Pronoun (Part 4, E)

0
429

ਲੜੀ ਜੋੜਨ ਲਈ ਪਿਛਲਾ ਅੰਕ (ਪੜਨਾਂਵ ਮੱਧਮ ਪੁਰਖ, ਅਧਿਆਇ-4) ਵੇਖੋ, ਜੀ।

ਪੜਨਾਂਵ ਮੱਧਮ ਪੁਰਖ, ਅਧਿਆਇ-5

(5). ਗੁਰਬਾਣੀ ਵਿੱਚ ‘ਤੁਧੁ’ (415 ਵਾਰ), ‘ਤੁਧੈ’ (19 ਵਾਰ), ‘ਤੁਧ ਨੋ’ (36 ਵਾਰ), ‘ਤੁਹ ਨੋ’ (1 ਵਾਰ), ‘ਤੁਧਹੁ’ (7 ਵਾਰ) ‘ਮੱਧਮ ਪੁਰਖ, ਇੱਕ ਵਚਨ ਪੜਨਾਂਵ ਹਨ, ਜਿਨ੍ਹਾਂ ਦੀ ਵੰਡ 6 ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਸੰਪਰਦਾਨ ਕਾਰਕ, ਅਪਾਦਾਨ ਕਾਰਕ, ਸੰਬੰਧ ਕਾਰਕ ਤੇ ਅਧਿਕਰਣ ਕਾਰਕ’) ਵਿੱਚ ਕੀਤੀ ਗਈ ਹੈ (ਭਾਵ ਇਹ ਤਮਾਮ ਸ਼ਬਦ ਵੀ ‘ਕਰਣ ਕਾਰਕ’ ਤੇ ‘ਸੰਬੋਧਨ ਕਾਰਕ’ ’ਚ ਦਰਜ ਨਹੀਂ ਹਨ; ਜਿਵੇਂ:

(1). ਕਰਤਾ ਕਾਰਕ ਪੜਨਾਂਵ: (ੳ). ਗੁਰਬਾਣੀ ਵਿੱਚ ‘ਤੁਧੁ’ (3 ਵਾਰ) ਤੇ ‘ਤੁਧੈ’ (1 ਵਾਰ) ‘ਮੱਧਮ ਪੁਰਖ, ਸਾਧਾਰਨ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੂੰ’; ਜਿਵੇਂ:

(ਹੇ ਕਰਤਾਰ !) ‘‘ਅਪਣੇ ਕਰਤਬ ਆਪੇ ਜਾਣਹਿ; ਆਪੇ ‘ਤੁਧੁ’ (ਤੂੰ, ਸਭ ਨੂੰ) ਸਮਾਲੀਐ (ਸੰਭਾਲਦਾ) ਜੀਉ ॥’’ (ਮ: ੫/੧੦੨)

(ਹੇ ਕਰਤਾਰ !) ‘‘ਤੁਧੁ’’ (ਤੂੰ) ਆਪੇ ਕਾਰਣੁ (ਗੁਰੂ-ਸਬੱਬ, ਵਸੀਲਾ); ਆਪੇ ਕਰਣਾ (ਜਗਤ-ਰਚਨਾ ਬਣਾਈ)॥’’ (ਮ: ੫/੫੬੪)

(ਹੇ ਨਿਰਾਕਾਰ !) ‘‘ਤੁਧੁ’’ (ਤੂੰ, ਮੇਰੇ) ਅੰਤਰਿ (ਵੱਸਦਾ ਹੈਂ, ਇਹ ਸਮਝ ਹੋਣ ਕਾਰਨ) ਹਉ ਸੁਖਿ (ਵਿੱਚ) ਵਸਾ; (ਜਦੋਂ) ਤੂੰ (ਮੇਰੇ) ਅੰਤਰਿ (ਤਾਂ ਹਰ ਥਾਂ ਮੈਨੂੰ) ਸਾਬਾਸਿ ਜੀਉ (ਮਿਲਦੀ)॥’’ (ਮ: ੧/੭੬੨)

(ਹੇ ਨਿਰਾਕਾਰ !) ‘‘ਸਭ ਤੇਰੀ ਜੋਤਿ, ਜੋਤੀ ਵਿਚਿ ਵਰਤਹਿ; ਗੁਰਮਤੀ (ਵਿੱਚ) ‘ਤੁਧੈ’ (ਤੂੰ ਹੀ) ਲਾਵਣੀ (ਲਾਉਣ ਵਾਲਾ)॥’’ (ਮ: ੪/੧੩੧੪)

(ਅ). ਗੁਰਬਾਣੀ ਵਿੱਚ ‘ਤੁਧੁ’ (93 ਵਾਰ) ਤੇ ‘ਤੁਧੈ’ (3 ਵਾਰ) ‘ਮੱਧਮ ਪੁਰਖ, ਸੰਬੰਧਕੀ ਕਰਤਾ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਂ ਨੇ’; ਜਿਵੇਂ:

(ਹੇ ਨਿਰਾਕਾਰ !) ‘‘ਇਕਨਾ ਬਖਸਹਿ ਮੇਲਿ ਲੈਹਿ; ਗੁਰਮਤੀ (ਵਿੱਚ) ‘ਤੁਧੈ’ (ਤੈਂ ਨੇ ਹੀ) ਲਾਇਆ ॥’’ (ਮ: ੧/੧੩੯)

(ਹੇ ਨਿਰਾਕਾਰ !) ‘‘ਸਭ ਭਾਂਡੇ ‘ਤੁਧੈ’ (ਤੈਂ ਨੇ ਹੀ) ਸਾਜਿਆ; ਵਿਚਿ ਵਸਤੁ (ਅਕਲ) ਹਰਿ ! ਥਾਰਾ (ਤੇਰੀ ਹੀ)॥’’ (ਮ: ੪/੪੪੯)

(ਹੇ ਨਿਰਾਕਾਰ !) ‘‘ਤੂ ਕਰਤਾ ਗੋਵਿੰਦੁ; ‘ਤੁਧੁ’ (ਤੈਂ ਨੇ) ਸਿਰਜੀ, ‘ਤੁਧੈ’ (ਤੈਂ ਨੇ ਹੀ) ਗੋਈ (ਨਾਸ਼ ਕਰਨੀ)॥’’ (ਮ: ੧/੧੨੮੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ ਆਪੇ ਸਿਰਜਿ, ਸਭ ਗੋਈ ॥’’ (ਮ: ੪/੧੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ ਵਿਛੋੜਿਆ; ਆਪਿ ਮਿਲਾਇਆ ॥’’ (ਮ: ੪/੧੧)

(ਹੇ ਭਾਈ!) ‘‘ਜਿਥੈ ਜਾਇ ‘ਤੁਧੁ’ (ਤੈਂ ਨੇ) ਵਰਤਣਾ; ਤਿਸ ਕੀ ਚਿੰਤਾ ਨਾਹਿ ॥’’ (ਮ: ੫/੪੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸੰਸਾਰੁ ਉਪਾਇਆ ॥’’ (ਮ: ੧/੭੧)

(ਹੇ ਕਰਤਾਰ !) ‘‘ਆਪਹੁ, ‘ਤੁਧੁ’ (ਤੈਂ ਨੇ) ਖੁਆਇਆ ॥’’ (ਮ: ੧/੭੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ (ਹੀ) ਆਪੁ (ਆਪਣੇ ਆਪ ਨੂੰ, ਆਕਾਰ ਰੂਪ ਬਣਾ ਕੇ) ਉਪਾਇਆ ॥’’ (ਮ: ੧/੭੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ (ਕ੍ਰਿਸ਼ਨ ਰੂਪ ਧਾਰ ਕੇ) ਗੋਇ (ਧਰਤੀ, ਗੋਵਰਧਨ ਪਹਾੜ) ਉਠਾਲੀਆ ॥’’ (ਮ: ੧/੭੩)

(ਹੇ ਕਰਤਾਰ !) ‘‘ਸਭ ਆਪੇ ‘ਤੁਧੁ’ (ਤੈਂ ਨੇ) ਉਪਾਇ ਕੈ; ਆਪਿ ਕਾਰੈ (ਵਿੱਚ) ਲਾਈ ॥’’ (ਮ: ੪/੮੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਧਰਤੀ ਸਾਜੀਐ; ਚੰਦੁ, ਸੂਰਜੁ ਦੁਇ ਦੀਵੇ ॥’’ (ਮ: ੪/੮੩)

(ਹੇ ਕਰਤਾਰ !) ‘‘ਦਸ-ਚਾਰਿ ਹਟ (14 ਲੋਕ), ‘ਤੁਧੁ’ (ਤੈਂ ਨੇ) ਸਾਜਿਆ; (ਜਿੱਥੇ) ਵਾਪਾਰੁ ਕਰੀਵੇ (ਹੁੰਦਾ)॥’’ (ਮ: ੪/੮੩)

(ਹੇ ਕਰਤਾਰ !) ‘‘ਸਿਸਟਿ ਉਪਾਈ ਸਭ ‘ਤੁਧੁ’ (ਤੈਂ ਨੇ); ਆਪੇ ਰਿਜਕੁ ਸੰਬਾਹਿਆ (ਪਹੁੰਚਾਇਆ)॥’’ (ਮ: ੪/੮੫)

(ਹੇ ਕਰਤਾਰ !) ‘‘ਤੁਧੁ (ਤੈਨੂੰ) ਆਪੇ ਭਾਵੈ, ਸੋ ਕਰਹਿ; ‘ਤੁਧੁ’ (ਤੈਂ ਨੇ) ਓਤੈ ਕੰਮਿ (ਵਿੱਚ) ਓਇ ਲਾਇਆ ॥’’ (ਮ: ੪/੮੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ ਕਥੀ ‘ਤੈ’ (ਤੈਂ ਨੇ) ਆਪਿ ਵਖਾਣੀ ॥’’ (ਮ: ੫/੯੯)

(ਹੇ ਕਰਤਾਰ !) ‘‘ਜੀਅ, ਜੰਤ ਸਭਿ; ‘ਤੁਧੁ’ (ਤੈਂ ਨੇ) ਉਪਾਏ ॥’’ (ਮ: ੫/੧੦੩)

(ਹੇ ਕਰਤਾਰ !) ‘‘ਇਕਿ ਰੰਗਿ (ਕਈ ਤੇਰੇ ਪ੍ਰੇਮ ਵਿੱਚ) ਰਾਤੇ; ਜੋ ‘ਤੁਧੁ’ (ਤੈਂ ਨੇ) ਆਪਿ ਲਿਵ ਲਾਏ ॥’’ (ਮ: ੩/੧੧੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸਿਰਜੀ, ਆਪੇ ਗੋਈ (ਨਾਸ਼ ਕਰੇਗਾ)॥’’ (ਮ: ੩/੧੧੨)

(ਹੇ ਕਰਤਾਰ !) ‘‘ਖੋਟੇ, ਖਰੇ; ‘ਤੁਧੁ’ (ਤੈਂ ਨੇ) ਆਪਿ ਉਪਾਏ ॥’’ (ਮ: ੩/੧੧੯) (ਇਸ ਪੰਕਤੀ ਨੂੰ ਧਿਆਨ ’ਚ ਰੱਖ ਕੇ ਕੋਈ ਗੁਰਸਿੱਖ ਕਹਿ ਸਕਦਾ ਹੈ ਕਿ ‘ਮਨਮੁਖ’ ਪ੍ਰਭੂ ਪ੍ਰੇਰਨਾ ਤੋਂ ਬਾਹਰ ਹਨ?)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਪਰਖੇ, ਲੋਕ ਸਬਾਏ ॥’’ (ਮ: ੩/੧੧੯)

(ਹੇ ਕਰਤਾਰ !) ‘‘ਦਇਆ ਧਾਰਿ (ਕੇ) ਰਾਖੇ ‘ਤੁਧੁ’ (ਤੈਂ ਨੇ) ਸੇਈ; ਪੂਰੈ ਕਰਮਿ (ਭਾਗ ਰਾਹੀਂ ਤੇਰੇ ਵਿੱਚ) ਸਮਾਵਣਿਆ ॥’’ (ਮ: ੫/੧੩੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ‘ਤੁਧੁ’ (ਤੈਂ ਨੇ) ਆਪੇ ਧੰਧੈ (ਵਿੱਚ) ਲਾਇਆ ॥’’ (ਮ: ੧/੧੩੮)

(ਹੇ ਕਰਤਾਰ !) ‘‘ਮੋਹ ਠਗਉਲੀ ਪਾਇ ਕੈ; ‘ਤੁਧੁ’ (ਤੈਂ ਨੇ) ਆਪਹੁ (ਆਪਣੇ ਆਪ ਤੋਂ, ਚੰਗੀ ਸਮਝ ਤੋਂ) ਜਗਤੁ (ਨੂੰ) ਖੁਆਇਆ (ਕੁਰਾਹੇ ਪਾਇਆ)॥’’ (ਮ: ੧/੧੩੮) (ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

(ਹੇ ਕਰਤਾਰ !) ‘‘ਸਦਾ ਸਦਾ ਤੂੰ ਏਕੁ ਹੈ; ‘ਤੁਧੁ’ (ਤੈਂ ਨੇ) ਦੂਜਾ ਖੇਲੁ ਰਚਾਇਆ ॥’’ (ਮ: ੧/੧੩੯)

‘‘ਤੂੰ ਕਾਇਆ ! ਰਹੀਅਹਿ ਸੁਪਨੰਤਰਿ; ‘ਤੁਧੁ’ (ਤੈਂ ਨੇ) ਕਿਆ ਕਰਮ ਕਮਾਇਆ ? ॥’’ (ਮ: ੧/੧੫੫)

(ਹੇ ਕਰਤਾਰ !) ‘‘ਤਿਨ ਤੂੰ ਵਿਸਰਹਿ; ਜਿ, ‘ਤੁਧੁ’ (ਤੈਂ ਨੇ) ਆਪਿ ਭੁਲਾਏ ॥’’ (ਮ: ੩/੧੫੯) (ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

‘‘ਤੁਧੁ’’ (ਤੈਂ ਨੇ) ਬਚਨਿ ਗੁਰ ਕੈ (ਰਾਹੀਂ), (ਵਿਕਾਰਾਂ ਨੂੰ) ਵਸਿ (ਵਿੱਚ) ਕੀਆ; ਆਦਿ ਪੁਰਖੁ ਬਨਵਾਰੀਆ ! ॥’’ (ਮ: ੫/੨੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਆਪੁ (ਆਪਣੇ ਆਪ ਨੂੰ) ਰਖਿਆ ਸਤਿਗੁਰ ਵਿਚਿ; ਗੁਰੁ (ਨੂੰ) ਆਪੇ ਤੁਧੁ (ਤੈਂ ਨੇ) ਸਵਾਰਿਆ ॥’’ (ਮ: ੪/੩੧੧) (ਭੱਟ ਸਵੱਈਆਂ ਪੰਨਾ 1389-1409 ਦੇ ਅਰਥ ਕਰਦਿਆਂ ਤਰਕ ਸੋਚ ਸਿੱਖਾਂ ਲਈ ਕੀ ਇਹ ਗੁਰਮਤਿ ਨਹੀਂ?)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸ੍ਰਿਸਟਿ ਸਭ ਉਪਾਈ ਜੀ ! ਤੁਧੁ (ਤੈਂ ਨੇ) ਆਪੇ ਸਿਰਜਿ (ਕੇ) ਸਭ ਗੋਈ (ਨਾਸ਼ ਕਰਦਾ ਹੈ)॥’’ (ਆਸਾ ਸੋ ਪੁਰਖ)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਿ (ਆਪਣੇ ਨਾਲੋਂ) ਵਿਛੋੜਿਆ; ਆਪਿ (ਆਪਣੇ ਨਾਲ) ਮਿਲਾਇਆ ॥’’ (ਮ: ੪/੩੬੫)

(ਹੇ ਕਰਤਾਰ !) ‘‘ਬੁਝਣਾ (ਗਿਆਨ), ਅਬੁਝਣਾ (ਅਗਿਆਨ) ‘ਤੁਧੁ’ (ਤੈਂ ਨੇ) ਕੀਆ; ਇਹ ਤੇਰੀ (ਜੀਵਾਂ ਦੇ) ਸਿਰਿ (ਉੱਤੇ) ਕਾਰ (ਮਰਿਆਦਾ)॥’’ (ਮ: ੩/੪੨੭)

(ਹੇ ਕਰਤਾਰ !) ‘‘ਇਕਿ ਧੁਰਿ (ਤੋਂ) ਪਵਿਤ ਪਾਵਨ ਹਹਿ; ‘ਤੁਧੁ’ (ਤੈਂ ਨੇ) ਨਾਮੇ (ਵਿੱਚ) ਲਾਏ ॥’’ (ਮ: ੩/੪੨੭)

(ਹੇ ਪੰਡਿਤ!) ‘‘ਸਿਧੰਙਾਇਐ, ਸਿਮਰਹਿ ਨਾਹੀ; ਨੰਨੈ (ਅੱਖਰ ਤੋਂ ਆਰੰਭ ਹੋਣ ਵਾਲਾ), ਨਾ ‘ਤੁਧੁ’ (ਤੈਂ ਨੇ) ‘ਨਾਮੁ’ ਲਇਆ ॥’’ (ਮ: ੩/੪੩੪)

(ਹੇ ਪੰਡਿਤ !) ‘‘ਅਣਹੋਦਾ ਨਾਉ ਧਰਾਇਓ ਪਾਧਾ (ਵਿਦਵਾਨ); ਅਵਰਾ ਕਾ ਭਾਰੁ ‘ਤੁਧੁ’ (ਤੈਂ ਨੇ, ਆਪਣੇ ਸਿਰ ’ਤੇ) ਲਇਆ ॥’’ (ਮ: ੩/੪੩੪)

‘‘ਸਸੈ (ਅੱਖਰ ਤੋਂ ਆਰੰਭ ਹੋਣ ਵਾਲਾ), ‘ਸੰਜਮੁ’ ਗਇਓ ਮੂੜੇ ! ਏਕੁ ਦਾਨੁ ‘ਤੁਧੁ’ (ਤੈਂ ਨੇ) ਕੁਥਾਇ (ਜਜਮਾਨਾਂ, ਲੋੜਵੰਦਾਂ ਪਾਸੋਂ) ਲਇਆ ॥’’ (ਮ: ੩/੪੩੫)

‘‘ਘਘੈ (ਅੱਖਰ ਤੋਂ ਆਰੰਭ ਹੋਣ ਵਾਲਾ), ‘ਘਰਿ ਘਰਿ’ (ਵਿੱਚ ਮੰਗਦਾ) ਫਿਰਹਿ ਤੂੰ ਮੂੜੇ ! ਦਦੈ (ਅੱਖਰ ਤੋਂ ਆਰੰਭ ਹੋਣ ਵਾਲਾ, ਅਸਲ), ‘ਦਾਨੁ’ ਨ ‘ਤੁਧੁ’ (ਤੈਂ ਨੇ, ਗੁਰੂ ਪਾਸੋਂ) ਲਇਆ ॥’’ (ਮ: ੩/੪੩੫)

(ਹੇ ਕਰਤਾਰ !) ‘‘ਇਉ ਕਹੈ ਨਾਨਕੁ, ਕਿਆ ਜੰਤ ਵਿਚਾਰੇ? ਜਾ ‘ਤੁਧੁ’ (ਤੈਂ ਨੇ, ਆਪ) ਭਰਮਿ (ਵਿੱਚ ਪਾ ਕੇ) ਭੁਲਾਏ ॥’’ (ਮ: ੩/੪੪੧)

(ਹੇ ਕਰਤਾਰ !) ‘‘ਸਚੀ ਤੇਰੀ ਵਡਿਆਈ, ਜਾ ਕਉ ‘ਤੁਧੁ’ (ਤੈਂ ਨੇ) ਮੰਨਿ (ਵਿੱਚ) ਵਸਾਈ; ਸਦਾ ਤੇਰੇ ਗੁਣ ਗਾਵਹੇ ॥’’ (ਮ: ੩/੪੪੨)

(ਹੇ ਕਰਤਾਰ !) ‘‘ਤੂੰ ਹਰਿ, ਤੇਰਾ ਸਭੁ ਕੋ; ਸਭਿ ‘ਤੁਧੁ’ (ਤੈਂ ਨੇ) ਉਪਾਏ ਰਾਮ ਰਾਜੇ ॥’’ (ਮ: ੪/੪੫੦)

(ਹੇ ਕਰਤਾਰ !) ‘‘ਧੁਰਿ (ਤੋਂ) ਕਰਮੁ (ਭਾਗ) ਜਿਨਾ ਕਉ ‘ਤੁਧੁ’ (ਤੈਂ ਨੇ) ਪਾਇਆ; ਤਾ ਤਿਨੀ ਖਸਮੁ ਧਿਆਇਆ ॥’’ (ਮ: ੧/੪੬੯)

(ਹੇ ਕਰਤਾਰ !) ‘‘ਏਨਾ ਜੰਤਾ ਕੈ ਵਸਿ (ਵਿੱਚ) ਕਿਛੁ ਨਾਹੀ; ‘ਤੁਧੁ’ (ਤੈਂ ਨੇ) ਵੇਕੀ (ਤਰ੍ਹਾਂ-ਤਰ੍ਹਾਂ ਦੇ ਰੰਗਾਂ ਦਾ) ਜਗਤੁ ਉਪਾਇਆ ॥’’ (ਮ: ੧/੪੬੯)

(ਹੇ ਕਰਤਾਰ !) ‘‘ਇਕਨਾ (ਕਈਆਂ) ਨੋ ਤੂੰ (ਆਪਣੇ ਨਾਲ) ਮੇਲਿ ਲੈਹਿ; ਇਕਿ (ਕਈਆਂ ਨੂੰ) ਆਪਹੁ (ਆਪਣੇ ਮਿਲਾਪ ਤੋਂ) ‘ਤੁਧੁ’ (ਤੈਂ ਨੇ) ਖੁਆਇਆ (ਖੁਝਾਇਆ)॥’’ (ਮ: ੧/੪੬੯)

(ਹੇ ਕਰਤਾਰ !) ‘‘ਗੁਰ ਕਿਰਪਾ ਤੇ (ਤੋਂ) ਜਾਣਿਆ; ਜਿਥੈ ‘ਤੁਧੁ’ (ਤੈਂ ਨੇ) ਆਪੁ (ਆਪਣੇ ਆਪ ਨੂੰ) ਬੁਝਾਇਆ ॥’’ (ਮ: ੧/੪੬੯) (ਭਾਵ ਕੌਣ ਸਮਝਦਾਰ ‘ਮੰਨੇ ਕੀ ਗਤਿ’ ਬਣੇ ਇਸ ਦੀ ਸਮਝ ਗੁਰੂ ਕਿਰਪਾ ਰਾਹੀਂ ਹੀ ਹੁੰਦੀ ਹੈ।)

(ਹੇ ਕਰਤਾਰ !) ‘‘ਸੋਈ ਵਰਤੈ ਜਗਿ (ਵਿੱਚ); ਜਿ (ਜਿਹੜਾ) ਕੀਆ ‘ਤੁਧੁ’ (ਤੈਂ ਨੇ) ਧੁਰੇ (‘ਧੁਰਿ’ ਆਪਣੇ ਦਰ ਤੋਂ)॥’’ (ਮ: ੫/੫੨੧)

(ਹੇ ਕਰਤਾਰ !) ‘‘ਸਭ ਤੇਰੀ, ਤੂ ਸਭਸ ਦਾ (ਮਾਲਕ, ਕਿਉਂਕਿ); ਸਭ ‘ਤੁਧੁ’ (ਤੈਂ ਨੇ) ਉਪਾਇਆ ॥’’ (ਮ: ੪/੫੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਿਰਜੀ ਮੇਦਨੀ (ਸ੍ਰਿਸ਼ਟੀ); ਦੁਖੁ, ਸੁਖੁ ਦੇਵਣਹਾਰੋ ॥’’ (ਮ: ੧/੫੮੦)

(ਹੇ ਕਰਤਾਰ !) ‘‘ਸਰਬ ਨਿਰੰਤਰਿ, ਤੁਮਹਿ ਸਮਾਨੇ; ਜਾ ਕਉ ‘ਤੁਧੁ’ (ਤੈਂ ਨੇ) ਆਪਿ ਬੁਝਾਈ ॥’’ (ਮ: ੫/੬੧੦)

(ਹੇ ਕਰਤਾਰ !) ‘‘ਜਿਤੁ (ਜਿਸ ‘ਕੰਮ’ ਵਿੱਚ) ‘ਤੁਧੁ’ (ਤੈਂ ਨੇ) ਲਾਏ, ਤੇਹਾ ਫਲੁ ਪਾਇਆ; ਤੂ ਹੁਕਮਿ (ਅਨੁਸਾਰ) ਚਲਾਵਣਹਾਰਾ ॥’’ (ਮ: ੧/੬੩੫)

(ਹੇ ਕਰਤਾਰ !) ‘‘ਪ੍ਰਹਿਲਾਦ ਜਨ ‘ਤੁਧੁ’ (ਤੈਂ ਨੇ) ਰਾਖਿ ਲਏ; ਹਰਿ ਜੀਉ ! ਹਰਣਾਖਸੁ ਮਾਰਿ (ਕੇ) ਪਚਾਇਆ (ਖ਼ਤਮ ਕੀਤਾ)॥’’ (ਮ: ੩/੬੩੭)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਖੇਲੁ ਰਚਾਇ; ‘ਤੁਧੁ’ (ਤੈਂ ਨੇ) ਆਪਿ ਸਵਾਰਿਆ ॥’’ (ਮ: ੪/੬੪੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ਆਪਿ ਖੇਲੁ ਰਚਾਇਆ ॥’’ (ਮ: ੪/੬੪੩)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਸਿਸਟਿ ਸਿਰਜੀਆ; ਆਪੇ ਫੁਨਿ (ਫਿਰ) ਗੋਈ (ਨਾਸ਼ ਕਰਦਾ)॥’’ (ਮ: ੪/੬੫੪)

‘‘ਸਭੁ ਕੋ ਤੇਰਾ, ਤੂੰ ਸਭਨਾ ਕਾ ਮੇਰੇ ਕਰਤੇ ! ‘ਤੁਧੁ’ (ਤੈਂ ਨੇ) ਸਭਨਾ ਸਿਰਿ (ਉੱਤੇ) ਲਿਖਿਆ ਲੇਖੁ ॥’’ (ਮ: ੪/੭੩੫)

(ਹੇ ਕਰਤਾਰ !) ‘‘ਸਭੁ ਜੀਉ, ਪਿੰਡੁ ਦੀਆ ‘ਤੁਧੁ’ (ਤੈਂ ਨੇ) ਆਪੇ (ਹੀ); ‘ਤੁਧੁ’ (ਤੈਂ ਨੇ) ਆਪੇ ਕਾਰੈ (ਚੰਗੀ-ਮੰਦੀ ਸੋਚ ਵਿੱਚ) ਲਾਇਆ ॥’’ (ਮ: ੪/੭੩੬)

(ਹੇ ਕਰਤਾਰ !) ‘‘ਜੇਹਾ ਤੂੰ ਹੁਕਮੁ ਕਰਹਿ, ਤੇਹੇ ਕੋ (ਕੋਈ) ਕਰਮ ਕਮਾਵੈ; ਜੇਹਾ ‘ਤੁਧੁ’ (ਤੈਂ ਨੇ) ਧੁਰਿ (ਤੋਂ) ਲਿਖਿ (ਕੇ) ਪਾਇਆ ॥’’ (ਮ: ੪/੭੩੬) (ਕੀ ਇਸ ਸਿਧਾਂਤ ’ਚ ‘ਮਨਮੁਖ’ ਨਹੀਂ ਆਉਂਦੇ ?)

(ਹੇ ਕਰਤਾਰ !) ‘‘ਪੰਚ ਤਤੁ ਕਰਿ (ਕੇ) ‘ਤੁਧੁ’ (ਤੈਂ ਨੇ) ਸ੍ਰਿਸਟਿ ਸਭ ਸਾਜੀ; ਕੋਈ ਛੇਵਾ ਕਰਿਉ, ਜੇ ਕਿਛੁ ਕੀਤਾ ਹੋਵੈ ॥’’ (ਮ: ੪/੭੩੬)

(ਹੇ ਕਰਤਾਰ !) ‘‘ਮਹਾ ਅਗਨਿ ਤੇ (ਤੋਂ) ‘ਤੁਧੁ’ (ਤੈਂ ਨੇ) ਹਾਥ ਦੇ (ਕੇ) ਰਾਖੇ; (ਜੋ) ਪਏ ਤੇਰੀ ਸਰਣਾਈ ॥’’ (ਮ: ੫/੭੪੮)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਦੁਖੁ, ਸੁਖੁ (ਜੀਵ) ਨਾਲਿ ਉਪਾਇਆ; (ਕਿਉਂਕਿ ਸਭ ਸਿਰ) ਲੇਖੁ ਕਰਤੈ (ਤੈਂ ਕਰਤਾਰ ਨੇ) ਲਿਖਿਆ ॥’’ (ਮ: ੩/੭੮੭)

(ਹੇ ਕਰਤਾਰ !) ‘‘ਤੂ ਹਰਿ ਪ੍ਰਭੁ ਆਪਿ ਅਗੰਮੁ ਹੈ; ਸਭਿ ‘ਤੁਧੁ’ (ਤੈਂ ਨੇ) ਉਪਾਇਆ ॥’’ (ਮ: ੪/੮੪੯)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਤਾੜੀ (ਸਮਾਧੀ, ਮੌਨ) ਲਾਈਐ; ਆਪੇ (ਬੋਲ ਕੇ) ਗੁਣ ਗਾਇਆ ॥’’ (ਮ: ੪/੮੪੯)

(ਹੇ ਕਰਤਾਰ !) ‘‘ਪੰਚ ਦੂਤ ‘ਤੁਧੁ’ (ਤੈਂ ਨੇ, ਭਗਤ ਦੇ) ਵਸਿ (ਵਿੱਚ) ਕੀਤੇ; ਕਾਲੁ ਕੰਟਕੁ ਮਾਰਿਆ ॥’’ (ਮ: ੩/੯੧੭)

(ਹੇ ਕਰਤਾਰ !) ‘‘ਧੁਰਿ (ਤੋਂ) ਕਰਮਿ (ਬਖ਼ਸ਼ਸ਼ ਨਾਲ ਭਾਗ) ਪਾਇਆ ‘ਤੁਧੁ’ (ਤੈਂ ਨੇ) ਜਿਨ ਕਉ; ਸਿ ਨਾਮਿ ਹਰਿ ਕੈ (ਵਿੱਚ) ਲਾਗੇ ॥’’ (ਮ: ੩/੯੧੭)

(ਹੇ ਕਰਤਾਰ !) ‘‘ਜੀਅ ਜੰਤ ਸਭਿ ‘ਤੁਧੁ’ (ਤੈਂ ਨੇ) ਉਪਾਏ; (ਇਨ੍ਹਾਂ ਵਿੱਚੋਂ) ਇਕਿ (ਕਈ ਗੁਰੂ ਉਪਮਾ) ਵੇਖਿ (ਕੇ, ਤੇਰੇ ਚਰਨ) ਪਰਸਣਿ (ਛੂਹਣ ਲਈ) ਆਇਆ ॥’’ (ਮ: ੩/੯੧੮)

‘‘ਏ ਸਰੀਰਾ ਮੇਰਿਆ ! ਇਸੁ ਜਗ ਮਹਿ ਆਇ ਕੈ; ਕਿਆ ‘ਤੁਧੁ’ (ਤੈਂ ਨੇ) ਕਰਮ ਕਮਾਇਆ ? ॥’’ (ਮ: ੩/੯੨੨)

‘‘ਕਿ (ਕੀ) ਕਰਮ ਕਮਾਇਆ ? ‘ਤੁਧੁ’ (ਤੈਂ ਨੇ) ਸਰੀਰਾ ! ਜਾ (ਜਦ ਤੋਂ) ਤੂ ਜਗ ਮਹਿ ਆਇਆ ॥’’ (ਮ: ੩/੯੨੨)

(ਹੇ ਕਰਤਾਰ !) ‘‘ਜਿਨ੍ੀ ਤੂੰ ਸੇਵਿਆ ਭਾਉ ਕਰਿ (ਕੇ); ਸੇ ‘ਤੁਧੁ’ (ਤੈਂ ਨੇ) ਪਾਰਿ ਉਤਾਰਿਆ ॥’’ (ਬਲਵੰਡ ਸਤਾ/੯੬੮)

(ਹੇ ਕਰਤਾਰ !) ‘‘ਲਬੁ, ਲੋਭੁ, ਕਾਮੁ, ਕ੍ਰੋਧੁ, ਮੋਹੁ; ਮਾਰਿ (ਕੇ) ਕਢੇ ‘ਤੁਧੁ’ (ਤੈਂ ਨੇ) ਸਪਰਵਾਰਿਆ (ਹੋਰ ਵਿਕਾਰ ਪਰਿਵਾਰ ਸਮੇਤ)॥’’ (ਬਲਵੰਡ ਸਤਾ/੯੬੮)

(ਹੇ ਭਾਈ !) ‘‘ਜਿਹ ਘਰ ਮਹਿ ‘ਤੁਧੁ’ (ਤੈਂ ਨੇ) ਰਹਨਾ-ਬਸਨਾ; ਸੋ ਘਰੁ ਚੀਤਿ (ਵਿੱਚ) ਨ ਆਇਓ ॥’’ (ਮ: ੫/੧੦੧੭)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਕਥੀ ਅਕਥ ਕਹਾਣੀ ॥’’ (ਮ: ੩/੧੦੫੬)

(ਹੇ ਕਰਤਾਰ !) ‘‘ਮੇਰਾ-ਤੇਰਾ (ਭਾਵ ਦਵੈਤ, ਵਿਤਕਰਾ) ‘ਤੁਧੁ’ (ਤੈਂ ਨੇ) ਆਪੇ ਕੀਆ ॥’’ (ਮ: ੩/੧੦੬੨)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪਣੈ ਭਾਣੈ (ਵਿੱਚ) ਸਭ ਸ੍ਰਿਸਟਿ ਉਪਾਈ; ਜਿਸ ਨੋ ਭਾਣਾ (ਦੀ ਸਮਝ) ਦੇਹਿ, ਤਿਸੁ (ਨੂੰ) ਭਾਇਦਾ (ਪਸੰਦ ਆਉਂਦਾ)॥’’ (ਮ: ੩/੧੦੬੪)

‘‘ਜਿਨ ਕਾ ਪਖੁ (ਮਦਦ) ਕਰਹਿ ਤੂ ਸੁਆਮੀ! ਤਿਨ ਕੀ (ਸਭ) ਊਪਰਿ ਗਲ (ਵੀਚਾਰ) ‘ਤੁਧੁ’ (ਤੈਂ ਨੇ) ਆਣੀ (ਲੈ ਆਂਦੀ) ਹੇ ॥’’ (ਮ: ੪/੧੦੭੧)

‘‘ਬਾਵਨ (ਬੌਣਾ-ਵਿਸ਼ਨੂ) ਰੂਪੁ ਕੀਆ ‘ਤੁਧੁ’ (ਤੈਂ ਨੇ) ਕਰਤੇ ! ਸਭ ਹੀ ਸੇਤੀ (ਅੰਗ-ਸੰਗ, ਵਿਆਪਕ) ਹੈ (ਫਿਰ ਵੀ) ਚੰਗਾ (ਸ੍ਰੇਸ਼ਟ, ਨਿਰਮਲ)॥’’ (ਮ: ੫/੧੦੮੨)

(ਹੇ ਕਰਤਾਰ !) ‘‘ਸਭ (ਰਚਨਾ) ਤੇਰੀ, ‘ਤੁਧੁ’ (ਤੈਂ ਨੇ, ਵਿਕਾਰਾਂ ਤੋਂ) ਛਡਾਵਣੀ; ਸਭ ਤੁਧੈ (ਹੁਕਮ ’ਚ) ਲਾਗੇ ॥’’ (ਮ: ੩/੧੦੯੦)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਿਰਜਿਆ ਸਭੁ ਸੰਸਾਰੁ; ਤੂ ਨਾਇਕੁ (ਖਸਮ) ਸਗਲ ਭਉਣ (ਸਭ ਲੋਕਾਈ ਦਾ) ॥’’ (ਮ: ੫/੧੦੯੪)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਥਾਪੇ ਚਾਰੇ ਜੁਗ; ਤੂ ਕਰਤਾ ਸਗਲ ਧਰਣ (ਧਰਤੀ ਦਾ)॥’’ (ਮ: ੫/੧੦੯੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਵਣ-ਜਾਣਾ ਕੀਆ (ਜੂਨਾਂ ਬਣਾਈਆਂ); (ਪਰ ਵਿਆਪਕ ਹੋਣ ਉਪਰੰਤ ਵੀ) ਤੁਧੁ (ਤੈਨੂੰ) ਲੇਪੁ ਨ ਲਗੈ ਤ੍ਰਿਣ (ਰੱਤੀ-ਭਰ)॥’’ (ਮ: ੫/੧੦੯੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਜਗ ਮਹਿ ਖੇਲੁ ਰਚਾਇਆ; ਵਿਚਿ ਹਉਮੈ ਪਾਈਆ ॥’’ (ਮ: ੫/੧੦੯੬)

(ਹੇ ਕਰਤਾਰ !) ‘‘ਇਕਿ (ਹਉਮੈ) ਵਿਚਹੁ ਹੀ ‘ਤੁਧੁ’ (ਤੈਂ ਨੇ) ਰਖਿਆ; ਜੋ ਸਤਸੰਗਿ (ਵਿੱਚ) ਮਿਲਾਈਆ ॥’’ (ਮ: ੫/੧੦੯੬)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਸਭੁ ਕਿਛੁ ਮੈਨੋ (ਮੈਨੂੰ) ਸਉਪਿਆ; ਜਾ (ਜਦ ਮੈ) ਤੇਰਾ ਬੰਦਾ (ਸੇਵਕ ਬਣਿਆ)॥’’ (ਮ: ੫/੧੦੯੬)

(ਹੇ ਕਰਤਾਰ !) ‘‘ਜਿਨੀ ਠਗੀ (ਠੱਗਾਂ ਨੇ) ਜਗੁ ਠਗਿਆ; (ਤੇਰੇ ਸੇਵਕ ਲਈ) ਸੇ (ਠੱਗ), ‘ਤੁਧੁ’ (ਤੈਂ ਨੇ) ਮਾਰਿ ਨਿਵਾੜਾ (ਮਾਰ ਦਿੱਤੇ)॥’ (ਮ: ੫/੧੦੯੭)

(ਹੇ ਕਰਤਾਰ !) ‘‘ਜਗਤੁ ਉਪਾਇ (ਕੇ) ‘ਤੁਧੁ’ (ਤੈਂ ਨੇ) ਧੰਧੈ (ਵਿੱਚ) ਲਾਇਆ; (ਜਿਸ ਕਾਰਨ) ਭੂੰਡੀ ਕਾਰ (ਭੈੜੀ ਕਿਰਤ) ਕਮਾਈ ॥’’ (ਮ: ੩/੧੧੫੫)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਆਪਿ (ਆਪਣੇ ਰੂਪ ਨੂੰ) ਉਪਾਇਆ ਸਭੁ ਜਗੁ; ‘ਤੁਧੁ’ (ਤੈਂ ਨੇ) ਆਪੇ ਵਸਿ ਕਰਿ ਲਇਆ ॥’’ (ਮ: ੪/੧੨੬੪)

(ਹੇ ਕਰਤਾਰ !) ‘‘ਤੂ ਕਰਤਾ ਗੋਵਿੰਦੁ; ‘ਤੁਧੁ’ (ਤੈਂ ਨੇ) ਸਿਰਜੀ, ‘ਤੁਧੈ’ (ਤੈਂ ਨੇ) ਗੋਈ ॥’’ (ਮ: ੧/੧੨੮੩)

(ਹੇ ਨਿਰਾਕਾਰ !) ‘‘ਦੇਸ ਦਿਸੰਤਰ ਭਵਿ (ਕੇ) ਥਕੇ; (ਪਰ) ‘ਤੁਧੁ’ (ਤੈਂ ਨੇ, ਜੀਵਾਂ) ਅੰਦਰਿ ਆਪੁ (ਆਪਣੇ ਆਪ ਨੂੰ) ਲੁਕਾਇਆ ॥’’ (ਮ: ੧/੧੨੯੦)

(ਹੇ ਕਰਤਾਰ !) ‘‘ਤੇਰੀ ਗਤਿ ਮਿਤਿ (ਗਿਣਤੀ ਮਿਣਤੀ, ਵਡੱਪਣ) ਤੂਹੈ (ਤੂੰ ਹੀ) ਜਾਣਦਾ; ‘ਤੁਧੁ’ (ਤੈਂ ਨੇ, ਇਸ ਬਾਰੇ ਪੂਰਨ) ਕੀਮਤਿ (ਸਮਝ) ਪਾਈ ॥’’ (ਮ: ੧/੧੨੯੧)

(ਹੇ ਕਰਤਾਰ !) ‘‘ਤੁਧੁ’’ (ਤੈਂ ਨੇ) ਆਪੇ ਜਗਤੁ ਉਪਾਇ ਕੈ; ‘ਤੁਧੁ’ (ਤੈਂ ਨੇ) ਆਪੇ ਵਸਗਤਿ (ਕਾਬੂ) ਕੀਤਾ ॥’’ (ਮ: ੪/੧੩੧੭)

(ਹੇ ਕਰਤਾਰ !) ‘‘ਆਵਾ ਗਉਣੁ (ਜੰਮਣ-ਮਰਨ); ‘ਤੁਧੁ’ (ਤੈਂ ਨੇ) ਆਪਿ ਰਚਾਇਆ ॥’’ (ਮ: ੧/੧੩੪੨)

(2) ਕਰਮ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ ਸ਼ਬਦ ਕੁੱਲ 415 ਵਿੱਚੋਂ ਜ਼ਿਆਦਾਤਰ ਵਾਰ ‘ਮੱਧਮ ਪੁਰਖ, ਕਰਮ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੈਨੂੰ’। ‘ਤੁਧੁ’ (ਕਰਮ ਕਾਰਕ) ਦੀ ਆਸਾਨ ਪਹਿਚਾਣ ਇਹ ਹੁੰਦੀ ਹੈ ਕਿ ਜਿਨ੍ਹਾਂ ਪੰਕਤੀਆਂ ’ਚ ‘ਤੁਧੁ’ ਸ਼ਬਦ ਨਾਲ ‘ਭਾਵੈ (64 ਵਾਰ), ਭਾਏ (3 ਵਾਰ), ਭਾਇਆ (4 ਵਾਰ), ਭਾਵਹਿ (12 ਵਾਰ), ਭਾਈਐ (1 ਵਾਰ)’ ਆਦਿ ਸ਼ਬਦ ਦਰਜ ਹੋਣ, ਜਿਨ੍ਹਾਂ ਦਾ ਅਰਥ ਹੁੰਦਾ ਹੈ ‘ਪਸੰਦ, ਪਸੰਦ ਕਰਨਾ, ਪਸੰਦ ਹੋਣਾ, ਪਸੰਦ ਕੀਤਾ, ਪਸੰਦ ਕਰਨ ਨਾਲ’ ਆਦਿ’, ਇਨ੍ਹਾਂ ਪੰਕਤੀਆਂ ’ਚ ‘ਤੁਧੁ’ ਸ਼ਬਦ ‘ਕਰਮ ਕਾਰਕ ਪੜਨਾਂਵ’ ਹੁੰਦਾ ਹੈ; ਜਿਵੇਂ:

(ਹੇ ਕਰਤਾਰ !) ‘‘ਨਾਨਕ ! ਮੇਲਿ ਮਿਲਾਇ; ਜੇ ‘ਤੁਧੁ’ (ਤੈਨੂੰ) ਭਾਈਐ ॥’’ (ਮ: ੧/੭੫੨)

(ਹੇ ਕਰਤਾਰ !) ‘‘ਨਾਨਕੁ ਮੰਗੈ ਦਾਨੁ; ਜੋ ‘ਤੁਧੁ’ (ਤੈਨੂੰ) ਭਾਇਆ ॥’’ (ਮ: ੧/੧੫੦)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਭਾਵਹਿ, ਸੇ ਭਲੇ; ਖੋਟਾ ਖਰਾ ਨ ਕੋਇ ॥’’ (ਮ: ੧/੬੧)

(ਹੇ ਕਰਤਾਰ !) ‘‘ਸੇ ਸਚਿ (ਵਿੱਚ) ਲਾਗੇ; ਜੋ ‘ਤੁਧੁ’ (ਤੈਨੂੰ) ਭਾਏ ॥’’ (ਮ: ੩/੧੧੯)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਭਾਵੈ; ਸਾਈ ਭਲੀ ਕਾਰ ॥’’ (ਜਪੁ /ਮ: ੧)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਆਪੇ ਭਾਵੈ, ਸੋਈ ਵਰਤੈ ਜੀ ! ਤੂੰ ਆਪੇ ਕਰਹਿ, ਸੁ ਹੋਈ ॥’’ (ਮ: ੪/੧੧)

(ਹੇ ਕਰਤਾਰ !) ‘‘ਜਾ (ਜਦ) ‘ਤੁਧੁ’ (ਤੈਨੂੰ) ਭਾਵੈ, ਤਾ ਪੜਹਿ ਕਤੇਬਾ; ਮੁਲਾ ਸੇਖ ਕਹਾਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਜਾ ‘ਤੁਧੁ’ (ਤੈਨੂੰ) ਭਾਵੈ, ਜਾਹਿ ਦਿਸੰਤਰਿ (ਵਿਦੇਸ਼, ਭਟਕਣਾ ਵਿੱਚ, ਉੱਥੋਂ ਤਰ੍ਹਾਂ-ਤਰ੍ਹਾਂ ਦੀਆਂ); ਸੁਣਿ (ਕੇ) ਗਲਾ (ਫਿਰ ਮੁੜ ਕੇ) ਘਰਿ (ਸ਼ਾਂਤੀ ਭਾਵ ਆਪਣੇ ਦੇਸ਼ ਵਿੱਚ ਹੀ) ਆਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਜਾ ‘ਤੁਧੁ’ (ਤੈਨੂੰ) ਭਾਵੈ, ਨਾਇ (ਵਿੱਚ) ਰਚਾਵਹਿ; ਤੁਧੁ ਭਾਣੇ, ਤੂੰ ਭਾਵਹਿ ॥’’ (ਮ: ੧/੧੪੫)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਭਾਵੈ; ਤਾ ਸਤਿਗੁਰ (ਦੀ) ਮਇਆ (ਮਿਹਰ ਹੁੰਦੀ)॥’’ (ਮ: ੫/੧੮੦)

(ਹੇ ਕਰਤਾਰ !) ‘‘ਤੁਧੁ’’ (ਤੈਨੂੰ) ਭਾਵੈ, ਤਾ ਬਖਸਿ ਲੈਹਿ; ਖੋਟੇ, ਸੰਗਿ ਖਰੇ (ਸਤਸੰਗੀਆਂ ਰਾਹੀਂ)॥’’ (ਮ: ੫/੨੬੧)

(ਹੇ ਕਰਤਾਰ !) ‘‘ਸੋ ਨਾਮੁ ਜਪੈ; ਜੋ ਜਨੁ ‘ਤੁਧੁ’ (ਤੈਨੂੰ) ਭਾਵੈ ॥’’ (ਮ: ੫/੩੮੬)

‘‘ਜੇ ‘ਤੁਧੁ’ (ਤੈਨੂੰ) ਭਾਵੈ ਸਾਹਿਬਾ ! ਤੂ ਮੈ (ਮੇਰਾ) ਹਉ ਤੈਡਾ (ਤੇਰਾ)॥’’ (ਮ: ੧/੪੧੮)

‘‘ਹਮ ਅਵਗਣਿਆਰੇ, ਤੂ ਸੁਣਿ ਪਿਆਰੇ ! ‘ਤੁਧੁ’ (ਤੈਨੂੰ) ਭਾਵੈ ਸਚੁ ਸੋਈ ॥’’ (ਮ: ੧/੭੬੬)

(ਹੇ ਨਿਰਾਕਾਰ !) ‘‘ਭਗਤੁ ਤੇਰਾ ਸੋਈ, ‘ਤੁਧੁ’ (ਤੈਨੂੰ) ਭਾਵੈ; ਜਿਸ ਨੋ ਤੂ ਰੰਗੁ ਧਰਤਾ ॥’’ (ਮ: ੫/੧੧੮੫)

(ਹੇ ਨਿਰਾਕਾਰ !) ‘‘ਇਕਨਾ ਨੋ (ਕਈਆਂ ਲਈ) ‘ਤੁਧੁ’ (ਤੈਨੂੰ) ਏਵੈ (ਇਸ ਤਰ੍ਹਾਂ) ਭਾਵਦਾ (ਪਸੰਦ, ਕਿ ਉਹ ਹਮੇਸ਼ਾਂ); ਮਾਇਆ ਨਾਲਿ ਪਿਆਰੁ (ਕਰਦੇ ਰਹਿਣ)॥’’ (ਮ: ੧/੧੨੮੬) (ਕੀ ਇਸ ਗੁਰੂ ਉਪਦੇਸ਼ ਨੂੰ ਬ੍ਰਾਹਮਣ ਸੋਚ ਤੋਂ ਪ੍ਰਭਾਵ ਹੋਣ ਨਾਲ ਸੰਬੰਧਿਤ ਮੰਨਿਆ ਜਾ ਸਕਦਾ ਹੈ ?)

(ਨੋਟ: ਉਪਰੋਕਤ (‘ਭਾਵੈ’) ਪੰਕਤੀਆਂ ਤੋਂ ਇਲਾਵਾ ਕੁਝ ਪੰਕਤੀਆਂ ‘ਤੁਧੁ’ (‘ਕਰਮ ਕਾਰਕ ਪੜਨਾਂਵ’) ਨਾਲ ਸੰਬੰਧਤ ਹੋਰ ਵੀ ਹਨ, ਜਿਨ੍ਹਾਂ ਵਿੱਚ ‘ਤੁਧ ਨੋ’ (27 ਵਾਰ), ‘ਤੁਹ ਨੋ’ (1 ਵਾਰ), ‘ਤੁਧੈ’ (7 ਵਾਰ) ਵੀ ਸ਼ਾਮਲ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ’; ਜਿਵੇਂ:

‘‘ਹੁਣਿ ਕਦਿ ਮਿਲੀਐ ? ਪ੍ਰਿਅ ‘ਤੁਧੁ’ (ਤੈਨੂੰ) ਭਗਵੰਤਾ ! ॥’’ (ਮ: ੫/੯੬)

(ਹੇ ਕਰਤਾਰ !) ‘‘ਜੋ ‘ਤੁਧੁ’ (ਤੈਨੂੰ) ਸਚੁ (ਮੰਨ ਕੇ) ਧਿਆਇਦੇ; ਸੇ ਵਿਰਲੇ ਥੋੜੇ ॥’’ (ਮ: ੪/੩੦੬)

‘‘ਜਪਿ ਜਪਿ (ਕੇ) ‘ਤੁਧੁ’ (ਤੈਨੂੰ) ਨਿਰੰਕਾਰ ! (ਦੁਨਿਆਵੀ) ਭਰਮੁ ਭਉ (ਡਰ) ਖੋਵਣਾ ॥’’ (ਮ: ੫/੫੨੩)

(ਹੇ ਕਰਤਾਰ !) ‘‘ਦਿਨਸੁ ਰੈਣਿ ਜਿ ‘ਤੁਧੁ’ (ਤੈਨੂੰ) ਅਰਾਧੇ; ਸੋ ਕਿਉ ਦੋਜਕਿ (ਵਿੱਚ) ਜਾਇ ॥’’ (ਮ: ੫/੭੨੪)

(ਹੇ ਨਿਰਾਕਾਰ !) ‘‘ਆਠ ਪਹਰ ਜਿਤੁ ‘ਤੁਧੁ’ (ਤੈਨੂੰ) ਧਿਆਈ; ਨਿਰਮਲ ਹੋਵੈ ਦੇਹਾ ॥’’ (ਮ: ੫/੭੪੭)

(ਹੇ ਨਿਰਾਕਾਰ !) ‘‘ਇਕ ਨਾਨਕ ਕੀ ਅਰਦਾਸਿ; ਜੇ ‘ਤੁਧੁ’ (ਤੈਨੂੰ) ਭਾਵਸੀ ॥’’ (ਮ: ੧/੭੫੨)

(ਹੇ ਨਿਰਾਕਾਰ !) ‘‘ਕਿਰਪਾ ਕੀਜੈ, ਸਾ (ਉਹ) ਮਤਿ ਦੀਜੈ; (ਜਿਸ ਨਾਲ) ਆਠ ਪਹਰ ‘ਤੁਧੁ’ (ਤੈਨੂੰ) ਧਿਆਈ ॥’’ (ਮ: ੫/੭੭੯)

‘‘ਤੁਧੁ’’ (ਤੈਨੂੰ) ਡਿਠੇ (ਵੇਖਣ ਨਾਲ) ਸਚੇ ਪਾਤਿਸਾਹ ! ਮਲੁ, ਜਨਮ ਜਨਮ ਦੀ ਕਟੀਐ ॥’’ (ਬਲਵੰਡ ਸਤਾ/੯੬੭) ਆਦਿ।

(ਹੇ ਨਿਰਾਕਾਰ !) ‘‘ਸਭਿ ‘ਤੁਧੈ ਨੋ’ (ਤੈਨੂੰ ਹੀ) ਸਾਲਾਹਦੇ; ਦਰਿ ਗੁਰਮੁਖਾ ਨੋ ਪਰਗਾਸਿ ॥’’ (ਮ: ੪/੮੬)

‘‘ਹਰਿ ! ‘ਤੁਧੈ’ (ਤੈਨੂੰ ਹੀ) ਸੇਵੀ ਤੈ (ਅਤੇ) ‘ਤੁਧੁ’ (ਤੈਨੂੰ ਹੀ) ਸਾਲਾਹੀ ॥’’ (ਮ: ੩/੧੧੨)

(ਹੇ ਨਿਰਾਕਾਰ !) ‘‘ਸਚੁ ਬਾਣੀ (ਰਾਹੀਂ) ‘ਤੁਧੈ’ (ਤੈਨੂੰ ਹੀ) ਸਾਲਾਹਨਿ; ਰੰਗਿ (’ਚ) ਰਾਤੇ, ਭਗਤਿ ਕਰਾਵਣਿਆ ॥’’ (ਮ: ੩/੧੨੨)

(ਹੇ ਨਿਰਾਕਾਰ !) ‘‘ਤੁਧੁ ਅਗੈ ‘ਤੁਧੈ’ (ਤੈਨੂੰ ਹੀ) ਸਾਲਾਹੀ; ਮੈ ਅੰਧੇ (ਨੂੰ, ਤੇਰਾ) ਨਾਉ ਸੁਜਾਖਾ (ਕਰਦਾ)॥’’ (ਮ: ੧/੧੨੪੨)

(ਹੇ ਨਿਰਾਕਾਰ !) ‘‘ਸਭਿ ‘ਤੁਧੈ ਨੋ’ (ਤੈਨੂੰ ਹੀ) ਆਰਾਧਦੇ; ਦਾਨੁ ਦੇਹਿ ਪਿਆਰੇ ! ॥’’ (ਮ: ੪/੧੩੧੮)

(ਹੇ ਨਿਰਾਕਾਰ !) ‘‘ਤੁਧੁ’ (ਤੈਨੂੰ) ਜਪੀ, ‘ਤੁਧੈ’ (ਤੈਨੂੰ ਹੀ) ਸਾਲਾਹੀ; ਗਤਿ ਮਤਿ ਤੁਝ ਤੇ (ਤੇਰੇ ਪਾਸੋਂ ਹੀ) ਹੋਈ ॥’’ (ਮ: ੩/੧੩੩੩)

(ਹੇ ਨਿਰਾਕਾਰ !) ‘‘ਜੋ ਕਿਛੁ ਵਰਤੈ, ‘ਤੁਧੈ’ (ਤੈਨੂੰ ਹੀ) ਸਲਾਹਂੀ; (ਕਿਉਂਕਿ) ਸਭ ਤੇਰੀ ਵਡਿਆਈ ॥’’ (ਮ: ੧/੧੩੪੪)

(ਹੇ ਨਿਰਾਕਾਰ !) ‘‘ਗਾਵਨਿ ‘ਤੁਧ ਨੋ’ (ਤੈਨੂੰ) ਪਵਣੁ, ਪਾਣੀ, ਬੈਸੰਤਰੁ; ਗਾਵੈ, ਰਾਜਾ ਧਰਮੁ, ਦੁਆਰੇ ॥’’ (ਮ: ੧/੮)

(ਹੇ ਨਿਰਾਕਾਰ !) ‘‘ਨ ਹੋਵੀ ਪਛੋਤਾਉ; ‘ਤੁਧ ਨੋ’ (ਤੈਨੂੰ) ਜਪਤਿਆ ॥’’ (ਮ: ੫/੫੧੯)

(ਹੇ ਨਿਰਾਕਾਰ !) ‘‘ਜਿ ‘ਤੁਧ ਨੋ’ (ਤੈਨੂੰ) ਸਾਲਾਹੇ, ਸੁ ਸਭੁ ਕਿਛੁ ਪਾਵੈ; ਜਿਸ ਨੋ ਕਿਰਪਾ ਨਿਰੰਜਨ ਕੇਰੀ (ਦੀ) ॥’’ (ਮ: ੪/੫੫੫)

(ਹੇ ਨਿਰਾਕਾਰ !) ‘‘ਗਾਵਹਿ ‘ਤੁਹ ਨੋ’ (ਤੈਨੂੰ) ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ ॥’’ (ਜਪੁ /ਮ: ੧), ਆਦਿ।)

ਗੁਰਬਾਣੀ ਵਿੱਚ ਤਮਾਮ ਨਾਂਹ ਪੱਖੀ ਸ਼ਬਦ ‘ਤੁਧੁ ਬਿਨੁ (28 ਵਾਰ), ਤੁਧੁ ਵਿਣੁ (6 ਵਾਰ), ਤੁਧੁ ਬਾਝੁ (4 ਵਾਰ), ਤੁਧੁ ਬਾਝਹੁ (2 ਵਾਰ), ਤੁਝੁ ਬਾਝਹੁ (27 ਵਾਰ), ਤੁਝ ਬਿਨੁ (44 ਵਾਰ), ਤੁਝੈ ਬਿਨਾ (1 ਵਾਰ)’ ਆਦਿ ‘ਮੱਧਮ ਪੁਰਖ, ਕਰਮ ਕਾਰਕ ਪੜਨਾਂਵ’ ਨਾਲ ਸੰਬੰਧਿਤ ਹਨ; ਜਿਵੇਂ:

(ਧਿਆਨ ਰਹੇ ਕਿ ਉਪਰੋਕਤ ਤਮਾਮ ਜੁੜਤ ਸ਼ਬਦਾਂ ’ਚ ਕੇਵਲ ‘ਤੁਝੁ’ (ਅੰਤ ਔਂਕੜ) ਹੀ ਆਪਣੇ ਨਾਲ ਸੰਬੰਧਕੀ ਸ਼ਬਦ ‘ਬਿਨੁ’ ਦੇ ਆਉਣ ਕਾਰਨ ‘ਤੁਝ’ (ਅੰਤ ਮੁਕਤਾ) ਹੋਇਆ ਹੈ।)

(ਹੇ ਦਾਤਾਰ !) ‘‘ਤੁਧੁ ਬਾਝਹੁ’’ (ਤੇਰੇ ਬਿਨਾ) ਥਾਉ ਕੋ ਨਾਹੀ, ਜਿਸੁ ਪਾਸਹੁ ਮੰਗੀਐ; ਮਨਿ (ਵਿੱਚ) ਵੇਖਹੁ ਕੋ ਨਿਰਜਾਸਿ (ਕੋਈ ਯਕੀਨ ਕਰਕੇ)॥’’ (ਮ: ੪/੮੬)

(ਹੇ ਦਾਤਾਰ !) ‘‘ਹਰਿ ! ‘ਤੁਧੁ ਬਾਝਹੁ’ ਮੈ ਕੋਈ ਨਾਹੀ ॥’’ (ਮ: ੩/੧੧੨)

(ਹੇ ਦਾਤਾਰ !) ‘‘ਨਾਨਕੁ ਵਖਾਣੈ ਬੇਨਤੀ; ‘ਤੁਧੁ ਬਾਝੁ’ (ਤੇਰੇ ਬਿਨਾ) ਕੂੜੋ ਕੂੜੁ ॥’’ (ਮ: ੧/੪੬੮)

(ਹੇ ਦਾਤਾਰ !) ‘‘ਤੁਧੁ ਬਾਝੁ’’ ਪਿਆਰੇ ! ਕੇਵ (ਕਿਵੇਂ) ਰਹਾ ॥’’ (ਮ: ੧/੬੬੦)

(ਹੇ ਦਾਤਾਰ !) ‘‘ਤੁਧੁ ਬਾਝੁ’’ ਸਮਰਥ ਕੋਇ ਨਾਹੀ; ਕ੍ਰਿਪਾ ਕਰਿ ਬਨਵਾਰੀਆ ! ॥’’ (ਮ: ੩/੯੧੭)

(ਹੇ ਦਾਤਾਰ!) ‘‘ਤੁਧੁ ਵਿਣੁ’’; ਸਿਧੀ (ਸਫਲਤਾ) ਕਿਨੈ (ਕਿਸੇ ਨੇ) ਨ ਪਾਈਆ (ਪਾਈ)॥’’ (ਮ: ੧/੯)

(ਹੇ ਦਾਤਾਰ !) ‘‘ਤੁਧੁ ਵਿਣੁ’’; ਨਾਹੀ ਕੋਈ ਮੇਰਾ ॥ (ਮ: ੫/੧੦੮੫)

(ਹੇ ਦਾਤਾਰ !) ‘‘ਤੁਧੁ ਬਿਨੁ’’; ਦੂਜਾ ਅਵਰੁ ਨ ਕੋਇ ॥’’ (ਮ: ੪/੧੨)

‘‘ਪ੍ਰਭ ! ‘ਤੁਧੁ ਬਿਨੁ’, ਦੂਜਾ ਕੋ ਨਹੀ; ਨਾਨਕ ਕੀ ਅਰਦਾਸਿ ॥’’ (ਮ: ੫/੧੩੪)

(ਹੇ ਦਾਤਾਰ !) ‘‘ਸਚੁ ਖੇਲੁ ਤੁਮ੍ਹਾਰਾ, ਅਗਮ, ਅਪਾਰਾ; ‘ਤੁਧੁ ਬਿਨੁ’, ਕਉਣੁ ਬੁਝਾਏ ? ॥’’ (ਮ: ੧/੭੬੪)

‘‘ਘਰਿ ਆਉ ਪਿਆਰੇ ! ਦੁਤਰ ਤਾਰੇ; ‘ਤੁਧੁ ਬਿਨੁ’, ਅਢੁ ਨ ਮੋਲੋ ॥’’ (ਮ: ੧/੧੧੦੮) ਆਦਿ।)

(ਹੇ ਨਿਰਾਕਾਰ !) ‘‘ਹਉ ਤੁਝੁ ਬਾਝਹੁ (ਤੇਰੇ ਬਿਨਾ) ਖਰੀ ਉਡੀਣੀਆ; ਜਿਉ ਜਲ ਬਿਨੁ ਮੀਨੁ ਮਰਾਹਾ (ਮਰ ਜਾਂਦੀ)॥’’ (ਮ: ੪/੭੭੬)

‘‘ਕਹੀਐ ਕਾਇ (ਕਿਸ ਅੱਗੇ) ਪਿਆਰੇ ! ਤੁਝੁ ਬਿਨਾ ? ॥’’ (ਮ: ੫/੮੦੯)

(ਹੇ ਨਿਰਾਕਾਰ !) ‘‘ਤੁਝੁ ਬਿਨੁ, ਅਵਰੁ ਨ ਕੋਈ ਬੀਆ (ਦੂਜਾ)॥’’ (ਮ: ੫/੧੦੭੯)

(ਹੇ ਨਿਰਾਕਾਰ !) ‘‘ਤੁਝ ਬਿਨੁ; ਪਾਰਬ੍ਰਹਮ ਨਹੀ ਕੋਇ ॥’’ (ਮ: ੫/੧੯੨)

(ਹੇ ਨਿਰਾਕਾਰ !) ‘‘ਤੁਝ ਬਿਨੁ; ਠਾਕੁਰ ਕਵਨੁ ਹਮਾਰਾ ॥’’ (ਮ: ੫/੭੪੩)

‘‘ਐਸੀ ਲਾਲ ! ਤੁਝ ਬਿਨੁ, ਕਉਨੁ ਕਰੈ ? ॥’’ (ਭਗਤ ਰਵਿਦਾਸ/੧੧੦੬) ਆਦਿ।

(ਹੇ ਆਤਮਾ ! ) ‘‘ਤੁਝੈ (ਤੇਰੇ) ਬਿਨਾ’’, ਹਉ (ਮੈਂ ਕਾਇਆਂ) ਕਿਤ ਹੀ ਨ ਲੇਖੈ (ਵਿੱਚ); ਵਚਨੁ ਦੇਹਿ, ਛੋਡਿ ਨ ਜਾਸਾ ਹੇ (ਹੇ ਆਤਮਾ ! )॥’’ (ਮ: ੫/੧੦੭੩)

(3). ਸੰਪਰਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ (18 ਵਾਰ), ‘ਤੁਧ ਨੋ’ (9 ਵਾਰ) ‘ਮੱਧਮ ਪੁਰਖ, ਸੰਪਰਦਾਨ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੈਨੂੰ, ਤੇਰੇ ਲਈ, ਤੇਰੇ ਵਾਸਤੇ’; ਜਿਵੇਂ:

(ਹੇ ਜਿੰਦੇ !) ‘‘ਗੁਰ ਮਿਲਿ ਚਜੁ ਅਚਾਰੁ ਸਿਖੁ; ‘ਤੁਧੁ’ (ਤੈਨੂੰ, ਤੇਰੇ ਲਈ) ਕਦੇ ਨ ਲਗੈ ਦੁਖੁ ॥’’ (ਮ: ੫/੫੦)

(ਹੇ ਭਾਈ !) ‘‘ਹਰਿ ਤਿਸੈ ਨੋ ਸਾਲਾਹਿ; ਜਿ (ਜਿਹੜਾ) ‘ਤੁਧੁ’ (ਤੈਨੂੰ, ਤੇਰੇ ਲਈ) ਰਖੈ ਬਾਹਰਿ (ਤੇ) ਘਰਿ (ਵਿੱਚ)॥’’ (ਮ: ੪/੮੩)

(ਹੇ ਕਰਤਾਰ !) ‘‘ਅਪੁਨੇ ਸੰਤ ‘ਤੁਧੁ’ (ਤੈਨੂੰ, ਤੇਰੇ ਲਈ) ਖਰੇ ਪਿਆਰੇ; ਤੂ ਸੰਤਨ ਕੇ ਪ੍ਰਾਨਾ ਜੀਉ ॥’’ (ਮ: ੫/੧੦੦)

(ਹੇ ਸਹੇਲੀ !) ‘‘ਮਹਾ ਮੋਹਨੀ ‘ਤੁਧੁ’ (ਤੈਨੂੰ, ਤੇਰੇ ਲਈ) ਨ ਵਿਆਪੈ; ਤੇਰਾ ਆਲਸੁ ਕਹਾ ਗਇਓ ਰੀ ? ॥’’ (ਮ: ੫/੩੮੩)

‘‘ਤੂ ਕਾਹੇ ਡੋਲਹਿ ਪ੍ਰਾਣੀਆ ! ‘ਤੁਧੁ’ (ਤੈਨੂੰ, ਤੇਰੇ ਲਈ) ਰਾਖੈਗਾ ਸਿਰਜਣਹਾਰੁ ॥’’ (ਮ: ੫/੭੨੪)

(ਹੇ ਕਰਤਾਰ !) ‘‘ਬੁਰਾ, ਭਲਾ ‘ਤੁਧੁ’ (ਤੈਨੂੰ, ਤੇਰੇ ਲਈ) ਸਭੁ ਕਿਛੁ ਸੂਝੈ; ਜੇਹਾ ਕੋ ਕਰੇ ਤੇਹਾ ਕੋ ਪਾਈਐ ॥’’ (ਮ: ੪/੭੩੫)

(ਹੇ ਭਾਈ !) ‘‘ਜਿਨਿ ਦੀਏ ; ‘ਤੁਧੁ’ (ਤੈਨੂੰ, ਤੇਰੇ ਲਈ) ਬਾਪ ਮਹਤਾਰੀ (ਮਾਤਾ-ਪਿਤਾ)॥’’ (ਮ: ੫/੯੧੩)

(ਹੇ ਭਾਈ !) ‘‘ਜਿਨਿ ਦੀਆ; ‘ਤੁਧੁ’ (ਤੈਨੂੰ, ਤੇਰੇ ਲਈ) ਪਵਨੁ ਅਮੋਲਾ (ਅਮੋਲਕ ਹਵਾ)॥’’ (ਮ: ੫/੯੧੩)

(ਹੇ ਗੁਰੂ ਅੰਗਦ ਸਾਹਿਬ ਜੀ !) ‘‘ਨੇੜੈ ਦਿਸੈ ਮਾਤ ਲੋਕ ; ‘ਤੁਧੁ’ (ਤੈਨੂੰ, ਤੇਰੇ ਲਈ) ਸੁਝੈ ਦੂਰੁ ॥’’ (ਬਲਵੰਡ ਸਤਾ/੯੬੭)

(ਹੇ ਨਿਰਾਕਾਰ ! ਆਪਣੇ ਆਕਾਰ ਨੂੰ) ‘‘ਆਪਿ ਉਪਾਵਹਿ, ਆਪਿ ਖਪਾਵਹਿ; ‘ਤੁਧੁ’ (ਤੈਨੂੰ, ਤੇਰੇ ਲਈ) ਲੇਪੁ ਨਹੀ, ਇਕੁ ਤਿਲੁ ਰੰਗਾ ॥’’ (ਮ: ੫/੧੦੮੩) ਆਦਿ।

(ਨੋਟ: ਅਗਾਂਹ ਤਮਾਮ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਨੂੰ ‘ਨੋ’ ਸੰਬੰਧਕੀ ਸ਼ਬਦ ਨੇ ‘ਤੁਧ’ (ਅੰਤ ਮੁਕਤਾ) ਕਰ ਦਿੱਤਾ ਹੈ।)

(ਹੇ ਨਿਰਾਕਾਰ !) ‘‘ਸੇਈ ‘ਤੁਧ ਨੋ’ (ਤੈਨੂੰ, ਤੇਰੇ ਲਈ) ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’ (ਮ: ੧/੯)

(ਹੇ ਨਿਰਾਕਾਰ !) ‘‘ਹੋਰਿ ਕੇਤੇ ‘ਤੁਧ ਨੋ’ (ਤੈਨੂੰ, ਤੇਰੇ ਲਈ) ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਬੀਚਾਰੇ ॥’’ (ਮ: ੧/੯)

‘‘ਹਰਿ ! ‘ਤੁਧ ਨੋ’ (ਤੈਨੂੰ, ਤੇਰੇ ਲਈ) ਕਰਹਿ ਸਭ ਨਮਸਕਾਰੁ; ਜਿਨਿ ਪਾਪੈ ਤੇ ਰਾਖਿਆ ॥’’ (ਮ: ੪/੯੦)

(ਹੇ ਨਿਰਾਕਾਰ !) ‘‘ਜਿਨੀ ‘ਤੁਧ ਨੋ’ (ਤੈਨੂੰ, ਤੇਰੇ ਲਈ) ਧੰਨੁ ਕਹਿਆ; ਤਿਨ ਜਮੁ ਨੇੜਿ ਨ ਆਇਆ ॥’’ (ਮ: ੫/੨੪੮)

‘‘ਸੋ ਐਸਾ ਹਰਿ ਸੇਵਿ ਸਦਾ ਮਨ ਮੇਰੇ! ਜੋ ‘ਤੁਧ ਨੋ’ (ਤੈਨੂੰ, ਤੇਰੇ ਲਈ) ਸਭ ਦੂ (ਸਾਰੇ ਦੁੱਖਾਂ ਤੋਂ) ਰਖਿ ਲਈਐ ॥’’ (ਮ: ੪/੮੬੧)

(ਹੇ ਨਿਰਾਕਾਰ !) ‘‘ਤੁਧ ਨੋ’’ (ਤੈਨੂੰ, ਤੇਰੇ ਲਈ) ਨਿਵਣੁ; ਮੰਨਣੁ ਤੇਰਾ ਨਾਉ ॥’’ (ਮ: ੧/੮੭੮)

(ਨੋਟ: ਜਦ ‘ਤੁਧੁ’ ਸ਼ਬਦ ਨਾਲ ‘ਵਿਟਹੁ (3 ਵਾਰ), ਵਿਟੜਿਅਹੁ (1 ਵਾਰ), ‘ਤੁਧੁ’ (1 ਵਾਰ), ਅਪੜਿ (2 ਵਾਰ)’ ਆਦਿ ਸ਼ਬਦ ਦਰਜ ਹੋਣ ਤਾਂ ‘ਤੁਧੁ’ ਸ਼ਬਦ ‘ਸੰਪਰਦਾਨ ਕਾਰਕ ਪੜਨਾਂਵ’ ਹੁੰਦਾ ਹੈ ਕਿਉਂਕਿ ‘ਸੰਪਰਦਾਨ’ ਦਾ ਅਰਥ ਹੁੰਦਾ ਹੈ: ‘ਦੇਣਾ, ਕੁਰਬਾਨ ਹੋਣਾ’; ਜਿਵੇਂ:

(ਧਿਆਨ ਰਹੇ ਕਿ ਇਨ੍ਹਾਂ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਸ਼ਬਦ ਨਾਲ ਸੰਬੰਧਕੀ ਸ਼ਬਦ ‘ਵਿਟਹੁ, ਵਿਟੜਿਅਹੁ’ ਆਦਿ ਆਉਣ ਉਪਰੰਤ ਵੀ ‘ਤੁਧੁ’ ਪੜਨਾਂਵ (ਅੰਤ ਮੁਕਤ) ਨਹੀਂ ਹੋਇਆ ਜਦਕਿ ਇਹੀ ਚਿੰਨ੍ਹ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਮੁਕਤਾ ਕਰ ਦੇਂਦੇ ਹਨ।)

‘‘ਵਾਰੀ ਮੇਰੇ ਗੋਵਿੰਦਾ ! ਵਾਰੀ ਮੇਰੇ ਪਿਆਰਿਆ ! ਹਉ ‘ਤੁਧੁ ਵਿਟੜਿਅਹੁ’ (ਤੇਰੇ ਤੋਂ) ਸਦ ਵਾਰੀ (ਕੁਰਬਾਨ ਜਾਂਦਾ ਹਾਂ) ਜੀਉ ॥’’ (ਮ: ੪/੧੭੪)

(ਹੇ ਦਾਤਾਰ !) ‘‘ਤੇਰੀ ਗਤਿ ਮਿਤਿ ਲਖੀ ਨ ਜਾਇ; ਹਉ ‘ਤੁਧੁ’ (ਤੇਰੇ ਤੋਂ) ਬਲਿਹਾਰੀਐ ॥’’ (ਮ: ੫/੫੧੮)

‘‘ਮੇਰੇ ਸਤਿਗੁਰਾ ! ਹਉ ‘ਤੁਧੁ ਵਿਟਹੁ’ (ਤੇਰੇ ਲਈ, ਤੇਰੇ ਤੋਂ) ਕੁਰਬਾਣੁ ॥’’ (ਮ: ੫/੫੨)

‘‘ਹਰਿ ਜੀਉ ! ‘ਤੁਧੁ ਵਿਟਹੁ’ (ਤੇਰੇ ਤੋਂ) ਵਾਰਿਆ ਸਦ ਹੀ; ਤੇਰੇ ਨਾਮ ਵਿਟਹੁ ਬਲਿ ਜਾਈ ॥’’ (ਮ: ੩/੬੦੧)

‘‘ਹਰਿ ਜੀਉ ! ‘ਤੁਧੁ ਵਿਟਹੁ’ (ਤੇਰੇ ਤੋਂ) ਬਲਿ ਜਾਈ ॥’’ (ਮ: ੩/੧੩੩੩)

(ਹੇ ਦਾਤਾਰ !) ‘‘ਤੁਧੁ (ਤੇਰੇ ਮੁਕਾਬਲੇ) ਅਪੜਿ ਕੋਇ ਨ ਸਕੈ; ਸਭ ਝਖਿ ਝਖਿ ਪਵੈ ਝੜਿ (ਕੇ)॥’’ (ਮ: ੪/੮੪੯)

(ਹੇ ਦਾਤਾਰ !) ‘‘ਤੁਧੁ (ਤੇਰੇ ਮੁਕਾਬਲੇ) ਅਪੜਿ ਕੋਇ ਨ ਸਕੈ; ਤੂ ਅਬਿਨਾਸੀ ਜਗ ਉਧਰਣ ॥’’ (ਮ: ੫/੧੦੯੪)

(ਹੇ ਦਾਤਾਰ !) ‘‘ਸਭੇ ਵਸਤੂ ਮਿਠੀਆਂ ਰਬ ! (ਪਰ, ਫਿਰ ਵੀ)) ਨ ਪੁਜਨਿ ਤੁਧੁ (ਤੇਰੇ ਨਾਮ ਦੀ ਮਿਠਾਸ ਦੇ ਮੁਕਾਬਲੇ)॥’’ (ਬਾਬਾ ਫਰੀਦ/੧੩੭੯) ਆਦਿ।

ਗੁਰਬਾਣੀ ਵਿੱਚ ‘ਥੇ’ (ਬਿੰਦੀ ਰਹਿਤ) ਸ਼ਬਦ 9 ਵਾਰ ਦਰਜ ਹੈ ਜਿਸ ਵਿੱਚੋਂ ਕੇਵਲ 1 ਵਾਰ ਅਤੇ ‘ਥੈਂ’ (ਬਿੰਦੀ ਸਹਿਤ), ਜੋ ਕੇਵਲ 1 ਵਾਰ ਦਰਜ ਹੈ: ‘ਸੰਪਰਦਾਨ ਕਾਰਕ ਪੜਨਾਂਵ’ ਹਨ; ਜਿਵੇਂ:

(ਜਿਵੇਂ) ‘‘ਨਾਨਕੁ ਜਲ ਕੌ ਮੀਨੁ ਸੈ (ਭਾਵ ਹੈ, ਹੇ ਪ੍ਰਭੂ! ਇਉਂ) ‘ਥੇ’ (ਤੈਨੂੰ, ਜੇ) ਭਾਵੈ, ਰਾਖਹੁ (ਮੇਰੀ ਵੀ) ਪ੍ਰੀਤਿ ॥’’ (ਮ: ੧/੧੩੩੧)

(ਹੇ ਨਿਰਾਕਾਰ !) ‘‘ਥੈਂ’’ (ਤੈਨੂੰ) ਭਾਵੈ, (ਤਾਂ ਮਨੁੱਖ) ਦਰੁ ਲਹਸਿ ਪਿਰਾਣਿ (ਭਾਵ ਦਰ ਲੱਭ ਲੈਂਦਾ ਹੈ) ॥’’ (ਮ: ੧/੧੨੭੫)

(ਨੋਟ: ਧਿਆਨ ਰਹੇ ਕਿ ਉਕਤ ਦੋਵੇਂ ਪੰਕਤੀਆਂ ’ਚ ਦਰਜ ਨਿਯਮ ਕੇਵਲ ‘ਥੇ’ (ਬਿੰਦੀ ਰਹਿਤ, 1 ਵਾਰ) ਤੇ ‘ਥੈਂ’ (ਬਿੰਦੀ ਸਹਿਤ, 1 ਵਾਰ) ਲਈ ਹੀ ਹੈ ਕਿਉਂਕਿ ਗੁਰਬਾਣੀ ਵਿੱਚ ‘ਥੇਂ’ (ਬਿੰਦੀ ਸਹਿਤ, ਅਨਿਸਚਿਤ ਪੜਨਾਂਵ) 1 ਵਾਰ ਤੇ ‘ਥੈ’ (ਬਿੰਦੀ ਰਹਿਤ, ਕਿਰਿਆ ਵਿਸ਼ੇਸ਼ਣ) 15 ਵਾਰ ਵੀ ਦਰਜ ਹਨ, ਜੋ ਕਿ ‘ਮੱਧਮ ਪੁਰਖ ਪੜਨਾਂਵ’ ਨਹੀਂ ਹਨ; ਜਿਵੇਂ:

‘‘ਸਗਲ ਭਵਨ ਧਾਰੇ, ਏਕ ‘ਥੇਂ’ (ਇੱਕ ਪ੍ਰਭੂ ਤੋਂ) ਕੀਏ ਬਿਸਥਾਰੇ; ਪੂਰਿ ਰਹਿਓ ਸ੍ਰਬ ਮਹਿ, (ਫਿਰ ਵੀ) ਆਪਿ ਹੈ ਨਿਰਾਰੇ (ਨਿਰਲੇਪ)॥’’ (ਮ: ੫/੧੩੮੫)

‘‘ਵਿਚੁ (ਵਿਚੋਲਪੁਣਾ) ਨ ਕੋਈ ਕਰਿ ਸਕੈ; ਕਿਸ ‘ਥੈ’ (ਕਿਸ ਕੋਲ) ਰੋਵਹਿ ਰੋਜ? ॥’’ (ਮ: ੫/੧੩੫) ਆਦਿ।

(4). ਅਪਾਦਾਨ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧਹੁ’ (7 ਵਾਰ) ਕੇਵਲ ‘ਮੱਧਮ ਪੁਰਖ, ਅਪਾਦਨ ਕਾਰਕ-ਰੂਪ ਪੜਨਾਂਵ’ ਹੈ, ਜਿਸ ਦਾ ਅਰਥ ਹੈ: ‘ਤੇਰੇ ਕੋਲੋਂ, ਤੇਰੇ ਪਾਸੋਂ, ਤੇਰੇ ਵਿੱਚੋਂ, ਤੈਥੋਂ, ਤੇਰੇ ‘ਦਰ’ ਤੋਂ’; ਜਿਵੇਂ:

(ਹੇ ਨਿਰਾਕਾਰ !) ‘‘ਸਭਿ ‘ਤੁਧੈ ਪਾਸਹੁ’ (ਤੇਰੇ ‘ਦਰ’ ਤੋਂ) ਮੰਗਦੇ; ਨਿਤ ਕਰਿ (ਕੇ) ਅਰਦਾਸਿ ॥’’ (ਮ: ੪/੮੬)

(ਹੇ ਨਿਰਾਕਾਰ !) ‘‘ਮੰਨਿਐ ਗਿਆਨੁ ਧਿਆਨੁ; ‘ਤੁਧੈ ਤੇ’ (ਤੇਰੇ ਪਾਸੋਂ, ਤੇਰੇ ਤੋਂ) ਪਾਇਆ ॥’’ (ਮ: ੧/੧੫੦)

‘‘ਪ੍ਰਭ ! ‘ਤੁਧਹੁ’ (ਤੇਰੇ ਤੋਂ) ਖਾਲੀ ਕੋ ਨਹੀ; (ਤੇਰੇ) ਦਰਿ (ਉੱਤੇ) ਗੁਰਮੁਖਾ ਨੋ ਸਾਬਾਸਿ (ਮਿਲਦੀ)॥’’ (ਮ: ੪/੪੦)

‘‘ਹਰਿ ! ‘ਤੁਧਹੁ’ (ਤੇਰੇ ਤੋਂ) ਬਾਹਰਿ ਕਿਛੁ ਨਾਹੀ; ਤੂੰ ਸਚਾ ਸਾਈ ॥’’ (ਮ: ੪/੮੩)

(ਹੇ ਨਿਰਾਕਾਰ !) ‘‘ਸਭੇ ਦੁਖ ਸੰਤਾਪ; ਜਾਂ ‘ਤੁਧਹੁ’ (ਤੇਰੇ ਤੋਂ) ਭੁਲੀਐ ॥’’ (ਮ: ੫/੯੬੪) ਆਦਿ।

(5). ਸੰਬੰਧ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ ਸ਼ਬਦ ਕੁੱਲ 415 ਵਿੱਚੋਂ ਕੁਝ ਕੁ ਅਤੇ ‘ਤੁਧੈ’ (2 ਵਾਰ) ‘ਮੱਧਮ ਪੁਰਖ, ਸੰਬੰਧ ਕਾਰਕ-ਰੂਪ ਪੜਨਾਂਵ’ ਤੇ ‘ਸਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹੁੰਦੇ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰਾ. ਤੇਰੀ, ਤੇਰੇ’; ਜਿਵੇਂ:

(ਨੋਟ: ‘ਤੁਧੁ’ ਸ਼ਬਦ ਉਨ੍ਹਾਂ ਤਮਾਮ ਪੰਕਤੀਆਂ ’ਚ ‘ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹੁੰਦਾ ਹੈ, ਜਿਨ੍ਹਾਂ ਵਿੱਚ ‘ਤੁਧੁ’ ਸ਼ਬਦ ਦੇ ਨਾਲ ‘ਭਗਤਿ, ਭੰਡਾਰ, ਦਰਬਾਰੁ, ਮਇਆ (ਮਿਹਰ), ਵਡਿਆਈ, ਨਦਰਿ, ਬਖਸਸ, ਤਖਤੁ, ਥੇਹੁ (ਟਿਕਾਣਾ), ਮਣੀ (ਵਡਿਆਈ), ਘਰਿ, ਚਿਤਿ, ਮਨਿ, ਸਿਰਿ’ ਆਦਿ ਨਾਂਵ ਸ਼ਬਦ ਦਰਜ ਹੋਣ ਅਤੇ ਉਨ੍ਹਾਂ ਤਮਾਮ ਪੰਕਤੀਆਂ ’ਚ ‘ਤੁਧੁ’ ਸ਼ਬਦ ‘ਸੰਬੰਧ ਕਾਰਕ ਪੜਨਾਂਵ’ ਹੁੰਦਾ ਹੈ ਜਿਨ੍ਹਾਂ ’ਚ ‘ਤੁਧੁ’ ਸ਼ਬਦ ਨਾਲ ‘ਸਰਿ (ਵਰਗਾ), ਜੇਵਡੁ, ਜੇਹਾ, ਜੇਹੇ, ਜੇਹਿਆ, ਸਮਾਨਿ, ਵਲਿ (ਆਸਰੇ)’ ਆਦਿ ਸ਼ਬਦ ਦਰਜ ਹੋਣ ਕਿਉਂਕਿ ਇਨ੍ਹਾਂ ’ਚ ‘ਤੁਧੁ’ ਦੇ ਸਮਾਨੰਤਰ ਕੋਈ ਨਾਂਵ ਸ਼ਬਦ ਦਰਜ ਨਹੀਂ ਹੁੰਦਾ।)

‘‘ਹਰਿ ਸੇਵਹਿ ਸੇਈ ਪੁਰਖ; ਜਿਨਾ (ਉੱਪਰ) ਹਰਿ! ‘ਤੁਧੁ’ (ਤੇਰੀ) ਮਇਆ (ਮਿਹਰ)॥’’ (ਮ: ੪/੬੪੫)

(ਹੇ ਨਿਰਾਕਾਰ !) ‘‘ਤੂ ਨਿਹਚਲੁ, ਨਿਰਵੈਰੁ, ਸਚੁ; ਸਚਾ ‘ਤੁਧੁ’ (ਤੇਰੇ) ਦਰਬਾਰੁ ॥’’ (ਮ: ੫/੯੬੨)

(ਹੇ ਨਿਰਾਕਾਰ !) ‘‘ਵਡਾ ਤੇਰਾ ਦਰਬਾਰੁ; ਸਚਾ ‘ਤੁਧੁ’ (ਤੇਰਾ) ਤਖਤੁ ॥’’ (ਮ: ੫/੯੬੪)

(ਹੇ ਨਿਰਾਕਾਰ !) ‘‘ਲੂਣ ਹਰਾਮੀ ਨਾਨਕੁ ਲਾਲਾ; ਬਖਸਿਹਿ ‘ਤੁਧੁ’ (ਤੇਰੀ) ਵਡਿਆਈ ॥’’ (ਮ: ੧/੯੯੧)

(ਹੇ ਨਿਰਾਕਾਰ !) ‘‘ਮਾਣਸ (ਦਾ) ਕੂੜਾ ਗਰਬੁ; (ਜਦਕਿ) ਸਚੀ ‘ਤੁਧੁ’ (ਤੇਰੀ) ਮਣੀ (ਵਡਿਆਈ)॥’’ (ਮ: ੧/੧੨੮੩)

(ਹੇ ਨਿਰਾਕਾਰ !) ‘‘ਨਦਰਿ ‘ਤੁਧੁ’ (ਤੇਰੀ), ਅਰਦਾਸਿ ਮੇਰੀ; ਜਿੰਨਿ ਆਪੁ ਉਪਾਇਆ ॥’’ (ਮ: ੧/੫੬੬)

(ਹੇ ਨਿਰਾਕਾਰ !) ‘‘ਆਵਣ ਜਾਣਾ ਹੁਕਮੁ ਸਭੁ, ਨਿਹਚਲੁ ‘ਤੁਧੁ’ (ਤੇਰਾ) ਥੇਹੁ (ਟਿਕਾਣਾ)॥’’ (ਮ: ੫/੭੧੦)

(ਹੇ ਨਿਰਾਕਾਰ !) ‘‘ਜੇ ‘ਤੁਧੁ’ ਵਲਿ (ਤੇਰੇ ਆਸਰੇ) ਰਹੈ, ਤਾ ਕੋਈ ਕਿਹੁ ਆਖਉ ? ‘ਤੁਧੁ’ (ਤੈਨੂੰ) ਵਿਸਰਿਐ (ਨਾਲ), ਮਰਿ ਜਾਈ ॥’’ (ਮ: ੪/੭੫੭)

(ਹੇ ਨਿਰਾਕਾਰ !) ‘‘ਤੋਟਿ ਨਾਹੀ; ‘ਤੁਧੁ’ (ਤੇਰੇ) ਭਗਤਿ (ਦੇ) ਭੰਡਾਰ ॥’’ (ਮ: ੧/੧੫੪)

(ਹੇ ਨਿਰਾਕਾਰ !) ‘‘ਹਉ ਗੋਲਾ ਲਾਲਾ ‘ਤੁਧੁ’ (ਤੇਰਾ, ਇਸ ਲਈ); ਮੈ (ਮੈਨੂੰ) ਹੁਕਮੁ ਫੁਰਮਾਈਐ ॥’’ (ਮ: ੪/੬੪੩)

(ਹੇ ਨਿਰਾਕਾਰ !) ‘‘ਤੇਰੈ ਘਰਿ (ਵਿੱਚ) ਆਨੰਦੁ, ਵਧਾਈ ‘ਤੁਧੁ’ (ਤੇਰੇ) ਘਰਿ (ਵਿੱਚ)॥’’ (ਮ: ੫/੯੬੫)

‘‘ਮੇਰੇ ਰਾਮ ਰਾਇ ! ‘ਤੁਧੁ’ (ਤੇਰੇ) ਚਿਤਿ (’ਚ) ਆਇਐ (ਨਾਲ) ਉਬਰੇ ॥’’ (ਮ: ੫/੭੪੮) (ਭਾਵ ਮੇਰੇ ਚਿੱਤ ’ਚ ਤੇਰੇ ਆਉਣ ਕਾਰਨ (ਵਿਕਾਰਾਂ ਤੋਂ) ਬਚ ਗਏ।)

(ਹੇ ਨਿਰਾਕਾਰ !) ‘‘ਤੁਧੁ’’ (ਤੇਰੇ) ਚਿਤਿ (’ਚ) ਆਏ, ਮਹਾ ਅਨੰਦਾ; ਜਿਸੁ (ਨੂੰ, ਤੂੰ) ਵਿਸਰਹਿ, ਸੋ ਮਰਿ ਜਾਏ ॥’’ (ਮ: ੫/੭੪੯)

‘‘ਤੁਧੁ’’ (ਤੇਰੇ) ਸਿਰਿ (ਉੱਤੇ) ਲਿਖਿਆ, ਸੋ ਪੜੁ ਪੰਡਿਤ ! ਅਵਰਾ ਨੋ (ਹੋਰਾਂ ਨੂੰ) ਨ ਸਿਖਾਲਿ ਬਿਖਿਆ (ਮਾਇਆ ਜ਼ਹਿਰ ਬਾਰੇ)॥’’ (ਮ: ੩/੪੩੪)

(ਹੇ ਪ੍ਰਭੂ !) ‘‘ਉਨ ਸੰਤਨ ਕੈ (ਉੁੱਤੋਂ); ਮੇਰਾ ਮਨੁ ਕੁਰਬਾਨੇ ॥ ਜਿਨ ਤੂੰ ਜਾਤਾ (ਤੈਨੂੰ ਜਾਣਿਆ) ; ਜੋ ‘ਤੁਧੁ’ (ਤੇਰੇ) ਮਨਿ (ਵਿੱਚ) ਭਾਨੇ (ਪਸੰਦ)॥ (ਮ: ੫/੧੦੦)

(ਹੇ ਨਿਰਾਕਾਰ !) ‘‘ਤਿਸ ਦੀ ਤੂ ਭਗਤਿ ਥਾਇ (ਵਿੱਚ) ਪਾਇਹਿ; ਜੋ ‘ਤੁਧੁ’ (ਤੇਰੇ) ਮਨਿ (’ਚ) ਭਾਇਆ (ਪਸੰਦ)॥’’ (ਮ: ੪/੫੪੮)

‘‘ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ! ‘ਤੁਧੁ ਜੇਵਡੁ’ (ਤੇਰੇ ਵਰਗਾ) ਅਵਰੁ ਨ ਕੋਈ ॥’’ (ਮ: ੪/੧੧)

(ਹੇ ਨਿਰਾਕਾਰ !) ‘‘ਤੁਧੁ ਜੇਵਡੁ ਹੋਰੁ ਸਰੀਕੁ ਹੋਵੈ, ਤਾ ਆਖੀਐ; ‘ਤੁਧੁ ਜੇਵਡੁ’ ਤੂਹੈ ਹੋਈ ॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਮੈ ਚਾਰੇ ਕੁੰਡਾ ਭਾਲੀਆ; ‘ਤੁਧੁ ਜੇਵਡੁ’ ਨ ਸਾਈਆ ! ॥’’ (ਮ: ੫/੧੦੯੮) ਆਦਿ।

(ਹੇ ਨਿਰਾਕਾਰ !) ‘‘ਭੈਣ, ਭਾਈ, ਸਭਿ ਸਜਣਾ; ‘ਤੁਧੁ ਜੇਹਾ’ (ਤੇਰੇ ਵਰਗਾ) ਨਾਹੀ ਕੋਇ ਜੀਉ ॥’’ (ਮ: ੫/੭੩) ਆਦਿ।

(ਹੇ ਨਿਰਾਕਾਰ !) ‘‘ਤੇਰਾ ਸਭੁ ਕੀਆ, ਤੂੰ ਥਿਰੁ ਥੀਆ; ‘ਤੁਧੁ ਸਮਾਨਿ’ (ਤੇਰੇ ਵਰਗਾ) ਕੋ ਨਾਹੀ ॥’’ (ਮ: ੧/੪੩੭)

(ਹੇ ਨਿਰਾਕਾਰ !) ‘‘ਡਿਠੇ ਸਭੇ ਥਾਵ; ਨਹੀ ‘ਤੁਧੁ ਜੇਹਿਆ’ (ਤੇਰੇ ਵਰਗਾ)॥’’ (ਮ: ੫/੧੩੬੨)

(ਹੇ ਨਿਰਾਕਾਰ !) ‘‘ਤੁਧੁ ਸਰਿ’’ (ਤੇਰੇ ਵਰਗਾ) ਅਵਰੁ ਨ ਕੋਇ; ਕਿ (ਕੀ) ਆਖਿ (ਕੇ) ਵਖਾਣਿਆ ? ॥’’ (ਮ: ੧/੧੨੭੯)

(ਹੇ ਨਿਰਾਕਾਰ !) ‘‘ਜਿਸ ਨੋ ਤੂ ਦੇਹਿ, ਤਿਸੁ ਸਭੁ ਕਿਛੁ ਮਿਲੈ; ਕੋਈ ਹੋਰੁ ਸਰੀਕੁ ਨਾਹੀ, ‘ਤੁਧੁ ਪਾਸਿ’ (ਤੇਰੇ ਬਰਾਬਰ)॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਜੋ ਤੁਧੁ ਸੇਵਹਿ, ਸੇ ‘ਤੁਧ ਹੀ ਜੇਹੇ’; (ਜਿਵੇਂ) ਨਿਰਭਉ ਬਾਲ ਸਖਾਈ (ਸਤਸੰਗੀ) ਹੇ ॥’’ (ਮ: ੧/੧੦੨੧)

(ਹੇ ਨਿਰਾਕਾਰ !) ‘‘ਤੇਰੈ ਰੰਗਿ (ਵਿੱਚ) ਰਤੇ, ‘ਤੁਧੁ ਜੇਹੇ’; (ਪਰ) ਵਿਰਲੇ ਕੇਈ ਭਾਲਕਾ (ਲੱਭਦੇ)॥’’ (ਮ: ੫/੧੦੮੫)

(ਹੇ ਨਿਰਾਕਾਰ !) ‘‘ਤੁਧੁ’’ (ਤੇਰੇ) ਆਵਤ (ਆਉਣ ਨਾਲ) ਮੇਰਾ ਮਨੁ ਤਨੁ ਹਰਿਆ; ਹਰਿ ਜਸੁ ਤੁਮ ਸੰਗਿ ਗਾਵਨਾ ॥’’ (ਮ: ੫/੧੦੧੮) ਆਦਿ।

(ਹੇ ਨਿਰਾਕਾਰ !) ‘‘ਮੈ ਹੋਰੁ ਨ ਕੋਈ; ‘ਤੁਧੈ ਜੇਹਾ’ (ਤੇਰੇ ਵਰਗਾ ਹੀ)॥’’ (ਮ: ੩/੧੧੨

(ਹੇ ਨਿਰਾਕਾਰ !) ‘‘ਸਚੁ ਜਿ (ਜਿਹੜੇ) ਮੰਗਹਿ ਦਾਨੁ; ਸਿ ‘ਤੁਧੈ ਜੇਹਿਆ’ (ਤੇਰੇ ਵਰਗੇ ਹੀ)॥’’ (ਮ: ੧/੧੫੦) ਆਦਿ।

ਗੁਰਬਾਣੀ ਵਿੱਚ ‘ਤੇਰਾ’ (477 ਵਾਰ), ‘ਤੇਰੀ’ (451 ਵਾਰ), ‘ਤੇਰੋ’ (65 ਵਾਰ), ‘ਤੇਰਿਆ’ (17 ਵਾਰ), ‘ਤੈਡਾ’ (ਭਾਵ ਤੇਰਾ, 2 ਵਾਰ), ‘ਤੈਡੀ’ (ਭਾਵ ਤੇਰੀ, 1 ਵਾਰ), ‘ਥਾਰਾ’ (ਭਾਵ ਤੇਰਾ, 1 ਵਾਰ), ‘ਥਾਰੀ’ (ਭਾਵ ਤੇਰੀ, 2 ਵਾਰ) ਆਦਿ ‘ਮੱਧਮ ਪੁਰਖ, ਇੱਕ ਵਚਨ ਸੰਬੰਧ ਕਾਰਕ ਪੜਨਾਂਵ ਤੇ ‘ਸੰਬੰਧ ਕਾਰਕ ਪੜਨਾਂਵੀ ਵਿਸ਼ੇਸ਼ਣ’ ਹਨ; ਜਿਵੇਂ:

(ਹੇ ਪ੍ਰਭੂ !) ‘‘ਸੋ ਦਰੁ ‘ਤੇਰਾ’ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ॥’’ (ਮ: ੧/੮)

‘‘ਏਹਿ ਭਿ ਦਾਤਿ ‘ਤੇਰੀ’; ਦਾਤਾਰ ! ॥’’ (ਜਪੁ /ਮ: ੧)

(ਹੇ ਪ੍ਰਭੂ !) ‘‘ਨਿਰਧਨ ਕਉ; ਧਨੁ ‘ਤੇਰੋ’ ਨਾਉ ॥’’ (ਮ: ੫/੨੬੬)

(ਹੇ ਪ੍ਰਭੂ!) ‘‘ਤੇਰਿਆ’’ ਭਗਤਾ; ਭੁਖ ਸਦ ਤੇਰੀਆ ॥’’ (ਮ: ੫/੭੪)

‘‘ਜੇ ਤੁਧੁ ਭਾਵੈ, ਸਾਹਿਬਾ ! ਤੂ ਮੈ (ਮੇਰਾ) ਹਉ ‘ਤੈਡਾ’ (ਤੇਰਾ)॥’’ (ਮ: ੧/੪੧੮)

(ਹੇ ਕਰਤਾਰ !) ‘‘ਤੈਡੀ’ ਬੰਦਸਿ (ਤੇਰੀ ਬਣਾਵਟ ਦਾ), ਮੈ ਕੋਇ ਨ ਡਿਠਾ; ਤੂ ਨਾਨਕ ਮਨਿ (ਵਿੱਚ) ਭਾਣਾ (ਪਸੰਦ)॥’’ (ਮ: ੫/੯੬੪)

(ਹੇ ਬੰਦੇ !) ‘‘ਫਰੀਦਾ ! ਕਿਥੈ ‘ਤੈਡੇ’ (ਤੇਰੇ) ਮਾਪਿਆ ? ਜਿਨ੍ੀ ਤੂ ਜਣਿਓਹਿ (ਪੈਦਾ ਕੀਤਾ)॥’’ (ਬਾਬਾ ਫਰੀਦ/੧੩੮੧)

‘‘ਜੇ ਭੁਲੀ ਜੇ ਚੁਕੀ ਸਾੲਂੀ! ਭੀ ‘ਤਹਿੰਜੀ’ ਕਾਢੀਆ (ਤੇਰੀ ਕਹੀ ਜਾਂਦੀ ਹਾਂ)॥’’ (ਮ: ੫/੭੬੧)

(ਹੇ ਪ੍ਰਭੂ !) ‘‘ਸਭ ਭਾਂਡੇ ਤੁਧੈ (ਨੇ) ਸਾਜਿਆ; ਵਿਚਿ ਵਸਤੁ ਹਰਿ ‘ਥਾਰਾ’ (ਤੇਰਾ) ॥’’ (ਮ: ੪/੪੪੯)

(ਹੇ ਪ੍ਰਭੂ !) ‘‘ਸੇਵਾ ‘ਥਾਰੀ’ (ਤੇਰੀ); ਗੁਰਹਿ ਟੇਕ ॥’’ (ਮ: ੫/੨੧੦) ਆਦਿ।

(6). ਅਧਿਕਰਣ ਕਾਰਕ ਪੜਨਾਂਵ: ਗੁਰਬਾਣੀ ਵਿੱਚ ‘ਤੁਧੁ’ (23 ਵਾਰ) ਤੇ ‘ਤੁਧੈ’ (4 ਵਾਰ) ‘ਮੱਧਮ ਪੁਰਖ, ਅਧਿਕਰਣ ਕਾਰਕ-ਰੂਪ ਪੜਨਾਂਵ’ ਹਨ, ਜਿਨ੍ਹਾਂ ਦਾ ਅਰਥ ਹੈ: ‘ਤੇਰੇ ਵਿੱਚ, ਤੇਰੇ ਅੰਦਰਿ, ਤੇਰੇ ਨਾਲ, ਤੇਰੇ ਕੋਲ, ਤੇਰੇ ਉੱਤੇ, ਤੇਰੇ ਉੱਪਰ, ਤੇਰੇ ਅੱਗੇ’; ਜਿਵੇਂ:

(ਨੋਟ: ਅਗਾਂਹ ਤਮਾਮ ਪੰਕਤੀਆਂ ’ਚ ‘ਤੁਧੁ’ (ਅੰਤ ਔਂਕੜ) ਸ਼ਬਦ ਨਾਲ ਸੰਬੰਧਕੀ ਸ਼ਬਦ ‘ਉਪਰਿ, ਨਾਲਿ, ਨਾਲੀ, ਵਿਚਿ, ਪਾਸਿ, ਪਾਸੇ, ਆਗੈ, ਮਾਹਿ, ਪਹਿ (ਪਾਸ)’ ਆਦਿ ਆਉਣ ਉਪਰੰਤ ਵੀ ‘ਤੁਧੁ’ ਪੜਨਾਂਵ (ਅੰਤ ਮੁਕਤ) ਨਹੀਂ ਹੋਇਆ ਜਦਕਿ ਇਹੀ ਚਿੰਨ੍ਹ ਇੱਕ ਵਚਨ ਪੁਲਿੰਗ ਨਾਂਵ ਸ਼ਬਦ ਨੂੰ ਅੰਤ ਮੁਕਤਾ ਕਰ ਦੇਂਦੇ ਹਨ।)

(ਹੇ ਨਿਰਾਕਾਰ !) ‘‘ਬਹੁ ਮਾਣੁ ਕੀਆ ‘ਤੁਧੁ ਉਪਰੇ’; ਤੂੰ ਆਪੇ ਪਾਇਹਿ ਥਾਇ ਜੀਉ ॥’’ (ਮ: ੫/੭੪)

‘‘ਮਾਨੁ ਕਰਉ ‘ਤੁਧੁ ਊਪਰੇ’; ਮੇਰੇ ਪ੍ਰੀਤਮ ਪਿਆਰੇ ! ॥’’ (ਮ: ੫/੮੦੯)

(ਹੇ ਗੁਰੂ ! ਅਸਲ) ‘‘ਜਪੁ, ਤਪੁ, ਸੰਜਮੁ ‘ਨਾਲਿ ਤੁਧੁ’ (ਤੇਰੇ ਨਾਲ, ਤੇਰੇ ਵਿੱਚ); ਹੋਰੁ ਮੁਚੁ ਗਰੂਰੁ (ਹੋਰ ਪਾਖੰਡ ’ਚ ਤਾਂ ਬੜਾ ਹੰਕਾਰ)॥’’ (ਬਲਵੰਡ ਸਤਾ/੯੬੭)

(ਹੇ ਭਾਈ !) ‘‘ਹਲਤਿ ਪਲਤਿ; ਨਿਬਹੀ ‘ਤੁਧੁ ਨਾਲਿ’ ॥’’ (ਮ: ੧/੪੧੨)

(ਹੇ ਭਾਈ !) (ਅਸਲ ਮਾਲਾ ਨੂੰ) ‘‘ਹਿਰਦੈ (ਵਿੱਚ) ਫੇਰਿ; ਚਲੈ ‘ਤੁਧੁ ਨਾਲੀ’ (ਤੇਰੇ ਨਾਲ)॥’’ (ਮ: ੪/੧੧੩੪)

(ਹੇ ਸਰੀਰ !) ‘‘ਹਰਿ (ਨੇ) ਜੋਤਿ ਰਖੀ ‘ਤੁਧੁ ਵਿਚਿ’; ਤਾ ਤੂ ਜਗ ਮਹਿ ਆਇਆ ॥’’ (ਮ: ੩/੯੨੧)

(ਹੇ ਗੁਰੂ !) ‘‘ਨਉ ਨਿਧਿ ਨਾਮੁ ਨਿਧਾਨੁ ਹੈ; ‘ਤੁਧੁ ਵਿਚਿ’ ਭਰਪੂਰੁ ॥’’ (ਬਲਵੰਡ ਸਤਾ/੯੬੭)

‘‘ਚਾਤ੍ਰਿਕ ! ਤੂ ਨ ਜਾਣਹੀ, ਕਿਆ ‘ਤੁਧੁ ਵਿਚਿ’ ਤਿਖਾ ਹੈ; ਕਿਤੁ ਪੀਤੈ ਤਿਖ ਜਾਇ ? ॥’’ (ਮ: ੩/੧੨੮੪)

‘‘ਮਨ ਮੇਰੇ ! ਅਪਨਾ ਹਰਿ ਸੇਵਿ ਦਿਨੁ ਰਾਤੀ; ਜੋ ‘ਤੁਧੁ’ (ਤੇਰੇ ਕੋਲ, ਮਦਦ ਲਈ) ਉਪਕਰੈ (ਬਹੁੜਦਾ ਹੈ) ਦੂਖਿ ਸੁਖਾਸਾ (ਦੁੱਖ-ਸੁਖ ਵਿੱਚ) ॥’’ (ਮ: ੪/੮੬੦)

(ਹੇ ਨਿਰਾਕਾਰ !) ‘‘ਬਿਰਥਾ ਕੋਇ ਨ ਜਾਇ, ਜਿ (ਜਿਹੜਾ) ਆਵੈ ‘ਤੁਧੁ’ (ਤੇਰੇ ਪਾਸ) ਆਹਿ (ਤਾਂਘ ਕਰਕੇ)॥’’ (ਮ: ੫/੯੬੨)

(ਹੇ ਨਿਰਾਕਾਰ !) ‘‘ਜੇਤੀ ਹੈ, ਤੇਤੀ ‘ਤੁਧੁ’ (ਤੇਰੇ ‘ਹੁਕਮ’) ਅੰਦਰਿ ॥’’ (ਮ: ੧/੧੦੩੪)

(ਹੇ ਨਿਰਾਕਾਰ !) ‘‘ਸਭੁ ਤੇਰਾ ਚੋਜੁ ਵਰਤਦਾ; ਦੁਖੁ, ਸੁਖੁ ‘ਤੁਧੁ ਪਾਸਿ’ (ਤੇਰੇ ਕੋਲ) ॥’’ (ਮ: ੪/੫੪੯)

(ਹੇ ਨਿਰਾਕਾਰ !) ‘‘ਜੀਅ ਜੰਤ ਸਭਿ ਸਰਣਿ ਤੁਮ੍ਹਾਰੀ; ਸਰਬ (ਦੀ) ਚਿੰਤ ‘ਤੁਧੁ ਪਾਸੇ’ (ਤੇਰੇ ਕੋਲ)॥’’ (ਮ: ੧/੭੯੫)

(ਹੇ ਨਿਰਾਕਾਰ !) ‘‘ਤੁਧੁ ਆਗੈ’’ ਅਰਦਾਸਿ ਹਮਾਰੀ; ਜੀਉ, ਪਿੰਡੁ ਸਭੁ ਤੇਰਾ ॥’’ (ਮ: ੫/੩੮੩)

(ਹੇ ਨਿਰਾਕਾਰ !) ‘‘ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ; ‘ਤੁਧੁ ਅਗੈ’ ਮੰਗਣ ਨੋ ਹਥ ਜੋੜਿ (ਕੇ) ਖਲੀ ਸਭ ਹੋਈ ॥’’ (ਮ: ੪/੫੪੯)

‘‘ਮੈ (ਮੇਰਾ) ਤਾਣੁ, ਦੀਬਾਣੁ (ਆਸਰਾ) ਤੂਹੈ ਮੇਰੇ ਸੁਆਮੀ! ਮੈ (ਮੇਰੀ) ‘ਤੁਧੁ ਆਗੈ’ ਅਰਦਾਸਿ ॥’’ (ਮ: ੪/੭੩੫)

(ਹੇ ਨਿਰਾਕਾਰ !) ‘‘ਨਾਨਕ ! ਦਾਸਨਿ ਦਾਸੁ; ‘ਤੁਧੁ ਆਗੈ’ ਬਿਨਵਤਾ ॥’’ (ਮ: ੫/੯੬੫)

(ਹੇ ਨਿਰਾਕਾਰ !) ‘‘ਤੁਧੁ ਅਗੈ’’ ਤੁਧੈ (ਨੂੰ) ਸਾਲਾਹੀ; ਮੈ ਅੰਧੇ (ਲਈ) ਨਾਉ ਸੁਜਾਖਾ ॥’’ (ਮ: ੧/੧੨੪੨)

(ਹੇ ਨਿਰਾਕਾਰ !) ‘‘ਤਨੁ, ਮਨੁ ਅਰਪੀ, ‘ਤੁਧੁ ਆਗੈ’; ਰਾਖਉ ਸਦਾ, ਰਹਾਂ ਸਰਣਾਈ ॥’’ (ਮ: ੩/੧੩੩੩)

(ਹੇ ਨਿਰਾਕਾਰ !) ‘‘ਤੂੰ ਕਰਤਾ ਸਭੁ ਕਿਛੁ ਆਪੇ ਜਾਣਹਿ; ਕਿਆ ‘ਤੁਧੁ ਪਹਿ’ (ਤੇਰੇ ਅੱਗੇ) ਆਖਿ ਸੁਣਾਈਐ ? ॥’’ (ਮ: ੪/੭੩੫)

(ਹੇ ਨਿਰਾਕਾਰ !) ‘‘ਅੰਤਰ ਕੀ ਗਤਿ ‘ਤੁਧੁ ਪਹਿ’ (ਤੇਰੇ ਅੱਗੇ) ਸਾਰੀ (ਬਿਆਨ ਕੀਤੀ, ਕਿਉਂਕਿ); ਤੁਧੁ ਜੇਵਡੁ ਅਵਰੁ ਨ ਕੋਈ ॥’’ (ਮ: ੫/੭੪੯)

(ਹੇ ਨਿਰਾਕਾਰ !) ‘‘ਤੁਧੁ’ (ਤੇਰੇ ਵਿੱਚ) ਗੁਣ, ਮੈ (ਮੇਰੇ ਵਿੱਚ) ਸਭਿ ਅਵਗਣਾ; ਇਕ ਨਾਨਕ ਕੀ ਅਰਦਾਸਿ ਜੀਉ ॥’’ (ਮ: ੧/੭੬੨)

‘‘ਪ੍ਰਭ ! ਬਾਹ ਪਕਰਿ (ਕੇ), ਜਿਸੁ ਮਾਰਗਿ (ਉੱਤੇ) ਪਾਵਹੁ; ਸੋ ‘ਤੁਧੁ’ (ਤੇਰੇ ਵਿੱਚ) ਜੰਤ ਮਿਲਾਸਿ (ਮਿਲ ਜਾਂਦਾ)॥’’ (ਮ: ੫/੧੩੦੪)

(ਹੇ ਨਿਰਾਕਾਰ !) ‘‘ਜੀਵਣੁ ਮਰਣਾ ਸਭੁ; ‘ਤੁਧੈ ਤਾਈ’ (ਤੇਰੇ ਵੱਸ ਵਿੱਚ ਹੀ) ॥’’ (ਮ: ੩/੧੧੦)

(ਹੇ ਨਿਰਾਕਾਰ !) ‘‘ਤੇਰੇ ਕੀਤੇ ਕੰਮ; ‘ਤੁਧੈ ਹੀ ਗੋਚਰੇ’ (ਤੇਰੇ ਵੱਸ ਵਿੱਚ ਹੀ) ॥’’ (ਮ: ੫/੫੨੧)

(ਹੇ ਨਿਰਾਕਾਰ !) ‘‘ਸਭ ਤੇਰੀ, ਤੁਧੁ (ਤੈਂ ਨੇ) ਛਡਾਵਣੀ; ਸਭ ‘ਤੁਧੈ’ (ਤੇਰੇ ‘ਚਰਣਾਂ’ ਵਿੱਚ ਹੀ) ਲਾਗੇ ॥’’ (ਮ: ੩/੧੦੯੦)

‘‘ਤਿਸ ਨੋ (ਉਸ ‘ਰੱਬ’ ਨੂੰ) ਕਿਹੁ (ਕੁਝ ਤਾਂ ਹੀ) ਕਹੀਐ, ਜੇ ਦੂਜਾ (ਕੋਈ ਕਰਤਾ-ਧਰਤਾ) ਹੋਵੈ; (ਪਰ ਅਜਿਹਾ ਕੋਈ ਨਹੀਂ, ਹੇ ਪ੍ਰਭੂ!) ਸਭਿ ‘ਤੁਧੈ ਮਾਹਿ’ (ਤੇਰੇ ਵਿੱਚ ਹੀ) ਸਮਾਏ ॥’’ (ਮ: ੩/੧੧੩੧)