Pronoun (Part 4, C)

0
275

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-2) ਵੇਖੋ।

ਪੜਨਾਂਵ ਮੱਧਮ ਪੁਰਖ, ਅਧਿਆਇ- 3

(3). ਗੁਰਬਾਣੀ ਵਿੱਚ ‘ਤੋਹਿ’ (20 ਵਾਰ), ‘ਤੋਹੀ’ (8 ਵਾਰ), ‘ਤੁਹੀ’ (34 ਵਾਰ), ‘ਤੁਹੀਂ ’ (2 ਵਾਰ), ‘ਤੂਹੀ’ (24 ਵਾਰ), ‘ਤੂੰਹੀ’ (9 ਵਾਰ), ‘ਤੁਹਿ’ (6 ਵਾਰ), ‘ਤੁੋਹੀ’ (1 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ’ਚ ਦਰਜ ਹਨ, ਜਿਨ੍ਹਾਂ ਦੀ ਵੰਡ 5 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ‘ਕਰਣ ਕਾਰਕ, ਅਪਾਦਾਨ ਕਾਰਕ ਤੇ ਸੰਬੋਧਨ ਕਾਰਕ’ ਵਿੱਚ ਦਰਜ ਨਹੀਂ ਹਨ); ਜਿਵੇਂ:

(1). ਕਰਤਾ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (1 ਵਾਰ), ‘ਤੋਹੀ’ (2 ਵਾਰ), ‘ਤੁਹੀ’ (34 ਵਾਰ), ‘ਤੁਹੀਂ’ (2 ਵਾਰ), ‘ਤੂਹੀ’ (24 ਵਾਰ), ‘ਤੂੰਹੀ’ (9 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’, ‘ਤੂੰ ਹੀ’; ਜਿਵੇਂ:

(ਹੇ ਪ੍ਰਭੂ !) ‘‘ਤੇਰੇ ਜੀਅ; ਜੀਆ ਕਾ ‘ਤੋਹਿ’ (ਤੂੰ ਹੀ)॥’’ (ਮ: ੧/੨੫)

(ਹੇ ਪ੍ਰਭੂ !) ‘‘ਕਰਣ ਕਾਰਣ, ਸਭਸੈ ਸਿਰਿ ‘ਤੋਹੀ’ (ਤੂੰ ਹੀ)॥’’ (ਮ: ੧/੪੧੩)

(ਹੇ ਪ੍ਰਭੂ !) ‘‘ਜਤ ਕਤ (ਜਿਧਰ) ਦੇਖੀਐ; ਤਤ ਤਤ (ਉਧਰ) ‘ਤੋਹੀ’ (ਤੂੰ ਹੀ)॥’’ (ਮ: ੫/੯੧੩)

(ਹੇ ਪ੍ਰਭੂ !) ‘‘ਤੁਹਂੀ’’ (ਤੂੰ ਹੀ) ਨਿਰੰਜਨੁ ਕਮਲਾ-ਪਾਤੀ (ਲਕਸ਼ਮੀ ਦਾ ਪਤੀ)॥’’ (ਭਗਤ ਸੈਣ/੬੯੫)

(ਹੇ ਪ੍ਰਭੂ !) ‘‘ਜਾ ਕੀ ਛੋਤਿ (ਭਿੱਟ), ਜਗਤ ਕਉ ਲਾਗੈ; ਤਾ ਪਰ (ਉਸ ਉੱਤੇ) ‘ਤੁਹਂੀ’ (ਤੂੰ ਹੀ) ਢਰੈ (ਤਰਸ ਕਰਦਾ ਹੈਂ)॥’’ (ਭਗਤ ਰਵਿਦਾਸ/੧੧੦੬)

(ਹੇ ਨਿਰਾਕਾਰ !) ‘‘ਏਕ ‘ਤੂਹੀ’, ਏਕ ‘ਤੁਹੀ’ ॥’’ (ਮ: ੧/੧੪੩)

‘‘ਜਾ ਕਾ ਠਾਕੁਰੁ ‘ਤੁਹੀ’, ਪ੍ਰਭ ! ਤਾ ਕੇ ਵਡਭਾਗਾ ॥’’(ਮ: ੫/੩੯੯)

(ਹੇ ਨਿਰਾਕਾਰ !) ‘‘ਦਾਨਾ ਤੂ, ਬੀਨਾ ‘ਤੁਹੀ’; ਦਾਨਾ ਕੈ ਸਿਰਿ (ਉੱਤੇ, ਸ੍ਰੇਸਟ) ਦਾਨੁ ॥’’ (ਮ: ੧/੯੩੪)

‘‘ਪ੍ਰਭ ! ਏਕ ‘ਤੂੰਹੀ’, ਏਕ ‘ਤੁਹੀ’ ॥’’ (ਮ: ੫/੧੨੭੨)

(ਹੇ ਨਿਰਾਕਾਰ !) ‘‘ਤੂੰਹੀ’’ ਰਸ, ‘ਤੂੰਹੀ’ ਜਸ; ‘ਤੂੰਹੀ’ ਰੂਪ, ‘ਤੂਹੀ’ ਰੰਗ ॥’’ (ਮ: ੫/੨੧੩)

‘‘ਪ੍ਰਭ ! ਏਕ ‘ਤੂੰਹੀ’ ਏਕ ‘ਤੁਹੀ’ ॥’’ (ਮ: ੫/੧੨੭੨) ਆਦਿ।

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (4 ਵਾਰ), ‘ਤੋਹੀ’ (1 ਵਾਰ), ‘ਤੁਹਿ’ (2 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

‘‘ਆਜੁ ਕਾਲਿ ਫੁਨਿ ‘ਤੋਹਿ’ (ਤੈਨੂੰ ਭੀ) ਗ੍ਰਸਿ ਹੈ; ਸਮਝਿ (ਕੇ) ਰਾਖਉ ਚੀਤਿ (ਵਿੱਚ)॥’’ (ਮ: ੯/੬੩੧)

‘‘ਮੇਰੈ ਅੰਤਰਿ ਲੋਚਾ ਮਿਲਣ ਕੀ; ਕਿਉ ਪਾਵਾ ਪ੍ਰਭ ! ‘ਤੋਹਿ’ (ਤੈਨੂੰ) ? ॥’’ (ਮ: ੫/੯੫੭)

‘‘ਜੀਉ ਮਹਿੰਜਾ (ਮੇਰਾ), ‘ਤਉ’ (ਤੈਂ ਨੇ) ਮੋਹਿਆ; ਕਦਿ ਪਸੀ (ਵੇਖਾਂ) ਜਾਨੀ (ਜਾਣਾ) ‘ਤੋਹਿ’ (ਤੈਨੂੰ) ? ॥’’ (ਮ: ੫/੧੦੯੪)

‘‘ਗੁਰ ਕੈ ਸਬਦਿ (ਰਾਹੀਂ); ਪਛਾਨਾ ‘ਤੋਹਿ’ (ਤੈਨੂੰ)॥’’ (ਮ: ੧/੧੧੮੭)

(ਹੇ ਪ੍ਰਭੂ !) ‘‘ਤੁਝ (ਕਿਰਪਾ) ਬਿਨੁ, ਕਵਨੁ ਰੀਝਾਵੈ ‘ਤੋਹੀ’ (ਤੈਨੂੰ) ?॥’’ (ਮ: ੫/੨੦੭)

‘‘ਰੇ ਬਉਰੇ ! (ਮਰਨ ਉਪਰੰਤ) ‘ਤੁਹਿ’ (ਤੈਨੂੰ) ਘਰੀ (ਘੜੀ ਮਾਤ੍ਰ ਵੀ) ਨ ਰਾਖੈ ਕੋਈ ॥’’ (ਭਗਤ ਕਬੀਰ/੪੭੮)

‘‘ਕਾਢਿ (ਕੇ) ਖੜਗੁ (ਤਲਵਾਰ, ਪਰ ਅੰਦਰੋਂ ਹਰਣਾਖਸ) ਕਾਲੁ ਭੈ (ਡਰ ਵਿੱਚ) ਕੋਪਿਓ (ਗੁੱਸੇ ’ਚ ਬੋਲਿਆ: ਹੇ ਪ੍ਰਹਲਾਦ !); ਮੋਹਿ ਬਤਾਉ? ਜੁ ‘ਤੁਹਿ’ (ਤੈਨੂੰ) ਰਾਖੈ ॥’’ (ਭਗਤ ਨਾਮਦੇਵ/੧੧੬੫)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (5 ਵਾਰ), ‘ਤੁਹਿ’ (3 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਭਾਈ !) ‘‘ਕਹੁ ਨਾਨਕ ! ਨਿਜ ਮਤੁ (ਨਿਜੀ ਵੀਚਾਰ) ਸਾਧਨ ਕਉ (ਗੁਰਮੁਖਾਂ ਦੇ); ਭਾਖਿਓ (ਆਖਦਾ ਹਾਂ) ‘ਤੋਹਿ’ (ਤੈਨੂੰ, ਤੇਰੇ ਲਈ) ਪੁਕਾਰਿ (ਕੇ)॥’’ (ਮ: ੯/੬੩੩)

(ਹੇ ਪ੍ਰਭੂ ! ਸਰਗੁਣ ਰੂਪ ’ਚ) ‘‘ਸਹਸ ਤਵ (ਹਜ਼ਾਰਾਂ ਤੇਰੇ) ਨੈਨ, (ਪਰ ਨਿਰਗੁਣ ’ਚ) ਨਨ (ਨਾ) ਨੈਨ ਹੈ ‘ਤੋਹਿ ਕਉ’ (ਤੇਰੇ ਲਈ, ਸਰਗੁਣ ’ਚ); ਸਹਸ ਮੂਰਤਿ, (ਪਰ ਨਿਰਗੁਣ ’ਚ) ਨਨਾ (ਨਾ) ਏਕ ਤੋਹੀ (ਤੇਰੀ ਮੂਰਤੀ, ਸ਼ਕਲ)॥’’ (ਮ: ੧/੬੬੩) (ਇਹ ਪੰਕਤੀ ਦੋ ਵਾਰ ਦਰਜ ਹੈ।)

(ਹੇ ਭਾਈ !) ‘‘ਜਿਹ ਸਿਮਰਨਿ (ਨਾਲ); ਨਾਹੀ ‘ਤੁਹਿ’ (ਤੇਰੇ ਲਈ) ਕਾਨਿ (ਕਿਸੇ ਦੀ ਮੁਥਾਜੀ ਰਹਿੰਦੀ)॥’’ (ਭਗਤ ਕਬੀਰ/੯੭੧)

(ਹੇ ਭਾਈ !) ‘‘ਕਬੀਰ ! ਜਉ ‘ਤੁਹਿ’ (ਤੈਨੂੰ, ਤੇਰੇ ਲਈ) ਸਾਧ ਪਿਰੰਮ ਕੀ (ਪਿਆਰ ਦੀ ਖਿੱਚ ਹੈ); ਸੀਸੁ ਕਾਟਿ (ਕੇ) ਕਰਿ ਗੋਇ (ਗੇਂਦ ਭਾਵ ਨਿਮਰਤਾ)॥’’ (ਭਗਤ ਕਬੀਰ/੧੩੭੭)

(ਹੇ ਭਾਈ !) ‘‘ਕਬੀਰ ! ਜਉ ‘ਤੁਹਿ’ (ਤੈਨੂੰ) ਸਾਧ ਪਿਰੰਮ ਕੀ; ਪਾਕੇ ਸੇਤੀ (ਪੱਕੇ ਗੁਰੂ ਨਾਲ ਹੀ) ਖੇਲੁ ॥’’ (ਭਗਤ ਕਬੀਰ/੧੩੭੭)

ਪਿਛਲੇ ਅਧਿਆਇ ’ਚ ਕੀਤੀ ਗਈ ਵੀਚਾਰ ਕਿ ਕਿਸੇ ਪੰਕਤੀ ’ਚ 2 ਕਰਮ ਆ ਜਾਂਦੇ ਹਨ ਤਾਂ ਉਨ੍ਹਾਂ ਦੀ ਪਹਿਚਾਣ ਕਰਨ ਲਈ ‘ਕਿਰਿਆ’ ਸ਼ਬਦ ਨਾਲ ‘ਕੀ’ ਲਗਾਇਆਂ ਜੋ ਜਵਾਬ ਮਿਲੇ ਉਹ ‘ਕਰਮ ਕਾਰਕ’ ਤੇ ‘ਕਿਸ ਨੂੰ’ ਲਗਾਇਆਂ ਜੋ ਜਵਾਬ ਮਿਲੇ ਉਹ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ:

(1). ‘‘ਉਨ ਕੀ ਗੈਲਿ (ਆਦਤ); ‘ਤੋਹਿ’ (ਤੈਨੂੰ) ਜਿਨਿ (‘ਮਤਾਂ’ ਭਾਵ ਵੇਖੀਂ ਕਿਤੇ) ਲਾਗੈ ॥’’ (ਭਗਤ ਕਬੀਰ/੪੮੪)

(2). ‘‘ਭਲੇ ਅਮਰਦਾਸ ! ਗੁਣ ਤੇਰੇ; ਤੇਰੀ ਉਪਮਾ, ‘ਤੋਹਿ’ (ਤੈਨੂੰ) ਬਨਿ ਆਵੈ ॥’’ (ਭਟ ਭਲੵ /੧੩੯੬)

(ਨੋਟ: ਉਪਰੋਕਤ ਦੋਵੇਂ ਪੰਕਤੀਆਂ ’ਚ ਨੰਬਰ (1) ’ਚ ‘ਕੀ ਲਾਗੈ ?’ ਦਾ ਜਵਾਬ ਹੈ: ‘ਗੈਲਿ’ ਭਾਵ ‘ਆਦਤ’ (ਕਰਮ ਕਾਰਕ) ਤੇ ‘ਕਿਸ ਨੂੰ ਲਾਗੈ ?’ ਦਾ ਜਵਾਬ ਹੈ: ‘ਤੋਹਿ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ) ਅਤੇ ਨੰਬਰ (2) ’ਚ ‘ਕੀ ਬਨਿ ਆਵੈ ?’ ਦਾ ਜਵਾਬ ਹੈ: ‘ਉਪਮਾ’ (ਕਰਮ ਕਾਰਕ) ਅਤੇ ‘ਕਿਸ ਨੂੰ ਬਨਿ ਆਵੈ ?’ ਦਾ ਜਵਾਬ ਹੈ: ‘ਤੋਹਿ’ ਭਾਵ ‘ਤੈਨੂੰ’ (ਸੰਪਰਦਾਨ ਕਾਰਕ)।

(4). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (8 ਵਾਰ), ‘ਤੋਹੀ’ (4 ਵਾਰ), ‘ਤੁਹਿ’ (1 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’; ਜਿਵੇਂ:

(ਹੇ ਪ੍ਰਭੂ! ਸਰਗੁਣ ਰੂਪ ’ਚ) ‘‘ਸਹਸ ਤਵ (ਹਜ਼ਾਰਾਂ ਤੇਰੇ) ਨੈਨ, (ਪਰ ਨਿਰਗੁਣ ’ਚ) ਨਨ (ਨਾ) ਨੈਨ ਹੈ ਤੋਹਿ ਕਉ; ਸਹਸ ਮੂਰਤਿ, (ਪਰ ਨਿਰਗੁਣ ’ਚ) ਨਨਾ (ਨਾ) ਏਕ ‘ਤੋਹੀ’ (ਤੇਰੀ ਮੂਰਤੀ, ਸ਼ਕਲ)॥’’ (ਮ: ੧/੬੬੩) (ਇਹ ਪੰਕਤੀ ਦੋ ਵਾਰ ਦਰਜ ਹੈ।)

(ਹੇ ਪ੍ਰਭੂ ! ) ‘‘ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ (ਤੇਰੇ ਲਈ); ਸਹਸ ਮੂਰਤਿ, ਨਨਾ ਏਕ ‘ਤੁੋਹੀ’ (ਤੇਰੀ ਮੂਰਤੀ)॥’’ (ਮ: ੧/੧੩)

(ਹੇ ਜੀਵ !) ‘‘ਸੋ ਘਰੁ ਰਾਖੁ; ਵਡਾਈ ‘ਤੋਹਿ’ (ਤੇਰੀ)॥’’ (ਮ: ੧/੩੫੭)

(ਹੇ ਪ੍ਰਭੂ !) ‘‘ਸੰਧਿਕ ‘ਤੋਹਿ’ (ਮੈਂ ਚੋਰ, ਤੇਰਾ), ਸਾਧ ਨਹੀ ਕਹੀਅਉ; ਸਰਨਿ ਪਰੇ, ਤੁਮਰੀ ਪਗਰੀ (ਤੇਰੇ ਪੈਰਾਂ ਦੀ)॥’’ (ਭਗਤ ਕਬੀਰ/੮੫੬)

(ਹੇ ਜੀਵ !) ‘‘ਨਾ ਤਨੁ ਤੇਰਾ; ਨਾ ਮਨੁ ‘ਤੋਹਿ’ (ਤੇਰਾ) ॥’’ (ਮ: ੫/੮੯੯)

(ਹੇ ਪੰਡਿਤ !) ‘‘ਤੂੰ ਬ੍ਰਹਮਨੁ, ਮੈ ਕਾਸੀਕ ਜੁਲਹਾ (ਕਾਂਸ਼ੀ ਦਾ ਜੁਲਾਹਾ); ਮੁਹਿ ‘ਤੋਹਿ’ (ਮੇਰੀ-ਤੇਰੀ) ਬਰਾਬਰੀ, ਕੈਸੇ ਕੈ ਬਨਹਿ ? ॥’’ (ਭਗਤ ਕਬੀਰ/੯੭੦)

(ਹੇ ਪ੍ਰਭੂ !) ‘‘ਤਿਨਿ ਭੀ, ਅੰਤੁ ਨ ਪਾਇਆ; ‘ਤੋਹਿ’ (ਤੇਰਾ)॥ ਨਾਮ ਬਿਹੂਣ; ਮੁਕਤਿ ਕਿਉ ਹੋਇ ?॥’’ (ਮ: ੧/੧੨੩੭)

(ਹੇ ਪ੍ਰਭੂ !) ‘‘ਤੂੰ ਸਚਾ ਸਾਹਿਬੁ ਅਤਿ ਵਡਾ; ‘ਤੁਹਿ’ (ਤੇਰੇ) ਜੇਵਡੁ (ਜਿਤਨਾ ਵੱਡਾ) ਤੂੰ ਵਡ ਵਡੇ ॥’’ (ਮ: ੪/੩੧੭)

(ਹੇ ਪ੍ਰਭੂ !) ‘‘ਤੋਹੀ’’ ਮੋਹੀ (ਤੇਰਾ-ਮੇਰਾ), ਮੋਹੀ ‘ਤੋਹੀ’ (ਮੇਰਾ-ਤੇਰਾ) ਅੰਤਰੁ ਕੈਸਾ ? ॥’’ (ਭਗਤ ਰਵਿਦਾਸ/੯੩)

ਗੁਰਬਾਣੀ ਵਿੱਚ ‘ਤੋਹਿ’ (3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵੀ ਵਿਸ਼ੇਸ਼ਣ’ ਵੀ ਹੈ ਕਿਉਂਕਿ ਇਸ ਦੇ ਸਮਾਨੰਤਰ ‘ਨਾਂਵ’ ਸ਼ਬਦ ਦਰਜ ਹੈ ਤੇ ਇਸ ਦਾ ਅਰਥ ਹੈ: ‘ਤੇਰੇ, ਤੇਰਾ’; ਜਿਵੇਂ:

‘‘ਤੋਹਿ’’ ਚਰਨ (ਤੇਰੇ ਚਰਨਾਂ ’ਚ) ਮਨੁ ਲਾਗੋ; ਸਾਰਿੰਗਧਰ ! ॥’’ (ਭਗਤ ਕਬੀਰ/੩੩੮)

(ਹੇ ਗੁਰੂ ਅਰਜਨ ਸਾਹਿਬ ਜੀ !) ‘‘ਰਹਸੁ (ਖ਼ੁਸ਼ੀ) ਕੀਅਉ ਸੁਰ ਦੇਵ (ਨੇ); ‘ਤੋਹਿ’ ਜਸੁ (ਤੇਰਾ ਜਸ), ਜਯ ਜਯ ਜੰਪਹਿ ॥’’ (ਭਟ ਹਰਿਬੰਸ/੧੪੦੯)

(ਹੇ ਗੁਰੂ ਅਰਜਨ ਸਾਹਿਬ ਜੀ !) ‘‘ਭਯ ਭੰਜਨੁ, ਪਰ ਪੀਰ (ਪਰਾਈ ਪੀੜਾ) ਨਿਵਾਰਨੁ; ਕਲੵ ਸਹਾਰੁ, ‘ਤੋਹਿ’ ਜਸੁ (ਤੇਰਾ ਜਸ) ਬਕਤਾ (ਗਾਂਦਾ ਹੈ)॥’’ (ਭਟ ਕਲੵ /੧੪੦੭)

(5). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੋਹਿ’ (2 ਵਾਰ), ‘ਤੋਹੀ’ (2 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਨਾਲ’; ਜਿਵੇਂ:

(ਹੇ ਸੁੰਦਰ ਰਾਮ ਪ੍ਰਭੂ ਜੀ !) ‘‘ਮੇਰਾ ਮਨੁ ਲਾਗਾ; ‘ਤੋਹਿ’ (ਤੇਰੇ ‘ਚਰਨਾਂ’ ਵਿੱਚ)॥’’ (ਭਗਤ ਕਬੀਰ/੩੩੫)

‘‘ਕਿਉ ਮਿਲੀਐ ? ਪ੍ਰਭ ਅਬਿਨਾਸੀ ! ‘ਤੋਹਿ’ (ਤੇਰੇ ਨਾਲ, ਤੇਰੇ ਵਿੱਚ)॥’’ (ਮ: ੫/੮੦੧)

‘‘ਕਾਜੀ ! ਸਾਹਿਬੁ ਏਕੁ, ‘ਤੋਹੀ ਮਹਿ’ (ਤੇਰੇ ਵਿੱਚ, ਉਹੀ); ਤੇਰਾ (ਮਾਲਕ, ਪਰ ਤੂੰ) ਸੋਚਿ ਬਿਚਾਰਿ (ਕੇ) ਨ ਦੇਖੈ ॥’’ (ਭਗਤ ਕਬੀਰ/੪੮੩)

(ਹੇ ਭਾਈ ! ਜੋ) ‘‘ਸਰਬ ਨਿਵਾਸੀ, ਸਦਾ ਅਲੇਪਾ; ‘ਤੋਹੀ ਸੰਗਿ’ (ਤੇਰੇ ਨਾਲ) ਸਮਾਈ (ਵੱਸਦਾ ਹੈ)॥’’ (ਮ: ੯/੬੮੪)