41 C
Jalandhar
Sunday, May 17, 2026
spot_img
Home Blog Page 239

Pronoun (Part 3)

0

ਉੱਤਮ ਪੁਰਖ ਪੜਨਾਂਵ, ਅਧਿਆਇ-3

ਉਪਰੋਕਤ ਕੀਤੀ ਗਈ ਤਮਾਮ ਵੀਚਾਰ ‘ਇੱਕ ਵਚਨ ਪੁਰਖਵਾਚੀ ਪੜਨਾਂਵ’ ਅਤੇ ਕੇਵਲ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਸੀ, ਪਰ ਗੁਰਬਾਣੀ ਵਿੱਚ ‘ਉੱਤਮ ਪੁਰਖ ਪੜਨਾਂਵ’ ਨਾਲ ਹੀ ਸੰਬੰਧਿਤ ਕੁਝ ਕੁ ‘ਬਹੁ ਵਚਨ ਪੜਨਾਂਵ’ ਵੀ ਦਰਜ ਹਨ; ਜਿਵੇਂ:

ਕਰਤਾ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(ੳ) ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ

(1). ਗੁਰਬਾਣੀ ਵਿੱਚ ‘ਅਸੀ’ (7 ਵਾਰ) ਦਰਜ ਹੈ, ਜੋ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਗਲਂੀ ‘ਅਸੀ’ ਚੰਗੀਆ; ਆਚਾਰੀ ਬੁਰੀਆਹ ॥’’ (ਮ: ੧/੮੫)

‘‘ਸਖੀ ! ਆਉ ਸਖੀ ! ਵਸਿ ਆਉ ਸਖੀ ! ‘ਅਸੀ’ ਪਿਰ ਕਾ ਮੰਗਲੁ ਗਾਵਹ ॥’’ (ਮ: ੫/੮੪੭)

‘‘ਤੂ ਗੁਣਦਾਤਾ ਨਿਧਾਨੁ ਹਹਿ, ‘ਅਸੀ’ ਅਵਗਣਿਆਰ ॥’’ (ਮ: ੧/੧੨੮੪)

‘‘ਅਸੀ ਖਤੇ (ਪਾਪ) ਬਹੁਤੁ ਕਮਾਵਦੇ, ਅੰਤੁ ਨ ਪਾਰਾਵਾਰੁ ॥’’ (ਮ: ੩/੧੪੧੬) ਆਦਿ।

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਅਸੀਂ’; ਜਿਵੇਂ:

‘‘ਕਹੁ ਨਾਨਕ ! ‘ਹਮ’ (ਅਸੀਂ) ਨੀਚ ਕਰੰਮਾ (ਕਰਮੀ ਹਾਂ)॥ ਸਰਣਿ ਪਰੇ ਕੀ ਰਾਖਹੁ ਸਰਮਾ ॥’’ (ਸੋ ਪੁਰਖੁ/ਮ: ੫)

‘‘ਹਮ’’ (ਅਸੀਂ) ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥’’ (ਮ: ੪/੧੬੭)

‘‘ਹਮ (ਅਸੀਂ) ਮੰਦੇ; ਮੰਦੇ ਮਨ ਮਾਹੀ ॥’’ (ਭਗਤ ਕਬੀਰ/੩੨੪)

‘‘ਹਮ (ਅਸੀਂ) ਕਿਛੁ ਨਾਹੀ; ਏਕੈ ਓਹੀ ॥’’ (ਮ: ੫/੩੯੧)

‘‘ਹਮ (ਅਸੀਂ) ਕਿਆ ਗੁਣ ਤੇਰੇ ਵਿਥਰਹ (ਵਿਸਥਾਰ ਨਾਲ ਦੱਸੀਏ) ਸੁਆਮੀ ! ਤੂੰ ਅਪਰ ਅਪਾਰੋ ਰਾਮ ਰਾਜੇ ॥’’ (ਮ: ੪/੪੫੦)

‘‘ਸੋ ਹਮ (ਅਸੀਂ) ਕਰਹ (ਕਰਦੇ ਹਾਂ); ਜੁ ਆਪਿ ਕਰਾਏ ॥’’ (ਮ: ੪/੪੯੪)

‘‘ਏਕੁ ਪਿਤਾ ਏਕਸ ਕੇ ਹਮ (ਅਸੀਂ) ਬਾਰਿਕ; ਤੂ ਮੇਰਾ ਗੁਰ ਹਾਈ ॥’’ (ਮ: ੫/੬੧੧)

‘‘ਹਮ (ਅਸੀਂ) ਮੈਲੇ ਤੁਮ ਊਜਲ ਕਰਤੇ! ਹਮ ਨਿਰਗੁਨ ਤੂ ਦਾਤਾ ॥’’ (ਮ: ੫/੬੧੩)

‘‘ਹਮ (ਅਸੀਂ) ਮੈਲੇ (ਅਪਵਿੱਤਰ), ਤੁਮ ਊਜਲ (ਪਵਿੱਤਰ) ਕਰਤੇ! ਹਮ ਨਿਰਗੁਨ (ਮੰਗਤੇ) ਤੂ ਦਾਤਾ ॥’’ (ਮ: ੫/੬੧੩)

‘‘ਹਮ (ਅਸੀਂ) ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ ਚਾਲਹ ਗੁਰ ਚਾਲੀ ? ॥’’ (ਮ: ੪/੬੬੭)

‘‘ਹਮ’’ (ਅਸੀਂ) ਤਿਨ ਕੇ ਚਰਣ ਪਖਾਲਦੇ (ਧੋਂਦੇ ਹਾਂ), ਧੂੜਿ ਘੋਲਿ ਘੋਲਿ ਪੀਜੈ ॥’’ (ਮ: ੪/੭੨੬)

‘‘ਹਮ (ਅਸੀਂ ਹੀ) ਨਹੀ ਚੰਗੇ; (ਕਿਉਂਕਿ) ਬੁਰਾ ਨਹੀ ਕੋਇ (ਫਿਰ ਵੀ ਨਿੰਦਦੇ ਹਾਂ)॥’’ (ਮ: ੧/੭੨੮)

‘‘ਕਰਿ (ਕੇ) ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ! ਹਮ (ਅਸੀਂ) ਪਾਥਰ, ਹੀਨ (ਭਾਗ ਹੀਣ), ਅਕਰਮਾ (ਮੰਦਕਰਮੀ) ॥’’ (ਮ: ੪/੭੯੯)

‘‘ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ (ਕੇ); (ਪਰ ਫਿਰ ਵੀ) ਹਮ (ਅਸੀਂ) ਅਕਿਰਤਘਨਾਰੇ (ਨਾਸ਼ੁਕਰੇ)॥’’ (ਮ: ੫/੮੦੯)

‘‘ਹਮ (ਅਸੀਂ) ਡੋਲਤ (ਕਿਉਂਕਿ) ਬੇੜੀ ਪਾਪ ਭਰੀ ਹੈ; ਪਵਣੁ ਲਗੈ ਮਤੁ ਜਾਈ ॥’’ (ਮ: ੧/੮੭੮)

‘‘ਨਾ ਹਮ (ਅਸੀਂ) ਹਿੰਦੂ; ਨ ਮੁਸਲਮਾਨ ॥’’ (ਮ: ੫/੧੧੩੬)

‘‘ਜੇਤੇ ਸਾਸ ਸਾਸ ਹਮ (ਅਸੀਂ) ਲੇਤੇ; ਤੇਤੇ ਹੀ ਗੁਣ ਗਾਇਆ ॥’’ (ਮ: ੫/੧੨੧੨)

‘‘ਮਾਸਹੁ ਨਿੰਮੇ ਮਾਸਹੁ ਜੰਮੇ; ਹਮ (ਅਸੀਂ) ਮਾਸੈ ਕੇ ਭਾਂਡੇ ॥’’ (ਮ: ੧/੧੨੯੦)

(ਅ). ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ

(1). ਗੁਰਬਾਣੀ ਵਿੱਚ ‘ਅਸਾ’ (ਉਚਾਰਨ ‘ਅਸਾਂ’ 2 ਵਾਰ) ਦਰਜ ਹੈ, ਪਰ ਕੇਵਲ 1 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਸਾਹਿਬੁ ਸਮ੍ਾਲਿਹ ਪੰਥੁ ਨਿਹਾਲਿਹ, ‘ਅਸਾ’ (ਅਸਾਂ ਨੇ) ਭਿ ਓਥੈ ਜਾਣਾ ॥’’ (ਮ: ੧/੫੭੯)

(2). ਗੁਰਬਾਣੀ ਵਿੱਚ ‘ਹਮਹੁ’ (3 ਵਾਰ) ਦਰਜ ਹੈ, ਪਰ ਕੇਵਲ 2 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਸੋ ਸੁਖੁ ਹਮਹੁ (ਅਸਾਂ ਨੇ) ਸਾਚੁ ਕਰਿ ਜਾਨਾ ॥’’ (ਭਗਤ ਕਬੀਰ/੩੩੦)

‘‘ਹਮਹੁ (ਅਸਾਂ ਨੇ) ਜੁ ਬੂਝਾ ਬੂਝਨਾ, ਪੂਰੀ ਪਰੀ ਬਲਾਇ ॥’’ (ਭਗਤ ਕਬੀਰ/੧੩੭੪)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 13 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਹਮ’’ (ਅਸਾਂ ਨੇ) ਕੀਆ, ਹਮ ਕਰਹਗੇ; ਹਮ ਮੂਰਖ ਗਾਵਾਰ ॥’’ (ਮ: ੩/੩੯)

‘‘ਸਤਿਗੁਰ ਤੇ (ਤੋਂ) ਹਮ (ਅਸਾਂ ਨੇ) ਗਤਿ ਪਤਿ ਪਾਈ ॥’’ (ਮ: ੩/੨੩੩)

‘‘ਮੂੰਡਿ ਮੁੰਡਾਇਐ (ਨਾਲ) ਜੇ ਗੁਰੁ ਪਾਈਐ; ਹਮ (ਅਸਾਂ ਨੇ) ਗੁਰੁ ਕੀਨੀ ਗੰਗਾਤਾ (ਗੁਰੂ ਗੰਗਾ ਹੀ ਬਣਾ ਲਈ, ਜਿੱਥੇ ਸਦਾ ਵਾਲ ਕੱਟੀਦੇ ਹਨ)॥’’ (ਮ: ੧/੧੫੫)

‘‘ਕੇਤੇ ਰੁਖ ਬਿਰਖ ਹਮ (ਅਸਾਂ ਨੇ, ਬਣ ਕੇ) ਚੀਨੇ (ਵੇਖੇ); ਕੇਤੇ ਪਸੂ ਉਪਾਏ ॥’’ (ਮ: ੧/੧੫੬)

‘‘ਰਾਮ ! ਹਮ (ਅਸਾਂ ਨੇ) ਸਤਿਗੁਰ (ਨੂੰ) ਪਾਰਬ੍ਰਹਮ ਕਰਿ (ਕੇ) ਮਾਨੇ (ਮੰਨਿਆ)॥’’ (ਮ: ੪/੧੬੯)

‘‘ਹਰਿ ਹਰਿ ਅਰਥਿ (ਦੇ ਮਿਲਾਪ ਲਈ) ਸਰੀਰੁ ਹਮ (ਅਸਾਂ ਨੇ) ਬੇਚਿਆ; ਪੂਰੇ ਗੁਰ ਕੈ ਆਗੇ ॥’’ (ਮ: ੪/੧੭੧)

‘‘ਹਮ ਅਪਤਹ (ਅਸਾਂ ਬੇ-ਇੱਜ਼ਤਾਂ ਨੇ); ਅਪੁਨੀ ਪਤਿ ਖੋਈ ॥’’ (ਭਗਤ ਕਬੀਰ/੩੨੪)

‘‘ਐਸੇ ਘਰ ਹਮ (ਅਸਾਂ ਨੇ) ਬਹੁਤੁ ਬਸਾਏ ॥’’ (ਭਗਤ ਕਬੀਰ/੩੨੬)

‘‘ਜਗ ਮੋਹਨੀ; ਹਮ (ਅਸਾਂ ਨੇ) ਤਿਆਗਿ (ਨੇ) ਗਵਾਈ ॥’’ (ਮ: ੫/੩੯੨)

‘‘ਸਮੁੰਦੁ ਵਿਰੋਲਿ (ਰਿੜਕ ਕੇ) ਸਰੀਰੁ ਹਮ (ਅਸਾਂ ਨੇ) ਦੇਖਿਆ; ਇਕ ਵਸਤੁ ਅਨੂਪ ਦਿਖਾਈ ॥’’ (ਮ: ੪/੪੪੨)

‘‘ਜੈਸਾ ਲਿਖਤੁ ਲਿਖਿਆ ਧੁਰਿ (ਤੋਂ) ਕਰਤੈ (ਨੇ); ਹਮ (ਅਸਾਂ ਨੇ) ਤੈਸੀ ਕਿਰਤਿ ਕਮਾਈ ॥’’ (ਮ: ੫/੮੮੨)

‘‘ਜੈਸਾ ਮਗਹਰੁ ਤੈਸੀ ਕਾਸੀ; ਹਮ (ਅਸਾਂ ਨੇ) ਏਕੈ ਕਰਿ ਜਾਨੀ ॥’’ (ਭਗਤ ਕਬੀਰ/੯੬੯)

‘‘ਛਾਡਿ (ਕੇ) ਚਲੇ; ਹਮ (ਅਸਾਂ ਨੇ) ਕਛੂ ਨ ਲੀਆ ॥’’ (ਭਗਤ ਕਬੀਰ/੧੧੫੯)

ਕਰਮ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਹਿ’ (1 ਵਾਰ) ਦਰਜ ਹੈ, ਜੋ ‘ਕਰਮ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਪ੍ਰਤਿਪਾਲੈ ਨਾਨਕ ਹਮਹਿ (ਅਸਾਂ ਨੂੰ) ਆਪਹਿ ਮਾਈ ਬਾਪ ॥’’ (ਮ: ੫/੨੫੭)

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 17 ਵਾਰ ‘ਕਰਮ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਉਨਿ (ਉਸ ਨੇ) ਸਭੁ ਜਗੁ ਖਾਇਆ; ਹਮ (ਅਸਾਂ ਨੂੰ) ਗੁਰਿ (ਨੇ) ਰਾਖੇ (ਰੱਖਿਆ) ਮੇਰੇ ਭਾਈ ! ॥’’ (ਮ: ੫/੩੯੪)

‘‘ਹਰਿ ਦਇਆ ਪ੍ਰਭ ! ਧਾਰਹੁ, ਪਾਖਣ ਹਮ (ਅਸਾਂ ਪੱਥਰਾਂ ਨੂੰ) ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥’’ (ਮ: ੪/੪੪੬)

‘‘ਕਹੁ ਕਬੀਰ ! ਹਮ (ਅਸਾਂ ਨੂੰ) ਰਾਮਿ (ਨੇ) ਰਾਖੇ (ਰੱਖਿਆ); ਕ੍ਰਿਪਾ ਕਰਿ (ਕੇ) ਹਰਿ ਰਾਇ (ਨੇ)॥’’ (ਭਗਤ ਕਬੀਰ/੪੭੯)

‘‘ਜਿਤੁ ਕਾਰੈ ਕੰਮਿ (ਵਿੱਚ); ਹਮ (ਅਸਾਂ ਨੂੰ) ਹਰਿ (ਨੇ) ਲਾਏ ॥’’ (ਮ: ੪/੪੯੪)

‘‘ਸਤਗੁਰੁ ਦਇਆ ਕਰੇ ਸੁਖਦਾਤਾ; ਹਮ (ਸਾਨੂੰ) ਲਾਵੈ ਆਪਨ ਪਾਲੀ (ਪੱਲੇ ਨਾਲ)॥’’ (ਮ: ੪/੬੬੭)

‘‘ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ; ਹਮ (ਸਾਨੂੰ) ਪਾਹਨ (ਪੱਥਰ ਦਿਲਾਂ ਨੂੰ) ਸਬਦਿ ਗੁਰ (ਗੁਰ-ਸ਼ਬਦ ਰਾਹੀਂ) ਤਾਰੇ ॥’’ (ਮ: ੪/੯੮੧)

‘‘ਹਮ (ਸਾਨੂੰ) ਗੁਰਿ (ਨੇ) ਰਾਖਿ ਲੀਏ (ਲਿਆ) ਕਿਰਪਾਲੇ (ਕਿਰਪਾਲਿ ਨੇ) ॥’’ (ਮ: ੫/੧੩੪੭)

‘‘ਹਮ (ਸਾਨੂੰ) ਗੁਰਿ (ਨੇ) ਰਾਖਿ ਲੀਏ ਲਿਵ ਲਾਏ ॥’’ (ਮ: ੫/੧੩੪੭) ਆਦਿ।

ਸੰਪਰਦਾਨ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਹੁ’ (3 ਵਾਰ) ਦਰਜ ਹੈ, ਜਿਸ ਵਿੱਚੋਂ 1 ਵਾਰ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਸੁਖੁ ਮਾਂਗਤ, ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ (ਅਸਾਂ ਲਈ) ਨ ਮਾਂਗਿਆ ਭਾਵੈ (ਮੰਗਣਾ ਪਸੰਦ ਨਹੀਂ)॥’’ (ਭਗਤ ਕਬੀਰ/੩੩੦)

(2). ਗੁਰਬਾਣੀ ਵਿੱਚ ‘ਹਮਾਰੈ’ (56 ਵਾਰ) ਦਰਜ ਹੈ, ਜਿਸ ਵਿੱਚੋਂ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਜੀਅ ਪ੍ਰਾਨ ਸੂਖ ਇਸੁ ਮਨ ਕਉ, ਬਰਤਨਿ ਏਹ ਹਮਾਰੈ (ਸਾਡੇ ਲਈ)॥’’ (ਮ: ੫/੭੧੩)

‘‘ਹਮਾਰੈ (ਸਾਡੇ ਲਈ) ਏਕੈ ਹਰੀ ਹਰੀ ॥ (ਮ: ੫/੭੧੫)

‘‘ਹਰਿ ਚਰਨ ਸਰਣ, ਗੜ ਕੋਟ (ਕ੍ਰੋੜਾਂ ਕਿਲੇ) ਹਮਾਰੈ (ਸਾਡੇ ਲਈ)॥ (ਮ: ੫/੭੪੨)

‘‘ਇਹੀ ਹਮਾਰੈ (ਸਾਡੇ ਲਈ) ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥ (ਮ: ੫/੯੮੭)

‘‘ਪ੍ਰਭੂ ਹਮਾਰੈ (ਸਾਡੇ ਲਈ) ਸਾਸਤ੍ਰ ਸਉਣ (ਸਗਨ ਦੱਸਣ ਵਾਲਾ ਸ਼ਾਸਤ੍ਰ)॥ (ਮ: ੫/੧੧੩੭)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ 21 ਵਾਰ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਬਾਰਿਕ ਦੀਨ (ਅਸਾਂ ਨਿਆਸਰੇ ਬੱਚਿਆਂ ਲਈ); ਕਰਹੁ ਪ੍ਰਤਿਪਾਲਾ ॥’’ (ਮ: ੪/੯੪)

‘‘ਤੇ (ਉਹ) ਹਰਿ ਜਨ; ਹਰਿ ! ਮੇਲਹੁ ਹਮ (ਅਸਾਂ ਲਈ) ਪਿਆਰੇ ॥’’ (ਮ: ੪/੧੬੪)

‘‘ਨਾ ਓਸੁ (ਪ੍ਰਭੂ ਨੂੰ) ਦੂਖੁ; ਨ ਹਮ ਕਉ (ਅਸਾਂ ਲਈ) ਦੂਖੇ (ਦੁੱਖ)॥’’ (ਮ: ੫/੩੯੧)

‘‘ਨਾ ਉਸ (ਪ੍ਰਭੂ ਨੂੰ) ਮੈਲੁ; ਨ ਹਮ ਕਉ (ਅਸਾਂ ਲਈ) ਮੈਲਾ (ਮੈਲ)॥’’ (ਮ: ੫/੩੯੧)

‘‘ਓਸੁ (ਪ੍ਰਭੂ ਨੂੰ) ਅਨੰਦੁ; ਤ ਹਮ (ਅਸਾਂ ਲਈ) ਸਦ ਕੇਲਾ (ਅਨੰਦ)॥’’ (ਮ: ੫/੩੯੧)

‘‘ਨਾ ਉਸੁ (ਪ੍ਰਭੂ ਨੂੰ) ਭੂਖ; ਨ ਹਮ ਕਉ (ਅਸਾਂ ਲਈ) ਤ੍ਰਿਸਨਾ ॥’’ (ਮ: ੫/੩੯੧)

‘‘ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ! ਦੇਹੁ ਸਤਿਗੁਰ (ਦੇ) ਚਰਨ (ਦੀ) ਹਮ (ਸਾਨੂੰ, ਸਾਡੇ ਲਈ) ਧੂਰਾ ॥’’ (ਮ: ੪/੫੭੨)

‘‘ਹਰਿ ਨਾਮੁ ਹਮਾਰਾ ਵਣਜੁ, ਹਰਿ ਨਾਮੁ ਵਾਪਾਰੁ; ਹਰਿ ਨਾਮੈ ਕੀ ਹਮ ਕੰਉ (ਅਸਾਂ ਲਈ) ਸਤਿਗੁਰਿ (ਨੇ) ਕਾਰਕੁਨੀ ਦੀਈ (ਏਜੰਸੀ ਬਣਾਈ)॥’’ (ਮ: ੪/੫੯੩)

‘‘ਹਮ ਅੰਧੁਲੇ ਕਉ (ਅਸਾਂ ਅੰਨ੍ਹਿਆਂ ਲਈ) ਗੁਰ ! ਅੰਚਲੁ (ਸਹਾਰਾ) ਦੀਜੈ; (ਤਾਂ ਜੋ ਅਸੀਂ) ਜਨ ਨਾਨਕ ! ਚਲਹ ਮਿਲੰਥਾ (ਮਿਲ ਕੇ ਚੱਲ ਸਕੀਏ)॥’’ (ਮ: ੪/੬੯੬)

‘‘ਹਰਿ ! ਦੇਹੁ ਬਿਮਲ (ਨਿਰਮਲ) ਮਤਿ, ਗੁਰ ਸਾਧ ਪਗ ਸੇਵਹ; ਹਮ (ਅਸਾਂ ਲਈ) ਹਰਿ ਮੀਠ ਲਗਾਇਬਾ (ਹਰੀ ਨਾਮ ਮਿੱਠਾ ਲੱਗੇ)॥’’ (ਮ: ੪/੬੯੭)

‘‘ਹਮ ਕਉ (ਸਾਡੇ ਲਈ) ਸਾਥਰੁ (ਹੇਠਾਂ ਲੇਟਣਾ, ਪਰ); ਉਨ ਕਉ (ਲਈ) ਖਾਟ (ਚਾਰਪਾਈ)॥’’ (ਭਗਤ ਕਬੀਰ/੮੭੧)

‘‘ਹਮ ਕਉ (ਸਾਡੇ ਲਈ) ਚਾਬਨੁ (ਚੱਬਣ ਨੂੰ ਸੁੱਕੇ ਦਾਣੇ); ਉਨ ਕਉ (ਲਈ) ਰੋਟੀ ॥’’ (ਭਗਤ ਕਬੀਰ/੮੭੧)

‘‘ਹਮ ਕਉ (ਅਸਾਂ ਲਈ ਤਾਂ, ਮਾਇਆ) ਦ੍ਰਿਸਟਿ ਪਰੈ (ਵਿਖਾਈ ਦੇਂਦੀ) ਤ੍ਰਖਿ (ਭਿਆਨਕ) ਡਾਇਣਿ ॥’’ (ਭਗਤ ਕਬੀਰ/੮੭੧)

‘‘ਤੂ ਅਡੋਲੁ, ਕਦੇ ਡੋਲਹਿ ਨਾਹੀ; ਤਾ ਹਮ (ਅਸਾਂ ਲਈ ਵੀ) ਕੈਸੀ ਤਾਤੀ (ਚਿੰਤਾ) ? ॥’’ (ਮ: ੫/੮੮੪)

‘‘ਹਮਰੈ ਸੁਆਮੀ (ਨੇ) ਲੋਚ (ਤਾਂਘ) ਹਮ (ਸਾਨੂੰ, ਸਾਡੇ ਲਈ) ਲਾਈ; ਹਮ (ਅਸੀਂ) ਜੀਵਹ ਦੇਖਿ (ਕੇ) ਹਰਿ ਮਿਲੇ ॥’’ (ਮ: ੪/੯੭੫)

‘‘ਹਮ ਪਾਪੀ ਬਹੁ ਨਿਰਗੁਣੀਆਰੇ (ਅਸਾਂ ਪਾਪੀਆਂ-ਗੁਣਹੀਣਾਂ ਲਈ); ਕਰਿ (ਕੇ) ਕਿਰਪਾ ਗੁਰਿ (ਨੇ) ਨਿਸਤਾਰੇ ॥’’ (ਮ: ੪/੯੮੩)

‘‘ਨਾ ਹਮ (ਸਾਡੇ ਲਈ) ਚੰਗੇ ਆਖੀਅਹ (ਆਖਿਆ ਜਾ ਸਕਦਾ ਹੈ); (ਹੋਰ) ਬੁਰਾ (ਵੀ) ਨ ਦਿਸੈ ਕੋਇ ॥’’ (ਮ: ੧/੧੦੧੫)

‘‘ਅਚਿੰਤੁ ਹਮ ਕਉ (ਸਾਡੇ ਲਈ) ਗੁਰਿ (ਨੇ) ਦੀਨੋ ਮੰਤੁ ॥’’ (ਮ: ੫/੧੧੫੭)

‘‘ਅਚਿੰਤ ਪ੍ਰਭੂ (ਨੇ); ਹਮ (ਸਾਨੂੰ, ਸਾਡੇ ਲਈ) ਕੀਆ (ਦਿੱਤਾ) ਦਿਲਾਸਾ (ਸਹਾਰਾ)॥’’ (ਮ: ੫/੧੧੫੭)

‘‘ਹਮਰੈ ਪ੍ਰਭਿ (ਨੇ) ਹਮ (ਅਸਾਂ ਲਈ) ਲੋਚ (ਤਾਂਘ) ਲਗਾਈ; ਹਮ ਕਰਹ ਪ੍ਰਭੂ ਹਰਿ ਭਾਲ ॥’’ (ਮ: ੪/੧੩੩੫)

‘‘ਗੁਰ ਸੇਵਾ ਹਰਿ ਹਮ (ਸਾਨੂੰ) ਭਾਈਆ (ਪਸੰਦ); ਹਰਿ ਹੋਆ ਹਰਿ ਕਿਰਪਾਲੁ ॥’’ (ਮ: ੪/੧੩੧੪)

ਅਪਾਦਾਨ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮ ਤੇ’ (7 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਤੇ (ਸਾਡੇ ਤੋਂ) ਕਛੂ ਨ ਹੋਵੈ ਦੇਵ ॥’’ (ਮ: ੫/੧੮੦)

‘‘ਹਮ ਤੇ (ਸਾਥੋਂ) ਕਛੂ ਨ ਹੋਵੈ ਸੁਆਮੀ ! ਜਿਉ ਰਾਖਹੁ ਤਿਉ ਰਹੀਐ ॥’’ (ਮ: ੫/੨੧੬)

‘‘ਹਮ ਛੂਟੇ ਅਬ ਉਨ੍ਾ ਤੇ; ਓਇ ‘ਹਮ ਤੇ’ (ਸਾਥੋਂ) ਛੂਟੇ ॥’’ (ਮ: ੫/੪੦੦)

‘‘ਹਮ ਤੇ (ਸਾਥੋਂ) ਕਿਛੂ ਨ ਹੋਇ ਮੇਰੇ ਸ੍ਵਾਮੀ! ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥’’ (ਮ: ੫/੬੭੫)

‘‘ਹਮ ਤੇ ਕਛੂ ਨ ਹੋਵਨਾ; ਸਰਣਿ ਪ੍ਰਭ ਸਾਧ ॥’’ (ਮ: ੫/੮੧੬)

‘‘ਰਾਖਿ ਲੇਹੁ; ਹਮ ਤੇ (ਸਾਥੋਂ) ਬਿਗਰੀ (ਗ਼ਲਤੀ ਹੋਈ)॥’’ (ਭਗਤ ਕਬੀਰ/੮੫੬)

‘‘ਸਾਧ ਪਠਾਏ (ਭੇਜੇ) ਆਪਿ ਹਰਿ; (ਉਨ੍ਹਾਂ ਦੱਸਿਆ ਕਿ ਹਰੀ) ਹਮ ਤੁਮ ਤੇ (ਸਾਡੇ-ਤੁਹਾਡੇ ਤੋਂ) ਨਾਹੀ ਦੂਰਿ ॥’’ (ਮ: ੫/੯੨੯)

(2). ਗੁਰਬਾਣੀ ਵਿੱਚ ‘ਹਮ ਸੇ’ (1 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਨੀਚ ਸੇ (ਅਸਾਂ ਨੀਚ ਤੋਂ) ਊਤਮ ਭਏ; ਹਰਿ ਕੀ ਸਰਣਾਈ ॥’’ (ਮ: ੩/੫੬੫)

ਸੰਬੰਧ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਅਸਾੜਾ’ (3 ਵਾਰ) ਦਰਜ ਹੈ, ਜੋ ‘ਸੰਬੰਧ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ। ਜਿਸ ਦਾ ਅਰਥ ਹੈ: ‘ਸਾਡਾ’; ਜਿਵੇਂ:

‘‘ਸਭ ਕਿਛੁ ਕੀਤਾ ਤੇਰਾ ਹੋਵੈ; ਨਾਹੀ ਕਿਛੁ ‘ਅਸਾੜਾ’ ਜੀਉ ॥’’ (ਮ: ੫/੧੦੩)

‘‘ਸਭੁ ਕਿਛੁ ਵਸਿ ਜਿਸੈ; ਸੋ ਪ੍ਰਭੂ ‘ਅਸਾੜਾ’ ॥’’ (ਮ: ੫/੪੬੧)

‘‘ਕਰਨ ਕਰਾਵਨ ਸਭੁ ਤੂਹੈ ਤੂਹੈ; ਹੈ ਨਾਹੀ ਕਿਛੁ ‘ਅਸਾੜਾ’ ॥’’ (ਮ: ੫/੧੦੮੧)

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 13 ਵਾਰ ‘ਸੰਬੰਧ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ। ਜਿਸ ਦਾ ਅਰਥ ਹੈ: ‘ਸਾਡਾ, ਸਾਡੇ’; ਜਿਵੇਂ:

‘‘ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ (ਘੋੜੇ-ਹਾਥੀ); ‘ਹਮ’ (ਸਾਡੇ) ਘਰਿ ਏਕੁ ਮੁਰਾਰੀ (ਕ੍ਰਿਸ਼ਨ)॥’’ (ਭਗਤ ਕਬੀਰ/੩੩੬)

‘‘ਜੋ ‘ਹਮ’ (ਸਾਡਾ) ਸਹਰੀ; ਸੁ ਮੀਤੁ ਹਮਾਰਾ ॥’’ (ਭਗਤ ਰਵਿਦਾਸ/੩੪੫)

‘‘ਪੰਕਜੁ ਮੋਹ ਪਗੁ ਨਹੀ ਚਾਲੈ; ‘ਹਮ’ ਦੇਖਾ (ਸਾਡੇ ਦੇਖਦਿਆਂ) ਤਹ ਡੂਬੀਅਲੇ ॥’’ (ਮ: ੧/੩੫੭)

‘‘ਜੁਗੁ ਜੁਗੁ ਹਰਿ ਹਰਿ ਏਕੋ ਵਰਤੈ; ਤਿਸੁ ਆਗੈ ‘ਹਮ’ (ਸਾਡਾ) ਆਦੇਸੁ ॥’’ (ਮ: ੪/੩੬੮)

‘‘ਹਮ’’ ਤੁਮ (ਸਾਡੇ-ਤੁਹਾਡੇ) ਬੀਚੁ; ਭਇਓ ਨਹੀ ਕੋਈ ॥’’ (ਭਗਤ ਕਬੀਰ/੪੮੪)

‘‘ਹਮ’’ (ਸਾਡੇ) ਘਰਿ (ਵਿੱਚ) ਨਾਮੁ ਖਜਾਨਾ ਸਦਾ ਹੈ; (ਕਿਉਂਕਿ ਰੱਬੀ) ਭਗਤਿ (ਦੇ) ਭਰੇ ਭੰਡਾਰਾ ॥’’ (ਮ: ੩/੫੯੩)

‘‘ਕਹੁ ਨਾਨਕ ! ‘ਹਮ’ (ਸਾਡਾ) ਇਹੈ ਹਵਾਲਾ (ਹਾਲ, ਦੁਰਦਸ਼ਾ); ਰਾਖੁ ਸੰਤਨ ਕੈ ਪਾਛੈ ॥’’ (ਮ: ੫/੬੧੩)

‘‘ਹਮ’’ ਸਰਿ (ਸਾਡੇ ਵਰਗਾ) ਦੀਨੁ (ਤੰਗਦਿਲ), ਦਇਆਲੁ ਨ ਤੁਮ ਸਰਿ (ਤੇਰੇ ਵਰਗਾ); ਅਬ (ਹੁਣ ਹੋਰ) ਪਤੀਆਰੁ (ਯਕੀਨ, ਸਬੂਤ) ਕਿਆ ਕੀਜੈ (ਕੀ ਦੇਈਏ ?)॥’’ (ਭਗਤ ਰਵਿਦਾਸ/੬੯੪)

‘‘ਕਹੁ ਕਬੀਰ! ‘ਹਮ’ (ਸਾਡੇ) ਐਸੇ ਲਖਨ (ਲੱਛਣ, ਜੀਵਨ)॥’’ (ਭਗਤ ਕਬੀਰ/੮੭੨)

‘‘ਕਹੁ ਨਾਨਕ ! ‘ਹਮ’ ਤੁਮ (ਮੇਰਾ-ਤੇਰਾ, ਮੇਰ-ਤੇਰ) ਗੁਰਿ (ਨੇ) ਖੋਈ ਹੈ; ਅੰਭੈ ਅੰਭੁ (ਪਾਣੀ ਵਿੱਚ ਪਾਣੀ ਵਾਙ ਅਸੀਂ ਪ੍ਰਭੂ ਵਿੱਚ) ਮਿਲੋਗਨੀ (ਮਿਲ ਗਏ)॥’’ (ਮ: ੫/੮੮੩)

‘‘ਹਰਿ ਹਮਾਰੋ ਮੀਤੁ ਸਖਾਈ; ‘ਹਮ’ (ਸਾਡੀ) ਹਰਿ ਸਿਉ ਪ੍ਰੀਤਿ ਲਾਗੀ ॥’’ (ਮ: ੪/੧੨੬੫)

‘‘ਹਮ’’ (ਸਾਡੀ) ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ (ਦੇ ਨਾਲ); ਹਮ ਲੋਚਹ ਪ੍ਰਭੁ ਦਿਖਨਥੇ (ਦੀਦਾਰ)॥’’ (ਮ: ੪/੧੩੨੦)

‘‘ਤੁਮ੍ ਚੇ (ਤੇਰੇ ਵਰਗੇ) ਪਾਰਸੁ ‘ਹਮ’ ਚੇ (ਸਾਡੇ ਵਰਗੇ) ਲੋਹਾ; ਸੰਗੇ ਕੰਚਨੁ ਭੈਇਲਾ (ਹੋਏ)॥’’ (ਭਗਤ ਨਾਮਦੇਵ/੧੩੫੧)

ਅਧਿਕਰਣ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਾਰੈ’ (56 ਵਾਰ) ਦਰਜ ਹੈ, ਜਿਸ ਵਿੱਚੋਂ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਅਨਦ ਬਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੈ (ਮਨ ਅੰਦਰ, ਵਿੱਚ) ਰਾਮ ॥’’ (ਮ: ੫/੭੮੨)

‘‘ਆਉ ਜੀ ! ਤੂ ਆਉ ਹਮਾਰੈ (ਮਨ ਅੰਦਰ), ਹਰਿ ਜਸੁ ਸ੍ਰਵਨ ਸੁਨਾਵਨਾ ॥’’ (ਮ: ੫/੧੦੧੮)

‘‘ਆਜੁ ਹਮਾਰੈ (ਮਨ ਅੰਦਰ) ਮਹਾ ਅਨੰਦ ॥’’ (ਮ: ੫/੧੧੮੦)

‘‘ਹਮਾਰੈ (ਸਾਡੇ ਉੱਤੇ) ਏਹ ਕਿਰਪਾ ਕੀਜੈ ॥ ਅਲਿ (ਭੌਰਾ) ਮਕਰੰਦ (ਫੁੱਲ-ਰਸ) ਚਰਨ ਕਮਲ ਸਿਉ, ਮਨੁ ਫੇਰਿ ਫੇਰਿ ਰੀਝੈ ॥’’ (ਮ: ੫/੧੩੨੧) ਆਦਿ।

(2). ਗੁਰਬਾਣੀ ਵਿੱਚ ‘ਅਸਾ’ (ਉਚਾਰਨ ‘ਅਸਾਂ’, 2 ਵਾਰ) ਦਰਜ ਹੈ, ਜਿਸ ਵਿੱਚੋਂ 1 ਵਾਰ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਅਸਾ’’ (ਅਸਾਂ ਵਿੱਚ) ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ, ਤਿਵੈ ਬਖਸਿ ॥’’ (ਮ: ੪/੭੩੬)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ 4 ਵਾਰ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਨਾ ਹਮ (ਅਸਾਂ ਅੰਦਰ) ਕਰਮ ਨ ਧਰਮ ਸੁਚ; ਪ੍ਰਭਿ (ਨੇ) ਗਹਿ (ਫੜ ਕੇ) ਭੁਜਾ ਆਪਾਇਓ (ਆਪਣਾ ਬਣਾ ਲਿਆ)॥’’ (ਮ: ੫/੨੪੧)

‘‘ਹਮ (ਅਸਾਂ) ਊਪਰਿ ਕਿਰਪਾ ਕਰਿ ਸੁਆਮੀ ! ਰਖੁ ਸੰਗਤਿ (ਵਿੱਚ) ਤੁਮ ਜੁ ਪਿਆਰੀ ॥’’ (ਮ: ੪/੬੬੬)

‘‘ਕਿਆ ਮੁਹੁ ਲੈ ਬੋਲਹ? ਨਾ ਹਮ (ਅਸਾਂ ਵਿੱਚ) ਗੁਣ, ਨ ਸੇਵਾ ਸਾਧੀ ॥’’ (ਮ: ੩/੧੦੪੮)

‘‘ਹਮ (ਅਸਾਂ ਵਿੱਚ) ਗੁਣ ਨਾਹੀ; ਕਿਆ ਬੋਲਹ ਬੋਲ ? ॥’’ (ਮ: ੩/੧੦੫੧)

(4). ਗੁਰਬਾਣੀ ਵਿੱਚ ‘ਹਮਰੈ ਵਿਚ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਕਿਲਵਿਖ ਮੈਲੁ ਭਰੇ ਪਰੇ ‘ਹਮਰੈ ਵਿਚਿ’; ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥’’ (ਮ: ੪/੧੨੬੩)

(ਨੋਟ: ਧਿਆਨ ਰਹੇ ਕਿ ‘ਹਮ’ ਸ਼ਬਦ ਗੁਰਬਾਣੀ ਵਿੱਚ ਇੱਕ ਵਚਨ ਪੜਨਾਂਵ (ਉੱਤਮ ਪੁਰਖ) ਵੀ ਦਰਜ ਹੈ; ਜਿਵੇਂ:

‘‘ਅਬ ਹਮ (ਮੈ) ਚਲੀ; ਠਾਕੁਰ ਪਹਿ ਹਾਰਿ (ਕੇ) ॥’’ (ਮ: ੪/੫੨੭) (‘ਹਮ’ ਕਰਤਾ ਕਾਰਕ)

‘‘ਕਰਿ (ਕੇ) ਅਪਰਾਧ; ਸਰਣਿ ਹਮ (ਮੈ) ਆਇਆ ॥’’ (ਮ: ੧/੯੦੪) (‘ਹਮ’ ਕਰਤਾ ਕਾਰਕ)

‘‘ਕਬੀਰ ! ਨਾ ‘‘ਹਮ’’ (ਅਸਾਂ ਨੇ) ਕੀਆ, ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥’’ (ਭਗਤ ਕਬੀਰ/੧੩੬੭) (‘ਹਮ’ ਸੰਬੰਧਕੀ ਕਰਤਾ ਕਾਰਕ)

‘‘ਹਮ ਮੂਰਖ ਕਉ (ਲਈ) ਹਰਿ ਕਿਰਪਾ ਕਰੀ ॥’’ (ਮ: ੪/੧੧੩੪) (‘ਹਮ’ ਸੰਪਰਦਾਨ ਕਾਰਕ)

‘‘ਮੇਰੀ ਇਛ ਪੁਨੀ (ਪੂਰੀ ਹੋਈ) ਜੀਉ ! ਹਮ (ਮੇਰੇ) ਘਰਿ (ਵਿੱਚ) ਸਾਜਨੁ ਆਇਆ ॥’’ (ਮ: ੧/੨੪੨) (‘ਹਮ’ ਸੰਬੰਧ ਕਾਰਕ)

‘‘ਹਮ (ਮੇਰੇ) ਘਰਿ (ਵਿੱਚ) ਸੂਤੁ ਤਨਹਿ ਨਿਤ ਤਾਨਾ; ਕੰਠਿ ਜਨੇਊ ਤੁਮਾਰੇ ॥’’ (ਭਗਤ ਕਬੀਰ/੪੮੨) (‘ਹਮ’ ਸੰਬੰਧ ਕਾਰਕ)

(ਨੋਟ: ਗੁਰਬਾਣੀ ਸਰਲ ਵਿਆਕਰਨ (ਭਾਗ-5) ’ਚ ‘ਪੜਨਾਂਵ ਮੱਧਮ ਪੁਰਖ’ ਦੀ ਵੀਚਾਰ ਕੀਤੀ ਜਾਵੇਗੀ।)

Pronoun (Part 4, A)

0

 ਮੱਧਮ ਪੁਰਖ ਪੜਨਾਂਵ, ਅਧਿਆਇ-1

ਪਿਛਲੇ ਲੇਖ (ਭਾਗ-4) ’ਚ ਗੁਰਬਾਣੀ ਵਿੱਚ ਦਰਜ ‘ਪੜਨਾਂਵ, ਉੱਤਮ ਪੁਰਖ’ ਦੀ ਵੀਚਾਰ ਕੀਤੀ ਗਈ ਸੀ ਪਰ ਇਸ ਹਥਲੇ ਲੇਖ ਦਾ ਵਿਸ਼ਾ ਹੋਵੇਗਾ ਕਿ ‘ਪੜਨਾਂਵ’ (ਮੱਧਮ ਪੁਰਖ) ਜਾਂ ‘ਦੂਜਾ ਪੁਰਖ’ (ਪੜਨਾਂਵ) ਕਿਸ ਨੂੰ ਆਖਦੇ ਹਨ ?

ਜਵਾਬ: ਜਿਸ ਪੁਰਖ ਨਾਲ ਸੰਬੋਧਤ (ਮੁੱਖ਼ਾਤਬ) ਹੋ ਕੇ ਗੱਲਬਾਤ ਕੀਤੀ ਜਾਵੇ ਉਹ ‘ਮੱਧਮ (ਦੂਜਾ) ਪੁਰਖ ਨਾਂਵ’ ਅਖਵਾਉਂਦਾ ਹੈ ਤੇ ਜਿਸ ‘ਪੜਨਾਂਵ’ ਰਾਹੀਂ ‘ਮੱਧਮ ਪੁਰਖ ਨਾਂਵ’ ਦਾ ਬੋਧ (ਗਿਆਨ) ਹੁੰਦਾ ਹੋਵੇ, ਉਹ ‘ਮੱਧਮ ਪੁਰਖ ਪੜਨਾਂਵ’ ਹੁੰਦਾ ਹੈ।

ਆਧੁਨਿਕ (ਅਜੋਕੀ) ਪੰਜਾਬੀ ਵਿੱਚ ‘ਮੱਧਮ ਪੁਰਖ ਪੜਨਾਂਵ’ ਸ਼ਬਦ ਹਨ :- ‘ਤੂੰ, ਤੁਸੀਂ, ਤੈਨੂੰ, ਤੇਰੇ, ਤੁਹਾਡੇ, ਤੇਰੀ, ਤੁਹਾਡੀ, ਤੇਰਾ, ਤੁਹਾਡਾ, ਤੇਰੀਆਂ, ਤੁਹਾਡੀਆਂ, ਤੈਥੋਂ, ਤੁਹਾਥੋਂ ’ ਆਦਿ।

ਗੁਰਬਾਣੀ ਵਿੱਚ ‘ਮੱਧਮ ਪੁਰਖ ਪੜਨਾਂਵ’ ਸ਼ਬਦ ਹਨ :- ‘ਤੂ, ਤੂੰ, ਤੈ, ਤੈਂ, ਥੈਂ, ਥੇ, ਤੂਹੈ, ਤੂਹੈਂ, ਤੂੰਹੈ, ਤੁਹੀ, ਤੁਹੀਂ, ਤੋਹਿ, ਤੁਹਿ, ਤੁੋਹਿ, ਤੋਹੀ, ਤੁਧ, ਤੁਧੁ, ਤੁਧੈ, ਤੁਹ, ਤੁਝ, ਤੁਝੁ, ਤੁਝੈ, ਤੁਝਹਿ, ਤੁਝਹੁ, ਤਉ, ਤੁ, ਤੁਅ, ਤਵ, ਤੋਰ, ਤੇਰਾ, ਤੇਰੇ, ਤੇਰੀ, ਤੇਰੋ, ਤੇਰਿਆ, ਤਹਿਜਾ, ਤਹਿੰਜੀ, ਤੈਡਾ, ਤੈਡੇ, ਤੈਡੈ, ਤੈਡੀ, ਥਾਰਾ, ਥਾਰੀ, ਥਾਰੇ, ਥਾਰੋ, ਤੁਮ, ਤੁਮ੍ਹ, ਤੁਮ੍ਹਾ, ਤੁਮ੍ਹੇ, ਤੁਸੀ, ਤੁਸਾ, ਤੁਮਹਿ, ਤੁਮੈ, ਤੁਮਰੇ, ਤੁਮਰੈ, ਤੁਮਰਾ, ਤੁਮਰੀ, ਤੁਮ੍ਹਰੋ, ਤੁਮ੍ਹਾਰੈ, ਤੁਮਾਰੇ, ਤੁਮਾਰੈ, ਤੁਮਾਰੋ, ਤੁਮਾਰੀ, ਤੁਮਾਰਾ, ਤੁਹਾਰਾ, ਤੁਹਾਰੇ, ਤੁਹਾਰੈ, ਤੁਹਾਰੀ, ਤੁਹਾਰਿ, ਤੁਹਾਰੋ, ਤੁਹਾਰੀਆ, ਤੁਮ ਹੀ, ਤੁਮਹਿ, ਤੁਮ੍ਹਹਿ, ਤੁਮ੍ਹਾਰਹਿ, ਤੁਮਾਰੀਆ’ ਆਦਿ।

‘ਉੱਤਮ ਪੁਰਖ ਪੜਨਾਂਵ’ ਵਾਙ ਹੀ ‘ਮੱਧਮ ਪੁਰਖ ਪੜਨਾਂਵ’ ਸ਼ਬਦ ਵੀ ਗੁਰਬਾਣੀ ਵਿੱਚ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਨ’ ਰੂਪ ਵਿੱਚ ਦਰਜ ਨਹੀਂ ਹਨ ਭਾਵ 8 ਕਾਰਕਾਂ ਵਿੱਚੋਂ ਕੇਵਲ 6 ਕਾਰਕਾਂ (ਕਰਤਾ ਕਾਰਕ, ਕਰਮ ਕਾਰਕ, ਸੰਪ੍ਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ਵਿੱਚ ਹੀ ਉਪਰੋਕਤ ਬਿਆਨ ਕੀਤੇ ਗਏ ਤਮਾਮ ‘ਮੱਧਮ ਪੁਰਖ ਪੜਨਾਂਵ’ ਸ਼ਬਦ ਆ ਜਾਂਦੇ ਹਨ, ਜਿਨ੍ਹਾਂ ਵਿੱਚੋਂ ਕੇਵਲ ‘ਕਰਤਾ ਕਾਰਕ’ ਸ਼ਬਦ ‘ਉੱਤਮ ਪੁਰਖ ਪੜਨਾਂਵ’ ਸ਼ਬਦਾਂ ਵਾਙ ਹੀ ‘ਮੱਧਮ ਪੁਰਖ ਪੜਨਾਂਵ’ ਸ਼ਬਦ ਵੀ ‘ਸਾਧਾਰਨ ਕਰਤਾ ਕਾਰਕ-ਰੂਪ’ ਤੇ ‘ਸੰਬੰਧਕੀ ਕਰਤਾ ਕਾਰਕ-ਰੂਪ’ ਵਿੱਚ ਦਰਜ ਮਿਲਦੇ ਹਨ ਤੇ ਇਸ ਤਰ੍ਹਾਂ ਹੀ ਵੀਚਾਰੇ ਜਾਣਗੇ।

(ਨੋਟ: ਧਿਆਨ ਰਹੇ ਕਿ ‘ਉੱਤਮ ਪੁਰਖ ਪੜਨਾਂਵ’ ਦੇ ਕਿਸੇ ਵੀ ਸ਼ਬਦ (ਸਰੂਪ) ਵਿੱਚ ਅੰਤ ਔਂਕੜ ਨਹੀਂ ਸੀ ਪਰ ‘ਮੱਧਮ ਪੁਰਖ ਪੜਨਾਂਵ’ (ਤੇ ‘ਅਨ੍ਯ ਪੁਰਖ ਪੜਨਾਂਵ’) ਸ਼ਬਦਾਂ ਵਿੱਚੋਂ ਕੁਝ ਕੁ ਦੇ ਅਖ਼ੀਰ ’ਚ ਔਂਕੜ ਦਰਜ ਹੁੰਦਾ ਹੈ, ਜਿਨ੍ਹਾਂ ਨਾਲ ਕੁਝ ਵਿਸ਼ੇਸ਼ ਕਿਸਮ ਦੇ ਸੰਬੰਧਕੀ ਸ਼ਬਦ ਆਇਆਂ (ਇੱਕ ਵਚਨ ਪੁਲਿੰਗ ਨਾਂਵ ਸ਼ਬਦਾਂ ਵਾਙ) ਅੰਤ ਮੁਕਤਾ ਹੋ ਜਾਂਦਾ ਹੈ। ‘ਇੱਕ ਵਚਨ ਨਾਂਵ’ ਤੇ ‘ਇੱਕ ਵਚਨ ਪੜਨਾਂਵ’ ਸ਼ਬਦਾਂ ਨਾਲ ਇਸਤੇਮਾਲ ਹੁੰਦੇ ਸੰਬੰਧਕੀ ਸ਼ਬਦਾਂ ’ਚ ਇਹੀ ਭਿੰਨਤਾ ਹੁੰਦੀ ਹੈ ਕਿ ‘ਨਾਂਵ’ ਸ਼ਬਦਾਂ ਨੂੰ ‘ਲੁਪਤ’ ਸੰਬੰਧਕੀ ਵੀ ਅੰਤ ਮੁਕਤਾ ਕਰ ਦਿੰਦੇ ਹਨ ਜਦਕਿ ‘ਪੜਨਾਂਵ’ ਸ਼ਬਦਾਂ ਨੂੰ ‘ਲੁਪਤ’ ਸੰਬੰਧਕੀ ਅੰਤ ਮੁਕਤਾ ਨਹੀਂ ਕਰ ਸਕਦੇ।

‘ਤੁਧੁ’ ਤੇ ‘ਤੁਝੁ’ ਸ਼ਬਦ ਹਮੇਸ਼ਾਂ ਅੰਤ ਔਂਕੜ ਹੁੰਦੇ ਹਨ ਪਰ ‘ਤੁਧੁ’ ਸ਼ਬਦ ਨਾਲ ਕੇਵਲ ‘ਨੋ’ (ਸੰਬੰਧਕੀ) ਤੇ ‘ਹੀ’ (ਅਵਯ, ਅੱਵਿਐ) ਚਿੰਨ੍ਹ ਆਇਆਂ ‘ਤੁਧੁ’ ਦਾ ਸਰੂਪ ‘ਤੁਧ’ (ਅੰਤ ਮੁਕਤਾ) ਬਣ ਜਾਂਦਾ ਹੈ ਜਦਕਿ ‘ਤੁਝੁ’ ਸ਼ਬਦ ਨਾਲ (ਪ੍ਰਗਟ ਰੂਪ ’ਚ) ‘ਤੇ, ਹੀ, ਬਿਨੁ, ਬਿਨਾ, ਮਹਿ, ਮਾਹਿ, ਮਾਹੀ, ਉਪਰਿ, ਕਉ, ਪਾਸਿ, ਪਾਸਹੁ, ਪਹਿ (ਪਾਸ), ਪਾਹਿ (ਪਾਸ), ਕਨਿ (ਵੱਲ), ਓਰੁ (ਵੱਲ)’ (ਭਾਵ 15 ਸੰਬੰਧਕੀ ਚਿੰਨ੍ਹ) ਆਇਆਂ ਇਸ ਦਾ ਸਰੂਪ ‘ਤੁਝ’ (ਅੰਤ ਮੁਕਤਾ) ਹੋ ਜਾਂਦਾ ਹੈ।

‘ਗੁਰੂ ਪਿਆਰਿਆਂ’ (ਜਗਿਆਸੂਆਂ) ਲਈ ਇਹ ਵਿਸ਼ਾ ਕਿ ‘ਨਾਮ ਕੀ ਹੈ? ਤੇ ‘ਸਿਮਰਨ ਕਿਵੇਂ ਕਰੀਏ? ਭਾਵ ਕੁਦਰਤ ਦੇ ਸਿਰਜਣਹਾਰ ਨੂੰ ਯਾਦ ਕਿਵੇਂ ਕਰੀਏ?, ਦਾ ਬਹੁਤ ਹੀ ਢੁੱਕਵਾਂ ਜਵਾਬ ਹੈ, ਇਹ ਹਥਲਾ ਲੇਖ: ‘ਮੱਧਮ ਪੁਰਖ ਪੜਨਾਂਵ’; ਜਿਸ ਵਿੱਚ ਦਰਜ ਤਮਾਮ ਉਹ ਪੰਕਤੀਆਂ ‘ਨਾਮ’ ਹੈ, ਜੋ ‘ਗੁਰੂ’ ਤੇ ‘ਪ੍ਰਭੂ’ ਦੇ ‘ਰੂ-ਬਰੂ’ (ਆਮ੍ਹਣੇ-ਸਾਮ੍ਹਣੇ) ਹੋ ਕੇ ‘ਸੰਬੋਧਨ ਰੂਪ’ ’ਚ ਇੱਕ ਗੁਰਸਿੱਖ ਆਪਣੇ ਮਨ ਦੀ ਭਾਵਨਾ (ਵਾਰਤਾਲਾਪ ਰਾਹੀਂ) ਵਿਅਕਤ ਕਰਦਾ ਹੈ।

ਪਾਠਕਾਂ ਦੀ ਸੁਵਿਧਾ ਲਈ ਇਨ੍ਹਾਂ ਤਮਾਮ ਪੰਕਤੀਆਂ ਦੇ ‘ਗੁਰਬਾਣੀ ਵਿਆਕਰਨ’ ਵਿਸ਼ੇ ਦੇ ਨਾਲ-ਨਾਲ ਭਾਵਾਰਥਾਂ ਨੂੰ ਵੀ ਸਰਲ ਕਰਨ ਲਈ ਸੀਮਤ ਸ਼ਬਦਾਂ ’ਚ ਕੁਝ-ਕੁ ਪਦ ਅਰਥ ਕੀਤੇ ਜਾ ਰਹੇ ਹਨ ਤੇ ਪੰਕਤੀਆਂ ਵੀ ਵਧੇਰੇ ਮਾਤ੍ਰਾ ’ਚ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ‘ਗੁਰੂ ਸਾਹਿਬਾਨਾਂ’ ਤੇ ‘ਭਗਤ-ਭੱਟ’ ਆਦਿ ਜਨਾਂ ਦੇ ਵਿਚਾਰਾਂ ’ਚ ਵੀ ਸਮਾਨਤਾ ਸਪਸ਼ਟ ਹੁੰਦੀ ਹੈ। ਪਾਠਕ-ਜਨ ਆਪਣੀ ਜ਼ਰੂਰਤ ਅਨੁਸਾਰ ਲਾਭ ਉਠਾ ਸਕਦੇ ਹਨ। ਵਿਸ਼ੇ ਦੇ ਵਿਸਥਾਰ ਨੂੰ ਵੇਖਦਿਆਂ ਇਹ ਵਿਸ਼ਾ ਇੱਕ ਵਚਨ ਪੜਨਾਂਵ ਨੂੰ ਅਧਿਆਇ 5 ਵਿੱਚ ਤੇ ਬਹੁ ਵਚਨ ਪੜਨਾਂਵ ਨੂੰ ਅਧਿਆਇ-2 ਵਿੱਚ ਵੀਚਾਰਿਆ ਜਾਵੇਗਾ। ਉਮੀਦ ਹੈ ਕਿ ‘ਜਗਿਆਸੂ-ਜਨ’ ਇਸ ਵਿਸ਼ੇ ਨੂੰ ਆਪਣਾ ਨਿੱਤ-ਨੇਮ (ਨਿਤਾ-ਪ੍ਰਤਿ ਅਸੂਲ) ਬਣਾ ਲੈਣਗੇ।)

ਭਾਗ ਦੂਜਾ (‘ਮੱਧਮ ਪੁਰਖ’ ’ਚ ਦਰਜ ‘ਇੱਕ ਵਚਨ ਪੁਰਖਵਾਚੀ ਪੜਨਾਂਵ’)

ਅਧਿਆਇ-1

(1). ਗੁਰਬਾਣੀ ਵਿੱਚ ‘ਤੈ’ ਸ਼ਬਦ 156 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 57 ਵਾਰ ਇਹ ਸ਼ਬਦ ‘ਮੱਧਮ ਪੁਰਖ ਇੱਕ ਵਚਨ ਪੜਨਾਂਵ’ ਨਹੀਂ ਹੈ ਭਾਵ ਇਸ (‘ਤੈ’) ਦਾ ਅਰਥ ਕੁਝ ਹੋਰ ਹੈ; ਜਿਵੇਂ:

(ੳ). ‘ਤੈ’ ਸ਼ਬਦ ਦਾ 2 ਵਾਰ ਅਰਥ ਹੈ: 3 (ਤਿੰਨ, ਸੰਖਿਆ-ਵਾਚਕ) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਗਜ ਸਾਢੇ ‘ਤੈ ਤੈ’ (ਤਿੰਨ-ਤਿੰਨ) ਧੋਤੀਆ; ਤਿਹਰੇ ਪਾਇਨਿ ਤਗ ॥’’ (ਭਗਤ ਕਬੀਰ/੪੭੬)

‘‘ਥਾਲੈ ਵਿਚਿ ‘ਤੈ’ (ਤਿੰਨ) ਵਸਤੂ ਪਈਓ; ਹਰਿ ਭੋਜਨੁ ਅੰਮ੍ਰਿਤੁ ਸਾਰੁ (ਸ੍ਰੇਸ਼ਟ)॥’’ (ਮ: ੩/੬੪੫)

(ਅ). ‘ਤੈ’ ਸ਼ਬਦ ਦਾ 4 ਵਾਰ ਅਰਥ ਹੈ: ‘ਥਾਂ, ਜਗ੍ਹਾ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਜੇ ਕਰਿ ਸੂਤਕੁ ਮੰਨੀਐ; ਸਭ ‘ਤੈ’ (ਹਰ ਥਾਂ) ਸੂਤਕੁ ਹੋਇ ॥’’ (ਮ: ੧/੪੭੨) ਆਦਿ।

(ੲ). ‘ਤੈ’ ਸ਼ਬਦ ਦਾ 18 ਵਾਰ ਅਰਥ ਹੈ: ‘ਉਸ ਦਾ, ਉਸ ਨੂੰ’ (ਭਾਵ ਅਨ੍ਯ ਪੁਰਖ, ਇੱਕ ਵਚਨ ਪੜਨਾਂਵ, ਨਾ ਕਿ ‘ਮੱਧਮ ਪੁਰਖ ਪੜਨਾਂਵ’) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਠਾਕੁਰ (ਦੇ) ਹਾਥਿ (ਵਿੱਚ) ਵਡਾਈਆ; ਜੈ (ਜਿਸ ਨੂੰ) ਭਾਵੈ, ‘ਤੈ’ (ਉਸ ਨੂੰ) ਦੇਇ ॥’’ (ਮ: ੧/੯੩੫)

‘‘ਜੈ ਬਖਸੇ; ‘ਤੈ’ (ਉਸ ਦਾ) ਪੂਰਾ ਕਾਜੁ ॥’’ (ਮ: ੧/੧੩੨੭) ਆਦਿ।

(ਸ). ‘ਤੈ’ ਸ਼ਬਦ ਦਾ 33 ਵਾਰ ਅਰਥ ਹੈ: ‘ਅਤੇ’ (ਭਾਵ ਯੋਜਕ) ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਆਖਹਿ ਗੋਪੀ ‘ਤੈ’ (ਅਤੇ) ਗੋਵਿੰਦ ॥’’ (ਜਪੁ /ਮ: ੧/੬)

‘‘ਆਪਿ ਉਪਾਏ ‘ਤੈ’ (ਅਤੇ) ਆਪੇ ਵੇਖੈ ॥’’ (ਮ: ੩/੧੨੯)

‘‘ਭਗਤਾ ‘ਤੈ’ (ਅਤੇ) ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮ: ੧/੧੪੫)

‘‘ਪੰਦ੍ਰਹ ਥਿਤਂੀ ‘ਤੈ’ (ਅਤੇ) ਸਤ ਵਾਰ ॥’’ (ਮ: ੩/੮੪੨) ਆਦਿ।

ਉਪਰੋਕਤ ਕੀਤੀ ਗਈ ਵੀਚਾਰ ਕਿ ‘ਤੈ’ ਸ਼ਬਦ 156 ਵਿੱਚੋਂ 57 ਵਾਰ ‘ਮੱਧਮ ਪੁਰਖ ਪੜਨਾਂਵ’ ਨਹੀਂ; ਇਸ ਲਈ ਕੇਵਲ 99 ਵਾਰ ਹੀ ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ਹੈ, ਜੋ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਦਰਜ ਹੈ; ਜਿਵੇਂ:

(1). ਕਰਤਾ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ (ਕੰਮ) ਕਰਨ ਵਾਲੇ ਸ਼ਬਦ (ਨਾਂਵ ਦੀ ਗ਼ੈਰ ਹਾਜ਼ਰੀ ’ਚ ਇਸਤੇਮਾਲ ਕੀਤਾ ਗਿਆ ਪੜਨਾਂਵ), ਵਾਕ ਵਿੱਚ ‘ਕਰਤਾ ਕਾਰਕ ਪੜਨਾਂਵ’ ਅਖਵਾਉਂਦਾ ਹੈ।

(ੳ). ਗੁਰਬਾਣੀ ਵਿੱਚ ‘ਤੈ’ ਸ਼ਬਦ 10 ਵਾਰ ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੂੰ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਜੋਗੀ !) ‘‘ਘਟ ਹੀ ਮਾਹਿ ਨਿਰੰਜਨੁ ਤੇਰੈ; ‘ਤੈ’ (ਤੂੰ) ਖੋਜਤ ਉਦਿਆਨਾ (ਜੰਗਲ ’ਚ) ॥’’ (ਮ: ੯/੬੩੨)

(ਹੇ ਭਾਈ !) ‘‘ਜਮ ਕੋ ਡੰਡੁ ਪਰਿਓ ਸਿਰ ਊਪਰਿ; ਤਬ ਸੋਵਤ ‘ਤੈ’ (ਤੂੰ) ਜਾਗਿਓ ॥’’ (ਮ: ੯/੧੦੦੮)

‘‘ਜਿਹ ਸਿਮਰਤ, ਗਤਿ ਪਾਈਐ; ਤਿਹ (ਉਸ ਨੂੰ), ਭਜੁ ਰੇ ‘ਤੈ’ (ਤੂੰ) ਮੀਤ ! ॥’’ (ਮ: ੯/੧੪੨੭) ਆਦਿ।

(ਅ). ਗੁਰਬਾਣੀ ਵਿੱਚ ‘ਤੈ’ ਸ਼ਬਦ 70 ਵਾਰ ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਭਾਈ !) ‘‘ਆਨ ਰਸਾ ਜੇਤੇ ‘ਤੈ’ (ਤੈਂ ਨੇ) ਚਾਖੇ ॥ ਨਿਮਖ ਨ ਤਿ੍ਰਸਨਾ ਤੇਰੀ ਲਾਥੇ ॥’’ (ਮ: ੫/੧੮੦)

(ਹੇ ਭਾਈ !) ‘‘ਰਤਨ ਜਨਮੁ ਅਪਨੋ ‘ਤੈ’ (ਤੈਂ ਨੇ) ਹਾਰਿਓ; ਗੋਬਿੰਦ ਗਤਿ ਨਹੀ ਜਾਨੀ ॥’’ (ਮ: ੯/੨੨੦)

(ਹੇ ਭਾਈ !) ‘‘ਕਿਆ ‘ਤੈ’ (ਤੈਂ ਨੇ) ਖਟਿਆ; ਕਹਾ ਗਵਾਇਆ ? ॥’’ (ਭਗਤ ਕਬੀਰ/੭੯੨)

‘‘ਮੂੜ੍ੇ! ਕਾਹੇ ਬਿਸਾਰਿਓ; ‘ਤੈ’ (ਤੈਂ ਨੇ) ਰਾਮ (ਦਾ) ਨਾਮ ? ॥’’ (ਮ: ੧/੧੧੮੯)

‘‘ਤੈ’’ (ਤੈਂ ਨੇ) ਨਰ! ਕਿਆ ਪੁਰਾਨੁ ਸੁਨਿ (ਕੇ) ਕੀਨਾ (ਕੀਤਾ)? ॥’’ (ਭਗਤ ਪਰਮਾਨੰਦ/੧੨੫੩)

(ਹੇ ਭਾਈ !) ‘‘ਜੇ ‘ਤੈ’ (ਤੈਂ ਨੇ), ਰਬੁ (ਨੂੰ) ਵਿਸਾਰਿਆ; ਤ ਰਬਿ (ਨੇ) ਨ (ਤੈਨੂੰ) ਵਿਸਰਿਓਹਿ (ਭੁਲਾਇਆ)॥’’ (ਬਾਬਾ ਫਰੀਦ/੧੩੮੩)

‘‘ਸ੍ਰੀ ਗੁਰ ਰਾਮਦਾਸ! ਜਯੋ ਜਯ ਜਗ ਮਹਿ; ‘ਤੈ’ (ਤੈਂ ਨੇ), ਹਰਿ ਪਰਮ-ਪਦੁ ਪਾਇਯਉ ॥’’ (ਭਟ ਬਲੵ /੧੪੦੫) ਆਦਿ।

(ਨੋਟ: ਉਪਰੋਕਤ ਤਮਾਮ ‘ਤੈ’ ਸ਼ਬਦਾਂ ਦਾ ਉਚਾਰਨ ‘ਤੈਂ’ (ਬਿੰਦੀ ਸਹਿਤ) ਕਰਨ ਦੀ ਪ੍ਰੇਰਨਾ ਸਾਨੂੰ ਇਨ੍ਹਾਂ 8 ਪੰਕਤੀਆਂ ’ਚੋਂ ਮਿਲਦੀ ਹੈ:

(ਹੇ ਕਰਤਾਰ !) ‘‘ਐਸਾ, ‘ਤੈਂ’ (ਤੈਂ ਨੇ) ਜਗੁ ਭਰਮਿ (ਵਿੱਚ) ਲਾਇਆ ॥’’ (ਭਗਤ ਕਬੀਰ/੯੨)

(ਹੇ ਕਰਤਾਰ !) ‘‘ਇਹੁ ਜਗੁ ਭੂਲਾ; ‘ਤੈਂ’ (ਤੈਂ ਨੇ) ਆਪਿ ਭੁਲਾਇਆ ॥’’ (ਮ: ੩/੧੧੧)

(ਹੇ ਕਰਤਾਰ !) ‘‘ਪਹਿਲੋ ਦੇ (ਦੇ ਕੇ ਭਾਵ ਪਹਿਲਾਂ ਤਾਂ); ‘ਤੈਂ’ (ਤੈਂ ਨੇ) ਰਿਜਕੁ ਸਮਾਹਾ (ਇਕੱਠਾ ਕੀਤਾ)॥’’ (ਮ: ੫/੧੩੦)

(ਹੇ ਕਰਤਾਰ !) ‘‘ਪਿਛੋ ਦੇ (ਦੇ ਕੇ ਭਾਵ ਪਿਛੋਂ ਫਿਰ); ‘ਤੈਂ’ (ਤੈਂ ਨੇ) ਜੰਤੁ ਉਪਾਹਾ (ਪੈਦਾ ਕੀਤਾ)॥’’ (ਮ: ੫/੧੩੦)

‘‘ਜਾ ਕੈ ਹਿਰਦੈ ਵਸਿਆ ਤੂ ਕਰਤੇ ! ਤਾ ਕੀ ‘ਤੈਂ’ (ਤੈਂ ਨੇ) ਆਸ ਪੁਜਾਈ (ਪੂਰੀ ਕੀਤੀ)॥’’ (ਮ: ੫/੬੧੦)

(ਹੇ ਕਰਤਾਰ !) ‘‘ਸੇ (ਉਹ ਸਾਰੇ), ‘ਤੈਂ’ (ਤੈਂ ਨੇ) ਲੀਨੇ (ਲਏ) ਭਗਤ ਰਾਖਿ ॥’’ (ਮ: ੫/੧੧੯੨)

(ਹੇ ਕਰਤਾਰ !) ‘‘ਜਿਨਿ ਜਿਨਿ ਕਰੀ ਅਵਗਿਆ (ਨਿਰਾਦਰੀ) ਜਨ ਕੀ; ਤੇ (ਉਹ ਸਭ) ‘ਤੈਂ’ (ਤੈਂ ਨੇ) ਦੀਏ ਰੁੜ੍ਾਈ ॥’’ (ਮ: ੫/੧੨੩੫)

‘‘ਗੁਰ ਰਾਮਦਾਸ ! ਕਲੵੁਚਰੈ; ‘ਤੈਂ’ (ਤੈਂ ਨੇ) ਅਟਲ ਅਮਰ ਪਦੁ ਪਾਇਓ ॥’’ (ਭਟ ਕਲੵ/੧੩੯੭)

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਨੋਟ: ਧਿਆਨ ਰਹੇ ਕਿ ‘ਪੜਨਾਂਵ’ ਤੇ ‘ਪੜਨਾਂਵ ਵਿਸ਼ੇਸ਼ਣ’ ਸ਼ਬਦਾਂ ’ਚ ਕੇਵਲ ਇਹੀ ਅੰਤਰ ਹੁੰਦਾ ਹੈ ਕਿ ‘ਪੜਨਾਂਵ’ ਕਿਸੇ ਵਾਕ ’ਚ ਨਾਂਵ ਦੀ ਗ਼ੈਰ ਹਾਜ਼ਰੀ ’ਚ ਦਰਜ ਹੁੰਦਾ ਹੈ ਜਦਕਿ ‘ਪੜਨਾਂਵ ਵਿਸ਼ੇਸ਼ਣ’ ਵਾਕ ’ਚ ਨਾਂਵ ਦੇ ਸਮਾਨੰਤਰ ਦਰਜ ਹੁੰਦਾ ਹੈ; ਜਿਵੇਂ: ਗੁਰਮੁਖ ਚੰਗਾ ਬੱਚਾ ਹੈ।, ਉਹ ਸਕੂਲ ਜਾਂਦਾ ਹੈ।, ਉਹ ਗੁਰਮੁਖ ਪਾਠ ਕਰਦਾ ਹੈ।, ਵਾਕਾਂ ’ਚ ਪਹਿਲੇ ਨੰਬਰ ’ਤੇ ‘ਗੁਰਮੁਖ’ ਨਾਂਵ ਹੈ, ਦੂਸਰੇ ਵਾਕ ’ਚ ‘ਉਹ’ ਪੜਨਾਂਵ ਹੈ ਕਿਉਂਕਿ ਇਸ ਵਾਕ ’ਚ ‘ਗੁਰਮੁਖ’ ਨਾਂਵ ਦਰਜ ਨਹੀਂ ਅਤੇ ਤੀਸਰੇ ਵਾਕ ’ਚ ‘ਉਹ ਗੁਰਮੁਖ’ (ਭਾਵ ਨਾਂਵ ਤੇ ਪੜਨਾਂਵ ਸਮਾਨੰਤਰ ਦਰਜ ਹੋਣ) ਕਾਰਨ ‘ਉਹ’ ਸ਼ਬਦ ‘ਪੜਨਾਂਵ ਵਿਸ਼ੇਸ਼ਣ’ ਬਣ ਗਿਆ।)

‘‘ਪ੍ਰੇਮ-ਪਟੋਲਾ ‘ਤੈ’ ਸਹਿ (ਤੈਂ ਸਾਹਿਬ ਨੇ) ਦਿਤਾ; ਢਕਣ ਕੂ ਪਤਿ ਮੇਰੀ ॥’’ (ਮ: ੫/੫੨੦) (ਇਸ ਪੰਕਤੀ ’ਚ ‘ਤੈ’ ਸ਼ਬਦ ਦੇ ਸਮਾਨੰਤਰ ਹੀ ‘ਸਹਿ’ (ਨਾਂਵ) ਸ਼ਬਦ ਦਰਜ ਹੈ ਇਸ ਲਈ ‘ਤੈ’ ਪੜਨਾਂਵ ਨਹੀਂ ਬਲਕਿ ‘ਪੜਨਾਂਵ ਵਿਸ਼ੇਸ਼ਣ’ ਬਣ ਗਿਆ ਤੇ ਅਰਥ ਬਣ ਗਏ: ‘ਤੈਂ ਸ਼ਾਹ ਨੇ’ ਭਾਵ ਨਾਂਵ ਪੜਨਾਂਵ ਦੇ ਜੁੜਤ ਅਰਥ।)

(2) ਕਰਮ ਕਾਰਕ ਪੜਨਾਂਵ: ਪਰਿਭਾਸ਼ਾ: ਕਿਰਿਆ ਦੁਆਰਾ ਪ੍ਰਗਟਾਏ ਗਏ ਕੰਮ ਦਾ ਪ੍ਰਭਾਵ (ਅਸਰ) ਜਿਸ ਸ਼ਬਦ (ਪੜਨਾਂਵ) ਉੱਤੇ ਪਵੇ, ਵਾਕ ਵਿੱਚ ਉਹ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹੈ ਤੇ 1 ਵਾਰ ਹੀ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਕਰਤਾਰ !) ‘‘ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ; ਜੋ ‘ਤੈ’ (ਤੈਨੂੰ) ਭਾਵੈ ਸਾਈ (ਉਹੀ ਗੱਲ ਹੁੰਦੀ ਹੈ) ॥’’ (ਮ: ੧/੧੨੭੪) (‘ਤੈ’ ਤੈਨੂੰ ‘ਪੜਨਾਂਵ’)

‘‘ਅਭਾਗੇ ! ‘ਤੈ’ ਲਾਜ (ਤੈਨੂੰ ਸ਼ਰਮ) ਨਾਹੀ ? ॥ ਸੁਖ ਸਾਗਰ ਪੂਰਨ ਪਰਮੇਸਰੁ; ਹਰਿ ਨ ਚੇਤਿਓ ਮਨ ਮਾਹੀ ? ॥’’ (ਮ: ੫/੮੯੨) (‘ਤੈ’ ਤੈਨੂੰ ‘ਪੜਨਾਂਵ ਵਿਸ਼ੇਸ਼ਣ’ ਕਿਉਂਕਿ ‘ਤੈ’ ਨਾਲ ਹੀ ‘ਲਾਜ’ ਨਾਂਵ ਸ਼ਬਦ ਦਰਜ ਹੈ।)

(3). ਸੰਪਰਦਾਨ ਕਾਰਕ ਪੜਨਾਂਵ: ‘ਸੰਪਰਦਾਨ’ ਸ਼ਬਦ ਦਾ ਅਰਥ ਹੁੰਦਾ ਹੈ ‘ਬਖ਼ਸ਼ਸ਼’ ਭਾਵ ਕਿਸੇ ਲਈ ਕੰਮ (ਮਿਹਰ) ਕਰਨਾ, ‘ਦੇਣਾ’।

ਪਰਿਭਾਸ਼ਾ: ਜਿਸ (ਪੜਨਾਂਵ) ਲਈ ਵਾਕ ਦਾ ਕਰਤਾ ਕੰਮ ਕਰੇ ਜਾਂ ਕਿਰਿਆ ਦੁਆਰਾ ਪ੍ਰਗਟਾਇਆ ਗਿਆ ਕੰਮ ਜਿਸ ‘ਪੜਨਾਂਵ’ ਲਈ ਵਾਪਰਦਾ ਹੈ, ਉਹ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ, ਤੇਰੇ ਤੋਂ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

(ਹੇ ਕਰਤਾਰ !) ‘‘ਪਾਵ ਮਲੋਵਾ ਮਲਿ ਮਲਿ (ਕੇ) ਧੋਵਾ; ਇਹੁ ਮਨੁ ‘ਤੈ ਕੂ’ (ਤੈਨੂੰ, ਤੇਰੇ ਲਈ) ਦੇਸਾ (ਦੇ ਦੇਵਾਂ)॥’’ (ਮ: ੫/੬੧੨)

(ਹੇ ਭਾਈ !) ‘‘ਇਹੁ ਮਨੁ ‘ਤੈ ਕੂੰ’ (ਤੈਨੂੰ, ਤੇਰੇ ਲਈ) ਡੇਵਸਾ (ਦੇਵਾਂ); ਮੈ (ਮੈਨੂੰ) ਮਾਰਗੁ ਦੇਹੁ ਬਤਾਇ ਜੀਉ ॥’’ (ਮ: ੧/੭੬੩)

‘‘ਸਜਣ (ਦਾ) ਮੁਖੁ ਅਨੂਪੁ (ਸੁੰਦਰ); ਅਠੇ ਪਹਰ ਨਿਹਾਲਸਾ (ਵੇਖਾਂ) ॥(ਜੇ) ਸੁਤੜੀ ਸੋ ਸਹੁ (ਨੂੰ) ਡਿਠੁ (ਵੇਖਾਂ, ਤਾਂ); ‘ਤੈ’ (ਤੈਥੋਂ, ਤੇਰੇ ਤੋਂ, ਹੇ) ਸੁਪਨੇ ! ਹਉ ਖੰਨੀਐ (ਮੈਂ ਕੁਰਬਾਨ ਹਾਂ)॥’’ (ਮ: ੫/੧੧੦੦)

‘‘ਫਰੀਦਾ ! ਜੋ ‘ਤੈ’ (ਤੈਨੂੰ, ਤੇਰੇ ਲਈ), ਮਾਰਨਿ ਮੁਕੀਆਂ; ਤਿਨ੍ਾ ਨ ਮਾਰੇ ਘੁੰਮਿ (ਮੋੜ ਕੇ)॥’’ (ਬਾਬਾ ਫਰੀਦ/੧੩੭੮)

(4). ਅਪਾਦਾਨ ਕਾਰਕ ਪੜਨਾਂਵ: ਜਿਸ ‘ਪੜਨਾਂਵ’ ਤੋਂ ਕਿਰਿਆ ਆਰੰਭ ਹੋਵੇ ਜਾਂ ਅਲੱਗ ਹੋਣ ਦਾ ਭਾਵ ਪ੍ਰਗਟ ਹੋਵੇ, ਉਸ ਨੂੰ ‘ਅਪਾਦਾਨ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੇਰੇ ਨਾਲੋਂ, ਤੈਥੋਂ, ਤੇਰੇ ਤੋਂ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

‘‘ਤੈ’’ ਸਹ ! ਨਾਲਹੁ (ਹੇ ਪਾਤਿਸ਼ਾਹ! ਤੇਰੇ ਕੋਲੋਂ) ਮੁਤੀਅਸੁ (ਵਿਛੁੜ ਗਈ); ਦੁਖਾ ਕੂੰ (ਨੂੰ) ਧਰੀਆਸੁ (ਧਾਰਨ ਕਰ ਲਿਆ) ਜੀਉ ॥’’ (ਮ: ੧/੭੬੨)

‘‘ਸਾਦ ਸਹਜ (ਸੁਖਾਂ) ਕਰਿ (ਕੇ); ਮਨੁ ਖੇਲਾਇਆ ॥ ‘ਤੈ’ (ਤੇਰੇ) ਸਹ ! ਪਾਸਹੁ; ਕਹਣੁ ਕਹਾਇਆ ॥’’ (ਮ: ੧/੧੨੪੩) (ਭਾਵ ਹੇ ਪਾਤਿਸ਼ਾਹ ! ਤੇਰੇ ਪਾਸੋਂ ਮੈ ਬੋਲ ਬੁਲਵਾਇਆ, ਉਲਾਹਮਾ ਲਿਆ ਕਿ ਮੈ ਤੇਰੀ ਬੰਦਗੀ ਨਹੀਂ ਕੀਤੀ।)

(ਹੇ ਕਰਤਾਰ !) ‘‘ਇਕ ਦਖਿਣਾ; ਹਉ, ‘ਤੈ ਪਹਿ’ (ਤੇਰੇ ਕੋਲੋਂ) ਮਾਗਉ; ਦੇਹਿ ਆਪਣਾ ਨਾਮੁ ॥’’ (ਮ: ੧/੧੩੨੯)

(ਹੇ ਭਾਈ !) ‘‘ਤੈ ਪਾਸਹੁ’’ (ਤੇਰੇ ਪਾਸੋਂ) ਓਇ ਲਦਿ (ਚਲੇ) ਗਏ; ਤੂੰ ਅਜੈ ਨ ਪਤੀਣੋਹਿ (ਨਾ ਯਕੀਨ ਕੀਤਾ)॥’’ (ਬਾਬਾ ਫਰੀਦ/੧੩੮੧)

(5). ਸੰਬੰਧ ਕਾਰਕ ਪੜਨਾਂਵ: ਪਰਿਭਾਸ਼ਾ: ਜਦ ਕੋਈ ਇੱਕ ‘ਪੜਨਾਂਵ’ ਦੂਜੇ ‘ਨਾਂਵ’ (ਜਾਂ ਪੜਨਾਂਵ) ਉੱਤੇ ਆਪਣੀ ਮਾਲਕੀ ਦਾ ਹੱਕ ਜਤਾਵੇ ਤਾਂ ਉਸ ਨੂੰ ‘ਸੰਬੰਧ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 4 ਵਾਰ ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੀ, ਤੇਰੇ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

‘‘ਤੈ’’ (ਤੇਰੇ) ਸਾਹਿਬ ਕੀ (ਭਾਵ ਹੇ ਮਾਲਕ ! ਤੇਰੀ) ਬਾਤ ਜਿ (ਜਿਹੜਾ) ਆਖੈ; ਕਹੁ ਨਾਨਕ ਕਿਆ ਦੀਜੈ ? ॥’’ (ਮ: ੧/੫੫੮)

‘‘ਤੈ’’ (ਤੇਰੇ) ਸਾਹਿਬ ਕੀ (ਭਾਵ ਹੇ ਮਾਲਕ ! ਤੇਰੀ), ਮੈ ਸਾਰ (ਕਦਰ) ਨ ਜਾਨੀ ॥’’ (ਭਗਤ ਫਰੀਦ/੭੯੪)

‘‘ਤੈ’’ (ਤੇਰੇ) ਸਾਹਿਬ ਕੀ, (ਭਾਵ ਹੇ ਮਾਲਕ ! ਤੇਰੀ, ਜੋ) ਕਰਹਿ ਸੇਵ ॥’’ (ਮ: ੩/੧੧੭੨)

(ਹੇ ਕਰਤਾਰ!) ‘‘ਤੈ’’ ਜੇਵਡੁ (ਤੇਰੇ ਜਿੱਡਾ), ਮੈ (ਮੈਨੂੰ) ਨਾਹਿ ਕੋ (ਨਾ ਕੋਈ ਮਿਲਿਆ); ਸਭੁ ਜਗੁ ਡਿਠਾ ਹੰਢਿ (ਫਿਰ ਕੇ)॥’’ (ਭਗਤ ਫਰੀਦ/੧੩੭੮)

ਗੁਰਬਾਣੀ ਵਿੱਚ ‘ਤੈ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੇਰੇ’ ਅਤੇ ਉਚਾਰਨ ਹੈ: ‘ਤੈ’ (ਬਿੰਦੀ ਰਹਿਤ); ਜਿਵੇਂ:

(ਹੇ ਸਖੀ !) ‘‘ਲਾਲੁ ਚੋਲਨਾ ‘ਤੈ’ ਤਨਿ (ਤੇਰੇ ਸਰੀਰ ਉੱਤੇ) ਸੋਹਿਆ ॥(ਜਦ) ਸੁਰਿਜਨ ਭਾਨੀ (ਪ੍ਰਭੂ ਨੂੰ ਪਸੰਦ ਹੋਈ) ਤਾਂ ਮਨੁ ਮੋਹਿਆ ॥’’ (ਮ: ੫/੩੮੪) (‘ਤੈ’ ਭਾਵ ‘ਤੇਰੇ’ ਸ਼ਬਦ ਨਾਲ ਹੀ ‘ਤਨਿ’ ਨਾਂਵ ਸ਼ਬਦ ਦਰਜ ਹੋਣ ਕਾਰਨ ‘ਤੈ’ ਪੜਨਾਂਵ ਵਿਸ਼ੇਸ਼ਣ ਬਣ ਗਿਆ।)

(6). ਅਧਿਕਰਣ ਕਾਰਕ ਪੜਨਾਂਵ: ਪਰਿਭਾਸ਼ਾ: ਜਿਸ ਸਹਾਰੇ ਨਾਲ (ਭਾਵ ਜਿਸ ਥਾਂ ’ਤੇ) ਕਿਰਿਆ ਦਾ ਕੰਮ ਹੋਵੇ ਉਸ (ਪੜਨਾਂਵ) ਨੂੰ ‘ਅਧਿਕਰਣ ਕਾਰਕ ਪੜਨਾਂਵ’ ਕਿਹਾ ਜਾਂਦਾ ਹੈ।

ਗੁਰਬਾਣੀ ਵਿੱਚ ‘ਤੈ’ ਸ਼ਬਦ 3 ਵਾਰ ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਨਾਲ, ਤੇਰੇ ਵਿੱਚ, ਤੇਰੇ ਕੋਲ’ ਅਤੇ ਉਚਾਰਨ ਹੈ: ‘ਤੈਂ’ (ਬਿੰਦੀ ਸਹਿਤ); ਜਿਵੇਂ:

‘‘ਤੈ’’ (ਹੇ) ਸਹ ! ਨਾਲਿ (ਤੇਰੇ ਨਾਲ) ਅਕੂਅਣਾ (ਨਾ ਬੋਲ-ਚਾਲ); ਕਿਉ ਥੀਵੈ (ਕਿਵੇਂ ਹੋਵੇ) ਘਰ ਵਾਸੁ (ਸ਼ਾਂਤੀ)? ॥’’ (ਮ: ੧/੫੫੭)

‘ਤੈ’’ (ਤੇਰੇ ਵਿੱਚ) ਸਹ ! ਲਗੀ (ਭਾਵ ਹੇ ਸ਼ਾਹ! ਤੇਰੇ ਨਾਲ ਜੁੜੀ) ਜੇ (ਜਿਹੜੀ) ਰਹੈ; ਭੀ ਸਹੁ ਰਾਵੈ ਸੋਇ ॥’’ (ਮ: ੧/੫੫੭)

‘‘ਧੂੜੀ ਵਿਚਿ ਲੁਡੰਦੜੀ (ਲੇਟਦੀ ਭਾਵ ਸਾਦਗੀ ’ਚ) ਸੋਹਾਂ; ਨਾਨਕ! (ਜਦ) ‘ਤੈ’ (ਹੇ) ਸਹ ! ਨਾਲੇ (ਤੇਰੇ ਕੋਲ)॥’’ (ਮ: ੫/੧੪੨੫)

Pronoun (Part 4, B)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-1) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-2

(2). ਗੁਰਬਾਣੀ ਵਿੱਚ ‘ਤਉ’ ਸ਼ਬਦ 321 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 275 ਵਾਰ ਇਸ ਦਾ ਅਰਥ ਹੈ: ‘ਤਦੋਂ, ਤਾਂ ਫਿਰ’ (ਕਿਰਿਆ ਵਿਸ਼ੇਸ਼ਣ) ਜਾਂ ‘ਤਾਂ, ਤਾਂ ਭੀ’ (ਯੋਜਕ) ਹੈ ਭਾਵ ‘ਮੱਧਮ ਪੁਰਖ ਪੜਨਾਂਵ’ ਨਹੀਂ; ਜਿਵੇਂ:

(ੳ). ‘ਤਉ’ ਭਾਵ ਕਿਰਿਆ ਵਿਸ਼ੇਸ਼ਣ, ਜਿਸ ਦਾ ਅਰਥ ਹੈ ‘ਤਦੋਂ, ਤਾਂ ਫਿਰ’; ਜਿਵੇਂ:

‘‘ਗਰਭ ਛੋਡਿ (ਕੇ), ਮ੍ਰਿਤ ਮੰਡਲ (ਜਗਤ ’ਚ) ਆਇਆ; ‘ਤਉ’ (ਤਦੋਂ) ਨਰਹਰਿ (ਰੱਬ) ਮਨਹੁ ਬਿਸਾਰਿਆ ॥’’ (ਭਗਤ ਬੇਣੀ/੯੩)

‘‘ਖੇਲੁ ਸੰਕੋਚੈ; ‘ਤਉ’ (ਤਦੋਂ, ਤਾਂ ਫਿਰ) ਨਾਨਕ ਏਕੈ ॥’’ (ਮ: ੫/੨੯)

(ਹੇ ਕਰਤਾਰ !) ‘‘ਸਾਧਸੰਗਿ ਜਉ (ਜਦੋਂ) ਤੁਮਹਿ ਮਿਲਾਇਓ; ‘ਤਉ’ (ਤਦੋਂ, ਤਾਂ ਫਿਰ) ਸੁਨੀ ਤੁਮਾਰੀ ਬਾਣੀ ॥’’ (ਮ: ੫/੬੧੪)

‘‘ਖਰ (ਖੋਤੇ) ਕਾ ਪੈਖਰੁ ‘ਤਉ’ (ਤਦੋਂ) ਛੁਟੈ, ਜਉ (ਜਦੋਂ) ਊਪਰਿ ਲਾਦਾ ॥’’ (ਮ: ੫/੮੧੫)

‘‘ਜਉ (ਜਦੋਂ) ਦੇਖੈ ਛਿਦ੍ਰੁ (ਔਗੁਣ), ‘ਤਉ’ (ਤਦੋਂ, ਤਾਂ ਫਿਰ) ਨਿੰਦਕੁ ਉਮਾਹੈ (ਖ਼ੁਸ ਹੁੰਦਾ, ਪਰ); ਭਲੋ ਦੇਖਿ (ਕੇ) ਦੁਖ ਭਰੀਐ ॥’’ (ਮ: ੫/੮੨੩)

(ਹੇ ਕਰਤਾਰ ! ਜਦੋਂ) ‘‘ਹਭੇ (ਸਾਰੇ) ਸਾਕ ਕੂੜਾਵੇ ਡਿਠੇ; ‘ਤਉ’ (ਤਦੋਂ, ਤਾਂ ਫਿਰ) ਪਲੈ ਤੈਡੈ (ਤੇਰੇ) ਲਾਗੀ ॥’’ (ਮ: ੫/੯੬੩)

‘‘ਤਿਨ ਕੀ ਪੰਕ (ਧੂੜ) ਹੋਵੈ ਜੇ (ਜਦੋਂ) ਨਾਨਕੁ; ‘ਤਉ’ (ਤਾਂ ਫਿਰ, ਤਦੋਂ) ਮੂੜਾ ਕਿਛੁ ਪਾਈ ਰੇ ॥’’ (ਮ: ੧/੧੫੬)

(ਹੇ ਭਾਈ ! ਜਦੋਂ) ‘‘ਆਠ ਪਹਰ ਕਰ (ਹੱਥ) ਜੋੜਿ (ਕੇ) ਰਹੁ; ‘ਤਉ’ (ਤਾਂ ਫਿਰ, ਤਦੋਂ) ਭੇਟੈ ਹਰਿ ਰਾਇ ਰੀ ॥’’ (ਮ: ੫/੪੦੦)

(ਰੱਬ ਨੂੰ ਲੱਭਣ ਲਈ) ‘‘ਊਹਾਂ (ਤੀਰਥਾਂ ’ਤੇ) ‘ਤਉ’ (ਤਾਂ, ਤਦੋਂ) ਜਾਈਐ; ਜਉ (ਅਗਰ, ਜਦੋਂ) ਈਹਾਂ ਨ ਹੋਇ ॥’’ (ਭਗਤ ਰਾਮਾਨੰਦ/੧੧੯੫)

(ਹੇ ਕਰਤਾਰ !) ‘‘ਜੇ ਤਖਤਿ (ਉੱਤੇ) ਬੈਸਾਲਹਿ (ਬਿਠਾਵੇਂ), ‘ਤਉ’ (ਤਾਂ, ਤਦੋਂ) ਦਾਸ ਤੁਮ੍ਹਾਰੇ; ਘਾਸੁ (ਨੂੰ) ਬਢਾਵਹਿ, ਕੇਤਕ (ਕਿਵੇਂ) ਬੋਲਾ? ॥’’ (ਮ: ੫/੧੨੧੧)

(ਕਰਤਾਰ ਵੱਲੋਂ ਨਸੀਹਤ ਹੈ ਕਿ ਮੇਰਾ ਭਗਤ ਜਦ!) ‘‘ਏਕ ਸਮੈ, ਮੋ ਕਉ (ਮੈਨੂੰ) ਗਹਿ (ਫੜ ਕੇ) ਬਾਂਧੈ; ‘ਤਉ’ ਫੁਨਿ (ਤਾਂ ਫਿਰ, ਤਦੋਂ) ਮੋ ਪੈ (ਮੇਰੇ ਪਾਸੋਂ) ਜਬਾਬੁ ਨ ਹੋਇ ॥’’ (ਭਗਤ ਨਾਮਦੇਵ/੧੨੫੩) ਆਦਿ।

(ਅ). ‘ਤਉ’ ਭਾਵ ਯੋਜਕ, ਜਿਸ ਦਾ ਅਰਥ ਹੈ ‘ਤਾਂ, ਤਾਂ ਭੀ’; ਜਿਵੇਂ:

‘‘ਨਿਮਖ ਨਿਮਖ ਕਰਿ (ਕੇ); ਸਰੀਰੁ ਕਟਾਵੈ ॥ ‘ਤਉ ਭੀ’; ਹਉਮੈ ਮੈਲੁ ਨ ਜਾਵੈ ॥’’ (ਮ: ੫/੨੬੫)

‘‘ਕਹਾ, ਬਿਸਨਪਦ (ਕਿਵੇਂ ਭਿੰਨ ਭਿੰਨ ਰੂਪਾਂ ਵਾਲੇ ਗੀਤ) ਗਾਵੈ ਗੁੰਗ (ਗੁੰਗਾ) ? ॥ ਜਤਨ ਕਰੈ; ‘ਤਉ ਭੀ’ ਸੁਰ ਭੰਗ ॥’’ (ਮ: ੫/੨੬੭)

‘‘ਜਉ (ਭਾਵੇਂ) ਮੈ ਕੀਓ ਸਗਲ ਸੀਗਾਰਾ ॥ ‘ਤਉ ਭੀ’, ਮੇਰਾ ਮਨੁ (ਨੂੰ) ਨ ਪਤੀਆਰਾ (ਤਸੱਲੀ)॥’’ (ਮ: ੫/੩੭੩)

‘‘ਜਉ ਤਨੁ ਚੀਰਹਿ; ਅੰਗੁ ਨ ਮੋਰਉ ॥ ਪਿੰਡੁ ਪਰੈ; ‘ਤਉ’ (ਤਾਂ ਭੀ) ਪ੍ਰੀਤਿ ਨ ਤੋਰਉ ॥’’ (ਭਗਤ ਕਬੀਰ/੪੮੪)

(ਹੇ ਕਰਤਾਰ!) ‘‘ਜਉ (ਜੇ) ਤੁਮ ਦੀਵਰਾ (ਦੀਵਾ); ‘ਤਉ’ (ਤਾਂ) ਹਮ ਬਾਤੀ (ਬੱਤੀ)॥’’ (ਭਗਤ ਰਵਿਦਾਸ/੬੫੮)

‘‘ਵਿਣੁ ਗਾਹਕ, ਗੁਣੁ ਵੇਚੀਐ; ‘ਤਉ’ (ਤਾਂ) ਗੁਣੁ ਸਹਘੋ (ਸਸਤੇ) ਜਾਇ ॥’’ (ਮ: ੧/੧੦੮੬)

‘‘ਜਉ (ਜੇ, ਅਗਰ) ਹਉ ਬਉਰਾ; ‘ਤਉ’ (ਤਾਂ ਭੀ) ਰਾਮ ! ਤੋਰਾ (ਤੇਰਾ)॥’’ (ਭਗਤ ਕਬੀਰ/੧੧੫੮) ਆਦਿ।

ਉਪਰੋਕਤ ਕੀਤੀ ਗਈ ਵੀਚਾਰ (ਕਿ ‘ਤਉ’ ਦਾ ਅਰਥ ਜ਼ਿਆਦਾਤਰ ‘ਕਿਰਿਆ ਵਿਸ਼ੇਸ਼ਣ’ ਜਾਂ ‘ਯੋਜਕ’ ਹੈ) ਤੋਂ ਇਲਾਵਾ ਗੁਰਬਾਣੀ ਵਿੱਚ ‘ਤਉ’ (ਕੁੱਲ 321 ਵਿੱਚੋਂ ਕੇਵਲ 46 ਵਾਰ), ‘ਤੂ’ (918 ਵਾਰ), ‘ਤੂੰ’ (581 ਵਾਰ), ‘ਤੂਹੈ’ (61 ਵਾਰ), ‘ਤੂੰਹੈ’ (34 ਵਾਰ), ‘ਤੁ’ (1 ਵਾਰ), ‘ਤੁਅ’ (12 ਵਾਰ), ‘ਤਵ’ (11 ਵਾਰ), ‘ਤੋਰ’ (6 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ਹਨ ਜੋ 5 ਕਾਰਕਾਂ (ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ਵਿੱਚ ਦਰਜ ਹਨ; ਜਿਵੇਂ:

(1). ਕਰਤਾ ਕਾਰਕ ਪੜਨਾਂਵ:

(ੳ) ‘ਸਾਧਾਰਨ ਕਰਤਾ ਕਾਰਕ-ਰੂਪ’: ਗੁਰਬਾਣੀ ਵਿੱਚ ‘ਤਉ’ (1 ਵਾਰ), ‘ਤੂ’ (915 ਵਾਰ), ‘ਤੂੰ’ (581 ਵਾਰ), ‘ਤੂਹੈ’ (61 ਵਾਰ), ‘ਤੂੰਹੈ’ (34 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਭਾਈ !) ‘‘ਸਿਮਰਨੁ ਭਜਨੁ ਦਇਆ ਨਹੀ ਕੀਨੀ; ‘ਤਉ’ (ਤੂੰ) ਮੁਖਿ (ਉੱਤੇ) ਚੋਟਾ ਖਾਹਿਗਾ ॥’’ (ਭਗਤ ਕਬੀਰ/੧੧੦੬)

‘‘ਤੂ’’ ਸਦਾ ਸਲਾਮਤਿ; ਨਿਰੰਕਾਰ ! ॥’’ (ਜਪੁ /ਮ: ੧)

(ਹੇ ਨਿਰਾਕਾਰ !) ‘‘ਜਿਸ ਨੋ ‘ਤੂ’ ਜਾਣਾਇਹਿ; ਸੋਈ ਜਨੁ ਜਾਣੈ ॥’’ (ਮ: ੪/੧੧) ਆਦਿ।

‘‘ਤੂੰ ’’ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ; ਤੇਰੇ ਕਿਆ ਗੁਣ, ਆਖਿ (ਕੇ) ਵਖਾਣਾ? ॥’’ (ਮ: ੪/੧੧)

‘‘ਤੂੰ’’ ਕਰਤਾ ਸਚਿਆਰੁ; ਮੈਡਾ (ਮੇਰਾ) ਸਾਂਈ ॥’’ (ਮ: ੪/੧੧)

(ਹੇ ਕਰਤਾਰ !) ‘‘ਤੂੰ’’ ਜਲਨਿਧਿ, ਹਉ ਜਲ ਕਾ ਮੀਨੁ ॥’’ (ਭਗਤ ਕਬੀਰ/੩੨੩) ਆਦਿ।

(ਹੇ ਨਿਰਾਕਾਰ !) ‘‘ਤੁਧੁ ਜੇਵਡੁ ਹੋਇ, ਸੁ ਆਖੀਐ; ਤੁਧੁ ਜੇਹਾ ‘ਤੂਹੈ’ (ਤੂੰ ਹੀ) ਪੜੀਐ ॥’’ (ਮ: ੪/੩੦੧)

(ਹੇ ਨਿਰਾਕਾਰ !) ‘‘ਤੇਰਾ ਤਾਣੁ; ‘ਤੂਹੈ’ (ਕੇਵਲ ਤੂੰ ਹੀ) ਦੀਬਾਣੁ (ਆਸਰਾ)॥’’ (ਮ: ੧/੩੫੫)

(ਹੇ ਨਿਰਾਕਾਰ ! ਸਦੀਵੀ ਸਥਿਰ) ‘‘ਹੈ, ‘ਤੂਹੈ’ (ਕੇਵਲ ਤੂੰ); ਤੂ ਹੋਵਨਹਾਰ (ਤੂੰ ਹੀ ਰਹੇਗਾ)॥’’ (ਮ: ੫/੭੨੪)

(ਹੇ ਨਿਰਾਕਾਰ !) ‘‘ਤੂਹੈ’ (ਕੇਵਲ ਤੂੰ), ਹੈ ਵਾਹੁ ! ਤੇਰੀ ਰਜਾਇ ॥’’ (ਮ: ੧/੧੩੨੯)

(ਹੇ ਨਿਰਾਕਾਰ !) ‘‘ਤੇਰੀ ਮਹਿਮਾ; ਤੂੰਹੈ ਜਾਣਹਿ ॥’’ (ਮ: ੫/੧੦੮)

(ਹੇ ਨਿਰਾਕਾਰ !) ‘‘ਐਥੈ, ਓਥੈ; ਤੂੰਹੈ ਰਖਵਾਲਾ ॥’’ (ਮ: ੫/੧੩੨) ਆਦਿ।

(ਅ) ‘ਸੰਬੰਧਕੀ ਕਰਤਾ ਕਾਰਕ-ਰੂਪ’: ਗੁਰਬਾਣੀ ਵਿੱਚ ‘ਤਉ’ (7 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਕਰਤਾਰ !) ‘‘ਜੋ ‘ਤਉ’ (ਤੈਂ ਨੇ) ਕੀਨੇ ਆਪਣੇ, ਤਿਨਾ ਕੂੰ (ਨੂੰ) ਮਿਲਿਓਹਿ ॥’’ (ਮ: ੫/੮੧)

(ਹੇ ਕਰਤਾਰ !) ‘‘ਜੀਉ ਮਹਿੰਜਾ (ਮੇਰਾ), ‘ਤਉ’ (ਤੈਂ ਨੇ) ਮੋਹਿਆ; ਕਦਿ ਪਸੀ (ਵੇਖਾਂ) ਜਾਨੀ (ਜਾਣਾ) ਤੋਹਿ (ਤੈਨੂੰ)? ॥’’ (ਮ: ੫/੧੦੯੪)

(ਹੇ ਕਰਤਾਰ !) ‘‘ਕਹੁ ਨਾਨਕ ! ਜੀਅੜਾ ਬਲਿਹਾਰੀ; ਜੀਉ, ਪਿੰਡੁ ‘ਤਉ’ (ਤੈਂ ਨੇ) ਦਿਤਾ ॥’’ (ਮ: ੫/੧੧੧੭)

(ਹੇ ਭਾਈ !) ‘‘ਇਹ ਜਗ ਮਹਿ ਰਾਮ ਨਾਮੁ; ਸੋ, ‘ਤਉ’ (ਤੈਂ ਨੇ) ਨਹੀ ਸੁਨਿਓ ਕਾਨਿ ॥’’ (ਮ: ੯/੧੩੫੨)

(ਹੇ ਭਾਈ !) ‘‘ਸਾਈ (ਉਹੀ) ਜਾਇ (ਸਥਾਨ) ਸਮ੍ਹਾਲਿ; ਜਿਥੈ ਹੀ ‘ਤਉ’ (ਤੈਂ ਨੇ) ਵੰਞਣਾ (ਜਾਣਾ)॥’’ (ਬਾਬਾ ਫਰੀਦ/੧੩੮੧)

‘‘ਕੰਧੀ (ਦਰਿਆ ਕੰਢੇ ਨੂੰ) ਵਹਣ ! ਨ ਢਾਹਿ, ‘ਤਉ’ (ਤੈਂ ਨੇ) ਭੀ ਲੇਖਾ ਦੇਵਣਾ ॥’’ (ਬਾਬਾ ਫਰੀਦ/੧੩੮੨)

(ਹੇ ਕਰਤਾਰ !) ‘‘ਜਿਨ ਕਉ ਪ੍ਰੇਮ ਪਿਆਰੁ; ‘ਤਉ’ (ਤੈਂ ਨੇ) ਆਪੇ ਲਾਇਆ ਕਰਮੁ (ਬਖ਼ਸ਼) ਕਰਿ (ਕੇ)॥’’ (ਮ: ੪/੧੪੨੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਅ’ (1 ਵਾਰ), ‘ਤੂ’ (3 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ; ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

(ਹੇ ਨਿਰਾਕਾਰ !) ‘‘ਆਠ ਜਾਮ (ਪਹਿਰ) ਚਉਸਠਿ ਘਰੀ; ‘ਤੁਅ’ (ਤੈਨੂੰ) ਨਿਰਖਤ (ਵੇਖਦਾ) ਰਹੈ ਜੀਉ ॥’’ (ਭਗਤ ਕਬੀਰ/੧੩੭੭)

(ਹੇ ਦੁਰਗਾ !) ‘ਤੂ’ (ਤੈਨੂੰ) ਕਹੀਅਤ ਹੀ (ਹੀ ਕਿਹਾ ਜਾਂਦਾ ਹੈ), ਆਦਿ ਭਵਾਨੀ ॥ (ਪਰ) ਮੁਕਤਿ ਕੀ ਬਰੀਆ (ਵਾਰੀ); ਕਹਾ ਛਪਾਨੀ (ਕਿਥੇ ਛੁਪ ਗਈ ?) ॥’’ (ਭਗਤ ਨਾਮਦੇਵ/੮੭੪)

(ਹੇ ਨਿਰਾਕਾਰ !) ‘ਤੂ’ (ਤੈਨੂੰ) ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ; ਅਤਿਭੁਜ ਭਇਓ ਅਪਾਰਲਾ (ਜਦ ਤੂੰ ਬੜਾ ਬਲਵਾਨ ਹੈਂ, ਤਾਂ ਫਿਰ ਕੀ ਤੇਰੇ ਸੇਵਕ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਹੈ ?) ॥’’ (ਭਗਤ ਨਾਮਦੇਵ/੧੨੯੨)

(ਹੇ ਨਿਰਾਕਾਰ !) ‘‘ਤੂ’’ (ਤੈਨੂੰ) ਹੋਰਤੁ ਉਪਾਇ ਨ ਲਭਹੀ, (ਤੂੰ) ਅਬਿਨਾਸੀ ਸਿ੍ਰਸਟਿ ਕਰਣ ॥’’ (ਮ: ੫/੧੦੯੫)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤਉ’ (7 ਵਾਰ), ‘ਤੋਰ’ (1 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਤੋਂ’ (ਧਿਆਨ ਰਹੇ ਕਿ ਇਸ 6 ਵਾਰ ਵਿੱਚੋਂ ਹੀ ਇੱਕ ਪੰਕਤੀ ਦੋ ਵਾਰ ਦਰਜ ਹੈ) :

‘‘ਸਤਿਗੁਰ ! ਮੈ ਬਲਿਹਾਰੀ ‘ਤੋਰ’ (ਤੇਰੇ ਤੋਂ)॥’’ (ਭਗਤ ਰਾਮਾਨੰਦ/੧੧੯੫)

‘‘ਤਉ’’ ਕਾਰਣਿ (ਤੇਰੇ ਮਿਲਾਪ ਲਈ) ਸਾਹਿਬਾ! ਰੰਗਿ (ਵਿੱਚ) ਰਤੇ ॥’’ (ਮ: ੧/੩੫੮)

(ਹੇ ਕਰਤਾਰ !) ‘‘ਜੋ ‘ਤਉ’ (ਤੈਨੂੰ, ਤੇਰੇ ਲਈ) ਭਾਵੈ, ਸੋਈ ਥੀਸੀ (ਹੁੰਦਾ ਹੈ); ਜੋ ਤੂੰ ਦੇਹਿ, ਸੋਈ ਹਉ ਪਾਈ ॥’’ (ਮ: ੪/੧੧)

(ਹੇ ਕਰਤਾਰ !) ‘‘ਜੋ ‘ਤਉ’ (ਤੈਨੂੰ) ਭਾਵੈ, ਸੋਈ ਥੀਸੀ (ਹੁੰਦਾ); ਜੋ ਤੂੰ ਦੇਹਿ, ਸੋਈ ਹਉ ਪਾਈ ॥’’ (ਮ: ੪/੩੬੫)

‘‘ਰੇ ਮਨ ! ਮੈ, ‘ਤਉ’ (ਤੈਨੂੰ), ਛਿਨ ਛਿਨ ਸਮਝਾਵਾ ॥’’ (ਭਗਤ ਕਬੀਰ/੩੪੦)

(ਹੇ ਕਰਤਾਰ !) ‘‘ਤਉ’’ (ਤੈਨੂੰ) ਭਾਵਨਿ, (ਉਹ) ਤਉ (ਤੇਰੇ) ਜੇਹੀਆ; (ਜਦਕਿ) ਮੂ ਜੇਹੀਆ ਕਿਤੀਆਹ (ਅਨੇਕਾਂ ਹੀ, ਤੈਥੋਂ ਵਿਛੜੀਆਂ))॥’’ (ਮ: ੧/੧੦੧੫)

(ਨੋਟ: ਕੁਝ ਪੰਕਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਦੋ ‘ਕਰਮ’ ਹੁੰਦੇ ਹਨ ਭਾਵ ‘ਸੰਪਰਦਾਨ ਕਾਰਕ’ ਤੇ ‘ਕਰਮ ਕਾਰਕ’। ਅਜਿਹੀਆਂ ਪੰਕਤੀਆਂ ’ਚ ‘ਸੰਪਰਦਾਨ ਕਾਰਕ’ ਤੇ ‘ਕਰਮ ਕਾਰਕ’ ਦੀ ਪਹਿਚਾਣ ਕਰਨ ਲਈ ਕਿਰਿਆ ਨਾਲ ਭਾਵ ‘ਕੀ ਹੈ’ ਸ਼ਬਦ ਲਗਾ ਕੇ ਸਵਾਲ ਪੈਦਾ ਕਰਨ ਉਪਰੰਤ ਮਿਲਿਆ ਜਵਾਬ ‘ਕਰਮ ਕਾਰਕ’ ਹੁੰਦਾ ਹੈ ਜਦਕਿ ‘ਕਿਸ ਨੂੰ ਹੈ’ ਲਗਾ ਕੇ ਮਿਲਿਆ ਜਵਾਬ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ ‘ਤਉ’ ਸ਼ਬਦ ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਕੇਵਲ 2 ਵਾਰ:

(1). (ਹੇ ਭਾਈ !) ‘‘ਜੇ ‘ਤਉ’ (ਤੈਨੂੰ) ਪਿਰੀਆ (ਪਿਆਰੇ) ਦੀ ਸਿਕ (ਖਿੱਚ, ਤਾਂਘ); ਹਿਆਉ (ਦਿਲ) ਨ ਠਾਹੇ (ਨਾ ਦੁਖਾ) ਕਹੀ ਦਾ (ਕਿਸੇ ਦਾ)॥’’ (ਬਾਬਾ ਫਰੀਦ/੧੩੮੪)

(2) (ਹੇ ਭਾਈ !) ‘‘ਜਉ (ਜੇ) ‘ਤਉ’ (ਤੈਨੂੰ), ਪ੍ਰੇਮ ਖੇਲਣ ਕਾ ਚਾਉ ॥’’ (ਮ: ੧/੧੪੧੨)

ਉਪਰੋਕਤ ਦੋਵੇਂ ਪੰਕਤੀਆਂ ’ਚ ਤਰਤੀਬਵਾਰ ਨੰਬਰ (1) ’ਚ ‘ਕੀ ਹੈ’ ਦਾ ਜਵਾਬ ਹੈ ‘ਸਿਕ’ (ਕਰਮ ਕਾਰਕ) ਤੇ ‘ਕਿਸ ਨੂੰ ਹੈ’ ਦਾ ਜਵਾਬ ਹੈ ‘ਤਉ’ (ਭਾਵ ‘ਤੈਨੂੰ’ ਸੰਪਰਦਾਨ ਕਾਰਕ) ਅਤੇ ਅਗਲੀ ਪੰਕਤੀ ਨੰਬਰ (2) ’ਚ ‘ਕੀ ਹੈ’ ਦਾ ਜਵਾਬ ਹੈ ‘ਚਾਉ’ (ਕਰਮ ਕਾਰਕ) ਤੇ ‘ਕਿਸ ਨੂੰ ਹੈ’ ਦਾ ਜਵਾਬ ਹੈ ‘ਤਉ’ (ਭਾਵ ‘ਤੈਨੂੰ’ ਸੰਪਰਦਾਨ ਕਾਰਕ)

(4). ਸੰਬੰਧ ਕਾਰਕ ਪੜਨਾਂਵ:– ਗੁਰਬਾਣੀ ਵਿੱਚ ‘ਤੁ’ ਸ਼ਬਦ (1 ਵਾਰ), ‘ਤਉ’ (321 ਵਿੱਚੋਂ ਕੇਵਲ 3 ਵਾਰ), ‘ਤੁਅ’ (3 ਵਾਰ), ‘ਤਵ’ (ਵੀ 3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’।

(ਨੋਟ: ਪੰਜਾਬੀ ਭਾਸ਼ਾ ਤੇ ਗੁਰਬਾਣੀ ਲਿਖਤ ਵਿੱਚ ‘ਪੜਨਾਂਵ’ ਸ਼ਬਦ ਕੁਝ ‘ਪੜਨਾਂਵੀ ਵਿਸ਼ੇਸ਼ਣ’ ਵੀ ਹੁੰਦੇ ਹਨ ਜਿਨ੍ਹਾਂ ਦਾ ਸਰੂਪ ਤੇ ਅਰਥ ਵੀ ਇੱਕ ਸਮਾਨ ਹੁੰਦਾ ਹੈ ਪਰ ਉਨ੍ਹਾਂ ਦੀ ਪਹਿਚਾਣ ਲਈ ਇਹ ਨਿਯਮ ਜ਼ਰੂਰੀ ਹੈ ਕਿ ‘ਪੜਨਾਂਵ’ ਸ਼ਬਦ ਕਿਸੇ ‘ਨਾਂਵ’ ਸ਼ਬਦ ਦੀ ਗ਼ੈਰ ਹਾਜ਼ਰੀ ’ਚ ਦਰਜ ਹੁੰਦਾ ਹੈ ਜਦਕਿ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦ ਨਾਲ ਉਸ ਦਾ ਸੰਬੰਧਿਤ ‘ਨਾਂਵ’ ਵੀ ਸਮਾਨੰਤਰ ਜ਼ਰੂਰ ਦਰਜ ਹੁੰਦਾ ਹੈ; ਜਿਵੇਂ: ‘ਗੁਰਮੁਖ ਬੱਚਾ ਹੈ। ਉਹ ਸਕੂਲ ਜਾਂਦਾ ਹੈ, ਉਹ ਗੁਰਮੁਖ ਆ ਰਿਹਾ ਹੈ।’, ਵਾਕਾਂ ਵਿੱਚੋਂ ਪਹਿਲੇ ’ਚ ‘ਗੁਰਮੁਖ’ ਨਾਂਵ ਹੈ ਪਰ ਦੂਸਰੇ ਵਾਕ ’ਚ ‘ਉਹ’ ਸ਼ਬਦ ‘ਗੁਰਮੁਖ’ (ਨਾਂਵ) ਦੀ ਗ਼ੈਰ ਹਾਜ਼ਰੀ ’ਚ ਦਰਜ ਹੋਣ ਕਾਰਨ ‘ਉਹ’ ਸ਼ਬਦ ਨੂੰ ‘ਪੜਨਾਂਵ’ ਕਹਿਣਾ ਉਚਿਤ ਹੋਵੇਗਾ ਜਦਕਿ ਤੀਸਰੇ ਵਾਕ ’ਚ ‘ਉਹ ਗੁਰਮੁਖ’ (ਨਾਂਵ ਤੇ ਪੜਨਾਂਵ ਸਮਾਨੰਤਰ ਦਰਜ ਹੋਣ ਕਾਰਨ) ‘ਉਹ’ ਸ਼ਬਦ ਨੂੰ ‘ਪੜਨਾਂਵੀ ਵਿਸ਼ੇਸ਼ਣ’ ਮੰਨਣਾ ਪਵੇਗਾ ਬੇਸ਼ੱਕ ‘ਪੜਨਾਂਵ’ ਤੇ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦਾ ਸਰੂਪ ਵੀ ‘ਉਹ’ (ਇੱਕ ਸਮਾਨ) ਹੀ ਹੈ।

ਉਕਤ ਨਿਯਮ ਕੇਵਲ ਪੰਜਾਬੀ ਭਾਸ਼ਾ ਦੇ ਹਨ ਜਦਕਿ ਗੁਰਬਾਣੀ ’ਚ ਇਨ੍ਹਾਂ ਨਿਯਮਾਂ ਵਿੱਚੋਂ ‘ਪੜਨਾਂਵ’ ਤੇ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦੇ ਅਰਥ ਤਾਂ (ਪੰਜਾਬੀ ਭਾਸ਼ਾ ਵਾਙ) ਸਮਾਨੰਤਰ ਹੀ ਹੁੰਦੇ ਹਨ ਪਰ ਲਿਖਤੀ ਸਰੂਪ ਭਿੰਨ ਹੁੰਦੇ ਹਨ; ਜਿਵੇਂ: ਹੇਠਾਂ ਦਿੱਤੇ ਜਾ ਰਹੇ ‘ਤਉ, ਤੁਅ, ਤਵ’ ਸ਼ਬਦਾਂ ਦੇ ਸਮਾਨੰਤਰ ‘ਨਾਂਵ’ ਸ਼ਬਦ ਦਰਜ ਹੋਣ ਦੇ ਬਾਵਜੂਦ ਵੀ ਇਹ ਸ਼ਬਦ ‘ਪੜਨਾਂਵ’ ਹੀ ਰਹੇ, ‘ਪੜਨਾਂਵੀ ਵਿਸ਼ੇਸ਼ਣ’ ਨਹੀਂ ਬਣ ਸਕੇ, ਕਿਉਂਕਿ ਗੁਰਬਾਣੀ ਦੀ ਲਿਖਤ ਅਨੁਸਾਰ ਕੇਵਲ ਉਹੀ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਬਣ ਸਕਦੇ ਹਨ ਜੋ ‘ਨਾਂਵ’ ਤੇ ‘ਪੜਨਾਂਵ’ ਸਮਾਨੰਤਰ ਕਾਰਕ ’ਚ ਦਰਜ ਹੋਣ; ਜਿਵੇਂ: ‘ਮੇਰੈ ਮਨਿ’ (ਦੋਵੇਂ) ਸ਼ਬਦ ਅਧਿਕਰਣ ਕਾਰਕ ’ਚ ਹੋਣ ਕਾਰਨ ‘ਮੇਰੇ ਵਿੱਚ, ਮਨ ਵਿੱਚ ਭਾਵ ਮੇਰੇ ਮਨ ਵਿੱਚ’ ਦੇ ਅਰਥ ਦੇਂਦੇ ਹਨ ਇਸ ਲਈ ‘ਮੇਰੈ’ ਸ਼ਬਦ ਨੂੰ ‘ਪੜਨਾਂਵੀ ਵਿਸ਼ੇਸ਼ਣ’ ਹੈ ਪਰ ‘ਮੇਰੇ ਮਨਿ’ (ਜੁੜਤ) ਸ਼ਬਦਾਂ ਵਿੱਚੋਂ ‘ਮੇਰੇ’ ਸ਼ਬਦ (ਸੰਬੰਧਿਤ ‘ਮਨਿ’ ਨਾਂਵ ਵਾਙ) ਅਧਿਕਰਣ ਕਾਰਕ ਵਿੱਚ ਦਰਜ ਨਹੀਂ, ਕਿਉਂਕਿ ਇਸ ਦਾ ਅਰਥ ‘ਮੇਰੇ ਵਿੱਚ’ ਨਹੀਂ ਬਣ ਰਿਹਾ ਇਸ ਲਈ ‘ਮੇਰੇ’ ਸ਼ਬਦ ‘ਮਨਿ’ (ਨਾਂਵ) ਦੇ ਸਮਾਨੰਤਰ ਦਰਜ ਹੋਣ ਦੇ ਬਾਵਜੂਦ ਵੀ ‘ਪੜਨਾਂਵ’ ਹੈ।

ਗੁਰਬਾਣੀ ਵਿੱਚੋਂ ਦੋ ਪੰਕਤੀਆਂ ਨੂੰ ਵੀਚਾਰਿਆਂ ਹੀ ਇਹ ਵਿਸ਼ਾਂ ਸਪਸ਼ਟ ਹੋ ਜਾਵੇਗਾ; ਜਿਵੇਂ:

(1). ‘‘ਮੇਰੈ ਮਨਿ ਤਨਿ (ਵਿੱਚ)’’ ਭੁਖ ਅਤਿ ਅਗਲੀ (ਬਹੁਤੀ); ਕੋਈ ਆਣਿ (ਲਿਆ ਕੇ) ਮਿਲਾਵੈ ਮਾਇ ! ॥’’ (ਮ: ੫/੪੯)

(2). ‘‘ਰਾਮ ! ‘ਮੇਰੇ’ ਮਨਿ ਤਨਿ (ਵਿੱਚ) ਨਾਮੁ ਅਧਾਰੇ (ਨਾਮ ਰੂਪ ਸਹਾਰਾ)॥’’ (ਮ: ੪/੯੮੦)

ਉਕਤ ਦੋਵੇਂ ਪੰਕਤੀਆਂ ’ਚੋਂ ਨੰਬਰ (1). ’ਚ ਦਰਜ ‘ਮੇਰੈ’ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਹੈ ਜਦਕਿ ਨੰਬਰ (2). ’ਚ ਦਰਜ ‘ਮੇਰੇ’ ਸ਼ਬਦ ‘ਪੜਨਾਂਵ’ ਹੈ। ਇਸ ਲਈ ਅਗਾਂਹ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਦੀ ਆਸਾਨ ਪਹਿਚਾਣ ਇਹੀ ਹੈ ਕਿ ਜਦ ‘ਤੁ, ਤਉ, ਤਵ, ਤੁਅ’ ਸ਼ਬਦਾਂ ਦੇ ਸਮਾਨੰਤਰ ਦਰਜ ‘ਨਾਂਵ’ ਸ਼ਬਦ ਦਾ ਸਰੂਪ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲਾ ਹੋਵੇ ਤਾਂ ਇਹ ਤਮਾਮ ਸ਼ਬਦ ਇੱਕ ਵਚਨ ਪੁਲਿੰਗ ਹੋਣ ਕਾਰਨ ਕਾਰਕੀ ਹੁੰਦੇ ਹਨ ਅਤੇ ‘ਤੁ, ਤਉ, ਤਵ, ਤੁਅ’ ਸ਼ਬਦ ਬਿਨਾ ਕਾਰਕੀ ਹੋਣ ਕਾਰਨ ‘ਪੜਨਾਂਵ’ ਰਹਿ ਜਾਂਦੇ ਹਨ; ਜਿਵੇਂ ਹੇਠਾਂ ਦਿੱਤੇ ਜਾ ਰਹੇ ‘ਤੁ’ ਸ਼ਬਦ (1 ਵਾਰ), ‘ਤਉ’ (5 ਵਾਰ), ‘ਤੁਅ’ (3 ਵਾਰ) ਤੇ ‘ਤਵ’ (ਵੀ 3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ:

(ਹੇ ਪ੍ਰਭੂ !, ਤੂੰ) ‘‘ਆਪੁਨੋ ਭਾਵਨੁ ਕਰਿ (ਆਪਣੀ ਮਰਜ਼ੀ ਕਰਦਾ ਹੈਂ), ਮੰਤ੍ਰਿ ਨ ਦੂਸਰੋ ਧਰਿ (ਹੋਰ ਦੀ ਸਲਾਹ ਨਹੀਂ ਲੈਂਦਾ); ਓਪਤਿ ਪਰਲੌ ਏਕੈ ਨਿਮਖ ‘ਤੁ’ (ਤੇਰੇ) ਘਰਿ (ਵਿੱਚ)॥’’ (ਮ: ੫/੧੩੮੫)

‘‘ਤਉ’’ (ਤੇਰੇ) ਪ੍ਰਸਾਦਿ (ਨਾਲ) ਪ੍ਰਭ! ਸੁਖੀ ਵਲਾੲਂੀ (ਵੱਸਦਾ ਹਾਂ)॥’’ (ਮ: ੫/੩੮੬)

‘‘ਪ੍ਰਭ ਜੀ ! ‘ਤਉ’ (ਤੇਰੇ) ਪ੍ਰਸਾਦਿ (ਨਾਲ) ਭ੍ਰਮੁ ਡਾਰਿਓ ॥’’ (ਮ: ੫/੫੨੯)

(ਹੇ ਕਰਤਾਰ !) ‘‘ਤਉ’’ (ਤੇਰੇ) ਪਰਸਾਦਿ (ਨਾਲ), ਰੰਗ ਰਸ ਮਾਣੇ ॥’’ (ਮ: ੫/੧੧੪੪)

(ਹੇ ਕਰਤਾਰ !) ‘‘ਗਹਿ ਭੁਜਾ ਲੇਵਹੁ, ਨਾਮੁ ਦੇਵਹੁ; ‘ਤਉ’ ਪ੍ਰਸਾਦੀ (ਤੇਰੀ ਮਿਹਰ ਨਾਲ) ਮਾਨੀਐ (ਵਿਸ਼ਵਾਸ ਹੁੰਦਾ)॥’’ (ਮ: ੫/੧੨੭੮)

(ਹੇ ਸਤਸੰਗੀਏ !) ‘‘ਢੂਢੇਦੀਏ ਸੁਹਾਗ ਕੂ (ਨੂੰ), ‘ਤਉ’ (ਤੇਰੇ) ਤਨਿ (ਵਿੱਚ) ਕਾਈ ਕੋਰ (ਕੋਈ ਕਸਰ, ਘਾਟ ਹੈ)॥’’ (ਬਾਬਾ ਫਰੀਦ/੧੩੮੪)

‘‘ਗੁਰ ਰਾਮਦਾਸ ! ਕਲੵੁਚਰੈ, ‘ਤੁਅ’ (ਤੇਰਾ) ਸਹਜ (ਦੇ) ਸਰੋਵਰਿ (ਵਿੱਚ) ਬਾਸੁ (ਟਿਕਾਣਾ ਹੈ)॥’’ (ਭਟ ਕਲੵ /੧੩੯੮)

(ਹੇ ਨਿਰਾਕਾਰ !) ‘‘ਹਮ, ‘ਤੁਅ’ (ਤੇਰੇ) ਪਰਸਾਦਿ (ਮਿਹਰ ਨਾਲ); ਸੁਖੀ ਸਦ ਹੀ ॥’’ (ਭਗਤ ਕਬੀਰ/੯੬੯)

‘‘ਤੁਅ’’ (ਤੇਰੇ), ਸਤਿਗੁਰ ! ਸੰ ਹੇਤੁ (ਨਾਲ ਪਿਆਰ); ਨਾਮਿ (’ਚ) ਲਾਗਿ (ਕੇ) ਜਗੁ ਉਧਰੵਉ ॥’’ (ਭਟ ਕਲੵ /੧੪੦੮)

‘‘ਤਵ’’ ਪ੍ਰਸਾਦਿ (ਤੇਰੀ ਕਿਰਪਾ ਨਾਲ) ਸਿਮਰਤੇ ਨਾਮੰ, ਨਾਨਕ, ਕ੍ਰਿਪਾਲ ! ਹਰਿ ਹਰਿ ਗੁਰੰ ! ॥’’ (ਮ: ੫/੧੩੫੬)

‘‘ਤਵ’’ ਭੈ (ਤੇਰੇ ਡਰ ਕਰਕੇ) ਬਿਮੁੰਚਿਤ (ਮੁਕਤੀ ਮਿਲਦੀ) ਸਾਧ ਸੰਗਮ (ਸੰਗਤ ਰਾਹੀਂ); ਓਟ ਨਾਨਕ ਨਾਰਾਇਣਹ ! ॥’’ (ਮ: ੫/੧੩੫੮)

‘‘ਨਚ (ਨਾ) ਮਿਤ੍ਰੰ (ਦੀ), ਨਚ ਇਸਟੰ (ਨਾ ਗੁਰੂ-ਪੀਰ ਦੀ), ਨਚ ਬਾਧਵ (ਨਾ ਰਿਸਤੇਦਾਰ ਦੀ); ਨਚ (ਨਾ) ਮਾਤ ਪਿਤਾ (ਦੀ), ‘ਤਵ’ (ਤੇਰੇ ਭਰੋਸੇ) ਲਜਯਾ (ਸ਼ਰਮ ਰਹਿੰਦੀ) ॥’’ (ਮ: ੫/੧੩੫੮)

ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ: ਗੁਰਬਾਣੀ ਵਿੱਚ ‘ਤਉ’ ਸ਼ਬਦ (321 ਵਿੱਚੋਂ 25 ਵਾਰ), ‘ਤੁਅ’ (8 ਵਾਰ), ‘ਤਵ’ (8 ਵਾਰ), ‘ਤੋਰ’ (6 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’; ਜਿਵੇਂ:

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਦਰਜ ‘ਨਾਂਵ’ ਸ਼ਬਦ ਵਿੱਚੋਂ ਕੋਈ ਵੀ ਕਾਰਕੀ ਅਰਥ ਨਹੀਂ ਮਿਲਦਾ।)

(ਹੇ ਕਰਤਾਰ !) ‘‘ਹਉ ਆਇਆ ਦੂਰਹੁ ਚਲਿ ਕੈ, ਮੈ ਤਕੀ ‘ਤਉ’ (ਤੇਰੀ) ਸਰਣਾਇ ਜੀਉ ॥’’ (ਮ: ੧/੭੬੩)

‘‘ਤਉ’’ (ਤੇਰੀ) ਸਰਣਾਈ ਉਬਰਹਿ ਕਰਤੇ ! ਆਪੇ (ਗੁਰੂ ਨਾਲ) ਮੇਲਿ (ਕੇ, ਆਪਣੇ ਨਾਲ) ਮਿਲਾਇਆ ॥’’ (ਮ: ੩/੧੦੬੮)

(ਹੇ ਕਰਤਾਰ !) ‘‘ਤਉ’’ (ਤੇਰੀ) ਸਰਣਾਗਤਿ, ਰਹਉ ਪਇਆ ॥’’ (ਮ: ੩/੧੧੭੦)

‘‘ਫਿਰਤ ਫਿਰਤ ਪ੍ਰਭ ! ਆਇਆ, ਪਰਿਆ ‘ਤਉ’ (ਤੇਰੀ) ਸਰਨਾਇ ॥’’ (ਮ: ੫/੨੮੯)

(ਹੇ ਕਰਤਾਰ !) ‘‘ਤਉ’’ (ਤੇਰਾ) ਭਾਣਾ, ਤਾਂ ਤਿ੍ਰਪਤਿ ਅਘਾਏ ਰਾਮ ! ॥’’ (ਮ: ੫/੫੭੭)

(ਹੇ ਕਰਤਾਰ !) ‘‘ਹਮ ਬਾਰਿਕ, ‘ਤਉ’ (ਤੇਰੀ) ਸਰਣਾਈ ॥’’ (ਮ: ੫/੬੨੬)

‘‘ਜਉ ਦੇਖਉ, ਤਉ (ਤਾਂ) ਸਗਲ ਮੋਹਿ (ਵਿੱਚ) ਮੋਹੀਅਉ, ‘ਤਉ’ (ਤੇਰੀ) ਸਰਨਿ ਪਰਿਓ, ਗੁਰ ! ਭਾਗਿ (ਕੇ)॥’’ (ਮ: ੫/੭੦੧)

(ਹੇ ਕਰਤਾਰ !) ‘‘ਅਵਰ ਨ ਸੂਝੈ ਦੂਜੀ ਠਾਹਰ; ਹਾਰਿ (ਕੇ) ਪਰਿਓ, ‘ਤਉ’ (ਤੇਰੇ) ਦੁਆਰੀ ॥’’ (ਮ: ੫/੭੧੩)

(ਹੇ ਕਰਤਾਰ !) ‘‘ਤਉ’’ (ਤੇਰੀ) ਮੈ ਆਇਆ, ਸਰਨੀ ਆਇਆ ॥’’ (ਮ: ੫/੭੪੬) (ਭਾਵ ਤੇਰੀ ਸ਼ਰਨੀ ਮੈ ਆਇਆ।)

(ਹੇ ਕਰਤਾਰ !) ‘‘ਐਸਾ ਅਧਮੁ (ਨਾਚ) ਅਜਾਤਿ ਨਾਮਦੇਉ, ‘ਤਉ’ (ਤੇਰੀ) ਸਰਨਾਗਤਿ ਆਈਅਲੇ ॥’’ (ਭਗਤ ਨਾਮਦੇਵ/੯੮੮)

(ਹੇ ਨਿਰਾਕਾਰ !) ‘‘ਜੋਗੀਸਰ ਪਾਵਹਿ ਨਹੀ; ‘ਤੁਅ’ (ਤੇਰੇ) ਗੁਣ ਕਥਨੁ ਅਪਾਰ ॥’’ (ਭਗਤ ਰਵਿਦਾਸ/੩੪੬)

(ਹੇ ਨਿਰਾਕਾਰ !) ‘‘ਕਬੀਰ ! ਨੈਨ ਨਿਹਾਰਉ ਤੁਝ ਕਉ (ਤੈਨੂੰ); ਸ੍ਰਵਨ ਸੁਨਉ ‘ਤੁਅ’ (ਤੇਰਾ) ਨਾਉ ॥’’ (ਭਗਤ ਕਬੀਰ/੧੩੭੦)

(ਹੇ ਪ੍ਰਭੂ ! ਸਰਗੁਣ ਰੂਪ ’ਚ) ‘‘ਸਹਸ ‘ਤਵ’ (ਤੇਰੇ ਹਜ਼ਾਰਾਂ) ਨੈਨ, (ਪਰ ਨਿਰਗੁਣ ਰੂਪ ’ਚ) ਨਨ (ਨਾ) ਨੈਨ ਹਹਿ ਤੋਹਿ ਕਉ (ਤੈਨੂੰ); ਸਹਸ ਮੂਰਤਿ, ਨਨਾ (ਨਾ) ਏਕ ਤੁੋਹੀ (ਤੇਰੇ ਲਈ)॥’’ (ਮ: ੧/੧੩)

‘‘ਤਵ’’ (ਤੇਰੇ) ਗੁਨ ਕਹਾ (ਕਿੱਥੇ) ? ਜਗਤ ਗੁਰਾ ! ਜਉ (ਜੇ) ਕਰਮੁ ਨ ਨਾਸੈ ॥ ਸਿੰਘ (ਤੇਰੇ ਸ਼ੇਰ ਦੀ) ਸਰਨ ਕਤ (ਕਿਉਂ) ਜਾਈਐ ? ਜਉ ਜੰਬੁਕੁ (ਕਾਮਾਦਿਕ ਗਿੱਦੜ) ਗ੍ਰਾਸੈ (ਫੜੀ ਰੱਖਣ)॥’’ (ਭਗਤ ਸਧਨਾ/੮੫੮)

(ਹੇ ਨਿਰਾਕਾਰ !) ‘‘ਤੂੰ ਪਿੰਜਰੁ; ਹਉ ਸੂਅਟਾ ‘ਤੋਰ’ (ਤੇਰਾ ਤੋਤਾ)॥’’ (ਭਗਤ ਕਬੀਰ/੩੨੩)

(ਹੇ ਨਿਰਾਕਾਰ !) ‘‘ਗੁਰ ਚਰਨ ਸਰੇਵਹਿ; ਗੁਰਸਿਖ ‘ਤੋਰ’ (ਤੇਰੇ ਗੁਰਸਿੱਖ)॥’’ (ਮ: ੧/੧੧੭੦) ਆਦਿ।

(5). ਅਧਿਕਰਣ ਕਾਰਕ ਪੜਨਾਂਵ:– ਗੁਰਬਾਣੀ ਵਿੱਚ ‘ਤਉ’ ਸ਼ਬਦ (ਕੇਵਲ 1 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਨਾਲ’; ਜਿਵੇਂ:

(ਹੇ ਕ੍ਰੋਧ ! ਉਨ੍ਹਾਂ ਨੂੰ) ‘‘ਅਨਿਕ ਸਾਸਨ ਤਾੜੰਤਿ (ਕਈ ਹੁਕਮ ਦੇਂਦੇ) ਜਮਦੂਤਹ (ਵਿਕਾਰ, ਜੋ); ‘ਤਵ ਸੰਗੇ’ ਅਧਮੰ ਨਰਹ (ਤੇਰੇ ਨਾਲ ਨੀਚ ਜੀਵ ਰਹਿੰਦੇ) ॥’’ (ਮ: ੫/੧੩੫੮)

Pronoun (Part 4, C)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-2) ਵੇਖੋ।

ਪੜਨਾਂਵ ਮੱਧਮ ਪੁਰਖ, ਅਧਿਆਇ- 3

(3). ਗੁਰਬਾਣੀ ਵਿੱਚ ‘ਤੋਹਿ’ (20 ਵਾਰ), ‘ਤੋਹੀ’ (8 ਵਾਰ), ‘ਤੁਹੀ’ (34 ਵਾਰ), ‘ਤੁਹੀਂ ’ (2 ਵਾਰ), ‘ਤੂਹੀ’ (24 ਵਾਰ), ‘ਤੂੰਹੀ’ (9 ਵਾਰ), ‘ਤੁਹਿ’ (6 ਵਾਰ), ‘ਤੁੋਹੀ’ (1 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ’ਚ ਦਰਜ ਹਨ, ਜਿਨ੍ਹਾਂ ਦੀ ਵੰਡ 5 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ‘ਕਰਣ ਕਾਰਕ, ਅਪਾਦਾਨ ਕਾਰਕ ਤੇ ਸੰਬੋਧਨ ਕਾਰਕ’ ਵਿੱਚ ਦਰਜ ਨਹੀਂ ਹਨ); ਜਿਵੇਂ:

(1). ਕਰਤਾ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (1 ਵਾਰ), ‘ਤੋਹੀ’ (2 ਵਾਰ), ‘ਤੁਹੀ’ (34 ਵਾਰ), ‘ਤੁਹੀਂ’ (2 ਵਾਰ), ‘ਤੂਹੀ’ (24 ਵਾਰ), ‘ਤੂੰਹੀ’ (9 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’, ‘ਤੂੰ ਹੀ’; ਜਿਵੇਂ:

(ਹੇ ਪ੍ਰਭੂ !) ‘‘ਤੇਰੇ ਜੀਅ; ਜੀਆ ਕਾ ‘ਤੋਹਿ’ (ਤੂੰ ਹੀ)॥’’ (ਮ: ੧/੨੫)

(ਹੇ ਪ੍ਰਭੂ !) ‘‘ਕਰਣ ਕਾਰਣ, ਸਭਸੈ ਸਿਰਿ ‘ਤੋਹੀ’ (ਤੂੰ ਹੀ)॥’’ (ਮ: ੧/੪੧੩)

(ਹੇ ਪ੍ਰਭੂ !) ‘‘ਜਤ ਕਤ (ਜਿਧਰ) ਦੇਖੀਐ; ਤਤ ਤਤ (ਉਧਰ) ‘ਤੋਹੀ’ (ਤੂੰ ਹੀ)॥’’ (ਮ: ੫/੯੧੩)

(ਹੇ ਪ੍ਰਭੂ !) ‘‘ਤੁਹਂੀ’’ (ਤੂੰ ਹੀ) ਨਿਰੰਜਨੁ ਕਮਲਾ-ਪਾਤੀ (ਲਕਸ਼ਮੀ ਦਾ ਪਤੀ)॥’’ (ਭਗਤ ਸੈਣ/੬੯੫)

(ਹੇ ਪ੍ਰਭੂ !) ‘‘ਜਾ ਕੀ ਛੋਤਿ (ਭਿੱਟ), ਜਗਤ ਕਉ ਲਾਗੈ; ਤਾ ਪਰ (ਉਸ ਉੱਤੇ) ‘ਤੁਹਂੀ’ (ਤੂੰ ਹੀ) ਢਰੈ (ਤਰਸ ਕਰਦਾ ਹੈਂ)॥’’ (ਭਗਤ ਰਵਿਦਾਸ/੧੧੦੬)

(ਹੇ ਨਿਰਾਕਾਰ !) ‘‘ਏਕ ‘ਤੂਹੀ’, ਏਕ ‘ਤੁਹੀ’ ॥’’ (ਮ: ੧/੧੪੩)

‘‘ਜਾ ਕਾ ਠਾਕੁਰੁ ‘ਤੁਹੀ’, ਪ੍ਰਭ ! ਤਾ ਕੇ ਵਡਭਾਗਾ ॥’’(ਮ: ੫/੩੯੯)

(ਹੇ ਨਿਰਾਕਾਰ !) ‘‘ਦਾਨਾ ਤੂ, ਬੀਨਾ ‘ਤੁਹੀ’; ਦਾਨਾ ਕੈ ਸਿਰਿ (ਉੱਤੇ, ਸ੍ਰੇਸਟ) ਦਾਨੁ ॥’’ (ਮ: ੧/੯੩੪)

‘‘ਪ੍ਰਭ ! ਏਕ ‘ਤੂੰਹੀ’, ਏਕ ‘ਤੁਹੀ’ ॥’’ (ਮ: ੫/੧੨੭੨)

(ਹੇ ਨਿਰਾਕਾਰ !) ‘‘ਤੂੰਹੀ’’ ਰਸ, ‘ਤੂੰਹੀ’ ਜਸ; ‘ਤੂੰਹੀ’ ਰੂਪ, ‘ਤੂਹੀ’ ਰੰਗ ॥’’ (ਮ: ੫/੨੧੩)

‘‘ਪ੍ਰਭ ! ਏਕ ‘ਤੂੰਹੀ’ ਏਕ ‘ਤੁਹੀ’ ॥’’ (ਮ: ੫/੧੨੭੨) ਆਦਿ।

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (4 ਵਾਰ), ‘ਤੋਹੀ’ (1 ਵਾਰ), ‘ਤੁਹਿ’ (2 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

‘‘ਆਜੁ ਕਾਲਿ ਫੁਨਿ ‘ਤੋਹਿ’ (ਤੈਨੂੰ ਭੀ) ਗ੍ਰਸਿ ਹੈ; ਸਮਝਿ (ਕੇ) ਰਾਖਉ ਚੀਤਿ (ਵਿੱਚ)॥’’ (ਮ: ੯/੬੩੧)

‘‘ਮੇਰੈ ਅੰਤਰਿ ਲੋਚਾ ਮਿਲਣ ਕੀ; ਕਿਉ ਪਾਵਾ ਪ੍ਰਭ ! ‘ਤੋਹਿ’ (ਤੈਨੂੰ) ? ॥’’ (ਮ: ੫/੯੫੭)

‘‘ਜੀਉ ਮਹਿੰਜਾ (ਮੇਰਾ), ‘ਤਉ’ (ਤੈਂ ਨੇ) ਮੋਹਿਆ; ਕਦਿ ਪਸੀ (ਵੇਖਾਂ) ਜਾਨੀ (ਜਾਣਾ) ‘ਤੋਹਿ’ (ਤੈਨੂੰ) ? ॥’’ (ਮ: ੫/੧੦੯੪)

‘‘ਗੁਰ ਕੈ ਸਬਦਿ (ਰਾਹੀਂ); ਪਛਾਨਾ ‘ਤੋਹਿ’ (ਤੈਨੂੰ)॥’’ (ਮ: ੧/੧੧੮੭)

(ਹੇ ਪ੍ਰਭੂ !) ‘‘ਤੁਝ (ਕਿਰਪਾ) ਬਿਨੁ, ਕਵਨੁ ਰੀਝਾਵੈ ‘ਤੋਹੀ’ (ਤੈਨੂੰ) ?॥’’ (ਮ: ੫/੨੦੭)

‘‘ਰੇ ਬਉਰੇ ! (ਮਰਨ ਉਪਰੰਤ) ‘ਤੁਹਿ’ (ਤੈਨੂੰ) ਘਰੀ (ਘੜੀ ਮਾਤ੍ਰ ਵੀ) ਨ ਰਾਖੈ ਕੋਈ ॥’’ (ਭਗਤ ਕਬੀਰ/੪੭੮)

‘‘ਕਾਢਿ (ਕੇ) ਖੜਗੁ (ਤਲਵਾਰ, ਪਰ ਅੰਦਰੋਂ ਹਰਣਾਖਸ) ਕਾਲੁ ਭੈ (ਡਰ ਵਿੱਚ) ਕੋਪਿਓ (ਗੁੱਸੇ ’ਚ ਬੋਲਿਆ: ਹੇ ਪ੍ਰਹਲਾਦ !); ਮੋਹਿ ਬਤਾਉ? ਜੁ ‘ਤੁਹਿ’ (ਤੈਨੂੰ) ਰਾਖੈ ॥’’ (ਭਗਤ ਨਾਮਦੇਵ/੧੧੬੫)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (5 ਵਾਰ), ‘ਤੁਹਿ’ (3 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਭਾਈ !) ‘‘ਕਹੁ ਨਾਨਕ ! ਨਿਜ ਮਤੁ (ਨਿਜੀ ਵੀਚਾਰ) ਸਾਧਨ ਕਉ (ਗੁਰਮੁਖਾਂ ਦੇ); ਭਾਖਿਓ (ਆਖਦਾ ਹਾਂ) ‘ਤੋਹਿ’ (ਤੈਨੂੰ, ਤੇਰੇ ਲਈ) ਪੁਕਾਰਿ (ਕੇ)॥’’ (ਮ: ੯/੬੩੩)

(ਹੇ ਪ੍ਰਭੂ ! ਸਰਗੁਣ ਰੂਪ ’ਚ) ‘‘ਸਹਸ ਤਵ (ਹਜ਼ਾਰਾਂ ਤੇਰੇ) ਨੈਨ, (ਪਰ ਨਿਰਗੁਣ ’ਚ) ਨਨ (ਨਾ) ਨੈਨ ਹੈ ‘ਤੋਹਿ ਕਉ’ (ਤੇਰੇ ਲਈ, ਸਰਗੁਣ ’ਚ); ਸਹਸ ਮੂਰਤਿ, (ਪਰ ਨਿਰਗੁਣ ’ਚ) ਨਨਾ (ਨਾ) ਏਕ ਤੋਹੀ (ਤੇਰੀ ਮੂਰਤੀ, ਸ਼ਕਲ)॥’’ (ਮ: ੧/੬੬੩) (ਇਹ ਪੰਕਤੀ ਦੋ ਵਾਰ ਦਰਜ ਹੈ।)

(ਹੇ ਭਾਈ !) ‘‘ਜਿਹ ਸਿਮਰਨਿ (ਨਾਲ); ਨਾਹੀ ‘ਤੁਹਿ’ (ਤੇਰੇ ਲਈ) ਕਾਨਿ (ਕਿਸੇ ਦੀ ਮੁਥਾਜੀ ਰਹਿੰਦੀ)॥’’ (ਭਗਤ ਕਬੀਰ/੯੭੧)

(ਹੇ ਭਾਈ !) ‘‘ਕਬੀਰ ! ਜਉ ‘ਤੁਹਿ’ (ਤੈਨੂੰ, ਤੇਰੇ ਲਈ) ਸਾਧ ਪਿਰੰਮ ਕੀ (ਪਿਆਰ ਦੀ ਖਿੱਚ ਹੈ); ਸੀਸੁ ਕਾਟਿ (ਕੇ) ਕਰਿ ਗੋਇ (ਗੇਂਦ ਭਾਵ ਨਿਮਰਤਾ)॥’’ (ਭਗਤ ਕਬੀਰ/੧੩੭੭)

(ਹੇ ਭਾਈ !) ‘‘ਕਬੀਰ ! ਜਉ ‘ਤੁਹਿ’ (ਤੈਨੂੰ) ਸਾਧ ਪਿਰੰਮ ਕੀ; ਪਾਕੇ ਸੇਤੀ (ਪੱਕੇ ਗੁਰੂ ਨਾਲ ਹੀ) ਖੇਲੁ ॥’’ (ਭਗਤ ਕਬੀਰ/੧੩੭੭)

ਪਿਛਲੇ ਅਧਿਆਇ ’ਚ ਕੀਤੀ ਗਈ ਵੀਚਾਰ ਕਿ ਕਿਸੇ ਪੰਕਤੀ ’ਚ 2 ਕਰਮ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਪਹਿਚਾਣ ਕਰਨ ਲਈ ‘ਕਿਰਿਆ’ ਸ਼ਬਦ ਨਾਲ ‘ਕੀ’ ਲਗਾਇਆਂ ਜੋ ਜਵਾਬ ਮਿਲੇ ਉਹ ‘ਕਰਮ ਕਾਰਕ’ ਤੇ ‘ਕਿਸ ਨੂੰ’ ਲਗਾਇਆਂ ਜੋ ਜਵਾਬ ਮਿਲੇ ਉਹ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:

(1). ‘‘ਉਨ ਕੀ ਗੈਲਿ (ਆਦਤ); ‘ਤੋਹਿ’ (ਤੈਨੂੰ) ਜਿਨਿ (‘ਮਤਾਂ’ ਭਾਵ ਵੇਖੀਂ ਕਿਤੇ) ਲਾਗੈ ॥’’ (ਭਗਤ ਕਬੀਰ/੪੮੪)

(2). ‘‘ਭਲੇ ਅਮਰਦਾਸ ! ਗੁਣ ਤੇਰੇ; ਤੇਰੀ ਉਪਮਾ, ‘ਤੋਹਿ’ (ਤੈਨੂੰ) ਬਨਿ ਆਵੈ ॥’’ (ਭਟ ਭਲੵ /੧੩੯੬)

(ਨੋਟ: ਉਪਰੋਕਤ ਦੋਵੇਂ ਪੰਕਤੀਆਂ ’ਚ ਨੰਬਰ (1) ’ਚ ‘ਕੀ ਲਾਗੈ ?’ ਦਾ ਜਵਾਬ ਹੈ: ‘ਗੈਲਿ’ ਭਾਵ ‘ਆਦਤ’ (ਕਰਮ ਕਾਰਕ) ਤੇ ‘ਕਿਸ ਨੂੰ ਲਾਗੈ ?’ ਦਾ ਜਵਾਬ ਹੈ: ‘ਤੋਹਿ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ) ਅਤੇ ਨੰਬਰ (2) ’ਚ ‘ਕੀ ਬਨਿ ਆਵੈ ?’ ਦਾ ਜਵਾਬ ਹੈ: ‘ਉਪਮਾ’ (ਕਰਮ ਕਾਰਕ) ਅਤੇ ‘ਕਿਸ ਨੂੰ ਬਨਿ ਆਵੈ ?’ ਦਾ ਜਵਾਬ ਹੈ: ‘ਤੋਹਿ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ)।

(4). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (8 ਵਾਰ), ‘ਤੋਹੀ’ (4 ਵਾਰ), ‘ਤੁਹਿ’ (1 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’; ਜਿਵੇਂ:

(ਹੇ ਪ੍ਰਭੂ! ਸਰਗੁਣ ਰੂਪ ’ਚ) ‘‘ਸਹਸ ਤਵ (ਹਜ਼ਾਰਾਂ ਤੇਰੇ) ਨੈਨ, (ਪਰ ਨਿਰਗੁਣ ’ਚ) ਨਨ (ਨਾ) ਨੈਨ ਹੈ ਤੋਹਿ ਕਉ; ਸਹਸ ਮੂਰਤਿ, (ਪਰ ਨਿਰਗੁਣ ’ਚ) ਨਨਾ (ਨਾ) ਏਕ ‘ਤੋਹੀ’ (ਤੇਰੀ ਮੂਰਤੀ, ਸ਼ਕਲ)॥’’ (ਮ: ੧/੬੬੩) (ਇਹ ਪੰਕਤੀ ਦੋ ਵਾਰ ਦਰਜ ਹੈ।)

(ਹੇ ਪ੍ਰਭੂ ! ) ‘‘ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ (ਤੇਰੇ ਲਈ); ਸਹਸ ਮੂਰਤਿ, ਨਨਾ ਏਕ ‘ਤੁੋਹੀ’ (ਤੇਰੀ ਮੂਰਤੀ)॥’’ (ਮ: ੧/੧੩)

(ਹੇ ਜੀਵ !) ‘‘ਸੋ ਘਰੁ ਰਾਖੁ; ਵਡਾਈ ‘ਤੋਹਿ’ (ਤੇਰੀ)॥’’ (ਮ: ੧/੩੫੭)

(ਹੇ ਪ੍ਰਭੂ !) ‘‘ਸੰਧਿਕ ‘ਤੋਹਿ’ (ਮੈਂ ਚੋਰ, ਤੇਰਾ), ਸਾਧ ਨਹੀ ਕਹੀਅਉ; ਸਰਨਿ ਪਰੇ, ਤੁਮਰੀ ਪਗਰੀ (ਤੇਰੇ ਪੈਰਾਂ ਦੀ)॥’’ (ਭਗਤ ਕਬੀਰ/੮੫੬)

(ਹੇ ਜੀਵ !) ‘‘ਨਾ ਤਨੁ ਤੇਰਾ; ਨਾ ਮਨੁ ‘ਤੋਹਿ’ (ਤੇਰਾ) ॥’’ (ਮ: ੫/੮੯੯)

(ਹੇ ਪੰਡਿਤ !) ‘‘ਤੂੰ ਬ੍ਰਹਮਨੁ, ਮੈ ਕਾਸੀਕ ਜੁਲਹਾ (ਕਾਂਸ਼ੀ ਦਾ ਜੁਲਾਹਾ); ਮੁਹਿ ‘ਤੋਹਿ’ (ਮੇਰੀ-ਤੇਰੀ) ਬਰਾਬਰੀ, ਕੈਸੇ ਕੈ ਬਨਹਿ ? ॥’’ (ਭਗਤ ਕਬੀਰ/੯੭੦)

(ਹੇ ਪ੍ਰਭੂ !) ‘‘ਤਿਨਿ ਭੀ, ਅੰਤੁ ਨ ਪਾਇਆ; ‘ਤੋਹਿ’ (ਤੇਰਾ)॥ ਨਾਮ ਬਿਹੂਣ; ਮੁਕਤਿ ਕਿਉ ਹੋਇ ?॥’’ (ਮ: ੧/੧੨੩੭)

(ਹੇ ਪ੍ਰਭੂ !) ‘‘ਤੂੰ ਸਚਾ ਸਾਹਿਬੁ ਅਤਿ ਵਡਾ; ‘ਤੁਹਿ’ (ਤੇਰੇ) ਜੇਵਡੁ (ਜਿਤਨਾ ਵੱਡਾ) ਤੂੰ ਵਡ ਵਡੇ ॥’’ (ਮ: ੪/੩੧੭)

(ਹੇ ਪ੍ਰਭੂ !) ‘‘ਤੋਹੀ’’ ਮੋਹੀ (ਤੇਰਾ-ਮੇਰਾ), ਮੋਹੀ ‘ਤੋਹੀ’ (ਮੇਰਾ-ਤੇਰਾ) ਅੰਤਰੁ ਕੈਸਾ ? ॥’’ (ਭਗਤ ਰਵਿਦਾਸ/੯੩)

ਗੁਰਬਾਣੀ ਵਿੱਚ ‘ਤੋਹਿ’ (3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵੀ ਵਿਸ਼ੇਸ਼ਣ’ ਵੀ ਹੈ ਕਿਉਂਕਿ ਇਸ ਦੇ ਸਮਾਨੰਤਰ ‘ਨਾਂਵ’ ਸ਼ਬਦ ਦਰਜ ਹੈ ਤੇ ਇਸ ਦਾ ਅਰਥ ਹੈ: ‘ਤੇਰੇ, ਤੇਰਾ’; ਜਿਵੇਂ:

‘‘ਤੋਹਿ’’ ਚਰਨ (ਤੇਰੇ ਚਰਨਾਂ ’ਚ) ਮਨੁ ਲਾਗੋ; ਸਾਰਿੰਗਧਰ ! ॥’’ (ਭਗਤ ਕਬੀਰ/੩੩੮)

(ਹੇ ਗੁਰੂ ਅਰਜਨ ਸਾਹਿਬ ਜੀ !) ‘‘ਰਹਸੁ (ਖ਼ੁਸ਼ੀ) ਕੀਅਉ ਸੁਰ ਦੇਵ (ਨੇ); ‘ਤੋਹਿ’ ਜਸੁ (ਤੇਰਾ ਜਸ), ਜਯ ਜਯ ਜੰਪਹਿ ॥’’ (ਭਟ ਹਰਿਬੰਸ/੧੪੦੯)

(ਹੇ ਗੁਰੂ ਅਰਜਨ ਸਾਹਿਬ ਜੀ !) ‘‘ਭਯ ਭੰਜਨੁ, ਪਰ ਪੀਰ (ਪਰਾਈ ਪੀੜਾ) ਨਿਵਾਰਨੁ; ਕਲੵ ਸਹਾਰੁ, ‘ਤੋਹਿ’ ਜਸੁ (ਤੇਰਾ ਜਸ) ਬਕਤਾ (ਗਾਂਦਾ ਹੈ)॥’’ (ਭਟ ਕਲੵ /੧੪੦੭)

(5). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (2 ਵਾਰ), ‘ਤੋਹੀ’ (2 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਨਾਲ’; ਜਿਵੇਂ:

(ਹੇ ਸੁੰਦਰ ਰਾਮ ਪ੍ਰਭੂ ਜੀ !) ‘‘ਮੇਰਾ ਮਨੁ ਲਾਗਾ; ‘ਤੋਹਿ’ (ਤੇਰੇ ‘ਚਰਨਾਂ’ ਵਿੱਚ)॥’’ (ਭਗਤ ਕਬੀਰ/੩੩੫)

‘‘ਕਿਉ ਮਿਲੀਐ ? ਪ੍ਰਭ ਅਬਿਨਾਸੀ ! ‘ਤੋਹਿ’ (ਤੇਰੇ ਨਾਲ, ਤੇਰੇ ਵਿੱਚ)॥’’ (ਮ: ੫/੮੦੧)

‘‘ਕਾਜੀ ! ਸਾਹਿਬੁ ਏਕੁ, ‘ਤੋਹੀ ਮਹਿ’ (ਤੇਰੇ ਵਿੱਚ, ਉਹੀ); ਤੇਰਾ (ਮਾਲਕ, ਪਰ ਤੂੰ) ਸੋਚਿ ਬਿਚਾਰਿ (ਕੇ) ਨ ਦੇਖੈ ॥’’ (ਭਗਤ ਕਬੀਰ/੪੮੩)

(ਹੇ ਭਾਈ ! ਜੋ) ‘‘ਸਰਬ ਨਿਵਾਸੀ, ਸਦਾ ਅਲੇਪਾ; ‘ਤੋਹੀ ਸੰਗਿ’ (ਤੇਰੇ ਨਾਲ) ਸਮਾਈ (ਵੱਸਦਾ ਹੈ)॥’’ (ਮ: ੯/੬੮੪)

Pronoun (Part 4, D)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-3) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-4

(4). ਗੁਰਬਾਣੀ ਵਿੱਚ ‘ਤੁਝਹਿ’ (39 ਵਾਰ), ‘ਤੁਝੁ’ (27 ਵਾਰ), ‘ਤੁਝੈ’ (27 ਵਾਰ), ‘ਤੁਝ’ (23 ਵਾਰ) (ਮੱਧਮ ਪੁਰਖ, ਇੱਕ ਵਚਨ ਪੜਨਾਂਵ) ’ਚ ਦਰਜ ਹਨ, ਜਿਨ੍ਹਾਂ ਦੀ ਵੰਡ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ਵੀ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਕ’ ’ਚ ਦਰਜ ਨਹੀਂ ਹਨ); ਜਿਵੇਂ:

(1). ਕਰਤਾ ਕਾਰਕ ਪੜਨਾਂਵ: (ੳ). ਗੁਰਬਾਣੀ ਵਿੱਚ ‘ਤੁਝਹਿ’ ਸ਼ਬਦ ਕੇਵਲ 1 ਵਾਰ ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਪ੍ਰਭੂ !) ‘‘ਘਟਿ ਘਟਿ (ਅੰਦਰ) ਕਥਾ (ਤੂੰ) ਰਾਜਨ ਕੀ ਚਾਲੈ; ਘਰਿ ਘਰਿ (ਵਿੱਚ) ਤੁਝਹਿ (ਤੂੰ ਹੀ) ਉਮਾਹਾ (ਖਿੜਦਾ)॥’’ (ਮ: ੫/੧੨੩੫)

(ਅ). ਗੁਰਬਾਣੀ ਵਿੱਚ ‘ਤੁਝਹਿ’ (4 ਵਾਰ), ‘ਤੁਝੁ’ (2 ਵਾਰ), ‘ਤੁਝੈ’ (2 ਵਾਰ), ‘ਤੁਝ’ (2 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਮਾਲਕ !) ‘‘ਤ੍ਰਿਭਵਣੋ ‘ਤੁਝਹਿ’ (ਤੈਂ ਨੇ) ਕੀਆ; ਸਭੁ ਜਗਤੁ ਸਬਾਇਆ ਰਾਮ ॥’’ (ਮ: ੧/੪੩੭)

(ਹੇ ਭਾਈ !) ‘‘ਹਰਿ ਬਾਝੁ (ਬਿਨਾ), ਰਾਖਾ ਕੋਇ ਨਾਹੀ; ਸੋਇ (ਉਹੀ) ‘ਤੁਝਹਿ’ (ਤੈਂ ਨੇ) ਬਿਸਾਰਿਆ ॥’’ (ਮ: ੧/੪੩੯)

(ਹੇ ਮਾਲਕ !) ‘‘ਭਰਮੋ ਭੁਲਾਵਾ ‘ਤੁਝਹਿ’ (ਤੈਂ ਨੇ) ਕੀਆ; ਜਾਮਿ (ਜਦੋਂ) ਏਹੁ (ਭਰਮੋ ਭੁਲਾਵਾ) ਚੁਕਾਵਹੇ (ਤਾਂ ਤੇਰੇ ਬਾਰੇ ਇਹ ਸਮਝ ਆਉਂਦੀ)॥’’ (ਮ: ੧/੫੬੭)

(ਹੇ ਮਾਲਕ !) ‘‘ਜਿਹਬਾ, ਨੇਤ੍ਰ, ਸੋਤ੍ਰ (ਕੰਨ), ਸਚਿ (ਵਿੱਚ) ਰਾਤੇ; ਜਲਿ (ਜਲਨ) ਬੂਝੀ ‘ਤੁਝਹਿ’ (ਤੈਂ ਨੇ) ਬੁਝਾਈ ॥’’ (ਮ: ੧/੬੩੪)

(ਹੇ ਮਾਲਕ !) ‘‘ਲੋਭੁ, ਮੋਹੁ ‘ਤੁਝੁ’ (ਤੈਂ ਨੇ) ਕੀਆ ਮੀਠਾ; ਏਤੁ ਭਰਮਿ (ਰਾਹੀਂ) ਭੁਲਾਣਾ (ਮਨੁੱਖ ਨੂੰ ਭੁਲਾਇਆ)॥’’ (ਮ: ੧/੫੬੬)

(ਹੇ ਭਾਈ !) ‘‘ਕਾਹੇ ਕਉ (ਕਿਸ ਨਾਲ) ‘ਤੁਝੁ’ (ਤੈਂ ਨੇ) ਇਹੁ ਮਨੁ ਲਾਇਆ ? ॥’’ (ਮ: ੧/੯੩੯)

(ਹੇ ਮਾਲਕ !) ‘‘ਤਾ ਮੈ ਕਹਿਆ ਕਹਣੁ; ਜਾ ‘ਤੁਝੈ’ (ਤੈਂ ਨੇ) ਕਹਾਇਆ ॥’’ (ਮ: ੧/੫੬੬)

(ਹੇ ਮਾਲਕ !) ਤਾ ਮੈ ਕਹਿਆ ਕਹਣੁ; ਜਾ ‘ਤੁਝੈ’ (ਤੈਂ ਨੇ) ਕਹਾਇਆ ॥ (ਮ: ੧/੫੬੬) (ਇਹ ਪੰਕਤੀ ਇੱਕ ਪੇਜ ’ਤੇ ਹੀ 2 ਵਾਰ ਦਰਜ)

(ਹੇ ਮਾਲਕ !) ‘‘ਇਕਿ (ਕਈ) ‘ਤੁਝ’ (ਤੈਂ ਨੇ) ਹੀ ਕੀਏ ਰਾਜੇ; (ਪਰ) ਇਕਨਾ (ਕਈਆਂ ਨੂੰ) ਭਿਖ (ਭਿਖਿਆ ਲਈ) ਭਵਾਈਆ ॥’’ (ਮ: ੧/੫੬੬)

(ਹੇ ਮਾਲਕ !) ‘‘ਤੁਝ’’ (ਤੈਂ ਨੇ) ਹੀ ਕੀਆ; ਜੰਮਣ ਮਰਣਾ ॥’’ (ਮ: ੧/੧੦੨੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (24 ਵਾਰ), ‘ਤੁਝੁ’ (7 ਵਾਰ), ‘ਤੁਝੈ’ (10 ਵਾਰ), ‘ਤੁਝ ਹੀ’ (2 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

(ਹੇ ਮਾਲਕ !) ‘‘ਜਹ ਸਾਧ ਸੰਤ ਇਕਤ੍ਰ ਹੋਵਹਿ; ਤਹਾ ‘ਤੁਝਹਿ’ (ਤੈਨੂੰ) ਧਿਆਵਹੇ ॥’’ (ਮ: ੫/੨੪੮)

(ਹੇ ਮਾਲਕ !) ‘‘ਤੁਝਹਿ’’ (ਤੈਨੂੰ) ਪੇਖਿ (ਕੇ); ਬਿਗਸੈ ਕਉਲਾਰੁ (ਕਮਲ ਹਿਰਦਾ)॥’’ (ਮ: ੫/੩੮੯)

(ਹੇ ਭਾਈ !) ‘‘ਖਿਨ ਮਹਿ ਥਾਪਿ (ਕੇ), ਉਥਾਪਨਹਾਰਾ (ਮਾਰ ਦੇਂਦਾ); ਤਿਸ ਤੇ ‘ਤੁਝਹਿ’ (ਤੈਨੂੰ) ਡਰਾਵਉ ਰੇ ॥’’ (ਮ: ੫/੪੦੪)

(ਹੇ ਕਾਇਆਂ !) ‘‘ਤੁਝਹਿ’’ (ਤੈਨੂੰ), ਸੁਝੰਤਾ (ਸਮਝ) ਕਛੂ ਨਾਹਿ ॥’’ (ਭਗਤ ਰਵਿਦਾਸ/੧੧੯੬)

‘‘ਚਲੁ ਰੇ ਬੈਕੁੰਠ ! ‘ਤੁਝਹਿ’ (ਤੈਨੂੰ) ਲੇ (ਕੇ) ਤਾਰਉ ॥’’ (ਭਗਤ ਕਬੀਰ/੩੨੯)

(ਹੇ ਮਾਲਕ !) ‘‘ਜੇ ਦੇਹਿ ਵਡਿਆਈ, ਤਾ ਤੇਰੀ ਵਡਿਆਈ; ਇਤ ਉਤ (ਇੱਧਰ-ਉੱਧਰ ਭਾਵ ਹਰ ਥਾਂ) ‘ਤੁਝਹਿ’ (ਤੈਨੂੰ) ਧਿਆਉ ॥’’ (ਮ: ੫/੩੮੨)

(ਹੇ ਮਾਲਕ !) ‘‘ਮਾਨੁਖ, ਬਨੁ, ਤਿਨੁ (ਘਾਹ), ਪਸੂ, ਪੰਖੀ; ਸਗਲ ‘ਤੁਝਹਿ’ (ਤੈਨੂੰ ਹੀ) ਅਰਾਧਤੇ (ਯਾਦ ਕਰਦੇ, ਭਾਵ ਤੇਰੇ ਹੁਕਮ ’ਚ ਚੱਲਦੇ)॥’’ (ਮ: ੫/੪੫੫)

‘‘ਚਾਹਹਿ ‘ਤੁਝਹਿ’ (ਤੈਨੂੰ) ਦਇਆਰ ! ਮਨਿ (ਵਿੱਚ) ਤਨਿ (ਵਿੱਚ) ਰੁਚ (ਸ਼ਰਧਾ) ਅਪਾਰ ॥’’ (ਮ: ੫/੪੫੫)

‘‘ਸਭਨਾ ਵਿਚਿ ਤੂ ਵਰਤਦਾ ਸਾਹਾ ! ਸਭਿ ‘ਤੁਝਹਿ’ (ਤੈਨੂੰ ਹੀ) ਧਿਆਵਹਿ ਦਿਨੁ ਰਾਤਿ ॥’’ (ਮ: ੪/੬੭੦)

‘‘ਸਭਨਾ ਕੀ ਤੂ ਆਸ ਹੈ, ਮੇਰੇ ਪਿਆਰੇ ! ਸਭਿ ‘ਤੁਝਹਿ’ (ਤੈਨੂੰ ਹੀ) ਧਿਆਵਹਿ ਮੇਰੇ ਸਾਹ ! ॥’’ (ਮ: ੪/੬੭੦)

(ਹੇ ਮਾਲਕ !) ‘‘ਨਾਮੁ ਤੇਰਾ ਅੰਭੁਲਾ (ਪਾਣੀ), ਨਾਮੁ ਤੇਰੋ ਚੰਦਨੋ; ਘਸਿ (ਕੇ) ਜਪੇ, ਨਾਮੁ ਲੇ (ਕੇ) ‘ਤੁਝਹਿ ਕਉ’ (ਤੈਨੂੰ) ਚਾਰੇ (ਚੜ੍ਹਾਵੇ)॥’’ (ਭਗਤ ਰਵਿਦਾਸ/੬੯੪) (ਇੱਥੇ ਵੀ ਨਾਮ ਰੂਪ ਚੜ੍ਹਾਵੇ ਬਾਰੇ ਹੀ ਸੰਕੇਤ ਹੈ।)

(ਹੇ ਮਾਲਕ !) ‘‘ਜੇ ਸੁਖੁ ਦੇਹਿ, ਤ ‘ਤੁਝਹਿ’ (ਤੈਨੂੰ) ਅਰਾਧੀ; ਦੁਖਿ (ਵਿੱਚ) ਭੀ, ‘ਤੁਝੈ’ (ਤੈਨੂੰ ਹੀ) ਧਿਆਈ ॥’’ (ਮ: ੪/੭੫੭)

(ਹੇ ਮਾਲਕ !) ‘‘ਜੇ ਪਾਸਿ ਬਹਾਲਹਿ, ਤਾ ‘ਤੁਝਹਿ’ (ਤੈਨੂੰ ਹੀ) ਅਰਾਧੀ; ਜੇ ਮਾਰਿ (ਕੇ) ਕਢਹਿ, ਭੀ ਧਿਆਈ ॥’’ (ਮ: ੪/੭੫੭)

(ਹੇ ਮਾਲਕ !) ‘‘ਤੂ ਆਪੇ ਗੁਰੁ, ਚੇਲਾ ਹੈ ਆਪੇ; ਗੁਰ ਵਿਚੁ (ਵਿਚੋਲਾ) ਦੇ (ਕੇ ਭਾਵ ਰਾਹੀਂ) ‘ਤੁਝਹਿ’ (ਤੈਨੂੰ) ਧਿਆਈ ॥’’ (ਮ: ੪/੭੫੮)

‘‘ਤੁਝਹਿ’’ (ਤੈਨੂੰ) ਨ ਜੋਹੈ (ਤੱਕਦਾ) ਕੋ (ਕੋਈ ਕਾਮਾਦਿਕ) ਮੀਤ ਜਨ ! (ਕਿਉਂਕਿ) ਤੂੰ ਗੁਰ ਕਾ ਦਾਸ ॥’’ (ਮ: ੫/੮੧੮)

(ਹੇ ਮਾਲਕ !) ‘‘ਊਠਤ, ਬੈਠਤ, ਸੋਵਤ, ਜਾਗਤ; ਇਹੁ ਮਨੁ ‘ਤੁਝਹਿ’ (ਤੈਨੂੰ ਹੀ) ਚਿਤਾਰੈ ॥’’ (ਮ: ੫/੮੨੦)

‘‘ਸਾਸਿ-ਸਾਸਿ (ਨਾਲ) ਪ੍ਰਭ ! ‘ਤੁਝਹਿ’ (ਤੈਨੂੰ) ਚਿਤਾਰੀ (ਯਾਦ ਕਰਦਾ ਹਾਂ)॥’’ (ਮ: ੫/੮੨੬)

(ਹੇ ਮਾਲਕ !) ‘‘ਬਿਨਵੰਤਿ ਨਾਨਕ ! (ਜਿਸ ਉੱਤੇ) ਕਰਹੁ ਕਿਰਪਾ; ਸੋਇ ‘ਤੁਝਹਿ’ (ਤੈਨੂੰ) ਪਛਾਨਈ ॥’’ (ਮ: ੫/੯੨੫)

(ਹੇ ਮਾਲਕ !) ‘‘ਤੇਰਾ ਰੂਪੁ ਨ ਜਾਈ ਲਖਿਆ (ਸਮਝਿਆ, ਫਿਰ); ਕਿਉ (ਕਿਵੇਂ) ‘ਤੁਝਹਿ’ (ਤੈਨੂੰ) ਧਿਆਵਹੀ ? ॥’’ (ਮ: ੫/੧੦੯੫)

‘‘ਨਾਨਕ ਕੇ ਪ੍ਰਭ ਪੁਰਖ ਬਿਧਾਤੇ! ਘਟਿ ਘਟਿ (ਵਿੱਚ) ‘ਤੁਝਹਿ’ (ਤੈਨੂੰ ਹੀ) ਦਿਖਾਉ (ਦੇਖਾਂ)॥’’ (ਮ: ੫/੧੧੨੦)

(ਹੇ ਕਰਤਾਰ !) ‘‘ਇਹੁ ਜਗੁ ਤੇਰਾ; ਸਭ ‘ਤੁਝਹਿ’ (ਤੈਨੂੰ ਹੀ) ਧਿਆਏ ॥’’ (ਮ: ੫/੧੧੪੬)

(ਹੇ ਮਾਲਕ !) ‘‘ਮੇਰੋ ਮਨੁ; ਜਤ ਕਤ (ਜਿੱਧਰ-ਕਿੱਧਰ), ‘ਤੁਝਹਿ’ (ਤੈਨੂੰ ਹੀ) ਸਮ੍ਾਰੈ (ਯਾਦ ਕਰਦਾ ਹੈ)॥’’ (ਮ: ੫/੧੨੧੪)

‘‘ਆਰਾਧਉ; ‘ਤੁਝਹਿ’ (ਤੈਨੂੰ) ਸੁਆਮੀ ਅਪਨੇ ! ॥’’ (ਮ: ੫/੧੨੯੮)

(ਹੇ ਗੁਰੂ ਰਾਮਦਾਸ !) ‘‘ਫੁਨਿ (ਫਿਰ) ਜਾਨੈ ਕੋ (ਕੌਣ) ਤੇਰਾ ਅਪਾਰੁ ? ਨਿਰਭਉ, ਨਿਰੰਕਾਰੁ; ਅਕਥ ਕਥਨਹਾਰੁ, ‘ਤੁਝਹਿ’ (ਤੈਨੂੰ ਹੀ, ਇਸ ‘ਅਪਾਰੁ’ ਦੀ) ਬੁਝਾਈ (ਸਮਝ) ਹੈ ॥’’ (ਭਟ ਨਲੵ /੧੩੯੮)

(ਹੇ ਮਾਲਕ !) ‘‘ਤੁਝੁ’’ (ਤੈਨੂੰ) ਸੇਵੀ (ਯਾਦ ਕਰਦਾ ਹਾਂ ਕਿਉਂਕਿ); ਤੁਝ ਤੇ (ਤੋਂ ਹੀ) ਪਤਿ (ਇੱਜ਼ਤ) ਹੋਇ ॥’’ (ਮ: ੩/੨੩੨)

‘‘ਜਹਾ ਤ੍ਰਿਖਾ (ਜਿੱਥੇ ਤ੍ਰਿਸ਼ਨਾ) ਮਨ ! ‘ਤੁਝੁ’ (ਤੈਨੂੰ) ਆਕਰਖੈ (ਖਿੱਚਦੀ ਹੈ)॥’’ (ਮ: ੫/੨੬੪)

(ਹੇ ਭਾਈ !) ‘‘ਜਿਹ (ਜਿਸ ਦੇ) ਪ੍ਰਸਾਦਿ (ਨਾਲ), ‘ਤੁਝੁ’ (ਤੈਨੂੰ) ਸਭੁ ਕੋਊ ਮਾਨੈ ॥’’ (ਮ: ੫/੨੬੯)

(ਹੇ ਭਾਈ !) ‘‘ਜਹਾ ਕਹਾ ‘ਤੁਝੁ’ (ਤੈਨੂੰ) ਰਾਖੈ ਸਭ ਠਾਈ; ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥’’ (ਮ: ੪/੮੬੦)

‘‘ਰੇ ਮਹਾਵਤ ! ‘ਤੁਝੁ’ (ਤੈਨੂੰ) ਡਾਰਉ ਕਾਟਿ (ਕੇ)॥ (ਨਹੀਂ ਤਾਂ) ਇਸਹਿ (ਇਸ ਹਾਥੀ ਨੂੰ ਕਬੀਰ ਉੱਤੇ) ਤੁਰਾਵਹੁ (ਚੜ੍ਹਾਵੋ); ਘਾਲਹੁ ਸਾਟਿ (ਸੱਟ ਮਾਰ ਕੇ)॥ ’’ (ਭਗਤ ਕਬੀਰ/੮੭੦)

(ਹੇ ਪ੍ਰਹਲਾਦ !) ਹਰਿ ਤੇਰਾ ਕਹਾ? (ਜੋ) ‘ਤੁਝੁ’ (ਤੈਨੂੰ) ਲਏ ਉਬਾਰਿ (ਬਚਾ)॥’’ (ਮ: ੩/੧੧੩੩)

(ਮਾਤਾ ਆਖਦੀ ਹੈ, ਹੇ ਪ੍ਰਹਲਾਦ !) ‘‘ਤੁਝੁ’’ (ਤੈਨੂੰ) ਤੁਰਤੁ ਛਡਾਊ; ਮੇਰੋ ਕਹਿਓ ਮਾਨਿ (ਕਿ ‘ਰਾਮ’ ਦੀ ਬਜਾਏ ‘ਅੱਲ੍ਹਾ’ ਕਹਿ ਦੇ)॥’’ (ਭਗਤ ਕਬੀਰ/੧੧੯੪)

(ਹੇ ਮਾਲਕ !) ‘‘ਜਾ ਦੁਖੁ ਲਾਗੈ; ਤਾ ‘ਤੁਝੈ’ (ਤੈਨੂੰ) ਸਮਾਲੀ ॥’’ (ਮ: ੧/੨੫)

(ਹੇ ਮਾਲਕ ! ਤੇਰੇ ਗੁਣਾਂ ਬਾਰੇ) ‘‘ਸੁਣਿ ਸੁਣਿ (ਕੇ) ‘ਤੁਝੈ’ (ਤੈਨੂੰ) ਧਿਆਇਦੇ; ਤੇਰੇ ਭਗਤ ਰਤੇ ਗੁਣਤਾਸੁ ਜੀਉ ॥’’ (ਮ: ੫/੭੪)

‘‘ਸਭਿ ‘ਤੁਝੈ’ (ਤੈਨੂੰ) ਧਿਆਵਹਿ ਜੀਅ ਜੰਤ; ਹਰਿ ਸਾਰਗ ਪਾਣਾ (ਹੇ ਧਨੁਖਧਾਰੀ ਮਾਲਕ!) ॥’’ (ਮ: ੪/੮੪)

(ਹੇ ਮਾਲਕ !) ‘‘ਮਨ ਤਨ ਅੰਤਰਿ; ‘ਤੁਝੈ’ (ਤੈਨੂੰ ਹੀ) ਧਿਆੲਂੀ ॥’’ (ਮ: ੫/੩੮੬)

(ਹੇ ਮਾਲਕ !) ‘‘ਤਿਨ੍ (ਉਨ੍ਹਾਂ ਦੀ ਸੰਗਤ) ਮੰਗਾ; ਜਿ (ਜਿਹੜੇ) ‘ਤੁਝੈ’ (ਤੈਨੂੰ) ਧਿਆਇਦੇ ॥’’ (ਮ: ੧/੪੬੮)

‘‘ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ! ਸੋਈ ‘ਤੁਝੈ’ (ਤੈਨੂੰ) ਪਛਾਣੈ ॥’’ (ਮ: ੫/੧੧੮੫)

(ਹੇ ਗੁਰੂ ਰਾਮਦਾਸ ਜੀ !) ‘‘ਮਨਸਾ ਕਰਿ (ਸ਼ਰਧਾ ਧਾਰ ਕੇ) ਸਿਮਰੰਤ ‘ਤੁਝੈ’ (ਤੈਨੂੰ, ਜੋ) ਨਰ; ਕਾਮੁ, ਕ੍ਰੋਧੁ ਮਿਟਿਅਉ ਜੁ ਤਿਣੰ (ਉਨ੍ਹਾਂ ਦੇ)॥’’ (ਭਟ ਬਲੵ /੧੪੦੫)

(ਹੇ ਗੁਰੂ ਰਾਮਦਾਸ ਜੀ !) ‘‘ਬਾਚਾ ਕਰਿ (ਬਚਨ ਕਰਕੇ) ਸਿਮਰੰਤ ‘ਤੁਝੈ’ (ਤੈਨੂੰ); ਤਿਨ੍ਹ ਦੁਖੁ, ਦਰਿਦ੍ਰੁ ਮਿਟਯਉ ਜੁ ਖਿਣੰ (ਤੁਰੰਤ)॥’’ (ਭਟ ਬਲੵ /੧੪੦੫)

(ਹੇ ਮਾਲਕ !) ‘‘ਵਣੁ, ਤ੍ਰਿਣੁ (ਘਾਹ), ਤ੍ਰਿਭਵਣੁ ‘ਤੁਝੈ’ (ਤੈਨੂੰ ਹੀ) ਧਿਆਇਦਾ; (ਇਉਂ) ਅਨਦਿਨੁ ਸਦਾ ਵਿਹਾਣ (ਬੀਤਦਾ)॥’’ (ਮ: ੩/੧੪੨੦)

(ਹੇ ਮਾਲਕ !) ‘‘ਤੁਝ ਹੀ’’ (ਤੈਨੂੰ ਹੀ), ਪੇਖਿ ਪੇਖਿ (ਕੇ) ਮਨੁ ਸਾਧਾਰਾ (ਮਨ ਕਾਬੂ ਕੀਤਾ)॥’’ (ਮ: ੫/੭੩੯)

‘‘ਇਹੁ ਜਨਕ ਰਾਜੁ, ਗੁਰ ਰਾਮਦਾਸ ! ‘ਤੁਝ ਹੀ’ (ਤੈਨੂੰ ਹੀ) ਬਣਿ ਆਵੈ ॥’’ (ਭਟ ਕਲੵ /੧੩੯੮)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (3 ਵਾਰ), ‘ਤੁਝੁ’ (25 ਵਾਰ), ‘ਤੁਝੈ’ (4 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਭਾਈ !) ‘‘ਬਾਰ ਬਿਵਸਥਾ; ‘ਤੁਝਹਿ’ (ਤੈਨੂੰ, ਤੇਰੇ ਵਾਸਤੇ) ਪਿਆਰੈ ਦੂਧ ॥’’ (ਮ: ੫/੨੬੬)

(ਹੇ ਕਰਤਾਰ !) ‘‘ਤੇਰੋ ਕੀਆ, ‘ਤੁਝਹਿ’ (ਤੈਨੂੰ, ਤੇਰੇ ਲਈ) ਕਿਆ ਅਰਪਉ? (ਇਸ ਲਈ) ਨਾਮੁ ਤੇਰਾ, ਤੁਹੀ (ਤੈਨੂੰ ਹੀ) ਚਵਰ ਢੋਲਾਰੇ (ਚੌਰ ਝੁਲਾਉਂਦਾ ਹਾਂ)॥’’ (ਭਗਤ ਰਵਿਦਾਸ/੬੯੪) (ਭਾਵ ਤੇਰਾ ਨਾਮ ਰੂਪ ਚੌਰ ਹੀ ਤੇਰੇ ਉੱਤੇ ਹਿਲਾਉਂਦਾ ਹਾਂ, ਜਪਦਾ ਹਾਂ। ਮੂਰਖਤਾ ਕਾਰਨ ਕੁਝ ਸਿੱਖ ਆਰਤੀ ਦੌਰਾਨ ਇਸ ਪੰਕਤੀ ਦੇ ਉਚਾਰਨ ਸਮੇਤ ‘ਤੇਰੋ ਕੀਆ’ (ਭਾਵ ਫੁੱਲ) ਸੁੱਟਦੇ ਆਮ ਵੇਖੇ ਜਾ ਸਕਦੇ ਹਨ ਜਿਸ ਬਾਰੇ ਗੁਰੂ ਜੀ ਕਹਿ ਰਹੇ ਹਨ: ‘ਤੁਝਹਿ’ (ਤੈਨੂੰ, ਤੇਰੇ ਲਈ) ਕਿਆ ਅਰਪਉ? ਭਾਵ ‘ਤੇਰੋ ਕੀਆ’ (ਤੇਰਾ ਬਣਾਇਆ) ਰੂਪ ਸਮੱਗਰੀ ‘ਦਾਤਾਰ’ ਅੱਗੇ ਸੁੱਟਣੀ ਵਰਜਿਤ (ਮਨ੍ਹਾ) ਹੈ।)

‘‘ਰੇ ਮਨ ਮੂੜ ! ਸਿਮਰਿ ਸੁਖਦਾਤਾ; ਨਾਨਕ ਦਾਸ ! ‘ਤੁਝਹਿ’ (ਤੈਨੂੰ, ਤੇਰੇ ਲਈ) ਸਮਝਾਵਤ ॥’’ (ਮ: ੫/੧੩੮੮)

(ਹੇ ਕਰਤਾਰ !) ‘‘ਕਵਨ ਗੁਨੁ ? ਜੋ ‘ਤੁਝੁ’ (ਤੈਨੂੰ, ਤੇਰੇ ਲਈ) ਲੈ (ਕੇ) ਗਾਵਉ ॥’’ (ਮ: ੫/੧੮੭)

‘‘ਮਿਲੁ ਸਾਜਨ ! ਹਉ ‘ਤੁਝੁ’ (ਤੈਥੋਂ) ਕੁਰਬਾਨੋ ॥’’ (ਮ: ੫/੭੩੭)

‘‘ਸੁਣਿ ਮਨ ! (ਤੇਰੇ) ਤਨ (ਵਾਸਤੇ), ‘ਤੁਝੁ’ (ਤੈਨੂੰ, ਤੇਰੇ ਲਈ) ਸੁਖੁ ਦਿਖਲਾਵਉ ॥’’ (ਮ: ੫/੭੪੨)

‘‘ਹਰਿ ! ਅਨਿਕ ਬਿੰਜਨ (ਭੋਜਨ), ਤੁਝੁ (ਤੈਨੂੰ, ਤੇਰੇ ਲਈ) ਭੋਗ ਭੁੰਚਾਵਉ ॥’’ (ਮ: ੫/੭੪੨)

‘‘ਮਨ ਮੇਰੇ ! ਗਹੁ (ਫੜ) ਹਰਿ ਨਾਮ ਕਾ ਓਲਾ (ਆਸਰਾ)॥ ‘ਤੁਝੈ’ (ਤੈਨੂੰ, ਤੇਰੇ ਲਈ) ਨ ਲਾਗੈ; ਤਾਤਾ ਝੋਲਾ (ਮਾਨਸਿਕ ਦੁੱਖ)॥’’ (ਮ: ੫/੧੭੯)

(ਹੇ ਕਰਤਾਰ !) ‘‘ਪੁਰਖੋ ਬਿਧਾਤਾ ਏਕੁ ਸ੍ਰੀਧਰੁ; ਕਿਉ (ਕਿਵੇਂ) ਮਿਲਹ ‘ਤੁਝੈ’ (ਤੈਨੂੰ, ਤੇਰੇ ਲਈ) ਉਡੀਣੀਆ (ਅਸੀਂ ਵਿਆਕੁਲ ਹੋਈਆਂ)॥’’ (ਮ: ੫/੨੪੭)

(ਹੇ ਭਾਈ !) ‘‘ਕਾਰ੍ਹਾ (ਚਿੰਤਾ) ‘ਤੁਝੈ’ (ਤੈਨੂੰ, ਤੇਰੇ ਲਈ) ਨ ਬਿਆਪਈ; ਨਾਨਕ ! ਮਿਟੈ ਉਪਾਧਿ (ਵਿਕਾਰੀ ਸੋਚ)॥’’ (ਮ: ੫/੨੫੫)

‘‘ਸਾਂਈ ਮੁਝ ਸਿਉ (ਮੇਰੇ ਨਾਲ) ਲਰਿ ਪਰਿਆ; (ਕਿ) ‘ਤੁਝੈ’ (ਤੈਨੂੰ, ਤੇਰੇ ਲਈ) ਕਿਨ੍ਹਿ ਫੁਰਮਾਈ (ਕਿਸ ਨੇ ਕਿਹਾ ਕਿ ਮੈਂ ਕੇਵਲ) ਗਾਇ (‘ਗਾਹ’ ਭਾਵ ਜਗ੍ਹਾ, ਮੱਕਾ ਸਥਾਨ ’ਤੇ ਹੀ ਵਸਦਾ ਹਾਂ) ? ॥’’ (ਭਗਤ ਕਬੀਰ/੧੩੭੫)

ਪਿਛਲੇ ਅਧਿਆਇ ’ਚ ਕੀਤੀ ਗਈ ਵੀਚਾਰ ਕਿ ਕਿਸੇ ਪੰਕਤੀ ’ਚ 2 ਕਰਮ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਪਹਿਚਾਣ ਕਰਨ ਲਈ ‘ਕਿਰਿਆ’ ਸ਼ਬਦ ਨਾਲ ‘ਕੀ’ ਲਗਾਇਆਂ ਜੋ ਜਵਾਬ ਮਿਲੇ ਉਹ ‘ਕਰਮ ਕਾਰਕ’ ਤੇ ‘ਕਿਸ ਨੂੰ’ ਲਗਾਇਆਂ ਜੋ ਜਵਾਬ ਮਿਲੇ ਉਹ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:

(ਹੇ ਭਾਈ !) ‘‘ਜਿਹ ਸਿਮਰਨਿ (ਨਾਲ) ‘ਤੁਝੁ’ (ਤੈਨੂੰ) ਪੋਹੈ ਨ ਮਾਇ (ਮਾਇਆ)॥’’ (ਭਗਤ ਕਬੀਰ/੯੭੧)

(ਨੋਟ: ਉਪਰੋਕਤ ਪੰਕਤੀ ’ਚ ‘ਕੀ ਪੋਹੈ ?’ ਦਾ ਜਵਾਬ ਹੈ: ‘ਮਾਇ’ ਭਾਵ ‘ਮਾਇਆ’ (ਕਰਮ ਕਾਰਕ) ਤੇ ‘ਕਿਸ ਨੂੰ ਪੋਹੈ?’ ਦਾ ਜਵਾਬ ਹੈ: ‘ਤੁਝੁ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ)।

(4). ਅਪਾਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝੈ’ (1 ਵਾਰ), ‘ਤੁਝੈ ਤੇ’ (3 ਵਾਰ), ‘ਤੁਝੈ ਪਹਿ’ (1 ਵਾਰ), ‘ਤੁਝ ਹੀ ਤੇ’ (4 ਵਾਰ) ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੈਥੋਂ, ਤੇਰੇ ਤੋਂ’; ਜਿਵੇਂ:

‘‘ਹਉ ਮਾਗਉ ‘ਤੁਝੈ’ (ਤੇਰੇ ਪਾਸੋਂ) ਦਇਆਲ! ਕਰਿ ਦਾਸਾ (ਦਾ) ਗੋਲਿਆ (ਗੋਲਾ)॥’’ (ਮ: ੫/੫੧੮)

(ਹੇ ਕਰਤਾਰ !) ‘‘ਤੁਹੀ ਦਰੀਆ, ਤੁਹੀ ਕਰੀਆ (ਮਲਾਹ); ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ ਹੀ) ਨਿਸਤਾਰ (ਪਾਰ ਉਤਾਰਾ ਹੁੰਦਾ)॥’’ (ਭਗਤ ਕਬੀਰ/੩੩੮)

‘‘ਤੇਰੀ ਟੇਕ ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ) ਪਾਈ; ਸਾਚੇ ਸਿਰਜਣਹਾਰਾ ! ॥’’ (ਮ: ੫/੭੭੮)

(ਹੇ ਕਰਤਾਰ !) ‘‘ਤੇਰੀ ਦਾਤਿ; ‘ਤੁਝੈ ਤੇ’ (ਤੇਰੇ ਤੋਂ, ਤੇਰੇ ਪਾਸੋਂ ਹੀ) ਹੋਵੈ ॥’’ (ਮ: ੫/੧੦੭੪)

(ਹੇ ਕਰਤਾਰ !) ‘‘ਹਉ ਮਾਗਉ ਦਾਨੁ ‘ਤੁਝੈ ਪਹਿ’ (ਤੇਰੇ ਤੋਂ, ਤੇਰੇ ਪਾਸੋਂ ਹੀ) ਕਰਤੇ ! (ਤਾਂ ਜੋ) ਹਰਿ ਅਨਦਿਨੁ ਨਾਮੁ ਵਖਾਣੀ ਹੇ ॥’’ (ਮ: ੪/੧੦੭੧)

‘‘ਹਮ ਅਪਰਾਧੀ ਨਿਰਗੁਣੇ, ਭਾਈ (ਹੇ ਪਿਆਰੇ ਪ੍ਰਭੂ) ! ‘ਤੁਝ ਹੀ ਤੇ’ (ਤੇਰੇ ਤੋਂ ਹੀ) ਗੁਣੁ ਸੋਇ (ਭਾਵ ਮਲੀਨਤਾ ਨੂੰ ਨਿਰਮਲ ’ਚ ਬਦਲਣ ਵਾਲਾ ‘ਉਹ ਗੁਣ’ ਮਿਲ ਸਕਦਾ ਹੈ)॥’’ (ਮ: ੧/੬੩੬)

‘‘ਸਭਿ ‘ਤੁਝ ਹੀ ਥਾਵਹੁ’ (ਤੇਰੇ ਹੀ ਦਰ ਤੋਂ) ਮੰਗਦੇ, ਮੇਰੇ ਸਾਹਾ! ਤੂ ਸਭਨਾ ਕਰਹਿ ਇਕ (ਬਰਾਬਰ) ਦਾਤਿ ॥’’ (ਮ: ੪/੬੭੦)

(ਹੇ ਕਰਤਾਰ !) ‘‘ਜੇਤੀ (ਜਿਤਨੀ ਪੈਦਾ ਹੋਈ) ਹੈ, ਤੇਤੀ ‘ਤੁਝ ਹੀ ਤੇ’ (ਤੇਰੇ ਤੋਂ ਹੀ); ਤੁਮ੍ ਸਰਿ (ਤੇਰੇ ਵਰਗਾ) ਅਵਰੁ ਨ ਕੋਈ ॥’’ (ਮ: ੧/੧੨੭੩)

(ਹੇ ਕਰਤਾਰ !) ‘‘ਲਖ ਚਉਰਾਸੀਹ ਮੇਦਨੀ; ‘ਤੁਝ ਹੀ ਤੇ’ (ਤੇਰੇ ਤੋਂ ਹੀ) ਹੋਈ ॥’’ (ਮ: ੧/੧੨੮੩)

(5). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝੈ’ (2 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ’; ਜਿਵੇਂ:

(ਹੇ ਭਾਈ !) ‘‘ਜਿਸ (ਪਰਿਵਾਰ) ਨੋ ਤੂੰ ਪਤੀਆਇਦਾ (ਖ਼ੁਸ਼ ਕਰਦਾ); ਸੋ ‘ਸਣੁ ਤੁਝੈ’ (ਤੇਰੇ ਸਮੇਤ) ਅਨਿਤ (ਨਾਸ਼ਵਾਨ)॥’’ (ਮ: ੫/੪੨)

(ਹੇ ਕਰਤਾਰ !) ‘‘ਆਪੇ ਕਰੇ ਕਰਾਏ ਕਰਤਾ; ਅਵਰੁ ਨ ਦੂਜਾ, ‘ਤੁਝੈ ਸਰੇ’ (ਤੇਰੇ ਬਰਾਬਰ)॥’’ (ਮ: ੪/੫੫੨)

ਗੁਰਬਾਣੀ ਵਿੱਚ ‘ਤੁਝਹਿ’ (3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵੀ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ: ‘ਤੇਰੀ, ਤੇਰੇ’; ਜਿਵੇਂ:

(ਹੇ ਕਰਤਾਰ !) ‘‘ਜਨ ਕੀ ਉਪਮਾ; ‘ਤੁਝਹਿ’ (ਤੇਰੀ ਹੀ) ਵਡਈਆ (ਵਡਿਆਈ)॥’’ (ਮ: ੪/੧੬੬)

(ਹੇ ਕਰਤਾਰ !) ‘‘ਤੁਝਹਿ’’ (ਤੇਰੇ) ਚਰਨ ਅਰਬਿੰਦ (ਸੁੰਦਰ); ਭਵਨ (ਭ੍ਰਮਣ ਕਰਨ ਵਾਲਾ ਭੌਰਾ ਮੇਰਾ) ਮਨੁ ॥’’ (ਭਗਤ ਰਵਿਦਾਸ/੪੮੬)

(ਹੇ ਪ੍ਰਭੂ! ਗੁਰੂ ਨੂੰ) ‘‘ਮੇਲਹਿ ‘ਤੁਝਹਿ’ ਰਜਾਇ (ਤੇਰੀ ਰਜ਼ਾ ਅਨੁਸਾਰ, ਜਿਸ ਰਾਹੀਂ); ਸਬਦੁ ਕਮਾਈਐ ॥’’ (ਮ: ੧/੭੫੨)

(6). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਝਹਿ’ (3 ਵਾਰ), ‘ਤੁਝੁ’ (2 ਵਾਰ), ‘ਤੁਝੈ’ (3 ਵਾਰ), ‘ਤੁਝ’ (14 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਉੱਤੇ, ਤੇਰੇ ਉੱਪਰ’; ਜਿਵੇਂ:

(ਹੇ ਮਾਲਕ !) ‘‘ਖਾਣੀ (4 ਖਾਣੀਆਂ ਦੇ ਜੀਵ), ਬਾਣੀ (ਉਨ੍ਹਾਂ ਦੀਆਂ ਬੋਲੀਆਂ); ‘ਤੁਝਹਿ’ (ਤੇਰੇ ਵਿੱਚ ਹੀ) ਸਮਾਣੀ ॥’’ (ਮ: ੧/੧੦੨੧)

(ਹੇ ਮਾਲਕ !) ‘‘ਤੁਧੁ ਨੋ ਸੇਵਹਿ, ਸੇ ‘ਤੁਝਹਿ’ (ਤੇਰੇ ਵਿੱਚ) ਸਮਾਵਹਿ; ਤੂ ਆਪੇ (ਗੁਰੂ) ਮੇਲਿ (ਕੇ, ਆਪਣੇ ਨਾਲ) ਮਿਲਾਇਦਾ ॥’’ (ਮ: ੩/੧੦੬੦)

(ਹੇ ਮਾਲਕ !) ‘‘ਜਿਸੁ ਭਾਣਾ ਭਾਵੈ; ਸੋ ‘ਤੁਝਹਿ’ (ਤੇਰੇ ਵਿੱਚ) ਸਮਾਏ ॥’’ (ਮ: ੩/੧੦੬੪)

(ਹੇ ਮਾਲਕ !) ‘‘ਤੁਮਰੋ (ਸੇਵਕ) ਹੋਇ; ਸੁ ‘ਤੁਝਹਿ’ (ਤੇਰੇ ਵਿੱਚ) ਸਮਾਵੈ ॥’’ (ਮ: ੧/੧੧੮੯)

(ਹੇ ਮਾਲਕ !) ‘‘ਤੁਝੁ ਊਪਰਿ’’ ਮੇਰਾ ਹੈ ਮਾਣਾ; ਤੂਹੈ ਮੇਰਾ ਤਾਣਾ (ਆਸਰਾ) ਰਾਮ ॥’’ (ਮ: ੫/੭੭੯)

(ਹੇ ਮਾਲਕ !) ‘‘ਸਰਬ ਚਿੰਤ ‘ਤੁਝੁ ਪਾਸਿ’; ਸਾਧਸੰਗਤਿ ਹਉ ਤਕਉ ॥’’ (ਭਟ ਕੀਰਤ/੧੩੯੫)

(ਹੇ ਮਾਲਕ !) ‘‘ਕਿਆ ਹਮ ਜੰਤ ਕਰਹ ਚਤੁਰਾਈ ? ਜਾਂ (ਜਦੋਂ) ਸਭੁ ਕਿਛੁ ‘ਤੁਝੈ ਮਝਾਰਿ’ (ਤੇਰੇ ‘ਹੁਕਮ’ ਵਿੱਚ)॥’’ (ਮ: ੫/੩੭੯)

(ਹੇ ਮਾਲਕ !) ‘‘ਜਾ ਤੂ ਮੇਲਹਿ; ਤਾ ‘ਤੁਝੈ’ (ਤੇਰੇ ਵਿੱਚ) ਸਮਾਵਾ ॥’’ (ਮ: ੧/੯੩੩)

(ਹੇ ਮਾਲਕ !) ‘‘ਗੁਰਮੁਖਿ ਨਾਮੁ ਧਿਆਇ (ਕੇ); ‘ਤੁਝੈ’ (ਤੇਰੇ ਵਿੱਚ) ਸਮਾਇਆ ॥’’ (ਮ: ੧/੧੨੮੨)

(ਹੇ ਮਾਲਕ !) ‘‘ਤੂੰ ਦਰੀਆਉ; ਸਭ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ॥’’ (ਮ: ੪/੧੧)

(ਹੇ ਮਾਲਕ!) ‘‘ਨਾਨਾ (ਕਈ) ਰੂਪ ਸਦਾ ਹਹਿ ਤੇਰੇ; (ਅੰਤ ਨੂੰ ਸਾਰੇ) ‘ਤੁਝ ਹੀ ਮਾਹਿ’ ਸਮਾਹੀ ॥’’ (ਮ: ੩/੧੬੨)

‘‘ਐ ਜੀ ! ਰਾਖਹੁ ਪੈਜ ਨਾਮ ਅਪੁਨੇ ਕੀ; ‘ਤੁਝ ਹੀ ਸਿਉ’ (ਤੇਰੇ ਨਾਲ ਹੀ, ਪ੍ਰੀਤ) ਬਨਿ ਆਈ ॥’’ (ਮ: ੧/੫੦੪)

(ਹੇ ਮਾਲਕ !) ‘‘ਤੁਝ ਹੀ’’ (ਤੇਰੇ ਵਿੱਚ ਹੀ, ਜਿਨ੍ਹਾਂ ਦੇ) ਮਨ ਰਾਤੇ, ਅਹਿਨਿਸਿ ਪਰਭਾਤੇ; (ਅਜਿਹਾ) ਹਰਿ ਰਸਨਾ (ਨਾਲ) ਜਪਿ ਮਨ ਰੇ ! ॥’’ (ਮ: ੧/੫੯੭)

(ਹੇ ਮਾਲਕ !) ‘‘ਅੰਤਰ ਕੀ ਗਤਿ ਤੁਮ ਹੀ ਜਾਨੀ; ‘ਤੁਝ ਹੀ ਪਾਹਿ’ (ਤੇਰੇ ਕੋਲ ਹੀ) ਨਿਬੇਰੋ ॥’’ (ਮ: ੫/੬੧੮)

‘‘ਸਭੁ ਕੋ (ਕੋਈ) ‘ਤੁਝ ਹੀ ਵਿਚਿ’ (ਤੇਰੇ ‘ਹੁਕਮ’ ਵਿੱਚ ਹੀ) ਹੈ, ਮੇਰੇ ਸਾਹਾ ! ਤੁਝ ਤੇ ਬਾਹਰਿ ਕੋਈ ਨਾਹਿ ॥’’ (ਮ: ੪/੬੭੦)

‘‘ਸਭਿ ਜੀਅ ਤੇਰੇ, ਤੂ ਸਭਸ ਦਾ; ਮੇਰੇ ਸਾਹਾ! ਸਭਿ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ਸਮਾਹਿ ॥’’ (ਮ: ੪/੬੭੦)

(ਹੇ ਮਾਲਕ !) ‘‘ਮੈ (ਮੈਨੂੰ) ਹੋਰੁ ਥਾਉ ਨਾਹੀ, ਜਿਸੁ ਪਹਿ ਕਰਉ ਬੇਨੰਤੀ; ਮੇਰਾ ਦੁਖੁ ਸੁਖੁ ‘ਤੁਝ ਹੀ ਪਾਸਿ’ (ਤੇਰੇ ਪਾਸ ਹੀ) ॥’’ (ਮ: ੪/੭੩੫)

(ਹੇ ਮਾਲਕ !) ‘‘ਸੂਖ, ਦੂਖ ਇਸੁ ਮਨ ਕੀ ਬਿਰਥਾ (ਪੀੜਾ); ‘ਤੁਝ ਹੀ ਆਗੈ’ ਸਾਰੈ (ਰੱਖਦਾ ਹੈ)॥’’ (ਮ: ੫/੮੨੦)

(ਹੇ ਮਾਲਕ !) ‘‘ਦੁਖੁ ਸੁਖੁ ਦੇਹਿ, ਤੂਹੈ ਮਨਿ ਭਾਵਹਿ; ‘ਤੁਝ ਹੀ ਸਿਉ’ (ਤੇਰੇ ਨਾਲ ਹੀ) ਬਣਿ ਆਈ ਹੇ ॥’’ (ਮ: ੧/੧੦੨੩)

‘‘ਤੇਰੇ ਗੁਣ ਪ੍ਰਭ ! ‘ਤੁਝ ਹੀ ਮਾਹੇ’ ॥’’ (ਮ: ੩/੧੦੫੭)

‘‘ਅਬਿਨਾਸੀ ! ਅਬਿਗਤ ! ਅਗੋਚਰ ! ਸਭੁ ਕਿਛੁ ‘ਤੁਝ ਹੀ’ (ਤੇਰੇ ਨਾਲ ਹੀ) ਹੈ ਲਗਾ ॥’’ (ਮ: ੫/੧੦੮੨)

(ਹੇ ਮਾਲਕ !) ‘‘ਸਭ ‘ਤੁਝ ਹੀ ਅੰਤਰਿ’; ਸਗਲ ਸੰਸਾਰੈ ॥’’ (ਮ: ੫/੧੧੩੯)

(ਹੇ ਮਾਲਕ !) ‘‘ਸਚਾ ਸਬਦੁ ਵੀਚਾਰਿ (ਕੇ); ਸੇ ‘ਤੁਝ ਹੀ ਮਾਹਿ’ (ਤੇਰੇ ਵਿੱਚ ਹੀ) ਸਮਾਇਆ ॥’’ (ਮ: ੧/੧੨੯੦)

Pronoun (Part 4, E)

0

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-4) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-5

(5). ਗੁਰਬਾਣੀ ਵਿੱਚ ‘ਤੁਧੁ’ (415 ਵਾਰ), ‘ਤੁਧੈ’ (19 ਵਾਰ), ‘ਤੁਧ ਨੋ’ (36 ਵਾਰ), ‘ਤੁਹ ਨੋ’ (1 ਵਾਰ), ‘ਤੁਧਹੁ’ (7 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ ਹਨ, ਜਿਨ੍ਹਾਂ ਦੀ ਵੰਡ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ਵੀ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਕ’ ’ਚ ਦਰਜ ਨਹੀਂ ਹਨ; ਜਿਵੇਂ:

(1). ਕਰਤਾ ਕਾਰਕ ਪੜਨਾਂਵ: (ੳ). ਗੁਰਬਾਣੀ ਵਿੱਚ ‘ਤੁਧੁ’ (3 ਵਾਰ) ਤੇ ‘ਤੁਧੈ’ (1 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਕਰਤਾਰ !) ‘‘ਅਪਣੇ ਕਰਤਬ ਆਪੇ ਜਾਣਹਿ; ਆਪੇ ‘ਤੁਧੁ’ (ਤੂੰ, ਸਭ ਨੂੰ) ਸਮਾਲੀਐ (ਸੰਭਾਲਦਾ) ਜੀਉ ॥’’ (ਮ: ੫/੧੦੨)

(ਹੇ ਕਰਤਾਰ !) ‘‘ਤੁਧੁ’’ (ਤੂੰ) ਆਪੇ ਕਾਰਣੁ (ਗੁਰੂ-ਸਬੱਬ, ਵਸੀਲਾ); ਆਪੇ ਕਰਣਾ (ਜਗਤ-ਰਚਨਾ ਬਣਾਈ)॥’’ (ਮ: ੫/੫੬੪)

(ਹੇ ਨਿਰਾਕਾਰ !) ‘‘ਤੁਧੁ’’ (ਤੂੰ, ਮੇਰੇ) ਅੰਤਰਿ (ਵੱਸਦਾ ਹੈਂ, ਇਹ ਸਮਝ ਹੋਣ ਕਾਰਨ) ਹਉ ਸੁਖਿ (ਵਿੱਚ) ਵਸਾ; (ਜਦੋਂ) ਤੂੰ (ਮੇਰੇ) ਅੰਤਰਿ (ਤਾਂ ਹਰ ਥਾਂ ਮੈਨੂੰ) ਸਾਬਾਸਿ ਜੀਉ (ਮਿਲਦੀ)॥’’ (ਮ: ੧/੭੬੨)

(ਹੇ ਨਿਰਾਕਾਰ !) ‘‘ਸਭ ਤੇਰੀ ਜੋਤਿ, ਜੋਤੀ ਵਿਚਿ ਵਰਤਹਿ; ਗੁਰਮਤੀ (ਵਿੱਚ) ‘ਤੁਧੈ’ (ਤੂੰ ਹੀ) ਲਾਵਣੀ (ਲਾਉਣ ਵਾਲਾ)॥’’ (ਮ: ੪/੧੩੧੪)

(ਅ). ਗੁਰਬਾਣੀ ਵਿੱਚ ‘ਤੁਧੁ’ (93 ਵਾਰ) ਤੇ ‘ਤੁਧੈ’ (3 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਨਿਰਾਕਾਰ !) ‘‘ਇਕਨਾ ਬਖਸਹਿ ਮੇਲਿ ਲੈਹਿ; ਗੁਰਮਤੀ (ਵਿੱਚ) ‘ਤੁਧੈ’ (ਤੈਂ ਨੇ ਹੀ) ਲਾਇਆ ॥’’ (ਮ: ੧/੧੩੯)

(ਹੇ ਨਿਰਾਕਾਰ !) ‘‘ਸਭ ਭਾਂਡੇ ‘ਤੁਧੈ’ (ਤੈਂ ਨੇ ਹੀ) ਸਾਜਿਆ; ਵਿਚਿ ਵਸਤੁ (ਅਕਲ) ਹਰਿ ! ਥਾਰਾ (ਤੇਰੀ ਹੀ)॥’’ (ਮ: ੪/੪੪੯)

(ਹੇ ਨਿਰਾਕਾਰ !) ‘‘ਤੂ ਕਰਤਾ ਗੋਵਿੰਦੁ; ‘ਤੁਧੁ’ (ਤੈਂ ਨੇ) ਸਿਰਜੀ, ‘ਤੁਧੈ’ (ਤੈਂ ਨੇ ਹੀ) ਗੋਈ (ਨਾਸ਼ ਕਰਨੀ)॥’’ (ਮ: ੧/੧੨੮੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ ਆਪੇ ਸਿਰਜਿ, ਸਭ ਗੋਈ ॥’’ (ਮ: ੪/੧੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ ਵਿਛੋੜਿਆ; ਆਪਿ ਮਿਲਾਇਆ ॥’’ (ਮ: ੪/੧੧)

(ਹੇ ਭਾਈ!) ‘‘ਜਿਥੈ ਜਾਇ ‘ਤੁਧੁ’ (ਤੈਂ ਨੇ) ਵਰਤਣਾ; ਤਿਸ ਕੀ ਚਿੰਤਾ ਨਾਹਿ ॥’’ (ਮ: ੫/੪੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸੰਸਾਰੁ ਉਪਾਇਆ ॥’’ (ਮ: ੧/੭੧)

(ਹੇ ਕਰਤਾਰ !) ‘‘ਆਪਹੁ, ‘ਤੁਧੁ’ (ਤੈਂ ਨੇ) ਖੁਆਇਆ ॥’’ (ਮ: ੧/੭੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ (ਹੀ) ਆਪੁ (ਆਪਣੇ ਆਪ ਨੂੰ, ਆਕਾਰ ਰੂਪ ਬਣਾ ਕੇ) ਉਪਾਇਆ ॥’’ (ਮ: ੧/੭੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ (ਕ੍ਰਿਸ਼ਨ ਰੂਪ ਧਾਰ ਕੇ) ਗੋਇ (ਧਰਤੀ, ਗੋਵਰਧਨ ਪਹਾੜ) ਉਠਾਲੀਆ ॥’’ (ਮ: ੧/੭੩)

(ਹੇ ਕਰਤਾਰ !) ‘‘ਸਭ ਆਪੇ ‘ਤੁਧੁ’ (ਤੈਂ ਨੇ) ਉਪਾਇ ਕੈ; ਆਪਿ ਕਾਰੈ (ਵਿੱਚ) ਲਾਈ ॥’’ (ਮ: ੪/੮੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਧਰਤੀ ਸਾਜੀਐ; ਚੰਦੁ, ਸੂਰਜੁ ਦੁਇ ਦੀਵੇ ॥’’ (ਮ: ੪/੮੩)

(ਹੇ ਕਰਤਾਰ !) ‘‘ਦਸ-ਚਾਰਿ ਹਟ (14 ਲੋਕ), ‘ਤੁਧੁ’ (ਤੈਂ ਨੇ) ਸਾਜਿਆ; (ਜਿੱਥੇ) ਵਾਪਾਰੁ ਕਰੀਵੇ (ਹੁੰਦਾ)॥’’ (ਮ: ੪/੮੩)

(ਹੇ ਕਰਤਾਰ !) ‘‘ਸਿਸਟਿ ਉਪਾਈ ਸਭ ‘ਤੁਧੁ’ (ਤੈਂ ਨੇ); ਆਪੇ ਰਿਜਕੁ ਸੰਬਾਹਿਆ (ਪਹੁੰਚਾਇਆ)॥’’ (ਮ: ੪/੮੫)

(ਹੇ ਕਰਤਾਰ !) ‘‘ਤੁਧੁ (ਤੈਨੂੰ) ਆਪੇ ਭਾਵੈ, ਸੋ ਕਰਹਿ; ‘ਤੁਧੁ’ (ਤੈਂ ਨੇ) ਓਤੈ ਕੰਮਿ (ਵਿੱਚ) ਓਇ ਲਾਇਆ ॥’’ (ਮ: ੪/੮੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ ਕਥੀ ‘ਤੈ’ (ਤੈਂ ਨੇ) ਆਪਿ ਵਖਾਣੀ ॥’’ (ਮ: ੫/੯੯)

(ਹੇ ਕਰਤਾਰ !) ‘‘ਜੀਅ, ਜੰਤ ਸਭਿ; ‘ਤੁਧੁ’ (ਤੈਂ ਨੇ) ਉਪਾਏ ॥’’ (ਮ: ੫/੧੦੩)

(ਹੇ ਕਰਤਾਰ !) ‘‘ਇਕਿ ਰੰਗਿ (ਕਈ ਤੇਰੇ ਪ੍ਰੇਮ ਵਿੱਚ) ਰਾਤੇ; ਜੋ ‘ਤੁਧੁ’ (ਤੈਂ ਨੇ) ਆਪਿ ਲਿਵ ਲਾਏ ॥’’ (ਮ: ੩/੧੧੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸਿਰਜੀ, ਆਪੇ ਗੋਈ (ਨਾਸ਼ ਕਰੇਗਾ)॥’’ (ਮ: ੩/੧੧੨)

(ਹੇ ਕਰਤਾਰ !) ‘‘ਖੋਟੇ, ਖਰੇ; ‘ਤੁਧੁ’ (ਤੈਂ ਨੇ) ਆਪਿ ਉਪਾਏ ॥’’ (ਮ: ੩/੧੧੯) (ਇਸ ਪੰਕਤੀ ਨੂੰ ਧਿਆਨ ’ਚ ਰੱਖ ਕੇ ਕੋਈ ਗੁਰਸਿੱਖ ਕਹਿ ਸਕਦਾ ਹੈ ਕਿ ‘ਮਨਮੁਖ’ ਪ੍ਰਭੂ ਪ੍ਰੇਰਨਾ ਤੋਂ ਬਾਹਰ ਹਨ?)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਪਰਖੇ, ਲੋਕ ਸਬਾਏ ॥’’ (ਮ: ੩/੧੧੯)

(ਹੇ ਕਰਤਾਰ !) ‘‘ਦਇਆ ਧਾਰਿ (ਕੇ) ਰਾਖੇ ‘ਤੁਧੁ’ (ਤੈਂ ਨੇ) ਸੇਈ; ਪੂਰੈ ਕਰਮਿ (ਭਾਗ ਰਾਹੀਂ ਤੇਰੇ ਵਿੱਚ) ਸਮਾਵਣਿਆ ॥’’ (ਮ: ੫/੧੩੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ‘ਤੁਧੁ’ (ਤੈਂ ਨੇ) ਆਪੇ ਧੰਧੈ (ਵਿੱਚ) ਲਾਇਆ ॥’’ (ਮ: ੧/੧੩੮)

(ਹੇ ਕਰਤਾਰ !) ‘‘ਮੋਹ ਠਗਉਲੀ ਪਾਇ ਕੈ; ‘ਤੁਧੁ’ (ਤੈਂ ਨੇ) ਆਪਹੁ (ਆਪਣੇ ਆਪ ਤੋਂ, ਚੰਗੀ ਸਮਝ ਤੋਂ) ਜਗਤੁ (ਨੂੰ) ਖੁਆਇਆ (ਕੁਰਾਹੇ ਪਾਇਆ)॥’’ (ਮ: ੧/੧੩੮) (ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

(ਹੇ ਕਰਤਾਰ !) ‘‘ਸਦਾ ਸਦਾ ਤੂੰ ਏਕੁ ਹੈ; ‘ਤੁਧੁ’ (ਤੈਂ ਨੇ) ਦੂਜਾ ਖੇਲੁ ਰਚਾਇਆ ॥’’ (ਮ: ੧/੧੩੯)

‘‘ਤੂੰ ਕਾਇਆ ! ਰਹੀਅਹਿ ਸੁਪਨੰਤਰਿ; ‘ਤੁਧੁ’ (ਤੈਂ ਨੇ) ਕਿਆ ਕਰਮ ਕਮਾਇਆ ? ॥’’ (ਮ: ੧/੧੫੫)

(ਹੇ ਕਰਤਾਰ !) ‘‘ਤਿਨ ਤੂੰ ਵਿਸਰਹਿ; ਜਿ, ‘ਤੁਧੁ’ (ਤੈਂ ਨੇ) ਆਪਿ ਭੁਲਾਏ ॥’’ (ਮ: ੩/੧੫੯) (ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

‘‘ਤੁਧੁ’’ (ਤੈਂ ਨੇ) ਬਚਨਿ ਗੁਰ ਕੈ (ਰਾਹੀਂ), (ਵਿਕਾਰਾਂ ਨੂੰ) ਵਸਿ (ਵਿੱਚ) ਕੀਆ; ਆਦਿ ਪੁਰਖੁ ਬਨਵਾਰੀਆ ! ॥’’ (ਮ: ੫/੨੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਆਪੁ (ਆਪਣੇ ਆਪ ਨੂੰ) ਰਖਿਆ ਸਤਿਗੁਰ ਵਿਚਿ; ਗੁਰੁ (ਨੂੰ) ਆਪੇ ਤੁਧੁ (ਤੈਂ ਨੇ) ਸਵਾਰਿਆ ॥’’ (ਮ: ੪/੩੧੧) (ਭੱਟ ਸਵੱਈਆਂ ਪੰਨਾ 1389-1409 ਦੇ ਅਰਥ ਕਰਦਿਆਂ ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ (ਤੈਂ ਨੇ) ਆਪੇ ਸਿਰਜਿ (ਕੇ) ਸਭ ਗੋਈ (ਨਾਸ਼ ਕਰਦਾ ਹੈ)॥’’ (ਆਸਾ ਸੋ ਪੁਰਖ)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ (ਆਪਣੇ ਨਾਲੋਂ) ਵਿਛੋੜਿਆ; ਆਪਿ (ਆਪਣੇ ਨਾਲ) ਮਿਲਾਇਆ ॥’’ (ਮ: ੪/੩੬੫)

(ਹੇ ਕਰਤਾਰ !) ‘‘ਬੁਝਣਾ (ਗਿਆਨ), ਅਬੁਝਣਾ (ਅਗਿਆਨ) ‘ਤੁਧੁ’ (ਤੈਂ ਨੇ) ਕੀਆ; ਇਹ ਤੇਰੀ (ਜੀਵਾਂ ਦੇ) ਸਿਰਿ (ਉੱਤੇ) ਕਾਰ (ਮਰਿਆਦਾ)॥’’ (ਮ: ੩/੪੨੭)

(ਹੇ ਕਰਤਾਰ !) ‘‘ਇਕਿ ਧੁਰਿ (ਤੋਂ) ਪਵਿਤ ਪਾਵਨ ਹਹਿ; ‘ਤੁਧੁ’ (ਤੈਂ ਨੇ) ਨਾਮੇ (ਵਿੱਚ) ਲਾਏ ॥’’ (ਮ: ੩/੪੨੭)

(ਹੇ ਪੰਡਿਤ!) ‘‘ਸਿਧੰਙਾਇਐ, ਸਿਮਰਹਿ ਨਾਹੀ; ਨੰਨੈ (ਅੱਖਰ ਤੋਂ ਆਰੰਭ ਹੋਣ ਵਾਲਾ), ਨਾ ‘ਤੁਧੁ’ (ਤੈਂ ਨੇ) ‘ਨਾਮੁ’ ਲਇਆ ॥’’ (ਮ: ੩/੪੩੪)

(ਹੇ ਪੰਡਿਤ !) ‘‘ਅਣਹੋਦਾ ਨਾਉ ਧਰਾਇਓ ਪਾਧਾ (ਵਿਦਵਾਨ); ਅਵਰਾ ਕਾ ਭਾਰੁ ‘ਤੁਧੁ’ (ਤੈਂ ਨੇ, ਆਪਣੇ ਸਿਰ ’ਤੇ) ਲਇਆ ॥’’ (ਮ: ੩/੪੩੪)

‘‘ਸਸੈ (ਅੱਖਰ ਤੋਂ ਆਰੰਭ ਹੋਣ ਵਾਲਾ), ‘ਸੰਜਮੁ’ ਗਇਓ ਮੂੜੇ ! ਏਕੁ ਦਾਨੁ ‘ਤੁਧੁ’ (ਤੈਂ ਨੇ) ਕੁਥਾਇ (ਜਜਮਾਨਾਂ, ਲੋੜਵੰਦਾਂ ਪਾਸੋਂ) ਲਇਆ ॥’’ (ਮ: ੩/੪੩੫)

‘‘ਘਘੈ (ਅੱਖਰ ਤੋਂ ਆਰੰਭ ਹੋਣ ਵਾਲਾ), ‘ਘਰਿ ਘਰਿ’ (ਵਿੱਚ ਮੰਗਦਾ) ਫਿਰਹਿ ਤੂੰ ਮੂੜੇ ! ਦਦੈ (ਅੱਖਰ ਤੋਂ ਆਰੰਭ ਹੋਣ ਵਾਲਾ, ਅਸਲ), ‘ਦਾਨੁ’ ਨ ‘ਤੁਧੁ’ (ਤੈਂ ਨੇ, ਗੁਰੂ ਪਾਸੋਂ) ਲਇਆ ॥’’ (ਮ: ੩/੪੩੫)

(ਹੇ ਕਰਤਾਰ !) ‘‘ਇਉ ਕਹੈ ਨਾਨਕੁ, ਕਿਆ ਜੰਤ ਵਿਚਾਰੇ? ਜਾ ‘ਤੁਧੁ’ (ਤੈਂ ਨੇ, ਆਪ) ਭਰਮਿ (ਵਿੱਚ ਪਾ ਕੇ) ਭੁਲਾਏ ॥’’ (ਮ: ੩/੪੪੧)

(ਹੇ ਕਰਤਾਰ !) ‘‘ਸਚੀ ਤੇਰੀ ਵਡਿਆਈ, ਜਾ ਕਉ ‘ਤੁਧੁ’ (ਤੈਂ ਨੇ) ਮੰਨਿ (ਵਿੱਚ) ਵਸਾਈ; ਸਦਾ ਤੇਰੇ ਗੁਣ ਗਾਵਹੇ ॥’’ (ਮ: ੩/੪੪੨)

(ਹੇ ਕਰਤਾਰ !) ‘‘ਤੂੰ ਹਰਿ, ਤੇਰਾ ਸਭੁ ਕੋ; ਸਭਿ ‘ਤੁਧੁ’ (ਤੈਂ ਨੇ) ਉਪਾਏ ਰਾਮ ਰਾਜੇ ॥’’ (ਮ: ੪/੪੫੦)

(ਹੇ ਕਰਤਾਰ !) ‘‘ਧੁਰਿ (ਤੋਂ) ਕਰਮੁ (ਭਾਗ) ਜਿਨਾ ਕਉ ‘ਤੁਧੁ’ (ਤੈਂ ਨੇ) ਪਾਇਆ; ਤਾ ਤਿਨੀ ਖਸਮੁ ਧਿਆਇਆ ॥’’ (ਮ: ੧/੪੬੯)

(ਹੇ ਕਰਤਾਰ !) ‘‘ਏਨਾ ਜੰਤਾ ਕੈ ਵਸਿ (ਵਿੱਚ) ਕਿਛੁ ਨਾਹੀ; ‘ਤੁਧੁ’ (ਤੈਂ ਨੇ) ਵੇਕੀ (ਤਰ੍ਹਾਂ-ਤਰ੍ਹਾਂ ਦੇ ਰੰਗਾਂ ਦਾ) ਜਗਤੁ ਉਪਾਇਆ ॥’’ (ਮ: ੧/੪੬੯)

(ਹੇ ਕਰਤਾਰ !) ‘‘ਇਕਨਾ (ਕਈਆਂ) ਨੋ ਤੂੰ (ਆਪਣੇ ਨਾਲ) ਮੇਲਿ ਲੈਹਿ; ਇਕਿ (ਕਈਆਂ ਨੂੰ) ਆਪਹੁ (ਆਪਣੇ ਮਿਲਾਪ ਤੋਂ) ‘ਤੁਧੁ’ (ਤੈਂ ਨੇ) ਖੁਆਇਆ (ਖੁਝਾਇਆ)॥’’ (ਮ: ੧/੪੬੯)

(ਹੇ ਕਰਤਾਰ !) ‘‘ਗੁਰ ਕਿਰਪਾ ਤੇ (ਤੋਂ) ਜਾਣਿਆ; ਜਿਥੈ ‘ਤੁਧੁ’ (ਤੈਂ ਨੇ) ਆਪੁ (ਆਪਣੇ ਆਪ ਨੂੰ) ਬੁਝਾਇਆ ॥’’ (ਮ: ੧/੪੬੯) (ਭਾਵ ਕੌਣ ਸਮਝਦਾਰ ‘ਮੰਨੇ ਕੀ ਗਤਿ’ ਬਣੇ ਇਸ ਦੀ ਸਮਝ ਗੁਰੂ ਕਿਰਪਾ ਰਾਹੀਂ ਹੀ ਹੁੰਦੀ ਹੈ।)

(ਹੇ ਕਰਤਾਰ !) ‘‘ਸੋਈ ਵਰਤੈ ਜਗਿ (ਵਿੱਚ); ਜਿ (ਜਿਹੜਾ) ਕੀਆ ‘ਤੁਧੁ’ (ਤੈਂ ਨੇ) ਧੁਰੇ (‘ਧੁਰਿ’ ਆਪਣੇ ਦਰ ਤੋਂ)॥’’ (ਮ: ੫/੫੨੧)

(ਹੇ ਕਰਤਾਰ !) ‘‘ਸਭ ਤੇਰੀ, ਤੂ ਸਭਸ ਦਾ (ਮਾਲਕ, ਕਿਉਂਕਿ); ਸਭ ‘ਤੁਧੁ’ (ਤੈਂ ਨੇ) ਉਪਾਇਆ ॥’’ (ਮ: ੪/੫੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਿਰਜੀ ਮੇਦਨੀ (ਸ੍ਰਿਸ਼ਟੀ); ਦੁਖੁ, ਸੁਖੁ ਦੇਵਣਹਾਰੋ ॥’’ (ਮ: ੧/੫੮੦)

(ਹੇ ਕਰਤਾਰ !) ‘‘ਸਰਬ ਨਿਰੰਤਰਿ, ਤੁਮਹਿ ਸਮਾਨੇ; ਜਾ ਕਉ ‘ਤੁਧੁ’ (ਤੈਂ ਨੇ) ਆਪਿ ਬੁਝਾਈ ॥’’ (ਮ: ੫/੬੧੦)

(ਹੇ ਕਰਤਾਰ !) ‘‘ਜਿਤੁ (ਜਿਸ ‘ਕੰਮ’ ਵਿੱਚ) ‘ਤੁਧੁ’ (ਤੈਂ ਨੇ) ਲਾਏ, ਤੇਹਾ ਫਲੁ ਪਾਇਆ; ਤੂ ਹੁਕਮਿ (ਅਨੁਸਾਰ) ਚਲਾਵਣਹਾਰਾ ॥’’ (ਮ: ੧/੬੩੫)

(ਹੇ ਕਰਤਾਰ !) ‘‘ਪ੍ਰਹਿਲਾਦ ਜਨ ‘ਤੁਧੁ’ (ਤੈਂ ਨੇ) ਰਾਖਿ ਲਏ; ਹਰਿ ਜੀਉ ! ਹਰਣਾਖਸੁ ਮਾਰਿ (ਕੇ) ਪਚਾਇਆ (ਖ਼ਤਮ ਕੀਤਾ)॥’’ (ਮ: ੩/੬੩੭)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਖੇਲੁ ਰਚਾਇ; ‘ਤੁਧੁ’ (ਤੈਂ ਨੇ) ਆਪਿ ਸਵਾਰਿਆ ॥’’ (ਮ: ੪/੬੪੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ਆਪਿ ਖੇਲੁ ਰਚਾਇਆ ॥’’ (ਮ: ੪/੬੪੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸਿਸਟਿ ਸਿਰਜੀਆ; ਆਪੇ ਫੁਨਿ (ਫਿਰ) ਗੋਈ (ਨਾਸ਼ ਕਰਦਾ)॥’’ (ਮ: ੪/੬੫੪)

‘‘ਸਭੁ ਕੋ ਤੇਰਾ, ਤੂੰ ਸਭਨਾ ਕਾ ਮੇਰੇ ਕਰਤੇ ! ‘ਤੁਧੁ’ (ਤੈਂ ਨੇ) ਸਭਨਾ ਸਿਰਿ (ਉੱਤੇ) ਲਿਖਿਆ ਲੇਖੁ ॥’’ (ਮ: ੪/੭੩੫)

(ਹੇ ਕਰਤਾਰ !) ‘‘ਸਭੁ ਜੀਉ, ਪਿੰਡੁ ਦੀਆ ‘ਤੁਧੁ’ (ਤੈਂ ਨੇ) ਆਪੇ (ਹੀ); ‘ਤੁਧੁ’ (ਤੈਂ ਨੇ) ਆਪੇ ਕਾਰੈ (ਚੰਗੀ-ਮੰਦੀ ਸੋਚ ਵਿੱਚ) ਲਾਇਆ ॥’’ (ਮ: ੪/੭੩੬)

(ਹੇ ਕਰਤਾਰ !) ‘‘ਜੇਹਾ ਤੂੰ ਹੁਕਮੁ ਕਰਹਿ, ਤੇਹੇ ਕੋ (ਕੋਈ) ਕਰਮ ਕਮਾਵੈ; ਜੇਹਾ ‘ਤੁਧੁ’ (ਤੈਂ ਨੇ) ਧੁਰਿ (ਤੋਂ) ਲਿਖਿ (ਕੇ) ਪਾਇਆ ॥’’ (ਮ: ੪/੭੩੬) (ਕੀ ਇਸ ਸਿਧਾਂਤ ’ਚ ‘ਮਨਮੁਖ’ ਨਹੀਂ ਆਉਂਦੇ ?)

(ਹੇ ਕਰਤਾਰ !) ‘‘ਪੰਚ ਤਤੁ ਕਰਿ (ਕੇ) ‘ਤੁਧੁ’ (ਤੈਂ ਨੇ) ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ॥’’ (ਮ: ੪/੭੩੬)

(ਹੇ ਕਰਤਾਰ !) ‘‘ਮਹਾ ਅਗਨਿ ਤੇ (ਤੋਂ) ‘ਤੁਧੁ’ (ਤੈਂ ਨੇ) ਹਾਥ ਦੇ (ਕੇ) ਰਾਖੇ; (ਜੋ) ਪਏ ਤੇਰੀ ਸਰਣਾਈ ॥’’ (ਮ: ੫/੭੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਦੁਖੁ, ਸੁਖੁ (ਜੀਵ) ਨਾਲਿ ਉਪਾਇਆ; (ਕਿਉਂਕਿ ਸਭ ਸਿਰ) ਲੇਖੁ ਕਰਤੈ (ਤੈਂ ਕਰਤਾਰ ਨੇ) ਲਿਖਿਆ ॥’’ (ਮ: ੩/੭੮੭)

(ਹੇ ਕਰਤਾਰ !) ‘‘ਤੂ ਹਰਿ ਪ੍ਰਭੁ ਆਪਿ ਅਗੰਮੁ ਹੈ; ਸਭਿ ‘ਤੁਧੁ’ (ਤੈਂ ਨੇ) ਉਪਾਇਆ ॥’’ (ਮ: ੪/੮੪੯)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਤਾੜੀ (ਸਮਾਧੀ, ਮੌਨ) ਲਾਈਐ; ਆਪੇ (ਬੋਲ ਕੇ) ਗੁਣ ਗਾਇਆ ॥’’ (ਮ: ੪/੮੪੯)

(ਹੇ ਕਰਤਾਰ !) ‘‘ਪੰਚ ਦੂਤ ‘ਤੁਧੁ’ (ਤੈਂ ਨੇ, ਭਗਤ ਦੇ) ਵਸਿ (ਵਿੱਚ) ਕੀਤੇ; ਕਾਲੁ ਕੰਟਕੁ ਮਾਰਿਆ ॥’’ (ਮ: ੩/੯੧੭)

(ਹੇ ਕਰਤਾਰ !) ‘‘ਧੁਰਿ (ਤੋਂ) ਕਰਮਿ (ਬਖ਼ਸ਼ਸ਼ ਨਾਲ ਭਾਗ) ਪਾਇਆ ‘ਤੁਧੁ’ (ਤੈਂ ਨੇ) ਜਿਨ ਕਉ; ਸਿ ਨਾਮਿ ਹਰਿ ਕੈ (ਵਿੱਚ) ਲਾਗੇ ॥’’ (ਮ: ੩/੯੧੭)

(ਹੇ ਕਰਤਾਰ !) ‘‘ਜੀਅ ਜੰਤ ਸਭਿ ‘ਤੁਧੁ’ (ਤੈਂ ਨੇ) ਉਪਾਏ; (ਇਨ੍ਹਾਂ ਵਿੱਚੋਂ) ਇਕਿ (ਕਈ ਗੁਰੂ ਉਪਮਾ) ਵੇਖਿ (ਕੇ, ਤੇਰੇ ਚਰਨ) ਪਰਸਣਿ (ਛੂਹਣ ਲਈ) ਆਇਆ ॥’’ (ਮ: ੩/੯੧੮)

‘‘ਏ ਸਰੀਰਾ ਮੇਰਿਆ ! ਇਸੁ ਜਗ ਮਹਿ ਆਇ ਕੈ; ਕਿਆ ‘ਤੁਧੁ’ (ਤੈਂ ਨੇ) ਕਰਮ ਕਮਾਇਆ ? ॥’’ (ਮ: ੩/੯੨੨)

‘‘ਕਿ (ਕੀ) ਕਰਮ ਕਮਾਇਆ ? ‘ਤੁਧੁ’ (ਤੈਂ ਨੇ) ਸਰੀਰਾ ! ਜਾ (ਜਦ ਤੋਂ) ਤੂ ਜਗ ਮਹਿ ਆਇਆ ॥’’ (ਮ: ੩/੯੨੨)

(ਹੇ ਕਰਤਾਰ !) ‘‘ਜਿਨ੍ੀ ਤੂੰ ਸੇਵਿਆ ਭਾਉ ਕਰਿ (ਕੇ); ਸੇ ‘ਤੁਧੁ’ (ਤੈਂ ਨੇ) ਪਾਰਿ ਉਤਾਰਿਆ ॥’’ (ਬਲਵੰਡ ਸਤਾ/੯੬੮)

(ਹੇ ਕਰਤਾਰ !) ‘‘ਲਬੁ, ਲੋਭੁ, ਕਾਮੁ, ਕ੍ਰੋਧੁ, ਮੋਹੁ; ਮਾਰਿ (ਕੇ) ਕਢੇ ‘ਤੁਧੁ’ (ਤੈਂ ਨੇ) ਸਪਰਵਾਰਿਆ (ਹੋਰ ਵਿਕਾਰ ਪਰਿਵਾਰ ਸਮੇਤ)॥’’ (ਬਲਵੰਡ ਸਤਾ/੯੬੮)

(ਹੇ ਭਾਈ !) ‘‘ਜਿਹ ਘਰ ਮਹਿ ‘ਤੁਧੁ’ (ਤੈਂ ਨੇ) ਰਹਨਾ-ਬਸਨਾ; ਸੋ ਘਰੁ ਚੀਤਿ (ਵਿੱਚ) ਨ ਆਇਓ ॥’’ (ਮ: ੫/੧੦੧੭)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਕਥੀ ਅਕਥ ਕਹਾਣੀ ॥’’ (ਮ: ੩/੧੦੫੬)

(ਹੇ ਕਰਤਾਰ !) ‘‘ਮੇਰਾ-ਤੇਰਾ (ਭਾਵ ਦਵੈਤ, ਵਿਤਕਰਾ) ‘ਤੁਧੁ’ (ਤੈਂ ਨੇ) ਆਪੇ ਕੀਆ ॥’’ (ਮ: ੩/੧੦੬੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਣੈ ਭਾਣੈ (ਵਿੱਚ) ਸਭ ਸ੍ਰਿਸਟਿ ਉਪਾਈ; ਜਿਸ ਨੋ ਭਾਣਾ (ਦੀ ਸਮਝ) ਦੇਹਿ, ਤਿਸੁ (ਨੂੰ) ਭਾਇਦਾ (ਪਸੰਦ ਆਉਂਦਾ)॥’’ (ਮ: ੩/੧੦੬੪)

‘‘ਜਿਨ ਕਾ ਪਖੁ (ਮਦਦ) ਕਰਹਿ ਤੂ ਸੁਆਮੀ! ਤਿਨ ਕੀ (ਸਭ) ਊਪਰਿ ਗਲ (ਵੀਚਾਰ) ‘ਤੁਧੁ’ (ਤੈਂ ਨੇ) ਆਣੀ (ਲੈ ਆਂਦੀ) ਹੇ ॥’’ (ਮ: ੪/੧੦੭੧)

‘‘ਬਾਵਨ (ਬੌਣਾ-ਵਿਸ਼ਨੂ) ਰੂਪੁ ਕੀਆ ‘ਤੁਧੁ’ (ਤੈਂ ਨੇ) ਕਰਤੇ ! ਸਭ ਹੀ ਸੇਤੀ (ਅੰਗ-ਸੰਗ, ਵਿਆਪਕ) ਹੈ (ਫਿਰ ਵੀ) ਚੰਗਾ (ਸ੍ਰੇਸ਼ਟ, ਨਿਰਮਲ)॥’’ (ਮ: ੫/੧੦੮੨)

(ਹੇ ਕਰਤਾਰ !) ‘‘ਸਭ (ਰਚਨਾ) ਤੇਰੀ, ‘ਤੁਧੁ’ (ਤੈਂ ਨੇ, ਵਿਕਾਰਾਂ ਤੋਂ) ਛਡਾਵਣੀ; ਸਭ ਤੁਧੈ (ਹੁਕਮ ’ਚ) ਲਾਗੇ ॥’’ (ਮ: ੩/੧੦੯੦)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਿਰਜਿਆ ਸਭੁ ਸੰਸਾਰੁ; ਤੂ ਨਾਇਕੁ (ਖਸਮ) ਸਗਲ ਭਉਣ (ਸਭ ਲੋਕਾਈ ਦਾ) ॥’’ (ਮ: ੫/੧੦੯੪)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਥਾਪੇ ਚਾਰੇ ਜੁਗ; ਤੂ ਕਰਤਾ ਸਗਲ ਧਰਣ (ਧਰਤੀ ਦਾ)॥’’ (ਮ: ੫/੧੦੯੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਵਣ-ਜਾਣਾ ਕੀਆ (ਜੂਨਾਂ ਬਣਾਈਆਂ); (ਪਰ ਵਿਆਪਕ ਹੋਣ ਉਪਰੰਤ ਵੀ) ਤੁਧੁ (ਤੈਨੂੰ) ਲੇਪੁ ਨ ਲਗੈ ਤ੍ਰਿਣ (ਰੱਤੀ-ਭਰ)॥’’ (ਮ: ੫/੧੦੯੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਜਗ ਮਹਿ ਖੇਲੁ ਰਚਾਇਆ; ਵਿਚਿ ਹਉਮੈ ਪਾਈਆ ॥’’ (ਮ: ੫/੧੦੯੬)

(ਹੇ ਕਰਤਾਰ !) ‘‘ਇਕਿ (ਹਉਮੈ) ਵਿਚਹੁ ਹੀ ‘ਤੁਧੁ’ (ਤੈਂ ਨੇ) ਰਖਿਆ; ਜੋ ਸਤਸੰਗਿ (ਵਿੱਚ) ਮਿਲਾਈਆ ॥’’ (ਮ: ੫/੧੦੯੬)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਭੁ ਕਿਛੁ ਮੈਨੋ (ਮੈਨੂੰ) ਸਉਪਿਆ; ਜਾ (ਜਦ ਮੈ) ਤੇਰਾ ਬੰਦਾ (ਸੇਵਕ ਬਣਿਆ)॥’’ (ਮ: ੫/੧੦੯੬)

(ਹੇ ਕਰਤਾਰ !) ‘‘ਜਿਨੀ ਠਗੀ (ਠੱਗਾਂ ਨੇ) ਜਗੁ ਠਗਿਆ; (ਤੇਰੇ ਸੇਵਕ ਲਈ) ਸੇ (ਠੱਗ), ‘ਤੁਧੁ’ (ਤੈਂ ਨੇ) ਮਾਰਿ ਨਿਵਾੜਾ (ਮਾਰ ਦਿੱਤੇ)॥’ (ਮ: ੫/੧੦੯੭)

(ਹੇ ਕਰਤਾਰ !) ‘‘ਜਗਤੁ ਉਪਾਇ (ਕੇ) ‘ਤੁਧੁ’ (ਤੈਂ ਨੇ) ਧੰਧੈ (ਵਿੱਚ) ਲਾਇਆ; (ਜਿਸ ਕਾਰਨ) ਭੂੰਡੀ ਕਾਰ (ਭੈੜੀ ਕਿਰਤ) ਕਮਾਈ ॥’’ (ਮ: ੩/੧੧੫੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਆਪਿ (ਆਪਣੇ ਰੂਪ ਨੂੰ) ਉਪਾਇਆ ਸਭੁ ਜਗੁ; ‘ਤੁਧੁ’ (ਤੈਂ ਨੇ) ਆਪੇ ਵਸਿ ਕਰਿ ਲਇਆ ॥’’ (ਮ: ੪/੧੨੬੪)

(ਹੇ ਕਰਤਾਰ !) ‘‘ਤੂ ਕਰਤਾ ਗੋਵਿੰਦੁ; ‘ਤੁਧੁ’ (ਤੈਂ ਨੇ) ਸਿਰਜੀ, ‘ਤੁਧੈ’ (ਤੈਂ ਨੇ) ਗੋਈ ॥’’ (ਮ: ੧/੧੨੮੩)

(ਹੇ ਨਿਰਾਕਾਰ !) ‘‘ਦੇਸ ਦਿਸੰਤਰ ਭਵਿ (ਕੇ) ਥਕੇ; (ਪਰ) ‘ਤੁਧੁ’ (ਤੈਂ ਨੇ, ਜੀਵਾਂ) ਅੰਦਰਿ ਆਪੁ (ਆਪਣੇ ਆਪ ਨੂੰ) ਲੁਕਾਇਆ ॥’’ (ਮ: ੧/੧੨੯੦)

(ਹੇ ਕਰਤਾਰ !) ‘‘ਤੇਰੀ ਗਤਿ ਮਿਤਿ (ਗਿਣਤੀ ਮਿਣਤੀ, ਵਡੱਪਣ) ਤੂਹੈ (ਤੂੰ ਹੀ) ਜਾਣਦਾ; ‘ਤੁਧੁ’ (ਤੈਂ ਨੇ, ਇਸ ਬਾਰੇ ਪੂਰਨ) ਕੀਮਤਿ (ਸਮਝ) ਪਾਈ ॥’’ (ਮ: ੧/੧੨੯੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ‘ਤੁਧੁ’ (ਤੈਂ ਨੇ) ਆਪੇ ਵਸਗਤਿ (ਕਾਬੂ) ਕੀਤਾ ॥’’ (ਮ: ੪/੧੩੧੭)

(ਹੇ ਕਰਤਾਰ !) ‘‘ਆਵਾ ਗਉਣੁ (ਜੰਮਣ-ਮਰਨ); ‘ਤੁਧੁ’ (ਤੈਂ ਨੇ) ਆਪਿ ਰਚਾਇਆ ॥’’ (ਮ: ੧/੧੩੪੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ ਸ਼ਬਦ ਕੁੱਲ 415 ਵਿੱਚੋਂ ਜ਼ਿਆਦਾਤਰ ਵਾਰ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਨੂੰ’। ‘ਤੁਧੁ’ (ਕਰਮ ਕਾਰਕ) ਦੀ ਆਸਾਨ ਪਹਿਚਾਣ ਇਹ ਹੁੰਦੀ ਹੈ ਕਿ ਜਿਨ੍ਹਾਂ ਪੰਕਤੀਆਂ ’ਚ ‘ਤੁਧੁ’ ਸ਼ਬਦ ਨਾਲ ‘ਭਾਵੈ (64 ਵਾਰ), ਭਾਏ (3 ਵਾਰ), ਭਾਇਆ (4 ਵਾਰ), ਭਾਵਹਿ (12 ਵਾਰ), ਭਾਈਐ (1 ਵਾਰ)’ ਆਦਿ ਸ਼ਬਦ ਦਰਜ ਹੋਣ, ਜਿਨ੍ਹਾਂ ਦਾ ਅਰਥ ਹੁੰਦਾ ਹੈ ‘ਪਸੰਦ, ਪਸੰਦ ਕਰਨਾ, ਪਸੰਦ ਹੋਣਾ, ਪਸੰਦ ਕੀਤਾ, ਪਸੰਦ ਕਰਨ ਨਾਲ’ ਆਦਿ’, ਇਨ੍ਹਾਂ ਪੰਕਤੀਆਂ ’ਚ ‘ਤੁਧੁ’ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ:

(ਹੇ ਕਰਤਾਰ !) ‘‘ਨਾਨਕ ! ਮੇਲਿ ਮਿਲਾਇ; ਜੇ ‘ਤੁਧੁ’ (ਤੈਨੂੰ) ਭਾਈਐ ॥’’ (ਮ: ੧/੭੫੨)

(ਹੇ ਕਰਤਾਰ !) ‘‘ਨਾਨਕੁ ਮੰਗੈ ਦਾਨੁ; ਜੋ ‘ਤੁਧੁ’ (ਤੈਨੂੰ) ਭਾਇਆ ॥’’ (ਮ: ੧/੧੫੦)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਭਾਵਹਿ, ਸੇ ਭਲੇ; ਖੋਟਾ ਖਰਾ ਨ ਕੋਇ ॥’’ (ਮ: ੧/੬੧)

(ਹੇ ਕਰਤਾਰ !) ‘‘ਸੇ ਸਚਿ (ਵਿੱਚ) ਲਾਗੇ; ਜੋ ‘ਤੁਧੁ’ (ਤੈਨੂੰ) ਭਾਏ ॥’’ (ਮ: ੩/੧੧੯)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਭਾਵੈ; ਸਾਈ ਭਲੀ ਕਾਰ ॥’’ (ਜਪੁ /ਮ: ੧)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਆਪੇ ਭਾਵੈ, ਸੋਈ ਵਰਤੈ ਜੀ ! ਤੂੰ ਆਪੇ ਕਰਹਿ, ਸੁ ਹੋਈ ॥’’ (ਮ: ੪/੧੧)

(ਹੇ ਕਰਤਾਰ !) ‘‘ਜਾ (ਜਦ) ‘ਤੁਧੁ’ (ਤੈਨੂੰ) ਭਾਵੈ, ਤਾ ਪੜਹਿ ਕਤੇਬਾ; ਮੁਲਾ ਸੇਖ ਕਹਾਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਜਾ ‘ਤੁਧੁ’ (ਤੈਨੂੰ) ਭਾਵੈ, ਜਾਹਿ ਦਿਸੰਤਰਿ (ਵਿਦੇਸ਼, ਭਟਕਣਾ ਵਿੱਚ, ਉੱਥੋਂ ਤਰ੍ਹਾਂ-ਤਰ੍ਹਾਂ ਦੀਆਂ); ਸੁਣਿ (ਕੇ) ਗਲਾ (ਫਿਰ ਮੁੜ ਕੇ) ਘਰਿ (ਸ਼ਾਂਤੀ ਭਾਵ ਆਪਣੇ ਦੇਸ਼ ਵਿੱਚ ਹੀ) ਆਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਜਾ ‘ਤੁਧੁ’ (ਤੈਨੂੰ) ਭਾਵੈ, ਨਾਇ (ਵਿੱਚ) ਰਚਾਵਹਿ; ਤੁਧੁ ਭਾਣੇ, ਤੂੰ ਭਾਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਭਾਵੈ; ਤਾ ਸਤਿਗੁਰ (ਦੀ) ਮਇਆ (ਮਿਹਰ ਹੁੰਦੀ)॥’’ (ਮ: ੫/੧੮੦)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਭਾਵੈ, ਤਾ ਬਖਸਿ ਲੈਹਿ; ਖੋਟੇ, ਸੰਗਿ ਖਰੇ (ਸਤਸੰਗੀਆਂ ਰਾਹੀਂ)॥’’ (ਮ: ੫/੨੬੧)

(ਹੇ ਕਰਤਾਰ !) ‘‘ਸੋ ਨਾਮੁ ਜਪੈ; ਜੋ ਜਨੁ ‘ਤੁਧੁ’ (ਤੈਨੂੰ) ਭਾਵੈ ॥’’ (ਮ: ੫/੩੮੬)

‘‘ਜੇ ‘ਤੁਧੁ’ (ਤੈਨੂੰ) ਭਾਵੈ ਸਾਹਿਬਾ ! ਤੂ ਮੈ (ਮੇਰਾ) ਹਉ ਤੈਡਾ (ਤੇਰਾ)॥’’ (ਮ: ੧/੪੧੮)

‘‘ਹਮ ਅਵਗਣਿਆਰੇ, ਤੂ ਸੁਣਿ ਪਿਆਰੇ ! ‘ਤੁਧੁ’ (ਤੈਨੂੰ) ਭਾਵੈ ਸਚੁ ਸੋਈ ॥’’ (ਮ: ੧/੭੬੬)

(ਹੇ ਨਿਰਾਕਾਰ !) ‘‘ਭਗਤੁ ਤੇਰਾ ਸੋਈ, ‘ਤੁਧੁ’ (ਤੈਨੂੰ) ਭਾਵੈ; ਜਿਸ ਨੋ ਤੂ ਰੰਗੁ ਧਰਤਾ ॥’’ (ਮ: ੫/੧੧੮੫)

(ਹੇ ਨਿਰਾਕਾਰ !) ‘‘ਇਕਨਾ ਨੋ (ਕਈਆਂ ਲਈ) ‘ਤੁਧੁ’ (ਤੈਨੂੰ) ਏਵੈ (ਇਸ ਤਰ੍ਹਾਂ) ਭਾਵਦਾ (ਪਸੰਦ, ਕਿ ਉਹ ਹਮੇਸ਼ਾਂ); ਮਾਇਆ ਨਾਲਿ ਪਿਆਰੁ (ਕਰਦੇ ਰਹਿਣ)॥’’ (ਮ: ੧/੧੨੮੬) (ਕੀ ਇਸ ਗੁਰੂ ਉਪਦੇਸ਼ ਨੂੰ ਬ੍ਰਾਹਮਣ ਸੋਚ ਤੋਂ ਪ੍ਰਭਾਵ ਹੋਣ ਨਾਲ ਸੰਬੰਧਿਤ ਮੰਨਿਆ ਜਾ ਸਕਦਾ ਹੈ ?)

(ਨੋਟ: ਉਪਰੋਕਤ (‘ਭਾਵੈ’) ਪੰਕਤੀਆਂ ਤੋਂ ਇਲਾਵਾ ਕੁਝ ਪੰਕਤੀਆਂ ‘ਤੁਧੁ’ (‘ਕਰਮ ਕਾਰਕ ਪੜਨਾਂਵ’) ਨਾਲ ਸੰਬੰਧਤ ਹੋਰ ਵੀ ਹਨ, ਜਿਨ੍ਹਾਂ ਵਿੱਚ ‘ਤੁਧ ਨੋ’ (27 ਵਾਰ), ‘ਤੁਹ ਨੋ’ (1 ਵਾਰ), ‘ਤੁਧੈ’ (7 ਵਾਰ) ਵੀ ਸ਼ਾਮਲ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

‘‘ਹੁਣਿ ਕਦਿ ਮਿਲੀਐ ? ਪ੍ਰਿਅ ‘ਤੁਧੁ’ (ਤੈਨੂੰ) ਭਗਵੰਤਾ ! ॥’’ (ਮ: ੫/੯੬)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਸਚੁ (ਮੰਨ ਕੇ) ਧਿਆਇਦੇ; ਸੇ ਵਿਰਲੇ ਥੋੜੇ ॥’’ (ਮ: ੪/੩੦੬)

‘‘ਜਪਿ ਜਪਿ (ਕੇ) ‘ਤੁਧੁ’ (ਤੈਨੂੰ) ਨਿਰੰਕਾਰ ! (ਦੁਨਿਆਵੀ) ਭਰਮੁ ਭਉ (ਡਰ) ਖੋਵਣਾ ॥’’ (ਮ: ੫/੫੨੩)

(ਹੇ ਕਰਤਾਰ !) ‘‘ਦਿਨਸੁ ਰੈਣਿ ਜਿ ‘ਤੁਧੁ’ (ਤੈਨੂੰ) ਅਰਾਧੇ; ਸੋ ਕਿਉ ਦੋਜਕਿ (ਵਿੱਚ) ਜਾਇ ॥’’ (ਮ: ੫/੭੨੪)

(ਹੇ ਨਿਰਾਕਾਰ !) ‘‘ਆਠ ਪਹਰ ਜਿਤੁ ‘ਤੁਧੁ’ (ਤੈਨੂੰ) ਧਿਆਈ; ਨਿਰਮਲ ਹੋਵੈ ਦੇਹਾ ॥’’ (ਮ: ੫/੭੪੭)

(ਹੇ ਨਿਰਾਕਾਰ !) ‘‘ਇਕ ਨਾਨਕ ਕੀ ਅਰਦਾਸਿ; ਜੇ ‘ਤੁਧੁ’ (ਤੈਨੂੰ) ਭਾਵਸੀ ॥’’ (ਮ: ੧/੭੫੨)

(ਹੇ ਨਿਰਾਕਾਰ !) ‘‘ਕਿਰਪਾ ਕੀਜੈ, ਸਾ (ਉਹ) ਮਤਿ ਦੀਜੈ; (ਜਿਸ ਨਾਲ) ਆਠ ਪਹਰ ‘ਤੁਧੁ’ (ਤੈਨੂੰ) ਧਿਆਈ ॥’’ (ਮ: ੫/੭੭੯)

‘‘ਤੁਧੁ’’ (ਤੈਨੂੰ) ਡਿਠੇ (ਵੇਖਣ ਨਾਲ) ਸਚੇ ਪਾਤਿਸਾਹ ! ਮਲੁ, ਜਨਮ ਜਨਮ ਦੀ ਕਟੀਐ ॥’’ (ਬਲਵੰਡ ਸਤਾ/੯੬੭) ਆਦਿ।

(ਹੇ ਨਿਰਾਕਾਰ !) ‘‘ਸਭਿ ‘ਤੁਧੈ ਨੋ’ (ਤੈਨੂੰ ਹੀ) ਸਾਲਾਹਦੇ; ਦਰਿ ਗੁਰਮੁਖਾ ਨੋ ਪਰਗਾਸਿ ॥’’ (ਮ: ੪/੮੬)

‘‘ਹਰਿ ! ‘ਤੁਧੈ’ (ਤੈਨੂੰ ਹੀ) ਸੇਵੀ ਤੈ (ਅਤੇ) ‘ਤੁਧੁ’ (ਤੈਨੂੰ ਹੀ) ਸਾਲਾਹੀ ॥’’ (ਮ: ੩/੧੧੨)

(ਹੇ ਨਿਰਾਕਾਰ !) ‘‘ਸਚੁ ਬਾਣੀ (ਰਾਹੀਂ) ‘ਤੁਧੈ’ (ਤੈਨੂੰ ਹੀ) ਸਾਲਾਹਨਿ; ਰੰਗਿ (’ਚ) ਰਾਤੇ, ਭਗਤਿ ਕਰਾਵਣਿਆ ॥’’ (ਮ: ੩/੧੨੨)

(ਹੇ ਨਿਰਾਕਾਰ !) ‘‘ਤੁਧੁ ਅਗੈ ‘ਤੁਧੈ’ (ਤੈਨੂੰ ਹੀ) ਸਾਲਾਹੀ; ਮੈ ਅੰਧੇ (ਨੂੰ, ਤੇਰਾ) ਨਾਉ ਸੁਜਾਖਾ (ਕਰਦਾ)॥’’ (ਮ: ੧/੧੨੪੨)

(ਹੇ ਨਿਰਾਕਾਰ !) ‘‘ਸਭਿ ‘ਤੁਧੈ ਨੋ’ (ਤੈਨੂੰ ਹੀ) ਆਰਾਧਦੇ; ਦਾਨੁ ਦੇਹਿ ਪਿਆਰੇ ! ॥’’ (ਮ: ੪/੧੩੧੮)

(ਹੇ ਨਿਰਾਕਾਰ !) ‘‘ਤੁਧੁ’ (ਤੈਨੂੰ) ਜਪੀ, ‘ਤੁਧੈ’ (ਤੈਨੂੰ ਹੀ) ਸਾਲਾਹੀ; ਗਤਿ ਮਤਿ ਤੁਝ ਤੇ (ਤੇਰੇ ਪਾਸੋਂ ਹੀ) ਹੋਈ ॥’’ (ਮ: ੩/੧੩੩੩)

(ਹੇ ਨਿਰਾਕਾਰ !) ‘‘ਜੋ ਕਿਛੁ ਵਰਤੈ, ‘ਤੁਧੈ’ (ਤੈਨੂੰ ਹੀ) ਸਲਾਹਂੀ; (ਕਿਉਂਕਿ) ਸਭ ਤੇਰੀ ਵਡਿਆਈ ॥’’ (ਮ: ੧/੧੩੪੪)

(ਹੇ ਨਿਰਾਕਾਰ !) ‘‘ਗਾਵਨਿ ‘ਤੁਧ ਨੋ’ (ਤੈਨੂੰ) ਪਵਣੁ, ਪਾਣੀ, ਬੈਸੰਤਰੁ; ਗਾਵੈ, ਰਾਜਾ ਧਰਮੁ, ਦੁਆਰੇ ॥’’ (ਮ: ੧/੮)

(ਹੇ ਨਿਰਾਕਾਰ !) ‘‘ਨ ਹੋਵੀ ਪਛੋਤਾਉ; ‘ਤੁਧ ਨੋ’ (ਤੈਨੂੰ) ਜਪਤਿਆ ॥’’ (ਮ: ੫/੫੧੯)

(ਹੇ ਨਿਰਾਕਾਰ !) ‘‘ਜਿ ‘ਤੁਧ ਨੋ’ (ਤੈਨੂੰ) ਸਾਲਾਹੇ, ਸੁ ਸਭੁ ਕਿਛੁ ਪਾਵੈ; ਜਿਸ ਨੋ ਕਿਰਪਾ ਨਿਰੰਜਨ ਕੇਰੀ (ਦੀ) ॥’’ (ਮ: ੪/੫੫੫)

(ਹੇ ਨਿਰਾਕਾਰ !) ‘‘ਗਾਵਹਿ ‘ਤੁਹ ਨੋ’ (ਤੈਨੂੰ) ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥’’ (ਜਪੁ /ਮ: ੧), ਆਦਿ।)

ਗੁਰਬਾਣੀ ਵਿੱਚ ਤਮਾਮ ਨਾਂਹ ਪੱਖੀ ਸ਼ਬਦ ‘ਤੁਧੁ ਬਿਨੁ (28 ਵਾਰ), ਤੁਧੁ ਵਿਣੁ (6 ਵਾਰ), ਤੁਧੁ ਬਾਝੁ (4 ਵਾਰ), ਤੁਧੁ ਬਾਝਹੁ (2 ਵਾਰ), ਤੁਝੁ ਬਾਝਹੁ (27 ਵਾਰ), ਤੁਝ ਬਿਨੁ (44 ਵਾਰ), ਤੁਝੈ ਬਿਨਾ (1 ਵਾਰ)’ ਆਦਿ ‘ਮੱਧਮ ਪੁਰਖ, ਕਰਮ ਕਾਰਕ ਪੜਨਾਂਵ’ ਨਾਲ ਸੰਬੰਧਿਤ ਹਨ; ਜਿਵੇਂ:

(ਧਿਆਨ ਰਹੇ ਕਿ ਉਪਰੋਕਤ ਤਮਾਮ ਜੁੜਤ ਸ਼ਬਦਾਂ ’ਚ ਕੇਵਲ ‘ਤੁਝੁ’ (ਅੰਤ ਔਂਕੜ) ਹੀ ਆਪਣੇ ਨਾਲ ਸੰਬੰਧਕੀ ਸ਼ਬਦ ‘ਬਿਨੁ’ ਦੇ ਆਉਣ ਕਾਰਨ ‘ਤੁਝ’ (ਅੰਤ ਮੁਕਤਾ) ਹੋਇਆ ਹੈ।)

(ਹੇ ਦਾਤਾਰ !) ‘‘ਤੁਧੁ ਬਾਝਹੁ’’ (ਤੇਰੇ ਬਿਨਾ) ਥਾਉ ਕੋ ਨਾਹੀ, ਜਿਸੁ ਪਾਸਹੁ ਮੰਗੀਐ; ਮਨਿ (ਵਿੱਚ) ਵੇਖਹੁ ਕੋ ਨਿਰਜਾਸਿ (ਕੋਈ ਯਕੀਨ ਕਰਕੇ)॥’’ (ਮ: ੪/੮੬)

(ਹੇ ਦਾਤਾਰ !) ‘‘ਹਰਿ ! ‘ਤੁਧੁ ਬਾਝਹੁ’ ਮੈ ਕੋਈ ਨਾਹੀ ॥’’ (ਮ: ੩/੧੧੨)

(ਹੇ ਦਾਤਾਰ !) ‘‘ਨਾਨਕੁ ਵਖਾਣੈ ਬੇਨਤੀ; ‘ਤੁਧੁ ਬਾਝੁ’ (ਤੇਰੇ ਬਿਨਾ) ਕੂੜੋ ਕੂੜੁ ॥’’ (ਮ: ੧/੪੬੮)

(ਹੇ ਦਾਤਾਰ !) ‘‘ਤੁਧੁ ਬਾਝੁ’’ ਪਿਆਰੇ ! ਕੇਵ (ਕਿਵੇਂ) ਰਹਾ ॥’’ (ਮ: ੧/੬੬੦)

(ਹੇ ਦਾਤਾਰ !) ‘‘ਤੁਧੁ ਬਾਝੁ’’ ਸਮਰਥ ਕੋਇ ਨਾਹੀ; ਕ੍ਰਿਪਾ ਕਰਿ ਬਨਵਾਰੀਆ ! ॥’’ (ਮ: ੩/੯੧੭)

(ਹੇ ਦਾਤਾਰ!) ‘‘ਤੁਧੁ ਵਿਣੁ’’; ਸਿਧੀ (ਸਫਲਤਾ) ਕਿਨੈ (ਕਿਸੇ ਨੇ) ਨ ਪਾਈਆ (ਪਾਈ)॥’’ (ਮ: ੧/੯)

(ਹੇ ਦਾਤਾਰ !) ‘‘ਤੁਧੁ ਵਿਣੁ’’; ਨਾਹੀ ਕੋਈ ਮੇਰਾ ॥ (ਮ: ੫/੧੦੮੫)

(ਹੇ ਦਾਤਾਰ !) ‘‘ਤੁਧੁ ਬਿਨੁ’’; ਦੂਜਾ ਅਵਰੁ ਨ ਕੋਇ ॥’’ (ਮ: ੪/੧੨)

‘‘ਪ੍ਰਭ ! ‘ਤੁਧੁ ਬਿਨੁ’, ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ॥’’ (ਮ: ੫/੧੩੪)

(ਹੇ ਦਾਤਾਰ !) ‘‘ਸਚੁ ਖੇਲੁ ਤੁਮ੍ਹਾਰਾ, ਅਗਮ, ਅਪਾਰਾ; ‘ਤੁਧੁ ਬਿਨੁ’, ਕਉਣੁ ਬੁਝਾਏ ? ॥’’ (ਮ: ੧/੭੬੪)

‘‘ਘਰਿ ਆਉ ਪਿਆਰੇ ! ਦੁਤਰ ਤਾਰੇ; ‘ਤੁਧੁ ਬਿਨੁ’, ਅਢੁ ਨ ਮੋਲੋ ॥’’ (ਮ: ੧/੧੧੦੮) ਆਦਿ।)

(ਹੇ ਨਿਰਾਕਾਰ !) ‘‘ਹਉ ਤੁਝੁ ਬਾਝਹੁ (ਤੇਰੇ ਬਿਨਾ) ਖਰੀ ਉਡੀਣੀਆ; ਜਿਉ ਜਲ ਬਿਨੁ ਮੀਨੁ ਮਰਾਹਾ (ਮਰ ਜਾਂਦੀ)॥’’ (ਮ: ੪/੭੭੬)

‘‘ਕਹੀਐ ਕਾਇ (ਕਿਸ ਅੱਗੇ) ਪਿਆਰੇ ! ਤੁਝੁ ਬਿਨਾ ? ॥’’ (ਮ: ੫/੮੦੯)

(ਹੇ ਨਿਰਾਕਾਰ !) ‘‘ਤੁਝੁ ਬਿਨੁ, ਅਵਰੁ ਨ ਕੋਈ ਬੀਆ (ਦੂਜਾ)॥’’ (ਮ: ੫/੧੦੭੯)

(ਹੇ ਨਿਰਾਕਾਰ !) ‘‘ਤੁਝ ਬਿਨੁ; ਪਾਰਬ੍ਰਹਮ ਨਹੀ ਕੋਇ ॥’’ (ਮ: ੫/੧੯੨)

(ਹੇ ਨਿਰਾਕਾਰ !) ‘‘ਤੁਝ ਬਿਨੁ; ਠਾਕੁਰ ਕਵਨੁ ਹਮਾਰਾ ॥’’ (ਮ: ੫/੭੪੩)

‘‘ਐਸੀ ਲਾਲ ! ਤੁਝ ਬਿਨੁ, ਕਉਨੁ ਕਰੈ ? ॥’’ (ਭਗਤ ਰਵਿਦਾਸ/੧੧੦੬) ਆਦਿ।

(ਹੇ ਆਤਮਾ ! ) ‘‘ਤੁਝੈ (ਤੇਰੇ) ਬਿਨਾ’’, ਹਉ (ਮੈਂ ਕਾਇਆਂ) ਕਿਤ ਹੀ ਨ ਲੇਖੈ (ਵਿੱਚ); ਵਚਨੁ ਦੇਹਿ, ਛੋਡਿ ਨ ਜਾਸਾ ਹੇ (ਹੇ ਆਤਮਾ ! )॥’’ (ਮ: ੫/੧੦੭੩)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ (18 ਵਾਰ), ‘ਤੁਧ ਨੋ’ (9 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਜਿੰਦੇ !) ‘‘ਗੁਰ ਮਿਲਿ ਚਜੁ ਅਚਾਰੁ ਸਿਖੁ; ‘ਤੁਧੁ’ (ਤੈਨੂੰ, ਤੇਰੇ ਲਈ) ਕਦੇ ਨ ਲਗੈ ਦੁਖੁ ॥’’ (ਮ: ੫/੫੦)

(ਹੇ ਭਾਈ !) ‘‘ਹਰਿ ਤਿਸੈ ਨੋ ਸਾਲਾਹਿ; ਜਿ (ਜਿਹੜਾ) ‘ਤੁਧੁ’ (ਤੈਨੂੰ, ਤੇਰੇ ਲਈ) ਰਖੈ ਬਾਹਰਿ (ਤੇ) ਘਰਿ (ਵਿੱਚ)॥’’ (ਮ: ੪/੮੩)

(ਹੇ ਕਰਤਾਰ !) ‘‘ਅਪੁਨੇ ਸੰਤ ‘ਤੁਧੁ’ (ਤੈਨੂੰ, ਤੇਰੇ ਲਈ) ਖਰੇ ਪਿਆਰੇ; ਤੂ ਸੰਤਨ ਕੇ ਪ੍ਰਾਨਾ ਜੀਉ ॥’’ (ਮ: ੫/੧੦੦)

(ਹੇ ਸਹੇਲੀ !) ‘‘ਮਹਾ ਮੋਹਨੀ ‘ਤੁਧੁ’ (ਤੈਨੂੰ, ਤੇਰੇ ਲਈ) ਨ ਵਿਆਪੈ; ਤੇਰਾ ਆਲਸੁ ਕਹਾ ਗਇਓ ਰੀ ? ॥’’ (ਮ: ੫/੩੮੩)

‘‘ਤੂ ਕਾਹੇ ਡੋਲਹਿ ਪ੍ਰਾਣੀਆ ! ‘ਤੁਧੁ’ (ਤੈਨੂੰ, ਤੇਰੇ ਲਈ) ਰਾਖੈਗਾ ਸਿਰਜਣਹਾਰੁ ॥’’ (ਮ: ੫/੭੨੪)

(ਹੇ ਕਰਤਾਰ !) ‘‘ਬੁਰਾ, ਭਲਾ ‘ਤੁਧੁ’ (ਤੈਨੂੰ, ਤੇਰੇ ਲਈ) ਸਭੁ ਕਿਛੁ ਸੂਝੈ; ਜੇਹਾ ਕੋ ਕਰੇ ਤੇਹਾ ਕੋ ਪਾਈਐ ॥’’ (ਮ: ੪/੭੩੫)

(ਹੇ ਭਾਈ !) ‘‘ਜਿਨਿ ਦੀਏ ; ‘ਤੁਧੁ’ (ਤੈਨੂੰ, ਤੇਰੇ ਲਈ) ਬਾਪ ਮਹਤਾਰੀ (ਮਾਤਾ-ਪਿਤਾ)॥’’ (ਮ: ੫/੯੧੩)

(ਹੇ ਭਾਈ !) ‘‘ਜਿਨਿ ਦੀਆ; ‘ਤੁਧੁ’ (ਤੈਨੂੰ, ਤੇਰੇ ਲਈ) ਪਵਨੁ ਅਮੋਲਾ (ਅਮੋਲਕ ਹਵਾ)॥’’ (ਮ: ੫/੯੧੩)

(ਹੇ ਗੁਰੂ ਅੰਗਦ ਸਾਹਿਬ ਜੀ !) ‘‘ਨੇੜੈ ਦਿਸੈ ਮਾਤ ਲੋਕ ; ‘ਤੁਧੁ’ (ਤੈਨੂੰ, ਤੇਰੇ ਲਈ) ਸੁਝੈ ਦੂਰੁ ॥’’ (ਬਲਵੰਡ ਸਤਾ/੯੬੭)

(ਹੇ ਨਿਰਾਕਾਰ ! ਆਪਣੇ ਆਕਾਰ ਨੂੰ) ‘‘ਆਪਿ ਉਪਾਵਹਿ, ਆਪਿ ਖਪਾਵਹਿ; ‘ਤੁਧੁ’ (ਤੈਨੂੰ, ਤੇਰੇ ਲਈ) ਲੇਪੁ ਨਹੀ, ਇਕੁ ਤਿਲੁ ਰੰਗਾ ॥’’ (ਮ: ੫/੧੦੮੩) ਆਦਿ।

(ਨੋਟ: ਅਗਾਂਹ ਤਮਾਮ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਨੂੰ ‘ਨੋ’ ਸੰਬੰਧਕੀ ਸ਼ਬਦ ਨੇ ‘ਤੁਧ’ (ਅੰਤ ਮੁਕਤਾ) ਕਰ ਦਿੱਤਾ ਹੈ।)

(ਹੇ ਨਿਰਾਕਾਰ !) ‘‘ਸੇਈ ‘ਤੁਧ ਨੋ’ (ਤੈਨੂੰ, ਤੇਰੇ ਲਈ) ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’ (ਮ: ੧/੯)

(ਹੇ ਨਿਰਾਕਾਰ !) ‘‘ਹੋਰਿ ਕੇਤੇ ‘ਤੁਧ ਨੋ’ (ਤੈਨੂੰ, ਤੇਰੇ ਲਈ) ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਬੀਚਾਰੇ ॥’’ (ਮ: ੧/੯)

‘‘ਹਰਿ ! ‘ਤੁਧ ਨੋ’ (ਤੈਨੂੰ, ਤੇਰੇ ਲਈ) ਕਰਹਿ ਸਭ ਨਮਸਕਾਰੁ; ਜਿਨਿ ਪਾਪੈ ਤੇ ਰਾਖਿਆ ॥’’ (ਮ: ੪/੯੦)

(ਹੇ ਨਿਰਾਕਾਰ !) ‘‘ਜਿਨੀ ‘ਤੁਧ ਨੋ’ (ਤੈਨੂੰ, ਤੇਰੇ ਲਈ) ਧੰਨੁ ਕਹਿਆ; ਤਿਨ ਜਮੁ ਨੇੜਿ ਨ ਆਇਆ ॥’’ (ਮ: ੫/੨੪੮)

‘‘ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ! ਜੋ ‘ਤੁਧ ਨੋ’ (ਤੈਨੂੰ, ਤੇਰੇ ਲਈ) ਸਭ ਦੂ (ਸਾਰੇ ਦੁੱਖਾਂ ਤੋਂ) ਰਖਿ ਲਈਐ ॥’’ (ਮ: ੪/੮੬੧)

(ਹੇ ਨਿਰਾਕਾਰ !) ‘‘ਤੁਧ ਨੋ’’ (ਤੈਨੂੰ, ਤੇਰੇ ਲਈ) ਨਿਵਣੁ; ਮੰਨਣੁ ਤੇਰਾ ਨਾਉ ॥’’ (ਮ: ੧/੮੭੮)

(ਨੋਟ: ਜਦ ‘ਤੁਧੁ’ ਸ਼ਬਦ ਨਾਲ ‘ਵਿਟਹੁ (3 ਵਾਰ), ਵਿਟੜਿਅਹੁ (1 ਵਾਰ), ‘ਤੁਧੁ’ (1 ਵਾਰ), ਅਪੜਿ (2 ਵਾਰ)’ ਆਦਿ ਸ਼ਬਦ ਦਰਜ ਹੋਣ ਤਾਂ ‘ਤੁਧੁ’ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ ਕਿਉਂਕਿ ‘ਸੰਪਰਦਾਨ’ ਦਾ ਅਰਥ ਹੁੰਦਾ ਹੈ: ‘ਦੇਣਾ, ਕੁਰਬਾਨ ਹੋਣਾ’; ਜਿਵੇਂ:

(ਧਿਆਨ ਰਹੇ ਕਿ ਇਨ੍ਹਾਂ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਸ਼ਬਦ ਨਾਲ ਸੰਬੰਧਕੀ ਸ਼ਬਦ ‘ਵਿਟਹੁ, ਵਿਟੜਿਅਹੁ’ ਆਦਿ ਆਉਣ ਉਪਰੰਤ ਵੀ ‘ਤੁਧੁ’ ਪੜਨਾਂਵ (ਅੰਤ ਮੁਕਤ) ਨਹੀਂ ਹੋਇਆ ਜਦਕਿ ਇਹੀ ਚਿੰਨ੍ਹ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਮੁਕਤਾ ਕਰ ਦੇਂਦੇ ਹਨ।)

‘‘ਵਾਰੀ ਮੇਰੇ ਗੋਵਿੰਦਾ ! ਵਾਰੀ ਮੇਰੇ ਪਿਆਰਿਆ ! ਹਉ ‘ਤੁਧੁ ਵਿਟੜਿਅਹੁ’ (ਤੇਰੇ ਤੋਂ) ਸਦ ਵਾਰੀ (ਕੁਰਬਾਨ ਜਾਂਦਾ ਹਾਂ) ਜੀਉ ॥’’ (ਮ: ੪/੧੭੪)

(ਹੇ ਦਾਤਾਰ !) ‘‘ਤੇਰੀ ਗਤਿ ਮਿਤਿ ਲਖੀ ਨ ਜਾਇ; ਹਉ ‘ਤੁਧੁ’ (ਤੇਰੇ ਤੋਂ) ਬਲਿਹਾਰੀਐ ॥’’ (ਮ: ੫/੫੧੮)

‘‘ਮੇਰੇ ਸਤਿਗੁਰਾ ! ਹਉ ‘ਤੁਧੁ ਵਿਟਹੁ’ (ਤੇਰੇ ਲਈ, ਤੇਰੇ ਤੋਂ) ਕੁਰਬਾਣੁ ॥’’ (ਮ: ੫/੫੨)

‘‘ਹਰਿ ਜੀਉ ! ‘ਤੁਧੁ ਵਿਟਹੁ’ (ਤੇਰੇ ਤੋਂ) ਵਾਰਿਆ ਸਦ ਹੀ; ਤੇਰੇ ਨਾਮ ਵਿਟਹੁ ਬਲਿ ਜਾਈ ॥’’ (ਮ: ੩/੬੦੧)

‘‘ਹਰਿ ਜੀਉ ! ‘ਤੁਧੁ ਵਿਟਹੁ’ (ਤੇਰੇ ਤੋਂ) ਬਲਿ ਜਾਈ ॥’’ (ਮ: ੩/੧੩੩੩)

(ਹੇ ਦਾਤਾਰ !) ‘‘ਤੁਧੁ (ਤੇਰੇ ਮੁਕਾਬਲੇ) ਅਪੜਿ ਕੋਇ ਨ ਸਕੈ; ਸਭ ਝਖਿ ਝਖਿ ਪਵੈ ਝੜਿ (ਕੇ)॥’’ (ਮ: ੪/੮੪੯)

(ਹੇ ਦਾਤਾਰ !) ‘‘ਤੁਧੁ (ਤੇਰੇ ਮੁਕਾਬਲੇ) ਅਪੜਿ ਕੋਇ ਨ ਸਕੈ; ਤੂ ਅਬਿਨਾਸੀ ਜਗ ਉਧਰਣ ॥’’ (ਮ: ੫/੧੦੯੪)

(ਹੇ ਦਾਤਾਰ !) ‘‘ਸਭੇ ਵਸਤੂ ਮਿਠੀਆਂ ਰਬ ! (ਪਰ, ਫਿਰ ਵੀ)) ਨ ਪੁਜਨਿ ਤੁਧੁ (ਤੇਰੇ ਨਾਮ ਦੀ ਮਿਠਾਸ ਦੇ ਮੁਕਾਬਲੇ)॥’’ (ਬਾਬਾ ਫਰੀਦ/੧੩੭੯) ਆਦਿ।

ਗੁਰਬਾਣੀ ਵਿੱਚ ‘ਥੇ’ (ਬਿੰਦੀ ਰਹਿਤ) ਸ਼ਬਦ 9 ਵਾਰ ਦਰਜ ਹੈ ਜਿਸ ਵਿੱਚੋਂ ਕੇਵਲ 1 ਵਾਰ ਅਤੇ ‘ਥੈਂ’ (ਬਿੰਦੀ ਸਹਿਤ), ਜੋ ਕੇਵਲ 1 ਵਾਰ ਦਰਜ ਹੈ: ‘ਸੰਪਰਦਾਨ ਕਾਰਕ ਪੜਨਾਂਵ’ ਹਨ; ਜਿਵੇਂ:

(ਜਿਵੇਂ) ‘‘ਨਾਨਕੁ ਜਲ ਕੌ ਮੀਨੁ ਸੈ (ਭਾਵ ਹੈ, ਹੇ ਪ੍ਰਭੂ! ਇਉਂ) ‘ਥੇ’ (ਤੈਨੂੰ, ਜੇ) ਭਾਵੈ, ਰਾਖਹੁ (ਮੇਰੀ ਵੀ) ਪ੍ਰੀਤਿ ॥’’ (ਮ: ੧/੧੩੩੧)

(ਹੇ ਨਿਰਾਕਾਰ !) ‘‘ਥੈਂ’’ (ਤੈਨੂੰ) ਭਾਵੈ, (ਤਾਂ ਮਨੁੱਖ) ਦਰੁ ਲਹਸਿ ਪਿਰਾਣਿ (ਭਾਵ ਦਰ ਲੱਭ ਲੈਂਦਾ ਹੈ) ॥’’ (ਮ: ੧/੧੨੭੫)

(ਨੋਟ: ਧਿਆਨ ਰਹੇ ਕਿ ਉਕਤ ਦੋਵੇਂ ਪੰਕਤੀਆਂ ’ਚ ਦਰਜ ਨਿਯਮ ਕੇਵਲ ‘ਥੇ’ (ਬਿੰਦੀ ਰਹਿਤ, 1 ਵਾਰ) ਤੇ ‘ਥੈਂ’ (ਬਿੰਦੀ ਸਹਿਤ, 1 ਵਾਰ) ਲਈ ਹੀ ਹੈ ਕਿਉਂਕਿ ਗੁਰਬਾਣੀ ਵਿੱਚ ‘ਥੇਂ’ (ਬਿੰਦੀ ਸਹਿਤ, ਅਨਿਸਚਿਤ ਪੜਨਾਂਵ) 1 ਵਾਰ ਤੇ ‘ਥੈ’ (ਬਿੰਦੀ ਰਹਿਤ, ਕਿਰਿਆ ਵਿਸ਼ੇਸ਼ਣ) 15 ਵਾਰ ਵੀ ਦਰਜ ਹਨ, ਜੋ ਕਿ ‘ਮੱਧਮ ਪੁਰਖ ਪੜਨਾਂਵ’ ਨਹੀਂ ਹਨ; ਜਿਵੇਂ:

‘‘ਸਗਲ ਭਵਨ ਧਾਰੇ, ਏਕ ‘ਥੇਂ’ (ਇੱਕ ਪ੍ਰਭੂ ਤੋਂ) ਕੀਏ ਬਿਸਥਾਰੇ; ਪੂਰਿ ਰਹਿਓ ਸ੍ਰਬ ਮਹਿ, (ਫਿਰ ਵੀ) ਆਪਿ ਹੈ ਨਿਰਾਰੇ (ਨਿਰਲੇਪ)॥’’ (ਮ: ੫/੧੩੮੫)

‘‘ਵਿਚੁ (ਵਿਚੋਲਪੁਣਾ) ਨ ਕੋਈ ਕਰਿ ਸਕੈ; ਕਿਸ ‘ਥੈ’ (ਕਿਸ ਕੋਲ) ਰੋਵਹਿ ਰੋਜ? ॥’’ (ਮ: ੫/੧੩੫) ਆਦਿ।

(4). ਅਪਾਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧਹੁ’ (7 ਵਾਰ) ਕੇਵਲ ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੈਥੋਂ, ਤੇਰੇ ‘ਦਰ’ ਤੋਂ’; ਜਿਵੇਂ:

(ਹੇ ਨਿਰਾਕਾਰ !) ‘‘ਸਭਿ ‘ਤੁਧੈ ਪਾਸਹੁ’ (ਤੇਰੇ ‘ਦਰ’ ਤੋਂ) ਮੰਗਦੇ; ਨਿਤ ਕਰਿ (ਕੇ) ਅਰਦਾਸਿ ॥’’ (ਮ: ੪/੮੬)

(ਹੇ ਨਿਰਾਕਾਰ !) ‘‘ਮੰਨਿਐ ਗਿਆਨੁ ਧਿਆਨੁ; ‘ਤੁਧੈ ਤੇ’ (ਤੇਰੇ ਪਾਸੋਂ, ਤੇਰੇ ਤੋਂ) ਪਾਇਆ ॥’’ (ਮ: ੧/੧੫੦)

‘‘ਪ੍ਰਭ ! ‘ਤੁਧਹੁ’ (ਤੇਰੇ ਤੋਂ) ਖਾਲੀ ਕੋ ਨਹੀ; (ਤੇਰੇ) ਦਰਿ (ਉੱਤੇ) ਗੁਰਮੁਖਾ ਨੋ ਸਾਬਾਸਿ (ਮਿਲਦੀ)॥’’ (ਮ: ੪/੪੦)

‘‘ਹਰਿ ! ‘ਤੁਧਹੁ’ (ਤੇਰੇ ਤੋਂ) ਬਾਹਰਿ ਕਿਛੁ ਨਾਹੀ; ਤੂੰ ਸਚਾ ਸਾਈ ॥’’ (ਮ: ੪/੮੩)

(ਹੇ ਨਿਰਾਕਾਰ !) ‘‘ਸਭੇ ਦੁਖ ਸੰਤਾਪ; ਜਾਂ ‘ਤੁਧਹੁ’ (ਤੇਰੇ ਤੋਂ) ਭੁਲੀਐ ॥’’ (ਮ: ੫/੯੬੪) ਆਦਿ।

(5). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ ਸ਼ਬਦ ਕੁੱਲ 415 ਵਿੱਚੋਂ ਕੁਝ ਕੁ ਅਤੇ ‘ਤੁਧੈ’ (2 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਤੇ ‘ਸਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹੁੰਦੇ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ. ਤੇਰੀ, ਤੇਰੇ’; ਜਿਵੇਂ:

(ਨੋਟ: ‘ਤੁਧੁ’ ਸ਼ਬਦ ਉਨ੍ਹਾਂ ਤਮਾਮ ਪੰਕਤੀਆਂ ’ਚ ‘ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹੁੰਦਾ ਹੈ, ਜਿਨ੍ਹਾਂ ਵਿੱਚ ‘ਤੁਧੁ’ ਸ਼ਬਦ ਦੇ ਨਾਲ ‘ਭਗਤਿ, ਭੰਡਾਰ, ਦਰਬਾਰੁ, ਮਇਆ (ਮਿਹਰ), ਵਡਿਆਈ, ਨਦਰਿ, ਬਖਸਸ, ਤਖਤੁ, ਥੇਹੁ (ਟਿਕਾਣਾ), ਮਣੀ (ਵਡਿਆਈ), ਘਰਿ, ਚਿਤਿ, ਮਨਿ, ਸਿਰਿ’ ਆਦਿ ਨਾਂਵ ਸ਼ਬਦ ਦਰਜ ਹੋਣ ਅਤੇ ਉਨ੍ਹਾਂ ਤਮਾਮ ਪੰਕਤੀਆਂ ’ਚ ‘ਤੁਧੁ’ ਸ਼ਬਦ ‘ਸੰਬੰਧ ਕਾਰਕ ਪੜਨਾਂਵ’ ਹੁੰਦਾ ਹੈ ਜਿਨ੍ਹਾਂ ’ਚ ‘ਤੁਧੁ’ ਸ਼ਬਦ ਨਾਲ ‘ਸਰਿ (ਵਰਗਾ), ਜੇਵਡੁ, ਜੇਹਾ, ਜੇਹੇ, ਜੇਹਿਆ, ਸਮਾਨਿ, ਵਲਿ (ਆਸਰੇ)’ ਆਦਿ ਸ਼ਬਦ ਦਰਜ ਹੋਣ ਕਿਉਂਕਿ ਇਨ੍ਹਾਂ ’ਚ ‘ਤੁਧੁ’ ਦੇ ਸਮਾਨੰਤਰ ਕੋਈ ਨਾਂਵ ਸ਼ਬਦ ਦਰਜ ਨਹੀਂ ਹੁੰਦਾ।)

‘‘ਹਰਿ ਸੇਵਹਿ ਸੇਈ ਪੁਰਖ; ਜਿਨਾ (ਉੱਪਰ) ਹਰਿ! ‘ਤੁਧੁ’ (ਤੇਰੀ) ਮਇਆ (ਮਿਹਰ)॥’’ (ਮ: ੪/੬੪੫)

(ਹੇ ਨਿਰਾਕਾਰ !) ‘‘ਤੂ ਨਿਹਚਲੁ, ਨਿਰਵੈਰੁ, ਸਚੁ; ਸਚਾ ‘ਤੁਧੁ’ (ਤੇਰੇ) ਦਰਬਾਰੁ ॥’’ (ਮ: ੫/੯੬੨)

(ਹੇ ਨਿਰਾਕਾਰ !) ‘‘ਵਡਾ ਤੇਰਾ ਦਰਬਾਰੁ; ਸਚਾ ‘ਤੁਧੁ’ (ਤੇਰਾ) ਤਖਤੁ ॥’’ (ਮ: ੫/੯੬੪)

(ਹੇ ਨਿਰਾਕਾਰ !) ‘‘ਲੂਣ ਹਰਾਮੀ ਨਾਨਕੁ ਲਾਲਾ; ਬਖਸਿਹਿ ‘ਤੁਧੁ’ (ਤੇਰੀ) ਵਡਿਆਈ ॥’’ (ਮ: ੧/੯੯੧)

(ਹੇ ਨਿਰਾਕਾਰ !) ‘‘ਮਾਣਸ (ਦਾ) ਕੂੜਾ ਗਰਬੁ; (ਜਦਕਿ) ਸਚੀ ‘ਤੁਧੁ’ (ਤੇਰੀ) ਮਣੀ (ਵਡਿਆਈ)॥’’ (ਮ: ੧/੧੨੮੩)

(ਹੇ ਨਿਰਾਕਾਰ !) ‘‘ਨਦਰਿ ‘ਤੁਧੁ’ (ਤੇਰੀ), ਅਰਦਾਸਿ ਮੇਰੀ; ਜਿੰਨਿ ਆਪੁ ਉਪਾਇਆ ॥’’ (ਮ: ੧/੫੬੬)

(ਹੇ ਨਿਰਾਕਾਰ !) ‘‘ਆਵਣ ਜਾਣਾ ਹੁਕਮੁ ਸਭੁ, ਨਿਹਚਲੁ ‘ਤੁਧੁ’ (ਤੇਰਾ) ਥੇਹੁ (ਟਿਕਾਣਾ)॥’’ (ਮ: ੫/੭੧੦)

(ਹੇ ਨਿਰਾਕਾਰ !) ‘‘ਜੇ ‘ਤੁਧੁ’ ਵਲਿ (ਤੇਰੇ ਆਸਰੇ) ਰਹੈ, ਤਾ ਕੋਈ ਕਿਹੁ ਆਖਉ ? ‘ਤੁਧੁ’ (ਤੈਨੂੰ) ਵਿਸਰਿਐ (ਨਾਲ), ਮਰਿ ਜਾਈ ॥’’ (ਮ: ੪/੭੫੭)

(ਹੇ ਨਿਰਾਕਾਰ !) ‘‘ਤੋਟਿ ਨਾਹੀ; ‘ਤੁਧੁ’ (ਤੇਰੇ) ਭਗਤਿ (ਦੇ) ਭੰਡਾਰ ॥’’ (ਮ: ੧/੧੫੪)

(ਹੇ ਨਿਰਾਕਾਰ !) ‘‘ਹਉ ਗੋਲਾ ਲਾਲਾ ‘ਤੁਧੁ’ (ਤੇਰਾ, ਇਸ ਲਈ); ਮੈ (ਮੈਨੂੰ) ਹੁਕਮੁ ਫੁਰਮਾਈਐ ॥’’ (ਮ: ੪/੬੪੩)

(ਹੇ ਨਿਰਾਕਾਰ !) ‘‘ਤੇਰੈ ਘਰਿ (ਵਿੱਚ) ਆਨੰਦੁ, ਵਧਾਈ ‘ਤੁਧੁ’ (ਤੇਰੇ) ਘਰਿ (ਵਿੱਚ)॥’’ (ਮ: ੫/੯੬੫)

‘‘ਮੇਰੇ ਰਾਮ ਰਾਇ ! ‘ਤੁਧੁ’ (ਤੇਰੇ) ਚਿਤਿ (’ਚ) ਆਇਐ (ਨਾਲ) ਉਬਰੇ ॥’’ (ਮ: ੫/੭੪੮) (ਭਾਵ ਮੇਰੇ ਚਿੱਤ ’ਚ ਤੇਰੇ ਆਉਣ ਕਾਰਨ (ਵਿਕਾਰਾਂ ਤੋਂ) ਬਚ ਗਏ।)

(ਹੇ ਨਿਰਾਕਾਰ !) ‘‘ਤੁਧੁ’’ (ਤੇਰੇ) ਚਿਤਿ (’ਚ) ਆਏ, ਮਹਾ ਅਨੰਦਾ; ਜਿਸੁ (ਨੂੰ, ਤੂੰ) ਵਿਸਰਹਿ, ਸੋ ਮਰਿ ਜਾਏ ॥’’ (ਮ: ੫/੭੪੯)

‘‘ਤੁਧੁ’’ (ਤੇਰੇ) ਸਿਰਿ (ਉੱਤੇ) ਲਿਖਿਆ, ਸੋ ਪੜੁ ਪੰਡਿਤ ! ਅਵਰਾ ਨੋ (ਹੋਰਾਂ ਨੂੰ) ਨ ਸਿਖਾਲਿ ਬਿਖਿਆ (ਮਾਇਆ ਜ਼ਹਿਰ ਬਾਰੇ)॥’’ (ਮ: ੩/੪੩੪)

(ਹੇ ਪ੍ਰਭੂ !) ‘‘ਉਨ ਸੰਤਨ ਕੈ (ਉੁੱਤੋਂ); ਮੇਰਾ ਮਨੁ ਕੁਰਬਾਨੇ ॥ ਜਿਨ ਤੂੰ ਜਾਤਾ (ਤੈਨੂੰ ਜਾਣਿਆ) ; ਜੋ ‘ਤੁਧੁ’ (ਤੇਰੇ) ਮਨਿ (ਵਿੱਚ) ਭਾਨੇ (ਪਸੰਦ)॥ (ਮ: ੫/੧੦੦)

(ਹੇ ਨਿਰਾਕਾਰ !) ‘‘ਤਿਸ ਦੀ ਤੂ ਭਗਤਿ ਥਾਇ (ਵਿੱਚ) ਪਾਇਹਿ; ਜੋ ‘ਤੁਧੁ’ (ਤੇਰੇ) ਮਨਿ (’ਚ) ਭਾਇਆ (ਪਸੰਦ)॥’’ (ਮ: ੪/੫੪੮)

‘‘ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ! ‘ਤੁਧੁ ਜੇਵਡੁ’ (ਤੇਰੇ ਵਰਗਾ) ਅਵਰੁ ਨ ਕੋਈ ॥’’ (ਮ: ੪/੧੧)

(ਹੇ ਨਿਰਾਕਾਰ !) ‘‘ਤੁਧੁ ਜੇਵਡੁ ਹੋਰੁ ਸਰੀਕੁ ਹੋਵੈ, ਤਾ ਆਖੀਐ; ‘ਤੁਧੁ ਜੇਵਡੁ’ ਤੂਹੈ ਹੋਈ ॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਮੈ ਚਾਰੇ ਕੁੰਡਾ ਭਾਲੀਆ; ‘ਤੁਧੁ ਜੇਵਡੁ’ ਨ ਸਾਈਆ ! ॥’’ (ਮ: ੫/੧੦੯੮) ਆਦਿ।

(ਹੇ ਨਿਰਾਕਾਰ !) ‘‘ਭੈਣ, ਭਾਈ, ਸਭਿ ਸਜਣਾ; ‘ਤੁਧੁ ਜੇਹਾ’ (ਤੇਰੇ ਵਰਗਾ) ਨਾਹੀ ਕੋਇ ਜੀਉ ॥’’ (ਮ: ੫/੭੩) ਆਦਿ।

(ਹੇ ਨਿਰਾਕਾਰ !) ‘‘ਤੇਰਾ ਸਭੁ ਕੀਆ, ਤੂੰ ਥਿਰੁ ਥੀਆ; ‘ਤੁਧੁ ਸਮਾਨਿ’ (ਤੇਰੇ ਵਰਗਾ) ਕੋ ਨਾਹੀ ॥’’ (ਮ: ੧/੪੩੭)

(ਹੇ ਨਿਰਾਕਾਰ !) ‘‘ਡਿਠੇ ਸਭੇ ਥਾਵ; ਨਹੀ ‘ਤੁਧੁ ਜੇਹਿਆ’ (ਤੇਰੇ ਵਰਗਾ)॥’’ (ਮ: ੫/੧੩੬੨)

(ਹੇ ਨਿਰਾਕਾਰ !) ‘‘ਤੁਧੁ ਸਰਿ’’ (ਤੇਰੇ ਵਰਗਾ) ਅਵਰੁ ਨ ਕੋਇ; ਕਿ (ਕੀ) ਆਖਿ (ਕੇ) ਵਖਾਣਿਆ ? ॥’’ (ਮ: ੧/੧੨੭੯)

(ਹੇ ਨਿਰਾਕਾਰ !) ‘‘ਜਿਸ ਨੋ ਤੂ ਦੇਹਿ, ਤਿਸੁ ਸਭੁ ਕਿਛੁ ਮਿਲੈ; ਕੋਈ ਹੋਰੁ ਸਰੀਕੁ ਨਾਹੀ, ‘ਤੁਧੁ ਪਾਸਿ’ (ਤੇਰੇ ਬਰਾਬਰ)॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਜੋ ਤੁਧੁ ਸੇਵਹਿ, ਸੇ ‘ਤੁਧ ਹੀ ਜੇਹੇ’; (ਜਿਵੇਂ) ਨਿਰਭਉ ਬਾਲ ਸਖਾਈ (ਸਤਸੰਗੀ) ਹੇ ॥’’ (ਮ: ੧/੧੦੨੧)

(ਹੇ ਨਿਰਾਕਾਰ !) ‘‘ਤੇਰੈ ਰੰਗਿ (ਵਿੱਚ) ਰਤੇ, ‘ਤੁਧੁ ਜੇਹੇ’; (ਪਰ) ਵਿਰਲੇ ਕੇਈ ਭਾਲਕਾ (ਲੱਭਦੇ)॥’’ (ਮ: ੫/੧੦੮੫)

(ਹੇ ਨਿਰਾਕਾਰ !) ‘‘ਤੁਧੁ’’ (ਤੇਰੇ) ਆਵਤ (ਆਉਣ ਨਾਲ) ਮੇਰਾ ਮਨੁ ਤਨੁ ਹਰਿਆ; ਹਰਿ ਜਸੁ ਤੁਮ ਸੰਗਿ ਗਾਵਨਾ ॥’’ (ਮ: ੫/੧੦੧੮) ਆਦਿ।

(ਹੇ ਨਿਰਾਕਾਰ !) ‘‘ਮੈ ਹੋਰੁ ਨ ਕੋਈ; ‘ਤੁਧੈ ਜੇਹਾ’ (ਤੇਰੇ ਵਰਗਾ ਹੀ)॥’’ (ਮ: ੩/੧੧੨

(ਹੇ ਨਿਰਾਕਾਰ !) ‘‘ਸਚੁ ਜਿ (ਜਿਹੜੇ) ਮੰਗਹਿ ਦਾਨੁ; ਸਿ ‘ਤੁਧੈ ਜੇਹਿਆ’ (ਤੇਰੇ ਵਰਗੇ ਹੀ)॥’’ (ਮ: ੧/੧੫੦) ਆਦਿ।

ਗੁਰਬਾਣੀ ਵਿੱਚ ‘ਤੇਰਾ’ (477 ਵਾਰ), ‘ਤੇਰੀ’ (451 ਵਾਰ), ‘ਤੇਰੋ’ (65 ਵਾਰ), ‘ਤੇਰਿਆ’ (17 ਵਾਰ), ‘ਤੈਡਾ’ (ਭਾਵ ਤੇਰਾ, 2 ਵਾਰ), ‘ਤੈਡੀ’ (ਭਾਵ ਤੇਰੀ, 1 ਵਾਰ), ‘ਥਾਰਾ’ (ਭਾਵ ਤੇਰਾ, 1 ਵਾਰ), ‘ਥਾਰੀ’ (ਭਾਵ ਤੇਰੀ, 2 ਵਾਰ) ਆਦਿ ‘ਮੱਧਮ ਪੁਰਖ, ਇੱਕ ਵਚਨ ਸੰਬੰਧ ਕਾਰਕ ਪੜਨਾਂਵ ਤੇ ‘ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹਨ; ਜਿਵੇਂ:

(ਹੇ ਪ੍ਰਭੂ !) ‘‘ਸੋ ਦਰੁ ‘ਤੇਰਾ’ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥’’ (ਮ: ੧/੮)

‘‘ਏਹਿ ਭਿ ਦਾਤਿ ‘ਤੇਰੀ’; ਦਾਤਾਰ ! ॥’’ (ਜਪੁ /ਮ: ੧)

(ਹੇ ਪ੍ਰਭੂ !) ‘‘ਨਿਰਧਨ ਕਉ; ਧਨੁ ‘ਤੇਰੋ’ ਨਾਉ ॥’’ (ਮ: ੫/੨੬੬)

(ਹੇ ਪ੍ਰਭੂ!) ‘‘ਤੇਰਿਆ’’ ਭਗਤਾ; ਭੁਖ ਸਦ ਤੇਰੀਆ ॥’’ (ਮ: ੫/੭੪)

‘‘ਜੇ ਤੁਧੁ ਭਾਵੈ, ਸਾਹਿਬਾ ! ਤੂ ਮੈ (ਮੇਰਾ) ਹਉ ‘ਤੈਡਾ’ (ਤੇਰਾ)॥’’ (ਮ: ੧/੪੧੮)

(ਹੇ ਕਰਤਾਰ !) ‘‘ਤੈਡੀ’ ਬੰਦਸਿ (ਤੇਰੀ ਬਣਾਵਟ ਦਾ), ਮੈ ਕੋਇ ਨ ਡਿਠਾ; ਤੂ ਨਾਨਕ ਮਨਿ (ਵਿੱਚ) ਭਾਣਾ (ਪਸੰਦ)॥’’ (ਮ: ੫/੯੬੪)

(ਹੇ ਬੰਦੇ !) ‘‘ਫਰੀਦਾ ! ਕਿਥੈ ‘ਤੈਡੇ’ (ਤੇਰੇ) ਮਾਪਿਆ ? ਜਿਨ੍ੀ ਤੂ ਜਣਿਓਹਿ (ਪੈਦਾ ਕੀਤਾ)॥’’ (ਬਾਬਾ ਫਰੀਦ/੧੩੮੧)

‘‘ਜੇ ਭੁਲੀ ਜੇ ਚੁਕੀ ਸਾੲਂੀ! ਭੀ ‘ਤਹਿੰਜੀ’ ਕਾਢੀਆ (ਤੇਰੀ ਕਹੀ ਜਾਂਦੀ ਹਾਂ)॥’’ (ਮ: ੫/੭੬੧)

(ਹੇ ਪ੍ਰਭੂ !) ‘‘ਸਭ ਭਾਂਡੇ ਤੁਧੈ (ਨੇ) ਸਾਜਿਆ; ਵਿਚਿ ਵਸਤੁ ਹਰਿ ‘ਥਾਰਾ’ (ਤੇਰਾ) ॥’’ (ਮ: ੪/੪੪੯)

(ਹੇ ਪ੍ਰਭੂ !) ‘‘ਸੇਵਾ ‘ਥਾਰੀ’ (ਤੇਰੀ); ਗੁਰਹਿ ਟੇਕ ॥’’ (ਮ: ੫/੨੧੦) ਆਦਿ।

(6). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ (23 ਵਾਰ) ਤੇ ‘ਤੁਧੈ’ (4 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਅੰਦਰਿ, ਤੇਰੇ ਨਾਲ, ਤੇਰੇ ਕੋਲ, ਤੇਰੇ ਉੱਤੇ, ਤੇਰੇ ਉੱਪਰ, ਤੇਰੇ ਅੱਗੇ’; ਜਿਵੇਂ:

(ਨੋਟ: ਅਗਾਂਹ ਤਮਾਮ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਸ਼ਬਦ ਨਾਲ ਸੰਬੰਧਕੀ ਸ਼ਬਦ ‘ਉਪਰਿ, ਨਾਲਿ, ਨਾਲੀ, ਵਿਚਿ, ਪਾਸਿ, ਪਾਸੇ, ਆਗੈ, ਮਾਹਿ, ਪਹਿ (ਪਾਸ)’ ਆਦਿ ਆਉਣ ਉਪਰੰਤ ਵੀ ‘ਤੁਧੁ’ ਪੜਨਾਂਵ (ਅੰਤ ਮੁਕਤ) ਨਹੀਂ ਹੋਇਆ ਜਦਕਿ ਇਹੀ ਚਿੰਨ੍ਹ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਮੁਕਤਾ ਕਰ ਦੇਂਦੇ ਹਨ।)

(ਹੇ ਨਿਰਾਕਾਰ !) ‘‘ਬਹੁ ਮਾਣੁ ਕੀਆ ‘ਤੁਧੁ ਉਪਰੇ’; ਤੂੰ ਆਪੇ ਪਾਇਹਿ ਥਾਇ ਜੀਉ ॥’’ (ਮ: ੫/੭੪)

‘‘ਮਾਨੁ ਕਰਉ ‘ਤੁਧੁ ਊਪਰੇ’; ਮੇਰੇ ਪ੍ਰੀਤਮ ਪਿਆਰੇ ! ॥’’ (ਮ: ੫/੮੦੯)

(ਹੇ ਗੁਰੂ ! ਅਸਲ) ‘‘ਜਪੁ, ਤਪੁ, ਸੰਜਮੁ ‘ਨਾਲਿ ਤੁਧੁ’ (ਤੇਰੇ ਨਾਲ, ਤੇਰੇ ਵਿੱਚ); ਹੋਰੁ ਮੁਚੁ ਗਰੂਰੁ (ਹੋਰ ਪਾਖੰਡ ’ਚ ਤਾਂ ਬੜਾ ਹੰਕਾਰ)॥’’ (ਬਲਵੰਡ ਸਤਾ/੯੬੭)

(ਹੇ ਭਾਈ !) ‘‘ਹਲਤਿ ਪਲਤਿ; ਨਿਬਹੀ ‘ਤੁਧੁ ਨਾਲਿ’ ॥’’ (ਮ: ੧/੪੧੨)

(ਹੇ ਭਾਈ !) (ਅਸਲ ਮਾਲਾ ਨੂੰ) ‘‘ਹਿਰਦੈ (ਵਿੱਚ) ਫੇਰਿ; ਚਲੈ ‘ਤੁਧੁ ਨਾਲੀ’ (ਤੇਰੇ ਨਾਲ)॥’’ (ਮ: ੪/੧੧੩੪)

(ਹੇ ਸਰੀਰ !) ‘‘ਹਰਿ (ਨੇ) ਜੋਤਿ ਰਖੀ ‘ਤੁਧੁ ਵਿਚਿ’; ਤਾ ਤੂ ਜਗ ਮਹਿ ਆਇਆ ॥’’ (ਮ: ੩/੯੨੧)

(ਹੇ ਗੁਰੂ !) ‘‘ਨਉ ਨਿਧਿ ਨਾਮੁ ਨਿਧਾਨੁ ਹੈ; ‘ਤੁਧੁ ਵਿਚਿ’ ਭਰਪੂਰੁ ॥’’ (ਬਲਵੰਡ ਸਤਾ/੯੬੭)

‘‘ਚਾਤ੍ਰਿਕ ! ਤੂ ਨ ਜਾਣਹੀ, ਕਿਆ ‘ਤੁਧੁ ਵਿਚਿ’ ਤਿਖਾ ਹੈ; ਕਿਤੁ ਪੀਤੈ ਤਿਖ ਜਾਇ ? ॥’’ (ਮ: ੩/੧੨੮੪)

‘‘ਮਨ ਮੇਰੇ ! ਅਪਨਾ ਹਰਿ ਸੇਵਿ ਦਿਨੁ ਰਾਤੀ; ਜੋ ‘ਤੁਧੁ’ (ਤੇਰੇ ਕੋਲ, ਮਦਦ ਲਈ) ਉਪਕਰੈ (ਬਹੁੜਦਾ ਹੈ) ਦੂਖਿ ਸੁਖਾਸਾ (ਦੁੱਖ-ਸੁਖ ਵਿੱਚ) ॥’’ (ਮ: ੪/੮੬੦)

(ਹੇ ਨਿਰਾਕਾਰ !) ‘‘ਬਿਰਥਾ ਕੋਇ ਨ ਜਾਇ, ਜਿ (ਜਿਹੜਾ) ਆਵੈ ‘ਤੁਧੁ’ (ਤੇਰੇ ਪਾਸ) ਆਹਿ (ਤਾਂਘ ਕਰਕੇ)॥’’ (ਮ: ੫/੯੬੨)

(ਹੇ ਨਿਰਾਕਾਰ !) ‘‘ਜੇਤੀ ਹੈ, ਤੇਤੀ ‘ਤੁਧੁ’ (ਤੇਰੇ ‘ਹੁਕਮ’) ਅੰਦਰਿ ॥’’ (ਮ: ੧/੧੦੩੪)

(ਹੇ ਨਿਰਾਕਾਰ !) ‘‘ਸਭੁ ਤੇਰਾ ਚੋਜੁ ਵਰਤਦਾ; ਦੁਖੁ, ਸੁਖੁ ‘ਤੁਧੁ ਪਾਸਿ’ (ਤੇਰੇ ਕੋਲ) ॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਜੀਅ ਜੰਤ ਸਭਿ ਸਰਣਿ ਤੁਮ੍ਹਾਰੀ; ਸਰਬ (ਦੀ) ਚਿੰਤ ‘ਤੁਧੁ ਪਾਸੇ’ (ਤੇਰੇ ਕੋਲ)॥’’ (ਮ: ੧/੭੯੫)

(ਹੇ ਨਿਰਾਕਾਰ !) ‘‘ਤੁਧੁ ਆਗੈ’’ ਅਰਦਾਸਿ ਹਮਾਰੀ; ਜੀਉ, ਪਿੰਡੁ ਸਭੁ ਤੇਰਾ ॥’’ (ਮ: ੫/੩੮੩)

(ਹੇ ਨਿਰਾਕਾਰ !) ‘‘ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ; ‘ਤੁਧੁ ਅਗੈ’ ਮੰਗਣ ਨੋ ਹਥ ਜੋੜਿ (ਕੇ) ਖਲੀ ਸਭ ਹੋਈ ॥’’ (ਮ: ੪/੫੪੯)

‘‘ਮੈ (ਮੇਰਾ) ਤਾਣੁ, ਦੀਬਾਣੁ (ਆਸਰਾ) ਤੂਹੈ ਮੇਰੇ ਸੁਆਮੀ! ਮੈ (ਮੇਰੀ) ‘ਤੁਧੁ ਆਗੈ’ ਅਰਦਾਸਿ ॥’’ (ਮ: ੪/੭੩੫)

(ਹੇ ਨਿਰਾਕਾਰ !) ‘‘ਨਾਨਕ ! ਦਾਸਨਿ ਦਾਸੁ; ‘ਤੁਧੁ ਆਗੈ’ ਬਿਨਵਤਾ ॥’’ (ਮ: ੫/੯੬੫)

(ਹੇ ਨਿਰਾਕਾਰ !) ‘‘ਤੁਧੁ ਅਗੈ’’ ਤੁਧੈ (ਨੂੰ) ਸਾਲਾਹੀ; ਮੈ ਅੰਧੇ (ਲਈ) ਨਾਉ ਸੁਜਾਖਾ ॥’’ (ਮ: ੧/੧੨੪੨)

(ਹੇ ਨਿਰਾਕਾਰ !) ‘‘ਤਨੁ, ਮਨੁ ਅਰਪੀ, ‘ਤੁਧੁ ਆਗੈ’; ਰਾਖਉ ਸਦਾ, ਰਹਾਂ ਸਰਣਾਈ ॥’’ (ਮ: ੩/੧੩੩੩)

(ਹੇ ਨਿਰਾਕਾਰ !) ‘‘ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ; ਕਿਆ ‘ਤੁਧੁ ਪਹਿ’ (ਤੇਰੇ ਅੱਗੇ) ਆਖਿ ਸੁਣਾਈਐ ? ॥’’ (ਮ: ੪/੭੩੫)

(ਹੇ ਨਿਰਾਕਾਰ !) ‘‘ਅੰਤਰ ਕੀ ਗਤਿ ‘ਤੁਧੁ ਪਹਿ’ (ਤੇਰੇ ਅੱਗੇ) ਸਾਰੀ (ਬਿਆਨ ਕੀਤੀ, ਕਿਉਂਕਿ); ਤੁਧੁ ਜੇਵਡੁ ਅਵਰੁ ਨ ਕੋਈ ॥’’ (ਮ: ੫/੭੪੯)

(ਹੇ ਨਿਰਾਕਾਰ !) ‘‘ਤੁਧੁ’ (ਤੇਰੇ ਵਿੱਚ) ਗੁਣ, ਮੈ (ਮੇਰੇ ਵਿੱਚ) ਸਭਿ ਅਵਗਣਾ; ਇਕ ਨਾਨਕ ਕੀ ਅਰਦਾਸਿ ਜੀਉ ॥’’ (ਮ: ੧/੭੬੨)

‘‘ਪ੍ਰਭ ! ਬਾਹ ਪਕਰਿ (ਕੇ), ਜਿਸੁ ਮਾਰਗਿ (ਉੱਤੇ) ਪਾਵਹੁ; ਸੋ ‘ਤੁਧੁ’ (ਤੇਰੇ ਵਿੱਚ) ਜੰਤ ਮਿਲਾਸਿ (ਮਿਲ ਜਾਂਦਾ)॥’’ (ਮ: ੫/੧੩੦੪)

(ਹੇ ਨਿਰਾਕਾਰ !) ‘‘ਜੀਵਣੁ ਮਰਣਾ ਸਭੁ; ‘ਤੁਧੈ ਤਾਈ’ (ਤੇਰੇ ਵੱਸ ਵਿੱਚ ਹੀ) ॥’’ (ਮ: ੩/੧੧੦)

(ਹੇ ਨਿਰਾਕਾਰ !) ‘‘ਤੇਰੇ ਕੀਤੇ ਕੰਮ; ‘ਤੁਧੈ ਹੀ ਗੋਚਰੇ’ (ਤੇਰੇ ਵੱਸ ਵਿੱਚ ਹੀ) ॥’’ (ਮ: ੫/੫੨੧)

(ਹੇ ਨਿਰਾਕਾਰ !) ‘‘ਸਭ ਤੇਰੀ, ਤੁਧੁ (ਤੈਂ ਨੇ) ਛਡਾਵਣੀ; ਸਭ ‘ਤੁਧੈ’ (ਤੇਰੇ ‘ਚਰਣਾਂ’ ਵਿੱਚ ਹੀ) ਲਾਗੇ ॥’’ (ਮ: ੩/੧੦੯੦)

‘‘ਤਿਸ ਨੋ (ਉਸ ‘ਰੱਬ’ ਨੂੰ) ਕਿਹੁ (ਕੁਝ ਤਾਂ ਹੀ) ਕਹੀਐ, ਜੇ ਦੂਜਾ (ਕੋਈ ਕਰਤਾ-ਧਰਤਾ) ਹੋਵੈ; (ਪਰ ਅਜਿਹਾ ਕੋਈ ਨਹੀਂ, ਹੇ ਪ੍ਰਭੂ!) ਸਭਿ ‘ਤੁਧੈ ਮਾਹਿ’ (ਤੇਰੇ ਵਿੱਚ ਹੀ) ਸਮਾਏ ॥’’ (ਮ: ੩/੧੧੩੧)

Pronoun (Part 5)

0

ਲੜੀ ਜੋੜਨ ਲਈ ਪਿਛਲਾ ਅੰਕ (ਭਾਵ ‘ਭਾਗ ਪਹਿਲੇ ਦਾ ਅਧਿਆਇ-5’) ਵੇਖੋ, ਜੀ।

(ਪੜਨਾਂਵ ਮੱਧਮ ਪੁਰਖ, ਅਧਿਆਇ-6)

ਮੱਧਮ ਪੁਰਖ, ਬਹੁ ਵਚਨ, ਪੜਨਾਂਵ ਜਾਂ ਪੜਨਾਂਵੀ ਵਿਸ਼ੇਸ਼ਣ (ਭਾਗ ਦੂਜਾ)

ਗੁਰਬਾਣੀ ਵਿੱਚ ‘ਤੇਰੇ’ (314 ਵਿੱਚੋਂ ਜ਼ਿਆਦਾਤਰ ਵਾਰ), ‘ਤੇਰੀਆ’ (12 ਵਾਰ), ‘ਤੁਮਹਿ’ 30 ਵਾਰ, ‘ਤੁਮ੍ਹਿ’ (ਕੇਵਲ 1 ਵਾਰ), ‘ਤੁਸੀ’ (8 ਵਾਰ), ‘ਤੁਸਾ’ (1 ਵਾਰ), ‘ਤੁਮ’ (396 ਵਿੱਚੋਂ ਜ਼ਿਆਦਾਤਰ ਵਾਰ), ‘ਤੁਮ੍’ (91 ਵਾਰ), ‘ਤੁਮੇ’ (2 ’ਚੋਂ 1 ਵਾਰ), ‘ਤੁਮ੍ੇ’ (1 ਵਾਰ), ‘ਤੁਮੈ’ (1 ਵਾਰ), ‘ਥਾਰੇ’ (ਭਾਵ ਤੁਹਾਡੇ, 9 ਵਾਰ) ਆਦਿ ‘ਮੱਧਮ ਪੁਰਖ, ਬਹੁ ਵਚਨ ਪੜਨਾਂਵ ਹਨ ਜਾਂ ਸਤਿਕਾਰ ਵਜੋਂ ‘ਬਹੁ ਵਚਨ’ ਦੇ ਸੰਬੰਧ ’ਚ ਵਰਤੇ ਗਏ ਹਨ, ਜੋ ਪੰਜ ਕਾਰਕਾਂ (ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ’ਚ ਦਰਜ ਹਨ, ਜਿਨ੍ਹਾਂ ਦੀ ਤਰਤੀਬ ਇਸ ਪ੍ਰਕਾਰ ਹੈ:

(ਨੋਟ: ‘ਗੁਰਬਾਣੀ ਲਿਖਤ ’ਚ ‘ਪੜਨਾਂਵ’ ਤੇ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦੀ ਬਣਤਰ ਤੇ ਅਰਥ ਇੱਕ ਸਮਾਨ ਹੋਣ ਕਾਰਨ ਇਕੱਤਰ ਹੀ ਦਰਜ ਕੀਤੇ ਜਾ ਰਹੇ ਹਨ। ਵੈਸੇ ਇਨ੍ਹਾਂ ਬਾਰੇ ਜਾਣਕਾਰੀ ਇਤਨੀ ਹੀ ਕਾਫ਼ੀ ਹੁੰਦੀ ਹੈ ਕਿ ‘ਪੜਨਾਂਵ’ ਸ਼ਬਦ ਕਿਸੇ ‘ਨਾਂਵ’ ਸ਼ਬਦ ਦੀ ਗੈਰਹਾਜ਼ਰੀ ’ਚ ਦਰਜ ਹੁੰਦੇ ਹਨ ਜਦਕਿ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦ ‘ਨਾਂਵ’ ਦੇ ਸਮਾਨੰਤਰ ਹੀ ਦਰਜ ਹੁੰਦੇ ਹਨ।)

(1). (ੳ) ਸਾਧਾਰਨ ਕਰਤਾ ਕਾਰਕ: ਗੁਰਬਾਣੀ ’ਚ ‘ਤੁਮ’ (ਕੁੱਲ 396 ਵਿੱਚੋਂ 36 ਵਾਰ), ‘ਤੁਮ੍’ (ਕੁੱਲ 91 ਵਿੱਚੋਂ 63 ਵਾਰ), ‘ਤੁਮਹਿ’ (ਕੁੱਲ 30 ’ਚੋਂ 13 ਵਾਰ), ‘ਤੁਮ੍ਹਿ’ (1 ਵਾਰ), ‘ਤੁਸੀ’ (ਕੁੱਲ 8 ਵਿੱਚੋਂ 6 ਵਾਰ), ‘ਤੁਮੇ’ (1 ਵਾਰ), ‘ਤੁਮ੍ੇ’ (1 ਵਾਰ), ‘ਤੁਮੈ’ (1 ਵਾਰ) ‘ਸਾਧਾਰਨ ਕਰਤਾ ਕਾਰਕ ਮੱਧਮ ਪੁਰਖ, ਬਹੁ ਵਚਨ ਪੜਨਾਂਵ’ ਹਨ; ਜਿਵੇਂ:

(1). ‘ਤੁਸੀ’ (ਰੱਬੀ ਨਾਮ) ਭੋਗਿਹੁ, ਭੁੰਚਹੁ; ਭਾਈਹੋ !॥ (ਮ: ੫/੭੩)

‘‘ਆਵਹੁ ਭੈਣੇ ! ‘ਤੁਸੀ’ ਮਿਲਹੁ ਪਿਆਰੀਆ ॥’’ (ਮ: ੪/੯੬)

(ਇਹੀ ਹੈ) ‘‘ਸੋਵੰਨ ਢਾਲਾ (ਸੋਨੇ ’ਚ ਢਲੀ) ਕ੍ਰਿਸਨ ਮਾਲਾ; (ਕਿ) ਜਪਹੁ ‘ਤੁਸੀ’ ਸਹੇਲੀਹੋ ! ॥’’ (ਮ: ੧/੫੬੭)

‘ਤੁਸੀ’ ਰੋਵਹੁ, ਰੋਵਣ ਆਈਹੋ; ਝੂਠਿ (ਕਾਰਨ) ਮੁਠੀ (ਲੁੱਟੀ ਗਈ) ਸੰਸਾਰੇ (ਵਿੱਚ)॥ (ਮ: ੧/੫੮੦)

‘ਤੁਸੀ’ ਪੁਤ, ਭਾਈ, ਪਰਵਾਰੁ ਮੇਰਾ; ਮਨਿ (ਵਿੱਚ) ਵੇਖਹੁ, ਕਰਿ (ਕੇ) ਨਿਰਜਾਸਿ (ਨਿਰਣੈ) ਜੀਉ ॥ (ਬਾਬਾ ਸੁੰਦਰ/੯੨੩)

‘ਤੁਸੀ’ ਵੀਚਾਰਿ (ਕੇ) ਦੇਖਹੁ; ਪੁਤ ਭਾਈ ! ਹਰਿ (ਨੇ) ਸਤਿਗੁਰੂ (ਨੂੰ) ਪੈਨਾਵਏ (ਸਤਿਕਾਰ ਦਿੱਤਾ)॥ (ਬਾਬਾ ਸੁੰਦਰ/੯੨੩)

(2). ‘‘ਸੋ ਹਰਿ ਹਰਿ ‘ਤੁਮ੍’ (ਤੁਸੀਂ) ਸਦ ਹੀ ਜਾਪਹੁ; ਜਾ ਕਾ ਅੰਤੁ ਨ ਪਾਰੋ ॥’’ (ਮ: ੫/੪੯੬)

‘‘ਜਿਨ ਕਉ ‘ਤੁਮ੍’ (ਤੁਸੀਂ) ਹਰਿ ਮੇਲਹੁ ਸੁਆਮੀ ! ਤੇ (ਉਹ) ਨ੍ਾਏ ਸੰਤੋਖ ਗੁਰ ਸਰਾ ॥’’ (ਮ: ੪/੭੯੯)

‘ਤੁਮ੍’ (ਤੁਸੀਂ) ਮਿਲਤੇ ਮੇਰਾ ਮਨੁ ਜੀਓ (ਪ੍ਰਫੁਲਿਤ ਹੁੰਦਾ); ਤੁਮ੍ ਮਿਲਹੁ ਦਇਆਲ ! ॥ (ਮ: ੫/੮੧੦)

‘‘ਜਾ ਸਿਉ ਰਾਚਿ ਮਾਚਿ ‘ਤੁਮ੍’ (ਤੁਸੀਂ) ਲਾਗੇ; ਓਹ ਮੋਹਨੀ ਮੋਹਾਵਤ (ਠੱਗਣ ਵਾਲੀ) ਹੇ ॥’’ (ਮ: ੫/੮੨੧)

‘‘ਪਾਰਬ੍ਰਹਮ ਪਰਮੇਸਰ ਸਤਿਗੁਰ ! ਹਮ ਬਾਰਿਕ ‘ਤੁਮ੍’ (ਤੁਸੀਂ) ਪਿਤਾ ਕਿਰਪਾਲ ॥’’ (ਮ: ੫/੮੨੮)

‘‘ਮੋਹਿ ਚਾਤ੍ਰਿਕ, ‘ਤੁਮ੍’ (ਤੁਸੀਂ) ਬੂੰਦ; ਤ੍ਰਿਪਤਉ (ਜਦ) ਮੁਖਿ (’ਚ) ਪਰੈ ॥’’ (ਮ: ੫/੮੪੭)

‘ਜਉ ‘ਤੁਮ੍’ (ਤੁਸੀਂ) ਮੋ ਕਉ (ਮੈਨੂੰ) ਦੂਰਿ ਕਰਤ ਹਉ; ਤਉ ਤੁਮ ਮੁਕਤਿ ਬਤਾਵਹੁ ? ॥’’ (ਭਗਤ ਕਬੀਰ/੧੧੦੪)

(ਮਨ ਖੇਤੀ ਨੂੰ) ‘‘ਜਿਉ ਗੋਡਹੁ, ਤਿਉ ‘ਤੁਮ੍’ (ਤੁਸੀਂ) ਸੁਖ ਪਾਵਹੁ; ਕਿਰਤੁ ਨ ਮੇਟਿਆ ਜਾਈ ॥’’ (ਮ: ੧/੧੧੭੧)

‘‘ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ! ‘ਤੁਮ੍’ (ਤੁਸੀਂ) ਦੀਨ ਦਇਆਲ ਦੁਖ ਭੰਞੁ (ਆਤਮਿਕ ਪੀੜਾ ਦੇ ਨਾਸਕ)॥’’ (ਮ: ੪/੧੧੭੯)

‘‘ਜਿਸੁ ਬਿਖਿਆ ਕਉ ‘ਤੁਮ੍’ (ਤੁਸੀਂ) ਅਪੁਨੀ ਕਰਿ ਜਾਨਹੁ; ਸਾ ਛਾਡਿ ਜਾਹੁ, ਸਿਰਿ (ਉੱਤੇ) ਭਾਰੁ ॥’’ (ਮ: ੪/੧੨੦੦)

‘‘ਨਾਨਕ ! ਸਰਨਿ ਚਰਨ ਕਮਲਨ ਕੀ; ‘ਤੁਮ੍’ ਨ ਡਾਰਹੁ (ਧੱਕੋ) ਪ੍ਰਭ ਕਰਤੇ ! ॥’’ (ਮ: ੫/੧੨੬੭)

‘ਤੁਮ੍’ (ਤੁਸੀਂ) ਵਡ ਪੁਰਖ ਬਡ ਅਗਮ ਅਗੋਚਰ; ਹਮ ਢੂਢਿ ਰਹੇ, ਪਾਈ ਨਹੀ ਹਾਥ (ਤੇਰੀ ਥਾਹ, ਡੂੰਘਾਈ)॥ (ਮ: ੪/੧੨੯੬)

‘ਤੁਮ੍’ (ਤੁਸੀਂ) ਜਲ ਨਿਧਿ, ਹਮ ਮੀਨੇ ਤੁਮਰੇ; ਤੇਰਾ ਅੰਤੁ ਨ ਕਤਹੂ ਪਾਇਆ ॥ (ਮ: ੪/੧੩੧੯) ਆਦਿ।

(3). ‘‘ਹਮ ਨਾਨ੍ੇ ਨੀਚ, ‘ਤੁਮ੍ੇ’ (ਤੁਸੀਂ) ਬਡ ਸਾਹਿਬ! ਕੁਦਰਤਿ (ਮੇਰੀ ਤਾਕਤ) ਕਉਣ ਬੀਚਾਰਾ ? ॥’’ (ਮ: ੫/੧੨੩੫)

(4). ‘‘ਕਵਨ ‘ਤੁਮੇ’ (ਤੁਸੀਂ) ? ਕਿਆ ਨਾਉ ਤੁਮਾਰਾ ? ਕਉਨੁ ਮਾਰਗੁ ? ਕਉਨੁ ਸੁਆਓ (ਮਨੋਰਥ) ? ॥’’ (ਮ: ੧/੯੩੮)

(ਨੋਟ: ਇਸ ਪੰਕਤੀ ’ਚ ਜੋਗੀ, ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕਰ ਰਹੇ ਹਨ।)

(5). ‘‘ਤੁਮਹਿ ਪਛਾਨੂ; ਸਾਕੁ ਤੁਮਹਿ ਸੰਗਿ; ਰਾਖਨਹਾਰ ‘ਤੁਮੈ’ (ਤੁਸੀਂ ਹੀ) ਜਗਦੀਸ ! ॥’’ (ਮ: ੫/੧੨੨੮)

(6). ‘‘ਤੁਮ ਹੀ ਨਾਇਕ, ‘ਤੁਮ੍ਹਿ’ (ਤੁਸੀਂ ਹੀ) ਛਤ੍ਰਪਤਿ; ਤੁਮ ਪੂਰਿ ਰਹੇ ਭਗਵਾਨਾ ॥’’ (ਮ: ੫/੧੨੧੦)

(7) ‘‘ਹਮ ਤੁਮ ਬੀਚੁ; ਭਇਓ ਨਹੀ ਕੋਈ ॥ ‘ਤੁਮਹਿ’ (ਤੁਸੀਂ ਹੀ) ਸੁ ਕੰਤ; ਨਾਰਿ ਹਮ ਸੋਈ ॥’’ (ਭਗਤ ਕਬੀਰ/੪੮੪)

‘‘ਸਰਬ ਨਿਰੰਤਰਿ ‘ਤੁਮਹਿ’ (ਤੁਸੀਂ ਹੀ) ਸਮਾਨੇ; (ਪਰ ਇਹ ਭੇਤ) ਜਾ ਕਉ ਤੁਧੁ ਆਪਿ ਬੁਝਾਈ (ਉਸ ਨੂੰ ਹੀ ਸਮਝ ਆਉਂਦਾ)॥’’ (ਮ: ੫/੬੧੦)

‘‘ਘਟ ਘਟ ਅੰਤਰਿ ‘ਤੁਮਹਿ’ (ਤੁਸੀਂ ਹੀ) ਬਸਾਰੇ ॥’’ (ਮ: ੫/੭੪੦)

‘ਤੁਮਹਿ’ (ਤੁਸੀਂ ਹੀ) ਛਡਾਵਹੁ; (ਤਾਂ) ਛੁਟਕਹਿ ਬੰਧ (ਤੋਂ)॥ (ਮ: ੫/੮੯੦)

‘‘ਘਟ ਘਟ ਅੰਤਰਿ; ‘ਤੁਮਹਿ’ (ਤੁਸੀਂ ਹੀ) ਸਮਾਣੇ ॥’’ (ਮ: ੫/੧੧੪੪)

‘‘ਤੁਮ ਹੀ ਸੁੰਦਰ, ‘ਤੁਮਹਿ’ (ਤੁਸੀਂ ਹੀ) ਸਿਆਨੇ; ਤੁਮ ਹੀ ਸੁਘਰ ਸੁਜਾਨਾ ॥’’ (ਮ: ੫/੧੨੧੦)

‘ਤੁਮਹਿ’ (ਤੁਸੀਂ ਹੀ) ਪਿਤਾ, ਤੁਮ ਹੀ ਫੁਨਿ (ਫਿਰ) ਮਾਤਾ; ‘ਤੁਮਹਿ’ (ਤੁਸੀਂ ਹੀ) ਮੀਤ, ਹਿਤ (ਸਨੇਹੀ), ਭ੍ਰਾਤਾ ॥ (ਮ: ੫/੧੨੧੫)

‘‘ਤੁਮ ਪਰਵਾਰ; ‘ਤੁਮਹਿ’ (ਤੁਸੀਂ ਹੀ) ਆਧਾਰਾ; ‘ਤੁਮਹਿ’ (ਤੁਸੀਂ ਹੀ) ਜੀਅ ਪ੍ਰਾਨਦਾਤਾ ॥’’ (ਮ: ੫/੧੨੧੫)

‘ਤੁਮਹਿ’ (ਤੁਸੀਂ ਹੀ) ਖਜੀਨਾ (ਖ਼ਜ਼ਾਨਾ); ‘ਤੁਮਹਿ’ (ਤੁਸੀਂ ਹੀ) ਜਰੀਨਾ (ਜ਼ਰ, ਧਨ-ਦੌਲਤ); ਤੁਮ ਹੀ ਮਾਣਿਕ ਲਾਲਾ ॥ (ਮ: ੫/੧੨੧੫)

‘ਤੁਮਹਿ’ (ਤੁਸੀਂ ਹੀ) ਪਾਰਜਾਤ, ਗੁਰ ਤੇ ਪਾਏ; ਤਉ ਨਾਨਕ ਭਏ ਨਿਹਾਲਾ (ਪ੍ਰਸੰਨ)॥ (ਮ: ੫/੧੨੧੫)

(8). (ਹੇ ਸਤਸੰਗੀਓ !) ‘ਤੁਮ’ (ਤੁਸੀਂ) ਗਾਵਹੁ; ਮੇਰੇ, ਨਿਰਭਉ ਕਾ ਸੋਹਿਲਾ ॥ (ਮ: ੧/੧੨)

(ਹੇ ਰੱਬ ਜੀ !) ‘ਤੁਮ’ (ਤੁਸੀਂ) ਦਾਤੇ, ‘ਤੁਮ’ ਪੁਰਖ ਬਿਧਾਤੇ; ਤੁਧੁ ਜੇਵਡੁ, ਅਵਰੁ ਨ ਸੂਰਾ ਜੀਉ ॥ (ਮ: ੫/੯੯)

‘‘ਜੋ ਹਮਰੀ ਬਿਧਿ (ਹਾਲਤ) ਹੋਤੀ (ਹੁੰਦੀ ਸੀ); ਮੇਰੇ ਸਤਿਗੁਰਾ ! ਸਾ ਬਿਧਿ (ਉਹ ਦਸ਼ਾ), ‘ਤੁਮ’ (ਤੁਸੀਂ) ਹਰਿ ! ਜਾਣਹੁ ਆਪੇ ॥’’ (ਮ: ੪/੧੬੭)

‘‘ਜਿਤੁ ਮਾਰਗਿ (ਉੱਤੇ), ‘ਤੁਮ’ (ਤੁਸੀਂ) ਪ੍ਰੇਰਹੁ ਸੁਆਮੀ ! ਤਿਤੁ (ਉਸ) ਮਾਰਗਿ (ਉੱਤੇ), ਹਮ ਜਾਤੇ ॥’’ (ਮ: ੪/੧੬੯)

‘ਤੁਮ’ (ਤੁਸੀਂ) ਦਇਆਲ ! ਸਰਬ ਦੁਖ ਭੰਜਨ ! ਇਕ ਬਿਨਉ ਸੁਨਹੁ, ਦੇ ਕਾਨੇ (ਕੰਨ ਦੇ ਕੇ, ਭਾਵ ਧਿਆਨ ਨਾਲ)॥ (ਮ: ੪/੧੬੯)

‘‘ਜਿਨ ਕਉ (ਜਿਨ੍ਹਾਂ ਉੱਤੇ) ‘ਤੁਮ’ (ਤੁਸੀਂ) ਦਇਆ ਕਰਿ (ਮਿਹਰ ਕਰਕੇ, ਗੁਰੂ) ਮੇਲਹੁ; ਤੇ (ਉਹੀ), ਹਰਿ ਹਰਿ ! (ਤੇਰੀ) ਸੇਵ (’ਚ) ਲਗਾਨੇ (ਲੱਗੇ)॥’’ (ਮ: ੪/੧੭੦)

‘‘ਜੋ ਹਮਰੈ ਮਨਿ ਚਿਤਿ (ਵਿੱਚ) ਹੈ ਸੁਆਮੀ ! ਸਾ ਬਿਧਿ (ਉਹ ਦੁਰਦਸ਼ਾ), ‘ਤੁਮ’ (ਤੁਸੀਂ) ਹਰਿ ! ਜਾਨਹੁ ਮੇਰੀ ॥’’ (ਮ: ੪/੧੭੦)

(ਹੇ ਰੱਬ ਜੀ !) ‘‘ਹਮ ਦਾਸੇ; ‘ਤੁਮ’ (ਤੁਸੀਂ) ਠਾਕੁਰ (ਮਾਲਕ) ਮੇਰੇ ॥’’ (ਮ: ੫/੧੮੭)

(ਹੇ ਰੱਬ ਜੀ !) ‘ਤੁਮ’ (ਤੁਸੀਂ, ਮੇਰੇ) ਮਨਿ (ਵਿੱਚ) ਵਸੇ; ਤਉ ਦੂਖੁ ਨ ਲਾਗੈ ॥ (ਮ: ੫/੧੯੨)

(ਹੇ ਭਾਈ !) ‘‘ਨਾਨਕ ! ਮੁਕਤਿ ਤਾਹਿ (ਉਸ ਨੂੰ ਨਿਰਮਲ) ‘ਤੁਮ’ (ਤੁਸੀਂ) ਮਾਨਹੁ; ਜਿਹ ਘਟਿ (ਜਿਸ ਹਿਰਦੇ ਵਿੱਚ), ਰਾਮੁ ਸਮਾਵੈ ॥’’ (ਮ: ੯/੨੨੦)

(ਹੇ ਭਾਈ !) ‘‘ਦੁਖੁ ਸੁਖੁ ਏ (ਇਹ ਦੁੱਖ-ਸੁੱਖ ਰੂਪ), ਬਾਧੇ (ਬੰਨ੍ਹਣ) ਜਿਹ ਨਾਹਨਿ (ਜਿਸ ਨੂੰ ਨਹੀਂ); ਤਿਹ (ਉਸ ਨੂੰ), ‘ਤੁਮ’ (ਤੁਸੀਂ) ਜਾਨਉ ਗਿਆਨੀ ॥’’ (ਮ: ੯/੨੨੦)

(ਹੇ ਪੰਡਿਤ !) ‘ਤੁਮ’ (ਤੁਸੀਂ) ਕਤ (ਕਿਵੇਂ ਉੱਚੀ ਜਾਤ ਵਾਲੇ) ਬ੍ਰਾਹਮਣ? ਹਮ ਕਤ ਸੂਦ (ਅਸੀਂ ਕਿਵੇਂ ਸੂਦਰ ਰਹਿ ਗਏ)? ॥ (ਭਗਤ ਕਬੀਰ/੩੨੪)

‘‘ਮੋਹੁ ਅਰੁ ਭਰਮੁ; ਤਜਹੁ ‘ਤੁਮ੍’ (ਤੁਸੀਂ) ਬੀਰ ! ॥’’ (ਮ: ੧/੩੫੬)

(ਹੇ ਭਾਈ !) ‘‘ਮਤ ‘ਤੁਮ’ (ਤੁਸੀਂ) ਜਾਣਹੁ ਓਇ ਜੀਵਦੇ; (ਕਿਉਂਕਿ) ਓਇ ਆਪਿ ਮਾਰੇ ਕਰਤਾਰਿ (ਨੇ)॥’’ (ਮ: ੩/੫੮੯)

(ਹੇ ਭਾਈ !) ‘‘ਜਿਸੁ ਜਲ ਨਿਧਿ (ਅੰਮ੍ਰਿਤ ਦੇ ਖ਼ਜ਼ਾਨੇ) ਕਾਰਣਿ, ‘ਤੁਮ’(ਤੁਸੀਂ) ਜਗਿ (ਵਿੱਚ) ਆਏ; ਸੋ, ਅੰਮ੍ਰਿਤੁ ਗੁਰ (ਦੇ) ਪਾਹੀ (ਪਾਸ) ਜੀਉ ॥’’ (ਮ: ੧/੫੯੮)

(ਹੇ ਭਾਈ !) ‘‘ਜਿਨਿ (ਜਿਸ ਨੇ) ‘ਤੁਮ’ (ਤੁਸੀਂ) ਸਿਰਜੇ, ਸਿਰਜਿ (ਕੇ) ਸਵਾਰੇ; ਤਿਸੁ (ਨੂੰ) ਧਿਆਵਹੁ ਦਿਨੁ ਰੈਨੇਹੀ (ਰਾਤ) ॥’’ (ਮ: ੫/੬੦੯)

‘‘ਹਮ ਮੈਲੇ, ‘ਤੁਮ’ (ਤੁਸੀਂ) ਊਜਲ (ਨਿਰਮਲ) ਕਰਤੇ ! ਹਮ ਨਿਰਗੁਨ, ਤੂ ਦਾਤਾ ॥’’ (ਮ: ੫/੬੧੩)

(ਹੇ ਰੱਬ ਜੀ !) ‘ਤੁਮ’ (ਤੁਸੀਂ) ਕਰਹੁ ਭਲਾ, ਹਮ ਭਲੋ ਨ ਜਾਨਹ; ‘ਤੁਮ’ (ਤੁਸੀਂ) ਸਦਾ ਸਦਾ ਦਇਆਲਾ ॥ (ਮ: ੫/੬੧੩)

(ਹੇ ਰੱਬ ਜੀ !) ‘‘ਮਾਤ ਗਰਭ ਮਹਿ, ਆਪਨ ਸਿਮਰਨੁ (ਚੇਤਨਾ) ਦੇ (ਕੇ); ਤਹ (ਉੱਥੇ ਵੀ) ‘ਤੁਮ’ (ਤੁਸੀਂ) ਰਾਖਨਹਾਰੇ ॥’’ (ਮ: ੫/੬੧੩)

‘ਤੁਮ’ (ਤੁਸੀਂ) ਹਰਿ ! ਸਰਵਰ ਅਤਿ ਅਗਾਹ (ਬੜਾ ਡੂਘਾ ਸਮੁੰਦਰ); ਹਮ ਲਹਿ ਨ ਸਕਹਿ, ਅੰਤੁ ਮਾਤੀ (ਰੱਤੀ ਭਰ ਵੀ)॥ (ਮ: ੪/੬੬੮)

‘ਤੁਮ’ (ਤੁਸੀਂ) ਦਾਤੇ ਠਾਕੁਰ ਪ੍ਰਤਿਪਾਲਕ ! ਨਾਇਕ ਖਸਮ ਹਮਾਰੇ ॥ (ਮ: ੫/੬੭੩)

(ਹੇ ਰੱਬ ਜੀ !) ‘‘ਮੋਹਿ (ਮੈਂ) ਮਛੁਲੀ, ‘ਤੁਮ’ ਨੀਰ (ਤੁਸੀਂ ਪਾਣੀ ਭਾਵ ਸਮੁੰਦਰ, ਇਸ ਲਈ); ਤੁਝ (ਤੇਰੇ ਪਾਣੀ) ਬਿਨੁ, ਕਿਉ ਸਰੈ (ਕਿਵੇਂ ਜੀਵਤ ਰਹਾਂ)? ॥’’ (ਮ: ੫/੮੪੭)

(ਹੇ ਪੰਡਿਤ ਜੀ !) ‘‘ਕਰਮ ਬਧ (ਕਮਾਏ ਹੋਏ ਕਰਮਾਂ ਦਾ ਬੰਨ੍ਹਿਆ), ‘ਤੁਮ’ (ਤੁਸੀਂ) ਜੀਉ (ਜਿੰਦ) ਕਹਤ ਹੌ; (ਪਰ) ਕਰਮਹਿ (ਕਰਮਾਂ ’ਚ) ਕਿਨਿ (ਕਿਸ ਨੇ) ਜੀਉ ਦੀਨੁ (ਦਿੱਤਾ) ਰੇ (ਹੇ ਪੰਡਿਤ!)? ॥’’ (ਭਗਤ ਕਬੀਰ/੮੭੦) (ਭਾਵ ‘ਜਿੰਦ’ ਕਰਮਾਂ ਅਧੀਨ ਨਹੀਂ ਬਲਕਿ ਰੱਬੀ ਹੁਕਮ ਅਧੀਨ ਹੈ।)

(ਹੇ ਮਾਲਕ !) ‘‘ਹਮ ਬਾਰਿਕ, ‘ਤੁਮ’ (ਤੁਸੀਂ) ਪਿਤਾ ਹਮਾਰੇ; ‘ਤੁਮ’ (ਤੁਸੀਂ ਹੀ, ਸਾਡੇ) ਮੁਖਿ (ਵਿੱਚ) ਦੇਵਹੁ ਖੀਰਾ (ਮਾਤਾ ਦਾ ਦੁੱਧ)॥’’ (ਮ: ੫/੮੮੪)

(ਹੇ ਮਾਲਕ !) ‘‘ਹਮ ਖੇਲਹ, ਸਭਿ ਲਾਡ ਲਡਾਵਹ; ‘ਤੁਮ’ (ਤੁਸੀਂ) ਸਦ ਗੁਣੀ ਗਹੀਰਾ (ਗੁਣਾਂ ਦੀ ਡੂਘੀ ਖਾਣ) ॥’’ (ਮ: ੫/੮੮੪)

‘‘ਜੈਸੇ ‘ਤੁਮ’, ਤੈਸੇ ਪ੍ਰਭ ! ‘ਤੁਮ’ (ਤੁਸੀਂ) ਹੀ; (ਤੇ ਤੁਸੀਂ ਹੀ ਆਪਣੇ ਸਮੂਹ) ਗੁਨ ਜਾਨਹੁ (ਜਾਣਦੇ ਹੋ) ਪ੍ਰਭ ! ਅਪੁਨੇ ॥’’ (ਮ: ੪/੯੭੬)

(ਹੇ ਮਾਲਕ !) ‘‘ਈਹਾਂ ਊਹਾ, ਹਰਿ ! ‘ਤੁਮ’ (ਤੁਸੀਂ) ਹੀ, ‘ਤੁਮ’ (ਤੁਸੀਂ) ਹੀ; ਇਹੁ ਗੁਰ ਤੇ (ਪਾਸੋਂ) ਮੰਤ੍ਰੁ (ਉਪਦੇਸ) ਦ੍ਰਿੜੀਓ ॥’’ (ਮ: ੫/੯੭੮)

‘‘ਜਿਸੁ ਵਖਰ ਕਉ (ਨਾਮ-ਵਸਤੂ ਲਈ) ‘ਤੁਮ’ (ਤੁਸੀਂ, ਜਗਤ ’ਚ) ਆਏ ਹਹੁ; ਸੋ ਪਾਇਓ ਸਤਿਗੁਰ (ਦੇ) ਪਾਸਾ (ਕੋਲੋਂ) ਹੇ (ਹੇ ਭਾਈ !) ॥’’ (ਮ: ੫/੧੦੭੩)

‘‘ਪਡੀਆ (ਹੇ ਪੰਡਿਤ) ! ਕਵਨ ਕੁਮਤਿ (’ਚ) ‘ਤੁਮ’ (ਤੁਸੀਂ) ਲਾਗੇ ? ॥’’ ਬੂਡਹੁਗੇ (ਡੁਬੋਗੇ) ਪਰਵਾਰ ਸਕਲ ਸਿਉ (ਸਾਰੇ ਪਰਿਵਾਰ ਸਮੇਤ, ਕਿਉਂਕਿ ਅਸਲੀ); ਰਾਮੁ (ਨੂੰ) ਨ ਜਪਹੁ ਅਭਾਗੇ ! ॥’’ (ਭਗਤ ਕਬੀਰ/੧੧੦੨)

(ਹੇ ਮਾਲਕ !) ‘‘ਜਉ ‘ਤੁਮ’੍ (ਤੁਸੀਂ) ਮੋ ਕਉ ਦੂਰਿ ਕਰਤ ਹਉ; ਤਉ ‘ਤੁਮ’ (ਤੁਸੀਂ) ਮੁਕਤਿ ਬਤਾਵਹੁ ? ॥’’ (ਭਗਤ ਕਬੀਰ/੧੧੦੪) (ਭਾਵ ਹੇ ਪ੍ਰਭੂ ! ਤੇਰੇ ਨੇੜੇ ਰਹਿਣਾ ਹੀ (ਵਿਕਾਰਾਂ ਤੋਂ) ਮੁਕਤੀ ਸੀ ਪਰ ਜੇ ਤੁਸੀਂ ਦੂਰ ਕਰਦੇ ਹੋ ਤਾਂ ਹੋਰ ਕਿਹੜੀ ਮੁਕਤੀ ਹੈ, ਜਿਸ ਲਈ ਮੈਨੂੰ (ਤੁਸੀਂ ਆਪਣੇ ਆਪ ਤੋਂ) ਦੂਰ ਕਰ ਰਹੇ ਹੋ?)

‘‘ਤੁਮ੍ (ਤੁਸੀਂ) ਸਾਚੁ ਧਿਆਵਹੁ; ਮੁਗਧ ਮਨਾ ! ॥’’ (ਮ: ੩/੧੧੭੬)

(ਹੇ ਮਾਲਕ !) ‘‘ਤੁਮ’’ (ਤੁਸੀਂ) ਸਮਰਥ, ਕਾਰਨ (ਸਬੱਬ, ਵਿਧੀ) ਕਰਨਾ (‘ਰਚਨਾ’ ਭਾਵ ਕੁਦਰਤ ਨੂੰ ਤਰਤੀਬ ਦੇਣ ਦੇ ਸਮਰੱਥ, ਇਸ ਲਈ ਸਾਡੀ ਪ੍ਰੀਤ ਤੁਹਾਡੇ ਤੋਂ); ਤੂਟੀ (ਹੋਈ) ਤੁਮ (ਤੁਸਾਂ ਨੇ) ਹੀ ਜੋਰੀ ॥’’ (ਮ: ੫/੧੨੧੭)

‘‘ਜੋ ਹਰਿ ਸੁਆਮੀ ! ‘ਤੁਮ’ (ਤੁਸੀਂ) ਦੇਹੁ; ਸੋਈ ਹਮ ਪਾਵਹਗੇ ॥’’ (ਮ: ੪/੧੩੨੧)

(ਹੇ ਮਾਲਕ !) ‘‘ਸਰਬ ਜੁਗ ਮਹਿ; ‘ਤੁਮ’ ਪਛਾਨੂ (ਤੁਸੀਂ ਹੀ ਅਸਲ ਮਿਤ੍ਰ-ਸਾਥੀ)॥’’ (ਮ: ੫/੧੩੨੨)

‘‘ਜਉ ਤ (ਜੇ ਤਾਂ) ਸਭ ਸੁਖ ਇਤ ਉਤ (ਇਧਰ-ਉਧਰ) ‘ਤੁਮ’ (ਤੁਸੀਂ) ਬੰਛਵਹੁ (ਚਾਹੋ, ਤਾਂ); ਗੁਰੂ ਗੁਰੁ, ਗੁਰੂ ਗੁਰੁ, ਗੁਰੂ ਜਪੁ ਪ੍ਰਾਨੀਅਹੁ ! ॥’’ (ਭਟ ਨਲੵ /੧੪੦੦)

(ਹੇ ਪ੍ਰਭੂ !) ‘‘ਨਾਨਕ ! ਸਭੁ ਕਿਛੁ ਤੁਮਰੈ ਹਾਥ ਮੈ; ‘ਤੁਮ’ (ਤੁਸੀਂ) ਹੀ ਹੋਤ (ਹੁੰਦੇ ਹੋ) ਸਹਾਇ (ਮਦਦਗਾਰ)॥’’ (ਮ: ੯/੧੪੨੯)

(ਨੋਟ: ਧਿਆਨ ਰਹੇ ਕਿ ਹੇਠਲੀ ਪੰਕਤੀ ’ਚ ‘ਤੁਮ੍’ ਇੱਕ ਵਚਨ, ਮੱਧਮ ਪੁਰਖ ਪੜਨਾਂਵ ਹੈ, ਨਾ ਕਿ ਬਹੁ ਵਚਨ:

‘‘ਸੁਆਮੀ ਪੰਡਿਤਾ ! ਤੁਮ੍ (ਤੂੰ) ਦੇਹੁ ਮਤੀ ॥ ਕਿਨ ਬਿਧਿ ਪਾਵਉ ਪ੍ਰਾਨਪਤੀ ? ॥’’ ਮ: ੧/੧੧੭੧)

(1). (ਅ) ਸੰਬੰਧਕੀ ਕਰਤਾ ਕਾਰਕ: ਗੁਰਬਾਣੀ ’ਚ ‘ਤੁਸੀ’ (ਕੁੱਲ 8 ਵਿੱਚੋਂ 2 ਵਾਰ), ‘ਤੁਮਾ’ (ਕੁੱਲ 2 ਵਿੱਚੋਂ 1 ਵਾਰ) , ‘ਤੁਮਹਿ’ (ਕੁੱਲ 30 ’ਚੋਂ 6 ਵਾਰ) , ‘ਤੁਮ੍’ (ਕੁੱਲ 91 ਵਿੱਚੋਂ 12 ਵਾਰ) , ‘ਤੁਮ’ (ਕੁੱਲ 396 ਵਿੱਚੋਂ ਕੇਵਲ 18 ਵਾਰ) ‘ਸੰਬੰਧਕੀ ਕਰਤਾ ਕਾਰਕ ਮੱਧਮ ਪੁਰਖ, ਬਹੁ ਵਚਨ ਪੜਨਾਂਵ’ ਹਨ; ਜਿਵੇਂ:

(1). ‘‘ਜਾਇ (ਕੇ) ਪੁਛਹੁ ਸੋਹਾਗਣੀ; (ਕਿ) ‘ਤੁਸੀ’ (ਤੁਸਾਂ ਨੇ) ਰਾਵਿਆ ਕਿਨੀ ਗੁਣਂੀ ? ॥’’ (ਮ: ੧/੧੭)

‘‘ਹਉ ਜਾਇ (ਕੇ) ਪੁਛਾ ਸੋਹਾਗ ਸੁਹਾਗਣਿ (ਖਸਮ ਦੀਆਂ ਪਿਆਰੀਆਂ ਨੂੰ ਕਿ); ‘ਤੁਸੀ’ (ਤੁਸਾਂ ਨੇ) ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ? ॥’’ (ਮ: ੪/੫੬੧)

(2). (ਹੇ ਪ੍ਰਭੂ !) ‘‘ਤੁਮਰਾ ਮਰਮੁ (ਭੇਤ) ‘ਤੁਮਾ’ (ਤੁਸਾਂ ਨੇ) ਹੀ ਜਾਨਿਆ; ਤੁਮ ਪੂਰਨ ਪੁਰਖ ਬਿਧਾਤੇ ॥’’ (ਮ: ੫/੨੦੯)

(3). (ਹੇ ਪ੍ਰਭੂ !) ‘‘ਜਿਸ ਨੋ ‘ਤੁਮਹਿ’ (ਤੁਸਾਂ ਨੇ) ਦਿਖਾਇਓ ਦਰਸਨੁ; ਸਾਧਸੰਗਤਿ ਕੈ ਪਾਛੈ (ਆਸਰੇ ਨਾਲ)॥’’ (ਮ: ੫/੨੦੭)

(ਹੇ ਪ੍ਰਭੂ !) ‘‘ਸਾਧਸੰਗਿ ਜਉ ‘ਤੁਮਹਿ’ (ਤੁਸਾਂ ਨੇ) ਮਿਲਾਇਓ; ਤਉ ਸੁਨੀ ਤੁਮਾਰੀ ਬਾਣੀ ॥’’ (ਮ: ੫/੬੧੪)

(ਹੇ ਪ੍ਰਭੂ !) ‘ਤੁਮਹਿ’ (ਤੁਸਾਂ ਨੇ) ਛਡਾਇ ਲੀਓ; ਜਨੁ ਅਪਨਾ ॥ (ਮ: ੫/੭੪੨)

(ਹੇ ਪ੍ਰਭੂ !) ‘‘ਜੋ ਕੀਨੋ ਸੋ ‘ਤੁਮਹਿ’ (ਤੁਸਾਂ ਨੇ) ਕਰਾਇਓ; (ਤੂੰ) ਸਰਣਿ ਸਹਾਈ ਸੰਤਹ (ਦਾ) ਤਨਾ (ਆਸਰਾ)॥’’ (ਮ: ੫/੧੦੮੦)

(ਹੇ ਪ੍ਰਭੂ !) ‘ਤੁਮਹਿ’ (ਤੁਸਾਂ ਨੇ) ਪਠਾਏ (ਭੇਜੇ); ਤਾ ਜਗ ਮਹਿ ਆਏ ॥ (ਮ: ੫/੧੦੮੧)

‘‘ਤੁਮਰੀ (ਤੇਰੀ) ਭਗਤਿ ਪ੍ਰਭ ! ‘ਤੁਮਹਿ’ (ਤੁਸਾਂ ਨੇ) ਜਨਾਈ (ਸਮਝਾਈ)॥’’ (ਮ: ੫/੧੩੩੭)

(4). (ਹੇ ਪ੍ਰਭੂ !) ‘‘ਤੁਮ੍ਰੀ ਕ੍ਰਿਪਾ ਤੇ ਭਇਓ ਸਾਧਸੰਗੁ; ਏਹੁ ਕਾਜੁ ‘ਤੁਮ੍’ (ਤੁਸਾਂ ਨੇ) ਆਪਿ ਕੀਓ ॥’’ (ਮ: ੫/੩੮੨)

(ਹੇ ਪ੍ਰਭੂ !) ‘‘ਲੂਕਿ ਕਮਾਨੋ, ਸੋਈ ‘ਤੁਮ੍’ (ਤੁਸਾਂ ਨੇ) ਪੇਖਿਓ; ਮੂੜ ਮੁਗਧ ਮੁਕਰਾਨੀ ॥’’ (ਮ: ੫/੪੦੩)

(ਹੇ ਪ੍ਰਭੂ !) ‘‘ਅੰਧ ਕੂਪ ਤੇ ਕਾਢਿ ਲੀਏ ‘ਤੁਮ੍’ (ਤੁਸੀਂ ਨੇ); ਆਪਿ ਭਏ (ਹੋਏ) ਕਿਰਪਾਲਾ ॥’’ (ਮ: ੫/੭੪੮)

(ਹੇ ਪ੍ਰਭੂ !) ‘‘ਸਭ ਕਿਛੁ ‘ਤੁਮ੍’ ਹੀ ਤੇ ਹੋਆ; ਆਪਿ ਬਣਤ ਬਣਾਈ ॥’’ (ਮ: ੫/੮੧੧)

(ਹੇ ਪ੍ਰਭੂ !) ‘‘ਜੋ ਜੋ ਕੀਨੋ, ਸੋ ‘ਤੁਮ੍’ (ਤੁਸਾਂ ਨੇ) ਜਾਨਿਓ; ਪੇਖਿਓ ਠਉਰ ਨਾਹੀ ਕਛੁ, ਢੀਠ ਮੁਕਰਨ ॥’’ (ਮ: ੫/੮੨੮)

(ਹੇ ਮਾਲਕ !) ‘‘ਜੀਅ ਪ੍ਰਾਣ ‘ਤੁਮ੍’ (ਤੁਸਾਂ ਨੇ) ਪਿੰਡ ਦੀਨ੍ (ਸਰੀਰ ਦਿੱਤਾ)॥’’ (ਮ: ੫/੧੧੮੧)

(ਹੇ ਮਾਲਕ !)‘‘ਮਹਾ ਪਤਿਤ ‘ਤੁਮ੍’ (ਤੁਸਾਂ ਨੇ) ਤਾਰੇ ॥’’ (ਮ: ੫/੧੨੭੮)

‘‘ਤੁਮਰੇ ਜਨ ‘ਤੁਮ੍’ (ਤੁਸਾਂ ਨੇ) ਹੀ ਪ੍ਰਭ ! ਕੀਏ; ਹਰਿ ਰਾਖਿ ਲੇਹੁ ਆਪਨ ਅਪਨਾਕ (ਆਪਣੇ ਬਣਾ ਕੇ)॥’’ (ਮ: ੪/੧੨੯੫)

‘‘ਜਨ ਕੇ ਤੁਮ੍ ਹਰਿ ਰਾਖੇ ਸੁਆਮੀ ! ‘ਤੁਮ੍’ (ਤੁਸਾਂ ਨੇ) ਜੁਗਿ ਜੁਗਿ ਜਨ ਰਖਿਆ ॥’’ (ਮ: ੪/੧੩੧੯)

‘‘ਇਹੁ ਰਾਜ ਜੋਗ ਗੁਰ ਰਾਮਦਾਸ ! ‘ਤੁਮ੍’ ਹੂ (ਤੁਸਾਂ ਨੇ ਵੀ) ਰਸੁ ਜਾਣੇ ॥’’ (ਭਟ ਕਲੵ /੧੩੯੮)

(ਹੇ ਮਾਲਕ !) ‘‘ਮਾਤ ਗਰਭ ਮਹਿ; ‘ਤੁਮ’ (ਤੁਸਾਂ ਨੇ) ਹੀ ਪਾਲਾ ॥’’ (ਮ: ੫/੧੩੨)

‘‘ਜਾ ਕਉ, ‘ਤੁਮ’ (ਤੁਸਾਂ ਨੇ) ਦੀਨੀ (ਦਿੱਤੀ) ਪ੍ਰਭ ! ਧੀਰ (ਧੀਰਜ, ਹੌਸਲਾ)॥’’ (ਮ: ੫/੧੮੮)

(ਹੇ ਮਾਲਕ !) ‘‘ਈਹਾ ਊਹਾ (ਲੋਕ, ਪ੍ਰਲੋਕ ’ਚ); ‘ਤੁਮ’ (ਤੁਸਾਂ ਨੇ) ਰਖੇ ॥’’ (ਮ: ੫/੨੧੧)

(ਹੇ ਮਾਲਕ !) ‘‘ਆਵਣੁ ਜਾਣਾ; ‘ਤੁਮ’ ਹੀ (ਤੁਸਾਂ ਨੇ ਹੀ) ਕੀਆ ॥’’ (ਮ: ੫/੫੬੩)

(ਹੇ ਮਾਲਕ !) ‘‘ਸੋ, ਸੋ ਕਰਮ ਕਰਤ ਹੈ ਪ੍ਰਾਣੀ; ਜੈਸੀ ‘ਤੁਮ’ (ਤੁਸਾਂ ਨੇ, ਮਤ) ਲਿਖਿ (ਕੇ) ਪਾਈ ॥’’ (ਮ: ੫/੬੧੦)

(ਹੇ ਮਾਲਕ !) ‘ਤੁਮ’ (ਤੁਸਾਂ ਨੇ) ਸਭ ਸਾਜੇ, ਸਾਜਿ (ਕੇ) ਨਿਵਾਜੇ (ਆਦਰ ਵੀ ਦਿੱਤਾ); ਜੀਉ ਪਿੰਡੁ (ਜਿੰਦ-ਸਰੀਰ) ਦੇ (ਕੇ) ਪ੍ਰਾਨਾ ॥ (ਮ: ੫/੬੧੩)

(ਹੇ ਮਾਲਕ !) ‘‘ਜੋ, ਜੋ ਤੇਰੇ ਭਗਤ ਦੁਖਾਏ (ਭਗਤਾਂ ਨੂੰ ਦੁੱਖ ਦੇਵੇ); ਓਹੁ, ਤਤਕਾਲ ‘ਤੁਮ’ (ਤੁਸਾਂ ਨੇ, ਆਤਮਿਕ ਮੌਤ) ਮਾਰਾ ॥’’ (ਮ: ੫/੬੮੧)

‘‘ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ! ‘ਤੁਮ’ (ਤੁਸਾਂ ਨੇ) ਦੁਸਟ ਤਾਰੇ ਹਰਣਖੇ (ਹਰਨਾਖਸ਼ ਵਰਗੇ)॥’’ (ਮ: ੪/੯੭੬)

(ਹੇ ਮਾਲਕ !) ‘‘ਉਝੜ (ਕੁਰਾਹੇ ਪਏ ਲਈ) ਮਾਰਗੁ ਸਭੁ ‘ਤੁਮ’ (ਤੁਸਾਂ ਨੇ) ਹੀ ਕੀਨਾ (ਕੀਤਾ, ਉਸ ਤੋਂ ਉਪਰੰਤ); ਚਲੈ ਨਾਹੀ ਕੋ ਵੇਪਾੜਾ (ਕੋਈ ਕੁਰਾਹੇ)॥’’ (ਮ: ੫/੧੦੮੧)

(ਹੇ ਮਾਲਕ ! ਵਿਕਾਰਾਂ ਨਾਲ, ਸੰਸਾਰ) ‘‘ਸਾਗਰੁ ਕੀਨਾ (ਕੀਤਾ) ਅਤਿ ‘ਤੁਮ’ (ਤੁਸਾਂ ਨੇ) ਭਾਰਾ (ਅਤਿ ਕਠਿਨ)॥’’ (ਮ: ੫/੧੦੮੧)

(ਹੇ ਮਾਲਕ !) ‘ਤੁਮ’ (ਤੁਸਾਂ ਨੇ) ਹੀ ਦੀਏ ਅਨਿਕ ਪ੍ਰਕਾਰਾ; ‘ਤੁਮ’ (ਤੁਸਾਂ ਨੇ) ਹੀ ਦੀਏ ਮਾਨ (ਸਤਿਕਾਰ)॥ (ਮ: ੫/੧੨੧੬)

(ਹੇ ਮਾਲਕ !) ‘‘ਜਨਮ ਜਨਮ ਕੇ ਬਿਖਈ (ਵਿਕਾਰੀ) ‘ਤੁਮ’ (ਤੁਸਾਂ ਨੇ) ਤਾਰੇ; (ਉਨ੍ਹਾਂ ਨੇ) ਸੁਮਤਿ (ਅਕਲ) ਸੰਗਿ-ਤੁਮਾਰੈ ਪਾਈ ॥’’ (ਮ: ੫/੧੨੧੭)

(ਹੇ ਮਾਲਕ !) ‘‘ਸੰਤ (ਦੇ) ਸੰਗਿ (ਵਿੱਚ) ਰੰਗ (ਕੌਤਕ) ‘ਤੁਮ’ (ਤੁਸਾਂ ਨੇ) ਕੀਏ; ਅਪਨਾ ਆਪੁ ਦ੍ਰਿਸਟਾਇਓ (ਪ੍ਰਗਟ ਕਰ ਦਿੱਤਾ)॥’’ (ਮ: ੫/੧੨੧੭)

(ਹੇ ਪਾਰਬ੍ਰਹਮ !) ‘‘ਤੂ ਹਮਰੋ (ਸਾਡਾ ਮਾਲਕ), ਹਮ ਤੁਮਰੇ (ਸੇਵਕ) ਕਹੀਐ; (ਇਸ ਲਈ) ਇਤ ਉਤ (ਇੱਧਰ-ਉਧਰ) ‘ਤੁਮ’ (ਤੁਸਾਂ ਨੇ) ਹੀ ਰਾਖੇ ॥’’ (ਮ: ੫/੧੨੨੮)

(ਨੋਟ: ਧਿਆਨ ਰਹੇ ਕਿ ਹੇਠਲੀਆਂ ਪੰਕਤੀਆਂ ’ਚ (ਨੰਬਰ 1 ਤੋਂ 6 ਤੱਕ) ‘ਤੁਮ੍’ ਜਾਂ ‘ਤੁਮ’ ਸ਼ਬਦ ਇੱਕ ਵਚਨ ਪੜਨਾਂਵ ਹਨ, ਨਾ ਕਿ ਬਹੁ ਵਚਨ ਅਤੇ 7 ਵੀਂ ਪੰਕਤੀ ’ਚ ‘ਤੁਮਾ’ ਪੜਨਾਂਵ ਨਹੀਂ ਬਲਕਿ ਇਸ ਦਾ ਅਰਥ ‘ਕੌੜ ਤੁੰਮਾ’ (ਨਾਂਵ) ਹੈ:

(1). ‘‘ਜਿਤੁ ਦਰਿ (ਉੱਤੇ) ਤੁਮ੍ (ਤੈਂ ਨੇ) ਹੈ ਬ੍ਰਾਹਮਣ ! ਜਾਣਾ ॥’’ (ਮ: ੫/੩੭੨)

(2). (ਹੇ ਮਨ !) ‘‘ਜਪ ਤਪ ਸੰਜਮ ‘ਤੁਮ੍’ (ਤੈਂ ਨੇ) ਖੰਡੇ (ਨਾਸ ਕੀਤੇ, ਇਸ ਲਈ); ਜਮ ਕੇ ਦੁਖ ਡਾਂਡ ॥’’ (ਮ: ੫/੮੧੫)

(3). (ਹੇ ਭਾਈ !) ‘‘ਗਜ ਕੋ ਤ੍ਰਾਸੁ (ਹਾਥੀ ਦਾ ਮੌਤ-ਡਰ) ਮਿਟਿਓ, ਜਿਹ ਸਿਮਰਤ (ਜਿਸ ਨੂੰ ਯਾਦ ਕੀਤਿਆਂ, ਉਹ); ‘ਤੁਮ’ (ਤੈਂ ਨੇ) ਕਾਹੇ ਬਿਸਰਾਵਉ ?॥’’ (ਮ: ੯/੨੧੯)

(4). (ਹੇ ਭਾਈ !) ‘‘ਅਵਤਰਿ (ਜਨਮ ਵਿੱਚ) ਆਇ (ਕੇ), ਕਹਾ (ਕੀ) ‘ਤੁਮ’ (ਤੈਂ ਨੇ) ਕੀਨਾ (ਕੀਤਾ)? ॥’’ (ਭਗਤ ਕਬੀਰ/੭੯੨)

(5). ‘‘ਪ੍ਰਾਨ ਸੁਖਦਾਤਾ; ਜੀਅ ਸੁਖਦਾਤਾ; ‘ਤੁਮ’ (ਤੈਂ ਨੇ) ਕਾਹੇ ਬਿਸਾਰਿਓ ? ਅਗਿਆਨਥ (ਹੇ ਅਗਿਆਨੀ) ! ॥’’ (ਮ: ੫/੧੦੦੧)

(6). (ਹੇ ਭਾਈ !) ‘‘ਕੁਚਲ ! ਕਠੋਰ ! ਕਾਮਿ (ਕਾਮੀ) ! ਗਰਧਭ (ਖੋਤੇ) ! ‘ਤੁਮ’ (ਤੈਂ ਨੇ) ਨਹੀ ਸੁਨਿਓ ਧਰਮਰਾਇ (ਰੱਬੀ ਇਨਸਾਫ ਬਾਰੇ)? ॥’’ (ਮ: ੫/੧੦੦੧)

(7). ‘‘ਤੁਮੀ ‘ਤੁਮਾ’ ਵਿਸੁ; ਅਕੁ ਧਤੂਰਾ ਨਿਮੁ ਫਲੁ ॥’’ (ਮ: ੧/੧੪੭) (ਇਸ ਪੰਕਤੀ ’ਚ ‘ਤੁਮੀ, ਤੁਮਾ, ਅਕੁ, ਨਿਮੁ’ ਦਾ ਦਰੁਸਤ ਉਚਾਰਨ ‘ਤੁੰਮੀ, ਤੁੰਮਾ, ਅੱਕ, ਨਿੰਮ’ ਹੈ।)

(2). ਕਰਮ ਕਾਰਕ: ਗੁਰਬਾਣੀ ’ਚ ‘ਤੁਮਹਿ’ (ਕੁੱਲ 30 ’ਚੋਂ 6 ਵਾਰ) , ‘ਤੁਮ’ (ਕੁੱਲ 396 ਵਿੱਚੋਂ ਕੇਵਲ 5 ਵਾਰ) ‘ਕਰਮ ਕਾਰਕ ਮੱਧਮ ਪੁਰਖ, ਬਹੁ ਵਚਨ ਪੜਨਾਂਵ’ ਹਨ; ਜਿਵੇਂ:

(1) ‘‘ਸਾਸਿ ਸਾਸਿ (ਨਾਲ) ਪ੍ਰਭ ! ‘ਤੁਮਹਿ’ (ਤੁਹਾਨੂੰ) ਧਿਆਵਉ ॥’’ (ਮ: ੫/੨੮੯)

‘‘ਸਾ ਮਤਿ ਦੇਹੁ ਦਇਆਲ ਪ੍ਰਭ ! ਜਿਤੁ (ਜਿਸ ਨਾਲ) ‘ਤੁਮਹਿ’ (ਤੁਹਾਨੂੰ) ਅਰਾਧਾ ॥’’ (ਮ: ੫/੬੭੭)

‘‘ਜਾਨਤ ਦੂਰਿ ‘ਤੁਮਹਿ’ (ਤੁਹਾਨੂੰ) ਪ੍ਰਭ ! (ਪਰ ਤੁਸੀਂ) ਨੇਰਿ (ਅੰਗ-ਸੰਗ)॥’’ (ਮ: ੫/੬੮੦)

‘‘ਜਾਚਕੁ ਜਾਚੈ (ਮੰਗਦਾ ਹੈ ਤੇ); ‘ਤੁਮਹਿ’ (ਤੁਹਾਨੂੰ ਹੀ) ਅਰਾਧੈ ॥’’ (ਮ: ੫/੧੦੮੦)

‘ਤੁਮਹਿ’ (ਤੁਸਾਂ ਨੂੰ) ਛੋਡਿ (ਕੇ); ਜਾਨਉ ਨਹੀ ਦੂਜੀ (ਹੋਰ ਪੂੰਜੀ)॥ (ਭਗਤ ਕਬੀਰ/੧੧੫੭)

‘‘ਜਾ ਕਉ ਹੋਂਹਿ ਕ੍ਰਿਪਾਲ; ਸੁ ਜਨੁ ਪ੍ਰਭ ! ‘ਤੁਮਹਿ’ (ਤੁਸਾਂ ਨੂੰ) ਮਿਲਾਸੀ (ਮਿਲਦਾ ਹੈ)॥’’ (ਮ: ੫/੧੩੮੬)

(2). (ਹੇ ਮਾਲਕ !) ‘‘ਸੇ ਵਡਭਾਗੀ; ਜਿਨਿ (ਜਿਸ ਨੇ) ‘ਤੁਮ’ (ਤੁਸਾਂ ਨੂੰ) ਜਾਣੇ (ਜਾਣਿਆ)॥’’ (ਮ: ੫/੧੦੨)

(ਹੇ ਮਾਲਕ !) ‘‘ਅਪਨੇ ਛੂਟਨ ਕੋ (ਦਾ) ਜਤਨੁ ਕਰਹੁ (ਫਿਰ ਵੀ ਨਹੀਂ ਛੁੱਟ ਸਕਦੇ ਪਰ); ਹਮ (ਵਿਕਾਰਾਂ ਤੋਂ) ਛੂਟੇ, ‘ਤੁਮ’ (ਤੁਹਾਨੂੰ) ਆਰਾਧੇ ॥’’ (ਭਗਤ ਰਵਿਦਾਸ/੬੫੮)

(ਹੇ ਮਾਲਕ !) ‘‘ਜਾ (ਜਿਸ ਮੁਕਤੀ) ਕਾਰਨਿ, ਹਮ (ਅਸਾਂ ਨੇ) ‘ਤੁਮ’ (ਤੁਹਾਨੂੰ) ਆਰਾਧੇ (ਯਾਦ ਕੀਤਾ); ਸੋ (ਉਹ ਵਿਕਾਰਾਂ ਦਾ) ਦੁਖੁ ਅਜਹੂ (ਅਜੇ ਭੀ) ਸਹੀਐ ॥’’ (ਭਗਤ ਰਵਿਦਾਸ/੬੫੮)

‘ਤੁਮ’ (ਤੁਹਾਨੂੰ) ਕਹੀਅਤ ਹੌ (ਕਿਹਾ ਜਾਂਦਾ ਹੈ), ਜਗਤ (ਦੇ) ਗੁਰ, ਸੁਆਮੀ ! ॥ (ਭਗਤ ਰਵਿਦਾਸ/੭੧੦)

‘‘ਜੋ ‘ਤੁਮ’ (ਤੁਸਾਂ ਨੂੰ) ਧਿਆਵਹਿ ਜਗਦੀਸ ! ਤੇ ਜਨ (ਉਨ੍ਹਾਂ ਨੇ) ਭਉ ਬਿਖਮੁ ਤਰਾ ॥’’ (ਮ: ੪/੧੧੧੪)

(3). ਸੰਪਰਦਾਨ ਕਾਰਕ: ਗੁਰਬਾਣੀ ’ਚ ‘ਤੁਸਾ’ (1 ਵਾਰ), ‘ਤੁਮ੍’ (ਕੁੱਲ 91 ਵਿੱਚੋਂ 2 ਵਾਰ) , ‘ਤੁਮ’ (ਕੁੱਲ 396 ਵਿੱਚੋਂ ਕੇਵਲ 3 ਵਾਰ) ‘ਸੰਪਰਦਾਨ ਕਾਰਕ ਮੱਧਮ ਪੁਰਖ, ਬਹੁ ਵਚਨ ਪੜਨਾਂਵ’ ਹਨ; ਜਿਵੇਂ:

(1) ਜਾਇ ਪੁਛਹੁ ਸੋਹਾਗਣੀ; ‘ਤੁਸਾ’ (ਤੁਹਾਨੂੰ) ਕਿਉ ਕਰਿ ਮਿਲਿਆ ਪ੍ਰਭੁ ਆਇ ? ॥ (ਮ: ੪/੪੧)

(2). ‘‘ਤੁਮ ਰੋਵਹੁਗੇ ਓਸ ਨੋ; ‘ਤੁਮ੍’ ਕਉ (ਤੁਸਾਂ ਨੂੰ, ਤੁਹਾਡੇ ਲਈ) ਕਉਣੁ ਰੋਈ ? ॥’’ (ਮ: ੧/੪੧੮)

‘‘ਨਿਮਖ ਨ ਬਿਸਰਉ ‘ਤੁਮ੍’ ਕਉ (ਤੁਸਾਂ ਨੂੰ) ਹਰਿ ਹਰਿ; ਸਦਾ ਭਜਹੁ ਜਗਦੀਸ ॥’’ (ਮ: ੫/੪੯੬)

(3). ‘ਤੁਮ ਕਉ’ (ਤੁਹਾਨੂੰ, ਤੁਹਾਡੇ ਲਈ) ਦੁਖੁ ਨਹੀ; ਭਾਈ ਮੀਤ ! ॥ (ਮ: ੫/੩੮੬)

‘‘ਹਮ ਊਪਰਿ, ਕਿਰਪਾ ਕਰਿ ਸੁਆਮੀ ! ਰਖੁ ਸੰਗਤਿ (’ਚ), ‘ਤੁਮ’ (ਤੁਹਾਡੇ ਲਈ) ਜੁ ਪਿਆਰੀ ॥’’ (ਮ: ੪/੬੬੬)

‘‘ਉਪਦੇਸੁ ਕਰਤ ਨਾਨਕ ਜਨ ‘ਤੁਮ ਕਉ’ (ਤੁਹਾਨੂੰ, ਤੁਹਾਡੇ ਲਈ); ਜਉ ਸੁਨਹੁ, ਤਉ ਜਾਇ ਸੰਤਾਪ ॥’’ (ਮ: ੪/੧੨੦੦)

(4). ਅਪਾਦਾਨ ਕਾਰਕ: ਗੁਰਬਾਣੀ ’ਚ ‘ਤੁਮ ਤੇ’ (15 ਵਾਰ), ‘ਤੁਮ੍’ (ਕੁੱਲ 91 ਵਿੱਚੋਂ ਕੇਵਲ 1 ਵਾਰ) ‘ਅਪਾਦਾਨ ਕਾਰਕ ਮੱਧਮ ਪੁਰਖ, ਬਹੁ ਵਚਨ ਪੜਨਾਂਵ’ ਹਨ; ਜਿਵੇਂ:

(1). ‘ਤੁਮ ਤੇ’ (ਤੁਹਾਡੇ ਤੋਂ) ਭਿੰਨ ਨਹੀ ਕਿਛੁ ਹੋਇ ॥ (ਮ: ੫/੨੯)

‘ਤੁਮ ਤੇ’ (ਤੁਹਾਡੇ ਤੋਂ) ਉਪਜਿਓ ਭਗਤੀ ਭਾਉ ॥ (ਮ: ੧/੯੦੬)

‘‘ਸਾਧ ਪਠਾਏ (ਗੁਰੂ ਭੇਜੇ) ਆਪਿ ਹਰਿ (ਨੇ), (ਉਨ੍ਹਾਂ ਆ ਕੇ ਕਿਹਾ ਕਿ ਹਰੀ) ਹਮ ‘ਤੁਮ ਤੇ’ (ਸਾਡੇ-ਤੁਹਾਡੇ ਤੋਂ) ਨਾਹੀ ਦੂਰਿ ॥’’ (ਮ: ੫/੯੨੯) ਆਦਿ।

(2). ‘‘ਮਾਗਉ ਕਾਹਿ (ਕਿਸ ਤੋਂ)? (ਕਿਉਂਕਿ) ਰੰਕ (ਕੰਗਾਲ) ਸਭ ਦੇਖਉ; (ਇਸ ਲਈ) ‘ਤੁਮ੍ ਹੀ ਤੇ’ (ਤੁਹਾਡੇ ਤੋਂ ਹੀ) ਮੇਰੋ ਨਿਸਤਾਰੁ ॥’’ (ਭਗਤ ਕਬੀਰ/੮੫੬)

(5). ਸੰਬੰਧ ਕਾਰਕ: ਗੁਰਬਾਣੀ ’ਚ ‘ਤੇਰੇ’ (314 ਵਿੱਚੋਂ ਜ਼ਿਆਦਾਤਰ ਵਾਰ), ਤੇਰੀਆ (12 ਵਿੱਚੋਂ 7 ਵਾਰ), ‘ਤੁਮਹਿ’ (ਕੁੱਲ 30 ’ਚੋਂ 3 ਵਾਰ) , ‘ਤੁਮ੍’ (ਕੁੱਲ 91 ਵਿੱਚੋਂ 8 ਵਾਰ) , ‘ਤੁਮ’ (ਕੁੱਲ 396 ਵਿੱਚੋਂ ਕੇਵਲ 19 ਵਾਰ), ‘ਥਾਰੇ’ (ਭਾਵ ਤੁਮ੍ਹਾਰੇ 9 ਵਾਰ) ‘ਸੰਬੰਧ ਕਾਰਕ ਮੱਧਮ ਪੁਰਖ, ਬਹੁ ਵਚਨ ਪੜਨਾਂਵ’ ਹਨ; ਜਿਵੇਂ:

(1). ‘‘ਸਭਿ ਗੁਣ ‘ਤੇਰੇ’; ਮੈ ਨਾਹੀ ਕੋਇ ॥’’ (ਜਪੁ /ਮ: ੧) ਆਦਿ।

(2). ‘‘ਕੇਤੀਆ ‘ਤੇਰੀਆ’ ਕੁਦਰਤੀ; ਕੇਵਡ ਤੇਰੀ ਦਾਤਿ ॥’’ (ਮ: ੧/੧੮)

‘ਤੇਰੀਆ’ ਸਦਾ ਸਦਾ ਚੰਗਿਆਈਆ ॥ (ਮ: ੧/੭੩)

‘ਤੇਰੀਆ’ ਖਾਣੀ; ਤੇਰੀਆ ਬਾਣੀ ॥ (ਮ: ੩/੧੧੬)

‘‘ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ; ਚਾਰੇ ‘ਤੇਰੀਆ’ ਖਾਣੀ ॥’’ (ਮ: ੩/੪੨੩) ਆਦਿ।

(3). (ਹੇ ਮਾਲਕ !) ‘‘ਬੁਰੇ ਭਲੇ ਹਮ ‘ਥਾਰੇ’ (ਤੁਹਾਡੇ)॥’’ (ਮ: ੫/੬੩੧)

‘‘ਤੂ ਪਿਤਾ; ਸਭਿ ਬਾਰਿਕ ‘ਥਾਰੇ’ (ਤੁਹਾਡੇ)॥’’ (ਮ: ੫/੧੦੮੧)

‘‘ਹਮ ‘ਥਾਰੇ’ (ਤੁਹਾਡੇ), ਤ੍ਰਿਭਵਣ ਜਗੁ ਤੁਮਰਾ; ਤੂ ਮੇਰਾ, ਹਉ ਤੇਰਾ ॥’’ (ਮ: ੧/੧੨੫੫) ਆਦਿ।

(ਨੋਟ: ਧਿਆਨ ਰਹੇ ਕਿ ਹੇਠਲੀਆਂ ਤਮਾਮ ਪੰਕਤੀਆਂ ’ਚ ‘ਤੁਮਹਿ, ਤੁਮ, ਤੁਮ੍’ ਸ਼ਬਦ ਕੇਵਲ ਰੱਬੀ ਸਤਿਕਾਰ ਵਜੋਂ ਹੀ ਬਹੁ ਵਚਨ ਰੂਪ ’ਚ ਦਰਜ ਕੀਤੇ ਗਏ ਹਨ।)

(4) ‘‘ਪੇਖਿ ਪੇਖਿ (ਕੇ) ਜੀਵੈ ਪ੍ਰਭੁ ਅਪਨਾ; ਅਚਰਜੁ ‘ਤੁਮਹਿ’ ਵਡਾਈ (ਤੁਹਾਡੀ ਸੋਭਾ) ॥’’ (ਮ: ੫/੬੨੫)

(5). ‘‘ਹਰਿ ਨਾਮੁ ਮਾਗਉ, ਚਰਣ ਲਾਗਉ; ਮਾਨੁ ਤਿਆਗਉ, ਤੁਮ੍ ਦਇਆ (ਤੁਹਾਡੀ ਮਿਹਰ ਨਾਲ)॥’’ (ਮ: ੫/੪੫੭)

‘‘ਸਮਰਥ ਅਗਥ ਅਪਾਰ ਪੂਰਨ ਜੀਉ! ਤਨੁ ਧਨੁ ਤੁਮ੍ (ਤੁਹਾਡਾ ਦਿੱਤਾ ਹੋਇਆ ਤੇ) ਮਨਾ (ਮਨ)॥’’ (ਮ: ੫/੫੪੩)

‘‘ਇਨ ਤੇ ਕਾਢਿ ਲੇਹੁ ਮੇਰੇ ਸੁਆਮੀ ! ਹਾਰਿ ਪਰੇ ਤੁਮ੍ ਸਾਰਨ (ਤੁਹਾਡੀ ਸ਼ਰਨ) ॥’’ (ਮ: ੫/੮੨੦)

‘‘ਤੁਮ੍ ਪੇਖਤ (ਤੁਹਾਡੀ ਦ੍ਰਿਸਟੀ ਨਾਲ); ਸੋਭਾ ਮੇਰੈ ਆਗਨਿ (ਵਿਹੜੇ ’ਚ)॥’’ (ਮ: ੫/੮੦੪)

‘‘ਸੁਣਿ ਸੁਣਿ ਜੀਵੈ ਦਾਸੁ; ਤੁਮ੍ (ਤੁਹਾਡੀ) ਬਾਣੀ ਜਨ ਆਖੀ ॥’’ (ਮ: ੫/੮੧੪)

‘‘ਠਾਕੁਰ ! ‘ਤੁਮ੍’ (ਤੁਹਾਡੀ) ਸਰਣਾਈ ਆਇਆ ॥’’ (ਮ: ੫/੧੨੧੮)

‘‘ਜੇਤੀ ਹੈ, ਤੇਤੀ ਤੁਝ ਹੀ ਤੇ; ‘ਤੁਮ੍ ਸਰਿ’ (ਤੁਹਾਡੇ ਵਰਗਾ) ਅਵਰੁ ਨ ਕੋਈ ॥’’ (ਮ: ੧/੧੨੭੩)

‘ਤੁਮ੍ ਚੇ’ (ਤੁਹਾਡੇ ਵਰਗਾ) ਪਾਰਸੁ, ਹਮ ਚੇ (ਸਾਡੇ ਵਰਗਾ) ਲੋਹਾ; (ਆਪ ਜੀ) ਸੰਗੇ ਕੰਚਨੁ ਭੈਇਲਾ (ਹੋ ਗਿਆ)॥ (ਭਗਤ ਨਾਮਦੇਵ/੧੩੫੧)

(6). ‘‘ਹਮ ਜੰਤ ਵਿਚਾਰੇ ਕਿਆ ਕਰਹ ? ਸਭੁ ਖੇਲੁ ‘ਤੁਮ’ (ਤੁਸਾਂ ਦਾ, ਤੁਮ੍ਹਾਰਾ)) ਸੁਆਮੀ ! ॥’’ (ਮ: ੪/੧੬੭)

(ਹੇ ਮਾਇਆਧਾਰੀ ਰਾਜਨ !) ‘ਤੁਮ’ ਘਰਿ (ਤੇਰੇ ਘਰ ਵਿੱਚ), ਲਾਖ ਕੋਟਿ (ਕ੍ਰੋੜ) ਅਸ੍ਵ ਹਸਤੀ (ਹਾਥੀ-ਘੋੜੇ); ਹਮ ਘਰਿ (’ਚ) ਏਕੁ ਮੁਰਾਰੀ ॥ (ਭਗਤ ਕਬੀਰ/੩੩੬)

(ਹੇ ਪਾਰਬ੍ਰਹਮ !) ‘‘ਆਪੁ (ਆਪਣੇ ਆਪ ਨੂੰ) ਬੀਚਾਰਿ (ਕੇ ਭਾਵ) ਮਾਰਿ (ਕੇ), ਮਨੁ ਦੇਖਿਆ; (ਜਿਸ ਉਪਰੰਤ ਪਤਾ ਲੱਗਾ ਕਿ) ‘ਤੁਮ’ ਸਾ ਮੀਤੁ (ਤੁਹਾਡੇ ਵਰਗਾ ਮਿਤ੍ਰ), ਨ ਅਵਰੁ ਕੋਈ ॥’’ (ਮ: ੧/੩੫੬)

(ਹੇ ਸਤਸੰਗੀ ਭੈਣ !) ‘ਤੁਮ’ ਘਰਿ (ਤੁਹਾਡੇ ਘਰ ’ਚ) ਲਾਲਨੁ (ਪ੍ਰੀਤਮ ਪ੍ਰਭੂ, ਇਸ ਲਈ); ‘ਤੁਮ’ ਘਰਿ (ਤੁਹਾਡੇ ਘਰ ਵਿੱਚ) ਭਾਗੁ ॥ (ਮ: ੫/੩੮੪)

(ਹੇ ਪਾਰਬ੍ਰਹਮ !) ‘ਤੁਮ’ ਸਮਸਰਿ (ਤੁਹਾਡੇ ਬਰਾਬਰ); ਅਵਰੁ ਕੋ (ਕੋਈ) ਨਾਹੀ ॥ (ਮ: ੧/੪੧੬)

‘‘ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ! ਮੋਹਿ (ਮੇਰੀ ‘ਮਦਦ’ ਲਈ), ‘ਤੁਮ’ ਸਰਿ (ਤੁਹਾਡੇ ਵਰਗਾ) ਅਵਰੁ ਨ ਲਾਗੇ ॥’’ (ਮ: ੪/੫੨੭)

(ਹੇ ਪਾਰਬ੍ਰਹਮ !) ‘ਤੁਮ’ ਸਰਿ (ਤੁਹਾਡੇ ਵਰਗਾ) ਅਵਰੁ ਨ ਕੋਇ; (ਜਗਤ ’ਚ ਜਨਮ ਲੈ ਕੇ) ਆਇਆ (ਨਾ ਇੱਥੋਂ) ਜਾਇਸੀ (ਜਾਏਗਾ ਭਾਵ ਮਰੇਗਾ); ਜੀਉ ॥ (ਮ: ੧/੬੮੮)

(ਹੇ ਪਾਰਬ੍ਰਹਮ !) ‘‘ਭ੍ਰਮਿ ਭ੍ਰਮਿ (ਕੇ) ਆਏ, ‘ਤੁਮ’-ਚੇ ਦੁਆਰਾ (ਤੁਹਾਡੇ ਦਰਬਾਰੇ)॥’’ (ਭਗਤ ਨਾਮਦੇਵ/੬੯੪)

(ਹੇ ਪਾਰਬ੍ਰਹਮ !) ‘‘ਹਮ ਸਰਿ ਦੀਨੁ (ਸਾਡੇ ਵਰਗਾ ਕੰਗਾਲ, ਕੰਜੂਸ, ਤੰਗਦਿਲ), ਦਇਆਲੁ (ਖੁੱਲ੍ਹਦਿਲ) ਨ ‘ਤੁਮ’ ਸਰਿ (ਤੁਹਾਡੇ ਵਰਗਾ); ਅਬ ਪਤੀਆਰੁ (ਹੁਣ ਹੋਰ ਤਲੱਸੀ) ਕਿਆ ਕੀਜੈ (ਕੀ ਦੇ ਸਕਦੇ ਹਾਂ)? ॥’’ (ਭਗਤ ਰਵਿਦਾਸ/੬੯੪)

(ਹੇ ਪਾਰਬ੍ਰਹਮ !) ‘‘ਕਹਦੇ ਕਹਹਿ, ਕਹੇ ਕਹਿ (ਕੇ) ਜਾਵਹਿ; (ਪਰ) ‘ਤੁਮ’ ਸਰਿ (ਤੁਹਾਡੇ ਵਰਗਾ), ਅਵਰੁ ਨ ਕੋਈ ॥’’ (ਮ: ੧/੭੨੮)

(ਹੇ ਪਾਰਬ੍ਰਹਮ !) ‘ਤੁਮ’ ਸਮਸਰਿ (ਤੁਹਾਡੇ ਵਰਗਾ) ਨਾਹੀ ਦਇਆਲੁ; ਮੋਹਿ ਸਮਸਰਿ (ਮੇਰੇ ਵਰਗਾ ਨਹੀਂ) ਪਾਪੀ ॥ (ਭਗਤ ਕਬੀਰ/੮੫੬)

(ਹੇ ਪਾਰਬ੍ਰਹਮ !) ‘‘ਤੁਮਰੀ ਕ੍ਰਿਪਾ ਤੇ (ਤੋਂ), ‘ਤੁਮ’ ਸਰਣਾਇਆ (ਤੁਹਾਡੀ ਸ਼ਰਨ ਆਇਆ)॥’’ (ਮ: ੫/੧੦੭੮)

(ਹੇ ਪਾਰਬ੍ਰਹਮ !) ‘‘ਆਦਿ, ਮਧਿ, ਅੰਤਿ ਪ੍ਰਭੁ (ਮਾਲਕ) ਤੂਹੈ; ਸਗਲ ਪਸਾਰਾ ‘ਤੁਮ’ ਤਨਾ (ਤੁਹਾਡਾ ਸਰੀਰ)॥’’ (ਮ: ੫/੧੦੭੯)

‘‘ਕਹੁ ਨਾਨਕ ! ਸੇਈ ਜਨ ਊਤਮ; ਜੋ ਭਾਵਹਿ ਸੁਆਮੀ ! ‘ਤੁਮ’ ਮਨਾ (ਤੁਹਾਡੇ ਮਨ ਵਿੱਚ)॥’’ (ਮ: ੫/੧੦੮੦)

‘‘ਭੂਰ (ਭੂਤ) ਭਵਿਖ (’ਚ) ਨਾਹੀ ‘ਤੁਮ’ ਜੈਸੇ (ਤੁਹਾਡੇ ਵਰਗੇ); ਮੇਰੇ ਪ੍ਰੀਤਮ ਪ੍ਰਾਨ ਅਧਾਰਾ ! ॥’’ (ਮ: ੧/੧੧੯੭)

‘‘ਤੁਮਰੇ ਗੁਨ ਤੁਮ ਹੀ ਪ੍ਰਭ ! ਜਾਨਹੁ; ਹਮ ਪਰੇ ਹਾਰਿ (ਕੇ) ‘ਤੁਮ’ ਸਰਨਭਾ’ (ਤੁਹਾਡੀ ਸ਼ਰਨ)॥’’ (ਮ: ੪/੧੩੩੭)

(ਚਿਖ਼ਾ ਕਹਿੰਦੀ ਹੈ ਕਿ ਹੇ ਮ੍ਰਿਤਕ ਸਰੀਰ!) ‘‘ਲੋਗੁ ਸਬਾਇਆ (ਸਾਰੇ, ਤੈਨੂੰ ਛੱਡ ਕੇ) ਚਲਿ ਗਇਓ; ਹਮ ‘ਤੁਮ’ (ਸਾਡਾ-ਤੁਹਾਡਾ) ਕਾਮੁ ਨਿਦਾਨ (ਅੰਤ ਨੂੰ ਵਾਸਤਾ ਪੈਂਦਾ ਹੈ)॥’’ (ਭਗਤ ਕਬੀਰ/੧੩੬੮)

(ਹੇ ਭਾਈ !) ‘‘ਜਾਇ (ਕੇ) ਪੁਛਹੁ ਡੋਹਾਗਣੀ (ਮੰਦਕਰਮੀਆਂ ਨੂੰ ਕਿ); ‘ਤੁਮ’ ਕਿਉ ਰੈਣਿ ਵਿਹਾਇ (ਤੁਹਾਡੀ ਰਾਤ ਕਿਵੇਂ ਲੰਘਦੀ ਹੈ)? ॥’’ (ਬਾਬਾ ਫਰੀਦ/੧੩੭੯)

(ਹੇ ਪਾਰਬ੍ਰਹਮ !) ‘‘ਏਕੈ, ਤੂਹੀ ਏਕੈ; ਅਨ ਨਾਹੀ ‘ਤੁਮ’ ਭਤਿ (ਤੁਹਾਡੀ ਭਾਂਤ ਭਾਵ ਕਿਸਮ ਦਾ ਜਾਂ ਤੁਹਾਡੇ ਵਰਗਾ)॥’’ (ਮ: ੫/੧੩੮੫)

(ਨੋਟ: ਧਿਆਨ ਰਹੇ ਕਿ ਹੇਠਲੀਆਂ ਪੰਕਤੀਆਂ ’ਚ ‘ਤੁਮਹਿ’ ਤੇ ‘ਤੇਰੀਆ’ ਇੱਕ ਵਚਨ, ਮੱਧਮ ਪੁਰਖ ਪੜਨਾਂਵ ਹਨ, ਨਾ ਕਿ ਬਹੁ ਵਚਨ:

(ਹੇ ਭੈਣ !) ‘‘ਤੁਮ ਹੀ ਸੁੰਦਰਿ; ‘ਤੁਮਹਿ’ (ਤੇਰਾ ਹੀ) ਸੁਹਾਗੁ ॥’’ (ਮ: ੫/੩੮੪)

‘‘ਨੀਧਰਿਆ ਧਰ ‘ਤੇਰੀਆ’; ਇਕ ਨਾਮ ਅਧਾਰਾ ॥’’ (ਮ: ੫/੮੦੯)

‘‘ਸਰਨਿ ਪਰੇ ਪ੍ਰਭ ! ‘ਤੇਰੀਆ’; ਪ੍ਰਭ ਕੀ ਵਡਿਆਈ ॥’’ (ਮ: ੫/੮੧੬), ਆਦਿ।

(6). ਅਧਿਕਰਣ ਕਾਰਕ: ਗੁਰਬਾਣੀ ’ਚ ‘ਤੁਮਹਿ’ (ਕੁੱਲ 30 ’ਚੋਂ 1 ਵਾਰ) , ‘ਤੁਮ੍’ (ਕੁੱਲ 91 ਵਿੱਚੋਂ 1 ਵਾਰ) , ‘ਤੁਮ’ (ਕੁੱਲ 396 ਵਿੱਚੋਂ ਕੇਵਲ 17 ਵਾਰ) ‘ਅਧਿਕਰਣ ਕਾਰਕ ਮੱਧਮ ਪੁਰਖ, ਬਹੁ ਵਚਨ ਪੜਨਾਂਵ’ ਹਨ; ਜਿਵੇਂ:

(1). ‘‘ਤੁਮਹਿ (ਤੁਸੀਂ ਹੀ) ਪਛਾਨੂ (ਮਿਤ੍ਰ), ਸਾਕੁ (ਰਿਸ਼ਤੇਦਾਰੀ) ‘ਤੁਮਹਿ’ ਸੰਗਿ (ਤੁਹਾਡੇ ਨਾਲ); ਰਾਖਨਹਾਰ ! ਤੁਮੈ (ਤੁਸੀਂ ਹੀ) ਜਗਦੀਸ ॥’’ (ਮ: ੫/੧੨੨੮)

(2). ‘‘ਸੰਤ ਖੇਲਹਿ; ‘ਤੁਮ’ ਸੰਗਿ (ਤੁਹਾਡੇ ਨਾਲ) ਗੋਪਾਲਾ ! ॥’’ (ਮ: ੫/੧੦੦)

(ਹੇ ਰੱਬ ਜੀ !) ‘‘ਸਰਬ ਨਿਧਾਨ ਗੁਣ (ਸਾਰੇ ਗੁਣਾਂ ਦੇ ਖ਼ਜ਼ਾਨੇ); ‘ਤੁਮ’ ਹੀ ਪਾਸਿ (ਤੁਹਾਡੇ ਕੋਲ ਹੀ)॥’’ (ਮ: ੫/੧੮੦)

(ਹੇ ਰੱਬ ਜੀ !) ‘‘ਤੂ ਠਾਕੁਰੁ, ‘ਤੁਮ’ ਪਹਿ (ਤੁਹਾਡੇ ਅੱਗੇ) ਅਰਦਾਸਿ ॥’’ (ਮ: ੫/੨੬੮)

(ਹੇ ਰੱਬ ਜੀ !) ‘‘ਹਮ ‘ਤੁਮ’ ਬੀਚੁ (ਤੁਹਾਡੇ -ਮੇਰੇ ਵਿੱਚ ਫ਼ਰਕ); ਭਇਓ (ਰਹਿਆ) ਨਹੀ ਕੋਈ ॥’’ (ਭਗਤ ਕਬੀਰ/੪੮੪)

‘‘ਮਾਧੋ ! ਕੈਸੀ ਬਨੈ (ਕਿਵੇਂ ਪ੍ਰੀਤ ਬਣੇ)? ‘ਤੁਮ’ ਸੰਗੇ (ਤੁਹਾਡੇ ਨਾਲ)॥’’ (ਭਗਤ ਕਬੀਰ/੬੫੬)

(ਹੇ ਰੱਬ ਜੀ !) ‘‘ਸਾਚੀ ਪ੍ਰੀਤਿ; ਹਮ (ਅਸਾਂ ਨੇ), ‘ਤੁਮ’ ਸਿਉ (ਤੁਹਾਡੇ ਨਾਲ) ਜੋਰੀ ॥ ‘ਤੁਮ’ ਸਿਉ (ਤੁਹਾਡੇ ਨਾਲ ਪ੍ਰੀਤ) ਜੋਰਿ (ਕੇ); ਅਵਰ ਸੰਗਿ (ਹੋਰਾਂ ਨਾਲੋਂ ਪ੍ਰੀਤ) ਤੋਰੀ ॥’’ (ਭਗਤ ਰਵਿਦਾਸ/੬੫੯)

(ਹੇ ਰੱਬ ਜੀ !) ‘‘ਓਇ ਜੁ (ਵਿਕਾਰ), ਬੀਚ ਹਮ ‘ਤੁਮ’ (ਤੁਹਾਡੇ- ਮੇਰੇ ਵਿੱਚ) ਕਛੁ ਹੋਤੇ; ਤਿਨ ਕੀ ਬਾਤ ਬਿਲਾਨੀ (ਖ਼ਤਮ ਹੋ ਗਈ) ॥’’ (ਮ: ੫/੬੭੧)

(ਹੇ ਰੱਬ ਜੀ !) ‘‘ਤੂ ਸਾਗਰੁ, ਹਮ ਹੰਸ ਤੁਮਾਰੇ; ‘ਤੁਮ’ ਮਹਿ (ਤੁਹਾਡੇ ‘ਸਾਗਰ’ ਵਿੱਚ) ਮਾਣਕ ਲਾਲਾ (ਲਾਲ, ਰਤਨ-ਮੋਤੀ)॥’’ (ਮ: ੫/੮੮੪)

(ਹੇ ਰੱਬ ਜੀ !) ‘‘ਸੂਖ, ਦੂਖ ਇਸੁ ਮਨ ਕੀ ਬਿਰਥਾ (ਪੀੜਾ); ‘ਤੁਮ’ ਹੀ ਆਗੈ (ਤੁਹਾਡੇ ਅੱਗੇ ਹੀ) ਸਾਰਨਾ (ਕਹੀ ਜਾ ਸਕਦੀ ਹੈ)॥’’ (ਮ: ੫/੯੧੫)

‘‘ਏ ਨੇਤ੍ਰਹੁ ਮੇਰਿਹੋ ! ਹਰਿ (ਨੇ) ‘ਤੁਮ’ ਮਹਿ (ਤੁਹਾਡੇ ਵਿੱਚ) ਜੋਤਿ ਧਰੀ; (ਇਸ ਲਈ) ਹਰਿ ਬਿਨੁ, ਅਵਰੁ ਨ ਦੇਖਹੁ ਕੋਈ ॥’’ (ਮ: ੩/੯੨੨)

‘‘ਜਿਉ ਭਾਵੈ, ਤਿਉ ਰਾਖਹੁ, ਰਹਣਾ; ‘ਤੁਮ’ ਸਿਉ (ਤੁਹਾਡੇ ਨਾਲ ਭਾਵ ਤੇਰੇ ਅੱਗੇ) ਕਿਆ ਮੁਕਰਾਈ (ਨਾ-ਨੁਕਰ) ਹੇ (ਪ੍ਰਭੂ !) ॥’’ (ਮ: ੧/੧੦੨੦)

‘‘ਜਿਚਰੁ ਰਾਖੈ, ਤਿਚਰੁ ਤੁਮ ਸੰਗਿ (ਤੁਹਾਡੇ ਨਾਲ) ਰਹਣਾ; ਜਾ ਸਦੇ, ਤ ਊਠਿ (ਕੇ) ਸਿਧਾਸਾ ਹੇ ॥’’ (ਮ: ੫/੧੦੭੩)

(ਹੇ ਰੱਬ ਜੀ !) ‘‘ਆਪੇ (ਹੀ ਸਾਡੇ ਮੱਥੇ ’ਤੇ) ਲੇਖ (ਲਿਖਦਾ ਹੈਂ), ਅਲੇਖੈ (ਬਿਨਾ ਲੇਖ ਤੋਂ) ਆਪੇ (ਹੀ, ਫਿਰ ਵੀ ਸਾਡੀ ਕੀਤੀ ਕਮਾਈ ਬਦਲੇ); ‘ਤੁਮ’ ਸਿਉ (ਤੁਹਾਡੇ ਨਾਲ) ਨਾਹੀ ਕਿਛੁ ਝਾੜਾ (ਝਗੜਾ)॥’’ (ਮ: ੫/੧੦੮੧)

‘‘ਜਿਉ ਜਾਣਹੁ (ਜਿਵੇਂ ਹੋ ਸਕੇ), ਤਿਉ ਰਾਖਹੁ ਠਾਕੁਰ ! (ਕਿਉਂਕਿ) ਸਭੁ ਕਿਛੁ ‘ਤੁਮ’ ਹੀ ਪਾਸੀ (ਤੁਹਾਡੇ ਕੋਲ ਹੀ) ॥’’ (ਮ: ੫/੧੨੧੪)

(ਹੇ ਗੁਰੂ ਅੰਗਦ ਸਾਹਿਬ ਜੀਓ !) ‘‘ਸਤਿਗੁਰੂ ਧੰਨੁ ਨਾਨਕੁ; ਮਸਤਕਿ ‘ਤੁਮ’ (ਤੁਹਾਡੇ ਮੱਥੇ ਉੱਤੇ), ਧਰਿਓ ਜਿਨਿ (ਜਿਸ ‘ਨਾਨਕ’ ਨੇ) ਹਥੋ (ਹੱਥ)॥’’ (ਭਟ ਕਲੵ /੧੩੯੧)

(3). ‘‘ਮਨੁ ਤਨੁ ਹੋਇ ਨਿਹਾਲੁ; ‘ਤੁਮ੍’ ਸੰਗਿ ਭੇਟਿਆ ॥’’ (ਮ: ੫/੩੯੭)

(ਨੋਟ: ਧਿਆਨ ਰਹੇ ਕਿ ਹੇਠਲੀਆਂ 4 ਪੰਕਤੀਆਂ ’ਚ ‘ਤੁਮ’ ਇੱਕ ਵਚਨ, ਮੱਧਮ ਪੁਰਖ ਪੜਨਾਂਵ ਹੈ, ਨਾ ਕਿ ਬਹੁ ਵਚਨ:

(ਹੇ ਜੀਵ!) ‘‘ਤਹ (ਉਸ ਅਵਸਥਾ ’ਚ), ਹਰਿ ਕੇ ਨਾਮ ਕੀ; ‘ਤੁਮ’ ਊਪਰਿ’ (ਤੇਰੇ ਉੱਤੇ) ਛਾਮ (ਠੰਡਕ)॥’’ (ਮ: ੫/੨੬੪)

‘‘ਏ ਸਰੀਰਾ ਮੇਰਿਆ ! (ਜਦ) ਹਰਿ (ਨੇ) ‘ਤੁਮ’ ਮਹਿ (ਤੇਰੇ ਵਿੱਚ) ਜੋਤਿ ਰਖੀ; ਤਾ (ਹੀ) ਤੂ ਜਗ ਮਹਿ ਆਇਆ ॥’’ (ਮ: ੩/੯੨੧)

(ਹੇ ਭਾਈ !) ‘‘ਹਮ ‘ਤੁਮ’ ਸੰਗਿ (ਸਾਡੇ ਤੇ ਤੇਰੇ ਵਿੱਚ) ਝੂਠੇ ਸਭਿ ਬੋਲਾ (ਬਚਨ ਸਭ ਨਿਰਾਰਥ, ਅਰਥਹੀਣ ਹਨ)॥’’ (ਮ: ੫/੧੦੦੫)

(ਹੇ ਭਾਈ !) ‘‘ਕਹੁ ਨਾਨਕ ! ਤਿਹ (ਉਸ ‘ਰੱਬ’ ਨੂੰ) ਜਾਨੀਐ; ਸਦਾ ਬਸਤੁ ‘ਤੁਮ’ ਸਾਥਿ (ਤੇਰੇ ਨਾਲ)॥’’ (ਮ: ੯/੧੪੨੬)

ਉਪਰੋਕਤ ਤਮਾਮ ਪੰਕਤੀਆਂ ਦੀ ਲਿਖਣਸ਼ੈਲੀ ’ਚ ਵਰਤੇ ਗਏ ‘ਤੁਮ’ ਜਾਂ ‘ਤੁਮ੍’, ‘ਤੁਮਾਰਾ’ ਜਾਂ ‘ਤੁਮਾ੍ਰਾ’, ‘ਤੁਮਹਿ’ ਜਾਂ ‘ਤੁਮ੍ਹਿ’, ‘ਤੁਮੇ’ ਜਾਂ ‘ਤੁਮ੍ੇ’ ਆਦਿ ਸ਼ਬਦਾਂ ਰਾਹੀਂ ਬੋਧ ਹੁੰਦਾ ਹੈ ਕਿ ਇਨ੍ਹਾਂ ਤਮਾਮ ਸ਼ਬਦ ਦਾ ਉਚਾਰਨ ‘ਤੁਮ੍, ਤੁਮ੍ਾਰਾ, ਤੁਮ੍ਹਿ, ਤੁਮ੍ੇ’ ਆਦਿ ਦਰੁਸਤ ਹੈ।)

Interjection word

0

ਵਿਸਮਿਕ ਸ਼ਬਦ

ਗਿਆਨੀ ਅਵਤਾਰ ਸਿੰਘ-94650-40032

ਕਿਸੇ ਵੀ ਭਾਸ਼ਾ ਦੀ ਰਾਹੀਂ, ਉਸ ਵਿੱਚ ਦਰਜ, ਬਹੁ ਕੀਮਤੀ ਉਪਦੇਸਾਂ ਨੂੰ ਸਮਝਣ / ਸਮਝਾਉਣ ਲਈ ਉਸ ਭਾਸ਼ਾ ਦੀ ਬਹੁ ਪੱਖੀ ਜਾਣਕਾਰੀ ਹੋਣੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਕਿਉਂਕਿ ਭਾਸ਼ਾ ਦਾ ਬੋਧ ਨਾ ਹੋਣ ਕਾਰਨ, ਉਸ ਵਿੱਚ ਦਰਜ ਬਹੁ ਕੀਮਤੀ ਗਿਆਨ (ਉਪਦੇਸ਼ਾਂ) ਨੂੰ ਭਵਿੱਖ (ਸਦੀਵੀ) ਕਾਲ ਤੱਕ ਜਿਉਂ ਦਾ ਤਿਉਂ ਜੀਵਤ ਨਹੀਂ ਰੱਖਿਆ ਜਾ ਸਕਦਾ।

ਸਮੇਂ ਦੇ ਚੱਕ੍ਰਕਾਲ ਦੇ ਪ੍ਰਭਾਵ ਹੇਠ ਹਰ ਭਾਸ਼ਾ ਵਿਕਸਤ ਹੁੰਦੀ ਰਹਿੰਦੀ ਹੈ। ਤਦ ਇਹ ਵਿਸ਼ਾ ਹੋਰ ਵੀ ਅਤਿ ਜ਼ਰੂਰੀ ਬਣ ਜਾਂਦਾ ਹੈ ਜਦ ਮਨੁੱਖ ਦੀ ਰੂਹ (ਆਤਮਾ) ਦੀ ਅਮੋਲਕ ਖ਼ੁਰਾਕ ਹੀ ਉਸ ਭਾਸ਼ਾ ਵਿੱਚ ਸਮੇਟੀ ਪਈ ਹੋਵੇ, ਇਸ ਲਈ ਪੁਰਾਤਨ ਭਾਸ਼ਾ ਅਤੇ ਨਵੀਨਤਮ (ਵਿਕਸਤ ਹੋਈ) ਭਾਸ਼ਾ ’ਚ ਸੰਤੁਲਨ ਨੂੰ ਬਣਾਏ ਰੱਖਣ ਲਈ ਸੰਬੰਧਿਤ ਭਾਸ਼ਾ ਦੇ ਵਿਦਵਾਨ, ਬੁਧੀਜੀਵੀ, ਲੇਖਕ ਆਦਿ ਮਿਲ਼ ਕੇ ਇੱਕ ਆਮ ਨਾਗਰਿਕ ਲਈ, ਉਸ ਭਾਸ਼ਾ ਨੂੰ ਸਮਝਣ ਦੇ ਕੁਝ ਸਰਲ ਨਿਯਮ ਬਣਾਉਂਦੇ ਹਨ, ਜਿਸ ਦਾ ਨਾਮ ਸਮੇਂ ਅਨੁਸਾਰ ਵਿਆਕਰਨ ਰੱਖ ਦਿੱਤਾ ਜਾਂਦਾ ਹੈ ਪਰ ਕੁਝ ਰੂੜ੍ਹੀਵਾਦੀ (ਸਮੇਂ ਦੀ ਵਿਕਸਤ ਭਾਸ਼ਾ ਨਾਲ਼ ਤਾਲਮੇਲ ਨਾ ਬੈਠਾ ਸਕਣ ਵਾਲੇ) ਇਸ ਭਾਸ਼ਾ ਦੇ ਵਿਕਾਸ ਨਿਯਮਾਂ ਨੂੰ ਸਮਝਣ ਦੀ ਬਜਾਏ, ਪਰੰਪਰਾਵਾਦੀ, ਰਵਾਇਤੀ (Traditionalist) ਸੋਚ ਅਨੁਸਾਰ, ਇਸ ਉੱਦਮ ਦਾ ਵਿਰੋਧ ਕਰਕੇ, ਇਸ ਸਾਰਥਿਕ ਕੰਮ ਨੂੰ ਹੋਰ ਜਟਿਲ (Difficult to solve) ਬਣਾ ਦਿੰਦੇ ਹਨ।

ਸਿੱਖ ਸਮਾਜ ਨਾਲ਼ ਸੰਬੰਧਿਤ ਬੁਧੀਜੀਵੀਆਂ ਨੇ ਵੀ ਗੁਰਬਾਣੀ (ਪੁਰਾਤਨ ਭਾਸ਼ਾ) ਨੂੰ ਨਵੀਨਤਮ ਵਿਕਸਤ ਪੰਜਾਬੀ ਭਾਸ਼ਾ ਦੇ ਨਿਯਮਾਂ ਨਾਲ ਸੰਤੁਲਨ ਨੂੰ ਬਣਾਏ ਰੱਖਣ ਲਈ ਗੁਰਬਾਣੀ ਲਿਖਤ ਦੇ ਕੁਝ ਸਰਲ ਨਿਯਮ ਸਾਂਝੇ ਕੀਤੇ ਹਨ। ਕੁਝ ਕੁ ਸੱਜਣਾਂ ਨੇ ਇਨ੍ਹਾਂ ਨੂੰ ਸਮਝਣ ਦਾ ਯਤਨ ਵੀ ਕੀਤਾ ਪਰ ਕਈਆਂ ਨੇ ਇਸ ਨੂੰ ਸਮਝਣ ਦੀ ਬਜਾਏ ਇਸ ਦਾ ਵਿਰੋਧ ਕਰਨਾ ਹੀ ਉਚਿਤ ਸਮਝਿਆ ਜਿਸ ਕਾਰਨ ਅੱਜ ਸਿੱਖ ਸਮਾਜ ’ਚ ਹਾਲਾਤ ਇਹ ਬਣ ਗਏ ਹਨ ਕਿ ਇੱਕ ਗੁਰੂ ਉਪਦੇਸ ਦੇ ਅਨੁਯਾਈ ਹੋਣ ਦੇ ਬਾਵਜੂਦ ਵੀ ਇੱਕ ਦੂਸਰੇ ਦੇ (ਗੁਰੂ ਉਪਦੇਸ ਨੂੰ ਸਮਝਣ-ਸਮਝਾਉਣ ਕਾਰਨ ਹੀ) ਜਾਨੀ ਦੁਸਮਣ ਬਣ ਬੈਠੇ ਹਨ, ਜਿਸ ਦਾ ਫ਼ਾਇਦਾ ਸਮੇਂ ਸਮੇਂ ਅਨੁਸਾਰ ਪੰਥ ਦੋਖੀ ਸ਼ਕਤੀਆਂ ਨੇ ਨਿਰੰਤਰ ਉੱਠਾਇਆ ਅਤੇ ਉੱਠਾ ਰਹੀਆਂ ਹਨ।

ਬੇਸ਼ੱਕ ਪ੍ਰਿੰ. ਤੇਜਾ ਸਿੰਘ, ਪ੍ਰਿੰ. ਸਾਹਿਬ ਸਿੰਘ, ਗਿਆਨੀ ਹਰਬੰਸ ਸਿੰਘ, ਭਾਈ ਜੋਗਿੰਦਰ ਸਿੰਘ ਤਲਵਾੜਾ ਆਦਿ ਬੁਧੀਜੀਵੀਆਂ ਨੇ ਗੁਰਬਾਣੀ ਦੀ ਲਿਖਤ ਨੂੰ ਸਮਝਣ / ਸਮਝਾਉਣ ਵਾਲਾ ਵਿਸ਼ਾ ਆਸਾਨ ਕਰਨ ਲਈ ਆਪਣੀ ਜ਼ਿੰਦਗੀ ਦਾ ਬਹੁ ਕੀਮਤੀ ਸਮਾਂ ਇਸ ਤਰਫ਼ ਲਗਾਇਆ ਹੈ ਪਰ ਫਿਰ ਵੀ ਵੇਖਣ ਵਿੱਚ ਆ ਰਿਹਾ ਹੈ ਕਿ ਉਂਗਲੀਆਂ ’ਤੇ ਗਿਣੇ ਜਾ ਸਕਣ ਵਾਲੇ ਕੁਝ ਕੁ ਜਗਿਆਸੂਆਂ ਨੂੰ ਛੱਡ ਕੇ ਬਹੁਤੀ ਵਿਦਵਾਨ ਅਖਵਾਉਣ ਵਾਲੀ ਮੰਡਲੀ ਵੀ ਕੌਮੀ ਫ਼ਿਲਾਸਫ਼ੀ (ਗੁਰੂ ਉਪਦੇਸ਼ਾਂ) ਨੂੰ ਅਗਾਂਹ ਵਧਾਉਣ ਲਈ ਨਾ-ਸਮਝੀ ਕਾਰਨ ਰੁਕਾਵਟ ਹੀ ਬਣੀ ਹੋਈ ਹੈ।

ਇਸ ਉਪਰੋਕਤ ਸਮੱਸਿਆ ਨੂੰ ਕੁਝ ਹੱਦ ਤੱਕ ਹੋਰ ਸਰਲ ਕਰਨ ਲਈ ਮੈਂ ਇਸ ਪੁਰਾਤਨ ਗੁਰਬਾਣੀ ਲਿਖਤ ਨੂੰ ਆਮ ਨਾਗਰਿਕ ਦੀ ਸਮਝ ਵਿੱਚ ਲਿਆਉਣ ਲਈ ਨਿਮਾਣਾ ਜਿਹਾ ਯਤਨ ਕਰ ਰਿਹਾ ਹਾਂ। ਉਮੀਦ ਹੈ ਪਾਠਕ ਇਸ ਵਿਸ਼ੇ ਨੂੰ ਹੋਰ ਸਰਲ ਬਣਵਾਉਣ ਲਈ ਆਪਣੇ ਕੀਮਤੀ ਸੁਝਾਵ ਦਿੰਦੇ ਰਹਿਣਗੇ।

ਹਰ ਭਾਸ਼ਾ ਨੂੰ ਸਮਝਣ ਲਈ ਉਸ ਦੀ ਵਾਕ ਵੰਡ, ਇਨ੍ਹਾਂ 8 ਨਿਯਮਾਂ (ਸ਼ਬਦ ਸ਼੍ਰੇਣੀਆਂ) ਦੇ ਆਧਾਰ ’ਤੇ ਕੀਤੀ ਜਾਂਦੀ ਹੈ:

(1). ਨਾਉ, ਪੜਨਾਉ, ਵਿਸ਼ੇਸ਼ਣ ਅਤੇ ਸੰਬੰਧਕ= (4 ਨਿਯਮ)

(2). ਕਿਰਿਆ, ਕਿਰਿਆ ਵਿਸ਼ੇਸ਼ਣ= (2 ਨਿਯਮ)

(3). ਯੋਜਕ ਅਤੇ ਵਿਸਮਿਕ =(2 ਨਿਯਮ)

ਇਹ (ਉਕਤ) 8 ਨਿਯਮ, ਜੋ ਕਿ ਹਰ ਭਾਸ਼ਾ ਵਿੱਚ ਲਗਭਗ ਸਮਾਨੰਤਰ ਹੀ ਮਿਲਦੇ ਹਨ, ਬਾਰੇ ਇਹ ਵਿਸ਼ਾ ਧਿਆਨ ਮੰਗਦਾ ਹੈ ਕਿ ਉਪਰੋਕਤ ਕੇਵਲ ਤਿੰਨ ਅੰਕਾਂ ਦੀ ਰਾਹੀਂ ਹੀ ਤਮਾਮ (ਕੁਲ 8) ਨਿਯਮਾਂ ਨੂੰ ਕਿਉਂ ਦਰਸਾਇਆ ਗਿਆ ਹੈ ? ਇਸ ਦਾ ਕਾਰਨ ਹੈ ਕਿ ਹਰ ਸੰਖਿਆ ਦੇ ਸਾਹਮਣੇ ਦਿੱਤੀਆਂ ਗਈਆਂ ਸ਼ਬਦਾਂ ਦੀਆਂ ਕਿਸਮਾਂ ਦੇ ਨਿਯਮ ਹੀ ਗੁਰਬਾਣੀ ਲਿਖਤ ਅਨੁਸਾਰ ਸਮਾਨੰਤਰ ਹਨ। ਇਸ ਲਈ ਉਨ੍ਹਾਂ ਸੰਬੰਧਿਤ ਨਿਯਮਾਂ ਨੂੰ ਉਸ ਵਿਸ਼ੇ ਨਾਲ ਮਿਲਾ ਕੇ ਹੀ ਵਿਚਾਰਨਾ ਆਸਾਨ ਰਹੇਗਾ। ਅਗਾਂਹ ਕੀਤੀ ਜਾ ਰਹੀ ਵੀਚਾਰ ਵਿੱਚ ਸਭ ਤੋਂ ਪਹਿਲਾਂ ਵਿਚਾਰਾਂਗੇ ਕਿ ਨੰਬਰ 3 ਵਿੱਚ ਦਰਸਾਇਆ ਗਿਆ ‘ਵਿਸਮਿਕ’ ਸ਼ਬਦ ਕੀ ਹੁੰਦਾ ਹੈ ?

ਉਤਰ: ਮਨ ਦੇ ਭਾਵ (ਖ਼ੁਸ਼ੀ, ਗ਼ਮੀ ਤੇ ਹੈਰਾਨੀ ਆਦਿ) ਨੂੰ ਪ੍ਰਗਟ ਕਰਨ ਲਈ ਆਪ-ਮੁਹਾਰੇ ਮੂੰਹੋਂ ਨਿਕਲੇ ਵਚਨਾਂ ਨੂੰ ‘ਵਿਸਮਿਕ’ ਕਿਹਾ ਜਾਂਦਾ ਹੈ। ਇਨ੍ਹਾਂ ਦੀਆਂ ਕਿਸਮਾਂ 9 ਪ੍ਰਕਾਰ ਦੀਆਂ ਹੁੰਦੀਆਂ ਹਨ:-

(1). ਸੰਬੋਧਨੀ ਵਿਸਮਿਕ ਜੋ ਕਿਸੇ ਨੂੰ ਬੁਲਾਉਣ ਲਈ ਵਰਤੇ ਜਾਣ; ਜਿਵੇਂ: ‘ ਓਏ (ਮੁੰਡਿਆ)  !, ਹੇ (ਕੁੜੀਏ)  !, ਨੀ (ਗੁਡੀ) !’ ਆਦਿ।

ਹੇਠਾਂ ਦਿੱਤੀਆਂ ਜਾ ਰਹੀਆਂ ਗੁਰਬਾਣੀ ਦੀਆਂ ਪੰਕਤੀਆਂ ਵਿੱਚ ‘ਐ, ਹੋ, ਰੇ, ਅਹੇ, ਅਰੀ’ ਆਦਿ ਸ਼ਬਦ ‘ਸੰਬੋਧਨੀ ਵਿਸਮਿਕ’ ਹਨ:

‘ਐ’ ਜੀ  ! ਤੂੰ ਆਪੇ ਸਭ ਕਿਛੁ ਜਾਣਦਾ, ਬਦਤਿ ਤ੍ਰਿਲੋਚਨੁ ਰਾਮਈਆ॥ (ਭਗਤ ਤ੍ਰਿਲੋਚਨ/੯੨)

(‘ਐ ਜੀ ਰਾਮਈਆ !’ ਭਾਵ ‘ਹੇ ਸੋਹਣੇ ਰਾਮ ਜੀ !’)

ਤੂ ਕੁਨੁ ਰੇ ॥ ਮੈ ਜੀ॥ ਨਾਮਾ॥ ‘ਹੋ’ ਜੀ॥ ਆਲਾ ਤੇ ਨਿਵਾਰਣਾ, ਜਮ ਕਾਰਣਾ॥ (ਭਗਤ ਨਾਮਦੇਵ/੬੯੪) (‘ਹੋ ਜੀ !’ ਭਾਵ ‘ਹੇ ਮਾਲਕ ਜੀ !’)

ਅਚਰਜ ਏਕੁ ਸੁਨਹੁ ‘ਰੇ’ ਪੰਡੀਆ ! ਅਬ ਕਿਛੁ ਕਹਨੁ ਨ ਜਾਈ॥ (ਭਗਤ ਕਬੀਰ/੯੨)

ਜਉ ਪੈ ਹਮ ਨ ਪਾਪ ਕਰੰਤਾ, ‘ਅਹੇ’ ਅਨੰਤਾ ! ॥ ਪਤਿਤ ਪਾਵਨ ਨਾਮੁ, ਕੈਸੇ ਹੁੰਤਾ ? ॥ (ਭਗਤ ਰਵਿਦਾਸ/੯੩)

(‘ਅਹੇ ਅਨੰਤਾ !’ ਭਾਵ ‘ਹੇ ਬੇਅੰਤ ਮਾਲਕ !’)

‘ਅਰੀ’ ਬਾਈ  ! ਗੋਬਿਦ ਨਾਮੁ, ਮਤਿ ਬੀਸਰੈ॥ (ਭਗਤ ਤ੍ਰਿਲੋਚਨ/੫੨੬) (‘ਅਰੀ ਬਾਈ !’ ਭਾਵ ‘ਹੇ ਮਾਈ ਜਾਂ ਭੈਣ !’)

ਅਚਰਜੁ ਏਕੁ ਸੁਨਹੁ ‘ਰੇ’ ਭਾਈ ! ਗੁਰਿ, ਐਸੀ ਬੂਝ ਬੁਝਾਈ॥ (ਮ:੫/੨੧੫), ਆਦਿ।

(2). ਪ੍ਰਸੰਸਾ-ਵਾਚਕ ਵਿਸਮਿਕ ਜੋ ਮਨ ਦੀ ਖ਼ੁਸ਼ੀ ਪ੍ਰਗਟ ਕਰਨ; ਜਿਵੇਂ: ‘ਸ਼ਾਬਾਸ਼  ! , ਧੰਨ  ! , ਬਲਿਹਾਰ  ! , ਵਾਹ-ਵਾਹ  ! ਜਾਂ ਵਾਹ ਭਾਈ ਵਾਹ  !, ਬੱਲੇ-ਬੱਲੇ  !’ ਆਦਿ। ਗੁਰਬਾਣੀ ਵਾਕ ਹਨ:

ਨਿਮਾਣਿਆ, ਗੁਰੁ ਮਾਣੁ ਹੈ; ਗੁਰੁ ਸਤਿਗੁਰੁ ਕਰੇ, ‘ਸਾਬਾਸਿ’॥ (ਮ:੪/੪੧)

ਓਥੈ ਖੋਟੇ ਸਟੀਅਹਿ, ਖਰੇ ਕੀਚਹਿ, ‘ਸਾਬਾਸਿ’॥ (ਮ:੨/੧੪੬)

ਜਾਂ ਕਰਤਾ ਵਲਿ, ਤਾ ਸਭੁ ਕੋ ਵਲਿ; ਸਭਿ ਦਰਸਨੁ ਦੇਖਿ ਕਰਹਿ, ‘ਸਾਬਾਸਿ’॥ (ਮ:੪/੩੦੫)

ਨਾਨਕ ! ਸੇ ‘ਸਾਬਾਸਿ’, ਜਿਨੀ ਗੁਰ ਮਿਲਿ; ਇਕੁ ਪਛਾਣਿਆ॥ (ਮ:੫/੩੧੯)

ਸੋ ਧੰਨੁ, ਗੁਰੂ ‘ਸਾਬਾਸਿ’ ਹੈ; ਹਰਿ ਦੇਇ ਸਨੇਹਾ॥ (ਮ:੪/੭੨੬)

ਨਾਮੁ ਲੈਤ; ਪ੍ਰਭੁ ਕਹੈ, ‘ਸਾਬਾਸਿ’॥ (ਮ:੫/੧੧੪੨)

‘ਵਾਹੁ ਵਾਹੁ’ ਸਾਚੇ ! ਮੈ ਤੇਰੀ ਟੇਕ॥ (ਮ:੧/੧੫੩)

ਨਾਨਕ ਦਾਸ  ! ਕਹਹੁ, ਗੁਰ ! ‘ਵਾਹੁ’॥ (ਮ:੫/੩੭੬)

‘ਵਾਹੁ ਵਾਹੁ’ ! ਕਰਤਿਆ; ਰੈਣਿ ਸੁਖਿ ਵਿਹਾਇ॥ (ਮ:੩/੫੧੪)

‘ਵਾਹੁ ਵਾਹੁ !’ ਸਚੇ ਪਾਤਿਸਾਹ ! ਤੂ, ਸਚੀ ਨਾਈ॥ (ਮ:੩/੯੪੭)

ਤੂਹੈ ਹੈ ‘ਵਾਹੁ !’ ਤੇਰੀ ਰਜਾਇ॥ (ਮ:੧/੧੩੨੯)

ਨਾਨਕ  ! ਸਤਿਗੁਰ ‘ਵਾਹੁ ਵਾਹੁ !’ ਜਿਸ ਤੇ, ਨਾਮੁ ਪਰਾਪਤਿ ਹੋਇ॥ (ਮ:੪/੧੪੨੧)

ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ; ਤਿਨ ਕੈ, ਸਦ ‘ਬਲਿਹਾਰ’॥ (ਮ:੫/੧੩੭)

ਨਾਨਕ ਦਾਸ, ਸਦਾ ‘ਬਲਿਹਾਰ’॥ (ਮ:੫/੨੯)

ਜਿਨਿ ਜਪਿਆ; ਤਿਸ ਕਉ, ‘ਬਲਿਹਾਰ’॥ (ਮ:੫/੭੨੪)

ਤਿਸੁ ਗੁਰ ਕਉ, ਸਦ ਜਾਉ ‘ਬਲਿਹਾਰ’॥ (ਮ:੫/੧੧੫੨)

ਸੇਵਕ ਕੈ ਭਰਪੂਰ ਜੁਗੁ ਜੁਗੁ, ‘ਵਾਹ !’ ਗੁਰੂ ! ਤੇਰਾ ਸਭੁ ਸਦਕਾ॥ (ਭਟ ਗਯੰਦ/੧੪੦੩)

ਵਾਹਿ ! ਗੁਰੂ ! ਵਾਹਿ ! ਗੁਰੂ ! ਵਾਹਿ ! ਗੁਰੂ ! ਵਾਹਿ ! ਜੀਉ ॥ (ਭਟ ਗਯੰਦ)/੧੪੦੨) ਆਦਿ।

(ਨੋਟ: ‘ਸ਼ਾਬਾਸ਼ਿ, ਵਾਹੁ ਵਾਹੁ, ਬਲਿਹਾਰ, ਵਾਹ, ਵਾਹਿ’ ਆਦਿ ‘ਪ੍ਰਸੰਸਾ-ਵਾਚਕ ਵਿਸਮਿਕ’ ਸ਼ਬਦਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਥੋੜ੍ਹਾ ਵਿਸਰਾਮ ਦੇਣ ਨਾਲ, ਅਰਥ ਵਧੇਰੇ ਸਪੱਸ਼ਟ ਹੁੰਦੇ ਹਨ।)

(3). ਸ਼ੋਕ-ਵਾਚਕ ਵਿਸਮਿਕ ਜੋ ਮਨ ਦੀ ਗ਼ਮੀ ਪ੍ਰਗਟ ਕਰਨ; ਜਿਵੇਂ : ‘ਹਾਏ  ! , ਓਹੋ  ! , ਹਾਏ (ਰੱਬਾ)  ! , ਹਾਏ (ਮਾਂ)  ! , ਤੋਬਾ-ਤੋਬਾ  !’ ਆਦਿ। ਗੁਰਬਾਣੀ ਵਾਕ ਹਨ :

ਪਾਪੀ ਕਰਮ ਕਮਾਵਦੇ, ਕਰਦੇ ‘ਹਾਏ ਹਾਇ  !’ ॥ (ਮ:੫/੧੪੨੫)

‘ਹਾਇ ਹਾਇ !’ ਕਰੇ ਦਿਨੁ ਰਾਤਿ, ਮਾਇਆ ਦੁਖਿ ਮੋਹਿਆ ਜੀਉ॥ (ਮ:੪/੬੯੦)

‘ਹਾ ਹਾ !’ ਪ੍ਰਭ ! ਰਾਖਿ ਲੇਹੁ॥ ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ! ਕਰਿ ਕਿਰਪਾ ਅਪੁਨਾ ਨਾਮੁ ਦੇਹੁ॥ (ਮ:੫/੬੭੫), ਆਦਿ।

(4). ਹੈਰਾਨੀ-ਵਾਚਕ ਵਿਸਮਿਕ-ਜੋ ਮਨ ਦੀ ਹੈਰਾਨੀ (ਅਚਰਜਤਾ, ਚਕਿਤ) ਪ੍ਰਗਟ ਕਰਨ; ਜਿਵੇਂ : ‘ ਹੈਂ  ! , ਵਾਹ-ਵਾਹ  ! , ਓਹ !, ਆ + ਹਾ + ਹਾ + ਹਾ  ! ’ ਆਦਿ। ਗੁਰਬਾਣੀ ਵਾਕ ਹਨ:

‘ਵਾਹੁ ਵਾਹੁ  ! ’ ਕਿਆ ਖੂਬੁ ਗਾਵਤਾ ਹੈ  ?॥ ਹਰਿ ਕਾ ਨਾਮੁ; ਮੇਰੈ ਮਨਿ, ਭਾਵਤਾ ਹੈ॥ (ਭਗਤ ਕਬੀਰ / ੪੭੮)

ਭਗਤਿ ਤੇਰੀ ‘ਹੈਰਾਨੁ’, ਦਰਦੁ ਗਵਾਵਹੀ॥ (ਮ:੧/੪੨੨), ਆਦਿ।

(5). ਫਿਟਕਾਰ-ਵਾਚਕ ਵਿਸਮਿਕ ਜੋ ਮਨ ਵਿੱਚੋਂ ਫਿਟਕਾਰ ਜਾਂ ਲਾਹਨਤਾਂ ਦੇ ਭਾਵ ਪ੍ਰਗਟ ਕਰਨ; ਜਿਵੇਂ : ‘ਬੇ ਸ਼ਰਮ ! , ਲੱਖ ਲਾਹਨਤਾਂ (ਤੈਨੂੰ), ਫਿੱਟੇ ਮੂੰਹ ! , ਰੱਬ ਦੀ ਮਾਰ !, ਲਾਜ (ਸ਼ਰਮ) ਨਹੀਂ ! , ਧਿਰਕਾਰ  ! , ਧ੍ਰਿਗ !, ਫਿਟੁ ਜਾਂ ਫਿਟੁ ਫਿਟੁ ! ’ ਆਦਿ। ਗੁਰਬਾਣੀ ਵਾਕ ਹਨ:

‘ਫਿਟੁ’ ਇਵੇਹਾ ਜੀਵਿਆ, ਜਿਤੁ ਖਾਇ ਵਧਾਇਆ ਪੇਟੁ॥ (ਮ:੧/੭੯੦)

ਬਿਨੁ ਨਾਵੈ ਧ੍ਰਿਗੁ ਵਾਸੁ, ‘ਫਿਟੁ’ ਸੁ ਜੀਵਿਆ॥ (ਮ:੧/੧੪੮)

ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਤਿਸ ਨੋ ‘ਫਿਟੁ ਫਿਟੁ’ ਕਹੈ ਸਭੁ ਸੰਸਾਰੁ॥ (ਮ:੪/੩੦੨)

ਬਿਨੁ ਨਾਵੈ ਕਿਆ ਜੀਵਨਾ ? ‘ਫਿਟੁ’ ਧ੍ਰਿਗੁ ਚਤੁਰਾਈ॥ (ਮ:੧/੪੨੨)

ਜਿਨਿ ਕੀਤੀ ਤਿਸੈ ਨ ਜਾਣਈ, ਨਾਨਕ ! ‘ਫਿਟੁ’ ਅਲੂਣੀ ਦੇਹ॥ (ਮ:੫/੫੫੩), ਆਦਿ।

(6). ਸਤਿਕਾਰ-ਵਾਚਕ ਵਿਸਮਿਕ-ਜੋ, ਮਨ ਤੋਂ ਕਿਸੇ ਲਈ ਸਤਿਕਾਰ ਦੇ ਭਾਵ ਪ੍ਰਗਟ ਕਰਨ; ਜਿਵੇਂ : ‘ਜੀ ਆਇਆਂ ਨੂੰ ! , ਆਓ ਜੀ ! , ਆਈਏ ਜੀ  !, (ਸਾਡੇ) ਧੰਨ ਭਾਗ ਜੀ !’ ਆਦਿ। ਗੁਰਬਾਣੀ ਵਾਕ ਹਨ:

‘ਧਨਿ ਧੰਨਿ’ ਹਮਾਰੇ ਭਾਗ, ਘਰਿ ਆਇਆ ਪਿਰੁ ਮੇਰਾ॥ (ਮ:੫/੮੪੭)

‘ਆਉ ਜੀ !’ ਤੂ ਆਉ ਹਮਾਰੈ, ਹਰਿ ਜਸੁ ਸ੍ਰਵਨ ਸੁਨਾਵਨਾ॥ (ਮ:੫/੧੦੧੮)

‘ਆਵਹੁ ਸਜਣਾ !’ ਹਉ ਦੇਖਾ ਦਰਸਨੁ ਤੇਰਾ, ਰਾਮ॥ (ਮ:੧/੭੬੪), ਆਦਿ।

(7). ਅਸੀਸ-ਵਾਚਕ ਵਿਸਮਿਕ ਜੋ ਕਿਸੇ ਲਈ ਅਸ਼ੀਰਵਾਦ ਦੇ ਭਾਵ ਪ੍ਰਗਟ ਕਰਨ; ਜਿਵੇਂ : ‘ਖ਼ੁਸ਼ ਰਹੋ !, (ਤੂੰ) ਜਿਉਂਦਾ ਰਹਿ !, ਭਲਾ ਹੋਵੇ! , ਵਧੇਂ-ਫੁੱਲੇਂ ’ ਆਦਿ। ਗੁਰਬਾਣੀ ਵਾਕ ਹਨ:

ਅਵਰੁ ਨ ਕੋਊ ਮਾਰਨਵਾਰਾ॥ ‘ਜੀਅਉ !’ ਹਮਾਰਾ, ਜੀਉ ਦੇਨਹਾਰਾ॥ (ਮ:੫/੩੯੧)

ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ॥ ‘ਜੁਗੁ ਜੁਗੁ ਜੀਵਉ !’ ਮੇਰੀ ਅਬ ਕੀ ਧਰੀ॥ (ਭਗਤ ਕਬੀਰ/੪੮੩), ਆਦਿ।

(8). ਇੱਛਿਆ-ਵਾਚਕ ਵਿਸਮਿਕ ਜੋ ਮਨ ਦੀ ਚਾਹਤ ਪ੍ਰਗਟ ਕਰਨ ; ਜਿਵੇਂ : ‘ਜੇ ਕਦੇ ! ਜਾਂ ਅਗਰ ! (ਅਜਿਹਾ ਹੁੰਦਾ), ਕਾਸ਼ !, ਮਤੁ (ਭਾਵ ਸ਼ਾਇਦ), ਬਖਸ਼ ਲੈ’ ਆਦਿ। ਗੁਰਬਾਣੀ ਵਾਕ ਹਨ:

ਬਖਸਨਹਾਰ ! ‘ਬਖਸਿ ਲੈ’, ਨਾਨਕ  ! ਪਾਰਿ ਉਤਾਰ॥ (ਮ:੫/੨੬੧)

ਨਿਰਗੁਣੀਆਰੇ ਕਉ ‘ਬਖਸਿ ਲੈ’, ਸੁਆਮੀ ! ਆਪੇ ਲੈਹੁ ਮਿਲਾਈ॥ (ਮ:੩/੧੩੩੩)

ਆਉ ! ਸਭਾਗੀ ਨੀਦੜੀਏ ! ‘ਮਤੁ’ ਸਹੁ ਦੇਖਾ ਸੋਇ॥ (ਮ:੧/੫੫੮)

ਹਉ ਖੜੀ ਨਿਹਾਲੀ ਪੰਧੁ; ‘ਮਤੁ’ ਮੂੰ ਸਜਣੁ ਆਵਏ॥ (ਮ:੪/੧੪੨੧), ਆਦਿ।

(ਨੋਟ: ਉਕਤ ਪੰਕਤੀਆਂ ਵਿੱਚ ਆਇਆ ਸ਼ਬਦ ‘ਮਤੁ’ ਦਾ ਅਰਥ ‘ਸ਼ਾਇਦ’ ਭਾਵ ‘ਇੱਛਿਆ-ਵਾਚਕ ਵਿਸਮਿਕ’ ਬਣਦਾ ਹੈ।)

(9). ਸੂਚਨਾ-ਵਾਚਕ ਵਿਸਮਿਕ ਜੋ ਸੁਚੇਤ ਕਰਨ ਲਈ ਵਰਤੇ ਜਾਣ; ਜਿਵੇਂ : ‘ਖ਼ਬਰਦਾਰ ! , ਠਹਿਰ ਜ਼ਰਾ ! , ਵੇਖੀਂ (ਕਿਤੇ ਡਿੱਗ ਜਾਵੇਂ) !, ਬੇਦਾਰ ! , ਹੁਸੀਆਰ !’ ਆਦਿ। ਗੁਰਬਾਣੀ ਵਾਕ ਹਨ:

ਦੁਨੀਆ ‘ਹੁਸੀਆਰ ਬੇਦਾਰ’, ਜਾਗਤ ਮੁਸੀਅਤ ਹਉ ਰੇ ਭਾਈ !॥ (ਭਗਤ ਕਬੀਰ/੯੭੨) ਭਾਵ ‘ਹੇ ਦੁਨਿਆ ਦੇ ਲੋਕੋ ! ਹੁਸ਼ਿਆਰ ਹੋ ਜਾਵੋ, ਬੇਦਾਰ (ਜਾਗਦੇ) ਰਹੋ ਕਿਉਂਕਿ ਤੁਸੀਂ ਸਰੀਰਕ ਅੱਖਾਂ ਬੰਦ ਕਰਨ ਤੋਂ ਬਿਨਾਂ ਹੀ ਮੁਸੀਅਤ (ਲੁਟੇ ਜਾ ਰਹੇ) ਹੋ।’, ਪੰਕਤੀ ਵਿੱਚ ‘ਹੁਸੀਆਰ’ ਅਤੇ ‘ਬੇਦਾਰ’ (ਦੋਵੇਂ) ਸ਼ਬਦ, ‘ਸੂਚਨਾ-ਵਾਚਕ ਵਿਸਮਿਕ’ ਹਨ (ਅਤੇ)

ਨਿਗਮ ‘ਹੁਸੀਆਰ’ ਪਹਰੂਆ; ਦੇਖਤ ਜਮੁ ਲੇ ਜਾਈ॥ (ਭਗਤ ਕਬੀਰ/੯੭੨) ਭਾਵ ‘ਨਿਗਮ (ਵੇਦ-ਸ਼ਾਸਤ੍ਰ ਆਦਿ) ਹੁਸ਼ਿਆਰ ਪਹਿਰੇਦਾਰਾਂ ਦੇ ਵੇਖਿਆਂ ਵੀ ਆਤਮਕ ਮੌਤ ਮਾਰ ਰਹੀ ਹੈ।’

ਉਪਰੋਕਤ 9 ਕਿਸਮਾਂ ਦੇ ਵਿਸਮਿਕ ਸ਼ਬਦ ਦਾ ਤੱਤ-ਸਾਰ ਇਹ ਹੈ ਕਿ ਮਨ ਨੂੰ ਪ੍ਰਭਾਵਤ, ਕਿਸੇ ਨਾਂਵ ਦੀ ਵਿਸ਼ੇਸ਼ਤਾ ਹੀ ਕਰਦੀ ਹੈ, ਨਾ ਕਿ ਨਾਂਵ, ਇਸ ਲਈ ਮਨ ਦੁਆਰਾ ਕੀਤਾ ਗਿਆ ਪ੍ਰਭਾਵ ਸਵੀਕਾਰ, ਹੀ ਅਸਲ ਵਿੱਚ ‘ਵਿਸਮਿਕ’ ਹੈ ; ਜਿਵੇਂ: ਫੁੱਲ ਦੀ ਸੁੰਦਰਤਾ (ਖ਼ੂਬਸੂਰਤੀ, ਚਮਕ ਆਦਿ) ਹੀ ਮਨ ਨੂੰ ਪ੍ਰਭਾਵਤ ਕਰਦੀ ਹੈ, ਨਾ ਕਿ ਫੁੱਲ (ਗੇਂਦਾ, ਕਮਲ ਆਦਿ ਨਾਂਵ।)। ਅਗਰ ਫੁੱਲ ਦੀ ਸੁੰਦਰਤਾ ਨਾ ਹੁੰਦੀ ਤਾਂ ਕਿਸੇ ਵੀ ਪੌਦੇ ਨੂੰ ਲੱਗਾ ਫੁੱਲ, ਮਨ ’ਤੇ ਪ੍ਰਭਾਵ ਨਹੀਂ ਪਾ ਸਕਦਾ।

ਗੁਰਬਾਣੀ ਵਿੱਚ ਦਰਜ, ਤਮਾਮ ਸ਼ਬਦ ਮਾਲਕ ਪ੍ਰਭੂ ਜਾਂ ਗੁਰੂ ਦੀ ਵਿਸ਼ੇਸ਼ਤਾ ਨੂੰ ਹੀ ਦਰਸਾਉਂਦੇ ਹਨ, ਨਾ ਕਿ ਉਨ੍ਹਾਂ ਦੇ ਨਾਵਾਂ ਨੂੰ। ਫਿਰ ਇਹ ਵੀ ਸਵਾਲ ਉੱਠਣਾ ਸੁਭਾਵਕ ਹੈ ਕਿ ਜਦ ਕੋਈ ਗੁਰਬਾਣੀ ਵਿੱਚ ਨਾਂਵ ਸ਼ਬਦ ਹੀ ਦਰਜ ਨਹੀਂ ਤਾਂ ਫਿਰ ਇਹ ਤਮਾਮ ਵਿਸ਼ੇਸ਼ਣ ਕਿਸ ਦੇ ਹਨ ? ਕਿਉਂਕਿ ਵਿਸ਼ੇਸ਼ਣਾਂ ਲਈ ਕਿਸੇ ਇੱਕ ‘ਨਾਉ’ ਦਾ ਹੋਣਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਗੁਰਬਾਣੀ ਇਸ ਦਾ ਜਵਾਬ ‘ਕਿਰਤਮ’ ਨਾਵਾਂ ਦੇ ਮੁਕਾਬਲੇ ‘ਸਤਿ ਨਾਮੁ’ ਰਾਹੀਂ ਬਿਆਨ ਕਰਦੀ ਹੈ; ਜਿਵੇਂ: ‘‘ਕਿਰਤਮ ਨਾਮ ਕਥੇ, ਤੇਰੇ ਜਿਹਬਾ॥ ਸਤਿ ਨਾਮੁ ਤੇਰਾ ਪਰਾ ਪੂਰਬਲਾ॥’’ (ਮ:੫/੧੦੮੩) ਭਾਵ ‘ਸਰਗੁਣ (ਆਕਾਰ) ਨੂੰ ਚਲਾਉਣ ਵਾਲੀ ਕੇਵਲ ਇੱਕ ਅਦ੍ਰਿਸ਼ (ਨਿਰਗੁਣ) ਸ਼ਕਤੀ ਹੈ, ਜੋ ‘‘ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ! ਹੋਸੀ ਭੀ ਸਚੁ॥’’ ਹੈ, ਜਿਸ ਦੇ ਮੁਕਾਬਲੇ ਤਮਾਮ ਕਿਰਤਮ (ਮਨੁੱਖਾਂ ਵੱਲੋਂ ਬਣਾਏ ਗਏ) ਨਾਂਵ (ਭਾਵ ਵਿਸ਼ੇਸ਼ਣ) ਚਲਾਇਮਾਨ ਹਨ ‘‘ਦ੍ਰਿਸਟਿਮਾਨ ਹੈ ਸਗਲ ਬਿਨਾਸੀ॥’’ (ਮ:੫/੧੨੦੪) ਕਿਉਂਕਿ ਇਹ ਸਭ ਚਲਾਇਮਾਨ (ਨਾਸਵਾਨ) ਮਨੁੱਖਾਂ ਵੱਲੋਂ ਹੀ ਬਣਾਏ ਗਏ ਹਨ, ਇਨ੍ਹਾਂ ਦੀ ਸਮਾਪਤੀ ਨਾਲ਼ ਹੀ ਕਿਰਤਮ ਨਾਮ ਖ਼ਤਮ ਹੋ ਜਾਣਗੇ।

ਗੁਰਬਾਣੀ, ਕਿਸੇ ‘ਨਾਂਵ ਵਾਚੀ ਸ਼ਬਦ’ ਨੂੰ ਜਪਣ ਲਈ ਪ੍ਰੇਰਿਤ ਨਹੀਂ ਕਰਦੀ ਬਲਕਿ ‘ਵਿਸ਼ੇਸ਼ਣ’ ਸ਼ਬਦ ਜਪਣ (ਗਾਉਣ) ਲਈ ਪ੍ਰੇਰਦੀ ਹੈ ਕਿਉਂਕਿ ਮਨ ਨੂੰ ਪ੍ਰਭਾਵਤ ਵਿਸ਼ੇਸ਼ਣ ਸ਼ਬਦਾਂ ਨੇ ਹੀ ਕਰਨਾ ਹੈ; ਜਿਵੇਂ ਕਿ ਗੁਰਬਾਣੀ ਫੁਰਮਾਨ ਹੈ ‘‘ਰਾਮੁ, ਰਾਮੁ, ਕਰਤਾ; ਸਭੁ ਜਗੁ ਫਿਰੈ; ਰਾਮੁ, ਨ ਪਾਇਆ ਜਾਇ।। ਅਗਮੁ, ਅਗੋਚਰੁ, ਅਤਿ ਵਡਾ; ਅਤੁਲੁ, ਨ ਤੁਲਿਆ ਜਾਇ।।’’ (ਮ:੩/੫੫੫) ਭਾਵ ਸਾਰਾ ਸਮਾਜ ਦਸਰਥ ਦੇ ਪੁੱਤਰ ‘ਰਾਮ’ (ਨਾਉਂ ਵਾਚੀ ਸ਼ਬਦ) ਨੂੰ ਗਾਉਂਦਾ ਫਿਰਦਾ ਹੈ ਇਉਂ ਸਰਬ ਵਿਆਪਕ (ਵਿਸ਼ੇਸ਼ਣ ਰੂਪ ਰਾਮ, ਕਿਰਤਮ ਨਾਮ) ਨਾ ਪਾਇਆ ਜਾਏ ਕਿਉਂਕਿ ਉਹ ਸਰਬ ਵਿਆਪਕ (ਰਾਮ) ਗਿਆਨ ਇੰਦ੍ਰਿਆਂ ਦੀ ਪਕੜ ਤੋਂ ਉੱਪਰ, ਅਤੁੱਲ, ਬਹੁਤ ਵੱਡਾ ਹੈ, ਜਿਸ ਨੂੰ ਦੁਨਿਆਵੀ ਮਾਪ (ਹਿਸਾਬ, ਸਮਝ, ਪਦਾਰਥਾਂ ਆਦਿ) ਰਾਹੀਂ ਤੋਲਿਆ ਨਹੀਂ ਜਾ ਸਕਦਾ।

ਕਿਸੇ ਨਾਂਵ ਦੀ ਵਿਸ਼ੇਸ਼ਤਾ ਰਾਹੀਂ, ਮਨ ’ਤੇ ਪਏ ਪ੍ਰਭਾਵ ਉਪਰੰਤ ਜੋ ਜ਼ਿੰਦਗੀ ਵਿੱਚ ਅਨੁਭਵ ਮਹਿਸੂਸ ਹੁੰਦਾ ਹੈ ਉਸ ਨੂੰ ਹੀ ‘ਵਿਸਮਿਕ’ (ਅਸਚਰਜ) ਕਿਹਾ ਜਾਂਦਾ ਹੈ ਅਜਿਹੀ ਅਵਸਥਾ ਦਾ ਵਰਣਨ ਗੁਰਬਾਣੀ ਦੇ ਇਨ੍ਹਾਂ ਵਾਕਾਂ ਰਾਹੀਂ ਕੀਤਾ ਗਿਆ ਹੈ:

ਤਿਥੈ ਨਾਦ ਬਿਨੋਦ ਕੋਡ ਅਨੰਦੁ।। (ਜਪੁ, ਮ:੧/੭)

ਵਿਸਮਾਦੁ ਨਾਦ, ਵਿਸਮਾਦੁ ਵੇਦ ।।.. ਵਿਸਮਾਦੁ ਨੇੜੈ, ਵਿਸਮਾਦੁ ਦੂਰਿ।। (ਮ:੧/੪੬੪)

ਅਸ੍ਚਰਜ ਰੂਪੰ, ਰਹੰਤ ਜਨਮੰ।। (ਮ:੫/੧੩੫੯), ਆਦਿ।

ਸੋ, ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਇਹ ਤਮਾਮ ‘ਵਿਸਮਿਕ’, ਕੇਵਲ ਮਾਣੇ (ਅਨੁਭਵ) ਹੀ ਕੀਤੇ ਜਾ ਸਕਦੇ ਹਨ, ਨਾ ਕਿ ਗੁੰਗੇ ਦੁਆਰਾ ਖਾਧੀ ਗਈ ਮਿਠਿਆਈ ਵਾਙ ਕਿਸੇ ਸਾਹਮਣੇ ਬਿਆਨ ਕੀਤੇ ਜਾ ਸਕਦੇ ਹਨ, ਬਿਆਨ ਕੇਵਲ ਕਿਰਤਮ ਨਾਮ (ਨਾਂਵ, ਪੜਨਾਂਵ, ਵਿਸ਼ੇਸ਼ਣ) ਹੀ ਹੁੰਦੇ ਹਨ।

Conjunction word (Part 1)

0

ਗੁਰਬਾਣੀ ਵਿਚ ਦਰਜ ‘ਯੋਜਕ’ ਸ਼ਬਦ ਦੀ ਬਹੁ ਪੱਖੀ ਵੀਚਾਰ (ਭਾਗ ਪਹਿਲਾ)

ਪਿਛਲੇ ਲੇਖ ’ਚ ਵੀਚਾਰ ਕੀਤੀ ਗਈ ਸੀ ਕਿ ‘ਵਿਸਮਿਕ’ ਸ਼ਬਦ ਕੀ ਹੁੰਦਾ ਹੈ ਪਰ ਅੱਜ ਦਾ ਵਿਸ਼ਾ ਹੈ ਕਿ ‘ਯੋਜਕ’ ਕੀ ਹੁੰਦਾ ਹੈ ਅਤੇ ਗੁਰਬਾਣੀ ਲਿਖਤ ’ਚ ਇਸ ਦਾ ‘ਕਿੰਨਾ’ ਅਤੇ ‘ਕਿਸ ਤਰ੍ਹਾਂ’ ਨਾਲ ਪ੍ਰਯੋਗ ਕੀਤਾ ਹੋਇਆ ਮਿਲਦਾ ਹੈ। 

‘ਯੋਜਕ’ ਸ਼ਬਦ ਦਾ ਅਰਥ ਹੁੰਦਾ ਹੈ ‘ਜੋੜਨ ਵਾਲਾ’। ਜਿਹੜਾ ਸ਼ਬਦ, ਦੋ ਸ਼ਬਦਾਂ (ਜਿਵੇਂ: ਰਾਮ ‘ਤੇ’ ਲਛਮਣ), ਦੋ ਵਾਕੰਸ਼ਾਂ (ਜਿਵੇਂ: ਅਯੋਧਿਆ ਦਾ ਰਾਜਾ ਰਾਮ ‘ਅਤੇ’ ਉਸ ਦਾ ਭਰਾ ਲਛਮਣ।) ਜਾਂ ਦੋ ਵਾਕਾਂ (ਜਿਵੇਂ: ਰਾਮ ਮਿਲਣ ਆਇਆ ‘ਪਰ’ ਲਛਮਣ ਘਰਨਹੀਂ ਸੀ।) ਨੂੰ ਜੋੜੇ, ਉਸ ਨੂੰ ਯੋਜਕ (Conjunction) ਕਿਹਾ ਜਾਂਦਾ ਹੈ। ਇਨ੍ਹਾਂ ਉਕਤ ਵਾਕਾਂ ਵਿੱਚ ‘ਤੇ, ਅਤੇ, ਪਰ’ ਯੋਜਕ ਸ਼ਬਦ ਹਨ। ਇਹ ਦੋ ਪ੍ਰਕਾਰ ਦੇ ਹੁੰਦੇ ਹਨ: (ੳ). ਸਮਾਨ ਯੋਜਕ (Co-ordinate Conjunctions) (ਅ). ਅਧੀਨ ਯੋਜਕ (Sub-ordinate Conjunctions)

(ੳ). ‘ਸਮਾਨ ਯੋਜਕ’ ਜੋ ਯੋਜਕ, ਦੋ ਸਮਾਨ (ਬਰਾਬਰ) ਸੁਤੰਤਰ ਸ਼ਬਦਾਂ, ਸੁਤੰਤਰ ਵਾਕੰਸ਼ਾਂ ਜਾਂ ਸੁਤੰਤਰ ਵਾਕਾਂ ਨੂੰ ਜੋੜਨ, ਉਨ੍ਹਾਂ ਨੂੰ‘ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ‘ਚੰਡੀਗੜ੍ਹ ਪੰਜਾਬ ‘ਅਤੇ’ ਹਰਿਆਣਾ ਦੀ ਰਾਜਧਾਨੀ ਹੈ।, ਵਾਕ ਵਿੱਚ ‘ਅਤੇ’ ਸ਼ਬਦ‘ਸਮਾਨ ਯੋਜਕ’ ਹੈ।

(ਅ). ‘ਅਧੀਨ ਯੋਜਕ’– ਜੋ ਸ਼ਬਦ, ਇੱਕ ਮਿਸ਼ਰਤ (mixed) ਵਾਕ ਵਿੱਚੋਂ ‘ਪ੍ਰਧਾਨ ਉਪ-ਵਾਕ’ ਅਤੇ ‘ਅਧੀਨ ਉਪ-ਵਾਕਾਂ’ ਨੂੰ ਆਪਸ ਵਿੱਚ ਜੋੜਨ, ਉਨ੍ਹਾਂ ਨੂੰ ‘ਅਧੀਨ ਯੋਜਕ’ ਕਿਹਾ ਜਾਂਦਾ ਹੈ। ਇਨ੍ਹਾਂ ਦੋਵੇਂ ਵਾਕਾਂ (‘ਪ੍ਰਧਾਨ ਉਪ-ਵਾਕ’ ਅਤੇ ‘ਅਧੀਨ ਉਪ-ਵਾਕਾਂ’) ਵਿੱਚੋਂ ਜ਼ਿਆਦਾਤਰ ‘ਅਧੀਨ ਉਪ-ਵਾਕ’ ਹੀ ‘ਪ੍ਰਧਾਨ ਉਪ-ਵਾਕਾਂ’ ਦੀ ਕਿਰਿਆ ਨੂੰ ਸਪਸ਼ਟ ਕਰਦੇ ਹਨ, ਇਸ ਲਈ ਇਨ੍ਹਾਂ ਯੋਜਕਾਂ ਦਾ ਨਾਮ ਹੀ ‘ਅਧੀਨ ਯੋਜਕ’ ਰੱਖਿਆ ਗਿਆ ਹੈ; ਜਿਵੇਂ: (1). ‘ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ‘ਕਿ’ ‘ਕਿਰਤ ਕਰੋ, ਨਾਮ ਜਪੋ ‘ਤੇ’ ਵੰਡ ਕੇ ਛਕੋ।’ ਇਸ ਮਿਸ਼ਰਤ ਵਾਕ ਵਿੱਚ ‘ਗੁਰੂ ਨਾਨਕ ਸਾਹਿਬ ਜੀ ਨੇ ਕਿਹਾ’ ‘ਪ੍ਰਧਾਨ ਉਪ-ਵਾਕ’ ਹੈ,ਜਿਸ ਦੀ ਕਿਰਿਆ ਨੂੰ ‘ਕਿਰਤ ਕਰੋ, ਨਾਮ ਜਪੋ ‘ਤੇ’ ਵੰਡ ਕੇ ਛਕੋ।’ (‘ਅਧੀਨ ਉਪ-ਵਾਕ’) ਸਪਸ਼ਟ ਕਰਦਾ ਹੈ। ਇਸ ਲਈ ਇਸ ਮਿਸ਼ਰਤ ਵਾਕ ਵਿੱਚ ‘ਕਿ’ ਸ਼ਬਦ ‘ਅਧੀਨ ਯੋਜਕ’ ਹੈ।

‘ਸਮਾਨ ਯੋਜਕਾਂ’ ਵਾਙ ਅਗਰ ‘ਅਧੀਨ ਯੋਜਕ’ (ਕਿ) ਨੂੰ ਹਟਾ ਦਿੱਤਾ ਜਾਵੇ ਤਾਂ ਇਸ ਮਿਸ਼ਰਤ ਵਾਕ (‘ਪ੍ਰਧਾਨ ਉਪ-ਵਾਕ’ ਤੇ‘ਅਧੀਨ ਉਪ-ਵਾਕ’ ਦੇ ਜੋੜ) ਰਾਹੀਂ ‘ਪ੍ਰਧਾਨ ਉਪ-ਵਾਕ’ (‘ਗੁਰੂ ਨਾਨਕ ਸਾਹਿਬ ਜੀ ਨੇ ਕਿਹਾ’) ਕੋਈ ਸਪਸ਼ਟ ਵਾਕ ਨਹੀਂ ਰਹਿ ਜਾਂਦਾ।

ਅਗਰ ਇਸ ਮਿਸ਼ਰਤ ਵਾਕ ਵਿੱਚੋਂ ‘ਗੁਰੂ ਨਾਨਕ ਸਾਹਿਬ ਜੀ ਨੇ ਕਿਹਾ’ (ਪ੍ਰਧਾਨ ਉਪ-ਵਾਕ) ਅਲੱਗ ਕਰ ਦਿੱਤਾ ਜਾਵੇ ਤਾਂ ‘ਕਿਰਤ ਕਰੋ, ਨਾਮ ਜਪੋ ‘ਤੇ’ ਵੰਡ ਕੇ ਛਕੋ।’ ਸੁਤੰਤਰ ਵਾਕ ਰਹਿ ਜਾਂਦਾ ਹੈ, ਜਿਸ ਵਿੱਚ ਦਰਜ ‘ਤੇ’ ਸ਼ਬਦ ‘ਸਮਾਨ ਯੋਜਕ’ ਹੈ, ਨਾ ਕਿ‘ਅਧੀਨ ਯੋਜਕ’ ਕਿਉਂਕਿ ‘ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ’ (ਤਿੰਨੇ) ਹੀ ਸੁਤੰਤਰ ਵਾਕ ਹਨ, ਜਿਨ੍ਹਾਂ ਨੂੰ ਮਿਸ਼ਰਤ ਵਾਕ (‘ਪ੍ਰਧਾਨ ਉਪ-ਵਾਕ’ ਤੇ ‘ਅਧੀਨ ਉਪ-ਵਾਕ’ ਦਾ ਸੁਮੇਲ) ਨਹੀਂ ਕਿਹਾ ਜਾ ਸਕਦਾ, ਤਾਂ ਜੋ ‘ਅਧੀਨ ਯੋਜਕ’ ਮੰਨ ਲਿਆ ਜਾਵੇ।

(2). ‘ਰਾਮ ਸਕੂਲ ਨਹੀਂ ਆਇਆ ‘ਕਿਉਂਕਿ’ ਉਹ ਬਿਮਾਰ ਹੈ।’, ਇਸ ਮਿਸ਼ਰਤ ਵਾਕ ਵਿੱਚ ‘ਕਿਉਂਕਿ’ ਸ਼ਬਦ ‘ਅਧੀਨ ਯੋਜਕ’ਹੈ, ਨਾ ਕਿ ‘ਸਮਾਨ ਯੋਜਕ’।

(ਭਾਗ-1)

‘ਸਮਾਨ ਯੋਜਕ’ (ਦੋ ਸੁਤੰਤਰ ਸਮਾਨ ਵਾਕਾਂ ਜਾਂ ਸਮਾਨ ਉਪਵਾਕਾਂ ਨੂੰ ਜੋੜਨ ਵਾਲੇ ਯੋਜਕ) ਚਾਰ ਪ੍ਰਕਾਰ ਦੇ ਹੁੰਦੇ ਹਨ:

(1). ‘ਸਮੁੱਚੀ ਸਮਾਨ ਯੋਜਕ’:– ਜੋ ‘ਸਮਾਨ ਯੋਜਕ’, ਦੋ ਸਮਾਨ ਸ਼ਬਦਾਂ ਜਾਂ ਵਾਕਾਂ ਨੂੰ ਸਧਾਰਨ ਤੌਰ ’ਤੇ ਜੋੜ ਕੇ ‘ਸਮੁੱਚਾ, (ਇਕੱਠਾ, ਸਮੂਹਕ) ਭਾਵ’ ਪ੍ਰਗਟ ਕਰਨ, ਉਨ੍ਹਾਂ ਨੂੰ ‘ਸਮੁੱਚੀ ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ਰਾਮ ‘ਅਤੇ’ ਸ਼ਾਮ ਪੜ੍ਹਦੇ ਹਨ।, ਉਹ ‘ਨਾ-ਕੇਵਲ’ ਗਾਉਂਦਾ ਹੈ ‘ਸਗੋਂ’ ਲੇਖਕ ਵੀ ਹੈ।’ ਇਨ੍ਹਾਂ ਵਾਕਾਂ ਵਿੱਚ ‘ਅਤੇ, ਨਾ-ਕੇਵਲ, ਸਗੋਂ ’ (ਕੁਲ 3) ਸ਼ਬਦ‘ਸਮੁੱਚੀ ਸਮਾਨ ਯੋਜਕ’ ਹਨ।

(ਨੋਟ: ਤਮਾਮ ਯੋਜਕ ਸ਼ਬਦਾਂ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਸਰਾਮ ਚਿੰਨ੍ਹਾਂ ਦਾ ਪ੍ਰਯੋਗ ਕਰਨਾ ਅਣਉਚਿਤ ਹੈ; ਜਿਵੇਂ: ‘ਰਾਮ, ਤੇ ਸਾਮ ਪੜ੍ਹਦੇ ਹਨ ਜਾਂ ਉਹ ਆਏ, ਤੇ ਚਲੇ ਗਏ।’)

ਗੁਰਬਾਣੀ ਵਿੱਚ ‘ਸਮੁੱਚੀ ਸਮਾਨ ਯੋਜਕ’ ਸ਼ਬਦ ਹਨ ‘ਅਤੈ, ਤੈ, ਅਉ, ਅਰੁ, ਅਵਰ, ਅਵਰੁ’ ਆਦਿ, ਜਿਨ੍ਹਾਂ ਦਾ ਅਰਥ ਹੈ ‘ਤੇ’ਜਾਂ ‘ਅਤੇ’; ਜਿਵੇਂ:

(ੳ). ‘ਅਤੈ’ (ਭਾਵ ‘ਅਤੇ’) ਗੁਰਬਾਣੀ ਵਿੱਚ ਇਹ (ਯੋਜਕ) ਸ਼ਬਦ 6 ਵਾਰ ਦਰਜ ਹਨ; ਜਿਵੇਂ:

‘‘ਨਦੀਆ ‘ਅਤੈ’ ਵਾਹ (ਨਾਲੇ); ਪਵਹਿ ਸਮੁੰਦਿ ਨ ਜਾਣੀਅਹਿ ॥’’ (ਜਪੁ/ਮ:੧)

‘‘ਪੜਿਆ ‘ਅਤੈ’ ਓਮੀਆ (ਅਣਪੜ੍ਹ); ਵੀਚਾਰੁ ਅਗੈ ਵੀਚਾਰੀਐ ॥’’ (ਮ: ੧/੪੬੯)

‘‘ਗੋਹੇ ‘ਅਤੈ’ ਲਕੜੀ; ਅੰਦਰਿ ਕੀੜਾ ਹੋਇ॥’’ (ਮ:੧/੪੭੨)

‘‘ਨਾਨਕ! ਮੇਲੁ ਨ ਚੁਕਈ; ਰਾਤੀ ‘ਅਤੈ’ ਡੇਹ (ਦਿਨ)॥’’ (ਮ:੩/੬੪੪)

‘‘ਸਿਖੀ ‘ਅਤੈ’ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮)

‘‘ਰਾਤੀ ‘ਅਤੈ’ ਡੇਹੁ; ਨਾਨਕ ! ਪ੍ਰੇਮਿ ਸਮਾਇਆ ॥’’ (ਮ: ੪/੧੪੨੨)

(ਅ). ‘ਤੈ’ (ਭਾਵ ‘ਤੇ’) ਗੁਰਬਾਣੀ ਵਿੱਚ ਇਹ (ਯੋਜਕ) ਸ਼ਬਦ 33 ਵਾਰ ਦਰਜ ਹਨ; ਜਿਵੇਂ:

‘‘ਆਖਹਿ ਗੋਪੀ ‘ਤੈ’ ਗੋਵਿੰਦ ॥’’ (ਜਪੁ /ਮ: ੧/੬)

‘‘ਜੇਤਾ ਊਡਹਿ ਦੁਖ ਘਣੇ; ਨਿਤ ਦਾਝਹਿ ‘ਤੈ’ ਬਿਲਲਾਹਿ ॥’’ (ਮ: ੩/੬੬)

‘‘ਕਟੀਅਹਿ ‘ਤੈ’ ਨਿਤ ਜਾਲੀਅਹਿ; (ਕਿਉਂਕਿ) ਓਨਾ (ਦੀ ਮਦਦ ਲਈ) ਸਬਦੁ ਨ ਨਾਉ ॥’’ (ਮ: ੩/੬੬)

‘‘ਆਪਿ ਸੁਣੈ ‘ਤੈ’ ਆਪੇ ਵੇਖੈ ॥’’ (ਮ: ੩/੧੧੦)

‘‘ਆਪਿ ਕਰੇ ‘ਤੈ’ ਆਪਿ ਕਰਾਏ ॥’’ (ਮ: ੩/੧੧੧)

‘‘ਹਰਿ! ਤੁਧੈ ਸੇਵੀ ‘ਤੈ’ ਤੁਧੁ ਸਾਲਾਹੀ ॥’’ (ਮ: ੩/੧੧੨)

‘‘ਕੂੜੁ ਲਿਖਹਿ ‘ਤੈ’ ਕੂੜੁ ਕਮਾਵਹਿ; ਜਲਿ ਜਾਵਹਿ, ਕੂੜਿ ਚਿਤੁ ਲਾਵਣਿਆ ॥’’ (ਮ: ੩/੧੨੩)

‘‘ਹਉ ਹਉ ਕਰੇ ‘ਤੈ’ ਆਪੁ ਜਣਾਏ ॥’’ (ਮ: ੩/੧੨੭) (ਭਾਵ ਹੰਕਾਰ ਕਰਦਾ ਹੈ ਤੇ ਆਪਣੇ ਆਪ ਨੂੰ ਵੱਡਾ ਸਮਝਦਾ ਹੈ।)

‘‘ਆਪਿ ਉਪਾਏ ‘ਤੈ’ ਆਪੇ ਵੇਖੈ ॥’’ (ਮ: ੩/੧੨੯)

‘‘ਵੇਖੁ ਜਿ ਮਿਠਾ (ਗੰਨਾ) ਕਟਿਆ; ਕਟਿ ਕੁਟਿ ਬਧਾ ਪਾਇ ॥ ਖੁੰਢਾ ਅੰਦਰਿ (ਗੰਨਾ ਵੇਲਣੇ ਦੀਆਂ ਲੱਠਾਂ ’ਚ) ਰਖਿ ਕੈ, ਦੇਨਿ ਸੁ ਮਲ (ਗੰਨੇ ਨੂੰ ਦਬਾ ਕੇ ਰਸ ਕੱਢਣ ਵਾਲੇ) ਸਜਾਇ ॥ ਰਸੁ ਕਸੁ (ਰਹੁ, ਰਸ) ਟਟਰਿ (ਕੜਾਹੇ ਵਿੱਚ) ਪਾਈਐ; ਤਪੈ ‘ਤੈ’ ਵਿਲਲਾਇ ॥’’ (ਮ: ੧/੧੪੩)

‘‘ਭਗਤਾ ‘ਤੈ’ ਸੈਸਾਰੀਆ; ਜੋੜੁ ਕਦੇ ਨ ਆਇਆ ॥’’ (ਮ: ੧/੧੪੫)

‘‘ਜੀਆ ਮਾਰਿ ਜੀਵਾਲੇ ਸੋਈ; ਅਵਰੁ ਨ ਕੋਈ ਰਖੈ ॥ (ਪਰ ਸ੍ਰੇਵੜੇ) ਦਾਨਹੁ ‘ਤੈ’ ਇਸਨਾਨਹੁ ਵੰਜੇ (ਖੁੰਝੇ); ਭਸੁ ਪਈ ਸਿਰਿ ਖੁਥੈ ॥’’ (ਮ: ੧/੧੫੦) (ਭਾਵ ਜੀਵਾਂ ਨੂੰ ਮਾਰਨ ਤੇ ਜੀਉਂਦੇ ਰੱਖਣ ਵਾਲਾ ਉਹੀ (ਰੱਬ) ਹੈ ਪਰ ਸ੍ਰੇਵੜੇ ਪਾਣੀ ਦੇ ਪ੍ਰਯੋਗ ਨਾਲ ਤੇ ਕਿਰਤ ਰਾਹੀਂ ਹੋਣ ਵਾਲੀ ਜੀਵ-ਹੱਤਿਆ ਦੇ ਡਰ ਕਾਰਨ ਨਹਾਉਂਦੇ ਨਹੀਂ ਤੇ (ਕਮਾਈ ਨਾ ਕਰਨ ਕਾਰਨ) ਦਾਨ (ਕਿਸੇ ਦੀ ਮਦਦ) ਵੀ ਨਹੀਂ ਕਰ ਸਕਦੇ ਤੇ ਸਿਰ ’ਤੇ ਸੁਆਹ ਪਈ ਹੋਣ ਕਾਰਨ ਕੇਵਲ ਖੁਜਲੀ ਕਰਦੇ ਰਹਿੰਦੇ ਹਨ।)

‘‘ਕਥਨੀ ਕਰੇ ‘ਤੈ’ ਮਾਇਆ ਨਾਲਿ ਲੂਝੈ ॥’’ (ਮ: ੩/੧੬੦)

‘‘ਆਪਿ ਕਰੇ ‘ਤੈ’ ਆਪਿ ਕਰਾਏ ॥’’ (ਮ: ੩/੪੨੪)

‘‘ਚੋਰਾ ਜਾਰਾ ‘ਤੈ’ ਕੂੜਿਆਰਾ; ਖਾਰਾਬਾ, (ਭੈੜ) ਵੇਕਾਰ ॥’’ (ਮ: ੧/੪੬੬)

‘‘ਧੋਤੀ ਟਿਕਾ ‘ਤੈ’ ਜਪਮਾਲੀ; ਧਾਨੁ ਮਲੇਛਾਂ ਖਾਈ ॥’’ (ਮ: ੧/੪੭੧)

‘‘ਅਵਰੁ ਦੂਜਾ ਕਿਉ ਸੇਵੀਐ; ਜੰਮੈ ‘ਤੈ’ ਮਰਿ ਜਾਇ ॥’’ (ਮ: ੩/੫੦੯)

‘‘ਵੇਦ ਪੜਹਿ ‘ਤੈ’ ਵਾਦ ਵਖਾਣਹਿ; ਬਿਨੁ ਹਰਿ ਪਤਿ ਗਵਾਈ ॥’’ (ਮ: ੩/੬੩੮)

‘‘ਫਿਰਿ ਫਿਰਿ ਮਿਲਣੁ ਨ ਪਾਇਨੀ; ਜੰਮਹਿ ‘ਤੈ’ ਮਰਿ ਜਾਹਿ ॥’’ (ਮ: ੩/੬੪੫)

‘‘ਸੁਇਨਾ ਰੁਪਾ ਰੰਗੁਲਾ (ਸੋਹਣਾ); ਮੋਤੀ ‘ਤੈ’ ਮਾਣਿਕੁ ਜੀਉ ॥’’ (ਮ: ੧/੭੬੨)

‘‘ਪੰਦ੍ਰਹ ਥਿਤਂੀ ‘ਤੈ’ ਸਤ ਵਾਰ ॥’’ (ਮ: ੩/੮੪੨)

‘‘ਰਤਨਾ ਕੇਰੀ (ਦੀ) ਗੁਥਲੀ, ਰਤਨੀ ਖੋਲੀ ਆਇ ॥ ਵਖਰ (ਨਾਮ-ਵਸਤੂ) ‘ਤੈ’ ਵਣਜਾਰਿਆ (ਭਾਵ ਸਿੱਖਾਂ) , ਦੁਹਾ ਰਹੀ ਸਮਾਇ ॥’’ (ਮ: ੨/੯੫੪)

‘‘ਉਗਵਣਹੁ (ਸੁਭ੍ਹਾ, ਸਵੇਰ) ‘ਤੈ’ ਆਥਵਣਹੁ (ਸ਼ਾਮ, ਆਥਣ), ਚਹੁ ਚਕੀ ਕੀਅਨੁ ਲੋਆ (ਪ੍ਰਕਾਸ਼)॥’’ (ਬਲਵੰਡ ਸਤਾ/੯੬੮)

‘‘ਮਾਮੇ ‘ਤੈ’ ਮਾਮਾਣੀਆ; ਭਾਇਰ (ਭਾਈ), ਬਾਪ ਨ ਮਾਉ (ਮਾਂ)॥’’ (ਮ: ੧/੧੦੧੫)

‘‘ਕਿਸੁ ਸੇਵੀ ‘ਤੈ’ ਕਿਸੁ ਸਾਲਾਹੀ ? ॥’’ (ਮ: ੩/੧੦੪੮)

‘‘ਨਾਮੁ ਜਪੀ ‘ਤੈ’ ਨਾਮੁ ਧਿਆਈ; ਮਹਲੁ ਪਾਇ, ਗੁਣ ਗਾਹਾ ਹੇ ॥’’ (ਮ: ੩/੧੦੫੪)

‘‘ਆਪਿ ਕਰੇ ‘ਤੈ’ ਆਪਿ ਕਰਾਏ ॥ ਗੁਰ ਪਰਸਾਦੀ; ਕਿਸੈ ਬੁਝਾਏ ॥’’ (ਮ: ੩/੧੦੬੨)

‘‘ਗੁਰ ਕੀ ਬਾਣੀ; ਸਭ ਮਾਹਿ ਸਮਾਣੀ ॥ ਆਪਿ ਸੁਣੀ ‘ਤੈ’ ਆਪਿ ਵਖਾਣੀ ॥’’ (ਮ: ੫/੧੦੭੫)

‘‘ਤੇਰੀ ਗਤਿ ਮਿਤਿ; ਤੂਹੈ ਜਾਣਹਿ ॥ ਤੂ ਆਪੇ ਕਥਹਿ ‘ਤੈ’ ਆਪਿ ਵਖਾਣਹਿ ॥’’ (ਮ: ੫/੧੦੮੩)

‘‘ਬਚਨੁ ਕਰੇ ‘ਤੈ’ ਖਿਸਕਿ ਜਾਇ; ਬੋਲੇ ਸਭੁ ਕਚਾ ॥’’ (ਮ: ੫/੧੦੯੯)

‘‘ਹਰਣਾਂ ਬਾਜਾਂ ‘ਤੈ’ ਸਿਕਦਾਰਾਂ; ਏਨ੍ਾ ਪੜਿ੍ਆ ਨਾਉ ॥’’ (ਮ: ੧/੧੨੮੮)

‘‘ਜੋ ਹਰਿ ਛੋਡਿ, ਦੂਜੈ ਭਾਇ ਲਾਗੈ; ਓਹੁ ਜੰਮੈ ‘ਤੈ’ ਮਰਿ ਜਾਇ ॥’’ (ਮ: ੩/੧੩੩੪)

(ੲ). ‘ਅਉ’ (‘ਔ’ (ਰ) ਭਾਵ ‘ਅਤੇ’) ਗੁਰਬਾਣੀ ਵਿੱਚ ਇਹ (ਯੋਜਕ) ਸ਼ਬਦ ਕੇਵਲ 1 ਵਾਰ ਦਰਜ ਹਨ; ਜਿਵੇਂ:

‘‘ਲੋਭ ਮੋਹ ਮਾਇਆ ਮਮਤਾ ਫੁਨਿ ‘ਅਉ’ ਬਿਖਿਅਨ ਕੀ ਸੇਵਾ॥’’ (ਮ:੯/੨੨੦)

(ਸ). ‘ਅਰੁ’ (ਭਾਵ ‘ਅਤੇ’) ਗੁਰਬਾਣੀ ਵਿੱਚ ਇਹ (ਯੋਜਕ) ਸ਼ਬਦ 162 ਵਾਰ ਦਰਜ ਹਨ; ਜਿਵੇਂ:

‘‘ਮੇਰਾ ਤਨੁ ‘ਅਰੁ’ ਧਨੁ ਮੇਰਾ; ਰਾਜ ਰੂਪ ਮੈ ਦੇਸੁ॥’’ (ਮ:੫/੪੭)

‘‘ਜਾਣੈ ਨਾਹੀ ਜੀਤ ‘ਅਰੁ’ ਹਾਰ॥’’ (ਮ:੫/੧੮੦)

‘‘ਤੀਰਥਿ ਨਾਇ ‘ਅਰੁ’ ਧਰਨੀ ਭ੍ਰਮਤਾ; ਆਗੈ ਠਉਰ ਨ ਪਾਵੈ॥’’ (ਮ:੫/੨੧੬)

‘‘ਭ੍ਰਿੰਗ ਪਤੰਗੁ ਕੁੰਚਰੁ ‘ਅਰੁ’ ਮੀਨਾ॥’’ (ਮ:੧/੨੨੫)

‘‘ਗੁਰੁ ਸੇਵਹੁ ‘ਅਰੁ’ ਨਾਮੁ ਧਿਆਵਹੁ; ਤਿਆਗਹੁ ਮਨਹੁ ਗੁਮਾਨੀ ॥’’ (ਮ: ੫/੨੧੬)

‘‘ਜੋ ਤਨੁ ਤੈ ਅਪਨੋ ਕਰਿ ਮਾਨਿਓ ‘ਅਰੁ’ ਸੁੰਦਰ ਗ੍ਰਿਹ ਨਾਰੀ ॥’’ (ਮ: ੯/੨੨੦)

‘‘ਗਿਰਿ, ਤਰ, ਧਰਣਿ, ਗਗਨ ‘ਅਰੁ’ ਤਾਰੇ ॥’’ (ਮ: ੫/੨੩੭)

‘‘ਦਿਨਸੁ, ਰੈਣਿ, ਬਰਤ ‘ਅਰੁ’ ਭੇਦਾ ॥’’ (ਮ: ੫/੨੩੭)

‘‘ਜਾਤਿ, ਵਰਨ, ਤੁਰਕ ‘ਅਰੁ’ ਹਿੰਦੂ ॥’’ (ਮ: ੫/੨੩੭)

‘‘ਸੋਚ ਕਰੈ; ਦਿਨਸੁ ‘ਅਰੁ’ ਰਾਤਿ ॥’’ (ਮ: ੫/੨੬੫)

‘‘ਕਈ ਕੋਟਿ; ਬੇਦ, ਪੁਰਾਨ, ਸਿਮ੍ਰਿਤਿ ‘ਅਰੁ’ ਸਾਸਤ ॥’’ (ਮ: ੫/੨੭੬)

‘‘ਕਈ ਕੋਟਿ; ਖਾਣੀ ‘ਅਰੁ’ ਖੰਡ ॥’’ (ਮ: ੫/੨੭੬)

‘‘ਸੰਤ ਕਾ ਨਿੰਦਕੁ; ਦੁਖੀਆ ‘ਅਰੁ’ ਦੀਨੁ ॥’’ (ਮ: ੫/੨੮੦)

‘‘ਸੁਤ, ਮੀਤ, ਕੁਟੰਬ ‘ਅਰੁ’ ਬਨਿਤਾ ॥’’ (ਮ: ੫/੨੮੮)

‘‘ਪਰਹਰੁ; ਲੋਭੁ ‘ਅਰੁ’ ਲੋਕਾਚਾਰੁ ॥’’ (ਭਗਤ ਕਬੀਰ/ ੩੨੪), ਆਦਿ।

(ਹ). ‘ਅਉਰ’ (‘ਔਰ’ ਭਾਵ ‘ਅਤੇ’) ਗੁਰਬਾਣੀ ਵਿੱਚ ਇਹ ਸ਼ਬਦ 23 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ਹੁੰਦਾ ਹੈ‘ਹੋਰ’ (ਪੜਨਾਂਵ); ਜਿਵੇਂ:

‘‘ਨਾਨਕ! ਦਾਤਾ ਏਕੁ ਹੈ; ਦੂਜਾ ਅਉਰੁ (ਹੋਰ) ਨ ਕੋਇ ॥’’ (ਮ: ੩/੬੫)

‘‘ਓਹੁ ਹਮਾਰੈ ਮਾਥੈ ਕਾਇਮੁ; ਅਉਰੁ (ਹੋਰ) ਹਮਰੈ ਨਿਕਟਿ ਨ ਆਵੈ ॥’’ (ਭਗਤ ਕਬੀਰ/੪੭੬)

‘‘ਹਉ, ਹਰਿ ਬਿਨੁ; ਅਉਰੁ (ਹੋਰ) ਨ ਦੇਖਾ ॥’’ (ਭਗਤ ਕਬੀਰ/੬੫੫)

‘‘ਏਕੋ ਵੇਖੈ ਅਉਰੁ (ਹੋਰ) ਨ ਕੋਇ ॥’’ (ਮ: ੩/੧੧੭੩), ਆਦਿ।

ਪਰ ਜਦ ‘ਅਉਰ’ ਸ਼ਬਦ, ਦੋ ਨਾਂਵ ਸ਼ਬਦਾਂ ਦੇ ਵਿਚਕਾਰ ਦਰਜ ਹੋਵੇ ਤਾਂ ਇਹ ‘ਪੜਨਾਂਵ’ ਨਹੀਂ ਬਲਕਿ ‘ਯੋਜਕ’ ਹੁੰਦਾ ਹੈ, ਜਿਸ ਦਾ ਅਰਥ ਹੁੰਦਾ ਹੈ ‘ਅਤੇ’ (ਯੋਜਕ), ਨਾ ਕਿ ‘ਹੋਰ’ (ਪੜਨਾਂਵ); ਜਿਵੇਂ ਕੇਵਲ 2 ਵਾਰ ਦਰਜ ਹੈ:

‘‘ਪੀਰ, ਪੈਕਾਮਰ, ਸਾਲਕ, ਸਾਦਕ; ਸੁਹਦੇ ‘ਅਉਰੁ’ ਸਹੀਦ ॥’’ (ਮ: ੧/੫੩) (‘ਅਉਰ’ ਭਾਵ ‘ਅਤੇ’)

‘‘ਇੜਾ, ਪਿੰਗੁਲਾ ਅਉਰੁ ਸੁਖਮਨਾ; ਪਉਨੈ ਬੰਧਿ ਰਹਾਉਗੋ ॥’’ (ਭਗਤ ਨਾਮਦੇਵ/੯੭੩) (‘ਅਉਰ’ ਭਾਵ ‘ਅਤੇ’)

(ਕ). ‘ਅਵਰ’ (ਭਾਵ ‘ਅਤੇ’) ‘ਅਵਰ’ ਸ਼ਬਦ ਗੁਰਬਾਣੀ ਵਿੱਚ 112 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ਹੁੰਦਾ ਹੈ‘ਹੋਰ’ (ਪੜਨਾਂਵ); ਜਿਵੇਂ:

‘‘ਏਕੋ ਸਬਦੁ ਵੀਚਾਰੀਐ, ‘ਅਵਰ’ ਤਿਆਗੈ ਆਸ ॥’’ (ਮ: ੧/੧੮)

‘‘ਹਰਿ ਬਿਨੁ, ‘ਅਵਰ’ ਕ੍ਰਿਆ ਬਿਰਥੇ ॥’’ (ਮ: ੫/੨੧੬)

‘‘ਰਹਤ ‘ਅਵਰ’, ਕਛੁ ਅਵਰ ਕਮਾਵਤ ॥’’ (ਮ: ੫/੨੬੯)

‘‘ਅਵਰ’’ ਉਪਦੇਸੈ, ਆਪਿ ਨ ਕਰੈ ॥’’ (ਮ: ੫/੨੬੯), ਆਦਿ। 

ਪਰ ਜਦ ‘ਅਵਰ’ ਸ਼ਬਦ, ਦੋ ਨਾਂਵ ਸ਼ਬਦਾਂ ਦੇ ਵਿਚਕਾਰ ਦਰਜ ਹੋਵੇ ਤਾਂ ਇਹ ‘ਪੜਨਾਂਵ’ ਨਹੀਂ ਬਲਕਿ ‘ਯੋਜਕ’ ਹੁੰਦਾ ਹੈ, ਜਿਸ ਦਾ ਅਰਥ ਹੁੰਦਾ ਹੈ ‘ਅਤੇ’ (ਯੋਜਕ), ਨਾ ਕਿ ‘ਹੋਰ’ (ਪੜਨਾਂਵ); ਜਿਵੇਂ 6 ਵਾਰ ਦਰਜ ਹੈ:

‘‘ਇਕ ਹਿੰਦਵਾਣੀ ‘ਅਵਰ’ ਤੁਰਕਾਣੀ, ਭਟਿਆਣੀ, ਠਕੁਰਾਣੀ॥’’ (ਮ:੧/੪੧੮) (‘ਅਵਰ’ ਭਾਵ ‘ਅਤੇ’)

‘‘ਮਤਾ ਮਸੂਰਤਿ ‘ਅਵਰ’ ਸਿਆਨਪ; ਜਨ ਕਉ ਕਛੂ ਨ ਆਇਓ॥’’ (ਮ:੫/੪੯੮) (‘ਅਵਰ’ ਭਾਵ ‘ਅਤੇ’)

‘‘ਖਾਟ ਮਾਂਗਉ ਚਉਪਾਈ ॥ ਸਿਰਹਾਨਾ ‘ਅਵਰ’ ਤੁਲਾਈ॥’’ (ਭਗਤ ਕਬੀਰ/੬੫੬) (‘ਅਵਰ’ ਭਾਵ ‘ਅਤੇ’)

‘‘ਚਾਕਰੀਆ, ਚੰਗਿਆਈਆ ‘ਅਵਰ’ ਸਿਆਣਪ, ਕਿਤੁ॥’’ (ਮ:੧/੭੨੯) (‘ਅਵਰ’ ਭਾਵ ‘ਅਤੇ’)

‘‘ਸਿਮਰਹਿ, ਨਖੵਤ੍ਰ ‘ਅਵਰ’ ਧ੍ਰੂ ਮੰਡਲ; ਨਾਰਦਾਦਿ, ਪ੍ਰਹਲਾਦਿ ਵਰਾ (ਸ੍ਰੇਸ਼ਟ)॥’’ (ਭਟ ਕਲੵ /੧੩੯੩) (‘ਅਵਰ’ ਭਾਵ ‘ਅਤੇ’)

‘‘ਜਿਸਹਿ ਧਾਰ੍ਯਿਉ ਧਰਤਿ ‘ਅਰੁ’ ਵਿਉਮੁ (ਆਕਾਸ਼) ‘ਅਰੁ’ ਪਵਣੁ, ਤੇ (ਉਹ) ਨੀਰ ਸਰ ‘ਅਵਰ’ ਅਨਲ (ਅੱਗ) ਅਨਾਦਿ (ਅੰਨ ਆਦਿ) ਕੀਅਉ (ਪੈਦਾ ਕੀਤਾ ਹੈ)॥’’ (ਭਟ ਨਲੵ /੧੩੯੯) (‘ਅਵਰ’ ਭਾਵ ‘ਅਤੇ’)

(ਖ). ‘ਅਵਰੁ’ (ਭਾਵ ‘ਅਤੇ’) ‘ਅਵਰੁ’ ਸ਼ਬਦ ਗੁਰਬਾਣੀ ਵਿੱਚ 347 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ਹੈ ‘ਹੋਰ’(ਪੜਨਾਂਵ); ਜਿਵੇਂ:

‘‘ਤੁਧੁ ਬਿਨੁ ਦੂਜਾ ਅਵਰੁ ਨ ਕੋਇ ॥’’ (ਮ: ੪/੧੨)

‘‘ਮੇਰੇ ਰਾਮ! ਮੈ ਹਰਿ ਬਿਨੁ, ਅਵਰੁ ਨ ਕੋਇ ॥’’ (ਮ: ੩/੨੭)

‘‘ਮੇਰੇ ਮਨ! ਗੁਰ ਜੇਵਡੁ, ਅਵਰੁ ਨ ਕੋਇ ॥’’ (ਮ: ੫/੪੯), ਆਦਿ।

ਪਰ ਜਦ ‘ਅਵਰੁ’ ਸ਼ਬਦ, ਦੋ ਨਾਂਵ ਸ਼ਬਦਾਂ ਦੇ ਵਿਚਕਾਰ ਦਰਜ ਹੋਵੇ ਤਾਂ ਇਹ ‘ਯੋਜਕ’ ਹੁੰਦਾ ਹੈ, ਜਿਸ ਦਾ ਅਰਥ ਹੁੰਦਾ ਹੈ ‘ਅਤੇ’; ਜਿਵੇਂ ਕੇਵਲ 1 ਵਾਰ ਦਰਜ ਹੈ:

‘‘ਅੰਬਰੀਕੁ ਜਯਦੇਵ ਤ੍ਰਿਲੋਚਨੁ ਨਾਮਾ ‘ਅਵਰੁ’ ਕਬੀਰੁ ਭਣੰ ॥’’ (ਭਟ ਬਲੵ /੧੪੦੫) (‘ਅਵਰੁ’ ਭਾਵ ‘ਅਤੇ’)

(2). ‘ਵਿਕੱਲਪੀ ਸਮਾਨ ਯੋਜਕ’:– ਜੋ ‘ਸਮਾਨ ਯੋਜਕ’ ਸ਼ਬਦ, ਦੋ ਸੁਤੰਤਰ ਵਾਕਾਂ ਨੂੰ ਜੋੜਦਿਆਂ, ਆਪਸੀ ਵਟਾਂਦਰੇ ਦਾ ਭਾਵ ਪ੍ਰਗਟ ਕਰਨ, ਉਨ੍ਹਾਂ ਨੂੰ ‘ਵਿਕੱਲਪੀ ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ‘ਬੇਸ਼ੱਕ’ ਤੂੰ ਆ ਜਾਵੀਂ ‘ਜਾਂ’ ਹੋਰ ਨੂੰ ਭੇਜ ਦੇਣਾ।,ਬਿਲ ‘ਚਾਹੇ’ ਉਹ ਭਰੇ ‘ਜਾਂ’ ਤੂੰ ਭਰ।, ਉਹ ਇੱਥੇ ਆਵੇ ‘ਭਾਵੇਂ’ ਮੈਂ ਜਾਵਾਂ।, ਤੂੰ ਉੱਥੇ ਜਾਹ ‘ਬੇਸ਼ੱਕ’ ਉਹ ਜਾਵੇ।, ਤੂੰ ਲੇਟ ਜਾਹ ‘ਨਹੀਂ ਤਾਂ’ ਖੜ੍ਹਾ ਹੋ ਜਾਹ।’, ਇਨ੍ਹਾਂ ਵਾਕਾਂ ਵਿੱਚ ‘ਬੇਸ਼ੱਕ, ਜਾਂ, ਚਾਹੇ, ਭਾਵੇਂ, ਨਹੀਂ ਤਾਂ’ ਸ਼ਬਦ ‘ਵਿਕੱਲਪੀ ਸਮਾਨ ਯੋਜਕ’ ਹਨ।

ਗੁਰਬਾਣੀ ਵਿੱਚ ‘ਵਿਕੱਲਪੀ ਸਮਾਨ ਯੋਜਕ’ ਸ਼ਬਦ ਹਨ ‘ਕੈ, ਭਾਵੈ, ਅਕੈ, ਕਿ, ਨਾਤਰੁ, ਨਾਹੀ ਤ’ ਆਦਿ, ਜਿਨ੍ਹਾਂ ਦਾ ਅਰਥ ਹੈ‘ਜਾਂ, ਭਾਵੇਂ, ਚਾਹੇ, ਬੇਸ਼ੱਕ’ ਆਦਿ।

(ਨੋਟ: ਅਗਰ ਵਾਕ ਵਿੱਚ ‘ਵਿਕੱਲਪੀ ਸਮਾਨ ਯੋਜਕ’ ਸ਼ਬਦ ਕੇਵਲ ਇੱਕ ਹੀ ਦਰਜ ਹੋਵੇ ਤਾਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਵਿਸਰਾਮ ਦੇਣਾ, ਬਹੁਤ ਹੀ ਸੰਕੋਚ ਮੰਗਦਾ ਹੈ ਪਰ ਮੈਂ ਆਮ ਗੁਰਸਿੱਖ ਦੀ ਸਮਝ ਲਈ ਕੁਝ ਕੁ ਵਿਸਰਾਮ (ਵਾਧੂ) ਦੇ ਰਿਹਾ ਹਾਂ; ਜਿਵੇਂ:

(ੳ). ‘ਕੈ’ (ਭਾਵ ‘ਜਾਂ, ਭਾਵੇਂ, ਚਾਹੇ, ਬੇਸ਼ੱਕ’) ਗੁਰਬਾਣੀ ਵਿੱਚ ‘ਕੈ’ ਸ਼ਬਦ 1794 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ਕੇਵਲ 13 ਵਾਰ‘ਵਿਕੱਲਪੀ ਸਮਾਨ ਯੋਜਕ’ ਹੈ; ਜਿਵੇਂ :

(ਧਿਆਨ ਰਹੇ ਕਿ ਕੇਵਲ ਪੁੱਠੇ ਕਾਮਿਆਂ ’ਚ ਬੰਦ ‘ਕੈ’ ਸ਼ਬਦ ਹੀ ‘ਵਿਕੱਲਪੀ ਸਮਾਨ ਯੋਜਕ’ ਸ਼ਬਦ ਹੈ।)

‘‘ਸੁਇਨੇ ਕੈ ਪਰਬਤਿ ਗੁਫਾ ਕਰੀ ‘ਕੈ’ ਪਾਣੀ ਪਇਆਲਿ ॥’’ (ਮ: ੧/੧੩੯) (ਭਾਵ ਸੋਨੇ ਦੇ ਪਰਬਤ ਵਿੱਚ ਗੁਫ਼ਾ ਕਰਾਂ ਜਾਂ ਹੇਠਾਂ ਪਾਤਾਲ ਵਿੱਚ।)

‘‘ਕੈ’ ਵਿਚਿ ਧਰਤੀ, ‘ਕੈ’ ਆਕਾਸੀ; ਉਰਧਿ ਰਹਾ ਸਿਰਿ ਭਾਰਿ ॥’’ (ਮ: ੧/੧੩੯) (ਭਾਵ ਜਾਂ ਧਰਤੀ ਵਿੱਚ ਜਾਂ ਆਕਾਸ਼ ਵਿੱਚ ਜਾਂ ਪੁੱਠਾ ਸਿਰ ਭਾਰ ਰਹਾਂ।)

‘‘ਰਾਤਿ ਦਿਹੈ ‘ਕੈ’, ਵਾਰ; ਧੁਰਹੁ ਫੁਰਮਾਇਆ ॥’’ (ਮ: ੧/੧੫੦) (‘ਰਾਤਿ ਕੈ ਦਿਹੈ’ ਭਾਵ ਰਾਤ ਹੋਵੇ ਭਾਵੇਂ ਦਿਨ, (ਰੱਬੀ) ‘ਵਾਰ’(ਜਸ ਜਾਂ ਸਿਫ਼ਤ ਕਰਨੀ) ਗਾਉਣੀ ਧੁਰੋਂ ਹੁਕਮ ਹੈ।)

‘‘ਕੈ’ ਬੰਧੈ, ‘ਕੈ’ ਡਾਨਿ ਲੇਇ; ‘ਕੈ’ ਨਰਪਤਿ ਮਰਿ ਜਾਇਆ ॥’’ (ਮ: ੪/੧੬੬) (ਰਾਜਾ, ਆਪਣੇ ਨੌਕਰ ਨੂੰ ਭਾਵੇਂ ਬੰਨ ਲਵੇ ਜਾਂ ਸਜਾ ਦੇਵੇ ਬੇਸ਼ੱਕ ਰਾਜਾ ਹੀ ਮਰ ਜਾਵੇ (ਭਾਵ ਨੌਕਰੀ ਜਾਣ ਕਾਰਨ ਨੌਕਰ ਹੀ ਨਿਆਸਰਾ ਹੋਵੇਗਾ, ਦੁੱਖੀ ਹਮੇਸ਼ਾ ਨੌਕਰ ਹੀ ਰਹੇਗਾ।)

‘‘ਰਾਮੁ ਬਡਾ ‘ਕੈ’ ਰਾਮਹਿ ਜਾਨਿਆ ॥’’ (ਭਗਤ ਕਬੀਰ/੩੩੧) (ਭਾਵ ਰਾਮ (ਪ੍ਰਭੂ) ਵੱਡਾ (ਆਦਰਯੋਗ) ਹੈ ਜਾਂ ਜਿਸ ਨੇ ਰਾਮ ਨੂੰ ਜਾਣ ਲਿਆ।)

‘‘ਭਾਵੈ ਜੀਵਉ ‘ਕੈ’ ਮਰਉ; ਦੂਰਹੁ ਹੀ ਭਜਿ ਜਾਹਿ ॥’’ (ਮ: ੩/੭੮੭) (ਜਾਂ ਮਰਾਂ ਬੇਸ਼ੱਕ ਜੀਵਾਂ)

‘‘ਕਰਤੇ ਕੀ ਮਿਤਿ ਕਰਤਾ ਜਾਣੈ ‘ਕੈ’ ਜਾਣੈ ਗੁਰੁ ਸੂਰਾ ॥’’ (ਮ: ੧/੯੩੦) (ਭਾਵ ਕਰਤਾਰ ਦਾ ਵਡੱਪਣ, ਕਰਤਾਰ ਆਪ ਜਾਣਦਾ ਹੈ ਜਾਂ ਗੁਰੂ ਸੂਰਮਾ।)

‘‘ਕਹਤ ਕਬੀਰੁ, ਜੀਤਿ ‘ਕੈ’ ਹਾਰਿ ॥’’ (ਭਗਤ ਕਬੀਰ/੧੧੫੯) (ਭਾਵ ਜੀਤ ਚਾਹੇ ਹਾਰ)

‘‘ਜਿਨਿ ਏਹ ਪ੍ਰੀਤਿ ਲਾਈ, ਸੋ ਜਾਨੈ; ‘ਕੈ’ ਜਾਨੈ ਜਿਸੁ ਮਨਿ ਧਰੈ ॥’’ (ਮ: ੪/੧੨੬੩) (ਭਾਵ ਜਿਸ ਨੇ ਪ੍ਰੀਤ ਪਾਈ (ਅਸਲ ਭੇਦ, ਗੁਪਤ ਗੱਲ) ਉਹ ਜਾਣਦਾ ਹੈ ਜਾਂ ਜੋ ਸ਼ਰਧਾ ਧਰੇ।)

‘‘ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ‘ਕੈ’ ਕਾਲਿ ॥’’ (ਮ: ੯/੧੪੨੯) (ਭਾਵ ਅੱਜ ਭਾਵੇਂ ਕੱਲ ਮਰਨਾ ਸਭ ਨੇ ਹੈ।)

‘‘ਕੈ’ ਜਾਨੈ ਆਪਨ ਧਨੀ; ‘ਕੈ’ ਦਾਸੁ ਦੀਵਾਨੀ ਹੋਇ ॥’’ (ਭਗਤ ਕਬੀਰ/੧੩੭੩) (ਭਾਵ ਰੱਬੀ ਭੇਤ ਨੂੰ ਜਾਂ ਖੁਦ ਰੱਬ ਜਾਣਦਾ ਹੈ ਜਾਂ ਉਸ ਦਾ ਦਰਬਾਰੀ ਸੇਵਕ (ਉਸ ਦੀ ਹਜ਼ੂਰੀ ਵਿੱਚ ਰਹਿਣ ਵਾਲਾ)

‘‘ਕੈ’ ਸੰਗਤਿ ਕਰਿ ਸਾਧ ਕੀ; ‘ਕੈ’ ਹਰਿ ਕੇ ਗੁਨ ਗਾਇ ॥’’ (ਭਗਤ ਕਬੀਰ/੧੩੬੫) (ਭਾਵੈਂ ਗੁਰੂ ਦੀ ਸੰਗਤ ਕਰ ਬੇਸ਼ੱਕ ਰੱਬੀ ਗੁਣ ਗਾ।)

‘‘ਮਨ ਕੀ ਬਿਰਥਾ, ਮਨੁ ਹੀ ਜਾਨੈ; ‘ਕੈ’ ਬੂਝਲ ਆਗੈ ਕਹੀਐ ॥’’ (ਭਗਤ ਨਾਮਦੇਵ/੧੩੫੦) (ਮਨ ਦੀ ਅਸਲ ਪੀੜਾ, ਮਨ ਆਪ ਜਾਣਦਾ ਹੈ ਜਾਂ ਮਨ ਦੀ ਪੀੜਾ ਨੂੰ ਬੁਝਣ (ਸਮਝਣ) ਵਾਲੇ ਗੁਰੂ ਅੱਗੇ ਬਿਆਨ ਕਰਨਾ ਚਾਹੀਦਾ ਹੈ।)

(ਅ). ‘ਅਕੈ’ (ਭਾਵ ‘ਜਾਂ’) ਇਹ (ਯੋਜਕ) ਸ਼ਬਦ ਗੁਰਬਾਣੀ ਵਿੱਚ ਕੇਵਲ 1 ਵਾਰ ਦਰਜ ਹੈ; ਜਿਵੇਂ:

‘‘ਜੇ ਕਿਸੈ ਕਿਹੁ (ਕੁਝ) ਦਿਸਿ ਆਵੈ, ਤਾ ਕੋਈ ਕਿਹੁ (ਕੁਝ) ਮੰਗਿ ਲਏ? ‘ਅਕੈ’ (ਜਾਂ) ਕੋਈ ਕਿਹੁ (ਕੁਝ ਧੱਕੇ ਨਾਲ) ਦੇਵਾਏ, (ਪਰ) ਏਹੁ ਹਰਿ ਧਨੁ ਜੋਰਿ ਕੀਤੈ, ਕਿਸੈ ਨਾਲਿ, ਨ ਜਾਇ ਵੰਡਾਇਆ॥’’ (ਮ:੪/੮੫੩) (ਭਾਵ ਜੇ ਦੁਨਿਆਵੀ ਪਦਾਰਥ ਕਿਸੇ ਕੋਲ ਕੁਝ ਦਿਸ ਪਏ ਤਾਂ ਉਸ ਤੋਂ ਕੋਈ ਕੁਝ ਮੰਗ ਲਵੇ ਜਾਂ ਕੋਈ (ਧੱਕੇ ਨਾਲ) ਕੁਝ ਦਿਵਾ ਦੇਵੇ (ਤਾਂ ਉਹ ਵਸਤੂ ਵੰਡੀ ਜਾ ਸਕਦੀ ਹੈ, ਗੁੰਮ ਹੋ ਸਕਦੀ ਹੈ ਪਰ) ਇਹ ਹਰੀ ਦਾ ਨਾਮ-ਧਨ ਕਿਸੇ ਨਾਲ ਜ਼ੋਰ ਕੀਤਿਆਂ ਵੰਡਿਆ (ਖੋਹਿਆ) ਨਹੀਂ ਜਾ ਸਕਦਾ ਭਾਵ ‘ਨਾਮ-ਧਨ ਦਾ ਵਿਕਾਸ (ਲਾਭ) ਪਿਆਰ ਨਾਲ ਹੁੰਦਾ ਹੈ ਜਦਕਿ ਦੁਨਿਆਵੀ ਵਸਤੂਆਂ ਦਾ ਵਿਕਾਸ ਧੱਕੇ ਨਾਲ ਹੁੰਦਾ ਹੈ।

(ੲ). ‘ਭਾਵੈ’ (ਭਾਵ ‘ਬੇਸ਼ੱਕ, ਚਾਹੇ’) ਗੁਰਬਾਣੀ ਵਿੱਚ ‘ਭਾਵੈ’ ਸ਼ਬਦ 487 ਵਾਰ ਦਰਜ ਹੈ, ਜਿਸ ਦਾ ਅਰਥ ਜ਼ਿਆਦਾਤਰ (ਗੁਰੂ ਨੂੰ) ‘ਪਸੰਦ ਹੋਵੇ’ ਜਾਂ (ਮਾਲਕ) ‘ਚਾਹੇ’ (ਕਿਰਿਆ ਵਾਚੀ) ਹੁੰਦਾ ਹੈ; ਜਿਵੇਂ 473 ਵਾਰ ਦਰਜ ਹੈ:

‘‘ਜਿਉ ਭਾਵੈ, ਤਿਉ ਰਾਖੁ ਤੂ; ਮੈ ਅਵਰੁ ਨ ਦੂਜਾ ਕੋਇ ॥’’ (ਮ: ੧/੨੦)

‘‘ਜੋ ਤਿਸੁ ਭਾਵੈ ਨਾਨਕਾ! ਕਾਗਹੁ ਹੰਸੁ ਕਰੇਇ ॥’’ (ਮ: ੧/੯੧)

‘‘ਸੋ ਜਨੁ ਹਮਰੈ; ਮਨਿ ਚਿਤਿ ਭਾਵੈ ॥’’ (ਮ: ੪/੧੬੪)

‘‘ਤੁਧੁ ਭਾਵੈ; ਤਾ ਗਾਵਾ ਬਾਣੀ ॥’’ (ਮ: ੫/੧੮੦)

‘‘ਪ੍ਰਭ ਭਾਵੈ; ਤਾ ਪਾਥਰ ਤਰਾਵੈ ॥’’ (ਮ: ੫/੨੭੭)

‘‘ਨਾਨਕ! ਸੰਤ ਭਾਵੈ; ਤਾ ਓਇ ਭੀ ਗਤਿ ਪਾਹਿ ॥’’ (ਮ: ੫/੨੮੦)

‘‘ਦਾਤੈ, ਦਾਤਿ ਰਖੀ ਹਥਿ ਅਪਣੈ; ਜਿਸੁ ਭਾਵੈ ਤਿਸੁ ਦੇਈ ॥’’ (ਮ: ੩/੬੦੪)

‘‘ਮੇਰੇ ਠਾਕੁਰ ਹਾਥਿ ਵਡਾਈਆ ਭਾਈ! ਜੈ ਭਾਵੈ ਤੈ ਦੇਇ ॥’’ (ਮ: ੧/੬੩੭)

‘‘ਜੋ ਤਿਸੁ ਭਾਵੈ; ਸੁ ਆਰਤੀ ਹੋਇ ॥’’ (ਮ: ੧/੬੬੩)

‘‘ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ! ਕਿਉ ਧਨ ਸੇਜੈ ਜਾਏ ॥’’ (ਮ: ੧/੭੨੨)

‘‘ਸਰਵਰ ਹੰਸੁ ਦੂਰਿ ਨ ਹੋਈ; ਕਰਤੇ ਏਵੈ ਭਾਵੈ ॥’’ (ਮ: ੫/੯੬੦)

‘‘ਹਰਿ ਸੋ ਕਿਛੁ ਕਰੇ; ਜਿ ਹਰਿ ਕਿਆ ਸੰਤਾ ਭਾਵੈ ॥’’ (ਮ: ੫/੧੦੭੬)

‘‘ਐਸੋ ਭਾਉ ਬਿਦਰ ਕੋ ਦੇਖਿਓ; ਓਹੁ ਗਰੀਬੁ ਮੋਹਿ ਭਾਵੈ ॥’’ (ਭਗਤ ਕਬੀਰ/੧੧੦੫)

‘‘ਕਬਹੂ, ਖੀਰਿ ਖਾਡ ਘੀਉ ਨ ਭਾਵੈ ॥’’ (ਭਗਤ ਨਾਮਦੇਵ/੧੧੬੪)

‘‘ਜੋ ਤਿਸੁ ਭਾਵੈ ਨਾਨਕਾ! ਸਾਈ ਭਲੀ ਕਾਰ ॥’’ (ਮ: ੨/੧੨੩੯)

‘‘ਖਸਮੈ ਭਾਵੈ ਓਹਾ ਚੰਗੀ; ਜਿ ਕਰੇ ਖੁਦਾਇ ਖੁਦਾਇ ॥’’ (ਮ: ੧/੧੨੮੬)

‘‘ਇਹ ਤਉ ਬਸਤੁ ਗੁਪਾਲ ਕੀ; ਜਬ ਭਾਵੈ ਲੇਇ ਖਸਿ ॥’’ (ਭਗਤ ਕਬੀਰ/੧੩੬੮)

‘‘ਏਹੁ ਪਿਰਮੁ ਪਿਆਲਾ ਖਸਮ ਕਾ; ਜੈ ਭਾਵੈ ਤੈ ਦੇਇ ॥’’ (ਮ: ੩/੧੩੭੮)

‘‘ਕਹੁ ਨਾਨਕ, ਸੁਨਿ ਰੇ ਮਨਾ! ਹਰਿ ਭਾਵੈ ਸੋ ਹੋਇ ॥’’ (ਮ: ੯/੧੪੨੮), ਆਦਿ।

ਪਰ ਗੁਰਬਾਣੀ ਵਿੱਚ 12 ਵਾਰ ‘ਭਾਵੈ’ ਸ਼ਬਦ ‘ਵਿਕੱਲਪੀ ਸਮਾਨ ਯੋਜਕ’ ਹੈ, ਜਿਸ ਦਾ ਅਰਥ ਹੁੰਦਾ ਹੈ ‘ਬੇਸ਼ੱਕ, ਚਾਹੇ’; ਜਿਵੇਂ:

‘ਭਾਵੈ’ ਦੇਇ ਨ ਦੇਈ ਸੋਇ ॥ ਕੀਤੇ ਕੈ ਕਹਿਐ; ਕਿਆ ਹੋਇ ? ॥ (ਮ: ੧/੨੫) (ਭਾਵ ਉਹ ਮਾਲਕ ਦੇਵੇ ਚਾਹੇ ਨਾ ਦੇਵੇ, ਪੈਦਾ ਕੀਤੇ ਗਏ ਜੀਵਾਂ ਦੇ ਕਹਿਣ ਨਾਲ ਕੀ ਹੋ ਸਕਦਾ ਹੈ?))

ਕਹਿ ਕਬੀਰ, ਗੁਲਾਮੁ ਘਰ ਕਾ; ਜੀਆਇ ‘ਭਾਵੈ’ ਮਾਰਿ ॥ (ਭਗਤ ਕਬੀਰ/੩੩੮) (ਜੀਉਂਦਾ ਰੱਖ ਬੇਸ਼ੱਕ ਮਾਰ)

‘ਭਾਵੈ’ ਧੀਰਕ ‘ਭਾਵੈ’ ਧਕੇ; ਏਕ ਵਡਾਈ ਦੇਇ ॥ (ਮ: ੧/੩੪੯) (ਚਾਹੇ ਧੀਰਜ ਦੇਵੇ ਬੇਸ਼ੱਕ ਧੱਕੇ)

ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ ‘ਭਾਵੈ’ ਮਾਰਿ ॥ (ਮ: ੪/੫੨੭)

ਕੋਈ ਭਲਾ ਕਹਉ ‘ਭਾਵੈ’ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ॥ (ਮ: ੪/੫੨੮)

‘ਭਾਵੈ’ ਜੀਵਉ ‘ਕੈ’ ਮਰਉ; ਦੂਰਹੁ ਹੀ ਭਜਿ ਜਾਹਿ ॥ (ਮ: ੩/੭੮੭) (ਪਤੀ ਸੁਖੀ ਹੋਵੇ ਬੇਸ਼ੱਕ ਦੁਖੀ, ਔਖੇ ਵੇਲੇ ਕੋਈ ਨੇੜੇ ਨਹੀਂ ਖੜਦਾ।)

ਅਬ ਤੂ ਸੀਝੁ (ਸਫਲ ਹੋ); ‘ਭਾਵੈ’ ਨਹੀ ਸੀਝੈ ॥ (ਮ: ੫/੯੧੩)

ਇਸਤਰੀ ਪੁਰਖੈ ਖਟਿਐ ਭਾਉ ॥ ‘ਭਾਵੈ’ ਆਵਉ ‘ਭਾਵੈ’ ਜਾਉ ॥ (ਮ: ੧/੯੫੧) (ਪਤੀ ਦੀ ਕਮਾਈ ਨਾਲ ਪਤਨੀ ਦਾ ਪਿਆਰ ਹੈ, ਨਹੀਂ ਤਾਂ ਪਤੀ ਬੇਸ਼ੱਕ ਘਰ ਆਵੇ ਚਾਹੇ ਨਾ ਆਵੇ।)

ਮੋ ਕਉ ਘਾਲਿ ਜਾਰਿ; ‘ਭਾਵੈ’ ਮਾਰਿ ਡਾਰਿ ॥ (ਭਗਤ ਕਬੀਰ/੧੧੯੪) (ਮੈਨੂੰ ਸਾੜ ਦੇਹ ‘ਚਾਹੇ’ ਮਾਰ ਦੇਹ।)

ਤੇਰੀ ਭਗਤਿ ਨ ਛੋਡਉ; ‘ਭਾਵੈ’ ਲੋਗੁ ਹਸੈ ॥ (ਭਗਤ ਨਾਮਦੇਵ/੧੧੯੫)

ਭਾਵੈ ਲਾਂਬੇ ਕੇਸ ਕਰੁ; ‘ਭਾਵੈ’ ਘਰਰਿ ਮੁਡਾਇ ॥ (ਭਗਤ ਕਬੀਰ/੧੩੬੫)

ਭਗਤਿ ਨ ਛਾਡਉ ਰਾਮ ਕੀ; ‘ਭਾਵੈ’ ਨਿੰਦਉ ਲੋਗੁ ॥ (ਭਗਤ ਕਬੀਰ/੧੩੬੬)

(ਸ). ‘ਕਿ’ (ਭਾਵ ‘ਜਾਂ, ਭਾਵੇਂ’) ਗੁਰਬਾਣੀ ਵਿੱਚ ‘ਕਿ’ ਸ਼ਬਦ 101 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 24 ਵਾਰ ‘ਵਿਕੱਲਪੀ ਸਮਾਨ ਯੋਜਕ’ ਹੈ; ਜਿਵੇਂ:

‘‘ਘੜੀ ‘ਕਿ’ ਮੁਹਤਿ ‘ਕਿ’ ਚਲਣਾ; ਖੇਲਣੁ ਅਜੁ ‘ਕਿ’ ਕਲਿ ॥’’ (ਮ: ੧/੬੦) (‘ਕਿ’ ਭਾਵ ਜਾਂ)

‘‘ਮਹਰ ਮਲੂਕ ਕਹਾਈਐ; ਰਾਜਾ ਰਾਉ ‘ਕਿ’ ਖਾਨੁ ॥’’ (ਮ: ੧/੬੩) (‘ਕਿ’ ਭਾਵ ਜਾਂ)

‘‘ਘੜੀ ਮੁਹਤਿ ‘ਕਿ’ ਚਲਣਾ; ਦਿਲ! ਸਮਝੁ ਤੂੰ ਭਿ ਪਹੂਚੁ ॥’’ (ਮ: ੧/੬੪) (‘ਘੜੀ ਕਿ ਮੁਹਤਿ’ ਇੱਕ ਘੜੀ ਜਾਂ ਦੋ ਘੜੀ ’ਚ ਇੱਥੋਂ ਚਲਣਾ।)

‘‘ਆਪਿ ਭੁਲਾ ‘ਕਿ’ ਪ੍ਰਭਿ ਆਪਿ ਭੁਲਾਇਆ ॥’’ (ਮ: ੩/੧੬੧) (‘ਕਿ’ ਭਾਵ ਜਾਂ)

‘‘ਇਹੁ ਮਨੁ ਬਡਾ ‘ਕਿ’ ਜਾ ਸਉ ਮਨੁ ਮਾਨਿਆ ॥’’ (ਭਗਤ ਕਬੀਰ/੩੩੧) (‘ਕਿ’ ਭਾਵ ਜਾਂ)

‘‘ਬ੍ਰਹਮਾ ਬਡਾ ‘ਕਿ’ ਜਾਸੁ ਉਪਾਇਆ ॥’’ (ਭਗਤ ਕਬੀਰ/੩੩੧) (‘ਕਿ’ ਭਾਵ ਜਾਂ)

‘‘ਬੇਦੁ ਬਡਾ ‘ਕਿ’ ਜਹਾਂ ਤੇ ਆਇਆ ॥’’ (ਭਗਤ ਕਬੀਰ/੩੩੧) (‘ਕਿ’ ਭਾਵ ਜਾਂ)

‘‘ਤੀਰਥੁ ਬਡਾ ‘ਕਿ’ ਹਰਿ ਕਾ ਦਾਸੁ ॥’’ (ਭਗਤ ਕਬੀਰ/੩੩੧) (‘ਕਿ’ ਭਾਵ ਜਾਂ)

‘‘ਸਾਧੁ (ਗੁਰੂ) ਮਿਲੈ ਸਿਧਿ (ਸਫਲਤਾ) ਪਾਈਐ; ਕਿ (ਕੀ ਹਨ? ) ਏਹੁ ਜੋਗੁ ‘ਕਿ’ (ਜਾਂ) ਭੋਗੁ ? ॥’’ (ਭਗਤ ਕਬੀਰ/੩੩੫)

‘‘ਸਾਹਿਬੁ ਰੋਸੁ ਧਰਉ ‘ਕਿ’ ਪਿਆਰੁ ॥’’ (ਭਗਤ ਕਬੀਰ/੩੩੮) (‘ਕਿ’ ਭਾਵ ਜਾਂ)

‘‘ਆਗੈ ਸਹ (ਪਤੀ ਵਾਸਤੇ) ਭਾਵਾ ‘ਕਿ’ ਨ ਭਾਵਾ ॥’’ (ਮ: ੧/੩੫੭) (‘ਕਿ’ ਭਾਵ ਜਾਂ)

‘‘ਚਲਣੁ ਅਜੁ ‘ਕਿ’ ਕਲਿ੍; ਧੁਰਹੁ ਫੁਰਮਾਇਆ ॥’’ (ਮ: ੪/੩੬੯) (‘ਕਿ’ ਭਾਵ ਜਾਂ)

‘‘ਚਿਤਵਉ ਚਿਤਵਿ ਸਰਬ ਸੁਖ ਪਾਵਉ; ਆਗੈ ਭਾਵਉ ‘ਕਿ’ ਨ ਭਾਵਉ ॥’’ (ਮ: ੫/੪੦੧) (‘ਕਿ’ ਭਾਵ ਜਾਂ)

‘‘ਟਟੈ; ਟੰਚੁ ਕਰਹੁ ਕਿਆ ਪ੍ਰਾਣੀ! ਘੜੀ ‘ਕਿ’ ਮੁਹਤਿ ‘ਕਿ’ ਉਠਿ ਚਲਣਾ ॥’’ (ਮ: ੧/੪੩੩) (ਭਾਵ ਜਾਂ ਇੱਕ ਘੜੀ ਵਿੱਚ ਜਾਂ ਦੋ ਘੜੀਆਂ ਵਿੱਚ ਉੱਠ ਕੇ ਚਲਣਾ ਹੀ ਹੈ, ਮਰ ਜਾਣਾ ਹੈ।)

‘‘ਹਰਿ ਜਪਦਿਆ ਖਿਨੁ ਢਿਲ ਨ ਕੀਜਈ, ਮੇਰੀ ਜਿੰਦੁੜੀਏ! ਮਤੁ ਕਿ (ਕੀ? ) ਜਾਪੈ ਸਾਹੁ ਆਵੈ ‘ਕਿ’ (ਜਾਂ) ਨ ਆਵੈ ਰਾਮ ? ॥’’ (ਮ: ੪/੫੪੦)

‘‘ਹੁਣਿ ਉਠਿ ਚਲਣਾ; ਮੁਹਤਿ ‘ਕਿ’ ਤਾਲਿ (ਘੜੀ ਜਾਂ ਇੱਕ ਤਾੜੀ ਮਾਰਨ ਦੇ ਸਮੇਂ ਵਿੱਚ)॥’’ (ਮ: ੧/੬੬੧) (‘ਕਿ’ ਭਾਵ ਜਾਂ)

‘‘ਸਤਗੁਰੁ ਸੇਵਿ ਖਰਚੁ ਹਰਿ ਬਾਧਹੁ; ਮਤ ਜਾਣਹੁ ਆਜੁ ‘ਕਿ’ ਕਾਲ੍ਹੀ ॥’’ (ਮ: ੪/੬੬੭) (‘ਕਿ’ ਭਾਵ ਜਾਂ)

‘‘ਖਤ੍ਰੀ ਬ੍ਰਾਹਮਣੁ ਸੂਦੁ ‘ਕਿ’ ਵੈਸੁ ॥’’ (ਮ: ੧/੮੭੮) (‘ਕਿ’ ਭਾਵ ‘ਭਾਵੇਂ, ਬੇਸ਼ੱਕ, ਚਾਹੇ’)

‘‘ਇਹੁ ਮਨੁ ਗਿਰਹੀ ‘ਕਿ’ ਇਹੁ ਮਨੁ ਉਦਾਸੀ ॥’’ (ਮ: ੩/੧੨੬੧) (‘ਕਿ’ ਭਾਵ ਜਾਂ)

‘ਕਿ’ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥’ (ਮ: ੩/੧੨੬੧) (ਜਾਂ ਇਹ ਮਨ ਚਾਰੋਂ ਵਰਨ ਵਿਤਕਰਿਆਂ ਤੋਂ ਰਹਿਤ ਹੈ ਜਾਂ ਸਦਾ ਨਾਸ਼ ਰਹਿਤ।

‘‘ਕਿ’’ (ਜਾਂ) ਇਹੁ ਮਨੁ ਚੰਚਲੁ ‘ਕਿ’ (ਜਾਂ) ਇਹੁ ਮਨੁ ਬੈਰਾਗੀ ॥’’ (ਮ: ੩/੧੨੬੧) (‘ਕਿ’ ਭਾਵ ਜਾਂ)

‘‘ਸੁਨੁ ਸਖੀ! ਪੀਅ ਮਹਿ ਜੀਉ ਬਸੈ; ਜੀਅ ਮਹਿ ਬਸੈ ‘ਕਿ’ ਪੀਉ ? ॥’’ (ਭਗਤ ਕਬੀਰ/੧੩੭੭) (‘ਕਿ’ ਭਾਵ ਜਾਂ)

‘‘ਜੀਉ ਪੀਉ ਬੂਝਉ ਨਹੀ; ਘਟ ਮਹਿ ਜੀਉ ‘ਕਿ’ ਪੀਉ ॥’’ (ਭਗਤ ਕਬੀਰ/੧੩੭੭) (‘ਕਿ’ ਭਾਵ ਜਾਂ)

‘‘ਆਖੀਂ ਸੇਖਾ ਬੰਦਗੀ; ਚਲਣੁ ਅਜੁ ‘ਕਿ’ ਕਲਿ ॥’’ (ਭਗਤ ਫਰੀਦ/੧੩੮੩) (‘ਕਿ’ ਭਾਵ ਜਾਂ)

(ਹ). ‘ਨਾਤਰੁ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਗੁਰਬਾਣੀ ਵਿੱਚ 1 ਵਾਰ ‘ਵਿਕੱਲਪੀ ਸਮਾਨ ਯੋਜਕ’ ਹੈ; ਜਿਵੇਂ:

‘‘ਬਿਸਮਿਲਿ ਗਊ; ਦੇਹੁ ਜੀਵਾਇ ॥ ‘ਨਾਤਰੁ’; ਗਰਦਨਿ ਮਾਰਉ ਠਾਂਇ ॥’’ (ਭਗਤ ਨਾਮਦੇਵ/੧੧੬੫) (‘ਨਾਤਰੁ’ ਭਾਵ ‘ਨਹੀਂ ਤਾਂ’)

(ਕ). ‘ਨਾਹੀ ਤ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਵੀ ਗੁਰਬਾਣੀ ਵਿੱਚ 1 ਵਾਰ ‘ਵਿਕੱਲਪੀ ਸਮਾਨ ਯੋਜਕ’ ਹੈ; ਜਿਵੇਂ:

‘‘ਕਬੀਰ! ਜਉ ਗ੍ਰਿਹੁ ਕਰਹਿ, ਤ ਧਰਮੁ ਕਰੁ; ‘ਨਾਹੀ ਤ’, ਕਰੁ ਬੈਰਾਗੁ ॥’’ (ਭਗਤ ਕਬੀਰ/੧੩੭੭)

Conjunction word (Part 2)

0

ਯੋਜਕ ਸ਼ਬਦ (ਭਾਗ ਦੂਜਾ)

(3). ‘ਨਿਖੇਧੀ ਸਮਾਨ ਯੋਜਕ’:– ਜੋ ‘ਸਮਾਨ ਯੋਜਕ’ ਸ਼ਬਦ, ਦੋ ਸੁਤੰਤਰ ਵਾਕਾਂ ਨੂੰ ਜੋੜਦਿਆਂ, ਆਪਸੀ ਟਕਰਾਉ (ਵਿਰੋਧ) ਦਾ ਭਾਵ ਪ੍ਰਗਟ ਕਰਨ, ਉਨ੍ਹਾਂ ਨੂੰ ‘ਨਿਖੇਧੀ ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ:‘ਉਹ ਲੰਬਾ ਹੈ ‘ਪਰ’ ਕਮਜ਼ੋਰ ਹੈ।, ਉਹ ਸੁੰਦਰ ਹੈ ‘ਪਰੰਤੂ’ ਨਾਲਾਇਕ ਹੈ।, ਉਹ ਨਾ-ਕੇਵਲ ਬੁਜ਼ਦਿਲ ਹੈ ‘ਸਗੋਂ’ ਚੋਰ ਵੀ ਹੈ।,ਉਹ ਥੱਕ ਗਿਆ ‘ਫਿਰ ਵੀ’ ਮੰਜ਼ਲ ’ਤੇ ਪਹੁੰਚ ਗਿਆ।, ਉਹ ਤੈਰਨਾ ਨਹੀਂ ਜਾਣਦਾ ‘ਤਾਂ ਵੀ’ ਨਹਿਰ ਪਾਰ ਕਰ ਗਿਆ।’ ਆਦਿ,ਵਾਕਾਂ ਵਿੱਚ ‘ਪਰ, ਪਰੰਤੂ, ਸਗੋਂ, ਫਿਰ ਵੀ, ਤਾਂ ਵੀ’ ਸ਼ਬਦ ‘ਨਿਖੇਧੀ ਸਮਾਨ ਯੋਜਕ’ ਹਨ।

ਗੁਰਬਾਣੀ ਵਿੱਚ ‘ਨਿਖੇਧੀ ਸਮਾਨ ਯੋਜਕ’ ਸ਼ਬਦ ਹਨ ‘ਪਰੁ, ਪੈ, ਭਾਵੈ’ ਆਦਿ, ਜਿਨ੍ਹਾਂ ਦਾ ਅਰਥ ਹੈ ‘ਪਰੰਤੂ, ਫਿਰ ਵੀ, ਤਾਂ ਵੀ’ਆਦਿ; ਜਿਵੇਂ:

(ੳ). ‘ਪਰੁ’ (ਭਾਵ ‘ਪਰੰਤੂ’) ਗੁਰਬਾਣੀ ਵਿੱਚ ‘ਪਰੁ’ ਸ਼ਬਦ 25 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ‘ਸਰਨੀ ਪੈ’(ਕਿਰਿਆ) ਜਾਂ ‘ਚੰਗੀ ਤਰ੍ਹਾਂ’ (ਕਿਰਿਆ ਵਿਸ਼ੇਸ਼ਣ) ਹੁੰਦਾ ਹੈ; ਜਿਵੇਂ 20 ਵਾਰ ਦਰਜ ਹੈ:

‘‘ਤਿਸ ਕੀ ਸਰਨੀ ਪਰੁ ਮਨਾ! ਜਿਸੁ ਜੇਵਡੁ ਅਵਰੁ ਨ ਕੋਇ ॥’’ (ਮ: ੫/੪੪) (‘ਸਰਨੀ ਪਰੁ’ ਭਾਵ ‘ਸ਼ਰਨ ਪੈ’ (ਕਿਰਿਆ)

‘‘ਜਾ ਕਾ ਕਾਰਜੁ ਸੋਈ ਪਰੁ ਜਾਣੈ, ਜੇ ਗੁਰ ਕੈ ਸਬਦਿ ਸਮਾਹੀ ॥’’ (ਮ: ੩/੧੬੨) (‘ਪਰ’ ਭਾਵ ਚੰਗੀ ਤਰ੍ਹਾਂ (ਕਿਰਿਆ ਵਿਸ਼ੇਸ਼ਣ)

‘‘ਮਨ! ਸਰਨੀ ਪਰੁ, ਠਾਕੁਰ ਪ੍ਰਭ ਤਾ ਕੈ ॥’’ (ਮ: ੫/੨੭੦) (‘ਪਰੁ’ ਭਾਵ ਪੈ (ਕਿਰਿਆ)

‘‘ਸਚੁ ਤਾ ‘ਪਰੁ’ ਜਾਣੀਐ; ਜਾ ਰਿਦੈ ਸਚਾ ਹੋਇ ॥’’ (ਮ: ੧/੪੬੮) (‘ਪਰ’ ਭਾਵ ਚੰਗੀ ਤਰ੍ਹਾਂ (ਕਿਰਿਆ ਵਿਸ਼ੇਸ਼ਣ)

‘‘ਸਚੁ ਤਾ ‘ਪਰੁ’ ਜਾਣੀਐ; ਜਾ ਸਚਿ ਧਰੇ ਪਿਆਰੁ ॥’’ (ਮ: ੧/੪੬੮) (‘ਪਰ’ ਭਾਵ ਚੰਗੀ ਤਰ੍ਹਾਂ (ਕਿਰਿਆ ਵਿਸ਼ੇਸ਼ਣ)

‘‘ਸਚੁ ਤਾ ‘ਪਰੁ’ ਜਾਣੀਐ; ਜਾ ਸਿਖ ਸਚੀ ਲੇਇ ॥’’ (ਮ: ੧/੪੬੮) (‘ਪਰ’ ਭਾਵ ਚੰਗੀ ਤਰ੍ਹਾਂ (ਕਿਰਿਆ ਵਿਸ਼ੇਸ਼ਣ) ਆਦਿ।)

ਪਰ ਗੁਰਬਾਣੀ ਵਿੱਚ ‘ਪਰੁ’ ਸ਼ਬਦ ਕਾਵਲ 5 ਵਾਰ ‘ਨਿਖੇਧੀ ਸਮਾਨ ਯੋਜਕ’ ਹੈ, ਜਿਸ ਦਾ ਅਰਥ ਹੈ ‘ਪਰੰਤੂ, ਫਿਰ ਵੀ, ਤਾਂ ਵੀ’; ਜਿਵੇਂ:

‘‘ਇਸਨਾਨੁ ਕਰੈ ‘ਪਰੁ’ ਮੈਲੁ ਨ ਜਾਈ ॥’’ (ਮ: ੩/੧੨੯) (‘ਪਰੁ’ ਭਾਵ ਪਰੰਤੂ)

‘‘ਮਨਮੁਖ ਕਥਨੀ ਹੈ ‘ਪਰੁ’ ਰਹਤ ਨ ਹੋਈ ॥’’ (ਮ: ੧/ ੮੩੧) (‘ਪਰੁ’ ਭਾਵ ਪਰੰਤੂ)

‘‘ਪੂਜਾ ਕਰਹਿ ‘ਪਰੁ’ ਬਿਧਿ ਨਹੀ ਜਾਣਹਿ; ਦੂਜੈ ਭਾਇ ਮਲੁ ਲਾਈ ॥’’ (ਮ: ੩/੯੧੦) (‘ਪਰੁ’ ਭਾਵ ਪਰੰਤੂ)

‘‘ਪੜਹਿ ਮਨਮੁਖ ‘ਪਰੁ’ ਬਿਧਿ ਨਹੀ ਜਾਨਾ ॥’’ (ਮ: ੧/੧੦੩੨) (‘ਪਰੁ’ ਭਾਵ ਪਰੰਤੂ)

‘‘ਚਿਤਿ ਚਿਤਵਉ ਅਰਦਾਸਿ ਕਹਉ ‘ਪਰੁ’ ਕਹਿ ਭਿ ਨ ਸਕਉ ॥’’ (ਭਟ ਕੀਰਤ/੧੩੯੫) (‘ਪਰੁ’ ਭਾਵ ਫਿਰ ਵੀ, ਤਾਂ ਵੀ)

(ਅ). ‘ਪੈ’ (ਭਾਵ ‘ਪਰੰਤੂ’) ਗੁਰਬਾਣੀ ਵਿੱਚ ‘ਪੈ’ ਸ਼ਬਦ 33 ਵਾਰ ਦਰਜ ਹੈ, ਜਿਸ ਦਾ ਜ਼ਿਆਦਾਤਰ ਅਰਥ ‘ਪੈ ਕੇ’ (ਕਿਰਿਆ ਵਿਸ਼ੇਸ਼ਣ) ਜਾਂ ‘ਚਰਨ’ (ਨਾਂਵ) ਹੁੰਦਾ ਹੈ; ਜਿਵੇਂ 31 ਵਾਰ ਦਰਜ ਹੈ:

‘‘ਨਾਨਕੁ ਆਖੈ ਰਾਹਿ ਪੈ ਚਲਣਾ; ਮਾਲੁ ਧਨੁ ਕਿਤ ਕੂ ਸੰਜਿਆਹੀ ॥’’ (ਮ: ੧/੨੪) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ)

‘‘ਪੈ ਪਾਇ; ਮਨਾਈ ਸੋਇ ਜੀਉ ॥’’ (ਮ: ੫/੭੩) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ)

‘‘ਸਕਤਾ ਸੀਹੁ ਮਾਰੇ ਪੈ ਵਗੈ; ਖਸਮੈ ਸਾ ਪੁਰਸਾਈ ॥’’ (ਮ: ੧/੩੬੦) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ)

‘‘ਇਕਿ ਨਿਹਾਲੀ ਪੈ ਸਵਨ੍ਹਿ; ਇਕਿ ਉਪਰਿ ਰਹਨਿ ਖੜੇ ॥’’ (ਮ: ੧/੪੭੫) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ)

‘‘ਮਕਾ ਮਿਹਰ ਰੋਜਾ ਪੈ ਖਾਕਾ ॥’’ (ਮ: ੫/੧੦੮੩) (‘ਪੈ’ ਭਾਵ ‘ਚਰਨੀ’ (ਨਾਂਵ)

‘‘ਪੈਰੀ ਪੈ ਪੈ; ਬਹੁਤੁ ਮਨਾਏ ॥’’ (ਮ: ੧/੧੨੪੧) (‘ਪੈ’ ਭਾਵ ‘ਪੈ ਕੇ’ (ਕਿਰਿਆ ਵਿਸ਼ੇਸ਼ਣ), ਆਦਿ।)

ਪਰ ਗੁਰਬਾਣੀ ਵਿੱਚ ‘ਪੈ’ ਸ਼ਬਦ 2 ਵਾਰ ‘ਨਿਖੇਧੀ ਸਮਾਨ ਯੋਜਕ’ ਹੈ, ਜਿਸ ਦਾ ਅਰਥ ਹੈ ‘ਤਾਂ ਵੀ, ਪਰੰਤੂ’; ਜਿਵੇਂ:

‘‘ਸੇਜ ਏਕ ‘ਪੈ’ ਮਿਲਨੁ ਦੁਹੇਰਾ ॥’’ (ਭਗਤ ਕਬੀਰ/੪੮੩) (‘ਰੱਬ’ ਅਤੇ ‘ਮਨ’ ਦਾ ਟਿਕਾਣਾ (ਨਿਵਾਸ) ਮਨੁੱਖ ਦੇ ਇੱਕ ਹੀ ਹਿਰਦੇ (ਸੇਜ) ਉੱਪਰ ਹੈ ਤਾਂ ਵੀ ਆਪਸੀ ਮਿਲਾਪ ਮੁਸ਼ਕਲ ਹੈ।)

‘‘ਕਬੀਰ! ਡੂਬਾ ਥਾ ‘ਪੈ’ ਉਬਰਿਓ, ਗੁਨ ਕੀ ਲਹਰਿ ਝਬਕਿ ॥’’ (ਭਗਤ ਕਬੀਰ/੧੩੬੭) (‘ਪੈ’ ਭਾਵ ‘ਪਰੰਤੂ’ ਨਿਕਲ ਗਿਆ)

(ੲ). ‘ਭਾਵੈ’ (ਭਾਵ ‘ਬੇਸ਼ੱਕ, ਚਾਹੇ’) ਗੁਰਬਾਣੀ ਵਿੱਚ ‘ਭਾਵੈ’ ਸ਼ਬਦ 487 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 2 ਵਾਰ ‘ਨਿਖੇਧੀ ਸਮਾਨ ਯੋਜਕ’ ਵੀ ਹੈ; ਜਿਵੇਂ:

‘‘ਓਸ ਨੋ ਸੁਖੁ ਨ ਉਪਜੈ; ‘ਭਾਵੈ’ ਸਉ ਗੇੜਾ ਆਵਉ ਜਾਉ ॥’’ (ਮ: ੩/੫੯੧) (‘ਭਾਵੈ’ ਭਾਵ ‘ਬੇਸ਼ੱਕ, ਚਾਹੇ’)

ਜੇ ਸਉ ਕੂੜੀਆ ਕੂੜੁ ਕਬਾੜੁ ॥ ‘ਭਾਵੈ’ ਸਭੁ ਆਖਉ ਸੰਸਾਰੁ ॥ (ਮ: ੧/੬੬੨) (ਭਾਵ ਕਪਟੀ ਮਨੁੱਖ ਆਪਣੇ ਝੂਠੇ ਸਤਿਕਾਰ ਲਈ) ਸਾਰੇ ਸੰਸਾਰ ਨੂੰ ਬੇਸ਼ੱਕ ਕੂੜ-ਕਬਾੜ ਦੀਆਂ ਝੂਠੀਆਂ ਗੱਲਾਂ ਪਿਆ ਕਹੀ ਜਾਵੇ (ਪਰ ਹੇ ਪ੍ਰਭੂ ! ਕੋਈ ਵੀ ਮਨੁੱਖ ਤੁਹਾਨੂੰ ਧੋਖਾ ਨਹੀਂ ਦੇ ਸਕਦਾ।)

(4). ‘ਕਾਰਜ-ਬੋਧਕ ਸਮਾਨ ਯੋਜਕ’:– ਜੋ ‘ਸਮਾਨ ਯੋਜਕ’, ਦੋ ਸੁਤੰਤਰ ਵਾਕਾਂ ਨੂੰ ਜੋੜਦਿਆਂ, ਇੱਕ ਵਾਕ ਵਿੱਚੋਂ ‘ਕਾਰਨ’ ਅਤੇ ਦੂਸਰੇ ਵਾਕ ਵਿੱਚੋਂ ‘ਕਾਰਜ’ ਪ੍ਰਗਟ ਕਰੇ, ਉਸ ਨੂੰ ‘ਕਾਰਜ-ਬੋਧਕ ਸਮਾਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ‘ਮੈਨੂੰ ਰੱਬ ’ਤੇ ਪੂਰਨ ਵਿਸ਼ਵਾਸ ਹੈ, ਸੋ ਡਰਨ ਦੀ ਲੋੜ ਨਹੀਂ।, ਮੇਰਾ ਗੁਰੂ ਅੰਗ-ਸੰਗ ਹੈ ‘ਇਸ ਲਈ’ ਹੌਸਲਾ ਰੱਖ।, ਮੈਂ ਅੰਮ੍ਰਿਤ ਛੱਕਿਆ ਹੈ ‘ਤਾਹੀਉਂ’ਮਾਇਆ (ਕਾਮਾਦਿਕ) ਮੈਥੋਂ ਹਾਰੇਗੀ।’, ਮੰਜ਼ਲ ਨਜ਼ਦੀਕ ਹੈ ‘ਤਾਂ ਫਿਰ’ ਹੌਂਸਲਾ ਰੱਖ। ਇਨ੍ਹਾਂ ਵਾਕਾਂ ਵਿੱਚ ‘ਸੋ ਡਰਨ ਦੀ ਲੋੜ ਨਹੀਂ।, ਹੌਸਲਾ ਰੱਖ। (ਤੇ) ਮਾਇਆ (ਕਾਮਾਦਿਕ) ਮੈਥੋਂ ਹਾਰੇਗੀ।’ ਵਾਕ ‘ਕਾਰਜ’ ਨੂੰ ਨਿਸਚਿਤ (ਸਪਸ਼ਟ) ਕਰ ਰਹੇ ਹਨ ਕਿਉਂਕਿ‘ਮੈਨੂੰ ਰੱਬ ’ਤੇ ਪੂਰਨ ਵਿਸ਼ਵਾਸ ਹੈ।, ਮੇਰਾ ਗੁਰੂ ਅੰਗ-ਸੰਗ ਹੈ।, ਮੈਂ ਅੰਮ੍ਰਿਤ ਛੱਕਿਆ ਹੈ। (ਤੇ) ਮੰਜ਼ਲ ਨਜ਼ਦੀਕ ਹੈ।’, ਵਾਕਾਂ ਰਾਹੀਂ‘ਕਾਰਨ’ ਉਪਲਬਧ ਹੈ। ਇਸ ਲਈ ਇਨ੍ਹਾਂ ਵਾਕਾਂ ’ਚ ‘ਸੋ, ਇਸ ਲਈ, ਤਾਹੀਉਂ, ਤਾਂ ਫਿਰ’ ਸ਼ਬਦ ‘ਕਾਰਜ-ਬੋਧਕ ਸਮਾਨ ਯੋਜਕ’ਹਨ। ਇਨ੍ਹਾਂ ਵਾਕਾਂ ਵਿੱਚ ‘ਕਾਰਨ’ ਮੰਜ਼ਲ ਨਹੀਂ ਹੁੰਦਾ ਬਲਕਿ ‘ਕਾਰਜ’ ਮੰਜ਼ਲ ਹੁੰਦਾ ਹੈ, ਇਸ ਲਈ ‘ਕਾਰਜ’ (ਮੰਜ਼ਲ) ਦੇ ਨਾਂ ’ਤੇ ਹੀ ਇਸ ‘ਯੋਜਕ’ ਦਾ ਨਾਮ ‘ਕਾਰਜ-ਬੋਧਕ ਸਮਾਨ ਯੋਜਕ’ ਰੱਖਿਆ ਗਿਆ ਹੈ।

ਗੁਰਬਾਣੀ ਵਿੱਚ ਕੁਝ ਕੁ ‘ਕਾਰਜ-ਬੋਧਕ ਸਮਾਨ ਯੋਜਕ’ ਸ਼ਬਦ ਹਨ ‘ਸੁ, ਯਾ ਤੇ, ਤਾਂ’ ਆਦਿ, ਜਿਨ੍ਹਾਂ ਦਾ ਅਰਥ ਹੈ ‘ਇਸ ਲਈ,ਤਾਂ ਫਿਰ, ਇਸ ਕਰਕੇ’; ਜਿਵੇਂ:

(1). ‘ਸੁ’ (ਭਾਵ ‘ਇਸ ਲਈ, ਇਸ ਕਰਕੇ’) ਗੁਰਬਾਣੀ ਵਿੱਚ ਇਹ ਸ਼ਬਦ 687 ਵਾਰ ਦਰਜ ਹੈ, ਜੋ ਆਮ ਤੌਰ ’ਤੇ ‘ਉਹ’(ਪੜਨਾਂਵ) ਅਰਥ ਦਿੰਦਾ ਹੈ; ਜਿਵੇਂ:

‘‘ਜੋ ਕਿਛੁ ਪਾਇਆ, ‘ਸੁ’ ਏਕਾ ਵਾਰ ॥’’ (ਜਪੁ /ਮ: ੧)

‘‘ਜੋ ਤਿਸੁ ਭਾਵੈ, ‘ਸੁ’ ਆਰਤੀ ਹੋਇ ॥’’ (ਮ: ੧/੧੩) ਆਦਿ।

ਪਰ ਬਹੁਤ ਹੀ ਘੱਟ ਵਾਰੀ ‘ਸੁ’ ਦਾ ਅਰਥ ‘ਇਸ ਲਈ’ (ਭਾਵ ‘ਕਾਰਜ-ਬੋਧਕ ਸਮਾਨ ਯੋਜਕ’) ਵੀ ਹੈ; ਜਿਵੇਂ:

‘‘ਗੁਰੁ ਨਵ ਨਿਧਿ ਦਰੀਆਉ; ਜਨਮ ਹਮ ਕਾਲਖ ਧੋਵੈ ॥ ‘ਸੁ’ (ਇਸ ਲਈ) ਕਹੁ ਟਲ! ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥ (ਭਟ ਕਲੵ /੧੩੯੨)

(2). ‘ਯਾ ਤੇ’ (ਭਾਵ ‘ਇਸ ਲਈ, ਇਸ ਕਰਕੇ’) ਇਹ (ਯੋਜਕ) ਸ਼ਬਦ ਗੁਰਬਾਣੀ ਵਿੱਚ ਕੇਵਲ 2 ਵਾਰ ਦਰਜ ਹੈ; ਜਿਵੇਂ:

‘‘ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ‘ਯਾ ਤੇ’ ਥਿਰੁ ਨ ਰਹਾਈ ॥’’ (ਮ: ੯/੨੧੯) (‘ਯਾ ਤੇ’ ਭਾਵ ‘ਇਸ ਲਈ’ ਮਨ ਅਡੋਲ ਨਹੀਂ ਰਹਿੰਦਾ।)

‘‘ਮਨੁ ਚੰਚਲੁ ‘ਯਾ ਤੇ’ ਗਹਿਓ ਨ ਜਾਇ ॥’’ (ਮ: ੯/੧੧੮੬) (ਭਾਵ ਮਨ ਡੋਲਦਾ ਰਹਿੰਦਾ ਹੈ ‘ਇਸ ਕਰਕੇ’ ਪਕੜਿਆ ਨਹੀਂ ਜਾਂਦਾ।)

(3). ‘ਤਾ’ (ਭਾਵ ‘ਇਸ ਲਈ, ਇਸ ਕਰਕੇ’) ਇਹ (ਯੋਜਕ) ਸ਼ਬਦ ਵੀ ਗੁਰਬਾਣੀ ਵਿੱਚ ਬਹੁਤ ਹੀ ਘੱਟ ਮਿਲਦਾ ਹੈ; ਜਿਵੇਂ:

‘‘ਸਭ ਮਹਿ ਵਰਤੈ, ਏਕੁ ਅਨੰਤਾ ॥ ‘ਤਾ’ ਤੂੰ ਸੁਖਿ ਸੋਉ, ਹੋਇ ਅਚਿੰਤਾ ॥’’ (ਮ: ੫/੧੭੬) (ਭਾਵ ਸਾਰੇ ਜੀਵਾਂ ’ਚ (ਅੰਗ-ਸੰਗ) ਅਪਾਰ ਪ੍ਰਭੂ (ਮਦਦਗਾਰ) ਵਰਤ ਰਿਹਾ ਹੈ ‘ਇਸ ਲਈ’ ਨਿਸ਼ਚਿੰਤ ਹੋ ਕੇ ਸੁਖ ਵਿੱਚ ਸੌਂ ਜਾਹ।)

(ਭਾਗ-2)

‘ਅਧੀਨ ਯੋਜਕ’ (ਇੱਕ ਮਿਸ਼ਰਤ ਵਾਕ ਵਿੱਚ ‘ਪ੍ਰਧਾਨ ਉਪ-ਵਾਕ ਅਤੇ ‘ਅਧੀਨ ਉਪ-ਵਾਕਾਂ’ ਨੂੰ ਜੋੜਨ ਵਾਲੇ ਯੋਜਕ) 7 ਪ੍ਰਕਾਰ ਦੇ ਹੁੰਦੇ ਹਨ; ਜਿਵੇਂ:

(ਯਾਦ ਰਹੇ ਕਿ ‘ਪ੍ਰਧਾਨ ਉਪ-ਵਾਕ’ ਦੀ ਕਿਰਿਆ ਨੂੰ ‘ਅਧੀਨ ਉਪ-ਵਾਕਾਂ’ ਰਾਹੀਂ ਸਪਸ਼ਟ ਕੀਤੇ ਜਾਣ ਕਾਰਨ ਹੀ ਇਸ ‘ਯੋਜਕ’ਨੂੰ ‘ਅਧੀਨ ਯੋਜਕ ਕਿਹਾ ਜਾਂਦਾ ਹੈ।)

(1). ‘ਸਮਾਨ ਅਧਿਕਰਣ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕ’ ਦੇ ਕਿਸੇ ਸ਼ਬਦ ਦੀ ਵਿਆਖਿਆ ਕਰੇ, ਤਾਂ ਉਸ ‘ਯੋਜਕ’ ਨੂੰ ‘ਸਮਾਨ ਅਧਿਕਰਣ ਵਾਚਕ ਅਧੀਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ:‘ਇਹ ਸੱਚ ਹੈ ‘ਕਿ’ ਮੈਨੂੰ ਇਸ ਦਾ ਪਤਾ ਨਹੀਂ ਸੀ।’, ‘ਲੀਡਰ ਇਉਂ ਭੋਲ਼ਾ ਬਣਦਾ ਹੈਂ ‘ਜਿਵੇਂ’ ਉਸ ਨੂੰ ਕੁਝ ਪਤਾ ਹੀ ਨਹੀਂ।’ ਆਦਿ, ਵਾਕਾਂ ਵਿੱਚ ‘ਕਿ’ ਅਤੇ ‘ਜਿਵੇਂ’ ਸ਼ਬਦ ‘ਸਮਾਨ ਅਧਿਕਰਣ’ (ਅਧੀਨ ਯੋਜਕ) ਹਨ।

(ਨੋਟ: ਗੁਰਬਾਣੀ ਲਿਖਤ ਕਾਵਿ ਰੂਪ ’ਚ ਹੋਣ ਕਾਰਨ ਇਹ ‘ਯੋਜਕ’ ਲਿਖਤੀ ਰੂਪ ’ਚ ਨਹੀਂ ਮਿਲ ਰਿਹਾ ਹੈ ਪਰ ਆਪਣੇ ਕੋਲੋਂ ਵਾਧੂ ਸ਼ਬਦ ‘ਕਿ’ (‘ਸਮਾਨ ਅਧਿਕਰਣ (ਅਧੀਨ ਯੋਜਕ)’ ਲਗਾਉਣ ਨਾਲ ਪੰਕਤੀ ਦੇ ਅਰਥ ਸਪੱਸ਼ਟ ਹੋ ਜਾਂਦੇ ਹਨ; ਜਿਵੇਂ:

‘‘ਐਸੋ ਅਮਰੁ ਮਿਲਿਓ ਭਗਤਨ ਕਉ, (ਕਿ) ਰਾਚਿ ਰਹੇ ਰੰਗਿ ਗਿਆਨੀ ॥’’ (ਮ: ੫/੭੧੧)

‘‘ਐਸੀ ਭਗਤਿ ਗੋਵਿੰਦ ਕੀ, (ਕਿ) ਕੀਟਿ ਹਸਤੀ ਜੀਤਾ ॥’’ (ਮ: ੫/੮੦੯)

‘‘ਐਸੀ ਮਤਿ ਦੀਜੈ ਮੇਰੇ ਠਾਕੁਰ! (ਕਿ) ਸਦਾ ਸਦਾ ਤੁਧੁ ਧਿਆਈ ॥’’ (ਮ: ੫/੬੭੩)

‘‘ਮਾਧਵੇ ! ਐਸੀ ਦੇਹੁ ਬੁਝਾਈ ॥ ਸੇਵਉ ਸਾਧ, ਗਹਉ ਓਟ ਚਰਨਾ; (ਤਾਂ ਕਿ) ਨਹ ਬਿਸਰੈ ਮੁਹਤੁ ਚਸਾਈ ॥’’ (ਮ: ੫/੬੦੯), ਆਦਿ।

(2). ‘ਕਾਰਨ ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕਾਂ’ ਦੀ ਕਿਰਿਆ ਦਾ ਕਾਰਨ ਦੱਸੇ, ਤਾਂ ਉਸ ‘ਯੋਜਕ’ ਨੂੰ ‘ਕਾਰਨ ਵਾਚਕ ਅਧੀਨ ਯੋਜਕ’ ਕਿਹਾ ਜਾਂਦਾ ਹੈ; ਜਿਵੇਂ: ‘ਕਿਉਂਕਿ’ ਕਾਂਗਰਸ ਬੇਈਮਾਨ ਹੈ ‘ਇਸ ਲਈ’ ਹਾਰ ਗਈ।, ਜਥੇਦਾਰ ‘ਇਸ ਲਈ’ ਝੂਠ ਬੋਲਦਾ ਹੈ ‘ਕਿਉਂਕਿ’ ਕਾਣਾ ਹੈ।, ਰਾਹੁਲ ਨੇ ‘ਇਸ ਲਈ’ ਰਿਸਵਤ ਦਿੱਤੀ ‘ਤਾਂ ਜੋ’ ਕੰਮ ਹੋ ਜਾਵੇ।’ ਆਦਿ, ਵਾਕਾਂ ਵਿੱਚ ‘ਇਸ ਲਈ, ਕਿਉਂਕਿ’ ਅਤੇ ‘ਤਾਂ ਜੋ’ ਸ਼ਬਦ ‘ਕਾਰਨ ਵਾਚਕ’ (ਅਧੀਨ ਯੋਜਕ) ਹਨ।

‘ਤਾ ਤੇ’ (ਭਾਵ ‘ਇਸ ਲਈ, ਇਸ ਕਾਰਨ’) ਇਹ ਸ਼ਬਦ ਗੁਰਬਾਣੀ ਵਿੱਚ ‘ਕਾਰਨ ਵਾਚਕ (ਅਧੀਨ ਯੋਜਕ)’ ਮਿਲਦਾ ਹੈ; ਜਿਵੇਂ:

‘‘ਪ੍ਰੇਮ ਭਗਤਿ ਨਹੀ ਊਪਜੈ; ‘ਤਾ ਤੇ’ ਰਵਿਦਾਸ ਉਦਾਸ ॥’’ (ਭਗਤ ਰਵਿਦਾਸ/੩੪੬) (‘ਤਾ ਤੇ’ ਭਾਵ ‘ਇਸ ਲਈ’)

‘‘ਪ੍ਰਭ ਮਿਲਬੇ ਕੀ ਲਾਲਸਾ; ‘ਤਾ ਤੇ’, ਆਲਸੁ ਕਹਾ ਕਰਉ ਰੀ ॥’’ (ਮ: ੫/੩੮੯) (‘ਤਾ ਤੇ’ ਭਾਵ ‘ਇਸ ਲਈ’)

‘‘ਖਬਰਿ ਨ ਕਰਹਿ ਦੀਨ ਕੇ ਬਉਰੇ! ‘ਤਾ ਤੇ’ ਜਨਮੁ ਅਲੇਖੈ ॥’’ (ਭਗਤ ਕਬੀਰ/੪੮੩) (‘ਤਾ ਤੇ’ ਭਾਵ ‘ਇਸ ਕਾਰਨ’)

‘‘ਤਾ ਤੇ’, ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ; ਬਿਨਸੇ ਸਗਲ ਜੰਜਾਲ ॥’’ (ਮ: ੫/੬੭੬) (‘ਤਾ ਤੇ’ਭਾਵ ‘ਇਸ ਕਾਰਨ’)

‘‘ਜਨਮੁ ਪਾਇ ਕਛੁ ਭਲੋ ਨ ਕੀਨੋ; ‘ਤਾ ਤੇ’ ਅਧਿਕ ਡਰਉ ॥’’ (ਮ: ੯/੬੮੫) (‘ਤਾ ਤੇ’ ਭਾਵ ‘ਇਸ ਲਈ’)

‘‘ਤਾ ਤੇ’, ਕਰਣ-ਪਲਾਹ (ਤਰਲੇ) ਕਰੇ ॥ ਮਹਾ ਬਿਕਾਰ ਮੋਹ ਮਦ ਮਾਤੌ; ਸਿਮਰਤ ਨਾਹਿ ਹਰੇ ॥’’ (ਮ: ੫/੧੨੨੭) (‘ਤਾ ਤੇ’ਭਾਵ ‘ਇਸ ਲਈ’)

‘‘ਤਾ ਤੇ’, ਜਨ ਕਉ ਅਨਦੁ ਭਇਆ ਹੈ; ਰਿਦ ਸੁਧ (ਵਾਲੇ, ਪ੍ਰਭੂ ਨੂੰ) ਮਿਲੇ, (ਪਰ) ਖੋਟੇ ਪਛੁਤਾਨੈ (ਮਨ ਮੈਲੇ ਵਾਲੇ ਪਛੁਤਾਉਂਦੇ ਰਹੇ)॥’’ (ਮ: ੪/੧੩੨੦) (‘ਤਾ ਤੇ’ ਭਾਵ ‘ਇਸ ਲਈ’)

(3). ‘ਫਲ ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕਾਂ’ ਦੀ ਕਿਰਿਆ ਦਾ ਫਲ ਦੱਸੇ, ਤਾਂ ਉਸ ‘ਯੋਜਕ’ ਨੂੰ ‘ਫਲ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ: ‘ਪੁਲਿਸ ਨੇ ਚੋਰ ਨੂੰ ਇੰਨਾ ਕੁਟਿਆ ‘ਕਿ’ ਉਹ ਮਰ ਗਿਆ।, ਪੇਪਰ ਅਜਿਹਾ ਮੁਸ਼ਕਲ ਸੀ ‘ਜੁ’ (ਜਿਸ ਕਾਰਨ) ਸਾਰੇ ਫੇਲ ਹੋ ਗਏ। ’ ਆਦਿ, ਵਾਕਾਂ ਵਿੱਚ ‘ਕਿ’ ਅਤੇ‘ਜੁ’ ਸ਼ਬਦ ‘ਫਲ ਵਾਚਕ’ (ਅਧੀਨ ਯੋਜਕ) ਹਨ।

‘ਜੇ’ (ਭਾਵ ‘ਕਿ’) ਇਹ ਸ਼ਬਦ ਗੁਰਬਾਣੀ ਵਿੱਚ ‘ਫਲ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ, ਜਿਸ ਦਾ ਅਰਥ ਹੈ‘ਕਿ’; ਜਿਵੇਂ:

‘‘ਇਤੀ ਮੰਝਿ ਨ ਸਮਾਵਈ, ‘ਜੇ’ ਗਲਿ ਪਹਿਰਾ ਹਾਰੁ ॥’’ (ਮ: ੫/੧੦੯੫) (ਭਾਵ ‘ਮੇਰੇ ਤੇ ਪ੍ਰਭੂ’ ਵਿਚਕਾਰ ਇਤਨੀ ਕੁ ਵੀ ਦੂਰੀ ਨਹੀਂ ਰਹੀ ‘ਕਿ’ ਗਲ ਵਿੱਚ ਕੋਈ ਹਾਰ ਹੀ ਪਾ ਸਕਾਂ।

(4). ‘ਮੰਤਵ ਵਾਚਕ (ਅਧੀਨ ਯੋਜਕ)’– ਜਦ ਕਿਸੇ ਮਿਸ਼ਰਤ ਵਾਕ ਵਿੱਚੋਂ ‘ਅਧੀਨ ਉਪ-ਵਾਕ’, ‘ਪ੍ਰਧਾਨ ਉਪ-ਵਾਕਾਂ’ ਦੀ ਕਿਰਿਆ ਦਾ ਇਰਾਦਾ (ਮਕਸਦ, ਮੰਤਵ) ਦੱਸੇ, ਤਾਂ ਉਸ ‘ਯੋਜਕ’ ਨੂੰ ‘ਮੰਤਵ ਵਾਚਕ (ਅਧੀਨ ਯੋਜਕ)’ ਕਿਹਾ ਜਾਂਦਾ ਹੈ; ਜਿਵੇਂ:‘ਉਹ ਬਹਾਨਾ ਭਾਲਦਾ ਹੈ ‘ਤਾਂ ਜੋ’ ਸਜਾ ਤੋਂ ਬਚ ਸਕੇ।, ਉਹ ਗੱਪਾਂ ਮਾਰਦਾ ਹੈ ‘ਤਾਂ ਕਿ’ ਸਮਾਂ ਬੀਤ ਜਾਏ।, ਰੋਗੀ ਇਲਾਜ ਕਰਾ ਰਿਹਾ ਹੈ ‘ਇਸ ਲਈ ਕਿ’ ਠੀਕ ਹੋ ਜਾਏ।, ਉਸ ਨੇ ਝੂਠ ਬੋਲਿਆ ‘ਮਤਾਂ’ ਮਾਰ ਪਵੇ।, ਉਹ ਖੇਡਣ ਗਿਆ ਹੈ ‘ਨਹੀਂ ਤਾਂ’ ਘਰ ਵਿੱਚ ਹੁੰਦਾ।’ ਆਦਿ, ਵਾਕਾਂ ਵਿੱਚ ‘ਤਾਂ ਜੋ, ਤਾਂ ਕਿ, ਇਸ ਲਈ ਕਿ, ਮਤਾਂ’ ਅਤੇ ‘ਨਹੀਂ ਤਾਂ’ ਸ਼ਬਦ ‘ਮੰਤਵ ਵਾਚਕ’ (ਅਧੀਨ ਯੋਜਕ) ਹਨ।

(ੳ). ‘ਕਿ’ (ਭਾਵ ‘ਤਾਂ ਜੋ’) ਇਹ ਸ਼ਬਦ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ; ਜਿਵੇਂ:

‘‘ਸੰਤ ਸਭਾ ਮਹਿ ਬੈਸਿ ‘ਕਿ’ ਕੀਰਤਿ ਮੈ ਕਹਾਂ ॥’’ (ਮ: ੫/੧੩੬੧) (‘ਕਿ’ ਭਾਵ ਤਾਂ ਜੋ)

(ਅ). ‘ਮਤੁ’ (ਭਾਵ ‘ਵੇਖੀ ਕਿਤੇ’ ਜਾਂ ‘ਮਤਾਂ’) ਇਹ ਸ਼ਬਦ ਵੀ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦੇ ਹਨ; ਜਿਵੇਂ:

‘‘ਆਉ ਸਭਾਗੀ ਨੀਦੜੀਏ ! ‘ਮਤੁ’ ਸਹੁ ਦੇਖਾ ਸੋਇ ॥’’ (ਮ: ੧/੫੫੮)

‘‘ਖਰਚੁ ਬੰਨੁ ਚੰਗਿਆਈਆ; ‘ਮਤੁ’ ਮਨ ਜਾਣਹਿ ਕਲੁ ॥’’ (ਮ: ੧/੫੯੫)

‘‘ਤਜਿ ਮਾਨੁ ਸਖੀ ! ਤਜਿ ਮਾਨੁ ਸਖੀ! ‘ਮਤੁ’ ਆਪਣੇ ਪ੍ਰੀਤਮ ਭਾਵਹ ॥’’ (ਮ: ੫/੮੪੭)

‘‘ਗੁਰ ਪਰਸਾਦੀ ਹਰਿ ਪਾਈਐ; ‘ਮਤੁ’ ਕੋ ਭਰਮਿ ਭੁਲਾਹਿ ॥’’ (ਮ: ੧/੯੩੬)

‘‘ਗਰਬੁ ਨ ਕੀਜੈ ਨਾਨਕਾ! ‘ਮਤੁ’ ਸਿਰਿ ਆਵੈ ਭਾਰੁ ॥’’ (ਮ: ੧/੯੫੬)

‘‘ਹਉ ਖੜੀ ਨਿਹਾਲੀ ਪੰਧੁ; ‘ਮਤੁ’ ਮੂੰ ਸਜਣੁ ਆਵਏ ॥’’ (ਮ: ੪/੧੪੨੧)

(ੲ). ‘ਨਾਤਰੁ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ; ਜਿਵੇਂ:

‘‘ਘਰ ਛੋਡੇਂ, ਬਾਹਰਿ ਜਿਨਿ (ਮਤਾਂ, ਨਾ) ਜਾਇ ॥ ‘ਨਾਤਰੁ’ (ਨਹੀਂ ਤਾਂ) ਖਰਾ (ਬਹੁਤ) ਰਿਸੈ ਹੈ (ਖਿੱਝ ਜਾਏਗਾ) ਰਾਇ (ਮਨ-ਰਾਜਾ)॥’’ (ਭਗਤ ਕਬੀਰ/੩੪੪)

(ਸ). ‘ਨਾਤਰ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਵੀ ਗੁਰਬਾਣੀ ਵਿੱਚ 1 ਵਾਰ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ; ਜਿਵੇਂ:

‘‘ਸੂਧੇ ਸੂਧੇ ਰੇਗਿ ਚਲਹੁ ਤੁਮ; ‘ਨਤਰ’ ਕੁਧਕਾ ਦਿਵਈਹੈ ਰੇ ॥’’ (ਭਗਤ ਕਬੀਰ/੮੫੫) (‘ਨਤਰ’ ਭਾਵ ‘ਨਹੀਂ ਤਾਂ’)

(ਹ). ‘ਨਾਹਿ ਤ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦੇ ਹਨ; ਜਿਵੇਂ:

‘‘ਨਾਨਕ! ਬਖਸੇ ਬਖਸੀਅਹਿ, ‘ਨਾਹਿ ਤ’ ਪਾਹੀ ਪਾਹਿ ॥’’ (ਮ: ੧/੧੪੯)

‘‘ਨਾਨਕ! ਗੁਰਮੁਖਿ ਹੋਵਹਿ ਤਾ ਉਬਰਹਿ, ‘ਨਾਹਿ ਤ’ ਬਧੇ ਦੁਖ ਸਹਾਹਿ ॥’’ (ਮ: ੩/੫੯੧)

‘‘ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ, ‘ਨਾਹਿ ਤ’ ਜਾਹਿਗਾ ਜਨਮੁ ਗਵਾਇ ॥’’ (ਮ: ੩/੬੦੩)

‘‘ਨਾਹਿ ਤ’, ਚਲੀ ਬੇਗਿ ਉਠਿ ਨੰਗੇ ॥’’ (ਭਗਤ ਕਬੀਰ/੮੭੨)

‘‘ਕਹਿ ਕਬੀਰ, ਰਾਮੈ ਰਮਿ ਛੂਟਹੁ, ‘ਨਾਹਿ ਤ’ ਬੂਡੇ ਭਾਈ ॥’’ (ਭਗਤ ਕਬੀਰ/੧੧੦੩)

‘‘ਸਾਬਤੁ ਰਖਹਿ ਤ ਰਾਮ ਭਜੁ, ‘ਨਾਹਿ ਤ’ ਬਿਨਠੀ ਬਾਤ ॥’’ (ਭਗਤ ਕਬੀਰ/੧੩੭੬)

(ਕ). ‘ਨਾਹੀ’ (ਭਾਵ ‘ਨਹੀਂ ਤਾਂ’) ਇਹ ਸ਼ਬਦ ਗੁਰਬਾਣੀ ਵਿੱਚ ‘ਮੰਤਵ ਵਾਚਕ (ਅਧੀਨ ਯੋਜਕ)’ ਰੂਪ ’ਚ ਵੀ ਮਿਲਦਾ ਹੈ; ਜਿਵੇਂ:

‘‘ਚੇਤਿ ਰਾਮੁ ‘ਨਾਹੀ’ ਜਮ ਪੁਰਿ ਜਾਹਿਗਾ, ਜਨੁ (ਜਾਣੋ) ਬਿਚਰੈ ਅਨਰਾਧਾ (ਅਮੋੜ)॥’’ (ਭਗਤ ਬੇਣੀ/੯੩)

Most Viewed Posts