Pronoun (Part 4, B)

0
328

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-1) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-2

(2). ਗੁਰਬਾਣੀ ਵਿੱਚ ‘ਤਉ’ ਸ਼ਬਦ 321 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 275 ਵਾਰ ਇਸ ਦਾ ਅਰਥ ਹੈ: ‘ਤਦੋਂ, ਤਾਂ ਫਿਰ’ (ਕਿਰਿਆ ਵਿਸ਼ੇਸ਼ਣ) ਜਾਂ ‘ਤਾਂ, ਤਾਂ ਭੀ’ (ਯੋਜਕ) ਹੈ ਭਾਵ ‘ਮੱਧਮ ਪੁਰਖ ਪੜਨਾਂਵ’ ਨਹੀਂ; ਜਿਵੇਂ:

(ੳ). ‘ਤਉ’ ਭਾਵ ਕਿਰਿਆ ਵਿਸ਼ੇਸ਼ਣ, ਜਿਸ ਦਾ ਅਰਥ ਹੈ ‘ਤਦੋਂ, ਤਾਂ ਫਿਰ’; ਜਿਵੇਂ:

‘‘ਗਰਭ ਛੋਡਿ (ਕੇ), ਮ੍ਰਿਤ ਮੰਡਲ (ਜਗਤ ’ਚ) ਆਇਆ; ‘ਤਉ’ (ਤਦੋਂ) ਨਰਹਰਿ (ਰੱਬ) ਮਨਹੁ ਬਿਸਾਰਿਆ ॥’’ (ਭਗਤ ਬੇਣੀ/੯੩)

‘‘ਖੇਲੁ ਸੰਕੋਚੈ; ‘ਤਉ’ (ਤਦੋਂ, ਤਾਂ ਫਿਰ) ਨਾਨਕ ਏਕੈ ॥’’ (ਮ: ੫/੨੯)

(ਹੇ ਕਰਤਾਰ !) ‘‘ਸਾਧਸੰਗਿ ਜਉ (ਜਦੋਂ) ਤੁਮਹਿ ਮਿਲਾਇਓ; ‘ਤਉ’ (ਤਦੋਂ, ਤਾਂ ਫਿਰ) ਸੁਨੀ ਤੁਮਾਰੀ ਬਾਣੀ ॥’’ (ਮ: ੫/੬੧੪)

‘‘ਖਰ (ਖੋਤੇ) ਕਾ ਪੈਖਰੁ ‘ਤਉ’ (ਤਦੋਂ) ਛੁਟੈ, ਜਉ (ਜਦੋਂ) ਊਪਰਿ ਲਾਦਾ ॥’’ (ਮ: ੫/੮੧੫)

‘‘ਜਉ (ਜਦੋਂ) ਦੇਖੈ ਛਿਦ੍ਰੁ (ਔਗੁਣ), ‘ਤਉ’ (ਤਦੋਂ, ਤਾਂ ਫਿਰ) ਨਿੰਦਕੁ ਉਮਾਹੈ (ਖ਼ੁਸ ਹੁੰਦਾ, ਪਰ); ਭਲੋ ਦੇਖਿ (ਕੇ) ਦੁਖ ਭਰੀਐ ॥’’ (ਮ: ੫/੮੨੩)

(ਹੇ ਕਰਤਾਰ ! ਜਦੋਂ) ‘‘ਹਭੇ (ਸਾਰੇ) ਸਾਕ ਕੂੜਾਵੇ ਡਿਠੇ; ‘ਤਉ’ (ਤਦੋਂ, ਤਾਂ ਫਿਰ) ਪਲੈ ਤੈਡੈ (ਤੇਰੇ) ਲਾਗੀ ॥’’ (ਮ: ੫/੯੬੩)

‘‘ਤਿਨ ਕੀ ਪੰਕ (ਧੂੜ) ਹੋਵੈ ਜੇ (ਜਦੋਂ) ਨਾਨਕੁ; ‘ਤਉ’ (ਤਾਂ ਫਿਰ, ਤਦੋਂ) ਮੂੜਾ ਕਿਛੁ ਪਾਈ ਰੇ ॥’’ (ਮ: ੧/੧੫੬)

(ਹੇ ਭਾਈ ! ਜਦੋਂ) ‘‘ਆਠ ਪਹਰ ਕਰ (ਹੱਥ) ਜੋੜਿ (ਕੇ) ਰਹੁ; ‘ਤਉ’ (ਤਾਂ ਫਿਰ, ਤਦੋਂ) ਭੇਟੈ ਹਰਿ ਰਾਇ ਰੀ ॥’’ (ਮ: ੫/੪੦੦)

(ਰੱਬ ਨੂੰ ਲੱਭਣ ਲਈ) ‘‘ਊਹਾਂ (ਤੀਰਥਾਂ ’ਤੇ) ‘ਤਉ’ (ਤਾਂ, ਤਦੋਂ) ਜਾਈਐ; ਜਉ (ਅਗਰ, ਜਦੋਂ) ਈਹਾਂ ਨ ਹੋਇ ॥’’ (ਭਗਤ ਰਾਮਾਨੰਦ/੧੧੯੫)

(ਹੇ ਕਰਤਾਰ !) ‘‘ਜੇ ਤਖਤਿ (ਉੱਤੇ) ਬੈਸਾਲਹਿ (ਬਿਠਾਵੇਂ), ‘ਤਉ’ (ਤਾਂ, ਤਦੋਂ) ਦਾਸ ਤੁਮ੍ਹਾਰੇ; ਘਾਸੁ (ਨੂੰ) ਬਢਾਵਹਿ, ਕੇਤਕ (ਕਿਵੇਂ) ਬੋਲਾ? ॥’’ (ਮ: ੫/੧੨੧੧)

(ਕਰਤਾਰ ਵੱਲੋਂ ਨਸੀਹਤ ਹੈ ਕਿ ਮੇਰਾ ਭਗਤ ਜਦ!) ‘‘ਏਕ ਸਮੈ, ਮੋ ਕਉ (ਮੈਨੂੰ) ਗਹਿ (ਫੜ ਕੇ) ਬਾਂਧੈ; ‘ਤਉ’ ਫੁਨਿ (ਤਾਂ ਫਿਰ, ਤਦੋਂ) ਮੋ ਪੈ (ਮੇਰੇ ਪਾਸੋਂ) ਜਬਾਬੁ ਨ ਹੋਇ ॥’’ (ਭਗਤ ਨਾਮਦੇਵ/੧੨੫੩) ਆਦਿ।

(ਅ). ‘ਤਉ’ ਭਾਵ ਯੋਜਕ, ਜਿਸ ਦਾ ਅਰਥ ਹੈ ‘ਤਾਂ, ਤਾਂ ਭੀ’; ਜਿਵੇਂ:

‘‘ਨਿਮਖ ਨਿਮਖ ਕਰਿ (ਕੇ); ਸਰੀਰੁ ਕਟਾਵੈ ॥ ‘ਤਉ ਭੀ’; ਹਉਮੈ ਮੈਲੁ ਨ ਜਾਵੈ ॥’’ (ਮ: ੫/੨੬੫)

‘‘ਕਹਾ, ਬਿਸਨਪਦ (ਕਿਵੇਂ ਭਿੰਨ ਭਿੰਨ ਰੂਪਾਂ ਵਾਲੇ ਗੀਤ) ਗਾਵੈ ਗੁੰਗ (ਗੁੰਗਾ) ? ॥ ਜਤਨ ਕਰੈ; ‘ਤਉ ਭੀ’ ਸੁਰ ਭੰਗ ॥’’ (ਮ: ੫/੨੬੭)

‘‘ਜਉ (ਭਾਵੇਂ) ਮੈ ਕੀਓ ਸਗਲ ਸੀਗਾਰਾ ॥ ‘ਤਉ ਭੀ’, ਮੇਰਾ ਮਨੁ (ਨੂੰ) ਨ ਪਤੀਆਰਾ (ਤਸੱਲੀ)॥’’ (ਮ: ੫/੩੭੩)

‘‘ਜਉ ਤਨੁ ਚੀਰਹਿ; ਅੰਗੁ ਨ ਮੋਰਉ ॥ ਪਿੰਡੁ ਪਰੈ; ‘ਤਉ’ (ਤਾਂ ਭੀ) ਪ੍ਰੀਤਿ ਨ ਤੋਰਉ ॥’’ (ਭਗਤ ਕਬੀਰ/੪੮੪)

(ਹੇ ਕਰਤਾਰ!) ‘‘ਜਉ (ਜੇ) ਤੁਮ ਦੀਵਰਾ (ਦੀਵਾ); ‘ਤਉ’ (ਤਾਂ) ਹਮ ਬਾਤੀ (ਬੱਤੀ)॥’’ (ਭਗਤ ਰਵਿਦਾਸ/੬੫੮)

‘‘ਵਿਣੁ ਗਾਹਕ, ਗੁਣੁ ਵੇਚੀਐ; ‘ਤਉ’ (ਤਾਂ) ਗੁਣੁ ਸਹਘੋ (ਸਸਤੇ) ਜਾਇ ॥’’ (ਮ: ੧/੧੦੮੬)

‘‘ਜਉ (ਜੇ, ਅਗਰ) ਹਉ ਬਉਰਾ; ‘ਤਉ’ (ਤਾਂ ਭੀ) ਰਾਮ ! ਤੋਰਾ (ਤੇਰਾ)॥’’ (ਭਗਤ ਕਬੀਰ/੧੧੫੮) ਆਦਿ।

ਉਪਰੋਕਤ ਕੀਤੀ ਗਈ ਵੀਚਾਰ (ਕਿ ‘ਤਉ’ ਦਾ ਅਰਥ ਜ਼ਿਆਦਾਤਰ ‘ਕਿਰਿਆ ਵਿਸ਼ੇਸ਼ਣ’ ਜਾਂ ‘ਯੋਜਕ’ ਹੈ) ਤੋਂ ਇਲਾਵਾ ਗੁਰਬਾਣੀ ਵਿੱਚ ‘ਤਉ’ (ਕੁੱਲ 321 ਵਿੱਚੋਂ ਕੇਵਲ 46 ਵਾਰ), ‘ਤੂ’ (918 ਵਾਰ), ‘ਤੂੰ’ (581 ਵਾਰ), ‘ਤੂਹੈ’ (61 ਵਾਰ), ‘ਤੂੰਹੈ’ (34 ਵਾਰ), ‘ਤੁ’ (1 ਵਾਰ), ‘ਤੁਅ’ (12 ਵਾਰ), ‘ਤਵ’ (11 ਵਾਰ), ‘ਤੋਰ’ (6 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ’ ਹਨ ਜੋ 5 ਕਾਰਕਾਂ (ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ) ਵਿੱਚ ਦਰਜ ਹਨ; ਜਿਵੇਂ:

(1). ਕਰਤਾ ਕਾਰਕ ਪੜਨਾਂਵ:

(ੳ) ‘ਸਾਧਾਰਨ ਕਰਤਾ ਕਾਰਕ-ਰੂਪ’: ਗੁਰਬਾਣੀ ਵਿੱਚ ‘ਤਉ’ (1 ਵਾਰ), ‘ਤੂ’ (915 ਵਾਰ), ‘ਤੂੰ’ (581 ਵਾਰ), ‘ਤੂਹੈ’ (61 ਵਾਰ), ‘ਤੂੰਹੈ’ (34 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਭਾਈ !) ‘‘ਸਿਮਰਨੁ ਭਜਨੁ ਦਇਆ ਨਹੀ ਕੀਨੀ; ‘ਤਉ’ (ਤੂੰ) ਮੁਖਿ (ਉੱਤੇ) ਚੋਟਾ ਖਾਹਿਗਾ ॥’’ (ਭਗਤ ਕਬੀਰ/੧੧੦੬)

‘‘ਤੂ’’ ਸਦਾ ਸਲਾਮਤਿ; ਨਿਰੰਕਾਰ ! ॥’’ (ਜਪੁ /ਮ: ੧)

(ਹੇ ਨਿਰਾਕਾਰ !) ‘‘ਜਿਸ ਨੋ ‘ਤੂ’ ਜਾਣਾਇਹਿ; ਸੋਈ ਜਨੁ ਜਾਣੈ ॥’’ (ਮ: ੪/੧੧) ਆਦਿ।

‘‘ਤੂੰ ’’ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ; ਤੇਰੇ ਕਿਆ ਗੁਣ, ਆਖਿ (ਕੇ) ਵਖਾਣਾ? ॥’’ (ਮ: ੪/੧੧)

‘‘ਤੂੰ’’ ਕਰਤਾ ਸਚਿਆਰੁ; ਮੈਡਾ (ਮੇਰਾ) ਸਾਂਈ ॥’’ (ਮ: ੪/੧੧)

(ਹੇ ਕਰਤਾਰ !) ‘‘ਤੂੰ’’ ਜਲਨਿਧਿ, ਹਉ ਜਲ ਕਾ ਮੀਨੁ ॥’’ (ਭਗਤ ਕਬੀਰ/੩੨੩) ਆਦਿ।

(ਹੇ ਨਿਰਾਕਾਰ !) ‘‘ਤੁਧੁ ਜੇਵਡੁ ਹੋਇ, ਸੁ ਆਖੀਐ; ਤੁਧੁ ਜੇਹਾ ‘ਤੂਹੈ’ (ਤੂੰ ਹੀ) ਪੜੀਐ ॥’’ (ਮ: ੪/੩੦੧)

(ਹੇ ਨਿਰਾਕਾਰ !) ‘‘ਤੇਰਾ ਤਾਣੁ; ‘ਤੂਹੈ’ (ਕੇਵਲ ਤੂੰ ਹੀ) ਦੀਬਾਣੁ (ਆਸਰਾ)॥’’ (ਮ: ੧/੩੫੫)

(ਹੇ ਨਿਰਾਕਾਰ ! ਸਦੀਵੀ ਸਥਿਰ) ‘‘ਹੈ, ‘ਤੂਹੈ’ (ਕੇਵਲ ਤੂੰ); ਤੂ ਹੋਵਨਹਾਰ (ਤੂੰ ਹੀ ਰਹੇਗਾ)॥’’ (ਮ: ੫/੭੨੪)

(ਹੇ ਨਿਰਾਕਾਰ !) ‘‘ਤੂਹੈ’ (ਕੇਵਲ ਤੂੰ), ਹੈ ਵਾਹੁ ! ਤੇਰੀ ਰਜਾਇ ॥’’ (ਮ: ੧/੧੩੨੯)

(ਹੇ ਨਿਰਾਕਾਰ !) ‘‘ਤੇਰੀ ਮਹਿਮਾ; ਤੂੰਹੈ ਜਾਣਹਿ ॥’’ (ਮ: ੫/੧੦੮)

(ਹੇ ਨਿਰਾਕਾਰ !) ‘‘ਐਥੈ, ਓਥੈ; ਤੂੰਹੈ ਰਖਵਾਲਾ ॥’’ (ਮ: ੫/੧੩੨) ਆਦਿ।

(ਅ) ‘ਸੰਬੰਧਕੀ ਕਰਤਾ ਕਾਰਕ-ਰੂਪ’: ਗੁਰਬਾਣੀ ਵਿੱਚ ‘ਤਉ’ (7 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਕਰਤਾਰ !) ‘‘ਜੋ ‘ਤਉ’ (ਤੈਂ ਨੇ) ਕੀਨੇ ਆਪਣੇ, ਤਿਨਾ ਕੂੰ (ਨੂੰ) ਮਿਲਿਓਹਿ ॥’’ (ਮ: ੫/੮੧)

(ਹੇ ਕਰਤਾਰ !) ‘‘ਜੀਉ ਮਹਿੰਜਾ (ਮੇਰਾ), ‘ਤਉ’ (ਤੈਂ ਨੇ) ਮੋਹਿਆ; ਕਦਿ ਪਸੀ (ਵੇਖਾਂ) ਜਾਨੀ (ਜਾਣਾ) ਤੋਹਿ (ਤੈਨੂੰ)? ॥’’ (ਮ: ੫/੧੦੯੪)

(ਹੇ ਕਰਤਾਰ !) ‘‘ਕਹੁ ਨਾਨਕ ! ਜੀਅੜਾ ਬਲਿਹਾਰੀ; ਜੀਉ, ਪਿੰਡੁ ‘ਤਉ’ (ਤੈਂ ਨੇ) ਦਿਤਾ ॥’’ (ਮ: ੫/੧੧੧੭)

(ਹੇ ਭਾਈ !) ‘‘ਇਹ ਜਗ ਮਹਿ ਰਾਮ ਨਾਮੁ; ਸੋ, ‘ਤਉ’ (ਤੈਂ ਨੇ) ਨਹੀ ਸੁਨਿਓ ਕਾਨਿ ॥’’ (ਮ: ੯/੧੩੫੨)

(ਹੇ ਭਾਈ !) ‘‘ਸਾਈ (ਉਹੀ) ਜਾਇ (ਸਥਾਨ) ਸਮ੍ਹਾਲਿ; ਜਿਥੈ ਹੀ ‘ਤਉ’ (ਤੈਂ ਨੇ) ਵੰਞਣਾ (ਜਾਣਾ)॥’’ (ਬਾਬਾ ਫਰੀਦ/੧੩੮੧)

‘‘ਕੰਧੀ (ਦਰਿਆ ਕੰਢੇ ਨੂੰ) ਵਹਣ ! ਨ ਢਾਹਿ, ‘ਤਉ’ (ਤੈਂ ਨੇ) ਭੀ ਲੇਖਾ ਦੇਵਣਾ ॥’’ (ਬਾਬਾ ਫਰੀਦ/੧੩੮੨)

(ਹੇ ਕਰਤਾਰ !) ‘‘ਜਿਨ ਕਉ ਪ੍ਰੇਮ ਪਿਆਰੁ; ‘ਤਉ’ (ਤੈਂ ਨੇ) ਆਪੇ ਲਾਇਆ ਕਰਮੁ (ਬਖ਼ਸ਼) ਕਰਿ (ਕੇ)॥’’ (ਮ: ੪/੧੪੨੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਅ’ (1 ਵਾਰ), ‘ਤੂ’ (3 ਵਾਰ) ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹਨ; ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

(ਹੇ ਨਿਰਾਕਾਰ !) ‘‘ਆਠ ਜਾਮ (ਪਹਿਰ) ਚਉਸਠਿ ਘਰੀ; ‘ਤੁਅ’ (ਤੈਨੂੰ) ਨਿਰਖਤ (ਵੇਖਦਾ) ਰਹੈ ਜੀਉ ॥’’ (ਭਗਤ ਕਬੀਰ/੧੩੭੭)

(ਹੇ ਦੁਰਗਾ !) ‘ਤੂ’ (ਤੈਨੂੰ) ਕਹੀਅਤ ਹੀ (ਹੀ ਕਿਹਾ ਜਾਂਦਾ ਹੈ), ਆਦਿ ਭਵਾਨੀ ॥ (ਪਰ) ਮੁਕਤਿ ਕੀ ਬਰੀਆ (ਵਾਰੀ); ਕਹਾ ਛਪਾਨੀ (ਕਿਥੇ ਛੁਪ ਗਈ ?) ॥’’ (ਭਗਤ ਨਾਮਦੇਵ/੮੭੪)

(ਹੇ ਨਿਰਾਕਾਰ !) ‘ਤੂ’ (ਤੈਨੂੰ) ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈਂ; ਅਤਿਭੁਜ ਭਇਓ ਅਪਾਰਲਾ (ਜਦ ਤੂੰ ਬੜਾ ਬਲਵਾਨ ਹੈਂ, ਤਾਂ ਫਿਰ ਕੀ ਤੇਰੇ ਸੇਵਕ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਹੈ ?) ॥’’ (ਭਗਤ ਨਾਮਦੇਵ/੧੨੯੨)

(ਹੇ ਨਿਰਾਕਾਰ !) ‘‘ਤੂ’’ (ਤੈਨੂੰ) ਹੋਰਤੁ ਉਪਾਇ ਨ ਲਭਹੀ, (ਤੂੰ) ਅਬਿਨਾਸੀ ਸਿ੍ਰਸਟਿ ਕਰਣ ॥’’ (ਮ: ੫/੧੦੯੫)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤਉ’ (7 ਵਾਰ), ‘ਤੋਰ’ (1 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਤੋਂ’ (ਧਿਆਨ ਰਹੇ ਕਿ ਇਸ 6 ਵਾਰ ਵਿੱਚੋਂ ਹੀ ਇੱਕ ਪੰਕਤੀ ਦੋ ਵਾਰ ਦਰਜ ਹੈ) :

‘‘ਸਤਿਗੁਰ ! ਮੈ ਬਲਿਹਾਰੀ ‘ਤੋਰ’ (ਤੇਰੇ ਤੋਂ)॥’’ (ਭਗਤ ਰਾਮਾਨੰਦ/੧੧੯੫)

‘‘ਤਉ’’ ਕਾਰਣਿ (ਤੇਰੇ ਮਿਲਾਪ ਲਈ) ਸਾਹਿਬਾ! ਰੰਗਿ (ਵਿੱਚ) ਰਤੇ ॥’’ (ਮ: ੧/੩੫੮)

(ਹੇ ਕਰਤਾਰ !) ‘‘ਜੋ ‘ਤਉ’ (ਤੈਨੂੰ, ਤੇਰੇ ਲਈ) ਭਾਵੈ, ਸੋਈ ਥੀਸੀ (ਹੁੰਦਾ ਹੈ); ਜੋ ਤੂੰ ਦੇਹਿ, ਸੋਈ ਹਉ ਪਾਈ ॥’’ (ਮ: ੪/੧੧)

(ਹੇ ਕਰਤਾਰ !) ‘‘ਜੋ ‘ਤਉ’ (ਤੈਨੂੰ) ਭਾਵੈ, ਸੋਈ ਥੀਸੀ (ਹੁੰਦਾ); ਜੋ ਤੂੰ ਦੇਹਿ, ਸੋਈ ਹਉ ਪਾਈ ॥’’ (ਮ: ੪/੩੬੫)

‘‘ਰੇ ਮਨ ! ਮੈ, ‘ਤਉ’ (ਤੈਨੂੰ), ਛਿਨ ਛਿਨ ਸਮਝਾਵਾ ॥’’ (ਭਗਤ ਕਬੀਰ/੩੪੦)

(ਹੇ ਕਰਤਾਰ !) ‘‘ਤਉ’’ (ਤੈਨੂੰ) ਭਾਵਨਿ, (ਉਹ) ਤਉ (ਤੇਰੇ) ਜੇਹੀਆ; (ਜਦਕਿ) ਮੂ ਜੇਹੀਆ ਕਿਤੀਆਹ (ਅਨੇਕਾਂ ਹੀ, ਤੈਥੋਂ ਵਿਛੜੀਆਂ))॥’’ (ਮ: ੧/੧੦੧੫)

(ਨੋਟ: ਕੁਝ ਪੰਕਤੀਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਵਿੱਚ ਦੋ ‘ਕਰਮ’ ਹੁੰਦੇ ਹਨ ਭਾਵ ‘ਸੰਪਰਦਾਨ ਕਾਰਕ’ ਤੇ ‘ਕਰਮ ਕਾਰਕ’। ਅਜਿਹੀਆਂ ਪੰਕਤੀਆਂ ’ਚ ‘ਸੰਪਰਦਾਨ ਕਾਰਕ’ ਤੇ ‘ਕਰਮ ਕਾਰਕ’ ਦੀ ਪਹਿਚਾਣ ਕਰਨ ਲਈ ਕਿਰਿਆ ਨਾਲ ਭਾਵ ‘ਕੀ ਹੈ’ ਸ਼ਬਦ ਲਗਾ ਕੇ ਸਵਾਲ ਪੈਦਾ ਕਰਨ ਉਪਰੰਤ ਮਿਲਿਆ ਜਵਾਬ ‘ਕਰਮ ਕਾਰਕ’ ਹੁੰਦਾ ਹੈ ਜਦਕਿ ‘ਕਿਸ ਨੂੰ ਹੈ’ ਲਗਾ ਕੇ ਮਿਲਿਆ ਜਵਾਬ ‘ਸੰਪਰਦਾਨ ਕਾਰਕ’ ਹੁੰਦਾ ਹੈ; ਜਿਵੇਂ ‘ਤਉ’ ਸ਼ਬਦ ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਕੇਵਲ 2 ਵਾਰ:

(1). (ਹੇ ਭਾਈ !) ‘‘ਜੇ ‘ਤਉ’ (ਤੈਨੂੰ) ਪਿਰੀਆ (ਪਿਆਰੇ) ਦੀ ਸਿਕ (ਖਿੱਚ, ਤਾਂਘ); ਹਿਆਉ (ਦਿਲ) ਨ ਠਾਹੇ (ਨਾ ਦੁਖਾ) ਕਹੀ ਦਾ (ਕਿਸੇ ਦਾ)॥’’ (ਬਾਬਾ ਫਰੀਦ/੧੩੮੪)

(2) (ਹੇ ਭਾਈ !) ‘‘ਜਉ (ਜੇ) ‘ਤਉ’ (ਤੈਨੂੰ), ਪ੍ਰੇਮ ਖੇਲਣ ਕਾ ਚਾਉ ॥’’ (ਮ: ੧/੧੪੧੨)

ਉਪਰੋਕਤ ਦੋਵੇਂ ਪੰਕਤੀਆਂ ’ਚ ਤਰਤੀਬਵਾਰ ਨੰਬਰ (1) ’ਚ ‘ਕੀ ਹੈ’ ਦਾ ਜਵਾਬ ਹੈ ‘ਸਿਕ’ (ਕਰਮ ਕਾਰਕ) ਤੇ ‘ਕਿਸ ਨੂੰ ਹੈ’ ਦਾ ਜਵਾਬ ਹੈ ‘ਤਉ’ (ਭਾਵ ‘ਤੈਨੂੰ’ ਸੰਪਰਦਾਨ ਕਾਰਕ) ਅਤੇ ਅਗਲੀ ਪੰਕਤੀ ਨੰਬਰ (2) ’ਚ ‘ਕੀ ਹੈ’ ਦਾ ਜਵਾਬ ਹੈ ‘ਚਾਉ’ (ਕਰਮ ਕਾਰਕ) ਤੇ ‘ਕਿਸ ਨੂੰ ਹੈ’ ਦਾ ਜਵਾਬ ਹੈ ‘ਤਉ’ (ਭਾਵ ‘ਤੈਨੂੰ’ ਸੰਪਰਦਾਨ ਕਾਰਕ)

(4). ਸੰਬੰਧ ਕਾਰਕ ਪੜਨਾਂਵ:– ਗੁਰਬਾਣੀ ਵਿੱਚ ‘ਤੁ’ ਸ਼ਬਦ (1 ਵਾਰ), ‘ਤਉ’ (321 ਵਿੱਚੋਂ ਕੇਵਲ 3 ਵਾਰ), ‘ਤੁਅ’ (3 ਵਾਰ), ‘ਤਵ’ (ਵੀ 3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’।

(ਨੋਟ: ਪੰਜਾਬੀ ਭਾਸ਼ਾ ਤੇ ਗੁਰਬਾਣੀ ਲਿਖਤ ਵਿੱਚ ‘ਪੜਨਾਂਵ’ ਸ਼ਬਦ ਕੁਝ ‘ਪੜਨਾਂਵੀ ਵਿਸ਼ੇਸ਼ਣ’ ਵੀ ਹੁੰਦੇ ਹਨ ਜਿਨ੍ਹਾਂ ਦਾ ਸਰੂਪ ਤੇ ਅਰਥ ਵੀ ਇੱਕ ਸਮਾਨ ਹੁੰਦਾ ਹੈ ਪਰ ਉਨ੍ਹਾਂ ਦੀ ਪਹਿਚਾਣ ਲਈ ਇਹ ਨਿਯਮ ਜ਼ਰੂਰੀ ਹੈ ਕਿ ‘ਪੜਨਾਂਵ’ ਸ਼ਬਦ ਕਿਸੇ ‘ਨਾਂਵ’ ਸ਼ਬਦ ਦੀ ਗ਼ੈਰ ਹਾਜ਼ਰੀ ’ਚ ਦਰਜ ਹੁੰਦਾ ਹੈ ਜਦਕਿ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦ ਨਾਲ ਉਸ ਦਾ ਸੰਬੰਧਿਤ ‘ਨਾਂਵ’ ਵੀ ਸਮਾਨੰਤਰ ਜ਼ਰੂਰ ਦਰਜ ਹੁੰਦਾ ਹੈ; ਜਿਵੇਂ: ‘ਗੁਰਮੁਖ ਬੱਚਾ ਹੈ। ਉਹ ਸਕੂਲ ਜਾਂਦਾ ਹੈ, ਉਹ ਗੁਰਮੁਖ ਆ ਰਿਹਾ ਹੈ।’, ਵਾਕਾਂ ਵਿੱਚੋਂ ਪਹਿਲੇ ’ਚ ‘ਗੁਰਮੁਖ’ ਨਾਂਵ ਹੈ ਪਰ ਦੂਸਰੇ ਵਾਕ ’ਚ ‘ਉਹ’ ਸ਼ਬਦ ‘ਗੁਰਮੁਖ’ (ਨਾਂਵ) ਦੀ ਗ਼ੈਰ ਹਾਜ਼ਰੀ ’ਚ ਦਰਜ ਹੋਣ ਕਾਰਨ ‘ਉਹ’ ਸ਼ਬਦ ਨੂੰ ‘ਪੜਨਾਂਵ’ ਕਹਿਣਾ ਉਚਿਤ ਹੋਵੇਗਾ ਜਦਕਿ ਤੀਸਰੇ ਵਾਕ ’ਚ ‘ਉਹ ਗੁਰਮੁਖ’ (ਨਾਂਵ ਤੇ ਪੜਨਾਂਵ ਸਮਾਨੰਤਰ ਦਰਜ ਹੋਣ ਕਾਰਨ) ‘ਉਹ’ ਸ਼ਬਦ ਨੂੰ ‘ਪੜਨਾਂਵੀ ਵਿਸ਼ੇਸ਼ਣ’ ਮੰਨਣਾ ਪਵੇਗਾ ਬੇਸ਼ੱਕ ‘ਪੜਨਾਂਵ’ ਤੇ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦਾ ਸਰੂਪ ਵੀ ‘ਉਹ’ (ਇੱਕ ਸਮਾਨ) ਹੀ ਹੈ।

ਉਕਤ ਨਿਯਮ ਕੇਵਲ ਪੰਜਾਬੀ ਭਾਸ਼ਾ ਦੇ ਹਨ ਜਦਕਿ ਗੁਰਬਾਣੀ ’ਚ ਇਨ੍ਹਾਂ ਨਿਯਮਾਂ ਵਿੱਚੋਂ ‘ਪੜਨਾਂਵ’ ਤੇ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦੇ ਅਰਥ ਤਾਂ (ਪੰਜਾਬੀ ਭਾਸ਼ਾ ਵਾਙ) ਸਮਾਨੰਤਰ ਹੀ ਹੁੰਦੇ ਹਨ ਪਰ ਲਿਖਤੀ ਸਰੂਪ ਭਿੰਨ ਹੁੰਦੇ ਹਨ; ਜਿਵੇਂ: ਹੇਠਾਂ ਦਿੱਤੇ ਜਾ ਰਹੇ ‘ਤਉ, ਤੁਅ, ਤਵ’ ਸ਼ਬਦਾਂ ਦੇ ਸਮਾਨੰਤਰ ‘ਨਾਂਵ’ ਸ਼ਬਦ ਦਰਜ ਹੋਣ ਦੇ ਬਾਵਜੂਦ ਵੀ ਇਹ ਸ਼ਬਦ ‘ਪੜਨਾਂਵ’ ਹੀ ਰਹੇ, ‘ਪੜਨਾਂਵੀ ਵਿਸ਼ੇਸ਼ਣ’ ਨਹੀਂ ਬਣ ਸਕੇ, ਕਿਉਂਕਿ ਗੁਰਬਾਣੀ ਦੀ ਲਿਖਤ ਅਨੁਸਾਰ ਕੇਵਲ ਉਹੀ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਬਣ ਸਕਦੇ ਹਨ ਜੋ ‘ਨਾਂਵ’ ਤੇ ‘ਪੜਨਾਂਵ’ ਸਮਾਨੰਤਰ ਕਾਰਕ ’ਚ ਦਰਜ ਹੋਣ; ਜਿਵੇਂ: ‘ਮੇਰੈ ਮਨਿ’ (ਦੋਵੇਂ) ਸ਼ਬਦ ਅਧਿਕਰਣ ਕਾਰਕ ’ਚ ਹੋਣ ਕਾਰਨ ‘ਮੇਰੇ ਵਿੱਚ, ਮਨ ਵਿੱਚ ਭਾਵ ਮੇਰੇ ਮਨ ਵਿੱਚ’ ਦੇ ਅਰਥ ਦੇਂਦੇ ਹਨ ਇਸ ਲਈ ‘ਮੇਰੈ’ ਸ਼ਬਦ ਨੂੰ ‘ਪੜਨਾਂਵੀ ਵਿਸ਼ੇਸ਼ਣ’ ਹੈ ਪਰ ‘ਮੇਰੇ ਮਨਿ’ (ਜੁੜਤ) ਸ਼ਬਦਾਂ ਵਿੱਚੋਂ ‘ਮੇਰੇ’ ਸ਼ਬਦ (ਸੰਬੰਧਿਤ ‘ਮਨਿ’ ਨਾਂਵ ਵਾਙ) ਅਧਿਕਰਣ ਕਾਰਕ ਵਿੱਚ ਦਰਜ ਨਹੀਂ, ਕਿਉਂਕਿ ਇਸ ਦਾ ਅਰਥ ‘ਮੇਰੇ ਵਿੱਚ’ ਨਹੀਂ ਬਣ ਰਿਹਾ ਇਸ ਲਈ ‘ਮੇਰੇ’ ਸ਼ਬਦ ‘ਮਨਿ’ (ਨਾਂਵ) ਦੇ ਸਮਾਨੰਤਰ ਦਰਜ ਹੋਣ ਦੇ ਬਾਵਜੂਦ ਵੀ ‘ਪੜਨਾਂਵ’ ਹੈ।

ਗੁਰਬਾਣੀ ਵਿੱਚੋਂ ਦੋ ਪੰਕਤੀਆਂ ਨੂੰ ਵੀਚਾਰਿਆਂ ਹੀ ਇਹ ਵਿਸ਼ਾਂ ਸਪਸ਼ਟ ਹੋ ਜਾਵੇਗਾ; ਜਿਵੇਂ:

(1). ‘‘ਮੇਰੈ ਮਨਿ ਤਨਿ (ਵਿੱਚ)’’ ਭੁਖ ਅਤਿ ਅਗਲੀ (ਬਹੁਤੀ); ਕੋਈ ਆਣਿ (ਲਿਆ ਕੇ) ਮਿਲਾਵੈ ਮਾਇ ! ॥’’ (ਮ: ੫/੪੯)

(2). ‘‘ਰਾਮ ! ‘ਮੇਰੇ’ ਮਨਿ ਤਨਿ (ਵਿੱਚ) ਨਾਮੁ ਅਧਾਰੇ (ਨਾਮ ਰੂਪ ਸਹਾਰਾ)॥’’ (ਮ: ੪/੯੮੦)

ਉਕਤ ਦੋਵੇਂ ਪੰਕਤੀਆਂ ’ਚੋਂ ਨੰਬਰ (1). ’ਚ ਦਰਜ ‘ਮੇਰੈ’ ਸ਼ਬਦ ‘ਪੜਨਾਂਵੀ ਵਿਸ਼ੇਸ਼ਣ’ ਹੈ ਜਦਕਿ ਨੰਬਰ (2). ’ਚ ਦਰਜ ‘ਮੇਰੇ’ ਸ਼ਬਦ ‘ਪੜਨਾਂਵ’ ਹੈ। ਇਸ ਲਈ ਅਗਾਂਹ ਦਿੱਤੀਆਂ ਜਾ ਰਹੀਆਂ ਤਮਾਮ ਪੰਕਤੀਆਂ ਦੀ ਆਸਾਨ ਪਹਿਚਾਣ ਇਹੀ ਹੈ ਕਿ ਜਦ ‘ਤੁ, ਤਉ, ਤਵ, ਤੁਅ’ ਸ਼ਬਦਾਂ ਦੇ ਸਮਾਨੰਤਰ ਦਰਜ ‘ਨਾਂਵ’ ਸ਼ਬਦ ਦਾ ਸਰੂਪ ‘ਅੰਤ ਸਿਹਾਰੀ’ ਜਾਂ ‘ਅੰਤ ਦੁਲਾਵਾਂ’ ਵਾਲਾ ਹੋਵੇ ਤਾਂ ਇਹ ਤਮਾਮ ਸ਼ਬਦ ਇੱਕ ਵਚਨ ਪੁਲਿੰਗ ਹੋਣ ਕਾਰਨ ਕਾਰਕੀ ਹੁੰਦੇ ਹਨ ਅਤੇ ‘ਤੁ, ਤਉ, ਤਵ, ਤੁਅ’ ਸ਼ਬਦ ਬਿਨਾ ਕਾਰਕੀ ਹੋਣ ਕਾਰਨ ‘ਪੜਨਾਂਵ’ ਰਹਿ ਜਾਂਦੇ ਹਨ; ਜਿਵੇਂ ਹੇਠਾਂ ਦਿੱਤੇ ਜਾ ਰਹੇ ‘ਤੁ’ ਸ਼ਬਦ (1 ਵਾਰ), ‘ਤਉ’ (5 ਵਾਰ), ‘ਤੁਅ’ (3 ਵਾਰ) ਤੇ ‘ਤਵ’ (ਵੀ 3 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ:

(ਹੇ ਪ੍ਰਭੂ !, ਤੂੰ) ‘‘ਆਪੁਨੋ ਭਾਵਨੁ ਕਰਿ (ਆਪਣੀ ਮਰਜ਼ੀ ਕਰਦਾ ਹੈਂ), ਮੰਤ੍ਰਿ ਨ ਦੂਸਰੋ ਧਰਿ (ਹੋਰ ਦੀ ਸਲਾਹ ਨਹੀਂ ਲੈਂਦਾ); ਓਪਤਿ ਪਰਲੌ ਏਕੈ ਨਿਮਖ ‘ਤੁ’ (ਤੇਰੇ) ਘਰਿ (ਵਿੱਚ)॥’’ (ਮ: ੫/੧੩੮੫)

‘‘ਤਉ’’ (ਤੇਰੇ) ਪ੍ਰਸਾਦਿ (ਨਾਲ) ਪ੍ਰਭ! ਸੁਖੀ ਵਲਾੲਂੀ (ਵੱਸਦਾ ਹਾਂ)॥’’ (ਮ: ੫/੩੮੬)

‘‘ਪ੍ਰਭ ਜੀ ! ‘ਤਉ’ (ਤੇਰੇ) ਪ੍ਰਸਾਦਿ (ਨਾਲ) ਭ੍ਰਮੁ ਡਾਰਿਓ ॥’’ (ਮ: ੫/੫੨੯)

(ਹੇ ਕਰਤਾਰ !) ‘‘ਤਉ’’ (ਤੇਰੇ) ਪਰਸਾਦਿ (ਨਾਲ), ਰੰਗ ਰਸ ਮਾਣੇ ॥’’ (ਮ: ੫/੧੧੪੪)

(ਹੇ ਕਰਤਾਰ !) ‘‘ਗਹਿ ਭੁਜਾ ਲੇਵਹੁ, ਨਾਮੁ ਦੇਵਹੁ; ‘ਤਉ’ ਪ੍ਰਸਾਦੀ (ਤੇਰੀ ਮਿਹਰ ਨਾਲ) ਮਾਨੀਐ (ਵਿਸ਼ਵਾਸ ਹੁੰਦਾ)॥’’ (ਮ: ੫/੧੨੭੮)

(ਹੇ ਸਤਸੰਗੀਏ !) ‘‘ਢੂਢੇਦੀਏ ਸੁਹਾਗ ਕੂ (ਨੂੰ), ‘ਤਉ’ (ਤੇਰੇ) ਤਨਿ (ਵਿੱਚ) ਕਾਈ ਕੋਰ (ਕੋਈ ਕਸਰ, ਘਾਟ ਹੈ)॥’’ (ਬਾਬਾ ਫਰੀਦ/੧੩੮੪)

‘‘ਗੁਰ ਰਾਮਦਾਸ ! ਕਲੵੁਚਰੈ, ‘ਤੁਅ’ (ਤੇਰਾ) ਸਹਜ (ਦੇ) ਸਰੋਵਰਿ (ਵਿੱਚ) ਬਾਸੁ (ਟਿਕਾਣਾ ਹੈ)॥’’ (ਭਟ ਕਲੵ /੧੩੯੮)

(ਹੇ ਨਿਰਾਕਾਰ !) ‘‘ਹਮ, ‘ਤੁਅ’ (ਤੇਰੇ) ਪਰਸਾਦਿ (ਮਿਹਰ ਨਾਲ); ਸੁਖੀ ਸਦ ਹੀ ॥’’ (ਭਗਤ ਕਬੀਰ/੯੬੯)

‘‘ਤੁਅ’’ (ਤੇਰੇ), ਸਤਿਗੁਰ ! ਸੰ ਹੇਤੁ (ਨਾਲ ਪਿਆਰ); ਨਾਮਿ (’ਚ) ਲਾਗਿ (ਕੇ) ਜਗੁ ਉਧਰੵਉ ॥’’ (ਭਟ ਕਲੵ /੧੪੦੮)

‘‘ਤਵ’’ ਪ੍ਰਸਾਦਿ (ਤੇਰੀ ਕਿਰਪਾ ਨਾਲ) ਸਿਮਰਤੇ ਨਾਮੰ, ਨਾਨਕ, ਕ੍ਰਿਪਾਲ ! ਹਰਿ ਹਰਿ ਗੁਰੰ ! ॥’’ (ਮ: ੫/੧੩੫੬)

‘‘ਤਵ’’ ਭੈ (ਤੇਰੇ ਡਰ ਕਰਕੇ) ਬਿਮੁੰਚਿਤ (ਮੁਕਤੀ ਮਿਲਦੀ) ਸਾਧ ਸੰਗਮ (ਸੰਗਤ ਰਾਹੀਂ); ਓਟ ਨਾਨਕ ਨਾਰਾਇਣਹ ! ॥’’ (ਮ: ੫/੧੩੫੮)

‘‘ਨਚ (ਨਾ) ਮਿਤ੍ਰੰ (ਦੀ), ਨਚ ਇਸਟੰ (ਨਾ ਗੁਰੂ-ਪੀਰ ਦੀ), ਨਚ ਬਾਧਵ (ਨਾ ਰਿਸਤੇਦਾਰ ਦੀ); ਨਚ (ਨਾ) ਮਾਤ ਪਿਤਾ (ਦੀ), ‘ਤਵ’ (ਤੇਰੇ ਭਰੋਸੇ) ਲਜਯਾ (ਸ਼ਰਮ ਰਹਿੰਦੀ) ॥’’ (ਮ: ੫/੧੩੫੮)

ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ: ਗੁਰਬਾਣੀ ਵਿੱਚ ‘ਤਉ’ ਸ਼ਬਦ (321 ਵਿੱਚੋਂ 25 ਵਾਰ), ‘ਤੁਅ’ (8 ਵਾਰ), ‘ਤਵ’ (8 ਵਾਰ), ‘ਤੋਰ’ (6 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ, ਤੇਰੀ, ਤੇਰੇ’; ਜਿਵੇਂ:

(ਨੋਟ: ਧਿਆਨ ਰਹੇ ਕਿ ਇਨ੍ਹਾਂ ਤਮਾਮ ‘ਪੜਨਾਂਵੀ ਵਿਸ਼ੇਸ਼ਣ’ ਸ਼ਬਦਾਂ ਦੇ ਸਮਾਨੰਤਰ ਦਰਜ ‘ਨਾਂਵ’ ਸ਼ਬਦ ਵਿੱਚੋਂ ਕੋਈ ਵੀ ਕਾਰਕੀ ਅਰਥ ਨਹੀਂ ਮਿਲਦਾ।)

(ਹੇ ਕਰਤਾਰ !) ‘‘ਹਉ ਆਇਆ ਦੂਰਹੁ ਚਲਿ ਕੈ, ਮੈ ਤਕੀ ‘ਤਉ’ (ਤੇਰੀ) ਸਰਣਾਇ ਜੀਉ ॥’’ (ਮ: ੧/੭੬੩)

‘‘ਤਉ’’ (ਤੇਰੀ) ਸਰਣਾਈ ਉਬਰਹਿ ਕਰਤੇ ! ਆਪੇ (ਗੁਰੂ ਨਾਲ) ਮੇਲਿ (ਕੇ, ਆਪਣੇ ਨਾਲ) ਮਿਲਾਇਆ ॥’’ (ਮ: ੩/੧੦੬੮)

(ਹੇ ਕਰਤਾਰ !) ‘‘ਤਉ’’ (ਤੇਰੀ) ਸਰਣਾਗਤਿ, ਰਹਉ ਪਇਆ ॥’’ (ਮ: ੩/੧੧੭੦)

‘‘ਫਿਰਤ ਫਿਰਤ ਪ੍ਰਭ ! ਆਇਆ, ਪਰਿਆ ‘ਤਉ’ (ਤੇਰੀ) ਸਰਨਾਇ ॥’’ (ਮ: ੫/੨੮੯)

(ਹੇ ਕਰਤਾਰ !) ‘‘ਤਉ’’ (ਤੇਰਾ) ਭਾਣਾ, ਤਾਂ ਤਿ੍ਰਪਤਿ ਅਘਾਏ ਰਾਮ ! ॥’’ (ਮ: ੫/੫੭੭)

(ਹੇ ਕਰਤਾਰ !) ‘‘ਹਮ ਬਾਰਿਕ, ‘ਤਉ’ (ਤੇਰੀ) ਸਰਣਾਈ ॥’’ (ਮ: ੫/੬੨੬)

‘‘ਜਉ ਦੇਖਉ, ਤਉ (ਤਾਂ) ਸਗਲ ਮੋਹਿ (ਵਿੱਚ) ਮੋਹੀਅਉ, ‘ਤਉ’ (ਤੇਰੀ) ਸਰਨਿ ਪਰਿਓ, ਗੁਰ ! ਭਾਗਿ (ਕੇ)॥’’ (ਮ: ੫/੭੦੧)

(ਹੇ ਕਰਤਾਰ !) ‘‘ਅਵਰ ਨ ਸੂਝੈ ਦੂਜੀ ਠਾਹਰ; ਹਾਰਿ (ਕੇ) ਪਰਿਓ, ‘ਤਉ’ (ਤੇਰੇ) ਦੁਆਰੀ ॥’’ (ਮ: ੫/੭੧੩)

(ਹੇ ਕਰਤਾਰ !) ‘‘ਤਉ’’ (ਤੇਰੀ) ਮੈ ਆਇਆ, ਸਰਨੀ ਆਇਆ ॥’’ (ਮ: ੫/੭੪੬) (ਭਾਵ ਤੇਰੀ ਸ਼ਰਨੀ ਮੈ ਆਇਆ।)

(ਹੇ ਕਰਤਾਰ !) ‘‘ਐਸਾ ਅਧਮੁ (ਨਾਚ) ਅਜਾਤਿ ਨਾਮਦੇਉ, ‘ਤਉ’ (ਤੇਰੀ) ਸਰਨਾਗਤਿ ਆਈਅਲੇ ॥’’ (ਭਗਤ ਨਾਮਦੇਵ/੯੮੮)

(ਹੇ ਨਿਰਾਕਾਰ !) ‘‘ਜੋਗੀਸਰ ਪਾਵਹਿ ਨਹੀ; ‘ਤੁਅ’ (ਤੇਰੇ) ਗੁਣ ਕਥਨੁ ਅਪਾਰ ॥’’ (ਭਗਤ ਰਵਿਦਾਸ/੩੪੬)

(ਹੇ ਨਿਰਾਕਾਰ !) ‘‘ਕਬੀਰ ! ਨੈਨ ਨਿਹਾਰਉ ਤੁਝ ਕਉ (ਤੈਨੂੰ); ਸ੍ਰਵਨ ਸੁਨਉ ‘ਤੁਅ’ (ਤੇਰਾ) ਨਾਉ ॥’’ (ਭਗਤ ਕਬੀਰ/੧੩੭੦)

(ਹੇ ਪ੍ਰਭੂ ! ਸਰਗੁਣ ਰੂਪ ’ਚ) ‘‘ਸਹਸ ‘ਤਵ’ (ਤੇਰੇ ਹਜ਼ਾਰਾਂ) ਨੈਨ, (ਪਰ ਨਿਰਗੁਣ ਰੂਪ ’ਚ) ਨਨ (ਨਾ) ਨੈਨ ਹਹਿ ਤੋਹਿ ਕਉ (ਤੈਨੂੰ); ਸਹਸ ਮੂਰਤਿ, ਨਨਾ (ਨਾ) ਏਕ ਤੁੋਹੀ (ਤੇਰੇ ਲਈ)॥’’ (ਮ: ੧/੧੩)

‘‘ਤਵ’’ (ਤੇਰੇ) ਗੁਨ ਕਹਾ (ਕਿੱਥੇ) ? ਜਗਤ ਗੁਰਾ ! ਜਉ (ਜੇ) ਕਰਮੁ ਨ ਨਾਸੈ ॥ ਸਿੰਘ (ਤੇਰੇ ਸ਼ੇਰ ਦੀ) ਸਰਨ ਕਤ (ਕਿਉਂ) ਜਾਈਐ ? ਜਉ ਜੰਬੁਕੁ (ਕਾਮਾਦਿਕ ਗਿੱਦੜ) ਗ੍ਰਾਸੈ (ਫੜੀ ਰੱਖਣ)॥’’ (ਭਗਤ ਸਧਨਾ/੮੫੮)

(ਹੇ ਨਿਰਾਕਾਰ !) ‘‘ਤੂੰ ਪਿੰਜਰੁ; ਹਉ ਸੂਅਟਾ ‘ਤੋਰ’ (ਤੇਰਾ ਤੋਤਾ)॥’’ (ਭਗਤ ਕਬੀਰ/੩੨੩)

(ਹੇ ਨਿਰਾਕਾਰ !) ‘‘ਗੁਰ ਚਰਨ ਸਰੇਵਹਿ; ਗੁਰਸਿਖ ‘ਤੋਰ’ (ਤੇਰੇ ਗੁਰਸਿੱਖ)॥’’ (ਮ: ੧/੧੧੭੦) ਆਦਿ।

(5). ਅਧਿਕਰਣ ਕਾਰਕ ਪੜਨਾਂਵ:– ਗੁਰਬਾਣੀ ਵਿੱਚ ‘ਤਉ’ ਸ਼ਬਦ (ਕੇਵਲ 1 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਨਾਲ’; ਜਿਵੇਂ:

(ਹੇ ਕ੍ਰੋਧ ! ਉਨ੍ਹਾਂ ਨੂੰ) ‘‘ਅਨਿਕ ਸਾਸਨ ਤਾੜੰਤਿ (ਕਈ ਹੁਕਮ ਦੇਂਦੇ) ਜਮਦੂਤਹ (ਵਿਕਾਰ, ਜੋ); ‘ਤਵ ਸੰਗੇ’ ਅਧਮੰ ਨਰਹ (ਤੇਰੇ ਨਾਲ ਨੀਚ ਜੀਵ ਰਹਿੰਦੇ) ॥’’ (ਮ: ੫/੧੩੫੮)