ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਬਾਰੇ ਇਤਿਹਾਸਕ ਤੱਥ

0
646

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਬਾਰੇ ਇਤਿਹਾਸਕ ਤੱਥ

ਕਿਰਪਾਲ ਸਿੰਘ ਬਠਿੰਡਾ 88378-13661

ਸਿੱਖ ਕੌਮ ਦੀ ਇਹ ਤ੍ਰਾਸਦੀ ਇਹ ਹੈ ਕਿ ਆਪਣੇ ਗੁਰੂ ਸਾਹਿਬਾਨ ਦੇ ਗੁਰ ਪੁਰਬਾਂ ਦੀਆਂ ਤਾਰੀਖ਼ਾਂ ਸੰਬੰਧੀ ਇੱਕ ਮੱਤ ਨਹੀਂ ਹੋ ਸਕੀ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ਸੰਬੰਧੀ ਪਿਛਲੇ ਤਕਰੀਬਨ ਦੋ ਢਾਈ ਸੌ ਸਾਲਾਂ ਤੋਂ ਮਤਭੇਦ ਚਲੇ ਆ ਰਹੇ ਹਨ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰ ਪੁਰਬ ਕੱਤਕ ਦੇ ਮਹੀਨੇ ’ਚ ਹੈ ਜਾਂ ਵੈਸਾਖ ’ਚ। ਇਸ ਵਿਵਾਦ ਦਾ ਕਾਰਨ ਹੈ ਕਿ ਪੁਰਾਤਨ ਜਨਮ ਸਾਖੀਆਂ; ਜਿਵੇਂ ਕਿ ਜਨਮ ਸਾਖੀ ਮਹਲੇ ਪਹਿਲੇ ਕੀ (ਸਾਖੀਕਾਰ ਭਾਈ ਸ਼ੀਹਾਂ ਉੱਪਲ; ਜਿਸ ਨੂੰ ਸਭ ਤੋਂ ਪੁਰਾਣੀ ਜਨਮ ਸਾਖੀ ਮੰਨਿਆ ਜਾਂਦਾ ਹੈ), ਬੀ-40 ਜਨਮ ਸਾਖੀ, ਵਿਲਾਇਤ ਵਾਲੀ ਜਨਮ ਸਾਖੀ, ਐਲ਼ ਡੀ. ਪੀ.-174 ਜਨਮ ਸਾਖੀ, ਭਾਈ ਮਿਹਰਵਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ, ਪੱਥਰ ਦੇ ਛਾਪੇ ਵਾਲੀ ਜਨਮ ਸਾਖੀ, ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ’ਚ ਸਾਂਭੀ ਪਈ ਹੈ ਅਤੇ ਮਹਿਮਾ ਪ੍ਰਕਾਸ਼ ਕ੍ਰਿਤ ਭਾਈ ਸਰੂਪ ਦਾਸ ਭੱਲਾ ਆਦਿ ਵਿੱਚ ਪ੍ਰਕਾਸ਼ ਦਿਹਾੜਾ ਵੈਸਾਖ ਸੁਦੀ 3 ਲਿਖਿਆ ਹੈ ਜਦੋਂ ਕਿ ਇਕੱਲੀ ਭਾਈ ਬਾਲੇ ਵਾਲੀ ਜਨਮ ਸਾਖੀ ’ਚ ਕੱਤਕ ਸੁਦੀ 15 (ਪੂਰਨਮਾਸ਼ੀ) ਸੰਮਤ 1526 ਲਿਖਿਆ ਹੈ।

ਇੱਕ ਪੱਖ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰ ਪੁਰਬ ਕੱਤਕ ਦੀ ਪੂਰਨਮਾਸ਼ੀ ਮੰਨਣ ਵਾਲਿਆਂ ਦਾ ਹੈ, ਜਿਨ੍ਹਾਂ ਦਾ ਮੂਲ ਆਧਾਰ ਭਾਈ ਬਾਲਾ ਵਾਲੀ ਜਨਮ ਸਾਖੀ ਹੈ ਜਾਂ ਇਸ ਤੋਂ ਨਕਲ ਕੀਤੀਆਂ ਹੋਰ ਲਿਖਤਾਂ; ਜਿਵੇਂ ਕਿ ਬੰਸਾਵਲੀਨਾਮਾ ਕ੍ਰਿਤ ਕੇਸਰ ਸਿੰਘ ਛਿੱਬਰ, ਸ਼੍ਰੀ ਗੁਰ ਬਿਲਾਸ ਪਾਤਸ਼ਾਹੀ 10; ਲਿਖਤ ਕਵੀ ਸੋਹਨ ਸਿੰਘ, ਨਾਨਕ ਪ੍ਰਕਾਸ਼ ਕ੍ਰਿਤ ਭਾਈ ਸੰਤੋਖ ਸਿੰਘ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੀ ਕ੍ਰਿਤ ਗੁਰਬਾਣੀ ਪਾਠ ਦਰਸ਼ਨ ਅਤੇ ਗੁਰਮਤਿ ਰਹਿਤ ਮਰਿਆਦਾ ਆਦਿ। ਇਸ ਪੱਖ ਦੇ ਹਿਮਾਇਤੀ, ਗਿਆਨੀ ਈਸ਼ਰ ਸਿੰਘ ਨਾਰਾ, ਡਾ: ਹਰਜਿੰਦਰ ਸਿੰਘ ਦਿਲਗੀਰ, ਡਾ: ਸੁਖਦਿਆਲ ਸਿੰਘ ਅਤੇ ਨਿਰਮਲੇ/ਉਦਾਸੀ ਡੇਰਿਆਂ ਨਾਲ ਸੰਬੰਧਿਤ ਲੇਖਕ ਹਨ।

ਦੂਸਰਾ ਪੱਖ ਪ੍ਰਕਾਸ਼ ਪੁਰਬ ਵੈਸਾਖ ਮਹੀਨੇ ਦਾ ਮੰਨਣ ਵਾਲਾ ਹੈ, ਜਿਨ੍ਹਾਂ ’ਚ ਡਾ: ਟਰੰਪ, ਮੈਕਾਲਿਫ਼, ਸ: ਕਰਮ ਸਿੰਘ ਹਿਸਟੋਰੀਅਨ, ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ: ਸਾਹਿਬ ਸਿੰਘ, ਡਾ: ਗੰਡਾ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ, ਭਾਈ ਵੀਰ ਸਿੰਘ, ਪ੍ਰੋ: ਹਰੀ ਰਾਮ ਗੁਪਤਾ, ਸ: ਖੁਸ਼ਵੰਤ ਸਿੰਘ, ਡਾ: ਕਿਰਪਾਲ ਸਿੰਘ, ਡਾ: ਰਤਨ ਸਿੰਘ ਜੱਗੀ, ਪ੍ਰੋ: ਸ. ਸ. ਪਦਮ (ਸੰਤ ਸਿੰਘ ਪਦਮ) ਅਤੇ ‘ਸਿੱਖ ਇਤਿਹਾਸ’ ਦਾ ਲੇਖਕ ਪ੍ਰੋ: ਕਰਤਾਰ ਸਿੰਘ ਐੱਮ. ਏ. ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਸ: ਪਾਲ ਸਿੰਘ ਪੁਰੇਵਾਲ ਸ਼ਾਮਲ ਹਨ।

ਅਸਲੀਅਤ ਇਹ ਹੈ ਕਿ ਜਨਮ ਸਾਖੀਆਂ ਇਤਿਹਾਸ ਲਿਖਣ ਦੇ ਮੰਤਵ ਨਾਲ ਨਹੀਂ ਬਲਕਿ ਸ਼ਰਧਾਵਾਨਾਂ ਲੇਖਕਾਂ ਵੱਲੋਂ ਸਿੱਖ ਸੰਗਤਾਂ ਨੂੰ ਪ੍ਰਭਾਵਤ ਕਰਨ ਦੇ ਮਕਸਦ ਨਾਲ ਲਿਖੀਆਂ ਗਈਆਂ ਸਨ। ਸਾਖੀਕਾਰਾਂ ਦੇ ਗੁਪਤ ਏਜੰਡੇ ਵੀ ਸਨ, ਜਿਨ੍ਹਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ, ਜਿਸ ਦੀ ਸਭ ਤੋਂ ਵੱਡੀ ਮਿਸਾਲ ਭਾਈ ਬਾਲੇ ਵਾਲੀ ਜਨਮ ਸਾਖੀ ਹੈ; ਜਿਸ ਦੀਆਂ ਜਿੰਨੀਆਂ ਵੀ ਨਵੀਆਂ ਹੱਥ ਲਿਖਤ ਕਾਪੀਆਂ ਜਾਂ ਛਾਪੇਖਾਨੇ ਦੀਆਂ ਐਡੀਸ਼ਨਾਂ ਮਿਲਦੀਆਂ ਹਨ, ਉਨ੍ਹਾਂ ਵਿੱਚ ਕੁਝ ਤਬਦੀਲੀਆਂ, ਕੁਝ ਸਾਖੀਆਂ ਕੱਟੀਆਂ ਅਤੇ ਕੁਝ ਨਵੀਆਂ ਜੋੜੀਆਂ ਮਿਲਣਗੀਆਂ। ਪ੍ਰਚਾਰਿਆ ਇਹ ਜਾਂਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ; ਗੁਰੂ ਅੰਗਦ ਜੀ ਦੀ ਨਿਗਰਾਨੀ ਹੇਠ ਭਾਈ ਬਾਲਾ ਵੱਲੋਂ ਲਿਖਵਾਈ ਅਤੇ ਪੈੜੇ ਮੋਖੇ ਖੱਤਰੀ ਵੱਲੋਂ ਲਿਖੀ ਗਈ। ਸ: ਕਰਮ ਸਿੰਘ ਹਿਸਟੋਰੀਅਨ ਨੇ 1912 ਈਸਵੀ ’ਚ ਛਪੀ ਆਪਣੀ ਪੁਸਤਕ ‘ਕੱਤਕ ਕਿ ਵੈਸਾਖ’ ’ਚ ਇਸ ਜਨਮ ਸਾਖੀ ਦੀਆਂ ਅੰਦਰਲੀਆਂ ਗਵਾਹੀਆਂ ਪੇਸ਼ ਕਰਕੇ ਚੰਗੀ ਤਰ੍ਹਾਂ ਇਸ ਦਾ ਮੁਤਾਲਿਆ ਕੀਤਾ ਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਜੀ ਦੀ ਨਿਗਰਾਨੀ ਹੇਠ ਬਿਲਕੁਲ ਨਹੀਂ ਲਿਖੀ ਗਈ ਕਿਉਂਕਿ ਪਹਿਲੀ ਹੀ ਸਾਖੀ ਦੇ ਸ਼ੁਰੂ ’ਚ ਇਹ ਜਨਮ ਸਾਖੀ ਲਿਖਣ ਦੀ ਮਿਤੀ ਸੰਮਤ ਪੰਦਰਹ ਸੈ ਬਿਆਸੀ 1582 ਮਿਤੀ ਬੈਸਾਖ ਸੁਦੀ 5 ਲਿਖੀ ਹੈ ਜਦੋਂ ਕਿ ਬਾਬਾ ਲਹਿਣਾ ਜੀ (ਗੁਰੂ ਅੰਗਦ ਜੀ) ਦਾ ਗੁਰੂ ਨਾਨਕ ਸਾਹਿਬ ਜੀ ਨਾਲ ਪਹਿਲੀ ਵਾਰ ਮਿਲਾਪ ਹੀ 1589 ਵਿੱਚ ਹੋਇਆ ਸੀ ਅਤੇ ਸੰਮਤ 1596 ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ ਸਨ ਤਾਂ ਪਹਿਲੀ ਮਿਲਣੀ ਤੋਂ 7 ਸਾਲ ਪਹਿਲਾਂ ਅਤੇ ਗੁਰੂ ਪਦਵੀ ਹਾਸਲ ਕਰਨ ਤੋਂ 14 ਸਾਲ ਪਹਿਲਾਂ, ਉਨ੍ਹਾਂ ਨੇ ਭਾਈ ਬਾਲਾ ਜੀ ਤੋਂ ਪੁੱਛ ਕੇ ਭਾਈ ਪੈੜੇ ਤੋਂ ਜਨਮ ਸਾਖੀ ਕਿਵੇਂ ਲਿਖਵਾ ਦਿੱਤੀ ? ਸਿੱਧ ਹੋਇਆ ਕਿ ਗੁਰੂ ਅੰਗਦ ਸਾਹਿਬ ਜੀ ਵੱਲੋਂ ਸੰਮਤ 1582 ’ਚ ਜਨਮ ਸਾਖੀ ਲਿਖਵਾਏ ਜਾਣਾ 100% ਗਲਤ ਹੈ।

(ਸੰਮਤ 1883 ’ਚ ਛਪੀ ਪੱਥਰ ਦੇ ਛਾਪੇ ਵਾਲੀ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਪੰਨਾ ਨੰਬਰ 2 ਦੀ ਕਾਪੀ)

ਇਸੇ ਜਨਮਸਾਖੀ ਦੇ ਪੰਨਾ 3 ’ਤੇ ਲਿਖਿਆ ਹੈ ਕਿ ‘ਬਾਲਾ ਸੰਧੂ ਜਟੇਟਾ ਗੁਰੂ ਅੰਗਦ ਜੀ ਦੇ ਦਰਸ਼ਨ ਨੂੰ ਆਇਆ ਗੁਰੂ ਅੰਗਦ ਜੀ ਛਪੇ ਰਹਦੇ ਸੇ ਬਾਲੇ ਸੰਧੂ ਨੂੰ ਇਹ ਚਾਹ ਸੀ ਜੇ ਕਰ ਗੁਰੂ ਪ੍ਰਗਟ ਹੋਵੈ ਦਰਸਨ ਨੂ ਜਾਇਏ ਤਾਂ ਬਾਲੇ ਸੁਣਿਆ ਜੋ ਗੁਰੂ ਨਾਨਕ ਜੀ ਗੁਰੂ ਅੰਗਦ ਜੀ ਨੂੰ ਗੁਰੂ ਥਾਪ ਗਏ ਹੈ ਪਰ ਨਹੀ ਜਾਣੀਦਾ ਜੋ ਕੇੜੇ ਥਾਵ ਛਪ ਬੈਠੇ ਹੈ ਫੇਰ ਖਬਰ ਸੁਣੀ ਜੁ ਖਡੂਰ ਖਹਰਿਆ ਦੀ ਵਿਚ ਬੈਠੇ ਹੈ ਏਹ ਸੁਣ ਕਰ ਬਾਲਾ ਗੁਰੂ ਅੰਗਦ ਜੀ ਦੇ ਦਰਸਨ ਨੂੰ ਆਇਆ ਜੋ ਕੁਛ ਸਕਤ ਆਹੀ ਸੋ ਭੇਟ ਲੈ ਆਯਾ ਗੁਰੂ ਢੂਢ ਲਧੋਸੁ ਅਗੇ ਦੇਖੇ ਤਾ ਗੁਰੂ ਅੰਗਦ ਜੀ ਬੈਠੇ ਹੈ ਬਾਲੇ ਜਾਇ ਮਥਾ ਟੇਕਿਆ ਅਗੋ ਗੁਰੂ ਅੰਗਦ ਜੀ ਬੋਲੇ ਆਉ ਭਾਈ ਸਤ ਕਰਤਾਰ ਬੈਠੋ ਜੀ ਗੁਰੂ ਅੰਗਦ ਜੀ ਬਾਲੇ ਸੰਧੂ ਨੂੰ ਪੁੱਛਣ ਲੱਗੇ ਭਾਈ ਸਿੱਖਾ ਕਿਥੋਂ ਆਇਓ ਕਿਵਕਰ ਆਵਣਾ ਹੋਇਆ ਹੈ ਕਉਣ ਹੋਦੇ ਹੋ ਤਾ ਬਾਲੇ ਸੰਧੂ ਹਥ ਜੋੜ ਕਰ ਅਰਦਾਸ ਕੀਤੀ ਜੀ ਗੁਰੂ ਜੀ ਜਟੇਟਾ ਹਾਂ ਗੋਤ ਸੰਧੂ ਹੈ ਨਾਮ ਬਾਲਾ ਹੈ ਵਤਨ ਜਨਮ ਰਾਇਭੋਇ ਦੀ ਤਲਵੰਡੀ ਹੈ ਮੈ ਗੁਰੂ ਕੇ ਦਰਸਨ ਨੂ ਆਇਆ ਹਾਂ ਫੇਰ ਗੁਰੂ ਅੰਗਦ ਜੀ ਪੁਛਯਾ ਭਾਈ ਬਾਲਾ ਤੂ ਸਿਖ ਕਿਸ ਦਾ ਹੈਂ ਤੈਨੂੰ ਕੌਣ ਮਿਲਿਆ ਹੈ ਫੇਰ ਬਾਲਾ ਬੋਲਯਾ ਜੀ ਗੁਰੂ ਜੀ ਹਉਂ ਗੁਰੂ ਨਾਨਕ ਜੀ ਦਾ ਸਿੱਖ ਹਾਂ ਮੈਨੂ ਗੁਰੂ ਨਾਨਕ ਜੀ ਮਿਲਯਾ ਹੈ ਫੇਰ ਗੁਰੂ ਅੰਗਦ ਜੀ ਪੁਛਯਾ ਭਾਈ ਬਾਲਾ ਤੂ ਗੁਰੂ ਡਿਠਾ ਸੀ ਫੇਰ ਬਾਲੇ ਕਹਯਾ ਜੀ ਮੈਥੋਂ 3 ਤ੍ਰੈ ਵਰੇ ਗੁਰੂ ਨਾਨਕ ਜੀ ਵਡੇ ਸੇ ਮੈ ਗੁਰੂ ਨਾਨਕ ਜੀ ਦੇ ਪਿਛੇ ਲਗਾ ਫਿਰਦਾ ਸਾਂ ਪਰ ਜੀ ਤਦ ਅਸਾਂ ਨੂੰ ਏਹ ਮਤ ਨਾ ਸੀ ਜੋ ਏਹ ਵਡਾ ਗੁਰੂ ਹੈ ਪਰ ਸਲਾਮੀ ਰਹਦੇ ਸੇ ਏਹ ਗਲ ਜਾ ਭਾਈ ਬਾਲੇ ਆਖੀ ਤਾ ਗੁਰੂ ਅੰਗਦ ਜੀ ਦਾ ਬੈਰਾਗ  ਛੁਟ ਗਇਆ

 (ਭਾਈ ਬਾਲੇ ਵਾਲੀ ਜਨਮ ਸਾਖੀ ਦੇ ਪੰਨਾ ਨੰਬਰ 3 ਦੀ ਕਾਪੀ)

ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਈ ਬਾਲਾ ਜੀ, ਜਿਸ ਨੇ ਚਾਰ ਉਦਾਸੀਆਂ ਦੌਰਾਨ ਗੁਰੂ ਜੀ ਦੇ ਨਾਲ ਐਨਾ ਲੰਬਾ ਸਾਥ ਨਿਭਾਇਆ ਹੋਵੇ, ਉਸ ਨੂੰ ਪਹਿਲਾਂ ਇਹ ਖ਼ਬਰ ਵੀ ਨਾ ਮਿਲੀ ਹੋਵੇ ਕਿ ਗੁਰੂ ਨਾਨਕ ਜੀ ਜੋਤੀ-ਜੋਤ ਸਮਾ ਗਏ ਹਨ ਤੇ ਹੁਣ ਗੁਰੂ ਅੰਗਦ ਜੀ ਗੁਰਗੱਦੀ ’ਤੇ ਬਿਰਾਜਮਾਨ ਹਨ। ਦੂਸਰੇ ਪਾਸੇ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਗੁਰੂ ਨਾਨਕ ਜੀ ਦੇ ਲੰਬਾ ਚਿਰ ਸਾਥੀ ਰਹੇ ਭਾਈ ਬਾਲਾ ਜੀ ਬਾਰੇ ਕੋਈ ਜਾਣਕਾਰੀ ਹੀ ਨਾ ਹੋਵੇ ਕਿ ਉਹ ਕੌਣ ਹੈ।

ਅੱਗੇ ਪੰਨਾ 4 ’ਤੇ ਲਿਖਿਆ ਹੈ ‘ਉਹ ਰਾਤ ਗੁਜਰੀ ਫਿਰ ਭਲਕ ਹੋਇਆ ਤਾ ਫੇਰ ਗੁਰੂ ਅੰਗਦ ਜੀ ਆਖਿਆ ਭਾਈ ਬਾਲੇ ਨੂ ਸਦੋ ਭਾਈ ਬਾਲਾ ਆਇ ਮਥਾ ਟੇਕਿਆ ਫਿਰ ਬਾਲੇ ਨੂੰ ਗੁਰੂ ਅੰਗਦ ਪੁਛਣ ਲਗੇ ਭਾਈ ਬਾਲਾ ਕੁਛ ਤੈਨੂ ਇਹ ਵੀ ਮਾਲੂਮ ਹੈ ਜੋ ਗੁਰੂ ਨਾਨਕ ਜਨਮੇ ਸੀ ਸੋ ਕਿਕੂ ਜਨਮੇ ਸੀ ਬਾਲੇ ਕਹਿਆ ਜੀ ਇਹ ਮੈਨੂ ਮਾਲੂਮ ਨਹੀਂ ਪਰ ਜੀ ਇਤਨੀ ਮੈ ਸੁਣੀ ਹੈ ਜੀ ਲੋਕਾਂ ਦੇ ਮੂਹੋ ਜੋ ਹਰਦਿਆਲ ਮਿਸਰ ਆਖਦਾ ਹੈ ਜੋ ਭਾਈ ਏਨੇ ਮਹੂਰਤ ਤੇ ਤੈ ਸਤਾਈਏ ਨਛਤ੍ਰੇ ਅਤੇ ਕਤਕ ਦੀ ਪੂਰਨਮਾਸੀ ਸੰਸਾਰ ਤੇ ਕੋਈ ਨਹੀਂ ਜਨਮਿਆ ਏਹ ਕਾਲੂ ਬੇਦੀ ਦੇ ਘਰ ਕੋਈ ਅਵਤਾਰੀ ਜਨਮਿਆ ਹੈ 

 

ਵਿਚਾਰ : ਸਤਾਈਵਾਂ ਨਛੱਤਰ ਰੇਵਤੀ ਹੈ। ਸ੍ਵਾਮੀਕੰਨੂ ਪਿਲੇ ਦੀ 701 ਤੋਂ ਲੈ ਕੇ 2000 ਤੱਕ ਦੀ ਜੰਤਰੀ ਫਰੋਲ ਕੇ ਵੇਖੀ ਜਾ ਸਕਦੀ ਹੈ ਤੁਹਾਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 27ਵਾਂ ਨਛੱਤਰ ਰੇਵਤੀ ਕਦੇ ਨਹੀਂ ਮਿਲੇਗਾ ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ ਰੇਵਤੀ ਨਛੱਤਰ ਹੋ ਹੀ ਨਹੀਂ ਸਕਦਾ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਕੇਵਲ 4 ਨਛੱਤਰ ਅਸ਼ਵਨੀ, ਭਰਣੀ, ਕ੍ਰਿਤਿਕਾ ਅਤੇ ਰੋਹਿਣੀ ਵਿੱਚੋਂ ਕੋਈ ਇਕ ਨਛੱਤਰ ਹੀ ਹੋ ਸਕਦਾ ਹੈ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਜਦ 27ਵਾਂ ਨਛੱਤਰ ਹੋ ਹੀ ਨਹੀਂ ਸਕਦਾ ਤਾਂ ਇਹ ਗੱਲ ਠੀਕ ਹੀ ਲਿਖੀ ਹੈ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਏਸ ਨਛੱਤਰ ਵਿੱਚ ਕੋਈ ਬਾਲਕ ਨਹੀਂ ਜਨਮਿਆ ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਨੂੰ 27ਵੇਂ ਨਛੱਤਰ ਵਿੱਚ ਨਹੀਂ ਹੋਇਆ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਪੰਡਿਤ ਹਰਦਿਆਲ ਵੱਲੋਂ ਤਿਆਰ ਕੀਤੀ ਇਹ ਜਨਮ ਪੱਤਰੀ ਵੀ ਜਾਅਲੀ ਹੈ; ਜਿਸ ਦੇ ਪਹਿਲੇ ਚਾਰ ਪੰਨੇ ਪੜ੍ਹ ਕੇ ਹੀ ਇਸ ਦੇ ਜਾਅਲੀ ਹੋਣ ਦੇ 3 ਸਬੂਤ ਮਿਲਦੇ ਹਨ।

ਭਾਈ ਬਾਲੇ ਵਾਲੇ ਜਨਮ ਸਾਖੀ ਦੇ ਅਨੇਕਾਂ ਹੱਥ ਲਿਖਤ, ਪੱਥਰ ਦੇ ਛਾਪੇ ਵਾਲੀਆਂ ਅਤੇ ਆਧੁਨਿਕ ਪ੍ਰਿੰਟਿੰਗ ਪ੍ਰੈੱਸ ਦੇ ਛਪੇ ਐਡੀਸ਼ਨ ਮਿਲਦੇ ਹਨ। ਹਰ ਨਵੀਂ ਐਡੀਸ਼ਨ ’ਚ ਕੁਝ ਸਾਖੀਆਂ ਕੱਟੀਆਂ ਅਤੇ ਕੁਝ ਨਵੀਆਂ ਲਿਖੀਆਂ ਹੋਈਆਂ ਮਿਲਣਗੀਆਂ। ਸਾਰੇ ਹੱਥ ਲਿਖਤ ਅਤੇ ਪੱਥਰ ਦੇ ਛਾਪੇ ਵਾਲੀ ਲਾਹੌਰ ਤੋਂ ਸੰਮਤ 1883 ਅਤੇ 1886 ’ਚ ਛਪੀਆਂ ਜਨਮ ਸਾਖੀਆਂ ’ਚ ਤਾਂ ਲਿਖਣ ਦੀ ਸੰਮਤ 1582 ਸੀ। ਜਦੋਂ ਇਹ ਸਵਾਲ ਉਠਣੇ ਸ਼ੁਰੂ ਹੋਏ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲੀ ਵਾਰ ਸੰਮਤ 1589 ’ਚ ਮਿਲੇ ਸਨ ਤਾਂ ਉਨ੍ਹਾਂ ਨੇ ਪਹਿਲੀ ਮਿਲਣੀ ਤੋਂ 7 ਸਾਲ ਪਹਿਲਾਂ ਹੀ ਗੁਰੂ ਅੰਗਦ ਦੇਵ ਜੀ ਦੇ ਤੌਰ ’ਤੇ ਜਨਮ ਸਾਖੀ ਕਿਵੇਂ ਲਿਖਵਾ ਦਿੱਤੀ ? ਇਸ ਲਈ ਜੋ ਸਾਖੀ ਸੰਮਤ 1943 ’ਚ ਛਪੀ ਉਸ ਵਿੱਚ ਜਨਮ ਸਾਖੀ ਲਿਖਣ ਦਾ ਸੰਮਤ 1592 ਕਰ ਦਿੱਤਾ। ਜਦ ਲਿਖਣ ਦਾ ਸੰਮਤ 1592 ਨਾਲ ਵੀ ਗੱਲ ਨਾ ਬਣੀ ਕਿਉਂਕਿ ਭਾਈ ਲਹਿਣਾ ਜੀ; ਗੁਰਗੱਦੀ ’ਤੇ ਬਿਰਾਜਮਾਨ ਤਾਂ ਸੰਮਤ 1596 ’ਚ ਹੋਏ ਸਨ ਤਾਂ ਹੁਣ ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਨੇ ਫ਼ਰਵਰੀ 2010 ਈਸਵੀ ਸੰਮਤ (2066) ’ਚ 39ਵੀਂ ਵਾਰ ਛਾਪੀ, ਉਸ ਦੇ ਪੰਨਾਂ ਨੰਬਰ 7 ’ਤੇ ਜਨਮ ਸਾਖੀ ਲਿਖਣ ਦੀ ਸੰਮਤ 1597 ਲਿਖ ਦਿੱਤਾ। ਇਹ ਸਭ ਕੁਝ ਇਸ ਕਾਰਨ ਕੀਤਾ ਜਾ ਰਿਹਾ ਹੈ ਤਾਂ ਕਿ ਭਾਈ ਬਾਲੇ ਵਾਲੀ ਸਾਖੀ ਨੂੰ ਗੁਰੂ ਅੰਗਦ ਸਾਹਿਬ ਜੀ ਵੱਲੋਂ ਲਿਖਵਾਈ ਸਿੱਧ ਕੀਤਾ ਜਾ ਸਕੇ। ਉੱਪਰ ਅਤੇ ਹੇਠਾਂ ਦਿੱਤੀਆਂ ਫੋਟੋ ਕਾਪੀਆਂ ਤੋਂ ਇਨ੍ਹਾਂ ਤਬਦੀਲੀਆਂ ਦੀ ਸ਼ਿਨਾਖ਼ਤ ਕੀਤੀ ਜਾ ਸਕਦੀ ਹੈ।

(ਸੰਮਤ 1943 ’ਚ ਪੱਥਰ ਦੇ ਛਾਪੇ ਵਾਲੀ ਜਨਮ ਸਾਖੀ)

ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਨੇ ਫ਼ਰਵਰੀ 2010 ਈਸਵੀ ਸੰਮਤ (2066) ’ਚ 39ਵੀਂ ਵਾਰ ਛਾਪੀ ਉਸ ਦੇ ਪੰਨਾਂ ਨੰਬਰ 7 ਦੀ ਕਾਪੀ

ਕਿਸੇ ਲਿਖਤ ’ਚ ਫੇਰਬਦਲ ਕਰਨ ਵਾਲੇ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਕਿੱਥੇ ਤਬਦੀਲੀਆਂ ਕਰਨੀਆਂ ਪੈਣੀਆਂ ਹਨ ਇਸੇ ਕਾਰਨ ਫ਼ਰਵਰੀ 2010 ਈਸਵੀ, ਸੰਮਤ 2066 ’ਚ 39ਵੀਂ ਵਾਰ ਛਾਪੀ ਜਨਮ ਸਾਖੀ ਦੇ ਪੰਨਾਂ ਨੰਬਰ ਪੰਨਾ 11-12 ’ਤੇ ਜਨਮ ਮਿਤੀ ਤਾਂ ਪੂਰਨਮਾਸ਼ੀ ਹੀ ਰਹਿਣ ਦਿੱਤਾ ਜੋ ਪਹਿਲੀਆਂ ਐਡੀਸ਼ਨਾਂ ’ਚ ਸੀ ਪਰ 27ਵੇਂ ਨਛੱਤਰ (ਰੇਵਤੀ) ਦੀ ਥਾਂ ਅਨੁਰਾਧਾ [ਜੋ 17ਵਾਂ ਨਛੱਤਰ ਹੁੰਦਾ ਹੈ] ਲਿਖ ਦਿੱਤਾ ਅਤੇ ਪੰਨਾ ਨੰਬਰ 12 ਦੇ ਹੇਠਾਂ ਪਹੁੰਚਦੇ ਪਹੁੰਚਦੇ ਫਿਰ 27ਵਾਂ ਨਛੱਤਰ ਲਿਖ ਦਿੱਤਾ। ਉ, ਨੂੰ ਚੇਤਾ ਹੀ ਨਾ ਰਿਹਾ ਕਿ ਉੱਪਰ ਉਹ 17ਵਾਂ ਨਛੱਤਰ ਅਨੁਰਾਧਾ ਲਿਖ ਆਏ ਹਨ।

ਭਾਈ ਬਾਲੇ ਵਾਲੇ ਜਨਮ ਸਾਖੀ, (ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ, 39ਵੀਂ ਵਾਰ ਫ਼ਰਵਰੀ 2010) ਦੇ ਪੰਨਾਂ ਨੰਬਰ 11 ਅਤੇ 12 ਦੇ ਕੁਝ ਹਿੱਸੇ ਦੀ ਫ਼ੋਟੋ ਕਾਪੀ

ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਅਨੁਰਾਧਾ (17ਵਾਂ) ਅਤੇ 27ਵਾਂ ਨਛੱਤਰ (ਰੇਵਤੀ) ਦੋਵੇਂ ਮੰਨਣਯੋਗ ਨਹੀਂ ਕਿਉਂਕਿ ਕੱਤਕ ਦੀ ਪੂਰਨਮਾਸ਼ੀ ਸੰਮਤ 1526 ਵਾਲੇ ਦਿਨ ਅਸ਼ਵਨੀ (ਪਹਿਲਾ) ਨਛੱਤਰ ਸੀ। ਕੱਤਕ ਦੀ ਪੂਰਨਮਾਸ਼ੀ ਨੂੰ ਜਦੋਂ 27ਵਾਂ ਨਛੱਤਰ ਹੋ ਹੀ ਨਹੀਂ ਸਕਦਾ ਤਾਂ ਇਸ ਦੇ ਆਧਾਰ ’ਤੇ ਬਾਲਕ ਨਾਨਕ ਦੇ ਸਿਰ ਛੱਤਰ ਝੁਲਣ ਦਾ ਪੰਡਿਤ ਹਰਦਿਆਲ ਜੀ ਦਾ ਲਾਇਆ ਜੋਤਿਸ਼ ਅਤੇ ਤਾਰੀਖ਼ ਦੋਵੇਂ ਹੀ ਸ਼ੱਕੀ ਹੋ ਜਾਂਦੇ ਹਨ। ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਸੰਨ 1912 ’ਚ ਲਿਖੀ ਪੁਸਤਕ ‘ਕੱਤਕ ਕਿ ਵੈਸਾਖ’ ਵਿੱਚ ਇਸ ਜਨਮਸਾਖੀ ਵਿਚਲੀਆਂ ਇਸ ਤਰ੍ਹਾਂ ਦੀਆਂ ਬੇਅੰਤ ਗਵਾਹੀਆਂ ਨਾਲ਼ ਜਾਅਲੀ ਸਿੱਧ ਕੀਤੇ ਜਾਣ ਤੋਂ ਬਾਅਦ ਵੀ ਜੇ ਪੀ. ਐੱਚ. ਡੀ. ਡਿਗਰੀਆਂ ਪ੍ਰਾਪਤ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਈ ਬਾਲੇ ਵਾਲੀ ਜਨਮਸਾਖੀ ਦੇ ਆਧਾਰ ’ਤੇ ਕੱਤਕ ਦੀ ਪੂਰਨਮਾਸ਼ੀ ਮੰਨਦੇ ਹੋਣ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪ੍ਰਮਾਣਿਕ ਕਿਵੇਂ ਮੰਨਿਆ ਜਾ ਸਕਦਾ ਹੈ ਕਿਉਂਕਿ ਉਹ ਤਾਂ ਖ਼ੁਦ ਹੀ ਆਪਣੇ ਵੱਲੋਂ ਲਿਖੇ ਇਤਿਹਾਸ ਦੀਆਂ ਤਰੀਖ਼ਾਂ ਹਰ ਨਵੀਂ ਐਡੀਸ਼ਨ ’ਚ ਬਿਲਕੁਲ ਉਸੇ ਤਰ੍ਹਾਂ ਬਦਲੀ ਜਾ ਰਹੇ ਹਨ ਜਿਵੇਂ ਕਿ ਬਾਲੇ ਵਾਲੀ ਜਨਮਸਾਖੀ ਦੀ ਹਰ ਨਵੀਂ ਐਡੀਸ਼ਨ ’ਚ ਸਾਖੀਆਂ ਬਦਲੀਆਂ ਜਾ ਰਹੀਆਂ ਹਨ; ਇਸ ਦੇ ਕੁੱਝ ਸਬੂਤ ਹੇਠਾਂ ਦਿੱਤੇ ਜਾ ਰਹੇ ਹਨ :

ਭਾਈ ਬਾਲੇ ਦੇ ਨਾਮ ਹੇਠਲੀ ਜਾਲ੍ਹੀ ਜਨਮ ਸਾਖੀ ਦੇ ਆਧਾਰ ’ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਦੀ ਪ੍ਰੋੜ੍ਹਤਾ ਕਰਨ ਵਾਲੇ ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਗਿਆਨੀ ਈਸ਼ਰ ਸਿੰਘ ਨਾਰਾ ਆਪਣੀ ਮਿੱਥ ਦੀ ਪ੍ਰੋੜ੍ਹਤਾ ਕਰਨ ਲਈ ਕਿਸ ਤਰ੍ਹਾਂ ਤੱਥਾਂ ਦੀ ਤੋੜ-ਮਰੋੜ ਕਰਦੇ ਹਨ ਉਸ ਦੀ ਇੱਕ ਮਿਸਾਲ ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀ ਨਾਮਾ’ ’ਚ ਮਿਲਦੀ ਹੈ :

ਕੇਸਰ ਸਿੰਘ ਛਿੱਬਰ ਦੁਆਰਾ ਲਿਖੇ ਵੰਸਾਵਲੀ ਨਾਮਾ (ਰਚਨਾ 11 ਅਕਤੂਬਰ 1769 ਈ:) ਦੇ ਪੰਨਾ 46 ’ਤੇ ਲਿਖਿਆ ਹੈ ਕਿ ਸੰਮਤ ਪੰਦ੍ਰਾਂ ਸੈ ਛੱਬੀ ਭਏ ਤਬ ਬਾਬਾ ਨਾਨਕ ਸਾਹਿਬ ਜੀ ਜਨਮ ਲੈ ਲਏ ਮਾਹ ਕਾਤਕ ਦਿਨ ਚਉਦਾਂ ਚਾਰ ਪੁੰਨਿਆਂ ਰਾਤਿ ਗੁਰੂ ਨਾਨਕ ਜੀ ਲੀਨਾ ਅਵਤਾਰ 120

ਕੇਸਰ ਸਿੰਘ ਛਿੱਬਰ ਦੁਆਰਾ ਲਿਖੇ ਵੰਸਾਵਲੀ ਨਾਮਾ (ਰਚਨਾ 11 ਅਕਤੂਬਰ 1769 ਈ:) ਦੇ ਪੰਨਾ 46 ਦੀ ਫੋਟੋ।

ਪਰ ਗਿਆਨੀ ਈਸ਼ਰ ਸਿੰਘ ਨਾਰਾ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਦੇ ਪੰਨਾ 222 ’ਤੇ ਇਸ ਦਾ ਹਵਾਲਾ ਇਸ ਤਰ੍ਹਾਂ ਦਿੰਦੇ ਹਨ ਮਹਾਂ ਕਾਰਤਕ ਦਿਨ ਚਾਰ ਪੁੰਨਿਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ*’

 (ਭਾਈ ਈਸ਼ਰ ਸਿੰਘ ਨਾਰਾ ਦੀ ਪੁਸਤਕ ‘ਵਿਸਾਖ ਨਹੀਂ ਕੱਤਕ’ ਵਿੱਚੋਂ ਫੋਟੋ ਕਾਪੀ)

ਸਿਤਮ ਵਾਲੀ ਗੱਲ ਹੈ ਕਿ ਗਿਆਨੀ ਜੀ ਮੂਲ ਪਾਠ ਵਿੱਚੋਂ ਚਉਦਾਂ ਹੜੱਪ ਕਰ ਗਏ ਹਨ। ਮਾਹ  ਦਾ ਅਰਥ ਮਹੀਨਾ ਹੈ, ਪਰ ਇਸ ਨੂੰ ‘ਮਹਾਂ’ ਲਿਖ ਦਿੱਤਾ। ਮੂਲ ਪਾਠ ਵਿੱਚ ਮਾਹ ਕਾਰਤਕ ਦਿਨ ਚਉਦਾਂ ਚਾਰ’  ਦਾ ਮਤਲਬ ਹੈ ਕਿ ‘ਕੱਤਕ ਮਹੀਨਾ ਅਠਾਰ੍ਹਾਂ ਦਿਨ ਗਏ’ ਪਰ ਇਸ ਨੇ ਅਰਥ ਬਣਾ ਦਿੱਤਾ ‘ਮਹਾਨਤਾ ਭਰਿਆ ਕਤਕ ਮਹੀਨੇ ਦਾ ਸ੍ਰੇਸ਼ਟ ਦਿਨ ਪੁੰਨਿਆ ਹੈ’। ਇਸ ਵਿਦਵਾਨ ਨੇ ਇਹ ਵੀ ਧਿਆਨ ਨਹੀਂ ਦਿੱਤਾ ਕਿ ਜਿਸ ਕੇਸਰ ਸਿੰਘ ਛਿੱਬਰ ਦੀ ਲਿਖਤ ਉਹ ਵਰਤ ਰਹੇ ਹਨ, ਉਹੀ ਸ਼ੱਕੀ ਹੈ ਕਿਉਂਕਿ ਕੱਤਕ ਪੂਰਨਮਾਸ਼ੀ ਸੰਮਤ 1526 ਬਿ: (ਸੰਨ 1469 ਈ.) ਨੂੰ 21 ਕੱਤਕ ਸੀ, ਪਰ ਛਿੱਬਰ ਦੀ ਲਿਖਤ ਵਿੱਚ ਪੂਰਨਮਾਸ਼ੀ, 18 ਕੱਤਕ ਲਿਖਿਆ ਹੈ।

ਹੁਣ ਜ਼ਰਾ ਦੇਖੋ ਕਿ ਛਿੱਬਰ ਦਾ ਇਹੀ ਹਵਾਲਾ ਡਾ: ਹਰਜਿੰਦਰ ਸਿੰਘ ਦਿਲਗੀਰ ਆਪਣੇ ਲੇਖ ਵਿੱਚ ਇਸ ਤਰ੍ਹਾਂ ਦਿੰਦੇ ਹਨ : ਸੰਮਤ ਪੰਦ੍ਰਾਂ ਸੈ ਛੱਬੀ ਭਏ ਤਬ ਬਾਬਾ ਨਾਨਕ ਸਾਹਿਬ ਜੀ ਜਨਮ ਲੈ ਲਏ ਮਹਾਂ ਕਾਰਤਕ ਪੁੰਨਿਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ  ਡਾ. ਦਿਲਗੀਰ ਜੀ ਮੂਲ ਪਾਠ ਵਿੱਚੋਂ ਦਿਨ ਚਉਦਾਂ ਚਾਰਉੱਡਾ ਗਏ ਕਿਉਂਕਿ ਸ਼ਾਇਦ ਉਨ੍ਹਾਂ ਨੂੰ ਪਤਾ ਹੋਵੇ ਕਿ 1526 ਬਿ. ਵਿੱਚ ਕੱਤਕ ਪੂਰਨਮਾਸ਼ੀ 18 ਕੱਤਕ ਨੂੰ ਨਹੀਂ ਸੀ ਅਤੇ ਮਾਹ  ਨੂੰ ਭੀਮਹਾਂ  ਵਿੱਚ ਬਦਲ ਦਿੱਤਾ ਹੈ। ਕੀ ਇਹੀ ਖੋਜ ਹੈ  ?

ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ (ਨਾਨਕਸ਼ਾਹੀ ਕੈਲੰਡਰ) ਦੇ ਪੰਨਾ ਨੰਬਰ 48 ਦੀ ਫੋਟੋ

ਦੋਵੇਂ ਵਿਦਵਾਨਾਂ (ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ) ਨੇ ਸ਼੍ਰੀ ਬੀ. ਵੀ. ਰਮਨ ਦੀ ਲਿਖਤ ‘ਨੋਟੇਬਲ ਹਾਰੋਸਕੋਪ’ (Notable Horoscope) ’ਚ ਦਰਜ ਟੇਵਾ ਨੰ: 13 ਦਾ ਹਵਾਲਾ ਦਿੱਤਾ ਹੈ ਕਿ ਸ਼੍ਰੀ ਬੀ. ਵੀ. ਰਮਨ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526 (ਸੰਨ 1469) ਵਿੱਚ ਹੋਇਆ, ਮੰਨਿਆ ਹੈ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਵਿਦਵਾਨਾਂ ਨੂੰ ਟੇਵਿਆਂ ਸੰਬੰਧੀ ਕੋਈ ਜਾਣਕਾਰੀ ਨਹੀਂ। ਜੇ ਜਾਣਕਾਰੀ ਹੁੰਦੀ ਤਾਂ ਇਸ ਟੇਵੇ ਦੇ ਉੱਪਰ ਲਿਖਿਆ ਜਰੂਰ ਪੜ੍ਹ ਲੈਂਦੇ ਕਿ ਇਹ ਟੇਵਾ ਸੰਨ 8 ਨਵੰਬਰ 1470 ਦਾ ਹੈ, ਨਾ ਕਿ 1469 ਦਾ।

ਸ਼੍ਰੀ ਬੀ. ਵੀ. ਰਮਨ ਦੀ ਪੁਸਤਕ ਵਿਚੋਂ ਟੇਵਾ ਨੰ: 13 ਦੀ ਫੋਟੋ ਕਾਪੀ।

ਇਸ ਟੇਵੇ ਦੇ ਥੱਲੇ ਲਿਖਿਆ ਹੈ * I am indebted to Mr. Nahar Singh Gyani of Gujjarwal, Ludhiana District, for the birth details of Guru Nanak. According to most reliable sources, the Guru was born on the Full Moon day of Kartika, Samvat 1526, Thursday at midnight, in the nakshatra of Krittika, Simha Lagna. ਭਾਵ ਮੈਂ, ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਦੇ ਨਾਹਰ ਸਿੰਘ ਗਿਆਨੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਗੁਰੂ ਨਾਨਕ ਦੇ ਜਨਮ ਦਿਨ ਦੇ ਵੇਰਵੇ ਦਿੱਤੇ। ਬਹੁਤ ਭਰੋਸੇਮੰਦ ਸੂਤਰਾਂ ਅਨੁਸਾਰ, ਗੁਰੂ ਜੀ ਦਾ ਜਨਮ, ਸੰਮਤ 1526 ਦੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ, ਵੀਰਵਾਰ ਅੱਧੀ ਰਾਤ ਨੂੰ, ਕ੍ਰਿਤਿਕਾ ਨਛੱਤਰ, ਸਿੰਘ ਲਗਨ ਦੇ ਵਿੱਚ ਹੋਇਆ ਸੀ। [ਇਹ ਭਰੋਸੇਯੋਗ ਸੂਤਰ ਵੀ ਗਲਤ ਸਾਬਤ ਹੁੰਦੇ ਹਨ ਕਿਉਂਕਿ ਸੰਮਤ 1526 ਦੇ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਵੀਰਵਾਰ ਨਹੀਂ, ਸ਼ੁੱਕਰਵਾਰ ਸੀ ਅਤੇ ਨਛੱਤਰ ਕ੍ਰਿਤਿਕਾ ਨਹੀਂ, ਅਸ਼ਵਨੀ ਸੀ।]

ਉਕਤ ਨੋਟ ਨੂੰ ਪੜ੍ਹ ਕੇ ਕੋਈ ਵੀ ਵਿਦਵਾਨ ਇਸ ਟੇਵੇ ਨੂੰ ਸਬੂਤ ਵਜੋਂ ਨਹੀਂ ਲਏਗਾ ਕਿਉਂਕਿ ਇਸ ਲਿਖਾਰੀ ਨੇ ਤਾਂ ਸਾਫ਼ ਲਿਖ ਦਿੱਤਾ ਹੈ ਕਿ ਇਹ ਟੇਵਾ ਉਸ ਤਾਰੀਖ਼ (1470 ਈ:) ਦਾ ਬਣਾਇਆ ਹੈ, ਜਿਸ ਦੇ ਵੇਰਵੇ ਉਨ੍ਹਾਂ ਨੂੰ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੇ ਗਏ ਸਨ। ਟੇਵਾ ਬਣਾਉਣ ਵਾਲੇ ਨੇ ਕੋਈ ਗਾਰੰਟੀ ਨਹੀਂ ਲਈ ਕਿ ਇਹ ਤਾਰੀਖ਼ਾਂ ਸਹੀ ਹਨ। ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਉਹ ਸੰਮਤ 1469 ਵੀ ਲਿਖ ਰਹੇ ਹਨ ਪਰ ਟੇਵਾ ਉਸ ਨੇ ਸਾਲ 1470 ਦੀ ਉਸੇ ਤਾਰੀਖ਼ ਦਾ ਬਣਾ ਦਿੱਤਾ ਜਿਹੜੀ ਉਸ ਨੂੰ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੀ ਗਈ ਸੀ। ਇਸ ਤਰ੍ਹਾਂ ਦੇ ਟੇਵੇ ਤਾਂ ਜਿਸ ਮਰਜ਼ੀ ਤਿੱਥ ਜਾਂ ਸੰਮਤ ਦੇ ਬਣਾ ਲਓ, ਪਰ ਉਨ੍ਹਾਂ ਨੂੰ ਕਿਸੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ ਜਦੋਂ ਕਿ ਇਹ ਵਿਦਵਾਨ 8 ਨਵੰਬਰ 1470 ਦੀ ਤਾਰੀਖ਼ ਲਈ ਬਣਾਏ ਟੇਵੇ ਨੂੰ ਹੀ ਕੱਤਕ ਦੀ ਪੂਰਨਮਾਸ਼ੀ ਸੰਮਤ 1526 (20 ਅਕਤੂਬਰ 1469) ਦੀ ਤਾਰੀਖ਼ ਸਿੱਧ ਕਰਨ ਲਈ ਵਰਤ ਰਹੇ ਹਨ।

ਗਿਆਨੀ ਈਸ਼ਰ ਸਿੰਘ ਨਾਰਾ ਨੇ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਦੇ ਪੰਨਾ ਨੰ: 129 ’ਤੇ ਕਿਸੇ ਹੋਰ ਪੰਡਿਤ ਵੱਲੋਂ ਬਣਾਇਆ ਟੇਵਾ (ਜਿਸ ਉੱਪਰ ਕਿਸੇ ਦਾ ਨਾਂ ਵੀ ਨਹੀਂ ਲਿਖਿਆ) ਵੀ ਸਬੂਤ ਵਜੋਂ ਦਿੱਤਾ ਹੈ ਕਿ ਇਹ ਬੀ. ਵੀ. ਰਮਨ ਦੇ ਟੇਵੇ ਨਾਲ ਮੇਲ ਖਾਂਦਾ ਹੈ। 

ਈਸ਼ਰ ਸਿੰਘ ਨਾਰਾ ਦੀ ਕਿਤਾਬ (ਵਿਸਾਖ ਨਹੀਂ ਕੱਤਕ) ਦੇ ਪੰਨਾ ਨੰ: 129 ਦੀ ਫੋਟੋ।

ਜੇਕਰ ਟੇਵਿਆਂ ਬਾਰੇ ਜਾਣਕਾਰੀ ਰੱਖਣ ਵਾਲਾ ਵਿਅਕਤੀ ਉਕਤ ਦੋਵੇਂ ਟੇਵਿਆਂ ਨੂੰ ਸਾਮ੍ਹਣੇ ਰੱਖ ਕੇ ਵੇਖਦਾ ਤਾਂ ਉਸ ਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਕਿ ਦੋਵੇਂ ਟੇਵਿਆਂ ਦੇ ਸਮੇਂ ਵਿੱਚ ਘੱਟ ਤੋਂ ਘੱਟ 9.3 ਸਾਲ ਦਾ ਫ਼ਰਕ ਹੈ। ਕਾਰਨ ਇਹ ਹੈ ਕਿ ਰਾਹੂ ਅਤੇ ਕੇਤੂ ਆਪਸ ਵਿੱਚ 180° ਦੀ ਦੂਰੀ ’ਤੇ ਭਾਵ ਇੱਕ ਦੂਜੇ ਤੋਂ ਵਿਰੋਧੀ ਦਿਸ਼ਾ ਵਿੱਚ ਹਨ ਅਤੇ ਇਹ 6793.47 ਦਿਨ (18.6 ਸਾਲ) ਵਿੱਚ ਆਪਣਾ ਚੱਕਰ ਪੂਰਾ ਕਰਦੇ ਹਨ। ਇਸ ਹਿਸਾਬ ਨਾਲ 9.3 ਸਾਲਾਂ ਮਗਰੋਂ ਇਹ ਆਪਣੀ ਪੋਜੀਸ਼ਨ ਆਪਸ ’ਚ ਬਦਲ ਲੈਂਦੇ ਹਨ ਭਾਵ ਜਿਸ ਰਾਸ਼ੀ ਵਿੱਚ 9.3 ਸਾਲ ਪਹਿਲਾਂ ਰਾਹੂ ਸੀ, ਓਥੇ ਕੇਤੂ ਆ ਜਾਂਦਾ ਹੈ ਅਤੇ ਕੇਤੂ ਵਾਲੀ ਰਾਸ਼ੀ ਵਿੱਚ ਰਾਹੂ।  18.6 ਸਾਲਾਂ ਮਗਰੋਂ ਇਹ ਮੁੜ ਆਪਣੀ ਪੁਰਾਣੀ ਜਗ੍ਹਾ ਵਿੱਚ ਆ ਜਾਂਦੇ ਹਨ।

ਹੁਣ ਦੋਵੇਂ ਟੇਵਿਆਂ ਨੂੰ ਬਰਾਬਰ ਰੱਖ ਕੇ ਵੇਖੀਏ ਤਾਂ ਪਤਾ ਲੱਗ ਜਾਵੇਗਾ ਕਿ ਬੇਨਾਮੀ ਟੇਵੇ ਵਿੱਚ ‘ਰਾਹੂ’ ਚੌਥੀ ਰਾਸ਼ੀ ਵਿੱਚ ਅਤੇ ‘ਕੇਤੂ’ 10ਵੀਂ ਰਾਸ਼ੀ ਵਿੱਚ ਹੈ ਜਦ ਕਿ ਇਸ ਦੇ ਉਲ਼ਟ ਬੀ. ਵੀ ਰਮਨ ਵਾਲੇ ਟੇਵੇ ਵਿੱਚ ਰਾਹੂ 10ਵੀਂ ਰਾਸ਼ੀ ਅਤੇ ਕੇਤੂ ਚੌਥੀ ਰਾਸ਼ੀ ਵਿੱਚ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਦੋਵੇਂ ਟੇਵਿਆਂ ਵਿੱਚ 9.3 ਸਾਲਾਂ ਦਾ ਫ਼ਰਕ ਹੈ, ਪਰ ਦੋਵੇਂ ਸਿੱਖ ਵਿਦਵਾਨਾਂ ਨੂੰ ‘ਕੱਤਕ ਦੀ ਪੂਰਨਮਾਸ਼ੀ’ ਸ਼ਬਦ ਵੇਖ ਕੇ ਐਨਾ ਚਾਅ ਚੜ੍ਹ ਗਿਆ ਕਿ ਇਨ੍ਹਾਂ ਨੇ ਨਾ ਟੇਵੇ ਉੱਪਰ ਲਿਖੀ ਤਾਰੀਖ਼ (8 ਨਵੰਬਰ 1470) ਵੇਖੀ ਅਤੇ ਨਾ ਹੀ ਇਹ ਵਿਚਾਰਿਆ ਕਿ ਇਹ ਟੇਵਾ ਤਾਂ ਗਿਆਨੀ ਨਾਹਰ ਸਿੰਘ ਦੁਆਰਾ ਦੱਸੀ ਤਾਰੀਖ਼ ’ਤੇ ਆਧਾਰਿਤ ਬੀ. ਵੀ. ਰਮਨ ਨੇ ਬਣਾਇਆ ਹੈ, ਨਾ ਕਿ ਇਹ ਬੀ. ਵੀ. ਰਮਨ ਦੀ ਆਪਣੀ ਖੋਜ ਹੈ, ਜਿਸ ਟੇਵੇ ਨੂੰ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਸਬੂਤ ਵਜੋਂ ਲੈ ਲਿਆ ਹੈ।

ਬੇਨਾਮੀ ਟੇਵੇ ਨੂੰ ਸਹੀ ਸਿੱਧ ਕਰਨ ਲਈ ਗਿਆਨੀ ਈਸ਼ਰ ਸਿੰਘ ਨਾਰਾ ਨੇ ਗੁਰਬਾਣੀ ਦੀ ਅਢੁਕਵੀਂ ਮਿਸਾਲ ਦਿੱਤੀ ਕਿ 500 ਸਾਲਾ ਜਨਮ ਸ਼ਤਾਬਦੀ ਹੁਣ ਠੀਕ ਉਸੇ ਟੇਵੇ (ਜਨਮ ਕੁੰਡਲੀ) ਦੇ ਮੁਤਾਬਕ (ਸੰਮਤ 1526 ਤੋਂ ਠੀਕ 500 ਸਾਲਾਂ ਬਾਅਦ) ਸੰਮਤ 2026 ਵਿੱਚ ਮੁੜ 9 ਮੱਘਰ (23 ਨਵੰਬਰ 1969) ਨੂੰ ਆਈ ਹੈ। ਇਹ ਕਰਤਾਰ ਦੇ ਹੁਕਮ ਅੰਦਰ ਸੂਰਜ ਚੰਨ ਦੀ ਚਾਲ ਦਾ ਪੱਕਾ ਸਬੂਤ ਹੈ। ਗੁਰੂ ਨਾਨਕ ਵਾਕ ਹੈ ‘‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ਕੋਹ ਕਰੋੜੀ ਚਲਤ ਨਾ ਅੰਤੁ ’’ (ਗਿਆਨੀ ਈਸ਼ਰ ਸਿੰਘ ਨਾਰਾ)

ਇਹ ਠੀਕ ਹੈ ਕਿ ਸੰਮਤ 2026 ’ਚ ਪੂਰਨਮਾਸ਼ੀ 9 ਮੱਘਰ ਨੂੰ ਆਈ ਸੀ, ਪਰ ਇਹ ਸੱਚ ਨਹੀਂ ਕਿ ਸੰਮਤ 1526 ਨੂੰ ਵੀ ਕੱਤਕ ਦੀ ਪੂਰਨਮਾਸ਼ੀ 9 ਮੱਘਰ ਨੂੰ ਸੀ ਕਿਉਂਕਿ ਉਸ ਸਾਲ ਤਾਂ ਕੱਤਕ ਸੁਦੀ ਪੂਰਨਮਾਸ਼ੀ ਨੂੰ 21 ਕੱਤਕ ਦਿਨ ਸ਼ੁੱਕਰਵਾਰ; 20 ਅਕਤੂਬਰ 1469 ਈਸਵੀ ਸੀ। ਇਹ ਤਾਰੀਖ਼ ਸ੍ਵਾਮੀਕੰਨੂ ਪਿੱਲੇ ਦੀ ਜੰਤਰੀ ਅਤੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ਵਿੱਚੋਂ ਵੇਖੀ ਜਾ ਸਕਦੀ ਹੈ ਜਾਂ <https://nanakshahi.net/> ਅਤੇ ਇੰਡੀਅਨ ਕੈਲੰਡਰ ਵਿੱਚ ਦਿੱਤੇ ਟੇਬਲਜ਼ (Tables) ’ਚ ਦਰਜ ਡਾਟੇ (Data) ਦੀ ਸਹਾਇਤਾ ਨਾਲ ਗਣਿਤ (Calculate) ਕਰਕੇ ਚੈੱਕ ਕੀਤੀ ਜਾ ਸਕਦੀ ਹੈ। ਮੋਟਾ ਜਿਹਾ ਹਿਸਾਬ ਹੈ ਕਿ ਕਿਸੇ ਵੀ ਸਾਲ ਦੀ ਸੂਰਜੀ ਤਾਰੀਖ਼ (ਪ੍ਰਵਿਸ਼ਟੇ) ਨੂੰ ਜੋ ਤਿੱਥ ਆਉਂਦੀ ਹੈ, ਉਹੀ ਤਿੱਥ 500 ਸਾਲ ਪਹਿਲਾਂ ਉਸੇ ਪ੍ਰਵਿਸ਼ਟੇ ਨੂੰ 12 ਤਿੱਥਾਂ ਦੇ ਅੰਤਰ ਨਾਲ ਹੁੰਦੀ ਹੈ। ਮਿਸਾਲ ਵਜੋਂ 1 ਵੈਸਾਖ ਸੰਮਤ 1526 (27 ਮਾਰਚ 1469 ਜੂਲੀਅਨ) ਨੂੰ ਚੇਤ ਸੁਦੀ 15 (ਯਾਨੀ ਪੂਰਨਮਾਸ਼ੀ) ਸੀ ਅਤੇ 500 ਸਾਲ ਬਾਅਦ 1 ਵੈਸਾਖ ਸੰਮਤ 2026 (13 ਅਪ੍ਰੈਲ 1969 ਗ੍ਰੈਗੋਰੀਅਨ) ਨੂੰ ਵੈਸਾਖ ਵਦੀ 12 ਆਈ ਯਾਨੀ ਪੂਰੀਆਂ 12 ਤਿੱਥਾਂ ਦਾ ਅੰਤਰ ਸੀ। ਇਸੇ ਤਰ੍ਹਾਂ ਬਾਕੀ ਦੇ ਕਿਸੇ ਵੀ ਪ੍ਰਵਿਸ਼ਟੇ ਦੀ ਪਰਖ ਕੀਤੀ ਜਾ ਸਕਦੀ ਹੈ। ਆਪਣੇ ਗਲਤ ਕਥਨ ਨੂੰ ਸਹੀ ਸਿੱਧ ਕਰਨ ਲਈ ਗੁਰਬਾਣੀ ਵਾਕ ‘‘ਭੈ ਵਿਚਿ ਸੂਰਜ ਭੈ ਵਿਚਿ ਚੰਦ ਕੋਹ ਕਰੋੜੀ ਚਲਤ ਅੰਤ ’’  ਦਾ ਹਵਾਲਾ ਦੇ ਦਿੱਤਾ, ਜੋ ਕਿ ਗ਼ਲਤ ਹੈ ਕਿਉਂਕਿ ਇਸ ਗੁਰੂ ਵਾਕ ’ਚ ਕੋਈ ਸੰਕੇਤ ਨਹੀਂ ਮਿਲਦਾ ਕਿ 500 ਸਾਲ ਪਹਿਲਾਂ ਜਿਸ ਪ੍ਰਵਿਸ਼ਟੇ ਨੂੰ ਜੋ ਤਿੱਥ ਸੀ, ਉਸੇ ਪ੍ਰਵਿਸ਼ਟੇ ਨੂੰ ਉਹ ਤਿੱਥ 500 ਸਾਲ ਬਾਅਦ ਭੀ ਹੋਵੇਗੀ।

ਇਸ ਲੜੀ ’ਚ ਤੀਸਰੇ ਵਿਦਵਾਨ ਡਾ: ਸੁਖਦਿਆਲ ਸਿੰਘ ਦੀ ਵਿਦਵਤਾ ਵੀ ਵੇਖਣਯੋਗ ਹੈ। ਉਹ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ/ ਗੁਰੂ-ਕਾਲ 1469-1708’ ਜਿਲਦ ਪੰਜਵੀਂ ਦੇ ਪੰਨਾ 48 ’ਤੇ ਲਿਖਦਾ ਹੈ ‘ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਥਾਪਿਆ ਅਤੇ ਆਪ 69 ਸਾਲ 10 ਮਹੀਨੇ 10 ਦਿਨ ਦੀ ਉਮਰ ਬਤੀਤ ਕਰਕੇ ਅੱਸੂ ਵਦੀ ਦਸਮੀ ਸੰਮਤ 1596 ਬਿਕਰਮੀ ਮੁਤਾਬਿਕ 22 ਸਤੰਬਰ 1539 ਈ: ਵਿੱਚ ਜੋਤੀ-ਜੋਤ ਸਮਾ ਗਏ ਸਨ।’

ਆਪਣੀ ਹੀ ਦੂਸਰੀ ਪੁਸਤਕ ‘ਸ਼੍ਰੋਮਣੀ ਸਿੱਖ ਇਤਿਹਾਸ’ ’ਚ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਸੰਮਤ 1596 ਦੀ ਥਾਂ, ਅੱਸੂ ਵਦੀ 10 ਸੰਮਤ 1597 ਬਿਕਰਮੀ ਮੁਤਾਬਿਕ 22 ਸਤੰਬਰ 1540 ਈ: ਲਿਖ ਦਿੱਤਾ :

ਡਾ: ਸੁਖਦਿਆਲ ਸਿੰਘ ਦੀ ਸ਼ਰੋਮਣੀ ਸਿੱਖ ਇਤਿਹਾਸ ਦੀ ਪੁਸਤਕ ’ਚੋਂ ਪੰਨਾ 40 ਦੇ ਇਕ ਹਿੱਸੇ ਦੀ ਫੋਟੋ

ਹੈਰਾਨੀ ਹੁੰਦੀ ਹੈ ਕਿ ਡਾ: ਸੁਖਦਿਆਲ ਸਿੰਘ ਮੁਤਾਬਕ ਸੰਮਤ 1596 ਬਿ: ਵਿੱਚ ਜੋਤੀ ਜੋਤ ਸਮਾਉਣ ਸਮੇਂ ਵੀ ਗੁਰੂ ਜੀ ਦੀ ਉਮਰ 69 ਸਾਲ 10 ਮਹੀਨੇ 10 ਦਿਨ ਹੈ ਅਤੇ ਅਗਲੇ ਸਾਲ ਸੰਮਤ 1597 ਵਿੱਚ ਜੋਤੀ ਜੋਤ ਸਮਾਉਣ ਨਾਲ਼ ਵੀ 69 ਸਾਲ 10 ਮਹੀਨੇ 10 ਦਿਨ ਬਣਦੀ ਹੈ, ਜਦੋਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਦੋਵੇਂ ਥਾਂ ਕੱਤਕ ਦੀ ਪੂਰਨਮਾਸ਼ੀ ਸੰਮਤ 1526 ਮੰਨਿਆ ਗਿਆ ਹੈ।

ਡਾ. ਸੁਖਦਿਆਲ ਸਿੰਘ ਮੁਤਾਬਕ ਗੁਰੂ ਸਾਹਿਬ ਦਾ ਜੋਤੀ ਜੋਤ ਸਮਾਉਣ ਦੀ ਮਿਤੀ (ਅੱਸੂ ਵਦੀ ਦਸਮੀ ਸੰਮਤ 1596 ਬਿ. ਨੂੰ ਵੀ) 22 ਸਤੰਬਰ ਅਤੇ ਅਗਲੇ ਸਾਲ ਅੱਸੂ ਵਦੀ ਦਸਮੀ ਸੰਮਤ 1597 ਬਿ. ਨੂੰ ਵੀ 22 ਸਤੰਬਰ !! ਕਮਾਲ ਦੀ ਖੋਜ ਕੀਤੀ ਹੈ। ਆਮ ਵਿਅਕਤੀ ਨੂੰ ਵੀ ਪਤਾ ਹੈ ਕਿ ਚੰਦਰ ਕੈਲੰਡਰ ਦੀ ਕੋਈ ਇੱਕ ਤਿੱਥ, ਜੋ ਸੂਰਜੀ ਕੈਲੰਡਰ ਦੇ ਇਸ ਸਾਲ ਦੀ ਤਾਰੀਖ਼ ਨੂੰ ਆਈ ਹੋਵੇ, ਉਹ ਅਗਲੇ ਸਾਲ ’ਚ ਸੂਰਜੀ ਤਾਰੀਖ਼ ਤੋਂ 11 ਦਿਨ ਪਹਿਲਾਂ (ਜਾਂ ਦੋ ਤਿੰਨ ਸਾਲ ’ਚ ਕਦੇ ਕਦਾਈਂ 18/19 ਦਿਨ ਬਾਅਦ) ਆਉਂਦੀ ਹੈ।

ਵੈਸੇ ਭੀ ਡਾ. ਸੁਖਦਿਆਲ ਸਿੰਘ ਵੱਲੋਂ ਲਿਖੀਆਂ ਬਿਕ੍ਰਮੀ ਅਤੇ ਜੂਲੀਅਨ ਤਾਰੀਖ਼ਾਂ ਦਾ ਆਪਸ ’ਚ ਕੋਈ ਤਾਲਮੇਲ ਨਹੀਂ; ਜਿਵੇਂ ਕਿ ਅੱਸੂ ਵਦੀ 10 ਸੰਮਤ 1596 ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕਰਕੇ ਬਣਦਾ ਹੈ 8 ਅੱਸੂ, 7 ਸਤੰਬਰ 1539 ਜੂਲੀਅਨ ਅਤੇ ਅੱਸੂ ਵਦੀ 10 ਸੰਮਤ 1597 ਨੂੰ ਤਬਦੀਲ ਕਰਕੇ ਬਣਦਾ ਹੈ 29 ਭਾਦੋਂ, 22 ਅਗਸਤ 1540 ਜੂਲੀਅਨ ਜਦਕਿ ਇਸ ਵਿਦਵਾਨ ਨੇ ਸੰਮਤ 1596 ਅੱਸੂ ਵਦੀ 10 ਤਾਂ ਕਰਤਾਰਪੁਰੀ ਬੀੜ ਵਾਲ਼ੀ ਲੈ ਲਈ, ਪਰ 22 ਸਤੰਬਰ ਸੰਨ 1539 ਉਹ ਲੈ ਲਿਆ ਜੋ ਸ. ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ’ਚ ਅੱਸੂ ਸੁਦੀ 10 ਦੇ ਹਿਸਾਬ ਨਾਲ ਕੱਢਿਆ ਸੀ (ਨਾ ਕਿ ਅੱਸੂ ਵਦੀ 10 ਨਾਲ) ਜਦ ਕਿ ਸਚਾਈ ਇਹ ਹੈ ਕਿ ਅੱਸੂ ਵਦੀ 10, ਸੰਮਤ 1597 ਨੂੰ 27 ਅਗਸਤ 1540 ਸੀ (ਨਾ ਕਿ 22 ਸਤੰਬਰ 1539)। ਇਸ ਵਿਦਵਾਨ ’ਤੇ ਤਾਂ ਇਹ ਮੁਹਾਵਰਾ ਢੁੱਕਦਾ ਹੈ ‘ਕਹੀਂ ਕੀ ਈਂਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ’। ਕਿਸੇ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦਾ ਮੁਖੀ, ਇਸ ਤਰ੍ਹਾਂ ਦੀ ਗ਼ਲਤੀ ਕਰੇ ਕਿ ਅੱਸੂ ਵਦੀ 10 ਨੂੰ ਲਗਾਤਾਰ ਦੋ ਸਾਲ (ਸੰਮਤ 1596 ਅਤੇ 1597) ਇਕੋ ਤਾਰੀਖ਼ 22 ਸਤੰਬਰ ਨੂੰ ਵਿਖਾ ਦੇਵੇ ਤਾਂ ਉਸ ਵੱਲੋਂ ਲਿਖੇ ਇਤਿਹਾਸ ’ਤੇ ਸਵਾਲੀਆ ਚਿੰਨ੍ਹ ਲੱਗਣਾ ਲਾਜ਼ਮੀ ਹੈ।

ਜੇਕਰ ਮੰਨ ਵੀ ਲਈਏ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ (ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥ (ਮਹਲਾ ੧/੭੨੩) 19 ਸਾਲ ਪਹਿਲਾਂ (ਸੰਨ 1521 ’ਚ ਕੀਤੀ) ਭਵਿੱਖਬਾਣੀ ਨਹੀਂ ਬਲਕਿ ਸੰਮਤ 1597 (ਸੰਨ 1540) ਤੱਕ ਗੁਰੂ ਸਾਹਿਬ ਜੀ ਨੇ ਆਪਣੀ ਹੈਯਾਤੀ ਵਿੱਚ ਹੀ ਅੱਖੀਂ ਡਿੱਠਾ ਹਾਲ ਵਰਣਨ ਕੀਤਾ ਹੋਵੇ ਤਾਂ ਡਾ: ਸੁਖਦਿਆਲ ਸਿੰਘ ਨੇ ਕਿਵੇਂ ਮੰਨ ਲਿਆ ਕਿ ਗੁਰੂ ਨਾਨਕ ਜੀ ਸੰਮਤ 1597 ਵਿੱਚ ਅੱਸੂ ਵਦੀ 10 ਨੂੰ ਹੀ ਜੋਤੀ-ਜੋਤ ਸਮਾਏ ਹਨ। ਇਸ ਤਾਰੀਖ਼ ਸੰਬੰਧੀ ਨਾ ਕੋਈ ਇਤਿਹਾਸਕ ਹਵਾਲਾ ਹੈ ਅਤੇ ਨਾ ਹੀ ਇਸ ਵੱਲੋਂ ਜਿਸ ਸ਼ਬਦ ਦਾ ਸਹਾਰਾ ਲੈ ਕੇ ਗੁਰੂ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦਾ ਸੰਮਤ 1596 ਦੀ ਬਜਾਏ 1597 ਲਿਖਿਆ ਹੈ; ਉਸ ਸ਼ਬਦ ਵਿੱਚੋਂ ਕੋਈ ਸੰਕੇਤ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਕਿਸ ਸੰਮਤ, ਮਹੀਨੇ ਜਾਂ ਤਿੱਥ ਨੂੰ ਜੋਤੀ-ਜੋਤ ਸਮਾਏ ਸਨ। ਜੇ ਹੋਰ ਇਤਿਹਾਸਕਾਰ; ਡਾ: ਸੁਖਦਿਆਲ ਸਿੰਘ ਵਾਙ ਆਪਣੇ ਹੀ ਮਨ ਦੀਆਂ ਮਿੱਥਾਂ ਨਾਲ ਗੁਰੂ ਸਾਹਿਬ ਜੀ ਦਾ ਜੋਤੀ-ਜੋਤ ਸਮਾਉਣ ਦਾ ਸੰਮਤ 1597 ਦੀ ਥਾਂ 1598 ਜਾਂ 1599 ਜਾਂ 1600 ਲਿਖ ਦੇਵੇ ਤਾਂ ਕੀ ਅਜਿਹੇ ਇਤਿਹਾਸਕਾਰ; ਪਹਿਲਾਂ ਤੋਂ ਹੀ ਗੁਰ ਇਤਿਹਾਸ ਦੀਆਂ ਤਾਰੀਖ਼ਾਂ ਸੰਬੰਧੀ ਬਣੀ ਦੁਬਿਧਾ ਨੂੰ ਹੋਰ ਨਹੀਂ ਵਧਾ ਰਹੇ ? ਕਿਸੇ ਡੇਰੇਦਾਰ ਵੱਲੋਂ ਮਨ ਦੀਆਂ ਉਡਾਰੀਆਂ ਲਾਉਂਦੇ ਹੋਏ ਇਸ ਤਰ੍ਹਾਂ ਦੀਆਂ ਤਾਰੀਖ਼ਾਂ ਲਿਖੀਆਂ ਜਾਣਾ ਤਾਂ ਹੋਰ ਗੱਲ ਹੈ ਪਰ ਯੂਨੀਵਰਸਿਟੀਆਂ ਦੇ ਪੀ. ਐੱਚ. ਡੀ ਵਿਦਵਾਨ; ਇਸ ਤਰ੍ਹਾਂ ਦੀਆਂ ਖ਼ਿਆਲੀ ਉਡਾਰੀਆਂ ਮਾਰਨ ਲੱਗ ਜਾਣ ਤਾਂ ਸਿੱਖ ਇਤਿਹਾਸ ਨੂੰ ਕੌਣ ਦਰੁਸਤ ਕਰੇਗਾ ?

ਉਪਰੋਕਤ ਤੱਥਾਂ ਨੂੰ ਵੇਖ ਕੇ ਪੰਜਾਬੀ ਦਾ ਮੁਹਾਵਰਾ ਚੇਤੇ ਆਉਂਦਾ ਹੈ ਨਕਲ ਮਾਰਨ ਵਾਸਤੇ ਵੀ ਅਕਲ ਦੀ ਲੋੜ ਹੁੰਦੀ ਹੈ, ਪਰ ਇਸ ਵਿਦਵਾਨ ਨੇ ਤਾਂ ਨਕਲ ਮਾਰਨ ਸਮੇਂ ਅਕਲ ਦੀ ਵਰਤੋਂ ਭੀ ਨਹੀਂ ਕੀਤੀ। ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁੱਖੀ ਪ੍ਰੋਫੈਸਰ ਵੱਲੋਂ ਕੀਤੀ ਇਹ ਨਵੀਂ ਖੋਜ ਸ਼ੱਕ ਪੈਦਾ ਕਰਦੀ ਹੈ ਕਿ ਇਸ ਯੂਨੀਵਰਸਿਟੀ ਨੇ ਅਜਿਹੇ ਮੁਖੀ ਪ੍ਰੋਫੈਸਰਾਂ ਦੀ ਦੇਖ-ਰੇਖ ਹੇਠ ਕਿਸ ਤਰ੍ਹਾਂ ਦੇ ਵਿਦਵਾਨ ਇਤਿਹਾਸਕਾਰ ਪੈਦਾ ਕੀਤੇ ਹੋਣਗੇ ? ਉਹ ਤਾਂ ਆਪਣੇ ਪ੍ਰੋਫੈਸਰ ਦੀ ਪੁਸਤਕ ਨੂੰ ਹੀ ਸਬੂਤ ਵਜੋਂ ਮੰਨ ਕੇ ਅਗਾਂਹ ਆਪਣੀਆਂ ਪੁਸਤਕਾਂ ਤੇ ਲੇਖ ਲਿਖੀ ਜਾਣਗੇ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ ਨੂੰ ਵੀ ਚਾਹੀਦਾ ਹੈ ਕਿ ਯੂਨੀਵਰਸਿਟੀ ਦੀ ਭਰੋਸੇਯੋਗਤਾ (Creditiablity) ਨੂੰ ਢਾਹ ਲਾ ਰਹੇ ਆਪਣੇ ਪ੍ਰੋਫ਼ੈਸਰਾਂ ਦੀਆਂ ਖੋਜਾਂ ਦਾ ਮੁੜ ਮੂਲਾਂਕਣ ਕਰੇ।

ਸ. ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਗੁਰ ਪੁਰਬ ਨਿਸ਼ਚਿਤ ਕਰਨ ਲਈ 34 ਪੁਰਾਤਨ ਅਤੇ ਨਵੇਂ ਲਿਖਾਰੀਆਂ ਦੀਆਂ ਪੁਸਤਕਾਂ ਵਿੱਚੋਂ ਤਾਰੀਖ਼ਾਂ ਨੋਟ ਕਰਕੇ ਇੱਕ ਸੂਚੀ ਬਣਾਈ ਹੈ। ਇਸ ਸੂਚੀ ਨਾਲ ਸਪਸ਼ਟ ਹੁੰਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਇਲਾਵਾ ਬਾਕੀ ਸਾਰੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ’ਚ ਸਹਿਮਤੀ ਨਹੀਂ, ਮਤਭੇਦ ਹਨ ਜਦਕਿ ਜੋਤੀ-ਜੋਤ ਸਮਾਉਣ ਦੀਆਂ ਸਾਰੀਆਂ ਤਾਰੀਖ਼ਾਂ ਬਾਰੇ ਨਵੇਂ ਤੇ ਪੁਰਾਤਨ ਲਿਖਾਰੀਆਂ ’ਚ ਆਮ ਸਹਿਮਤੀ ਹੈ। ਇਸ ਦਾ ਇਹੀ ਕਾਰਨ ਹੈ ਕਿ ਜਨਮ ਵੇਲੇ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਇਸ ਬਾਲਕ ਨੇ ਵੱਡਾ ਹੋ ਕੇ ਗੁਰੂ ਬਣਨਾ ਹੈ, ਮਹਾਨ ਰੁਤਬੇ ’ਤੇ ਪਹੁੰਚੇਗਾ ਤੇ ਸਿਰ ਉੱਪਰ ਛਤਰ ਝੁਲੇਗਾ। ਇਸ ਲਈ ਜਨਮ ਦਿਨਾਂ ਦਾ ਬਹੁਤਾ ਰਿਕਾਰਡ ਸਪਸ਼ਟ ਨਹੀਂ, ਪਰ ਜੋਤੀ-ਜੋਤ ਸਮਾਉਣ ਸਮੇਂ ਅਣਗਿਣਤ ਸਿੱਖ-ਸੇਵਕ ਹੋਣ ਕਰਕੇ  ਤਾਰੀਖ਼ ਸੰਬੰਧੀ ਕੋਈ ਭੁਲੇਖਾ ਨਹੀਂ ਰਿਹਾ ਤੇ ਠੀਕ ਤਾਰੀਖ਼ਾਂ ਹੀ ਨੋਟ ਕੀਤੀਆਂ ਗਈਆਂ। ਸ: ਕਰਮ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਦੇ ਜੋਤੀ ਸਮਾਉਣ ਦੀ ਤਾਰੀਖ਼ ਅੱਸੂ ਸੁਦੀ 10, ਸੰਮਤ 1596 (ਸੰਨ 1539), ਜਨਮ ਸਾਖੀਆਂ ਵਿੱਚੋਂ ਲਈ ਹੈ। ਇਸ ਤਾਰੀਖ਼ ’ਚੋਂ ਗੁਰੂ ਸਾਹਿਬ ਜੀ ਦੀ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਘਟਾ ਕੇ ਜਨਮ ਮਿਤੀ ਸੰਮਤ 1526, ਵੈਸਾਖ ਸੁਦੀ 3, ਕੱਢੀ ਗਈ। ਬਾਅਦ ’ਚ ਇਸ ਤਰੀਖ਼ ਨੂੰ ਸੂਰਜੀ ਤਾਰੀਖਾਂ ’ਚ ਤਬਦੀਲ ਕਰਕੇ 20 ਵੈਸਾਖ ਸੰਮਤ 1526 ਬਣੀ, ਜੋ ਕਿ ਉਸ ਸਾਲ 15 ਅਪ੍ਰੈਲ 1469 ਬਣਦੀ ਹੈ।

ਸ: ਪਾਲ ਸਿੰਘ ਪੁਰੇਵਾਲ ਨੇ ਵੀ ਇਹੋ ਤਰੀਕਾ ਅਪਣਾਇਆ ਹੈ, ਪਰ ਫ਼ਰਕ ਸਿਰਫ ਇੰਨਾ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਜਨਮ ਸਾਖੀਆਂ ਵਾਲੀ ਅੱਸੂ ਸੁਦੀ 10, ਸੰਮਤ 1596 ਦੀ ਥਾਂ (ਕਿਉਂਕਿ ਜਨਮ ਸਾਖੀਆਂ ’ਚ ਭੀ ਸਮਾਨਤਾ ਨਹੀਂ) ਕਰਤਾਰਪੁਰੀ ਬੀੜ ਵਾਲ਼ੀ ਸਰਬ ਪ੍ਰਮਾਣਿਤ ਤਾਰੀਖ਼ ਅੱਸੂ ਵਦੀ 10, ਸੰਮਤ 1596 ਲਈ ਹੈ। ਇਹ ਤਿੱਥ ਸੂਰਜੀ ਤਾਰੀਖ਼ਾਂ ’ਚ ਤਬਦੀਲ ਕੀਤਿਆਂ 8 ਅੱਸੂ, ਸੰਮਤ 1526 ਬਣੀ, ਜਿਸ ’ਚੋਂ ਗੁਰੂ ਸਾਹਿਬ ਜੀ ਦੀ ਕੁੱਲ ਆਯੂ 70 ਸਾਲ 5 ਮਹੀਨੇ 7 ਦਿਨ ਘਟਾ ਕੇ ਜਨਮ ਮਿਤੀ 1 ਵੈਸਾਖ, ਸੰਮਤ 1526 ਕੱਢੀ ਗਈ ਅਤੇ ਤਬਦੀਲ ਕਰਕੇ ਚੇਤ ਸੁਦੀ ਪੂਰਨਮਾਸ਼ੀ, ਨਛੱਤਰ ਹਸਤ/ 27 ਮਾਰਚ 1469 ਜੂਲੀਅਨ; ਨਾਨਕਸ਼ਾਹੀ ਸੰਮਤ 1 ਬਣਾਈ ਹੈ। ਇਹ ਤਰੀਕਾ ਵਧੇਰੇ ਸਹੀ ਜਾਪਦਾ ਹੈ ਕਿਉਂਕਿ ਚੰਦਰਮਾਂ ਦੀਆਂ ਤਿਥਾਂ ’ਚ ਹਿਸਾਬ-ਕਿਤਾਬ ਸਹੀ ਨਹੀਂ ਰਹਿੰਦਾ; ਜਿਵੇਂ ਕਿ

(ੳ) ਵੈਸਾਖ ਵਦੀ 3 ਸੰਮਤ 2077 = 28 ਚੇਤ   ਸੰਮਤ 2076 / 10 ਅਪ੍ਰੈਲ 2020

(ਅ) ਵੈਸਾਖ ਵਦੀ 3 ਸੰਮਤ 2078 = 17 ਵੈਸਾਖ  ਸੰਮਤ 2078 / 29 ਅਪ੍ਰੈਲ 2021

(ੲ) ਵੈਸਾਖ ਵਦੀ 3 ਸੰਮਤ 2079  =  6 ਵੈਸਾਖ  ਸੰਮਤ 2079 / 19 ਅਪ੍ਰੈਲ 2022

(ੳ) ਅਤੇ (ਅ) ਵਿਚਕਾਰ ਚੰਦਰਮਾ ਦੀਆਂ ਉਕਤ ਪਹਿਲੀਆਂ ਦੋ ਤਿਥਾਂ (ਵੈਸਾਖ ਵਦੀ 3 ਸੰਮਤ 2077 ਅਤੇ ਵੈਸਾਖ ਵਦੀ 3 ਸੰਮਤ 2078) ਵਿਚਕਾਰ ਫਰਕ ਪੂਰੇ ਇੱਕ ਸਾਲ ਹੈ, ਪਰ ਉਕਤ ਸੂਰਜੀ ਤਾਰੀਖਾਂ (28 ਚੇਤ   ਸੰਮਤ 2076 ਅਤੇ 17 ਵੈਸਾਖ  ਸੰਮਤ 2078 ਵਿਚਕਾਰ ਇੱਕ ਸਾਲ ਤੋਂ 19 ਦਿਨ ਵੱਧ ਹੈ। ਚੇਤੇ ਰਹੇ ਕਿ ਬਿਕ੍ਰਮੀ ਸੰਮਤ ਦਾ ਪਹਿਲਾ ਮਹੀਨਾ ਵੈਸਾਖ ਅਤੇ ਅਖੀਰਲਾ ਚੇਤ ਹੈ। ਵੇਖਣ ਵਾਲੇ ਨੂੰ ਜਾਪਦਾ ਹੈ ਕਿ ਸੰਮਤ 2076 ਅਤੇ ਸੰਮਤ 2078 ’ਚ ਦੋ ਸਾਲ ਦਾ ਫ਼ਰਕ ਹੈ, ਪਰ ਇਹ ਫ਼ਰਕ ਸਿਰਫ 1 ਸਾਲ 19 ਦਿਨਾਂ ਦਾ ਹੀ ਹੈ।

ਇਸੇ ਤਰ੍ਹਾਂ (ਅ) ਅਤੇ (ੲ) ਵਿਚਕਾਰ ਚੰਦਰਮਾ ਤਿਥਾਂ ’ਚ ਫਰਕ ਪੂਰਾ ਇੱਕ ਸਾਲ ਹੈ, ਪਰ ਬਿਕਰਮੀ ਸੂਰਜੀ ਤਾਰੀਖਾਂ (17 ਵੈਸਾਖ  ਸੰਮਤ 2078 ਅਤੇ 6 ਵੈਸਾਖ  ਸੰਮਤ 2079) ਵਿਚਕਾਰ ਇੱਕ ਸਾਲ ਤੋਂ 11 ਦਿਨ ਘੱਟ ਹੈ

(ੳ) ਅਤੇ (ੲ) ਚੰਦਰਮਾ ਤਿਥਾਂ ਵਿਚਕਾਰ ਫਰਕ ਪੂਰੇ ਦੋ ਸਾਲ ਦਾ ਹੈ, ਪਰ ਸੂਰਜੀ ਤਾਰੀਖਾਂ ਮੁਤਾਬਕ ਦੋ ਸਾਲ ਤੋਂ 9 ਦਿਨ ਵੱਧ ਹੈ।

ਇਸ ਲਈ ਉਮਰ ਦੀ ਗਣਿਤ ਕਰਦੇ ਸਮੇਂ ਹਮੇਸ਼ਾਂ ਸੂਰਜੀ ਤਾਰੀਖ਼ਾਂ ਨਾਲ ਹੀ ਹਿਸਾਬ ਸਹੀ ਬੈਠਦਾ ਹੈ। ਜੇ ਸ: ਕਰਮ ਸਿੰਘ ਜੀ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਕਰਤਾਰਪੁਰੀ ਬੀੜ ਵਾਲੀ ਸਰਬ ਪ੍ਰਮਾਣਿਤ ਤਾਰੀਖ਼ ਅੱਸੂ ਵਦੀ 10, ਸੰਮਤ 1596 ਲੈ ਕੇ ਉਸ ਵਿੱਚੋਂ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਘਟਾਉਂਦੇ ਤਾਂ ਚੰਦਰਮਾ ਤਿਥਾਂ ਮੁਤਾਬਕ ਪ੍ਰਕਾਸ਼ ਪੁਰਬ ਦੀ ਤਾਰੀਖ਼ ਵੈਸਾਖ ਵਦੀ 3, ਸੰਮਤ 1526 ਬਣਨਾ ਸੀ, ਜਿਸ ਨੂੰ ਸੂਰਜੀ ਤਾਰੀਖ਼ਾਂ ’ਚ ਤਬਦੀਲ ਕੀਤਿਆਂ 4 ਵੈਸਾਖ, ਸੰਮਤ 1526/ 30 ਮਾਰਚ 1469 ਹੁੰਦਾ ਹੈ। ਸ: ਪੁਰੇਵਾਲ ਨਾਲੋਂ 3 ਦਿਨਾਂ ਦਾ ਫਰਕ, ਜੋ ਸੂਰਜੀ ਤਾਰੀਖ਼ ਦੀ ਥਾਂ ਚੰਦਰਮਾ ਤਿਥਾਂ ਮੁਤਾਬਕ ਗਣਿਤ ਕਰਨ ਨਾਲ ਪਿਆ ਹੈ।

ਭਾਈ ਗੁਰਦਾਸ ਜੀ ਦੇ ਕਬਿਤ ਨੰ: 345, 346, 347 ਨਾਲ਼ ਗੁਰੂ ਨਾਨਕ ਸਾਹਿਬ ਜੀ ਦਾ ਜਨਮ, ਕੱਤਕ ਦੀ ਪੂਰਨਮਾਸ਼ੀ ਸਿੱਧ ਕੀਤਾ ਜਾਂਦਾ ਹੈ, ਪਰ ਜੇ ਇਨ੍ਹਾਂ ਕਬਿਤਾਂ ਨੂੰ ਪੜ੍ਹੀਏ ਤਾਂ ਇਨ੍ਹਾਂ ਦਾ ਸੰਬੰਧ ਗੁਰੂ ਸਾਹਿਬ ਜੀ ਦੇ ਜਨਮ ਦਿਨ ਨਾਲ਼ ਬਿਲਕੁਲ ਨਹੀਂ ਜੁੜ ਰਿਹਾ; ਜਿਵੇਂ ਕਿ ਇੱਥੇ ਕੇਵਲ ਕਵਿਤ ਨੰਬਰ 345 ਵਿਚਾਰਿਆ ਜਾ ਰਿਹਾ ਹੈ :

ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ; ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ

ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ; ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ

ਚਾਤਿਰ ਚਤੁਰ ਪਾਠ, ਸੇਵਕ ਸਹੇਲੀ ਸਾਠਿ; ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ

ਸੁੰਦਰ ਮੰਦਰ, ਸੁਭ ਲਗਨ ਸੰਜੋਗ ਭੋਗ; ਜੀਵਨ ਜਨਮ ਧੰਨਿ, ਪ੍ਰੀਤਮ ਪਿਆਰੀ ਹੈ ੩੪੫

ਅਰਥ : (ਹੇ ਮੇਰੀ ਪਿਆਰੀ ਸਤਿਸੰਗੀ ਭੈਣੇ (ਮੱਤ)! ਤੂੰ ਪਤੀ ਪਾਸੋਂ ਕਿਉਂ ਰੁਸੀ ਹੋਈ ਹੈਂ, ਵੇਖ ਕੁਦਰਤ ’ਚ) ਪੂਰਨਮਾਸ਼ੀ ਵਾਲ਼ੀ ਸਰਦ ਰੁੱਤ ਹੈ, ਕੱਤਕ ਦਾ ਮਹੀਨਾ ਹੈ। ਅੱਠੇ ਪਹਿਰ, ਸੱਠੇ ਘੜੀਆਂ ਯਾਨੀ ਹਰ ਸੁਆਸ ਤੇਰੇ ਖਿੜਨ ਦਾ ਸਮਾਂ ਹੈ। ਤੇਰਾ ਸੁੰਦਰ ਰੂਪ ਤੇ ਜਵਾਨੀ ਬੜੇ ਗੁਣਦਾਇਕ ਹਨ।  ਸੰਸਾਰ ਦੇ ਪਤੀ (ਮਾਲਕ) ਦੀ ਇਸਤਰੀ ਬਣ ਕੇ (ਮਨ ਨੂੰ) ਜਿੱਤਣ (ਅਭਿਜੀਤ) ਦਾ ਵੇਲ਼ਾ ਹੈ। ਤੂੰ ਵਿੱਦਿਆ ਗ੍ਰਹਿਣ ਕਰਨ ’ਚ ਬੜੀ ਸਿਆਣੀ, ਹੁਸ਼ਿਆਰ ਹੈਂ। ਤੇਰੀਆਂ 60 ਯਾਨੀ ਬਹੁਤ ਸਹੇਲੀਆਂ ਹਨ, ਬਹੁਤ ਸੇਵਕ ਹਨ। ਰਾਜ ਭਾਗ ਨਾਲ ਭੀ ਤੈਨੂੰ ਮਾਲਕ ਨੇ ਭਾਗ ਲਾਇਆ ਹੋਇਆ ਹੈ। ਧਨ ਸਮੱਗਰੀ ਦਾ ਸੁੱਖ ਭੋਗਦੀ ਹੈਂ। ਚੰਗੇ ਮਕਾਨ, ਚੰਗੇ ਲਗਨ ’ਚ ਤੇਰਾ ਪਤੀ ਨਾਲ ਸੰਜੋਗ ਬਣਿਆ ਹੈ, ਜਿਸ ਕਾਰਨ ਸਾਰੇ ਪਦਾਰਥਾਂ ਦੇ ਭੋਗ ਭੋਗਦੀ ਹੈਂ, ਪਰ ਤੇਰਾ ਜਨਮ ਅਤੇ ਜੀਵਨ ਤਾਂ ਹੀ ਧੰਨਤਾਯੋਗ ਹੈ, ਸਫਲ ਹੈ ਜੇਕਰ ਤੂੰ ਪ੍ਰੀਤਮ-ਪਿਆਰੇ ਨੂੰ ਪਿਆਰੀ ਲੱਗੇਂ, ਚੰਗੀ ਲੱਗੇਂ।

ਉਕਤ ਪੂਰਾ ਕਬਿਤ, ਇਸਤਰੀ ਲਿੰਗ (ਮੱਤ) ਨੂੰ ਸੰਬੋਧਨ ਵਜੋਂ ਉਚਾਰਿਆ ਹੈ, ਜਿਸ ਵਿੱਚ ‘ਨਾਇਕਾ, ਪਿਆਰੀ’ ਆਦਿ ਸ਼ਬਦ ਇਸਤਰੀ ਲਿੰਗ ਹਨ ਅਤੇ ‘ਚਤੁਰ, ਚਾਤਿਰ, ਰੂਪ’ ਆਦਿ ਸ਼ਬਦ ਇਸਤਰੀ ਦੀ ਸਿਆਣਪ, ਹੁਸ਼ਿਆਰੀ, ਸੁੰਦਰਤਾ ਦੇ ਪ੍ਰਤੀਕ ਹਨ, ਨਾ ਕਿ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਨੂੰ ਇਸਤਰੀ ਕਹਿਣਗੇ; ਜਿਵੇਂ ਕਿ ਅਰਥ ਕੀਤੇ ਜਾਂਦੇ ਹਨ ਕਿ ‘ਹੇ ਨਾਨਕ! ਕੱਤਕ ਦੀ ਪੁਰਨਮਾਸ਼ੀ ਨੂੰ ਜਨਮ ਲੈਣ ਦੀ ਤੇਰੀ ਵਾਰੀ ਹੈ।’ ਜੇਕਰ ਇਹ ਸ਼ਬਦ ਗੁਰੂ ਨਾਨਕ ਜੀ ਦੇ ਸੰਬੰਧ ’ਚ ਹੁੰਦਾ ਤਾਂ ਸਾਰੇ ਸ਼ਬਦ ਪੁਲਿੰਗ ਹੁੰਦੇ ਅਤੇ ਨਾਨਕ ਸ਼ਬਦ ਦੀ ਵਰਤੋਂ ਭੀ ਕੀਤੀ ਹੁੰਦੀ ਕਿਉਂਕਿ ਭਾਈ ਗੁਰਦਾਸ ਜੀ ਦੀ ਰਚਨਾ (ਕਬਿਤ ਅਤੇ ਵਾਰਾਂ) ਵਿੱਚ ਨਾਨਕ ਸ਼ਬਦ 49 ਵਾਰ ਵਰਤਿਆ ਮਿਲਦਾ ਹੈ, ਫਿਰ ਇੱਕ ਵਾਰ ਹੋਰ ਇੱਥੇ ਕਿਉਂ ਨਾ ਵਰਤਿਆ ?

ਦੂਜੇ ਪਾਸੇ ਭਾਈ ਗੁਰਦਾਸ ਜੀ; ਆਪਣੀ ਪਹਿਲੀ ਵਾਰ ’ਚ ਹੀ ਗੁਰੂ ਨਾਨਕ ਸਾਹਿਬ ਜੀ ਦੀ ਸੰਖੇਪ ਜੀਵਨ ਕਥਾ ਬਿਆਨ ਕਰ ਰਹੇ ਹਨ :

ਸਤਿਗੁਰ ਨਾਨਕ ਪ੍ਰਗਟਿਆ ; ਮਿਟੀ ਧੁੰਧੁ, ਜਗਿ ਚਾਨਣੁ ਹੋਆ

ਜਿਉ ਕਰਿ ਸੂਰਜੁ ਨਿਕਲਿਆ ; ਤਾਰੇ ਛਪੇ, ਅੰਧੇਰੁ ਪਲੋਆ

ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ, ਧੀਰਿ ਧਰੋਆ

ਜਿਥੇ ਬਾਬਾ ਪੈਰ ਧਰੇ ; ਪੂਜਾ ਆਸਣੁ ਥਾਪਣਿ ਸੋਆ

ਸਿਧ ਆਸਣਿ ਸਭਿ ਜਗਤ ਦੇ ; ਨਾਨਕ ਆਦਿ ਮਤੇ ਜੇ ਕੋਆ

ਘਰਿ ਘਰਿ ਅੰਦਰਿ ਧਰਮਸਾਲ ; ਹੋਵੈ ਕੀਰਤਨੁ ਸਦਾ ਵਿਸੋਆ

ਬਾਬੇ ਤਾਰੇ ਚਾਰਿ ਚਕਿ ; ਨਉ ਖੰਡਿ ਪ੍ਰਿਥਮੀ ਸਚਾ ਢੋਆ 27

ਇਸ ਉਕਤ ਪਾਉੜੀ ’ਚ ਦਰਜ ਸ਼ਬਦ ‘ਵਿਸੋਆ’ ਦਾ ਅਰਥ ‘ਵੈਸਾਖੀ ਯਾਨੀ ੧ ਵਿਸਾਖ’ ਹੈ, ਯਾਨੀ ਕੀਰਤਨ ਕਰਦਿਆਂ ਸਦਾ ਵੈਸਾਖੀ ਬਣੀ ਹੁੰਦੀ ਸੀ। ਇਹ ਇਸ਼ਾਰਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ‘ਵੈਸਾਖ’ ਵੱਲ ਸੰਕੇਤ ਕਰਦਾ ਪਿਆ ਹੈ। ਗੁਰੂ ਸਾਹਿਬ ਜੀ ਦੀਆਂ ਉਦਾਸੀਆਂ ਬਾਰੇ ਭੀ ਇਸ ਵਾਰ ’ਚ ਜ਼ਿਕਰ ਹੈ। ਜੇਕਰ ਭਾਈ ਗੁਰਦਾਸ ਜੀ ਨੂੰ ਕੱਤਕ ਦੀ ਪੂਰਨਮਾਸ਼ੀ ਵਾਲ਼ੇ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਬਾਰੇ ਪਤਾ ਹੁੰਦਾ ਤਾਂ ਉਹ ਇਨ੍ਹਾਂ ਸ਼ਬਦਾਂ ਅੰਦਰ ਨਾ ਮਾਤਰ ਇਸ਼ਾਰਾ ਜ਼ਰੂਰ ਕਰਦੇ ਕਿਉਂਕਿ ਇਹ ਪਉੜੀਆਂ ਗੁਰੂ ਸਾਹਿਬ ਜੀ ਦੀ ਸੰਖੇਪ ਜੀਵਨੀ ਹੀ ਹਨ; ਜਿਵੇਂ ਕਿ

ਪਉੜੀ 28 ਤੋਂ 31 ਤੱਕ ’ਚ ਪਹਿਲੀ ਉਦਾਸੀ ਸੁਮੇਰ ਪਰਬਤ ਵੱਲ ਦਾ ਜਿਕਰ ਹੈ ਅਤੇ ਸਿੱਧਾਂ ਨਾਲ ਸਵਾਲ ਜਵਾਬ (ਸਿਧ ਗੋਸਟਿ) ਦੀ ਚਰਚਾ ਹੈ ‘‘ਫਿਰਿ ਜਾਇ ਚੜ੍ਹਿਆ ਸੁਮੇਰ ਪਰ ; ਸਿਧ ਮੰਡਲੀ ਦ੍ਰਿਸਟੀ ਆਈ28 ਫਿਰਿ ਪੁਛਣਿ ਸਿਧ, ਨਾਨਕਾ ! ਮਾਤ ਲੋਕ ਵਿਚਿ ਕਿਆ ਵਰਤਾਰਾ ਸਭ ਸਿਧੀ ਇਹ ਬੁਝਿਆ ਕਲਿ ਤਾਰਣਿ ਨਾਨਕ ਅਵਤਾਰਾ (ਗੁਰੂ ਸਾਹਿਬ ਦਾ ਜਵਾਬ) ਬਾਬੇ ਆਖਿਆ ਨਾਥ ਜੀ ! ਸਚੁ ਚੰਦ੍ਰਮਾਂ ਕੂੜੁ ਅੰਧਾਰਾ ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰਾ ਪਾਪ ਗਿਰਾਸੀ ਪਿਰਥਮੀ; ਧਉਲੁ ਖੜਾ ਧਰਿ ਹੇਠ ਪੁਕਾਰਾ ਸਿਧ ਛਪਿ ਬੈਠੇ ਪਰਬਤੀ; ਕਉਣੁ ਜਗਤ੍ਰਿ ਕਉ ਪਾਰਿ ਉਤਾਰਾ ਜੋਗੀ ਗਿਆਨ ਵਿਹੂਣਿਆ; ਨਿਸਦਿਨ ਅੰਗਿ ਲਗਾਇਨਿ ਛਾਰਾ 29  ਰਾਜੇ ਪਾਪ ਕਮਾਵਦੇ ; ਉਲਟੀ ਵਾੜ ਖੇਤ ਕਉ ਖਾਈ ਪਰਜਾ ਅੰਧੀ ਗਿਆਨ ਬਿਨੁਕੂੜੁ ਕੁਸਤਿ ਮੁਖਹੁ ਆਲਾਈ ਚੇਲੇ ਸਾਜ ਵਜਾਇਦੇ ; ਨਚਨਿ ਗੁਰੂ ਬਹੁਤੁ ਬਿਧਿ ਭਾਈ ਸੇਵਕ ਬੈਠਨਿ ਘਰਾ ਵਿਚਿ ; ਗੁਰ ਉਠਿ, ਘਰੀ ਤਿਨਾੜੇ ਜਾਈ ਕਾਜੀ ਹੋਏ ਰਿਸਵਤੀ; ਵਢੀ ਲੈ ਕੈ ਹਕ ਗਵਾਈ 30

(ਗੁਰੂ ਜੀ ਦੀ ਪ੍ਰੀਖਿਆ) : ਸਿਧੀ, ਮਨੇ ਬੀਚਾਰਿਆ; ਕਿਵੈ ਦਰਸਨ, ਲੇਵੈ ਬਾਲਾ ਐਸਾ ਜੋਗੀ ਕਲੀ ਮਹਿ; ਹਮਰੇ ਪੰਥ ਕਰੇ ਉਜਿਆਲਾ ਖਪਰ ਦਿਤਾ ਨਾਥ ਜੀ; ਪਾਣੀ ਭਰਿ ਲੈਵਣਿ, ਉਠਿ ਚਾਲਾ ਬਾਬਾ ਆਇਆ ਪਾਣੀਐ; ਡਿਠੇ ਰਤਨ ਜਵਾਹਰ ਲਾਲਾ ਸਤਿਗੁਰ ਅਗਮ ਅਗਾਧਿ ਪੁਰਖੁ; ਕੇਹੜਾ ਝਲੇ ਗੁਰੂ ਦੀ ਝਾਲਾ ਫਿਰਿ ਆਇਆ ਗੁਰ, ਨਾਥ ਜੀ ! ਪਾਣੀ ਠਉੜ ਨਹੀ ਉਸਿ ਤਾਲਾ ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ 31

ਪਉੜੀ 32 ਤੋਂ 37 (ਤੀਸਰੀ ਉਦਾਸੀ ਮੱਕੇ, ਮਦੀਨੇ, ਬਗਦਾਦ ਦੀ ਯਾਤ੍ਰਾ) : ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ ਆਸਾ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ ਬੈਠਾ ਜਾਇ ਮਸੀਤ ਵਿਚਿ; ਜਿਥੈ, ਹਾਜੀ ਹਜਿ ਗੁਜਾਰੀ ਜਾ, ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ ਪਸਾਰੀ ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ  ? ਲਤਾ ਵਲਿ ਖੁਦਾਇਦੇ; ਕਿਉ ਕਰਿ ਪਇਆ, ਹੋਇ ਬਜਿਗਾਰੀ ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ, ਕਲਾ ਦਿਖਾਰੀ 32 (ਕਾਜ਼ੀਆਂ ਮੁੱਲਾਂ ਨਾਲ ਪ੍ਰਸ਼ਨੋਤਰ) : ਪੁਛਨਿ ਗਲ ਈਮਾਨ ਦੀ; ਕਾਜੀ ਮੁਲਾਂ ਇਕਠੇ ਹੋਈ ਵਡਾ ਸਾਂਗ ਵਰਤਾਇਆ; ਲਖਿ ਸਕੈ ਕੁਦਰਤਿ ਕੋਈ ਪੁਛਨਿ, ਫੋਲਿ ਕਿਤਾਬ ਨੋ; ਹਿੰਦੂ ਵਡਾ, ਕਿ ਮੁਸਲਮਾਨੋਈ ਬਾਬਾ ਆਖੇ ਹਾਜੀਆ; ਸੁਭਿ ਅਮਲਾ ਬਾਝਹੁ ਦੋਨੋ ਰੋਈ ਹਿੰਦੂ ਮੁਸਲਮਾਨ ਦੁਇ; ਦਰਗਹ ਅੰਦਰਿ ਲਹਨਿ ਢੋਈ 33 (ਮੱਕੇ ਦੀ ਦਿਗ ਬਿਜਯ) : ਧਰੀ ਨੀਸਾਣੀ ਕਉਸ ਦੀ; ਮਕੇ ਅੰਦਰਿ ਪੂਜ ਕਰਾਈ 34 (ਬਗ਼ਦਾਦ ਗਮਨ) : ਫਿਰਿ, ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ, ਕੀਆ ਅਸਥਾਨਾ ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ 35 (ਬਗਦਾਦ ਵਿੱਚ ਕਰਾਮਾਤ ਵਿਖਾਉਣੀ) : ਏਥੇ ਵਿਚਿ ਬਗਦਾਦ ਦੇ; ਵਡੀ ਕਰਾਮਾਤਿ ਦਿਖਲਾਈ 36 ਗੜ ਬਗਦਾਦੁ ਨਿਵਾਇ ਕੈ; ਮਕਾ ਮਦੀਨਾ ਸਭੇ ਨਿਵਾਇਆ ਸਿਧ ਚਉਰਾਸੀਹ ਮੰਡਲੀ ; ਖਟਿ ਦਰਸਨਿ, ਪਾਖੰਡਿ ਜਿਣਾਇਆ 37

ਪਉੜੀ 38 (ਕਰਤਾਰ ਪੁਰ ਆਗਮਾਨ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਦੇਣ ਵੱਲ ਇਸ਼ਾਰਾ) : ਫਿਰਿ, ਬਾਬਾ ਆਇਆ ਕਰਤਾਰਪੁਰਿ, ਭੇਖੁ ਉਦਾਸੀ ਸਗਲ ਉਤਾਰਾ ਪਹਿਰਿ ਸੰਸਾਰੀ ਕਪੜੇ; ਮੰਜੀ ਬੈਠਿ ਕੀਆ ਅਵਤਾਰਾ ਉਲਟੀ ਗੰਗ ਵਹਾਈਓਨਿ; ਗੁਰ ਅੰਗਦੁ ਸਿਰਿ ਉਪਰਿ ਧਾਰਾ 38

ਪਉੜੀ 39 ਤੋਂ 44 ’ਚ ਸ਼ਿਵਰਾਤ੍ਰੀ ਦੇ ਮੇਲੇ ’ਤੇ ਅਚੱਲ ਬਟਾਲੇ ਅਤੇ ਮੁਲਤਾਨ ਵੱਲ ਚੌਥੀ ਉਦਾਸੀ ਅਤੇ ਵਾਪਸ ਕਰਤਾਰ ਪੁਰ ਆਉਣ ਦਾ ਵਰਣਨ ਹੈ : ਮੇਲਾ ਸੁਣਿ ਸਿਵਰਾਤਿ ਦਾ; ਬਾਬਾ ਅਚਲ ਵਟਾਲੇ ਆਈ 39 (ਸਿੱਧਾਂ ਨਾਲ ਗੋਸ਼ਟ) ਖਾਧੀ ਖੁਣਸਿ ਜੁਗੀਸਰਾਂ; ਗੋਸਟਿ ਕਰਨਿ ਸਭੇ ਉਠਿ ਆਈ 40 (ਸਿੱਧ ਕਰਾਮਾਤ) : ਰੂਪ ਵਟਾਏ ਜੋਗੀਆ; ਸਿੰਘ ਬਾਘਿ ਬਹੁ ਚਲਿਤਿ ਦਿਖਾਈ ਇਕਿ, ਪਰਿ ਕਰਿ ਕੈ ਉਡਰਨਿ; ਪੰਖੀ ਜਿਵੈ ਰਹੈ ਲੀਲਾਈ ਇਕਨਾ, ਨਾਗ ਹੋਇ, ਪਉਣ ਛੋੜਿਆ; ਇਕਨਾ, ਵਰਖਾ ਅਗਨਿ ਵਸਾਈ ਤਾਰੇ ਤੋੜੇ ਭੰਗਰਿਨਾਥ; ਇਕਿ, ਚੜਿ ਮਿਰਗਾਨੀ, ਜਲੁ ਤਰਿ ਜਾਈ 41 (ਸਿੱਧ ਪ੍ਰਸ਼ਨੋਤਰ) : ਸਿਧਿ ਬੋਲਨਿ, ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ  ?(ਜਵਾਬ) : ਗੁਰ ਸੰਗਤਿ, ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ 42 ਬਾਝੋ ਸਚੇ ਨਾਮ ਦੇ; ਹੋਰੁ ਕਰਾਮਾਤਿ ਅਸਾਂ ਤੇ ਨਾਹੀ 43 ਬਾਬੇ ਕੀਤੀ ਸਿਧਿ ਗੋਸਟਿ; ਸਬਦਿ, ਸਾਂਤਿ ਸਿਧਾਂ ਵਿਚਿ ਆਈ ਜਿਣਿ ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ ਸਿਧਿ ਬੋਲਨਿ ਸੁਭ ਬਚਨਿ; ਧਨੁ ਨਾਨਕ ! ਤੇਰੀ ਵਡੀ ਕਮਾਈ ਵਡਾ ਪੁਰਖੁ ਪਰਗਟਿਆ; ਕਲਿਜੁਗਿ ਅੰਦਰਿ ਜੋਤਿ ਜਗਾਈ ਮੇਲਿਓ, ਬਾਬਾ ਉਠਿਆ ; ਮੁਲਤਾਨੇ ਦੀ ਜਾਰਤਿ ਜਾਈ 44

(ਪਉੜੀ 45 ’ਚ ਮੁਲਤਾਨ ਤੋਂ ਵਾਪਸ ਮੁੜ ਕਰਤਾਰਪੁਰ ਆਉਣਾ, ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਸੌਪਣੀ ਅਤੇ ਜੋਤੀ ਜੋਤ ਸਮਾਉਣ ਦਾ ਵਰਣਨ) : ਜਾਰਤਿ ਕਰਿ ਮੁਲਤਾਨ ਦੀ; ਫਿਰਿ ਕਰਤਾਰ ਪੁਰੇ ਨੋ ਆਇਆਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ, ਨਿਰਮਲ ਪੰਥ ਚਲਾਇਆ ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ ਛਤ੍ਰ ਫਿਰਾਇਆ ਜੋਤੀ ਜੋਤਿ ਮਿਲਾਇ ਕੈ ; ਸਤਿਗੁਰ ਨਾਨਕ ਰੂਪ ਵਟਾਇਆ ਲਖਿ ਕੋਈ ਸਕਈ ; ਆਚਰਜੇ ਆਚਰਜ ਦਿਖਾਇਆ 45

ਭਾਈ ਗੁਰਦਾਸ ਜੀ ਦੁਆਰਾ ਉਕਤ ਵਰਣਨ ਕੀਤੀ ਗਈ ਗੁਰੂ ਨਾਨਕ ਸਾਹਿਬ ਜੀ ਦੀ ਸੰਖੇਪ ਜੀਵਨ ਕਥਾ ਤੋਂ ਬਾਅਦ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਭਾਈ ਸਾਹਿਬ ਜੀ ਦੁਆਰਾ ਰਚੇ 345ਵੇਂ ਕਬਿਤ ‘‘ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ; ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ।’’ ਦਾ ਉਹ ਮਤਲਬ ਨਹੀਂ, ਜੋ ਗੁਰੂ ਨਾਨਕ ਸਾਹਿਬ ਜੀ ਦਾ ਕੱਤਕ ਦੀ ਪੂਰਨਮਾਸ਼ੀ ਨੂੰ ਜਨਮ ਮੰਨਣ ਵਾਲ਼ੇ ਲੈਂਦੇ ਆ ਰਹੇ ਹਨ ਸਗੋਂ ‘ਵਿਸੋਆ’ ਸ਼ਬਦ ਰਾਹੀਂ ‘ਵੈਸਾਖੀ’ ਵੱਲ ਜ਼ਰੂਰ ਸੰਕੇਤ ਮਿਲਦਾ ਹੈ।

ਨਤੀਜਾ ਇਹੋ ਨਿਕਲਦਾ ਹੈ ਕਿ : ਪੁਰੇਵਾਲ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਕੱਢੀ ਗਈ ਵੈਸਾਖ ਸੰਮਤ ੧੫੨੬, ਚੇਤ ਸੁਦੀ ਪੂਰਨਮਾਸ਼ੀ, ਨਛੱਤਰ ਹਸਤ / ਨਾਨਕਸ਼ਾਹੀ ਸੰਮਤ / 27 ਮਾਰਚ 1469 ਦੀ ਤਾਰੀਖ਼ ਹੇਠ ਲਿਖੇ ਕਾਰਨਾਂ ਕਰਕੇ ਵੱਧ ਮੰਨਣਯੋਗ ਹੈ :

  1. ਜੋਤੀ-ਜੋਤ ਸਮਾਉਣ ਦੀ ਤਿੱਥ/ਸੰਮਤ ਕਰਤਾਰਪੁਰੀ ਬੀੜ ਨਾਲ ਮੇਲ ਖਾਂਦੀ ਹੈ।
  2. ਪ੍ਰਕਾਸ਼ ਦਿਹਾੜੇ ਤੋਂ ਜੋਤੀ-ਜੋਤ ਸਮਾਉਣ ਤੱਕ ਸਤਿਗੁਰੂ ਜੀ ਦੀ ਕੁਲ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਬਣਦੀ ਹੈ, ਜੋ ਕਿ ਇਤਿਹਾਸਕ ਤੱਥਾਂ ਨਾਲ ਮੇਲ ਖਾਂਦੀ ਹੈ।
  3. ਇਹ ਤਾਰੀਖ਼ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਉਤਰਦੀ ਹੈ ਜਦੋਂ ਕਿ ਸ: ਕਰਮ ਸਿੰਘ ਹਿਸਟੋਰੀਅਨ ਤੋਂ ਇਲਾਵਾ ਬਾਕੀ ਸਾਰੇ ਲੇਖਕਾਂ ਵਿੱਚੋਂ ਕਿਸੇ ਦੀਆਂ ਵੀ ਤਾਰੀਖ਼ਾਂ ਕੈਲੰਡਰ ਵਿਗਿਆਨ ਦੀ ਕਸੌਟੀ ’ਤੇ ਪੂਰੀਆਂ ਨਹੀਂ ਉਤਰਦੀਆਂ।
  4. ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਵਿਖੇ ਹਰ ਸਾਲ ੧ ਵੈਸਾਖ ਨੂੰ ਵੈਸਾਖੀ ਦਾ ਉਤਸਵ ਮਨਾਏ ਜਾਣਾ ਅਤੇ ਸੰਮਤ ੧੭੫੬ (ਸੰਨ 1699) ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪ੍ਰਗਟ ਕਰਨ ਲਈ ੧ ਵੈਸਾਖ ਦੀ ਚੋਣ ਕਰਨੀ; ਇਸ ਸਚਾਈ ’ਤੇ ਮੋਹਰ ਲਾਉਂਦੀ ਹੈ ਕਿ ਤੀਸਰੇ ਅਤੇ ਦਸਵੇਂ ਪਾਤਸ਼ਾਹ ਜੀ ਨੇ ੧ ਵੈਸਾਖ ਨੂੰ ਮਹੱਤਵ ਇਸੇ ਕਾਰਨ ਦਿੱਤਾ ਹੈ ਕਿਉਂਕਿ ਇਸ ਦਿਨ ਰੱਬੀ ਨੂਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ।
  5. ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੂਰਨਮਾਸ਼ੀ ਨੂੰ ਹੋਣ ਦੀ ਪ੍ਰਚਲਿਤ ਧਾਰਨਾ ਨੂੰ ਵੀ ਪੂਰਾ ਕਰਦਾ ਹੈ ਕਿਉਕਿ ਉਸ ਦਿਨ ਚੇਤ ਦੀ ਪੂਰਨਮਾਸ਼ੀ ਹੈ।
  6. ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।…. ਘਰਿ ਘਰਿ ਅੰਦਰਿ ਧਰਮਸਾਲ  ਹੋਵੈ ਕੀਰਤਨੁ ਸਦਾ ਵਿਸੋਆ।’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭) ਮਹਾਨ ਕੋਸ਼ ਅਨੁਸਾਰ ‘ਵਿਸੋਆ’ ਦਾ ਅਰਥ ਹੈ: ਵੈਸਾਖ ਮਹੀਨੇ ਦਾ ਪਹਿਲਾ ਦਿਨ = ੧ ਵੈਸਾਖ = ਵੈਸਾਖੀ ਭਾਵ ਕਿ ਭਾਈ ਗੁਰਦਾਸ ਜੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ੧ ਵੈਸਾਖ ਮੰਨਦੇ ਹਨ।
  7. ਜਨਮ ਸਾਖੀਆਂ, ਜੋ ਵੈਸਾਖ ਮਹੀਨੇ ਦੀ ਤਾਰੀਖ਼ ਦਿੰਦੀਆਂ ਹਨ : 1. ਜਨਮ ਸਾਖੀ ਮਹਲੇ ਪਹਿਲੇ ਕੀ (ਸਾਖੀਕਾਰ ਭਾਈ ਸ਼ੀਹਾਂ ਉੱਪਲ; ਜਿਸ ਨੂੰ ਸਭ ਤੋਂ ਪੁਰਾਣੀ ਜਨਮ ਸਾਖੀ ਮੰਨਿਆ ਜਾਂਦਾ ਹੈ), 2. ਬੀ-40 ਜਨਮ ਸਾਖੀ, 3. ਪੁਰਾਤਨ ਜਨਮਸਾਖੀ, 4. ਵਿਲਾਇਤ ਵਾਲੀ ਜਨਮ ਸਾਖੀ, 5. ਐਲ਼ ਡੀ. ਪੀ.-174 ਜਨਮ ਸਾਖੀ, 6. ਭਾਈ ਮੇਹਰਬਾਨ ਵਾਲੀ ਜਨਮਸਾਖੀ, 7. ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ, 8. ਪੱਥਰ ਦੇ ਛਾਪੇ ਵਾਲੀ ਜਨਮਸਾਖੀ, ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ ਅਤੇ 9. ਮਹਿਮਾ ਪ੍ਰਕਾਸ਼ ਕ੍ਰਿਤ ਭਾਈ ਸਰੂਪ ਦਾਸ ਭੱਲਾ ਆਦਿ।
  8. ਪ੍ਰਸਿੱਧ ਲਿਖਾਰੀ ਅਤੇ ਵਿਦਵਾਨ, ਜੋ ਵੈਸਾਖ ਮਹੀਨੇ ਦੀ ਤਾਰੀਖ਼ ਨਾਲ ਸਹਿਮਤ ਹਨ : ੧. ਸ. ਕਰਮ ਸਿੰਘ ਹਿਸਟੋਰੀਅਨ, ੨. ਭਾਈ ਕਾਨ੍ਹ ਸਿੰਘ ਨਾਭਾ, ੩. ਡਾ. ਗੰਡਾ ਸਿੰਘ, ੪. ਪ੍ਰਿੰ. ਸਤਬੀਰ ਸਿੰਘ, ੫. ਪ੍ਰੋ. ਸਾਹਿਬ ਸਿੰਘ, ੬. ਪ੍ਰੋ. ਹਰੀ ਰਾਮ ਗੁਪਤਾ, ੭. ਐਮ. ਏ. ਮੈਕਾਲਿਫ਼, ੮. ਡਾ: ਟਰੰਪ, ਭਾਈ ਵੀਰ ਸਿੰਘ, ੯. ਸ: ਖੁਸ਼ਵੰਤ ਸਿੰਘ, ੧੦. ਡਾ: ਕਿਰਪਾਲ ਸਿੰਘ, ੧੧. ਡਾ: ਰਤਨ ਸਿੰਘ ਜੱਗੀ, ੧੨. ਪ੍ਰੋ: ਸ. ਸ. ਪਦਮ (ਸੰਤ ਸਿੰਘ ਪਦਮ) ੧੩. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਲਈ ਸਿੱਖ ਇਤਿਹਾਸ ਲਿਖਣ ਵਾਲੇ ਪ੍ਰੋ: ਕਰਤਾਰ ਸਿੰਘ ਐੱਮ.ਏ. ਅਤੇ ੧੪. ਸ: ਪਾਲ ਸਿੰਘ ਪੁਰੇਵਾਲ ਆਦਿ।
  9. ਮੈਕਾਲਿਫ਼ ਅਨੁਸਾਰ ਸੰਨ 1816 ਤੱਕ ਗੁਰੂ ਨਾਨਕ ਜੀ ਦਾ ਗੁਰ ਪੁਰਬ; ਨਨਕਾਣਾ ਸਾਹਿਬ ਵਿਖੇ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਰਿਹਾ ਹੈ।
  10. ਸ: ਕਰਮ ਸਿੰਘ ਹਿਸਟੋਰੀਅਨ ਮੁਤਾਬਕ ਕੁਝ ਸਿੰਘ ਸਭਾਵਾਂ; ਜਿਵੇਂ ਕਿ ਸਿੰਘ ਸਭਾ ਭਸੌੜ, ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ੧ ਵੈਸਾਖ ਮੰਨਦੀਆਂ ਸਨ।