ਗੁਰਬਾਣੀ ਅਨੁਸਾਰ ਬਖ਼ਸ਼ਸ਼

0
852

ਗੁਰਬਾਣੀ ਅਨੁਸਾਰ ਬਖ਼ਸ਼ਸ਼

ਗਿਆਨੀ ਅਵਤਾਰ ਸਿੰਘ

‘ਬਖ਼ਸ਼ਸ਼’ ਨੂੰ ਮਿਹਰ, ਕਿਰਪਾ, ਦਇਆ ਦ੍ਰਿਸ਼ਟੀ ਆਦਿ ਭੀ ਕਿਹਾ ਜਾਂਦਾ ਹੈ। ਇਹ ਸ਼ਬਦ; ਧਾਰਮਿਕ ਸ਼ਬਦਾਵਲੀ ਨਾਲ਼ ਸੰਬੰਧਿਤ ਹਨ। ਆਮ ਭਾਸ਼ਾ ’ਚ ਇਨ੍ਹਾਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਧਾਰਮਿਕ ਸ਼ਬਦਾਂ ਦੇ ਭਾਵਾਰਥ ਜਾਣਨ ਲਈ ਹਿਰਦੇ ਅੰਦਰ ਭਰੋਸਾ ਹੋਣਾ, ਬੜਾ ਜ਼ਰੂਰੀ ਹੈ। ਗੁਰਬਾਣੀ ’ਚ ‘ਬਖਸ਼ਸ਼’ ਸ਼ਬਦ ਨਹੀਂ, ਪਰ ਇਸ ਦਾ ਸੰਖੇਪ ਰੂਪ ‘ਬਖਸ’ 21 ਵਾਰ ਅਤੇ ‘ਬਖਸੀਸ’ ਰੂਪ 11 ਵਾਰ ਹੈ। ਗੁਰਬਾਣੀ ’ਚ ਕੁੱਝ ਹੋਰ ਸ਼ਬਦ; ਜਿਵੇਂ ਕਿ ‘ਪ੍ਰਸਾਦੁ/ਪ੍ਰਸਾਦਿ (11 ਬਣਤਰਾਂ ’ਚ 1078 ਵਾਰ), ਕਰਮੁ/ਕਰਮਿ (ਲਗਭਗ 190 ਵਾਰ), ਕ੍ਰਿਪਾ (286 ਵਾਰ), ਨਦਰਿ, ਦਇਆ/ਦਯਾ, ਮਿਹਰ (14 ਵਾਰ), ਰਹਮ/ਰਹੰਮ (2 ਵਾਰ)’ ਦਾ ਅਰਥ ਭੀ ਬਖ਼ਸ਼ਸ਼ ਹੈ, ਮਿਹਰ ਹੈ। ‘ਪ੍ਰਸਾਦੁ’ ਸ਼ਬਦ ਸੰਸਕ੍ਰਿਤ ਦਾ ਤੇ ‘ਕਰਮੁ’; ਅਰਬੀ/ਫ਼ਾਰਸੀ ਦਾ ਹੈ। ਇਹ ਦੋਵੇਂ ਇੱਕ ਵਚਨ ਪੁਲਿੰਗ ਨਾਂਵ ਹਨ; ਜਿਵੇਂ ਕਿ ‘‘ਨਾਨਕ  ! ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ  ! (ਸੁਖਮਨੀ/ਮਹਲਾ /੨੬੯), ਜੰਤ ਉਪਾਇ ਧੰਧੈ (’) ਸਭ ਲਾਏ; ਕਰਮੁ ਹੋਆ, ਤਿਨ ਨਾਮੁ ਲਇਆ ’’ (ਮਹਲਾ /੪੩੪) ਜਦ ਇਹ ‘ਪ੍ਰਸਾਦਿ/ਕਰਮਿ’ ਯਾਨੀ ਅੰਤ ਸਿਹਾਰੀ ਹੋਣ ਤਾਂ ਅਰਥ ਹੁੰਦਾ ਹੈ ‘ਬਖ਼ਸ਼ਸ਼ ਨਾਲ਼’; ਜਿਵੇਂ ‘ਗੁਰ ਪ੍ਰਸਾਦਿ’ ਅਰਥ ਹੈ ‘ਗੁਰੂ ਦੀ ਕਿਰਪਾ ਨਾਲ਼’ ਅਤੇ ‘‘ਪੂਰੇ ਗੁਰ ਕੀ ਕਾਰ; ਕਰਮਿ (ਮਿਹਰ ਨਾਲ਼) ਕਮਾਈਐ ’’ (ਮਹਲਾ /੧੪੪)

ਗੁਰਬਾਣੀ ’ਚ ਇੱਕ ਵਾਰ ‘ਪ੍ਰਸਾਦ’ (ਅੰਤ ਮੁਕਤ/ਬਹੁ ਵਚਨ) ਹੈ ਤੇ ਅਰਥ ਹੈ ‘ਭੋਜਨ’ ‘‘ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥’’ (ਭਗਤ ਰਵਿਦਾਸ/੮੭੫) ਇਸ ਦਾ ਉਚਾਰਨ ਹੈ ‘ਪ੍ਰਸ਼ਾਦ’। ‘ਕਰਮ’ (ਅੰਤ ਮੁਕਤ) ਭੀ 380 ਕੁ ਵਾਰ ਹੈ, ਜਿਸ ਦਾ ਅਰਥ ਹੈ ‘ਕੀਤੇ ਜਾਣ ਵਾਲ਼ੇ ਕੰਮ’ (ਯਾਨੀ ਬਹੁ ਵਚਨ), ਨਾ ਕਿ ‘ਬਖ਼ਸ਼ਸ਼’। ‘ਕਰਮੁ’ (ਅੰਤ ਔਂਕੜ) ਦਾ 10 ਕੁ ਵਾਰ ਭੀ ਅਰਥ ਹੈ ‘ਲੇਖ, ਭਾਗ, ਨਸੀਬ’; ਜਿਵੇਂ ਕਿ ‘‘ਮੇਰੈ+ਮਨਿ (’) ਸਬਦੁ ਲਗੋ ਗੁਰ ਮੀਠਾ ਖੁਲਿ੍ਓ ਕਰਮੁ, ਭਇਓ ਪਰਗਾਸਾ; ਘਟਿ ਘਟਿ (’) ਹਰਿ ਹਰਿ ਡੀਠਾ ਰਹਾਉ (ਮਹਲਾ /੧੨੧੨), ਤਵ ਗੁਨ ਕਹਾ ਜਗਤ ਗੁਰਾ ! ਜਉ ਕਰਮੁ ਨਾਸੈ ਸਿੰਘ ਸਰਨ ਕਤ ਜਾਈਐ  ? ਜਉ ਜੰਬੁਕੁ ਗ੍ਰਾਸੈ ਰਹਾਉ ’’ (ਭਗਤ ਸਧਨਾ/੮੫੮) ਅਰਥ : ਹੇ ਜਗਤ ਦੇ ਗੁਰੂ (ਪ੍ਰਭੂ) ਜੀ ! ਤੇਰੇ ਸ਼ੇਰ ਦੀ ਸ਼ਰਨ ’ਚ ਆਉਣ ਦਾ ਕੀ ਲਾਭ, ਕਾਹਦੇ ਲਈ ਜਾਈਏ, ਜੇਕਰ ਸਾਨੂੰ ਨਸੀਬ ਰੂਪ ਗਿੱਦੜ ਖਾ ਜਾਵੇ ?

ਵਿਸ਼ੇਸ਼ ਧਿਆਨ ਮੰਗਦਾ ਹੈ ਕਿ ਗੁਰਬਾਣੀ ’ਚ ‘ਕਰਮੁ’ ਸ਼ਬਦ ਸੰਸਕ੍ਰਿਤ ਅਤੇ ਅਰਬੀ/ਫ਼ਾਰਸੀ; ਦੋਵੇਂ ਭਾਸ਼ਾਵਾਂ ’ਚੋਂ ਕਿਉਂ ਲੈਣਾ ਪਿਆ। ਇਸ ਦਾ ਜਵਾਬ ਇਨ੍ਹਾਂ ਦੇ ਸ਼ਾਬਦਿਕ ਅਰਥਾਂ ਵਿੱਚ ਹੈ; ਜਿਵੇਂ ਕਿ ‘ਕੀਤੇ ਜਾਣ ਵਾਲ਼ੇ ਕੰਮ’ ਲਈ ਸ਼ਬਦ ਹੈ ‘ਕਰਮ/ਬਹੁ ਵਚਨ/ਸੰਸਕ੍ਰਿਤ’, ‘ਭਾਗ ਜਾਂ ਨਸੀਬ’ ਲਈ ਸ਼ਬਦ ਹੈ ‘ਕਰਮੁ/ਇਕ ਵਚਨ/ਸੰਸਕ੍ਰਿਤ’ ਅਤੇ ‘ਬਖ਼ਸ਼ਸ਼’ ਲਈ ਸ਼ਬਦ ਹੈ ‘ਕਰਮੁ ਤੇ ਕਰਮਿ/ਇੱਕ ਵਚਨ/ਫ਼ਾਰਸੀ’। ਸੋ ਮਨੁੱਖ ਦੁਆਰਾ ਕੀਤੇ ਜਾਣ ਵਾਲ਼ੇ ਕੰਮ (ਕਰਮ) ਮੁਤਾਬਕ ਭਾਗ (ਕਰਮੁ) ਬਣਦਾ ਹੈ, ਭਾਗ ਮੁਤਾਬਕ ਬਖ਼ਸ਼ਸ਼ (ਕਰਮੁ/ਕਰਮਿ) ਹੁੰਦੀ ਹੈ ਅਤੇ ਬਖ਼ਸ਼ਸ਼ ਮੁਤਾਬਕ ਮੁੜ ਬੰਦਾ ਕੰਮ (ਕਰਮ) ਕਰਦਾ ਹੈ। ਇਨ੍ਹਾਂ ਤਿੰਨੇ ਸ਼ਾਬਦਿਕ ਅਰਥਾਂ ਨਾਲ਼ ਜਗਤ ਖੇਡ ਦਾ ਇੱਕ ਚੱਕਰ ਪੂਰਾ ਕਰਨ ਲਈ ਹੀ ਦੋਵੇਂ ਭਾਸ਼ਾਵਾਂ ਦੇ ਸ਼ਬਦਾਂ ਦਾ ਸੁਮੇਲ ਕੀਤਾ ਹੈ।

ਸੋ ‘ਬਖ਼ਸ਼ਸ਼’ ਅਰਥ ਦੇਣ ਵਾਲ਼ੇ ‘ਪ੍ਰਸਾਦੁ’ ਤੇ ‘ਕਰਮੁ’ ਇੱਕ ਵਚਨ ਪੁਲਿੰਗ ਨਾਂਵ ਅਤੇ ਬਾਕੀ ਸਾਰੇ ਸ਼ਬਦ (ਬਖਸ/ਬਖਸੀਸ, ਕ੍ਰਿਪਾ, ਦਇਆ/ਦਯਾ, ਨਦਰਿ, ਮਿਹਰ, ਰਹਮ) ਇੱਕ ਵਚਨ ਇਸਤਰੀ ਲਿੰਗ ਨਾਂਵ ਹਨ, ਜੋ ਅੰਤ ਸਿਹਾਰੀ (ਨਦਰਿ) ਜਾਂ ਅੰਤ ਮੁਕਤ (ਬਖਸ, ਮਿਹਰ, ਰਹਮ) ਹੁੰਦੇ ਹਨ।  ਤਿੰਨ ਸ਼ਬਦ ‘ਬਖਸੇ, ਬਖਸੈ, ਬਖਸਹਿ’ (ਕਿਰਿਆ) ਅਤੇ ਇੱਕ ਸ਼ਬਦ ‘ਬਖਸਿ’ (ਕਿਰਿਆ ਵਿਸ਼ੇਸ਼ਣ) ਵੀ ਹੈ।

‘ਪ੍ਰਸਾਦੁ’ ਅਤੇ ‘ਕਰਮੁ’ ਸ਼ਬਦ; ਗੁਰੂ ਨਾਨਕ ਸਾਹਿਬ ਜੀ ਨੇ ਵਧੇਰੇ ਵਰਤੇ ਹਨ। ਆਪ ਨੇ ਮੂਲ ਮੰਤਰ ਦੀ ਸਮਾਪਤੀ ‘ਗੁਰ ਪ੍ਰਸਾਦਿ’ ਸ਼ਬਦਾਂ ਨਾਲ਼ ਕੀਤੀ ਹੈ।, ‘ਜਪੁ’ ਬਾਣੀ ਦੀ 25ਵੀਂ ਪਉੜੀ ‘‘ਬਹੁਤਾ ਕਰਮੁ ਲਿਖਿਆ ਨਾ ਜਾਇ ’’ ’ਚ ‘ਰੱਬ ਦਾ ਕਰਮੁ’ ਬਿਆਨ ਕੀਤਾ ਹੈ ਤੇ 37ਵੀਂ ਪਉੜੀ ‘‘ਕਰਮਖੰਡ ਕੀ ਬਾਣੀ ਜੋਰੁ ’’ ’ਚ (ਬੰਦੇ ’ਤੇ) ‘ਕਰਮੁ’ ਹੋ ਜਾਣ ਨਾਲ਼ ਹਿਰਦੇ ’ਚ ਉਪਜਦਾ ਰੂਹਾਨੀਅਤ ਬਲ ਬਿਆਨ ਕੀਤਾ ਹੈ। ‘ਜਪੁ’ ਬਾਣੀ ਦੀ 38ਵੀਂ (ਅੰਤਮ) ਪਉੜੀ ਵਿੱਚ ਸੰਖੇਪ ਸ਼ਬਦਾਂ ’ਚ ਸੋਨੇ ਨੂੰ ਸ਼ੁੱਧ ਕਰਨ ਵਾਲ਼ੀ ਵਿਧੀ ਨੂੰ ਮਿਸਾਲ ਬਣਾ ਅੰਤ ’ਚ ਜੀਵਨ ਘਾੜਤ ਲਈ ਦਇਆਵਾਨ ਦੀ ਬਖ਼ਸ਼ਸ਼ ਨੂੰ ਇਉਂ ਪ੍ਰਮੁਖਤਾ ਦਿੱਤੀ ਹੈ ‘‘ਜਿਨ ਕਉ, ਨਦਰਿ ਕਰਮੁ ਤਿਨ ਕਾਰ   ਨਾਨਕ  ! ਨਦਰੀ ਨਦਰਿ ਨਿਹਾਲ ੩੮’’ (ਜਪੁ) ਗੁਰੂ ਅਰਜਨ ਸਾਹਿਬ ਜੀ ਨੇ ਭੀ ਸੁਖਮਨੀ ਸਾਹਿਬ ਦੀ 6ਵੀਂ ਪਉੜੀ ’ਚ 36 ਵਾਰ ‘ਜਿਹ ਪ੍ਰਸਾਦਿ’ ਸ਼ਬਦ ਦਰਜ ਕਰ; ‘ਜਿਸ ਰੱਬ ਦੀ ਮਿਹਰ ਨਾਲ਼’ ਸਫਲ ਹੁੰਦੇ ਸਮਾਜਿਕ ਕਾਰਜ, ਬੰਦੇ ਨੂੰ ਚੇਤੇ ਕਰਾਏ ਹਨ।

ਗੁਰਬਾਣੀ ’ਚ ‘ਪ੍ਰਸਾਦੁ/ਪ੍ਰਸਾਦਿ’ ਸ਼ਬਦ; ‘ਗੁਰੂ ਦੀ ਬਖ਼ਸ਼ਸ਼’ ਅਰਥਾਂ ਲਈ ਅਤੇ ਬਾਕੀ ਸ਼ਬਦ ਜ਼ਿਆਦਾਤਰ ‘ਰੱਬ ਦੀ ਬਖ਼ਸ਼ਸ਼’ ਅਰਥਾਂ ਲਈ ਹਨ ਕਿਉਂਕਿ ‘ਬਖਸ, ਕ੍ਰਿਪਾ, ਨਦਰਿ, ਰਹਮ, ਦਇਆ, ਦਯਾ, ਮਿਹਰ’ ਸ਼ਬਦਾਂ ਤੋਂ ਹੀ ਅਕਾਲ ਪੁਰਖ ਦੇ ਕਿਰਤਮ ਨਾਂਵ ‘ਬਖਸੀਸੀ, ਕ੍ਰਿਪਾਲ, ਨਦਰੀ, ਰਹੀਮ, ਦਇਆਲ, ਦਈ, ਮਿਹਰਵਾਨ’ ਆਦਿ ਬਣੇ ਹਨ। ਬਖਸੀਸੀ, ਦਈ ਤੇ ਨਦਰੀ ਦਾ ਅਰਥ ਹੈ ‘ਮਿਹਰ ਕਰਨ ਵਾਲ਼ਾ’, ਪਰ ਚੇਤੇ ਰਹੇ ਕਿ ‘ਕਰਮੀ’ ਦਾ ਅਰਥ ਹੈ ‘ਬਖਸ਼ਸ਼ ਨਾਲ਼’, ਨਾ ਕਿ ‘ਮਿਹਰ ਕਰਨ ਵਾਲ਼ਾ’। ਗੁਰੂ ਨਾਨਕ ਸਾਹਿਬ ਜੀ ਪੈਦਾਇਸ਼ ਤੋਂ ਹੀ ਅਕਾਲ ਪੁਰਖ ਦਾ ਰੂਪ ਸਨ, ਇਸ ਲਈ ਆਪ ਨੇ ਅਕਾਲ ਪੁਰਖ ਤੋਂ ਬਖ਼ਸ਼ਸ਼ ਕਰਾਉਣ ਵਾਲ਼ੇ ਸ਼ਬਦ ਘੱਟ ਵਰਤੇ ਹਨ; ਜਿਵੇਂ ਕਿ ‘ਕ੍ਰਿਪਾ’ ਗੁਰਬਾਣੀ ’ਚ 286 ਵਾਰ ਹੈ, ਪਰ ਆਪ ਨੇ 8 ਵਾਰ (2.8%) ਅਤੇ ‘ਬਖਸ’ 21 ਵਾਰ ਹੈ, ਪਰ ਆਪ ਨੇ 2 ਵਾਰ (9.5%) ਵਰਤਿਆ ਹੈ। ਦੂਜੇ ਪਾਸੇ ਅਕਾਲ ਪੁਰਖ ਦੀ ‘ਨਦਰਿ’ (ਮਿਹਰ ਭਰੀ ਨਜ਼ਰ) ਸਾਰੇ ਜੀਵਾਂ ਉੱਤੇ ਹੁੰਦੀ ਹੈ ਅਤੇ ਉਸ ਦੀ ਮਿਹਰ ਨਾਲ਼ ਸੰਸਾਰ ’ਚ ਸਭ ਕੁੱਝ ਵਾਪਰਦਾ ਹੈ; ਇਹ ਸਿਧਾਂਤ ਸਪਸ਼ਟ ਕਰਨ ਲਈ ‘ਨਦਰਿ’ ਨੂੰ 250 ’ਚੋਂ 105 ਵਾਰ (ਲਗਭਗ 42%) ਅਤੇ ‘ਕਰਮੁ/ਕਰਮਿ’ ਨੂੰ 190 ’ਚੋਂ 70 ਵਾਰ (ਲਗਭਗ 38%) ਦਰਜ ਕੀਤਾ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਸੰਖਿਆ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ; ਕੁੱਲ 5870 ਸ਼ਬਦਾਂ ’ਚੋਂ 977 ਸ਼ਬਦ (ਲਗਭਗ 17%) ਹੈ। ‘ਨਦਰਿ’ ਦਾ ਇੱਕ ਅਰਥ ‘ਮਨੁੱਖ ਦਾ ਨਜ਼ਰੀਆ’ ਭੀ ਹੈ ਅਤੇ ‘ਦਇਆ’ ਦਾ ਇੱਕ ਅਰਥ ‘ਅਹਿੰਸਾ/ਤਰਸ’ ਭੀ ਹੈ।

ਗੁਰਬਾਣੀ ’ਚ ਸ਼ਬਦ ਦਾ ਕੇਂਦਰੀ ਭਾਵ ਯਾਨੀ ਸਾਰੰਸ਼; ‘ਰਹਾਉ’ ਬੰਦ ’ਚ ਜਾਂ ਲੰਬੀ ਰਚਨਾ ਦੀ ਅੰਤਮ ਪਉੜੀ ’ਚ ਹੁੰਦਾ ਹੈ। ‘ਰਹਾਉ’ ਬੰਦ ਵਾਲ਼ੇ ਕੁੱਲ 2632 ਸ਼ਬਦ ਹਨ। ਇਨ੍ਹਾਂ ’ਚ ਸਭ ਤੋਂ ਵੱਧ ਮਹਾਨਤਾ ‘ਰੱਬ ਦੇ ਨਾਮ’ ਨੂੰ (806 ਵਾਰ) ਦਿੱਤੀ ਹੈ। ਇਸ ਤੋਂ ਬਾਅਦ ਪ੍ਰਮੁੱਖਤਾ ‘ਬਖ਼ਸ਼ਸ਼’ ਨੂੰ ਹੈ ਯਾਨੀ ਬਖ਼ਸ਼ਸ਼ ਅਤੇ ਨਾਮ ਜਪਣਾ; ਇੱਕ ਦੂਜੇ ਨਾਲ਼ ਜੁੜੇ ਹੋਏ ਹਨ; ਜਿਵੇਂ ਕਿ ‘‘ਰਾਮੁ ਜਪਤ; ਕਛੁ ਬਿਘਨੁ ਵਿਆਪੈ ਗੁਰ ਪ੍ਰਸਾਦਿ; ਅਪੁਨਾ ਪ੍ਰਭੁ ਜਾਪੈ ਰਹਾਉ ’’ (ਮਹਲਾ /੮੬੯) ਅਰਥ : ਰੱਬ ਦਾ ਨਾਮ ਜਪਣ ਨਾਲ਼ ਜੀਵਨ ਯਾਤਰਾ (ਯਾਨੀ ਜ਼ਿੰਦਗੀ) ’ਚ ਕੋਈ ਰੁਕਾਵਟ ਨਹੀਂ ਪੈਂਦੀ ਅਤੇ ਗੁਰੂ ਦੀ ਕਿਰਪਾ ਨਾਲ਼ (ਸਰਬ ਵਿਆਪਕ ਹੋ ਕੇ ਮਦਦ ਕਰਨ ਵਾਲ਼ਾ) ਪ੍ਰਭੂ; ਆਪਣਾ ਪ੍ਰਤੀਤ ਹੁੰਦਾ ਹੈ।

ਮਾਲਕ ਵੱਲੋਂ ਜੀਵਾਂ ਨੂੰ ਮਿਲਦੀ ਹਰ ਦਾਤ ਹੀ ਬਖ਼ਸ਼ਸ਼ ਹੁੰਦੀ ਹੈ। ਮਨੁੱਖਾ ਜੀਵਨ ਮਿਲਣਾ ਭੀ ਮਾਲਕ ਦੀ ਇੱਕ ਦਾਤ ਹੈ, ਬਖ਼ਸ਼ਸ਼ ਹੈ। ਅੰਮ੍ਰਿਤ ਵੇਲ਼ੇ ਦੀ ਸੰਭਾਲ਼ ਅਤੇ ਰੱਬ ਦੀ ਬੰਦਗੀ ਕਰਨੀ ਭੀ ਉਸ ਦੀ ਮਿਹਰ ਤੋਂ ਬਿਨਾਂ ਅਸੰਭਵ ਹੈ। ਇਸ ਦਾ ਜ਼ਿਕਰ ‘ਕਰਮੁ’ ਨੂੰ ਬਿਆਨ ਕਰਦੀ 25ਵੀਂ ਪਉੜੀ ਦੇ ਅੰਤ ’ਚ ਕੀਤਾ ਹੈ ‘‘ਜਿਸ ਨੋ ਬਖਸੇ ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ) ਅਰਥ : (ਮਾਲਕ) ਜਿਸ ਨੂੰ ਆਪਣੀ ਸਿਫ਼ਤ ਸਾਲਾਹ ਕਰਨ ਵਾਲ਼ੀ ਦਾਤ ਬਖ਼ਸ਼ਦਾ ਹੈ, ਉਹ ਦੁਨਿਆਵੀ ਪਾਤਿਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ। ਇਹ ਬਖ਼ਸ਼ਸ਼; ਜੇਕਰ ਨਿਰੰਤਰ ਹੁੰਦੀ ਰਹੇ ਤਾਂ ਬੰਦਗੀ ਕਰਨ ਵਾਲ਼ੇ ਨੂੰ ਆਪਣੀ ਮੰਜ਼ਲ (ਸਚਖੰਡ) ਦੀ ਦੇਹਲ਼ੀ/ਦਹਿਲੀਜ਼ (ਕਰਮਖੰਡ) ’ਤੇ ਲੈ ਜਾਂਦੀ ਹੈ।  ਮੁਸਾਫ਼ਰ ਲਈ ਇਹ ਮੰਜਲ ਹੈ ਯਾਨੀ ਬੰਦਗੀ ਕਰਨ ਵਾਲ਼ਾ ਰੱਬ ’ਚ ਅਭੇਦ ਹੋ ਜਾਂਦਾ ਹੈ।

ਗੁਰੂ ਸਾਹਿਬਾਨ ਦੁਆਰਾ ਕੀਤੀ ਪੜਚੋਲ ਮੁਤਾਬਕ ਸਰੀਰ; ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਤੋਂ ਬਣਿਆ ਹੈ। ਇਨ੍ਹਾਂ ਦਾ ਵੱਧ ਘੱਟ ਪ੍ਰਭਾਵ ਹੋਣਾ ਹੀ ਪੰਜ ਵਿਕਾਰ (ਕਾਮ, ਕਰੋਧ, ਲੋਭ, ਮੋਹ ਤੇ ਅਹੰਕਾਰ) ਜਾਂ ਪੰਜ ਸ਼ੁੱਭ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਹਨ। ਸਰੀਰ ਅੰਦਰ ‘ਸੁਰਤਿ, ਮਤਿ, ਮਨ ਤੇ ਬੁਧਿ’; ਮਨੁੱਖ ਦਾ ਸੁਭਾਅ ਪ੍ਰਗਟ ਕਰਨ ਵਾਲ਼ੇ ਬਾਹਰੀ ਇੰਦ੍ਰੇ ਹਨ, ਜਿਨ੍ਹਾਂ ਨੂੰ ਘੜਨ ਨਾਲ਼ ਵਿਕਾਰੀ ਬਿਰਤੀ; ਪੰਜ ਸ਼ੁੱਭ ਗੁਣਾਂ ਵੱਲ ਮੁੜਦੀ ਹੈ। ‘ਸੁਰਤਿ’ ਤੋਂ ਭਾਵ ਬੀਤ ਚੁੱਕੀ ਜ਼ਿੰਦਗੀ ਦਾ ਅਨੁਭਵ ਹੈ, ‘ਮਤਿ’ ਤੋਂ ਭਾਵ ਪਦਾਰਥਾਂ ਨਾਲ਼ ਲਗਾਅ (ਮਮਤਾ) ਹੈ, ਜਿਸ ਤੋਂ ਅਹੰਕਾਰ ਉਪਜਦਾ ਹੈ।, ‘ਮਨ’ ਤੋਂ ਭਾਵ ਨਵੇਂ ਵਿਚਾਰ ਬਣਨੇ (ਸੰਕਲਪ) ਅਤੇ ਉਨ੍ਹਾਂ ’ਤੇ ਕਾਇਮ ਨਾ ਰਹਿਣਾ (ਵਿਕਲਪ) ਹੈ, ‘ਬੁਧਿ’ ਤੋਂ ਭਾਵ ਜਾਗਰੂਕਤਾ ਪੈਦਾ ਹੋਣੀ ਅਤੇ ਉਸ ’ਤੇ ਦ੍ਰਿੜ੍ਹ ਵਿਸ਼ਵਾਸ ਬਣਨਾ, ਹੁੰਦਾ ਹੈ।

ਹਰ ਸਰੀਰ ਅੰਦਰ ‘ਆਤਮਾ’ (ਇਲਾਹੀ ਨੂਰ) ਹੈ, ਜੋ ਰੱਬ ਦੀ ਸਰਬ ਵਿਆਪਕ ਜੋਤਿ ਵਜੋਂ ਮੌਜੂਦਗੀ ਨੂੰ ਦਰਸਾਉਂਦਾ ਹੈ। ਆਤਮਾ; ਜੋਤਿ ਰੂਪ ਹੋਣ ਕਾਰਨ ਰੱਬੀ ਗੁਣਾਂ ਸਮਾਨ ਹੈ ਯਾਨੀ ਪੂਰਨ ਪ੍ਰਕਾਸ਼ਮਈ। ਰੱਬੀ ਜੋਤਿ ਹੀ ਨਾਮ ਅੰਮ੍ਰਿਤ ਹੈ, ਜੋ ਗੁਰੂ ਦੀ ਕਿਰਪਾ ਨਾਲ਼ ਮਿਲਦਾ ਹੈ ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ   ਨਾਨਕ  ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ’’ (ਮਹਲਾ /੧੨੩੮), ਪਰ ਇਸ ਦਾ ਹੂ-ਬਹੂ ਚਾਨਣ (ਸਮਝ); ਮਨੁੱਖ ਦੀ ਬੁੱਧੀ ’ਤੇ ਨਹੀਂ ਪੈਂਦਾ ਕਿਉਂਕਿ ਆਤਮਾ ਅਤੇ ਬੁੱਧੀ ਵਿਚਕਾਰ; ਅੰਤਹਿਕਰਣ (ਅੰਦਰੂਨੀ ਇੰਦ੍ਰੀ) ਹੈ, ਜਿਸ ਦਾ ਪਾਰਦਰਸ਼ੀ ਹੋਣਾ ਹੀ ‘ਸੁਰਤਿ, ਮਤਿ, ਮਨਿ, ਬੁਧਿ’ ਦਾ ਘੜੇ ਜਾਣਾ ਹੈ, ਮੁਕਤੀ ਹੈ ਕਿਉਂਕਿ ਅੰਤਹਿਕਰਣ ਨਾਲ਼ ਬੰਦੇ ਦੁਆਰਾ ਕੀਤੇ ‘ਕਰਮਾਂ ਦਾ ਫਲ਼, ਭਾਗ, ਨਸੀਬ, ਜਨਮ ਜਨਮ ਕੀ ਮਲੁ’ ਚਿਪਕੀ ਹੁੰਦੀ ਹੈ। ਇਸ ਦੀ ਮਲ਼ੀਨਤਾ ਦੇ ਪ੍ਰਤੀਸ਼ਤ ਮੁਤਾਬਕ ਹੀ ਜੀਵਨ ’ਚ ਦੁੱਖ ਸੁੱਖ ਵਾਪਰਦੇ ਹਨ। ਗੁਰੂ ਸ਼ਬਦ ਨੂੰ ਵਿਚਾਰ ਕੇ ਇਹ ਮਲ਼ੀਨਤਾ ਸਮਝ ਆਉਂਦੀ ਹੈ ਅਤੇ ਸਤਿਗੁਰੂ ਦੀ ਬਖ਼ਸ਼ਸ਼ ਨਾਲ਼ ਇਹ ਪਾਰਦਰਸ਼ੀ ਯਾਨੀ ਸਾਫ਼ ਹੁੰਦੀ ਹੈ ਤਾਂ ਜੋ ਆਤਮਾ (ਰੱਬੀ ਜੋਤਿ) ਦਾ ਹੂ-ਬਹੂ ਪ੍ਰਕਾਸ਼; ਬੁੱਧੀ ਨੂੰ ਮਹਿਸੂਸ ਹੋਵੇ। ਇਹੀ ਰੱਬ ਦਾ ਮਿਲਾਪ ਹੈ ‘‘ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ਗੁਰਿ+ਪੂਰੈ (ਨੇ) ਹਉਮੈ ਭੀਤਿ ਤੋਰੀ; ਜਨ ਨਾਨਕ ਮਿਲੇ ਬਨਵਾਰੀ ’’ (ਮਹਲਾ /੧੨੬੩) ਅਰਥ : ਸਰੀਰ ਅੰਦਰ ਜੀਵਾਤਮਾ (ਆਤਮਾ) ਅਤੇ ਪਤੀ (ਮਾਲਕ/ਜੋਤਿ) ਦਾ ਇੱਕੋ ਜਗ੍ਹਾ ਨਿਵਾਸ ਹੈ, ਪਰ ਦੋਨਾਂ ਵਿਚਕਾਰ ਅਹੰਕਾਰ (ਮੈਲ਼) ਦੀ ਦੀਵਾਰ ਹੈ। ਪੂਰਨ ਗੁਰੂ ਨੇ ਗੁਰਮੁਖ ਅੰਦਰੋਂ ਇਹ ਦੀਵਾਰ ਢਾਹ ਦਿੱਤੀ ਤਾਂ ਜਗਤ ਦਾ ਮਾਲਕ (ਬਨਵਾਰੀ ਅੰਦਰੋਂ ਹੀ) ਮਿਲ ਪੈਂਦਾ ਹੈ। ਇਹ, ਜ਼ਮੀਰ ਯਾਨੀ ਆਤਮਾ ਦਾ ਜਾਗਣਾ ਹੈ, ਨਸੀਬ ਦਾ ਉਦੈ ਹੋਣਾ ਹੈ ‘‘ਕਹਿ ਕਬੀਰ ਮਨਿ (’) ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ’’ (ਭਗਤ ਕਬੀਰ/੩੩੨ਅਰਥ : ਜਦ (ਭਾਗ ਰੂਪ ਅੰਤਹਿਕਰਣ ਦੀ ਮੈਲ਼ ਮਿਟਦੀ ਹੈ, ਰੱਬੀ ਜੋਤਿ-ਨਾਮ ਦਾ) ਸੂਰਜ ਚੜ੍ਹਿਆ ਤਾਂ ਮਨ (ਬੁੱਧੀ) ’ਚ ਰੌਸ਼ਨੀ ਆ ਗਈ ਯਾਨੀ ਆਤਮਾ ਤੇ ਪਰਮਾਤਮਾ ਅਭੇਦ ਹੋ ਜਾਂਦੇ ਹਨ ‘‘ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ’’ (ਮਹਲਾ /੪੨੧) ਚੇਤੇ ਰਹੇ ਕਿ ਮਲ਼ੀਨ ਦੀਵਾਰ; ਗੁਰੂ ਨੇ ਢਾਹੀ ਹੈ ‘‘ਗੁਰਿ+ਪੂਰੈ (ਨੇ) ਹਉਮੈ ਭੀਤਿ ਤੋਰੀ’’ , ਨਾ ਕਿ ਬੰਦਗੀ ਕਰਨ ਵਾਲ਼ੇ ਦੀ ਬੁੱਧੀ ਨੇ। ਸ਼ਰਧਾਵਾਨ ਦੀ ਬੁੱਧੀ ’ਚ ਆਈ ਆਤਮਾ ’ਚੋਂ ਰੌਸ਼ਨੀ (ਜਾਗਰੂਕਤਾ) ਹੀ ਰੱਬ ’ਤੇ ਕੀਤੇ ਭਰੋਸੇ ਨੂੰ ਯਕੀਨ ’ਚ ਬਦਲਦੀ ਹੈ। ਦੁਨਿਆਵੀ ਗਿਆਨ ਨਾਲ਼ ਜਿੱਥੇ ਇੱਕ ਡਾਕਟਰ; ਸਰੀਰਕ ਬੀਮਾਰੀਆਂ ਬਾਰੇ ਅਤੇ ਤਾਰਾ ਵਿਗਿਆਨੀ; ਬ੍ਰਹਿਮੰਡ ਬਾਰੇ ਪੂਰਾ ਨਹੀਂ ਜਾਣ ਸਕਿਆ ਓਥੇ ਗੁਰੂ ਸਾਹਿਬਾਨ ਨੇ ਰੂਹਾਨੀਅਤ ਗਿਆਨ ਰਾਹੀਂ ਜ਼ਿੰਦਗੀ, ਕੁਦਰਤ ਤੇ ਨਿਰਾਕਾਰ ਨੂੰ ਤੱਥਾਂ ਆਧਾਰਿਤ ਬਿਆਨ ਕੀਤਾ ਹੈ।

ਰੱਬੀ ਜੋਤਿ (ਆਤਮਾ) ਦਾ ਥੋੜ੍ਹਾ ਬਹੁਤ ਚਾਨਣ ਹਰ ਜੀਵ ਦੀ ਬੁੱਧੀ ’ਤੇ ਜ਼ਰੂਰ ਪੈਂਦਾ ਹੈ, ਇਸ ਲਈ ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਕਿ ਅਕਲ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਹੋਇਆ ‘‘ਏਕਾ ਸੁਰਤਿ; ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ਜੇਹੀ ਸੁਰਤਿ; ਤੇਹਾ ਤਿਨ ਰਾਹੁ ਲੇਖਾ ਇਕੋ; ਆਵਹੁ ਜਾਹੁ ’’ (ਮਹਲਾ /੨੫) ਇਸੇ ਸੂਝ ਨਾਲ਼ ਪੰਛੀ ਅੰਡੇ ਦੇਣ ਤੋਂ ਪਹਿਲਾਂ ਆਲ੍ਹਣਾ ਬਣਾ ਲੈਂਦੇ ਹਨ। ਕੁੱਤੀ; ਬੱਚੇ ਦੇਣ ਤੋਂ ਪਹਿਲਾਂ ਖੁੱਡ ਪੁੱਟ ਲੈਂਦੀ ਹੈ। ਪੰਛੀਆਂ ਨੂੰ ਇਹ ਸਮਝ ਆਪਣੇ ਮਾਤਾ ਪਿਤਾ ਤੋਂ ਨਹੀਂ ਮਿਲੀ ਹੁੰਦੀ ਤੇ ਨਾ ਹੀ ਕੁੱਤੀ ਨੇ ਅਗਾਂਹ ਆਪਣੇ ਬੱਚਿਆਂ ਨੂੰ ਦਿੱਤੀ ਹੁੰਦੀ ਹੈ।

ਸਬਦ ਗਿਆਨ; ਬੰਦੇ ਨੂੰ ਅੰਤਹਿਕਰਣ ਦੀ ਮੈਲ਼ ਤੋਂ ਜਾਣੂ (ਸਵੈ ਪੜਚੋਲ) ਕਰਾਉਂਦਾ ਹੈ। ਇਹ ਸਮਝ ਅੰਦਰਲੀ ਸਫ਼ਾਈ ਕਰਨ ਲਈ ਅਜੇ ਪੂਰਨ ਨਹੀਂ। ਮਨ ਨੂੰ ਕਾਬੂ ਕਰਨ ’ਚ ਆਪ ਅਸਫਲ ਰਿਹਾ, ਗੁਰੂ ਤੋਂ ਮਦਦ ਮੰਗੇਗਾ। ਇਸ ਹਲੇਮੀ ਨੂੰ ਮਿਲਣ ਵਾਲ਼ਾ ਰੂਹਾਨੀਅਤ ਬਲ ਹੀ ਗੁਰੂ ਦੀ ਬਖ਼ਸ਼ਸ਼ ਹੈ, ਰੱਬ ਦੀ ਮਿਹਰ ਹੈ ‘‘ਗੁਰ ਪਰਸਾਦੀ ਕਰਹੁ ਕਿਰਪਾ; ਲੇਹੁ ਜਮਹੁ ਉਬਾਰੇ ਜੁਗਹ ਜੁਗੰਤਰਿ ਭਗਤ ਤੁਮਾਰੇ ’’ (ਮਹਲਾ /੫੬੭) ਅਰਥ : (ਹੇ ਮਾਲਕ !) ਤੁਸੀਂ ਗੁਰੂ ਦੀ ਮਿਹਰ ਦੇ ਰੂਪ ’ਚ (ਆਪਣੇ ਭਗਤਾਂ ਉੱਤੇ) ਕਿਰਪਾ ਕਰਦੇ ਹੋ ਅਤੇ (ਉਨ੍ਹਾਂ ਨੂੰ) ਵਿਕਾਰਾਂ ਤੋਂ ਬਚਾ ਲੈਂਦੇ ਹੋ। ਹਰ ਜੁਗ ’ਚ ਤੇਰੇ ਭਗਤ ਮੌਜੂਦ ਰਹੇ ਸਨ।

ਕਈ ਅਜੋਕੇ ਤਰਕਵਾਦੀ ਸਿੱਖਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਪ੍ਰਗਟ ਕੀਤਾ ਸੱਚਾ ਗਿਆਨ (ਗੁਰੂ ਗ੍ਰੰਥ ਸਾਹਿਬ) ਹੀ ਗੁਰੂ ਦੀ ਬਖ਼ਸ਼ਸ਼ ਹੈ। ਕੋਈ ਹੋਰ ਬਖ਼ਸ਼ਸ਼ ਨਹੀਂ ਹੁੰਦੀ, ਪਰ ਗੁਰਬਾਣੀ ਦੀ ਇੱਕ ਤੁਕ ’ਚ ਹੀ ਸ਼ਬਦ ਗਿਆਨ ਅਤੇ ਬਖ਼ਸ਼ਸ਼ ਨੂੰ ਵੱਖਰਾ-ਵੱਖਰਾ ਰੱਖਿਆ ਮਿਲਦਾ ਹੈ; ਜਿਵੇਂ ਕਿ

(1). ਗੁਰ ਕੈ ਬਚਨਿ; ਧਿਆਇਓ ਮੋਹਿ ਨਾਉ ॥ ਗੁਰ ਪਰਸਾਦਿ; ਮੋਹਿ ਮਿਲਿਆ ਥਾਉ ॥੧॥ ਰਹਾਉ ॥ (ਮਹਲਾ ੫/੨੩੯) ਅਰਥ : ਗੁਰ ਦੇ ਸ਼ਬਦ ਨਾਲ਼ ਮੈ ਰੱਬ ਦਾ ਨਾਮ ਜਪਿਆ ਹੈ ਤੇ ਗੁਰੂ ਦੀ ਕਿਰਪਾ ਨਾਲ਼ (ਉਸ ਦੇ ਚਰਨਾਂ ’ਚ) ਨਿਵਾਸ ਮਿਲਿਆ ਹੈ ਯਾਨੀ ਨਾਮ ਜਪਣ ’ਚ ਸਫਲਤਾ ਮਿਲਣੀ, ਗੁਰੂ ਦੀ ਮਿਹਰ ’ਤੇ ਨਿਰਭਰ ਹੈ।

(2). ਗੁਰ ਪ੍ਰਸਾਦਿ; ਕੋ ਸਬਦਿ ਪਛਾਣੈ ॥ (ਮਹਲਾ ੫/੫੬੨) ਅਰਥ : (ਹੇ ਪ੍ਰਭੂ ਜੀ !) ਕੋਈ ਵਿਰਲਾ ਭਗਤ; ਗੁਰ ਦੇ ਸ਼ਬਦ ਨਾਲ਼ ਅਤੇ ਗੁਰੂ ਦੀ ਬਖ਼ਸ਼ਸ਼ ਨਾਲ਼ ਤੈਨੂੰ ਪਛਾਣਦਾ ਹੈ। (ਨੋਟ : ‘ਪ੍ਰਸਾਦਿ’ ਤੇ ‘ਸਬਦਿ’ ਦੇ ਅਰਥ ‘ਮਿਹਰ ਨਾਲ਼’ ਤੇ ‘ਸ਼ਬਦ ਨਾਲ਼’ ਕਰਨੇ ਹੀ ਪੈਣੇ ਹਨ।)

(3). ਜਾਣਿਆ ਆਨੰਦੁ, ਸਦਾ ਗੁਰ ਤੇ; ਕ੍ਰਿਪਾ ਕਰੇ ਪਿਆਰਿਆ ॥ (ਅਨੰਦ/ਮਹਲਾ ੩/੯੧੭) ਅਰਥ : ਹੇ ਪਿਆਰੇ ਭਾਈ ਜਨ !  ਸਦਾ ਗੁਰੂ ਤੋਂ ਅਨੰਦ ਬਾਰੇ ਸਮਝ ਆਉਂਦੀ ਹੈ ਤੇ ਗੁਰੂ ਦੀ ਕਿਰਪਾ ਨਾਲ਼ ਅਨੰਦ ਮਾਣਿਆ ਜਾਂਦਾ ਹੈ ਯਾਨੀ ਅਨੰਦ ਦੀ ਸਮਝ ਤੇ ਅਨੰਦ ਮਾਣਨਾ; ਦੋਵਾਂ ’ਚ ਅੰਤਰ ਹੈ।

(4). ਗਿਆਨ ਅੰਜਨੁ ਪਾਏ ਗੁਰ ਸਬਦੀ; ਨਦਰੀ ਨਦਰਿ ਮਿਲਾਇਦਾ ॥ (ਮਹਲਾ ੩/੧੦੬੫) ਅਰਥ : ਗੁਰੂ ਦੇ ਸ਼ਬਦ-ਉਪਦੇਸ਼ ਨਾਲ਼ ਗਿਆਨ ਸੁਰਮਾ (ਅੱਖਾਂ ’ਚ) ਪੈਂਦਾ ਹੈ ਯਾਨੀ ਅੰਤਹਿਕਰਣ ਦੀ ਮੈਲ਼ ਨਜ਼ਰ ਆਉਂਦੀ ਹੈ ਤੇ ਮਿਹਰਬਾਨ ਮਾਲਕ ਦੀ ਮਿਹਰ ਭਰੀ ਦ੍ਰਿਸ਼ਟੀ ਨਾਲ਼ (ਉਸ ਨਾਲ਼) ਮਿਲਾਪ ਹੁੰਦਾ ਹੈ ਯਾਨੀ ਅੰਤਹਿਕਰਣ ਪਾਰਦਰਸ਼ੀ ਹੁੰਦਾ ਹੈ।

 ਸੋ ਜੇ ਬੁੱਧੀ ’ਚ 5% ਚਾਨਣ ਹੈ ਤਾਂ ਵਿਕਾਰਾਂ ਨਾਲ਼ ਲੜਨ ਲਈ ਉਸ ਕੋਲ਼ ਇਹੀ ਸ਼ਕਤੀ ਹੈ ਤਾਂ ਤੇ ਵਿਕਾਰਾਂ ਨਾਲ਼ ਨਹੀਂ ਲੜ ਸਕਦੀ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ  ? ’’ (ਭਗਤ ਰਵਿਦਾਸ/੪੮੬) ਅਰਥ : ਹਿਰਨ (ਕੰਨ ਰਸ ਨਾਲ਼), ਮੱਛੀ (ਜੀਭ ਰਸ ਨਾਲ਼), ਭੌਰਾ (ਨਾਸਿਕੀ ਸੁਗੰਧ ਨਾਲ਼), ਪਤੰਗਾ (ਨਜ਼ਰ ਰੋਗ ਨਾਲ਼) ਤੇ ਹਾਥੀ (ਤ੍ਵਚਾ/ਚਮੜੀ/ਕਾਮ ਰੋਗ ਨਾਲ਼) ਯਾਨੀ ਇੱਕ ਇੱਕ ਰੋਗ ਨਾਲ਼ ਮਰ ਜਾਂਦੇ ਹਨ, ਪਰ ਜਿਸ ਬੰਦੇ ਅੰਦਰ ਨਾ ਕਾਬੂ ਹੋਣ ਵਾਲ਼ੇ ਇਹ ਪੰਜੇ ਵਿਕਾਰ ਹੋਣ ਉਸ ਤੋਂ ਕਿੰਨੀ ਕੁ ਉਮੀਦ ਰੱਖੀਏ ?

ਨਸ਼ੇੜੀ ਨੂੰ ਜੇ ਇਹ ਗਿਆਨ ਹੋ ਜਾਵੇ ਕਿ ਨਸ਼ਾ ਸਿਹਤ ਲਈ ਨੁਕਸਾਨਦੇਹ ਹੈ, ਤਾਂ ਭੀ ਉਹ ਨਸ਼ੇ ਨੂੰ ਨਹੀਂ ਛੱਡ ਸਕਦਾ ਜਦਕਿ ਉਸ ਨੇ 20-30 ਕੁ ਸਾਲ ਪਹਿਲਾਂ ਹੀ ਨਸ਼ਾ ਸ਼ੁਰੂ ਕੀਤਾ ਹੋ ਸਕਦਾ ਹੈ ਤਾਂ ਤੇ ‘ਜਨਮ ਜਨਮ ਕੀ ਮਲੁ’ ਨੂੰ ਗੁਰੂ ਦਰਪਣ ਨਾਲ਼ ਵੇਖਣ ਤੋਂ ਬਾਅਦ ਆਪਣੇ ਬੁੱਧੀ ਬਲ ਦੇ ਆਸਰੇ ਮਨ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ? ਆਮ ਆਖਿਆ ਜਾਂਦਾ ਹੈ ਕਿ ਗੁਰਬਾਣੀ ਪੜ੍ਹੀ ਬਹੁਤ ਜਾ ਰਹੀ ਹੈ, ਪਰ ਗੁਰਮਤਿ ਅਨੁਸਾਰੀ ਓਨੇ ਕਿਰਦਾਰ ਨਜ਼ਰ ਨਹੀਂ ਆਉਂਦੇ। ਕੀ ਰੋਜ਼ਾਨਾ ਪਾਠ ਕਰਨ ਵਾਲ਼ੀ ਬੀਬੀ ਨੂੰ ਨਹੀਂ ਪਤਾ ਕਿ ਗੁਰਬਾਣੀ; ਵਰਤ ਰੱਖਣ ਬਾਰੇ ਕੀ ਕਹਿੰਦੀ ਹੈ ਅਤੇ ਸ਼ਰਾਬ ਪੀਣ ਵਾਲ਼ੇ ਜਾਂ ਹੋਰਾਂ ਨੂੰ ਵੰਡਣ ਵਾਲ਼ੇ ਸਿਆਸੀ ਪ੍ਰਬੰਧਕਾਂ ਨੂੰ ਨਹੀਂ ਪਤਾ ਕਿ ਗੁਰਬਾਣੀ; ਨਸ਼ੇ ਬਾਰੇ ਕੀ ਕਹਿੰਦੀ ਹੈ। ਜੇਕਰ ਪਤਾ ਹੈ ਤਾਂ ਇਹ ਸਾਰੇ ਮਨਮਤੀ ਕਰਮ ਛੱਡ ਕਿਉਂ ਨਹੀਂ ਦਿੰਦੇ ? ਜਵਾਬ ਹੈ ਕਿ ਗੁਰੂ ਦੀ ਬਖ਼ਸ਼ਸ਼ ਨਾਲ਼ ਜੋ ਜ਼ਮੀਰ ਜਾਗਣੀ ਸੀ, ਰੂਹਾਨੀਅਤ ਬਲ ਮਿਲਣਾ ਸੀ ਤਾਂ ਕਿ ਹਿੰਮਤ ਜੁਟਾ ਇਨ੍ਹਾਂ ਨੂੰ ਛੱਡਦੇ, ਉਹ ਬਲ; ਗੁਰੂ ਪਾਸੋਂ ਮੰਗਣ ਦੀ ਜਾਚ ਨਾ ਆਈ।

ਸਿੱਖ ਅੰਦਰ ਗੁਰੂ ਦਾ ਸਤਿਕਾਰ ਤੇ ਡਰ-ਅਦਬ ਪੈਦਾ ਹੋਣਾ, ਗੁਰੂ ਪਾਸੋਂ ਰੱਬ ਦਾ ਨਾਮ ਅਤੇ ਉਸ ’ਤੇ ਪਹਿਰਾ ਦੇਣਯੋਗ ਸ਼ਕਤੀ (ਬਖ਼ਸ਼ਸ਼) ਮੰਗਣੀ; ਅਸਲ ਸਿੱਖੀ ਹੈ। ਇਹੀ ਗੁਣ ਹੋਰਾਂ ਨਾਲ਼ ਸਾਂਝੇ ਕਰਨੇ; ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਹੈ, ਪਰ ਇਨ੍ਹਾਂ ਨੂੰ ਮਨਮਤ ਨਜ਼ਰੀਏ ਨਾਲ਼ ਵੇਖਣਾ; ਰੂਹਾਨੀਅਤ ਤਬਦੀਲੀ ਆਉਣੀ ਅਸੰਭਵ ਹੈ, ਫਿਰ ਐਸਾ ਜੀਵਨ ਹੁੰਦਾ ਹੈ ‘‘ਕਬੀਰ  ! ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ਕਾਹੇ ਕੀ ਕੁਸਲਾਤ; ਹਾਥਿ ਦੀਪੁ ਕੂਏ ਪਰੈ ’’ (ਭਗਤ ਕਬੀਰ/੧੩੭੬) ਅਰਥ : ਬੁੱਧੀ; ਚੰਗਾ ਮਾੜਾ ਜਾਣਦੀ ਹੈ ਫਿਰ ਭੀ ਗ਼ਲਤ ਕੰਮ ਕਰਦੀ ਹੈ; ਇਹ ਕਾਹਦੀ ਕੁਸ਼ਲਤਾ (ਸ਼ਾਂਤੀ) ਇਹ ਤਾਂ ਹੱਥ ’ਚ ਗਿਆਨ ਰੂਪ ਦੀਵਾ ਹੋਣ ’ਤੇ ਭੀ ਹਨ੍ਹੇਰੇ ਖੂਹ ’ਚ ਡਿੱਗਣਾ ਹੈ।

ਅੱਜ ਚਾਰੋਂ ਤਰਫ਼ ਹੁੰਦੀ ਬੰਦਗੀ ਨੂੰ ਵੇਖ ਕੌਣ ਕਹੇਗਾ ਕਿ ਰੱਬ ਦਾ ਨਾਮ ਜਪਣਾ ਮੁਸ਼ਕਲ ਹੈ, ਪਰ ਗੁਰੂ ਨਾਨਕ ਸਾਹਿਬ ਜੀ ਇਹੀ ਕਹਿ ਰਹੇ ਹਨ ‘‘ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ ) ਦਰਅਸਲ ਸੱਚਾ ਨਾਮ ਜਪਣਾ ਮੁਸ਼ਕਲ ਹੈ, ਤੋਂ ਭਾਵ ਹੈ ਕਿ ਜਿਸ ਦਾ ਨਾਮ ਜਪਣਾ ਹੈ, ਉਸ ਨੂੰ ਸਮਝਣਾ ਤੇ ਉਸ ’ਤੇ ਯਕੀਨ ਬਣਾਏ ਰੱਖਣਾ ਮੁਸ਼ਕਲ ਹੈ ਕਿਉਂਕਿ ਇਹ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਹਚਾ) ਦਾ ਵਿਸ਼ਾ ਨਹੀਂ ਤਾਂ ਜੋ ਜਲਦੀ ਪਕੜ ’ਚ ਆ ਜਾਵੇ। ਨਾ ਸਮਝੀ ’ਚ ਨਾਮ ਜਪ-ਜਪ ਕੋਈ ਰੂਹਾਨੀਅਤ ਬਲ ਨਾ ਮਿਲਦਾ ਵੇਖ ਅਤੇ ਦੁੱਖਾਂ ਤੋਂ ਘਬਰਾਅ ਕੇ ਕਈ ਧਰਮੀ; ਨਾਸਤਿਕ ਬਣਦੇ ਹਨ। ਦੂਜੇ ਪਾਸੇ ਪੂਰਨ ਸਮਝ ਨਾਲ਼ ਨਾਮ ਜਪਣ ਵਾਲ਼ਾ ਇਉਂ ਆਖਦਾ ਹੈ ‘‘ਲਾਖ ਜਿਹਵਾ ਦੇਹੁ ਮੇਰੇ ਪਿਆਰੇ ! (ਤਾਂ ਜੋ) ਮੁਖੁ ਹਰਿ ਆਰਾਧੇ ਮੇਰਾ ਰਾਮ ’’ (ਮਹਲਾ /੭੮੦)

ਗੁਰਬਾਣੀ ਅੰਦਰ ਰੱਬ ’ਤੇ ਭਰੋਸਾ ਬਣਾਏ ਰੱਖਣ ਲਈ ‘ਗੁਰੂ ਦੀ ਬਖ਼ਸ਼ਸ਼’ ਨੂੰ ਜ਼ਰੂਰੀ ਮੰਨਿਆ ਗਿਆ ਹੈ; ਜਿਵੇਂ ਕਿ

(1). ਸੋ ਪ੍ਰਭੁ; ਜਾਣੀਐ ਸਦ ਸੰਗਿ ॥ ਗੁਰ ਪ੍ਰਸਾਦੀ ਬੂਝੀਐ; ਏਕ ਹਰਿ ਕੈ ਰੰਗਿ ॥੧॥ ਰਹਾਉ॥ (ਮਹਲਾ ੫/੪੦੫) ਅਰਥ : ਉਸ ਮਾਲਕ ਨੂੰ ਸਦਾ ਅੰਗ-ਸੰਗ ਜਾਣਨਾ ਚਾਹੀਦਾ ਹੈ। ਸਤਿਗੁਰੂ ਦੀ ਕਿਰਪਾ ਨਾਲ਼ ਕੇਵਲ ਉਸ ਹਰੀ ਦੇ ਪ੍ਰੇਮ ਰੰਗ ’ਚ ਭਿੱਜ ਕੇ ਜਾਣਿਆ ਜਾਂਦਾ ਹੈ।

(2). ਮੇਰਾ ਪ੍ਰਭੁ ਅੰਤਰਿ ਬੈਠਾ; ਵੇਖੈ ॥ ਗੁਰ ਪਰਸਾਦੀ ਮਿਲੈ; ਸੋਈ ਜਨੁ ਲੇਖੈ ॥ (ਮਹਲਾ ੩/੧੨੩) ਅਰਥ : ਪਿਆਰਾ ਪ੍ਰੀਤਮ; ਸਾਰਿਆਂ ਅੰਦਰ ਬੈਠਾ (ਹਰ ਫੁਰਨਾ ਦਿਲੋਂ ਉੱਠਦੇ ਨੂੰ) ਵੇਖਦਾ ਹੈ। ਗੁਰੂ ਦੀ ਮਿਹਰ ਨਾਲ਼ ਜੋ ਮਨੁੱਖ (ਉਸ ਨਾਲ਼) ਜੁੜਦਾ ਹੈ ਉਹੀ ਲੇਖੇ ’ਚ ਹੈ, ਸਫਲ ਹੈ।

(3). ਗੁਪਤੁ ਪਰਗਟੁ ਤੂੰ; ਸਭਨੀ ਥਾਈ ॥ ਗੁਰ ਪਰਸਾਦੀ; ਮਿਲਿ ਸੋਝੀ ਪਾਈ ॥ (ਮਹਲਾ ੩/੧੨੪) ਅਰਥ : ਹੇ ਪ੍ਰਭੂ ਜੀ ! ਤੂੰ ਪ੍ਰਗਟ (ਯਾਨੀ ਸਰਗੁਨ) ਤੇ ਗੁਪਤ (ਯਾਨੀ ਨਿਰਗੁਨ) ਰੂਪ ’ਚ ਹਰ ਥਾਂ ਮੌਜੂਦ ਹੈਂ, ਪਰ ਇਹ ਸਮਝ ਗੁਰੂ ਦੀ ਕਿਰਪਾ ਨਾਲ਼ (ਤੈਨੂੰ) ਮਿਲ ਕੇ ਹੀ ਆਉਂਦੀ ਹੈ।

(4). ਨਾਨਕ  ! ਕਰਮੀ ਬੰਦਗੀ; ਨਦਰਿ ਲੰਘਾਏ ਪਾਰਿ ॥ (ਮਹਲਾ ੧/੧੨੪੨) ਅਰਥ : ਮਾਲਕ ਦੀ ਮਿਹਰ ਨਾਲ਼ ਭਗਤੀ ਹੁੰਦੀ ਹੈ ਅਤੇ ਮਾਲਕ ਦੀ ਮਿਹਰ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ਯਾਨੀ ਮੁਕਤੀ ਦਿੰਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਮਾਲਕ ਨੂੰ ਕਿਵੇਂ ਜਾਣਾ, ਕਿਵੇਂ ਉਸ ਦੀ ਸਿਫ਼ਤ ਕਰਾਂ ਕਿਉਂਕਿ ਉਹ ਗਿਆਨ ਇੰਦ੍ਰਿਆਂ ਨਾਲ਼ ਵਿਖਾਈ ਨਹੀਂ ਦਿੰਦਾ ‘‘ਕਿਵ ਕਰਿ ਆਖਾ  ? ਕਿਵ ਸਾਲਾਹੀ ? ਕਿਉ ਵਰਨੀ ? ਕਿਵ ਜਾਣਾ .. ੨੧’’ (ਜਪੁ) ਗੁਰੂ ਅਮਰਦਾਸ ਜੀ ਐਸੇ ਹੀ ਸਵਾਲ ਪੈਦਾ ਕਰ ਫਿਰ ਜਵਾਬ ਦਿੰਦੇ ਹਨ ਕਿ ਗੁਰੂ ਦੇ ਸ਼ਬਦ ਨਾਲ ਅਤੇ ਗੁਰੂ ਦੀ ਕਿਰਪਾ ਨਾਲ਼ ਉਸ ਦੀ ਸਿਫ਼ਤ ਕੀਤੀ ਜਾਂਦੀ ਹੈ, ਉਸ ਨੂੰ ਜਾਣਿਆ ਜਾਂਦਾ ਹੈ ‘‘ਕਿਉ ਕਰਿ ਵੇਖਾ ? ਕਿਉ ਸਾਲਾਹੀ  ? ਗੁਰ ਪਰਸਾਦੀ; ਸਬਦਿ ਸਲਾਹੀ ’’ (ਮਹਲਾ /੧੧੯)

ਗੁਰੂ ਸ਼ਬਦ ਦੀ ਸਮਝ ਅਤੇ ਗੁਰੂ ਦੀ ਕਿਰਪਾ; ਰੱਬ ਦੀ ਮਿਹਰ ਵਿੱਚ ਹੀ ਹੁੰਦੇ ਹਨ; ਜਿਵੇਂ ਕਿ

(1). ਕਰਮੁ ਹੋਵੈ; ਗੁਰੁ ਕਿਰਪਾ ਕਰੈ ॥ (ਮਹਲਾ ੩/੧੧੨੯) ਅਰਥ : ਮਾਲਕ ਦੀ ਮਿਹਰ ਹੋਵੇ ਤਾਂ ਹੀ ਗੁਰੂ ਦੀ ਕਿਰਪਾ ਹੁੰਦੀ ਹੈ।

(2). ਬੂਝੈ ਕਰਮੁ; ਸੁ ਸਬਦੁ ਪਛਾਣੈ ॥ (ਮਹਲਾ ੧/੧੦੪੦) ਅਰਥ : ਜੋ ਮਾਲਕ ਦੀ ਮਿਹਰ ਨੂੰ ਸਮਝਦਾ ਹੈ ਓਹੀ ਗੁਰੂ ਦੇ ਸ਼ਬਦ ਨੂੰ ਸਮਝ ਸਕਦਾ ਹੈ।

(3). ਗੁਰਮੁਖਿ ਸਿਖ ਸੋਈ ਜਨੁ ਪਾਏ; ਜਿਸ ਨੋ ਨਦਰਿ ਕਰੇ ਕਰਤਾਰੁ ॥ (ਮਹਲਾ ੧/੧੨੫੬) ਅਰਥ : ਗੁਰੂ ਦੀ ਸਿੱਖਿਆ ਉਹੀ ਗ੍ਰਹਿਣ ਕਰ ਸਕਦਾ ਹੈ, ਜਿਸ ਉੱਤੇ ਮਿਹਰ ਭਰੀ ਨਜ਼ਰ; ਸਿਰਜਣਹਾਰ ਮਾਲਕ ਕਰਦਾ ਹੈ।

(4). ਹਰਿ ਹਰਿ ਕ੍ਰਿਪਾਲਿ (ਨੇ) ਕ੍ਰਿਪਾ ਪ੍ਰਭਿ (ਨੇ) ਧਾਰੀ; ਗੁਰਿ (ਨੇ) ਗਿਆਨੁ ਦੀਓ, ਮਨੁ ਸਮਝਾ ॥ ਰਹਾਉ ॥ (ਮਹਲਾ ੪/੬੯੭) ਅਰਥ : ਜਦ ਕ੍ਰਿਪਾਲ ਹਰੀ ਪ੍ਰਭੂ ਨੇ ਕਿਰਪਾ ਕੀਤੀ ਅਤੇ ਗੁਰੂ ਨੇ ਉਪਦੇਸ਼ ਦਿੱਤਾ ਤਾਂ ਹੀ ਮਨ ਕਾਬੂ ਹੋਇਆ।

(5). ਐਸੋ ਪਰਚਉ ਪਾਇਓ ॥ ਕਰੀ ਕ੍ਰਿਪਾ ਦਇਆਲ ਬੀਠੁਲੈ (ਨੇ); ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥ (ਮਹਲਾ ੫/੨੦੫) ਅਰਥ : ਦਇਆ ਦੇ ਘਰ, ਕ੍ਰਿਪਾਲ ਮਾਲਕ ਨੇ ਮੈਨੂੰ ਸਤਿਗੁਰੂ ਦੀ ਸੋਝੀ ਦਿੱਤੀ (ਜਿਨ੍ਹਾਂ ਦੀ ਮਿਹਰ ਨਾਲ਼ ਹੀ) ਮਾਲਕ ਨਾਲ਼ ਸਾਂਝ ਬਣ ਸਕੀ।

ਉਕਤ ਜਿੱਥੇ ਅਕਾਲ ਪੁਰਖ ਦੀ ਕਿਰਪਾ ਨਾਲ਼ ਗੁਰੂ ਮਿਲਣ ਦਾ ਜ਼ਿਕਰ ਹੈ, ਉਸ ਦਾ ਮਤਲਬ ਮਨੁੱਖੀ ਸਰੀਰ ਅਕਾਲ ਪੁਰਖ ਦੀ ਮਿਹਰ ਨਾਲ਼ ਮਿਲਿਆ ਹੈ ਤੇ ਇਸ ਜਾਮੇ ’ਚ ਗੁਰੂ ਭੇਜ ਕੇ ਅਤੇ ਗੁਰੂ ਨਾਲ਼ ਮਿਲਾਪ ਕਰਾ ਕੇ ਫਿਰ ਸਤਿਗੁਰੂ ਦੀ ਕਿਰਪਾ ਨਾਲ਼ ਅਕਾਲ ਪੁਰਖ ਨਾਲ਼ ਅਭੇਦ ਹੋਣਾ ਅਤੇ ਸੰਸਾਰਕ ਯਾਤਰਾ ਤੋਂ ਮੁਕਤ ਹੋਣਾ ਹੈ।

ਅੰਤ ’ਚ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਯਾਦ ਰੱਖਣਾ ਹੈ ਕਿ ‘ਬਖ਼ਸ਼ਸ਼’ ਅਜਿਹੀ ਰੱਬੀ ਸ਼ਕਤੀ ਹੈ, ਜੋ ਬਗਲੇ (ਪਖੰਡੀ) ਅਤੇ ਹੰਸ ਦਾ ਅੰਤਰ ਨਹੀਂ ਵੇਖਦੀ। ਕਾਂ ਨੂੰ ਭੀ ਹੰਸ ਬਣਾ ਦਿੰਦੀ ਹੈ, ਕੋਈ ਔਗੁਣ ਨਹੀਂ ਫਰੋਲਦੀ ‘‘ਕਿਆ ਹੰਸੁ  ? ਕਿਆ ਬਗੁਲਾ  ? ਜਾ ਕਉ ਨਦਰਿ ਕਰੇਇ ਜੋ ਤਿਸੁ ਭਾਵੈ ਨਾਨਕਾ; ਕਾਗਹੁ ਹੰਸੁ ਕਰੇਇ (ਮਹਲਾ /੯੧) ਤਾਂ ਤੇ ਤਰਕ-ਵਿਤਰਕ ਨੂੰ ਛੱਡ ਕੇ ਇਹੀ ਬੇਨਤੀ ਕਰਨੀ ਬਣਦੀ ਹੈ ‘‘ਦ੍ਰਿਸਟਿ ਪ੍ਰਭ ਧਾਰਹੁ; ਕ੍ਰਿਪਾ ਕਰਿ ਤਾਰਹੁ; ਭੁਜਾ ਗਹਿ, ਕੂਪ ਤੇ ਕਾਢਿ ਲੇਵਹੁ ਰਹਾਉ ’’ (ਮਹਲਾ /੬੮੩) ਅਰਥ : ਹੇ ਪ੍ਰਭੂ ਜੀ ! ਮਿਹਰ ਭਰੀ ਨਜ਼ਰ ਕਰੋ, ਕਿਰਪਾ ਕਰਕੇ ਸਾਨੂੰ ਤਾਰ ਲਓ। ਸਾਡੀ ਬਾਂਹ ਪਕੜ ਕੇ ਅਗਿਆਨਤਾ ਦੇ ਹਨ੍ਹੇਰੇ ਖੂਹ ’ਚੋਂ ਕੱਢ ਲਓ।

ਗੁਰਮਤਿ ਦੇ ਹਥਲੇ ਵਿਸ਼ੇ ’ਤੇ ਭਰੋਸਾ ਕਰਨ ਦੀ ਬਜਾਇ ਨਾਸਤਿਕ ਬਿਰਤੀ ਵੱਲੋਂ ਕੁਤਰਕ ਕੀਤਾ ਜਾਂਦਾ ਹੈ ਕਿ ਜੇ ਬਖ਼ਸ਼ਸ਼ ਨਾਲ਼ ਸਭ ਕੁੱਝ ਹੋਣਾ ਹੈ ਤਾਂ ਮਨੁੱਖ ਨੂੰ ਕਿਉਂ ਕਿਹਾ ਜਾਂਦਾ ਹੈ; ਇਉਂ ਨਹੀਂ, ਇਉਂ ਕਰ ?  ਜਵਾਬ : ਦਰਅਸਲ ਇਹ ਜਾਣਨਾ ਜ਼ਰੂਰੀ ਹੈ ਕਿ ਮਨੁੱਖ ਨੂੰ ਕਿੱਥੋਂ ਰੋਕਿਆ ਜਾਂਦਾ ਹੈ ਅਤੇ ਕਿੱਧਰ ਨੂੰ ਪ੍ਰੇਰਿਆ ਜਾਂਦਾ ਹੈ। ਕੁਦਰਤ ਦੇ ਵਿਕਾਸ ਲਈ ਜੀਵ ਰਚਨਾ ਹੋਈ ਹੈ। ਇਸ ਨਿਯਮ ’ਚ ਹਰ ਜੀਵ (ਪਸ਼ੂ, ਪੰਛੀ ਆਦਿ) ਆਪਣਾ ਫ਼ਰਜ਼ ਅਦਾ ਕਰਦਾ ਪਿਆ ਹੈ, ਪਰ ਜੇ ਕੋਈ ਮਨੁੱਖ ਗ੍ਰਹਿਸਤ ਤਿਆਗ ਕੇਵਲ ਧਰਮ ਕਮਾਉਣ ਜੰਗਲ਼ ’ਚ ਚਲਾ ਜਾਵੇ ਜਾਂ ਆਪਣਾ ਗ੍ਰਹਿਸਤੀ ਫ਼ਰਜ਼ ਇਮਾਨਦਾਰੀ ਨਾਲ਼ ਨਾ ਨਿਭਾਵੇ ਜਾਂ ਬੇਈਮਾਨੀ ਨਾਲ਼ ਤੇ ਧਰਮ ਦਾ ਠੇਕੇਦਾਰ ਬਣ ਦੂਜੇ ਦੀ ਕਮਾਈ ’ਤੇ ਨਿਰਭਰ ਰਹੇ ਜਾਂ ਸਭ ਨੂੰ ਬਰਾਬਰ ਨਾ ਸਮਝੇ ਜਾਂ ਹਰ ਕੰਮ ਦਾ ਮਹੱਤਵ ਆਪਣੇ ’ਤੇ ਲਵੇ, ਜਿਸ ਕਰਤਾਰ ਦੇ ਹੁਕਮ ’ਚ ਚੱਲਦਾ ਪਿਆ ਹੈ, ਉਸ ਨੂੰ ਭੁੱਲਾ ਦੇਵੇ ਜਾਂ ਸਵੈ ਪੜਚੋਲ ਨਾ ਕਰੇ, ਜਿਨ੍ਹਾਂ ਔਗੁਣਾਂ ਕਾਰਨ ਖ਼ੁਦ ਦੁਖੀ ਹੈ ਤਾਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ; ਇਹ ਚੇਤਾ ਕਰਾਉਣਾ ਜ਼ਰੂਰੀ ਹੁੰਦਾ ਹੈ। ਮੋਟੇ ਤੌਰ ’ਤੇ ਵੇਖੀਏ ਤਾਂ ਇਹ ਸਾਰੀ ਨੈਤਿਕਤਾ; ਸਰੀਰ ਨਾਲ਼ ਸੰਬੰਧਿਤ ਹੈ ਯਾਨੀ ਸਰੀਰਕ ਅੰਗਾਂ ਅਤੇ ਪੰਜੇ ਗਿਆਨ ਇੰਦ੍ਰਿਆਂ ਨੂੰ ਅਹਿਸਾਸ ਕਰਾਉਣ ਨਾਲ਼ ਸੰਬੰਧਿਤ ਹੈ ਜਦਕਿ ਬਖ਼ਸ਼ਸ਼; ਰੂਹ/ਜ਼ਮੀਰ ਦੇ ਖਿੜਨ ਨਾਲ਼ ਜੁੜੀ ਹੈ। ਇਨ੍ਹਾਂ ਦੋਵੇਂ ਭਿੰਨ-ਭਿੰਨ ਗੁਰਮਤਿ ਨੁਕਤਿਆਂ ਨੂੰ ਰਲ਼ਗੱਡ ਕਰਨ ਨਾਲ਼ ਦੁਬਿਧਾ ਉਪਜਦੀ ਹੈ, ਜੋ ਵਿਵਾਦ ਪੈਦਾ ਕਰ ਸਫਲ ਜੀਵਨ ਲਈ ਰੁਕਾਵਟ ਬਣਦੀ ਹੈ।