ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਇਕੱਠੇ ਇੱਕੋ ਹੀ ਦਿਨ ਅਤੇ ਕਦੀ ਕਈ ਦਿਨ ਪਿੱਛੋਂ ਕਿਉਂ ਆ ਜਾਂਦਾ ਹੈ ?

0
729

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਇਕੱਠੇ ਇੱਕੋ ਹੀ ਦਿਨ ਅਤੇ ਕਦੀ ਕਈ ਦਿਨ ਪਿੱਛੋਂ ਕਿਉਂ ਆ ਜਾਂਦਾ ਹੈ ?

ਕਿਰਪਾਲ ਸਿੰਘ ਬਠਿੰਡਾ 88378-13661

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਅਸਲ ਤਾਰੀਖ਼ ਪੋਹ ਸੁਦੀ ੭, ੨੩ ਪੋਹ ਬਿਕ੍ਰਮੀ ਸੰਮਤ ੧੭੨੩, ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੋਹ ਵਦੀ ੭/ਪੋਹ ੮ ਬਿਕ੍ਰਮੀ ਸੰਮਤ ੧੭੬੧/7 ਦਸੰਬਰ 1704 ਜੂਲੀਅਨ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਪੋਹ ਵਦੀ ੧੨ ਬਿਕ੍ਰਮੀ ਸੰਮਤ ੧੭੬੧/ ਪੋਹ ੧੩ ਬਿਕ੍ਰਮੀ ਸੰਮਤ ੧੭੬੧/12 ਦਸੰਬਰ 1704 ਜੂਲੀਅਨ ਸੀ। ਜੇ ਸਿੱਖ ਇਤਿਹਾਸ ਦੇ ਸਾਰੇ ਦਿਹਾੜੇ ਚੰਦ੍ਰਮਾ ਦੀਆਂ ਕਰਮਵਾਰ ਤਿੱਥਾਂ ਪੋਹ ਵਦੀ ੭, ਪੋਹ ਵਦੀ ੧੨ ਅਤੇ ਪੋਹ ਸੁਦੀ ੭ ਮੁਤਾਬਕ ਨਿਸ਼ਚਿਤ ਕੀਤੀਆਂ ਜਾਣ ਜਾਂ ਫਿਰ ਸਾਰੇ ਹੀ ਦਿਹਾੜੇ ਸੂਰਜੀ ਪ੍ਰਵਿਸ਼ਟਿਆਂ (ਸੂਰਜ ਰਾਸ਼ੀ ਪ੍ਰਵੇਸ਼ ਮੁਤਾਬਕ ਭਾਵ ਸੰਗਰਾਂਦਾਂ ਦੀਆਂ ਤਾਰੀਖ਼ਾਂ) ਮੁਤਾਬਕ ੮ ਪੋਹ, ੧੩ ਪੋਹ ਅਤੇ ੨੩ ਪੋਹ ਨੂੰ ਮਨਾਏ ਜਾਣ ਜਾਂ ਫਿਰ ਸਾਰੇ ਹੀ ਦਿਹਾੜੇ ਅੰਗਰੇਜ਼ੀ ਤਾਰੀਖ਼ਾਂ ਕਰਮਵਾਰ 7 ਦਸੰਬਰ, 12 ਦਸੰਬਰ ਅਤੇ 22 ਦਸੰਬਰ ਨੂੰ ਮਨਾਏ ਜਾਣ ਤਾਂ ਹਰ ਸਾਲ ਇੱਕ ਹੀ ਤਰਤੀਬ ਮੁਤਾਬਕ ਹਮੇਸ਼ਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ 5 ਦਿਨ ਬਾਅਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਇਸ ਤੋਂ 10 ਦਿਨ ਬਾਅਦ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆਇਆ ਕਰੇਗਾ, ਪਰ ਪਤਾ ਨਹੀਂ ਹਿੰਦੂ ਮੱਤ ਤੋਂ ਉਧਾਰੀ ਲਈ ਵਹਿਮ ਪ੍ਰਸ਼ਤੀ ਵਾਲੀ ਵਿਚਾਰਧਾਰਾ ਕਿ ਅਵਤਾਰੀ ਪੁਰਸ਼ਾਂ ਦੇ ਦਿਨ ਚੰਦ੍ਰਮਾਂ ਦੀਆਂ ਤਿੱਥਾਂ ਅਤੇ ਸਾਹਿਬਜ਼ਾਦਿਆਂ ਸਮੇਤ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੂਰਜੀ ਪ੍ਰਵਿਸ਼ਟਿਆ ਮੁਤਾਬਕ ਮਨਾਉਣ ’ਤੇ ਸਾਡਾ ਸੰਤ ਸਮਾਜ ਕਿਉਂ ਸਖ਼ਤੀ ਨਾਲ ਪਹਿਰ ਦੇ ਰਿਹਾ ਹੈ ? ਇਨ੍ਹਾਂ ਦੀ ਜ਼ਿੱਦ ਕਾਰਨ ਅਤੇ ਅਕਾਲੀ ਦਲ ਬਾਦਲ ਦੀਆਂ ਵੋਟਾਂ ਦੀ ਲਾਲਸਾ ਕਾਰਨ 2003 ਦੀ ਵੈਸਾਖੀ ਤੋਂ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਨੂੰ 2010 ’ਚ ਰੱਦ ਕਰਕੇ ਮੁੜ ਬਿਕ੍ਰਮੀ ਕੈਲੰਡਰ ਸਿੱਖਾਂ ਦੇ ਸਿਰ ਮੜ੍ਹ ਦਿੱਤਾ ਹਾਲਾਂ ਕਿ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਗੁਰਬਾਣੀ ਵਿੱਚ ਨਾ ਤਾਂ ਕਿਧਰੇ ਇਹ ਦਰਜ ਹੈ ਕਿ ਗੁਰੂ ਸਾਹਿਬਾਨਾਂ ਦੇ ਦਿਹਾੜੇ ਸੁਦੀਆਂ ਵਦੀਆਂ ਦੀਆਂ ਤਿੱਥਾਂ ਮੁਤਾਬਕ ਅਤੇ ਸਿੱਖ ਇਤਿਹਾਸ ਦੇ ਬਾਕੀ ਇਤਿਹਾਸਕ ਦਿਹਾੜੇ ਸੂਰਜੀ ਪ੍ਰਵਿਸ਼ਟਿਆਂ ਮੁਤਾਬਕ ਮਨਾਏ ਜਾਣ ਅਤੇ ਨਾਂ ਹੀ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਪ੍ਰਵੇਸ਼ ਕਰਨ ਸਮੇਂ ਸੰਗਰਾਂਦ ਹੋਣ ਸੰਬੰਧੀ ਲਿਖਿਆ ਹੈ। ਇੱਥੋਂ ਤੱਕ ਕਿ ਬਿਕ੍ਰਮੀ ਕੈਲੰਡਰ ’ਚ ਵਰਤੀਆਂ ਜਾਂਦੀਆਂ ਰਾਸ਼ੀਆਂ ਅਤੇ ਸੰਗਰਾਂਦਾਂ ਦਾ ਨਾਮ ਤੱਕ ਗੁਰਬਾਣੀ ’ਚ ਦਰਜ ਨਹੀਂ ਹੈ। ਗੁਰਬਾਣੀ ’ਚ ਜਿਵੇਂ ਪਟੀ ਅਤੇ ਬਾਵਨ ਅਖਰੀ ਸਿਰਲੇਖ ਹੇਠ ਲਿਖੀਆਂ ਬਾਣੀਆਂ ਰਾਹੀਂ ਗੁਰੂ ਸਾਹਿਬਾਨ ਜੀ ਨੇ ਸਾਨੂੰ ਅੱਖਰਾਂ ਰਾਹੀਂ ਅਕਾਲ ਪੁਰਖ ਸੰਬੰਧੀ ਗਿਆਨ ਕਰਵਾਇਆ ਹੈ ‘‘ਸਸੈ, ਸੋਇ ਸ੍ਰਿਸਟਿ ਜਿਨਿ ਸਾਜੀਸਭਨਾ ਸਾਹਿਬੁ ਏਕੁ ਭਇਆ ’’  (ਪਟੀ/ ਮਹਲਾ ੧/੪੩੨) ਭਾਵ ਜਿਸ ਨੇ ਇਹ ਜਗਤ-ਰਚਨਾ ਕੀਤੀ ਹੈ ਉਹੀ ਇੱਕੋ ਇੱਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ।  ਬਿਲਕੁਲ ਉਸੇ ਤਰ੍ਹਾਂ ਥਿਤੀ ਸਿਰਲੇਖ ਹੇਠ ਲਿਖੀਆਂ ਬਾਣੀ ’ਚ 15 ਤਿੱਥਾਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ, ਪਰ ਸੁਦੀਆਂ ਅਤੇ ਵਦੀਆਂ ਦਾ ਕਿਧਰੇ ਨਾਮ ਤੱਕ ਨਹੀਂ ਲਿਖਿਆ। ਗੁਰੂ ਸਾਹਿਬਾਨ ਨੇ ਬਾਰਹਮਾਹ, ਥਿਤੀ ਅਤੇ ਸਤ ਵਾਰ ਸਿਰਲੇਖ ਹੇਠ ਬਾਣੀਆਂ ਉਚਾਰ ਕੇ ਤੱਤ-ਸਾਰ ਇਹੀ ਕੱਢਿਆ ਹੈ ਕਿ ਇਨ੍ਹਾਂ ਤਿੱਥਾਂ, ਵਾਰਾਂ ਨੂੰ ਵਿਸ਼ੇਸ਼ਤਾ ਦੇਣ ਵਾਲੇ ਮੁਗਧ ਗਵਾਰ ਹਨ ‘‘ਆਪੇ ਪੂਰਾ ਕਰੇ, ਸੁ ਹੋਇ ਏਹਿ ਥਿਤੀ ਵਾਰ ਦੂਜਾ ਦੋਇ ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ; ਮੁਗਧ ਗਵਾਰ ਨਾਨਕ! ਗੁਰਮੁਖਿ ਬੂਝੈ; ਸੋਝੀ ਪਾਇ ਇਕਤੁ ਨਾਮਿ (’); ਸਦਾ ਰਹਿਆ ਸਮਾਇ ੧੦’’  (ਸਤ ਵਾਰ/ ਮਹਲਾ ੩/੮੪੩) ਇਸ ਦੇ ਬਾਵਜੂਦ ਬ੍ਰਾਹਮਣ ਮਤ ਤੋਂ ਉਧਾਰੀਆਂ ਲੈ ਕੇ ਇਹ ਸਿੱਖਾਂ ਦੇ ਸਿਰ ਕਿਉਂ ਮੜੀਆਂ ਜਾ ਰਹੀਆਂ ਹਨ ? ਤਾਂ ਉਨ੍ਹਾਂ ਦਾ ਇੱਕੋ ਜਵਾਬ ਹੁੰਦਾ ਹੈ ਕਿ ਐਨੇ ਸਾਲਾਂ ਤੋਂ ਚੱਲੀ ਆ ਰਹੀ ਰਵਾਇਤ ਨੂੰ ਅਸੀਂ ਕਿਉਂ ਤੋੜੀਏ ?

ਸਵਾਲ ਪੈਦਾ ਹੁੰਦਾ ਹੈ ਕਿ ਜੇ ਗੁਰੂ ਸਾਹਿਬ ਜੀ ਦੇ ਫ਼ਲਸਫ਼ੇ ਨੂੰ ਨਜ਼ਰ ਅੰਦਾਜ਼ ਕਰ ਕੇਵਲ ਰਵਾਇਤਾਂ ’ਤੇ ਹੀ ਪਹਿਰਾ ਦੇਣਾ ਹੈ ਤਾਂ ਗੁਰਬਾਣੀ ਅਤੇ ਸਿੱਖ ਇਤਿਹਾਸ ’ਤੇ ਸਰਸਰੀ ਨਜ਼ਰ ਮਾਰਨ ’ਤੇ ਸਾਨੂੰ ਤੁਰੰਤ ਸਮਝ ਆ ਜਾਂਦੀ ਹੈ ਕਿ ਕਿਹੜੀ ਉਹ ਫੋਕਟ ਰਵਾਇਤ ਹੈ, ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਨਹੀਂ ਤੋੜੀ ? ਸਭ ਤੋਂ ਪਹਿਲਾਂ ਤਾਂ ਉਨ੍ਹਾਂ ਆਪਣੇ ਪਰਿਵਾਰ ਦੀ ਚੱਲੀ ਆ ਰਹੀ ਜਨੇਊ ਪਾਉਣ ਦੀ ਰਵਾਇਤ ਹੀ ਭਰੀ ਸਭਾ ’ਚ ਤੋੜ ਸੁੱਟੀ। ਭਰਮੀ ਲੋਕਾਂ ਵੱਲੋਂ ਨੀਵੀਆਂ ਸਮਝੀਆਂ ਜਾਂਦੀਆਂ ਜਾਤਾਂ ਨਾਲ ਸਮਾਜਿਕ ਵਰਤੋਂ ਵਿਹਾਰ ਕਰਨ ਅਤੇ ਛੂਹ ਤੋਂ ਦੂਰ ਰਹਿਣ ਦੀ ਰਵਾਇਤ ਤੋੜਦਿਆਂ ਮਿਰਾਸੀ ਜਾਤ ’ਚ ਜਨਮ ਲੈਣ ਵਾਲੇ ਭਾਈ ਮਰਦਾਨੇ ਜੀ ਨੂੰ ਆਪਣਾ ਸਾਥੀ ਚੁਣਿਆ ਅਤੇ ਉਨ੍ਹਾਂ ਨੂੰ ਸਿਰਫ਼ ‘ਭਾਈ’ ਕਿਹਾ ਹੀ ਨਹੀਂ ਬਲਕਿ ਸਾਰੀ ਜ਼ਿੰਦਗੀ ਉਨ੍ਹਾਂ ਨੂੰ ਆਪਣਾ ਭਰਾ ਬਣਾ ਕੇ ਪੂਰਾ ਆਦਰ ਮਾਨ ਦਿੱਤਾ।

ਹਿੰਦੂ ਸਮਾਜ ਮੁਤਾਬਕ ਪੈਰ ਦੀ ਜੁੱਤੀ ਸਮਝੀ ਜਾਣ ਵਾਲੀ ਔਰਤ ਨੂੰ ‘‘ਸੋ ਕਿਉ ਮੰਦਾ ਆਖੀਐਜਿਤੁ ਜੰਮਹਿ ਰਾਜਾਨ ? ’’ (ਮਹਲਾ ੧/੪੭੩) ਵਰਗੇ ਸ਼ਬਦ ਮਨੁੱਖਤਾ ਦੀ ਅਗਵਾਈ ਲਈ ਉਚਾਰਨ ਕੀਤੇ। ਹਿੰਦੂ ਧਰਮ ਵੱਲੋਂ ਪਿੱਤਰਾਂ ਨੂੰ ਪਾਣੀ ਦੇਣ ਅਤੇ ਉਨ੍ਹਾਂ ਦੇ ਸ਼ਰਾਧ ਕਰਵਾਉਣ ਦਾ ਖੰਡਨ ਕਰਨ ਲਈ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ‘‘ਜੀਵਤ ਪਿਤਰ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ’’ (ਭਗਤ ਕਬੀਰ/੩੩੨) ਨੂੰ ਗੁਰਬਾਣੀ ’ਚ ਦਰਜ ਕੀਤਾ। ਜਗਨ ਨਾਥ ਪੁਰੀ ਵਿਖੇ ਪਾਂਡਿਆਂ ਵੱਲੋਂ ਕੀਤੀ ਜਾ ਰਹੀ ਆਰਤੀ ’ਚ ਸ਼ਾਮਲ ਹੋਣ ਦੀ ਬਜਾਏ ਮੰਦਰ ਦੇ ਬਾਹਰ ਬੈਠ ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ’’ (ਮਹਲਾ ੧/੧੩) ਵਚਨਾਂ ਦਾ ਗਾਇਨ ਕਰ ਦੀਵਿਆਂ ਵਾਲ਼ੀ ਆਰਤੀ ਦਾ ਖੰਡਨ ਕੀਤਾ। ਮੱਕੇ ਵਿਖੇ ਜਾ ਕੇ ਮੁਸਲਮਾਨਾਂ ਦੇ ਇਹ ਵਿਸ਼ਵਾਸ ਕਿ ਅੱਲ੍ਹਾ ਕੇਵਲ ਓਥੇ ਮਸਜਿਦ ’ਚ ਹੀ ਵਸਦਾ ਹੈ, ਦਾ ਖੰਡਨ ਕਰਨ ਲਈ ਉਨ੍ਹਾਂ ਨੂੰ ਕਿਹਾ ਕਿ ਜਿਸ ਪਾਸੇ ਅੱਲ੍ਹਾ ਨਹੀਂ, ਮੇਰੇ ਪੈਰ ਉਸ ਪਾਸੇ ਕਰ ਦੇਵੋ। ਹੋਰ ਕਿਹੜੇ ਫੋਕਟ ਵਿਸ਼ਵਾਸ ਹਨ, ਜਿਨ੍ਹਾਂ ’ਤੇ ਗੁਰੂ ਨਾਨਕ ਸਾਹਿਬ ਸਮੇਤ ਸਾਰੇ ਗੁਰੂ ਸਾਹਿਬਾਨ ਅਤੇ ਉਨ੍ਹਾਂ ਭਗਤ ਸਾਹਿਬਾਨ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਵਿੱਚ ਦਰਜ ਹੈ, ਨੇ ਪ੍ਰਤੱਖ ਖੰਡਨ ਨਹੀਂ ਕੀਤਾ ? ਫਿਰ ਅਸੀਂ ਕਿਉਂ ਵਦੀਆਂ ਸੁਦੀਆਂ ਤੇ ਸੰਗਰਾਂਦਾਂ ਦੇ ਵਹਿਮ ’ਚੋਂ ਨਿਕਲਣ ਵਾਸਤੇ ਤਿਆਰ ਨਹੀਂ ਹੁੰਦੇ ?

ਸੰਨ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਲਈ ਪੰਥ ਸਾਮ੍ਹਣੇ ਪੋਹ ਸੁਦੀ ੭, ੨੩ ਪੋਹ ਅਤੇ 22 ਦਸੰਬਰ ਤਿੰਨੇ ਤਾਰੀਖ਼ਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਸੀ। ਕੈਲੰਡਰ ਕਮੇਟੀ ਦਾ ਫ਼ੈਸਲਾ ਸੀ ਕਿ ਜੇ 22 ਦਸੰਬਰ ਰੱਖ ਲਈ ਜਾਵੇ ਤਾਂ ਇਹ ਤਾਰੀਖ਼ ਸਾਡੇ ਮੁੱਢਲੇ ਪੁਰਾਤਨ ਇਤਿਹਾਸ ਦੇ ਕਿਸੇ ਵੀ ਸੋਮੇ ’ਚ ਉਪਲਬਧ ਨਹੀਂ ਹੈ ਕਿਉਂਕਿ ਇਹ ਤਾਰੀਖ਼ ਸੰਨ 1850 ਸੀਈ ਤੋਂ ਪਿੱਛੋਂ ਅੰਗਰੇਜ਼ ਸਰਕਾਰ ਦੁਆਰਾ ਲਿਖਵਾਏ ਇਤਿਹਾਸ ’ਚ ੨੩ ਪੋਹ ਨੂੰ ਸਾਂਝੇ ਸਾਲ ਦੀ ਤਬਦੀਲ ਕੀਤੀ ਹੋਈ ਤਾਰੀਖ਼ ਹੈ; ਜਿਸ ਨੂੰ ਕਿਸੇ ਵੀ ਹਾਲਤ ’ਚ ਮੁੱਢਲਾ ਇਤਿਹਾਸਕ ਸੋਮਾ ਨਹੀਂ ਮੰਨਿਆ ਜਾ ਸਕਦਾ। ਜੇ ਪੋਹ ਸੁਦੀ ੭ ਰੱਖ ਲਈ ਜਾਵੇ ਤਾਂ ਇਸ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਤਕਰੀਬਨ 11 ਦਿਨ ਘੱਟ ਹੋਣ ਅਤੇ 2 ਜਾਂ 3 ਸਾਲ ਪਿੱਛੋਂ ਇੱਕ ਲੌਂਦ ਦਾ ਵਾਧੂ ਮਹੀਨਾ ਜੁੜ ਜਾਣ ਕਾਰਨ ਹਮੇਸ਼ਾਂ ਹੀ ਅੱਗੇ ਪਿੱਛੇ ਹੁੰਦੀ ਰਹੇਗੀ। ਦੁਨੀਆਂ ਭਰ ’ਚ ਵਸ ਰਹੇ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਕਿ ਗੁਰ ਪੁਰਬ ਕਿਸ ਤਾਰੀਖ਼ ਦਾ ਹੈ ਅਤੇ ਕੀ ਇਸ ਸਾਲ ਗੁਰੂ ਸਾਹਿਬਾਨ ਦਾ ਪੁਰਬ; ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ ਆਵੇਗਾ ਜਾਂ ਪਿੱਛੋਂ ? ਇਸ ਲਈ ਸਭ ਤੋਂ ਯੋਗ ਇਹੀ ਹੈ ਕਿ ਚੰਦਰ ਤਿੱਥਾਂ ਦਾ ਤਿਆਗ ਕਰ ਸਾਰੇ ਗੁਰ ਪੁਰਬ ਅਤੇ ਇਤਿਹਾਸਕ ਦਿਹਾੜੇ ਸੂਰਜੀ ਮਹੀਨਿਆਂ ਦੀਆਂ ਤਾਰੀਖ਼ਾਂ ਅਨੁਸਾਰ ਨਿਸ਼ਚਿਤ ਕਰ ਦਿੱਤੇ ਜਾਣ। ਇਸ ਦੇ ਨਾਲ ਹੀ ਸ: ਪਾਲ ਸਿੰਘ ਪੁਰੇਵਾਲ ਦਾ ਸੁਝਾਅ ਸੀ ਕਿ ਜਦੋਂ ਆਪਾਂ ਸੋਧ ਕਰਨ ਹੀ ਲੱਗੇ ਹਾਂ ਤਾਂ ਇੱਕੋ ਵਾਰ ਹੋ ਜਾਣੀ ਚਾਹੀਦੀ ਹੈ। ਜਿਸ ਤਰ੍ਹਾਂ ਜੂਲੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਕੇਵਲ 11 ਕੁ ਮਿੰਟ ਵੱਧ ਹੈ, ਜਿਸ ਕਰਕੇ ਉਨ੍ਹਾਂ ਨੂੰ 1582 ’ਚ 10 ਦਿਨਾਂ ਦੀ ਸੋਧ ਕਰਨੀ ਪਈ ਸੀ; ਤਾਂ ਸਾਡੇ ਬਿਕ੍ਰਮੀ ਸਾਲ ਦੀ ਲੰਬਾਈ ਤਾਂ ਰੁੱਤੀ ਸਾਲ ਨਾਲੋਂ ਲਗਭਗ ਸਾਢੇ 20 ਮਿੰਟ ਵੱਧ ਹੈ, ਇਸ ਲਈ ਸਾਨੂੰ ਵੀ ਆਪਣੇ ਸਾਲ ਦੀ ਲੰਬਾਈ ਸੋਧ ਕੇ ਨਵਾਂ ਕੈਲੰਡਰ ਬਣਾਉਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਗ੍ਰੈਗੋਰੀਅਨ ਕੈਲੰਡਰ, ਜੋ ਅੱਜ ਕੱਲ੍ਹ ਸਾਰੀ ਦੁਨੀਆਂ ’ਚ ਪ੍ਰਚਲਿਤ ਹੈ, ਉਹ ਸਾਂਝੇ ਕੈਲੰਡਰ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਤੇ ਸਾਲ ਦੀ ਲੰਬਾਈ ਦਾ ਰੁੱਤੀ ਸਾਲ ਦੀ ਲੰਬਾਈ ਨਾਲੋਂ ਕੇਵਲ 11 ਕੁ ਸੈਕੰਡ ਦਾ ਹੀ ਫ਼ਰਕ ਹੈ, ਇਸ ਕਾਰਨ 3300 ਸਾਲਾਂ ’ਚ ਰੁੱਤਾਂ ਨਾਲੋਂ ਕੇਵਲ ਇੱਕ ਦਿਨ ਦਾ ਫ਼ਰਕ ਪੈਂਦਾ ਹੈ ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਸਾਲ ਦੀ ਲੰਬਾਈ ਰੁੱਤੀ ਸਾਲ ਨਾਲੋਂ ਲਗਭਗ ਸਾਢੇ 20 ਮਿੰਟ ਵੱਧ ਹੈ, ਜਿਸ ਕਰਕੇ 72 ਕੁ ਸਾਲਾਂ ਵਿੱਚ ਹੀ ਲਗਭਗ 1 ਦਿਨ ਦਾ ਫ਼ਰਕ ਪੈ ਜਾਂਦਾ ਹੈ।

ਇਹੋ ਕਾਰਨ ਹੈ ਕਿ ਜਿਹੜੀ ੨੩ ਪੋਹ 1666 ’ਚ 22 ਦਸੰਬਰ ਨੂੰ ਆਈ ਸੀ, ਉਹ ਅੱਜ ਕੱਲ੍ਹ 6 ਜਾਂ 7 ਜਨਵਰੀ ਨੂੰ ਆ ਰਹੀ ਹੈ ਅਤੇ ਜੇ ਇਵੇਂ ਚੱਲਦਾ ਰਿਹਾ ਤਾਂ ੨੩ ਪੋਹ ਅੱਗੇ ਦੀ ਅੱਗੇ ਖਿਸਕਦੀ ਹੋਈ 3000 ਸੀਈ ’ਚ 20 ਜਨਵਰੀ ਨੂੰ ਆਵੇਗੀ।  ਇਸ ਲਈ ਸਾਨੂੰ ਵੀ ਆਪਣੇ ਸਾਲ ਦੀ ਲੰਬਾਈ ਸਾਂਝੇ ਕੈਲੰਡਰ, ਜੋ ਹੁਣ ਤੱਕ ਹੋਂਦ ਵਿੱਚ ਆਏ ਕੈਲੰਡਰਾਂ ’ਚੋਂ ਰੁੱਤੀ ਕੈਲੰਡਰ ਦੇ ਸਭ ਤੋਂ ਵੱਧ ਨੇੜੇ ਰਹਿਣ ਵਾਲਾ ਕੈਲੰਡਰ ਹੈ; ਦੇ ਸਾਲ ਦੀ ਲੰਬਾਈ ਦੇ ਬਰਬਾਰ ਕਰ ਲੈਣੀ ਚਾਹੀਦੀ ਹੈ। ਇਸ ਸੁਝਾਅ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਅਤੇ ਜਨਰਲ ਹਾਊਸ ਸਾਰਿਆਂ ਵੱਲੋਂ ਹੀ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2003 ਦੀ ਵੈਸਾਖੀ ਵਾਲੇ ਦਿਨ ਲਾਗੂ ਕਰਨ ਦੀ ਪ੍ਰਵਾਨਗੀ ਦਿੱਤੀ ਗਈ। ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਰੇ ਦਿਹਾੜੇ ਮਨਾਏ ਜਾਣ ਤਾਂ ਹਮੇਸ਼ਾਂ-ਹਮੇਸ਼ਾਂ ਲਈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ੮ ਪੋਹ/21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ੧੩ ਪੋਹ/26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੨੩ ਪੋਹ/5 ਜਨਵਰੀ ਨੂੰ ਆਉਂਦਾ ਰਹੇਗਾ।

ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੀ ਨਹੀਂ ਬਲਕਿ ਹਰ ਗੁਰ ਪੁਰਬ ਜਿਹੜਾ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮਨਾਇਆ ਜਾਂਦਾ ਹੈ, ਉਹ ਇਸੇ ਤਰ੍ਹਾਂ ਅੱਗੇ ਪਿੱਛੇ ਹੁੰਦਾ ਰਹਿੰਦਾ ਹੈ; ਜਿਵੇਂ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮੱਘਰ ਸੁਦੀ ੫, ੧੧ ਮੱਘਰ ਬਿਕ੍ਰਮੀ ਸੰਮਤ ੧੭੩੨ ਮੁਤਾਬਕ 11 ਨਵੰਬਰ 1675 ਨੂੰ ਹੋਈ ਸੀ। ਸ਼ਹੀਦੀ ਪੁਰਬ ਚੰਦ੍ਰਮਾਂ ਦੀਆਂ ਤਿੱਥਾਂ ਅਨੁਸਾਰ ਮੱਘਰ ਸੁਦੀ ੫,  ਨੂੰ ਮਨਾਏ ਜਾਣ ਸਦਕਾ 2020 ਈਸਵੀ ’ਚ ਮੱਘਰ ਸੁਦੀ ੫, 19 ਦਸੰਬਰ/ ੫ ਪੋਹ, ਇਸ ਸਾਲ (ਸੰਨ 2021) ’ਚ 8 ਦਸੰਬਰ ੨੩ ਮੱਘਰ ਨੂੰ ਆਈ ਅਤੇ ਅਗਲੇ ਸਾਲ 2022 ’ਚ 28 ਨਵੰਬਰ/ ੧੩ ਮੱਘਰ ਨੂੰ ਆਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਪੁਰਬ ਕਦੀ ਮੱਘਰ ਦੇ ਮਹੀਨੇ ਅਤੇ ਕਦੀ ਪੋਹ ਦੇ ਮਹੀਨੇ ’ਚ ਆ ਜਾਂਦਾ ਹੈ ਅਤੇ ਕਦੀ ਨਵੰਬਰ ਦੇ ਮਹੀਨੇ ਅਤੇ ਕਦੀ ਦਸੰਬਰ ਦੇ ਮਹੀਨੇ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਕਦੀ ਨਵੰਬਰ ਮਹੀਨੇ, ਕਦੀ ਦਸੰਬਰ ਮਹੀਨੇ; ਕਦੀ ਮੱਘਰ ਦੇ ਮਹੀਨੇ ਅਤੇ ਕਦੀ ਕੱਤਕ ਦੇ ਮਹੀਨੇ ’ਚ ਆ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਬਿ ਜੀ ਦਾ ਪ੍ਰਕਾਸ਼ ਵੈਸਾਖ ਵਦੀ ੫, ੫ ਵੈਸਾਖ ਬਿਕ੍ਰਮੀ ਸੰਮਤ ੧੬੭੮ ਨੂੰ ਹੋਇਆ ਸੀ। ਉਨ੍ਹਾਂ ਦਾ ਪ੍ਰਕਾਸ਼ ਪੁਰਬ ਚੰਦ੍ਰਮਾਂ ਦੀ ਤਿੱਥ ਵੈਸਾਖ ਵਦੀ ੫ ਨੂੰ ਮਨਾਏ ਜਾਣ ਸਦਕਾ 2020 ਈਸਵੀ ’ਚ ਵੈਸਾਖ ਵਦੀ ੫, 12 ਅਪ੍ਰੈਲ/ ੩੦ ਚੇਤ, ਇਸ ਸਾਲ (ਸੰਨ 2021) ’ਚ 1 ਮਈ/ ੧੯ ਵੈਸਾਖ ਨੂੰ ਆਈ ਅਤੇ ਅਗਲੇ ਸਾਲ 2022 ’ਚ 21 ਅਪ੍ਰੈਲ/ ੮ ਵੈਸਾਖ ਨੂੰ ਆਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕਦੀ ਅਪ੍ਰੈਲ ਵਿੱਚ ਅਤੇ ਕਦੀ ਮਈ ਮਹੀਨੇ ’ਚ; ਕਦੀ ਚੇਤ ਦੇ ਮਹੀਨੇ ਅਤੇ ਕਦੀ ਵੈਸਾਖ ਦੇ ਮਹੀਨੇ ’ਚ ਆ ਜਾਂਦਾ ਹੈ, ਪਰ ਜੇ ਸਾਰੇ ਗੁਰ ਪੁਰਬ ਨਾਨਕਸ਼ਾਹੀ ਕੈਲੰਡਰ ਦੀਆਂ ਤਾਰੀਖ਼ਾਂ ਮੁਤਾਬਕ ਮਨਾਏ ਜਾਣ ਤਾਂ ਹਰ ਸਾਲ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ੧ ਵੈਸਾਖ/ 14 ਅਪ੍ਰੈਲ; ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ੫ ਵੈਸਾਖ/ 18 ਅਪ੍ਰੈਲ; ਭਾਵ ਪ੍ਰਕਾਸ਼ ਵਰ੍ਹੇ ’ਚ ਵੀ ਵੈਸਾਖੀ ਤੋਂ 4 ਦਿਨ ਪਿੱਛੋਂ ਅਤੇ ਹੁਣ ਹਰ ਸਾਲ ਅੱਜ ਕਲ੍ਹ ਵੀ ਵੈਸਾਖੀ ਤੋਂ 4 ਦਿਨ ਪਿੱਛੋਂ ੫ ਵੈਸਾਖ ਨੂੰ ਹੀ ਆਇਆ ਕਰੇਗਾ। ਇਸੇ ਤਰ੍ਹਾਂ ਇਨ੍ਹਾਂ ਦਾ ਸ਼ਹੀਦੀ ਪੁਰਬ ਹਰ ਸਾਲ ੧੧ ਮੱਘਰ/ 24 ਨਵੰਬਰ ਨੂੰ ਆਇਆ ਕਰੇਗਾ। ਹਰੇਕ ਦਿਹਾੜਾ ਹਰ ਸਾਲ ਇਨ੍ਹਾਂ ਹੀ ਨਾਨਕਸ਼ਾਹੀ ਤਾਰੀਖ਼ਾਂ ਅਤੇ ਇਨ੍ਹਾਂ ਹੀ ਸਾਂਝੇ ਸਾਲ ਦੀਆਂ ਤਾਰੀਖ਼ਾਂ ਨੂੰ ਆਵੇਗਾ। ਹਰੇਕ ਦਿਹਾੜਾ ਹਰ ਸਾਲ 365 ਦਿਨ ਜਾਂ ਲੀਪ ਦੇ ਸਾਲ ’ਚ 366 ਦਿਨ ਬਾਅਦ ਆਵੇਗਾ। ਹਰ ਦਿਹਾੜੇ ਦੇ ਵਿਚਕਾਰ ਦਿਨਾਂ ਦਾ ਫ਼ਰਕ ਉਹੀ ਰਹੇਗਾ ਜਿਹੜਾ ਇਤਿਹਾਸ ’ਚ ਦਰਜ ਹੈ।  ਹੁਣ ਫ਼ੈਸਲਾ ਪੰਥ ਨੇ ਕਰਨਾ ਹੈ ਕਿ ਉਨ੍ਹਾਂ ਨੇ ਕਿਹੜਾ ਕੈਲੰਡਰ ਅਪਣਾਉਣਾ ਹੈ।