ਅਕਾਲੀ ਦਲ ਦੀ ਗਿਰਾਵਟ ਦੇ ਮੁੱਖ ਕਾਰਨ ਅਤੇ ਮੁੜ ਸੁਰਜੀਤੀ ਲਈ ਸੁਝਾਉ

0
348

ਅਕਾਲੀ ਦਲ ਦੀ ਗਿਰਾਵਟ ਦੇ ਮੁੱਖ ਕਾਰਨ ਅਤੇ ਮੁੜ ਸੁਰਜੀਤੀ ਲਈ ਸੁਝਾਉ

ਕਿਰਪਾਲ ਸਿੰਘ ਬਠਿੰਡਾ 88378-13661

20ਵੀਂ ਸਦੀ ਦੇ ਅਰੰਭਕ ਦਹਾਕਿਆਂ ’ਚ ਉੱਠੀਆਂ ਸਿੱਖ ਲਹਿਰਾਂ ਵਿੱਚ ਸਿੰਘ ਸਿੰਘਣੀਆਂ ਦੇ ਬੇਮਿਸਾਲ ਜਜ਼ਬੇ ਅਤੇ ਕੁਰਬਾਨੀਆਂ ਪਿੱਛੋਂ ਹੋਂਦ ’ਚ ਆਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਹੀ ਮਾਅਨਿਆਂ ’ਚ ਸਿੱਖਾਂ ਦੀਆਂ ਨੁੰਮਾਇੰਦਾ ਸੰਸਥਾਵਾਂ ਵਜੋਂ ਉੱਭਰੀਆਂ। ਮਹਾਨ ਗੁਰੂ ਸਾਹਿਬਾਨ ਦੀਆਂ ਯਾਦਾਂ ਸਾਂਭੀ ਬੈਠੇ ਗੁਰਧਾਮਾਂ ਦੀ ਪਵਿੱਤ੍ਰਤਾ ਅਤੇ ਮਰਿਆਦਾ ਦੀ ਬਹਾਲੀ ਲਈ ਸਿੰਘ ਆਪਣੀਆਂ ਜਾਨਾਂ ਵਾਰਨ ਤੋਂ ਕਦੀ ਪਿੱਛੇ ਨਹੀਂ ਹਟਦੇ ਜਿਸ ਦੀ ਉੱਘੜਵੀਂ ਮਿਸਾਲ ਸਾਕਾ ਨਨਕਾਣਾ ਸਾਹਿਬ ਹੈ, ਜਿੱਥੇ ਦੋ ਸਾਲ ਦੇ ਬੱਚੇ ਸਮੇਤ 86 ਸਿੰਘ ਸ਼ਹੀਦ ਹੋਏ । ਇਹ ਖ਼ੌਫਨਾਕ ਖ਼ੂਨੀ ਸਾਕਾ ਵੀ ਸਿੰਘਾਂ ਦੇ ਜੋਸ਼ ’ਚ ਕਮੀ ਨਾ ਲਿਆ ਸਕਿਆ, ਗੁਰੂ ਕੇ ਬਾਗ ਮੋਰਚੇ ਦੌਰਾਨ ਪੁਲਿਸ ਮੁਖੀ ਬੀ.ਟੀ. ਦੀਆਂ ਡਾਂਗਾਂ ਅਤੇ ਪੰਜਾ ਸਾਹਿਬ ਵਿਖੇ ਰੇਲ ਗੱਡੀ ਦਾ ਤੇਜ ਰਫ਼ਤਾਰ ਇੰਜਨ ਵੀ ਸਿੰਘਾਂ ਦੇ ਜਜ਼ਬੇ ਨੂੰ ਕੁਚਲ ਨਾ ਸਕਿਆ। ਅਜਿਹੇ ਕਈ ਹੋਰ ਮੋਰਚਿਆਂ ਦੌਰਾਨ ਸਿੰਘਾਂ ਦੀਆਂ ਬੇਅੰਤ ਕੁਰਬਾਨੀਆਂ ਉਪਰੰਤ 1925 ’ਚ ਅੰਗਰੇਜ਼ ਸਰਕਾਰ ਵੱਲੋਂ ਗੁਰਦੁਆਰਾ ਐਕਟ-1925 ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ’ਚ ਆਈ। ਹੋਂਦ ਵਿੱਚ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਆਪਣੇ ਪਹਿਲੇ ਫੈਸਲੇ ’ਚ ਗੁਰਬਾਣੀ ਦੇ ਪ੍ਰਚਾਰ ਪਾਸਾਰ ਲਈ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਸਿੰਘਾਂ ਦੀ ਯਾਦ ’ਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਸਥਾਪਿਤ ਕੀਤਾ। ਗੁਰਦੁਆਰਿਆਂ ’ਤੇ ਕਾਬਜ਼ ਉਦਾਸੀ ਤੇ ਨਿਰਮਲੇ ਮਹੰਤਾਂ ਵੱਲੋਂ ਆਪਣੇ ਆਪਣੇ ਡੇਰਿਆਂ ’ਚ ਲਾਗੂ ਕੀਤੀ ਬਿਪ੍ਰਵਾਦੀ ਮਰਿਆਦਾ ਕਾਰਨ ਕਈ ਸੰਪ੍ਰਦਾਵਾਂ ਵਿੱਚ ਵੰਡੇ ਸਿੱਖ ਪੰਥ ਨੂੰ ਏਕਤਾ ਦੀ ਲੜੀ ’ਚ ਪਰੋਣ ਲਈ 14 ਸਾਲਾਂ ਦੇ ਲੰਬੇ ਵੀਚਾਰ ਵਟਾਂਦਰੇ ਪਿੱਛੋਂ ਸਿੱਖ ਰਹਿਤ ਮਰਿਆਦਾ ਤਿਆਰ ਕੀਤੀ ਗਈ। ਗੁਰੂ ਸਾਹਿਬਾਨ ਦੇ ਕਿਰਦਾਰ ਨੂੰ ਧੁੰਧਲਾ ਅਤੇ ਗੁਰਮਤਿ ਮਰਿਆਦਾ ’ਤੇ ਬਿਪ੍ਰਵਾਦ ਦੀ ਪੁੱਠ ਚੜ੍ਹਾਉਣ ਵਾਲੀਆਂ ਪੁਸਤਕਾਂ ਜਿਵੇਂ ਕਿ ਗੁਰਬਿਲਾਸ ਪਾਤਸ਼ਾਹੀ ੬ ਆਦਿਕ ’ਤੇ ਪਾਬੰਦੀ ਲਾਈ।

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਸਿੱਖ ਇਤਿਹਾਸ ਦੀਆਂ ਪੁਸਤਕਾਂ ਸਮੇਤ ਸਕੂਲ ਸਿੱਖਿਆ ਬੋਰਡ ਅਤੇ ਯੂਨੀਵਰਸਿਟੀਆਂ ਦੇ ਸਿਲੇਬਸ ਦੀਆਂ ਪੁਸਤਕਾਂ ਵਿੱਚ ਗੁਰੂ ਸਾਹਿਬਾਨ ਦੇ ਜਨਮ ਦਿਨ, ਗੁਰਗੱਦੀ ਅਤੇ ਜੋਤੀ-ਜੋਤ ਸਮਾਉਣ ਦੀਆਂ ਤਾਰੀਖ਼ਾਂ ਕੁਝ ਹੋਰ ਅਤੇ ਪੰਥ ਵੱਲੋਂ ਸਬੰਧਿਤ ਗੁਰ ਪੁਰਬ ਹਰ ਸਾਲ ਹੀ ਵੱਖਰੀਆਂ ਅਤੇ ਬਦਲਵੀਆਂ ਤਰੀਖ਼ਾਂ ਨੂੰ ਮਨਾਏ ਜਾਣ ਕਾਰਨ ਇਤਿਹਾਸਕ ਤਾਰੀਖ਼ਾਂ ਵਿੱਚ ਦਿਨੋ ਦਿਨ ਵਖਰੇਵੇਂ ਵਧਦੇ ਗਏ । ਇਨ੍ਹਾਂ ਵਖਰੇਵਿਆਂ ਨੂੰ ਠੱਲ ਪਾਉਣ ਲਈ ਇਤਿਹਾਸਕ ਤਾਰੀਖ਼ਾਂ ਨੂੰ ਇਕਸਾਰ ਕਰਨ ਅਤੇ ਗੁਰ ਪੁਰਬਾਂ ਦੀਆਂ ਤਾਰੀਖ਼ਾਂ ਸਦਾ ਲਈ ਨਿਸ਼ਚਿਤ ਕਰਨ ਲਈ ਲੰਬੇ ਵੀਚਾਰ ਵਟਾਂਦਰੇ ਪਿੱਛੋਂ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ, ਸੰਨ 2003 ’ਚ ਲਾਗੂ ਕੀਤਾ ਗਿਆ। ਇਹ ਸਨ ਕੁਝ ਪ੍ਰਾਪਤੀਆਂ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਿੱਸੇ ਆਈਆਂ ਹਨ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ ਦੀ ਰਾਜਨੀਤੀ ’ਚ ਅਹਿਮ ਰੋਲ ਅਦਾ ਕੀਤਾ ਹੈ। ਸੂਬਿਆਂ ਲਈ ਵੱਧ ਅਧਿਕਾਰ, ਪੰਜਾਬੀ ਸੂਬੇ, ਪੰਜਾਬ ਦੇ ਦਰਿਆਵਾਂ ਦਾ ਪਾਣੀ, ਚੰਡੀਗੜ੍ਹ ਅਤੇ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀ ਬੋਲਦੇ ਖੇਤਰ ਪੰਜਾਬ ਨੂੰ ਦੇਣ ਲਈ, ਜਿੰਨੇ ਵੀ ਮੋਰਚੇ ਲਾਏ ਉਹ ਸਿਰਫ ਅਕਾਲੀ ਦਲ ਨੇ ਹੀ ਲਾਏ ਜਦੋਂ ਕਿ ਬਾਕੀ ਦੀਆਂ ਰਾਜਨੀਤਕ ਪਾਰਟੀਆਂ ਰਾਸ਼ਟਰੀ ਪੱਧਰ ਦੀਆਂ ਹੋਣ ਕਾਰਨ ਇਨ੍ਹਾਂ ਮੰਗਾਂ ਲਈ ਸਿੱਧੇ ਜਾਂ ਅਸਿੱਧੇ ਰੂਪ ’ਚ ਵਿਰੋਧ ਹੀ ਕਰਦੀਆਂ ਰਹੀਆਂ ਸਨ। ਇਸ ਤੋਂ ਸਾਬਤ ਹੁੰਦਾ ਸੀ ਕਿ ਪੰਜਾਬ ਸੂਬੇ ਦੇ ਹਿੱਤਾਂ ਲਈ ਜੇ ਕੋਈ ਪਾਰਟੀ ਲੜ ਸਕਦੀ ਹੈ ਤਾਂ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਹੈ।  ਬਹੁਤ ਸਮੇਂ ਤੱਕ ਬਣੀ ਇਸੇ ਧਾਰਨਾ ਕਾਰਨ ਪੰਜਾਬ ਦੇ ਲੋਕ, ਖਾਸਕਰ ਕਿਸਾਨ ਅਤੇ ਪੰਥਕ ਸੋਚ ਰੱਖਣ ਵਾਲੇ ਵੋਟਰ, ਬਿਨਾਂ ਕਿਸੇ ਉਮੀਦਵਾਰ ਦੀ ਯੋਗਤਾ ਵੇਖਿਆਂ ਅੱਖਾਂ ਮੀਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਮੋਹਰਾਂ ਲਾਉਂਦੇ ਰਹੇ। ਇਸ ਸਪੋਰਟ ਨਾਲ਼ ਪਾਰਟੀ ’ਤੇ ਕਾਬਜ਼ ਪ੍ਰਧਾਨ ਇਸ ਵਹਿਮ ਦਾ ਸ਼ਿਕਾਰ ਹੋ ਗਏ ਕਿ ਜੇ ਉਹ ਗਧੇ ਨੂੰ ਵੀ ਟਿਕਟ ਦੇ ਦੇਣ ਤਾਂ ਲੋਕਾਂ ਨੇ ਭਾਰੀ ਬਹੁਮਤ ਨਾਲ ਜਿੱਤਾ ਦੇਣਾ ਹੈ। ਸ਼ਾਇਦ ਉਨ੍ਹਾਂ ਦਾ ਇਹੋ ਵਿਸ਼ਵਾਸ ਹੀ ਅਕਾਲੀਦਲ ਦੇ ਪੱਤਨ ਦਾ ਕਾਰਨ ਬਣਿਆ। ਪੰਜਾਬ ਲਈ ਕੇਂਦਰ ਵਿਰੁੱਧ ਲੱਗੇ ਹਰ ਮੋਰਚੇ ’ਚ “ਪੰਥ ਵਸੇ ਮੈਂ ਉੱਜੜਾਂ, ਮਨ ਚਾਉ ਘਨੇਰਾ” ਦਾ ਨਾਹਰਾ ਲਾਉਣ ਵਾਲਿਆਂ ਨੂੰ ਅਣਗੌਲ਼ਿਆ ਕਰ ਮੁਖੀ ਆਗੂਆਂ ’ਚ ਪਰਵਾਰਵਾਦ ਭਾਰੂ ਹੋ ਗਿਆ। ਬਾਦਲ ਪਰਵਾਰ ’ਚ ਹੀ ਵੇਖਿਆ ਜਾਵੇ ਤਾਂ ਪ੍ਰਕਾਸ਼ ਸਿੰਘ ਬਾਦਲ (ਮੁੱਖ ਮੰਤਰੀ ਅਤੇ ਪਾਰਟੀ ਸਰਪ੍ਰਸਤ, ਉਸ ਦਾ ਪੁੱਤਰ) ਸੁਖਬੀਰ ਸਿੰਘ (ਉੱਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ), ਨੂੰਹ ਹਰਸਿਮਰਤ ਕੌਰ (ਕੇਂਦਰੀ ਮੰਤਰੀ), ਜੁਆਈ ਆਦੇਸ਼ ਪ੍ਰਤਾਪ ਸਿੰਘ ਕੈਰੋਂ (ਕੈਬਿਨਟ ਮੰਤਰੀ), ਪੁੱਤਰ ਦਾ ਸਾਲ਼ਾ ਬਿਕਰਮ ਸਿੰਘ ਮਜੀਠੀਆ (ਕੈਬਿਨਟ ਮੰਤਰੀ। ਜਿਨ੍ਹਾਂ ਮੰਗਾਂ ਲਈ ਕਿਸੇ ਸਮੇਂ ਮੋਰਚੇ ਲਾਏ ਜਾਂਦੇ ਸਨ; ਉਨ੍ਹਾਂ ਨੂੰ ਪੂਰੀ ਤਰ੍ਹਾਂ ਵਿਸਾਰ ਕੇ ਬਾਦਲ ਪਰਵਾਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਨਾਂ ਸ਼ਰਤ ਉਸ ਭਾਜਪਾ ਦੀ ਝੋਲ਼ੀ ’ਚ ਸੁੱਟ ਦਿੱਤਾ, ਜਿਹੜੀ ਪੰਜਾਬ ਦੀ ਹਰ ਮੰਗ ਦਾ ਜੋਰਦਾਰ ਵਿਰੋਧ ਕਰਦੀ ਆ ਰਹੀ ਹੈ।

ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦਾ ਕੰਮ ਹੁੰਦਾ ਹੈ ਕੌਮ ’ਚ ਧਾਰਮਿਕ, ਇਤਿਹਾਸਕ ਅਤੇ ਰਾਜਨੀਤਕ ਤੌਰ ’ਤੇ ਉਤਪੰਨ ਹੋਏ ਵਖਰੇਵਿਆਂ ਦੇ ਹੱਲ ਲਈ ਸਭਨਾਂ ਸੰਬੰਧਿਤ ਧਿਰਾਂ ਦੇ ਨੁੰਮਾਇੰਦਿਆਂ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਕਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਸਮੇਂ ਸਮੇਂ ਢੁਕਵੇਂ ਫੈਂਸਲੇ ਲੈਣ ਦਾ ਪ੍ਰਬੰਧ ਕਰਨਾ, ਪਰ ਹੋਇਆ ਇਸ ਦੇ ਉਲਟ । ਬਾਦਲ ਦਲ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਪਣੇ ਸਿਆਸੀ ਹਿੱਤ ਪੂਰਨ ਲਈ ਹੁਕਮਨਾਮੇ ਜਾਰੀ ਕਰਨ ਅਤੇ ਵਿਰੋਧੀਆਂ ਦੀ ਅਵਾਜ਼ ਦਬਾਉਣ ਲਈ ਉਨ੍ਹਾਂ ਵਿਰੁੱਧ ਫਤਵੇ ਜਾਰੀ ਕਰਵਾਉਣ ਲਈ ਵਰਤਿਆ, ਜਿਵੇਂ ਕਿ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੇ ਕੇਵਲ ਇਹ ਅਵਾਜ਼ ਉਠਾਈ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਦਸਮ ਗ੍ਰੰਥ ਸਮੇਤ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਕਿਉਂਕਿ ਦਸਮ ਗ੍ਰੰਥ ’ਚ ਬਹੁਤ ਕੁਝ ਅਜਿਹਾ ਦਰਜ ਹੈ ਜੋ ਗੁਰਬਾਣੀ ਦੇ ਆਸ਼ੇ ਅਨੁਸਾਰ ਨਹੀਂ। ਸੰਤ ਸਮਾਜ ਰਾਹੀਂ ਵੋਟਾਂ ਲੈਣ ਲਈ ਅਕਾਲ ਤਖ਼ਤ ਸਾਹਿਬ ਤੋਂ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ’ਚੋਂ ਛੇਕਣ ਅਤੇ 7 ਸਾਲਾਂ ਤੋਂ ਬੜੀ ਸਹਿਜਤਾ ਨਾਲ ਚੱਲ ਰਹੇ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਵਾਉਣ ਲਈ ਹੁਕਮਨਾਮੇ ਜਾਰੀ ਕਰਵਾਏ ਗਏ।

ਸਿਰਸਾ ਡੇਰਾ ਸਮਰਥਕਾਂ ਦੀਆਂ ਵੋਟਾਂ ਲੈਣ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸ੍ਵਾਂਗ ਉਤਾਰਨ ਵਾਲੇ ਸੌਦਾ ਸਾਧ ਵਿਰੁੱਧ ਦਰਜ ਹੋਏ ਮੁਕਦੱਮੇ ਦਾ ਪਹਿਲਾਂ ਤਾਂ ਲੰਬਾ ਸਮਾਂ ਅਦਾਲਤ ’ਚ ਚਲਾਨ ਹੀ ਪੇਸ਼ ਨਹੀਂ ਕੀਤਾ ਅਤੇ ਅੰਤ 2014 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਸੌਦਾ ਸਾਧ ਵਿਰੁੱਧ ਕੇਸ ਵਾਪਸ ਲੈ ਲਿਆ। ਸੰਨ 2015 ’ਚ ਪੰਜਾਬ ’ਚ ਸੌਦਾ ਸਾਧ ਦੀ ਫ਼ਿਲਮ ਰੀਲੀਜ਼ ਕਰਨ ਵਿਰੁੱਧ ਲੱਗੀ ਪਾਬੰਦੀ ਵਿਰੁੱਧ ਅਵਾਜ਼ ਉਠਾਉਣ ਲਈ ਸੌਦਾ ਸਾਧ ਦੇ ਸਮਰਥਕਾਂ ਨੇ ਪਿੰਡ ਜਵਾਹਰਕਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਚੋਰੀ ਕਰ ਲਈ ਅਤੇ ਗੁਰਦੁਆਰਿਆਂ ਦੀਆਂ ਕੰਧਾਂ ’ਤੇ ਪੋਸਟਰ ਲਾ ਕੇ ਵੰਗਾਰਿਆ ਗਿਆ ਕਿ ਸਿੱਖਾਂ ਦਾ ਗੁਰੂ ਸਾਡੇ ਪਾਸ ਹੈ ਜਿਸ ਦੀ ਹਿੰਮਤ ਹੈ ਲੱਭ ਲਵੇ। ਕੁਝ ਸਮੇਂ ਬਾਅਦ ਪੋਸਟਰ ਲਾ ਕੇ ਫਿਰ ਵੰਗਾਰਿਆ ਕਿ ਜੇ ਸਾਡੇ ਗੁਰੂ ਦੀ ਫ਼ਿਲਮ ਰੀਲੀਜ਼ ਨਾ ਕੀਤੀ ਗਈ ਤਾਂ ਗੁਰੂ ਗ੍ਰੰਥ ਦਾ ਪੰਨਾ ਪੰਨਾ ਗਲੀਆਂ ਅਤੇ ਰੂੜੀਆਂ ’ਚ ਖਿਲਾਰ ਦਿੱਤਾ ਜਾਵੇਗਾ। ਬਾਦਲ ਸਰਕਾਰ, ਜਿਸ ਦਾ ਗ੍ਰਹਿ ਵਿਭਾਗ ਸੁਖਬੀਰ ਸਿੰਘ ਬਾਦਲ ਪਾਸ ਸੀ, ਲੰਬਾ ਸਮਾਂ ਸਿੱਖਾਂ ਦੀ ਆਸਥਾ ਅਤੇ ਭਾਵਨਿਕਤਾ ਨਾਲ ਜੁੜੇ ਇਸ ਸੰਵੇਦਨਸ਼ੀਲ ਮੁੱਦੇ ਪ੍ਰਤੀ ਅਵੇਸਲੀ ਰਹੀ। ਫ਼ਿਲਮ ਚਲਾਉਣ ਲਈ ਗਰਾਊਂਡ ਤਿਆਰ ਕਰਨ ਵਾਸਤੇ ਸੌਦਾ ਸਾਧ ਨੂੰ ਬਿਨਾਂ ਮੁਆਫ਼ੀ ਮੰਗਿਆਂ ਸ਼੍ਰੀ ਅਕਾਲ ਤਖ਼ਤ ਤੋਂ ਮੁਆਫ਼ੀ ਦਿੱਤੀ ਗਈ।  11-12 ਅਕਤੂਬਰ ਦੀ ਰਾਤ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨੇ ਖਿਲਾਰ ਦਿੱਤੇ ਗਏ। ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਗਏ ਅਤੇ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਕੋਟਕਪੂਰਾ ਦੇ ਚੌਂਕ ’ਚ ਜਾਮ ਲਾ ਦਿੱਤਾ ਕਿਉਂਕਿ ਬੇਅਦਬੀ ਦੇ ਸ਼ੱਕੀ ਦੋਸ਼ੀਆਂ ਦਾ ਸੰਬੰਧ ਸੌਦਾ ਪ੍ਰੇਮੀਆਂ ਨਾਲ ਸੀ ਅਤੇ ਸੌਦਾ ਸਾਧ ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਲੈਣ ਦਾ ਸਮਝੌਤਾ ਭੀ ਹੋਇਆ ਸੀ ਇਸ ਲਈ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿੱਖ ਸੰਗਤਾਂ ਨੂੰ ਤਿੱਤਰ-ਬਿੱਤਰ ਕਰਨ ਲਈ 14 ਅਕਤੂਬਰ 2015 ਨੂੰ ਸਵੇਰੇ ਸਵੇਰੇ ਹੀ ਗੋਲੀ ਚਲਾਈ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਖਦੇੜ ਦਿੱਤਾ। ਸਿੰਘ ਉੱਥੋਂ ਉੱਠ ਕੇ ਬਹਿਬਲ ਪਿੰਡ ਕੋਲ ਜਾ ਬੈਠੇ ਤਾਂ ਭੂਸ਼ਰੀ ਹੋਈ ਪੁਲਿਸ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕਰ ਦਿੱਤੇ। ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸੌਦਾ ਸਾਧ ਵਿਰੁੱਧ ਸਿੱਖ ਸੰਗਤਾਂ ਦੇ ਭਾਰੀ ਗੁੱਸੇ ਦੇ ਬਾਵਜੂਦ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਤੇ ਉਮੀਦਵਾਰ ਸੌਦਾ ਸਾਧ ਦੇ ਰਾਜਨੀਤਕ ਵਿੰਗ ਦੀ ਮੀਟਿੰਗ ’ਚ ਜਾ ਨਤਮਸਤਕ ਹੋਏ ਅਤੇ ਸਰਕਾਰ ਬਣਨ ’ਤੇ ਉਨ੍ਹਾਂ ਦੀਆਂ ਨਾਮ ਚਰਚਾ, ਸੰਗਤਾਂ ਆਪਣੀ ਜਿੰਮੇਵਾਰੀ ਅਤੇ ਪਹਿਰੇਦਾਰੀ ਹੇਠ ਕਰਵਾਉਣ ਦੇ ਵਾਅਦੇ ਕਰਨ ਲੱਗੇ। ਇਸ ਨੇ ਪੰਥਕ ਸੋਚ ਰੱਖਣ ਵਾਲੇ ਸਿੱਖਾਂ ਨੂੰ ਝੰਝੋੜ ਕੇ ਰੱਖ ਦਿੱਤਾ ਜਿਸ ਦੇ ਗੁੱਸੇ ਵਜੋਂ ਅਕਾਲੀ ਦਲ ਦੀ ਸਰਕਾਰ ਤਾਂ ਕੀ ਬਣਨੀ ਸੀ, ਮੁੱਖ ਵਿਰੋਧੀ ਧਿਰ ਦਾ ਦਰਜਾ ਵੀ ਨਾ ਰਿਹਾ ਅਤੇ ਕੇਵਲ 15 ਸੀਟਾਂ ਨਾਲ ਤੀਜੇ ਨੰਬਰ ’ਤੇ ਪਹੁੰਚ ਗਈ। ਇਸ ਵੱਡੀ ਹਾਰ ਤੋਂ ਬਾਅਦ ਵੀ ਬਾਦਲ ਦਲ ਨੇ ਸਬਕ ਨਹੀਂ ਸਿੱਖਿਆ ਬਲਕਿ ਬੇਅਦਬੀ ਅਤੇ ਗੋਲ਼ੀ ਕਾਂਡ ਦੀਆਂ ਘਟਨਾਵਾਂ ਦੀ ਪੜਤਾਲ ਲਈ ਬਣੀ ਸਿੱਟ ਦਾ ਹਮੇਸ਼ਾਂ ਵਿਰੋਧ ਕਰਦੇ ਰਹੇ ਅਤੇ ਦੋਸ਼ੀਆਂ ਨੂੰ ਬਚਾਉਣ ਵਿੱਚ ਲੱਗੇ ਰਹੇ। ਸੰਵਿਧਾਨ ਅਨੁਸਾਰ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਦੀ ਉਲੰਘਣਾ ਕਰ ਕੇ ਜੂਨ 2020 ’ਚ ਕੇਂਦਰ ਸਰਕਾਰ ਨੇ ਖੇਤੀ ਜਿਣਸਾਂ ਸੰਬੰਧੀ ਤਿੰਨ ਖੇਤੀ ਬਿੱਲ ਜਾਰੀ ਕੀਤੇ ਜਿਸ ਨੂੰ ਕਿਸਾਨ ਆਪਣੇ ਹੱਕਾਂ ਦੇ ਵਿਰੁੱਧ ਸਮਝਦੇ ਸਨ, ਪਰ ਕੇਂਦਰੀ ਮੰਤਰੀ ਦੇ ਤੌਰ ’ਤੇ ਬੀਬੀ ਬਾਦਲ ਨੇ ਉਨ੍ਹਾਂ ਬਿੱਲਾਂ ’ਤੇ ਦਸਤਖ਼ਤ ਕਰ ਕੇ ਸਹਿਮਤੀ ਦਿੱਤੀ। ਦੇਸ਼ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆ ਨੇ ਇਨ੍ਹਾਂ ਬਿੱਲਾਂ/ਬਾਅਦ ’ਚ ਬਣੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਣਮਿਥੇ ਸਮੇਂ ਲਈ ਮੋਰਚਾ ਲਾ ਦਿੱਤਾ। ਬਾਦਲ ਪਰਵਾਰ ਲੰਬਾ ਸਮਾਂ ਇਨ੍ਹਾਂ ਕਾਨੂੰਨਾਂ ਦੇ ਕਿਸਾਨਾਂ ਨੂੰ ਹੋਣ ਵਾਲੇ ਫਾਇਦੇ ਗਿਣਾ ਕੇ ਕਿਸਾਨ ਜਥੇਬੰਦੀਆਂ ਨੂੰ ਮਨਾਉਣ ਦਾ ਯਤਨ ਕਰਦਾ ਰਿਹਾ ਪਰ ਜਦੋਂ ਪਾਣੀ ਸਿਰ ਤੋਂ ਲੰਘ ਗਿਆ ਤਾਂ ਹਰਸਿਮਰਤ ਕੌਰ ਨੇ ਕੇਂਦਰੀ ਮੰਤਰੀ ਮੰਡਲ ’ਚੋਂ ਅਸਤੀਫ਼ਾ ਦੇ ਦਿੱਤਾ ਅਤੇ ਅਕਾਲੀ ਦਲ ਨੇ ਭਾਜਪਾ ਨਾਲ ਪਿੱਛਲੇ ਢਾਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਗੱਠਜੋੜ ਤੋੜ ਲਿਆ ਪਰ ਕਿਸਾਨਾਂ ਦਾ ਗੁੱਸਾ ਫਿਰ ਵੀ ਸ਼ਾਂਤ ਨਾ ਹੋਇਆ।

ਐੱਨ.ਆਰ.ਆਈ. ਸਿੱਖ ਨਾਨਕਸ਼ਾਹੀ ਕੈਲੰਡਰ ਦੇ ਹੱਕ ’ਚ ਹੋਣ ਕਾਰਨ ਉਹ ਸੰਨ 2011 ਤੋਂ ਹੀ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਵਾਉਣ ਲਈ ਅਕਾਲ ਤਖ਼ਤ ਦੇ ਜਥੇਦਾਰ ਨੂੰ ਬੇਨਤੀ ਪੱਤਰ ਲਿਖਦੇ ਆ ਰਹੇ ਹਨ ਜਿਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਤਾਂ ਕੀ ਦੇਣੇ ਸਨ, ਪੱਤਰਾਂ ਦੀ ਪਹੁੰਚ ਰਸੀਦ ਦੇਣ ਦਾ ਵੀ ਕਦੀ ਯਤਨ ਨਹੀਂ ਕੀਤਾ। ਵਿਦੇਸ਼ੀ ਦੌਰਿਆਂ ਸਮੇਂ ਵੀ ਜਦ ਉਹ, ਜਥੇਦਾਰ ਨੂੰ ਮਿਲਣ ਲਈ ਸਮਾਂ ਮੰਗਦੇ ਤਾਂ ਉਨ੍ਹਾਂ ਨੂੰ ਮਿਲ ਕੇ ਸੁਝਾਅ ਲੈਣ ਦੀ ਬਜਾਏ ਅੱਖ ਬਚਾ ਕੇ ਪਿਛਲੇ ਦਰਵਾਜਿਆਂ ਰਾਹੀਂ ਖਿਸਕਦੇ ਰਹੇ। ਅਖੀਰ ਉਨ੍ਹਾਂ ਨੇ ਪੱਕੀ ਧਾਰ ਲਈ ਕਿ ਜਦ ਤੱਕ ਜਥੇਦਾਰਾਂ ਨੂੰ ਨਿਯੁਕਤੀ ਕਰਨ ਵਾਲੇ ਬਾਦਲ ਪਰਵਾਰ ਨੂੰ ਹੀ ਚੋਣਾਂ ਵਿੱਚ ਬੁਰੀ ਤਰ੍ਹਾਂ ਹਰਾਇਆ ਨਹੀਂ ਜਾਂਦਾ ਤਦ ਤੱਕ ਜਥੇਦਾਰ ਵੀ ਕੋਈ ਗੱਲ ਨਹੀਂ ਸੁਣਨਗੇ। ਚੋਣਾਂ ਦੌਰਾਨ ਬਹੁਤ ਸਾਰੇ ਐੱਨ.ਆਰ.ਆਈ. ਪੰਜਾਬ ਪਹੁੰਚੇ ਅਤੇ ਕਈਆਂ ਨੇ ਵਿਦੇਸ਼ਾਂ ’ਚ ਬੈਠਿਆਂ ਹੀ ਪੰਜਾਬ ’ਚ ਰਹਿੰਦੇ ਆਪਣੇ ਪਰਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਕਰ ਬੇਨਤੀਆਂ ਕੀਤੀਆਂ ਕਿ ਜੇ ਪੰਥ ਅਤੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਬਾਦਲ ਦਲ ਦੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਈ ਜਾਵੇ ਅਤੇ ਇਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਉਣ ਲਈ ‘ਆਪ’ ਨੂੰ ਵੋਟਾਂ ਪਾਈਆਂ ਅਤੇ ਪੁਆਈਆਂ ਜਾਣ।

ਅਕਾਲੀ ਦਲ ਦੇ ਕੇਵਲ ਦੋ ਹੀ ਵੱਡੇ ਵੋਟ ਬੈਂਕ ਸਨ – ਪੰਥਕ ਵੋਟ ਅਤੇ ਕਿਸਾਨੀ ਵੋਟ। ਬਾਦਲ ਦਲ ਨੇ ਸਤਾ ਦੇ ਲਾਲਚ ਅਧੀਨ ਦੋਵਾਂ ਨੂੰ ਬੇਹੱਦ ਨਰਾਜ਼ ਕਰ ਦਿੱਤਾ, ਜਿਸ ਦੇ ਸਿੱਟੇ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਨਮੋਸ਼ੀ ਭਰੀ ਹਾਰ ਦਾ ਮੂੰਹ ਵੇਖਣਾ ਪਿਆ। ਡੇਰੇਦਾਰਾਂ ਦੀਆਂ ਵੋਟਾਂ ਅਤੇ ਧੁੰਮੇ ਦੀਆਂ ਅਰਦਾਸਾਂ ਵੀ ਕੰਮ ਨਾ ਆਈਆਂ। ਗਧੇ ਨੂੰ ਵੀ ਟਿਕਟ ਦੇ ਕੇ ਜਿਤਾਉਣ ਦਾ ਦਾਅਵਾ ਕਰਨ ਵਾਲੇ ਸੁਖਬੀਰ ਬਾਦਲ ਵਿਰੁੱਧ ਲੋਕਾਂ ਦੇ ਗੁੱਸੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਲਾਲਾਬਾਦ, ਜਿਸ ਨੂੰ ਉਹ ਆਪਣੇ ਲਈ ਸਭ ਤੋਂ ਵੱਧ ਸੁਰੱਖਿਅਤ ਸੀਟ ਸਮਝਦਾ ਹੈ, ਤੋਂ ਭੀ 30 ਹਜਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਆਪ ਦੇ ਬਿਲਕੁਲ ਨਵੇਂ ਚਿਹਰੇ ਕੋਲੋਂ ਹਾਰ ਗਿਆ। ਪੰਜ ਵਾਰ ਦਾ ਮੁੱਖ ਮੰਤਰੀ ਅਤੇ 10 ਵਾਰ ਦੇ ਵਿਧਾਇਕ ਉਸ ਦਾ ਪਿਤਾ ਪ੍ਰਕਾਸ਼ ਸਿੰਘ ਬਾਦਲ ਆਪਣੇ ਘਰੇਲੂ ਹਲਕੇ ਲੰਬੀ ਤੋਂ 10 ਹਜਾਰ ਤੋਂ ਵੱਧ ਵੋਟਾਂ ਨਾਲ ਹਾਰ ਗਿਆ।  ਸਾਲ਼ਾ ਬਿਕ੍ਰਮ ਸਿੰਘ ਮਜੀਠੀਆਂ ਅੰਮ੍ਰਿਤਸਰ ਤੋਂ ਤੀਜੇ ਨੰਬਰ ’ਤੇ ਆਇਆ ਅਤੇ ਜੀਜਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੀ ਹਾਰ ਗਿਆ। ਪਾਰਟੀ ਦੇ ਕੇਵਲ ਤਿੰਨ ਵਿਧਾਇਕ ਹੀ ਆਪਣੀ ਸੀਟ ਬਚਾ ਸਕੇ। ਇਹ ਨਤੀਜੇ ਬਾਦਲ ਪਰਵਾਰ ਦੀਆਂ ਅੱਖਾਂ ਖੋਲ੍ਹਣ ਲਈ ਕਾਫੀ ਹਨ, ਪਰ ਜਾਪਦਾ ਹੈ ਉਹ ਹਾਲੀ ਵੀ ਸਬਕ ਸਿੱਖਣ ਦੇ ਰੌਂਅ ਵਿੱਚ ਨਹੀਂ।

ਸ਼੍ਰੋਮਣੀ ਅਕਾਲੀ ਦਲ ਦੇ ਇਸ ਹੱਦ ਤੱਕ ਨਿਘਾਰ ਵਾਲੀ ਸਥਿਤੀ ’ਤੇ ਪਹੁੰਚਣ ਲਈ ਬਾਦਲ ਪਰਵਾਰ ਤਾਂ ਵੱਡਾ ਦੋਸ਼ੀ ਹੈ ਹੀ, ਜਿਸ ਨੇ ਪੰਥਕ ਹਿੱਤਾਂ ਦੀ ਪੂਰਤੀ ਲਈ ਕੰਮ ਕਰਨ ਦੀ ਥਾਂ ਆਪਣੇ ਪਰਵਾਰਕ ਹਿੱਤਾਂ ਨੂੰ ਮੁੱਖ ਰੱਖਿਆ। ਘੱਟ ਦੋਸ਼ੀ ਅਕਾਲ ਤਖ਼ਤ ਦੇ ਉਹ ਜਥੇਦਾਰ ਵੀ ਨਹੀਂ ਹਨ ਜਿਹੜੇ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਕਰਨ ਦੀ ਬਜਾਏ ਬਾਦਲ ਪਰਵਾਰ ਦੇ ਮਾਊਥਪੀਸ ਬਣਕੇ ਬਿਆਨ ਦਿੰਦੇ ਰਹੇ ਅਤੇ ਬਾਦਲਾਂ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਕਾਲ ਤਖ਼ਤ ਤੋਂ ਗੁਰਮਤਿ ਵਿਰੁੱਧ ਫੈਸਲੇ ਲੈਂਦੇ ਰਹੇ।

ਜਦੋਂ ਗਿਆਨੀ ਹਰਪ੍ਰੀਤ ਸਿੰਘ ਦੀ ਅਕਾਲ ਦੇ ਜਥੇਦਾਰ ਵਜੋਂ ਨਿਯੁਕਤੀ ਹੋਈ ਸੀ ਉਸ ਸਮੇਂ ਉਨ੍ਹਾਂ ਨੂੰ ਈਮੇਲ ਰਾਹੀਂ ਸੁਝਾਅ ਦਿੱਤਾ ਸੀ ਕਿ ਜੇ ਉਹ ਹੇਠ ਲਿਖੇ ਤਿੰਨ ਫੈਸਲੇ ਕਰਦੇ ਹਨ ਤਾਂ ਕੌਮ ਉਨ੍ਹਾਂ ਨੂੰ ਦੂਸਰੇ ਅਕਾਲੀ ਫੂਲਾ ਸਿੰਘ ਦੇ ਤੌਰ ‘ਤੇ ਯਾਦ ਕਰੇਗੀ;  ਜੇ ਨਹੀਂ ਕਰਨਗੇ ਤਾਂ ਉਨ੍ਹਾਂ ਦਾ ਹਸ਼ਰ ਵੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਅਤੇ ਗਿਆਨੀ ਪੂਰਨ ਸਿੰਘ ਵਾਲਾ ਹੀ ਹੋ ਸਕਦਾ ਹੈ। ਉਹ ਤਿੰਨ ਸੁਝਾਅ ਇਹ ਸਨ :

੧. ਜਿੰਨ੍ਹਾਂ ਪੰਜੇ ਜਥੇਦਾਰਾਂ ਨੇ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਮੁਆਫ਼ੀ ਦਿੱਤੀ ਸੀ ਉਨ੍ਹਾਂ ਦੀ ਅਕਾਲ ਤਖ਼ਤ ’ਤੇ ਜਵਾਬ ਤਲਬੀ ਕੀਤੀ ਜਾਵੇ ਕਿ ਕਿਹੜੇ ਕਾਰਨਾਂ ਕਰਕੇ ਉਨ੍ਹਾਂ ਨੇ ਅਕਾਲ ਤਖ਼ਤ ਦੀ ਸ਼ਾਨਾਮੱਤੀ ਮਰਿਆਦਾ ਨੂੰ ਮਿੱਟੀ ਵਿੱਚ ਰੋਲ਼ਿਆ ? ਉਨ੍ਹਾਂ ’ਚੋਂ ਗਿਆਨੀ ਗੁਰਮੁੱਖ ਸਿੰਘ ਤਾਂ ਸੱਚ ਬਿਆਨ ਕਰ ਹੀ ਚੁੱਕਾ ਸੀ ਉਸ ਦੇ ਸਾਹਮਣੇ ਬਾਕੀਆਂ ਨੂੰ ਵੀ ਸੱਚ ਬਿਆਨ ਕਰਨਾ ਪਵੇਗਾ‌। ਇਨ੍ਹਾਂ ਪੰਜਾਂ ਨੂੰ ਪੰਥਕ ਮਰਿਆਦਾ ਅਨੁਸਾਰ ਯੋਗ ਤਨਖਾਹ ਲਾਈ ਜਾਵੇ।

੨. ਸੱਚ ਸਾਹਮਣੇ ਆਉਣ ’ਤੇ ਦੋਵੇਂ ਬਾਦਲਾਂ (ਪਿਉ ਪੁੱਤਰ) ਅਤੇ ਦਲਜੀਤ ਸਿੰਘ ਚੀਮਾ, ਜਿੰਨ੍ਹਾਂ ਨੇ ਪੰਜੇ ਜਥੇਦਾਰਾਂ ਨੂੰ ਮੁੱਖ ਮੰਤਰੀ ਦੀ ਕੋਠੀ ਸੱਦ ਕੇ ਸੌਦਾ ਸਾਧ ਨੂੰ ਮੁਆਫ਼ ਕਰਨ ਦੇ ਹੁਕਮ ਸੁਣਵਾਏ ਸਨ, ਨੂੰ ਭੀ ਤਲਬ ਕਰਕੇ ਅਕਾਲ ਤਖ਼ਤ ਦੀ ਮਾਨ ਮਰਿਆਦਾ ਨੂੰ ਢਾਹ ਲਾਉਣ ਦੇ ਦੋਸ਼ ਹੇਠ ਉਨ੍ਹਾਂ ਦੇ ਅਹੁਦਿਆਂ ਤੋਂ ਅਸਤੀਫ਼ੇ ਲਏ ਜਾਣ।

੩. ਟੁਕੜੇ ਟੁਕੜੇ ਹੋਏ ਸਮੁੱਚੇ ਪੰਥਕ ਗਰੁੱਪਾਂ ਨੂੰ ਅਪੀਲ ਕੀਤੀ ਜਾਵੇ ਕਿ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਆਪਣੀਆਂ ਆਪਣੀਆਂ ਜਥੇਬੰਦੀਆਂ ਭੰਗ ਕਰਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਣ ਉਪਰੰਤ ਆਪਣਾ ਨਵਾਂ ਪ੍ਰਧਾਨ ਤੇ ਅਹੁਦੇਦਾਰ ਚੁਣ‌ ਕੇ ਪੰਥਕ ਤੇ ਕੌਮੀ ਹਿੱਤਾਂ ਲਈ ਸਾਰੇ ਮਿਲ ਕੇ ਕੰਮ ਕਰਨ।

ਜੇ ਉਸ ਸਮੇਂ ਜਥੇਦਾਰ ਸਾਹਿਬ ਇਹ ਕੰਮ ਕਰ ਜਾਂਦੇ ਤਾਂ ਅੱਜ ਅਕਾਲੀ ਦਲ ਦਾ ਇਹ ਹਾਲ ਨਹੀਂ ਸੀ ਹੋਣਾ ਪਰ ਜੇ ਹੁਣ ਵੀ ਅਕਾਲੀ ਦਲ ਬਚਾਉਣ ਦੇ ਨਾਮ ਹੇਠ ਕੇਵਲ ਬਾਦਲ ਪਰਵਾਰ ਨੂੰ ਬਚਾਉਣ ਦੀਆਂ ਅਪੀਲਾਂ ਕਰਨਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਛੇਤੀ ਹੀ ਇਨ੍ਹਾਂ ਦਾ ਹਸ਼ਰ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਰਗਾ ਹੀ ਹੋਵੇਗਾ।

ਅਖੀਰ ’ਤੇ ਸੁਝਾਉ ਇਹੋ ਹੈ ਕਿ ਕੋਈ ਵੀ ਪੰਥਕ ਸੋਚ ਵਾਲਾ ਸਿੱਖ ਨਹੀਂ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ’ਚੋਂ ਇਸ ਤਰ੍ਹਾਂ ਹੋਂਦ ਹੀ ਖਤਮ ਹੋਵੇ ਪਰ ਇਹ ਗੱਲ ਵੀ ਯਕੀਨੀ ਹੈ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਦੀ ਮੁੜ ਸੁਰਜੀਤੀ ਦੇ ਆਸਾਰ ਬਹੁਤ ਹੀ ਮੱਧਮ ਬਲਕਿ ਨਾਹ ਦੇ ਬਰਾਬਰ ਹਨ। ਇਸ ਲਈ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਦਾ ਦਰਦ ਹੈ ਤਾਂ

  1. ਸੁਖਬੀਰ ਬਾਦਲ ਤੁਰੰਤ ਅਹੁੱਦੇ ਤੋਂ ਅਸਤੀਫ਼ਾ ਦੇ ਕੇ ਲਾਂਭੇ ਹੋਣ ਅਤੇ ਪੰਥ ਤੋਂ ਮੁਆਫ਼ੀ ਮੰਗ ਕੇ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਨਾਰਾਜ਼ ਹੋ ਕੇ ਛੱਡ ਜਾਣ ਵਾਲੇ ਆਗ਼ੂਆਂ ਅਤੇ ਕੇਡਰ ਨੂੰ ਮੁੜ ਪੰਥ ’ਚ ਸ਼ਾਮਲ ਹੋਣ ਅਤੇ ਪੰਥਕ ਸੋਚ ਵਾਲਾ ਆਪਣਾ ਨਵਾਂ ਪ੍ਰਧਾਨ ਚੁਣਨ ਦੀ ਅਪੀਲ ਕਰਨੀ ਚਾਹੀਦੀ ਹੈ।
  2. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਦਲ ਦੀ ਅਧੀਨਗੀ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨਾ ਚਾਹੀਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਟਿਕਟਾਂ ਦੇਣ ਦਾ ਕੰਮ ਅਕਾਲੀ ਦਲ ਦੇ ਪ੍ਰਧਾਨ ਦੇ ਹੱਥ ਹੋਣ ਦੀ ਬਜਾਏ ਸ਼ਰਧਾਵਾਨ ਅਤੇ ਰਹਿਤਵਾਨ ਪੰਥਕ ਵਿਦਵਾਨਾਂ ਦੇ ਹੱਥ ਹੋਵੇ ਜਿਹੜੇ ਖ਼ੁਦ ਰਾਜਨੀਤਿਕ ਆਹੁੱਦਿਆਂ ਤੋਂ ਦੂਰ ਰਹਿਣ ਦਾ ਪ੍ਰਣ ਕਰਨ।
  3. ਨਾਨਕਸ਼ਾਹੀ ਕੈਲੰਡਰ ਨੂੰ ਫੌਰੀ ਤੌਰ ’ਤੇ ਬਹਾਲ ਅਤੇ ਗੁਰਦੁਆਰਿਆਂ ਵਿੱਚ ਪੰਥ ਪ੍ਰਵਾਨਿਤ ਸਿੱਖ ਰਹਿਤ ਮਾਰਿਆਦਾ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ। ਜਿਹੜੀਆ ਸੰਪਰਦਾਵਾਂ ਅਤੇ ਡੇਰੇਦਾਰ ਇਸ ਸਿੱਖ ਰਹਿਤ ਮਰਿਆਦਾ ਤੋਂ ਬਾਗੀ ਹਨ ਉਨ੍ਹਾਂ ਨੂੰ ਪੰਥਕ ਇਕੱਠਾਂ ਵਿੱਚ ਮਾਣ ਸਨਮਾਨ ਦੇਣ ਤੋਂ ਗੁਰੇਜ ਕੀਤਾ ਜਾਵੇ।