ਬਿਕ੍ਰਮੀ ਕੈਲੰਡਰ ਦੇ ਨੁਕਸਾਂ ਦੀ ਤੱਥਾਂ ਆਧਾਰਿਤ ਵਿਚਾਰ

0
573

ਬਿਕ੍ਰਮੀ ਕੈਲੰਡਰ ਦੇ ਨੁਕਸਾਂ ਦੀ ਤੱਥਾਂ ਆਧਾਰਿਤ ਵਿਚਾਰ

ਕਿਰਪਾਲ ਸਿੰਘ ਬਠਿੰਡਾ 88378-13661

(1). ਬਿਕ੍ਰਮੀ ਕੈਲੰਡਰ ’ਚ ਸਮੇਂ ਦੀ ਮਿਣਤੀ; ਚੰਦਰਮਾ ਅਤੇ ਸੂਰਜੀ; ਦੋ ਪ੍ਰਣਾਲੀਆਂ ਦੇ ਆਧਾਰ ’ਤੇ ਹੁੰਦੀ ਹੈ। ਸੂਰਜੀ ਸਾਲ 365/66 ਦਿਨ ਅਤੇ ਚੰਦਰਮਾ ਸਾਲ 354/55 ਦਿਨਾਂ ਦਾ ਹੁੰਦਾ ਹੈ, ਇਸ ਕਰਕੇ ਇਸ ਨੂੰ ਸੂਰਜੀ ਸਾਲ ਨਾਲ ਮਿਲਾ ਕੇ ਰੱਖਣ ਲਈ ਹਰ, ਦੋ ਜਾਂ ਤਿੰਨ ਸਾਲਾਂ ਬਾਅਦ, ਸਾਲ ’ਚ ਇੱਕ ਮਹੀਨਾ ਵਾਧੂ ਜੋੜ ਦਿੱਤਾ ਜਾਂਦਾ ਹੈ; ਉਸ ਨੂੰ ਲੌਂਦ ਦਾ ਮਹੀਨਾ ਕਹੀਦਾ ਹੈ। ਉਸ ਸਾਲ ਦੇ ਦਿਨਾਂ ਦੀ ਗਿਣਤੀ ਵੀ ਵਧ ਕੇ 383/84 ਦਿਨ ਹੋ ਜਾਂਦੀ ਹੈ। ਲੌਂਦ ਦਾ ਮਹੀਨਾ/ਮਲਮਾਸ ਅਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਉਸ ਮਹੀਨੇ ਕੋਈ ਗੁਰ ਪੁਰਬ ਨਹੀਂ ਮਨਾਇਆ ਜਾਂਦਾ। ਇਹ ਧਾਰਨਾ ਗੁਰਮਤਿ ਸਿਧਾਂਤ ਦੇ ਉਲ਼ਟ ਹੈ ਕਿਉਂਕਿ ਗੁਰਬਾਣੀ ਕਿਸੇ ਵੀ ਮਹੀਨੇ, ਦਿਨ, ਤਿੱਥ ਜਾਂ ਵਾਰ ਨੂੰ ਸ਼ੁਭ ਜਾਂ ਅਸ਼ੁਭ ਨਹੀਂ ਮੰਨਦੀ। ਉਹੀ ਦਿਨ ਚੰਗਾ ਹੈ, ਸ਼ੁਭ ਹੈ ਜਦ ਮਾਲਕ ਦੀ ਯਾਦ ਆਵੇ ਭਾਵੇਂ ਉਹ ਲੌਂਦ ਦਾ ਮਹੀਨਾ ਹੀ ਕਿਉਂ ਨਾ ਹੋਵੇ ਅਤੇ ਹਰ ਉਹ ਦਿਨ ਅਸ਼ੁਭ ਹੈ, ਜਿਸ ਦਿਨ ਮਾਲਕ ਦੀ ਯਾਦ ਭੁੱਲ ਜਾਵੇ ਭਾਵੇਂ ਉਹ ਮੰਨਿਆ ਜਾਂਦਾ ਸ਼ੁਭ ਦਿਨ ਜਾਂ ਮਹੀਨਾ ਹੀ ਕਿਉਂ ਨਾ ਹੋਵੇ। ਗੁਰੂ ਵਾਕ ਹੈ ‘‘ਨਾਨਕ  ! ਸੋਈ ਦਿਨਸੁ ਸੁਹਾਵੜਾ; ਜਿਤੁ ਪ੍ਰਭੁ ਆਵੈ ਚਿਤਿ (’)  ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ (ਮਹਲਾ /੩੧੮)

(2). ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ; ਜੇਠ ਵਦੀ ੮ ਨੂੰ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; ਜੇਠ ਸੁਦੀ ੪ ਨੂੰ ਮਨਾਉਂਦੀ ਹੈ। ਇਨ੍ਹਾਂ ਦੋਵੇਂ ਗੁਰ ਪੁਰਬਾਂ ਵਿਚਕਾਰ ਆਮ ਤੌਰ ’ਤੇ ਲਗਭਗ 11 ਦਿਨਾਂ ਦਾ ਫ਼ਰਕ ਹੁੰਦਾ ਹੈ। ਸੰਨ 2018 ’ਚ ਜੇਠ ਦੇ ਦੋ ਮਹੀਨੇ ਸਨ; ਇੱਕ ਸ਼ੁਭ ਅਤੇ ਦੂਸਰਾ ਅਸ਼ੁਭ ਯਾਨੀ ਕਿ ਲੌਂਦ ਦਾ। ਸ਼ੁਭ ਅਸ਼ੁਭ ਦਿਨਾਂ ਦੀ ਵੀਚਾਰ ਕਾਰਨ ਸੰਨ 2018 ’ਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਪਹਿਲਾ ਜੇਠ (ਸ਼ੁਭ) ਵਦੀ ੮; ੨੫ ਵੈਸਾਖ ਨੂੰ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਪਹਿਲਾ ਜੇਠ ਸੁਦੀ (ਅਸ਼ੁਭ) ੪; ੫ ਜੇਠ ਨੂੰ ਆਉਣਾ ਸੀ, ਪਰ ਇਸ ਨੂੰ ਅਸ਼ੁਭ ਜਾਣ ਕੇ ਇੱਕ ਮਹੀਨਾ ਲੇਟ ਕਰ ਦੂਜਾ ਜੇਠ (ਸ਼ੁਭ) ਸੁਦੀ ੪; ੩ ਹਾੜ ਨੂੰ ਨਿਸ਼ਚਿਤ ਕੀਤਾ ਗਿਆ, ਜਿਸ ਕਾਰਨ ਦੋਵੇਂ ਪੁਰਬਾਂ ਵਿਚਕਾਰ 40 ਦਿਨਾਂ ਦਾ ਫ਼ਰਕ ਹੋ ਗਿਆ, ਜੋ ਕਿ ਲਗਭਗ 11 ਦਿਨ ਹੋਣਾ ਚਾਹੀਦਾ ਸੀ। ਜਦੋਂ ਪੁੱਛਿਆ ਗਿਆ ਕਿ 40 ਦਿਨਾਂ ਦਾ ਫ਼ਰਕ ਕਿਹੜੇ ਇਤਿਹਾਸਕ ਤੱਥਾਂ ਕਾਰਨ ਹੈ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਪਹਿਲਾ ਜੇਠ (ਸ਼ੁਭ) ਵਦੀ ੮;  ੨੫ ਵੈਸਾਖ ਤੋਂ ਵਧਾ ਕੇ ਦੂਜੇ ਜੇਠ (ਅਸ਼ੁਭ) ਵਦੀ ੮;  ੨੫ ਜੇਠ ਨੂੰ ਕਰ ਦਿੱਤਾ, ਜਿਸ ਨਾਲ ਅੰਤਰ ਤਾਂ 10 ਦਿਨਾਂ ਦਾ ਰਹਿ ਗਿਆ, ਪਰ ਇਸ ਤਰ੍ਹਾਂ ਕਰਨ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਪੁਰਬ ਅਸ਼ੁਭ ਮਹੀਨੇ ’ਚ ਚਲਾ ਗਿਆ ਭਾਵ ਸ਼ੁਭ ਅਸ਼ੁਭ ਨੇ ਫਿਰ ਵੀ ਸ਼੍ਰੋਮਣੀ ਕਮੇਟੀ ਦਾ ਖਹਿੜਾ ਨਾ ਛੱਡਿਆ।

(3). ਚੰਦਰਮਾ ਦੇ ਦਿਨਾਂ ਦੀ ਮਿਣਤੀ ਦਾ ਹਿਸਾਬ ਕਿਤਾਬ ਇਕ  ਗੋਰਖ ਧੰਦਾ ਹੈ, ਜੋ ਆਮ ਆਦਮੀ ਦੀ ਸਮਝ ਤੋਂ ਬਾਹਰ ਹੈ ਕਿਉਂਕਿ ਸਾਲ ’ਚ ਕਦੀਂ 12 ਮਹੀਨੇ ਅਤੇ ਕਦੀਂ 13 ਮਹੀਨੇ ਆ ਜਾਂਦੇ ਹਨ, ਕਦੀਂ ਇੱਕੋ ਦਿਨ ’ਚ ਦੋ ਤਿੱਥਾਂ ਹੁੰਦੀਆਂ ਹਨ ਅਤੇ ਕਦੀ ਲਗਾਤਾਰ ਦੋ ਦਿਨ; ਇੱਕ ਹੀ ਤਿੱਥ ਰਹਿੰਦੀ ਹੈ। ਵੈਸੇ ਤਾਂ ਹਰ ਮਹੀਨੇ ’ਚ ਇਸ ਤਰ੍ਹਾਂ ਦੀਆਂ ਇੱਕ ਦੋ ਮਿਸਾਲਾਂ ਮਿਲ ਜਾਂਦੀਆਂ ਹਨ ਪਰ ਗੋਰਖ ਧੰਦੇ ਨੂੰ ਅਸਾਨੀ ਨਾਲ਼ ਸਮਝਣ ਲਈ ਸੰਨ 2018 ’ਚ ਆਏ ਜੇਠ ਦੇ ਦੋ ਮਹੀਨਿਆਂ (ਇੱਕ ਸ਼ੁਭ, ਦੂਜਾ ਅਸ਼ੁਭ) ’ਚੋਂ ਪਿਛਲਾ ਜੇਠ ਮਹੀਨਾ ਯਾਨੀ ਕਿ ਜੂਨ 2018 ਦੇ ਮਹੀਨੇ ਨੂੰ ਮਿਸਾਲ ਵਜੋਂ ਲੈਂਦੇ ਹਾਂ ਤਾਂ ਪਤਾ ਲਗੇਗਾ ਕਿ

(1) 3 ਅਤੇ 4 ਜੂਨ ਨੂੰ ਲਗਾਤਾਰ ਦੋ ਦਿਨ ਇੱਕੋ ਤਿੱਥ – ਦੂਜਾ ਜੇਠ (ਅਸ਼ੁਭ) ਵਦੀ ੫ ਆਈ।

(2) 12 ਜੂਨ ਨੂੰ ਦੂਜਾ ਜੇਠ (ਅਸ਼ੁਭ) ਵਦੀ ੧੩ ਤੇ ੧੪ ਦੋ ਤਿੱਥਾਂ ਇਕੱਠੀਆਂ ਇੱਕੋ ਦਿਨ ਆਈਆਂ।

(3) 19 ਜੂਨ ਨੂੰ ਦੂਜਾ ਜੇਠ (ਸ਼ੁਭ) ਸੁਦੀ ੬ ਤੇ ੭ ਦੋ ਤਿੱਥਾਂ ਇਕੱਠੀਆਂ ਇੱਕੋ ਦਿਨ ਆਈਆਂ।

(4) 25 ਅਤੇ 26 ਜੂਨ ਨੂੰ ਲਗਾਤਾਰ ਦੋ ਦਿਨ ਇੱਕੋ ਤਿੱਥ – ਦੂਜਾ ਜੇਠ (ਸ਼ੁਭ) ਸੁਦੀ ੧੩ ਆਈ।

         ਫੋਟੋ ਜੰਤਰੀ ਜੂਨ 2018        

ਐਸੇ ਗੋਰਖ ਧੰਦੇ ਕਾਰਨ ਹੀ ਚੰਦਰਮਾ ਮਹੀਨਾ ਜਾਂ ਕੋਈ ਤਿੱਥ ਕੇਵਲ ਜੰਤਰੀ ਤੋਂ ਵੇਖ ਕੇ ਹੀ ਜਾਣੀ ਜਾ ਸਕਦੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਆਪਣਾ ਕੈਲੰਡਰ ਬਣਾਉਣ ਤੋਂ ਪਹਿਲਾਂ ਬਜ਼ਾਰ ’ਚ ਨਵੀਆਂ ਜੰਤਰੀਆਂ ਛਪ ਕੇ ਆਉਣ ਤੱਕ ਦੀ ਉਡੀਕ ਕਰਨੀ ਪੈਂਦੀ ਹੈ।

(4). ਚੰਦਰਮਾ ਮਹੀਨੇ ਦੀਆਂ ਤਿੱਥਾਂ ਦਾ ਤਾਂ ਗੋਰਖ ਧੰਦਾ ਹੈ ਹੀ; ਦੂਜੇ ਪਾਸੇ ਸੂਰਜੀ ਮਹੀਨਿਆਂ ਦੀਆਂ ਪਹਿਲੀਆਂ ਤਾਰੀਖ਼ਾਂ ਭਾਵ ਸੰਗਰਾਂਦਾਂ ਯਾਦ ਰੱਖਣੀਆਂ ਵੀ ਸੌਖਾ ਕੰਮ ਨਹੀਂ ਕਿਉਂਕਿ

(ੳ) ਚੇਤ, ਵੈਸਾਖ ਅਤੇ ਅੱਸੂ ਦੇ ਤਿੰਨ ਮਹੀਨੇ 30 ਜਾਂ 31 ਦਿਨਾਂ ਦੇ ਹੁੰਦੇ ਹਨ।

(ਅ) ਕੱਤਕ, ਮੱਘਰ, ਪੋਹ, ਮਾਘ ਅਤੇ ਫੱਗਣ ਦੇ 5 ਮਹੀਨਿਆਂ ’ਚ 29 ਜਾਂ 30 ਦਿਨ ਹੁੰਦੇ ਹਨ। ਇਨ੍ਹਾਂ ਪੰਜਾਂ ’ਚੋਂ ਕੋਈ 2 ਮਹੀਨੇ 29-29 ਦਿਨਾਂ ਦੇ ਅਤੇ ਬਾਕੀ ਤਿਨ ਮਹੀਨੇ 30-30 ਦਿਨਾਂ ਦੇ ਹੋਣੇ ਚਾਹੀਦੇ ਹਨ।

(ੲ) ਸਾਲ ਦੇ ਬਾਕੀ ਬਚੇ 4 ਮਹੀਨੇ; ਜੇਠ, ਹਾੜ, ਸਾਵਣ ਤੇ ਭਾਦੋਂ ਦੇ 31 ਜਾਂ 32 ਦਿਨ ਹੁੰਦੇ ਹਨ।

ਇਸ ਤਰ੍ਹਾਂ ਸੂਰਜੀ ਮਹੀਨੇ 29 ਤੋਂ 32 ਦਿਨਾਂ ਤੱਕ ਹੋਣ ਕਾਰਨ ਵਧਦੇ ਘਟਦੇ ਰਹਿੰਦੇ ਹਨ, ਇਸ ਲਈ ਅਕਸਰ ਪੰਜਾਬੀਆਂ ਨੂੰ ਨਹੀਂ ਪਤਾ ਕਿ ਚਾਲੂ ਮਹੀਨਾ ਕਿੰਨੇ ਦਿਨਾਂ ਦਾ ਹੈ ਤੇ ਅਗਲੇ ਮਹੀਨੇ ਦੀ ਪਹਿਲੀ ਤਾਰੀਖ਼ ਕਦੋਂ ਹੋਣੀ ਹੈ। ਮਿਸਾਲ ਦੇ ਤੌਰ ’ਤੇ ਵੈਸਾਖੀ ਕਦੀ 13 ਅਪ੍ਰੈਲ ਅਤੇ ਕਦੀ 14 ਅਪ੍ਰੈਲ ਨੂੰ ਹੁੰਦੀ ਹੈ। ਜੋ ਸਮਝਦੇ ਹਨ ਕਿ ਵੈਸਾਖੀ ਤਾਂ ਉੱਥੇ ਹੀ ਖੜ੍ਹੀ ਹੈ; ਮਾਰਚ ਤੇ ਅਪ੍ਰੈਲ ਦੀਆਂ ਤਾਰੀਖ਼ਾਂ ਅੱਗੇ ਪਿੱਛੇ ਹੁੰਦੀਆਂ ਹਨ ਤਾਂ ਵੈਸਾਖੀ ਤੋਂ ਪਹਿਲਾਂ ਉਨ੍ਹਾਂ ਨੂੰ ਵੀ ਪੁੱਛਣਾ ਪੈਂਦਾ ਹੈ ਕਿ ਇਸ ਵਾਰ ਵੈਸਾਖੀ ਕਦੋਂ ਹੈ ? ਵੈਸਾਖੀ ਦੀ ਤਾਂ ਇੱਕ ਉਦਾਹਰਣ ਹੈ ਤਕਰੀਬਨ 40% ਤਾਰੀਖ਼ਾਂ ਹਰ ਸਾਲ ਬਦਲਦੀਆਂ ਹਨ।

(5). ਸ਼੍ਰੋਮਣੀ ਕਮੇਟੀ ਲਈ ਦੂਸਰਾ ਗੋਰਖ਼ ਧੰਦਾ ਇਹ ਹੈ ਕਿ ਉਹ ਆਪਣੇ ਕੈਲੰਡਰ ਵਿੱਚ ਇੱਕ ਦੀ ਬਜਾਏ ਤਿੰਨ ਵੱਖ ਵੱਖ ਪ੍ਰਣਾਲੀਆਂ ਦੇ ਕੈਲੰਡਰਾਂ ਮੁਤਾਬਕ ਦਿਨ ਨਿਸ਼ਚਿਤ ਕਰਦੀ ਹੈ, ਜਿਨ੍ਹਾਂ ਦੇ ਸਾਲਾਂ ਦੀ ਲੰਬਾਈ ਹੇਠ ਦਿੱਤੇ ਟੇਬਲ ’ਚ ਦਰਜ ਹੈ।

ਮਿਸਾਲ ਵਜੋਂ ਸਾਰੇ ਗੁਰ ਪੁਰਬ ਚੰਦਰਮਾ ਮਹੀਨੇ ਦੀਆਂ ਤਿੱਥਾਂ ਮੁਤਾਬਕ; 1469 ਤੋਂ 1752 ਈ: ਤੱਕ ਦੇ ਸਾਰੇ ਇਤਿਹਾਸਕ ਦਿਹਾੜੇ (ਜਿਵੇਂ ਕਿ ਸਾਹਿਬਜ਼ਾਦਿਆਂ ਅਤੇ ਪੁਰਾਤਨ ਸਿੰਘਾਂ ਦੇ ਜਨਮ ਦਿਨ ਤੇ ਸ਼ਹੀਦੀ ਦਿਨ) ਬਿਕ੍ਰਮੀ ਕੈਲੰਡਰ ਦੀਆਂ ਸੂਰਜੀ ਤਾਰੀਖ਼ਾਂ ਮੁਤਾਬਕ ਅਤੇ 1752 ਈ: ਤੋਂ ਬਾਅਦ ਦੇ ਸਾਰੇ ਇਤਿਹਾਸਕ ਦਿਹਾੜੇ (ਜਿਵੇਂ ਕਿ ਸਾਕਾ ਨਨਕਾਣਾ ਸਾਹਿਬ, ਭਾਰਤੀ ਫੌਜਾਂ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹਮਲਾ ਅਤੇ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਲੱਗੇ ਮੋਰਚਿਆਂ ਦਾ ਇਤਿਹਾਸ) ਗ੍ਰੈਗੋਰੀਅਨ ਕੈਲੰਡਰ ਭਾਵ ਈਸਵੀ ਕੈਲੰਡਰ ਅਨੁਸਾਰ ਨਿਸ਼ਚਿਤ ਕੀਤੇ ਜਾਂਦੇ ਹਨ; ਭਾਵੇਂ ਕਿ ਗੁਰਬਾਣੀ ਜਾਂ ਸਿੱਖ ਇਤਿਹਾਸ ’ਚ ਕਿਤੇ ਨਹੀਂ ਲਿਖਿਆ ਕਿ ਆਹ ਆਹ ਦਿਹਾੜੇ, ਆਹ ਆਹ ਕੈਲੰਡਰਾਂ ਮੁਤਾਬਕ ਹੋਣੇ ਚਾਹੀਦੇ ਹਨ। ਇੱਕ ਅਕਾਲ ਪੁਰਖ, ਇੱਕ ਗੁਰੂ ਗ੍ਰੰਥ ਸਾਹਿਬ ਤੇ ਇੱਕ ਸਿੱਖ ਰਹਿਤ ਮਰਿਆਦਾ ਨੂੰ ਮੰਨਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਇੱਕ ਕੈਲੰਡਰ ਨੂੰ ਭੀ ਕਿਉਂ ਨਹੀਂ ਅਪਣਾਅ ਲੈਂਦੀ ?

(6). ਸਾਲ ਦੀਆਂ ਵੱਧ ਘੱਟ ਲੰਬਾਈਆਂ ਵਾਲੇ ਕੈਲੰਡਰਾਂ ਕਾਰਨ, ਜੋ ਸ਼ੰਕੇ ਇਤਿਹਾਸਕ ਤਾਰੀਖ਼ਾਂ ਬਾਰੇ ਪਏ ਹਨ ਅਤੇ ਜੋ ਅੱਗੇ ਨੂੰ ਭੀ ਪੈਣੇ ਹਨ, ਇਸ ਦਾ ਜਵਾਬ ਸ਼੍ਰੋਮਣੀ ਕਮੇਟੀ ਕੋਲ ਨਹੀਂ।  ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ ਪਿਛਲੇ 20-25 ਸਾਲਾਂ ਦੇ ਕੈਲੰਡਰ ਵੇਖੇ ਜਾਣ ਤਾਂ ਹਰ ਸਾਲ ਹੀ ਨਵਾਂ ਸਾਲ ੧ ਚੇਤ/ 14 ਮਾਰਚ ਨੂੰ ਅਰੰਭ ਹੁੰਦਾ ਹੈ। ਕੁਝ ਦਿਹਾੜੇ ਜਿਵੇਂ ਕਿ ਸ: ਬਘੇਲ ਸਿੰਘ ਵੱਲੋਂ ਦਿੱਲੀ ਫ਼ਤਹਿ ਦਿਵਸ = ੨ ਚੇਤ, ਸ਼ਹੀਦੀ ਭਾਈ ਸੁਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ = ੧੨ ਚੇਤ, ਜਨਮ ਦਿਨ ਸਾਹਿਬਜ਼ਾਦਾ ਜੁਝਾਰ ਸਿੰਘ = ੨੭ ਚੇਤ ਅਤੇ ਦਸਤਾਰ ਦਿਵਸ = ੩੧ ਚੇਤ ਨੂੰ ਦਰਜ ਹੁੰਦੇ ਹਨ, ਪਰ ਕੁਝ ਦਿਹਾੜਿਆਂ ਵਿੱਚ ਹਰ ਸਾਲ ਇੱਕ ਦਿਨ ਦਾ ਫ਼ਰਕ ਭੀ ਹੁੰਦਾ ਹੈ; ਜਿਵੇਂ ਕਿ ਸਰਹਿੰਦ ਫ਼ਤਹਿ ਦਿਵਸ (ਕਦੇ ੨੯ ਵੈਸਾਖ ਤੇ ਕਦੇ ੩੦ ਵੈਸਾਖ)। ਘੱਲੂਘਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ (4 ਜੂਨ 1984) ਭੀ ਕਦੇ ੨੧ ਜੇਠ ਅਤੇ ਕਦੇ ੨੨ ਜੇਠ ਆਉਂਦਾ ਹੈ।

(7). ਕੁਝ ਘਟਨਾਵਾਂ, ਜੋ ਕਿਸੇ ਖ਼ਾਸ ਇਤਿਹਾਸਕ ਦਿਨ ਵਾਪਰੀਆਂ, ਉਹ ਨਿਸ਼ਚਿਤ ਦਿਨ ਹੀ ਇਤਿਹਾਸ ਦਾ ਹਿੱਸਾ ਬਣ ਗਈਆਂ; ਜਿਵੇਂ ਕਿ 1919 ਈ: ਦੀ ਵੈਸਾਖੀ ਵਾਲੇ ਦਿਨ ਹੀ ਜਲ੍ਹਿਆਂ ਵਾਲੇ ਬਾਗ (ਅੰਮ੍ਰਿਤਸਰ) ਵਿਖੇ ਅਜ਼ਾਦੀ ਘੁਲਾਟੀਆਂ ਅਤੇ ਆਮ ਸ਼ਹਿਰੀਆਂ ਵੱਲੋਂ ਕੀਤੀ ਜਾ ਰਹੀ ਇਕੱਤਰਤਾ ’ਤੇ ਜਨਰਲ ਡਾਇਰ ਨੇ ਅੰਨ੍ਹੇਵਾਰ ਗੋਲ਼ੀ ਚਲਾਈ ਸੀ। ਸੇਵਾ ਸੰਮਤੀ ਨੇ ਘਰਾਂ ਵਿਚ ਜਾ ਕੇ ਸਰਵੇ ਕਰਨ ਦਾ ਦਾਅਵਾ ਕੀਤਾ; ਉਸ ਮੁਤਾਬਕ 530 ਬੰਦਿਆਂ ਦੇ ਮਾਰੇ ਜਾਣ ਦੇ ਵੇਰਵੇ ਮਿਲੇ ਸਨ। ਤਦੋਂ ਸੰਨ 1919 ’ਚ ਵੈਸਾਖੀ 13 ਅਪ੍ਰੈਲ ਨੂੰ ਸੀ, ਇਸ ਲਈ ਅੱਜ ਭੀ ਸਾਰੇ ਭਾਰਤ ’ਚ 13 ਅਪ੍ਰੈਲ ਨੂੰ ਸਾਕਾ ਜਲ੍ਹਿਆਂ ਵਾਲਾ ਬਾਗ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਮਨਾਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਵੈਸਾਖੀ ਵਾਲੇ ਦਿਨ ਜਨਰਲ ਡਾਇਰ ਨੇ ਸੈਂਕੜੇ ਬੇਕਸੂਰ ਅਤੇ ਨਿਹੱਥੇ ਸ਼ਹਿਰੀਆਂ ’ਤੇ ਅੰਨ੍ਹੇਵਾਹ ਗੋਲ਼ੀ ਚਲਾ ਕੇ ਸ਼ਹੀਦ ਕੀਤਾ ਸੀ।

ਇਸੇ ਤਰ੍ਹਾਂ 2001 ’ਚ ਨਿਊਯਾਰਕ ਸ਼ਹਿਰ ’ਤੇ ਅਲਕਾਇਦਾ ਨਾਮ ਦੀ ਇਸਲਾਮਕ ਜਥੇਬੰਦੀ ਦੇ ਕਾਰਕੁਨਾਂ ਵੱਲੋਂ ਕੀਤੇ ਆਤਮਘਾਤੀ ਹਮਲੇ ਤੋਂ ਬਾਅਦ ਹਰ ਪਗੜੀਧਾਰੀ ਨੂੰ ਇਸਲਾਮਿਕ ਜਥੇਬੰਦੀਆਂ ਦਾ ਮੈਂਬਰ ਸਮਝ ਕੇ ਸਿੱਖਾਂ ਉੱਤੇ ਹੋਏ ਹਮਲਿਆਂ ਕਾਰਨ ਅਤੇ ਫਰਾਂਸ ’ਚ ਸਿੱਖਾਂ ਦੀ ਦਸਤਾਰ ’ਤੇ ਲੱਗੀ ਪਾਬੰਦੀ ਦੇ ਵਿਰੋਧ ਵਜੋਂ ਸਿੱਖਾਂ ਨੇ ਆਪਣੀ ਵੱਖਰੀ ਪਛਾਣ ਵਿਖਾਉਣ ਲਈ ਸੰਨ 2002 ਤੋਂ ਵੈਸਾਖੀ ਵਾਲੇ ਦਿਨ ਯਾਨੀ 13 ਅਪ੍ਰੈਲ ਨੂੰ ਪੂਰੇ ਸੰਸਾਰ ’ਚ ਦਸਤਾਰ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ।

ਸ਼੍ਰੋਮਣੀ ਕਮੇਟੀ ਦੇ ਕੈਲੰਡਰ ’ਚ ਹਰ ਸਾਲ ਸਾਕਾ ਜਲ੍ਹਿਆਂ ਵਾਲਾ ਬਾਗ ਅਤੇ ਦਸਤਾਰ ਦਿਵਸ ਤਾਂ 13 ਅਪ੍ਰੈਲ ਨੂੰ ਨਿਸ਼ਚਿਤ ਹੁੰਦੇ ਹਨ ਪਰ ਜਿਸ ਵੈਸਾਖੀ ਨਾਲ ਇਤਿਹਾਸਕ ਸੰਬੰਧ ਹੈ ਉਹ ਕਦੀ 13 ਅਪ੍ਰੈਲ ਅਤੇ ਕਦੀ 14 ਅਪ੍ਰੈਲ ਨੂੰ ਲਿਖੀ ਹੁੰਦੀ ਹੈ। ਇਸ ਦਾ ਅਗਾਂਹ ਨਤੀਜਾ ਇਹ ਹੋਣ ਵਾਲ਼ਾ ਹੈ ਕਿ ਅੱਜ ਤੋਂ 480 ਸਾਲ ਪਿੱਛੋਂ ਯਾਨੀ 2502 ਈ: ’ਚ ਪੂਰੇ ਵਿਸ਼ਵ ’ਚ ਮਨਾਏ ਜਾਣ ਵਾਲ਼ੇ ਉਕਤ ਦੋਵੇਂ ਦਿਹਾੜੇ ਤਾਂ 13 ਅਪ੍ਰੈਲ ਨੂੰ ਹੋਣਗੇ ਪਰ ਵੈਸਾਖੀ 21 ਅਪ੍ਰੈਲ ਨੂੰ ਹੋਵੇਗੀ ਭਾਵ 8 ਦਿਨ ਬਾਅਦ।

(8). ਘੱਲੂਘਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ (ਸੰਨ 1984), ਜਿਸ ਨੂੰ ਤੀਜਾ ਘੱਲੂਘਾਰਾ ਕਿਹਾ ਜਾਂਦਾ ਹੈ, ਉਹ ਅੱਜ ਕੱਲ੍ਹ ੨੧ ਜਾਂ ੨੨ ਜੇਠ ਨੂੰ ਹੁੰਦਾ ਹੈ ਯਾਨੀ ਵੈਸਾਖੀ ਤੋਂ 51-52 ਦਿਨ ਬਾਅਦ, ਪਰ ਸੰਨ 5702 ’ਚ ਇਹ ਵੈਸਾਖੀ ਵਾਲੇ ਦਿਨ ਹੀ ਆ ਜਾਵੇਗਾ ਕਿਉਂਕਿ ਬਿਕ੍ਰਮੀ ਕੈਲੰਡਰ (Sidereal Year) ਅਤੇ ਗ੍ਰੈਗੋਰੀਅਨ ਕੈਲੰਡਰ (Tropical Year) ਦੇ ਸਾਲਾਂ ਦੀ ਲੰਬਾਈ ’ਚ ਕੁੱਝ ਫ਼ਰਕ ਹੋਣ ਕਰਕੇ 3680 ਸਾਲਾਂ ’ਚ 51-52 ਦਿਨਾਂ ਦਾ ਫ਼ਰਕ ਪੈ ਜਾਣਾ ਹੈ, ਜਿਸ ਨਾਲ ਇਤਿਹਾਸਕ ਸ਼ੰਕੇ ਹੋਰ ਭੀ ਪੈਦਾ ਹੋਣਗੇ। ਇਤਿਹਾਸ ’ਚ ਲਿਖਿਆ ਹੋਵੇਗਾ ਕਿ ਗੁਰੂ ਅਰਜਨ ਸਾਹਿਬ ਜੀ ਦੇ ਸ਼ਹੀਦੀ ਪੁਰਬ ’ਤੇ ਦਰਬਾਰ ਸਾਹਿਬ ਪਹੁੰਚੀਆਂ ਸੰਗਤਾਂ ’ਤੇ ਭਾਰਤੀ ਫ਼ੌਜਾਂ ਨੇ ਹਮਲਾ ਕਰਕੇ ਸੈਂਕੜੇ ਬੇਕਸੂਰ ਸਿੱਖ ਸ਼ਰਧਾਲੂ ਸ਼ਹੀਦ ਕਰ ਦਿੱਤੇ, ਪਰ ਉਸ ਵੇਲੇ ਲੋਕ ਪੁੱਛਣਗੇ ਕਿ ਇਹ ਘੱਲੂਘਾਰਾ ਫਿਰ ਵੈਸਾਖੀ ਵਾਲੇ ਦਿਨ ਕਿਉਂ ਮਨਾਇਆ ਜਾ ਰਿਹਾ ਹੈ ?

ਇਸ ਤਰ੍ਹਾਂ ਹੋਰ ਭੀ ਕਈ ਦਿਨਾਂ ’ਚ ਅੰਤਰ ਦਿਨੋ ਦਿਨ ਘਟਦਾ ਜਾਂ ਵਧਦਾ ਜਾਵੇਗਾ। ਜ਼ਰਾ ਸੋਚੋ ਕਿ ਜੋ ਵੈਸਾਖੀ; ਸੰਨ 1469 ’ਚ 27 ਮਾਰਚ; ਸੰਨ 1699 ’ਚ 29 ਮਾਰਚ; ਸੰਨ 1752 ’ਚ ਕੀਤੀ 11 ਦਿਨਾਂ ਦੀ ਸੋਧ ਪਿੱਛੋਂ ਸੰਨ 1753 ’ਚ 9 ਅਪ੍ਰੈਲ ਨੂੰ ਆ ਚੁੱਕੀ ਹੈ। ਵੈਸਾਖੀ; ਹੁਣ 13-14 ਅਪ੍ਰੈਲ, ਸੰਨ 2502 ’ਚ 21 ਅਪ੍ਰੈਲ ਨੂੰ ਅਤੇ ਸੰਨ 5702 ’ਚ 4 ਜੂਨ ਨੂੰ ਹੋਵੇਗੀ ਯਾਨੀ ਸੰਨ 1984 ’ਚ ਅਕਾਲ ਤਖ਼ਤ ਸਾਹਿਬ ’ਤੇ ਜੋ ਹਮਲਾ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਵਾਲ਼ੇ ਦਿਨ (4 ਜੂਨ ਨੂੰ) ਹੋਇਆ ਸੀ, ਉਹੀ 4 ਜੂਨ ਵਾਲ਼ਾ ਦਿਨ; 5702 ਈਸਵੀ ’ਚ ਵੈਸਾਖੀ ਵਾਲੇ ਦਿਨ ਮਨਾਇਆ ਜਾਵੇਗਾ।  ਇਹ ਸਿੱਖਾਂ ਨੇ ਵੇਖਣਾ ਹੈ ਕਿ ਉਹ ਕਿੱਥੋਂ ਤੱਕ ਇਤਿਹਾਸਕ ਦਿਨਾਂ ਨੂੰ ਅਗਾਂਹ ਪਿਛਾਂਹ ਕਰਨ ਨਾਲ਼ ਖੜਨਗੇ ਅਤੇ ਇੱਕੋ ਦਿਨ ਵਾਪਰਨ ਵਾਲੇ ਦਿਹਾੜੇ ਵੱਖ ਵੱਖ ਦਿਨਾਂ ਨੂੰ ਮਨਾਏ ਜਾਣ ਨੂੰ ਸਹੀ ਠਹਿਰਾਉਂਦੇ ਰਹਿਣਗੇ ?

(9).  ਕਈ ਇਤਿਹਾਸਕ ਦਿਨ ਇੱਕੋ ਸਥਾਨ ਅਤੇ ਇੱਕੋ ਗੁਰੂ ਸਾਹਿਬ ਨਾਲ ਸੰਬੰਧਿਤ ਹਨ, ਪਰ ਸਦਕੇ ਜਾਈਏ ਮੱਕੜ-ਧੁੰਮਾ ਸੋਧ ਕਮੇਟੀ ਦੇ; ਜਿਸ ਨੇ ਉਨ੍ਹਾਂ ’ਚੋਂ ਇੱਕ ਦਿਹਾੜਾ ਤਾਂ ਪ੍ਰਵਿਸ਼ਟਿਆਂ (ਸੂਰਜੀ ਤਾਰੀਖ਼) ਮੁਤਾਬਕ ਅਤੇ ਦੂਜਾ ਚੰਦਰਮਾ ਦੀਆਂ ਤਿੱਥਾਂ ਮੁਤਾਬਕ ਨਿਸ਼ਚਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਭਾਵੇਂ ਕਿ ਇਸ ਗਲਤੀ ਨਾਲ ਕਈ ਵਾਰ ਅਜੀਬ ਸਥਿਤੀ ਵੀ ਬਣੀ। ਮਿਸਾਲ ਵਜੋਂ ਗੁਰਗੱਦੀ ਪ੍ਰਾਪਤ ਕਰਨ ਉਪਰੰਤ ਗੁਰੂ ਹਰਿਗੋਬੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਸਾਮ੍ਹਣੇ ਹਾੜ ਵਦੀ ੫, ੧੮ ਹਾੜ ਬਿਕ੍ਰਮੀ ਸੰਮਤ ੧੬੬੩ (ਸੰਨ 1606) ਨੂੰ ਇੱਕ ਥੜੇ ਦੀ ਉਸਾਰੀ ਮੁਕੰਮਲ ਕਰਵਾਈ, ਜਿਸ ਨੂੰ ਹੁਣ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ। ਇਹ ਦਿਨ; ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਨਾ ਵਜੋਂ ਮਨਾਇਆ ਜਾਂਦਾ ਹੈ।  ਇਸ ਥੜੇ ਦੀ ਮੁਕੰਮਲਤਾ ਤੋਂ 19 ਦਿਨ ਬਾਅਦ ਹੀ ਹਾੜ ਸੁਦੀ ੧੦, ੬ ਸਾਵਣ ਬਿਕ੍ਰਮੀ ਸੰਮਤ ੧੬੬੩ (ਸੰਨ 1606) ਨੂੰ ਉਸੇ ਥੜੇ ’ਤੇ ਬੈਠ ਕੇ ਗੁਰੂ ਸਾਹਿਬ ਨੇ ਦੋ ਕ੍ਰਿਪਾਨਾਂ (ਮੀਰੀ ਤੇ ਪੀਰੀ) ਧਾਰਨ ਕੀਤੀਆਂ। ਇਸ ਦਿਨ ਨੂੰ ਮੀਰੀ-ਪੀਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ, ਪਰ ਧੁੰਮਾ-ਮੱਕੜ ਕਮੇਟੀ ਨੇ ਕੀਤੀ ਕੈਲੰਡਰੀ ਸੋਧ ’ਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਲਈ ਤਾਂ ਹਰ ਸਾਲ ਸੂਰਜੀ ਤਾਰੀਖ਼ ੧੮ ਹਾੜ ਸਹੀ ਮੰਨੀ, ਪਰ 19 ਦਿਨ ਬਾਅਦ ਵਾਲ਼ਾ ਮੀਰੀ-ਪੀਰੀ ਦਿਨ; ਹਾੜ ਸੁਦੀ ੧੦ ਮੁਤਾਬਕ ਨਾਨਕਸ਼ਾਹੀ ਸੰਮਤ ੫੫੧ (ਸੰਨ 2019-20) ’ਚ ੨੭ ਹਾੜ (ਯਾਨੀ ਥੜਾ ਬਣਨ ਤੋਂ 9 ਦਿਨ ਬਾਅਦ); ਸੰਮਤ ੫੫੨ (ਸੰਨ 2020-21) ’ਚ ੧੭ ਹਾੜ (ਯਾਨੀ ਥੜਾ ਬਣਨ ਤੋਂ 1 ਦਿਨ ਪਹਿਲਾਂ); ਸੰਮਤ ੫੫੩ (ਸੰਨ 2021-22) ’ਚ ੪ ਸਾਵਣ (ਯਾਨੀ ਥੜਾ ਬਣਨ ਤੋਂ 17 ਦਿਨ ਬਾਅਦ); ਇਸ ਲਈ ਸੰਮਤ ੫੫੪ (ਸੰਨ 2022-23) ’ਚ ੨੫ ਹਾੜ (ਯਾਨੀ ਥੜਾ ਬਣਨ ਤੋਂ 7 ਦਿਨ ਬਾਅਦ) ਅਤੇ ਅਗਲੇ ਸਾਲ ਸੰਮਤ ੫੫੫ (ਸੰਨ 2023-24) ’ਚ ੧੪ ਹਾੜ (ਯਾਨੀ ਥੜਾ ਬਣਨ ਤੋਂ 4 ਦਿਨ ਪਹਿਲਾਂ) ਹੋਵੇਗਾ। ਸੋ ਇਨ੍ਹਾਂ ਪੰਜਾਂ ਸਾਲਾਂ ’ਚ ਦੋ ਸਾਲ ਮੀਰੀ-ਪੀਰੀ ਦਿਵਸ; ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਤੋਂ ਪਹਿਲਾਂ ਭੀ ਆ ਗਿਆ, ਜੋ 19 ਦਿਨ ਬਾਅਦ ਸੀ। ਜੇ ਕੋਈ ਸ਼੍ਰੋਮਣੀ ਕਮੇਟੀ ਤੋਂ ਪੁੱਛੇ ਕਿ ਅਕਾਲ ਤਖ਼ਤ ਸਿਰਜਣਾ ਦਿਵਸ ਤੋਂ ਪਹਿਲਾਂ ਮੀਰੀ ਪੀਰੀ ਦਿਵਸ ਕਿਵੇਂ ਹੋ ਸਕਦਾ ਹੈ ? ਤਾਂ ਕੋਈ ਜਵਾਬ ਨਹੀਂ ਮਿਲਦਾ। ਕੀ ਇਉਂ ਕਰਕੇ ਮੱਕੜ-ਧੁੰਮਾ ਸੋਧ ਕਮੇਟੀ ਨੇ ਕੈਲੰਡਰ ਸੋਧਿਆ ਹੈ ਜਾਂ ਵਿਗਾੜਿਆ ?

(10). ਬਿਕ੍ਰਮੀ ਕੈਲੰਡਰ ਦੀਆਂ ਸੰਗਰਾਂਦਾਂ ਅਤੇ ਤਿਥਾਂ; ਸੂਰਜ ਚੜ੍ਹਨ ਦੇ ਸਮੇਂ ਮੁਤਾਬਕ ਬਦਲਦੀਆਂ ਹਨ। ਭਾਰਤ, ਇੱਕ ਵਿਸ਼ਾਲ ਦੇਸ਼ ਹੈ, ਇਸ ਦੇ ਪੂਰਬੀ ਅਤੇ ਪੱਛਮੀ ਖੇਤਰ ’ਚ ਸੂਰਜ ਚੜ੍ਹਨ ਦੇ ਸਮੇਂ ਵਿੱਚ ਤਕਰੀਬਨ ਦੋ ਘੰਟਿਆਂ ਦਾ ਅੰਤਰ ਹੈ, ਇਸ ਲਈ ਵੱਖ ਵੱਖ ਖੇਤਰਾਂ ਦੀਆਂ ਕੁਝ ਸੰਗਰਾਂਦਾਂ (ਮਹੀਨੇ ਦਾ ਅਰੰਭ) ਤੇ ਤਿਥਾਂ ’ਚ ਫ਼ਰਕ ਹੋਣਾ ਸੁਭਾਵਕ ਹੈ। ਇਸੇ ਕਾਰਨ ਇੱਕੋ ਦਿਹਾੜਾ ਵੱਖ ਵੱਖ ਤਾਰੀਖ਼ਾਂ ਨੂੰ ਨਿਸ਼ਚਿਤ ਕਰਨਾ ਪੈਂਦਾ ਹੈ; ਜਿਵੇਂ ਕਿ ਸੰਨ 2000 ’ਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ; ਪੋਹ ਸੁਦੀ ੭ ਮੁਤਾਬਕ ਸ਼੍ਰੋਮਣੀ ਕਮੇਟੀ ਨੇ 14 ਜਨਵਰੀ, ਦਿਨ ਸ਼ੁੱਕਰਵਾਰ ਨੂੰ ਅਤੇ ਤਖ਼ਤ ਪਟਨਾ ਸਾਹਿਬ ਵਿਖੇ (ਉੱਥੋਂ ਦੀਆਂ ਜੰਤਰੀਆਂ ਮੁਤਾਬਕ) 13 ਜਨਵਰੀ, ਦਿਨ ਵੀਰਵਾਰ ਨੂੰ ਮਨਾਇਆ ਗਿਆ।

(11). ਸ਼੍ਰੀ ਮਾਰਤੰਡ ਪੰਚਾਂਗ (ਜੋ ਚੰਡੀਗੜ੍ਹ ਤੋਂ ਛਪਦੀ ਹੈ) ਦੇ ਪੰਨਾ ਨੰ: 15 ’ਚ ਦਿੱਤੇ ਇੱਕ ਨੋਟ ਅਨੁਸਾਰ ਸੰਮਤ ੨੦੭੭ ਬਿਕ੍ਰਮੀ ’ਚ 16 ਨਵੰਬਰ 2020 ਨੂੰ ਸੂਰਜ; ਸਵੇਰੇ 06:52 ਵਜੇ ਬ੍ਰਿਸਚਕ ਰਾਸ਼ੀ ’ਚ ਪ੍ਰਵੇਸ਼ ਹੋਇਆ। ਜਿਨ੍ਹਾਂ ਪ੍ਰਦੇਸ਼ਾਂ ’ਚ ਸੂਰਜ 06:52 ਵਜੇ ਜਾਂ ਇਸ ਤੋਂ ਪਹਿਲਾਂ ਚੜ੍ਹੇਗਾ, ਉੱਥੇ ਉੱਥੇ ਮੱਘਰ ਦੀ ਸੰਗਰਾਂਦ 16 ਨਵੰਬਰ, ਦਿਨ ਸੋਮਵਾਰ ਨੂੰ ਮੰਨੀ ਗਈ ਅਤੇ ਜਿਨ੍ਹਾਂ ਪ੍ਰਦੇਸ਼ਾਂ ’ਚ ਸੂਰਜ; 06:52 ਵਜੇ ਤੋਂ ਬਾਅਦ ਚੜ੍ਹਿਆ, ਉੱਥੇ ਉੱਥੇ ਮੱਘਰ ਦੀ ਸੰਗਰਾਂਦ 15 ਨਵੰਬਰ 2020, ਦਿਨ ਐਤਵਾਰ ਨੂੰ ਮੰਨੀ ਗਈ ਯਾਨੀ ਸੂਰਜ ਚੜ੍ਹਨ ਦੇ ਸਮੇਂ ’ਚ ਇੱਕ ਮਿੰਟ ਦਾ ਫ਼ਰਕ ਭੀ ਸੰਗਰਾਂਦਾਂ (ਮਹੀਨੇ ਦੇ ਅਰੰਭਕ ਦਿਨਾਂ) ’ਚ ਇੱਕ ਦਿਨ ਦਾ ਅੰਤਰ ਪਾ ਗਿਆ; ਇਉਂ ਹਰ ਪ੍ਰਦੇਸ਼ ’ਚ ਸੂਰਜ ਚੜ੍ਹਨ ਦੇ ਵੱਖ ਵੱਖ ਸਮੇਂ ਤੋਂ ਇਲਾਵਾ ਸੰਗਰਾਂਦ ਨਿਸ਼ਚਿਤ ਕਰਨ ਦੇ ਨਿਯਮ ਭੀ ਵੱਖ ਵੱਖ ਹਨ, ਜਿਸ ਕਰਕੇ ਕੁਝ ਮਹੀਨਿਆਂ ਦੀਆਂ ਤਾਰੀਖ਼ਾਂ ’ਚ ਇੱਕ ਤੋਂ ਦੋ ਦਿਨਾਂ ਦਾ ਫ਼ਰਕ ਹੋ ਸਕਦਾ ਹੈ; ਇਹ ਤੱਥ Lahri’s Indian Ephemeris ਦੇ ਕਿਸੇ ਵੀ ਸਾਲ ਦੇ ਪੰਨਾ ਨੰ: 11 ਉੱਪਰ ਦਿੱਤੇ ਟੇਬਲ ਤੋਂ ਵੇਖ ਸਕਦੇ ਹਾਂ। ਨੈਸ਼ਨਲ ਕੈਲੰਡਰ ਦੀਆਂ ਸੰਗਰਾਂਦਾਂ ’ਚ ਤਾਂ 7 ਤੋਂ 8 ਦਿਨਾਂ ਦਾ ਫ਼ਰਕ ਹੈ।

     Lahri’s Indian Ephemeris -Page 11

(12). ਬਾਰਹ ਮਾਹਾ ਅਤੇ ਰੁਤੀ ਸਲੋਕ ਮਹਲਾ ੫ ਬਾਣੀ ’ਚ ਰੁੱਤਾਂ ਦਾ ਵਰਣਨ ਇਉਂ ਹੈ :

ਆਸਾੜੁ ਭਲਾਸੂਰਜੁ ਗਗਨਿ ਤਪੈ (ਤੁਖਾਰੀ ਬਾਰਹਮਾਹਾ/ਮਹਲਾ ੧/੧੧੦੮)

ਆਸਾੜੁ ਤਪੰਦਾ ਤਿਸੁ ਲਗੈਹਰਿ ਨਾਹੁ ਜਿੰਨਾ ਪਾਸਿ (ਮਾਝ ਬਾਰਹਮਾਹਾ/ਮਹਲਾ ੫/੧੩੪)

ਪੋਖਿ  ਤੁਖਾਰੁ ਪੜੈ; ਵਣੁ ਤ੍ਰਿਣੁ ਰਸੁ ਸੋਖੈ (ਤੁਖਾਰੀ ਬਾਰਹਮਾਹਾ/ਮਹਲਾ ੧/੧੧੦੯)

ਪੋਖਿ  ਤੁਖਾਰੁ ਵਿਆਪਈ; ਕੰਠਿ ਮਿਲਿਆ ਹਰਿ ਨਾਹੁ (ਮਾਝ ਬਾਰਹਮਾਹਾ/ਮਹਲਾ ੫/੧੩੫)  

ਰੁਤਿ ਸਰਸ ਬਸੰਤ; ਮਾਹ ਚੇਤੁ ਵੈਸਾਖ  ਸੁਖ ਮਾਸੁ ਜੀਉ   (ਰਾਮਕਲੀ ਰੁਤੀ/ਮਹਲਾ ੫ ੯੨੭

ਗ੍ਰੀਖਮ ਰੁਤਿ ਅਤਿ ਗਾਖੜੀ; ਜੇਠ ਅਖਾੜੈ ਘਾਮ ਜੀਉ (ਰਾਮਕਲੀ ਰੁਤੀ/ਮਹਲਾ ੫/੯੨੮)  

ਰੁਤਿ ਸਿਸੀਅਰ ਸੀਤਲ; ਹਰਿ ਪ੍ਰਗਟੇ ਮੰਘਰ ਪੋਹਿ ਜੀਉ (ਰਾਮਕਲੀ ਰੁਤੀ/ਮਹਲਾ ੫/੯੨੯)  

ਰੁੱਤਾਂ;  Tropical Year  ਦੀ ਲੰਬਾਈ ਮੁਤਾਬਕ ਬਦਲਦੀਆਂ ਹਨ। ਬਿਕ੍ਰਮੀ ਕੈਲੰਡਰ; ਰੁੱਤੀ ਸਾਲ ਨਹੀਂ ਹੈ ਅਤੇ ਇਸ ਦੀ ਲੰਬਾਈ; ਰੁੱਤੀ ਸਾਲ ਤੋਂ 20:30 (ਸਾਢੇ ਵੀਹ ਕੁ ਮਿੰਟ) ਵੱਧ ਹੈ, ਇਸ ਕਾਰਨ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ; ਮੌਸਮੀ ਰੁੱਤਾਂ ਨਾਲੋਂ ਦੂਰ ਜਾ ਰਹੀਆਂ ਹਨ। ਇਸ ਨਾਲ ਜਿੱਥੇ ਗੁਰਬਾਣੀ ਦੇ ਅਰਥ; ਜ਼ਮੀਨੀ ਮੌਸਮ ਤੋਂ ਭਿੰਨ ਹੋਣ ਕਾਰਨ ਸਮਝਣੇ ਮੁਸ਼ਕਲ ਹੋ ਜਾਣਗੇ ਉੱਥੇ ਇਤਿਹਾਸਕ ਘਟਨਾਵਾਂ ਜਾਣਨ ’ਚ ਵੀ ਭੁਲੇਖਾ ਪਵੇਗਾ। ਇਹ ਅੰਤਰ 11000 ਸਾਲ ਬਾਅਦ 1800 ਯਾਨੀ ਪੂਰੇ 6 ਮਹੀਨੇ ਦਾ ਹੋ ਜਾਵੇਗਾ। ਹਾੜ ਦੇ ਮਹੀਨੇ ’ਚ ਪੈਣ ਵਾਲੀ ਅਤਿ ਗਰਮੀ; ਪੋਹ ਮਹੀਨੇ ’ਚ ਪਵੇਗੀ। ਇਉਂ ਹੀ ਪੋਹ ਦੀ ਠੰਡ; ਹਾੜ ਮਹੀਨੇ ’ਚ ਪਵੇਗੀ। ਤਦੋਂ ਸ਼ਬਦ ‘‘ਆਸਾੜੁ ਤਪੰਦਾ ਤਿਸੁ ਲਗੈਹਰਿ ਨਾਹੁ ਜਿੰਨਾ ਪਾਸਿ ’’  ਅਤੇ  ‘‘ਪੋਖਿ  ਤੁਖਾਰੁ ਵਿਆਪਈ; ਕੰਠਿ ਮਿਲਿਆ ਹਰਿ ਨਾਹੁ ’’ ਦੇ ਅਰਥ ਕਿਸ ਤਰ੍ਹਾਂ ਸਮਝਾਂਗੇ ਕਿ ਹਾੜ ਦਾ ਮਹੀਨਾ ਕਿਸ ਤਰ੍ਹਾਂ ਤਪਦਾ ਹੈ ਅਤੇ ਪੋਹ ਦੇ ਮਹੀਨੇ ਕਿਸ ਤਰ੍ਹਾਂ ਕੋਰਾ ਪੈਂਦਾ ਹੈ। ਇਤਿਹਾਸ ’ਚ ਲਿਖਿਆ ਹੋਵੇਗਾ ਕਿ ਹਾੜ ਮਹੀਨੇ ਦੀ ਅਤਿ ਗਰਮੀ ’ਚ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਉਨ੍ਹਾਂ ਦੇ ਸਿਰ ਉੱਪਰ ਗਰਮ ਰੇਤ ਪਾ ਪਾ ਤਸੀਹੇ ਦਿੱਤੇ ਸਨ, ਪਰ ਸੰਗਤਾਂ ਸਰਦੀ ਦੀ ਠੰਡ ਕਾਰਨ ਗਰਮ ਕੱਪੜੇ ਪਹਿਨ ਕੇ ਸੁਣ ਰਹੀਆਂ ਹੋਣਗੀਆਂ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜ਼ਿਕਰ ਹੋਵੇਗਾ ਕਿ ਉਨ੍ਹਾਂ ਨੂੰ ਪੋਹ ਦੇ ਠੰਡੇ ਮਹੀਨੇ ਬਿਨਾਂ ਗਰਮ ਕੱਪੜੇ ਦਿੱਤੇ ਠੰਡੇ ਬੁਰਜ ’ਚ ਰੱਖ ਕੇ ਤਸੀਹੇ ਦਿੱਤੇ ਸਨ, ਪਰ ਇਹ ਸਾਖੀ ਸੁਣਨ ਵਾਲ਼ੀਆਂ ਸੰਗਤਾਂ ਦੇ ਗਰਮੀਆਂ ਵਾਲ਼ੇ ਕੱਪੜੇ ਪਹਿਨੇ ਹੋਣਗੇ; ਕਿਵੇਂ ਅਹਿਸਾਸ ਹੋਵੇਗਾ ? ਤਦ ਇਤਿਹਾਸ ਪੜ੍ਹਨ ਵਾਲੇ ਸੋਚਣਗੇ ਕਿ ਇਹ ਇਤਿਹਾਸ ਹੀ ਗਲਤ ਹੈ ਕਿਉਂਕਿ ਹਾੜ ਦੇ ਮਹੀਨੇ ’ਚ ਤਦੋਂ ਠੰਡ ਪੈ ਰਹੀ ਹੋਵੇਗੀ ਅਤੇ ਪੋਹ ਦੇ ਮਹੀਨੇ ’ਚ ਅਤਿ ਗਰਮੀ।

ਮੂਲ ਨਾਨਕਸ਼ਾਹੀ ਕੈਲੰਡਰ ਦੇ ਲਾਭ

ਬਿਕ੍ਰਮੀ ਕੈਲੰਡਰ ਦੇ ਉਕਤ ਨੁਕਸ ਵੇਖ ਕੇ ਹੀ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਗਿਆ ਸੀ, ਜੋ ਅਜਿਹੇ ਨੁਕਸਾਂ ਤੋਂ ਰਹਿਤ ਹੈ ਕਿਉਂਕਿ ਇਸ ਦੇ ਸਾਲ ਦੀ ਲੰਬਾਈ ਰਥੁ ਫਿਰੈ Solstice ’ਤੇ ਆਧਾਰਿਤ ਹੈ। ਜਿਸ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਜੀ ਨੇ ਤੁਖਾਰੀ ਬਾਰਹਮਾਹਾ ’ਚ ਇਸ ਤਰ੍ਹਾਂ ਕੀਤਾ ਹੈ ‘‘ਆਸਾੜੁ ਭਲਾ; ਸੂਰਜੁ ਗਗਨਿ ਤਪੈ   ਧਰਤੀ ਦੂਖ ਸਹੈ; ਸੋਖੈ ਅਗਨਿ ਭਖੈ ਅਗਨਿ ਰਸੁ ਸੋਖੈ; ਮਰੀਐ ਧੋਖੈ; ਭੀ ਸੋ ਕਿਰਤੁ ਹਾਰੇ ਰਥੁ ਫਿਰੈ, ਛਾਇਆ ਧਨ ਤਾਕੈ; ਟੀਡੁ ਲਵੈ ਮੰਝਿ ਬਾਰੇ ਅਵਗਣ ਬਾਧਿ ਚਲੀ ਦੁਖੁ ਆਗੈ; ਸੁਖੁ ਤਿਸੁ ਸਾਚੁ ਸਮਾਲੇ   ਨਾਨਕ  ! ਜਿਸ ਨੋ ਇਹੁ ਮਨੁ ਦੀਆ; ਮਰਣੁ ਜੀਵਣੁ ਪ੍ਰਭ ਨਾਲੇ ’’ (ਮਹਲਾ /੧੧੦੮)

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਰਥ ੧੫/੧੬ ਹਾੜ ਨੂੰ ਫਿਰਦਾ ਸੀ ਜੋ ਹੁਣ ੭/੮ ਹਾੜ ਨੂੰ ਫਿਰਦਾ ਹੈ ਯਾਨੀ ਉਕਤ ਬਾਰਹ ਮਾਹਾ (ਬਾਣੀ) ਉਚਾਰਨ ਸਮੇਂ ਨਾਲੋਂ ਅਜੋਕੇ ਬਿਕ੍ਰਮੀ ਕੈਲੰਡਰ ’ਚ 8/9 ਦਿਨਾਂ ਦਾ ਫ਼ਰਕ ਪੈ ਚੁੱਕਾ ਹੈ ਜਦਕਿ ਤਿਆਰ ਕੀਤੇ ਮੂਲ ਨਾਨਕਸ਼ਾਹੀ ਕੈਲੰਡਰ ’ਚ ਸੂਰਜ ਦਾ ਰਥ ਸਦਾ ਹੀ ਤਕਰੀਬਨ ੭ ਹਾੜ ਨੂੰ ਫਿਰੇਗਾ ਯਾਨੀ ਰੁੱਤਾਂ ’ਚ ਜੋ ਫ਼ਰਕ ਹੁਣ ਤੱਕ ਪੈ ਚੁੱਕਾ ਹੈ, ਸੋ ਪੈ ਗਿਆ, ਅਗਾਂਹ ਕੋਈ ਫ਼ਰਕ ਨਹੀਂ ਪਵੇਗਾ। ਇਸ ਨਾਲ਼ ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ; ਗੁਰਬਾਣੀ ਦੀਆਂ ਮੌਸਮੀ ਰੁੱਤਾਂ ਦੇ ਨੇੜੇ ਰਹਿਣਗੀਆਂ ਕਿਉਂਕਿ ਅਜੇ ਸਾਰੀਆਂ ਰੁੱਤਾਂ; ਮੌਸਮੀ ਮਹੀਨਿਆਂ ਦੇ ਆਸ ਪਾਸ ਹੀ ਚੱਲ ਰਹੀਆਂ ਹਨ। ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਨਿਸ਼ਚਿਤ ਕੀਤੇ ਗਏ ਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ; ਸਦਾ ਹੀ ਮੌਸਮੀ ਕੈਲੰਡਰ ਦੇ ਨੇੜੇ ਰਹਿਣਗੇ ਕਿਉਂਕਿ ਨਾਨਕਸ਼ਾਹੀ ਅਤੇ ਗ੍ਰੈਗੋਰੀਅਨ ਕੈਲੰਡਰ; ਸਭ ਤੋਂ ਵੱਧ ਰੁੱਤੀ ਕੈਲੰਡਰ ਦੇ ਨੇੜੇ ਹਨ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ੨੩ ਪੋਹ ਨੂੰ ਹੋਵੇਗਾ। ਉਸ ਦਿਨ ਗ੍ਰੈਗੋਰੀਅਨ ਕੈਲੰਡਰ ਦੀ 5 ਜਨਵਰੀ ਹੀ ਹੋਵੇਗੀ। ਵੈਸਾਖੀ; ਹਰ ਸਾਲ ੧ ਵੈਸਾਖ/14 ਅਪ੍ਰੈਲ ਨੂੰ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ; ਹਰ ਸਾਲ ੨ ਹਾੜ/16 ਜੂਨ ਨੂੰ ਹੋਵੇਗਾ (ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਵਸ; ੨੮ ਜੇਠ/11 ਜੂੂਨ ਤੋਂ ਹਮੇਸ਼ਾਂ 5 ਦਿਨ ਬਾਅਦ ਹੀ ਆਏਗਾ) ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹੜਾ ੧੩ ਪੋਹ 26 ਦਸੰਬਰ ਨੂੰ ਹੋਵੇਗੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ੨੩ ਪੋਹ/ 5 ਜਨਵਰੀ ਤੋਂ ਹਮੇਸ਼ਾਂ ਪਹਿਲਾਂ ਹੀ ਹੋਵੇਗਾ; ਇਸੇ ਤਰ੍ਹਾਂ ਬਾਕੀ ਦੇ ਸਾਰੇ ਇਤਿਹਾਸਕ ਦਿਨ ਸਦਾ ਲਈ ਨਿਸ਼ਚਿਤ ਤਾਰੀਖ਼ਾਂ ਨੂੰ ਹੀ ਹੋਣਗੇ।

ਜਿੱਥੇ ਬਿਕ੍ਰਮੀ ਕੈਲੰਡਰ ਦੀਆਂ ਤਿੱਥਾਂ, ਤਰੀਖ਼ਾਂ ਸਮਝਣੀਆਂ ਤੇ ਯਾਦ ਕਰਨੀਆਂ ਕਠਿਨ ਤੇ ਗੋਰਖ ਧੰਦਾ ਹਨ; ਉੱਥੇ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਿਸ਼ਚਿਤ ਕੀਤੇ ਦਿਵਸ; ਬਹੁਤ ਹੀ ਸਰਲ ਅਤੇ ਯਾਦ ਰੱਖਣੇ ਆਸਾਨ ਹਨ; ਜਿਵੇਂ ਕਿ ਇਸ ਦੇ ਪਹਿਲੇ ਪੰਜ ਮਹੀਨੇ (ਚੇਤ, ਵੈਸਾਖ, ਜੇਠ, ਹਾੜ ਅਤੇ ਸਾਵਣ) 31-31 ਦਿਨਾਂ ਦੇ ਹਨ ਅਤੇ ਅਗਲੇ 7 ਮਹੀਨੇ 30-30 ਦਿਨਾਂ ਦੇ ਹਨ। ਲੀਪ ਵਾਲੇ ਸਾਲ ’ਚ ਅਖੀਰਲਾ ਮਹੀਨਾ ਫ਼ੱਗਣ 30 ਦੀ ਥਾਂ 31 ਦਿਨਾਂ ਦਾ ਹੋ ਜਾਂਦਾ ਹੈ। ਇਹ ਕੈਲੰਡਰ ਖ਼ਾਲਸਾ ਸਾਜਣਾ ਦੇ 300ਵੇਂ ਦਿਵਸ ਸਮੇਂ ਯਾਨੀ ਸੰਨ 1999 ’ਚ ਲਾਗੂ ਕਰਾਉਣ ਦੀ ਮਨਸ਼ਾ ਨਾਲ ਤਿਆਰ ਕੀਤਾ ਸੀ, ਪਰ ਕੁਝ ਲੋਕਾਂ ਦੀ ਨਾਸਮਝੀ ਕਾਰਨ ਰੋਕਣਾ ਪਿਆ ਤੇ ਮੁੜ ਵੀਚਾਰ ਕਰਨ ਉਪਰੰਤ 2003 ਦੀ ਵੈਸਾਖੀ ਵਾਲੇ ਦਿਨ ਕੌਮ ’ਚ ਲਾਗੂ ਕੀਤਾ ਗਿਆ। ਸੰਨ 1999 ਅਤੇ 2003; ਯਾਨੀ ਦੋਵੇਂ ਸਾਲ ਹੀ ਵੈਸਾਖੀ 14 ਅਪ੍ਰੈਲ ਨੂੰ ਸੀ। ਇਸ ਵੈਸਾਖੀ ਨੂੰ ‘ਨਾਨਕਸ਼ਾਹੀ ੧ ਵੈਸਾਖ’ ਮੰਨ ਕੇ ਬਾਕੀ 11 ਮਹੀਨਿਆਂ ਦੇ ਦਿਨ ਉਕਤ ਯੁਕਤੀ ਨਾਲ਼ ਪੂਰੇ ਕਰਦਿਆਂ ਕਰਦਿਆਂ ਹਰ ਮਹੀਨੇ ਦੀ ਅਰੰਭਤਾ ਨਿਸ਼ਚਿਤ ਹੁੰਦੀ ਜਾਂਦੀ ਹੈ; ਜਿਵੇਂ ਕਿ ਚੇਤ ਤੇ ਵੈਸਾਖ ਦਾ ਅਰੰਭਕ ਦਿਨ; 14 ਮਾਰਚ ਤੇ 14 ਅਪ੍ਰੈਲ ਨੂੰ। ਜੇਠ ਤੇ ਹਾੜ ਦਾ ਅਰੰਭਕ ਦਿਨ; 15 ਮਈ ਤੇ 15 ਜੂਨ ਨੂੰ। ਸਾਵਣ ਤੇ ਭਾਦੋਂ ਦਾ ਅਰੰਭਕ ਦਿਨ; 16 ਜੁਲਾਈ ਤੇ 16 ਅਗਸਤ ਨੂੰ। ਅੱਸੂ ਤੇ ਕੱਤਕ ਦਾ ਅਰੰਭਕ ਦਿਨ; 15 ਸਤੰਬਰ ਤੇ 15 ਅਕਤੂਬਰ ਨੂੰ। ਮੱਘਰ ਤੇ ਪੋਹ ਦਾ ਅਰੰਭਕ ਦਿਨ; 14 ਨਵੰਬਰ ਤੇ 14 ਦਸੰਬਰ ਨੂੰ। ਮਾਘ ਦਾ ਅਰੰਭਕ ਦਿਨ 13 ਜਨਵਰੀ ਅਤੇ ਫ਼ੱਗਣ ਦਾ ਅਰੰਭਕ ਦਿਨ 12 ਫ਼ਰਵਰੀ ਨੂੰ ਹੋਵੇਗਾ। ਇਸ ਫ਼ੱਗਣ ਦੇ 30 ਦਿਨ ਪੂਰੇ ਕਰਕੇ ਚੇਤ ਦਾ ਅਰੰਭਕ ਦਿਨ; ਆਪਣੇ ਆਪ ਹੀ ਮੁੜ 14 ਮਾਰਚ ਨੂੰ ਹੋਵੇਗਾ। ਲੀਪ ਦੇ ਸਾਲ ’ਚ ਫ਼ੱਗਣ 31 ਦਿਨਾਂ ਦਾ ਹੋ ਜਾਣ ਨਾਲ ਵੀ ਚੇਤ ਮਹੀਨੇ ਦਾ ਅਰੰਭ 14 ਮਾਰਚ ਨੂੰ ਹੀ ਹੋਵੇਗਾ ਕਿਉਂਕਿ ਉਸ ਸਾਲ ਫ਼ਰਵਰੀ 28 ਦੀ ਬਜਾਏ 29 ਦਿਨਾਂ ਦੀ ਹੋਵੇਗੀ। ਇਸ ਤਰ੍ਹਾਂ ਸਾਰੇ ਮਹੀਨਿਆਂ ਦੇ ਅਰੰਭਕ ਦਿਨ; ਨਿਸ਼ਚਿਤ ਹੋਣ ਕਾਰਨ ਸਾਰੀਆਂ ਤਾਰੀਖ਼ਾਂ ਭੀ ਹਮੇਸ਼ਾਂ ਲਈ ਯਾਦ ਹੋ ਜਾਣਗੀਆਂ।