ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਬਾਰੇ ਇਤਿਹਾਸਕ ਤੱਥ
ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਬਾਰੇ ਇਤਿਹਾਸਕ ਤੱਥ
ਕਿਰਪਾਲ ਸਿੰਘ ਬਠਿੰਡਾ 88378-13661
ਸਿੱਖ ਕੌਮ ਦੀ ਇਹ ਤ੍ਰਾਸਦੀ ਇਹ ਹੈ ਕਿ ਆਪਣੇ ਗੁਰੂ ਸਾਹਿਬਾਨ ਦੇ ਗੁਰ ਪੁਰਬਾਂ ਦੀਆਂ ਤਾਰੀਖ਼ਾਂ ਸੰਬੰਧੀ ਇੱਕ ਮੱਤ ਨਹੀਂ ਹੋ ਸਕੀ। ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ਸੰਬੰਧੀ ਪਿਛਲੇ ਤਕਰੀਬਨ ਦੋ ਢਾਈ ਸੌ ਸਾਲਾਂ ਤੋਂ ਮਤਭੇਦ ਚਲੇ ਆ ਰਹੇ ਹਨ ਕਿ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰ ਪੁਰਬ ਕੱਤਕ ਦੇ ਮਹੀਨੇ ’ਚ ਹੈ ਜਾਂ ਵੈਸਾਖ ’ਚ। ਇਸ ਵਿਵਾਦ ਦਾ ਕਾਰਨ ਹੈ ਕਿ ਪੁਰਾਤਨ ਜਨਮ ਸਾਖੀਆਂ; ਜਿਵੇਂ ਕਿ ਜਨਮ ਸਾਖੀ ਮਹਲੇ ਪਹਿਲੇ ਕੀ (ਸਾਖੀਕਾਰ ਭਾਈ ਸ਼ੀਹਾਂ ਉੱਪਲ; ਜਿਸ ਨੂੰ ਸਭ ਤੋਂ ਪੁਰਾਣੀ ਜਨਮ ਸਾਖੀ ਮੰਨਿਆ ਜਾਂਦਾ ਹੈ), ਬੀ-40 ਜਨਮ ਸਾਖੀ, ਵਿਲਾਇਤ ਵਾਲੀ ਜਨਮ ਸਾਖੀ, ਐਲ਼ ਡੀ. ਪੀ.-174 ਜਨਮ ਸਾਖੀ, ਭਾਈ ਮਿਹਰਵਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ, ਪੱਥਰ ਦੇ ਛਾਪੇ ਵਾਲੀ ਜਨਮ ਸਾਖੀ, ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ’ਚ ਸਾਂਭੀ ਪਈ ਹੈ ਅਤੇ ਮਹਿਮਾ ਪ੍ਰਕਾਸ਼ ਕ੍ਰਿਤ ਭਾਈ ਸਰੂਪ ਦਾਸ ਭੱਲਾ ਆਦਿ ਵਿੱਚ ਪ੍ਰਕਾਸ਼ ਦਿਹਾੜਾ ਵੈਸਾਖ ਸੁਦੀ 3 ਲਿਖਿਆ ਹੈ ਜਦੋਂ ਕਿ ਇਕੱਲੀ ਭਾਈ ਬਾਲੇ ਵਾਲੀ ਜਨਮ ਸਾਖੀ ’ਚ ਕੱਤਕ ਸੁਦੀ 15 (ਪੂਰਨਮਾਸ਼ੀ) ਸੰਮਤ 1526 ਲਿਖਿਆ ਹੈ।
ਇੱਕ ਪੱਖ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰ ਪੁਰਬ ਕੱਤਕ ਦੀ ਪੂਰਨਮਾਸ਼ੀ ਮੰਨਣ ਵਾਲਿਆਂ ਦਾ ਹੈ, ਜਿਨ੍ਹਾਂ ਦਾ ਮੂਲ ਆਧਾਰ ਭਾਈ ਬਾਲਾ ਵਾਲੀ ਜਨਮ ਸਾਖੀ ਹੈ ਜਾਂ ਇਸ ਤੋਂ ਨਕਲ ਕੀਤੀਆਂ ਹੋਰ ਲਿਖਤਾਂ; ਜਿਵੇਂ ਕਿ ਬੰਸਾਵਲੀਨਾਮਾ ਕ੍ਰਿਤ ਕੇਸਰ ਸਿੰਘ ਛਿੱਬਰ, ਸ਼੍ਰੀ ਗੁਰ ਬਿਲਾਸ ਪਾਤਸ਼ਾਹੀ 10; ਲਿਖਤ ਕਵੀ ਸੋਹਨ ਸਿੰਘ, ਨਾਨਕ ਪ੍ਰਕਾਸ਼ ਕ੍ਰਿਤ ਭਾਈ ਸੰਤੋਖ ਸਿੰਘ, ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਦੀ ਕ੍ਰਿਤ ਗੁਰਬਾਣੀ ਪਾਠ ਦਰਸ਼ਨ ਅਤੇ ਗੁਰਮਤਿ ਰਹਿਤ ਮਰਿਆਦਾ ਆਦਿ। ਇਸ ਪੱਖ ਦੇ ਹਿਮਾਇਤੀ, ਗਿਆਨੀ ਈਸ਼ਰ ਸਿੰਘ ਨਾਰਾ, ਡਾ: ਹਰਜਿੰਦਰ ਸਿੰਘ ਦਿਲਗੀਰ, ਡਾ: ਸੁਖਦਿਆਲ ਸਿੰਘ ਅਤੇ ਨਿਰਮਲੇ/ਉਦਾਸੀ ਡੇਰਿਆਂ ਨਾਲ ਸੰਬੰਧਿਤ ਲੇਖਕ ਹਨ।
ਦੂਸਰਾ ਪੱਖ ਪ੍ਰਕਾਸ਼ ਪੁਰਬ ਵੈਸਾਖ ਮਹੀਨੇ ਦਾ ਮੰਨਣ ਵਾਲਾ ਹੈ, ਜਿਨ੍ਹਾਂ ’ਚ ਡਾ: ਟਰੰਪ, ਮੈਕਾਲਿਫ਼, ਸ: ਕਰਮ ਸਿੰਘ ਹਿਸਟੋਰੀਅਨ, ਭਾਈ ਕਾਨ੍ਹ ਸਿੰਘ ਨਾਭਾ, ਪ੍ਰੋ: ਸਾਹਿਬ ਸਿੰਘ, ਡਾ: ਗੰਡਾ ਸਿੰਘ, ਪ੍ਰਿੰਸੀਪਲ ਸਤਬੀਰ ਸਿੰਘ, ਭਾਈ ਵੀਰ ਸਿੰਘ, ਪ੍ਰੋ: ਹਰੀ ਰਾਮ ਗੁਪਤਾ, ਸ: ਖੁਸ਼ਵੰਤ ਸਿੰਘ, ਡਾ: ਕਿਰਪਾਲ ਸਿੰਘ, ਡਾ: ਰਤਨ ਸਿੰਘ ਜੱਗੀ, ਪ੍ਰੋ: ਸ. ਸ. ਪਦਮ (ਸੰਤ ਸਿੰਘ ਪਦਮ) ਅਤੇ ‘ਸਿੱਖ ਇਤਿਹਾਸ’ ਦਾ ਲੇਖਕ ਪ੍ਰੋ: ਕਰਤਾਰ ਸਿੰਘ ਐੱਮ. ਏ. ਪ੍ਰਕਾਸ਼ਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਸ: ਪਾਲ ਸਿੰਘ ਪੁਰੇਵਾਲ ਸ਼ਾਮਲ ਹਨ।
ਅਸਲੀਅਤ ਇਹ ਹੈ ਕਿ ਜਨਮ ਸਾਖੀਆਂ ਇਤਿਹਾਸ ਲਿਖਣ ਦੇ ਮੰਤਵ ਨਾਲ ਨਹੀਂ ਬਲਕਿ ਸ਼ਰਧਾਵਾਨਾਂ ਲੇਖਕਾਂ ਵੱਲੋਂ ਸਿੱਖ ਸੰਗਤਾਂ ਨੂੰ ਪ੍ਰਭਾਵਤ ਕਰਨ ਦੇ ਮਕਸਦ ਨਾਲ ਲਿਖੀਆਂ ਗਈਆਂ ਸਨ। ਸਾਖੀਕਾਰਾਂ ਦੇ ਗੁਪਤ ਏਜੰਡੇ ਵੀ ਸਨ, ਜਿਨ੍ਹਾਂ ਨੂੰ ਮੁੱਖ ਰੱਖ ਕੇ ਉਨ੍ਹਾਂ ਤੱਥਾਂ ਨੂੰ ਤਰੋੜ-ਮਰੋੜ ਕੇ ਪੇਸ਼ ਕੀਤਾ, ਜਿਸ ਦੀ ਸਭ ਤੋਂ ਵੱਡੀ ਮਿਸਾਲ ਭਾਈ ਬਾਲੇ ਵਾਲੀ ਜਨਮ ਸਾਖੀ ਹੈ; ਜਿਸ ਦੀਆਂ ਜਿੰਨੀਆਂ ਵੀ ਨਵੀਆਂ ਹੱਥ ਲਿਖਤ ਕਾਪੀਆਂ ਜਾਂ ਛਾਪੇਖਾਨੇ ਦੀਆਂ ਐਡੀਸ਼ਨਾਂ ਮਿਲਦੀਆਂ ਹਨ, ਉਨ੍ਹਾਂ ਵਿੱਚ ਕੁਝ ਤਬਦੀਲੀਆਂ, ਕੁਝ ਸਾਖੀਆਂ ਕੱਟੀਆਂ ਅਤੇ ਕੁਝ ਨਵੀਆਂ ਜੋੜੀਆਂ ਮਿਲਣਗੀਆਂ। ਪ੍ਰਚਾਰਿਆ ਇਹ ਜਾਂਦਾ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ; ਗੁਰੂ ਅੰਗਦ ਜੀ ਦੀ ਨਿਗਰਾਨੀ ਹੇਠ ਭਾਈ ਬਾਲਾ ਵੱਲੋਂ ਲਿਖਵਾਈ ਅਤੇ ਪੈੜੇ ਮੋਖੇ ਖੱਤਰੀ ਵੱਲੋਂ ਲਿਖੀ ਗਈ। ਸ: ਕਰਮ ਸਿੰਘ ਹਿਸਟੋਰੀਅਨ ਨੇ 1912 ਈਸਵੀ ’ਚ ਛਪੀ ਆਪਣੀ ਪੁਸਤਕ ‘ਕੱਤਕ ਕਿ ਵੈਸਾਖ’ ’ਚ ਇਸ ਜਨਮ ਸਾਖੀ ਦੀਆਂ ਅੰਦਰਲੀਆਂ ਗਵਾਹੀਆਂ ਪੇਸ਼ ਕਰਕੇ ਚੰਗੀ ਤਰ੍ਹਾਂ ਇਸ ਦਾ ਮੁਤਾਲਿਆ ਕੀਤਾ ਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਜੀ ਦੀ ਨਿਗਰਾਨੀ ਹੇਠ ਬਿਲਕੁਲ ਨਹੀਂ ਲਿਖੀ ਗਈ ਕਿਉਂਕਿ ਪਹਿਲੀ ਹੀ ਸਾਖੀ ਦੇ ਸ਼ੁਰੂ ’ਚ ਇਹ ਜਨਮ ਸਾਖੀ ਲਿਖਣ ਦੀ ਮਿਤੀ ਸੰਮਤ ਪੰਦਰਹ ਸੈ ਬਿਆਸੀ 1582 ਮਿਤੀ ਬੈਸਾਖ ਸੁਦੀ 5 ਲਿਖੀ ਹੈ ਜਦੋਂ ਕਿ ਬਾਬਾ ਲਹਿਣਾ ਜੀ (ਗੁਰੂ ਅੰਗਦ ਜੀ) ਦਾ ਗੁਰੂ ਨਾਨਕ ਸਾਹਿਬ ਜੀ ਨਾਲ ਪਹਿਲੀ ਵਾਰ ਮਿਲਾਪ ਹੀ 1589 ਵਿੱਚ ਹੋਇਆ ਸੀ ਅਤੇ ਸੰਮਤ 1596 ’ਚ ਗੁਰਗੱਦੀ ’ਤੇ ਬਿਰਾਜਮਾਨ ਹੋਏ ਸਨ ਤਾਂ ਪਹਿਲੀ ਮਿਲਣੀ ਤੋਂ 7 ਸਾਲ ਪਹਿਲਾਂ ਅਤੇ ਗੁਰੂ ਪਦਵੀ ਹਾਸਲ ਕਰਨ ਤੋਂ 14 ਸਾਲ ਪਹਿਲਾਂ, ਉਨ੍ਹਾਂ ਨੇ ਭਾਈ ਬਾਲਾ ਜੀ ਤੋਂ ਪੁੱਛ ਕੇ ਭਾਈ ਪੈੜੇ ਤੋਂ ਜਨਮ ਸਾਖੀ ਕਿਵੇਂ ਲਿਖਵਾ ਦਿੱਤੀ ? ਸਿੱਧ ਹੋਇਆ ਕਿ ਗੁਰੂ ਅੰਗਦ ਸਾਹਿਬ ਜੀ ਵੱਲੋਂ ਸੰਮਤ 1582 ’ਚ ਜਨਮ ਸਾਖੀ ਲਿਖਵਾਏ ਜਾਣਾ 100% ਗਲਤ ਹੈ।
(ਸੰਮਤ 1883 ’ਚ ਛਪੀ ਪੱਥਰ ਦੇ ਛਾਪੇ ਵਾਲੀ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਪੰਨਾ ਨੰਬਰ 2 ਦੀ ਕਾਪੀ)
ਇਸੇ ਜਨਮਸਾਖੀ ਦੇ ਪੰਨਾ 3 ’ਤੇ ਲਿਖਿਆ ਹੈ ਕਿ ‘ਬਾਲਾ ਸੰਧੂ ਜਟੇਟਾ ਗੁਰੂ ਅੰਗਦ ਜੀ ਦੇ ਦਰਸ਼ਨ ਨੂੰ ਆਇਆ ਗੁਰੂ ਅੰਗਦ ਜੀ ਛਪੇ ਰਹਦੇ ਸੇ ॥ ਬਾਲੇ ਸੰਧੂ ਨੂੰ ਇਹ ਚਾਹ ਸੀ ਜੇ ਕਰ ਗੁਰੂ ਪ੍ਰਗਟ ਹੋਵੈ ਦਰਸਨ ਨੂ ਜਾਇਏ ॥ ਤਾਂ ਬਾਲੇ ਸੁਣਿਆ ਜੋ ਗੁਰੂ ਨਾਨਕ ਜੀ ਗੁਰੂ ਅੰਗਦ ਜੀ ਨੂੰ ਗੁਰੂ ਥਾਪ ਗਏ ਹੈ ਪਰ ਨਹੀ ਜਾਣੀਦਾ ਜੋ ਕੇੜੇ ਥਾਵ ਛਪ ਬੈਠੇ ਹੈ ਫੇਰ ਖਬਰ ਸੁਣੀ ਜੁ ਖਡੂਰ ਖਹਰਿਆ ਦੀ ਵਿਚ ਬੈਠੇ ਹੈ ਏਹ ਸੁਣ ਕਰ ਬਾਲਾ ਗੁਰੂ ਅੰਗਦ ਜੀ ਦੇ ਦਰਸਨ ਨੂੰ ਆਇਆ। ਜੋ ਕੁਛ ਸਕਤ ਆਹੀ ਸੋ ਭੇਟ ਲੈ ਆਯਾ ਗੁਰੂ ਢੂਢ ਲਧੋਸੁ ਅਗੇ ਦੇਖੇ ਤਾ ਗੁਰੂ ਅੰਗਦ ਜੀ ਬੈਠੇ ਹੈ ਬਾਲੇ ਜਾਇ ਮਥਾ ਟੇਕਿਆ ਅਗੋ ਗੁਰੂ ਅੰਗਦ ਜੀ ਬੋਲੇ ਆਉ ਭਾਈ ਸਤ ਕਰਤਾਰ ਬੈਠੋ ਜੀ ਗੁਰੂ ਅੰਗਦ ਜੀ ਬਾਲੇ ਸੰਧੂ ਨੂੰ ਪੁੱਛਣ ਲੱਗੇ ਭਾਈ ਸਿੱਖਾ ਕਿਥੋਂ ਆਇਓ ਕਿਵਕਰ ਆਵਣਾ ਹੋਇਆ ਹੈ ਕਉਣ ਹੋਦੇ ਹੋ ਤਾ ਬਾਲੇ ਸੰਧੂ ਹਥ ਜੋੜ ਕਰ ਅਰਦਾਸ ਕੀਤੀ ਜੀ ਗੁਰੂ ਜੀ ਜਟੇਟਾ ਹਾਂ ਗੋਤ ਸੰਧੂ ਹੈ ਨਾਮ ਬਾਲਾ ਹੈ ਵਤਨ ਜਨਮ ਰਾਇਭੋਇ ਦੀ ਤਲਵੰਡੀ ਹੈ ਮੈ ਗੁਰੂ ਕੇ ਦਰਸਨ ਨੂ ਆਇਆ ਹਾਂ ਫੇਰ ਗੁਰੂ ਅੰਗਦ ਜੀ ਪੁਛਯਾ ਭਾਈ ਬਾਲਾ ਤੂ ਸਿਖ ਕਿਸ ਦਾ ਹੈਂ ਤੈਨੂੰ ਕੌਣ ਮਿਲਿਆ ਹੈ ਫੇਰ ਬਾਲਾ ਬੋਲਯਾ ਜੀ ਗੁਰੂ ਜੀ ਹਉਂ ਗੁਰੂ ਨਾਨਕ ਜੀ ਦਾ ਸਿੱਖ ਹਾਂ ਮੈਨੂ ਗੁਰੂ ਨਾਨਕ ਜੀ ਮਿਲਯਾ ਹੈ ਫੇਰ ਗੁਰੂ ਅੰਗਦ ਜੀ ਪੁਛਯਾ ਭਾਈ ਬਾਲਾ ਤੂ ਗੁਰੂ ਡਿਠਾ ਸੀ ਫੇਰ ਬਾਲੇ ਕਹਯਾ ਜੀ ਮੈਥੋਂ 3 ਤ੍ਰੈ ਵਰੇ ਗੁਰੂ ਨਾਨਕ ਜੀ ਵਡੇ ਸੇ ਮੈ ਗੁਰੂ ਨਾਨਕ ਜੀ ਦੇ ਪਿਛੇ ਲਗਾ ਫਿਰਦਾ ਸਾਂ ਪਰ ਜੀ ਤਦ ਅਸਾਂ ਨੂੰ ਏਹ ਮਤ ਨਾ ਸੀ ਜੋ ਏਹ ਵਡਾ ਗੁਰੂ ਹੈ ਪਰ ਸਲਾਮੀ ਰਹਦੇ ਸੇ ॥ ਏਹ ਗਲ ਜਾ ਭਾਈ ਬਾਲੇ ਆਖੀ ਤਾ ਗੁਰੂ ਅੰਗਦ ਜੀ ਦਾ ਬੈਰਾਗ ਛੁਟ ਗਇਆ।’
(ਭਾਈ ਬਾਲੇ ਵਾਲੀ ਜਨਮ ਸਾਖੀ ਦੇ ਪੰਨਾ ਨੰਬਰ 3 ਦੀ ਕਾਪੀ)
ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਭਾਈ ਬਾਲਾ ਜੀ, ਜਿਸ ਨੇ ਚਾਰ ਉਦਾਸੀਆਂ ਦੌਰਾਨ ਗੁਰੂ ਜੀ ਦੇ ਨਾਲ ਐਨਾ ਲੰਬਾ ਸਾਥ ਨਿਭਾਇਆ ਹੋਵੇ, ਉਸ ਨੂੰ ਪਹਿਲਾਂ ਇਹ ਖ਼ਬਰ ਵੀ ਨਾ ਮਿਲੀ ਹੋਵੇ ਕਿ ਗੁਰੂ ਨਾਨਕ ਜੀ ਜੋਤੀ-ਜੋਤ ਸਮਾ ਗਏ ਹਨ ਤੇ ਹੁਣ ਗੁਰੂ ਅੰਗਦ ਜੀ ਗੁਰਗੱਦੀ ’ਤੇ ਬਿਰਾਜਮਾਨ ਹਨ। ਦੂਸਰੇ ਪਾਸੇ ਗੁਰੂ ਅੰਗਦ ਸਾਹਿਬ ਜੀ ਨੂੰ ਵੀ ਗੁਰੂ ਨਾਨਕ ਜੀ ਦੇ ਲੰਬਾ ਚਿਰ ਸਾਥੀ ਰਹੇ ਭਾਈ ਬਾਲਾ ਜੀ ਬਾਰੇ ਕੋਈ ਜਾਣਕਾਰੀ ਹੀ ਨਾ ਹੋਵੇ ਕਿ ਉਹ ਕੌਣ ਹੈ।
ਅੱਗੇ ਪੰਨਾ 4 ’ਤੇ ਲਿਖਿਆ ਹੈ ‘ਉਹ ਰਾਤ ਗੁਜਰੀ ਫਿਰ ਭਲਕ ਹੋਇਆ॥ ਤਾ ਫੇਰ ਗੁਰੂ ਅੰਗਦ ਜੀ ਆਖਿਆ ਭਾਈ ਬਾਲੇ ਨੂ ਸਦੋ ਭਾਈ ਬਾਲਾ ਆਇ ਮਥਾ ਟੇਕਿਆ ਫਿਰ ਬਾਲੇ ਨੂੰ ਗੁਰੂ ਅੰਗਦ ਪੁਛਣ ਲਗੇ ਭਾਈ ਬਾਲਾ ਕੁਛ ਤੈਨੂ ਇਹ ਵੀ ਮਾਲੂਮ ਹੈ ਜੋ ਗੁਰੂ ਨਾਨਕ ਜਨਮੇ ਸੀ ਸੋ ਕਿਕੂ ਜਨਮੇ ਸੀ॥ ਬਾਲੇ ਕਹਿਆ ਜੀ ਇਹ ਮੈਨੂ ਮਾਲੂਮ ਨਹੀਂ ਪਰ ਜੀ ਇਤਨੀ ਮੈ ਸੁਣੀ ਹੈ ਜੀ ਲੋਕਾਂ ਦੇ ਮੂਹੋ ਜੋ ਹਰਦਿਆਲ ਮਿਸਰ ਆਖਦਾ ਹੈ ਜੋ ਭਾਈ ਏਨੇ ਮਹੂਰਤ ਤੇ ਤੈ ਸਤਾਈਏ ਨਛਤ੍ਰੇ ਅਤੇ ਕਤਕ ਦੀ ਪੂਰਨਮਾਸੀ ਸੰਸਾਰ ਤੇ ਕੋਈ ਨਹੀਂ ਜਨਮਿਆ ਏਹ ਕਾਲੂ ਬੇਦੀ ਦੇ ਘਰ ਕੋਈ ਅਵਤਾਰੀ ਜਨਮਿਆ ਹੈ॥’
ਵਿਚਾਰ : ਸਤਾਈਵਾਂ ਨਛੱਤਰ ਰੇਵਤੀ ਹੈ। ਸ੍ਵਾਮੀਕੰਨੂ ਪਿਲੇ ਦੀ 701 ਤੋਂ ਲੈ ਕੇ 2000 ਤੱਕ ਦੀ ਜੰਤਰੀ ਫਰੋਲ ਕੇ ਵੇਖੀ ਜਾ ਸਕਦੀ ਹੈ ਤੁਹਾਨੂੰ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ 27ਵਾਂ ਨਛੱਤਰ ਰੇਵਤੀ ਕਦੇ ਨਹੀਂ ਮਿਲੇਗਾ ਕਿਉਂਕਿ ਕੱਤਕ ਦੀ ਪੂਰਨਮਾਸ਼ੀ ਨੂੰ ਰੇਵਤੀ ਨਛੱਤਰ ਹੋ ਹੀ ਨਹੀਂ ਸਕਦਾ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਕੇਵਲ 4 ਨਛੱਤਰ ਅਸ਼ਵਨੀ, ਭਰਣੀ, ਕ੍ਰਿਤਿਕਾ ਅਤੇ ਰੋਹਿਣੀ ਵਿੱਚੋਂ ਕੋਈ ਇਕ ਨਛੱਤਰ ਹੀ ਹੋ ਸਕਦਾ ਹੈ। ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਜਦ 27ਵਾਂ ਨਛੱਤਰ ਹੋ ਹੀ ਨਹੀਂ ਸਕਦਾ ਤਾਂ ਇਹ ਗੱਲ ਠੀਕ ਹੀ ਲਿਖੀ ਹੈ ਕਿ ਕੱਤਕ ਦੀ ਪੂਰਨਮਾਸ਼ੀ ਨੂੰ ਏਸ ਨਛੱਤਰ ਵਿੱਚ ਕੋਈ ਬਾਲਕ ਨਹੀਂ ਜਨਮਿਆ ਇਸ ਲਈ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਵੀ ਕੱਤਕ ਦੀ ਪੂਰਨਮਾਸ਼ੀ ਨੂੰ 27ਵੇਂ ਨਛੱਤਰ ਵਿੱਚ ਨਹੀਂ ਹੋਇਆ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਪੰਡਿਤ ਹਰਦਿਆਲ ਵੱਲੋਂ ਤਿਆਰ ਕੀਤੀ ਇਹ ਜਨਮ ਪੱਤਰੀ ਵੀ ਜਾਅਲੀ ਹੈ; ਜਿਸ ਦੇ ਪਹਿਲੇ ਚਾਰ ਪੰਨੇ ਪੜ੍ਹ ਕੇ ਹੀ ਇਸ ਦੇ ਜਾਅਲੀ ਹੋਣ ਦੇ 3 ਸਬੂਤ ਮਿਲਦੇ ਹਨ।
ਭਾਈ ਬਾਲੇ ਵਾਲੇ ਜਨਮ ਸਾਖੀ ਦੇ ਅਨੇਕਾਂ ਹੱਥ ਲਿਖਤ, ਪੱਥਰ ਦੇ ਛਾਪੇ ਵਾਲੀਆਂ ਅਤੇ ਆਧੁਨਿਕ ਪ੍ਰਿੰਟਿੰਗ ਪ੍ਰੈੱਸ ਦੇ ਛਪੇ ਐਡੀਸ਼ਨ ਮਿਲਦੇ ਹਨ। ਹਰ ਨਵੀਂ ਐਡੀਸ਼ਨ ’ਚ ਕੁਝ ਸਾਖੀਆਂ ਕੱਟੀਆਂ ਅਤੇ ਕੁਝ ਨਵੀਆਂ ਲਿਖੀਆਂ ਹੋਈਆਂ ਮਿਲਣਗੀਆਂ। ਸਾਰੇ ਹੱਥ ਲਿਖਤ ਅਤੇ ਪੱਥਰ ਦੇ ਛਾਪੇ ਵਾਲੀ ਲਾਹੌਰ ਤੋਂ ਸੰਮਤ 1883 ਅਤੇ 1886 ’ਚ ਛਪੀਆਂ ਜਨਮ ਸਾਖੀਆਂ ’ਚ ਤਾਂ ਲਿਖਣ ਦੀ ਸੰਮਤ 1582 ਸੀ। ਜਦੋਂ ਇਹ ਸਵਾਲ ਉਠਣੇ ਸ਼ੁਰੂ ਹੋਏ ਕਿ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲੀ ਵਾਰ ਸੰਮਤ 1589 ’ਚ ਮਿਲੇ ਸਨ ਤਾਂ ਉਨ੍ਹਾਂ ਨੇ ਪਹਿਲੀ ਮਿਲਣੀ ਤੋਂ 7 ਸਾਲ ਪਹਿਲਾਂ ਹੀ ਗੁਰੂ ਅੰਗਦ ਦੇਵ ਜੀ ਦੇ ਤੌਰ ’ਤੇ ਜਨਮ ਸਾਖੀ ਕਿਵੇਂ ਲਿਖਵਾ ਦਿੱਤੀ ? ਇਸ ਲਈ ਜੋ ਸਾਖੀ ਸੰਮਤ 1943 ’ਚ ਛਪੀ ਉਸ ਵਿੱਚ ਜਨਮ ਸਾਖੀ ਲਿਖਣ ਦਾ ਸੰਮਤ 1592 ਕਰ ਦਿੱਤਾ। ਜਦ ਲਿਖਣ ਦਾ ਸੰਮਤ 1592 ਨਾਲ ਵੀ ਗੱਲ ਨਾ ਬਣੀ ਕਿਉਂਕਿ ਭਾਈ ਲਹਿਣਾ ਜੀ; ਗੁਰਗੱਦੀ ’ਤੇ ਬਿਰਾਜਮਾਨ ਤਾਂ ਸੰਮਤ 1596 ’ਚ ਹੋਏ ਸਨ ਤਾਂ ਹੁਣ ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਨੇ ਫ਼ਰਵਰੀ 2010 ਈਸਵੀ ਸੰਮਤ (2066) ’ਚ 39ਵੀਂ ਵਾਰ ਛਾਪੀ, ਉਸ ਦੇ ਪੰਨਾਂ ਨੰਬਰ 7 ’ਤੇ ਜਨਮ ਸਾਖੀ ਲਿਖਣ ਦੀ ਸੰਮਤ 1597 ਲਿਖ ਦਿੱਤਾ। ਇਹ ਸਭ ਕੁਝ ਇਸ ਕਾਰਨ ਕੀਤਾ ਜਾ ਰਿਹਾ ਹੈ ਤਾਂ ਕਿ ਭਾਈ ਬਾਲੇ ਵਾਲੀ ਸਾਖੀ ਨੂੰ ਗੁਰੂ ਅੰਗਦ ਸਾਹਿਬ ਜੀ ਵੱਲੋਂ ਲਿਖਵਾਈ ਸਿੱਧ ਕੀਤਾ ਜਾ ਸਕੇ। ਉੱਪਰ ਅਤੇ ਹੇਠਾਂ ਦਿੱਤੀਆਂ ਫੋਟੋ ਕਾਪੀਆਂ ਤੋਂ ਇਨ੍ਹਾਂ ਤਬਦੀਲੀਆਂ ਦੀ ਸ਼ਿਨਾਖ਼ਤ ਕੀਤੀ ਜਾ ਸਕਦੀ ਹੈ।
(ਸੰਮਤ 1943 ’ਚ ਪੱਥਰ ਦੇ ਛਾਪੇ ਵਾਲੀ ਜਨਮ ਸਾਖੀ)
ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ ਨੇ ਫ਼ਰਵਰੀ 2010 ਈਸਵੀ ਸੰਮਤ (2066) ’ਚ 39ਵੀਂ ਵਾਰ ਛਾਪੀ ਉਸ ਦੇ ਪੰਨਾਂ ਨੰਬਰ 7 ਦੀ ਕਾਪੀ
ਕਿਸੇ ਲਿਖਤ ’ਚ ਫੇਰਬਦਲ ਕਰਨ ਵਾਲੇ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਕਿੱਥੇ ਤਬਦੀਲੀਆਂ ਕਰਨੀਆਂ ਪੈਣੀਆਂ ਹਨ ਇਸੇ ਕਾਰਨ ਫ਼ਰਵਰੀ 2010 ਈਸਵੀ, ਸੰਮਤ 2066 ’ਚ 39ਵੀਂ ਵਾਰ ਛਾਪੀ ਜਨਮ ਸਾਖੀ ਦੇ ਪੰਨਾਂ ਨੰਬਰ ਪੰਨਾ 11-12 ’ਤੇ ਜਨਮ ਮਿਤੀ ਤਾਂ ਪੂਰਨਮਾਸ਼ੀ ਹੀ ਰਹਿਣ ਦਿੱਤਾ ਜੋ ਪਹਿਲੀਆਂ ਐਡੀਸ਼ਨਾਂ ’ਚ ਸੀ ਪਰ 27ਵੇਂ ਨਛੱਤਰ (ਰੇਵਤੀ) ਦੀ ਥਾਂ ਅਨੁਰਾਧਾ [ਜੋ 17ਵਾਂ ਨਛੱਤਰ ਹੁੰਦਾ ਹੈ] ਲਿਖ ਦਿੱਤਾ ਅਤੇ ਪੰਨਾ ਨੰਬਰ 12 ਦੇ ਹੇਠਾਂ ਪਹੁੰਚਦੇ ਪਹੁੰਚਦੇ ਫਿਰ 27ਵਾਂ ਨਛੱਤਰ ਲਿਖ ਦਿੱਤਾ। ਉ, ਨੂੰ ਚੇਤਾ ਹੀ ਨਾ ਰਿਹਾ ਕਿ ਉੱਪਰ ਉਹ 17ਵਾਂ ਨਛੱਤਰ ਅਨੁਰਾਧਾ ਲਿਖ ਆਏ ਹਨ।
ਭਾਈ ਬਾਲੇ ਵਾਲੇ ਜਨਮ ਸਾਖੀ, (ਪ੍ਰਕਾਸ਼ਕ ਭਾਈ ਚਤਰ ਸਿੰਘ ਜੀਵਨ ਸਿੰਘ, 39ਵੀਂ ਵਾਰ ਫ਼ਰਵਰੀ 2010) ਦੇ ਪੰਨਾਂ ਨੰਬਰ 11 ਅਤੇ 12 ਦੇ ਕੁਝ ਹਿੱਸੇ ਦੀ ਫ਼ੋਟੋ ਕਾਪੀ
ਜਿਵੇਂ ਕਿ ਉੱਪਰ ਦੱਸਿਆ ਜਾ ਚੁੱਕਾ ਹੈ ਕਿ ਅਨੁਰਾਧਾ (17ਵਾਂ) ਅਤੇ 27ਵਾਂ ਨਛੱਤਰ (ਰੇਵਤੀ) ਦੋਵੇਂ ਮੰਨਣਯੋਗ ਨਹੀਂ ਕਿਉਂਕਿ ਕੱਤਕ ਦੀ ਪੂਰਨਮਾਸ਼ੀ ਸੰਮਤ 1526 ਵਾਲੇ ਦਿਨ ਅਸ਼ਵਨੀ (ਪਹਿਲਾ) ਨਛੱਤਰ ਸੀ। ਕੱਤਕ ਦੀ ਪੂਰਨਮਾਸ਼ੀ ਨੂੰ ਜਦੋਂ 27ਵਾਂ ਨਛੱਤਰ ਹੋ ਹੀ ਨਹੀਂ ਸਕਦਾ ਤਾਂ ਇਸ ਦੇ ਆਧਾਰ ’ਤੇ ਬਾਲਕ ਨਾਨਕ ਦੇ ਸਿਰ ਛੱਤਰ ਝੁਲਣ ਦਾ ਪੰਡਿਤ ਹਰਦਿਆਲ ਜੀ ਦਾ ਲਾਇਆ ਜੋਤਿਸ਼ ਅਤੇ ਤਾਰੀਖ਼ ਦੋਵੇਂ ਹੀ ਸ਼ੱਕੀ ਹੋ ਜਾਂਦੇ ਹਨ। ਸ: ਕਰਮ ਸਿੰਘ ਹਿਸਟੋਰੀਅਨ ਵੱਲੋਂ ਸੰਨ 1912 ’ਚ ਲਿਖੀ ਪੁਸਤਕ ‘ਕੱਤਕ ਕਿ ਵੈਸਾਖ’ ਵਿੱਚ ਇਸ ਜਨਮਸਾਖੀ ਵਿਚਲੀਆਂ ਇਸ ਤਰ੍ਹਾਂ ਦੀਆਂ ਬੇਅੰਤ ਗਵਾਹੀਆਂ ਨਾਲ਼ ਜਾਅਲੀ ਸਿੱਧ ਕੀਤੇ ਜਾਣ ਤੋਂ ਬਾਅਦ ਵੀ ਜੇ ਪੀ. ਐੱਚ. ਡੀ. ਡਿਗਰੀਆਂ ਪ੍ਰਾਪਤ ਵਿਦਵਾਨ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਭਾਈ ਬਾਲੇ ਵਾਲੀ ਜਨਮਸਾਖੀ ਦੇ ਆਧਾਰ ’ਤੇ ਕੱਤਕ ਦੀ ਪੂਰਨਮਾਸ਼ੀ ਮੰਨਦੇ ਹੋਣ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪ੍ਰਮਾਣਿਕ ਕਿਵੇਂ ਮੰਨਿਆ ਜਾ ਸਕਦਾ ਹੈ ਕਿਉਂਕਿ ਉਹ ਤਾਂ ਖ਼ੁਦ ਹੀ ਆਪਣੇ ਵੱਲੋਂ ਲਿਖੇ ਇਤਿਹਾਸ ਦੀਆਂ ਤਰੀਖ਼ਾਂ ਹਰ ਨਵੀਂ ਐਡੀਸ਼ਨ ’ਚ ਬਿਲਕੁਲ ਉਸੇ ਤਰ੍ਹਾਂ ਬਦਲੀ ਜਾ ਰਹੇ ਹਨ ਜਿਵੇਂ ਕਿ ਬਾਲੇ ਵਾਲੀ ਜਨਮਸਾਖੀ ਦੀ ਹਰ ਨਵੀਂ ਐਡੀਸ਼ਨ ’ਚ ਸਾਖੀਆਂ ਬਦਲੀਆਂ ਜਾ ਰਹੀਆਂ ਹਨ; ਇਸ ਦੇ ਕੁੱਝ ਸਬੂਤ ਹੇਠਾਂ ਦਿੱਤੇ ਜਾ ਰਹੇ ਹਨ :
ਭਾਈ ਬਾਲੇ ਦੇ ਨਾਮ ਹੇਠਲੀ ਜਾਲ੍ਹੀ ਜਨਮ ਸਾਖੀ ਦੇ ਆਧਾਰ ’ਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਦੀ ਪ੍ਰੋੜ੍ਹਤਾ ਕਰਨ ਵਾਲੇ ਡਾ: ਹਰਜਿੰਦਰ ਸਿੰਘ ਦਿਲਗੀਰ ਅਤੇ ਗਿਆਨੀ ਈਸ਼ਰ ਸਿੰਘ ਨਾਰਾ ਆਪਣੀ ਮਿੱਥ ਦੀ ਪ੍ਰੋੜ੍ਹਤਾ ਕਰਨ ਲਈ ਕਿਸ ਤਰ੍ਹਾਂ ਤੱਥਾਂ ਦੀ ਤੋੜ-ਮਰੋੜ ਕਰਦੇ ਹਨ ਉਸ ਦੀ ਇੱਕ ਮਿਸਾਲ ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀ ਨਾਮਾ’ ’ਚ ਮਿਲਦੀ ਹੈ :
ਕੇਸਰ ਸਿੰਘ ਛਿੱਬਰ ਦੁਆਰਾ ਲਿਖੇ ਵੰਸਾਵਲੀ ਨਾਮਾ (ਰਚਨਾ 11 ਅਕਤੂਬਰ 1769 ਈ:) ਦੇ ਪੰਨਾ 46 ’ਤੇ ਲਿਖਿਆ ਹੈ ਕਿ ‘ਸੰਮਤ ਪੰਦ੍ਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜੀ ਜਨਮ ਲੈ ਲਏ। ਮਾਹ ਕਾਤਕ ਦਿਨ ਚਉਦਾਂ ਚਾਰ। ਪੁੰਨਿਆਂ ਰਾਤਿ ਗੁਰੂ ਨਾਨਕ ਜੀ ਲੀਨਾ ਅਵਤਾਰ ।120।’
ਕੇਸਰ ਸਿੰਘ ਛਿੱਬਰ ਦੁਆਰਾ ਲਿਖੇ ਵੰਸਾਵਲੀ ਨਾਮਾ (ਰਚਨਾ 11 ਅਕਤੂਬਰ 1769 ਈ:) ਦੇ ਪੰਨਾ 46 ਦੀ ਫੋਟੋ।
ਪਰ ਗਿਆਨੀ ਈਸ਼ਰ ਸਿੰਘ ਨਾਰਾ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਦੇ ਪੰਨਾ 222 ’ਤੇ ਇਸ ਦਾ ਹਵਾਲਾ ਇਸ ਤਰ੍ਹਾਂ ਦਿੰਦੇ ਹਨ ‘ਮਹਾਂ ਕਾਰਤਕ ਦਿਨ ਚਾਰ। ਪੁੰਨਿਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ*’
(ਭਾਈ ਈਸ਼ਰ ਸਿੰਘ ਨਾਰਾ ਦੀ ਪੁਸਤਕ ‘ਵਿਸਾਖ ਨਹੀਂ ਕੱਤਕ’ ਵਿੱਚੋਂ ਫੋਟੋ ਕਾਪੀ)
ਸਿਤਮ ਵਾਲੀ ਗੱਲ ਹੈ ਕਿ ਗਿਆਨੀ ਜੀ ਮੂਲ ਪਾਠ ਵਿੱਚੋਂ ‘ਚਉਦਾਂ’ ਹੜੱਪ ਕਰ ਗਏ ਹਨ। ‘ਮਾਹ’ ਦਾ ਅਰਥ ਮਹੀਨਾ ਹੈ, ਪਰ ਇਸ ਨੂੰ ‘ਮਹਾਂ’ ਲਿਖ ਦਿੱਤਾ। ਮੂਲ ਪਾਠ ਵਿੱਚ ‘ਮਾਹ ਕਾਰਤਕ ਦਿਨ ਚਉਦਾਂ ਚਾਰ’ ਦਾ ਮਤਲਬ ਹੈ ਕਿ ‘ਕੱਤਕ ਮਹੀਨਾ ਅਠਾਰ੍ਹਾਂ ਦਿਨ ਗਏ’ ਪਰ ਇਸ ਨੇ ਅਰਥ ਬਣਾ ਦਿੱਤਾ ‘ਮਹਾਨਤਾ ਭਰਿਆ ਕਤਕ ਮਹੀਨੇ ਦਾ ਸ੍ਰੇਸ਼ਟ ਦਿਨ ਪੁੰਨਿਆ ਹੈ’। ਇਸ ਵਿਦਵਾਨ ਨੇ ਇਹ ਵੀ ਧਿਆਨ ਨਹੀਂ ਦਿੱਤਾ ਕਿ ਜਿਸ ਕੇਸਰ ਸਿੰਘ ਛਿੱਬਰ ਦੀ ਲਿਖਤ ਉਹ ਵਰਤ ਰਹੇ ਹਨ, ਉਹੀ ਸ਼ੱਕੀ ਹੈ ਕਿਉਂਕਿ ਕੱਤਕ ਪੂਰਨਮਾਸ਼ੀ ਸੰਮਤ 1526 ਬਿ: (ਸੰਨ 1469 ਈ.) ਨੂੰ 21 ਕੱਤਕ ਸੀ, ਪਰ ਛਿੱਬਰ ਦੀ ਲਿਖਤ ਵਿੱਚ ਪੂਰਨਮਾਸ਼ੀ, 18 ਕੱਤਕ ਲਿਖਿਆ ਹੈ।
ਹੁਣ ਜ਼ਰਾ ਦੇਖੋ ਕਿ ਛਿੱਬਰ ਦਾ ਇਹੀ ਹਵਾਲਾ ਡਾ: ਹਰਜਿੰਦਰ ਸਿੰਘ ਦਿਲਗੀਰ ਆਪਣੇ ਲੇਖ ਵਿੱਚ ਇਸ ਤਰ੍ਹਾਂ ਦਿੰਦੇ ਹਨ : ‘ਸੰਮਤ ਪੰਦ੍ਰਾਂ ਸੈ ਛੱਬੀ ਭਏ। ਤਬ ਬਾਬਾ ਨਾਨਕ ਸਾਹਿਬ ਜੀ ਜਨਮ ਲੈ ਲਏ। ਮਹਾਂ ਕਾਰਤਕ ਪੁੰਨਿਆਂ ਰਾਤ ਗੁਰੂ ਨਾਨਕ ਲੀਨਾ ਅਵਤਾਰ।’ ਡਾ. ਦਿਲਗੀਰ ਜੀ ਮੂਲ ਪਾਠ ਵਿੱਚੋਂ ‘ਦਿਨ ਚਉਦਾਂ ਚਾਰ’ ਉੱਡਾ ਗਏ ਕਿਉਂਕਿ ਸ਼ਾਇਦ ਉਨ੍ਹਾਂ ਨੂੰ ਪਤਾ ਹੋਵੇ ਕਿ 1526 ਬਿ. ਵਿੱਚ ਕੱਤਕ ਪੂਰਨਮਾਸ਼ੀ 18 ਕੱਤਕ ਨੂੰ ਨਹੀਂ ਸੀ ਅਤੇ ‘ਮਾਹ’ ਨੂੰ ਭੀ‘ਮਹਾਂ’ ਵਿੱਚ ਬਦਲ ਦਿੱਤਾ ਹੈ। ਕੀ ਇਹੀ ਖੋਜ ਹੈ ?
ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਪੁਸਤਕ (ਨਾਨਕਸ਼ਾਹੀ ਕੈਲੰਡਰ) ਦੇ ਪੰਨਾ ਨੰਬਰ 48 ਦੀ ਫੋਟੋ
ਦੋਵੇਂ ਵਿਦਵਾਨਾਂ (ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ) ਨੇ ਸ਼੍ਰੀ ਬੀ. ਵੀ. ਰਮਨ ਦੀ ਲਿਖਤ ‘ਨੋਟੇਬਲ ਹਾਰੋਸਕੋਪ’ (Notable Horoscope) ’ਚ ਦਰਜ ਟੇਵਾ ਨੰ: 13 ਦਾ ਹਵਾਲਾ ਦਿੱਤਾ ਹੈ ਕਿ ਸ਼੍ਰੀ ਬੀ. ਵੀ. ਰਮਨ ਨੇ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਸੁਦੀ ਪੂਰਨਮਾਸ਼ੀ ਸੰਮਤ 1526 (ਸੰਨ 1469) ਵਿੱਚ ਹੋਇਆ, ਮੰਨਿਆ ਹੈ। ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਇਨ੍ਹਾਂ ਵਿਦਵਾਨਾਂ ਨੂੰ ਟੇਵਿਆਂ ਸੰਬੰਧੀ ਕੋਈ ਜਾਣਕਾਰੀ ਨਹੀਂ। ਜੇ ਜਾਣਕਾਰੀ ਹੁੰਦੀ ਤਾਂ ਇਸ ਟੇਵੇ ਦੇ ਉੱਪਰ ਲਿਖਿਆ ਜਰੂਰ ਪੜ੍ਹ ਲੈਂਦੇ ਕਿ ਇਹ ਟੇਵਾ ਸੰਨ 8 ਨਵੰਬਰ 1470 ਦਾ ਹੈ, ਨਾ ਕਿ 1469 ਦਾ।
ਸ਼੍ਰੀ ਬੀ. ਵੀ. ਰਮਨ ਦੀ ਪੁਸਤਕ ਵਿਚੋਂ ਟੇਵਾ ਨੰ: 13 ਦੀ ਫੋਟੋ ਕਾਪੀ।
ਇਸ ਟੇਵੇ ਦੇ ਥੱਲੇ ਲਿਖਿਆ ਹੈ * I am indebted to Mr. Nahar Singh Gyani of Gujjarwal, Ludhiana District, for the birth details of Guru Nanak. According to most reliable sources, the Guru was born on the Full Moon day of Kartika, Samvat 1526, Thursday at midnight, in the nakshatra of Krittika, Simha Lagna. ਭਾਵ ਮੈਂ, ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਦੇ ਨਾਹਰ ਸਿੰਘ ਗਿਆਨੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਗੁਰੂ ਨਾਨਕ ਦੇ ਜਨਮ ਦਿਨ ਦੇ ਵੇਰਵੇ ਦਿੱਤੇ। ਬਹੁਤ ਭਰੋਸੇਮੰਦ ਸੂਤਰਾਂ ਅਨੁਸਾਰ, ਗੁਰੂ ਜੀ ਦਾ ਜਨਮ, ਸੰਮਤ 1526 ਦੇ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ, ਵੀਰਵਾਰ ਅੱਧੀ ਰਾਤ ਨੂੰ, ਕ੍ਰਿਤਿਕਾ ਨਛੱਤਰ, ਸਿੰਘ ਲਗਨ ਦੇ ਵਿੱਚ ਹੋਇਆ ਸੀ। [ਇਹ ਭਰੋਸੇਯੋਗ ਸੂਤਰ ਵੀ ਗਲਤ ਸਾਬਤ ਹੁੰਦੇ ਹਨ ਕਿਉਂਕਿ ਸੰਮਤ 1526 ਦੇ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਵੀਰਵਾਰ ਨਹੀਂ, ਸ਼ੁੱਕਰਵਾਰ ਸੀ ਅਤੇ ਨਛੱਤਰ ਕ੍ਰਿਤਿਕਾ ਨਹੀਂ, ਅਸ਼ਵਨੀ ਸੀ।]
ਉਕਤ ਨੋਟ ਨੂੰ ਪੜ੍ਹ ਕੇ ਕੋਈ ਵੀ ਵਿਦਵਾਨ ਇਸ ਟੇਵੇ ਨੂੰ ਸਬੂਤ ਵਜੋਂ ਨਹੀਂ ਲਏਗਾ ਕਿਉਂਕਿ ਇਸ ਲਿਖਾਰੀ ਨੇ ਤਾਂ ਸਾਫ਼ ਲਿਖ ਦਿੱਤਾ ਹੈ ਕਿ ਇਹ ਟੇਵਾ ਉਸ ਤਾਰੀਖ਼ (1470 ਈ:) ਦਾ ਬਣਾਇਆ ਹੈ, ਜਿਸ ਦੇ ਵੇਰਵੇ ਉਨ੍ਹਾਂ ਨੂੰ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੇ ਗਏ ਸਨ। ਟੇਵਾ ਬਣਾਉਣ ਵਾਲੇ ਨੇ ਕੋਈ ਗਾਰੰਟੀ ਨਹੀਂ ਲਈ ਕਿ ਇਹ ਤਾਰੀਖ਼ਾਂ ਸਹੀ ਹਨ। ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਉਹ ਸੰਮਤ 1469 ਵੀ ਲਿਖ ਰਹੇ ਹਨ ਪਰ ਟੇਵਾ ਉਸ ਨੇ ਸਾਲ 1470 ਦੀ ਉਸੇ ਤਾਰੀਖ਼ ਦਾ ਬਣਾ ਦਿੱਤਾ ਜਿਹੜੀ ਉਸ ਨੂੰ ਗਿਆਨੀ ਨਾਹਰ ਸਿੰਘ ਵੱਲੋਂ ਦਿੱਤੀ ਗਈ ਸੀ। ਇਸ ਤਰ੍ਹਾਂ ਦੇ ਟੇਵੇ ਤਾਂ ਜਿਸ ਮਰਜ਼ੀ ਤਿੱਥ ਜਾਂ ਸੰਮਤ ਦੇ ਬਣਾ ਲਓ, ਪਰ ਉਨ੍ਹਾਂ ਨੂੰ ਕਿਸੇ ਸਬੂਤ ਵਜੋਂ ਨਹੀਂ ਲਿਆ ਜਾ ਸਕਦਾ ਜਦੋਂ ਕਿ ਇਹ ਵਿਦਵਾਨ 8 ਨਵੰਬਰ 1470 ਦੀ ਤਾਰੀਖ਼ ਲਈ ਬਣਾਏ ਟੇਵੇ ਨੂੰ ਹੀ ਕੱਤਕ ਦੀ ਪੂਰਨਮਾਸ਼ੀ ਸੰਮਤ 1526 (20 ਅਕਤੂਬਰ 1469) ਦੀ ਤਾਰੀਖ਼ ਸਿੱਧ ਕਰਨ ਲਈ ਵਰਤ ਰਹੇ ਹਨ।
ਗਿਆਨੀ ਈਸ਼ਰ ਸਿੰਘ ਨਾਰਾ ਨੇ ਆਪਣੀ ਪੁਸਤਕ ‘ਵਿਸਾਖ ਨਹੀਂ ਕੱਤਕ’ ਦੇ ਪੰਨਾ ਨੰ: 129 ’ਤੇ ਕਿਸੇ ਹੋਰ ਪੰਡਿਤ ਵੱਲੋਂ ਬਣਾਇਆ ਟੇਵਾ (ਜਿਸ ਉੱਪਰ ਕਿਸੇ ਦਾ ਨਾਂ ਵੀ ਨਹੀਂ ਲਿਖਿਆ) ਵੀ ਸਬੂਤ ਵਜੋਂ ਦਿੱਤਾ ਹੈ ਕਿ ਇਹ ਬੀ. ਵੀ. ਰਮਨ ਦੇ ਟੇਵੇ ਨਾਲ ਮੇਲ ਖਾਂਦਾ ਹੈ।
ਈਸ਼ਰ ਸਿੰਘ ਨਾਰਾ ਦੀ ਕਿਤਾਬ (ਵਿਸਾਖ ਨਹੀਂ ਕੱਤਕ) ਦੇ ਪੰਨਾ ਨੰ: 129 ਦੀ ਫੋਟੋ।
ਜੇਕਰ ਟੇਵਿਆਂ ਬਾਰੇ ਜਾਣਕਾਰੀ ਰੱਖਣ ਵਾਲਾ ਵਿਅਕਤੀ ਉਕਤ ਦੋਵੇਂ ਟੇਵਿਆਂ ਨੂੰ ਸਾਮ੍ਹਣੇ ਰੱਖ ਕੇ ਵੇਖਦਾ ਤਾਂ ਉਸ ਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਕਿ ਦੋਵੇਂ ਟੇਵਿਆਂ ਦੇ ਸਮੇਂ ਵਿੱਚ ਘੱਟ ਤੋਂ ਘੱਟ 9.3 ਸਾਲ ਦਾ ਫ਼ਰਕ ਹੈ। ਕਾਰਨ ਇਹ ਹੈ ਕਿ ਰਾਹੂ ਅਤੇ ਕੇਤੂ ਆਪਸ ਵਿੱਚ 180° ਦੀ ਦੂਰੀ ’ਤੇ ਭਾਵ ਇੱਕ ਦੂਜੇ ਤੋਂ ਵਿਰੋਧੀ ਦਿਸ਼ਾ ਵਿੱਚ ਹਨ ਅਤੇ ਇਹ 6793.47 ਦਿਨ (18.6 ਸਾਲ) ਵਿੱਚ ਆਪਣਾ ਚੱਕਰ ਪੂਰਾ ਕਰਦੇ ਹਨ। ਇਸ ਹਿਸਾਬ ਨਾਲ 9.3 ਸਾਲਾਂ ਮਗਰੋਂ ਇਹ ਆਪਣੀ ਪੋਜੀਸ਼ਨ ਆਪਸ ’ਚ ਬਦਲ ਲੈਂਦੇ ਹਨ ਭਾਵ ਜਿਸ ਰਾਸ਼ੀ ਵਿੱਚ 9.3 ਸਾਲ ਪਹਿਲਾਂ ਰਾਹੂ ਸੀ, ਓਥੇ ਕੇਤੂ ਆ ਜਾਂਦਾ ਹੈ ਅਤੇ ਕੇਤੂ ਵਾਲੀ ਰਾਸ਼ੀ ਵਿੱਚ ਰਾਹੂ। 18.6 ਸਾਲਾਂ ਮਗਰੋਂ ਇਹ ਮੁੜ ਆਪਣੀ ਪੁਰਾਣੀ ਜਗ੍ਹਾ ਵਿੱਚ ਆ ਜਾਂਦੇ ਹਨ।
ਹੁਣ ਦੋਵੇਂ ਟੇਵਿਆਂ ਨੂੰ ਬਰਾਬਰ ਰੱਖ ਕੇ ਵੇਖੀਏ ਤਾਂ ਪਤਾ ਲੱਗ ਜਾਵੇਗਾ ਕਿ ਬੇਨਾਮੀ ਟੇਵੇ ਵਿੱਚ ‘ਰਾਹੂ’ ਚੌਥੀ ਰਾਸ਼ੀ ਵਿੱਚ ਅਤੇ ‘ਕੇਤੂ’ 10ਵੀਂ ਰਾਸ਼ੀ ਵਿੱਚ ਹੈ ਜਦ ਕਿ ਇਸ ਦੇ ਉਲ਼ਟ ਬੀ. ਵੀ ਰਮਨ ਵਾਲੇ ਟੇਵੇ ਵਿੱਚ ਰਾਹੂ 10ਵੀਂ ਰਾਸ਼ੀ ਅਤੇ ਕੇਤੂ ਚੌਥੀ ਰਾਸ਼ੀ ਵਿੱਚ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਦੋਵੇਂ ਟੇਵਿਆਂ ਵਿੱਚ 9.3 ਸਾਲਾਂ ਦਾ ਫ਼ਰਕ ਹੈ, ਪਰ ਦੋਵੇਂ ਸਿੱਖ ਵਿਦਵਾਨਾਂ ਨੂੰ ‘ਕੱਤਕ ਦੀ ਪੂਰਨਮਾਸ਼ੀ’ ਸ਼ਬਦ ਵੇਖ ਕੇ ਐਨਾ ਚਾਅ ਚੜ੍ਹ ਗਿਆ ਕਿ ਇਨ੍ਹਾਂ ਨੇ ਨਾ ਟੇਵੇ ਉੱਪਰ ਲਿਖੀ ਤਾਰੀਖ਼ (8 ਨਵੰਬਰ 1470) ਵੇਖੀ ਅਤੇ ਨਾ ਹੀ ਇਹ ਵਿਚਾਰਿਆ ਕਿ ਇਹ ਟੇਵਾ ਤਾਂ ਗਿਆਨੀ ਨਾਹਰ ਸਿੰਘ ਦੁਆਰਾ ਦੱਸੀ ਤਾਰੀਖ਼ ’ਤੇ ਆਧਾਰਿਤ ਬੀ. ਵੀ. ਰਮਨ ਨੇ ਬਣਾਇਆ ਹੈ, ਨਾ ਕਿ ਇਹ ਬੀ. ਵੀ. ਰਮਨ ਦੀ ਆਪਣੀ ਖੋਜ ਹੈ, ਜਿਸ ਟੇਵੇ ਨੂੰ ਗਿਆਨੀ ਈਸ਼ਰ ਸਿੰਘ ਨਾਰਾ ਅਤੇ ਡਾ: ਹਰਜਿੰਦਰ ਸਿੰਘ ਦਿਲਗੀਰ ਨੇ ਸਬੂਤ ਵਜੋਂ ਲੈ ਲਿਆ ਹੈ।
ਬੇਨਾਮੀ ਟੇਵੇ ਨੂੰ ਸਹੀ ਸਿੱਧ ਕਰਨ ਲਈ ਗਿਆਨੀ ਈਸ਼ਰ ਸਿੰਘ ਨਾਰਾ ਨੇ ਗੁਰਬਾਣੀ ਦੀ ਅਢੁਕਵੀਂ ਮਿਸਾਲ ਦਿੱਤੀ ਕਿ 500 ਸਾਲਾ ਜਨਮ ਸ਼ਤਾਬਦੀ ਹੁਣ ਠੀਕ ਉਸੇ ਟੇਵੇ (ਜਨਮ ਕੁੰਡਲੀ) ਦੇ ਮੁਤਾਬਕ (ਸੰਮਤ 1526 ਤੋਂ ਠੀਕ 500 ਸਾਲਾਂ ਬਾਅਦ) ਸੰਮਤ 2026 ਵਿੱਚ ਮੁੜ 9 ਮੱਘਰ (23 ਨਵੰਬਰ 1969) ਨੂੰ ਆਈ ਹੈ। ਇਹ ਕਰਤਾਰ ਦੇ ਹੁਕਮ ਅੰਦਰ ਸੂਰਜ ਚੰਨ ਦੀ ਚਾਲ ਦਾ ਪੱਕਾ ਸਬੂਤ ਹੈ। ਗੁਰੂ ਨਾਨਕ ਵਾਕ ਹੈ ‘‘ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ ਨਾ ਅੰਤੁ ॥’’ (ਗਿਆਨੀ ਈਸ਼ਰ ਸਿੰਘ ਨਾਰਾ)
ਇਹ ਠੀਕ ਹੈ ਕਿ ਸੰਮਤ 2026 ’ਚ ਪੂਰਨਮਾਸ਼ੀ 9 ਮੱਘਰ ਨੂੰ ਆਈ ਸੀ, ਪਰ ਇਹ ਸੱਚ ਨਹੀਂ ਕਿ ਸੰਮਤ 1526 ਨੂੰ ਵੀ ਕੱਤਕ ਦੀ ਪੂਰਨਮਾਸ਼ੀ 9 ਮੱਘਰ ਨੂੰ ਸੀ ਕਿਉਂਕਿ ਉਸ ਸਾਲ ਤਾਂ ਕੱਤਕ ਸੁਦੀ ਪੂਰਨਮਾਸ਼ੀ ਨੂੰ 21 ਕੱਤਕ ਦਿਨ ਸ਼ੁੱਕਰਵਾਰ; 20 ਅਕਤੂਬਰ 1469 ਈਸਵੀ ਸੀ। ਇਹ ਤਾਰੀਖ਼ ਸ੍ਵਾਮੀਕੰਨੂ ਪਿੱਲੇ ਦੀ ਜੰਤਰੀ ਅਤੇ ਸ: ਪਾਲ ਸਿੰਘ ਪੁਰੇਵਾਲ ਦੀ 500 ਸਾਲਾ ਜੰਤਰੀ ਵਿੱਚੋਂ ਵੇਖੀ ਜਾ ਸਕਦੀ ਹੈ ਜਾਂ <https://nanakshahi.net/> ਅਤੇ ਇੰਡੀਅਨ ਕੈਲੰਡਰ ਵਿੱਚ ਦਿੱਤੇ ਟੇਬਲਜ਼ (Tables) ’ਚ ਦਰਜ ਡਾਟੇ (Data) ਦੀ ਸਹਾਇਤਾ ਨਾਲ ਗਣਿਤ (Calculate) ਕਰਕੇ ਚੈੱਕ ਕੀਤੀ ਜਾ ਸਕਦੀ ਹੈ। ਮੋਟਾ ਜਿਹਾ ਹਿਸਾਬ ਹੈ ਕਿ ਕਿਸੇ ਵੀ ਸਾਲ ਦੀ ਸੂਰਜੀ ਤਾਰੀਖ਼ (ਪ੍ਰਵਿਸ਼ਟੇ) ਨੂੰ ਜੋ ਤਿੱਥ ਆਉਂਦੀ ਹੈ, ਉਹੀ ਤਿੱਥ 500 ਸਾਲ ਪਹਿਲਾਂ ਉਸੇ ਪ੍ਰਵਿਸ਼ਟੇ ਨੂੰ 12 ਤਿੱਥਾਂ ਦੇ ਅੰਤਰ ਨਾਲ ਹੁੰਦੀ ਹੈ। ਮਿਸਾਲ ਵਜੋਂ 1 ਵੈਸਾਖ ਸੰਮਤ 1526 (27 ਮਾਰਚ 1469 ਜੂਲੀਅਨ) ਨੂੰ ਚੇਤ ਸੁਦੀ 15 (ਯਾਨੀ ਪੂਰਨਮਾਸ਼ੀ) ਸੀ ਅਤੇ 500 ਸਾਲ ਬਾਅਦ 1 ਵੈਸਾਖ ਸੰਮਤ 2026 (13 ਅਪ੍ਰੈਲ 1969 ਗ੍ਰੈਗੋਰੀਅਨ) ਨੂੰ ਵੈਸਾਖ ਵਦੀ 12 ਆਈ ਯਾਨੀ ਪੂਰੀਆਂ 12 ਤਿੱਥਾਂ ਦਾ ਅੰਤਰ ਸੀ। ਇਸੇ ਤਰ੍ਹਾਂ ਬਾਕੀ ਦੇ ਕਿਸੇ ਵੀ ਪ੍ਰਵਿਸ਼ਟੇ ਦੀ ਪਰਖ ਕੀਤੀ ਜਾ ਸਕਦੀ ਹੈ। ਆਪਣੇ ਗਲਤ ਕਥਨ ਨੂੰ ਸਹੀ ਸਿੱਧ ਕਰਨ ਲਈ ਗੁਰਬਾਣੀ ਵਾਕ ‘‘ਭੈ ਵਿਚਿ ਸੂਰਜ ਭੈ ਵਿਚਿ ਚੰਦ ॥ ਕੋਹ ਕਰੋੜੀ ਚਲਤ ਨ ਅੰਤ ॥’’ ਦਾ ਹਵਾਲਾ ਦੇ ਦਿੱਤਾ, ਜੋ ਕਿ ਗ਼ਲਤ ਹੈ ਕਿਉਂਕਿ ਇਸ ਗੁਰੂ ਵਾਕ ’ਚ ਕੋਈ ਸੰਕੇਤ ਨਹੀਂ ਮਿਲਦਾ ਕਿ 500 ਸਾਲ ਪਹਿਲਾਂ ਜਿਸ ਪ੍ਰਵਿਸ਼ਟੇ ਨੂੰ ਜੋ ਤਿੱਥ ਸੀ, ਉਸੇ ਪ੍ਰਵਿਸ਼ਟੇ ਨੂੰ ਉਹ ਤਿੱਥ 500 ਸਾਲ ਬਾਅਦ ਭੀ ਹੋਵੇਗੀ।
ਇਸ ਲੜੀ ’ਚ ਤੀਸਰੇ ਵਿਦਵਾਨ ਡਾ: ਸੁਖਦਿਆਲ ਸਿੰਘ ਦੀ ਵਿਦਵਤਾ ਵੀ ਵੇਖਣਯੋਗ ਹੈ। ਉਹ ਆਪਣੀ ਪੁਸਤਕ ‘ਪੰਜਾਬ ਦਾ ਇਤਿਹਾਸ/ ਗੁਰੂ-ਕਾਲ 1469-1708’ ਜਿਲਦ ਪੰਜਵੀਂ ਦੇ ਪੰਨਾ 48 ’ਤੇ ਲਿਖਦਾ ਹੈ ‘ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਅਗਲਾ ਉੱਤਰਾਧਿਕਾਰੀ ਥਾਪਿਆ ਅਤੇ ਆਪ 69 ਸਾਲ 10 ਮਹੀਨੇ 10 ਦਿਨ ਦੀ ਉਮਰ ਬਤੀਤ ਕਰਕੇ ਅੱਸੂ ਵਦੀ ਦਸਮੀ ਸੰਮਤ 1596 ਬਿਕਰਮੀ ਮੁਤਾਬਿਕ 22 ਸਤੰਬਰ 1539 ਈ: ਵਿੱਚ ਜੋਤੀ-ਜੋਤ ਸਮਾ ਗਏ ਸਨ।’
ਆਪਣੀ ਹੀ ਦੂਸਰੀ ਪੁਸਤਕ ‘ਸ਼੍ਰੋਮਣੀ ਸਿੱਖ ਇਤਿਹਾਸ’ ’ਚ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਸੰਮਤ 1596 ਦੀ ਥਾਂ, ਅੱਸੂ ਵਦੀ 10 ਸੰਮਤ 1597 ਬਿਕਰਮੀ ਮੁਤਾਬਿਕ 22 ਸਤੰਬਰ 1540 ਈ: ਲਿਖ ਦਿੱਤਾ :
ਡਾ: ਸੁਖਦਿਆਲ ਸਿੰਘ ਦੀ ਸ਼ਰੋਮਣੀ ਸਿੱਖ ਇਤਿਹਾਸ ਦੀ ਪੁਸਤਕ ’ਚੋਂ ਪੰਨਾ 40 ਦੇ ਇਕ ਹਿੱਸੇ ਦੀ ਫੋਟੋ
ਹੈਰਾਨੀ ਹੁੰਦੀ ਹੈ ਕਿ ਡਾ: ਸੁਖਦਿਆਲ ਸਿੰਘ ਮੁਤਾਬਕ ਸੰਮਤ 1596 ਬਿ: ਵਿੱਚ ਜੋਤੀ ਜੋਤ ਸਮਾਉਣ ਸਮੇਂ ਵੀ ਗੁਰੂ ਜੀ ਦੀ ਉਮਰ 69 ਸਾਲ 10 ਮਹੀਨੇ 10 ਦਿਨ ਹੈ ਅਤੇ ਅਗਲੇ ਸਾਲ ਸੰਮਤ 1597 ਵਿੱਚ ਜੋਤੀ ਜੋਤ ਸਮਾਉਣ ਨਾਲ਼ ਵੀ 69 ਸਾਲ 10 ਮਹੀਨੇ 10 ਦਿਨ ਬਣਦੀ ਹੈ, ਜਦੋਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਨ ਦੋਵੇਂ ਥਾਂ ਕੱਤਕ ਦੀ ਪੂਰਨਮਾਸ਼ੀ ਸੰਮਤ 1526 ਮੰਨਿਆ ਗਿਆ ਹੈ।
ਡਾ. ਸੁਖਦਿਆਲ ਸਿੰਘ ਮੁਤਾਬਕ ਗੁਰੂ ਸਾਹਿਬ ਦਾ ਜੋਤੀ ਜੋਤ ਸਮਾਉਣ ਦੀ ਮਿਤੀ (ਅੱਸੂ ਵਦੀ ਦਸਮੀ ਸੰਮਤ 1596 ਬਿ. ਨੂੰ ਵੀ) 22 ਸਤੰਬਰ ਅਤੇ ਅਗਲੇ ਸਾਲ ਅੱਸੂ ਵਦੀ ਦਸਮੀ ਸੰਮਤ 1597 ਬਿ. ਨੂੰ ਵੀ 22 ਸਤੰਬਰ !! ਕਮਾਲ ਦੀ ਖੋਜ ਕੀਤੀ ਹੈ। ਆਮ ਵਿਅਕਤੀ ਨੂੰ ਵੀ ਪਤਾ ਹੈ ਕਿ ਚੰਦਰ ਕੈਲੰਡਰ ਦੀ ਕੋਈ ਇੱਕ ਤਿੱਥ, ਜੋ ਸੂਰਜੀ ਕੈਲੰਡਰ ਦੇ ਇਸ ਸਾਲ ਦੀ ਤਾਰੀਖ਼ ਨੂੰ ਆਈ ਹੋਵੇ, ਉਹ ਅਗਲੇ ਸਾਲ ’ਚ ਸੂਰਜੀ ਤਾਰੀਖ਼ ਤੋਂ 11 ਦਿਨ ਪਹਿਲਾਂ (ਜਾਂ ਦੋ ਤਿੰਨ ਸਾਲ ’ਚ ਕਦੇ ਕਦਾਈਂ 18/19 ਦਿਨ ਬਾਅਦ) ਆਉਂਦੀ ਹੈ।
ਵੈਸੇ ਭੀ ਡਾ. ਸੁਖਦਿਆਲ ਸਿੰਘ ਵੱਲੋਂ ਲਿਖੀਆਂ ਬਿਕ੍ਰਮੀ ਅਤੇ ਜੂਲੀਅਨ ਤਾਰੀਖ਼ਾਂ ਦਾ ਆਪਸ ’ਚ ਕੋਈ ਤਾਲਮੇਲ ਨਹੀਂ; ਜਿਵੇਂ ਕਿ ਅੱਸੂ ਵਦੀ 10 ਸੰਮਤ 1596 ਨੂੰ ਦੂਸਰੀਆਂ ਪੱਧਤੀਆਂ ’ਚ ਤਬਦੀਲ ਕਰਕੇ ਬਣਦਾ ਹੈ 8 ਅੱਸੂ, 7 ਸਤੰਬਰ 1539 ਜੂਲੀਅਨ ਅਤੇ ਅੱਸੂ ਵਦੀ 10 ਸੰਮਤ 1597 ਨੂੰ ਤਬਦੀਲ ਕਰਕੇ ਬਣਦਾ ਹੈ 29 ਭਾਦੋਂ, 22 ਅਗਸਤ 1540 ਜੂਲੀਅਨ ਜਦਕਿ ਇਸ ਵਿਦਵਾਨ ਨੇ ਸੰਮਤ 1596 ਅੱਸੂ ਵਦੀ 10 ਤਾਂ ਕਰਤਾਰਪੁਰੀ ਬੀੜ ਵਾਲ਼ੀ ਲੈ ਲਈ, ਪਰ 22 ਸਤੰਬਰ ਸੰਨ 1539 ਉਹ ਲੈ ਲਿਆ ਜੋ ਸ. ਕਰਮ ਸਿੰਘ ਹਿਸਟੋਰੀਅਨ ਦੀ ਪੁਸਤਕ ’ਚ ਅੱਸੂ ਸੁਦੀ 10 ਦੇ ਹਿਸਾਬ ਨਾਲ ਕੱਢਿਆ ਸੀ (ਨਾ ਕਿ ਅੱਸੂ ਵਦੀ 10 ਨਾਲ) ਜਦ ਕਿ ਸਚਾਈ ਇਹ ਹੈ ਕਿ ਅੱਸੂ ਵਦੀ 10, ਸੰਮਤ 1597 ਨੂੰ 27 ਅਗਸਤ 1540 ਸੀ (ਨਾ ਕਿ 22 ਸਤੰਬਰ 1539)। ਇਸ ਵਿਦਵਾਨ ’ਤੇ ਤਾਂ ਇਹ ਮੁਹਾਵਰਾ ਢੁੱਕਦਾ ਹੈ ‘ਕਹੀਂ ਕੀ ਈਂਟ ਕਹੀਂ ਕਾ ਰੋੜਾ, ਭਾਨਮਤੀ ਨੇ ਕੁਨਬਾ ਜੋੜਾ’। ਕਿਸੇ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦਾ ਮੁਖੀ, ਇਸ ਤਰ੍ਹਾਂ ਦੀ ਗ਼ਲਤੀ ਕਰੇ ਕਿ ਅੱਸੂ ਵਦੀ 10 ਨੂੰ ਲਗਾਤਾਰ ਦੋ ਸਾਲ (ਸੰਮਤ 1596 ਅਤੇ 1597) ਇਕੋ ਤਾਰੀਖ਼ 22 ਸਤੰਬਰ ਨੂੰ ਵਿਖਾ ਦੇਵੇ ਤਾਂ ਉਸ ਵੱਲੋਂ ਲਿਖੇ ਇਤਿਹਾਸ ’ਤੇ ਸਵਾਲੀਆ ਚਿੰਨ੍ਹ ਲੱਗਣਾ ਲਾਜ਼ਮੀ ਹੈ।
ਜੇਕਰ ਮੰਨ ਵੀ ਲਈਏ ਕਿ ਗੁਰੂ ਨਾਨਕ ਸਾਹਿਬ ਜੀ ਦਾ ਇਹ ਸ਼ਬਦ (ਆਵਨਿ ਅਠਤਰੈ ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ॥ (ਮਹਲਾ ੧/੭੨੩) 19 ਸਾਲ ਪਹਿਲਾਂ (ਸੰਨ 1521 ’ਚ ਕੀਤੀ) ਭਵਿੱਖਬਾਣੀ ਨਹੀਂ ਬਲਕਿ ਸੰਮਤ 1597 (ਸੰਨ 1540) ਤੱਕ ਗੁਰੂ ਸਾਹਿਬ ਜੀ ਨੇ ਆਪਣੀ ਹੈਯਾਤੀ ਵਿੱਚ ਹੀ ਅੱਖੀਂ ਡਿੱਠਾ ਹਾਲ ਵਰਣਨ ਕੀਤਾ ਹੋਵੇ ਤਾਂ ਡਾ: ਸੁਖਦਿਆਲ ਸਿੰਘ ਨੇ ਕਿਵੇਂ ਮੰਨ ਲਿਆ ਕਿ ਗੁਰੂ ਨਾਨਕ ਜੀ ਸੰਮਤ 1597 ਵਿੱਚ ਅੱਸੂ ਵਦੀ 10 ਨੂੰ ਹੀ ਜੋਤੀ-ਜੋਤ ਸਮਾਏ ਹਨ। ਇਸ ਤਾਰੀਖ਼ ਸੰਬੰਧੀ ਨਾ ਕੋਈ ਇਤਿਹਾਸਕ ਹਵਾਲਾ ਹੈ ਅਤੇ ਨਾ ਹੀ ਇਸ ਵੱਲੋਂ ਜਿਸ ਸ਼ਬਦ ਦਾ ਸਹਾਰਾ ਲੈ ਕੇ ਗੁਰੂ ਸਾਹਿਬ ਜੀ ਦੇ ਜੋਤੀ-ਜੋਤ ਸਮਾਉਣ ਦਾ ਸੰਮਤ 1596 ਦੀ ਬਜਾਏ 1597 ਲਿਖਿਆ ਹੈ; ਉਸ ਸ਼ਬਦ ਵਿੱਚੋਂ ਕੋਈ ਸੰਕੇਤ ਮਿਲਦਾ ਹੈ ਕਿ ਗੁਰੂ ਸਾਹਿਬ ਜੀ ਕਿਸ ਸੰਮਤ, ਮਹੀਨੇ ਜਾਂ ਤਿੱਥ ਨੂੰ ਜੋਤੀ-ਜੋਤ ਸਮਾਏ ਸਨ। ਜੇ ਹੋਰ ਇਤਿਹਾਸਕਾਰ; ਡਾ: ਸੁਖਦਿਆਲ ਸਿੰਘ ਵਾਙ ਆਪਣੇ ਹੀ ਮਨ ਦੀਆਂ ਮਿੱਥਾਂ ਨਾਲ ਗੁਰੂ ਸਾਹਿਬ ਜੀ ਦਾ ਜੋਤੀ-ਜੋਤ ਸਮਾਉਣ ਦਾ ਸੰਮਤ 1597 ਦੀ ਥਾਂ 1598 ਜਾਂ 1599 ਜਾਂ 1600 ਲਿਖ ਦੇਵੇ ਤਾਂ ਕੀ ਅਜਿਹੇ ਇਤਿਹਾਸਕਾਰ; ਪਹਿਲਾਂ ਤੋਂ ਹੀ ਗੁਰ ਇਤਿਹਾਸ ਦੀਆਂ ਤਾਰੀਖ਼ਾਂ ਸੰਬੰਧੀ ਬਣੀ ਦੁਬਿਧਾ ਨੂੰ ਹੋਰ ਨਹੀਂ ਵਧਾ ਰਹੇ ? ਕਿਸੇ ਡੇਰੇਦਾਰ ਵੱਲੋਂ ਮਨ ਦੀਆਂ ਉਡਾਰੀਆਂ ਲਾਉਂਦੇ ਹੋਏ ਇਸ ਤਰ੍ਹਾਂ ਦੀਆਂ ਤਾਰੀਖ਼ਾਂ ਲਿਖੀਆਂ ਜਾਣਾ ਤਾਂ ਹੋਰ ਗੱਲ ਹੈ ਪਰ ਯੂਨੀਵਰਸਿਟੀਆਂ ਦੇ ਪੀ. ਐੱਚ. ਡੀ ਵਿਦਵਾਨ; ਇਸ ਤਰ੍ਹਾਂ ਦੀਆਂ ਖ਼ਿਆਲੀ ਉਡਾਰੀਆਂ ਮਾਰਨ ਲੱਗ ਜਾਣ ਤਾਂ ਸਿੱਖ ਇਤਿਹਾਸ ਨੂੰ ਕੌਣ ਦਰੁਸਤ ਕਰੇਗਾ ?
ਉਪਰੋਕਤ ਤੱਥਾਂ ਨੂੰ ਵੇਖ ਕੇ ਪੰਜਾਬੀ ਦਾ ਮੁਹਾਵਰਾ ਚੇਤੇ ਆਉਂਦਾ ਹੈ ‘ਨਕਲ ਮਾਰਨ ਵਾਸਤੇ ਵੀ ਅਕਲ ਦੀ ਲੋੜ ਹੁੰਦੀ ਹੈ’, ਪਰ ਇਸ ਵਿਦਵਾਨ ਨੇ ਤਾਂ ਨਕਲ ਮਾਰਨ ਸਮੇਂ ਅਕਲ ਦੀ ਵਰਤੋਂ ਭੀ ਨਹੀਂ ਕੀਤੀ। ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁੱਖੀ ਪ੍ਰੋਫੈਸਰ ਵੱਲੋਂ ਕੀਤੀ ਇਹ ਨਵੀਂ ਖੋਜ ਸ਼ੱਕ ਪੈਦਾ ਕਰਦੀ ਹੈ ਕਿ ਇਸ ਯੂਨੀਵਰਸਿਟੀ ਨੇ ਅਜਿਹੇ ਮੁਖੀ ਪ੍ਰੋਫੈਸਰਾਂ ਦੀ ਦੇਖ-ਰੇਖ ਹੇਠ ਕਿਸ ਤਰ੍ਹਾਂ ਦੇ ਵਿਦਵਾਨ ਇਤਿਹਾਸਕਾਰ ਪੈਦਾ ਕੀਤੇ ਹੋਣਗੇ ? ਉਹ ਤਾਂ ਆਪਣੇ ਪ੍ਰੋਫੈਸਰ ਦੀ ਪੁਸਤਕ ਨੂੰ ਹੀ ਸਬੂਤ ਵਜੋਂ ਮੰਨ ਕੇ ਅਗਾਂਹ ਆਪਣੀਆਂ ਪੁਸਤਕਾਂ ਤੇ ਲੇਖ ਲਿਖੀ ਜਾਣਗੇ। ਇਸ ਸੰਬੰਧੀ ਪੰਜਾਬੀ ਯੂਨੀਵਰਸਿਟੀ ਨੂੰ ਵੀ ਚਾਹੀਦਾ ਹੈ ਕਿ ਯੂਨੀਵਰਸਿਟੀ ਦੀ ਭਰੋਸੇਯੋਗਤਾ (Creditiablity) ਨੂੰ ਢਾਹ ਲਾ ਰਹੇ ਆਪਣੇ ਪ੍ਰੋਫ਼ੈਸਰਾਂ ਦੀਆਂ ਖੋਜਾਂ ਦਾ ਮੁੜ ਮੂਲਾਂਕਣ ਕਰੇ।
ਸ. ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਸਾਹਿਬਾਨ ਦੇ ਗੁਰ ਪੁਰਬ ਨਿਸ਼ਚਿਤ ਕਰਨ ਲਈ 34 ਪੁਰਾਤਨ ਅਤੇ ਨਵੇਂ ਲਿਖਾਰੀਆਂ ਦੀਆਂ ਪੁਸਤਕਾਂ ਵਿੱਚੋਂ ਤਾਰੀਖ਼ਾਂ ਨੋਟ ਕਰਕੇ ਇੱਕ ਸੂਚੀ ਬਣਾਈ ਹੈ। ਇਸ ਸੂਚੀ ਨਾਲ ਸਪਸ਼ਟ ਹੁੰਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਇਲਾਵਾ ਬਾਕੀ ਸਾਰੇ ਗੁਰੂ ਸਾਹਿਬਾਨ ਦੇ ਪ੍ਰਕਾਸ਼ ਦਿਹਾੜਿਆਂ ’ਚ ਸਹਿਮਤੀ ਨਹੀਂ, ਮਤਭੇਦ ਹਨ ਜਦਕਿ ਜੋਤੀ-ਜੋਤ ਸਮਾਉਣ ਦੀਆਂ ਸਾਰੀਆਂ ਤਾਰੀਖ਼ਾਂ ਬਾਰੇ ਨਵੇਂ ਤੇ ਪੁਰਾਤਨ ਲਿਖਾਰੀਆਂ ’ਚ ਆਮ ਸਹਿਮਤੀ ਹੈ। ਇਸ ਦਾ ਇਹੀ ਕਾਰਨ ਹੈ ਕਿ ਜਨਮ ਵੇਲੇ ਕਿਸੇ ਨੂੰ ਨਹੀਂ ਪਤਾ ਹੁੰਦਾ ਕਿ ਇਸ ਬਾਲਕ ਨੇ ਵੱਡਾ ਹੋ ਕੇ ਗੁਰੂ ਬਣਨਾ ਹੈ, ਮਹਾਨ ਰੁਤਬੇ ’ਤੇ ਪਹੁੰਚੇਗਾ ਤੇ ਸਿਰ ਉੱਪਰ ਛਤਰ ਝੁਲੇਗਾ। ਇਸ ਲਈ ਜਨਮ ਦਿਨਾਂ ਦਾ ਬਹੁਤਾ ਰਿਕਾਰਡ ਸਪਸ਼ਟ ਨਹੀਂ, ਪਰ ਜੋਤੀ-ਜੋਤ ਸਮਾਉਣ ਸਮੇਂ ਅਣਗਿਣਤ ਸਿੱਖ-ਸੇਵਕ ਹੋਣ ਕਰਕੇ ਤਾਰੀਖ਼ ਸੰਬੰਧੀ ਕੋਈ ਭੁਲੇਖਾ ਨਹੀਂ ਰਿਹਾ ਤੇ ਠੀਕ ਤਾਰੀਖ਼ਾਂ ਹੀ ਨੋਟ ਕੀਤੀਆਂ ਗਈਆਂ। ਸ: ਕਰਮ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਦੇ ਜੋਤੀ ਸਮਾਉਣ ਦੀ ਤਾਰੀਖ਼ ਅੱਸੂ ਸੁਦੀ 10, ਸੰਮਤ 1596 (ਸੰਨ 1539), ਜਨਮ ਸਾਖੀਆਂ ਵਿੱਚੋਂ ਲਈ ਹੈ। ਇਸ ਤਾਰੀਖ਼ ’ਚੋਂ ਗੁਰੂ ਸਾਹਿਬ ਜੀ ਦੀ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਘਟਾ ਕੇ ਜਨਮ ਮਿਤੀ ਸੰਮਤ 1526, ਵੈਸਾਖ ਸੁਦੀ 3, ਕੱਢੀ ਗਈ। ਬਾਅਦ ’ਚ ਇਸ ਤਰੀਖ਼ ਨੂੰ ਸੂਰਜੀ ਤਾਰੀਖਾਂ ’ਚ ਤਬਦੀਲ ਕਰਕੇ 20 ਵੈਸਾਖ ਸੰਮਤ 1526 ਬਣੀ, ਜੋ ਕਿ ਉਸ ਸਾਲ 15 ਅਪ੍ਰੈਲ 1469 ਬਣਦੀ ਹੈ।
ਸ: ਪਾਲ ਸਿੰਘ ਪੁਰੇਵਾਲ ਨੇ ਵੀ ਇਹੋ ਤਰੀਕਾ ਅਪਣਾਇਆ ਹੈ, ਪਰ ਫ਼ਰਕ ਸਿਰਫ ਇੰਨਾ ਹੈ ਕਿ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ਼ ਜਨਮ ਸਾਖੀਆਂ ਵਾਲੀ ਅੱਸੂ ਸੁਦੀ 10, ਸੰਮਤ 1596 ਦੀ ਥਾਂ (ਕਿਉਂਕਿ ਜਨਮ ਸਾਖੀਆਂ ’ਚ ਭੀ ਸਮਾਨਤਾ ਨਹੀਂ) ਕਰਤਾਰਪੁਰੀ ਬੀੜ ਵਾਲ਼ੀ ਸਰਬ ਪ੍ਰਮਾਣਿਤ ਤਾਰੀਖ਼ ਅੱਸੂ ਵਦੀ 10, ਸੰਮਤ 1596 ਲਈ ਹੈ। ਇਹ ਤਿੱਥ ਸੂਰਜੀ ਤਾਰੀਖ਼ਾਂ ’ਚ ਤਬਦੀਲ ਕੀਤਿਆਂ 8 ਅੱਸੂ, ਸੰਮਤ 1526 ਬਣੀ, ਜਿਸ ’ਚੋਂ ਗੁਰੂ ਸਾਹਿਬ ਜੀ ਦੀ ਕੁੱਲ ਆਯੂ 70 ਸਾਲ 5 ਮਹੀਨੇ 7 ਦਿਨ ਘਟਾ ਕੇ ਜਨਮ ਮਿਤੀ 1 ਵੈਸਾਖ, ਸੰਮਤ 1526 ਕੱਢੀ ਗਈ ਅਤੇ ਤਬਦੀਲ ਕਰਕੇ ਚੇਤ ਸੁਦੀ ਪੂਰਨਮਾਸ਼ੀ, ਨਛੱਤਰ ਹਸਤ/ 27 ਮਾਰਚ 1469 ਜੂਲੀਅਨ; ਨਾਨਕਸ਼ਾਹੀ ਸੰਮਤ 1 ਬਣਾਈ ਹੈ। ਇਹ ਤਰੀਕਾ ਵਧੇਰੇ ਸਹੀ ਜਾਪਦਾ ਹੈ ਕਿਉਂਕਿ ਚੰਦਰਮਾਂ ਦੀਆਂ ਤਿਥਾਂ ’ਚ ਹਿਸਾਬ-ਕਿਤਾਬ ਸਹੀ ਨਹੀਂ ਰਹਿੰਦਾ; ਜਿਵੇਂ ਕਿ
(ੳ) ਵੈਸਾਖ ਵਦੀ 3 ਸੰਮਤ 2077 = 28 ਚੇਤ ਸੰਮਤ 2076 / 10 ਅਪ੍ਰੈਲ 2020
(ਅ) ਵੈਸਾਖ ਵਦੀ 3 ਸੰਮਤ 2078 = 17 ਵੈਸਾਖ ਸੰਮਤ 2078 / 29 ਅਪ੍ਰੈਲ 2021
(ੲ) ਵੈਸਾਖ ਵਦੀ 3 ਸੰਮਤ 2079 = 6 ਵੈਸਾਖ ਸੰਮਤ 2079 / 19 ਅਪ੍ਰੈਲ 2022
(ੳ) ਅਤੇ (ਅ) ਵਿਚਕਾਰ ਚੰਦਰਮਾ ਦੀਆਂ ਉਕਤ ਪਹਿਲੀਆਂ ਦੋ ਤਿਥਾਂ (ਵੈਸਾਖ ਵਦੀ 3 ਸੰਮਤ 2077 ਅਤੇ ਵੈਸਾਖ ਵਦੀ 3 ਸੰਮਤ 2078) ਵਿਚਕਾਰ ਫਰਕ ਪੂਰੇ ਇੱਕ ਸਾਲ ਹੈ, ਪਰ ਉਕਤ ਸੂਰਜੀ ਤਾਰੀਖਾਂ (28 ਚੇਤ ਸੰਮਤ 2076 ਅਤੇ 17 ਵੈਸਾਖ ਸੰਮਤ 2078 ਵਿਚਕਾਰ ਇੱਕ ਸਾਲ ਤੋਂ 19 ਦਿਨ ਵੱਧ ਹੈ। ਚੇਤੇ ਰਹੇ ਕਿ ਬਿਕ੍ਰਮੀ ਸੰਮਤ ਦਾ ਪਹਿਲਾ ਮਹੀਨਾ ਵੈਸਾਖ ਅਤੇ ਅਖੀਰਲਾ ਚੇਤ ਹੈ। ਵੇਖਣ ਵਾਲੇ ਨੂੰ ਜਾਪਦਾ ਹੈ ਕਿ ਸੰਮਤ 2076 ਅਤੇ ਸੰਮਤ 2078 ’ਚ ਦੋ ਸਾਲ ਦਾ ਫ਼ਰਕ ਹੈ, ਪਰ ਇਹ ਫ਼ਰਕ ਸਿਰਫ 1 ਸਾਲ 19 ਦਿਨਾਂ ਦਾ ਹੀ ਹੈ।
ਇਸੇ ਤਰ੍ਹਾਂ (ਅ) ਅਤੇ (ੲ) ਵਿਚਕਾਰ ਚੰਦਰਮਾ ਤਿਥਾਂ ’ਚ ਫਰਕ ਪੂਰਾ ਇੱਕ ਸਾਲ ਹੈ, ਪਰ ਬਿਕਰਮੀ ਸੂਰਜੀ ਤਾਰੀਖਾਂ (17 ਵੈਸਾਖ ਸੰਮਤ 2078 ਅਤੇ 6 ਵੈਸਾਖ ਸੰਮਤ 2079) ਵਿਚਕਾਰ ਇੱਕ ਸਾਲ ਤੋਂ 11 ਦਿਨ ਘੱਟ ਹੈ
(ੳ) ਅਤੇ (ੲ) ਚੰਦਰਮਾ ਤਿਥਾਂ ਵਿਚਕਾਰ ਫਰਕ ਪੂਰੇ ਦੋ ਸਾਲ ਦਾ ਹੈ, ਪਰ ਸੂਰਜੀ ਤਾਰੀਖਾਂ ਮੁਤਾਬਕ ਦੋ ਸਾਲ ਤੋਂ 9 ਦਿਨ ਵੱਧ ਹੈ।
ਇਸ ਲਈ ਉਮਰ ਦੀ ਗਣਿਤ ਕਰਦੇ ਸਮੇਂ ਹਮੇਸ਼ਾਂ ਸੂਰਜੀ ਤਾਰੀਖ਼ਾਂ ਨਾਲ ਹੀ ਹਿਸਾਬ ਸਹੀ ਬੈਠਦਾ ਹੈ। ਜੇ ਸ: ਕਰਮ ਸਿੰਘ ਜੀ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦੀ ਕਰਤਾਰਪੁਰੀ ਬੀੜ ਵਾਲੀ ਸਰਬ ਪ੍ਰਮਾਣਿਤ ਤਾਰੀਖ਼ ਅੱਸੂ ਵਦੀ 10, ਸੰਮਤ 1596 ਲੈ ਕੇ ਉਸ ਵਿੱਚੋਂ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਘਟਾਉਂਦੇ ਤਾਂ ਚੰਦਰਮਾ ਤਿਥਾਂ ਮੁਤਾਬਕ ਪ੍ਰਕਾਸ਼ ਪੁਰਬ ਦੀ ਤਾਰੀਖ਼ ਵੈਸਾਖ ਵਦੀ 3, ਸੰਮਤ 1526 ਬਣਨਾ ਸੀ, ਜਿਸ ਨੂੰ ਸੂਰਜੀ ਤਾਰੀਖ਼ਾਂ ’ਚ ਤਬਦੀਲ ਕੀਤਿਆਂ 4 ਵੈਸਾਖ, ਸੰਮਤ 1526/ 30 ਮਾਰਚ 1469 ਹੁੰਦਾ ਹੈ। ਸ: ਪੁਰੇਵਾਲ ਨਾਲੋਂ 3 ਦਿਨਾਂ ਦਾ ਫਰਕ, ਜੋ ਸੂਰਜੀ ਤਾਰੀਖ਼ ਦੀ ਥਾਂ ਚੰਦਰਮਾ ਤਿਥਾਂ ਮੁਤਾਬਕ ਗਣਿਤ ਕਰਨ ਨਾਲ ਪਿਆ ਹੈ।
ਭਾਈ ਗੁਰਦਾਸ ਜੀ ਦੇ ਕਬਿਤ ਨੰ: 345, 346, 347 ਨਾਲ਼ ਗੁਰੂ ਨਾਨਕ ਸਾਹਿਬ ਜੀ ਦਾ ਜਨਮ, ਕੱਤਕ ਦੀ ਪੂਰਨਮਾਸ਼ੀ ਸਿੱਧ ਕੀਤਾ ਜਾਂਦਾ ਹੈ, ਪਰ ਜੇ ਇਨ੍ਹਾਂ ਕਬਿਤਾਂ ਨੂੰ ਪੜ੍ਹੀਏ ਤਾਂ ਇਨ੍ਹਾਂ ਦਾ ਸੰਬੰਧ ਗੁਰੂ ਸਾਹਿਬ ਜੀ ਦੇ ਜਨਮ ਦਿਨ ਨਾਲ਼ ਬਿਲਕੁਲ ਨਹੀਂ ਜੁੜ ਰਿਹਾ; ਜਿਵੇਂ ਕਿ ਇੱਥੇ ਕੇਵਲ ਕਵਿਤ ਨੰਬਰ 345 ਵਿਚਾਰਿਆ ਜਾ ਰਿਹਾ ਹੈ :
ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ; ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ।
ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ; ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ।
ਚਾਤਿਰ ਚਤੁਰ ਪਾਠ, ਸੇਵਕ ਸਹੇਲੀ ਸਾਠਿ; ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ।
ਸੁੰਦਰ ਮੰਦਰ, ਸੁਭ ਲਗਨ ਸੰਜੋਗ ਭੋਗ; ਜੀਵਨ ਜਨਮ ਧੰਨਿ, ਪ੍ਰੀਤਮ ਪਿਆਰੀ ਹੈ ॥੩੪੫॥
ਅਰਥ : (ਹੇ ਮੇਰੀ ਪਿਆਰੀ ਸਤਿਸੰਗੀ ਭੈਣੇ (ਮੱਤ)! ਤੂੰ ਪਤੀ ਪਾਸੋਂ ਕਿਉਂ ਰੁਸੀ ਹੋਈ ਹੈਂ, ਵੇਖ ਕੁਦਰਤ ’ਚ) ਪੂਰਨਮਾਸ਼ੀ ਵਾਲ਼ੀ ਸਰਦ ਰੁੱਤ ਹੈ, ਕੱਤਕ ਦਾ ਮਹੀਨਾ ਹੈ। ਅੱਠੇ ਪਹਿਰ, ਸੱਠੇ ਘੜੀਆਂ ਯਾਨੀ ਹਰ ਸੁਆਸ ਤੇਰੇ ਖਿੜਨ ਦਾ ਸਮਾਂ ਹੈ। ਤੇਰਾ ਸੁੰਦਰ ਰੂਪ ਤੇ ਜਵਾਨੀ ਬੜੇ ਗੁਣਦਾਇਕ ਹਨ। ਸੰਸਾਰ ਦੇ ਪਤੀ (ਮਾਲਕ) ਦੀ ਇਸਤਰੀ ਬਣ ਕੇ (ਮਨ ਨੂੰ) ਜਿੱਤਣ (ਅਭਿਜੀਤ) ਦਾ ਵੇਲ਼ਾ ਹੈ। ਤੂੰ ਵਿੱਦਿਆ ਗ੍ਰਹਿਣ ਕਰਨ ’ਚ ਬੜੀ ਸਿਆਣੀ, ਹੁਸ਼ਿਆਰ ਹੈਂ। ਤੇਰੀਆਂ 60 ਯਾਨੀ ਬਹੁਤ ਸਹੇਲੀਆਂ ਹਨ, ਬਹੁਤ ਸੇਵਕ ਹਨ। ਰਾਜ ਭਾਗ ਨਾਲ ਭੀ ਤੈਨੂੰ ਮਾਲਕ ਨੇ ਭਾਗ ਲਾਇਆ ਹੋਇਆ ਹੈ। ਧਨ ਸਮੱਗਰੀ ਦਾ ਸੁੱਖ ਭੋਗਦੀ ਹੈਂ। ਚੰਗੇ ਮਕਾਨ, ਚੰਗੇ ਲਗਨ ’ਚ ਤੇਰਾ ਪਤੀ ਨਾਲ ਸੰਜੋਗ ਬਣਿਆ ਹੈ, ਜਿਸ ਕਾਰਨ ਸਾਰੇ ਪਦਾਰਥਾਂ ਦੇ ਭੋਗ ਭੋਗਦੀ ਹੈਂ, ਪਰ ਤੇਰਾ ਜਨਮ ਅਤੇ ਜੀਵਨ ਤਾਂ ਹੀ ਧੰਨਤਾਯੋਗ ਹੈ, ਸਫਲ ਹੈ ਜੇਕਰ ਤੂੰ ਪ੍ਰੀਤਮ-ਪਿਆਰੇ ਨੂੰ ਪਿਆਰੀ ਲੱਗੇਂ, ਚੰਗੀ ਲੱਗੇਂ।
ਉਕਤ ਪੂਰਾ ਕਬਿਤ, ਇਸਤਰੀ ਲਿੰਗ (ਮੱਤ) ਨੂੰ ਸੰਬੋਧਨ ਵਜੋਂ ਉਚਾਰਿਆ ਹੈ, ਜਿਸ ਵਿੱਚ ‘ਨਾਇਕਾ, ਪਿਆਰੀ’ ਆਦਿ ਸ਼ਬਦ ਇਸਤਰੀ ਲਿੰਗ ਹਨ ਅਤੇ ‘ਚਤੁਰ, ਚਾਤਿਰ, ਰੂਪ’ ਆਦਿ ਸ਼ਬਦ ਇਸਤਰੀ ਦੀ ਸਿਆਣਪ, ਹੁਸ਼ਿਆਰੀ, ਸੁੰਦਰਤਾ ਦੇ ਪ੍ਰਤੀਕ ਹਨ, ਨਾ ਕਿ ਭਾਈ ਗੁਰਦਾਸ ਜੀ ਗੁਰੂ ਨਾਨਕ ਸਾਹਿਬ ਨੂੰ ਇਸਤਰੀ ਕਹਿਣਗੇ; ਜਿਵੇਂ ਕਿ ਅਰਥ ਕੀਤੇ ਜਾਂਦੇ ਹਨ ਕਿ ‘ਹੇ ਨਾਨਕ! ਕੱਤਕ ਦੀ ਪੁਰਨਮਾਸ਼ੀ ਨੂੰ ਜਨਮ ਲੈਣ ਦੀ ਤੇਰੀ ਵਾਰੀ ਹੈ।’ ਜੇਕਰ ਇਹ ਸ਼ਬਦ ਗੁਰੂ ਨਾਨਕ ਜੀ ਦੇ ਸੰਬੰਧ ’ਚ ਹੁੰਦਾ ਤਾਂ ਸਾਰੇ ਸ਼ਬਦ ਪੁਲਿੰਗ ਹੁੰਦੇ ਅਤੇ ਨਾਨਕ ਸ਼ਬਦ ਦੀ ਵਰਤੋਂ ਭੀ ਕੀਤੀ ਹੁੰਦੀ ਕਿਉਂਕਿ ਭਾਈ ਗੁਰਦਾਸ ਜੀ ਦੀ ਰਚਨਾ (ਕਬਿਤ ਅਤੇ ਵਾਰਾਂ) ਵਿੱਚ ਨਾਨਕ ਸ਼ਬਦ 49 ਵਾਰ ਵਰਤਿਆ ਮਿਲਦਾ ਹੈ, ਫਿਰ ਇੱਕ ਵਾਰ ਹੋਰ ਇੱਥੇ ਕਿਉਂ ਨਾ ਵਰਤਿਆ ?
ਦੂਜੇ ਪਾਸੇ ਭਾਈ ਗੁਰਦਾਸ ਜੀ; ਆਪਣੀ ਪਹਿਲੀ ਵਾਰ ’ਚ ਹੀ ਗੁਰੂ ਨਾਨਕ ਸਾਹਿਬ ਜੀ ਦੀ ਸੰਖੇਪ ਜੀਵਨ ਕਥਾ ਬਿਆਨ ਕਰ ਰਹੇ ਹਨ :
ਸਤਿਗੁਰ ਨਾਨਕ ਪ੍ਰਗਟਿਆ ; ਮਿਟੀ ਧੁੰਧੁ, ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ; ਤਾਰੇ ਛਪੇ, ਅੰਧੇਰੁ ਪਲੋਆ ।
ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ, ਨ ਧੀਰਿ ਧਰੋਆ।
ਜਿਥੇ ਬਾਬਾ ਪੈਰ ਧਰੇ ; ਪੂਜਾ ਆਸਣੁ ਥਾਪਣਿ ਸੋਆ।
ਸਿਧ ਆਸਣਿ ਸਭਿ ਜਗਤ ਦੇ ; ਨਾਨਕ ਆਦਿ ਮਤੇ ਜੇ ਕੋਆ।
ਘਰਿ ਘਰਿ ਅੰਦਰਿ ਧਰਮਸਾਲ ; ਹੋਵੈ ਕੀਰਤਨੁ ਸਦਾ ਵਿਸੋਆ।
ਬਾਬੇ ਤਾਰੇ ਚਾਰਿ ਚਕਿ ; ਨਉ ਖੰਡਿ ਪ੍ਰਿਥਮੀ ਸਚਾ ਢੋਆ ॥27॥
ਇਸ ਉਕਤ ਪਾਉੜੀ ’ਚ ਦਰਜ ਸ਼ਬਦ ‘ਵਿਸੋਆ’ ਦਾ ਅਰਥ ‘ਵੈਸਾਖੀ ਯਾਨੀ ੧ ਵਿਸਾਖ’ ਹੈ, ਯਾਨੀ ਕੀਰਤਨ ਕਰਦਿਆਂ ਸਦਾ ਵੈਸਾਖੀ ਬਣੀ ਹੁੰਦੀ ਸੀ। ਇਹ ਇਸ਼ਾਰਾ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ‘ਵੈਸਾਖ’ ਵੱਲ ਸੰਕੇਤ ਕਰਦਾ ਪਿਆ ਹੈ। ਗੁਰੂ ਸਾਹਿਬ ਜੀ ਦੀਆਂ ਉਦਾਸੀਆਂ ਬਾਰੇ ਭੀ ਇਸ ਵਾਰ ’ਚ ਜ਼ਿਕਰ ਹੈ। ਜੇਕਰ ਭਾਈ ਗੁਰਦਾਸ ਜੀ ਨੂੰ ਕੱਤਕ ਦੀ ਪੂਰਨਮਾਸ਼ੀ ਵਾਲ਼ੇ ਦਿਨ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਨ ਬਾਰੇ ਪਤਾ ਹੁੰਦਾ ਤਾਂ ਉਹ ਇਨ੍ਹਾਂ ਸ਼ਬਦਾਂ ਅੰਦਰ ਨਾ ਮਾਤਰ ਇਸ਼ਾਰਾ ਜ਼ਰੂਰ ਕਰਦੇ ਕਿਉਂਕਿ ਇਹ ਪਉੜੀਆਂ ਗੁਰੂ ਸਾਹਿਬ ਜੀ ਦੀ ਸੰਖੇਪ ਜੀਵਨੀ ਹੀ ਹਨ; ਜਿਵੇਂ ਕਿ
ਪਉੜੀ 28 ਤੋਂ 31 ਤੱਕ ’ਚ ਪਹਿਲੀ ਉਦਾਸੀ ਸੁਮੇਰ ਪਰਬਤ ਵੱਲ ਦਾ ਜਿਕਰ ਹੈ ਅਤੇ ਸਿੱਧਾਂ ਨਾਲ ਸਵਾਲ ਜਵਾਬ (ਸਿਧ ਗੋਸਟਿ) ਦੀ ਚਰਚਾ ਹੈ ‘‘ਫਿਰਿ ਜਾਇ ਚੜ੍ਹਿਆ ਸੁਮੇਰ ਪਰ ; ਸਿਧ ਮੰਡਲੀ ਦ੍ਰਿਸਟੀ ਆਈ॥28॥ ਫਿਰਿ ਪੁਛਣਿ ਸਿਧ, ਨਾਨਕਾ ! ਮਾਤ ਲੋਕ ਵਿਚਿ ਕਿਆ ਵਰਤਾਰਾ । ਸਭ ਸਿਧੀ ਇਹ ਬੁਝਿਆ ਕਲਿ ਤਾਰਣਿ ਨਾਨਕ ਅਵਤਾਰਾ। (ਗੁਰੂ ਸਾਹਿਬ ਦਾ ਜਵਾਬ) ਬਾਬੇ ਆਖਿਆ ਨਾਥ ਜੀ ! ਸਚੁ ਚੰਦ੍ਰਮਾਂ ਕੂੜੁ ਅੰਧਾਰਾ। ਕੂੜੁ ਅਮਾਵਸਿ ਵਰਤਿਆ ਹਉ ਭਾਲਣਿ ਚੜ੍ਹਿਆ ਸੰਸਾਰਾ। ਪਾਪ ਗਿਰਾਸੀ ਪਿਰਥਮੀ; ਧਉਲੁ ਖੜਾ ਧਰਿ ਹੇਠ ਪੁਕਾਰਾ। ਸਿਧ ਛਪਿ ਬੈਠੇ ਪਰਬਤੀ; ਕਉਣੁ ਜਗਤ੍ਰਿ ਕਉ ਪਾਰਿ ਉਤਾਰਾ। ਜੋਗੀ ਗਿਆਨ ਵਿਹੂਣਿਆ; ਨਿਸਦਿਨ ਅੰਗਿ ਲਗਾਇਨਿ ਛਾਰਾ ॥29॥ ਰਾਜੇ ਪਾਪ ਕਮਾਵਦੇ ; ਉਲਟੀ ਵਾੜ ਖੇਤ ਕਉ ਖਾਈ। ਪਰਜਾ ਅੰਧੀ ਗਿਆਨ ਬਿਨੁ, ਕੂੜੁ ਕੁਸਤਿ ਮੁਖਹੁ ਆਲਾਈ। ਚੇਲੇ ਸਾਜ ਵਜਾਇਦੇ ; ਨਚਨਿ ਗੁਰੂ ਬਹੁਤੁ ਬਿਧਿ ਭਾਈ। ਸੇਵਕ ਬੈਠਨਿ ਘਰਾ ਵਿਚਿ ; ਗੁਰ ਉਠਿ, ਘਰੀ ਤਿਨਾੜੇ ਜਾਈ। ਕਾਜੀ ਹੋਏ ਰਿਸਵਤੀ; ਵਢੀ ਲੈ ਕੈ ਹਕ ਗਵਾਈ ॥30॥
(ਗੁਰੂ ਜੀ ਦੀ ਪ੍ਰੀਖਿਆ) : ਸਿਧੀ, ਮਨੇ ਬੀਚਾਰਿਆ; ਕਿਵੈ ਦਰਸਨ, ਏ ਲੇਵੈ ਬਾਲਾ। ਐਸਾ ਜੋਗੀ ਕਲੀ ਮਹਿ; ਹਮਰੇ ਪੰਥ ਕਰੇ ਉਜਿਆਲਾ। ਖਪਰ ਦਿਤਾ ਨਾਥ ਜੀ; ਪਾਣੀ ਭਰਿ ਲੈਵਣਿ, ਉਠਿ ਚਾਲਾ। ਬਾਬਾ ਆਇਆ ਪਾਣੀਐ; ਡਿਠੇ ਰਤਨ ਜਵਾਹਰ ਲਾਲਾ। ਸਤਿਗੁਰ ਅਗਮ ਅਗਾਧਿ ਪੁਰਖੁ; ਕੇਹੜਾ ਝਲੇ ਗੁਰੂ ਦੀ ਝਾਲਾ। ਫਿਰਿ ਆਇਆ ਗੁਰ, ਨਾਥ ਜੀ ! ਪਾਣੀ ਠਉੜ ਨਹੀ ਉਸਿ ਤਾਲਾ। ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ ॥31॥
ਪਉੜੀ 32 ਤੋਂ 37 (ਤੀਸਰੀ ਉਦਾਸੀ ਮੱਕੇ, ਮਦੀਨੇ, ਬਗਦਾਦ ਦੀ ਯਾਤ੍ਰਾ) : ਬਾਬਾ ਫਿਰਿ ਮਕੇ ਗਇਆ; ਨੀਲ ਬਸਤ੍ਰ ਧਾਰੇ ਬਨਵਾਰੀ। ਆਸਾ ਹਥਿ, ਕਿਤਾਬ ਕਛਿ; ਕੂਜਾ ਬਾਂਗ ਮੁਸਲਾ ਧਾਰੀ। ਬੈਠਾ ਜਾਇ ਮਸੀਤ ਵਿਚਿ; ਜਿਥੈ, ਹਾਜੀ ਹਜਿ ਗੁਜਾਰੀ। ਜਾ, ਬਾਬਾ ਸੁਤਾ ਰਾਤਿ ਨੋ; ਵਲਿ ਮਹਰਾਬੇ ਪਾਇ ਪਸਾਰੀ। ਜੀਵਣਿ ਮਾਰੀ ਲਤਿ ਦੀ; ਕੇਹੜਾ ਸੁਤਾ ਕੁਫਰ ਕੁਫਾਰੀ ?। ਲਤਾ ਵਲਿ ਖੁਦਾਇਦੇ; ਕਿਉ ਕਰਿ ਪਇਆ, ਹੋਇ ਬਜਿਗਾਰੀ। ਟੰਗੋਂ ਪਕੜਿ ਘਸੀਟਿਆ; ਫਿਰਿਆ ਮਕਾ, ਕਲਾ ਦਿਖਾਰੀ ॥32॥ (ਕਾਜ਼ੀਆਂ ਮੁੱਲਾਂ ਨਾਲ ਪ੍ਰਸ਼ਨੋਤਰ) : ਪੁਛਨਿ ਗਲ ਈਮਾਨ ਦੀ; ਕਾਜੀ ਮੁਲਾਂ ਇਕਠੇ ਹੋਈ। ਵਡਾ ਸਾਂਗ ਵਰਤਾਇਆ; ਲਖਿ ਨ ਸਕੈ ਕੁਦਰਤਿ ਕੋਈ। ਪੁਛਨਿ, ਫੋਲਿ ਕਿਤਾਬ ਨੋ; ਹਿੰਦੂ ਵਡਾ, ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆ; ਸੁਭਿ ਅਮਲਾ ਬਾਝਹੁ ਦੋਨੋ ਰੋਈ। ਹਿੰਦੂ ਮੁਸਲਮਾਨ ਦੁਇ; ਦਰਗਹ ਅੰਦਰਿ ਲਹਨਿ ਨ ਢੋਈ ॥33॥ (ਮੱਕੇ ਦੀ ਦਿਗ ਬਿਜਯ) : ਧਰੀ ਨੀਸਾਣੀ ਕਉਸ ਦੀ; ਮਕੇ ਅੰਦਰਿ ਪੂਜ ਕਰਾਈ ॥34॥ (ਬਗ਼ਦਾਦ ਗਮਨ) : ਫਿਰਿ, ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ, ਕੀਆ ਅਸਥਾਨਾ। ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ ॥35॥ (ਬਗਦਾਦ ਵਿੱਚ ਕਰਾਮਾਤ ਵਿਖਾਉਣੀ) : ਏਥੇ ਵਿਚਿ ਬਗਦਾਦ ਦੇ; ਵਡੀ ਕਰਾਮਾਤਿ ਦਿਖਲਾਈ ॥36॥ ਗੜ ਬਗਦਾਦੁ ਨਿਵਾਇ ਕੈ; ਮਕਾ ਮਦੀਨਾ ਸਭੇ ਨਿਵਾਇਆ। ਸਿਧ ਚਉਰਾਸੀਹ ਮੰਡਲੀ ; ਖਟਿ ਦਰਸਨਿ, ਪਾਖੰਡਿ ਜਿਣਾਇਆ ॥37॥
ਪਉੜੀ 38 (ਕਰਤਾਰ ਪੁਰ ਆਗਮਾਨ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਿਆਈ ਦੇਣ ਵੱਲ ਇਸ਼ਾਰਾ) : ਫਿਰਿ, ਬਾਬਾ ਆਇਆ ਕਰਤਾਰਪੁਰਿ, ਭੇਖੁ ਉਦਾਸੀ ਸਗਲ ਉਤਾਰਾ। ਪਹਿਰਿ ਸੰਸਾਰੀ ਕਪੜੇ; ਮੰਜੀ ਬੈਠਿ ਕੀਆ ਅਵਤਾਰਾ। ਉਲਟੀ ਗੰਗ ਵਹਾਈਓਨਿ; ਗੁਰ ਅੰਗਦੁ ਸਿਰਿ ਉਪਰਿ ਧਾਰਾ ॥38॥
ਪਉੜੀ 39 ਤੋਂ 44 ’ਚ ਸ਼ਿਵਰਾਤ੍ਰੀ ਦੇ ਮੇਲੇ ’ਤੇ ਅਚੱਲ ਬਟਾਲੇ ਅਤੇ ਮੁਲਤਾਨ ਵੱਲ ਚੌਥੀ ਉਦਾਸੀ ਅਤੇ ਵਾਪਸ ਕਰਤਾਰ ਪੁਰ ਆਉਣ ਦਾ ਵਰਣਨ ਹੈ : ਮੇਲਾ ਸੁਣਿ ਸਿਵਰਾਤਿ ਦਾ; ਬਾਬਾ ਅਚਲ ਵਟਾਲੇ ਆਈ ॥39॥ (ਸਿੱਧਾਂ ਨਾਲ ਗੋਸ਼ਟ) ਖਾਧੀ ਖੁਣਸਿ ਜੁਗੀਸਰਾਂ; ਗੋਸਟਿ ਕਰਨਿ ਸਭੇ ਉਠਿ ਆਈ ॥40॥ (ਸਿੱਧ ਕਰਾਮਾਤ) : ਰੂਪ ਵਟਾਏ ਜੋਗੀਆ; ਸਿੰਘ ਬਾਘਿ ਬਹੁ ਚਲਿਤਿ ਦਿਖਾਈ। ਇਕਿ, ਪਰਿ ਕਰਿ ਕੈ ਉਡਰਨਿ; ਪੰਖੀ ਜਿਵੈ ਰਹੈ ਲੀਲਾਈ। ਇਕਨਾ, ਨਾਗ ਹੋਇ, ਪਉਣ ਛੋੜਿਆ; ਇਕਨਾ, ਵਰਖਾ ਅਗਨਿ ਵਸਾਈ। ਤਾਰੇ ਤੋੜੇ ਭੰਗਰਿਨਾਥ; ਇਕਿ, ਚੜਿ ਮਿਰਗਾਨੀ, ਜਲੁ ਤਰਿ ਜਾਈ ॥41॥ (ਸਿੱਧ ਪ੍ਰਸ਼ਨੋਤਰ) : ਸਿਧਿ ਬੋਲਨਿ, ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ ?।— (ਜਵਾਬ) : ਗੁਰ ਸੰਗਤਿ, ਬਾਣੀ ਬਿਨਾ; ਦੂਜੀ ਓਟ ਨਹੀਂ ਹਹਿ ਰਾਈ ॥42॥ ਬਾਝੋ ਸਚੇ ਨਾਮ ਦੇ; ਹੋਰੁ ਕਰਾਮਾਤਿ ਅਸਾਂ ਤੇ ਨਾਹੀ ॥43॥ ਬਾਬੇ ਕੀਤੀ ਸਿਧਿ ਗੋਸਟਿ; ਸਬਦਿ, ਸਾਂਤਿ ਸਿਧਾਂ ਵਿਚਿ ਆਈ। ਜਿਣਿ ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ। ਸਿਧਿ ਬੋਲਨਿ ਸੁਭ ਬਚਨਿ; ਧਨੁ ਨਾਨਕ ! ਤੇਰੀ ਵਡੀ ਕਮਾਈ। ਵਡਾ ਪੁਰਖੁ ਪਰਗਟਿਆ; ਕਲਿਜੁਗਿ ਅੰਦਰਿ ਜੋਤਿ ਜਗਾਈ। ਮੇਲਿਓ, ਬਾਬਾ ਉਠਿਆ ; ਮੁਲਤਾਨੇ ਦੀ ਜਾਰਤਿ ਜਾਈ ॥44॥
(ਪਉੜੀ 45 ’ਚ ਮੁਲਤਾਨ ਤੋਂ ਵਾਪਸ ਮੁੜ ਕਰਤਾਰਪੁਰ ਆਉਣਾ, ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਸੌਪਣੀ ਅਤੇ ਜੋਤੀ ਜੋਤ ਸਮਾਉਣ ਦਾ ਵਰਣਨ) : ਜਾਰਤਿ ਕਰਿ ਮੁਲਤਾਨ ਦੀ; ਫਿਰਿ ਕਰਤਾਰ ਪੁਰੇ ਨੋ ਆਇਆ।— ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕ, ਨਿਰਮਲ ਪੰਥ ਚਲਾਇਆ। ਥਾਪਿਆ ਲਹਿਣਾ ਜੀਵਦੇ; ਗੁਰਿਆਈ ਸਿਰਿ ਛਤ੍ਰ ਫਿਰਾਇਆ। ਜੋਤੀ ਜੋਤਿ ਮਿਲਾਇ ਕੈ ; ਸਤਿਗੁਰ ਨਾਨਕ ਰੂਪ ਵਟਾਇਆ। ਲਖਿ ਨ ਕੋਈ ਸਕਈ ; ਆਚਰਜੇ ਆਚਰਜ ਦਿਖਾਇਆ ॥45॥
ਭਾਈ ਗੁਰਦਾਸ ਜੀ ਦੁਆਰਾ ਉਕਤ ਵਰਣਨ ਕੀਤੀ ਗਈ ਗੁਰੂ ਨਾਨਕ ਸਾਹਿਬ ਜੀ ਦੀ ਸੰਖੇਪ ਜੀਵਨ ਕਥਾ ਤੋਂ ਬਾਅਦ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਭਾਈ ਸਾਹਿਬ ਜੀ ਦੁਆਰਾ ਰਚੇ 345ਵੇਂ ਕਬਿਤ ‘‘ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ; ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ।’’ ਦਾ ਉਹ ਮਤਲਬ ਨਹੀਂ, ਜੋ ਗੁਰੂ ਨਾਨਕ ਸਾਹਿਬ ਜੀ ਦਾ ਕੱਤਕ ਦੀ ਪੂਰਨਮਾਸ਼ੀ ਨੂੰ ਜਨਮ ਮੰਨਣ ਵਾਲ਼ੇ ਲੈਂਦੇ ਆ ਰਹੇ ਹਨ ਸਗੋਂ ‘ਵਿਸੋਆ’ ਸ਼ਬਦ ਰਾਹੀਂ ‘ਵੈਸਾਖੀ’ ਵੱਲ ਜ਼ਰੂਰ ਸੰਕੇਤ ਮਿਲਦਾ ਹੈ।
ਨਤੀਜਾ ਇਹੋ ਨਿਕਲਦਾ ਹੈ ਕਿ ਸ: ਪੁਰੇਵਾਲ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਲਈ ਕੱਢੀ ਗਈ ੧ ਵੈਸਾਖ ਸੰਮਤ ੧੫੨੬, ਚੇਤ ਸੁਦੀ ਪੂਰਨਮਾਸ਼ੀ, ਨਛੱਤਰ ਹਸਤ / ਨਾਨਕਸ਼ਾਹੀ ਸੰਮਤ ੧ / 27 ਮਾਰਚ 1469 ਦੀ ਤਾਰੀਖ਼ ਹੇਠ ਲਿਖੇ ਕਾਰਨਾਂ ਕਰਕੇ ਵੱਧ ਮੰਨਣਯੋਗ ਹੈ :
- ਜੋਤੀ-ਜੋਤ ਸਮਾਉਣ ਦੀ ਤਿੱਥ/ਸੰਮਤ ਕਰਤਾਰਪੁਰੀ ਬੀੜ ਨਾਲ ਮੇਲ ਖਾਂਦੀ ਹੈ।
- ਪ੍ਰਕਾਸ਼ ਦਿਹਾੜੇ ਤੋਂ ਜੋਤੀ-ਜੋਤ ਸਮਾਉਣ ਤੱਕ ਸਤਿਗੁਰੂ ਜੀ ਦੀ ਕੁਲ ਸਰੀਰਕ ਆਯੂ 70 ਸਾਲ 5 ਮਹੀਨੇ 7 ਦਿਨ ਬਣਦੀ ਹੈ, ਜੋ ਕਿ ਇਤਿਹਾਸਕ ਤੱਥਾਂ ਨਾਲ ਮੇਲ ਖਾਂਦੀ ਹੈ।
- ਇਹ ਤਾਰੀਖ਼ ਕੈਲੰਡਰ ਵਿਗਿਆਨ ਦੀ ਕਸਵੱਟੀ ’ਤੇ ਪੂਰੀ ਉਤਰਦੀ ਹੈ ਜਦੋਂ ਕਿ ਸ: ਕਰਮ ਸਿੰਘ ਹਿਸਟੋਰੀਅਨ ਤੋਂ ਇਲਾਵਾ ਬਾਕੀ ਸਾਰੇ ਲੇਖਕਾਂ ਵਿੱਚੋਂ ਕਿਸੇ ਦੀਆਂ ਵੀ ਤਾਰੀਖ਼ਾਂ ਕੈਲੰਡਰ ਵਿਗਿਆਨ ਦੀ ਕਸੌਟੀ ’ਤੇ ਪੂਰੀਆਂ ਨਹੀਂ ਉਤਰਦੀਆਂ।
- ਗੁਰੂ ਅਮਰਦਾਸ ਜੀ ਵੱਲੋਂ ਗੋਇੰਦਵਾਲ ਵਿਖੇ ਹਰ ਸਾਲ ੧ ਵੈਸਾਖ ਨੂੰ ਵੈਸਾਖੀ ਦਾ ਉਤਸਵ ਮਨਾਏ ਜਾਣਾ ਅਤੇ ਸੰਮਤ ੧੭੫੬ (ਸੰਨ 1699) ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪ੍ਰਗਟ ਕਰਨ ਲਈ ੧ ਵੈਸਾਖ ਦੀ ਚੋਣ ਕਰਨੀ; ਇਸ ਸਚਾਈ ’ਤੇ ਮੋਹਰ ਲਾਉਂਦੀ ਹੈ ਕਿ ਤੀਸਰੇ ਅਤੇ ਦਸਵੇਂ ਪਾਤਸ਼ਾਹ ਜੀ ਨੇ ੧ ਵੈਸਾਖ ਨੂੰ ਮਹੱਤਵ ਇਸੇ ਕਾਰਨ ਦਿੱਤਾ ਹੈ ਕਿਉਂਕਿ ਇਸ ਦਿਨ ਰੱਬੀ ਨੂਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ।
- ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੂਰਨਮਾਸ਼ੀ ਨੂੰ ਹੋਣ ਦੀ ਪ੍ਰਚਲਿਤ ਧਾਰਨਾ ਨੂੰ ਵੀ ਪੂਰਾ ਕਰਦਾ ਹੈ ਕਿਉਕਿ ਉਸ ਦਿਨ ਚੇਤ ਦੀ ਪੂਰਨਮਾਸ਼ੀ ਹੈ।
- ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।…. ਘਰਿ ਘਰਿ ਅੰਦਰਿ ਧਰਮਸਾਲ ਹੋਵੈ ਕੀਰਤਨੁ ਸਦਾ ਵਿਸੋਆ।’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭) ਮਹਾਨ ਕੋਸ਼ ਅਨੁਸਾਰ ‘ਵਿਸੋਆ’ ਦਾ ਅਰਥ ਹੈ: ਵੈਸਾਖ ਮਹੀਨੇ ਦਾ ਪਹਿਲਾ ਦਿਨ = ੧ ਵੈਸਾਖ = ਵੈਸਾਖੀ ਭਾਵ ਕਿ ਭਾਈ ਗੁਰਦਾਸ ਜੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ੧ ਵੈਸਾਖ ਮੰਨਦੇ ਹਨ।
- ਜਨਮ ਸਾਖੀਆਂ, ਜੋ ਵੈਸਾਖ ਮਹੀਨੇ ਦੀ ਤਾਰੀਖ਼ ਦਿੰਦੀਆਂ ਹਨ : 1. ਜਨਮ ਸਾਖੀ ਮਹਲੇ ਪਹਿਲੇ ਕੀ (ਸਾਖੀਕਾਰ ਭਾਈ ਸ਼ੀਹਾਂ ਉੱਪਲ; ਜਿਸ ਨੂੰ ਸਭ ਤੋਂ ਪੁਰਾਣੀ ਜਨਮ ਸਾਖੀ ਮੰਨਿਆ ਜਾਂਦਾ ਹੈ), 2. ਬੀ-40 ਜਨਮ ਸਾਖੀ, 3. ਪੁਰਾਤਨ ਜਨਮਸਾਖੀ, 4. ਵਿਲਾਇਤ ਵਾਲੀ ਜਨਮ ਸਾਖੀ, 5. ਐਲ਼ ਡੀ. ਪੀ.-174 ਜਨਮ ਸਾਖੀ, 6. ਭਾਈ ਮੇਹਰਬਾਨ ਵਾਲੀ ਜਨਮਸਾਖੀ, 7. ਭਾਈ ਮਨੀ ਸਿੰਘ ਦੀ ਗਿਆਨ ਰਤਨਾਵਲੀ, 8. ਪੱਥਰ ਦੇ ਛਾਪੇ ਵਾਲੀ ਜਨਮਸਾਖੀ, ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ ਅਤੇ 9. ਮਹਿਮਾ ਪ੍ਰਕਾਸ਼ ਕ੍ਰਿਤ ਭਾਈ ਸਰੂਪ ਦਾਸ ਭੱਲਾ ਆਦਿ।
- ਪ੍ਰਸਿੱਧ ਲਿਖਾਰੀ ਅਤੇ ਵਿਦਵਾਨ, ਜੋ ਵੈਸਾਖ ਮਹੀਨੇ ਦੀ ਤਾਰੀਖ਼ ਨਾਲ ਸਹਿਮਤ ਹਨ : ੧. ਸ. ਕਰਮ ਸਿੰਘ ਹਿਸਟੋਰੀਅਨ, ੨. ਭਾਈ ਕਾਨ੍ਹ ਸਿੰਘ ਨਾਭਾ, ੩. ਡਾ. ਗੰਡਾ ਸਿੰਘ, ੪. ਪ੍ਰਿੰ. ਸਤਬੀਰ ਸਿੰਘ, ੫. ਪ੍ਰੋ. ਸਾਹਿਬ ਸਿੰਘ, ੬. ਪ੍ਰੋ. ਹਰੀ ਰਾਮ ਗੁਪਤਾ, ੭. ਐਮ. ਏ. ਮੈਕਾਲਿਫ਼, ੮. ਡਾ: ਟਰੰਪ, ਭਾਈ ਵੀਰ ਸਿੰਘ, ੯. ਸ: ਖੁਸ਼ਵੰਤ ਸਿੰਘ, ੧੦. ਡਾ: ਕਿਰਪਾਲ ਸਿੰਘ, ੧੧. ਡਾ: ਰਤਨ ਸਿੰਘ ਜੱਗੀ, ੧੨. ਪ੍ਰੋ: ਸ. ਸ. ਪਦਮ (ਸੰਤ ਸਿੰਘ ਪਦਮ) ੧੩. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਲਈ ਸਿੱਖ ਇਤਿਹਾਸ ਲਿਖਣ ਵਾਲੇ ਪ੍ਰੋ: ਕਰਤਾਰ ਸਿੰਘ ਐੱਮ.ਏ. ਅਤੇ ੧੪. ਸ: ਪਾਲ ਸਿੰਘ ਪੁਰੇਵਾਲ ਆਦਿ।
- ਮੈਕਾਲਿਫ਼ ਅਨੁਸਾਰ ਸੰਨ 1816 ਤੱਕ ਗੁਰੂ ਨਾਨਕ ਜੀ ਦਾ ਗੁਰ ਪੁਰਬ; ਨਨਕਾਣਾ ਸਾਹਿਬ ਵਿਖੇ ਵੈਸਾਖ ਵਿੱਚ ਹੀ ਮਨਾਇਆ ਜਾਂਦਾ ਰਿਹਾ ਹੈ।
- ਸ: ਕਰਮ ਸਿੰਘ ਹਿਸਟੋਰੀਅਨ ਮੁਤਾਬਕ ਕੁਝ ਸਿੰਘ ਸਭਾਵਾਂ; ਜਿਵੇਂ ਕਿ ਸਿੰਘ ਸਭਾ ਭਸੌੜ, ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ੧ ਵੈਸਾਖ ਮੰਨਦੀਆਂ ਸਨ।
ਗੁਰਬਾਣੀ ਅਨੁਸਾਰ ਬਖ਼ਸ਼ਸ਼
ਗੁਰਬਾਣੀ ਅਨੁਸਾਰ ਬਖ਼ਸ਼ਸ਼
ਗਿਆਨੀ ਅਵਤਾਰ ਸਿੰਘ
‘ਬਖ਼ਸ਼ਸ਼’ ਨੂੰ ਮਿਹਰ, ਕਿਰਪਾ, ਦਇਆ ਦ੍ਰਿਸ਼ਟੀ ਆਦਿ ਭੀ ਕਿਹਾ ਜਾਂਦਾ ਹੈ। ਇਹ ਸ਼ਬਦ; ਧਾਰਮਿਕ ਸ਼ਬਦਾਵਲੀ ਨਾਲ਼ ਸੰਬੰਧਿਤ ਹਨ। ਆਮ ਭਾਸ਼ਾ ’ਚ ਇਨ੍ਹਾਂ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ। ਧਾਰਮਿਕ ਸ਼ਬਦਾਂ ਦੇ ਭਾਵਾਰਥ ਜਾਣਨ ਲਈ ਹਿਰਦੇ ਅੰਦਰ ਭਰੋਸਾ ਹੋਣਾ, ਬੜਾ ਜ਼ਰੂਰੀ ਹੈ। ਗੁਰਬਾਣੀ ’ਚ ‘ਬਖਸ਼ਸ਼’ ਸ਼ਬਦ ਨਹੀਂ, ਪਰ ਇਸ ਦਾ ਸੰਖੇਪ ਰੂਪ ‘ਬਖਸ’ 21 ਵਾਰ ਅਤੇ ‘ਬਖਸੀਸ’ ਰੂਪ 11 ਵਾਰ ਹੈ। ਗੁਰਬਾਣੀ ’ਚ ਕੁੱਝ ਹੋਰ ਸ਼ਬਦ; ਜਿਵੇਂ ਕਿ ‘ਪ੍ਰਸਾਦੁ/ਪ੍ਰਸਾਦਿ (11 ਬਣਤਰਾਂ ’ਚ 1078 ਵਾਰ), ਕਰਮੁ/ਕਰਮਿ (ਲਗਭਗ 190 ਵਾਰ), ਕ੍ਰਿਪਾ (286 ਵਾਰ), ਨਦਰਿ, ਦਇਆ/ਦਯਾ, ਮਿਹਰ (14 ਵਾਰ), ਰਹਮ/ਰਹੰਮ (2 ਵਾਰ)’ ਦਾ ਅਰਥ ਭੀ ਬਖ਼ਸ਼ਸ਼ ਹੈ, ਮਿਹਰ ਹੈ। ‘ਪ੍ਰਸਾਦੁ’ ਸ਼ਬਦ ਸੰਸਕ੍ਰਿਤ ਦਾ ਤੇ ‘ਕਰਮੁ’; ਅਰਬੀ/ਫ਼ਾਰਸੀ ਦਾ ਹੈ। ਇਹ ਦੋਵੇਂ ਇੱਕ ਵਚਨ ਪੁਲਿੰਗ ਨਾਂਵ ਹਨ; ਜਿਵੇਂ ਕਿ ‘‘ਨਾਨਕ ! ਪ੍ਰਭ ਸਰਣਾਗਤੀ; ਕਰਿ ਪ੍ਰਸਾਦੁ ਗੁਰਦੇਵ ! ॥ (ਸੁਖਮਨੀ/ਮਹਲਾ ੫/੨੬੯), ਜੰਤ ਉਪਾਇ ਧੰਧੈ (’ਚ) ਸਭ ਲਾਏ; ਕਰਮੁ ਹੋਆ, ਤਿਨ ਨਾਮੁ ਲਇਆ ॥’’ (ਮਹਲਾ ੧/੪੩੪) ਜਦ ਇਹ ‘ਪ੍ਰਸਾਦਿ/ਕਰਮਿ’ ਯਾਨੀ ਅੰਤ ਸਿਹਾਰੀ ਹੋਣ ਤਾਂ ਅਰਥ ਹੁੰਦਾ ਹੈ ‘ਬਖ਼ਸ਼ਸ਼ ਨਾਲ਼’; ਜਿਵੇਂ ‘ਗੁਰ ਪ੍ਰਸਾਦਿ’ ਅਰਥ ਹੈ ‘ਗੁਰੂ ਦੀ ਕਿਰਪਾ ਨਾਲ਼’ ਅਤੇ ‘‘ਪੂਰੇ ਗੁਰ ਕੀ ਕਾਰ; ਕਰਮਿ (ਮਿਹਰ ਨਾਲ਼) ਕਮਾਈਐ ॥’’ (ਮਹਲਾ ੧/੧੪੪)
ਗੁਰਬਾਣੀ ’ਚ ਇੱਕ ਵਾਰ ‘ਪ੍ਰਸਾਦ’ (ਅੰਤ ਮੁਕਤ/ਬਹੁ ਵਚਨ) ਹੈ ਤੇ ਅਰਥ ਹੈ ‘ਭੋਜਨ’ ‘‘ਜੇ ਓਹੁ ਅਨਿਕ ਪ੍ਰਸਾਦ ਕਰਾਵੈ ॥’’ (ਭਗਤ ਰਵਿਦਾਸ/੮੭੫) ਇਸ ਦਾ ਉਚਾਰਨ ਹੈ ‘ਪ੍ਰਸ਼ਾਦ’। ‘ਕਰਮ’ (ਅੰਤ ਮੁਕਤ) ਭੀ 380 ਕੁ ਵਾਰ ਹੈ, ਜਿਸ ਦਾ ਅਰਥ ਹੈ ‘ਕੀਤੇ ਜਾਣ ਵਾਲ਼ੇ ਕੰਮ’ (ਯਾਨੀ ਬਹੁ ਵਚਨ), ਨਾ ਕਿ ‘ਬਖ਼ਸ਼ਸ਼’। ‘ਕਰਮੁ’ (ਅੰਤ ਔਂਕੜ) ਦਾ 10 ਕੁ ਵਾਰ ਭੀ ਅਰਥ ਹੈ ‘ਲੇਖ, ਭਾਗ, ਨਸੀਬ’; ਜਿਵੇਂ ਕਿ ‘‘ਮੇਰੈ+ਮਨਿ (’ਚ) ਸਬਦੁ ਲਗੋ ਗੁਰ ਮੀਠਾ ॥ ਖੁਲਿ੍ਓ ਕਰਮੁ, ਭਇਓ ਪਰਗਾਸਾ; ਘਟਿ ਘਟਿ (’ਚ) ਹਰਿ ਹਰਿ ਡੀਠਾ ॥੧॥ ਰਹਾਉ ॥ (ਮਹਲਾ ੫/੧੨੧੨), ਤਵ ਗੁਨ ਕਹਾ ਜਗਤ ਗੁਰਾ ! ਜਉ ਕਰਮੁ ਨ ਨਾਸੈ ॥ ਸਿੰਘ ਸਰਨ ਕਤ ਜਾਈਐ ? ਜਉ ਜੰਬੁਕੁ ਗ੍ਰਾਸੈ ॥੧॥ ਰਹਾਉ ॥’’ (ਭਗਤ ਸਧਨਾ/੮੫੮) ਅਰਥ : ਹੇ ਜਗਤ ਦੇ ਗੁਰੂ (ਪ੍ਰਭੂ) ਜੀ ! ਤੇਰੇ ਸ਼ੇਰ ਦੀ ਸ਼ਰਨ ’ਚ ਆਉਣ ਦਾ ਕੀ ਲਾਭ, ਕਾਹਦੇ ਲਈ ਜਾਈਏ, ਜੇਕਰ ਸਾਨੂੰ ਨਸੀਬ ਰੂਪ ਗਿੱਦੜ ਖਾ ਜਾਵੇ ?
ਵਿਸ਼ੇਸ਼ ਧਿਆਨ ਮੰਗਦਾ ਹੈ ਕਿ ਗੁਰਬਾਣੀ ’ਚ ‘ਕਰਮੁ’ ਸ਼ਬਦ ਸੰਸਕ੍ਰਿਤ ਅਤੇ ਅਰਬੀ/ਫ਼ਾਰਸੀ; ਦੋਵੇਂ ਭਾਸ਼ਾਵਾਂ ’ਚੋਂ ਕਿਉਂ ਲੈਣਾ ਪਿਆ। ਇਸ ਦਾ ਜਵਾਬ ਇਨ੍ਹਾਂ ਦੇ ਸ਼ਾਬਦਿਕ ਅਰਥਾਂ ਵਿੱਚ ਹੈ; ਜਿਵੇਂ ਕਿ ‘ਕੀਤੇ ਜਾਣ ਵਾਲ਼ੇ ਕੰਮ’ ਲਈ ਸ਼ਬਦ ਹੈ ‘ਕਰਮ/ਬਹੁ ਵਚਨ/ਸੰਸਕ੍ਰਿਤ’, ‘ਭਾਗ ਜਾਂ ਨਸੀਬ’ ਲਈ ਸ਼ਬਦ ਹੈ ‘ਕਰਮੁ/ਇਕ ਵਚਨ/ਸੰਸਕ੍ਰਿਤ’ ਅਤੇ ‘ਬਖ਼ਸ਼ਸ਼’ ਲਈ ਸ਼ਬਦ ਹੈ ‘ਕਰਮੁ ਤੇ ਕਰਮਿ/ਇੱਕ ਵਚਨ/ਫ਼ਾਰਸੀ’। ਸੋ ਮਨੁੱਖ ਦੁਆਰਾ ਕੀਤੇ ਜਾਣ ਵਾਲ਼ੇ ਕੰਮ (ਕਰਮ) ਮੁਤਾਬਕ ਭਾਗ (ਕਰਮੁ) ਬਣਦਾ ਹੈ, ਭਾਗ ਮੁਤਾਬਕ ਬਖ਼ਸ਼ਸ਼ (ਕਰਮੁ/ਕਰਮਿ) ਹੁੰਦੀ ਹੈ ਅਤੇ ਬਖ਼ਸ਼ਸ਼ ਮੁਤਾਬਕ ਮੁੜ ਬੰਦਾ ਕੰਮ (ਕਰਮ) ਕਰਦਾ ਹੈ। ਇਨ੍ਹਾਂ ਤਿੰਨੇ ਸ਼ਾਬਦਿਕ ਅਰਥਾਂ ਨਾਲ਼ ਜਗਤ ਖੇਡ ਦਾ ਇੱਕ ਚੱਕਰ ਪੂਰਾ ਕਰਨ ਲਈ ਹੀ ਦੋਵੇਂ ਭਾਸ਼ਾਵਾਂ ਦੇ ਸ਼ਬਦਾਂ ਦਾ ਸੁਮੇਲ ਕੀਤਾ ਹੈ।
ਸੋ ‘ਬਖ਼ਸ਼ਸ਼’ ਅਰਥ ਦੇਣ ਵਾਲ਼ੇ ‘ਪ੍ਰਸਾਦੁ’ ਤੇ ‘ਕਰਮੁ’ ਇੱਕ ਵਚਨ ਪੁਲਿੰਗ ਨਾਂਵ ਅਤੇ ਬਾਕੀ ਸਾਰੇ ਸ਼ਬਦ (ਬਖਸ/ਬਖਸੀਸ, ਕ੍ਰਿਪਾ, ਦਇਆ/ਦਯਾ, ਨਦਰਿ, ਮਿਹਰ, ਰਹਮ) ਇੱਕ ਵਚਨ ਇਸਤਰੀ ਲਿੰਗ ਨਾਂਵ ਹਨ, ਜੋ ਅੰਤ ਸਿਹਾਰੀ (ਨਦਰਿ) ਜਾਂ ਅੰਤ ਮੁਕਤ (ਬਖਸ, ਮਿਹਰ, ਰਹਮ) ਹੁੰਦੇ ਹਨ। ਤਿੰਨ ਸ਼ਬਦ ‘ਬਖਸੇ, ਬਖਸੈ, ਬਖਸਹਿ’ (ਕਿਰਿਆ) ਅਤੇ ਇੱਕ ਸ਼ਬਦ ‘ਬਖਸਿ’ (ਕਿਰਿਆ ਵਿਸ਼ੇਸ਼ਣ) ਵੀ ਹੈ।
‘ਪ੍ਰਸਾਦੁ’ ਅਤੇ ‘ਕਰਮੁ’ ਸ਼ਬਦ; ਗੁਰੂ ਨਾਨਕ ਸਾਹਿਬ ਜੀ ਨੇ ਵਧੇਰੇ ਵਰਤੇ ਹਨ। ਆਪ ਨੇ ਮੂਲ ਮੰਤਰ ਦੀ ਸਮਾਪਤੀ ‘ਗੁਰ ਪ੍ਰਸਾਦਿ’ ਸ਼ਬਦਾਂ ਨਾਲ਼ ਕੀਤੀ ਹੈ।, ‘ਜਪੁ’ ਬਾਣੀ ਦੀ 25ਵੀਂ ਪਉੜੀ ‘‘ਬਹੁਤਾ ਕਰਮੁ ਲਿਖਿਆ ਨਾ ਜਾਇ ॥’’ ’ਚ ‘ਰੱਬ ਦਾ ਕਰਮੁ’ ਬਿਆਨ ਕੀਤਾ ਹੈ ਤੇ 37ਵੀਂ ਪਉੜੀ ‘‘ਕਰਮਖੰਡ ਕੀ ਬਾਣੀ ਜੋਰੁ ॥’’ ’ਚ (ਬੰਦੇ ’ਤੇ) ‘ਕਰਮੁ’ ਹੋ ਜਾਣ ਨਾਲ਼ ਹਿਰਦੇ ’ਚ ਉਪਜਦਾ ਰੂਹਾਨੀਅਤ ਬਲ ਬਿਆਨ ਕੀਤਾ ਹੈ। ‘ਜਪੁ’ ਬਾਣੀ ਦੀ 38ਵੀਂ (ਅੰਤਮ) ਪਉੜੀ ਵਿੱਚ ਸੰਖੇਪ ਸ਼ਬਦਾਂ ’ਚ ਸੋਨੇ ਨੂੰ ਸ਼ੁੱਧ ਕਰਨ ਵਾਲ਼ੀ ਵਿਧੀ ਨੂੰ ਮਿਸਾਲ ਬਣਾ ਅੰਤ ’ਚ ਜੀਵਨ ਘਾੜਤ ਲਈ ਦਇਆਵਾਨ ਦੀ ਬਖ਼ਸ਼ਸ਼ ਨੂੰ ਇਉਂ ਪ੍ਰਮੁਖਤਾ ਦਿੱਤੀ ਹੈ ‘‘ਜਿਨ ਕਉ, ਨਦਰਿ ਕਰਮੁ ਤਿਨ ਕਾਰ ॥ ਨਾਨਕ ! ਨਦਰੀ ਨਦਰਿ ਨਿਹਾਲ ॥੩੮॥’’ (ਜਪੁ) ਗੁਰੂ ਅਰਜਨ ਸਾਹਿਬ ਜੀ ਨੇ ਭੀ ਸੁਖਮਨੀ ਸਾਹਿਬ ਦੀ 6ਵੀਂ ਪਉੜੀ ’ਚ 36 ਵਾਰ ‘ਜਿਹ ਪ੍ਰਸਾਦਿ’ ਸ਼ਬਦ ਦਰਜ ਕਰ; ‘ਜਿਸ ਰੱਬ ਦੀ ਮਿਹਰ ਨਾਲ਼’ ਸਫਲ ਹੁੰਦੇ ਸਮਾਜਿਕ ਕਾਰਜ, ਬੰਦੇ ਨੂੰ ਚੇਤੇ ਕਰਾਏ ਹਨ।
ਗੁਰਬਾਣੀ ’ਚ ‘ਪ੍ਰਸਾਦੁ/ਪ੍ਰਸਾਦਿ’ ਸ਼ਬਦ; ‘ਗੁਰੂ ਦੀ ਬਖ਼ਸ਼ਸ਼’ ਅਰਥਾਂ ਲਈ ਅਤੇ ਬਾਕੀ ਸ਼ਬਦ ਜ਼ਿਆਦਾਤਰ ‘ਰੱਬ ਦੀ ਬਖ਼ਸ਼ਸ਼’ ਅਰਥਾਂ ਲਈ ਹਨ ਕਿਉਂਕਿ ‘ਬਖਸ, ਕ੍ਰਿਪਾ, ਨਦਰਿ, ਰਹਮ, ਦਇਆ, ਦਯਾ, ਮਿਹਰ’ ਸ਼ਬਦਾਂ ਤੋਂ ਹੀ ਅਕਾਲ ਪੁਰਖ ਦੇ ਕਿਰਤਮ ਨਾਂਵ ‘ਬਖਸੀਸੀ, ਕ੍ਰਿਪਾਲ, ਨਦਰੀ, ਰਹੀਮ, ਦਇਆਲ, ਦਈ, ਮਿਹਰਵਾਨ’ ਆਦਿ ਬਣੇ ਹਨ। ਬਖਸੀਸੀ, ਦਈ ਤੇ ਨਦਰੀ ਦਾ ਅਰਥ ਹੈ ‘ਮਿਹਰ ਕਰਨ ਵਾਲ਼ਾ’, ਪਰ ਚੇਤੇ ਰਹੇ ਕਿ ‘ਕਰਮੀ’ ਦਾ ਅਰਥ ਹੈ ‘ਬਖਸ਼ਸ਼ ਨਾਲ਼’, ਨਾ ਕਿ ‘ਮਿਹਰ ਕਰਨ ਵਾਲ਼ਾ’। ਗੁਰੂ ਨਾਨਕ ਸਾਹਿਬ ਜੀ ਪੈਦਾਇਸ਼ ਤੋਂ ਹੀ ਅਕਾਲ ਪੁਰਖ ਦਾ ਰੂਪ ਸਨ, ਇਸ ਲਈ ਆਪ ਨੇ ਅਕਾਲ ਪੁਰਖ ਤੋਂ ਬਖ਼ਸ਼ਸ਼ ਕਰਾਉਣ ਵਾਲ਼ੇ ਸ਼ਬਦ ਘੱਟ ਵਰਤੇ ਹਨ; ਜਿਵੇਂ ਕਿ ‘ਕ੍ਰਿਪਾ’ ਗੁਰਬਾਣੀ ’ਚ 286 ਵਾਰ ਹੈ, ਪਰ ਆਪ ਨੇ 8 ਵਾਰ (2.8%) ਅਤੇ ‘ਬਖਸ’ 21 ਵਾਰ ਹੈ, ਪਰ ਆਪ ਨੇ 2 ਵਾਰ (9.5%) ਵਰਤਿਆ ਹੈ। ਦੂਜੇ ਪਾਸੇ ਅਕਾਲ ਪੁਰਖ ਦੀ ‘ਨਦਰਿ’ (ਮਿਹਰ ਭਰੀ ਨਜ਼ਰ) ਸਾਰੇ ਜੀਵਾਂ ਉੱਤੇ ਹੁੰਦੀ ਹੈ ਅਤੇ ਉਸ ਦੀ ਮਿਹਰ ਨਾਲ਼ ਸੰਸਾਰ ’ਚ ਸਭ ਕੁੱਝ ਵਾਪਰਦਾ ਹੈ; ਇਹ ਸਿਧਾਂਤ ਸਪਸ਼ਟ ਕਰਨ ਲਈ ‘ਨਦਰਿ’ ਨੂੰ 250 ’ਚੋਂ 105 ਵਾਰ (ਲਗਭਗ 42%) ਅਤੇ ‘ਕਰਮੁ/ਕਰਮਿ’ ਨੂੰ 190 ’ਚੋਂ 70 ਵਾਰ (ਲਗਭਗ 38%) ਦਰਜ ਕੀਤਾ ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਸੰਖਿਆ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ; ਕੁੱਲ 5870 ਸ਼ਬਦਾਂ ’ਚੋਂ 977 ਸ਼ਬਦ (ਲਗਭਗ 17%) ਹੈ। ‘ਨਦਰਿ’ ਦਾ ਇੱਕ ਅਰਥ ‘ਮਨੁੱਖ ਦਾ ਨਜ਼ਰੀਆ’ ਭੀ ਹੈ ਅਤੇ ‘ਦਇਆ’ ਦਾ ਇੱਕ ਅਰਥ ‘ਅਹਿੰਸਾ/ਤਰਸ’ ਭੀ ਹੈ।
ਗੁਰਬਾਣੀ ’ਚ ਸ਼ਬਦ ਦਾ ਕੇਂਦਰੀ ਭਾਵ ਯਾਨੀ ਸਾਰੰਸ਼; ‘ਰਹਾਉ’ ਬੰਦ ’ਚ ਜਾਂ ਲੰਬੀ ਰਚਨਾ ਦੀ ਅੰਤਮ ਪਉੜੀ ’ਚ ਹੁੰਦਾ ਹੈ। ‘ਰਹਾਉ’ ਬੰਦ ਵਾਲ਼ੇ ਕੁੱਲ 2632 ਸ਼ਬਦ ਹਨ। ਇਨ੍ਹਾਂ ’ਚ ਸਭ ਤੋਂ ਵੱਧ ਮਹਾਨਤਾ ‘ਰੱਬ ਦੇ ਨਾਮ’ ਨੂੰ (806 ਵਾਰ) ਦਿੱਤੀ ਹੈ। ਇਸ ਤੋਂ ਬਾਅਦ ਪ੍ਰਮੁੱਖਤਾ ‘ਬਖ਼ਸ਼ਸ਼’ ਨੂੰ ਹੈ ਯਾਨੀ ਬਖ਼ਸ਼ਸ਼ ਅਤੇ ਨਾਮ ਜਪਣਾ; ਇੱਕ ਦੂਜੇ ਨਾਲ਼ ਜੁੜੇ ਹੋਏ ਹਨ; ਜਿਵੇਂ ਕਿ ‘‘ਰਾਮੁ ਜਪਤ; ਕਛੁ ਬਿਘਨੁ ਨ ਵਿਆਪੈ ॥ ਗੁਰ ਪ੍ਰਸਾਦਿ; ਅਪੁਨਾ ਪ੍ਰਭੁ ਜਾਪੈ ॥੧॥ ਰਹਾਉ ॥’’ (ਮਹਲਾ ੫/੮੬੯) ਅਰਥ : ਰੱਬ ਦਾ ਨਾਮ ਜਪਣ ਨਾਲ਼ ਜੀਵਨ ਯਾਤਰਾ (ਯਾਨੀ ਜ਼ਿੰਦਗੀ) ’ਚ ਕੋਈ ਰੁਕਾਵਟ ਨਹੀਂ ਪੈਂਦੀ ਅਤੇ ਗੁਰੂ ਦੀ ਕਿਰਪਾ ਨਾਲ਼ (ਸਰਬ ਵਿਆਪਕ ਹੋ ਕੇ ਮਦਦ ਕਰਨ ਵਾਲ਼ਾ) ਪ੍ਰਭੂ; ਆਪਣਾ ਪ੍ਰਤੀਤ ਹੁੰਦਾ ਹੈ।
ਮਾਲਕ ਵੱਲੋਂ ਜੀਵਾਂ ਨੂੰ ਮਿਲਦੀ ਹਰ ਦਾਤ ਹੀ ਬਖ਼ਸ਼ਸ਼ ਹੁੰਦੀ ਹੈ। ਮਨੁੱਖਾ ਜੀਵਨ ਮਿਲਣਾ ਭੀ ਮਾਲਕ ਦੀ ਇੱਕ ਦਾਤ ਹੈ, ਬਖ਼ਸ਼ਸ਼ ਹੈ। ਅੰਮ੍ਰਿਤ ਵੇਲ਼ੇ ਦੀ ਸੰਭਾਲ਼ ਅਤੇ ਰੱਬ ਦੀ ਬੰਦਗੀ ਕਰਨੀ ਭੀ ਉਸ ਦੀ ਮਿਹਰ ਤੋਂ ਬਿਨਾਂ ਅਸੰਭਵ ਹੈ। ਇਸ ਦਾ ਜ਼ਿਕਰ ‘ਕਰਮੁ’ ਨੂੰ ਬਿਆਨ ਕਰਦੀ 25ਵੀਂ ਪਉੜੀ ਦੇ ਅੰਤ ’ਚ ਕੀਤਾ ਹੈ ‘‘ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’ (ਜਪੁ) ਅਰਥ : (ਮਾਲਕ) ਜਿਸ ਨੂੰ ਆਪਣੀ ਸਿਫ਼ਤ ਸਾਲਾਹ ਕਰਨ ਵਾਲ਼ੀ ਦਾਤ ਬਖ਼ਸ਼ਦਾ ਹੈ, ਉਹ ਦੁਨਿਆਵੀ ਪਾਤਿਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ। ਇਹ ਬਖ਼ਸ਼ਸ਼; ਜੇਕਰ ਨਿਰੰਤਰ ਹੁੰਦੀ ਰਹੇ ਤਾਂ ਬੰਦਗੀ ਕਰਨ ਵਾਲ਼ੇ ਨੂੰ ਆਪਣੀ ਮੰਜ਼ਲ (ਸਚਖੰਡ) ਦੀ ਦੇਹਲ਼ੀ/ਦਹਿਲੀਜ਼ (ਕਰਮਖੰਡ) ’ਤੇ ਲੈ ਜਾਂਦੀ ਹੈ। ਮੁਸਾਫ਼ਰ ਲਈ ਇਹ ਮੰਜਲ ਹੈ ਯਾਨੀ ਬੰਦਗੀ ਕਰਨ ਵਾਲ਼ਾ ਰੱਬ ’ਚ ਅਭੇਦ ਹੋ ਜਾਂਦਾ ਹੈ।
ਗੁਰੂ ਸਾਹਿਬਾਨ ਦੁਆਰਾ ਕੀਤੀ ਪੜਚੋਲ ਮੁਤਾਬਕ ਸਰੀਰ; ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਤੋਂ ਬਣਿਆ ਹੈ। ਇਨ੍ਹਾਂ ਦਾ ਵੱਧ ਘੱਟ ਪ੍ਰਭਾਵ ਹੋਣਾ ਹੀ ਪੰਜ ਵਿਕਾਰ (ਕਾਮ, ਕਰੋਧ, ਲੋਭ, ਮੋਹ ਤੇ ਅਹੰਕਾਰ) ਜਾਂ ਪੰਜ ਸ਼ੁੱਭ ਗੁਣ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਹਨ। ਸਰੀਰ ਅੰਦਰ ‘ਸੁਰਤਿ, ਮਤਿ, ਮਨ ਤੇ ਬੁਧਿ’; ਮਨੁੱਖ ਦਾ ਸੁਭਾਅ ਪ੍ਰਗਟ ਕਰਨ ਵਾਲ਼ੇ ਬਾਹਰੀ ਇੰਦ੍ਰੇ ਹਨ, ਜਿਨ੍ਹਾਂ ਨੂੰ ਘੜਨ ਨਾਲ਼ ਵਿਕਾਰੀ ਬਿਰਤੀ; ਪੰਜ ਸ਼ੁੱਭ ਗੁਣਾਂ ਵੱਲ ਮੁੜਦੀ ਹੈ। ‘ਸੁਰਤਿ’ ਤੋਂ ਭਾਵ ਬੀਤ ਚੁੱਕੀ ਜ਼ਿੰਦਗੀ ਦਾ ਅਨੁਭਵ ਹੈ, ‘ਮਤਿ’ ਤੋਂ ਭਾਵ ਪਦਾਰਥਾਂ ਨਾਲ਼ ਲਗਾਅ (ਮਮਤਾ) ਹੈ, ਜਿਸ ਤੋਂ ਅਹੰਕਾਰ ਉਪਜਦਾ ਹੈ।, ‘ਮਨ’ ਤੋਂ ਭਾਵ ਨਵੇਂ ਵਿਚਾਰ ਬਣਨੇ (ਸੰਕਲਪ) ਅਤੇ ਉਨ੍ਹਾਂ ’ਤੇ ਕਾਇਮ ਨਾ ਰਹਿਣਾ (ਵਿਕਲਪ) ਹੈ, ‘ਬੁਧਿ’ ਤੋਂ ਭਾਵ ਜਾਗਰੂਕਤਾ ਪੈਦਾ ਹੋਣੀ ਅਤੇ ਉਸ ’ਤੇ ਦ੍ਰਿੜ੍ਹ ਵਿਸ਼ਵਾਸ ਬਣਨਾ, ਹੁੰਦਾ ਹੈ।
ਹਰ ਸਰੀਰ ਅੰਦਰ ‘ਆਤਮਾ’ (ਇਲਾਹੀ ਨੂਰ) ਹੈ, ਜੋ ਰੱਬ ਦੀ ਸਰਬ ਵਿਆਪਕ ਜੋਤਿ ਵਜੋਂ ਮੌਜੂਦਗੀ ਨੂੰ ਦਰਸਾਉਂਦਾ ਹੈ। ਆਤਮਾ; ਜੋਤਿ ਰੂਪ ਹੋਣ ਕਾਰਨ ਰੱਬੀ ਗੁਣਾਂ ਸਮਾਨ ਹੈ ਯਾਨੀ ਪੂਰਨ ਪ੍ਰਕਾਸ਼ਮਈ। ਰੱਬੀ ਜੋਤਿ ਹੀ ਨਾਮ ਅੰਮ੍ਰਿਤ ਹੈ, ਜੋ ਗੁਰੂ ਦੀ ਕਿਰਪਾ ਨਾਲ਼ ਮਿਲਦਾ ਹੈ ‘‘ਨਾਨਕ ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ॥ ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ ॥’’ (ਮਹਲਾ ੨/੧੨੩੮), ਪਰ ਇਸ ਦਾ ਹੂ-ਬਹੂ ਚਾਨਣ (ਸਮਝ); ਮਨੁੱਖ ਦੀ ਬੁੱਧੀ ’ਤੇ ਨਹੀਂ ਪੈਂਦਾ ਕਿਉਂਕਿ ਆਤਮਾ ਅਤੇ ਬੁੱਧੀ ਵਿਚਕਾਰ; ਅੰਤਹਿਕਰਣ (ਅੰਦਰੂਨੀ ਇੰਦ੍ਰੀ) ਹੈ, ਜਿਸ ਦਾ ਪਾਰਦਰਸ਼ੀ ਹੋਣਾ ਹੀ ‘ਸੁਰਤਿ, ਮਤਿ, ਮਨਿ, ਬੁਧਿ’ ਦਾ ਘੜੇ ਜਾਣਾ ਹੈ, ਮੁਕਤੀ ਹੈ ਕਿਉਂਕਿ ਅੰਤਹਿਕਰਣ ਨਾਲ਼ ਬੰਦੇ ਦੁਆਰਾ ਕੀਤੇ ‘ਕਰਮਾਂ ਦਾ ਫਲ਼, ਭਾਗ, ਨਸੀਬ, ਜਨਮ ਜਨਮ ਕੀ ਮਲੁ’ ਚਿਪਕੀ ਹੁੰਦੀ ਹੈ। ਇਸ ਦੀ ਮਲ਼ੀਨਤਾ ਦੇ ਪ੍ਰਤੀਸ਼ਤ ਮੁਤਾਬਕ ਹੀ ਜੀਵਨ ’ਚ ਦੁੱਖ ਸੁੱਖ ਵਾਪਰਦੇ ਹਨ। ਗੁਰੂ ਸ਼ਬਦ ਨੂੰ ਵਿਚਾਰ ਕੇ ਇਹ ਮਲ਼ੀਨਤਾ ਸਮਝ ਆਉਂਦੀ ਹੈ ਅਤੇ ਸਤਿਗੁਰੂ ਦੀ ਬਖ਼ਸ਼ਸ਼ ਨਾਲ਼ ਇਹ ਪਾਰਦਰਸ਼ੀ ਯਾਨੀ ਸਾਫ਼ ਹੁੰਦੀ ਹੈ ਤਾਂ ਜੋ ਆਤਮਾ (ਰੱਬੀ ਜੋਤਿ) ਦਾ ਹੂ-ਬਹੂ ਪ੍ਰਕਾਸ਼; ਬੁੱਧੀ ਨੂੰ ਮਹਿਸੂਸ ਹੋਵੇ। ਇਹੀ ਰੱਬ ਦਾ ਮਿਲਾਪ ਹੈ ‘‘ਧਨ ਪਿਰ ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥ ਗੁਰਿ+ਪੂਰੈ (ਨੇ) ਹਉਮੈ ਭੀਤਿ ਤੋਰੀ; ਜਨ ਨਾਨਕ ਮਿਲੇ ਬਨਵਾਰੀ ॥’’ (ਮਹਲਾ ੪/੧੨੬੩) ਅਰਥ : ਸਰੀਰ ਅੰਦਰ ਜੀਵਾਤਮਾ (ਆਤਮਾ) ਅਤੇ ਪਤੀ (ਮਾਲਕ/ਜੋਤਿ) ਦਾ ਇੱਕੋ ਜਗ੍ਹਾ ਨਿਵਾਸ ਹੈ, ਪਰ ਦੋਨਾਂ ਵਿਚਕਾਰ ਅਹੰਕਾਰ (ਮੈਲ਼) ਦੀ ਦੀਵਾਰ ਹੈ। ਪੂਰਨ ਗੁਰੂ ਨੇ ਗੁਰਮੁਖ ਅੰਦਰੋਂ ਇਹ ਦੀਵਾਰ ਢਾਹ ਦਿੱਤੀ ਤਾਂ ਜਗਤ ਦਾ ਮਾਲਕ (ਬਨਵਾਰੀ ਅੰਦਰੋਂ ਹੀ) ਮਿਲ ਪੈਂਦਾ ਹੈ। ਇਹ, ਜ਼ਮੀਰ ਯਾਨੀ ਆਤਮਾ ਦਾ ਜਾਗਣਾ ਹੈ, ਨਸੀਬ ਦਾ ਉਦੈ ਹੋਣਾ ਹੈ ‘‘ਕਹਿ ਕਬੀਰ ਮਨਿ (’ਚ) ਭਇਆ ਪ੍ਰਗਾਸਾ; ਉਦੈ ਭਾਨੁ ਜਬ ਚੀਨਾ ॥’’ (ਭਗਤ ਕਬੀਰ/੩੩੨) ਅਰਥ : ਜਦ (ਭਾਗ ਰੂਪ ਅੰਤਹਿਕਰਣ ਦੀ ਮੈਲ਼ ਮਿਟਦੀ ਹੈ, ਰੱਬੀ ਜੋਤਿ-ਨਾਮ ਦਾ) ਸੂਰਜ ਚੜ੍ਹਿਆ ਤਾਂ ਮਨ (ਬੁੱਧੀ) ’ਚ ਰੌਸ਼ਨੀ ਆ ਗਈ ਯਾਨੀ ਆਤਮਾ ਤੇ ਪਰਮਾਤਮਾ ਅਭੇਦ ਹੋ ਜਾਂਦੇ ਹਨ ‘‘ਜਿਨੀ ਆਤਮੁ ਚੀਨਿਆ; ਪਰਮਾਤਮੁ ਸੋਈ ॥’’ (ਮਹਲਾ ੧/੪੨੧) ਚੇਤੇ ਰਹੇ ਕਿ ਮਲ਼ੀਨ ਦੀਵਾਰ; ਗੁਰੂ ਨੇ ਢਾਹੀ ਹੈ ‘‘ਗੁਰਿ+ਪੂਰੈ (ਨੇ) ਹਉਮੈ ਭੀਤਿ ਤੋਰੀ’’ , ਨਾ ਕਿ ਬੰਦਗੀ ਕਰਨ ਵਾਲ਼ੇ ਦੀ ਬੁੱਧੀ ਨੇ। ਸ਼ਰਧਾਵਾਨ ਦੀ ਬੁੱਧੀ ’ਚ ਆਈ ਆਤਮਾ ’ਚੋਂ ਰੌਸ਼ਨੀ (ਜਾਗਰੂਕਤਾ) ਹੀ ਰੱਬ ’ਤੇ ਕੀਤੇ ਭਰੋਸੇ ਨੂੰ ਯਕੀਨ ’ਚ ਬਦਲਦੀ ਹੈ। ਦੁਨਿਆਵੀ ਗਿਆਨ ਨਾਲ਼ ਜਿੱਥੇ ਇੱਕ ਡਾਕਟਰ; ਸਰੀਰਕ ਬੀਮਾਰੀਆਂ ਬਾਰੇ ਅਤੇ ਤਾਰਾ ਵਿਗਿਆਨੀ; ਬ੍ਰਹਿਮੰਡ ਬਾਰੇ ਪੂਰਾ ਨਹੀਂ ਜਾਣ ਸਕਿਆ ਓਥੇ ਗੁਰੂ ਸਾਹਿਬਾਨ ਨੇ ਰੂਹਾਨੀਅਤ ਗਿਆਨ ਰਾਹੀਂ ਜ਼ਿੰਦਗੀ, ਕੁਦਰਤ ਤੇ ਨਿਰਾਕਾਰ ਨੂੰ ਤੱਥਾਂ ਆਧਾਰਿਤ ਬਿਆਨ ਕੀਤਾ ਹੈ।
ਰੱਬੀ ਜੋਤਿ (ਆਤਮਾ) ਦਾ ਥੋੜ੍ਹਾ ਬਹੁਤ ਚਾਨਣ ਹਰ ਜੀਵ ਦੀ ਬੁੱਧੀ ’ਤੇ ਜ਼ਰੂਰ ਪੈਂਦਾ ਹੈ, ਇਸ ਲਈ ਗੁਰੂ ਨਾਨਕ ਸਾਹਿਬ ਨੇ ਵਚਨ ਕੀਤਾ ਕਿ ਅਕਲ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਹੋਇਆ ‘‘ਏਕਾ ਸੁਰਤਿ; ਜੇਤੇ ਹੈ ਜੀਅ ॥ ਸੁਰਤਿ ਵਿਹੂਣਾ; ਕੋਇ ਨ ਕੀਅ ॥ ਜੇਹੀ ਸੁਰਤਿ; ਤੇਹਾ ਤਿਨ ਰਾਹੁ ॥ ਲੇਖਾ ਇਕੋ; ਆਵਹੁ ਜਾਹੁ ॥’’ (ਮਹਲਾ ੧/੨੫) ਇਸੇ ਸੂਝ ਨਾਲ਼ ਪੰਛੀ ਅੰਡੇ ਦੇਣ ਤੋਂ ਪਹਿਲਾਂ ਆਲ੍ਹਣਾ ਬਣਾ ਲੈਂਦੇ ਹਨ। ਕੁੱਤੀ; ਬੱਚੇ ਦੇਣ ਤੋਂ ਪਹਿਲਾਂ ਖੁੱਡ ਪੁੱਟ ਲੈਂਦੀ ਹੈ। ਪੰਛੀਆਂ ਨੂੰ ਇਹ ਸਮਝ ਆਪਣੇ ਮਾਤਾ ਪਿਤਾ ਤੋਂ ਨਹੀਂ ਮਿਲੀ ਹੁੰਦੀ ਤੇ ਨਾ ਹੀ ਕੁੱਤੀ ਨੇ ਅਗਾਂਹ ਆਪਣੇ ਬੱਚਿਆਂ ਨੂੰ ਦਿੱਤੀ ਹੁੰਦੀ ਹੈ।
ਸਬਦ ਗਿਆਨ; ਬੰਦੇ ਨੂੰ ਅੰਤਹਿਕਰਣ ਦੀ ਮੈਲ਼ ਤੋਂ ਜਾਣੂ (ਸਵੈ ਪੜਚੋਲ) ਕਰਾਉਂਦਾ ਹੈ। ਇਹ ਸਮਝ ਅੰਦਰਲੀ ਸਫ਼ਾਈ ਕਰਨ ਲਈ ਅਜੇ ਪੂਰਨ ਨਹੀਂ। ਮਨ ਨੂੰ ਕਾਬੂ ਕਰਨ ’ਚ ਆਪ ਅਸਫਲ ਰਿਹਾ, ਗੁਰੂ ਤੋਂ ਮਦਦ ਮੰਗੇਗਾ। ਇਸ ਹਲੇਮੀ ਨੂੰ ਮਿਲਣ ਵਾਲ਼ਾ ਰੂਹਾਨੀਅਤ ਬਲ ਹੀ ਗੁਰੂ ਦੀ ਬਖ਼ਸ਼ਸ਼ ਹੈ, ਰੱਬ ਦੀ ਮਿਹਰ ਹੈ ‘‘ਗੁਰ ਪਰਸਾਦੀ ਕਰਹੁ ਕਿਰਪਾ; ਲੇਹੁ ਜਮਹੁ ਉਬਾਰੇ ॥ ਜੁਗਹ ਜੁਗੰਤਰਿ ਭਗਤ ਤੁਮਾਰੇ ॥’’ (ਮਹਲਾ ੧/੫੬੭) ਅਰਥ : (ਹੇ ਮਾਲਕ !) ਤੁਸੀਂ ਗੁਰੂ ਦੀ ਮਿਹਰ ਦੇ ਰੂਪ ’ਚ (ਆਪਣੇ ਭਗਤਾਂ ਉੱਤੇ) ਕਿਰਪਾ ਕਰਦੇ ਹੋ ਅਤੇ (ਉਨ੍ਹਾਂ ਨੂੰ) ਵਿਕਾਰਾਂ ਤੋਂ ਬਚਾ ਲੈਂਦੇ ਹੋ। ਹਰ ਜੁਗ ’ਚ ਤੇਰੇ ਭਗਤ ਮੌਜੂਦ ਰਹੇ ਸਨ।
ਕਈ ਅਜੋਕੇ ਤਰਕਵਾਦੀ ਸਿੱਖਾਂ ਦਾ ਮੰਨਣਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਪ੍ਰਗਟ ਕੀਤਾ ਸੱਚਾ ਗਿਆਨ (ਗੁਰੂ ਗ੍ਰੰਥ ਸਾਹਿਬ) ਹੀ ਗੁਰੂ ਦੀ ਬਖ਼ਸ਼ਸ਼ ਹੈ। ਕੋਈ ਹੋਰ ਬਖ਼ਸ਼ਸ਼ ਨਹੀਂ ਹੁੰਦੀ, ਪਰ ਗੁਰਬਾਣੀ ਦੀ ਇੱਕ ਤੁਕ ’ਚ ਹੀ ਸ਼ਬਦ ਗਿਆਨ ਅਤੇ ਬਖ਼ਸ਼ਸ਼ ਨੂੰ ਵੱਖਰਾ-ਵੱਖਰਾ ਰੱਖਿਆ ਮਿਲਦਾ ਹੈ; ਜਿਵੇਂ ਕਿ
(1). ਗੁਰ ਕੈ ਬਚਨਿ; ਧਿਆਇਓ ਮੋਹਿ ਨਾਉ ॥ ਗੁਰ ਪਰਸਾਦਿ; ਮੋਹਿ ਮਿਲਿਆ ਥਾਉ ॥੧॥ ਰਹਾਉ ॥ (ਮਹਲਾ ੫/੨੩੯) ਅਰਥ : ਗੁਰ ਦੇ ਸ਼ਬਦ ਨਾਲ਼ ਮੈ ਰੱਬ ਦਾ ਨਾਮ ਜਪਿਆ ਹੈ ਤੇ ਗੁਰੂ ਦੀ ਕਿਰਪਾ ਨਾਲ਼ (ਉਸ ਦੇ ਚਰਨਾਂ ’ਚ) ਨਿਵਾਸ ਮਿਲਿਆ ਹੈ ਯਾਨੀ ਨਾਮ ਜਪਣ ’ਚ ਸਫਲਤਾ ਮਿਲਣੀ, ਗੁਰੂ ਦੀ ਮਿਹਰ ’ਤੇ ਨਿਰਭਰ ਹੈ।
(2). ਗੁਰ ਪ੍ਰਸਾਦਿ; ਕੋ ਸਬਦਿ ਪਛਾਣੈ ॥ (ਮਹਲਾ ੫/੫੬੨) ਅਰਥ : (ਹੇ ਪ੍ਰਭੂ ਜੀ !) ਕੋਈ ਵਿਰਲਾ ਭਗਤ; ਗੁਰ ਦੇ ਸ਼ਬਦ ਨਾਲ਼ ਅਤੇ ਗੁਰੂ ਦੀ ਬਖ਼ਸ਼ਸ਼ ਨਾਲ਼ ਤੈਨੂੰ ਪਛਾਣਦਾ ਹੈ। (ਨੋਟ : ‘ਪ੍ਰਸਾਦਿ’ ਤੇ ‘ਸਬਦਿ’ ਦੇ ਅਰਥ ‘ਮਿਹਰ ਨਾਲ਼’ ਤੇ ‘ਸ਼ਬਦ ਨਾਲ਼’ ਕਰਨੇ ਹੀ ਪੈਣੇ ਹਨ।)
(3). ਜਾਣਿਆ ਆਨੰਦੁ, ਸਦਾ ਗੁਰ ਤੇ; ਕ੍ਰਿਪਾ ਕਰੇ ਪਿਆਰਿਆ ॥ (ਅਨੰਦ/ਮਹਲਾ ੩/੯੧੭) ਅਰਥ : ਹੇ ਪਿਆਰੇ ਭਾਈ ਜਨ ! ਸਦਾ ਗੁਰੂ ਤੋਂ ਅਨੰਦ ਬਾਰੇ ਸਮਝ ਆਉਂਦੀ ਹੈ ਤੇ ਗੁਰੂ ਦੀ ਕਿਰਪਾ ਨਾਲ਼ ਅਨੰਦ ਮਾਣਿਆ ਜਾਂਦਾ ਹੈ ਯਾਨੀ ਅਨੰਦ ਦੀ ਸਮਝ ਤੇ ਅਨੰਦ ਮਾਣਨਾ; ਦੋਵਾਂ ’ਚ ਅੰਤਰ ਹੈ।
(4). ਗਿਆਨ ਅੰਜਨੁ ਪਾਏ ਗੁਰ ਸਬਦੀ; ਨਦਰੀ ਨਦਰਿ ਮਿਲਾਇਦਾ ॥ (ਮਹਲਾ ੩/੧੦੬੫) ਅਰਥ : ਗੁਰੂ ਦੇ ਸ਼ਬਦ-ਉਪਦੇਸ਼ ਨਾਲ਼ ਗਿਆਨ ਸੁਰਮਾ (ਅੱਖਾਂ ’ਚ) ਪੈਂਦਾ ਹੈ ਯਾਨੀ ਅੰਤਹਿਕਰਣ ਦੀ ਮੈਲ਼ ਨਜ਼ਰ ਆਉਂਦੀ ਹੈ ਤੇ ਮਿਹਰਬਾਨ ਮਾਲਕ ਦੀ ਮਿਹਰ ਭਰੀ ਦ੍ਰਿਸ਼ਟੀ ਨਾਲ਼ (ਉਸ ਨਾਲ਼) ਮਿਲਾਪ ਹੁੰਦਾ ਹੈ ਯਾਨੀ ਅੰਤਹਿਕਰਣ ਪਾਰਦਰਸ਼ੀ ਹੁੰਦਾ ਹੈ।
ਸੋ ਜੇ ਬੁੱਧੀ ’ਚ 5% ਚਾਨਣ ਹੈ ਤਾਂ ਵਿਕਾਰਾਂ ਨਾਲ਼ ਲੜਨ ਲਈ ਉਸ ਕੋਲ਼ ਇਹੀ ਸ਼ਕਤੀ ਹੈ ਤਾਂ ਤੇ ਵਿਕਾਰਾਂ ਨਾਲ਼ ਨਹੀਂ ਲੜ ਸਕਦੀ ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ? ॥’’ (ਭਗਤ ਰਵਿਦਾਸ/੪੮੬) ਅਰਥ : ਹਿਰਨ (ਕੰਨ ਰਸ ਨਾਲ਼), ਮੱਛੀ (ਜੀਭ ਰਸ ਨਾਲ਼), ਭੌਰਾ (ਨਾਸਿਕੀ ਸੁਗੰਧ ਨਾਲ਼), ਪਤੰਗਾ (ਨਜ਼ਰ ਰੋਗ ਨਾਲ਼) ਤੇ ਹਾਥੀ (ਤ੍ਵਚਾ/ਚਮੜੀ/ਕਾਮ ਰੋਗ ਨਾਲ਼) ਯਾਨੀ ਇੱਕ ਇੱਕ ਰੋਗ ਨਾਲ਼ ਮਰ ਜਾਂਦੇ ਹਨ, ਪਰ ਜਿਸ ਬੰਦੇ ਅੰਦਰ ਨਾ ਕਾਬੂ ਹੋਣ ਵਾਲ਼ੇ ਇਹ ਪੰਜੇ ਵਿਕਾਰ ਹੋਣ ਉਸ ਤੋਂ ਕਿੰਨੀ ਕੁ ਉਮੀਦ ਰੱਖੀਏ ?
ਨਸ਼ੇੜੀ ਨੂੰ ਜੇ ਇਹ ਗਿਆਨ ਹੋ ਜਾਵੇ ਕਿ ਨਸ਼ਾ ਸਿਹਤ ਲਈ ਨੁਕਸਾਨਦੇਹ ਹੈ, ਤਾਂ ਭੀ ਉਹ ਨਸ਼ੇ ਨੂੰ ਨਹੀਂ ਛੱਡ ਸਕਦਾ ਜਦਕਿ ਉਸ ਨੇ 20-30 ਕੁ ਸਾਲ ਪਹਿਲਾਂ ਹੀ ਨਸ਼ਾ ਸ਼ੁਰੂ ਕੀਤਾ ਹੋ ਸਕਦਾ ਹੈ ਤਾਂ ਤੇ ‘ਜਨਮ ਜਨਮ ਕੀ ਮਲੁ’ ਨੂੰ ਗੁਰੂ ਦਰਪਣ ਨਾਲ਼ ਵੇਖਣ ਤੋਂ ਬਾਅਦ ਆਪਣੇ ਬੁੱਧੀ ਬਲ ਦੇ ਆਸਰੇ ਮਨ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ ? ਆਮ ਆਖਿਆ ਜਾਂਦਾ ਹੈ ਕਿ ਗੁਰਬਾਣੀ ਪੜ੍ਹੀ ਬਹੁਤ ਜਾ ਰਹੀ ਹੈ, ਪਰ ਗੁਰਮਤਿ ਅਨੁਸਾਰੀ ਓਨੇ ਕਿਰਦਾਰ ਨਜ਼ਰ ਨਹੀਂ ਆਉਂਦੇ। ਕੀ ਰੋਜ਼ਾਨਾ ਪਾਠ ਕਰਨ ਵਾਲ਼ੀ ਬੀਬੀ ਨੂੰ ਨਹੀਂ ਪਤਾ ਕਿ ਗੁਰਬਾਣੀ; ਵਰਤ ਰੱਖਣ ਬਾਰੇ ਕੀ ਕਹਿੰਦੀ ਹੈ ਅਤੇ ਸ਼ਰਾਬ ਪੀਣ ਵਾਲ਼ੇ ਜਾਂ ਹੋਰਾਂ ਨੂੰ ਵੰਡਣ ਵਾਲ਼ੇ ਸਿਆਸੀ ਪ੍ਰਬੰਧਕਾਂ ਨੂੰ ਨਹੀਂ ਪਤਾ ਕਿ ਗੁਰਬਾਣੀ; ਨਸ਼ੇ ਬਾਰੇ ਕੀ ਕਹਿੰਦੀ ਹੈ। ਜੇਕਰ ਪਤਾ ਹੈ ਤਾਂ ਇਹ ਸਾਰੇ ਮਨਮਤੀ ਕਰਮ ਛੱਡ ਕਿਉਂ ਨਹੀਂ ਦਿੰਦੇ ? ਜਵਾਬ ਹੈ ਕਿ ਗੁਰੂ ਦੀ ਬਖ਼ਸ਼ਸ਼ ਨਾਲ਼ ਜੋ ਜ਼ਮੀਰ ਜਾਗਣੀ ਸੀ, ਰੂਹਾਨੀਅਤ ਬਲ ਮਿਲਣਾ ਸੀ ਤਾਂ ਕਿ ਹਿੰਮਤ ਜੁਟਾ ਇਨ੍ਹਾਂ ਨੂੰ ਛੱਡਦੇ, ਉਹ ਬਲ; ਗੁਰੂ ਪਾਸੋਂ ਮੰਗਣ ਦੀ ਜਾਚ ਨਾ ਆਈ।
ਸਿੱਖ ਅੰਦਰ ਗੁਰੂ ਦਾ ਸਤਿਕਾਰ ਤੇ ਡਰ-ਅਦਬ ਪੈਦਾ ਹੋਣਾ, ਗੁਰੂ ਪਾਸੋਂ ਰੱਬ ਦਾ ਨਾਮ ਅਤੇ ਉਸ ’ਤੇ ਪਹਿਰਾ ਦੇਣਯੋਗ ਸ਼ਕਤੀ (ਬਖ਼ਸ਼ਸ਼) ਮੰਗਣੀ; ਅਸਲ ਸਿੱਖੀ ਹੈ। ਇਹੀ ਗੁਣ ਹੋਰਾਂ ਨਾਲ਼ ਸਾਂਝੇ ਕਰਨੇ; ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਹੈ, ਪਰ ਇਨ੍ਹਾਂ ਨੂੰ ਮਨਮਤ ਨਜ਼ਰੀਏ ਨਾਲ਼ ਵੇਖਣਾ; ਰੂਹਾਨੀਅਤ ਤਬਦੀਲੀ ਆਉਣੀ ਅਸੰਭਵ ਹੈ, ਫਿਰ ਐਸਾ ਜੀਵਨ ਹੁੰਦਾ ਹੈ ‘‘ਕਬੀਰ ! ਮਨੁ ਜਾਨੈ ਸਭ ਬਾਤ; ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ; ਹਾਥਿ ਦੀਪੁ ਕੂਏ ਪਰੈ ॥’’ (ਭਗਤ ਕਬੀਰ/੧੩੭੬) ਅਰਥ : ਬੁੱਧੀ; ਚੰਗਾ ਮਾੜਾ ਜਾਣਦੀ ਹੈ ਫਿਰ ਭੀ ਗ਼ਲਤ ਕੰਮ ਕਰਦੀ ਹੈ; ਇਹ ਕਾਹਦੀ ਕੁਸ਼ਲਤਾ (ਸ਼ਾਂਤੀ) ਇਹ ਤਾਂ ਹੱਥ ’ਚ ਗਿਆਨ ਰੂਪ ਦੀਵਾ ਹੋਣ ’ਤੇ ਭੀ ਹਨ੍ਹੇਰੇ ਖੂਹ ’ਚ ਡਿੱਗਣਾ ਹੈ।
ਅੱਜ ਚਾਰੋਂ ਤਰਫ਼ ਹੁੰਦੀ ਬੰਦਗੀ ਨੂੰ ਵੇਖ ਕੌਣ ਕਹੇਗਾ ਕਿ ਰੱਬ ਦਾ ਨਾਮ ਜਪਣਾ ਮੁਸ਼ਕਲ ਹੈ, ਪਰ ਗੁਰੂ ਨਾਨਕ ਸਾਹਿਬ ਜੀ ਇਹੀ ਕਹਿ ਰਹੇ ਹਨ ‘‘ਆਖਣਿ ਅਉਖਾ; ਸਾਚਾ ਨਾਉ ॥’’ (ਸੋ ਦਰੁ/ਮਹਲਾ ੧) ਦਰਅਸਲ ਸੱਚਾ ਨਾਮ ਜਪਣਾ ਮੁਸ਼ਕਲ ਹੈ, ਤੋਂ ਭਾਵ ਹੈ ਕਿ ਜਿਸ ਦਾ ਨਾਮ ਜਪਣਾ ਹੈ, ਉਸ ਨੂੰ ਸਮਝਣਾ ਤੇ ਉਸ ’ਤੇ ਯਕੀਨ ਬਣਾਏ ਰੱਖਣਾ ਮੁਸ਼ਕਲ ਹੈ ਕਿਉਂਕਿ ਇਹ ਗਿਆਨ ਇੰਦ੍ਰਿਆਂ (ਅੱਖ, ਕੰਨ, ਨੱਕ, ਜੀਭ ਤੇ ਤ੍ਹਚਾ) ਦਾ ਵਿਸ਼ਾ ਨਹੀਂ ਤਾਂ ਜੋ ਜਲਦੀ ਪਕੜ ’ਚ ਆ ਜਾਵੇ। ਨਾ ਸਮਝੀ ’ਚ ਨਾਮ ਜਪ-ਜਪ ਕੋਈ ਰੂਹਾਨੀਅਤ ਬਲ ਨਾ ਮਿਲਦਾ ਵੇਖ ਅਤੇ ਦੁੱਖਾਂ ਤੋਂ ਘਬਰਾਅ ਕੇ ਕਈ ਧਰਮੀ; ਨਾਸਤਿਕ ਬਣਦੇ ਹਨ। ਦੂਜੇ ਪਾਸੇ ਪੂਰਨ ਸਮਝ ਨਾਲ਼ ਨਾਮ ਜਪਣ ਵਾਲ਼ਾ ਇਉਂ ਆਖਦਾ ਹੈ ‘‘ਲਾਖ ਜਿਹਵਾ ਦੇਹੁ ਮੇਰੇ ਪਿਆਰੇ ! (ਤਾਂ ਜੋ) ਮੁਖੁ ਹਰਿ ਆਰਾਧੇ ਮੇਰਾ ਰਾਮ ॥’’ (ਮਹਲਾ ੫/੭੮੦)
ਗੁਰਬਾਣੀ ਅੰਦਰ ਰੱਬ ’ਤੇ ਭਰੋਸਾ ਬਣਾਏ ਰੱਖਣ ਲਈ ‘ਗੁਰੂ ਦੀ ਬਖ਼ਸ਼ਸ਼’ ਨੂੰ ਜ਼ਰੂਰੀ ਮੰਨਿਆ ਗਿਆ ਹੈ; ਜਿਵੇਂ ਕਿ
(1). ਸੋ ਪ੍ਰਭੁ; ਜਾਣੀਐ ਸਦ ਸੰਗਿ ॥ ਗੁਰ ਪ੍ਰਸਾਦੀ ਬੂਝੀਐ; ਏਕ ਹਰਿ ਕੈ ਰੰਗਿ ॥੧॥ ਰਹਾਉ॥ (ਮਹਲਾ ੫/੪੦੫) ਅਰਥ : ਉਸ ਮਾਲਕ ਨੂੰ ਸਦਾ ਅੰਗ-ਸੰਗ ਜਾਣਨਾ ਚਾਹੀਦਾ ਹੈ। ਸਤਿਗੁਰੂ ਦੀ ਕਿਰਪਾ ਨਾਲ਼ ਕੇਵਲ ਉਸ ਹਰੀ ਦੇ ਪ੍ਰੇਮ ਰੰਗ ’ਚ ਭਿੱਜ ਕੇ ਜਾਣਿਆ ਜਾਂਦਾ ਹੈ।
(2). ਮੇਰਾ ਪ੍ਰਭੁ ਅੰਤਰਿ ਬੈਠਾ; ਵੇਖੈ ॥ ਗੁਰ ਪਰਸਾਦੀ ਮਿਲੈ; ਸੋਈ ਜਨੁ ਲੇਖੈ ॥ (ਮਹਲਾ ੩/੧੨੩) ਅਰਥ : ਪਿਆਰਾ ਪ੍ਰੀਤਮ; ਸਾਰਿਆਂ ਅੰਦਰ ਬੈਠਾ (ਹਰ ਫੁਰਨਾ ਦਿਲੋਂ ਉੱਠਦੇ ਨੂੰ) ਵੇਖਦਾ ਹੈ। ਗੁਰੂ ਦੀ ਮਿਹਰ ਨਾਲ਼ ਜੋ ਮਨੁੱਖ (ਉਸ ਨਾਲ਼) ਜੁੜਦਾ ਹੈ ਉਹੀ ਲੇਖੇ ’ਚ ਹੈ, ਸਫਲ ਹੈ।
(3). ਗੁਪਤੁ ਪਰਗਟੁ ਤੂੰ; ਸਭਨੀ ਥਾਈ ॥ ਗੁਰ ਪਰਸਾਦੀ; ਮਿਲਿ ਸੋਝੀ ਪਾਈ ॥ (ਮਹਲਾ ੩/੧੨੪) ਅਰਥ : ਹੇ ਪ੍ਰਭੂ ਜੀ ! ਤੂੰ ਪ੍ਰਗਟ (ਯਾਨੀ ਸਰਗੁਨ) ਤੇ ਗੁਪਤ (ਯਾਨੀ ਨਿਰਗੁਨ) ਰੂਪ ’ਚ ਹਰ ਥਾਂ ਮੌਜੂਦ ਹੈਂ, ਪਰ ਇਹ ਸਮਝ ਗੁਰੂ ਦੀ ਕਿਰਪਾ ਨਾਲ਼ (ਤੈਨੂੰ) ਮਿਲ ਕੇ ਹੀ ਆਉਂਦੀ ਹੈ।
(4). ਨਾਨਕ ! ਕਰਮੀ ਬੰਦਗੀ; ਨਦਰਿ ਲੰਘਾਏ ਪਾਰਿ ॥ (ਮਹਲਾ ੧/੧੨੪੨) ਅਰਥ : ਮਾਲਕ ਦੀ ਮਿਹਰ ਨਾਲ਼ ਭਗਤੀ ਹੁੰਦੀ ਹੈ ਅਤੇ ਮਾਲਕ ਦੀ ਮਿਹਰ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਉਂਦੀ ਹੈ ਯਾਨੀ ਮੁਕਤੀ ਦਿੰਦੀ ਹੈ।
ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਮਾਲਕ ਨੂੰ ਕਿਵੇਂ ਜਾਣਾ, ਕਿਵੇਂ ਉਸ ਦੀ ਸਿਫ਼ਤ ਕਰਾਂ ਕਿਉਂਕਿ ਉਹ ਗਿਆਨ ਇੰਦ੍ਰਿਆਂ ਨਾਲ਼ ਵਿਖਾਈ ਨਹੀਂ ਦਿੰਦਾ ‘‘ਕਿਵ ਕਰਿ ਆਖਾ ? ਕਿਵ ਸਾਲਾਹੀ ? ਕਿਉ ਵਰਨੀ ? ਕਿਵ ਜਾਣਾ .. ॥੨੧॥’’ (ਜਪੁ) ਗੁਰੂ ਅਮਰਦਾਸ ਜੀ ਐਸੇ ਹੀ ਸਵਾਲ ਪੈਦਾ ਕਰ ਫਿਰ ਜਵਾਬ ਦਿੰਦੇ ਹਨ ਕਿ ਗੁਰੂ ਦੇ ਸ਼ਬਦ ਨਾਲ ਅਤੇ ਗੁਰੂ ਦੀ ਕਿਰਪਾ ਨਾਲ਼ ਉਸ ਦੀ ਸਿਫ਼ਤ ਕੀਤੀ ਜਾਂਦੀ ਹੈ, ਉਸ ਨੂੰ ਜਾਣਿਆ ਜਾਂਦਾ ਹੈ ‘‘ਕਿਉ ਕਰਿ ਵੇਖਾ ? ਕਿਉ ਸਾਲਾਹੀ ?॥ ਗੁਰ ਪਰਸਾਦੀ; ਸਬਦਿ ਸਲਾਹੀ ॥’’ (ਮਹਲਾ ੩/੧੧੯)
ਗੁਰੂ ਸ਼ਬਦ ਦੀ ਸਮਝ ਅਤੇ ਗੁਰੂ ਦੀ ਕਿਰਪਾ; ਰੱਬ ਦੀ ਮਿਹਰ ਵਿੱਚ ਹੀ ਹੁੰਦੇ ਹਨ; ਜਿਵੇਂ ਕਿ
(1). ਕਰਮੁ ਹੋਵੈ; ਗੁਰੁ ਕਿਰਪਾ ਕਰੈ ॥ (ਮਹਲਾ ੩/੧੧੨੯) ਅਰਥ : ਮਾਲਕ ਦੀ ਮਿਹਰ ਹੋਵੇ ਤਾਂ ਹੀ ਗੁਰੂ ਦੀ ਕਿਰਪਾ ਹੁੰਦੀ ਹੈ।
(2). ਬੂਝੈ ਕਰਮੁ; ਸੁ ਸਬਦੁ ਪਛਾਣੈ ॥ (ਮਹਲਾ ੧/੧੦੪੦) ਅਰਥ : ਜੋ ਮਾਲਕ ਦੀ ਮਿਹਰ ਨੂੰ ਸਮਝਦਾ ਹੈ ਓਹੀ ਗੁਰੂ ਦੇ ਸ਼ਬਦ ਨੂੰ ਸਮਝ ਸਕਦਾ ਹੈ।
(3). ਗੁਰਮੁਖਿ ਸਿਖ ਸੋਈ ਜਨੁ ਪਾਏ; ਜਿਸ ਨੋ ਨਦਰਿ ਕਰੇ ਕਰਤਾਰੁ ॥ (ਮਹਲਾ ੧/੧੨੫੬) ਅਰਥ : ਗੁਰੂ ਦੀ ਸਿੱਖਿਆ ਉਹੀ ਗ੍ਰਹਿਣ ਕਰ ਸਕਦਾ ਹੈ, ਜਿਸ ਉੱਤੇ ਮਿਹਰ ਭਰੀ ਨਜ਼ਰ; ਸਿਰਜਣਹਾਰ ਮਾਲਕ ਕਰਦਾ ਹੈ।
(4). ਹਰਿ ਹਰਿ ਕ੍ਰਿਪਾਲਿ (ਨੇ) ਕ੍ਰਿਪਾ ਪ੍ਰਭਿ (ਨੇ) ਧਾਰੀ; ਗੁਰਿ (ਨੇ) ਗਿਆਨੁ ਦੀਓ, ਮਨੁ ਸਮਝਾ ॥ ਰਹਾਉ ॥ (ਮਹਲਾ ੪/੬੯੭) ਅਰਥ : ਜਦ ਕ੍ਰਿਪਾਲ ਹਰੀ ਪ੍ਰਭੂ ਨੇ ਕਿਰਪਾ ਕੀਤੀ ਅਤੇ ਗੁਰੂ ਨੇ ਉਪਦੇਸ਼ ਦਿੱਤਾ ਤਾਂ ਹੀ ਮਨ ਕਾਬੂ ਹੋਇਆ।
(5). ਐਸੋ ਪਰਚਉ ਪਾਇਓ ॥ ਕਰੀ ਕ੍ਰਿਪਾ ਦਇਆਲ ਬੀਠੁਲੈ (ਨੇ); ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥ (ਮਹਲਾ ੫/੨੦੫) ਅਰਥ : ਦਇਆ ਦੇ ਘਰ, ਕ੍ਰਿਪਾਲ ਮਾਲਕ ਨੇ ਮੈਨੂੰ ਸਤਿਗੁਰੂ ਦੀ ਸੋਝੀ ਦਿੱਤੀ (ਜਿਨ੍ਹਾਂ ਦੀ ਮਿਹਰ ਨਾਲ਼ ਹੀ) ਮਾਲਕ ਨਾਲ਼ ਸਾਂਝ ਬਣ ਸਕੀ।
ਉਕਤ ਜਿੱਥੇ ਅਕਾਲ ਪੁਰਖ ਦੀ ਕਿਰਪਾ ਨਾਲ਼ ਗੁਰੂ ਮਿਲਣ ਦਾ ਜ਼ਿਕਰ ਹੈ, ਉਸ ਦਾ ਮਤਲਬ ਮਨੁੱਖੀ ਸਰੀਰ ਅਕਾਲ ਪੁਰਖ ਦੀ ਮਿਹਰ ਨਾਲ਼ ਮਿਲਿਆ ਹੈ ਤੇ ਇਸ ਜਾਮੇ ’ਚ ਗੁਰੂ ਭੇਜ ਕੇ ਅਤੇ ਗੁਰੂ ਨਾਲ਼ ਮਿਲਾਪ ਕਰਾ ਕੇ ਫਿਰ ਸਤਿਗੁਰੂ ਦੀ ਕਿਰਪਾ ਨਾਲ਼ ਅਕਾਲ ਪੁਰਖ ਨਾਲ਼ ਅਭੇਦ ਹੋਣਾ ਅਤੇ ਸੰਸਾਰਕ ਯਾਤਰਾ ਤੋਂ ਮੁਕਤ ਹੋਣਾ ਹੈ।
ਅੰਤ ’ਚ ਗੁਰੂ ਨਾਨਕ ਸਾਹਿਬ ਜੀ ਦਾ ਵਚਨ ਯਾਦ ਰੱਖਣਾ ਹੈ ਕਿ ‘ਬਖ਼ਸ਼ਸ਼’ ਅਜਿਹੀ ਰੱਬੀ ਸ਼ਕਤੀ ਹੈ, ਜੋ ਬਗਲੇ (ਪਖੰਡੀ) ਅਤੇ ਹੰਸ ਦਾ ਅੰਤਰ ਨਹੀਂ ਵੇਖਦੀ। ਕਾਂ ਨੂੰ ਭੀ ਹੰਸ ਬਣਾ ਦਿੰਦੀ ਹੈ, ਕੋਈ ਔਗੁਣ ਨਹੀਂ ਫਰੋਲਦੀ ‘‘ਕਿਆ ਹੰਸੁ ? ਕਿਆ ਬਗੁਲਾ ? ਜਾ ਕਉ ਨਦਰਿ ਕਰੇਇ ॥ ਜੋ ਤਿਸੁ ਭਾਵੈ ਨਾਨਕਾ; ਕਾਗਹੁ ਹੰਸੁ ਕਰੇਇ ॥ (ਮਹਲਾ ੧/੯੧) ਤਾਂ ਤੇ ਤਰਕ-ਵਿਤਰਕ ਨੂੰ ਛੱਡ ਕੇ ਇਹੀ ਬੇਨਤੀ ਕਰਨੀ ਬਣਦੀ ਹੈ ‘‘ਦ੍ਰਿਸਟਿ ਪ੍ਰਭ ਧਾਰਹੁ; ਕ੍ਰਿਪਾ ਕਰਿ ਤਾਰਹੁ; ਭੁਜਾ ਗਹਿ, ਕੂਪ ਤੇ ਕਾਢਿ ਲੇਵਹੁ ॥ ਰਹਾਉ ॥’’ (ਮਹਲਾ ੫/੬੮੩) ਅਰਥ : ਹੇ ਪ੍ਰਭੂ ਜੀ ! ਮਿਹਰ ਭਰੀ ਨਜ਼ਰ ਕਰੋ, ਕਿਰਪਾ ਕਰਕੇ ਸਾਨੂੰ ਤਾਰ ਲਓ। ਸਾਡੀ ਬਾਂਹ ਪਕੜ ਕੇ ਅਗਿਆਨਤਾ ਦੇ ਹਨ੍ਹੇਰੇ ਖੂਹ ’ਚੋਂ ਕੱਢ ਲਓ।
ਗੁਰਮਤਿ ਦੇ ਹਥਲੇ ਵਿਸ਼ੇ ’ਤੇ ਭਰੋਸਾ ਕਰਨ ਦੀ ਬਜਾਇ ਨਾਸਤਿਕ ਬਿਰਤੀ ਵੱਲੋਂ ਕੁਤਰਕ ਕੀਤਾ ਜਾਂਦਾ ਹੈ ਕਿ ਜੇ ਬਖ਼ਸ਼ਸ਼ ਨਾਲ਼ ਸਭ ਕੁੱਝ ਹੋਣਾ ਹੈ ਤਾਂ ਮਨੁੱਖ ਨੂੰ ਕਿਉਂ ਕਿਹਾ ਜਾਂਦਾ ਹੈ; ਇਉਂ ਨਹੀਂ, ਇਉਂ ਕਰ ? ਜਵਾਬ : ਦਰਅਸਲ ਇਹ ਜਾਣਨਾ ਜ਼ਰੂਰੀ ਹੈ ਕਿ ਮਨੁੱਖ ਨੂੰ ਕਿੱਥੋਂ ਰੋਕਿਆ ਜਾਂਦਾ ਹੈ ਅਤੇ ਕਿੱਧਰ ਨੂੰ ਪ੍ਰੇਰਿਆ ਜਾਂਦਾ ਹੈ। ਕੁਦਰਤ ਦੇ ਵਿਕਾਸ ਲਈ ਜੀਵ ਰਚਨਾ ਹੋਈ ਹੈ। ਇਸ ਨਿਯਮ ’ਚ ਹਰ ਜੀਵ (ਪਸ਼ੂ, ਪੰਛੀ ਆਦਿ) ਆਪਣਾ ਫ਼ਰਜ਼ ਅਦਾ ਕਰਦਾ ਪਿਆ ਹੈ, ਪਰ ਜੇ ਕੋਈ ਮਨੁੱਖ ਗ੍ਰਹਿਸਤ ਤਿਆਗ ਕੇਵਲ ਧਰਮ ਕਮਾਉਣ ਜੰਗਲ਼ ’ਚ ਚਲਾ ਜਾਵੇ ਜਾਂ ਆਪਣਾ ਗ੍ਰਹਿਸਤੀ ਫ਼ਰਜ਼ ਇਮਾਨਦਾਰੀ ਨਾਲ਼ ਨਾ ਨਿਭਾਵੇ ਜਾਂ ਬੇਈਮਾਨੀ ਨਾਲ਼ ਤੇ ਧਰਮ ਦਾ ਠੇਕੇਦਾਰ ਬਣ ਦੂਜੇ ਦੀ ਕਮਾਈ ’ਤੇ ਨਿਰਭਰ ਰਹੇ ਜਾਂ ਸਭ ਨੂੰ ਬਰਾਬਰ ਨਾ ਸਮਝੇ ਜਾਂ ਹਰ ਕੰਮ ਦਾ ਮਹੱਤਵ ਆਪਣੇ ’ਤੇ ਲਵੇ, ਜਿਸ ਕਰਤਾਰ ਦੇ ਹੁਕਮ ’ਚ ਚੱਲਦਾ ਪਿਆ ਹੈ, ਉਸ ਨੂੰ ਭੁੱਲਾ ਦੇਵੇ ਜਾਂ ਸਵੈ ਪੜਚੋਲ ਨਾ ਕਰੇ, ਜਿਨ੍ਹਾਂ ਔਗੁਣਾਂ ਕਾਰਨ ਖ਼ੁਦ ਦੁਖੀ ਹੈ ਤਾਂ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ; ਇਹ ਚੇਤਾ ਕਰਾਉਣਾ ਜ਼ਰੂਰੀ ਹੁੰਦਾ ਹੈ। ਮੋਟੇ ਤੌਰ ’ਤੇ ਵੇਖੀਏ ਤਾਂ ਇਹ ਸਾਰੀ ਨੈਤਿਕਤਾ; ਸਰੀਰ ਨਾਲ਼ ਸੰਬੰਧਿਤ ਹੈ ਯਾਨੀ ਸਰੀਰਕ ਅੰਗਾਂ ਅਤੇ ਪੰਜੇ ਗਿਆਨ ਇੰਦ੍ਰਿਆਂ ਨੂੰ ਅਹਿਸਾਸ ਕਰਾਉਣ ਨਾਲ਼ ਸੰਬੰਧਿਤ ਹੈ ਜਦਕਿ ਬਖ਼ਸ਼ਸ਼; ਰੂਹ/ਜ਼ਮੀਰ ਦੇ ਖਿੜਨ ਨਾਲ਼ ਜੁੜੀ ਹੈ। ਇਨ੍ਹਾਂ ਦੋਵੇਂ ਭਿੰਨ-ਭਿੰਨ ਗੁਰਮਤਿ ਨੁਕਤਿਆਂ ਨੂੰ ਰਲ਼ਗੱਡ ਕਰਨ ਨਾਲ਼ ਦੁਬਿਧਾ ਉਪਜਦੀ ਹੈ, ਜੋ ਵਿਵਾਦ ਪੈਦਾ ਕਰ ਸਫਲ ਜੀਵਨ ਲਈ ਰੁਕਾਵਟ ਬਣਦੀ ਹੈ।
ਬੇਗ਼ਮ ਮੁਗ਼ਲਾਨੀ ਨਸਲ ਦੀਆਂ ਵਾਰਸਾਂ ਹੱਥੀਂ ਦਿੱਲੀ ਗੋਦ ਵਿਚ ਹੀ ਇੱਜ਼ਤਾਂ ਦੀ ਲੁੱਟ
ਬੇਗ਼ਮ ਮੁਗ਼ਲਾਨੀ ਨਸਲ ਦੀਆਂ ਵਾਰਸਾਂ ਹੱਥੀਂ ਦਿੱਲੀ ਗੋਦ ਵਿਚ ਹੀ ਇੱਜ਼ਤਾਂ ਦੀ ਲੁੱਟ
ਰਸ਼ਪਾਲ ਸਿੰਘ (ਹੁਸ਼ਿਆਰਪੁਰ)-98554-40151
ਰਾਜਧਾਨੀ ਅਤੇ ਦਿੱਲੀ ਦੋਵੇਂ ਸ਼ਬਦ ਇਸਤਰੀ ਲਿੰਗ ਹਨ। ਇਸਤਰੀ ਲਿੰਗ ਦਿੱਲੀ ਦੀ ਗੋਦ ਵਿਚ ਹੀ ਇਸਤਰੀਆਂ ਹੱਥੋਂ ਇੱਜ਼ਤਾਂ ਲੁੱਟੀਆਂ ਜਾਣ, ਤਾਂ ਦਿਲ ਧੜਕਦੇ ਹਨ ਕਿਉਂਕਿ ਇਸਤਰੀ ਸ਼ਬਦ ਕੋਮਲਤਾ ਤੇ ਸੂਖਮਤਾ ਦਾ ਪ੍ਰਭਾਵ ਛੱਡਦਾ ਹੈ, ਪਰ ਜਦੋਂ ਕਦੇ ਕਿਸੇ ਦੌਲਤ ਤੇ ਸ਼ੋਹਰਤ ਹਿਤ ਔਰਤ ਆਪਣੀ ਜ਼ਾਲਮਾਨਾ ਔਕਾਤ ਦਿਖਾਉਂਦੀ ਹੈ ਤਾਂ ਸੰਸਾਰ ਚਿੰਤਤ ਹੁੰਦਾ ਹੈ। ਔਰਤ ਨੂੰ ਤਾਂ ਇਮਾਨ ਦਾ ਦਰਜਾ ਪ੍ਰਾਪਤ ਹੈ।
26 ਜਨਵਰੀ 2022 ਨੂੰ ਭਾਰਤ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਭਾਰਤ ਦੀ ਰਾਜਧਾਨੀ ਦਿੱਲੀ ਵਿਚ 20 ਸਾਲ ਦੀ ਇਕ ਔਰਤ ਨੂੰ ਅਗਵਾ ਕਰਕੇ ਉਸ ਦੀ ਇੱਜ਼ਤ ਨੂੰ ਤਾਰ–ਤਾਰ ਕੀਤਾ ਜਾ ਰਿਹਾ ਸੀ। ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਗਿਆ, ਸਰੀਰਕ ਤਸ਼ੱਦਦ ਢਾਹਿਆ ਗਿਆ, ਕੇਸ ਕਤਲ ਕੀਤੇ ਗਏ, ਮੂੰਹ ਕਾਲਾ ਕੀਤਾ ਗਿਆ ਅਤੇ ਸ਼ਰੇ–ਬਾਜ਼ਾਰ ਸੜਕਾਂ ’ਤੇ ਘੁੰਮਾਇਆ ਗਿਆ। ਇਨਸਾਨੀਅਤ ਕੰਬ ਗਈ ਕਿ ਇਸ ਜ਼ਾਲਮਾਨਾ ਕਾਰੇ ਵਿਚ ਵੱਡੀ ਭਾਗੀਦਾਰੀ ਔਰਤਾਂ ਦੀ ਸੀ। ਇਹ ਹਿਰਦੇ–ਵਲੂੰਧਰ ਦੀ ਘਟਨਾ ਨਾਲ ਇਸਤਰੀ ਹੀ ਨਹੀਂ ਬਲਕਿ ਇਨਸਾਨੀਅਤ ਸ਼ਰਮਸਾਰ ਹੋਈ।
ਜਿੱਥੋਂ ਸਰਕਾਰਾਂ ਦੇਸ਼ ਨੂੰ ਚਲਾਉਂਦੀਆਂ ਹੋਣ ਉੱਥੇ ਇਹ ਇਕ ਘਟਨਾ ਨਹੀਂ ਬਲਕਿ ਸਮੇਂ-ਸਮੇਂ ਵੱਖ-ਵੱਖ ਰੂਪਾਂ ਵਿਚ ਘਟਨਾਵਾਂ ਵਾਪਰਦੀਆਂ ਹਨ। ਅਜਿਹੀਆਂ ਘਟਨਾਵਾਂ ਉਸ ਇਤਿਹਾਸ ਨੂੰ ਅੱਖਾਂ ਸਾਹਮਣੇ ਘੁੰਮਾਉਂਦੀਆਂ ਹਨ ਜਦ ਬੇਗ਼ਮ ਮੁਗ਼ਲਾਨੀ ਹੱਥੀਂ ਵੀ ਦਿੱਲੀ ਅੰਦਰ ਇੱਜ਼ਤਾਂ ਲੁੱਟੀਆਂ ਗਈਆਂ।
ਮੀਰ ਮੰਨੂ ਵੱਲੋਂ ਸਖ਼ਤੀ ਦੇ ਸਿਖਰ ਕਾਰਨ 26 ਅਕਤੂਬਰ 1753 ਦੀ ਦੀਵਾਲੀ ਮੌਕੇ ਸਿੱਖ ਅੰਮ੍ਰਿਤਸਰ ਇਕੱਠੇ ਹੋਣ ਤੋਂ ਅਸਮਰੱਥ ਸਨ। ਇਸ ਦੇ ਬਾਵਜੂਦ ਸਿੱਖ ਇਕੱਲੇ-ਦੁਕੱਲੇ ਗੁਰੂ ਕੀ ਨਗਰੀ ਨਤਮਸਤਕ ਹੋਣ ਦੇ ਯਤਨ ਰੱਖਦੇ। ਮੀਰ ਮੰਨੂ ਨੇ ਮੁਕੰਮਲ ਪਾਬੰਦੀ ਲਈ ਲਾਹੌਰ ਅਤੇ ਗੁਰੂ ਕੇ ਚੱਕ ਵਿਚਕਾਰ ਪੈਂਦੇ ਪਿੰਡ ਵਿਚ ਇਕ ਚੌਂਕੀ ਕਾਇਮ ਕਰ ਦਿੱਤੀ। ਚੌਂਕੀ ਇੰਚਾਰਜ ਖਵਾਜਾ ਮਿਰਜ਼ਾ ਦੀ ਫ਼ੌਜ ਸੌ ਕਿਲੋਮੀਟਰ ਦੇ ਘੇਰੇ ਤੱਕ ਸਿੱਖਾਂ ’ਤੇ ਨਜ਼ਰ ਰੱਖਦੀ। ਹੱਥ ਆਏ ਸਿੱਖਾਂ ਨੂੰ ਬੇਰਹਿਮੀ ਨਾਲ ਮਾਰ ਮੁਕਾ ਦਿੱਤਾ ਜਾਂਦਾ। 2 ਨਵੰਬਰ 1753 ਨੂੰ ਪਿੰਡ ਮਲਿਕਪੁਰ ਨੇੜੇ ਕਮਾਦ ਵਿਚ ਛੁਪੇ ਬੈਠੇ ਵੱਡੇ ਜੱਥੇ ਨੂੰ ਘੇਰਾ ਪਾ ਲਿਆ। ਸਿੱਖਾਂ ਨੇ ਸੁਰੱਖਿਆ ਵਜੋਂ ਗੋਲੀਬਾਰੀ ਕੀਤੀ ਤਾਂ ਮੀਰ ਮੰਨੂ ਦਾ ਘੋੜਾ ਡਰ ਕੇ ਬੇਲਗਾਮ ਹੋ ਗਿਆ। ਘੋੜੇ ਦੀ ਰਕਾਬ ਵਿਚ ਫਸੇ ਇਕ ਪੈਰ ਕਾਰਨ ਮੀਰ ਮੰਨੂ ਬਹੁਤ ਦੂਰ ਤੱਕ ਘਸੀਟਿਆ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਇਕ ਦੋ ਦਿਨਾਂ ਵਿਚ ਹੀ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਕਾਰਨ ਦਾ ਹੋਰ ਹਵਾਲਾ ਵੀ ਮਿਲਦਾ ਹੈ। ਇਹ ਦਰੁਸਤ ਹੈ ਕਿ ਸਿੱਖਾਂ ਦਾ ਸ਼ਿਕਾਰ ਕਰਨ ਚੜ੍ਹਿਆ ਮਰਿਆ, ਪਰ ਸਿੱਖਾਂ ਹੱਥੋਂ ਨਹੀਂ ਮਰਿਆ। ਮੀਰ ਮੰਨੂ ਜਿਉਂ ਹੀ ਮਰਿਆ ਤਾਂ ਸਿੱਖਾਂ ਨੇ ਮੰਨੂ ਦੇ ਜ਼ੇਲ੍ਹ ’ਤੇ ਹਮਲਾ ਕਰ ਕੇ ਸਿੱਖ ਬੀਬੀਆਂ ਅਤੇ ਬੱਚਿਆਂ ਨੂੰ ਬਾਹਰ ਕੱਢ ਲਿਆ।
ਮੀਰ ਮੰਨੂ ਮਰਿਆ ਤਾਂ 10 ਅਪ੍ਰੈਲ 1754 ਨੂੰ ਲੰਬੇ ਸਮੇਂ ਤੋਂ ਬਾਅਦ ਅਕਾਲ ਤਖ਼ਤ ਸਾਹਿਬ ’ਤੇ ਸਰਬੱਤ ਖ਼ਾਲਸਾ ਜੁੜਿਆ ਤੇ ਲੋਕਾਂ ਨੂੰ ਰਾਖੀ ਦੇਣ ਦਾ ਗੁਰਮਤਾ ਪਾਸ ਕੀਤਾ। ਮਤਲਬ ਕਿ ਹੁਣ ਕਿਸਾਨਾਂ ਅਤੇ ਵਪਾਰੀਆਂ ਨੇ ਮਾਲੀਆ ਸਿੱਖਾਂ ਨੂੰ ਦੇਣਾ ਸੀ ਤੇ ਸਿੱਖਾਂ ਨੇ ਅਫ਼ਗਾਨ ਧਾੜਵੀਆਂ ਅਤੇ ਮੁਗ਼ਲ ਸਰਕਾਰ ਤੋਂ ਲੋਕਾਂ ਦੀ ਰਾਖੀ ਕਰਨ ਦਾ ਫਰਜ਼ ਅਦਾ ਕਰਨਾ ਸੀ। ਲੋਕਾਂ ਨੇ ਇਸ ਮਤੇ ਨੂੰ ਰੱਬੀ ਤੋਹਫ਼ੇ ਵਜੋਂ ਕਬੂਲਿਆ ਕਿਉਂਕਿ ਜੋ ਹਾਲਾਤ ਸਨ ਉਸ ਦੀ ਗਵਾਹੀ ਇਕ ਅਖਾਣ ਭਰਦਾ ਹੈ ਕਿ ‘ਖਾਧਾ ਪੀਤਾ ਲਾਹੇ ਦਾ ਤੇ ਬਾਕੀ ਅਹਿਮਦ ਸ਼ਾਹੇ ਦਾ’।
ਉੱਧਰ ਦਿੱਲੀ ਦੇ ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਨੇ ਮੀਰ ਮੰਨੂ ਦੇ ਤਿੰਨ ਸਾਲ ਦੇ ਪੁੱਤ ਮੁਹੰਮਦ ਅਮੀਨ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਐਲਾਨ ਦਿੱਤਾ ਤੇ ਮੁਗ਼ਲਾਨੀ ਬੇਗ਼ਮ ਨੂੰ ਉਸ ਦੀ ਸਰਪ੍ਰਸਤ ਬਣਾ ਦਿੱਤਾ, ਪਰ ਬੇਗ਼ਮ, ਮੁਗ਼ਲ ਬਾਦਸ਼ਾਹ ਅਹਿਮਦ ਸ਼ਾਹ ਵਲੋਂ ਗੱਦੀ ਦੀ ਥਾਂ ਅਹਿਮਦ ਸ਼ਾਹ ਦੁਰਾਨੀ ਨਾਲ ਨੇੜਤਾ ਬਣਾਉਣਾ ਚਾਹੁੰਦੀ ਸੀ। ਲਾਹੌਰ ਦੀ ਸੂਬੇਦਾਰੀ ’ਤੇ ਦੁਰਾਨੀ ਦੀ ਮੋਹਰ ਲੁਆਉਣ ਵਾਸਤੇ ਉਸ ਨੂੰ ਪੱਤਰ ਭੇਜਿਆ। ਬੇਗ਼ਮ ਦੇ ਫ਼ੌਜਦਾਰ ਮੋਮਿਨ ਖ਼ਾਨ ਨੇ ਜਨਵਰੀ 1754 ਵਿਚ ਦੁਰਾਨੀ ਤੋਂ ਇਹ ਇੱਛਾ ਪੂਰੀ ਕਰਵਾ ਦਿੱਤੀ। ਰੱਬ ਦਾ ਭਾਣਾ ਕਿ ਮਈ 1754 ਵਿਚ ਬੇਗ਼ਮ ਦੇ ਬੱਚੇ ਮੁਹੰਮਦ ਅਮੀਨ ਖ਼ਾਨ ਦੀ ਮੌਤ ਹੋ ਗਈ। ਸ਼ਾਇਦ ਮੀਰ ਮੰਨੂ ਦੇ ਵਫ਼ਾਦਾਰ ਜਰਨੈਲ ਭਿਖਾਰੀ ਖ਼ਾਨ ਨੇ ਜ਼ਹਿਰ ਦੇ ਕੇ ਮਰਵਾ ਦਿੱਤਾ। ਇਸੇ ਜਰਨੈਲ ਨੇ ਬੇਗ਼ਮ ਨੂੰ ਸਤਾਇਆ ਸੀ ਕਿ ਮੀਰ ਮੰਨੂ ਦੀ ਲਾਸ਼ ਨੂੰ ਦਿੱਲੀ ਦਫ਼ਨਾਉਣਾ ਹੈ। ਬੇਗ਼ਮ ਨੇ ਆਪਣੀ ਹੀ ਫ਼ੌਜ ਨੂੰ ਵੱਡੀ ਵੱਢੀ ਦੇ ਕੇ ਤੇ ਕਾਸਿਮ ਖ਼ਾਨ ਦੀ ਸਹਾਇਤਾ ਨਾਲ ਲਾਹੌਰ ਵਿਚ ਦਫ਼ਨਾਇਆ ਸੀ। ਚੇਤੇ ਰਹੇ ਕਿ ਸਿੱਖਾਂ ਨੇ ਲਾਹੌਰ ’ਤੇ ਕਬਜ਼ਾ ਕਰਨ ਉਪਰੰਤ ਮੀਰ ਮੰਨੂ ਦੀ ਲਾਸ਼ ਨੂੰ ਕਬਰ ਵਿਚੋਂ ਕੱਢ ਸਾੜ ਕੇ ਉਸ ਦਾ ਨਿਸ਼ਾਨ ਹੀ ਮਿਟਾ ਦਿੱਤਾ ਸੀ। ਬੇਗ਼ਮ ਨੇ ਭਿਖਾਰੀ ਖ਼ਾਨ ਨੂੰ ਗ਼੍ਰਿਫ਼ਤਾਰ ਵੀ ਕੀਤਾ ਤੇ ਕਤਲ ਵੀ ਕਰਾਇਆ। ਕਾਸਿਮ ਖ਼ਾਨ ਨੂੰ ਸਹਾਇਤਾ ਦੇ ਸ਼ੁਕਰਾਨੇ ਵਜੋਂ ਪੱਟੀ ਦਾ ਫ਼ੌਜਦਾਰ ਲਾ ਦਿੱਤਾ। ਇਹ ਉਹੀ ਕਾਸਿਮ ਖ਼ਾਨ ਹੈ ਜਿਸ ਨੇ ਸਿੱਖਾਂ ਨਾਲ ਟੱਕਰ ਲੈ ਕੇ ਨਤੀਜਾ ਕੱਢਿਆ ਕਿ ਇਹਨਾਂ ਨਾਲ ਸਮਝੌਤਾ ਕਰਨਾ ਤੇ ਇਹਨਾਂ ਤੋਂ ਰਾਜ ਵਿਸਥਾਰ ਵਾਸਤੇ ਮਦਦ ਲੈਣੀ ਹੀ ਲਾਹੇਵੰਦ ਹੈ, ਪਰ ਸਿੱਖਾਂ ਨੇ ਨਾ ਮਦਦ ਦਿੱਤੀ ਤੇ ਨਾ ਹੀ ਉਹ ਦਿੱਲੀ ਦਾ ਬਾਦਸ਼ਾਹ ਬਣ ਸਕਿਆ। ਅਖ਼ੀਰ ਇਕ ਦਿਨ ਉਸ ਦਾ ਖ਼ਜ਼ਾਨਾ ਵੀ ਖ਼ਾਲੀ ਹੋ ਗਿਆ ਤੇ ਉਸ ਨੂੰ ਆਪਣੇ ਸਿਪਾਹੀਆਂ ਹੱਥੀਂ ਹੀ ਬੇਗ਼ਮ ਕੋਲ ਨਜ਼ਰਬੰਦ ਹੋਣਾ ਪਿਆ।
ਹੁਣ ਬੇਗ਼ਮ ਨੇ ਆਪਣੇ ਆਪ ਨੂੰ ਲਾਹੌਰ ਦੀ ਸੂਬੇਦਾਰ ਐਲਾਨਿਆ ਹੋਇਆ ਸੀ, ਪਰ ਦਿੱਲੀ ਦੇ ਬਾਦਸ਼ਾਹ ਨੇ ਬੇਗ਼ਮ ਦੇ ਫ਼ੌਜਦਾਰ ਮੋਮਿਨ ਖ਼ਾਨ ਨੂੰ ਪੱਟ ਲਿਆ। 2 ਜੂਨ 1754 ਨੂੰ ਬਾਲ-ਸੂਬੇਦਾਰ ਦੀ ਮੌਤ ਹੋਈ ਸੀ ਤੇ 25 ਅਕਤੂਬਰ 1754 ਨੂੰ ਮੋਮਿਨ ਖ਼ਾਨ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ। ਮੁਗ਼ਲਾਨੀ ਬੇਗ਼ਮ ਦਾ ਗ਼ਾਜ਼ੀ ਬੇਗ ਖ਼ਾਨ ਨਾਲ ਇਸ਼ਕ ਵੀ ਚੱਲ ਰਿਹਾ ਸੀ। ਇਸ ਤੋਂ ਇਲਾਵਾ ਘਰੇਲੂ ਨੌਕਰ ਮਿਸਕਿਨ (ਤਹਿਮਾਸ ਨਾਮਾ ਦਾ ਲੇਖਕ ਹੈ) ਨਾਲ ਇਸ਼ਕ ਦੀ ਚਰਚਾ ਸੀ। ਦਿੱਲੀ ਦਰਬਾਰ ਅਤੇ ਦੁਰਾਨੀ ਵਿਚਕਾਰ ਕਸ਼ਮਕਸ਼ ਦੌਰਾਨ ਬੇਗ਼ਮ ਦਾ ਸਿੰਘਾਸਣ ਡੋਲਦਾ ਰਿਹਾ। ਤਿੰਨ ਸਾਲਾਂ ਵਿਚ ਨੌਂ ਵਾਰੀ ਲਾਹੌਰ ਦੀ ਸੂਬੇਦਾਰੀ ਅਦਲ ਬਦਲ ਹੁੰਦੀ ਰਹੀ। ਕਦੇ ਦਿੱਲੀ ਤੋਂ ਤੇ ਕਦੇ ਕਾਬੁਲ ਤੋਂ ਲਾਹੌਰ ਸੂਬੇਦਾਰ ਲੱਗਦੇ ਰਹੇ। ਲਾਹੌਰ ਦਰਬਾਰ ਦੀ ਇਸ ਡਾਵਾਂਡੋਲ ਸਥਿਤੀ ਵਿਚ ਸਿੱਖਾਂ ਨੂੰ ਕਾਫ਼ੀ ਰਾਹਤ ਮਿਲੀ ਅਤੇ ਜਥੇਬੰਦ ਵੀ ਹੋਏ। ਸਿੱਖਾਂ ਨੇ ਜੋ ਕਿਸਾਨਾਂ ਅਤੇ ਵਾਪਾਰੀਆਂ ਨੂੰ ਰਾਖੀ ਦਿੱਤੀ ਉਸ ਦੀ ਬਦੌਲਤ ਸਿੱਖ ਹੋਮਲੈਂਡ ਦਾ ਉਭਾਰ ਹੋਇਆ। 1756 ਤੱਕ ਪੰਜਾਬ ਦੇ ਵੱਡੇ ਹਿੱਸੇ ਵਿਚ ਸਿੱਖ ਅਸਲ ਹਾਕਮ ਬਣ ਚੁੱਕੇ ਸਨ।
ਅਫ਼ਗ਼ਾਨਾਂ ਦੀ ਵਫ਼ਾਦਾਰ ਮੁਗ਼ਲਾਨੀ ਬੇਗ਼ਮ ਕੇਵਲ ਲਾਹੌਰ ਸ਼ਹਿਰ ਅੰਦਰ ਹੀ ਸੂਬੇਦਾਰਨੀ ਸੀ। ਜਿਸ ਕਾਰਨ ਹੁਣ ਬੇਗ਼ਮ ਦਾ ਖਜ਼ਾਨਾ ਖਾਲੀ ਰਹਿ ਰਿਹਾ ਸੀ ਤੇ ਉਸ ਨੇ ਪੰਜਾਬ ’ਤੇ ਹਮਲਾ ਕਰਨ ਵਾਸਤੇ ਅਹਿਮਦ ਸ਼ਾਹ ਦੁਰਾਨੀ ਨੂੰ ਉਕਸਾਇਆ। ਬੇਗਮ ਦੀ ਇਸ ਕੂੜੀ ਕਰਤੂਤ ਨੂੰ ਵੇਖਦਿਆਂ ਦਿੱਲੀ ਸਰਕਾਰ ਦੇ ਵਜ਼ੀਰ ਗ਼ਾਜ਼ੀਓੱਦੀਨ ਨੇ ਬੇਗਮ ਮੁਗ਼ਲਾਨੀ ਨੂੰ ਅਤੇ ਉਸ ਦੀ ਧੀ ਉਮੀਂਦਾ ਬੇਗਮ ਨੂੰ ਗ੍ਰਿਫ਼ਤਾਰ ਕਰ ਲਿਆ। ਅਦੀਨਾ ਬੇਗ਼ ਨੂੰ ਲਾਹੌਰ ਦਾ ਸੂਬੇਦਾਰ ਲਾ ਦਿੱਤਾ।
ਉਮੀਂਦਾ ਬੇਗਮ ਦੀ ਮੰਗਣੀ ਮੀਰ ਮੰਨੂ ਦੇ ਜੀਊਂਦਿਆਂ ਹੀ ਇਮਾਦ-ਉਲ-ਮੁਲਕ ਨਾਲ ਹੋਈ ਪਈ ਸੀ ਜੋ ਕਿ ਦਿੱਲੀ ਵਾਲੇ ਅਹਿਮਦ ਸ਼ਾਹ ਦਾ ਵਜ਼ੀਰ ਸੀ। ਇਸ ਰਿਸ਼ਤੇ ਦੀ ਆੜ ਵਿਚ ਬੇਗ਼ਮ ਦਿੱਲੀ ਨੂੰ ਭਰਮਾ ਲੈਣਾ ਚਾਹੁੰਦੀ ਸੀ ਪਰ ਵਿਰੋਧੀਆਂ ਨੇ ਅਫਵਾਹ ਉਡਾ ਦਿੱਤੀ ਕਿ ਬੇਗ਼ਮ ਆਪਣੀ ਧੀ ਦਾ ਵਿਆਹ ਅਹਿਮਦ ਸ਼ਾਹ ਦੁਰਾਨੀ ਦੇ ਮੁੰਡੇ ਨਾਲ ਕਰਨਾ ਚਾਹੁੰਦੀ ਹੈ। ਇਸੇ ਕਰਕੇ ਉਮੀਂਦਾ ਬੇਗ਼ਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਸ ਦੇ ਬਾਵਜੂਦ ਦਾਜ ਦੇ ਲਾਲਚ ਵਸ ਵਜ਼ੀਰ ਇਮਾਦ-ਉਲ-ਮੁਲਕ ਨੇ ਉਮੀਂਦਾ ਬੇਗ਼ਮ ਨਾਲ ਸ਼ਾਦੀ ਕਰਵਾ ਲਈ। ਉਮੀਂਦਾ ਬੇਗ਼ਮ ਬਹੁਤ ਹੀਰੇ ਤੇੇ ਗਹਿਣੇ ਲੈ ਕੇ ਦਿੱਲੀ ਆਈ, ਪਰ ਵਜ਼ੀਰ ਨੇ ਉਸ ਦੀ ਮਾਂ ਨੂੰ ਦਿੱਲੀ ਵਿਚ ਨਜ਼ਰਬੰਦ ਕਰ ਲਿਆ।
ਹੁਣ ਬੇਗ਼ਮ ਮੁਗ਼ਲਾਨੀ ਨੇ ਕੈਦ ਵਿਚ ਹੁੰਦਿਆਂ ਅਹਿਮਦ ਸ਼ਾਹ ਦੁਰਾਨੀ ਨਾਲ ਸੰਪਰਕ ਸਾਧਿਆ। ਦੁਰਾਨੀ ਨੇ ਵੀ ਇਸ ਨਜ਼ਰਬੰਦੀ ਦਾ ਬੁਰਾ ਮਨਾਇਆ। ਦੁਰਾਨੀ ਨੇ ਦਿੱਲੀ ਸਰਕਾਰ ਨੂੰ ਖ਼ਤ ਲਿਖਿਆ ਤੇ ਬੇਗ਼ਮ ਦੀ ਰਿਹਾਈ ਕਰਨ ਨੂੰ ਕਿਹਾ। ਜਦ ਦਿੱਲੀ ਨੇ ਕੋਈ ਹੁੰਗਾਰਾ ਨਾ ਭਰਿਆ ਤਾਂ ਦੁਰਾਨੀ ਨੇ ਹਮਲਾ ਕਰਨ ਦਾ ਫ਼ੈਸਲਾ ਲੈ ਲਿਆ। ਹਮਲੇ ਤੋਂ ਪਹਿਲਾਂ ਅਹਿਮਦ ਸ਼ਾਹ ਦੁਰਾਨੀ ਵੱਲੋਂ ਭੇਜੇ ਜੰਗਬਾਜ਼ ਖ਼ਾਨ ਨੇ ਆਪਣੀ ਫ਼ੌਜ ਰਾਹੀਂ 25 ਨਵੰਬਰ ਨੂੰ ਲਾਹੌਰ ’ਤੇ ਕਬਜ਼ਾ ਕਰ ਲਿਆ। ਦੁਰਾਨੀ ਆਪ ਵੀ 20 ਦਸੰਬਰ 1756 ਨੂੰ ਲਾਹੌਰ ਪੁੱਜ ਗਿਆ। ਜਨਵਰੀ 1757 ਵਿਚ ਉਹ ਦਿੱਲੀ ਆ ਵੜਿਆ।
ਮੁਗ਼ਲਾਂ ਨੇ ਉਸ ਦਾ ਟਾਕਰਾ ਕਰਨ ਦੀ ਥਾਂ ਉਸ ਅੱਗੇ ਲੰਮੇ ਪੈ ਪੈ ਪੂਛ ਹਿਲਾਈ। ਬਾਦਸ਼ਾਹ ਆਲਮਗੀਰ ਦੂਜਾ ਆਪ ਦੁਰਾਨੀ ਨੂੰ ਫ਼ਤਹਿਪੁਰੀ ਤੋਂ ਲਾਲ ਕਿਲ੍ਹੇ ਤੱਕ ਲੈ ਕੇ ਗਿਆ। ਅਹਿਮਦ ਸ਼ਾਹ ਦੁਰਾਨੀ ਨੇ ਮੁਗ਼ਲ ਬਾਦਸ਼ਾਹ ਦੀ ਬੁਜ਼ਦਿਲੀ ’ਤੇ ਤਰਸ ਖਾਧਾ ਤਾਂ ਉਸ ਨੂੰ ਕੁਝ ਨਾ ਕਿਹਾ, ਪਰ ਉਸ ਨੇ ਜਿਸ ਹਿਸਾਬ ਦਿੱਲ ਲੁੱਟੀ ਤੇ ਕੁੱਟੀ ਉਹ ਲੂੰ ਕੰਡੇ ਖੜ੍ਹੇ ਕਰਦੀ ਦਾਸਤਾਨ ਹੈ।
ਮੁਗ਼ਲਾਨੀ ਬੇਗ਼ਮ ਨੇ ਦਿੱਲੀ ਦੇ ਹਰ ਅਮੀਰ ਵਜ਼ੀਰ ਦੀ ਦੌਲਤ ਤੇ ਦਿੱਲੀ ਦੀ ਹਰ ਖ਼ੂਬਸੂਰਤ ਔਰਤ ਦੀ ਸੂਹ ਦਿੱਤੀ। ਦੁਰਾਨੀ ਦੀ ਫ਼ੌਜ ਨੇ ਘਰਾਂ ਦੇ ਤਹਿਖ਼ਾਨੇ ਪੁੱਟ ਪੁੱਟ ਕੇ ਦੌਲਤ ਲੁੱਟੀ। ਮੁਗ਼ਲਾਨੀ ਬੇਗ਼ਮ ਨੇ ਆਪਣੇ ਸਹੁਰੇ ਕਮਰ–ਉਦ–ਦੀਨ ਦੇ ਘਰ ਨੂੰ ਵੀ ਲੁਟਵਾਇਆ। ਔਰਤਾਂ ਦੇ ਗਹਿਣੇ ਉਤਰਾ ਲਏ ਅਤੇ ਦਿੱਲੀ ਦੀਆਂ ਜਵਾਨ ਕੁੜੀਆਂ ਨੂੰ ਦੁਰਾਨੀ ਨੇ ਕਬਜ਼ੇ ਵਿਚ ਲੈ ਲਿਆ। ਦਿੱਲੀ ਹਾਲੋਂ ਬੇਹਾਲ ਤੇ ਕੰਗਾਲ ਕਰ ਛੱਡੀ।
ਦਿੱਲੀ ਤੋਂ ਬਾਅਦ ਭਰਤਪੁਰ ਤਬਾਹ ਕੀਤਾ। ਮਥਰਾ ਵਿਚ ਹੋਲੀ ਤਿਉਹਾਰ ਮੌਕੇ ਪੁੱਜੇ ਇਕ ਲੱਖ ਤੋਂ ਉੱਪਰ ਹਿੰਦੂਆਂ ਦਾ ਕਤਲੇਆਮ ਕੀਤਾ। ਕੀਮਤੀ ਮੂਰਤੀਆਂ ਨੂੰ ਵੀ ਲੁੱਟਿਆ ਤੇ ਬੇਇੱਜ਼ਤ ਕੀਤਾ। ਅਮੀਰ ਮੁਗ਼ਲਾਂ ਨੂੰ ਵੀ ਲੁੱਟਿਆ। ਐਸੀ ਤਬਾਹੀ ਬਿੰਦਰਾਬਨ ਅਤੇ ਗੋਕੁਲ ਵਿਚ ਵੀ ਮਚਾਈ।
ਫਿਰ ਦਿੱਲੀ ਮੁੜਿਆ ਤੇ ਆਪਣੇ ਪੁੱਤ ਤੈਮੂਰ ਦੀ ਸ਼ਾਦੀ ਬਾਦਸ਼ਾਹ ਆਲਮਗੀਰ ਦੀ ਧੀ ਅਫ਼ਰੋਜ਼ ਬਾਨੋ ਬੇਗ਼ਮ ਨਾਲ ਕੀਤੀ। ਦੁਰਾਨੀ ਨੇ ਆਪ ਗੱਦੀਓਂ ਲਾਹੇ ਅਹਿਮਦ ਸ਼ਾਹ ਦੀ 16 ਸਾਲਾ ਧੀ ਹਜ਼ਰਤ ਬੇਗ਼ਮ ਨਾਲ ਸ਼ਾਦੀ ਕਰਵਾ ਲਈ। ਅਫ਼ਗ਼ਾਨਿਸਤਾਨ ਦੀ ਵਾਪਸੀ ਵੇਲੇ ਉਸ ਕੋਲ ਜਿੱਥੇ ਕਰੋੜਾਂ ਦੀ ਦੌਲਤ ਸੀ ਉੱਥੇ ਦੋ ਮੁਗ਼ਲ ਬਾਦਸ਼ਾਹਾਂ ਦੀਆਂ ਧੀਆਂ, ਬਾਦਸ਼ਾਹ ਦੇ ਹਰਮ ਦੀਆਂ 17 ਔਰਤਾਂ ਅਤੇ ਚਾਰ ਸੌ ਤੋਂ ਵੱਧ ਗੋਲੀਆਂ ਸਨ।
ਹਾਂ ਮੁਗ਼ਲਾਨੀ ਬੇਗ਼ਮ ਦੀ ਭੂਮਿਕਾ ਨਿਭਾਉਣ ਵਾਲੀਆਂ ਔਰਤਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅੰਤ ਉਸ ਦੇ ਪੱਲੇ ਅੱਤ ਦੀ ਕੰਗਾਲੀ ਸੀ ਤੇ ਬੁਰੀ ਤਰ੍ਹਾਂ ਰੁਲੀ ਸੀ। ਇਕ ਗਰੀਬੜੀ ਵਾਂਗੂ 22 ਸਾਲ ਜੰਮੂ ਵਿਚ ਗੁਜ਼ਾਰੇ।
- ਚੇਅਰਮੈਨ ਸ਼ੁਭ ਕਰਮਨ ਸੁਸਾਇਟੀ
- ਵਿਜ਼ਟਿੰਗ ਸੋਸ਼ਿਆਲੋਜਿਸਟ ਐਨ. ਜੀ. ਓ. ਜ਼
ਭਗਤ ਰਵਿਦਾਸ ਜੀ ਦਾ ਜੀਵਨ ਅਤੇ ਫ਼ਲਸਫ਼ਾ
ਭਗਤ ਰਵਿਦਾਸ ਜੀ ਦਾ ਜੀਵਨ ਅਤੇ ਫ਼ਲਸਫ਼ਾ
ਸਤਿੰਦਰ ਸਿੰਘ ਓਠੀ ਮਜੀਠਾ ਰੋਡ, ਅੰਮ੍ਰਿਤਸਰ ਸਾਹਿਬ।
ਭਾਰਤ ਆਦਿ ਕਾਲ ਤੋਂ ਹੀ ਧਰਮ ਪ੍ਰਧਾਨ ਦੇਸ਼ ਰਿਹਾ ਹੈ। ਇਸ ਪਵਿੱਤਰ ਧਰਤੀ ’ਤੇ ਬਹੁਤ ਸਾਰੇ ਮਹਾਨ ਗੁਰੂਆਂ, ਪੀਰਾਂ ,ਪੈਗ਼ੰਬਰਾਂ ਅਤੇ ਮਹਾਂਪੁਰਸ਼ਾਂ ਨੇ ਜਨਮ ਲਿਆ ਹੈ। ਜਿਨ੍ਹਾਂ ਨੇ ਵੱਖ-ਵੱਖ ਧਰਮਾਂ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਸਮੂਹ ਜਨਤਾ ਨੂੰ ਪਿਆਰ, ਸ਼ਾਂਤੀ ਤੇ ਭਾਈਚਾਰੇ ਦਾ ਉਪਦੇਸ਼ ਦਿੱਤਾ। ਗੁਰੂਆਂ-ਪੀਰਾਂ ਦੀ ਇਸ ਧਰਤੀ ਦੇ ਇਤਿਹਾਸ ਦੇ ਪੰਨਿਆਂ ’ਤੇ ਸ਼੍ਰੋਮਣੀ ਮਹਾਂ-ਰਿਸ਼ੀ ਭਗਤ ਰਵਿਦਾਸ ਜੀ ਦਾ ਨਾਮ ਵੀ ਸੁਨਹਿਰੀ ਅੱਖਰਾਂ ’ਚ ਉੱਕਰਿਆ ਹੋਇਆ ਹੈ। ਜਿਨ੍ਹਾਂ ਦੀ ਵਿਚਾਰਧਾਰਾ ਉਨ੍ਹਾਂ ਦੇ ਆਪਣੇ ਸਮੇਂ ਦੇ ਵੱਖ-ਵੱਖ ਧਰਮਾਂ ਤੇ ਵਿਚਾਰਾਂ ਤੋਂ ਵਿਲੱਖਣ ਸੀ। ਉਨ੍ਹਾਂ ਨੇ ਜਾਤ-ਪਾਤ, ਧਰਮ ਅਤੇ ਸੰਸਾਰਕ ਮਾਇਆ ਦੇ ਆਧਾਰ ’ਤੇ ਮਨੁੱਖ-ਮਨੁੱਖ ’ਚ ਕੀਤੇ ਜਾਣ ਵਾਲੇ ਭੇਦ-ਭਾਵ ਨੂੰ ਅਰਥਹੀਣ ਅਤੇ ਅਣਉੱਚਿਤ ਦੱਸਿਆ ਅਤੇ ਆਪਣੇ ਭਗਤਾਂ ਜਿਨ੍ਹਾਂ ਨੂੰ ਆਮ ਕਰਕੇ ਰਵਿਦਾਸੀਏ ਕਿਹਾ ਜਾਂਦਾ ਹੈ, ਨੂੰ ਵਰਗ ਅਤੇ ਜਾਤੀ ਭੇਦ ਤੋਂ ਰਹਿਤ ਸਮਾਜ ਸਿਰਜਣ ਲਈ ਪ੍ਰੇਰਿਆ। ਰਵਿਦਾਸ ਜੀ ਦਾ ਜਨਮ ਉਸ ਕਾਲ ਵਿੱਚ ਹੋਇਆ ਜਿਸ ਵੇਲੇ ਛੂਤ-ਛਾਤ ਅਤੇ ਜਾਤ-ਪਾਤ ਦੇ ਭਿੰਨ-ਭੇਦਾਂ ਦਾ ਬੋਲਬਾਲਾ ਸੀ ਅਤੇ ਬ੍ਰਾਹਮਣ ਦੁਆਰਾ ਵੰਡੇ ਸਮਾਜ ਵਿੱਚ ਸ਼ੂਦਰਾਂ ਨੂੰ ਰੱਬ ਦਾ ਨਾਂ ਤੱਕ ਨਹੀਂ ਸੀ ਲੈਣ ਦਿੱਤਾ ਜਾਂਦਾ। ਰਵਿਦਾਸ ਜੀ ਦਾ ਜਨਮ ਉੱਤਰ ਪ੍ਰਦੇਸ਼ ਦੇ ਸ਼ਹਿਰ ਬਨਾਰਸ ਦੇ ਕੋਲ ਇਕ ਪਿੰਡ ਮਡੂਆਡੀਹ ਦੇ ਕੁਟ ਬਾਂਢਲਾ ਕਬੀਲੇ ਵਿੱਚ 15 ਫ਼ਰਵਰੀ, 1376 ਈਸਵੀ ਵਾਲੇ ਦਿਨ ਐਤਵਾਰ ਨੂੰ ਹੋਇਆ। ਇਹਨਾਂ ਦੇ ਪਿਤਾ, ਜਿਨ੍ਹਾਂ ਦਾ ਨਾਂ ਰਘੂ ਜਾਂ ਸੰਤੋਖਾ ਸੀ ਅਤੇ ਮਾਤਾ ਕਰਮਾਂ ਦੇਵੀ ਦੇ ਘਰ ਚੰਨ ਵਰਗਾ ਖਿੜਿਆ ਨੂਰੀ ਮੁੱਖੜਾ ਰਵਿਦਾਸ, ਜਿਸ ਦਿਆਂ ਨੈਣਾਂ ਵਿੱਚ ਰੱਬੀ ਨੂਰ ਵੱਸਦਾ ਸੀ, ਨੂੰ ਪ੍ਰਾਪਤ ਕਰਕੇ ਬੇਹੱਦ ਪ੍ਰਸੰਨ ਹੋਏ । ਇਨ੍ਹਾਂ ਦੇ ਕਬੀਲੇ ਕੁਟਬਾਂਢਲਾਂ ਦੇ ਲੋਕ ਉੱਤਰ ਪ੍ਰਦੇਸ਼ ਵਿੱਚ ਚਮੜਾ ਰੰਗਣ ਤੇ ਚਮੜੇ ਦੀਆਂ ਵਸਤਾਂ ਤਿਆਰ ਕਰਨ ਦਾ ਕਾਰੋਬਾਰ ਕਰਦੇ ਸਨ। ਇਸ ਬਾਰੇ ਆਪ ਲਿਖਦੇ ਹਨ ‘‘ਮੇਰੀ ਜਾਤਿ ਕੁਟ ਬਾਂਢਲਾ, ਢੋਰ ਢੋਵੰਤਾ; ਨਿਤਹਿ ਬਾਨਾਰਸੀ ਆਸ ਪਾਸਾ ॥’’ (ਭਗਤ ਰਵਿਦਾਸ/੧੨੯੩)
ਰਵਿਦਾਸ ਜੀ ਦੇ ਮਾਤਾ-ਪਿਤਾ ਤੇ ਪਰਿਵਾਰ ਦੇ ਜੀਅ ਪ੍ਰਭੂ-ਭਗਤੀ ਵਾਲੇ ਸਨ। ਇਹੋ ਜਿਹੇ ਵਾਤਾਵਰਨ ਵਿੱਚ ਬਾਲਕ ਰਵਿਦਾਸ ਦਾ ਪ੍ਰਭੂ-ਭਗਤੀ ਵੱਲ ਝੁਕਾਅ ਹੋਣਾ ਸੁਭਾਵਕ ਸੀ। ਉਹ ਰਾਤ-ਦਿਨ ਭਜਨ ਪੂਜਾ ਅਤੇ ਸਾਧਾਂ-ਸੰਤਾਂ ਦੀ ਸੇਵਾ ਅਤੇ ਸਤਿਕਾਰ ਵਿੱਚ ਲੱਗੇ ਰਹਿੰਦੇ ਸਨ। ਸੰਸਾਰਕਤਾ ਤੋਂ ਉਪਰਾਮ ਵੇਖ ਕੇ ਮਾਤਾ-ਪਿਤਾ ਨੇ ਉਨ੍ਹਾਂ ਦਾ ਵਿਆਹ ਲੂਣਾ ਨਾਂ ਦੀ ਲੜਕੀ ਨਾਲ ਕਰ ਦਿੱਤਾ। ਜਿਸ ਨੇ ਆਪਣੇ ਪਤੀ ਦੇ ਆਦਰਸ਼ ਦੀ ਸਫਲਤਾ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ। ਜਨਮ ਜਾਤ ਭਗਤ ਹੋਣ ਕਰ ਕੇ ਆਪ ਵਿਵਾਹਿਕ ਬੰਧਨ ਵਿੱਚ ਬੱਝ ਕੇ ਵੀ ਭਗਤੀ ਮਾਰਗ ਤੋਂ ਬੇਮੁੱਖ ਨਹੀਂ ਹੋਏ। ਪਿਤਾ ਨਾਲ ਕੁੱਝ ਵਿਚਾਰਕ ਅੰਤਰ ਹੋਣ ਕਰਕੇ ਰਵਿਦਾਸ ਜੀ ਆਪਣੇ ਪਿਤਾ ਨਾਲੋਂ ਅਲੱਗ ਝੌਂਪੜੀ ਬਣਾ ਕੇ ਰਹਿਣ ਲੱਗੇ ਤੇ ਪ੍ਰੇਮ ਭਾਵਨਾ ਨਾਲ ਸਾਧਾਂ-ਸੰਤਾਂ ਦੀ ਸੇਵਾ ਕਰ ਪ੍ਰਭੂ ਭਗਤੀ ਵਾਲਾ ਜੀਵਨ ਬਿਤਾਉਣ ਲੱਗੇ। ਰਵਿਦਾਸ ਜੀ ਉਹ ਉੱਚ ਹਸਤੀ ਸਨ, ਜਿਨ੍ਹਾਂ ਅੰਦਰ ਆਤਮ ਪ੍ਰਕਾਸ਼ ਸੀ, ਨਿਰੰਕਾਰ ਦੀ ਮਿਹਰ ਸੀ, ਸੱਚੀ ਗੱਲ ਕਹਿਣ ਦੀ ਸ਼ਕਤੀ ਸੀ, ਪਰ ਉਨ੍ਹਾਂ ਦਾ ਸਮਕਾਲੀ ਹਾਕਮ ਸਮਾਜ ਉਨ੍ਹਾਂ ਦੇ ਅਧਿਕਾਰਾਂ ਦੀ ਪਛਾਣ ਨਹੀਂ ਸੀ ਕਰਦਾ ਬਲਕਿ ਆਪਣੀ ਪ੍ਰਭੂ ਸੱਤਾ ਕਾਇਮ ਰੱਖਣ ਲਈ ਰੱਬ ਦੀ ਭਗਤੀ ’ਤੇ ਵੀ ਆਪਣਾ ਪ੍ਰਭਾਵ ਜਮਾਈ ਬੈਠਾ ਸੀ।
ਇਸ ਸਮੇਂ ਦੌਰਾਨ ਮੱਧ ਕਾਲ ਦਾ ਸਮਾਜ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ (ਚਾਰ ਵਰਗਾਂ) ਵਿੱਚ ਵੰਡਿਆ ਹੋਇਆ ਸੀ । ਸ਼ੂਦਰਾਂ ਨੂੰ ਨਾ ਵਿੱਦਿਆ ਹਾਸਲ ਕਰਨ ਦਾ ਤੇ ਨਾ ਹੀ ਸੁਚੱਜੀ ਸ੍ਰੇਣੀ ਵਿੱਚ ਰਹਿਣ ਸਹਿਣ ਦਾ ਅਧਿਕਾਰ ਦਿੱਤਾ ਜਾਂਦਾ ਸੀ। ਆਪ ਦੀ ਬਰਾਦਰੀ ਵਾਲਿਆਂ ਨੂੰ ਨੀਚ, ਦੁਸ਼ਟ ਅਤੇ ਸ਼ੂਦਰ ਕਹਿ ਕੇ ਦੁਰਕਾਰਿਆ ਜਾਂਦਾ ਸੀ। ਉਨ੍ਹਾਂ ਦੀਆਂ ਬਸਤੀਆਂ; ਸ਼ਹਿਰੋਂ ਬਾਹਰ ਹੁੰਦੀਆਂ ਸਨ, ਇਸ ਲਈ ਭਗਤ ਰਵਿਦਾਸ ਜੀ ਦੇ ਮਨ ਅੰਦਰ ਇਸ ਬੇਇਨਸਾਫ਼ੀ ਤੇ ਨਾ ਬਰਾਬਰੀ ਵਿਰੁੱਧ ਅੱਗ ਦਾ ਭਾਂਬੜ ਬਲਦਾ ਸੀ। ਜਿਸ ਨੂੰ ਉਹ ਸਮਾਜਿਕ ਵਾਤਾਵਰਨ ਦੇ ਦ੍ਰਿਸ਼ਟੀਗਤ ਧਾਰਮਿਕ ਰੰਗ ਵਿੱਚ ਪ੍ਰਗਟਾਉਣਾ ਚਾਹੁੰਦੇ ਸਨ। ਉਨ੍ਹਾਂ ਆਪਣੀ ਹਿੰਮਤ ਨਾਲ ਵਿੱਦਿਆ ਤੇ ਪ੍ਰਭੂ ਕਿਰਪਾ ਪ੍ਰਾਪਤ ਕੀਤੀ ਅਤੇ ਆਪਣੇ ਸਮਾਜਿਕ ਸੰਘਰਸ਼ ਦੇ ਟੀਚੇ ਦੀ ਪ੍ਰਾਪਤੀ ਹਿੱਤ ਆਪਣਾ ਸਾਰਾ ਜੀਵਨ ਲਗਾ ਦਿੱਤਾ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਲੋਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਾਪਤ ਕਰਨ, ਵਿੱਦਿਆ ਹਾਸਲ ਕਰਨ ਅਤੇ ਸਮਕਾਲੀ ਸਮਾਜ ਦਾ ਬਿਹਤਰੀਨ ਅੰਸ਼ ਬਣ ਕੇ ਦੇਸ਼ ਲਈ ਗੌਰਵ ਬਣਨ। ਆਪ ਐਸੀ ਦੁਨੀਆਂ ਦੇ ਚਾਹਵਾਨ ਸਨ, ਜਿੱਥੇ ਸਭ ਲੋਕ ਬਰਾਬਰ ਹੋਣ ਅਤੇ ਕੋਈ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ ‘‘ਬੇਗਮਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ, ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ, ਨ ਤਰਸੁ ਜਵਾਲੁ ॥’’ (ਭਗਤ ਰਵਿਦਾਸ/੩੪੫)
ਰਵਿਦਾਸ ਜੀ ਨੇ ਸੰਸਾਰਕ ਅਸਮਾਨਤਾ ਦਾ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਸ਼ੂਦਰ ਅਸਲ ਵਿੱਚ ਉਹ ਵਿਅਕਤੀ ਹੈ, ਜੋ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਵਿੱਚ ਗ੍ਰਸਿਆ ਪਿਆ ਹੈ। ਉਹ ਭਾਵੇਂ ਬ੍ਰਾਹਮਣ ਹੋਵੇ ਜਾਂ ਮੁਸਲਮਾਨ। ਪ੍ਰਭੂ ਦੀ ਪ੍ਰਾਪਤੀ ਵਿੱਚ ਕੋਈ ਧਰਮ ਅਤੇ ਜਾਤੀ; ਨਾ ਸਹਾਇਕ ਹਨ ਅਤੇ ਨਾ ਬਾਧਿਕ। ਉਸ ਨਾਲ ਮਿਲਾਪ ਕਰਨ ਲਈ ਪ੍ਰੇਮ, ਉਤਸ਼ਾਹ ਅਤੇ ਲਗਨ ਦੀ ਜ਼ਰੂਰਤ ਹੈ। ਬ੍ਰਾਹਮਣ ਹਰ ਵਕਤ ਰਵਿਦਾਸ ਜੀ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਸਨ।
ਮੰਨਿਆ ਜਾਂਦਾ ਹੈ ਕਿ ਇੱਕ ਵਾਰ ਰਾਣੀ ਮੀਰਾ ਬਾਈ ਦੁਆਰਾ ਬ੍ਰਹਮ ਭੋਜ ਦਾ ਪ੍ਰਬੰਧ ਕੀਤਾ ਗਿਆ। ਉਸ ਨੇ ਰਵਿਦਾਸ ਜੀ ਨੂੰ ਵੀ ਬੁਲਾਇਆ, ਪਰ ਬ੍ਰਾਹਮਣਾਂ ਨੂੰ ਬਹੁਤ ਕਸ਼ਟ ਹੋਇਆ ਅਤੇ ਕਹਿਣ ਲੱਗੇ ‘ਚਮਾਰ ਨੂੰ ਗੁਰੂ ਬਣਨ ਦਾ ਕੋਈ ਅਧਿਕਾਰ ਨਹੀਂ ਹੈ।’ ਬ੍ਰਾਹਮਣਾਂ ਨੇ ਕਿਹਾ ਕਿ ਇਨ੍ਹਾਂ ਦੀ ਪਰੀਖਿਆ ਹੋਣੀ ਚਾਹੀਦੀ ਹੈ। ਸ਼ਰਤ ਇਹ ਰੱਖੀ ਗਈ ਕਿ ਇਹ ਠਾਕੁਰ, ਰੋਜ਼ ਗੰਗਾ ਇਸ਼ਨਾਨ ਕਰਕੇ ਭੋਗ ਲਾਉਂਦੇ ਹਨ। ਇਸ ਲਈ ਰਵਿਦਾਸ ਆਪਣੇ ਯਤਨਾਂ ਨਾਲ ਇਹਨਾਂ ਠਾਕੁਰਾਂ ਨੂੰ ਆਪਣੇ ਪਾਸ ਬੁਲਾਏਗਾ ਤੇ ਭੋਗ ਲਵਾਏਗਾ। ਪਹਿਲਾਂ ਬ੍ਰਾਹਮਣ ਨੇ ਸਿਰਤੋੜ ਯਤਨ ਕੀਤੇ ਪਰ ਠਾਕੁਰ ਦੀ ਮੂਰਤੀ ਗੰਗਾ ਵਿੱਚੋਂ ਨਾ ਨਿਕਲੀ। ਕਹਿੰਦੇ ਹਨ ਕਿ ਫਿਰ ਰਵਿਦਾਸ ਜੀ ਨੇ ਪ੍ਰਭੂ-ਭਗਤੀ ਰਾਹੀਂ ਠਾਕੁਰ ਨੂੰ ਆਵਾਜ਼ ਦਿੱਤੀ ਤੇ ਭੋਗ ਲਵਾਇਆ। ਇਸ ਨਾਲ ਰਵਿਦਾਸ ਜੀ ਦੀ ਜੈ ਜੈਕਾਰ ਹੋਣ ਲੱਗੀ ਤੇ ਪੰਡਿਤ ਬਹੁਤ ਸ਼ਰਮਸਾਰ ਹੋਏ। ਇਸ ਸੰਬੰਧ ਵਿੱਚ ਆਪ ਨੇ ਫ਼ੁਰਮਾਇਆ ‘‘ਐਸੀ ਲਾਲ ! ਤੁਝ ਬਿਨੁ ਕਉਨੁ ਕਰੈ ॥ ਗਰੀਬ ਨਿਵਾਜੁ ਗੁਸਈਆ ਮੇਰਾ; ਮਾਥੈ ਛਤ੍ਰੁ ਧਰੈ ॥੧॥ ਰਹਾਉ ॥ ਜਾ ਕੀ ਛੋਤਿ ਜਗਤ ਕਉ ਲਾਗੈ; ਤਾ ਪਰ ਤੁਹਂੀ ਢਰੈ ॥ ਨੀਚਹ ਊਚ ਕਰੈ ਮੇਰਾ ਗੋਬਿੰਦੁ; ਕਾਹੂ ਤੇ ਨ ਡਰੈ ॥੧॥’’ (ਭਗਤ ਰਵਿਦਾਸ/੧੧੦੬)
ਰਵਿਦਾਸ ਜੀ ਨੇ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਨ ਅਤੇ ਕਿਸੇ ਯੋਗ ਜਗ੍ਹਾ ’ਤੇ ਜਾ ਕੇ ਪੂਜਾ ਸਥਾਨ ਬਣਾ ਕੇ ਸੀਮਤ ਭਗਤੀ ਕਰਨ ਵਾਲਿਆਂ ਦਾ ਜ਼ੋਰਦਾਰ ਖੰਡਨ ਕੀਤਾ ਅਤੇ ਬਾਬਾ ਫ਼ਰੀਦ ਜੀ ਦੇ ਵਚਨ ‘‘ਫਰੀਦਾ ਜੰਗਲੁ ਜੰਗਲੁ ਕਿਆ ਭਵਹਿ; ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ ?॥’’ (ਬਾਬਾ ਫਰੀਦ ਜੀ/੧੩੭੮) ਵਿਚਾਰਧਾਰਾ ਨੂੰ ਹੀ ਸੁਰਜੀਤ ਕੀਤਾ ਕਿ ਰੱਬ; ਮਨੁੱਖ ਦੇ ਹਿਰਦੇ ਅੰਦਰ ਨਿਵਾਸ ਕਰਦਾ ਹੈ, ਬਾਹਰ ਭਟਕਣ ਦੀ ਕੋਈ ਲੋੜ ਨਹੀਂ ਹੈ।
ਭਗਤ ਰਵਿਦਾਸ ਜੀ ਦੁਨਿਆਵੀ ਚੱਕਰ ਪੂਰਾ ਕਰਦੇ ਹੋਏ ਅੰਤ 13 ਜੂਨ, 1527 ਈਸਵੀ ਨੂੰ 151 ਸਾਲ ਦੀ ਲੰਮੀ ਉਮਰ ਭੋਗ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜੋ ਅੱਜ ਵੀ ਹਰ ਜਗਿਆਸੂ ਲਈ ਮਾਰਗ ਦਰਸ਼ਨ ਦਾ ਕੰਮ ਕਰਦੀ ਹੈ। ਆਓ ! ਭਗਤ ਰਵਿਦਾਸ ਜੀ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਪ੍ਰਣ ਕਰੀਏ।
ਪਾਰੁ ਕੈਸੇ ਪਾਇਬੋ ਰੇ
ਪਾਰੁ ਕੈਸੇ ਪਾਇਬੋ ਰੇ
ਗਉੜੀ ਬੈਰਾਗਣਿ ੴ ਸਤਿਗੁਰ ਪ੍ਰਸਾਦਿ ॥
ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥੧॥ ਪਾਰੁ ਕੈਸੇ ਪਾਇਬੋ ? ਰੇ !॥ ਮੋ ਸਉ ਕੋਊ ਨ ਕਹੈ ਸਮਝਾਇ ॥ ਜਾ ਤੇ; ਆਵਾ ਗਵਨੁ ਬਿਲਾਇ ॥੧॥ ਰਹਾਉ ॥ ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ, ਸਭ ਲੋਇ ॥ ਕਵਨ ਕਰਮ ਤੇ ਛੂਟੀਐ; ਜਿਹ ਸਾਧੇ ਸਭ ਸਿਧਿ ਹੋਇ ॥੨॥ ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ ॥ ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ॥੩॥ ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ॥ ਸੁਧ ਕਵਨ ਪਰ ਹੋਇਬੋ ? ਸੁਚ ਕੁੰਚਰ ਬਿਧਿ ਬਿਉਹਾਰ ॥੪॥ ਰਵਿ ਪ੍ਰਗਾਸ ਰਜਨੀ ਜਥਾ; ਗਤਿ ਜਾਨਤ ਸਭ ਸੰਸਾਰ ॥ ਪਾਰਸ ਮਾਨੋ ਤਾਬੋ ਛੁਏ; ਕਨਕ ਹੋਤ ਨਹੀ ਬਾਰ ॥੫॥ ਪਰਮ ਪਰਸ ਗੁਰੁ ਭੇਟੀਐ; ਪੂਰਬ ਲਿਖਤ ਲਿਲਾਟ ॥ ਉਨਮਨ ਮਨ, ਮਨ ਹੀ ਮਿਲੇ; ਛੁਟਕਤ ਬਜਰ ਕਪਾਟ ॥੬॥ ਭਗਤਿ ਜੁਗਤਿ ਮਤਿ ਸਤਿ ਕਰੀ; ਭ੍ਰਮ ਬੰਧਨ ਕਾਟਿ ਬਿਕਾਰ ॥ ਸੋਈ ਬਸਿ ਰਸਿ ਮਨ ਮਿਲੇ; ਗੁਨ ਨਿਰਗੁਨ ਏਕ ਬਿਚਾਰ ॥੭॥ ਅਨਿਕ ਜਤਨ ਨਿਗ੍ਰਹ ਕੀਏ; ਟਾਰੀ ਨ ਟਰੈ, ਭ੍ਰਮ ਫਾਸ ॥ ਪ੍ਰੇਮ ਭਗਤਿ ਨਹੀ ਊਪਜੈ; ਤਾ ਤੇ ਰਵਿਦਾਸ ਉਦਾਸ ॥੮॥ (ਭਗਤ ਰਵਿਦਾਸ/੩੪੬)
ਜਗੀ-ਯੁੱਗ। ਪੂਜਾ ਚਾਰ-ਪੂਜਾ ਆਚਾਰ, ਪੂਜਾ ਆਦਿ ਕਰਮ । ਕਰਤਾ ਦੀਸੈ-ਕਰਦਾ ਦਿਸਦਾ ਹੈ। ਸਭ ਲੋਇ-ਸਾਰਾ ਜਗਤ। ਬਿਲਾਇ-ਦੂਰ ਹੋ ਜਾਏ। ਪਖਾਰੀਐ-ਧੋਈਐ। ਲੋਇ-ਲੋਕ, ਸੰਸਾਰ। ਕੁੰਚਰ ਬਿਧਿ-ਹਾਥੀ ਦੇ ਇਸ਼ਨਾਨ ਵਾਂਗ (ਹਾਥੀ ਨਹਾ ਕੇ ਮੁੜ ਪਿੰਡੇ ਉੱਪਰ ਧੁੜ ਪਾ ਲੈਂਦਾ ਹੈ; ਇਉਂ ਹੀ ਜੋ ਅੰਦਰੋਂ ਮੈਲੇ ਤੇ ਬਾਹਰੋਂ ਇਸ਼ਨਾਨ ਕਰਦੇ ਹਨ, ਉਹਨਾਂ ਦਾ ਵਿਵਹਾਰ ਹੁੰਦਾ ਹੈ)। ਰਵਿ-ਸੁਰਜ। ਰਜਨੀ-ਰਾਤ। ਲਿਲਾਟ-ਮੱਥਾ। ਉਨਮਨ-ਤੁਰੀਆ ਯਾਨੀ ਚੌਥੀ ਅਵਸਥਾ। ਬਜਰ ਕਪਾਟ-ਸਖ਼ਤ ਦਰਵਾਜ਼ਾ। ਨਿਗ੍ਰਹ-ਰੋਕਣ ਦੇ, ਇਕਾਗਰ ਕਰਨ ਦੇ।
ਜਿਸ ਰਾਹੀ ਨੂੰ ਆਪਣੀ ਯਾਤਰਾ ਦੀ ਦੁੱਖਾਂ ਭਰੀ ਕਹਾਣੀ ਦਾ ਪੂਰਨ ਅਹਿਸਾਸ ਹੈ, ਉਹ ਫਿਰ ਕਦੇ ਆਪਣੀ ਯਾਤਰਾ ਦਾ ਮਕਸਦ ਨਹੀਂ ਭੁੱਲਦਾ। ਉਸ ਅੰਦਰ ਤਾਂ ਬਲਕਿ ਜਲਦੀ ਤੋਂ ਜਲਦੀ ਆਪਣੇ ਮਕਸਦ ਦੀ ਪੂਰਤੀ ਕਰ ਲੈਣ ਦਾ ਚਾਅ ਉਪਜਦਾ ਹੁੰਦਾ ਹੈ। ਇਸ ਕਰਕੇ ਹੀ ਹਰ ਇੱਕ ਨੂੰ ਆਪਣੀ ਮਨਸ਼ਾ ਤੋਂ ਜਾਣੂ ਵੀ ਕਰਵਾਉਂਦਾ ਹੈ ਕਿ ਮੈਂ ਇਸ ਦੀ ਪੂਰਤੀ ਕਿਸ ਢੰਗ ਨਾਲ ਕਰ ਸਕਦਾ ਹਾਂ। ਬਸ, ਇਸ ਤਰ੍ਹਾਂ ਹੀ ਜਿਸ ਨੇ ਪ੍ਰਭੂ ਵਿਛੋੜੇ ਤੋਂ ਪੈਦਾ ਹੋਏ ਦੁੱਖਾਂ ਦੀ ਸਾਰੀ ਵੀਚਾਰ ਦਾ ਅਹਿਸਾਸ ਆਪਣੇ ਅੰਦਰ ਮਹਿਸੂਸ ਕਰ ਲਿਆ, ਉਹ ਇਸ ਜਨਮ ਨੂੰ ਮਿਲਾਪ ਲਈ ਵਰਤ ਕੇ ਸਾਰੇ ਦੁੱਖਾਂ ਦਾ ਅੰਤ ਕਰਨਾ ਚਾਹੁੰਦਾ ਹੈ। ਹਰ ਇਕ ਦੇ ਸਾਹਮਣੇ ਇੱਕੋ ਸਵਾਲ ਹੈ ਕਿ ‘‘ਪਾਰੁ ਕੈਸੇ ਪਾਇਬੋ ? ਰੇ !॥’’
ਆਮ ਜਿਹੀ ਗੱਲ ਹੈ ਕਿ ਜਿਸ ਤਰ੍ਹਾਂ ਪਹਿਲਾਂ ਲੋਕ ਕਰ ਰਹੇ ਹੋਣ, ਉਸੇ ਤਰ੍ਹਾਂ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ, ਪਰ ਅੱਗੇ ਜਾ ਕੇ ਕੁਝ ਲੋਕ ਦੇਖਾ ਦੇਖੀ ਕਰੀ ਜਾਂਦੇ ਹੁੰਦੇ ਹਨ। ਜਿਹਨਾਂ ਨੇ ਨਾਲ ਹੀ ਆਪਣਾ ਮਕਸਦ ਪੂਰਾ ਨਾ ਹੁੰਦਾ ਵੇਖਿਆ ਤਾਂ ਉਹਨਾਂ ਨੇ ਉਹ ਸਾਰੇ ਕਰਮ ਧਰਮ ਤਿਆਗ ਕੇ ਫਿਰ ਉਸ ਸੱਚ ਦਾ ਰਾਹ ਲੱਭਿਆ, ਜਿਹੜਾ ਪ੍ਰਭੁ ਪਿਤਾ ਜੀ ਨਾਲ ਮਿਲਾ ਦਿੰਦਾ ਹੈ।
ਇੱਕ ਕਰਮ ਧਰਮ ਉਹ ਹਨ ਜਿਹੜੇ ਲੋਕਾਂ ਨੂੰ ਖ਼ੁਸ਼ ਕਰਨ ਲਈ ਹਨ। ਦੂਜੇ ਉਹ ਹਨ, ਜਿਹੜੇ ਪ੍ਰਮੇਸ਼ਰ ਦੀ ਖ਼ੁਸ਼ੀ ਲੈਣ ਲਈ ਹਨ। ਲੋਕਾਂ ਲਈ ਕੀਤੇ ਕਰਮ ਧਰਮ ਕੇਵਲ ਰੀਤ ਤੱਕ ਹੀ ਰੁੱਕ ਜਾਂਦੇ ਹਨ, ਪਰ ਵਾਹਿਗੁਰੂ ਜੀ ਲਈ ਕੀਤੇ ਕਰਮ ਧਰਮ ਪ੍ਰੀਤ ਬਣ ਜਾਂਦੇ ਹਨ। ਇਸ ਲਈ ਹੀ ਤਾਂ ਜ਼ਬਾਨ ’ਤੇ ਬੇਨਤੀ ਆ ਜਾਂਦੀ ਹੈ ਕਿ ‘‘ਸਾਚੀ ਪ੍ਰੀਤਿ ਹਮ; ਤੁਮ ਸਿਉ ਜੋਰੀ ॥ ਤੁਮ ਸਿਉ ਜੋਰਿ; ਅਵਰ ਸੰਗਿ ਤੋਰੀ ॥’’ (ਭਗਤ ਰਵਿਦਾਸ/੬੫੯) ਇਸ ਅੰਮ੍ਰਿਤ ਬਚਨ ਵਿੱਚ ਸਤਿਗੁਰੂ ਜੀ ਜੀਵ ਨੂੰ ਜੁਗਾਂ ਦੇ ਧਰਮ ਕਰਮਾਂ ਦੀ ਸੋਝੀ ਦੇ ਕੇ, ਧਾਰਮਿਕ ਗ੍ਰੰਥਾਂ ਦਾ ਨਿਚੋੜ ਦੱਸ ਕੇ ਅਤੇ ਦੇਖਾ-ਦੇਖੀ ਦੇ ਸਾਰੇ ਕਰਮਾਂ ਧਰਮਾਂ ਵਿੱਚੋਂ ਕੱਢ ਕੇ ਅਸਲ ਵਿੱਚ ਆਤਮਾ ਅਤੇ ਪਰਮਾਤਮਾ ਦੇ ਮੇਲ ਦੀ ਜੁਗਤ ਦਾ ਬਿਆਨ ਕਰਦੇ ਹਨ। ‘ਰਹਾਉ’ ਵਾਲੇ ਬੰਦ ਅੰਦਰ ਆਪਣੀ ਜਗਿਆਸਾ ਨੂੰ ਪ੍ਰਗਟ ਕੀਤਾ ਹੋਇਆ ਹੈ ਕਿ ਜੀਵ ਭਵਸਾਗਰ ਤੋਂ ਪਾਰ ਕਿਵੇਂ ਹੋ ਸਕਦਾ ਹੈ ?
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਕਸਦ ਦੀ ਪੂਰਤੀ ਲਈ ਇਸੇ ਰਾਹ ਦੇ ਅਨੇਕਾਂ ਰਾਹੀਆਂ ਨੂੰ ਪੁੱਛਿਆ ਹੈ, ਪਰ ਮੈਨੂੰ ਕੋਈ ਵੀ ਅਜਿਹਾ ਨਹੀਂ ਮਿਲਿਆ, ਜਿਹੜਾ ਮੇਰੀ ਤਸੱਲੀ ਕਰਾ ਸਕੇ, ਜਿਸ ਨਾਲ ਆਵਾਗਵਨ ਦਾ ਚੱਕਰ ਖ਼ਤਮ ਹੋ ਕੇ ਜੀਵ ਬੇਗਮਪੂਰੇ ਸ਼ਹਿਰ ਦਾ ਵਾਸੀ ਹੋ ਸਕੇ ਅਤੇ ਆਪਣੇ ਹਰ ਤਰ੍ਹਾਂ ਦੇ ਦੁੱਖਾਂ ਗ਼ਮਾਂ ਤੋਂ ਮੁਕਤੀ ਪਾ ਸਾਈਂ ਦਾ ਰੂਪ ਹੋ ਸਕੇ । ਪਾਵਨ ਬਚਨ ਹਨ ਕਿ ‘‘ਪਾਰੁ ਕੈਸੇ ਪਾਇਬੋ ? ਰੇ !॥ ਮੋ ਸਉ, ਕੋਊ ਨ ਕਹੈ ਸਮਝਾਇ ॥ ਜਾ ਤੇ, ਆਵਾ ਗਵਨੁ ਬਿਲਾਇ ॥੧॥ ਰਹਾਉ ॥’’
ਧਾਰਮਿਕ ਗ੍ਰੰਥਾਂ ਦੀ ਖੋਜ ਇੱਥੇ ਲਿਆ ਕੇ ਛੱਡ ਦਿੰਦੀ ਹੈ ਕਿ ਪ੍ਰਭੂ ਮਿਲਾਪ ਲਈ ਲੋਕਾਂ ਨੇ ਸਤਿਜੁਗ ਵਿੱਚ ਸੱਚ ਕਮਾਇਆ। ਤ੍ਰੇਤੇੇ ਜੁੱਗ ਵਿੱਚ ਯੱਗ ਆਦਿ ਕਰਮ ਕਰਕੇ। ਦੁਆਪਰ ਵਿੱਚ ਪੂਜਾ ਦੀ ਪ੍ਰਧਾਨਗੀ ਰਹੀ। ਕਲਿਯੁਗ ਵਿੱਚ ਬਦਲ ਕੇ ਨਾਮ ਆਧਾਰ ਬਣ ਗਿਆ। ਜਦੋਂ ਪ੍ਰਮੇਸ਼ਰ ਸਦੀਵ ਸੱਚ ਹੈ, ਉਹ ਬਦਲਦਾ ਨਹੀਂ, ਆਤਮਾ ਹੀ ਚੋਲਾ ਬਦਲਦੀ ਹੈ, ਪਰਮਾਤਮਾ ਨਹੀਂ, ਫਿਰ ਉਹ ਧਰਮ ਕਰਮ ਕਿਉਂ ਬਦਲਦੇ ਰਹੇ, ਮੇਰੀ ਤਸੱਲੀ ਨਾ ਹੋਈ ਕਿ ਇਹ ਮੈਨੂੰ ਪ੍ਰਮੇਸ਼ਰ ਨਾਲ ਮਿਲਾ ਦੇਣਗੇ ‘‘ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ ॥ ਤੀਨੌ ਜੁਗ ਤੀਨੌ ਦਿੜੇ; ਕਲਿ ਕੇਵਲ ਨਾਮ ਅਧਾਰ ॥੧॥’’
ਲੋਕ ਧਰਮ ਦੀਆਂ ਗੱਲਾਂ ਕਰਦੇ ਹਨ। ਇਹਨਾਂ ਗੱਲਾਂ ਵਾਲਾ ਧਰਮ; ਜਗਤ ਕਮਾਉਂਦਾ ਵੀ ਦਿਸ ਰਿਹਾ ਹੈ, ਪਰ ਗੱਲ ਜਿਹੜੀ ਮਿਲਾਪ ਦੀ ਹੈ ਉਹ ਫਿਰ ਵੀ ਸਪੱਸ਼ਟ ਨਹੀਂ ਹੋ ਪਾ ਰਹੀ, ਪਾਵਨ ਬਚਨ ਹੈ ਕਿ ‘‘ਬਹੁ ਬਿਧਿ ਧਰਮ ਨਿਰੂਪੀਐ; ਕਰਤਾ ਦੀਸੈ ਸਭ ਲੋਇ ॥ ਕਵਨ ਕਰਮ ਤੇ ਛੂਟੀਐ ? ਜਿਹ ਸਾਧੇ ਸਭ ਸਿਧਿ ਹੋਇ ॥੨॥’’
ਜੀਵ ਦੇ ਅੰਦਰ ਸ਼ੰਕਿਆਂ ਦਾ ਹਨ੍ਹੇਰਾ ਅਤੇ ਹਉਮੈ ਦੀ ਰੁਕਾਵਟ ਹੈ। ਇਹਨਾਂ ਦੇ ਮਿਟਾਉਣ ਲਈ ਅਸਲ ਵਿੱਚ ਧਰਮ ਦੀ ਕਮਾਈ ਕਰਨੀ ਹੈ, ਪਰ ਜੇਕਰ ਇਹ ਆਪਣੀ ਥਾਂ ’ਤੇ ਹੀ ਖਲੋਤੇ ਹਨ, ਫਿਰ ਮਿਲਾਪ ਕਿਵੇਂ ਹੋ ਸਕਦਾ ਹੈ। ਜੇਕਰ ਧਰਮ ਹੀ ਇਹਨਾਂ ਨੂੰ ਨੇੜੇ ਨਹੀਂ ਕਰ ਸਕਿਆ ਸਗੋਂ ਹੋਰ ਕਰਮਾਂ ਧਰਮਾਂ ਦਾ ਹੰਕਾਰ ਪੈਦਾ ਹੋ ਗਿਆ, ਫਿਰ ਇਸ ਨੂੰ ਕਮਾਉਣ ਦਾ ਕੀ ਲਾਭ ? ‘‘ਕਰਮ ਅਕਰਮ ਬੀਚਾਰੀਐ; ਸੰਕਾ ਸੁਨਿ ਬੇਦ ਪੁਰਾਨ ॥ ਸੰਸਾ ਸਦ ਹਿਰਦੈ ਬਸੈ; ਕਉਨੁ ਹਿਰੈ ਅਭਿਮਾਨੁ ?॥੩॥’’
ਹਾਥੀ ਦੇ ਇਸ਼ਨਾਨ ਕਰਨ ਮਗਰੋਂ ਫਿਰ ਦੁਬਾਰਾ ਮਿੱਟੀ ਪੁੱਟ ਕੇ ਆਪਣੇ ਉੱਪਰ ਪਾ ਲੈਣੀ; ਜਗਤ ਪ੍ਰਸਿੱਧ ਸਚਾਈ ਹੈ, ਇਸੇ ਤਰ੍ਹਾਂ ਦੇ ਇਹ ਦਿਖਾਵੇ ਦੇ ਕਰਮ ਧਰਮ ਹਨ, ਜਿਹੜੇ ਬਾਹਰੀ ਤੌਰ ’ਤੇ ਤਾਂ ਬੰਦੇ ਨੂੰ ਧਰਮੀ ਪ੍ਰਗਟ ਕਰਦੇ ਹਨ, ਪਰ ਅੰਦਰ ਉਹ ਧਰਮ ਪੈਦਾ ਨਹੀਂ ਕਰਦੇ, ਜਿਸ ਨਾਲ ਸਾਈਂ ਜੀ ਦੇ ਨਾਲ ਗੂੜੀਆਂ ਪੀਘਾਂ ਪੈ ਜਾਣ ਤੇ ਆਵਾਗਵਨ ਮਿੱਟ ਜਾਵੇ ‘‘ਬਾਹਰੁ ਉਦਕਿ ਪਖਾਰੀਐ; ਘਟ ਭੀਤਰਿ ਬਿਬਿਧਿ ਬਿਕਾਰ ॥ ਸੁਧ ਕਵਨ ਪਰ ਹੋਇਬੋ ? ਸੁਚ ਕੁੰਚਰ ਬਿਧਿ ਬਿਉਹਾਰ ॥੪॥’’
ਸਤਿਗੁਰੂ ਜੀ ਬੜੇ ਹੀ ਪਿਆਰ ਭਿੱਜੀ ਰਸਨਾ ਨਾਲ ਹੋਕਾ ਦਿੰਦੇ ਹਨ ਕਿ ਹੇ ਭੁੱਲੜੇ ਲੋਕੋ ! ਧਰਮ ਸੰਸਾਰ ਦੀਆਂ ਖੁਸ਼ੀਆਂ ਲਈ ਨਹੀਂ ਬਲਕਿ ਧਰਮ ਤਾਂ ਨਿਰੰਕਾਰ ਦੀਆਂ ਖ਼ੁਸ਼ੀਆਂ ਲੈਣ ਲਈ ਕਮਾਇਆ ਜਾਂਦਾ ਹੈ। ਜਿਹੜਾ ਧਰਮ ਰੱਬੀ ਖ਼ੁਸ਼ੀਆਂ ਬਖ਼ਸ਼ ਦੇਵੇ ਅਤੇ ਆਤਮਾ ਦਾ ਪ੍ਰਮਾਤਮਾ ਨਾਲ ਮੇਲ ਕਰਵਾ ਦੇਵੇ, ਹੁਣ ਮੈਂ ਉਹ ਧਰਮ ਤੁਹਾਨੂੰ ਦੱਸਦਾ ਹਾਂ। ਜਿਵੇਂ ਸੂਰਜ ਦਾ ਪ੍ਰਕਾਸ਼ ਹੋਣ ਨਾਲ ਹਨ੍ਹੇਰੇ ਦਾ ਆਪਣੇ ਆਪ ਖ਼ਾਤਮਾ ਹੋ ਜਾਂਦਾ ਹੈ। ਤਾਂਬਾ ਕਿਧਰੇ ਪਾਰਸ ਦੀ ਛੋਹ ਪ੍ਰਾਪਤ ਕਰ ਲਵੇ ਤਾਂ ਸੋਨੇ ਵਿੱਚ ਬਦਲ ਜਾਂਦਾ ਹੈ, ਬਸ ਇਸ ਤਰ੍ਹਾਂ ਹੀ ਜੇਕਰ ਸਤਿਗੁਰੂ ਜੀ ਦੀ ਪ੍ਰਾਪਤੀ ਹੋ ਜਾਵੇ ਤਾਂ ਸਾਰੇ ਸ਼ੰਕਿਆਂ ਦਾ ਹਨ੍ਹੇਰਾ ਅਤੇ ਤਾਂਬੇ ਵਰਗੇ ਗੁਣ ਬਦਲ ਕੇ ਸੋਨੇ ਵਰਗੇ ਸ਼ੁਭ ਤੇ ਕੀਮਤੀ ਗੁਣ ਪ੍ਰਗਟ ਹੋ ਜਾਂਦੇ ਹਨ। ਪੂਰਬਲੇ ਕਰਮ ਜਾਗ ਕੇ ਮਨ ਨੂੰ ਹਰ ਤਰ੍ਹਾਂ ਦੀ ਰੁਕਾਵਟ ਦੇ ਬਜਰ ਕਪਾਟ ਖੋਲ੍ਹ ਕੇ ਸੱਚਾ ਮਿਲਾਪ ਕਰਵਾ ਦਿੰਦਾ ਹੈ ‘‘ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥ ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥ ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥ ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥’’
ਸਤਿਗੁਰੂ ਅਤੇ ਪ੍ਰਮੇਸ਼ਰ ਵਿੱਚ ਅੰਤਰ ਨਹੀਂ। ਦੋਵੇਂ ਇੱਕੋ ਨਿਰਗੁਣ ਤੇ ਸਰਗੁਣ ਰੂਪ ਵਿੱਚ ਹਨ, ਇਸ ਲਈ ਗੁਰੂ ਜੀ ਨੂੰ ਹਰ ਰੱਬੀ ਭੇਤ ਦਾ ਗਿਆਨ ਹੈ, ਫਿਰ ਅਜਿਹਾ ਸਤਿਗੁਰੁ ਹੀ ਅਜਿਹੀ ਮਤਿ ਦੇ ਸਕਦਾ ਹੈ, ਜਿਸ ਨਾਲ ਭਰਮਾਂ ਦੇ ਬੰਧਨ ਟੁੱਟ ਕੇ ਸੱਚੀ ਭਗਤੀ ਪੈਦਾ ਹੋ ਜਾਵੇ, ਤਦ ਫਿਰ ਸੁਤੇ ਸਿਧ ਹੀ ਉਹ ਵੀਚਾਰ ਪੈਦਾ ਹੋ ਜਾਂਦੀ ਹੈ, ਜਿਸ ਨਾਲ ਵਾਹਿਗੁਰੂ ਜੀ ਦਾ ਮਿਲਾਪ ਹੋ ਜਾਂਦਾ ਹੈ ‘‘ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥ ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥
ਜਦੋਂ ਜਿਹੜੇ ਕਰਮ ਧਰਮ ਕੀਤਿਆਂ ਮਕਸਦ ਦੀ ਪੂਰਤੀ ਹੀ ਨਹੀਂ ਹੋਣੀ, ਫਿਰ ਉਹਨਾਂ ਨੂੰ ਕਮਾਉਣ ਦਾ ਵੀ ਕੀ ਲਾਭ, ਇਸ ਲਈ ਮੈਂ ਤਾਂ ਇਹਨਾਂ ਸਾਰਿਆਂ ਦਾ ਤਿਆਗ ਕਰਕੇ ਸੱਚੀ ਪ੍ਰਭੂ-ਭਗਤੀ ਵਾਲਾ ਧਰਮ ਧਾਰਨ ਕੀਤਾ ਹੈ, ਜਿਸ ਨਾਲ ਮੇਰੇ ਅੰਦਰੋਂ ਭਰਮਾਂ ਦਾ ਨਾਸ਼ ਹੋ ਗਿਆ ਅਤੇ ਪ੍ਰੇਮਾ-ਭਗਤੀ ਉਪਜ ਪਈ, ਹੁਣ ‘‘ਤੋਹੀ ਮੋਹੀ, ਮੋਹੀ ਤੋਹੀ; ਅੰਤਰੁ ਕੈਸਾ ?॥’’ (ਭਗਤ ਰਵਿਦਾਸ/੯੩) ਵਾਲੀ ਅਵਸਥਾ ਬਣ ਗਈ, ਜਿਸ ਨਾਲ ਆਤਮਾ; ਪ੍ਰਮਾਤਮਾ ਦਾ ਰੂਪ ਹੋ ਗਿਆ।
ਤੱਤਸਾਰ
ਪਹਿਲਾਂ ਧਰਮ ਕਮਾਉਣ ਵਾਲਿਆਂ ਤੋਂ ਧਰਮ ਬਾਰੇ ਪੁੱਛਿਆ, ਜਦੋਂ ਕੋਈ ਵੀ ਮੈਨੂੰ ਆਤਮਾ; ਪ੍ਰਮਾਤਮਾ ਨਾਲ ਮਿਲਾਉਣ ਦੀ ਜੁਗਤਿ ਨਾ ਦੱਸ ਸਕਿਆ ਤਾਂ ਮੈਂ ਇਹ ਸਾਰੇ ਦਿਖਾਵੇ ਦੇ ਕਰਮ ਧਰਮ ਤਿਆਗ ਕੇ ਸੱਚੀ ਪ੍ਰੀਤ ਰੂਪ ਭਗਤੀ ਵਾਲਾ ਧਰਮ ਧਾਰਨ ਕੀਤਾ, ਜਿਸ ਨਾਲ ਮੈਂ ਆਪ ਹੀ ਆਪਣੇ ਮਕਸਦ ਦੀ ਪੂਰਤੀ ਨਹੀਂ ਕੀਤੀ ਬਲਕਿ ਭੁੱਲੜ ਲੋਕਾਂ ਨੂੰ ਵੀ ਹੋਕਾ ਦੇ ਕੇ ਸਮਝਾ ਰਿਹਾ ਹਾਂ ਕਿ ਪ੍ਰਭੁ ਪ੍ਰਾਪਤੀ ਦਾ ਕੇਵਲ ਤੇ ਕੇਵਲ ਇੱਕੋ ਹੀ ਸਾਚੀ ਪ੍ਰੀਤ ਵਾਲਾ ਰਾਹ ਅਪਣਾਅ ਕੇ ਹੀ ਪਾਰ ਪਾਇਆ ਜਾ ਸਕਦਾ ਹੈ।
ਹੋਲੀ ਤੇ ਗੁਰਮਤਿ
ਹੋਲੀ ਤੇ ਗੁਰਮਤਿ
ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ ਦਿੱਲੀ
ਹੋਲੀ ਤੇ ਗੁਰਮਤਿ-ਪਹਿਲੇ ਤੋਂ ਲੈ ਕੇ ਦਸਵੇਂ ਜਾਮੇਂ ਤੀਕ ਯਾਨੀ 239 ਵਰ੍ਹਿਆਂ ਦੌਰਾਨ ਸਿੱਖ ਇਤਿਹਾਸ ’ਚ ਇੱਕ ਵੀ ਮਿਸਾਲ ਨਹੀਂ ਮਿਲੇਗੀ, ਜਦੋਂ ਗੁਰੂ ਸਾਹਿਬਾਨ ਨੇ ਆਪ ਜਾਂ ਸਿੱਖਾਂ ਨੇ ਕਦੇ ਵੀ ਰੰਗ ਪਾਉਣ ਵਾਲੀ ਹੋਲੀ ਖੇਡੀ ਹੋਵੇ। ਜਿਹੜੇ ਸਿੱਖ ਆਪਣੀ ਹੂੜ੍ਹਮੱਤ ਜਾਂ ਅਗਿਆਨਤਾ ਵਸ ਹੋਲੀਆਂ ਦੇ ਹੁੜਦੰਗ ’ਚ ਸ਼ਾਮਲ ਹੋ ਕੇ, ਆਪਣੇ ਸਿੱਖੀ ਸਰੂਪ ਦੀ ਬੇਅਦਬੀ ਕਰਦੇ ਹਨ, ਉਹਨਾਂ ਨੂੰ ਆਪਣੀ ਕਰਨੀ ਵਲ ਧਿਆਨ ਦੇਣ ਦੀ ਲੋੜ ਹੈ ਬਲਕਿ ਲੁਕਾਈ ਨੂੰ ਵੀ ਇਹਨਾਂ ਅੱਧਮੂਲਾਂ ’ਚੋਂ ਕੱਢ ਕੇ ਪਭੂ ਦੇ ਰੰਗ ’ਚ ਰੰਗਿਆ ਜਾਵੇ। ਅਸਲ ’ਚ ਹੋਲੀਆਂ ਬਾਰੇ ਗੁਰਬਾਣੀ ਦਾ ਇਹੀ ਸੰਦੇਸ਼ ਹੈ ‘‘ਹੋਲੀ ਕੀਨੀ ਸੰਤ ਸੇਵ ॥ ਰੰਗੁ ਲਾਗਾ ਅਤਿ ਲਾਲ ਦੇਵ ॥’’ (ਮਹਲਾ ੫/੧੧੮੦) ਪੂਰੇ ਸ਼ਬਦ ਦਾ ਅਰੰਭ ਹੈ ‘‘ਗੁਰੁ ਸੇਵਉ ਕਰਿ ਨਮਸਕਾਰ ॥ ਆਜੁ ਹਮਾਰੈ ਮੰਗਲਚਾਰ ॥ ਆਜੁ ਹਮਾਰੈ ਮਹਾ ਅਨੰਦ ॥ ਚਿੰਤ ਲਥੀ, ਭੇਟੇ ਗੋਬਿੰਦ ॥੧॥ ਆਜੁ ਹਮਾਰੈ+ਗ੍ਰਿਹਿ (’ਚ); ਬਸੰਤ ॥ ਗੁਨ ਗਾਏ ਪ੍ਰਭ ! ਤੁਮ੍ ਬੇਅੰਤ ॥੧॥ ਰਹਾਉ ॥ ਆਜੁ ਹਮਾਰੈ; ਬਨੇ ਫਾਗ ॥ ਪ੍ਰਭ ਸੰਗੀ ਮਿਲਿ ਖੇਲਨ ਲਾਗ ॥’’ (ਮਹਲਾ ੫/੧੧੮੦) ਭਾਵ ਮਨੁੱਖ ਲਈ ਹਮੇਸ਼ਾਂ ਕਰਤੇ ਦੇ ਰੰਗ ’ਚ ਰੰਗੇ ਰਹਿਣਾ ਹੀ ਹੋਲੀ ਦਾ ਖੇਡਣਾ ਹੈ, ਨਾ ਕਿ ਰੰਗ ਗੁਲਾਲ ਆਦਿ ਉਡਾਉਣਾ। ਕਮਾਲ ਇਹ ਕਿ ਪਾਤਸ਼ਾਹ ਨੇ ਇੱਥੇ ਹੋਲੀ ਦੇ ਲਫ਼ਜ਼ ਦਾ ਵਿਰੋਧ ਨਹੀਂ ਕੀਤਾ ਬਲਕਿ ਹੋਲੀ ਦੇ ਅਰਥ ਨਰੋਏ ਕਰ ਦਿੱਤੇ। ਦੂਜੇ ਸ਼ਬਦਾਂ ’ਚ ਗੁਰੂ ਆਸ਼ੇ ’ਤੇ ਚੱਲਣ ਵਾਲਿਆਂ ਨੂੰ ਰੰਗ-ਗੁਲਾਲਾਂ, ਚਿੱਕੜਾਂ ਵਾਲੀ ਹੋਲੀ ਤੋਂ ਪੂਰੀ ਤਰ੍ਹਾਂ ਮਨ੍ਹਾ ਕੀਤਾ ਤੇ ਨਾਮ ਬਾਣੀ ਵਾਲੇ ਰੰਗ ’ਚ ਰੰਗੇ ਰਹਿਣ ਦੀ ਸੇਧ ਦਿੱਤੀ। ਉਂਝ ਵੀ ‘ਹੋਲੀ’ ਤੇ ‘ਹੋਲਾ ਮਹੱਲਾ’ ਦੋਵੇਂ ਵੱਖ-ਵੱਖ ਤਿਉਹਾਰ ਹਨ। ਇਹਨਾਂ ਦੀ ਆਪਸ ’ਚ ਕੋਈ ਸਾਂਝ ਨਹੀਂ। ਹੋਲੀ ਬ੍ਰਾਹਮਣੀ ਤਿਉਹਾਰ ਹੈ ਤੇ ਦੂਜਾ ਸਿੱਖ ਤਿਉਹਾਰ ਹੈ। ਇਹ ਕਹਿਣਾ ਗ਼ਲਤ ਹੈ ਕਿ ਗੁਰਦੇਵ ਨੇ ਹੋਲੀਆਂ ਬਦਲੇ ‘ਹੋਲੇ ਮਹੱਲੇ’ ਦਾ ਆਰੰਭ ਕੀਤਾ। ਵੱਡਾ ਸਬੂਤ ਹੈ ਕਿ ਪਾਤਸ਼ਾਹ ਨੇ ‘ਹੋਲੇ ਮਹੱਲੇ’ ਦੀ ਸਥਾਪਨਾ; ਹੋਲੀ ਦੇ ਦਿਨਾਂ ’ਚ ਨਹੀਂ ਬਲਿਕ ਹੋਲੀ ਮੁੱਕਣ ਤੋਂ ਬਾਅਦ ਕੀਤੀ। ਜੇ ਬਦਲਣਾ ਹੁੰਦਾ ਤਾਂ ਉਹਨਾਂ ਦਿਨਾਂ ’ਚ ਹੀ ਆਰੰਭਦੇ। ਦੂਜਾ ਗੁਰਦੇਵ ਨੇ ਜਦੋਂ ਜੰਜੂ ਵਾਲਾ ਰਸਤਾ ਹੀ ਬੰਦ ਕਰ ਦਿੱਤਾ ਭਾਵ ਰੱਖੜੀ, ਟਿੱਕਾ, ਲੋਹੜੀ, ਦਿਵਾਲੀ ਆਦਿ ਬ੍ਰਾਹਮਣੀ ਤਿਉਹਾਰ ਹੀ ਮਨਜ਼ੂਰ ਨਹੀਂ ਕੀਤੇ ਤਾਂ ਹੋਲੀ ਲਈ ਦੂਜਾ ਮਾਪਦੰਡ ਕਿਵੇਂ ? ਹਾਂ ! ਜਿਨ੍ਹਾਂ ਦਾ ਤਿਉਹਾਰ ਹੈ, ਜਮ-ਜਮ ਮਨਾਉਣ ਇਸ ਨਾਲ ਸਾਡਾ ਲੈਣਾ ਦੇਣਾ ਨਹੀਂ, ਪਰ ਹੋਲੀ ਸਿੱਖ ਤਿਉਹਾਰ ਨਹੀਂ ਹੈ।
ਹੋਲੀ ਦਾ ਪਿਛੋਕੜ- ਹੋਲੀ, ਭਾਰਤ ਦਾ ਮਿਥਿਹਾਸਕ ਪੁਰਾਣਿਕ ਤਿਉਹਾਰ ਹੈ। ਇਸ ਦਾ ਮੂਲ ਬ੍ਰਾਹਮਣ ਦੀ ਵਰਣਵੰਡ ਹੈ। ਉਸ ਅਨੁਸਾਰ ਬ੍ਰਾਹਮਣ ਲਈ ਵਿਸਾਖੀ, ਖ੍ਰਤੀ ਲਈ ਦੁਸਹਿਰਾ, ਵੈਸ਼ਾਂ ਲਈ ਦਿਵਾਲੀ ਤੇ ਅਖੌਤੀ ਸ਼ੂਦਰਾਂ ਲਈ ਹੋਲੀ ਹੈ। ਇਸ ਤੋਂ ਉਪਰੰਤ ਜਿਵੇਂ ਹੋਰ ਬ੍ਰਾਹਮਣੀ ਤਿਉਹਾਰਾਂ ’ਚ ਦੂਜਿਆਂ ਨੂੰ ਉਲਝਾਉਣ ਲਈ ਕੁੱਝ ਇਤਿਹਾਸਕ, ਮਿਥਿਹਾਸਕ ਘਟਨਾਵਾਂ, ਮੌਸਮਾਂ-ਰੀਤਾਂ ਰਿਵਾਜਾਂ ਦਾ ਨਾਮ ਦਿੱਤਾ ਗਿਆ, ਉਸੇ ਤਰ੍ਹਾਂ ਹੋਲੀ ਨਾਲ ਪ੍ਰਹਿਲਾਦ ਦੀ ਘਟਨਾ ਨੂੰ ਜੋੜਿਆ ਗਿਆ। ਠੀਕ ਹੈ, ਗੁਰਬਾਣੀ ’ਚ ਬਹੁਤ ਵਾਰੀ ਪ੍ਰਹਿਲਾਦ ਵਾਲੀ ਘਟਨਾ ਦਾ ਜ਼ਿਕਰ ਆਇਆ ਹੈ, ਪਰ ਉਹ ਵੀ ਬਾਕੀ ਮਿਥਿਹਾਸਕ ਮਿਸਾਲਾਂ ਦੀ ਤਰ੍ਹਾਂ ਹੀ, ਇਸ ਤੋਂ ਵੱਧ ਨਹੀਂ। ਗੁਰਬਾਣੀ ਰਾਹੀਂ ਪ੍ਰਹਿਲਾਦ ਦੀ ਘਟਨਾ ਤੋਂ ਗੁਰਮਤਿ ਦੇ ਤਿੰਨ ਸਿਧਾਂਤ ਦ੍ਰਿੜ੍ਹ ਕਰਵਾਏ ਹਨ (ੳ). ਸਿੱਖਾਂ ਨੇ ਪ੍ਰਭੂ ਭਗਤੀ ਨਾਲ ਨਿਡੱਰ ਤੇ ਇੱਕ ਮਨ ਹੋ ਕੇ ਦ੍ਰਿੜ੍ਹ ਇਰਾਦੇ ਨਾਲ ਜੁੜਨਾ ਹੈ। (ਅ). ਸਦੀਵੀ ਹਸਤੀ, ਕੇਵਲ ਕਰਤਾਰ ਹੀ ਹੈ, ਦੂਜਾ ਕੋਈ ਨਹੀਂ; ਜਿਵੇਂ ‘‘ਰਾਮੁ ਗਇਓ ਰਾਵਨੁ ਗਇਓ..॥’’ (ਮਹਲਾ ੯/੧੪੨੯) ਬਾਕੀ ਤਾਂ ਸਭ ਆਵਣ-ਜਾਣੇ ਹੀ ਹਨ (ਇੱਥੇ ਹੋਲਿਕਾ, ਹਰਨਾਖਸ਼)। (ੲ). ‘‘ਹਰਿ ਜੁਗੁ ਜੁਗੁ ਭਗਤ ਉਪਾਇਆ; ਪੈਜ ਰਖਦਾ ਆਇਆ ਰਾਮ ਰਾਜੇ ॥’’ (ਮਹਲਾ ੪/੪੫੧) ਰੂਪ ਅਕਾਲ ਪੁਰਖ ਦਾ ਮੁੱਢ ਕਦੀਮੀ ਸੁਭਾਅ ਹੈ ਕਿ ਸ਼ਰਨ ’ਚ ਆਉਣ ਵਾਲਿਆਂ (ਭਗਤਾਂ, ਇੱਥੇ ਪ੍ਰਹਿਲਾਦ) ਦੀ ਬਹੁੜੀ ਕਰਦਾ ਹੈ।
ਇਸੇ ਤਰ੍ਹਾਂ ਭਾਰਤ ’ਚ ਮਹਾਭਾਰਤ, ਪੁਰਾਣਾਂ ਵਿਚਲੀ ਕ੍ਰਿਸ਼ਨ ਵਾਲੀ ਘਟਨਾ ਨੂੰ ਆਧਾਰ ਅਤੇ ਹੋਲੀ ਨੂੰ ਧਾਰਮਕ ਤਿਉਹਾਰ ਮੰਨ ਕੇ, ਸਭ ਤੋਂ ਵੱਧ ਮਥੁਰਾ, ਗੋਕੁਲ, ਬਿੰਦ੍ਰਾਬਨ ’ਚ ਹੀ ਖੇਡੀ ਜਾਂਦੀ ਹੈ, ਪਰ ਉੱਥੇ ਇਸ ਰਸਤੇ ਅਨੇਕ ਕਾਮ-ਉਕਸਾਊ, ਅਸ਼ਲੀਲ, ਲੱਜਾਹੀਣ ਖੇਡਾਂ ਵੀ ਖੇਡੀਆਂ ਜਾਂਦੀਆਂ ਹਨ। ਗੁਰੂ ਨਾਨਕ ਪਾਤਸ਼ਾਹ, ਹੋਲੀ ਦੇ ਦਿਨਾਂ ’ਚ ਉਚੇਚੇ ਮਥੁਰਾ ਪੁੱਜੇ। ਪਾਤਸ਼ਾਹ ਨੇ ਧਰਮ ਤਿਉਹਾਰ ਦੇ ਪੱਜ ਖੇਡੀਆਂ ਜਾ ਰਹੀਆਂ ਅਸਭਯ ਖੇਡਾਂ ਤੋਂ ਵਰਜਿਆ, ਪਰ ਪਾਂਡਿਆਂ ਨੇ ਇਸ ਨੂੰ ਕਲਜੁਗ ਦਾ ਪ੍ਰਭਾਵ ਦੱਸਿਆ। ਪਾਤਸ਼ਾਹ ਨੇ ਉੱਥੇ ‘‘ਸੋਈ ਚੰਦੁ ਚੜਹਿ, ਸੇ ਤਾਰੇ; ਸੋਈ ਦਿਨੀਅਰੁ ਤਪਤ ਰਹੈ ॥ ਸਾ ਧਰਤੀ ਸੋ ਪਉਣੁ ਝੁਲਾਰੇ; ਜੁਗ ਜੀਅ ਖੇਲੇ ਥਾਵ ਕੈਸੇ ?॥’’ (ਮਹਲਾ ੧/੯੦੨) ਵਾਲੇ ਸ਼ਬਦ ਰਾਹੀਂ ਦੱਸਿਆ ਕਿ ਪ੍ਰਭੂ ਰਚਨਾ ’ਚ ਸਤਿਜੁਗ, ਤ੍ਰੇਤਾ, ਦੁਆਪਰ, ਕਲਜੁਗ ਆਦਿ ਸਮੇਂ ਦੀ ਕੋਈ ਵੰਡ ਨਹੀਂ ਤੇ ਨਾ ਹੀ ਇੱਕੋ ਸਮੇਂ ਸਾਰੇ ਲੋਕਾਂ ਦੇ ਸੁਭਾਅ ਬਦਲਦੇ ਹਨ। ਤਾਂ ਤੇ ਅਖੌਤੀ ਕਲਜੁਗ ਦਾ ਪਰਦਾ ਪਾ ਕੇ ਧਾਰਮਕ ਆਗੂ ਜਾਂ ਲੁਕਾਈ ਆਪਣੇ ਦੋਸ਼ਾਂ ਤੋਂ ਬਰੀ ਨਹੀਂ ਹੋ ਸਕਦੀ। ਇੱਥੇ ਤਾਂ ‘‘ਨਾਨਕ ! ਨਾਮੁ ਮਿਲੈ ਵਡਿਆਈ; ਏਦੂ ਉਪਰਿ ਕਰਮੁ ਨਹੀ ॥’’ (ਮਹਲਾ ੧/੯੦੩) ਵਾਲ਼ੇ ਕਰਮ ਕਰਨ ਦੀ ਲੋੜ ਹੈ ਤਾਂ ਕਿ ਮਨੁੱਖ, ਨੇਕ ਪਰਉਪਕਾਰੀ ਬਣੇ ਅਤੇ ਆਪਣੇ ਜਨਮ ਨੂੰ ਪ੍ਰਭੂ ਰੰਗ ’ਚ ਸਫਲਾ ਕਰੇ।
ਕੁਝ ‘ਹੋਲੇ ਮਹੱਲੇ’ ਬਾਰੇ- ਪਹਿਲੀ ਗੱਲ, ਇਸ ਨੂੰ ਕੇਵਲ ‘ਹੋਲਾ’ ਕਹਿ ਕੇ ਬੁਲਾਉਣਾ ਵੱਡੀ ਭੁਲ ਤੇ ਅਗਿਆਨਤਾ ਹੈ, ਇਸ ਦਾ ਨਾਂ ਹੈ ‘ਹੋਲਾ ਮਹੱਲਾ’। ਦੂਜਾ-ਗੁਰਬਾਣੀ ਵਿਚਾਰਧਾਰਾ ਦੇ ਅਮੋਘ ਬਾਣਾਂ (ਤੀਰਾਂ) ਨਾਲ ਸੰਸਾਰ ’ਚੋਂ ਬੁਰਾਈਆਂ, ਗੁਣਾਹਾਂ, ਜੁਰਮਾਂ, ਐਬਾਂ ਆਦਿ ਧਰਮ ਦੇ ਪਰਦੇ ਹੇਠ ਫੈਲਾਏ ਜਾ ਰਹੇ ਪਾਖੰਡਾਂ ਨਾਲ ਜੂਝਣਾ ਤੇ ਗੁਰਬਾਣੀ ਸੇਧ ’ਚ ਚੱਲ ਕੇ ਵਿਕਾਰਾਂ ਨਾਲ ਹਰ ਸਮੇਂ ਜੰਗ ਕਰਨੀ, ਇਹੀ ਹੈ ਸਿੱਖ ਦੀ ਨਿੱਤ ਦੀ ਜੰਗ, ਨਾ ਕਿ ਉਸੇ ਗੰਦਗੀ ’ਚ ਆਪ ਡੁੱਬਣਾ, ਜਿੱਥੋਂ ਸਿੱਖਾਂ ਨੂੰ ਕੱਢਿਆ ਹੈ; ਜਿਵੇਂ ਕਿ ਅੱਜ ਹੋਇਆ ਪਿਆ ਹੈ।
ਦੂਜਾ-ਗੁਰਬਾਣੀ ਸੱਚ ਦੇ ਪ੍ਰਸਾਰ ਲਈ ਲੋੜ ਪਵੇ ਤਾਂ ਜਾਨ ’ਤੇ ਖੇਡ ਕੇ ਕੁਰਬਾਨੀ ਤੀਕ ਦੇ ਦੇਣੀ, ਪਰ ਰੱਬੀ ਸਚਾਈ ਨੂੰ ਆਂਚ ਨਹੀਂ ਆਉਣ ਦੇਣੀ। ਸਿੱਖਾਂ ਨੇ ਆਪਣੇ ਜੀਵਨ ’ਚ ਜੰਗ ਦੇ ਇਹਨਾਂ ਦੋਨਾਂ ਢੰਗਾਂ ਨੂੰ ਨਿੱਤ ਚਾਲੂ ਰੱਖਣਾ ਹੈ। ਸ਼ੱਕ ਨਹੀਂ, ਜ਼ਿੰਦਗੀ ਦੀ ਇਸ ਦੂਜੀ ਜੰਗ ਲਈ ਹਥਿਆਰਾਂ ਦੀ ਵੀ ਲੋੜ ਪੈ ਸਕਦੀ ਹੈ, ਪਰ ਸਿੱਖ ਲਈ ‘‘ਮੂਰਖ ਗੰਢੁ ਪਵੈ; ਮੁਹਿ ਮਾਰ ॥’’ ( ਮਹਲਾ ੧/੧੪੩) ਅਨੁਸਾਰ ਇਸ ਦੇ ਲਈ ਇਹ ਜੰਗ ਦਾ ਆਖਰੀ ਢੰਗ ਹੈ, ਪਹਿਲਾ ਨਹੀਂ। ਇਹੀ ਕਾਰਨ ਹੈ ਕਿ ਪਹਿਲੇ ਪੰਜ ਜਾਮਿਆਂ ਤੀਕ ਬਾਣੀ ਦੀ ਸੇਧ ’ਚ ਵਿਚਾਰਾਂ ਦੀ ਜੰਗ ਦੀ ਜਾਚ ਸਿਖਾਈ। ਦੂਜੇ ਨੰਬਰ ’ਤੇ ਇਲਾਹੀ ਸੱਚ ਦੀ ਰਾਖੀ ਲਈ ਕੁਰਬਾਨੀ ਤੀਕ ਦੇ ਦਿੱਤੀ, ਪਰ ਇਸ ਰੱਬੀ ਸੱਚ ’ਤੇ ਆਂਚ ਨਹੀਂ ਆਉਣ ਦਿੱਤੀ। ਅੰਤ ਛੇਵੇਂ ਤੇ ਦਸਵੇਂ ਜਾਮੇ ਸਮੇਂ ਹਥਿਆਰਾਂ ਦੀ ਜੰਗ ਲੜੀ ਤਾਂ ਵੀ ਕਿਸੇ ’ਤੇ ਹਮਲੇ ਲਈ ਨਹੀਂ ਤੇ ਨਾ ਹੀ ਜ਼ਰ-ਜ਼ੋਰੂ-ਜ਼ਮੀਨ ਲਈ। ਹਥਿਆਰ ਵਰਤੇ ਵੀ ਤਾਂ ਕੇਵਲ ਉਹਨਾਂ ’ਤੇ ਜਿਹੜੇ ਹਮਲਾਵਰ ਹੋ ਕੇ ਆਏ। ਇਸ ਤੋਂ ਉਪਰੰਤ, ਜੰਗ ਦੇ ਮੈਦਾਨ ’ਚ ਡਿੱਗੇ ਵੈਰੀ ਨੂੰ ਵੀ ਉਹੀ ਪਿਆਰ, ਸਤਿਕਾਰ, ਹਮਦਰਦੀ ਮਿਲੀ, ਜਿਹੜੀ ਆਪਣੇ ਵੱਲੋਂ ਹੋ ਕੇ ਲੜਣ ਵਾਲਿਆਂ ਨੂੰ । ਭਾਈ ਘਨਈਆ ਸਿੰਘ ਦੀ ਮਿਸਾਲ, ਸਾਡੇ ਸਾਹਮਣੇ ਹੈ ਤੇ ਇਸੇ ਤੋਂ ਜਨਮ ਹੁੰਦਾ ਹੈ ‘ਅਜੋਕੀ ਰੈਡ-ਕਰਾਸ ਦਾ’।
ਇਸ ਤਰ੍ਹਾਂ ਜਦੋਂ ਸੰਨ 1699 ’ਚ ਹਰ ਸਮੇਂ ਸ਼ਸਤ੍ਰਧਾਰੀ ਰਹਿਣ ਦਾ ਹੁਕਮ ਕੀਤਾ ਤਾਂ ਉੱਥੇ ਵੀ ਲਫ਼ਜ਼ ਤਲਵਾਰ, ਸ਼ਮਸ਼ੀਰ ਆਦਿ ਨਹੀਂ ਬਲਕਿ ਲਫ਼ਜ਼ ਦਿੱਤਾ ‘ਕ੍ਰਿਪਾਨ’। ਲਫ਼ਜ਼ ਕ੍ਰਿਪਾਨ, ਦੋ ਲਫ਼ਜ਼ਾਂ ਦੀ ਸੰਧੀ ਕ੍ਰਿਪਾ+ਆਨ ਤੋਂ ਹੈ। ਭਾਵ ਹਰ ਸਮੇਂ ਗਲ਼ ’ਚ ਪਈ ਕ੍ਰਿਪਾਨ ਸਿੱਖ ਨੂੰ ਚੇਤਾਵਨੀ ਦੇਂਦੀ ਹੈ-ਬੇਸ਼ਕ ਉਸ ਨੇ ਆਧੁਨਿਕ ਤੋਂ ਆਧੁਨਿਕ ਹਥਿਆਰ ਵੀ ਵਰਤਣੇ ਹੋਣ ਤਾਂ ਵੀ ਉਸ ਨੇ ਕ੍ਰਿਪਾਨ ਵਾਲੇ ਸਿਧਾਂਤ ਨੂੰ ਭੁਲਾ ਕੇ ਨਹੀਂ ਵਰਤਣੇ। ਸਿੱਖਾਂ ਨੇ ਦੋਨਾਂ ’ਚੋਂ ਕਿਸੇ ਇੱਕ ਕਾਰਨ ਲਈ ਹੀ ਹਥਿਆਰ ਦੀ ਵਰਤੋਂ ਕਰਨੀ ਹੈ, ਉਸ ਤੋਂ ਬਾਹਰ ਨਹੀਂ, (1). ਮਜ਼ਲੂਮ, ਅਸਹਾਇ ਦੀ ਮਦਦ ਲਈ। (2). ਪੰਥ ਤੇ ਮਨੁੱਖਤਾ ਦੀ ਆਣ-ਸ਼ਾਨ ਕਾਇਮ ਰੱਖਣ ਲਈ। ਸਿੱਖਾਂ ਨੇ ਹਥਿਆਰ ਨੂੰ ਕਿਸੇ ’ਤੇ ਜ਼ੁਲਮ-ਧੱਕਾ, ਖੋਹਾ-ਖੁਹਾਈ, ਹੱਕ ਮਾਰਨ, ਜ਼ਾਤੀ ਦੁਸ਼ਮਣੀ, ਨਿਜੀ ਵੈਰ ਵਿਰੋਧ ਆਦਿ ਲਈ ਨਹੀਂ ਵਰਤਣਾ। ਇਸ ਤਰ੍ਹਾਂ ਹਜ਼ੂਰ ਨੇ ਜਦੋਂ ਕ੍ਰਿਪਾਨ ਨੂੰ ਪੰਜ ਕਕਾਰਾਂ ਨਾਲ ਜੋੜਨ ਦਾ ਮਨ ਬਣਾਇਆ ਤਾਂ ਇਸ ਤੋਂ ਪਹਿਲਾਂ ਹੀ ਸੰਨ 1698 ’ਚ ਸਿੱਖਾਂ ਦੇ ਹਥਿਆਰਾਂ ਦੇ ਸਦੀਵੀ ਅਭਿਆਸ ਦਾ ਸੂਚਕ, ‘ਹੋਲਾ ਮਹੱਲਾ’ ਵੀ ਕਾਇਮ ਕਰ ਦਿੱਤਾ। ਠੀਕ ਉਸੇ ਤਰ੍ਹਾਂ ਜਿਵੇਂ ਹਰੇਕ ਦੇਸ਼ ਜੰਗ ਤਾਂ ਹਰ ਸਮੇਂ ਨਹੀਂ ਲੜਦਾ, ਪਰ ਸ਼ਸਤਰਾਂ ਫ਼ੌਜਾਂ ਦੇ ਅਭਿਆਸ ਕਦੇ ਵੀ ਬੰਦ ਨਹੀਂ ਹੁੰਦੇ। ਇਸੇ ਤਰ੍ਹਾਂ ਸਿੱਖਾਂ ਨੇ ਵੀ ਹਰ ਸਮੇਂ ਸ਼ਸਤਰ ਦੀ ਵਰਤੋਂ ਤਾਂ ਨਹੀਂ ਕਰਨੀ, ਪਰ ਉਸ ਦੇ ਅਭਿਆਸ ਸਦਾ ਚੱਲਦੇ ਰਹਿਣੇ ਚਾਹੀਦੇ ਹਨ, ਨਾ ਕਿ ਅੱਜ ਦੀ ਤਰ੍ਹਾਂ ਸਾਲ ਬਾਅਦ ਰੀਤ ਪੂਰੀ ਕੀਤੀ ਤੇ ਵਿਹਲੇ ਹੋਏ।