Pronoun (Part 3)

0
325

ਉੱਤਮ ਪੁਰਖ ਪੜਨਾਂਵ, ਅਧਿਆਇ-3

ਉਪਰੋਕਤ ਕੀਤੀ ਗਈ ਤਮਾਮ ਵੀਚਾਰ ‘ਇੱਕ ਵਚਨ ਪੁਰਖਵਾਚੀ ਪੜਨਾਂਵ’ ਅਤੇ ਕੇਵਲ ‘ਉੱਤਮ ਪੁਰਖ ਪੜਨਾਂਵ’ ਨਾਲ ਸੰਬੰਧਿਤ ਸੀ, ਪਰ ਗੁਰਬਾਣੀ ਵਿੱਚ ‘ਉੱਤਮ ਪੁਰਖ ਪੜਨਾਂਵ’ ਨਾਲ ਹੀ ਸੰਬੰਧਿਤ ਕੁਝ ਕੁ ‘ਬਹੁ ਵਚਨ ਪੜਨਾਂਵ’ ਵੀ ਦਰਜ ਹਨ; ਜਿਵੇਂ:

ਕਰਤਾ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(ੳ) ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ

(1). ਗੁਰਬਾਣੀ ਵਿੱਚ ‘ਅਸੀ’ (7 ਵਾਰ) ਦਰਜ ਹੈ, ਜੋ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਗਲਂੀ ‘ਅਸੀ’ ਚੰਗੀਆ; ਆਚਾਰੀ ਬੁਰੀਆਹ ॥’’ (ਮ: ੧/੮੫)

‘‘ਸਖੀ ! ਆਉ ਸਖੀ ! ਵਸਿ ਆਉ ਸਖੀ ! ‘ਅਸੀ’ ਪਿਰ ਕਾ ਮੰਗਲੁ ਗਾਵਹ ॥’’ (ਮ: ੫/੮੪੭)

‘‘ਤੂ ਗੁਣਦਾਤਾ ਨਿਧਾਨੁ ਹਹਿ, ‘ਅਸੀ’ ਅਵਗਣਿਆਰ ॥’’ (ਮ: ੧/੧੨੮੪)

‘‘ਅਸੀ ਖਤੇ (ਪਾਪ) ਬਹੁਤੁ ਕਮਾਵਦੇ, ਅੰਤੁ ਨ ਪਾਰਾਵਾਰੁ ॥’’ (ਮ: ੩/੧੪੧੬) ਆਦਿ।

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਅਸੀਂ’; ਜਿਵੇਂ:

‘‘ਕਹੁ ਨਾਨਕ ! ‘ਹਮ’ (ਅਸੀਂ) ਨੀਚ ਕਰੰਮਾ (ਕਰਮੀ ਹਾਂ)॥ ਸਰਣਿ ਪਰੇ ਕੀ ਰਾਖਹੁ ਸਰਮਾ ॥’’ (ਸੋ ਪੁਰਖੁ/ਮ: ੫)

‘‘ਹਮ’’ (ਅਸੀਂ) ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥’’ (ਮ: ੪/੧੬੭)

‘‘ਹਮ (ਅਸੀਂ) ਮੰਦੇ; ਮੰਦੇ ਮਨ ਮਾਹੀ ॥’’ (ਭਗਤ ਕਬੀਰ/੩੨੪)

‘‘ਹਮ (ਅਸੀਂ) ਕਿਛੁ ਨਾਹੀ; ਏਕੈ ਓਹੀ ॥’’ (ਮ: ੫/੩੯੧)

‘‘ਹਮ (ਅਸੀਂ) ਕਿਆ ਗੁਣ ਤੇਰੇ ਵਿਥਰਹ (ਵਿਸਥਾਰ ਨਾਲ ਦੱਸੀਏ) ਸੁਆਮੀ ! ਤੂੰ ਅਪਰ ਅਪਾਰੋ ਰਾਮ ਰਾਜੇ ॥’’ (ਮ: ੪/੪੫੦)

‘‘ਸੋ ਹਮ (ਅਸੀਂ) ਕਰਹ (ਕਰਦੇ ਹਾਂ); ਜੁ ਆਪਿ ਕਰਾਏ ॥’’ (ਮ: ੪/੪੯੪)

‘‘ਏਕੁ ਪਿਤਾ ਏਕਸ ਕੇ ਹਮ (ਅਸੀਂ) ਬਾਰਿਕ; ਤੂ ਮੇਰਾ ਗੁਰ ਹਾਈ ॥’’ (ਮ: ੫/੬੧੧)

‘‘ਹਮ (ਅਸੀਂ) ਮੈਲੇ ਤੁਮ ਊਜਲ ਕਰਤੇ! ਹਮ ਨਿਰਗੁਨ ਤੂ ਦਾਤਾ ॥’’ (ਮ: ੫/੬੧੩)

‘‘ਹਮ (ਅਸੀਂ) ਮੈਲੇ (ਅਪਵਿੱਤਰ), ਤੁਮ ਊਜਲ (ਪਵਿੱਤਰ) ਕਰਤੇ! ਹਮ ਨਿਰਗੁਨ (ਮੰਗਤੇ) ਤੂ ਦਾਤਾ ॥’’ (ਮ: ੫/੬੧੩)

‘‘ਹਮ (ਅਸੀਂ) ਅੰਧੁਲੇ ਅੰਧ ਬਿਖੈ ਬਿਖੁ ਰਾਤੇ; ਕਿਉ ਚਾਲਹ ਗੁਰ ਚਾਲੀ ? ॥’’ (ਮ: ੪/੬੬੭)

‘‘ਹਮ’’ (ਅਸੀਂ) ਤਿਨ ਕੇ ਚਰਣ ਪਖਾਲਦੇ (ਧੋਂਦੇ ਹਾਂ), ਧੂੜਿ ਘੋਲਿ ਘੋਲਿ ਪੀਜੈ ॥’’ (ਮ: ੪/੭੨੬)

‘‘ਹਮ (ਅਸੀਂ ਹੀ) ਨਹੀ ਚੰਗੇ; (ਕਿਉਂਕਿ) ਬੁਰਾ ਨਹੀ ਕੋਇ (ਫਿਰ ਵੀ ਨਿੰਦਦੇ ਹਾਂ)॥’’ (ਮ: ੧/੭੨੮)

‘‘ਕਰਿ (ਕੇ) ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ! ਹਮ (ਅਸੀਂ) ਪਾਥਰ, ਹੀਨ (ਭਾਗ ਹੀਣ), ਅਕਰਮਾ (ਮੰਦਕਰਮੀ) ॥’’ (ਮ: ੪/੭੯੯)

‘‘ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ (ਕੇ); (ਪਰ ਫਿਰ ਵੀ) ਹਮ (ਅਸੀਂ) ਅਕਿਰਤਘਨਾਰੇ (ਨਾਸ਼ੁਕਰੇ)॥’’ (ਮ: ੫/੮੦੯)

‘‘ਹਮ (ਅਸੀਂ) ਡੋਲਤ (ਕਿਉਂਕਿ) ਬੇੜੀ ਪਾਪ ਭਰੀ ਹੈ; ਪਵਣੁ ਲਗੈ ਮਤੁ ਜਾਈ ॥’’ (ਮ: ੧/੮੭੮)

‘‘ਨਾ ਹਮ (ਅਸੀਂ) ਹਿੰਦੂ; ਨ ਮੁਸਲਮਾਨ ॥’’ (ਮ: ੫/੧੧੩੬)

‘‘ਜੇਤੇ ਸਾਸ ਸਾਸ ਹਮ (ਅਸੀਂ) ਲੇਤੇ; ਤੇਤੇ ਹੀ ਗੁਣ ਗਾਇਆ ॥’’ (ਮ: ੫/੧੨੧੨)

‘‘ਮਾਸਹੁ ਨਿੰਮੇ ਮਾਸਹੁ ਜੰਮੇ; ਹਮ (ਅਸੀਂ) ਮਾਸੈ ਕੇ ਭਾਂਡੇ ॥’’ (ਮ: ੧/੧੨੯੦)

(ਅ). ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ

(1). ਗੁਰਬਾਣੀ ਵਿੱਚ ‘ਅਸਾ’ (ਉਚਾਰਨ ‘ਅਸਾਂ’ 2 ਵਾਰ) ਦਰਜ ਹੈ, ਪਰ ਕੇਵਲ 1 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਸਾਹਿਬੁ ਸਮ੍ਾਲਿਹ ਪੰਥੁ ਨਿਹਾਲਿਹ, ‘ਅਸਾ’ (ਅਸਾਂ ਨੇ) ਭਿ ਓਥੈ ਜਾਣਾ ॥’’ (ਮ: ੧/੫੭੯)

(2). ਗੁਰਬਾਣੀ ਵਿੱਚ ‘ਹਮਹੁ’ (3 ਵਾਰ) ਦਰਜ ਹੈ, ਪਰ ਕੇਵਲ 2 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਸੋ ਸੁਖੁ ਹਮਹੁ (ਅਸਾਂ ਨੇ) ਸਾਚੁ ਕਰਿ ਜਾਨਾ ॥’’ (ਭਗਤ ਕਬੀਰ/੩੩੦)

‘‘ਹਮਹੁ (ਅਸਾਂ ਨੇ) ਜੁ ਬੂਝਾ ਬੂਝਨਾ, ਪੂਰੀ ਪਰੀ ਬਲਾਇ ॥’’ (ਭਗਤ ਕਬੀਰ/੧੩੭੪)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 13 ਵਾਰ ‘ਕਰਤਾ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ ‘ਅਸਾਂ ਨੇ’; ਜਿਵੇਂ:

‘‘ਹਮ’’ (ਅਸਾਂ ਨੇ) ਕੀਆ, ਹਮ ਕਰਹਗੇ; ਹਮ ਮੂਰਖ ਗਾਵਾਰ ॥’’ (ਮ: ੩/੩੯)

‘‘ਸਤਿਗੁਰ ਤੇ (ਤੋਂ) ਹਮ (ਅਸਾਂ ਨੇ) ਗਤਿ ਪਤਿ ਪਾਈ ॥’’ (ਮ: ੩/੨੩੩)

‘‘ਮੂੰਡਿ ਮੁੰਡਾਇਐ (ਨਾਲ) ਜੇ ਗੁਰੁ ਪਾਈਐ; ਹਮ (ਅਸਾਂ ਨੇ) ਗੁਰੁ ਕੀਨੀ ਗੰਗਾਤਾ (ਗੁਰੂ ਗੰਗਾ ਹੀ ਬਣਾ ਲਈ, ਜਿੱਥੇ ਸਦਾ ਵਾਲ ਕੱਟੀਦੇ ਹਨ)॥’’ (ਮ: ੧/੧੫੫)

‘‘ਕੇਤੇ ਰੁਖ ਬਿਰਖ ਹਮ (ਅਸਾਂ ਨੇ, ਬਣ ਕੇ) ਚੀਨੇ (ਵੇਖੇ); ਕੇਤੇ ਪਸੂ ਉਪਾਏ ॥’’ (ਮ: ੧/੧੫੬)

‘‘ਰਾਮ ! ਹਮ (ਅਸਾਂ ਨੇ) ਸਤਿਗੁਰ (ਨੂੰ) ਪਾਰਬ੍ਰਹਮ ਕਰਿ (ਕੇ) ਮਾਨੇ (ਮੰਨਿਆ)॥’’ (ਮ: ੪/੧੬੯)

‘‘ਹਰਿ ਹਰਿ ਅਰਥਿ (ਦੇ ਮਿਲਾਪ ਲਈ) ਸਰੀਰੁ ਹਮ (ਅਸਾਂ ਨੇ) ਬੇਚਿਆ; ਪੂਰੇ ਗੁਰ ਕੈ ਆਗੇ ॥’’ (ਮ: ੪/੧੭੧)

‘‘ਹਮ ਅਪਤਹ (ਅਸਾਂ ਬੇ-ਇੱਜ਼ਤਾਂ ਨੇ); ਅਪੁਨੀ ਪਤਿ ਖੋਈ ॥’’ (ਭਗਤ ਕਬੀਰ/੩੨੪)

‘‘ਐਸੇ ਘਰ ਹਮ (ਅਸਾਂ ਨੇ) ਬਹੁਤੁ ਬਸਾਏ ॥’’ (ਭਗਤ ਕਬੀਰ/੩੨੬)

‘‘ਜਗ ਮੋਹਨੀ; ਹਮ (ਅਸਾਂ ਨੇ) ਤਿਆਗਿ (ਨੇ) ਗਵਾਈ ॥’’ (ਮ: ੫/੩੯੨)

‘‘ਸਮੁੰਦੁ ਵਿਰੋਲਿ (ਰਿੜਕ ਕੇ) ਸਰੀਰੁ ਹਮ (ਅਸਾਂ ਨੇ) ਦੇਖਿਆ; ਇਕ ਵਸਤੁ ਅਨੂਪ ਦਿਖਾਈ ॥’’ (ਮ: ੪/੪੪੨)

‘‘ਜੈਸਾ ਲਿਖਤੁ ਲਿਖਿਆ ਧੁਰਿ (ਤੋਂ) ਕਰਤੈ (ਨੇ); ਹਮ (ਅਸਾਂ ਨੇ) ਤੈਸੀ ਕਿਰਤਿ ਕਮਾਈ ॥’’ (ਮ: ੫/੮੮੨)

‘‘ਜੈਸਾ ਮਗਹਰੁ ਤੈਸੀ ਕਾਸੀ; ਹਮ (ਅਸਾਂ ਨੇ) ਏਕੈ ਕਰਿ ਜਾਨੀ ॥’’ (ਭਗਤ ਕਬੀਰ/੯੬੯)

‘‘ਛਾਡਿ (ਕੇ) ਚਲੇ; ਹਮ (ਅਸਾਂ ਨੇ) ਕਛੂ ਨ ਲੀਆ ॥’’ (ਭਗਤ ਕਬੀਰ/੧੧੫੯)

ਕਰਮ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਹਿ’ (1 ਵਾਰ) ਦਰਜ ਹੈ, ਜੋ ‘ਕਰਮ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਪ੍ਰਤਿਪਾਲੈ ਨਾਨਕ ਹਮਹਿ (ਅਸਾਂ ਨੂੰ) ਆਪਹਿ ਮਾਈ ਬਾਪ ॥’’ (ਮ: ੫/੨੫੭)

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 17 ਵਾਰ ‘ਕਰਮ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਉਨਿ (ਉਸ ਨੇ) ਸਭੁ ਜਗੁ ਖਾਇਆ; ਹਮ (ਅਸਾਂ ਨੂੰ) ਗੁਰਿ (ਨੇ) ਰਾਖੇ (ਰੱਖਿਆ) ਮੇਰੇ ਭਾਈ ! ॥’’ (ਮ: ੫/੩੯੪)

‘‘ਹਰਿ ਦਇਆ ਪ੍ਰਭ ! ਧਾਰਹੁ, ਪਾਖਣ ਹਮ (ਅਸਾਂ ਪੱਥਰਾਂ ਨੂੰ) ਤਾਰਹੁ; ਕਢਿ ਲੇਵਹੁ ਸਬਦਿ ਸੁਭਾਇ ਜੀਉ ॥’’ (ਮ: ੪/੪੪੬)

‘‘ਕਹੁ ਕਬੀਰ ! ਹਮ (ਅਸਾਂ ਨੂੰ) ਰਾਮਿ (ਨੇ) ਰਾਖੇ (ਰੱਖਿਆ); ਕ੍ਰਿਪਾ ਕਰਿ (ਕੇ) ਹਰਿ ਰਾਇ (ਨੇ)॥’’ (ਭਗਤ ਕਬੀਰ/੪੭੯)

‘‘ਜਿਤੁ ਕਾਰੈ ਕੰਮਿ (ਵਿੱਚ); ਹਮ (ਅਸਾਂ ਨੂੰ) ਹਰਿ (ਨੇ) ਲਾਏ ॥’’ (ਮ: ੪/੪੯੪)

‘‘ਸਤਗੁਰੁ ਦਇਆ ਕਰੇ ਸੁਖਦਾਤਾ; ਹਮ (ਸਾਨੂੰ) ਲਾਵੈ ਆਪਨ ਪਾਲੀ (ਪੱਲੇ ਨਾਲ)॥’’ (ਮ: ੪/੬੬੭)

‘‘ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ; ਹਮ (ਸਾਨੂੰ) ਪਾਹਨ (ਪੱਥਰ ਦਿਲਾਂ ਨੂੰ) ਸਬਦਿ ਗੁਰ (ਗੁਰ-ਸ਼ਬਦ ਰਾਹੀਂ) ਤਾਰੇ ॥’’ (ਮ: ੪/੯੮੧)

‘‘ਹਮ (ਸਾਨੂੰ) ਗੁਰਿ (ਨੇ) ਰਾਖਿ ਲੀਏ (ਲਿਆ) ਕਿਰਪਾਲੇ (ਕਿਰਪਾਲਿ ਨੇ) ॥’’ (ਮ: ੫/੧੩੪੭)

‘‘ਹਮ (ਸਾਨੂੰ) ਗੁਰਿ (ਨੇ) ਰਾਖਿ ਲੀਏ ਲਿਵ ਲਾਏ ॥’’ (ਮ: ੫/੧੩੪੭) ਆਦਿ।

ਸੰਪਰਦਾਨ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਹੁ’ (3 ਵਾਰ) ਦਰਜ ਹੈ, ਜਿਸ ਵਿੱਚੋਂ 1 ਵਾਰ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਸੁਖੁ ਮਾਂਗਤ, ਦੁਖੁ ਆਗੈ ਆਵੈ ॥ ਸੋ ਸੁਖੁ ਹਮਹੁ (ਅਸਾਂ ਲਈ) ਨ ਮਾਂਗਿਆ ਭਾਵੈ (ਮੰਗਣਾ ਪਸੰਦ ਨਹੀਂ)॥’’ (ਭਗਤ ਕਬੀਰ/੩੩੦)

(2). ਗੁਰਬਾਣੀ ਵਿੱਚ ‘ਹਮਾਰੈ’ (56 ਵਾਰ) ਦਰਜ ਹੈ, ਜਿਸ ਵਿੱਚੋਂ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਜੀਅ ਪ੍ਰਾਨ ਸੂਖ ਇਸੁ ਮਨ ਕਉ, ਬਰਤਨਿ ਏਹ ਹਮਾਰੈ (ਸਾਡੇ ਲਈ)॥’’ (ਮ: ੫/੭੧੩)

‘‘ਹਮਾਰੈ (ਸਾਡੇ ਲਈ) ਏਕੈ ਹਰੀ ਹਰੀ ॥ (ਮ: ੫/੭੧੫)

‘‘ਹਰਿ ਚਰਨ ਸਰਣ, ਗੜ ਕੋਟ (ਕ੍ਰੋੜਾਂ ਕਿਲੇ) ਹਮਾਰੈ (ਸਾਡੇ ਲਈ)॥ (ਮ: ੫/੭੪੨)

‘‘ਇਹੀ ਹਮਾਰੈ (ਸਾਡੇ ਲਈ) ਸਫਲ ਕਾਜ ॥ ਅਪੁਨੇ ਦਾਸ ਕਉ ਲੇਹੁ ਨਿਵਾਜਿ ॥ (ਮ: ੫/੯੮੭)

‘‘ਪ੍ਰਭੂ ਹਮਾਰੈ (ਸਾਡੇ ਲਈ) ਸਾਸਤ੍ਰ ਸਉਣ (ਸਗਨ ਦੱਸਣ ਵਾਲਾ ਸ਼ਾਸਤ੍ਰ)॥ (ਮ: ੫/੧੧੩੭)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ 21 ਵਾਰ ‘ਸੰਪਰਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਬਾਰਿਕ ਦੀਨ (ਅਸਾਂ ਨਿਆਸਰੇ ਬੱਚਿਆਂ ਲਈ); ਕਰਹੁ ਪ੍ਰਤਿਪਾਲਾ ॥’’ (ਮ: ੪/੯੪)

‘‘ਤੇ (ਉਹ) ਹਰਿ ਜਨ; ਹਰਿ ! ਮੇਲਹੁ ਹਮ (ਅਸਾਂ ਲਈ) ਪਿਆਰੇ ॥’’ (ਮ: ੪/੧੬੪)

‘‘ਨਾ ਓਸੁ (ਪ੍ਰਭੂ ਨੂੰ) ਦੂਖੁ; ਨ ਹਮ ਕਉ (ਅਸਾਂ ਲਈ) ਦੂਖੇ (ਦੁੱਖ)॥’’ (ਮ: ੫/੩੯੧)

‘‘ਨਾ ਉਸ (ਪ੍ਰਭੂ ਨੂੰ) ਮੈਲੁ; ਨ ਹਮ ਕਉ (ਅਸਾਂ ਲਈ) ਮੈਲਾ (ਮੈਲ)॥’’ (ਮ: ੫/੩੯੧)

‘‘ਓਸੁ (ਪ੍ਰਭੂ ਨੂੰ) ਅਨੰਦੁ; ਤ ਹਮ (ਅਸਾਂ ਲਈ) ਸਦ ਕੇਲਾ (ਅਨੰਦ)॥’’ (ਮ: ੫/੩੯੧)

‘‘ਨਾ ਉਸੁ (ਪ੍ਰਭੂ ਨੂੰ) ਭੂਖ; ਨ ਹਮ ਕਉ (ਅਸਾਂ ਲਈ) ਤ੍ਰਿਸਨਾ ॥’’ (ਮ: ੫/੩੯੧)

‘‘ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ! ਦੇਹੁ ਸਤਿਗੁਰ (ਦੇ) ਚਰਨ (ਦੀ) ਹਮ (ਸਾਨੂੰ, ਸਾਡੇ ਲਈ) ਧੂਰਾ ॥’’ (ਮ: ੪/੫੭੨)

‘‘ਹਰਿ ਨਾਮੁ ਹਮਾਰਾ ਵਣਜੁ, ਹਰਿ ਨਾਮੁ ਵਾਪਾਰੁ; ਹਰਿ ਨਾਮੈ ਕੀ ਹਮ ਕੰਉ (ਅਸਾਂ ਲਈ) ਸਤਿਗੁਰਿ (ਨੇ) ਕਾਰਕੁਨੀ ਦੀਈ (ਏਜੰਸੀ ਬਣਾਈ)॥’’ (ਮ: ੪/੫੯੩)

‘‘ਹਮ ਅੰਧੁਲੇ ਕਉ (ਅਸਾਂ ਅੰਨ੍ਹਿਆਂ ਲਈ) ਗੁਰ ! ਅੰਚਲੁ (ਸਹਾਰਾ) ਦੀਜੈ; (ਤਾਂ ਜੋ ਅਸੀਂ) ਜਨ ਨਾਨਕ ! ਚਲਹ ਮਿਲੰਥਾ (ਮਿਲ ਕੇ ਚੱਲ ਸਕੀਏ)॥’’ (ਮ: ੪/੬੯੬)

‘‘ਹਰਿ ! ਦੇਹੁ ਬਿਮਲ (ਨਿਰਮਲ) ਮਤਿ, ਗੁਰ ਸਾਧ ਪਗ ਸੇਵਹ; ਹਮ (ਅਸਾਂ ਲਈ) ਹਰਿ ਮੀਠ ਲਗਾਇਬਾ (ਹਰੀ ਨਾਮ ਮਿੱਠਾ ਲੱਗੇ)॥’’ (ਮ: ੪/੬੯੭)

‘‘ਹਮ ਕਉ (ਸਾਡੇ ਲਈ) ਸਾਥਰੁ (ਹੇਠਾਂ ਲੇਟਣਾ, ਪਰ); ਉਨ ਕਉ (ਲਈ) ਖਾਟ (ਚਾਰਪਾਈ)॥’’ (ਭਗਤ ਕਬੀਰ/੮੭੧)

‘‘ਹਮ ਕਉ (ਸਾਡੇ ਲਈ) ਚਾਬਨੁ (ਚੱਬਣ ਨੂੰ ਸੁੱਕੇ ਦਾਣੇ); ਉਨ ਕਉ (ਲਈ) ਰੋਟੀ ॥’’ (ਭਗਤ ਕਬੀਰ/੮੭੧)

‘‘ਹਮ ਕਉ (ਅਸਾਂ ਲਈ ਤਾਂ, ਮਾਇਆ) ਦ੍ਰਿਸਟਿ ਪਰੈ (ਵਿਖਾਈ ਦੇਂਦੀ) ਤ੍ਰਖਿ (ਭਿਆਨਕ) ਡਾਇਣਿ ॥’’ (ਭਗਤ ਕਬੀਰ/੮੭੧)

‘‘ਤੂ ਅਡੋਲੁ, ਕਦੇ ਡੋਲਹਿ ਨਾਹੀ; ਤਾ ਹਮ (ਅਸਾਂ ਲਈ ਵੀ) ਕੈਸੀ ਤਾਤੀ (ਚਿੰਤਾ) ? ॥’’ (ਮ: ੫/੮੮੪)

‘‘ਹਮਰੈ ਸੁਆਮੀ (ਨੇ) ਲੋਚ (ਤਾਂਘ) ਹਮ (ਸਾਨੂੰ, ਸਾਡੇ ਲਈ) ਲਾਈ; ਹਮ (ਅਸੀਂ) ਜੀਵਹ ਦੇਖਿ (ਕੇ) ਹਰਿ ਮਿਲੇ ॥’’ (ਮ: ੪/੯੭੫)

‘‘ਹਮ ਪਾਪੀ ਬਹੁ ਨਿਰਗੁਣੀਆਰੇ (ਅਸਾਂ ਪਾਪੀਆਂ-ਗੁਣਹੀਣਾਂ ਲਈ); ਕਰਿ (ਕੇ) ਕਿਰਪਾ ਗੁਰਿ (ਨੇ) ਨਿਸਤਾਰੇ ॥’’ (ਮ: ੪/੯੮੩)

‘‘ਨਾ ਹਮ (ਸਾਡੇ ਲਈ) ਚੰਗੇ ਆਖੀਅਹ (ਆਖਿਆ ਜਾ ਸਕਦਾ ਹੈ); (ਹੋਰ) ਬੁਰਾ (ਵੀ) ਨ ਦਿਸੈ ਕੋਇ ॥’’ (ਮ: ੧/੧੦੧੫)

‘‘ਅਚਿੰਤੁ ਹਮ ਕਉ (ਸਾਡੇ ਲਈ) ਗੁਰਿ (ਨੇ) ਦੀਨੋ ਮੰਤੁ ॥’’ (ਮ: ੫/੧੧੫੭)

‘‘ਅਚਿੰਤ ਪ੍ਰਭੂ (ਨੇ); ਹਮ (ਸਾਨੂੰ, ਸਾਡੇ ਲਈ) ਕੀਆ (ਦਿੱਤਾ) ਦਿਲਾਸਾ (ਸਹਾਰਾ)॥’’ (ਮ: ੫/੧੧੫੭)

‘‘ਹਮਰੈ ਪ੍ਰਭਿ (ਨੇ) ਹਮ (ਅਸਾਂ ਲਈ) ਲੋਚ (ਤਾਂਘ) ਲਗਾਈ; ਹਮ ਕਰਹ ਪ੍ਰਭੂ ਹਰਿ ਭਾਲ ॥’’ (ਮ: ੪/੧੩੩੫)

‘‘ਗੁਰ ਸੇਵਾ ਹਰਿ ਹਮ (ਸਾਨੂੰ) ਭਾਈਆ (ਪਸੰਦ); ਹਰਿ ਹੋਆ ਹਰਿ ਕਿਰਪਾਲੁ ॥’’ (ਮ: ੪/੧੩੧੪)

ਅਪਾਦਾਨ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮ ਤੇ’ (7 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਤੇ (ਸਾਡੇ ਤੋਂ) ਕਛੂ ਨ ਹੋਵੈ ਦੇਵ ॥’’ (ਮ: ੫/੧੮੦)

‘‘ਹਮ ਤੇ (ਸਾਥੋਂ) ਕਛੂ ਨ ਹੋਵੈ ਸੁਆਮੀ ! ਜਿਉ ਰਾਖਹੁ ਤਿਉ ਰਹੀਐ ॥’’ (ਮ: ੫/੨੧੬)

‘‘ਹਮ ਛੂਟੇ ਅਬ ਉਨ੍ਾ ਤੇ; ਓਇ ‘ਹਮ ਤੇ’ (ਸਾਥੋਂ) ਛੂਟੇ ॥’’ (ਮ: ੫/੪੦੦)

‘‘ਹਮ ਤੇ (ਸਾਥੋਂ) ਕਿਛੂ ਨ ਹੋਇ ਮੇਰੇ ਸ੍ਵਾਮੀ! ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥’’ (ਮ: ੫/੬੭੫)

‘‘ਹਮ ਤੇ ਕਛੂ ਨ ਹੋਵਨਾ; ਸਰਣਿ ਪ੍ਰਭ ਸਾਧ ॥’’ (ਮ: ੫/੮੧੬)

‘‘ਰਾਖਿ ਲੇਹੁ; ਹਮ ਤੇ (ਸਾਥੋਂ) ਬਿਗਰੀ (ਗ਼ਲਤੀ ਹੋਈ)॥’’ (ਭਗਤ ਕਬੀਰ/੮੫੬)

‘‘ਸਾਧ ਪਠਾਏ (ਭੇਜੇ) ਆਪਿ ਹਰਿ; (ਉਨ੍ਹਾਂ ਦੱਸਿਆ ਕਿ ਹਰੀ) ਹਮ ਤੁਮ ਤੇ (ਸਾਡੇ-ਤੁਹਾਡੇ ਤੋਂ) ਨਾਹੀ ਦੂਰਿ ॥’’ (ਮ: ੫/੯੨੯)

(2). ਗੁਰਬਾਣੀ ਵਿੱਚ ‘ਹਮ ਸੇ’ (1 ਵਾਰ) ਦਰਜ ਹੈ, ਜੋ ‘ਅਪਾਦਾਨ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਹਮ ਨੀਚ ਸੇ (ਅਸਾਂ ਨੀਚ ਤੋਂ) ਊਤਮ ਭਏ; ਹਰਿ ਕੀ ਸਰਣਾਈ ॥’’ (ਮ: ੩/੫੬੫)

ਸੰਬੰਧ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਅਸਾੜਾ’ (3 ਵਾਰ) ਦਰਜ ਹੈ, ਜੋ ‘ਸੰਬੰਧ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ। ਜਿਸ ਦਾ ਅਰਥ ਹੈ: ‘ਸਾਡਾ’; ਜਿਵੇਂ:

‘‘ਸਭ ਕਿਛੁ ਕੀਤਾ ਤੇਰਾ ਹੋਵੈ; ਨਾਹੀ ਕਿਛੁ ‘ਅਸਾੜਾ’ ਜੀਉ ॥’’ (ਮ: ੫/੧੦੩)

‘‘ਸਭੁ ਕਿਛੁ ਵਸਿ ਜਿਸੈ; ਸੋ ਪ੍ਰਭੂ ‘ਅਸਾੜਾ’ ॥’’ (ਮ: ੫/੪੬੧)

‘‘ਕਰਨ ਕਰਾਵਨ ਸਭੁ ਤੂਹੈ ਤੂਹੈ; ਹੈ ਨਾਹੀ ਕਿਛੁ ‘ਅਸਾੜਾ’ ॥’’ (ਮ: ੫/੧੦੮੧)

(2). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ ਲਗਭਗ 13 ਵਾਰ ‘ਸੰਬੰਧ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ। ਜਿਸ ਦਾ ਅਰਥ ਹੈ: ‘ਸਾਡਾ, ਸਾਡੇ’; ਜਿਵੇਂ:

‘‘ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ (ਘੋੜੇ-ਹਾਥੀ); ‘ਹਮ’ (ਸਾਡੇ) ਘਰਿ ਏਕੁ ਮੁਰਾਰੀ (ਕ੍ਰਿਸ਼ਨ)॥’’ (ਭਗਤ ਕਬੀਰ/੩੩੬)

‘‘ਜੋ ‘ਹਮ’ (ਸਾਡਾ) ਸਹਰੀ; ਸੁ ਮੀਤੁ ਹਮਾਰਾ ॥’’ (ਭਗਤ ਰਵਿਦਾਸ/੩੪੫)

‘‘ਪੰਕਜੁ ਮੋਹ ਪਗੁ ਨਹੀ ਚਾਲੈ; ‘ਹਮ’ ਦੇਖਾ (ਸਾਡੇ ਦੇਖਦਿਆਂ) ਤਹ ਡੂਬੀਅਲੇ ॥’’ (ਮ: ੧/੩੫੭)

‘‘ਜੁਗੁ ਜੁਗੁ ਹਰਿ ਹਰਿ ਏਕੋ ਵਰਤੈ; ਤਿਸੁ ਆਗੈ ‘ਹਮ’ (ਸਾਡਾ) ਆਦੇਸੁ ॥’’ (ਮ: ੪/੩੬੮)

‘‘ਹਮ’’ ਤੁਮ (ਸਾਡੇ-ਤੁਹਾਡੇ) ਬੀਚੁ; ਭਇਓ ਨਹੀ ਕੋਈ ॥’’ (ਭਗਤ ਕਬੀਰ/੪੮੪)

‘‘ਹਮ’’ (ਸਾਡੇ) ਘਰਿ (ਵਿੱਚ) ਨਾਮੁ ਖਜਾਨਾ ਸਦਾ ਹੈ; (ਕਿਉਂਕਿ ਰੱਬੀ) ਭਗਤਿ (ਦੇ) ਭਰੇ ਭੰਡਾਰਾ ॥’’ (ਮ: ੩/੫੯੩)

‘‘ਕਹੁ ਨਾਨਕ ! ‘ਹਮ’ (ਸਾਡਾ) ਇਹੈ ਹਵਾਲਾ (ਹਾਲ, ਦੁਰਦਸ਼ਾ); ਰਾਖੁ ਸੰਤਨ ਕੈ ਪਾਛੈ ॥’’ (ਮ: ੫/੬੧੩)

‘‘ਹਮ’’ ਸਰਿ (ਸਾਡੇ ਵਰਗਾ) ਦੀਨੁ (ਤੰਗਦਿਲ), ਦਇਆਲੁ ਨ ਤੁਮ ਸਰਿ (ਤੇਰੇ ਵਰਗਾ); ਅਬ (ਹੁਣ ਹੋਰ) ਪਤੀਆਰੁ (ਯਕੀਨ, ਸਬੂਤ) ਕਿਆ ਕੀਜੈ (ਕੀ ਦੇਈਏ ?)॥’’ (ਭਗਤ ਰਵਿਦਾਸ/੬੯੪)

‘‘ਕਹੁ ਕਬੀਰ! ‘ਹਮ’ (ਸਾਡੇ) ਐਸੇ ਲਖਨ (ਲੱਛਣ, ਜੀਵਨ)॥’’ (ਭਗਤ ਕਬੀਰ/੮੭੨)

‘‘ਕਹੁ ਨਾਨਕ ! ‘ਹਮ’ ਤੁਮ (ਮੇਰਾ-ਤੇਰਾ, ਮੇਰ-ਤੇਰ) ਗੁਰਿ (ਨੇ) ਖੋਈ ਹੈ; ਅੰਭੈ ਅੰਭੁ (ਪਾਣੀ ਵਿੱਚ ਪਾਣੀ ਵਾਙ ਅਸੀਂ ਪ੍ਰਭੂ ਵਿੱਚ) ਮਿਲੋਗਨੀ (ਮਿਲ ਗਏ)॥’’ (ਮ: ੫/੮੮੩)

‘‘ਹਰਿ ਹਮਾਰੋ ਮੀਤੁ ਸਖਾਈ; ‘ਹਮ’ (ਸਾਡੀ) ਹਰਿ ਸਿਉ ਪ੍ਰੀਤਿ ਲਾਗੀ ॥’’ (ਮ: ੪/੧੨੬੫)

‘‘ਹਮ’’ (ਸਾਡੀ) ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ (ਦੇ ਨਾਲ); ਹਮ ਲੋਚਹ ਪ੍ਰਭੁ ਦਿਖਨਥੇ (ਦੀਦਾਰ)॥’’ (ਮ: ੪/੧੩੨੦)

‘‘ਤੁਮ੍ ਚੇ (ਤੇਰੇ ਵਰਗੇ) ਪਾਰਸੁ ‘ਹਮ’ ਚੇ (ਸਾਡੇ ਵਰਗੇ) ਲੋਹਾ; ਸੰਗੇ ਕੰਚਨੁ ਭੈਇਲਾ (ਹੋਏ)॥’’ (ਭਗਤ ਨਾਮਦੇਵ/੧੩੫੧)

ਅਧਿਕਰਣ ਕਾਰਕ ਬਹੁ ਵਚਨ ਪੜਨਾਂਵ (ਉੱਤਮ ਪੁਰਖ)

(1). ਗੁਰਬਾਣੀ ਵਿੱਚ ‘ਹਮਾਰੈ’ (56 ਵਾਰ) ਦਰਜ ਹੈ, ਜਿਸ ਵਿੱਚੋਂ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਵੀ ਹੈ; ਜਿਵੇਂ:

‘‘ਅਨਦ ਬਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੈ (ਮਨ ਅੰਦਰ, ਵਿੱਚ) ਰਾਮ ॥’’ (ਮ: ੫/੭੮੨)

‘‘ਆਉ ਜੀ ! ਤੂ ਆਉ ਹਮਾਰੈ (ਮਨ ਅੰਦਰ), ਹਰਿ ਜਸੁ ਸ੍ਰਵਨ ਸੁਨਾਵਨਾ ॥’’ (ਮ: ੫/੧੦੧੮)

‘‘ਆਜੁ ਹਮਾਰੈ (ਮਨ ਅੰਦਰ) ਮਹਾ ਅਨੰਦ ॥’’ (ਮ: ੫/੧੧੮੦)

‘‘ਹਮਾਰੈ (ਸਾਡੇ ਉੱਤੇ) ਏਹ ਕਿਰਪਾ ਕੀਜੈ ॥ ਅਲਿ (ਭੌਰਾ) ਮਕਰੰਦ (ਫੁੱਲ-ਰਸ) ਚਰਨ ਕਮਲ ਸਿਉ, ਮਨੁ ਫੇਰਿ ਫੇਰਿ ਰੀਝੈ ॥’’ (ਮ: ੫/੧੩੨੧) ਆਦਿ।

(2). ਗੁਰਬਾਣੀ ਵਿੱਚ ‘ਅਸਾ’ (ਉਚਾਰਨ ‘ਅਸਾਂ’, 2 ਵਾਰ) ਦਰਜ ਹੈ, ਜਿਸ ਵਿੱਚੋਂ 1 ਵਾਰ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਅਸਾ’’ (ਅਸਾਂ ਵਿੱਚ) ਜੋਰੁ ਨਾਹੀ, ਜੇ ਕਿਛੁ ਕਰਿ ਹਮ ਸਾਕਹ; ਜਿਉ ਭਾਵੈ, ਤਿਵੈ ਬਖਸਿ ॥’’ (ਮ: ੪/੭੩੬)

(3). ਗੁਰਬਾਣੀ ਵਿੱਚ ‘ਹਮ’ (543 ਵਾਰ) ਦਰਜ ਹੈ, ਜਿਸ ਵਿੱਚੋਂ 4 ਵਾਰ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਨਾ ਹਮ (ਅਸਾਂ ਅੰਦਰ) ਕਰਮ ਨ ਧਰਮ ਸੁਚ; ਪ੍ਰਭਿ (ਨੇ) ਗਹਿ (ਫੜ ਕੇ) ਭੁਜਾ ਆਪਾਇਓ (ਆਪਣਾ ਬਣਾ ਲਿਆ)॥’’ (ਮ: ੫/੨੪੧)

‘‘ਹਮ (ਅਸਾਂ) ਊਪਰਿ ਕਿਰਪਾ ਕਰਿ ਸੁਆਮੀ ! ਰਖੁ ਸੰਗਤਿ (ਵਿੱਚ) ਤੁਮ ਜੁ ਪਿਆਰੀ ॥’’ (ਮ: ੪/੬੬੬)

‘‘ਕਿਆ ਮੁਹੁ ਲੈ ਬੋਲਹ? ਨਾ ਹਮ (ਅਸਾਂ ਵਿੱਚ) ਗੁਣ, ਨ ਸੇਵਾ ਸਾਧੀ ॥’’ (ਮ: ੩/੧੦੪੮)

‘‘ਹਮ (ਅਸਾਂ ਵਿੱਚ) ਗੁਣ ਨਾਹੀ; ਕਿਆ ਬੋਲਹ ਬੋਲ ? ॥’’ (ਮ: ੩/੧੦੫੧)

(4). ਗੁਰਬਾਣੀ ਵਿੱਚ ‘ਹਮਰੈ ਵਿਚ’ (1 ਵਾਰ) ਦਰਜ ਹੈ, ਜੋ ‘ਅਧਿਕਰਣ ਕਾਰਕ ਬਹੁ ਵਚਨ ਰੂਪ ਪੜਨਾਂਵ’ ਹੈ; ਜਿਵੇਂ:

‘‘ਕਿਲਵਿਖ ਮੈਲੁ ਭਰੇ ਪਰੇ ‘ਹਮਰੈ ਵਿਚਿ’; ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥’’ (ਮ: ੪/੧੨੬੩)

(ਨੋਟ: ਧਿਆਨ ਰਹੇ ਕਿ ‘ਹਮ’ ਸ਼ਬਦ ਗੁਰਬਾਣੀ ਵਿੱਚ ਇੱਕ ਵਚਨ ਪੜਨਾਂਵ (ਉੱਤਮ ਪੁਰਖ) ਵੀ ਦਰਜ ਹੈ; ਜਿਵੇਂ:

‘‘ਅਬ ਹਮ (ਮੈ) ਚਲੀ; ਠਾਕੁਰ ਪਹਿ ਹਾਰਿ (ਕੇ) ॥’’ (ਮ: ੪/੫੨੭) (‘ਹਮ’ ਕਰਤਾ ਕਾਰਕ)

‘‘ਕਰਿ (ਕੇ) ਅਪਰਾਧ; ਸਰਣਿ ਹਮ (ਮੈ) ਆਇਆ ॥’’ (ਮ: ੧/੯੦੪) (‘ਹਮ’ ਕਰਤਾ ਕਾਰਕ)

‘‘ਕਬੀਰ ! ਨਾ ‘‘ਹਮ’’ (ਅਸਾਂ ਨੇ) ਕੀਆ, ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥’’ (ਭਗਤ ਕਬੀਰ/੧੩੬੭) (‘ਹਮ’ ਸੰਬੰਧਕੀ ਕਰਤਾ ਕਾਰਕ)

‘‘ਹਮ ਮੂਰਖ ਕਉ (ਲਈ) ਹਰਿ ਕਿਰਪਾ ਕਰੀ ॥’’ (ਮ: ੪/੧੧੩੪) (‘ਹਮ’ ਸੰਪਰਦਾਨ ਕਾਰਕ)

‘‘ਮੇਰੀ ਇਛ ਪੁਨੀ (ਪੂਰੀ ਹੋਈ) ਜੀਉ ! ਹਮ (ਮੇਰੇ) ਘਰਿ (ਵਿੱਚ) ਸਾਜਨੁ ਆਇਆ ॥’’ (ਮ: ੧/੨੪੨) (‘ਹਮ’ ਸੰਬੰਧ ਕਾਰਕ)

‘‘ਹਮ (ਮੇਰੇ) ਘਰਿ (ਵਿੱਚ) ਸੂਤੁ ਤਨਹਿ ਨਿਤ ਤਾਨਾ; ਕੰਠਿ ਜਨੇਊ ਤੁਮਾਰੇ ॥’’ (ਭਗਤ ਕਬੀਰ/੪੮੨) (‘ਹਮ’ ਸੰਬੰਧ ਕਾਰਕ)

(ਨੋਟ: ਗੁਰਬਾਣੀ ਸਰਲ ਵਿਆਕਰਨ (ਭਾਗ-5) ’ਚ ‘ਪੜਨਾਂਵ ਮੱਧਮ ਪੁਰਖ’ ਦੀ ਵੀਚਾਰ ਕੀਤੀ ਜਾਵੇਗੀ।)