪੇਹੀ ॥ (ਮਹਲਾ ੧/੯੧) (ਨ੍ਹਾਵਣ ਭਾਰਾ ਬੋਲੋ)

ਤੇਰਾ ਸਬਦੁ, ਤੂੰਹੈ ਹਹਿ ਆਪੇ; ਭਰਮੁ ਕਹਾ ਹੀ ॥ (ਮਹਲਾ ੩/੧੬੨) (ਕਹਾਂ ਬੋਲਣਾ)

‘ਅਹੰ-ਬੁਧਿ’ ਪਰ ਬਾਦ ਨੀਤ; ਲੋਭ ਰਸਨਾ ਸਾਦਿ ॥ (ਮਹਲਾ ੫/੮੧੦) (2) ਪਰਬਾਦ

ਤੂ ਅਜਰਾ-ਵਰੁ ਅਮਰੁ ਤੂ; ਸਭ ਚਾਲਣ-ਹਾਰੀ ॥ (ਮਹਲਾ ੧/੧੦੦੮)

ਸੰਪਰਦਾਈ ਪਿਛੋਕੜ ਦੇ ਗੁਰਮੁਖ ਸੱਜਣ ਗਿ. ਹਰਿਬੰਸ ਸਿੰਘ ਜੀ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਵੀ ‘ਗੁਰਬਾਣੀ ਉਚਾਰਨ ਜੁਗਤ’ ਦੀ ਸੰਭਾਲ ਪੱਖੋਂ ਵੀਚਾਰਨੀ ਅਤਿ ਲੋੜੀਂਦੀ ਹੈ । ਉਸ ਵਿਖੇ ਹਰੇਕ ਸ਼ਬਦ ਲਈ ਵੱਖ ਵੱਖ ਵਿਸਰਾਮਾਂ ਦੀ ਵਰਤੋਂ ਕਰਦਿਆਂ ਬਿੰਦੀ, ਟਿਪੀ ਤੇ ਅਧਿਕ ਆਦਿਕ ਚਿੰਨ੍ਹਾਂ ਦੀ ਲੋੜੀਂਦੀ ਵਰਤੋਂ ਸੰਬੰਧੀ ਲਿਖਤੀ ਸੇਧਾਂ ਅੰਕਿਤ ਕੀਤੀਆਂ ਹੋਈਆਂ ਹਨ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਮਾਣਿਕ ‘ਈਸ਼ਰ ਮਾਈਕਰੋ ਮੀਡੀਆ’ ਐਪ ਵਿੱਚ ਵੀ ਲੋੜੀਂਦੀਆਂ ਲੱਗਾਂ ਮਾਤ੍ਰਾਂ ਲਗਾ ਕੇ ਸ਼ੁਧ ਪਾਠਾਂ ਨੂੰ ਵਿਸਰਾਮਾਂ ਸਹਿਤ ਲਿਖਤੀ ਰੂਪ ਦਿੱਤਾ ਹੋਇਆ ਹੈ । ਅਖੰਡ ਕੀਰਤਨੀ ਜਥੇ ਦੇ ਨਮਰ ਗੁਰਸਿੱਖ ਵਿਦਵਾਨ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ (ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਤੇ ਗਿਆਨੀ ਭਰਪੂਰ ਸਿੰਘ ਜੀ ਦੇ ਸਹਿਯੋਗ ਨਾਲ ਸਾਲਾਂ ਬੱਧੀ ਪੁਰਾਤਨ ਹੱਥ ਲਿਖਤੀ ਬੀੜਾਂ ਨੂੰ ਵਾਚਿਆ ਅਤੇ ਗੁਰਬਾਣੀ ਵਿਆਕਰਣ ਦੇ ਨੇਮਾਂ ਨੂੰ ਢੂੰਡਿਆ) ਉਨ੍ਹਾਂ ਨੇ ਆਪਣੇ ਅੰਤਲੇ ਕਾਲ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ’ ਦੇ ਦੂਜੇ ਭਾਗ ਵਿੱਚ ਪੰਨਾ 87 ਤੇ ਬਿੰਦੀਆਂ ਟਿੱਪੀਆਂ ਬਾਰੇ ਲਿਖਦਿਆਂ, ਆਪਣੇ ਪੰਥ-ਦਰਦੀ ਹਿਰਦੇ ਦੀ ਵੇਦਨਾ ਨੂੰ ਚਿਤਾਵਨੀ ਵਜੋਂ ਕੁਝ ਇਉਂ ਪ੍ਰਗਟ ਕੀਤਾ ਹੈ –

‘‘ਗੁਰਬਾਣੀ ਵਿੱਚ ਮੂਲਕ-ਅੰਗੀ ਨਾਸਕੀ ਚਿੰਨਾਂ (ਬਿੰਦੀ, ਟਿੱਪੀ) ਦੀ ਵਰਤੋਂ ਵੀ ਮਿਲਦੀ ਹੈ ਅਤੇ ਵਿਆਕਰਣਿਕ ਬਿੰਦੀਆਂ ਦੀ ਵੀ । ਅਸੀਂ ਦੇਖਦੇ ਹਾਂ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਟਿੱਪੀ/ਬਿੰਦੀ ਸਹਿਤ ਮਿਲਦੇ ਹਨ ਅਤੇ ਕਿਧਰੇ ਇਸ ਤੋਂ ਬਗੈਰ । ਮੂਲਕ-ਅੰਗੀ ਟਿੱਪੀਆਂ/ਬਿੰਦੀਆਂ ਤਕਰੀਬਨ 90% ਲਗੀਆਂ ਮਿਲਦੀਆਂ ਹਨ । ਬਾਕੀ 10% ਸੰਭਵ ਹੈ ਛਾਪੇ ਦੀ ਅਣਗਹਿਲੀ ਕਾਰਨ ਰਹੀਆਂ ਹੋਣ । ਇਹਨਾਂ ਵਿੱਚੋਂ ਬਹੁਤ ਸਾਰੀਆਂ ਪੁਰਾਤਨ ਲਿਖਤੀ ਬੀੜਾਂ ਵਿੱਚ ਲੱਗੀਆਂ ਮਿਲਦੀਆਂ ਹਨ । ਇਸ ਪੱਖ ਵੱਲ ਕਿਸੇ ਜ਼ਿੰਮੇਵਾਰ ਸੰਸਥਾ ਨੇ ਅੱਜ ਤੱਕ ਧਿਆਨ ਹੀ ਨਹੀਂ ਦਿੱਤਾ । ਏਧਰ ਤੁਰੰਤ ਧਿਆਨ ਦਿੱਤੇ ਜਾਣ ਦੀ ਲੋੜ ਹੈ ।

ਬ-ਹਰ ਹਾਲ ਗੋਬਿਦ (ਗੋਬਿੰਦ), ਮਦਰ (ਮੰਦਰ), ਖਭ (ਖੰਭ), ਕਾਇਆ (ਕਾਂਇਆ), ਬੂਦ (ਬੂੰਦ), ਬਿਦ (ਬਿੰਦ) ਆਦਿਕ ਸ਼ਬਦਾਂ ਦਾ ਮੂਲਿਕ-ਅੰਗੀ ਨਾਸਕੀ ਚਿੰਨਾਂ ਸਹਿਤ ਉਚਾਰਨ ਹੀ ਸ਼ੁਧ ਬਣਦਾ ਹੈ । (ਜਿਵੇਂ, ਬ੍ਰੈਕਟਾਂ ਵਿੱਚ ਲਿਖਿਆ ਗਿਆ ਹੈ) ਪ੍ਰਮਾਣੀਕ ਮੂਲਿਕ ਬੀੜਾਂ ਤੋਂ ਅਗਵਾਈ ਲੈ ਕੇ ਛਾਪੇ ਦੀ ਉਕਾਈ ਦਰੁਸਤ ਕਰ ਲੈਣੀ ਉਚਿਤ ਹੈ ।’’ 

‘ਗੁਰਬਾਣੀ ਦੀਆਂ ਵਿਆਖਿਆ ਪ੍ਰਣਾਲੀਆਂ’ ਪੁਸਤਕ ਵਿੱਚ ਉਚਾਰਨ ਦੇ ਉਪਰੋਕਤ 400 ਸਾਲਾ ਵਿਰਸੇ ਦੀ ਵਾਰਸ ਬਣੀ ‘ਸਿੱਖ ਮਿਸ਼ਨਰੀ ਸੰਥਿਆ ਪ੍ਰਣਾਲੀ’ ਦਾ ਵਿਸ਼ੇਸ਼ ਵੇਰਵਾ ਨਹੀਂ ਹੈ । ਕਾਰਨ ਹੈ ਕਿ ਪੁਸਤਕ ਪ੍ਰਕਾਸ਼ਨਾ ਮੌਕੇ ਇਹ ਪ੍ਰਣਾਲੀ ਸਿੰਘ ਸਭਾ ਲਹਿਰ ਵਾਂਗ ਇੱਕ ਪ੍ਰਚਾਰ ਲਹਿਰ ਵਜੋਂ ਅਜੇ ਸਥਾਪਤ ਹੀ ਨਹੀਂ ਸੀ ਹੋਈ, ਜਿਵੇਂ ਕਿ ਹੁਣ ਦਿੱਲੀ, ਪੰਜਾਬ, ਉੱਤਰ ਪ੍ਰਦੇਸ਼, ਮਹਾਂਰਾਸ਼ਟਰ ਦੇ ਵਿਸ਼ੇਸ਼ ਸਿੱਖ ਮਿਸ਼ਨਰੀ ਕਾਲਜਾਂ ਸਮੇਤ ਸਾਰੇ ਸੰਸਾਰ ਅੰਦਰ ਉਨ੍ਹਾਂ ਦੇ ਸੈਂਕੜੇ ਹੀ ਪ੍ਰਚਾਰ ਕੇਂਦਰ ਹਨ । ਯਾਦ ਰੱਖਣਾ ਚਾਹੀਦਾ ਹੈ ਕਿ ਇਸ ਲਹਿਰ ਦਾ ਜਨਮ ਸੰਨ 1927 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਤ ਤੇ ਸਥਾਪਤ ਕੀਤੇ ‘ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ’ ਵਿਖੇ ਹੀ ਹੋਇਆ ਅਤੇ ਉਸ ਦੇ ਪ੍ਰਿੰਸੀਪਲ ਦੁਆਰਾ ਰਚਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਹੀ ਉਸ ਦਾ ਵਿਸ਼ੇਸ਼ ਵਿਚਾਰਧਾਰਕ ਆਧਾਰ ਬਣਿਆ । ਸਿੱਖ ਮਿਸ਼ਨਰੀ ਸੰਸਥਾਵਾਂ ਯਤਨਸ਼ੀਲ ਹਨ ਕਿ ਜਗਤ-ਗੁਰ ਬਾਬੇ ਨਾਨਕ ਜੀ ਦਾ ‘ਨਿਰਮਲ ਪੰਥ’ ਅਥਰਵਣੀ ਮੈਲ ਦੇ ਭਾਰ ਤੋਂ ਬਿਲਕੁਲ ਮੁਕਤ ਹੋਵੇ । ਇਹੀ ਕਾਰਨ ਸੀ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਸਦਕਾ ‘ਕੇਂਦਰੀ ਸਿੰਘ ਸਭਾ’ ਅੰਮ੍ਰਿਤਸਰ ਨੇ ਸੰਨ 1979 ਵਿਖੇ ‘ਸਮੁੰਦਰੀ ਤੇਜਾ ਸਿੰਘ ਹਾਲ’ ਸ੍ਰੀ ਅੰਮ੍ਰਿਤਸਰ ਤੋਂ ‘ਪਾਠ-ਬੋਧ ਸਮਾਗਮਾਂ ਦੀ ਲੜੀ ਅਤੇ ‘ਸਿੰਘ ਸਭਾ ਪਤ੍ਰਿਕਾ’ ਸ਼ੁਰੂ ਕਰਕੇ ‘ਗੁਰਬਾਣੀ ਉਚਾਰਨ ਜੁਗਤ’ ਨੂੰ ਸਦੀਵੀ ਤੌਰ ’ਤੇ ਸੰਭਾਲਣ ਦਾ ਉਪਕਾਰੀ ਉਪਰਾਲਾ ਕੀਤਾ ਤਾਂ ‘ਸਿੱਖ ਮਿਸ਼ਨਰੀ ਲਹਿਰ’ ਵੱਲੋਂ ਦੇਸ਼ ਭਰ ਵਿੱਚ ਉਸ ਲੜੀ ਨੂੰ ਜਾਰੀ ਰੱਖਣ ਪੱਖੋਂ ਸੱਭ ਤੋਂ ਵੱਡਾ ਯੋਗਦਾਨ ਪਾਇਆ ਗਿਆ। ‘ਗੁਰਬਾਣੀ ਦਾ ਸ਼ੁੱਧ ਉਚਾਰਨ’ ਅਤੇ ‘ਗੁਰਬਾਣੀ ਵਿਆਕਰਣ ਦੇ ਸਰਲ ਨੇਮ’ ਨਾਂਵਾਂ ਦੇ ਦੋ ਕਿਤਾਬਚੇ ਵੀ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਛਾਪ ਕੇ ਵੰਡੇ ਗਏ । ‘ਮਿਸ਼ਨਰੀ ਸੇਧਾਂ’ ਨਾਂ ਦੀ ਮਾਸਿਕ ਪੱਤ੍ਰਕਾ ਦੇ ਐਡੀਟਰ ਗਿ. ਅਵਤਾਰ ਸਿੰਘ ਦੁਆਰਾ ਚਲਾਈ ਜਾ ਰਹੀ  ‘ਗੁਰਪ੍ਰਸਾਦਿ’ ਨਾਂ ਦੀ ਵੈਬਸਾਈਟ ਨੂੰ ਉਪਰੋਕਤ ਸੰਦਰਭ ਤੋਂ ਵਿਚਾਰਣਾ ਵੀ ਉਚਿਤ ਹੀ ਹੋਵੇਗਾ ।

‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ ਮੈਲਬਰਨ’ (ਅਸਟ੍ਰੇਲੀਆ) ਨੇ ਆਪਣੇ ‘ਗੁਰਬਾਣੀ ਦਰਪਣ’ ਪ੍ਰੋਜੈਕਟ ਅਧੀਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੁਆਰਾ ਪ੍ਰਗਟਾਈ ਗੁਰਮਤਿ ਵਿਚਾਰਧਾਰਾ ਨੂੰ ਹੋਰ ਨਿਖਾਰਣ ਅਤੇ ਸੰਥਿਆ ਦੇ ਉਪਰੋਕਤ 400 ਸਾਲਾ ਵਿਰਸੇ ਨੂੰ ਸੰਭਾਲਣ ਦੇ ਮਨੋਰਥ ਨੂੰ ਮੁਖ ਰੱਖ ਕੇ ਗੁਰਬਾਣੀ ਦੀ ਸੰਪੂਰਣ ਵਿਆਕਰਣਿਕ ਸੰਥਿਆ ਪਾਠ ਦੀ ਵੀਡੀਓ ਤਿਆਰ ਕਰਨ ਦੀ ਸੇਵਾ ਦਾਸਰੇ (ਜਾਚਕ) ਨੂੰ ਬਖ਼ਸ਼ੀ । ਸਮੁੱਚੇ ਸਿੱਖ ਜਗਤ ਲਈ ਉਹ ਅਤਿਅੰਤ ਹੀ ਖ਼ੁਸ਼ੀ ਦਾ ਮੁਕਾਮ ਸੀ, ਜਦੋਂ ਉਸ ਸੰਥਿਆ ਵੀਡੀਓ ਨੂੰ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ‘ਗੁਰੂ ਨਾਨਕ ਭਵਨ’ ਲੁਧਿਆਣਾ ਵਿਖੇ 15 ਦਸੰਬਰ 2014 ਨੂੰ ਆਪ ਰੀਲੀਜ਼ ਕੀਤਾ । ਉਸ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਰਾਹੀਂ ਪੰਥਕ ਪ੍ਰਵਾਨਗੀ ਲੈਣ ਮੌਕੇ ਸ੍ਰੀ ਦਰਬਾਰ ਸਾਹਿਬ ਜੀ ਦੇ ਮਰਹੂਮ ਮੁਖ ਗ੍ਰੰਥੀ ਗਿਆਨੀ ਮੱਲ ਸਿੰਘ ਜੀ (ਜੋ ਪਿੱਛੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੀ ਨਿਯੁਕਤ ਹੋਏ) ਨੇ ਹੱਥੀਂ ਲਿਖੇ ਅਤੇ ਰੀਕਾਰਡ ਕਰਵਾਏ ਆਪਣੇ ਪੰਥਕ ਸੁਨੇਹੜੇ ਵਿੱਚ ਇਉਂ ਵਿਚਾਰ ਪ੍ਰਗਟ ਕੀਤੇ ‘‘ਸਾਡੀ ਹਾਰਦਿਕ ਇੱਛਾ ਹੈ ਕਿ ‘ਗੁਰਬਾਣੀ ਦਰਪਣ’ ਪ੍ਰੋਜੈਕਟ ਦੀ ਸਾਰੀ ਘਾਲਣਾ ਕਿਤਾਬੀ ਰੂਪ ਵਿੱਚ ਵੀ ਸਿੱਖ ਸੰਗਤਾਂ ਦੇ ਹੱਥੀਂ ਜਾਏ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਸ਼ਬਦਾਰਥ ਵਾਂਗ ਮੂਲ ਪਾਠ ਨੂੰ ਕਾਇਮ ਰੱਖ ਕੇ ਸਰਲ ਭਾਸ਼ਾ ਵਿੱਚ ਸ਼ਬਦਾਰਥ ਤੇ ਸ਼ੁਧ ਉਚਾਰਨ ਲਿਖ ਦਿੱਤੇ ਜਾਣ ਤਾਂ ਜੋ ਸ਼ਰਧਾਲੂਆਂ ਨੂੰ ਗੁਰਬਾਣੀ ਦਾ ਪਾਠ ਕਰਨਾ ਤੇ ਸਮਝਣਾ ਹੋਰ ਸੁਖਾਲਾ ਹੋ ਜਾਵੇ । ਦਾਸ ਸਮੂਹ ਗ੍ਰੰਥੀ ਸਾਹਿਬਾਨ, ਕੀਰਤਨੀਏ ਵੀਰਾਂ ਤੇ ਗੁਰਸਿੱਖ ਸੰਗਤਾਂ ਨੂੰ ਅਪੀਲ ਕਰਦਾ ਹੈ ਕਿ ਉਹ ਗੁਰਬਾਣੀ ਦੇ ਸ਼ੁਧ ਉਚਾਰਨ ਦੀ ਇਸ ਸੰਥਿਆ ਵੀਡੀਓ ਨੂੰ ਘਰ-ਘਰ ਪਹੁੰਚਾਣ ਲਈ ਸਹਾਇਕ ਹੋਣ ਤੇ ਆਪ ਵੀ ਲਾਭ ਉਠਾਓਣ ।’’

‘ਸ੍ਰੀ ਗੁਰੂ ਗ੍ਰੰਥ ਸਾਹਿਬ ਇੰਸਟੀਚਿਊਟ, ਮੈਲਬਰਨ’ ਤਾਂ ਆਪਣੇ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਉਪਰੋਕਤ ਪੱਖੋਂ ਭਾਵੇਂ ਅੱਗੇ ਨਹੀਂ ਵਧ ਸਕਿਆ, ਪ੍ਰੰਤੂ ਉਸ ਵੇਲੇ ਰੱਬੀ ਸ਼ੁਕਰਾਨੇ ਵਿੱਚ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਅਕਾਦਮਿਕ ਖੇਤਰ ਦੇ ਇੱਕ ਸਥਾਪਤ ਵਿਦਵਾਨ ਡਾ. ਓਅੰਕਾਰ ਸਿੰਘ ਜੀ ‘ਫੀਨਿਕਸ’ (ਅਮਰੀਕਾ) ਵਾਲਿਆਂ ਦੀਆਂ ਰਚਿਤ ‘ਗੁਰਬਾਣੀ ਉਚਾਰਨ ਜੁਗਤ’ ਦੀਆਂ ਸੰਥਾ ਸੈਂਚੀਆਂ ਦੇ ਨਮੂੰਨੇ ਵਜੋਂ ‘ਜਪੁ-ਜੀ’ ਸਾਹਿਬ ਦੇ ਦਰਸ਼ਨ ਕੀਤੇ । ਕਾਰਨ ਸੀ ਕਿ ਉਹ ਸਤਿਕਾਰਯੋਗ ਗਿਆਨੀ ਮੱਲ ਸਿੰਘ ਜੀ ਦੁਆਰਾ ਪ੍ਰਗਟਾਈ ਇੱਛਾ ਦੀ ਹੀ ਲਗਭਗ ਪੂਰਤੀ ਹੈ। ਮੈਨੂੰ ਇਉਂ ਜਾਪਦਾ ਹੈ ਕਿ ਇੰਸਟੀਚਿਊਟ ਮੈਲਬਰਨ ਦੀ ਸੰਥਾ ਵੀਡੀਓ ਵਾਂਗ ਇਹ ਸੰਥਾ ਸੈਂਚੀਆਂ ਵੀ ‘ਗੁਰਬਾਣੀ ਉਚਾਰਨ ਜੁਗਤ’ ਦੀ ਵਿਰਾਸਤੀ ਸੰਭਾਲ ਦਾ ਹੀ ਇੱਕ ਸਾਰਥਕ ਤੇ ਅਗਾਂਹ-ਵਧੂ ਯਤਨ ਮੰਨਿਆ ਜਾਵੇਗਾ । ਗੁਰੂ ਬਖ਼ਸ਼ੀ ਅਜਿਹੀ ਸਫਲਤਾ ਤੇ ਵਡਿਆਈ ਲਈ, ਜਿੱਥੇ ਡਾ. ਸਾਹਿਬ ਆਪ ਹਾਰਦਿਕ ਵਧਾਈ ਦੇ ਪਾਤਰ ਹਨ । ਉੱਥੇ, ਉਨ੍ਹਾਂ ਦੇ ਛੋਟੇ ਭਾਈ ਤੇ ਤਖ਼ਤ ਸਾਹਿਬਾਨ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਹੁਰਾਂ ਦੇ ਵੀ ਧੰਨਵਾਦੀ ਹੋਣਾ ਬਣਦਾ ਹੈ, ਜਿਨ੍ਹਾਂ ਦੀ ਪ੍ਰੇਰਨਾ ਤੇ ਪਿਆਰ ਭਰੀ ਅਗਵਾਈ ਵਿੱਚ ਗੁਰਬਾਣੀ ਦੇ ਪੰਜਾਬੋਂ ਬਾਹਰਲੇ ਤੇ ਵਿਦੇਸ਼ੀ ਵਿਦਿਆਰਥੀਆਂ ਲਈ ਸਰਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਰੋਮਨ ਅੱਖਰਾਂ ਵਿੱਚ ਲਿਪੀ ਅੰਤਰ ਵਿਧੀ ਨਾਲ ਇਹ ਵਿਸ਼ੇਸ਼ ਤੇ ਮਹਾਨ ਕਾਰਜ ਸਿਰੇ ਚਾੜ੍ਹਿਆ ਗਿਆ ਹੈ । ਅਮਰੀਕਾ ਨਿਵਾਸੀ ਡਾ. ਚਮਕੌਰ ਸਿੰਘ ਦੁਆਰਾ ਗੁਰਬਾਣੀ ਦੇ ਵਿਆਕਰਣਿਕ ਟੀਕੇ ਤੇ ਪ੍ਰੋ. ਕਸਮੀਰਾ ਸਿੰਘ ਜੀ ਦੇ ਗੁਰਬਾਣੀ ਉਚਾਰਨ ਪੱਖੋਂ ਲਿਖਤੀ ਯਤਨ ਵੀ ਉਪਰੋਕਤ ਪੱਖੋਂ ਸ਼ਲਾਘਾਯੋਗ ਹਨ ।

ਸਿੱਖ ਜਗਤ ਦੇ ਸੰਪਰਦਾਈ ਵਿਦਵਾਨ ਤਾਂ ਆਪਣੇ ਵਿਦਿਅਕ ਸੰਸਕਾਰਾਂ ਕਾਰਨ ਗੁਰਬਾਣੀ ਦੀ ਦਾਰਸ਼ਨਿਕ ਦਿਸ਼੍ਰਟੀ ਪੱਖੋਂ ਉਪਰੋਕਤ ਭਾਰ ਉਤਾਰਨ ਵਿੱਚ ਭਾਵੇਂ ਵਧੇਰੇ ਸਫਲ ਨਾ ਹੋ ਸਕੇ, ਪ੍ਰੰਤੂ ਉਚਾਰਣਿਕ ਪੱਖੋਂ ਉਨ੍ਹਾਂ ਨੇ ਬਹੁਤ ਸਫਲਤਾ ਹਾਸਲ ਕੀਤੀ, ਪਰ ਦੁੱਖ ਦੀ ਗੱਲ ਹੈ ਕਿ ਅਕਾਦਮਿਕ ਖੇਤਰ ਦੇ ਕੁਝ ਮੌਜੂਦਾ ਵਿਦਵਾਨ ਤੇ ਨੌਜਵਾਨ ਸਿੱਖ ਆਗੂ ਯੂਨੀਵਰਸਿਟੀਆਂ ਦੀਆਂ ਉੱਚ-ਪਦਵੀਆਂ ਤੇ ਵਿਦਿਅਕ ਡਿਗਰੀਆਂ ਦੀ ਲਾਲਸਾ ਕਾਰਨ ਗੁਰਬਾਣੀ ਉਚਾਰਨ ਪੱਖੋਂ ਸ਼ਰਧਾਲੂ ਪਾਠਕਾਂ ਨੂੰ ਮੁੜ ਉਪਰੋਕਤ ਭਾਰ ਹੇਠ ਦੱਬਣ ਲਈ ਗੁੰਮਰਾਹ ਕਰਨ ਦੇ ਅਸਫਲ ਯਤਨ ਕਰ ਰਹੇ ਹਨ । ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਦੇ ਪ੍ਰੋ. ਹਰਿਭਜਨ ਸਿੰਘ ਲੰਡਨ ਵਾਲਿਆਂ ਨੇ 8 ਅਕਤੂਬਰ ਸੰਨ 2021 ਨੂੰ ਮੈਨੂੰ ਆਪਣਾ ਵਿਦਿਆਰਥੀ ਸਮਝ ਕੇ ਇਤਿਹਾਸਕ ਜਾਣਕਾਰੀ ਸਾਂਝੀ ਕੀਤੀ ਕਿ ‘‘ਜੇ ਸੰਨ 1965 ਵਿੱਚ ਮਰਹੂਮ ਪ੍ਰਿੰਸੀਪਲ ਡਾ. ਤਾਰਨ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਰਹੇ ਮਰਹੂਮ ਪ੍ਰਿੰਸੀਪਲ ਹਰਿਭਜਨ ਸਿੰਘ ਜੀ (ਭਾਈ ਸਾਹਿਬ) ਮਿਲਵਾਂ ਤੇ ਜ਼ੋਰਦਾਰ ਵਿਰੋਧ ਨਾ ਕਰਦੇ ਤਾਂ ਸਰਕਾਰੀ ਸਾਜਿਸ਼ ਤੇ ਦਬਾਅ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਇਸ ਪਹਿਲੇ ਸਿੱਖ ਮਿਸ਼ਨਰੀ ਕਾਲਜ ਨੂੰ ਕਿਸੇ ਯੂਨੀਵਰਸਿਟੀ ਨਾਲ ਜੋੜ ਕੇ ਵਿਚਾਰਧਾਰਕ ਭਗਵਾਕਰਣ ਕਰਵਾ ਲੈਣਾ ਸੀ । ਸ਼ੁਕਰ ਹੈ ਕਿ ਉਸ ਮੌਕੇ ਅਜਿਹੀ ਕੋਈ ਬਿਪਰਵਾਦੀ ਕੁਟਿਲ ਚਾਲ ਨਹੀਂ ਚੱਲੀ, ਨਹੀਂ ਤਾਂ ਉਥੋਂ ਜਨਮ ਲੈਣ ਵਾਲੀ ਮੌਜੂਦਾ ‘ਸਿੱਖ ਮਿਸ਼ਨਰੀ ਲਹਿਰ’ ਵੀ ਹੋਰ ਸਿੱਖ ਸੰਪਰਦਾਵਾਂ ਵਾਂਗ ਵਿਚਾਰਧਾਰਾ ਪੱਖੋਂ ਪੌਰਾਣਿਕ ਰੰਗ ਵਿੱਚ ਰੰਗੀ ਜਾਂਦੀ । ਇਸ ਲਈ ਹੁਣ ਤਾਂ ਖ਼ਾਲਸਾ ਪੰਥ ਨੂੰ ਹੋਰ ਵੀ ਸੁਚੇਤ ਤੇ ਇਕਮੁੱਠ ਹੋਣ ਦੀ ਲੋੜ ਹੈ; ਕਿਉਂਕਿ ਅਜੋਕੇ ਦੌਰ ਦੀ ਕੋਈ ਵੀ ਰਾਜਨੀਤਕ ਪਾਰਟੀ ਕਿਸੇ ਵੀ ਸੂਬੇ ਵਿੱਚ ਸੱਤਾਧਾਰੀ ਤਾਂ ਹੀ ਬਣੀ ਰਹਿ ਸਕਦੀ ਹੈ, ਜੇ ਉਹ ਕੇਂਦਰ ਦੀ ਡੁਗਡੁਗੀ ’ਤੇ ਬਾਂਦਰੀ ਨਾਚ ਨੱਚੇ ।’’

ਕਾਰਨ ਹੈ ਕਿ ਸੰਨ 1947 ਤੋਂ ਪਿੱਛੋਂ  ਦੇਸ਼ ਦੀ ਹਕੂਮਤ ਉਨ੍ਹਾਂ ਦੇ ਹੱਥਾਂ ਵਿੱਚ ਹੈ, ਜਿਹੜੇ ਮਰਨ ਕਿਨਾਰੇ ਪਹੁੰਚੀ ਸੰਸਕ੍ਰਿਤ ਨੂੰ ‘ਦੇਵ-ਭਾਸ਼ਾ’ ਵਜੋਂ ਮੁੜ ਸੁਰਜੀਤ ਕਰਕੇ ਉਸ ਦੀ ਧੀ ‘ਹਿੰਦੀ’ ਨੂੰ ਦੇਸ਼-ਭਾਸ਼ਾ ਵਜੋਂ ਸਥਾਪਤ ਕਰਨ ਲਈ ਯਤਨਸ਼ੀਲ ਹਨ । ਇਸ ਲਈ ‘‘ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ (ਮਹਲਾ /੨੭) ਗੁਰਵਾਕ ਮੁਤਾਬਕ ਹੁਣ ਤਾਂ ‘ਅਥਰਵਣੀ ਵਿਚਾਰਧਾਰਾ’ ਦੇ ਪ੍ਰਚਾਰਕਾਂ ਵੱਲੋਂ ਅਜਿਹੇ ਜ਼ੋਰਦਾਰ ਹੰਭਲੇ ਮਾਰਨੇ ਸੁਭਾਵਕ ਹਨ, ਜਦੋਂ ਉਹ ਬਹੁ-ਮਤ ਨਾਲ ਕੇਂਦਰੀ ਹਕੂਮਤ ’ਤੇ ਕਾਬਜ਼ ਹਨ । ਇਹ ਲੋਕ ਤਾਂ ਉਸ ਵੇਲੇ ਬਾਜ਼ ਨਹੀਂ ਆਏ, ਜਦੋਂ ਇਸ ਦੇਸ਼ ਵਿੱਚ ਅੰਗਰੇਜ਼ੀ ਹਕੂਮਤ ਸੀ । ਪ੍ਰਸਿੱਧ ਸਿੱਖ ਵਿਦਵਾਨ ਪੰਡਿਤ ਕਰਤਾਰ ਸਿੰਘ ‘ਦਾਖਾ’ ਨੇ ‘ਸ੍ਰੀ ਗੁਰੂ ਵਿਆਕਰਣ ਪੰਚਾਇਣ’ ਦੀ ਉਥਾਨਕਾ ਵਿੱਚ ਵਰਣਨ ਕੀਤਾ ਹੈ ਕਿ ‘‘1931 ਦੇ ਅਪ੍ਰੈਲ ਮਹੀਨੇ ਵਿੱਚ ਸ੍ਰ: ਇਕਬਾਲ ਸਿੰਘ ਜੀ  ਬੀ.ਏ.ਬੀ.ਟੀ  ਦੀ ਪ੍ਰੇਰਨਾ ਤੇ ‘ਸੰਤ ਸਮਾਚਾਰ’ ਦੇ ਕੁਲੇਖ ਦੇ ਉੱਤਰ ਵਿੱੱਚ ‘ਹਿੰਦੀ ਤੇ ਗੁਰਮੁਖੀ ਲਿੱਪੀ ਤੇ ਵਿਚਾਰ’ ਨਾਮੇ ਟ੍ਰੈਕਟ ਲਿਖਿਆ । ਜਿਸ ਵਿੱਚ ਹਿੰਦੀ-ਸੰਸਕ੍ਰਿਤ ਅੱਖਰਾਂ ਦੀ ਅਯੋਗਤਾ ਅਤੇ ਗੁਰਮੁਖੀ ਅੱਖਰਾਂ ਦੀ ਵਿਆਪਕਤਾ ਸਿੱਧ ਕੀਤੀ ਸੀ ।’’ ਗੁਰਬਾਣੀ ਪ੍ਰੇਮੀਆਂ ਤੇ ਪੰਥ-ਦਰਦੀ ਸੱਜਣਾਂ ਨੂੰ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ ਕਿ ‘ਦਾਖਾ’ ਜੀ ਨੂੰ ਐਸਾ ਉਪਰਾਲਾ ਕਿਉਂ ਕਰਨਾ ਪਿਆ ਅਤੇ ਉਨ੍ਹਾਂ ‘ਸੰਤ ਸਮਾਚਾਰ’ ਦੇ ਲੇਖ ਨੂੰ ਕੁਲੇਖ (ਮੰਦ-ਨੀਤੀ ਨਾਲ ਲਿਖਿਆ ਭੈੜਾ ਲੇਖ) ਕਿਉਂ ਆਖਿਆ ?

ਪੰਥ ਦਾ ਪ੍ਰਚਾਰਕ ਸੇਵਾਦਾਰ ਹੋਣ ਦੇ ਨਾਂ ’ਤੇ ਲੇਖ ਦੇ ਅੰਤ ਵਿੱਚ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਹਾਂ ਕਿ ਉਹ ਅਜਿਹੀਆਂ ਮੰਨੂਵਾਦੀ ਕੁਟਿਲ ਚਾਲਾਂ ਤੋਂ ਸੁਚੇਤ ਰਹੇ ਅਤੇ ਗੁੰਮਰਾਹ ਹੋ ਕੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ਸੰਨ 1927 ਤੋਂ ਸੰਭਾਲੀ ਜਾ ਰਹੀ 400 ਸਾਲਾ ‘ਗੁਰਬਾਣੀ ਉਚਾਰਨ ਜੁਗਤ’ ਨੂੰ ਪ੍ਰਚਾਰਨ ਦੇ ਗੁਰਮੁਖੀ ਮਾਰਗ ਤੋਂ ਨਾ ਥਿੜਕੇ; ਜਿਵੇਂ ਕਿ ਕਮੇਟੀ ਦੇ ਕੁਝ ਵੱਡੇ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਅਕਤੂਬਰ 2021 ਵਿੱਚ ਧਰਮ ਪ੍ਰਚਾਰ ਕਮੇਟੀ, ਸ੍ਰੀ ਅਮ੍ਰਿਤਸਰ ਦੁਆਰਾ ‘ਗੁਰਬਾਣੀ ਸੰਥਿਆ ਉਚਾਰਨ ਦੇ ਵਿਸੇਸ਼ ਹਵਾਲੇ ਨਾਲ’ ਕਿਤਾਬਚਾ ਛਾਪ ਦਿੱਤਾ ਗਿਆ ਹੈ, ਜਿਸ ਪ੍ਰਤੀ ਸਿੱਖ ਮਿਸ਼ਨਰੀ ਸੰਸਥਾਵਾਂ ਦੇ ਸਾਹਮਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਅਗਿਆਨਤਾ ਪ੍ਰਗਟ ਕੀਤੀ। ਹਕੀਕਤ ਹੈ ਕਿ ਸਿੱਖ ਸਮਾਜ ਦੀ ਦ੍ਰਿਸ਼ਟੀ ਵਿੱਚ ਇਸ ਕਿਤਾਬਚੇ ਨੇ ਕਮੇਟੀ ਦੀ ਕਾਰਗੁਜ਼ਾਰੀ ਨੂੰ ਸ਼ੱਕੀ ਤੇ ਦੁਬਿਧਾ-ਜਨਕ ਬਣਾ ਦਿੱਤਾ ਹੈ। ਇਸ ਲਈ ਚੰਗਾ ਹੋਵੇ ਜੇ ਸ਼੍ਰੋਮਣੀ ਕਮੇਟੀ ਅਜਿਹੇ ਕਿਤਾਬਚਿਆਂ ਨੂੰ ਮੁੜ ਛਾਪਣ ਵੱਲ ਨਾ ਵਧੇ ਸਗੋਂ ਉਹ ਆਪਣੇ ਮੁੱਢਲੇ ਕਾਲ ਤੋਂ ਗੁਰਬਾਣੀ ਉਚਾਰਨ ਪੱਖੋਂ ਪ੍ਰਿਸੀਪਲ ਤੇਜਾ ਸਿੰਘ ਜੀ ਦੁਆਰਾ ਪ੍ਰੋ. ਸਾਹਿਬ ਸਿੰਘ ਜੀ ਦੀ ਸਾਲਾਹ ਨਾਲ ਰਚਿਤ ਕਿਤਾਬਚਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ‘ਸ਼ਬਦਾਂਤਿਕ ਲਗਾਂ ਮਾਤ੍ਰਾਂ ਦੇ ਗੁੱਝੇ ਭੇਦ’ ਅਤੇ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’ (4 ਭਾਗ) ਨੂੰ ਨਿਰੰਤਰਤਾ ਸਹਿਤ ਛਾਪਦੀ ਆ ਰਹੀ ਸੀ, ਜਿਹੜੇ ਨਵੀਨ ਕਿਤਾਬਚੇ ਦੀ ਸੰਥਿਆ ਸ਼ੈਲੀ ਨਾਲ ਮੁੱਢੋਂ ਹੀ ਮੇਲ ਨਹੀਂ ਖਾਂਦੇ ਹਨ।

ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਅਹੁਦੇਦਾਰਾਂ ਨੂੰ ਇਹ ਵੀ ਖ਼ਿਆਲ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਸੰਥਿਆ ਦੇ ਹਿੰਦੀ-ਨੁਮਾ ਉਚਾਰਨ ਵਾਲੀ ਜਿਹੜੀ ਵਿਧੀ ‘ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਇੰਸਟੀਚਿਊਟ ਪਟਿਆਲੇ ਦੀ ਅਕਤੂਬਰ 2021 ਵਿਖੇ ਹੋਈ ‘ਪੰਜ-ਰੋਜ਼ਾ ਕਾਰਜਸ਼ਾਲਾ’ ਦੇ ਸਿਖਿਆਰਥੀਆਂ ਅਤੇ ਉਪਰੋਕਤ ਕਿਸਮ ਦੇ ਨਵੀਨ ਕਿਤਾਬਚੇ ਰਾਹੀਂ ਪ੍ਰਚਾਰੀ ਜਾ ਰਹੀ ਹੈ, ਇਸ ਦੇ ਮੋਢੀ ਡਾ. ਹਰਕੀਰਤ ਸਿੰਘ ਨੂੰ ਉਚਾਰਣਿਕ ਪੱਖੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਰਣਜੀਤ ਸਿੰਘ ਅੱਗੇ ਫ਼ਰਵਰੀ 1998 ’ਚ ਲਿਖਤੀ ਮਾਫ਼ੀ ਮੰਗਣੀ ਪਈ ਸੀ । ਤਖ਼ਤ ਸ੍ਰੀ ਕੇਸਗੜ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿ. ਕੇਵਲ ਸਿੰਘ ਵੀ ਉਸ ਹਕੀਕਤ ਦੇ ਜਿਊਂਦੇ ਜਾਗਦੇ ਗਵਾਹ ਹਨ । ਕਾਰਨ ਹੈ ਕਿ ਗੁਰਬਾਣੀ ਉਚਾਰਨ ਦੀ ਹਿੰਦੀ-ਨੁਮਾ ਨਵੀਨ ਸੰਥਿਆ-ਵਿਧੀ, ਗੁਰੂ ਕਾਲ ਸਮੇਤ 200 ਸਾਲਾ ਸੰਪਰਦਾਈ ਤੇ ਸਿੱਖ ਮਿਸ਼ਨਰੀ ਲਹਿਰ ਦੀ ‘ਵਿਆਕਰਣਿਕ ਸੰਥਿਆ ਪ੍ਰਣਾਲੀ’ ਦੀ ਵਿਰਾਸਤ ਨੂੰ ਰੱਦ ਕਰਦਿਆਂ ਮੂਲੋਂ ਹੀ ਪੁੱਠਾ-ਗੇੜਾ ਦੇਣ ਤੁੱਲ ਹੈ । ਸਿੱਖ ਜਗਤ ਲਈ ਐਸਾ ਕਥਨ ਵੀ ਗੁੰਮਰਾਹਕੁੰਨ ਹੈ ਕਿ ਇਸ ਜੁਗਤ ਰਾਹੀਂ ਸਾਰੇ ਸਿੱਖ ਜਗਤ ਵਿੱਚ ਗੁਰਬਾਣੀ ਉਚਾਰਨ ਪੱਖੋਂ ਇਕਸਾਰਤਾ ਸਥਾਪਤ ਹੋ ਜਾਏਗੀ ਕਿਉਂਕਿ ਇਲਾਕਈ ਪ੍ਰਭਾਵ ਅਧੀਨ ਕਿਸੇ ਵੀ ਇੱਕ ਦੇਸ਼ ਦੇ ਵਾਸੀਆਂ ਦੇ ਭਾਸ਼ਾਈ ਉਚਾਰਨ ਵਿੱਚ ਇਕਸਾਰਤਾ ਨਹੀਂ ਹੈ। ਸਾਹਿਤਕ ਦੁਨੀਆਂ ਵਿੱਚ ਪ੍ਰਚਲਿਤ ਲੋਕੋਕਤੀ ਹੈ ਕਿ ਹਰੇਕ 12 ਕੋਹ ਪਿਛੋਂ ਭਾਸ਼ਾ ਬਦਲ ਜਾਂਦੀ ਹੈ । ਸੱਚ ਤਾਂ ਇਹ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਸਮੇਤ ਕਿਸੇ ਵੀ ਧਰਮ ਗ੍ਰੰਥ ਦੀ ਛਪਾਈ ਪੱਖੋਂ ਇਕਸਾਰਤਾ ਤਾਂ ਸਥਾਪਤ ਹੋ ਸਕਦੀ ਹੈ, ਪ੍ਰੰਤੂ ਉਚਾਰਣਿਕ ਇਕਸਾਰਤਾ ਤਾਂ ਮੁੱਢੋਂ ਹੀ ਅਸੰਭਵ ਹੈ ।

ਗੁਰਬਾਣੀ ਦੇ ਉਚਾਰਨ ਪੱਖੋਂ ਇਹ ਮਸਲਾ ਹੋਰ ਵੀ ਗੁੰਝਲ਼ਦਾਰ ਬਣ ਜਾਂਦਾ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਹਿੰਦੁਸਤਾਨ ਦੀਆਂ ਕਈ ਮੁੱਖ ਤੇ ਉਪ-ਭਾਸ਼ਾਵਾਂ ਦੀ ਤਤਸਮ ਸ਼ਬਦਾਵਲੀ ਵੀ ਸ਼ਾਮਲ ਹੈ, ਜਿਨ੍ਹਾਂ ਨੇ ਆਪਣੇ ਮੂਲ-ਰੂਪ ਨੂੰ ਹੂ-ਬਹੂ ਕਾਇਮ ਰੱਖਿਆ ਹੋਇਆ ਹੈ । ਪੰਜਾਬ ਦੇ ਮਝੈਲ; ‘ਛ’ ਨੂੰ ‘ਸ਼’ ਬੋਲਦੇ ਹਨ। ਗੁਜਰਾਤੀ; ‘ਸ਼’ ਨੂੰ ‘ਸ’ ਬੋਲਣ ਲਈ ਮਜਬੂਰ ਹਨ। ਜੰਮੂ ਕਸ਼ਮੀਰ ਦੇ ਵਾਸੀ; ‘ਕਨੌੜੇ’ ਨੂੰ ‘ਹੋੜੇ’ ਦੀ ਧੁਨੀ ਵਜੋਂ ਉਚਾਰਨ ਲਈ ਅਸਮਰਥ ਹਨ । ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਮੁਖੀ ਅਤੇ ਪੰਥ ਪ੍ਰਸਿੱਧ ਵਿਦਵਾਨ ਡਾ. ਬਲਕਾਰ ਸਿੰਘ ਜੀ ਨੇ ਗੁਰਬਾਣੀ ਉਚਾਰਨ ਦੀ ਹਿੰਦੀ-ਨੁਮਾ ਜੁਗਤ ਸੰਬੰਧੀ ਪੰਜਾਬ ਦੇ ਇੱਕ ਟੀ.ਵੀ. ਚੈਨਲ ’ਤੇ ਚਰਚਾ ਕਰਦਿਆਂ ਸਪਸ਼ਟ ਕਿਹਾ ਕਿ ਕਿਸੇ ਦੀ ਉਚਾਰਣਿਕ ਮਜਬੂਰੀ ਨੂੰ ਗੁਸਤਾਖ਼ੀ ਸਮਝਣ ਦੀ ਵਧੀਕੀ ਨਹੀਂ ਹੋਣੀ ਚਾਹੀਦੀ । ਮੈਂ ਅਮਰੀਕਨ ਸਿੱਖਾਂ ਨੂੰ ਪੰਜਾਬੀ ਪੜ੍ਹਾਉਂਦਿਆਂ ‘ਘ’ ਤੇ ‘ੜ’ ਨਹੀਂ ਬੁਲਵਾ ਸਕਿਆ, ਪਰ ਉਨ੍ਹਾਂ ਵਿੱਚੋਂ ਬਹੁਤੇ ਸਰਲਤਾ ਸਹਿਤ ਸਿੱਧੇ ਪਾਠ ਅਤੇ ਕੀਰਤਨ ਕਰਨ ਦੁਆਰਾ ਗੁਰਬਾਣੀ ਨਾਲ ਜੁੜਦੇ ਰਹੇ ਅਤੇ ਜੁੜ ਰਹੇ ਹਨ। ਜਿਹੜੇ ਵਿਦਵਾਨ ਹਰੇਕ ਲਫ਼ਜ਼ ਦੀ ਅਖੀਰਲੀ ਸਿਹਾਰੀ ਤੇ ਔਂਕੜ ਨੂੰ ਬੋਲਣ ਦੀ ਜ਼ਿੱਦ ਕਰਦੇ ਹਨ, ਉਨ੍ਹਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਪਾਠੀ ਅਤੇ ਕੀਰਤਨੀਏ ਉਨ੍ਹਾਂ ਦੇ ਸੁਝਾਵਾਂ ਨਾਲ ਕਿਵੇਂ ਨਿਭਣਗੇ ? ਇਸ ਮਜਬੂਰੀ ਨੂੰ ਗੁਸਤਾਖ਼ੀ ਵਾਂਗ ਲੈਣ ਵਾਲਿਆਂ ਦੇ ਪਹਿਰੇਦਾਰਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜੇ ਗੁਰਬਾਣੀ ਉਚਾਰਨ ਦੀ ਸਦੀਆਂ ਤੋਂ ਚੱਲਦੀ ਪ੍ਰੰਪਰਾਗਤ ਵਿਧੀ ਨਾਲ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ ਤਾਂ ਇਸ ਨੂੰ ਪੰਥਕ ਮਸਲਾ ਕਿਉਂ ਬਣਾਇਆ ਜਾ ਰਿਹਾ ਹੈ, ਜਿਹੜਾ ਪੰਥ ਅੰਦਰ ਸ਼ੀਆ ਸੁੰਨੀਆਂ ਵਾਙ ਟਕਰਾਅ ਨੂੰ ਜਨਮ ਦੇ ਸਕਦਾ ਹੈ।

ਇਸ ਲਈ ਦਾਸਰੇ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਚਾਰਣਿਕ ਇਕਸਾਰਤਾ ਦੀ ਥਾਂ ਪਹਿਲਾਂ ਛਾਪੇ ਦੀ ਇਕਸਾਰਤਾ ਵੱਲ ਵਿਸ਼ੇਸ਼ ਧਿਆਨ ਦੇਣ । ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੁਆਰਾ ਜਨਵਰੀ 1977 ਵਿੱਚ ਪ੍ਰਕਾਸ਼ਿਤ ‘ਪਾਠ-ਭੇਦਾਂ ਦੀ ਸੂਚੀ’ ਅਤੇ 26 ਮਾਰਚ 1996 ਨੂੰ ਸਥਾਪਤ ਕੀਤੀ 6 ਮੈਂਬਰੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਵਿੱਚ ਜੋ ਅੰਤ੍ਰਿਮ ਰਿਪੋਰਟ ਪੇਸ਼ ਕੀਤੀ ਸੀ, ਉਸ ਮੁਤਾਬਕ ਪ੍ਰਾਚੀਨ ਬੀੜਾਂ ਦੇ ਹਜ਼ਾਰਾਂ ਪਾਠ-ਭੇਦਾਂ ਦੇ ਵਖਰੇਵੇਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀਆਂ ਗੁਰਬਾਣੀ ਪ੍ਰਕਾਸ਼ਨਾਵਾਂ ਵਿੱਚ ਵੀ ਛਾਪੇ ਦੀ ਇਕਸਾਰਤਾ ਨਹੀਂ ਹੈ। ਸ਼੍ਰੋਮਣੀ ਕਮੇਟੀ ਲਈ ਵੀ ਲੋੜੀਂਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸੰਬੰਧੀ ਉਪਰੋਕਤ ਪੱਖਾਂ ਨੂੰ ਗੰਭੀਰਤਾ ਸਹਿਤ ਵਿਚਾਰੇ ਕਿਉਂਕਿ ਹੁਣ ਉਸ ਖੋਜੀ ਟੀਮ ’ਚੋਂ ਕੇਵਲ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਅਰਦਾਸੀਏ ਗਿਆਨੀ ਭਰਪੂਰ ਸਿੰਘ ਹੀ ਸਾਡੇ ਵਿੱਚ ਮੌਜੂਦ ਹਨ, ਬਾਕੀ ਸਾਰੇ ਚਲਾਣਾ ਕਰ ਚੁੱਕੇ ਹਨ। ਗੁਰਬਾਣੀ ਦੇ ਉਚਾਰਨ ਪੱਖੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੁਆਰਾ ‘ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ’, ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਅਤੇ ਸੰਪਰਦਾਈ ਪ੍ਰਨਾਲੀ ਦਾ ਸਾਰੰਸ਼ ਮੰਨੀ ਜਾਂਦੀ ਪੁਸਤਕ ‘ਗੁਰਬਾਣੀ ਪਾਠ ਦਰਸ਼ਨ’ ਦੀਆਂ ਉਚਾਰਣਿਕ ਸੇਧਾਂ ’ਤੇ ਆਧਾਰਿਤ 2 ਸਦੀਆਂ ਦੀ, ਜੋ ‘ਵਿਆਕਰਣਿਕ ਸੰਥਿਆ ਸ਼ੈਲੀ’ ਦੀ ਵਿਰਾਸਤ ਹੈ, ਉਸ ’ਤੇ ਦ੍ਰਿੜ੍ਹਤਾ ਸਹਿਤ ਪਹਿਰਾ ਦੇਵੇ । ਉਸ ਦੀ ਮੁੱਖ ਜ਼ਿੰਮੇਵਾਰੀ ਹੈ ਕਿ ਉਹ ਕਿਸੇ ਵੀ ਕਿਸਮ ਦੀ ਸਾਜਿਸ਼ ਦਾ ਸ਼ਿਕਾਰ ਹੋਣ ਤੋਂ ਬਚਦੀ ਹੋਈ ਸਮੁੱਚੇ ਸਿੱਖ ਭਾਈਚਾਰੇ ਨੂੰ ਲੁੱੱਟ ਦੇ ਖ਼ਤਰੇ ਵਾਲੇ ਦੁਬਿਧਾ-ਜਨਕ ਕੁਮਾਰਗ ਤੋਂ ਬਚਾ ਕੇ ਰੱਖੇ । ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਭਲੀਭਾਂਤ ਸੁਚੇਤ ਕੀਤਾ ਹੈ ‘‘ਦੁਬਿਧਾ ਛੋਡਿ ਕੁਵਾਟੜੀ; ਮੂਸਹੁਗੇ ਭਾਈ !॥  ਅਹਿਨਿਸਿ ਨਾਮੁ ਸਲਾਹੀਐ; ਸਤਿਗੁਰ ਸਰਣਾਈ ॥’’ (ਮਹਲਾ ੧/੪੧੯)

 ਵਿਸ਼ੇਸ਼ ਨੋਟ : ਵਿਦਵਾਨ ਸੱਜਣਾਂ ਦੇ ਵਿਸ਼ੇਸ਼ ਵਿਚਾਰਾਂ ਨੂੰ ਦੂਹਰੇ ਤੇ ਪੁੱਠੇ (‘‘’’) ਕੌਮਿਆਂ ਅੰਦਰ ਪ੍ਰਗਟਾਇਆ ਹੈ, ਪ੍ਰੰਤੂ ਉਨ੍ਹਾਂ ਦੇ ਬਿਖਮ ਲਫ਼ਜ਼ਾਂ ਦੀ ਸਪਸ਼ਟਤਾ ਹਿਤ ਗੋਲ ਬ੍ਰੈਕਟਾਂ () ਵਿੱਚ ਲਿਖੇ ਵਿਚਾਰ ਲੇਖਕ ਦੇ ਹਨ।

ਭੁੱਲ-ਚੁੱਕ ਲਈ ਮੁਆਫ਼ ਕਰਨੀ ਜੀ । ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹ ।

ਸ੍ਰੀ ਗੁਰੂ ਗ੍ਰੰਥ ਅਤੇ ਪੰਥ ਦਾ ਪ੍ਰਚਾਰਕ ਸੇਵਾਦਾਰ : ਜਗਤਾਰ ਸਿੰਘ ਜਾਚਕ (ਨਿਊਯਾਰਕ)

Most Viewed Posts