26.2 C
Jalandhar
Tuesday, July 1, 2025
spot_img
Home Blog Page 39

ਕੀ ਮੇਰੀ ਯਾਦ-ਸ਼ਕਤੀ ਕਮਜ਼ੋਰ ਹੋ ਸਕਦੀ ਹੈ ?

0

ਕੀ ਮੇਰੀ ਯਾਦਸ਼ਕਤੀ ਕਮਜ਼ੋਰ ਹੋ ਸਕਦੀ ਹੈ ?

ਡਾ: ਹਰਸ਼ਿੰਦਰ ਕੌਰ, ਬੱਚਿਆਂ ਦੇ ਰੋਗਾਂ ਦੇ ਮਾਹਰ, ਪਟਿਆਲਾ 0175-2216783

85 ਸਾਲਾਂ ਦੀ ਉਮਰ ਤੋਂ ਵੱਧ ਦੇ ਇੱਕ ਤਿਹਾਈ ਲੋਕਾਂ ਨੂੰ ਭੁੱਲ ਜਾਣ ਦੀ ਬੀਮਾਰੀ ਹੋ ਹੀ ਜਾਂਦੀ ਹੈ। ਬਹੁਤਿਆਂ ਦੀ ਇਹ ਬੀਮਾਰੀ ਜੀਨ ਆਧਾਰਿਤ ਹੁੰਦੀ ਹੈ। ਇਸ ਤੋਂ ਇਲਾਵਾ ਵੀ ਅਨੇਕ ਕਾਰਨ ਲੱਭ ਚੁੱਕੇ ਹੋਏ ਹਨ, ਜਿਨ੍ਹਾਂ ਦਾ ਪਰਹੇਜ਼ ਕਰਨ ਨਾਲ ਵਡੇਰੀ ਉਮਰ ਵਿਚ ਭੁੱਲ ਜਾਣ ਦੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਉਸ ਵਾਸਤੇ ਜਵਾਨੀ ਵਿਚ ਹੀ ਕੁੱਝ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ। ਯਾਦ-ਸ਼ਕਤੀ ਉੱਤੇ ਜੀਊਣ ਦਾ ਢੰਗ, ਕਸਰਤ, ਖਾਣ-ਪੀਣ ਆਦਿ ਅਨੇਕ ਗੱਲਾਂ ਦਾ ਅਸਰ ਪੈਂਦਾ ਹੈ।

ਦਿਲ ਦੇ ਰੋਗ, ਜਿਨ੍ਹਾਂ ਵਿਚ ਲਹੂ ਦੀਆਂ ਨਾੜੀਆਂ ਵਿੱਚ ਝੱਪੇ ਜੰਮ ਜਾਣ, ਜਿੱਥੇ ਹਾਰਟ ਅਟੈਕ ਕਰ ਸਕਦੀਆਂ ਹਨ, ਉੱਥੇ ਦਿਮਾਗ਼ ਦੀਆਂ ਨਸਾਂ ਵਿਚ ਵੀ ਰੋਕਾ ਪਾ ਸਕਦੀਆਂ ਹਨ। ਇਸ ਨਾਲ ਦਿਮਾਗ਼ ਦੇ ਵੱਖੋ ਵੱਖ ਹਿੱਸਿਆਂ ਵੱਲ ਜਾਂਦਾ ਲਹੂ ਤੇ ਆਕਸੀਜਨ ਘਟ ਜਾਂਦੇ ਹਨ, ਜੋ ਭੁੱਲ ਜਾਣ ਦੀ ਬੀਮਾਰੀ ਲਈ ਰਾਹ ਪਧਰਾ ਕਰ ਦਿੰਦੇ ਹਨ। ਇਸੇ ਲਈ ਸਹੀ ਤੇ ਸੰਤੁਲਿਤ ਖ਼ੁਰਾਕ ਦੀ ਬਹੁਤ ਮਹੱਤਤਾ ਹੈ ਅਤੇ ਕਸਰਤ ਦੀ ਵੀ !

ਇਹ ਵੇਖਣ ਵਿਚ ਆਇਆ ਹੈ ਕਿ ਸ਼ੱਕਰ ਰੋਗੀਆਂ ਨੂੰ ਵੀ ਇਹ ਬੀਮਾਰੀ ਵੱਧ ਹੁੰਦੀ ਹੈ ਕਿਉਂਕਿ ਉਨ੍ਹਾਂ ਦੀਆਂ ਨਸਾਂ ਵਿਚ ਰੋਕਾ ਪੈਣ ਤੇ ਲਹੂ ਦੇ ਵਹਾਓ ਵਿਚ ਸੁਸਤੀ ਹੋਣ ਦੇ ਆਸਾਰ ਵੱਧ ਹੁੰਦੇ ਹਨ। ਜੇ ਸ਼ੂਗਰ ਦੀ ਬੀਮਾਰੀ ਦਾ ਸਹੀ ਇਲਾਜ ਕੀਤਾ ਜਾਵੇ ਤਾਂ ਭੁੱਲ ਜਾਣ ਵਾਲੀ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ।

ਕੋਲੈਸਟਰੋਲ ਦਾ ਵਾਧਾ, ਮੋਟਾਪੇ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਤੇ ਦਿਲ ਦੇ ਰੋਗਾਂ ਨਾਲ ਵੀ ਡੂੰਘਾ ਸੰਬੰਧ ਰੱਖਦਾ ਹੈ, ਜਿਸ ਸਦਕਾ ਵਡੇਰੀ ਉਮਰ ਵਿਚ ਯਾਦਦਾਸ਼ਤ ਕਮਜ਼ੋਰ ਹੋ ਸਕਦੀ ਹੈ। ਬਲੱਡ ਪ੍ਰੈਸ਼ਰ ਦਾ ਵਾਧਾ ਨਸਾਂ ਦੀ ਅੰਦਰਲੀ ਪਰਤ ਖ਼ਰਾਬ ਕਰ ਦਿੰਦਾ ਹੈ।

ਢਹਿੰਦੀ ਕਲਾ ਨਾਲ ਅਨੇਕ ਦਿਮਾਗ਼ੀ ਬੀਮਾਰੀਆਂ ਦੀ ਸ਼ੁਰੂਆਤ ਹੋ ਸਕਦੀ ਹੈ। ਇਸੇ ਲਈ ਜੇ ਦੋ ਹਫ਼ਤੇ ਤੋਂ ਵੱਧ ਢਹਿੰਦੀ ਕਲਾ ਮਹਿਸੂਸ ਹੁੰਦੀ ਰਹੇ ਤਾਂ ਤੁਰੰਤ ਡਾਕਟਰੀ ਇਲਾਜ ਕਰਵਾ ਲੈਣਾ ਚਾਹੀਦਾ ਹੈ।

ਸਿਰ ਦੀ ਹਲਕੀ ਸੱਟ ਵੀ ਕਈ ਭੁੱਲ ਜਾਣ ਦੀ ਬੀਮਾਰੀ ਦਾ ਖ਼ਤਰਾ ਚਾਰ ਗੁਣਾਂ ਵਧਾ ਦਿੰਦੀ ਹੈ। ਇਸੇ ਲਈ ਸਿਰ ਦੀ ਸੱਟ ਦਾ ਹਮੇਸ਼ਾ ਹੀ ਪੂਰਾ ਇਲਾਜ ਕਰਵਾਉਣਾ ਜ਼ਰੂਰੀ ਹੁੰਦਾ ਹੈ।

ਜਵਾਨੀ ਵਿਚ ਮੋਟਾਪਾ ਬਹੁਤ ਮਾੜਾ ਗਿਣਿਆ ਜਾਂਦਾ ਹੈ। ਇਸ ਨਾਲ ਜਿੱਥੇ ਅਨੇਕ ਬੀਮਾਰੀਆਂ ਦਾ ਬੀਜ ਬੋਇਆ ਜਾਂਦਾ ਹੈ, ਉੱਥੇ ਯਾਦਦਾਸ਼ਤ ਦੀ ਕਮਜ਼ੋਰੀ ਹੋਣ ਦਾ ਖ਼ਤਰਾ ਵੀ ਕਈ ਗੁਣਾਂ ਵੱਧ ਜਾਂਦਾ ਹੈ।

ਸਿਗਰਟਨੋਸ਼ੀ ਅਤੇ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਵਿਚ ਭੁੱਲ ਜਾਣ ਦੀ ਬੀਮਾਰੀ ਕਾਫ਼ੀ ਵੱਧ ਵੇਖਣ ਵਿਚ ਆਉਂਦੀ ਹੈ। ਇਸੇ ਹੀ ਤਰ੍ਹਾਂ ਰੈਗੂਲਰ ਸ਼ਰਾਬ ਪੀਣ ਵਾਲਿਆਂ ਵਿਚ ਵੀ ਯਾਦਦਾਸ਼ਤ ਦੀ ਕਾਫ਼ੀ ਕਮੀ ਵੇਖੀ ਗਈ ਹੈ।

ਜੇ ਨੀਂਦਰ ਪੂਰੀ ਨਾ ਆ ਰਹੀ ਹੋਵੇ ਤੇ ਦਵਾਈਆਂ ਲੈ ਕੇ ਸੌਣਾ ਪਵੇ ਤਾਂ ਤੁਰੰਤ ਡਾਕਟਰੀ ਸਲਾਹ ਲੈ ਲੈਣੀ ਚਾਹੀਦੀ ਹੈ ਕਿਉਂਕਿ ਨੀਂਦਰ ਪੂਰੀ ਨਾ ਆਉਣ ਨਾਲ ਦਿਮਾਗ਼ ਨੂੰ ਆਰਾਮ ਕਰਨ ਦਾ ਸਮਾਂ ਨਹੀਂ ਮਿਲਦਾ ਤੇ ਉਹ ਅਨੇਕ ਗੱਲਾਂ ਨੂੰ ਹੇਠਾਂ ਦੱਬ ਦਿੰਦਾ ਹੈ, ਜਿਸ ਸਦਕਾ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੀਆਂ ਹਨ। ਸੌਣ ਦਾ ਸਮਾਂ ਹਮੇਸ਼ਾ ਇੱਕੋ ਹੀ ਰੱਖਣਾ ਚਾਹੀਦਾ ਹੈ ਤੇ ਸੌਣ ਤੋਂ ਕੁੱਝ ਸਮਾਂ ਪਹਿਲਾਂ ਕੌਫ਼ੀ, ਚਾਹ ਜਾਂ ਸ਼ਰਾਬ ਨਹੀਂ ਪੀਣੀ ਚਾਹੀਦੀ।

ਕੁੱਝ ਨੂੰ ਅਜੀਬ ਅਜੀਬ ਆਵਾਜ਼ਾਂ ਜਾਂ ਚੀਜ਼ਾਂ ਦਿੱਸਣ ਲੱਗ ਪੈਂਦੀਆਂ ਹਨ ਜੋ ਅਸਲ ਵਿਚ ਨਹੀਂ ਹੁੰਦੀਆਂ। ਇਸ ਦਿਮਾਗ਼ੀ ਨੁਕਸ ਦਾ ਵੀ ਤੁਰੰਤ ਇਲਾਜ ਕਰਵਾ ਲੈਣਾ ਚਾਹੀਦਾ ਹੈ।

ਲੰਮੇ ਸਮੇਂ ਤੱਕ ਯਾਦਦਾਸ਼ਤ ਕਿਵੇਂ ਠੀਕ ਰੱਖੀ ਜਾਵੇ :-

(1). ਛਾਣਬੂਰੇ ਵਾਲੀ ਕਣਕ, ਰਾਗੀ ਦਾ ਆਟਾ, ਫਲ, ਸਬਜ਼ੀਆਂ, ਮੱਛੀ, ਦਾਲਾਂ, ਓਲਿਵ ਤੇਲ, ਸੁੱਕੇ ਮੇਵੇ, ਐਵੋਕੈਡੋ, ਹਰੀਆਂ ਫਲੀਆਂ ਆਦਿ ਦਿਮਾਗ਼ ਨੂੰ ਲੰਮੇ ਸਮੇਂ ਤੱਕ ਤਰੋਤਾਜ਼ਾ ਅਤੇ ਚੁਸਤ ਦਰੁਸਤ ਰੱਖਣ ਵਿਚ ਮਦਦ ਕਰਦੇ ਹਨ।

(2). ਰੈਗੂਲਰ ਕਸਰਤ, ਨੱਚਣਾ, ਟੱਪਣਾ, ਦੌੜਨਾ, ਤੇਜ਼ ਤੁਰਨਾ, ਤੈਰਨਾ, ਸਾਈਕਲ ਚਲਾਉਣਾ ਆਦਿ ਹਫ਼ਤੇ ਵਿਚ ਘੱਟੋ ਘੱਟ ਪੰਜ ਦਿਨ, 40 ਮਿੰਟ ਰੋਜ਼ ਕਰਨ ਨਾਲ ਦਿਮਾਗ਼ ਅਤੇ ਸਰੀਰ ਲੰਮੇ ਸਮੇਂ ਤੱਕ ਚੁਸਤ ਅਤੇ ਸਿਹਤਮੰਦ ਰੱਖੇ ਜਾ ਸਕਦੇ ਹਨ।

(3). ਬਹੁਤਾ ਸਮਾਂ ਇਕੱਲੇ ਨਹੀਂ ਬਿਤਾਉਣਾ ਚਾਹੀਦਾ। ਇਕੱਲੇ ਰਹਿਣ ਵਾਲਿਆਂ ਦੇ ਦਿਮਾਗ਼ ਛੇਤੀ ਸੁੰਗੜਨ ਲੱਗ ਪੈਂਦੇ ਹਨ। ਦੋਸਤਾਂ ਨਾਲ ਜਾਂ ਰਿਸ਼ਤੇਦਾਰੀ ਵਿਚ ਮਿਲਣਾ ਗਿਲਣਾ ਜ਼ਰੂਰ ਜਾਰੀ ਰੱਖਣਾ ਚਾਹੀਦਾ ਹੈ।

(4). ਡੱਬਾ ਬੰਦ ਚੀਜ਼ਾਂ, ਹੈਮਬਰਗਰ, ਪੀਜ਼ਾ, ਚਿੱਪਸ, ਆਦਿ ਹੌਲੀ ਹੌਲੀ ਦਿਮਾਗ਼ ਅਤੇ ਸਰੀਰ ਨੂੰ ਖੋਖਲਾ ਕਰ ਦਿੰਦੇ ਹਨ। ਇਸੇ ਲਈ ਦਿਮਾਗ਼ ਚੁਸਤ ਰੱਖਣ ਲਈ ਤਾਜ਼ੀਆਂ ਸਬਜ਼ੀਆਂ, ਫਲ ਤੇ ਸੁੱਕੇ ਮੇਵੇ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ।

(5). ਹੈੱਡਫੋਨ ਕੰਨਾਂ ਨਾਲ ਲਾ ਕੇ ਉੱਚੀ ਆਵਾਜ਼ ਵਿਚ ਸੁਣਨ ਨਾਲ ਜਿੱਥੇ ਹੌਲੀ ਹੌਲੀ ਸੁਣਨ ਦੀ ਸਮਰਥਾ ਘਟ ਜਾਂਦੀ ਹੈ, ਉੱਥੇ ਦਿਮਾਗ਼ ਦੇ ਸੁੰਗੜਨ ਦੇ ਆਸਾਰ ਵੱਧ ਜਾਂਦੇ ਹਨ। ਯਾਦਦਾਸ਼ਤ ਦੇ ਸੈਂਟਰ ਦੇ ਸੈੱਲਾਂ ਦੀ ਵੀ ਟੁੱਟ ਫੁੱਟ ਵੱਧ ਹੋ ਜਾਂਦੀ ਹੈ ਤੇ ਜੋੜ ਟੱੁਟ ਜਾਂਦੇ ਹਨ। ਇਸੇ ਲਈ ਫ਼ੋਨ ਜਾਂ ਸੰਗੀਤ ਹਮੇਸ਼ਾ ਮੱਧਮ ਆਵਾਜ਼ ਵਿਚ ਹੀ ਸੁਣਨਾ ਚਾਹੀਦਾ ਹੈ।

(6). ਸਿਗਰਟ, ਬੀੜੀ, ਸ਼ਰਾਬ ਜ਼ਰੂਰ ਛੱਡਣੇ ਚਾਹੀਦੇ ਹਨ। ਭਾਰ ਕਾਬੂ ਵਿਚ ਰੱਖਣਾ ਚਾਹੀਦਾ ਹੈ। ਇੰਜ ਅਨੇਕ ਬੀਮਾਰੀਆਂ ਤੋਂ ਬਚਾਓ ਹੋ ਸਕਦਾ ਹੈ।

(7). ਜ਼ਿਆਦਾ ਹਨ੍ਹੇਰੇ ਵਿਚ ਨਹੀਂ ਰਹਿਣਾ ਚਾਹੀਦਾ। ਹਨ੍ਹੇਰਾ ਜਿੱਥੇ ਸਾਨੂੰ ਢਹਿੰਦੀ ਕਲਾ ਵੱਲ ਲੈ ਜਾਂਦਾ ਹੈ, ਉੱਥੇ ਦਿਮਾਗ਼ ਨੂੰ ਵੀ ਸੁਸਤ ਕਰ ਦਿੰਦਾ ਹੈ। ਇਸੇ ਲਈ ਰੋਜ਼ ਬਾਹਰ ਸੂਰਜ ਦੀ ਰੋਸ਼ਨੀ ਵਿਚ ਜ਼ਰੂਰ ਤੁਰਨਾ ਫਿਰਨਾ ਜਾਂ ਬੈਠਣਾ ਚਾਹੀਦਾ ਹੈ।

(8). ਰੋਜ਼ ਦਾ ਰੂਟੀਨ ਜ਼ਰੂਰ ਬਣਾਉਣਾ ਚਾਹੀਦਾ ਹੈ ਕਿ ਏਨੇ ਵਜੇ ਪੜ੍ਹਨਾ, ਏਨੇ ਵਜੇ ਖਾਣਾ ਖਾਣਾ, ਏਨੇ ਵਜੇ ਸੈਰ ਕਰਨੀ ਆਦਿ, ਜਿਸ ਨਾਲ ਦਿਮਾਗ਼ ਅੰਦਰਲੀ ਘੜੀ ਚੁਸਤ ਰਹਿੰਦੀ ਹੈ।

(9). ਘਰ ਵਿਚ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਹੈ, ਜਿਸ ਨਾਲ ਹੱਥ ਪੈਰ ਤਾਂ ਚੱਲਦੇ ਹੀ ਰਹਿੰਦੇ ਹਨ, ਪਰ ਦਿਮਾਗ਼ ਤੇ ਸਰੀਰ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ।

(10). ਪਾਣੀ ਜ਼ਰੂਰ ਪੀਂਦੇ ਰਹਿਣਾ ਚਾਹੀਦਾ ਹੈ। ਇੰਜ ਸਰੀਰ ਵੀ ਚੁਸਤ ਰਹਿੰਦਾ ਹੈ, ਘਬਰਾਹਟ ਵੀ ਘੱਟ ਹੁੰਦੀ ਹੈ ਤੇ ਦਿਮਾਗ਼ ਵੀ ਚਿੜਚਿੜੇਪਨ ਤੋਂ ਪਰ੍ਹਾਂ ਰਹਿੰਦਾ ਹੈ।

(11). ਪੁਰਾਣੀਆਂ ਤਸਵੀਰਾਂ ਤੇ ਐਲਬਮਾਂ ਜ਼ਰੂਰ ਵੇਖਣੀਆਂ ਚਾਹੀਦੀਆਂ ਹਨ। ਇੰਜ ਦਿਮਾਗ਼ ਵਿਚ ਦੱਬੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਅਤੇ ਸੈੱਲ ਰਵਾਂ ਹੋ ਜਾਂਦੇ ਹਨ।

(12). ਵਡੇਰੀ ਉਮਰ ਵਾਲਿਆਂ ਨੂੰ ‘ਕੀ ਕਰੀਏ’, ‘ਕੀ ਪਾਉਣਾ ਹੈ’, ‘ਕੀ ਖਾਣਾ ਹੈ’ ਪੁੱਛਣ ਨਾਲੋਂ ‘ਕੀ ਇਹ ਕਰ ਲਈਏ’, ‘ਕੀ ਅੱਜ ਪੀਲਾ ਸਵੈਟਰ ਪਾਓਗੇ’, ‘ਅੱਜ ਖੀਰ ਖਾਈਏ’ ਵਰਗੇ ਸਵਾਲ ਜ਼ਿਆਦਾ ਸਹਿਜ ਕਰਦੇ ਹਨ।

(13). ਦਿਨ ਵੇਲੇ ਘੱਟ ਸੌਣਾ ਚਾਹੀਦਾ ਹੈ ਤਾਂ ਜੋ ਰਾਤ ਦੀ ਨੀਂਦਰ ਪੂਰੀ ਲਈ ਜਾ ਸਕੇ ਜੋ ਦਿਮਾਗ਼ ਦੀ ਟੁੱਟ ਫੁੱਟ ਦੀ ਰਿਪੇਅਰ ਲਈ ਲੋੜੀਂਦੀ ਹੈ।

(14). ਹਰ ਰੋਜ਼ ਕੁੱਝ ਸਮੇਂ ਲਈ ਮਧੁਰ ਸੰਗੀਤ ਜ਼ਰੂਰ ਸੁਣਨਾ ਚਾਹੀਦਾ ਹੈ।

(15). ਵਿਟਾਮਿਨ ਬੀ-12, ਲੋਹ ਕਣ, ਵਿਟਾਮਿਨ ਡੀ ਆਦਿ ਲੋੜ ਅਨੁਸਾਰ ਡਾਕਟਰੀ ਸਲਾਹ ਨਾਲ ਖਾ ਲੈਣੇ ਚਾਹੀਦੇ ਹਨ।

(16). ਠੇਡਾ ਖਾ ਕੇ ਡਿੱਗਣ ਤੋਂ ਬਚਣ ਲਈ ਫਰਸ਼ ਉੱਤੇ ਕਾਲੀਨ ਜ਼ਰੂਰ ਵਿਛਾ ਲੈਣੇ ਚਾਹੀਦੇ ਹਨ। ਇੰਜ ਹੀ ਗੁਸਲਖ਼ਾਨਿਆਂ ਵਿਚ ਨਾ ਫਿਸਲਣ ਵਾਲੀਆਂ ਟਾਈਲਾਂ ਤੇ ਪਾਸੇ ਉੱਤੇ ਫੜ ਕੇ ਖਲੋਣ ਲਈ ਹੈਂਡਲ ਜ਼ਰੂਰ ਲਾਉਣੇ ਚਾਹੀਦੇ ਹਨ। ਸਵਿੱਚਾਂ ਉੱਤੇ ‘ਬਿਜਲੀ’, ‘ਪੱਖਾ’ ਆਦਿ ਲੇਬਲ ਲਾਉਣੇ ਚੰਗੇ ਰਹਿੰਦੇ ਹਨ।

(17). ਰੋਜ਼ ਕੋਈ ਨਾ ਕੋਈ ਬੁਝਾਰਤ ਜ਼ਰੂਰ ਬੁੱਝਣੀ ਚਾਹੀਦੀ ਹੈ, ਜਿਸ ਨਾਲ ਦਿਮਾਗ਼ ਦੇ ਜੋੜ ਹਿੱਲਦੇ ਰਹਿੰਦੇ ਹਨ।

(18). ਰੋਜ਼ ਬੁਰਸ਼ ਕਰਨਾ, ਨਹਾਉਣਾ ਤੇ ਨਹੁੰ ਵੀ ਰੈਗੂਲਰ ਕੱਟਣੇ ਚਾਹੀਦੇ ਹਨ।

(19). ਜੇ ਕੋਈ ਪਾਸਾ ਕਮਜ਼ੋਰ ਹੁੰਦਾ ਜਾਪੇ, ਚੱਕਰ ਆਉਣ ਜਾਂ ਜ਼ਬਾਨ ਲੜਖੜਾਏ ਤਾਂ ਤੁਰੰਤ ਡਾਕਟਰ ਕੋਲ ਜਾਣ ਦੀ ਲੋੜ ਹੁੰਦੀ ਹੈ।

(20). ਜੇ ਭੁੱਲ ਜਾਣ ਦੀ ਬੀਮਾਰੀ ਸ਼ੁਰੂ ਹੋ ਚੁੱਕੀ ਹੈ ਤਾਂ ਰੈਗੂਲਰ ਚੈਕਅੱਪ ਤੇ ਦਵਾਈ ਖਾਣੀ ਜ਼ਰੂਰੀ ਹੋ ਜਾਂਦੀ ਹੈ। ਆਪਣੀ ਜੇਬ ਵਿਚ ਪਛਾਣ ਪੱਤਰ ਰੱਖਣਾ ਚਾਹੀਦਾ ਹੈ ਤੇ ਘਰ ਦਾ ਪਤਾ ਵੀ। ਬੀਮਾਰੀ ਵਧਣ ਉੱਤੇ ਕਿਸੇ ਸਾਥੀ ਜਾਂ ਨੌਕਰ ਜਾਂ ਨਰਸ ਨੂੰ ਲਗਾਤਾਰ ਨਾਲ ਰੱਖਣ ਦੀ ਲੋੜ ਵੀ ਪੈ ਸਕਦੀ ਹੈ।

ਅੰਤ ਵਿਚ ਸਿਰਫ਼ ਏਨਾ ਹੀ ਯਾਦ ਦਵਾਉਣਾ ਹੈ ਕਿ ਅਸੀਂ ਸਿਰਫ਼ ਇਕ ਪਾਣੀ ਦਾ ਬੁਲਬੁਲਾ ਹਾਂ। ਪਤਾ ਨਹੀਂ ਕਿਹੜੇ ਪਲ ਅਸੀਂ ਚੰਗੇ ਭਲੇ ਤੁਰਦੇ ਫਿਰਦੇ ਹਮੇਸ਼ਾ ਲਈ ਮੰਜੇ ਉੱਤੇ ਪੈ ਜਾਣਾ ਹੈ ਜਾਂ ਸਦਾ ਲਈ ਕੂਚ ਕਰ ਜਾਣਾ ਹੈ। ਹਲਕੀ ਸੱਟ ਵੀ ਕਦੇ ਕਦੇ ਪੂਰੀ ਯਾਦਦਾਸ਼ਤ ਖ਼ਤਮ ਕਰ ਦਿੰਦੀ ਹੈ। ਸੋ ਹੈਂਕੜ ਤੇ ਹਉਮੈ ਤਿਆਗ ਕੇ, ਜੇ ਕਿਸੇ ਦੂਜੇ ਦੀ ਮਦਦ ਕਰਦੇ ਰਹੀਏ ਤਾਂ ਪਤਾ ਨਹੀਂ ਹੁੰਦਾ ਕਿਸ ਵੇਲੇ ਸਾਡੀ ਲੋੜ ਨੂੰ ਕੋਈ ਬਹੁੜ ਜਾਵੇ, ਪਰ ਕਿਸੇ ‘ਭੁੱਲ ਚੁੱਕੇ’ ਨੂੰ ਰਾਹੇ ਪਾਉਣ ਤੋਂ ਵਧੀਆ ਹੋਰ ਕੋਈ ਕੰਮ ਨਹੀਂ ਹੋ ਸਕਦਾ!  ਆਮੀਨ !!

ਕੀ ਮੋਦੀ ਕਿਸਾਨ ਜਥੇਬੰਦੀਆਂ ਨੂੰ ਸਮਝਾ ਨਹੀਂ ਸਕਿਆ ਜਾਂ ਕਿਸਾਨਾਂ ਨੂੰ ਖ਼ੁਦ ਸਮਝ ਨਹੀਂ ਸਕਿਆ ?

0

ਕੀ ਮੋਦੀ ਕਿਸਾਨ ਜਥੇਬੰਦੀਆਂ ਨੂੰ ਸਮਝਾ ਨਹੀਂ ਸਕਿਆ

ਜਾਂ

ਕਿਸਾਨਾਂ ਨੂੰ ਖ਼ੁਦ ਸਮਝ ਨਹੀਂ ਸਕਿਆ ? (OK)

ਕਿਰਪਾਲ ਸਿੰਘ ਬਠਿੰਡਾ 88378-13361

19 ਨਵੰਬਰ 2021 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰ ਪੁਰਬ ਮੌਕੇ ਸਵੇਰੇ-ਸਵੇਰੇ ਹੀ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਨੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੁੱਖ ਮੰਗਾਂ ਮੰਨਣ ਦਾ ਐਲਾਨ ਕਰਦੇ ਸਮੇਂ ਮੁਆਫ਼ੀ ਵੀ ਮੰਗੀ ਅਤੇ ਕਿਹਾ ‘ਹਮ ਨੇ ਬਹੁਤ ਹੀ ਸ਼ੁੱਧ ਭਾਵਨਾ ਸੇ ਕਿਸਾਨੋ ਕੇ ਫ਼ਾਇਦੇ ਕੇ ਲੀਏ ਤੀਨ ਖੇਤੀ ਕਾਨੂੰਨ ਬਣਾਏ ਥੇ ਲੇਕਿਨ ਹਮ ਕੁਝ ਕਿਸਾਨੋ ਕੋ ਸਮਝਾ ਨਹੀਂ ਪਾਏ ਇਸ ਲੀਏ ਮੁਆਫ਼ੀ ਮਾਂਗਤਾ ਹੂੰ’।

ਪ੍ਰਧਾਨ ਮੰਤਰੀ ਦਾ ਇਹ ਅਚਾਨਕ ਆਇਆ ਬਿਆਨ ਸੁਣ ਕੇ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਵੀ ਹੈਰਾਨ ਹੋਏ ਕਿਉਂਕਿ 18 ਨਵੰਬਰ ਦੀ ਰਾਤ ਤੱਕ ਤਾਂ ਉਹ ਬਿਆਨ ਦੇ ਰਹੇ ਸਨ ਕਿ ਖੇਤੀ ਕਾਨੂੰਨ ਕਿਸੇ ਵੀ ਹਾਲਤ ’ਚ ਰੱਦ ਨਹੀਂ ਹੋਣਗੇ ਪਰ ਸਵੇਰੇ ਉੱਠ ਕੇ ਉਨ੍ਹਾਂ ਨੂੰ ਮੋਦੀ ਵੱਲੋਂ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਦੇ ਇੱਕ ਪਾਸੜ ਫ਼ੈਸਲੇ ਦੀ ਸ਼ਾਲਾਘਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਸੀ। ਜਦ ਮੋਦੀ ਜੀ ਵੱਲੋਂ ਕੀਤਾ ਇਹ ਅਚਾਨਕ ਐਲਾਨ ਸਭ ਦੇਸ਼ ਵਾਸੀਆਂ ਨੂੰ ਹੈਰਾਨ ਕਰ ਰਿਹਾ ਹੈ; ਤਾਂ 5 ਜੂਨ 2020 ਨੂੰ ਤਿੰਨੇ ਖੇਤੀ ਆਰਡੀਨੈਂਸ ਜਾਰੀ ਕਰਨ ਤੋਂ ਲੈ ਕੇ 19 ਨਵੰਬਰ 2021 ਨੂੰ ਤਿੰਨੇ ਕਾਨੂੰਨ ਰੱਦ ਕੀਤੇ ਜਾਣ ਦੇ ਐਲਾਨ ਤੱਕ ਵਾਪਰੀਆਂ ਕੁਝ ਮੁੱਖ ਘਟਨਾਵਾਂ ’ਤੇ ਪੰਛੀ ਝਾਤ ਮਾਰ ਕੇ ਮੋਦੀ ਜੀ ਦੇ ਬਿਆਨ ਦੀ ਚੀਰ ਫਾੜ ਤਾਂ ਕਰਨੀ ਹੀ ਬਣਦੀ ਹੈ ਕਿ ਕੀ ਉਹ ਵਾਕਿਆ ਈ ਕੁਝ ਕਿਸਾਨਾਂ ਨੂੰ ਸਮਝਾ ਨਹੀਂ ਸਕਿਆ ਜਾਂ ਕਿਸਾਨਾਂ ਵੱਲੋਂ ਆਪਣੇ ਹੱਕਾਂ ਦੀ ਪ੍ਰਾਪਤੀ ਤੱਕ ਦਲੇਰੀ ਅਤੇ ਦ੍ਰਿੜ੍ਹਤਾ ਭਰਪੂਰ ਜਜ਼ਬੇ ਨਾਲ ਲੜਨ ਦੇ ਸ਼ਾਨਾਮੱਤੀ ਇਤਿਹਾਸ ਨੂੰ ਖ਼ੁਦ ਹੀ ਸਮਝ ਨਹੀਂ ਸਕਿਆ ?

5 ਜੂਨ 2020 ਨੂੰ ਤਿੰਨੇ ਖੇਤੀ ਆਰਡੀਨੈਂਸ ਜਾਰੀ ਕਰਦੇ ਸਮੇਂ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਨੂੰ ਭਰੋਸੇ ’ਚ ਲੈਣ ਦੀ ਕੋਈ ਲੋੜ ਹੀ ਹੀ ਨਹੀਂ ਸਮਝੀ ਗਈ। ਇੱਥੋਂ ਤੱਕ ਕਿ ਐੱਨ.ਡੀ.ਏ. ਸਰਕਾਰ ਦੇ ਭਾਈਵਾਲ ਪਿਛਲੇ ਢਾਈ ਦਹਾਕਿਆਂ ਤੋਂ ਨਹੁੰ-ਮਾਸ ਅਤੇ ਪਤੀ-ਪਤਨੀ ਦਾ ਰਿਸ਼ਤਾ ਨਿਭਾਉਣ ਵਾਲੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਦਾਅਵਾ ਕੀਤਾ ਜਾਂਦਾ ਰਿਹਾ ਕਿ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਵੱਲੋਂ ਆਰਡੀਨੈਂਸ ਜਾਰੀ ਹੋਣ ਸਮੇਂ ਕੁਝ ਮਦਾਂ ’ਤੇ ਇਤਰਾਜ਼ ਕਰਨ ’ਤੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਪਾਰਲੀਮੈਂਟ ’ਚ ਬਿੱਲ ਪੇਸ਼ ਕਰਨ ਸਮੇਂ ਇਨ੍ਹਾਂ ਮਦਾਂ ’ਚ ਸੋਧ ਕਰ ਦਿੱਤੀ ਜਾਵੇਗੀ, ਪਰ ਮੋਦੀ ਸਰਕਾਰ ਵੱਲੋਂ ਆਪਣੇ ਭਾਈਵਾਲ ਅਕਾਲੀ ਦਲ ਸਮੇਤ ਸਮੱੁਚੀ ਵਿਰੋਧੀ ਧਿਰ ਦੀ ਬਿਨਾਂ ਪਰਵਾਹ ਕੀਤੇ 16 ਸਤੰਬਰ 2020 ਨੂੰ ਬਿਨਾਂ ਕਿਸੇ ਵਿਚਾਰ ਚਰਚਾ ਅਤੇ ਵਿਰੋਧੀ ਧਿਰਾਂ ਵੱਲੋਂ ਇਨ੍ਹਾਂ ਬਿੱਲਾਂ ਨੂੰ ਸੰਸਦੀ ਕਮੇਟੀ ਕੋਲ ਭੇਜਣ ਦੀ ਮੰਗ ਠੁਕਰਾ ਕੇ ਬਹੁਤ ਕਾਹਲ਼ੀ ’ਚ ਪਾਸ ਕੀਤੇ ਗਏ। ਰਾਜ ਸਭਾ ’ਚ ਭਾਜਪਾ ਘੱਟ ਗਿਣਤੀ ਹੈ; ਜੇ ਵੋਟਾਂ ਪੈਂਦੀਆਂ ਤਾਂ ਇਹ ਬਿੱਲ ਪਾਸ ਨਹੀਂ ਹੋਣੇ ਸਨ, ਪਰ ਚੇਅਰਪਰਸਨ ਨੇ ਵਿਰੋਧੀ ਧਿਰਾਂ ਵੱਲੋਂ ਵੋਟਾਂ ਪਵਾਉਣ ਦੀ ਮੰਗ ਠੁਕਰਾ ਕੇ 20 ਸਤੰਬਰ ਨੂੰ ਰੌਲ਼ੇ ਰੱਪੇ ’ਚ ਕੇਵਲ ਜ਼ਬਾਨੀ ਵੋਟ ਨਾਲ ਰਾਜ ਸਭਾ ’ਚ ਵੀ ਪਾਸ ਕਰਨ ਦਾ ਐਲਾਨ ਕਰ ਦਿੱਤਾ। 24 ਸਤੰਬਰ 2020 ਨੂੰ ਰਾਸ਼ਟਰਪਤੀ ਨੇ ਆਪਣੇ ਦਸਤਖ਼ਤ ਕਰ ਦਿੱਤੇ ਅਤੇ 27 ਸਤੰਬਰ ਨੂੰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਆਪਣੇ ਵੱਲੋਂ ਕਾਨੂੰਨ ਲਾਗੂ ਕਰ ਦਿੱਤੇ।

ਕਾਨੂੰਨ ਲਾਗੂ ਹੋਣ ਪਿੱਛੋਂ ਜੋ ਜੋ ਘਟਨਾਵਾਂ ਵਾਪਰੀਆਂ ਅਤੇ ਮੋਦੀ ਸਰਕਾਰ ਨੇ ਬਦਲਾ ਲਊ ਭਾਵਨਾ ਨਾਲ ਜਿਸ ਤਰ੍ਹਾਂ ਸਖ਼ਤ ਕਾਰਵਾਈ ਕੀਤੀ ਉਨ੍ਹਾਂ ਵਿੱਚੋਂ ਕੁਝ ਦਾ ਸੰਖੇਪ ਮਾਤਰ ਵਰਣਨ ਇਸ ਲੇਖ ਵਿੱਚ ਕਰਨਾ ਜ਼ਰੂਰੀ ਹੈ ਤਾਂ ਕਿ ਪਾਠਕ ਖ਼ੁਦ ਅੰਦਾਜ਼ਾ ਲਾ ਸਕਣ ਕਿ ਕੀ ਮੋਦੀ ਜੀ ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ ਕੀਤੀ ਜਾਂ ਡਰਾ ਧਮਕਾ ਕੇ ਪੂਰੇ ਤਾਨਾਸ਼ਾਹ ਹੋਣ ਦਾ ਸਬੂਤ ਦਿੱਤਾ।

ਅਕਤੂਬਰ ਮਹੀਨੇ ’ਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ। ਲੰਬਾ ਸਮਾਂ ਮਾਲ ਗੱਡੀਆਂ ਬੰਦ ਰਹਿਣ ਕਾਰਨ ਪੰਜਾਬ ’ਚ ਕਣਕ ਬੀਜਣ ਲਈ ਡੀ.ਏ.ਪੀ ਖਾਦ ਦੀ ਕਿੱਲਤ ਅਤੇ ਉਦਯੋਗਪਤੀਆਂ-ਵਪਾਰੀਆਂ ਦੇ ਮਾਲ ਦੀ ਢੋਆ ਢੁਆਈ ਰੁਕ ਜਾਣ ਕਾਰਨ ਪੰਜਾਬ ਦੀ ਆਰਥਿਕਤਾ ਨੂੰ ਕਾਫ਼ੀ ਨੁਕਸਾਨ ਹੋਣਾ ਸ਼ੁਰੂ ਹੋਇਆ ਤਾਂ ਕਿਸਾਨ ਜਥੇਬੰਦੀਆਂ ਨੇ ਇੱਕ ਪਾਸੜ ਫ਼ੈਸਲਾ ਲਿਆ ਕਿ ਮਾਲ ਗੱਡੀਆਂ ਦੀ ਆਵਾਜਾਈ ’ਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ ਪਰ ਮੁਸਾਫ਼ਰ ਗੱਡੀਆਂ ਮੰਗਾਂ ਮੰਨੇ ਜਾਣ ਤੱਕ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਤਾਂ ਕਿ ਅੰਦੋਲਨ ਬਾ-ਦਸਤੂਰ ਜਾਰੀ ਰਹਿਣ ਦਾ ਸੰਕੇਤ ਮਿਲਦਾ ਰਹੇ। ਸਰਕਾਰ ਦਾ ਫ਼ਰਜ਼ ਬਣਦਾ ਸੀ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਹੋ ਰਹੇ ਨੁਕਸਾਨ ਤੋਂ ਹਰ ਹੀਲੇ ਬਚਾਵੇ, ਪਰ ਮੋਦੀ ਸਰਕਾਰ ਨੇ ਕਿਸਾਨਾਂ ’ਤੇ ਦਬਾਅ ਵਧਾਉਣ ਲਈ ਸ਼ਰਤ ਰੱਖੀ ਕਿ ਜਦ ਤੱਕ ਮੁਸਾਫ਼ਰ ਗੱਡੀਆਂ ਨਹੀਂ ਚੱਲਣ ਦਿੱਤੀਆਂ ਜਾਂਦੀਆਂ ਤਦ ਤੱਕ ਕੋਈ ਮਾਲ ਗੱਡੀ ਵੀ ਨਹੀਂ ਚਲਾਈ ਜਾਵੇਗੀ।

32 ਕਿਸਾਨ ਜਥੇਬੰਦੀਆਂ ਨੇ ਸਰਕਾਰ ਦੀ ਇਹ ਮੰਗ ਵੀ ਪ੍ਰਵਾਨ ਕਰ ਲਈ, ਪਰ ਮਾਝਾ ਆਧਾਰਿਤ ਇੱਕ ਜਥੇਬੰਦੀ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਜੋ ਯੂਨਾਇਟਡ ਕਿਸਾਨ ਮੋਰਚੇ ਵਿੱਚੋਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਾਹਰ ਹੈ, ਨੇ ਮੁਸਾਫ਼ਰ ਗੱਡੀਆਂ ਚੱਲਣ ਤੋਂ ਇਨਕਾਰ ਕਰ ਕੇਵਲ ਮਾਲ ਗੱਡੀਆਂ ਚੱਲਣ ਦੇਣ ਦੇ ਐਲਾਨ ’ਤੇ ਦ੍ਰਿੜ੍ਹ ਰਹੀ। ਉਨ੍ਹਾਂ ਦੇ ਐਲਾਨ ਨਾਲ ਕੇਵਲ ਜੰਡਿਆਲਾ ਤੋਂ ਅੰਮ੍ਰਿਤਸਰ ਤੱਕ ਦਾ ਰੂਟ ਪ੍ਰਭਾਵਤ ਹੁੰਦਾ ਸੀ, ਜਦੋਂ ਕਿ ਗੱਡੀਆਂ ਦੀ ਆਵਾਜਾਈ ਤਰਨਤਾਰਨ ਦੇ ਰਸਤੇ ਕੇਵਲ 30 ਕੁ ਕਿਲੋਮੀਟਰ ਵੱਧ ਦੇ ਸਫਰ ਨਾਲ ਆਮ ਵਾਙ ਚੱਲਣ ’ਚ ਕੋਈ ਰੁਕਾਵਟ ਨਹੀਂ ਪੈਂਦੀ, ਪਰ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਜਾਂ ਲੋਕਾਂ ਦੀ ਸਹੂਲਤ ਦਾ ਧਿਆਨ ਥੋੜ੍ਹਾ ਰੱਖਣਾ ਸੀ, ਉਨ੍ਹਾਂ ਨੇ ਤਾਂ ਕਿਸਾਨਾਂ ਦੀ ਧੌਣ ’ਤੇ ਗੋਡਾ ਰੱਖਣ ਦੀ ਪੂਰੀ ਠਾਣੀ ਹੋਈ ਸੀ, ਇਸ ਲਈ ਕੇਵਲ ਇੱਕ ਸਟੇਸ਼ਨ ’ਤੇ ਧਰਨੇ ਦਾ ਬਹਾਨਾ ਲਾ ਕੇ ਸਾਰੇ ਪੰਜਾਬ ’ਚ ਰੇਲ ਆਵਾਜਾਈ ਰੋਕ ਰੱਖੀ। ਕੀ ਇਹ ਕਿਸਾਨਾਂ ਨੂੰ ਸਮਝਾਉਣ ਦਾ ਤਰੀਕਾ ਸੀ ਜਾਂ ਕਿਸਾਨੀ ਲੋੜਾਂ ਲਈ ਖਾਦ ਦੀ ਸਪਲਾਈ ਰੋਕ ਕੇ ਉਨ੍ਹਾਂ ’ਤੇ ਦਬਾਅ ਪਾਉਣਾ ਸੀ ?

ਕਿਸਾਨਾਂ ਨੇ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਲੱਗਾ ਧਰਨਾ ਵੀ ਚੁੱਕ ਦਿੱਤਾ ਅਤੇ ਮੋਰਚੇ ਨੂੰ ਦੇਸ਼ ਵਿਆਪੀ ਬਣਾਉਣ ਹਿੱਤ ਹਰਿਆਣਾ, ਰਾਜਸਥਾਨ, ਯੂ.ਪੀ., ਉੱਤਰਾਖੰਡ ਦੇ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ 26 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਦਿੱਲੀ ਦੇ ਰਾਮ ਲੀਲਾ ਗਰਾਊਂਡ ’ਚ ਧਰਨਾ ਲਾਉਣ ਦਾ ਐਲਾਨ ਕੀਤਾ ਤਾਂ ਹਰਿਆਣਾ ਦੇ ਭਾਜਪਾ ਮੁੱਖ ਮੰਤਰੀ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਪੰਜਾਬ ਦੇ ਕਿਸਾਨਾਂ ਨੂੰ ਹਰਿਆਣਾ ਦੀ ਹੱਦ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਦੀ ਭਾਜਪਾ ਸਰਕਾਰ ਨੇ ਕੌਮੀ ਸ਼ਾਹ ਮਾਰਗਾਂ ’ਤੇ ਡੂੰਘੇ ਟੋਏ ਪੁੱਟੇ, ਕਰੇਨਾਂ ਨਾਲ ਭਾਰੀ ਪੱਥਰ ਰੱਖ ਕੇ ਰਾਹ ਰੋਕੇ, ਜਲ ਤੋਪਾਂ, ਅੱਥਰੂ ਗੈਸ ਅਤੇ ਲਾਠੀ ਚਾਰਜ ਦੀ ਖੁਲ੍ਹ ਕੇ ਵਰਤੋਂ ਕੀਤੀ, ਪਰ ਕਿਸਾਨਾਂ ਦੇ ਵਹਾਅ ਨੂੰ ਠੱਲ੍ਹ ਨਾ ਪਾ ਸਕੀ। ਆਖ਼ਿਰ ਦਿੱਲੀ ਪੁਲਿਸ ਨੇ ਹਰਿਆਣਾ ਦਿੱਲੀ ਬਾਰਡਰਾਂ ’ਤੇ ਜਿਸ ਤਰ੍ਹਾਂ 7 ਲੇਅਰ ਰੋਕਾਂ ਲਾਈਆਂ, ਸੜਕਾਂ ’ਤੇ ਕਿੱਲ ਠੋਕੇ, ਇਸ ਨੇ ਤਾਂ ਮੋਦੀ ਸਰਕਾਰ ਦੀ ਸਾਰੇ ਸੰਸਾਰ ’ਚ ਥੂ-ਥੂ ਕਰ ਦਿੱਤੀ ਕਿ ਕਿਸਾਨ ਕਿਸੇ ਦੁਸ਼ਮਣ ਦੇਸ਼ ਦੀ ਫ਼ੌਜ ਨਹੀਂ ਬਲਕਿ ਆਪਣੇ ਹੀ ਦੇਸ਼ ਦੇ ਨਾਗਰਿਕ ਹਨ। ਉਨ੍ਹਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਤੱਕ ਜਾ ਕੇ ਰੋਸ ਪ੍ਰਦਰਸ਼ਨ ਕਰਨ ਦਾ ਪੂਰਾ ਅਧਿਕਾਰ ਹੈ।

ਦੇਸ਼ ਵਿਦੇਸ਼ ਦੇ ਲੋਕ ਹੈਰਾਨ ਸਨ ਕਿ ਜਿਸ ਤਰ੍ਹਾਂ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਬਾਰਡਰਾਂ ’ਤੇ ਸਰਕਾਰ ਨੇ ਕਿਲ੍ਹੇਬੰਦੀ ਕਰ ਰੱਖੀ ਹੈ, ਇਸ ਤਰ੍ਹਾਂ ਦੀ ਤਾਂ ਪਾਕਿਸਤਾਨ ਤੇ ਚੀਨ ਨਾਲ ਲਗਦੇ ਬਾਰਡਰਾਂ ’ਤੇ ਵੀ ਨਹੀਂ ਕੀਤੀ। ਚੀਨ ਨੇ ਭਾਰਤ ਦੇ ਤਕਰੀਬਨ 1200 ਵਰਗ ਕਿਲੋਮੀਟਰ ਖੇਤਰ ’ਚ ਕਬਜ਼ਾ ਕਰ ਲਿਆ ਤੇ ਆਪਣਾ ਇੱਕ ਪਿੰਡ ਵੀ ਵਸਾ ਦਿੱਤਾ, ਪਰ 56 ਇੰਚ ਦੀ ਛਾਤੀ ਵਾਲਾ ਪ੍ਰਧਾਨ ਮੰਤਰੀ ਚੂੰ ਤੱਕ ਕਰਨ ਦੀ ਹਿੰਮਤ ਨਹੀਂ ਜੁਟਾ ਸਕਿਆ ਜਦੋਂ ਕਿ ਆਪਣੇ ਹੀ ਦੇਸ਼ ਦੇ ਕਿਸਾਨਾਂ ਨੂੰ ਆਪਣੀ ਰਾਜਧਾਨੀ ’ਚ ਦਾਖ਼ਲ ਹੋਣ ਤੋਂ ਰੋਕਣ ਅਤੇ ਬਦਨਾਮ ਕਰਨ ਲਈ ਮੋਦੀ ਸਰਕਾਰ ਸਮੇਤ ਪੂਰੀ ਭਾਜਪਾ ਨੇ ਹਰ ਹਥਿਆਰ ਵਰਤਿਆ। ਸਰਕਾਰ ਦੇ ਗੋਦੀ ਮੀਡੀਏ, ਕੇਂਦਰੀ ਮੰਤਰੀ ਅਤੇ ਵੱਡੇ ਵੱਡੇ ਭਾਜਪਾ ਲੀਡਰਾਂ ਨੇ ਕਿਸਾਨਾਂ ਨੂੰ ਦੇਸ਼ ਵਿਰੋਧੀ, ਸਮਾਜ ਵਿਰੋਧੀ, ਖਾਲਸਤਾਨੀ, ਪਾਕਿਸਤਾਨ ਦੇ ਏਜੰਟ ਅਤੇ ਮਵਾਲੀ ਆਦਿ ਕਿਹਾ ਗਿਆ। ਮਵਾਲੀ ਮਰਾਠੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਲੁੱਚਾ ਲਫੰਗਾ, ਚੋਰ ਠੱਗ ਰਾਹਗੀਰਾਂ ਨੂੰ ਲੁੱਟਣ ਵਾਲਾ। ਇਹ ਸ਼ਬਦ ਕਿਸੇ ਹੋਰ ਨੇ ਨਹੀਂ ਮਹਾਂਰਾਸ਼ਟਰ ਨਾਲ ਸੰਬੰਧ ਰੱਖਣ ਵਾਲੀ ਕੇਂਦਰੀ ਮੰਤਰੀ ਬੀਬੀ ਨੇ ਕਹੇ ਜਦੋਂ ਕਿ ਸਰਕਾਰੀ ਅੰਕੜੇ ਦੱਸਦੇ ਹਨ ਕਿ ਜਿਸ ਖੇਤਰ ’ਚ ਕਿਸਾਨ ਬੈਠੇ ਸਨ, ਉਸ ਖੇਤਰ ’ਚ ਕੋਈ ਵੀ ਬਲਾਤਕਾਰ ਅਤੇ ਲੁੱਟ ਖੋਹ ਵਰਗੀ ਵੱਡੀ ਅਪਰਾਧਿਕ ਘਟਨਾ ਨਹੀਂ ਵਾਪਰੀ। ਖੁਦ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ’ਚ ਕਿਸਾਨਾਂ ਨੂੰ ਅੰਦੋਲਨਜੀਵੀ, ਪ੍ਰਜੀਵੀ ਭਾਵ ਨਾਲੀਆਂ ਦੇ ਗੰਦੇ ਕੀੜੇ ਤੱਕ ਆਖਿਆ, ਪਰ ਨੇੜੇ ਦੇ ਖੇਤਰ ’ਚ ਰਹਿਣ ਵਾਲੇ ਗ਼ਰੀਬ ਝੁੱਗੀ ਝੋਪੜੀ ਵਾਲਿਆਂ ਨੂੰ ਜੋ ਇੱਜ਼ਤ ਸਤਿਕਾਰ ਸਹਿਤ ਪੇਟ ਭਰਵਾਂ ਲੰਗਰ ਕਿਸਾਨ ਮੋਰਚੇ ਦੌਰਾਨ ਮਿਲਦਾ ਰਿਹਾ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਲਈ ਕਲਾਸਾਂ ਸ਼ੁਰੂ ਕਰ ਉਨ੍ਹਾਂ ਦਾ ਦਿਲ ਜਿੱਤਣ ਦੀ ਮਿਸਾਲ ਉਸ ਵੇਲੇ ਮਿਲਦੀ ਹੈ ਜਦੋਂ ਮੋਰਚੇ ਦੀ ਜਿੱਤ ਉਪਰੰਤ ਉਨ੍ਹਾਂ ਦੇ ਵਿਛੜਨ ਦੇ ਦੁੱਖ ’ਚ ਰੋਂਦਿਆਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ। ਦਿੱਲੀ ਦੀ ਇੱਕ ਪੜ੍ਹੀ ਲਿਖੀ ਨੌਜਵਾਨ ਲੜਕੀ, ਜੋ ਹਰ ਰੋਜ਼ ਮੋਰਚੇ ’ਚ ਸੇਵਾ ਕਰਨ ਆਉਣ ਕਾਰਨ ਕਿਸਾਨਾਂ ਨਾਲ ਇੰਨੀ ਘੁਲ਼ ਮਿਲ ਗਈ ਕਿ ਕਿਸਾਨਾਂ ਨੇ ਪਿਆਰ ਨਾਲ ਉਸ ਦਾ ਨਾਮ ਲਾਡੋ ਰਾਣੀ ਰੱਖਿਆ; ਕਿਸਾਨਾਂ ਦੀ ਵਾਪਸੀ ਸਮੇਂ ਉਹ ਕਿਸਾਨਾਂ ਨੂੰ ਛੱਡਣ ਲਈ ਮੋਹਾਲੀ ਤੱਕ ਆਈ। ਇਹ ਕੇਵਲ ਇੱਕ ਅੱਧੀ ਉਦਾਹਰਨ ਨਹੀਂ ਬਲਕਿ ਹਜ਼ਾਰਾਂ ਦੀ ਗਿਣਤੀ ’ਚ ਦਿੱਲੀ ਅਤੇ ਹਰਿਆਣਾ ਵਾਸੀ ਕਿਸਾਨਾਂ ਨਾਲ ਖ਼ੁਸ਼ੀਆਂ ਮਨਾਉਂਦੇ, ਉਨ੍ਹਾਂ ਨੂੰ ਪੰਜਾਬ ਦੀ ਹੱਦ ਤੱਕ ਛੱਡਣ ਲਈ ਉਨ੍ਹਾਂ ਨਾਲ ਚੱਲੇ। ਇਹ ਸਾਰੇ ਦ੍ਰਿਸ਼ ਗੋਦੀ ਮੀਡੀਏ ਅਤੇ ਭਾਜਪਾ ਆਗੂਆਂ ਦੇ ਮੂੰਹ ’ਤੇ ਚਪੇੜ ਸਨ।

ਗਣਤੰਤਰ ਦਿਵਸ 26 ਜਨਵਰੀ 2021 ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ’ਚ ਟਰੈਕਟਰ ਪਰੇਡ ਕਰਨ ਦੇ ਪ੍ਰੋਗਰਾਮ ਨੂੰ ਜਿਸ ਤਰ੍ਹਾਂ ਇੱਕ ਸਾਜਿਸ਼ ਅਧੀਨ ਦਿੱਲੀ ਪੁਲਿਸ ਨੇ 26 ਜਨਵਰੀ ਦੀ ਸਵੇਰ ਨੂੰ ਨਿਰਧਾਰਿਤ ਕੀਤੇ ਰੂਟ ’ਤੇ ਤਾਂ ਭਾਰੀ ਰੋਕਾਂ ਲਾ ਦਿੱਤੀਆਂ ਪਰ ਰਿੰਗ ਰੋਡ ਅਤੇ ਲਾਲ ਕਿਲ੍ਹੇ ਵੱਲ ਜਾਂਦੀ ਸੜਕ ਜਿਧਰ ਕਿਸਾਨ ਮਾਰਚ ਦੇ ਜਾਣ ’ਤੇ ਰੋਕ ਲਾਈ ਸੀ, ਉੱਧਰ ਜਾਣ ਦੀ ਖੁੱਲ੍ਹ ਦੇ ਕੇ ਲਾਲ ਕਿਲ੍ਹੇ ਵੱਲ ਤੋਰਿਆ। ਲਾਲ ਕਿਲ੍ਹੇ ਤੱਕ ਜਿੱਥੇ ਆਮ ਦਿਨਾਂ ’ਚ ਵੀ ਭਾਰੀ ਪੁਲਿਸ ਤਾਇਨਾਤ ਹੁੰਦੀ ਹੈ, ਪਰ ਗਣਤੰਤਰ ਦਿਵਸ ਹੋਣ ਕਾਰਨ ਤਾਂ ਲਾਲ ਕਿਲ੍ਹੇ ਵੱਲ ਬਿਨਾਂ ਚੈੱਕਿੰਗ ਤੋਂ ਚਿੜੀ ਵੀ ਨਹੀਂ ਫਰਕਣ ਦਿੱਤੀ ਜਾਂਦੀ, ਉਸ ਕਿਲ੍ਹੇ ’ਚ ਕਾਫ਼ੀ ਨੌਜਵਾਨਾਂ ਅਤੇ ਕੁਝ ਕਿਸਾਨਾਂ ਦਾ ਦਾਖ਼ਲਾ ਬਿਨਾਂ ਰੋਕ ਟੋਕ ਹੋਣ ਦਿੱਤਾ ਗਿਆ, ਜਿੱਥੇ ਉਨ੍ਹਾਂ ਖ਼ਾਲੀ ਪੋਲਾਂ ’ਤੇ ਕੇਸਰੀ ਨਿਸ਼ਾਨ ਸਾਹਿਬ ਅਤੇ ਕਿਸਾਨੀ ਝੰਡਾ ਝੁਲਾ ਦਿੱਤਾ। ਸਰਕਾਰ ਇਹੋ ਕੁਝ ਤਾਂ ਕਰਵਾਉਣਾ ਚਾਹੁੰਦੀ ਸੀ। ਗੋਦੀ ਮੀਡੀਆ ਤੇ ਸਰਕਾਰ ਨੇ ਲਾਲ ਕਿਲ੍ਹੇ ’ਤੇ ਖਾਲਸਤਾਨੀ ਝੰਡਾ ਝੁਲਾ ਕੇ ਤਿਰੰਗੇ ਦਾ ਅਪਮਾਨ ਤੇ ਦੇਸ਼ ਵਿਰੋਧੀ ਕਾਰਵਾਈ ਕਰਨ ਦਾ ਇਲਜ਼ਾਮ ਲਾ ਕੇ ਕਿਸਾਨਾਂ ਨੂੰ ਖ਼ੂਬ ਭੰਡਿਆ। ਦੀਪ ਸਿੱਧੂ, ਲੱਖਾ ਸਿਧਾਣਾ, ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸਕੱਤਰ ਸਵਰਨ ਸਿੰਘ ਪੰਧੇਰ, 32 ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਲਾਲ ਕਿਲ੍ਹੇ ਵੱਲ ਜਾਣ ਦਾ ਵਿਰੋਧ ਕਰ ਰਹੀਆਂ ਸਨ, ਉਨ੍ਹਾਂ ਦੇ ਮੁੱਖ ਆਗੂਆਂ ਸਮੇਤ ਸੈਂਕੜਿਆਂ ’ਤੇ ਨਾਮੀ ਅਤੇ ਬੇਨਾਮੀ ਕੇਸ ਦਰਜ ਕੀਤੇ ਗਏ। ਕਿਸਾਨਾਂ ਦਾ ਮਨੋਬਲ ਡੇਗਣ ਲਈ ਸਰਕਾਰ ਪੱਖੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭਾਨੂੰ ਪ੍ਰਤਾਪ ਸਿੰਘ ਅਤੇ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵੀ.ਐੱਮ. ਸਿੰਘ ਕਿਸਾਨ ਅੰਦੋਲਨ ’ਤੇ ਹਿੰਸਾ ਭੜਕਾਉਣ ਦਾ ਦੋਸ਼ ਲਾ ਕੇ ਅੰਦੋਲਨ ਤੋਂ ਵੱਖ ਹੋਣ ਦਾ ਐਲਾਨ ਕਰ ਆਪਣੇ ਟੈਂਟ ਪੁੱਟ ਕੇ 27 ਜਨਵਰੀ ਨੂੰ ਵਾਪਸ ਚਲੇ ਗਏ; ਜਿਸ ਨੂੰ ਸਰਕਾਰ ਅਤੇ ਗੋਦੀ ਮੀਡੀਆ ਨੇ ਕਿਸਾਨ ਮੋਰਚੇ ’ਚ ਪਈਆਂ ਦਰਾਰਾਂ ਸਿੱਧ ਕਰਨ ਦਾ ਅਸਫਲ ਯਤਨ ਕੀਤਾ। ਭਾਜਪਾ ਦੇ ਗੁੰਡੇ ਪੁਲਿਸ ਦੀ ਮਦਦ ਨਾਲ ਗਾਜ਼ੀਪੁਰ ਬਾਰਡਰ, ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ’ਤੇ ਧਮਕੀ ਦੇਣ ਲੱਗੇ ਕਿ 24 ਘੰਟਿਆਂ ’ਚ ਆਪਣੇ ਟੈਂਟ ਪੁੱਟ ਕੇ ਵਾਪਸ ਚਲੇ ਜਾਓ ਨਹੀਂ ਤਾਂ ਅਸੀਂ ਟੈਂਟ ਉਖਾੜ ਦੇਵਾਂਗੇ; ਇਸ ਨਾਲ ਇੱਕ ਵਾਰ ਤਾਂ ਲੱਗਦਾ ਸੀ ਕਿ ਅੰਦੋਲਨ ਜ਼ਬਰੀ ਖ਼ਤਮ ਕਰਾ ਦਿੱਤਾ ਜਾਵੇਗਾ, ਪਰ ਰਾਕੇਸ਼ ਟਕੈਤ ਦੇ ਹੰਝੂਆਂ ਨੇ 24 ਘੰਟਿਆਂ ’ਚ ਹੀ ਅੰਦੋਲਨ ਨੂੰ ਮੁੜ ਪੈਰਾਂ ਸਿਰ ਲੈ ਆਂਦਾ।

ਇਸ ਤੋਂ ਪਹਿਲਾਂ ਦਸੰਬਰ 20 ਤੋਂ ਜਨਵਰੀ 21 ਤੱਕ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਦੀਆਂ ਕਿਸਾਨ ਜਥੇਬੰਦੀਆਂ ਨਾਲ ਕੁਝ ਦਿਨਾਂ ਦੇ ਵਕਫ਼ੇ ਨਾਲ 11 ਮੀਟਿੰਗਾਂ ਵੀ ਹੋਈਆਂ, ਜਿਨ੍ਹਾਂ ’ਚ ਕਿਸਾਨ ਆਗੂਆਂ ਨੇ ਤਿੰਨੇ ਕਾਨੂੰਨਾਂ ਦੀ ਇੱਕ ਇੱਕ ਮੱਦ ’ਤੇ ਬਹਿਸ ਕਰ ਸਿੱਧ ਕਰ ਦਿੱਤਾ ਕਿ ਇਸ ਦੀ ਹਰ ਮਦ ਕਿਸਾਨ ਅਤੇ ਲੋਕ ਵਿਰੋਧੀ ਹੈ। ਆਖਰੀ ਮੀਟਿੰਗ 22 ਜਨਵਰੀ ਨੂੰ ਹੋਈ ਜਿਸ ’ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਸਨ, ਉਨ੍ਹਾਂ ਨੇ ਤਰਲਾ ਮਾਰਿਆ ਕਿ ਇਨ੍ਹਾਂ ’ਚ ਜਿੰਨੀਆਂ ਸੋਧਾਂ ਤੁਸੀਂ ਚਾਹੋ ਕਰਵਾ ਸਕਦੇ ਹੋ, ਪਰ ਕਾਨੂੰਨ ਰੱਦ ਕਰਨ ਦੀ ਮੰਗ ਛੱਡ ਕੇ ਸਾਡੀ ਇੱਜ਼ਤ ਬਚਾ ਲਵੋ। ਉਨ੍ਹਾਂ ਇੱਥੋਂ ਤੱਕ ਕਿਹਾ ਕਿ ਡੱਬਾ ਸਾਡਾ ਰੱਖ ਲਵੋ; ਇਸ ਵਿੱਚ ਮਾਲ ਆਪਣਾ ਭਰ ਲਵੋ।

ਅਮਿਤ ਸ਼ਾਹ ਦਾ ਇਹ ਤਰਲਾ ਹੀ ਸਿੱਧ ਕਰਦਾ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ’ਚ ਨਹੀਂ ਸਨ, ਪਰ ਸਰਕਾਰ ਆਪਣੀ ਇੱਜ਼ਤ ਬਚਾਉਣ ਲਈ ਹੀ ਅੜੀ ਹੋਈ ਸੀ।  22 ਜਨਵਰੀ 2021 ਤੋਂ ਮੋਰਚਾ ਚੁੱਕੇ ਜਾਣ ਦੀ ਮਿਤੀ 10 ਦਸੰਬਰ ਤੱਕ ਮੋਦੀ ਦੀ ਆਪਣੀ ਜਾਂ ਉਸ ਦੀ ਮੰਤਰੀ ਟੀਮ ਦੀ ਕਿਸਾਨਾਂ ਨਾਲ ਇੱਕ ਵੀ ਮੀਟਿੰਗ ਨਹੀਂ ਹੋਈ ਤਾਂ ਕਿਸਾਨ, ਜਿਨ੍ਹਾਂ ਨੂੰ ਕੇਂਦਰ ਸਰਕਾਰ ਅਤੇ ਭਾਜਪਾ ਦੇ ਮੁਖੀ ਆਗੂ ਹੁਣ ਤੱਕ ਦੇਸ਼ ਵਿਰੋਧੀ, ਸਮਾਜ ਵਿਰੋਧੀ, ਖਾਲਸਤਾਨੀ, ਪਾਕਿਸਤਾਨ ਦੇ ਏਜੰਟ, ਮਵਾਲੀ, ਅੰਦੋਲਨਜੀਵੀ/ਪ੍ਰਜੀਵੀ ਕਹਿੰਦੀ ਨਹੀਂ ਸੀ ਥਕਦੀ; ਉਨ੍ਹਾਂ ਨੂੰ ਮੋਦੀ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕਦੋਂ ਕੀਤੀ ? ਇਸ ਬਾਰੇ ਮੋਦੀ ਖ਼ੁਦ ਹੀ ਕੁਝ ਦੱਸ ਸਕਦੇ ਹਨ। ਇਸ ਲਈ ਮੋਦੀ ਦਾ ਇਹ ਬਿਆਨ ਉਸ ਵੱਲੋਂ ਮਾਰੇ ਜਾਂਦੇ ਹੋਰਨਾਂ ਝੂਠਾਂ ਵਾਙ ਇੱਕ ਵੱਡਾ ਝੂਠ ਹੀ ਨਿਕਲਿਆ ਕਿ ਉਹ ਕੁਝ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਜਦਕਿ ਅਸਲ ’ਚ ਗੱਲ ਇਹ ਹੈ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਡਰਾਉਣ, ਧਮਕਾਉਣ, ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦਾ ਉੱਠਾ ਕੇ ਪੰਜਾਬ ਹਰਿਆਣਾ ਦੇ ਕਿਸਾਨਾਂ ਵਿਚਕਾਰ ਫੁੱਟ ਪਾਉਣ ਦੇ ਸਾਰੇ ਯਤਨ ਫੇਲ੍ਹ ਹੋ ਜਾਣ ਅਤੇ ਕਿਸਾਨਾਂ ਵੱਲੋਂ ਚਲਾਇਆ ਜਾ ਰਿਹਾ ਵੋਟ ’ਤੇ ਚੋਟ ਦਾ ਨਾਹਰਾ ਸਫਲਤਾ ਨਾਲ ਅੱਗੇ ਵਧਦਾ ਵੇਖ ਮੋਦੀ ਜੀ ਖ਼ੁਦ ਸਮਝ ਗਏ ਸਨ ਕਿ ਜਿਸ ਤਰ੍ਹਾਂ ਇਸ ਨਾਹਰੇ ਨੇ ਪਹਿਲਾਂ ਪੱਛਮੀ ਬੰਗਾਲ ਅਤੇ ਫਿਰ 30 ਅਕਤੂਬਰ 2021 ਨੂੰ ਹੋਈਆਂ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਦੇ ਨਤੀਜੇ ਭਾਜਪਾ ਨੂੰ ਉੱਤਰ ਤੋਂ ਦੱਖਣ ਤੱਕ ਵੱਡੇ ਝਟਕੇ ਲਾਏ ਹਨ; ਕਿਉਂਕਿ ਭਾਜਪਾ ਸ਼ਾਸਤ ਹਿਮਾਚਲ ਪ੍ਰਦੇਸ਼ ਅਤੇ ਕਾਂਗਰਸ ਸ਼ਾਸਤ ਰਾਜਸਥਾਨ ਦੋਵਾਂ ’ਚ ਕਾਂਗਰਸ ਦੀ ਹੂੰਝਾ ਫੇਰੂ ਜਿੱਤ ਹੋਈ ਅਤੇ ਭਾਜਪਾ ਇੱਕ ਵੀ ਸੀਟ ਨਾ ਹਾਸਲ ਕਰ ਸਕੀ; ਦਾਦਰਾ ਤੇ ਨਗਰ ਹਵੇਲੀ ਲੋਕ ਸਭਾ ਸੀਟ ਸ਼ਿਵ ਸੈਨਾ ਨੇ ਜਿੱਤ ਲਈ; ਮਹਾਂਰਾਸ਼ਟਰ ਦੀ ਵਿਧਾਨ ਸਭਾ ਸੀਟ ਉੱਤੇ ਕਾਂਗਰਸ ਜੇਤੂ ਰਹੀ; ਆਂਧਰਾ ਪ੍ਰਦੇਸ਼ ਵਿੱਚ ਵਾਈ. ਐੱਸ. ਆਰ. ਕਾਂਗਰਸ ਨੇ ਭਾਜਪਾ ਨੂੰ ਹਰਾ ਦਿੱਤਾ। ਭਾਜਪਾ ਸ਼ਾਸਤ ਹਰਿਆਣਾ ’ਚ ਵੀ ਇੱਕੋ ਇੱਕ ਸੀਟ ਅਨੈਲੋ ਦੇ ਅਭੈ ਸਿੰਘ ਚੌਟਾਲਾ; ਭਾਜਪਾ ਉਮੀਦਵਾਰ ਨੂੰ ਹਰਾ ਕੇ ਜਿੱਤਣ ’ਚ ਕਾਮਯਾਬ ਹੋਇਆ ਜਦੋਂ ਕਿ ਜ਼ਿਮਨੀ ਚੋਣਾਂ ਦਾ ਹਾਲ ਇਹ ਹੁੰਦਾ ਹੈ ਕਿ ਆਮ ਤੌਰ ’ਤੇ ਸੱਤਾਧਾਰੀ ਪਾਰਟੀ ਹੀ ਜਿੱਤ ਹਾਸਲ ਕਰਦੀ ਆਈ ਹੈ। ਜ਼ਿਮਨੀ ਚੋਣਾਂ ’ਚ ਭਾਜਪਾ ਨੂੰ ਮਿਲੀ ਨਮੋਸ਼ੀ ਭਰੀ ਹਾਰ ਅਤੇ ਹੁਣ ਪੰਜਾਬ, ਯੂ.ਪੀ., ਉੱਤਰਾਖੰਡ, ਜਿੱਥੇ ਫ਼ਰਵਰੀ ’ਚ ਵਿਧਾਨ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਅਤੇੇ ਭਾਜਪਾ ਦੇ ਦਿਨੋ ਦਿਨ ਵਧ ਰਹੇ ਜਨਤਕ ਵਿਰੋਧ ਨੇ ਭਾਜਪਾ ਦੀ ਨੀਂਦ ਉਡਾ ਰੱਖੀ ਸੀ। ਭਾਜਪਾ ਦੀ ਜਿੱਤ ਦਾ ਉਨ੍ਹਾਂ ਪਾਸ ਸਭ ਤੋਂ ਵੱਧ ਕਾਰਗਰ ਫ਼ਾਰਮੂਲਾ ਹੈ ਹਿੰਦੂ-ਮੁਸਲਮਾਨਾਂ ਦਰਮਿਆਨ ਨਸਲੀ ਦੰਗੇ ਕਰਵਾ ਕੇ ਧਰਮ ਆਧਾਰਿਤ ਧਰੁਵੀਕਰਨ ਕਰ ਬਹੁ ਗਿਣਤੀ ਹਿੰਦੂਆਂ ਦੀਆਂ ਵੋਟਾਂ ਹਾਸਲ ਕਰਨਾ, ਪਰ ਕਿਸਾਨ ਜਥੇਬੰਦੀਆਂ ਨੇ ਯੂ.ਪੀ. ’ਚ ਵੋਟ ਦੀ ਚੋਟ ਲਾਉਣ ਲਈ ਵਿਸ਼ੇਸ਼ ਪ੍ਰੋਗਰਾਮ ਉਲੀਕੇ, ਜਿਸ ਤਹਿਤ ਕੀਤੀਆਂ ਜਾਂ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦੇ ਮੰਚਾਂ ’ਤੇ ਹਿੰਦੂ-ਮੁਸਲਮਾਨ-ਸਿੱਖ ਕਿਸਾਨਾਂ ਵੱਲੋਂ ਇੱਕ ਸਾਥ ‘ਅੱਲਾ-ਹੂ-ਅਕਬਰ’, ‘ਜੈ ਸ਼੍ਰੀ ਰਾਮ’ ‘ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ’ ਅਤੇ ‘ਵਾਹਿਗੁਰੂ ਜੀ ਕਾ ਖਾਲਸਾ’ ਦੇ ਨਾਹਰੇ ਲਾ ਕੇ ਹਿੰਦੂ-ਸਿੱਖ-ਮੁਸਲਮਾਨ ਏਕਤਾ ਦਾ ਸਬੂਤ ਦੇਣਾ ਸ਼ੁਰੂ ਕਰ ਦਿੱਤਾ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਭ ਧਰਮਾਂ ਦੀ ਏਕਤਾ ’ਚ ਸਾਡੀ ਅਤੇ ਲੋਕਤੰਤਰ ਦੀ ਜਿੱਤ ਹੈ ਜਦੋਂ ਕਿ ਫੁੱਟ ਅਤੇ ਆਪਸੀ ਮਜ਼੍ਹਬੀ ਟਕਰਾਅ ’ਚ ਫਿਰਕੂ ਭਾਜਪਾ ਦੀ ਜਿੱਤ ਅਤੇ ਲੋਕਤੰਤਰ ਦੀ ਹਾਰ ਹੈ। ਕਿਸਾਨ ਜਥੇਬੰਦੀਆਂ ਵੱਲੋਂ ਏਕਤਾ ਦੇ ਇਹ ਨਾਹਰੇ ਭਾਜਪਾ ਦੀ ਨੀਂਦ ਹਰਾਮ ਕਰਨ ਲਈ ਕਾਫ਼ੀ ਸਨ। ਜਿਨ੍ਹਾਂ ਤੋਂ ਡਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਝ ਗਿਆ ਕਿ ਇਨ੍ਹਾਂ ਵਿਧਾਨ ਸਭਾਵਾਂ ਚੋਣਾਂ ਤੱਕ ਅੰਦੋਲਨ ਖ਼ਤਮ ਨਾ ਹੋਇਆ ਤਾਂ 2024 ਦੀਆਂ ਲੋਕ ਸਭਾ ਚੋਣਾਂ ਤੱਕ ਜਾ ਸਕਦਾ ਹੈ, ਜਿਸ ਨੇ ਸਿਆਸੀ ਕੁਰਸੀ ਦੀਆਂ ਚੂਲ਼ਾਂ ਹਿਲਾ ਦੇਣੀਆਂ ਹਨ ਤਾਹੀਓਂ ਅਚਾਨਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰ ਪੁਰਬ ਵਾਲੇ ਦਿਨ 19 ਨਵੰਬਰ 2021 ਨੂੰ ਸਵੇਰੇ ਸਵੇਰੇ ਦੇਸ਼ ਨੂੰ ਸੰਬੋਧਨ ਕਰਦਿਆਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ, ਐੱਮ. ਐੱਸ. ਪੀ. ਲਈ ਕਮੇਟੀ ਗਠਿਤ ਕਰਨ ਦਾ ਐਲਾਨ ਕਰ ਦਿੱਤਾ।

ਖੇਤੀ ਕਾਨੂੰਨ ਰੱਦ ਕੀਤੇ ਜਾਣ ਪਿੱਛੋਂ ਭਾਜਪਾ ਨੇ ਜਿਸ ਤਰ੍ਹਾਂ ਪੰਜਾਬ ’ਚ ਆਪਣੀਆਂ ਸਿਆਸੀ ਸਰਗਰਮੀਆਂ ਵਧਾਉਣੀਆਂ ਸ਼ੁਰੂ ਕੀਤੀਆਂ ਹਨ; ਅਕਾਲੀ ਦਲ ਅਤੇ ਕਾਂਗਰਸ ਦੇ ਵੱਡੇ ਵੱਡੇ ਆਗੂ, ਜਿਸ ਤਰ੍ਹਾਂ ਭਾਜਪਾ ਵੱਲ ਦੌੜ ਲਗਾ ਕੇ ਧਰਮ ਤੇ ਜਾਤੀ ਆਧਾਰਿਤ ਵੰਡੀਆਂ ਅਤੇ ਨਫ਼ਰਤ ਪੈਦਾ ਕਰ ਕੇ ਜਿੱਤਣ ਦੇ ਫ਼ਾਰਮੂਲੇ ਵਾਲੀ ਪਾਰਟੀ ਨੂੰ ਮੁੜ ਪੰਜਾਬ ਦੀ ਧਰਤੀ ’ਤੇ ਆਪਣੇ ਪੈਰ ਜਮਾਉਣ ਲਈ ਊਰਜਾ ਦੇਣ ਵਿੱਚ ਸਹਾਈ ਹੋ ਰਹੇ ਹਨ, ਇਹ ਲੋਕ ਹਿਤੂ ਅਤੇ ਇਨਸਾਫ਼ ਪਸੰਦ ਲੋਕਾਂ ਲਈ ਜ਼ਰੂਰ ਚਿੰਤਾ ਦਾ ਵਿਸ਼ਾ ਹੈ। ਅਫਵਾਹਾਂ ਹਨ ਕਿ ਇਸ ਮਹੀਨੇ ਦੇ ਅਖੀਰ ਤੱਕ ਮੋਦੀ ਜੀ ਪੰਜਾਬ ਆ ਰਹੇ ਹਨ, ਜਿੱਥੇ ਪੰਜਾਬ ਲਈ ਕਈ ਆਰਥਿਕ ਪੈਕੇਜ ਅਤੇ ਚੰਡੀਗੜ੍ਹ ਦੇਣ ਦਾ ਐਲਾਨ ਕਰਕੇ ਪੰਜਾਬੀਆਂ ਦਾ ਦਿਲ ਜਿੱਤਣ ਦਾ ਯਤਨ ਕਰਨਗੇ, ਜਿਸ ਨਾਲ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਕਾਂਗਰਸ ਦੇ ਕਈ ਆਗੂ ਸੱਤਾ ਦੇ ਲਾਲਚ ਅਤੇ ਕੁਝ ਈ.ਡੀ., ਇਨਕਮ ਟੈਕਸ ਅਤੇ ਸੀ.ਬੀ.ਆਈ. ਆਦਿਕ ਦੇ ਛਾਪਿਆਂ ਤੋਂ ਡਰ ਦੇ ਮਾਰੇ ਭਾਜਪਾ ’ਚ ਸ਼ਾਮਲ ਹੋ ਕੇ ਭਾਜਪਾ ਦੇ ਹੱਥ ਮਜ਼ਬੂਤ ਕਰ ਸਕਦੇ ਹਨ। ਅਸਲ ’ਚ ਸਤਾ ਦੇ ਲਾਲਚੀ ਅਤੇ ਕੇਸਾਂ ਤੋਂ ਬਚਣ ਲਈ ਰਾਹ ਲੱਭਣ ਵਾਲੇ ਅਜਿਹੇ ਡਰਪੋਕ ਦਲਬਦਲੂ ਆਗੂ ਹੀ ਲੋਕਾਂ ਦੇ ਦੁੱਖਾਂ ਦਾ ਮੁੱਖ ਕਾਰਨ ਹਨ; ਜਿਨ੍ਹਾਂ ਦਾ ਕੋਈ ਸਿਧਾਂਤ ਨਹੀਂ ਬਲਕਿ ਇੱਕੋ ਇੱਕ ਨਿਸ਼ਾਨਾ ਸੱਤਾ ਅਤੇ ਪੈਸਾ ਹਾਸਲ ਕਰਨਾ ਹੈ। ਇਸ ਸਮੇਂ ਇਹ ਸ਼ਕਤੀ ਕੇਵਲ ਕਿਸਾਨ ਜਥੇਬੰਦੀਆਂ ਦੀ ਨਿਸ਼ਕਾਮ ਰਹਿਤ ਪੂਰਨ ਏਕਤਾ ਅਤੇ ਸਿਆਣਪ ਭਰੇ ਫ਼ੈਸਲਿਆਂ ’ਚ ਹੈ ਕਿ ਅਯੁੱਧਿਆ, ਕਾਸ਼ੀ ਮਥਰਾ ਦੇ ਨਾਹਰਿਆਂ ਨਾਲ ਜਿੱਤਣ ਵਾਲੀ ਫਿਰਕੂ ਪਾਰਟੀ ਅਤੇ ਦਲਬਦਲੂ ਆਗੂਆਂ ਨੂੰ ਸਬਕ ਸਿਖਾ ਸਕਣ।

ਸੋ ਸਾਰੀਆਂ ਪਿਛਲੀਆਂ ਯਾਦਾਂ ਦੇ ਆਧਾਰ ’ਤੇ ਇਹ ਫ਼ੈਸਲਾ ਇਸ ਸਮੇਂ ਜੇਤੂ ਦੇ ਰੂਪ ’ਚ ਉਭਰੀਆਂ ਕਿਸਾਨ ਜਥੇਬੰਦੀਆਂ ਸਮੇਤ ਸਮੁੱਚੇ ਦੇਸ਼ਵਾਸੀਆਂ ਨੇ ਕਰਨਾ ਹੈ ਕਿ ਉਨ੍ਹਾਂ ਫਿਰਕੂ ਅਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਵਾਲੀ ਪਾਰਟੀ ਤੇ ਇਖ਼ਲਾਕਹੀਣ ਦਲਬਦਲੂਆਂ ਨੂੰ ਮੁੜ ਸੱਤਾ ਸੌਂਪਣੀ ਹੈ ਜਾਂ ਸਬਕ ਸਿਖਾਉਣਾ ਹੈ। ਚੋਣਾਂ ਜਿੱਤਣ ਲਈ ਵਕਤੀ ਲਾਭਾਂ ਦੇ ਵਾਅਦਿਆਂ ਤੋਂ ਪ੍ਰਭਾਵਤ ਹੋ ਕੇ ਆਪਣੇ ਅਪਰਾਧਿਕ ਪਿਛੋਕੜ ’ਤੇ ਮਾਨ ਕਰਨ ਵਾਲੇ ਅਜੈ ਮਿਸ਼ਰਾ ਅਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ, ਜੋ ਚਾਰ ਕਿਸਾਨਾਂ, ਇਕ ਪੱਤਰਕਾਰ ਅਤੇ ਆਪਣੀ ਹੀ ਪਾਰਟੀ ਦੇ ਤਿੰਨ ਵਰਕਰਾਂ ਦੀ ਮੌਤ ਦੇ ਜ਼ਿੰਮੇਵਾਰ ਹਨ; ਨੂੰ ਮੁਆਫ਼ ਕਰਨਾ ਹੈ ਜਾਂ ਸਬਕ ਸਿਖਾਉਣਾ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੀਆਂ ਸਖ਼ਤ ਟਿੱਪਣੀਆਂ ਅਤੇ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਆਸ਼ੀਸ਼ ਮਿਸ਼ਰਾ ਤੇ ਉਸ ਦੇ ਸਾਥੀਆਂ ਦੇ ਹਥਿਆਰਾਂ ਤੋਂ ਗੋਲ਼ੀਆਂ ਚੱਲਣ ਦੀ ਪੁਸ਼ਟੀ ਕੀਤੇ ਜਾਣ ਦੇ ਬਾਵਜੂਦ ਵੀ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਦਾ ਪਿਤਾ ਅਜੈ ਮਿਸ਼ਰਾ ਹਾਲੀ ਤੱਕ ਕੇਂਦਰੀ ਗ੍ਰਹਿ ਰਾਜ ਮੰਤਰੀ, ਜਿਸ ਦੇ ਅਧੀਨ ਦੇਸ਼ ਦੀ ਸਾਰੀ ਪੁਲਿਸ ਹੈ, ਵਾਲ਼ੀ ਆਪਣੀ ਕੁਰਸੀ ’ਤੇ ਬਿਰਾਜਮਾਨ ਹੈ; ਤਾਂ ਪੀੜਤਾਂ ਨੂੰ ਇਨਸਾਫ਼ ਕਿਵੇਂ ਮਿਲੇਗਾ ? ਪ੍ਰਧਾਨ ਮੰਤਰੀ ਜਾਂ ਭਾਜਪਾ ਕੌਮੀ ਪ੍ਰਧਾਨ ਜੇ.ਪੀ. ਨੱਢਾ ਵੱਲੋਂ ਅਜੈ ਮਿਸ਼ਰਾ ਦੇ ਭੜਕਾਊ ਬਿਆਨ ਅਤੇ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਕੀਤੇ ਖ਼ੂਨੀ ਕਾਂਡ ਦੀ ਹਾਲੀ ਤੱਕ ਨਿੰਦਾ ਨਾ ਕੀਤੀ ਅਤੇ ਨਾ ਹੀ ਅਜੈ ਮਿਸ਼ਰਾ ਨੂੰ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇਣ ਲਈ ਕਿਹਾ ਹੈ। ਜਾਪਦਾ ਹੈ ਕਿ ਲਖੀਮਪਰ ਖੀਰੀ ਕਾਂਡ ਕੇਵਲ ਅਜੈ ਮਿਸ਼ਰਾ ਅਤੇ ਅਸ਼ੀਸ਼ ਮਿਸ਼ਰਾ ਦੀ ਗੁੰਡਾ ਗਰਦੀ ਹੀ ਨਹੀਂ ਬਲਕਿ ਉਨ੍ਹਾਂ ਰਾਹੀਂ ਖ਼ੁਦ ਭਾਜਪਾ ਅਤੇ ਕੇਂਦਰੀ ਸਰਕਾਰ ਆਰ.ਐੱਸ.ਐੱਸ. ਦਾ ਦੰਗੇ ਭੜਕਾਉਣ ਅਤੇ ਵੰਡ ਪਾਊ ਏਜੰਡਾ ਲਾਗੂ ਕਰਨਾ ਚਾਹ ਰਹੇ ਸਨ, ਇਸ ਲਈ ਕਸੂਰਵਾਰ ਕੇਵਲ ਮਿਸ਼ਰਾ ਪਿਉ-ਪੁੱਤਰ ਹੀ ਨਹੀਂ ਬਲਕਿ ਸਮੁੱਚੀ ਭਾਜਪਾ ਸਰਕਾਰ ਕਸੂਰਵਾਰ ਹੈ। ਕਿਸਾਨਾਂ ਨੇ ਇਹ ਫ਼ੈਸਲਾ ਕਰਨਾ ਹੈ ਕਿ ਜਿਸ ਮੋਦੀ ਅਤੇ ਉਸ ਦੀ ਸਰਕਾਰ ਨੇ ਕਿਸਾਨਾਂ ਨੂੰ ਪੂਰਾ ਇੱਕ ਸਾਲ ਦਿੱਲੀ ਦੇ ਬਾਰਡਰਾਂ ਦੀਆਂ ਸੜਕਾਂ ਉੱਤੇ 44º ਗ਼ਰਮੀ ਤੋਂ 2º ਠੰਡ ਦੇ ਮੌਸਮ ਅਤੇ ਵਰਖਾ ਰੁੱਤ ’ਚ ਵਰਦੇ ਮੀਂਹ ’ਚ ਅਸਮਾਨ ਹੇਠ ਆਪਣੇ ਹੱਡ ਰਗੜਣ ਲਈ ਮਜਬੂਰ ਕੀਤਾ, ਮੋਰਚੇ ਦੌਰਾਨ ਲਗਭਗ 700 ਸ਼ਹੀਦ ਹੋਏ ਕਿਸਾਨਾਂ, ਲਖੀਮਪੁਰ ਖੀਰੀ ਕਾਂਡ ਬਾਰੇ ਪ੍ਰਧਾਨ ਮੰਤਰੀ ਨੇ ਅਫ਼ਸੋਸ ਪ੍ਰਗਟ ਕਰਨਾ ਵੀ ਠੀਕ ਨਾ ਸਮਝਿਆ, ਲਖੀਮਪੁਰ ਖੀਰੀ ਕਾਂਡ ਦੇ ਮੁੱਖ ਜ਼ਿੰਮੇਵਾਰ ਅਪਰਾਧਿਕ ਪਿਛੋਕੜ ਵਾਲੇ ਅਜੈ ਮਿਸ਼ਰਾ ਵਿਰੁੱਧ ਕੋਈ ਕਾਰਵਾਈ ਕਰਨ ਤੋਂ ਅਸਮਰਥ ਹੈ, ਉਸ ਦੀ ਵੋਟ ’ਤੇ ਚੋਟ ਕਿਸ ਤਰ੍ਹਾਂ ਮਾਰਨੀ ਹੈ।

ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ

0

ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ

ਹਰਪ੍ਰੀਤ ਸਿੰਘ ਸਰਹੰਦ, ਸ਼ਬਦ ਗੁਰੂ ਵੀਚਾਰ ਮੰਚ ਸੋਸਾਇਟੀ (ਰਜਿ) ਸਰਹੰਦ 88475-46903, 98147-02271 

ਮਰਦ ਅੰਗਮੜੇ ਦੇ ਸ਼ੇਰ ਦਿੱਲ ਪੁਤਰਾਂ ਨੇ (ਪੱਗ ਵਾਲੇ ਸਰਦਾਰਾਂ) ਨੇ ਜਬਰ ਦਾ ਟਾਕਰਾ ਸਬਰ ਨਾਲ ਕਰਦਿਆਂ ਹੋਇਆਂ ਦਿੱਲੀ ਨੂੰ ਫਤਿਹ ਕਰ ਲਿਆ ਹੈ। ਮੈ ਪੱਗ ਵਾਲੇ ਸਰਦਾਰ ਇਸ ਕਰ ਕੇ ਲਿਖਿਆ ਹੈ ਕਿਉਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਅੰਦੋਲਨ ਵਿੱਚ ਭਾਵੇਂ ਕਿਸੇ ਵੀ ਧਰਮ ਦਾ ਬੰਦਾ ਹਿਸਾ ਲੈਦਾ, ਉਹ ਪੱਗ ਬੰਨ ਕੇ ਜ਼ਰੂਰ ਆਉਂਦਾ। ਕਈ ਹਿੰਦੂ ਵੀਰ ਅਤੇ ਸਿਰ-ਕੱਢ ਆਗੂ ਵੀ ਇਸ ਅੰਦੋਲਨ ਵਿੱਚ ਦਸਤਾਰ ਸਜਾ ਕੇ ਅੰਦੋਲਨ ਵਿੱਚ ਆਉਦੇ, ਇਸ ਅੰਦੋਲਨ ਵਿੱਚ ਉਹਨਾਂ ਨੇ ਵੀ ਆਪਣੇ ਸਿਰਾਂ ’ਤੇ ਦਸਤਾਰਾਂ ਸਜਾ ਲਈਆਂ ਸਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਕਦੇ ਦਸਤਾਰ ਨਹੀਂ ਸਜਾਈ ਸੀ। ਮੈਨੂੰ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਇਹ ਅੰਦੋਲਨ ’ਚ ਨਹੀਂ ਕਿਸੇ ਵਿਆਹ ’ਚ ਚੱਲੇ ਹੋਣ। ਭਾਵੇਂ ਉਹ 9 ਸਾਲ ਦਾ ਬੱਚਾ ਸੀ ਜਾਂ 90 ਸਾਲ ਦਾ ਬਜ਼ੁਰਗ, ਇਸ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਦੇ ਚਿਹਰੇ ’ਤੇ ਇੱਕ ਵੱਖਰਾ ਹੀ ਨੂਰ ਅਤੇ ਇੱਕ ਵੱਖਰਾ ਹੀ ਜੋਸ਼ ਝਲਕ ਰਿਹਾ ਸੀ। ਜਿਹੜੇ ਹੰਕਾਰੀ ਕਹਿੰਦੇ ਸੀ ਕਿ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲਦੇ, ਉਹਨਾਂ ਖੁਦ ਪੱਗ ਵਾਲੇ ਸਰਦਾਰਾਂ ਕੋਲ਼ੋ ਮਾਫ਼ੀ ਮੰਗ ਕੇ ਤਿੰਨੇ ਕਾਲੇ ਕਾਨੂੰਨ ਲਿਖਤੀ ਰੂਪ ਵਿੱਚ ਵਾਪਸ ਵੀ ਲਏ ਅਤੇ ਕਿਸਾਨ ਜੱਥੇਬੰਦੀਆ ਤੋ ਮਾਫ਼ੀ ਵੀ ਮੰਗੀ। ਇਹ ਤਿੰਨੇ ਕਾਲ਼ੇ ਕਾਨੂੰਨ ਕਿਹੜੇ ਸਨ ਤੇ ਇਹਨਾਂ ਦਾ ਪੰਜਾਬ ਅਤੇ ਭਾਰਤ ਦੇ ਸਾਰੇ ਹੀ ਕਿਸਾਨਾਂ ’ਤੇ ਕੀ ਮਾੜਾ ਅਸਰ ਪੈਣਾ ਸੀ ਇਸ ਬਾਰੇ ਅਸੀਂ ਸਾਰੇ ਹੀ ਜਾਣਦੇ ਹਾਂ। ਅਸੀਂ ਇਸ ਲੇਖ ਵਿੱਚ ਸਿਰਫ਼ ਇਸ ਬਾਰੇ ਚਰਚਾ ਕਰਾਂਗੇ ਕਿ ਇਹ ਕਿਸਾਨੀ ਅੰਦੋਲਨ ਕਾਮਯਾਬ ਕਿਵੇਂ ਹੋਇਆ ਜਾਂ ਕਿਸਾਨੀ ਅੰਦੋਲਨ ਦੇ ਕਾਮਯਾਬੀ ਦੇ ਕਾਰਨ ਕੀ ਸਨ। ਇਸ ਸੰਘਰਸ਼ ਦੀ ਸ਼ੁਰੂਆਤ ਗੁਰੂ ਨਾਨਕ ਜੀ ਦੇ ਵਾਰਸਾਂ ਨੇ ਕੀਤੀ ਸੀ ਤੇ ਸਮੁੱਚਾ ਹੀ ਭਾਰਤ ਇਸ ਅੰਦੋਲਨ ਵਿੱਚ ਆ ਰਲ਼ਿਆ। ਹੋਲ਼ੀ ਹੋਲ਼ੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੀ ਇਸ ਸੰਘਰਸ਼ ਵਿੱਚ ਆ ਰਲ਼ੀਆਂ।

ਪਹਿਰੇਦਾਰ ਕੁੱਤੀ (ਭਾਰਤੀ ਸਰਕਾਰ) ਚੋਰ (ਕਾਰਪੋਰੇਟਰ) ਨਾਲ ਰਲ਼ ਗਈ ਸੀ। ਦੇਸ਼ ਦੇ ਰਾਖੇ ਹੀ ਦੇਸ਼ ਦਾ ਬੇੜਾ ਗਰਕ ਕਰਨ ’ਤੇ ਲੱਗੇ ਹੋਏ ਸਨ, ਪਰ ਇਸ ਹੋ ਰਹੇ ਧੱਕੇ ਨੂੰ ਪੰਜਾਬ ਦੇ ਪੁੱਤਰ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਉਹਨਾਂ ਦਿੱਲੀ ਵੱਲ ਸ਼ਾਤ ਮਈ ਤਰੀਕੇ ਨਾਲ ਚਾਲੇ ਪਾ ਦਿੱਤੇ। ਜਾਲਮ ਤੇ ਨਿਰਦਈ ਸਰਕਾਰ ਨੇ ਅਨੇਕਾਂ ਯਤਨ ਕੀਤੇ ਕਿ ਇਹਨਾਂ ਯੋਧਿਆ ਨੂੰ ਦਿੱਲੀ ਨਾ ਪਹੁੰਚਣ ਦਿੱਤਾ ਜਾਵੇ। ਰਸਤੇ ਵਿੱਚ ਟੋਏ ਪੁਟੇ ਗਏ। ਕਡਿਆਲੀਆਂ ਤਾਰਾਂ ਲਗਾਈਆ ਗਈਆਂ। ਪਾਣੀ ਦੀਆਂ ਬੋਛਾਰਾਂ ਕੀਤੀਆਂ ਗਈਆਂ। ਵੱਡੇ ਵੱਡੇ ਪੱਥਰ ਰਸਤਿਆਂ ਵਿੱਚ ਰੱਖੇ ਗਏ। ਵੱਡੇ ਵੱਡੇ ਬੇਰੀਗੇਟ ਲਗਾਏ ਗਏ। ਅਥਰੂ ਗੈਸ ਦੇ ਗੋਲੇ ਛੱਡੇ ਗਏ। ਪੁਲਿਸ ਵਾਲੇ ਨਰਦਈਆਂ ਤੋ ਬਜ਼ੁਰਗਾਂ ’ਤੇ ਡਾਂਗਾਂ ਨਾਲ ਹਮਲੇ ਕਰਵਾਏ ਗਏ, ਪਰ ਪੰਜਾਬ ਦੀ ਜਵਾਨੀ ਅਤੇ ਬਜ਼ੁਰਗੀ ਨੇ ਆਖ਼ਿਰ ਦਿੱਲੀ ਦੀ ਧੋਣ ਨੂੰ ਹੱਥ ਪਾ ਹੀ ਲਿਆ।

ਇਸ ਅੰਦੋਲਨ ਦੇ ਕਾਮਯਾਬ ਹੋਣ ਦੇ ਕਈ ਕਾਰਨ ਸਨ, ਪਰ ਜੋ ਮੁੱਖ ਕਾਰਨ ਸੀ ਉਹ ਸੀ ‘ਸਭ ਦਾ ਏਕਾ’। ਸਾਰੇ ਪੰਜਾਬ ਦਾ ਏਕਾ। ਸਾਰੇ ਕਿਰਤੀਆਂ ਦਾ ਸਿਰ ਜੋੜ ਕੇ ਬੈਠ ਜਾਣਾ। ਇਸ ਅੰਦੋਲਨ ਦੀ ਸਫਲਤਾ ਦਾ ਮੁੱਖ ਕਾਰਨ ਸੀ। ਇੱਕ ਗੱਲ ਮੈ ਹੋਰ ਪਾਠਕਾਂ ਨੂੰ ਦੱਸ ਦੇਣੀ ਜ਼ਰੂਰੀ ਸਮਝਦਾ ਹਾਂ ਕਿ ਇਸ ਪੂਰੇ ਲੇਖ ਵਿੱਚ ਮੈ ਕਿਸੇ ਵੀ ਜੱਥੇਬੰਦੀ ਜਾਂ ਕਿਸੇ ਵੀ ਵਿਅਕਤੀ ਦਾ ਨਾਂ ਲੈ ਕੇ ਵਡਿਆਈ ਨਹੀਂ ਕਰਾਂਗਾ। ਮੇਰੇ ਲਈ ਅਤੇ ਸਾਡੇ ਸਾਰਿਆ ਲਈ, ਉਹ ਸਾਰੇ ਹੀ ਸਤਿਕਾਰਯੋਗ ਹਨ ਜਿਨ੍ਹਾਂ ਨੇ ਇਸ ਮੋਰਚੇ ਨੂੰ ਫਤਿਹ ਕਰਨ ਵਿੱਚ ਆਪਣਾ ਯੋਗਦਾਨ ਪਾਇਆ। ਇਸ ਅੰਦੋਲਨ ਵਿੱਚ ਸਾਡੇ ਸਾਰਿਆਂ ਦਾ ਨਿਸ਼ਾਨਾਂ ਇੱਕ ਸੀ ਭਾਵੇਂ ਕੋਈ ਪੰਜਾਬ ਤੋਂ ਆਇਆ ਸੀ, ਭਾਵੇਂ ਹਰਿਆਣੇ ਤੋ ਆਇਆ ਸੀ, ਭਾਵੇਂ ਯੂਪੀ, ਬਿਹਾਰ ਜਾਂ ਭਾਰਤ ਦੇ ਕਿਸੇ ਵੀ ਰਾਜ ਤੋਂ ਆਇਆ ਸੀ। ਸਭ ਦਾ ਇੱਕੋ ਨਿਸ਼ਾਨਾ ਅਤੇ ਇੱਕ ਹੀ ਰਸਤਾ ਸੀ ਕਿ ਜਾਲਮ ਸਰਕਾਰ ਦੀ ਆਕੜ ਭੰਨਣੀ ਹੀ ਭੰਨਣੀ ਹੈ। ‘ਨਿਸ਼ਚੇ ਕਰ ਆਪਣੀ ਜੀਤ ਕਰੌ’ ਨੂੰ ਮਨ ਵਿੱਚ ਪੂਰੀ ਤਰ੍ਹਾਂ ਵਸਾ ਕੇ ਇੱਕ ਸਾਲ ਪਹਿਲਾਂ ਇਹ ਸੰਘਰਸ਼ ਦਿੱਲੀ ਦੇ ਬਾਡਰਾਂ ’ਤੇ ਸ਼ਾਤਮਈ ਤਰੀਕੇ ਨਾਲ ਸ਼ੁਰੂ ਕਰ ਦਿੱਤਾ ਗਿਆ ਸੀ। ਸਰਕਾਰਾਂ ਸੋਚਦੀਆਂ ਸਨ, ਕੋਈ ਗੱਲ ਨੀ ਆਪੇ ਦੋ ਚਾਰ ਦਿਨਾਂ ਬਾਅਦ ਵਾਪਸ ਚਲੇ ਜਾਣਗੇ। ਇਹਨਾਂ ਦੇ ਕਹਿਣ ਨਾਲ ਅਸੀਂ ਕਿਹੜਾ ਆਪਣੇ ਕਾਨੂੰਨ ਵਾਪਸ ਲੈਣ ਲੱਗੇ ਹਾਂ, ਪਰ ਸਰਕਾਰ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਬਾਬਾ ਬਘੇਲ ਸਿੰਘ ਦੇ ਵਾਰਸ ਹਨ। ਉਹ ਨਹੀਂ ਜਾਣਦੇ ਸੀ ਕਿ ਇਹਨਾਂ ਦੀਆਂ ਰਗਾਂ ਵਿੱਚ ਹਰੀ ਸਿੰਘ ਨਲੂਏ ਦਾ ਖ਼ੂਨ ਦੋੜ ਰਿਹਾ ਹੈ। ਉਹ ਨਹੀਂ ਜਾਣਦੇ ਸਨ ਕਿ ਇਹ ਵੀ ਰਾਜ ਕਰਨ ਵਾਲੇ ਮਹਾਰਾਜਾ ਰਣਜੀਤ ਸਿੰਘ ਦੀ ਅੰਸ ਵਿੱਚੋ ਹਨ। ਜਦੋਂ ਸਾਰਿਆਂ ਦਾ ਇੱਕ ਹੀ ਨਿਸ਼ਾਨਾ, ਇੱਕ ਹੀ ਉਦੇਸ਼ ਤੇ ਇੱਕ ਹੀ ਮੰਜ਼ਲ ਹੋਵੇ ਫਿਰ ਸਰਕਾਰਾਂ ਨੂੰ ਤਾਂ ਝੁਕਣਾ ਪੈਣਾ ਹੀ ਸੀ। ਇਸ ਏਕੇ ਨੇ ਹੀ ਨਾਮੁਨਕਿਨ ਨੂੰ ਮੁਨਕਿਨ ਕਰ ਵਿੱਖਾ ਦਿੱਤਾ। ਗਿਆਰਾਂ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਗਈਆਂ, ਪਰ ਸਰਕਾਰ ਨਾ ਮੰਨੀ, ਅੜੀ ਰਹੀ। ਜਿਉਂ ਜਿਉਂ ਸਮਾਂ ਬੀਤਦਾ ਗਿਆ ਇਹ ਖ਼ਬਰ ਸਾਰੀ ਦੁਨੀਆਂ, ਦੇਸ਼ਾਂ ਵਿਦੇਸ਼ਾਂ ਵਿੱਚ ਫੈਲ ਗਈ ਕਿ ਭਾਰਤੀ ਸਰਕਾਰ ਆਪਣੇ ਅੰਨਦਾਤਿਆਂ ਨੂੰ ਹੀ ਮਾਰ ਮੁਕਾਉਣਾ ਚਾਹੁੰਦੀ ਹੈ। ਇਸ ਏਕੇ ਦੀ ਬਦੌਲਤ ਪੁਰੀ ਦੁਨੀਆ ਵਿੱਚ ਮੋਦੀ ਸਰਕਾਰ ਦੀ ਥੂ-ਥੂ ਹੋ ਰਹੀ ਸੀ। ਇਸ ਏਕੇ ਦੀ ਹੀ ਬਦੌਲਤ ਭਾਰਤ ਦੇ ਕਈ ਸੁਬਿਆਂ ’ਚ ਭਾਜਪਾ ਬੁਰੀ ਤਰ੍ਹਾਂ ਹਾਰ ਰਹੀ ਸੀ। ਇਸ ਏਕੇ ਦੀ ਹੀ ਬਦੌਲਤ ਕਈ ਥਾਂਵਾਂ ’ਤੇ ਭਾਜਪਾ ਦੇ ਵਰਕਰਾਂ ਦੀ, ਇਨ੍ਹਾਂ ਦੇ ਐਮ ਐਲ ਏ ਦੀ ਛਿੱਤਰ ਪਰੇਡ ਵੀ ਹੋ ਰਹੀ ਸੀ। ਕਹਿਣ ਤੋ ਭਾਵ ਇਸ ਏਕੇ ਵਿੱਚ ਏਨੀ ਵੱਡੀ ਤਾਕਤ ਸੀ ਕਿ ਇਸ ਨੇ ਮੋਰਚੇ ਦੀ ਸਫਲਤਾ ਦਾ ਰਾਹ ਪੱਧਰਾ ਕਰ ਦਿੱਤਾ।

ਦੁਸਰਾ ਕਾਰਨ ਸੀ ‘ਦ੍ਰਿੜ੍ਹ ਨਿਸ਼ਚਾ’। ਸਾਰੇ ਹੀ ਆਪਣੇ ਆਪਣੇ ਘਰਾਂ ਤੋ ਇਹ ਸੋਚ ਕੇ ਚੱਲੇ ਸਨ ਕਿ ਅਸੀਂ ਇਸ ਮੋਰਚੇ ਵਿੱਚੋ ਖ਼ਾਲੀ ਹੱਥ ਵਾਪਸ ਨਹੀਂ ਜਾਵਾਂਗੇ। ਸਾਰੇ ਹੀ ਇਹ ਠਾਣ ਕੇ ਆਏ ਸਨ ਕਿ ਅਸੀਂ ਇਹ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਘਰ ਵਾਪਸੀ ਕਰਾਂਗੇ ਇਸ ਦੇ ਬਦਲੇ ਭਾਵੇਂ ਉਹਨਾਂ ਨੂੰ ਜਾਨ ਹੀ ਕਿਉਂ ਨਾ ਦੇਣੀ ਪਵੇ ਤੇ ਹੋਇਆ ਵੀ ਇੰਝ ਹੀ। ਇਸ ਮੋਰਚੇ ਵਿੱਚ ਤਕਰੀਬਨ 700 ਮਾਈ, ਭਾਈ, ਬੱਚੇ ਤੇ ਨੌਜਵਾਨ ਸ਼ਹੀਦ ਹੋ ਗਏ। ਇਹ ਸਭ ਕੁੱਝ ਸਰਕਾਰ ਦੀ ਨਲਾਇਕੀ ਕਾਰਨ ਵਾਪਰਿਆ, ਪਰ ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣੇ ਪੁੱਤ ਸ਼ਹੀਦ ਕਰਵਾ ਲਏ। ਕਈਆਂ ਨੇ ਆਪਣੇ ਪਤੀ ਇਸ ਸੰਘਰਸ਼ ਵਿੱਚ ਕੁਰਬਾਨ ਕਰ ਦਿੱਤੇ। ਕਿਸੇ ਦੀ ਮਾਂ, ਕਿਸੇ ਦਾ ਬਾਪ, ਕਿਸੇ ਦਾ ਵੀਰ, ਕਿਸੇ ਦੀ ਭੈਣ, ਕਿਸੇ ਦਾ ਪਤੀ, ਇਸ ਅੰਦੋਲਨ ਵਿੱਚ ਸ਼ਹੀਦੀ ਪਾ ਗਿਆ, ਪਰ ਯੋਧਿਆਂ ਨੇ ਦ੍ਰਿੜ੍ਹ ਨਿਸ਼ਚਾ ਨਹੀਂ ਛੱਡਿਆ। ਉਹ ਸੋਚ ਕੇ ਹੀ ਘਰੋ ਆਏ ਸਨ ਕਿ ਸਰਕਾਰ ਦੀ ਆਕੜ ਭੰਨਣੀ ਹੀ ਭੰਨਣੀ ਹੈ। ਸ਼ੁਰੂ ਸ਼ੁਰੂ ਵਿੱਚ ਤਾਂ ਸਰਕਾਰ ਨੇ ਬਥੇਰੀਆਂ ਚਾਲਾਂ ਚੱਲੀਆਂ ਕਿ ਇਹ ਅੰਦੋਲਨ ਅਸਫਲ ਹੋ ਜਾਵੇ, ਪਰ ਸਰਕਾਰ ਦੀਆਂ ਸਾਰੀਆਂ ਹੀ ਚਾਲਾਂ ਫੇਲ ਹੋ ਗਈਆ।

ਇਸ ਅੰਦੋਲਨ ਦੀ ਸਫਲਤਾ ਦਾ ਤੀਸਰਾ ਮੁੱਖ ਕਾਰਨ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੁਆਰਾ ਚਲਾਈ ਗਈ ਲੰਗਰ ਦੀ ਰੀਤ। ਪੂਰੀ ਦੁਨੀਆਂ ਨੂੰ ਰੋਟੀ ਖਵਾਉਣ ਵਾਲਾ ਇਸ ਅੰਦੋਲਨ ਵਿੱਚ ਭੁੱਖਾ ਰਹੇ, ਇਹ ਕਿਵੇਂ ਹੋ ਸਕਦਾ ਸੀ। ਦੇਸ਼ ਵਿਦੇਸ਼ ਦੀਆਂ ਸਾਰੀਆਂ ਹੀ ਸੰਗਤਾਂ ਨੇ ਇਸ ਅੰਦੋਲਨ ਵਿੱਚ ਰੱਜ ਕੇ ਆਰਥਿਕ ਸਹਾਇਤਾ ਕੀਤੀ। ਇਹ ਦਾਨ ਨਹੀਂ ਸੀ, ਮੈ ਇਸ ਨੂੰ ਦਾਨ ਨਹੀਂ ਮੰਨਦਾ ਕਿਉਕਿ ਸਿੱਖ ਕਦੇ ਵੀ ਕਿਸੇ ਨੂੰ ਦਾਨ ਨਹੀਂ ਦਿੰਦਾ। ਇਹ ਤਾਂ ਇੱਕ ਭਰਾ ਦੁਆਰਾ ਦੂਜੇ ਭਰਾ ਦੀ ਕੀਤੀ ਗਈ ਮਦਦ ਸੀ। ਇਸ ਸੰਘਰਸ਼ ਵਿੱਚ ਤਾਂ ਉਹਨਾਂ ਨੂੰ ਵੀ ਲੰਗਰ ਛਕਾਇਆ ਗਿਆ ਜਿਨ੍ਹਾਂ ਨੇ ਇਸ ਸੰਘਰਸ਼ੀ ਯੋਧਿਆਂ ਨੂੰ ਡਾਂਗਾਂ ਨਾਲ ਕੁਟਿਆ ਸੀ। ਬਾਹਰਲੇ ਮੁਲਕਾਂ ਵਿੱਚ ਵੱਸਦੇ ਪੰਜਾਬ ਦੇ ਪੁੱਤਰਾਂ ਨੇ ਵੀ ਆਪਣੇ ਭਰਾਵਾਂ, ਆਪਣੇ ਬਜ਼ੁਰਗਾਂ ਦੀ ਰੱਜ ਕੇ ਮਾਇਕ ਮਦਦ ਕੀਤੀ। ਸਰਕਾਰਾਂ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਸੀ ਕਿ ਇਹ ਹੋ ਕੀ ਰਿਹਾ ਹੈ। ਉਹ ਵਿਚਾਰੇ ਅੰਦਰੋਂ ਅੰਦਰੀ ਸੋਚ ਰਹੇ ਸਨ ਕਿ ਇਹਨਾਂ ਦੇ ਲੰਗਰਾਂ ਵਿੱਚ ਰਸਦ ਕਿੱਥੋ ਆਈ ਜਾ ਰਹੀ ਹੈ। ਕਿਸੇ ਪਾਸੇ ਤੋਂ ਕਾਜੂ, ਬਦਾਮ ਆ ਰਹੇ ਸਨ। ਕਿਸੇ ਪਾਸੇ ਤੋਂ ਲੱਸੀ, ਦੁੱਧ, ਘੀ ਆ ਰਿਹਾ ਸੀ। ਲੰਗਰ ਪਕਾਉਣ ਵਾਲੀਆਂ ਬੀਬੀਆਂ ਨੇ ਵੀ ਇਸ ਸੰਘਰਸ਼ ਵਿੱਚ ਡੱਟ ਕੇ ਸਾਥ ਦਿੱਤਾ ਤੇ ਪੂਰੀ ਮਿਹਨਤ ਅਤੇ ਲਗਨ ਨਾਲ ਪ੍ਰਸ਼ਾਦਾ ਪਕਾਇਆ ਅਤੇ ਖੁਆਇਆ। ਕਈ ਧਾਰਮਿਕ ਜੱਥੇਬੰਦੀਆਂ ਨੇ ਵੀ ਇਸ ਸੰਘਰਸ਼ ਵਿੱਚ ਲੰਗਰ ਆਦਿ ਦੀ ਸੇਵਾ ਤਨੋਂ ਮਨੋਂ ਨਿਭਾਈ ਹੈ। ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ।

ਇਸ ਅੰਦੋਲਨ ਦੀ ਸਫਲਤਾ ਦਾ ਚੋਥਾ ਕਾਰਨ ਸੀ ‘ਸਬਰ ਤੇ ਸੰਤੋਖ’। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਹ ਅੰਦੋਲਨ ਇੱਕ ਸਾਲ ਤੋਂ ਵੀ ਉੱਪਰ ਸਮੇਂ ਲਈ ਚੱਲਿਆ। ਸਰਕਾਰਾਂ ਨੂੰ ਭੁਲੇਖਾ ਸੀ ਕਿ ਕਿਸਾਨ ਦਿੱਲੀ ਦੇ ਬਾਡਰ ’ਤੇ ਇੱਕ ਹਫਤਾ ਵੀ ਨਹੀਂ ਕੱਟ ਸਕਣਗੇ, ਪਰ ਇਹਨਾਂ ਸੰਘਰਸ਼ੀ ਯੋਧਿਆਂ ਨੇ ਮੀਹ ਹਨ੍ਹੇਰੀ, ਧੁੱਪ, ਛਾਂ, ਗ਼ਰਮੀ, ਸਰਦੀ ਦਾ ਮੁਕਾਬਲਾ ਬੜੇ ਹੀ ਸਬਰ ਤੇ ਸੰਤੋਖ ਨਾਲ ਕੀਤਾ। ਕਿਸਾਨ ਆਗੂਆਂ ਨੇ ਵੀ ਬੜੇ ਹੀ ਸਬਰ ਨਾਲ ਸਰਕਾਰ ਦੀ ਰਣਨੀਤੀ ਨੂੰ ਸਮਝਿਆ ਤੇ ਉਸ ਦਾ ਮੂੰਹ ਤੋੜ ਜਵਾਬ ਦਿੱਤਾ। ਹਰ ਗੱਲ ਨੂੰ ਬੜੀ ਹੀ ਬਰੀਕੀ ਨਾਲ ਸਮਝਿਆ ਗਿਆ ਅਤੇ ਹਰ ਨੁਕਤੇ ’ਤੇ ਸਾਰਿਆਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕੋਈ ਫ਼ੈਸਲਾ ਲਿਆ ਜਾਂਦਾ ਸੀ। ਸਰਕਾਰ ਨਾਲ ਸ਼ੁਰੂ ਵਿੱਚ ਜਿੰਨੀਆਂ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਵਿੱਚ ਕੋਈ ਵੀ ਫ਼ੈਸਲਾਂ ਜਲਦਬਾਜ਼ੀ ਵਿੱਚ ਆ ਕੇ ਨਹੀਂ ਕੀਤਾ ਗਿਆ। ਸਾਰੇ ਹੀ ਸੰਘਰਸ਼ੀ ਯੋਧਿਆਂ ਨੇ ਜਲਦਬਾਜ਼ੀ ਵਿੱਚ ਕੋਈ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਜਾਂ ਕੋਈ ਵੀ ਅਜਿਹੀ ਹਰਕਤ ਨਹੀਂ ਕੀਤੀ, ਜਿਸ ਨਾਲ ਉਨ੍ਹਾਂ ਦਾ ਸਿਰ ਨੀਵਾਂ ਹੂੰਦਾ ਭਾਵੇਂ ਕਿ ਸਰਕਾਰ ਨੇ ਕਈ ਤਰ੍ਹਾਂ ਦੀਆਂ ਚਾਲਾਂ ਵੀ ਚੱਲੀਆਂ। ਆਪਣੇ ਸੁਹੀਏ ਵੀ ਇਸ ਸੰਘਰਸ਼ ਵਿੱਚ ਭੇਜੇ, ਪਰ ਉਹ ਵੀ ਕਿਸਾਨਾਂ ਦੇ ਸਬਰ ਤੇ ਸੰਤੋਖ ਨੂੰ ਡੁਲਾ ਨਾ ਸਕੇ। ਇਸ ਸੰਘਰਸ਼ ’ਤੇ ਪੁਰੀ ਦੁਨੀਆਂ, ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਦੀ ਨਜ਼ਰ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੇ ਵੀ ਜਿੰਨਾ ਕੁ ਕਿਸੇ ਕੋਲੋਂ ਸਰਿਆ, ਜਿਸ ਤਰ੍ਹਾਂ ਵੀ ਸਰਿਆ ਉਹਨਾਂ ਨੇ ਆਪਣਾ ਯੋਗਦਾਨ ਪਾਇਆ। ਇਸ ਅੰਦੋਲਨ ਦੀ ਜਿੱਤ ਨੇ ਸਿੱਖਾਂ ਦੀ ਸ਼ਾਨ ਨੂੰ ਪੂਰੀ ਦੁਨੀਆ ਵਿੱਚ ਦੁਗਣਾ-ਚੋਗਣਾ ਕਰ ਦਿੱਤਾ। ਸਾਰੀ ਦੁਨੀਆ ਵਿੱਚ ਸਿੱਖ ਸਮਾਜ ਦੀ ਬਹੁਤ ਹੀ ਚੰਗੀ ਪਛਾਣ ਕਾਇਮ ਹੋ ਗਈ। ਇਸ ਸੰਘਰਸ਼ ਵਿੱਚ ਕਿਰਤੀਆਂ ਦੀ ਇੱਜ਼ਤ ਵੀ ਦਾਅ ’ਤੇ ਲੱਗੀ ਹੋਈ ਸੀ। ਜਿਸ ਨੂੰ ਕਿਰਤੀਆਂ ਨੇ ਆਪਣੇ ਦ੍ਰਿੜ੍ਹ ਵਿਸ਼ਵਾਸ ਅਤੇ ਹੋਂਸਲੇ ਨਾਲ ਬਚਾ ਲਿਆ। ਇਸ ਸੰਘਰਸ਼ ਦੀ ਜਿੱਤ ਨੇ ਪੰਜਾਬ ਦੀ ਪੱਗ ਦੀ ਸ਼ਾਨ ਨੂੰ ਦੋਗਣਾ ਕਰ ਦਿੱਤਾ।

ਇਸ ਅੰਦੋਲਨ ਦੀ ਜਿੱਤ ਦਾ ਪੰਜਵਾਂ ਕਾਰਨ ਸੀ ਚੰਗੇ ਬੁਲਾਰੇ, ਚੰਗੇ ਪੱਤਰਕਾਰ ਤੇ ਸੋਸ਼ਲ ਮੀਡੀਆ। ਕਿਸੇ ਲਿਖਣ ਵਾਲੇ ਨੇ ਕਿਆ ਖੂਬ ਲਿਖਿਆ ਹੈ ਕਿ ‘ਤੇਰੀ ਹਿੱਕ ਉੱਤੇ ਲਿਖ ਜਿੰਦਾਬਾਦ ਚੱਲੇ ਆਂ, ਤੈਨੂੰ ਜਿੱਤ ਕੇ ਨੀ ਦਿੱਲੀਏ ਪੰਜਾਬ ਚੱਲੇ ਆਂ’ ਦਿੱਲੀ ਦੇ ਬਾਡਰਾਂ ’ਤੇ ਕਿਸਾਨਾਂ ਦੁਆਰਾ ਸੰਘਰਸ਼ ਸ਼ੁਰੂ ਹੁੰਦੇ ਸਾਰ ਹੀ ਸਟੇਜ ਲਗਾ ਦਿੱਤੀ ਗਈ ਸੀ। ਜਿੱਥੇ ਕਿਸੇ ਵੀ ਪਾਰਟੀ ਦੇ ਲੀਡਰ ਦਾ ਆਉਣਾ ਮਨ੍ਹਾ ਸੀ ਜਦਕਿ ਬਾਕੀ ਹਰ ਬੁਲਾਰਾ ਆਪਣੇ ਵਿਚਾਰ ਉੱਥੇ ਖੁੱਲ੍ਹ ਕੇ ਰੱਖ ਸਕਦਾ ਸੀ। ਸੰਘਰਸ਼ਸ਼ੀਲ ਯੋਧਿਆਂ ਦੇ ਵਿੱਚ ਹੀ ਕਈ ਬਾ-ਕਮਾਲ ਦੇ ਬੁਲਾਰੇ ਸਨ, ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਆਪਣੇ ਬਹੁਮੁੱਲੇ ਵਿਚਾਰਾਂ ਰਾਹੀਂ ਜਾਨ ਪਾ ਰੱਖੀ। ਉਹਨਾਂ ਦਾ ਭਾਸ਼ਣ ਹਰ ਮਾਈ-ਭਾਈ ਵਿੱਚ ਜੋਸ਼ ਭਰ ਰਿਹਾ ਸੀ ਤੇ ਉਹਨਾਂ ਦੇ ਹੋਂਸਲੇ ਨੂੰ ਹੋਰ ਵੀ ਬੁਲੰਦ ਕਰ ਰਿਹਾ ਸੀ। ਕੋਈ ਕਵਿਤਾ ਗਾ ਰਿਹਾ ਸੀ ਤੇ ਕੋਈ ਆਪਣੇ ਗੀਤਾਂ ਰਾਹੀਂ ਇਸ ਅੰਦੋਲਨ ਵਿੱਚ ਜਾਨ ਭਰ ਰਿਹਾ ਸੀ। ਕਈ ਗੀਤਕਾਰਾਂ ਨੇ ਬਹੁਤ ਹੀ ਵਧੀਆਂ ਗੀਤ ਗਾ ਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਏ ਵੀਰ, ਭੈਣ, ਬੱਚਿਆਂ ਤੇ ਬਜ਼ੁਰਗਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਚੰਗੇ ਬੁਲਾਰਿਆ ਨੇ ਆਪਣੇ ਬਹੁਮੁੱਲੇ ਵਿਚਾਰਾਂ ਰਾਹੀਂ ਅੰਦੋਲਨ ਨੂੰ ਚੰਗੀ ਸੇਧ ਦਿੱਤੀ। ਚੰਗੇ ਪੱਤਰਕਾਰਾਂ ਨੇ ਆਪਣੀ ਚੰਗੀ ਸੋਚ ਰਾਹੀਂ ਪੂਰੇ ਵਿਸ਼ਵ ਨੂੰ ਇਸ ਸੰਘਰਸ਼ ਬਾਰੇ ਜਾਣੂ ਕਰਵਾਇਆ। ਇਹਨਾਂ ਪੱਤਰਕਾਰਾਂ ਨੇ ਮੋਦੀ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਮਾਰੂ ਨੀਤੀਆਂ ਨੂੰ ਜੱਗ ਜਾਹਰ ਕਰ ਦਿੱਤਾ। ਉਹਨਾਂ ਨੇ ਇਸ ਸੰਘਰਸ਼ ਦੀ ਸਹੀ ਤਸਵੀਰ ਪੂਰੀ ਦੁਨੀਆ ਸਾਹਮਣੇ ਲਿਆਂਦੀ ਤੇ ਵਿਕਾਉ ਸਰਕਾਰੀ ਪੱਤਰਕਾਰਾਂ ਦਾ ਵੀ ਪਰਦਾ ਫਾਸ਼ ਕੀਤਾ। ਇਸ ਸੰਘਰਸ਼ ਵਿੱਚ ਕਿਸੇ ਨੇ ਵੀ ਆਪਣੇ ਜਾਨੀ-ਮਾਲੀ ਨੁਕਸਾਨ ਦੀ ਪਰਵਾਹ ਨਾ ਕੀਤੀ। ਇਸੇ ਕਾਰਨ ਸਾਰੇ ਹੀ ਕਿਰਤੀਆਂ ਨੂੰ ਵੱਡੀ ਜਿੱਤ ਹਾਸਲ ਹੋਈ। ਕਿਸਾਨ ਜੱਥੇਬੰਦੀਆਂ ਦੇ ਆਗੁਆਂ ਨੇ ਵੀ ਇਸ ਜਿੱਤ ਵਿੱਚ ਪੁਰਾ ਯੋਗਦਾਨ ਪਾਇਆ। ਉਹਨਾਂ ਬਹੁਤ ਜੀ ਵਧੀਆ ਰਣਨੀਤੀ ਵਰਤਦੇ ਹੋਏ ਮੋਦੀ ਸਰਕਾਰ ਦਾ ਮੂੰਹ ਭੰਨ ਦਿੱਤਾ। ਇੱਕ ਚੰਗੇ ਆਗੂ ਦੀ ਤਰ੍ਹਾਂ ਉਨ੍ਹਾਂ ਆਪਣੇ ਆਪਣੇ ਜੱਥੇ ਦੀ ਬੜੀ ਦੁਰਦ੍ਰਿਸ਼ਟਤਾ ਨਾਲ ਅਗਵਾਈ ਕੀਤੀ ਤੇ ੳਨ੍ਹਾਂ ਨੂੰ ਇੱਕ ਹੀ ਨਿਸ਼ਾਨ ਸਾਹਿਬ ਹੇਠ ਇਕੱਠੇ ਕੀਤਾ। ਸੋ ਇਹਨਾਂ ਕਾਰਨਾ ਤੋਂ ਇਲਾਵਾ ਹੋਰ ਵੀ ਕਈ ਕਾਰਨ ਹਨ, ਜਿਨ੍ਹਾਂ ਕਰਕੇ ਅਸੀਂ ਇਹ ਵੱਡੀ ਜਿੱਤ ਹਾਸਲ ਕਰਨ ’ਚ ਕਾਮਯਾਬ ਹੋਏ; ਜਿਵੇ ਕਿ ਸਥਾਨਕ ਲੋਕਾਂ ਦਾ ਸਾਥ ਆਦਿ।

ਹੁਣ ਸਾਨੂੰ ਅੱਗੇ ਕੀ ਕਰਨਾਂ ਚਾਹੀਦਾ ਹੈ। ਇਹ ਕਿਸਾਨੀ ਅੰਦੋਲਨ ਸਾਨੂੰ ਬਹੁਤ ਕੁੱਝ ਸਿੱਖਾ ਕੇ ਗਿਆ ਹੈ। ਖ਼ਾਸਕਰ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਆਪਣਾ ਆਉਣ ਵਾਲਾ ਸਮਾਂ ਕਿਵੇਂ ਬਤੀਤ ਕਰਨਾ ਹੈ। ਸਾਨੂੰ ਇਸ ਅੰਦੋਲਨ ਨੂੰ ਜਿੱਤ ਕੇ ਇੱਥੇ ਹੀ ਸਮਾਪਤ ਨਹੀਂ ਕਰਨਾ ਚਾਹੀਦਾ। ਇਸ ਅੰਦੋਲਨ ਦੀ ਜਿੱਤ ਨੂੰ ਸਾਨੂੰ ਆਪਣੇ ਮਨਾਂ ਵਿੱਚ ਵਸਾ ਕੇ ਅੱਗੇ ਦੀ ਰਣਨੀਤੀ ਘੜ੍ਹ ਲੈਣੀ ਚਾਹੀਦੀ ਹੈ। ਜਿਸ ਜਗ੍ਹਾ ’ਤੇ, ਜਿਸ ਕਿਸੇ ਇਲਾਕੇ ਵਿੱਚ, ਕੋਈ ਕਿਸੇ ਨਾਲ ਧੱਕਾ ਕਰ ਰਿਹਾ ਹੈ; ਸਾਨੂੰ ਸਾਰਿਆਂ ਨੂੰ ਤੁਰੰਤ ਇਕੱਠੇ ਹੋ ਕੇ ਉਸ ਵਿਅਕਤੀ ਜਾਂ ਸੰਗਠਨ ਨੂੰ ਇਨਸਾਫ਼ ਦਵਾਉਣਾ ਚਾਹੀਦਾ ਹੈ। ਝੂਠੇ ਲੀਡਰਾਂ ਨੂੰ ਆਪਣੇ ਪਿੰਡ ਵਿੱਚ ਵੜਨ ਵੀ ਨਹੀਂ ਦੇਣਾ ਚਾਹੀਦਾ। ਆਪਣੀ ਸਿਆਣਪ ਦਾ ਸਬਤ ਦਿੰਦੇ ਹੋਏ ਇਸ ਸੰਘਰਸ਼ ਨੂੰ ਕਿਸੇ ਚੰਗੇ ਲਿਖਾਰੀ ਪਾਸੋ ਕਲਮਬੰਦ ਕਰਵਾ ਕੇ ਆਉਣ ਵਾਲੀਆਂ ਪੀੜੀਆਂ ਲਈ ਸਾਂਭ ਲੈਣਾ ਚਾਹੀਦਾ ਹੈ ਜਾਂ ਇਸ ਸੰਘਰਸ਼ ਦੀ ਇੱਕ ਕਿਤਾਬ ਤਿਆਰ ਕਰਵਾ ਕੇ ਵੱਖ ਵੱਖ ਭਾਸ਼ਾਵਾਂ ਵਿੱਚ ਵੰਡਣੀ ਚਾਹੀਦੀ ਹੈ। ਇਸ ਸੰਘਰਸ਼ ਵਿੱਚ ਜਿਹੜੇ ਵੀ ਵੀਰ, ਭੈਣਾਂ ਨੇ ਸ਼ਹਾਦਤ ਦਿੱਤੀ ਹੈ, ਉਹਨਾਂ ਦੇ ਪਰਿਵਾਰ ਨਾਲ ਰਾਬਤਾ ਬਣਾ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ। ਮਹਿੰਗਾਈ ਅਜੇ ਵੀ ਸਾਡੇ ਸਾਹਮਣੇ ਮੂੰਹ ਅੱਡੀ ਖੜ੍ਹੀ ਹੈ। ਪੈਟਰੋਲ, ਡੀਜਲ ਦੇ ਰੇਟ ਵੀ ਸਰਕਾਰਾਂ ਨੇ ਆਉਣ ਵਾਲੀਆਂ ਵੋਟਾਂ ਨੂੰ ਵੇਖਦੇ ਹੋਏ ਹੀ ਥੋੜ੍ਹੇ ਜਿਹੇ ਘਟਾਏ ਹਨ। ਵੋਟ ਪਾਉਣ ਤੋ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਹੈ ਕਿ ਅਸੀਂ ਕਿਸ ਨੂੰ ਵੋਟ ਪਾ ਰਹੇ ਹਾਂ। ਅਸੀਂ ਆਪਣੇ ਲੀਡਰਾਂ ਦੀ ਨਲਾਇਕੀ ਨੂੰ ਵੀ ਚੰਗੀ ਤਰ੍ਹਾਂ ਵੇਖ ਹੀ ਲਿਆ ਹੈ। ਸਾਨੂੰ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਕੌਣ ਸਾਡਾ ਦੋਸਤ ਹੈ ਤੇ ਕੌਣ ਦੁਸ਼ਮਣ। ਹਲੇ ਤਾਂ ਬਹੁਤ ਸਾਰੇ ਮਸਲੇ ਸਾਡੇ ਸਾਹਮਣੇ ਹੱਲ ਕਰਨ ਵਾਲੇ ਪਏ ਹਨ। ਸਾਡੀ ਨੌਜਵਾਨ ਪੀੜੀ ਸਾਡੇ ਦੇਸ਼ ਦਾ ਭਵਿੱਖ ਲਗਾਤਾਰ ਪੰਜਾਬ ਨੂੰ ਛੱਡ ਕਿ ਬਾਹਰਲੇ ਮੁਲਖਾਂ ਵਿੱਚ ਵਸ ਰਹੀ ਹੈ। ਬੇਰੋਜ਼ਗਾਰੀ ਕਾਰਨ ਅਨੇਕਾਂ ਹੀ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਹਨ। ਚੰਗੇ ਚੰਗੇ ਖਿਡਾਰੀ ਵੀ ਸਰਕਾਰ ਦੀ ਬੇਰੁਖੀ ਕਾਰਨ ਮਾਨਸਿਕ ਤੋਰ ’ਤੇ ਪਰੇਸ਼ਾਨ ਹੋ ਕੇ ਮੌਤ ਦੇ ਰਾਹ ਪਏ ਹੋਏ ਹਨ। ਸਾਨੂੰ ਅਜਿਹੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ, ਜਿਸ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੋਵੇ। ਲਿਖਣ ਨੂੰ ਤਾਂ ਬਹੁਤ ਕੁੱਝ ਲਿਖਿਆ ਜਾ ਸਕਦਾ ਹੈ। ਹੁਣ ਤਾਂ ਲਿਖਣ ਲਈ ਕਲਮ ਤੇ ਕਾਗਜ਼ ਦੀ ਵੀ ਲੋੜ ਨਹੀਂ ਪੈਦੀ। ਬੱਸ ਆਪਣਾ ਲੈਪਟੋਪ ਚੱਕੋ ਤੇ ਆਪਣੇ ਅੰਦਰੂਨੀ ਭਾਵਾਂ ਨੂੰ ਲੈਪਟੋਪ ਦੇ ਬਟਣਾ ਰਾਹੀਂ ਆਪਣੇ ਪਾਠਕਾਂ ਨਾਲ ਸਾਂਝੇ ਕਰ ਲਵੋ। ਸੋ ਮੇਰੇ ਵੀਰੋ ਭੈਣੋ! ਅੰਤ ਵਿੱਚ ਮੈ ਫਿਰ ਤੋ ਸਾਰਿਆਂ ਨੂੰ ਇਸ ਕਿਸਾਨੀ ਅੰਦੋਲਨ ਦੀ ਜਿੱਤ ਦੀ ਵਧਾਈ ਦਿੰਦਾ ਹੋਇਆ ਇਹੀ ਆਖਾਂਗਾ ਕਿ ਇਸ ਜਿੱਤ ਦੀ ਮਸ਼ਾਲ ਨੂੰ ਹਮੇਸ਼ਾ-ਹਮੇਸ਼ਾ ਲਈ ਆਪਣੇ ਮਨਾਂ ਵਿੱਚ ਜਗਾ ਕੇ ਰੱਖੋ ਤੇ ਆਉਣ ਵਾਲੇ ਸਮੇਂ ਵਿੱਚ ਹਰ ਬੁਰਿਆਈ ਦਾ ਟਾਕਰਾ ਇਕਜੁਟ ਹੋ ਕੇ ਕਰੋ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਵੱਖ-ਵੱਖ ਵਿਦਵਾਨਾਂ ਦੀ ਰਾਇ

0

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਵੱਖਵੱਖ ਵਿਦਵਾਨਾਂ ਦੀ ਰਾਇ

ਰਾਮ ਸਿੰਘ, ਗ੍ਰੇਵਜ਼ੈਂਡ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਹੁ ਪੱਖੀ ਜੀਵਨ ਮਹਾਨ ਸ਼ਕਤੀ ਦਾ ਸੋਮਾ ਹੈ, ਜੋ ਕੌਮ ਦੀ ਸਦਾ ਅਗਵਾਈ ਕਰਦਾ ਰਿਹਾ ਤੇ ਕਰਦਾ ਰਹੇਗਾ; ਜਿਵੇਂ ਪ੍ਰਮਾਤਮਾ ਦੇ ਅਣਗਿਣਤ ਗੁਣਾਂ ਨੂੰ ‘ਤੂੰ ਬੇਅਤ, ਤੂੰ ਬੇਅੰਤ’ ਕਹਿ ਕੇ ਹੀ ਅਲਪੱਗ (ਘੱਟ ਸਮਝ ਵਾਲਾ) ਜੀਵ ਪ੍ਰਮਾਤਮਾ ਦਾ ਧੰਨਵਾਦ ਕਰਕੇ ਉਸ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੈ ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੁਤੀ ਲਾਸਾਨੀ ਤੇ ਮਹਾਨ ਸ਼ਖ਼ਸੀਅਤ ਦੇ ਗੁਣਾਂ ਦਾ ਵਰਣਨ ‘ਤੂੰ ਬੇਅੰਤ, ਤੂੰ ਬੇਅੰਤ’ ਕਹਿ ਕੇ ਹੀ ਕੀਤੀ ਜਾ ਸਕਦਾ ਹੈ ਕਿਉਂਕਿ ਉਮਰ ਦੇ ਇਤਨੇ ਥੋੜ੍ਹੇ ਸਮੇਂ ਵਿੱਚ ਇਤਨੇ ਮਹਾਨ ਕੰਮ ਕਰ ਵਿਖਾਉਣੇ ਇੱਕ ਕਰਾਮਾਤ ਹੀ ਤਾਂ ਲੱਗਦੇ ਹਨ ਅਤੇ ਉਸ ਕਰਾਮਾਤੀ ਜੀਵਨ ਦੌਰਾਨ ਜੋ ਭੀ ਗੁਰੂ ਜੀ ਨੇ ਬੋਲਿਆ ਉਹ ਗੁਰਬਾਣੀ ਹੋ ਨਿਬੜਿਆ, ਜਿਸ ਵਸਤੂ ਨੂੰ ਵੀ ਉਹਨਾਂ ਦੇ ਹੱਥਾਂ ਦੀ ਛੋਹ ਪ੍ਰਾਪਤ ਹੋਈ ਉਹ ਹੀ ਪ੍ਰਸ਼ਾਦ ਹੋ ਨਿਬੜੀ, ਜਿਧਰ ਭੀ ਉਹਨਾਂ ਦੀ ਮਿਕਨਾਤੀਸੀ (ਚੁੰਬਕੀ) ਨਜ਼ਰ ਨੇ ਤੱਕਿਆ ਉਸ ਦੁਆਰਾ ਲੱਖਾਂ ਹੀ ਲੋਕਾਂ ਦੇ ਮੁਰਝਾਏ ਹੋਏ ਦਿਲ ਤਾਜ਼ੇ ਫੁੱਲਾਂ ਵਾਂਗ ਖਿੜ ਪਏ ਤੇ ਨਿਰਾਸ਼ਾਵਾਦੀ; ਆਸ਼ਾਵਾਦੀ ਹੋ ਨਿਬੜੇ। ਜਿੱਥੇ ਵੀ ਗੁਰੂ ਜੀ ਨੇ ਆਪਣੇ ਪਵਿੱਤਰ ਚਰਨ ਧਰੇ ਉਥੋਂ ਕਰੋੜਾਂ ਹੀ ਲੋਕੀ ਉਸ ਧਰਤੀ ਦੀ ਧੂੜ ਆਪਣੇ ਮੱਥੇ ਨੂੰ ਲਾ ਕੇ ਨਿਹਾਲ ਹੋ ਰਹੇ ਹਨ। ਗੁਰੂ ਸਾਹਿਬ ਦੇ ਜਹਿਦ ਭਰੇ (ਕਾਫ਼ਰਾਂ ਨਾਲ ਜੁੱਧ ਕਰਨ ਵਾਲੇ) ਜੀਵਨ ਵਿਚੋਂ ਜੋ ਕਰਾਮਾਤੀ ਨਤੀਜੇ ਉਤਪੰਨ ਹੋਏ ਅਤੇ ਜਿਨ੍ਹਾਂ ਬੇਅੰਤ ਹੈਰਾਨਕੁੰਨ ਗੁਣਾਂ ਨੇ ਦੁਨੀਆਂ ਦੇ ਮਹਾਨ ਲਿਖਾਰੀਆਂ, ਇਤਿਹਾਸਕਾਰਾਂ, ਧਾਰਮਿਕ ਹਸਤੀਆਂ ਆਦਿ ਨੂੰ ਚਕਾਚੌਂਧ ਕਰ ਦਿੱਤਾ ਉਨ੍ਹਾਂ ਦੇ ਵਿਚਾਰਾਂ ਦਾ ਵਰਣਨ ਹੀ ਇਸ ਲੇਖ ਦਾ ਮੁੱਦਾ ਹੈ ਕਿਉਂਕਿ ਉਹਨਾਂ ਵਿਚਾਰਵਾਨਾਂ ਨੇ ਆਪਣੀ ਸ਼ਰਧਾ ਦੇ ਫੁੱਲ ਆਪਣੇ ਆਪਣੇ ਦਿਲਾਂ ਦੀਆਂ ਡੂੰਘਾਈਆਂ ਵਿਚੋਂ ਗੁਰੂ ਜੀ ਦੀ ਸਤਿਕਾਰ ਭਰੀ ਸ਼ਖ਼ਸੀਅਤ ਨੂੰ ਅਰਪਣ ਕੀਤੇ ਹਨ।

ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਅੰਗਰੇਜ਼ਾਂ ਤੇ ਸਿੱਖਾਂ ਦੌਰਾਨ ਹੋਈ ਜੰਗ ਵਿੱਚ ਲੜਨ ਵਾਲਾ ਅੰਗਰੇਜ਼ ਅਫਸਰ ‘ਡੇਵਿਡ ਕਨਿੰਘਮ’, ਜੋ ਗੁਰੂ ਜੀ ਵੱਲੋਂ ਸਿੰਘ ਸੂਰਮਿਆਂ ਨੂੰ ਬਖਸ਼ੀ ਸੰਤ ਸਿਪਾਹੀਆਂ ਵਾਲੀ ਸ਼ਕਤੀ ਦਾ ਦਿਲੋਂ ਕਾਇਲ ਹੋ ਗਿਆ ਸੀ, ਲਿਖਦਾ ਹੈ ‘ਇਹ ਗੁਰੂ ਨਾਨਕ ਦੇ ਹੀ ਹਿੱਸੇ ਆਇਆ ਸੀ ਕਿ ਉਹ ਐਸੇ ਮੁੱਖ ਅਸੂਲ ਅਪਣਾਉਣ ਜਿਨ੍ਹਾਂ ਰਾਹੀਂ ਨੀਂਵੇਂ ਉੱਚੇ ਅਤੇ ਜਾਤ ਪਾਤ ਦੇ ਵਖੇਵਿਆਂ ਦਾ ਅਸੂਲ ਖ਼ਤਮ ਹੋ ਜਾਵੇ। ਉਨ੍ਹਾਂ ਮੁੱਖ ਅਸੂਲਾਂ ’ਤੇ ਹੀ ਗੁਰੂ ਗੋਬਿੰਦ ਸਿੰਘ ਨੇ ਐਸੀ ਕੌਮ ਖਾਲਸਾ ਤਿਆਰ ਕੀਤੀ, ਜੋ ਨੀਂਵੇਂ, ਉੱਚੇ ਦਾ ਭੇਦ ਮਿਟਾ ਕੇ ਸਭ ਨੂੰ ਇੱਕੋ ਪੱਧਰ ਭਾਵੇਂ ਉਹ ਧਾਰਮਿਕ ਸੀ ਜਾਂ ਰਾਜਨੀਤਕ ਉੱਤੇ ਲੈ ਆਈ ਗੁਰੂ ਜੀ ਨੇ ਮੁਰਦਾ ਤੇ ਨਿਰਜਿੰਦ ਲੋਕਾਂ ਦੀਆਂ ਬੁੱਝੀਆਂ ਕਲਾਂ ਜਗਾ ਕੇ ਉਨ੍ਹਾਂ ਦੇ ਮਨਾਂ ਵਿੱਚ ਸਮਾਜਿਕ ਸੁਤੰਤਰਤਾ ਅਤੇ ਰਾਜਨੀਤਕ ਵਿਲੱਖਣਤਾ ਪੈਦਾ ਕਰਨ ਲਈ ਗੁਰੂ ਨਾਨਕ ਦੇ ਦੱਸੇ ਪਵਿੱਤਰ ਭਗਤੀ ਆਸ਼ੇ ਲਈ ਸਦੀਵੀ ਚਾਅ ਭਰਿਆ।’

ਇਬਟਸਨ ਅਨੁਸਾਰ, ‘ਹਿੰਦੋਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਧਰਮ ਸਿਆਸੀ ਤਾਕਤ ਬਣਿਆ ਅਤੇ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿੱਚ ਇੱਕ ਵਖਰੀ ਕਿਸਮ ਦੀ ਸੀ।  ਹਿੰਦੋਸਤਾਨ ਨੇ ਐਸੀ ਕੌਮ ਨਹੀਂ ਦੇਖੀ ਸੀ। ਨੀਂਵੀਂ ਜਾਤ ਵਾਲੇ ਚੂਹੜੇ, ਚਮਿਆਰ, ਜੱਟ, ਨਾਈ, ਛੀਬਿਆਂ, ਜਿਨ੍ਹਾਂ ਨੇ ਕਦੀ ਸ਼ਸਤਰਾਂ ਨੂੰ ਹੱਥ ਤੱਕ ਨਹੀਂ ਸੀ ਲਾਇਆ ਅਤੇ ਜੋ ਉੱਚੀਆਂ ਜਾਤਾਂ ਦੇ ਪੈਰਾਂ ਥੱਲੇ ਲਿਤਾੜੇ ਜਾਂਦੇ ਰਹੇ ਸਨ, ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਨਿਰੇ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਉਹ ਦੁੱਖੀ ਇਨਸਾਨ ਵਾਸਤੇ ਆਪਾ ਵਾਰਨ ਲਈ ਤਿਆਰ ਹੋਏ।’  ਇਹ ਕਿਉਂ ? ਕਿਉਕਿ ਗੁਰੂ ਜੀ ਨੇ ਸਿੱਖਾਂ ਵਿਚੋਂ ਵਿਅਕਤੀਗਤ (ਜਿਸ ਦਾ ਅੱਜ ਸਿੱਖ ਜਗਤ ਬੁਰੀ ਤਰ੍ਹਾਂ ਸ਼ਿਕਾਰ ਹੈ) ਖ਼ਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ।  ਪ੍ਰਿੰਸੀਪਲ ਸਤਿਬੀਰ ਸਿੰਘ ਜੀ ਅਨੁਸਾਰ ‘ਰੋਂਦੂ, ਮੁਰਦਾ ਤੇ ਨਿਰਾਸ਼ਾਵਾਦੀ ਪੁਰਸ਼ਾਂ ਨੂੰ ਗੁਰੂ ਜੀ ਨੇ ਖੁਸ਼ ਰਹਿਣਾ, ਆਸ਼ਾਵਾਦੀ ਤੇ ਜੁਰਅੱਤ ਵਾਲਾ ਪੁਰਸ਼ ਬਣਾ ਦਿੱਤਾ। ਸਿੱਖਾਂ ਵਿੱਚ ਐਸਾ ਗੁਣ ਪੈਦਾ ਕੀਤਾ ਹੈ ਕਿ ਉਹ ਉੱਠ (ਮਰ) ਭਾਵੇਂ ਜਾਵੇ ਪਰ ਲਿਫੇਗਾ ਨਹੀਂ। ਜੋ ਜ਼ੁਲਮ ਦੀ ਵੱਧਦੀ ਲਹਿਰ ਅੱਗੇ ਚਟਾਨ ਬਣ ਕੇ ਖੜ੍ਹਾ ਹੋ ਜਾਵੇਗਾ, ਬੰਦ ਬੰਦ ਕਟਾ ਲਵੇਗਾ ਪਰ ਅਦਰਸ਼ ਤੋ ਕਦੀ ਨਹੀਂ ਡਿੱਗੇਗਾ।’

ਗੋਕਲ ਚੰਦ ਨਾਰੰਗ ਜੀ ਲਿਖਦੇ ਹਨ ‘ਜਿਸ ਤੇਗ ਨੇ ਖਾਲਸੇ ਦੀ ਸ਼ਾਨ ਫੈਲਾਈ ਸੀ ਇਹ ਜ਼ਰੂਰੀ ਹੈ ਕਿ ਉਸ ਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਪਰ ਫੌਲਾਦ ਗੁਰੂ ਨਾਨਕ ਦੇਵ ਜੀ ਕਮਾ ਕੇ ਦੇ ਗਏ ਸਨ।  ਜਿਸ ਬੂਟੇ ਨੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਲ ਦਿੱਤਾ ਉਸ ਦੀ ਬਿਜਾਈ ਗੁਰੂ ਨਾਨਕ ਜੀ ਨੇ ਕੀਤੀ ਸੀ ਤੇ ਬਾਕੀ ਗੁਰੂ ਸਾਹਿਬਾਨ ਨੇ ਉਸ ਨੂੰ ਸਿੰਚਿਆ ਸੀ।’ ਇਹ ਬਿਲਕੁਲ ਠੀਕ ਹੈ ਕਿ ਖਾਲਸੇ ਦੀ ਸਾਜਨਾ ਪਹਿਲਾਂ ਤੋਂ ਹੀ ਚਲ ਰਹੀ ਲਹਿਰ ਦੀ ਉਤਪਤੀ ਸੀ।  ਗੁਰੂ ਨਾਨਕ ਦੇਵ ਜੀ ਤੇ ਹੋਰ ਗੁਰੂ ਸਾਹਿਬਾਨ ਨੇ ਬਾਣੀ ਵਿਚਾਰ, ਵਿਵੇਕ, ਸੇਵਾ, ਸੁੱਚੀ ਕਿਰਤ, ਨਿਰਮਲ ਕਰਮ, ਸਿਮਰਨ, ਮਨੁੱਖੀ ਅਧਿਕਾਰਾਂ ਦੀ ਮਹੱਤਤਾ ਅਤੇ ਸਰਬ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਚੰਗੀ ਤਰ੍ਹਾਂ ਪਰਪੱਕ ਕਰ ਦਿੱਤਾ ਸੀ।  ਐਸੀਆਂ ਪਵਿੱਤਰ ਤੇ ਅਕਰਸ਼ਕ ਸ਼ਖ਼ਸੀਅਤਾਂ ਨੂੰ ਜੀਵਨ ਸੰਗਰਾਮ ਵਿੱਚ ਧਰਮ ਯੁੱਧ ਵਰਗੀ ਖੇਡ ਖੇਡਣ ਲਈ ਭਗਤੀ ਨਾਲ ਸ਼ਕਤੀ, ਸ਼ਾਸਤਰ ਨਾਲ ਸ਼ਸਤਰ ਆਦਿ ਨਾਲ ਲੈਸ ਕਰਕੇ ਐਸੇ ਆਦਰਸ਼ਾਂ ’ਤੇ ਕੁਰਬਾਨ ਹੋਣ ਵਾਲੇ ਧਰਮੀ ਯੋਧਿਆਂ ਦੀ ਲਾਸਾਨੀ ਜਮਾਤ (ਖਾਲਸਾ ਪੰਥ) ਦਾ ਨਿਰਮਾਣ ਕਰ ਦਿੱਤਾ।

ਲੈਪਲ ਗ੍ਰਿਫਨ ਦੇ ਸ਼ਬਦਾਂ ਵਿੱਚ ‘ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ, ਜੁਪੀਟਰ ਵਾਂਗੂ ਆਪਣੇ ਸਰੀਰ ਵਿਚੋਂ ਪੈਦਾ ਕੀਤਾ।  ਖਾਲਸੇ ਦੀ ਸਾਜਨਾ ਆਪਣੀ ਮਿਸਾਲ ਆਪ ਹੈ!’  ਗਾਰਡਨ ਦੇ ਕਥਨ ਅਨੁਸਾਰ, ‘ਗੁਰੂ ਜੀ ਨੇ ਸਿੱਖਾਂ ਨੂੰ ਇੱਕ ਪਹਿਰਾਵਾ ਅਤੇ ਇਕੋ ਨਾਂ ਦਿੱਤਾ। ਇਕੋ ਨਾਹਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਅਤੇ ਮੁਕਤੀ ਲਈ ਇਕੋ ਪੰਥ ਦੱਸਿਆ।’

ਮੈਕਾਲਫ, ਗੁਰੂ ਸਾਹਿਬ ਜੀ ਦੀ ਸਰਬ ਗੁਣ ਸੰਪੂਰਨ ਸ਼ਖ਼ਸੀਅਤ ਵੱਲੋਂ ਆਪਣੇ ਖਾਲਸੇ ਲਈ ਦਿੱਤੇ ਉਪਦੇਸ਼ਾਂ ਸੰਬੰਧੀ ਕਿੰਨਾ ਸੁੰਦਰ ਲਿਖਦਾ ਹੈ ‘ਅੱਜ ਦੀ ਸਿੱਖ ਲੀਡਰਸ਼ਿਪ ਹੀ ਢੁਕਵੀਂ, ਹਾਂ ਜੀ ਇਸ ਨਾਜ਼ੁਕ ਸਮੇਂ ਢੁਕਵੀਂ ਅਗਵਾਈ ਕਰ ਸਕਦੀ ਹੈ ਕਿਉਂਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਘਰਾਂ ਵਿੱਚ ਹੀ ਉਦਾਸੀਆਂ ਵਾਲੀ ਅਵਸਥਾ ਬਣਾਉਣ, ਘਰਾਂ ਨੂੰ ਹੀ ਜੰਗਲ ਸਮਝਣ ਤੇ ਦਿਲੋਂ ਸਾਧੂ ਬਣਨ, ਘੱਟ ਨੀਂਦ ਲੈਣ ਤੇ ਘੱਟ ਖਾਣ ਅਤੇ ਦਇਆ, ਨਿਮਰਤਾ, ਖਿਮਾ ਸੰਤੋਖ ਦੀ ਵਰਤੋ ਕਰਨ।  ਵਾਹਿਗੁਰੂ ਨੂੰ ਲੱਭਣ ਤੇ ਪ੍ਰਾਪਤੀ ਲਈ ਉਹਨਾਂ ਨੂੰ ਆਪਣੇ ਮਨਾਂ ਵਿਚੋਂ ਕਾਮ, ਕਰੋਧ ਆਦਿ ਕੱਢਣੇ ਪੈਣਗੇ।  ਗੁਰੂ ਸਾਹਿਬ ਨੇ ਇਸ ਗੱਲ ਦੀ ਵੀ ਚਿਤਾਵਨੀ ਦਿੱਤੀ ਕਿ ਜੇ ਉਹ ਗਿਆਨ ਤੇ ਭਗਤੀ ਦੇ ਮਾਰਗ ਤੋਂ ਖੁੰਝ ਗਏ ਤਾਂ ਵੱਧ ਤੋਂ ਵੱਧ ਰਾਜਨੀਤਕ ਤੇ ਫੌਜੀ ਸ਼ਕਤੀ ਵੀ ਉਹਨਾਂ ਦੀ ਰੱਖਿਆ ਨਹੀਂ ਕਰ ਸਕੇਗੀ।’  ‘ਮੈਕਲਾਫ’ ਅੱਗੇ ਹੋਰ ਵੀ ਸੁੰਦਰ ਸ਼ਬਦਾਂ ਵਿੱਚ ਲਿਖਦਾ ਹੈ ‘ਗੁਰੂ ਵਿੱਚ ਜਾਦੂਈ ਤਾਕਤ ਸੀ, ਉਹਨਾਂ ਦੇ ਉਪਦੇਸ਼ਾਂ ਦਾ ਜਾਦੂਈ ਅਸਰ ਆਮ ਲੋਕਾਂ ’ਤੇ ਹੋਇਆ, ਜਿਸ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ।  ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆਂ ਦੇ ਕਿਸੇ ਵੀ ਜਰਨੈਲ ਨੇ ਉਹਨਾਂ ਆਦਮੀਆਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਹਨਾਂ ਨੂੰ ਗਵਾਂਢੀ ਜਨਮ ਤੋਂ ਦੁਰੇ ਦੁਰੇ ਕਰਕੇ ਦੁਰਕਾਰ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨਾਪਾਕਾਂ ਵਿੱਚ ਜਿਹਨਾਂ ਨੂੰ ਸੰਸਾਰ ਦੀ ਰਹਿੰਦ ਖੂਹੰਦ ਕਿਹਾ ਜਾਂਦਾ ਸੀ, ਵਿੱਚ ਐਸੀ ਸ਼ਕਤੀ ਭਰੀ ਕਿ ਉਹ ਯੋਧੇ ਹੋ ਨਿਬੜੇ ਤੇ ਫਿਰ ਯੋਧੇ ਭੀ ਐਸੇ ਜਿਹਨਾਂ ਦੀ ਦ੍ਰਿੜ੍ਹਤਾ, ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਯੂਸ ਨਾ ਕੀਤਾ।’ 

ਲਾਲਾ ਦੋਲਤ ਰਾਏ ਜੀ ਲਿਖਦੇ ਹਨ ‘ਜਿਹਨਾਂ ਸ਼ੂਦਰਾਂ ਦੀ ਬਾਤ ਕੋਈ ਨਹੀਂ ਸੀ ਪੁੱਛਦਾ, ਜਿਹਨਾਂ ਨੂੰ ਦੁਰਕਾਰਿਆਂ ਤੇ ਫਿਟਕਾਰਿਆਂ ਵਾਰੀ ਵੀ ਨਹੀਂ ਸੀ ਆਉਂਦੀ, ਜੋ ਜ਼ਿੱਲਤ ਦੀ ਗੁਲਾਮੀ (ਅਪਮਾਨ) ਵਿੱਚ ਜੀਵਨ ਗੁਜ਼ਾਰ ਰਹੇ ਸਨ ਉਹਨਾਂ ਨੂੰ ਸੰਸਾਰ ਦੇ ਯੋਧਿਆਂ ਦੇ ਟਾਕਰੇ ਉੱਤੇ ਖੜ੍ਹਾ ਕਰਨਾ ਨਿਰੋਲ ਤੇ ਇੱਕ ਮਾਤਰ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ।  ਜੋ ਰਾਮ ਚੰਦਰ ਜੀ ਨਾ ਕਰ ਸਕੇ, ਜਿਸ ਪਾਸੇ ਸੋਚਣ ਲਈ ਕ੍ਰਿਸ਼ਨ ਜੀ ਨੂੰ ਖਿਆਲ ਤੱਕ ਨਾ ਆਇਆ, ਜਿਹੜਾ ਸ਼ੰਕਰ ਦੀ ਨਜ਼ਰ ਵਿੱਚ ਨੀਵਾਂ ਸੀ, ਜਿਹੜਾ ਕੰਮ ਸੂਰਜ ਤੇ ਚੰਦਰ ਵੰਸੀ ਰਾਜਿਆਂ ਦੇ ਬਹਾਦਰਾਂ ਨੂੰ ਨਾ ਸੁਝਿਆ, ਉਸ ਨੂੰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕਮਰਕੱਸ ਲਈ ਤੇ ਪੂਰਾ ਕਰ ਦਿਖਾਇਆ।  ‘ਹਜ਼ਰਤ ਮੁਹੰਮਦ’ ਸਾਹਿਬ ਨੇ ਕੁੱਝ ਉਪਰਾਲੇ ਤਾਂ ਕੀਤੇ ਪਰ ਉਹ ਵੀ ਮੁਸਲਮਾਨਾਂ ਵਿਚੋਂ ਗੁਲਾਮੀ ਦੀ ਬਦ-ਆਦਤ ਨਾ ਕੱਢ ਸਕੇ।  ਇੱਕ ਮੁਸਲਮਾਨ ਦੂਜੇ ਮੁਸਲਮਾਨ ਦਾ ਉਸੇ ਤਰ੍ਹਾਂ ਹੀ ਗੁਲਾਮ ਹੁੰਦਾ ਹੈ; ਜਿਵੇਂ ਕਿਸੇ ਹੋਰ ਕੌਮ ਦਾ ਕਾਫ਼ਰ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਨੂੰ ਪਹਿਲਾਂ ਭਾਈ ਤੇ ਫਿਰ ਸਰਦਾਰ ਬਣਾ ਕੇ ਆਖ਼ਰੀ ਇੱਟ ਰੱਖ ਦਿੱਤੀ।’

ਸਾਧੂ ਟੀ. ਐਲ. ਵਾਸਵਾਨੀਇਸ ਸਬੰਧ ਵਿੱਚ ਲਿਖਦੇ ਹਨ ‘ਕਿ ਜੋ ਕੰਮ ਹਜ਼ਾਰਾਂ ਰਲ ਕੇ ਵੀ ਨਾ ਕਰ ਸਕੇ ਉਹ ਇਕੋ (ਗੁਰੂ ਗੋਬਿੰਦ ਸਿੰਘ ਜੀ) ਨੇ ਹੀ ਕਰ ਵਿਖਾਇਆ।  ਜੋ ਪੀਸ ਕੇ ਮਿੱਟੀ ਵਿੱਚ ਰਲਾਏ ਜਾ ਰਹੇ ਸਨ ਤੇ ਹੀਣਿਆਂ ਵਾਂਗੂੰ ਰਹਿਣ ਲਈ ਮਜਬੂਰ ਕੀਤੇ ਜਾਦੇ ਸਨ, ਉਹਨਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕੀਤਾ, ਗਲ ਨਾਲ ਲਗਾਇਆ ਤੇ ਗੁਰੂ ਕੇ ਬੇਟੇ ਆਖਿਆ, ਉਹਨਾਂ ਨੂੰ ਅੰਮ੍ਰਿਤ ਨਾਲ ਨਿਵਾਜ਼ਿਆ, ਸਰਾਦਰ ਬਣਾਇਆ।’   ਸਾਧੂ ਜੀ, ਗੁਰੂ ਜੀ ਦੀ ਸ਼ਖ਼ਸੀਅਤ ਨੂੰ ਸਤਰੰਗੀ ਨਾਲ ਤੁਲਨਾ ਦੇ ਕੇ ਕਹਿੰਦੇ ਹਨ ਕਿ ‘ਕਲਗੀਆਂ ਵਾਲੇ’ ਦੁਨੀਆਂ ਵਿੱਚ ਹੋ ਚੁੱਕੇ ਪਹਿਲੇ ਸਾਰੇ ਪੈਗੰਬਰਾਂ ਵਿੱਚ ਪਾਏ ਜਾਣ ਵਾਲੇ ਸ਼ੁਭ ਗੁਣਾਂ ਦਾ ਸੰਗ੍ਰਹਿ ਸਨ।

ਬੈਨਰਜੀਮੁਤਾਬਕ ‘ਜੇ ਕੋਈ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਾਰਮਿਕ ਲਹਿਰ ਨੂੰ ਛੁਟਿਆ ਕੇ ਰਾਜਨੀਤਕ ਉਨਤੀ ਦਾ ਸਾਧਨ ਬਣਾ ਲਿਆ ਉਹ ਆਪਣੇ ਸਾਹਮਣੇ ਇਹ ਗਲਤ ਸਵਾਲ ਰੱਖਦਾ ਹੈ ਕਿ ਰਾਜਨੀਤਕ ਆਜ਼ਾਦੀ ਤੇ ਸਿਪਾਹੀਆਨਾ ਜ਼ਿੰਦਗੀ ਦਾ ਧਰਮ ਨਾਲ ਅਜੋੜ ਹੈ।  ਧਰਮ ਦੇ ਰਾਹ ’ਤੇ ਚਲਦਿਆਂ ਵੀ ਰਾਜਨੀਤਕ ਘੋਲ ਘੁਲੇ ਜਾ ਸਕਦੇ ਹਨ।’ ਇਹਨਾਂ ਵਿਚਾਰਾਂ ਵੱਲ ਦੁਨੀਆਂ ਦੇ ਅਜੋਕੇ ਸਾਰੇ ਹੁਕਮਰਾਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਤੇ ਸਗੋਂ ਰਾਜਨੀਤੀ ਵਿੱਚ ਅਮਨ ਕਾਇਮ ਕਰਨ ਤੇ ਇੰਨਸਾਫ ਦੇ ਆਧਾਰ ਉੱਤੇ ਰਾਜ ਕਰਨ ਦੀ ਸਿੱਖਿਆ ਲੈਣੀ ਚਾਹੀਦੀ ਹੈ।’

ਕਈ ਲੋਕ ਸ਼ਰਾਰਤ ਜਾਂ ਭੁਲੇਖੇ ਰਾਹੀਂ ਗੁਰੂ ਸਾਹਿਬ ਦੀ ਤੁਲਨਾ ਮਹਾਰਾਣਾ ਪ੍ਰਤਾਪ ਸਿੰਘ ਅਤੇ ਸ਼ਿਵਾ ਜੀ ਨਾਲ ਕਰਦੇ ਹਨ। ਉਹਨਾਂ ਨੂੰ ਬਹੁਤ ਢੁਕਵਾਂ ਤੇ ਮੂੰਹ ਤੋੜਵਾਂ ਜਵਾਬ ਅਰਬਿੰਦੂ ਘੋਸ਼ ਨੇ ਆਪਣੀ ਪੁਸਤਕ ‘ਫਾਊਂਡੇਸ਼ਨ ਆਫ ਇੰਡੀਅਨ ਕਲਚਰ’ ਵਿੱਚ ਦਿੱਤਾ ਹੈ ਕਿ ‘ਪ੍ਰਤਾਪ ਤੇ ਸ਼ਿਵਾ ਜੀ ਦਾ ਨਿਸ਼ਾਨਾ ਸੀਮਤ ਅਤੇ ਕਰਤਵ ਨਿੱਜੀ ਸਨ।  ਦੂਜੇ ਪਾਸੇ ਖਾਲਸਾ ਅਸਚਰਜਮਈ ਅਨੋਖੀ ਤੇ ਨਿਰਾਲੀ ਸਿਰਜਨਾ ਸੀ ਅਤੇ ਇਸ ਦਾ ਮੂੰਹ ਪਿਛੇ ਵੱਲ ਨਾ ਹੋ ਕੇ ਅਗਾਂਹ ਵੱਲ ਸੀ।’  ‘ਸੀ. ਐਚ. ਪੇਨ’ ਲਿਖਦਾ ਹੈ ਕਿ ‘ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਜਿਹਨਾਂ ਜਾਤ ਪਾਤ ਦੇ ਦੈਂਤ ਨੂੰ ਸਿੰਙਾਂ ਤੋਂ ਪਕੜ ਕੇ ਕਾਬੂ ਕੀਤਾ। ਜਾਤ ਦੀਆਂ ਜੜ੍ਹਾਂ ਉੱਤੇ ਕੁਲਹਾੜਾ ਮਾਰਿਆ ਅਤੇ ਐਸੀ ਕੌਮ ਬਣਾਉਣ ਦਾ ਫੈਸਲਾ ਕੀਤਾ ਜੋ ਖਿਆਲੀ ਅਤੇ ਅਮਲੀ ਤੌਰ ਤੇ ਇੱਕ ਹੋਵੇ।  ਵਾਹਿਗੁਰੂ ਜੀ ਦੀ ਨਜ਼ਰ ਵਿੱਚ ਸਾਰੇ ਇਕੋ ਜਿਹੇ ਹਨ, ਇਸ ਖਿਆਲ ਉੱਤੇ ਮੋਹਰ ਲਗਾਈ।  ਇਸ ਕਦਮ ਨੇ ਉਹਨਾਂ ਲੋਕਾਂ ਨੂੰ ਦੁੱਖੀ ਕੀਤਾ ਜੋ ਅਜੇ ਭੀ ਜਾਤ ਅਭਿਮਾਨ ਵਿੱਚ ਰਹਿੰਦੇ ਸਨ।’ ‘ਆਰਚਰ ਬੰਗਲੇ ਤੇ ਗਾਰਡਨ’ ਵੀ ਲਿਖਦੇ ਹਨ ਕਿ ‘ਗੁਰੂ ਜੀ ਦਾ ਸਭ ਜਾਤਾਂ ਨੂੰ ਇੱਕ ਕਰਨਾ ਮਹਾਨ ਕੰਮ ਸੀ।’

ਲਤੀਫ ਲਿਖਦਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਉੱਚਾ ਸੀ, ਇਹ ਸਭ ਉਹਨਾਂ ਦੀ ਬਰਕਤ ਹੀ ਹੈ ਕਿ ਮੁਰਦਾ ਤੇ ਲਿਤਾੜੇ ਹੋਏ ਪੁਰਸ਼ਾਂ ਨੇ ਹੀ ਰਾਜਨੀਤਕ ਪ੍ਰਭੁਤਾ ਅਤੇ ਅਜ਼ਾਦੀ ਪ੍ਰਾਪਤ ਕੀਤੀ।  ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਗੁਰੂ ਜੀ ਨੇ ਇਸਤਕਬਾਲ (ਅਗਵਾਨੀ, ਲੀਡਰੀ) ਦਾ ਪੱਲਾ ਨਾ ਛੱਡਿਆ। ਜੰਗ ਦੇ ਮੈਦਾਨ ਵਿੱਚ ਉਹਨਾਂ ਦੀ ਜੁਅਰਤ (ਸਾਹਸ) ਤੇ ਬਹਾਦਰੀ ਦੇਖਣ ਲਾਇਕ ਸੀ।  ਇਹ ਗੱਲ ਵੀ ਮੰਨੀ ਪ੍ਰਮੰਨੀ ਹੈ ਕਿ ਉਹਨਾਂ ਦੀ ਕ੍ਰਿਪਾ ਨਾਲ ਹੀ ਬੇ-ਲਗਾਮੇ ਲੋਕ ਇੱਕ ਲੜੀ ਵਿੱਚ ਪਰੋਏ ਗਏ ਤੇ ਯੋਧੇ ਬਣੇ।’ ਹੁਣ ਅਸੀਂ ਫਿਰ ਬੇਲਗਾਮੇ ਹੋਏ ਫਿਰਦੇ ਹਾਂ ਬੜੇ ਸੰਜਮ ਦੀ ਲੋੜ ਹੈ।

ਸਕਾਟ ਦੇ ਸ਼ਬਦਾਂ ਵਿੱਚ ‘ਗੁਰੂ ਨਾਨਕ ਜੀ ਦੀ ਜੋਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜੋਤ ਨੂੰ ਉਸੇ ਤਰ੍ਹਾਂ ਪ੍ਰਜਵਲਿਤ (ਪ੍ਰਚੰਡ) ਕੀਤਾ ਜਿਵੇਂ ਇੱਕ ਸ਼ਮ੍ਹਾ (ਮੋਮਬੱਤੀ) ਦੂਜੀ ਸ਼ਮ੍ਹਾ ਨੂੰ ਕਰਦੀ ਹੈ।  ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੀ ਇਸੇ ਕਰਕੇ ਹੋਇਆ ਕਿ ‘‘ਧਰਮ ਚਲਾਵਨ, ਸੰਤ ਉਬਾਰਨ ਦੁਸਟ ਸਭਨ ਕੋ, ਮੂਲ ਉਪਾਰਿਨ ’’  ‘ਸਰ ਚਾਰਲਸ ਗਫ’ ਅਨੁਸਾਰ ‘ਗੁਰੂ ਗੋਬਿੰਦ ਸਿੰਘ ਨੇ ਅੰਮ੍ਰਿਤ ਦੇ ਛਿੱਟੇ ਮਾਰ ਕੇ ਨਵੀਂ ਕੌਮ (ਨਬੀ-ਪੈਗ਼ੰਬਰੀ ਕੌਮ) ਦੀ ਉਸਾਰੀ ਕੀਤੀ।’ ‘ਬਰਨਜ ਅਤੇ ਐਲਫਿਨ ਸਟੋਨ’, ‘ਗੁਰੂ ਜੀ ਨੂੰ ਇੱਕ ਨਵੀਂ ਕੌਮ ਦਾ ਸਿਰਜਨਹਾਰ ਲਿਖਦੇ ਹਨ ਅਤੇ ਗੁਰੂ ਜੀ ਨੂੰ ਮੈਦਾਨ ਦਾ ਸੂਰਮਾ, ਮਸਨਦ (ਸਹਾਰਾ ਲਾਉਣ) ਦਾ ਸ਼ਾਹ ਅਤੇ ਸਿੱਖ ਸੰਗਤ ਵਿੱਚ ਫਕੀਰ ਕਹਿੰਦੇ ਹਨ।’

ਮੈਕਰੈਗਰ ਨੇ ਲਿਖਿਆ ਹੈ ‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਕੀਤੇ ਕੰਮਾਂ ਨੂੰ ਵਾਚੀਏ, ਉਹਨਾਂ ਦੇ ਧਾਰਮਿਕ ਸੁਧਾਰਾਂ ਅਤੇ ਕੌਮੀ ਕੰਮਾਂ ਨੂੰ ਦੇਖੀਏ, ਨਾਲ ਹੀ ਉਹਨਾਂ ਦੀ ਨਿੱਜੀ ਬਹਾਦਰੀ ਅਤੇ ਦੁੱਖਾਂ ਵਿੱਚ ਇਸਤਕਬਾਲ (ਰਹਿਨੁਮਾਈ) ਦੀ ਕਹਾਣੀ ਪੜ੍ਹੀਏ ਤਾਂ ਉਹਨਾਂ ਨੂੰ ਦੁੱਖਾਂ ਦਾ ਟਾਕਰਾ ਕਰਦੇ ਦੇਖੀਏ ਅਤੇ ਅੰਤ ਵਿੱਚ ਦੁਸ਼ਮਣਾਂ ਦੇ ਮੁਕਾਬਲੇ ਉੱਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰਦੇ ਦੇਖੀਏ ਤਾਂ ਸਾਨੂੰ ਗੁਰੂ ਜੀ ਨੂੰ ਉੱਚਾ ਗਿਣਨ ਤੇ ਮੰਨਣ ਵਿੱਚ ਕੋਈ ਹੈਰਾਨੀ ਨਹੀਂ ਹੋਵੇਗੀ। ਅਸੀਂ ਸਮਝ ਜਾਵਾਂਗੇ ਕਿ ਸਿੱਖ ਕਿਉਂ ਅੱਜ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਸਨਮਾਨ ਵਜੋਂ ਯਾਦ ਮਨਾਉਂਦੇ ਹਨ।’

ਐਡਮੰਡ ਚੈਂਡਲਰ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ।  ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ।  ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਸਬੂਤ ਹੈ।  ਉਸ ਅਮਲੀ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲ ਦਿੱਤੀ।  ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’

ਕਵੀ ਲਖਣ ਰਾਇਅਨੁਸਾਰ ‘ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੀ ਚਲਾਈ ਲਹਿਰ ਦੀ ਰੱਖਿਆ ਕਲਮ ਤੇ ਤੇਗ ਨਾਲ ਕਰ ਰਹੇ ਹਨ।’

ਅਹਿਮਦ ਸ਼ਾਹ ਬਟਾਲਵੀ ਲਿਖਦਾ ਹੈ ਕਿ ‘ਗੁਰੂ ਨਾਨਕ ਨੇ ਧਰਮ ਦੀ ਨੀਂਹ ਰੱਬ ਦੀ ਏਕਤਾ ਵਾਲੇ ਸਿਧਾਂਤ ’ਤੇ ਰੱਖੀ ਹੈ।  ਕਿਸੇ ਧਰਮ ਦੀ ਨਕਲ ਨਹੀਂ ਕੀਤੀ ਅਤੇ ਨਾ ਮਰਯਾਦਾ ਅਪਨਾਈ ਹੈ, ਇਹ ਖਿਆਲ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਵਿੱਚ ਲਿਖੇ ਹਨ।’

ਮੁਗਲ ਜਰਨੈਲ ਸੈਦ ਖਾਨ, ਗੁਰੂ ਜੀ ਦੇ ਦਰਸ਼ਨ ਕਰਕੇ ਪਪੀਹੇ ਵਾਂਗ ਪੁਕਾਰ ਉਠਿਆ ਤੇ ਬੋਲਿਆ ‘ਲੋਕੋ ਰੱਬ ਆਇਆ ਹੈ, ਕਿ ਰੱਬ ਦਾ ਬੰਦਾ ਆਇਆ ਹੈ, ਰੱਬੀ ਨੂਰ ਸਰੀਰਕ ਜਾਮੇ ਵਿੱਚ ਆ ਗਿਆ ਹੈ ਜਿਸ ਨੇ ਮੈਨੂੰ ਮੁਰਦੇ ਨੂੰ ਜਿਵਾਲ ਦਿੱਤਾ ਹੈ।’

ਹਰੀ ਰਾਮ ਗੁਪਤਾ ਲਿਖਦਾ ਹੈ ‘ਕਿ ਗੁਰੂ ਗੋਬਿੰਦ ਸਿੰਘ ਜੀ ਨੇ ਲਿਤਾੜੇ ਲੋਕਾਂ ਨੂੰ ਸਰਦਾਰ ਤੇ ਸੂਰਮੇ ਬਣਾ ਦਿੱਤਾ।’ ਜੋ ਬਿਲਕੁਲ ਠੀਕ ਹੈ ਕਿਉਕਿ ਇਹਨਾਂ ਲਿਤਾੜੇ ਲੋਕਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤੇ ਸ਼ਬਦ ਰਾਹੀਂ ਐਸੀ ਸ਼ਕਤੀ ਪ੍ਰਾਪਤ ਕਰ ਲਈ ਕਿ ਇਹ ਲੋਕ ਗੁਰੂ ਜੀ ਦੀ ਆਵਾਜ਼ ਤੇ ਬੰਦੂਕਾਂ ਅੱਗੇ ਪੈਲਾਂ ਪਾਉਂਦੇ ਸਨ।’  ਡੱਲੇ ਵਾਲੀ ਸਾਖੀ ਦਾ ਸਭ ਨੂੰ ਪਤਾ ਹੈ ਕਿ ਗੁਰੂ ਜੀ ਦੀ ਗੋਲੀ ਦਾ ਨਿਸ਼ਾਨਾ ਬਣਨ ਲਈ ਸਿੱਖ ਇੱਕ ਦੂਜੇ ਤੋਂ ਮੂਹਰੇ ਹੋਣ ਲਈ ਝਗੜਦੇ ਸਨ।  ਮੋਰ, ਬੱਦਲ ਦੇਖ ਕੇ ਪੈਲਾਂ ਪਾਉਂਦੇ, ਸੱਪ ਬੀਨ ਦੀ ਮਧੁਰ ਧੁਨੀ ਸੁਣ ਕੇ ਮਸਤ ਹੁੰਦੇ, ਬੰਸਰੀ ਦੀ ਸੁਰੀਲੀ ਆਵਾਜ਼ ’ਤੇ ਪੰਛੀ ਮੋਹਿਤ ਹੁੰਦੇ ਤਾਂ ਸਾਰੀ ਦੁਨੀਆਂ ਨੇ ਸੁਣੇ ਸਨ, ਪਰ ਬੰਦੂਕ ਦੀ ਗੋਲੀ ਜਿਸ ਵਿਚੋਂ ਸਿਰਫ ਮੌਤ ਦਾ ਹੀ ਸੁਨੇਹਾ ਨਿਕਲਦਾ ਹੋਵੇ, ਉਸ ਅੱਗੇ ਪੈਲਾਂ ਪਾਉਂਦੇ ਆਉਣ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਸ਼ਹੀਦੀ ਦਾ ਜਾਮ ਪੀਣ ਲਈ ਝਗੜਨਾ, ਦੁਨੀਆਂ ਨੇ ਕਲਗੀਧਰ ਦੀ ਮਿਕਨਾਤੀਸੀ (ਚੁੰਬਕੀ) ਦੇ ਕਰਾਮਾਤੀ ਜੌਹਰ ਰਾਹੀਂ ਸਿਰਫ ਉਸ ਦਿਨ ਹੀ ਤੱਕਿਆ ਸੀ ਜਿਹੜਾ ਕਿ ਸੈਦ ਖਾਨ ਦੇ ਲਫਜਾਂ ਨੂੰ ਸੱਚ ਦੀ ਸਹੀ ਸ਼ਕਲ ਦੇ ਰਿਹਾ ਸੀ।

ਅੰਤ ਵਿੱਚ ਡਾਕਟਰ ਆਰ. ਸੀ. ਮਜੂਮਦਾਰ ਵੱਲੋਂ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਹੋਏ, ਪੇਸ਼ ਕਰਨਾ ਉਚਿਤ ਸਮਝਾਂਗੇ ਉਹ ਲਿਖਦੇ ਹਨ ‘ਮੈ ਪਹਿਲਾਂ ਤੋਂ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਤ ਸੀ। ਜਿੱਥੇ ਮੈਂ ਉਹਨਾਂ ਦੀ ਦੇਸ਼ ਭਗਤੀ ਦੇ ਜਜ਼ਬੇ, ਦਲੇਰੀ ਤੇ ਧਾਰਮਿਕ ਉੱਚਤਾ ਦਾ ਪ੍ਰਸੰਸਕ ਸੀ ਉੱਥੇ ਮੈਂ ਖਾਸ ਕਰਕੇ ਸਿਆਸੀ ਸੂਝ ਬੂਝ ਤੇ ਜਥੇਬੰਦਕ ਤੇ ਪ੍ਰਬੰਧਕ ਸ਼ਕਤੀ ਜਿਸ ਦੁਆਰਾ ਉਹਨਾਂ ਨੇ ਵੰਨ ਸੁਵੰਨੇ ਜਾਤੀ ਦੇ ਲੋਕਾਂ ਵਿਚੋਂ ਇੱਕ ਨਵੀਂ ਕੌਮ ਦੀ ਸਿਰਜਨਾ ਕੀਤੀ, ਦਾ ਪੁਜਾਰੀ ਬਣ ਗਿਆ।  ਇਸ ਤੋਂ ਪਹਿਲਾਂ ਜਾਂ ਬਾਅਦ ਇਸ ਤਰ੍ਹਾਂ ਜਾਤਾਂ ਦੇ ਭੇਦ-ਭਾਵ ਮਿਟਾ ਕੇ ਕਿਸੇ ਨੇ ਵੀ ਹਿੰਦੂ ਅਤੇ ਮੁਸਲਮਾਨਾਂ ਨੂੰ ਇੱਕ ਲੜੀ ਵਿੱਚ ਪਰੋਣ ਦਾ ਕੰਮ ਨਹੀਂ ਸੀ ਕੀਤਾ ਜੋ ਗੁਰੂ ਜੀ ਨੇ ਖਾਲਸਾ ਸਾਜ ਕੇ ਕਰ ਵਿਖਾਇਆ।  ਭਾਰਤੀ ਇਤਿਹਾਸ ਵਿੱਚ ਇਹ ਇੱਕ ਲਾਸਾਨੀ ਤੇ ਅਦੁੱਤੀ ਮਿਸਾਲ ਹੈ ਜਿਸ ਵਾਸਤੇ ਸਾਰੇ ਭਾਰਤੀਆਂ ਨੂੰ ਗੁਰੂ ਜੀ ਦੇ ਅਹਿਸਾਨਮੰਦ ਹੋ ਕੇ ਉਹਨਾਂ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ। ਜਿੱਥੇ ਅਕਬਰ ਵਰਗਾ ਸਮਰਾਟ ਫੇਲ੍ਹ ਹੋ ਗਿਆ ਉੱਥੇ ਗੁਰੂ ਜੀ ਸਫਲ ਹੋ ਗਏ। ਇਤਿਹਾਸ ਦਾ ਵਿਦਿਆਰਥੀ ਹੋਣ ਕਰਕੇ ਮੈਂ ਸਦਾ ਹੀ ਗੁਰੂ ਜੀ ਦਾ ਪ੍ਰਸੰਸਕ ਰਿਹਾ ਹਾਂ ਜਿਹਨਾਂ ਨੇ ਮਹਾਨ ਸਿੱਖ ਕੌਮ ਪੈਦਾ ਕੀਤੀ ਤੇ ਜਿਸ ਕੌਮ ਨੇ 18 ਵੀਂ ਤੇ ਉਨੀਵੀਂ ਸਦੀ ਵਿੱਚ ਭਾਰਤ ਦੇ ਇਤਿਹਾਸ ਵਿੱਚ ਇੱਕ ਅਹਿਮ ਤੇ ਜ਼ਰੂਰੀ ਫਰਜ਼ ਅਦਾ ਕੀਤਾ।’

ਲੇਖ ਖ਼ਤਮ ਕਰਨ ਤੋਂ ਪਹਿਲਾਂ ਉਸ ਮਹਾਨ ਸਰਬੰਸਦਾਨੀ ਗੁਰੂ ਦੇ ਬਹੁ ਪੱਖੀ ਜੀਵਨ ਦੇ ਅਣਗਿਣਤ ਗੁਣਾਂ ਦਾ ਕੁੱਝ ਸੰਖੇਪ ਸ਼ਬਦਾਂ ਵਿੱਚ ਵਰਣਨ ਕਰਨਾ ਠੀਕ ਹੋਵੇਗਾ। ਗੁਰੂ ਜੀ ਪੈਗੰਬਰ, ਮੁਕਤੀਦਾਤਾ, ਰੱਖਿਅਕ, ਸੰਤ, ਭਗਤ, ਕਵੀ, ਲਿਖਾਰੀ, ਸਕਾਲਰ (ਜਾਣਨਹਾਰ), ਸੁਧਾਰਕ, ਵਿਦਵਾਨ, ਪਰਉਪਕਾਰੀ, ਰੂਹਾਨੀ ਆਗੂ, ਵੰਡ ਛਕਣ ਵਾਲਾ, ਗ਼ਰੀਬ ਨਿਵਾਜ, ਕਈ ਬੋਲੀਆਂ ਦਾ ਮਾਹਰ, ਜਥੇਦਾਰ, ਜਰਨੈਲ, ਨੀਤੀਵਾਨ, ਸਹਿਨਸ਼ੀਲ, ਨਿਮਰਤਾ ਦੇ ਪੁੰਜ, ਮਰਯਾਦਾ ਪ੍ਰਸ਼ੋਤਮ, ਜਿੰਦਾ ਦਿਲ, ਸੰਤ ਸਿਪਾਹੀ, ਸਿਧ ਯੋਗੀ, ਤੀਰ ਅੰਦਾਜ਼, ਘੋੜ ਸਵਾਰ, ਤਲਾਵਰ ਦੇ ਧਨੀ, ਮਾਇਆ ਵਿੱਚ ਉਦਾਸ, ਸਫਲ ਆਗੂ, ਨਿਰਵੈਰ, ਨਿਡਰ ਆਦਿ ਕਈ ਗੁਣਾਂ ਦੇ ਮਾਲਕ ਸਨ।  ਸੋ ਭਾਈ ਮਨੀ ਸਿੰਘ ਜੀ ਅਨੁਸਾਰ ‘ਮਨੀ ਸਿੰਘਾ ਕਾਣ ਨ ਕਾਹੂੰ ਦੀ, ਜਿਸ ਦੇ ਸਿਰ ਤੇ ਕਲਗੀਆਂ ਵਾਲਾ।’ ਤੇ ‘ਨਨੂਆਂ’ ਜੀ ਵਾਂਗ ਆਉ ਸਾਰੇ ਆਖੀਏ, ਤੇਰੇ ਚਰਨਾਂ ਦੀ ਮਿੱਟੀ ਸਾਡੇ ਸਿਰ ਦਾ ਤਾਜ ਹੋ

ਅਖੀਰ ਵਿੱਚ ਡਾਕਟਰ ‘ਆਰ ਸੀ ਮਜੁਮਦਾਰ’ ਵਲੋਂ, ਜਿਨ੍ਹਾਂ ਮੁਤਾਬਕ ਭਾਰਤੀਆਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਹਿਸਾਨਮੰਦ ਹੋ ਕੇ ਗੁਰੂ ਸਾਹਿਬ ਦੀ ਵੱਧ ਤੋਂ ਵੱਧ ਪ੍ਰਸੰਸਾ ਕਰਨੀ ਚਾਹੀਦੀ ਹੈ, ਤਾਂ ਜੋ ਗੁਰੂ ਸਾਹਿਬ ਜੀ ਨੇ ਬੁਲੇ ਸ਼ਾਹ ਦੇ ਬਚਨ ਨਾ ਕਹੂੰ ਜਬ ਕੀ, ਨਾ ਕਹੂੰ ਤਬ ਕੀ, ਬਾਤ ਕਹੂੰ ਮੈਂ ਅਬ ਕੀ  ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ, ਸੁਨੱਤ ਹੋਤੀ ਸਭ ਕੀ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ਉਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਏ ਸਨ, ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ,  ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵੱਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ, ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ।  ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ‘ਖਾਲਸਾ ਪੰਥ’ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ, ਜਿਸ ਬਾਰੇ ਗੁਰੂ ਸਾਹਿਬ ਕਹਿੰਦੇ ਹਨ ‘‘ਅਕਿਰਤਘਣੈ ਕਉ ਰਖੈ ਕੋਈ; ਨਰਕ ਘੋਰ ਮਹਿ ਪਾਵਣਾ ’’  (ਮਹਲਾ /੧੦੮੬) ਭਾਵ ਕੀਤੇ ਗਏ ਉਪਕਾਰਾਂ ਨੂੰ ਭੁਲਾਉਣ ਵਾਲੀ ਮੰਦੀ-ਕਪਟੀ ਸੋਚ ਨਰਕ ਵੱਲ ਲੈ ਜਾ ਰਹੀ ਹੈ ਫਿਰ ਵੀ ਤੁੱਛ ਬੁੱਧੀ ਲੋਕਾਂ ਵੱਲੋਂ ਇਸ ਨੂੰ ਅਪਣਾਇਆ ਹੋਇਆ ਹੈ।

ਗੁਰੂ ਗੋਬਿੰਦ ਸਿੰਘ ਅਦੁੱਤੀ ਯੋਧਾ

0

ਗੁਰੂ ਗੋਬਿੰਦ ਸਿੰਘ ਅਦੁੱਤੀ ਯੋਧਾ

ਪ੍ਰਿੰਸੀਪਲ ਸਾਹਿਬ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਐਸੇ ਸਮੇਂ ਹੋਇਆ, ਜਦ ਭਾਰਤ-ਵਰਸ਼ ਵਿਚ ਲਗਭਗ ਪੰਜ ਸੌ ਸਾਲਾਂ ਤੋਂ ਪੱਕੇ ਪੈਰਾਂ ’ਤੇ ਹੋਇਆ ਇਸਲਾਮੀ ਰਾਜ ਐਨ ਚੜ੍ਹਦੀਆਂ ਕਲਾਂ ਵਿਚ ਸੀ, ‘ਵੱਸੋ ਅਤੇ ਵੱਸਣ ਦਿਓ’ ਦੇ ਆਦਰਸ਼ ਤੋਂ ਡਿੱਗ ਕੇ ਧੱਕੇਸ਼ਾਹੀ ਅਤੇ ਜ਼ੁਲਮ ਉੱਤੇ ਤੁਲ ਬੈਠਾ ਸੀ।  ਅੱਜ ਵੀ ਇਹੀ ਸੋਚ ਮੁਸਲਮਾਨ ਰਾਜਿਆਂ ਦੀ ਬਜਾਇ ਹਿੰਦੂ ਕੱਟੜ ਰਾਜਨੀਤਕਾਂ ਨੇ ਅਪਣਾਈ ਹੋਈ ਹੈ।

ਸ਼ਾਹੀ ਕਰਮਚਾਰੀਆਂ ਵੱਲੋਂ ਪਹਿਲਾਂ ਭੀ ਬਥੇਰੀ ਮਨ-ਆਈ ਅਤੇ ਬੇਨਿਆੲੀਂ ਪਰਜਾ ਨਾਲ ਹੁੰਦੀ ਚਲੀ ਆ ਰਹੀ ਸੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹਾਲ ਦੱਸਦਿਆਂ ਲਿਖਿਆ ਹੈ ‘‘ਬਹੁ ਵਾਟੀ ਜਗਿ ਚਲੀਆ; ਤਬ ਹੀ ਭਏ ਮੁਹੰਮਦਿ ਯਾਰਾ। ਕਉਮਿ ਬਹਤਰਿ ਸੰਗਿ ਕਰਿ; ਬਹੁ ਬਿਧਿ ਵੈਰੁ ਵਿਰੋਧੁ ਪਸਾਰਾ। ਰੋਜੇ ਈਦ ਨਿਮਾਜਿ ਕਰਿ; ਕਰਮੀ ਬੰਦਿ ਕੀਆ ਸੰਸਾਰਾ। ਪੀਰ ਪੈਕੰਬਰ ਅਉਲੀਏ; ਗਉਸ ਕੁਤਬ ਬਹੁ ਭੇਖ ਸਵਾਰਾ। ਠਾਕੁਰ ਦੁਆਰੇ ਢਾਹਿ ਕੈ; ਤਿਹਿ ਠਉੜੀ ਮਾਸੀਤ ਉਸਾਰਾ। ਮਾਰਨਿ ਗਊ ਗਰੀਬ ਨੋ; ਧਰਤੀ ਉਪਰਿ ਪਾਪੁ ਬਿਥਾਰਾ। ਕਾਫਰ ਮੁਲਹਦ ਇਰਮਨੀ; ਰੂਮੀ ਜੰਗੀ ਦੁਸਮਣਿ ਦਾਰਾ। ਪਾਪੇ ਦਾ ਵਰਤਿਆ ਵਰਤਾਰਾ ॥੨੦॥’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੦) ਪਰ ਹੁਣ ਸਿੱਧਾ ਬਾਦਸ਼ਾਹ ਔਰੰਗਜ਼ੇਬ ਵੱਲੋਂ ਤਲਵਾਰ ਦੇ ਜ਼ੋਰ ਨਾਲ ਇਸਲਾਮ ਫੈਲਾਣ ਅਤੇ ਹਿੰਦੂਆਂ ਦਾ ਖੁਰਾ-ਖੋਜ ਮਿਟਾਉਣ ਦਾ ਬੀੜਾ ਚੁੱਕਿਆ ਗਿਆ। ਕੇਵਲ ਹਿੰਦੂਆਂ ਦਾ ਹੀ ਨਹੀਂ ਸਗੋਂ ਸ਼ੀਆਂ ਮੁਸਲਮਾਨ ਭੀ, ਜਿਹੜੇ ਔਰੰਗਜ਼ੇਬ ਦੇ ਆਪਣੇ ਮਜ਼ਹਬ ‘ਸੁੰਨੀ’ ਦੇ ਵਿਰੋਧੀ ਸਨ, ਨੂੰ ਹਿੰਦੂਆਂ ਵਾਂਗ ਸੈਂਕੜਿਆਂ ਦੀ ਗਿਣਤੀ ਵਿਚ ਕਤਲ ਕੀਤਾ ਗਿਆ।

ਹਿੰਦੂ ਮਾਪਿਆਂ ਪਾਸੋਂ ਉਹਨਾਂ ਦੀਆਂ ਕੁਆਰੀਆਂ ਲੜਕੀਆਂ, ਭਰਾਵਾਂ ਪਾਸੋਂ ਉਹਨਾਂ ਦੀਆਂ ਜਵਾਨ ਭੈਣਾਂ, ਮਰਦਾ ਪਾਸੋਂ ਉਹਨਾਂ ਦੀਆਂ ਪਤਿਬ੍ਰਤ ਪਤਨੀਆਂ, ਧੱਕੇ-ਸ਼ਾਹੀ ਨਾਲ ਖੋਹੀਆਂ ਜਾਂਦੀਆਂ ਸਨ। ਇਹਨਾਂ ਅਤਿਆਚਾਰਾਂ ਨੇ ਹਿੰਦੂਆਂ ਨੂੰ, ਜਿਹੜੇ ਪਹਿਲਾਂ ਹੀ ਸਦੀਆਂ ਦੀ ਗ਼ੁਲਾਮੀ ਕਾਰਨ ਕਾਇਰ ਹੋ ਚੁੱਕੇ ਸਨ, ਹੋਰ ਵੀ ਡਰਾਕਲ ਬਣਾ ਦਿੱਤਾ। ਹੁਣ ਕਿਸੇ ਛੋਟੇ-ਮੋਟੇ ਜੋਧੇ ਦਾ ਕੰਮ ਨਹੀਂ ਸੀ ਕਿ ਜੋ ਅਜਿਹੇ ਕੱਟੜ ਅਤੇ ਭਿਆਨਕ ਰਾਜ ਦੇ ਵਿਰੁੱਧ ਬੋਲ ਸਕੇ।

ਦੂਜੇ ਪਾਸੇ, ਗੁਰੂ ਗੋਬਿੰਦ ਸਿੰਘ ਜੀ ਵੱਲ ਭੀ ਵੇਖੋ।  ਉਮਰ ਕੇਵਲ ਦਸ ਸਾਲਾਂ ਦੀ, ਨਾ ਕੋਈ ਨਾਲ ਸਲਾਹਕਾਰ, ਨਾ ਕੋਈ ਸੰਬੰਧੀ ਮਦਦਗਾਰ, ਨਾ ਕੋਈ ਫ਼ੌਜ ਜਾਂ ਲਸ਼ਕਰ, ਨਾ ਕਿਲ੍ਹਾ, ਨਾ ਰਿਆਸਤ ਅਤੇ ਨਾ ਕੋਈ ਹੋਰ ਸਮਾਨ।  ਟਾਕਰੇ ਲਈ ਇਕ ਪਾਸੇ ਦੇਸ ਦੀ ਵੱਡੀ ਤਾਕਤ ਦਾ ਮਾਲਕ ਕੱਟੜ ਔਰੰਗਜ਼ੇਬ ਤੁਲਿਆ ਬੈਠਾ ਹੈ, ਦੂਜੇ ਪਾਸੇ ਪਹਾੜੀ ਹਿੰਦੂ ਰਾਜਪੂਤ ਰਾਜੇ ਗੋਂਦਾਂ ਗੁੰਦ ਰਹੇ ਹਨ, ਤੀਜੇ ਪਾਸੇ ਘਰ ਦੇ ਭੇਤੀ ਬਾਬਾ ਧੀਰਮਲ ਅਤੇ ਰਾਮ ਰਾਇ (ਰਾਵਨ ਦੇ ਭਰਾ, ਰਾਜਾ ਵਿਭੀਸ਼ਣ ਵਾਂਗ) ਦੁਸ਼ਮਨਾਂ ਨੂੰ ਸੋਆਂ ਦੇ ਰਹੇ ਹਨ ਅਤੇ ਚੌਥੇ ਨਿੱਘਰੇ ਹੋਏ ਡਰਾਕਲ ਲੋਕ ਸਗੋਂ ਰਾਹ ਵਿਚ ਰੋੜੇ ਅਟਕਾ ਕੇ ਰਾਜ਼ੀ ਹਨ, ਪਰ ਸਤਿਗੁਰੂ ਜੀ ਨੇ ਸਮਝ ਲਿਆ ਸੀ ਕਿ ਇਹਨਾਂ ਡਰਾਕਲ ਤੇ ਕਾਇਰ ਲੋਕਾਂ ਵਿੱਚੋਂ ਹੀ ਜੋਧੇ ਬਣਨੇ ਹਨ, ਬੀਰ ਸੂਰਮੇ ਕਿਤੋਂ ਹੋਰ ਬਾਹਰੋਂ ਨਹੀਂ ਆਉਣੇ।

ਸਤਿਗੁਰੂ ਜੀ ਨੇ ਇਹਨਾਂ ਗਿੱਦੜਾਂ ਤੇ ਕਾਇਰਾਂ ਵਿੱਚੋਂ ਹੀ ਸ਼ੇਰ ਬਣਾਏ ਅਤੇ ਚਿੜੀਆਂ ਤੋਂ ਬਾਜ ਤੁੜਾਏ। ਗੁਰੂ ਗੋਬਿੰਦ ਸਿੰਘ ਜੀ ਦੀ ਅੰਮ੍ਰਿਤ-ਸ਼ਕਤੀ ਦਾ ਜ਼ਿਕਰ ਕਵੀ ਦੁਆਰਾ ਇੰਞ ਕੀਤਾ ਗਿਆ ‘ਗੁਰੂ ਗੋਬਿੰਦ ਸਿੰਘ ਪ੍ਰਗਟਿਓ, ਦਸਵਾਂ ਅਵਤਾਰਾ॥ ਜਿਨਿ ਅਲੱਖ ਅਪਾਰ ਨਿਰੰਜਨਾ, ਜਪਿਓ ਕਰਤਾਰਾ॥ ਨਿਜ ਪੰਥੁ ਚਲਾਇਓ ਖਾਲਸਾ, ਧਰਿ ਤੇਜ ਕਰਾਰਾ॥ ਸਿਰਿ ਕੇਸ ਧਾਰਿ, ਕਰ ਖੜਗ ਕੋ, ਸਭ ਦੁਸਟ ਪਛਾਰਾ॥ ਸੀਲ ਜੱਤ ਕੀ ਕਛ ਪਹਰਿ, ਪਕੜੋ ਹਥਿਆਰਾ॥ ਸਚ ਫਤਹ ਬੁਲਾਈ ਗੁਰੂ ਕੀ, ਜੀਤਿਓ ਰਣ ਭਾਰਾ॥ ਸਭ ਦੈਂਤ ਅਰਨਿ ਕੋ ਘੇਰਿ ਕਰਿ, ਕੀਜੈ ਪਰਿਹਾਰਾ॥ ਜਬ ਸਹਜੇ ਪ੍ਰਗਟਿਓ ਜਗਤ ਮਹਿ, ਗੁਰੁ ਜਾਪੁ ਅਪਾਰਾ॥ ਯੌਂ ਉਪਜੇ ਸਿੰਘ ਭੁਜੰਗੀਏ, ਨੀਲੰਬਰ ਧਾਰਾ॥ ਤੁਰਕ ਦੁਸ਼ਟ ਸਭ ਛੈ ਕੀਏ, ਹਰਿ ਨਾਮੁ ਉਚਾਰਾ॥ ਤਿਨ ਆਗੈ ਕੋਇ ਨ ਠਹਰਿਓ, ਭਾਗੇ ਸਿਰਦਾਰਾ॥ ਤਹ ਰਾਜੇ ਸ਼ਾਹ ਅਮੀਰੜੇ, ਹੋਏ ਸਭ ਛਾਰਾ॥ ਫਿਰਿ ਸੁਨਿ ਕਰਿ ਐਸੀ ਧਮਕ ਕੌ, ਕਾਂਪੈ ਗਿਰਿ ਭਾਰਾ॥ ਤਬ ਸਭ ਧਰਤੀ ਹਲਚਲ ਭਈ, ਛਾਡੇ ਘਰ ਬਾਰਾ॥ ਇਉਂ ਐਸੇ ਦੁੰਦ ਕਲੇਸ਼ ਮਹਿ, ਖਪਿਓ ਸੰਸਾਰਾ॥ ਤਹ ਬਿਨੁ ਸਤਿਗੁਰ ਕੋ ਹੈ ਨਹੀਂ, ਭੈ ਕਾਟਨਹਾਰਾ॥ ਗਹਿ ਐਸੇ ਖੜਗ ਦਿਖਾਇਅਨੁ, ਕੋ ਸਕੈ ਨ ਝੇਲਾ॥ ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥15॥’

ਉਹਨਾਂ ਲੋਕਾਂ ਨੇ ਹੀ, ਜਿਹੜੇ ਬਿਲਕੁਲ ਨਕਾਰੇ ਤੇ ਨਿਰਬਲ ਹੋ ਚੁੱਕੇ ਸਨ, ਅੰਮ੍ਰਿਤ ਦੀ ਸ਼ਕਤੀ ਨਾਲ ਬੜੇ ਬੜੇ ਮੁਗ਼ਲ ਜਰਨੈਲਾਂ ਦੇ ਮੂੰਹ ਭਵਾ ਦਿੱਤੇ।  ਉਹਨਾਂ ਦੇ ਵਿੱਚੋਂ ਹੀ ਬਾਬਾ ਦੀਪ ਸਿੰਘ ਜਿਹੇ ਅਤੇ ਬਾਬਾ ਗੁਰਬਖ਼ਸ਼ ਸਿੰਘ ਜਿਹੇ ਅਨੇਕਾਂ ਸੂਰਮੇ ਰਣਾਂ ਵਿਚ ਆਹੂ ਲਾਹਣ ਵਾਲੇ ਨਿੱਤਰ ਪਏ। ਚਮਕੌਰ ਦੀ ਇਕ ਨਿੱਕੀ ਜਿਹੀ ਹਵੇਲੀ ਵਿੱਚ ਸਿਰਫ਼ ਚਾਲੀ ਸਿੰਘਾਂ ਨੇ ਦਸ ਲੱਖ ਵੈਰੀ-ਦਲ ਦਾ ਜੋ ਟਾਕਰਾ ਕੀਤਾ, ਉਸ ਘਟਨਾ ਦੀ ਮਿਸਾਲ ਦੁਨੀਆਂ ਵਿਚ ਅਜੇ ਤੱਕ ਨਹੀਂ ਮਿਲਦੀ।

‘ਸਵਾ ਲਾਖ ਸੇ ਏਕ ਲੜਾਊਂ॥ ਤਬੀ ਗੋਬਿੰਦ ਸਿੰਘ ਨਾਮ ਕਹਾਊਂ॥’ ਵਾਕ ਨੂੰ ਕਲਗੀਧਰ ਪਾਤਿਸ਼ਾਹ ਨੇ ਸਾਰੀ ਦੁਨੀਆਂ ਦੇ ਸਾਹਮਣੇ ਸੂਰਜ ਵਾਂਗ ਰੌਸ਼ਨ ਕਰ ਦਿੱਤਾ। ਔਰੰਗਜ਼ੇਬ ਵੱਲ ਭੇਜੇ ‘ਜ਼ਫਰਨਾਮੇ’ ਵਿਚ ਸਤਿਗੁਰੂ ਜੀ ਨੇ ਚਮਕੌਰ ਦੇ ਇਸ ਅਦੁੱਤੀ ਕਾਰਨਾਮੇ ਦਾ ਇਉਂ ਜ਼ਿਕਰ ਕੀਤਾ ਹੈ ‘‘ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ ਕਿ ਦਹ ਲਖ ਬਰਆਯਦ ਬਰੋ ਬੇਖ਼ਬਰ ੧੯’’ ਭਾਵ ਭੁੱਖੇ ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ਉੱਤੇ ਅਣਗਿਣਤ ਫ਼ੌਜ ਟੁੱਟ ਪਵੇ ? ।  ‘‘ਹਮ ਆਖ਼ਿਰ ਚਿ ਮਰਦੀ ਕੁਨਦ ਕਾਰਜ਼ਾਰ ਕਿ ਬਰ ਚਿਹਲ ਤਨ ਆਯਦਸ਼ ਬੇਸ਼ੁਮਾਰ ੪੧’’  ਭਾਵ ਆਖ਼ਿਰ ਜੁੱਧ ਵਿਚ ਨਿਰੀ ਬਹਾਦਰੀ ਵੀ ਕੀ ਕਰ ਸਕਦੀ ਹੈ, ਜੇ ਚਾਲੀ ਆਦਮੀਆਂ ਉੱਤੇ ਬੇਅੰਤਹਾ ਫ਼ੌਜ ਹੱਲਾ ਬੋਲ ਦੇਵੇ  ?।

ਮਹਾਂ ਭਾਰਤ ਯੁੱਧ, ਸਾਰੇ ਸੰਸਾਰ ਦੇ ਇਤਿਹਾਸ ਵਿੱਚ ਉੱਘਾ ਅਤੇ ਸੂਰਮਤਾਈ ਨਾਲ ਭਰਪੂਰ ਮੰਨਿਆ ਜਾਂਦਾ ਹੈ, ਪਰ ਉਸ ਵਿਚ ਪਾਂਡਵਾਂ ਦਾ ਜਿੱਤਣਾ ਕੋਈ ਅਨੋਖੀ ਗੱਲ ਨਹੀਂ ਸੀ।  ਸ੍ਰੀ ਕ੍ਰਿਸ਼ਨ ਜੀ ਜਿਹੇ ਸਲਾਹਕਾਰ, ਅਰਜਨ ਜਿਹੇ ਨੀਤੀਵੇਤਾ, ਭੀਮ ਜਿਹੇ ਬਲੀ, ਲੱਖਾਂ ਹੋਰ ਮਦਦਗਾਰ, ਰਥਾਂ ਘੋੜਿਆਂ ਤੀਰਾਂ ਕਮਾਨਾਂ ਦੇ ਸਮਾਨ ਉਹਨਾਂ ਦੇ ਨਾਲ ਸਨ।  ਮੁਕਾਬਲਾ ਕੇਵਲ ਆਪਣੇ ਹੀ ਤਾਏ ਚਾਚੇ ਦੇ ਪੁੱਤਰ ਭਰਾਵਾਂ ‘ਕੈਰਵਾਂ’ ਨਾਲ ਹੀ ਸੀ, ਪਰ ਅਸੀਂ ਹੁਣੇ ਹੀ ਵੇਖ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇਸ ਦੀ ਕਿਤਨੀ ਡਾਢੀ ਭਿਆਨਕ ਹਾਲਤ ਸੀ।  ਸਤਿਗੁਰੂ ਜੀ ਦੇ ਨਾਲ ਕੋਈ ਉੱਚੇ ਤਜਰਬੇ ਵਾਲੇ ਸਹਾਇਕ ਨਹੀਂ ਸਨ, ਕੋਈ ਸਮਾਨ ਨਹੀਂ ਸੀ, ਫਿਰ ਭੀ ਸਿਰਫ਼ ਪਰਮੇਸ਼ਵਰ ’ਤੇ ਭਰੋਸਾ ਰੱਖ ਕੇ ਹੌਸਲੇ ਤੇ ਧੀਰਜ ਨਾਲ ਮੁਗ਼ਲਾਂ ਜਿਹੀਆਂ ਕੱਟੜ ਲੱਖਾਂ ਫ਼ੌਜਾਂ ਦਾ ਮੁਕਾਬਲਾ ਕਰ ਕੇ, ਜਿੱਤਾਂ ਪ੍ਰਾਪਤ ਕਰਨੀਆਂ; ਦੁਨੀਆਂ ਦੇ ਇਤਿਹਾਸ ਵਿਚ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ।  ਉਹੀ ਕਵੀ ਸਤਿਗੁਰੂ ਜੀ ਦੀ ਬੀਰਤਾ ਦੀ ਇਸ ਉੱਚੀ ਬੇ-ਮਿਸਾਲ ਸ਼ਾਨ ਨੂੰ ਵੇਖ ਕੇ ਇਉਂ ਲਿਖਦਾ ਹੈ ‘ਪ੍ਰਾਣ-ਮੀਤ ਪਰਮਾਤਮਾ ਪੁਰਖੋਤਮ ਪੂਰਾ॥ ਹਰਿ ਦੇਖਨਹਾਰਾ ਪਾਤਿਸ਼ਾਹ ਪ੍ਰਤਿਪਾਲ ਨ ਊਰਾ॥ ਵਹੁ ਪ੍ਰਗਟਿਓ ਪੁਰਖ ਭਗਵੰਤ ਰੂਪ, ਗੁਰੁ ਗੋਬਿੰਦ ਪੂਰਾ॥ ਵਹਿ ਅਨਦ ਬਿਨੋਦੀ ਚੋਜੀਆ, ਸਤਿਗੁਰੂ ਭਰਪੂਰਾ॥ ਵਹਿ ਨਿਸ ਦਿਨ ਹਰਿ ਗੁਣ ਗਾਈਐ, ਸਚ ਸੱਚੀ ਵੇਲਾ॥ ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥14॥’

ਸੱਚੇ ਜੋਧੇ ਦੇ ਆਦਰਸ਼ ਇਹੀ ਹੁੰਦੇ ਹਨ-ਬੀਰਤਾ, ਕੁਰਬਾਨੀ ਅਤੇ ਨੇਕ-ਨੀਤੀ।  ਗੁਰੂ ਗੋਬਿੰਦ ਸਿੰਘ ਜੀ ਦੀ ਬੀਰਤਾ ਦਾ ਥੋੜ੍ਹਾ ਕੁ ਦਰਸ਼ਨ ਅਸਾਂ ਕਰ ਲਿਆ ਹੈ। ਹੁਣ ਵੇਖੋ ਜਿਗਰਾ ਤੇ ਕੁਰਬਾਨੀ। ਦਸ ਸਾਲਾਂ ਦੀ ਉਮਰ ਵਿਚ ਪਿਤਾ ਨੂੰ ਕੁਰਬਾਨੀ ਲਈ ਤੋਰ ਦੇਣਾ, ਆਪਣੀ ਹੱਥੀਂ ਸ਼ਹੀਦੀ ਗਾਨਾ ਬੰਨ੍ਹ ਕੇ ਆਪਣੇ ਵੱਡੇ ਦੋਹਾਂ ਸਾਹਿਬਜ਼ਾਦਿਆਂ (ਅਜੀਤ ਸਿੰਘ ਅਤੇ ਜੁਝਾਰ ਸਿੰਘ) ਨੂੰ ਚਮਕੌਰ ਦੇ ਯੁੱਧ ਲਈ ਤੋਰ ਦੇਣਾ, ਦੋਹਾਂ ਜਿਗਰ ਦੇ ਟੁਕੜਿਆਂ (ਫ਼ਤਿਹ ਸਿੰਘ ਅਤੇ ਜ਼ੋਰਾਵਰ ਸਿੰਘ) ਨੂੰ ਕੰਧਾਂ ਵਿਚ ਚਿਣਵਾ ਕੇ ਇਕ ਹੰਝੂ ਨਾ ਕੇਰਨਾ, ਦੁਨੀਆ ਦੇ ਕਿਸੇ ਇਤਿਹਾਸ ਵਿਚ ਅਜਿਹੀ ਮਿਸਾਲ ਨਹੀਂ ਮਿਲਦੀ। ਇਸ ਯੋਧੇ ਦੀ ਮਿਸਾਲ, ਬੱਸ!  ਇਹ ਆਪ ਹੀ ਹੈ।  ਰੱਬੀ ਰਜ਼ਾ ’ਤੇ ਪਹਾੜ ਵਾਂਗ ਅਟੱਲ ਰਹਿਣਾ-ਇਹ ਕਲਗੀਧਰ ਪਾਤਿਸ਼ਾਹ ਦਾ ਹੀ ਕੰਮ ਸੀ।  ਜਦੋਂ ਸਾਰੇ ਸਰਬੰਸ ਦੇ ਵਾਰੇ ਜਾਣ ਦੀ ਖ਼ਬਰ ਸੁਣੀ ਤਾਂ ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਦੀਨੇ ਪਿੰਡ ਤੋਂ ‘ਜ਼ਫਰਨਾਮਾ’ ਲਿਖ ਕੇ ਭੇਜਿਆ।  ਉਸ ਨੂੰ ਪੜ੍ਹ ਕੇ ਵੇਖੋ, ਇਕ ਇਕ ਸ਼ੇਅਰ ਵਿਚ ਬੇ-ਮਿਸਾਲ ਮਰਦਾਨਗੀ ਤੇ ਜਿਗਰਾ ਲਿਸ਼ਕਾਂ ਮਾਰ ਰਿਹਾ ਹੈ।  ਹਜ਼ੂਰ ਲਿਖਦੇ ਹਨ :

(1). ‘ਹੁਮਾ ਰਾ ਕਸੇ ਸਾਯਾ ਆਯਦ ਬ-ਜ਼ੇਰ॥ ਬਰੋ ਦਸਤ ਦਾਰਦ ਨ ਜ਼ਾਗ਼ੇ ਦਲੇਰ॥16॥’ ਭਾਵ ਹੁਮਾ ਪੰਛੀ ਦੇ ਪਰਛਾਵੇਂ ਹੇਠ ਜਿਹੜਾ ਕੋਈ ਆ ਜਾਵੇ ਉਸ ਨੂੰ ਚਾਤਰ ਕਾਂ ਹੱਥ ਨਹੀਂ ਪਾ ਸਕਦਾ; ਮੈਂ ਵਾਹਿਗੁਰੂ ਦੇ ਆਸਰੇ ਹੇਠ ਹਾਂ, ਮੇਰਾ ਕੋਈ ਕੁਝ ਵਿਗਾੜ ਨਹੀਂ ਸਕਦਾ। 16।

(2). ‘ਕਸੇ ਪੁਸ਼ਤ ਉਫ਼ਤਦ ਪਸੇ ਸ਼ੇਰਿ ਨਰ॥ ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ॥17॥’ ਭਾਵ ਜਿਹੜਾ ਮਨੁੱਖ ਸ਼ੇਰ ਦੀ ਸ਼ਰਨੀ ਆ ਜਾਂਦਾ ਹੈ, ਉਸ ਦੇ ਲਾਗੇ ਬੱਕਰੀ, ਭੇਡ ਤੇ ਹਿਰਨ ਆਦਿ ਫਟਕ ਨਹੀਂ ਸਕਦੇ। 17।

(3). ‘ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥ ਕਿ ਬਾਕੀ ਬਿਮਾਂਦਸਤ ਪੇਚੀਦਹ ਮਾਰ॥75॥’ ਭਾਵ ਕੀ ਹੋਇਆ ਜੇ (ਮੇਰੇ) ਚਾਰ ਬੱਚਿਆ ਨੂੰ ਕਤਲ ਕੀਤਾ ਗਿਆ ?  ਕੁੰਡਲੀਆ ਸੱਪ-(ਖ਼ਾਲਸਾ) ਤਾਂ ਬਚਿਆ ਹੀ ਰਿਹਾ। 75।

(4). ‘ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥ ਕਿ ਆਤਸ਼ ਦਮਾਂ ਰਾ ਫ਼ਰੋਜ਼ਾਂ ਕੁਨੀ ?॥76॥’ ਭਾਵ ਇਹ ਤੇਰੀ ਕਿਹੜੀ ਮਰਦਾਨਗੀ ਹੈ ਕਿ ਚੰਗਿਆੜਾ ਬੁਝਾ ਲਿਆ। ਇਸ ਤਰ੍ਹਾਂ ਤਾਂ ਸਗੋਂ (ਜੋਸ਼ ਦੀ) ਅੱਗ ਨੂੰ ਭੜਕਾ ਦਿੱਤਾ ਗਿਆ ਹੈ ? । 76।

(5). ‘ਚੁ ਹੱਕ ਯਾਰ ਬਾਸ਼ਦ ਚਿਹ ਦੁਸ਼ਮਨ ਕੁਨੱਦ॥ ਅਗਰ ਦੁਸ਼ਮਨੀ ਰਾ ਬ-ਸਦ ਤਨ ਕੁਨੱਦ॥107॥’ ਭਾਵ ਜੇ ਵਾਹਿਗੁਰੂ ਮਿੱਤਰ ਹੈ ਤਾਂ ਵੈਰੀ ਕੁਝ ਨਹੀਂ ਵਿਗਾੜ ਸਕਦਾ, ਭਾਵੇਂ ਉਹ ਸੌ-ਗੁਣਾ ਵੈਰ ਕਮਾਂਦਾ ਫਿਰੇ। 107।

(6). ‘ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰੱਦ॥ ਨ ਯਕ ਮੂਏ ਊ ਰਾ ਆਜ਼ਾਰ ਆਵੁਰੱਦ॥108॥’ ਭਾਵ ਜੇ ਵੈਰੀ ਹਜ਼ਾਰਾਂ ਵੀ ਵੈਰ ਕਰੇ ਤਾਂ ਵੀ ਉਹ ਉਸ ਦਾ ਇਕ ਵਾਲ ਵਿੰਗਾ ਨਹੀਂ ਕਰ ਸਕਦਾ।

ਸਾਰਾ ਹੀ ਪਰਿਵਾਰ ਕੁਰਬਾਨ ਕਰਾ ਕੇ ਭੀ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਜਿਸ ਦੇ ਸਿਰ ਉੱਤੇ ‘ਹੁਮਾ’ (ਰੱਬ) ਦਾ ਸਾਇਆ ਹੋਵੇ, ਉਸ ਉੱਤੇ ਕੋਈ ‘ਕਾਂ’ (ਵਿਰੋਧੀ) ਦਲੇਰੀ ਕਰ ਕੇ ਹੱਥ ਨਹੀਂ ਪਾ ਸਕਦਾ, ਜਿਸ ਨੇ ਸ਼ੇਰ ਦਾ ਆਸਰਾ ਲਿਆ ਹੋਵੇ, ਉਸ ਦੇ ਰਸਤੇ ਵਿਚ ਬੱਕਰੀ, ਭੇਡ ਆਦਿਕ ਕੋਈ ਰੋਕ ਨਹੀਂ ਪਾ ਸਕਦੇ।  ਤੂੰ ਅਤੇ ਤੇਰੇ ਜਰਨੈਲ ਮੇਰੇ ਚਾਰ ਪੁੱਤਰ ਮਾਰ ਕੇ ਫ਼ਖ਼ਰ ਕਰਦੇ ਹੋਣਗੇ, ਪਰ ਤੁਸਾਂ ਆਪਣੇ ਵਿਰੁੱਧ ਜਨਤਾ ਦੇ ਦਿਲਾਂ ਵਿਚ ਅੱਗ ਦੇ ਭਾਂਬੜ ਮਚਾ ਲਏ ਹਨ। ਜਿਸ ਦੇ ਸਿਰ ਉੱਤੇ ਅਕਾਲ ਪੁਰਖ ਰਾਖਾ ਹੋਵੇ, ਦੁਸ਼ਮਨ ਸਾਰਾ ਟਿੱਲ ਲਾ ਕੇ ਭੀ ਉਸ ਦਾ ਵਾਲ ਵਿੰਗਾ ਨਹੀਂ ਕਰ ਸਕਦਾ।

ਕਲਗੀਧਰ ਪਾਤਿਸ਼ਾਹ ਜੀ ਦੀ ਬੀਰਤਾ, ਜਿਗਰੇ ਅਤੇ ਕੁਰਬਾਨੀ ਦਾ ਵੰਨਗੀ ਮਾਤਰ ਦੀਦਾਰ ਅਸੀਂ ਕਰ ਚੁਕੇ ਹਾਂ। ਹੁਣ ਵੇਖੋ ਉਹਨਾਂ ਦੀ ਆਤਮਕ ਉਦਾਰਤਾ।  ਸਾਊ ਦੁਸ਼ਮਨ ਦੀ ਪਦਵੀ ਤੋਂ ਭੀ ਦੂਰ ਉੱਚੇ ਲੰਘ ਗਏ ਹਨ। ਗੁਰੂ ਅਰਜਨ ਸਾਹਿਬ ਨੇ ਆਤਮਕ ਉਦਾਰਤਾ ਬਾਰੇ ਮਨੁੱਖਤਾ ਦਾ ਆਦਰਸ਼ ਪੇਸ਼ ਕਰਦਿਆਂ ਫ਼ੁਰਮਾਇਆ ‘‘ਕਰਿ ਕਿਰਪਾ ਦੀਓ ਮੋਹਿ ਨਾਮਾ, ਬੰਧਨ ਤੇ ਛੁਟਕਾਏ॥ ਮਨ ਤੇ ਬਿਸਰਿਓ ਸਗਲੋ ਧੰਧਾ, ਗੁਰ ਕੀ ਚਰਣੀ ਲਾਏ॥੧॥ ਸਾਧ ਸੰਗਿ; ਚਿੰਤ ਬਿਰਾਨੀ ਛਾਡੀ॥ ਅਹੰਬੁਧਿ ਮੋਹ ਮਨ ਬਾਸਨ, ਦੇ ਕਰਿ ਗਡਹਾ ਗਾਡੀ॥੧॥ਰਹਾਉ॥ ਨਾ ਕੋ ਮੇਰਾ ਦੁਸਮਨੁ ਰਹਿਆ; ਨਾ ਹਮ ਕਿਸ ਕੈ ਬੈਰਾਈ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ; ਸਤਿਗੁਰ ਤੇ ਸੋਝੀ ਪਾਈ॥੨॥ ਸਭੁ ਕੋ ਮੀਤੁ ਹਮ ਆਪਨ ਕੀਨਾ; ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ; ਤਾ ਮੇਲੁ ਕੀਓ ਮੇਰੇ ਰਾਜਨ॥੩॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ, ਸਬਦੁ ਲਗੋ ਗੁਰ ਮੀਠਾ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ; ਨਾਨਕ ! ਰਮਈਆ ਡੀਠਾ॥੪॥’’ (ਧਨਾਸਰੀ ਮਹਲਾ ੫/ ੬੭੧) ਰਣ-ਭੂਮੀ ਵਿਚ ਤਲਵਾਰ ਫੜ ਕੇ ਭੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਆਦਰਸ਼ ਨੂੰ ਸਦਾ ਆਪਣੇ ਸਾਹਮਣੇ ਰੱਖਿਆ। ਕਦੇ ਭੀ ਕੋਈ ਧੋਖਾ ਜਾਂ ਚਲਾਕੀ ਨਹੀਂ ਕੀਤੀ।  ਪਹਾੜੀ ਰਾਜੇ ਸਤਿਗੁਰੂ ਜੀ ਦੇ ਜਾਨੀ ਵੈਰੀ ਸਨ, ਭੰਗਾਣੀ ਦੇ ਯੁੱਧ ਵਿਚ ਉਹਨਾਂ ਦੀ ਨੀਅਤ ਸਾਫ਼ ਉੱਘੜ ਪਈ ਸੀ, ਪਰ ਜਦੋਂ ਕਦੇ ਉਹਨਾਂ ਉੱਤੇ ਮੁਗਲ ਹਾਕਮਾਂ ਵੱਲੋਂ ਜਬਰ ਹੋਇਆ, ਸਤਿਗੁਰੂ ਜੀ ਨੇ ਸਦਾ ਉਹਨਾਂ ਦੀ ਬਾਂਹ ਫੜੀ। ਗੁਰੂ ਪਾਤਿਸ਼ਾਹ ਦੇ ਪਾਸ ਸ਼ਿਕਾਇਤ ਹੋਈ ਸੀ ਕਿ ਭਾਈ ਘਨੱਈਆ ਜੀ ਰਣ-ਭੂਮੀ ਵਿਚ ਦੋਸਤਾਂ, ਦੁਸ਼ਮਨਾਂ ਦੋਹਾਂ ਧਿਰਾਂ ਦੇ ਫੱਟੜਾਂ ਨੂੰ ਪਾਣੀ ਪਿਲਾਂਦੇ ਹਨ, ਸਤਿਗੁਰੂ ਜੀ ਭਾਈ ਘਨੱਈਏ ਜੀ ਦੀ ਇਹ ਨਿਰਵੈਰਤਾ ਵੇਖ ਕੇ ਬਹੁਤ ਖ਼ੁਸ਼ ਹੋਏ ਸਨ।  ਉਹਨਾਂ ਦਾ ਵੈਰ ਕਿਸੇ ਹਿੰਦੂ ਜਾਂ ਮੁਸਲਮਾਨ ਨਾਲ ਨਹੀਂ ਸੀ।  ਇਹੀ ਨਿਰਵੈਰਤਾ ਸੀ ਜਿਸ ਨੇ ਗ਼ਨੀ ਖ਼ਾਂ ਨੂੰ ਖਿੱਚ ਕੇ ਲਿਆਂਦਾ ਸੀ ਤੇ ਬੜੇ ਬਿਖੜੇ ਸਮੇਂ ਉਹਨਾਂ ਨੂੰ ਗੁਰੂ ਪਾਤਿਸ਼ਾਹ ਜੀ ਦੀ ਸੇਵਾ ਕਰਨ ਦੀ ਪ੍ਰੇਰਨਾ ਕੀਤੀ ਸੀ। ਸਤਿਗੁਰੂ ਜੀ ਬਿਨਾਂ ਕਿਸੇ ਜਾਤਿ-ਪਾਤਿ ਅਤੇ ਪੱਖ ਦੇ; ਧਰਮੀਆਂ ਦੇ ਸਹਾਇਕ ਤੇ ਅਧਰਮ ਦੇ ਵਿਰੋਧੀ ਰਹੇ ਸਨ।

ਆਵਾਗਮਣ ਬਾਰੇ ਉਪਜਦੇ ਸਵਾਲਾਂ ਦੇ ਜਵਾਬ

0

ਆਵਾਗਮਣ ਬਾਰੇ ਉਪਜਦੇ ਸਵਾਲਾਂ ਦੇ ਜਵਾਬ

ਗਿਆਨੀ ਅਵਤਾਰ ਸਿੰਘ

ਗੁਰਮਤਿ; ਸਤਿਗੁਰੂ ਦੇ ਅਨੁਭਵ ’ਚੋਂ ਪ੍ਰਗਟ ਹੋਈ ਅਸਲ ਸਚਾਈ ਹੈ ਕਿਉਂਕਿ (ੳ). ਇਹ, ਹੋਰਾਂ ਪਾਸੋਂ ਪ੍ਰਾਪਤ ਕੀਤਾ ਗਿਆਨ ਨਹੀਂ ਹੁੰਦਾ। (ਅ). ਗਿਆਨ ਇੰਦ੍ਰਿਆਂ ਰਾਹੀਂ ਸਬੂਤਾਂ ਸਹਿਤ ਪ੍ਰਾਪਤ ਹੋਏ ਗਿਆਨ ਵਾਙ ਅਨੁਭਵੀ ਗਿਆਨ ਭੀ ਕੁਤਾਹੀ ਰਹਿਤ/ਅਭੁੱਲ ਮਾਣਿਆ ਹੁੰਦੈ। ਸਿੱਖ ਵਾਸਤੇ ਇਹ, ਸੂਖਮ ਤੇ ਅਲੌਕਿਕ ਵਿਸ਼ਿਆਂ ਦਾ ਸੰਗ੍ਰਹਿ ਹੈ। ਇਸ ਉੱਤੇ ਅਨੁਭਵ ਅੱਖ ਭਰੋਸਾ ਕਰਦੀ ਹੈ, ਨਾ ਕਿ ਕੋਈ ਤਰਕ, ਪਰ ਇਹ ਅੱਖ ਗੁਰੂ ਦੀ ਕਿਰਪਾ ਨਾਲ਼ ਖੁਲ੍ਹਦੀ ਹੈ ਜਦ ਸਿੱਖ; ਆਪਣੀ ਮੱਤ; ਸਤਿਗੁਰੂ ਅੱਗੇ ਅਰਪਣ ਕਰਦਾ ਹੈ।

ਰੂਹਾਨੀਅਤ ਦੀ ਵਿਸ਼ਾਲਤਾ ਸਾਮ੍ਹਣੇ ਤਰਕ; ਤੰਗਦਿਲ ਹੁੰਦੈ। ਜਦ ਇਹ, ਗੁਰਮਤਿ ਬਾਰੇ ਦਲੀਲ ਦਿੰਦੈ ਤਾਂ ‘ਨੀਮ ਹਕੀਮ ਖ਼ਤਰਾਇ ਜਾਨ’ ਵਾਲ਼ੀ ਸਚਾਈ ਉੱਘੜ ਆਉਂਦੀ ਹੈ। ਆਪਸੀ ਵਿਵਾਦ ਜਨਮ ਲੈਂਦੇ ਹਨ। ਕਬੀਰ ਜੀ ਨੇ ਅਧੂਰੇ ਗਿਆਨ ਨੂੰ ਸਿਰ ’ਤੇ ਰੱਖੇ ਊਣੇ ਘੜੇ ਵਾਙ ਵੱਧ ਉੱਛਲਦਾ ਵੇਖਿਐ ‘‘ਕਹੁ ਕਬੀਰ ਛੂਛਾ ਘਟੁ ਬੋਲੈ ਭਰਿਆ ਹੋਇ; ਸੁ ਕਬਹੁ ਡੋਲੈ ’’ (ਭਗਤ ਕਬੀਰ/੮੭੦)

ਗੁਰਬਾਣੀ ਦੇ ਹੁਣ ਤੱਕ ਕੀਤੇ ਸਾਰੇ ਟੀਕਿਆਂ ਅਤੇ ਸ਼ਬਦ ਕੋਸ਼ਾਂ ਦੇ ਸ਼ਾਬਦਿਕ ਅਰਥਾਂ ’ਚ ਭਾਵੇਂ ਥੋੜ੍ਹਾ-ਬਹੁਤ ਅੰਤਰ ਹੈ, ਪਰ ਭਾਵਾਰਥ (ਜੋ ਕਿ ਅਸਲ ਗੁਰਮਤਿ ਹੈ) ਪੱਖੋਂ ਕੋਈ ਮਤਭੇਦ ਨਹੀਂ ਵੇਖਿਆ ਗਿਆ ਕਿਉਂਕਿ ਉਨ੍ਹਾਂ ਵਿਦਵਾਨਾਂ ਨੇ ਸਮੁੱਚੀ ਗੁਰਬਾਣੀ ਨੂੰ ਗਹੁ ਨਾਲ਼ ਵਾਚਿਆ ਹੁੰਦੈ, ਪਰ ਅੱਜ ਕੱਲ੍ਹ ਕਈ ਸਿੱਖ ਪ੍ਰਚਾਰਕ; ਗੁਰਮਤਿ ਨੂੰ ਘੜੇ ’ਚ ਬੰਦ ਕਰਦੇ-ਕਰਦੇ ਜਿੱਥੇ ਆਪ ਦੁਬਿਧਾ ’ਚੋਂ ਬਾਹਰ ਨਹੀਂ ਨਿਕਲਦੇ ਓਥੇ ਸੰਗਤਾਂ ਨੂੰ ਹੋਰ ਦੁਬਿਧਾ ’ਚ ਪਾ ਦਿੰਦੇ ਹਨ ਜਦਕਿ ਗੁਰਬਾਣੀ; ਦੁਬਿਧਾ ਨੂੰ ਖ਼ਤਮ ਕਰਦੀ ਹੈ। ਅਜਿਹੇ ਪ੍ਰਚਾਰਕ ਬਹੁਤ ਘੱਟ ਹਨ, ਜੋ ਆਪਾ ਵਿਰੋਧੀ ਜਾਪਣ ਵਾਲ਼ੇ ਵਿਸ਼ਿਆਂ ਨੂੰ ਇੱਕ ਸਾਥ ਵਿਚਾਰ ਕੇ ਇਹ ਸਾਬਤ ਕਰ ਦੇਣ ਕਿ ਇਨ੍ਹਾਂ ’ਚ ਵਿਰੋਧਾਭਾਸ ਨਹੀਂ, ਸਮਾਨਤਾ ਹੀ ਹੈ।

ਅਜਿਹੇ ਵਿਸ਼ਿਆਂ ’ਚੋਂ ਇੱਕ ਵਿਸ਼ਾ ਹੈ ‘ਆਵਾਗਮਣ’ ਯਾਨੀ ਇੱਕ ਸਰੀਰਕ ਮੌਤ ਤੋਂ ਬਾਅਦ ‘ਆਤਮੁ’ (ਜਿੰਦੁ, ਰੂਹ ਆਦਿਕ ਸੂਖਮ ਸਰੀਰ) ਦਾ ਦੂਜੇ ਸਥੂਲ ਸਰੀਰ ’ਚ ਪ੍ਰਵੇਸ਼ ਕਰਨਾ। ਉਕਤ ਬੁਲਾਰੇ ‘ਗੁਰਮਤਿ ਅਨੁਸਾਰੀ ਆਵਾਗਮਣ’ ਨੂੰ ‘ਬ੍ਰਾਹਮਣੀ ਮਿਥਿਹਾਸ’ ਕਹਿ ਕੇ ਆਪਣੇ ਆਪ ਨੂੰ ਜਾਗਰੂਕ ਹੋਣ ਦਾ ਭਰਮ ਪਾਲ਼ੀ ਬੈਠੇ ਹਨ। ਅਜਿਹੇ ਪ੍ਰਚਾਰਕਾਂ ਦੀਆਂ ਦੋ ਜਮਾਤਾਂ ਹਨ। ਪਹਿਲੀ ਜਮਾਤ ਗੁਰਬਾਣੀ ’ਚ ਦਰਜ ‘ਆਤਮੁ, ਰੂਹੁ, ਜਿੰਦੁ’ ਸ਼ਬਦਾਂ ਦਾ ਅਰਥ ‘ਦਿਮਾਗ਼’ ਮੰਨਦੀ ਹੈ। ਇਨ੍ਹਾਂ ਮੁਤਾਬਕ ਮਰਨ ਉਪਰੰਤ ਸਰੀਰ ’ਚੋਂ ਕੋਈ ਸੂਖਮ ਸ਼ਕਤੀ ਨਹੀਂ ਨਿਕਲਦੀ ਜਦਕਿ ਬਾਬਾ ਫ਼ਰੀਦ ਜੀ ਅਤੇ ਭਗਤ ਕਬੀਰ ਜੀ; ਇਸ ਸੂਖਮ ਸ਼ਕਤੀ ਨੂੰ ‘ਹੰਸੁ’ ਦਾ ਨਾਂ ਦਿੰਦੇ ਫ਼ੁਰਮਾਉਂਦੇ ਹਨ ‘‘ਹੰਸੁ ਚਲਸੀ ਡੁੰਮਣਾ (ਦੁਚਿਤੀ ਫਸਿਆ); ਅਹਿ ਤਨੁ ਢੇਰੀ ਥੀਸੀ (ਬਾਬਾ ਫ਼ਰੀਦ ਜੀ/੭੯੪), ਲਟ ਛਿਟਕਾਏ ਤਿਰੀਆ (ਔਰਤ) ਰੋਵੈ; ਹੰਸੁ ਇਕੇਲਾ ਜਾਈ (ਭਗਤ ਕਬੀਰ/੪੭੮), ਮਰਘਟ ਲਉ (ਸ਼ਮਸ਼ਾਨ ਤੱਕ) ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ’’ (ਭਗਤ ਕਬੀਰ/੬੫੪) ਗੁਰੂ ਨਾਨਕ ਸਾਹਿਬ ਜੀ; ਹੰਸੁ-ਆਤਮਾ ਅਤੇ ਸਰੀਰ-ਕਾਂਇਆ ਦੀ ਆਪਸੀ ਵਾਰਤਾਲਾਪ ਇਉਂ ਕਰਵਾਉਂਦੇ ਹਨ ‘‘ਤੂੰ ਕਾਇਆ  ! ਮੈ ਰੁਲਦੀ ਦੇਖੀ; ਜਿਉ ਧਰ (ਧਰਤੀ) ਉਪਰਿ ਛਾਰੋ (ਰਾਖ) ….ਹਉ ਤੁਧੁ ਆਖਾ ਮੇਰੀ ਕਾਇਆ ! ਤੂੰ ਸੁਣਿ ਸਿਖ (ਸਿਖਿਆ) ਹਮਾਰੀ   ਨਿੰਦਾ ਚਿੰਦਾ ਕਰਹਿ ਪਰਾਈ; ਝੂਠੀ ਲਾਇਤਬਾਰੀ   ਵੇਲਿ ਪਰਾਈ ਜੋਹਹਿ ਜੀਅੜੇ ! ਕਰਹਿ ਚੋਰੀ ਬੁਰਿਆਰੀ   ਹੰਸੁ ਚਲਿਆ, ਤੂੰ ਪਿਛੈ ਰਹੀਏਹਿ; ਛੁਟੜਿ ਹੋਈਅਹਿ ਨਾਰੀ ’’ (ਮਹਲਾ /੧੫੫) ਯਾਨੀ ਸਥੂਲ ਸਰੀਰ ’ਚ ਇੱਕ ਸੂਖਮ ਸਰੀਰ ਜ਼ਰੂਰ ਹੁੰਦੈ ਭਾਵੇਂ ਇਹ ਨਾਸਤਿਕ ਜਮਾਤ ਉਸ ਨੂੰ ਨਾ ਮੰਨੇ।

ਦੂਜੀ ਜਮਾਤ; ਇੱਕ ਸਰੀਰਕ ਮੌਤ ਤੋਂ ਬਾਅਦ ਸਥੂਲ ਸਰੀਰ ’ਚੋਂ ‘ਹੰਸੁ’ ਨਿਕਲਦਾ ਤਾਂ ਮੰਨਦੀ ਹੈ, ਪਰ ਇਨ੍ਹਾਂ ਅਨੁਸਾਰ ਰੱਬ ਦਿਆਲੂ ਹੈ, ਜੋ ਗੁਰਮੁਖ ਤੇ ਮਨਮੁਖ; ਦੋਵਾਂ ਦੇ ਸੂਖਮ ਸਰੀਰ ਨੂੰ ਸਰੀਰਕ ਮੌਤ ਤੋਂ ਬਾਅਦ ਆਪਣੇ ਅੰਦਰ ਸਮਾਂ ਲੈਂਦਾ ਹੈ, ਨਾ ਕਿ ਕਿਸੇ ਨੂੰ ਆਵਾਗਮਣ ’ਚ ਭੇਜਦਾ ਹੈ।

ਸੋ ਭਾਵੇਂ ਉਕਤ ਦੋਵੇਂ ਜਮਾਤਾਂ ਦੇ ਵਿਚਾਰ ਇਕ ਸਮਾਨ ਨਹੀਂ, ਪਰ ਦੋਵੇਂ ਆਵਾਗਮਣ ਨੂੰ ਰੱਦ ਕਰਨ ਲਈ ਇੱਕ ਮੱਤ ਹਨ; ਜਿਸ ਬਾਰੇ ਗੁਰਬਾਣੀ ਦੇ ਵਚਨ ਹਨ ਕਿ ਜਿਵੇਂ ਚੰਦ੍ਰਮਾ ਦੀਆਂ ਤਿੱਥਾਂ, ਸੂਰਜ ਦੇ ਵਾਰ (ਸੋਮਵਾਰ, ਮੰਗਲਵਾਰ ਆਦਿ), ਸਾਲ ਦੇ ਮਹੀਨੇ, ਛੇ ਰੁੱਤਾਂ, ਦਿਨ ਤੇ ਰਾਤ ਸਥਿਰ ਨਹੀਂ ਯਾਨੀ ਕਿ ਸਦਾ ਬਦਲਦੇ ਰਹਿੰਦੇ ਹਨ; ਇਉਂ ਹੀ ਜਗਤ ਰਚੇਤਾ (ਕਰਤਾਰ) ਨੇ (ਜੀਵਾਂ ਲਈ) ਆਵਾਗਮਣ (ਸਥੂਲ ਸਰੀਰ ਦਾ ਬਦਲਣਾ) ਬਣਾਇਆ ਹੈ। ਸਥੂਲ ਸਰੀਰ ਨੂੰ ਨਵਾਂ ਸਰੀਰ ਧਾਰਨਾ ਹੀ ਪੈਣਾ ਹੈ। ਇਸ ਦੇ ਨਾਲ਼ ਤਾੜਨਾ ਭੀ ਕੀਤੀ ਕਿ ਗੁਰੂ ਸ਼ਬਦ ਨੂੰ ਵਿਚਾਰ ਕੇ ਇਹ ਰਾਜ਼ ਕੇਵਲ ਗੁਰਮੁਖ ਹੀ ਸਮਝਦੈ ਕਿ ਕੇਵਲ ਕਰਤਾਰ ਤੋਂ ਬਿਨਾਂ ਸਭ ਨੇ ਬਦਲਣਾ ਹੁੰਦੈ ‘‘ਪੰਦ੍ਰਹ ਥਿਤਂੀ ਤੈ (ਅਤੇ) ਸਤ ਵਾਰ   ਮਾਹਾ ਰੁਤੀ ਆਵਹਿ ਵਾਰ ਵਾਰ   ਦਿਨਸੁ ਰੈਣਿ ਤਿਵੈ ਸੰਸਾਰੁ   ਆਵਾਗਉਣੁ ਕੀਆ; ਕਰਤਾਰਿ (ਨੇ)   ਨਿਹਚਲੁ ਸਾਚੁ; ਰਹਿਆ ਕਲ ਧਾਰਿ (ਕੇ)   ਨਾਨਕ  ! ਗੁਰਮੁਖਿ ਬੂਝੈ; ਕੋ ਸਬਦੁ ਵੀਚਾਰਿ (ਕੇ) ’’ (ਮਹਲਾ /੮੪੨ਆਵਾਗਮਣ ’ਚ ਕਰਮਾਂ ਦਾ ਫਲ਼ ਲੈ ਕੇ ਜਾਣ ਵਾਲ਼ਾ ਆਤਮਾ (ਰੂਹੁ, ਜਿੰਦੁ) ਭੀ; ਰੱਬੀ ਜੋਤ-ਸ਼ਕਤੀ ਦਾ ਅਨਿੱਖੜਵਾਂ ਅੰਗ (ਰਾਮ ਕੀ ਅੰਸੁ) ਹੋਣ ਕਾਰਨ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ, ਅਕਾਸ਼) ਰਾਹੀਂ ਬਣੇ ਸਥੂਲ ਸਰੀਰ ਵਾਙ ਨਸ਼ਟ ਨਹੀਂ ਹੁੰਦਾ ‘‘ਇਸੁ ਮਰਤੇ ਕਉ, ਜੇ ਕੋਊ ਰੋਵੈ   ਜੋ ਰੋਵੈ; ਸੋਈ ਪਤਿ ਖੋਵੈ   ਗੁਰ ਪ੍ਰਸਾਦਿ; ਮੈ ਡਗਰੋ ਪਾਇਆ   ਜੀਵਨ ਮਰਨੁ ਦੋਊ ਮਿਟਵਾਇਆ   ਕਹੁ ਕਬੀਰ  ! ਇਹੁ ਰਾਮ ਕੀ ਅੰਸੁ   ਜਸ ਕਾਗਦ ਪਰ ਮਿਟੈ ਮੰਸੁ ’’ (ਭਗਤ ਕਬੀਰ/੮੭੧) ਯਾਨੀ ਜਿਵੇਂ ਕਾਗਜ਼ ਤੋਂ ਸਿਆਹੀ (ਭਾਵ ਲਿਖਤ) ਨਹੀਂ ਮਿਟਦੀ, ਕਾਗਜ਼ ਨਾਸ ਹੋ ਜਾਂਦੇ; ਓਵੇਂ ਹੀ ‘ਰਾਮ ਕੀ ਅੰਸੁ’ ਅਮਰ ਹੈ, ਨਾਸ ਨਹੀਂ ਹੁੰਦੀ; ਬਾਹਰਲਾ ਸਥੂਲ ਸਰੀਰ ਨਾਸ ਹੋ ਜਾਂਦੈ। ਮਨੁੱਖਾ ਜੀਵਨ ’ਚ ਕੀਤੇ ਮਾੜੇ ਕਰਮਾਂ ਦੀ ਸਜ਼ਾ; ‘ਰਾਮ ਕੀ ਅੰਸੁ’ (ਆਤਮਾ) ਨੂੰ ਨਹੀਂ ਮਿਲਦੀ ਬਲਕਿ ਇਸ ’ਤੇ ਚੜ੍ਹੀ ਜਨਮ-ਜਨਮ ਕੀ ਮੈਲ਼ (ਅੰਤਹਿਕਰਣ) ਨੂੰ ਨਵਾਂ ਸਰੀਰ (ਜੂਨ) ਧਾਰਨ ਉਪਰੰਤ (ਦੁੱਖ-ਸੁੱਖ ਵਜੋਂ) ਮਿਲਦੀ ਹੈ। ਇਸ ਮੈਲ਼ ਨੂੰ ਹਉਮੈ ਭੀ ਕਿਹਾ ਹੈ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ) ਨਾਲੇ ਹਉਮੈ ਪਾਈ   ਜਨਮ ਮਰਣੁ ਉਸ ਹੀ ਕਉ ਹੈ ਰੇ  ! ਓਹਾ ਆਵੈ ਜਾਈ ’’ (ਮਹਲਾ /੯੯੯)  ਜੋਗੀਆਂ ਵੱਲੋਂ ਗੁਰੂ ਨਾਨਕ ਜੀ ਨੂੰ ਸਵਾਲ ਪੁੱਛਿਆ ‘‘ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ! ਕਿਤੁ ਕਿਤੁ ਦੁਖਿ ਬਿਨਸਿ ਜਾਈ  ?’’ (ਗੋਸਟਿ/ਮਹਲਾ /੯੪੬) ਗੁਰੂ ਨਾਨਕ ਜੀ ਵੱਲੋਂ ਜਵਾਬ ਦਿੱਤਾ ‘‘ਹਉਮੈ ਵਿਚਿ ਜਗੁ ਉਪਜੈ ਪੁਰਖਾ ! ਨਾਮਿ+ਵਿਸਰਿਐ (ਨਾਲ਼) ਦੁਖੁ ਪਾਈ ’’ (ਗੋਸਟਿ/ਮਹਲਾ /੯੪੬)

ਆਤਮਾ ਨੂੰ ਹੀ ‘ਹੇ ਮਨ !’ ਕਹਿ ਕੇ ਅਹਿਸਾਸ ਕਰਾਇਆ ਕਿ ਤੇਰਾ ਮੂਲ/ਸਰੋਤ; ਜੋਤਿ-ਸਰੂਪ (ਰੱਬ) ਹੈ (ਮਨ ! ਤੂੰ ਜੋਤਿ ਸਰੂਪੁ ਹੈ; ਆਪਣਾ ਮੂਲੁ ਪਛਾਣੁ ਮਹਲਾ /੪੪੧) ਤਾਂ ਜੋ ਇਸ ’ਤੇ ਚੜ੍ਹੀ ਜਨਮ-ਜਨਮ ਦੀ ਕਾਲ਼ਖ਼/ਅੰਤਹਿਕਰਣ (ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਮਹਲਾ /੬੫੧) ਸਾਫ਼ ਹੋਵੇ। ਇਹੀ ਅੰਦਰੂਨੀ ਇਸ਼ਨਾਨ ਹੈ ‘‘ਅੰਤਰਗਤਿ ਤੀਰਥਿ (’ਤੇ) ਮਲਿ ਨ੍ਾਉ ’’ (ਜਪੁ)

(1). ਆਵਾਗਮਣ ਤੋਂ ਇਨਕਾਰੀ ਸਿੱਖ; ਪੂਰਵਲੇ ਲੇਖ (ਨਸੀਬ/ਭਾਗ) ਨੂੰ ਨਹੀਂ ਮੰਨਦੇ। ਉਨ੍ਹਾਂ ਮੁਤਾਬਕ ਇਸੇ ਜਨਮ ’ਚ ਬੀਤਿਆ ਸਮਾਂ ਹੀ ਪੂਰਵਲਾ ਜਨਮ ਹੈ, ਪੂਰਵਲਾ ਲੇਖ ਹੈ ਯਾਨੀ ਬਜ਼ੁਰਗ ਲਈ ਜਵਾਨੀ; ਪੂਰਵਲਾ ਜਨਮ ਹੈ ਤੇ ਜਵਾਨ ਲਈ ਬਚਪਨ; ਪੂਰਵਲਾ ਲੇਖ ਹੈ।

ਇਨ੍ਹਾਂ ਮੁਤਾਬਕ ਇਹ ਵਾਕ ‘‘ਕਈ ਜਨਮ ਭਏ ਕੀਟ ਪਤੰਗਾ   ਕਈ ਜਨਮ ਗਜ ਮੀਨ ਕੁਰੰਗਾ   ਕਈ ਜਨਮ ਪੰਖੀ ਸਰਪ ਹੋਇਓ ’’ (ਮਹਲਾ /੧੭੬)  ਇਸੇ ਜਨਮ ’ਚ ਪਿਛਲਾ ਸੁਭਾਅ ਹੈ, ਜੋ ਗੁਰੂ ਦੀ ਸ਼ਰਨ ਪੈਣ ਤੋਂ ਬਾਅਦ ਛੱਡ ਚੁੱਕੇ ਯਾਨੀ ਗੁਰਮੁਖ ਦਾ ਪਿਛਲਾ ਸੁਭਾਅ ਕੀੜਿਆਂ, ਪਤੰਗਿਆਂ, ਹਾਥੀਆਂ, ਮੱਛੀਆਂ, ਹਿਰਨਾਂ, ਪੰਛੀਆਂ, ਸੱਪਾਂ, ਘੋੜਿਆਂ, ਬਲ਼ਦਾਂ ਵਰਗਾ ਸੀ। ਇਨ੍ਹਾਂ ਮੁਤਾਬਕ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਜੀ ਦਾ ਗੁਰੂ ਸ਼ਰਨ ’ਚ ਆਉਣ ਤੋਂ ਪਹਿਲਾ ਸੁਭਾਅ ‘‘ਕਈ ਜਨਮ ਭਏ ਕੀਟ ਪਤੰਗਾ   ਕਈ ਜਨਮ ਗਜ ਮੀਨ ਕੁਰੰਗਾ ’’  ਵਾਲ਼ਾ ਸੀ।

ਵਿਚਾਰ : ਜੇਕਰ ਉਕਤ ਵਿਚਾਰ ਨੂੰ ਸਹੀ ਮੰਨੀਏ ਤਾਂ ਇਹ ਭੀ ਮੰਨਣਾ ਪੈਣੈ ਕਿ ਬੱਚੇ ਦਾ ਪੂਰਵਲਾ ਜਨਮ; ਮਾਤਾ ਦੇ ਗਰਭ ’ਚ ਬੀਤੇ 9 ਮਹੀਨੇ ਹਨ ਯਾਨੀ ਤਦ ਬੱਚੇ ਦਾ ਸੁਭਾਅ ‘‘ਕਈ ਜਨਮ ਭਏ ਕੀਟ ਪਤੰਗਾ   ਕਈ ਜਨਮ ਗਜ ਮੀਨ ਕੁਰੰਗਾ ’’  ਵਾਲ਼ਾ ਹੈ ਕਿਉਂਕਿ ਬੰਦਾ; ਗੁਰਮੁਖ ਤਾਂ ਜਨਮ ਲੈਣ ਉਪਰੰਤ ਹੀ ਬਣੇਗਾ, ਪਰ ਗੁਰਬਾਣੀ ਮਾਤਾ ਦੇ ਗਰਭ ’ਚ ਬੱਚੇ ਦੇ ਸੁਭਾਅ ਨੂੰ ‘‘ਕਈ ਜਨਮ ਭਏ ਕੀਟ ਪਤੰਗਾ ’’  ਵਾਲ਼ਾ ਨਹੀਂ ਮੰਨਦੀ ਸਗੋਂ ਰੱਬ ਨਾਲ਼ ਲਿਵ-ਲੀਨ ਹੋਇਆ, ਦੱਸਦੀ ਹੈ; ਜਿਵੇਂ ‘‘ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾਹੁਕਮਿ (ਰਾਹੀਂ) ਪਇਆ ਗਰਭਾਸਿ (ਗਰਭ)  ਉਰਧ (ਪੁੱਠਾ ਪਿਆ) ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ  ! ਖਸਮ ਸੇਤੀ ਅਰਦਾਸਿ   ਖਸਮ ਸੇਤੀ ਅਰਦਾਸਿ ਵਖਾਣੈ; ਉਰਧ ਧਿਆਨਿ ਲਿਵ ਲਾਗਾ ’’ (ਮਹਲਾ /੭੪) ਭਗਤ ਬੇਣੀ ਜੀ ਭੀ ਐਸਾ ਹੀ ਫ਼ੁਰਮਾ ਰਹੇ ਹਨ ‘‘ਰੇ ਨਰ  ! ਗਰਭ ਕੁੰਡਲ ਜਬ ਆਛਤ (ਭਾਵ ਹੁੰਦਾ ਹੈ); ਉਰਧ ਧਿਆਨ ਲਿਵ ਲਾਗਾ ਗਰਭ ਛੋਡਿ (ਕੇ) ਮ੍ਰਿਤ ਮੰਡਲ ਆਇਆ; ਤਉ ਨਰਹਰਿ (ਰੱਬ ਨੂੰ) ਮਨਹੁ ਬਿਸਾਰਿਆ (ਭਗਤ ਬੇਣੀ/੯੩) ਗੁਰੂ ਅਮਰਦਾਸ ਜੀ ਭੀ ਐਸਾ ਹੀ ਕਹਿ ਰਹੇ ਹਨ ‘‘ਲਿਵ ਛੁੜਕੀ, ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ’’ (ਅਨੰਦ/ਮਹਲਾ /੯੨੧) ਯਾਨੀ ਕਿ ਮਾਤਾ ਦੇ ਗਰਭ ’ਚ ਬੱਚੇ ਨੇ ਰੱਬ ਨਾਲ਼ ਲਿਵ ਲਾ ਰੱਖੀ ਸੀ, ਜੋ ਜਨਮ ਲੈਣ ਉਪਰੰਤ ਮਾਇਆ ਦੇ ਪ੍ਰਭਾਵ ਕਾਰਨ ਟੁੱਟ ਗਈ।

ਪਿਛਲੇ ਲੇਖ ‘ਗੁਰਮਤਿ ਅਨੁਸਾਰ ਆਵਾਗਮਣ’ ’ਚ ਇਹ ਵਿਚਾਰ ਕੀਤੀ ਗਈ ਸੀ ਕਿ ਗੁਰਬਾਣੀ ਅੰਦਰ ਮਨੁੱਖ ਨੂੰ ਕਿਸੇ ਪਸ਼ੂ ਜਾਂ ਜਾਨਵਰ ਸਮਾਨ ਨਹੀਂ ਮੰਨਿਆ ਬਲਕਿ ਉਨ੍ਹਾਂ ਤੋਂ ਹੇਠਲੇ ਪੱਧਰ ਦਾ ਦਰਸਾਇਆ ਹੈ ਤਾਂ ਜੋ ਉਨ੍ਹਾਂ ਦਾ ਅਪਮਾਨ ਨਾ ਹੋਵੇ; ਜਿਵੇਂ (ੳ). ਪਸ਼ੂ, ਪੰਛੀਆਂ ’ਚ ਇੱਕ-ਇੱਕ ਕਾਮਾਦਿਕ ਰੋਗ ਹੁੰਦੈ, ਪਰ ਮਨੁੱਖ ਅੰਦਰ ਪੰਜੇ ਵਿਕਾਰ ਹਨ। (ਅ). ਸੂਰ; ਪਿੰਡ ਨੂੰ ਸਾਫ਼ ਰੱਖਦੈ, ਪਰ ਸਾਕਤ ਮਨੁੱਖ ਗੰਦਾ ਕਰਦੈ ‘‘ਕਬੀਰ  ! ਸਾਕਤ ਤੇ ਸੂਕਰ ਭਲਾ; ਰਾਖੈ ਆਛਾ ਗਾਉ ’’ (ਭਗਤ ਕਬੀਰ/੧੩੭੨) (ੲ). ਮਿਰਤਕ ਪਸ਼ੂ ਦੇ ਅੰਗ ਕੰਮ ਆਉਂਦੇ ਹਨ, ਪਰ ਮਨੁੱਖ ਦੇ ਨਹੀਂ ਆਦਿ, ਪਰ ਮਨੁੱਖ ਅਤੇ ਪਸ਼ੂ ਦੀ ਸਮਾਨਤਾ; ਕੇਵਲ ਟੀਚਾ ਰਹਿਤ ਜੀਵਨ ਬਤੀਤ ਕਰਨ ਕਾਰਨ ਜ਼ਰੂਰ ਹੈ; ਜਿਵੇਂ ‘‘ਕਰਤੂਤਿ ਪਸੂ ਕੀ ਮਾਨਸ ਜਾਤਿ ’’ (ਸੁਖਮਨੀ/ਮਹਲਾ /੨੬੭)  ਹੋਰ ਜਾਣਨ ਲਈ ਉਕਤ ਲੇਖ ਪੜ੍ਹਿਆ ਜਾ ਸਕਦੈ।

ਸੋ ਇਹ ਕਹਿਣਾ ਕਿ ਬੱਚੇ ਦੇ ਪੂਰਵਲੇ ਜਨਮ (ਯਾਨੀ ਮਾਤਾ ਦੇ ਗਰਭ) ਸਮੇਂ ਉਸ ਦਾ ਸੁਭਾਅ‘‘ਕਈ ਜਨਮ ਭਏ ਕੀਟ ਪਤੰਗਾ ’’ ਵਾਲ਼ਾ ਸੀ; ਗੁਰਮਤਿ ਨਹੀਂ, ਮਨਮਤ ਹੈ ਤਾਂ ਤੇ ਬਜ਼ੁਰਗ ਦਾ ਜਵਾਨੀ ’ਚ ਤੇ ਜਵਾਨ ਦਾ ਬਚਪਨ ’ਚ ਭੀ ਸੁਭਾਅ ‘‘ਕਈ ਜਨਮ ਭਏ ਕੀਟ ਪਤੰਗਾ ’’  ਵਾਲ਼ਾ ਨਹੀਂ ਸੀ; ਜਿਵੇਂ ਕਿ ਇਸ ਜਮਾਤ ਦਾ ਮੰਨਣਾ ਹੈ। ਇਨ੍ਹਾਂ ਨੇ ਗੁਰਬਾਣੀ ਦੇ ਇਸ ਵਾਕ ਨੂੰ ਮਨਮਤ ਅਨੁਸਾਰ ਉਲਥਾ ਲਿਆ ਜਦਕਿ ਗੁਰੂ ਸਾਹਿਬਾਨ ਦਾ ਅਜਿਹਾ ਮੰਨਣਾ ਬਿਲਕੁਲ ਨਹੀਂ ਸੀ।

(2). ਆਵਾਗਮਣ ਤੋਂ ਇਨਕਾਰੀ ਸਿੱਖ ਇਹ ਭੀ ਦਲੀਲ ਦਿੰਦੇ ਹਨ ਕਿ ਜੇਕਰ ਪਿਛਲੇ ਜਨਮ ’ਚ ਰੱਬ ਦੀ ਭਗਤੀ ਕੀਤੀ ਹੁੰਦੀ; ਜਿਵੇਂ ਕਿ ਇਹ ਵਾਕ ਹਨ ‘‘ਪੂਰਬ ਜਨਮ ਹਮ ਤੁਮ੍ਹਰੇ ਸੇਵਕ.. ’’ (ਭਗਤ ਕਬੀਰ/੯੭੦) ਤਾਂ ਫਿਰ ਮਨੁੱਖਾ ਜਨਮ ਕਿਉਂ ਮਿਲਿਆ ਯਾਨੀ ਕਿ ਰੱਬ ’ਚ ਲੀਨ ਕਿਉਂ ਨਾ ਹੋਏ ਕਿਉਂਕਿ ਕੀਤੀ ਭਗਤੀ ਤਾਂ ਬੰਦੇ ਨੂੰ ਆਵਾਗਮਣ ’ਚੋਂ ਮੁਕਤ ਕਰਦੀ ਹੈ ?

ਵਿਚਾਰ : ਗੁਰਮਤਿ ਅਨੁਸਾਰ ਰੱਬ ਦੀ ਕੀਤੀ ਭਗਤੀ ਆਵਾਗਮਣ ਤੋਂ ਜ਼ਰੂਰ ਮੁਕਤ ਕਰਦੀ ਹੈ, ਪਰ ਇਹ ਵੇਖਣੈ ਕਿ ਕੀ ਭਗਤੀ ਕੀਤਿਆਂ ਉਹ ਮੁਕਾਮ ਹਾਸਲ ਕਰ ਲਿਆ ਸੀ, ਜਿਸ ਤੋਂ ਬਾਅਦ ਰੱਬ ’ਚ ਹੀ ਲੀਨ ਹੋਈਦੈ ? ਜਿਵੇਂ ਕਿ ਬਾਬਾ ਸੁੰਦਰ ਜੀ; ਗੁਰੂ ਅਮਰਦਾਸ ਜੀ ਦੇ ਹਵਾਲੇ ਨਾਲ਼ ਸਮਝਾਉਂਦੇ ਹਨ ‘‘ਹਰਿ ਭਾਣਾ ਗੁਰ ਭਾਇਆ; ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ’’ (ਸਦ/ਬਾਬਾ ਸੁੰਦਰ ਜੀ/੯੨੩) ਜਵਾਬ ਹੈ : ਨਹੀਂ, ਤਾਂ ਤੇ ‘‘ਪੂਰਬ ਜਨਮ ਹਮ ਤੁਮ੍ਹਰੇ ਸੇਵਕ.. ’’ ਮੁਕੰਮਲ ਭਗਤੀ ਨਹੀਂ ਸੀ। ਉਸ ਨੇ ਮੁੜ ਮਨੁੱਖਾ ਜਨਮ ਦਵਾਇਆ; ਜਿਵੇਂ ਕਿ ਗੁਰੂ ਰਾਮਦਾਸ ਜੀ ਦੇ ਵਚਨ ਹਨ ‘‘ਪੂਰਬਿ ਜਨਮਿ (’) ਪਰਚੂਨ ਕਮਾਏ; ਹਰਿ ਹਰਿ, ਹਰਿ ਨਾਮਿ ਪਿਆਰੇ ਗੁਰ ਪ੍ਰਸਾਦਿ ਅੰਮ੍ਰਿਤ ਰਸੁ ਪਾਇਆ; ਰਸੁ ਗਾਵੈ ਰਸੁ ਵੀਚਾਰੇ ’’ (ਮਹਲਾ /੯੮੨)  ਅਰਥ : ਪਿਛਲੇ ਜਨਮ ’ਚ ਥੋੜ੍ਹੇ-ਬਹੁਤ ਸ਼ੁਭ ਕਰਮ ਕੀਤੇ ਸਨ ਤਾਹੀਓਂ ਇਸ ਜਨਮ ’ਚ ਗੁਰੂ ਦੀ ਕਿਰਪਾ ਨਾਲ਼ ਹਰੀ ਦੇ ਨਾਮ ’ਚ ਪਿਆਰ ਪਿਆ, ਨਾਮ-ਅੰਮ੍ਰਿਤ ਰਸ ਲੱਭ ਹੋਇਆ। ਨਾਮ ਰਸ ਵਿਚਾਰ-ਵਿਚਾਰ ਕੇ ਮਾਣਿਆ ਹੈ, ਗਾਉਂਦਾ ਹੈ।

ਗੁਰੂ ਰਾਮਦਾਸ ਜੀ ਇਹ ਭੀ ਸਮਝਾਉਂਦੇ ਹਨ ਕਿ ਪੂਰਵਲੇ ਜਨਮ ’ਚ ਕੀਤੀ ਭਗਤੀ ਯਾਨੀ ਕਿ ਬੀਜੇ ਸ਼ੁਭ ਗੁਣਾਂ ਕਾਰਨ ਹੀ ਇਸ ਜਨਮ ’ਚ ਸਤਿਗੁਰੂ ਨੇ ਹਿਰਦੇ ’ਚ ਭਗਤੀ ਦਾ ਬੀਜ ਪ੍ਰਗਟ ਕੀਤਾ ‘‘ਪੂਰਬ ਜਨਮਿ (’) ਭਗਤਿ ਕਰਿ ਆਏ; ਗੁਰਿ (ਨੇ) ਹਰਿ ਹਰਿ, ਹਰਿ ਹਰਿ ਭਗਤਿ ਜਮਈਆ ’’ (ਮਹਲਾ /੮੩੭) ਯਾਨੀ ਪੂਰਵਲੇ ਚੰਗੇ ਨਸੀਬ ਕਾਰਨ ਇਸ ਜਨਮ ’ਚ ਅੰਤਹਿਕਰਣ ਨੂੰ ਸਾਫ਼ ਕਰ ਸਰਬ ਵਿਆਪਕ ਰੱਬੀ ਜੋਤਿ ਦੇ ਹੂ-ਬਹੂ ਦਰਸ਼ਨ ਹੋਏ। ਗੁਰਬਾਣੀ ’ਚ ਇਸ (ਸੂਰਜ ਵਰਗੇ ਪ੍ਰਕਾਸ਼) ਨੂੰ ਨਸੀਬਾਂ ਦਾ ਉਦੈ (ਪ੍ਰਗਟ) ਹੋਣਾ; ਕਿਹਾ ਹੈ ‘‘ਕਹਿ ਕਬੀਰ ਮਨਿ (’) ਭਇਆ ਪ੍ਰਗਾਸਾ; ਉਦੈ ਭਾਨੁ (ਸੂਰਜ) ਜਬ ਚੀਨਾ (ਵੇਖਿਆ)’’ (ਭਗਤ ਕਬੀਰ ਜੀ/੩੩੨)  ਭੱਟ ਮਥੁਰਾ ਜੀ; ਇਸ ਭਾਗ-ਉਦੈ ਤੋਂ ਬਿਨਾਂ ਮਨੁੱਖ ਨੂੰ ਭਰਮ ’ਚ ਭਟਕਦਾ ਬਿਆਨਦੇ ਹਨ ‘‘ਜਬ ਲਉ (ਤੱਕ) ਨਹੀ ਭਾਗ ਲਿਲਾਰ ਉਦੈ; ਤਬ ਲਉ ਭ੍ਰਮਤੇ ਫਿਰਤੇ ਬਹੁ ਧਾਯਉ ’’ (ਭਟ ਮਥੁਰਾ/੧੪੦੯) ਇਹ (ਭਾਗਾਂ ਦਾ ਉਦੈ) ਹੀ ਸਾਧ ਸੰਗਤ ਰਾਹੀਂ ਨਵਾਂ ਜੀਵਨ ਪਾਉਣਾ; ਅਖਵਾਉਂਦਾ ਹੈ।

ਸੋ ਇਹ ਕਹਿਣਾ ਕਿ ਪਿਛਲੇ ਜਨਮ ’ਚ ਕੀਤੀ ਭਗਤੀ ਨੇ ਆਵਾਗਮਣ ਤੋਂ ਮੁਕਤ ਕਿਉਂ ਨਾ ਕੀਤਾ ? ਗੁਰਮਤਿ ਬਾਰੇ ਨਾਸਮਝੀ ਦਾ ਪ੍ਰਤੀਕ ਹੈ। ਇੱਥੇ ਇਹ ਭੀ ਧਿਆਨ ਰੱਖਣੈ ਕਿ ਪਿਛਲੇ ਜਨਮ ’ਚ ਕੀਤੇ ਸ਼ੁਭ ਕਰਮ ਦਾ ਮਤਲਬ ਕੇਵਲ ਨਿਰਾਕਾਰ ਦੀ ਭਗਤੀ ਕਰਨਾ ਨਹੀਂ, ਨਹੀਂ ਤਾਂ ਇਹ ਭੀ ਸਵਾਲ ਉੱਠੇਗਾ ਕਿ ਤਦ ਗੁਰੂ ਨਾਨਕ ਸਾਹਿਬ ਜੀ ਵਰਗਾ ਮਹਾਤਮਾ; ਨਿਰਾਕਾਰ ਦਾ ਵਿਆਖਿਆਕਾਰ ਕਿੱਥੋਂ ਆਇਆ ?

(3). ਆਵਾਗਮਣ ਤੋਂ ਇਨਕਾਰੀ ਸਿੱਖਾਂ ਦਾ ਮੰਨਣੈ ਕਿ ਜੇਕਰ ਆਵਾਗਮਣ ਹੈ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਕੀਤੀ ਪੂਰਵਲੇ ਜਨਮ ’ਚ ਭਗਤੀ ਭੀ ਮੰਨਣੀ ਪੈਣੀ ਹੈ; ਜਿਵੇਂ ਕਿ ਬਚਿਤ੍ਰ ਨਾਟਕ (ਦਸਮ ਗ੍ਰੰਥ) ’ਚ ਦਰਜ ਹੈ ‘‘ਤਿਨ ਜੋ ਕਰੀ ਅਲਖ ਕੀ ਸੇਵਾ ਤਾ ਤੇ ਭਏ ਪ੍ਰਸੰਨਿ ਗੁਰਦੇਵਾ ਤਿਨ ਪ੍ਰਭ ਜਬ ਆਇਸੁ (ਹੁਕਮ) ਮੁਹਿ ਦੀਆ ਤਬ ਹਮ, ਜਨਮ ਕਲੂ ਮਹਿ ਲੀਆ ਚਿਤ ਭਯੋ ਹਮਰੋ ਆਵਨ ਕਹਿ ਚੁਭੀ ਰਹੀ ਸ੍ਰੁਤਿ ਪ੍ਰਭੁ ਚਰਨਨ ਮਹਿ ਜਿਉ ਤਿਉ ਪ੍ਰਭ ਹਮ ਕੋ ਸਮਝਾਯੋ ਇਮ ਕਹਿ ਕੈ ਇਹ ਲੋਕਿ (’) ਪਠਾਯੋ (ਭੇਜਿਆ)’’ (ਬਚਿਤ੍ਰ ਨਾਟਕ)

ਵਿਚਾਰ : ਉਕਤ ਸਵਾਲ ਨਾਲ਼ ਸੰਬੰਧਿਤ ਗੁਰਬਾਣੀ ’ਚ ਦੋ ਤੱਥ ਹਨ (ੳ). ਸਤਿਗੁਰੂ ਜੀ ਜਨਮ ਮਰਨ ਯਾਨੀ ਆਵਾਗਮਣ ’ਚ ਨਹੀਂ ਹੁੰਦੇ ‘‘ਜਨਮ ਮਰਣ ਦੁਹਹੂ ਮਹਿ ਨਾਹੀ; ਜਨ ਪਰਉਪਕਾਰੀ ਆਏ   ਜੀਅ ਦਾਨੁ ਦੇ ਭਗਤੀ ਲਾਇਨਿ; ਹਰਿ ਸਿਉ ਲੈਨਿ ਮਿਲਾਏ ’’ (ਮਹਲਾ /੭੪੯) ਚੇਤੇ ਰਹੇ ਕਿ (1). ਇਹ ਵਾਕ ‘‘ਹਰਿ ਸਿਉ ਲੈਨਿ ਮਿਲਾਏ’’ ਹੈ, ਨਾ ਕਿ ‘‘ਹਰਿ ਸਿਉ ਦੇਨਿ ਮਿਲਾਏ’’ ਕਿਉਂਕਿ ਲੈਨਿ ਮਿਲਾਏ ਵਾਲ਼ੇ ਆਪ ਹਰੀ ’ਚ ਲੀਨ ਹੁੰਦੇ ਹਨ, ਜੁੜੇ ਹੁੰਦੇ ਹਨ ਯਾਨੀ ਆਵਾਗਮਣ ’ਚ ਨਹੀਂ ਹੁੰਦੇ, ਪਰ ‘ਦੇਨਿ ਮਿਲਾਏ’ ਵਾਲ਼ੇ ਆਪ ਹਰੀ ਨਾਲ਼ ਇੱਕ-ਮਿੱਕ ਨਹੀਂ ਹੁੰਦੇ ਯਾਨੀ ਆਵਾਗਮਣ ’ਚ ਹੁੰਦੇ ਹਨ। (2). ਆਤਮਾ ਦੀ ਖ਼ੁਰਾਕ (ਜੀਅ ਦਾਨੁ) ਨੂੰ ਲੈਨਿ ਮਿਲਾਏ ਵਾਲ਼ਾ ਸਤਿਗੁਰੂ ਦਿੰਦੈ ਅਤੇ ਸਰੀਰਕ ਦਾਤਾਂ (ਅੱਖ, ਕੰਨ, ਜੀਭ, ਸਰੀਰ ਆਦਿ) ਰੱਬ ਦਿੰਦੈ, ਨਾ ਕਿ ਸਤਿਗੁਰੂ।

(ਅ). ਦੂਜਾ ਤੱਥ ਹੈ ਕਿ ਸਰੀਰਕ ਮੌਤ ਉਪਰੰਤ ਜਿਸ ਦਾ ਆਤਮਾ; ਆਵਾਗਮਣ ਵੱਲ ਗਿਆ ਯਾਨੀ ਰੱਬ ’ਚ ਲੀਨ ਨਾ ਹੋਇਆ ਉਹ ਕਿੱਥੇ ਜਾਂਦੈ, ਇਸ ਬਾਰੇ ਰੱਬ ਤੋਂ ਬਿਨਾਂ ਹੋਰ ਕੋਈ ਨਹੀਂ ਜਾਣ ਸਕਦਾ; ਜਿਵੇਂ ਕਿ ਮਰਨ ਉਪਰੰਤ ਬੰਦੇ ਨੂੰ ‘‘ਇਕ ਦਝਹਿ (ਕਈ ਅੱਗ ਸਾੜੇ) ਇਕ ਦਬੀਅਹਿ; ਇਕਨਾ ਕੁਤੇ ਖਾਹਿ   ਇਕਿ ਪਾਣੀ ਵਿਚਿ ਉਸਟੀਅਹਿ; ਇਕਿ ਭੀ ਫਿਰਿ ਹਸਣਿ ਪਾਹਿ   ਨਾਨਕ  ! ਏਵ ਜਾਪਈ; (ਆਤਮਾ) ਕਿਥੈ ਜਾਇ ਸਮਾਹਿ ’’ (ਮਹਲਾ /੬੪੮) ਆਵਾਗਮਣ ਤੋਂ ਇਨਕਾਰੀ ਸਿੱਖ; ਇਸ ਤੁਕ ਨੂੰ ਆਪਣੇ ਹੱਕ ’ਚ ਭੁਗਤਾਉਂਦੇ ਹਨ ਜਦਕਿ ਇਸ ਦਾ ਮਤਲਬ ਹੈ ਕਿ ਆਤਮਾ ਦੇ ਮਾਰਗ ਨੂੰ ਜਾਣਨਾ; ਰੱਬ ਦੇ ਹੁਕਮ ਦਾ ਅੰਤ ਪਾਉਣੈ, ਨਾ ਕਿ ਆਤਮਾ ਹੁੰਦਾ ਹੀ ਨਹੀਂ, ਕਿਹਾ ਹੈ। ਗੁਰਬਾਣੀ ਦਾ ਵਾਕ ਹੈ ਕਿ ਜੇਕਰ ਸੱਤ ਸਮੁੰਦਰ ਸਿਆਹੀ ਹੋਣ, ਧਰਤੀ ਕਾਗਜ਼ ਹੋਵੇ ਤੇ ਸਾਰੀ ਬਨਸਪਤੀ ਕਲਮ, ਤਾਂ ਭੀ ਹਰੀ ਜਸ; ਪੂਰਾ ਨਹੀਂ ਲਿਖਿਆ ਜਾ ਸਕਦਾ ‘‘ਕਬੀਰ  ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ ॥  ਬਸੁਧਾ ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥’’ (ਭਗਤ ਕਬੀਰ ਜੀ/੧੩੬੮) ਇਸ ਦਾ ਇਹ ਮਤਲਬ ਨਹੀਂ ਕਿ ਰੱਬ ਹੁੰਦਾ ਹੀ ਨਹੀਂ; ਇਉਂ ਹੀ ‘‘ਨਾਨਕ  ! ਏਵ ਜਾਪਈ; ਕਿਥੈ ਜਾਇ ਸਮਾਹਿ ’’ (ਮਹਲਾ /੬੪੮) ਦਾ ਮਤਲਬ ਹੈ ਕਿ ਆਤਮਾ ਦਾ ਮਾਰਗ ਕੋਈ ਨਹੀਂ ਜਾਣ ਸਕਦਾ।

ਸੋ ਇਹ ਕਹਿਣਾ ਕਿ ਆਵਾਗਮਣ ਨੂੰ ਮੰਨਣ ਨਾਲ਼ ਬਚਿਤਰ ਨਾਟਕ ਦੀ ਸਾਖੀ ਸਹੀ ਸਾਬਤ ਹੁੰਦੀ ਹੈ, ਦੀ ਥਾਂ ਗੁਰੂ ਗ੍ਰੰਥ ਸਾਹਿਬ ਦਾ ਇਹ ਪੱਖ ਵਧੇਰੇ ਵਜ਼ਨ ਰੱਖਦੈ ਕਿ ਪੂਰਵਲੇ ਜਨਮ ’ਚ ਕਿਸ ਨੇ ਕਿੱਥੇ, ਕਦੋਂ ਤੇ ਕਿੰਨੀ ਭਗਤੀ ਕੀਤੀ ਹੈ; ਬਾਰੇ ਕਿਆਸ ਨਹੀਂ ਲਾਇਆ ਜਾ ਸਕਦਾ।

(4). ਆਵਾਗਮਣ ਤੋਂ ਇਨਕਾਰੀ ਇੱਕ ਸਿੱਖ ਨੇ ਸਵਾਲ ਕੀਤਾ ਕਿ ਜੇਕਰ ਆਵਾਗਮਣ ਹੈ ਤਾਂ ਇਹ ਕਿਉਂ ਕਿਹਾ ਗਿਆ ‘‘ਆਪੇ ਬੀਜਿ ਆਪੇ ਹੀ ਖਾਹੁ ’’ (ਜਪੁ/ਮਹਲਾ /) ਜਾਂ ‘‘ਅਹਿ ਕਰੁ (ਹੱਥ) ਕਰੇ, ਸੁ ਅਹਿ ਕਰੁ ਪਾਏ; ਕੋਈ ਪਕੜੀਐ ਕਿਸੈ ਥਾਇ ’’ (ਮਹਲਾ /੪੦੬) ਯਾਨੀ ਜਿਹੜਾ ਹੱਥ ਮਾੜੇ ਕੰਮ ਕਰਦਾ ਹੈ ਓਹੀ ਹੱਥ ਸਜ਼ਾ ਭੁਗਤਦਾ ਹੈ। ਅਜਿਹੇ ਅਣਭੋਲ਼ ਸਿੱਖਾਂ ਮੁਤਾਬਕ ਮਰਨ ਤੋਂ ਬਾਅਦ ਸਰੀਰਕ ਹੱਥ ਬਦਲ ਜਾਂਦਾ ਹੈ, ਉਸ ਨੂੰ ਸਜ਼ਾ ਕਿਉਂ ?

ਜਵਾਬ : ਵੈਸੇ ਮੈ ਇਸ ਸਵਾਲ ਦਾ ਜਵਾਬ ਦੇਣਾ; ਹਥਲੇ ਵਿਸ਼ੇ ਦੀ ਮਹਾਨਤਾ ਨੂੰ ਘਟਾਉਣਾ ਸਮਝਦਾ ਹਾਂ, ਪਰ ਬਹੁਤੇ ਸਿੱਖਾਂ ਦਾ ਮਾਨਸਿਕ ਪੱਧਰ ਹੀ ਇੱਥੋਂ ਤੱਕ ਹੁੰਦੈ, ਇਸ ਲਈ ਜਵਾਬ ਦੇ ਰਿਹਾ ਹਾਂ।

ਗੁਰਬਾਣੀ ਅਸੂਲਾਂ ਮੁਤਾਬਕ ਮਨੁੱਖ ਨੂੰ ਔਰਤ-ਮਰਦ, ਰੰਗ-ਨਸਲ, ਜਾਤ-ਪਾਤ ਆਦਿ ’ਚ ਵੰਡ ਕੇ ਨਹੀਂ ਵੇਖਿਆ। ਸਭ ਨੂੰ ਜੀਵ ਇਸਤ੍ਰੀ ਵਜੋਂ ‘ਕੁਲਖਣੀ, ਸੁਲਖਣੀ, ਸਾਧਨ, ਸੁਹਾਗਨਿ, ਦੁਹਾਗਨਿ’ ਆਦਿ ਕਿਹਾ ਹੈ। ਪੁਲਿੰਗ ਰੂਪ ’ਚ ਕੇਵਲ ਰੱਬ ਹੈ ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧) ਇਸ ਲੇਖ ਦੇ ਅਰੰਭ ’ਚ ਵਿਚਾਰਿਆ ਗਿਐ ਕਿ ਗੁਰਮਤਿ; ਗੁਰੂ ਦਾ ਅਨੁਭਵ ਹੈ ਤਾਹੀਓਂ ਸਤਿਗੁਰੂ ਪਾਸੋਂ ‘ਜੀਅ ਦਾਨੁ’ ਮੰਗੀਦੈ। ਰੂਹਾਨੀਅਤ ਉੱਨਤੀ ਦੇ ਬਾਹਰੀ ਚਿੰਨ੍ਹ ਸਰੀਰਕ ਇੰਦ੍ਰਿਆਂ ’ਚੋਂ ਵਿਖਾਈ ਦਿੰਦੇ ਹਨ ਤਾਂ ਤੇ ਮਾੜੇ ਕਰਮ ਦਾ ਗੁਨਾਹਗਾਰ ਹੱਥ ਨਹੀਂ, ਬੰਦੇ ਦੀ ਜ਼ਮੀਰ ਹੈ। ਜ਼ਮੀਰ ਨੂੰ ਸਜ਼ਾ ਆਤਮਿਕ ਮੌਤ ਮਾਰ ਕੇ ਦਿੱਤੀ ਜਾਂਦੀ ਹੈ, ਨਾ ਕਿ ਕਿਸੇ ਦਾ ਹੱਥ ਤੋੜ ਕੇ।

‘‘ਆਪੇ ਬੀਜਿ ਆਪੇ ਹੀ ਖਾਹੁ ’’  ਦਾ ਇਹ ਮਤਲਬ ਨਹੀਂ ਕਿ ਜਿਸ ਜਨਮ ’ਚ ਬੀਜਿਐ ਉਸੇ ਜਨਮ ’ਚ ਭੋਗਣੈ। ਕੀਤੇ ਕਰਮਾਂ ਦਾ ਲੇਖਾ-ਜੋਖਾ ਹਰ ਸੁਆਸ ਅੰਤਹਿਕਰਣ (ਕੂੜੈ ਪਾਲਿ) ’ਤੇ ਪੈਂਦਾ ਹੈ, ਜਿਸ ਨਾਲ਼ ਇਹ ਮੈਲ਼ ਘਟਦੀ/ਵਧਦੀ ਹੈ। ਅੰਤਹਿਕਰਣ ਦੀ ਪੂਰਨ ਸ਼ੁੱਧਤਾ ਹੀ ਮੁਕਤੀ ਹੈ, ਜੋਤਿ ਸਰੂਪ ਦੇ ਹੂ-ਬਹੂ ਦਰਸ਼ਨ ਹਨ ਤੇ ਸਰੀਰਕ ਮੌਤ ਉਪਰੰਤ ਅਕਾਲ ਪੁਰਖ ’ਚ ਲੀਨਤਾ ਹੈ।

ਗੁਰਮਤਿ ਅਨੁਸਾਰ ਬੰਦੇ ਨੇ ਇੱਕ ਜਨਮ ’ਚ ਕੀ-ਕੀ ਭੋਗਣੈ ਉਹ ਸਾਰਾ ਇੱਕੋ ਵਾਰ (ਜਨਮ ਲੈਂਦਿਆਂ) ਨਸੀਬ ’ਚ ਪਾਇਆ ਹੁੰਦੈ; ਜਿਵੇਂ ‘‘ਆਸਣੁ ਲੋਇ ਲੋਇ ਭੰਡਾਰ ਜੋ ਕਿਛੁ ਪਾਇਆ; ਸੁ ਏਕਾ ਵਾਰ ’’ (ਜਪੁ) ਇਸ ਨਸੀਬ ਨੂੰ ਹੀ ‘ਜਪੁ’ ਦੀ ਪਹਿਲੀ ਪਾਉੜੀ ’ਚ ‘ਲਿਖਿਆ ਨਾਲਿ’ ਕਿਹਾ ਹੈ। ਇਸ ਨਸੀਬ ਮੁਤਾਬਕ ਹਰ ਇੱਕ ਨੂੰ ਮਿਲਦੈ ਜਾਂ ਨਹੀਂ; ਇਹ ਸਿਰਜਣਹਾਰ ਆਪ ਵੇਖਦੈ ਅਤੇ ਰੁਕਾਵਟ ਰਹਿਤ ਵਾਪਰਦਾ ਵੇਖ ਪ੍ਰਸੰਨ ਹੁੰਦੈ ‘‘ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ   ਵੇਖੈ ਵਿਗਸੈ; ਕਰਿ (ਕੇ) ਵੀਚਾਰੁ   ਨਾਨਕ  ! ਕਥਨਾ ਕਰੜਾ ਸਾਰੁ ੩੭’’ (ਜਪੁ)

 (5). ਆਵਾਗਮਣ ਤੋਂ ਇਨਕਾਰੀ ਉਕਤ ਦੂਜੀ ਜਮਾਤ ਮੁਤਾਬਕ ਸਰੀਰਕ ਮੌਤ ਉਪਰੰਤ ਸਾਰੀ ਹੀ ਮਨੁੱਖ ਜਾਤੀ ਰੱਬ ’ਚ ਲੀਨ ਹੋ ਜਾਵੇਗੀ ਕਿਉਂਕਿ ਰੱਬ; ਕਿਸੇ ਨਾਲ਼ ਵੈਰ ਵਿਰੋਧ ਨਹੀਂ ਰੱਖਦਾ, ਉਹ ਦਿਆਲੂ ਹੈ।

ਜਵਾਬ :  ਹੇਠਲੇ 12 ਵਾਕਾਂ ’ਚ ਦਿਆਲੂ ਤੇ ਨਿਰਵੈਰ ਚਾਰ ਗੁਰੂ ਸਾਹਿਬਾਨ (ਸਤਿਗੁਰੁ ਅੰਦਰਹੁ ਨਿਰਵੈਰੁ ਹੈ/ਸਤਿਗੁਰੁ ਸਭਨਾ ਦਾ ਭਲਾ ਮਨਾਇਦਾ.. ॥ ਮਹਲਾ ੪/੩੦੨) ਨੇ ਗੁਰਮੁਖ ਅਤੇ ਮਨਮੁਖ ਨੂੰ ਇਉਂ ਅਲੱਗ-ਅਲੱਗ ਰੱਖਿਆ ਹੈ :

ਮਨਮੁਖਿ ਸੋਝੀ ਨਾ ਪਵੈ; ਗੁਰਮੁਖਿ ਸਦਾ ਹਜੂਰਿ ॥ (ਮਹਲਾ ੧/੬੦)

ਅਰਥ : ਗੁਰਮੁਖ ਨੂੰ ਰੱਬ ਅੰਗ-ਸੰਗ ਵਿਖਾਈ ਦਿੰਦੈ, ਪਰ ਮਨਮੁਖ ਨੂੰ ਉਸ ਦੀ ਸਮਝ ਨਹੀਂ ਹੁੰਦੀ।

ਗੁਰਮੁਖਿ ਹੋਇ ਤ ਛੂਟੀਐ; ਮਨਮੁਖਿ ਪਤਿ ਖੋਈ ॥੧॥ ਰਹਾਉ ॥ (ਮਹਲਾ ੧/੪੨੦)

ਅਰਥ : ਗੁਰਮੁਖ; ਮਾਇਆ ਤੋਂ ਮੁਕਤ ਹੋ ਜਾਂਦੈ, ਪਰ ਮਨਮੁਖ ਮਾਇਆ ਕਾਰਨ ਇੱਜ਼ਤ ਗਵਾ ਲੈਂਦੈ।

ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ; ਮਨਮੁਖਿ ਰੈਣਿ ਅੰਧਾਰਿ ॥ (ਮਹਲਾ ੧/੪੮੯) ਯਾਨੀ ਗੁਰਮੁਖ ਦਿਨ ਵਰਗਾ ਸਾਫ਼ ਤੇ ਮਨਮੁਖ ਹਨ੍ਹੇਰੀ ਰਾਤ ਵਾਂਙ ਕਾਲ਼ੇ ਦਿਲ ਵਾਲ਼ਾ।

ਮਨਮੁਖਿ ਮਰੀਐ ਗੁਰਮੁਖਿ ਤਰੀਐ; ਨਾਨਕ  ! ਨਦਰੀ ਨਦਰਿ ਕਰੇ ॥ (ਮਹਲਾ ੧/੧੨੩੮)

ਨਾਨਕ  ! ਗੁਰਮੁਖਿ ਸਚੁ ਕਮਾਵੈ; ਮਨਮੁਖਿ ਆਵੈ ਜਾਇ ॥ (ਮਹਲਾ ੩/੮੭)

ਅਰਥ : ਗੁਰਮੁਖ; ਰੱਬ ਨੂੰ ਧਿਆ ਕੇ ਉਸ ’ਚ ਲੀਨ ਹੋ ਜਾਂਦੈ, ਪਰ ਮਨਮੁਖ ਆਵਾਗਮਣ ’ਚ ਭਟਕਦਾ ਹੈ।

ਨਾਨਕ  ! ਮਨਮੁਖਿ ਬੰਧੁ ਹੈ; ਗੁਰਮੁਖਿ ਮੁਕਤਿ ਕਰਾਏ ॥ (ਮਹਲਾ ੩/੫੫੯)

ਮਨਮੁਖਿ ਭੂਲੇ; ਗੁਰਮੁਖਿ ਬੁਝਾਇਆ ॥ (ਮਹਲਾ ੩/੧੧੫੪)

ਅਰਥ : (ਗੁਰੂ ਨੇ) ਗੁਰਮੁਖ ਨੂੰ ਰੱਬ ਦੀ ਸੋਝੀ ਕਰਾ ਦਿੱਤੀ, ਪਰ ਮਨਮੁਖ ਕੁਰਹੇ ਪਿਆ ਰਹਿੰਦੈ।

ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥ (ਸੋ ਪੁਰਖੁ/ਮਹਲਾ ੪/੧੧)

ਅਰਥ : ਗੁਰਮੁਖ ਨੇ ਰੱਬ ਨੂੰ ਪਾ ਲਿਆ, ਪਰ ਮਨਮੁਖ ਨੇ ਗਵਾ ਦਿੱਤਾ।

ਗੁਰਮੁਖਿ ਜਿਤਾ; ਮਨਮੁਖਿ ਹਾਰਿਆ ॥ (ਮਹਲਾ ੪/੩੧੦)

ਗੁਰਮੁਖਿ ਬੋਲਹਿ ਸੋ ਥਾਇ ਪਾਏ; ਮਨਮੁਖਿ ਕਿਛੁ ਥਾਇ ਨ ਪਾਈ ॥ (ਮਹਲਾ ੪/੭੫੮)

ਗੁਰਮੁਖਿ ਸਨਮੁਖੁ; ਮਨਮੁਖਿ ਵੇਮੁਖੀਆ ॥ (ਮਹਲਾ ੫/੧੩੧)

ਜਿਤਨੇ ਨਰਕ ਸੇ ਮਨਮੁਖਿ ਭੋਗੈ; ਗੁਰਮੁਖਿ ਲੇਪੁ ਨ ਮਾਸਾ ਹੇ ॥ (ਮਹਲਾ ੫/੧੦੭੩)

ਸੋ ‘‘ਆਪੇ ਬੀਜਿ ਆਪੇ ਹੀ ਖਾਹੁ ’’  ਵਾਕ ਤੋਂ ਇਹ ਭੀ ਸਪਸ਼ਟ ਹੁੰਦੈ ਕਿ ਮਨਮੁਖ ਦੇ ਕਰਮਾਂ ਦਾ ਹਿਸਾਬ ਅਵੱਸ਼ ਹੋਣੈ। ਉਹ ਸਰੀਰਕ ਮੌਤ ਉਪਰੰਤ ਗੁਰਮੁਖ ਵਾਙ ਰੱਬ ’ਚ ਲੀਨ ਨਹੀਂ ਹੋਵੇਗਾ ਭਾਵੇਂ ਰੱਬ ਦਿਆਲੂ ਹੀ ਹੈ। ਰੱਬ ਦੇ ਦਿਆਲੂ ਹੋਣ ਤੋਂ ਭਾਵ ਇਹ ਹੈ ਕਿ ਉਸ ਨੂੰ ਕੋਈ ਯਾਦ ਕਰੇ ਜਾਂ ਨਾ ਕਰੇ; ਸਭ ਨੂੰ ਸਰੀਰਕ ਦਾਤਾਂ ਮਿਲਦੀਆਂ ਰਹਿਣੀਆਂ ਹਨ, ਨਾ ਕਿ ਆਪਣੇ ’ਚ ਲੀਨ ਭੀ ਕਰੇਗਾ। ਇਸੇ ਭੁਲੇਖੇ ’ਚ ਮਨਹੱਠ ਕਾਰਨ ਆਵਾਗਮਣ ਨੂੰ ਰੱਦ ਕਰਨ ਵਾਲ਼ੇ ਅਸ਼ਰਧਕ ਸਿੱਖ; ਆਪਣਾ ਕੀਮਤੀ ਮਨੁੱਖਾ ਜਨਮ ਅਜਾਈਂ ਗਵਾ ਰਹੇ ਹਨ। ਗੁਰਮੁਖ ਵਾਙ ਮਨਮੁਖ ਬੰਦਾ ਆਪਣੀ ਤਕਦੀਰ (ਸਿਰ) ਦੇ ਲੇਖ ਨਹੀਂ ਮਿਟਾ ਸਕਿਆ ਹੁੰਦਾ, ਜਿਨ੍ਹਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਇਉਂ ਕੀਤੈ ‘‘ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ (ਜਪੁ), ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ’’ (ਮਹਲਾ /੫੯੮) ਗੁਰੂ ਨਾਨਕ ਸਾਹਿਬ ਜੀ ਦਾ ਮਨਮੁਖ ਬਾਰੇ ਇਉਂ ਨਜ਼ਰੀਆ ਹੈ ‘‘ਪੂਰਬ ਜਨਮ ਕੋ ਲੇਖੁ ਮਿਟਈ; ਜਨਮਿ ਮਰੈ, ਕਾ ਕਉ ਦੋਸੁ ਧਰੇ  ?’’ (ਮਹਲਾ /੧੦੧੪) ਅਰਥ : (ਜਨਮ ਜਨਮ ਦੀ ਮੈਲ਼ ਰੂਪ) ਪੂਰਵਲਾ ਲੇਖ ਗੁਰੂ ਦੀ ਸ਼ਰਨ ਤੋਂ ਬਿਨਾਂ ਨਹੀਂ ਮਿਟ ਸਕਦਾ। (ਮਨਮੁਖ; ਆਪਣੇ ਬੁਰੇ ਨਸੀਬ ਦਾ) ਕਿਸ ਨੂੰ ਦੋਸ਼ ਦੇ ਸਕਦਾ ਹੈ ਭਾਵ ਦੂਸਰੇ ਨੂੰ ਦੋਸ਼ ਨਹੀਂ ਦੇ ਸਕਦਾ ?

‘‘ਕਈ ਜਨਮ ਭਏ ਕੀਟ ਪਤੰਗਾ’’  ਵਾਲ਼ਾ ਪੂਰਾ ਸ਼ਬਦ ਵਿਚਾਰਨ ਦੀ ਜ਼ਰੂਰਤ ਹੈ ਤਾਂ ਜੋ ਪਾਏ ਜਾ ਰਹੇ ਭੁਲੇਖੇ ਦੂਰ ਹੋ ਜਾਣ। ਇਸ ਸ਼ਬਦ ਦੇ ਪਹਿਲੇ ਤਿੰਨ ਬੰਦਾਂ ’ਚ ਭੂਤਕਾਲ ਕਿਰਿਆਵਾਂ ਹਨ, ਜਿਨ੍ਹਾਂ ਤੋਂ ਜਾਪਦੈ ਕਿ ਇਹ ਮਿਸਾਲ ਮਾਤਰ ਸੰਕੇਤ ਹੈ; ਜਿਵੇਂ ਕਿ

ਕਈ ਜਨਮ ਭਏ ਕੀਟ ਪਤੰਗਾ ॥  ਕਈ ਜਨਮ ਗਜ ਮੀਨ ਕੁਰੰਗਾ ॥

ਕਈ ਜਨਮ ਪੰਖੀ ਸਰਪ ਹੋਇਓ ॥  ਕਈ ਜਨਮ ਹੈਵਰ ਬ੍ਰਿਖ ਜੋਇਓ ॥੧॥..

ਕਈ ਜਨਮ ਸੈਲ ਗਿਰਿ ਕਰਿਆ ॥  ਕਈ ਜਨਮ ਗਰਭ ਹਿਰਿ ਖਰਿਆ ॥ 

ਕਈ ਜਨਮ ਸਾਖ ਕਰਿ ਉਪਾਇਆ ॥  ਲਖ ਚਉਰਾਸੀਹ ਜੋਨਿ ਭ੍ਰਮਾਇਆ ॥੨॥

ਸਾਧਸੰਗਿ ਭਇਓ ਜਨਮੁ ਪਰਾਪਤਿ ॥  ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ ॥

ਤਿਆਗਿ ਮਾਨੁ ਝੂਠੁ ਅਭਿਮਾਨੁ ॥  ਜੀਵਤ ਮਰਹਿ; ਦਰਗਹ ਪਰਵਾਨੁ ॥੩॥

ਪਦ ਅਰਥ: ਭਏ-ਹੋਏ। ਹੈਵਰ-ਚੰਗੇ ਘੋੜੇ। ਬ੍ਰਿਖ-ਬਲ਼ਦ। ਜੋਇਓ-ਜੋਤਿਆ ਗਿਆ। ਸੈਲ-ਪੱਥਰ। ਗਿਰਿ-ਪਹਾੜ। ਹਿਰਿ ਖਰਿਆ-ਡਿੱਗ ਗਿਆ। ਸਾਖ-ਸ਼ਾਖਾ (ਬਨਸਪਤੀ)।

ਵਿਚਾਰ : ਉਕਤ ਸ਼ਬਦ ਜੇਕਰ ਬੰਦੇ ਦੇ ਇਸੇ ਜਨਮ ’ਚ ਬੀਤ ਚੁੱਕੇ ਸਮੇਂ ਨਾਲ਼ ਸੰਬੰਧਿਤ ਹੁੰਦਾ ਤਾਂ ਇੱਕ ਬੰਦੇ ਦਾ ਸੁਭਾਅ (ੳ). ‘ਪਸ਼ੂ, ਪੰਛੀ, ਪੱਥਰ, ਪਹਾੜ, ਬਨਸਪਤੀ’ ਆਦਿ ਸਭ ਵਰਗਾ ਕਿਵੇਂ ਹੋ ਸਕਦਾ ਹੈ ? (ਅ). ਮਾਤਾ ਦੇ ਗਰਭ ’ਚੋਂ ਹੀ ਬੱਚੇ ਦੇ ਡਿੱਗਣ ਦਾ ਜ਼ਿਕਰ ਹੈ ‘‘ਕਈ ਜਨਮ ਗਰਭ ਹਿਰਿ ਖਰਿਆ’’ ਇਹ ਕਾਹਦਾ ਸੁਭਾਅ ਹੋਇਆ ਤਾਂ ਜੋ ਜੀਵਤ ਬੰਦਾ ਅਪਣਾ ਲਏ ? ਦਰਅਸਲ ਇਹ ਵਾਕ ਬੰਦੇ ਦੁਆਰਾ ਭੋਗੀਆਂ ਪਿਛਲੀਆਂ ਜੂਨਾਂ ਨਾਲ਼ ਸੰਬੰਧਿਤ ਹੈ। ਇਨ੍ਹਾਂ ਹਵਾਲਿਆਂ ਤੋਂ ਬਾਅਦ ਗੁਰੂ ਜੀ; ‘ਰਹਾਉ’ ’ਚ ਭਵਿੱਖ ਸੂਚਕ ਕਿਰਿਆ ਤੇ ਚੌਥੇ ਬੰਦ ’ਚ ਵਰਤਮਾਨ ਕਿਰਿਆਵਾਂ ਦਰਜ ਕਰ ਬੰਦੇ ਨੂੰ ਹੁਣ ਤੁਰੰਤ ਗੁਰੂ ਲੜ ਲੱਗ ਕੇ ਜੀਵਨ ਸਫਲਾ ਕਰਨ ਦੀ ਹਦਾਇਤ ਦਿੰਦੇ ਹਨ; ਜਿਵੇਂ ਕਿ

ਮਿਲੁ ਜਗਦੀਸ ਮਿਲਨ ਕੀ ਬਰੀਆ ॥  ਚਿਰੰਕਾਲ ਇਹ ਦੇਹ ਸੰਜਰੀਆ ॥੧॥ ਰਹਾਉ ॥ ਮਿਲੁ– ਤੂੰ ਮਿਲ (ਭਵਿੱਖ ਸੂਚਕ ਕਿਰਿਆ)

ਅਰਥ : (ਹੇ ਭਾਈ !) ਜਗਤ ਦੇ ਮਾਲਕ ਨੂੰ ਮਿਲ, ਇਹੀ ਮਿਲਣ ਦੀ ਵਾਰੀ ਹੈ ਕਿਉਂਕਿ ਮੁੱਦਤਾਂ ਬਾਅਦ (ਤੈਨੂੰ) ਇਹ ਦੇਹ ਮਿਲੀ ਹੈ। ਅਜਿਹਾ ਸੁਨੇਹਾ ਗੁਰੂ ਅਰਜੁਨ ਸਾਹਿਬ ਜੀ ਰਹਰਾਸਿ ’ਚ ਦਿੰਦੇ ਹਨ ‘‘ਭਈ ਪਰਾਪਤਿ ਮਾਨੁਖ ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ   ਅਵਰਿ ਕਾਜ; ਤੇਰੈ+ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ’’ (ਸੋ ਪੁਰਖੁ/ਮਹਲਾ /੧੨)

ਜੋ ਕਿਛੁ ਹੋਆ; ਸੁ ਤੁਝ ਤੇ ਹੋਗੁ ॥  ਅਵਰੁ ਨ ਦੂਜਾ; ਕਰਣੈ ਜੋਗੁ ॥

ਤਾ ਮਿਲੀਐ; ਜਾ ਲੈਹਿ ਮਿਲਾਇ ॥  ਕਹੁ ਨਾਨਕ  ! ਹਰਿ ਹਰਿ ਗੁਣ ਗਾਇ ॥੪॥ (ਮਹਲਾ ੫/੧੭੬)

ਅਰਥ : ਹੇ ਨਾਨਕ ! (ਆਖ ਕਿ ਮਨੁੱਖ ਦੇ ਹੱਥ ’ਚ ਭੀ ਕੀ ਹੈ ? ਇਹ ਸਾਰੀ ਖੇਡ ਤਾਂ ਕਰਤਾਰ ਦੀ ਹੈ, ਇਸ ਲਈ ਅਰਦਾਸ ਕਰਨੀ ਬਣਦੀ ਹੈ ਕਿ ਹੇ ਜਗਤ ਦੇ ਮਾਲਕ !) ਜੇ ਤੂੰ ਕਿਰਪਾ ਕਰਕੇ ਆਪਣੇ ਨਾਲ਼ ਮਿਲਾਉਣਾ ਚਾਹੇਂ ਤਾਂ ਹੀ ਤੇਰੇ ਗੁਣ ਗਾ-ਗਾ ਕੇ ਤੈਨੂੰ ਮਿਲਿਆ ਜਾ ਸਕਦਾ ਹੈ।

ਉਕਤ ਵਿਚਾਰ ਤੋਂ ਅਜਿਹਾ ਨਹੀਂ ਜਾਪਦਾ ਕਿ ਜਿਸ ਬੰਦੇ ਦਾ ਸੁਭਾਅ ਕੀਟ-ਪਤੰਗੇ, ਘੋੜੇ, ਬਲ਼ਦ ਵਰਗਾ ਹੋਵੇ ਉਹ ਸਿਰਜਣਹਾਰ ਦੀ ਸੂਝ ਪਾ ਕੇ ਉਸ ਅੱਗੇ ਅਰਦਾਸ ਭੀ ਕਰ ਸਕਦਾ ਹੈ। ਧਿਆਨ ਰਹੇ ਕਿ ਇਸ ਸ਼ਬਦ ’ਚ ਇੱਕ ਵਾਰ ਭੀ ਗੁਰੂ ਜਾਂ ਸਤ ਸੰਗਤਿ ਦਾ ਜ਼ਿਕਰ ਨਹੀਂ ਤਾਂ ਜੋ ਉਨ੍ਹਾਂ ਤੋਂ ਰੱਬ ਦੀ ਸੂਝ ਮਿਲਦੀ ਅਤੇ ਪਿਛਲਾ ਸੁਭਾਅ ਛੱਡਿਆ ਜਾਂਦਾ।

ਆਵਾਗਮਣ ਨੂੰ ਰੱਦ ਕਰਨ ਵਾਲੀਆਂ ਜਮਾਤਾਂ ਗੁਰਬਾਣੀ ’ਚੋਂ ਭੂਤਕਾਲ ਨਾਲ਼ ਸੰਬੰਧਿਤ ਸ਼ਬਦਾਂ ਦੀ ਟੇਕ ਲੈ ਕੇ ਆਪਣੀ ਸੋਚ ਨੂੰ ਸਹੀ ਯਾਨੀ ਗੁਰਮਤਿ ਅਨੁਸਾਰੀ ਠਹਿਰਾਉਂਦੀਆਂ ਹਨ ਕਿਉਂਕਿ ਭੂਤਕਾਲ ’ਚੋਂ ਬੰਦਾ ਨਿਕਲ ਕੇ ਆਇਆ ਹੁੰਦੈ, ਇਸ ਲਈ ਪੁਰਾਣਾ ਸੁਭਾਅ ਪਸ਼ੂ, ਪੰਛੀ, ਪੱਥਰ ਵਰਗਾ ਸਾਬਤ ਕਰਨਾ ਸੁਖਾਲਾ ਹੈ ਜਦਕਿ ਗੁਰਬਾਣੀ ’ਚ ਅਨੇਕਾਂ ਸ਼ਬਦ ਭਵਿੱਖ ਸੂਚਕ ਹਨ, ਉਨ੍ਹਾਂ ਦੀ ਟੇਕ ਨਹੀਂ ਲੈਂਦੇ ਕਿਉਂਕਿ ਆਉਣ ਵਾਲ਼ੇ ਸਮੇਂ ’ਚ ਬਲ਼ਦ, ਘੋੜੇ ਵਰਗਾ ਸੁਭਾਅ ਉਸੇ ਦਾ ਹੋਵੇਗਾ, ਜੋ ਵਰਤਮਾਨ ’ਚ ਭੀ ਗੁਰੂ ਦੀ ਸ਼ਰਨ ਨਹੀਂ ਆਇਆ ਜਦਕਿ ਇਹ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਆ ਚੁੱਕੇ ਸਮਝਦੇ ਹਨ; ਜਿਵੇਂ ਭਵਿੱਖ ਸੂਚਕ ਕਿਰਿਆਵਾਂ ਵਾਲ਼ਾ ਸ਼ਬਦ ਹੈ ‘‘ਚਾਰਿ ਪਾਵ ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ   ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ   ਹਰਿ ਬਿਨੁ; ਬੈਲ ਬਿਰਾਨੇ ਹੁਈਹੈ   ਫਾਟੇ ਨਾਕਨ; ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ਰਹਾਉ   ਸਾਰੋ ਦਿਨੁ ਡੋਲਤ ਬਨ ਮਹੀਆ; ਅਜਹੁ ਪੇਟ ਅਘਈਹੈ   ਜਨ ਭਗਤਨ ਕੋ ਕਹੋ ਮਾਨੋ; ਕੀਓ ਅਪਨੋ ਪਈਹੈ   ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ; ਅਨਿਕ ਜੋਨਿ ਭਰਮਈਹੈ   ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ; ਇਹੁ ਅਉਸਰੁ ਕਤ ਪਈਹੈ   ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ; ਗਤਿ ਬਿਨੁ, ਰੈਨਿ ਬਿਹਈਹੈ   ਕਹਤ ਕਬੀਰ ਰਾਮ ਨਾਮ ਬਿਨੁ; ਮੂੰਡ ਧੁਨੇ ਪਛੁਤਈਹੈ ’’ (ਭਗਤ ਕਬੀਰ/੫੨੪)

ਅਰਥ : ਹੇ ਭਾਈ ! (ਇਸ ਜਨਮ ’ਚ) ਹਰੀ ਨੂੰ ਯਾਦ ਕਰਨ ਤੋਂ ਬਿਨਾਂ (ਅਗਲੇ ਜਨਮ ’ਚ) ਕਿਸੇ ਹੋਰ ਦਾ ਬਲ਼ਦ ਬਣਨਾ ਪਵੇਗਾ। ਨੱਥ ਨਾਲ਼ ਨੱਕ ਫਟਿਆ ਹੋਏਗਾ। ਪੰਜਾਲੀ ਨਾਲ਼ ਕੰਧੇ ’ਤੇ ਨਿਸ਼ਾਨ (ਲਾਗੇ ਲੱਗੇ) ਹੋਣਗੇ। ਕੋਧਰੇ ਦਾ ਫੂਸ ਖਾਣਾ ਪਵੇਗਾ॥ ਰਹਾਉ॥

ਚਾਰ ਪੈਰ ਤੇ ਦੋ ਸਿੰਗ ਹੋਣਗੇ। ਮੂੰਹ ਤੋਂ ਬੇਜ਼ਬਾਨ ਹੋਏਂਗਾ ਤਾਂ ਫਿਰ (ਹਰੀ ਦੇ) ਗੁਣ ਕਿਵੇਂ ਗਾ ਸਕੇਂਗਾ ? ਉਠਦਿਆਂ-ਬਹਿੰਦਿਆਂ ਸੋਟੀ ਬੱਜੇਗੀ ਫਿਰ ਕਿਵੇਂ ਆਪਣਾ ਮੂੰਹ (ਸੋਟੀ ਦੀ ਮਾਰ ਤੋਂ) ਛੁਪਾਏਂਗਾ ?॥੧॥

ਸਾਰਾ ਦਿਨ ਜੰਗਲ਼ (ਖੇਤਾਂ) ’ਚ ਭਟਕ ਕੇ ਭੀ ਪੇਟ ਨਹੀਂ ਭਰੇਗਾ। ਹੁਣ ਸੰਤ-ਜਨਾਂ ਦਾ ਕਿਹਾ ਨਹੀਂ ਮੰਨਦਾ ਫਿਰ ਆਪਣੇ ਕੀਤੇ ਦਾ ਫਲ਼ ਪਾਵੇਂਗਾ॥੨॥

ਹੁਣ ਦੁੱਖ-ਦੁੱਖ, ਸੁੱਖ-ਸੁੱਖ ਵਿਲਕਦਿਆਂ ਵੱਡੇ ਭਰਮ ’ਚ ਡੁੱਬਿਆ ਪਿਐਂ, ਫਿਰ ਅਨੇਕਾਂ ਜੂਨਾਂ ’ਚ ਭਟਕੇਂਗਾ। ਰੱਬ ਨੂੰ ਭੁਲਾ ਕੇ ਕੀਮਤੀ ਮਨੁੱਖਾ ਜਨਮ ਅਜਾਈਂ ਗਵਾ ਰਿਹਾ ਹੈਂ, ਫਿਰ ਇਹ ਮੌਕਾ ਤੈਨੂੰ ਕਦੋਂ ਮਿਲੇਗਾ ?॥੩॥

ਹੁਣ ਤੇਲੀ ਦੇ ਬਲ਼ਦ ਵਾਙ ਭਟਕਦਾ ਫਿਰਦਾ ਹੈਂ। (ਆਵਾਗਮਣ ’ਚੋਂ) ਮੁਕਤੀ ਪਾਉਣ ਤੋਂ ਬਿਨਾਂ ਜੀਵਨ-ਰਾਤ ਬੀਤਦੀ ਜਾ ਰਹੀ ਹੈ। ਕਬੀਰ ਜੀ ਆਖਦੇ ਹਨ ਕਿ (ਹੁਣ) ਰਾਮ ਦੇ ਨਾਮ ਨੂੰ ਜਪਣ ਤੋਂ ਬਿਨਾਂ (ਬਾਅਦ ’ਚ) ਸਿਰ ਪਟਕ-ਪਟਕ ਕੇ ਪਛੁਤਾਏਂਗਾ॥੪॥

ਉਕਤ ਸ਼ਬਦ ਦੀ ਪਹਿਲੀ ਤੁਕ ‘‘ਚਾਰਿ ਪਾਵ ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ ॥’’ ਦੇ ਅਰਥ; ਆਵਾਗਮਣ ਨੂੰ ਰੱਦ ਕਰਨ ਵਾਲ਼ੇ ਡਾਕਟਰ ਚਮਕੌਰ ਸਿੰਘ ਬਰਾੜ ਨੇ ਇਉਂ ਕੀਤੇ ਹਨ ‘ਹੇ ਭਾਈ ! (ਭਾਵੇਂ ਬਲਦ) ਦੀਆਂ ਚਾਰ ਲੱਤਾਂ ਦੋ ਸਿੰਗ ਹਨ। ਜਦੋਂ ਉਹ ਮੂੰਹ ਦਾ ਗੂੰਗਾ ਹੈ ਤਾਂ ਉਹ ਪ੍ਰਭੂ ਦੇ ਦਿੱਤੇ ਹੋਏ ਦੀਆਂ ਸਿਫ਼ਤਾਂ ਨਹੀਂ ਕੀਤੀਆਂ (ਕਿਉਂਕਿ ਮੂੰਹ ਦਾ ਗੂੰਗਾ ਹੈ)। (ਏਸੇ ਤਰ੍ਹਾਂ ਪ੍ਰਭੂ ਦੇ ਗੁਣਾਂ ਦੇ ਭੰਡਾਰ ਨਾਮ ਤੋਂ ਵਿਛੜਿਆ ਮਨੁੱਖ ਇਕ ਬਲਦ ਦੀ ਜੂਨ ਰਹਿੰਦਾ ਹੋਇਆ ਪ੍ਰਭੂ ਦੇ ਦਿੱਤੇ ਹੋਏ ਦੀਆਂ ਸਿਫ਼ਤਾਂ ਨਹੀਂ ਕਰ ਸਕਦਾ ਕਿਉਂ ਉਹ ਤਾਂ ਬਲਦ ਵਾਂਗ ਗੂੰਗਾ ਹੈ।)’

ਉਕਤ ਸ਼ਾਬਦਿਕ ਅਰਥ ਵਾਕ ਨੂੰ ਸਪਸ਼ਟ ਨਹੀਂ ਕਰ ਸਕੇ ਅਤੇ ਇਹ ਅਰਥ ਗੁਰਬਾਣੀ ਵਿਆਕਰਨ ਅਨੁਸਾਰ ਸਹੀ ਭੀ ਨਹੀਂ ਕਿਉਂਕਿ ‘ਤਬ’ ਸ਼ਬਦ; ਭਵਿੱਖ ਕਾਲ ਨਾਲ਼ ਸੰਬੰਧਿਤ ਕਿਰਿਆ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ ‘ਓਦੋਂ’; ਜਿਵੇਂ ਕਿਹਾ ਜਾਂਦੈ ਕਿ ‘ਜਬ ਉਹ ਆਏਗਾ ਤਬ ਜਾਏਗਾ’ ਯਾਨੀ ਓਦੋਂ ਜਾਏਗਾ, ਪਰ ਡਾਕਟਰ ਸਾਹਿਬ ਨੇ ਸਾਰੇ ਅਰਥ ਵਰਤਮਾਨ ’ਚ ਕਰ ਦਿੱਤੇ ਕਿਉਂਕਿ ਉਸ ਨੇ ਆਪਣੇ ਆਪ ਨੂੰ ਗੁਰੂ ਦੀ ਸ਼ਰਨ ਆ ਚੁੱਕਿਆ, ਸਿੱਧ ਕਰਨਾ ਹੈ। ਭਵਿੱਖ ਸੂਚਕ ਅਰਥਾਂ ’ਚ ਬਲ਼ਦ ਵਰਗਾ ਸੁਭਾਅ ਉਸ ਦਾ ਹੋਵੇਗਾ ਜੋ ਅਜੇ ਭੀ ਗੁਰੂ ਦੀ ਸ਼ਰਨ ਨਹੀਂ ਆਇਆ।

ਸੋ ਅੱਜ ਹਰ ਧਾਰਮਿਕ ਜਗਿਆਸੂ ਬੰਦੇ ਨੂੰ ਚਾਹੀਦਾ ਹੈ ਕਿ ਜੇਕਰ ਉਹ ਆਪਣਾ ਜੀਵਨ ਸਫਲਾ ਕਰਨਾ ਚਾਹੁੰਦੈ ਤਾਂ ਆਪ ਗੁਰਬਾਣੀ ਨੂੰ ਪੜ੍ਹੇ, ਵਿਚਾਰੇ ਅਤੇ ਸਮਝੇ ਤਾਂ ਜੋ ਨਾਸਤਿਕ ਬੰਦੇ ਦੇ ਕੁਤਰਕ; ਗੁਰਮਤਿ ਨਾਲ਼ੋਂ ਤੋੜ ਨਾ ਸਕਣ। ਆਵਾਗਮਣ ਵਿਸ਼ਾ; ਰੱਬ ਦੇ ਸਰਬ ਵਿਆਪਕ ਜੋਤਿ ਸਰੂਪ ਵਿਸ਼ੇ ਨਾਲ਼ ਰਲ਼ਾ ਕੇ ਵਿਚਾਰਨਾ ਚਾਹੀਦਾ ਹੈ, ਨਾ ਕਿ ਹਿੰਦੂ ਮੱਤ ਦੇ ਮਿਥਿਹਾਸ (ਸੁਰਗ-ਨਰਕ) ਨਾਲ਼ ਕਿਉਂਕਿ ਇਨ੍ਹਾਂ ਨੂੰ ਰੱਦ ਕਰ ਵਿਦਵਤਾ ਵਿਖਾਉਣੀ ਸੁਖਾਲੀ ਹੁੰਦੀ ਹੈ, ਇਸ ਲਈ ਬਹੁਤਾਤ ਸਿੱਖ-ਪ੍ਰਚਾਰਕ ਅਜਿਹੇ ਹੱਥਕੰਡੇ ਅਪਣਾਉਂਦੇ ਹੀ ਹਨ। ਜਿਨ੍ਹਾਂ ਦੀ ਸੋਚ ਦਾ ਆਧਾਰ ‘ਇਹ ਜਗ ਮਿੱਠਾ ਤੇ ਅਗਲਾ ਕਿਸ ਨੇ ਡਿੱਠਾ।’ ਹੁੰਦਾ ਹੈ ਜਦਕਿ ਗੁਰਬਾਣੀ ਇਸ ਜਗਤ ਨੂੰ ਵਿਕਾਰਾਂ ਦਾ ਸਮੁੰਦਰ ਮੰਨਦੀ ਹੈ, ਨਾ ਕਿ ਮਿੱਠਾ ‘‘ਇਹੁ ਸੰਸਾਰੁ ਬਿਕਾਰੁ ਸੰਸੇ ਮਹਿ; ਤਰਿਓ ਬ੍ਰਹਮ ਗਿਆਨੀ ’’ (ਸੋਹਿਲਾ/ਮਹਲਾ /੧੩)  ਸੰਸਾਰ ਮਿੱਠਾ ਤਾਂ ਮਨਮੁਖ ਲਈ ਹੋ ਸਕਦੈ। ਜਿਸ ਨੇ ਇਹ ਮੰਨ ਲਿਆ ਕਿ ਮਰਨ ਉਪਰੰਤ ਗੁਰਮੁਖ ਅਤੇ ਮਨਮੁਖ ਨੇ ਰੱਬ ’ਚ ਹੀ ਲੀਨ ਹੋਣੈ ਉਹ ਆਪਣੀ ਮਿਹਨਤ ਦੀ ਕਮਾਈ ਦੂਜੇ ਲਈ ਕਿਉਂ ਦਾਨ ਦੇਵੇਗਾ ? ਦੂਸਰਿਆਂ ’ਤੇ ਹੁੰਦੇ ਤਸੱਦਦ ਨੂੰ ਰੋਕਣ ਲਈ ਆਪਣਾ ਬਲਿਦਾਨ ਕਿਉਂ ਦੋਵੇਗਾ ? ਜੇਕਰ ਧਰਮ ਦਾ ਸੰਬੰਧ ਕੇਵਲ ਇਸੇ ਜਨਮ ਤੱਕ ਹੈ ਤਾਂ ਗੁਰਮੁਖ ਨਾਲੋਂ ਸੁਖਾਈ ਜ਼ਿੰਦਗੀ ਤਾਂ ਮਨਮੁਖ ਭੋਗਦਾ ਹੈ, ਜੋ ਆਪਣੇ ਪਰਿਵਾਰਕ ਫ਼ਰਜ਼ ਤੱਕ ਸੀਮਤ ਹੁੰਦੈ।

ਕੁੱਝ ਸਿੱਖਾਂ ਦਾ ਮੰਨਣੈ ਕਿ ਵਿਚਾਰਕ ਮਤਭੇਦ ਹੋਣਾ, ਮਾੜਾ ਨਹੀਂ ਕਿਉਂਕਿ ਵਿਸ਼ੇ ਦੀ ਗੰਭੀਰਤਾ ਸਮਝ ਆ ਜਾਂਦੀ ਹੈ। ਮੈ ਇੱਥੇ ਇੱਕ ਮਿਸਾਲ ਦੇਣਾ ਉਚਿਤ ਸਮਝਦਾ ਹਾਂ ‘ਇੱਕ ਬੰਦਾ ਕਹਿੰਦੈ ਕਿ ਹਵਾ ਪੂਰਵ ਤੋਂ ਚੱਲ ਰਹੀ ਹੈ। ਦੂਜਾ ਕਹਿੰਦੈ ਕਿ ਨਹੀਂ, ਪੂਰਵ ਤੇ ਦੱਖਣ ਵੱਲੋਂ ਚੱਲ ਰਹੀ ਹੈ। ਤੀਜਾ ਆਖਦੈ ਕਿ ਨਹੀਂ, ਪੂਰਵ ਅਤੇ ਉੱਤਰ ਵੱਲੋਂ ਚੱਲਦੀ ਹੈ ਹੁਣ ਇੱਕ ਬੰਦਾ ਹੋਰ ਆਇਆ, ਜੋ ਆਖਦੈ ਕਿ ਹਵਾ ਤਾਂ ਚੱਲ ਹੀ ਨਹੀਂ ਰਹੀ, ਤੁਸੀਂ ਸਾਰੇ ਮੂਰਖ ਹੋ।’ ਜ਼ਰਾ ਸੋਚੋ ਕਿ ਤੀਸਰੇ ਨੇ ਚੱਲਦੀ ਵਿਚਾਰ ’ਚ ਕੀ ਸਹਿਯੋਗ ਦਿੱਤੈ ਜਾਂ ਸਚਾਈ ਨੂੰ ਅਣਡਿੱਠ ਕਰ ਉਨ੍ਹਾਂ ਨੂੰ ਮੂਰਖ ਸਿੱਧ ਕੀਤੈ ? ਇਉਂ ਹੀ ਆਵਾਗਮਣ ਨੂੰ ਰੱਦ ਕਰਨ ਵਾਲ਼ੇ ਆਖਦੇ ਹਨ ਕਿ ਸਾਰੇ ਟੀਕੇਕਾਰਾਂ ਅਤੇ ਕੋਸ਼ਾਂ ਦੇ ਅਰਥਾਂ ਨੂੰ ਸਹੀ ਮੰਨਣ ਵਾਲ਼ੇ ਬਦਲਣਾ ਨਹੀਂ ਚਾਹੁੰਦੇ ਯਾਨੀ ਕਿ ਇਨ੍ਹਾਂ ਦੀ ਮੂਰਖਤਾ ਨੂੰ ਸਹੀ ਮੰਨ ਲੈਣਾ ਹੀ ਜੀਵਨ ਬਦਲਣਾ ਹੈ ?

ਸੋ ਸਿੱਖ ਦਾ ਮੁੱਢਲਾ ਫ਼ਰਜ਼ ਹੈ ਕਿ ਉਹ ਨਿਮਾਣਾ ਜਿਹਾ ਬਣ ਕੇ ਸਿਰਜਣਹਾਰ ਮਾਲਕ ਅੱਗੇ ਇਉਂ ਬੇਨਤੀ ਕਰਦਾ ਰਹੇ ‘‘ਬਹੁਤ ਜਨਮ ਬਿਛੁਰੇ ਥੇ ਮਾਧਉ  ! ਇਹੁ ਜਨਮੁ ਤੁਮ੍ਾਰੇ ਲੇਖੇ ਕਹਿ ਰਵਿਦਾਸ ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ (ਭਗਤ ਰਵਿਦਾਸ/੬੯੪), ਪਾਛੈ ਬਹੁਰਿ ਆਵਨੁ ਪਾਵਉ   ਅੰਮ੍ਰਿਤ ਬਾਣੀ ਘਟ ਤੇ ਉਚਰਉ; ਆਤਮ ਕਉ ਸਮਝਾਵਉ ਰਹਾਉ ’’ (ਭਗਤ ਨਾਮਦੇਵ/੬੯੩), ਬਹੁਰਿ ਹਮ ਕਾਹੇ ਆਵਹਿਗੇ  ?  ਆਵਨ ਜਾਨਾ ਹੁਕਮੁ ਤਿਸੈ ਕਾ; ਹੁਕਮੈ ਬੁਝਿ ਸਮਾਵਹਿਗੇ ਰਹਾਉ (ਭਗਤ ਕਬੀਰ/੧੧੦੩)

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ

0

ਨਾਨਕਸ਼ਾਹੀ ਕੈਲੰਡਰ ਦਾ ਮਸਲਾ ਹੱਲ ਕਰਨ ਦੀ ਮੰਗ ਕੀਤੀ

ਬਠਿੰਡਾ 22 ਦਸੰਬਰ (ਕਿਰਪਾਲ ਸਿੰਘ): ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਠਿੰਡਾ ਵੱਲੋਂ ‘ਸਫਰ-ਏ-ਸ਼ਹਾਦਤ’ ਨੂੰ ਸਮਰਪਿਤ ਸ਼ਹਿਰ ’ਚ ਕਰਵਾਏ ਜਾ ਰਹੇ ਪੰਦਰਵਾੜਾ ਗੁਰਮਤਿ ਸਮਾਗਮ ਦੌਰਾਨ ਡਾ: ਗੁਰਿੰਦਰ ਸਿੰਘ ਨਾਗਪਾਲ ਦੇ ਘਰ ਕੀਰਤਨ ਦੀ ਸੇਵਾ ਨਿਭਾਉਣ ਆਏ ਬਾਬਾ ਬੂਟਾ ਸਿੰਘ ਗੁਰਥੜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਰਪਾਲ ਸਿੰਘ ਬਠਿੰਡਾ ਵੱਲੋਂ ਲਿਖੀ ਪੁਸਤਕ ‘ਗੁਰ ਪੁਰਬ ਨਿਰਣੈ ਅਤੇ ਨਾਨਕਸ਼ਾਹੀ ਕੈਲੰਡਰ ਸੰਮਤ ੫੫੩ (2021-22)’ ਭੇਟ ਕਰ ਕੇ ਮੰਗ ਕੀਤੀ ਗਈ ਕਿ ਕਾਫੀ ਲੰਬੇ ਸਮੇਂ ਤੋਂ ਕੌਮ ਵਿੱਚ ਚੱਲ ਰਹੇ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਸ਼੍ਰੋਮਣੀ ਕਮੇਟੀ ’ਚ ਅਵਾਜ਼ ਉਠਾਈ ਜਾਵੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਜਾ ਰਹੇ ਕੈਲੰਡਰ ਮੁਤਾਬਕ ਇਸ ਸਮੇਂ ਚੰਦਰ ਅਤੇ ਸੂਰਜੀ ਦੋ ਪ੍ਰਣਾਲੀਆਂ ’ਤੇ ਅਧਾਰਿਤ ਬਿਕਰਮੀ ਕੈਲੰਡਰ ਮੁਤਾਬਕ ਦਿਨ ਦਿਹਾੜੇ ਮਨਾਉਣ ਕਾਰਨ ਗੁਰ ਪੁਰਬਾਂ ਦੇ ਅੱਗੇ ਪਿੱਛੇ ਆਉਣ ਨਾਲ ਹਮੇਸ਼ਾਂ ਭੰਬਲਭੂਸਾ ਪਿਆ ਰਹਿੰਦਾ ਹੈ। ਮਿਸਾਲ ਦੇ ਤੌਰ ’ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ 8 ਪੋਹ ਸੰਮਤ 1761 ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ 13 ਪੋਹ ਸੰਮਤ 1761 ਨੂੰ ਹੋਈ। ਇਹ ਸ਼ਹੀਦੀ ਦਿਹਾੜੇ ਹਰ ਸਾਲ ਕ੍ਰਮਵਾਰ 8 ਪੋਹ ਅਤੇ 13 ਪੋਹ ਨੂੰ ਮਨਾਏ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੋਹ ਸੁਦੀ ੭,੨੩ ਪੋਹ ਸੰਮਤ 1723 ਨੂੰ ਹੋਇਆ ਅਤੇ ਉਨ੍ਹਾਂ ਦਾ ਗੁਰ ਪੁਰਬ 23 ਪੋਹ ਨੂੰ ਮਨਾਉਣ ਦੀ ਬਜਾਏ ਚੰਦਰਮਾਂ ਦੀ ਤਿੱਥ ਪੋਹ ਸੁਦੀ ੭ ਨੂੰ ਮਨਾਏ ਜਾਣ ਕਾਰਨ ਗੁਰ ਪੁਰਬ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਦੋਵੇਂ ਦਿਹਾੜੇ ਇੱਕੋ ਦਿਨ ਅਤੇ ਕਦੀ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਵਿੱਚ ਆਉਣ ਨਾਲ ਗੁਰ ਪੁਰਬਾਂ ਦੀਆਂ ਅਸਲੀ ਤਾਰੀਖਾਂ ਕਿਸੇ ਨੂੰ ਯਾਦ ਨਹੀਂ ਰਹਿੰਦੀਆਂ। ਗੁਰਬਾਣੀ ਵਿੱਚ ਕਿਧਰੇ ਕੋਈ ਸੰਕੇਤ ਨਹੀਂ ਮਿਲਦਾ, ਜਿੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਹਿਦਾਇਤ ਕੀਤੀ ਹੋਵੇ ਕਿ ਗੁਰ ਪੁਰਬ ਚੰਦਰਮਾਂ ਦੀਆਂ ਤਿੱਥਾਂ ਮੁਤਾਬਕ ਅਤੇ ਬਾਕੀ ਦੇ ਇਤਿਹਾਸਕ ਦਿਹਾੜੇ ਸੰਗਰਾਂਦਾਂ ਦੇ ਹਿਸਾਬ ਸੂਰਜੀ ਤਾਰੀਖ਼ਾਂ ਮੁਤਾਬਕ ਮਨਾਏ ਜਾਣ ਫਿਰ ਕਿਉਂ ਨਹੀਂ ਸਾਰੇ ਦਿਹਾੜੇ ਨਾਨਕਸ਼ਾਹੀ ਕੈਲੰਡਰ ਦੀਆਂ ਸੂਰਜੀ ਤਾਰੀਖਾਂ ਮੁਤਾਬਕ ਕ੍ਰਮਵਾਰ 8 ਪੋਹ, 13 ਪੋਹ ਅਤੇ 23 ਪੋਹ ਨੂੰ ਮਨਾਏ ਜਾਣ, ਜੋ ਕਿ ਹਰ ਸਾਲ ਕ੍ਰਮਵਾਰ 21 ਦਸੰਬਰ, 26 ਦਸੰਬਰ ਅਤੇ 5 ਜਨਵਰੀ ਨੂੰ ਆਇਆ ਕਰਨਗੇ।

ਇਸ ਤੋਂ ਪਹਿਲਾਂ ਬਾਬਾ ਬੂਟਾ ਸਿੰਘ ਜੀ ਨੇ ਰਸ ਭਿੰਨਾ ਸ਼ਬਦ ਕੀਰਤਨ ਕੀਤਾ ਅਤੇ ਬਾਅਦ ’ਚ ਗਿਆਨੀ ਗੁਰਬਚਨ ਸਿੰਘ ਪੰਨਵਾਂ ਪ੍ਰਿੰਸੀਪਲ ਗੁਰਮਤਿ ਗਿਆਨ ਮਿਸ਼ਨਰੀ ਕਾਲਜ (ਲੁਧਿਆਣਾ) ਨੇ ਸਾਹਿਬਜ਼ਾਦਿਆਂ ਦਾ ਲੂੰ-ਕੰਡੇ ਖੜ੍ਹੇ ਕਰਨ ਵਾਲਾ ਸ਼ਹੀਦੀ ਇਤਿਹਾਸ ਸ਼੍ਰਵਣ ਕਰਵਾਇਆ।

ਦੁਨੀਆਂ ਭਰ ਦੀਆਂ ਸਿੱਖ ਸੰਗਤਾਂ 26 ਦਸੰਬਰ 2021 ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਸਮਾਗਮ ਕਰਨ

0

ਜਲੰਧਰ (17 ਦਸੰਬਰ) ਅੱਜ ਪੰਥ ਸੇਵਾ ਨੂੰ ਸਮਰਪਿਤ ਸਿੱਖ ਨੌਜਵਾਨਾਂ ਨੇ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਨੂੰ 26 ਦਸੰਬਰ 2021 ਨੂੰ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀਕਲਾ ਅਤੇ 25 ਸਾਲ ਤੋਂ ਵੱਧ ਉਮਰਕੈਦ ਕੱਟ ਚੁੱਕੇ 9 ਬੰਦੀ ਸਿੰਘਾਂ

ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ,

ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਮੀਤ ਸਿੰਘ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਦੀਪ ਸਿੰਘ ਖੇੜਾ ਦੀ ਪੱਕੀ ਰਿਹਾਈ ਲਈ ਅਰਦਾਸ ਸਮਾਗਮ ਕਰਨ ਦੀ ਅਪੀਲ ਕੀਤੀ ।

ਇਸ ਮੌਕੇ ਪੰਥ ਸੇਵਕ ਜਥਾ ਦੁਆਬਾ ਦੇ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਸਿੱਖ ਸੰਪਰਦਾਵਾਂ, ਸਿੱਖ ਸੰਸਥਾਵਾਂ ਤੇ ਜਥੇਬੰਦੀਆਂ, ਸੇਵਾ ਸਭਾਵਾਂ ਵੀ 26 ਦਸੰਬਰ 2021 ਨੂੰ ਆਪਣੇ ਨੇੜਲੇ ਗੁਰਦੁਆਰਾ ਸਾਹਿਬਾਨ ਵਿੱਚ ਬੰਦੀ ਸਿੰਘਾਂ ਦੀ ਚੜ੍ਹਦੀਕਲਾ ਅਤੇ ਰਿਹਾਈ ਲਈ ਅਰਦਾਸ ਸਮਾਗਮ ਕਰਵਾਉਣ।

ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਕਰੇ ਕੇਜਰੀਵਾਲ ਸਰਕਾਰ:::

ਬੀਤੇ 26 ਸਾਲਾਂ ਤੋਂ ਕੈਦ ਬੰਦੀ ਸਿੰਘ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਪੱਕੀ ਰਿਹਾਈ ਵਿਚਲੇ ਸਾਰੇ ਕਾਨੂੰਨੀ ਅੜਿੱਕੇ ਹੁਣ ਦੂਰ ਹੋ ਚੁੱਕੇ ਹਨ ਇਸ ਲਈ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਬਿਨਾ ਦੇਰੀ ਪ੍ਰੋ. ਭੁੱਲਰ ਦੀ ਰਿਹਾਈ ਦੇ ਪਰਵਾਨੇ ਉੱਤੇ ਦਸਤਖਤ ਕਰਕੇ ਰਿਹਾਈ ਕਰਨੀ ਚਾਹੀਦੀ ਹੈ।

ਇਹ ਮਸਲਾ ਚੁੱਕਦਿਆਂ ਅੱਜ ਪੰਜਾਬ ਵਿਚਲੇ ਸਿੱਖ ਨੌਜਵਾਨਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 1995 ਤੋਂ ਜੇਲ੍ਹ ਵਿਚ ਕੈਦ ਪ੍ਰੋ. ਭੁੱਲਰ ਦੀ ਰਿਹਾਈ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਸਹਿਮਤੀ ਦੇ ਚੁੱਕੀ ਹੈ ਅਤੇ ਜੇਲ੍ਹ ਪ੍ਰਸ਼ਾਸਨ, ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਨੇ ਵੀ ਉਸਦੀ ਰਿਹਾਈ ਨਾਲ ਸਹਿਮਤੀ ਪ੍ਰਗਾਟਾਈ ਹੈ ਤੇ ਹੁਣ ਸਿਰਫ ਕੇਜਰੀਵਾਲ ਸਰਕਾਰ ਦੇ ਦਸਤਖਤਾਂ ਉੱਤੇ ਨਿਰਭਰ ਹੈ।

ਇਸ ਮੌਕੇ ਪ੍ਰੋ. ਭੁੱਲਰ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਲ 2019 ਵਿਚ ਪ੍ਰੋ. ਭੁੱਲਰ ਦੀ ਪੱਕੀ ਰਿਹਾਈ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਵਿਰੁਧ ਸੁਪਰੀਮ ਕੋਰਟ ਵਿਚ ਪਈ ਇਕ ਪਟੀਸ਼ਨ ਕਾਰਨ ਪ੍ਰੋ. ਭੁੱਲਰ ਦੀ ਰਿਹਾਈ ਦਾ ਮਾਮਲਾ ਲਮਕ ਗਿਆ ਸੀ। ਪਰ ਹੁਣ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਖਾਰਜ ਕਰਕੇ ਇਹ ਰੁਕਾਵਟ ਵੀ ਦੂਰ ਕਰ ਦਿੱਤੀ ਹੈ। ਉਹਨਾ ਕਿਹਾ ਕਿ ਦਿੱਲੀ ਸਰਕਾਰ ਨੂੰ ਤਾਜਾ ਸਥਿਤੀ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ ਤੇ ਕੇਜਰੀਵਾਲ ਸਰਕਾਰ ਨੂੰ ਬਿਨਾ ਦੇਰੀ ਪ੍ਰੋ. ਭੁੱਲਰ ਦੀ ਰਿਹਾਈ ਕਰਨੀ ਚਾਹੀਦੀ ਹੈ ਕਿਉਂਕਿ ਪਹਿਲਾਂ ਕੇਜਰੀਵਾਲ ਖੁਦ ਵੀ ਉਹਨਾ ਦੀ ਰਿਹਾਈ ਦੀ ਮੰਗ ਕਰਦੇ ਰਹੇ ਹਨ।

ਇਸ ਮੌਕੇ ਅਜੈਪਾਲ ਸਿੰਘ ਬਰਾੜ, ਪਰਮਜੀਤ ਸਿੰਘ ਮੰਡ, ਸੁਖਦੀਪ ਸਿੰਘ ਮੀਕੇ, ਦਵਿੰਦਰ ਸਿੰਘ ਸੇਖੋਂ, ਜੁਝਾਰ ਸਿੰਘ, ਇੰਦਰਪਾਲ ਸਿੰਘ, ਪਰਦੀਪ ਸਿੰਘ ਇਆਲੀ, ਅਤੇ ਪਰਮਜੀਤ ਸਿੰਘ ਗਾਜ਼ੀ ਵੀ ਹਾਜ਼ਰ ਸਨ ।

ਕਿਸਾਨ ਮੋਰਚੇ ਦੀ ਜਿੱਤ ਉਪਰੰਤ ਅਗਲਾ ਏਜੰਡਾ ਕੀ ਹੋਵੇ

0

ਕਿਸਾਨ ਮੋਰਚੇ ਦੀ ਜਿੱਤ ਉਪਰੰਤ ਅਗਲਾ ਏਜੰਡਾ ਕੀ ਹੋਵੇ

ਕਿਰਪਾਲ ਸਿੰਘ ਬਠਿੰਡਾ 88378-13661

ਅਕਾਲ ਪੁਰਖ ਦੀ ਬਖਸ਼ਿਸ਼ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਆਪਣੀ ਪੂਰਨ ਏਕਤਾ ਅਤੇ ਬਹੁਤ ਹੀ ਸੂਝ-ਬੂਝ ਨਾਲ ਚਲਾਏ ਮੋਰਚੇ ਸਦਕਾ ਕਿਸਾਨਾਂ ਦੀ ਇਤਿਹਾਸਕ ਜਿੱਤ ਹੋਈ ਹੈ। ਇਸ ਇਤਿਹਾਸਕ ਜਿੱਤ ਦਾ ਸਿਹਰਾ ਕਿਸਾਨ ਜਥੇਬੰਦੀਆਂ ਦੇ ਸਮੂਹ ਆਗੂਆਂ ਅਤੇ ਉਨ੍ਹਾਂ ਸਿਰੜੀ ਕਿਸਾਨਾਂ ਦੇ ਸਿਰ ਬੱਝਦਾ ਹੈ ਜਿਨ੍ਹਾਂ ਇਹ ਪ੍ਰਣ ਕਰ ਦਿੱਲੀ ਵੱਲ ਕੂਚ ਕੀਤਾ ਸੀ ਕਿ ਜਾਂ ਤਾਂ ਅਸੀਂ ਤਿੰਨੇ ਕਾਲ਼ੇ ਕਾਨੂੰਨ ਰੱਦ ਕਰਵਾ, ਐੱਮ.ਐੱਸ.ਪੀ ਦੀ ਕਾਨੂੰਨੀ ਗਰੰਟੀ ਲੈ, ਬਿਜਲੀ ਸੋਧ ਬਿੱਲ ਤੇ ਪਰਾਲੀ ਸਾੜਨ ’ਤੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਨਾ ਅਤੇ ਸਜਾ ਦੇਣ ਦੀ ਤਜਵੀਜ਼ ਵਾਲਾ ਬਿੱਲ ਵਾਪਸ ਕਰਵਾ ਕੇ ਹੀ ਵਾਪਸ ਆਵਾਂਗੇ ਜਾਂ ਸਾਡੀਆਂ ਲਾਸ਼ਾਂ ਵਾਪਸ ਆਉਣਗੀਆਂ। ਆਪਣੇ ਵਾਅਦੇ ਅਨੁਸਾਰ ਪੂਰੀ ਦ੍ਰਿੜਤਾ ਨਾਲ ਦਿੱਲੀ ਦੀਆ ਸਰਹੱਦਾਂ ’ਤੇ 0° ਤੋਂ 44° ਸੈਂਟੀਗਰੇਡ ਤਾਪਮਾਨ ਅਤੇ ਵਰ੍ਹਦੇ ਮੀਹਾਂ ਵਿੱਚ ਸੜਕਾਂ ’ਤੇ ਖੁਲ੍ਹੇ ਅਸਮਾਨ ਹੇਠ ਇੱਕ ਦੋ ਨਹੀਂ ਬਲਕਿ 380 ਦਿਨ ਗੁਜਾਰਨ ਵਾਲੇ ਕਿਸਾਨਾਂ ਤੇ ਕਿਸਾਨ ਆਗੂਆਂ ਨੂੰ ਤਾਂ ਸਿਜਦਾ ਕਰਨੀ ਬਣਦੀ ਹੀ ਹੈ ਪਰ ਦੇਸ਼ ਵਿਦੇਸ਼ ’ਚ ਵਸਦੇ ਭਾਰਤੀ ਲੋਕਾਂ, ਖਾਸ ਕਰ ਸਿੱਖਾਂ ਵੱਲੋਂ ਮੋਰਚੇ ਨੂੰ ਦਿਲ ਖੋਲ੍ਹ ਕੇ ਆਰਥਿਕ ਸਹਾਇਤਾ ਅਤੇ ਇਖਲਾਖ਼ੀ ਤੌਰ ’ਤੇ ਸਮਰਥਨ ਦੇਣ ਵਾਲਿਆਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ। ਨਿਰਪੱਖ ਸੋਸ਼ਲ ਮੀਡੀਆ, ਕੁਝ ਕੁ ਖੇਤਰੀ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ, ਜਿਨ੍ਹਾਂ ਵਿਚੋਂ ਖਾਸ ਕਰ ਸੋਸ਼ਿਲ ਮੀਡੀਆ ਦੀ ਨਿਰਪੱਖ ਰਿਪੋਰਟਿੰਗ ਨੇ ਅੰਦੋਲਨਕਾਰੀ ਕਿਸਾਨਾਂ ਨੂੰ ਬਦਨਾਮ ਕਰਨ ਵਾਲੀ ਭਾਜਪਾ ਪਾਰਟੀ ਅਤੇ ਸਰਕਾਰ ਸਮੇਤ ਗੋਦੀ ਮੀਡੀਏ ਦੀ ਅਸਲੀਅਤ ਜੱਗ ਜ਼ਾਹਰ ਕੀਤੀ ਅਤੇ ਕਿਸਾਨਾਂ ਦੀ ਸਰਕਾਰ ਤੇ ਲੋਕਾਂ ਸਾਹਮਣੇ ਸਹੀ ਤਰਜਮਾਨੀ ਕਰ ਸਫਲਤਾ ਵਿੱਚ ਵੱਡਾ ਹਿੱਸਾ ਪਾਇਆ; ਉਨ੍ਹਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ।

ਇਸ ਗੱਲ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਤਾਨਾਸ਼ਾਹੀ ਮੋਦੀ ਸਰਕਾਰ ਜਿਸ ਬਾਰੇ ਗੋਦੀ ਮੀਡੀਆ ਭਾਜਪਾ ਨੇ ਇਹ ਧਾਰਨਾ ਬਣਾ ਰੱਖੀ ਸੀ ‘ਮੋਦੀ ਹੈ ਤਾਂ ਮੁਮਕਿਨ ਹੈ’ ;  ਜਿਸ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਹੁਣ ਤੱਕ ਤਾਨਾਸ਼ਾਹੀ ਫੈਸਲੇ ਲਏ ਤੇ ਕਾਨੂੰਨ ਪਾਸ ਕਰਾ ਲਏ, ਜਿਸ ਦਾ ਵੱਡੇ ਪੱਧਰ ’ਤੇ ਜਨਤਕ ਤੇ ਰਾਜਨੀਤਿਕ ਵਿਰੋਧ ਹੋਣ ਦੇ ਬਾਵਜੂਦ ਇਨ੍ਹਾਂ ਕਾਨੂੰਨਾਂ ਵਿੱਚ ਕੋਈ ਸੋਧ ਨਾ ਕਰਾ ਸਕਿਆ, ਉਹ ਮੋਦੀ ਕਿਸੇ ਵੀ ਹਾਲਤ ਵਿੱਚ ਆਪਣੇ ਵੱਲੋਂ ਪਾਸ ਕਰਵਾਏ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਜਾਂ ਰੱਦ ਕਰਨ ਸਬੰਧੀ ਸੋਚੇਗਾ ਵੀ ਨਹੀਂ। ਹੋਰ ਤਾਂ ਹੋਰ ਪੰਜਾਬ ਜਿੱਥੇ ਕਿਸਾਨ ਮੋਰਚਾ ਸਭ ਤੋਂ ਪਹਿਲਾਂ ਸ਼ੁਰੂ ਹੋਇਆ; ਜਿੱਥੋਂ ਦੇ ਕਿਸਾਨ ਆਗੂਆਂ ਨੇ ਸਾਰੇ ਦੇਸ਼ ਦੇ ਕਿਸਾਨ ਆਗੂਆਂ ਨੂੰ ਲਾਮਬੰਦ ਕਰ ਇਸ ਨੂੰ ਦੇਸ਼ ਵਿਆਪੀ ਬਣਾਇਆ ਅਤੇ ਜਿੱਤ ਮਿਲਣ ਤੱਕ ਪੰਜਾਬ ਦੇ ਕਿਸਾਨ ਆਗੂਆਂ ਦੀ ਪ੍ਰਭਾਵਸ਼ਾਲੀ ਕਾਰਗੁਜਾਰੀ ਰਹੀ, ਉਸੇ ਸੂਬੇ ਦੀ ਭਾਜਪਾ ਇਕਾਈ ਦੇ ਆਗੂ ਜਿਹੜੇ ਸਿੱਖ ਕਿਸਾਨ ਪਰਿਵਾਰਾਂ ਨਾਲ ਸੰਬੰਧਿਤ ਹਨ ਉਹ ਵੀ ਟੀਵੀ ਚੈੱਨਲਾਂ ’ਤੇ ਬੜੇ ਧੜੱਲੇਦਾਰ ਢੰਗ ਨਾਲ ਹਿੱਕ ਠੋਕ ਕੇ ਬਿਆਨ ਦਿੰਦੇ ਰਹੇ ਕਿ ਜਿਹੜੇ ਕਾਨੂੰਨ ਇੱਕ ਵਾਰ ਪਾਸ ਹੋ ਗਏ ਉਹ ਕਿਸੇ ਵੀ ਹਾਲਤ ’ਚ ਰੱਦ ਨਹੀਂ ਹੋਣਗੇ, ਜੇ ਕਿਸਾਨ ਚਾਹੁਣ ਤਾਂ ਕੋਈ ਤਜਵੀਜ਼ ਲੈ ਕੇ ਆਉਣ ਤਾਂ ਉਸ ਵਿੱਚ ਸੋਧਾਂ ਕਰਵਾ ਲੈਣ। ਅਜਿਹੀ ਹਾਲਤ ’ਚ ਭਾਜਪਾ ਆਗੂ ਤੇ ਗੋਦੀ ਮੀਡੀਆ ਤਾਂ ਸੋਚ ਵੀ ਨਹੀਂ ਸਕਦੇ ਪਰ 19 ਨਵੰਬਰ 2021 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਵੇਰੇ ਹੀ ਜਦੋਂ ਪ੍ਰਧਾਨ ਮੰਤਰੀ ਨੇ ਲਾਈਵ ਹੋ ਅਚਾਨਕ ਇਹ ਐਲਾਨ ਕਰ ਦਿੱਤਾ ਕਿ ਕਾਨੂੰਨ ਤਾਂ ਕਿਸਾਨਾਂ ਦੇ ਹਿੱਤ ਵਿੱਚ ਬਣਾਏ ਸਨ ਪਰ ਮੇਰੀ ਤਪੱਸਿਆ ’ਚ ਹੀ ਕੋਈ ਫ਼ਰਕ ਰਹਿ ਗਿਆ ਜਿਸ ਕਾਰਨ ਕੁਝ ਕਿਸਾਨਾਂ ਨੂੰ ਉਨ੍ਹਾਂ ਦੇ ਫਾਇਦੇ ਸਮਝਾ ਨਹੀਂ ਸਕਿਆ ਇਸ ਲਈ ਮੁਆਫ਼ੀ ਵੀ ਮੰਗੀ ਤੇ ਤਿੰਨੇ ਕਾਨੂੰਨ ਰੱਦ ਕਰਨ ਦੇ ਫੈਸਲੇ ਦਾ ਐਲਾਨ ਕਰ ਉਸ ਦੀ ਪ੍ਰਕਿਰਿਆ 29 ਨਵੰਬਰ 2021 ਨੂੰ ਸ਼ੁਰੂ ਹੋ ਰਹੇ ਪਾਰਲੀਮੈਂਟ ਸੈਸ਼ਨ ਦੌਰਾਨ ਹੀ ਪੂਰੀ ਕਰ ਦਿੱਤੇ ਜਾਣ ਦਾ ਵਾਅਦਾ ਕੀਤਾ। ਇਸ ਦੇ ਨਾਲ ਇਹ ਵਾਅਦਾ ਵੀ ਕੀਤਾ ਕਿ ਐੱਮ.ਐੱਸ.ਪੀ. ਲਈ ਕਿਸਾਨਾਂ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਈ ਜਾਵੇਗੀ ਅਤੇ ਪਰਾਲ਼ੀ ਸਾੜਨ ’ਤੇ ਕਿਸਾਨਾਂ ਨੂੰ ਜੁਰਮਾਨਾਂ ਤੇ ਸਜਾ ਦੇਣ ਵਾਲੀ ਮਦ ਤੇ ਬਿਜਲੀ ਸੋਧ ਬਿੱਲ ਵਾਪਸ ਲਏ ਜਾਣਗੇ। ਇਸ ਖ਼ਬਰ ’ਤੇ ਆਮ ਲੋਕ ਤਾਂ ਕੀ ਭਾਜਪਾ ਆਗੂ ਵੀ ਓਨਾਂ ਚਿਰ ਯਕੀਨ ਕਰਨ ਲਈ ਤਿਆਰ ਨਹੀਂ ਸਨ ਜਿਨ੍ਹਾਂ ਚਿਰ ਮੋਦੀ ਦੇ ਇਸ ਬਿਆਨ ਵਾਲੀ ਵੀਡੀਓ ਆਪਣੀ ਅੱਖੀਂ ਵੇਖ ਅਤੇ ਕੰਨੀਂ ਸੁਣ ਨਹੀਂ ਲਈ।

ਭਾਰਤੀ ਕਿਸਾਨ ਸੰਯੁਕਤ ਮੋਰਚੇ ਦੇ ਪ੍ਰਮੁਖ ਆਗੂ ਸ: ਬਲਵੀਰ ਸਿੰਘ ਰਾਜੇਵਾਲ ਦੀ ਟਿੱਪਣੀ ਬੜੀ ਹੀ ਢੁੱਕਵੀਂ ਸੀ ਕਿ ਜਿਹੜੇ ਝੁਕਦੇ ਨਹੀਂ ਉਹ ਟੁੱਟ ਜਾਂਦੇ ਹਨ; ਇਸੇ ਤਰ੍ਹਾਂ ਜਿਸ ਮੋਦੀ ਬਾਰੇ ਕਿਹਾ ਜਾਂਦਾ ਸੀ ਕਿ ਉਹ ਇੱਕ ਵੀ ਇੰਚ ਪਿੱਛੇ ਨਹੀਂ ਹਟੇਗਾ ਉਹ ਐਸਾ ਟੁੱਟਿਆ ਕਿ ਇੱਕੋ ਝਟਕੇ ’ਚ ਸਾਡੀਆਂ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਕਰ ਬੈਠਿਆ, ਫਿਰ ਭੀ ਅਸੀਂ ਉਸ ਦੇ ਕਿਸੇ ਜ਼ਬਾਨੀ ਐਲਾਨ ’ਤੇ ਭਰੋਸਾ ਕਰ ਉਸ ਸਮੇਂ ਤੱਕ ਇੱਥੋਂ ਨਹੀਂ ਉੱਠਾਂਗੇ ਜਦ ਤਕ ਕਾਨੂੰਨ ਰੱਦ ਕਰਨ ਵਾਲਾ ਮਤਾ ਪਾਸ ਹੋ ਉਸ ’ਤੇ ਰਾਸ਼ਟਰਪਤੀ ਦੇ ਦਸਤਖ਼ਤ ਨਹੀਂ ਹੋ ਜਾਂਦੇ ਤੇ ਬਾਕੀ ਦੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰਨ ਦੀ ਪੂਰੀ ਗਰੰਟੀ ਸਾਡੇ ਪਾਸ ਲਿਖਤੀ ਰੂਪ ’ਚ ਨਹੀਂ ਪਹੁੰਚ ਜਾਂਦੀ। ਕਿਸਾਨ ਆਪਣੇ ਇਸ ਐਲਾਨ ’ਤੇ ਕਾਇਮ ਰਹੇ, ਆਪਣੀਆਂ ਸ਼ਰਤਾਂ ਅਧੀਨ ਸਰਕਾਰ ਤੋਂ ਲਿਖਤੀ ਪੱਤਰ ਲੈਣ ਤੋਂ ਬਾਅਦ 11 ਦਸੰਬਰ 2021 ਨੂੰ ਦਿੱਲੀ ਤੋਂ ਵਾਪਸ ਚਾਲੇ ਪਾ 13 ਦਸੰਬਰ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚ ਕੇ ਅਕਾਲ ਪੁਰਖ ਅਤੇ ਗੁਰੂ ਸਾਹਿਬਾਨ ਜਿਨ੍ਹਾਂ ਦੀ ਪ੍ਰੇਰਨਾਂ ਅਤੇ ਬਖ਼ਸ਼ੇ ਬਲ ਸਦਕਾ ਮੋਰਚਾ ਫ਼ਤਿਹ ਹੋਇਆ; ਦਾ ਸ਼ੁਕਰਾਨਾ ਕੀਤਾ। ਮਿਤੀ 15 ਦਸੰਬਰ ਨੂੰ ਪੰਜਾਬ ’ਚ ਟੌਲ ਪਲਾਜ਼ੇ ਅਤੇ ਕਾਰਪੋਰੇਟ ਅਦਾਰੇ ਜਿੱਥੇ ਜਿੱਥੇ ਧਰਨੇ ਲੱਗੇ ਸਨ ਉੱਥੇ ਉੱਥੇ ਸਮਾਪਿਤ ਕੀਤੇ ਸਮਾਗਮਾਂ ’ਚ ਪਹੁੰਚੇ ਵੱਡੇ ਆਗੂਆਂ ਨੇ ਅੰਦੋਲਨ ’ਚ ਆਪਣਾ ਯੋਗਦਾਨ ਪਾਉਣ ਵਾਲੇ ਸਮੂਹ ਕਿਸਾਨ ਤੇ ਹੋਰ ਜਥੇਬੰਦੀਆਂ ਦਾ ਧੰਨਵਾਦ ਕਰਨ ਤੋਂ ਬਾਅਦ ਧਰਨੇ ਚੁੱਕਣ ਅਤੇ ਟੌਲ ਪਲਾਜ਼ੇ ਤੇ ਹੋਰ ਅਦਾਰੇ ਖੋਲ੍ਹਣ ਦਾ ਐਲਾਨ ਵੀ ਕੀਤਾ ਗਿਆ।

ਇਸ ਵੱਡੀ ਜਿੱਤ ਨਾਲ ਕਿਸਾਨ ਜਥੇਬੰਦੀਆਂ ਆਪਣੀ ਜਿੰਮੇਵਾਰੀ ਤੋਂ ਮੁਕਤ ਨਹੀਂ ਹੋਈਆਂ ਬਲਕਿ ਵੱਡੀ ਜਿੰਮੇਵਾਰੀ ਉਨ੍ਹਾਂ ਦੇ ਮੋਢਿਆ ’ਤੇ ਆ ਪਈ ਹੈ। ਪੰਜਾਬੀਆਂ ਸਮੇਤ ਸਮੂਹ ਦੇਸ਼ ਵਾਸੀ ਉਨ੍ਹਾਂ ਤੋਂ ਆਸ ਰੱਖਦੇ ਹਨ ਕਿ ਜਿਸ ਤਰ੍ਹਾਂ ਸੂਝ-ਬੂਝ ਅਤੇ ਸੰਪੂਰਨ ਏਕਤਾ ਨਾਲ ਇਸ ਬਹੁਤ ਹੀ ਕਠਿਨ ਸਮਝੇ ਜਾਂਦੇ ਮੋਰਚੇ ਨੂੰ ਸਫਲਤਾ ਦਿਵਾਈ ਹੈ ਉਸੇ ਤਰ੍ਹਾਂ ਦੇਸ਼ਵਾਸੀਆਂ ਦੀਆਂ, ਖਾਸ ਕਰ ਪੰਜਾਬ ਦੀਆਂ ਬਾਕੀ ਮੰਗਾਂ ਨੂੰ ਕੇਵਲ ਉਠਾਇਆ ਹੀ ਨਹੀਂ ਬਲਕਿ ਹੱਲ ਕਰਵਾਉਣ ਲਈ ਅੱਗੇ ਵਧਿਆ ਜਾਵੇ। ਜਿਸ ਸੂਝ-ਬੂਝ ਨਾਲ ਕਿਸਾਨ ਆਗੂਆਂ ਨੇ ਮੋਰਚਾ ਚਲਾਇਆ ਉਸ ਨੂੰ ਵੇਖਦੇ ਉਨ੍ਹਾਂ ਦੀ ਯੋਗਤਾ ਤੇ ਸਿਆਣਪ ’ਤੇ ਕੋਈ ਸ਼ੱਕ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਲਈ ਪੂਰਾ ਯਕੀਨ ਹੈ ਕਿ ਅੱਗੇ ਤੋਂ ਵੀ ਤਨਦੇਹੀ ਨਾਲ ਇਸੇ ਤਰ੍ਹਾਂ ਆਪਣੀ ਸਿਰ ਪਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਹਰ ਕਦਮ ਪੁੱਟਣਗੇ।

ਇਸ ਮੌਕੇ ਕਿਸਾਨ ਆਗੂਆਂ ਲਈ ਸਭ ਤੋਂ ਵੱਡਾ ਫੈਸਲਾ ਕਰਨ ਦੀ ਇਹ ਲੋੜ ਹੈ ਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸਾਨ ਆਪਣਾ ਕੀ ਰੋਲ ਅਦਾ ਕਰਨ ? ਇਸ ਸਬੰਧੀ (1) ਸਿੱਧੇ ਰੂਪ ’ਚ ਕਿਸਾਨ ਆਪਣੀ ਪਾਰਟੀ ਬਣਾ ਕੇ ਖ਼ੁਦ ਲੜਨ, (2) ਕਿਸੇ ਖਾਸ ਪਾਰਟੀ ਤੋਂ ਭਰੋਸਾ ਲੈ ਕੇ ਉਸ ਦੀ ਮਦਦ ਕਰਨ, (3) ਚੋਣ ਪਾਲਿਟਿਕਸ ਤੋਂ ਦੂਰ ਅਤੇ ਨਿਰਪੱਖ ਰਹਿ ਕੇ ਪ੍ਰੈੱਸ਼ਰ ਗਰੁੱਪ ਦੇ ਤੌਰ ’ਤੇ ਕੰਮ ਕਰਨ, ਇਹ ਤਿੰਨ ਵੱਖ ਵੱਖ ਰਾਵਾਂ ਚੱਲ ਰਹੀਆਂ ਹਨ। ਇਸ ਸਬੰਧੀ ਕਿਸਾਨ ਜਥੇਬੰਦੀਆਂ ਸਮੇਤ ਆਮ ਲੋਕਾਂ ਦੀ ਰਾਇ ਵੰਡੀ ਹੋਈ ਹੈ। ਇੱਕ ਹੋਰ ਅਫਵਾਹ ਸੁਣੀ ਜਾ ਰਹੀ ਹੈ ਕਿ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਸ: ਹਰਮੀਤ ਸਿੰਘ ਕਾਦੀਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਣ ਸਕਦੇ ਹਨ ਅਤੇ ਸੰਯੁਕਤ ਕਿਸਾਨ ਮੋਰਚੇ ’ਚ ਮੋਹਰੀ ਰੋਲ ਅਦਾ ਕਰਨ ਵਾਲੇ ਸ: ਬਲਵੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਹੋ ਸਕਦੇ ਹਨ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦੋਵਾਂ ਆਗੂਆਂ ਦੀ ਆਮ ਆਦਮੀ ਪਾਰਟੀ ਨਾਲ ਕਿਸਾਨ ਆਗੂਆਂ ਲਈ 35 ਸੀਟਾਂ ਦੇਣ ਦੀ ਗੱਲ ਵੀ ਹੋ ਚੁੱਕੀ ਹੈ। ਭਾਵੇਂ ਇਨ੍ਹਾਂ ਅਫਵਾਹਾਂ ’ਤੇ ਓਨੀ ਦੇਰ ਯਕੀਨ ਨਹੀਂ ਕੀਤਾ ਜਾ ਸਕਦਾ ਜਿੰਨਾਂ ਚਿਰ ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਤੌਰ ’ਤੇ ਐਲਾਨ ਨਹੀਂ ਕਰ ਦਿੱਤਾ ਜਾਂਦਾ ਅਤੇ ਇਨ੍ਹਾਂ ਕਿਸਾਨ ਆਗੂਆਂ ਵੱਲੋਂ ਖ਼ੁਦ ਅਧਿਕਾਰਤ ਤੌਰ ’ਤੇ ਸਹਿਮਤੀ ਨਹੀਂ ਦਿੱਤੀ ਜਾਂਦੀ ਪਰ ਫਿਰ ਵੀ ਜਿਸ ਤਰ੍ਹਾਂ ਕਾਫੀ ਦੇਰ ਤੋਂ ਪੱਤਰਕਾਰ ਹਲਕਿਆਂ ਵਿੱਚ ਰਾਜੇਵਾਲ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਹੋਣ ਦੀ ਚਰਚਾ ਚੱਲ ਰਹੀ ਹੈ ਅਤੇ ਪਾਰਟੀ ਵਰਕਰਾਂ ਤੇ ਆਗੂਆਂ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੀਤੇ ਜਾਣ ਦੀ ਮੰਗ ਨੂੰ ਨਜਰਅੰਦਾਜ਼ ਕਰ ਆਪ ਦੇ ਕੌਮੀ ਕਨਵੀਨਰ ਕੇਜਰੀਵਾਲ ਵੱਲੋਂ ਹਰ ਵਾਰੀ ਇਹੀ ਬਿਆਨ ਦਿੱਤਾ ਜਾ ਰਿਹਾ ਹੈ ਕਿ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਲਈ ਪਾਰਟੀ ਵੱਲੋਂ ਪ੍ਰਭਾਵਸ਼ਾਲੀ ਸਿੱਖ ਚਿਹਰਾ ਹੋਵੇਗਾ ਜੋ ਸਭ ਨੂੰ ਪ੍ਰਵਾਣ ਹੋਵੇਗਾ। ਕੇਜਰੀਵਾਲ ਦੇ ਇਸ ਬਿਆਨ ਤੋਂ ਪੱਤਰਕਾਰ ਇਹੀ ਅੰਦਾਜ਼ਾ ਲਾ ਰਹੇ ਹਨ ਕਿ ਕੇਜਰੀਵਾਲ ਅਤੇ ਰਾਜੇਵਾਲ ਇਸ ਉਡੀਕ ’ਚ ਹਨ ਕਿ ਕਦੋਂ ਕਿਸਾਨ ਮੋਰਚਾ ਸਮਾਪਤ ਹੋਵੇ ਤਾਂ ਕਿ ਉਹ ਅਧਿਕਾਰਤ ਤੌਰ ’ਤੇ ਐਲਾਨ ਕਰ ਸਕਣ। ਇਹ ਸ਼ੱਕ ਉਸ ਸਮੇਂ ਹੋਰ ਵਧ ਜਾਂਦਾ ਹੈ ਜਦੋਂ ਕਿਸਾਨ ਮੋਰਚੇ ਦੀ ਜਿੱਤ ਉਪਰੰਤ ਪੱਤਰਕਾਰਾਂ ਦੇ ਇਸ ਸਵਾਲ ਕਿ ਹੁਣ ਪੰਜਾਬ ਵਿਧਾਨ ਸਭਾ ਚੋਣਾਂ ’ਚ ਤੁਹਾਡਾ ਕੀ ਰੋਲ ਹੋਵੇਗਾ; ਨੂੰ ਇਹ ਕਹਿ ਕੇ ਟਾਲ਼ ਜਾਂਦੇ ਹਨ ਕਿ ਇਸ ਸਬੰਧੀ ਫੈਸਲਾ ਪੰਜਾਬ ਪਹੁੰਚਣ ਤੋਂ ਬਾਅਦ ਕੀਤਾ ਜਾਵੇਗਾ।

ਕਿਸਾਨ ਆਗੂ ਜਿਨ੍ਹਾਂ ਨੇ ਬਹੁਤ ਹੀ ਸੂਝ-ਬੂਝ ਨਾਲ ਮੋਦੀ ਸਰਕਾਰ, ਭਾਜਪਾ ਅਤੇ ਗੋਦੀ ਮੀਡੀਏ ਵੱਲੋਂ ਸਿੱਖਾਂ ਨੂੰ ਬਦਨਾਮ ਕਰਨ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਫੁੱਟ ਪਾਉਣ ਵਾਲੀ ਹਰ ਕੋਸ਼ਿਸ਼ ਨੂੰ ਅਸਫਲ ਬਣਾਇਆ। ਜਿਨ੍ਹਾਂ ਆਗੂਆਂ ਨੂੰ ਬਹੁਤ ਪ੍ਰਸਿੱਧੀ ਮਿਲ ਜਾਵੇ ਉਨ੍ਹਾਂ ਨੂੰ ਭ੍ਰਮਾ ਕੇ ਸਿਆਸੀ ਪਾਰਟੀਆਂ ਏਜੰਸੀਆਂ ਰਾਹੀਂ ਆਪਣੇ ਪੱਖ ’ਚ ਭੁਗਤਾਉਣ ਵਿੱਚ ਕਈ ਵਾਰ ਸਫਲ ਹੋ ਜਾਂਦੀਆਂ ਹਨ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂਆਂ ਵੱਲੋਂ ਬਿਆਨ ਆ ਚੁੱਕੇ ਹਨ ਕਿ ਅਸੀਂ ਕਿਸੇ ਸਿਆਸਤ ਦਾ ਹਿੱਸਾ ਨਹੀਂ ਬਣਾਂਗੇ ਤੇ ਪ੍ਰੈੱਸ਼ਰ ਗਰੁੱਪ ਦੇ ਤੌਰ ’ਤੇ ਕੰਮ ਕਰ ਕਿਸਾਨਾਂ ਸਮੇਤ ਸਮੁੱਚੇ ਦੇਸ਼ ਵਾਸੀਆਂ ਦੀਆਂ ਬਾਕੀ ਮੁਸ਼ਕਲਾਂ ਹੱਲ ਕਰਵਾਉਣ ਲਈ ਮਿਲ ਕੇ ਕੰਮ ਕਰਦੇ ਰਹਾਂਗੇ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਜੇ ਕੋਈ ਕਿਸਾਨ ਆਗੂ ਸਿਆਸਤ ਦਾ ਹਿੱਸਾ ਬਣੇਗਾ ਤਾਂ ਉਹ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਨਹੀਂ ਬਣ ਸਕਦਾ। ਕਿਸਾਨ ਅੰਦੋਲਨ ਨਾਲ ਜੁੜੀ ਸੋਨੀਆ ਮਾਨ ਦਾ ਅਕਾਲੀ ਦਲ ’ਚ ਅਤੇ ਸਿੱਧੂ ਮੂਸੇਵਾਲਾ ਨੂੰ ਕਾਂਗਰਸ ’ਚ ਸ਼ਾਮਲ ਹੋਣ ਪਿੱਛੋਂ ਜਿਸ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ। ਸੋ ਪੰਜਾਬ ਮਿਸ਼ਨ ਲਈ ਸਿਆਸਤ ਵਿੱਚ ਦਾਖਲ ਹੋਣ ਜਾਂ ਨਾ ਹੋਣ ਦਾ ਜੋ ਵੀ ਫੈਸਲਾ ਹੋਵੇ ਉਹ ਪਹਿਲੇ ਦੀ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੀ ਪੂਰਨ ਸਹਿਮਤੀ ਨਾਲ ਹੀ ਹੋਣਾ ਚਾਹੀਦਾ ਹੈ। ਐਸਾ ਨਾ ਹੋਵੇ ਕਿ ਸੰਯੁਕਤ ਕਿਸਾਨ ਮੋਰਚੇ ’ਚ ਅਹਿਮ ਰੋਲ ਨਿਭਾਉਣ ਵਾਲੇ ਕਿਸੇ ਕੱਦਾਵਰ ਆਗੂ ਵੱਲੋਂ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਹੋਣ ਪਿੱਛੋਂ ਸੰਯੁਕਤ ਕਿਸਾਨ ਮੋਰਚੇ ਤੋਂ ਵੱਖ ਹੋਣਾ ਪਵੇ ਜਿਸ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਤਾਕਤ ਕਮਜੋਰ ਹੋਵੇ। ਇਸ ਨਾਲ ਕਿਸਾਨਾਂ ਸਮੇਤ ਦੇਸ਼ ਦੀ ਰਾਜਨੀਤੀ ਬਦਲਣ ਦੀ ਲੋੜ ਚਾਹੁਣ ਵਾਲੀਆਂ ਧਿਰਾਂ ਦਾ ਨੁਕਸਾਨ ਹੋਵੇਗਾ। ਸਭਨਾਂ ਨੇ ਵੇਖਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੋ ਵੀ ਆਦੇਸ਼ ਦੇਸ਼ ਦੀ ਸਿਆਸੀ ਪਾਰਟੀਆਂ ਨੂੰ ਦਿੱਤਾ ਉਹ ਉਸ ’ਤੇ ਅਮਲ ਕਰਨ ਲਈ ਮਜਬੂਰ ਹੋ ਗਈਆਂ ਸਨ, ਪਰ ਕਿਸੇ ਵੀ ਪਾਰਟੀ ’ਚ ਸ਼ਾਮਲ ਹੋ ਕੇ ਦੂਸਰੀਆਂ ਪਾਰਟੀਆਂ ਦੀ ਤਾਂ ਗੱਲ ਹੀ ਛੱਡੋ ਆਪਣੀ ਹੀ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਵੀ ਆਪਣੀ ਰਾਇ ਮਨਵਾਉਣ ਲਈ ਹੁਕਮ ਨਹੀਂ ਦੇ ਸਕਦੇ। ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦੇ ਬਾਵਜੂਦ ਵੀ ਜੋ ਹਸ਼ਰ ਹੋ ਰਿਹਾ ਹੈ ਉਹ ਸਭ ਦੇ ਸਾਹਮਣੇ ਹੈ।

ਸਭ ਤੋਂ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਸਿਰਫ ਪੰਜਾਬ ਨੂੰ ਹੀ ਨਹੀਂ ਬਲਕਿ ਸਮੁੱਚੇ ਦੇਸ਼ ਨੂੰ ਫੈਡਰਲ ਢਾਂਚੇ ਅਧੀਨ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਲੋੜ ਹੈ।  ਇਸ ਨਾਲ ਦੇਸ਼ ਕਮਜੋਰ ਨਹੀਂ, ਸ਼ਕਤੀਸ਼ਾਲੀ ਬਣੇਗਾ। ਯੂਨਾਇਟਡ ਸਟੇਟਸ ਆਫ਼ ਅਮਰੀਕਾ ਅਤੇ ਕਨੇਡਾ ਦੀਆਂ ਮਿਸਾਲਾਂ ਸਾਡੇ ਸਾਹਮਣੇ ਹਨ ਜਿੱਥੋਂ ਦੇ ਸੂਬਿਆਂ ਨੂੰ ਆਪਣੇ ਖੇਤਰ ਵਿੱਚ ਪੂਰਨ ਅਧਿਕਾਰ ਹਨ ਤੇ ਦੋਵੇਂ ਦੇਸ਼ ਦੁਨੀਆਂ ਦੇ ਸਭ ਤੋਂ ਵੱਧ ਖੁਸ਼ਹਾਲ ਤੇ ਸ਼ਕਤੀਸ਼ਾਲੀ ਹਨ।  ਇਸੇ ਤਰਜ਼ ’ਤੇ ਭਾਰਤ ਵਿੱਚ ਵੀ ਸੂਬਿਆਂ ਨੂੰ ਵੱਧ ਅਧਿਕਾਰ ਦੇ ਕੇ ਯੂਨਾਇਟਡ ਸਟੇਟਸ ਆਫ਼ ਇੰਡੀਆ ਦਾ ਨਾਮ ਦੇਣਾ ਚਾਹੀਦਾ ਹੈ। ਅਜੇ ਤਾਂ ਹਾਲ ਇਹ ਹੈ ਕਿ ਸਾਰੇ ਅਧਿਕਾਰ ਕੇਂਦਰ ਸਰਕਾਰ ਆਪਣੇ ਹੱਥ ’ਚ ਲਈ ਬੈਠੀ ਹੈ। ਬਿਜਲੀ ਅਤੇ ਖੇਤੀ ਸੰਬੰਧੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਿਆਂ ਦਾ ਹੈ, ਪਰ ਕੇਂਦਰ ਨੇ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ ਰਾਹੀਂ ਉਨ੍ਹਾਂ ਸੰਬੰਧੀ ਵੀ ਕਾਨੂੰਨ ਬਣਾ ਲਏ। ਕਿਸੇ ਪਾਰਟੀ ’ਚ ਹਿੰਮਤ ਨਹੀਂ ਸੀ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਸਕਦੀ ਪਰ ਕਿਸਾਨ ਏਕਤਾ ਦੀ ਹੀ ਸ਼ਕਤੀ ਹੈ ਜਿਸ ਨੇ ਮੋਦੀ ਵਰਗੇ ਤਾਨਾਸ਼ਾਹ ਪ੍ਰਧਾਨ ਮੰਤਰੀ ਨੂੰ ਮਜਬੂਰ ਕਰ ਦਿੱਤਾ। ਕਿਸਾਨਾਂ ਦੀ ਸਫਲਤਾ ਦਾ ਇੱਕ ਰਾਜ਼ ਇਹ ਵੀ ਹੈ ਕਿ ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਸਟੇਜ਼ ਦੇ ਨੇੜੇ ਨਹੀ ਫਰਕਣ ਦਿੱਤਾ। ਸੋ ਜਿਨ੍ਹਾਂ ਪਾਰਟੀਆਂ ਤੋਂ ਦੂਰੀ ਬਣਾ ਕੇ ਸਫਲਤਾ ਹਾਸਲ ਕੀਤੀ ਉਨ੍ਹਾਂ ਦਾ ਹਿੱਸਾ ਬਣਨਾ ਕਿਸੇ ਤਰ੍ਹਾਂ ਵੀ ਵਾਜ਼ਬ ਨਹੀਂ ਹੋਵੇਗਾ।

ਇਨ੍ਹਾਂ ਸਾਰੇ ਨੁਕਤਿਆਂ ਨੂੰ ਧਿਆਨ ’ਚ ਰੱਖਦਿਆਂ ਸਭ ਤੋਂ ਢੁਕਵਾਂ ਫੈਸਲਾ ਇਹੀ ਹੋਵੇਗਾ ਕਿ ਕਿਸੇ ਸਿਆਸਤ ਦਾ ਹਿੱਸਾ ਬਣਨ ਨਾਲੋਂ ਪ੍ਰੈੱਸ਼ਰ ਗਰੁੱਪ ਦੇ ਤੌਰ ’ਤੇ ਵਿਚਰਿਆ ਜਾਵੇ, ਪਰ ਜੇ ਸੰਯੁਕਤ ਕਿਸਾਨ ਮੋਰਚੇ ਦੀ ਸਹਿਮਤੀ ਹੈ ਤਾਂ ਹਰ ਸੂਬੇ ’ਚ ਕਿਸਾਨ ਖੇਤਰੀ ਪਾਰਟੀਆਂ ਬਣਾਉਣ ਜਾਂ ਪਹਿਲਾਂ ਤੋਂ ਵਿਚਰ ਰਹੀਆਂ ਖੇਤਰੀ ਪਾਰਟੀਆਂ ਨੂੰ ਆਪਣੇ ਏਜੰਡੇ ਹੇਠ ਸਹਿਯੋਗ ਦੇਣ ਤਾਂ ਕਿ ਭਾਜਪਾ ਵਰਗੀ ਪਾਰਟੀ; ਜਿਸ ਦਾ ਫ਼ਾਰਮੂਲਾ ਹੀ ਦੇਸ਼ ’ਚ ਹਿੰਦੂ ਮੁਸਲਮਾਨ ਦੰਗੇ ਕਰਵਾ ਹਿੰਦੂ ਰਾਸ਼ਟਰ ਦੇ ਨਾਰ੍ਹੇ, ਰਾਮ ਮੰਦਰ ਅਤੇ ਕਾਂਸ਼ੀ ਮਥਰਾ ਦੇ ਮੁੱਦਿਆਂ ਜਾਂ ਗੁਆਂਢੀ ਮੁਲਕ ਨਾਲ ਲੜਾਈ ਦਾ ਮਾਹੌਲ ਬਣਾ ਕੇ ਦੇਸ਼ ਭਗਤੀ ਦੇ ਨਾਮ ’ਤੇ ਚੋਣਾਂ ਜਿਤਣਾ ਹੋਵੇ; ਉਸ ਨੂੰ ਕੇਂਦਰੀ ਸੱਤਾ ਤੋਂ ਦੂਰ ਰੱਖਿਆ ਜਾ ਸਕੇ। ਇਸ ਸਮੇਂ ਕੇਂਦਰ ਕੋਲ ਅਥਾਹ ਸ਼ਕਤੀਆਂ ਹਨ। ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਏਜੰਸੀਆਂ ਹਨ ਜਿਨ੍ਹਾਂ ਦੀ ਦੁਰਵਰਤੋਂ ਕਰ ਵਿਰੋਧੀ ਪਾਰਟੀਆਂ ਦੇ ਵਿਧਾਇਕ ਅਤੇ ਆਗੂ ਆਪਣੀ ਪਾਰਟੀ ’ਚ ਸ਼ਾਮਲ ਕਰਵਾ ਕੇ ਸੂਬਿਆਂ ’ਚ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਡੇਗ, ਆਪਣੀ ਸਰਕਾਰ ਬਣਾਉਣ ਦੇ ਸਮਰੱਥ ਹਨ। ਸਿੱਟਾ ਇਹ ਨਿਕਲਦਾ ਹੈ ਕਿ ਦੇਸ਼ ਵਿੱਚ ਵਿਰੋਧੀ ਧਿਰ ਜੋ ਲੋਕਤੰਤਰ ਦੀ ਅਹਿਮ ਲੋੜ ਹੁੰਦੀ ਹੈ ਉਸ ਦੀ ਇੱਕ ਤਰ੍ਹਾਂ ਅਣਹੋਂਦ ਹੋਈ ਪਈ ਹੈ ਇਸੇ ਕਾਰਨ ਮੋਦੀ-ਸ਼ਾਹ ਆਪਣੀਆਂ ਮਨਮਾਨੀਆਂ ਕਰਨ ’ਤੇ ਉੱਤਰੇ ਹੋਏ ਹਨ।

ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ, ਪਰ ਆਪਣੇ ਨਿੱਜੀ ਪਰਿਵਾਰਕ ਹਿੱਤਾਂ ਲਈ ਉਹ ਭਾਜਪਾ ਦੀ ਝੋਲੀ ’ਚ ਡਿੱਗ ਕੇ ਆਪਣਾ ਖੇਤਰੀ ਹੋਣ ਦਾ ਆਧਾਰ ਗੁਆ ਚੁੱਕੀ ਹੈ ਭਾਵੇਂ ਕਿ ਕਿਸਾਨਾਂ ਦੇ ਦਬਾਅ ਹੇਠ ਭਾਜਪਾ ਨਾਲ ਤੋੜ ਵਿਛੋੜਾ ਕਰਨ ਉਪਰੰਤ ਸੂਬਿਆਂ ਲਈ ਵੱਧ ਅਧਿਕਾਰਾਂ ਦੀ ਗੱਲ, ਮੁੜ ਕਰਨ ਲੱਗ ਪਏ ਹਨ ਪਰ ਲੋਕ ਸਮਝ ਚੁੱਕੇ ਹਨ ਕਿ ਬਾਦਲ ਦਲ ਸੂਬਿਆਂ ਨੂੰ ਵੱਧ ਅਧਿਕਾਰਾਂ ਦੀ ਗੱਲ ਉਸੇ ਸਮੇਂ ਕਰਦਾ ਹੈ ਜਦੋਂ ਇਹ ਵਿਰੋਧੀ ਧਿਰ ’ਚ ਹੋਵੇ ਇਸ ਲਈ ਇਹ ਲੋਕਾਂ ਦਾ ਵਿਸ਼ਵਾਸ ਗੁਆ ਚੁੱਕੀ ਹੈ।

ਸੰਨ 2015 ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਵੋਟਾਂ ਖਾਤਰ ਸੌਦਾ ਸਾਧ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਦੇ ਕੇਸ ਨੇ ਤਾਂ ਅਕਾਲੀ ਦਲ ਦਾ ਪੰਥਕ ਸਫ਼ਾਂ ’ਚ ਆਧਾਰ ਵੀ ਸਿਫ਼ਰ ਦੇ ਬਰਾਬਰ ਕਰ ਦਿੱਤਾ ਹੈ। ਬਾਕੀ ਦੀਆਂ ਸਾਰੀਆਂ ਪਾਰਟੀਆਂ ਕੇਂਦਰ ਅਧਾਰਿਤ ਹਨ। ਕੇਂਦਰ ਅਧਾਰਿਤ ਕਿਸੇ ਵੀ ਪਾਰਟੀ ਦਾ ਮੁਖੀ ਸੂਬਾਈ ਇਕਾਈਆਂ ਦੇ ਆਗੂਆਂ ਨੂੰ ਆਪਣੇ ਸੂਬੇ ਦੇ ਹਿੱਤਾਂ ਲਈ ਕੰਮ ਕਰਨ ਦੀ ਪੂਰਨ ਆਜ਼ਾਦੀ ਨਹੀਂ ਦਿੰਦਾ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਸੂਬਿਆਂ ਨੂੰ ਵੱਧ ਅਧਿਕਾਰ, ਨਵੀਂ ਖੇਤੀ ਨੀਤੀ ਸਮੇਤ ਆਪਣੇ ਆਪਣੇ ਸੂਬਿਆਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਆਪਣਾ ਏਜੰਡਾ ਤੈਅ ਕਰ ਖੇਤਰੀ ਪਾਰਟੀ ਬਣਾ ਕੇ ਕਿਸੇ ਵੀ ਪਾਰਟੀ ਜੋ ਕੇਂਦਰ ਵਿੱਚ ਵਿਰੋਧੀ ਧਿਰ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੋਵੇ ਉਸ ਨਾਲ ਚੋਣ ਗਠਜੋੜ ਕੀਤਾ ਜਾ ਸਕਦਾ ਹੈ; ਪੰਜਾਬ ’ਚ ਇਸ ਲਈ ਆਮ ਆਦਮੀ ਪਾਰਟੀ ਗੱਠਜੋੜ ਲਈ ਢੁਕਵੀਂ ਹੋ ਸਕਦੀ ਹੈ ਪਰ ਕਿਸੇ ਵੀ ਪਾਰਟੀ ’ਚ ਸ਼ਾਮਲ ਹੋਣਾ, ਜਿੱਤੇ ਹੋਏ ਸੰਘਰਸ਼ ਨੂੰ ਵੀ ਨੁਕਸਾਨ ਦੇਹ ਸਾਬਤ ਹੋਵੇਗਾ।

ਖਾਸ ਕਰ ਵਿਰੋਧੀ ਪਾਰਟੀਆਂ ਦੇ ਆਗੂ ਜਿਹੜੇ ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਏਜੰਸੀਆਂ ਦੇ ਡਰ ਅਧੀਨ ਜਾਂ ਸੱਤਾ ਦੇ ਲਾਲਚ ਅਧੀਨ ਧੜਾ ਧੜਾ ਭਾਜਪਾ ’ਚ ਸ਼ਾਮਲ ਹੋ ਰਹੇ ਹਨ ਜਾਂ ਗੱਠਜੋੜ ਕਰਨਗੇ; ਭਾਜਪਾ ਸਮੇਤ ਉਨ੍ਹਾਂ ਸਭਨਾਂ ਨੂੰ ਸਬਕ ਸਿਖਾਉਣਾ ਵੀ ਬਹੁਤ ਜਰੂਰੀ ਹੈ। ਪੱਛਮੀ ਬੰਗਾਲ ’ਚ ਤਾਂ ਭਾਜਪਾ ਦਲ ਬਦਲੀਆਂ ਕਰਵਾ ਕੇ 3 ਤੋਂ 77 ਵਿਧਾਇਕ ਜਿਤਾਉਣ ’ਚ ਸਫਲ ਹੋ ਗਈ ਸੀ; ਪੰਜਾਬ ’ਚ ਜੇ ਭਾਜਪਾ ਨੂੰ 2 ਤੋਂ ਸਿਫਰ ਤੱਕ ਪਹੁੰਚਾ ਦਿੱਤਾ ਜਾਵੇ ਤਾਂ ਇਸ ਨਾਲ ਜਿੱਥੇ ਅਸੂਲਾਂ ਤੋਂ ਡਿੱਗ ਕੇ ਦਲਬਦਲੀਆਂ ਨੂੰ ਰੋਕ ਪਏਗੀ ਉੱਥੇ ਈ.ਡੀ. ਅਤੇ ਸੀ.ਬੀ.ਆਈ. ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਨੂੰ ਵੀ ਰੋਕਥਾਮ ਲੱਗੇਗੀ। ਭ੍ਰਿਸ਼ਟ ਸਿਆਸਤਦਾਨਾਂ ’ਤੇ ਕਾਨੂੰਨੀ ਕਾਰਵਾਈ ਕੀਤੇ ਜਾਣ ’ਤੇ ਕਿਸੇ ਨੂੰ ਕੋਈ ਇਤਰਾਜ ਨਹੀਂ ਪਰ ਇਹ ਕਾਰਵਾਈ ਚੋਣਾਂ ਵੇਲੇ ਕਰਕੇ ਦਲਬਦਲੀਆਂ ਕਰਵਾਉਣਾ ਤੇ ਸੱਤਾਧਾਰੀ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੂੰ ਇਨ੍ਹਾਂ ਏਜੰਸੀਆਂ ਰਾਹੀਂ ਕਲੀਨ ਚਿੱਟਾਂ ਦਿਵਾਉਣਾ ਲੋਕਤੰਤਰ ਅਤੇ ਲੋਕ ਵਿਸ਼ਵਾਸ ਲਈ ਭਾਰੀ ਨੁਕਸਾਨਦੇਹ ਹੈ ਜਿਸ ’ਤੇ ਰੋਕ ਲੱਗਣੀ ਜਰੂਰੀ ਹੈ।

ਸੰਯੁਕਤ ਕਿਸਾਨ ਮੋਰਚਾ ਇਸ ਗੱਲ ਨੂੰ ਭਲੀਭਾਂਤ ਸਮਝ ਚੁੱਕਾ ਹੈ ਕਿ ਸਿਆਸੀ ਪਾਰਟੀਆਂ ਦੀ ਸਫਲਤਾ ਧਰਮਾਂ, ਜਾਤਾਂ ਅਤੇ ਵਰਗਾਂ ’ਚ ਵੰਡ ਪਾਉਣ ਨਾਲ ਹੈ ਜਦੋਂ ਕਿ ਲੋਕ ਸੰਘਰਸ਼ ਦੀ ਜਿੱਤ ਦ੍ਰਿੜ ਇਰਾਦੇ ਨਾਲ ਹਰ ਧੱਕੇਸ਼ਾਹੀ ਵਿਰੁਧ ਆਵਾਜ਼ ਉਠਾਉਣ, ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਹ ਗੁਣ; ਗੁਰਬਾਣੀ ਦੇ ਹੇਠਲੇ ਵਾਕਾਂ ਵਿਚੋਂ ਸਕਦੇ ਹਨ :

ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ ਇਤੁ ਮਾਰਗਿ ਪੈਰੁ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ (ਮਹਲਾ ੧/੧੪੧੨)

ਪਾਪ ਕੀ ਜੰਞ ਲੈ ਕਾਬਲਹੁ ਧਾਇਆ  ਜੋਰੀ ਮੰਗੈ ਦਾਨੁ ਵੇ ਲਾਲੋ ਸਰਮੁ ਧਰਮੁ ਦੁਇ ਛਪਿ ਖਲੋਏ  ਕੂੜੁ ਫਿਰੈ ਪਰਧਾਨੁ ਵੇ ਲਾਲੋ (ਮਹਲਾ ੧/੭੨੩)

ਰਾਜੇ ਸੀਹ ਮੁਕਦਮ ਕੁਤੇ ਜਾਇ ਜਗਾਇਨ੍ਹ੍ਹਿ ਬੈਠੇ ਸੁਤੇ ਚਾਕਰ ਨਹਦਾ ਪਾਇਨ੍ਹ੍ਹਿ ਘਾਉ ਰਤੁ ਪਿਤੁ ਕੁਤਿਹੋ ਚਟਿ ਜਾਹੁ ਜਿਥੈ ਜੀਆਂ ਹੋਸੀ ਸਾਰ ਨਕੀਂ ਵਢੀਂ ਲਾਇਤਬਾਰ (ਮਹਲਾ ੧/੧੨੮੮)

ਭੈ ਕਾਹੂ ਕਉ ਦੇਤ ਨਹਿ  ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨਿ ਰੇ ਮਨਾ  ਗਿਆਨੀ ਤਾਹਿ ਬਖਾਨਿ (ਮਹਲਾ ੯/੧੪੨੭)

ਨੀਚਾ ਅੰਦਰਿ ਨੀਚ ਜਾਤਿ  ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ  ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ  ਤਿਥੈ ਨਦਰਿ ਤੇਰੀ ਬਖਸੀਸ  (ਮਹਲਾ ੧/੧੫)

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ਰਹਾਉ (ਮਹਲਾ ੩/੧੧੨੮)

ਨਾ ਕੋ ਮੇਰਾ ਦੁਸਮਨੁ ਰਹਿਆ, ਨਾ ਹਮ ਕਿਸ ਕੇ ਬੈਰਾਈ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ, ਸਤਿਗੁਰ ਤੇ ਸੋਝੀ ਪਾਈ ਸਭੁ ਕੋ ਮੀਤੁ ਹਮ ਆਪਨ ਕੀਨਾ,  ਹਮ ਸਭਨਾ ਕੇ ਸਾਜਨ ਦੂਰਿ ਪਰਾਇਓ ਮਨ ਕਾ ਬਿਰਹਾ, ਤਾ ਮੇਲੁ ਕੀਓ ਮੇਰੈ ਰਾਜਨ (ਮਹਲਾ ੫/੬੭੧)

ਅਵਲਿ ਅਲਹ ਨੂਰੁ ਉਪਾਇਆ  ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ  ਕਉਨ ਭਲੇ  ਕੋ ਮੰਦੇ  (ਭਗਤ ਕਬੀਰ/੧੩੪੯)

ਉਕਤ ਗੁਰ ਉਪਦੇਸ਼ਾਂ ’ਤੇ ਅਮਲ ਕਰਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਜ਼ਲੂਮ ਹਿੰਦੂਆਂ ਦਾ ਧਰਮ ਬਚਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਖਾਤਰ ਸ਼ਹੀਦੀ ਦਿੱਤੀ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਵਾਰਿਆ, ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ਦੇ ਜ਼ਾਲਮ ਸੂਬੇਦਾਰ ਨੂੰ ਸਬਕ ਸਿਖਾਇਆ ਅਤੇ ਮੁਜਾਹਰਿਆ ਨੂੰ ਜਮੀਨ ਦੇ ਮਾਲਕ ਬਣਾਇਆ। ਸਾਰੇ ਕਿਸਾਨ ਆਗੂ, ਸੰਘਰਸ਼ੀ ਕਿਸਾਨਾਂ ’ਚ ਜੋਸ਼ ਭਰਨ ਲਈ ਗੁਰਬਾਣੀ ਦੇ ਉਕਤ ਵਾਕ ਅਤੇ ਸਿੱਖ ਇਤਿਹਾਸ ’ਚੋਂ ਹਵਾਲੇ ਦਿੰਦੇ ਰਹੇ ਹਨ। ਸੋ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਮਜ਼ਲੂਮ ਲੋਕਾਂ ਨੂੰ ਆਪਣੇ ਹੱਕਾਂ ਲਈ ਲੜਨ ਅਤੇ ਜ਼ੁਲਮ ਦਾ ਟਾਕਰਾ ਕਰਨ ਦੇ ਕਾਬਲ ਬਣਾਉਣ ਲਈ ਪੰਜਾਬੀ ਭਾਸ਼ਾ, ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਸਾਰੇ ਭਾਰਤ ’ਚ ਜਰੂਰੀ ਵਿਸ਼ੇ ਵਜੋਂ ਪੜ੍ਹਾਉਣ ਦੀ ਮੰਗ ਆਪਣੇ ਏਜੰਡੇ ’ਚ ਸ਼ਾਮਲ ਰੱਖਣ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਅਤੇ ਵੋਟਾਂ ਖਾਤਰ ਡੇਰਿਆਂ ਦੇ ਗੇੜੇ ਮਾਰਨ ਵਾਲੇ ਸਿਆਸੀ ਆਗੂਆਂ ਨੂੰ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਬਕ ਸਿਖਾਇਆ ਜਾਵੇ।: ਭਾਈ ਪੰਥਪ੍ਰੀਤ ਸਿੰਘ

0

ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣ ਵਾਲੇ ਅਤੇ ਵੋਟਾਂ ਖਾਤਰ ਡੇਰਿਆਂ ਦੇ ਗੇੜੇ ਮਾਰਨ ਵਾਲੇ ਸਿਆਸੀ ਆਗੂਆਂ ਨੂੰ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਬਕ ਸਿਖਾਇਆ ਜਾਵੇ।: ਭਾਈ ਪੰਥਪ੍ਰੀਤ ਸਿੰਘ

ਸੰਗਤ ਮੰਡੀ/ਬਠਿੰਡਾ: 5 ਦਸੰਬਰ (ਕਿਰਪਾਲ ਸਿੰਘ): ਤਾਨਾਸ਼ਾਹੀ ਸਰਕਾਰ ’ਤੇ ਕਿਸਾਨ ਮੋਰਚੇ ਦੀ ਹੋਈ ਇਤਿਹਾਸਕ ਜਿੱਤ ’ਤੇ ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਸਣੇ ਲੋਕ ਤੰਤਰ ’ਚ ਵਿਸ਼ਵਾਸ ਰੱਖਣ ਵਾਲੇ ਸਮੂਹ ਦੇਸ਼ਵਾਸੀਆਂ ਨੂੰ ਵਧਾਈਆਂ ਦਿੰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਖ ਵੱਖ ਵਿਚਾਰਧਾਰਾਵਾਂ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਤਿੰਨੇ ਕਾਲ਼ੇ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਪਰਾਲ਼ੀ ਸਾੜਨ ’ਤੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਜੁਰਮਾਨਾ ਅਤੇ 5 ਸਾਲ ਦੀ ਸਜਾ ਦਿਵਾਉਣ ਵਾਲੇ ਬਿੱਲਾਂ ਨੂੰ ਰੱਦ ਕਰਵਾਉਣ ਅਤੇ ਸਾਰੀਆਂ ਫ਼ਸਲਾਂ ’ਤੇ ਐੱਮ.ਐੱਸ.ਪੀ. ਦੇਣ ਦੀ ਕਾਨੂੰਨੀ ਗਰੰਟੀ ਦੇਣ ਵਾਲਾ ਕਾਨੂੰਨ ਪਾਸ ਕਰਵਾਉਣ ਦੇ ਇੱਕ ਮਾਤ੍ਰ ਏਜੰਡੇ ਨੂੰ ਲੈ ਕੇ ਸੰਪੂਰਨ ਏਕਤਾ ਨਾਲ ਮੋਰਚਾ ਚਲਾਇਆ ਤੇ ਕਿਸੇ ਵੀ ਸਿਆਸੀ ਪਾਰਟੀ ਨੂੰ ਸਟੇਜ ਦੇ ਨੇੜੇ ਨਹੀਂ ਫ਼ਰਕਣ ਦਿੱਤਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਨੂੰ ਸ਼੍ਰੀ ਅਕਾਲ ਸਾਹਿਬ ਤੋਂ ਮੁਆਫ਼ੀ ਦਿਵਾਉਣ ਵਾਲੀ ਅਤੇ ਬੇਅਦਬੀ ਕਾਂਡ ਦੀ ਪੜਤਾਲ ਨੂੰ ਲਮਕਾਉਣ ਵਾਲੀ ਸਰਕਾਰ ਤੇ ਸਵਾਲ ਉਠਾਏ ਅਤੇ ਵੋਟਾਂ ਖਾਤਰ ਸੌਦਾ ਸਾਧ ਦੇ ਡੇਰਿਆਂ ਤੇ ਗੇੜੇ ਮਾਰਨ ਵਾਲੇ ਸਿਆਸੀ ਆਗੂ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਉਨ੍ਹਾਂ ਨੂੰ, ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਬਕ ਸਿਖਾਉਣ ਲਈ ਤਿਆਰ ਰਹਿਣ ਲਈ ਕਿਹਾ। ਇਹ ਸ਼ਬਦ ਗੁਰਮਤਿ ਸੇਵਾ ਲਹਿਰ ਦੇ ਮੁਖੀ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਅੱਜ ਸੰਗਤ ਕੈਂਚੀਆਂ ਵਿਖੇ ਹੋਏ ਸੰਸਥਾ ਦੇ ਸਾਲਾਨਾ ਸਮਾਗਮ ਦੌਰਾਨ ਬੋਲਦਿਆਂ ਕਹੇ। ਉਨ੍ਹਾਂ ਕਿਹਾ ਜਿਸ ਆਗੂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੱਥ ’ਚ ਗੁਟਕਾ ਫੜ  ਸਹੁੰ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੋਸ਼ੀਆਂ ਨੂੰ ਸਜਾ ਦਿਵਾਉਣ ਲਈ ਅਤੇ ਪੰਜਾਬ ’ਚੋ 4 ਹਫਤਿਆਂ ’ਚ ਨਸ਼ਾ ਖਤਮ ਕਰਨ ਦੇ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਨਸ਼ਿਆਂ ਸਬੰਧੀ ਐੱਸ.ਟੀ.ਐੱਫ ਦੀ ਰਿਪੋਰਟ ਖੁਲ੍ਹਵਾਉਣ ਦਾ ਵੀ ਯਤਨ ਨਹੀਂ ਕੀਤਾ ਅਜਿਹੇ ਸਿਆਸੀ ਆਗੂ ਨੂੰ ਵੀ ਸਬਕ ਸਿਖਾਉਣਾ ਜਰੂਰੀ ਹੈ। ਭਾਈ ਪੰਥਪ੍ਰੀਤ ਸਿੰਘ ਜੀ ਨੇ ਮੌਜੂਦਾ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਨਸ਼ਿਆਂ ਸੰਬੰਧੀ ਐੱਸ.ਟੀ.ਐੱਫ ਦੀ ਰਿਪੋਰਟ ਤੁਰੰਤ ਜਨਤਕ ਕਰ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਸ਼ੇ ਦੀ ਦਲਦਲ ਤੋਂ ਬਚਾਇਆ ਜਾ ਸਕੇ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਕਿ 2003 ’ਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਅਤੇ 2010 ’ਚ ਰੱਦ ਕਰ ਮੁੜ ਬਿਕ੍ਰਮੀ ਕੈਲੰਡਰ ਲਾਗੂ ਕਰਨ ਦੇ ਤਜਰਬੇ ਤੋਂ ਸਮਝਣ ਦੀ ਲੋੜ ਹੈ ਕਿ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਢੁਕਵਾਂ ਕੈਲੰਡਰ ਹੈ ਇਸ ਲਈ ਨਾਨਕਸ਼ਾਹੀ ਕੈਲੰਡਰ ਤੁਰੰਤ ਬਹਾਲ ਕਰਨਾ ਚਾਹੀਦਾ ਹੈ। ਉਨ੍ਹਾਂ ਮਿਸਾਲ ਦਿੱਤੀ ਕਿ ਹਿੰਦੂ ਮੱਤ ਤੋਂ ਉਧਾਰੀ ਲਈ ਵਹਿਮ ਪ੍ਰਸ਼ਤੀ ਵਾਲੀ ਵਿਚਾਰਧਾਰਾ ਕਿ ਅਵਤਾਰੀ ਪੁਰਸ਼ਾਂ ਦੇ ਦਿਨ ਚੰਦ੍ਰਮਾਂ ਦੀਆਂ ਤਿੱਥਾਂ ਅਤੇ ਬਾਕੀ ਦੇ ਸਾਰੇ ਇਤਿਹਾਸਕ ਦਿਹਾੜੇ ਸੰਗ੍ਰਾਂਦ ਦੇ ਹਿਸਾਬ ਤਾਰੀਖ਼ਾਂ ਮੁਤਾਬਕ ਮਨਾਏ ਜਾਣ, ਕਾਰਨ ਕਦੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਹਿਲਾਂ, ਕਦੀ ਪਿੱਛੋਂ ਅਤੇ ਕਦੀ ਦੋਵੇਂ ਇਕੱਠੇ ਹੀ ਇੱਕੋ ਦਿਨ ਆ ਜਾਣ ਕਾਰਨ ਭੰਬਲਭੂਸਾ ਪਿਆ ਰਹਿੰਦਾ ਹੈ। ਕਦੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਮਹੀਨੇ, ਕਦੀ ਮਾਘ ਮਹੀਨੇ, ਕਦੀ ਦਸੰਬਰ ਅਤੇ ਕਦੀ ਜਨਵਰੀ ’ਚ ਆਉਣ ਕਾਰਨ ਕਦੀ ਸਾਲ ’ਚ ਦੋ ਵਾਰ ਅਤੇ ਕਦੀ ਇਕ ਵਾਰ ਭੀ ਨਹੀਂ ਆਉਂਦਾ। ਇਸ ਲਈ ਸਾਨੂੰ ਚਾਹੀਦਾ ਹੈ ਕਿ ਹਿੰਦੂ ਮਤ ਦੀਆਂ ਸਾਡੇ ’ਤੇ ਥੋਪੀਆਂ ਵਦੀਆਂ ਸੁਦੀਆਂ ਤੇ ਸੰਗਰਾਂਦਾਂ ਦਾ ਖਹਿੜਾ ਛੱਡ ਕੇ ਨਾਨਕਸ਼ਾਹੀ ਤਾਰੀਖਾਂ ਅਨੁਸਾਰ ਸਾਰੇ ਦਿਹਾੜੇ ਮਨਾਏ ਜਾਣ ਤਾਂ ਕੋਈ ਵੀ ਦਿਹਾੜਾ ਅੱਗੇ ਪਿੱਛੇ ਹੋਣ ਦਾ ਭਰਮ ਨਹੀਂ ਰਹੇਗਾ ਅਤੇ ਹਰ ਦਿਹਾੜਾ 365 ਦਿਨਾਂ ਬਾਅਦ ਹੀ ਆਇਆ ਕਰੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ’ਚ ਕਦੀ 354/55 ਦਿਨਾਂ ਅਤੇ ਕਦੀ 383/384 ਦਿਨਾਂ ਪਿੱਛੋਂ ਆ ਜਾਣ ਕਾਰਨ ਕੋਈ ਵੀ ਦਿਹਾੜਾ ਸਾਨੂੰ ਹੁਣ ਤੱਕ ਯਾਦ ਨਹੀਂ ਹੋਇਆ।

ਭਾਈ ਪੰਥਪ੍ਰੀਤ ਸਿੰਘ ਤੋਂ ਇਲਾਵਾ ਗੁਰਮਤਿ ਸੇਵਾ ਲਹਿਰ ਨਾਲ ਜੁੜੇ ਸਿੱਖ ਪ੍ਰਚਾਰਕ ਬੀਬੀ ਗਗਨਦੀਪ ਕੌਰ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਸਤਿਨਾਮ ਸਿੰਘ ਚੰਦੜ, ਭਾਈ ਰਘਬੀਰ ਸਿੰਘ ਖਿਆਲੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਬਲਕਰਨ ਸਿੰਘ ਮੌੜ, ਭਾਈ ਉਪਕਾਰ ਸਿੰਘ ਭਿੰਡਰ, ਭਾਈ ਮੱਖਣ ਸਿੰਘ ਰੌਂਤਾ, ਭਾਈ ਜਗਤਾਰ ਸਿੰਘ ਗੰਗਾ, ਭਾਈ ਪਰਗਟ ਸਿੰਘ ਮੁਦਕੀ, ਭਾਈ ਜਗਰੂਪ ਸਿੰਘ ਕਲਿਆਣ ਆਦਿਕ ਪ੍ਰਚਾਰਕਾਂ ਨੇ ਵੀ ਸੰਬੋਧਨ ਕੀਤਾ। ਭਾਈ ਪਰਗਟ ਸਿੰਘ ਮੁਦਕੀ ਵਾਲਿਆਂ ਨੇ ਸਮਾਗਮ ਦੀ ਸਮੁੱਚੀ ਕਾਰਵਾਈ ਨੂੰ ਆਪਣੀਆਂ ਵੈੱਬਸਾਈਟਾਂ ਰਾਹੀਂ ਲਾਈਵ ਟੈਲੀਕਾਸਟ ਕੀਤਾ ਹੈ।

Most Viewed Posts