17.7 C
Jalandhar
Monday, April 6, 2026
spot_img
Home Blog Page 25

ਲੋੜੀਦੋ ਹਭ ਜਾਇ; ਸੋ ਮੀਰਾ ਮੀਰੰਨ ਸਿਰਿ ॥ (ਮਾਰੂ ਵਾਰ, ਮਹਲਾ ੫, ਪੰਨਾ ੧੦੯੮)

0

ਸਾਧ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਪੰਚਮ ਪਾਤਸ਼ਾਹ ਜੀ ਦੇ ਉਪਦੇਸ਼ “ਸੁਖ ਕੀਮਾਹੂ ਬਾਹਰੇ “ਦੀ ਬਹੁ ਪੱਖੀ ਵੀਚਾਰ ਗੁਰਬਾਣੀ ਦੇ ਪ੍ਰਮਾਣਾਂ ਨਾਲ ਸਮਝਣ ਵਾਸਤੇ ਮਾਰੂ ਵਾਰ ਮਹਲਾ ੫,ਅੰਗ ੧੦੯੮ (ਪਉੜੀ ੧੨) ਦੀ ਵੀਡੀਓ ਜ਼ਰੂਰ ਦੇਖੋ ਜੀ ਅਤੇ ਸਮਝੀਏ ਕੀ ਅਸੀਂ ਕਿਸ ਤਰ੍ਹਾਂ ਓਹ ਅਵਸਥਾ ਪ੍ਰਾਪਤ ਕਰ ਸਕਦੇ ਹਾਂ।

ਦਾਸ ਮਨਮੋਹਨ ਸਿੰਘ

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

0

ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ

ਬਠਿੰਡਾ, 14 ਅਪ੍ਰੈਲ (ਕਿਰਪਾਲ ਸਿੰਘ) : ਅੱਜ ਇੱਥੇ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਵਿਖੇ ਬਠਿੰਡਾ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਅਸਲੀ ਜਨਮ ਮਿਤੀ ੧ ਵੈਸਾਖ ਵਾਲੇ ਦਿਨ ਉਨ੍ਹਾਂ ਦਾ ਪ੍ਰਕਾਸ਼ ਪੁਰਬ ਅਤੇ ਖ਼ਾਲਸਾ ਪ੍ਰਗਟ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਅਰੰਭਤਾ ਸਮੂਹ ਜਥੇਬੰਦੀਆਂ ਵੱਲੋਂ ਸੰਗਤੀ ਰੂਪ ’ਚ ਸੁਖਮਨੀ ਸਾਹਿਬ ਜੀ ਪਾਠ ਨਾਲ ਹੋਈ ਜਿਸ ਉਪਰੰਤ ਹਜੂਰੀ ਰਾਗੀ ਭਾਈ ਤਰਸੇਮ ਸਿੰਘ ਜੀ ਹਰਿਰਾਇ ਪੁਰ ਵਾਲੇ ਦੇ ਜਥੇ ਨੇ ਰਸ ਭਿੰਨਾ ਕੀਰਤਨ ਕੀਤਾ, ਗਿਆਨੀ ਕੇਵਲ ਸਿੰਘ ਜੀ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਭਾਈ ਸਤਿਨਾਮ ਸਿੰਘ ਜੀ ਚੰਦੜ ਅਤੇ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣਾ ਵਾਲੇ ਨੇ ਗੁਰ ਇਤਿਹਾਸ ਦੀ ਵਿਆਖਿਆ ਕਰਦਿਆਂ ਵਿਸਥਾਰ ਸਹਿਤ ਸਮਝਾਇਆ ਕਿ ਜਨਮਸਾਖੀ LDF 194, ਸਾਖੀ ਮਹਲ ਪਹਿਲੇ ਕੀ: ਸਾਖੀਕਾਰ ਸ਼ੀਹਾਂ ਉੱਪਲ, ਬੀ-40 ਜਨਮ ਸਾਖੀ, ਵਲਾਇਤ ਵਾਲੀ ਪੁਰਾਤਨ ਜਨਮ ਸਾਖੀ (H.T. Cole Broke ਵਾਲੀ ਜਨਮ ਸਾਖੀ), ਮਿਹਰਵਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ/ ਗਿਆਨ ਰਤਨਾਵਲੀ, ਬਾਵਾ ਸਰੂਪ ਦਾਸ ਭੱਲਾ ਰਚਿਤ ਮਹਿਮਾ ਪ੍ਰਕਾਸ਼, ਪੱਥਰ ਦੇ ਛਾਪੇ ਵਾਲੀ ਜਨਮ ਸਾਖੀ ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ, ਇਨ੍ਹਾਂ ਸਾਰੀਆਂ ਹੀ ਜਨਮ ਸਾਖੀਆਂ ’ਚ ਸਿੱਖ ਧਰਮ ਦੇ ਸੰਸਥਾਪਕ ਜਗਤ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ’ਚ ਲਿਖਿਆ ਹੋਇਆ ਹੈ ਨਵੀਨ ਪ੍ਰਸਿੱਧ ਇਤਿਹਾਸਕਾਰ ਅਤੇ ਵਿਦਵਾਨ ਕਰਮ ਸਿੰਘ ਹਿਸਟੋਰੀਅਨ, ਭਾਈ ਕਾਹਨ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰੋ: ਸਾਹਿਬ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਡਾ: ਐੱਸ. ਐੱਸ. ਪਦਮ, ਪ੍ਰੋ: ਪ੍ਰੀਤਮ ਸਿੰਘ, ਡਾ: ਪਿਆਰ ਸਿੰਘ, ਡਾ: ਰਤਨ ਸਿੰਘ ਜੱਗੀ, ਡਾ: ਆਸਾ ਸਿੰਘ ਘੁੰਮਣ, ਸ: ਖੁਸ਼ਵੰਤ ਸਿੰਘ, ਭਾਈ ਵੀਰ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਸਿੱਖ ਇਤਿਹਾਸ ਦੇ ਕਰਤਾ ਪ੍ਰੋ: ਕਰਤਾਰ ਸਿੰਘ ਐੱਮ. ਏ., ਅਤੇ ਵਿਦੇਸ਼ੀ ਵਿਦਵਾਨ ਐੱਮ. ਏ. ਮੈਕਾਲਿਫ਼, ਡਾ: ਮੈਕਲੋਡ, ਡਾ: ਟਰੰਪ ਆਦਿਕ ਸਾਰੇ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਮਹੀਨੇ ਦਾ ਮੰਨਦੇ ਹਨ, ਫਿਰ ਵੀ ਪਤਾ ਨਹੀਂ ਕਿਸ ਸਾਜਿਸ਼ ਅਧੀਨ ਭਾਈ ਬਾਲਾ ਨਾਮ ਦਾ ਇੱਕ ਫਰਜੀ ਪਾਤਰ ਸਿਰਜ ਕੇ ਭਾਈ ਬਾਲੇ ਵਾਲੇ ਜਨਮ ਸਾਖੀ ਵਿਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਕੱਤਕ ਦੀ ਪੂਰਨਮਾਸ਼ੀ ਦਾ ਲਿਖ ਦਿੱਤਾ ਜਿਸ ਦੀ ਨਕਲ ਕਰਦਿਆਂ ਕਵੀ ਸੰਤੋਖ ਨੇ ਸੂਰਜ ਪ੍ਰਕਾਸ਼ ’ਚ ਦਰਜ ਕਰਕੇ ਖ਼ੂਬ ਪ੍ਰਚਾਰਿਆ।

ਸਾਰੇ ਹੀ ਬੁਲਾਰਿਆਂ ਨੇ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ’ਤੇ ਜੋਰ ਦਿੰਦਿਆਂ ਕਿਹਾ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਗੁਰ ਪੁਰਬ ਮਨਾਉਂਦਿਆਂ ਸਾਨੂੰ ਸਦੀਆਂ ਬੀਤ ਗਈਆਂ; ਅਸੀਂ ਆਪਣੇ ਗੁਰੂ ਸਾਹਿਬਾਨ ਦੇ ਗੁਰ ਪੁਰਬ ਦੀਆਂ ਤਾਰੀਖ਼ਾਂ ਯਾਦ ਨਹੀਂ ਕਰ ਸਕੇ, ਪਰ ਜੇ ਨਾਨਕਸ਼ਾਹੀ ਕੈਲੰਡਰ ਪੂਰਨ ਤੌਰ ’ਤੇ ਲਾਗੂ ਹੋ ਜਾਵੇ ਤਾਂ ਕੁਝ ਹੀ ਸਾਲਾਂ ’ਚ ਸਾਨੂੰ ਆਪਣੇ ਸਾਰੇ ਗੁਰ ਪੁਰਬਾਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਦੀਆ ਤਾਰੀਖ਼ਾਂ ਜ਼ਬਾਨੀ ਯਾਦ ਹੋ ਜਾਣਗੀਆਂ।

ਗੁਰਬਾਣੀ ਮੁਤਾਬਕ ਸਿੱਖ ਇਤਿਹਾਸ ’ਚ ਵੈਸਾਖ ਦਾ ਮਹੀਨਾ

0

ਗੁਰਬਾਣੀ ਮੁਤਾਬਕ ਸਿੱਖ ਇਤਿਹਾਸ ’ਚ ਵੈਸਾਖ ਦਾ ਮਹੀਨਾ

ਕਿਰਪਾਲ ਸਿੰਘ ਬਠਿੰਡਾ

ਵੈਸਾਖ ਦਾ ਮਹੀਨਾ ਸਿੱਖ ਇਤਿਹਾਸ ’ਚ ਬਹੁਤ ਹੀ ਅਹਿਮ ਅਸਥਾਨ ਰੱਖਦਾ ਹੈ; ਜਿਵੇਂ ਕਿ ਸਿੱਖ ਧਰਮ ਦੇ ਸੰਸਥਾਪਕ ਜਗਤ ਗੁਰੂ; ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ੧ ਵੈਸਾਖ, ਬਿਕ੍ਰਮੀ ਸੰਮਤ ੧੫੨੬; ਨਾਨਕਸ਼ਾਹੀ ਸੰਮਤ ੧ (1469 ਈ:) ਨੂੰ ਹੋਇਆ। ਭਾਵੇਂ ਕਿ ਪਿਛਲੇ ਕੁਝ ਸਮੇਂ ਤੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾ ਰਿਹਾ ਹੈ ਪਰ LDP-194 ਜਨਮਸਾਖੀ, ਸਾਖੀ ਮਹਲ ਪਹਿਲੇ ਕੀ (ਸਾਖੀਕਾਰ ਸ਼ੀਹਾਂ ਉੱਪਲ), ਵਲਾਇਤ ਵਾਲੀ ਪੁਰਾਤਨ ਜਨਮ ਸਾਖੀ, ਮਿਹਰਵਾਨ ਵਾਲੀ ਜਨਮ ਸਾਖੀ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ/ ਗਿਆਨ ਰਤਨਾਵਲੀ, ਬੀ-40 ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਬਾਵਾ ਸਰੂਪ ਦਾਸ ਭੱਲਾ ਰਚਿਤ ਮਹਿਮਾ ਪ੍ਰਕਾਸ਼, ਪੱਥਰ ਦੇ ਛਾਪੇ ਵਾਲੀ ਜਨਮ ਸਾਖੀ, ਜੋ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਆਰਕਾਈਵਜ਼ ਵਿਭਾਗ ਵਿੱਚ ਸਾਂਭੀ ਪਈ ਹੈ, ਇਨ੍ਹਾਂ ਸਾਰੀਆਂ ਹੀ ਜਨਮ ਸਾਖੀਆਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਵੈਸਾਖ ਮਹੀਨੇ ’ਚ ਲਿਖਿਆ ਹੈ। ਨਵੀਨ ਪ੍ਰਸਿੱਧ ਵਿਦਵਾਨ ਲਿਖਾਰੀ ਕਰਮ ਸਿੰਘ ਹਿਸਟੋਰੀਅਨ, ਭਾਈ ਕਾਨ੍ਹ ਸਿੰਘ ਨਾਭਾ, ਡਾ: ਗੰਡਾ ਸਿੰਘ, ਪ੍ਰੋ: ਸਾਹਿਬ ਸਿੰਘ, ਪ੍ਰਿੰਸੀਪਲ ਸਤਿਬੀਰ ਸਿੰਘ, ਡਾ: ਹਰੀ ਰਾਮ ਗੁਪਤਾ, ਡਾ: ਕਿਰਪਾਲ ਸਿੰਘ, ਡਾ: ਖੜਕ ਸਿੰਘ, ਡਾ: ਐੱਸ ਐੱਸ ਪਦਮ, ਪ੍ਰੋ: ਪ੍ਰੀਤਮ ਸਿੰਘ, ਡਾ: ਪਿਆਰ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਸਿੱਖ ਇਤਿਹਾਸ ਦੇ ਕਰਤਾ ਪ੍ਰੋ: ਕਰਤਾਰ ਸਿੰਘ ਐੱਮ. ਏ., ਸ: ਖੁਸ਼ਵੰਤ ਸਿੰਘ , ਭਾਈ ਵੀਰ ਸਿੰਘ, ਪ੍ਰੋ: ਪ੍ਰੀਤਮ ਸਿੰਘ, ਡਾ: ਗੋਪਾਲ ਸਿੰਘ, ਪ੍ਰੋ: ਗੁਰਮੁਖ ਸਿੰਘ, ਪ੍ਰੋ: ਸ਼ੇਰ ਸਿੰਘ ਐੱਮ. ਏ, ਗਿਆਨੀ ਹੀਰਾ ਸਿੰਘ ਦਰਦ, ਸ: ਅਮਰ ਸਿੰਘ ਐਡੀਟਰ ‘ਸ਼ੇਰੇ ਪੰਜਾਬ’, ਗੁਰਮੁਖ ਸਿੰਘ, ਨਿਹਾਲ ਸਿੰਘ, ਡਾ: ਯੋਧ ਸਿੰਘ, ਡਾ: ਤਾਰਨ ਸਿੰਘ, ਡਾ: ਗੋਪਾਲ ਸਿੰਘ ਦਰਦੀ, ਸੋਢੀ ਤੇਜਾ ਸਿੰਘ, ਪ੍ਰਿੰ: ਤੇਜਾ ਸਿੰਘ, ਪ੍ਰੋ: ਜੋਗਿੰਦਰ ਸਿੰਘ, ਸ: ਕਪੂਰ ਸਿੰਘ, ਡਾ: ਗੁਰਬਚਨ ਸਿੰਘ ਤਾਲਬ, ਸ: ਹਰਨਾਮ ਸਿੰਘ ਸ਼ਾਨ ਅਤੇ ਵਿਦੇਸ਼ੀ ਵਿਦਵਾਨ ਐੱਮ. ਏ. ਮੈਕਾਲਿਫ਼ ਤੇ ਡਾ: ਟਰੰਪ ਆਦਿਕ ਸਾਰੇ ਹੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਵੈਸਾਖ ਮਹੀਨੇ ਦਾ ਲਿਖਦੇ ਹਨ।

ਦੂਜੇ ਪਾਸੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਪੂਰਨਮਾਸ਼ੀ ਮੰਨਣ ਵਾਲੇ ਸਾਰੇ ਹੀ ਵਿਦਵਾਨਾਂ ਦਾ ਮੂਲ ਸੋਮਾ; ਭਾਈ ਬਾਲੇ ਵਾਲੀ ਜਨਮ ਸਾਖੀ ਹੈ, ਜਿਸ ਨੂੰ ਸ: ਕਰਮ ਸਿੰਘ ਹਿਸਟੋਰੀਅਨ, ਮਕਲੌਡ, ਐੱਮ. ਏ. ਮੈਕਾਲਿਫ਼, ਡਾ: ਪਿਆਰ ਸਿੰਘ, ਡਾ: ਸ. ਸ. ਪਦਮ ਆਦਿਕ ਪ੍ਰਸਿੱਧ ਇਤਿਹਾਸਕਾਰ ਇਸ ਦੀਆਂ ਅੰਦਰਲੀਆਂ ਗਵਾਹੀਆਂ ਨਾਲ ਸਿੱਧ ਕਰਦੇ ਹਨ ਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਜੀ ਵੱਲੋਂ ਲਿਖਵਾਈ ਨਹੀਂ ਬਲਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਲਿਖੀ ਗਈ, ਮੰਨਦੇ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵਿੱਚ ਮੁਖੀ ਰਹੇ ਡਾ: ਗੁਰਸ਼ਰਨਜੀਤ ਸਿੰਘ ਅਤੇ ਡਾ: ਪਿਆਰ ਸਿੰਘ ਮੁਤਾਬਕ LDP-194 ਜਨਮਸਾਖੀ; ਸਭ ਤੋਂ ਪੁਰਾਤਨ ਜਨਮ ਸਾਖੀ ਹੈ। ਦੂਸਰੇ ਨੰਬਰ ’ਤੇ ਸ਼ੀਹਾਂ ਉੱਪਲ ਵਾਲੀ ਜਨਮ ਸਾਖੀ ਹੈ ਅਤੇ ਤੀਸਰੇ ਨੰਬਰ ’ਤੇ ਭਾਈ ਮਿਹਰਵਾਨ ਵਾਲੀ ਜਨਮ ਸਾਖੀ; ਕਹੀ ਜਾ ਸਕਦੀ ਹੈ। ਇਨ੍ਹਾਂ ਸਾਰੀਆਂ ਹੀ ਜਨਮ ਸਾਖੀਆਂ ’ਚ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਵੈਸਾਖ ਮਹੀਨੇ ’ਚ ਲਿਖਿਆ ਹੈ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਦੀ ਪਉੜੀ ਨੰਬਰ 14 ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਮੁੱਖ ਸਿੱਖਾਂ ਵਿੱਚ ‘ਸ਼ੀਹਾਂ ਉਪਲ’ ਜੀ ਦਾ ਨਾਮ ਆਉਂਦਾ ਹੈ, ਜੋ ਦੂਸਰੇ ਅਤੇ ਤੀਸਰੇ ਗੁਰੂ ਸਾਹਿਬਾਨ ਜੀ ਦੇ ਵੀ ਅੰਨਿਨ ਸੇਵਕ ਰਹੇ ਹਨ ਅਤੇ ਇਹ ਜਨਮ ਸਾਖੀ; ਗੁਰੂ ਅਮਰਦਾਸ ਜੀ ਦੇ ਸਮੇਂ ਦੌਰਾਨ ਲਿਖੀ ਮੰਨੀ ਜਾ ਰਹੀ ਹੈ ਜਦਕਿ ਭਾਈ ਬਾਲੇ ਦਾ ਨਾਮ; ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਸੇਵਕਾਂ ਦੀ ਕਿਸੇ ਵੀ ਸੂਚੀ ’ਚ ਸ਼ਾਮਲ ਨਹੀਂ ਹੈ। ਇਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਦੱਸੀ ਜਾ ਰਹੀ ਭਾਈ ਬਾਲੇ ਵਾਲੀ ਸਾਖੀ; ਸਭ ਤੋਂ ਪੁਰਾਤਾਨ ਸਾਖੀ ਨਹੀਂ ਬਲਕਿ ਕਈਆਂ ਤੋਂ ਪਿੱਛੋਂ ਲਿਖੀ ਸਾਬਤ ਹੁੰਦੀ ਹੈ। ਉਕਤ ਸਾਰੇ ਵਿਦਵਾਨਾਂ ਦੀ ਰਾਇ ਅਨੁਸਾਰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼; ਕੱਤਕ ਦੀ ਬਜਾਏ ਵੈਸਾਖ ਮਹੀਨੇ ’ਚ ਮੰਨਿਆ ਜਾਣਾ, ਵਧੇਰੇ ਸਹੀ ਜਾਪਦਾ ਹੈ। ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ 27ਵੀਂ ਪਉੜੀ ਵੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ੧ ਵੈਸਾਖ ਹੋਣ ਵੱਲ ਸੰਕੇਤ ਕਰਦੀ ਹੈ; ਜਿਵੇਂ ਕਿ

ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ।

ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪੇ ਅੰਧੇਰੁ ਪਲੋਆ ।

ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ; ਨ ਧੀਰਿ ਧਰੋਆ।

ਜਿਥੇ ਬਾਬਾ ਪੈਰ ਧਰੇ; ਪੂਜਾ ਆਸਣੁ ਥਾਪਣਿ ਸੋਆ।

ਸਿਧ ਆਸਣਿ ਸਭਿ ਜਗਤ ਦੇ, ਨਾਨਕ ਆਦਿ ਮਤੇ ਜੇ ਕੋਆ।

ਘਰਿ ਘਰਿ ਅੰਦਰਿ ਧਰਮਸਾਲ; ਹੋਵੈ ਕੀਰਤਨੁ ਸਦਾ ਵਿਸੋਆ

ਬਾਬੇ ਤਾਰੇ ਚਾਰਿ ਚਕਿ; ਨਉ ਖੰਡਿ ਪ੍ਰਿਥਮੀ ਸਚਾ ਢੋਆ। ਗੁਰਮੁਖਿ ਕਲਿ ਵਿੱਚ ਪ੍ਰਗਟੁ ਹੋਆ ।੨੭।

ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰ ਸ਼ਬਦ ਰਤਨਾਕਰ (ਮਹਾਨ ਕੋਸ਼) ’ਚ ‘ਵਸੋਆ’ ਦਾ ਅਰਥ ਵੈਸਾਖ ਮਹੀਨੇ ਦੀ ਸੰਕਰਾਂਤੀ ਅਰਥਾਤ ੧ ਵੈਸਾਖ, ਕਰਦੇ ਹਨ। ਇਸ ਪਉੜੀ ਤੋਂ ਅਗਲੀਆਂ 4 ਪਉੜੀਆਂ ਨੰ: 28 ਤੋਂ 31 ’ਚ ਸੁਮੇਰ ਪ੍ਰਬਤ’ ਤੇ ਸਿੱਧਾਂ ਨਾਲ ਗੋਸਟਿ ਦਾ ਵਰਣਨ ਹੈ, ਪਉੜੀ ਨੰਬਰ 32 ਤੋਂ 37 ਤੱਕ (6 ਪਉੜੀਆਂ ’ਚ) ਮੱਕਾ ਮਦੀਨਾ ਅਤੇ ਬਗਦਾਦ ਵਿਖੇ ਕਾਜ਼ੀਆਂ, ਮੁਲਾਂ ਮੁਲਾਣਿਆਂ ਨਾਲ ਹੋਏ ਪ੍ਰਸ਼ਨ ਉੱਤਰਾਂ ਦਾ ਵੇਰਵਾ ਹੈ ਅਤੇ ਪਉੜੀ 38 ’ਚ ਮੱਕਾ ਮਦੀਨਾ ਦੀ ਉਦਾਸੀ ਤੋਂ ਵਾਪਸ ਕਰਤਾਰਪੁਰ ਵਿਖੇ ਆ ਕੇ ਉਦਾਸੀ ਭੇਖ ਉਤਾਰ ਕੇ ਸੰਸਾਰੀ ਕੱਪੜੇ ਪਹਿਨਣ ਅਤੇ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦਾ ਵਾਰਸ ਥਾਪਣ ਦਾ ਜ਼ਿਕਰ ਹੈ। ਪਉੜੀ ਨੰਬਰ 39 ਤੋਂ 44 ਤੱਕ (6 ਪਉੜੀਆਂ ’ਚ) ਅਚੱਲ ਵਟਾਲੇ ਵਿਖੇ ਸ਼ਿਵਰਾਤਰੀ ਦੇ ਮੇਲੇ ’ਤੇ ਸਿੱਧਾਂ ਨਾਲ ਹੋਈ ਦੂਸਰੀ ਗੋਸਟਿ ਦਾ ਬ੍ਰਿਤਾਂਤ ਪੇਸ਼ ਕੀਤਾ ਹੈ। ਅਚੱਲ ਵਟਾਲੇ ਦੀ ਸੰਖੇਪ ਫੇਰੀ ਉਪਰੰਤ ਫਿਰ ਵਾਪਸ ਕਰਤਾਰਪੁਰ ਆਉਣ ਅਤੇ ਗੁਰੂ ਅੰਗਦ ਸਾਹਿਬ ਜੀ ਨੂੰ ਗੁਰਗੱਦੀ ਸੌਂਪਣ ਦਾ ਜ਼ਿਕਰ ਪਉੜੀ ਨੰ: 45 ਵਿੱਚ ਹੈ। ਸੋ ਪਉੜੀ ਨੰ: 27 ਤੋਂ 45 ਤੱਕ ਗੁਰੂ ਨਾਨਕ ਸਾਹਿਬ ਜੀ ਨਾਲ ਜੁੜੀਆਂ ਮਹੱਤਵ ਪੂਰਨ ਘਟਨਾਵਾਂ ਦਾ ਸੰਖੇਪ ਇਤਿਹਾਸ ਦਰਜ ਹੋਣਾ, ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਪਉੜੀ ਨੰਬਰ 27 ਉਨ੍ਹਾਂ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ’ਚ ਹੀ ਹੈ, ਜੋ ਕਿ ੧ ਵੈਸਾਖ ਵੱਲ ਸੰਕੇਤ ਕਰਦੀ ਹੈ।

ਵਿਸਾਖ ਮਹੀਨੇ ਨਾਲ਼ ਸੰਬੰਧਿਤ ਕੁੱਝ ਵੇਰਵੇ ਇਸ ਤਰ੍ਹਾਂ ਹਨ ‘ਗੁਰੂ ਨਾਨਕ ਸਾਹਿਬ ਜੀ ਤੋਂ ਇਲਾਵਾ ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ੫ ਵੈਸਾਖ ਬਿਕ੍ਰਮੀ ਸੰਮਤ ੧੫੬੧, ਨਾਨਕਸ਼ਾਹੀ ਸੰਮਤ ੩੬ ਨੂੰ ਹੋਇਆ ਅਤੇ ੩ ਵੈਸਾਖ ਬਿਕ੍ਰਮੀ ਸੰਮਤ ੧੬੦੯, ਨਾਨਕਸ਼ਾਹੀ ਸੰਮਤ ੮੪ ਨੂੰ ਆਪ ਜੋਤੀ ਜੋਤ ਸਮਾ ਗਏ। ਇਸੇ ਦਿਨ ੩ ਵੈਸਾਖ ਨੂੰ ਗੁਰੂ ਅਮਰਦਾਸ ਜੀ ਗੁਰਗੱਦੀ ’ਤੇ ਬਿਰਾਜਮਾਨ ਹੋਏ।  ੧੯ ਵੈਸਾਖ ਬਿਕ੍ਰਮੀ ਸੰਮਤ ੧੬੨੦, ਨਾਨਕਸ਼ਾਹੀ ਸੰਮਤ ੯੫ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ੩ ਵੈਸਾਖ ਬਿਕ੍ਰਮੀ ਸੰਮਤ ੧੭੨੧ ਨੂੰ ਜੋਤੀ ਸਮਾਏ।  ੫ ਵੈਸਾਖ ਬਿਕ੍ਰਮੀ ਸੰਮਤ ੧੬੭੮ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਅਤੇ 3 ਵੈਸਾਖ ਬਿਕ੍ਰਮੀ ਸੰਮਤ ੧੭੨੧; ਨਾਨਕਸ਼ਾਹੀ ਸੰਮਤ ੧੯੬ ਨੂੰ ਗੁਰਗੱਦੀ ’ਤੇ ਬਿਰਾਜਮਾਨ ਹੋਏ’। ਇਸ ਤਰ੍ਹਾਂ ੧ ਵੈਸਾਖ ਤੋਂ ੧੯ ਵੈਸਾਖ ਦੇ ਥੋੜ੍ਹੇ ਜਿਹੇ ਸਮੇਂ ’ਚ ਸਿੱਖ ਕੌਮ ਨੂੰ 8 ਗੁਰ ਪੁਰਬ ਮਨਾਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਭਗਤ ਧੰਨਾ ਜੀ ਦਾ ਜਨਮ ਵੀ ੮ ਵੈਸਾਖ ਬਿਕ੍ਰਮੀ ਸੰਮਤ ੧੪੭੩ ਨੂੰ ਹੋਇਆ। ਗੋਇੰਦਵਾਲ ਵਿਖੇ 84 ਪਉੜੀਆਂ ਵਾਲੀ ਬਾਉਲੀ ਸਾਹਿਬ ਦੀ ਉਸਾਰੀ ਵੀ ਬਿਕ੍ਰਮੀ ਸੰਮਤ ੧੬੨੧ ’ਚ ਹੋਈ, ਜਿਸ ਦੇ ਪਵਿੱਤਰ ਖੂਹ ਦਾ ਕੜ੍ਹ, ਜੋ ਕਿ ਬਹੁਤ ਹੀ ਪਥਰੀਲਾ ਅਤੇ ਸਖ਼ਤ ਸੀ, ਵਿਸਾਖੀ ਵਾਲ਼ੇ ਦਿਨ ਹੀ ਟੁੱਟਿਆ ਸੀ। ਇਤਿਹਾਸਕ ਤੌਰ ’ਤੇ ਵੈਸਾਖ ਮਹੀਨੇ ਦੀ ਖ਼ਾਸ ਮਹਾਨਤਾ ਵੇਖਦੇ ਹੋਏ ਹੀ ਸ੍ਰੀ ਗੁਰੂ ਅਮਰਦਾਸ ਜੀ ਨੇ ੧ ਵੈਸਾਖ ਬਿਕ੍ਰਮੀ ਸਮਤ ੧੬੨੪/ ਨਾਨਕਸ਼ਾਹੀ ਸੰਮਤ ੯੯ ਤੋਂ ਗੋਇੰਦਵਾਲ ਵਿਖੇ ਵਿਸਾਖੀ ਦਾ ਮੇਲਾ ਸ਼ੁਰੂ ਕਰਵਾਇਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖਾਲਸਾ ਪ੍ਰਗਟ ਕਰਨ ਲਈ ਇਸੇ ਮਹਾਨਤਾ ਭਰੇ ਦਿਨ ੧ ਵੈਸਾਖ ਦੀ ਹੀ ਚੋਣ ਕੀਤੀ। ਇਸ ਤਰ੍ਹਾਂ ਜਿਸ ਸਿੱਖ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਹੋਣ ਵਾਲੇ ਦਿਨ ੧ ਵੈਸਾਖ, ਨਾਨਕਸ਼ਾਹੀ ਸੰਮਤ ੧ ਨੂੰ ਰੱਖੀ ਗਈ।  10 ਜਾਮਿਆਂ ’ਚ ਪੂਰੇ 230 ਸਾਲ ਦੀ ਅਨਥੱਕ ਘਾਲਣਾ ਘਾਲ ਕੇ ਅਦੁੱਤੀ ਘਾੜਤ ਘੜਨ ਪਿੱਛੋਂ ਉਸ ਦੀ ਸੰਪੂਰਨਤਾ ਵੀ ੧ ਵੈਸਾਖ ਨਾਨਕਸ਼ਾਹੀ ਸੰਮਤ ੨੩੧/ 29 ਮਾਰਚ 1699 ਨੂੰ ਹੋਈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੋਖਾ ਕੌਤਕ ਰਚ ਕੇ ਖੰਡੇ ਬਾਟੇ ਦੀ ਪਾਹੁਲ ਦੁਆਰਾ ਖਾਲਸਾ ਪ੍ਰਗਟ ਕੀਤਾ ‘ਖ਼ਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ॥’, ਇਉਂ ਵੈਸਾਖੀ ਵਾਲੇ ਦਿਨ ਨੂੰ ਖ਼ਾਲਸਾ ਪੰਥ; ਬਹੁਤ ਹੀ ਉਤਸ਼ਾਹ ਨਾਲ ਖ਼ਾਲਸਾ ਸਾਜਣਾ ਦਿਵਸ ਦੇ ਤੌਰ ’ਤੇ ਮਨਾਉਂਦਾ ਆ ਰਿਹਾ ਹੈ, ਜੋ ਬਾਅਦ ਵਿੱਚ ਕੌਮੀ ਤਿਉਹਾਰ ਖ਼ਾਲਸਾ ਪਥ ਦੇ ਸਥਾਪਨਾ ਦਿਵਸ ਵਿੱਚ ਬਦਲ ਗਿਆ। ਬਿਕ੍ਰਮੀ ਸੰਮਤ ੧੮੫੮, ਨਾਨਕਸ਼ਾਹੀ ਸੰਮਤ ੩੩੩ (1801 ਈ:) ਨੂੰ ਲਾਹੌਰ ਦੇ ਸ਼ਾਹੀ ਕਿਲ੍ਹੇ ’ਚ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਵੀ ਵੈਸਾਖੀ ਵਾਲੇ ਦਿਨ ਹੀ ਹੋਈ ਸੀ। ਇਨ੍ਹਾਂ ਸਭਨਾ ਮਹੱਤਵ ਪੂਰਨ ਘਟਨਾਵਾਂ ਨੂੰ ਵੇਖਦੇ ਹੋਏ ਇਹ ਕਹਿਣਾ ਬਣਦਾ ਹੈ ਕਿ ਵੈਸਾਖ ਦਾ ਮਹੀਨਾ ਖ਼ਾਸ ਕਰਕੇ ਵੈਸਾਖੀ ਵਾਲਾ ਦਿਨ; ਸਿੱਖ ਇਤਿਹਾਸ ’ਚ ਬਹੁਤ ਹੀ ਮਹੱਤਵ ਪੂਰਨ ਅਸਥਾਨ ਰੱਖਦਾ ਹੈ।

ਬਿਕ੍ਰਮੀ ਸੰਮਤ ਦਾ ਨਵਾਂ ਸਾਲ ੧ ਵੈਸਾਖ ਤੋਂ ਅਤੇ ਨਾਨਕਸ਼ਾਹੀ ਸੰਮਤ ਦਾ ਨਵਾਂ ਸਾਲ ੧ ਚੇਤ ਤੋਂ ਸ਼ੁਰੂ ਹੁੰਦਾ ਹੈ; ਇਉਂ ਵੈਸਾਖ ਮਹੀਨਾ ਬਿਕ੍ਰਮੀ ਸੰਮਤ ਦਾ ਪਹਿਲਾ ਮਹੀਨਾ ਅਤੇ ਨਾਨਕਸ਼ਾਹੀ ਸੰਮਤ ਦਾ ਦੂਸਰਾ ਮਹੀਨਾ ਹੈ। ਤੁਖਾਰੀ ਰਾਗੁ ਅਤੇ ਮਾਝ ਰਾਗੁ ’ਚ ਦਰਜ ਬਾਰਹ ਮਾਹ ਦੇ ਮਹੀਨਿਆਂ ਦੀ ਤਰਤੀਬ ਮੁਤਾਬਕ; ਵੈਸਾਖ ਦੂਸਰਾ ਮਹੀਨਾ ਬਣਦਾ ਹੈ। ‘ਰੁਤੀ ਸਲੋਕ’ ਬਾਣੀ ’ਚ ਵੀ ਰੁੱਤਾਂ ਦੇ ਹਿਸਾਬ ਨਾਲ਼ ਵੈਸਾਖ; ਬਸੰਤ ਰੁੱਤ ਦਾ ਦੂਸਰਾ ਮਹੀਨਾ ਹੁੰਦਾ ਹੈ, ਜਿਸ ਤੋਂ ਬਾਅਦ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ; ਜਿਵੇਂ ਕਿ ‘‘ਰੁਤਿ ਸਰਸ ਬਸੰਤ ਮਾਹ; ਚੇਤੁ ਵੈਸਾਖ ਸੁਖ ਮਾਸੁ ਜੀਉ (ਰਾਮਕਲੀ ਰੁਤੀ ਮਹਲਾ /੯੨੭),  ਗ੍ਰੀਖਮ ਰੁਤਿ ਅਤਿ ਗਾਖੜੀ; ਜੇਠ ਅਖਾੜੈ ਘਾਮ ਜੀਉ ’’ (ਰਾਮਕਲੀ ਰੁਤੀ ਮਹਲਾ /੯੨੮) ਗੁਰੂ ਨਾਨਕ ਸਾਹਬਿ ਜੀ ਨੇ ਤੁਖਾਰੀ ਰਾਗੁ ’ਚ ਉਚਾਰਨ ਕੀਤੇ ਬਾਰਹ ਮਾਹ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਮਾਝ ਰਾਗੁ ’ਚ ਉਚਾਰਨ ਕੀਤੇ ਬਾਰਹ ਮਾਹ ’ਚ ਵੈਸਾਖ ਮਹੀਨੇ ਦੀ ਰੁੱਤ ਦਾ ਬਾਖ਼ੂਬੀ ਵਰਣਨ ਕਰਦਿਆਂ ਇਸ ਮਹੀਨੇ ਦੀ ਰੁੱਤ ਦਾ ਦ੍ਰਿਸ਼ਟਾਂਤ ਦੇ ਕੇ ਮਨੁੱਖਤਾ ਨੂੰ ਅਧਿਆਤਮਿਕ ਉਪਦੇਸ਼ ਦਿੱਤਾ ਹੈ, ਜਿਸ ਦੀ ਸੰਖੇਪ ਵੀਚਾਰ ਇਉਂ ਹੈ :

ਬਸੰਤ ਰੁੱਤ ਹੋਣ ਕਾਰਨ ਵੈਸਾਖ ਦੇ ਮਹੀਨੇ ’ਚ ਰੁੱਖਾਂ ਦੀਆਂ ਲਗਰਾਂ ਸੱਜ-ਵਿਆਹੀਆਂ ਮੁਟਿਆਰਾਂ ਵਾਂਗ ਕੂਲ਼ੇ-ਕੂਲ਼ੇ ਪੱਤਰਾਂ ਦਾ ਹਾਰ-ਸ਼ਿਗਾਰ ਕਰਦੀਆਂ ਹਨ, ਜੋ ਮਨ ਨੂੰ ਪ੍ਰਭਾਵਤ ਕਰਦੀਆਂ ਹਨ। ਇਨ੍ਹਾਂ ਲਗਰਾਂ ਦਾ ਹਾਰ-ਸ਼ਿਗਾਰ ਵੇਖ ਕੇ ਪਤੀ ਤੋਂ ਦੂਰ ਬੈਠੀ ਨਾਰ ਦੇ ਅਦਰ ਭੀ ਪਤੀ ਨੂੰ ਮਿਲਣ ਲਈ ਉਮੰਗ ਪੈਦਾ ਹੁੰਦੀ ਹੈ ਤੇ ਉਹ ਆਪਣੇ ਘਰ ਦੇ ਬਹੇ ’ਚ ਖਲ੍ਹੋਤੀ ਉਸ ਲਈ ਰਾਹ ਤੱਕਦੀ ਹੈ। ਇਸੇ ਤਰ੍ਹਾਂ ਪ੍ਰਭ-ਪਤੀ ਤੋਂ ਵਿਛੜੀ ਜੀਵ ਇਸਤਰੀ ਨੂੰ ਜਦੋਂ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਪ੍ਰਭੂ ਪਤੀ ਦੇ ਮਿਲਾਪ ਦੀ ਉਡੀਕ ਕਰਦੀ ਹੈ (ਤੇ ਆਖਦੀ ਹੈ ਕਿ ਹੇ ਪ੍ਰਭ-ਪਤੀ !) ਮਿਹਰ ਕਰ ਕੇ (ਮੇਰੇ ਹਿਰਦੇ-ਘਰ ’ਚ) ਆਓ। ਮੈਨੂੰ ਇਸ ਬਿਖਮ ਸਸਾਰ-ਸਮੁਦਰ ’ਚੋਂ ਪਾਰ ਲਘਾ ਦਿਓ। ਤੇਰੇ ਮਿਲਾਪ ਤੋਂ ਬਿਨਾਂ ਮੇਰੀ ਕਦਰ ਅੱਧੀ ਕੌਡੀ ਜਿੰਨੀ ਨਹੀਂ। ਜਿਹੜਾ ਗੁਰ ਤੇਰਾ ਦਰਸ਼ਨ ਆਪ ਕਰਦਿਆਂ ਮੈਨੂੰ ਭੀ ਦਰਸ਼ਨ ਕਰਾ ਦੇਵੇ ਤੇ ਮੈਂ ਤੈਨੂੰ ਚਗੀ ਲੱਗ ਸਕਾਂ ਤਾਂ ਮੇਰੀ ਬਹੁ ਮੁੱਲੀ ਹੋਈ ਜ਼ਿੰਦਗੀ ਦਾ ਮੁੱਲ ਕੌਣ ਪਾ ਸਕਦਾ ਹੈ ? ਕਿਉਂਕਿ ਤਦ ਤੂੰ ਮੈਨੂੰ ਕਿਤੇ ਦਰ ਨਹੀਂ ਜਾਪੇਂਗਾ, ਮੈਨੂੰ ਯਕੀਨ ਹੋ ਜਾਏਗਾ ਕਿ ਤੂੰ ਮੇਰੇ ਅਦਰ ਵੱਸਦਾ ਹੈਂ। ਮੈਨੂੰ ਉਸ ਅਸਲ-ਘਰ ਦੀ ਪਛਾਣ ਹੋ ਜਾਏਗੀ, ਜਿੱਥੇ ਤੇਰਾ ਨਿਵਾਸ ਸਥਾਨ ਹੈ। ਹੇ ਨਾਨਕ ! ਵੈਸਾਖ ’ਚ (ਕੁਦਰਤ-ਰਾਣੀ ਦਾ ਸੁੰਦਰ ਸਿਗਾਰ ਵੇਖ ਕੇ ਉਹ ਜੀਵ-ਇਸਤ੍ਰੀ) ਪ੍ਰਭ-ਪਤੀ ਦਾ ਸ਼ੁਕਰਾਨਾ ਕਰਦੀ ਹੈ ਅਤੇ ਮਿਲਾਪ ਹਾਸਲ ਕਰ ਲੈਂਦੀ ਹੈ ਜਿਸ ਦੀ ਸੁਰਤ; ਗੁਰ ਦੇ ਸ਼ਬਦ ’ਚ ਸਦਾ ਜੁੜੀ ਰਹਿਦੀ ਹੈ। ਜਿਸ ਦਾ ਮਨ (ਰੱਬੀ ਸਿਫ਼ਤ-ਸਾਲਾਹ ’ਚ) ਗਿੱਝ ਜਾਂਦਾ ਹੈ ‘‘ਵੈਸਾਖੁ ਭਲਾ, ਸਾਖਾ ਵੇਸ ਕਰੇ ਧਨ ਦੇਖੈ ਹਰਿ ਦੁਆਰਿ; ਆਵਹੁ ਦਇਆ ਕਰੇ ਘਰਿ ਆਉ ਪਿਆਰੇ, ਦੁਤਰ ਤਾਰੇ; ਤੁਧੁ ਬਿਨੁ, ਅਢੁ ਮੋਲੋ ਕੀਮਤਿ ਕਉਣ ਕਰੇ, ਤੁਧੁ ਭਾਵਾਂ, ਦੇਖਿ ਦਿਖਾਵੈ ਢੋਲੋ ਦੂਰਿ ਜਾਨਾ, ਅੰਤਰਿ ਮਾਨਾ; ਹਰਿ ਕਾ ਮਹਲੁ ਪਛਾਨਾ ਨਾਨਕ  ! ਵੈਸਾਖੀਂ ਪ੍ਰਭੁ ਪਾਵੈ; ਸੁਰਤਿ ਸਬਦਿ ਮਨੁ ਮਾਨਾ ’’ (ਤੁਖਾਰੀ ਬਾਰਹਮਾਹਾ/ਮਹਲਾ /੧੧੦੮)

ਵੈਸਾਖ ਮਹੀਨੇ ਨਾਲ ਸੰਬੰਧਿਤ ਉਚਾਰਨ ਕੀਤੇ ਉਕਤ ਤੁਖਾਰੀ ਰਾਗੁ ਦੇ ਸ਼ਬਦ ਦੀ ਸਿੱਖਿਆ ਵਾਙ ਹੀ ਮਾਝ ਰਾਗ ’ਚ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਸ਼ਬਦ ਹੈ। ਜਿਸ ਰਾਹੀਂ ਕਿਹਾ ਗਿਆ ਹੈ ‘(ਵੈਸਾਖੀ ਵਾਲ਼ਾ ਦਿਨ ਵੈਸੇ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਭਰਿਆ ਦਿਨ ਹੁਦਾ ਹੈ, ਪਰ) ਵੈਸਾਖ ਵਿਚ ਉਨ੍ਹਾਂ ਇਸਤ੍ਰੀਆਂ ਦਾ ਦਿਲ ਕਿਵੇਂ ਟਿਕ ਸਕਦਾ ਹੈ, ਜੋ ਪਤੀ ਤੋਂ ਵਿਛੁੜੀਆਂ ਹੋਈਆਂ ਹਨ। ਜਿਨ੍ਹਾਂ ਦੇ ਅਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ ਤੇ ਮਨ-ਮੋਹਣੀ ਮਾਇਆ ਚਬੜੀ ਹੋਈ ਹੈ ? ਨਾ ਪੁਤ੍ਰ, ਨਾ ਇਸਤ੍ਰੀ, ਨਾ ਧਨ ਭਾਵ ਕੋਈ ਭੀ ਮਨੁੱਖ ਦੇ ਨਾਲ਼ ਸਦਾ ਨਹੀਂ ਨਿਭਦਾ। ਕੈਵਲ ਨਾਸ ਰਹਿਤ ਪਰਮਾਤਮਾ ਹੀ ਅਸਲ ਸਾਥੀ ਹੈ। ਵੈਸੇ ਨਾਸਵਤ ਧਧੇ ਦਾ ਮੋਹ (ਸਾਰੀ ਲੁਕਾਈ ਨੂੰ) ਵਿਆਪ ਰਿਹਾ ਹੈ। (ਮਾਇਆ ਦੇ ਇਸ ਮੋਹ ’ਚ) ਮੁੜ ਮੁੜ ਫਸ ਕੇ ਸਾਰੀ ਲੁਕਾਈ (ਆਤਮਕ ਮੌਤ) ਮਰ ਰਹੀ ਹੈ। ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਹੋਰ ਜਿੰਨੇ ਭੀ ਕਰਮ ਇੱਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਖੋਹ ਲਏ ਜਾਂਦੇ ਹਨ ਭਾਵ ਉੱਚੇ ਆਤਮਕ ਜੀਵਨ ਦਾ ਅਗ ਨਹੀਂ ਬਣਦੇ। ਪਿਆਰ-ਸਰਪ ਪ੍ਰਭ ਨੂੰ ਵਿਸਾਰ ਕੇ ਖ਼ੁਆਰੀ ਹੁਦੀ ਹੈ। ਪਰਮਾਤਮਾ ਤੋਂ ਬਿਨਾਂ ਜਿਦ ਦਾ ਹੋਰ ਕੋਈ ਸਾਥੀ ਨਹੀਂ ਹੈ। ਜਿਹੜੇ ਬਦੇ ਪ੍ਰਭ ਪ੍ਰੀਤਮ ਦੀ ਚਰਨੀਂ ਲੱਗਦੇ ਹਨ, ਉਨ੍ਹਾਂ ਦੀ (ਲੋਕ ਪਰਲੋਕ ’ਚ) ਚੰਗੀ ਸ਼ੋਭਾ ਹੁਦੀ ਹੈ। ਹੇ ਪ੍ਰਭ ! (ਤੇਰੇ ਦਰ ’ਤੇ) ਮੇਰੀ ਬੇਨਤੀ ਹੈ (ਮਿਹਰ ਕਰ) ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ। (ਵੈਸੇ ਰੁੱਤ ਬਦਲਣ ਨਾਲ਼ ਬਨਸਪਤੀ ਭਾਵੇਂ ਸੁਹਾਵਣੀ ਹੋ ਜਾਂਦੀ ਹੈ, ਪਰ) ਜਿਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗਦਾ ਹੈ ਜੇ ਹਰੀ ਸਤ-ਪ੍ਰਭ ਮਿਲ ਪਏ ‘‘ਵੈਸਾਖਿ (’) ਧੀਰਨਿ ਕਿਉ ਵਾਢੀਆ; ਜਿਨਾ ਪ੍ਰੇਮ ਬਿਛੋਹੁ ਹਰਿ ਸਾਜਨੁ ਪੁਰਖੁ ਵਿਸਾਰਿ ਕੈ; ਲਗੀ ਮਾਇਆ ਧੋਹੁ ਪੁਤ੍ਰ ਕਲਤ੍ਰ ਸੰਗਿ ਧਨਾ; ਹਰਿ ਅਵਿਨਾਸੀ ਓਹੁ ਪਲਚਿ ਪਲਚਿ ਸਗਲੀ ਮੁਈ; ਝੂਠੈ ਧੰਧੈ ਮੋਹੁ ਇਕਸੁ ਹਰਿ ਕੇ ਨਾਮ ਬਿਨੁ; ਅਗੈ ਲਈਅਹਿ ਖੋਹਿ (ਖੋਹ) ਦਯੁ ਵਿਸਾਰਿ ਵਿਗੁਚਣਾ; ਪ੍ਰਭ ਬਿਨੁ ਅਵਰੁ ਕੋਇ ਪ੍ਰੀਤਮ ਚਰਣੀ ਜੋ ਲਗੇ; ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ, ਪ੍ਰਭ  ! ਮਿਲਹੁ ਪਰਾਪਤਿ ਹੋਇ ਵੈਸਾਖੁ ਸੁਹਾਵਾ ਤਾਂ ਲਗੈ; ਜਾ ਸੰਤੁ ਭੇਟੈ ਹਰਿ ਸੋਇ ’’ (ਮਾਝ ਬਾਰਹਮਾਹਾ/ਮਹਲਾ /੧੩੪)

ਰਾਮ ਨਾਮ ਬਿਨੁ ਘਰੀਅ ਨ ਜੀਵਉ॥

0

ਰਾਮ ਨਾਮ ਬਿਨੁ ਘਰੀਅ ਨ ਜੀਵਉ॥

ਪ੍ਰਿੰਸੀਪਲ ਹਰਭਜਨ ਸਿੰਘ

ਮਨੁ ਮੇਰੋ ਗਜੁ; ਜਿਹਬਾ ਮੇਰੀ ਕਾਤੀ ॥  ਮਪਿ ਮਪਿ ਕਾਟਉ; ਜਮ ਕੀ ਫਾਸੀ ॥੧॥

ਕਹਾ ਕਰਉ ਜਾਤੀ; ਕਹ ਕਰਉ ਪਾਤੀ ॥  ਰਾਮ ਕੋ ਨਾਮੁ; ਜਪਉ ਦਿਨ ਰਾਤੀ ॥੧॥ ਰਹਾਉ ॥

ਰਾਂਗਨਿ ਰਾਂਗਉ; ਸੀਵਨਿ ਸੀਵਉ ॥  ਰਾਮ ਨਾਮ ਬਿਨੁ; ਘਰੀਅ ਨ ਜੀਵਉ ॥੨॥

ਭਗਤਿ ਕਰਉ; ਹਰਿ ਕੇ ਗੁਨ ਗਾਵਉ ॥  ਆਠ ਪਹਰ; ਅਪਨਾ ਖਸਮੁ ਧਿਆਵਉ ॥੩॥

ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥  ਨਾਮੇ ਕਾ ਚਿਤੁ; ਹਰਿ ਸਉ ਲਾਗਾ ॥੪॥ (ਭਗਤ ਨਾਮਦੇਵ/੪੮੫)

ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਮੁੱਚੀ ਲੋਕਾਈ ਲਈ ਇਕ ਅਦੁੱਤੀ ਚਾਨਣ ਮੁਨਾਰੇ ਦੀ ਨਿਆਈਂ ਹੈ; ਜਿਵੇਂ ਚਾਨਣ ਸਾਰਿਆਂ ਲਈ ਸੁਖਦਾਈ ਹੁੰਦਾ ਹੈ ਅਤੇ ਬਿਨਾਂ ਕਿਸੇ ਵਿਤਕਰੇ ਤੋਂ ਇਕੋ ਜਿਹਾ ਵਰਤਾਰਾ ਸਭ ਨਾਲ ਕਰਦਾ ਹੈ; ਤਿਵੇਂ ਹੀ ‘‘ਗੁਰਬਾਣੀ ਇਸੁ ਜਗ ਮਹਿ ਚਾਨਣੁ .. ॥’’ (ਮਹਲਾ ੩/੬੭) ਦੇ ਮਹਾਂ ਵਾਕ ਅਨੁਸਾਰ ਬਿਨਾਂ ਕਿਸੇ ਜਾਤ-ਪਾਤ, ਭੇਦ ਭਾਵ ਤੋਂ ਹਰੇਕ ਪ੍ਰਾਣੀ ਮਾਤਰ (ਭਾਵੇਂ ਉਹ ਪੁਰਸ਼ ਹੋਵੇ ਜਾਂ ਇਸਤਰੀ) ਨੂੰ ਬਰਾਬਰਤਾ ਦਾ ਗਿਆਨ ਰੂਪੀ ਚਾਨਣ ਦੇ ਕੇ ਉਸ ਨੂੰ ਇਹ ਅਹਿਸਾਸ ਕਰਾਉਂਦੀ ਹੈ ਕਿ ਤੇਰਾ ਸੰਸਾਰ ਵਿੱਚ ਆਉਣ ਦਾ ਮਨੋਰਥ ਕੀ ਹੈ  ‘‘ਭਈ ਪਰਾਪਤਿ ਮਾਨੁਖ ਦੇਹੁਰੀਆ ॥  ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥  ਅਵਰਿ ਕਾਜ; ਤੇਰੈ ਕਿਤੈ ਨ ਕਾਮ ॥  ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ ॥੧॥’’ (ਸੋ ਪੁਰਖੁ/ਮਹਲਾ ੫/੧੨) ਜਾਂ ‘‘ਭਾਈ ਰੇ ! ਰਾਮੁ ਕਹਹੁ ਚਿਤੁ ਲਾਇ ॥  ਹਰਿ ਜਸੁ ਵਖਰੁ ਲੈ ਚਲਹੁ; ਸਹੁ ਦੇਖੈ ਪਤੀਆਇ ॥੧॥ ਰਹਾਉ ॥’’ (ਮਹਲਾ ੧/੨੨) ਦੇ ਮਹਾਂ ਵਾਕਾਂ ਅਨੁਸਾਰ ਬਾਣੀ ਦੇ ਰਚਨਹਾਰ ਗੁਰੂ ਸਹਿਬਾਨ ਅਤੇ ਭਗਤ ਸਹਿਬਾਨ ਨੇ ਦੂਜਿਆਂ ਨੂੰ ਨਾਮ ਜਪਣ ਵਾਲਾ ਉਪਦੇਸ਼ ਦ੍ਰਿੜ੍ਹ ਕਰਵਉਣ ਤੋਂ ਪਹਿਲਾਂ ਆਪ ਵੀ ਦ੍ਰਿੜ੍ਹਤਾ ਨਾਲ ਨਾਮ ਜਪਿਆ। ਗੁਰਬਾਣੀ ਦੀਆਂ ਅਨੇਕਾਂ ਪੰਕਤੀਆਂ ਇਸ ਗੱਲ ਦੀ ਪ੍ਰੋੜ੍ਹਤਾ ਕਰਦੀਆਂ ਹਨ।

ਵੀਚਾਰ ਅਧੀਨ ਪਾਵਨ ਗੁਰਬਾਣੀ ਦੀ ਪੰਕਤੀ ‘‘ਰਾਮ ਨਾਮ ਬਿਨੁ ਘਰੀਅ ਨ ਜੀਵਉ॥’’ ਰਾਹੀਂ ਭਗਤ ਨਾਮਦੇਵ ਜੀ ਇਹੋ ਗੱਲ ਸਮਝਾ ਰਹੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਇਕ ਘੜੀ ਵੀ ਨਹੀਂ ਜੀਅ ਸਕਦਾ। ਵਿਸ਼ੇਸ਼ ਤੌਰ ’ਤੇ ਅਸੀਂ ਭਗਤ ਕਬੀਰ ਜੀ, ਭਗਤ ਰਵਿਦਾਸ ਜੀ ਅਤੇ ਭਗਤ ਨਾਮਦੇਵ ਜੀ ਦੀ ਬਾਣੀ ਨੂੰ ਗਹੁ ਨਾਲ ਵੀਚਾਰ ਸਹਿਤ ਪੜ੍ਹਦੇ ਹਾਂ ਤਾਂ ਸਾਨੂੰ ਚੰਗੀ ਤਰਾਂ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਅਖੌਤੀ ਉੱਚੀ ਜਾਤ ਵਾਲਿਆਂ ਨੇ ਭਗਤਾਂ ਨੂੰ ਨੀਵੀਂ ਜਾਤ ਵਾਲੇ ਕਹਿ ਕੇ ਇਹਨਾਂ ਦਾ ਕੇਵਲ ਨਿਰਾਦਰ ਹੀ ਨਹੀਂ ਕੀਤਾ ਸਗੋਂ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਹੱਕ ਵੀ ਖੋਹਣ ਦਾ ਯਤਨ ਕੀਤਾ, ਪਰ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀ ਹੋਈ ਆਤਮਾ ਭਗਤ ਰਵਿਦਾਸ ਜੀ ਨੇ ਇਹੋ ਜਿਹੇ ਲੋਕਾਂ ਨੂੰ ਬਾਣੀ ਰਾਹੀਂ ਇਸ ਤਰ੍ਹਾਂ ਢੁਕਵਾਂ ਜਵਾਬ ਦਿੱਤਾ ਕਿ ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ ਜੱਦੀ ਮਲਕੀਅਤ ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। ਇਸ ਪ੍ਰੇਮ ਤੋਂ ਬਾਂਝਿਆ ਹੋਇਆ ਸਾਰਾ ਸੰਸਾਰ ਮੋਹ ਦੇ ਪਰਦੇ ਵਿੱਚ ਫਸਿਆ ਪਿਆ ਹੈ ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ। ਆਪ ਜੀ ਦੇ ‘‘ਰਾਮ ਨਾਮ ਬਿਨੁ ਘਰੀਅ ਨ ਜੀਵਉ॥’’ ਵਾਲੇ ਸ਼ਬਦ ਦੀਆਂ ‘ਰਹਾਉ’ ਵਾਲੀਆਂ ਪੰਕਤੀਆਂ ਦੁਆਰਾ ਭਗਤ ਨਾਮਦੇਵ ਜੀ ਸਮਝਾ ਰਹੇ ਹਨ ‘‘ਕਹਾ ਕਰਉ ਜਾਤੀ; ਕਹ ਕਰਉ ਪਾਤੀ ॥  ਰਾਮ ਕੋ ਨਾਮੁ; ਜਪਉ ਦਿਨ ਰਾਤੀ ॥੧॥ ਰਹਾਉ ॥’’ ਭਾਵ ਹੁਣ ਕਿਸੇ ਉੱਚੀ-ਨੀਵੀਂ ਜਾਤ ਗੋਤ ਦੀ ਪਰਵਾਹ ਨਹੀਂ ਰਹੀ ਕਿਉਂਕਿ ਮੈਂ ਦਿਨ ਰਾਤ ਪ੍ਰਮਾਤਮਾ ਦਾ ਨਾਮ ਸਿਮਰਦਾ ਹਾਂ।

ਜਿਸ ਵਸਤੂ ਨਾਲ ਕਿਸੇ ਦਾ ਜਿੰਨਾ ਪਿਆਰ ਹੈ ਉਹ ਓਨਾ ਹੀ ਉਸ ਨੂੰ ਯਾਦ ਕਰੇਗਾ। ਕਿਸੇ ਦਾ ਪਿਆਰ ਆਪਣੀ ਜਾਤ ਪਾਤ ਨਾਲ ਹੈ, ਕਿਸੇ ਦਾ ਪਿਆਰ ਆਪਣੇ ਪਰਵਾਰ ਨਾਲ ਹੈ, ਕਿਸੇ ਦਾ ਪਿਆਰ ਧਨ ਨਾਲ, ਮਹਿਲ ਮਾੜੀਆਂ ਆਦਿਕ ਦੁਨਿਆਵੀ ਪਦਾਰਥਾਂ ਨਾਲ ਹੈ, ਪਰ ਭਗਤਾਂ ਦਾ ਪਿਆਰ ਆਪਣੇ ਪਿਆਰੇ ਨਾਲ ਹੈ। ਇਸੇ ਕਰਕੇ ਗੁਰੂ ਅਮਰਦਾਸ ਜੀ ਨੇ ਭਗਤਾਂ ਦੀ ਚਾਲ ਨੂੰ ਨਿਰਾਲੀ ਕਿਹਾ ਹੈ। ਜਿਹੜੇ ਸੁਭਾਗੇ ਮਨੁੱਖ ਆਤਮਕ ਆਨੰਦ ਮਾਣਦੇ ਹਨ, ਉਹੀ ਭਗਤ ਹਨ ਤੇ ਉਹਨਾਂ ਭਗਤਾਂ ਦੀ ਜੀਵਨ-ਜੁਗਤੀ ਦੁਨੀਆਂ ਦੇ ਲੋਕਾਂ ਨਾਲੋਂ ਸਦਾ ਵੱਖਰੀ ਹੁੰਦੀ ਹੈ, ਇਹ ਪੱਕੀ ਗੱਲ ਹੈ ਕਿ ਉਹਨਾਂ ਭਗਤਾਂ ਦੀ ਜੀਵਨ-ਜੁਗਤੀ ਹੋਰਨਾਂ ਨਾਲੋਂ ਵੱਖਰੀ ਹੁੰਦੀ ਹੈ। ਉਹ, ਬੜਾ ਔਖਾ ਸਮਝੇ ਜਾਣ ਵਾਲ਼ੇ ਰਸਤੇ ਉੱਤੇ ਤੁਰਦੇ ਹਨ, ਉਹ ਲੱਬ ਲੋਭ ਅਹੰਕਾਰ ਤੇ ਮਾਇਆ ਦੀ ਤ੍ਰਿਸ਼ਨਾ ਤਿਆਗਦੇ ਹਨ ਤੇ ਬਹੁਤਾ ਨਹੀਂ ਬੋਲਦੇ ਭਾਵ ਆਪਣੀ ਸ਼ੋਭਾ ਨਹੀਂ ਕਰਦੇ ਫਿਰਦੇ। ਇਸ ਰਸਤੇ ਉੱਤੇ ਤੁਰਨਾ ਬੜੀ ਔਖੀ ਖੇਡ ਹੈ ਕਿਉਂਕਿ ਇਹ ਰਸਤਾ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਤੇ ਵਾਲ ਨਾਲੋਂ ਪਤਲਾ ਹੈ। ਇਸ ਉੱਤੋਂ ਡਿੱਗਣ ਦੀ ਸੰਭਾਵਨਾ ਹਰ ਵੇਲੇ ਬਣੀ ਰਹਿੰਦੀ ਹੈ ਕਿਉਂਕਿ ਦੁਨੀਆਵੀ ਵਾਸ਼ਨਾ; ਮਨ ਦੀ ਅਡੋਲਤਾ ਨੂੰ ਧੱਕਾ ਦੇਂਦੀ ਹੈ ਪਰ ਜਿਨਾਂ ਨੇ ਗੁਰੂ ਦੀ ਕਿਰਪਾ ਨਾਲ ਆਪਾ-ਭਾਵ ਛੱਡ ਦਿੱਤਾ, ਉਹਨਾਂ ਦੀ ਮਾਇਕ ਵਾਸ਼ਨਾ ਹਰੀ-ਪ੍ਰਭੂ ਦੀ ਯਾਦ ਵਿੱਚ ਅਲੋਪ ਜਾਂਦੀ ਹੈ। ਗੁਰ ਵਾਕ ਹੈ ‘‘ਭਗਤਾ ਕੀ ਚਾਲ ਨਿਰਾਲੀ ॥  ਚਾਲਾ ਨਿਰਾਲੀ ਭਗਤਾਹ ਕੇਰੀ; ਬਿਖਮ ਮਾਰਗਿ ਚਲਣਾ ॥  ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ ॥  ਖੰਨਿਅਹੁ ਤਿਖੀ ਵਾਲਹੁ ਨਿਕੀ; ਏਤੁ ਮਾਰਗਿ ਜਾਣਾ ॥  ਗੁਰ ਪਰਸਾਦੀ ਜਿਨੀ ਆਪੁ ਤਜਿਆ; ਹਰਿ ਵਾਸਨਾ ਸਮਾਣੀ ॥  ਕਹੈ ਨਾਨਕੁ ਚਾਲ ਭਗਤਾ; ਜੁਗਹੁ ਜੁਗੁ ਨਿਰਾਲੀ ॥੧੪॥’’ (ਅਨੰਦ/ਮਹਲਾ ੩/੯੧੯)

ਜਿਤਨੀ ਦੇਰ ਤੱਕ ਕੋਈ ਵੀ ਮਨੁੱਖ ਆਪਣੇ ਮਨ ਦੀਆਂ ਵਾਸ਼ਨਾਵਾਂ ਅਤੇ ਲੱਬ-ਲੋਭ, ਅਹੰਕਾਰ, ਤ੍ਰਿਸ਼ਨਾ ਆਦਿ ਵਿਕਾਰਾਂ ਉੱਤੇ ਕਾਬੂ ਨਹੀਂ ਪਾਉਂਦਾ, ਉਤਨੀ ਦੇਰ ਤੱਕ ਰਾਮ ਦੇ ਨਾਮ ਨਾਲ ਪ੍ਰੀਤ ਨਹੀਂ ਬਣ ਸਕਦੀ ਕਿਉਂਕਿ ਇਹ ਵਾਸ਼ਨਾਵਾਂ ਆਤਮਕ ਮੌਤ ਦਾ ਕਾਰਨ ਬਣਦੀਆਂ ਹਨ। ਮਨੁੱਖ ਇਹਨਾਂ ਦੇ ਹੱਥੋਂ ਆਤਮਕ ਮੌਤ ਉਸ ਵੇਲੇ ਮਰਦਾ ਹੈ ਜਦੋਂ ਇਸ ਦਾ ਇਹਨਾਂ ’ਤੇ ਕਾਬੂ ਨਹੀਂ ਰਹਿੰਦਾ। ਇਸੇ ਲਈ ਗੁਰਬਾਣੀ ਨੇ ਇਹੋ ਜਿਹੇ ਮਨੁੱਖਾਂ ਨੂੰ ਸਾਕਤ ਕਹਿ ਕੇ ਉਹਨਾਂ ਦਾ ਜੀਵਨ ਸਾਡੇ ਸਾਹਮਣੇ ਪੇਸ਼ ਕੀਤਾ ਹੈ ‘‘ਸਾਕਤ ਮਰਹਿ; ਸੰਤ ਸਭਿ ਜੀਵਹਿ ॥  ਰਾਮ ਰਸਾਇਨੁ; ਰਸਨਾ ਪੀਵਹਿ ॥’’ (ਭਗਤ ਕਬੀਰ/੩੨੬) ਜਾਂ ‘‘ਸੋ ਜੀਵਿਆ; ਜਿਸੁ ਮਨਿ ਵਸਿਆ ਸੋਇ ॥  ਨਾਨਕ  ! ਅਵਰੁ ਨ ਜੀਵੈ ਕੋਇ ॥  ਜੇ ਜੀਵੈ; ਪਤਿ ਲਥੀ ਜਾਇ ॥  ਸਭੁ ਹਰਾਮੁ; ਜੇਤਾ ਕਿਛੁ ਖਾਇ ॥’’ (ਮਹਲਾ ੧/੧੪੨)

ਭਗਤ ਨਾਮਦੇਵ ਜੀ ਆਪਣੇ ਸ਼ਬਦ ਦੇ ਤੀਸਰੇ ਬੰਦ ਵਿੱਚ ਫ਼ੁਰਮਾਉਂਦੇ ਹਨ ਕਿ ‘‘ਭਗਤਿ ਕਰਉ; ਹਰਿ ਕੇ ਗੁਨ ਗਾਵਉ ॥  ਆਠ ਪਹਰ; ਅਪਨਾ ਖਸਮੁ ਧਿਆਵਉ ॥੩॥’’ ਭਾਵ ਰੱਬ ਦੀ ਭਗਤੀ ਕਰਦਾ ਹਾਂ। ਅੱਠੇ ਪਹਿਰ ਹਰੀ ਦੇ ਗੁਣ ਗਾਉਂਦਾ ਹਾਂ, ਆਪਣੇ ਮਾਲਕ ਨੂੰ ਹਰ ਦਮ ਯਾਦ ਕਰਦਾ ਹਾਂ। ਅੱਠੇ ਪਹਿਰ ਓਹੀ ਮਾਲਕ ਨੂੰ ਯਾਦ ਰੱਖੇਗਾ ਜਿਸ ਦੇ ਧਿਆਨ ਵਿੱਚ ਬਹਿੰਦਿਆਂ ਉਠਦਿਆਂ ਆਪਣੇ ਪ੍ਰਭੂ-ਪਤੀ ਦੀ ਯਾਦ ਵਸੀ ਹੋਵੇਗੀ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਬਚਨ ਕਰਦੇ ਹਨ ‘‘ਊਠਤ ਬੈਠਤ ਸੋਵਤ ਧਿਆਈਐ ॥ ਮਾਰਗਿ (’ਚ) ਚਲਤ; ਹਰੇ ਹਰਿ ਗਾਈਐ ॥’’ (ਮਹਲਾ ੫/੩੮੬)

ਜੀਵਨ ਦੇ ਦੋ ਪੱਖ ਹਨ, ਇਕ ਸੰਸਾਰਕ ਅਤੇ ਦੂਜਾ ਧਾਰਮਿਕ। ਪ੍ਰਭੂ ਦੇ ਪਿਆਰੇ ਇਹਨਾਂ ਦੋਨਾਂ ਪੱਖਾਂ ਨੂੰ ਬਰਾਬਰ ਲੈ ਕੇ ਚੱਲਦੇ ਹਨ। ਸੰਸਾਰ ਵਿੱਚ ਰਹਿਣਾ ਹੈ ਤਾਂ ਸੰਸਾਰ ਵਾਲੀ ਕਿਰਤ ਵੀ ਕਰਨੀ ਪਵੇਗੀ, ਪਰ ਕਿਰਤ ਦੇ ਨਾਲ ਸੰਸਾਰ ਦੇ ਕਰਤੇ ਦੀ ਕੀਰਤੀ ਵੀ ਕਰਨੀ ਪਵੇਗੀ। ਗੁਰਮਤਿ ਦੇ ਪ੍ਰਕਾਸ਼ ਤੋਂ ਪਹਿਲਾਂ ਸੰਸਾਰ ਅਤੇ ਨਿਰੰਕਾਰ ਨੂੰ ਵੱਖ-ਵੱਖ ਕਰਕੇ ਜਾਣਿਆ ਜਾਂਦਾ ਰਿਹਾ, ਇਸ ਕਰਕੇ ਸੰਸਾਰੀ; ਨਿਰੰਕਾਰ ਨਾਲ ਨਾ ਜੁੜ ਸਕਿਆ ਅਤੇ ਨਿਰੰਕਾਰੀ; ਸੰਸਾਰ ਨਾਲੋਂ ਆਪਣਾ ਨਾਤਾ ਤੋੜ ਬੈਠਾ। ਗੁਰਮਤਿ ਦਾ ਇਹ ਸਿਧਾਂਤ ‘‘ਏਹੁ ਵਿਸੁ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ ॥’’ (ਅਨੰਦ/ਮਹਲਾ ੩/੯੨੨) ਸਾਨੂੰ ਇਹ ਸੋਝੀ ਬਖ਼ਸ਼ਦਾ ਹੈ ਕਿ ਸੰਸਾਰ ਵਿੱਚ ਰਹਿ ਕੇ ਧਰਮ ਦੀ ਕਿਰਤ ਅਤੇ ਕੀਰਤੀ ਕਰਦਿਆਂ ਹੋਇਆਂ ਆਪਣਾ ਜੀਵਣ ਬਤੀਤ ਕਰਨਾ ਹੈ। ਭਗਤ ਨਾਮਦੇਵ ਜੀ ਦੀ ਵੀਚਾਰ ਅਧੀਨ ਪੰਕਤੀ ਤੋਂ ਇਹ ਕਹਿਣਾ ‘‘ਰਾਂਗਨਿ ਰਾਂਗਉ ਸੀਵਨਿ ਸੀਵਉ ॥’’ (ਭਾਵ ਇਸ ਸਰੀਰ ਮਿੱਟੀ ਵਿੱਚ ਮੈਂ ਆਪਣੇ ਆਪ ਨੂੰ ਨਾਮ ਨਾਲ ਰੰਗ ਰਿਹਾ ਹਾਂ ਤੇ ਪ੍ਰਭੂ ਦੇ ਨਾਮ ਦੀ ਸੀਊਣ ਸੀਊਂ ਰਿਹਾ ਹਾਂ) ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਮਨੁੱਖ, ਜੋ ਵੀ ਕਿਰਤ ਕਰਦਾ ਹੈ; ਓਸੇ ਕਿਰਤ ਵਿੱਚੋਂ ਹੀ ਸਿੱਖਿਆ ਲੈ ਕੇ ਕਰਤੇ ਨਾਲ ਜੁੜ ਸਕਦਾ ਹੈ। ਭਗਤ ਨਾਮਦੇਵ ਜੀ ਦਾ ਰਾਮ ਦੇ ਨਾਮ ਤੋਂ ਬਿਨਾਂ ਇੱਕ ਘੜੀ ਵੀ ਨਾ ਜਿਊਣ ਦਾ ਮਤਲਬ ਇਹ ਨਹੀਂ ਕਿ ਮਨੁੱਖ ਆਪਣੀ ਕਿਰਤ ਛੱਡ ਕੇ ਵਿਹਲੜ ਰਹਿ ਕੇ ਹੱਥ ਵਿੱਚ ਮਾਲਾ ਫੜ ਕੇ ਕਿਸੇ ਇਕਾਂਤ ਥਾਂ ਬੈਠ ਕੇ ਹੀ ਪ੍ਰਮਾਤਮਾ ਦੀ ਭਗਤੀ ਕਰੇ। ਐਸਾ ਕਰਨਾ, ਗਿਆਨ ਵਿਹੂਣਿਆ ਦਾ ਕੰਮ ਹੈ। ਭਗਤ ਕਬੀਰ ਜੀ ਨੇ ਆਪਣੇ ਸਲੋਕਾਂ ਰਾਹੀਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੇ ਆਪਸੀ ਸੰਵਾਦ ਨੂੰ ਸਾਡੇ ਤੱਕ ਇਸੇ ਲਈ ਪਹੁੰਚਾਇਆ ਤਾਂ ਕਿ ਅਸੀਂ ਕਿਸੇ ਪਾਖੰਡ ਦੇ ਸ਼ਿਕਾਰ ਨਾ ਬਣ ਸਕੀਏ। ਸਲੋਕ ਨੰਬਰ 212 ਅਤੇ 213 ਰਾਹੀਂ ਭਗਤ ਜੀ ਫ਼ੁਰਮਾ ਰਹੇ ਹਨ ‘‘ਨਾਮਾ ਮਾਇਆ ਮੋਹਿਆ; ਕਹੈ ਤਿਲੋਚਨੁ ਮੀਤ ॥  ਕਾਹੇ ਛੀਪਹੁ ਛਾਇਲੈ ? ਰਾਮ ਨ ਲਾਵਹੁ ਚੀਤੁ ॥੨੧੨॥, ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ॥੨੧੩॥ (ਭਗਤ ਕਬੀਰ/੧੩੭੬) ਭਗਤ ਤ੍ਰਿਲੋਚਨ ਜੀ ਆਖਦੇ ਹਨ ਹੇ ਮਿਤ੍ਰ ! ਤੂੰ ਤਾਂ ਮਾਇਆ ਵਿੱਚ ਫਸਿਆ ਜਾਪਦਾ ਹੈ। ਇਹ ਰਜ਼ਾਈਆਂ ਦੇ ਅੰਬਰ ਕਿਉਂ ਠੇਕ (ਛਾਪ) ਰਿਹਾ ਹੈ ? ਪਰਮਾਤਮਾ ਦੇ ਚਰਨਾ ਨਾਲ ਕਿਉਂ ਚਿੱਤ ਨਹੀਂ ਜੋੜਦਾ  ?

ਭਗਤ ਨਾਮਦੇਵ ਜੀ ਅਗੋਂ ਜਵਾਬ ਦੇਂਦੇ ਹਨ ‘ਹੇ ਤ੍ਰਿਲੋਚਨ ! ਮੂੰਹ ਨਾਲ ਪਰਮਾਤਮਾ ਦਾ ਨਾਮ ਲੈ। ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ ਅਤੇ ਆਪਣਾ ਚਿੱਤ ਪਰਮਾਤਮਾ ਨਾਲ ਜੋੜ।’

ਜਿਸ ਰਾਮ ਨਾਮ ਤੋਂ ਬਿਨਾਂ ਇੱਕ ਘੜੀ ਨ ਜੀਊਣਾ ਭਗਤ ਜੀ ਲਈ ਅੱਤ ਕਠਿਨ ਹੈ, ਉਹ ਰਾਮ ਕੇਵਲ ਕਿਸੇ ਇਕ ਮਜ਼੍ਹਬ ਨੂੰ ਮੰਨਣ ਵਾਲੇ ਦੇ ਧਾਰਮਿਕ ਸਥਾਨ ਵਿੱਚ ਕੈਦ ਨਹੀਂ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦਾ ਨਾਮ ਨਹੀਂ ਸਗੋਂ ਉਸ ਰਾਮ ਸੰਬੰਧੀ ਭਗਤ ਜੀ ਦੇ ਆਪਣੇ ਹੀ ਬਚਨ ਹਨ ‘‘ਸਭੈ ਘਟ; ਰਾਮੁ ਬੋਲੈ ਰਾਮਾ ਬੋਲੈ ॥  ਰਾਮ ਬਿਨਾ; ਕੋ ਬੋਲੈ ਰੇ ! ॥੧॥ ਰਹਾਉ ॥’’ (ਭਗਤ ਨਾਮਦੇਵ/੯੮੮)

ਭਗਤ ਨਾਮਦੇਵ ਜੀ ਆਪਣੀ ਪ੍ਰੀਤ ਦਾ ਪ੍ਰਗਟਾਵਾ ਵੀਚਾਰ ਅਧੀਨ ਪੰਕਤੀ ਵਾਲੇ ਸ਼ਬਦ ਦੇ ਅਖੀਰਲੇ ਪਦੇ ਦੁਆਰਾ ਇਸ ਤਰ੍ਹਾਂ ਵੀ ਕੀਤਾ ਹੈ ‘‘ਸੁਇਨੇ ਕੀ ਸੂਈ; ਰੁਪੇ ਕਾ ਧਾਗਾ ॥  ਨਾਮੇ ਕਾ ਚਿਤੁ; ਹਰਿ ਸਉ ਲਾਗਾ ॥੪॥’’ ਮੈਨੂੰ ਗੁਰੂ ਦਾ ਸ਼ਬਦ ਰੂਪ ਸੋਨੇ ਦੀ ਸੂਈ ਮਿਲ ਗਈ ਹੈ, ਉਸ ਦੀ ਬਰਕਤ ਨਾਲ ਮੇਰੀ ਸੁਰਤ ਨਿਰਮਲ ਹੋ ਗਈ ਹੈ, ਇਹ ਮਾਨੋ ਮੇਰੇ ਪਾਸ ਚਾਂਦੀ ਦਾ ਧਾਗਾ ਹੈ। ਇਹ ਸੂਈ ਅਤੇ ਧਾਗੇ ਨਾਲ ਮੇਰਾ ਮਨ ਪ੍ਰਭੂ ਨਾਲ ਸੀਤਾ ਗਿਆ ਹੈ। ਭਗਤ ਨਾਮਦੇਵ ਜੀ ਵਰਗੀ ਪਰਮਾਤਮਾ ਨਾਲ ਪ੍ਰੀਤ ਕੇਵਲ ਗੱਲੀਂ ਬਾਤੀਂ ਨਹੀਂ ਹੋ ਸਕਦੀ, ਇਸ ਲਈ ਤਾਂ ਗੁਰਮਤਿ ਅਨੁਸਾਰ ਗੁਰਬਾਣੀ-ਨਾਮ ਅਭਿਆਸ ਦੀ ਜ਼ਰੂਰਤ ਹੈ ਤਾਂ ਹੀ ਅਸੀਂ ਭਗਤ ਨਾਮਦੇਵ ਜੀ ਵਾਂਗ ਪ੍ਰਭੂ ਦੇ ਪਿਆਰ ਵਿੱਚ ਭਿੱਜ ਕੇ ਸੱਚੇ ਦਿਲੋਂ ਇਸ ਤਰ੍ਹਾਂ ਕਹਿ ਸਕਦੇ ਹਾਂ ‘‘ਰਾਂਗਨਿ ਰਾਂਗਉ; ਸੀਵਨਿ ਸੀਵਉ ॥  ਰਾਮ ਨਾਮ ਬਿਨੁ; ਘਰੀਅ ਨ ਜੀਵਉ ॥੨॥’’

ਪ੍ਰਚਾਰਕ

0

ਪ੍ਰਚਾਰਕ

ਗਿਆਨ ਸੰਤ ਸਿੰਘ ਮਸਕੀਨ

ਚਾਰ ਦੇ ਅਰਥ ਹਨ-ਵਿਦਵਾਨ, ਉੱਤਮ ਆਚਾਰ ਵਾਲਾ । ਦਲੀਲ, ਉਕਤੀਆਂ ਯੁਕਤੀਆਂ ਨੂੰ ਸਮਝਣ ਵਾਲਾ।

ਪਰਚਾਰਕ-ਪਰ ਨੂੰ, ਦੂਜੇ ਨੂੰ ਵਿਦਿਆ ਗਿਆਨ ਆਚਰਨ ਸਿਖਾਉਣ ਵਾਲਾ, ਜੋ ਦੂਜੇ ਨੂੰ ਮਾਰਗ ਦੱਸੇ, ਉਹ ਪ੍ਰਚਾਰਕ ਹੈ । ਕਿਸੇ ਵਸਤੂ ਗੁਣ ਕਲਾ-ਨੀਤੀ ਧਰਮ ਨੂੰ ਦੂਰ ਦੂਰ ਤਕ ਫੈਲਾਉਣਾ ਹੋਵੇ, ਪ੍ਰਚਾਰ ਦੀ ਲੋੜ ਪੈਂਦੀ ਹੈ । ਪ੍ਰਚਾਰ ਦਾ ਆਮ ਹਿਰਦਿਆਂ ’ਤੇ ਤਾਂ ਅਸਰ ਪੈਂਦਾ ਹੀ ਹੈ, ਪਰ ਗੁਣੀ-ਜਨ ਅਤੇ ਬੜੇ ਬੜੇ ਤਾਂਤਰਿਕ ਲੋਗ ਵੀ ਪ੍ਰਚਾਰ ਦੇ ਅਸਰ ਤੋਂ ਆਪਣੇ ਆਪ ਨੂੰ ਬਚਾ ਨਹੀਂ ਮੁਕਦੇ । ਇਹ ਤਾਂ ਆਮ ਦੁਨੀਆਂਦਾਰਾਂ ਨੂੰ ਵੀ ਪਤਾ ਚੱਲ ਗਿਆ ਹੈ ਕਿ ਜਿਸ ਵਸਤੂ ਦਾ ਜਿਤਨਾ ਜ਼ਿਆਦਾ ਪ੍ਰਚਾਰ ਕਰੀਏ-ਉਸ ਦਾ ਉਤਨਾ ਹੀ ਜ਼ਿਆਦਾ ਅਸਰ ਪੈਂਦਾ ਹੈ ਤੇ ਉਸ ਵਸਤੂ ਦੀ ਵਿਕਰੀ ਜ਼ਿਆਦਾ ਹੁੰਦੀ ਹੈ। ਅੱਜ ਤਾਂ ਪ੍ਰਚਾਰ ਤੋਂ ਬਿਨਾਂ ਕਿਸੇ ਵਸਤੂ ਨੂੰ ਬਾਜ਼ਾਰ ਵਿਚ ਵੇਚਣਾ ਔਖਾ ਹੈ । ਰਾਜਨੀਤਕ ਲੋਗ ਆਪਣੇ ਹੱਕ ਵਿਚ ਪ੍ਰਚਾਰ ਕਰਕੇ ਜਨਤਾ ਪਾਸੋਂ ਵੋਟ ਹਾਸਲ ਕਰਨ ਵਿਚ ਸਫਲ ਹੋ ਜਾਂਦੇ ਹਨ। ਸਿੰਘਾਸਣ ’ਤੇ ਬੈਠੇ ਰਾਜੇ ਜਨਤਾ ਨੂੰ ਆਪਣੇ ਹੱਥ ਵਿਚ ਰੱਖਣ ਲਈ ਤਰ੍ਹਾਂ ਤਰ੍ਹਾਂ ਦੇ ਪ੍ਰਚਾਰ ਦੇ ਸਾਧਨਾਂ ਤੋਂ ਕੰਮ ਲੈਂਦੇ ਹਨ । ਸੁਚੱਜੇ ਪ੍ਰਚਾਰ ਦੇ ਆਸਰੇ ਉੱਤੇ ਨਿਕੰਮੀ ਵਸਤੂ ਵੀ ਬਾਜ਼ਾਰ ਵਿਚ ਵਿਕ ਜਾਂਦੀ ਹੈ ਤੇ ਬੇਈਮਾਨ ਝੂਠਾ ਰਾਜਨੀਤਕ ਵੀ ਸੱਤਾ ਹਾਸਲ ਕਰਨ ਵਿਚ ਸਫਲ ਹੋ ਜਾਂਦਾ ਹੈ । ਇਸ ਤਰ੍ਹਾਂ ਦੇ ਵੱਡੇ ਪੱਧਰ ’ਤੇ ਪ੍ਰਚਾਰ ਦੇ ਆਸਰੇ ਉੱਤੇ ਜਨਤਾ ਦਾ ਤਾਂ ਜੀਵਨ ਉੱਚਾ ਨਹੀਂ ਉਠਦਾ-ਪਰ ਰਾਜਨੀਤਕ ਨੂੰ ਉੱਚਾ ਸਿੰਘਾਸਣ ਮਿਲ ਜਾਂਦਾ ਹੈ।

ਮਨੁੱਖੀ ਸਭਿਅਤਾ ਦੇ ਆਦਿ ਕਾਲ ਤੋਂ ਇਹ ਸਮਝ ਬਣ ਗਈ ਸੀ ਕਿ ਪ੍ਰਚਾਰ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਤਾਂ ਸੰਤ ਭਗਤ ਗੁਰੂ-ਜਨਾਂ ਨੇ ਧਰਮ ਪ੍ਰਚਾਰ ਦਾ ਬੇੜਾ ਚੁੱਕਿਆ ਤਾਂ ਕਿ ਲੋਕਾਂ ਨੂੰ ਧਰਮੀ ਬਣਾਇਆ ਜਾ ਸਕੇ।

ਬੜੇ ਬੜੇ ਅਵਤਾਰੀ ਪੁਰਸ਼ ਆਪ ਪ੍ਰਚਾਰ ਕਰਦੇ ਰਹੇ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਪ੍ਰਚਾਰ ਦੀ ਸੇਵਾ ਵਿਚ ਲਾਇਆ । ਮਹਾਤਮਾ ਬੁੱਧ ਆਪ ਪ੍ਰਚਾਰ ਕਰਦੇ ਰਹੇ ਤੇ ਉਹਨਾਂ ਦੇ ਸਾਥੀ ਵੀ ਪ੍ਰਚਾਰ ਕਰਦੇ ਰਹੇ-ਨਤੀਜਾ ਇਹ ਨਿਕਲਿਆ ਕਿ ਅੱਧਾ ਹਿੰਦੁਸਤਾਨ ਬੋਧੀ ਹੋ ਗਿਆ-ਬਾਅਦ ਵਿਚ ਸ਼ੰਕਰਾਚਾਰੀਆਂ ਨੇ ਆਪਣੇ ਪ੍ਰਚਾਰ ਦੇ ਆਸਰੇ ਬੁੱਧ ਧਰਮ ਦੇ ਪੈਰ ਭਾਰਤ ਵਿਚ ਉਖਾੜ ਦਿੱਤੇ। ਈਸਾਈਅਤ ਤੇ ਇਸਲਾਮ-ਪ੍ਰਚਾਰ ਕਰ ਕੇ ਵਧਿਆ ਫੁਲਿਆ ਹੈ।

ਜ਼ਮੀਨ ਉੱਤੇ ਜਿਤਨਾ ਵੱਡਾ ਭਰਮਣ ਗੁਰੂ ਨਾਨਕ ਦੇਵ ਜੀ ਦਾ ਹੈ, ਹੋਰ ਕਿਸੇ ਅਵਤਾਰੀ ਪੁਰਸ਼ ਨੇ ਪ੍ਰਚਾਰ ਹਿਤ ਇਤਨਾ ਭਰਮਣ ਨਹੀਂ ਕੀਤਾ। ਤੀਜੇ ਪਾਤਿਸ਼ਾਹ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਹਿਤ 22 ਮੰਜੀਆਂ ਸਥਾਪਿਤ ਕੀਤੀਆਂ । ਇਹ ਪ੍ਰਥਾ ਕਰਮਵਾਰ ਚਲਦੀ ਰਹੀ । ਗੁਰੂ ਘਰ ਵਿਚ ਉਘੇ ਵਿਦਵਾਨ ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਕਵੀ ਉਘੇ ਪ੍ਰਚਾਰਕ ਸਨ। ਬਾਅਦ ਵਿਚ ਲੰਬੇ ਸਮੇਂ ਤੱਕ ਉਦਾਸੀ ਤੇ ਨਿਰਮਲੇ ਗੁਰਸਿੱਖੀ ਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ।

ਦੇਸ਼ ਦੀ ਵੰਡ ਤੋਂ ਬਾਅਦ ਗੁਰਸਿੱਖੀ ਪ੍ਰਚਾਰ ਵਿਚ ਮੂਲ ਰੂਪ ਵਿਚ ਕਮੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਇਹ ਕਦਮ ਕਿੱਥੇ ਰੁਕਣਗੇ-ਕੁਛ ਕਹਿਣਾ ਔਖਾ ਹੈ । ਭਾਵੇਂ ਸਾਡਾ ਧਰਮ ਤੇ ਨੀਤੀ ਇਕੋ ਹੈ ਲੇਕਿਨ ਸਾਡਾ ਧਰਮ ਪ੍ਰਚਾਰ ਵੀ ਰਾਜਨੀਤੀ ਦਾ ਪ੍ਰਚਾਰ ਹੋ ਗਿਆ ਹੈ । ਸਾਡੀ ਗੁਰਮਤਿ ਪ੍ਰਚਾਰ ਸ਼ਰੇਣੀ ਦੋ ਹਿੱਸਿਆਂ ਵਿਚ ਤਕਸੀਮ ਕੀਤੀ ਜਾ ਸਕਦੀ ਹੈ-ਪਹਿਲੀ ਸ਼ਰੇਣੀ ਗ੍ਰੰਥੀ, ਰਾਗੀ, ਕਥਾ ਵਾਚਕ, ਢਾਡੀ, ਕਵੀ, ਲਿਖਾਰੀ ਇਤਿਆਦਿਕ ਤੇ ਦੂਜੀ ਸ਼ਰੇਣੀ ਪ੍ਰਬੰਧਕਾਂ ਦੀ ਹੈ । ਇਨ੍ਹਾਂ ਦੋਹਾਂ ਪ੍ਰਚਾਰ ਦੇ ਪਹਿਲੂਆਂ ’ਤੇ ਵੀਚਾਰ ਕਰਨੀ ਅੱਜ ਦੀ ਵੱਡੀ ਲੋੜ ਹੈ।

ਉਪਦੇਸ਼ਕ ਸ਼ਰੇਣੀ ਲਈ ਇਕੋ ਹੀ ਸਿਧਾਂਤਕ ਨੁਕਤਾ ਅਪਣਾਉਣ ਦੀ ਲੋੜ ਹੈ ਕਿ ਜੋ ਉਹ ਕਹਿੰਦਾ ਹੈ-ਉਹ ਆਪ ਹੋਵੇ ਔਰ ਆਪ ਉਸ ਕਹਿਣੀ ਦੀ ਮੂਰਤੀ ਹੋਵੇ-ਤਾਂ ਕਿ ਉਸ ਦਾ ਕਹਿਆ ਹੋਇਆ ਪ੍ਰਤੱਖ ਰੂਪ ਵਿਚ ਲੋਕੀ ਉਸ ਦੇ ਜੀਵਨ ਵਿਚੋਂ ਵੇਖ ਸਕਣ। ਐਸਾ ਨ ਹੋਵੇ ਕਿ ‘‘ਮੁਖ ਤੇ ਪੜਤਾ ਟੀਕਾ ਸਹਿਤ   ਹਿਰਦੈ ਰਾਮੁ ਨਹੀ ਪੂਰਨ ਰਹਤ   ਉਪਦੇਸੁ ਕਰੇ ਕਰਿ; ਲੋਕ ਦ੍ਰਿੜਾਵੈ   ਅਪਨਾ ਕਹਿਆ; ਆਪਿ ਕਮਾਵੈ ’’ (ਮਹਲਾ , ਪੰਨਾ ੮੮੭)

ਉਹ ਪਹਿਲੇ ਆਪਣੇ ਕਹੇ ਹੋਏ ਨਾਲ ਆਪਣੇ ਮਨ ਨੂੰ ਰਾਜ਼ੀ ਕਰੇ; ਜਿਵੇਂ ਕਿ ਗੁਰਬਾਣੀ ਦੇ ਬਚਨ ਹਨ ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ’’ (ਮਹਲਾ , ਪੰਨਾ ੩੮੧) ਕਹਿਣੀ ਦੇ ਸੂਰਮੇ ਹੋਣ ਨਾਲ ਕਥਨੀ ਦਾ ਵੀ ਸੂਰਮਾ ਹੋਵੇ। ਕਹਿਣੀ ਤੇ ਕਰਨੀ ਦਾ ਆਪਸ ਵਿਚ ਤਾਲ-ਮੇਲ ਹੋਵੇ ਤਾਂ ਉਸ ਦਾ ਅਸਰ ਸਮੂਹ ਜਗਤ ’ਤੇ ਪਵੇਗਾ ‘‘ਜਿਸ ਕੈ ਅੰਤਰਿ ਬਸੈ ਨਿਰੰਕਾਰੁ   ਤਿਸ ਕੀ ਸੀਖ; ਤਰੈ ਸੰਸਾਰੁ ’’ (ਸੁਖਮਨੀ, ਮਹਲਾ , ਪੰਨਾ ੨੬੯), ਗੱਲਾਂ ਨਾਲ ਆਸਮਾਨ ਨਹੀਂ ਢਾਉਣਾ-ਬਲਕਿ ਆਪਣੀ ਕਰਨੀ ਤੇ ਕਥਨੀ ਨਾਲ ਜ਼ਮੀਰ ਨੂੰ ਉੱਚਾ ਕਰਨਾ ਹੈ ‘‘ਹਰਿ ਜਸੁ ਸੁਨਹਿ ਹਰਿ ਗੁਨ ਗਾਵਹਿ   ਬਾਤਨ ਹੀ ਅਸਮਾਨੁ ਗਿਰਾਵਹਿ ’’ (ਭਗਤ ਕਬੀਰ, ਪੰਨਾ ੩੩੨)

ਕਰਨੀਹੀਣ ਪੁਰਸ਼ ਗੁਫ਼ਤਾਰ (ਗੱਲ ਕਰਨ) ਦੇ ਬਹੁਤ ਵੱਡੇ ਗ਼ਾਜ਼ੀ (ਵਕਤਾ) ਬਣ ਜਾਂਦੇ ਹਨ ਭਾਵੇਂ ਕਿ ਕਿਰਦਾਰ ਵੱਲੋਂ ਬਿਲਕੁਲ ਨਿਪੁੰਸਕ ਹੁੰਦੇ ਹਨ ਤੇ ਐਸੇ ਲੋਕਾਂ ਦਾ ਕੀਤਾ ਹੋਇਆ ਪ੍ਰਚਾਰ ਧੂੰਏਂਧਾਰ-ਤਕਰੀਰ ਧੂੰਏਂ ਦੀ ਤਰ੍ਹਾਂ ਉੱਡ ਜਾਂਦਾ ਹੈ। ਇਕਬਾਲ ਨੇ ਇਸ ਤਰ੍ਹਾਂ ਦੇ ਪ੍ਰਚਾਰਕਾਂ ਨੂੰ ਜਗਤ ਲਈ ਹਾਨੀਕਾਰਕ ਦੱਸਿਆ ਹੈ ‘ਮਸਜਿਦ ਤੋਂ ਬਨਾ ਲੀ, ਸ਼ਬ ਭਰ ਈਮਾਂ ਕੀ ਹਰਾਰਤ ਵਾਲੋਂ ਨੇ, ਮਨੁ ਅਪਨਾ ਪੁਰਾਣਾ ਪਾਪੀ ਹੈ ਬਰਸੋਂ ਸੇ ਨਿਮਾਜ਼ੀ ਬਨੁ ਨ ਸਕਾ।’ ਇਕਬਾਲ ਬੜਾ ਉਪਦੇਸ਼ਕ ਹੈ, ਮਨ ਬਾਤੋਂ ਸੇ ਮੋਹ ਲੇਤਾ ਹੈ, ਗੁਫ਼ਤਾਰ ਕਾ ਯੇ ਗ਼ਾਜ਼ੀ ਤੋਂ ਬਨਾ, ਉਪਕਾਰ (ਨੇਕੀ) ਕਾ ਗ਼ਾਜ਼ੀ ਬਨ ਨ ਸਕਾ।

ਈਸ਼ਵਰ ਦੀ ਗੱਲ ਆਖਣ ਵਾਲੇ ਦਾ ਈਸ਼ਵਰ ’ਤੇ ਹੀ ਭਰੋਸਾ ਹੋਵੇ। ਸ਼ੀਲ ਸੰਜਮ ਦਾ ਪ੍ਰਚਾਰ ਕਰਨ ਵਾਲਾ ਬੇ-ਸੰਜਮੀ ਨ ਹੋਵੇ। ਨਿਰਭੈ ਅਕਾਲ ਪੁਰਖ ਦੀ ਗੱਲ ਆਖਣ ਵਾਲਾ ਖ਼ੁਦ ਭੈ-ਭੀਤ ਨ ਹੋਵੇ, ਨਿਝੱਰ ਹੋ ਕੇ ਸੱਚ ਨੂੰ ਦ੍ਰਿੜ੍ਹਾਵੇ।

ਪ੍ਰਚਾਰਕ ਲਈ ਇਹ ਤਿੰਨ ਖ਼ੂਬੀਆਂ ਤਾਂ ਲਾਜ਼ਮੀ ਹਨ : (1) ਸ਼ਬਦ ਪ੍ਰਮਾਣ, (2) ਉਕਤੀ ਦਲੀਲ, (3) ਅਨਭਉ ।

ਸ਼ਬਦ-ਪ੍ਰਮਾਣ ਤੋਂ ਬਿਨਾਂ ਗੱਲ ਵਜ਼ਨਦਾਰ ਨਹੀਂ ਹੁੰਦੀ। ਜੋ ਕਹਿ ਰਿਹਾ ਹੈ ਉਸ ਸੰਬੰਧ ਵਿਚ ਉਸ ਕੋਲ ਪੂਰਾ ਅਨਭਉ ਹੋਵੇ। ਇਨ੍ਹਾ ਤਿੰਨਾ ਵਿੱਚੋਂ ਜਿਹੜਾ ਪੱਖ ਵੀ ਕਮਜ਼ੋਰ ਹੋਵੇਗਾ, ਪ੍ਰਚਾਰ ਪੂਰਾ ਕੰਮ ਨਹੀਂ ਕਰੇਗਾ। ਸਮਾਂ ਤੇ ਸ਼ਕਤੀ ਅਜਾਈਂ ਜਾਵੇਗੀ ।

ਜਿਸ ਕੋਲ ਆਤਮ-ਅਨਭਉ ਹੈ ਅਤੇ ਅਨਭਉ ਪੇਸ਼ ਕਰਨ ਵਾਸਤੇ ਸ਼ਬਦ-ਪ੍ਰਮਾਣ ਤੇ ਦਲੀਲਾਂ ਹਨ-ਉਹ ਪ੍ਰਚਾਰਕ ਧੰਨਤਾ ਯੋਗ ਹੈ । ਉਸ ਦੇ ਚਰਨਾਂ ਦੀ ਖ਼ਾਕ ਵੀ ਮਹਾਨ ਹੈ ‘‘ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ’’ (ਮਹਲਾ , ਪੰਨਾ ੩੦੬)

ਪ੍ਰਚਾਰਕ ਸ਼ਰੇਣੀ ਵਿਚ ਗੁਰੂ ਘਰ ਅੰਦਰ ਸੰਤ-ਜਨ ਵੀ ਆ ਜਾਂਦੇ ਹਨ । ਕੁਛ ਸੰਤਾਂ ਨੇ ਆਪਣੇ ਜੀਵਨ ਦੀ ਛਾਪ ਅਮਿੱਟ ਪਾਈ ਹੈ। ਕੁਝ ਇਕ ਨੂੰ ਛੱਡ ਕੇ ਬਹੁਤੇ ਸੰਤ ਸ਼ਰੇਣੀ ਨੇ ਆਪਣੇ ਹੀ ਪੰਥ ਚਲਾਏ ਹਨ ਤੇ ਇਨ੍ਹਾਂ ਵਿਚ ਬਹੁਤਿਆਂ ਨੇ ਤਾਂ ਸ੍ਰੀ ਅਕਾਲ ਤਖ਼ਤ ਦੀ ਮਰਯਾਦਾ ਦੇ ਉਲਟ ਮਰਯਾਦਾ ਵੀ ਬਣਾਈਆਂ ਹੋਈਆਂ ਹਨ-ਜਿਸ ਨਾਲ ਸਾਡੀ ਧਾਰਮਿਕ ਏਕਤਾ ਖ਼ਤਰੇ ਵਿਚ ਪੈ ਗਈ ਹੈ।

ਐਸੇ ਥੋੜ੍ਹੇ ਸੰਤ ਹਨ ਤੇ ਹੋਏ ਹਨ, ਜੋ ਗੁਰੂ, ਗੁਰਬਾਣੀ ਨੂੰ ਮੁਖ ਰੱਖ ਕੇ ਪ੍ਰਚਾਰ ਕਰਦੇ ਹੋਣ ਤੇ ਕੌਮੀ ਏਕਤਾ ਨੂੰ ਹਰ ਯਤਨ ਨਾਲ ਬਣਾ ਕੇ ਰੱਖਦੇ ਹੋਣ।

ਦੂਜੀ ਸ਼ਰੇਣੀ ਪ੍ਰਬੰਧਕਾਂ ਦੀ ਹੈ-ਜਿਨ੍ਹਾਂ ਦੀ ਮੂਲ ਜ਼ਿੰਮੇਵਾਰੀ ਤਾਂ ਇਤਨੀ ਹੈ ਕਿ ਉਹ ਗੁਰਦੁਆਰਿਆਂ ਦਾ ਇੰਤਜ਼ਾਮ ਚੰਗੀ ਤਰ੍ਹਾਂ ਸੰਭਾਲਣ ਤੇ ਗੁਰਦੁਆਰੇ ਦੀਆਂ ਰੋਜ਼ ਦੀਆਂ ਲੋੜਾਂ, ਪ੍ਰਚਾਰ ਹਿਤ ਸਮੱਗਰੀ ਜੁਟਾਵਨ । ਗੁਰੂ ਕੀ ਗੋਲਕ ਤੇ ਗੁਰਦੁਆਰੇ ਦੀ ਜਾਇਦਾਦ ਦਾ ਗ਼ਲਤ ਇਸਤੇਮਾਲ ਨ ਹੋਵੇ । ਮੁਸਾਫ਼ਰਾਂ ਦੀ ਰਿਹਾਇਸ਼ ਲੰਗਰ ਦਾ ਬੰਦੋਬਸਤ ਠੀਕ ਢੰਗ ਨਾਲ ਚਲੇ।

ਰਾਗੀ, ਪ੍ਰਚਾਰਕ, ਗ੍ਰੰਥੀ ਸਿੰਘ ਬਹੁਤ ਥੋੜ੍ਹੇ ਹਨ, ਜੋ ਕਹਿਣੀ ਤੇ ਕਰਨੀ ਦੇ ਸੂਰੇ ਹੋਵਨ । ਇਸ ਤਰ੍ਹਾਂ ਪ੍ਰਬੰਧਕ ਸ਼ਰੇਣੀ ਵਿਚ ਵੀ ਨਾਮ-ਮਾਤ੍ਰ ਹਨ, ਜੋ ਆਪਣੀ ਜ਼ਿੰਮੇਵਾਰੀ ਪੂਰਨ ਤੌਰ ’ਤੇ ਨਿਭਾਉਂਦੇ ਹੋਵਨ। ਜਿੱਥੇ ਪ੍ਰਚਾਰਕ ਸ਼ਰੇਣੀ ਵਿਚ ਲੋਭ ਪ੍ਰਧਾਨ ਹੈ, ਉੱਥੇ ਪ੍ਰਬੰਧਕ ਸ਼ਰੇਣੀ ਵਿਚ ਹੰਕਾਰ ਪ੍ਰਧਾਨ ਹੈ। ਇਹ ਗੁਰਮਤਿ ਪ੍ਰਚਾਰ ਲਈ ਹਾਨੀਕਾਰਕ ਹਨ। ਇਹ ਤਾਂ ਠੀਕ ਹੈ ਕਿ ਸਾਡੀ ਧਰਮ ਤੇ ਰਾਜਨੀਤੀ ਇਕ ਹੈ-ਪਰ ਬਹੁਤ ਪ੍ਰਬੰਧਕਾਂ ਕੋਲ ਤਾਂ ਰਾਜਨੀਤੀ ਹੀ ਦਿਖਾਈ ਦੇਂਦੀ ਹੈ। ਧਰਮ ਤਾਂ ਨਾਮ-ਮਾਤਰ ਵਾਸਤੇ ਵੀ ਨਹੀਂ ਹੈ। ਗੁਰਦੁਆਰੇ ਨੂੰ ਪਾਰਲੀਮੈਂਟ ਤਕ ਪੁੱਜਣ ਦਾ ਵਸੀਲਾ ਬਣਾਉਣਾ, ਗੁਰਦੁਆਰੇ ਦੇ ਧਨ ਦਾ ਦੁਰਪ੍ਰਯੋਗ ਕਰਨਾ; ਆਮ ਘਟਨਾਵਾਂ ਹਨ। ਰਹਿਤ ਵਿਚ ਨਿਪੁੰਨ ਨਾ ਹੋਣਾ ਤੇ ਲੰਬੇ ਸਮੇਂ ਤੱਕ ਪ੍ਰਧਾਨਗੀ ਦੀ ਭੁੱਖ ਰੱਖਣਾ। ਮਹੀਨਿਆਂ ਬਾਅਦ ਕਦੀ ਗੁਰਦੁਆਰੇ ਮੱਥਾ ਟੇਕਣ ਆਵਨਾ-ਇਹ ਰੋਜ਼ ਘਟਿਤ ਹੋ ਰਿਹਾ ਹੈ। ਪ੍ਰਧਾਨ ਪਦ ਸਭ ਤੋਂ ਵੱਡਾ ਹੈ ਤੇ ਸਭ ਤੋਂ ਵੱਡੇ ਤਾਂ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ।

ਪ੍ਰਧਾਨ ਤਾਂ ਸਤਿਗੁਰੂ ਹੈ, ਉਸੇ ਦੀ ਤਾਬਿਆ ਕੋਈ ਪੰਜ ਪਿਆਰੇ ਤਾਂ ਹੋ ਸਕਦੇ ਹਨ-ਪ੍ਰਧਾਨ ਨਹੀਂ। ਲਿਹਾਜ਼ਾ ਭਵਿਖ ਵਿਚ ਪੰਜ ਪਿਆਰਿਆਂ ਦੀ ਚੋਣ ਹੋ ਸਕੇ ਤਾਂ ਸਿੱਖੀ ਲਈ ਲਾਹੇਵੰਦ ਹੋਵੇਗਾ। ਪੰਜਾਂ ਵਿੱਚੋਂ ਇਕ ਨੂੰ ਜਥੇਦਾਰ ਬਣਾਇਆ ਜਾਵੇ ਤਾਂ ਪ੍ਰਧਾਨ ਪਦ ਦੀ ਹਉਮੈ ਤੋਂ ਬਚਿਆ ਜਾ ਸਕੇਗਾ ਤੇ ਇਸ ਪਦ ਦੀ ਪਕੜ ਤੋਂ ਵੀ ਬਚਾਉ ਹੋਵੇਗਾ ।

ਧਰਮ ਪ੍ਰਚਾਰ ਤੇ ਰਾਜਨੀਤੀ ਵਿਚ ਚੰਗੇ ਮਨੁੱਖ ਨੂੰ ਇਮਦਾਦ (ਮਦਦ) ਦੇਣ ਤਾਂ ਜੋ ਉਹ ਅੱਗੇ ਵਧ ਕੇ ਧਰਮ ਪ੍ਰਚਾਰ ਤੇ ਕੌਮ ਦੀ ਰਾਜਨੀਤਕ ਦਸ਼ਾ ਸੁਧਾਰ ਸਕੇ, ਪਰ ਜੇ ਪ੍ਰਬੰਧਕ ਆਪ ਹੀ ਰਾਜਨੀਤਕ ਸੱਤਾ ਹਥਿਆਨ ਵਿਚ ਜੁਟਿਆ ਹੋਵੇ ਤਾਂ ਉਸ ਕੋਲ ਗੁਰਦੁਆਰੇ ਦੀ ਦੇਖ-ਰੇਖ ਤੇ ਪ੍ਰਚਾਰ ਦੀ ਇਮਦਾਦ ਕਰਨ ਲਈ ਸਮਾਂ ਹੀ ਕਿੱਥੇ ਹੋਏਗਾ, ਫਿਰ ਗੁਰੂ ਦੀ ਗੋਲਕ ਦਾ ਵੀ ਦੁਰਪ੍ਰਯੋਗ ਹੋ ਸਕਦਾ ਹੈ ।

ਫਲ ਨੂੰ ਵੇਖ ਕੇ ਅੰਦਾਜ਼ਾ ਲੱਗ ਜਾਂਦਾ ਹੈ ਕਿ ਕੀ ਬੀਜਿਆ ਸੀ। ਸੋ ਜੋ ਧਾਰਮਿਕ ਤੌਰ ’ਤੇ ਕਮਜ਼ੋਰੀ ਆਈ ਹੈ, ਇਸ ਨੂੰ ਵੇਖ, ਸਾਨੂੰ ਆਪਣਾ ਧਾਰਮਿਕ ਨਿਜਾਮ (ਪ੍ਰਬੰਧ) ਬਦਲਣਾ ਚਾਹੀਦਾ ਹੈ।

ਰਾਜਨੀਤਕ ਲੋਗ, ਜੋ ਕੌਮ ਲਈ ਲਾਭਦਾਇਕ ਹੋਵਨ ਉਹਨਾਂ ਨੂੰ ਪ੍ਰਬੰਧਕ ਸਹਿਯੋਗ ਦੇਣ, ਨਾ ਕਿ ਆਪ ਰਾਜਨੀਤਕ ਬਣਨ ਤੇ ਗੁਰਦੁਆਰੇ ਦੀ ਮਿਲੀ ਸੇਵਾ ਦਾ ਗ਼ਲਤ ਇਸਤੇਮਾਲ ਕਰਨ। ਜਿਸ ਦਿਨ ਦੀ ਇਹ ਸੋਚਣੀ ਬਣੀ ਹੈ ਕਿ ਗੁਰਦੁਆਰੇ ਦਾ ਇਸਤੇਮਾਲ ਕਰ ਕੇ ਜਲਦੀ ਰਾਜਨੀਤਕ ਦੁਨੀਆਂ ਵਿਚ ਉੱਨਤੀ ਕੀਤੀ ਜਾ ਸਕਦੀ ਹੈ, ਉਸ ਦਿਨ ਦਾ ਗੁਰਦੁਆਰਿਆਂ ਦਾ ਮਹੌਲ ਸਿਆਸੀ ਜ਼ਿਆਦਾ ਤੇ ਧਾਰਮਿਕ ਘੱਟ ਹੋ ਗਿਆ ਹੈ-ਇਹ ਧਾਰਮਿਕ ਉੱਨਤੀ ਲਈ ਇਕ ਬਹੁਤ ਵੱਡਾ ਖ਼ਤਰਾ ਹੈ।

ਗੁਰਦੁਆਰੇ ਦੀ ਸੇਵਾ ਤਾਂ ਨਿਰਮਾਣ ਬਣਨ ਲਈ ਸੀ, ਪਰ ਇਸ ਸੇਵਾ ਦੇ ਆਸਰੇ ’ਤੇ ਅਹੰਕਾਰ ਵਧਿਆ ਹੈ ਤੇ ਜੋ ਚੁਣਾਉ ਵਿਚ ਜਿੱਤ ਜਾਂਦੇ ਹਨ, ਉਹ ਆਪਣੇ ਜਲੂਸ ਇਸ ਤਰ੍ਹਾਂ ਕੱਢਦੇ ਹਨ ਜਿਵੇਂ ਕਿ ਪਾਰਲੀਮੈਂਟ ਦਾ ਚੁਣਾਉ ਹੋਵੇ। ਇਸ ਤਰ੍ਹਾਂ ਦੇ ਮਨੁੱਖ ਨੇ ਗੁਰਦੁਆਰਿਆਂ ਦਾ ਮਹੌਲ ਅਪਵਿੱਤ੍ਰ ਕੀਤਾ ਹੈ। ਨਾ ਪੰਜ ਬਾਣੀਆਂ ਦਾ ਪਾਠ, ਨਾ ਹੀ ਪੰਜ ਕਕਾਰ ਦੇ ਧਾਰਨੀ; ਪਰ ਧਰਮ ਅਸਥਾਨਾਂ ਦੇ ਮੁਖੀ ! ! ਇਹ ਧਰਮ ਤੇ ਧਾਰਮਿਕ ਅਸਥਾਨਾਂ ਲਈ ਹਾਨੀਕਾਰਕ ਹੈ। ਮੈਂ ਇਸ ਵੀਚਾਰ ਨਾਲ ਪੂਰਨ ਤੌਰ ’ਤੇ ਸਹਿਮਤ ਹਾਂ ਕਿ ਕੋਈ ਕੌਮ ਰਾਜਨੀਤਕ ਤੌਰ ’ਤੇ ਉੱਨਤ ਹੋਏ ਬਿਨਾਂ ਆਪਣੇ ਪੈਰ ਮਜ਼ਬੂਤੀ ਨਾਲ ਨਹੀਂ ਟਿਕਾ ਸਕੇਗੀ। ਜਿਹੜੇ ਰਾਜਨੀਤਕ ਕੌਮ ਲਈ ਲਾਹੇਵੰਦ ਹੋਵਨ, ਧਾਰਮਿਕ ਲੋਕਾਂ ਤੇ ਧਾਰਮਿਕ ਅਸਥਾਨਾਂ ਰਾਹੀਂ ਉਹਨਾਂ ਨੂੰ ਪ੍ਰਸੰਸਾ ਤੇ ਇਮਦਾਦ ਮਿਲਣੀ ਚਾਹੀਦੀ ਹੈ ਤਾਂ ਕਿ ਰਾਜਨੀਤਕ ਕੌਮ ਦੀ ਬਾਹਰਲੀ ਦਸ਼ਾ ਸੁਧਾਰ ਸਕੇ। ਗੁਰਦੁਆਰਿਆਂ ਅੰਦਰ ਨਿਰੋਲ ਕਥਾ, ਕੀਰਤਨ, ਨਾਮ-ਅਭਿਆਸ ਹੀ ਮੁੱਖ ਰੱਖਣਾ ਚਾਹੀਦਾ ਹੈ ਤਾਂ ਕਿ ਬ੍ਰਹਮਗਿਆਨੀ, ਨਾਮ ਰਸੀਏ ਪੈਦਾ ਹੋਵਨ । ਸੱਚ ਤਾਂ ਇਹ ਹੈ ਕਿ ਨਾਮ-ਰਸੀਏ ਤੋਂ ਬਿਨਾਂ ਤਾਂ ਰਾਜਨੀਤਕ ਉੱਤੇ ਵੀ ਕੀ ਭਰੋਸਾ ਕਰੀਏ  ? ਨਾਮ-ਰਸ ਤਾਂ ਜੀਵਨ ਦੀ ਬੁਨਿਆਦ ਹੈ, ਜੜ੍ਹ ਹੈ ਔਰ ਬੁਨਿਆਦ ਪਹਿਲੇ ਰੱਖੀਦੀ ਹੈ, ਮਹੱਲ ਬਾਅਦ ਵਿਚ ਉਸਾਰੀਦਾ ਹੈ। ਧਰਮ ਦੀ ਬੁਨਿਆਦ ’ਤੇ ਹੀ ਰਾਜਨੀਤੀ ਦਾ ਮਹੱਲ ਖੜ੍ਹਾ ਕਰਨਾ ਚਾਹੀਦਾ ਹੈ। ਜੋ ਪੂਰਨ ਤੌਰ ’ਤੇ ਧਰਮੀ ਨਹੀਂ ਹੈ, ਉਸ ਰਾਜਨੀਤਕ ਦਾ ਕੋਈ ਭਰੋਸਾ ਨਹੀਂ ਹੈ। ਕਿਸੇ ਵਕਤ ਵੀ ਆਪਣੀ ਸੁਆਰਥ- ਸਿਧੀ ਲਈ ਕੌਮ ਨੂੰ ਧੋਖਾ ਦੇ ਜਾਵੇਗਾ ‘ਖ਼ੁਦਾ ਤਰਸ ਬਾਇਦ ਅਮਾਨਤ ਗੁਜ਼ਾਰ।’ ਸ਼ੇਖ ਸਾਅਦੀ ਦਾ ਕਹਿਣਾ ਹੈ ਕਿ ਜਿਸ ਕੋਲ ਕੰਮ ਦੀ, ਧਨ ਦੀ ਜਾਂ ਆਪਣੀ ਪ੍ਰਸਿੱਧੀ ਦੀ ਅਮਾਨਤ (ਇਮਾਨਤ, ਧਰੋਹਰ) ਰੱਖਣੀ ਹੈ, ਉਸ ਦਾ ਖ਼ੁਦਾ-ਤਰਸ (ਧਰਮੀ) ਹੋਣਾ ਅਤੀ ਲਾਜ਼ਮੀ ਹੈ, ਨਹੀਂ ਤਾਂ ਅਮਾਨਤ ਵਿਚ ਖ਼ਿਆਨਤ (ਬੇਈਮਾਨੀ) ਹੋ ਜਾਵੇਗੀ। ਇਕਬਾਲ ਦਾ ਕਹਿਣਾ ਹੈ ਕਿ ਜਿਹੜੀ ਰਾਜਨੀਤੀ ਤੇ ਸੱਤਾ ਵਿਚ ਆਇਆ ਰਾਜਨੀਤਕ ਧਰਮੀ ਨਹੀਂ, ਉਹ ਤਾਂ ਚੰਗੇਜ਼ ਖ਼ਾਨ ਯਾ ਹਲਾਕੂ ਹੋਵੇਗਾ ‘ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋਦੀਂ ਸਿਆਸਤ ਸੇ, ਤੋ ਰਹਿ ਜਾਤੀ ਹੈ ਚੰਗੇਜ਼ੀ।’ (ਚੰਗੇਜ਼ ਖ਼ਾਨ; ਇੱਕ ਮੰਗੋਲੀਆਈ ਹਾਕਮ ਸੀ, ਜਿਸ ਦਾ ਜਨਮ ਸੰਨ 1162 ’ਚ ਤੇ ਮੌਤ 18 ਅਗਸਤ 1227 ਨੂੰ ਹੋਈ। ਇਸ ਨੇ ਆਪਣਾ ਸਾਮਰਾਜ ਵਧਾਉਣ ਲਈ ਕਈ ਯੁੱਧ ਲੜੇ।)

ਸਤਿਗੁਰੂ ਜੀ ਆਪਣੀ ਕਲਾ ਵਰਤਾਉਣ, ਮਿਹਰ ਕਰਨ ਤਾਂ ਕਿ ਪ੍ਰਚਾਰਕਾਂ ਨੂੰ ਕਹਿਣੀ ਦੇ ਨਾਲ-ਨਾਲ ਰਹਿਣੀ ਦੇਣ ਅਤੇ ਪ੍ਰਬੰਧਕਾਂ ਨੂੰ ਧਾਰਮਿਕ ਵਿਸ਼ਵਾਸ ਤੇ ਬਾਣੀ ਦਾ ਰਸ ਬਖ਼ਸ਼ਣ।

ਜੀਵਨ-ਸੰਗਰਾਮ

0

ਜੀਵਨ-ਸੰਗਰਾਮ

ਪ੍ਰੋਫ਼ੈਸਰ ਸਾਹਿਬ ਸਿੰਘ ਜੀ

ਜਦੋਂ ਬਾਬਰ ਨੇ ਸੰਨ 1521 (ਸੰਮਤ ੧੫੭੮) ਵਿਚ ਐਮਨਾਬਾਦ ’ਤੇ ਹਮਲਾ ਕੀਤਾ, ਤਦੋਂ ਸਤਿਗੁਰੂ ਨਾਨਕ ਦੇਵ ਜੀ ਐਮਨਾਬਾਦ ਪਹੁੰਚੇ ਹੋਏ ਸਨ। ਸਤਿਗੁਰੂ ਜੀ ਸੰਨ 1518 (ਸੰਮਤ ੧੫੭੫) ਵਿਚ ਤੀਸਰੀ ਤੇ ਆਖ਼ਰੀ ‘ਉਦਾਸੀ’ ਸਮੇਂ ਮੱਕੇ ਮਦੀਨੇ ਵੱਲ ਗਏ ਸਨ। ਉੱਥੋਂ ਬਗ਼ਦਾਦ ਹੁੰਦੇ ਹੋਏ ਕਾਬਲ, ਹਸਨ-ਅਬਦਾਲ, ਭੋਰੇ, ਡਿੰਗੇ ਦੇ ਰਸਤੇ ਐਮਨਾਬਾਦ ਆਏ ਸਨ। ਬਾਬਰ ਦੀ ਫ਼ੌਜ ਨੇ ਜੋ ਜੋ ਅੱਤਿਆਚਾਰ ਉਸ ਸ਼ਹਿਰ ਦੇ ਵਾਸੀ ਨਰ-ਨਾਰੀਆਂ ਉੱਤੇ ਕੀਤੇ, ਸਤਿਗੁਰੂ ਜੀ ਨੇ ਉਹ ਸਭ ਆਪਣੀ ਅੱਖੀਂ ਵੇਖੇ ਸਨ ਤੇ ਗ਼ਰੀਬ ਜਨਤਾ ਨੂੰ ਇਸ ਤਰ੍ਹਾਂ ਬੇ-ਬਸੀ ਵਿਚ ਕੁੜ੍ਹਦਿਆਂ ਵੇਖ ਕੇ ਹਜ਼ੂਰ ਨੇ ਪਰਮਾਤਮਾ ਦੀ ਦਰਗਾਹ ਵਿਚ ਇਉਂ ਪੁਕਾਰ ਕੀਤੀ ਸੀ ‘‘ਏਤੀ ਮਾਰ ਪਈ ਕਰਲਾਣੇ; ਤੈਂ ਕੀ ਦਰਦੁ ਆਇਆ  ?’’ (ਮਹਲਾ , ਪੰਨਾ ੩੬੦)

ਇਹ ‘ਉਦਾਸੀ’ ਕਰਤਾਰਪੁਰ ਤੋਂ (ਜੋ ਰਾਵੀ ਦੇ ਪਾਰਲੇ ਕੰਢੇ ਅਤੇ ਇਸ ਵੇਲੇ ਪਾਕਿਸਤਾਨ ਵਿਚ ਹੈ) ਸ਼ੁਰੂ ਹੋਈ ਸੀ। ਐਮਨਾਬਾਦ ਦੇ ਮਾਰੋਂ ਬਚ ਕੇ ਕੈਦ ਹੋਏ ਦੁਖੀ ਲੋਕਾਂ ਨੂੰ ਬਾਬਰ ਦੀ ਕੈਦ ਤੋਂ ਛੁਡਾ ਕੇ ਹਜ਼ੂਰ ਸੰਨ 1521 ਵਿਚ ਮੁੜ ਕਰਤਾਰਪੁਰ ਵਾਪਸ ਆ ਗਏ ਤੇ ਜੀਵਨ-ਸਫ਼ਰ ਦੇ ਬਾਕੀ ਅਖ਼ੀਰਲੇ 18 ਸਾਲ ਸਤਿਗੁਰੂ ਜੀ ਨੇ ਇਸੇ ਸੁਭਾਗ ਥਾਂ ਗੁਜ਼ਾਰੇ ਸਨ।

ਜੁੱਧਾਂ-ਜੰਗਾਂ ਸਮੇ ਸੂਰਮਿਆਂ-ਜੋਧਿਆਂ ਦੇ ਕੀਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਦਿਲ-ਉਭਾਰਵੀਂ ਕਵਿਤਾ ਵਿਚ ਲਿਖਣ ਦਾ ਰਿਵਾਜ; ਮਨੁੱਖ-ਇਤਿਹਾਸ ਵਿਚ ਬਹੁਤ ਪੁਰਾਣਾ ਤੁਰਿਆ ਆ ਰਿਹਾ ਹੈ। ਪੰਜਾਬ ਵਿਚ ਇਹਨਾਂ ਕਵਿਤਾਵਾਂ ਨੂੰ ‘ਵਾਰਾਂ’ ਆਖਦੇ ਹਨ। ਐਮਨਾਬਾਦ ਦੇ ਜੰਗ ਪਿਛੋਂ ਕਰਤਾਰਪੁਰ ਪਹੁੰਚ ਕੇ ਸਤਿਗੁਰੂ ਜੀ ਨੇ ਭੀ ਇਕ ‘ਵਾਰ’ ਲਿਖੀ, ਜੋ ਗੁਰੂ ਗ੍ਰੰਥ ਸਾਹਿਬ ਦੇ ਮਲਾਰ ਰਾਗ ਵਿਚ ਦਰਜ ਹੈ। ਇਸ ‘ਵਾਰ’ ਵਿਚ ਹਜ਼ੂਰ ਨੇ ਦੱਸਿਆ ਹੈ ਕਿ ਜਗਤ ਇਕ ਰਣ-ਭੂਮੀ ਹੈ, ਇਕ ਅਖਾੜਾ ਹੈ, ਜੋ ਮਹਾਂ-ਸੂਰਮੇ ਸਿਰਜਣਹਾਰ ਪਰਮਾਤਮਾ ਨੇ ਰਚਿਆ ਹੈ। ਇਸ ਜਗਤ-ਅਖਾੜੇ ਵਿਚ ਉਸ ਦੇ ਭੇਜੇ ਹੋਏ ਜੀਅ-ਜੰਤ ਅਖਾੜੇ ਦੇ ਮੱਲ ਹਨ, ਭਲਵਾਨ ਹਨ। ਛਿੰਝ ਪੈ ਰਹੀ ਹੈ, ਮਾਇਆ ਦੇ ਭਲਵਾਨ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਕਈ ਵਿਰੋਧੀਆਂ ਨਾਲ ਜੀਵਾਂ ਦੇ ਘੋਲ ਹੋ ਰਹੇ ਹਨ। ਜੋ ਜੀਵ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਇਹਨਾਂ ਤੋਂ ਤਕੜੀ ਕੁੱਟ ਖਾਂਦੇ ਹਨ, ਪਰ ਜੋ ਬੰਦੇ ਗੁਰੂ ਦੇ ਦੱਸੇ ਰਾਹ ਤੁਰਦੇ ਹਨ ਉਹ ਗੱਜ-ਵੱਜ ਕੇ ਟਾਕਰਾ ਕਰਦੇ ਹਨ ਤੇ ਇਹਨਾਂ ਵੈਰੀਆਂ ਨੂੰ ਭਾਂਜ ਪਾ ਦੇਂਦੇ ਹਨ। ਆਪ ਫ਼ੁਰਮਾਂਦੇ ਹਨ ‘‘ਆਪੇ ਛਿੰਝ ਪਵਾਇ; ਮਲਾਖਾੜਾ ਰਚਿਆ   ਲਥੇ ਭੜਥੂ ਪਾਇ; ਗੁਰਮੁਖਿ ਮਚਿਆ   ਮਨਮੁਖ ਮਾਰੇ ਪਛਾੜਿ; ਮੂਰਖ ਕਚਿਆ   ਆਪਿ ਭਿੜੈ, ਮਾਰੇ ਆਪਿ; ਆਪਿ ਕਾਰਜੁ ਰਚਿਆ ’’ (ਮਹਲਾ , ਪੰਨਾ ੧੨੮੦)

ਫਿਰ, ਸੁਆਦਲੀ ਗੱਲ ਇਸ ਅਖਾੜੇ ਦੀ ਇਹ ਹੈ ਕਿ ਮਾਇਆ ਦੇ ਕਾਮ ਕ੍ਰੋਧ ਆਦਿਕ ਬਲੀ ਭੀ ਪਰਮਾਤਮਾ ਨੇ ਆਪ ਹੀ ਪੈਦਾ ਕੀਤੇ ਹਨ। ਹਜ਼ੂਰ ਇਸ ‘ਵਾਰ’ ਦੀ ਅਗਲੀ ਹੀ ਪਉੜੀ ਵਿਚ ਲਿਖਦੇ ਹਨ ‘‘ਦੋਵੈ ਤਰਫਾ ਉਪਾਇ; ਇਕੁ ਵਰਤਿਆ   ਬੇਦ ਬਾਣੀ ਵਰਤਾਇ; ਅੰਦਰਿ ਵਾਦੁ ਘਤਿਆ   ਪਰਵਿਰਤਿ ਨਿਰਵਿਰਤਿ ਹਾਠਾ ਦੋਵੈ; ਵਿਚਿ ਧਰਮੁ ਫਿਰੈ ਰੈਬਾਰਿਆ   ਮਨਮੁਖ ਕਚੇ ਕੂੜਿਆਰ; ਤਿਨ੍ਹੀ ਨਿਹਚਉ ਦਰਗਹ ਹਾਰਿਆ ’’ (ਮਹਲਾ , ਪੰਨਾ ੧੨੮੦)

ਇਹ ਜਗਤ ਸਿਰਜਣਹਾਰ ਦੀ ਤਾਂ ਭਾਵੇਂ ਇਕ ਖੇਡ ਹੀ ਹੈ, ਪਰ ਜੀਵਾਂ ਵਾਸਤੇ ਰਣ-ਭੂਮੀ ਹੈ, ਜੰਗ ਦਾ ਮੈਦਾਨ ਹੈ। ਜਿਨ੍ਹਾਂ ਸੁਭਾਗ ਬੰਦਿਆਂ ਨੂੰ ਇਹ ਸੂਝ ਆ ਗਈ ਹੈ, ਉਹਨਾਂ ਲਈ ਜੀਵਨ ਇਕ ਦੌੜ-ਭੱਜ ਹੈ; ਇਕ ਜੁੱਧ ਹੈ। ਜੁੱਧ ਜਿੱਤਣ ਦੀ ਖ਼ੁਸ਼ੀ ਤਾਂ ਜੁੱਧ ਦੇ ਮੁੱਕਣ ’ਤੇ ਹੀ ਹੋ ਸਕਦੀ ਹੈ, ਉਸ ਤੋਂ ਪਹਿਲਾਂ ਵੈਰੀ ਦਾ ਟਾਕਰਾ ਕਰਨ ਲਈ ਔਖਿਆਈਆਂ ਸਹਾਰਨੀਆਂ ਜ਼ਰੂਰੀ ਹਨ। ਭਗਤ ਕਬੀਰ ਜੀ ਨੇ ਜੀਵਨ ਨੂੰ ਇਸ ਸਹੀ ਸਰੂਪ ਵਿਚ ਵੇਖਿਆ ਤੇ ਆਖਣ ਲੱਗੇ ਕਿ ਜਿਨ੍ਹਾਂ ਨੇ ਮਾਇਆ ਅੱਗੇ ਹਥਿਆਰ ਸੁੱਟ ਦਿੱਤੇ, ਉਹ ਤਾਂ ਬੇਫ਼ਿਕਰੀ ਵਿਚ ਉਸ ਦੀ ਰਈਅਤ (ਪ੍ਰਜਾ) ਹੋ ਕੇ ਦਿਨ ਗੁਜ਼ਾਰਨ ਲੱਗ ਪਏ, ਪਰ ਮੈਨੂੰ ਸਮਝ ਆ ਗਈ ਹੈ ਕਿ ਇਸ ਦਾ ਦਾਅ ਨਹੀਂ ਖਾਣਾ। ਸੋ ਮੈਂ ਦਿਨ-ਰਾਤ ਹਰ ਵੇਲੇ ਦੀ ਲੜਾਈ ਸਹੇੜ ਲਈ ਹੈ। ਆਪ ਲਿਖਦੇ ਹਨ ‘‘ਕਬੀਰ  ! ਜਿਨਹੁ ਕਿਛੂ ਜਾਨਿਆ ਨਹੀ; ਤਿਨ ਸੁਖ ਨੀਦ ਬਿਹਾਇ   ਹਮਹੁ ਜੁ ਬੂਝਾ ਬੂਝਨਾ; ਪੂਰੀ ਪਰੀ ਬਲਾਇ ੧੮੧’’ (ਭਗਤ ਕਬੀਰ, ਪੰਨਾ ੧੩੭੪)

ਲਫ਼ਜ਼ ‘ਪੂਰੀ ਪਰੀ ਬਲਾਇ’ ਤੋਂ ਇਹ ਨਾ ਸਮਝ ਲੈਣਾ ਕਿ ਕਬੀਰ ਜੀ ਇਸ ਰਾਹੇ ਤੁਰਨ ਨੂੰ ਪਸੰਦ ਨਹੀਂ ਸਨ ਕਰਦੇ। ਕਬੀਰ ਜੀ ਦਾ ਭਾਵ ਇਹ ਹੈ ਕਿ ਲੋਕ ਤਾਂ ਇਹਨਾਂ ਕਾਮਾਦਿਕਾਂ ਦੀਆਂ ਸੱਟਾਂ ਖਾਂਦੇ ਹੋਏ ਤੇ ਹਾਏ ਹਾਏ ਕਰਦੇ ਹੋਏ ਭੀ ਬੇ-ਪਰਵਾਹ ਬਣ ਰਹੇ ਹਨ, ਪਰ ਮੈਂ ਦਿਨ-ਰਾਤ ਇਹਨਾਂ ਦਾ ਟਾਕਰਾ ਕਰ ਰਿਹਾ ਹਾਂ, ਉਝ ਇਹ ਕੰਮ ਹੈ ਬੜਾ ਹੀ ਔਖਾ। ਅਗਲੇ ਨਾਲ ਦੇ ਹੀ ਦੋ ਸਲੋਕਾਂ ਵਿਚ ਆਖਦੇ ਹਨ ਕਿ ਜਿਸ ਮਨੁੱਖ ਨੂੰ ‘ਦਾਝਨ ਸੰਸੇ’ (ਭਾਵ ਸੜਨ, ਫ਼ਿਕਰ) ਆਦਿਕ ਦੀ ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਪੀੜ ਉਠਦੀ ਹੈ ਤਿਉਂ ਤਿਉਂ ਉਹ ਹੋਰ ਦੁਖੀ ਹੁੰਦਾ ਹੈ, ਪਰ ਫਿਰ ਭੀ ਮਾਇਆ ਦਾ ਖਹਿੜਾ ਨਹੀਂ ਛੱਡਦਾ। ਮੈਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ, ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ-ਸਿਰ ਟਿਕ ਗਿਆ ਹਾਂ, ਮੈਨੂੰ ਇਹ ‘ਦਾਝਨ ਸੰਸਾ’ ਆਦਿਕ ਦੁਖੀ ਨਹੀਂ ਕਰ ਸਕਦੇ। ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖ ਹੀ ਦੇਣ ਵਾਲੀ। ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ, ਬਿਰਹਣੀ ਨਾਰਿ (ਪਤੀ ਤੋਂ ਵਿਛੜੀ ਇਸਤਰੀ) ਵਾਂਗ ਉਸ ਦੇ ਅੰਦਰ ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਜੋ ਭਾਗਾਂ ਵਾਲਾ ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਹੈ ਉਸ ਪੂਜਣ-ਜੋਗ ਮਨੁੱਖ ਦਾ ਮੈਂ ਹਰ ਵੇਲੇ ਦਾਸ ਬਣਨ ਨੂੰ ਤਿਆਰ ਹਾਂ। ਆਪ ਲਿਖਦੇ ਹਨ ‘‘ਕਬੀਰ ਮਾਰੇ ਬਹੁਤੁ ਪੁਕਾਰਿਆ; ਪੀਰ ਪੁਕਾਰੈ ਅਉਰ   ਲਾਗੀ ਚੋਟ ਮਰੰਮ ਕੀ; ਰਹਿਓ ਕਬੀਰਾ ਠਉਰ ੧੮੨, ਕਬੀਰ  ! ਚੋਟ ਸੁਹੇਲੀ ਸੇਲ ਕੀ; ਲਾਗਤ ਲੇਇ ਉਸਾਸ   ਚੋਟ ਸਹਾਰੈ ਸਬਦ ਕੀ; ਤਾਸੁ ਗੁਰੂ, ਮੈ ਦਾਸ ੧੮੩’’ (ਭਗਤ ਕਬੀਰ, ਪੰਨਾ ੧੩੭੪)

ਸੋ, ਇਹ ਜੰਗ ਲੜਨ-ਜੋਗ ਹੀ ਹੈ, ਇਹ ਜੰਗ ਲੜਿਆਂ ਹੀ ਆਤਮਕ ਜੀਵਨ ਬਣਦਾ ਹੈ। ਇਸੇ ਜੀਵਨ-ਸੰਗਰਾਮ ਵਿਚ ਅਗਾਂਹ ਅਗਾਂਹ ਪੈਰ ਰੱਖਣ ਲਈ ਸਤਿਗੁਰੂ ਅਰਜਨ ਸਾਹਿਬ; ਜੀਵ ਨੂੰ ਪ੍ਰੇਰਨਾ ਕਰਦੇ ਹਨ ਤੇ ਆਖਦੇ ਹਨ ਕਿ ਵੇਖੀਂ  ! ਮੋਢਾ ਪਿਛਾਂਹ ਨ ਮੋੜੀਂ, ਬੱਸ  ! ਹੰਭਲਾ ਮਾਰ, ਇਸੇ ਹੀ ਵਾਰੀ ਜੀਵਨ-ਜੁੱਧ ਵਿਚ ਕਾਮਯਾਬ ਹੋ ਜਾਹ, ਤਾਂ ਕਿ ਮੁੜ ਮੁੜ ਆ ਕੇ ਇਹ ਲੜਾਈ ਲੜਨੀ ਨਾ ਪਏ। ਹਜ਼ੂਰ ਫ਼ੁਰਮਾਂਦੇ ਹਨ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਮੁਹਡੜਾ   ਨਾਨਕ  ! ਸਿਝਿ ਇਵੇਹਾ ਵਾਰ; ਬਹੁੜਿ ਹੋਵੀ ਜਨਮੜਾ ’’ (ਮਹਲਾ , ਪੰਨਾ ੧੦੯੬)

ਪਰ ਦੁਨੀਆ ਵਿਚ ਐਸੇ ਬੰਦੇ ਬਹੁਤ ਹੀ ਥੋੜ੍ਹੇ ਹੋਇਆ ਕਰਦੇ ਹਨ, ਜੋ ਜ਼ਿੰਦਗੀ ਦੇ ਘੋਲ ਨੂੰ ਉਸ ਨੁੱਕਰੋਂ ਵੇਖਦੇ ਹਨ, ਜਿਸ ਨੁੱਕਰੋਂ ਕਬੀਰ ਜੀ ਨੇ ਵੇਖਿਆ ਸੀ। ਆਮ ਤੌਰ ’ਤੇ ਲੋਕ ਜੀਵਨ ਬਾਰੇ ਅਜਿਹੀ ਵਿਚਾਰ ਨੂੰ ਬੇ-ਲੋੜਵੀਆਂ ਘੁੰਤਰਾਂ ਆਖ ਕੇ ਰੱਦ ਕਰ ਦੇਂਦੇ ਹਨ। ਆਪੋ-ਆਪਣੇ ਧੰਦਿਆਂ ਵਿਚ ਰੁੱਝੇ ਹੋਏ ਅਸੀਂ ਇਹ ਕਹਿ ਦਿਆ ਕਰਦੇ ਹਾਂ-ਮੈਨੂੰ ਇਸ ਵਿਚਾਰ ਤੋਂ ਕੀ ਖੱਟੀ ਹੋਵੇਗੀ  ? ਸਭ ਤੋਂ ਪਹਿਲਾਂ, ਪੇਟ ਨ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਕਈ ਅਵਤਾਰ ਮਹਾਂ-ਪੁਰਖ ਧਰਤੀ ’ਤੇ ਆਉਂਦੇ ਰਹੇ, ਪਰ ਦੁਨੀਆ ਇਸ ਵੇਲੇ ਭੀ ਉਹੋ ਜਿਹੀ ਹੀ ਹੈ ਜਿਹੋ ਜਿਹੀ ਅੱਜ ਤੋਂ ਸਦੀਆਂ ਪਹਿਲਾਂ ਸੀ। ਨਾਲੇ, ‘ਬੰਦਾ ਜੋੜੇ ਪਲੀ ਪਲੀ, ਰਾਮ ਰੁੜ੍ਹਾਵੇ ਕੁੱਪਾ’ (ਭਾਵ ਕਿਸੇ ਕੰਜੂਸ ਦਾ ਇੱਕੋ ਵਾਰੀ ਬਹੁਤ ਨੁਕਸਾਨ ਹੋ ਜਾਣਾ)। ਸਾਇੰਸ ਦੀਆਂ ਸਦੀਆਂ ਦੀਆਂ ਕੱਢੀਆਂ ਕਾਢਾਂ ਨੂੰ ਕੁਦਰਤ ਘੜੀਆਂ ਪਲਾਂ ਵਿਚ ਮੁਕਾ ਕੇ ਰੱਖ ਦੇਂਦੀ ਹੈ। ਖਬਰੇ ਕਿਤਨੇ ਸਾਲਾਂ ਦੀ ਘਾਲ-ਕਮਾਈ ਨਾਲ ਕੋਇਟਾ ਸ਼ਹਿਰ ਬਣਿਆ ਸੀ, ਲੋਕਾਂ ਨੇ ਉਮਰਾਂ ਗਾਲ ਕੇ ਲੱਖਾਂ ਕ੍ਰੋੜਾਂ ਰੁਪਇਆਂ ਦੀ ਜਾਇਦਾਦ ਬਣਾਈ ਤੇ ਭੁਚਾਲ ਨੇ ਦੋ ਹੀ ਮਿੰਟਾਂ ਵਿਚ ਸਭ ਕੁਝ ਢਾਹ ਕੇ ਢੇਰੀ ਕਰ ਦਿੱਤਾ। ਧਰਮ ਦੇ ਪਰਚਾਰਕਾਂ ਨੇ ਭੀ ਕੀ ਸੁਆਰ ਦਿੱਤਾ ?

ਅਗਸਤ 1947 ਦੀ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਨੇ ਪੰਜਾਬ ਵਿਚ ਕੀ ਚੰਨ ਚਾੜ੍ਹੇ ਸਨ  ? ਸਭ ਧਰਮਾਂ ਦੇ ਪਰਚਾਰਕਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਬੇਅੰਤ ਬੇਦਰਦੀ ਨਾਲ ਲੱਖਾਂ ਬੱਚਿਆਂ, ਔਰਤਾਂ ਤੇ ਮਨੁੱਖਾਂ ਦਾ ਲਹੂ ਡੋਲ੍ਹਿਆ ਗਿਆ ਸੀ, ਪੰਜਾਬ ਦੇ ਸਭ ਤੋਂ ਵੱਡੇ ਦੋਵੇਂ ਸ਼ਹਿਰ ਲਾਹੌਰ ਤੇ ਅੰਮ੍ਰਿਤਸਰ ਮਸਾਣ-ਭੂਮੀ ਬਣੇ ਦਿੱਸ ਰਹੇ ਸਨ; ਲੱਖਾਂ ਕਾਰੀਗਰਾਂ ਤੇ ਮਜ਼ਦੂਰਾਂ ਦੀ ਮਿਹਨਤ ਚਾਰ ਪੰਜ ਮਹੀਨਿਆਂ ਦੇ ਅੰਦਰ ਹੀ ਮਿੱਟੀ ਵਿਚ ਮਿਲਾ ਦਿੱਤੀ ਗਈ। ਤੁਹਾਡੀਆਂ ਜੀਵਨ-ਸੰਗਰਾਮ ਦੀਆਂ ਵਿਚਾਰਾਂ ਨੇ ਉਸ ਵੇਲੇ ਸਦੀਆਂ ਦੀ ਬਣੀ ਸੱਭਿਅਤਾ ਨੂੰ ਢਹਿਣ ਤੋਂ ਬਚਾਣ ਲਈ ਕੋਈ ਉਪਰਾਲਾ ਨਾ ਕੀਤਾ। ਫਿਰ, ਅਗਾਂਹ ਦੀਆਂ ਗੱਲਾਂ ਕੌਣ ਸੋਚੇ  ? ਪਤਾ ਨਹੀਂ ਅਗਾਂਹ ਕੀ ਹੈ  ? ਕੁਝ ਹੈ ਭੀ ਕਿ ਨਹੀਂ  ?-ਆਮ ਤੌਰ ’ਤੇ ਧੰਦਿਆਂ ਵਿਚ ਫਸੀ ਦੁਨੀਆ ਇਸੇ ਕਿਸਮ ਦੇ ਢੁੱਚਰ ਪੇਸ਼ ਕਰ ਕੇ ਜੀਵਨ-ਘੋਲ ਦੀ ਇਸ ਅਣ-ਟਲਵੀਂ ਹੋਣੀ ਨੂੰ ਟਾਲਣ ਦੇ ਯਤਨ ਕਰਦੀ ਹੈ। ਇਸ ਸ਼ਰੇਣੀ ਵਿਚ ਕਈ ਉਹ ਹੁੰਦੇ ਹਨ, ਜਿਨ੍ਹਾਂ ਪਾਸ ਧਨ-ਜਾਇਦਾਦ ਅਮੁੱਕ ਹੋਣ ਕਰਕੇ ਕੰਮ-ਕਾਰ ਵਲੋਂ ਨਿਰੀ ਵੇਹਲ ਹੀ ਵੇਹਲ ਹੁੰਦੀ ਹੈ ਤੇ ਉਹ ਸੁਖ-ਰਹਿਣੇ ਬਣ ਚੁੱਕੇ ਹੁੰਦੇ ਹਨ। ਕਈ ਧਨ-ਪਦਾਰਥ ਦੀ ਬਹੁਲਤਾ ਦੇ ਕਾਰਨ ਕਾਮ-ਵਾਸ਼ਨਾ ਵਿਚ ਇਤਨੇ ਡੁਬਦੇ ਹਨ ਕਿ ਉਹਨਾਂ ਨੂੰ ਦੀਨ-ਦੁਨੀਆ ਦੀ ਹੋਰ ਕੋਈ ਹੋਸ਼ ਨਹੀਂ ਰਹਿੰਦੀ। ਕਈ ਉੱਥੋਂ ਹੀ ਗਏ-ਗੁਜ਼ਰੇ ਹੋਏ ਕਰਤਾਰ-ਦਾਤਾਰ ਦੀ ਹੋਂਦ ਤੋਂ ਨਮੁੱਕਰ ਹੋ ਜਾਂਦੇ ਹਨ ਤੇ ਕਈ ਲੋਕ ਹੋਰ ਹੋਰ ਮਾਇਆ ਇਕੱਠੀ ਕਰਨ ਦੀ ਖ਼ਾਤਰ ਰੱਤ-ਪੀਣੇ ਸੁਭਾਵ ਦੇ ਬਣ ਕੇ ਹੀ ਰੁੱਝੇ ਰਹਿੰਦੇ ਹਨ। ਦਿਨ-ਰਾਤ ਵੱਢੀ-ਰਿਸ਼ਵਤ, ਚੋਰ-ਬਜ਼ਾਰੀ, ਚੋਰੀ-ਡਾਕੇ-ਧਾੜੇ ਆਦਿਕ ਵਿਚ।

ਜਿਸ ਸਮਾਜ ਵਿਚ ਇਸ ਆਚਰਨ ਵਾਲੇ ਬੰਦਿਆਂ ਦੀ ਬਹੁ-ਗਿਣਤੀ ਹੋ ਜਾਏ, ਉਹ ਸਮਾਜ ਗਿਰਾਵਟ ਦੀ ਚੋਟੀ ’ਤੇ ਅਪੜ ਗਿਆ ਸਮਝੋ। ਸਦੀਆਂ ਦੀਆਂ ਬਣੀਆਂ ਬਾਦਸ਼ਾਹੀਆਂ ਦਿਨਾਂ ਵਿਚ ਹੀ ਮੁੱਕ ਜਾਂਦੀਆਂ ਹਨ, ਜੇ ਉਹਨਾਂ ਦੇ ਨੇਤਾ ਅਜਿਹੀ ਨਿੱਘਰੀ ਆਤਮ-ਦਸ਼ਾ ਵਿਚ ਆ ਅੱਪੜਨ। ਹਿੰਦੁਸਤਾਨ ਵਿਚੋਂ ਪਠਾਣਾਂ ਦੀ ਬਾਦਸ਼ਾਹੀ ਇਹੋ ਜਿਹੇ ਰੰਗੀਲੇ ਬਾਦਸ਼ਾਹਾਂ ਤੇ ਹਾਕਮਾਂ ਦਾ ਸਦਕਾ ਹੀ ਖ਼ਤਮ ਹੋਈ ਸੀ। ਬਾਬਰ ਨੇ ਕਾਬਲੋਂ ਚੱਲ ਕੇ ਭੋਰਾ ਆ ਸਰ ਕੀਤਾ, ਫਿਰ ਸਿਆਲਕੋਟ ਤੋਂ ਈਨ ਮਨਾਈ। ਐਮਨਾਬਾਦ ਦੇ ਪਠਾਣ ਹਾਕਮਾਂ ਤਕ ਖ਼ਬਰਾਂ ਪਹੁੰਚ ਰਹੀਆਂ ਸਨ ਕਿ ਸਿਆਲਕੋਟ ਤੋਂ ਬਾਬਰ ਉਹਨਾਂ ਵੱਲ ਭੀ ਧਾਈ ਕਰੇਗਾ, ਪਰ ਵਿਸ਼ਿਆਂ ਦੀਆਂ ਰੰਗ-ਰਲੀਆਂ ਵਿਚ ਉਹਨਾਂ ਦੀ ਸੁਧ-ਬੁਧ ਟਿਕਾਣੇ ਨਹੀਂ ਸੀ। ਆਖ਼ਰ ਜਿਸ ਵੇਲੇ ਮੁਗ਼ਲ-ਜਮ ਸਿਰ ’ਤੇ ਹੀ ਆ ਗੱਜਿਆ, ਤਾਂ ਜੀਵਨ-ਬਾਜ਼ੀ ਹਾਰ ਚੁਕੇ ਹੋਏ ਉਹਨਾਂ ਪਠਾਣਾਂ ਨੇ ਪੀਰਾਂ ਫ਼ਕੀਰਾਂ ਦਾ ਆਸਰਾ ਲੈਣਾ ਸ਼ੁਰੂ ਕੀਤਾ ਕਿ ਕਲਾਮ ਦੇ ਜ਼ੋਰ ਮੁਗ਼ਲ ਅੰਨ੍ਹੇ ਕੀਤੇ ਜਾਣ। ਜਿਨ੍ਹਾਂ ਨੂੰ ਪਹਿਲਾਂ ਵੇਲੇ-ਸਿਰ ਕਦੇ ਚਾਂਦ-ਮਾਰੀ ਦਾ ਅਭਿਆਸ ਨਾ ਕਰਾਇਆ, ਅੱਜ ਉਹ ਬੰਦੂਕਾਂ ਕਿਵੇਂ ਚਲਾਣ  ? ਪਠਾਣਾਂ ਦੀਆਂ ਬੰਦੂਕਾਂ ਹੱਥਾਂ ਵਿਚ ਹੀ ਚਿੜ ਚਿੜ ਕਰਦੀਆਂ ਰਹੀਆਂ ਤੇ ਮੁਗ਼ਲ ਤੱਕ ਤੱਕ ਕੇ ਨਿਸ਼ਾਨੇ ਬੰਨ੍ਹਦੇ ਰਹੇ। ਇਹ ਸਾਰੀ ਬਰਬਾਦੀ ਕਿਵੇਂ ਹੋਈ  ? ਹਕੂਮਤ ਦੇ ਨਸ਼ੇ ਤੋਂ, ਧਨ ਦੀ ਬਹੁਲਤਾ ਤੋਂ, ਜੀਵਨ-ਜਾਚ ਭੁੱਲ ਗਏ। ਐਸ਼ਵਰਜ ਦੇ ਨਸ਼ੇ ਵਿਚ ਜਿਹੜੀਆਂ ਭੀ ਕੌਮਾਂ ਜੀਵਨ-ਸੰਗਰਾਮ ਦੀ ਅਸਲੀਅਤ ਨੂੰ ਸਮਝਣ ਵਲੋਂ ਮੂੰਹ ਮੋੜ ਲੈਂਦੀਆਂ ਹਨ, ਉਹ ਮੂੰਹ-ਭਾਰ ਜਾ ਪੈਂਦੀਆਂ ਹਨ। ਐਮਨਾਬਾਦ ਦੇ ਪਠਾਣਾਂ ਦੀ ਅੱਖੀਂ ਵੇਖੀ ਹਾਸ-ਹੀਣੀ ਹਾਲਤ ਦਾ ਬਿਆਨ ਸਤਿਗੁਰੂ ਨਾਨਕ ਸਾਹਿਬ ਨੇ ਇਉਂ ਕੀਤਾ ਸੀ ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ   ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਜਾਈ   ਜਿਸ ਨੋ ਆਪਿ ਖੁਆਏ ਕਰਤਾ; ਖੁਸਿ ਲਏ ਚੰਗਿਆਈ   ਕੋਟੀ ਹੂ ਪੀਰ ਵਰਜਿ ਰਹਾਏ; ਜਾ ਮੀਰੁ ਸੁਣਿਆ ਧਾਇਆ   ਥਾਨ ਮੁਕਾਮ ਜਲੇ ਬਿਜ ਮੰਦਰ; ਮੁਛਿ ਮੁਛਿ ਕੁਇਰ ਰੁਲਾਇਆ   ਕੋਈ ਮੁਗਲੁ ਹੋਆ ਅੰਧਾ; ਕਿਨੈ ਪਰਚਾ ਲਾਇਆ   ਮੁਗਲ ਪਠਾਣਾ ਭਈ ਲੜਾਈ; ਰਣ ਮਹਿ ਤੇਗ ਵਗਾਈ   ਓਨ੍ਹੀ ਤੁਪਕ ਤਾਣਿ ਚਲਾਈ; ਓਨ੍ਹੀ ਹਸਤਿ ਚਿੜਾਈ   ਜਿਨ੍ ਕੀ ਚੀਰੀ ਦਰਗਹ ਪਾਟੀ; ਤਿਨ੍ਹਾ ਮਰਣਾ ਭਾਈ (ਮਹਲਾ , ਪੰਨਾ ੪੧੮)

ਜੀਵਨ-ਘੋਲ ਦੀ ਹੋਣੀ ਨੂੰ ਵਿਚਾਰਨ ਵਲੋਂ ਅਵੇਸਲਾ-ਪਨ ਤੇ ਤਬਾਹੀ ਲਿਆਉਣ ਵਾਲਾ ਇਹ ਨੀਵਾਂ ਆਚਰਨ ਰੰਗ-ਰਲੀਆਂ ਦੀ ਗੋਦ ਵਿਚ ਹੀ ਪਲਦਾ-ਪਲ੍ਹਰਦਾ ਹੈ, ਸੌਖੇ ਤੇ ਆਪਣੇ ਵਲੋਂ ਸਭਯ ਲੋਕ ਹੀ ਇਸ ਦਾ ਸ਼ਿਕਾਰ ਛੇਤੀ ਹੁੰਦੇ ਹਨ, ਗ਼ਰੀਬ ਅਨਪੜ੍ਹ ਬੰਦਿਆਂ ਉੱਤੇ ਇਸ ਦਾ ਜ਼ੋਰ ਕੁਝ ਘੱਟ ਪੈਂਦਾ ਹੈ, ਪਰ ਗੁਰੂ ਨਾਨਕ ਪਾਤਿਸ਼ਾਹ ਦੇ ਦਰ ’ਤੇ ਆਇਆਂ ਇੱਥੋਂ ਮੁੜ ਮੁੜ ਚੇਤਾਵਨੀ ਮਿਲਦੀ ਹੈ ਕਿ ‘‘ਕਵਨ ਕਾਜ ਸਿਰਜੇ ਜਗ ਭੀਤਰਿ; ਜਨਮਿ (’) ਕਵਨ ਫਲੁ ਪਾਇਆ ? (ਭਗਤ ਕਬੀਰ, ਪੰਨਾ ੯੭੦), ਪ੍ਰਾਣੀ  ! ਤੂੰ ਆਇਆ ਲਾਹਾ ਲੈਣਿ   ਲਗਾ ਕਿਤੁ ਕੁਫਕੜੇ ? ਸਭ ਮੁਕਦੀ ਚਲੀ ਰੈਣਿ ਰਹਾਉ ’’ (ਮਹਲਾ , ਪੰਨਾ ੪੩)

ਅਗਸਤ 1947 ਵਿਚ ਪੂਰਬੀ ਤੇ ਪੱਛਮੀ ਪੰਜਾਬ ਦੀ ਵੰਡ ਨੇ ਲੱਖਾਂ ਬੰਦਿਆਂ ਨੂੰ ਬੇ-ਘਰ ਕਰ ਦਿੱਤਾ। ਹਜ਼ਾਰਾਂ ਬੱਚੇ ਭੁੱਖ ਨਾਲ ਹੀ ਤੜਫ ਤੜਫ ਕੇ ਮਾਵਾਂ ਦੇ ਕੁੱਛੜ ਪਏ ਜਿੰਦਾਂ ਦੇ ਗਏ। ਦੇਸ ਦੀਆਂ ਹਜ਼ਾਰਾਂ ਬੱਚੀਆਂ ਦੀ ਬੜੀ ਬੇਰਹਿਮੀ ਨਾਲ ਬੇਪਤੀ ਹੋਈ। ਸਾਰੇ ਪੰਜਾਬ ਵਿਚ ਕਈ ਮਹੀਨੇ ਚਾਰ-ਚੁਫੇਰੇ ‘ਮਾਰੋ, ਵੱਢੋ’ ਦੀਆਂ ਕੂਕਾਂ ਦਿਨ-ਰਾਤ ਸੁਣੀਂਦੀਆਂ ਰਹੀਆਂ। ਜਿਨ੍ਹਾਂ ਨੇ ਇਹ ਸਭ ਕੁਝ ਅੱਖੀਂ ਵੇਖਿਆ, ਜਿਨ੍ਹਾਂ ਮਹੀਨਿਆਂ-ਬੱਧੀ ਇਹ ਬਿਪਤਾ ਸਿਰ ’ਤੇ ਝੱਲੀ, ਜਿਨ੍ਹਾਂ ਨੂੰ ਆਪਣੇ ਸਹਿ-ਧਰਮੀਆਂ ਦੇ ਵਤਨ ਅੱਪੜ ਕੇ ਭੀ ਅਜੇ ਗੋਡੇ ਹੀ ਰਗੜਨੇ ਪਏ, ਤਰਲੇ ਹੀ ਲੈਣੇ ਪਏ, ਉਹਨਾਂ ਵਿਚ ਹੁਣ ਹਜ਼ਾਰਾਂ ਬੰਦੇ ਐਸੇ ਹੋ ਗਏ ਹਨ, ਜਿਨ੍ਹਾਂ ਦੇ ਅੰਦਰੋਂ ਇਸ ਸਾਰੇ ਸਹਿਮ ਨਾਲ ਆਤਮਕ ਜੀਵਨ ਦਾ ਚਸ਼ਮਾ ਸੁੱਕ ਗਿਆ ਜਾਪਦਾ ਹੈ। ਉਹਨਾਂ ਨਾਲ ਕਦੇ ਇਨਸਾਨੀ ਜੀਵਨ ਬਾਰੇ ਕੋਈ ਵਿਚਾਰ-ਮਈ ਗੱਲ ਕਰੋ, ਤਾਂ ਉਹ ਅੱਗੋਂ ਡੂੰਘਾ ਹਾਹੁਕਾ ਲੈ ਕੇ ਆਖਦੇ ਹਨ-ਜੀਵਨ ਕੀ ਹੈ ? ਜੀਵਨ ਹੈ ਦੁੱਖਾਂ ਦੀ ਅਮੁੱਕ ਕਹਾਣੀ। ਜੀਵਨ ਹੈ ਇਕ ਲੰਮੀ ਬਿਪਤਾ, ਜਿਸ ਤੋਂ ਸਿਰਫ਼ ਮੌਤ ਹੀ ਛੁਟਕਾਰਾ ਦੇ ਸਕਦੀ ਹੈ। ਬੱਸ ! ਭਾਈ ! ਜਿਤਨੀ ਛੇਤੀ ਮੌਤ ਆਵੇ ਉਤਨਾ ਹੀ ਚੰਗਾ ਹੈ। ਹੋਰ ਕੀ ਜੀਵਨ ? ਅਸਾਂ ਭੁਖ-ਨੰਗ, ਸਹਿਮ ਤੇ ਨਿਰਾਦਰੀ ਤਾਂ ਇਹੀ ਵੇਖਿਆ ਹੈ ਕਿ ਜੀਵਨ ਹੈ ਹਾਹੁਕੇ, ਤਰਲੇ, ਲਿੱਲ੍ਹੀਆਂ, ਧੱਕੇ। ਇਹ ਢਹਿੰਦੀ ਡਿਗਦੀ ਨਿੱਘਰਦੀ ਹਾਲਤ ਰੰਗ-ਰਲੀਆਂ ਦੇ ਘੁਰਾੜਿਆਂ ਨਾਲੋਂ ਭੀ ਵਧੀਕ ਖ਼ਤਰੇ-ਭਰੀ ਹੈ। ਨਿਰਾਸਤਾ ਦੀ ਇਹ ਡੂੰਘੀ ਤੋਂ ਡੂੰਘੀ ਖੱਡ ਹੈ, ਜਿਸ ਵਿਚ ਡਿੱਗ ਕੇ ਮਨੁੱਖ ਨੂੰ ਮਨੁੱਖਤਾ ਦੇ ਆਤਮਕ ਜੀਵਨ ਵਾਸਤੇ ਕੋਈ ਦਿਲਚਸਪੀ ਨਹੀਂ ਰਹਿ ਜਾਂਦੀ। ਪੰਜਾਬ ਉੱਤੇ ਆਏ ਬਿਪਤਾ ਦੇ ਇਸ ਭਿਆਨਕ ਹੜ੍ਹ ਨੇ ਜੀਵਨ-ਨਦੀ ਦੇ ਕੰਢੇ ਢਾਹ ਢਾਹ ਕੇ ਸ਼ਰਧਾ ਦੀਆਂ ਢਿੱਗਾਂ ਆਪਣੇ ਵਿਚ ਹੜੱਪ ਕਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਕੰਢੇ ’ਤੇ ਖਲੋਤੇ ਹਜ਼ਾਰਾਂ ਨਰ-ਨਾਰੀ ਇਸ ਵਿਚ ਰੋੜ੍ਹੇ ਪੈ ਗਏ। ਕਿਸੇ ਇਹੋ ਜਿਹੇ ਡਰਾਵਣੇ ਦ੍ਰਿਸ਼ ਦਾ ਜ਼ਿਕਰ ਹੀ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਕੀਤਾ ਹੈ ਕਿ ‘‘ਢਹਦੀ ਜਾਇ ਕਰਾਰਿ; ਵਹਣਿ ਵਹੰਦੇ ਮੈ ਡਿਠਿਆ ’’ (ਮਹਲਾ , ਪੰਨਾ ੧੦੯੭) [ਕਰਾਰਿ-ਨਦੀ ਦਾ ਕੰਢਾ। ਵਹਣਿ-ਵਹਿਣ ਵਿਚ। ਵਹੰਦੇ-ਰੁੜ੍ਹਦੇ।

ਹੁਣ ਤਕ ਅਸਾਂ ਜੀਵਨ-ਸੰਗਰਾਮ ਦੀਆਂ ਗੱਲਾਂ ਰੰਗ-ਰਲੀਆਂ ਮਾਣਦੇ ਧਨੀ ਲੋਕਾਂ ਨਾਲ ਹੀ ਕੀਤੀਆਂ ਹਨ ਜਾਂ ਘਰੋਂ-ਘਾਟੋਂ ਉਖੜੇ ਹੋਏ ਬਿਪਤਾ-ਮਾਰੇ ਬੰਦਿਆਂ ਨਾਲ। ਧਾਰਮਿਕ ਦੁਨੀਆ ਨੂੰ ਭੀ ਵੇਖੀਏ। ਧਾਰਮਿਕ ਜਗਤ ਜ਼ਿੰਦਗੀ ਦੀ ਦੌੜ ਦੀਆਂ ਗੁੰਝਲਾਂ ਨੂੰ ਵਿਚਾਰਨ ਤੇ ਹੱਲ ਕਰਨ ਵਲੋਂ ਅਵੇਸਲਾ ਨਹੀਂ ਰਿਹਾ। ਵਿਚਾਰਵਾਨ ਸਿਆਣਿਆਂ ਨੇ ਤੱਤ ਕੱਢ ਕੇ ਮਰਯਾਦਾ ਬੰਨ੍ਹ ਦਿੱਤੀਆਂ ਤੇ ਆਖਿਆ ਕਿ ਜੋ ਜੋ ਮਨੁੱਖ ਇਸ ਮਰਯਾਦਾ ਉੱਤੇ ਤੁਰੇਗਾ ਉਸ ਨੂੰ ਸੁਰਗ-ਬਹਿਸ਼ਤ ਦਾ ਸੁੱਖ-ਅਰਾਮ ਮਿਲੇਗਾ। ਪਰ ਇਹਨਾਂ ਹੱਦ-ਬੰਦੀਆਂ ਨੇ ਪਰਮਾਤਮਾ ਦੇ ਨਾਮ ਵੰਡ ਲਏ, ਪਰਮਾਤਮਾ ਦੇ ਰਹਿਣ ਦੇ ਥਾਂ ਭੀ ਵੰਡ ਲਏ। ਮੁਸਲਮਾਨ ਆਖਦਾ ਹੈ ਕਿ ਸਿਰਫ਼ ਮਸੀਤ ਹੀ ਖ਼ੁਦਾ ਦਾ ਘਰ ਹੈ, ਰੱਬ ਦਾ ਮੁਕਾਮ ਪੱਛਮ ਵੱਲ ਹੀ ਹੈ, ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਿਆਂ ਅਤੇ ਕਾਅਬੇ ਦਾ ਹੱਜ ਕੀਤਿਆਂ ਬਹਿਸ਼ਤ ਨਸੀਬ ਹੁੰਦਾ ਹੈ। ਇਸੇ ਤਰ੍ਹਾਂ ਬ੍ਰਾਹਮਣ ਆਖਦਾ ਹੈ ਕਿ ਹਰੀ-ਪਰਮਾਤਮਾ ਦੱਖਣ ਦੇਸ਼ ਵੱਲ ਦੁਆਰਕਾ ਵਿਚ ਵੱਸਦਾ ਹੈ, ਚੱੜ੍ਹੀ ਇਕਾਦਸ਼ੀਆਂ ਦੇ ਵਰਤ ਰੱਖਿਆਂ ਅਤੇ ਜਗਨ ਨਾਥ ਤੀਰਥ ਦਾ ਇਸ਼ਨਾਨ ਕੀਤਿਆਂ ਸੁਰਗ-ਬੈਕੁੰਠ ਦੀ ਪ੍ਰਾਪਤੀ ਹੁੰਦੀ ਹੈ। ਸ਼ਰਹ ਤੇ ਕਰਮਕਾਂਡ ਦੇ ਪਰਚਾਰਕ ਇਸ ਗੱਲ ’ਤੇ ਭੀ ਜ਼ੋਰ ਦੇਂਦੇ ਹਨ ਕਿ ਜੋ ਮਨੁੱਖ ਇਸ ਮਰਯਾਦਾ ’ਤੇ ਵਿਸ਼ਵਾਸ ਨਹੀਂ ਰੱਖਦਾ, ਉਹ ਭਾਵੇਂ ਕਿਤਨਾ ਹੀ ਸੁੱਚਾ ਜੀਵਨ ਬਣਾਣ ਦਾ ਜਤਨ ਕਰੇ ਤੇ ਸ੍ਰਿਸ਼ਟੀ ਦੀ ਸੇਵਾ ਕਰਨ ਦਾ ਉੱਦਮ ਕਰੇ, ਉਸ ਦੇ ਸਾਰੇ ਜਤਨ ਤੇ ਉੱਦਮ ਵਿਅਰਥ ਹਨ। ਇਹਨਾਂ ਦੇ ਮੱਤ ਅਨੁਸਾਰ ਸ਼ਰਹ ਤੇ ਕਰਮਕਾਂਡ ਦੀ ਹੱਦ-ਬੰਦੀ ਤੋਂ ਬਾਹਰ ਰਹਿਣ ਵਾਲੇ ਸਭ ਨਰਕ-ਦੋਜ਼ਕ ਦੇ ਭਾਗੀ ਹਨ, ਪਰ ਕਬੀਰ ਜੀ ਨੇ ਬੜੇ ਖੁਲ੍ਹੇ ਲਫ਼ਜ਼ਾਂ ਵਿਚ ਇਹਨਾਂ ਦੋਹਾਂ ਧਿਰਾਂ ਨੂੰ ਇਹਨਾਂ ਦੀ ਉਕਾਈ ਦੱਸ ਦਿੱਤੀ ਤੇ ਆਖਿਆ ‘‘ਅਲਹੁ ਏਕੁ ਮਸੀਤਿ ਬਸਤੁ ਹੈ; ਅਵਰੁ ਮੁਲਖੁ ਕਿਸੁ ਕੇਰਾ   ਹਿੰਦੂ ਮੂਰਤਿ ਨਾਮ ਨਿਵਾਸੀ; ਦੁਹ ਮਹਿ ਤਤੁ ਹੇਰਾ   ਅਲਹ ਰਾਮ ! ਜੀਵਉ ਤੇਰੇ ਨਾਈ   ਤੂ ਕਰਿ ਮਿਹਰਾਮਤਿ; ਸਾਈ ! ਰਹਾਉ   ਦਖਨ ਦੇਸਿ ਹਰੀ ਕਾ ਬਾਸਾ; ਪਛਿਮਿ (’) ਅਲਹ ਮੁਕਾਮਾ   ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ; ਏਹੀ ਠਉਰ ਮੁਕਾਮਾ   ਬ੍ਰਹਮਨ ਗਿਆਸ ਕਰਹਿ ਚਉਬੀਸਾ; ਕਾਜੀ ਮਹ ਰਮਜਾਨਾ   ਗਿਆਰਹ ਮਾਸ ਪਾਸ ਕੈ ਰਾਖੇ; ਏਕੈ ਮਾਹਿ ਨਿਧਾਨਾ (ਭਗਤ ਕਬੀਰ, ਪੰਨਾ ੧੩੪੯), ਕਹਾ ਉਡੀਸੇ ਮਜਨੁ ਕੀਆ; ਕਿਆ ਮਸੀਤਿ ਸਿਰੁ ਨਾਂਏਂ   ਦਿਲ ਮਹਿ ਕਪਟੁ ਨਿਵਾਜ ਗੁਜਾਰੈ; ਕਿਆ ਹਜ ਕਾਬੈ ਜਾਂਏਂ  ?’’ (ਭਗਤ ਕਬੀਰ, ਪੰਨਾ ੧੩੪੯)

ਜਦੋਂ ਸ਼ਰਈ ਤੇ ਕਰਮਕਾਂਡੀ ਲੋਕ ਪਰਮਾਤਮਾ ਨੂੰ ਇਹੋ ਜਿਹਾ ਤੰਗ-ਦਿਲ ਤੇ ਪੱਖ-ਪਾਤੀ ਦੱਸਣ ਲੱਗ ਪੈਂਦੇ ਹਨ, ਤਾਂ ਧਰਮ ਅਤੇ ਸੁੱਚਾ ਆਚਰਨ; ਪਰਮਾਤਮਾ ਨਾਲੋਂ ਲਾਂਭੇ ਰਹਿ ਜਾਂਦੇ ਹਨ। ਜਿਸ ਭੀ ਦੇਸ ਵਿਚ ਖਹਿ ਖਹਿ ਚੱਲ ਪਏ ਉੱਥੋਂ ਦੀ ਖ਼ਲਕਤਿ ਦੀ ਸ਼ਾਮਤ ਆ ਜਾਂਦੀ ਹੈ, ਪੰਜਾਬ-ਵਾਸੀਆਂ ਨੂੰ ਕਈ ਪੀੜ੍ਹੀਆਂ ਤਕ 1847 ਵਾਲੀ ਬਿਪਤਾ ਚੇਤੇ ਰਹੇਗੀ। ਕੋਈ ਭੀ ਮਜ਼੍ਹਬ ਹੋਵੇ, ਇਨਸਾਨ ਵਾਸਤੇ ਉਹ ਤਦ ਤੱਕ ਹੀ ਲਾਭਦਾਇਕ ਹੈ, ਜਦ ਤਕ ਉਸ ਦੇ ਦੱਸੇ ਪੂਰਨਿਆਂ ’ਤੇ ਤੁਰ ਕੇ ਮਨੁੱਖ ਆਪਣੇ ਦਿਲ ਵਿਚ ਭਲਾਈ ਪੈਦਾ ਕਰਨ ਦਾ ਜਤਨ ਕਰਦਾ ਹੈ। ਪਰਮਾਤਮਾ ਅਤੇ ਉਸ ਦੀ ਸ੍ਰਿਸ਼ਟੀ ਵਾਸਤੇ ਆਪਣੇ ਦਿਲ ਵਿਚ ਪਿਆਰ ਨੂੰ ਥਾਂ ਦੇਂਦਾ ਹੈ। ਜਦੋਂ ਮਜ਼੍ਹਬ ਦੇ ਅਸੂਲ ਤੇ ਰਹੁ-ਰੀਤੀਆਂ; ਰਿਵਾਜੀ ਤੌਰ ’ਤੇ ਹੀ ਕੀਤੇ ਜਾਂਦੇ ਹਨ, ਪਰ ਮਨੁੱਖ ਇਹ ਨਹੀਂ ਵੇਖਦਾ ਕਿ ਇਸ ਤਰ੍ਹਾਂ ਦਿਲ ਵਿਚ ਕੋਈ ਭਲੀ ਤਬਦੀਲੀ ਆਈ ਹੈ ਕਿ ਨਹੀਂ, ਜਾਂ ਸਗੋਂ ਮਨ ਕਿਤੇ ਕਠੋਰ ਤਾਂ ਨਹੀਂ ਹੋ ਰਿਹਾ, ਉਸ ਵੇਲੇ ਇਹ ਧਾਰਮਿਕ ਉੱਦਮ ਵਿਅਰਥ ਹੋ ਜਾਂਦੇ ਹਨ। ਪਠਾਣਾਂ ਮੁਗ਼ਲਾਂ ਦੇ ਰਾਜ ਵੇਲੇ ਸਾਡੇ ਦੇਸ ਵਿਚ ਇਸਲਾਮੀ ਸ਼ਰਹ ਦਾ ਕਾਨੂੰਨ ਚੱਲਦਾ ਸੀ, ਪਰ ਹਰੇਕ ਮੁਸਲਮਾਨ ਕੁਰਾਨ ਸ਼ਰੀਫ਼ ਨੂੰ ਸਮਝ ਨਹੀਂ ਸਕਦਾ ਸੀ ਕਿਉਂਕਿ ਉਹ ਅਰਬੀ ਬੋਲੀ ਵਿਚ ਹੈ। ਸਿਰਫ਼ ਕਾਜ਼ੀ ਮੌਲਵੀ ਹੀ ਸਮਝ ਸਕਦੇ ਸਨ। ਇਸ ਦਾ ਨਤੀਜਾ ਇਹ ਹੋਇਆ ਕਿ ਜਿੱਥੋਂ ਤੱਕ ਕਾਨੂੰਨ ਨੂੰ ਵਰਤਣ ਦਾ ਸੰਬੰਧ ਪੈਂਦਾ ਸੀ, ਰਾਜਸੀ ਤਾਕਤ ਕਾਜ਼ੀਆਂ ਮੌਲਵੀਆਂ ਦੇ ਹੱਥ ਸੀ ਕਿਉਂਕਿ ਇਹੀ ਲੋਕ ਕੁਰਾਨ ਸ਼ਰੀਫ਼ ਦੇ ਅਰਥ ਕਰਨ ਵਿਚ ਇਤਬਾਰ-ਜੋਗ ਮੰਨੇ ਜਾਂਦੇ ਸਨ। ਇਕ ਪਾਸੇ, ਇਹ ਲੋਕ ਰਾਜਸੀ ਤਾਕਤ ਦੇ ਮਾਲਕ; ਦੂਜੇ ਪਾਸੇ, ਇਹੀ ਲੋਕ ਧਾਰਮਿਕ ਆਗੂ ਆਮ ਲੋਕਾਂ ਨੂੰ ਜੀਵਨ ਦਾ ਸਹੀ ਰਾਹ ਦੱਸਣ ਵਾਲੇ । ਇਹ ਦੋਵੇਂ ਵਿਰੋਧੀ ਗੱਲਾਂ ਇਕੱਠੀਆਂ ਹੋ ਗਈਆਂ। ਰਾਜ-ਪਰਬੰਧ ਚਲਾਣ ਵੇਲੇ ਗ਼ੁਲਾਮ ਭਾਰਤ-ਵਾਸੀਆਂ ਉੱਤੇ ਕਠੋਰਤਾ ਵਰਤਣੀ ਇਹਨਾਂ ਵਾਸਤੇ ਕੁਦਰਤੀ ਗੱਲ ਸੀ, ਪਰ ਇਸ ਕਠੋਰਤਾ ਨੂੰ ਆਪਣੇ ਵਲੋਂ ਉਹ ਲੋਕ ਇਸਲਾਮੀ ਸ਼ਰਹ ਦੱਸਦੇ ਤੇ ਸਮਝਦੇ ਸਨ। ਸੋ, ਮਜ਼ਹਬ ਵਿਚੋਂ ਕਾਜ਼ੀਆਂ ਮੌਲਵੀਆਂ ਨੂੰ ਸੁਭਾਵਕ ਹੀ ਦਿਲ ਦੀ ਕਠੋਰਤਾ ਮਿਲਦੀ ਗਈ। ਜਿਸ ਭੀ ਦੇਸ ਵਿਚ ਰਾਜ-ਪਰਬੰਧ ਕਿਸੇ ਖ਼ਾਸ ਮਜ਼੍ਹਬ ਦੇ ਅਸੂਲਾਂ ਅਨੁਸਾਰ ਚਲਾਇਆ ਜਾਂਦਾ ਹੈ, ਉਸ ਮਜ਼੍ਹਬ ਦੇ ਪਰਚਾਰਕਾਂ ਦਾ ਇਹੀ ਹਾਲ ਹੋ ਜਾਂਦਾ ਹੈ।

ਕਬੀਰ ਜੀ ਨੇ ਆਪਣੇ ਵਕਤ ਦੇ ਕਾਜ਼ੀਆਂ ਮੌਲਵੀਆਂ ਦੀ ਇਹ ਹਾਲਤ ਵੇਖ ਕੇ ਆਖਿਆ ਕਿ ਮਜ਼੍ਹਬ ਨੇ, ਮਜ਼੍ਹਬ ਦੀ ਰਹੁ-ਰੀਤੀ ਨੇ, ਬਾਂਗ ਨਿਮਾਜ਼ ਹੱਜ ਆਦਿਕ ਨੇ, ਦਿਲ ਦੀ ਸਫ਼ਾਈ ਸਿਖਾਣੀ ਸੀ, ਪਰ ਜੇ ਰਿਸ਼ਵਤ, ਕਠੋਰਤਾ, ਤਅੱਸਬ ਆਦਿਕ ਦੇ ਕਾਰਨ ਦਿਲ ਨਿਰਦਈ ਹੋ ਚੁੱਕਾ ਹੈ, ਸਗੋਂ ਇਹੀ ਹੱਜ ਆਦਿਕ ਕਰਮ; ਦਿਲ ਨੂੰ ਹੋਰ ਕਠੋਰ ਬਣਾਈ ਜਾ ਰਹੇ ਹਨ, ਤਾਂ ਇਹਨਾਂ ਦੇ ਕਰਨ ਦਾ ਕੋਈ ਲਾਭ ਨਹੀਂ। ਜੇ ਮੁੱਲਾਂ ਬਾਂਗ ਦੇ ਕੇ ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈ ਪਰ ਉਸ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਹੈ, ਤਾਂ ਹਰੇਕ ਦੇ ਦਿਲ ਦੀ ਜਾਣਨ ਵਾਲੇ ਰੱਬ ਨੂੰ ਉਹ ਇਸ ਬਾਂਗ ਆਦਿਕ ਨਾਲ ਧੋਖਾ ਨਹੀਂ ਦੇ ਸਕਦਾ। ਅਜਿਹਾ ਮਨੁੱਖ ਜੇ ਹੱਜ ਭੀ ਕਰ ਆਵੇ ਤਾਂ ਉਸ ਦਾ ਉਸ ਨੂੰ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਦਿਲ ਦੇ ਕਠੋਰ ਬੰਦੇ ਦੇ ਭਾਣੇ ਰੱਬ ਹੈ ਹੀ ਨਹੀਂ। ਖ਼ੁਦਾ ਦੇ ਨਾਮ ’ਤੇ ਕਿਸੇ ਪਸ਼ੂ ਦੀ ‘ਕੁਰਬਾਨੀ’ ਦੇ ਦੇਣੀ, ਰਲ ਮਿਲ ਕੇ ਖਾ ਪੀ ਜਾਣਾ ਸਭ ਕੁਝ ਆਪ ਹੀ ਤੇ ਫਿਰ ਇਹ ਸਮਝ ਲੈਣਾ ਕਿ ਇਸ ‘ਕੁਰਬਾਨੀ’ ਦੇ ਇਵਜ਼ ਸਾਡੇ ਗੁਨਾਹ ਬਖ਼ਸ਼ ਦਿੱਤੇ ਗਏ ਹਨ-ਇਹ ਭਾਰਾ ਭੁਲੇਖਾ ਹੈ। ‘ਕੁਰਬਾਨੀ’ ਦੇ ਬਹਾਨੇ ਮਾਸ ਖਾਣ ਨਾਲੋਂ ਖਿਚੜੀ ਖਾ ਲੈਣੀ ਚੰਗੀ ਹੈ। ‘ਕੁਰਬਾਨੀ’ ਨਾਲ ਖ਼ੁਦਾ ਖ਼ੁਸ਼ ਨਹੀਂ ਹੁੰਦਾ, ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਵਿੱਤਰਤਾ ਨਾਲ। ਆਪ ਲਿਖਦੇ ਹਨ ‘‘ਕਬੀਰ  ! ਮੁਲਾਂ ਮੁਨਾਰੇ ਕਿਆ ਚਢਹਿ ? ਸਾਂਈ ਬਹਰਾ ਹੋਇ   ਜਾ ਕਾਰਨਿ ਤੂੰ ਬਾਂਗ ਦੇਹਿ; ਦਿਲ ਹੀ ਭੀਤਰਿ ਜੋਇ ੧੮੪ ਸੇਖ ਸਬੂਰੀ ਬਾਹਰਾ; ਕਿਆ ਹਜ ਕਾਬੇ ਜਾਇ  ? ਕਬੀਰ ! ਜਾ ਕੀ ਦਿਲ ਸਾਬਤਿ ਨਹੀ; ਤਾ ਕਉ ਕਹਾਂ ਖੁਦਾਇ  ?੧੮੫ ਕਬੀਰ ! ਜੋਰੀ ਕੀਏ ਜੁਲਮੁ ਹੈ; ਕਹਤਾ ਨਾਉ ਹਲਾਲੁ ਦਫਤਰਿ ਲੇਖਾ ਮਾਂਗੀਐ; ਤਬ ਹੋਇਗੋ ਕਉਨੁ ਹਵਾਲੁ  ?੧੮੭ ਕਬੀਰ  ! ਖੂਬੁ ਖਾਨਾ ਖੀਚਰੀ; ਜਾ ਮਹਿ ਅੰਮ੍ਰਿਤੁ ਲੋਨੁ ਹੇਰਾ ਰੋਟੀ ਕਾਰਨੇ; ਗਲਾ ਕਟਾਵੈ ਕਉਨੁ  ?੧੮੮’’ (ਭਗਤ ਕਬੀਰ, ਪੰਨਾ ੧੩੭੪)

ਸ਼ਰਈ ਕਰਮਕਾਂਡੀ ਲੋਕ ਹੱਦ-ਬੰਦੀ ਵਿਚ ਫਸਣ ਕਰਕੇ ਇਕ ਤਾਂ ਪਰਮਾਤਮਾ ਨੂੰ ਭੀ ਪੱਖ-ਪਾਤੀ ਤੇ ਤੰਗ-ਦਿਲ ਜ਼ਾਹਰ ਕਰ ਕੇ ਆਮ ਲੋਕਾਂ ਦੇ ਦਿਲ ਵਿਚੋਂ ਧਰਮ ਵਲੋਂ ਸ਼ਰਧਾ ਘਟਾਣ ਦਾ ਕਾਰਨ ਬਣਦੇ ਹਨ ਕਿਉਂਕਿ ਜਿਸ ਮਨੁੱਖ ਨੂੰ ਰੱਤਾ ਭਰ ਭੀ ਸਮਝ ਹੈ ਉਹ ਇਹ ਗੱਲ ਕਿਸ ਤਰ੍ਹਾਂ ਮੰਨ ਲਏ ਕਿ ਸਾਰੀ ਦੁਨੀਆ ਦਾ ਪੈਦਾ ਕਰਨ ਵਾਲਾ ਤੇ ਪਾਲਣ ਵਾਲਾ ਪ੍ਰਭੂ ਨਿਰਾ ਮੁਸਲਮਾਨਾਂ ਦਾ ਹੈ ਜਾਂ ਨਿਰਾ ਹਿੰਦੂਆਂ ਦਾ ਹੈ; ਦੂਜਾ, ਇਹ ਲੋਕ ਇਕ ਹੋਰ ਭੀ ਅਨੋਖਾ ਜਿਹਾ ਪਰਚਾਰ ਕਰਦੇ ਹਨ ਕਿ ਲੋਕ ਦਿਨੋ-ਦਿਨ ਕਾਫ਼ਰ ਹੁੰਦੇ ਜਾ ਰਹੇ ਹਨ; ਕਲਜੁਗ ਦਾ ਬੜਾ ਜ਼ੋਰ ਪੈ ਰਿਹਾ ਹੈ। ਵਿੱਦਿਆ ਦਾ ਚਾਨਣ ਹੋਣ ਨਾਲ ਜਿਉਂ ਜਿਉਂ ਮਨੁੱਖ ਸ਼ਰਹ ਤੇ ਕਰਮਕਾਂਡ ਦੀ ਉਲਝਣ ਵਿਚੋਂ ਨਿਕਲਦੇ ਜਾਂਦੇ ਹਨ ਤਿਉਂ ਤਿਉਂ ਇਹਨਾਂ ਪਰਚਾਰਕਾਂ ਦੇ ਭਾ ਦਾ ਸ਼ੈਤਾਨ ਅਤੇ ਕਲਜੁਗ ਦਾ ਜ਼ੋਰ ਵਧਦਾ ਜਾ ਰਿਹਾ ਹੈ।

ਜੀਵਨ-ਸੰਗਰਾਮ ਦੀ ਅਸਲੀਅਤ ਨੂੰ ਸਮਝਣ ਵਾਲਾ ਵਿਦਿਆਰਥੀ ਸ਼ਰਈ ਤੇ ਕਰਮਕਾਂਡੀ ਪਰਚਾਰਕਾਂ ਦੇ ਇਸ ਪਰਚਾਰ ਨੂੰ ਜਿਉਂ ਜਿਉਂ ਵਿਚਾਰਦਾ ਹੈ ਤਿਉਂ ਤਿਉਂ ਉਸ ਨੂੰ ਇਹ ਪਰਚਾਰ ਮਨੁੱਖ-ਜਾਤੀ ਵਾਸਤੇ ਬੜਾ ਖ਼ਤਰੇ ਵਾਲਾ ਜਾਪਦਾ ਹੈ। ਕੀ ਦੁਨੀਆ ਦਿਨੋ-ਦਿਨ ਭੈੜੀ ਹੁੰਦੀ ਜਾ ਰਹੀ ਹੈ  ? ਕੀ ਭਲਾ ਸਮਾਂ; ਸਤਿਜੁਗ ਬੀਤ ਚੁਕਿਆ ਹੈ  ? ਤੇ ਕੀ ਹੁਣ ਭੈੜਾ ਸਮਾਂ; ਕਲਿਜੁਗ ਆ ਰਿਹਾ ਹੈ ? ਇਹ ਸ਼ੈਤਾਨ ਤੇ ਕਲਿਜੁਗ ਕੌਣ ਹਨ  ? ਕੀ ਪਰਮਾਤਮਾ ਤੋਂ ਇਹ ਆਕੀ ਹਨ  ? ਕੀ ਇਹ ਪਰਮਾਤਮਾ ਦੇ ਸ਼ਰੀਕ ਹਨ  ? ਕੀ ਪਰਮਾਤਮਾ ਬੰਦਿਆਂ ਨੂੰ ਸ਼ੈਤਾਨ ਤੇ ਕਲਿਜੁਗ ਦੇ ਪੰਜੇ ਵਿਚੋਂ ਬਚਾ ਨਹੀਂ ਸਕਦਾ  ? ਜਾਂ ਬਚਾਣਾ ਨਹੀਂ ਚਾਹੁੰਦਾ  ? ਇਹੋ ਜਿਹੇ ਖ਼ਿਆਲ ਜਗਤ-ਅਖਾੜੇ ਵਿਚ ਆਏ ਜੀਵਾਂ ਨੂੰ ਜੀਵਨ-ਘੋਲ ਚੰਗੀ ਤਰ੍ਹਾਂ ਘੁਲਣ ਦਾ ਹੌਸਲਾ ਦੇਣ ਦੇ ਥਾਂ ਸਗੋਂ ਬੇ-ਹੌਸਲਾ ਕਰਦੇ ਹਨ।

ਮਨੁੱਖ-ਜਾਤੀ ਦਾ ਪੁਰਾਣਾ ਇਤਿਹਾਸ ਪੜ੍ਹ ਕੇ ਵੇਖੋ, ਸਾਇੰਸ ਦੀਆਂ ਪਿਛਲੇ 50-60 ਸਾਲਾਂ ਦੀਆਂ ਕਾਢਾਂ ਵੱਲ ਧਿਆਨ ਮਾਰੋ, ਇਸ ਧਰਤੀ ਦੀ ਕਾਇਆਂ ਹੀ ਪਲਟ ਚੁੱਕੀ ਹੈ। ਮਨੁੱਖ ਦੀ ਰਹਿਣੀ ਬਹਿਣੀ ਵਿਚ ਬੇਅੰਤ ਫ਼ਰਕ ਪੈ ਚੁੱਕਾ ਹੈ। ਜੇ ਇਸ ਨੂੰ ਠੀਕ ਤਰ੍ਹਾਂ ਸਮਝਣਾ ਹੋਵੇ, ਤਾਂ ਅਫ਼ਰੀਕਾ ਦੇ ਜਾਂਗਲੀ ਹਬਸ਼ੀਆਂ ਦਾ ਜੀਵਨ ਵੇਖੋ, ਤੇ ਫਿਰ ਅਮਰੀਕਾ ਤੇ ਰੂਸ ਵਰਗੇ ਦੇਸ ਦੇ ਬੰਦਿਆਂ ਵੱਲ ਤੱਕੋ, ਸੈਂਕੜੇ ਕੋਹਾਂ ਦੀ ਵਿਥ ਹੈ। ਮਨੁੱਖ ਹਰ ਪਾਸੇ ਦਿਨੋ-ਦਿਨ ਉੱਨਤੀ ਕਰ ਰਿਹਾ ਹੈ। ਸਾਹਿਤ, ਰਾਗ, ਚਿਤਰਕਾਰੀ, ਰਾਜਨੀਤੀ, ਸਾਇੰਸ, ਇਖ਼ਲਾਕ, ਸੱਭਿਅਤਾ, ਗੱਲ ਕੀ, ਇਨਸਾਨੀ ਜੀਵਨ ਦਾ ਕੋਈ ਭੀ ਪਾਸਾ ਧਿਆਨ ਮਾਰ ਕੇ ਵੇਖੋ, ਹਰ ਪਾਸੇ ਬਹੁਤ ਵਾਧਾ ਹੁੰਦਾ ਜਾ ਰਿਹਾ ਹੈ ਤੇ ਜਿਵੇਂ ਹੋਰ ਹੁਨਰ ਵਧ ਫੁੱਲ ਰਹੇ ਹਨ, ਤਿਵੇਂ ਹੀ ਧਰਮ ਭੀ ਵੱਧ ਫੁੱਲ ਰਿਹਾ ਹੈ। ਧਰਮ ਭੀ ਜੀਵਨ ਦਾ ਇਕ ਹੁਨਰ ਹੈ। ਮਨੁੱਖ ਦੀ ਮਨੁੱਖਤਾ ਦਿਨੋ-ਦਿਨ ਸੁਚੱਜੀ ਹੋ ਰਹੀ ਹੈ।

ਜੀਵਨ-ਸੰਗਰਾਮ ਵਿਚ ਕਾਮਾਦਿਕ ਵੈਰੀਆਂ ਨੂੰ ਜਿੱਤਣ ਦਾ ਸਹੀ ਰਸਤਾ ਦੱਸਦੇ ਹੋਏ ਸਤਿਗੁਰੂ ਨਾਨਕ ਸਾਹਿਬ ਨੇ ਬਾਣੀ ‘ਸਿਧ ਗੋਸਟਿ’ ਵਿਚ ਇਹ ਦੱਸਿਆ ਹੈ ਕਿ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੀ ਇਸ ਵਾਸਤੇ ਹੈ ਕਿ ਮਨੁੱਖ; ਮਨੁੱਖਤਾ ਦੀ ਚੋਟੀ ਉੱਤੇ ਅੱਪੜ ਸਕੇ, ਜਗਤ ਵਿਚ ਉਤਪਤੀ ਤੇ ਨਾਸ ਦੀ ਖੇਡ; ਗੁਰਮੁਖਤਾ ਦੇ ਵਿਕਾਸ ਵਾਸਤੇ ਹੀ ਬਣੀ ਹੈ। ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਪਿਆਰ ਪਾ ਕੇ ਪਰਮਾਤਮਾ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਇੱਜ਼ਤ ਨਾਲ ਆਪਣੇ ਘਰ ਵਿਚ ਪਹੁੰਚਦਾ ਹੈ ਤੇ ਉਸ ਦੀ ਘੜਨ ਭੱਜਣ ਦੀ ਖੇਡ ਮੁੱਕ ਜਾਂਦੀ ਹੈ। ਆਪ ਫ਼ੁਰਮਾਂਦੇ ਹਨ ‘‘ਗੁਰਮੁਖਿ ਧਰਤੀ ਸਾਚੈ (ਨੇ) ਸਾਜੀ   ਤਿਸ ਮਹਿ ਓਪਤਿ ਖਪਤਿ; ਸੁ ਬਾਜੀ   ਗੁਰ ਕੈ ਸਬਦਿ; ਰਪੈ ਰੰਗੁ ਲਾਇ   ਸਾਚਿ ਰਤਉ; ਪਤਿ ਸਿਉ ਘਰਿ ਜਾਇ   ਸਾਚ ਸਬਦ ਬਿਨੁ; ਪਤਿ ਨਹੀ ਪਾਵੈ   ਨਾਨਕ  ! ਬਿਨੁ ਨਾਵੈ; ਕਿਉ ਸਾਚਿ (’) ਸਮਾਵੈ  ?੩੦ (ਗੋਸਟਿ, ਮਹਲਾ , ਪੰਨਾ ੯੪੧)

ਹੁਣ ਤਾਂ ਇਹ ਜਤਨ ਹੋ ਰਹੇ ਹਨ ਕਿ ਸੁਆਰਥ ਤੇ ਟੋਏ-ਟਿੱਬੇ ਵਾਲਾ ਜੀਵਨ ਮੁਕਾ ਕੇ ਸਾਰੀ ਸ੍ਰਿਸ਼ਟੀ ਦੇ ਜੀਆਂ ਲਈ ਇਕੋ ਜਿਹਾ ਸਾਵਾਂ-ਪੱਧਰਾ ਸੁਖਦਾਈ ਜੀਵਨ ਬਣਾਇਆ ਜਾਏ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦਾ ਧਨ-ਪਦਾਰਥ ਸਾਰੇ ਜੀਵਾਂ ਲਈ ਸਾਂਝਾ ਵਰਤਣ ਲਈ ਦਿੱਤਾ ਸੀ, ਪਰ ਜੀਵਾਂ ਨੇ ਵਖਰੇਵੇਂ ਬਣਾ ਕੇ ਧਰਤੀ ਨੂੰ ਨਰਕ ਬਣਾ ਦਿੱਤਾ ਸੀ। ਤੰਗ-ਦਿਲੀ ਤੇ ਸੁਆਰਥ ਦੀ ਭਾਰੀ ਭਟਕਣਾ ਵਿਚ ਦੁਨੀਆ ਭੁੱਲੀ ਪਈ ਸੀ, ਸੁਆਰਥ ਤੇ ਤੰਗ-ਦਿਲੀ ਦਾ ਰਾਗ ਗਾਉਣਾ ਹੀ ਲੋਕ ਜਾਣਦੇ ਸਨ। ਇਨਸਾਨ ਦੀ ਇਹ ਨਿੱਘਰੀ ਹੋਈ ਆਤਮਕ ਹਾਲਤ ਪਰਮਾਤਮਾ ਦੇ ਸਾਹਮਣੇ ਪੇਸ਼ ਕਰ ਕੇ ਗੁਰੂ ਨਾਨਕ ਦੇਵ ਜੀ ਨੇ ਅਰਦਾਸ ਕੀਤੀ ਕਿ ਦਾਤਾ  ! ਮਨੁੱਖ ਦੇ ਅੰਦਰੋਂ ਇਹ ਵਿਤਕਰਾ ਦੂਰ ਕਰ ‘‘ਸਾਹੁਰੜੀ ਵਥੁ ਸਭੁ ਕਿਛੁ ਸਾਝੀ; ਪੇਵਕੜੈ ਧਨ ਵਖੇ   ਆਪਿ ਕੁਚਜੀ, ਦੋਸੁ ਦੇਊ; ਜਾਣਾ ਨਾਹੀ ਰਖੇ   ਮੇਰੇ ਸਾਹਿਬਾ  ! ਹਉ ਆਪੇ ਭਰਮਿ ਭੁਲਾਣੀ   ਅਖਰ ਲਿਖੇ ਸੇਈ ਗਾਵਾ; ਅਵਰ ਜਾਣਾ ਬਾਣੀ ਰਹਾਉ ’’ (ਮਹਲਾ , ਪੰਨਾ ੧੧੭੧)

ਬਾਬਾ ਫ਼ਰੀਦ ਜੀ ਨੇ ਭੀ ਇਹੀ ਆਖਿਆ ਕਿ ਸਾਰੇ ਜਗਤ ਵਿਚ ਦੁਖ ਹੀ ਦੁਖ ਹੈ, ਸੁਆਰਥੀ ਅਹੰਕਾਰੀ ਮਨੁੱਖ ਇਸ ਜ਼ਿੰਦਗੀ ਨੂੰ ਇਤਨਾ ਦੋਜ਼ਕ ਬਣਾ ਦੇਂਦੇ ਹਨ ਕਿ ਜੀਉਣ ਦਾ ਕੋਈ ਚਾਅ ਹੀ ਨਹੀਂ ਰਹਿ ਜਾਂਦਾ । ਇਸ ਦੁਖ-ਕਲੇਸ਼ ਮਿਟਾਣ ਵਾਸਤੇ ਫ਼ਰੀਦ ਜੀ ਨੇ ਸਮਝਾਇਆ ਕਿ ਹੇ ਬੰਦੇ  ! ਮਨ ਪੱਧਰਾ ਕਰ ਦੇਹ, ਇਸ ਦੇ ਉੱਚੇ ਨੀਵੇਂ ਥਾਂ ਦੂਰ ਕਰ ਦੇਹ। ਜੇ ਤੂੰ ਇਹ ਕਰ ਸਕੇ ਤਾਂ ਤੇਰੇ ਜੀਵਨ-ਸਫ਼ਰ ਵਿਚ ਦੋਜ਼ਕ ਦੀ ਅੱਗ ਬਿਲਕੁਲ ਨਹੀਂ ਆਵੇਗੀ। ਆਪ ਨੇ ਫ਼ੁਰਮਾਇਆ ‘‘ਫਰੀਦਾਮੈ ਜਾਨਿਆ ਦੁਖੁ ਮੁਝ ਕੂ; ਦੁਖੁ ਸਬਾਇਐ ਜਗਿ   ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ੮੧’’ (ਬਾਬਾ ਫਰੀਦ ਜੀ, ਪੰਨਾ ੧੩੮੨)

ਲਫ਼ਜ਼ ‘ਟੋਏ ਟਿੱਬੇ’ ਵਿਚ ਫ਼ਰੀਦ ਜੀ ਦੇ ਦਿੱਤੇ ਹੋਏ ਰਮਜ਼-ਭਰੇ ਖ਼ਿਆਲ ਨੂੰ ਗੁਰੂ ਅਰਜਨ ਸਾਹਿਬ ਨੇ ਸਾਫ਼ ਲਫ਼ਜ਼ਾਂ ਵਿਚ ਸਮਝਾਇਆ ਕਿ ਆਪ ਟਿੱਬੇ ਉੱਤੇ ਖਲੋ ਕੇ ਦੂਜਿਆਂ ਨੂੰ ਟੋਇਆਂ ਵਿਚ, ਪੈਰਾਂ ਵਿਚ, ਲਤਾੜਨ ਦੀ ਮੂਰਖਤਾ ਛੱਡੋ, ਜਿਉਂ ਜਿਉਂ ਦੂਜਿਆਂ ਨੂੰ ਲਤਾੜ ਕੇ ਆਪ ਵੱਡੇ ਬਣਨ ਦੇ ਜਤਨ ਕਰੋਗੇ, ਜਗਤ ਵਿਚ ਵੈਰ ਤੇ ਨਫ਼ਰਤ ਦੀ ਅੱਗ ਭੜਕੇਗੀ। ਸਾਰੀ ਖ਼ਲਕਤਿ ਵਿਚ ਰੱਬ ਵੇਖੋ। ਆਪ ਜੀਵੋ ਤੇ ਹੋਰਨਾਂ ਨੂੰ ਭੀ ਜੀਉਣ ਦਿਉ। ਆਪ ਜੀ ਨੇ ਫ਼ੁਰਮਾਇਆ ‘‘ਫਰੀਦਾ  ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ੭੫’’ (ਮਹਲਾ , ਪੰਨਾ ੧੩੮੧)

ਵੇਖ ਲਵੋ, ਸ੍ਰਿਸ਼ਟੀ ਨਿੱਘਰ ਨਹੀਂ ਰਹੀ, ਉਚਾਈ ਵੱਲ ਜਾ ਰਹੀ ਹੈ। ਵਿਤਕਰੇ ਪੈਦਾ ਕਰਨ ਵਾਲਾ ਕਲਿਜੁਗ ਦੂਰ ਹੋ ਰਿਹਾ ਹੈ, ਸਾਰੀ ਖ਼ਲਕਤਿ ਨਾਲ ਪਿਆਰ ਕਰਨ ਦੀ ਜਾਚ ਸਿਖਾਣ ਵਾਲਾ ਸਤਿਜੁਗ ਆ ਰਿਹਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਜਗਤ ਵਿਚ ਆਤਮਕ ਜੀਵਨ ਦੀ ਉੱਨਤੀ ਸਹਿਜੇ ਸਹਿਜੇ ਹੋ ਰਹੀ ਹੈ। ਅਣਗਿਣਤ ਵਿਕਾਰ ਤੇ ਬੁਰਾਈਆਂ ਭੀ ਮੌਜੂਦ ਹਨ, ਪਰ ਇਹ ਗੱਲ ਪੱਕੀ ਹੈ ਕਿ ਸਾਰੀ ਜਗਤ-ਖੇਡ ਭਲਾਈ ਵੱਲ ਜਾ ਰਹੀ ਹੈ, ਗਿਰਾਵਟ ਵੱਲ ਨਹੀਂ। ਸੰਸਾਰ ਵਿਚ ਬੇਅੰਤ ਮੂਰਖ, ਜਾਹਲ, ਚੋਰ, ਵੱਢੀ-ਖ਼ੋਰ, ਧਾੜਵੀ, ਜਰਵਾਣੇ, ਪਾਪੀ ਬੰਦੇ ਵੇਖ ਕੇ ਭੀ ਸਤਿਗੁਰ ਨਾਨਕ ਪਾਤਿਸ਼ਾਹ ਪਰਮਾਤਮਾ ਨੂੰ ਧੰਨ ਧੰਨ ਹੀ ਆਖਦੇ ਹਨ ਤੇ ਕਹਿੰਦੇ ਹਨ-ਹੇ ਨਿਰੰਕਾਰ ! ਤੇਰੀ ਸਾਰੀ ਰਚਨਾ-ਖੇਡ ਭਲਾਈ ਪੈਦਾ ਕਰਨ ਵਾਸਤੇ ਹੀ ਹੈ, ਤੂੰ ਆਪ ਹੀ ਇਸ ਆਹਰ ਵਿਚ ਲਗਾ ਹੋਇਆ ਹੈਂ। ਮੇਰੀ ਕੀ ਪਾਇਆਂ ਹੈ ਕਿ ਤੇਰੀ ਵਡਿਆਈ ਸਮਝ ਸਕਾਂ  ? ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ। ਜਪੁ ਜੀ ਵਿਚ ਹਜ਼ੂਰ ਇਉਂ ਆਖਦੇ ਹਨ ‘‘ਅਸੰਖ ਮੂਰਖ ਅੰਧ ਘੋਰ   ਅਸੰਖ ਚੋਰ ਹਰਾਮਖੋਰ   ਅਸੰਖ ਅਮਰ ਕਰਿ ਜਾਹਿ ਜੋਰ   ਅਸੰਖ ਗਲਵਢ; ਹਤਿਆ ਕਮਾਹਿ   ਅਸੰਖ ਪਾਪੀ; ਪਾਪੁ ਕਰਿ ਜਾਹਿ   ਅਸੰਖ ਕੂੜਿਆਰ; ਕੂੜੇ ਫਿਰਾਹਿ   ਅਸੰਖ ਮਲੇਛ; ਮਲੁ ਭਖਿ ਖਾਹਿ   ਅਸੰਖ ਨਿੰਦਕ; ਸਿਰਿ ਕਰਹਿ ਭਾਰੁ   ਨਾਨਕੁ ਨੀਚੁ ਕਹੈ ਵੀਚਾਰੁ   ਵਾਰਿਆ ਜਾਵਾ; ਏਕ ਵਾਰ   ਜੋ ਤੁਧੁ ਭਾਵੈ; ਸਾਈ ਭਲੀ ਕਾਰ   ਤੂ ਸਦਾ ਸਲਾਮਤਿ; ਨਿਰੰਕਾਰ ! ੧੮’’ (ਜਪੁ, ਮਹਲਾ , ਪੰਨਾ )

ਮਿਡਲ ਦੀਆਂ ਜਮਾਤਾਂ ਵਿਚ ਅੰਗਰੇਜ਼ੀ ਦੀ ਇਕ ਕਵਿਤਾ ਪੜ੍ਹਾਇਆ ਕਰਦੇ ਸਨ, ਜਿਸ ਦਾ ਸਿਰਲੇਖ ਹੈ ‘ਆਦਮ ਦਾ ਪੁੱਤਰ ਅਬੂ’। ਇਹ ਇਕ ਨਿੱਕੀ ਜਿਹੀ ਸੁਆਦਲੀ ਕਹਾਣੀ ਹੈ। ਅਬੂ ਦੀ ਰਿਹਾਇਸ਼ ਦੇ ਕਮਰੇ ਵਿਚ ਇਕ ਰਾਤ ਇਕ ਫ਼ਰਿਸ਼ਤਾ ਆ ਕੇ ਇਕ ਨੁੱਕਰੇ ਬਹਿ ਗਿਆ ਤੇ ਕੁਝ ਲਿਖਣ ਲੱਗ ਪਿਆ। ਫ਼ਰਿਸ਼ਤੇ ਦੇ ਆਉਣ ਕਰਕੇ ਕਮਰੇ ਵਿਚ ਬੜਾ ਚਾਨਣ ਹੋ ਗਿਆ ਸੀ, ਇਸ ਵਾਸਤੇ ਅਬੂ ਪਹਿਲਾਂ ਤਾਂ ਕੁਝ ਠਠੰਬਰ ਗਿਆ, ਫਿਰ ਉਸ ਨੂੰ ਲਿਖਦਿਆਂ ਵੇਖ ਕੇ ਦਿਲ ਕੱਢਿਓਸੁ ਤੇ ਉਸ ਦੇ ਕੋਲ ਜਾ ਕੇ ਪੁੱਛਣ ਲੱਗਾ, ‘‘ਤੂੰ ਕੀ ਲਿਖ ਰਿਹਾ ਹੈਂ  ?’’ ਫ਼ਰਿਸ਼ਤੇ ਨੇ ਉੱਤਰ ਦਿੱਤਾ, ‘‘ਮੈਂ ਉਹਨਾਂ ਬੰਦਿਆਂ ਦੇ ਨਾਂ ਲਿਖ ਰਿਹਾ ਹਾਂ ਜੋ ਰੱਬ ਦੀ ਬੰਦਗੀ ਕਰਦੇ ਸਨ।’’ ਅਬੂ ਨੇ ਆਖਿਆ, ‘‘ਮੇਰਾ ਨਾਂ ਵੀ ਲਿਖ ਲੈ। ਮੈਂ ਰੱਬ ਦੀ ਬੰਦਗੀ ਤਾਂ ਨਹੀਂ ਕਰਦਾ, ਪਰ ਮੈਂ ਰੱਬ ਦੇ ਬੰਦਿਆਂ ਦੀ ਸੇਵਾ ਜ਼ਰੂਰ ਕਰਦਾ ਹਾਂ।’’ ਫ਼ਰਿਸ਼ਤੇ ਨੇ ਅਗੋਂ ਕੋਈ ਹਾਂ ਹੂੰ ਨਾ ਕੀਤੀ ਤੇ ਚੁੱਪ ਕੀਤਾ ਉੱਥੋਂ ਚਲਾ ਗਿਆ। ਅਗਲੀ ਰਾਤੇ ਉਹੀ ਫ਼ਰਿਸ਼ਤਾ ਫਿਰ ਉੱਥੇ ਆਇਆ ਤੇ ਉੱਸੇ ਨੁੱਕਰੇ ਬਹਿ ਕੇ ਇਕ ਕਾਗਜ਼ ਉੱਤੇ ਲਿਖੇ ਨਾਂ ਪੜ੍ਹਨ ਲੱਗ ਪਿਆ। ਇਹ ਨਾਂ ਰੱਬ ਦੀ ਬੰਦਗੀ ਕਰਨ ਵਾਲੇ ਬੰਦਿਆਂ ਦੇ ਸਨ। ਚਾਨਣ ਤੱਕ ਕੇ ਅਬੂ ਫਿਰ ਉਸ ਫ਼ਰਿਸ਼ਤੇ ਦੇ ਕੋਲ ਅੱਪੜਿਆ, ਤੇ ਇਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਉਸ ਦਾ ਨਾਂ ਸਭ ਤੋਂ ਉੱਪਰ ਸੀ।

ਇਹ ਕਹਾਣੀ ਉਹਨਾਂ ਲੋਕਾਂ ਦੇ ਦਿਲ ਦੀ ਤਸਵੀਰ ਹੈ, ਜੋ ਇਹ ਖ਼ਿਆਲ ਕਰਦੇ ਹਨ ਕਿ ਖ਼ਲਕਤਿ ਦੀ ਸੇਵਾ ਕਰਨੀ ਹੀ ਸਭ ਤੋਂ ਉੱਚਾ-ਸੁੱਚਾ ਧਰਮ ਹੈ, ਪਰਮਾਤਮਾ ਦੀ ਭਗਤੀ ਇਸੇ ਵਿਚ ਹੀ ਆ ਜਾਂਦੀ ਹੈ, ਹੋਰ ਕਿਸੇ ਸਿਮਰਨ ਭਜਨ ਦੀ ਲੋੜ ਨਹੀਂ ਹੈ। ਜਗਤ-ਅਖਾੜੇ ਦਾ ਸਭ ਤੋਂ ਸੁਚੱਜਾ ਦਾਅ ਖ਼ਲਕਤਿ ਦੀ ਸੇਵਾ ਹੀ ਹੈ। ਆਪਣਾ ਆਪ ਖ਼ਲਕਤਿ ਦੇ ਭਲੇ ਦੀ ਖ਼ਾਤਰ ਸਦਕੇ ਕਰ ਦਿਓ।

ਓਪਰੀ ਨਜ਼ਰੇ ਇਹ ਨਿਸ਼ਾਨਾ ਬੜਾ ਉੱਚਾ ਤੇ ਸੋਹਣਾ ਜਾਪਦਾ ਹੈ, ਪਰ ਜਿਹੜਾ ਭੀ ਰਸਤਾ ਪਰਮਾਤਮਾ ਦੀ ਯਾਦ ਨੂੰ ਬੇ-ਲੋੜਵਾਂ ਦੱਸਦਾ ਹੈ ਉਹ ਕੁਵੱਲਾ ਰਸਤਾ ਹੈ, ਉਸ ਵਿਚੋਂ ਕਈ ਉਪਾਧੀਆਂ ਨਿਕਲਦੀਆਂ ਹਨ। ਪਰ-ਅਧੀਨਤਾ ਸਮੇਂ ਜਦੋਂ ਸਾਡੇ ਦੇਸ ਨੇ ਕਾਂਗਰਸ ਦੇ ਝੰਡੇ ਹੇਠ ਆਜ਼ਾਦੀ ਦਾ ਢੋਲ ਵਜਾਇਆ ਸੀ; ਤਾਂ ਸੈਂਕੜੇ ਨਹੀਂ, ਹਜ਼ਾਰਾਂ ਲੱਖਾਂ ਭਾਰਤ-ਵਾਸੀ ਆਜ਼ਾਦੀ ਦੀ ਛਿੰਝ ਵਿਚ ਨਿੱਤਰੇ, ਜਿਨ੍ਹਾਂ ਜਵਾਨੀ ਦੀ ਉਮਰ ਦੇ ਕਈ ਕਈ ਸਾਲ ਜੇਲ੍ਹਾਂ ਵਿਚ ਕੱਟੇ ਸਨ। ਪਰ ਜੀਵਨ-ਘੋਲ ਨੂੰ ਤੁਸਾਂ ਬਾਹਰੋਂ ਬਾਹਰੋਂ ਹੀ ਨਹੀਂ ਵੇਖਣਾ। ਹਰੇਕ ਮਨੁੱਖ ਨੇ ਆਪਣੇ ਅੰਦਰ ਹਰ ਵੇਲੇ ਹੋ ਰਿਹਾ ਘੋਲ ਭੀ ਗਹੁ ਨਾਲ ਤੱਕਣਾ ਹੈ। ਦੇਸ ਦੀ ਸੁਤੰਤਰਤਾ ਦੀ ਖ਼ਾਤਰ ਕੁਰਬਾਨੀ ਕਰਨ ਵਾਲੇ ਜਿਸ ਭੀ ਸੱਜਣ ਨੇ ਇਹ ਵੇਖਣਾ ਹੋਵੇ ਕਿ ਉਸ ਦਾ ਆਪਣਾ ਸ਼ਖ਼ਸੀ ਜੀਵਨ ਕਿਸ ਪੱਧਰ ’ਤੇ ਸੀ, ਉਹ ਆਪਣੇ ਆਪ ਨੂੰ ਇਉਂ ਪੁੱਛ ਵੇਖੇ-ਕੀ ਕੈਦ ਮੁੱਕਣ ’ਤੇ ਜੇਲ੍ਹ ਤੋਂ ਬਾਹਰ ਆਉਣ ਵੇਲੇ ਮਨ ਇਹ ਤਾਂਘਦਾ ਸੀ ਕਿ ਲੋਕ ਅੱਗੋਂ ਸੁਆਗਤ ਕਰਨ ਲਈ ਸੈਂਕੜੇ ਹਜ਼ਾਰਾਂ ਦੀ ਗਿਣਤੀ ਵਿਚ ਆਏ ਹੋਏ ਹੋਣ  ? ਜੇ ਸੁਆਗਤ ਲਈ ਕੋਈ ਨਹੀਂ ਸੀ ਆਉਂਦਾ ਤਾਂ ਕੀ ਦਿਲ ਨੂੰ ਸੱਟ ਨਹੀਂ ਸੀ ਵੱਜਦੀ  ? ਕੀ ਦੇਸ-ਵਾਸੀਆਂ ਗੁਆਂਢੀਆਂ ਉੱਤੇ ਗੁੱਸਾ ਨਹੀਂ ਸੀ ਆਉਂਦਾ ਕਿ ਉਹਨਾਂ ਸਾਡੀ ਕੁਰਬਾਨੀ ਦੀ ਕਦਰ ਨਹੀਂ ਕੀਤੀ  ? ਜੇ ਲੋਕ ਅੱਗੋਂ ਆ ਕੇ ਜਲੂਸ ਕੱਢਦੇ ਸਨ ਤਾਂ ਕੀ ਮਨ ਅਹੰਕਾਰ ਨਾਲ ਆਫਰ ਨਹੀਂ ਸੀ ਜਾਂਦਾ।

ਮਾਇਆ ਦੇ ਸਾਰੇ ਹੀ ਸੂਰਮੇ ਇਨਸਾਨੀ ਜੀਵਨ ਨੂੰ ਡੇਗਣ ਲਈ ਇਕੋ ਜਿਹੇ ਹੀ ਖ਼ਤਰਨਾਕ ਹਨ। ਕਿਸੇ ਇਕੋ ਦੇ ਢਹੇ ਚੜ੍ਹਿਆਂ ਭੀ ਜੀਵਨ-ਖੇਡ ਹਾਰ ਜਾਈਦੀ ਹੈ। ਸੋ, ਸਰੀਰ ਉੱਤੇ ਜੇਲ੍ਹਾਂ ਦੇ ਕਸ਼ਟ ਸਹਾਰ ਕੇ ਤੇ ਬਾਹਰ ਕਾਰ-ਵਿਹਾਰ ਵਿਗੜਨ ਦੇ ਕਾਰਨ ਧਨ ਗੁਆ ਕੇ ਭੀ ਇਕੱਲੇ ਅਹੰਕਾਰ ਦੇ ਹੀ ਵੱਸ ਵਿਚ ਆਇਆਂ ਆਤਮਕ ਜੀਵਨ ਦੇ ਘੋਲ ਵਿਚ ਢਹਿ ਪਈਦਾ ਹੈ। ਤਾਹੀਏਂ ਕਬੀਰ ਜੀ ਨੇ ਲਿਖਿਆ ਹੈ ਕਿ ਜੇ ਮਾਣ-ਅਹੰਕਾਰ ਨਹੀਂ ਛਡਿਆ ਜਾ ਸਕਦਾ ਤਾਂ ਮਾਇਆ ਦੇ ਤਿਆਗ ਨਾਲ ਭੀ ਆਤਮਕ ਜੀਵਨ ਨਹੀਂ ਸੌਰਦਾ; ਕਿਉਂਕਿ ਅਹੰਕਾਰ ਇਕ ਐਸੀ ਬਲਾ ਹੈ ਜਿਸ ਨੇ ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਖਾ ਲਿਆ, ਇਸ ਦੇ ਅੱਗੇ ਕੋਈ ਵਿਰਲਾ ਹੀ ਅੜ ਸਕਦਾ ਹੈ। ਆਪ ਫ਼ੁਰਮਾਂਦੇ ਹਨ ‘‘ਕਬੀਰ  ! ਮਾਇਆ ਤਜੀ ਕਿਆ ਭਇਆ  ? ਜਉ ਮਾਨੁ ਤਜਿਆ ਨਹੀ ਜਾਇ   ਮਾਨ ਮੁਨੀ ਮੁਨਿਵਰ ਗਲੇ; ਮਾਨੁ ਸਭੈ ਕਉ ਖਾਇ ੧੫੬’’ (ਭਗਤ ਕਬੀਰ, ਪੰਨਾ ੧੩੭੨)

ਇਕ ਗੱਲ ਹੋਰ ਭੀ ਹੈ। ਲੋਕ ਹਾਸੇ ਦੀ ਇਕ ਬਾਤ ਸੁਣਾਇਆ ਕਰਦੇ ਹਨ-ਇਕ ਨਿੱਕੀ ਜਿਹੀ ਕੱਚੀ ਕੁੱਲੀ ਵਿਚ ਇਕ ਗ਼ਰੀਬ ਬੰਦਾ ਰਹਿੰਦਾ ਸੀ। ਇਕ ਦਿਨ ਮੀਂਹ ਲਹਿ ਪਿਆ। ਇਕ ਊਠ ਨੇ ਆ ਕੇ ਤਰਲਾ ਕੀਤਾ ਕਿ ਮੀਂਹ ਦੇ ਫਾਂਡੇ ਤੋਂ ਬਚਣ ਲਈ ਮੈਨੂੰ ਭੀ ਘੜੀ ਕੁ ਅੰਦਰ ਖਲੋ ਲੈਣ ਦੇ। ਕੁੱਲੀ ਦੇ ਮਾਲਕ ਨੇ ਸਮਝਾਇਆ ਕਿ ਭਲੇ ਲੋਕ  ! ਤੇਰੇ ਇਤਨੇ ਵੱਡੇ ਸਰੀਰ ਲਈ ਇਸ ਨਿੱਕੇ ਜਿਹੇ ਕੋਠੇ ਵਿਚ ਥਾਂ ਨਹੀਂ ਹੋ ਸਕਦੀ। ਊਠ ਨੇ ਆਖਿਆ, ‘‘ਹੱਛਾ, ਮੈਨੂੰ ਸਿਰ ਹੀ ਲੁਕਾ ਲੈਣ ਦੇ।’’ ਬੱਸ ! ਫਿਰ ਕੀ ਸੀ  ? ਸਿਰ ਅਗਾਂਹ ਅਗਾਂਹ ਸਰਕਾ ਕੇ ਉਸ ਨੇ ਸਹਿਜੇ ਸਹਿਜੇ ਆਪਣੇ ਪੈਰ ਭੀ ਅੰਦਰ ਆ ਜਮਾਏ ਤੇ ਮੂਰਖ ਗ਼ਰੀਬ ਨੂੰ ਕੋਠਿਓਂ ਬਾਹਰ ਨਿਕਲਣਾ ਪਿਆ। ਇਹੀ ਹਾਲ ਸੁਆਗਤ ਤੇ ਜਲੂਸਾਂ ਦੇ ਚਾਹਵਾਨ ਸੇਵਕਾਂ ਦਾ ਹੁੰਦਾ ਹੈ। ਇਹ ਜਲੂਸ ਤੇ ਸੁਆਗਤ ਊਠ ਦੀ ਧੌਣ ਹੀ ਸਮਝ ਲਵੋ। ਜਿਉਂ ਜਿਉਂ ਦੇਸ-ਸੇਵਕ ਦੇ ਅਹੰਕਾਰ ਨੂੰ ਸੁਆਗਤਾਂ ਤੇ ਜਲੂਸਾਂ ਦੀ ਖ਼ੁਰਾਕ ਮਿਲਦੀ ਹੈ, ਉਹ ਆਪ ਬਲਵਾਨ ਹੋ ਕੇ ਬਾਕੀ ਸਾਥੀਆਂ ਲਈ ਭੀ ਥਾਂ ਬਣਾਂਦਾ ਜਾਂਦਾ ਹੈ। ਲੋਭ ਆਦਿਕ ਨੂੰ ਭੀ ਫਿਰ ਰੱਜ ਕੇ ਮੌਕਾ ਮਿਲਦਾ ਹੈ। ਕੈਦਾਂ ਸਮੇ ਗਵਾਏ ਧਨ ਦੀ ਕਸਰ ਇਤਨੀ ਨਿਕਲਦੀ ਹੈ ਕਿ ਕਈ ਪੀੜ੍ਹੀਆਂ ਤਕ ਮੁਕਣ ਜੋਗਾ ਨਹੀਂ ਰਹਿੰਦਾ। ਜੇ ਅਜ਼ਾਦ ਵਤਨ ਵਿਚ ਭੀ ‘ਸੇਵਕ’ ਗ਼ਰੀਬ ਹੀ ਰਹੇ, ਤਾਂ ਉਸ ਅਜ਼ਾਦੀ ਦਾ ਕੀ ਲਾਭ  ? ਫਿਰ, ਹਰੇਕ ਸਰਕਾਰੀ ਠੇਕੇ ਵਿਚ ਤੇ ਹਰੇਕ ਕੰਮ-ਕਾਜ ਵਿਚ ਜਿੱਥੇ ਕਿ ਸਰਕਾਰੀ ਨਹੁੰ ਅੜਦਾ ਹੋਵੇ, ‘ਸੇਵਕਾਂ’ ਦੀਆਂ ਪੱਤੀਆਂ ਪੈ ਜਾਂਦੀਆਂ ਹਨ, ਰਾਜ-ਦਰਬਾਰੇ ਤਰਦੀਆਂ ਤਰਦੀਆਂ ਅਸਾਮੀਆਂ ਉੱਤੇ ‘ਸੇਵਕਾਂ’ ਦੇ ਹੀ ਸਾਕ-ਅੰਗ, ‘ਸੇਵਕਾਂ’ ਦੇ ਹੀ ਯਾਰ-ਦੋਸਤ ਨੌਕਰ ਰੱਖੇ ਜਾਂਦੇ ਹਨ। ਹੁੰਦੀ ਭੀ ਮਜਬੂਰੀ ਹੀ ਹੈ ਕਿਉਂਕਿ ਦੇਸ ਦੀ ‘ਸੇਵਾ’ ਕਰਨ ਲਈ ‘ਇਤਬਾਰੀ’ ਬੰਦੇ ਰੱਖਣੇ ਹੁੰਦੇ ਹਨ। ਅਜ਼ਾਦ ਦੇਸ ਵਿਚ ਚਾਰ-ਚੁਫੇਰੇ ਚੋਰ-ਬਜ਼ਾਰੀ ਤੇ ਵੱਢੀ ਦੇ ਪੌਂ ਬਾਰ੍ਹਾਂ ਹੋ ਜਾਂਦੇ ਹਨ। ਵੱਢੀ-ਖ਼ੋਰਾਂ ਤੇ ਚੋਰ-ਬਜ਼ਾਰੀਆਂ ਨੂੰ ਰੋਕੇ ਕੌਣ  ? ‘ਸੇਵਕਾਂ’ ਨੇ ਉਹਨਾਂ ਦੀ ਰਾਹੀਂ ਹੀ ਅਗਾਂਹ ਨੂੰ ‘ਦੇਸ-ਸੇਵਾ’ ਕਰਨ ਲਈ ਚੋਣਾਂ ਦੇ ਸਮੇ ਪਰਚੀਆਂ ਲੈਣੀਆਂ ਹੁੰਦੀਆਂ ਹਨ। ਗ਼ਰੀਬ ਜਨਤਾ ਮਹਿੰਗਾਈ ਦੇ ਭਾਰ ਹੇਠ ਨੱਪੀ ਹੋਈ ਤ੍ਰਾਹ ਤ੍ਰਾਹ ਪਈ ਕਰਦੀ ਹੈ, ਪਰ ਉਸ ਨੂੰ ਦਮ-ਦਿਲਾਸੇ ਹੀ ਦਿੱਤੇ ਜਾਂਦੇ ਹਨ, ਜਨਤਾ ਵਾਸਤੇ ਪੰਜ-ਸਾਲਾ ਵਿਓਂਤਾਂ ਹੀ ਪਈਆਂ ਬਣਦੀਆਂ ਹਨ ਜਾਂ ਅਮਨ-ਸ਼ਾਂਤੀ ਕਾਇਮ ਰੱਖਣ ਲਈ ਨਵੀਆਂ ਹੱਥ-ਆਈਆਂ ਡਾਂਗਾਂ ਬੰਦੂਕਾਂ ਹੀ ਵਰਤੀਆਂ ਜਾਂਦੀਆਂ ਹਨ। ਰੱਬ ਨੂੰ ਵਿਸਾਰ ਕੇ ਨਿਰੀ ਖ਼ਲਕਤਿ ਦੀ ਸੇਵਾ ਦਾ ਨਿਸ਼ਾਨਾ ਆਖ਼ਰ ਇਸ ਅਧੋਗਤੀ ’ਤੇ ਲੈ ਅੱਪੜਦਾ ਹੈ। ਇਹ ਹਾਲਤ ਹੋਵੇ ਭੀ ਕਿਉਂ ਨਾ  ? ਬੱਘੀ ਦੇ ਪਹੀਏ ਦੇ ਆਰਿਆਂ ਵੱਲ ਵੇਖੋ। ਜਿਉਂ ਜਿਉਂ ਉਹ ਆਰੇ ਧੁਰੇ ਤੋਂ ਦੂਰ ਜਾਂਦੇ ਹਨ, ਤਿਉਂ ਤਿਉਂ ਉਹਨਾਂ ਦੀ ਆਪੋ ਵਿਚ ਦੀ ਵਿੱਥ ਹੀ ਵਧਦੀ ਜਾਂਦੀ ਹੈ।

ਇਸ ਜਗਤ-ਅਖਾੜੇ ਦੇ ਜੀਵਨ-ਘੋਲ ਬਾਰੇ ਹੁਣ ਤਕ ਅਸੀਂ ਚਾਰ ਕਿਸਮ ਦੇ ਖ਼ਿਆਲਾਂ ਵਾਲੇ ਬੰਦਿਆਂ ਦਾ ਜ਼ਿਕਰ ਕਰ ਆਏ ਹਾਂ-(1) ਮਾਇਆ-ਧਾਰੀ ਲੋਕ, ਜੋ ਧਨ-ਪਦਾਰਥ ਨੂੰ ਕਾਮਯਾਬੀ ਦਾ ਮਾਪ ਸਮਝਦੇ ਹਨ; (2) ਬਿਪਤਾ-ਮਾਰੇ ਬੰਦੇ, ਜੋ ਹਾਰੇ ਜੁਆਰੀਏ ਵਾਂਗ ਢੇਰੀ ਢਾਹ ਬੈਠਦੇ ਹਨ; (3) ਸ਼ਰਈ ਤੇ ਕਰਮਕਾਂਡੀ ਲੋਕ, ਜੋ ਕਿਸੇ ਪਰਲੋਕ ਦੇ ਬਹਿਸ਼ਤ-ਸੁਰਗ ਦੀਆਂ ਆਸਾਂ ਵਿਚ ਦਿਨ ਗੁਜ਼ਾਰਦੇ ਹਨ; (4) ਉਹ ਬੰਦੇ ਜੋ ਸਿਰਫ਼ ਖ਼ਲਕਤਿ ਦੀ ਸੇਵਾ ਨੂੰ ਹੀ ਜੀਵਨ-ਆਦਰਸ਼ ਮੰਨਦੇ ਹਨ ਤੇ ਸ਼ਖ਼ਸੀ ਆਤਮਕ ਜੀਵਨ ਨੂੰ ਜੀਵਨ-ਸੰਗਰਾਮ ਵਿਚ ਕੋਈ ਥਾਂ ਨਹੀਂ ਦੇਂਦੇ।

ਗੁਰੂ ਨਾਨਕ ਪਾਤਿਸ਼ਾਹ ਨੇ ਜੋ ਜੀਵਨ-ਰਾਹ ਤੋਰਿਆ ਹੈ, ਉਸ ਵਿਚ ਸ਼ਖ਼ਸੀ ਜੀਵਨ ਤੇ ਖ਼ਲਕਤਿ ਨਾਲ ਸਾਂਝਾ ਜੀਵਨ ਦੋਹਾਂ ਦੇ ਹੀ ਪਲਰਨ ’ਤੇ ਜ਼ੋਰ ਦਿੱਤਾ ਹੈ। ਸਤਿਗੁਰੂ ਜੀ ਦਾ ਦੱਸਿਆ ਇਹ ਸ਼ਖ਼ਸੀ ਜੀਵਨ; ਸੁਆਰਥੀ ਜੀਵਨ ਨਹੀਂ ਹੈ। ਮਨੁੱਖ ਨੇ ਮਾਇਆ ਕਮਾਣੀ ਹੈ, ਪਰ ਕਮਾਣੀ ਹੈ ਜੀਵਨ ਨਿਰਬਾਹ ਦੀ ਖ਼ਾਤਰ ਹੀ। ਮੱਲਾਂ ਨਹੀਂ ਮੱਲਣੀਆਂ, ਦਾਅਵੇ ਨਹੀਂ ਬੰਨ੍ਹਣੇ, ਦੂਜਿਆਂ ਨੂੰ ਕੰਗਾਲ ਬਣਾ ਕੇ ਉਹਨਾਂ ਦੀ ਮਨੁੱਖਤਾ ਨੂੰ ਕੁਚਲ ਕੇ ਪੈਰਾਂ ਹੇਠ ਨਹੀਂ ਲਿਤਾੜਨਾ। ਸਤਿਗੁਰੂ ਜੀ ਸਮਾਜ ਦਾ ਅਜਿਹਾ ਆਰਥਕ ਪਰਬੰਧ ਚਾਹੁੰਦੇ ਹਨ, ਜਿਸ ਨਾਲ ਮਨੁੱਖਾਂ ਵਿਚ ਵਿੱਥਾਂ ਨਾ ਵਧਣ, ਕੋਈ ਕਿਸੇ ਨੂੰ ਬਲ-ਹੀਣਾ ਨਾ ਕਰ ਸਕੇ। ਨਿਤਾਣੇ ਸਹਿਮੇ ਬੰਦਿਆਂ ਨੂੰ ਵੇਖ ਕੇ ਗੁਰੂ ਅੰਗਦ ਸਾਹਿਬ ਧੀਰਜ ਦੇਂਦੇ ਹਨ ਤੇ ਆਖਦੇ ਹਨ-ਵੇਖੋ, ਜਿਨ੍ਹਾਂ ਮੀਰ ਮੁਲਕ ਸਲਾਰਾਂ ਅੱਗੇ ਤੁਸੀਂ ਥਰ ਥਰ ਕੰਬਦੇ ਲਿੱਲ੍ਹੀਆਂ ਲੈਂਦੇ ਹੋ, ਇਹ ਭੀ ਤੁਹਾਡੇ ਵਰਗੇ ਮਨੁੱਖ ਹਨ। ਜਦੋਂ ਦਰਗਾਹੀ ਸੱਦਾ ਆਉਂਦਾ ਹੈ, ਇਹ ਭੀ ਯਤੀਮਾਂ ਵਾਂਗ ਖ਼ਾਲੀ ਹੱਥ ਹੀ ਇੱਥੋਂ ਤੁਰ ਪੈਂਦੇ ਹਨ। ਇਹਨਾਂ ਦੀ ਖ਼ੁਸ਼ਾਮਦ ਛੱਡੋ ਤੇ ਇਕ ਸਿਰਜਣਹਾਰ ਨੂੰ ਸਭ ਦਾ ਰਿਜ਼ਕ-ਦਾਤਾ ਸਮਝੋ । ਆਪ ਫ਼ੁਰਮਾਂਦੇ ਹਨ ‘‘ਕੀਤਾ ਕਿਆ ਸਾਲਾਹੀਐ  ? ਕਰੇ, ਸੋਇ ਸਾਲਾਹਿ   ਨਾਨਕ  ! ਏਕੀ ਬਾਹਰਾ; ਦੂਜਾ ਦਾਤਾ ਨਾਹਿ   ਕਰਤਾ ਸੋ ਸਾਲਾਹੀਐ; ਜਿਨਿ ਕੀਤਾ ਆਕਾਰੁ   ਦਾਤਾ ਸੋ ਸਾਲਾਹੀਐ; ਜਿ ਸਭਸੈ ਦੇ ਆਧਾਰੁ (ਮਹਲਾ , ਪੰਨਾ ੧੨੩੯), ਚੀਰੀ ਜਾ ਕੀ ਨਾ ਫਿਰੈ; ਸਾਹਿਬੁ ਸੋ ਪਰਵਾਣੁ   ਚੀਰੀ ਜਿਸ ਕੀ ਚਲਣਾ; ਮੀਰ ਮਲਕ ਸਲਾਰ   ਜੋ ਤਿਸੁ ਭਾਵੈ ਨਾਨਕਾ ! ਸਾਈ ਭਲੀ ਕਾਰ   ਜਿਨ੍ਹਾ ਚੀਰੀ ਚਲਣਾ; ਹਥਿ (’) ਤਿਨ੍ਹਾ ਕਿਛੁ ਨਾਹਿ   ਸਾਹਿਬ ਕਾ ਫੁਰਮਾਣੁ ਹੋਇ; ਉਠੀ ਕਰਲੈ ਪਾਹਿ ’’ (ਮਹਲਾ , ਪੰਨਾ ੧੨੩੯)

ਗੁਰੂ ਨਾਨਕ ਪਾਤਿਸ਼ਾਹ ਦੇ ਰਾਹ ਦੇ ਪੰਧਾਊ ਨੇ ਜੇ ਰੋਜ਼ੀ ਭੀ ਕਮਾਣੀ ਹੈ, ਗੁਆਂਢੀਆਂ ਦਾ ਲਹੂ ਪੀ ਕੇ ਧਨ ਨਹੀਂ ਕਮਾਣਾ ਤੇ ਇਸ ਕਮਾਈ ਵਿਚੋਂ ਭੀ ਖ਼ਲਕਤਿ ਦੀ ਸੇਵਾ ਕਰਨੀ ਹੈ। ਇਹ ਸੇਵਾ ਭੀ ਕਿਸੇ ਮਾਣ-ਆਕੜ ਦੇ ਆਸਰੇ ਨਹੀਂ, ਸਗੋਂ ਅਕਾਲ ਪੁਰਖ ਦਾ ਸ਼ੁਕਰ ਕਰਨਾ ਹੈ ਕਿ ਸੇਵਾ ਦਾ ਇਹ ਅਵਸਰ ਮਿਲਿਆ ਹੈ। ਭਾਈ ਗੁਰਦਾਸ ਜੀ ਲਿਖਦੇ ਹਨ ‘‘ਕਿਰਤਿ ਵਿਰਤਿ ਕਰਿ ਧਰਮ ਦੀ; ਹਥਹੁ ਦੇਕੈ ਭਲਾ ਮਨਾਵੈ’’ (ਭਾਈ ਗੁਰਦਾਸ ਜੀ, ਵਾਰ ਪਉੜੀ ੧੨)

ਦੁਨੀਆ ਦੇ ਦੁੱਖ-ਕਲੇਸ਼ਾਂ ਦੇ ਸਾਹਮਣੇ ਸਿੱਖ ਨੇ ਹਥਿਆਰ ਭੀ ਨਹੀਂ ਸੁੱਟ ਦੇਣੇ, ਢੇਰੀ ਭੀ ਨਹੀਂ ਢਾਹ ਬੈਠਣਾ। ਦੁੱਖਾਂ-ਸੁੱਖਾਂ ਦਾ ਚੱਕਰ ਸਦਾ ਚੱਲਦਾ ਹੀ ਰਹਿਣਾ ਹੈ। ਦੁਨੀਆ ਦੀਆਂ ਚੋਟਾਂ, ਮਾਰਾਂ ਤੇ ਦੁੱਖਾਂ ਬਾਰੇ ਤਾਂ ਹਜ਼ੂਰ ਨੇ ਆਖਿਆ ਹੈ ‘‘ਏਹਿ ਭਿ ਦਾਤਿ ਤੇਰੀ ਦਾਤਾਰ  !’’ ਲੋਹਾਰ ਲੋਹੇ ਨੂੰ ਮੁੜ ਮੁੜ ਭੱਠੀ ਵਿਚ ਪਾ ਕੇ ਅਹਿਰਣ ਉੱਤੇ ਸੱਟਾਂ ਮਾਰਦਾ ਹੈ ਤਾਂ ਕਿ ਉਸ ਬੇ-ਡੌਲ ਢੇਲੇ ਦੀ ਕੋਈ ਸੋਹਣੀ ਸ਼ਕਲ ਬਣ ਜਾਏ, ਜੋ ਲੋਹਾਰ ਨੇ ਆਪਣੇ ਮਨ ਵਿਚ ਮਿਥੀ ਹੋਈ ਹੈ। ਹਜ਼ੂਰ ਫ਼ੁਰਮਾਂਦੇ ਹਨ ‘‘ਜਿਉ ਆਰਣਿ ਲੋਹਾ ਪਾਇ; ਭੰਨਿ ਘੜਾਈਐ   ਤਿਉ ਸਾਕਤੁ ਜੋਨੀ ਪਾਇ; ਭਵੈ ਭਵਾਈਐ ’’ (ਮਹਲਾ , ਪੰਨਾ ੭੫੨)

ਕਿਸੇ ਅਗਲੇ ਜਹਾਨ ਵਿਚ ਜਾ ਕੇ ਸੁਰਗ-ਬਹਿਸ਼ਤ ਦੀ ਆਸ ਰੱਖਣ ਵਾਲਿਆਂ ਨੂੰ ਸਤਿਗੁਰੂ ਜੀ ਨੇ ਸਮਝਾਇਆ ਕਿ ਇਸੇ ਧਰਤੀ ਨੂੰ ਇਸੇ ਜੀਵਨ ਵਿਚ ਆਪਣੇ ਚੱਜ-ਆਚਾਰ ਨਾਲ ਇਤਨੀ ਸੋਹਣੀ ਬਣਾ ਦਿਉ ਕਿ ਇਸ ਵਿਚ ਕੋਈ ਦੁਖੀ ਨਾ ਰਹਿ ਜਾਏ। ਸੁਆਰਥ-ਖ਼ੁਦਗ਼ਰਜ਼ੀ ਛੱਡ ਕੇ ਆਂਢ-ਗੁਆਂਢ ਖ਼ਲਕਤਿ ਦੇ ਸੁਖ ਵਾਸਤੇ ਜੀਵੋ, ਵੱਖ ਵੱਖ ਹੱਦ-ਬੰਨੇ ਬਣਾਣ ਦੇ ਥਾਂ ਦਾਤਾਰ ਦੀ ਸਾਂਝੀ ਦਾਤਿ ਨੂੰ ਰਲ ਮਿਲ ਕੇ ਵਰਤੋ, ਸਾਂਝੀਵਾਲਤਾ ਵਾਲਾ ਸਮਾਜ ਪੈਦਾ ਕਰੋ, ਪਰ ਇੱਥੇ ਹੀ ਨਹੀਂ ਅਟਕ ਜਾਣਾ। ਬਾਹਰਲੀ ਦੁਨੀਆ ਨੂੰ ਤਦੋਂ ਹੀ ਬਹਿਸ਼ਤ ਬਣਾ ਸਕੋਗੇ ਜੇ ਆਪਣੇ ਅੰਦਰ ਭੀ ਸੁਰਗ ਦੇ ਹੁਲਾਰੇ ਲਵੋਗੇ। ਸੁਖਾਂ ਦੇ ਸਮੁੰਦਰ ਜੀਵਨ-ਦਾਤੇ ਪ੍ਰਭੂ ਦੀ ਯਾਦ ਵਿਚ ਜੁੜਦੇ ਰਹੋ। ਪ੍ਰਭੂ-ਚਰਨਾਂ ਵਿਚ ਜੁੜਨ ਦੀ ਬਰਕਤਿ ਨਾਲ ਹੀ ਖ਼ਲਕਤਿ ਨਾਲ ਪਿਆਰ ਕਰ ਸਕੀਦਾ ਹੈ। ਪਰਮਾਤਮਾ ਨਾਲ ਇਹ ਸ਼ਖ਼ਸੀ ਨਿਹੁੰ ਕਦੇ ਨਹੀਂ ਵਿਸਾਰਨਾ। ਇਹੀ ਹੈ ਅਸਲ ਦਾਅ ਜਗਤ-ਅਖਾੜੇ ਵਿਚ ਮਾਲੀ ਜਿੱਤਣ ਦਾ ਕਿਉਂਕਿ ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ   ਨਾਨਕਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’ (ਜਪੁ, ਮਹਲਾ , ਪੰਨਾ )

ਗੁਰਬਾਣੀ ਵਿੱਚ ਅੰਮ੍ਰਿਤ ਦਾ ਸੰਕਲਪ

0

ਗੁਰਬਾਣੀ ਵਿੱਚ ਅੰਮ੍ਰਿਤ ਦਾ ਸੰਕਲਪ

ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਆਫ ਐਜੂਕੇਸ਼ਨ)

‘ਮ੍ਰਿਤ’ ਸ਼ਬਦ ਨਾਲ ‘ਅ’ ਅਗੇਤਰ ਲਗਾ ਕੇ ‘ਅੰਮ੍ਰਿਤ’ ਸ਼ਬਦ ਬਣਿਆ ਹੈ। ਇਹ ਮ੍ਰਿਤੂ ਜਾਂ ਮੌਤ ਦਾ ਨਾਂਹ ਵਾਚਕ ਹੈ, ਜਿਸ ਦਾ ਭਾਵ ਹੈ ਮੌਤ ਰਹਿਤ, ਮਿੱਟੀ ਰਹਿਤ, ਅਰਥਾਤ ਉਹ ਹਸਤੀ ਜੋ ਮਿੱਟੀ ਦੀ ਨਹੀਂ ਬਣੀ ਹੋਈ ਜਾਂ ਜਿਸ ਦੀ ਕਦੇ ਮ੍ਰਿਤੂ ਨਹੀਂ ਹੋਣੀ ਭਾਵ ਪਰਮਾਤਮਾ। ਦੂਸਰੇ, ਅੰਮ੍ਰਿਤ ਉਸ ਪਦਾਰਥ ਨੂੰ ਵੀ ਕਹਿੰਦੇ ਹਨ ਜਿਸ ਦੇ ਖਾਧਿਆਂ ਜੀਵ ਦੇ ਅਮਰ ਹੋ ਜਾਣ ਦੀ ਕਲਪਨਾ ਕੀਤੀ ਜਾਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸੰਸਾਰ ਦਾ ਹਰ ਇਕ ਪਦਾਰਥ ਮਿੱਟੀ ਤੋਂ ਪੈਦਾ ਹੁੰਦਾ ਹੈ ਅਤੇ ਕੁਝ ਸਮੇਂ ਬਾਅਦ ਨਾਸ਼ ਹੋ ਜਾਂਦਾ ਹੈ। ਅੰਤ ਮਿੱਟੀ ਦਾ ਰੂਪ ਧਾਰ ਕੇ ਮੁੜ ਮਿੱਟੀ ਵਿੱਚ ਸਮਾ ਜਾਂਦਾ ਹੈ। ਬਾਕੀ ਪਦਾਰਥਾਂ ਤੇ ਜੀਵਾਂ ਦੇ ਨਾਲ-ਨਾਲ ਮਨੁੱਖੀ ਸਰੀਰਾਂ ’ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ। ਭਗਤ ਕਬੀਰ ਜੀ ਦਾ ਕਥਨ ਹੈ ‘‘ਕਬੀਰਾ  ! ਧੂਰਿ ਸਕੇਲਿ ਕੈ; ਪੁਰੀਆ ਬਾਂਧੀ ਦੇਹ   ਦਿਵਸ ਚਾਰਿ ਕੋ ਪੇਖਨਾ; ਅੰਤਿ ਖੇਹ ਕੀ ਖੇਹ ’’ (ਭਗਤ ਕਬੀਰ/੧੩੭੪) ਕਾਦਰ ਦੀ ਰਚਨਾ ਵਿੱਚ ਪੈਦਾ ਹੋਏ ਮਨੁੱਖ ਨੇ ਜਦੋਂ ਅੱਖ ਖੋਲ੍ਹੀ ਤਾਂ ਕੁਦਰਤ ਦੀ ਸੁੰਦਰਤਾ ਨੇ ਇਸ ਨੂੰ ਐਸਾ ਮੋਹਿਆ ਕਿ ‘‘ਵਿਚਹੁ ਗਰਭੈ ਨਿਕਲਿ ਆਇਆ ਖਸਮੁ ਵਿਸਾਰਿ, ਦੁਨੀ ਚਿਤੁ ਲਾਇਆ ’’ (ਮਹਲਾ /੧੦੦੭)  ਅਨੁਸਾਰ ‘‘ਹੁਕਮਿ ਰਜਾਈ ਚਲਣਾ..’’ ਭੁੱਲ ਗਿਆ ਅਤੇ ‘‘ਆਕੀ ਮਰਹਿ ਅਫਾਰੀ’’ (ਮਹਲਾ /੯੯੨) ਦੇ ਮਾਰਗ ’ਤੇ ਚੱਲ ਕੇ, ਹੁਕਮ ਤੋਂ ਬਾਗੀ ਹੋ ਗਿਆ।

‘‘ਪਹਿਲਾ ਮਰਣ ਕਬੂਲਿ’’ ਕਰ ਕੇ ਆਇਆ ਮਨੁੱਖ ‘‘ਮਰਣੁ ਮਨਹੁ ਵਿਸਾਰਿਆ’’ ਬਣ ਗਿਆ। ਕੇਵਲ ਇਸ ਨੂੰ ‘‘ਖਾਣਾ ਪੀਣਾ ਹਸਣਾ ਸਉਣਾ’’ ਚੇਤੇ ਰਹਿ ਕੇ ‘‘ਵਿਸਰਿ ਗਇਆ ਹੈ ਮਰਣਾ’’ (ਮਹਲਾ /੧੨੫੪) ਭਾਵ ਮੌਤ (ਜੀਵਨ ਦਾ ਅੰਤ) ਹੀ ਭੁੱਲ ਗਿਆ। ਮਨੁੱਖ ਹਰ ਉਹ ਉਪਰਾਲਾ ਸੋਚਣ ਅਤੇ ਕਰਨ ਲੱਗਾ, ਜਿਸ ਨਾਲ ਇਸ ਨੂੰ ਮੌਤ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿੰਦਗੀ ਅੰਦਰ ‘ਮ੍ਰਿਤੂ’ ਇਸ ਮਨੁੱਖ ਨੂੰ ਸਭ ਤੋਂ ਵੱਡਾ ਦੁਸ਼ਮਣ ਜਾਪਣ ਲੱਗੀ। ਸ੍ਰਿਸ਼ਟੀ ਦੀਆਂ ਬਾਕੀ ਜੂਨਾਂ ਨੇ ਤਾਂ ਬੇਵੱਸੀ ਜਾਂ ਅਗਿਆਨਤਾ ਕਾਰਨ ਇਸ ਚੱਕਰ ਤੋਂ ਛੁਟਕਾਰਾ ਪਾਉਣ ਦਾ ਯਤਨ ਨਹੀਂ ਕੀਤਾ ਪਰ ਮਨੁੱਖ ਨੇ ਜਦੋਂ ਆਪਣੇ ਆਲੇ ਦੁਆਲੇ ਮੌਤ ਵਾਪਰਦੀ ਵੇਖੀ ਤਾਂ ਇਸ ਨੂੰ ਗਿਆਨ ਹੋਇਆ ਕਿ ਸੰਸਾਰ ਵਿੱਚ ਇਹ ਵੀ ਕੇਵਲ ਚਾਰ ਦਿਨ ਦਾ ਹੀ ਪਰਾਹੁਣਾ ਹੈ, ਕਿਸੇ ਨਾ ਕਿਸੇ ਦਿਨ ਮੌਤ ਨੇ ਇਸ ਨੂੰ ਵੀ ਦਬੋਚ ਲੈਣਾ ਹੈ, ਤਾਂ ਮਨੁੱਖ; ਮੌਤ ਤੋਂ ਰਾਖੀ ਕਰਨ ਵਾਲੀ ਕਿਸੇ ਵਸਤੂ ਦੀ ਖੋਜ ਕਰਨ ਵਿੱਚ ਰੁੱਝ ਗਿਆ। ਇਸ ਸੰਕਲਪ ਦੀ ਪ੍ਰਾਪਤੀ ਲਈ ਇਸ ਨੇ ਦਿਨ ਰਾਤ ਵੱਖ-ਵੱਖ ਉਪਰਾਲੇ ਕੀਤੇ, ਕਦੇ ਪੂਜਾ ਪਾਠ, ਕਦੇ ਮੰਤ੍ਰ ਜਾਪ, ਕਦੇ ਹਥਿਆਰਾਂ ਦੀ ਖੋਜ, ਕਦੇ ਸੁਰੱਖਿਅਤ ਕਿਲ੍ਹੇ ਉਸਾਰੇ, ਕਦੇ ਔਸ਼ਧੀਆਂ ਦੀ ਖੋਜ, ਕਦੇ ਧਨੰਤਰ ਵੈਦ ਨੂੰ ਲੱਭਣ ਦਾ ਯਤਨ ਕੀਤਾ।  ਇੱਥੋਂ ਤੱਕ ਕਿ ਅਮਰ ਕਰਨ ਵਾਲੇ ਅੰਮ੍ਰਿਤ ਦੀ ਖੋਜ ਨੂੰ ਦੇਵਤੇ ਤੇ ਦੈਂਤ ਵੀ ਵਿਆਕੁਲ ਹੁੰਦੇ ਰਹੇ। ਉਹਨਾਂ ਨੇ ਅੰਮ੍ਰਿਤ ਦੀ ਪ੍ਰਾਪਤੀ ਲਈ ਖੀਰ ਸਮੁੰਦਰ ਰਿੜਕਿਆ। ਜਿਸ ਵਿੱਚੋਂ ਅੰਮ੍ਰਿਤ, ਧਨੰਤਰ ਵੈਦ ਸਮੇਤ ਚੌਦਾਂ ਰਤਨ ਕੱਢੇ।  ਭਾਈ ਗੁਰਦਾਸ ਜੀ ਨੇ ਇਸ ਮਿੱਥ ਨੂੰ ਵਾਰ ਨੰ: 26 ਦੀ ਪਉੜੀ ਨੰ: 23 ਵਿੱਚ ਇੰਝ ਅੰਕਿਤ ਕੀਤਾ ਹੈ :

ਖੀਰ ਸਮੁੰਦੁ ਵਿਰੋਲਿ ਕੈ, ਕਢਿ ਰਤਨ ਚਉਦਹ ਵੰਡਿ ਲੀਤੇ।

ਮਣਿ ਲਖਮੀ ਪਾਰਜਾਤ ਸੰਖੁ, ਸਾਰੰਗ ਧਣਖੁ, ਬਿਸਨੁ ਵਸਿ ਕੀਤੇ।

ਕਾਮਧੇਣੁ ਤੇ ਅਪਛਰਾਂ, ਐਰਾਪਤਿ ਇੰਦ੍ਰਾਸਣਿ ਸੀਤੇ।

ਕਾਲਕੂਟ ਤੇ ਅਰਧ ਚੰਦੁ, ਮਹਾਂਦੇਵ ਮਸਤਕਿ ਧਰਿ ਪੀਤੇ।

ਘੋੜਾ ਮਿਲਿਆ ਸੂਰਜੈ, ਮਦੁ ਅੰਮ੍ਰਿਤ ਦੇਵ ਦਾਨਵ ਰੀਤੇ।

ਕਰੇ ਧਨੰਤਰੁ ਵੈਦਗੀ, ਡਸਿਆ ਤੱਛਕਿ ਮਤਿ ਬਿਪਰੀਤੇ। 

(ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੩)

ਭਾਈ ਗੁਰਦਾਸ ਜੀ ਨੇ ਪਉੜੀ ਦੀਆਂ ਆਖਰੀ ਪੰਕਤੀਆਂ ਵਿੱਚ ਗੁਰਮਤਿ ਸਮਝਾਉਂਦਿਆਂ ਕਥਨ ਕੀਤਾ ਹੈ ਕਿ ਇਸ ਮਿੱਥ ਪਿੱਛੇ ਤੁਰਨ ਦੀ ਥਾਂ ਗੁਰੂ ਦੇ ਉਪਦੇਸ਼ ਰੂਪ ਸਾਗਰ ਵਿੱਚੋਂ ਕੇਵਲ ਚੌਦਾਂ ਰਤਨ ਨਹੀਂ ਬਲਕਿ ਅਣਗਿਣਤ ਦੈਵੀ ਗੁਣ ਰੂਪ ਰਤਨ ਸਿੱਖ ਦੀ ਮਤਿ ਵਿੱਚ ਪ੍ਰਗਟ ਹੁੰਦੇ ਹਨ ਇਸ ਲਈ ਸਿੱਖ ਤੇ ਸਤਿਗੁਰੂ ਜੀ ਦੀ ਹੀ ਸੱਚੀ ਪ੍ਰੀਤ ਹੈ, ਕਥਨ ਹੈ ‘‘ਗੁਰ ਉਪਦੇਸੁ ਅਮੋਲਕਾ, ਰਤਨ ਪਦਾਰਥ ਨਿਧਿ ਅਗਣੀਤੇ ਸਤਿਗੁਰ ਸਿਖਾ ਸਚੁ ਪਰੀਤੇ ੨੩’’ (ਭਾਈ ਗੁਰਦਾਸ ਜੀ/ਵਾਰ ੨੬ ਪਉੜੀ ੨੩)

ਉਪਰੋਕਤ ਬਿਆਨ ਕੀਤੇ ਅਨੇਕਾਂ ਉਪਰਾਲਿਆਂ ਦੇ ਬਾਵਜੂਦ ਮਨੁੱਖ ਹਰ ਵਾਰੀ ਮੌਤ ਅੱਗੇ ਹਾਰ ਜਾਂਦਾ ਰਿਹਾ। ਇਹ ਲੜਾਈ ਅੱਜ ਵੀ ਜਾਰੀ ਹੈ। ਸੰਸਾਰ ਅੰਦਰ ਦੋ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕ ਹੁੰਦੇ ਹਨ ।  ਇਕ ਉਹ ਜਿਹੜੇ ‘‘ਦਾਤਿ ਪਿਆਰੀ, ਵਿਸਰਿਆ ਦਾਤਾਰਾ ’’ (ਮਹਲਾ /੬੭੬) ਅਨੁਸਾਰ ਪ੍ਰਮਾਤਮਾ ਅਤੇ ਮੌਤ ਵੱਲੋਂ ਅਚੇਤ ਹੋ ਕੇ ਜ਼ਿੰਦਗੀ ਜੀਅ ਰਹੇ ਹਨ, ਕੇਵਲ ਜਿਉਣਾ ਹੀ ਚਾਹੁੰਦੇ ਹਨ, ਮਰਨਾ ਨਹੀਂ। ਦੂਸਰੇ ਪਾਸੇ ਉਹ ਲੋਕ ਹਨ, ਜਿਨ੍ਹਾਂ ਨੂੰ ਸੰਸਾਰ ਰਿਸ਼ੀ, ਮੁਨੀ, ਦੇਵਤੇ ਆਦਿ ਮੰਨੀਦਾ ਹੈ, ਇਨ੍ਹਾਂ ਨੂੰ ਮਨੁੱਖਾ ਦੇਹੀ ਰਾਹੀਂ ਇਹ ਗਿਆਨ ਹੋਇਆ ਕਿ ਇਹ ‘‘ਕਹੁ ਕਬੀਰ  !  ਹਮ ਰਾਮ ਕੀ ਅੰਸ’’ ਜੀਵ ਹਨ। ਕਿਉਂਕਿ ਮਨੁੱਖ ਜੂਨੀ ਨੂੰ ਮਨੁੱਖਾ ਜੀਵਨ ਤੋਂ ਪਹਿਲਾਂ ਕਈ ਜੂਨਾਂ ਵਿੱਚ ਭਟਕਣਾ ਪਿਆ ਹੈ।  ਗੁਰੂ ਫ਼ੁਰਮਾਨ ਹੈ :

ਕਈ ਜਨਮ ਭਏ, ਕੀਟ ਪਤੰਗਾ ॥  ਕਈ ਜਨਮ, ਗਜ ਮੀਨ ਕੁਰੰਗਾ ॥ 

ਕਈ ਜਨਮ, ਪੰਖੀ ਸਰਪ ਹੋਇਓ ॥  ਕਈ ਜਨਮ, ਹੈਵਰ ਬ੍ਰਿਖ ਜੋਇਓ ॥ 

ਮਿਲੁ ਜਗਦੀਸ, ਮਿਲਨ ਕੀ ਬਰੀਆ ॥ ਚਿਰੰਕਾਲ, ਇਹ ਦੇਹ ਸੰਜਰੀਆ ॥ (ਮਹਲਾ ੫/੧੭੬)

ਗਿਆਨਵਾਨਾਂ ਨੂੰ ਇਹ ਸੋਝੀ ਹੋਈ ਕਿ ਜੋ ਮਨੁੱਖਾ ਦੇਹੀ ਮਿਲੀ ਹੈ, ਇਹੀ ਪ੍ਰਭੂ ਨੂੰ ਮਿਲਣ ਦੀ ਪਉੜੀ ਹੈ, ਜਿਹੜਾ ਬੰਦਾ ਇਸ ਪਉੜੀ ਤੋਂ ਤਿਲਕ ਜਾਂਦਾ ਹੈ ਉਹ ‘‘ਇਸੁ ਪਉੜੀ ਤੇ ਜੋ ਨਰੁ ਚੂਕੈ, ਸੋ ਆਇ ਜਾਇ ਦੁਖੁ ਪਾਇਦਾ ’’ (ਮਹਲਾ /੧੦੭੫)  ਅਨੁਸਾਰ ਆਵਾਗਵਣ ਦੇ ਚੱਕਰ ਵਿੱਚ ਪੈਂਦਾ ਹੈ।  ਗੱਲ ਕੀ, ਦੋਵੇਂ ਤਰ੍ਹਾਂ ਦੇ ਲੋਕ ਜਦੋਂ ਤੋਂ ਸੰਸਾਰ ਬਣਿਆ ਹੈ, ਇਸ ਅਮਰ ਕਰਨ ਵਾਲੇ ਅੰਮ੍ਰਿਤ ਦੀ ਖੋਜ ਕਰਦੇ ਆ ਰਹੇ ਹਨ। ਅੰਮ੍ਰਿਤ ਜਾਂ ਅੰਮ੍ਰਿਤ ਫਲ਼ ਦੀ ਖੋਜ ਵਿੱਚ ਮਨੁੱਖ ਨੇ ਸਮੁੰਦਰਾਂ, ਪਰਬਤਾਂ, ਜੰਗਲ਼ਾਂ ਆਦਿ ਨੂੰ ਗਾਹ ਮਾਰਿਆ ਅਤੇ ਹੁਣ ਵੀ ਸਾਇੰਸਦਾਨ ਇਸੇ ਦੀ ਖੋਜ ਵਿੱਚ ਲੱਗੇ ਹੋਏ ਹਨ।  ਭੋਲੇ ਲੋਕ ਇਹ ਨਹੀਂ ਜਾਣਦੇ ਕਿ ਅੰਮ੍ਰਿਤ ਰੂਪ ਵਸਤੂ, ਜੋ ਮਿੱਟੀ ਪਦਾਰਥ ਜਾਂ ਤੱਤਾਂ ਤੋਂ ਨਹੀਂ ਬਣੀ ਉਹ ਸਮੁੰਦਰਾਂ, ਵਣਾਂ, ਪਰਬਤਾਂ ਜਾਂ ਪਦਾਰਥਾਂ ਵਿੱਚੋਂ ਨਹੀਂ ਮਿਲਦੀ।  ਸਮੁੰਦਰ ਵਿੱਚੋਂ ਮਿਲਿਆ ਅੰਮ੍ਰਿਤ ਜਲ ਜਾਂ ਕਿਸੇ ਪਰਬਤ ਤੋਂ ਲੱਭੀ ਗਈ ਸੰਜੀਵਨੀ ਬੂਟੀ ਜਾਂ ਅੰਮ੍ਰਿਤ ਫਲ਼; ਕਿਸੇ ਬੰਦੇ ਦੇ ਮਨੋਂ ਮ੍ਰਿਤੂ ਨੂੰ ਭਾਵੇਂ ਟਾਲ ਦੇਣ ਪਰ ਉਹ ਅਖੌਤੀ ਅੰਮ੍ਰਿਤ ਜਾਂ ਅਖੌਤੀ ਅੰਮ੍ਰਿਤ-ਫਲ਼ ਆਪ ਕਿਸੇ ਤੱਤ ਜਾਂ ਮਿੱਟੀ ਤੋਂ ਬਣਿਆ ਹੈ, ਇਸ ਲਈ ਉਹ ਬੰਦੇ ਨੂੰ ਮਿੱਟੀ ਰਹਿਤ ਨਹੀਂ ਕਰ ਸਕਦਾ।

ਦੁਨੀਆਂ ਦਾ ਕੋਈ ਐਸਾ ਤੱਤ ਜਾਂ ਪਦਾਰਥ ਨਹੀਂ, ਜੋ ਦੂਸਰੇ ਤੱਤ ਨਾਲ ਮਿਲ ਕੇ ਆਪਣਾ ਤੇ ਦੂਸਰੇ ਦਾ ਵਿਨਾਸ਼ ਕਰ ਸਕੇ, ਸਗੋਂ ਇੱਕ ਤੱਤ ਦੂਜੇ ਤੱਤ ਨਾਲ ਮਿਲ ਕੇ ਨਵੀਂ ਸਿਰਜਣਾ ਕਰਦਾ ਹੈ; ਜਿਵੇਂ ਹਾਈਡਰੋਜਨ ਤੇ ਆਕਸੀਜਨ ਮਿਲ ਕੇ ਪਾਣੀ ਤੱਤ ਨੂੰ ਪੈਦਾ ਕਰਦੀਆਂ ਹਨ।  ਕਾਸਟਕ ਸੋਡਾ ਤੇ ਤੇਲ ਮਿਲ ਕੇ ਸਾਬਣ ਬਣ ਜਾਂਦਾ ਹੈ। ਇਸ ਲਈ ਦੁਨੀਆਂ ਅੰਦਰ ਅਜਿਹੇ ਪਦਾਰਥ ਤਾਂ ਹਨ, ਜੋ ਕਿਸੇ ਦੇ ਜੀਵਨ ਨੂੰ ਤੰਦਰੁਸਤ ਕਰ ਸਕਣ, ਪਰ ਉਹ ਕਿਸੇ ਨੂੰ ਅਬਿਨਾਸ਼ੀ ਨਹੀਂ ਬਣਾ ਸਕਦੇ, ਜਿਵੇ ਲੱਕੜੀ ਅਤੇ ਗਾਰੇ ਦੀ ਥਾਂ ਸੀਮਿੰਟ ਅਤੇ ਲੋਹਾ ਵਰਤਿਆਂ ਕਿਸੇ ਮਕਾਨ ਦੀ ਉਮਰ ਬੇਸ਼ੱਕ ਵਧ ਜਾਂਦੀ ਹੈ ਪਰ ਉਹ ਕਦੇ ਅਬਿਨਾਸ਼ੀ ਹੋਵੇ, ਇਹ ਸੰਭਵ ਨਹੀਂ। ਇਹੀ ਕਾਰਨ ਹੈ ਕਿ ਅੱਜ ਤੱਕ ਕੋਈ ਪੀਰ, ਪੈਗੰਬਰ, ਰਾਜਾ, ਮਹਾਰਾਜਾ, ਸੂਰਬੀਰ;  ਮੌਤ ਜਾਂ ਕਾਲ ਨੂੰ ਨਹੀਂ ਜਿੱਤ ਸਕਿਆ।  ਹਰਨਾਕਸ਼ ਤੇ ਰਾਵਣ ਵਰਗਿਆਂ ਦੀ ਬੰਦਗੀ ਦਾ ਮਕਸਦ ਵੀ ਇਹੋ ਸੀ ਕਿ ਮੈ ਕਦੇ ਨਾਂ ਮਰਾਂ, ਪਰ ਹਰ ਵਾਰੀ ਇਹੋ ਜਿਹੇ ਲੋਕ ਮੌਤ ਅੱਗੇ ਹਾਰਦੇ ਗਏ।  ਆਪੋ ਆਪਣੇ ਖ਼ਿਆਲਾਂ ਵਿੱਚ ਨਾਮ ਭਾਵੇਂ ਅਲੱਗ ਹਨ, ਕੋਈ ਆਬੇ ਹਯਾਤ ਆਖੇ, ਕੋਈ ਸੋਮਰਸ, ਕੋਈ ਬਪਤਿਸਮਾ ਕਹੇ ਜਾਂ ਅੰਮ੍ਰਿਤ ਆਖਿਆ ਜਾਏ ਪਰ ਭਾਵਨਾ ਸਭ ਪਿੱਛੇ ਇੱਕੋ ਹੀ ਹੈ ਕਿ ਮ੍ਰਿਤੂ ਤੋਂ ਬਚਾਅ ਕਿਵੇਂ ਹੋਵੇ।

ਗੁਰਮਤਿ ਦੀ ਰੌਸ਼ਨੀ ਵਿੱਚ ਜਿੱਥੇ ਹਰ ਅਸੂਲ ਰੱਬੀ ਰਜ਼ਾ ਅਨੁਸਾਰ ਚੱਲ ਰਿਹਾ ਹੈ ਉੱਥੇ ਅੰਮ੍ਰਿਤ ਦੀ ਵਿਚਾਰਧਾਰਾ ਵੀ ਨਿਰਾਲੀ ਹੈ, ਜਦੋਂ ਸਿੱਖ ਅੰਮ੍ਰਿਤ ਦੀ ਦਾਤਿ ਲੈਣ ਲਈ ਗੁਰ ਚਰਨਾਂ ਵਿੱਚ ਪੁੱਜਦਾ ਹੈ ਤਾਂ ਇਸ ਨੂੰ ਪਹਿਲਾ ਸਬਕ ਹੀ ‘‘ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ ’’ (ਮਹਲਾ /੧੧੦੨) ਦ੍ਰਿੜ੍ਹਾਇਆ ਜਾਂਦਾ ਹੈ ਕਿ ਜੀਵਨ ਦਾ ਅੰਤ ਤਾਂ ਹੋਣਾ ਹੀ ਹੈ ਪਰ ਅੱਗੇ ਲਈ ਭਟਕਣਾ ਮੁੱਕ ਜਾਏਗੀ, ਇਹ ਮੌਤ ਨਹੀਂ ਬਲਕਿ ਇਸ ਨੂੰ ਗੁਰਮਤਿ ਭਾਸ਼ਾ ਵਿੱਚ ‘ਨਿੱਜ ਘਰ’ ਜਾਣਾ ਆਖਿਆ ਗਿਆ ਹੈ।  ਗੁਰਮਤਿ ਨੇ ਜਿੱਥੇ ਜੁਗਾਂ ਜੁਗੰਤਰਾਂ ਤੋਂ ਮੰਨੇ ਜਾਂਦੇ ਅੰਮ੍ਰਿਤ ਦੀ ਗੱਲ ਕੀਤੀ ਹੈ, ਉੱਥੇ ‘‘ਸੁ ਅੰਮ੍ਰਿਤੁ ਗੁਰ ਤੇ ਪਾਇਆ’’ (ਮਹਲਾ /੯੧੮)  ਫ਼ੁਰਮਾਨ ਨਾਲ ਸ਼ਪਸਟ ਕੀਤਾ ਕਿ ਅਸਲ ਅੰਮ੍ਰਿਤ ਦੀ ਦਾਤਿ ਕੇਵਲ ਗੁਰੂ ਕੋਲੋਂ ਹੀ ਪ੍ਰਾਪਤ ਹੋ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਫ਼ੁਰਮਾਨ ਵੀ ਇਸ ਤਰ੍ਹਾਂ ਹੈ ‘‘ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ, ਸੋ ਅੰਮ੍ਰਿਤੁ ਗੁਰ ਪਾਹੀ ਜੀਉ ’’ (ਮਹਲਾ /੫੯੮)  ਅੰਮ੍ਰਿਤ ਦਾ ਧਾਰਨੀ ‘‘ਛੋਡਹੁ ਵੇਸੁ ਭੇਖ ਚਤੁਰਾਈ; ਦੁਬਿਧਾ, ਇਹੁ ਫਲੁ ਨਾਹੀ ਜੀਉ ’’ (ਮਹਲਾ /੫੯੮)  ਦਾ ਪਾਂਧੀ ਬਣ ਕੇ ਹੀ ‘‘ਅੰਮ੍ਰਿਤੁ ਨਾਮੁ ਨਿਧਾਨੁ ਹੈ, ਮਿਲਿ ਪੀਵਹੁ ਭਾਈ  !’’ (ਮਹਲਾ /੩੧੮)  ਪ੍ਰਾਪਤ ਕਰਨ ਲਈ ਮਿਲ ਬੈਠਿਆ ਜਾ ਸਕਦਾ ਹੈ। ਪ੍ਰਭੂ ਨਾਮ ਹੀ ਅੰਮ੍ਰਿਤ ਹੈ, ਇਸ ਦਾ ਟਿਕਾਣਾ ‘‘ਨਉ ਨਿਧਿ ਅੰਮ੍ਰਿਤੁ, ਪ੍ਰਭ ਕਾ ਨਾਮੁ ਦੇਹੀ ਮਹਿ, ਇਸ ਕਾ ਬਿਸ੍ਰਾਮੁ ’’ (ਮਹਲਾ /੨੯੩)  ਹੈ।  ਸਾਡੀ ਇਸ ਦੇਹੀ ਵਿੱਚੋਂ ਅੰਮ੍ਰਿਤ ਦੀ ਪ੍ਰਾਪਤੀ ਕਿਵੇਂ ਹੋਵੇ  ?  ਇਸ ਸਵਾਲ ਦਾ ਜਵਾਬ ਅਤੇ ਪ੍ਰਾਪਤੀ ਦਾ ਸਾਧਨ ਗੁਰੂ ਸਾਹਿਬਾਨ ਨੇ ਇੰਝ ਅੰਕਿਤ ਕੀਤਾ ‘‘ਕਾਇਆ ਨਗਰ ਮਹਿ ਰਾਮ ਰਸੁ ਊਤਮੁ; ਕਿਉ ਪਾਈਐ  ?  ਉਪਦੇਸੁ ਜਨ  !  ਕਰਹੁ ਸਤਿਗੁਰੁ ਸੇਵਿ, ਸਫਲ ਹਰਿ ਦਰਸਨੁ; ਮਿਲਿ, ਅੰਮ੍ਰਿਤੁ ਹਰਿ ਰਸੁ ਪੀਅਹੁ (ਮਹਲਾ /੮੦੦), ਅੰਮ੍ਰਿਤ ਬਾਣੀ ਤਤੁ ਵਖਾਣੀ.. ’’ (ਮਹਲਾ /੧੨੪੩) ਜਾਂ ‘‘ਵਿਚਿ ਬਾਣੀ ਅੰਮ੍ਰਿਤੁ, ਸਾਰੇ’’ (ਮਹਲਾ /੯੮੨)  ਅਨੁਸਾਰ ‘ਬਾਣੀ ਹੀ ਅੰਮ੍ਰਿਤ’ ਹੈ ਤੇ ਇਸ ਦੀ ਸੰਭਾਲ ਵੀ ਗੁਰਬਾਣੀ ਵਿੱਚੋਂ ਹੀ ਕਰਨੀ ਹੈ।

ਪੰਚਮ ਪਿਤਾ ਜੀ ਨੇ ਫ਼ੁਰਮਾਇਆ ਹੈ ਕਿ ‘‘ਹਮਾਰੀ ਪਿਆਰੀ ਅੰਮ੍ਰਿਤ ਧਾਰੀ; ਗੁਰਿ (ਨੇ) ਨਿਮਖ ਮਨ ਤੇ ਟਾਰੀ ਰੇ’’ (ਮਹਲਾ /੪੦੪)  ਮਨੁੱਖਤਾ ਨੂੰ ਅੰਮ੍ਰਿਤਮਈ ਜੀਵਨ ਦੇਣ ਲਈ ਪਹਿਲੇ ਪਾਤਿਸ਼ਾਹ ਤੋਂ ਲੈ ਕੇ ਨੌਵੇਂ ਪਾਤਿਸ਼ਾਹ ਜੀ ਤੱਕ ‘ਚਰਨ ਪਾਹੁਲ’ ਦੀ ਮਰਿਆਦਾ ਚੱਲਦੀ ਰਹੀ ‘‘ਚਰਨ ਧੋਇ ਰਹਰਾਸਿ ਕਰਿ, ਚਰਣਾਮ੍ਰਿਤੁ ਸਿਖਾਂ ਪੀਲਾਇਆ’’ ਦਾ ਸਿਧਾਂਤ ਭਾਈ ਗੁਰਦਾਸ ਜੀ ਨੇ ਅੰਕਿਤ ਕੀਤਾ ਹੈ। ਗੁਰਮਤਿ ਰੌਸ਼ਨੀ ਵਿੱਚ ‘ਚਰਨ ਪਾਹੁਲ’ ਦਾ ਭਾਵ ‘‘ਹਿਰਦੈ ਚਰਣ, ਸਬਦੁ ਸਤਿਗੁਰ ਕੋਨਾਨਕ  ! ਬਾਂਧਿਓ ਪਾਲ ’’ (ਮਹਲਾ /੬੮੦)  ਬੜਾ ਸਪਸ਼ਟ ਹੈ। 

ਸੰਨ 1699 ਦੀ ਵਿਸਾਖੀ ਨੂੰ ਦਸਮ ਪਿਤਾ ਜੀ ਨੇ ‘ਖੰਡੇ ਬਾਟੇ ਦੀ ਪਾਹੁਲ’ ਦਾ ਨਿਯਮ ਬਖ਼ਸ਼ਿਆ, ਜੋ ਗੁਰੂ ਗ੍ਰੰਥ ਤੇ ਪੰਥ ਦੀ ਹਜ਼ੂਰੀ ਵਿੱਚ ਸਿੱਖਾਂ ਨੂੰ ਬਖਸ਼ਸ਼ ਹੁੰਦਾ ਹੈ। ਆਪ ਜੀ ਨੇ ਜਾਤਾਂ ਪਾਤਾਂ, ਅਮੀਰ ਗ਼ਰੀਬ, ਊਚ ਨੀਚ ਆਦਿ ਦਾ ਭੇਦ ਭਾਵ ਖ਼ਤਮ ਕਰ ਕੇ ਇੱਕੋ ਬਾਟੇ ਵਿੱਚ ਪੰਜ ਪਿਆਰਿਆਂ ਨੂੰ ਅੰਮ੍ਰਿਤਪਾਨ ਕਰਵਾਇਆ ਤੇ ਫਿਰ ਉਹੀ ਬਾਟਾ ਆਪ ਪੰਥ ਨਾਲ ਸਾਂਝਾ ਕੀਤਾ, ਜਿਹੜੇ ਲੋਕ ਕਦੀ ਨਿਮਾਣੇ ਤੇ ਨਿਤਾਣੇ ਸਨ, ਅੱਜ ‘ਖਾਲਸਾ ਮੇਰੋ ਰੂਪ ਹੈ ਖਾਸ’ ਬਣ ਗਏ।  ਗੁਰੂ ਨੇ ਮਾਣ ਕੀਤਾ ‘‘ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀ ਮੋ ਸੇ ਗਰੀਬ ਕਰੋਰ ਪਰੇ’’ ਕਹਿ ਕੇ ਨਿਵਾਜਿਆ, ਇਹੀ ਹੈਪੂਰਨ ਜੋਤਿ ਜਗੈ ਘਟ ਮੈ, ਤਬ ਖਾਲਸ ਤਾਹਿ ਨਿਖਾਲਸ ਜਾਨੈ ’ (33 ਸਵੱਈਏ)

ਭਾਈ ਦੇਸਾ ਸਿੰਘ ਜੀ ਦੇ ਰਹਿਤਨਾਮੇ ਵਿੱਚ ਅੰਮ੍ਰਿਤ ਦੇ ਸੰਕਲਪ ਨੂੰ ਇੰਝ ਅੰਕਿਤ ਕੀਤਾ ਗਿਆ ਹੈ ਪਾਂਚ ਸਿੰਘ ਅੰਮ੍ਰਿਤ ਜੋ ਦੇਵੈਂ ਤਾ ਕੋ ਸਿਰ ਧਰਿ, ਛਕ ਪੁਨ ਲੇਵੈ ਪੁੰਨ ਮਿਲਿ ਪਾਂਚਹੁ, ਰਹਿਤ ਜੋ ਭਾਖੈ ਤਾ ਕੋ, ਮਨ ਮਹਿ ਦ੍ਰਿੜ ਕਰ ਰਾਖੈ ਇਨ੍ਹਾਂ ਪੜਾਵਾਂ ਨੂੰ ਪਾਰ ਕਰ ਕੇ ਸਿੱਖ ‘‘ਅੰਮ੍ਰਿਤ ਪੀਵਹੁ; ਸਦਾ ਚਿਰ ਜੀਵਹੁ (ਮਹਲਾ /੪੯੬), ਅੰਮ੍ਰਿਤ ਪੀਵੈ; ਅਮਰ ਸੁ ਹੋਇ (ਸੁਖਮਨੀ/ਮਹਲਾ /੨੮੭), ਪੀ ਅੰਮ੍ਰਿਤੁ, ਆਘਾਨਿਆ; ਗੁਰਿ, ਅਮਰੁ ਕਰਾਇਆ ’’ (ਮਹਲਾ /੮੦੮) ਦੀ ਪਦਵੀ ਪ੍ਰਾਪਤ ਕਰਦਾ ਹੈ।  ਲੋੜ ਹੈ ਭੁੱਲੜ ਮਨੁੱਖ, ਆਪਣੇ ਮਨ ਨੂੰ ਸੰਸਾਰ ਤੇ ਸਰੀਰਕ ਮੋਹ ਤੋਂ ਹਟਾ ਕੇ ਪ੍ਰਭੂ ਵੱਲ ਲਗਾਵੇ, ਗੁਰਮਤਿ ਵਿੱਚ ਇਸੇ ਵਿਚਾਰ ਨੂੰ ‘ਅੰਮ੍ਰਿਤ’ ਕਿਹਾ ਗਿਆ ਹੈ। ਜਿਹੜਾ ਆਤਮਾ, ਗੁਰੂ ਸ਼ਬਦ ਰੂਪ ਅੰਮ੍ਰਿਤ ਨੂੰ ਆਪਣੇ ਹਿਰਦੇ ਵਿੱਚ ਸਮਾ ਲੈਂਦਾ ਹੈ, ਉਸ ਦੀ ਗਤੀ ਹੋ ਜਾਂਦੀ ਹੈ, ਉਸ ਦਾ ਜਨਮ ਮਰਨ ਕੱਟਿਆ ਜਾਂਦਾ ਹੈ ਤੇ ਉਹ ਪਾਰਬ੍ਰਹਮ ਵਿੱਚ ਲੀਨ ਹੋ ਜਾਂਦਾ ਹੈ ਅਰਥਾਤ ਪਰਮ ਅਨੰਦ ਦੀ ਪ੍ਰਾਪਤੀ ਕਰ ਲੈਂਦਾ ਹੈ। ਸੋ, ਜੇ ਅਸੀਂ ਅਮਰ ਹੋਣਾ ਲੋਚਦੇ ਹਾਂ ਤਾਂ ਸਾਨੂੰ ਸਾਹਿਬ ਜੀ ਦੇ ਇਸ ਫ਼ੁਰਮਾਨ ਦੇ ਪਾਂਧੀ ਬਣਨਾ ਹੀ ਪਵੇਗਾ ‘‘ਅੰਮ੍ਰਿਤ ਬਚਨ, ਸਾਧ ਕੀ ਬਾਣੀ ਜੋ ਜੋ ਜਪੈ, ਤਿਸ ਕੀ ਗਤਿ ਹੋਵੈ; ਹਰਿ ਹਰਿ ਨਾਮੁ, ਨਿਤ ਰਸਨ ਬਖਾਨੀ ’’ (ਮਹਲਾ /੭੪੪)

ਹਰਿ ਕੇ ਜਨ ਸਤਿਗੁਰ ਸਤਪੁਰਖਾ  ! ਬਿਨਉ ਕਰਉ ਗੁਰ ਪਾਸਿ ॥ 

0

ਰਾਗੁ ਗੂਜਰੀ ਮਹਲਾ ੪ ॥

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਹਥਲਾ ਸ਼ਬਦ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ, ਜੋ ‘ਸੋ ਦਰੁ’ ਦੇ ਸਿਰਲੇਖ ਹੇਠ ਚੌਥੇ ਨੰਬਰ ’ਤੇ ਅੰਕਿਤ ਹੈ। ਇਸ ਸ਼ਬਦ ਰਾਹੀਂ ਗੁਰੂ ਜੀ ਸਮਝਾ ਰਹੇ ਹਨ ਕਿ ਪਰਮਾਤਮਾ ਕੋਲ਼ੋਂ ਕੀ ਮੰਗਣਾ ਹੈ, ਕਿਵੇਂ ਮੰਗਣਾ ਹੈ, ਜੋ ਮੰਗਿਆ ਹੈ ਉਸ ਨੂੰ ਆਪਣੇ ਹਿਰਦੇ-ਘਰ ’ਚ ਜੇ ਵਸਾਇਆ ਹੈ ਤਾਂ ਤੁਹਾਡਾ ਜੀਵਨ ਕਿਹੋ ਜਿਹਾ ਬਣੇਗਾ। ਜੇਕਰ ਨਹੀਂ ਵਸਾਇਆ ਤਾਂ ਜੀਵਨ ਕਿਹੋ ਜਿਹਾ ਹੋਵੇਗਾ। ਪੂਰਾ ਸ਼ਬਦ ਹੈ ‘‘ਰਾਗੁ ਗੂਜਰੀ ਮਹਲਾ ੪ ॥ ਹਰਿ ਕੇ ਜਨ ਸਤਿਗੁਰ ਸਤਪੁਰਖਾ  ! ਬਿਨਉ ਕਰਉ ਗੁਰ ਪਾਸਿ ॥  ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ ਨਾਮੁ ਪਰਗਾਸਿ ॥੧॥  ਮੇਰੇ ਮੀਤ ਗੁਰਦੇਵ  ! ਮੋ ਕਉ ਰਾਮ ਨਾਮੁ ਪਰਗਾਸਿ ॥  ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥  ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ, ਹਰਿ ਹਰਿ ਸਰਧਾ, ਹਰਿ ਪਿਆਸ ॥  ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ ॥੨॥  ਜਿਨ, ਹਰਿ ਹਰਿ, ਹਰਿ ਰਸੁ ਨਾਮੁ ਨ ਪਾਇਆ; ਤੇ ਭਾਗਹੀਣ ਜਮ ਪਾਸਿ ॥  ਜੋ, ਸਤਿਗੁਰ ਸਰਣਿ ਸੰਗਤਿ ਨਹੀ ਆਏ; ਧ੍ਰਿਗੁ ਜੀਵੇ ਧ੍ਰਿਗੁ ਜੀਵਾਸਿ ॥੩॥  ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ, ਧੁਰਿ ਮਸਤਕਿ ਲਿਖਿਆ ਲਿਖਾਸਿ ॥  ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ, ਨਾਨਕ  ! ਨਾਮੁ ਪਰਗਾਸਿ ॥੪॥੪॥ (ਸੋ ਦਰੁ/ਮਹਲਾ ੪/ਪੰਨਾ ੧੦)

ਉਕਤ ‘ਰਹਾਉ’ ਬੰਦ ਦੀ ਤੁਕ ’ਚ ਇੱਕ ਸ਼ਬਦ ‘ਰਹਰਾਸਿ’ ਹੈ; ਜਿਵੇਂ ਕਿ ‘‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ’’, ਸਿਆਣਿਆ ਦਾ ਮੰਨਣਾ ਹੈ ਕਿ ਇਸ ਸ਼ਬਦ ਕਰਕੇ ਹੀ ‘ਸੋ ਦਰੁ’ ਅਤੇ ‘ਸੋ ਪੁਰਖੁ’ ਸਿਰਲੇਖ ਅਧੀਨ ਦਰਜ 9 ਸ਼ਬਦਾਂ ਨੂੰ ‘ਰਹਰਾਸਿ’ ਬਾਣੀ ਮੰਨਿਆ ਜਾਂਦਾ ਹੈ। ਗੁਰਬਾਣੀ ਵਿੱਚ ‘ਰਹਰਾਸਿ’ ਸ਼ਬਦ 4 ਅਲੱਗ-ਅਲੱਗ ਅਰਥਾਂ (ਮਰਿਆਦਾ, ਅਰਦਾਸ/ਬੇਨਤੀ, ਨਮਸਕਾਰ/ਮੱਥਾ ਟੇਕਣਾ ਅਤੇ ਰਾਹ ਦੀ ਪੂੰਜੀ) ਵਜੋਂ ਦਰਜ ਕੀਤੇ ਮਿਲਦੇ ਹਨ; ਜਿਵੇਂ ਕਿ

  1. ਮਰਿਆਦਾ – ‘‘ਹਰਿ ਕੀਰਤਿ ਰਹਰਾਸਿ ਹਮਾਰੀ; ਗੁਰਮੁਖਿ ਪੰਥੁ ਅਤੀਤੰ ’’ (ਮਹਲਾ /੩੬੦)

ਅਰਥ : ਹਰੀ-ਪ੍ਰਭੂ ਦੀ ਉਸਤਤ ਕਰਨੀ ਮੇਰੇ ਲਈ (ਯੋਗ ਮੱਤ ਦੀ) ਮਰਯਾਦਾ ਹੈ। ਗੁਰੂ ਦੇ ਦਰ ’ਤੇ ਟਿਕੇ ਰਹਿਣਾ ਸਾਡੇ ਧਰਮ ਦਾ ਮਾਰਗ ਹੈ, ਜੋ ਮਾਇਆ ਤੋਂ ਨਿਰਲੇਪ ਰੱਖਦਾ ਹੈ।

  1. ਅਰਦਾਸ/ਬੇਨਤੀ – ‘‘ਤਿਸੁ ਆਗੈ ਰਹਰਾਸਿ ਹਮਾਰੀ; ਸਾਚਾ ਅਪਰ ਅਪਾਰੋ ’’ (ਮਹਲਾ /੯੩੮)

ਅਰਥ : ਸਾਡੀ ਅਰਦਾਸ ਉਸ ਸੰਤ-ਸਭਾ ਲਈ ਹੈ, ਜਿਸ ਵਿੱਚ ਅਪਰ-ਅਪਾਰ ਪ੍ਰਭੂ ਵੱਸਦਾ ਹੈ।

  1. ਨਮਸਕਾਰ/ਮੱਥਾ ਟੇਕਣਾ – ‘‘ਗੁਰਿ, ਚੇਲੇ ਰਹਰਾਸਿ ਕੀਈ; ਨਾਨਕਿ ਸਲਾਮਤਿ ਥੀਵਦੈ ’’ (ਭਾਈ ਬਲਵੰਡ ਸਤਾ/੯੬੬)

ਅਰਥ : ਗੁਰੂ ਨਾਨਕ ਜੀ ਨੇ ਆਪਣੇ ਜਿਊਂਦਆਂ ਜੀਅ ਆਪਣੇ ਚੇਲੇ (ਭਾਈ ਲਹਿਣਾ ਜੀ ਨੂੰ ਗੁਰਿਆਈ ਬਖ਼ਸ਼ ਕੇ ਉਨ੍ਹਾਂ) ਅੱਗੇ ਨਮਸਕਾਰ ਕੀਤੀ। ਧਿਆਨ ਰਹੇ ਕਿ ‘ਗੁਰਿ’ ਅਤੇ ‘ਨਾਨਕਿ’ ਦੀ ਸਿਆਹੀ ਅੰਤ ਵਿੱਚੋਂ ‘ਨੇ’ (ਕਰਤਾ ਕਾਰਕ) ਅਰਥ ਨਿਕਲਦੇ ਹਨ।

  1. ਰਾਹ ਦੀ ਪੂੰਜੀ – ‘‘ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ਰਹਾਉ ’’ (ਸੋ ਦਰੁ/ਮਹਲਾ /੧੦)

ਅਰਥ : ਗੁਰੂ ਦੀ ਸਿੱਖਿਆ ’ਚੋਂ ਮਿਲਿਆ ਪ੍ਰਭੂ ਦਾ ਨਾਮ ਮੇਰੇ ਪ੍ਰਾਣਾਂ ਦਾ ਸਾਥੀ ਬਣਿਆ ਰਹੇ ਅਤੇ ਹਰੀ ਦੀ ਉਸਤਤ ਮੇਰੇ ਜੀਵਨ-ਰਾਹ ਦੀ ਪੂੰਜੀ ਹੋਵੇ।

ਭਾਈ ਨੰਦ ਲਾਲ ਜੀ ਦੁਆਰਾ ਰਚਿਤ ਰਹਿਤਨਾਮੇ ’ਚ ਲਿਖਿਆ ਹੈ ਕਿ ਸੰਧਿਆ ਸਮੇਂ ਸੁਨੇ ਰਹਰਾਸਿ ਕੀਰਤਨ ਕਥਾ ਸੁਨੈ ਹਰਿ ਜਾਸ ਇਨ ਪੈ ਨੇਮ ਜੁ ਏਕ ਕਰਾਇ ਸੋ ਸਿਖ ਅਮਰ ਪੁਰੀ ਮਹਿ ਜਾਇ ਇਸ ਲਿਖਤ ਤੋਂ ਜਾਪਦਾ ਹੈ ਕਿ ‘ਸੋ ਦਰੁ’ ਬਾਣੀ ਨੂੰ ‘ਰਹਰਾਸਿ’ ਕਹਿਣ ਦੀ ਪ੍ਰਥਾ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੇਲ਼ੇ ਹੀ ਸ਼ੁਰੂ ਹੋ ਚੁੱਕੀ ਸੀ।

ਸੋ ਵਿਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਵਿੱਚ ਗੁਰੂ ਰਾਮਦਾਸ ਜੀ ਸਮਝਾ ਰਹੇ ਹਨ ਕਿ ਜਦੋਂ ਗੁਰੂ ਕੋਲ਼ੋਂ ਮੰਗਣ ਜਾਣਾ ਹੈ ਤਾਂ ਆਪਣੇ ਆਪ ਨੂੰ ਇਉਂ ਸਮਝਣਾ ਹੈ ਕਿ ਮੈਂ ਕੀੜਿਆਂ ’ਚੋਂ ਵੀ ਬਹੁਤ ਨਿੱਕਾ ਜਿਹਾ ਕੀਟ ਹਾਂ। ਮੇਰੀ ਕੋਈ ਪਾਇਆਂ ਨਹੀਂ, ਮੇਰੀ ਕੋਈ ਸਮਰੱਥਾ ਨਹੀਂ, ਮੈਂ ਨਿਮਾਣਾ ਹਾਂ, ਨਿਤਾਣਾ ਹਾਂ ਆਦਿ ਭਾਵ ਗੁਰੂ ਅੱਗੇ ਬੇਨਤੀ ਕਰਨ ਲੱਗਿਆਂ ਹਉਮੈ ਨੂੰ ਤਿਆਗ ਕੇ ਨੀਵੇਂ ਹੋਣਾ ਹੈ। ਕਦੇ ਵੀ ਇਹ ਨਹੀਂ ਸੋਚਣਾ ਕਿ ਮੈਂ ਇਹ ਕੀਤਾ ਜਾਂ ਔਹ ਕੀਤਾ। ਗੁਰੂ ਦੇ ਦਰ ’ਤੇ ਹਮੇਸ਼ਾਂ ਮੰਗਤੇ ਬਣ ਕੇ ਜਾਣਾ ਹੈ, ਬਖਸ਼ਸ਼ਾਂ ਲੈਣ ਜਾਣਾ ਹੈ ਅਤੇ ਬੇਨਤੀ ਕਰਨੀ ਹੈ ਕਿ ਮੈਂ ਸਤਿਗੁਰੂ ਦੀ ਸ਼ਰਨ ਆਇਆ ਹਾਂ। ਦਇਆ ਕਰਕੇ ਆਪਣਾ ਨਾਮ ਮੇਰੇ ਹਿਰਦੇ ਘਰ ਵਿੱਚ ਵਸਾ ਕੇ ਪ੍ਰਕਾਸ਼ ਕਰ ਦਿਓ; ਜਿਵੇਂ ਕਿ ਪਹਿਲੇ ਬੰਦ ਵਿੱਚ ਬਚਨ ਹਨ ‘‘ਹਰਿ ਕੇ ਜਨ ਸਤਿਗੁਰ ਸਤਪੁਰਖਾ  ! ਬਿਨਉ ਕਰਉ ਗੁਰ ਪਾਸਿ   ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ, ਨਾਮੁ ਪਰਗਾਸਿ ’’  ਐਸੀ ਹੀ ਬੇਨਤੀ; ਗੁਰੂ ਅਰਜਨ ਸਾਹਿਬ ਜੀ ਆਪਣੇ ਇੱਕ ਸ਼ਬਦ ’ਚ ਕਰਦੇ ਸਮਝਾ ਰਹੇ ਹਨ ਕਿ ਹੇ ਮੇਰੇ ਸਾਈਂ ! ਮੇਰੇ ’ਤੇ ਦਇਆ ਕਰਕੇ ਐਸੀ ਮੱਤ ਦੇਵੋ ਕਿ ਮੈਂ ਹਮੇਸ਼ਾਂ ਤੈਨੂੰ ਹੀ ਸਿਮਰਾਂ ‘‘ਤੁਮ੍ਹ ਕਰਹੁ ਦਇਆ ਮੇਰੇ ਸਾਈ !   ਐਸੀ ਮਤਿ ਦੀਜੈ ਮੇਰੇ ਠਾਕੁਰ ! ਸਦਾ ਸਦਾ ਤੁਧੁ ਧਿਆਈ ਰਹਾਉ ’’ (ਮਹਲਾ /੬੭੩) ਸੋ ਆਪਣੇ ਅਹੰਕਾਰ ਨੂੰ ਛੱਡ ਕੇ ਗੁਰੂ ਦੇ ਦਰ ਤੋਂ ਪਰਮਾਤਮਾ ਦਾ ਨਾਮ ਮੰਗਣਾ ਹੈ। ਉਸ ਦਾ ਸਿਮਰਨ ਕਰਨ ਦੀ ਜਾਚ ਲੈਣੀ ਹੈ, ਸਿਖਣੀ ਹੈ।

ਵਿਚਾਰ : ਰੋਜ਼ਾਨਾ ਅਸੀਂ ਅਰਦਾਸ ਵਿੱਚ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰਿ ਦਾਨ ਨਾਮ ਦਾਨ ਯਾਨੀ ਦਾਨਾਂ ਵਿੱਚੋਂ ਸਭ ਤੋਂ ਵੱਡਾ ਦਾਨ ‘ਨਾਮ ਦਾ ਦਾਨ’। ਨਾਸ਼ਵਾਨ ਚੀਜ਼ਾਂ ਦੀ ਸਾਡੀ ਲਿਸਟ ਬਹੁਤ ਲੰਮੀ ਹੁੰਦੀ ਹੈ ਪਰ ਅਸਲ ਵਿੱਚ ਅਸੀਂ ਜੋ ਮੰਗਣਾ ਹੈ ਉਹ ਨਾਮ ਹੈ ਤੇ ਇਹ ਦਾਤ ਸਾਨੂੰ ਕੇਵਲ ਸਤਿਗੁਰੂ ਕੋਲ਼ੋਂ ਹੀ ਮਿਲ ਸਕਦੀ ਹੈ। ਨਾਮ; ਹਿਰਦੇ ਅੰਦਰ ਪ੍ਰਗਾਸ ਕਰਦਾ ਹੈ ਅਤੇ ਅੰਦਰੋਂ ਅਗਿਆਨਤਾ ਦਾ ਹਨ੍ਹੇਰਾ ਮਿਟਦਾ ਹੈ।  ‘ਗੁਰੂ’ ਸ਼ਬਦ ਦਾ ਅਰਥ ਹੀ ਹੈ- ‘ਗੁ’ – ਹਨ੍ਹੇਰਾ; ‘ਰੂ’ – ਰੌਸ਼ਨੀ, ਚਾਨਣ ਭਾਵ ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨ ਵਾਲ਼ੀ ਸ਼ਖ਼ਸੀਅਤ; ਸਤਿਗੁਰੂ ਜੀ ਹਨ।

‘ਰਹਾਉ’ ਵਾਲ਼ਾ ਬੰਦ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ। ਇਸ ਸ਼ਬਦ ਦੇ ‘ਰਹਾਉ’ ਦੀ ਤੁਕ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਹੇ ਪ੍ਰਭੂ ! ਮੈਂ ਇਹ ਨਾਮ-ਦਾਨ ਇਸ ਲਈ ਮੰਗ ਰਿਹਾ ਹਾਂ ਕਿਉਂਕਿ ਇਹ ਨਾਮ; ਮੇਰੇ ਪ੍ਰਾਣਾਂ ਦਾ ਆਧਾਰ ਹੈ। ਇਸ ਰਾਹੀਂ ਮੈਂ ਤੈਨੂੰ ਹਰ ਵੇਲੇ ਯਾਦ ਕਰਦਾ ਰਹਾਂ। ਇਹੀ ਮੇਰੇ ਰਾਹ ਦੀ ਪੂੰਜੀ ਹੈ। ਜਿਸ ਵੇਲੇ ਜਮ; ਮੈਨੂੰ ਲੈਣ ਆਉਣਗੇ ਉਸ ਵੇਲੇ ਮੈਨੂੰ ਹਿਸਾਬ ਦੇਣਾ ਪਵੇਗਾ ਕਿ ਮੈਂ ਕਿੰਨਾ ਕੁ ਨਾਮ-ਧਨ ਕਮਾਇਆ ਹੈ। ਉਸ ਸਮੇਂ ਕਿਸੇ ਨੇ ਇਹ ਨਹੀਂ ਪੁੱਛਣਾ ਕਿ ਕਿੰਨਾ ਦੁਨਿਆਵੀ ਧਨ ਇਕੱਠਾ ਕੀਤਾ ਹੈ। ਗੁਰਬਾਣੀ ਵਿੱਚ ਕੇਵਲ ਤੇ ਕੇਵਲ ਨਾਮ-ਦਾਨ; ਮੰਗਣ ਲਈ ਪ੍ਰੇਰਿਆ ਗਿਆ ਹੈ; ਜਿਵੇਂ ਕਿ ਇਸ ‘ਰਹਾਉ’ ਬੰਦ ਵਿੱਚ ਕਿਹਾ ਹੈ ਕਿ ਹੇ ਮੇਰੇ ਮਿੱਤਰ ਗੁਰਦੇਵ ਜੀਉ ! ਮੈਨੂੰ ਰਾਮ (ਜੋ ਹਰ ਥਾਂ ਰਮਿਆ ਹੋਇਆ ਹੈ) ਦੇ ਨਾਮ ਦਾ ਪ੍ਰਕਾਸ਼ ਦਿਓ ‘‘ਮੇਰੇ ਮੀਤ ਗੁਰਦੇਵ ! ਮੋ ਕਉ ਰਾਮ ਨਾਮੁ ਪਰਗਾਸਿ   ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ਰਹਾਉ ’’

ਗੁਰਬਾਣੀ ਵਿੱਚ ‘ਅਰਦਾਸ’ ਸ਼ਬਦ ਨਾਲ਼ ਸੰਬੰਧਿਤ ਕੁਝ ਕੁ ਉਦਾਹਰਣਾਂ ਇਸ ਪ੍ਰਕਾਰ ਹਨ ‘‘ਇਕ, ਨਾਨਕ ਕੀ ਅਰਦਾਸਿ; ਜੇ ਤੁਧੁ ਭਾਵਸੀ ’’ (ਮਹਲਾ /੭੫੨) ਭਾਵ ਗੁਰੂ ਨਾਨਕ ਸਾਹਿਬ ਜੀ ਅਰਦਾਸ ਕਰਦੇ ਹਨ ਕਿ ਜੇ ਤੈਨੂੰ ਭਾਵੇ ਤਾਂ ਮੈਨੂੰ ਆਪਣੇ ਨਾਮ ਦੀ ਦਾਤ ਦੇਹ ਤਾਂ ਜੋ ਮੇਰੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੋ ਜਾਏ। ਮੈਂ ਹਰ ਵੇਲੇ ਤੇਰੇ ਗੁਣ ਗਾਵਾਂ। ਇਸ ਬਾਰੇ ਪੰਜਵੇਂ ਪਾਤਿਸ਼ਾਹ ਜੀ ਵੀ ਫ਼ੁਰਮਾ ਰਹੇ ਹਨ ਕਿ ‘‘ਨਾਨਕੁ ਏਕ ਕਰੈ ਅਰਦਾਸਿ ਵਿਸਰੁ ਨਾਹੀ ਪੂਰਨ ਗੁਣਤਾਸਿ ’’ (ਮਹਲਾ /੭੪੨) ਭਾਵ ਹੇ ਪ੍ਰਭੂ ਜੀਓ ! ਮੇਰੀ ਇਕ ਅਰਦਾਸ ਹੈ ਕਿ ਤੂੰ ਮੈਨੂੰ ਕਦੇ ਵੀ ਨਾ ਵਿਸਰੇਂ। ‘ਅਰਦਾਸ’ ਨਾਲ਼ ਸੰਬੰਧਿਤ ਆਪ ਜੀ ਦੇ ਹੋਰ ਵੀ ਕਈ ਸ਼ਬਦ ਹਨ; ਜਿਵੇਂ ਕਿ ‘‘ਸਭੁ ਕਿਛੁ ਤੁਮ ਤੇ ਮਾਗਨਾ; ਵਡਭਾਗੀ ਪਾਏ ਨਾਨਕ ਕੀ ਅਰਦਾਸਿ ਪ੍ਰਭ ! ਜੀਵਾ ਗੁਨ ਗਾਏ ’’ (ਮਹਲਾ /੮੧੧) ਭਾਵ ਹੇ ਪ੍ਰਭੂ ! ਹਰ ਵਿਅਕਤੀ ਨੇ ਤੈਥੋਂ ਹੀ ਮੰਗਣਾ ਹੈ, ਪਰ ਕੋਈ ਵੱਡੇ ਭਾਗਾਂ ਵਾਲਾ ਇਹ ਦਾਤ ਪ੍ਰਾਪਤ ਕਰਦਾ ਹੈ। ਨਾਨਕ ਦੀ ਇਕ ਅਰਦਾਸ ਹੈ ਕਿ ਮੈਂ ਤੇਰੇ ਗੁਣ ਗਾਉਂਦਿਆਂ ਗਾਉਂਦਿਆਂ ਆਤਮਕ ਜੀਵਨ ਜੀਵਾਂ, ਭੋਗਾਂ; ਨਹੀਂ ਤਾਂ ਮੇਰੀ ਆਤਮਕ ਮੌਤ ਹੈ। ਪਰਮਾਤਮਾ ਦੇ ਨਾਮ ਦੀ ਮੰਗ ਕਰਦੇ ਆਪ ਜੀ ਦੇ ਬਚਨ ਹਨ ‘‘ਬਿਸਰੁ ਨਾਹੀ ਨਿਮਖ ਮਨ ਤੇ; ਨਾਨਕ ਕੀ ਅਰਦਾਸਿ ’’ (ਮਹਲਾ /੧੦੧੭) ਭਾਵ ਹੇ ਪ੍ਰਭੂ ! ਨਾਨਕ ਦੀ ਅਰਦਾਸ ਹੈ ਕਿ ਇਕ ਨਿਮਖ (ਅੱਖ ਝਪਕਣ ਜਿੰਨੇ ਸਮੇਂ ਲਈ ਭੀ) ਮਾਤਰ ਵੀ ਤੂੰ ਮੇਰੇ ਮਨ ਤੋਂ ਵਿਸਰ ਨਾ ਜਾਏਂ।

ਸੋ ‘ੴ’ ਦਾ ਨਾਮ; ਗੁਰੂ ਦੀ ਕਿਰਪਾ ਨਾਲ਼ ਮਿਲਦਾ ਹੈ ਜਾਂ ਗੁਰੂ ਦੀ ਸੰਗਤ ਕੋਲ਼ੋਂ ਮਿਲਦਾ ਹੈ, ਇਸ ਲਈ ਸੋਹਿਲਾ ਸਾਹਿਬ ਦੀ ਆਖ਼ਰੀ ਤੁਕ ਵਿੱਚ ਆਪ ਜੀ ਨੇ ਸੰਤ ਜਨਾਂ, ਸਤਿਸੰਗੀਆਂ ਦੇ ਚਰਨਾਂ ਦੀ ਧੂੜ ਬਣਨ ਲਈ ਵੀ ਅਰਦਾਸ ਕੀਤੀ ਹੈ ‘‘ਅੰਤਰਜਾਮੀ ਪੁਰਖ ਬਿਧਾਤੇ ! ਸਰਧਾ ਮਨ ਕੀ ਪੂਰੇ ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’  (ਸੋਹਿਲਾ/ਮਹਲਾ /੧੩) ਭਾਵ ਹੇ ਦਿਲਾਂ ਦੀ ਜਾਣਨਹਾਰ ਵਾਹਿਗੁਰੂ ਜੀ ! ਮੇਰੀ ਸ਼ਰਧਾ ਪੂਰੀ ਕਰ।  (ਸ਼ਰਧਾ ਹੈ ਕਿ) ਜੋ ਤੇਰਾ ਨਾਮ ਜਪਦੇ ਹਨ, ਮੈਨੂੰ ਉਨ੍ਹਾਂ ਦੇ ਚਰਨਾਂ ਦੀ ਧੂੜ ਬਣਾ ਦੇਹ। ਇਸੇ ਤਰ੍ਹਾਂ ਆਪ ਜੀ ਨੇ ਹਥਲੇ ਸ਼ਬਦ ਦੀ ‘ਰਹਾਉ’ ਤੁਕ ’ਚ ਸਤਿਗੁਰੂ ਜੀ ਅੱਗੇ ਅਰਦਾਸ ਕਰਕੇ ਹਰੀ ਦੇ ਨਾਮ ਦੀ ਮੰਗ ਕੀਤੀ ਹੈ ‘‘ਮੇਰੇ ਮੀਤ ਗੁਰਦੇਵ ! ਮੋ ਕਉ ਰਾਮ ਨਾਮੁ ਪਰਗਾਸਿ   ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ; ਹਰਿ ਕੀਰਤਿ ਹਮਰੀ ਰਹਰਾਸਿ ਰਹਾਉ ’’  ਰਾਮ ਦੇ ਇਸ ਨਾਮ ਦੀ ਕੀਤੀ ਕਮਾਈ ਦਾ ਜਦ ਲੇਖਾ-ਜੋਖਾ ਹੋਣਾ ਹੈ। ਇਸ ਬਾਰੇ ਭਗਤ ਕਬੀਰ ਜੀ ਆਪਣੇ ਸ਼ਬਦ ਰਾਹੀਂ ਸਮਝਾ ਰਹੇ ਹਨ ਕਿ ਬੰਦੇ ਨੇ ਕੀ ਖੱਟਿਆ ਹੈ ਅਤੇ ਕੀ ਗਵਾਇਆ ਹੈ, ਇਸ ਦਾ ਹਿਸਾਬ-ਕਿਤਾਬ ਜ਼ਰੂਰ ਹੋਣਾ ਹੈ; ਜਿਵੇਂ ਕਿ ਬਚਨ ਹਨ ‘‘ਅਮਲੁ ਸਿਰਾਨੋ ਲੇਖਾ ਦੇਨਾ   ਆਏ ਕਠਿਨ ਦੂਤ ਜਮ ਲੇਨਾ   ਕਿਆ ਤੈ ਖਟਿਆ ? ਕਹਾ ਗਵਾਇਆ  ?  ਚਲਹੁ ਸਿਤਾਬ; ਦੀਬਾਨਿ (ਨੇ) ਬੁਲਾਇਆ ’’ (ਭਗਤ ਕਬੀਰ/੭੯੨) ਅਰਥ : ਹੇ ਜੀਵ !  ਕਮਾਈ ਕਰਨ ਵਾਲ਼ਾ ਕੀਮਤੀ ਸਮਾਂ ਬੀਤ ਰਿਹਾ ਹੈ। (ਤੈਂ ਜੋ ਕੀਤਾ ਉਸ ਦਾ) ਲੇਖਾ ਦੇਣਾ ਪੈਣਾ ਹੈ। ਜਦੋਂ ਡਰਾਵਣੇ ਜਮਦੂਤ ਤੈਨੂੰ ਲੈਣ ਆਉਣਗੇ। (ਉਹ ਪੁੱਛਣਗੇ ਕਿ) ਤੈਂ ਕੀ ਖੱਟਿਆ ਹੈ ਤੇ ਉਹ, ਕਿੱਥੇ ਗਵਾ ਦਿੱਤਾ ਹੈ ? ਹੁਣ ਜਲਦੀ ਚੱਲੋ ਕਿਉਂਕਿ ਅਸਲ ਰਾਜੇ (ਧਰਮਰਾਜ) ਨੇ ਬੁਲਾਇਆ ਹੈ।

ਵਿਚਾਰ ਅਧੀਨ ਸ਼ਬਦ ਦਾ ਦੂਸਰਾ ਬੰਦ ਹੈ ਕਿ ‘‘ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ ਹਰਿ ਪਿਆਸ   ਹਰਿ ਹਰਿ ਨਾਮੁ ਮਿਲੈ; ਤ੍ਰਿਪਤਾਸਹਿ, ਮਿਲਿ ਸੰਗਤਿ ਗੁਣ ਪਰਗਾਸਿ ’’ ਭਾਵ ਓਹੀ ਹਰੀ ਦੇ ਜਨ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਦੀ ਹਰੀ ਦੇ ਨਾਮ ’ਤੇ ਪੂਰੀ ਸ਼ਰਧਾ ਬਣ ਗਈ, ਜਿਨ੍ਹਾਂ ਦੇ ਮਨ ਨੂੰ ਹਰੀ ਰਸ ਦੀ ਪਿਆਸ ਲੱਗ ਗਈ ਹੈ।

ਹਰੀ ਦਾ ਨਾਮ ਲੈਣ ਲਈ ਸ਼ਰਧਾ ਬਣਾਉਣਾ; ਬਹੁਤ ਹੀ ਕਠਿਨ ਹੁੰਦਾ ਹੈ ‘‘ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ /), ਮਨ ਕਦੇ ਵੀ ਨਾਮ ਜਪਣ ਲਈ ਨਹੀਂ ਮੰਨਦਾ। ਕੇਵਲ ਸਤਿਗੁਰੂ ਦੀ ਕਿਰਪਾ ਨਾਲ ਹੀ ਇਹ ਕਾਰਜ  ਕਰਨਾ ਸੰਭਵ ਹੈ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ‘‘ਸਤਿਗੁਰੁ ਹੋਇ ਦਇਆਲੁ; ਸਰਧਾ ਪੂਰੀਐ ’’ (ਮਹਲਾ /੧੪੯) ਭਾਵ ਸਤਿਗੁਰੂ ਜੀ ਮਿਹਰ ਕਰਨ ਤਾਂ ਹੀ ਮਨੁੱਖ ਅੰਦਰ ਰੱਬ ਦੇ ਨਾਮ ਪ੍ਰਤੀ ਸ਼ਰਧਾ ਪੈਦਾ ਹੁੰਦੀ ਹੈ। ਪੰਜਵੇਂ ਪਾਤਿਸ਼ਾਹ ਜੀ ਫ਼ੁਰਮਾ ਰਹੇ ਹਨ ‘‘ਜੋ ਜੋ ਸੁਨੈ ਪੇਖੈ ਲਾਇ ਸਰਧਾ; ਤਾ ਕਾ ਜਨਮ ਮਰਨ ਦੁਖੁ ਭਾਗੈ ’’ (ਮਹਲਾ /੩੮੧) ਭਗਤ ਕਬੀਰ ਜੀ ਦੇ ਵੀ ਬਚਨ ਹਨ ‘‘ਅਬ ਕੀ ਬਾਰ ਬਖਸਿ ਬੰਦੇ ਕਉ; ਬਹੁਰਿ ਭਉਜਲਿ ਫੇਰਾ ’’ (ਭਗਤ ਕਬੀਰ/੧੧੦੪)

ਇਕ ਸੰਤ, ਬ੍ਰਹਮਗਿਆਨੀ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਸ ਨੂੰ ਪਰਮਾਤਮਾ ਉੱਤੇ ਪੂਰਾ ਭਰੋਸਾ ਰੱਖਦਾ ਹੈ। ਜੋ ਮਨੁੱਖ ਪਰਮਾਤਮਾ ਦਾ ਨਾਮ ਸੁਣਦੇ ਹਨ। ਨਾਮ ਦੇ ਪ੍ਰੇਮ ਵਿੱਚ ਮਗਨ ਰਹਿੰਦੇ ਹਨ ਭਾਵ ਨਾਮ ਉੱਪਰ ਪੂਰੀ ਸ਼ਰਧਾ ਬਣਾਉਂਦੇ ਹਨ, ਉਨ੍ਹਾਂ ਦਾ ਜਨਮ-ਮਰਨ ਖ਼ਤਮ ਹੋ ਜਾਦਾਂ ਹੈ ‘‘ਜੋ ਜੋ ਸੁਨੈ ਪੇਖੈ ਲਾਇ ਸਰਧਾ; ਤਾ ਕਾ ਜਨਮ ਮਰਨ ਦੁਖੁ ਭਾਗੈ ’’ (ਮਹਲਾ /੩੮੧), ਬੈਕੁੰਠ ਕਿਤੇ ਮਰਨ ਤੋਂ ਬਾਅਦ ਨਹੀਂ ਮਿਲਦਾ। ਗੁਰੂ ਸਾਹਿਬ ਦੱਸਦੇ ਹਨ ਕਿ ਜਿਊਂਦੇ ਜੀਅ ਹੀ ਪ੍ਰਭੂ ਦੇ ਨਾਮ ਵਿੱਚ ਸ਼ਰਧਾ ਬਣਾ ਕੇ, ਧਿਆਨ ਧਰ ਕੇ, ਬੈਕੁੰਠ ਵਿੱਚ ਵਾਸਾ ਹੁੰਦਾ ਹੈ ‘‘ਤਹਾ ਬੈਕੁੰਠੁ, ਜਹ ਕੀਰਤਨੁ ਤੇਰਾ; ਤੂੰ ਆਪੇ ਸਰਧਾ ਲਾਇਹਿ ’’ (ਮਹਲਾ /੭੪੯), ਸ਼ਰਧਾ ਉਪਜਦੀ ਹੀ ਉੱਥੇ ਹੈ, ਜਿੱਥੇ ਸੱਚ ਦੀ ਬਾਣੀ ਦੀ ਵਿਚਾਰ ਹੋ ਰਹੀ ਹੋਵੇ। ਸੰਗਤ ਦੇ ਨਾਲ ਮਿਲ ਕੇ ਹੀ ਗੁਰੂ ਦੇ ਸ਼ਬਦ ਦੇ ਰਸ ਨੂੰ ਚੱਖਿਆ ਜਾ ਸਕਦਾ ਹੈ। ਹਰੀ ਰਸ ਦਾ ਸੁਆਦ ਲਿਆ ਜਾ ਸਕਦਾ ਹੈ। ਗੁਰੂ ਦੀ ਸੰਗਤ ਵਿੱਚ ਬੈਠ ਕੇ, ਗੁਰੂ ਸ਼ਬਦ ਰਾਹੀਂ ਹਰੀ ਦਾ ਨਾਮ ਰਸ ਮਾਣਦਿਆਂ ਹੀ ਪੂਰਨ ਸ਼ਰਧਾ ਉਪਜਦੀ ਹੈ ‘‘ਮਿਲਿ ਸੰਗਤਿ, ਸਰਧਾ ਊਪਜੈ; ਗੁਰ ਸਬਦੀ ਹਰਿ ਰਸੁ ਚਾਖੁ ’’ (ਮਹਲਾ /੯੯੭), ਐਸੇ ਹਰੀ ਦੇ ਜਨਾਂ ਨੂੰ, ਹਰੀ ਦੇ ਗੁਣ ਗਾਉਂਦਿਆਂ ਹੀ ਹਰੀ ਮਿਲਿਆ ਹੈ ਕਿਉਂਕਿ ਉਨ੍ਹਾਂ ਅੰਦਰ ਹਰੀ ਪ੍ਰਤੀ ਸ਼ਰਧਾ ਉਪਜੀ ਹੁੰਦੀ ਹੈ ‘‘ਹਰਿ ਜਨ ਕਉ ਹਰਿ ਮਿਲਿਆ; ਹਰਿ ਸਰਧਾ ਤੇ ਮਿਲਿਆ; ਗੁਰਮੁਖਿ ਹਰਿ ਮਿਲਿਆ ’’ (ਮਹਲਾ /੧੨੦੧), ਪਿਛਲੇ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਨੇ ਫ਼ੁਰਮਾਇਆ ਸੀ ‘‘ਸਾਚੇ ਨਾਮ ਕੀ ਲਾਗੈ ਭੂਖ ਉਤੁ ਭੂਖੈ; ਖਾਇ ਚਲੀਅਹਿ ਦੂਖ ’’ (ਸੋ ਦਰੁ/ਮਹਲਾ /) ਅਤੇ ਇਸ ਸ਼ਬਦ ਵਿੱਚ ਗੁਰੂ ਰਾਮਦਾਸ ਜੀ ਕਹਿ ਰਹੇ ਹਨ ‘‘ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ ਹਰਿ ਹਰਿ ਸਰਧਾ ਹਰਿ ਪਿਆਸ ’’ (ਸੋ ਦਰੁ/ਮਹਲਾ /੧੦) ਯਾਨੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ ਅਤੇ ਗੁਰੂ ਰਾਮਦਾਸ ਜੀ ਕਹਿ ਰਹੇ ਹਨ ਜਿਨ੍ਹਾਂ ਅੰਦਰ ਹਰੀ ਨਾਮ ਦੀ ਪਿਆਸ ਲੱਗਦੀ ਹੈ, ਸ਼ਰਧਾ ਉਪਜਦੀ ਹੈ ਓਹੀ ਨਾਮ ਰਸ ਨੂੰ ਮਾਣਦੇ ਹਨ, ਜਿਸ ਉਪਰੰਤ ਸਾਰੇ ਦੁੱਖ-ਕਲੇਸ਼ ਮਿਟ ਜਾਂਦੇ ਹਨ।

ਹਰੀ ਦੇ ਨਾਮ ਵਿੱਚ ਰੰਗ ਕੇ, ਨਾਮ ਬਾਣੀ ਨਾਲ਼ ਤ੍ਰਿਪਤ ਹੋ ਕੇ ਮਨ ਵਿੱਚ ਪ੍ਰਕਾਸ਼ ਹੁੰਦਾ ਹੈ, ਮਨ ਸ਼ਾਂਤ ਹੁੰਦਾ ਹੈ ‘‘ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ (ਸੋ ਦਰੁ/ਮਹਲਾ /੧੦) ਮਨੁੱਖ ਦੀ ਪਿਆਸ ਤਾਂ ਹੀ ਤ੍ਰਿਪਤ ਹੋਏਗੀ ਜੇਕਰ ਹਰੀ-ਨਾਮ ਰੂਪੀ ਗਿਆਨ ਹਿਰਦੇ ਵਿੱਚ ਵੱਸ ਜਾਏ। ਫਿਰ ਸਾਰੀਆਂ ਦੁਨਿਆਵੀ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸੰਗਤ ਵਿੱਚ ਮਿਲ ਕੇ ਰੱਬੀ ਗੁਣਾਂ ਦਾ ਪ੍ਰਗਾਸ ਹੁੰਦਾ ਹੈ।

ਵਿਚਾਰ : ਗੁਣਾਂ ਦਾ ਖਜਾਨਾ/ਮਾਲਕ ਕੇਵਲ ਪਰਮਾਤਮਾ ਹੈ। ਹੋਰ ਕੋਈ ਵੀ ਗੁਣ ਨਹੀਂ ਦੇ ਸਕਦਾ ‘‘ਨਾਨਕ  ! ਨਿਰਗੁਣਿ (’) ਗੁਣੁ ਕਰੇ; ਗੁਣਵੰਤਿਆ ਗੁਣੁ ਦੇ ’’ (ਜਪੁ/ਮਹਲਾ /), ਪਰਮਾਤਮਾ ਦੇ ਇਨ੍ਹਾਂ ਗੁਣਾਂ ਨਾਲ਼ ਸਾਂਝ ਸਤਿਗੁਰੂ ਦੇ ਸ਼ਬਦ ਰਾਹੀਂ ਹੁੰਦੀ ਹੈ, ਇਸ ਲਈ ਕਿਹਾ ਗਿਆ ਕਿ ਗੁਰੂ ਤੋਂ ਬਲਿਹਾਰੀ ਹਾਂ, ਜਿਸ ਨੇ ਸਾਡੇ ਔਗੁਣਾਂ ਨੂੰ ਮੇਟ ਕੇ, ਗੁਣ ਪ੍ਰਗਟ ਕਰ ਦਿੱਤੇ ਹਨ। ਗੁਣ ਪ੍ਰਗਟ ਕਰ ਦਿਤੇ ਭਾਵ ਔਗੁਣਾਂ ਨੂੰ ਕੱਟ ਕੇ ਚੰਗੇ ਗੁਣਾਂ ਨੂੰ ਧਾਰਨ ਕਰਾਇਆ ‘‘ਬਲਿਹਾਰੀ ਗੁਰ ਆਪਣੇ; ਜਿਨਿ (ਨੇ), ਅਉਗਣ ਮੇਟਿ, ਗੁਣ ਪਰਗਟੀਆਏ ’’  (ਮਹਲਾ /੩੦੩) ਤਾਂ ਤੇ ਬੇਨਤੀ ਕਰਨੀ ਬਣਦੀ ਹੈ ਕਿ ਹੇ ਸੱਚੇ ਪਾਤਿਸ਼ਾਹ ! ਮੈਨੂੰ ਨਿਰਗੁਣੇ ਨੂੰ ਗੁਣਾਂ ਦਾ ਖਜ਼ਾਨਾ ਬਖ਼ਸ਼, ਤਾਂ ਜੋ ਤੇਰਾ ਨਾਮ ਜਪਿਆ ਜਾ ਸਕੇ ‘‘ਨਿਰਗੁਨੀਆਰੇ ਕਉ ਗੁਨੁ ਕੀਜੈ; ਹਰਿ ਨਾਮੁ ਮੇਰਾ ਮਨੁ ਜਾਪੇ ’’ (ਮਹਲਾ /੨੦੯), ਪਰਮਾਤਮਾ; ਔਗੁਣਾਂ ਨੂੰ ਮਾਰ ਕੇ ਗੁਣਾਂ ਦਾ ਹਿਰਦੇ ਘਰ ਵਿੱਚ ਪ੍ਰਭਾਵ ਪਾ ਦਿੰਦਾ ਹੈ ‘‘ਅਵਗਣ ਮਾਰਿ, ਗੁਣੀ ਘਰੁ ਛਾਇਆ; ਪੂਰੈ ਪੁਰਖਿ ਬਿਧਾਤੈ (ਨੇ)’’ (ਮਹਲਾ /੭੬੫) ਗੁਰੂ ਦੀ ਸੰਗਤ ਰਾਹੀਂ ਹਿਰਦੇ-ਘਰ ਵਿੱਚ ਹੁੰਦੇ ਪ੍ਰਕਾਸ਼ ਦਾ ਜ਼ਿਕਰ ਹੀ ਵਿਚਾਰ ਅਧੀਨ ਸ਼ਬਦ ਦੇ ਦੂਜੇ ਬੰਦ ਦੀ ਸਮਾਪਤੀ ’ਚ ਕੀਤਾ ਸੀ; ਜਿਵੇਂ ਕਿ ‘‘ਹਰਿ ਜਨ ਕੇ ਵਡ ਭਾਗ ਵਡੇਰੇ; ਜਿਨ, ਹਰਿ ਹਰਿ ਸਰਧਾ, ਹਰਿ ਪਿਆਸ   ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ; ਮਿਲਿ ਸੰਗਤਿ ਗੁਣ ਪਰਗਾਸਿ  

ਦੂਜੇ ਪਾਸੇ ਮਨੁੱਖ ਅੰਦਰ ਜਿੰਨੇ ਔਗੁਣ ਹੁੰਦੇ ਹਨ ਓਨੀਆਂ ਹੀ ਗਲ ਵਿੱਚ ਜੰਜੀਰਾਂ ਪਈਆਂ ਹੁੰਦੀਆਂ ਹਨ। ਗੁਰੂ ਜੀ ਦਾ ਬਚਨ ਹੈ ‘‘ਨਾਨਕ  ! ਅਉਗੁਣ ਜੇਤੜੇ; ਤੇਤੇ ਗਲੀ ਜੰਜੀਰ ’’ (ਮਹਲਾ /੫੯੫), ਜੋ ਮਨੁੱਖ ਅਗਾਂਹ ਪਾਪ, ਵਿਕਾਰ, ਔਗੁਣ ਲੈ ਕੇ ਜਾਂਦੇ ਹਨ, ਉਨ੍ਹਾਂ ਨੂੰ ਆਦਰ ਨਹੀਂ ਮਿਲਦਾ। ਉਨ੍ਹਾਂ ਦੀ ਦੁਰਗਤੀ ਹੁੰਦੀ ਹੈ ‘‘ਅਗੈ ਗਏ ਮੰਨੀਅਨਿ; ਮਾਰਿ ਕਢਹੁ ਵੇਪੀਰ ’’ (ਮਹਲਾ /੫੯੫) ਜਿਨ੍ਹਾਂ ਨੂੰ ਹਰੀ ਦਾ ਨਾਮ ਮਿੱਠਾ ਲੱਗਾ ਉਨ੍ਹਾਂ ਦਾ ਮਨ ਤ੍ਰਿਪਤ ਹੋ ਗਿਆ ‘‘ਹਰਿ ਹਰਿ ਨਾਮੁ ਮਿਲੈ, ਤ੍ਰਿਪਤਾਸਹਿ.. ’’, ਪਰ ਜਿਨ੍ਹਾਂ ਨੂੰ ਹਰੀ ਦਾ ਨਾਮ ਮਿੱਠਾ ਨਾ ਲੱਗਾ। ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ, ਨਾ ਮੰਨਿਆ। ਜਿਹੜੇ ਹਰੀ ਦੇ ਨਾਮ ਤੋਂ ਸੱਖਣੇ ਹੀ ਜੀਵਨ ਅਜਾਈਂ ਗੁਵਾ ਕੇ ਚਲੇ ਜਾਂਦੇ ਹਨ, ਉਨ੍ਹਾਂ ਦੇ ਭਾਗ ਬਹੁਤ ਮਾੜੇ ਹੁੰਦੇ ਹਨ। ਉਹ, ਜਮਾਂ ਦੇ ਵੱਸ ਪੈਂਦੇ ਹਨ। ਇਹੀ ਗੁਰੂ ਉਪਦੇਸ਼ ਵਿਚਾਰ ਅਧੀਨ ਸ਼ਬਦ ਦੇ ਅਗਲੇ ਤੀਜੇ ਬੰਦ ਵਿੱਚ ਦਰਜ ਹੈ ‘‘ਜਿਨ, ਹਰਿ ਹਰਿ, ਹਰਿ ਰਸੁ ਨਾਮੁ ਪਾਇਆ; ਤੇ ਭਾਗਹੀਣ ਜਮ ਪਾਸਿ ..’’

ਜਿਹਨਾਂ ਨੇ ਹਰੀ ਦਾ ਨਾਮ-ਰਸ ਨਾ ਪਾਇਆ, ਉਨ੍ਹਾਂ ਦਾ ਜਨਮ ਵਿਅਰਥ ਚਲਾ ਗਿਆ। ਉਹ ਜਨਮ-ਮਰਨ ਦੇ ਗੇੜ ਵਿੱਚ ਪੈ ਗਏ; ਜਿਵੇਂ ਕਿ ਗੁਰੂ ਅਮਰਦਾਸ ਜੀ ਦੇ ਬਚਨ ਹਨ ‘‘ਹਰਿ ਰਸੁ ਪਾਇਆ; ਬਿਰਥਾ ਜਨਮੁ ਗਵਾਇਆ, ਜੰਮਹਿ ਵਾਰੋ ਵਾਰਾ ’’ (ਮਹਲਾ /੬੦੧), ਉਹ ਜਨ ਕੂੜੇ ਦੇ ਕੀੜੇ, ਸਾਰਾ ਜਨਮ ਕੂੜ/ਝੂਠ ਵਿੱਚ ਹੀ ਗਵਾ ਦਿੰਦੇ ਹਨ। ਕੂੜ ਵਿੱਚ ਹੀ ਜੰਮਦੇ ਹਨ ਅਤੇ ਅੰਤ ਕੂੜ ਵਿੱਚ ਹੀ ਸਮਾ ਜਾਂਦੇ ਹਨ। ਉਹ ਮੂਰਖ ਅੰਜਾਣ ਲੋਕ ਹੰਕਾਰੀ ਹੁੰਦੇ ਹਨ। ਜਿਨ੍ਹਾਂ ਨੇ ਪਰਮਾਤਮਾ ਨਾਲ ਪ੍ਰੀਤ ਨਾ ਪਾਈ। ਉਨ੍ਹਾਂ ਦੀਆਂ ਸਾਰੀਆਂ ਗੱਲਾਂ ਝੂਠੀਆਂ ਹਨ ‘‘ਨਾਨਕ  ! ਗਾਲੀ ਕੂੜੀਆ; ਬਾਝੁ ਪਰੀਤਿ ਕਰੇਇ ’’ (ਮਹਲਾ /੫੯੪), ਸੱਚੀ ਸੰਗਤ ਤੋਂ ਬਿਨਾਂ ਮਨੁੱਖ ਇਸ ਤਰ੍ਹਾਂ ਫਿਰਦਾ ਹੈ; ਜਿਵੇਂ ਪਸ਼ੂ ‘‘ਬਿਨੁ ਸੰਗਤੀ ਸਭਿ ਐਸੇ ਰਹਹਿ; ਜੈਸੇ ਪਸੁ ਢੋਰ ’’ (ਮਹਲਾ /੪੨੭)

ਜਿਸ ਪਰਮਾਤਮਾ ਨੇ ਮਨੁੱਖ ਨੂੰ ਬਣਾਇਆ ਹੈ। ਮਨੁੱਖ ਨੂੰ ਸਭ ਦਾਤਾਂ ਦੇ ਕੇ ਨਿਵਾਜਿਆ ਹੈ। ਮਨੁੱਖ; ਉਸ ਨੂੰ ਹੀ ਨਹੀਂ ਪਛਾਣ ਰਿਹਾ; ਮੈਂ-ਮੇਰੀ ਵਿੱਚ ਫਸ ਕੇ ਉਸ ਨੂੰ ਜਾਣਨ ਤੋਂ ਇਨਕਾਰੀ ਹੋ ਜਾਂਦਾ ਹੈ। ਜਿਸ ਦੀ ਜ਼ਬਾਨ ਤੋਂ ਗੁਰੂ ਦੀ ਬਾਣੀ ਨਹੀਂ ਉਚਾਰਨ ਹੁੰਦੀ, ਉਸ ਦੀ ਅਵਸਥਾ ਚੋਰਾਂ ਵਰਗੀ ਹੈ ‘‘ਜਿਨ੍ਹਿ ਕੀਤੇ, ਤਿਸੈ ਜਾਣਨ੍ਹੀ; ਬਿਨੁ ਨਾਵੈ, ਸਭਿ ਚੋਰ ’’ (ਮਹਲਾ /੪੨੭)

ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਹਨ ਕਿ ਹੇ ਪ੍ਰਭੂ ! ਮੈਂ ਤੇਰਾ ਕੀਤਾ ਅਹਿਸਾਨ ਨਾ ਜਾਣਿਆ, ਇਸ ਲਈ ਹਰਾਮਖ਼ੋਰ ਹਾਂ। ਮੈਂ ਤੇਰੇ ਦਰ ’ਤੇ ਜਾ ਕੇ ਕੀ ਮੂੰਹ ਦਿਖਾਵਾਂਗਾ ? ਮੈਂ ਦੁਸ਼ਟ ਹਾਂ ‘‘ਮੈ, ਕੀਤਾ ਜਾਤਾ, ਹਰਾਮਖੋਰੁ; ਹਉ ਕਿਆ ਮੁਹੁ ਦੇਸਾਦੁਸਟੁ ਚੋਰੁ ’’ (ਮਹਲਾ /੨੪)

ਮਨੁੱਖ ਦਾ ਇਕ ਸੁਭਾਅ ਹੈ ਕਿ ਜੋ ਦਾਤਾਂ ਪਰਮਾਤਮਾ ਨੇ ਦਿੱਤੀਆਂ ਹਨ, ਉਨ੍ਹਾਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਜੋ ਇਕ ਚੀਜ਼ ਨਾ ਮਿਲੀ ਉਸ ਲਈ ਗਿੱਲਾ ਕਰਨ ਲੱਗਦਾ ਹੈ, ਪਰ ਜੇ ਪਰਮਾਤਮਾ; ਆਪਣੀਆਂ ਦਿੱਤੀਆਂ 10 ਦਾਤਾਂ ਵੀ ਵਾਪਸ ਲੈ ਲਵੇ। ਉਨ੍ਹਾਂ ਵਿੱਚੋਂ ਇਕ ਵੀ ਨਾ ਦੇਵੇ ਤਾਂ ਵੀ ਮੂਰਖ ਮਨੁੱਖ ਕੀ ਕਰ ਸਕਦਾ ਹੈ ‘‘ਦਸ ਬਸਤੂ ਲੇ ਪਾਛੈ ਪਾਵੈ ਏਕ ਬਸਤੁ ਕਾਰਨਿ; ਬਿਖੋਟਿ ਗਵਾਵੈ ਏਕ ਭੀ ਦੇਇ, ਦਸ ਭੀ ਹਿਰਿ ਲੇਇ ਤਉ, ਮੂੜਾ ਕਹੁ ਕਹਾ ਕਰੇਇ ’’  (ਸੁਖਮਨੀ/ਮਹਲਾ /੨੬੮), ਐਸੇ ਮਨੁੱਖ ਦੀ ਦੁਰਦਸ਼ਾ ਨੂੰ ਹੀ ਤੀਜੇ ਬੰਦ ਵਿੱਚ ਬਿਆਨਿਆ ਗਿਆ ਹੈ ‘‘ਜਿਨ, ਹਰਿ ਹਰਿ, ਹਰਿ ਰਸੁ ਨਾਮੁ ਪਾਇਆ; ਤੇ ਭਾਗਹੀਣ ਜਮ ਪਾਸਿ ਜੋ, ਸਤਿਗੁਰ ਸਰਣਿ ਸੰਗਤਿ ਨਹੀ ਆਏ; ਧ੍ਰਿਗੁ ਜੀਵੇ, ਧ੍ਰਿਗੁ ਜੀਵਾਸਿ ’’, ਪਰ ਜਿਨ੍ਹਾਂ ਨੇ ਸਤਿਗੁਰ ਦੀ ਸੰਗਤ ਪਾ ਲਈ, ਜਿਨ੍ਹਾਂ ਨੇ ਹਰੀ ਰਸ ਦਾ ਵਪਾਰ ਕੀਤਾ, ਜਿਨ੍ਹਾਂ ਦੇ ਉੱਪਰ ਪਰਮਾਤਮਾ ਦੀ ਕਿਰਪਾ ਹੋ ਗਈ, ਜਿਨ੍ਹਾਂ ਦੇ ਭਾਗ ਵਿੱਚ ਧੁਰੋਂ ਚੰਗਾ ਲੇਖ ਲਿਖਿਆ ਹੋਇਆ ਹੈ; ਉਨ੍ਹਾਂ ਨੂੰ ਸਤਿਸੰਗਤ ਮਿਲ ਜਾਂਦੀ ਹੈ। ਹਥਲੇ ਸ਼ਬਦ ਦੇ ਚੌਥੇ ਅਤੇ ਅੰਤਮ ਬੰਦ ਵਿੱਚ ਇਹੀ ਬਚਨ ਦਰਜ ਹਨ ‘‘ਜਿਨ ਹਰਿ ਜਨ, ਸਤਿਗੁਰ ਸੰਗਤਿ ਪਾਈ; ਤਿਨ, ਧੁਰਿ ਮਸਤਕਿ ਲਿਖਿਆ ਲਿਖਾਸਿ ਧਨੁ ਧੰਨੁ ਸਤਸੰਗਤਿ; ਜਿਤੁ, ਹਰਿ ਰਸੁ ਪਾਇਆ; ਮਿਲਿ ਜਨ, ਨਾਨਕ  ! ਨਾਮੁ ਪਰਗਾਸਿ ’’

ਵਿਚਾਰ : ਉਹ ਮਨੁੱਖ ਭਾਗਾਂ ਵਾਲ਼ੇ ਹੁੰਦੇ ਹਨ, ਧਨਾਡ ਅਖਵਾਉਂਦੇ ਹਨ, ਜੋ ਸਹਿਜ ਅਵਸਥਾ ਵਿੱਚ ਟਿਕ ਕੇ, ਪ੍ਰੇਮ ਨਾਲ਼ ਹਰੀ ਦੇ ਗੁਣ ਗਾਉਂਦੇ ਹਨ ‘‘ਹਮ ਧਨਵੰਤ ਭਾਗਠ ਸਚ ਨਾਇ ਹਰਿ ਗੁਣ ਗਾਵਹ ਸਹਜਿ ਸੁਭਾਇ ਰਹਾਉ ’’ (ਮਹਲਾ /੧੮੫)

ਸਤਿਸੰਗਤ ਹੀ ਹਰੀ ਨਾਲ਼ ਮਿਲਾਪ ਕਰਨ ਦਾ ਸਾਧਨ ਹੈ। ਸੱਚੀ ਸੰਗਤ ਓਹੀ ਹੈ, ਜਿੱਥੇ ਸਦਾ ਹਰੀ ਦੇ ਗੁਣਾਂ ਦਾ ਗਾਇਨ ਕੀਤਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਕਿ ਹੇ ਨਾਨਕ  !  ਸੱਚੇ ਸ਼ਬਦ ਦੁਆਰਾ ਉਸ ਦੀ ਸਿਫ਼ਤ ਕਰ; ਤਾਂ ਹੀ ਸੱਚ ਦੀ ਪਹਿਚਾਣ ਹੁੰਦੀ ਹੈ ‘‘ਸਤਸੰਗਤਿ ਮੇਲਾਪੁ, ਜਿਥੈ ਹਰਿ ਗੁਣ ਸਦਾ ਵਖਾਣੀਐ ਨਾਨਕ  ! ਸਚਾ ਸਬਦੁ ਸਲਾਹਿ, ਸਚੁ ਪਛਾਣੀਐ ’’ (ਮਹਲਾ /੧੨੮੦)

ਜੇਕਰ ਅਸੀਂ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਵੀ ਗੁਰ ਸ਼ਬਦ ਦੀ ਵਿਚਾਰ ਨਾ ਕੀਤੀ, ਕੇਵਲ ਇੱਧਰ ਓਧਰ ਦੀਆਂ ਗੱਲਾਂ ’ਚ ਹੀ ਸਮਾਂ ਲੰਘਾ ਦਿੱਤਾ ਤਾਂ ਇਹ ਸਤਿਸੰਗਤ ਕਰਨਾ ਨਹੀਂ। ਸੰਗਤ ਵਿੱਚ ਜਾ ਕੇ ਪਰਮਾਤਮਾ ਦਾ ਨਾਮ ਜਪਣਾ ਹੀ ਉਸ ਦਾ ਹੁਕਮ ਹੈ ‘‘ਸਤਸੰਗਤਿ ਕੈਸੀ ਜਾਣੀਐ  ? ਜਿਥੈ ਏਕੋ ਨਾਮੁ ਵਖਾਣੀਐ ਏਕੋ ਨਾਮੁ ਹੁਕਮੁ ਹੈ; ਨਾਨਕ  ! ਸਤਿਗੁਰਿ (ਨੇ) ਦੀਆ ਬੁਝਾਇ ਜੀਉ ’’ (ਮਹਲਾ /੭੨)

ਉਹ ਜਨ ਧੰਨ ਹਨ, ਜਿਨ੍ਹਾਂ ਨੇ ਸਤਿਸੰਗਤ ’ਚ ਮਿਲ ਕੇ ਹਰੀ ਦਾ ਪ੍ਰੇਮ ਰਸ ਮਾਣਿਆ ਹੁੰਦਾ ਹੈ। ਐਸੇ ਜਨਾਂ ਨੂੰ ਮਿਲ ਕੇ ਹਰੀ ਦੇ ਗਿਆਨ ਰੂਪੀ ਨਾਮ ਦਾ ਹਿਰਦੇ ਅੰਦਰ ਪਰਗਾਸ ਹੁੰਦਾ ਹੈ। ਜਦੋਂ ਇਹ ਪ੍ਰਕਾਸ਼ ਹੋ ਗਿਆ ਤਾਂ ਅਨਰਸ; ਜਿਵੇਂ ਕਿ ਮਾਇਆ ਦੇ ਰਸ ਭੁੱਲ ਜਾਂਦੇ ਹਨ। ਇਹੀ ਗੁਰੂ ਸਿੱਖਿਆ ਅੰਤਮ ਬੰਦ ’ਚ ਹੈ ‘‘ਜਿਨ, ਹਰਿ ਜਨ ਸਤਿਗੁਰ ਸੰਗਤਿ ਪਾਈ; ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ਧਨੁ ਧੰਨੁ ਸਤਸੰਗਤਿ, ਜਿਤੁ ਹਰਿ ਰਸੁ ਪਾਇਆ; ਮਿਲਿ ਜਨ, ਨਾਨਕ  ! ਨਾਮੁ ਪਰਗਾਸਿ ’’  (ਸੋ ਦਰੁ/ਮਹਲਾ /੧੦)

ਗੁਰੂ ਪਾਤਿਸ਼ਾਹ ਜੀ ਕਹਿੰਦੇ ਹਨ ਕਿ ਹੇ ਮਨੁੱਖ ! ਤੂੰ ਇਸ ਜਗਤ ਵਿੱਚ ਬਾਣੀ ਸੁਣਨ ਅਤੇ ਪੜ੍ਹਨ ਲਈ ਆਇਆ ਹੈਂ, ਪਰ ਹਰੀ ਨਾਮ ਨੂੰ ਵਿਸਾਰ ਕੇ ਅਨਰਸ ਵਿੱਚ ਲੱਗ ਗਿਆ ਹੈਂ। ਜਨਮ ਨੂੰ ਬਿਰਥਾ ਗਵਾ ਲਿਆ ਹੈ। ਹੇ ਅਚੇਤ ਮਨ ! ਸੁਚੇਤ ਹੋ ਜਾਹ; ਗੁਰੂ ਪਿਆਰਿਆਂ ਨਾਲ ਮਿਲ ਕੇ ਅਕੱਥ ਪ੍ਰਭੂ ਦੀ ਕਥਾ-ਕਹਾਣੀ ਗਾਇਆ ਕਰ। ਹੁਣ ਲਾਹਾ ਖੱਟ ਲੈ। ਪਰਮਾਤਮਾ ਨੂੰ ਹਿਰਦੇ-ਘਰ ਵਿੱਚ ਯਾਦ ਕਰ। ਇਸ ਤਰ੍ਹਾਂ ਜਨਮ ਮਰਨ ਦਾ ਗੇੜ ਮੁੱਕ ਜਾਏਗਾ। ਸੱਚਾ ਨਾਮ ਜਪਣ ਦੀ ਤਾਕਤ, ਉੱਦਮ ਅਤੇ ਸਿਆਣਪ ਪਰਮਾਤਮਾ ਦੇ ਹੀ ਦਿੱਤੇ ਹੋਏ ਗੁਣ ਹਨ। ਜੀਵ ਦੀ ਕੋਈ ਪਾਇਆਂ ਨਹੀਂ ‘‘ਆਇਓ ਸੁਨਨ ਪੜਨ ਕਉ ਬਾਣੀ ਨਾਮੁ ਵਿਸਾਰਿ, ਲਗਹਿ ਅਨ ਲਾਲਚਿ; ਬਿਰਥਾ ਜਨਮੁ ਪਰਾਣੀ ਰਹਾਉ ’’ (ਮਹਲਾ /੧੨੧੯) ਤਾਂ ਤੇ ਅਰਦਾਸ ਕਰਨੀ ਬਣਦੀ ਹੈ ਕਿ ਹੇ ਪ੍ਰਭੂ ! ਕਿਰਪਾ ਕਰੋ, ਦਇਆ ਕਰੋ, ਸੁਮੱਤ ਬਖ਼ਸ਼ੋ; ਤਾਂ ਜੋ ਅਨੁਭਵੀ ਪੁਰਸ਼ਾਂ ਦੀ ਸੰਗਤ ਕਰਕੇ ਤੇਰੇ ਨਾਮ ਨੂੰ ਪਛਾਣ ਸਕੀਏ, ਜਪ ਸਕੀਏ ਕਿਉਂਕਿ ਉਹੀ ਭਗਤ; ਤੇਰੀ ਭਗਤੀ ਕਰ ਸਕਦੇ ਹਨ, ਜੋ ਤੈਨੂੰ ਪਰਮਾਤਮਾ ਨੂੰ ਭਾਉਂਦੇ ਹਨ। ਜਿਨ੍ਹਾਂ ਉੱਤੇ ਤੂੰ ਕਿਰਪਾ ਕਰਦਾ ਹੈਂ। ਸਤਿਗੁਰੂ ਦਾ ਮਿਲਾਪ ਕਰਵਾਉਂਦਾ ਹੈ। ਸਤਿਸੰਗਤ ਰਾਹੀਂ ਹੀ ਰੂਹਾਨੀਅਤ ਖਿੜਾਓ ਪੈਦਾ ਕਰਦਾ ਹੈਂ।

ਕੁਦਰਤ ਦੇ ਸਾਲਾਨਾ ਮੌਸਮ ਪਰਿਵਰਤਨ ’ਚ ਵਿਸਾਖੀ ਦੀ ਅਨੋਖੀ ਦਾਸਤਾਨ

0

ਕੁਦਰਤ ਦੇ ਸਾਲਾਨਾ ਮੌਸਮ ਪਰਿਵਰਤਨ ’ਚ ਵਿਸਾਖੀ ਦੀ ਅਨੋਖੀ ਦਾਸਤਾਨ

ਗਿਆਨੀ ਅਵਤਾਰ ਸਿੰਘ

ਮਨੁੱਖ ਲਈ ਕੁਦਰਤ ਦੀ ਹਰ ਹਰਕਤ ਦਾ ਕੋਈ ਨਾ ਕੋਈ ਪਿਛੋਕੜ ਤੱਥ ਜ਼ਰੂਰ ਹੁੰਦਾ ਹੈ, ਜਿਸ ਤੋਂ ਪ੍ਰੇਰਨਾ ਲੈ ਕੇ ਮਨੁੱਖੀ ਮਾਨਸਿਕਤਾ ਛੋਟੇ-ਛੋਟੇ ਗਰੁਪ ਜਾਂ ਇਕਾਈਆਂ ’ਚ ਆਪਣੇ ਆਪ ਨੂੰ ਵੰਡ ਕੇ ਸਮਾਜ ਦੀ ਸਿਰਜਣਾ ’ਚ ਅਹਿਮ ਰੋਲ ਅਦਾ ਕਰਦੀ ਹੈ।  ਕੁਝ ਕੁ ਦਿਨ ਵੀ ਮੁਕੱਰਰ ਕੀਤੇ ਜਾਂਦੇ ਹਨ ਤਾਂ ਜੋ ਆਪਣਾ ਸਮਾਜਿਕ ਭਾਈਚਾਰਾ ਇਕੱਠੇ ਹੋ ਕੇ ਆਪਣੇ ਦੁਖ-ਸੁਖ ਵੇਖਦਿਆਂ ਆਪਸੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰ ਸਕੇ।  ਇਨ੍ਹਾਂ ਇਤਿਹਾਸਕ ਦਿਹਾੜਿਆਂ ਵਿੱਚੋਂ ਹੀ ਇੱਕ ਹੈ ‘ਵਿਸਾਖੀ’, ਜੋ ਵਿਸਾਖ ਮਹੀਨੇ ਦੀ ਪਹਿਲੀ ਤਾਰੀਖ਼ (ਤਿਥ) ਹੁੰਦੀ ਹੈ।

ਚੰਦ੍ਰਮਾ ਸਾਲ ਦਾ ਵਿਸਾਖ ਮਹੀਨਾ ਜਾਂ ਵਿਸਾਖੀ ਦਿਹਾੜਾ’;  ਮੰਨੇ ਜਾਂਦੇ 27 ਨਛੱਤਰਾਂ ’ਚੋਂ ਇੱਕ ‘ਵਿਸ਼ਾਖਾ’ ਨਛੱਤਰ (ਗ੍ਰਹਿ) ਤੋਂ ਬਣਿਆ ਹੈ।  ਆਕਾਸ਼ ’ਚ ਕਈ ਤਾਰਿਆਂ ਤੋਂ ਮਿਲ ਕੇ ਬਣੇ ਪਿੰਡ (ਸਮੂਹ), ਜੋ ਖਗੋਲ (ਤਾਰਾ ਵਿਗਿਆਨ) ਮੁਤਾਬਕ ਚੰਦ੍ਰਮਾ ਦਾ ਮਾਰਗ ਤਹਿ ਕਰਦੇ ਹਨ, ਨੂੰ ਨਛੱਤਰ ਕਿਹਾ ਜਾਂਦਾ ਹੈ, ਜਿਨ੍ਹਾਂ ਦੀ ਗਿਣਤੀ 27 ਹੈ; ਜਿਵੇਂ ਕਿ 1. ਅਸ਼ਿ੍ਵਨੀ 2. ਭਰਣੀ 3. ਕ੍ਰਿੱਤਿਕਾ 4. ਰੋਹਿਣੀ 5. ਮ੍ਰਗਸ਼ਿਰਾ 6. ਆਦ੍ਰਾ 7. ਪੁਨਰਵਸੁ 8. ਪੁਸ਼੍ਯ 9. ਅਸ਼੍ਲੇਸ਼ਾ 10. ਮਘਾ 11. ਪੂਰ੍ਵਾ-ਫਾਲ੍ਗੁਨੀ 12. ਉੱਤਰਾ-ਫਾਲ੍ਗੁਨੀ 13. ਹਸ 14. ਚਿਤ੍ਰਾ 15. ਸ੍ਵਾਤਿ 16. ਵਿਸ਼ਾਖਾ 17. ਅਨੁਰਾਧਾ 18. ਜ੍ਯੇਸ਼੍ਠਾ 19. ਮੂਲ 20. ਪੂਰ੍ਵਾਸ਼ਾਢਾ 21. ਉੱਤਰਾਸ਼ਾਢਾ 22. ਸ਼੍ਰਵਣ 23. ਧਨਿਸ਼੍ਠਾ 24. ਸ਼ਤਭਿਖਾ 25. ਪੂਰ੍ਵਾਭਦ੍ਰਪਦਾ 26. ਉੱਤਰਾਭਦ੍ਰਪਦਾ 27. ਰੇਵਤੀ।  ਇਨ੍ਹਾਂ ਤੋਂ ਹੀ ਚੰਦ੍ਰਮਾ ਮਹੀਨਿਆ ਦੇ ਨਾਂ ਬਣੇ; ਜਿਵੇਂ ਕ੍ਰਿੱਤਿਕਾ ਤੋਂ ਕੱਤਕ, ਮ੍ਰਗਸ਼ਿਰਾ ਤੋਂ ਮੱਘਰ, ਜ੍ਯੇਸ਼੍ਠਾ ਤੋਂ ਜੇਠ ਆਦਿ।

ਵਿਸਾਖੀ ਦਾ ਤਿਉਹਾਰ ਪੂਰੇ ਭਾਰਤ ’ਚ ਕਿਸੇ ਨ ਕਿਸੇ ਰੂਪ ’ਚ ਮਨਾਇਆ ਜਾਂਦਾ ਹੈ; ਜਿਵੇਂ ਕਿ ਹਿੰਦੂ ਮਨੌਤ ਅਨੁਸਾਰ ਇਸ ਦਿਨ ਗੰਗਾ ਦੇਵੀ ਸੁਰਗ (ਗੰਗੋਤਰੀ ਗਲੇਸ਼ੀਅਰ) ’ਚੋਂ ਸ਼ਿਵਜੀ ਦੀਆਂ ਜਟਾਂ ਰਾਹੀਂ ਧਰਤੀ ’ਤੇ ਉਤਰੀ, ਇਸ ਲਈ ਉਨ੍ਹਾਂ ਇਸ ਦਿਨ ਤੋਂ ਨਵ ਵਰਸ ਦੀ ਸ਼ੁਰੂਆਤ ਮੰਨੀ ਤੇ ਇਸ ਪਵਿੱਤਰ ਦਿਨ ਗੰਗਾ ਇਸ਼ਨਾਨ ਕਰਨਾ ਸ਼ੁਭ ਮੰਨਿਆ।  ਕੇਰਲਾ ’ਚ ਇਹ ਤਿਉਹਾਰ ਵਿਸੁ ਅਖਵਾਉਂਦਾ ਹੈ, ਜਿੱਥੇ ਵਿਸੁ ਕਾਨੀ ਬਣਾਈ ਜਾਂਦੀ ਹੈ ਤੇ ਬੰਗਾਲ ’ਚ ਇਸ ਤਿਉਹਾਰ ਨੂੰ ਨਭ ਵਰਸ ਕਹਿ ਕੇ ਮਨਾਇਆ ਜਾਂਦਾ ਹੈ ਆਦਿ।

ਪੰਜਾਬ ’ਚ ਇਸ (ਵਿਸਾਖੀ) ਨੂੰ ਹਾੜੀ ਦੀ ਫ਼ਸਲ (ਪੈਲ਼ੀ) ਕਟਾਈ ਨਾਲ਼ ਜੋੜ ਕੇ ਵੇਖਿਆ ਜਾਂਦਾ ਹੈ; ਜਦ ਕਣਕ ਆਪਣਾ ਵਜੂਦ, ਸਮਾਜਕ ਸੇਵਾ ਕਰਨ (ਪੇਟ ਭਰਨ) ਲਈ ਮਿਟਾਉਂਦੀ ਹੈ। ਬੇਸ਼ੱਕ ਬਸੰਤ ਰੁੱਤ ਦੀ ਸਮਾਪਤੀ ’ਤੇ ਇਹ ਮਹੀਨਾ ਥੋੜ੍ਹੀ ਗਰਮੀ ਲੈ ਕੇ ਆਉਂਦਾ ਹੈ ਪਰ ਕਿਸਾਨਾਂ, ਮਜ਼ਦੂਰਾਂ ਲਈ ਖ਼ੁਸ਼ੀ ਦੀ ਕੋਈ ਕਮੀ ਨਹੀਂ ਰਹਿੰਦੀ ਕਿਉਂਕਿ ਛੇ ਮਹੀਨਿਆਂ ਤੋਂ ਆਪਣੇ ਬੱਚਿਆਂ ਵਾਙ ਖੇਤੀ ਦੀ ਕੀਤੀ ਸੰਭਾਲ਼ ਉਪਰੰਤ ਜ਼ਿਮੀਦਾਰ, ਮਜ਼ਦੂਰ, ਆਦਿ ਦੇ ਘਰ ਮੁਨਾਫ਼ਾ ਆ ਰਿਹਾ ਹੁੰਦਾ ਹੈ।  ਮਾਨਵਤਾ ’ਚ ਇਸੇ ਮੁਨਾਫ਼ੇ ਦਾ ਬੀਜ ਬੀਜਣ ਲਈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 15 ਅਪ੍ਰੈਲ 1469 (20 ਵਿਸਾਖ ਸੰਮਤ 1526) ਨੂੰ ਹੋਇਆ, ਜਿਨ੍ਹਾਂ ਨੇ ਭਾਰਤ, ਪਾਕਿਸਤਾਨ, ਅਫ਼ਗਾਨਿਸਤਾਨ, ਸਊਦੀ ਅਰਬ, ਇਰਾਨ, ਇਰਾਕ, ਤਿੱਬਤ, ਭੂਟਾਨ, ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾ ਆਦਿ (ਲਗਭਗ 40-50 ਹਜ਼ਾਰ ਕਿਲੋਮੀਟਰ) ਤੱਕ ਇਹ ਫ਼ਸਲ ਬੋਈ। ਇਸ ਫ਼ਸਲ ਦਾ ਮੁਨਾਫ਼ਾ ਲੈਣ ਵਾਲ਼ਿਆਂ ਦੀ ਤਾਦਾਦ ਨੂੰ ਵੇਖਦਿਆਂ ਗੁਰੂ ਘਰ ਨਾਲ਼ ਨੇੜਤਾ (ਸੰਗਤੀ ਇਕੱਠ) ਨੂੰ ਕਾਇਮ ਰੱਖਣ ਲਈ ਸਾਲ ’ਚ ਦੋ ਮਹੀਨੇ ਨਿਸ਼ਚਿਤ ਕੀਤੇ ਗਏ ‘ਦਿਵਾਲੀ ਤੇ ਵਿਸਾਖੀ’, ਜਿਨ੍ਹਾਂ ਵਿੱਚ ਅੰਤਰ ਵੀ ਲਗਭਗ ਛੇ ਮਹੀਨੇ ਦਾ ਹੀ ਹੈ।

ਇਤਿਹਾਸ ’ਚ ਜ਼ਿਕਰ ਆਉਂਦਾ ਹੈ ਕਿ ਸਭ ਤੋਂ ਪਹਿਲਾਂ ਵਿਸਾਖੀ ਦਿਹਾੜੇ ’ਤੇ ਸੰਗਤਾਂ ਨੂੰ ਇਕੱਤਰ ਕਰਨ ਦਾ ਸੱਦਾ ਭਾਈ ਪਾਰੋ ਪਰਮਹੰਸ ਜੀ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਨਾਲ਼ ਗੋਇੰਦਵਾਲ ਵਿਖੇ ਦਿੱਤਾ ਸੀ, ਜਿੱਥੇ ਸੰਗਤਾਂ ਲਈ ਪਾਣੀ ਦੀ ਸੁਵਿਧਾ ਨੂੰ ਵੇਖਦਿਆਂ ਬਾਉਲੀ (ਪੌੜੀਦਾਰ ਖੂਹ, ਸੰਨ 1558 ਈਸਵੀ) ਦੀ ਖੁਦਵਾਈ ਕੀਤੀ ਤੇ ਪਾਣੀ ਨਿਕਾਸੀ ਦਾ ਪ੍ਰਬੰਧ ਵੀ ਵਿਸਾਖ ’ਚ ਕੀਤਾ ਗਿਆ, ਜਿਸ ਨਾਲ਼ ਸੰਗਤਾਂ ਸਰੀਰਕ ਤੇ ਮਨ ਤੋਂ ਨਿਰਮਲ ਹੁੰਦੀਆਂ।  ਸੰਨ 1634 ਈ. (ਵਿਸਾਖ ਮਹੀਨੇ) ’ਚ ਕਰਤਾਰਪੁਰ ਵਿਖੇ ਵੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸੰਗਤਾਂ ਦੀ ਵਿਸ਼ੇਸ਼ ਇਕੱਤਰਤਾ ਬੁਲਾਈ ਗਈ ਸੀ।  ਇਸੇ ਸਮੇਂ ਕਾਲੇ ਖਾਂ ਤੇ ਪੈਂਦੇ ਖਾਂ ਨਾਲ਼ ਚੌਥਾ (ਆਖ਼ਰੀ) ਯੁੱਧ ਹੋਇਆ ਸੀ।  ਗੁਰੂ ਜੀ ਦਾ ਵਿਆਹ ਮਾਤਾ ਨਾਨਕੀ ਜੀ ਨਾਲ਼ ਵੀ ਵਿਸਾਖ ਮਹੀਨੇ (ਸੰਨ 1613 ’ਚ) ਹੋਇਆ ਸੀ ਇਤਿਆਦਿਕ ਕੁਝ ਸੰਕੇਤ ਹਨ, ਜਿਨ੍ਹਾਂ ਰਾਹੀਂ ਗੁਰੂ ਦਰਬਾਰ ’ਚ ਵਿਸਾਖ ਮਹੀਨੇ ਵਿਸ਼ੇਸ਼ ਇਕੱਤਰਤਾ ਬੁਲਾਈ ਜਾਂਦੀ, ਦੇ ਸਬੂਤ ਮਿਲਦੇ ਹਨ।

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਵਿਚਾਰਾਂ ਰਾਹੀਂ ਜੋ ਬੀ ਦੂਰ-ਦੂਰ ਤੱਕ ਸੰਸਾਰ ’ਚ ਬੀਜਿਆ, ਉਸ ਦੀ ਅਗਵਾਈ ਲਈ 239 ਸਾਲਾਂ ਤੱਕ ਗੁਰੂ ਜੀ ਨੇ 10 ਸਰੀਰਕ ਜਾਮਿਆਂ ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਵਿੱਚ ਪ੍ਰਵੇਸ਼ ਕੀਤਾ।  ਜੋ ਸਵਾਲ ਸਿੱਧ-ਜੋਗੀਆਂ ਦੁਆਰਾ ‘ਸਿਧ ਗੋਸਟਿ’ ’ਚ ਗੁਰੂ ਨਾਨਕ ਜੀ ਤੋਂ ਪੁੱਛਿਆ ਗਿਆ ਕਿ ‘‘ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ  ?’’ (ਮਹਲਾ /੯੪੨) ਇਹੀ ਸਵਾਲ ਹਰ ਮਨੁੱਖ ਦੇ ਮਨ ’ਚ ਪੈਦਾ ਹੋਣਾ ਅਤਿ ਜ਼ਰੂਰੀ ਹੈ ਕਿ ‘ਮੇਰਾ ਗੁਰੂ ਕੌਣ ਹੈ, ਜਿਸ ਦੀ ਤਲਾਸ਼ ਲਈ ਮੈਂ ਮਨੁੱਖ ਬਣਿਆ ?, ਮੇਰੀ ਮੰਜ਼ਲ ਕੀ ਹੈ ?, ਉਹ ਕਿਵੇਂ ਪ੍ਰਾਪਤ ਹੋਏਗੀ ?’ ਜਦ ਬਾਬਾ ਬੁੱਢਾ ਜੀ; ਗੁਰੂ ਨਾਨਕ ਸਾਹਿਬ ਜੀ ਨੂੰ ਪਹਿਲੀ ਵਾਰ ਮਿਲੇ ਤਦ ਉਨ੍ਹਾਂ ਨੇ ਪੂਰਨ ਗੁਰੂ ਜਾਣ ਕੇ ਹੀ ਆਪਣਾ ਪੂਰਾ ਜੀਵਨ ਗੁਰੂ ਘਰ ਨੂੰ ਸਮਰਪਿਤ ਕਰ ਦਿੱਤਾ ਸੀ।

ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਰਾਮਕਲੀ ਗੋਸਟਿ/ਮਹਲਾ /੯੪੩), ਇਨ੍ਹਾਂ ਉਪਦੇਸ਼ਮਈ ਵਚਨਾਂ ਦੇ ਭਾਵਾਰਥ ਨੂੰ ਗਹੁ ਨਾਲ਼ ਵਿਚਾਰਨ ਤੋਂ ਬਿਨਾਂ ਬਹੁ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਸਕਦਾ ਹੈ।

 ‘ਸੁਰਤਿ ਧੁਨਿ ਚੇਲਾ’ ਦਾ ਭਾਵ ਹੈ ਕਿ ਕੋਈ ਸਰੀਰ ਚੇਲਾ ਨਹੀਂ ਬਲਕਿ ‘ਸੁਰਤ ਦਾ ਟਿਕਾਅ ਚੇਲਾ’ ਹੈ ਕਿਉਂਕਿ ਇਸੇ ‘ਸੁਰਤ ਟਿਕਾਅ’ (ਚੇਲੇ) ਉੱਤੇ ਲੱਗਾ ‘ਸਬਦੁ ਗੁਰੂ’ ਦਾ ਤੀਰ; ਅੰਤਹਿਕਰਣ ਨੂੰ ਛੇਦਦਾ ਹੋਇਆ ਆਪਣਾ ਪ੍ਰਭਾਵ ਦੀਰਘ ਕਾਲ ਤੱਕ ਮਨੁੱਖੀ ਜੀਵਨ ਉੱਤੇ ਪਾਉਂਦਾ ਹੈ; ਜਿਵੇਂ ਕਿ ਭਗਤ ਕਬੀਰ ਜੀ ਨੇ ਮਹਿਸੂਸ ਕੀਤਾ ‘‘ਕਬੀਰ  !  ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ   ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ ਛੇਕੁ ’’ (ਭਗਤ ਕਬੀਰ/੧੩੭੪)

‘ਸਬਦੁ ਗੁਰੂ’ ਤੋਂ ਭਾਵ ਪੂਰਨ ਸਚਾਈ ਤੋਂ ਪ੍ਰੇਰਨਾ ਲੈਣਾ ਹੈ, ਜਿੱਥੇ ਰੱਤੀ ਭਰ ਵੀ ‘ਅਸਤ੍ਯ’ (ਝੂਠ) ਨਾ ਹੋਵੇ।  ਕੁਦਰਤ ‘ਅਸਤ੍ਯ’ ਹੈ, ਇਸ ਲਈ ਇਸ ਦੀ ਬੁਨਿਆਦ ਸਦਾ ਸਥਿਰ ਨਹੀਂ ਅਤੇ ਨਿਰਾਕਾਰ (ਅਕਾਲ ਪੁਰਖ) ‘ਸਤ੍ਯ’ ਹੈ, ਜੋ ਸਦੀਵੀ ਸਥਿਰ ਹੈ।  ਸਮਾਜਿਕ ਜੀਵਨ ‘ਅਸਤ੍ਯ’ ਹੈ, ਜਿੱਥੇ ‘ਪੂਰਨ ਸਤ੍ਯ’ ਨੂੰ ਅਨੁਭਵ ਕਰਕੇ ‘ਸਤ੍ਯ’ ਬੋਲਣਾ ਤੇ ‘ਸਤ੍ਯ’ ਸੁਣਨਾ; ਬੜਾ ਕਠਿਨ ਹੈ।  ਇਹੀ ਵਿਚਾਰ ਗੁਰੂ ਨਾਨਕ ਜੀ ਨੇ ‘‘ਆਖਣਿ ਅਉਖਾ; ਸਾਚਾ ਨਾਉ ’’ (ਮਹਲਾ /) ਬਚਨਾਂ ਰਾਹੀਂ ਪ੍ਰਗਟ ਕੀਤੇ ਹਨ।

ਮਿਸਾਲ ਦੇ ਤੌਰ ’ਤੇ ਇੱਕ ਬੀਬੀ ਆਪਣੇ ਪਤੀ ਦੀ ਲੰਮੇਰੀ ਉਮਰ ਲਈ ਕਰਵਾਚੌਥ ਦਾ ਵਰਤ ਰੱਖਦੀ ਹੈ।  ਇਹ ਵੀ ‘ਸਤ੍ਯ’ ਹੈ ਕਿ ਇਸ ਨਾਲ਼ ਉਸ ਦੇ ਪਤੀ ਦੀ ਉਮਰ ਲੰਮੀ ਨਹੀਂ ਹੋ ਸਕਦੀ।  ਕਰਵਾਚੌਥ ਦਾ ਹਰ ਸਾਲ ਵਰਤ ਰੱਖਣ ਵਾਲ਼ੀਆਂ ਹਜ਼ਾਰਾਂ ਬੀਬੀਆਂ ਦੇ ਪਤੀ ਵੀ ਕਿਸੇ ਨਾ ਕਿਸੇ ਦੁਰਘਟਨਾ, ਬਿਮਾਰੀ ਆਦਿ ਨਾਲ਼ ਉਨ੍ਹਾਂ ਬੀਬੀਆਂ ਤੋਂ ਪਹਿਲਾਂ ਮਰ ਜਾਂਦੇ ਹਨ, ਪਰ ਫਿਰ ਵੀ ਬਾਕੀ ਬੀਬੀਆਂ ਇਨ੍ਹਾਂ ਘਟਨਾਵਾਂ ਤੋਂ ਪ੍ਰੇਰਨਾ ਲੈਣ ਦੀ ਬਜਾਇ ਇਹ ਵਰਤ (ਅਸਤ੍ਯ) ਨਿਰੰਤਰ ਜਾਰੀ ਰੱਖਦੀਆਂ ਹਨ ਕਿਉਂਕਿ ਵਾਰ- ਵਾਰ ਬੋਲਿਆ ਇਹ ‘ਅਸਤ੍ਯ’ ਨੂੰ ਉਨ੍ਹਾਂ ਨੂੰ ‘ਸਤ੍ਯ’ ਜਾਪਣ ਲੱਗਾ।

‘ਜਪੁ’ ਬਾਣੀ ਦੀ ਅੰਤਮ ਪਉੜੀ ’ਚ ਦਰਜ ‘ਵੇਦੁ ਹਥੀਆਰੁ’ ਤੋਂ ਭਾਵ ‘ਸਬਦੁ ਗੁਰੂ’ ਦੀ ਚੋਟ ਹੈ।  ਜਿਸ ‘ਸੁਰਤ ਦੇ ਟਿਕਾਅ’ (ਸੁਰਤਿ ਧੁਨਿ ਚੇਲਾ) ਉੱਤੇ ‘ਵੇਦੁ ਹਥੀਆਰੁ’ (ਸਬਦੁ ਗੁਰੂ) ਦੀ ਚੋਟ ਵੱਜਦੀ ਹੈ ਉਹ ਜੀਵਨ ‘‘ਸੁਰਤੀ ਕੈ ਮਾਰਗਿ ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯) ਭਾਵ ਉਹ ਸੁਰਤ ਦੇ ਟਿਕਾਅ ਵਾਲ਼ੇ ਰਸਤੇ ਉੱਤੇ ਨਿਰੰਤਰ ਚੱਲ ਕੇ, ਜਿੱਥੇ ‘ਸਬਦੁ ਗੁਰੂ’ ਚੋਟ ਨੂੰ ਸਹਾਰਦਾ ਹੋਇਆ (ਅਸਤ੍ਯ, ਸੰਸਾਰਕ ਪਕੜ ਵੱਲੋਂ) ਆਪਣੀ ਬਿਰਤੀ ਨੂੰ ਮੋੜਨ ’ਚ ਸਫਲ ਹੁੰਦਾ ਹੈ, ਉਸ ਲਈ ਰਿਸ਼ਤੇ-ਨਾਤੇ, ਦੁਨਿਆਵੀ ਅਸਤ੍ਯ ਰਸਮਾਂ; ਸਭ ਵਕਤੀ ਜਾਪਦੀਆਂ ਹਨ।

ਜਿਸ ਕਰਤਾਰ ਨੇ ਆਪਣੀ ਕੁਦਰਤ ਨੂੰ ਬਣਾਉਣ ਦਾ ਢਾਂਚਾ ਤਿਆਰ ਕੀਤਾ ਹੈ ਉਸ ਵਿੱਚ ਮਾਯਾ ਦੇ ਪ੍ਰਭਾਵ ਨੂੰ ਵੀ ਹਲਕੇ ’ਚ ਨਹੀਂ ਲਿਆ ਜਾ ਸਕਦਾ।  ਬ੍ਰਹਿਮੰਡ ’ਚ ਇੱਕ ਮੰਡਲ (ਸੂਰਜ ਪਰਵਾਰ) ਦਾ ਮੁਖੀਆ ਸੂਰਜ ਹੈ, ਜੋ ਆਪਣੇ ਪਰਵਾਰ ਨੂੰ ਨਿਰੰਤਰ ਰੌਸ਼ਨੀ ਵੀ ਉਪਲਬਧ ਨਹੀਂ ਕਰਵਾ ਸਕਦਾ ਭਾਵ ਧਰਤੀ ਦੇ ਇੱਕ ਤਰਫ਼ ਹਨ੍ਹੇਰਾ (ਰਾਤ) ਬਣਿਆ ਰਹੇਗਾ; ਜਦਕਿ ਮਾਯਾ, ਸੂਰਜ ਨਾਲ਼ੋਂ ਵੀ ਬਲਵਾਨ ਹੋਣ ਕਾਰਨ ਹਨ੍ਹੇਰੇ ਤੇ ਰੌਸ਼ਨੀ (ਦਿਨ-ਰਾਤ) ’ਚ ਨਿਰੰਤਰ ਪ੍ਰਭਾਵ ਪਾਉਂਦੀ ਹੈ।  ਰੌਸ਼ਨੀ ’ਚ ਵਿਚਰ ਰਹੇ ਮਨੁੱਖ ਲਈ ਹਨ੍ਹੇਰੇ (ਅਸਤ੍ਯ) ਦੀ ਮਿਸਾਲ ਦਿੱਤੀ ਜਾ ਸਕਦੀ ਹੈ, ਪਰ ਹਨ੍ਹੇਰੇ ’ਚ ਜੀਵਨ ਬਸਰ ਕਰ ਰਹੇ ਮਨੁੱਖ ਲਈ ਹਨ੍ਹੇਰੇ ਦੀ ਦਿੱਤੀ ਗਈ ਮਿਸਾਲ, ਕੋਈ ਅਸਚਰਜਤਾ ਪੈਦਾ ਨਹੀਂ ਕਰ ਸਕਦੀ। ਇਸ ਲਈ ‘ਅਸਤ੍ਯ’ ਨੂੰ ‘ਸਤ੍ਯ’ ਮੰਨ ਬੈਠੇ ਹਰ ਧਾਰਮਿਕ ਵਿਅਕਤੀ ਦੇ ਰੂ-ਬਰੂ ਹੁੰਦਿਆਂ ਗੁਰੂ ਅਰਜਨ ਸਾਹਿਬ ਜੀ ਫ਼ੁਰਮਾਉਂਦੇ ਹਨ ਕਿ ‘‘ਜਿਨਿ ਮੋਹੇ ਬ੍ਰਹਮੰਡ ਖੰਡ; ਤਾਹੂ ਮਹਿ ਪਾਉ ’’ (ਮਹਲਾ /੭੪੫) ਭਾਵ ਜਿਸ ਮਾਯਾ ਨੇ ਬ੍ਰਹਿਮੰਡਾਂ ਨੂੰ ਪ੍ਰਭਾਵਤ ਕੀਤਾ ਉਸੇ ਤਰ੍ਹਾਂ ਦੀ ਜੀਵਨਸ਼ੈਲੀ ਮੇਰੀ (ਭਾਵ ਧਰਮੀ ਬੰਦੇ ਦੀ) ਹੈ, ਕੇਵਲ ਬਾਹਰੋਂ ਹੀ ਧਾਰਮਿਕ ਰਸਮ ਨਿਭਾਈ ਜਾ ਰਹੀ ਹੈ।  ਇਹ ਉਨ੍ਹਾਂ ਤੀਰਾਂ (ਸਤ੍ਯ, ਸਬਦੁ ਗੁਰੂ) ਨੇ ਅਹਿਸਾਸ ਕਰਾਇਆ, ਜੋ ਸਦੀਆਂ ਤੋਂ ‘ਅਸਤ੍ਯ’ ਨੂੰ ‘ਸਤ੍ਯ’ ਮੰਨਣ ਵਾਲ਼ੇ ਬਦਕਿਸਮਤ ਕਰਮਕਾਂਡੀ ਮਨ ਨੂੰ ਨਾ ਛੇਦ ਸਕੇ ‘‘ਕਬੀਰ  !  ਸਾਚਾ ਸਤਿਗੁਰੁ ਕਿਆ ਕਰੈਜਉ ਸਿਖਾ ਮਹਿ ਚੂਕ   ਅੰਧੇ ਏਕ ਲਾਗਈ; ਜਿਉ ਬਾਂਸੁ ਬਜਾਈਐ ਫੂਕ ’’ (੧੩੭੨)

ਥੋਥੇ ਬਾਂਸ ’ਚ ਇੱਕ ਤਰਫ਼ ਤੋਂ ਮਾਰੀ ਫੂਕ ਦੂਸਰੀ ਤਰਫ਼ ਸਿੱਧੀ ਬਾਹਰ ਨਿਕਲ ਜਾਂਦੀ ਹੈ ਕਿਉਂਕਿ ਥੋਥੇ (ਅਸਤ੍ਯ) ਜੀਵਨ ਪਾਸ ‘ਸਤ੍ਯ’ (ਸਬਦੁ ਗੁਰੂ) ਨੂੰ ਸਹਾਰਨ ਵਾਲ਼ੀ ‘ਅਹਿਰਣ ਮਤਿ’ ਨਹੀਂ ਹੁੰਦੀ।  ਇੱਥੋਂ ਸ਼ੁਰੂ ਹੁੰਦਾ ਹੈ ਉਹ ਟਕਰਾਅ, ਜੋ ‘‘ਆਪਿ ਦੇਹਿ; ਚੁਰੂ ਭਰਿ ਪਾਨੀ   ਤਿਹ ਨਿੰਦਹਿ; ਜਿਹ ਗੰਗਾ ਆਨੀ ’’ (ਭਗਤ ਕਬੀਰ/੩੩੨) ਭਾਵ ਹਨ੍ਹੇਰੇ ’ਚ ਰਹਿਣ ਦਾ ਆਦੀ; ਰੌਸ਼ਨੀ ਦਾ ਵਿਰੋਧ ਕਰਦਾ ਹੈ।

ਇੱਕ ਤਰਫ਼ ‘ਸਤ੍ਯ’ ਨੂੰ ‘ਸਤ੍ਯ’ ਕਹਿਣ ਵਾਲ਼ੇ ਤੇ ਦੂਜੇ ਪਾਸੇ ‘ਅਸਤ੍ਯ’ ਨੂੰ ‘ਸਤ੍ਯ’ ਕਹਿਣ ਵਾਲ਼ੇ ਦੋਵੇਂ ਹੀ ਲੋਕਾਂ ਨੂੰ ਸਮਾਜ ਨੇ ਧਰਮੀ ਵਿਅਕਤੀ ਮੰਨ ਲਿਆ, ਪਰ ਅੰਨ੍ਹਾ ਸਮਾਜ ਕਿਵੇਂ ਨਿਰਣਾ ਕਰੇ ਕਿ ‘ਸਤ੍ਯ’ (ਰੌਸ਼ਨੀ) ਅਤੇ ‘ਅਸਤ੍ਯ’ (ਹਨ੍ਹੇਰਾ) ਕੀ ਹੈ, ਇਸ ਲਈ ਗੁਰੂ ਨਾਨਕ ਜੀ ਨੂੰ ਕਹਿਣਾ ਪਿਆ ਕਿ ਚਾਰੋਂ ਤਰਫ਼ ਹਨ੍ਹੇਰੇ ਨੂੰ ਰੌਸ਼ਨੀ ਮੰਨਣ ਕਾਰਨ ‘ਅਸਤ੍ਯ’ ਦਾ ਬੋਲਬਾਲਾ ਹੈ, ਜਿੱਥੇ ਰੌਸ਼ਨੀ ਨੂੰ ਰੌਸ਼ਨੀ (ਸਤ੍ਯ) ਕਹਿਣਾ ਤੇ ਉਸ ’ਤੇ ਯਕੀਨ ਕਰਵਾਉਣਾ ਬੜਾ ਮੁਸ਼ਕਲ ਹੈ ‘‘ਆਖਣਿ ਅਉਖਾ; ਸਾਚਾ ਨਾਉ ’’

ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਗੁਰੂ ਨਾਨਕ ਜੀ ਸਮੇਤ ਅਨੇਕਾਂ ‘ਸਤ੍ਯ’ ਬੋਲਣ ਵਾਲ਼ੇ ਮਾਨਵ ਹਿਤਕਾਰੀ (ਪਰਉਪਕਾਰੀ) ਮਹਾ ਪੁਰਸ਼ਾਂ ਨੂੰ ਕੈਦ ਕੀਤਾ ਗਿਆ। ਗੁਰੂ ਅਰਜਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਤ ਕਈਆਂ ਨੂੰ ਇਸ ਲਈ ਸ਼ਹੀਦ ਕੀਤਾ ਗਿਆ ਕਿ ਉਹ ‘ਅਸਤ੍ਯ’ ਨੂੰ ‘ਸਤ੍ਯ’ ਨਹੀਂ ਮੰਨਦੇ ਹਨ ਅਤੇ ‘‘ਆਪਿ ਦੇਹਿ; ਚੁਰੂ ਭਰਿ ਪਾਨੀ ’’  ਲੋਕ ਭਾਵ ਜਿਨ੍ਹਾਂ ਨੇ ‘ਹਨ੍ਹੇਰੇ’ ਨੂੰ ‘ਰੌਸ਼ਨੀ’ ਕਿਹਾ ਜਾਂ ‘ਰੌਸ਼ਨੀ’ ਦਾ ਵਿਰੋਧ ਕੀਤਾ ਉਹ ਕਸ਼ਮੀਰੀ ਪੰਡਿਤਾਂ ਦੀ ਬਾਂਹ ਪਕੜਨ ਲਈ ਅੱਗੇ ਵੀ ਨਾ ਆਏ।

ਅਜੋਕੇ ਸਮਾਜ ਨੇ ਹਰ ਦੇਸ਼ ਦੇ ਵਿਧਾਨ (ਕਾਨੂੰਨ) ’ਚ ਨਾਗਰਿਕ ਅਜ਼ਾਦੀ ਨੂੰ ਮੁੱਖ ਰੱਖਦਿਆਂ ਸਵੈ ਰੱਖਿਆ ਲਈ ਚੁੱਕਿਆ ਗਿਆ ਹਥਿਆਰ ਯੋਗ ਮੰਨਿਆ ਹੈ ਭਾਵ ਅਜਿਹੀ ਮੌਤ (ਕਤਲ) ਨੂੰ ਇਰਾਦਾ ਕਤਲ ਨਹੀਂ ਮੰਨਦੀ, ਤਾਂ ਜੋ ਦੰਡ ਦਿੱਤਾ ਜਾਏ।  ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਸਮੇਤ ਅਨੇਕਾਂ ਸਿੰਘ, ਸਿੰਘਣੀਆਂ ਦੀ ਸ਼ਹੀਦੀ ਦੇ ਹਵਾਲੇ ਨਾਲ਼ ਔਰੰਗਜ਼ੇਬ ਨੂੰ ਚਿੱਠੀ ਲਿਖੀ ਕਿ ਹਥਿਆਰ ਚੁੱਕਣਾ ਮੇਰੀ ਮਜ਼ਬੂਰੀ ਬਣ ਗਿਆ ਸੀ

‘‘ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥

ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥’’ (ਜ਼ਫ਼ਰਨਾਮਾ),

‘ਅਸਤ੍ਯ’ ਵਿਰੁਧ ਲੜਨ ਦੀ ਸਮਾਜ ਨੂੰ ਗੁੜ੍ਹਤੀ; ‘ਪੂਰਨ ਸਤ੍ਯ’ ਨੂੰ ਅਨੁਭਵ ਕਰ ਚੁੱਕੀ ਹਰ ਸ਼ਖ਼ਸੀਅਤ ਨੇ ਦਿੱਤੀ; ਜਿਵੇਂ ਕਿ

(1). ਭਗਤ ਕਬੀਰ ਜੀ: ‘‘ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (੧੧੦੫)

(2). ਗੁਰੂ ਨਾਨਕ ਸਾਹਿਬ ਜੀ: ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ   ਸਿਰੁ ਧਰਿ ਤਲੀ, ਗਲੀ ਮੇਰੀ ਆਉ   ਇਤੁ ਮਾਰਗਿ, ਪੈਰੁ ਧਰੀਜੈ   ਸਿਰੁ ਦੀਜੈ; ਕਾਣਿ ਕੀਜੈ ’’ (ਮਹਲਾ /੧੪੧੨)

(3). ਗੁਰੂ ਤੇਗ ਬਹਾਦਰ ਜੀ: ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’ (ਮਹਲਾ /੧੪੨੭) ਆਦਿ ਸੰਕੇਤਾਂ ਤੋਂ ਸਪਸ਼ਟ ਹੈ ਕਿ ਧਰਮੀ ਬੰਦਿਆਂ ਦਾ ਜੀਵਨ ਮਾਨਵਤਾ ਲਈ ਆਦਰਸ਼ ਹੋਣਾ ਚਾਹੀਦਾ ਹੈ, ਨਾ ਕਿ ਭਗਤੀ ਭਾਵਨਾ ਨੂੰ ਆਪਣੇ ਤੱਕ ਸਮੇਟਦਿਆਂ ਇਕਾਂਤ (ਗ੍ਰਹਿਸਤੀ ਦੇ ਤਿਆਗ) ਨੂੰ ਤਰਜੀਹ ਦੇਣੀ ਬਣਦੀ ਹੈ ਕਿਉਂਕਿ ਅਜਿਹੀ ਰਹਿਣੀ ‘ਅਸਤ੍ਯ’ ਦੇ ਵਿਕਾਸ ਨੂੰ ਰੋਕਣ ’ਚ ਆਪਣਾ ਯੋਗਦਾਨ ਨਹੀਂ ਪਾਉਂਦੀ ਤੇ ਡਰਪੋਕਤਾ ਦਾ ਭਾਰ ਅੰਤ ਤੱਕ ਆਪਣੇ ਸਿਰ ’ਤੇ ਢੋਂਹਦੀ ਹੈ ਭਾਵ ‘ਸਤ੍ਯ’ ਦੇ ਹਮਾਇਤੀ ਵੀ ਅਖਵਾਉਂਦੇ ਹਨ ਤੇ ਲਾਚਾਰ ਵੀ ਹੁੰਦੇ ਹਨ।

ਗੁਰੂ ਨਾਨਕ ਜੀ ਨੇ ਜਿਸ ‘ਸਬਦੁ ਗੁਰੂ’ (ਸਤ੍ਯ) ਨੂੰ ਆਪਣਾ ਆਦਰਸ਼ ਮੰਨਿਆ, ਗੁਰੂ ਅਮਰਦਾਸ ਜੀ ਨੇ ਉਸ ਨੂੰ ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ ’’ (ਮਹਲਾ /੫੧੫) ਕਿਹਾ। ਗੁਰੂ ਰਾਮਦਾਸ ਜੀ ਨੇ ‘‘ਬਾਣੀ ਗੁਰੂ, ਗੁਰੂ ਹੈ ਬਾਣੀ.. ’’ (ਮਹਲਾ /੯੮੨) ਅਤੇ ਗੁਰੂ ਅਰਜਨ ਸਾਹਿਬ ਜੀ ਨੇ ਇਨ੍ਹਾਂ ਸਾਰੇ ਅੰਮ੍ਰਿਤਮਈ ਬੋਲਾਂ ਨੂੰ ਸ਼ਬਦ ਸੰਗ੍ਰਹਿ ’ਚ ਇਕੱਠਾ ਕਰਕੇ ‘‘ਪੋਥੀ ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਕਿਹਾ। ਇਸ (ਸਤ੍ਯ) ਦੇ ਚਰਨੀਂ ਦਸਮੇਸ਼ ਪਿਤਾ ਜੀ ਨੇ 1708 ਈਸਵੀ ’ਚ ਨਾਦੇੜ ਵਿਖੇ ਸਿੱਖ ਭਾਈਚਾਰੇ ਨੂੰ ਸਦਾ ਲਈ ਲਗਾ ਦਿੱਤਾ।

ਦੂਸਰੇ ਪਾਸੇ ਗੁਰੂ ਨਾਨਕ ਜੀ ਨੇ ਜਦ ਇਹੀ ‘ਸਤ੍ਯ’ ਸੰਗ੍ਰਹਿ ਗੁਰੂ ਅੰਗਦ ਸਾਹਿਬ ਜੀ ਦੇ ਸਪੁਰਦ ਕੀਤਾ ਤਾਂ ਇਸ ਦੀ ਹਿਫ਼ਾਜ਼ਤ ਲਈ ਕੁਝ ਪਰੀਖਿਆ ਕਰਨੀ ਚਾਹੀ, ਜਿਨ੍ਹਾਂ ’ਚੋਂ ਭਾਈ ਲਹਿਣਾ ਜੀ ਪਾਸ ਹੋਏ।  ਇਹੀ ਪਰੰਪਰਾ ਗੁਰੂ ਤੇਗ ਬਹਾਦਰ ਜੀ ਤੱਕ ਨਿਰੰਤਰ ਚਲਦੀ ਰਹੀ ਤੇ ਦਸਮੇਸ਼ ਪਿਤਾ ਜੀ ਨੇ ਹਾਲਾਤਾਂ (ਜਿੱਥੇ ਔਰੰਗਜ਼ੇਬ ਨੇ ਚਾਰੋਂ ਤਰਫ਼ ਹਾਹਾਕਾਰ ਮਚਾ ਰੱਖੀ ਸੀ) ਨੂੰ ਮੁੱਖ ਰੱਖਦਿਆਂ, ਸੰਨ 1699 ਦੀ ਵਿਸਾਖੀ ਨੂੰ ਆਨੰਦਪੁਰ ਵਿਖੇ ਪੂਰੀ ਸਿੱਖ ਸੰਗਤ ਨੂੰ ਇਕੱਤਰ ਹੋਣ ਲਈ ਸੱਦੇ ਭੇਜੇ। ਕੁਝ ਇਤਿਹਾਸਕਾਰਾਂ ਮੁਤਾਬਕ ਸੰਗਤ ਦੀ ਨਫ਼ਰੀ 80 ਹਜ਼ਾਰ ਤੱਕ ਹੋ ਗਈ ਸੀ।  ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਧਾਰਮਿਕ ਕ੍ਰਾਂਤੀ ਨੇ ਮਾਨਵਤਾ ਉੱਤੇ ਹੁੰਦੇ ਜ਼ੁਲਮਾਂ ਵਿਰੁੱਧ ਕਿਵੇਂ ਆਪਣੇ ਆਪ ਨੂੰ ਲਾਮਬੰਦ ਕੀਤਾ ? ਇਹ ਉਹੀ ਲੋਕ ਸਨ, ਜਿਸ ਨੂੰ ਜਾਤ-ਪਾਤ, ਵਹਿਮ-ਭਰਮ, ਊਚ-ਨੀਚ, ਲਿੰਗ-ਭੇਦ, ਕਰਮਕਾਂਡ ਆਦਿ ’ਚ ਫਸਾ ਕੇ ਮਨੁੱਖ ਜਾਤੀ ਨੂੰ ਸਦੀਆਂ ਤੋਂ ਵੰਡਿਆ ਸੀ, ਨਿਰਬਲ ਕੀਤਾ ਸੀ ਭਾਵੇਂ ਕਿ ਇਨ੍ਹਾਂ ਦੁਆਰਾ ਹੱਥੀਂ ਕੀਤੀ ਕਮਾਈ ਨੂੰ ਆਪਣੇ ਲਈ ਆਰਥਿਕ ਸਾਧਨ ਵੀ ਬਣਾ ਰੱਖਿਆ ਸੀ।

ਗੁਰੂ ਜੀ ਨੇ ਸੰਗਤੀ ਇਕੱਠ ’ਚ ਪਹਿਲਾ ਤੇ ਨਿਰਣਾਇਕ ਕਦਮ ਪੁਟਦਿਆਂ ਪੰਜ ਪਿਆਰਿਆਂ ਨੂੰ ਚੁਣਨਾ ਸੀ, ਤਾਂ ਜੋ ‘ਸਤ੍ਯ’ (ਸਬਦੁ ਗੁਰੂ) ਦੀ ਪਹਿਰੇਦਾਰੀ ਲਈ ਭਵਿੱਖ ਦੀ ਰੂਪਰੇਖਾ ਉਨ੍ਹਾਂ ਦੇ ਸਪੁਰਦ ਕੀਤੀ ਜਾਵੇ।

ਮਹਾਨ ਕੋਸ਼ ਅਨੁਸਾਰ ਗੁਰੂ ਘਰ ਵਿੱਚ ਪੰਜ ਪਿਆਰਿਆਂ ਨੂੰ ਚੁਣਨ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪ੍ਰਚਲਿਤ ਰਹੀ ਹੈ, ਪਰ ਇਤਿਹਾਸ ਵਿੱਚੋਂ ਸਿੱਖਾਂ ਦੇ ਨਾਂ ਲੱਭਣੇ ਮੁਸ਼ਕਲ ਹਨ।  ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ‘ਭਾਈ ਬਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਜੀ ਤੇ ਭਾਈ ਪੈੜਾ ਜੀ’ ਨੂੰ ਪੰਜ ਪਿਆਰੇ ਚੁਣਿਆ ਗਿਆ ਸੀ।  ਗੁਰੂ ਤੇਗ ਬਹਾਦਰ ਜੀ ਦੇ ਸਮੇਂ ‘ਦੀਵਾਨ ਮਤੀ ਦਾਸ, ਭਾਈ ਗੁਰਦਿੱਤਾ ਜੀ, ਭਾਈ ਦਿਆਲਾ ਜੀ, ਭਾਈ ਊਦੇ ਜੀ ਤੇ ਭਾਈ ਜੈਤਾ ਜੀ’ ਦਾ ਵੀ ਪੰਜ ਪਿਆਰਿਆਂ ’ਚ ਜ਼ਿਕਰ ਆਉਂਦਾ ਹੈ।  ਚਮਕੌਰ ਦੀ ਕੱਚੀ ਗੜ੍ਹੀ ਛੱਡਦੇ ਵਕਤ ਪੰਜ ਪਿਆਰਿਆਂ ’ਚ ‘ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਜੀ’ ਦਾ ਵੀ ਹਵਾਲਾ ਮਿਲਦਾ ਹੈ।  ਇਨ੍ਹਾਂ ਪਿਆਰਿਆਂ ਦੀਆਂ ਨਿਯੁਕਤੀਆਂ ਤੋਂ ਭਿੰਨ, ਜੋ ਯੁਕਤੀ ਸੰਨ 1699 ਦੀ ਵਿਸਾਖੀ ਨੂੰ ਆਨੰਦਪੁਰ (ਕੇਸਗੜ੍ਹ) ਵਿਖੇ ਅਪਣਾਈ ਗਈ, ਉਹ ਅਨੋਖੀ ਜਾਪੀ ਕਿਉਂਕਿ ਇਨ੍ਹਾਂ ਮਹਾਂ ਪੁਰਸ਼ਾਂ ਦੀ ਰਾਹੀਂ ਗੁਰੂ ਜੀ ਨੇ ਆਪ ਵੀ ਅੰਮ੍ਰਿਤਪਾਨ ਕਰਨਾ ਸੀ। ਇਹ ਉਸੇ ਤਰ੍ਹਾਂ ਦਾ ਢੰਗ-ਤਰੀਕਾ ਰਿਹਾ ਹੈ, ਜੋ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ‘ਸਬਦੁ ਗੁਰੂ’ ਦੀ ਸਪੁਰਦਗੀ ਕਰਦਿਆਂ ਹਿਫ਼ਾਜ਼ਤ ਲਈ ਵਰਤਿਆ ਸੀ, ਗੁਰੂ ਅਮਰਦਾਸ ਜੀ ਨੇ ਥੜ੍ਹਿਆਂ ਨੂੰ ਵਾਰ-ਵਾਰ ਬਣਾਉਣ, ਫਿਰ ਢਾਹੁਣ ਰਾਹੀਂ ਅਪਣਾਇਆ ਸੀ ਆਦਿ।

ਗੁਰੂ ਜੀ ਨੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਗਰਜਵੀਂ ਅਵਾਜ਼ ’ਚ ਹੱਥ ’ਚ ਤਲਵਾਰ ਫੜ ਕੇ ਉਪਦੇਸ਼ ਕੀਤਾ ਕਿ ਕੋਈ ਅਜਿਹਾ ਸਿੱਖ ਸਾਮ੍ਹਣੇ ਆਵੇ ਜੋ ਆਪਣਾ ਸਿਰ; ਗੁਰੂ ਨੂੰ ਸਮਰਪਿਤ ਕਰੇ ਕਿਉਂਕਿ ਇੱਕ ਸੀਸ ਦੀ ਭੇਟਾ ਲੈਣੀ ਹੈ।  ਗੁਰੂ ਨਾਨਕ ਸਾਹਿਬ ਜੀ ਦੁਆਰਾ ਬੋਈ ਗਈ ਫ਼ਸਲ ਨੂੰ ਪੱਕਾ ਤੇ ਕੱਚਾ ਪਰਖਣ ਲਈ ਦੁਨੀਆ ਦੇ ਇਤਿਹਾਸ ’ਚ ਇਹ ਅਜੀਬ ਘਟਨਾ ਸੀ, ਜੋ ਅਖੌਤੀ ਗੁਰੂ ਦੇ ਲੜ ਲੱਗੇ ਕਮਜ਼ੋਰ ਦਿਲ ਇਨਸਾਨ ਦੇ ਕੱਪੜੇ ਗਿੱਲੇ ਕਰ ਸਕਦੀ ਸੀ।

ਸਮਾਜਿਕ ਜਾਤ-ਵੰਡ ਮੁਤਾਬਕ ਖੱਤ੍ਰੀ ਕਹੇ ਜਾਂਦੇ, 38 ਸਾਲ ਦੀ ਉਮਰ ’ਚ ਲਾਹੌਰ ਨਿਵਾਸੀ ਭਾਈ ਦਇਆ ਰਾਮ ਜੀ ਨੇ ਗੁਰੂ ਜੀ ਦੇ ਹੁਕਮ ਨੂੰ ਸਮਰਪਿਤ ਹੁੰਦਿਆਂ ਗੁਰੂ ਜੀ ਦੇ ਸਨਮੁਖ ਹੋ ਕੇ ਆਪਣਾ ਸੀਸ ਅਰਪਣ ਕੀਤਾ ਤਾਂ ਗੁਰੂ ਗੋਬਿੰਦ ਰਾਇ ਜੀ; ਉਨ੍ਹਾਂ ਨੂੰ ਇੱਕ ਅਲੱਗ ਜਗ੍ਹਾ ਲੈ ਗਏ ਤੇ ਖ਼ੂਨ ਨਾਲ਼ ਲੱਥ-ਪੱਥ ਤਲਵਾਰ ਲੈ ਕੇ ਦੁਬਾਰਾ ਸਟੇਜ ਉੱਤੇ ਚੜ੍ਹ ਕੇ ਇੱਕ ਹੋਰ ਸੀਸ ਦੀ ਮੰਗ ਕਰਨ ਲੱਗੇ।  ਇਸ ਵਾਰ 29 ਸਾਲ ਦੀ ਉਮਰ ਦੇ ਦਿੱਲੀ ਨਿਵਾਸੀ ਭਾਈ ਧਰਮ ਚੰਦ ਜੀ (ਜੱਟ); ਗੁਰੂ ਜੀ ਦੇ ਸਨਮੁਖ ਆ ਖੜ੍ਹੇ ਹੋਏੇ।  ਦਸਮੇਸ਼ ਪਿਤਾ;  ਇਨ੍ਹਾਂ ਨੂੰ ਵੀ ਪਿੱਛੇ ਲੈ ਗਏ ਤੇ ਮੁੜ ਇੱਕ ਹੋਰ ਸਿਰ ਦੀ ਮੰਗ ਕੀਤੀ, ਇਸ ਤਰ੍ਹਾਂ ਪੰਜ ਵਾਰ ਮੰਗ ਕੀਤੀ ਗਈ ਤੇ ਤਿੰਨ ਹੋਰ ਸਿੰਘ ਗੁਰੂ ਚਰਨਾਂ ’ਚ ਆ ਹਾਜ਼ਰ ਹੋਏ।

ਮੰਨੀ ਜਾਂਦੀ ਅਖੌਤੀ ਝਿਊਰ (ਪਾਣੀ ਭਰਨ ਵਾਲ਼ੀ, ਮਹਿਰਾ) ਜਾਤ ’ਚੋਂ 35 ਸਾਲ ਦੇ ਜਗਨਨਾਥ ਪੁਰੀ (ਉੜੀਸਾ) ਨਿਵਾਸੀ ਭਾਈ ਹਿੰਮਤ ਜੀ ਨੇ ਤੀਸਰੇ ਨੰਬਰ ’ਤੇ ਆ ਕੇ ਆਪਣੇ ਆਪ ਨੂੰ ਗੁਰੂ ਚਰਨਾਂ ’ਤੇ ਭੇਟ ਕੀਤਾ।  ਚੌਥੀ ਵਾਰ ਛੀਂਬਾ ਜਾਤੀ ’ਚੋਂ ਦਵਾਰਕਾ (ਗੁਜਰਾਤ) ਨਿਵਾਸੀ 20 ਸਾਲ ਦੇ ਭਾਈ ਮੋਹਕਮ ਚੰਦ ਜੀ ਨੇ ਗੁਰੂ ਚਰਨਾਂ ’ਚ ਆ ਸੀਸ ਨਿਵਾਇਆ ਤੇ ਪੰਜਵੀਂ ਵਾਰ ਨਾਈ ਜਾਤੀ ’ਚੋਂ ਬਿਦਰ (ਕਰਨਾਟਕਾ) ਨਿਵਾਸੀ 24 ਸਾਲ ਦੇ ਭਾਈ ਸਾਹਿਬ ਚੰਦ ਜੀ; ਗੁਰੂ ਜੀ ਦੇ ਸਨਮੁਖ ਹਾਜ਼ਰ ਹੋਏ।  ਇਹ ਸਾਰੀ ਖੇਡ ਗੁਰੂ ਨਾਨਕ ਜੀ ਦੀ ਫ਼ਸਲ ਦੀ ਪਕਿਆਈ ਨੂੰ ਦਰਸਾਉਂਦੀ ਹੈ; ਜਿਵੇਂ ਕਿ ਵਿਸਾਖ ਦੀ ਫ਼ਸਲ ਆਉਣ ਦੀ ਖੁਸ਼ੀ ’ਚ ਪੰਜਾਬੀ ਕਲਚਰ ਭੰਗੜੇ, ਗਿੱਧੇ ਪਾਉਂਦੱ ਹਨ।  ਗੁਰੂ ਜੀ ਨੇ ਕੇਵਲ ਪੰਜ ਹੀ ਸਿਰ ਮੰਗੇ ਸੀ, ਜੋ ਉਨ੍ਹਾਂ ਸਾਮ੍ਹਣੇ ਖ਼ੁਸ਼ੀ-ਖ਼ੁਸ਼ੀ ਹਾਜ਼ਰ ਹੋ ਗਏ।  ਅਗਰ ਮੰਗ ਹੋਰ ਕੀਤੀ ਜਾਂਦੀ ਤਾਂ ਇਸ ਫ਼ਸਲ ’ਚ ਬੀਜ ਦੀ ਕੋਈ ਕਮੀ ਨਾ ਹੁੰਦੀ।

ਗੁਰੂ ਜੀ; ਇਨ੍ਹਾਂ ਤਿੰਨੇ ਸਿੱਖਾਂ ਨੂੰ ਵੀ ਵਾਰੀ-ਵਾਰੀ ਪਿਛੇ ਲਗਾਏ ਗਏ ਤੰਬੂ ’ਚ ਲੈ ਗਏ ਤੇ ਅੰਤ ’ਚ ਪੰਜਾਂ ਸਿੱਖਾਂ ਨੂੰ ਨਵੇਂ ਪੁਸ਼ਾਕੇ ਪਵਾ ਕੇ ਸੰਗਤਾਂ ਦੇ ਸਾਮ੍ਹਣੇ ਲੈ ਆਏ। ਖੰਡੇ ਬਾਟੇ ਰਾਹੀਂ ਕੁਝ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਗਿਆ, ਜੋ ਇਨ੍ਹਾਂ ਪੰਜਾਂ ਸਿੱਖਾਂ ਨੂੰ ਛਕਾਇਆ, ਜਿਸ ਉਪਰੰਤ ਇਨ੍ਹਾਂ ਦੇ ਨਾਮ ਦੇ ਪਿੱਛੇ ਲੱਗੇ ‘ਦਾਸ, ਚੰਦ, ਰਾਮ’ ਸ਼ਬਦਾਂ ਨੂੰ ਹਟਾ ਕੇ ਕੇਵਲ ‘ਸਿੰਘ’ ਲਗਾਉਣ ਦਾ ਹੁਕਮ ਕੀਤਾ ਤੇ ਬੀਬੀਆਂ ਦੇ ਨਾਂ ਦੇ ਪਿਛੇਤਰ ‘ਕੌਰ’ (ਮਹਾਰਾਣੀ) ਸ਼ਬਦ ਲਾਉਣ ਲਈ ਕਿਹਾ ਤਾਂ ਜੋ ਸਿੱਖ ਕੌਮ ’ਚ ਕੋਈ ਜਾਤੀ ਭੇਦ-ਭਾਦ ਨਜ਼ਰ ਨਾ ਆਵੇ।

ਕੁਝ ਜਜ਼ਬਾਤੀ ਸਿੱਖ ਇਤਿਹਾਸਕਾਰਾਂ ਨੇ ਹਿੰਦੂ ਮਿਥਿਹਾਸ ਵਾਙ ਇੱਥੇ ਵੀ ਕਾਲਪਨਿਕ ਸਾਖੀਆ ਬਣਾ ਲਈਆਂ, ਜੋ ਕਿ ਸਹੀ ਨਹੀਂ ਹਨ; ਜਿਵੇਂ ਕਿ ਮਾਤਾ ਸਾਹਿਬ ਕੌਰ ਜੀ ਨੇ ਜਲ ’ਚ ਪਤਾਸੇ ਪਾਏ ਤਾਂ ਜੋ ਸਿੱਖਾਂ ਦੀ ਭਾਸ਼ਾ ’ਚ ਮਿਠਾਸ ਬਣੀ ਰਹੇ, ਪਰ ਮਹਾਨ ਕੋਸ਼ ਮੁਤਾਬਕ ਮਾਤਾ ਸਾਹਿਬ ਕੌਰ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ਼ ਅਨੰਦ ਕਾਰਜ 18 ਵਿਸਾਖ ਸੰਮਤ 1757 (1700 ਈਸਵੀ) ’ਚ ਹੋਇਆ ਯਾਨੀ ਸੰਨ 1699 ਦੀ ਵਿਸਾਖੀ ਤੋਂ ਇੱਕ ਸਾਲ ਬਾਅਦ ਹੁੰਦਾ ਹੈ।

ਪੰਜਾਂ ਸਿੱਖਾਂ ਤੋਂ ਸਿੰਘ ਬਣੇ ਇਨ੍ਹਾਂ ਪੰਜ ਪਿਆਰਿਆਂ ਪਾਸੋਂ ਗੁਰੂ ਗੋਬਿੰਦ ਰਾਇ ਜੀ ਨੇ ਆਪ ਵੀ ਅੰਮ੍ਰਿਤ ਦੀ ਦਾਤ ਮੰਗੀ ਤੇ ਪ੍ਰਾਪਤ ਕੀਤੀ, ਜਿਸ ਉਪਰੰਤ ਆਪਣਾ ਨਾਂ ‘ਗੋਬਿੰਦ ਰਾਇ’ ਤੋਂ ‘ਗੋਬਿੰਦ ਸਿੰਘ’ ਬਦਲਿਆ ਤਾਂ ਜੋ ਹਰ ਸਿੱਖ ਲਈ ‘ਸਿੰਘ’ ਸ਼ਬਦ ਦੀ ਅਹਿਮੀਅਤ ਦੱਸੀ ਜਾਏ। ਇਸ ਘਟਨਾ ਤੋਂ ਬਾਅਦ ਗੁਰੂ ਜੀ ਦੇ ਹੁਕਮ ਮੁਤਾਬਕ ਬਾਕੀ ਸੰਗਤ ਨੂੰ ਵੀ ਅੰਮ੍ਰਿਤਪਾਨ ਕਰਨ ਲਈ ਕਿਹਾ, ਜਿਨ੍ਹਾਂ ਲਈ ਪਹਿਲਾ ਅੰਮ੍ਰਿਤ ਤਿਆਰ; ਸਿੱਖੀ ਸਰੂਪ ’ਚ ਇਨ੍ਹਾਂ ਪੰਜ ਸਿੰਘਾਂ ਨੇ ਹੀ ਕੀਤਾ।  ਬਾਅਦ ’ਚ ਪੰਜ ਪਿਆਰਿਆਂ ਦੇ ਕਈ ਜਥੇ ਬਣਾਏ ਗਏ ਤੇ ਸੰਗਤਾਂ ਉਨ੍ਹਾਂ ਪਾਸੋਂ ਅੰਮ੍ਰਿਤਪਾਨ ਕਰਕੇ ਆਪਣੇ ਨਾਂ ਦੇ ਪਿਛੇਤਰ ‘ਸਿੰਘ’ ਤੇ ‘ਕੌਰ’ ਸ਼ਬਦ ਲਗਾ ਕੇ ਆਪਣੇ ਆਪ ਨੂੰ ਭੇਦ-ਭਾਵ ਮੁਕਤ ਧਾਰਮਿਕ ਲਹਿਰ ਦਾ ਹਿੱਸਾ ਬਣੀਆਂ ਤੇ ‘ਸਤ੍ਯ’ ਪ੍ਰਤੀ ਕੁਰਬਾਨ ਹੋਣ ਨੂੰ ਆਪਣਾ ਕਰਤੱਬ ਸਮਝਣ ਲੱਗੀਆਂ।

ਵਿਸਾਖੀ ਦਾ ਮਹੱਤਵ ਭਾਰਤ ’ਚ ਬੇਸ਼ਕ ਬਹੁਤ ਪੁਰਾਣਾ ਰਿਹਾ ਹੈ ਪਰ ਗੁਰੂ ਨਾਨਕ ਸਾਹਿਬ ਜੀ ਦੇ ਜਨਮ (ਵਿਸਾਖ) ਤੇ ਗੁਰੂ ਘਰ ’ਚ ਹੁੰਦੀ ਦਿਵਾਲੀ-ਵਿਸਾਖੀ ਦੀ ਇਕੱਤਰਤਾ ਨੇ ਇਸ ਨੂੰ ਵਿਸ਼ਵ ਪ੍ਰਸਿਧ ਤਿਉਹਾਰ ਬਣਾ ਦਿੱਤਾ।  ਭਾਰਤ ਦੇ ਮੁਗਲ ਇਤਿਹਾਸ ਵਿੱਚ ਸੰਨ 1699 ਦੀ ਵਿਸਾਖੀ ਦਾ ਜ਼ਿਕਰ ਆਉਂਦਾ ਹੈ। ਅਜੋਕੇ ਆਧੁਨਿਕ ਯੁੱਗ ਵਿੱਚ ਸਾਨੂੰ ਇਸ ਵਿਸਾਖੀ ਪੁਰਬ ਰਾਹੀਂ ਆਪਣੀ ਵਿਰਾਸਤ (ਸਤ੍ਯ, ਫ਼ਸਲ) ਨੂੰ ਮਾਨਵਤਾ ਦੇ ਭਲੇ ਲਈ ਸਾਬਤ ਕਰਨ ਦਾ ਸੁਨਹਿਰਾ ਮੌਕਾ ਮਿਲਦਾ ਹੈ। ਇਹੀ ਗੁਰੂ ਜੀ ਦਾ ਸੁਨੇਹਾ ਸੀ, ਪਰ ਉਹ ਕੌਮਾਂ ਆਪਣੇ ਭਵਿੱਖ ਨੂੰ ਅੰਧਕਾਰ ਵੱਲ ਮੁੜ ਲੈ ਜਾਂਦੀਆਂ ਹੋਈਆਂ ਗੁਰੂ ਘਾਲਣਾ ਨੂੰ ਮਿੱਟੀ ’ਚ ਰੋਲ਼ ਦਿੰਦੀਆਂ ਹਨ, ਜੋ ਆਪਣੀ ਕੌਮੀ ਏਕਤਾ ’ਚ ਸਦਾ ਭੇਦ-ਭਾਵ, ਨਫ਼ਰਤ ਆਦਿ ਦੇ ਬੀਜ ਬੀਜਦੀਆਂ ਰਹਿੰਦੀਆਂ ਹਨ ਬੇਸ਼ਕ ਉਨ੍ਹਾਂ ਕੋਲ਼ ਕਿੰਨਾ ਵੀ ਵਿਲੱਖਣ ਸਿਧਾਂਤ ਤੇ ਸੁਨਹਿਰਾ ਇਤਿਹਾਸ ਕਿਉਂ ਨਾ ਹੋਵੇ।

ਅੰਤ ’ਚ ਇਹ ਵੀ ਧਿਆਨ ਰਹੇ ਕਿ ਦੁਸ਼ਮਣਾਂ ਨੇ ਭੀ ਵਿਸਾਖੀ ਵਾਲ਼ੀ ਇਕੱਤਰਾ ਉੱਤੇ ਹੀ ਹਮਲੇ ਕੀਤੇ ਹਨ; ਜਿਵੇਂ ਕਿ 13 ਅਪ੍ਰੈਲ 1919 ’ਚ ਜਲਿਆਂਵਾਲਾ ਕਾਂਡ ਅਤੇ 13 ਅਪ੍ਰੈਲ 1978 ’ਚ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਦੁਸ਼ਮਣਾਂ (ਜਰਨਲ ਡਾਇਰ ਤੇ ਨਕਲੀ ਨਿਰੰਕਾਰੀਆਂ) ਨੇ ਵੀ ਵਿਸਾਖੀ ਵਾਲ਼ੇ ਦਿਨ ਹੀ ਹਮਲੇ ਕੀਤੇ ਸਨ। ਜ਼ਰੂਰਤ ਹੈ ‘ਸਤ੍ਯ’ ਉੱਤੇ ਪਹਿਰਾ ਦੇਣ ਵਾਲ਼ੀ ਮਨੁੱਖੀ ਏਕਤਾ ਦੀ ਕਿਉਂਕਿ ਗੁਰਬਾਣੀ ਕਿਸੇ ਇੱਕ ਕਬੀਲੇ ਦਾ ਗ੍ਰੰਥ ਨਹੀਂ ਸਗੋਂ ਸਰਬਸਾਂਝੀ ਬਾਣੀ ਹੈ; ਜਿਵੇਂ ਕਿ ਬਚਨ ਹਨ ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ’’ (ਮਹਲਾ /੭੪੮)

ਸਰਲ ਗੁਰਬਾਣੀ ਵਿਆਕਰਣ – ਭਾਗ 2

0

ਸਰਲ ਗੁਰਬਾਣੀ ਵਿਆਕਰਣਭਾਗ 2

(ਨਾਉਂਪੁਲਿੰਗਇਕ ਵਚਨਉਕਾਰਾਂਤ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

ਮੈਂ ਕਿਸੇ ਦੇ ਘਰ ਵਿਚ ਸਾਂ ਤੇ ਘਰ ਦੇ ਬਾਹਰੋਂ ਇਕ ਬੱਚਾ ਦੌੜਦਾ ਅੰਦਰ ਆਇਆ। ਸਾਹੋ-ਸਾਹੀ ਹੋਇਆ ਉਹ ਆਪਣੀ ਮਾਂ ਨੂੰ ਕਹਿਣ ਲੱਗਾ, ‘ਮੰਮੀ ਜੀ ! ਜਲਦੀ ਬਾਹਰ ਦੇਖੋ, ਵੀਰਾ ਔਂਕੜ ਵਾਲੇ ਹੱਥ ਨਾਲ ਸਾਈਕਲ ਚਲਾ ਰਿਹਾ ਹੈ।’

ਮਾਂ ਨੇ ਘਰੋਂ ਬਾਹਰ ਝਾਕ ਕੇ ਅਵਾਜ਼ ਦਿੱਤੀ, ‘ਪੁੱਤਰ ਸੁਖਦੀਪ ! ਬਿਨਾਂ ਔਂਕੜ ਵਾਲੇ ਹੱਥ ਨਾਲ ਸਾਈਕਲ ਚਲਾ, ਨਹੀਂ ਤਾਂ ਡਿੱਗ ਕੇ ਬਿਨਾਂ ਔਂਕੜ ਵਾਲੇ ਪੈਰ ਤੁੜਵਾ ਲਏਂਗਾ।’

‘ਮੰਮੀ ਜੀ ! ਤੁਹਾਨੂੰ ਯਾਦ ਹੈ ਨਾ ? ਪਿਛਲੇ ਹਫਤੇ ਸੁੱਖ ਵੀਰੇ ਨੇ ਸਾਈਕਲ ਤੋਂ ਡਿੱਗ ਕੇ ਆਪਣਾ ਔਂਕੜ ਵਾਲਾ ਦੰਦ ਤੁੜਾ ਲਿਆ ਸੀ। ਫਿਰ ਤੁਸੀਂ ਵੀਰੇ ਨੂੰ ਦੁੱਧ ਨਾਲ ਬਿਨਾਂ ਔਂਕੜ ਵਾਲੇ ਬਿਸਕੁਟ ਖਾਣ ਨੂੰ ਦਿੱਤੇ ਸੀ। ਮੈਨੂੰ ਸਿਰਫ ਔਂਕੜ ਵਾਲਾ ਬਿਸਕੁਟ ਖਾਣ ਨੂੰ ਦਿੱਤਾ ਸੀ।’ ਉਸ ਪਿਆਰੇ ਬੱਚੇ ਨੇ ਨਰਾਜ਼ਗੀ ਨਾਲ ਕਿਹਾ।

‘ਕੋਈ ਨਾ ਮਿਹਰ ਪੁੱਤਰ ! ਬਿਸਕੁਟਾਂ ਦੀ ਕੀ ਗੱਲ ਹੈ ? ਮੈਂ ਆਪਣੇ ਨਿੱਕੇ ਜਿਹੇ ਮਿਹਰ ਨੂੰ ਬਿਨਾਂ ਔਂਕੜ ਵਾਲਾ ਬਿਸਕੁਟ ਖੁਵਾਵਾਂਗੀ, ਉਹ ਵੀ ਦੇਸੀ ਘਿਉ ਵਾਲਾ।’ ਮਾਂ ਨੇ ਬੱਚੇ ਨੂੰ ਜੱਫੀ ਵਿਚ ਲੈਂਦਿਆਂ ਕਿਹਾ।

ਉਹਨਾਂ ਦੀਆਂ ਅਜੀਬ ਜਿਹੀਆਂ ਗੱਲਾਂ ਸੁਣ ਕੇ ਮੈਂ ਬਹੁਤ ਹੈਰਾਨ ਹੋ ਕੇ ਪੁੱਛਿਆ ਕਿ ਭੈਣ ਜੀ ! ਇਹ ਔਂਕੜ ਕੀ ਹੈ ? ਤੁਹਾਡੀ ਰਮਜ਼ ਮੈਨੂੰ ਸਮਝ ਨਹੀਂ ਆਈ। ਔਂਕੜ ਵਾਲਾ ਹੱਥ ? ਤੇ ਬਿਨਾਂ ਔਂਕੜ ਵਾਲਾ ਹੱਥ ? ਬਿਨਾਂ ਔਂਕੜ ਵਾਲਾ ਪੈਰ ? ਤੇ ਔਂਕੜ ਵਾਲਾ ਦੰਦ ? ਇਹ ਕੀ ਬੁਝਾਰਤ ਹੈ ? ਬਿਸਕੁਟ ਵੀ ਔਂਕੜ ਜਾਂ ਬਿਨਾਂ ਔਂਕੜ ਵਾਲੇ ਹੁੰਦੇ ਨੇ ?

ਭੈਣ ਜੀ ਹੱਸ ਕੇ ਕਹਿਣ ਲੱਗੇ ਕਿ ਹਾਂ ਜੀ ਗਿਆਨੀ ਜੀ ! ਹੁੰਦੇ ਨੇ। ਸਾਡੇ ਲਈ ਤਾਂ ਇਹ ਬੁਝਾਰਤਾਂ ਹੀ ਸਨ ਪਰ ਤੁਸੀਂ ਸਾਨੂੰ ਬੁੱਝਣੀਆਂ ਸਿਖਾ ਦਿੱਤੀਆਂ। ਹੁਣ ਤਾਂ ਸਾਨੂੰ ਗੁਰੂ ਜੀ ਨਾਲ ਬਚਨ ਕਰਨ ਲਈ ਉਹਨਾਂ ਦੀ ਬੋਲੀ ਵੀ ਸਮਝ ਆ ਰਹੀ ਹੈ। ਤੁਸੀਂ ਹੀ ਤਾਂ ਕਿਹਾ ਸੀ ਕਿ ਗੁਰਬਾਣੀ ਵਿਚ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਲੱਗੀ ਔਂਕੜ ਆਮ ਤੌਰ ’ਤੇ ਇਕ ਵਚਨ ਦਾ ਅਰਥ ਦਿੰਦੀ ਹੈ ਤੇ ਜੇ ਆਖਰੀ ਅੱਖਰ ਦੀ ਔਂਕੜ ਹਟਾ ਦਿਉ ਤੇ ਉਹ ਪੁਲਿੰਗ ਨਾਉਂ ਬਹੁ ਵਚਨ ਦੇ ਅਰਥ ਦੇਣ ਲੱਗ ਜਾਂਦਾ ਹੈ।

‘ਮੈਂ ਸਮਝਿਆ ਨਹੀਂ।’ ਮੈਨੂੰ ਹੁਣ ਗੱਲ ਤਾਂ ਸਮਝ ਆ ਗਈ ਸੀ ਪਰ ਮੈਂ ਅਨਜਾਣ ਬਣਦਿਆਂ ਜਵਾਬ ਦਿੱਤਾ।

ਉਹਨਾਂ ਜਵਾਬ ਦਿੱਤਾ, ‘ਜਿਵੇਂ : ਨਾਮੁ, ਪੁਰਖੁ, ਨਿਰਵੈਰੁ, ਸਚੁ, ਝੂਠੁ, ਤਾਣੁ, ਮਾਣੁ, ਹੁਕਮੁ, ਗਿਆਨੁ, ਸੰਤੁ, ਗੁਰੁ, ਸੁਖੁ, ਦੁਖੁ, ਸੁਰਗੁ, ਨਰਕੁ ਵਗੈਰਾ ਇਹ ਸਾਰੇ ਪੁਲਿੰਗ ਨਾਉਂ ਹਨ। ਗੁਰਬਾਣੀ ਵਿਚ ਜਦੋਂ ਇਹਨਾਂ ਨਾਵਾਂ ਦੇ ਆਖਰੀ ਅੱਖਰ ਨੂੰ ਔਂਕੜ ਆਉਂਦੀ ਹੈ ਤਾਂ ਇਹ ਇਕ ਵਚਨ ਦੇ ਅਰਥ ਦਿੰਦੇ ਹਨ, ਜਿਵੇਂ : ਇਕ ਨਾਮ, ਇਕ ਪੁਰਖ, ਇਕ ਨਿਰਵੈਰ, ਇਕ ਸਚ, ਇਕ ਝੂਠ, ਇਕ ਤਾਣ, ਇਕ ਮਾਣ, ਇਕ ਹੁਕਮ, ਇਕ ਗਿਆਨ, ਇਕ ਸੰਤ, ਇਕ ਗੁਰੂ, ਇਕ ਸੁਖ, ਇਕ ਦੁਖ, ਇਕ ਸੁਰਗ, ਇਕ ਨਰਕ ਵਗੈਰਾ।’

‘ਤੇ ਬਹੁ ਵਚਨ ?’ ਮੈਂ ਪੁੱਛਿਆ।

ਉਸ ਪਿਆਰੇ ਬੱਚੇ ਮਿਹਰ ਸਿੰਘ ਨੇ ਝੱਟਪੱਟ ਜਵਾਬ ਦਿੱਤਾ, ‘ਗਿਆਨੀ ਜੀ ! ਤੁਸੀਂ ਹੀ ਤਾਂ ਦੱਸਿਆ ਸੀ ਕਿ ਜਦੋਂ ਇਹਨਾਂ ਹੀ ਪੁਲਿੰਗ ਨਾਵਾਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ ਤਾਂ ਪੁਲਿੰਗ ਨਾਉਂ, ਗੁਰਬਾਣੀ ਵਿਆਕਰਣ ਦੇ ਹੋਰ ਨੇਮਾਂ ਵਿਚੋਂ ਇਕ ਨੇਮ ਵਿਚ, ਬਹੁ ਵਚਨ ਬਣ ਜਾਂਦੇ ਨੇ। ਜਿਸ ਤਰ੍ਹਾਂ ਬਿਨਾਂ ਔਂਕੜ ਵਾਲੇ ਆਖਰੀ ਅੱਖਰ ‘ਨਾਮ’ ਦਾ ਅਰਥ ਬਣੇਗਾ ਬਹੁਤੇ ਨਾਮ, ਪੁਰਖ ਦਾ ਅਰਥ ਬਹੁਤੇ ਪੁਰਖ, ਨਿਰਵੈਰ ਦਾ ਅਰਥ ਬਹੁਤੇ ਨਿਰਵੈਰ, ਸੁਖ ਦਾ ਅਰਥ ਬਹੁਤੇ ਸੁਖ, ਦੁਖ ਦਾ ਅਰਥ ਬਹੁਤੇ ਦੁਖ, ਇਸੇ ਤਰ੍ਹਾਂ ਹੀ ਬਾਕੀ ਸਾਰੇ ਸ਼ਬਦ।’

‘ਵਾਹ ਪੁੱਤਰ ਜੀ ! ਤੁਹਾਨੂੰ ਤਾਂ ਸਭ ਕੁਝ ਪਤਾ ਹੈ।’ ਮੈਂ ਸ਼ਾਬਾਸ਼ ਦਿੰਦਿਆਂ ਕਿਹਾ।

‘ਤੁਸੀਂ ਹੀ ਤਾਂ ਸਿਖਾਇਆ ਸੀ ਕਿ ਔਂਕੜ ਨੂੰ ਸਮਝੋ ਕਿ ਉਹ ਗਿਣਤੀ ਵਾਲਾ 1 ਹੈ। ਇਸ ਤਰ੍ਹਾਂ ਸਮਝੋ ਕਿ 1 ਆਖਰੀ ਅੱਖਰ ਦੇ ਥੱਲੇ ਇਸ ਤਰ੍ਹਾਂ _ ਡਿਗਿਆ ਪਿਆ ਹੈ ਕਿ ਉਹ ਦੇਖਣ ਨੂੰ ਔਂਕੜ ਲੱਗਦਾ ਹੈ। ਸਿਰਫ ਸਮਝਣ ਲਈ ਇਸ ਤਰ੍ਹਾਂ ਸੋਚੋ ਕਿ ਔਂਕੜ 1 ਹੈ ਜੋ ਆਖਰੀ ਅੱਖਰ ਦੇ ਥੱਲੇ ਡਿੱਗ ਕੇ ਇਸ ਤਰ੍ਹਾਂ _ ਦਿਸਦਾ ਹੈ। ਇਸ ਡਿੱਗੇ ਹੋਏ 1 _ ਦਾ ਮਤਲਬ ਹੈ ਕਿ ਇਸ ਪੁਲਿੰਗ ਨਾਉਂ ਦਾ ਅਰਥ ਇਕ ਵਚਨ ਵਿਚ ਕਰਨਾ ਹੈ।’ ਮਿਹਰ ਨੇ ਭੋਲ਼ੇਪਣ ਵਿਚ ਸਮਝਾਉਣ ਦੀ ਕੋਸ਼ਸ਼ ਕੀਤੀ ਤੇ ਮੈਂ ਹੱਸ ਪਿਆ।

‘ਪਰ ਮੈਨੂੰ ਤਾਂ ਨਾਉਂ ਦਾ ਹੀ ਨਹੀਂ ਪਤਾ ਕਿ ਉਹ ਕੀ ਹੁੰਦਾ ਹੈ ?’ ਮੈਂ ਪੁੱਛਿਆ।

‘ਕਿੰਨਾ ਸੌਖਾ ਤਾਂ ਹੈ ? ਨਾਉਂ ਦਾ ਮਤਲਬ ਹੈ ਨਾਮ। ਕੋਈ ਵੀ ਇਨਸਾਨ, ਕੋਈ ਵੀ ਥਾਂ, ਕੋਈ ਵੀ ਚੀਜ਼, ਜਿਸ ਦਾ ਅਸੀਂ ਨਾਮ ਰੱਖਦੇ ਹਾਂ, ਉਸੇ ਨਾਮ ਨੂੰ ਹੀ ਤਾਂ ਨਾਉਂ ਕਹਿੰਦੇ ਹਾਂ। ਜਿਵੇਂ ਮੇਰੀ ਨਿੱਕੀ ਭੈਣ ਸਾਡੇ ਘਰ ਆਈ ਤਾਂ ਅਸੀਂ ਉਸ ਦਾ ਨਾਮ ਰੱਖ ਦਿਤਾ ਬਾਣੀ। ਮੇਰੀ ਨਿੱਕੀ ਭੈਣ ਦਾ ਨਾਮ ਬਾਣੀ ‘ਨਾਉਂ’ ਹੀ ਤਾਂ ਹੈ ? ਬਾਣੀ, ਪਾਣੀ, ਮੋਗਾ, ਮਧਾਣੀ, ਸੋਨਾ, ਚਾਂਦੀ, ਅਨੰਦ, ਗੁਰਬਾਣੀ ਇਹ ਸਾਰੇ ਨਾਉਂ ਹੀ ਤਾਂ ਹਨ।’ ਇਧਰ ਮਿਹਰ ਨੇ ਜਵਾਬ ਦਿੱਤਾ ਤੇ ਉਧਰ ਸੁਖਦੀਪ ਸਿੰਘ ਵੀ ਘਰ ਅੰਦਰ ਦਾਖਲ ਹੋ ਗਿਆ ਤੇ ਮੈਨੂੰ ਪਿਆਰ ਨਾਲ ਫ਼ਤਹ ਬੁਲਾਈ।

‘ਪਰ ਪੁਲਿੰਗ ਦਾ ਕਿਵੇਂ ਪਤਾ ਲੱਗੇ ?’ ਮੈਂ ਮਿਹਰ ਨੂੰ ਵਾਪਸੀ ਸਵਾਲ ਕੀਤਾ।

ਮਿਹਰ ਸਿੰਘ ਤੋਂ ਪਹਿਲਾਂ ਹੀ ਸੁਖਦੀਪ ਸਿੰਘ ਬੋਲ ਪਿਆ ਕਿ ਪੁਲਿੰਗ ਨੂੰ ਪਛਾਣਨਾ ਤਾਂ ਬਹੁਤ ਸੌਖਾ ਹੈ। ਜਿਸ ਨਾਉਂ ਦੇ ਅੱਗੇ ‘ਮੇਰਾ’ ਸ਼ਬਦ ਲੱਗ ਸਕੇ, ਉਹ ਪੁਲਿੰਗ ਹੈ ਤੇ ਜਿਸ ਨਾਉਂ ਅੱਗੇ ‘ਮੇਰੀ’ ਸਬਦ ਲੱਗ ਸਕੇ, ਉਹ ਇਸਤਰੀ ਲਿੰਗ ਹੈ। ਜਿਵੇਂ ਮੇਰਾ ਘਰ, ਮੇਰਾ ਥਾਲ, ਮੇਰਾ ਪਾਣੀ, ਮੇਰਾ ਜਾਲ, ਮੇਰਾ ਬਿੱਲਾ, ਮੇਰਾ ਚਾਚਾ, ਮੇਰਾ ਕੰਘਾ, ਮੇਰਾ ਵਾਲ। ਇਹ ਸਾਰੇ ਪੁਲਿੰਗ ਨਾਉਂ ਹਨ।

ਮੈਂ ਉਹਨਾਂ ਨੂੰ ਪੁਲਿੰਗ ਨਾਉਂ ਦੀ ਪਛਾਣ ਕਰਨ ਲਈ ਇਕ ਹੋਰ ਤਰੀਕਾ ਦਸਦਿਆਂ ਕਿਹਾ, ‘ਬਿਲਕੁੱਲ ਠੀਕ। ਅਸੀਂ ਕਿਸੇ ਨਾਉਂ ਸ਼ਬਦ ਦੇ ਅੱਗੇ ‘ਚੰਗਾ’ ਜਾਂ ‘ਚੰਗੀ’ ਲਗਾ ਕੇ ਵੀ ਪੁਲਿੰਗ ਤੇ ਇਸਤਰੀ ਲਿੰਗ ਨਾਵਾਂ ਦੀ ਪਛਾਣ ਕਰ ਸਕਦੇ ਹਾਂ, ਜਿਵੇਂ: ਚੰਗੀ ਬਿੱਲੀ, ਚੰਗਾ ਘੋੜਾ, ਚੰਗੀ ਇੱਟ, ਚੰਗਾ ਹਥੌੜਾ। ਚਲੋ ਮਿਹਰ ਪੁੱਤਰ ! ਤੁਸੀਂ ਦੱਸੋ ਕਿ ਗਿਆਨ ਚੰਗੀ ਹੁੰਦੀ ਕਿ ਚੰਗਾ ?’

ਮਿਹਰ ਸਿੰਘ: ਗਿਆਨ ਚੰਗਾ।

ਮੈਂ: ਸੰਤੋਖ ਚੰਗੀ ਕਿ ਚੰਗਾ ?

ਮਿਹਰ ਸਿੰਘ: ਚੰਗਾ।

ਮੈਂ: ਧਰਮ ਚੰਗੀ ਕਿ ਚੰਗਾ ?

ਮਿਹਰ ਸਿੰਘ: ਚੰਗਾ।

ਮੈਂ: ਕਰੋਧ ਚੰਗੀ ਕਿ ਚੰਗਾ ?

ਸੁਖਦੀਪ ਸਿੰਘ (ਜਲਦੀ ਨਾਲ): ਚੰਗਾ।

ਮੈਂ: ਨਹੀਂ ਜੀ ਕਰੋਧ ਚੰਗਾ ਨਹੀਂ ਹੁੰਦਾ, ਕਰੋਧ ਤਾਂ ਬਹੁਤ ਮਾੜਾ ਹੁੰਦਾ ਆ। (ਸਾਰੇ ਹੱਸਦੇ ਹਨ)

ਸੁਖਦੀਪ ਸਿੰਘ ਨੇ ਇਸ ਬਾਰੇ ਵਿਸਥਾਰ ਨਾਲ ਦੱਸਣਾ ਸ਼ੁਰੂ ਕਰ ਦਿੱਤਾ, ‘ਮੈਨੂੰ ਪਤਾ ਹੈ ਜਿਸ ਨਾਉਂ ਦਾ ਅੱਗੇ ਮੇਰਾ, ਚੰਗਾ ਜਾਂ ਮਾੜਾ ਆਦਿ ਲੱਗ ਸਕੇ, ਉਹ ਪੁਲਿੰਗ ਹੁੰਦਾ ਹੈ ਤੇ ਜਿਸ ਨਾਉਂ ਅੱਗੇ ਮੇਰੀ, ਚੰਗੀ ਜਾਂ ਮਾੜੀ ਆਦਿਕ ਲੱਗ ਸਕੇ, ਉਹ ਨਾਉਂ ਇਸਤਰੀ ਲਿੰਗ ਹੁੰਦਾ ਆ। ਜੇ ਗੁਰਬਾਣੀ ਵਿਚੋਂ ਨਾਉਂ ਪੁਲਿੰਗ ਤੇ ਇਕ ਵਚਨ ਦੀ ਪਛਾਣ ਦੇਖਣੀ ਹੋਵੇ ਤਾਂ ਪੁਲਿੰਗ ਇਕ ਵਚਨ ਬਾਰੇ ਸ਼ਬਦ ਦੇ ਆਖਰੀ ਅੱਖਰ ਦੀ ਔਂਕੜ ਤੋਂ ਪਤਾ ਲੱਗ ਜਾਂਦਾ ਹੈ, ਜਿਵੇਂ:

ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ

ਇਸ ਤੁੱਕ ਵਿਚ ‘ਉਤਮੁ’ ਦੇ ਆਖਰੀ ਅੱਖਰ ਮੰਮੇ ਨੂੰ ਔਂਕੜ ਲੱਗੀ ਹੋਈ ਹੈ ਤੇ ‘ਨੀਚੁ’ ਦੇ ਆਖਰੀ ਅੱਖਰ ਚੱਚੇ ਨੂੰ ਔਂਕੜ ਲੱਗੀ ਹੋਈ ਹੈ। ਗੁਰਬਾਣੀ ਵਿਆਕਰਣ ਨੇਮ ਅਨੁਸਾਰ ਇਸ ਔਂਕੜ ਦਾ ਅਰਥ ਇਹ ਹੈ ਕਿ ‘ਉਤਮੁ’ ਪੁਲਿੰਗ ਵੀ ਹੈ ਅਤੇ ਇਕ ਵਚਨ ਵੀ ਹੈ, ਭਾਵ: ਇਕ ਉਤਮ। ਇਸੇ ਤਰ੍ਹਾਂ ‘ਨੀਚੁ’ ਪੁਲਿੰਗ ਵੀ ਹੈ ਅਤੇ ਇਕ ਵਚਨ ਵੀ ਹੈ, ਭਾਵ: ਇਕ ਨੀਚ।

ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ, ਸੁਣਿਐ ਸਤੁ ਸੰਤੋਖੁ ਗਿਆਨੁ

ਇਹਨਾਂ ਤੁੱਕਾਂ ਵਿਚ ‘ਤਾਣੁ’ ਦਾ ਅਰਥ ਇਕ ਬਲ ਜਾਂ ਇਕ ਸਮਰੱਥਾ ਹੈ, ਜੋ ਪੁਲਿੰਗ ਵੀ ਹੈ ਤੇ ਇਕ ਵਚਨ ਵੀ। ‘ਸਤੁ ਸੰਤੋਖੁ ਗਿਆਨੁ’ ਦਾ ਅਰਥ: ਇਕ ਸਤ (ਦਾਨ ਜਾਂ ਉਚਾ ਆਚਰਣ), ਇਕ ਸੰਤੋਖ ਤੇ ਇਕ ਗਿਆਨ ਹੈ।

ਧੌਲੁ ਧਰਮੁ ਦਇਆ ਕਾ ਪੂਤੁ, ਤੀਰਥੁ ਤਪੁ ਦਇਆ ਦਤੁ ਦਾਨੁ

ਇੱਥੇ ਧੌਲੁ, ਧਰਮੁ, ਪੂਤੁ, ਤੀਰਥੁ, ਤਪੁ ਤੇ ਦਾਨੁ ਸ਼ਬਦਾਂ ਦੇ ਆਖਰੀ ਅੱਖਰ ਨੂੰ ਵੀ ਔਂਕੜ ਲੱਗੀ ਹੋਈ ਹੈ। ਇਹਨਾਂ ਪੁਲਿੰਗ ਨਾਵਾਂ ਦੇ ਵੀ ਇਕ ਵਚਨ ਦੇ ਰੂਪ ਵਿਚ ਅਰਥ ਬਣ ਜਾਣਗੇ, ਜਿਵੇਂ: ਇਕ ਧੌਲ (ਬਲਦ), ਇਕ ਧਰਮ, ਇਕ ਪੱੁਤਰ, ਇਕ ਤੀਰਥ, ਇਕ ਤਪ, ਇਕ ਦਾਨ। ਦੂਜੀ ਤੁੱਕ ਵਿਚ ‘ਦਤੁ’ ਪੁਲਿੰਗ ਨਾਉਂ ਨਹੀਂ ਹੈ ਬਲਕਿ ਕਿਰਿਆ ਹੈ ਅਤੇ ਕਿਰਿਆ ਦੇ ਨੇਮ ਵੱਖਰੇ ਹੁੰਦੇ ਨੇ।

ਭਰੀਐ ਹਥੁ ਪੈਰੁ ਤਨੁ ਦੇਹ, ਜਤੁ ਪਾਹਾਰਾ ਧੀਰਜੁ ਸੁਨਿਆਰੁ, ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ

ਇਸੇ ਤਰ੍ਹਾਂ ਹਥੁ, ਪੈਰੁ, ਤਨੁ, ਜਤੁ, ਧੀਰਜੁ, ਸੁਨਿਆਰੁ, ਸੰਜੋਗੁ, ਵਿਜੋਗੁ ਆਖਰੀ ਅੱਖਰ ਔਂਕੜ ਸਹਿਤ ਹਨ। ਇਹਨਾਂ ਪੁਲਿੰਗ ਇਕ ਵਚਨ ਨਾਵਾਂ ਦਾ ਅਰਥ ਇਕ ਹੱਥ, ਇਕ ਪੈਰ, ਇਕ ਤਨ (ਸਰੀਰ), ਇਕ ਜਤ, ਇਕ ਧੀਰਜ, ਇਕ ਸੁਨਿਆਰ, ਇਕ ਸੰਜੋਗ, ਇਕ ਵਿਜੋਗ ਬਣ ਜਾਵੇਗਾ।’

ਮੈਂ ਇਕੋ-ਦਮ ਬੋਲ ਪਿਆ, ‘ਓਹੋ ! ਹੁਣ ਮੈਂ ਸਮਝ ਗਿਆ ਤੁਹਾਡੀਆਂ ਬੁਝਾਰਤਾਂ। ਵੀਰਾ ਔਂਕੜ ਵਾਲੇ ਹੱਥ ਨਾਲ ਸਾਈਕਲ ਚਲਾ ਰਿਹਾ ਹੈ, ਇਸ ਦਾ ਮਤਲਬ ਹੈ ਇਕ ਹੱਥ ਨਾਲ ਸਾਈਕਲ ਚਲਾ ਰਿਹਾ ਹੈ। ਹਾਅ ! ਇਹ ਤਾਂ ਬਹੁਤ ਖ਼ਤਰਨਾਕ ਹੈ ਨਾ ? ਉਹਨੂੰ ਬਿਨਾਂ ਔਂਕੜ ਵਾਲੇ ਹੱਥ ਮਤਲਬ ਦੋਵੇਂ ਹੱਥਾਂ ਨਾਲ ਸਾਈਕਲ ਚਲਾਉਣਾ ਚਾਹੀਦਾ ਹੈ। ਨਹੀਂ ਤਾਂ ਸਾਈਕਲ ਤੋਂ ਡਿੱਗ ਕੇ ਬਿਨਾਂ ਔਂਕੜ ਵਾਲੇ ਪੈਰ ਮਤਲਬ ਦੋਵੇਂ ਪੈਰ ਤੁੜਵਾ ਲਵੇਗਾ।’

‘ਬਿਲਕੁਲ ਠੀਕ ਬੁੱਝਿਆ ਤੁਸੀਂ। ਇਕ ਦਿਨ ਔਂਕੜ ਵਾਲੇ ਹੱਥ ਨਾਲ ਸਾਈਕਲ ਚਲਾਉਂਦਿਆਂ ਵੀਰ ਜੀ ਨੇ ਆਪਣਾ ਔਂਕੜ ਵਾਲਾ ਦੰਦ ਤੁੜਾ ਲਿਆ ਸੀ, ਮਤਲਬ ਇਕ ਦੰਦ ਤੁੜਾ ਲਿਆ ਸੀ। ਇਹਨੂੰ ਬਿਨਾਂ ਔਂਕੜ ਤੋਂ ਬਿਸਕੁਟ, ਮਤਲਬ ਬਹੁਤ ਸਾਰੇ ਬਿਸਕੁਟ ਖਾਣ ਨੂੰ ਦਿੱਤੇ ਸੀ ਤੇ ਮੈਨੂੰ ਔਂਕੜ ਵਾਲਾ ਇਕ ਬਿਸਕੁੱਟ।’ ਮਿਹਰ ਸਿੰਘ ਨੇ ਆਪਣੇ ਭਰਾ ਦੇ ਟੁੱਟੇ ਦੰਦ ਤੇ ਚੁਟਕੀ ਲੈਂਦਿਆਂ ਤੇ ਆਪਣੀ ਨਰਾਜ਼ਗੀ ਜਤਾਦਿਆਂ ਕਿਹਾ।

ਮੈਂ ਹਾਸੇ ਵਿਚ ਬੋਲਿਆ, ‘ਦੇਖੋ ਭੈਣ ਜੀ ! ਹੁਣ ਤੁਸੀਂ ਮਿਹਰ ਪੁੱਤਰ ਨੂੰ ਬਿਸਕੁੱਟ ਤੋਂ ਔਂਕੜ ਲਾਹ ਕੇ ਬਿਸਕੁੱਟ ਖਾਣ ਨੂੰ ਦੇਣੇ ਹਨ।’

ਭੈਣ ਜੀ ਕਹਿਣ ਲਗੇ, ‘ਬਿਲਕੁੱਲ ਠੀਕ ਗਿਆਨੀ ਜੀ। ਇਹ ਤਾਂ ਹੁਣ ਲੜਦੇ ਵੀ ਨੇ ਤਾਂ ਵਿਆਕਰਣ ਮੁਤਾਬਕ ਲੜਦੇ ਨੇ।’

ਮੈਂ ਹੈਰਾਨੀ ਨਾਲ ਪੁੱਛਿਆ, ‘ਉਹ ਕਿਵੇਂ ?’

ਭੈਣ ਜੀ ਕਹਿਣ ਲੱਗੇ, ‘ਇਕ ਕਹਿੰਦਾ ਹੈ ਕਿ ਮੈਂ ਤੇਰੇ ਔਂਕੜ ਵਾਲਾ ਘਸੁੰਨ ਮਾਰਾਂਗਾ ਤੇ ਦੂਜਾ ਕਹਿੰਦਾ ਹੈ ਕਿ ਮੇਰੇ ਤੇਰੇ ਬਿਨਾਂ ਔਂਕੜ ਤੋਂ ਘਸੁੰਨ ਮਾਰਾਂਗਾ। ਇਕ ਕਹਿੰਦਾ ਹੈ ਕਿ ਮੈਂ ਤੇਰਾ ਔਂਕੜ ਵਾਲਾ ਦੰਦ ਭੰਨ ਦਿਆਂਗਾ ਹੈ ਤੇ ਦੂਜਾ ਕਹਿੰਦਾ ਹੈ ਕਿ ਤੇਰਾ ਬਿਨਾਂ ਔਂਕੜ ਤੋਂ ਦੰਦ ਭੰਨ ਦੇਣਾ ਹੈ ਤੇ ਨਾਲ ਜਬਾੜਾ ਵੀ ਬੋਨਸ ਵਿਚ।’ (ਸਾਰੇ ਉਚੀ-ਉਚੀ ਹੱਸਦੇ ਹਨ)

‘ਪਰ ਮੈਨੂੰ ਇਕ ਗੱਲ ਸਮਝ ਨਹੀਂ ਆਈ ਕਿ ਇਹਨਾਂ ਬੱਚਿਆਂ ਨੂੰ ਗੁਰਬਾਣੀ ਵਿਆਕਰਣ ਦਾ ਕਿਵੇਂ ਪਤਾ ਹੈ ?’ ਮੈਂ ਹੈਰਾਨੀ ਨਾਲ ਪੁੱਛਿਆ।

ਭੈਣ ਜੀ ਨੇ ਹੁਣ ਸਾਰਾ ਭੇਦ ਖੋਲਦਿਆਂ ਕਿਹਾ, ‘ਜਦੋਂ ਆਪ ਜੀ ਔਨਲਾਈਨ ਕਲਾਸ ਲਗਾਉਂਦੇ ਹੋ ਤਾਂ ਘਰ ਬੈਠੇ ਬੱਚੇ ਵੀ ਸੁਣਦੇ ਰਹਿੰਦੇ ਨੇ। ਮੇਰੇ ਨਾਲੋਂ ਜ਼ਿਆਦਾ ਤਾਂ ਇਹ ਸਮਝ ਜਾਂਦੇ ਨੇ। ਕਈ ਵਾਰੀ ਮੈਨੂੰ ਸਮਝ ਨਾ ਆਏ ਤੇ ਇਹ ਮੈਨੂੰ ਸਮਝਾ ਦਿੰਦੇ ਨੇ। ਫਿਰ ਗੁਰਬਾਣੀ ਵਿਆਕਰਣ ਦੇ ਨੇਮ ਯਾਦ ਰੱਖਣ ਲਈ ਇਹ ਆਪਸੀ ਗੱਲਾਂ ਵਿਚ ਅਭਿਆਸ ਕਰਦੇ ਰਹਿੰਦੇ ਨੇ। ਇਹਨਾਂ ਦੇ ਘਰੇਲੂ ਗੱਲਬਾਤ ਵਿਚ ਹੀ ਗੁਰਬਾਣੀ ਵਿਆਕਰਣਿਕ ਨੇਮ ਪੱਕੇ ਹੋ ਜਾਂਦੇ ਨੇ। ਇਹਨਾਂ ਦੀ ਸ਼ੁਰੂਆਤ ਵਧੀਆ ਹੈ। ਜੇ ਇਸੇ ਤਰ੍ਹਾਂ ਸਿੱਖਦੇ ਰਹੇ ਤਾਂ ਗੁਰਬਾਣੀ ਦਾ ਪਾਠ ਕਰਦਿਆਂ ਉਚੇਚੇ ਤੌਰ ’ਤੇ ਅਰਥ ਕਰਨ ਦੀ ਵੀ ਲੋੜ ਨਹੀਂ ਪਵੇਗੀ, ਸਗੋਂ ਸੁਭਾਵਕ ਹੀ ਗੁਰੂ ਜੀ ਦੀ ਬੋਲੀ ਨੂੰ ਸਮਝ ਕੇ ਗੁਰੂ ਜੀ ਨਾਲ ਬਚਨ ਕਰਨਗੇ। ਗੁਰੂ ਜੀ ਦੀ ਬੋਲੀ ਹੀ ਇਹਨਾਂ ਦੀ ਬੋਲੀ ਬਣ ਜਾਵੇਗੀ।’

ਇੰਨੇ ਨੂੰ ਮਿਹਰ ਸਿੰਘ ਬੋਲਿਆ, ‘ਗਿਆਨੀ ਜੀ ! ਤੁਹਾਨੂੰ ਮੈਂ ਇਕ ਗੱਲ ਦੱਸਾਂ ? ਮੈਂ ਜਦੋਂ ਗੁਰਦੁਆਰਾ ਸਾਹਿਬ ਜਾਂਦਾ ਹਾਂ ਤਾਂ ਗੁਰਦੁਆਰਾ ਸਾਹਿਬ ਦੇ ਮੁੱਖ ਵਾਕ ਬੋਰਡ ’ਤੇ ਲਿਖਿਆ ਗੁਰੂ ਜੀ ਦਾ ਮੁੱਖ ਵਾਕ ਜ਼ਰੂਰ ਪੜ੍ਹਦਾ ਹਾਂ। ਇਕ ਦਿਨ ਮੁੱਖ ਵਾਕ ਬੋਰਡ ’ਤੇ ਮੰਗਲਾਚਰਣ ਲਿਖਿਆ ਹੋਇਆ ਸੀ। ਮੈਂ ਮੰਗਲਾਚਰਣ ਪੜ ਕੇ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਜੀ ਨੂੰ ਪੁੱਛਿਆ ਕਿ ਰੱਬ ਇਕ ਹੁੰਦਾ ਹੈ ਕਿ ਰੱਬ ਬਹੁਤੇ ਹੁੰਦੇ ਹਨ ? ਉਹ ਕਹਿਣ ਲੱਗੇ ਕਿ ਰੱਬ ਤਾਂ ਇਕ ਹੀ ਹੁੰਦਾ ਹੈ। ਮੈਂ ਉਹਨਾਂ ਨੂੰ ਕਿਹਾ ਤੁਸੀਂ ਤਾਂ ਰੱਬ ਬਹੁਤੇ ਬਣਾ ਦਿੱਤੇ। ਧਿਆਨ ਨਾਲ ਦੇਖੋ ਤੁਸੀਂ ਬੋਰਡ ’ਤੇ ‘ਕਰਤਾ ਪੁਰਖ’ ਅਤੇ ‘ਨਿਰਵੈਰ’ ਲਿਖਿਆ ਹੋਇਆ ਹੈ। ਇਸ ਦਾ ਮਤਲਬ ਕਿ ਬਹੁਤੇ ਕਰਤਾ ਪੁਰਖ ਤੇ ਬਹੁਤੇ ਨਿਰਵੈਰ ਰੱਬ ਹਨ। ਇਹਨਾਂ ਦੇ ਆਖਰੀ ਅੱਖਰ ਨੂੰ ਔਂਕੜ ਲਗਾਉਣੀ ਤਾਂ ਤੁਸੀਂ ਭੁੱਲ ਹੀ ਗਏ। ‘ਕਰਤਾ ਪੁਰਖੁ’ ਤੇ ‘ਨਿਰਵੈਰੁ’ ਲਿਖਣ ਨਾਲ ਇਕ ਕਰਤਾ ਪੁਰਖ ਤੇ ਇਕ ਨਿਰਵੈਰ ਰੱਬ ਬਣੇਗਾ।’

ਮੈਂ ਦੋਵਾਂ ਬੱਚਿਆਂ ਨੂੰ ਘੁੱਟ ਕੇ ਆਪਣੀ ਗਲਵੱਕੜੀ ਵਿਚ ਲਿਆ ਤੇ ਕਿਹਾ ਕਿ ਪੁੱਤਰੋ ! ਜਿੰਨਾ ਚਿਰ ਤੁਹਾਡੇ ਵਰਗੇ ਵਿਦਵਾਨ ਬੱਚੇ ਹੋਣਗੇ, ਗੁਰਬਾਣੀ ਦੇ ਅਰਥਾਂ ਦੇ ਕੋਈ ਵੀ ਆਪਣੀ ਮਨਮਰਜ਼ੀ ਨਾਲ ਅਨਰਥ ਨਹੀਂ ਕਰ ਸਕੇਗਾ।

ਜੇ ਤੁਸੀਂ ਸੱਚ ਪੁੱਛੋ ਤਾਂ ਮੈਂ ਅੱਜ ਸੋਚਿਆ ਸੀ ਕਿ ਤੁਹਾਨੂੰ ਗੁਰਬਾਣੀ ਵਿਚ ਆਏ ਪੁਲਿੰਗ ਇਕ ਵਚਨ ਦੀ ਪਛਾਣ ਦੱਸਾਂਗਾ ਪਰ ਇਹ ਨੇਮ ਤਾਂ ਬੱਚੇ-ਬੱਚੇ ਨੂੰ ਪਤਾ ਹੈ। ਇਸ ਲਈ ਮੈਂ ਗੁਰਬਾਣੀ ਵਿਆਕਰਣ ਦੇ ਇਸ ਨੇਮ ਬਾਰੇ ਅੱਜ ਕੋਈ ਗੱਲ ਨਹੀਂ ਕਰਨੀ। ਆਪ ਜੀ ਵੀ ਇਸ ਨੇਮ ਦੇ ਗੁਰਬਾਣੀ ਵਿਚੋਂ 5 ਪ੍ਰਮਾਣ ਆਪਣੀ ਡਾਇਰੀ ’ਤੇ ਲਿਖੋ ਅਤੇ ਉਹਨਾਂ ਤੁੱਕਾਂ ਦੇ ਅਰਥ ਵੀ ਲਿਖੋ। ਮੈਂ ਅਗਲੀ ਵਾਰ ਉਕਾਰਾਂਤ ਅਕਾਰਾਂਤ ਵਰਗੇ ਸ਼ਬਦਾਂ ਬਾਰੇ ਵੀਚਾਰ ਕਰਨ ਦੀ ਕੋਸ਼ਸ਼ ਕਰਾਂਗਾ।

ਵੈਸੇ ਉਸ ਘਰ ਵਿਚੋਂ ਬਾਹਰ ਜਾਣ ਲੱਗਿਆ ਮੈਂ ਸੋਚ ਰਿਹਾ ਸਾਂ ਕਿ ਕਾਸ਼ ! ਹਰ ਗੁਰਸਿੱਖ ਦੇ ਘਰ ਵਿਚ ਬੱਚੇ ਗੁਰਬਾਣੀ ਵਿਆਕਰਣ ਦੇ ਤਰੀਕੇ ਨਾਲ ਗੱਲਬਾਤ ਕਰਨ ਤਾਂ ਉਹ ਕਿੰਨੀ ਜਲਦੀ ਗੁਰੂ ਜੀ ਦੀ ਬੋਲੀ ਬੋਲਣੀ ਸਿੱਖ ਜਾਣਗੇ ਤੇ ਅਸੀਂ ਵੀ।

—–ਚੱਲਦਾ——

Most Viewed Posts