ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਦੂਜਾ)
ਗਿਆਨੀ ਅਵਤਾਰ ਸਿੰਘ
ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਪਹਿਲਾ)
ਪੰਜਾਬ ’ਚ ਲਗਭਗ 13000 ਪਿੰਡ ਹਨ। ਜੇਕਰ ਹਰ ਪਿੰਡ ’ਚ 2 ਕੁ ਗੁਰੂ ਘਰ ਮੰਨੀਏ ਤਾਂ ਇਨ੍ਹਾਂ ਦੀ ਗਿਣਤੀ 25-30 ਹਜ਼ਾਰ ਹੈ। ਸ਼ਹਰਾਂ ਦੇ ਮਿਲਾ ਕੇ 40-50 ਹਜ਼ਾਰ (ਇਤਿਹਾਸਕ ਤੇ ਗ਼ੈਰ ਇਤਿਹਾਸਕ) ਗੁਰਦੁਆਰੇ ਹਨ। ਸੰਨ 2006-2007 ਦੀ ਇੱਕ ਰਿਪੋਰਟ ਅਨੁਸਾਰ 9 ਹਜ਼ਾਰ ਡੇਰੇ ਸਨ, ਜੋ ਹੁਣ ਹੋਰ ਭੀ ਵਧ ਗਏ। ਹਰ ਗੁਰਦੁਆਰੇ ਤੇ ਡੇਰੇ ’ਚ 5-6 ਸੇਵਾਦਾਰ (ਗ੍ਰੰਥੀ, ਰਾਗੀ, ਪ੍ਰਚਾਰਕ) ਹਨ; ਜਿਨ੍ਹਾਂ ਪਾਸੋਂ ਪ੍ਰਤੀ ਗੁਰੂ ਘਰ; ਘੱਟੋ ਘੱਟ 25-30 ਪੰਜਾਬੀ ਕਥਾ ਜਾਂ ਕੀਰਤਨ ਸੁਣਦੇ ਹਨ। ਸੁਖਮਨੀ ਸਾਹਿਬ ਦੇ ਪਾਠ, ਸਹਿਜ ਪਾਠ, ਅਖੰਡ ਪਾਠ, ਮਹੀਨਾਵਾਰ ਤੇ ਸਾਲਾਨਾ ਪ੍ਰੋਗਰਾਮ ਭੀ ਹੁੰਦੇ ਹਨ। ਬੱਸਾਂ, ਕਾਰਾਂ, ਸੋਸ਼ਲ ਮੀਡੀਆ ਤੋਂ ਭੀ ਆਡੀਓ, ਵੀਡੀਓ ਰਾਹੀਂ ਗੁਰਬਾਣੀ ਸੁਣੀ ਜਾਂਦੀ ਹੈ। ਇਸ ਤਰ੍ਹਾਂ ਪੰਜਾਬ ਦੀ ਕੁੱਲ 3.21 ਕਰੋੜ ਅਬਾਦੀ ਦਾ 80-90% ਹਿੱਸਾ; ਸਿੱਧੇ ਜਾਂ ਅਸਿੱਧੇ ਤੌਰ ’ਤੇ ਗੁਰਬਾਣੀ ਨਾਲ਼ ਜੁੜਿਆ ਹੈ। ਫਿਰ ਭੀ ਪੰਜਾਬੀਆਂ ਦਾ ਰੁਝਾਨ ਈਸਾਈ ਮੱਤ ਵੱਲ ਹੋਣਾ; ਪੰਥ ਹਿਤੈਸ਼ੀ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ ਕਿ ਆਖ਼ਿਰ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ’ਚ ਕਿੱਥੇ ਅਤੇ ਕੀ ਘਾਟ ਰਹਿ ਗਈ। ਇਸ ਦੇ ਕਈ ਕਾਰਨ ਹੋਣਗੇ, ਪਰ ਮੇਰੀ ਸਮਝ ਅਨੁਸਾਰ ਕੁਝ ਕੁ ਇਹ ਹਨ :
ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਅਕਸਰ ਐਸਾ ਵਰਗ ਸਰਗਰਮ ਹੈ, ਜੋ ਆਰਥਿਕ ਤੇ ਪੜ੍ਹਾਈ ਪੱਖੋਂ ਕਮਜ਼ੋਰ ਹੈ। ਇਨ੍ਹਾਂ ਅੰਦਰ ਗੁਰਮਤਿ ਦਾ ਅਧਿਐਨ ਕਰਨ ਤੇ ਸਾਹਿਤ (ਕਿਤਾਬਾਂ) ਪੜ੍ਹਨ ਦੀ ਰੁਚੀ ਨਹੀਂ, ਸਮਾਂ ਭੀ ਨਹੀਂ। ਗੁਰਬਾਣੀ; ਇੱਕ ਕਾਵਿਮਈ ਰਚਨਾ ਹੈ। ਕਵਿਤਾ ਦੇ ਸੰਖੇਪ ਸ਼ਬਦਾਂ ’ਚ ਬੜੇ ਗਹਿਰੇ ਰਾਜ਼ ਹੁੰਦੇ ਹਨ। ਦੂਜਾ ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੈ। ਤੀਜਾ ਅਜੋਕੀ ਪੰਜਾਬੀ ਤੇ ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਤ (ਵਿਆਕਰਨ) ’ਚ ਭੀ ਅੰਤਰ ਹੈ। ਇਨ੍ਹਾਂ ਨੇਮਾਂ ਦੀ ਨਾਸਮਝੀ ਕਾਰਨ ਜ਼ਿਆਦਾਤਰ ਪ੍ਰਚਾਰਕ; ਮਨਘੜਤ ਸਾਖੀਆਂ ਜਾਂ ਅਜੋਕੀ ਸਾਇੰਸ ਦੀ ਟੇਕ ਲੈ ਕੇ ਗੁਰਬਾਣੀ ਨੂੰ ਸਮਝਣ ’ਚ ਕੁਤਾਹੀ ਖਾਂਦੇ ਹਨ। ਮਿਸਾਲ ਵਜੋਂ ਗੁਰਬਾਣੀ ’ਚ ਇੱਕ ਸ਼ਬਦ ਹੈ ‘ਕਰਮ’, ਜੋ ਕਿ ਦੋ ਭਾਸ਼ਾਵਾਂ (ਸੰਸਕ੍ਰਿਤ ਤੇ ਫ਼ਾਰਸੀ) ’ਚੋਂ ਲਿਆ ਹੈ। ਸੰਸਕ੍ਰਿਤ ’ਚ ਅਰਥ ਹਨ (1). ਭਾਗ/ਨਸੀਬ (2). ਕੀਤੇ ਜਾਣ ਵਾਲ਼ੇ ਕੰਮ ਅਤੇ (3). ਫ਼ਾਰਸੀ ’ਚ ਅਰਥ ਹੈ ‘ਮਿਹਰ, ਬਖ਼ਸ਼ਸ਼’। ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ‘ਜਪੁ’ ਜੀ ਦੀ 25ਵੀਂ ਪਉੜੀ ’ਚ ਵਰਤਿਆ ਹੈ, ‘‘ਬਹੁਤਾ ਕਰਮੁ; ਲਿਖਿਆ ਨਾ ਜਾਇ ..॥੨੫॥’’ ਭਾਵ (ਜੀਵਾਂ ’ਤੇ ਹੁੰਦੀ) ਰੱਬ ਦੀ ਅਪਾਰ ਮਿਹਰ; ਕਲਮਬੰਦ ਨਹੀਂ ਕੀਤੀ ਜਾ ਸਕਦੀ। ਇਸ ਪਉੜੀ ’ਚ ਮਾਲਕ ਦੀਆਂ ਦਾਤਾਂ ਦਾ ਹੀ ਜ਼ਿਕਰ ਹੈ; ਜਿਵੇਂ ਕਿ ‘‘ਕੇਤਿਆ, ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ; ਦਾਤਾਰ ! ॥’’, ਪਉੜੀ ਦੇ ਅੰਤ ’ਚ ਵਿਸ਼ੇਸ਼ ਦਾਤ (ਬਖ਼ਸ਼ਸ਼) ਦਾ ਭੀ ਜ਼ਿਕਰ ਹੈ, ‘‘ਜਿਸ ਨੋ ਬਖਸੇ ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’
‘ਸੋ ਦਰੁ’ (ਰਹਰਾਸਿ) ’ਚ ਭੀ ਆਪ ਨੇ ‘ਕਰਮੁ’ ਨੂੰ ‘ਮਿਹਰ’ ਦੇ ਅਰਥਾਂ ਲਈ ਵਰਤਿਆ ਹੈ, ‘‘ਤੁਧੁ ਵਿਣੁ; ਸਿਧੀ ਕਿਨੈ ਨ ਪਾਈਆ ॥ ਕਰਮਿ (ਨਾਲ਼) ਮਿਲੈ; ਨਾਹੀ ਠਾਕਿ ਰਹਾਈਆ ॥’’ (ਮਹਲਾ ੧/੯) ਭਾਵ ਤੇਰੀ (ਮਿਹਰ ਤੋਂ) ਬਿਨਾਂ ਮਨ ਖਿੜਦਾ ਨਹੀਂ। (ਜਿਸ ਨੂੰ) ਤੇਰੀ ਮਿਹਰ ਨਾਲ਼ ਇਹ ਸਫਲਤਾ ਮਿਲਦੀ ਹੈ, ਉਸ (ਦੀ ਤਰੱਕੀ) ’ਚ ਕੋਈ ਹੋਰ ਵਿਘਨ ਨਹੀਂ ਪਾ ਸਕਦਾ।
‘ਕਰਮੁ’ ਨੂੰ ਦੂਜੇ ਅਰਥ (ਭਾਗ/ਨਸੀਬ) ਲਈ ਭੀ ਆਪ ਨੇ ਆਸਾ ਕੀ ਵਾਰ ਦੀ 11ਵੀਂ ਪਉੜੀ ’ਚ ਵਰਤਿਆ ਹੈ, ‘‘ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ; ਤਾ ਤਿਨੀ ਖਸਮੁ ਧਿਆਇਆ ॥ ਏਨਾ ਜੰਤਾ ਕੈ ਵਸਿ (’ਚ) ਕਿਛੁ ਨਾਹੀ; ਤੁਧੁ ਵੇਕੀ ਜਗਤੁ ਉਪਾਇਆ ..॥੧੧॥’’ (ਮਹਲਾ ੧/੪੬੯) ਭਾਵ ਉਹੀ, ਤੈਨੂੰ ਸਿਮਰ ਸਕਦੇ ਹਨ, ਜਿਨ੍ਹਾਂ ਅੰਦਰ ਪੈਦਾਇਸ਼ ਤੋਂ ਤੈਂ ਐਸਾ ਨਸੀਬ (ਕਰਮੁ) ਬਣਾਇਆ, ਪਾਤ੍ਰਤਾ ਬਣਾਈ ਵਰਨਾ ਵੱਖ ਵੱਖ ਕਿਸਮਾਂ ਦੇ ਅਨੇਕਾਂ ਜੀਵ-ਜੰਤਾਂ ਅੰਦਰ ਕੋਈ ਸਮਰੱਥਾ ਨਹੀਂ (ਕਿ ਤੈਨੂੰ ਅਦ੍ਰਿਸ਼ ਨੂੰ ਜਾਣ ਸਕਣ)।
‘ਕਰਮ’ ਨੂੰ ਤੀਜੇ ਅਰਥ (ਕੀਤੇ ਜਾਣ ਵਾਲ਼ੇ ਕੰਮਾਂ) ਲਈ ਭੀ ਆਪ ਨੇ ਵਰਤਿਆ ਹੈ, ‘‘ਬਿਨੁ ਗੁਰ ਸਬਦ, ਨ ਛੂਟੀਐ; ਦੇਖਹੁ ਵੀਚਾਰਾ ॥ ਜੇ ਲਖ ਕਰਮ ਕਮਾਵਹੀ; ਬਿਨੁ ਗੁਰ ਅੰਧਿਆਰਾ ॥੧॥ ਰਹਾਉ ॥’’ (ਮਹਲਾ ੧/੨੨੯) ਭਾਵ ਸੋਚ-ਵਿਚਾਰ ਕੇ ਵੇਖ ਲਓ ਕਿ ਗੁਰੂ ਗਿਆਨ ਤੋਂ ਬਿਨਾਂ (ਅਗਿਆਨਤਾ ਦਾ ਹਨ੍ਹੇਰਾ) ਨਹੀਂ ਮਿਟਦਾ ਭਾਵੇਂ ਲੱਖਾਂ ਹੀ (ਧਾਰਮਿਕ) ਕੰਮ ਕੀਤੇ ਜਾਣ।
ਹੁਣ ਸਾਇੰਸ ਦੀ ਟੇਕ ਲੈਣ ਵਾਲ਼ੇ ਸਿੱਖਾਂ ਨੂੰ ਉਕਤ ਦੋ ਅਰਥ (ਭਾਗ ਤੇ ਮਿਹਰ) ਹਜ਼ਮ ਨਹੀਂ ਹੋ ਸਕਦੇ ਕਿਉਂਕਿ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ’ਚ ਸ਼ਰਧਾ ਅਧੀਨ ਕੋਈ ਸਿਲੇਬਸ ਨਹੀਂ ਪੜ੍ਹਾਇਆ ਜਾਂਦਾ। ਇਨ੍ਹਾਂ ਅਨੁਸਾਰ ਗੁਰਮਤਿ ਨੂੰ ਸ਼ਰਧਾ ਨਾਲ਼ ਵਾਚਣਾ; ਅਗਿਆਨਤਾ ਹੈ, ਗੁਰਮਤਿ ਵਿਰੋਧੀ ਹੈ। ਇਨ੍ਹਾਂ ਨੇ ਇੱਥੇ (ਮਿਹਰ ਤੇ ਭਾਗ ਦੀ ਥਾਂ) ਭੀ ‘ਕੀਤੇ ਜਾਣ ਵਾਲ਼ੇ ਕੰਮ’ ਅਰਥ ਲੈਣੇ ਹਨ। ਦੂਜੇ ਪਾਸੇ ਕਲਪਿਤ ਸਾਖੀਆਂ ਦੀ ਟੇਕ ਲੈਣ ਵਾਲ਼ੇ ਡੇਰੇਦਾਰ; ਤੀਜੇ ਅਰਥ (ਕੀਤੇ ਜਾਣ ਵਾਲ਼ੇ ਕੰਮ) ਨੂੰ ਭੀ ਜ਼ਿਆਦਾਤਰ ‘ਮਿਹਰ’ ਜਾਂ ‘ਨਸੀਬ’ ਮੰਨਦੇ ਹਨ ਤਾਹੀਓਂ ਇਹ, ਸੰਗਤਾਂ ਨੂੰ ਸਵੈ ਪੜਚੋਲ ਕਰਨ ਲਈ ਨਹੀਂ ਕਹਿੰਦੇ। ਜੇ ਗੁਰਬਾਣੀ ਲਿਖਤ ਦੀ ਸਮਝ ਹੁੰਦੀ ਤਾਂ ‘ਕਰਮੁ’ (ਅੰਤ ਔਂਕੜ/ਇੱਕ ਵਚਨ ਪੁਲਿੰਗ ਨਾਉ) ਦਾ ਅਰਥ ਭੀ ਇਕ ਵਚਨ (ਭਾਗ ਜਾਂ ਮਿਹਰ) ਹੀ ਲੈਂਦੇ ਤੇ ‘ਕਰਮ’ (ਅੰਤ ਮੁਕਤ/ਬਹੁ ਵਚਨ) ਦਾ ਅਰਥ ਭੀ ਬਹੁ ਵਚਨ (ਕੀਤੇ ਜਾਣ ਵਾਲ਼ੇ ਕੰਮ) ਹੀ ਲੈਂਦੇ। ਇਸ ਤਰ੍ਹਾਂ ਗੁਰਮਤਿ ਦੇ ਸਹੀ ਅਰਥ ਸਮਝ ਆਪਣੇ ਅਤੇ ਸੰਗਤਾਂ ਦੇ ਮਨ ਸ਼ਾਂਤ ਕਰਦੇ। ਜਿਸ ਸ਼ਾਂਤੀ ਦੀ ਭਾਲ਼ ਲਈ ਇਹ ਈਸਾਈ ਬਣਨ ਚੱਲੇ ਹਨ।
ਮਨਮੁਖ ਨੂੰ ਉਸ ਦੀ ਕਠੋਰਤਾ ਤੋਂ ਜਾਣੂ ਕਰਾ ਮਨ ਨੂੰ ਨਰਮ (ਸ਼ਾਂਤ) ਤੇ ਸਕਾਰਤਮਿਕ ਬਣਾਉਣਾ; ਗੁਰਮਤਿ ਦੇ ਪ੍ਰਚਾਰ ਦਾ ਅਸਲ ਕਾਰਜ ਹੈ। ਜੇ ਕਿਸੇ ਨੂੰ ਦੋ ਗਲਾਸ ਪਾਣੀ ਚਾਹੀਏ, ਪਰ ਮਿਲੇ ਇੱਕ ਤਾਂ ਭੀ ਉਹ, ਦੇਣਵਾਲ਼ੇ ਦਾ ਧੰਨਵਾਦ ਨਹੀਂ ਕਰੇਗਾ ਕਿਉਂਕਿ ਅਜੇ ਪਿਆਸ ਅਧੂਰੀ ਹੈ। 20 ਹਜ਼ਾਰ ਤਨਖ਼ਾਹ ਦੀ ਮਨ ’ਚ ਇੱਛਾ ਹੋਵੇ ਤੇ ਮਿਲੇ 19 ਹਜ਼ਾਰ ਤਾਂ ਭੀ ਸ਼ਾਂਤੀ ਨਹੀਂ ਮਿਲੇਗੀ। 10 ਲੱਖ ਦਹੇਜ ਦੀ ਮੰਗ ਹੈ, ਪਰ ਮਿਲਿਆ 9 ਲੱਖ ਤਾਂ ਭੀ ਨਿਰਾਸਤਾ ਰਹੇਗੀ। ਅਸ਼ਾਂਤ ਮਨ ਕਦੇ ਸੰਤੁਸ਼ਟ ਨਹੀਂ ਹੁੰਦਾ ਤਾਹੀਓਂ ਪੰਜਾਬ ’ਚ ਪ੍ਰਵਾਸੀ ਕੋਠੀਆਂ ਖ਼ਰੀਦ ਗਏ ਤੇ ਪੰਜਾਬੀ; ਵਿਦੇਸ਼ਾਂ ’ਚ ਦਿਹਾੜੀ ਕਰਨ ਲਈ ਜਾਇਜ਼-ਨਾਜਾਇਜ਼ ਹੱਥਕੰਡੇ ਅਪਣਾਉਂਦੇ ਰਹਿ ਗਏ। ਪ੍ਰਚਾਰਕਾਂ ਨੇ ਇਸ ਰੋਗ ਦਾ ਗੁਰਮਤਿ-ਦਵਾ ਨਾਲ਼ ਇਲਾਜ ਕਰਨਾ ਸੀ, ਪਰ ਇਹ ਖ਼ੁਦ; ਪਾਸਪੋਰਟ ਜੇਬਾਂ ’ਚ ਪਾਈ ਪ੍ਰਬੰਧਕਾਂ ਦਾ ਪਾਣੀ ਭਰਦੇ, ਵੇਖੀਦੇ ਹਨ ਤਾਂ ਜੋ ਜਲਦੀ ਜਹਾਜ਼ ਚੜ੍ਹਿਆ ਜਾ ਸਕੇ। ਦੂਜੇ ਪਾਸੇ 13 ਹਜ਼ਾਰ ਪਿੰਡਾਂ ਦੇ ਗੁਰੂ ਘਰਾਂ ’ਚ ਬਹੁਤਾਤ ਉਹ ਗ੍ਰੰਥੀ-ਪਾਠੀ ਹਨ, ਜਿਨ੍ਹਾਂ ਨੂੰ ਮੂਲ ਮੰਤਰ ਕਿੱਥੋਂ ਤੱਕ ਹੈ ਤੇ ਇਸ ਦੇ ਅਰਥ ਕੀ ਹਨ, ਦਾ ਭੀ ਪਤਾ ਨਹੀਂ।
ਨਕਾਰਾਤਮਿਕ (ਨਾ-ਪੱਖੀ) ਸੋਚ ਭੀ ਬਾਹਰੋਂ ਮਿਲਦੀ ਮਦਦ ਦਾ ਮੁੱਲ ਨਹੀਂ ਪਾਉਂਦੀ ਕਿਉਂਕਿ ਹੋਰਾਂ ਦੀ ਤਾਰੀਫ਼ ਕਰਨ ਨਾਲ਼ ਖ਼ੁਦ ਨੂੰ ਨੀਵਾਂ ਹੋਣਾ ਪੈਣਾ ਹੈ, ਜੋ ਕਿ ਉਸ ਨੂੰ ਪਸੰਦ ਨਹੀਂ ਹੁੰਦਾ। ਗੁਰਬਾਣੀ ਸਕਾਰਾਤਮਿਕ ਰਚਨਾ ਹੈ, ਜੋ ਕਾਮੀ ਪੁਰਸ਼ (ਅਜਾਮਲ ਬ੍ਰਾਹਮਣ), ਵੇਸਵਾ (ਪਿੰਗਲਾ), ਸ਼ਿਕਾਰ ਨਾ ਮਿਲਣ ਕਾਰਨ ਆਤਮ ਹੱਤਿਆ ਕਰਨ ਵਾਲ਼ੇ (ਲੁਭਤੁ-ਸ਼ਿਕਾਰੀ) ਅਤੇ ਰਿਖੀ ਦੇ ਸਰਾਪ ਨਾਲ਼ ਹਾਥੀ ਦੀ ਜੂਨ ਭੋਗ ਰਹੇ ਗੰਧਰਵ (ਦੇਵਲੋਕ ਦੇ ਗਵੱਈਏ) ਵਰਗਿਆਂ ਦੀ ਮਿਸਾਲ ਨਾਲ਼ ਹਰੀ ਦਾ ਨਾਮ ਜਪਣ ਲਈ ਬੰਦੇ ਨੂੰ ਤਿਆਰ ਕਰਦੀ ਹੈ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ॥ ਐਸੇ ਦੁਰਮਤਿ ਨਿਸਤਰੇ; ਤੂ ਕਿਉ ਨ ਤਰਹਿ ? ਰਵਿਦਾਸ !॥’’ (ਭਗਤ ਰਵਿਦਾਸ/੧੧੨੪) ਭਾਵ ਹੇ ਰਵਿਦਾਸ ! ਜੇਕਰ ਐਸੇ ਬੰਦੇ ਤਰ ਗਏ ਤਾਂ ਤੂੰ ਕਿਉਂ ਨਹੀਂ ਤਰੇਂਗਾ, ਪਰ ਅਸ਼ਾਂਤ ਮਨ; ਸੰਗਤਾਂ ’ਚ ਐਸੀ ਸਕਾਰਾਤਮਿਕ ਸੋਚ ਵਿਕਸਿਤ ਕਰਨਯੋਗ ਨਹੀਂ ਹੁੰਦਾ।
ਨੋਟ : ਭਾਗਵਤ ਕਥਾ ’ਚ 11ਵੇਂ ਸਕੰਧ ਦੇ 8ਵੇਂ ਅਧਿਆਇ ਅਨੁਸਾਰ ਜਨਕਪੁਰੀ (ਵਿਦੇਹ ਨਗਰ) ’ਚ ਇਕ ਵੇਸ਼ਵਾ (ਪਿੰਗਲਾ) ਰਹਿੰਦੀ ਸੀ, ਜੋ ਇੱਕ ਸੁੰਦਰ ਧਨੀ ਲੜਕੇ ’ਤੇ ਮੋਹਿਤ ਹੋ ਗਈ, ਪਰ ਲੜਕੇ ਨੇ ਉਸ ਵੱਲ ਤਵੱਜੋ ਨਾ ਦਿੱਤੀ। ਪਿੰਗਲਾ ਦੇ ਮਨ ’ਚ ਵੈਰਾਗ ਹੋਇਆ ਕਿ ਜੇਕਰ ਐਨਾ ਪਿਆਰ ਮੈ ਈਸ਼ਵਰ ਨਾਲ਼ ਕਰਦੀ ਤਾਂ ਉਸ ਨੂੰ ਪਾ ਲੈਂਦੀ। ਉਸ ਨੇ ਪ੍ਰਭੂ ਦਾ ਸਿਮਰਨ ਕੀਤਾ ਤੇ ਮੁਕਤ ਹੋ ਗਈ।
ਪ੍ਰਮਾਤਮਾ; ਕਣ ਕਣ ’ਚ ਮੌਜੂਦ ਹੈ ਤਾਹੀਓਂ ਬਾਣੀਕਾਰਾਂ ਨੇ ਸਮਾਜਿਕ ਏਕਤਾ ਨੂੰ ਧਰਮ ਦਾ ਕਾਰਜ ਮੰਨਿਆ; ਜਿਵੇਂ ਕਿ ਬਚਨ ਹਨ, ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ…॥ (ਮਹਲਾ ੫/੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥ (ਮਹਲਾ ੫/੯੭), ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥’’ (ਭਗਤ ਕਬੀਰ/੩੨੪) ਦੂਜੇ ਪਾਸੇ ਏਕਤਾ ਵਿਰੋਧੀ ਵੰਡੀਆਂ ਪਾਉਣ ਵਾਲ਼ੀ ਸੁਆਰਥੀ ਸੋਚ ਨੂੰ ਲਾਹਨਤਾਂ ਪਾਈਆਂ, ‘‘ਜਾਤਿ ਕਾ ਗਰਬੁ; ਨ ਕਰਿ, ਮੂਰਖ ਗਵਾਰਾ ! ॥ (ਮਹਲਾ ੩/੧੧੨੭), ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ (ਮਾਂ ਦੇ ਪੇਟ ਤੋਂ ਬਿਨਾਂ ਕਿਸੇ ਹੋਰ ਰਸਤੇ); ਕਾਹੇ ਨਹੀ ਆਇਆ ? ॥’’ (ਭਗਤ ਕਬੀਰ/੩੨੪) ਗੁਰੂ ਘਰਾਂ ’ਚ ਸਰੋਵਰਾਂ ਦਾ ਹੋਣਾ ਭੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਹੁਣ ਜ਼ਮੀਨੀ ਹਾਲਤ ਵੇਖੀਏ ਤਾਂ ਪੰਜਾਬ ਦੇ ਗੁਆਂਢੀ ਸੂਬਿਆਂ ’ਚ ਆਪਸੀ ਝਗੜੇ ਖ਼ਤਮ ਕਰਨ ਲਈ ਗ੍ਰਾਮ ਪੰਚਾਇਤਾਂ ਅਤੇ ਸਮਾਜਿਕ ਮਸਲੇ ਹੱਲ ਕਰਨ ਲਈ ਕਈ ਕਈ ਪਿੰਡਾਂ ਦੀ ਸਾਂਝੀ ਮਹਾਂ ਪੰਚਾਇਤ ਬੁਲਾਈ ਜਾਂਦੀ ਹੈ। ਦੂਜੇ ਪਾਸੇ 90% ਗੁਰਬਾਣੀ ਸੁਣਨ ਵਾਲ਼ੇ ਪੰਜਾਬ ’ਚ ਸਮਾਜਿਕ ਏਕਤਾ ਤੋੜਨ ਵਾਲ਼ੀਆਂ ਕਈ ਯੂਨੀਅਨਾਂ ਹਨ। ਕਈ-ਕਈ ਧੜੇਬੰਦੀਆਂ ਤੇ ਡੇਰੇ ਹਨ। ‘ਅਕਾਲੀ’ ਨਾਂ ਹੇਠ ਤੇ ਸਫ਼ੈਦ (ਸ਼ਾਂਤੀ ਦਾ ਪ੍ਰਤੀਕ) ਲਿਬਾਸ ਧਾਰ ਖੜ੍ਹੀਆਂ ਹੋਈਆਂ ਸਿਆਸੀ ਪਾਰਟੀਆਂ ਨੇ ਭੀ ਪੰਜਾਬੀਆਂ ’ਚ ਲਗਾਤਾਰ (ਸ਼ਾਮ, ਦਾਮ, ਦੰਡ, ਭੇਦ ਨੀਤੀ ਨਾਲ਼) ਨਫ਼ਰਤ ਦਾ ਬੀਜ ਬੋਇਆ ਹੈ। ਇੱਥੋਂ ਤੱਕ ਕਿ ਗੁਰੂ ਘਰਾਂ ਦੀ ਸੇਵਾ ਲੈਣ ਲਈ ਭੀ ਦਸਤਾਰਾਂ ਨੂੰ ਹੱਥ ਪਾਇਆ ਜਾਂਦਾ ਹੈ। ਗੁਰਮਤਿ ਪ੍ਰਚਾਰਕਾਂ ਦਾ ਫ਼ਰਜ਼ ਹੈ ਕਿ ਇਸ ਗੁਰਮਤਿ ਵਿਰੋਧੀ ਨਫ਼ਰਤ ਨੂੰ ਮਿਟਾਉਣ, ਪਰ ਇਹ ਖ਼ੁਦ ਹੀ (ਬ੍ਰਾਹਮਣ ਦੀ ਜਾਤ-ਪਾਤ ਖ਼ਤਮ ਕਰਦੇ-ਕਰਦੇ) ਵਿਵਾਦਿਤ ਮੁੱਦਿਆਂ ਨੂੰ ਲੈ ਕੇ ਕਈ-ਕਈ ਧੜੇ ਬਣਾ ਚੁੱਕੇ ਹਨ। ਜੇਕਰ ਕੋਈ ਸਮਾਜਿਕ ਜਾਂ ਪੰਥਕ ਮਸਲਾ ਹੱਲ ਕਰਨਾ ਹੋਵੇ ਤਾਂ ਭੀ ਏਕਤਾ ਜ਼ਰੂਰੀ ਹੈ, ਪਰ ਪੰਜਾਬ ਦੇ ਅਸਾਂਤ-ਮਨ ’ਤੇ ਠੰਢੇ ਛਿੱਟੇ ਮਾਰਨ ਵਾਲ਼ਾ ਕੋਈ ਨਜ਼ਰ ਨਹੀਂ ਆ ਰਿਹਾ। ਜੈਸੀ ਸਜ਼ਾ; ਸਮਾਜ ਨੂੰ ਵੰਡਣ ਵਾਲ਼ੇ ਬ੍ਰਾਹਮਣ ਲਈ ਮੁਕੱਰਰ ਕੀਤੀ ਹੈ ਕਿ ‘‘ਜਿਤੁ ਦਰਿ (’ਤੇ); ਤੁਮ੍ ਹੈ ਬ੍ਰਾਹਮਣ ਜਾਣਾ ॥ ਤਿਤੁ ਦਰਿ (’ਤੇ); ਤੂੰ ਹੀ ਹੈ ਪਛੁਤਾਣਾ ॥’’ (ਮਹਲਾ ੫/੩੭੨) ਵੈਸੀ ਹੀ ਅਸਾਂ ਅਖੌਤੀ ਧਰਮ ਪ੍ਰਚਾਰਕਾਂ ਲਈ ਹੈ। ਜਦ ਗੁਰੂ ਕਾਲ ’ਚ ਮਸੰਦਾਂ (ਪ੍ਰਚਾਰਕਾਂ) ’ਚ ਕਮੀਆਂ ਆ ਗਈਆਂ ਸਨ ਤਾਂ ਹੁਣ ਨਹੀਂ; ਐਸਾ ਸੋਚਣਾ, ਆਪਣੀ ਅਗਿਆਨਤਾ ਅਤੇ ਡਰਪੋਕਤਾ ’ਤੇ ਪਰਦਾ ਪਾਉਣਾ ਹੈ।
ਗੁਰੂ ਕਿਰਪਾ ਨਾਲ਼ ਜਿਨ੍ਹਾਂ ਸ਼ਰਧਾਵਾਨਾਂ ਨੇ ਗੁਰਬਾਣੀ ਨੂੰ ਪੜਚੋਲਿਆ, ਇਸ ਅੰਦਰ ਟੁੱਬੀ ਲਾਈ; ਉਨ੍ਹਾਂ ਨੂੰ ਅਜੋਕਾ ਪ੍ਰਚਾਰ; ਖਾਲ਼ੀ ਟੀਨ ਵਾਙ ਖੜਕਦਾ ਜਾਪਦਾ ਹੈ, ਜਿਸ ਵਿੱਚ ਗੁਰੂ ਪ੍ਰਤੀ ਸ਼ਰਧਾ ਤੇ ਗੁਰੂ ਦਾ ਡਰ-ਅਦਬ ਬਿਲਕੁਲ ਭੀ ਨਹੀਂ ਸਗੋਂ ਸੰਗਤਾਂ ਅੰਦਰ ਗੁਰੂ ਪ੍ਰਤੀ ਬਣੀ ਸ਼ਰਧਾ ਨੂੰ ਮਨਮਤੀ ਕੁਤਰਕਾਂ ਜਾਂ ਝੂਠੀਆਂ ਸਾਖੀਆਂ ਨਾਲ਼ ਸੰਦੇਹ ’ਚ ਬਦਲਿਆ ਜਾਂਦਾ ਹੈ ਜਾਂ ਅਖੌਤੀ ਸੰਤ ਪੈਦਾ ਕਰ-ਕਰ ਗੁਰਮਤਿ ਦੀ ਵਿਲੱਖਣਤਾ ਨੂੰ ਗਾਇਬ ਕੀਤਾ ਜਾਂਦਾ ਹੈ। ਬੁਝਿਆ ਦੀਵਾ; ਹੋਰਾਂ ਨੂੰ ਨਹੀਂ ਜਗਾ ਸਕਦਾ। ਅਗਿਆਨ ਗ੍ਰਸਤ ਵਕਤਾ; ਸਰੋਤੇ ਦੇ ਜੀਵਨ ’ਚ ਚਾਨਣ (ਸ਼ਾਂਤੀ) ਨਹੀਂ ਪਾ ਸਕਦਾ, ਇਸ ਲਈ ਗੁਰੂ ਘਰਾਂ ’ਚ ਪ੍ਰਤੀ ਦਿਨ ਆਉਂਦੀ ਲੱਖਾਂ ਸ਼ਾਂਤੀ ਤੋਂ ਵਾਂਝੀ ਸੰਗਤ; ਸਮਾਜਿਕ ਗ਼ਰਮ ਹਵਾਵਾਂ ਦਾ ਤਾਪ ਨਾ ਸਹਾਰਦੀ ਹੋਈ ਗ਼ਲਤ ਰਾਹ ਜਾ ਪੈਂਦੀ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਕੁਰਾਹੇ ਪੈਣਾ, ਕਿਹਾ ਹੈ, ‘‘ਮੰਨੈ; ਮਗੁ ਨ ਚਲੈ ਪੰਥੁ ॥’’ (ਜਪੁ) ਭਾਵ ਗੁਰੂ ਸਿੱਖਿਆ ਅਪਣਾਅ ਕੇ ਸਿੱਖ; ਗ਼ੈਰ ਮਾਰਗ ’ਤੇ ਨਹੀਂ ਪੈਂਦਾ।
ਜੇ ਬਹੁਗਿਣਤੀ ਵਿਦਿਆਰਥੀ ਪਰੀਖਿਆ ’ਚ ਫੇਲ ਹੋਣ ਤਾਂ ਜ਼ਿੰਮੇਵਾਰ; ਸਕੂਲ ਦੇ ਅਧਿਆਪਕ ਤੇ ਪ੍ਰਬੰਧਕ ਹੁੰਦੇ ਹਨ, ਨਾ ਕਿ ਬੱਚੇ। ਹਰ ਪਿੰਡ ’ਚ 25-30 ਬੰਦੇ ਜ਼ਰੂਰ ਮਿਲਣਗੇ, ਜੋ ਅੰਮ੍ਰਿਤ ਛਕ ਕੇ ਭੰਗ ਕਰ ਚੁੱਕੇ ਹਨ। ਅੰਮ੍ਰਿਤ ਸੰਚਾਰ ਦੇ ਚਾਹਵਾਨਾਂ ’ਚ ਭੀ 20-25% ਦੂਜੀ ਜਾਂ ਤੀਜੀ ਵਾਰ ਅੰਮ੍ਰਿਤ ਛੱਕਦੇ ਮਿਲਣਗੇ। ਜ਼ਿਆਦਾਤਰ ਨੇ ਕੋਈ ਕੁਰਹਿਤ ਭੀ ਨਹੀਂ ਕੀਤੀ ਹੁੰਦੀ ਬਲਕਿ ਗੁਰਮਤਿ ਅਸੂਲਾਂ ਤੋਂ ਅਣਜਾਣ ਹੁੰਦੇ ਹਨ। ਜੇਕਰ ਅੰਮ੍ਰਿਤਧਾਰੀ ਹੋ ਕੇ ਭੀ ਗੁਰਮਤਿ ਨਾ ਸਮਝ ਸਕੇ ਤਾਂ ਦੋਸ਼ੀ ਕੌਣ ? ਗੁਰੂ ਘਰਾਂ ’ਚ ਬੈਠ ਕੇ ਗੁਰਬਾਣੀ ਸੁਣਨ ਵਾਲ਼ੇ ਸਰੋਤੇ ਜਾਂ ਪ੍ਰਚਾਰਕ ? ਧਰਮ; ਇੱਕ ਗੰਭੀਰ ਵਿਸ਼ਾ ਹੈ। ਵਿਰੋਧੀ ਧਿਰ ’ਤੇ ਤਨਜ਼ ਕਸ-ਕਸ ਸੰਗਤਾਂ ਨੂੰ ਖ਼ੁਸ਼ ਕਰਨਾ; ਹੌਲ਼ੇਪਣ ਦੀ ਨਿਸ਼ਾਨੀ ਹੈ, ਗੁਰਮਤਿ ਵਿਰੋਧੀ ਪ੍ਰਚਾਰ ਹੈ। ਗੁਰਬਾਣੀ; ਗ੍ਰਿਹਸਤ-ਪ੍ਰਧਾਨ ਧਰਮ ਹੈ, ਪਰ ਪੰਜਾਬੀਆਂ ’ਚ ਤਲਾਕ ਹੋਣਾ ਆਮ ਹੁੰਦਾ ਜਾ ਰਿਹਾ ਹੈ।
ਅਫ਼ਸੋਸ ਕਿ ਜ਼ਿਆਦਾਤਰ ਸੰਗਤਾਂ ਭੀ ਐਸੇ ਪ੍ਰਚਾਰਕ ਵੇਖਣਾ ਚਾਹੁੰਦੀਆਂ ਹਨ, ਜੋ ਆਪਣੀਆਂ ਸਮਾਜਿਕ ਲੋੜਾਂ; ਕਿਸੇ ਹੋਰ ਕਿੱਤੇ (ਧੰਦੇ) ਨਾਲ਼ ਪੂਰੀਆਂ ਕਰਦਾ ਹੋਵੇ। ਜ਼ਰਾ ਸੋਚੀਏ ਕਿ ਇੱਕ ਪਾਸੇ ਅਸੀਂ ਗੁਰਮਤਿ ਨੂੰ ਸਰਬੋਤਮ ਗਿਆਨ ਮੰਨਦੇ ਹਾਂ; ਦੂਜੇ ਪਾਸੇ ਇਸ ਦੇ ਅਧਿਐਨ ਲਈ ਪ੍ਰਚਾਰਕ ਭੀ ਤਿਆਰ ਕਰਨਯੋਗ ਨਹੀਂ। ਇਸਲਾਮ ਧਰਮ ’ਚ ਮੌਲਵੀ ਬਣਨ ਲਈ ਘੱਟੋ ਘੱਟ 8 ਸਾਲ ਪੜ੍ਹਨਾ ਜ਼ਰੂਰੀ ਹੈ। ਇਸ ਕੋਰਸ ਨੂੰ ‘ਦਰਸ-ਏ-ਨਿਜ਼ਾਮੀ’ ਕਿਹਾ ਜਾਂਦਾ ਹੈ। ਈਸਾਈ ਪਾਦਰੀ ਨੂੰ ਫ਼ਿਲਾਸਫ਼ੀ ’ਚ ਬੀਏ ਕਰਨ ’ਚ 6 ਤੋਂ 8 ਸਾਲ ਲੱਗਦੇ ਹਨ। ਫਿਰ ਆਪਸੀ ਚਰਚਾ ਤੇ ਉੱਚਤਮ ਸੋਧ ਲਈ 3 ਸਾਲ ਧਰਮ ਸ਼ਾਸਤਰ ਦਾ ਅਧਿਐਨ ਕਰਨ ਉਪਰੰਤ ਬ੍ਰਹਮਤਾ ਦੀ ਮਾਸਟਰ ਡਿਗਰੀ ਦਿੱਤੀ ਜਾਂਦੀ ਹੈ। ਸਮਾਜ ’ਚ ਵਕਤਾ ਬਣਨ ਤੋਂ ਪਹਿਲਾਂ 1 ਸਾਲ ਹੋਰ ਬ੍ਰਹਮਚਾਰੀ ਡੀਕਨ (ਸੇਵਕ/ਪਾਦਰੀ) ਬਣ ਕੇ ਰਹਿਣਾ ਪੈਂਦਾ ਹੈ ਯਾਨੀ ਪਾਦਰੀ ਬਣਨ ਲਈ 10 ਤੋਂ 12 ਸਾਲ ਦੀ ਤਿਆਰੀ ਜ਼ਰੂਰੀ ਹੈ। ਦੂਜੇ ਪਾਸੇ ਸਿੱਖ ਪ੍ਰਚਾਰਕ ਤਿੰਨ ਕੁ ਸਾਲ; ਗੁਰਬਾਣੀ ਤੇ ਇਤਿਹਾਸ ਨੂੰ ਸਮਝਦੇ ਹਨ। ਇਹੀ ਕਾਰਨ ਹੈ ਕਿ ਸੰਗਤਾਂ ’ਚ ਗੁਰਮਤਿ ਪ੍ਰਤੀ ਸੰਦੇਹ ਰਹਿੰਦੇ ਹਨ। ਜਿਨ੍ਹਾਂ ਨੂੰ ਮਨਮਤੀ ਪ੍ਰਚਾਰਕ; ਹੋਰ ਵਧਾਉਣ ’ਚ ਸਫਲ ਹੋ ਜਾਂਦੇ ਹਨ।
ਗੁਰਮਤਿ-ਸਿਧਾਂਤ ਦੀ ਥਾਂ ਪ੍ਰਚਾਰ ’ਚ ਅਕਸਰ ਇਤਿਹਾਸ ਦੀ ਵਿਆਖਿਆ ਕੀਤੀ ਜਾਂਦੀ ਹੈ ਕਿਉਂਕਿ ਇਸ ਨੂੰ ਪੜ੍ਹਨਾ, ਸਮਝਣਾ ਤੇ ਸਮਝਾਉਣਾ ਅਸਾਨ ਹੈ ਭਾਵੇਂ ਕਿ ਇਤਿਹਾਸ; ਕਿਸੇ ਨੂੰ ਸਵੈ ਪੜਚੋਲ ਨਹੀਂ ਕਰਾਉਂਦਾ। ਆਪਣੇ ਆਪ ਨੂੰ ਪੜਚੋਲਣਾ, ਪ੍ਰਭੂ ਦੇ ਸਿਮਰਨ ਦੀ ਮਹਾਨਤਾ ਨੂੰ ਸਮਝ ਕੇ ਉਸ ਨਾਲ਼ ਪਿਆਰ ਪਾਉਣਾ, ਆਪਣੀਆਂ ਭੁੱਲਾਂ ਨੂੰ ਬਖ਼ਸ਼ਾਉਣ ਲਈ ਦਿਲੋਂ ਅਰਦਾਸ ਕਰ ਉਸ ਦੀ ਮਿਹਰ ਦਾ ਪਾਤਰ ਬਣਨਾ, ਆਦਿ ਹਿਰਦੇ ’ਚ ਬਦਲਾਅ ਗੁਰਮਤਿ-ਫ਼ਲਸਫ਼ੇ ਨਾਲ਼ ਹੀ ਆਉਂਦਾ ਹੈ। ਇਤਿਹਾਸ; ਮਨੁੱਖ ਅੰਦਰ ਜਜ਼ਬਾਤ ਪੈਦਾ ਕਰਦਾ ਹੈ, ਪਰ ਜੇਕਰ ਉਨ੍ਹਾਂ ਨੂੰ ਅਗਲੇ ਪੜਾਅ (ਕਿਸੇ ਸਿਧਾਂਤ) ਨਾਲ਼ ਨਾ ਜੋੜੀਏ ਤਾਂ ਇਹ ਜਲਦੀ ਮਰ ਭੀ ਜਾਂਦੇ ਹਨ। ਗੁਰੂ ਅਰਜਨ ਸਾਹਿਬ ਨੇ ‘ਆਦਿ ਗ੍ਰੰਥ’ ਦੀ ਸੰਪਾਦਨਾ ਸਮੇਂ ਇਹ ਸ਼ਬਦ; ਇਤਿਹਾਸ ਦੇ ਸਬੰਧ ’ਚ ਨਹੀਂ ਬਲਕਿ ਗੁਰਮਤਿ ਦੇ ਪ੍ਰਚਾਰ ਸਬੰਧੀ ਕਹੇ ਹਨ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ (’ਚ) ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮਹਲਾ ੫/੩੮੧) ਭਾਵ ਪ੍ਰਭੂ ਦਾ ਸਿਮਰਨ ਕਰ ਕੇ ਪਹਿਲਾਂ ਆਪ ਮਨ ਨੂੰ ਕਾਬੂ ਕਰਨਾ ਹੈ; ਫਿਰ (ਬਣੀ ਟਿਕਾਅ/ਸ਼ਾਂਤ ਅਵਸਥਾ ਨਾਲ਼) ਗੁਰਮਤਿ-ਸਿਧਾਂਤ ਨੂੰ ਹੋਰਾਂ ਨਾਲ਼ ਸਾਂਝਾ ਕਰਨਾ ਹੈ, ਸਿੱਖਾਂ ਦੇ ਅਸ਼ਾਂਤ ਮਨ ਨੂੰ ਸ਼ਾਂਤ ਕਰਨਾ ਹੈ ਤਾਂ ਕਿ ਉਨ੍ਹਾਂ ਦਾ ਗੁਰੂ ਘਰ ਆਉਣਾ ਸਫਲ ਹੋਵੇ, ਕੁਰਾਹੇ ਨਾ ਪੈਣ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਚਾਰ ਉਦਾਸੀਆਂ ਸਮੇਂ ਕਿਸੇ ਇਤਿਹਾਸ ਦੀ ਕਥਾ ਨਹੀਂ ਕੀਤੀ; ਕੇਵਲ ਧਰਮ ਦੀ ਨਿਵੇਕਲੀ ਵਿਆਖਿਆ ਕੀਤੀ ਹੈ। ਸਿੱਖ ਨੇ ਭੀ ਉਸੇ ਸਿਧਾਂਤ ਦੀ ਵਿਆਖਿਆ ’ਚ ਮਿਸਾਲ ਵਜੋਂ ਇਤਿਹਾਸ ਨੂੰ ਸ਼ਾਮਲ ਕਰਨਾ ਹੈ, ਨਾ ਕਿ ਇਤਿਹਾਸ ਨੂੰ ਹੀ ਸਿਧਾਂਤ ਸਮਝਣਾ ਹੈ। ਕਲਪਿਤ ਸਾਖੀਆਂ ਦੇ ਪੈਰੋਕਾਰਾਂ ਨੇ ਸੁਨਹਿਰੇ ਸਿੱਖ ਇਤਿਹਾਸ ’ਚ ਝੂਠ (ਮਿਥ) ਮਿਲਾ ਦਿੱਤਾ, ਜਿਸ ਕਾਰਨ ਨਿਰੀ ਇਤਿਹਾਸ ਦੀ ਗੱਲ ਕਰਨ ਨਾਲ਼ ਵਾਦ-ਵਿਵਾਦ ਵਧਦੇ ਹਨ।
ਮਨੋ ਵਿਗਿਆਨ ਅਨੁਸਾਰ ਮਨੁੱਖੀ ਸੋਚ; 16 ਤੋਂ 25 ਸਾਲ ਦੀ ਉਮਰ ’ਚ ਪੂਰਨ ਵਿਕਸਿਤ ਹੋ ਜਾਂਦੀ ਹੈ ਯਾਨੀ 25 ਸਾਲ ਤੋਂ ਬਾਅਦ ਮਨੁੱਖ ਦੀ ਸੋਚ ਨੂੰ ਬਦਲਣਾ ਬੜਾ ਮੁਸ਼ਕਲ ਹੈ। ਅਨੁਭਵੀ ਪੁਰਸ਼ਾਂ ਦਾ ਮੰਨਣਾ ਹੈ ਕਿ ਮਨੁੱਖ; ਧਰਮ ਨੂੰ ਚਾਰ ਤਰ੍ਹਾਂ ਅਪਣਾਅ ਸਕਦਾ ਹੈ :
(1). ਬਚਪਨ ਤੋਂ ਰੁਚੀ ਹੋਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਅੰਦਰ ਸੀ।
(2). ਕਿਸੇ ਨੂੰ ਲਾਲਚ ਦਿੱਤਾ ਜਾਵੇ; ਜਿਵੇਂ ਕਿ ਬਾਬਾ ਫ਼ਰੀਦ ਜੀ ਦੇ ਮਾਤਾ ਮਰੀਅਮ ਜੀ; ਨਮਾਜ਼ ਪੜ੍ਹਨ ਬਦਲੇ ਉਨ੍ਹਾਂ ਨੂੰ ਗੁੜ ਦਿੰਦੇ ਸਨ।
(3). ਪਿਆਰ ਅਤੇ ਹੱਲਾਸ਼ੇਰੀ ਦੇਣ ਨਾਲ਼; ਜਿਵੇਂ ਕਿ ਕਹੀਏ ਕਿ ਫਲਾਨਾ ਬੱਚਾ ਗੁਰੂ ਦੇ ਲੜ ਲੱਗ ਕੇ ਨਾਮਣਾ ਕਮਾ ਗਿਆ; ਬੇਟੇ ! ਤੂੰ ਭੀ ਐਸਾ ਕਰ ਸਕਦਾ ਹੈਂ। ਧਾਰਮਿਕ ਮੁਕਾਬਲੇ ਕਰਾ ਜੇਤੂਆਂ ਨੂੰ ਇਨਾਮ ਦੇਣਾ ਭੀ ਕਿਸੇ ਦਾ ਉਤਸ਼ਾਹ ਵਧਾਉਣਾ ਹੈ। ਭਗਤ ਰਵਿਦਾਸ ਜੀ ਦਾ ਉਕਤ ਸ਼ਬਦ ਇਸੇ ਸਬੰਧ ’ਚ ਹੈ, ‘‘ਐਸੇ ਦੁਰਮਤਿ ਨਿਸਤਰੇ; ਤੂ ਕਿਉ ਨ ਤਰਹਿ ? ਰਵਿਦਾਸ !॥’’
(4). ਮੌਤ ਦਾ ਡਰ ਵਿਖਾ ਕੇ; ਜਿਵੇਂ ਕਿ ਕਿਹਾ ਗਿਆ ਹੈ ਕਿ ਜੇ ਇਸ ਜਨਮ ’ਚ ਵਾਸ਼ਨਾ-ਮੁਕਤ ਨਾ ਹੋਇਆ ਤਾਂ ਮਰਨ ਉਪਰੰਤ ਜਮਦੂਤਾਂ ਨੇ ਸਜ਼ਾ ਦੇਣੀ ਹੈ, ‘‘ਧਰਮਰਾਇ ਜਬ ਪਕਰਸਿ ਬਵਰੇ ! ਤਬ ਕਿਆ ਜਬਾਬੁ ਕਰੇਇ ? ॥ (ਮਹਲਾ ੫/੭੭), ਧਰਮਰਾਇ ਜਬ ਲੇਖਾ ਮਾਗੈ; ਕਿਆ ਮੁਖੁ ਲੈ ਕੈ ਜਾਹਿਗਾ ?॥ (ਭਗਤ ਕਬੀਰ/੧੧੦੬), ਫਰੀਦਾ ! ਮਉਤੈ ਦਾ ਬੰਨਾ ਏਵੈ ਦਿਸੈ; ਜਿਉ ਦਰੀਆਵੈ ਢਾਹਾ (ਕੰਢਾ)॥ ਅਗੈ ਦੋਜਕੁ ਤਪਿਆ ਸੁਣੀਐ; ਹੂਲ ਪਵੈ ਕਾਹਾਹਾ ॥’’ (ਬਾਬਾ ਫ਼ਰੀਦ ਜੀ/੧੩੮੩) ਭਾਵ ਮਰਨ ਉਪਰੰਤ ਦੋਜ਼ਖ਼/ਨਰਕ ’ਚ ਸਜ਼ਾ ਦੇਣ ਸਮੇਂ ਹਾਹਾਕਾਰ ਮੱਚਦੀ ਹੈ, ਰੌਲ਼ਾ ਪੈਂਦਾ ਹੈ। ਜਮਰਾਜ ਦੇ ਇਸ ਡਰ ਦੇ ਨਾਲ਼-ਨਾਲ਼ ਜੂਨਾਂ ’ਚ ਜਾਣ ਨੂੰ ਭੀ ਚੇਤੇ ਕਰਾਇਆ ਹੈ, ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ॥’’ (ਮਹਲਾ ੫/੧੦੭੫), ਚਾਰਿ ਪਾਵ ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ ?॥ ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ ॥੧॥ ਹਰਿ ਬਿਨੁ, ਬੈਲ ਬਿਰਾਨੇ ਹੁਈਹੈ ॥ ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥’’ (ਭਗਤ ਕਬੀਰ/੫੨੪) ਭਾਵ ਇਸ ਜਨਮ ’ਚ ਵਾਸ਼ਨਾ ਮੁਕਤ ਨਾ ਹੋਣ ’ਤੇ ਅਗਲੇ ਜਨਮ ’ਚ ਚਾਰ ਪੈਰ ਵਾਲ਼ਾ ਬਲ਼ਦ ਬਣਨਾ ਪੈਣਾ ਹੈ। ਜਿਸ ਦੇ ਨੱਕ ’ਚ ਨੱਥ ਪਾਈ ਹੋਣੀ ਹੈ ਤੇ ਦੋਵੇਂ ਕੰਧੇ; ਪੰਜਾਲੀ ਨਾਲ਼ ਜ਼ਖ਼ਮੀ ਹੋਏ ਹੋਣਗੇ। ਘਾਹ-ਫੂਸ ਖਾਣ ਨੂੰ ਮਿਲੇਗਾ। ਹੇ ਬੰਦੇ ! ਜੇ ਹੁਣ (ਗੁਰੂ ਰਹਿਬਰ ਮੌਜੂਦ ਹੁੰਦਿਆਂ) ਵੇਲ਼ਾ ਨਾ ਸੰਭਾਲ਼ਿਆ; ਤਾਂ ਫਿਰ ਓਦੋਂ ਤੂੰ ਕਿਵੇਂ ਪ੍ਰਭੂ ਦੀ ਬੰਦਗੀ ਕਰੇਂਗਾ ?
ਹੁਣ ਸਾਇੰਸ ਦੀ ਟੇਕ ਲੈਣ ਵਾਲ਼ਾ ਸਿੱਖ; ਆਵਾਗਮਣ ਨੂੰ ਨਹੀਂ ਮੰਨਦਾ ਯਾਨੀ ਉਹ, ਮੌਤ-ਡਰ (ਸ਼ਸਤਰ) ਦਾ ਪ੍ਰਯੋਗ ਕਰਨਾ ਨਹੀਂ ਜਾਣਦਾ। ਉਸ ਅਨੁਸਾਰ ਇਹ ਵਾਕ, ‘‘ਕਈ ਜਨਮ; ਭਏ ਕੀਟ ਪਤੰਗਾ ॥ ਕਈ ਜਨਮ; ਗਜ ਮੀਨ ਕੁਰੰਗਾ ॥ ਕਈ ਜਨਮ; ਪੰਖੀ ਸਰਪ ਹੋਇਓ ॥ ਕਈ ਜਨਮ; ਹੈਵਰ ਬ੍ਰਿਖ ਜੋਇਓ ॥੧॥ ਮਿਲੁ ਜਗਦੀਸ; ਮਿਲਨ ਕੀ ਬਰੀਆ ॥ ਚਿਰੰਕਾਲ; ਇਹ ਦੇਹ ਸੰਜਰੀਆ ॥੧॥ ਰਹਾਉ ॥’’ (ਮਹਲਾ ੫/੧੭੬) ਭੀ ਆਵਾਗਮਣ ਬਾਰੇ ਨਹੀਂ ਬਲਕਿ ਇਸੇ ਜਨਮ ’ਚ ਕੀੜੇ-ਮਕੌੜੇ, ਹਾਥੀ, ਮੱਛੀ, ਹਿਰਨ, ਪੰਛੀ, ਸੱਪ, ਘੋੜੇ, ਬਲ਼ਦ, ਦਰਖ਼ਤ, ਪੱਥਰ’ ਵਰਗਾ ਬੰਦੇ ਦਾ ਸੁਭਾਅ ਹੋਣ ਬਾਰੇ ਹੈ ਜਦਕਿ ਇਸ ਸ਼ਬਦ ’ਚ ਵਾਰ ਵਾਰ ‘ਕਈ ਜਨਮ, ਕਈ ਜਨਮ’ ਕਿਹਾ ਹੈ, ਕੇਵਲ ਇਹ ਜਨਮ ਨਹੀਂ। ਜ਼ਰਾ ਸੋਚੀਏ ਕਿ ਬੰਦੇ ਦਾ ਸੁਭਾਅ ਘੋੜੇ ਜਾਂ ਦਰਖ਼ਤ ਵਰਗਾ ਕਿਵੇਂ ਹੋ ਸਕਦਾ ਹੈ ? ਚਾਰ ਪਾਂਵ ਅਤੇ ਦੋ ਸਿੰਗ ਮਨੁੱਖ ਦੇ ਕਿਵੇਂ ਉਗਣਗੇ ? ਮਨੁੱਖ ਤਾਂ ਜੀਭ ਰਸ ਕਾਰਨ 36 ਪ੍ਰਕਾਰ ਦੇ ਭੋਜਨ ਛਕਦਾ ਹੈ, ਪਸ਼ੂਆਂ ਵਾਙ ਬਾਥੂ, ਘਾਹ-ਫੂਸ (ਭੂਸਾ) ਨਹੀਂ; ਜਿਵੇਂ ਕਿ ਕਿਹਾ ਹੈ, ‘‘ਕੋਦਉ ਕੋ ਭੁਸੁ ਖਈਹੈ ॥’’
ਇਥੇ ਰਹਾਉ ਬੰਦ ’ਚ ਤਾਂ ਕਿਹਾ ਹੈ ਕਿ ਕੀਮਤੀ ਮਨੁੱਖਾ ਦੇਹ; ਚਿਰਾਂ ਬਾਅਦ ਮਿਲੀ ਹੈ, ‘‘ਚਿਰੰਕਾਲ; ਇਹ ਦੇਹ ਸੰਜਰੀਆ ॥੧॥ ਰਹਾਉ ॥’’ ਰਵੀਦਾਸ ਜੀ ਭੀ ਕਹਿੰਦੇ ਹਨ, ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ ॥ ਕਹਿ ਰਵਿਦਾਸ ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ॥’’ (ਭਗਤ ਰਵਿਦਾਸ/੬੯੪) ਇਸ ਵਿਸ਼ੇ ਨੂੰ ਥੋੜ੍ਹਾ ਇਉਂ ਸਮਝਣਾ ਭੀ ਜ਼ਰੂਰੀ ਹੈ :
ਬਾਣੀਕਾਰਾਂ ਨੇ ਮਨੁੱਖ-ਜਾਤੀ ਨੂੰ ਤਿੰਨ ਸ਼੍ਰੇਣੀਆਂ ’ਚ ਵੰਡ ਕੇ ਸਮਝਾਇਆ ਹੈ (1). ਸੱਚੇ ਭਗਤ; ਜਿਵੇਂ ਕਿ ਇੱਕ ਮਾਤਾ ਕਹਿੰਦੀ ਹੈ, ‘‘ਪੂਤਾ ! ਮਾਤਾ ਕੀ ਆਸੀਸ ॥ ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ॥੧॥ ਰਹਾਉ ॥’’ (ਮਹਲਾ ੫/੪੯੬) ਭਾਵ ਹੇ ਬਾਲਕ (ਗੁਰੂ) ਅਰਜਨ ! ਤੈਨੂੰ ਮਾਤਾ (ਬੀਬੀ ਭਾਨੀ ਜੀ) ਵੱਲੋਂ ਨਸੀਹਤ ਹੈ ਕਿ ਤੈਨੂੰ ਪਲ ਮਾਤਰ ਭੀ ਹਰੀ ਦੀ ਯਾਦ ਨਾ ਭੁਲੇ। ਤੂੰ ਸਦਾ ਉਸ ਨੂੰ ਯਾਦ ਕਰਦਾ ਰਹਿ।
(2). ਨਾਸਤਿਕ ਦੀ ਮਾਤਾ ਵੱਲੋਂ ਨਸੀਹਤ, ‘‘ਕਲੀ ਅੰਦਰਿ ਨਾਨਕਾ ! ਜਿੰਨਾਂ ਦਾ ਅਉਤਾਰੁ ॥ ਪੁਤੁ ਜਿਨੂਰਾ, ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ॥੧॥’’ (ਮਹਲਾ ੧/੫੫੬) ਭਾਵ ਹੇ ਨਾਨਕ ! ਕਲਿਜੁਗ ’ਚ ਰਾਖਸ਼ ਪੈਦਾ ਹੋਏ ਹਨ। ਪੁੱਤਰ ਰਾਖਸ਼ ਹੈ। ਪੁੱਤਰੀ ਰਾਖਸ਼ਣੀ ਹੈ ਕਿਉਂਕਿ ਇਨ੍ਹਾਂ ਦੀ ਪਰਵਰਿਸ਼ ਕਰਨ ਵਾਲ਼ੀ ਵੱਡੀ ਰਾਖਸ਼ਣੀ ਮਾਤਾ ਹੈ। ਜੋ ਨਾ ਆਪ ਭਗਤ ਬਣੀ ਤੇ ਨਾ ਬੱਚਿਆਂ ਨੂੰ ਬਣਾਇਆ।
(3). ਕਰਮਕਾਂਡੀ ਦੀ ਮਾਤਾ ਲਈ ਬਚਨ, ‘‘ਕਬੀਰ ! ਮਾਇ ਮੂੰਡਉ ਤਿਹ ਗੁਰੂ ਕੀ; ਜਾ ਤੇ ਭਰਮੁ ਨ ਜਾਇ ॥ ਆਪ ਡੁਬੇ ਚਹੁ ਬੇਦ ਮਹਿ; ਚੇਲੇ ਦੀਏ ਬਹਾਇ ॥੧੦੪॥’’ (ਭਗਤ ਕਬੀਰ/੧੩੭੦) ਭਾਵ ਉਸ ਗੁਰੂ (ਬ੍ਰਾਹਮਣ) ਦੀ ਮਾਂ ਦਾ ਸਿਰ ਮੁੰਨ ਦਿਓ (ਸਿਰ ਮੁੰਨਣਾ; ਵਿਧਵਾ ਹੋਣਾ ਹੈ), ਜਿਸ ਦੀ ਨਸੀਹਤ ਨਾਲ਼ ਬਣਿਆ (ਬ੍ਰਾਹਮਣ) ਗੁਰੂ; ਆਪਣੇ ਚੇਲੇ (ਜਜਮਾਨ) ਦਾ ਭਰਮ ਦੂਰ ਨਾ ਕਰ ਸਕਿਆ। ਇਸੇ ਵਰਗ ਲਈ ਬਚਨ ਹਨ, ‘‘ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ; ਦਿਨੁ ਰਾਤਿ ॥ ਬਾਹਰਿ ਭੇਖ; ਅੰਤਰਿ ਮਲੁ ਮਾਇਆ ॥ ਛਪਸਿ ਨਾਹਿ; ਕਛੁ ਕਰੈ ਛਪਾਇਆ ॥’’ (ਸੁਖਮਨੀ/ਮਹਲਾ ੫/੨੬੭) ਜੇਕਰ ਇਨ੍ਹਾਂ ਦਾ ਸਬੰਧ ਨਾਸਤਿਕ ਵਰਗ ਨਾਲ਼ ਮੰਨੀਏ ਤਾਂ ਉਹ, ਵਿਖਾਵੇ ਮਾਤਰ ਧਾਰਮਿਕ ਕੰਮ (ਲੋਕ ਪਚਾਰਾ) ਨਹੀਂ ਕਰਦਾ ਹੁੰਦਾ। ਇੱਥੇ ਪਾਖੰਡੀ ਜ਼ਿੰਦਗੀ ਨੂੰ ਹੀ ਪਸ਼ੂ ਦੀ ਟੀਚਾ (ਪ੍ਰਭੂ ਪ੍ਰਾਪਤੀ) ਰਹਿਤ ਜ਼ਿੰਦਗੀ ਨਾਲ਼ ਜੋੜਿਆ ਹੈ, ਜੋ ਸੱਚੇ ਭਗਤ (ਪਹਿਲੇ ਵਰਗ) ਦੀ ਨਕਲ ਕਰ ਧਰਮੀ ਬਣਨ ਚੱਲਿਆ ਸੀ, ਪਰ ਰਸਤੇ ’ਚ ਰੁਕ ਗਿਆ; ਜਿਵੇਂ ਕਿ ਬਚਨ ਹਨ, ‘‘ਕਬੀਰ ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਨ ਮੀਤੁ ॥ ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ॥੯੬॥’’ (ਭਗਤ ਕਬੀਰ/੧੩੬੯) ਜ਼ਿਆਦਾਤਰ ਗੁਰਬਾਣੀ ’ਚ ਇਸ ਕਰਮਕਾਂਡੀ ਜਮਾਤ ਨੂੰ ਹਲੂਣਿਆ ਹੈ ਤਾਂ ਕਿ ਇਹ ਸਹੀ ਮਾਰਗ ਅਪਣਾਅ ਸਕੇ, ਜਿਸ ਲਈ ਇਹ ਧਰਮ ਕਮਾਉਣ ਨਿਕਲਿਆ ਸੀ।
ਨੋਟ : ਜੇਕਰ ਕੋਈ ਵੱਡਾ ਆਰਥਿਕ ਨੁਕਸਾਨ ਹੋ ਜਾਵੇ ਤਾਂ ਸੱਚਾ ਭਗਤ ਇਹ ਕਹਿ ਕੇ ਮਨ ਨੂੰ ਅਸ਼ਾਂਤ ਹੋਣ ਤੋਂ ਬਚਾ ਲੈਂਦਾ ਹੈ ਕਿ ਰੱਬ ਦਾ ਇਹੀ ਭਾਣਾ ਹੈ। ਨਾਸਤਿਕ ਬੰਦਾ ਕਹੇਗਾ ਕਿ ਘਾਟਾ ਪੂਰਾ ਕਰਨ ਲਈ ਕਿਸੇ ਹੋਰ ਪਾਸਿਓਂ ਦਾਅ ਲਗਾਉਣਾ ਪੈਣਾ ਹੈ ਤੇ ਪਾਖੰਡੀ ਕਹੇਗਾ ਕਿ ਹੋ ਸਕਦਾ ਹੈ ਕਿ ਰੱਬ ਨੂੰ ਐਸਾ ਹੀ ਮਨਜ਼ੂਰ ਹੋਵੇ, ਇਸ ਲਈ ਨਾਸਤਿਕ ਦੇ ਮੁਕਾਬਲੇ ਤੀਜੇ ਪਾਖੰਡੀ ਵਰਗ ’ਚ ਚੇਤਨਾ ਪੈਦਾ ਕਰਨੀ ਅਸਾਨ ਹੈ ਤਾਹੀਓਂ ਜ਼ਿਆਦਾਤਰ ਗੁਰਬਾਣੀ; ਰੁਕੀ ਖੜ੍ਹੀ ਪਾਖੰਡੀ ਸੋਚ ਨੂੰ ਉੱਪਰ ਉਠਾਉਣ ਲਈ ਹੀ ਉਚਾਰੀ ਗਈ ਹੈ, ਪਰ ਸਾਇੰਸ ਦੀ ਟੇਕ ਲੈਣ ਵਾਲ਼ੇ ਨਾਸਤਿਕ ਬੰਦੇ; ਇਸ ਗੁਹਜ ਰਾਜ਼ ਨੂੰ ਨਾ ਸਮਝਦੇ ਹੋਏ ਪਾਖੰਡੀਆਂ ’ਤੇ ਤਨਜ਼ ਕੱਸਣ ਨੂੰ ਹੀ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਸਮਝ ਬੈਠੇ ਹਨ।
ਹੁਣ ਜੇਕਰ ਵਿਗਿਆਨਿਕ ਸੋਚ ਵਾਙ ਆਵਾਗਮਣ ਤੋਂ ਇਨਕਾਰੀ ਹੋ ਕੇ ਮਨੁੱਖ ਅਤੇ ਪਸ਼ੂ-ਪੰਛੀਆਂ ਦੀ ਵਾਸ਼ਨਾ ਨੂੰ ਇੱਕ ਸਮਾਨ ਮੰਨੀਏ ਤਾਂ (1). ਬੱਚੇਦਾਨੀ ਕਢਵਾ ਚੁੱਕੀ ਕੁੱਤੀ ਅੰਦਰ ਕਾਮ-ਵਾਸ਼ਨਾ ਨਹੀਂ ਹੁੰਦੀ ਜਦਕਿ ਨਸਬੰਦੀ ਤੋਂ ਬਾਅਦ ਭੀ ਮਨੁੱਖ ਅੰਦਰ ਕਾਮ-ਵਾਸ਼ਨਾ ਹੁੰਦੀ ਹੈ। ਅਸਲ ’ਚ ਮਨੁੱਖ ਅੰਦਰ ਚੇਤਨਾ ਵੱਧ ਹੋਣ ਕਾਰਨ ਇਸ ਨੇ ਆਪਣੇ ਰਸ-ਕਸ (ਜਾਨਵਰਾਂ ਦੇ ਮੁਕਾਬਲੇ) ਬਹੁਤ ਵਧਾ ਲਏ ਹਨ ਤਾਹੀਓਂ ਬਾਣੀਕਾਰਾਂ ਨੇ ਮਨੁੱਖ ਨੂੰ ਪਸ਼ੂਆਂ ਵਰਗੀ ਨਹੀਂ ਸਗੋਂ ਉਨ੍ਹਾਂ ਤੋਂ ਘਟੀਆ ਜ਼ਿੰਦਗੀ ਭੋਗਣ ਦਾ ਅਹਿਸਾਸ ਕਰਾਇਆ ਹੈ; ਜਿਵੇਂ ਕਿ ਕਿਹਾ ਹੈ ਕਿ ‘ਹਿਰਨ, ਮੱਛੀ, ਭੌਰਾ, ਪਤੰਗਾ ਤੇ ਹਾਥੀ’; ਇੱਕ ਇੱਕ ਰੋਗ ਕਾਰਨ ਪਰ ਅਧੀਨ ਹੋ ਜਾਂਦੇ ਹਨ ਭਾਵ ਆਪਣੀ ਅਜ਼ਾਦੀ ਗਵਾ ਬੈਠਦੇ ਹਨ, ਪਰ ਮਨੁੱਖ ਅੰਦਰ ਤਾਂ ਇਹ ਪੰਜੇ ਰੋਗ ਹਨ। ਗੁਰੂ ਦੀ ਮਿਹਰ ਤੋਂ ਬਿਨਾਂ ਇਹ ਧਰਮ ਕਮਾਅ ਲਏਗਾ; ਇਸ ਤੋਂ ਐਸੀ ਉਮੀਦ ਨਹੀਂ ਰੱਖਣੀ ਚਾਹੀਦੀ, ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ ॥ ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ ?॥’’ (ਭਗਤ ਰਵਿਦਾਸ/੪੮੬) ਜਾਨਵਰ; ਇੱਕ ਦਿਨ ਦੇ ਪੇਟ ਭਰਨ ਲਈ ਸੋਚਦੇ ਹਨ ਜਦਕਿ ਮਨੁੱਖ; ਆਪਣੀਆਂ ਕਈ ਪੀੜੀਆਂ ਲਈ ਧਨ-ਪਦਾਰਥ ਜੋੜਨ ’ਚ ਆਪਣੀ ਸਾਰੀ ਉਮਰ ਅਜਾਈਂ ਗਵਾਉਂਦਾ ਹੈ।
(2). ਬਾਣੀਕਾਰਾਂ ਨੇ ਪਸ਼ੂ-ਪੰਛੀਆਂ ਦੀ ਰਹਿਣੀ ਨੂੰ ਸਾਲਾਹਿਆ ਭੀ ਹੈ; ਜਿਵੇਂ ਕਿ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ॥’’ (ਮਹਲਾ ੪/੧੨੬੫) ਭਾਵ ਹਿਰਨ, ਮੱਛੀ, ਪੰਛੀ ਆਦਿ ਜਾਨਵਰ, ਜੋ ਭੀ ਬੋਲਦੇ ਹਨ; ਉਹ ਰੱਬੀ ਪ੍ਰੇਰਨਾ ਦਾ ਹੀ ਪਾਲਣ ਕਰ ਰਹੇ ਹਨ, ਇਸ ਲਈ ਮਨੁੱਖੀ ਵਾਸ਼ਨਾ ਦੀ ਤੁਲਨਾ ਇਨ੍ਹਾਂ ਨਾਲ਼ ਕਰਨੀ; ਜਾਨਵਰਾਂ ਦਾ ਨਿਰਾਦਰ ਹੈ। ਹੇਠਲੇ ਵਾਕਾਂ ‘ਚ ਗੁਰਮਤਿ; ਮਨੁੱਖ ਨੂੰ ਇਨ੍ਹਾਂ ਤੋਂ ਘਟੀਆ ਜ਼ਿੰਦਗੀ ਭੋਗਣ ਦਾ ਅਹਿਸਾਸ ਕਰਾਉਂਦੀ ਹੈ :
(ੳ). ‘‘ਕਬੀਰ ! ਸਾਕਤ ਤੇ ਸੂਕਰ (ਸੂਰ) ਭਲਾ; ਰਾਖੈ ਆਛਾ ਗਾਉ ॥ ਉਹੁ ਸਾਕਤੁ ਬਪੁਰਾ ਮਰਿ ਗਇਆ; ਕੋਇ ਨ ਲੈਹੈ ਨਾਉ ॥੧੪੩॥’’ (ਭਗਤ ਕਬੀਰ/੧੩੭੨) ਭਾਵ ਨਾਸਤਿਕ ਬੰਦੇ ਨਾਲ਼ੋਂ ਸੂਰ ਚੰਗਾ ਹੈ, ਜੋ ਗੰਦਗੀ ਖਾ ਕੇ ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ ਜਦਕਿ ਉਹ ਸਮਾਜ ਨੂੰ ਗੰਦਾ ਕਰਦਾ ਹੈ ਭਾਵ ਆਪਣੇ ਸਿਰਜਣਹਾਰ ਨੂੰ ਭੁਲਾ ਕੇ ਮਨਮਤ ਦਾ ਮਾਣ (ਪ੍ਰਚਾਰ) ਕਰਦਾ ਹੈ ਤਾਹੀਓਂ ਜਦ ਮਰ ਜਾਂਦਾ ਹੈ ਕੋਈ ਯਾਦ ਭੀ ਨਹੀਂ ਕਰਦਾ।
(ਅ). ਕਬੀਰ ! ਬੈਸਨਉ ਕੀ ਕੂਕਰਿ ਭਲੀ; ਸਾਕਤ ਕੀ ਬੁਰੀ ਮਾਇ ॥ ਓਹ ਨਿਤ ਸੁਨੈ ਹਰਿ ਨਾਮ ਜਸੁ; ਉਹ ਪਾਪ ਬਿਸਾਹਨ ਜਾਇ ॥੫੨॥’’ (ਭਗਤ ਕਬੀਰ/੧੩੬੭) ਭਾਵ ਨਾਸਤਿਕ ਬੰਦੇ ਦੀ ਮਾਤਾ ਨਾਲ਼ੋਂ ਭਗਤ ਦੀ ਕੁੱਤੀ ਚੰਗੀ ਹੈ ਕਿਉਂਕਿ ਚੰਗੇ ਸੰਸਕਾਰਾਂ ਤੋਂ ਵਾਂਝਾ ਨਾਸਤਿਕ ਬੰਦਾ; ਪਾਪ ਕਮਾਉਂਦਾ ਹੈ ਜਦਕਿ ਭਗਤ ਦੀ ਕੁੱਤੀ; ਭਗਤ ਪਾਸੋਂ ਹਰੀ ਦਾ ਨਾਮ ਸੁਣਦੀ ਹੈ, ਚੰਗੇ ਸੰਸਕਾਰ ਗ੍ਰਹਿਣ ਕਰਦੀ ਹੈ। ਸੋ ਇਹ ਕਹਿਣਾ ਕਿ ‘‘ਕਈ ਜਨਮ ਭਏ ਕੀਟ ਪਤੰਗਾ ॥ ਕਈ ਜਨਮ ਗਜ ਮੀਨ ਕੁਰੰਗਾ ॥’’ ਦਾ ਸਬੰਧ; ਆਵਾਗਮਣ ਨਾਲ਼ ਨਹੀਂ, ਇਸੇ ਜਨਮ ਨਾਲ਼ ਹੈ; ਸਮਾਜ ਨੂੰ ਗੰਦਾ ਕਰਨਾ ਹੈ। ਨਿਰੋਲ ਮਨਮਤ ਹੈ, ਨਾ ਕਿ ਗੁਰਮਤਿ।
(ੲ). ਇਹ ਬਚਨ ਭੀ ਹਨ ਕਿ ‘‘ਨਰੂ ਮਰੈ; ਨਰੁ ਕਾਮਿ ਨ ਆਵੈ ॥ ਪਸੂ ਮਰੈ; ਦਸ ਕਾਜ ਸਵਾਰੈ ॥੧॥’’ (ਭਗਤ ਕਬੀਰ/੮੭੦)
ਦਰਅਸਲ ਸਚਾਈ ਇਹ ਹੈ ਕਿ ਬਾਣੀਕਾਰ; ਮਨੁੱਖ ਨੂੰ ਚੇਤੇ ਕਰਾਉਂਦੇ ਹਨ ਕਿ ਹੇ ਬੰਦੇ ! ਤੂੰ ਦਾਤਾਰ-ਪਿਤਾ ਦੇ ਹੁਕਮ ’ਚ ਹੈਂ। ਜੇਕਰ ਦੁਖੀ ਹੈਂ ਤਾਂ ਭੀ ਇਹ ਉਸ ਦਾ ਹੁਕਮ ਹੈ। ਜੇਕਰ ਅਨੰਦਿਤ (ਮੁਕਤ) ਹੋਣਾ ਹੈਂ ਤਾਂ ਉਸ ਨੂੰ ਯਾਦ ਕਰ। ਉਸ ਅੱਗੇ ਫ਼ਰਿਆਦੀ ਬਣ। ਉਸ ਨੂੰ ਪ੍ਰਸੰਨ ਕਰ ਤਾਂ ਕਿ ਉਸ ਦੀ ਕਿਰਪਾ ਨਾਲ਼ ਜੀਵਨ ਸਫਲ ਹੋ ਜਾਵੇ। ਜਨਮ-ਮਰਨ ਦਾ ਗੇੜ ਖ਼ਤਮ ਹੋ ਜਾਏ, ਜੋ ਕਿ ਉਸ ਦੀ ਇੱਕ ਖੇਡ ਹੈ ਜਦਕਿ ਵਿਗਿਆਨਿਕ ਸੋਚ ਵਾਲ਼ਾ ਸਿੱਖ; ਦੁੱਖੀ ਜ਼ਿੰਦਗੀ ਲਈ ਮਨੁੱਖ ਨੂੰ ਦੋਸ਼ੀ ਠਹਿਰਾਉਂਦਾ ਹੈ। ਇੱਕ ਨਸ਼ੇੜੀ; ਨਸ਼ੇ ਦੇ ਦੁਰਪ੍ਰਭਾਵ ਤੋਂ ਜਾਣੂ ਹੁੰਦਾ ਹੈ, ਫਿਰ ਭੀ ਉਸ ਨੂੰ ਛੱਡ ਨਹੀਂ ਸਕਦਾ। ਆਸਟਰੀਆ ਦੇ ਨਿਵਾਸੀ ‘ਸਿਗਮੰਡ ਸਕਲੋਮੋ ਫ਼ਰਾਇਡ’ (6 ਮਈ 1856 ਤੋਂ 23 ਨਵੰਬਰ 1939) ਨੂੰ ਮਨੋਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਹ ਮਨੋਰੋਗਾਂ ਦਾ ਡਾਕਟਰ, ਮਨੋਵਿਗਿਆਨੀ ਅਤੇ ਮਨੋਵਿਸ਼ਲੇਸ਼ਕ ਸੀ। ਫਿਰ ਭੀ ਸਿਗਰਟ ਨਾ ਛੱਡ ਸਕਿਆ ਤੇ ਆਖ਼ਿਰ ਮੂੰਹ ਦੇ ਕੈਂਸਰ ਨਾਲ਼ ਮਰ ਗਿਆ। ਜੋ ਲੋਕ; ਨਿਰਮਲ ਮਨ ਨਾ ਹੋਣ ਦਾ ਦੋਸ਼ੀ ਮਨੁੱਖ ਨੂੰ ਠਹਿਰਾਉਂਦੇ ਹਨ; ਅਸਲ ’ਚ ਉਹ ਧਰਮ ਦੀ ਮਨੁੱਖਤਾ ਨੂੰ ਲੋੜ ਤੋਂ ਬਿਲਕੁਲ ਅਣਜਾਣ ਹਨ।
ਪੰਜਾਬ ਦੇ ਬਹੁਤੇ ਲੋਕ; ਭੂਤਾਂ-ਪ੍ਰੇਤਾਂ ਨੂੰ ਮੰਨਦੇ ਹਨ। ਉਨ੍ਹਾਂ ਲਈ ਕਹਿਣਾ ਬਣਦਾ ਹੈ ਕਿ ਪ੍ਰਭੂ ਦਾ ਨਾਮ ਜਪੋ ਤਾਂ ਕਿ ਭੂਤ-ਪ੍ਰੇਤ ਨੇੜੇ ਨਾ ਆਉਣ। ਪਾਵਨ ਬਚਨ ਹਨ, ‘‘ਰਾਮ ਨਾਮੁ ਜੋ ਜਨੁ ਜਪੈ; ਅਨਦਿਨੁ ਸਦ ਜਾਗੈ ॥ ਤੰਤੁ ਮੰਤੁ ਨਹ ਜੋਹਈ; ਤਿਤੁ ਚਾਖੁ ਨ ਲਾਗੈ ॥੧॥ ਰਹਾਉ ॥’’ (ਮਹਲਾ ੫/੮੧੮) ਤੰਤੁ, ਮੰਤੁ ਤੇ ਚਾਖੁ ਤੋਂ ਭਾਵ ਹੈ ‘ਜਾਦੂ-ਟੁਣਾ ਤੇ ਭੈੜੀ ਨਜ਼ਰ’, ਪਰ ਇਹ ਕਹਿਣਾ ਕਿ ਭੂਤ-ਪ੍ਰੇਤ ਨਹੀਂ ਹੁੰਦੇ; ਚੌਥੇ ਡਰ-ਸ਼ਸਤਰ ਦਾ ਲਾਭ ਨਾ ਉਠਾਉਣਾ ਹੈ। ਇਨ੍ਹਾਂ ਅਨੁਸਾਰ ਜਿਸ ਘਰ ’ਚ ਸਾਧ-ਜਨਾਂ ਦੀ ਕਦਰ ਨਹੀਂ, ਹਰੀ ਦੀ ਬੰਦਗੀ ਨਹੀਂ ਹੁੰਦੀ; ਉਸ ਘਰ ’ਚ ਭੂਤ ਰਹਿੰਦੇ ਹਨ। ਮਿਸਾਲ ਦਿੰਦੇ ਹਨ, ‘‘ਕਬੀਰ ! ਜਾ ਘਰ ਸਾਧ ਨ ਸੇਵੀਅਹਿ; ਹਰਿ ਕੀ ਸੇਵਾ ਨਾਹਿ ॥ ਤੇ ਘਰ ਮਰਹਟ ਸਾਰਖੇ; ਭੂਤ ਬਸਹਿ ਤਿਨ ਮਾਹਿ ॥’’ (ਭਗਤ ਕਬੀਰ/੧੩੭੪) ਯਾਨੀ ਭੂਤ-ਪ੍ਰੇਤ; ਮਰੇ ਬੰਦੇ ਨਹੀਂ, ਜੀਵਤ ਇਨਸਾਨ ਹੁੰਦੇ ਹਨ ਜਦਕਿ ਇੱਥੇ ਅਰਥ ਹੈ ‘ਜਿਨ੍ਹਾਂ ਘਰਾਂ ’ਚ ਗੁਰਮੁਖਾਂ ਦੀ ਇੱਜ਼ਤ ਨਹੀਂ ਹੁੰਦੀ। ਹਰੀ ਦੀ ਬੰਦਗੀ ਨਹੀਂ ਕਰਦੇ; ਉਹ ਘਰ ਮਾਨੋ ਮਸਾਣਾਂ ਵਰਗੇ ਹਨ, ਜਿੱਥੇ ਭੂਤ ਰਹਿੰਦੇ ਹਨ’। ‘ਮਰਹਟ ਸਾਰਖੇ’ ਦਾ ਅਰਥ ਹੈ ‘ਕਬਰਾਂ ਵਰਗੇ, ਨਾ ਕਿ ਉਨ੍ਹਾਂ ਘਰਾਂ ਵਰਗੇ’ ਕਿਉਂਕਿ ਸਿਵਿਆਂ ’ਚ ਦਫ਼ਨਾਏ ਮੁਰਦੇ; ਉੱਠ ਕੇ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਦੇ ਸਕਦੇ।
ਇਸੇ ਡਰ-ਸ਼ਸਤਰ ਨਾਲ਼ ਪਾਦਰੀ; ਪੰਜਾਬੀਆਂ ਨੂੰ ਇਸਾਈ ਬਣਾ ਰਹੇ ਹਨ, ਫਿਰ ਐਸੇ ਹੀ ਪ੍ਰਚਾਰਕ; ਸਰਕਾਰਾਂ ਤੇ ਪ੍ਰਬੰਧਕਾਂ ਨੂੰ ਦੋਸ਼ ਦਿੰਦੇ ਹਨ। ਲੋੜ ਹੈ ਬੰਦੇ ਨੂੰ ਸਿੱਧਾ ਸੰਬੋਧਨ ਕਰ ਉਸ ਦੀ ਗੁਰੂ ਪ੍ਰਤੀ ਬਣੀ ਸ਼ਰਧਾ ਅੰਦਰ ਚੇਤਨਾ ਜਗਾ ਅੰਦਰਲੀ ਮੈਲ਼ ਵੱਲ ਧਿਆਨ ਦਿਵਾਉਣ ਦੀ; ਜਿਵੇਂ ਕਿ ਪਿੱਛੇ ਜਿਹੇ ਖਾਲਿਸਤਾਨ ਦੇ ਨਾਂ ’ਤੇ ਚੱਲੀ ਲਹਿਰ ਨੇ ਨੌਜਵਾਨੀ ਨੂੰ ਅਹਿਸਾਸ ਭੀ ਕਰਾਇਆ, ਜਿਸ ਦੇ ਨਤੀਜੇ ਵਜੋਂ ਨੌਜਵਾਨ ਨਸ਼ਿਆਂ ਵੱਲੋਂ ਮੁੜ ਕੇ ਗੁਰੂ ਨਾਲ਼ ਜੁੜਨ ਲੱਗ ਪਏ ਸਨ। ਕੁੱਝ ਸੁਹਿਰਦ ਪ੍ਰਚਾਰਕ ਇਸ ਦਰਦ ਨੂੰ ਸਮਝਦੇ ਹੋਏ ਆਪਣਾ ਫ਼ਰਜ਼ ਨਿਭਾ ਰਹੇ ਹਨ, ਪਰ ਉਨ੍ਹਾਂ ਦੀ ਅਵਾਜ਼ ਉਕਤ ਮਨਮਤੀ ਰੋਲ਼ੇ-ਰੱਪੇ ’ਚ ਹੀ ਗਵਾਚ ਜਾਂਦੀ ਹੈ। ਬਹੁਤੇ ਨੌਜਵਾਨ ਸਿੱਖ ਭੀ ਗੁਰੂ ਘਰ ਆਪਾ ਸੰਵਾਰਨ ਨਹੀਂ ਆਉਂਦੇ ਬਲਕਿ ਕੁੱਕੜਾਂ ਵਾਙ ਪ੍ਰਚਾਰਕਾਂ ਪਾਸੋਂ ਵਿਰੋਧੀ ਧੜੇ ਦੇ ਪ੍ਰਚਾਰਕਾਂ ਦੀ ਲਾਹ-ਪਾਹ ਸੁਣਨਾ ਪਸੰਦ ਕਰਦੇ ਹਨ। ਇੱਦਾਂ ਗੁਰਮਤਿ ਅਨੁਸਾਰੀ ਜ਼ਮੀਨੀ ਹਾਲਾਤ ਨਹੀਂ ਸਿਰਜ ਹੁੰਦੇ ਬਲਕਿ ਜ਼ਮੀਨੀ ਹਾਲਾਤਾਂ ਅਨੁਸਾਰ ਪ੍ਰਚਾਰਕਾਂ ਦੀ ਬੋਲ-ਚਾਲ ਬਣਦੀ ਵੇਖੀਦੀ ਹੈ।
ਡੇਰੇਦਾਰ ਪ੍ਰਚਾਰਕ ਤਾਂ ਇਤਿਹਾਸ ਦੇ ਇਰਦ-ਗਿਰਦ ਰਹਿੰਦੇ ਹਨ। ਗੁਰਮਤਿ ਦੀ ਵਿਲੱਖਣਾ ਸਮਝਣ ਤੋਂ ਬਹੁਤ ਪਿਛਾਂਹ ਹਨ। ਉਨ੍ਹਾਂ ਦਾ ਟੀਚਾ ‘ਸਬਦੁ ਗੁਰੂ’ ਦੀ ਬਜਾਇ ਸਰੀਰ-ਗੁਰੂ ਦੀ ਲੋੜ ਨੂੰ ਸਦੀਵੀ ਜੀਵਤ ਰੱਖਣਾ ਹੈ ਤਾਂ ਕਿ ਨਿਰਾਕਾਰ ਦੇ ਮੁਕਾਬਲੇ ਆਕਾਰ (ਸਰਗੁਣ/ਸਰੀਰ) ਵੱਲ ਸੰਗਤਾਂ ਦੀ ਰੁਚੀ ਪੈਦਾ ਕਰ ਆਪ ਸੰਤ, ਬ੍ਰਹਮਗਿਆਨੀ ਬਣ ਗੁਰੂ ਵਾਲ਼ੀ ਫ਼ੀਲਿੰਗ ਕਿਆਮਤ ਤੱਕ ਲਈ ਜਾਣ। ਇਹੀ ਟੀਚਾ; ਦੇਹਧਾਰੀ ਗੁਰੂ-ਡੰਮ ਦਾ ਹੈ। ਇਸੇ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੀ ਸਤਿਕਾਰ ਲਈ ਡੇਰੇਦਾਰ ਹਿੰਸਕ ਹੋ ਜਾਂਦੇ ਹਨ; ਸਿਧਾਂਤਿਕ ਪੱਖੋਂ ਭਾਵੇਂ ਕੋਈ ਕਿੰਨਾ ਭੀ ਨੁਕਸਾਨ ਕਰ ਜਾਵੇ, ਬੋਲਦੇ ਨਹੀਂ। ਗੁਰਬਾਣੀ ਦੇ 705 ਅੰਕ ’ਤੇ ਕੀਤੀ ਜਾਂਦੀ ‘ਮੱਧ ਦੀ ਅਰਦਾਸ’; ਕਿਸੇ ਸਿਧਾਂਤਿਕ ਪੱਖੋਂ ਨਹੀਂ ਬਲਕਿ ਅੰਗਾਂ (ਬਾਹਰੀ ਸਤਿਕਾਰ) ਕਾਰਨ ਹੈ। ਜੇਕਰ ਸਿਧਾਂਤ ਨੂੰ ਸਰਬੋਤਮ ਮੰਨਿਆ ਹੁੰਦਾ ਤਾਂ ਸਿਧਾਂਤ ਦਾ ਕਦੇ ‘ਮੱਧ’ ਨਹੀਂ ਹੁੰਦਾ, ਇਹ ਸਮਝ ਆ ਜਾਣਾ ਸੀ। ਗੁਰੂ ਸਾਹਿਬਾਨ ਨੇ ਭੀ ਸ਼ਬਦ (ਸਿਧਾਂਤ) ਨੂੰ ਹੀ ਸਰਬੋਤਮ ਮੰਨਿਆ ਹੈ; ਜਿਵੇਂ ਕਿ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥ (ਮਹਲਾ ੧/੯੪੩), ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥ (ਮਹਲਾ ੩/੫੧੫), ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ (ਮਹਲਾ ੪/੯੮੨), ਪੋਥੀ; ਪਰਮੇਸਰ ਕਾ ਥਾਨੁ ॥’’ (ਮਹਲਾ ੫/੧੨੨੬) ਗੁਰੂ ਗ੍ਰੰਥ ਸਾਹਿਬ ਨੂੰ ਹੀ ਪਹਿਲਾਂ ‘ਪੋਥੀ ਸਾਹਿਬ’ ਤੇ ‘ਆਦਿ ਗ੍ਰੰਥ’ ਕਿਹਾ ਜਾਂਦਾ ਸੀ। ਚੇਤੇ ਰਹੇ ਕਿ ਭਗਤ ਸਾਹਿਬਾਨ ਨਾਲ਼ ਜਾਤੀ ਸਬੰਧ ਰੱਖਣ ਵਾਲ਼ੀ ਜਮਾਤ ਨੇ ਭੀ ਉਨ੍ਹਾਂ ਦੇ ਗਿਆਨ ਨੂੰ ਸਰਬੋਤਮ ਮੰਨਣ ਦੀ ਥਾਂ ਭਗਤਾਂ ਦੀ ਪੱਥਰ-ਮੂਰਤੀ ਬਣਾ ਆਪਣੀ ਬਰਾਦਰੀ ਦੀ ਸੋਚ ਨੂੰ (ਉਤਾਂਹ ਨਿਰਾਕਾਰ ਵੱਲ ਲੈ ਜਾਣ ਦੀ ਬਜਾਇ ਹੇਠਾਂ) ਆਕਾਰ ਵੱਲ ਡੇਗਿਆ ਹੈ। ਇਹੀ ਸੋਚ ਪੰਡਿਤ ਦੀ ਹੈ, ਜਿਸ ਨੇ ਆਕਾਰ (ਦੇਵੀ-ਦੇਵਤਿਆਂ) ਨੂੰ ਹੀ ਈਸ਼ਵਰ ਸਮਝ ਰੱਖਿਆ ਹੈ। ਸਾਇੰਸ ਦੇ ਪੂਜਾਰੀ ਸਿੱਖ ਭੀ ਨਿਰਾਕਾਰ-ਸ਼ਕਤੀ ਪ੍ਰਤੀ ਸ਼ਰਧਾ ਨੂੰ ਖ਼ਤਮ ਕਰ, ਕੁਦਰਤ ਦੇ ਨਿਯਮ ਜਾਂ ਤੱਤ ਆਦਿ ਵਜੋਂ (ਨਿਰਾਕਾਰ ਦੇ) ਸਰਗੁਣ ਰੂਪ ਨੂੰ ਹੀ ਰੱਬ ਮੰਨ ਬੈਠੇ ਹਨ।
ਜਿਸ ਤਰ੍ਹਾਂ ਫਲ਼ਦਾਰ ਰੁੱਖ ਲਾਉਣ ਦਾ ਤਾਂ ਲਾਭ ਹੈ, ਜੇ ਉਸ ਉੱਤੇ ਫਲ਼ ਲੱਗਣ। ਧਰਮੀ ਬਣਨ ਦਾ ਭੀ ਤਾਂ ਲਾਭ ਹੈ, ਜੇ ਸਰੀਰਕ ਮੌਤ ਹੋਣ ਤੱਕ ਵਿਕਾਰ-ਵਾਸ਼ਨਾ ਖ਼ਤਮ ਹੋਵੇ। ਐਸੇ ਜੀਵਨ ਦੀ ਮਿਸਾਲ ਨਾਲ਼ ਹੋਰਾਂ ਨੂੰ ਧਰਮ ਨਾਲ਼ ਜੋੜਨਾ ਅਸਾਨ ਹੈ। ਜ਼ਰਾ ਸੋਚੀਏ ਕਿ ਕਿਸੇ ਦੀ ਮੌਤ ਉਪਰੰਤ ਪ੍ਰਚਾਰਕਾਂ ਦੇ ਮੂੰਹੋਂ ਨਿਕਲਦੇ ਹੇਠਲੇ ਕਿਹੜੇ ਬੋਲ ਜੀਵਨ ਬਦਲਾਅ ’ਚ ਵੱਧ ਸਹਾਈ ਹੋ ਸਕਦੇ ਹਨ :
(1). ਇਕ ਪ੍ਰਚਾਰਕ : ਹਰ ਕੋਈ ਪ੍ਰਮਾਤਮਾ ਵੱਲੋਂ ਦਿੱਤੀ ਸੁਆਸਾਂ ਦੀ ਪੂੰਜੀ ਲੈ ਕੇ ਜਗਤ ’ਚ ਆਉਂਦਾ ਹੈ ਤੇ ਉਸ ਨੂੰ ਖ਼ਤਮ ਕਰ ਚਲਾ ਜਾਂਦਾ ਹੈ; ਜਿਵੇਂ ਕਿ ਇਹ ਵਾਕ ਹੈ, ‘‘ਜੇਹਾ ਚੀਰੀ ਲਿਖਿਆ; ਤੇਹਾ ਹੁਕਮੁ ਕਮਾਹਿ ॥ ਘਲੇ ਆਵਹਿ ਨਾਨਕਾ ! ਸਦੇ ਉਠੀ ਜਾਹਿ ॥’’ (ਮਹਲਾ ੨/੧੨੩੯) ਇੱਥੇ ‘ਚੀਰੀ’ ਦਾ ਅਰਥ ‘ਭਾਗ, ਨਸੀਬ, ਕਰਮੁ’ ਹੈ। ਇਸੇ ਅਨੁਸਾਰ ਮਾਲਕ ਦਾ ਹੁਕਮ ਹਰੇਕ ਲਈ ਭਿੰਨ ਭਿੰਨ ਵਾਪਰਦਾ ਹੈ। (ਇਸ ਦੀ ਵਿਚਾਰ ਅਗਾਂਹ ਭਾਗ 3 ’ਚ ਕੀਤੀ ਜਾਣੀ ਹੈ) ਸੋ ਇਹ ਸ਼ਬਦ; ਉਸ ਬੰਦੇ ਦੀ ਮੌਤ ’ਤੇ ਬੋਲਣਾ ਸਹੀ ਹੁੰਦਾ ਹੈ, ਜਿਸ ਦੀ ਅਚਾਨਕ ਮੌਤ ਹੋਈ ਹੋਵੇ ਕਿਉਂਕਿ ਉਸ ਸਮੇਂ ਮਿਰਤਕ ਦੇ ਪਰਵਾਰ ਨੂੰ ਧੀਰਜ ਦੇਣਾ ਬੜਾ ਜ਼ਰੂਰੀ ਹੁੰਦਾ ਹੈ। ਕਿਸੇ ਬਜ਼ੁਰਗ ਦੀ ਮੌਤ ’ਤੇ ਇਹ ਸ਼ਬਦ ਪੜ੍ਹ ਕੇ ਸਰੋਤਿਆਂ ਨੂੰ ਮੌਤ ਚੇਤੇ ਨਹੀਂ ਕਰਾਈ ਜਾ ਸਕਦੀ।
(2). ਦੂਜਾ ਪ੍ਰਚਾਰਕ : ਮੌਤ ਤੋਂ ਸਾਨੂੰ ਸਾਰਿਆਂ ਨੂੰ ਆਪਣੀ ਮੌਤ ਚੇਤੇ ਆਉਣੀ ਚਾਹੀਦੀ ਹੈ ਕਿ ਅਸਾਂ ਭੀ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਸੁਆਸਾਂ ਦੀ ਪੂੰਜੀ ਅਵੱਸ਼ ਖ਼ਤਮ ਹੋਣੀ ਹੈ; ਜਿਵੇਂ ਕਿ ਤਰੇੜ ਖਾਧੇ ਘੜੇ ’ਚੋਂ ਥੋੜ੍ਹਾ-ਥੋੜ੍ਹਾ ਪਾਣੀ ਰਿਸਣ/ਟਪਕਣ ਨਾਲ਼ ਇੱਕ ਦਿਨ ਘੜਾ ਖ਼ਾਲੀ ਹੋ ਜਾਂਦਾ ਹੈ, ‘‘ਚੇਤਨਾ ਹੈ ਤਉ ਚੇਤ ਲੈ; ਨਿਸਿ ਦਿਨਿ ਮੈ ਪ੍ਰਾਨੀ ! ॥ ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ॥੧॥ ਰਹਾਉ ॥’’ (ਮਹਲਾ ੯/੭੨੬) ਮੌਤ ਨੂੰ ਹੀ ਚੇਤੇ ਕਰਕੇ ਬਾਬਾ ਬੁੱਢਾ ਜੀ (ਸੰਨ 1506-1631/ਉਮਰ 125 ਸਾਲ) ਨੇ ਆਪਣਾ ਜੀਵਨ ਸਫਲਾ ਕਰ ਲਿਆ ਸੀ। ਮਹਾਤਮਾ ਬੁੱਧ (ਸਿਧਾਰਥ ਗੌਤਮ/ਈਸਾ ਪੂਰਵ 563-483/ਉਮਰ 80 ਸਾਲ) ਨੇ ਭੀ ਇੱਕ ਮਿਰਤਕ ਸਰੀਰ ਵੇਖ ਕੇ ਹੀ ਆਪਣਾ ਰਾਜ-ਭਾਗ ਛੱਡ ਜੀਵਨ ਸਫਲ ਕਰਨਾ ਉਚਿਤ ਸਮਝਿਆ। ਮੌਤ ਨੇੜੇ ਆ ਰਹੀ ਹੈ, ਮਨੁੱਖ ਕਦੇ ਭੀ ਇਸ ਬਾਰੇ ਨਹੀਂ ਸੋਚਦਾ ਤਾਹੀਓਂ ਮੌਤ ਨੂੰ ਵਾਰ-ਵਾਰ ਚੇਤੇ ਕਰਾਇਆ ਗਿਆ, ‘‘ਭਾਈ ਰੇ ! ਇਉ ਸਿਰਿ ਜਾਣਹੁ ਕਾਲੁ ॥ ਜਿਉ ਮਛੀ ਤਿਉ ਮਾਣਸਾ; ਪਵੈ ਅਚਿੰਤਾ ਜਾਲੁ ॥੧॥ ਰਹਾਉ ॥ (ਮਹਲਾ ੧/੫੫), ਦਿਨਸੁ ਚੜੈ ਫਿਰਿ ਆਥਵੈ; ਰੈਣਿ ਸਬਾਈ ਜਾਇ ॥ ਆਵ ਘਟੈ, ਨਰੁ ਨਾ ਬੁਝੈ; ਨਿਤਿ ਮੂਸਾ ਲਾਜੁ (ਚੂਹਾ ਰੱਸੀ) ਟੁਕਾਇ ॥ (ਮਹਲਾ ੪/੪੧), ਦ੍ਰਿੜੁ ਕਰਿ ਮਾਨੈ; ਮਨਹਿ ਪ੍ਰਤੀਤਿ ॥ ਕਾਲੁ ਨ ਆਵੈ; ਮੂੜੇ ਚੀਤਿ ॥’’ (ਸੁਖਮਨੀ/ਮਹਲਾ ੫/੨੬੮), ਹਰਿ ਗੁਨ ਕਾਹਿ ਨ ਗਾਵਹੀ ? ਮੂਰਖ ਅਗਿਆਨਾ ! ॥ ਝੂਠੈ ਲਾਲਚਿ (’ਚ) ਲਾਗਿ ਕੈ; ਨਹਿ ਮਰਨੁ ਪਛਾਨਾ ॥’’ (ਮਹਲਾ ੯/੭੨੬) ਸੋ ਬਜ਼ੁਰਗ ਦੀ ਮੌਤ ਸਮੇਂ ਸੰਗਤਾਂ ਨੂੰ ਮੌਤ ਚੇਤੇ ਕਰਾਉਣੀ; ਜੀਵਨ ਬਦਲਾਅ ਲਈ ਸਭ ਤੋਂ ਢੁਕਵਾਂ ਸਮਾਂ (ਤੇ ਉਪਾਅ) ਹੁੰਦਾ ਹੈ।
(3). ਤੀਜਾ ਪ੍ਰਚਾਰਕ : ਕਿਸੇ ਦੀ ਮੌਤ ’ਤੇ ਪਿੰਡ-ਪੱਤਲ ਕਿਰਿਆ ਰਾਹੀਂ ਦਾਨ ਲੈਣ ਦੇ ਬਹਾਨੇ ਪੰਡਿਤ; ਆਪਣੇ ਜਜਮਾਨਾਂ ਨੂੰ ਲੁੱਟਦੇ ਹਨ; ਜਿਵੇਂ ਕਿ ਕਿਹਾ ਹੈ, ‘‘ਜੀਵਤ ਪਿਤਰ ਨ ਮਾਨੈ ਕੋਊ; ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ? ਕਊਆ ਕੂਕਰ ਖਾਹੀ ॥੧॥’’ (ਭਗਤ ਕਬੀਰ/੩੩੨) ਭਾਵ ਬਜ਼ੁਰਗਾਂ ਦੀ ਕੋਈ ਸੇਵਾ ਨਹੀਂ ਕਰਦਾ। ਮਰਨ ’ਤੇ ਉਸ ਦੀ ਮੁਕਤੀ ਲਈ ਸਰਾਧ ਕਰਾਉਂਦੇ ਹਨ। ਵਿਚਾਰੇ ਪਿੱਤਰ ਭੀ ਉਸ ਦਾ ਲਾਭ ਕਿਵੇਂ ਚੁੱਕਣ ਕਿਉਂਕਿ ਜੌਂ, ਆਟੇ ਆਦਿ ਦੇ ਵੱਟੇ ਪਿੰਨਿਆਂ ਨੂੰ ਤਾਂ ਇੱਥੇ ਕਾਂ, ਕੁੱਤੇ ਹੀ ਖਾ ਜਾਂਦੇ ਹਨ। ਪ੍ਰਚਾਰਕਾਂ ਦੁਆਰਾ ਐਸੇ ਬੋਲ ਕੇਵਲ ਪੰਡਿਤਾਂ ’ਤੇ ਤਨਜ਼ ਕਸਣ ਲਈ ਹੁੰਦੇ ਹਨ, ਸਿੱਖ ਸੰਗਤਾਂ ਇਹ ਫੋਕਟ ਕਰਮ ਉੱਕਾ ਹੀ ਨਹੀਂ ਕਰਦੀਆਂ; ਫਿਰ ਇਨ੍ਹਾਂ ਦਾ ਸਮਾਂ ਬਰਬਾਦ ਕਿਉਂ ਕੀਤਾ ਜਾਏ ਜਾਂ ਇਨ੍ਹਾਂ ਦੇ ਨਾਲ਼-ਨਾਲ਼ ਆਵਾਗਮਣ ਨੂੰ ਰੱਦ ਕਰਨ ਲਈ ਇਹ ਮਿਸਾਲ ਭੀ ਦਿੱਤੀ ਜਾਂਦੀ ਹੈ, ‘‘ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥ ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥੧॥ ਕਉਨੁ ਮੂਆ ਰੇ ? ਕਉਨੁ ਮੂਆ ?॥ ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ॥੧॥ ਰਹਾਉ ॥ ਅਗਲੀ ਕਿਛੁ ਖਬਰਿ ਨ ਪਾਈ ॥ ਰੋਵਨਹਾਰੁ ਭਿ ਊਠਿ ਸਿਧਾਈ ॥.. ਇਹੁ ਤਉ ਰਚਨੁ (ਖੇਲ) ਰਚਿਆ ਕਰਤਾਰਿ (ਨੇ)॥ ਆਵਤ ਜਾਵਤ ਹੁਕਮਿ ਅਪਾਰਿ ॥ ਨਹ ਕੋ ਮੂਆ; ਨ ਮਰਣੈ ਜੋਗੁ ॥ ਨਹ ਬਿਨਸੈ; ਅਬਿਨਾਸੀ ਹੋਗੁ ॥੩॥ … ਕਹੁ ਨਾਨਕ ! ਗੁਰਿ (ਨੇ) ਭਰਮੁ ਚੁਕਾਇਆ ॥ ਨਾ ਕੋਈ ਮਰੈ; ਨ ਆਵੈ ਜਾਇਆ ॥੪॥’’ (ਮਹਲਾ ੫/੮੮੫) ਭਾਵ ਹਰ ਸਰੀਰ; ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਦਾ ਬਣਿਆ ਹੈ। ਮੌਤ ਉਪਰੰਤ ਹਵਾ ਤੱਤ; ਹਵਾ ’ਚ, ਪਾਣੀ ਤੱਤ; ਪਾਣੀ ’ਚ, ਮਿੱਟੀ ਤੱਤ; ਆਪਣੇ ਮੂਲ ਮਿੱਟੀ ਤੱਤ ’ਚ ਮਿਲ ਗਿਆ। ਰੱਬ ਦੇ ਪਿਆਰੇ ਮਿਲ ਕੇ ਵਿਚਾਰ ਕਰਨ ਕਿ ਮਰਿਆ ਕੌਣ ਹੈ ? ਇਹ (ਜਨਮ-ਮਰਨ) ਤਾਂ ਇੱਕ ਖੇਲ ਸੀ, ਜੋ ਕਰਤਾਰ ਨੇ ਆਪਣੇ ਅਪਾਰ ਹੁਕਮ ਦੁਆਰਾ ਰਚਿਆ ਹੈ। ਦਰਅਸਲ ਇਨ੍ਹਾਂ ਪ੍ਰਚਾਰਕਾਂ ਅਨੁਸਾਰ ਸੰਸਾਰ ’ਚ ਇੱਕੋ ਜਨਮ ਹੋਣਾ; ਖੇਡ ਹੈ, ਨਾ ਕਿ ਵਾਰ-ਵਾਰ ਜਨਮ-ਮਰਨ ਹੋਣਾ, ਖੇਡ ਹੈ। ਅਸਲ ’ਚ ਇਹ, ਰੱਬ ਨੂੰ ਸਰਬ ਵਿਆਪਕ; ਗੁਣ ਰੂਪ ਜਾਂ ਤੱਤ ਰੂਪ ਜਾਂ ਪ੍ਰਤਿਬਿੰਬ ਰੂਪ ’ਚ ਮੰਨਦੇ ਹਨ, ਨਾ ਕਿ ਜੋਤਿ ਰੂਪ ਵਜੋਂ।
(ਵਾਸ਼ਿੰਗਟਨ, ਡੀ. ਸੀ. ’ਚ ਸਥਿਤ ਇੱਕ ਗ਼ੈਰ-ਪੱਖਪਾਤ ਸੰਸਥਾ) ਪਿਊ ਦੁਆਰਾ ਮਈ 2025 ’ਚ ਕੀਤੀ ਇੱਕ ਖੋਜ ਅਨੁਸਾਰ ਭਾਰਤ ਸਮੇਤ 36 ਦੇਸਾਂ ਦੇ 83% ਨੌਜਵਾਨ ਭੀ ਪੁਨਰ ਜਨਮ ’ਚ ਯਕੀਨ ਰੱਖਦੇ ਹਨ ਯਾਨੀ ਕਿ ਬਜ਼ੁਰਗ ਤਾਂ ਮੰਨਦੇ ਹੀ ਹਨ। ਇਨ੍ਹਾਂ ਅਨੁਸਾਰ ਦਰਖ਼ਤ, ਪੌਦੇ, ਨਦੀਆਂ, ਪਹਾੜਾਂ, ਆਦਿ ’ਚ ਆਤਮਾ ਹੁੰਦੀ ਹੈ। ਸੋ ਐਸੇ ਲੋਕਾਂ ਨੂੰ ਇਹ ਕਹਿਣਾ ਕਿ ਪੁਨਰ ਜਨਮ ਨਹੀਂ ਹੁੰਦਾ; ਧਰਮ ਨਾਲ਼ੋਂ ਤੋੜਨਾ ਹੈ। ਉਞ ਆਵਾਗਮਣ ਨਹੀਂ ਹੁੰਦਾ, ਇਸ ਦੀ ਪੁਸ਼ਟੀ ਲਈ ਇਨ੍ਹਾਂ ਕੋਲ਼ ਭੀ ਕੋਈ ਠੋਸ ਸਬੂਤ ਨਹੀਂ ਯਾਨੀ ਕਿ ਇਹ ਕਿਹੜਾ ਮਰਨ ਤੋਂ ਬਾਅਦ ਜੀਵਤ ਹੋਏ ਹਨ ਤਾਂ ਕਿ ਇਨ੍ਹਾਂ ਦੀ ਐਸੀ ਮਨਮਤ ’ਤੇ ਯਕੀਨ ਕੀਤਾ ਜਾਵੇ।
ਗੁਰਮਤਿ ਨੇ ਹਰੇਕ ਅੰਦਰ ਕਰਤਾਰ ਦੀ ਜੋਤਿ ਮੰਨੀ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ॥ ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ॥’’ (ਮਹਲਾ ੧/੧੩), ਇਸੇ ਤੋਂ ਰੱਬ ਸਰਬ ਵਿਆਪਕ ਹੈ, ਉੱਤੇ ਨਿਸ਼ਚਾ ਬੱਝਦਾ ਹੈ। ਇਹ ਜੋਤਿ ਭੀ ਤੱਤਾਂ ਵਾਙ ਮਰਦੀ ਨਹੀਂ ਕਿਉਂਕਿ ਇਹ ਭੀ ਆਪਣੇ ਮੂਲ (ਜੋਤਾਂ ਦੇ ਸਮੂਹ/ਪ੍ਰਭੂ) ’ਚ ਲੀਨ ਹੋ ਜਾਂਦੀ ਹੈ; ਜਿਵੇਂ ਕਿ ਉਕਤ ਇਸੇ ਵਾਕ ਦੇ ਪਹਿਲੇ ਬੰਦ ’ਚ ਹੈ, ‘‘ਜੋਤੀ ਮਹਿ ਜੋਤਿ ਰਲਿ ਜਾਇਆ ॥’’ ਯਾਨੀ ਮੌਤ ਸਮੇਂ ਸਰੀਰ ਅੰਦਰੋਂ ‘ਸਾਰੇ ਤੱਤ’ ਤੇ ‘ਜੋਤਿ’ ਨਿਕਲੇ ਜ਼ਰੂਰ, ਪਰ ਆਪਣਾ ਵਜੂਦ ਨਾ ਮਿਟਾ ਸਕੇ ਤਾਹੀਓਂ ਤੀਜੇ ਬੰਦ ’ਚ ਕਿਹਾ ਹੈ, ‘‘ਨਹ ਕੋ ਮੂਆ; ਨ ਮਰਣੈ ਜੋਗੁ ॥ ਨਹ ਬਿਨਸੈ; ਅਬਿਨਾਸੀ ਹੋਗੁ ॥੩॥’’ ਯਾਨੀ ਜਿਵੇਂ ਪਾਣੀ ’ਚ ਪਾਣੀ ਮਿਲਿਆ, ਹਵਾ ’ਚ ਹਵਾ ਮਿਲੀ; ਉਸੇ ਤਰ੍ਹਾਂ ਜੋਤੀ ’ਚ ਜੋਤਿ ਮਿਲ ਗਈ। ਜੋਤਿ ਦੀ ਹੋਂਦ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਹ ਸਮਝ ਭੀ ਤਾਂ ਹੁੰਦੀ ਹੈ ਜੇ ਗੁਰੂ ਨੇ ਭਰਮ-ਰੂਪ ਪਰਦਾ ਹਟਾਇਆ ਹੋਵੇ; ਜਿਵੇਂ ਕਿ ਅੰਤਮ ਚੌਥੇ ਬੰਦ ’ਚ ਹੈ, ‘‘ਕਹੁ ਨਾਨਕ ! ਗੁਰਿ (ਨੇ) ਭਰਮੁ ਚੁਕਾਇਆ ॥ ਨਾ ਕੋਈ ਮਰੈ; ਨ ਆਵੈ ਜਾਇਆ ॥੪॥’’ (ਮਹਲਾ ੫/੮੮੫)
ਸੋ ਗੁਰਮਤਿ ਨੇ ਜੋਤਿ (ਰੂਹ, ਆਤਮਾ, ਜਿੰਦ) ਨੂੰ ਰੱਬ ਦਾ ਅਟੁੱਟ ਹਿੱਸਾ ਮੰਨਿਆ ਹੈ, ਜੋ ਸਰੀਰ ਨੂੰ ਜੀਵਤ ਰੱਖਣ ਤੱਕ ਸਹਾਰਾ ਦਿੰਦੀ ਹੈ। ਜਦ ਮਾਲਕ; ਸਰੀਰ ’ਚੋਂ ਇਸ ਨੂੰ ਕੱਢ ਲੈਂਦਾ ਹੈ ਤਾਂ ਸਰੀਰਕ ਮੌਤ ਹੋ ਜਾਂਦੀ ਹੈ, ਮਨੁੱਖ ਬੋਲ ਕੇ ਕਿਸੇ ਨਾਲ਼ ਗੱਲ ਨਹੀਂ ਕਰ ਸਕਦਾ, ‘‘ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀ ! ਤਬ ਕੋਈ ਕਰਉ ਦਿਖਾ ਵਖਿਆਨਾ ॥’’ (ਮਹਲਾ ੩/੭੯੭) ਗ਼ੈਰ ਧਰਮਾਂ ਨੇ ਇਸ (ਜੋਤਿ) ਨੂੰ ਸੂਖਮ-ਸਰੀਰ ਕਿਹਾ, ਜੋ ਨਰਕ ਜਾਂ ਦੋਜ਼ਖ਼ ’ਚ ਤਸੀਹੇ ਭੋਗਦਾ ਹੈ ਤੇ ਭਿਸ਼ਤ ਜਾਂ ਸੁਰਗ ’ਚ ਰੰਗ ਰਲੀਆਂ ਮਾਣਦਾ ਹੈ ਜਦਕਿ ਗੁਰਮਤਿ; ਇਸ ਦੇ ਉਲ਼ਟ ਇਸ ਨੂੰ ਅਮਰ ਮੰਨਦੀ ਹੈ, ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ ? ॥ ਤਾ ਕਾ ਅੰਤੁ ਨ ਕੋਊ ਪਾਈ ॥੧॥ ਰਹਾਉ ॥ .. ਨਾ ਇਹੁ ਜੀਵੈ; ਨ ਮਰਤਾ ਦੇਖੁ ॥ ਇਸੁ ਮਰਤੇ ਕਉ; ਜੇ ਕੋਊ ਰੋਵੈ ॥ ਜੋ ਰੋਵੈ ਸੋਈ ਪਤਿ ਖੋਵੈ ॥੩॥… ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥੪॥’’ (ਭਗਤ ਕਬੀਰ/੮੭੧) ਭਾਵ ਇਹ ਰਾਮ ਦਾ ਰੂਪ (ਅੰਸ਼) ਹੈ। ਰਾਮ ਵਾਙ ਅਬਿਨਾਸੀ ਹੈ, ਜੋ ਕਾਗਜ਼ ’ਤੇ ਲਿਖੀ ਸਿਆਹੀ ਵਾਙ ਅਮਿੱਟ ਹੈ। ਇਨ੍ਹਾਂ ਦਾ ਰਿਸ਼ਤਾ ਅਟੁੱਟ ਹੈ। ਇਹ ਜੋਤਿ; ਆਵਾਗਮਣ ’ਚ ਨਹੀਂ ਜਾਂਦੀ ਬਲਕਿ ਮਨ ਦੀ ਮੈਲ਼ (ਹਉਮੈ/ਵਾਸ਼ਨਾ) ਅਗਲਾ ਜਨਮ ਕਰਾਉਂਦੀ ਹੈ; ਜਿਵੇਂ ਕਿ ਬਚਨ ਹਨ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ ਹੀ (ਮੈਲ਼) ਕਉ ਹੈ ਰੇ ! ਓਹਾ ਆਵੈ ਜਾਈ ॥੩॥’’ (ਮਹਲਾ ੫/੯੯੯) ਭਾਈ ਗੁਰਦਾਸ ਜੀ ਇਸ ਦੀ ਗਵਾਹੀ ਭਰਦੇ ਹਨ, ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ। ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ ਮਰਮੁ ਕਉ ਪਾਵੈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੧੫) ਭਾਵ ਹਰ ਜੁਗ ’ਚ ਸਿਰਮੌਰ (ਮਨੁੱਖਾ) ਸਰੀਰ; ਵਾਸ਼ਨਾਵਾਂ ’ਚ ਬੱਝਿਆ ਰਹਿੰਦਾ ਹੈ। ਇਹ ਵਾਸ਼ਨਾ ਸਰੀਰ ਬਦਲਦੀ ਹੈ ਭਾਵ ਕਦੇ ਕੁੱਤਾ, ਕਦੇ ਪੰਛੀ, ਕਦੇ ਬਲ਼ਦ। ਇਹ ਭੇਤ; ਕੋਈ ਵਿਰਲਾ ਗੁਰੂ ਪਿਆਰਾ ਹੀ ਜਾਣ ਸਕਦਾ ਹੈ ‘‘ਗਿਆਨੀ ਹੋਇ ਮਰਮੁ ਕਉ ਪਾਵੈ।’’ ਸੋ ਆਵਾਗਮਣ ਨੂੰ ਰੱਦ ਕਰਨਾ; ਸਾਇੰਸ-ਯੁੱਗ ਦੇ ਪ੍ਰਭਾਵ ਕਾਰਨ ਹੈ ਤਾਂ ਜੋ ਕਾਲਜਾਂ, ਯੂਨੀਵਰਸਿਟੀਆਂ ਤੋਂ ਪੜ੍ਹੇ ਵਰਗ ਦੇ ਤਰਕਾਂ ਦਾ ਸਾਮ੍ਹਣਾ ਨਾ ਕਰਨਾ ਪਵੇ, ਨਾ ਕਿ ਇਹ ਅਸਲ ਸੱਚ (ਭਾਵ ਧਰਮ) ਹੈ।
ਇਹ ਕਹਿਣਾ ਕਿ ਮਰਨ ਉਪਰੰਤ ਦੀ ਚਿੰਤਾ ਕਰਨ ਦੀ ਥਾਂ ਵਰਤਮਾਨ ਨੂੰ ਸੰਭਾਲ਼ਣਾ ਜ਼ਰੂਰੀ ਹੈ; ਸੁਣਨ ਨੂੰ ਤਾਂ ਚੰਗਾ ਲੱਗਦਾ ਹੈ, ਪਰ ਇਸ ਤਰ੍ਹਾਂ ਕੋਈ ਆਤਮ ਮੰਥਨ ਨਹੀਂ ਕਰਨ ਲੱਗਦਾ ਕਿਉਂਕਿ ਲੋਕ; ਆਪਣੀ ਮੌਤ ਹੀ ਭੁਲਾ ਬੈਠੇ ਹਨ। ਮੌਤ ਦੇ ਬਾਅਦ ਤੋਂ ਕੌਣ ਚਿੰਤਤ ਹੈ। ਆਵਾਗਮਣ ਰੱਦ ਕਰਨ ਨਾਲ਼ ਧਰਮ ਪ੍ਰਤੀ ਰੁਚੀ ਨਹੀਂ ਵਧ ਸਕਦੀ। ਉਕਤ ਕੀਤੀ ਵਿਚਾਰ ਅਨੁਸਾਰ ਤਬਦੀਲੀ ਚਾਰ ਤਰ੍ਹਾਂ ਆਉਂਦੀ ਹੈ (1). ਪੈਦਾਇਸ਼ ਤੋਂ ਰੁਚੀ ਹੋਵੇ (2), ਲਾਲਚ ਦੇਈਏ (3). ਪਿਆਰ ਜਾਂ ਹੱਲਾਸ਼ੇਰੀ ਨਾਲ਼ (4). ਡਰ ਕਾਰਨ। ਆਵਾਗਮਣ ਨੂੰ ਰੱਦ ਕਰਕੇ ਇਸ ਚੌਥੇ ਡਰ-ਸ਼ਸਤਰ ਨੂੰ ਹੀ ਬੇਅਸਰ ਕਰਨਾ ਹੈ। ਸੋ ਐਸੇ ਮਨਮਤੀ ਬੋਲ; ਧਰਮ ਪ੍ਰਚਾਰ ਨਹੀਂ ਅਖਵਾ ਸਕਦੇ।
ਆਵਾਗਮਣ ਤੋਂ ਇਨਕਾਰੀ ਹੋਣ ਤੋਂ ਭਾਵ ਰੱਬ ਦੀ ਸਰਬ ਵਿਆਪਕ ਜੋਤਿ-ਹੋਂਦ ਅਤੇ ਨਾਨਕ-ਗੁਰੂ ਜੋਤਿ ਤੋਂ ਭੀ ਮੁਨਕਰ ਹੋਣਾ ਹੈ। ਇਹ ਜੋਤਿ-ਸ਼ਕਤੀ ਹੀ ਸ਼ਰਧਾਵਾਨ ਉੱਤੇ ਮਿਹਰ ਹੋਣ ਦਾ ਵਸੀਲਾ ਹੈ। ਇਹੀ ਮਨ ਨੂੰ ਸ਼ਾਂਤ ਕਰਦੀ ਹੈ। ਜਿਸ ਸ਼ਾਂਤੀ ਲਈ ਬੰਦਾ ਇੱਧਰ-ਓਧਰ ਭਟਕਦਾ ਹੈ। ਮਾਲਕ; ਆਪਣੇ ਸੇਵਕ ਦੇ ਅੰਦਰੋਂ (ਭਾਵ ਉਸ ਦੇ ਗੰਦੇ ਅੰਤਹਿਕਰਣ ਰਾਹੀਂ) ਆਪਣੇ ਆਤਮ-ਪ੍ਰਕਾਸ਼ ਦਾ ਅਹਿਸਾਸ; ਅਸਮਾਨੀ ਬਿਜਲੀ ਚਮਕਣ ਵਾਙ ਸੇਵਕ ਦੇ ਦਿਮਾਗ਼ ਨੂੰ (ਕਦੇ ਕਦਾਈਂ) ਕਰਾ ਕੇ ਉਸ ਨੂੰ ਵਿਕਾਰਾਂ-ਦੁੱਖਾਂ ਵਿਰੁਧ ਲੜਨ ਦੇ ਯੋਗ ਬਣਾਉਂਦਾ ਹੈ; ਇਹੀ ਹੈ ‘ਬਖ਼ਸ਼ਸ਼’; ਜਿਸ ਬਾਰੇ ਇਉਂ ਕਿਹਾ ਹੈ, ‘‘ਨਿਹਤੇ ਪੰਜਿ ਜੁਆਨ ਮੈ; ਗੁਰ ਥਾਪੀ ਦਿਤੀ ਕੰਡਿ (’ਤੇ) ਜੀਉ ॥’’ (ਮਹਲਾ ੫/੭੪) ਭਾਵ ਜਦ ਗੁਰੂ ਨੇ ਮੇਰੇ ਮੋਢੇ ’ਤੇ ਥਾਪੀ ਦਿੱਤੀ ਤਾਂ ਮੈ ਪੰਜੇ ਵਿਕਾਰ ਕਾਬੂ ਕਰ ਲਏ।
ਸੋ ਅਜੋਕੇ ਹਾਲਾਤਾਂ ਨੂੰ ਵੇਖੀਏ ਤਾਂ ਗੁਰਮਤਿ ਪ੍ਰਚਾਰਕਾਂ ਨੂੰ ਤਿੰਨ ਕੰਮ ਕਰਨੇ ਚਾਹੀਦੇ ਹਨ (1). ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਏ ਤਾਂ ਕਿ ਸੰਗਤਾਂ ਸ਼ਾਬਦਿਕ ਅਰਥ ਸਮਝ ਕੇ ਭਾਵ-ਅਰਥ ਆਪ ਮਹਿਸੂਸ ਕਰਨ (2). ਗ਼ੈਰ ਧਰਮਾਂ ਦੀ ਤੁਲਨਾਤਮਿਕ ਵਿਚਾਰ ਕਰ-ਕਰ ਗੁਰਮਤਿ ਦੀ ਵਿਲੱਖਣਤਾ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਏ (3). ਸਰੋਤਿਆਂ ਦੀ ਮਨੋਬਿਰਤੀ ਪਰਖ ਕੇ ਗੁਰਮਤਿ ਅਨੁਸਾਰ ਸਵੈ ਪੜਚੋਲ ਕਰਾਈ ਜਾਏ; ਜੈਸਾ ਕਿ ਬਚਨ ਹਨ, ‘‘ਨਾਨਕ ! ਪਰਖੇ ਆਪ ਕਉ; ਤਾ ਪਾਰਖੁ ਜਾਣੁ ॥ ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ॥’’ (ਮਹਲਾ ੨/੧੪੮) ਭਾਵ ਜ਼ਮੀਨੀ ਰੋਗ ਅਨੁਸਾਰ ਯੋਗ ਦਵਾ (ਗੁਰੂ ਸ਼ਬਦ) ਦੇਣਾ ਹੀ ਅਸਲ ਵੈਦ ਹੋਣਾ ਹੈ, ਪ੍ਰਚਾਰਕ ਬਣਨਾ ਹੈ, ਪਰ ਐਸਾ ਤਾਂ ਹੀ ਸੰਭਵ ਹੈ; ਜੇਕਰ ਪਹਿਲਾਂ ਪ੍ਰਚਾਰਕ ਖ਼ੁਦ ਸਵੈ ਪੜਚੋਲ ਕਰਣ, ਅਸਲ ਦਵਾ ਖਾਣ।
—ਚੱਲਦਾ—
ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਤੀਜਾ)
ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਚੌਥਾ)