34.1 C
Jalandhar
Monday, April 13, 2026
spot_img
Home Blog Page 196

ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਕਿਸ਼ਤ ਨੰ: 2 )

0

ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ

 ਕਿਸ਼ਤ ਨੰ: 2 

ਸਾਕਾ ਚਮਕੌਰ

ਕਿਰਪਾਲ ਸਿੰਘ (ਬਠਿੰਡਾ)-73409-79813

7 ਪੋਹ ਦੀ ਸ਼ਾਮ ਨੂੰ 40 ਕੁ ਸਿੰਘਾਂ ਨਾਲ ਗੁਰੂ ਜੀ ਚਮਕੌਰ ਸਾਹਿਬ ਪਹੁੰਚ ਗਏ ਜਿੱਥੇ ਯੁੱਧ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ। 8 ਪੋਹ ਨੂੰ ਚਮਕੌਰ ਸਾਹਿਬ ਵਿਖੇ ਘਮਸਾਨ ਦਾ ਭਿਅੰਕਰ ਯੁੱਧ ਹੋਇਆ ਜਿਸ ਵਿੱਚ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ, ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰੇ (ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ ਅਤੇ ਭਾਈ ਸਾਹਿਬ ਸਿੰਘ ਜੀ) ਸਮੇਤ 40 ਸਿੰਘ; ਜਿਸ ਸੂਰਬੀਰਤਾ ਤੇ ਬਹਾਦਰੀ ਨਾਲ ਲੜੇ ਅਤੇ ਸ਼ਹਾਦਤ ਪ੍ਰਾਪਤ ਕੀਤੀ ਇਹ ਦੁਨੀਆਂ ਦੇ ਇਤਿਹਾਸ ਵਿੱਚ ਆਪਣੀ ਮਿਸਾਲ ਬਣ ਗਈ। ਇਸ ਦਿਨ ਤਿੰਨ ਪਿਆਰਿਆਂ ਤੋਂ ਇਲਾਵਾ ਦੋ ਸਾਹਿਬਜ਼ਾਦੇ, 30 ਤੋਂ ਵੱਧ ਸਿੰਘ ਸ਼ਹੀਦ ਹੋ ਗਏ। ਅਗਲੀ ਨੀਤੀ ਨੂੰ ਧਿਆਨ ਵਿੱਚ ਰੱਖਦਿਆਂ ਤੇ ਪੰਜ ਪਿਆਰਿਆਂ ਵੱਲੋਂ ਦਿੱਤੇ ਹੁਕਮ ਨੂੰ ਸਵੀਕਾਰ ਕਰਦਿਆਂ 8-9 ਪੋਹ ਦੀ ਰਾਤ ਨੂੰ ਗੁਰੂ ਗੋਬਿੰਦ ਸੰਘ ਜੀ ਨੇ ਪੰਜ ਪਿਆਰਿਆਂ ਵਿੱਚੋਂ ਬਚੇ ਬਾਕੀ ਦੋ ਪਿਆਰੇ- ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਨੂੰ ਨਾਲ ਲੈ ਕੇ ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਛੱਡ ਦਿੱਤੀ ਅਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਆ ਪਹੁੰਚੇ। ਭਾਈ ਸੰਗਤ ਸਿੰਘ ਜੀ ਜਿਸ ਨੂੰ ਗੁਰੂ ਸਾਹਿਬ ਜੀ ਨੇ ਗੜ੍ਹੀ ਛੱਡਣ ਤੋਂ ਪਹਿਲਾਂ ਆਪਣੀ ਕਲਗੀ ਅਤੇ ਬਸਤਰ ਪਹਿਨਾਏ ਸਨ; ਸਮੇਤ ਬਾਕੀ ਦੇ ਸਾਰੇ ਦੇ ਸਾਰੇ ਹੀ ਸਿੰਘ 9 ਪੋਹ ਨੂੰ ਸ਼ਹੀਦ ਹੋ ਗਏ। 

ਸਾਕਾ ਸਰਹਿੰਦ

ਸਰਸਾ ਨਦੀ ਦੇ ਕੰਢੇ ਹੋਈ ਗਹਿਗੱਚ ਲੜਾਈ ਅਤੇ ਸਰਸਾ ਨਦੀ ਪਾਰ ਕਰਨ ਦੌਰਾਨ ਵਹੀਰ ਤੋਂ ਵੱਖ ਹੋਏ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਮੋਰਿੰਡੇ ਕੋਲ ਪਿੰਡ ਖੇੜੀ ਆਪਣੇ ਘਰ ਲੈ ਗਿਆ ਸੀ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ 10 ਪੋਹ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਪਹਿਲੀ ਰਾਤ ਉਨ੍ਹਾਂ ਨੂੰ ਕਿਲ੍ਹੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਦੂਜੇ ਦਿਨ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਆਦਿ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ ? ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ’ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਮਾਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖ਼ਾਨ, ਜਿਸ ਦਾ ਭਰਾ ਸੈਨਾਪਤੀ ਖ਼ਿਸਰ ਖ਼ਾਨ (ਖ਼੍ਵਾਜਾ ਮਰਦੂਦ) ਕੁਝ ਦਿਨ ਪਹਿਲਾਂ ਹੀ ਸਿੰਘਾਂ ਹੱਥੋਂ ਮਾਰਿਆ ਗਿਆ ਸੀ; ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖ਼ਾਨ ਨੇ ਅੱਗੋਂ ਜਵਾਬ ਦਿੱਤਾ ਕਿ ਮੇਰਾ ਭਰਾ ਜੰਗ ਵਿੱਚ ਸ਼ਹੀਦ ਹੋਇਆ ਸੀ; ਮੈਂ ਇਹਨਾਂ ਸ਼ੀਰਖੋਰਾਂ (ਦੁੱਧ ਪੀਣ ਵਾਲ਼ਿਆਂ) ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਯੋਗੀ; ਸ਼ੇਰ ਖ਼ਾਨ ਦੇ ਇਨ੍ਹਾਂ ਵਚਨਾਂ ਨੂੰ ਆਪਣੀ ਕਵਿਤਾ ਰਾਹੀਂ ਇਉਂ ਪ੍ਰਗਟ ਕਰਦਾ ਹੈ: ‘ਬਦਲਾ ਹੀ ਲੇਨਾ ਹੋਗਾ ਤੋ ਲੇਂਗੇ ਬਾਪ ਸੇ। ਮਹਿਫੂਜ ਰਖੇ ਹਮ ਕੋ ਖੁਦਾ ਐਸੇ ਪਾਪ ਸੇ।’

ਕਾਜ਼ੀ ਅਤੇ ਸ਼ੇਰ ਖ਼ਾਂ ਦੇ ਜਵਾਬ ਸੁਣ ਕੇ ਸੂਬਾ ਸਰਹੰਦ ਵਜੀਰ ਖ਼ਾਨ ਦੇ ਮਨ ਵਿੱਚ ਕੁਝ ਨਰਮੀ ਆਉਣ ਲੱਗੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸਨ ਕੀਤੇ, ਜਿਨ੍ਹਾਂ ਦੇ ਉੱਤਰ ਤੋਂ ਬੱਚਿਆਂ ਨੂੰ ਬਾਗ਼ੀ ਸਿੱਧ ਕੀਤਾ ਜਾ ਸਕੇ। ਉਸ ਨੇ ਵਜੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ ਕਿਉਂਕਿ ਸੱਪਾਂ ਦੇ ਬੱਚੇ ਆਖ਼ਰ ਸੱਪ ਹੀ ਹੁੰਦੇ ਹਨ ਇਸੇ ਤਰ੍ਹਾਂ ਇਹ ਬੱਚੇ ਵੱਡੇ ਹੋ ਕੇ ਗੁਰੂ ਗੋਬਿੰਦ ਸਿੰਘ ਵਾਂਗ ਹਕੂਮਤ ਲਈ ਖ਼ਤਰਾ ਬਣ ਸਕਦੇ ਹਨ। ਵਜੀਰ ਖ਼ਾਨ ਨੇ ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫ਼ਤਵਾ ਸੁਣਾ ਦਿੱਤਾ। ਵਜੀਰ ਖ਼ਾਨ ਨੇ ਸਾਹਿਬਜ਼ਾਦਿਆਂ ਨੂੰ ਇੱਕ ਦਿਨ ਹੋਰ ਸੋਚਣ ਲਈ ਸਮਾਂ ਦਿੰਦਿਆਂ ਅਗਲੇ ਦਿਨ ਕਚਹਿਰੀ ਵਿੱਚ ਪੇਸ਼ ਕਰਨ ਲਈ ਕਿਹਾ। ਸਾਹਿਬਜ਼ਾਦੇ ਰਾਤ ਨੂੰ ਦਾਦੀ ਮਾਂ ਮਾਤਾ ਗੁੱਜਰ ਕੌਰ ਨੂੰ ਕਚਹਿਰੀ ਵਿੱਚ ਹੋਈਆਂ ਗੱਲਾਂ ਦੱਸਦੇ ਤੇ ਦਾਦੀ ਮਾਂ ਉਨ੍ਹਾਂ ਨੂੰ ਦਾਦਾ ਗੁਰੂ ਤੇਗ ਬਹਾਦਰ ਤੇ ਦਾਦੇ ਦੇ ਦਾਦੇ ਗੁਰੂ ਅਰਜੁਨ ਸਾਹਿਬ ਜੀ ਦੀਆਂ ਸ਼ਹੀਦੀਆਂ ਦਾ ਇਤਿਹਾਸ ਸੁਣਾ ਕੇ ਉਨ੍ਹਾਂ ਦਾ ਮਨੋਬਲ ਉੱਚਾ ਕਰਦੀ ਰਹੀ।

ਤੀਸਰੇ ਦਿਨ ਭਾਵ 13 ਪੋਹ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ। ਉਹਨਾਂ ਉੱਤੇ ਦੀਨ ਕਬੂਲਣ ਲਈ ਫਿਰ ਦਬਾਅ ਬਣਾਇਆ ਗਿਆ ਪਰ ਸਾਹਿਬਜ਼ਾਦਿਆਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਉਹਨਾਂ ਦੇ ਸਿਰ ’ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਡੇਗਣਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਦਾਦੇ ਦੀ ਤਰ੍ਹਾਂ ਸ਼ਹੀਦੀ ਪਾਉਣ ਦਾ ਪ੍ਰਣ ਕਰ ਲਿਆ। ਭਾਈ ਦੁੱਨਾ ਸਿੰਘ ਹੰਡੂਰੀਆ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸੀ, ਇਸ ਤਰ੍ਹਾਂ ਲਿਖਦਾ ਹੈ: ‘ਜੋਰਾਵਰ ਸਿੰਘ ਐਸੇ ਭਨੈ। ਕਿਉਂ ਭਾਈ ! ਅਬ ਕਿਉਂਕਰ ਬਨੈ  ? । ਫਤੇ ਸਿੰਘ ਤਬ ਕਹਯੋ ਬਖਾਨ। ‘ਦਸ ਪਾਤਸ਼ਾਹੀ’ ਹੋਵਹਿ ਹਾਨ।’

ਪਹਿਲਾਂ ਦੋਵੇਂ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣਿਆ ਗਿਆ। ਜਦ ਕੰਧ ਸਾਹਿਬਜ਼ਾਦਾ ਫਤਹਿ ਸਿੰਘ ਜੀ ਦੇ ਮੋਢਿਆਂ ਤੱਕ ਪਹੁੰਚੀ ਤਾਂ ਅਚਾਨਕ ਕੰਧ ਡਿੱਗ ਪਈ। ਹੁਣ ਬੱਚਿਆਂ ਨੂੰ ਜਿਬ੍ਹਾ ਕਰਨ (ਗਲ ਵੱਢਣ) ਦਾ ਹੁਕਮ ਸੁਣਾਇਆ ਗਿਆ। ਦੋ ਜਲਾਦਾਂ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖ਼ੰਜਰ ਖੋਭੇ ਅਤੇ ਫਿਰ ਤਲਵਾਰ ਨਾਲ ਸੀਸ ਧੜ ਤੋਂ ਅਲੱਗ ਕਰ ਦਿੱਤੇ ਗਏ। 

ਨਾ-ਬਾਲਗ਼ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਤਰੀਕੇ ਦੀ ਇਜਾਜ਼ਤ ਕੋਈ ਵੀ ਧਰਮ ਨਹੀਂ ਦੇਂਦਾ ਬਲਕਿ ਇਸ ਨੂੰ ਅਧਰਮੀ ਫ਼ਤਵਾ ਕਹਿਣਾ ਜ਼ਿਆਦਾ ਦਰੁਸਤ ਹੋਵੇਗਾ ਕਿਉਂਕਿ ਬੱਚਿਆਂ ਉੱਤੇ ਮਾਨਸਿਕ ਦਬਾਅ ਬਣਾਇਆ ਗਿਆ, ਮੌਤ ਦਾ ਡਰ ਵਿਖਾਇਆ ਗਿਆ ਤੇ ਆਖ਼ਰ ਤੜਫਾ ਤੜਫਾ ਕੇ ਮਾਰਿਆ ਗਿਆ। ਇਹ ਸਾਰਾ ਤਸੱਦਦ ਉਨ੍ਹਾਂ ਨੇ ਕਿਵੇਂ ਬਰਦਾਸਤ ਕੀਤਾ; ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਦੂਸਰੇ ਪਾਸੇ ਬੱਚਿਆਂ ਨੇ ਜਬਰ ਨੂੰ ਮੂੰਹ ਤੋੜ ਜਵਾਬ ਦੇ ਕੇ ਦਸਾਂ ਪਾਤਸ਼ਾਹੀਆਂ ਦੀ ਸ਼ਾਨ ਨੂੰ ਕਾਇਮ ਰੱਖਿਆ ਅਤੇ ਖਾਲਸਾ ਪੰਥ ਨੂੰ ਫਤਹਿ ਦਿਵਾਈ, ਜੋ ਸਦੀਵੀ ਮਿਸਾਲ ਬਣ ਗਈ।

ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਕਿ ਗੁਰਮਤਿ ਦਾ ਦੀਪਕ ਇਸ ਜਗਤ ਵਿੱਚੋਂ ਬੁਝ ਜਾਵੇਗਾ, ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਕਿ ਗੁਰਮਤਿ ਦੀ ਅਖੰਡ ਜੋਤੀ ਤਾਂ ਖਾਲਸੇ ਦੇ ਦਿਲਾਂ ਵਿੱਚ ਪ੍ਰਵੇਸ ਕਰ ਗਈ ਸੀ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖ਼ਬਰ ਸੁਣਨ ਉਪਰੰਤ ਕਈ ਦਿਨਾਂ ਤੋਂ ਭੁੱਖ ਅਤੇ ਕੜਾਕੇ ਦੀ ਠੰਡ ਨਾ ਸਹਾਰਦੇ ਹੋਏ ਮਾਤਾ ਗੁੱਜਰ ਕੌਰ ਜੀ ਵੀ ਪ੍ਰਾਨ ਤਿਆਗ ਗਏ।

ਗੁਰੂ ਗੋਬਿੰਦ ਸਿੰਘ ਜੀ ਦਾ ਮਾਛੀਵਾੜੇ ਤੋਂ ਮੁਕਤਸਰ ਦਾ ਸਫ਼ਰ ਅਤੇ ਮੁਕਤਸਰ ਦੀ ਜੰਗ 

ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ; ਜਿੱਥੋਂ ਉਨ੍ਹਾਂ ਦੇ ਮੁਸਲਮਾਨ ਸ਼ਰਧਾਲੂਆਂ (ਭਾਈ ਨਬੀ ਖ਼ਾਨ, ਗ਼ਨੀ ਖ਼ਾਨ) ਨੇ ਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਪਿੰਡ ਹ੍ਹੇਰਾਂ (ਹੇਹਰਾਂ) ਤੱਕ ਪਹੁੰਚਾਇਆ ਸੀ। ਉੱਥੋਂ ਚੱਲ ਕੇ ਪਿੰਡ ਦੀਨੇ ਪਹੁੰਚੇ। ਦੀਨੇ ਪਹੁੰਚ ਕੇ ਹੀ ਗੁਰੂ ਸਾਹਿਬ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤ ਗੁੱਜਰ ਕੌਰ ਜੀ ਦੀ ਸ਼ਹੀਦੀ ਦੀ ਖ਼ਬਰ ਮਿਲੀ ਤੇ ੳਨ੍ਹਾਂ ਨੇ ਔਰੰਗਜ਼ੇਬ ਨੂੰ ਫ਼ਾਰਸੀ ਵਿੱਚ ਜਿੱਤ ਦੀ ਚਿੱਠੀ ਲਿਖੀ; ਜਿਸ ਨੂੰ ਜ਼ਫਰਨਾਮਾ ਕਿਹਾ ਜਾਂਦਾ ਹੈ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਸਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜੇਬ ਨੂੰ ਲਿਖਿਆ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ, ਮੇਰਾ ਪੰਜਵਾਂ ਪੁੱਤਰ ਖਾਲਸਾ ਤਾਂ ਅਜੇ ਜਿਊਂਦਾ ਹੈ ਜੋ ਤੇਰੇ ਲਈ ਫੰਨ੍ਹੀਅਰ ਨਾਗ ਹੈ।

ਮਾਛੀਵਾੜੇ ਤੋਂ ਮੁਕਤਸਰ ਪਹੁੰਚਣ ਤੱਕ ਕਿਤਨਾ ਸਮਾਂ ਲੱਗਿਆ ਅਤੇ ਮੁਕਤਸਰ ਦੀ ਜੰਗ ਕਦੋਂ ਹੋਈ ਇਸ ਬਾਰੇ ਇਤਿਹਾਸਕਾਰਾਂ ਦੀਆਂ ਮੁੱਖ ਤੌਰ ’ਤੇ ਦੋ ਰਾਵਾਂ ਪ੍ਰਚਲਿਤ ਹਨ। ਕਈ ਲਿਖਾਰੀਆਂ ਨੇ ਇਸ ਜੰਗ ਦਾ ਸਮਾਂ 21 ਵੈਸਾਖ ਬਿਕ੍ਰਮੀ ਸੰਮਤ 1763 ਦਾ ਲਿਖਿਆ ਹੈ। ਬਹੁਤ ਸਾਰੇ ਵਿਦਵਾਨ ਇਸ ਤਰੀਖ ਨਾਲ ਸਹਿਮਤ ਹਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਮੁਕਤਸਰ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਦਿਹਾੜਾ 1 ਮਾਘ (ਮਾਘੀ) ਦੇ ਨਾਲ ਨਾਲ 21 ਵੈਸਾਖ ਨੂੰ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ। ਇਸ ਬਾਰੇ ਪ੍ਰਮੁੱਖ ਦਲੀਲ ਇਹੋ ਹੀ ਦਿੱਤੀ ਜਾਂਦੀ ਰਹੀ ਹੈ ਕਿ ਖਿਦਰਾਣੇ ਦੀ ਉਹ ਢਾਬ ਜੋ ਪਾਣੀ ਨਾਲ ਭਰੀ ਸੀ ਉੱਪਰ ਗੁਰੂ ਜੀ ਕਾਬਜ਼ ਸਨ ਅਤੇ ਸਰਹੰਦ ਦੀ ਫੌਜ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਕਾਰਨ ਸਰਹੰਦ ਦੀ ਫੌਜ ਨੂੰ ਉਥੋਂ ਪਿੱਛੇ ਜਾਣਾ ਪਿਆ। ਸੋ ਐਸਾ ਸਮਾਂ ਜਦੋਂ ਪਾਣੀ ਦੀ ਕਿੱਲਤ ਕਾਰਨ ਹੀ ਪਿੱਛੇ ਹਟਣਾ ਪਵੇ ਉਹ ਕਦਾਚਿਤ ਵੀ ਕੜਾਕੇ ਦੀ ਠੰਡ ਵਾਲਾ ਪੋਹ-ਮਾਘ ਦਾ ਨਹੀਂ ਹੋ ਸਕਦਾ ਬਲਕਿ ਗਰਮੀ ਦਾ ਮੌਸਮ ਵੈਸਾਖ-ਜੇਠ ਹੀ ਹੋਵੇਗਾ। ਇਸ ਲਈ 21 ਵੈਸਾਖ ਦੀ ਤਾਰੀਖ ਵਧੇਰੇ ਦਰੁਸਤ ਜਾਪਦੀ ਹੈ, ਪਰ ਗੁਰੂ ਸਾਹਿਬ ਜੀ ਦੇ ਮਾਛੀਵਾੜੇ ਤੋਂ ਮੁਕਤਸਰ, ਮੁਕਤਸਰ ਤੋਂ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ ਪਹੁੰਚਣਾ, ਠਹਿਰਣਾ ਅਤੇ ਨਾਂਦੇੜ ਨੂੰ ਰਵਾਨਗੀ ਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਮੁਕਤਸਰ ਦੀ ਜੰਗ 30 ਪੋਹ ਅਤੇ ਸ਼ਹੀਦ ਹੋਏ ਸਿੰਘਾਂ ਦੇ ਸਸਕਾਰ ਦੀ ਮਿਤੀ 1 ਮਾਘ ਹੀ ਸਹੀ ਜਾਪਦੀ ਹੈ। 

ਮੁਕਤਸਰ ਦੀ ਜੰਗ ਦੇ ਸਮੇਂ ਬਾਰੇ ਡਾ. ਗੰਡਾ ਸਿੰਘ ਜੀ ਗੁਰ ਸੋਭਾ ਦੀ ਭੂਮਿਕਾ ਵਿਚ ਪੰਨਾ 57 ’ਤੇ ਸਾਰੇ ਪੁਰਾਤਨ ਸ੍ਰੋਤਾਂ ਦੇ ਆਧਾਰ ’ਤੇ ਲਿਖਦੇ ਹਨ ਕਿ ‘ਇਹ ਜੰਗ 30 ਪੋਹ ਸੰਮਤ 1762 (29 ਦਸੰਬਰ 1705 ਈ:) ਮਾਘ ਵਦੀ 10 ਲੋਹੜੀ ਦੇ ਦਿਨ ਹੋਈ। ਅਗਲੇ ਦਿਨ ਮਾਘੀ (ਮਾਘ ਦੀ ਸੰਗਰਾਂਦ) ਸੀ ਜਿਸ ਦਿਨ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ।’ ਦੇਸਾ ਸਿੰਘ ਭੱਟ ਵਹੀ ਤਲੌਂਢਾ, ਕੋਇਰ ਸਿੰਘ ਦੇ ਗੁਰਬਿਲਾਸ ਪਾ: 10, ਸੁੱਖਾ ਸਿੰਘ ਦੇ ਗੁਰਬਿਲਾਸ ਪਾ: 10, ਸਰੂਪ ਸਿੰਘ ਗੁਰੂ ਕੀਆਂ ਸਾਖੀਆਂ, ਬੀਰ ਸਿੰਘ ਬਲ ਦੇ ਸਿੰਘ ਸਾਗਰ ਅਤੇ ਸੰਤੋਖ ਸਿੰਘ ਦੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਸੂਰਜ ਪ੍ਰਕਾਸ਼) ਵਿਚ ਮਾਘ ਦੀ ਸੰਗਰਾਂਦ ਦਿੱਤਾ ਹੋਇਆ ਹੈ ਜੋ ਕਿ ਸਸਕਾਰ ਦਾ ਦਿਨ ਹੈ। ਸੁੱਖਾ ਸਿੰਘ ਕ੍ਰਿਤ ਗੁਰ ਬਿਲਾਸ, ਭਾਈ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿਚ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ ਵਿਖੇ 9 ਮਹੀਨੇ 9 ਦਿਨ ਠਹਿਰੇ ਸਨ ਅਤੇ ਇੱਥੋਂ ਕੱਤਕ ਸੁਦੀ 5 (29 ਕੱਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਨੂੰ ਦੱਖਣ ਵੱਲ ਕੂਚ ਕੀਤਾ। ਪਿਛੇ ਨੂੰ ਗਿਣਤੀ ਕੀਤਿਆਂ ਇਸ ਅਨੁਸਾਰ ਮੁਕਤਸਰ ਦਾ ਜੁੱਧ ਲੋਹੜੀ-ਮਾਘੀ ਸੰਮਤ 1762 ਠੀਕ ਬੈਠਦਾ ਜਾਪਦਾ ਹੈ, ਤਦ 29-30 ਦਸੰਬਰ ਸੰਨ 1705 ਈ: ਸੀ। ਅੱਜ ਕੱਲ੍ਹ ਮਾਘੀ 13 ਜਨਵਰੀ ਨੂੰ ਆਉਂਦੀ ਹੈ। ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1706 ਈ. ਨੂੰ ਪੁੱਜੇ ਹੋਣਗੇ। 31 ਦਸੰਬਰ ਤੋਂ 20-21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤੱਕ ਸਫ਼ਰ ਵਿਚ ਲੱਗ ਗਏ ਜਾਪਦੇ ਹਨ। ਮੁਕਤਸਰੋਂ ਦਮਦਮਾ ਸਾਹਿਬ ਸਿਧਾ ਪੰਧ 48 ਕੁ ਮੀਲ ਹੈ ਪਰ ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿੱਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਇੰਨੇ ਕੁ ਦਿਨ ਤਾਂ ਲੱਗਣੇ ਸੁਭਾਵਕ ਹਨ।

ਵੈਸਾਖ ਵਿਚ ਇਹ ਜੰਗ ਹੋਈ, ਇਹ ਗੱਲ ਕਿਵੇਂ ਪ੍ਰਚਲਿਤ ਹੋਈ  ? ਇਸ ਬਾਰੇ ਵੀ ਡਾ. ਗੰਡਾ ਸਿੰਘ ਜੀ ਪੰਨਾ 57-58 ’ਤੇ ਲਿਖਦੇ ਹਨ ਕਿ ‘ਗਿ: ਗਿਆਨ ਸਿੰਘ ਨੇ ਪਹਿਲਾਂ ਆਪਣੀ ਕ੍ਰਿਤ ਤਵਾਰੀਖ ਗੁਰੂ ਖਾਲਸਾ ਅਤੇ ਪੰਥ ਪ੍ਰਕਾਸ਼ ਵਿਚ ਮੁਕਤਸਰ ਦੇ ਜੁੱਧ ਦੀ ਤਾਰੀਖ ਵੈਸਾਖ ਦਿੱਤੀ ਸੀ ਪਰ ਸੰਮਤ ਕਿਧਰੇ 1761 ਅਤੇ ਕਿਧਰੇ 1762 ਦਿੱਤਾ ਹੋਇਆ ਸੀ, ਪਰ ਤਵਾਰੀਖ ਗੁਰੂ ਖਾਲਸਾ ਦੇ ਸੋਧੇ ਹੋਏ ਉਰਦੂ ਐਡੀਸ਼ਨ ਵਿਚ ਜੋ ਸੰਨ 1923 ਈ: ਵਿਚ ਪ੍ਰਕਾਸ਼ਤ ਹੋਇਆ ਸੀ, ਇਸ ਵਿਚ ਤਾਰੀਖ ਨੂੰ ਠੀਕ ਕਰ ਦਿੱਤਾ ਗਿਆ ਅਤੇ ਲਿਖਿਆ ਗਿਆ ਕਿ ਇਹ ਜੁੱਧ ਏਕਮ ਮਾਘ 1762 ਨੂੰ ਹੋਇਆ ਸੀ।’ 

ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਚਮਕੌਰ ਦੀ ਹਵੇਲੀ ਵਿਚੋਂ ਨਿਕਲਣ ਤੋਂ ਬਾਅਦ ਗੁਰੂ ਜੀ ਗੁਲਾਬੇ ਮਸੰਦ ਦੇ ਘਰ ਮਾਛੀਵਾੜੇ ਠਹਿਰੇ ਸਨ ਜਿੱਥੋਂ ਭਾਈ ਨਬੀ ਖ਼ਾਨ, ਗ਼ਨੀ ਖਾਨ ਨੇ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਅੱਗੇ ਪਹੁੰਚਾਇਆ ਸੀ। ਕਾਰਨ ਸਪਸ਼ਟ ਹੈ ਕਿ ਸਰਹੰਦੀ ਫੌਜਾਂ ਗੁਰੂ ਜੀ ਦੀ ਪੂਰੀ ਸੂਹ ਲਾਉਣ ਅਤੇ ਉਨ੍ਹਾਂ ਨੂੰ ਜੀਵਤ ਪਕੜਨ ਜਾਂ ਉਨ੍ਹਾਂ ਦੀ ਹੋਂਦ ਨੂੰ ਮਿਟਾਉਣ ਦਾ ਪੂਰਾ ਯਤਨ ਕਰ ਰਹੀਆਂ ਸਨ। ਇਹੀ ਫੌਜਾਂ ਸੂਹ ਪਤਾ ਲਾਉਂਦੀਆਂ ਖਿਦਰਾਣੇ ਦੀ ਢਾਬ ’ਤੇ ਜਾ ਪਹੁੰਚੀਆਂ ਜਿੱਥੇ ਭਾਰੀ ਜੰਗ ਹੋਈ। ਜਦੋਂ ਸੂਬਾ ਸਰਹੰਦ ਦੀਆਂ ਫੌਜਾਂ ਬਹੁਤ ਹੀ ਤੇਜ਼ੀ ਨਾਲ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੀਆਂ ਸਨ ਤਾਂ ਇਹ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿ 9 ਪੋਹ ਤੋਂ 23 ਵੈਸਾਖ ਤੱਕ ਸਾਢੇ ਚਾਰ ਮਹੀਨੇ ਦਾ ਸਮਾਂ ਗੁਰੂ ਜੀ ਉਸ ਦੇ ਇਲਾਕੇ ਵਿਚ ਠਹਿਰੇ ਹੋਣ। ਮੋਟੇ ਤੌਰ ’ਤੇ ਅਸੀਂ ਨਿੱਕੇ ਪੜਾਵਾਂ ਨੂੰ ਛੱਡਦਿਆਂ ਅਨੰਦਪੁਰ ਛੱਡਣ ਤੋਂ ਮੁਕਤਸਰ ਪਹੁੰਚਣ ਤੱਕ ਦੇ ਸਮੇਂ ਨੂੰ ਇਵੇਂ ਵਧੇਰੇ ਸਮਝ ਸਕਦੇ ਹਾਂ: 

6 ਪੋਹ ਸੰਮਤ 1762 ਬਿਕ੍ਰਮੀ ਅਨੰਦਪੁਰ ਸਾਹਿਬ। 

7 ਪੋਹ ਸਿਰਸਾ ਨਦੀ ਦਾ ਕੰਢਾ (ਰੋਪੜ)। 

8 ਪੋਹ ਚਮਕੌਰ ਸਾਹਿਬ। 

9-12 ਪੋਹ ਮਾਛੀਵਾੜਾ। 

14 ਪੋਹ ਅਜਨੇਰ (ਰਾਮਪੁਰ)। 

15 ਪੋਹ ਰਾਮਪੁਰ ਤੋਂ ਰਵਾਨਗੀ- ਕਨੇਚ (ਆਲਮਗੀਰ)।

16 ਪੋਹ ਚਨਾਲੋਂ, ਮੋਹੀ। 

17 ਪੋਹ ਹੇਹਰਾਂ ਤੋਂ ਚੱਲ ਕੇ ਰਾਏਕੋਟ ਪਹੁੰਚੇ। 

18 ਪੋਹ ਰਾਏਕੋਟ ਠਹਿਰੇ। 

19 ਪੋਹ ਲੰਮੇ ਜੱਟ ਪੁਰੇ। 

20 ਪੋਹ ਮਧੇਅ, 20 ਪੋਹ ਰਾਤ ਭਦੌੜ ਠਹਿਰੇ। 

21 ਪੋਹ ਦੀਨੇ (22 ਪੋਹ ਨੂੰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੀਨੇ ਤੋਂ ਜ਼ਫਰਨਾਮਾ ਲੇ ਕੇ ਔਰੰਗਜ਼ੇਬ ਨੂੰ ਮਿਲਣ ਗਏ)।

26 ਪੋਹ ਭਗਤਾ ਠਹਿਰੇ। 

27 ਪੋਹ ਬਰਗਾੜੀ, ਬਹਿਬਲ, ਸਰਾਵਾਂ। 

28 ਪੋਹ ਕੋਟਕਪੂਰਾ, ਢਿਲਵਾਂ ਠਹਿਰੇ ਰਾਤ। 

29 ਪੋਹ ਜੈਤੋ, ਰਾਮੇਆਣਾ ਠਹਿਰੇ। 

30 ਪੋਹ ਰੂਪਾਣਾ ਤੇ ਖਿਦਰਾਣੇ ਦੀ ਢਾਬ ’ਤੇ ਜੰਗ।

1 ਮਾਘ ਸ਼ਹੀਦ ਸਿੰਘਾਂ ਦਾ ਸਸਕਾਰ ਕੀਤਾ ਗਿਆ।

  ਦੂਜੇ ਪਾਸੇ, ਸਰਸਾ ਨਦੀ ਦੇ ਕੰਢੇ ’ਤੇ ਹੋਈ ਜੰਗ ਦੌਰਾਨ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਤੋਂ ਵਿੱਛੜਨ ਵਾਲੇ ਸਿੰਘ ਆਪਣੇ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗਲ ਫੌਜਾਂ ਵੱਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖ਼ਬਰਾਂ ਸੁਣ ਕੇ ਉਨ੍ਹਾਂ ਸਿੰਘਾਂ ਦੀ ਜ਼ਮੀਰ ਨੇ ਵੀ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੰਘ ਮੁੜ ਤੋਂ ਗੁਰੂ ਜੀ ਲਈ ਲੜ-ਮਰਨ ਵਾਸਤੇ ਚੱਲ ਪਏ। ਮਾਈ ਭਾਗੋ ਮਰਦਾਵੇਂ ਵੇਸ ਵਿਚ ਇਨ੍ਹਾਂ ਦੇ ਨਾਲ ਸੀ। ਰਸਤੇ ਵਿੱਚ ਇਨ੍ਹਾਂ ਸਿੰਘਾਂ ਨੂੰ ਗੁਰੂ ਜੀ ਦੇ ਸ੍ਰੀ ਆਨੰਦਪੁਰ ਸਾਹਿਬ ਛੱਡਣ, ਚਮਕੌਰ ਦੀ ਜੰਗ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ, ਸਿੰਘਾਂ ਦਾ ਖ਼ੂਨ ਹੋਰ ਵੀ ਖ਼ੌਲ ਪਿਆ ਅਤੇ ਉਹ ਪੁੱਛਦੇ-ਪੁਛਾਂਦੇ ਜਿੱਧਰ ਨੂੰ ਗੁਰੂ ਜੀ ਗਏ ਸਨ, ਮਗਰੇ ਮਗਰ ਤੁਰ ਪਏ।

ਓਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਹਰ, ਲੰਮੇ, ਰਾਇਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪੁੱਜੇ ਤਾਂ ਪਤਾ ਲੱਗਾ ਕਿ ਸੂਬਾ ਸਰਹੰਦ ਭਾਰੀ ਲਾਓ-ਲਸ਼ਕਰ ਨਾਲ ਆਪ ਜੀ ਦਾ ਪਿੱਛਾ ਕਰਦਾ ਹੋਇਆ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਮਾਝੇ ਦੇ ਸਿੰਘਾਂ ਦਾ ਜੱਥਾ ਜਦੋਂ ਕਲਗੀਧਰ ਪਾਤਸ਼ਾਹ ਦੀ ਭਾਲ਼ ਕਰਦਾ ਹੋਇਆ ਖਿਦਰਾਣੇ ਦੀ ਢਾਬ ਪਾਸ ਪੁੱਜਾ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖ਼ਾਨ ਦੀ ਸੈਨਾ ਦੇ ਪੁੱਜਣ ਦੀ ਖ਼ਬਰ ਮਿਲੀ, ਜਿਸ ’ਤੇ ਸਿੰਘਾਂ ਨੇ ਆਪੋ-ਆਪਣੇ ਮੋਰਚੇ ਸੰਭਾਲ਼ ਲਏ। ਸਿੰਘਾਂ ਦੀ ਯੁੱਧ ਨੀਤੀ ਪੂਰੀ ਤਰ੍ਹਾਂ ਸਫਲ ਰਹੀ ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਮੁਗ਼ਲ ਫੌਜ ਵੀ ਸਾਰੀ ਉਸੇ ਪਾਸੇ ਝੁਕ ਗਈ। ਉਧਰ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਜੀ ਦੀ ਅਗਵਾਈ ਹੇਠ ਸਿੰਘਾਂ ਨੇ ਇਕ ਦਮ ਦੁਸ਼ਮਣ ਫੌਜ਼ਾਂ ’ਤੇ ਹੱਲਾ ਬੋਲ ਦਿੱਤਾ। ਸੈਂਕੜੇ ਮੁਗ਼ਲ ਸੈਨਿਕ ਮਾਰੇ ਗਏ। ਦਸਮ ਪਿਤਾ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣਾਂ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਟ ਚੜ੍ਹਦੇ ਗਏ। ਬਹਾਦਰ ਸਿੰਘ ਤਲਵਾਰਾਂ ਲੈ ਕੇ ਮੁਗ਼ਲਾਂ ਉੱਤੇ ਟੁੱਟ ਪਏ। ਮੁਗ਼ਲਾਂ ਦੇ ਮੈਦਾਨੋਂ ਭੱਜ ਜਾਣ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਰਣਭੂਮੀ ਵਿੱਚ ਆ ਕੇ ਵੇਖਿਆ ਕਿ ਢਾਬ ਦੇ ਕੰਢੇ ਜ਼ਖਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜ਼ਖਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਨੂੰ ਵੇਖਿਆ ਤੇ ਦੀਨ ਦੁਨੀ ਦੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਨਿਵਾਇਆ। ਮਾਤਾ ਭਾਗੋ ਨੇ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਪਾਤਸ਼ਾਹ ਨੇ ਜੰਗ ’ਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜ਼ਾਰੀ, ਸੱਤ ਹਜ਼ਾਰੀ, ਦਸ ਹਜ਼ਾਰੀ ਆਦਿ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ ਕਮਲਾਂ ਨਾਲ ਪਲੋਸਿਆ। ਏਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੀ ਨਜ਼ਰੀਂ ਪਿਆ। ਪਾਤਸ਼ਾਹ ਨੇ ਉਸ ਦੇ ਸੀਸ ਨੂੰ ਜਦੋਂ ਗੋਦ ਵਿਚ ਲਿਆ ਅਤੇ ਉਸ ਦਾ ਮੂੰਹ ਪੂੰਝਿਆ ਤਾਂ ਉਸ ਦੀਆਂ ਕੁਝ ਅੱਖਾਂ ਖੁੱਲ੍ਹੀਆਂ। ਜਿਸ ਗੁਰੂ ਜੀ ਦਾ ਧਿਆਨ ਉਸ ਨੇ ਆਪਣੇ ਹਿਰਦੇ ਧਾਰਿਆ ਸੀ, ਉਨ੍ਹਾਂ ਦੀ ਗੋਦ ’ਚ ਆਪਣੇ ਆਪ ਨੂੰ ਪਿਆ ਵੇਖ ਕੇ ਅਨੰਦਿਤ ਹੋ ਗਿਆ। ਕਲਗੀਧਰ ਪਾਤਸ਼ਾਹ ਗੋਦੀ ’ਚ ਲਏ ਭਾਈ ਮਹਾਂ ਸਿੰਘ ਦਾ ਅੰਤਮ ਸਮਾਂ ਨੇੜੇ ਆਉਂਦਾ ਵੇਖ ਉਸ ਦੇ ਜੀਵਨ ਦੀ ਕੋਈ ਇੱਛਾ ਬਾਰੇ ਜਦ ਪੁੱਛਿਆ, ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ‘ਉਤਮ ਭਾਗ ਹਨ, ਅੰਤ ਸਮੇਂ ਆਪ ਦੇ ਦਰਸ਼ਨ ਹੋ ਗਏ, ਸਭ ਇੱਛਾਂ ਪੂਰੀਆਂ ਹੋ ਗਈਆਂ ਹਨ। ਜੇ ਆਪ ਤੁੱਠੇ ਹੋ ਤਾਂ ਕਿਰਪਾ ਕਰੋ ਕਿ ਸਮੇਂ ਦੇ ਗੇੜ ਅਤੇ ਬਿਖੜੇ ਹਾਲਤਾਂ ਕਾਰਨ ਅਸੀਂ ਆਪ ਜੀ ਤੋਂ ਵਿੱਛੜ ਗਏ ਸਾਂ ਉਸ ਨੂੰ ਨਾ ਚਿਤਾਰਦੇ ਹੋਏ ਸਾਨੂੰ ਬਖ਼ਸ਼ ਕੇ ਟੁੱਟੀ ਗੰਢ ਲਉ।’ ਪਾਤਸ਼ਾਹ ਨੇ ਭਾਈ ਮਹਾਂ ਸਿੰਘ ਦੀ ਭਾਵਨਾ ਅਨੁਸਾਰ ਬਖ਼ਸ਼ਸ਼ ਕੀਤੀ ਅਤੇ ਭਾਈ ਮਹਾਂ ਸਿੰਘ ਨੇ ਗੁਰੂ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਸਵਾਸ ਤਿਆਗ ਦਿੱਤੇ। ਸ਼ਹੀਦ ਹੋਏ ਸਿੰਘਾਂ ਦਾ ਸਸਕਾਰ ਕਰਵਾ ਕੇ ਗੁਰੂ ਸਾਹਿਬ ਨੇ ‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’ ਦੇ ਸਿਧਾਂਤ ਨੂੰ ਅਮਲੀ ਰੂਪ ਦਿੰਦਿਆਂ ਢਾਬ ਨੂੰ ਮੁਕਤੀ ਦਾ ਸਰ (ਸਰੋਵਰ) ਹੋਣ ਦਾ ਵਰਦਾਨ ਦੇ ਦਿੱਤਾ। ਅੱਜ ਇਹ ਸਥਾਨ ਸੰਸਾਰ ਭਰ ’ਚ ‘ਮੁਕਤਸਰ’ ਦੇ ਨਾਮ ਨਾਲ ਪ੍ਰਸਿੱਧ ਹੈ। ਮੁਕਤਸਰ ਦਾ ਇਤਿਹਾਸ ਅੱਜ ਵੀ ਸਾਨੂੰ ਚਾਲੀ ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ੍ਹ ਕਰਾਉਂਦਾ ਹੈ। 

ਦਮਦਮਾ ਸਾਹਿਬ ਤਲਵੰਡੀ ਸਾਬੋ

ਮੁਕਤਸਰੋਂ ਦਮਦਮਾ ਸਾਹਿਬ ਸਿਧਾ ਪੰਧ 48 ਕੁ ਮੀਲ ਹੈ ਪਰ ਛੋਟੇ ਛੋਟੇ ਪੜਾਉ ਕਰਦੇ ਅਤੇ ਰਾਹ ਵਿੱਚ ਲੋੜ ਅਨੁਸਾਰ ਠਹਿਰਦੇ ਜਾਣ ਨਾਲ ਗੁਰੂ ਸਾਹਿਬ ਦਮਦਮਾ ਸਾਹਿਬ 20-21 ਜਨਵਰੀ 1706 ਈ: ਦੇ ਨੇੜੇ ਤੇੜੇ ਪੁੱਜੇ। 31 ਦਸੰਬਰ ਤੋਂ 20-21 ਜਨਵਰੀ ਤਕ 21-22 ਦਿਨ ਮੁਕਤਸਰੋਂ ਦਮਦਮੇ ਸਾਹਿਬ ਤੱਕ ਸਫਰ ਵਿਚ ਲੱਗ ਗਏ। ਮੌਜੂਦਾ ਬਠਿੰਡੇ ਦਾ ਇਲਾਕਾ ਤਲਵੰਡੀ ਸਾਬ੍ਹੋ, ਮੁਲਤਾਨ ਦੇ ਪਰਗਣੇ ਅਧੀਨ ਸੀ ਜਿਸ ਕਾਰਨ ਸਰਹੰਦ ਦਾ ਨਵਾਬ ਇਸ ਇਲਾਕੇ ਵਿਚ ਸਿੱਧਾ ਦਖ਼ਲ ਨਹੀਂ ਦੇ ਸਕਦਾ ਸੀ। ਚੌਧਰੀ ਡੱਲੇ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਅਤੇ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਜੋ ਘਟਨਾਵਾਂ ਗੁਰੂ ਜੀ ਨਾਲ ਵਾਪਰੀਆਂ ਉਨ੍ਹਾਂ ਦਾ ਸਾਰਾ ਵਿਸਥਾਰ ਸੁਣਿਆ। ਰੋਹ ਵਿੱਚ ਆਏ ਚੌਧਰੀ ਡੱਲੇ ਨੇ ਕਿਹਾ ਗੁਰੂ ਜੀ ਜੇ ਤੁਸੀਂ ਉਸ ਸਮੇਂ ਮੈਨੂੰ ਯਾਦ ਕਰ ਲੈਂਦੇ ਤਾਂ ਮੇਰੇ ਬਹਾਦਰ ਜਵਾਨਾਂ ਨੇ ਮੁਗਲਾਂ ਦੇ ਐਸੇ ਦੰਦ ਖੱਟੇ ਕਰਨੇ ਸਨ ਕਿ ਨਾ ਅਨੰਦਪੁਰ ਛੱਡਣਾ ਪੈਂਦਾ ਤੇ ਨਾ ਹੀ ਸਾਹਿਬਜ਼ਾਦੇ ਸ਼ਹੀਦ ਹੁੰਦੇ। ਗੁਰੂ ਜੀ ਨੇ ਵੇਖਿਆ ਕਿ ਡੱਲੇ ਦੇ ਮਨ ਵਿੱਚ ਕੁਝ ਹਉਮੈ ਉਪਜਣ ਲੱਗੀ ਹੈ। ਕੁਝ ਦਿਨਾਂ ਬਾਅਦ ਇੱਕ ਸਿੰਘ ਨਵੀਂ ਬੰਦੂਕ ਲੈ ਕੇ ਹਾਜ਼ਰ ਹੋਇਆ ਤੇ ਉਸ ਨੇ ਬੰਦੂਕ ਦੇ ਕਈ ਗੁਣ ਦੱਸੇ। ਗੁਰੂ ਸਾਹਿਬ ਜੀ ਨੇ ਚੌਧਰੀ ਡੱਲੇ ਨੂੰ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਆਪਣਾ ਇੱਕ ਜੁਆਨ ਲਿਆਉਣ ਲਈ ਕਿਹਾ ਤਾਂ ਡੱਲੇ ਸਮੇਤ ਉਸ ਦਾ ਕੋਈ ਵੀ ਸਾਥੀ ਅਣਆਈ ਮੌਤ ਕਬੂਲਣ ਲਈ ਤਿਆਰ ਨਾ ਹੋਇਆ। ਇਸ ਪਿੱਛੋਂ ਆਪਣੇ ਸਿੱਖਾਂ ਨੂੰ ਅਵਾਜ਼ ਦਿੱਤੀ ਤਾਂ ਦੋ ਪਿਉ-ਪੁੱਤਰ ਜਿਨ੍ਹਾਂ ਦਾ ਨਾਮ ਭਾਈ ਵੀਰ ਸਿੰਘ, ਭਾਈ ਧੀਰ ਸਿੰਘ ਸੀ; ਦੌੜ ਕੇ ਇੱਕ ਦੂਸਰੇ ਤੋਂ ਅੱਗੇ ਹੋ ਕੇ ਖੜ੍ਹਨ ਲਈ ਤਿਆਰ ਹੋਏ। ਇੱਕ ਕਹੇ ਮੈਂ ਪਹਿਲਾਂ ਅਵਾਜ਼ ਸੁਣੀ ਹੈ ਇਸ ਲਈ ਨਿਸ਼ਾਨਾ ਮੇਰੇ ’ਤੇ ਪਰਖਿਆ ਜਾਵੇ ਦੂਸਰਾ ਕਹੇ ਮੈਂ ਪਹਿਲਾਂ ਪਹੁੰਚਿਆ ਹਾਂ ਇਸ ਲਈ ਨਿਸ਼ਾਨਾ ਮੇਰੇ ’ਤੇ ਪਹਿਲਾਂ ਪਰਖਿਆ ਜਾਵੇ। ਸਿੱਖਾਂ ਦਾ ਸਿਦਕ ਵੇਖ ਕੇ ਡੱਲਾ ਬਹੁਤ ਹੀ ਹੈਰਾਨ ਹੋਇਆ ਤੇ ਉਸ ਦਾ ਹੰਕਾਰ ਟੁੱਟ ਗਿਆ; ਇਸ ਲਈ ਗੁਰੂ ਜੀ ਦੇ ਚਰਨੀਂ ਪੈ ਕੇ ਬੇਨਤੀ ਕੀਤੀ ਕਿ ‘ਗੁਰੂ ਜੀ ਤੁਸੀਂ ਧੰਨ ਹੋ ਤੇ ਧੰਨ ਹਨ ਤੁਹਾਡੇ ਸਿੰਘ। ਮੇਰੇ ’ਤੇ ਵੀ ਕ੍ਰਿਪਾ ਕਰੋ ਤੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ ਤਾਂ ਕਿ ਮੇਰੀ ਸਾਂਝ ਵੀ ਆਪ ਜੀ ਨਾਲ ਇਨ੍ਹਾਂ ਵਾਂਗ ਪੱਕੀ ਬਣ ਜਾਵੇ।’

ਡੱਲੇ ਨੇ ਪਰਿਵਾਰ ਸਮੇਤ ਅੰਮ੍ਰਿਤ ਛਕਿਆ ਤੇ ਚੌਧਰੀ ਡੱਲੇ ਤੋਂ ਭਾਈ ਡੱਲ ਸਿੰਘ ਬਣ ਗਿਆ। ਭਾਈ ਡੱਲ ਸਿੰਘ ਨੂੰ ਵਜ਼ੀਰ ਖ਼ਾਂ ਨੇ ਇਹ ਸੁਨੇਹਾ ਵੀ ਭੇਜਿਆ ਸੀ ਕਿ ਉਹ ਗੁਰੂ ਜੀ ਨੂੰ ਆਪਣੇ ਕੋਲ ਨਾ ਰੱਖੇ ਅਤੇ ਮੇਰੇ ਹਵਾਲੇ ਕਰ ਦੇਵੇ। ਭਾਈ ਡੱਲੇ ਨੇ ਵਜ਼ੀਰ ਖ਼ਾਂ ਦੀ ਇਸ ਬਦਨੀਤੀ ਭਰੀ ਸਲਾਹ ਦਾ ਬੁਰਾ ਹੀ ਨਹੀਂ ਮਨਾਇਆ ਸੀ ਸਗੋਂ ਮੋੜਵਾਂ ਤੇ ਠੋਕਵਾਂ ਉੱਤਰ ਵੀ ਦਿੱਤਾ ਸੀ। ਇਹ ਅੰਮ੍ਰਿਤ ਦੀ ਹੀ ਸ਼ਕਤੀ ਸੀ ਜਿਸ ਨੇ ਭਾਈ ਡੱਲ ਸਿੰਘ ਵਿੱਚ ਐਸੀ ਜੁਰਅਤ ਭਰੀ।

ਬਹੁਤੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਸਥਾਨ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਾਰੀ ਭਾਈ ਮਨੀ ਸਿੰਘ ਜੀ ਰਾਹੀਂ ਸੰਪੂਰਨ ਗ੍ਰੰਥ ਸਾਹਿਬ ਜ਼ਬਾਨੀ ਉਚਾਰ ਕੇ ਲਿਖਵਾਇਆ ਕਿਉਂਕਿ ਧੀਰਮੱਲੀਆਂ ਨੇ ਅਸਲੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਰਤਾਰਪੁਰੀ ਬੀੜ ਨਾਲੋਂ ਸਿਰਫ਼ ਇੱਕ ਅੱਖਰ ‘‘ਕਹੁ ਕਬੀਰ  ! ਜਨ ਭਏ ਖਲਾਸੇ; ਪ੍ਰੇਮ ਭਗਤਿ ਜਿਹ ਜਾਨੀ ॥’’ ਨੂੰ ਬਦਲ ਕੇ ‘‘ਕਹੁ ਕਬੀਰ  ! ਜਨ ਭਏ ਖਾਲਸੇ; ਪ੍ਰੇਮ ਭਗਤਿ ਜਿਹ ਜਾਨੀ ॥’’ ਕੀਤਾ ਗਿਆ ਅਤੇ ਬਾਕੀ ਤਮਾਮ ਅੱਖਰ ਕਰਤਾਰਪੁਰੀ ਬੀੜ ਨਾਲ ਮੇਲ਼ ਖਾਂਦੇ ਹਨ। ਇਨ੍ਹਾਂ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾ ਕੇ ਬੀੜ ਨੂੰ ਸੰਪੂਰਨਤਾ ਬਖ਼ਸ਼ੀ, ਪਰ ਕੁਝ ਵਿਦਵਾਨ ਇਹ ਗੱਲ ਮੰਨਣ ਲਈ ਤਿਆਰ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਵੇਲੇ ਤੱਕ ਕਰਤਾਰਪੁਰੀ ਬੀੜ ਦੇ ਕਈ ਉਤਾਰੇ ਹੋ ਚੁੱਕੇ ਸਨ ਜਿਨ੍ਹਾਂ ਵਿੱਚੋਂ ਇੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ ਵੀ ਮੌਜੂਦ ਸੀ ਅਤੇ ਉਨ੍ਹਾਂ ਦਮਦਮਾ ਸਾਹਿਬ ਜੋ ਅਨੰਦਪੁਰ ਸਾਹਿਬ ਵਿੱਚ ਸਥਿਤ ਹੈ; ਵਿਖੇ ਖੁਦ ਆਪਣੀ ਮੌਜੂਦਗੀ ਵਿੱਚ ਹੀ ਆਪਣੀ ਬਾਣੀ ਦਰਜ ਕਰਵਾ ਦਿੱਤੀ ਸੀ। ਇਨ੍ਹਾਂ ਵਿਦਵਾਨਾਂ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬ੍ਹੋ ਵਾਲੇ ਸਥਾਨ ’ਤੇ ਕੇਵਲ ਉਸ ਬੀੜ ਦੇ ਭਾਈ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਜੀ ਰਾਹੀਂ 4 ਉਤਾਰੇ ਕਰਵਾਏ ਸਨ ਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਰਵਣ ਕਰਵਾਈ ਜਾਂਦੀ ਸੀ। 

ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਜੋ ਅਨੰਦਪੁਰ ਸਾਹਿਬ ਤੋਂ ਪਰਿਵਾਰ ਨਾਲੋਂ ਵਿੱਛੜ ਕੇ ਦਿੱਲੀ ਵਿਖੇ ਰਹਿ ਰਹੀਆਂ ਸਨ, ਗੁਰੂ ਸਾਹਿਬ ਜੀ ਦੇ ਬੁਲਾਵੇ ’ਤੇ ਪਹਿਲੀ ਵਾਰ ਦਮਦਮਾ ਸਾਹਿਬ ਤਲਵੰਡੀ ਵਿਖੇ 1706 ਈ: ਦੀ ਵੈਸਾਖੀ ਨੂੰ ਪਹੁੰਚੀਆਂ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। ਉਨ੍ਹਾਂ ਨੂੰ ਚਾਰੇ ਸਾਹਿਬਜ਼ਾਦੇ ਨਜ਼ਰ ਨਾ ਆਏ ਤਾਂ ਪੁੱਛਣ ’ਤੇ ਗੁਰੂ ਸਾਹਿਬ ਜੀ ਨੇ ਭਰੇ ਦੀਵਾਨ ਵਿੱਚ ਬੈਠੇ ਸਿੰਘਾਂ ਵੱਲ ਇਸ਼ਾਰਾ ਕਰਕੇ ਕਿਹਾ ‘‘ਇਨ ਪੁਤਰਨ ਕੇ ਸੀਸ ਪਹਿ, ਵਾਰ ਦੀਏ ਸੁਤ ਚਾਰ॥ ਚਾਰ ਮੂਏ ਤੋ ਕਿਆ ਭਇਆ ? ਜੀਵਤ ਕਈ ਹਜਾਰ॥’’ ਗੁਰੂ ਸਾਹਿਬ ਜੀ ਦੇ ਇਸ ਕਥਨ ਤੋਂ ਪਤਾ ਲਗਦਾ ਹੈ ਕਿ ਉਹ ਆਪਣੇ ਸਹਿਬਜ਼ਾਦਿਆਂ ਤੇ ਸਿੱਖਾਂ ਵਿੱਚ ਕੋਈ ਅੰਤਰ ਨਹੀਂ ਸਮਝਦੇ ਸਨ।

ਦੱਖਣ ਵੱਲ ਕੂਚ ਕਰਨਾ ਅਤੇ ਬਾਬਾ ਬੰਦਾ ਸਿੰਘ ਨਾਲ ਮੇਲ਼

ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬ੍ਹੋ ਦਮਦਮਾ ਸਾਹਿਬ 9 ਮਹੀਨੇ 9 ਦਿਨ ਠਹਿਰੇ ਸਨ ਅਤੇ ਇੱਥੋਂ ਕਤਕ ਸੁਦੀ 5 (29 ਕਤਕ ਸੰਮਤ 1763 ਬਿ:) 30 ਅਕਤੂਬਰ 1706 ਈ: ਦੱਖਣ ਵੱਲ ਚੱਲ ਪਏ। 21 ਫਰਬਰੀ 1707 ਨੂੰ ਔਰੰਗਜ਼ੇਬ ਮਰ ਗਿਆ। ਬਹਾਦਰ ਸ਼ਾਹ ਨੇ ਤਖ਼ਤ ’ਤੇ ਬੈਠਣ ਲਈ ਮੱਦਦ ਮੰਗੀ। ਗੁਰੂ ਜੀ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ ਦੀ ਕਮਾਨ ਹੇਠ ਇੱਕ ਜੱਥਾ ਭੇਜਿਆ। ਗੁਰੂ ਜੀ ਦੀ ਮੱਦਦ ਨਾਲ ਬਹਾਦਰ ਸ਼ਾਹ ਦੀ ਜਿੱਤ ਹੋਈ ਤੇ ਉਹ ਤਖ਼ਤ ’ਤੇ ਬੈਠ ਗਿਆ। ਗੁਰੂ ਜੀ ਉਸ ਵੇਲੇ ਆਗਰੇ ਵਿੱਚ ਸਨ। ਬਹਾਦਰ ਸ਼ਾਹ ਨੇ ਬੜੇ ਸਤਿਕਾਰ ਨਾਲ ਕੀਮਤੀ ਭੇਟਾਵਾਂ ਗੁਰੂ ਜੀ ਨੂੰ ਪੇਸ਼ ਕੀਤੀਆਂ ਤੇ ਅਗਸਤ 1707 ਤੋਂ ਅਗਸਤ 1708 ਤੱਕ ਗੁਰੂ ਜੀ ਨਾਲ ਰਹੇ। ਬਾਦਸ਼ਾਹ ਬਹਾਦਰ ਸ਼ਾਹ 24 ਅਗਸਤ 1708 ਨੂੰ ਦਰਿਆ ਬਾਣ ਗੰਗਾ ਪਾਰ ਕਰ ਕੇ ਅੱਗੇ ਨਿਕਲ ਗਿਆ ਅਤੇ ਗੁਰੂ ਸਾਹਿਬ, ਨੰਦੇੜ ਵਿੱਚ ਰੁਕ ਗਏ। ਗੁਰੂ ਸਾਹਿਬ ਨੇ ਫ਼ੈਸਲਾ ਕੀਤਾ ਕਿ ਬਾਦਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ਼ ਕਾਇਮ ਕੀਤਾ ਜਾਵੇ। ਨੰਦੇੜ ਵਿਖੇ ਗੁਰੂ ਜੀ ਦਾ ਮੇਲ਼ 3 ਸਤੰਬਰ, 1708 ਦੇ ਦਿਨ ਮਾਧੋ ਦਾਸ ਬੈਰਾਗੀ (ਮਗਰੋਂ ਬਾਬਾ ਬੰਦਾ ਸਿੰਘ ਬਹਾਦਰ) ਨਾਲ ਹੋਇਆ। ਪੰਜਾਬ ਦੀ ਹਾਲਤ ਬਾਰੇ ਅਤੇ ਮੁਗ਼ਲ ਹਾਕਮਾਂ ਦੀਆਂ ਕਰਤੂਤਾਂ ਸੁਣ ਕੇ ਬੰਦਾ ਸਿੰਘ ਨੇ ਗੁਰੂ ਜੀ ਤੋਂ ਪੰਜਾਬ ਜਾ ਕੇ ਦੁਸ਼ਟਾਂ ਨੂੰ ਸੋਧਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਜੀ ਨੇ ਪੰਜ ਤੀਰ, ਇੱਕ ਨਗਾਰਾ, ਇੱਕ ਨਿਸ਼ਾਨ ਸਾਹਿਬ ਬਖ਼ਸ਼ ਕੇ 5 ਮੁਖੀਏ ਸਿੰਘਾਂ (ਬਾਬਾ ਬਿਨੋਦ ਸਿੰਘ, ਕਾਨ੍ਹ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਬਿਜੈ ਸਿੰਘ) ਦੀ ਅਗਵਾਈ ਹੇਠ 25 ਸਿੰਘਾਂ ਦੇ ਜੱਥੇ ਨਾਲ ਅਸ਼ੀਰਵਾਦ ਦੇ ਕੇ ਪੰਜਾਬ ਵੱਲ ਤੋਰ ਦਿੱਤਾ।

ਚਲਦਾ

ਨਬੀ ਅਸਤ-ਨਬੀ ਅਸਤ

0

ਨਬੀ ਅਸਤ-ਨਬੀ ਅਸਤ

ਪ੍ਰਿੰਸੀਪਲ ਸਤਿਨਾਮ ਸਿੰਘ, ਹਮਰਾਜ਼ ਬਿਨ ਹਮਰਾਜ਼ (ਚੰਡੀਗੜ੍ਹ)-98880-47979

ਮੁਗਲ ਫ਼ੌਜ ਦਾ ਸਿਪਾ-ਸਲਾਰ ਸੈਦ ਖਾਂ ਇੱਕ ਵੱਡੇ ਪੱਥਰ ਦਾ ਢਾਸਣਾ ਲਗਾ ਕਿਸੇ ਡੂੰਘੀ ਸੋਚ ਵਿੱਚ ਡੁੱਬਾ, ਚਾਂਦਨੀ ਰਾਤ ਵਿੱਚ ਕਿਲ੍ਹਾ ਅਨੰਦਗੜ੍ਹ ਅਤੇ ਉਸ ਦੇ ਪਿੱਛੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਅਲੌਕਿਕ ਨਜ਼ਾਰੇ ’ਤੇ ਟਿਕ ਟਿਕੀ ਲਗਾਈ ਬੈਠਾ ਸੀ। ਪਿਛਲੇ ਕਈ ਦਿਨਾਂ ਤੋਂ ਮੁਗਲ ਫ਼ੌਜ ਦਾ ਟਿੱਡੀ ਦਲ ਕਿਲ੍ਹੇ ਤੇ ਮੁਗਲਈ ਪਰਚਮ ਲਹਿਰਾਉਣ ਦੀ ਲਾਲਸਾ ਵਿੱਚ ਅਗੇ ਵਧਦਾ ਸੀ ਪਰ ਮੁੱਠੀ ਭਰ ਨਾਨਕ ਨਾਮ ਲੇਵਾ ਮਰਜੀਵੜਿਆਂ ਤੋਂ ਮੂੰਹ ਦੀ ਖਾ, ਦੁੰਮ ਦਬਾ ਫਿਰ ਆਪਣੇ ਖੇਮਿਆਂ ਵਿੱਚ ਜਾ ਸਿਰ ਛੁਪਾਉਂਦਾ ਸੀ। ਸੈਦ ਖਾਂ ਬਾਰ ਬਾਰ ਇਹੀ ਸੋਚ ਰਿਹਾ ਸੀ ਕਿ ਆਖਰ ਕਿਲ੍ਹੇ ਅੰਦਰ ਐਸੀ ਕਿਹੜੀ ਖੁਦਾਈ ਸ਼ਕਤੀ ਹੈ, ਜੋ ਸਲਤਨਤੇ-ਹਿੰਦ ਦੇ ਸ਼ਕਤੀਸ਼ਾਲੀ ਬਾਦਸ਼ਾਹ ਆਲਮਗੀਰ ਔਰੰਗਜ਼ੇਬ ਦੇ ਲਾਹੋ-ਲਸ਼ਕਰ ਦਾ ਪਿਛਲੇ ਕਈ ਦਿਨਾਂ ਤੋਂ ਮੂੰਹ ਭੰਨ ਰਹੀ ਹੈ। ਕਦੀ ਖਿਆਲ ਆਪਣੇ ਦੁਲਹਾ ਭਾਈ ਪੀਰ ਬੁਧੂ ਸ਼ਾਹ ਵਲ ਮੁੜ ਜਾਂਦਾ। ਪਤਾ ਨਹੀਂ ਪੀਰ ਜੀ ਵਰਗਾ ਉੱਚੀ ਅਵਸਥਾ ਦਾ ਮਾਲਕ ਆਪਣੇ ਪੁੱਤਰਾਂ ਤੇ ਚੇਲਿਆਂ ਸਣੇ ਕਿਉਂ ਉਸ ਕਾਫਰ ਗੁਰੂ ਦੇ ਚਰਨਾਂ ਦੀ ਖਾਕ ਜਾ ਬਣਿਆ ਹੈ। ਕਈ ਵਾਰ ਪੀਰ ਜੀ ਤੋਂ ਪੁੱਛਿਆ ਵੀ ਕਿ ਆਖਰ ਐਸੀ ਕਿਹੜੀ ਗੱਲ ਹੈ ਉਸ ਕਾਫ਼ਰ ਗੁਰੂ ਵਿੱਚ ? ਹਰ ਵਾਰ ਪੀਰ ਜੀ ਮੁਸਕਰਾ ਕੇ ਇੱਕੋ ਹੀ ਜੁਆਬ ਦਿੰਦੇ, ਸਾਲੇ-ਭਾਈ ਜਦ ਸਾਹਮਣਾ ਹੋਵੇਗਾ ਤਾਂ ਸਭ ਭਰਮ ਦੂਰ ਹੋ ਜਾਣਗੇ। ਪੀਰ ਜੀ ਕਹਿੰਦੇ ਸੀ ਉਹ ਕਾਫ਼ਰ ਗੁਰੂ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਜਿਹੜਾ ਵੀ ਉਸ ਦਾ ਧਿਆਨ ਧਰਦਾ ਹੈ ਉਸ ਨੂੰ ਦਰਸ਼ਨ ਦੇਂਦਾ ਹੈ। ਜੇ ਐਸਾ ਹੈ ਤਾਂ ਮੈਂ ਵੀ ਤੇ ਐਸ ਵੇਲੇ ਉਸੇ ਨੂੰ ਯਾਦ ਕਰ ਰਿਹਾ ਹਾਂ, ਪਰ ਉਹ ਮੈਨੂੰ ਕਿੰਝ ਦਰਸ਼ਨ ਦੇ ਸਕਦਾ ਹੈ ? ਮੈਂ ਮੋਮਨ ਉਹ ਕਾਫ਼ਰ  ! ਕਲ ਸਵੇਰੇ ਤਾਂ ਉਸ ਨੇ ਮੇਰੇ ਹੱਥੋਂ ਮਾਰੇ ਜਾਣਾ ਹੈ, ਮੈਂ ਤੇ ਉਸ ਨੂੰ ਜ਼ਿਦਾ ਪਕੜ ਬਾਦਸ਼ਾਹ ਹਜ਼ੂਰ ਦੇ ਪੇਸ਼ ਕਰਨਾ ਹੈ। ਮੈਂ ਸਵੇਰੇ ਤੜਕੇ ਹੀ ਫ਼ੌਜਾਂ ਨੂੰ ਹਮਲੇ ਦਾ ਹੁਕਮ ਦੇਣਾ ਹੈ। ਸਭ ਪਾਸਿਓਂ ਇਕੱਠਾ ਹਮਲਾ… ਜ਼ਬਰਦਸਤ ਹਮਲਾ… ਫੜਲੋ ਫੜਲੋ… ਮਾਰ ਦਿਉ… ਬਚ ਕੇ ਨਾ ਜਾਣ… ਤੇ ਫੇਰ ਅਨੰਦਗੜ੍ਹ ਦੇ ਕਿਲ੍ਹੇ ’ਤੇ ਮੈਂ ਆਪਣੇ ਹੱਥੀਂ ਮੁਗਲ ਪਰਚਮ ਲਹਿਰਾਵਾਂਗਾ। ਏਸੇ ਉਧੇੜ ਬੁਣ ਦੇ ਜੁਆਰ-ਭਾਟੇ ਵਿੱਚ ਸੈਦ ਖਾਂ ਕਦੀ ਤੇ ਕਾਫ਼ਰ ਗੁਰੂ ਨੂੰ ਮਾਰਨ ਦੇ ਮਨਸੂਬੇ ਬਣਾਉਂਦਾ ਤੇ ਕਦੀ ਦਿਲ ਦੇ ਕਿਸੇ ਕੋਨੇ ਤੋਂ ਆਪਣੇ ਬਹਿਨੋਈ ਪੀਰ ਜੀ ਦੀਆਂ ਗੱਲਾਂ ਯਾਦ ਕਰ ਓਸੇ ਕਾਫ਼ਰ ਗੁਰੂ ਦੇ ਦਰਸ਼ਨਾਂ ਦੀ ਤਾਂਘ ’ਚ ਪਤਾ ਨਹੀਂ ਕਦ ਸੈਦ ਖਾਂ ਦੀਆਂ ਅੱਖਾਂ ਮੁੰਦ ਗਈਆਂ ਤੇ ਦਿਲ ਦੀ ਗਹਿਰਾਈ ਤੋਂ ਇੱਕ ਵਾਰ ਦਰਸ ਵਿਖਾਉਣ ਦੀ ਅਰਜ਼ ਨਿਕਲ ਗੋਬਿੰਦ ਚਰਨਾਂ ਵਿੱਚ ਜਾ ਪੁਜੀ। ਪੈਰਾਂ ਦੀ ਆਹਟ ਸੁਣ ਸੈਦ ਖਾਂ ਘਬਰਾ ਕੇ ਜਾਗ ਉੱਠਿਆ। ਕੀ ਵੇਖਦਾ ਹੈ ਕਿ ਸਾਹਮਣੇ ਚਿੱਟੀ ਕਲਗੀ, ਹੱਥ ਵਿੱਚ ਬਾਜ਼, ਸੁਨਹਿਰੀ ਚੋਲਾ ਤੇ ਚਿਹਰੇ ਤੇ ਰੱਬੀ ਨੂਰ ਵਾਲਾ ਇੱਕ ਹਥਿਆਰ ਬੰਦ ਯੋਧਾ ਖੜ੍ਹਾ ਮੁਸਕਰਾ ਰਿਹਾ ਹੈ। ਸੈਦ ਖਾਂ ਬੁੱਤ ਬਣ ਡਿਬਰ ਡਿਬਰ ਦੇਖਦਾ ਹੀ ਰਹਿ ਗਿਆ। ਯੋਧਾ ਅੱਗੇ ਵਧਿਆ ਤੇ ਆਪਣੇ ਦੋਵੇਂ ਹੱਥ ਸੈਦ ਖਾਂ ਦੇ ਮੋਢਿਆਂ ’ਤੇ ਟਿਕਾ ਦਿੱਤੇ। ਮਾਨੋ ਸੈਦ ਖਾਂ ਦੇ ਅੰਦਰ ਇੱਕ ਰੂਹਾਨੀ ਲਹਿਰ ਦੌੜ ਗਈ। ਯੋਧੇ ਨੇ ਪਿਆਰ ਨਾਲ ਪਿੱਠ ਥਪ ਥਪਾਈ ਤੇ ਕਿਹਾ ‘ਸਰਦਾਰ ਸੈਦ ਖਾਂ, ਰਾਤ ਖਤਮ ਹੋਣ ਵਾਲੀ ਹੈ, ਯੁੱਧ ਦੀ ਤਿਆਰੀ ਨਹੀਂ ਕਰਨੀ’। ਸੈਦ ਖਾਂ ਸਰਦਾਰ ਜੋ ਕੁਝ ਹੀ ਪਲ ਪਹਿਲਾਂ ਕਾਫਰ ਗੁਰੂ ਨੂੰ ਪਕੜਣ ਦੇ ਮਨਸੂਬੇ ਬਣਾ ਰਿਹਾ ਸੀ ਆਪ ਮੁਹਾਰੇ ਗੋਬਿੰਦ ਚਰਨਾਂ ’ਤੇ ਢਹਿ ਪਿਆ ਤੇ ਦਰਸ਼ਨ ਕਰ ਨਿਹਾਲ ਹੋਇਆ। ਸੁੱਧ ਦੀ ਨਾ ਸੁੱਧ ਰਹੀ, ਬੁੱਧ ਦੀ ਨਾ ਬੁੱਧ ਰਹੀ। ਦਰਸ਼ਨ ਮਦਹੋਸ਼ ਹੋ ਖੇਮੇ ਵਲ ਸਰਪਟ ਦੋੜਿਆ, ਉੱਚੀ ਉੱਚੀ ਬੜਬੜਾਉਂਦਾ : ਬਿਲਾ ਸ਼ਕੋ ਸ਼ੁਬਾਹ ਨਬੀ ਅਸਤ- ਬਿਲਾ ਸ਼ਕੋ ਸ਼ੁਬਾਹ ਨਬੀ ਅਸਤ, ਨਬੀ ਅਸਤ ਨਬੀ ਅਸਤ, ਨਬੀ ਅਸਤ ਨਬੀ।

ਅਬ ਗੁਰ ਰਾਮਦਾਸ ਕਉ ਮਿਲੀ ਬਡਾਈ

0

ਅਬ ਗੁਰ ਰਾਮਦਾਸ ਕਉ ਮਿਲੀ ਬਡਾਈ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਗੁਰੂ ਨਾਨਕ ਸਾਹਿਬ ਜੀ ਨੇ ‘ਸਚ ਨਾਮ ਧਰਮ’ ਦੀ ਨੀਂਹ ਰੱਖੀ, ਜਿਸ ਦਾ ਪ੍ਰਚਾਰ ਪ੍ਰਸਾਰ ਵੀ ਆਪਣੇ ਸਮੇਂ ਵਿੱਚ ਉਦਾਸੀਆਂ ਰਾਹੀਂ ਕਰਕੇ ਧਰਮ ਪ੍ਰਚਾਰ ਕਰਨ ਦੇ ਪੂਰਨੇ ਪਾਏ।  ਆਪ ਜੀ ਵਲੋਂ ਉਚਾਰੀ ਬਾਣੀ ਦਾ ਖਜ਼ਾਨਾ ਪੋਥੀ ਸਾਹਿਬ ਦੇ ਰੂਪ ਵਿੱਚ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ (ਭਾਈ ਲਹਿਣਾ) ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤਾ ਗਿਆ। ਇਸ ਤਰ੍ਹਾਂ ਇਹ ਸਿਲਸਿਲਾ ਅਗੋਂ ਵਧਦਾ ਗਿਆ ਗੁਰੂ ਅਮਰਦਾਸ ਜੀ ਨੇ ‘‘ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ॥’’ (ਬਾਬਾ ਸੁੰਦਰ/੯੨੩) ਦੇ ਸਿਧਾਂਤ ਅਨੁਸਾਰ ਸ਼ਬਦ ਰੂਪ ਤਿਲਕ ਦੇ ਕੇ ਭਾਈ ਜੇਠਾ ਜੀ ਨੂੰ ਨਿਵਾਜਿਆ।  ਸੰਸਾਰ ਵਿੱਚ ‘‘ਅਬ ਗੁਰ ਰਾਮਦਾਸ ਕਉ; ਮਿਲੀ ਬਡਾਈ ॥’’ (ਭੱਟ ਕੀਰਤ/੧੪੦੬) ਉਜਾਗਰ ਹੋ ਗਈ।  ਜਿਨਾਂ ਨੇ ਤਕਰੀਬਨ 1541 ਤੋਂ 1574 ਤੱਕ ਲਗਾਤਾਰ 33 ਸਾਲ ‘‘ਅਬ, ਹਮ ਚਲੀ ਠਾਕੁਰ ਪਹਿ; ਹਾਰਿ ॥  ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ ਭਾਵੈ ਮਾਰਿ ॥’’ (ਮ: ੪/੫੨੭) ਦੀ ਭਾਵਨਾ ਨਾਲ ਸੇਵਾ ਕਰਨ ਦੀ ਅਸਲ ਮਿਸਾਲ ਪੈਦਾ ਕੀਤੀ ਭਾਵੇਂ ਆਪ ਜੀ, ਰਿਸ਼ਤੇ ਵਿੱਚ ਗੁਰੂ ਅਮਰਦਾਸ ਜੀ ਦੇ ਦਾਮਾਦ ਲਗਦੇ ਸਨ, ਪਰ ਦੁਨੀਆਦਾਰੀ ਤੋਂ ਉੱਪਰ ਉੱਠ ਕੇ ‘‘ਪ੍ਰਭ ਕੇ ਚਾਕਰ ਸੇ ਭਲੇ ॥’’ (ਮ: ੫/੨੧੧) ਦੀ ਕਾਰ ਨੂੰ 1574 ਤੋਂ 1581 ਈ. ਤੱਕ ਦੇ ਗੁਰਿਆਈ ਕਾਲ ਵਿੱਚੋਂ ਨਿਭਾਇਆ ਤੇ ਆਪਣੇ ਇਸ ਗੁਰਿਆਈ ਸਮੇਂ ਵਿੱਚ ਸਿੱਖ ਧਰਮ ਦਾ ਭਰਮਾ ਫੈਲਾਅ ਹੋਇਆ।

ਧਰਮ ਨੂੰ ਸਥਿਰ ਤੇ ਹਰਮਨ ਪਿਆਰਾ ਬਣਾਉਣ ਲਈ ਧਾਰਮਿਕ ਆਗੂ (ਗੁਰੂ) ਵਿੱਚ ਹੇਠ ਲਿਖੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੋਣੀਆਂ ਅਤਿ ਜ਼ਰੂਰੀ ਹੁੰਦੀਆਂ ਹਨ:

(1). ਉਸ (ਗੁਰੂ) ਧਰਮ ਦੇ ਪੈਰੋਕਾਰਾਂ ’ਚ ਨਿਰੰਤਰ ਵਿਸ਼ਵਾਸ ਦੀ ਮਿਸਾਲ ਕਾਇਮ ਰੱਖਣ ਲਈ ਆਦਰਸ਼ਕ ਜੀਵਨ ਵਾਲਾ ਹੋਵੇ ਤਾਂ ਜੋ ਅਦਰਸ਼ਕ ਸਿੱਖ ਪੈਦਾ ਕੀਤੇ ਜਾ ਸਕਣ।

(2). ਕੌਮ ਨੂੰ ਉਸ ਦੇ ਨਿਤਪ੍ਰਤੀ (ਨਿੱਤਨੇਮ) ਜੀਵਨ ਦੇ ਜ਼ਬਤ (ਮਰਯਾਦਾ) ਵਿੱਚ ਪੱਕਾ ਕੀਤਾ ਜਾਵੇ।

(3). ਧਰਮ ਗ੍ਰੰਥ ਨੂੰ ਉਚੇਰਾ ਕੀਤਾ ਜਾਏ।

(4). ਧਰਮ ਦੀਆਂ ਰਸਮਾਂ ਸੁਚੱਜੀਆਂ ਤੇ ਸਰਲ ਕੀਤੀਆਂ ਜਾਣ।

(5). ਧਰਮ ਅਸਥਾਨ ਤੇ ਗੁਰਧਾਮਾਂ ਦੀ ਮਹਾਨਤਾ ਵਧਾਈ ਜਾਏ।

(6). ਉਸ ਧਰਮ ਦੇ ਵਿੱਦਿਅਕ ਪੱਧਰ ਨੂੰ ਕਾਇਮ ਕੀਤਾ ਜਾਏ।

(7). ਧਰਮ ਦੇ ਵਿਆਖਿਆਕਾਰਾਂ ਦਾ ਸਿੱਕਾ ਦੂਜੀਆਂ ਕੌਮਾਂ ਦੇ ਦਿਲਾਂ ’ਤੇ ਬਿਠਾਇਆ ਜਾਵੇ।

(8). ਧਰਮ ਦੇ ਅਸੂਲ ਸਰਬ ਵਿਆਪੀ ਤੇ ਸਰਬ ਕਾਲੀ ਰੱਖੇ ਜਾਣ।

(9). ਆਪਣੀ ਕੌਮ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਾਲਾ ਹੋਵੇ।

(10). ਵਿਰਸੇ ਵਿੱਚ ਮਿਲੀ ਵਿਰਾਸਤ ਦੀ ਸੰਭਾਲ ਸੁਚੱਜੇ ਢੰਗ ਨਾਲ ਕਰਨ ਲਈ ਤੱਤਪਰ ਰਹਿਣਵਾਲਾ ਹੋਵੇ।

ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਜੀਵਨ, ਇਤਿਹਾਸ ਤੇ ਉਨ੍ਹਾਂ ਦੁਆਰਾ ਰਚਿਤ ਬਾਣੀ (ਰਚਨਾ) ਪੜ੍ਹਦੇ ਹਾਂ ਤਾਂ ਉਪਰੋਕਤ ਸਾਰੇ ਗੁਣ ਉਨ੍ਹਾਂ ਵਿੱਚ ਪ੍ਰਤੱਖ ਨਜ਼ਰ ਆਉਂਦੇ ਹਨ।  ਗੁਰੂ ਪ੍ਰਤੀ ਸ਼ਰਧਾ ਦੀ ਗੱਲ ਕਰੀਏ ਤਾਂ ‘‘ਅਬ ਹਮ ਚਲੀ; ਠਾਕੁਰ ਪਹਿ ਹਾਰਿ ॥  ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ ਭਾਵੈ ਮਾਰਿ ॥ (ਮ: ੪/੫੨੭), ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ  !  ਸਾ ਬਿਧਿ ਤੁਮ ਹਰਿ  !  ਜਾਣਹੁ ਆਪੇ ॥ (ਮ: ੪/੧੬੭), ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ;  ਜੈਸੇ ਹਮ ਸਤਿਗੁਰਿ, ਰਾਖਿ ਲੀਏ ਛਡਾਇ ॥ (ਮ: ੪/੧੬੭), ਹਮਰੈ ਮਸਤਕਿ ਦਾਗੁ ਦਗਾਨਾ; ਹਮ ਕਰਜ ਗੁਰੂ ਬਹੁ ਸਾਢੇ ॥’’ (ਮ: ੪/੧੭੧) ਆਦਿ ਬਚਨਾਂ ਤੋਂ ਪਰਤੀਤ ਹੁੰਦਾ ਹੈ ਕਿ ਕਿੰਨੀ ਡੂੰਗੀ ਸ਼ਰਧਾ ਆਪਣੇ (ਨਿੱਜ) ਅਤੇ ਸਿੱਖਾਂ ਅੰਦਰ ਗੁਰੂ ਪ੍ਰਤੀ ਪੈਦਾ ਕੀਤੀ ਗਈ।  ਰੱਬੀ ਸ਼ਰਧਾ ‘‘ਆਪਣਾ ਕੀਤਾ ਕਿਛੂ ਨ ਹੋਵੈ; ਜਿਉ ਹਰਿ ਭਾਵੈ, ਤਿਉ ਰਖੀਐ ॥’’ (ਮ: ੪/੭੩੬) ਤੋਂ ਹੀ ਪਰਤੀਤ ਹੋ ਜਾਂਦਾ ਹੈ।  ਸਾਰਾ ਸਿਖ ਜਗਤ, ਹੁਣ ‘‘ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ ॥….ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮) ਜਾਂ ‘‘ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ, ਜਮ ਤ੍ਰਾਸ ਮਿਟਾਈ ॥  ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ ਰਾਖਹੁ ਸਰਣਾਈ ॥’’ (ਭਟ ਕੀਰਤ/੧੪੦੬) ਲਈ ਬੇਨਤੀ ਕਰਦਾ ਆਪਣੀ ਭਾਵਨਾ ਵਿਅਕਤ ਕਰਦਾ ਹੈ।   ਦੂਸਰਾ ਨੁਕਤਾ ਹੈ ਕਿ ਸਿੱਖਾਂ ਨੂੰ ਅੰਧ ਵਿਸ਼ਵਾਸ ’ਚੋਂ ਕੱਢ ਕੇ ਉਨ੍ਹਾਂ ਅੰਦਰ ਜ਼ਬਤ (ਅਨੁਸ਼ਾਸਨ) ਪੈਦਾ ਕਰਨਾ।  ਆਪ ਜੀ ਪਾ: ੧ ਵਲੋਂ ‘‘ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ।  (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩੧) ਨੂੰ ਸਦੀਵ ਕਾਲ ਨਿਆਰਾ ਸ਼ਪਸ਼ਟ ਕਰਨ ਲਈ, ਸਿੱਖ ਦੀ ਨਿਆਰੀ ਪ੍ਰੀਭਾਸ਼ਾ ਹੀ ਕਾਇਮ ਕਰ ਦਿੱਤੀ ।

‘‘ਗੁਰ ਸਤਿਗੁਰ ਕਾ, ਜੋ ਸਿਖੁ ਅਖਾਏ; ਸੁ, ਭਲਕੇ ਉਠਿ ਹਰਿ ਨਾਮੁ ਧਿਆਵੈ ॥  ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ ਨਾਵੈ ॥  ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥  ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ, ਹਰਿ ਨਾਮੁ ਧਿਆਵੈ ॥  ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ;  ਸੋ ਗੁਰਸਿਖੁ, ਗੁਰੂ ਮਨਿ ਭਾਵੈ ॥  ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ, ਗੁਰੂ ਉਪਦੇਸੁ ਸੁਣਾਵੈ॥  ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਮ: ੪/੩੦੬)

ਧਰਮ ਦੇ ਗ੍ਰੰਥ ਨੂੰ ਉਚੇਰਾ ਕਰਨਾ: ਸਿਖ ਧਰਮ ਵਿੱਚ ਗੁਰ ਸਰੀਰ ਨਹੀਂ ਇਹ ਨੁਕਤਾ ਵੀ ਪਾ: ੧ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਰਾਹੀਂ ਲਾਗੂ ਹੋ ਗਿਆ ਸੀ।  ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਨੇ ਇਸ ਸਿਧਾਂਤ ਨੂੰ ‘‘ਗੁਰਬਾਣੀ; ਇਸੁ ਜਗ ਮਹਿ ਚਾਨਣੁ ..॥’’ (ਮ: ੩/੬੭) ਰਾਹੀਂ ਸ਼ਪਸ਼ਟ ਕੀਤਾ ਗੁਰੂ ਰਾਮਦਾਸ ਜੀ ਨੇ ਬਿਲਕੁਲ ਮੋਹਰ ਬੀਜ ਸਿਧਾਂਤ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥’’ (ਮ: ੪/੯੮੨) ਦੁਆਰਾ ਸ਼ਬਦ ਨੂੰ ਗੁਰੂ ਮੰਨਣ ਦੀ ਹੀ ਤਾਕੀਦ ਕਰ ਦਿੱਤੀ।  ਆਪ ਜੀ ਨੇ ਜਿੱਥੇ 30 ਰਾਗਾਂ ਵਿੱਚ ਸ਼ਬਦ, ਛੰਤ ਅਸਟਪਦੀਆਂ ਦਰਜ ਕਰਵਾਏ ਉੱਥੇ ਨਾਲ ਹੀ ਅੱਠ ਵਾਰਾਂ ਉਚਾਰਨ ਕੀਤੀਆਂ। ਵਿਦਵਾਨ ਸੱਜਣ ਇਹ ਵੀ ਮੰਨਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਾਂ ਵਿਚੋਂ ਦੇਵਗੰਧਾਰੀ, ਬਿਹਾਗੜਾ, ਬੈਰਾੜੀ, ਨਟ ਨਰਾਇਣ ਤੇ ਕਲਿਆਣ ਰਾਗ ਗੁਰੂ ਰਾਮਦਾਸ ਜੀ ਦੀ ਹੀ ਦੇਣ ਹਨ।  ਜਦੋਂ 1604 ਵਿੱਚ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੀ ‘‘ਪੋਥੀ, ਪਰਮੇਸਰ ਕਾ ਥਾਨੁ ॥’’ (ਮ: ੫/੧੨੨੬) ਦਾ ਪਹਿਲਾ ਪ੍ਰਕਾਸ਼ ਹੋਇਆ ਤਦੋਂ ਆਪ ਜੀ ਦੀ ਬਾਣੀ ਸਾਰੇ ਰਾਗਾਂ ਵਿੱਚ ਦਰਜ ਸੀ।

ਧਰਮ ਅਸਥਾਨ ਤੇ ਗੁਰਧਾਮਾਂ ਦੀ ਮਹਾਨਤਾ ਵਧਾਈ ਜਾਵੇ: ਸਿਖ ਧਰਮ ਦਾ ਅਟਲ ਵਿਸ਼ਵਾਸ਼ ਹੈ ਕਿ ‘‘ਗੁਰੂ ਦੁਆਰੈ ਹੋਇ; ਸੋਝੀ ਪਾਇਸੀ ॥’’ (ਮ: ੧/੭੩੦) ਗੁਰਬਾਣੀ ਵਿੱਚ ਧਰਮਸ਼ਾਲ ਦਾ ਜ਼ਿਕਰ ਹੈ, ਭਾਈ ਗੁਰਦਾਸ ਜੀ ਨੇ ‘‘ਘਰਿ ਘਰਿ ਅੰਦਰਿ ਧਰਮਸਾਲ ..।’’ (ਵਾਰ ੧ ਪਉੜੀ ੨੭) ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ।  ਧਰਮ ਅਸਥਾਨਾਂ ਦੀ ਜੋ ਦੁਰਗਤੀ ਹੋ ਰਹੀ ਸੀ ਉਸ ਦਾ ਹਵਾਲਾ ਜਗਨਨਾਥ ਪੁਰੀ ਦੀ ਫੇਰੀ ਸਮੇਂ ਕਲਜੁਗੀ ਪੰਡੇ ਨਾਥ ਕੀਤੀ ਗੋਸ਼ਟੀ: ‘‘ਕਾਲੁ ਨਾਹੀ, ਜੋਗੁ ਨਾਹੀ; ਨਾਹੀ ਸਤ ਕਾ ਢਬੁ ॥  ਥਾਨਸਟ ਜਗ ਭਰਿਸਟ ਹੋਏ;  ਡੂਬਤਾ ਇਵ ਜਗੁ ॥’’ (ਮ: ੧/੬੬੨) ਦੁਆਰਾ ਕੀਤੀ ਗਈ।  ਗੁਰੂ ਰਾਮਦਾਸ ਜੀ ਨੇ ਮਾਝੇ ਵਿੱਚ ਅੰਮ੍ਰਿਤਸਰ ਦੇ ਰੂਪ ਵਿੱਚ ਸਿੱਖੀ ਦਾ ਕੇਂਦਰ ਸਥਾਪਿਤ ਕਰਕੇ ਮਹਾਨਤਾ ਪਰਗਟ ਕੀਤੀ, ਜਿੱਥੇ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਸਥਾਪਿਤ ਹੋਇਆ ਸਿੱਖ ਜਗਤ ਇਸ ਮਹਾਨਤਾ ਨੂੰ ਗੁਰੂ ਰਾਮਦਾਸ ਜੀ ਦੇ ਇਨ੍ਹਾਂ ਸ਼ਬਦਾਂ ਰਾਹੀਂ ਨਿੱਤ ਪ੍ਰਤੀ ਦੁਹਰਾਦਾ ਹੈ: ‘‘ਜਿਥੈ ਜਾਇ ਬਹੈ ਮੇਰਾ ਸਤਿਗੁਰੂ; ਸੋ ਥਾਨੁ ਸੁਹਾਵਾ ਰਾਮ ਰਾਜੇ ॥  ਗੁਰਸਿਖਂੀ ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥’’  (ਮ: ੪/੪੫੦)

ਧਰਮ ਦੀਆਂ ਰਸਮਾਂ ਸੁਚੱਜੀਆਂ ਤੇ ਸੁਖਾਵੀਆਂ ਹੋਣ : ਭਾਰਤੀ ਸਮਾਜ ਅੰਦਰ ਇਸਤ੍ਰੀ ਦੀ ਬਹੁਤ ਦੁਰਦਸ਼ਾ ਸੀ।  ਮਨੂ ਸਿਮ੍ਰਿਤੀ ਤੇ ਜੋਗੀਆਂ ਆਦਿ ਦੇ ਪ੍ਰਚਾਰ ਦੇ ਅਸਰ ਹੇਠਾਂ ਇਸਤ੍ਰੀ ਨੂੰ ਮਨੁੱਖ ਦੇ ਧਾਰਮਿਕ ਜੀਵਨ ਵਿੱਚ ਰੁਕਾਵਟ, ਅਗਿਆਨਣ, ਸਭ ਦੁਖਾਂ ਦਾ ਮੂਲ, ਕੁਰਾਹੇ ਪਾਣ ਵਾਲੀ ਨਸ਼ੀਲੀ ਸ਼ਰਾਬ, ਮਾਰੂ ਜ਼ਹਿਰ ਸਮਝਿਆ ਜਾਂਦਾ ਸੀ।  ਮਨੂੰ ਲਿਖਦਾ ਹੈ ਕਿ ਇਸਤ੍ਰੀਆਂ ਅਗਿਆਨਣਾਂ ਹਨ, ਵੇਦ-ਮੰਤ੍ਰ ਤੋਂ ਵਾਂਝੀਆਂ ਰਹਿਣੀਆਂ ਚਾਹੀਦੀਆਂ ਹਨ। (ਮਨੂੰ ਸਿਮ੍ਰਿਤੀ ਅਧਿਆਏ 3 ਸਲੋਕ 47-48) ਪਤੀ ਭਾਵੇਂ ਬੁੱਢਾ ਹੋਵੇ, ਕਰੂਪ ਹੋਵੇ, ਲੰਗੜਾ ਲੂਲ੍ਹਾ, ਕੋਹੜੀ ਹੋਵੇ, ਡਾਕੂ ਚੋਰ, ਕਾਤਲ ਹੋਵੇ, ਸ਼ਰਾਬੀ ਹੋਵੇ, ਜੁਏਬਾਜ਼, ਰੰਡੀਬਾਜ਼ ਹੋਵੇ, ਸ਼ਰੇਆਮ ਪਾਪ ਕਰਦਾ ਹੋਵੇ ਪਰ ਫਿਰ ਵੀ ਉਸ ਨੂੰ ਪਤਨੀ ਪਰਮਾਤਮਾ ਵਾਂਗ ਪੂਜੇ (ਪਦਮ ਪੁਰਾਣ)।  ਸਿੱਖ ਸਿਧਾਂਤ ਨੇ ਰੂਪ ਰੰਗ, ਲਿੰਗ-ਭੇਦ ਦੇ ਵਿਤਕਰੇ ਨੂੰ ਸਵੀਕਾਰ ਨਹੀਂ ਕੀਤਾ; ਜਿਵੇਂ: ‘‘ਏਤੇ ਅਉਰਤ ਮਰਦਾ ਸਾਜੇ; ਏ ਸਭ ਰੂਪ ਤੁਮ੍ਾਰੇ ॥’’ (ਭਗਤ ਕਬੀਰ/੧੩੪੯) ਕਹਿ ਕੇ ਸਨਮਾਨਿਆ, ਇਸ ਲਈ ਦਰਸਾਇਆ ਹੈ ਕਿ ਅਕਾਲ ਪੁਰਖ ਦੀਆਂ ਨਜ਼ਰਾਂ ’ਚ ਉਹੀ ਮੁਖ ਉਜਲੇ ਹਨ, ਜੋ ਪ੍ਰਭੂ ਪਿਆਰ ਵਿੱਚ ਰੰਗੇ ਹੋਏ ਹਨ, ਜਿੱਥੇ ਇਸਤ੍ਰੀ ਜਾਤੀ ਦਾ ਸਤਿਕਾਰ ਕਰਦਿਆਂ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਦਾ ਹੁਕਮ ਜਾਂ ਤਾੜਨਾ ਕੀਤੀ ਉੱਥੇ ‘‘ਜਿਤੁ ਮੁਖਿ ਸਦਾ ਸਾਲਾਹੀਐ; ਭਾਗਾ ਰਤੀ ਚਾਰਿ ॥  ਨਾਨਕ  ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ॥’’ (ਮ: ੧/੪੭੩) ਆਦਿ ਵਚਨਾਂ ਰਾਹੀਂ ਇਸਤ੍ਰੀ ਨੂੰ ਬਰਾਬਰ ਦਾ ਹਕ ਦਿੰਦਿਆਂ ਧਰਮਿਕ ਕਾਰਜਾਂ ਵਿੱਚ ਹਰ ਤਰ੍ਹਾਂ ਸ਼ਾਮਲ ਹੋਣ ਦੀ ਖੁੱਲ੍ਹ ਦਿੱਤੀ।  ਪਾ: ੩ ਨੇ ਪਰਦੇ ਦੀ ਪ੍ਰਥਾ (ਘੁੰਡ) ਤੇ ਸਤੀ ਪ੍ਰਥਾ ਵਿਰੁਧ ਸੰਘਰਸ਼ ਕੀਤਾ।  ਅਕਬਰ ਤੋਂ ਸਤੀ-ਪ੍ਰਥਾ ਦੇ ਵਿਰੁਧ ਸਰਕਾਰੀ ਕਾਨੂੰਨ ਬਣਵਾਇਆ।  ਗੁਰੂ ਰਾਮਦਾਸ ਜੀ ਨੇ ਸਮਾਜ ਸੁਧਾਰ ਵਿੱਚ ਯੋਗਦਾਨ ਪਾਂਦਿਆਂ ਪਹਿਲੇ ਗੁਰੂਆਂ ਦੀ ਤਰ੍ਹਾਂ ਪੂਜਾਰੀ ਸ਼੍ਰੇਣੀ ਤੋਂ ਮੁਕਤੀ ਦਿਵਾਈ।  ਕਿਸੇ ਵੀ ਕਾਰਜ ਦੀ ਆਰੰਭਤਾ ਕਰਨ ਲਈ ਕਿਸੇ ਪੰਡਿਤ ਤੋਂ ਪੁੱਛਣ ਦੀ ਬਜਾਏ ‘‘ਕੀਤਾ ਲੋੜੀਐ ਕੰਮੁ; ਸੁ, ਹਰਿ ਪਹਿ ਆਖੀਐ ॥’’ (ਮ: ੪/੯੧) ਦਾ ਉਪਦੇਸ਼ ਕਰਕੇ ਅਰਦਾਸ ਕਰਨ ਦਾ ਵਿਧਾਨ ਸਿਰਜਿਆ।  ਸੂਹੀ ਰਾਗ ਵਿੱਚ ਚਾਰ ਲਾਵਾਂ ਉਚਾਰਨ ਕਰਕੇ ਅਨੰਦ ਕਾਰਜ ਦੀ ਨਿਰਾਲੀ ਮਰਯਾਦਾ ਸਿਰਜੀ, ਤਾਂ ਕਿ ਗ੍ਰਿਹਸਤੀ ‘‘ਏਕ ਜੋਤਿ, ਦੁਇ ਮੂਰਤੀ…॥’’ (ਮ: ੩/੭੮੮) ਵਾਲਾ ਸੁਖਾਵਾਂ ਅਨੰਦਮਈ ਜੀਵਨ ਜੀ ਸਕੇ।  ਅੱਜ ਵੀ ਸਮਾਜ ਵਿੱਚ ਦਹੇਜ ਪ੍ਰਥਾ ਕਾਰਨ ਇਸਤ੍ਰੀ ਜਾਤੀ ’ਤੇ ਜ਼ੁਲਮ ਦੀ ਹੱਦ ਹੋ ਰਹੀ ਹੈ।  ਇਸੇ ਕਾਰਨ ਪਰਿਵਾਰਾਂ ਅੰਦਰ ਕਲੇਸ਼ ਤੇ ਤਲਾਕ ਦੀ ਦਰ ਦਿਨ-ਬਦਿਨ ਵਧਦੀ ਜਾਂਦੀ ਹੈ।  ਗੁਰੂ ਜੀ ਨੇ ਦਹੇਜ ਦੀ ਪ੍ਰਥਾ ਵਿਰੁਧ ਨਿਡਰਤਾ ਨਾਲ ਆਵਾਜ਼ ਉੱਠਾਈ।  ਉਨ੍ਹਾਂ ਦੀ ਬਾਣੀ ਰਾਹੀਂ ਇਹ ਸਿਧਾਂਤ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ: ‘‘ਹਰਿ ਪ੍ਰਭੁ ਮੇਰੇ ਬਾਬੁਲਾ  !  ਹਰਿ ਦੇਵਹੁ ਦਾਨੁ ਮੈ ਦਾਜੋ ॥  ਹਰਿ ਕਪੜੋ ਹਰਿ ਸੋਭਾ ਦੇਵਹੁ; ਜਿਤੁ, ਸਵਰੈ ਮੇਰਾ ਕਾਜੋ ॥  ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ ਸਤਿਗੁਰਿ ਦਾਨੁ ਦਿਵਾਇਆ ॥  ਖੰਡਿ ਵਰਭੰਡਿ ਹਰਿ ਸੋਭਾ ਹੋਈ; ਇਹੁ ਦਾਨੁ ਨ ਰਲੈ ਰਲਾਇਆ ॥  ਹੋਰਿ ਮਨਮੁਖ, ਦਾਜੁ ਜਿ ਰਖਿ ਦਿਖਾਲਹਿ; ਸੁ, ਕੂੜੁ ਅਹੰਕਾਰੁ ਕਚੁ ਪਾਜੋ ॥  ਹਰਿ ਪ੍ਰਭ ਮੇਰੇ ਬਾਬੁਲਾ !  ਹਰਿ ਦੇਵਹੁ ਦਾਨੁ ਮੈ ਦਾਜੋ ॥’’ (ਮ: ੪/੭੯)

ਧਰਮ ਅਨੁਯਾਈਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਿਆ ਜਾਵੇ: ਭਾਰਤੀ ਸਮਾਜ ਵਿੱਚ ਵਿੱਦਿਆ ਪੜ੍ਹਨ ਤੇ ਪੜ੍ਹਾਉਣ ਦਾ ਹੱਕ ਵੀ ਬ੍ਰਾਹਮਣ ਕੋਲ ਹੀ ਸੀ।  ਗੁਰੂ ਸਾਹਿਬਾਨ ਨੇ ਮਨੁੱਖ ਮਾਤ੍ਰ ਨੂੰ ਇਹ ਹੱਕ ਪ੍ਰਦਾਨ ਕੀਤਾ ਕਿ ਹਰ ਵਰਗ ਵਿੱਚੋਂ ਪ੍ਰਚਾਰਕ ਸਥਾਪਿਤ ਕੀਤੇ ਜਾਣ, ਭਗਤ ਬਾਣੀ ਇਕੱਠੀ ਕਰਕੇ ਦਰਜ ਕਰਨੀ ਅਤੇ ‘‘ਵਿਦਿਆ ਵੀਚਾਰੀ ਤਾਂ; ਪਰਉਪਕਾਰੀ ॥’’ (ਮ: ੧/੩੫੬) ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਦਾ ਪ੍ਰਤੀਕ ਹੀ ਹਨ।  ਗੁਰੂ ਅੰਗਦ ਸਾਹਿਬ ਜੀ ਨੇ ‘‘ਸਤੀ ਪਹਰੀ, ਸਤੁ ਭਲਾ; ਬਹੀਐ ਪੜਿਆ ਪਾਸਿ ॥  ਓਥੈ, ਪਾਪੁ ਪੁੰਨੁ ਬੀਚਾਰੀਐ; ਕੂੜੈ ਘਟੈ ਰਾਸਿ ॥’’  (ਮ: ੨/੧੪੬) ਵਾਲਾ ਸੰਦੇਸ਼ ਦੇ ਕੇ ਵਿਦਵਤਾ ਹੋਣ ਦਾ ਮਹੱਤਵ ਸਮਝਾਇਆ, ਉੱਥੇ ਨਾਲ ਹੀ ਬੱਚਿਆਂ ਨੂੰ ਆਪ ਗੁਰਮੁਖੀ ਤੇ ਹੋਰ ਵਿਦਿਆ ਪ੍ਰਦਾਨ ਕੀਤੀ। ਤੀਜੀ ਪਾਤਸ਼ਾਹ ਜੀ ਨੇ ‘‘ਤਤੁ ਪਛਾਣੈ; ਸੋ ਪੰਡਿਤੁ ਹੋਈ ॥’’ (ਮ: ੩/੧੨੮) ਦਾ ਮਹੱਤਵ ਦਰਸਾਇਆ।  ਚੌਥੇ ਪਾਤਸ਼ਾਹ ਜੀ ਨੇ ‘‘ਬਿਬੇਕ ਬੁਧਿ ਸਤਿਗੁਰ ਤੇ ਪਾਈ; ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥’’ (ਮ: ੪/੭੧੧) ਰਾਹੀਂ ਵਿਦਵਾਨ ਦੇ ਮਹੱਤਵ ਨੂੰ ਅੰਕਿਤ ਕੀਤਾ।  ਡਾ. ਗੰਡਾ ਸਿੰਘ ਤੇ ਤੇਜਾ ਸਿੰਘ ਦੁਆਰਾ ਇਹ ਗੱਲ ਅੰਕਿਤ ਹੈ, ਕਿ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਉਸ ਸਮੇਂ ਦੇ ਵਿਸ਼ਵ ਵਿਦਿਆਲਿਆ ਨਾਲੰਦਾ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਭੇਜਿਆ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਸਮੇਂ ਵੀ ਉਤਰ ਪ੍ਰਦੇਸ਼ ਤੇ ਹੋਰ ਇਲਾਕਿਆਂ ਵਿੱਚ ਦੂਰ ਦੁਰਾਡੇ ਧਰਮ ਪ੍ਰਚਾਰ ਕੀਤਾ।  ਸਿੱਖਾਂ ਵਿੱਚ ਭਾਈ ਗੁਰਦਾਸ ਜੀ ਦਾ ਵਿਦਿਅਕ ਪਿਆਰ ਐਨਾ ਉੱਚਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਗ-ਮਾਤ੍ਰ ਵਿਧੀ ਆਪ ਜੀ ਨੇ ਤਿਆਰ ਕੀਤੀ ਤੇ ਪਹਿਲੀ ਬੀੜ ਦੀ ਲਿਖਾਈ ਵੀ ਆਪ ਜੀ ਤੋਂ ਕਰਵਾਈ ਗਈ।  ਆਪ ਜੀ ਪੰਜਾਬੀ, ਅਰਬੀ, ਫ਼ਾਰਸੀ, ਹਿੰਦੀ, ਬ੍ਰਿਜ ਭਾਸ਼ਾ ਦੇ ਉੱਚ ਪਾਏ ਦੇ ਵਿਦਵਾਨ ਸਨ। 

 ਸਮੇਂ ਦੀ ਪੁਜਾਰੀ ਸ਼੍ਰੇਣੀ ਨੇ ਸਮੇਂ ਦੀ ਸਰਕਾਰ ਕੋਲ ਗੁਰੂ ਅਮਰਦਾਸ ਜੀ ਵਿਰੁਧ ਸ਼ਿਕਾਇਤਾਂ ਦਰਜ ਕੀਤੀਆਂ।  ਸੰਨ 1566 ਵਿੱਚ ਆਪਣੇ ਭਰਾ ਮਿਰਜ਼ ਮੁਹੰਮਦ ਹਕੀਮ ਸ਼ਾਹ ਨੂੰ ਕਾਬਲ ਦੀ ਮੁਹਿਮ ਦਬਾਉਣ ਲਈ ਪੰਜਾਬ ਵੱਲ ਆਉਣਾ ਪਿਆ।  ਅਕਬਰ ਕੁਝ ਸਮੇਂ ਲਈ ਲਾਹੌਰ ਰੁੱਕ ਗਿਆ ਬ੍ਰਾਹਮਣਾਂ ਨੇ ਸੁਭਾਗ ਸਮਝ ਕੇ ਪਾ: ੩ ਵਿਰੁਧ ਸ਼ਿਕਾਇਤ ਦਰਜ ਕਰਵਾਈ, ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪ ਆਉਣ ਲਈ ਬੇਨਤੀ ਭੇਜੀ ਲੇਕਿਨ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਭੇਜਿਆ।  ਭਾਈ ਕਿਦਾਰੀ ਜੀ ਵੀ ਨਾਲ ਗਏ ਆਪ ਜੀ ਨੇ ਗੁਰਮਤਿ ਵਿਆਖਿਆ ਦੁਆਰਾ ਅਕਬਰ ਦੀ ਤਸੱਲੀ ਕਰਵਾ ਦਿੱਤੀ, ਜਿਸ ਉਪਰੰਤ ਅਕਬਰ, ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਹਿਤ ਗੋਇੰਦਵਾਲ ਸਾਹਿਬ ਪੁੱਜਾ।  ਇਹ ਸਭ ਗੁਰੂ ਰਾਮਦਾਸ ਦੇ ਵਿਦਿਅਕ ਪੱਧਰ ਦਾ ਪ੍ਰਭਾਵ ਸੀ।  ਗਿਆਨੀ ਗਿਆਨ ਸਿੰਘ ਜੀ ਨੇ ਅਕਬਰ ਦਾ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਵੀ 1579 ਵਿੱਚ ਆਉਣਾ ਅੰਕਿਤ ਕੀਤਾ ਹੈ।  ਆਪ ਜੀ ਦੀ ਬਾਣੀ ਪੜ੍ਹਨ ਤੋਂ ਵਿੱਦਿਅਕ ਪੱਧਰ ਸਹਿਜੇ ਹੀ ਪ੍ਰਤੀਤ ਹੋ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਵੀਂ ਸ਼ਬਦਾਵਲੀ ਦੀ ਘਾੜਤ ਆਪ ਜੀ ਵਲੋਂ ਅੰਕਿਤ ਕੀਤੀ ਗਈ।  ਇਸ ਪ੍ਰਭਾਵ ਨੂੰ ਸਦੀਵੀ ਕਾਲ ਕਾਇਮ ਰੱਖਣ ਲਈ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸਥਾਪਿਤ ਕੀਤੀ।  ਜੋ ਧਰਮ ਪ੍ਰਚਾਰ ਦੇ ਨਾਲ-ਨਾਲ ਨਵੇਂ ਯੁਗ ਦਾ ਧਰਮ: ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ ॥’’ (ਮ: ੧/੬੬੦) ਸਿਧਾਂਤ ਨੂੰ ਲੁਕਾਈ ਤੱਕ ਫੈਲਾਇਆ ਜਾ ਸਕੇ।  ਇਸ ਨੇ ਕੇਵਲ ਪਿਛੜੇ ਵਰਗ ਤੇ ਇਸਤ੍ਰੀ ਜਾਤੀ ਨੂੰ ਹੀ ਬਰਾਬਰਤਾ ਨਹੀਂ ਦਿੱਤੀ ਸਗੋਂ ‘‘ਸਭ ਤੇਰੀ; ਤੂੰ ਸਭਨੀ ਧਿਆਇਆ ॥  ਜਿਸ ਨੋ ਕ੍ਰਿਪਾ ਕਰਹਿ; ਤਿਨਿ, ਨਾਮ ਰਤਨੁ ਪਾਇਆ ॥’’ (ਮ: ੪/੧੧) ਦਾ ਸਰਬਸਾਂਝਾ ਤੇ ਸਰਬ ਵਿਆਪਕ ਵਿਸ਼ਵਾਸ ਪੈਦਾ ਕੀਤਾ ਗਿਆ। ਇੱਥੇ ਗੁਰੂ ਰਾਮਦਾਸ ਜੀ ‘‘ਨੀਚ ਜਾਤਿ ਹਰਿ ਜਪਤਿਆ; ਉਤਮ ਪਦਵੀ ਪਾਇ ॥’’ (ਮ: ੪/੭੩੩) ਦਾ ਵਿਸ਼ਵਾਸ ਕਰਨ ਤੇ ਪ੍ਰਚਾਰਨ ਵਾਲੇ ਹਨ। ਇੱਥੇ ‘‘ਜੋ ਧਰਮੁ ਕਮਾਵੈ, ਤਿਸੁ ਧਰਮ ਨਾਉ ਹੋਵੈ; ਪਾਪਿ ਕਮਾਣੈ, ਪਾਪੀ ਜਾਣੀਐ ॥’’ (ਮ: ੨/੧੩੮) ਵਾਲਾ ਇਨਸਾਫ਼ ਦਿੱਤਾ ਗਿਆ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਹ ਸਾਂਝ ਦਾ ਵਿਚਾਰ ਕਿ ‘‘ਸਭੇ ਸਾਝੀਵਾਲ ਸਦਾਇਨਿ;  ਤੂੰ, ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਦਾ ਹੋਕਾ ਦੇਣਾ ਸੀ।  ਸੰਗਤ ਤੇ ਪੰਗਤ ਦੀ ਸਾਂਝੀ ਤੇ ‘‘ਵਿਚਿ ਬਾਣੀ ਅੰਮ੍ਰਿਤੁ, ਸਾਰੇ ॥’’ (ਮ: ੪/੯੮੨) ਦੀਆਂ ਸਾਂਝਾ ਨਾਲ, ਗੁਰੂ ਰਾਮਦਾਸ ਜੀ ਨੇ ਹਮੇਸ਼ਾਂ ਸਰਬ ਵਿਆਪੀ ਵਾਲੇ ਸਿਧਾਂਤ ਹੀ ਬਖ਼ਸ਼ਸ਼ ਕੀਤੇ ਹਨ।

ਸਤਿਗੁਰੂ ਜੀ ਦਾ ਆਪਣਾ ਆਦਰਸ਼ਕ ਜੀਵਨ : ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਐਨੀ ਮਹਾਨ ਹੈ, ਜਿਸ ਬਾਰੇ ਭੱਟ ਜੀ ਦਾ ਇਹ ਕਥਨ ਕਿ ਗੁਰੂ ਰਾਮਦਾਸ ਜੀ ‘‘ਹਰਿ ਨਾਮ ਰਸਿਕੁ, ਗੋਬਿੰਦ ਗੁਣ ਗਾਹਕੁ; ਚਾਹਕੁ ਤਤ, ਸਮਤ ਸਰੇ ॥  ਕਵਿ ਕਲੵ, ਠਕੁਰ ਹਰਦਾਸ ਤਨੇ;  ਗੁਰ ਰਾਮਦਾਸ, ਸਰ ਅਭਰ ਭਰੇ ॥’’ (ਭਟ ਕਲੵ/੧੩੯੬) ਮਿਸਾਲ ਬਣ ਗਿਆ।  ਬਚਪਨ ਭਾਵ 1541 ਈ: ਵਿੱਚ ਜਦੋਂ ਆਪ ਜੀ ਕੇਵਲ ਸੱਤ ਸਾਲਾਂ ਦੇ ਸਨ ਤਾਂ ਮਾਤਾ-ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ।  ਨਾਨੀ ਜੀ ਵੀ ਚਲਾਣਾ ਕਰ ਗਏ ਪਰ ਆਪ ਜੀ ਨੇ ‘‘ਜਿਉ ਹਰਿ ਭਾਵੈ; ਤਿਉ ਰਖੀਐ ॥’’ (ਮ: ੪/੭੩੬) ਅਨੁਸਾਰ ਭਾਣੇ ਨੂੰ ਮਿਠਾ ਕਰਕੇ ਮੰਨਿਆ।  ਗੁਰੂ ਨਾਨਕ ਪਾਤਸ਼ਾਹ ਜੀ ਦੇ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਦੇ ਵਡਮੁੱਲੇ ਕਿਰਤੀ ਸਿਧਾਂਤ ਨੂੰ ਅਪਣਾਇਆ।  ਛੋਟੀ ਉਮਰੇ ਪਰਿਵਾਰਕ ਪਾਲਣਾ ਲਈ ਘੁੰਙਣੀਆਂ ਵੇਚਦੇ।  ਗੁਰੂ ਅਮਰਦਾਸ ਜੀ ਦੇ ਮਿਲਾਪ ਨੇ ਆਪ ਜੀ ਨੂੰ ‘‘ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮) ਦੇ ਪੱਧਰ ’ਤੇ ਪਹੁੰਚਾ ਦਿੱਤਾ। ਆਪ ਜੀ ਗੁਰੂ ਸਾਹਿਬ ਦੇ ਪ੍ਰਚਾਰਕ ਦੌਰਿਆਂ ਸਮੇਂ ਵੀ ਨਾਲ ਹੀ ਗਏ।  ਜਵਾਈ ਹੁੰਦਿਆਂ ਵੀ ਬਾਉਲੀ ਸਾਹਿਬ ਦੀ ਸੇਵਾ ਕਰਦੇ, ਟੋਕਰੀ ਢੋਈ।  ਹਮੇਸ਼ਾਂ ‘‘ਹਮਰੈ ਮਸਤਕਿ ਦਾਗੁ ਦਗਾਨਾ; ਹਮ ਕਰਜ ਗੁਰੂ ਬਹੁ ਸਾਢੇ ॥’’ (ਮ: ੪/੧੭੧) ਨੂੰ ਯਾਦ ਰੱਖਿਆ।  ਆਪ ਜੀ ਸਚਮੁੱਚ ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ॥’’ (ਮ: ੧/੪੭੪) ਦੀ ਚਾਕਰੀ ਕਰਦੇ ਸਨ।  ਕਵੀ ਸੰਤੋਖ ਸਿੰਘ ਦੇ ਆਪ ਜੀ ਬਾਰੇ ਵਚਨ ਹਨ: ‘ਦੇਗ਼ ਤਯਾਰ ਕਰਿ ਦੇਹਿ ਅਰਾਮ ਪੰਕਤਿ ਕੋ ਬਿਠਾਇ ਇਕ ਸਾਰਾ। ਸ਼ੀਤਲ ਜਲ ਕੋ ਭਰਿ ਭਰਿ ਲਿਆਵੈ, ਬੂਝ ਬੂਝ ਸੰਗਤਿ ਕੋ ਪਯਾਵੈ। ਛੁਧਾ ਪਯਾਸਾ ਸਭ ਕੀ ਹਰੈ, ਬਾਂਛਤ ਸਿਖਿਅਨ ਦੈਬੇ ਕਰੈ। ਕਰ ਮੈ ਗਹੈ ਬੀਜ਼ਨਾ ਫੇਰ, ਬਾਉ ਕਰਤ ਉਸ਼ਨ ਬਹੁ ਹੇਰ।’

ਗੁਰੂ ਰਾਮਦਾਸ ਜੀ ਨੇ ਸਤਿਗੁਰੂ ਦੇ ਆਦਰਸ਼ ਸਬੰਧੀ ਆਪਣੇ ਬਚਨ ਇੰਜ ਦਰਜ ਕੀਤੇ: ‘‘ਵਾਹੁ ਵਾਹੁ ਸਤਿਗੁਰੁ ਪੁਰਖੁ ਹੈ; ਜਿਨਿ ਸਚੁ ਜਾਤਾ ਸੋਇ ॥  ਜਿਤੁ ਮਿਲਿਐ, ਤਿਖ ਉਤਰੈ; ਤਨੁ ਮਨੁ ਸੀਤਲੁ ਹੋਇ ॥….ਵਾਹੁ ਵਾਹੁ ਸਤਿਗੁਰੂ ਹੈ; ਜਿ, ਸਚੁ ਦ੍ਰਿੜਾਏ ਸੋਇ ॥  ਨਾਨਕ !  ਸਤਿਗੁਰ ਵਾਹੁ ਵਾਹੁ; ਜਿਸ ਤੇ, ਨਾਮੁ ਪਰਾਪਤਿ ਹੋਇ ॥ (ਮ: ੪/੧੪੨੧), ਜਿਸੁ ਮਿਲਿਐ ਮਨਿ ਹੋਇ ਅਨੰਦੁ; ਸੋ, ਸਤਿਗੁਰੁ ਕਹੀਐ ॥  ਮਨ ਕੀ ਦੁਬਿਧਾ ਬਿਨਸਿ ਜਾਇ; ਹਰਿ ਪਰਮ ਪਦੁ ਲਹੀਐ ॥’’ (ਮ: ੪/੧੬੮) ਆਦਿ।  ਐਸੇ ਸਤਿਗੁਰ ਰਾਮਦਾਸ ਜੀ ਦੇ ਆਦਰਸ਼ਕ ਜੀਵਨ ਤੋਂ ਹਜ਼ਾਰਾਂ ਲੱਖਾਂ ਆਦਰਸ਼ ਸਿੱਖ ਪੈਦਾ ਹੋਇ ਤੇ ਹੋ ਰਹੇ ਹਨ।

ਆਰਥਿਕ ਪੱਧਰ ਨੂੰ ਉਚਾ ਚੁਕਣਵਾਲਾ: ਸਿੱਖ ਕਰਤਾ ਪੁਰਖ ਦਾ ਪੁਜਾਰੀ ਹੋਣ ਕਰਕੇ ਹਮੇਸ਼ਾਂ ਕਿਰਤੀ ਹੋਣ ਵਿੱਚ ਵਿਸ਼ਵਾਸ ਰੱਖਦਾ ਹੈ: ‘‘ਘਾਲਿ ਖਾਇ;  ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਰਾਹੀਂ ਪਾ: ੧ ਨੇ ਆਰਥਿਕ ਮਿਆਰ ਉੱਚਾ ਕੀਤਾ, ਗੁਰੂ ਅਮਰਦਾਸ ਜੀ ਨੇ ਮਾਇਆ ਦੀ ਵਿਆਖਿਆ: ‘‘ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ॥’’ (ਮ: ੩/੯੨੧) ਕਰਕੇ ਮਾਇਆ ਕੀ ਹੈ ?  ਦਾ ਚਾਨਣ ਬਖ਼ਸ਼ਿਆ।  ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਸਮੇਂ 52 ਕਿਸਮ ਦੇ ਕਿੱਤਾ ਕਾਰਾਂ ਨੂੰ ਇੱਥੇ ਲਿਆ ਵਸਾਇਆ।  ਅੰਮ੍ਰਿਤਸਰ ਦਸਤਕਾਰੀ ਦਾ ਬਹੁਤ ਵੱਡਾ ਕੇਂਦਰ ਬਣ ਗਿਆ।  ਮਾਈ ਸੇਵਾ ਬਜ਼ਾਰ, ਡੱਬੀ ਬਾਜ਼ਾਰ ਆਦਿ ਸਿੱਖਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੱਕਣ ਦੇ ਪ੍ਰਤੀਕ ਹਨ।  ਸਤਿਗੁਰ ਜੀ ਨੇ ਅਜਿਹਾ ਕਰਕੇ ਮਾਇਆ ਨੂੰ ਸਫ਼ਲ ਕਰਨ ਦੀ ਜੁਗਤੀ ਵੀ ਦਰਸਾਈ: ‘‘ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ; ਜੋ, ਨਾਮਿ ਹਰਿ ਰਾਤੇ ॥  ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ; ਜਿਨੀ, ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥  ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ;  ਜਿਨੀ, ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥’’ (ਮ: ੪/੬੪੮), ‘‘ਗੁਰਮੁਖਿ ਸਭ ਪਵਿਤੁ ਹੈ; ਧਨੁ ਸੰਪੈ ਮਾਇਆ ॥  ਹਰਿ ਅਰਥਿ ਜੋ ਖਰਚਦੇ; ਦੇਂਦੇ ਸੁਖੁ ਪਾਇਆ ॥’’ (ਮ: ੪/੧੨੪੬) ਆਦਿ ਵਚਨਾਂ ਰਾਹੀਂ  ਉੱਚ ਪੱਧਰ ਦਾ ਆਰਥਿਕ ਗ੍ਰਿਹਸਤੀ ਜੀਵਨ ਹੁੰਦਿਆਂ ਹੀ ਮਨੁੱਖ ‘‘ਜਿਉ ਕਮਲੁ ਰਹੈ; ਵਿਚਿ ਪਾਣੀ ਹੇ ॥’’ (ਮ: ੪/੧੦੭੦) ਦੀ ਜੁਗਤੀ ਧਾਰਨ ਕਰਕੇ ਸੰਸਾਰਕ ਵਿਕਾਰਾਂ ਤੋਂ ਨਿਰਲੇਪ ਹੋ ਜਾਂਦਾ ਹੈ।

ਵਿਰਸੇ ਦੀ ਸੰਭਾਲ ਕਰਨੀ : ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰਬਾਣੀ ਰਾਹੀਂ ਇਤਿਹਾਸ ਨੂੰ ਸੰਭਾਲਣ ਦੀ ਪਿਰਤ ਪਾਈ ਗਈ।  ਆਪ ਜੀ ਦੀ ਬਾਣੀ ਵਿੱਚ ਬਾਬਰ ਰਾਜ ਪ੍ਰਤੀ ਚਾਰ ਸ਼ਬਦ ਇਸ ਗੱਲ ਦੀ ਗਵਾਹੀ ਭਰਦੇ ਹਨ।  ਗੁਰੂ ਰਾਮਦਾਸ ਜੀ ਦੀ ਬਾਣੀ ਵਿਸਥਾਰ ਵਿੱਚ ਗੁਰਮਤਿ ਦੇ ਸਾਰੇ ਸਿਧਾਂਤ ਦਰਸਾਣ ਦੇ ਨਾਲ-ਨਾਲ ਆਪ ਜੀ ਨੇ ਤਤਕਾਲੀ ਵਿਰਸੇ (ਇਤਿਹਾਸਕ ਘਟਨਾਵਾਂ) ਨੂੰ ਵੀ ਦਰਜ ਕੀਤਾ ਜੋ ਗੁਰਮਤਿ ਦੀ ਉੱਚਤਾ ਨੂੰ ਦਰਸਾਉਂਦੀਆਂ ਹਨ ਤੇ ਨਿੰਦਕਾਂ ਦਾ ਹਸ਼ਰ ਵੀ ਬਿਆਨ ਕਰਦੀਆਂ ਹਨ।  ਇਸੇ ਲਈ ਫਾਸਟਰ ਨੇ ਆਪਣੇ ਸਫਰਾਂ ਵਿੱਚ ਲਿਖਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਇਤਿਹਾਸਕ ਘਟਨਾਵਾਂ, ਬਜ਼ੁਰਗਾਂ ਦੇ ਉਪਦੇਸ਼ਾਂ ਤੇ ਨਿਯਮਾਂ ਨੂੰ ਇਕ ਥਾਵੇਂ ਕੀਤਾ। ਹਰੀ ਰਾਮ ਤਪੇ ਦਾ ਪਾਜ ਉਘਾੜਦਿਆਂ ਫੁਰਮਾਇਆ: ‘‘ਤਪਾ ਨ ਹੋਵੈ ਅੰਦ੍ਰਹੁ ਲੋਭੀ; ਨਿਤ ਮਾਇਆ ਨੋ ਫਿਰੈ ਜਜਮਾਲਿਆ ॥’’ (ਮ: ੪/੩੧੫), ਗੋਇੰਦੇ ਦੇ ਪੁੱਤਰ ਦੀਆਂ ਕਰਤੂਤਾਂ ਇੰਜ ਦਰਜ ਕੀਤੀਆਂ: ‘‘ਮਲੁ ਜੂਈ ਭਰਿਆ, ਨੀਲਾ ਕਾਲਾ ਖਿਧੋਲੜਾ; ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥…..ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਸੋ, ਸਾਚੈ ਮਾਰਿ ਪਚਾਇਆ ॥  ਏਹੁ ਅਖਰੁ ਤਿਨਿ ਆਖਿਆ; ਜਿਨਿ ਜਗਤੁ ਸਭੁ ਉਪਾਇਆ ॥’’ (ਮ: ੪/੩੦੬), ਪ੍ਰਚਾਰਕ ਦੌਰੇ ਦਾ ਵਿਸਥਾਰ ਤੁਖਾਰੀ ਰਾਗ ਅੰਦਰ ਇਉਂ ਕੀਤਾ: ‘‘ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥’’ (ਮ: ੪/੧੧੧੬) ਫਿਰ ‘‘ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥’’ (ਮ: ੪/੧੧੧੬) ‘ਉਧਰਣ ਅਰਥਾ’ ਰਾਹੀਂ ਪ੍ਰਚਾਰਕ ਦੌਰੇ ਦੀ ਸੱਚਾਈ ਦਰਜ ਕੀਤੀ ਤਾਂ ਕਿ ਅਨਮਤੀ ਪ੍ਰਭਾਵ ਦੁਆਰਾ ਨਿੰਦਕਾਂ ਵਲੋਂ ਸਾਡੀ ਆਉਣ ਵਾਲੀ ਪੀੜੀ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ।  ਸੱਚੇ ਸਤਿਗੁਰੂ ਦੀ ਸ਼ੋਭਾ ਵਿੱਚ ਤੇ ਨਿੰਦਕਾਂ ਦੇ ਹਸ਼ਰ ਸੰਬੰਧੀ ਇੰਝ ਕਿਰਪਾ ਕੀਤੀ: ‘‘ਹੋਦੈ ਪਰਤਖਿ ਗੁਰੂ, ਜੋ ਵਿਛੁੜੇ; ਤਿਨ ਕਉ ਦਰਿ ਢੋਈ ਨਾਹੀ ॥…. ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ;  ਓਨਾ ਅਗੈ ਪਿਛੈ ਥਾਉ ਨਾਹੀ ॥  ਜੋ ਸਤਿਗੁਰਿ ਮਾਰੇ, ਤਿਨ ਜਾਇ ਮਿਲਹਿ; ਰਹਦੀ ਖੁਹਦੀ, ਸਭ ਪਤਿ ਗਵਾਹੀ ॥  (ਮ: ੪/੩੦੯), ਜਿ ਹੋਂਦੈ ਗੁਰੂ ਬਹਿ ਟਿਕਿਆ; ਤਿਸੁ ਜਨ ਕੀ ਵਡਿਆਈ ਵਡੀ ਹੋਈ ॥  ਤਿਸੁ ਕਉ ਜਗਤੁ ਨਿਵਿਆ, ਸਭੁ ਪੈਰੀ ਪਇਆ; ਜਸੁ ਵਰਤਿਆ ਲੋਈ ॥’’ (ਮ: ੪/੩੦੯) ਆਦਿ। 

ਗੁਰੂ ਅਮਰਦਾਸ ਜੀ ਵਲੋਂ ਸਿੱਖੀ ਨੂੰ ਫੁੱਟ ਤੋਂ ਬਚਾਣ ਲਈ ਕੀਤੇ ਉਪਰਾਲੇ ਦਾ ਬਿਆਨ ਦਰਜ ਕੀਤਾ: ‘‘ਗੁਰਿ ਬਾਬੈ ਫਿਟਕੇ, ਸੇ ਫਿਟੇ; ਗੁਰਿ ਅੰਗਦਿ ਕੀਤੇ ਕੂੜਿਆਰੇ ॥  ਗੁਰਿ, ਤੀਜੀ ਪੀੜੀ ਵੀਚਾਰਿਆ; ਕਿਆ ਹਥਿ ਏਨਾ ਵੇਚਾਰੇ ॥  ਗੁਰੁ ਚਉਥੀ ਪੀੜੀ ਟਿਕਿਆ; ਤਿਨਿ ਨਿੰਦਕ ਦੁਸਟ ਸਭਿ ਤਾਰੇ ॥’’ (ਮ: ੪/੩੦੭) ਇਸ ਤਰ੍ਹਾਂ ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਉਨ੍ਹਾਂ ਸਾਰੇ ਗੁਣਾਂ ਨਾਲ ਭਰਪੂਰ ਹੈ ਜੋ ਸਚ ਜਾਂ ਧਰਮ ਦੇ ਪ੍ਰਚਾਰ ਲਈ ਲੜੀਂਦੇ ਹਨ। ਸਚਮੁੱਚ ਗੁਰੂ ਅਮਰਦਾਸ ਜੀ ਵਲੋਂ ਗੁਰਿਆਈ ਲਈ ਗੁਰੂ ਰਾਮਦਾਸ ਜੀ ਦੀ ਚੋਣ ਮਹਾਨ ਦੂਰ-ਅੰਦੇਸ਼ੀ ਦੀ ਸੀ। ਇਸੇ ਲਈ ਭੱਟਾਂ ਨੇ ਵਡਿਆਈ ਕਰਦਿਆਂ ਵਚਨ ਕੀਤੇ: ‘‘ਨਾਨਕਿ ਨਾਮੁ ਨਿਰੰਜਨ ਜਾਨੵਉ; ਕੀਨੀ ਭਗਤਿ ਪ੍ਰੇਮ ਲਿਵ ਲਾਈ ॥  ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ; ਤਿਨਿ, ਸਬਦ ਸੁਰਤਿ ਕੀਨੀ ਵਰਖਾਈ ॥  ਗੁਰ ਅਮਰਦਾਸ ਕੀ ਅਕਥ ਕਥਾ ਹੈ; ਇਕ ਜੀਹ ਕਛੁ ਕਹੀ ਨ ਜਾਈ ॥  ਸੋਢੀ ਸ੍ਰਿਸਿ ਸਕਲ ਤਾਰਣ ਕਉ; ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥’’ (ਭਟ ਕੀਰਤ/੧੪੦੬)

ਸਾਕਾ ਪੰਜਾ ਸਾਹਿਬ ਦਾ ਅੱਖੀਂ ਡਿੱਠਾ ਹਾਲ

0

ਸਾਕਾ ਪੰਜਾ ਸਾਹਿਬ ਦਾ ਅੱਖੀਂ ਡਿੱਠਾ ਹਾਲ

ਗਿਆਨੀ ਹਰਭਜਨ ਸਿੰਘ

ਭਾਈ ਕਰਮ ਸਿੰਘ ਜੀ ਅਤੇ ਭਾਈ ਪਰਤਾਪ ਸਿੰਘ ਜੀ ਪਹਿਲੇ ਦੋ ਸਿੰਘ ਸਨ, ਜੋ ਹਸਨ ਅਬਦਲ ਰੇਲਵੇ ਸਟੇਸ਼ਨ ’ਤੇ ਪੰਜਾ ਸਾਹਿਬ ਦੇ ਮੋਰਚੇ ਸਮੇਂ ਰੇਲਗੱਡੀ ਹੇਠ ਆ ਕੇ ਸ਼ਹੀਦ ਹੋਏ। ਬਾਕੀਆਂ ਨੂੰ ਕਾਫ਼ੀਆਂ ਸੱਟਾਂ ਲੱਗੀਆਂ ਸਨ। (ਪੰਜਾ ਸਾਹਿਬ ਸਾਕਾ-ਇਕ ਚਸ਼ਮਦੀਦ ਦੀ ਜ਼ੁਬਾਨੀ)

ਸਿੱਖ ਵਿਦਵਾਨ ਗਿਆਨੀ ਭਜਨ ਸਿੰਘ, ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਪਰਤਾਪ ਸਿੰਘ ਦੀ ਧਰਮ ਪਤਨੀ ਬੀਬੀ ਹਰਨਾਮ ਕੌਰ ਜੀ ਕੋਲ ਗਏ ਅਤੇ ਉਨ੍ਹਾਂ ਨੂੰ ਇਸ ਮੋਰਚੇ ਬਾਰੇ ਇੰਟਰਵਿਊ ਕੀਤੀ। ਇਥੇ ਇਸ ਇੰਟਰਵਿਊ ਦੇ ਕੁਝ ਅੰਸ਼ ਪ੍ਰਕਾਸ਼ਤ ਕੀਤੇ ਜਾ ਰਹੇ ਹਨ।

ਗਿਆਨੀ ਭਜਨ ਸਿੰਘ : ਮਾਤਾ ਜੀ ! (ਸ਼ਹੀਦ ਭਾਈ ਪਰਤਾਪ ਸਿੰਘ ਦੀ ਧਰਮ ਪਤਨੀ) ਕੀ ਤੁਸੀਂ ਪੰਜਾ ਸਾਹਿਬ ਦੇ ਸਾਕੇ ਬਾਰੇ ਕੁਝ ਦੱਸ ਸਕੋਗੇ। ਮੈਂ ਵਿਸ਼ੇਸ਼ ਤੌਰ ’ਤੇ ਇਸ ਘਟਨਾ ਦੀ ਸਿੱਧੀ ਜਾਣਕਾਰੀ ਲੈਣ ਲਈ ਤੁਹਾਡੇ ਕੋਲ ਆਇਆ ਹਾਂ।

ਬੀਬੀ ਹਰਨਾਮ ਕੌਰ : ਮੈਂ ਤੁਹਾਨੂੰ ਉਸ ਮੰਦਭਾਗੇ ਦਿਨ ਵਾਪਰੀ ਘਟਨਾ ਬਾਰੇ ਕਿਉਂ ਨਹੀਂ ਦੱਸਾਂਗੀ। ਮੈਨੂੰ ਤਾਂ ਇਹ ਘਟਨਾ ਇਸ ਤਰ੍ਹਾਂ ਯਾਦ ਹੈ ਕਿ ਜਿਵੇਂ ਅਜੇ ਕੱਲ੍ਹ ਵਾਪਰੀ ਹੋਵੇ। ਮੈਂ ਉਨ੍ਹਾਂ ਲੋਕਾਂ ਵਿਚ ਸ਼ਾਮਲ ਸੀ, ਜੋ ਉਸ ਦਿਨ ਰੇਲ ਗੱਡੀ ਰੋਕਣ ਲਈ ਰੇਲ ਪਟੜੀ ’ਤੇ ਬੈਠੇ ਸਨ। ਮੈਂ ਆਪਣੇ ਪਤੀ (ਸ਼ਹੀਦ ਪਰਤਾਪ ਸਿੰਘ) ਦੇ ਪਿੱਛੇ ਬੈਠੀ ਸਾਂ। ਮੈਂ ਪੰਜਾ ਸਾਹਿਬ ਸਾਕੇ ਦੀ ਅਸਲ ਕਹਾਣੀ ਬਹੁਤ ਲੋਕਾਂ ਨੂੰ ਸੁਣਾ ਚੁੱਕੀ ਹਾਂ ਪਰ ਕਿਸੇ ਨੇ ਇਸ ਤਰ੍ਹਾਂ ਲਿਖਣ ਦੀ ਕੋਸ਼ਿਸ਼ ਨਹੀਂ ਕੀਤੀ, ਜੋ ਮੈਂ ਦੱਸਿਆ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਤੁਸੀਂ ਇਸ ਘਟਨਾ ਬਾਰੇ ਜਾਣਕਾਰੀ ਲੈਣ ਲਈ ਵਿਸ਼ੇਸ਼ ਤੌਰ ’ਤੇ ਚੱਲ ਕੇ ਆਏ ਹੋ ਤੇ ਮੈਨੂੰ ਇਹ ਵੀ ਖੁਸ਼ੀ ਹੈ ਕਿ ਤੁਸੀਂ ਉਸੇ ਤਰ੍ਹਾਂ ਲਿਖੋਗੇ ਜਿਵੇਂ ਕਿ ਮੈਂ ਤੁਹਾਨੂੰ ਅਸਲ ਕਹਾਣੀ ਦੱਸਾਂਗੀ।

ਗਿਆਨੀ ਭਜਨ ਸਿੰਘ : ਇਹ ਘਟਨਾ ਕਿਵੇਂ ਵਾਪਰੀ ਮੈਨੂੰ ਸਾਰਾ ਕੁਝ ਦੱਸੋ। ਤੁਸੀਂ ਇਹ ਸਮਝੋ ਕਿ ਮੈਨੂੰ ਇਸ ਸਾਕੇ ਬਾਰੇ ਕੁਝ ਨਹੀਂ ਪਤਾ, ਤੁਸੀਂ ਜਿਵੇਂ ਕਿਸੇ ਨਵੇਂ ਬੰਦੇ ਨੂੰ ਇਹ ਕਹਾਣੀ ਦੱਸ ਰਹੇ ਹੋ।

ਬੀਬੀ ਹਰਨਾਮ ਕੌਰ : ਇਹ ਗੁਰੂ ਕੇ ਬਾਗ ਦੇ ਮੋਰਚੇ (1922) ਦਾ ਸਮਾਂ ਸੀ। ਪੁਲਿਸ ਨੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਗ੍ਰਿਫਤਾਰ ਕੀਤੇ ਸਿੰਘਾਂ ਨੂੰ ਰੇਲ ਗੱਡੀਆਂ ਵਿੱਚ ਅਟਕ ਅਤੇ ਕੈਮਲਪੁਰ ਦੀਆਂ ਜੇਲ੍ਹਾਂ ਵਿਚ ਲਿਜਾ ਰਹੀ ਸੀ। ਦੋ ਰੇਲ ਗੱਡੀਆਂ ਪੰਜਾ ਸਾਹਿਬ ਤੋਂ ਗੁਜ਼ਰ ਗਈਆਂ ਅਤੇ ਮੇਰੇ ਪਤੀ ਨੇ ਸਟੇਸ਼ਨ ਮਾਸਟਰ, ਜੋ ਕਿ ਹਿੰਦੂ ਸਨ, ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੇ ਸਿੱਖ ਮਰਜੀਵੜਿਆਂ ਦੀਆਂ ਰੇਲ ਗੱਡੀਆਂ ਬਾਰੇ ਸੰਗਤ ਨੂੰ ਕਿਉਂ ਨਹੀਂ ਦੱਸਿਆ, ਕਿਉਂਕਿ ਸੰਗਤ ਇਨ੍ਹਾਂ ਸਿੰਘਾਂ ਦੀ ਸੇਵਾ ਕਰਨੀ ਚਾਹੁੰਦੀ ਸੀ।

ਉਸ ਵਕਤ ਮੇਰੇ ਪਤੀ ਸ੍ਰੀ ਪੰਜਾ ਸਾਹਿਬ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਨ ਅਤੇ ਖਜ਼ਾਨਚੀ ਵਜੋਂ ਸੇਵਾ ਨਿਭਾਅ ਰਹੇ ਸਨ। ਇਸ ਤੋਂ ਪਹਿਲਾਂ ਉਹ ਜਨਰਲ ਸਕੱਤਰ ਰਹਿ ਚੁੱਕੇ ਸਨ। ਇਕ ਦਿਨ ਉਸ ਹਿੰਦੂ ਸਟੇਸ਼ਨ ਮਾਸਟਰ ਨੇ ਮੇਰੇ ਪਤੀ ਨੂੰ ਸੂਚਨਾ ਦਿੱਤੀ ਕਿ ਅਗਲੇ ਦਿਨ ਸਵੇਰੇ 8.00 ਵਜੇ ਸਿੱਖ ਕੈਦੀਆਂ ਦੀ ਰੇਲਗੱਡੀ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਪਹੁੰਚ ਰਹੀ ਹੈ। ਜਿਉਂ ਹੀ ਸੰਗਤ ਨੂੰ ਇਸ ਦਾ ਪਤਾ ਲੱਗਾ, ਉਨ੍ਹਾਂ ਨੇ ਸਿੰਘਾਂ ਲਈ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਅਗਲੇ ਦਿਨ ਸਵੇਰੇ ਦੇ ਦੀਵਾਨ ਮਗਰੋਂ ਅਰਦਾਸ ਕੀਤੀ ਗਈ, ਹੇ ਸੱਚੇ ਪਾਤਸ਼ਾਹ  ! ਅਸੀਂ ਤੁਹਾਡੇ ਸਿੰਘਾਂ ਲਈ ਪਰਸ਼ਾਦਾ ਤਿਆਰ ਕੀਤਾ ਹੈ। ਸਾਡੀ ਆਪਣੇ ਗੁਰਸਿੱਖ ਭਰਾਵਾਂ ਨੂੰ ਇਹ ਲੰਗਰ ਛਕਾਉਣ ਦੀ ਇੱਛਾ ਪੂਰੀ ਕਰੋ ਅਤੇ ਸਾਨੂੰ ਸ਼ਕਤੀ ਬਖਸ਼ੋ ਕਿ ਅਸੀਂ ਇਹ ਲੰਗਰ ਛਕਾ ਕੇ ਹੀ ਗੁਰਦੁਆਰਾ ਸਾਹਿਬ ਪਰਤੀਏ।

ਅਰਦਾਸ ਤੋਂ ਬਾਅਦ ਜਦ ਸੰਗਤ ਰੇਲਵੇ ਸਟੇਸ਼ਨ ’ਤੇ ਪਹੁੰਚੀ ਤਾਂ ਸਟੇਸ਼ਨ ਮਾਸਟਰ ਨੇ ਦੱਸਿਆ ਕਿ ਉਪਰੋਂ ਹੁਕਮ ਆਏ ਹਨ ਕਿ ਪੰਜਾ ਸਾਹਿਬ ਰੇਲਵੇ ਸਟੇਸ਼ਨ ’ਤੇ ਗੱਡੀ ਨਹੀਂ ਰੋਕੀ ਜਾਵੇਗੀ। ਸੰਗਤ ਵਿਚ ਉਦਾਸੀ ਤੇ ਗੁੱਸੇ ਦੀ ਲਹਿਰ ਦੌੜ ਗਈ। ਸੰਗਤ ਨੇ ਉਸੇ ਵਕਤ ਗੁਰਮਤਾ ਪਾਸ ਕੀਤਾ ਕਿ ਲੰਗਰ ਹਰ ਹਾਲਤ ਵਿਚ ਛਕਾਇਆ ਜਾਵੇਗਾ ਅਤੇ ਲੰਗਰ ਛਕਾਏ ਬਗੈਰ ਗੱਡੀ ਅੱਗੇ ਨਹੀਂ ਜਾਣ ਦੇਣਗੇ।

ਗਿਆਨੀ ਭਜਨ ਸਿੰਘ : ਕੁਲ ਸੰਗਤ ਕਿੰਨੀ ਕੁ ਸੀ ?

ਬੀਬੀ ਹਰਨਾਮ ਕੌਰ : ਕੋਈ 300 ਲੋਕ ਹੋਣਗੇ।

ਗਿਆਨੀ ਭਜਨ ਸਿੰਘ : ਫਿਰ ਕੀ ਹੋਇਆ ?

ਬੀਬੀ ਹਰਨਾਮ ਕੌਰ : ਜਦ ਗੱਡੀ ਰੇਲਵੇ ਸਟੇਸ਼ਨ ਦੇ ਨੇੜੇ ਆਈ ਸੰਗਤਾਂ ਰੇਲ ਪਟੜੀ ’ਤੇ ਗਈਆਂ। ਕੁਝ ਆਦਮੀ ਸਿਗਨਲ ਦੇ ਨੇੜੇ ਬੈਠ ਗਏ।

ਗਿਆਨੀ ਭਜਨ ਸਿੰਘ : ਕੀ ਰੇਲਗੱਡੀ ਨੇੜੇ ਆਉਂਦੀ ਵੇਖ ਕੇ ਕੋਈ ਦੌੜਿਆ ?

ਬੀਬੀ ਹਰਨਾਮ ਕੌਰ : ਭੱਜਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਾਰਿਆਂ ਨੇ ਸਰਬ ਸੰਮਤੀ ਨਾਲ ਫੈਸਲਾ ਕੀਤਾ ਹੋਇਆ ਸੀ। ਉਸ ਵਕਤ ਕਿਸੇ ਵੀ ਵਿਅਕਤੀ ਨੂੰ ਮੌਤ ਦਾ ਖੌਫ਼ ਨਹੀਂ ਸੀ। ਇਸ ਸ਼ੁਭ ਕਰਮ ਲਈ ਸਾਰੇ ਮਰ ਮਿਟਣ ਵਾਸਤੇ ਤਿਆਰ ਸਨ।

ਗਿਆਨੀ ਭਜਨ ਸਿੰਘ : ਫਿਰ ਕੀ ਹੋਇਆ ?

ਬੀਬੀ ਹਰਨਾਮ ਕੌਰ : ਰੇਲ ਗੱਡੀ ਆਈ। ਇਹ ਸੀਟੀਆਂ ਮਾਰਦੀ ਰਹੀ ਪਰ ਕੋਈ ਨਾ ਉਠਿਆ। ਸਭ ਤੋਂ ਅੱਗੇ ਮੇਰੇ ਪਤੀ (ਸ਼ਹੀਦ) ਪਰਤਾਪ ਸਿੰਘ ਜੀ ਬੈਠੇ ਸਨ। ਉਨ੍ਹਾਂ ਦੇ ਨਾਲ ਭਾਈ ਕਰਮ ਸਿੰਘ ਜੀ ਸਨ ਅਤੇ ਹੋਰ ਕਈ ਸਿੰਘ ਬੈਠੇ ਸਨ। ਰੇਲਗੱਡੀ ਮੇਰੇ ਪਤੀ ਵਿਚ ਟਕਰਾਈ ਅਤੇ ਉਨ੍ਹਾਂ ਨੂੰ ਸ਼ਹੀਦ ਕਰਕੇ ਅੱਗੇ ਲੰਘ ਗਈ। ਭਾਈ ਕਰਮ ਸਿੰਘ ਵੀ ਰੇਲ ਗੱਡੀ ਹੇਠ ਆ ਕੇ ਸ਼ਹੀਦ ਹੋ ਗਏ। ਹੋਰ ਕਈ ਸਿੰਘਾਂ ਨੂੰ ਰੇਲਗੱਡੀ ਦੇ ਬੰਪਰ ਨੇ ਪਰ੍ਹੇ ਵਗਾਹ ਮਾਰਿਆ। 6 ਹੋਰ ਸਿੰਘ ਗੱਡੀ ਦੇ ਪਹੀਆਂ ਹੇਠ ਆ ਕੇ ਜ਼ਖ਼ਮੀ ਹੋ ਗਏ। ਉਨ੍ਹਾਂ ਦੀਆਂ ਲੱਤਾਂ ਕੱਟੀਆਂ ਗਈਆਂ। ਮੈਨੂੰ ਵੀ ਕਾਫ਼ੀ ਸੱਟਾਂ ਲੱਗੀਆਂ ਅਤੇ ਮੈਂ ਕਈ ਮਹੀਨੇ ਹਸਪਤਾਲ ਵਿਚ ਦਾਖ਼ਲ ਰਹੀ।

ਗਿਆਨੀ ਭਜਨ ਸਿੰਘ : ਕੀ ਭਾਈ ਪਰਤਾਪ ਸਿੰਘ ਉਸੇ ਥਾਂ ’ਤੇ ਸ਼ਹੀਦ ਹੋਏ ਜਾਂ ਬਾਅਦ ਵਿਚ। ਸਾਰਾ ਕੁਝ ਦੱਸੋ ?

ਬੀਬੀ ਹਰਨਾਮ ਕੌਰ : ਉਨ੍ਹਾਂ ਦੀ ਸ਼ਹੀਦੀ ਉਸੇ ਵੇਲੇ ਨਹੀਂ ਸੀ ਹੋਈ। ਜਿਉਂ ਹੀ ਰੇਲਗੱਡੀ ਰੁਕੀ। ਸੰਗਤਾਂ ਰੇਲ ਗੱਡੀ ਹੇਠਾਂ ਆ ਕੇ ਕੁਚਲੇ ਗਏ ਸਿੰਘਾਂ ਨੂੰ ਵੇਖਣ ਲਈ ਅੱਗੇ ਵਧੀਆਂ, ਮੇਰੇ ਪਤੀ ਗੰਭੀਰ ਰੂਪ ਜ਼ਖ਼ਮੀ ਸਨ। ਉਨ੍ਹਾਂ ਨੇ ਸੰਗਤਾਂ ਨੂੰ ਕਿਹਾ ਕਿ ਪਹਿਲਾਂ ਗੁਰਸਿੱਖ ਕੈਦੀਆਂ ਨੂੰ ਲੰਗਰ ਛਕਾਓ ਫਿਰ ਸਾਡੀ ਸੰਭਾਲ ਕਰਨਾ। ਜੇ ਤੁਸੀਂ ਸਾਨੂੰ ਗੱਡੀ ਹੇਠੋਂ ਕੱਢ ਲਿਆ ਡਰਾਈਵਰ ਫਿਰ ਗੱਡੀ ਚਲਾ ਲਵੇਗਾ ਤੇ ਅਸੀਂ ਆਪਣੇ ਸਿੰਘਾਂ ਨੂੰ ਲੰਗਰ ਨਹੀਂ ਛਕਾ ਸਕਾਂਗੇ।

ਲੰਗਰ ਛਕਾਉਣ ਤੋਂ ਬਾਅਦ ਜ਼ਖ਼ਮੀ ਸਿੰਘਾਂ ਨੂੰ ਗੱਡੀ ਹੇਠੋਂ ਕੱਢਿਆ ਗਿਆ। ਭਾਈ ਕਰਮ ਸਿੰਘ ਕੁਝ ਘੰਟਿਆਂ ਬਾਅਦ ਸਵਾਸ ਛੱਡ ਗਏ ਅਤੇ ਮੇਰੇ ਪਤੀ ਨੇ ਅਗਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਸਰੀਰ ਛੱਡਿਆ।

ਗਿਆਨੀ ਭਜਨ ਸਿੰਘ : ਕਿਰਪਾ ਕਰਕੇ ਮੈਨੂੰ ਇਸ ਘਟਨਾ ਬਾਰੇ ਹੋਰ ਦੱਸੋ, ਜਦ ਤੁਹਾਡੇ ਪਤੀ ਰੇਲਗੱਡੀ ਹੇਠ ਆ ਕੇ ਜ਼ਖ਼ਮੀ ਹੋਏ ਅਤੇ ਉਨ੍ਹਾਂ ਨੇ ਅਗਲੇ ਦਿਨ ਸਵੇਰੇ ਸਵਾਸ ਤਿਆਗੇ, ਉਸ ਸਮੇਂ ਦੌਰਾਨ ਹੋਰ ਕੀ ਵਾਪਰਿਆ ?

ਬੀਬੀ ਹਰਨਾਮ ਕੌਰ : ਜਦ ਉਨ੍ਹਾਂ ਦੇ ਜ਼ਖ਼ਮੀ ਹੋਣ ਮਗਰੋਂ ਮੈਂ ਉਨ੍ਹਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਤੁਸੀਂ ਮੇਰੀ ਧਰਮ ਪਤਨੀ ਹੋ ਤਾਂ ਮੇਰੀ ਹਾਲਤ ਉਪਰ ਰੋਵੋ ਨਾ, ਸਗੋਂ ਖੁਸ਼ ਹੋਵੇ ਕਿ ਮੈਂ ਗੁਰਸਿੱਖੀ ਦੇ ਇਮਤਿਆਲ ਵਿਚੋਂ ਪਾਸ ਹੋ ਗਿਆ ਹਾਂ। ਉਨ੍ਹਾਂ ਦਾ ਜੁਬਾੜਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਉਹ ਵਾਹਿਗੁਰੂ ਦਾ ਵੀ ਸ਼ੁਕਰਾਨਾ ਕਰ ਰਹੇ ਸਨ ਕਿ ਉਨ੍ਹਾਂ ਦੀ ਲੰਗਰ ਛਕਾਉਣ ਦੀ ਅਰਦਾਸ ਪੂਰੀ ਹੋ ਗਈ।

ਗਿਆਨੀ ਭਜਨ ਸਿੰਘ : ਉਨ੍ਹਾਂ ਦੀ ਜ਼ਿੰਦਗੀ ਬਾਰੇ ਹੋਰ ਵੀ ਕੁਝ ਦੱਸੋ। ਉਹ ਕਿੰਨੇ ਵਰ੍ਹਿਆਂ ਦੇ ਸਨ ?

ਬੀਬੀ ਹਰਨਾਮ ਕੌਰ : ਸ਼ਹੀਦੀ ਵੇਲੇ ਉਹ 24-25 ਸਾਲਾਂ ਦੇ ਹੋਣਗੇ। ਸਾਡੀ ਸ਼ਾਦੀ 4 ਸਾਲ ਪਹਿਲਾਂ ਹੋਈ ਸੀ। ਉਹ ਕੁਝ ਸਮਾਂ ਫੌਜ ਵਿਚ ਵੀ ਰਹੇ ਸਨ। ਉਨ੍ਹਾਂ ਨੂੰ ਕਾਲੀ ਪੱਗ ਬੰਨ੍ਹਣ ਕਰਕੇ ਫੌਜ ਛੱਡਣੀ ਪਈ ਸੀ। ਅਸੀਂ ਫਿਰ ਰਾਵਲਪਿੰਡੀ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ। ਪੰਜਾ ਸਾਹਿਬ ਗੁਰਦੁਆਰਾ ਮੁਕਤ ਕਰਾਉਣ ਵੇਲੇ ਉਹ ਜਥੇ ਵਿਚ ਸਭ ਤੋਂ ਅੱਗੇ ਸਨ। ਗੁਰਦੁਆਰਾ ਸਾਹਿਬ ਤੋਂ ਮਹੰਤ ਦਾ ਕਬਜ਼ਾ ਹਟਣ ਮਗਰੋਂ ਮੇਰੇ ਪਤੀ ਨੂੰ ਇਸ ਦਾ ਮੈਨੇਜਰ ਤੇ ਸਕੱਤਰ ਬਣਾਇਆ ਗਿਆ। ਉਨ੍ਹਾਂ ਨੇ ਬਿਨਾਂ ਕਿਸੇ ਤਨਖਾਹ ਜਾਂ ਸੇਵਾਫਲ ਦੇ ਨਿਸ਼ਕਾਮ ਸੇਵਾ ਕੀਤੀ। ਉਸ ਵਕਤ ਸਾਨੂੰ ਆਪਣੀਆਂ ਕਈ ਚੀਜ਼ਾਂ ਵੀ ਵੇਚਣੀਆਂ ਪਈਆਂ। ਸਾਡੇ ਕੋਲ ਕੋਈ ਪੈਸਾ ਨਹੀਂ ਸੀ। ਮੇਰੇ ਪਤੀ ਨੇ ਇਸ ਦੀ ਕੋਈ ਪਰਵਾਹ ਨਹੀਂ ਕੀਤੀ। ਜਦੋਂ ਉਹ ਸ਼ਹੀਦ ਹੋਏ, ਉਸ ਵਕਤ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕੰਮ ਕਰਦੇ ਸਨ। ਉਨ੍ਹਾਂ ਦੇ ਸ਼ਹੀਦ ਹੋਣ ਤੋਂ ਪਹਿਲਾਂ ਸਾਡੇ ਘਰ ਇਕ ਪੁੱਤਰ ਪੈਦਾ ਹੋਇਆ, ਜੋ 2 ਸਾਲ ਦੀ ਉਮਰ ਵਿਚ ਸਵਰਗਵਾਸ ਹੋ ਗਿਆ। ਉਸ ਦੀ ਮੌਤ ਤੇ ਮੇਰੇ ਪਤੀ ਵਾਹਿਗੁਰੂ ਦੀ ਰਜ਼ਾ ਵਿਚ ਰਹੇ ਅਤੇ ਉਹ ਬਿਲਕੁਲ ਨਹੀਂ ਡੋਲੇ। ਆਪਣੇ ਪੁੱਤਰ ਦੇ ਅੰਤਮ ਸਸਕਾਰ ਸਮੇਂ ਉਨ੍ਹਾਂ ਨੇ ਉਸ ਦਾ ਬਬਾਨ ਕੱਢਿਆ ਅਤੇ ਉਸ ਦੀ ਅਰਥੀ ਸ਼ਮਸ਼ਾਨਘਾਟ ਤੱਕ ਲਿਜਾਣ ਸਮੇਂ ਬੈਂਡ ਪਾਰਟੀ ਬੁਲਾਈ ਗਈ। ਮੇਰੇ ਪਤੀ ਦੀ ਸ਼ਹੀਦੀ ਤੋਂ ਕੁਝ ਮਹੀਨਿਆਂ ਬਾਅਦ ਸਾਡੇ ਘਰ ਦੂਜਾ ਬੱਚਾ ਪੈਦਾ ਹੋਇਆ, ਜੋ ਬੇਟੀ ਸੀ। ਉਸ ਦਾ ਨਾਂ ਜੋਗਿੰਦਰ ਕੌਰ ਰੱਖਿਆ ਗਿਆ।

ਗਿਆਨੀ ਭਜਨ ਸਿੰਘ : ਕੀ ਤੁਹਾਨੂੰ ਪੰਜਾ ਸਾਹਿਬ ਦੇ ਸਾਕੇ ਨਾਲ ਸਬੰਧਤ ਕੋਈ ਘਟਨਾ ਯਾਦ ਹੈ ? ?

ਬੀਬੀ ਹਰਨਾਮ ਕੌਰ : ਰੇਲਗੱਡੀ ਦਾ ਡਰਾਈਵਰ ਪਾਕਿਸਤਾਨ ਦੇ ਗੁਜਰਾਤ ਸ਼ਹਿਰ ਦਾ ਅਰਾਈਂ ਮੁਸਲਮਾਨ ਸੀ। ਮੈਨੂੰ ਹੁਣ ਉਸ ਦਾ ਨਾਮ ਯਾਦ ਨਹੀਂ। ਇਕ ਰਿਟਾਇਰ ਜੱਜ ਵੱਲੋਂ ਉਸ ਦੀ ਜਾਂਚ ਕੀਤੀ ਗਈ ਕਿ ਉਸ ਨੇ ਰੇਲਗੱਡੀ ਕਿਉਂ ਰੋਕੀ ਜਦ ਅਜਿਹਾ ਨਾ ਕਰਨ ਦੇ ਹੁਕਮ ਸਨ। ਉਸ (ਡਰਾਈਵਰ) ਨੇ ਜੱਜਾਂ ਦੇ ਟ੍ਰਿਬਿਊਨਲ ਅੱਗੇ ਜੋ ਬਿਆਨ ਦਿੱਤਾ, ਉਹ ਇਤਿਹਾਸਕ ਤੌਰ ’ਤੇ ਬਹੁਤ ਮਹੱਤਤਾ ਰੱਖਦਾ ਹੈ।

‘ਮੈਨੂੰ ਰੇਲ ਗੱਡੀ ਨਾ ਰੋਕਣ ਦੇ ਹੁਕਮ ਸਨ ਤੇ ਰੇਲਗੱਡੀ ਪੂਰੀ ਰਫ਼ਤਾਰ ’ਤੇ ਆ ਰਹੀ ਸੀ ਪਰ ਜਦ ਜੇਲਗੱਡੀ ਪਰਤਾਪ ਸਿੰਘ ਨਾਲ ਟਕਰਾਈ ਤਾਂ ਮੈਨੂੰ ਜਾਪਿਆ ਜਿਵੇਂ ਇਹ ਇਕ ਵੱਡੇ ਪਰਬਤ ਨਾਲ ਟਕਰਾ ਗਈ ਹੋਵੇ ਤੇ ਮੇਰਾ ਹੱਥ ਆਪਣੇ ਆਪ ਸਪੀਡਰ ’ਤੇ ਚਲਾ ਗਿਆ ਤੇ ਰੇਲਗੱਡੀ ਰੁਕ ਗਈ। ਇੰਜਣ ਦੀ ਜਾਂਚ ਤੋਂ ਪਤਾ ਲੱਗਾ ਕਿ ਗੱਡੀ ਦੇ ਬਰੇਕ ਨਹੀਂ ਲਾਏ ਗਏ ਸਨ। ਇਕ ਕੋਈ ਅਦਿੱਖ ਸ਼ਕਤੀ ਸੀ ਜਿਸ ਨੇ ਗੱਡੀ ਰੋਕ ਦਿੱਤੀ।’ ਡਰਾਈਵਰ ਨੂੰ ਉਸ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਸ ਦੇ ਬਿਆਨ ਨੇ ਇਹ ਸਾਬਤ ਕਰ ਦਿੱਤਾ ਕਿ ਸਤਿਗੁਰ ਨੇ ਖੁਦ ਰੇਲਗੱਡੀ ਰੋਕੀ।

ਸੁਆਲ ਪੈਦਾ ਹੁੰਦਾ ਹੈ ਕਿ ਕੀ ਹੁਣ ਸਾਡੇ ਵਿਚ ਗੁਰਸਿੱਖੀ ਦੀ ਉਹ ਭਾਵਨਾ ਮੌਜੂਦ ਹੈ ? ਇਹ ਸਵਾਲ ਹਰ ਇਕ ਗੁਰਸਿੱਖ ਤੋਂ ਜੁਆਬ ਮੰਗਦਾ ਹੈ।

ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਕਿਸ਼ਤ ਨੰ:1)

0

ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ

(ਕਿਸ਼ਤ ਨੰ:1)

ਕਿਰਪਾਲ ਸਿੰਘ (ਬਠਿੰਡਾ)-9855480797; 7340979813

ਪਰਿਵਾਰਕ ਪਿਛੋਕੜ ਅਤੇ ਮੁਢਲਾ ਜੀਵਨ :

ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ, ਜਿਨ੍ਹਾਂ ਦਾ ਜਨਮ ਮਾਤਾ ਨਾਨਕੀ ਜੀ ਦੀ ਕੁਖੋਂ ਵੈਸਾਖ ਵਦੀ 5, 5 ਵੈਸਾਖ ਬਿਕ੍ਰਮੀ ਸੰਮਤ 1678 (ਨਾਨਕਸ਼ਾਹੀ ਸੰਮਤ 153); 1 ਅਪ੍ਰੈਲ 1621 ਈ: ਨੂੰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ।

(ਨੋਟ: ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਈ: ’ਚ ਹੋਇਆ ਸੀ, ਜਿਸ ਕਾਰਨ ਨਾਨਕਸ਼ਾਹੀ ਕੈਲੰਡਰ ਦੀ ਅਰੰਭਤਾ ਵੀ ਸੰਨ 1469 ਈਸਵੀ ਤੋਂ ਮੰਨੀ ਗਈ, ਹੁਣ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1621 ਈ: ਲਿਖਿਆ ਜਾਂਦਾ ਹੈ, ਤਾਂ ਇਹ ਸੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ 1469 ਈ. ਤੋਂ 152 ਸਾਲ ਬਾਅਦ ਆਉਂਦਾ ਹੋਣ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਦੀ ਮਿਤੀ ਜਿੱਥੇ ਬਿਕ੍ਰਮੀ ਸੰਮਤ (ਵੈਸਾਖ ਵਦੀ 5, 5 ਵੈਸਾਖ ਬਿਕ੍ਰਮੀ ਸੰਮਤ 1678) ਤੇ ਈਸਵੀ ਸੰਨ (1 ਅਪ੍ਰੈਲ 1621 ਈ:) ਦਿੱਤੀ ਗਈ ਹੈ ਉੱਥੇ ਨਾਨਕਸ਼ਾਹੀ ਸੰਨ 153 ਵੀ ਦਿੱਤਾ ਗਿਆ ਹੈ। ਇਸ ਲੇਖ ’ਚ ਬਾਕੀ ਤਮਾਮ ਘਟਨਾਵਾਂ ਦਾ ਜ਼ਿਕਰ ਵੀ ਇਸੇ ਅਨੁਪਾਤ ਅਨੁਸਾਰ ਨਾਨਕਸ਼ਾਹੀ ਕੈਲੰਡਰ ’ਚ ਦਿੱਤਾ ਜਾਵੇਗਾ ਤਾਂ ਜੋ ਪਾਠਕ ਸਮਝ ਸਕਣ ਕਿ ਇਹ ਮਿਤੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਆਰੰਭ ਹੋਏ ਕੈਲੰਡਰ ਮੁਤਾਬਕ ਹੈ।)

1634 ਈਸਵੀ ਵਿੱਚ ਉਨ੍ਹਾਂ ਦਾ ਵਿਆਹ ਕਰਤਾਰਪੁਰ (ਜਲੰਧਰ) ਨਿਵਾਸੀ ਸ੍ਰੀ ਲਾਲ ਚੰਦ ਦੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ ਹੋਇਆ। 3 ਵੈਸਾਖ ਬਿਕ੍ਰਮੀ 1721 (ਨਾਨਕਸ਼ਾਹੀ ਸੰਮਤ 196); 30 ਮਾਰਚ 1664 ਨੂੰ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਅਗਲੇ ਗੁਰੂ ਸਬੰਧੀ ‘ਬਾਬਾ ਬਸੇ ਗਰਾਮ ਬਕਾਲੇ’ ਭਾਵ ਗੁਰਗੱਦੀ ਦਾ ਮਾਲਕ ਬਕਾਲੇ ਵਿਖੇ ਹੋਣ ਦਾ ਸੰਕੇਤ ਦੇ ਕੇ ਜੋਤੀ ਜੋਤ ਸਮਾਂ ਗਏ। ਇਸ ਗੱਲ ਦਾ ਨਜਾਇਜ਼ ਫਾਇਦਾ ਉੱਠਾ ਕੇ ਪਾਖੰਡੀ ਗੁਰੂ, ਗੱਦੀ ਦੇ ਦਾਹਵੇਦਾਰ ਬਣ ਕੇ ਬਕਾਲੇ ਆ ਇਕੱਠੇ ਹੋਏ, ਜਿਨ੍ਹਾਂ ਵਿੱਚੋਂ ਬਾਬਾ ਧੀਰਮੱਲ ਸਭ ਤੋਂ ਅੱਗੇ ਸੀ। ਆਖਰ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ ‘ਮੱਖਣ ਸ਼ਾਹ ਲੁਬਾਣੇ’ ਨੇ ਸੱਚੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਛਾਣ ਕਰ ਹੀ ਲਈ ਅਤੇ ਕੋਠੇ ’ਤੇ ਚੜ੍ਹ ਕੇ ‘ਗੁਰੂ ਲਾਧੋ ਰੇ  ! ’ ਦਾ ਹੋਕਾ ਦਿੱਤਾ।

ਅਕਤੂਬਰ ਸੰਨ 1665 ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਅਨੰਦਪੁਰ ਸਾਹਿਬ (ਜਿਸ ਦਾ ਪਹਿਲਾ ਨਾਮ ਚੱਕ ਨਾਨਕੀ ਸੀ) ਵਸਾਇਆ। ਔਰੰਗਜ਼ੇਬ ਨੇ ਹਿੰਦੂਆਂ ਉਪਰ ਸਖਤੀ ਕਰਨੀ ਸ਼ਰੂ ਕਰ ਦਿੱਤੀ ਤਾਂ ਗੁਰੂ ਤੇਗ ਬਹਾਦਰ ਜੀ ਹਿੰਦੂ ਜਨਤਾ ਨੂੰ ਢਾਰਸ ਦੇਣ ਅਤੇ ਸਿੱਖੀ ਪ੍ਰਚਾਰ ਲਈ ਪੂਰਬ ਦੇਸ਼ ਵੱਲ ਪ੍ਰਵਾਰ ਸਮੇਤ ਚੱਲ ਪਏ। ਅਨੰਦਪੁਰ ਤੋਂ ਘਨੌਲੀ, ਰੋਪੜ, ਮੂਲੇਵਾਲ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ। ਇੱਥੋਂ ਧਮਧਾਣ, ਕੁਰਕਸ਼ੇਤਰ, ਮਥੁਰਾ, ਆਗਰਾ, ਕਾਨ੍ਹਪੁਰ, ਅਲਾਹਾਬਾਦ, ਪ੍ਰਯਾਗ, ਕਾਂਸ਼ੀ, ਆਦਿ ਹਿੰਦੂ ਤੀਰਥਾਂ ’ਤੇ ਗਏ। ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਈ ਤੇ ਸੱਚਾ ਤੀਰਥ ਸਤਸੰਗਤ ਨੂੰ ਹੀ ਦੱਸਿਆ। ਫਿਰ ਗਯਾ ਤੋਂ ਪਟਨਾ ਗਏ। ਇੱਥੇ ਭਾਈ ਜੈਤਾ ਹਲਵਾਈ ਦੇ ਘਰ ਮਾਤਾ ਗੁਜਰੀ ਜੀ ਨੂੰ ਛੱਡ ਕੇ ਆਪ ਪਟਨੇ ਤੋਂ ਰਾਜ ਮਹਲ, ਮਾਲਦਾ, ਮੁਰਸ਼ਿਦਾਬਾਦ ਹੁੰਦੇ ਹੋਏ ਢਾਕੇ ਪਹੁੰਚੇ। ਇਸੇ ਦੌਰਾਨ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ (ਖਾਲਸਾ ਸਾਜਣ ਤੋਂ ਪਹਿਲਾਂ, ਨਾਂ ਗੋਬਿੰਦ ਰਾਇ ਜੀ ਸੀ) ਦਾ ਜਨਮ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 (ਨਾਨਕਸ਼ਾਹੀ ਸੰਮਤ 198); 22 ਦਸੰਬਰ 1666 ਈ: ਨੂੰ ਪਟਨੇ ਸ਼ਹਿਰ (ਪੁਰਾਣਾ ਨਾਂ ਪਾਟਲੀ ਪੁੱਤਰ) ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀਨਾਮਾ’ ਅਨੁਸਾਰ ਸੰਮਤ ਬਿਕ੍ਰਮੀ 1718 (ਸੰਨ 1661-62) ਵਿੱਚ ਹੋਇਆ। ਪਰ ਜਿਆਦਾਤਰ ਇਤਿਹਾਸਕਾਰ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723; 22 ਦਸੰਬਰ 1666 ਈ: ਨੂੰ ਹੀ ਸਹੀ ਮੰਨਦੇ ਹਨ ਅਤੇ ਇਸ ਮੁਤਾਬਿਕ ਹੀ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ। ਭਾਵੇਂ ਕਿ ਪੋਹ ਸੁਦੀ 7 ਜਾਂ 23 ਪੋਹ ਵਿੱਚੋਂ ਕਿਹੜੀ ਚੁਣਨੀ ਹੈ ਇਸ ਸਬੰਧੀ ਹਾਲੀ ਤੀਕ ਪੰਥ ਵਿੱਚ ਭੰਬਲਭੂਸਾ ਕਾਇਮ ਹੈ। ਇਨ੍ਹਾਂ ਵਿੱਚੋਂ ਕਿਹੜੀ ਤਿੱਥ ਜਾਂ ਤਰੀਖ ਚੁਣਨੀ ਪੰਥ ਲਈ ਜਿਆਦਾ ਠੀਕ ਰਹੇਗੀ; ਇਸ ਸਬੰਧੀ ਇਸ ਲੇਖ ਲੜੀ ਦੇ ਆਖਰੀ ਭਾਗ ਜੋ ਜਨਵਰੀ ਮਹੀਨੇ ਵਿੱਚ ਛਪੇਗੀ ਵਿੱਚ ਵੇਰਵੇ ਸਹਿਤ ਵੀਚਾਰ ਕੀਤੀ ਜਾਵੇਗੀ।

ਗੁਰੂ ਤੇਗ ਬਹਾਦਰ ਜੀ ਢਾਕੇ ਤੋਂ ਅਸਾਮ ਪਹੁੰਚੇ। ਅਸਾਮ ਵਿਖੇ ਸੰਨ 1670 ਵਿੱਚ ਰਾਜਾ ਰਾਮ ਸਿੰਘ ਤੇ ਅਹੋਮੀ ਕਬੀਲੇ ਦੇ ਸਰਦਾਰ ਰਾਜਾ ਚੱਕ੍ਰ ਧੱਵਜ ਦੀ ਸੁਲਾਹ ਕਰਵਾਈ ਤੇ ਦੋਹਾਂ ਪਾਸਿਉਂ ਖ਼ੂਨ ਡੁਲ੍ਹਣੋਂ ਬਚ ਗਿਆ। ਜਦੋਂ ਪੰਜਾਬ ਵਿੱਚ ਵੀ ਔਰੰਗਜ਼ੇਬ ਨੇ ਹਿੰਦੂਆਂ ’ਤੇ ਸਖ਼ਤੀ ਅਰੰਭ ਕਰ ਦਿੱਤੀ ਅਤੇ ਪਾਠਸ਼ਾਲਾ ਤੇ ਮੰਦਿਰ ਢਾਹ ਦੇਣ ਦਾ ਐਲਾਨ ਕਰ ਦਿੱਤਾ ਤਾਂ ਹਿੰਦੂਆਂ ਦੀ ਸਾਰ ਲੈਣ ਲਈ ਗੁਰੂ ਜੀ ਵਾਪਸ ਪੰਜਾਬ ਵੱਲ ਚੱਲ ਪਏ। ਵਾਪਸ ਪਰਤਦਿਆਂ ਗੁਰੂ ਜੀ ਥੋੜ੍ਹੀ ਦੇਰ ਪਟਨਾ ਰੁਕੇ ਤੇ ਪਹਿਲੀ ਵਾਰ ਆਪਣੇ ਇਕਲੌਤੇ ਪੁੱਤਰ ਬਾਲਕ ਗੋਬਿੰਦ ਰਾਏ ਨੂੰ ਵੇਖਿਆ ਜੋ ਉਸ ਸਮੇਂ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਕੁਝ ਦਿਨ ਪਟਨਾ ਰਹਿਣ ਉਪ੍ਰੰਤ ਬਕਸਰ, ਬਨਾਰਸ, ਅਯੁੱਧਿਆ ਆਦਿ ਵਿੱਚੋਂ ਦੀ ਹੁੰਦੇ ਹੋਏ ਢਾਈ ਤਿੰਨ ਮਹੀਨਿਆਂ ਵਿੱਚ ਗੁਰੂ ਜੀ ਵਾਪਸ ਚੱਕ ਨਾਨਕੀ (ਅਨੰਦਪੁਰ ਸਾਹਿਬ) ਪੰਜਾਬ ਪਹੁੰਚੇ।

ਪਟਨੇ ਵਿੱਚ ਗੋਬਿੰਦ ਰਾਏ ਜੀ ਜਦੋਂ ਆਪਣੇ ਹਾਣੀਆਂ ਨਾਲ ਖੇਡ੍ਹਦੇ ਤਾਂ ਸਾਰੇ ਬੱਚੇ ਆਪ ਜੀ ਨੂੰ ਆਪਣਾ ਸਰਦਾਰ ਮੰਨਦੇ ਸਨ। ਤੀਰ ਕਮਾਨ, ਫੌਜੀ ਕਵਾਇਦ ਆਦਿਕ ਖੇਡ੍ਹਾਂ ਖੇਡ੍ਹੀਆਂ ਜਾਂਦੀਆਂ। ਆਪ ਨੇ ਸਭ ਦਾ ਡਰ ਖਤਮ ਕਰ ਦਿੱਤਾ। ਨਾਲ ਦੇ ਸਾਥੀਆਂ ਵਿੱਚ ਐਸੀ ਜੁਰਅਤ ਭਰ ਦਿੱਤੀ ਕਿ ਜਦੋਂ ਵੀ ਕੋਈ ਨਵਾਬ ਉਸ ਰਾਹੋਂ ਲੰਘਦਾ ਤਾਂ ਉਸ ਦਾ ਮੂੰਹ ਚਿੜਾਉਣ ਲੱਗ ਪੈਂਦੇ। ਪਟਨੇ ਵਿੱਚ ਆਪ ਨੇ ਹੋਰ ਵੀ ਕਈ ਕੌਤਕ ਕੀਤੇ। ਇੱਥੇ ਹੀ ਪੰਡਿਤ ਸ਼ਿਵ ਦੱਤ ਆਪ ਜੀ ਦੇ ਚਰਨਾਂ ਦਾ ਭੌਰਾ ਬਣਿਆ। ਰਾਜਾ ਫ਼ਤਹਿ ਚੰਦ ਮੈਣੀ ਦੀ ਰਾਣੀ ਆਪ ਜੀ ਉਤੇ ਇਤਨੀ ਪਸੰਨ ਹੋਈ ਕਿ ਉਸ ਨੇ ਆਪ ਜੀ ਪਾਸੋਂ ਪੁੱਤਰ ਵਾਲਾ ਨਿੱਘ ਪ੍ਰਾਪਤ ਕੀਤਾ। ਥੋੜ੍ਹੇ ਸਮੇਂ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਪਰਿਵਾਰ ਨੂੰ ਵੀ ਪਟਨੇ ਤੋਂ ਅਨੰਦਪੁਰ ਸਾਹਿਬ ਮੰਗਵਾ ਲਿਆ। ਬਾਲ ਗੋਬਿੰਦ ਰਾਇ ਜੀ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫਾਰਸੀ ਵਿਦਿਆ ਦੀ ਚੰਗੀ ਪੜ੍ਹਾਈ ਕਰਵਾਈ। ਚੰਗੀ ਵਿਦਿਆ ਸਿਖਾਉਣ ਦੇ ਨਾਲ-ਨਾਲ ਸ਼ਸਤ੍ਰ ਵਿਦਿਆ ਤੋਂ ਵੀ ਚੰਗਾ ਜਾਣੂੰ ਕਰਵਾਉਣ ਲਈ ਸਸਤਰ ਚਲਾਉਣ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਭਾਈ ਬਜਰ ਸਿੰਘ ਨੂੰ ਤਾਇਨਾਤ ਕੀਤਾ ਗਿਆ।

ਗੁਰੂ ਤੇਗ ਬਹਾਦਰ ਸਾਹਿਬ, ਮਾਰਚ 1673 ਦੇ ਆਖਰੀ ਹਫਤੇ ਤੋਂ 10 ਜੁਲਾਈ, 1675 ਤਕ ਚੱਕ ਨਾਨਕੀ ਵਿੱਚ ਰਹੇ। ਇਹਨਾਂ ਦਿਨਾਂ ਵਿੱਚ ਸਾਰੇ ਪਾਸੇ ਤੋਂ ਸਿੱਖ ਸੰਗਤਾਂ ਚੱਕ ਨਾਨਕੀ ਆਉਣ ਲੱਗ ਪਈਆਂ। ਇਹਨਾਂ ਦਿਨਾਂ ਵਿੱਚ ਹੀ ਲਾਹੌਰ ਤੋਂ ਭਾਈ ਹਰਿਜਸ ਸੁਭਿੱਖੀ ਵੀ ਦਰਸਨਾਂ ਵਾਸਤੇ ਆਇਆ। ਉਸ ਦੀ ਬੇਟੀ ਬੀਬੀ ਜੀਤਾਂ ਦੀ ਮੰਗਣੀ ਗੋਬਿੰਦ ਰਾਇ ਨਾਲ 12 ਮਈ, 1673 ਦੇ ਦਿਨ ਕੀਤੀ ਗਈ। ਵਿਆਹ ਤੋਂ ਬਾਅਦ ਬੀਬੀ ਜੀਤਾਂ ਜੀ ਸਿੱਖ ਜਗਤ ਵਿੱਚ ਮਾਤਾ ਸੁੰਦਰ ਕੌਰ ਜੀ ਦੇ ਨਾਮ ਨਾਲ ਪ੍ਰਸਿੱਧ ਹੋਈ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਮਿਲਣੀ:

ਜਦੋਂ ਕਸ਼ਮੀਰ ਵਿੱਚ ਸ਼ੇਰ ਅਫ਼ਗਾਨ ਖ਼ਾਂ ਨੇ ਤਲਵਾਰ ਦੇ ਜੋਰ ਨਾਲ ਕਸ਼ਮੀਰੀ ਪੰਡਿਤਾਂ ਨੂੰ ਜ਼ਬਰੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਅਤੇ ਹਿੰਦੂਆਂ ’ਤੇ ਇਤਨੀ ਸਖ਼ਤੀ ਕਰਨੀ ਸ਼ੁਰੂ ਕੀਤੀ ਕਿ ਉਨ੍ਹਾਂ ਲਈ ਧਰਮ ਤਬਦੀਲ ਕਰ ਕੇ ਇਸਲਾਮ ਧਾਰਨ ਕਰਨਾ ਜਾਂ ਮੌਤ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਤੋਂ ਇਲਾਵਾ ਹੋਰ ਕੋਈ ਤੀਸਰਾ ਰਸਤਾ ਹੀ ਨਹੀਂ ਸੀ; ਤਾਂ ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤਾਂ ਦੇ ਵਫ਼ਦ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆ ਫ਼ਰਿਆਦ ਕੀਤੀ ਕਿ ਉਨ੍ਹਾਂ ਦੇ ਤਿਲਕ ਜੰਝੂ ਦੀ ਰੱਖਿਆ ਕੀਤੀ ਜਾਵੇ ਤਾਂ ਬੇਸ਼ੱਕ ਗੁਰੂ ਜੀ ਤਿਲਕ ਜੰਝੂ ਦੇ ਹੱਕ ਵਿੱਚ ਨਹੀਂ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਿੱਖ ਧਰਮ ਦੀ ਨੀਂਹ ਹੀ ਜੰਝੂ ਪਹਿਨਣ ਤੋਂ ਇਨਕਾਰ ਕਰਕੇ ਰੱਖੀ ਸੀ; ਪਰ ਗੁਰੂ ਸਾਹਿਬ ਜੀ ਦਾ ਇਹ ਵੀ ਮੰਨਣਾ ਹੈ ਕਿ ਕਿਹੜਾ ਧਰਮ ਅਪਨਾਉਣਾ ਹੈ, ਇਹ ਹਰ ਵਿਅਕਤੀ ਦਾ ਆਪਣਾ ਨਿੱਜੀ ਫੈਸਲਾ ਹੈ ਅਤੇ ਰਾਜ ਸ਼ਕਤੀ ਜਾਂ ਬਾਹੂਬਲ ਦੇ ਜੋਰ ਨਾਲ ਕਿਸੇ ਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਕਰਨਾ ਭਾਰੀ ਜੁਲਮ ਹੈ ਅਤੇ ਧਾਰਮਿਕ ਅਜਾਦੀ ਤੇ ਮਨੁੱਖੀ ਅਧਿਕਾਰਾਂ ’ਤੇ ਵੱਡਾ ਹਮਲਾ ਹੈ। ਇਸ ਲਈ ਉਨ੍ਹਾਂ ਵਫ਼ਦ ਨੂੰ ਕਿਹਾ ਕਿ ਜਾਓ, ਔਰੰਗਜ਼ੇਬ ਨੂੰ ਜਾ ਕੇ ਕਹਿ ਦੇਵੋ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਂਦੇ ਹਨ ਤਾਂ ਅਸੀਂ ਸਾਰੇ ਖ਼ੁਦ ਹੀ ਮੁਸਲਮਾਨ ਬਣ ਜਾਵਾਂਗੇ। ਬਾਲ ਗੋਬਿੰਦ ਰਾਏ ਜਿਨ੍ਹਾਂ ਨੇ ਉਸ ਸਮੇਂ ਆਪਣੀ ਉਮਰ ਮਸਾਂ 9 ਕੁ ਸਾਲ ਹੀ ਸੀ; ਨੇ ਪਿਤਾ ਗੁਰੂ ਜੀ ਦੇ ਫੈਸਲੇ ’ਤੇ ਪ੍ਰਸੰਨਤਾ ਜ਼ਾਹਰ ਕੀਤੀ ਤਾਂ ਗੁਰੂ ਜੀ ਵੀ ਆਪਣੇ ਪੁੱਤਰ ਦੀ ਸੂਝ ਬੂਝ ਤੋਂ ਪ੍ਰਭਾਵਤ ਹੋਏ ਅਤੇ ਆਪਣੇ ਪਿੱਛੋਂ ਗੁਰਿਆਈ ਦੀ ਜਿੰਮੇਵਾਰੀ ਸੰਭਾਲਣ ਦੇ ਯੋਗ ਸਮਝਿਆ। ਇਸ ਲਈ ਖ਼ੁਦ ਹੀ ਅਨੰਦਪੁਰ ਤੋਂ ਚੱਲ ਕੇ ਕੀਰਤਪੁਰ, ਫੈਜ਼ਾਬਾਦ, ਸਮਾਣਾ, ਕੈਥਲ, ਲੱਖਣ ਮਾਜਰਾ ਰੋਹਤਕ ਆਦਿ ਥਾਵਾਂ ’ਤੇ ਸਹਿਮੀ ਹੋਈ ਹਿੰਦੂ ਜੰਤਾ ਨੂੰ ‘‘ਭੈ ਕਾਹੂ ਕਉ ਦੇਤ ਨਹਿ; ਨਹਿ, ਭੈ ਮਾਨਤ ਆਨ ॥’’ ਦਾ ਪ੍ਰਚਾਰ ਕਰਦੇ ਹੋਏ ਆਗਰੇ ਪੁੱਜੇ। ਆਪਣੇ ਨਾਲ ਖਾਸ ਪੰਜ ਸੇਵਕ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਹੀ ਰੱਖੇ। ਆਪ ਜੀ ਦੇ ਪ੍ਰਚਾਰ ਨੇ ਲੋਕਾਂ ਵਿੱਚ ਭਾਰੀ ਜਾਗ੍ਰਤੀ ਲਿਆਂਦੀ। ਲੋਕਾਂ ਵਿੱਚ ਜ਼ੁਲਮ ਵਿਰੁੱਧ ਡਟ ਜਾਣ ਦਾ ਬਲ ਤੇ ਉਤਸ਼ਾਹ ਪੈਦਾ ਹੋ ਗਿਆ। ਇਸ ਗੱਲ ਦੀ ਰੀਪੋਰਟ ਔਰੰਗਜ਼ੇਬ ਪਾਸ ਹਸਨ ਅਬਦਾਲ ਪਹੁੰਚੀ। ਆਗਰੇ ਤੋਂ ਗੁਰੂ ਜੀ ਤਿੰਨ ਸਿੱਖਾਂ (ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ) ਸਮੇਤ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦੇ ਗਏ ਭਾਵੇਂ ਪਹਿਲਾਂ ਵੀ ਸਹਿਮੀ ਜੰਤਾ ਨੂੰ ਜਾਗਰੂਕ ਕਰਨ ਕਰ ਕੇ ਝੂਠੇ ਦੋਸ਼ਾਂ ਅਧੀਨ ਗੁਰੂ ਜੀ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਰਿਹਾਅ ਕੀਤਾ ਗਿਆ ਸੀ ਪਰ ਇਸ ਵਾਰ ਸ਼ਹੀਦੀ ਅਟੱਲ ਜਾਪਦੀ ਸੀ ਇਸ ਲਈ ਗੁਰੂ ਜੀ ਨੇ ਗ੍ਰਿਫਤਾਰੀ ਤੋਂ ਪਹਿਲਾਂ ਹੀ ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਨੂੰ ਆਪਣੇ ਤੋਂ ਵੱਖ ਪਰ ਦਿੱਲੀ ਸ਼ਹਿਰ ਵਿੱਚ ਹੀ ਰਹਿਣ ਦੇ ਅਦੇਸ਼ ਦੇ ਦਿੱਤੇ ਸਨ ਤਾਂ ਕਿ ਉੱਥੇ ਜੋ ਭਾਣਾ ਵਾਪਰੇ ਉਸ ਦੀ ਖ਼ਬਰ-ਸਾਰ ਗੋਬਿੰਦ ਰਾਏ ਜੀ ਨੂੰ ਪਹੁੰਚਾ ਸਕਣ। ਦਿੱਲੀ ਵਿਖੇ ਮੌਲਾਣਿਆਂ ਦੀ ਕਚਹਿਰੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਪਹਿਲੀ ਗੱਲ ਇਹ ਕਹੀ ਗਈ ਕਿ ਉਹ ਇਸਲਾਮ ਕਬੂਲ ਕਰਨ। ਜੇ ਉਹ ਇਹ ਨਹੀਂ ਮੰਨਦੇ ਤਾਂ ਕਰਾਮਾਤ ਵਿਖਾਉਣ, ਨਹੀਂ ਤਾਂ ਸੀਸ ਦੇਣ ਲਈ ਤਿਆਰ ਹੋ ਜਾਣ।

ਗੁਰੂ ਜੀ ਨੇ ਕਿਹਾ: ‘ਧਰਮ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਕਰਾਮਾਤ ਦਿਖਾਉਣਾ ਪ੍ਰਭੂ ਦੇ ਸੇਵਕਾਂ ਨੂੰ ਸ਼ੋਭਦਾ ਨਹੀਂ ਤੇ ਸੀਸ ਦੇਣ ਲਈ ਅਸੀਂ ਤਿਆਰ ਹਾਂ ਕਿਉਂਕਿ ਸੀਸ ਦੇਣ ਲਈ ਹੀ ਤਾਂ ਆਏ ਹਾਂ।’

ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਦੀ ਖਾਤਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਧਰਮ ਛੱਡਣ ਤੋਂ ਨਾਂਹ ਕਰਨ ’ਤੇ ਉਨ੍ਹਾਂ ਦੇ ਸਾਹਮਣੇ ਆਰੇ ਨਾਲ ਚੀਰ ਕੇ ਦੋ ਫਾੜ ਕੀਤਾ ਗਿਆ। ਫਿਰ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਤੇ ਫਿਰ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਉਂਦਾ ਸਾੜ ਕੇ ਸ਼ਹੀਦ ਕੀਤਾ ਗਿਆ, ਉਪ੍ਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਘਰ ਸੁਦੀ 5, 11 ਮੱਘਰ ਬਿਕ੍ਰਮੀ ਸੰਮਤ 1732 (ਨਾਨਕਸ਼ਾਹੀ ਸੰਮਤ 207); 11 ਨਵੰਬਰ 1675 ਨੂੰ ਚਾਂਦਨੀ ਚੌਂਕ ਵਿੱਚ ਜਲਾਲ-ਉਦ-ਦੀਨ ਸਮਾਣੇ ਵਾਲੇ ਨੇ ਤਲਵਾਰ ਨਾਲ ਗੁਰੂ ਜੀ ਦਾ ਸੀਸ, ਧੜ ਨਾਲੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ। ਇਸ ਸਥਾਨ ’ਤੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ।

ਭਾਈ ਜੈਤਾ ਜੀ ਨੇ ਭਾਈ ਊਦਾ ਜੀ ਤੇ ਭਾਈ ਲੱਖੀ ਸ਼ਾਹ ਵਣਜਾਰੇ ਨਾਲ ਸਲਾਹ ਮਸ਼ਵਰਾ ਕਰ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕਰਨ ਦੀ ਡਿਊਟੀ ਉਨ੍ਹਾਂ ਦੀ ਲਾਈ। ਭਾਈ ਊਦਾ ਜੀ ਨੇ ਆਪਣੇ ਗੱਡੇ ਵਿੱਚ ਗੁਰੂ ਜੀ ਦਾ ਧੜ ਰੱਖਿਆ ਤੇ ਤਿੰਨ ਮੀਲ ਦੂਰ ਪੰਡ ਰਕਾਬ ਗੰਜ ਵਿਖੇ ਲੈ ਪਹੁੰਚੇ ਜਿੱਥੇ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਾ ਕੇ ਧੜ ਦਾ ਸਸਕਾਰ ਕਰ ਦਿੱਤਾ। ਇਸ ਸਥਾਨ ’ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ। ਉੱਧਰ ਭਾਈ ਜੈਤਾ ਜੀ ਨੇ ਹਫੜਾ ਦਫੜੀ ਵਿੱਚ ਹੀ ਗੁਰੂ ਜੀ ਦਾ ਪਵਿੱਤਰ ਸੀਸ ਚੁੱਕਿਆ ਤੇ ਸਿੱਧਾ ਅਨੰਦਪੁਰ ਸਾਹਿਬ ਪਹੁੰਚ ਗਏ। ਭਾਈ ਊਦਾ ਜੀ ਵੀ ਰਸਤੇ ਵਿੱਚ ਮਿਲ ਗਏ। ਦੋਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚੇ ਤਾਂ ਉਨ੍ਹਾਂ ਨੂੰ ਗਲ ਨਾਲ ਲਾਇਆ ਤੇ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਸਨਮਾਨਿਆ ਗਿਆ। ਅਨੰਦਪੁਰ ਸਾਹਿਬ ਵਿਖੇ ਜਿੱਥੇ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਸ ਸਥਾਨ ’ਤੇ ਅੱਜਕੱਲ੍ਹ ‘ਗੁਰਦੁਆਰਾ ਸੀਸ ਗੰਜ’ ਸੁਸ਼ੋਭਿਤ ਹੈ।

ਸ਼ਹੀਦੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੀ ਜਿੰਮੇਵਾਰੀ ਸੌਂਪੀ ਗਈ। ਗੁਰਿਆਈ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਆਪ ਨੇ ਸਿੱਖ ਸੰਗਤਾਂ ਵਿੱਚ ਜੋਸ਼ ਭਰਨਾ ਅਰੰਭਿਆ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਫਲਸਰੂਪ ਸਿੱਖ ਜਗਤ ’ਚ ਰੋਸ ਤੇ ਰੋਹ ਦੀ ਜਵਾਲਾ ਭੜਕ ਉੱਠੀ। ਇਹ ਜਰੂਰੀ ਹੋ ਗਿਆ ਕਿ ਫੌਜਾਂ ਤਿਆਰ ਕਰਕੇ ਹਕੂਮਤ ਨਾਲ ਟੱਕਰ ਲਈ ਜਾਵੇ। ਸਿੱਖਾਂ ਵਿੱਚ ਸ਼ਸਤਰ ਵਿਦਿਆ ਦੇ ਅਭਿਆਸ ਨੂੰ ਤੇਜ ਕੀਤਾ। 52 ਕਵੀ ਰੱਖ ਕੇ ਬੀਰ ਰਸ ਭਰਪੂਰ ਸਾਹਿਤ ਤਿਆਰ ਕਰਵਾਇਆ ਗਿਆ। ਸੰਨ 1684 ਵਿੱਚ ਵੱਡਾ ਧੌਂਸਾ ਤਿਆਰ ਕਰਵਾਇਆ ਗਿਆ, ਜਿਸ ਦਾ ਨਾਮ ‘ਰਣਜੀਤ ਨਗਾਰਾ’ ਰੱਖਿਆ ਗਿਆ। ਧਰਮ ਦੀ ਰੱਖਿਆ ਲਈ ਤੇ ਜ਼ੁਲਮ ਦੇ ਨਾਸ਼ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਖੜਗ ਤੇ ਖੰਡਾ ਲੈ ਕੇ ਸਿਰਲੱਥ ਸਿੰਘ ਸੂਰਮੇ ਰਣਭੂਮੀ ’ਚ ਆਉਣ ਲੱਗੇ। ਉਹ ਸ਼ਮਸ਼ੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਆ ਗਈ ਜਿਸ ਲਈ ਫੌਲਾਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਸੀ। ਸਿੱਖੀ ਦਾ ‘ਸੰਤ’ ਸਰੂਪ ਪੂਰੀ ਤਰ੍ਹਾਂ ‘ਸੰਤ-ਸਿਪਾਹੀ’ ਦੇ ਸਰੂਪ ’ਚ ਰੂਪਾਂਤ੍ਰਿਤ ਹੋ ਗਿਆ। ਖਾਲਸਾ ਪੰਥ ਦੀ ਸਿਰਜਨਾ ਲਈ ਆਧਾਰ-ਭੂਮੀ ਤਿਆਰ ਹੋ ਗਈ ਅਤੇ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਖੋਖਲੀਆਂ ਹੋਣ ਲੱਗੀਆਂ।

ਸੰਨ 1684 ਤੋਂ 1687 ਤੱਕ ਗੁਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿੱਚ ਰਹੇ। ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਅਤੇ ਸਿਰੀ ਨਗਰ ਦੇ ਰਾਜੇ ਫਤਹਿ ਸ਼ਾਹ ਦੀ ਸੁਲਾਹ ਕਰਾਈ ਗਈ। ਜਮੁਨਾ ਦੇ ਕੰਢੇ 1685 ਵਿੱਚ ਪਾਉਂਟਾ ਸਾਹਿਬ ਗੁਰਦੁਆਰਾ ਬਣਾਇਆ ਗਿਆ। ਇੱਥੇ ਆਪ ਜੀ ਨੇ ‘ਜਾਪ ਸਾਹਿਬ, ਸਵੱਈਏ ਤੇ ਅਕਾਲ ਉਸਤਤਿ’ ਬਾਣੀਆਂ ਰਚੀਆਂ। ਸੰਗਤਾਂ ਵਿੱਚ ਬੀਰ-ਰਸ ਪੈਦਾ ਕਰਨ ਲਈ ਕਵੀ ਦਰਬਾਰ ਕੀਤੇ ਜਾਣ ਲੱਗੇ। ਇੱਥੋਂ 25 ਮੀਲਾਂ ਦੀ ਵਿੱਥ ’ਤੇ ਪਿੰਡ ਸਢੌਰਾ ਸੀ, ਜਿੱਥੋਂ ਦੇ ਰਹਿਣ ਵਾਲੇ ਪੀਰ ਸੱਯਦ ਬੁੱਧੂ ਸ਼ਾਹ ਗੁਰੂ ਜੀ ਦਾ ਸੇਵਕ ਬਣਿਆ, ਜਿਸ ਨੇ 500 ਪਠਾਣ ਆਪ ਜੀ ਦੀ ਫੌਜ ਵਾਸਤੇ ਅਰਪਨ ਕੀਤੇ। 7 ਜਨਵਰੀ ਸੰਨ 1687 ਈ: ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸੰਨ 1690 ’ਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ। ਇਹਨਾਂ ਦੀ ਸਿਖਲਾਈ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸਸਤ੍ਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ।

ਭੰਗਾਣੀ ਦਾ ਯੁੱਧ

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤਾ ਲੰਬਾ ਨਹੀਂ ਸੀ ਪ੍ਰੰਤੂ ਉਹ ਘਟਨਾਵਾਂ ਨਾਲ ਇੰਨੇ ਭਰਪੂਰ ਸਨ ਕਿ ਸ਼ਾਇਦ ਹੀ ਉਹਨਾਂ ਨੂੰ ਕਿਤੇ ਅਰਾਮ ਮਿਲਿਆ ਹੋਵੇ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਉਹਨਾਂ ਦੇ ਜੀਵਨ ਦਾ ਮਨੋਰਥ ਸੀ। ਇਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੂੰ ਇਸ ਗੱਲ ਦੀ ਲੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਕੀ ਅਤੇ ਜਜਬਾਤੀ ਤੌਰ ’ਤੇ ਤਿਆਰ ਕਰਨ। ਇਸ ਕਾਰਵਾਈ ਕਰ ਕੇ ਗੁਰੂ ਸਾਹਿਬ ਦਾ ਉਹਨਾਂ ਸਭਨਾਂ ਲੋਕਾਂ ਨਾਲ ਟਾਕਰਾ ਹੋਇਆ ਜਿਹੜੇ ਉਹਨਾਂ ਦੇ ਦੇਸ ਭਗਤੀ ਦੇ ਕੰਮਾਂ-ਕਾਰਾਂ ਨੂੰ ਪਸੰਦ ਨਹੀਂ ਸਨ ਕਰਦੇ। ਇਸ ਦੇ ਸਿੱਟੇ ਵਜੋਂ ਉਹਨਾਂ ਨੂੰ ਬਹੁਤ ਸਾਰੀਆਂ ਲੜਾਈਆਂ ਨਾਲ ਜੂਝਣਾ ਪਿਆ। ਪਹਿਲੀ ਲੜਾਈ ਪਾਉਂਟਾ ਸਾਹਿਬ ਤੋਂ ਛੇ ਮੀਲ ਉੱਤਰ ਵੱਲ ਭੰਗਾਣੀ ਦੇ ਸਥਾਨ ’ਤੇ ਹੋਈ। ਇਹ ਯੁੱਧ ਰਿਆਸਤ ਕਹਿਲੂਰ ਦੇ ਰਾਜਾ ਭੀਮ ਚੰਦ ਅਤੇ ਉਸ ਦੇ ਸਾਥੀਆਂ ਨਾਲ ਲੜਿਆ ਗਿਆ ਸੀ। ਇਹ ਯੁੱਧ 15 ਅਪ੍ਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ’ਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਇਹ ਪਹਿਲਾ ਵੱਡਾ ਯੁੱਧ ਸੀ।

ਇਨ੍ਹਾਂ ਜੰਗਾਂ ਦਾ ਸਭ ਤੋਂ ਪਹਿਲਾ ਤੇ ਵੱਡਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਮੁੱਖ ਅਸੂਲਾਂ ਵਿੱਚੋਂ ਇੱਕ ਇਹ ਵੀ ਹੈ ਕਿ ਨੀਚ-ਊਚ ਦਾ ਵਿਤਕਰਾ ਸਮਾਜ ਵਿੱਚੋਂ ਖਤਮ ਕਰ ਕੇ ਕੇਵਲ ਸਮਾਨਤਾ ਦੇ ਅਸੂਲ ਨੂੰ ਦ੍ਰਿੜ ਕਰਵਾਉਣਾ ਹੈ। ਪਰ ਇਹ ਅਸੂਲ ਹਿੰਦੂਆਂ ਦੇ ਧਰਮ ਦੇ ਵਿਰੁੱਧ ਜਾਂਦਾ ਸੀ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਨਾਂਹ ਕਰ ਕੇ ਜਾਤੀ ਤੇ ਲਿੰਗ ਆਧਾਰਿਤ ਵਿਤਕਰੇ ਨੂੰ ਖਤਮ ਕਰਨ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁਖਾਂ ਨੂੰ ਪ੍ਰਭਾਵਤ ਕੀਤਾ, ਤਦ ਤੋਂ ਹੀ ਬ੍ਰਾਹਮਣ ਸ਼੍ਰੇਣੀ ਅਤੇ ਰਾਜਪੂਤ ਹਿੰਦੂ ਰਾਜਿਆਂ ਨੇ ਸਿੱਖ ਸੰਸਥਾ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ। ਇਹ ਟੱਕਰ, ਦਸਵੇਂ ਗੁਰੂ ਦੇ ਸਮੇਂ ਆਪਣੀ ਸਿਖਰਲੀ ਮੰਜ਼ਲ ’ਤੇ ਪਹੁੰਚ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਗੁਰਸਿੱਖਾਂ ਨੇ ਇਸ ਜ਼ਿਆਦਤੀ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਿਆ ਅਤੇ ਉਹ ਟਾਕਰੇ ਲਈ ਪੂਰੀ ਤਿਆਰੀ ਕਰ ਰਹੇ ਸਨ। ਹਜਾਰਾਂ ਸਿੱਖ, ਘੋੜ-ਸਵਾਰੀ ਅਤੇ ਸ਼ਸਤਰ ਵਿਦਿਆ ਲੈ ਕੇ ਤਿਆਰ ਹੋ ਚੁੱਕੇ ਸਨ। ਗੁਰੂ ਸਾਹਿਬ ਅਤੇ ਸਿੱਖਾਂ ਦਾ ਸ਼ਿਕਾਰ ’ਤੇ ਚੜ੍ਹਨਾ ਅਤੇ ਵੱਡੇ-ਵੱਡੇ ਰਾਜਿਆਂ ਦਾ ਗੁਰੂ ਘਰ ’ਤੇ ਸ਼ਰਧਾ ਰੱਖਣਾ; ਪਹਾੜੀ ਰਾਜਿਆਂ ਨੂੰ ਚੁਭ ਰਿਹਾ ਸੀ।

ਕੋਈ ਡੇਢ ਸਾਲ ਪਿੱਛੋਂ ਨਦੌਣ ਦਾ ਯੁੱਧ ਹੋਇਆ ਜਿਸ ਵਿੱਚ ਹਮਲਾਵਰ ਅਲਫ ਖਾਂ ਦੇ ਵਿਰੁੱਧ ਰਾਜਾ ਭੀਮ ਚੰਦ ਤੇ ਉਸ ਦੇ ਸਾਥੀਆਂ ਨੇ ਗੁਰੂ ਜੀ ਤੋਂ ਸਹਾਇਤਾ ਮੰਗੀ। ਗੁਰੂ ਜੀ ਦੀ ਸਹਾਇਤਾ ਨਾਲ ਰਾਜਾ ਭੀਮ ਚੰਦ ਨੇ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਕਈ ਵਰ੍ਹਿਆ ਤੱਕ ਸ਼ਾਂਤੀ ਬਣੀ ਰਹੀ।

1694 ਈ: ਦੇ ਅੰਤ ਵਿੱਚ ਕਾਂਗੜੇ ਦੇ ਫੌਜਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਨੂੰ ਅਨੰਦਪੁਰ ’ਤੇ ਹਮਲਾ ਕਰਨ ਲਈ ਭੇਜਿਆ, ਪਰ ਉਹ ਕੁਝ ਨਾ ਕਰ ਸਕਿਆ। ਜਦੋਂ ਉਸ ਦੇ ਆਉਣ ਬਾਰੇ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਉਸ ਦੇ ਟਾਕਰੇ ਲਈ ਉਹ ਬਾਹਰ ਨਿਕਲੇ ਤਾਂ ਦੁਸਮਣ ਦਿਲ ਛੱਡ ਗਏ ਤੇ ਮੈਦਾਨ ਵਿਚੋਂ ਭੱਜ ਗਏ। ਛੇਤੀ ਹੀ ਬਾਅਦ 1695 ਦੇ ਆਰੰਭ ਵਿੱਚ ਦਿਲਾਵਰ ਖਾਂ ਨੇ ਪਹਿਲੇ ਨਾਲੋਂ ਕਿਤੇ ਵਡੇਰੀ ਮੁਹਿੰਮ ਹੁਸੈਨ ਖਾਂ ਦੀ ਅਗਵਾਈ ਵਿੱਚ ਭੇਜੀ। ਗੁਰੂ ਸਾਹਿਬ ਨੇ ਸਿੰਧੀਆਂ ਅਤੇ ਮੁਗਲਾਂ ਦੇ ਵਿਰੁੱਧ ਲੜਾਈ ਵਿੱਚ ਹਿੱਸਾ ਨਾ ਲਿਆ, ਪਰ ਉਹਨਾਂ ਦੀ ਹਮਦਰਦੀ ਨਿਰਸੰਦੇਹ ਉਹਨਾਂ ਨਾਲ ਸੀ ਜੋ ਹੁਸੈਨ ਖਾਂ ਦੇ ਮੁਕਾਬਲੇ ’ਤੇ ਲੜੇ। ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ ਜਨਮ 1696 ਈ: ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦਾ ਜਨਮ 1698 ਈ: ’ਚ ਅਨੰਦਪੁਰ ਸਾਹਿਬ ਵਿਖੇ ਹੋਇਆ।

ਖਾਲਸੇ ਦੀ ਸਥਾਪਨਾ

ਪਹਿਲੀ ਵੈਸਾਖ, ਬਿਕ੍ਰਮੀ ਸੰਮਤ 1756 (ਨਾਨਕਸ਼ਾਹੀ ਸੰਮਤ 231); 29 ਮਾਰਚ 1699 ਵਾਲੀ ਵੈਸਾਖੀ ਨੇ ਤਾਂ ਦੁਨੀਆਂ ਦੇ ਇਤਿਹਾਸ ਵਿਚ ਇਕ ਨਵੇਕਲੀ ਅਸਥਾਨ ਬਣਾ ਲਈ। ਸਾਰੇ ਸੰਸਾਰ ਵਿੱਚ ਕੋਈ ਐਸਾ ਦਿਨ ਨਹੀਂ, ਜਿਸ ਦੀ ਤੁਲਨਾ ਵੈਸਾਖੀ ਨਾਲ ਕੀਤੀ ਜਾ ਸਕੇ। ਗੁਰੂ ਅਮਰਦਾਸ ਜੀ, ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਿਰਾਏ ਜੀ ਵਲੋਂ ਮਨਾਈ ਗਈ ਵੈਸਾਖੀ ਵਾਂਗ ਹੀ ਸ਼ਿਵਾਲਕ ਦੇ ਰਮਣੀਕ ਵਾਤਾਵਰਨ ਵਿੱਚ ਅਨੰਦਪੁਰ ਸਾਹਿਬ ਵਿਖੇ ਬਹੁਤ ਵਡਾ ਇਕੱਠ ਜੁੜਿਆ ਹੋਇਆ ਸੀ। ਸਾਂਝੇ ਲੰਗਰ ਵੀ ਉਸੇ ਤਰ੍ਹਾਂ ਚੱਲ ਰਹੇ ਸਨ, ਸੰਗਤਾਂ ਸੇਵਾ ਅਤੇ ਸਿਮਰਨ ਵਿੱਚ ਜੁੜੀਆਂ ਹੋਈਆਂ ਸਨ। ਸਵੇਰੇ ਕੀਰਤਨ ਉਪਰੰਤ, ਗੁਰੂ ਗੋਬਿੰਦ ਰਾਏ ਨੇ ਲਿਸ਼ਕਦੀ ਕਿਰਪਾਨ ਲਹਿਰਾ ਕੇ, ਗਰਜ਼ਵੀਂ ਆਵਾਜ਼ ਵਿੱਚ ਅਨੋਖੀ ਮੰਗ ਕਰ ਦਿਤੀ: ‘ਮੈਨੂੰ ਇਕ ਸਿਰ ਦੀ ਲੋੜ ਹੈ।’ ਪੰਡਾਲ ਵਿਚ ਜੁੜੇ ਇਕੱਠ ਵਿੱਚ ਸੰਨਾਟਾ ਛਾ ਗਿਆ। ਇਕ, ਦੋ, ਤੀਸਰੀ ਆਵਾਜ਼ ’ਤੇ ਲਾਹੌਰ ਵਾਸੀ ‘ਦਇਆ ਰਾਮ’ (ਖੱਤਰੀ) ਹਾਜ਼ਰ ਹੁੰਦਾ ਹੈ। ਗੁਰੂ ਗੋਬਿੰਦ ਰਾਏ ਉਸ ਨੂੰ ਤੰਬੂ ਵਿੱਚ ਲੈ ਜਾਂਦੇ ਹਨ। ਕੁੱਝ ਦੇਰ ਬਾਅਦ ਤੰਬੂ ਤੋਂ ਬਾਹਰ ਆ ਕੇ ਗੁਰੂ ਗੋਬਿੰਦ ਰਾਏ ਇੱਕ ਸਿਰ ਦੀ ਹੋਰ ਮੰਗ ਕਰਦੇ ਹਨ। ਤਲਵਾਰ ਦੀ ਧਾਰ ’ਚੋਂ ਟਪਕਦਾ ਲਹੂ ਦੇਖ ਕੇ ਪੰਡਾਲ ਵਿਚ ਬੈਠੇ ਸੇਵਕ ਤੰਬੂ ਅੰਦਰ ਵਾਪਰੀ ਘਟਨਾ ਦਾ ਅੰਦਾਜ਼ਾ ਲਾਉਂਦੇ ਹਨ। ਇਕ ਸੋਚ ਜਨਮ ਲੈਂਦੀ ਹੈ। ਹੈਂ ! ਇਹ ਕੀ ? ਗੁਰੂ ਨੂੰ ਕੀ ਹੋ ਗਿਆ ? ਆਪਣੇ ਹੀ ਸਿੱਖਾਂ ਦਾ ਕਤਲ ਕਰਨ ਲੱਗ ਪਿਆ। ਦੂਜੀ ਆਵਾਜ਼ ’ਤੇ ਹਸਤਿਨਾਪੁਰ ਦਾ ‘ਧਰਮ ਦਾਸ’ (ਜੱਟ) ਵੀ ਗੁਰੂ ਗੋਬਿੰਦ ਰਾਏ ਨਾਲ ਤੰਬੂ ਵਿੱਚ ਜਾਂਦਾ ਹੈ, ਫੇਰ ਉਸੇ ਤਰ੍ਹਾਂ ਗਰਜ਼ਵੀਂ ਆਵਾਜ਼, ਲਹੂ ਭਿਜੀ ਤਲਵਾਰ, ਇੱਕ ਸਿਰ ਦੀ ਹੋਰ ਮੰਗ। ਪੰਡਾਲ ਵਿੱਚ ਵਿਰਲ ਪੈਣ ਲੱਗੀ। ਤੀਸਰੀ ਵਾਰ ਜਗਨ ਨਾਥ (ਗੁਜਰਾਤ) ਦੇ ਰਹਿਣ ਵਾਲਾ ‘ਹਿੰਮਤ ਰਾਏ’ (ਝੀਵਰ ਜਾਤੀ ਨਾਲ ਸਬੰਧ ਰੱਖਣ ਵਾਲਾ) ਹਾਜ਼ਰ ਹੁੰਦਾ ਹੈ। ਚੌਥੀ ਵਾਰੀ ‘ਮੋਹਕਮ ਚੰਦ’ (ਛੀਂਬਾ), ਦਵਾਰਕਾ ਨਿਵਾਸੀ ਅਤੇ ਪਜਵੀਂ ਵਾਰੀ ‘ਸਾਹਿਬ ਚੰਦ’, ਬਿਦਰ (ਆਂਧਰਾ) ਨਿਵਾਸੀ ਨੂੰ ਤੰਬੂ ਵਿਚ ਲੈ ਜਾਣ ਉਪਰੰਤ, ਕੁੱਝ ਦੇਰ ਲਈ ਖਾਮੋਸ਼ੀ … ; ਫੇਰ ਪੰਜੇ ਹੀ ਗੁਰੂ ਗੋਬਿੰਦ ਵਰਗਾ ਪਹਿਰਾਵਾ ਪਾਈ, ਗੁਰੂ ਮਹਾਰਾਜ ਦੇ ਪਿੱਛੇ ਪਿੱਛੇ ਤੰਬੂ ਤੋਂ ਬਾਹਰ ਆਉਂਦੇ ਤੱਕ ਕੇ, ਮਨਾਂ ’ਤੇ ਹੈਰਾਨੀ ਹਾਵੀ ਹੋ ਜਾਂਦੀ ਹੈ। ਅੰਮ੍ਰਿਤ ਸੰਚਾਰ ਹੁੰਦਾ ਹੈ, ਪੰਜਾਂ ਦੇ ਨਾਮ ਨਾਲ ‘ਸਿੰਘ’ ਸ਼ਬਦ ਜੁੜਦਾ ਹੈ ਅਤੇ ਅੰਤ ਵਿੱਚ ਗੁਰੂ ਮਹਾਰਾਜ ਖੁਦ ਪੰਜਾਂ ਤੋਂ ਅੰਮ੍ਰਿਤਪਾਨ ਕਰ ਕੇ, ‘ਗੋਬਿੰਦ ਰਾਏ’ ਤੋਂ ‘ਗੋਬਿੰਦ ਸਿੰਘ’ ਬਣ ਜਾਂਦੇ ਹਨ। ਅੰਮ੍ਰਿਤ ਛੱਕਣ ਤੋਂ ਬਾਅਦ ਹਰ ਸਿੱਖ ਨੂੰ ਨਾਮ ਬਾਣੀ ਦਾ ਅਭਿਆਸ ਅਤੇ ਗੁਰਮਤਿ ਅਨੁਸਾਰ ਰਹਿਤ ਦ੍ਰਿੜ੍ਹ ਕਰਵਾਈ ਗਈ ਤੇ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਧਾਰਨ ਕਰਨੇ ਲਾਜ਼ਮੀ ਕੀਤੇ ਗਏ। 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਜੀ ਪਾਸੋਂ ਅੰਮ੍ਰਿਤ ਛੱਕ ਕੇ ਆਪਣਾ ਪੂਰਨ ਵਿਸ਼ਵਾਸ ਗੁਰੂ ਪ੍ਰਤਿ ਪ੍ਰਗਟ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਤੋਂ ਹੀ ਜਾਤ ਪਾਤ ਮੰਨਣ ਵਾਲਿਆਂ ਦੇ ਸਿਧਾਂਤ ਦਾ ਖੰਡਨ ਕਰਦਿਆਂ ਬਚਨ ਕੀਤੇ: ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ ॥ (ਮ: ੧/੩੪੯), ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ? ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥’’ (ਮ: ੧/੧੫) । ਬਾਕੀ ਦੇ ਨੌ ਗੁਰੂ ਸਾਹਿਬਾਨ ਨੇ ਇਸੇ ਸਿਧਾਂਤ ਦਾ ਪ੍ਰਚਾਰ ਕੀਤਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਾਤ ਪਾਤ ਅਤੇ ਛੂਤ-ਛਾਤ ਦੇ ਵਹਿਮ ਨੂੰ ਤੋੜਨ ਲਈ ਲੰਗਰ ਵਿੱਚ ਸਭਨਾ ਜਾਤੀਆਂ ਨਾਲ ਸਬੰਧ ਰੱਖਣ ਵਾਲਿਆਂ ਲਈ ਗੁਰੂ ਜੀ ਦੇ ਦਰਸ਼ਨ ਅਤੇ ਬਚਨ ਬਿਲਾਸ ਸੁਣਨ/ਕਰਨ ਆਉਣ ਵਾਲਿਆਂ ਲਈ ਸੰਗਤ ਵਿੱਚ ਬੈਠਣ ਤੋਂ ਪਹਿਲਾਂ ਸਾਂਝੀ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਦੀ ਸ਼ਰਤ ਲਗਾ ਕੇ ਜਾਤ ਪਾਤ ਦੇ ਬੰਧਨਾਂ ਨੂੰ ਢਿੱਲਾ ਕਰ ਦਿੱਤਾ ਸੀ। ਗੁਰੂ ਅਰਜੁਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ (ਪੋਥੀ ਸਾਹਿਬ) ਦੀ ਸੰਪਾਦਨਾ ਕਰਨ ਸਮੇਂ ਬ੍ਰਹਮਣੀ ਵਰਨ-ਵੰਡ ਅਨੁਸਾਰ ਕਹੀਆਂ ਜਾਂਦੀਆਂ ਨੀਚ ਜਾਤੀਆਂ ਨਾਲ ਸਬੰਧਤ ਰੱਬੀ ਭਗਤਾਂ ਦੀ ਬਾਣੀ ਦਰਜ ਕਰ ਕੇ ਸਭਨਾਂ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ ਸੀ। ਇਸ ਲਈ ਜਾਤ ਅਭਿਮਾਨੀ ਲੋਕ ਤਾਂ ਪਹਿਲਾਂ ਹੀ ਗੁਰੂ ਘਰ ਨੂੰ ਆਪਣੇ ਲਈ ਚੁਣੌਤੀ ਵਜੋਂ ਲੈ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭਨਾ ਜਾਤੀਆਂ ਵਾਲਿਆਂ ਨੂੰ ਇੱਕੋ ਬਾਟੇ ਵਿੱਚੋਂ ਮੂੰਹ ਲਾ ਕੇ ਅੰਮ੍ਰਿਤ ਛੱਕਾ ਕੇ ਜਾਤੀ ਸਿਸਟਮ ਦਾ ਭੋਗ ਹੀ ਪਾ ਦਿੱਤਾ। ਇਸ ਕਾਰਨ ਜਾਤ ਅਭਿਮਾਨੀਆਂ ਖਾਸ ਕਰ ਕੇ ਹਿੰਦੂ ਪਹਾੜੀ ਰਾਜਿਆਂ ਵਿੱਚ ਗੁਰੂ ਘਰ ਪ੍ਰਤੀ ਗੁੱਸਾ ਨਫ਼ਰਤ ਵਿੱਚ ਬਦਲਨਾ ਸ਼ੁਰੂ ਹੋ ਗਿਆ। ਭੰਗਾਣੀ ਯੁੱਧ ਦੇ ਕੁਝ ਕਾਰਨ ਹੋਰ ਵੀ ਸਨ, ਜਿਨ੍ਹਾਂ ਰਾਹੀਂ ਗੁਰੂ ਸਾਹਿਬ ਜੀ ਨੂੰ ਸੂਚਤ ਕੀਤਾ ਗਿਆ ਸੀ ਕਿ ਪਹਾੜੀ ਰਾਜੇ ਗੁਰੂ ਘਰ ’ਤੇ ਹਮਲਾ ਕਰ ਸਕਦੇ ਹਨ ਕਿਉਂਕਿ ਭੀਮ ਚੰਦ ਦੀ ਬਦਨੀਤੀ ਨੇ ਵਿਆਹ ਲਈ ਉਧਾਰ ਲਏ ਤੋਹਫੇ ਵਾਪਸ ਨਾ ਕੀਤੇ ਜਾਣ ਅਤੇ ਪ੍ਰਸਾਦੀ ਹਾਥੀ ਦੀ ਮੰਗ ਪੂਰੀ ਨਾ ਹੁੰਦੀ ਵੇਖ ਵਿਆਹ ਦੀ ਖ਼ੁਸ਼ੀ ’ਚ ਪਾਗਲ ਹੋਏ ਰਾਜੇ ਗੁਰੂ ਘਰ ਉੱਤੇ ਹਮਲਾ ਕਰਕੇ ਗੁਰੂ ਸਾਹਿਬ ਨੂੰ ਖਤਮ ਕਰ ਦੇਣਾ ਚਾਹੁੰਦੇ ਸਨ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦੇ ਲੜਕੇ ਦੀ ਬਰਾਤ ਪਾਉਂਟਾ ਸਾਹਿਬ ਵਿੱਚੋਂ ਨਿਕਲਣ ਤੋਂ ਨਾਂਹ ਕਰ ਦਿੱਤੀ ਸੀ। ਇਹੋ ਕਾਰਨ ਹੈ ਕਿ 1699 ਤੋਂ ਬਾਅਦ ਲੜਾਈਆਂ ਦਾ ਇੱਕ ਨਵਾਂ ਦੌਰ ਚੱਲ ਪਿਆ। ਜਿਹਨਾਂ ਵਿਚੋਂ ਬਹੁਤੀਆਂ ਦਾ ਨਿਸ਼ਾਨਾ ਅੰਨਦਪੁਰ ਸੀ।

ਹਿੰਦੂ ਪਹਾੜੀ ਰਾਜਿਆਂ ਅਤੇ ਔਰੰਗਜ਼ੇਬ ਦੀਆਂ ਫੌਜਾਂ ਵੱਲੋਂ ਅਨੰਦਪੁਰ ਨੂੰ ਘੇਰਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼, ਕੌਮ, ਹੱਕ-ਸੱਚ ਅਤੇ ਧਰਮ ਦੀ ਖ਼ਾਤਰ ਕਈ ਜੰਗਾਂ ਲੜੀਆਂ। ਉਨ੍ਹਾਂ ਨੇ ਹਰ ਵਾਰ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਅਤੇ ਭਾਣੇ ਵਿੱਚ ਰਹੇ। ਬਿਕ੍ਰਮੀ ਸੰਮਤ 1762 (ਸੰਨ 1705 ਈ:) ਵਿੱਚ ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੁਧ ਲੜਾਈ ਵਾਸਤੇ ਮਦਦ ਲਈ ਔਰੰਗਜ਼ੇਬ ਅੱਗੇ ਫ਼ਰਿਆਦ ਕੀਤੀ। ਇਹ ਫ਼ਰਿਆਦ ਸੁਣ ਕੇ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ। ਇਸ ਤਰ੍ਹਾਂ ਲਾਹੌਰ, ਸਰਹੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਦੀ 10 ਲੱਖ ਫੌਜ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਖ਼ਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਪਰ ਲੰਮੇ ਸਮੇਂ ਤੱਕ ਨਿੱਤ ਦੀ ਲੜਾਈ ਵਿੱਚ ਹੋ ਰਹੀਆਂ ਸ਼ਹੀਦੀਆਂ ਕਾਰਨ ਖ਼ਾਲਸਾ ਫੌਜ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ। ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ਅਤੇ ਸਿੰਘਾਂ ਦੇ ਸਲਾਹ ਦੇਣ ’ਤੇ 6-7 ਪੋਹ ਬਿਕ੍ਰਮੀ ਸੰਮਤ 1762 ਦੀ ਰਾਤ ਨੂੰ ਕਿਲ੍ਹਾ ਖਾਲੀ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਹਾਲੀ ਗੁਰੂ ਜੀ ਕੀਰਤਪੁਰ ਵੀ ਨਹੀਂ ਸੀ ਪਹੁੰਚੇ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿਛੋਂ ਹਮਲਾ ਕਰ ਦਿੱਤਾ। 7 ਪੋਹ ਦੀ ਸਵੇਰ ਸਰਸਾ ਨਦੀ ਦੇ ਕੰਢੇ ਭਿਆਨਕ ਜੰਗ ਹੋਈ ਅਤੇ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਏ। ਉਸ ਯਾਦ ਵਿੱਚ ਇੱਥੇ ਗੁਰਦੁਆਰਾ ‘ਪਰਵਾਰ ਵਿਛੋੜਾ’ ਕਾਇਮ ਹੈ। ਪਾਤਸਾਹ ਤੋਂ ਵਿਛੜ ਕੇ ਮਾਤਾ ਸੁੰਦਰੀ ਜੀ (ਜੀਤੋ ਜੀ) ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਆ ਗਏ। ਮਾਤਾ ਗੂਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ। ਇਹਨਾਂ ਦਾ ਰਸੋਈਆ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ’ਤੇ ਪੈਂਦਾ ਸੀ। ਅਨੰਦਪੁਰ ਸਾਹਿਬ ਤੋਂ ਚੱਲਣ ਸਮੇਂ ਗੁਰੂ ਗੋਬਿੰਦ ਸਿੰਘ ਦੇ ਨਾਲ ਡੇਢ ਕੁ ਹਜ਼ਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸਹੀਦ ਹੋ ਗਏ ਅਤੇ ਕੁੱਝ ਨਦੀ ’ਚ ਰੁੜ ਜਾਣ ਕਾਰਨ ਵਿੱਛੜ ਗਏ। ਕੀਮਤੀ ਸਾਹਿਤ ਤੇ ਭਾਰੀ ਮਾਤਰਾ ’ਚ ਹੋਰ ਮਾਲ-ਅਸਬਾਬ ਸਰਸਾ ਨਦੀ ’ਚ ਆਏ ਹੜ੍ਹ ਦੀ ਭੇਟ ਚੜ੍ਹ ਗਿਆ। ਸਰਸਾ ਨਦੀ ਪਾਰ ਕਰਨ ’ਤੇ ਦਸਮੇਸ਼ ਗੁਰੂ ਜੀ, ਚਾਲੀ ਦੇ ਕਰੀਬ ਸਿੰਘ, ਪੰਜ ਪਿਆਰੇ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਪਹੁੰਚ ਗਏ ਅਤੇ ਫੌਜੀ ਰਣਨੀਤੀ ਨੂੰ ਧਿਆਨ ਵਿੱਚ ਰੱਖ ਕੇ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ।

——————-ਚਲਦਾ—————–

ਧਰਮ-ਦੁਸ਼ਮਣੀ ਨਹੀਂ ਸਿਖਾਉਂਦਾ

0

ਧਰਮ-ਦੁਸ਼ਮਣੀ ਨਹੀਂ ਸਿਖਾਉਂਦਾ

ਸੁਖਜੀਤ ਸਿੰਘ ਕਪੂਰਥਲਾ, ਗੁਰਮਤਿ ਪ੍ਰਚਾਰਕ/ ਕਥਾਵਾਚਕ, 201, ਗਲੀ ਨਬੰਰ 6, ਸੰਤਪੁਰਾ (ਕਪੂਰਥਲਾ)-(98720-76876)

ਸੁਖਜੀਤ ਸਿੰਘ

ਸੰਸਾਰ ਵਿਚ ਵੱਖ-ਵੱਖ ਅਨੇਕਾਂ ਧਰਮ ਹਨ। ਸਾਰੇ ਧਰਮ ਆਪਣੀ-ਆਪਣੀ ਜਗ੍ਹਾ ਸਤਿਕਾਰਯੋਗ ਹਨ। ਧਰਮ ਇਕ ਜੀਵਨ ਜਾਚ ਹੈ, ਧਰਮ ਮਨੁੱਖ ਅੰਦਰ ਇਨਸਾਨੀਅਤ ਦੇ ਗੁਣ ਪੈਦਾ ਕਰਕੇ ਸਹੀ ਅਰਥਾਂ ਵਿਚ ਇਨਸਾਨ ਬਣਾਉਂਦਾ ਹੈ। ਗੁਰੂ ਅਰਜਨ ਸਾਹਿਬ ਸੁਖਮਨੀ ਸਾਹਿਬ ਦੀ ਬਾਣੀ ਅੰਦਰ ਸਭ ਤੋਂ ਚੰਗੇ ਧਰਮ ਦੀ ਪ੍ਰੀਭਾਸ਼ਾ ਦਸਦੇ ਹਨ ਕਿ ਪ੍ਰਮੇਸ਼ਰ ਦਾ ਨਾਮ ਜਪਣਾ ਅਤੇ ਚੰਗੇ ਕਰਮ ਕਰਨੇ ਹੀ ਅਸਲ ਧਰਮੀ ਮਨੁੱਖ ਦੀ ਪਛਾਣ ਹੈ-‘‘ਸਰਬ ਧਰਮ ਮਹਿ ਸ੍ਰੇਸਟ ਧਰਮ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ॥ (ਗਉੜੀ ਸੁਖਮਨੀ ਮਹਲਾ ੫-੨੬੬)

ਜਿਹੜਾ ਵੀ ਮਨੁੱਖ ਸਹੀ ਅਰਥਾਂ ਵਿਚ ਧਰਮ ਨੂੰ ਜੀਵਨ ਵਿਚ ਧਾਰਨ ਕਰ ਲਵੇਗਾ ਉਸ ਦੇ ਅੰਦਰ ਕਿਸੇ ਦੂਸਰੇ ਪ੍ਰਤੀ ਈਰਖਾ, ਵੈਰ ਵਿਰੋਧ ਹੋ ਹੀ ਨਹੀਂ ਸਕਦਾ। ਕਿਉਂਕਿ ਈਰਖਾ, ਵੈਰ ਵਿਰੋਧ ਕੀਤਾ ਹੀ ਉਸ ਨਾਲ ਜਾ ਸਕਦਾ ਹੈ ਜੇ ਕੋਈ ਬੇਗਾਨਾ ਹੋਵੇ। ਧਰਮ ਜੀਵਨ ਵਿਚੋਂ ਬੇਗਾਨੇਪਣ ਦੀ ਭਾਵਨਾ ਨੂੰ ਪੂਰੀ ਤਰਾਂ ਖਤਮ ਕਰਕੇ ਆਪਸੀ ਭਾਈਚਾਰਾ ਕਾਇਮ ਕਰਨ ਦੀ ਸਿਖਿਆ ਦਿੰਦਾ ਹੈ। ਜਿਵੇਂ ਸਰ ਮੁਹੰਮਦ ਅਲਾਮਾ ਇਕਬਾਲ ਦਾ ਸ਼ਿਅਰ ਹੈ– ‘ਮਜ਼ਹਬ ਨਹੀ ਸਿਖਾਤਾ ਆਪਸ ਮੇਂ ਬੈਰ ਰਖਨਾ।’

ਧਰਮ ਨੂੰ ਧਾਰਨ ਕਰਨ ਵਾਲੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ ਅਸੀਂ ਸਾਰੇ ਇਕ ਪ੍ਰਮਾਤਮਾ ਦੀ ਸੰਤਾਨ ਹੋਣ ਕਾਰਨ ਆਪਸ ਵਿਚ ਭਾਈ-ਭਾਈ ਹਾਂ। ਜਿਸ ਨਾਲ ਸਾਡੇ ਜੀਵਨ ਵਿਚ ਤਬਦੀਲੀ ਆ ਜਾਂਦੀ ਹੈ ਅਤੇ ਅਸੀਂ ਦੁਸ਼ਮਣੀ ਪਾਲਣ ਦੀ ਬਜਾਏ ਇਹ ਆਖਣ ਲੱਗ ਪੈਂਦੇ ਹਾਂ- ‘‘ਬਿਸਰਿ ਗਈ, ਸਭ ਤਾਤਿ ਪਰਾਈ॥ ਜਬ ਤੇ, ਸਾਧ ਸੰਗਤਿ ਮੋਹਿ ਪਾਈ॥ ੧॥ ਰਹਾਉ॥, ਨਾ ਕੋ ਬੈਰੀ ਨਹੀ ਬਿਗਾਨਾ, ਸਗਲ ਸੰਗਿ ਹਮ ਕਉ ਬਨਿ ਆਈ॥ (ਕਾਨੜਾ ਮਹਲਾ ੫-੧੨੯੯), ਨਾ ਕੋ ਮੇਰਾ ਦੁਸਮਨੁ ਰਹਿਆ, ਨ ਹਮ ਕਿਸ ਕੇ ਬੈਰਾਈ॥ ਬ੍ਰਹਮ ਪਸਾਰੁ ਪਸਾਰਿਓ ਭੀਤਰਿ, ਸਤਿਗੁਰ ਤੇ ਸੋਝੀ ਪਾਈ॥੨॥ ਸਭੁ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ॥ ਦੂਰਿ ਪਰਾਇਓ ਮਨ ਕਾ ਬਿਰਹਾ, ਤਾ ਮੇਲੁ ਕੀਓ ਮੇਰੈ ਰਾਜਨ॥੩॥’’ (ਧਨਾਸਰੀ ਮਹਲਾ ੫-੬੭੧)

ਜਿਹੜੇ ਮਨੁੱਖਾਂ ਨੇ ਗੁਰਬਾਣੀ ਦੇ ਆਧਾਰ ਉਪਰ ਧਰਮ ਨੂੰ ਸਮਝ ਕੇ ਜੀਵਨ ਵਿਚ ਧਾਰਨ ਕਰ ਲਿਆ, ਉਹ ਫਿਰ ਭਾਈ ਘਨਈਆ ਜੀ ਬਣ ਕੇ ਜੰਗ ਦੇ ਮੈਦਾਨ ਵਿਚ ਵੀ ਬਿਨਾਂ ਕਿਸੇ ਵਿਤਕਰੇ ਤੋਂ ਸਭ ਨੂੰ ਪਾਣੀ ਪਿਲਾਉਣ, ਮਲ੍ਹਮ ਪੱਟੀ ਆਦਿ ਕਰਨ ਦੀ ਸੇਵਾ ਕਰਨ ਦੇ ਯੋਗ ਹੋ ਜਾਂਦੇ ਹਨ ਅਤੇ ਗੁਰੂ ਪਾਤਸ਼ਾਹ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਣ ਕੇ ਇਤਿਹਾਸ ਦੇ ਪੰਨਿਆਂ ਉਪਰ ਸ਼ਾਨਦਾਰ ਵਿਰਸਾ ਸਿਰਜਣ ਦੇ ਕਾਬਲ ਬਣ ਜਾਂਦੇ ਹਨ। ਸਿੱਖ ਇਤਿਹਾਸ ਦੇ ਪੰਨਿਆਂ ਉਪਰ ਇਸ ਸਬੰਧੀ ਬਹੁਤ ਸੁੰਦਰ ਘਟਨਾ ਦਾ ਜ਼ਿਕਰ ਹੈ- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੁਝ ਸਿੱਖ ਸਿਪਾਹੀਆਂ ਦੀ ਸ਼ਿਕਾਇਤ ਉਪਰ ਭਾਈ ਘਨਈਆ ਜੀ ਨੂੰ ਦਰਬਾਰ ਵਿਚ ਪੇਸ਼ ਹੋਣ ਦਾ ਆਦੇਸ਼ ਦਿਤਾ ਗਿਆ। ਭਾਈ ਜੀ ਨੇ ਹਾਜ਼ਰ ਹੋ ਕੇ ਸ਼ਿਕਾਇਤ ਦਾ ਵੇਰਵਾ ਪੁਛਿਆ ਤਾਂ ਪਤਾ ਲਗਾ ਕਿ ਸਿੱਖ ਸਿਪਾਹੀ ਆਖਦੇ ਹਨ ਕਿ ਅਸੀਂ ਜੰਗ ਦੇ ਮੈਦਾਨ ਵਿਚ ਦੁਸ਼ਮਣਾਂ ਨੂੰ ਜ਼ਖਮੀ ਕਰਕੇ ਸੁਟਦੇ ਹਾਂ, ਭਾਈ ਘਨਈਆ ਉਹਨਾਂ ਨੂੰ ਪਾਣੀ ਪਿਲਾ ਕੇ ਫਿਰ ਸਾਡੇ ਖਿਲਾਫ ਲੜ੍ਹਣ ਦੇ ਯੋਗ ਬਣਾ ਦਿੰਦੇ ਹਨ। ਭਾਈ ਜੀ ਨੇ ਸਤਿਗੁਰਾਂ ਨੂੰ ਸੰਬੋਧਨ ਹੋ ਕੇ ਅਦਬ ਨਾਲ ਬੇਨਤੀ ਕਰਦੇ ਹੋਏ ਸਪਸ਼ਟੀਕਰਨ ਦਿੱਤਾ ਕਿ ਸਤਿਗੁਰੂ ਜੀਓ ! ਸ਼ਿਕਾਇਤ ਕਰਨ ਵਾਲੇ ਵੀ ਆਪਣੀ ਜਗ੍ਹਾ ਠੀਕ ਹਨ, ਮੈਂ ਵੀ ਆਪਣੀ ਜਗ੍ਹਾ ਠੀਕ ਹਾਂ। ਕਲਗੀਧਰ ਪਾਤਸ਼ਾਹ ਆਪ ਤਾਂ ਸਭ ਕੁਝ ਜਾਣਦੇ ਹੀ ਹਨ, ਪਰ ‘‘ਪ੍ਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ॥’’ (੬੪੭) ਅਨੁਸਾਰ ਸਮੁੱਚੀ ਮਾਨਵਤਾ ਨੂੰ ਸਿਖਿਆ ਦੇਣ ਲਈ ਭਾਈ ਘਨਈਆ ਜੀ ਨੂੰ ਸਵਾਲ ਕਰਦੇ ਹਨ- ‘ਭਾਈ ਜੀ ! ਇਹ ਕਿਵੇਂ ਹੋ ਸਕਦਾ ਹੈ ਕਿ ਸ਼ਿਕਾਇਤ ਕਰਤਾ ਵੀ ਠੀਕ ਅਤੇ ਜਿਸ ਦੀ ਸ਼ਿਕਾਇਤ ਕੀਤੀ ਜਾ ਰਹੀ ਹੋਵੇ ਉਹ ਵੀ ਠੀਕ, ਦੋਵਾਂ ਵਿਚੋਂ ਇਕ ਹੀ ਠੀਕ ਹੋ ਸਕਦਾ ਹੈ।’ ਜਵਾਬ ਮਿਲਿਆ- ‘ਸਤਿਗੁਰੂ ਜੀਓ! ਸਿੱਖ ਸਿਪਾਹੀ ਤੁਹਾਡੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜੰਗ ਦੇ ਮੈਦਾਨ ਵਿਚ ਚੜ੍ਹ ਕੇ ਆਏ ਹੋਏ ਦੁਸ਼ਮਣਾਂ ਨੂੰ ਮਾਰਦੇ ਹਨ, ਪਰ ਮੈਂ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹਿਤ ਜੰਗ ਦੇ ਮੈਦਾਨ ਵਿਚ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਉਹਨਾਂ ਦੇ ਅੰਦਰ ਦੀ ਦੁਸ਼ਮਣੀ ਨੂੰ ਮਾਰਦਾ ਹਾਂ, ਨਾਲੇ ਪਾਣੀ ਪਿਲਾਉਣ ਸਮੇਂ ਜੋ ਵੀ ਪਾਣੀ ਦੀ ਮੰਗ ਕਰ ਰਿਹਾ ਹੁੰਦਾ ਹੈ, ਉਹਨਾਂ ਸਾਰਿਆਂ ਵਿਚ ਮੈਨੂੰ ਕੋਈ ਦੁਸ਼ਮਣ ਦਿਖਾਈ ਹੀ ਨਹੀਂ ਦਿੰਦਾ, ਸਾਰੇ ਤੁਹਾਡਾ ਹੀ ਰੂਪ ਦਿਖਾਈ ਦਿੰਦੇ ਹਨ।’ ਕਲਗੀਧਰ ਪਾਤਸ਼ਾਹ ਨੇ ਪ੍ਰਸੰਨਤਾ ਦੇ ਘਰ ਵਿਚ ਆ ਕੇ ਭਾਈ ਜੀ ਨੂੰ ਪਿਆਰ ਭਰੀ ਗਲਵਕੜੀ ਵਿਚ ਲੈਂਦੇ ਹੋਏ ਅੱਗੇ ਤੋਂ ਜ਼ਖਮੀਆਂ ਲਈ ਮਲਮ-ਪੱਟੀ ਦੀ ਬਖ਼ਸ਼ਿਸ਼ ਵੀ ਕਰ ਦਿੱਤੀ। ਇਤਿਹਾਸ ਗਵਾਹ ਹੈ ਕਿ ਸਿੱਖ ਸਿਪਾਹੀਆਂ ਵਲੋਂ ਜ਼ਖਮੀ ਦੁਸ਼ਮਣ ਤਾਂ ਭਾਵੇਂ ਦੁਬਾਰਾ ਲੜ੍ਹਣ ਲਈ ਆ ਗਿਆ ਹੋਵੇ, ਪਰ ਜਿਸ ਦੇ ਅੰਦਰ ਦੀ ਦੁਸ਼ਮਣੀ ਭਾਈ ਘਨਈਆ ਜੀ ਨੇ ਖਤਮ ਕਰ ਦਿੱਤੀ, ਉਹ ਦੁਬਾਰਾ ਦੁਸ਼ਮਣ ਬਣ ਕੇ ਲੜਣ ਲਈ ਨਹੀਂ ਆਇਆ।

ਇਤਿਹਾਸ ਦੀਆਂ ਐਸੀਆਂ ਸਾਖੀਆਂ ਨੂੰ ਪੜ੍ਹ ਸੁਣ ਕੇ ਲੋੜ ਹੈ ਕਿ ਅਸੀਂ ਵੀ ਭਾਈ ਘਨਈਆ ਜੀ ਵਾਂਗ ਬਿਨਾ ਕਿਸੇ ਵਿਤਕਰੇ ਤੋਂ ਸਹੀ ਅਰਥਾਂ ਵਿਚ ਧਰਮੀ ਪੁਰਸ਼ ਬਣ ਸਕੀਏ।

ਐਸੀ ਭਾਵਨਾ ਨਾਲ ਹੀ ਫਿਰ ਕੋਈ ਰਾਮਜੀ ਦਾਸ ਤੋਂ ਭਗਤ ਪੂਰਨ ਸਿੰਘ ਬਣ ਕੇ ਪਿੰਗਲਵਾੜੇ ਦਾ ਸੰਸਥਾਪਕ ਬਣ ਕੇ ਸਾਹਮਣੇ ਆਉਂਦਾ ਹੈ, ਜੋ ਕੇਵਲ ਰੋਗੀ ਦਾ ਰੋਗ, ਦੁਖੀਏ ਦਾ ਦੁਖ ਵੇਖਦਾ ਹੈ, ਧਰਮ ਨਹੀਂ। ਇਤਿਹਾਸ ਦੇ ਪੰਨਿਆਂ ਵਿਚੋਂ ਐਸੀਆਂ ਹੋਰ ਕਈ ਉਦਾਹਰਣਾਂ ਦਿਤੀਆਂ ਜਾ ਸਕਦੀਆਂ ਹਨ।

ਸਾਨੂੰ ਸਿੱਖ ਅਖਵਾਉਣ ਵਾਲਿਆਂ ਨੂੰ ਤਾਂ ਰੋਜ਼ਾਨਾ ਅਰਦਾਸ ਕਰਨ ਸਮੇਂ ‘ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।’ ਦੀ ਜਾਚਨਾ ਕਰਨੀ ਹੀ ਸਿਖਾਈ ਗਈ ਹੈ। ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲੇ ਧਰਮੀ ਮਨੁੱਖ ਦੇ ਜੀਵਨ ਅੰਦਰ ਕਿਸੇ ਪ੍ਰਤੀ ਵੀ ਵੈਰ-ਵਿਰੋਧ ਦੀ ਭਾਵਨਾ ਹੋ ਹੀ ਨਹੀਂ ਸਕਦੀ।

ਇਤਿਹਾਸ ਗਵਾਹ ਹੈ ਕਿ ਆਪਣੇ ਰਾਜ ਭਾਗ ਨੂੰ ਖਤਰਾ ਸਮਝਣ ਵਾਲਿਆਂ ਨੇ ਆਪਣੇ ਵਿਰੋਧੀਆਂ ਨੂੰ ਪਾਸੇ ਕਰਨ ਵਾਸਤੇ ਬਦਲਾ ਲੈਣ ਲਈ ਅੰਦਰਲੀ ਦੁਸ਼ਮਣੀ ਨੂੰ ਅਮਲੀ ਜਾਮਾ ਪਹਿਨਾਉਣ ਹਿਤ ਧਰਮ ਦੇ ਨਾਮ ਹੇਠ ਅਧਰਮ ਦੇ ਫਤਵੇ ਜਾਰੀ ਕਰਨ ਆਦਿ ਨੂੰ ਵਰਤਣ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕੀਤਾ। ਪਰ ਇਤਿਹਾਸ ਗਵਾਹ ਹੈ ਕਿ ਜ਼ਾਲਮਾਂ (ਜਹਾਂਗੀਰ-ਔਰੰਗਜੇਬ-ਵਜ਼ੀਰ ਖਾਨ ਆਦਿ) ਦੀਆਂ ਕਬਰਾਂ ਤੇ ਕੋਈ ਦੀਵਾ ਜਗਾਉਣ ਲਈ ਵੀ ਮੌਜੂਦ ਨਹੀਂ, ਪਰ ਇਸ ਦੇ ਉਲਟ ਇਹਨਾਂ ਸਮੇਂ ਦੇ ਹਾਕਮਾਂ ਦੇ ਹੁਕਮਾਂ ਤਹਿਤ ਜ਼ੁਲਮ ਸਹਿ ਕੇ ਸ਼ਹੀਦ ਹੋਣ ਵਾਲਿਆਂ (ਗੁਰੂ ਅਰਜਨ- ਗੁਰੂ ਤੇਗ ਬਹਾਦਰ-ਛੋਟੇ ਸਾਹਿਬਜ਼ਾਦਿਆਂ ਆਦਿ) ਦੇ ਸ਼ਹੀਦੀ ਅਸਥਾਨਾਂ ਉਪਰ ਨਤਮਸਤਕ ਹੋਣ ਵਾਲਿਆਂ ਦੀਆਂ ਹਰ ਸਮੇਂ ਲਾਈਨਾਂ ਲਗੀਆਂ ਸਨ / ਹਨ ਅਤੇ ਰਹਿਣਗੀਆਂ ।

ਲੋੜ ਹੈ ਕਿ ਅਸੀਂ ਧਰਮ ਦੀ ਸਹੀ ਪ੍ਰੀਭਾਸ਼ਾ ਨੂੰ ਸਮਝੀਏ, ਜੇਕਰ ਅਸੀਂ ਐਸਾ ਸਮਝਣ ਵਿਚ ਕਾਮਯਾਬ ਹੋ ਗਏ ਤਾਂ ਸਾਨੂੰ ਕੋਈ ਵੀ ਵੱਖ-ਵੱਖ ਧਰਮਾਂ ਦੇ ਨਾਮ ਉਪਰ ਆਪਸ ਵਿਚ ਲੜਾ ਕੇ ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਵਿਚ ਕਾਮਯਾਬ ਨਹੀਂ ਹੋ ਸਕੇਗਾ ਪਰ ਅਫਸੋਸ ਕਿ ਅਸੀਂ ਆਪਣੇ ਆਪ ਨੂੰ ਧਰਮੀ ਅਖਵਾਉਣ ਵਾਲੇ ਵੱਖ-ਵੱਖ ਧਰਮਾਂ ਦੀਆਂ ਵੰਡੀਆਂ ਵਿਚ ਵੰਡੇ ਜਾ ਕੇ ਆਪਸ ਵਿਚ ਦੁਸ਼ਮਣੀ ਪਾਲਦੇ ਹੋਏ ਸਵਾਰਥੀ ਲੋਕਾਂ ਨੂੰ ਅਜਿਹੇ ਮੌਕੇ ਮੁਹਈਆ ਕਰਾਉਂਦੇ ਹਾਂ। ਜਿਵੇਂ ਅੱਜ ਈਸਾਈ ਧਰਮ ਦੇ ਅੰਦਰ ‘ਕੈਥੋਲਿਕ- ਪ੍ਰੋਸਟੈਂਟ’ ਇਸਲਾਮ ਧਰਮ ਅੰਦਰ ‘ਸ਼ੀਆ-ਸੁੰਨੀ’ ਆਦਿ ਦੇ ਅੰਦਰੂਨੀ ਝਗੜੇ ਕਾਰਨ ਇਕ ਦੂਜੇ ਦੀ ਜਾਨ ਦੇ ਦੁਸ਼ਮਣ ਬਣੇ ਦਿਖਾਈ ਦਿੰਦੇ ਹਨ, ਪਰ ਅਸੀਂ ਸਿੱਖ ਵੀ ਇਸੇ ਮਾਰਗ ਦੇ ਪਾਂਧੀ ਬਣ ਕੇ ਕਿਸੇ ਤੋਂ ਘੱਟ ਨਹੀਂ ਹਾਂ।

ਧਰਮ ਦੀ ਗਲਤ ਵਿਆਖਿਆ ਕਰਨ ਵਾਲਿਆਂ ਨੇ ਰੱਬ ਨੂੰ ਵੱਖ-ਵੱਖ ਨਾਵਾਂ ਹੇਠ ਵੱਖ-ਵੱਖ ਸਥਾਨਾਂ ਵਿਚ ਵੰਡ ਦਿੱਤਾ ਹੈ। ਵੱਖ-ਵੱਖ ਧਰਮਾਂ ਵਾਲਿਆਂ ਨੂੰ ਪੁੱਛਿਆ ਜਾਵੇ -ਰੱਬ (ਅੱਲਾ) ਦਾ ਟਿਕਾਣਾ ਕਿੱਥੇ ਹੈ ? ਮੁਸਲਮਾਨ ਲਈ- ਮਸਜਿਦ, ਈਸਾਈ ਲਈ- ਗਿਰਜਾ ਘਰ, ਹਿੰਦੂ ਲਈ-ਮੰਦਿਰ ਆਦਿ, ਸਿੱਖ ਵੀ ਪਿੱਛੇ ਨਹੀਂ- ਗੁਰਦੁਆਰੇ ਨੂੰ ਰੱਬ ਦਾ ਘਰ ਆਖਦਾ ਹੈ। ਜਦੋਂ ਕਿ ਗੁਰਦੁਆਰਾ ਸ਼ਬਦ ਦਾ ਅਰਥ ਹੀ ਸਮਝ ਲਈਏ ਤਾਂ ਗੱਲ ਕੁਝ ਹੋਰ ਹੀ ਸਾਹਮਣੇ ਆ ਜਾਂਦੀ ਹੈ- ਗੁਰੂ ਦਾ ਦੁਆਰਾ ਭਾਵ ਗੁਰੂ ਦਾ ਘਰ। ਗੁਰਬਾਣੀ ਅਨੁਸਾਰ ਰੱਬ ਦਾ ਘਰ ਸਾਰਾ ਸੰਸਾਰ ਹੈ। ਧਰਮ ਦੇ ਸਹੀ ਗਿਆਨ ਨੂੰ ਸਮਝ ਲਈਏ ਤਾਂ ਰੱਬ ਜੋਤਿ ਰੂਪ ਹੋ ਕੇ ਹਰ ਹਿਰਦੇ ਅੰਦਰ ਅਤੇ ਸਮੁੱਚੀ ਸਿ੍ਰਸ਼ਟੀ ਦੇ ਜ਼ਰੇ- ਜ਼ਰੇ ਵਿਚ ਵਸ ਰਿਹਾ ਹੈ। ਸਿੱਖ, ਈਸਾਈ, ਮੁਸਲਮਾਨ, ਹਿੰਦੂ ਆਦਿ ਦੇ ਰੱਬ ਵੱਖ-ਵੱਖ ਨਹੀਂ ਹਨ। ਧਰਮ ਅਸਥਾਨ ਅਤੇ ਧਰਮ ਗ੍ਰੰਥ ਰੱਬ ਦੇ ਘਰ ਦੀ ਜਾਣਕਾਰੀ ਦੇ ਸੋਮੇ, ਸਥਾਨ ਹਨ, ਇਸ ਲਈ ਆਪਣੀ-ਆਪਣੀ ਜਗ੍ਹਾ ਸਾਰੇ ਸਤਿਕਾਰਯੋਗ ਹਨ।

ਇਸ ਪ੍ਰਥਾਇ ਬਾਬਾ ਬੁੱਲੇ ਸ਼ਾਹ ਦੇ ਬਚਨ ਬਹੁਤ ਹੀ ਭਾਵਪੂਰਤ ਹਨ-‘ਮੰਦਿਰ ਢਾਹਦੇ, ਮਸਜਿਦ ਢਾਹਦੇ, ਢਾਹਦੇ ਜੋ ਕੁਝ ਢਹਿੰਦਾ ਈ। ਐਪਰ ਕਿਸੇ ਦਾ ਦਿਲ ਨਾ ਢਾਹਵੀਂ, ਇਸ ਦਿਲ ਦੇ ਵਿਚ ਰੱਬ ਰਹਿੰਦਾ ਈ।’

ਜਦੋਂ ਸਾਨੂੰ ਆਪਣੇ-ਆਪਣੇ ਸਵਾਰਥਾਂ ਦੀਆਂ ਰੋਟੀਆਂ ਸੇਕਣ ਵਾਲੇ ਆਗੂਆਂ ਦੇ ਅੰਦਰੂਨੀ ਮਨੋਰਥਾਂ ਦੀ ਸਮਝ ਆ ਗਈ ਫਿਰ ਅਸੀਂ ਇਹਨਾਂ ਦੇ ਭਰਮ ਜਾਲ ਵਿਚ ਨਹੀਂ ਫਸਾਂਗੇ ਅਤੇ ਨਾ ਹੀ ਇਹਨਾਂ ਦੇ ਪਿੱਛੇ ਲਗ ਕੇ ਆਪਸੀ ਭਾਈਚਾਰੇ ਵਿਚ ਕਿਸੇ ਕਿਸਮ ਦੀ ਕੁੜੱਤਣ ਪੈਦਾ ਹੋਣ ਦਿਆਂਗੇ। ਸਗੋਂ ਅਸੀਂ ਫਿਰ ਕੇਵਲ ਆਪਣੇ ਨਿੱਜੀ ਹਿੱਤਾਂ ਤਕ ਸੀਮਤ ਨਾ ਹੋ ਕੇ ਪ੍ਰਮੇਸ਼ਰ ਦੇ ਚਰਣਾਂ ਵਿਚ ਕੀਤੀ ਜਾਣ ਵਾਲੀ ਅਰਦਾਸ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਕਰਨ ਜੋਗੇ ਹੋ ਜਾਵਾਂਗੇ-‘‘ਜਗਤੁ ਜਲੰਦਾ ਰਖਿ ਲੈ, ਆਪਣੀ ਕ੍ਰਿਪਾ ਧਾਰਿ॥ ਜਿਤੁ ਦੁਆਰੈ ਉਬਰੈ, ਤਿਤੈ ਲੈਹੁ ਉਬਾਰਿ॥’’ (ਵਾਰ ਬਿਲਾਵਲ- ਮਹਲਾ ੩-੮੫੩)

ਇਸ ਕਾਰਜ ਦਾ ਆਰੰਭ ਅਸੀਂ ਦੂਜਿਆਂ ਤੋਂ ਕਰਨ ਦੀ ਬਜਾਏ ਆਪਣੇ ਆਪ ਤੋਂ ਕਰੀਏ, ਜਦੋਂ ਐਸਾ ਕਰਦੇ ਹੋਏ ਅਸੀਂ ਆਪਣਾ ਜੀਵਨ ਸਵਾਰ ਲਿਆ ਤਾਂ ਸਾਰਾ ਸੰਸਾਰ ਸਾਡਾ ਆਪਣਾ ਬਣ ਜਾਵੇਗਾ ਜਿਵੇ ਬਾਬਾ ਫਰੀਦ ਜੀ ਦੇ ਬਚਨ ਹਨ- ‘‘ਆਪੁ ਸਵਾਰਹਿ, ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ॥’’ (ਸਲੋਕ ਸੇਖ ਫਰੀਦ ਜੀ-੧੩੮੨)

ਗਰੀਬਾਂ ਨਾਲ ਪਿਆਰ

0

ਗਰੀਬਾਂ ਨਾਲ ਪਿਆਰ

ਡਾ. ਪੁਸ਼ਪਿੰਦਰ ਸਿੰਘ

ਗੁਰੂ ਹਰਿ ਰਾਇ ਸਾਹਿਬ ਜੀ ਦੀ ਗੁਰਗੱਦੀ ਦੇ ਸਮੇਂ ਦੀ ਇੱਕ ਬੜੀ ਪਿਆਰੀ ਤੇ ਸੁੰਦਰ ਘਟਨਾ ਹੈ, ਜਿਸ ਤੋਂ ਗੁਰੂ ਸਾਹਿਬ ਜੀ ਦਾ ਗਰੀਬਾਂ ਅਤੇ ਬਿਮਾਰਾਂ ਪ੍ਰਤੀਪਿਆਰ ਦਾ ਪਤਾ ਲੱਗਦਾ ਹੈ।

ਇੱਕ ਮਾਈ ਜਿਸ ਦਾ ਨਾਂ ਤਾਬੋ ਸੀ ਅਤੇ ਬੜੀ ਗਰੀਬ ਸੀ । ਉਹ ਗੁਰੂ ਘਰ ਵਿੱਚ ਗਾਹੇ–ਬਗਾਹੇ ਹਾਜ਼ਰੀ ਭਰਦੀ ਸੀ। ਬਜ਼ੁਰਗ ਹੋਣ ਕਰਕੇ ਉਸ ਕੋਲੋਂ ਕਾਫ਼ੀਦਿਨ ਗੁਰੂ ਘਰ ਜਾਇਆ ਨਹੀਂ ਗਿਆ ਕਿਉਂਕਿ ਉਸ ਦਾ ਪਿੰਡ ਕੀਰਤਪੁਰ ਸਾਹਿਬ ਤੋਂ ਕੁਝ ਦੂਰ ਸੀ। ਗੁਰੂ ਸਾਹਿਬ ਸਮੂੰਹ ਸਤਸੰਗੀਆਂ ਨੂੰ ਆਪਣੀ ਹੀ ਔਲਾਦਸਮਝਦੇ ਸਨ। ਕਿਸੇ ਪ੍ਰਤੀ ਵੀ ਕਦੀ ਵੀ ਲਾਪਰਵਾਹ ਨਹੀਂ ਸਨ ਹੁੰਦੇ। ਮਾਈ ਦੇ ਕੁਝ ਦਿਨ ਨਾ ਆਉਣ ’ਤੇ ਆਪ ਜੀ ਵਿਚਾਰਨ ਲੱਗੇ ਕਿ ਪਤਾ ਕਰਨਾ ਚਾਹੀਦਾਹੈ ਕਿ ਮਾਈ ਕੁਝ ਦਿਨਾਂ ਤੋਂ ਦਰਬਾਰ ਵਿੱਚ ਹਾਜ਼ਰੀ ਕਿਉਂ ਨਹੀਂ ਭਰ ਰਹੀ। ਇੱਕ ਦਿਨ ਦੁਪਹਿਰੋਂ ਬਾਅਦ ਵੇਲੇ ਸ਼ਿਕਾਰ ਖੇਡਦੇ–ਖੇਡਦੇ ਹੋਰ ਗੁਰਸਿੱਖਾਂ ਸਮੇਤ ਉਸਮਾਈ ਦੇ ਘਰ ਜਾ ਪਹੁੰਚੇ, ਉਸ ਨੂੰ ਦਰਸ਼ਨ ਵੀ ਦਿੱਤੇ ਅਤੇ ਨਾਲ ਹੀ ਮਾਈ ਦੇ ਹੱਥਾਂ ਦੇ ਪੱਕੇ ਮਿੱਸੇ ਪ੍ਰਸ਼ਾਦੇ ਇਹ ਕਹਿ ਕੇ ਮੰਗ ਲਏ, ‘ਮਾਈ  ! ਸ਼ਿਕਾਰ ਖੇਡਣਆਏ ਸਾਂ, ਭੁੱਖ ਲੱਗੀ ਹੈ, ਜੋ ਵੀ ਤਿਆਰ ਹੈ ਛਕਾ ਦਿਉ।’

ਮਾਈ ਸਤਿ ਬਚਨ ਕਹਿ ਕੇ ਤਿਆਰ ਕੀਤੇ ਪ੍ਰਸ਼ਾਦੇ ਲੈ ਆਈ ਤੇ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਛਕੇ। ਨਾਲ ਆਏ ਗੁਰਸਿੱਖ ਗੁਰੂ ਸਾਹਿਬ ਜੀ ਦਾ ਇਹਗਰੀਬ ਨਿਵਾਜ਼ ਸੁਭਾਅ ਵੇਖ ਕੇ ਹੈਰਾਨ ਹੋ ਰਹੇ ਸਨ।

ਅਗਲੇ ਦਿਨ ਨਾਲ ਦੇ ਸੁਆਰ ਗੁਰਸਿੱਖਾਂ ਨੇ ਸ਼ਿਕਾਰ ’ਤੇ ਜਾਣ ਸਮੇਂ ਪ੍ਰਸ਼ਾਦੇ ਤਿਆਰ ਕਰ ਲਏ ਕਿ ਸ਼ਾਇਦ ਗੁਰੂ ਸਾਹਿਬ ਜੀ ਨੂੰ ਇਸ ਵਕਤ ਭੁੱਖ ਲਗਦੀਹੋਵੇਗੀ, ਪਰ ਗੁਰੂ ਸਾਹਿਬ ਜੀ ਨੇ ਬੇਵਕਤ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ, ਇਸ ’ਤੇ ਸੇਵਾਦਾਰ ਹੋਰ ਹੈਰਾਨ ਹੋਏ। ਅਸਲ ਵਿੱਚ ਗੁਰੂ ਸਾਹਿਬ ਜੀ ਤਾਂਆਪਣੀ ਔਲਾਦ ਸਮਾਨ ਪਿਆਰੀ ਸਤਸੰਗਣ ਮਾਈ ਨੂੰ ਉਸ ਦੇ ਘਰ ਦਰਸ਼ਨ ਦੇਣ ਲਈ ਹੀ ਗਏ ਸਨ ਕਿਉਂਕਿ ਉਹ ਬਿਮਾਰ ਅਤੇ ਬਜ਼ੁਰਗ ਹੋਣ ਕਾਰਨ ਆਨਹੀਂ ਸਕੀ ਤੇ ਗੁਰੂ ਘਰ ਲਈ ਉਸ ਦੇ ਮਨ ਵਿੱਚ ਬਹੁਤ ਤੀਬਰ ਖਿੱਚ ਤੇ ਪਿਆਰ ਸੀ।

ਸ੍ਰੀ ਗੁਰੂ ਅਰਜਨ ਦੇਵ ਜੀ

0

ਸ੍ਰੀ ਗੁਰੂ ਅਰਜਨ ਦੇਵ ਜੀ

ਰਮੇਸ਼ ਬੱਗਾ ਚੋਹਲਾ, 1348/17/1, ਗਲੀ ਨੰ: 8, ਰਿਸ਼ੀ ਨਗਰ ਐਕਸਟੈਨਸ਼ਨ (ਹੈਬੋਵਾਲ)-94631-32719

ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ (ਧਰਮ) ਦੀ ਬੁਨਿਆਦ ਕੁੱਝ ਅਜਿਹੇ ਸਾਰਥਿਕ ਅਤੇ ਚਿਰਕਾਲੀ ਸਿਧਾਂਤਾਂ ਉਪਰ ਰੱਖੀ ਹੈ ਜੋ ਲੋਕਾਈ ਨੂੰ ਨਾ ਸਿਰਫ ਹਨੇਰੀਆਂ (ਵਹਿਮਾਂ-ਭਰਮਾਂ ਦੀਆਂ) ਗਲੀਆਂ ਵਿਚ ਭਟਕਣ ਤੋਂ ਰੋਕਦੇ ਹਨ ਸਗੋਂ ਕਿਰਤ ਕਰਕੇ ਉਸ ਨੂੰ (ਲੋੜਵੰਦਾਂ ਵਿਚ) ਵੰਡਣ ਅਤੇ ਉਸ ਪਰਮ ਪਿਤਾ ਦਾ ਨਾਮ ਜਪਣ (ਸ਼ੁਕਰ ਕਰਨ) ਦੀ ਜੀਵਨ-ਜੁਗਤ ਵੀ ਦੱਸਦੇ ਹਨ। ਇਸ ਜੀਵਨ-ਜੁਗਤ ਨੂੰ ਅਪਨਾ ਕੇ ਕੋਈ ਵੀ ਮਨੁੱਖ ਜਿੱਥੇ ਆਪਣੇ ਲੋਕ ਨੂੰ ਸੁਖੀ ਬਣਾ ਸਕਦਾ ਹੈ ਉੱਥੇ ਆਪਣੇ ਪ੍ਰਲੋਕ ਨੂੰ ਵੀ ਸੁਹੇਲਾ ਕਰ ਸਕਦਾ ਹੈ। ਗੁਰੂ ਸਾਹਿਬਾਨ ਵੱਲੋਂ ਦਰਸਾਇਆ ਗਿਆ ਸੱਚ ਦਾ ਇਹ ਮਾਰਗ ਅਧਿਆਤਮਕ ਪੱਖ ਪੂਰਨ ਦੇ ਨਾਲ ਨਾਲ ਮਨੁੱਖ ਦੇ ਸਮਾਜਿਕ ਅਤੇ ਸਭਿਆਚਾਰਕ ਸਰੋਕਾਰਾਂ ਦੀ ਵੀ ਪੂਰਨ ਰੂਪ ਵਿਚ ਹਾਮੀ ਭਰਦਾ ਹੈ। ਇਸ ਹਾਮੀ ਵਜੋਂ ਹੀ ਗੁਰੂ ਜੀ ਵੱਲੋਂ ਸਿਮਰਨ ਦੇ ਨਾਲ-ਨਾਲ ਸੇਵਾ ਦੇ ਸੰਕਲਪ ਨੂੰ ਵੀ ਜੋੜਿਆ ਗਿਆ ਹੈ। ਇਹ ਸੰਕਲਪ ਕਿਸੇ ਵਿਅਕਤੀ ਨੂੰ ਨਾ ਸਿਰਫ ਧਰਮੀ ਮਨੁੱਖ ਬਣਨ ਤੱਕ ਹੀ ਸੀਮਤ ਰੱਖਦਾ ਹੈ ਸਗੋਂ ਉਸ ਦੀ ਸਮਾਜਿਕ ਸਾਰਥਿਕਤਾ ਨੂੰ ਵੀ ਬਣਾਈ ਰੱਖਦਾ ਹੈ। ਇਹ ਸਾਰਥਿਕਤਾ ਉਸ ਦੇ ਜੀਵਨ ਦੇ ਅੰਤਿਮ ਉਦੇਸ਼ (ਮੋਕਸ਼) ਦੀ ਪ੍ਰਾਪਤੀ ਲਈ ਵੀ ਕਾਰਗਰ ਸਾਬਤ ਹੁੰਦੀ ਹੈ। ਇਹ ਕਾਰਗਰਤਾ ਹੀ ਸਿੱਖ ਧਰਮ ਦੇ ਮੁਹਾਂਦਰੇ ਨੂੰ ਬਾਕੀ ਧਰਮਾਂ ਨਾਲੋਂ ਕੁੱਝ ਅੱਡਰਾਉਂਦੀ ਹੈ। ਇਸ ਅੱਡਰਤਾ ਭਰਪੂਰ ਵਿਸ਼ਵਾਸਾਂ ਅਤੇ ਅਹਿਸਾਸਾਂ ਦੀੇ ਮਲਕੀਅਤ ਰੱਖਣ ਵਾਲੇ ਇਸ ਵਿਗਿਆਨਕ ਧਰਮ ਦੀ ਚੜ੍ਹਦੀਕਲਾ ਹਿੱਤ ਦਸ ਗੁਰੂ ਸਾਹਿਬਾਨ ਆਪਣੇ ਆਪਣੇ ਸਮਿਆਂ ਵਿਚ ਭਰਪੂਰ ਉਪਰਾਲੇ ਕਰਦੇ ਰਹੇ ਹਨ। ਗੁਰੂ ਸਾਹਿਬ ਵੱਲੋਂ ਕੀਤੇ ਗਏ ਇਹ ਸਰਬ-ਕਲਿਆਣਕਾਰੀ ਉਪਰਾਲੇ (ਆਪਣੀ ਇੱਕ ਵਿਸ਼ੇਸ਼ ਮਹੱਤਤਾ ਰੱਖਣ ਕਰਕੇ) ਵਕਤ ਦੀਆਂ ਹਕੂਮਤਾਂ ਅਤੇ ਗੁਰੂ ਨਾਨਕ ਦੇ ਦਰ-ਘਰ ਨਾਲ ਵੈਰ-ਵਿਰੋਧ ਦੀ ਭਾਵਨਾ ਰੱਖਣ ਵਾਲਿਆਂ ਦੇ ਨੇਤਰਾਂ ਵਿਚ ਹਮੇਸ਼ਾਂ ਹੀ ਰੜਕਦੇ ਰਹੇ ਹਨ। ਇਸ ਰੜਕ ਦੇ ਵੱਧ ਜਾਣ ਕਾਰਣ ਹੀ ਪੰਜਵੇਂ ਨਾਨਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤੱਵੀ ਹੇਠ ਬਲਦੀ ਅੱਗ ਦੇ ਸੇਕ ਨੂੰ ਉਸ ਪਰਮ ਪਿਤਾ ਦੇ ਭਾਣੇ ਵਜੋਂ ਪ੍ਰਵਾਨ ਕਰਨਾ ਪਿਆ ਸੀ। ਇਸ ਪ੍ਰਵਾਨਗੀ ਕਾਰਨ ਹੀ ਸਿੱਖ ਜਗਤ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ਼ ਕਹਿ ਕੇ ਸਤਿਕਾਰਦਾ ਹੈ।

ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਆਦਿ ਗ੍ਰੰਥ ਸਾਹਿਬ ਦੇ ਸੰਪਾਦਕ, ਜ਼ੁਲਮ ਦੀ ਅੱਗ ਨੂੰ ਸਿਦਕਦਿਲੀ ਨਾਲ ਠੰਢਿਆਂ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ ਸੰਨ 1563 (ਵਿਸਾਖ ਬਿਕ੍ਰਮੀ 1620) ਨੂੰ ਇਤਿਹਾਸਕ ਨਗਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅਤੇ ਬੀਬੀ ਭਾਨੀ ਜੀ ਦੇ ਗ੍ਰਹਿ ਵਿਖੇ ਹੋਇਆ। ਜਿਨ੍ਹਾਂ ਮਹਾਂਪੁਰਖਾਂ ਦੀ ਛਤਰ- ਛਾਇਆ ਹੇਠ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਬਚਪਨ ਪ੍ਰਵਾਨ ਚੜ੍ਹਿਆ ਉਹ ਅਧਿਆਤਮਕ ਖੇਤਰ ਦੀਆਂ ਮਹਾਨ ਹਸਤੀਆਂ ਸਨ। ਇਸ ਤੋਂ ਇਲਾਵਾ ਬਹੁਤ ਸਾਰੇ ਗਿਆਨੀ-ਧਿਆਨੀ, ਵਿਦਵਾਨ ਅਤੇ ਸਤਿ-ਪੁਰਖ ਆਪ ਜੀ ਦੇ ਸਤਿਕਾਰਯੋਗ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਅਤੇ ਖੁਦ ਉਨ੍ਹਾਂ ਦੀ ਆਪਣੀ ਸੰਗਤ ਵਿਚ ਰਹਿੰਦੇ ਸਨ। ਇਸ ਤੋਂ ਇਲਾਵਾ ਨਾਨਕੇ ਪਰਿਵਾਰ ਵਿਚੋਂ ਮਿਲਿਆ ਗੁਰਮਤਿ ਭਰਪੂਰ ਵਾਤਾਵਰਣ ਵੀ ਉਨ੍ਹਾਂ (ਗੁਰੂ ਅਰਜਨ ਦੇਵ ਜੀ) ਦੀ ਸ਼ਖ਼ਸੀਅਤ ਨੂੰ ਵਿਕਸਤ ਅਤੇ ਪ੍ਰਫੁਲਤ ਕਰਨ ਵਿਚ ਬਹੁਤ ਲਾਹੇਵੰਦ ਸਾਬਤ ਹੋਇਆ। ਨਾਨੇ-ਦੋਹਤਰੇ ਦੇ ਆਪਸੀ ਪਿਆਰ ਦੀ ਬਾਦੌਲਤ ਹੀ ਉਨ੍ਹਾਂ ਦੇ ਵਿਅਕਤੀਤੱਵ ਵਿਚੋਂ ਉੱਚੇ ਅਤੇ ਸੁੱਚੇ ਗੁਣਾਂ ਦੀ ਝਲਕ ਜੀਵਨ ਦੇ ਪਹਿਲੇ ਪੜਾਅ ਵਿਚ ਹੀ ਦਿਖਾਈ ਦੇਣ ਲੱਗ ਪਈ ਸੀ। ਇਸ ਝਲਕ ਨੂੰ ਦੇਖਣ ਤੋਂ ਬਾਅਦ ਹੀ ਨਾਨਾ ਗੁਰੂ ਨੇ ਉਨ੍ਹਾਂ ਨੂੰ ‘ਦੋਹਿਤਾ ਬਾਣੀ ਦਾ ਬੋਹਿਥਾ’ ਕਹਿ ਕੇ ਉਨ੍ਹਾਂ ਦੇ ਮਹਾਨ ਪੁਰਖ ਹੋਣ ਦੇ ਸੰਕੇਤਦਿੱਤੇ ਸਨ। ਨਾਨਾ ਗੁਰੂ ਦੀ ਪਿਆਰ ਭਰੀ ਅਗਵਾਈ ਤੋਂ ਛੁੱਟ ਪਿਤਾ ਗੁਰੂ ਰਾਮਦਾਸ ਜੀ ਦੀ ਨੇੜਤਾ ਵੀ ਉਨ੍ਹਾਂ ਦੇ ਸਾਹਾਂ ਦਾ ਸਹਾਰਾ ਬਣੀ ਹੋਈ ਸੀ।

ਛੋਟੀ ਉਮਰੇ ਉਨ੍ਹਾਂ ਦੀ ਸੇਵਾ ਅਤੇ ਸਿਮਰਨ ਵਾਲੀ ਬਿਰਤੀ ਨੂੰ ਦੇਖਦਿਆਂ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਦੋਵਾਂ ਪੁੱਤਰਾਂ (ਪਿ੍ਰਥੀ ਚੰਦ ਅਤੇ ਮਹਾਂਦੇਵ) ਨੂੰ ਛੱਡ ਕੇ 1 ਸਤੰਬਰ 1581 ਈ. (2 ਅਸੂ ਸੰਮਤ 1638) ਨੂੰ ਸ਼ੁਕਰਵਾਰ ਵਾਲੇ ਦਿਨ ਗੁਰੂ ਨਾਨਕ ਦੇਵ ਦੇ ਘਰ ਦਾ ਪੰਜਵਾਂ ਵਾਰਿਸ ਥਾਪ ਦਿੱਤਾ। ਇਸ ਥਾਪਣਾ ਸਮੇਂ ਉਨ੍ਹਾਂ ਦੀ ਉਮਰ 18 ਸਾਲ 4 ਮਹੀਨੇ 14 ਦਿਨ ਸੀ। ਚੌਥੇ ਪਾਤਸ਼ਾਹ ਦੀ ਇਸ ਚੋਣ ਨਾਲ ਪਿ੍ਰਥੀ ਚੰਦ ਦੀਆਂ ਉਮੀਦਾਂ ਦੇ ਮਹਿਲ ਢਹਿ ਢੇਰੀ ਹੋ ਗਏ। ਉਹ ਗੁਰੂ ਜੀ ਨਾਲ ਬਹੁਤ ਲੋਹਾ-ਲਾਖਾ ਹੋਇਆ। ਗੁਰੂ ਰਾਮਦਾਸ ਜੀ ਨੇ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਦੀ ਸਮਝ ’ਤੇ ਲਾਲਚਭਾਰੂ ਹੋ ਚੁੱਕਾ ਸੀ। ਇਸ ਲਾਲਚ ਅਤੇ ਬੇਸਮਝੀ ਕਾਰਨ ਹੀ ਉਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਢਾਹ ਲਾਉਣ ਦੀਆਂ ਕਈ ਨਾਕਾਮ ਕੋਸ਼ਿਸ਼ਾਂ ਕੀਤੀਆਂ।ਇਨ੍ਹਾਂ ਕੋਸ਼ਿਸ਼ਾਂ ਤਹਿਤ ਉਸ ਨੇ ਜਿਥੇ ਸਿੱਖ ਸੰਗਤਾਂ ਨੂੰ ਵਕਤੀ ਤੌਰ ’ਤੇ ਗੁੰਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਉਥੇ ਗੁਰੂ ਕੇ ਲੰਗਰ ਨੂੰ ਮਸਤਾਨਾ ਕਰਨ ਵਿਚ ਵੀ ਆਪਣੀ ਨਾਂਹ-ਪੱਖੀ ਭੂਮਿਕਾ ਅਦਾ ਕੀਤੀ।

ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ’ਤੇ ਬੈਠਦਿਆਂ ਸਾਰ ਹੀ ਸਭ ਤੋਂ ਪਹਿਲਾ ਪਵਿੱਤਰ ਕਾਰਜ ਰਾਮਦਾਸ ਸਰੋਵਰ ਨੂੰ ਪੱਕਾ ਕਰਨ ਦਾ ਕੀਤਾ। ਇਸ ਕਾਰਜ ਦੀ ਸਪੂੰਰਨਤਾ ਉਪਰੰਤ ਸਰੋਵਰ ਦੇ ਵਿਚਾਲੇ ਉਨ੍ਹਾਂ ਨੇ ਇੱਕ ਅਜਿਹਾ ਮੰਦਰ (ਪਰਮੇਸ਼ਰ ਦੀ ਯਾਦ ਦਵਾਉਣ ਲਈ) ਉਸਾਰਨ ਦੀਵਿਉਂਤਬੰਦੀ ਕੀਤੀ ਜੋ ਬਾਕੀ ਮੰਦਰਾਂ (ਕਿਸੇ ਖਾਸ ਦੇਵੀ-ਦੇਵਤੇ ਨੂੰ ਸਮਰਪਿਤ) ਨਾਲੋਂ ਵਿਲੱਖਣਤਾ ਭਰਪੂਰ ਹੋਵੇ। ਇਸ ਮੰਦਰ (ਹਰਿਮੰਦਰ ਸਾਹਿਬ) ਦੀ ਤਮੀਰ ਕਰਵਾਉਣੀ ਆਪਣੇ ਆਪ ਵਿਚ ਇੱਕ ਅਨੂਪ ਕਾਰਜ ਸੀ ਕਿਉਂਕਿ ਇਸ ਦੇ ਚਾਰ ਦਰਵਾਜ਼ਿਆਂ ਵਿਚਲਾ ਪ੍ਰਵੇਸ਼ ਧਰਮ, ਨਸਲ, ਜ਼ਾਤ, ਰੰਗ, ਦੇਸ਼ ਅਤੇ ਕੌਮ ਨੂੰ ਆਧਾਰ ਮੰਨ ਕੇ ਕੀਤੇ ਜਾਣ ਵਾਲੇ ਵਿਤਕਰਿਆਂ ਤੋਂ ਰਹਿਤ ਸੀ। ਦੂਜੇ ਧਰਮਾਂ ਦੇ ਧਾਰਮਿਕ ਸਥਾਨ ਆਮ ਤੌਰ ’ਤੇ ਆਲੇ ਦੁਆਲੇ ਦੇ ਬਾਕੀ ਮਕਾਨਾਂ ਤੋਂ ਕੁਝ ਉੱਚੀ ਪੱਧਰ ’ਤੇ ਉਸਾਰੇ ਜਾਂਦੇ ਹਨ। ਪਰ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਾਉੜੀਆਂ ਉਪਰ ਵੱਲ ਜਾਣ ਦੀ ਬਜਾਏ ਹੇਠਾਂ ਵੱਲ ਨੂੰ ਜਾਂਦੀਆਂ ਹਨ ਜੋ ਗੁਰੂ ਅਰਜਨ ਦੇਵ ਜੀ ਦੀ ਦੂਰਦ੍ਰਿਸ਼ਟੀ ਦਾ ਪ੍ਰਮਾਣ ਹਨ। ਇਸ ਦ੍ਰਿਸ਼ਟੀ ਦੇ ਅਨੁਸਾਰ ਜੋ ਵੀ ਕੋਈ ਸ਼ਰਧਾਲੂ ਆਪਣੇ ਇਸ਼ਟ ਦੇ ਸਨਮੁਖ ਹੋਣ ਲਈ ਆਵੇ ਉਹ ਹਉਮੈਂ ਦੇ ਰੋਗ ਤੋਂ ਮੁਕਤ ਹੋ ਕੇ ਆਵੇ।

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਹੋਰ ਵੀ ਬਹੁਤ ਸਾਰੇ ਅਜਿਹੇ ਕਾਰਜ ਕੀਤੇ ਗਏ ਜਿਨ੍ਹਾਂ ਨੇ ਸਿੱਖੀ ਦੇ ਫੈਲਾਅ ਅਤੇ ਸਿਧਾਂਤਾਂ ਦੇ ਨਿਭਾਅ (ਅਮਲ) ਹਿੱਤ ਇੱਕ ਅਹਿਮਤਰੀਨ ਭੂਮਿਕਾ ਅਦਾ ਕੀਤੀ। ਇਨ੍ਹਾਂ ਕਾਰਜਾਂ ਵਿਚੋਂ ਪ੍ਰਮੱਖ ਅਤੇ ਵਡੇਰੇ ਸਤਿਕਾਰ ਵਾਲਾ ਕਾਰਜ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਹੈ। ਇਸ ਵੱਡਮੁਲੇਕਾਰਜ ਨੂੰ ਉਨ੍ਹਾਂ ਦੀ ਇੱਕ ਸ਼੍ਰੋਮਣੀ ਪ੍ਰਾਪਤੀ ਵਜੋਂ ਲਿਆ ਜਾਂਦਾ ਹੈ। ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਗੁਰੂ ਅਰਜਨ ਦੇਵ ਜੀ ਇੱਕ ਪ੍ਰਤਿਭਾਸ਼ਾਲੀ ਵਿਦਵਾਨ ਵੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਭੱਟ ਮਥੁਰਾ ਜੀ ਤਾਂ ਉਨ੍ਹਾਂ ਦੀ ਹਸਤੀ ਨੂੰ ਅਕਾਲ ਪੁਰਖ ਤੋਂ ਵੱਖ ਕਰਕੇ ਹੀ ਨਹੀਂ ਦੇਖਦੇ ਸਨ। ਇਸ ਗੱਲ ਨੂੰ ਤਸਦੀਕ ਕਰਦਿਆਂ ਉਹ ਲਿਖਦੇ ਹਨ:- ‘‘ਧਰਨਿ ਗਗਨ ਨਵ ਖੰਡ ਮਹਿ, ਜੋਤਿ ਸਰੂਪੀ ਰਹਿਓ ਭਰਿ॥ ਭਨਿ ਮਥੁਰਾ ਕਛੁ ਭੇਦ ਨਹੀ, ਗੁਰੂ ਅਰਜੁਨੁ ਪਰਤਖ ਹਰਿ॥’’ ਉਹ (ਮਥੁਰਾ ਜੀ) ਤਾਂ ਇਥੋਂ ਤੱਕ ਵੀ ਫ਼ੁਰਮਾਉਂਦੇ ਹਨ ਕਿ ਜਿਨ੍ਹਾਂ ਨੇ ਪੰਜਵੇਂ ਨਾਨਕ ਨਾਲ ਸੱਚੀ ਪ੍ਰੀਤ ਪਾ ਲਈ ਉਨ੍ਹਾਂ ਪਿਆਰਿਆਂ ਦਾ ਜਨਮ-ਮਰਨ ਹੀ ਕੱਟਿਆ ਜਾਂਦਾ ਹੈ। ਇਸ ਗੱਲ ਦੀ ਗਵਾਹੀ ਉਹ ਹੇਠ ਲਿਖੀਆਂ ਪਾਵਨ ਪੰਕਤੀਆਂ ਰਾਹੀਂ ਦੇ ਰਹੇ ਹਨ:-‘‘ਤਤੁ ਬਿਚਾਰੁ ਯਹੈ ਮਥੁਰਾ, ਜਗ ਤਾਰਨ ਕਉ ਅਵਤਾਰੁ ਬਨਾਯਉ॥ ਜਪ੍ਹਉ ਜਿਨ ਅਰਜੁਨੁ ਦੇਵ ਗੁਰੂ, ਫਿਰਿ ਸੰਕਟ ਜੋਨਿ ਗਰਭ ਨ ਆਯਉ॥’’

ਜਿੱਥੇ ਗੁਰੂ ਅਰਜਨ ਦੇਵ ਜੀ ਉਤਰੀ ਭਾਰਤ ਵਿਚ ਪ੍ਰਚਲਿਤ ਭਾਸ਼ਾਵਾਂ ਦੇ ਉਸਤਾਦ ਸਨ ਉਥੇ ਨਾਲ ਹੀ ਸੰਗੀਤਕ ਸੂਝ ਵੀ ਰੱਖਦੇ ਸਨ। ਇਸ ਸੂਝ ਸਦਕਾ ਹੀ ਜਿਥੇ ਉਨ੍ਹਾਂ ਨੇ ਆਪ ਇਲਾਹੀ ਬਾਣੀ ਦੀ ਸਿਰਜਣਾ ਕੀਤੀ ਉਥੇ ਆਪਣੇ ਤੋਂ ਪੂਰਬਲੇ ਗੁਰੂ ਸਾਹਿਬਾਨਾਂ, ਵੱਖ-ਵੱਖ ਖਿਤਿਆਂ ਨਾਲ ਜੁੜੇ ਹੋਏ ਭਗਤਾਂ ਅਤੇ ਭੱਟਾਂ ਦੀਪਵਿੱਤਰ ਬਾਣੀ ਨੂੰ ਇੱਕ ਸੁੱਚੀ ਮਾਲਾ (ਗ੍ਰੰਥ) ਵਿਚ ਪ੍ਰੋਣ ਦਾ ਇੱਕ ਅਣਥੱਕ ਯਤਨ ਆਰੰਭ ਕਰ ਦਿੱਤਾ। ਆਪਣੇ ਇਸ ਯਤਨ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਉਨ੍ਹਾਂ ਵੱਲੋਂ ਆਪਣੇ ਸਮੇਂ ਦੇ ਪੰਥਕ ਵਿਦਵਾਨ ਭਾਈ ਗੁਰਦਾਸ (ਗੁਰੂ ਜੀ ਦੇ ਮਾਮਾ) ਜੀ ਦੀਆਂ ਸੇਵਾਵਾਂ ਲਈਆਂ ਗਈਆਂ। ਇਸ ਮਹਾਨ ਅਤੇ ਵਿਲੱਖਣ ਕਾਰਜ ਦੀ ਸੰਪੂਰਨਤਾ ਭਾਦਰੋਂ ਵਦੀ ਇੱਕ (1604 ਈ.) ਨੂੰ ਹੋਈ। ਇਸ ਵੱਡਆਕਾਰੀ ਗ੍ਰੰਥ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ 16 ਅਗਸਤ1604 ਈ. ਦਿਨ ਵੀਰਵਾਰ ਨੂੰ ਕੀਤਾ ਗਿਆ। ਮਨੁੱਖੀ ਬਰਾਬਰੀ ਅਤੇ ਆਪਸੀ ਭਾਈਚਾਰੇ ਦਾ ਸੁਨੇਹਾ ਦੇਣ ਵਾਲੇ ਇਸ ਗ੍ਰੰਥ ਦੇ ਪ੍ਰਕਾਸ਼ ਵਿਚ ਆਉਣ ਨਾਲ ਇਸ ਦੀ ਪਾਵਨ ਬਾਣੀ ਪ੍ਰਤੀ ਕੁੱਝ ਝੂਠੀਆਂ ਸ਼ਿਕਾਇਤਾਂ ਵੀ ਵਕਤ ਦੇ ਹਾਕਮ (ਅਕਬਰ) ਕੋਲ ਪਹੁੰਚਣ ਲੱਗੀਆਂ ਪਰ ਜਦੋਂ ਇਨ੍ਹਾਂ ਸ਼ਿਕਾਇਤਾਂ ਨੂੰ ਸੱਚ ਅਤੇ ਦਲੀਲ ਦੀ ਕਸਵੱਟੀ ਉਪਰ ਲਗਾਇਆ ਗਿਆ ਤਾਂ ਸ਼ਿਕਾਇਤ ਕਰਤਾਵਾਂ ਨੂੰ ਸ਼ਰਮਿੰਦਗੀ ਉਠਾਉਣੀ ਪਈ।

ਸਰਬਤ ਦੇ ਭਲੇ ਵਾਲੀ ਸੋਚ ਅਤੇ ਲੋਕ ਹਿੱਤਕਾਰੀ ਅਮਲਾਂ ਕਾਰਨ ਗੁਰੂ ਨਾਨਕ ਦਰਬਾਰ ਦੀ ਹਰਮਨ ਪਿਆਰਤਾ ਦਿਨੋਂ ਦਿਨ ਵੱਧ ਰਹੀ ਸੀ। ਇਹ ਹਰਮਨ ਪਿਆਰਤਾ ਤਤਕਾਲੀ ਹਕੂਮਤ (ਜਹਾਂਗੀਰ ਤੇ ਉਸ ਦੇ ਚੇਲੇ-ਚਾਟੜੇ) ਅਤੇ ਗੁਰੂ ਘਰ ਦੇ ਦੋਖੀਆਂ ਦੀ ਅੱਖ ਵਿਚ ਰੜਕਣ ਲੱਗ ਪਈ ਸੀ। ਇਸ ਰੜਕ ਨੇ ਹੀ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਮੁੱਢ ਬੰਨ੍ਹਣ ਵਿਚ ਆਪਣਾ ਨਿੰਦਣਯੋਗ ਰੋਲ ਅਦਾ ਕੀਤਾ ਸੀ। ਗੁਰੂ ਅਰਜਨ ਦੇਵ ਜੀ ਦੇ ਸਮਕਾਲ ਸਰਹਿੰਦ ਦੇ ਇਲਾਕੇ ਵਿਚ ਨਕਸ਼ਬੰਦੀ ਸਿਲਸਲੇ ਨਾਲ ਸੰਬੰਧਤ ਸ਼ੇਖ ਅਹਿਮਦ ਫ਼ਾਰੂਕੀ ਦੀ ਪੂਰੀ ਚੜ੍ਹਾਈ ਸੀ। ਉਹ ਆਪਣੇ ਆਪ ਨੂੰ ਕਿਊਮ ਅਖਵਾਉਂਦਾ ਅਤੇ ਸਾਰੀ ਧਰਤੀ ਤੇ ਅਸਮਾਨ ’ਤੇ ਆਪਣਾ ਅਧਿਕਾਰ ਜਤਾਉਂਦਾ ਸੀ। ਬਾਦਸ਼ਾਹ ਅਕਬਰ ਦੀ ਦਰਿਆਦਿਲੀ ਨੂੰ ਉਹ ਇਸਲਾਮ ਦੀ ਕਮਜ਼ੋਰੀ ਸਮਝਦਾ ਸੀ। ਇਸ ਕਮਜ਼ੋਰੀ ਨੂੰ ਦੂਰ ਕਰਕੇ ਇਸਲਾਮ ਦਾ ਬੋਲਬਾਲਾ ਕਰਨਾ ਉਹ ਆਪਣਾ ਨਿੱਜੀ ਅਤੇ ਮੁਕੱਦਸ ਕਰਤੱਵ ਸਮਝਦਾ ਸੀ। ਇਸ ਕਰਤੱਵ ਦੀ ਪਾਲਣਾ ਹਿੱਤ ਹੀ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ‘ਇਮਾਮ-ਏ-ਕੁਫ਼ਰ’ ਦਾ ਫ਼ਤਵਾ ਦਿੱਤਾ ਅਤੇ ਉਨ੍ਹਾਂ ਦਾ ਮਲੀਆਮੇਟ ਕਰਨ ਲਈ ਇੱਕ ਕੱਟੜ ਸੋਚ ਦੇ ਮਾਲਿਕ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਨ ਲੱਗ ਪਿਆ। ਉਸ ਨੇ ਬਾਦਸ਼ਾਹ ਨੂੰ ਦੱਸਿਆ ਕਿ ‘(ਗੁਰੂ) ਅਰਜਨ ਦੇਵ ਤੁਹਾਡੇ ਅੱਬਾ ਜਾਨ ਦੇ ਚਹੇਤੇ ਸਨ ਅਤੇ ਉਸ ਦੇ ਪ੍ਰਚਾਰ ਅਤੇ ਪ੍ਰਸਾਰ ਸਦਕਾਕੇਵਲ ਹਿੰਦੂ ਹੀ ਨਹੀਂ ਸਗੋਂ ਵੱਡੀ ਗਿਣਤੀ ਵਿਚ ਮੁਸਲਮਾਨ ਵੀ ਗੁਰੂਕਿਆਂ ਦੇ ਪ੍ਰਸ਼ੰਸਕ ਬਣ ਗਏ ਹਨ। ਇਸ ਤੋਂ ਇਲਾਵਾ ਉਸ (ਗੁਰੂ) ਨੇ ਬਾਗੀ ਖੁਸਰੋ ਦੀ ਨਾ ਕੇਵਲ ਮਾਇਆ ਨਾਲ ਮਦਦ ਹੀ ਕੀਤੀ ਸਗੋਂ ਤਿਲਕ ਲਗਾ ਕੇ ਉੇਸ ਨੂੰ ਤਖ਼ਤ ਦਾ ਵਰਦਾਨ ਵੀ ਦਿੱਤਾ ਹੈ।’

ਬਾਦਸ਼ਾਹ ਜਹਾਂਗੀਰ ਇੱਕ ਤਾਂ ਕੰਨਾਂ ਦਾ ਕੱਚਾ ਸੀ, ਦੂਜਾ ਉਸ ਨੂੰ ਆਪਣੇ ਰਾਜ-ਭਾਗ ਦੀ ਲੰਮੀ ਉਮਰ ਲਈ ਕੱਟੜ-ਪੰਥੀਆਂ ਦਾ ਸਹਿਯੋਗ ਚਾਹੀਦਾ ਸੀ। ਇਸ ਲਈ ਉਸ ਨੇ ਬੁਲਾਵਾ ਭੇਜ ਕੇ ਗੁਰੂ ਸਾਹਿਬ ਨੂੰ ਲਾਹੌਰ ਬੁਲਾ ਲਿਆ। ਜੇਕਰ ‘ਤੁਜ਼ਿਕੇ ਜਹਾਂਗੀਰੀ’ ਦੇ ਹਵਾਲੇ ਨਾਲ ਗੱਲ ਕੀਤੀ ਜਾਵੇ ਤਾਂ ਬਾਦਸ਼ਾਹ ਆਪ ਵੀ ਪੰਜਵੇਂ ਗੁਰਾਂ ਪ੍ਰਤੀ ਆਪਣੇ ਦਿਲ ਵਿਚ ਨਫ਼ਰਤ ਭਰੀ ਬੈਠਾ ਸੀ। ਉਸ ਦੇ ਦਿਲ ਵਿਚਲੀ ਨਫ਼ਰਤ ਅਤੇ ਮਜ਼ਹਬੀ ਤੰਗਦਿਲੀ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿਚ ਆਪਣਾ ਭਰਵਾਂ ਯੋਗਦਾਨ ਪਾਇਆ। ਜਹਾਂਗੀਰ ਦਾ ਹੁਕਮ ਪਾ ਕੇ ਮੁਰਤਜ਼ਾ ਖ਼ਾਂ ਗੁਰਦੇਵ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਗਿਆ। ਝੂਠ-ਸੱਚ ਨੂੰ ਨਿਤਾਰਨ ਤੋਂ ਬਗ਼ੈਰ ਹੀ ਉਸ ਨੇ ਗੁਰੂ ਸਾਹਿਬ ਨੂੰ ਚੰਦਰੀ ਨੀਅਤ ਵਾਲੇ ਚੰਦੂ ਦੇ ਹਵਾਲੇ ਕਰ ਦਿੱਤਾ। ਜਾਨ ਲੈਣ ਨਾਲੋਂ ਚੰਦੂ ਗੁਰੂ ਸਾਹਿਬ ਕੋਲੋਂ ਆਪਣੀ ਈਨਮੰਨਵਾਉਣ ਨੂੰ ਵਧੇਰੇ ਤਰਜ਼ੀਹ ਦੇਣ ਲੱਗਾ ਪਿਆ। ਇਸ ਤਰਜ਼ੀਹ ਅਨੁਸਾਰ ਉਸ ਨੇ ਗੁਰੂ ਅਰਜਨ ਦੇਵ ਜੀ ਅੱਗੇ ਆਪਣੀਆਂ ਤਿੰਨ ਸ਼ਰਤਾਂ ਰੱਖ ਦਿੱਤੀਆਂ ਜੋ ਇਸ ਪ੍ਰਕਾਰ ਸਨ: ‘ਪਹਿਲੀ ਸ਼ਰਤ-ਮੁਸਲਮਾਨ ਬਣ ਜਾਣ ਦੀ।, ਦੂਜੀ- ਗੁਰੂ ਗ੍ਰੰਥ ਸਾਹਿਬ ਵਿਚ ਹਜ਼ਰਤ ਮੁਹੰਮਦ ਸਾਹਿਬ ਦੀ ਉਸਤਿਤ ਵਿਚ ਚੰਦ ਸ਼ਬਦ ਲਿਖ ਦੇਣ ਦੀ।, ਤੀਜੀ- ਸਾਹਿਬਜ਼ਾਦੇ (ਹਰਗੋਬਿੰਦ ਸਾਹਿਬ) ਵਾਸਤੇ ਉਸ (ਚੰਦੂ) ਦੀ ਬੇਟੀ ਦਾ ਸਾਕ ਸਵੀਕਾਰ ਕਰਨ ਦੀ।’

ਪਹਿਲੀ ਸ਼ਰਤ ਦੇ ਜਵਾਬ ਵਿਚ ਗੁਰੂ ਸਾਹਿਬ ਨੇ ਚੰਦੂ ਨੂੰ ਦਲੀਲ ਸਾਹਿਤ ਸਮਝਾਉਂਦਿਆਂ ਕਿਹਾ ਕਿ ਜੋ ਇਨਸਾਨ ਕਿਸੇ ਲਾਲਚ ਜਾਂ ਡਰ ਕਾਰਨ ਆਪਣਾ ਧਰਮ ਤਿਆਗ ਦਿੰਦਾ ਹੈ ਉਹ ਕਿਸੇ ਵੀ ਧਰਮ ਯੋਗਾ ਨਹੀਂ ਰਹਿ ਜਾਂਦਾ ਕਿਉਂਕਿ ਧਰਮ ਕੇਵਲ ਬਾਹਰੀ ਦਿਖਾਵਾ ਹੀ ਨਹੀਂ ਸਗੋਂ ਇੱਕ ਜੀਵਨ-ਜਾਚ ਵੀ ਹੁੰਦਾ ਹੈ। ਦੂਜੀ ਸ਼ਰਤ ਨੂੰ ਰੱਦ ਕਰਦਿਆਂ ਗੁਰੂ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਇੱਕ ਇਲਾਹੀ ਕਿਰਤ ਹੈ ਜੋ ਕਰਤਾ ਪੁਰਖ ਦੇ ਹੁਕਮ ਵਿਚ ਰਹਿ ਕੇ ਪ੍ਰਵਾਨ ਚੜ੍ਹੀ ਹੈ, ਹੁਣਇਸ ਵਿਚ ਕਿਸੇ ਇੱਕ ਅਖ਼ਰ ਦਾ ਵੀ ਵਾਧਾ-ਘਾਟਾ ਨਹੀਂ ਕੀਤਾ ਜਾ ਸਕਦਾ। ਤੀਜੀ ਗੱਲ ਜੋ ਤੇਰੀ ਬੇਟੀ ਦਾ ਸਾਕ ਨਾ ਲੈਣ ਬਾਰੇ ਹੈ, ਇਹ ਫ਼ੈਸਲਾ ਗੁਰੂ ਕੀ ਸੰਗਤ ਵੱਲੋਂ ਸਮੂਹਿਕ ਰੂਪ ਵਿਚ ਕੀਤਾ ਗਿਆ ਹੈ, ਜਿਸ ਨੂੰ ਪਲਟਾਉਣਾ ਸਾਡੇ ਵੱਸੋਂ ਬਾਹਰੀ ਗੱਲ ਹੈ। ਚੌਥੀ ਗੱਲ ਜੋ ਤਸੀਹੇ ਸਹਿਣ ਦੀ ਹੈ, ਉਸ ਨੂੰ ਅਸੀਂ ਪਰਮੇਸ਼ਰ ਦਾ ਭਾਣਾ ਸਮਝ ਕੇ ਖਿੜੇ-ਮੱਥੇ ਕਬੂਲ ਕਰਨ ਲਈ ਤਿਆਰ ਹਾਂ।

ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਖ਼ਰੀਆਂ-ਖ਼ਰੀਆਂ ਸੁਣ ਕੇ ਚੰਦੂ ਪਾਪੀ ਅਤੇ ਉਸ ਦੀ ਲਾਬੀ ਨੇ ਗੁਰੂ ਸਾਹਿਬ ਨੂੰ ਯਾਸਾ (ਖ਼ੂਨ ਡੋਲ੍ਹਣ ਤੋਂ ਵਗੈਰ) ਦੇ ਕਾਨੂੰਨ ਤਹਿਤ ਸਖ਼ਤ ਸਜ਼ਾਵਾਂ ਦੇਣ ਦੀ ਠਾਣ ਲਈ। ਇਨ੍ਹਾਂ ਸਜ਼ਾਵਾਂ ਤਹਿਤ ਜਿਥੇ ਗੁਰੂ ਸਾਹਿਬ ਨੂੰ ਜੇਠ ਮਹੀਨੇ ਦੀ ਕੜਕਦੀ ਧੁੱਪੇ ਉੱਬਲਦੀਆਂ ਦੇਗਾਂ ਵਿਚ ਉਬਾਲਿਆ ਗਿਆ, ਉਥੇ ਤੱਤੀ ਤੱਵੀ ਉੱਤੇ ਬੈਠਾਅ ਕੇ ਨੰਗੇ ਜਿਸਮ ਉਪਰ ਗਰਮ ਰੇਤ ਦੇ ਕੜਛੇ ਵੀ ਪਾਏ ਗਏ। ਇਸ ਅਕਹਿ ਅਤੇ ਅਸਹਿ ਤਸ਼ੱਦਦ ਨੂੰ ਪੰਜਵੇਂ ਪਾਤਸ਼ਾਹ ਨੇ ‘ਦੁਖ ਵਿਚਿ ਸੂਖ ਮਨਾਈ’ ਦੀ ਅਵਸਥਾ ਵਜੋਂ ਲੈਂਦਿਆਂ ਉਸ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਲਿਆ ਅਤੇ 30 ਮਈ 1606 ਈ. ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖ ਇਤਿਹਾਸ ਨੂੰ ਇਕ ਇਨਕਲਾਬੀ ਮੋੜ ਵੱਲ ਮੋੜਨ ਦੇ ਨਾਲ-ਨਾਲ ਸਿੱਖ ਧਰਮ ਨੂੰ ਇੱਕ ਨਵੀਨ ਮੁਹਾਂਦਰਾ ਵੀ ਪ੍ਰਦਾਨ ਕੀਤਾ ਜਿਸ ਨੂੰ ਮੀਰੀ ਅਤੇ ਪੀਰੀ ਦੇ ਸਮਤੋਲ ਵਜੋਂ ਲਿਆ ਜਾਂਦਾ ਹੈ।

ਜੋਤੀ ਜੋਤ (ਗੁਰੂ ਅਮਰ ਦਾਸ) ਗੁਰਗੱਦੀ (ਗੁਰੂ ਰਾਮਦਾਸ ਜੀ) ਦੇ ਗੁਰ ਪੁਰਬ ’ਤੇ ਵਿਸ਼ੇਸ਼

0

ਜੋਤੀ ਜੋਤ (ਗੁਰੂ ਅਮਰ ਦਾਸ) ਗੁਰਗੱਦੀ (ਗੁਰੂ ਰਾਮਦਾਸ ਜੀ) ਦੇ ਗੁਰ ਪੁਰਬ ’ਤੇ ਵਿਸ਼ੇਸ਼

ਗੁਰੂ ਅਮਰ ਦਾਸ ਜੀ ਦੀ ਅੰਤਿਮ ਵਸੀਅਤ; ਸਿੱਖਾਂ ਲਈ ਅਹਿਮ ਮਾਰਗ ਦਰਸ਼ਨ

ਕਿਰਪਾਲ ਸਿੰਘ (ਬਠਿੰਡਾ)- 98554-80797, 73409-79813

ਕਿਸੇ ਗੁਰੂ ਦੇ ਜੀਵਨ ਬਾਰੇ ਉਸ ਦਾ ਅਨੁਯਾਈ (ਪੈਰੋਕਾਰ), ਜੋ ਗੁਰੂ ਗਿਆਨ ਦੇ ਮੁਕਾਬਲੇ ਸੀਮਤ ਬੁੱਧੀ ਦਾ ਮਾਲਕ ਹੁੰਦਾ ਹੈ, ਦੀ ਮੁਕੰਮਲ ਜਾਣਕਾਰੀ ਦੇਣ ਦੀ ਯੋਗਤਾ ਕਦਾਚਿਤ ਨਹੀਂ ਰੱਖ ਸਕਦਾ। ਕਿਉਂਕਿ ਇਹ ਵਿਸ਼ਾ ਸਮੁੰਦਰ ਨੂੰ ਘੜੇ ’ਚ ਬੰਦ ਕਰਨ ਵਾਂਗ ਹੁੰਦਾ ਹੈ। ਗੁਰੂ ਨੇ ਤਮਾਮ ਮਨੁੱਖਤਾ ਦੇ ਕਲਿਆਣ ਬਾਰੇ ਸੋਚਣਾ ਹੁੰਦਾ ਹੈ ਜਦਕਿ ਅਨੁਯਾਈ ਨੇ ਨਿੱਜ ਪ੍ਰਾਪਤੀ ਲਈ ਗੁਰੂ ਅੱਗੇ ਫ਼ਰਿਆਦ ਕਰਨੀ ਹੁੰਦੀ ਹੈ।

ਸੰਸਾਰ ’ਚ ਮਨੁੱਖਤਾ ਸਾਮ੍ਹਣੇ ‘ਗੁਰੂ’ ਵੀ ਉਸ ਤਰ੍ਹਾਂ ਵਧੇ ਜਿਵੇਂ ਹੋਰਾਂ ਜੂਨਾਂ ਦੇ ਮੁਕਾਬਲੇ ਮਨੁੱਖਾ ਜੂਨੀ। ਇਸ ਲਈ ‘ਗੁਰੂ’ ਬਾਰੇ ਸੰਖੇਪ ਸ਼ਬਦਾਂ ’ਚ ਇਹ ਬਿਆਨ ਕਰਨਾ ਕਿ ਅਸਲੀ ਤੇ ਨਕਲੀ ਗੁਰੂ ’ਚ ਕੀ ਫ਼ਰਕ ਹੁੰਦਾ ਹੈ, ਮੁੱਢਲੀ ਸ਼ਰਤ ਹੁੰਦੀ ਹੈ ਤਾਂ ਜੋ ‘ਗੁਰੂ’ ਸ਼ਬਦ ਬਾਰੇ ਬਣਿਆ ਸਤਿਕਾਰ ਕਾਇਮ ਰਹਿ ਸਕੇ, ਨਹੀਂ ਤਾਂ ਅਨੇਕਾਂ ਸ਼ਬਦਾਂ ਨੂੰ ਮਨੁੱਖਾ ਇਤਿਹਾਸ ਨੇ ਆਪਣੀ ਸੁਆਰਥ ਬਿਰਤੀ ਨਾਲ ਕਲੰਕਿਤ ਕਰ ਦਿੱਤਾ ਹੈ; ਜਿਵੇਂ ਕਿ ਸਿੱਖਾਂ ਲਈ ‘ਮਸੰਦ, ਨਿਹੰਗ, ਪੰਡਿਤ’ ਆਦਿ ਸ਼ਬਦ ਸਤਿਕਾਰਮਈ ਨਹੀਂ ਰਹੇ, ਜੋ ਕਦੇ ਆਦਰਸ਼ ਦੇ ਪ੍ਰਤੀਕ ਸਨ।

ਗੁਰੂ ਅਮਰਦਾਸ ਜੀ ਨੇ ਸਰੀਰਕ ਯਾਤ੍ਰਾ 95 ਸਾਲ (5 ਮਈ 1479 ਜਾਂ 10 ਜੇਠ ਸੰਮਤ 1536 ਤੋਂ 1 ਸਤੰਬਰ 1574 ਜਾਂ 2 ਅੱਸੂ ਸੰਮਤ 1631) ਭੋਗੀ, ਇਸ ਦੌਰਾਨ ਲੰਮਾ ਸਮਾਂ ਅਯੋਗ ਅਗਵਾਈ ’ਚ ਹਰ ਸਾਲ ਤੀਰਥ ਯਾਤ੍ਰਾ ਹੁੰਦੀ ਰਹੀ। ਜਦ (ਗੁਰੂ) ਅਮਰਦਾਸ ਜੀ 20ਵੀਂ ਵਾਰ ਹਰਿਦੁਆਰ ਦੀ ਯਾਤ੍ਰਾ ਕਰਕੇ ਵਾਪਸ ਆ ਰਹੇ ਸਨ ਤਦ ਉਨ੍ਹਾਂ ਦੇ ਵਰਤਾਉ (ਸਲੂਕ) ਤੋਂ ਪ੍ਰਭਾਵਤ ਹੋ ਕੇ ਇੱਕ ਬ੍ਰਹਮਚਾਰੀ (ਅਗ੍ਰਹਿਸਥੀ) ਉਨ੍ਹਾਂ ਦਾ ਸਾਥੀ ਬਣ ਗਿਆ। ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਦਿਨ ਆਪਣੇ ਘਰ (ਬਾਸਰਕੇ) ਠਹਿਰਨ ਲਈ ਕਿਹਾ, ਜੋ ਉਨ੍ਹਾਂ ਪ੍ਰਵਾਨ ਕਰ ਲਿਆ। ਚੁਬਾਰੇ ’ਚ ਵਿਸਰਾਮ ਕਰ ਰਹੇ ਇਸ ਤਿਆਗੀ ਨੇ ਇੱਕ ਦਿਨ (ਗੁਰੂ) ਅਮਰਦਾਸ ਜੀ ਤੋਂ ਉਨ੍ਹਾਂ ਦੇ ਗੁਰੂ ਦਾ ਨਾਂ ਪੁੱਛ ਲਿਆ ਤੇ (ਗੁਰੂ) ਅਮਰਦਾਸ ਜੀ ਨੇ ਇਨ੍ਹਾਂ ਨੂੰ ਕਿਹਾ ਕਿ ਮੈਂ ਅਜੇ ਕਿਸੇ ਯੋਗ ਗੁਰੂ ਦੀ ਤਲਾਸ਼ ਵਿੱਚ ਹਾਂ। ਬ੍ਰਹਮਚਾਰੀ ਨੂੰ ਇਹ ਬੋਲ ਤੀਰ ਵਾਂਗ ਚੁਭੇ ਕਿਉਂਕਿ ਉਸ ਨੇ ਆਪਣੇ ਜੀਵਨ ’ਚ ਕਿਸੇ ਨਿਗੁਰੇ ਦੇ ਹੱਥੋਂ ਕਦੇ ਭੋਜਨ ਨਹੀਂ ਛਕਿਆ ਸੀ, ਜੋ ਉਸ ਨੇ ਕਈ ਦਿਨ ਇੱਥੇ ਰਹਿ ਕੇ ਛਕ ਲਿਆ।

ਕਈ ਦਿਨ ਕੀਤੀ ਗਈ ਸੇਵਾ ਬਦਲੇ ਸ਼ੁਕਰਾਨਾ ਕਰਨ ਦੀ ਬਜਾਏ ਚੁਬਾਰੇ ’ਚੋਂ ‘ਭਰਿਸ਼ਟ ਹੋ ਗਿਆ, ਭਰਿਸ਼ਟ ਹੋ ਗਿਆ’ ਚੀਕਦਾ ਚਿੱਲਾਉਂਦਾ ਹੇਠਾਂ ਉਤਰ ਆਇਆ ਤੇ ਘਰੋਂ ਨਿਰਾਸ ਹੋ ਕੇ ਚਲਾ ਗਿਆ। ਇਸ ਘਟਨਾ ਨੇ (ਗੁਰੂ) ਅਮਰਦਾਸ ਜੀ ਨੂੰ ਬੜਾ ਨਿਰਾਸ ਕੀਤਾ ਤੇ ਉਹ ਗੁਰੂ ਦੀ ਭਾਲ਼ ਲਈ ਹੋਰ ਉਤਾਬਲੇ ਹੋ ਗਏ।

ਗੁਰੂ ਅੰਗਦ ਸਾਹਿਬ ਜੀ ਦੀ ਸਪੁਤ੍ਰੀ, ਜੋ ਬਾਸਰਕੇ (ਗੁਰੂ) ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਪਾਸੋਂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਰਚਨਾ ‘‘ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥’’ (ਮ: ੧/੯੯੦) ਭਾਵ ਜੇ ਯੋਗ ਗੁਰੂ ਮਿਲ ਜਾਵੇ ਤਾਂ ਸੜੇ ਹੋਏ ਲੋਹੇ ਵਰਗਾ ਮਨ ਵੀ ਸੋਨਾ ਬਣ ਜਾਂਦਾ ਹੈ।, ਬਚਨ ਸੁਣ ਕੇ (ਗੁਰੂ) ਅਮਰਦਾਸ ਜੀ ਨੇ ਬੀਬੀ ਅਮਰੋ ਜੀ ਤੋਂ ਇਸ ਬਾਣੀ ਦੇ ਰਚੇਤਾ ਬਾਰੇ ਵਿਸਥਾਰ ਨਾਲ ਜਾਣਨਾ ਚਾਹਿਆ ਤਾਂ ਉਨ੍ਹਾਂ ਵੱਲੋਂ ਮਿਲੇ ਜਵਾਬ ਉਪਰੰਤ ਗੁਰੂ ਅੰਗਦ ਸਾਹਿਬ ਜੀ ਪਾਸ ਬੀਬੀ ਜੀ ਨੂੰ ਨਾਲ ਲੈ ਕੇ ਜਾਣ ਦੀ ਇੱਛਾ ਪ੍ਰਗਟ ਕੀਤੀ। ਬੀਬੀ ਜੀ ਜਦ (ਗੁਰੂ) ਅਮਰਦਾਸ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਜੀ ਪਾਸ (ਖਡੂਰ ਸਾਹਿਬ) ਗਈ ਤਾਂ (ਗੁਰੂ) ਅਮਰਦਾਸ ਜੀ ਬਾਹਰ ਰੁਕ ਗਏ ਤੇ ਬੀਬੀ ਨੂੰ ਅੰਦਰ ਜਾਣ ਲਈ ਕਿਹਾ। ਯੋਗ ਗੁਰੂ ਦੀ ਪਹਿਚਾਣ ਹੀ ਕਹੀ ਜਾਵੇਗੀ ਕਿ ਅੰਤਰਯਾਮੀ ਗੁਰੂ ਅੰਗਦ ਸਾਹਿਬ ਜੀ ਨੇ ਬੀਬੀ ਨੂੰ ਕਿਹਾ ਕਿ ਜਿਨ੍ਹਾਂ ਬਜ਼ੁੁਰਗਾਂ ਨੂੰ ਬਾਹਰ ਖੜ੍ਹਾ ਕਰਕੇ ਆਈ ਹੈਂ, ਉਨ੍ਹਾਂ ਅੰਦਰ ਲੈ ਆਓ। ਇਸ ਤਰ੍ਹਾਂ 61 ਸਾਲ ਦੀ ਉਮਰ (ਸੰਨ 1540) ’ਚ ਪਹਿਲੀ ਵਾਰ ਕਿਸੇ ਸੱਚੇ ਗੁਰੂ ਦੇ ਦਰਸ਼ਨ ਹੋਏ।

(ਗੁਰੂ) ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸਮਰਪਤ ਹੋ ਕੇ 12 ਸਾਲ (ਉਮਰ 61 ਤੋਂ 73 ਸਾਲ ਤੱਕ) ਅਣਥੱਕ ਘਾਲਨਾ ਘਾਲੀ, ਸ਼ਾਇਦ (ਗੁਰੂ) ਅਮਰਦਾਸ ਜੀ ਮਨੁੱਖਾ ਜੀਵਨ ’ਚ ਪਿਛਲੀ ਰਹੀ ਅਸਲ ਜੀਵਨ ਜਾਚ ਦੀ ਘਾਟ ਨੂੰ ਪੂਰੀ ਕਰਨਾ ਚਾਹੁੰਦੇ ਸਨ, ਜਿਸ ਉਪਰੰਤ 73 ਸਾਲ ਦੀ ਉਮਰ (ਸੰਨ 1552) ’ਚ (ਗੁਰੂ ਨਾਨਕ ਘਰ ਦੀ ਗੁਰਗੱਦੀ) ਲਾਇਕ ਸਮਝ ਕੇ ਗੁਰੂ ਅੰਗਦ ਸਾਹਿਬ ਜੀ ਨੇ ਉਨ੍ਹਾਂ ਨੂੰ ਗੁਰਿਆਈ ਬਖ਼ਸ਼ਸ਼ ਕਰ ਦਿੱਤੀ।

ਗੁਰੂ ਅਮਰਦਾਸ ਜੀ ਦੀ ਕਿਸੇ ਰਾਹਗੀਰ (ਮੁਸਾਫ਼ਰ) ਪ੍ਰਤਿ ਮਹਿਮਾਨ ਨਿਵਾਜ਼ੀ (ਪ੍ਰਾਹੁਣਾਚਾਰੀ) ਭਾਵਨਾ ਨੇ ਵਿਆਪਕ ਰੂਪ ਲੈਂਦਿਆਂ ‘ਪਹਿਲਾਂ ਪੰਗਤ, ਪਾਛੈ ਸੰਗਤ’ ਨਿਯਮ ਲਾਗੂ ਕਰ ਦਿੱਤਾ। ਇਤਿਹਾਸਕ ਸਚਾਈ ਹੈ ਕਿ ਇਸ ਪੰਗਤੀ ’ਚ ਬੈਠ ਕੇ ਬਾਦਸ਼ਾਹ ਅਕਬਰ ਵਰਗਿਆਂ ਨੇ ਭੋਜਨ ਛਕਿਆ ਤੇ ਗੁਰੂ ਘਰ ਦੀ ਮਰਯਾਦਾ ਦੀ ਤਾਰੀਫ਼ ਕੀਤੀ।

ਔਰਤ ਜਾਤੀ ਉੱਤੇ ਸਤੀ ਪ੍ਰਥਾ ਰਾਹੀਂ ਹੋ ਰਹੇ ਘੋਰ ਅਤਿਆਚਾਰ ਨੂੰ ਬੰਦ ਕਰਵਾਉਣ ਲਈ ਗੁਰੂ ਜੀ ਨੇ ਅਕਬਰ ਬਾਦਸ਼ਾਹ ਤੋਂ ਨਵੇਂ ਨਿਯਮ ਬਣਵਾਏ ਤੇ ਘੁੰਡ ਕੱਢਣ ਦੀ ਰਵਾਇਤੀ ਰੀਤੀ ਨੂੰ ਵੀ ਬੰਦ ਕਰਵਾ ਦਿੱਤਾ।

ਗੁਰੂ ਜੀ ਨੇ ਆਪਣੇ ਪਿਛੋਕੜ ਜੀਵਨ ਵਾਲੇ ਸਤਸੰਗੀਆਂ ਨੂੰ ਮੁੱਖ ਰੱਖਦਿਆਂ, ਜੋ ਅਸਲ ਜੀਵਨ ਜਾਚ ਨੂੰ ਲੱਭਦਿਆਂ ਕੁਰਾਹੇ ਪੈ ਗਏ ਸਨ, ਕੁਰਸ਼ੇਤਰ ਦੇ ਕੁੰਭ ਇਸਨਾਨ ’ਤੇ ਜਾਣ ਦੀ ਇੱਛਾ ਜਤਾਈ ਤਾਂ ਜੋ ਅਜਾਈਂ ਜਾ ਰਹੇ ਮਨੁੱਖਾ ਜੀਵਨ ਨੂੰ ਯੋਗ ਅਗਵਾਈ ਮਿਲ ਸਕੇ। ਇਸ ਯਾਤ੍ਰਾ ਦਾ ਵਰਣਨ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ’ਚ ਇਉਂ ਕੀਤਾ: ‘‘ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥ ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥’’ (ਮ: ੪/੧੧੧੬) ਭਾਵ ਹਰੀ ਕਰਤਾਰ ਨੇ ਆਪ ਹੀ (ਵਹਿਮ ਭਰਮ ਦਾ ਸ੍ਰੋਤ) ਅਭੀਚ (ਭਾਵ ਨਛੱਤ੍ਰ) ਕੁਲਖੇਤਰ ਤੀਰਥ ਉੱਤੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਵਾ ਕੇ ਪਵਿੱਤਰ ਪੁਰਬ ਬਣਾ ਦਿੱਤਾ।

ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਊਲੀ ਖੁਦਵਾ ਕੇ ਪਾਣੀ ਦੀ ਘਾਟ ਤੇ ਖੜ੍ਹੇ ਪਾਣੀ ਦੀ ਅਪਵਿੱਤਰਤਾ ਵਾਲੇ ਵਹਿਮ ਨੂੰ ਵੀ ਹਮੇਸ਼ਾਂ ਲਈ ਖਤਮ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਜਿੱਥੇ ਅਨੇਕਾਂ ਸਮਾਜਿਕ ਕਾਰਜ ਸੰਪੂਰਨ ਕੀਤੇ ਉੱਥੇ 17 ਰਾਗਾਂ ’ਚ 869 ਸ਼ਬਦ ਰਚ ਕੇ ਆਪਣੀ ਸਫਲ ਜੀਵਨ ਯਾਤ੍ਰਾ ਦਾ ਸਬੂਤ ਰਹਿੰਦੀ ਦੁਨੀਆ ਤੱਕ ਦੇ ਦਿੱਤਾ, ਜਿਨ੍ਹਾਂ ਬਾਰੇ ਭਟ ਕੀਰਤ ਦੀ ਬਚਨ ਕਰਦੇ ਹਨ: ‘‘ਗੁਰੁ ਅਮਰਦਾਸੁ ਜਿਨ੍ਰ ਸੇਵਿਅਉ; ਤਿਨ੍ਰ ਦੁਖੁ ਦਰਿਦ੍ਰੁ ਪਰਹਰਿ ਪਰੈ ॥’’ (ਭਟ ਕੀਰਤ/੧੩੯੫)। ਸੱਤਾ ਬਲਵੰਡ ਜੀ; ਗੁਰੂ ਅਮਰਦਾਸ ਜੀ ਬਾਰੇ ਜ਼ਿਕਰ ਕਰਦਿਆਂ ਵਰਣਨ ਕਰਦੇ ਹਨ ਕਿ ਪਿਤਾ (ਗੁਰੂ ਅੰਗਦ ਸਾਹਿਬ) ਅਤੇ ਦਾਦਾ (ਗੁਰੂ ਨਾਨਕ ਸਾਹਿਬ) ਜੀ ਵਰਗੇ ਪੋਤਰੇ (ਗੁਰੂ ਅਮਰਦਾਸ ਜੀ) ਹਨ ਕਿਉਂਕਿ ਉਨ੍ਹਾਂ ਨੇ ਯੋਗ ਗੁਰੂ ਦੀ ਰਾਹੀਂ ਆਪਣੇ ਅੰਦਰੋਂ ਹੀ 14 ਰਤਨ ਕੱਢ ਲਏ, ਜਿਨ੍ਹਾਂ ਦੀ ਤਲਾਸ਼ ਲਈ 61 ਸਾਲ ਭਟਕਦੇ ਰਹੇ: ‘‘ਸੋ ਟਿਕਾ, ਸੋ ਬੈਹਣਾ; ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ ॥ ਜਿਨਿ, ਬਾਸਕੁ ਨੇਤ੍ਰੈ ਘਤਿਆ; ਕਰਿ ਨੇਹੀ ਤਾਣੁ ॥ ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ/੯੬੮) ਗੁਰੂ ਅਮਰਦਾਸ ਜੀ ਦੀ ਸਖ਼ਸ਼ੀਅਤ ਦਾ ਪੂਰਨ ਅਨੁਮਾਨ ਲਗਾਉਣਾ ਅਸੰਭਵ ਹੈ; ਜਿਵੇਂ ਕਿ ਭੱਟ ਕਲਸਹਾਰ ਜੀ ਬਚਨ ਕਰਦੇ ਹਨ: ‘‘ਭਲੇ ਅਮਰਦਾਸ ਗੁਣ ਤੇਰੇ; ਤੇਰੀ ਉਪਮਾ ਤੋਹਿ ਬਨਿ ਆਵੈ ॥’’ (੧੩੯੬)

ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਬਾਬਾ ਤੇਜ ਭਾਨ ਜੀ ਦੇ ਘਰ ਬੇਬੇ ਸੁਲੱਖਣੀ ਜੀ ਦੀ ਕੁੱਖੋਂ 5 ਮਈ 1479 ਨੂੰ ਹੋਇਆ, ਜਿਨ੍ਹਾਂ ਦੀ ਸ਼ਾਦੀ ਬੀਬੀ ਮਨਸਾ ਦੇਵੀ ਜੀ ਨਾਲ ਹੋਈ, ਜਿਨ੍ਹਾਂ ਦੀ ਕੁੱਖੋਂ 2 ਸਪੁੱਤਰ (ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ) ਪੈਦਾ ਹੋਏ ਤੇ 2 ਬੇਟੀਆਂ (ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ) ਨੇ ਜਨਮ ਲਿਆ। ਬੀਬੀ ਭਾਨੀ ਜੀ ਦੁਆਰਾ ਆਪਣੇ ਪਿਤਾ ਜੀ ਦੀ ਕੀਤੀ ਗਈ ਸੇਵਾ ਸਿੱਖ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ’ਚ ਦਰਜ ਹੈ, ਜਿਨ੍ਹਾਂ ਦੀ ਸ਼ਾਦੀ ਬਾਅਦ ’ਚ ਗੁਰੂ ਰਾਮਦਾਸ ਜੀ ਨਾਲ ਹੋਈ।

ਕਿਸੇ ਮਨੁੱਖਾ ਜੀਵਨ ਜੀ ਗੁਰੂ ਲੜ ਲੱਗਣ ਤੋਂ ਬਾਅਦ ਸਫਲ ਸੰਸਾਰਿਕ ਯਾਤ੍ਰਾ ਵੇਖਣ ਦਾ ਪੈਮਾਨਾ ਉਨ੍ਹਾਂ ਦੇ ਜੀਵਨ ਦਾ ਅੰਤਮ ਸਮਾਂ ਹੁੰਦਾ ਹੈ ਭਾਵ ਅੰਤ ਤੱਕ ਕਿਸ ਰੂਹਾਨੀਅਤ ਸ਼ਕਤੀ ਨੂੰ ਸੰਭਾਲੀ ਰੱਖਿਆ, ਬਾਰੇ ਬੋਧ ਹੁੰਦਾ ਹੈ। ਇਸ ਦੀ ਇੱਕ ਮਿਸਾਲ ਬਾਬਾ ਸੁੰਦਰ ਜੀ ਦੁਆਰਾ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਪੰਨਾ ਨੰਬਰ 923 ਉੱਤੇ ਦਰਜ ‘ਸਦ’ ਸਿਰਲੇਖ ਅਧੀਨ ਰਚੀ ਗਈ ਬਾਣੀ ਰਾਹੀਂ ਪ੍ਰਗਟ ਹੁੰਦੀ ਹੈ, ਜੋ ਇਸ ਪ੍ਰਕਾਰ ਹੈ:

‘ਰਾਮਕਲੀ ਸਦੁ’ ਦੀ ਪਹਿਲੀ ਪਉੜੀ ਵਿੱਚ ਬਾਬਾ ਸੁੰਦਰ ਜੀ ਅਨੁਸਾਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪ੍ਰਵਾਰ ਅਤੇ ਸਿੱਖਾਂ ਨੂੰ ਬੁਲਾਇਆ ਅਤੇ ਦੱਸਿਆ ਕਿ ਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, (ਉਸ ਅਕਾਲ ਪੁਰਖ ਵਿਚ, ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦ ਰਾਹੀਂ ਲੀਨ (ਰਿਹਾ) ਹੈ (ਅਤੇ ਉਸ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ। (ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾਂ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ ‘ਨਾਮ’ ਨੂੰ ਧਿਆਉਂਦੇ (ਰਹੇ) ਹਨ; ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ’ਤੇ ਬਿਰਾਜਮਾਨ ਹੋ ਚੁਕੇ ਹਨ। (ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ; (ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ: ‘‘ਜਗਿ ਦਾਤਾ ਸੋਇ ; ਭਗਤਿ ਵਛਲੁ ਤਿਹੁ ਲੋਇ ਜੀਉ॥ ਗੁਰ ਸਬਦਿ ਸਮਾਵਏ ; ਅਵਰੁ ਨ ਜਾਣੈ ਕੋਇ ਜੀਉ॥ ਅਵਰੋ ਨ ਜਾਣਹਿ ਸਬਦਿ ਗੁਰ ਕੈ ; ਏਕੁ ਨਾਮੁ ਧਿਆਵਹੇ॥ ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ॥ ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ॥ ਜਗਿ ਅਮਰੁ, ਅਟਲੁ, ਅਤੋਲੁ ਠਾਕੁਰੁ ; ਭਗਤਿ ਤੇ ਹਰਿ ਪਾਇਆ ॥੧॥’’

ਦੂਸਰੀ ਪਉੜੀ ਵਿੱਚ ਬਾਬਾ ਸੁੰਦਰ ਜੀ ਦੱਸ ਰਹੇ ਹਨ ਕਿ ਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ ਅਤੇ ਉਹ ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ ਕਿ: ‘(ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ। ਹੇ ਹਰੀ! ਆਪਣੇ ਸੇਵਕਾਂ ਦੀ ਲਾਜ ਰੱਖ ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼, ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ। ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ ਅਤੇ ਮਿਹਰ ਕਰ ਕੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ’ : ‘‘ਹਰਿ ਭਾਣਾ, ਗੁਰ ਭਾਇਆ; ਗੁਰੁ ਜਾਵੈ, ਹਰਿ ਪ੍ਰਭ ਪਾਸਿ ਜੀਉ॥ ਸਤਿਗੁਰੁ, ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ, ਅਰਦਾਸਿ ਜੀਉ॥ ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ॥ ਅੰਤਿ ਚਲਦਿਆ ਹੋਇ ਬੇਲੀ ; ਜਮਦੂਤ ਕਾਲੁ ਨਿਖੰਜਨੋ॥ ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ, ਸੁਣੀ ਅਰਦਾਸਿ ਜੀਉ॥ ਹਰਿ, ਧਾਰਿ ਕਿਰਪਾ, ਸਤਿਗੁਰੁ ਮਿਲਾਇਆ ; ਧਨੁ ਧਨੁ ਕਹੈ ਸਾਬਾਸਿ ਜੀਉ॥੨॥’’

ਬਾਬਾ ਸੁੰਦਰ ਜੀ ਅਨੁਸਾਰ ਤੀਜੀ ਪਉੜੀ ਵਿੱਚ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਕਿ ‘ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ- ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) ਮੇਰੇ ਕੋਲ ਆਓ। ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ। ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; (ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ। ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ’ : ‘‘ਮੇਰੇ ਸਿਖ ! ਸੁਣਹੁ, ਪੁਤ ਭਾਈਹੋ ! ਮੇਰੈ ਹਰਿ ਭਾਣਾ, ਆਉ, ਮੈ ਪਾਸਿ ਜੀਉ ॥ ਹਰਿ ਭਾਣਾ, ਗੁਰ ਭਾਇਆ ; ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥ ਭਗਤੁ ਸਤਿਗੁਰੁ ਪੁਰਖੁ ਸੋਈ ; ਜਿਸੁ, ਹਰਿ ਪ੍ਰਭ ਭਾਣਾ, ਭਾਵਏ ॥ ਆਨੰਦ ਅਨਹਦ ਵਜਹਿ ਵਾਜੇ ; ਹਰਿ, ਆਪਿ ਗਲਿ ਮੇਲਾਵਏ ॥ ਤੁਸੀ ਪੁਤ ਭਾਈ ਪਰਵਾਰੁ ਮੇਰਾ ; ਮਨਿ ਵੇਖਹੁ, ਕਰਿ ਨਿਰਜਾਸਿ ਜੀਉ ॥ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ; ਗੁਰੁ ਜਾਇ, ਹਰਿ ਪ੍ਰਭ ਪਾਸਿ ਜੀਉ ॥੩॥’’

ਚੌਥੀ ਪਉੜੀ ਵਿੱਚ ਦੱਸਿਆ ਗਿਆ ਹੈ ਕਿ ‘ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦਾ ਘੱਲਿਆ; (ਤੇ ਆਖਿਆ-) ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ। ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ। ਤੁਸੀਂ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀਂ ਭੀ ਖ਼ੁਸ਼ ਹੋਵੋ)।’ ਇਹ ਉਪਦੇਸ਼ ਦੇ ਕੇ, ਫਿਰ ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ (ਅਤੇ) ਸਾਰੇ ਸਿੱਖਾਂ ਨੂੰ, ਅੰਗਾਂ-ਸਾਕਾਂ ਨੂੰ, ਪੁਤ੍ਰਾਂ ਨੂੰ ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ : ‘‘ਸਤਿਗੁਰਿ, ਭਾਣੈ ਆਪਣੈ ; ਬਹਿ ਪਰਵਾਰੁ ਸਦਾਇਆ ॥ ਮਤ, ਮੈ ਪਿਛੈ, ਕੋਈ ਰੋਵਸੀ ; ਸੋ, ਮੈ ਮੂਲਿ ਨ ਭਾਇਆ ॥ ਮਿਤੁ ਪੈਝੈ, ਮਿਤੁ ਬਿਗਸੈ ; ਜਿਸੁ ਮਿਤ ਕੀ ਪੈਜ ਭਾਵਏ ॥ ਤੁਸੀ ਵੀਚਾਰਿ ਦੇਖਹੁ, ਪੁਤ ਭਾਈ ! ਹਰਿ, ਸਤਿਗੁਰੂ ਪੈਨਾਵਏ ॥ ਸਤਿਗੁਰੂ, ਪਰਤਖਿ ਹੋਦੈ ; ਬਹਿ, ਰਾਜੁ ਆਪਿ ਟਿਕਾਇਆ ॥ ਸਭਿ ਸਿਖ ਬੰਧਪ ਪੁਤ ਭਾਈ ; ਰਾਮਦਾਸ ਪੈਰੀ, ਪਾਇਆ ॥੪॥’’

ਪੰਜਵੀਂ ਪਉੜੀ ਵਿੱਚ ਦੱਸਿਆ ਗਿਆ ਹੈ ਕਿ ‘ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ ਕਿ-(ਹੇ ਭਾਈ!) ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਭਾਵ ਵਿਦਵਾਨ ਗੁਰਸਿੱਖਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਮੇਰੇ ਲਈ ਇਹੀ ਪੁਰਾਣ ਦੀ ਕਥਾ ਹੋਵੇਗੀ। (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ। ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ। ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦੇ) ਤਿਲਕ (ਦੇ ਰੂਪ ਵਿੱਚ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ਭਾਵ ਗੁਰੂ ਨਾਨਕ ਸਾਹਿਬ ਜੀ ਵੱਲੋਂ ਭਗਤਾਂ ਦੀ ਇਕੱਤਰ ਕੀਤੀ ਬਾਣੀ ਸਮੇਤ ਪਹਿਲੀਆਂ ਤਿੰਨ ਪਾਤਸ਼ਾਹੀਆਂ ਦੀ ਉਚਾਰਨ ਕੀਤੀ ਬਾਣੀ ਦੀ ਪੋਥੀ ਗੁਰੂ ਰਾਮ ਦਾਸ ਜੀ ਨੂੰ ਸੌਂਪੀ ਦਿੱਤੀ: ‘‘ਅੰਤੇ, ਸਤਿਗੁਰੁ ਬੋਲਿਆ ; ਮੈ ਪਿਛੈ, ਕੀਰਤਨੁ ਕਰਿਅਹੁ, ਨਿਰਬਾਣੁ ਜੀਉ ॥ ਕੇਸੋ ਗੋਪਾਲ ਪੰਡਿਤ ਸਦਿਅਹੁ ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥ ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ ; ਬੇਬਾਣੁ, ਹਰਿ ਰੰਗੁ, ਗੁਰ ਭਾਵਏ ॥ ਪਿੰਡੁ, ਪਤਲਿ, ਕਿਰਿਆ, ਦੀਵਾ, ਫੁਲ ; ਹਰਿ ਸਰਿ ਪਾਵਏ ॥ ਹਰਿ ਭਾਇਆ ਸਤਿਗੁਰੁ ਬੋਲਿਆ ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਰਾਮਦਾਸ ਸੋਢੀ, ਤਿਲਕੁ ਦੀਆ ; ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥’’

ਛੇਵੀਂ ਅਤੇ ਆਖਰੀ ਪਾਉੜੀ ਵਿੱਚ ਬਾਬਾ ਸੁੰਦਰ ਜੀ ਦੱਸਦੇ ਹਨ ਕਿ ‘ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ’ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ। ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਭੀ ਨਿਵਿਆ ਸੀ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ। ਬਾਬਾ ਸੁੰਦਰ ਜੀ ਆਖਦੇ ਹਨ ਕਿ- ਹੇ ਸੰਤਹੁ ! ਸੁਣੋ, ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ; (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ : ‘‘ਸਤਿਗੁਰੁ ਪੁਰਖੁ, ਜਿ ਬੋਲਿਆ ; ਗੁਰਸਿਖਾ, ਮੰਨਿ ਲਈ ਰਜਾਇ ਜੀਉ ॥ ਮੋਹਰੀ ਪੁਤੁ ਸਨਮੁਖੁ ਹੋਇਆ ; ਰਾਮਦਾਸੈ ਪੈਰੀ ਪਾਇ ਜੀਉ ॥ ਸਭ ਪਵੈ ਪੈਰੀ, ਸਤਿਗੁਰੂ ਕੇਰੀ ; ਜਿਥੈ, ਗੁਰੂ ਆਪੁ ਰਖਿਆ ॥ ਕੋਈ, ਕਰਿ ਬਖੀਲੀ, ਨਿਵੈ ਨਾਹੀ ; ਫਿਰਿ, ਸਤਿਗੁਰੂ ਆਣਿ, ਨਿਵਾਇਆ ॥ ਹਰਿ ਗੁਰਹਿ ਭਾਣਾ, ਦੀਈ ਵਡਿਆਈ ; ਧੁਰਿ ਲਿਖਿਆ ਲੇਖੁ ਰਜਾਇ ਜੀਉ ॥ ਕਹੈ ਸੁੰਦਰੁ, ਸੁਣਹੁ ਸੰਤਹੁ ! ਸਭੁ ਜਗਤੁ, ਪੈਰੀ ਪਾਇ ਜੀਉ ॥੬॥੧॥’’

ਸਦੁ ਬਾਣੀ ਦੀ ਵੀਚਾਰ ਤੋਂ ਇਹ ਗੱਲਾਂ ਪ੍ਰਤੱਖ ਰੂਪ ਵਿੱਚ ਸਾਹਮਣੇ ਆਈਆਂ ਹਨ ਕਿ ਹਰ ਵਿਅਕਤੀ ਦੀ ਮੌਤ ਅਟੱਲ ਹੈ ਸਮਾਂ ਆਉਣ ’ਤੇ ਅਕਾਲ ਪੁਰਖ਼ ਵੱਲੋਂ ਆਇਆ ਸੱਦਾ ਮੋੜਿਆ ਨਹੀਂ ਜਾ ਸਕਦਾ। ਆਪਣੇ ਸਨੇਹੀ ਦੀ ਮੌਤ ਆਉਣ ’ਤੇ ਪਿੱਛੇ ਰਹੇ ਸਕੇ ਸਬੰਧੀਆਂ ਵੱਲੋਂ ਰੋਣਾ ਕੁਰਲਾਣਾ ਰੱਬ ਦੀ ਰਜ਼ਾ ਤੋਂ ਉਲਟ ਹੈ ਜੋ ਗੁਰੂ ਨੂੰ ਚੰਗਾ ਨਹੀਂ ਲੱਗਦਾ। ਮ੍ਰਿਤਕ ਪ੍ਰਾਣੀ ਪਿੱਛੋਂ ਰੋਣ ਅਤੇ ਉਸ ਦੀ ਗਤੀ ਲਈ ਕੀਤੀ ਜਾ ਰਹੀ ਫੋਕਟ ਕਿਰਿਆ ਆਦਿਕ ਤੋਂ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਸਖਤੀ ਨਾਲ ਰੋਕ ਗਏ ਸਨ। ਪਰ ਦੁੱਖ ਦੀ ਗੱਲ ਇਹ ਹੈ ਕਿ ਬਾਣੀ ਦੇ ਅਰਥ ਭਾਵਾਂ ਅਤੇ ਗੁਰਮਤਿ ਫਲਸਫੇ ਨੂੰ ਬਿਨਾਂ ਸਮਝਿਆਂ ਅਨੇਕਾਂ ਤਰ੍ਹਾਂ ਦੇ ਸੰਪਟ ਪਾਠ ਅਤੇ ਇਕੌਤਰੀਆਂ ਕਰਨ ਵਾਲੇ ਬਹੁ ਗਿਣਤੀ ਸਿੱਖ ਅਜੇ ਤੱਕ ਹਿੰਦੂ ਧਰਮ ਦੇ ਫੋਕਟ ਕਰਮ ਕਾਂਡਾਂ ਵਿੱਚੋਂ ਨਹੀਂ ਨਿਕਲ ਸਕੇ। ਬੇਸ਼ੱਕ ਮ੍ਰਿਤਕ ਪ੍ਰਾਣੀ ਪਿੱਛੋਂ ਪਾਠ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕੀਤਾ ਜਾਂਦਾ ਹੈ ਪਰ ਸਾਰੇ ਕਰਮਕਾਂਡ ਗੁਰੂ ਜੀ ਦੀ ਸਿਖਿਆ ਤੋਂ ਐਨ ਉਲਟ ਉਹੀ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਕਰਨ ਦੀ ਪ੍ਰੇਰਣਾ ਗਰੁੜ ਪੁਰਾਣ ਵਿੱਚੋਂ ਮਿਲਦੀ ਹੈ। ਆਓ, ਜਦੋਂ ਅਸੀਂ ੨ ਅਸੂ (੧੬ ਸਤੰਬਰ) ਨੂੰ ੪ ਗੁਰਪੁਰਬ ਇਕੱਠੇ ਮਨਾ ਰਹੇ ਹਾਂ ਉਸ ਸਮੇਂ ਉਨ੍ਹਾਂ ਦੀ ਬਾਣੀ ਅਤੇ ਸਿੱਖਿਆ ਨੂੰ ਵੀ ਮਨ ਵਿੱਚ ਵਸਾ ਕੇ ਫੋਕਟ ਕਰਮਕਾਂਡਾਂ ਵਿੱਚੋਂ ਨਿਕਲ ਕੇ ਗੁਰਮਤਿ ਨੂੰ ਅਪਣਾਉਣ ਦਾ ਯਤਨ ਕਰੀਏ ਤੇ ਕਰਾਈਏ।

ਦੂਸਰਾ ਇਤਿਹਾਸਕ ਪੱਖ ਇਹ ਸਪਸ਼ਟ ਹੋਇਆ ਕਿ ਗੁਰੂ ਅਮਰ ਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਆਪਣੇ ਜਿਉਂਦੇ ਜੀ ਹੀ ਆਪਣੇ ਹੱਥੀਂ ਗੁਰਿਆਈ ਅਗਲੇ ਗੁਰੂ, ਗੁਰੂ ਰਾਮਦਾਸ ਜੀ ਨੂੰ ਸੌਂਪੀ। ਇਹ ਰਵਾਇਤ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਚਲਦੀ ਰਹੀ। ਇਸ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਅਗਲਾ ਗੁਰੂ ਕੌਣ ਹੋਵੇਗਾ; ਇਸ ਦਾ ਫੈਸਲਾ ਗੁਰੂ ਸਾਹਿਬ ਜੀ ਯੋਗਤਾ ਦੇ ਅਧਾਰ ’ਤੇ ਗੁਰੂ ਜੀ ਖ਼ੁਦ ਕਰਕੇ ਜਾਂਦੇ ਰਹੇ ਹਨ, ਨਾ ਕਿ ਇਸ ਦਾ ਫੈਸਲਾ ਸਿੱਖਾਂ ਨੇ ਵੋਟਾਂ ਪਾ ਕੇ ਕਰਨਾ ਹੁੰਦਾ ਹੈ।

ਲੋਕਤੰਤਰ ’ਚ ਵੋਟਾਂ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਅਗਰ ਵੋਟ ਸ਼ਕਤੀ, ਜਿਸ ਵਿੱਚ ਜ਼ਿਆਦਾਤਰ ਧਰਮ ਤੋਂ ਸੱਖਣੇ ਲੋਕ ਹੁੰਦੇ ਹਨ; ਨੂੰ ਮੁੱਖ ਰੱਖ ਕੇ ਹੀ ਸਾਰੇ ਧਾਰਮਿਕ ਕਾਰਜ ਕੀਤੇ ਜਾਣ ਤਾਂ ਉਸ ਕੌਮ ਦਾ ਭੂਤਕਾਲ ਭਾਵੇਂ ਕਿੰਨਾ ਵੀ ਵਿਲੱਖਣ ਕਿਉਂ ਨਾ ਹੋਵੇ ਪਰ ਭਵਿੱਖ ਧੁੰਦਲਾ ਜ਼ਰੂਰ ਹੋ ਜਾਵੇਗਾ, ਜਿਸ ਦੀ ਇੱਕ ਮਿਸਾਲ ਗੁਰੂ ਸਾਹਿਬਾਨਾਂ ਦੇ ਇਤਿਹਾਸਿਕ ਦਿਹਾੜਿਆਂ ਨਾਲ ਸੰਬੰਧਿਤ ਤਿਥਾਂ ’ਚ ਕੀਤੀ ਜਾ ਰਹੀ ਵਾਰ ਵਾਰ ਬਦਲੀ ਹੈ। ਨਾਨਕਸ਼ਾਹੀ ਕੈਲੰਡਰ ਰਾਹੀਂ ਇਸ ਮਹੀਨੇ ’ਚ ਆ ਰਹੇ ਗੁਰ ਪੁਰਬਾਂ ਦੀਆਂ ਤਿਥਾਂ ਨੂੰ ਵਿਚਾਰਿਆਂ ਹੀ ਅਸਲੀਅਤ ਸਪਸ਼ਟ ਹੋ ਜਾਂਦੀ ਹੈ, ਜਿਸ ਵਿੱਚ 2 ਅੱਸੂ ਨੂੰ ਆਧਾਰ ਬਣਾਇਆ ਗਿਆ ਹੈ, ਜੋ ਗੁਰ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਇਸ ਦਿਨ 4 ਵੱਡੀਆਂ ਘਟਨਾਵਾਂ ਵਾਪਰੀਆਂ ਹਨ; ਜਿਵੇਂ ਕਿ

(1). ਗੁਰੂ ਅਮਰਦਾਸ ਜੀ ਨੇ ਭਾਦੋਂ ਸੁਦੀ 15, 2 ਅੱਸੂ ਸੰਮਤ 1631 (1 ਸਤੰਬਰ 1574 ਈ.) ’ਚ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖ਼ਸ਼ੀ।

(2). ਗੁਰੂ ਅਮਰਦਾਸ ਜੀ ਉਸੇ ਦਿਨ ਭਾਵ ਭਾਦੋਂ ਸੁਦੀ 15, 2 ਅੱਸੂ ਸੰਮਤ 1631 (1 ਸਤੰਬਰ 1574 ਈ.) ਨੂੰ ਹੀ ਜੋਤੀ ਜੋਤ ਸਮਾ ਗਏ।

(3). 7 ਸਾਲ ਬਾਅਦ ਗੁਰੂ ਰਾਮਦਾਸ ਜੀ ਨੇ ਭਾਦੋਂ ਸੁਦੀ 3, 2 ਅੱਸੂ ਸੰਮਤ 1638 (1 ਸਤੰਬਰ 1581 ਈ.) ਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ੀ।

(4). ਉਸੇ ਦਿਨ ਭਾਵ ਭਾਦੋਂ ਸੁਦੀ 3, 2 ਅੱਸੂ ਸੰਮਤ 1638 (1 ਸਤੰਬਰ 1581 ਈ.) ਨੂੰ ਹੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ।

ਇਹ ਤਾਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਭਾਦੋਂ ਸੁਦੀ 3 ਅਤੇ ਭਾਦੋਂ ਸੁਦੀ 15 ਹਰ ਸਾਲ ਅੱਗੇ ਪਿੱਛੇ ਆਉਣ ਦਾ ਕਾਰਨ ਹੈ ਕਿ ਇਹ ਤਿਥਾਂ ਚੰਦ੍ਰਮਾਂ ਦੇ ਹਿਸਾਬ ਆਉਂਦੀਆਂ ਹਨ ਜਿਸ ਦੇ ਸਾਲ ਦੀ ਲੰਬਾਈ 354/55 ਦਿਨ ਹੁੰਦੀ ਹੈ ਅਤੇ 2 ਅੱਸੂ ਸੂਰਜੀ ਸਾਲ ਦੇ ਹਿਸਾਬ ਆਉਂਦੀ ਹੈ ਜਿਸ ਦੀ ਲੰਬਾਈ 365/66 ਦਿਨ ਹੋਣ ਕਰਕੇ (ਚੰਦ੍ਰਮਾ ਤੇ ਸੂਰਜ ਸਾਲਾਂ ’ਚ) ਇੱਕ ਸਾਲ ਵਿੱਚ 11 ਦਿਨਾਂ ਦਾ ਫਰਕ, ਦੋ ਸਾਲਾਂ ਵਿੱਚ 22 ਦਿਨਾਂ ਦਾ ਫਰਕ ਪੈ ਜਾਂਦਾ ਹੈ। ਤੀਜੇ ਸਾਲ 33 ਦਿਨਾਂ ਦਾ ਫਰਕ ਪੈਣਾ ਚਾਹੀਦਾ ਸੀ ਪਰ ਚੰਦ੍ਰਮਾ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਵਾਸਤੇ ਤੀਜੇ ਸਾਲ ਵਿੱਚ ਇੱਕ ਮਹੀਨਾ (29 ਜਾਂ 30 ਦਿਨ ਦਾ) ਵਾਧੂ ਜੋੜ ਦਿੱਤਾ ਜਾਂਦਾ ਹੈ ਜਿਸ ਕਾਰਨ ਉਸ ਵਾਧੂ ਮਹੀਨੇ ਪਿੱਛੋਂ ਆਉਣ ਵਾਲੇ ਸਾਰੇ ਗੁਰਪੁਰਬ 22 ਦਿਨ ਪਹਿਲਾਂ ਆਉਣ ਦੀ ਬਜਾਏ 7-8 ਦਿਨ ਪਿੱਛੇ ਚਲੇ ਜਾਂਦੇ ਹਨ। ਇਸ ਤਰ੍ਹਾਂ ਇਹ ਤਰੀਖਾਂ ਕਦੀ ਵੀ ਨਿਸ਼ਚਿਤ ਨਹੀਂ ਰਹਿੰਦੀਆਂ। ਇਹੋ ਕਾਰਨ ਹੈ ਕਿ ਹਰ ਸਾਲ ਗੁਰ ਪੁਰਬਾਂ ਦੀਆਂ ਤਰੀਖਾਂ ਨਿਸ਼ਚਿਤ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਗਏ ਕੈਲੰਡਰ ਵਿੱਚ ਚੰਦ੍ਰਮਾ ਪ੍ਰਣਾਲੀ ਦਾ ਤਿਆਗ ਕਰਕੇ ਸੂਰਜੀ ਪ੍ਰਣਾਲੀ ਅਪਣਾਈ ਗਈ ਜਿਸ ਅਨੁਸਾਰ ਭਾਦੋਂ ਸੁਦੀ 3 ਜਾਂ 15 ਲੈਣ ਦੀ ਬਜਾਏ 2 ਅੱਸੂ ਨੂੰ ਆਧਾਰ ਬਣਾ ਕੇ ਨਿਸ਼ਚਿਤ ਕਰ ਦਿੱਤਾ ਜਿਹੜਾ ਕਿ ਹਰ ਸਾਲ ਹੀ 16 ਸਤੰਬਰ ਨੂੰ ਆਇਆ ਕਰੇਗਾ।

ਇੱਥੇ ਇਹ ਵੀ ਵਿਚਾਰ ਦਾ ਵਿਸ਼ਾ ਹੈ ਜਦੋਂ ਨਾਨਕਸ਼ਾਹੀ ਕੈਲੰਡਰ ਅਤੇ ਈਸਵੀ ਕੈਲੰਡਰ ਦੋਵੇਂ ਹੀ ਸੂਰਜੀ ਪ੍ਰਣਾਲੀ ’ਤੇ ਅਧਾਰਿਤ ਹਨ ਤਾਂ ਜਿਹੜੀਆਂ ਘਟਨਾਵਾਂ 1574 ਜਾਂ 1581 ਨੂੰ 2 ਅੱਸੂ 1 ਸਤੰਬਰ ਨੂੰ ਆਈਆਂ ਸਨ ਉਹ ਮੌਜੂਦਾ ਸਮੇਂ 2 ਅੱਸੂ, 16 ਸਤੰਬਰ ਨੂੰ ਕਿਵੇਂ ਆਉਣ ਲੱਗ ਪਈਆਂ ? ਇਸ ਦਾ ਕਾਰਨ ਇਹ ਹੈ ਕਿ ਗੁਰੂ ਕਾਲ ਸਮੇਂ ਜਿਹੜਾ ਬਿਕ੍ਰਮੀ ਕੈਲੰਡਰ ਲਾਗੂ ਸੀ ਉਸ ਦੇ ਸਾਲ ਦੀ ਲੰਬਾਈ ਸੂਰਜੀ ਸਿਧਾਂਤ ’ਤੇ ਅਧਾਰਿਤ ਸੀ, ਜਿਸ ਦੀ ਲੰਬਾਈ 365 ਦਿਨ, 6 ਘੰਟੇ 12 ਮਿੰਟ 37 ਸੈਕੰਡ ਦੇ ਲਗਭਗ ਸੀ ਅਤੇ ਜੂਲੀਅਨ ਸਾਲ ਦੀ ਲੰਬਾਈ 365 ਦਿਨ 6 ਘੰਟੇ ਸੀ। ਮੌਸਮੀ ਸਾਲ ਦੀ ਲੰਬਾਈ 365 ਦਿਨ, 5 ਘੰਟੇ, 48 ਮਿੰਟ, 45 ਸੈਕਿੰਡ ਹੋਣ ਕਰਕੇ, ਬਿਕ੍ਰਮੀ ਸਾਲ ਮੌਸਮੀ ਸਾਲ ਤੋਂ ਤਕਰੀਬਨ 24 ਮਿੰਟ ਵੱਡਾ ਹੋ ਗਿਆ, ਜੋ 60 ਸਾਲਾਂ ਵਿੱਚ ਇੱਕ ਦਿਨ ਅੱਗੇ ਨਿਕਲ ਜਾਂਦਾ ਸੀ ਜਦਕਿ ਜੂਲੀਅਨ ਕੈਲੰਡਰ; ਮੌਸਮੀ ਕੈਲੰਡਰ ਤੋਂ ਸਵਾ ਕੁ 11 ਮਿੰਟ ਵੱਡਾ ਸੀ, ਜੋ 128 ਸਾਲਾਂ ’ਚ ਮੌਸਮੀ ਸਾਲ ਤੋਂ ਅੱਗੇ ਨਿਕਲ ਜਾਂਦਾ ਸੀ। ਰੋਮ ਵਾਸੀਆਂ ਨੂੰ ਤਾਂ 1582 ਵਿੱਚ ਹੀ ਇਸ ਗੱਲ ਦੀ ਸਮਝ ਪੈ ਗਈ ਕਿ ਉਨ੍ਹਾਂ ਦਾ ਕੈਲੰਡਰ ਮੌਸਮ ਦਾ ਸਾਥ ਛੱਡ ਰਿਹਾ ਹੈ ਇਸ ਲਈ ਪੋਪ ਗਰੈਗੋਰੀਅਨ ਵੱਲੋਂ ਸੋਧਿਆ ਕੈਲੰਡਰ 4 ਅਕਤੂਬਰ 1582 ਨੂੰ ਲਾਗੂ ਕੀਤਾ ਗਿਆ, ਜਿਸ ਅਨੁਸਾਰ 4 ਅਕਤੂਬਰ ਤੋਂ ਅਗਲੇ ਦਿਨ 5 ਅਕਤੂਬਰ ਕਰਨ ਦੀ ਬਜਾਏ 10 ਦਿਨ ਖਤਮ ਕਰ ਸਿੱਧਾ 15 ਅਕਤੂਬਰ ਕਰ ਦਿੱਤਾ। ਇੰਗਲੈਂਡ ਵਾਸੀਆਂ ਨੇ ਇਹ ਸੋਧ 2 ਸਤੰਬਰ 1752 ਨੂੰ (ਭਾਵ 170 ਸਾਲ ਬਾਅਦ) ਲਾਗੂ ਕੀਤੀ, ਜਿਸ ਅਨੁਸਾਰ ਅਗਲੇ ਦਿਨ 3 ਸਤੰਬਰ ਕਰਨ ਦੀ ਬਜਾਏ 11 ਦਿਨ ਖਤਮ ਕਰ ਸਿੱਧਾ 14 ਸਤੰਬਰ ਕਰ ਦਿੱਤਾ। ਇਹ ਸੋਧਿਆ ਹੋਇਆ ਕੈਲੰਡਰ ਗ੍ਰੈਗੋਰੀਅਨ ਕੈਲੰਡਰ ਅਖਵਾਉਂਦਾ ਹੈ, ਜਿਸ ਦੇ ਸਾਲ ਦੀ ਲੰਬਾਈ 365 ਦਿਨ 5 ਘੰਟੇ 49 ਮਿੰਟ 12 ਸੈਕੰਡ ਦੇ ਲਗਭਗ ਹੋ ਗਈ, ਜੋ ਮੌਸਮੀ ਸਾਲ ਦੇ ਬਹੁਤ ਨਜਦੀਕ ਹੈ ਭਾਵ ਇੱਕ ਸਾਲ ’ਚ ਮਾਤ੍ਰ 26/27 ਸੈਕਿੰਡ ਦਾ ਅੰਤਰ, ਜਿਸ ਕਾਰਨ ਹੁਣ 3300 ਸਾਲ ਬਾਅਦ ਸਿਰਫ ਇੱਕ ਦਿਨ ਦਾ ਹੀ ਫਰਕ ਪਏਗਾ। ਭਾਰਤ ਵਿੱਚ ਅੰਗਰੇਜਾਂ ਦਾ ਰਾਜ ਹੋਣ ਕਾਰਨ ਇਹ ਸੋਧ 2 ਸਤੰਬਰ 1752 ਤੋਂ ਹੀ ਲਾਗੂ ਕੀਤੀ ਗਈ। ਇਸ ਸੋਧ ਨੂੰ ਸਾਮ੍ਹਣੇ ਰੱਖ ਕੇ ਕੇਵਲ ਇੱਕ ਵਿਸਾਖੀ ਤਿਉਹਾਰ ਦੀ ਥਿਤ ਨੂੰ ਹੀ ਵਿਚਾਰੀਏ ਤਾਂ ਸਥੀਤੀ ਇਉਂ ਬਣਦੀ ਹੈ:

ਈਸਵੀ ਕੈਲੰਡਰ                                                       (ਬਿਕ੍ਰਮੀ ਕੈਲੰਡਰ)

1699                                                                   29 ਮਾਰਚ (ਵੈਸਾਖੀ)

(ਨੋਟ: ਸੰਨ 1752 ਵਿੱਚ 11 ਦਿਨ ਕੈਲੰਡਰ ਨੂੰ ਅੱਗੇ ਕੀਤਾ ਗਿਆ ਭਾਵ 2 ਸਤੰਬਰ ਤੋਂ ਅਗਲੇ ਦਿਨ 3 ਦੀ ਬਜਾਏ ਸਿੱਧਾ ਹੀ 14 ਸਤੰਬਰ ਕਰ ਦਿੱਤਾ ਗਿਆ।)

1753                                                              9 ਅਪ੍ਰੈਲ (ਵੈਸਾਖੀ)

1799                                                               10 ਅਪ੍ਰੈਲ (ਵੈਸਾਖੀ)

1899                                                              12 ਅਪ੍ਰੈਲ (ਵੈਸਾਖੀ)

1999                                                                 14 ਅਪ੍ਰੈਲ (ਵੈਸਾਖੀ)

ਉਪਰੋਕਤ ਪੈ ਰਹੇ ਅੰਤਰ ਨੂੰ ਨਿਰੰਤਰ ਜਾਰੀ ਰੱਖਣ ਨਾਲ 1100 ਸਾਲ ਬਾਅਦ ਵਿਸਾਖੀ, ਮਈ ’ਚ ਚਲੀ ਜਾਵੇਗੀ ਤੇ 13000 ਸਾਲ ਬਾਅਦ ਅਕਤੂਬਰ ਦੇ ਮੱਧ ’ਚ। ਜਿਵੇਂ 1699 ਦੀ ਵੈਸਾਖੀ 29 ਮਾਰਚ ਤੋਂ ਬਦਲਦੀ ਬਦਲਦੀ ਅੱਜ 14 ਅਪ੍ਰੈਲ ਤੱਕ ਪਹੁੰਚ ਗਈ ਹੈ, ਇਸੇ ਤਰ੍ਹਾਂ 1581 ਈਸਵੀ ਦਾ 2 ਅੱਸੂ ਅੱਜ ਬਦਲ ਕੇ 1 ਸੰਤਬਰ ਦੀ ਬਜਾਏ 16 ਸਤੰਬਰ ਬਣ ਗਿਆ। ਇਸ ਅੰਤਰ ਨੂੰ ਰੋਕਣ ਲਈ ਸ: ਪਾਲ ਸਿੰਘ ਜੀ ਪੁਰੇਵਾਲ ਨੇ ਆਪਣੀ ਅਣਥੱਕ ਮਿਹਨਤ ਨਾਲ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁ ਗਿਣਤੀ ਵਿਦਵਾਨਾ ਦੀ ਘੋਖ ਪੜਤਾਲ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ 2003 ਦੀ ਵੈਸਾਖੀ ਤੋਂ ਲਾਗੂ ਕੀਤਾ ਗਿਆ; ਜਿਸ ਦੇ ਸਾਲ ਦੀ ਲੰਬਾਈ ਗਰੈਗੋਰੀਅਨ ਕੈਲੰਡਰ ਭਾਵ ਸਾਂਝੇ (ਈਸਵੀ) ਸਾਲ ਦੇ ਬਿਲਕੁਲ ਬਰਾਬਰ ਅਤੇ ਮੌਸਮੀ ਸਾਲ ਦੇ ਬਹੁਤ ਹੀ ਨਜਦੀਕ ਹੈ ਭਾਵ ਕੇਵਲ 26/27 ਸੈਕੰਡ ਦਾ ਫ਼ਰਕ। ਜਦੋਂ ਕਿਤੇ 33000 ਸਾਲ ਬਾਅਦ ਇਹ ਇਕ ਦਿਨ ਦਾ ਫ਼ਰਕ ਕੱਢਣ ਲਈ ਗਰੈਗੋਰੀਅਨ ਕੈਲੰਡਰ (ਸਾਂਝੇ ਈਸਵੀ ਕੈਲੰਡਰ) ਵਿੱਚ ਸੋਧ ਹੋਵੇਗੀ ਉਸ ਸਮੇਂ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਆਪਣੇ ਆਪ ਹੀ ਸੋਧ ਹੋ ਜਾਣੀ ਹੈ ਕਿਉਂਕਿ ਇਹ ਕੈਲੰਡਰ, ਸਾਂਝੇ (ਈਸਵੀ) ਕੈਲੰਡਰ ਨਾਲ ਜੋੜਿਆ ਹੀ ਇਸ ਹਿਸਾਬ ਨਾਲ ਗਿਆ ਹੈ ਕਿ ਉਸ ਅਨੁਸਾਰ ਬਦਲਦਾ ਵੀ ਰਹੇ। ਨਾਨਕਸ਼ਾਹੀ ਕੈਲੰਡਰ ਨੂੰ ਖ਼ਾਲਸੇ ਦੇ ਤਿੰਨ ਸੌ ਸਾਲਾ ਪ੍ਰਕਾਸ਼ ਦਿਹਾੜੇ ਭਾਵ 1999 ਦੀ ਵੈਸਾਖੀ ਦੇ ਅਧਾਰ ’ਤੇ ਬਣਾਇਆ ਗਿਆ ਹੈਸ ਜਿਸ ਮੁਤਾਬਕ ਵੈਸਾਖੀ 14 ਅਪ੍ਰੈਲ ਨੂੰ ਨਿਸ਼ਚਿਤ ਕਰ ਦਿੱਤੀ ਗਈ ਹੈ, ਜੋ ਹਮੇਸ਼ਾਂ ਲਈ 14 ਅਪ੍ਰੈਲ ਨੂੰ ਹੀ ਆਉਂਦੀ ਰਹੇਗੀ।

ਸੋ, ਇੱਥੇ ਇਹ ਚੇਤਾ ਕਰਵਾਇਆ ਜਾਂਦਾ ਹੈ ਕਿ ਜਿਸ ਤਰ੍ਹਾਂ 1699 ਵਿੱਚ 29 ਮਾਰਚ ਨੂੰ ਆਈ ਇੱਕ ਵੈਸਾਖ, 1999 ’ਚ 14 ਅਪ੍ਰੈਲ ਨੂੰ ਆਈ, ਉਸੇ ਤਰ੍ਹਾਂ 1574 ਦੀ 2 ਅੱਸੂ ਖਿਸਕ ਕਿ 1999 ਵਿੱਚ 16 ਸਤੰਬਰ ਬਣ ਗਈ ਅਤੇ ਇਸ ਦਿਨ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਕਰਕੇ ਹਮੇਸ਼ਾਂ ਲਈ 2 ਅੱਸੂ 16 ਸਤੰਬਰ ਨੂੰ ਹੀ ਆਉਂਦੀ ਰਹੇਗੀ, ਪਰ ਰੂੜੀਵਾਦੀ ਸੋਚ ਵਾਲੇ ਸਿੱਖਾਂ ਵੱਲੋਂ ਵਿਰੋਧ, ਇਹ ਝੂਠੇ ਇਲਜ਼ਾਮ ਲਗਾ ਕੇ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਿੱਖ ਇਤਿਹਾਸ; ਮਿਥਿਹਾਸ ’ਚ ਬਦਲ ਜਾਵੇਗਾ ਅਤੇ 4-4 ਗੁਰ ਪੁਰਬ ਇੱਕੋ ਦਿਨ ਇਕੱਠੇ ਮਨਾ ਕੇ ਵੱਡਾ ਭੁਲੇਖਾ ਖੜ੍ਹਾ ਹੋ ਜਾਵੇਗਾ ਕਿਉਂਕਿ ਸਿੱਖ ਇਤਿਹਾਸ ਅਨੁਸਾਰ 4 ਇਤਿਹਾਸਕ ਘਟਨਾਵਾਂ ਇੱਕੋ ਦਿਨ ਨਹੀਂ ਵਾਪਰੀਆਂ ਸਨ। (ਪਾਠਕਾਂ ਲਈ ਜਰੂਰੀ ਹੈ ਇਹ ਜਾਣਨਾ ਕਿ ਉਕਤ ਚਾਰੇ ਘਟਨਾਵਾਂ ਦੀਆਂ ਤਾਰੀਖਾਂ ਮਹਾਨ ਕੋਸ਼ ’ਚੋਂ ਲਈਆਂ ਗਈਆਂ ਹਨ, ਜੋ ਉਸ ਸਮੇਂ ਲਿਖਿਆ ਗਿਆ ਜਦ ਨਾਨਕਸ਼ਾਹੀ ਕੈਲੰਡਰ ਦਾ ਕੋਈ ਵਜੂਦ ਵੀ ਨਹੀਂ ਸੀ, ਜਿਨ੍ਹਾਂ ’ਚ 2 ਅੱਸੂ ਹਰ ਇਤਿਹਾਸਕ ਘਟਨਾ ’ਚ ਆ ਰਿਹਾ ਹੈ।) ਇਨ੍ਹਾਂ ਅਣਉਚਿਤ ਦਲੀਲਾਂ ਨੂੰ ਆਧਾਰ ਬਣਾ ਕੇ ਇਹ ਲੋਕ, ਬਹੁ ਗਿਣਤੀ ਰੱਖਣ ਵਾਲੇ ਨਾ ਸਮਝ ਸਿੱਖਾਂ ਦੀ ਵੋਟ ਸ਼ਕਤੀ ਦਾ ਅਹਿਸਾਸ ਕਰਵਾ ਕੇ ਪੰਜਾਬ (ਅਕਾਲੀ) ਸਰਕਾਰ ਨੂੰ ਆਪਣੇ ਹੱਕ ’ਚ ਭੁਗਤਾ ਗਏ ਤੇ 2003 ’ਚ ਲਾਗੂ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ 2010 ਤੋਂ ਬਦਲਦਾ ਬਦਲਦਾ ਸੰਨ 2014 ’ਚ ਪੂਰਨ ਤੌਰ ’ਤੇ ਬ੍ਰਾਹਮਣੀ ਕੈਲੰਡਰ ਬਣਾ ਦਿੱਤਾ ਗਿਆ, ਇਸ ਕਾਰਨ ਕਦੇ ਗੁਰੂ ਗੋਵਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਾਲ ’ਚ ਦੋ ਵਾਰ ਆਉਂਦਾ ਹੈ ਤੇ ਕਦੇ ਇੱਕ ਵਾਰ ਵੀ ਨਹੀਂ ਆਉਂਦਾ। ਦੁਨੀਆ ਨੇ ਆਪਣੇ ਤਮਾਮ ਕੈਲੰਡਰ ਸਮੇਂ ਮੁਤਾਬਕ ਬਦਲੇ ਤਾਂ ਜੋ ਮੌਸਮੀ ਸੰਤੁਲਨ ਬਣਿਆ ਰਹੇ ਪਰ ਸਿੱਖ ਅਗਾਂਹ ਦੀ ਬਜਾਏ ਪਿਛਾਂਹ ਨੂੰ ਜਾ ਰਹੇ ਹਨ ਜਦ ਕਿ ਗੁਰੂ ਜੀ ਕਹਿ ਰਹੇ ਹਨ ਕਿ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬)

ਇੱਕ ਗੱਲ ਹੋਰ ਸਾਂਝੀ ਕਰਨ ਵਾਲੀ ਹੈ ਕਿ 1964 ਵਿੱਚ ਹਿੰਦੂ ਵਿਦਵਾਨਾਂ ਨੂੰ ਵੀ ਸਮਝ ਆ ਗਈ ਕਿ ਉਨ੍ਹਾਂ ਦੇ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਦੇ ਮੁਕਾਬਲੇ ਵੱਧ ਹੈ ਇਸ ਲਈ ਉੱਤਰੀ ਭਾਰਤ ਦੇ ਵਿਦਵਾਨਾਂ ਨੇ ਅੰਮ੍ਰਿਤਸਰ ਵਿੱਖੇ ਇਕੱਤ੍ਰਤਾ ਕਰਕੇ ਸੂਰਜੀ ਸਿਧਾਂਤ ਵਿੱਚ ਸੋਧ ਕਰਕੇ ਦ੍ਰਿਕ ਸਿਧਾਂਤ ਅਪਣਾਇਆ ਤੇ ਇਸ ਹਿਸਾਬ ਨਾਲ ਸਾਲ ਦੀ ਲੰਬਾਈ ਘਟਾ ਕੇ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ ਕਰ ਦਿੱਤੀ। ਹੁਣ ਇਹ ਮੌਸਮੀ ਸਾਲ ਤੋਂ ਮਾਤ੍ਰ ਲਗਭਗ 20 ਮਿੰਟ ਵੱਡਾ ਰਹਿ ਗਿਆ ਤੇ ਇਸ ਨਾਲ 70-71 ਸਾਲਾਂ ਵਿੱਚ ਇੱਕ ਦਿਨ ਫਿਰ ਵੀ ਅੱਗੇ ਨਿਕਲੇਗਾ। ਇਸ ਸੋਧ ਨੂੰ ਦੱਖਣੀ ਭਾਰਤ ਦੇ ਵਿਦਵਾਨਾਂ ਨੇ ਨਹੀਂ ਮੰਨਿਆਂ ਇਸ ਲਈ ਭਾਰਤ ਵਿੱਚ ਬਿਕ੍ਰਮੀ ਕੈਲੰਡਰ ਦੋ ਕਿਸਮ ਦਾ ਲਾਗੂ ਹੈ। ਦੱਖਣੀ ਭਾਰਤ ਵਿੱਚ ਸੂਰਜੀ ਸਿਧਾਂਤ ਵਾਲਾ ਅਤੇ ਉੱਤਰੀ ਭਾਰਤ ਵਿੱਚ ਦ੍ਰਿਕ ਸਿਧਾਂਤ ਵਾਲਾ। ਇਨ੍ਹਾਂ ਦੋਵੇਂ ਕੈਲੰਡਰ ਦੀਆਂ ਵੀ ਤਕਰੀਬਨ 4-5 ਸੰਗਰਾਂਦਾਂ ਆਪਸ ਵਿੱਚ ਨਹੀਂ ਮਿਲਦੀਆਂ। ਹੈਰਾਨੀ ਇਸ ਗੱਲ ਦੀ ਹੈ ਕਿ ਸਾਡੇ ਡੇਰੇਵਾਦੀ ਸਿੱਖਾਂ ਨੇ ਪੰਡਿਤਾਂ ਦੁਆਰਾ 1964 ’ਚ ਕੀਤੀ ਗਈ ਸੋਧ ਨੂੰ ਤਾਂ ਚੁੱਪ ਚੁਪੀਤੇ ਪ੍ਰਵਾਨ ਕਰ ਲਿਆ ਤੇ ਉਨ੍ਹਾਂ ਗੁਰੂ ਕਾਲ ਸਮੇਂ ਦਾ ਸੂਰਜੀ ਸਿਧਾਂਤ ਵਾਲੇ ਬਿਕ੍ਰਮੀ ਕੈਲੰਡਰ ਦਾ ਤਿਆਗ ਕਰਕੇ ਨਵੇਂ ਦ੍ਰਿਕ ਸਿਧਾਂਤ ਨੂੰ ਅਪਣਾ ਲਿਆ ਪਰ ਸਿੱਖ ਬੁਧੀਜੀਵੀਆਂ ਦੁਆਰਾ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਨੂੰ ਇਸ ਅਧਾਰ ’ਤੇ ਤਿਆਰ ਨਹੀਂ ਕਿ ਪੁਰੇਵਾਲ ਨੇ ਦੋ ਦੋ ਸੰਗਰਾਂਦਾਂ ਬਣਾ ਦਿੱਤੀਆਂ, ਜਿਸ (ਨਾਨਕਸ਼ਾਹੀ ਕੈਲੰਡਰ) ਨੂੰ ਇਨ੍ਹਾਂ ਡੇਰੇਵਾਦੀ ਸਿੱਖਾਂ ਨੇ ਆਖਰ ਲੀਡਰਾਂ ਨਾਲ ਮਿਲ ਕੇ ਖ਼ਤਮ ਕਰ ਦਿੱਤਾ। ਇਸ ਦੇ ਜ਼ਿੰਮੇਵਾਰ ਅਸੀਂ ਵੀ ਹਾਂ ਕਿਉਂਕਿ ਵੋਟ ਸ਼ਕਤੀ ਸਾਡੀ ਦਾ ਹੀ ਦੁਰਪ੍ਰਯੋਗ ਹੋਇਆ ਹੈ। ਕੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤਮਾਮ ਪੁਰਬ ਨਿਸ਼ਚਿਤ ਮਿਤੀ ਨੂੰ ਆਉਣ ਤਾਂ ਜੋ ਸਾਡੇ ਬੱਚਿਆਂ ਤੋਂ ਪੁੱਛੇ ਜਾਣ ਵਾਲੇ ਹਰ ਸਵਾਲ ਦਾ ਜਵਾਬ ਆਸਾਨੀ ਨਾਲ ਦਿੱਤਾ ਜਾ ਸਕੇ ?

ਅਗਰ ਸਮਝ ਤੋਂ ਕੰਮ ਨਾ ਲਿਆ ਗਿਆ ਤਾਂ ਬਿਕ੍ਰਮੀ ਕੈਲੰਡਰ (ਦ੍ਰਿਕ ਸਿਧਾਂਤ + ਚੰਦ੍ਰਮਾ ਕੈਲੰਡਰ) ਨਾਲ ਸਿਰਸਾ ਨਦੀ ਦੇ ਕੰਢੇ ਹੋਈ ਜੰਗ, ਚਮਕੌਰ ਸਾਹਿਬ ਅਤੇ ਸਰਹਿੰਦ ਦੇ ਵਾਪਰੇ ਖੂਨੀ ਸਾਕੇ ਜਿਹੜੇ ਪੋਹ ਮਹੀਨੇ ਦੀ ਠੰਡ (ਦਸੰਬਰ) ’ਚ ਵਾਪਰੇ ਹਨ, ਉਹ ਅੱਜ ਤੋਂ 13000 ਸਾਲ ਬਾਅਦ ਜੂਨ (ਗਰਮੀ) ਮਹੀਨੇ ’ਚ ਆਉਣਗੇ ਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ, ਜੋ ਜੂਨ ’ਚ ਆਉਂਦਾ ਹੈ, ਉਹ ਦਸੰਬਰ (ਠੰਡੇ) ਮਹੀਨੇ ’ਚ ਆਏਗਾ।

ਉੱਤਰੀ ਭਾਰਤ ’ਚ ਭਗਤੀ ਲਹਿਰ ਦੇ ਮੋਢੀ: ‘ਭਗਤ ‘ਰਾਮਾਨੰਦ’ ਜੀ’

0

ਉੱਤਰੀ ਭਾਰਤ ’ਚ ਭਗਤੀ ਲਹਿਰ ਦੇ ਮੋਢੀ: ‘ਭਗਤ ‘ਰਾਮਾਨੰਦ’ ਜੀ’

ਕਿਰਪਾਲ ਸਿੰਘ ਬਠਿੰਡਾ- 98554-80797, 73409-79813

ਮੱਧਕਾਲੀਨ ਯੁੱਗ ਵਿੱਚ ਭਾਰਤ ਵਿੱਚ ਚੱਲੀ ਭਗਤੀ ਲਹਿਰ, ਧਾਰਮਿਕ ਜਾਗਰਤੀ ਦੀ ਲਹਿਰ ਸੀ। ਇਸ ਤਹਿਤ ਰਚੀ ਗਈ ਬਾਣੀ ਨੇ ਜਿੱਥੇ ਫੋਕਟ ਧਾਰਮਿਕਕਰਮਕਾਂਡ, ਮੂਰਤੀ ਪੂਜਾ, ਬੁੱਤ ਪੂਜਾ ਆਦਿਕ ਦਾ ਜੋਰਦਾਰ ਖੰਡਨ ਕਰਦਿਆਂ ਕੇਵਲ ਇੱਕ ਅਕਾਲ ਪੁਰਖ ਦੇ ਸਿਮਰਨ ਦਾ ਉਪਦੇਸ਼ ਦਿੱਤਾ, ਉੱਥੇ ਸਮਾਜਿਕ ਨਾ-ਬਰਾਬਰੀ, ਜਾਤ-ਪਾਤ ਅਤੇ ਨਫ਼ਰਤ ਨੂੰ ਖਤਮ ਕਰਕੇ ਸਾਂਝੀਵਾਲਤਾ ਦਾ ਪ੍ਰਚਾਰ ਕੀਤਾ। ਇਸ ਲਹਿਰ ਨੂੰ ਭਗਤੀ ਅੰਦੋਲਨ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ।ਮਨੁੱਖਤਾ ਨੂੰ ਰੂਹਾਨੀ ਰੰਗ ਵਿੱਚ ਰੰਗਣ ਹਿੱਤ ਭਗਤੀ ਲਹਿਰ ਦਾ ਇਕ ਅਹਿਮ ਯੋਗਦਾਨ ਰਿਹਾ ਹੈ। ਇਸ ਲਹਿਰ ਨਾਲ ਜੁੜੇ ਭਗਤਾਂ ਨੇ ਆਪਣੀ ਸੱਚੀ-ਸੁੱਚੀ ਭਗਤੀ ਭਾਵਨਾ ਨਾਲ ਪ੍ਰਭੂ ਨੂੰ ਹਮੇਸ਼ਾਂ ਹੀ ਆਪਣੇ ਹਾਜ਼ਰ-ਨਾਜ਼ਰ ਸਮਝਿਆ ਹੈ। ਭਗਤਾਂ ਦੀ ਇਸ ਸਮਝ ਕਾਰਨ ਉਨ੍ਹਾਂ ਦਾ ਆਪਣਾ ਜੀਵਨ ਬਹੁਤ ਉੱਚਾ-ਸੁੱਚਾ ਅਤੇ ਮਾਨਵ-ਹਿਤਕਾਰੀ ਰਿਹਾ ਹੈ। ਆਪਣੇ ਸੱਚੇ-ਸੁੱਚੇ ਅਤੇ ਪਰਉਪਕਾਰੀ ਜੀਵਨ ਕਾਰਨ ਇਹ ਭਗਤ ਜਨ ਲੋਕਾਈ ਦੇ ਵਿਸ਼ੇਸ਼ ਸਤਿਕਾਰ ਦੇ ਪਾਤਰ ਬਣੇ ਰਹੇ ਹਨ। ਇਨ੍ਹਾਂ ਲੋਕ-ਸਤਿਕਾਰੀ ਪਾਤਰਾਂ ਵਿੱਚ ਉਤਰੀ ਭਾਰਤ ਦੀ ਭਗਤੀ ਲਹਿਰ ਦੇ ਮੋਢੀ ਭਗਤ ‘‘ਰਾਮਾਨੰਦ’’ ਜੀ ਦਾ ਨਾਮ ਵੀ ਜ਼ਿਕਰਯੋਗ ਹੈ।

ਭਾਰਤ ਵਿੱਚ ਹਰ ਲਹਿਰ ਦਾ ਮੁੱਢ ਦੇਸ ਦੇ ਉੱਤਰ ਵਿੱਚ ਬੱਝ੍ਹਾ, ਪਰ ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ। ਇਸ ਲਹਿਰ ਨੂੰ ਦੱਖਣੀ ਭਾਰਤ ਵਿੱਚ ਚਲਾਉਣ ਵਾਲੇ ‘ਰਾਮਾਨੁਜ’ ਜੀ ਤੇ ਉੱਤਰੀ ਭਾਰਤ ਵਿੱਚ ‘ਰਾਮਾਨੰਦ’ ਜੀ ਹੋਏ ਹਨ। ਇਹ ਲਹਿਰ ਮੁੱਖ ਰੂਪ ਵਿੱਚ ਸਮਾਜਿਕ ਗੁਲਾਮੀ ਤੇ ਬ੍ਰਾਹਮਣਵਾਦ ਦੇ ਕੱਟੜ ਫ਼ਲਸਫ਼ੇ ਦੇ ਖਿਲਾਫ ਇੱਕ ਪ੍ਰਤੀਕਰਮ ਵਜੋਂ ਆਰੰਭ ਹੋਈ, ਮੰਨੀ ਜਾਂਦੀ ਹੈ। ਇਨ੍ਹਾਂ ਦੇ ਖਿਆਲ ਆਮ ਤੌਰ ’ਤੇ ਸੂਫੀਮਤ ਤੇ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ। ਇਨ੍ਹਾਂ ਭਗਤਾਂ ਨੇ ਵੀ ਨਾਥ-ਜੋਗੀਆਂ ਤੇ ਸੂਫੀਆਂ ਵਾਂਗ ਆਪਣੀ ਰਚਨਾ ਰਾਗਾਂ ਵਿੱਚ ਹੀ ਉਚਾਰਨ ਕੀਤੀ ਹੈ। ਜਿਸ ਉਪਰ ਪੰਜਾਬੀ ਦਾ ਪ੍ਰਭਾਵ ਪ੍ਰਤੱਖ ਹੈ। ਸੂਫੀ ਤੇ ਗੁਰਮਤਿ ਕਾਵਿ-ਧਾਰਾ ਨਾਲ ਵਿਸ਼ੇ, ਸ਼ਬਦਾਵਲੀ ਤੇ ਸ਼ੈਲੀ ਦੀ ਸਾਂਝ ਕਰਕੇ ਹੀ ਇਨ੍ਹਾਂ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਆਦਰਯੋਗ ਥਾਂ ਪ੍ਰਾਪਤ ਹੋਇਆ ਹੈ।

ਭਗਤ ‘ਰਾਮਾਨੰਦ’ ਜੀ (ਜਿਨ੍ਹਾਂ ਨੂੰ ਸਵਾਮੀ ‘ਰਾਮਾਨੰਦ’ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ) ਦਾ ਬਚਪਨ ਦਾ ਨਾਮ ਰਾਮਾਦੱਤ ਸੀ, ਇਨ੍ਹਾਂ ਦਾ ਜਨਮ ਗੌੜਬ੍ਰਾਹਮਣ ਪਰਿਵਾਰ ਵਿੱਚ 15 ਅਗਸਤ 1366 ਈ. (ਸੰਮਤ 1423) ਨੂੰ ਮਹਾਨ ਕੋਸ਼ ਅਨੁਸਾਰ ਪਿਤਾ ਸ੍ਰੀ ਭੂਰਿਕਰਮਾ ਅਤੇ ਮਾਤਾ ਸੁਸੀਲਾ ਦੇਵੀ ਦੇ ਗ੍ਰਹਿ ਵਿਖੇ ਪ੍ਰਯਾਗ ਰਾਜ (ਅਲਾਹਾਬਾਦ), ਉੱਤਰ ਪ੍ਰਦੇਸ਼ ਵਿਚ ਹੋਇਆ। (ਕੁਝ ਕੁ ਲੇਖਕਾਂ ਦੀਆਂ ਲਿਖਤਾਂ ਵਿਚ ਭਗਤ ਜੀ ਦੇ ਪਿਤਾ ਦਾ ਨਾਮ ਸ੍ਰੀ ਸਦਨ ਸਰਮਾ ਅਤੇ ਜਨਮ ਸਥਾਨ ਕਾਂਸੀ ਨੂੰ ਵੀ ਮੰਨਿਆ ਗਿਆ ਹੈ)। ਆਪ ਅਚਾਰੀਆ ‘ਰਾਮਾਨੁਜ’ ਜੀ ਦੁਆਰਾ ਚਲਾਈ ਗਈ ‘ਸ੍ਰੀ ਸੰਪਰਦਾ’ ਦੇ ਇਕ ਉੱਘੇ ਪ੍ਰਚਾਰਕ ਸਵਾਮੀ‘ਰਾਘਵਾਨੰਦ’ ਦੇ ਚੇਲੇ ਸਨ ਤੇ ਇਸ ਸੰਪਰਦਾ ਦੇ 13ਵੇਂ ਮੁਖੀ ਵੀ ਸਨ। ਭਗਤ ਜੀ ਦਾ ਜੀਵਨ-ਕਾਲ ਇਕ ਸਦੀ ਤੋਂ ਵੀ ਵਧੇਰੇ ਮੰਨਿਆ ਜਾਂਦਾ ਹੈ, ਜਿਸ ਦਾ ਬਹੁਤਾ ਹਿੱਸਾ ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿ ਕੇ ਹੀ ਗੁਜਾਰਿਆ। ਭਗਤੀ ਲਹਿਰ ਦੇ ਮੁਹਾਂਦਰੇ ਨੂੰ ਸੰਵਾਰਨ ਅਤੇ ਨਿਖਾਰਨ ਵਿੱਚ ਸਵਾਮੀ‘ਰਾਮਾਨੰਦ’ ਜੀ ਦਾ ਇੱਕ ਮਹੱਤਵਪੂਰਨ ਯੋਗਦਾਨ ਰਿਹਾ ਹੈ। ਭਗਤ ‘ਰਾਮਾਨੰਦ’ ਜੀ ਲੰਮੇ ਸਮੇਂ ਤੱਕ ‘ਸ੍ਰੀ ਸੰਪਰਦਾ’ ਨਾਲ ਜੁੜ ਕੇ ਆਪਣੀਆਂ ਅਧਿਆਤਮਿਕ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਦੇ ਰਹੇ ਹਨ। ਬਾਅਦ ਵਿੱਚ ਉਨ੍ਹਾਂ ਨੇ ‘ਰਾਮਾਵਤ/ਰਾਮਾਦਤ’ ਸੰਪਰਦਾ ਦੀ ਸਥਾਪਨਾ ਕਰ ਲਈ। ਇਸ ਸੰਪਰਦਾ ਦੇ ਦਾਰਸ਼ਨਿਕ ਸਿਧਾਂਤ ਤਾਂ ਪਹਿਲਾਂ (ਸ੍ਰੀ ਸੰਪਰਦਾ) ਵਾਲੇ ਹੀ ਰਹੇ ਪਰ ਸਾਧਨਾ-ਪੱਧਤੀ ਵਿੱਚ ਕੁਝ ਉਦਾਰਤਾ ਜ਼ਰੂਰ ਕਾਇਮ ਹੋ ਗਈ। ਇਸ ਉਦਾਰਤਾ ਨਾਲ ਭਗਤੀ ਲਹਿਰ ਵਿੱਚ ਇਕ ਨਵੇਕਲ਼ਾ ਰੰਗ ਦਿਖਾਈ ਦੇਣ ਲੱਗ ਪਿਆ। ਇਸ ਰੰਗ ਕਾਰਨ ਮੰਨੂਵਾਦੀਆਂ ਵੱਲੋਂ ਮੰਨੀਆਂ ਗਈਆਂ ਛੋਟੀਆਂ ਜਾਤਾਂ ਦੇ ਲੋਕ ਵੀ ਇਸ ਲਹਿਰ ਨਾਲ ਜੁੜਨ ਲੱਗੇ ਅਤੇ ਉਨ੍ਹਾਂ ਨੂੰ ਵੀ ‘ਅਕਾਲ ਪੁਰਖ’ ਦੀ ਭਗਤੀ ਕਰਨ ਦਾ ਹੱਕ ਹਾਸਲ ਹੋਣ ਲੱਗਾ। ਭਗਤ ‘ਰਾਮਾਨੰਦ’ ਜੀ ਦੇ ਉਚੇਚੇ ਯਤਨਾਂ ਨਾਲ ਰਾਮ-ਨਾਮ ਦੀ ਗੰਗਾ ਝੁੱਗੀਆਂ-ਝੋਪੜੀਆਂ ਦੇ ਵਸਨੀਕਾਂ ਤੱਕ ਵੀ ਪਹੁੰਚ ਗਈ ਅਤੇ ਉਨ੍ਹਾਂ ਦੇ ਆਤਮਿਕ ਜੀਵਨ ਵਿੱਚ ਵੀ ਨਿਖਾਰ ਆਉਣ ਲੱਗ ਪਿਆ। ਉਸ ਵਕਤ ਦੇ ਵਰਣ-ਵੰਡ ਵਾਲੇ ਸਮਾਜ ਵਿੱਚ ਭਗਤ ਜੀ ਦੁਆਰਾ ਕੀਤਾ ਗਿਆ ਬਰਾਬਰਤਾ ਦਾ ਇਹ ਉਪਰਾਲਾ ਕਿਸੇ ਕਰਾਂਤੀਕਾਰੀ ਕਦਮ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਸਮਾਜ ਵਿੱਚ ਪੂਜਾ-ਪਾਠ ਦਾ ਅਧਿਕਾਰ ਕੁਝ ਰਾਖਵੀਆਂ ਸ਼੍ਰੇਣੀਆਂ ਦੇ ਹੀ ਹਿੱਸੇ ਆਇਆ ਹੋਇਆ ਸੀ।

ਭਗਤ ‘ਰਾਮਾਨੰਦ’ ਜੀ ਦੀ ਇਸ ਫਰਾਖਦਿਲੀ ਵਾਲੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਵੈਰਾਗੀ ਸੰਪਰਦਾ ਵਾਲੇ ਵੀ ਉਨ੍ਹਾਂ ਨੂੰ ਆਪਣਾ ਅਚਾਰੀਆ ਮੰਨਣ ਲੱਗਪਏ। ਸਮਾਂ ਪਾ ਕੇ ਭਗਤ ‘ਰਾਮਾਨੰਦ’ ਜੀ ਨੇ ਵੈਸਨਵ ਮੱਤ ਨੂੰ ਤਿਆਗ ਦਿੱਤਾ ਅਤੇ ਅਕਾਲ-ਪੁਰਖ ਦੇ ਨਿਰਗੁਣ ਸਰੂਪ ਦੇ ਉਪਾਸ਼ਕ ਬਣ ਗਏ। ਭਗਤ‘ਰਾਮਾਨੰਦ’ ਜੀ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਕਾਂਸੀ ਵਿੱਚ ਰਹੇ ਅਤੇ ਧਰਮ ਦਾ ਬਹੁਤ ਪ੍ਰਚਾਰ ਕੀਤਾ। ਇਨ੍ਹਾਂ ਜਾਤਪਾਤ ਦੇ ਬੰਧਨਾਂ ਨੂੰ ਢਿੱਲਾ ਕਰ ਦਿੱਤਾ। ਜਾਤ-ਪਾਤ, ਊਚ-ਨੀਚ ਤੇ ਸੌੜੇ ਖ਼ਿਆਲਾ ਤੋਂ ਉੱਚਾ ਉੱਠਣ ਅਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੰਦੇ ਹੋਏ ਭਗਤ ‘ਰਾਮਾਨੰਦ’ ਜੀ 12 ਦਸੰਬਰ 1467 (ਸੰਮਤ 1523, ਕੁੱਲ ਉਮਰ ਲਗਭਗ 100 ਸਾਲ) ਵਿੱਚ ਸਵਰਗਵਾਸ ਹੋ ਗਏ। ਭਗਤ ਜੀ ਦੀ ਇਸ ਉਪਾਸ਼ਨਾ ਕਾਰਨ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦਾ ਬਸੰਤ ਰਾਗ ਵਿਚ ਉਚਾਰਣ ਕੀਤਾ ਹੋਇਆ ਇਕ ਸ਼ਬਦ ‘ਆਦਿ ਗ੍ਰੰਥ’ ਸਾਹਿਬ ਦੇ ਪਾਵਨ ਅੰਕ 1195 ਉੱਪਰ ਦਰਜ ਕੀਤਾ ਹੈ; ਜਿਸ ਵਿੱਚ ਭਗਤ ‘ਰਾਮਾਨੰਦ’ ਜੀ ਲਿਖਦੇ ਹਨ: ਹੁਣ ਮੇਰਾ ਮਨ ਪਿੰਗਲਾ ਹੋ ਗਿਆ ਹੈ ਭਾਵ ਦਰ ਦਰ ’ਤੇ ਭਟਕਣੋਂ ਰਹਿ ਗਿਆ ਹੈ। ਇਸ ਲਈ ਹੁਣ ਇਹ ਡੋਲਦਾ ਨਹੀਂ ਤੇ ਪ੍ਰਭੂ ਚਰਨਾਂ ਵਿੱਚ, ਥਿਰ ਹੋ ਗਿਆ ਹੈ ਜਥਾ:-‘‘ਮੇਰਾ ਚਿਤੁ ਨ ਚਲੈ, ਮਨੁ ਭਇਓ ਪੰਗੁ ॥੧॥ ਰਹਾਉ ॥’’ ਸ਼ਬਦ ਦੇ ਪਹਿਲੇ ਪਦੇ ਵਿੱਚ ਆਪਣੇ ਆਪ ਨੂੰ ਜੀਵਾਤਮਾ (ਇਸਤ੍ਰੀ) ਰੂਪ ’ਚ ਰੱਖ ਕੇ ਆਪ ਲਿਖਦੇ ਹਨ ਕਿ – ਹੇ ਭਾਈ  ! ਇੱਕ ਦਿਨ ਮੇਰੇ ਮਨ ਵਿੱਚ ਭੀ ਤਾਂਘ ਪੈਦਾ ਹੋਈ ਸੀ ਕਿ ਮੈਂ ਵੀ ਪੂਜਾ ਕਰਾਂ; ਇਸ ਲਈ ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ ਤੇ ਪ੍ਰਭੂ ਦੇ ਅਸਥਾਨ (ਮੰਦਰ) ਨੂੰ ਉਸ ਦੀ ਪੂਜਾ ਕਰਨ ਵਾਸਤੇ ਤੁਰ ਪਈ। ਜਿਸ ਪ੍ਰਮਾਤਮਾ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦੀ ਸਾਂ ਉਹ ਪਰਮਾਤਮਾ ਤਾਂ ਗੁਰੂ ਨੇ ਮੇਰੇ ਮਨ ਵਿੱਚ ਹੀ ਵੱਸਦਾ ਵਿਖਾ ਦਿੱਤਾ ਹੈ, ਇਸ ਲਈ ਪੂਜਾ ਆਦਿਕ ਦੇ ਫੋਕਟ ਕਰਮਕਾਂਡ ਕਰਨ ਲਈ, ਹੁਣ ਹੋਰ ਕਿੱਥੇ ਜਾਈਏ ? ਕਿਉਂਕਿ ਹੁਣ ਤਾਂ ਹਿਰਦੇ-ਘਰ ਵਿੱਚ ਹੀ ਰੰਗ ਲੱਗ ਗਿਆ ਹੈ ਭਾਵ ਮੌਜ ਬਣ ਗਈ ਹੈ। ਜਥਾ:-‘‘ਕਤ ਜਾਈਐ  ? ਰੇ  ! ਘਰ ਲਾਗੋ ਰੰਗੁ ॥ ਏਕ ਦਿਵਸ, ਮਨ ਭਈ ਉਮੰਗ ॥ ਘਸਿ ਚੰਦਨ ਚੋਆ, ਬਹੁ ਸੁਗੰਧ ॥ ਪੂਜਨ ਚਾਲੀ, ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ, ਗੁਰ ਮਨ ਹੀ ਮਾਹਿ ॥੧॥

ਸ਼ਬਦ ਦੇ ਦੂਸਰੇ ਪਦੇ ਵਿੱਚ ਆਪ ਲਿਖਦੇ ਹਨ – ਪ੍ਰਭੂ ਦੀ ਭਾਲ ਵਿੱਚ ਮੈਂ ਜਿੱਥੇ ਕਿਤੇ ਵੀ ਜਾਂਦਾ ਹਾਂ ਭਾਵ ਚਾਹੇ ਤੀਰਥਾਂ ਉੱਤੇ ਜਾਈਏ ਚਾਹੇ ਮੰਦਰਾਂ ’ਚ ਜਾਈਏ, ਉੱਥੇ ਪਾਣੀ ਜਾਂ ਪੱਥਰ ਹੀ ਪਏ ਮਿਲਦੇ ਹਨ। ਪਰ ਹੇ ਪ੍ਰਭੂ  ! ਤੂੰ ਤਾਂ ਹਰ ਥਾਂ ਅਤੇ ਸਾਰੀਆਂ ਹੀ ਵਸਤੂਆਂ ਅੰਦਰ ਇਕਸਾਰ ਰਮਿਆ ਹੋਇਆ ਹੈਂ। ਵੇਦ ਪੁਰਾਨ ਆਦਿਕ ਸਾਰੀਆਂ ਹੀ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ, ਉੱਥੇ ਭਾਵ ਤਰੀਥਾਂ ਤੇ ਮੰਦਰਾਂ ਵਿੱਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇੱਥੇ, ਭਾਵ ਮੇਰੇ ਮਨ ਵਿੱਚ ਨਾਹ ਵੱਸਦਾ ਹੋਵੇ: ‘‘ਜਹਾ ਜਾਈਐ, ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ, ਸਭ ਸਮਾਨ ॥ ਬੇਦ ਪੁਰਾਨ, ਸਭ ਦੇਖੇ ਜੋਇ ॥ ਊਹਾਂ ਤਉ ਜਾਈਐ, ਜਉ ਈਹਾਂ ਨ ਹੋਇ ॥੨॥

ਅਖੀਰਲੇ ਪਦੇ ਵਿੱਚ ਗੁਰ ਪ੍ਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਭਗਤ ਜੀ ਲਿਖਦੇ ਹਨ: ਹੇ ਸਤਿਗੁਰੂ ਜੀਓ ! ਮੈਂ ਤੈਥੋਂ ਸਦਕੇ ਜਾਂਦਾ ਹਾਂ। ਜਿਸ ਨੇ ਮੇਰੇ ਸਾਰੇ ਔਖੇ ਭ੍ਰਮ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਸਮਝਾ ਦਿੱਤਾ ਹੈ ਕਿ ‘ਰਾਮਾਨੰਦ’ ਦਾ ਮਾਲਕ ਸੁਆਮੀ ਪ੍ਰਭੂ ਆਪ ਹੈ, ਜੋ ਹਰ ਥਾਂ ਮੌਜੂਦ ਹੈ ਤੇ ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ: ‘‘ਸਤਿਗੁਰ  ! ਮੈ ਬਲਿਹਾਰੀ ਤੋਰ ॥ ਜਿਨਿ, ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ, ਕਾਟੈ ਕੋਟਿ ਕਰਮ ॥੩॥੧॥           

ਉਕਤ ਸ਼ਬਦ ਦੀ ਵੀਚਾਰ ਕੀਤਿਆਂ ਪਤਾ ਲਗਦਾ ਹੈ ਕਿ ਬੇਸ਼ੱਕ ਭਗਤ ‘ਰਾਮਾਨੰਦ’ ਜੀ ਜਾਤੀ ਦੇ ਬ੍ਰਾਹਮਣ ਸਨ ਪਰ ਧਰਮ-ਆਗੂ ਬ੍ਰਾਹਮਣਾਂ ਦੇ ਪਾਏ ਹੋਏਭੁਲੇਖਿਆਂ ਦਾ ਇਸ ਸ਼ਬਦ ਵਿੱਚ ਭਰਪੂਰ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਤੀਰਥਾਂ ’ਤੇ ਜਾ ਕੇ ਇਸ਼ਨਾਨ ਕਰਨ ’ਤੇ ਜਾਂ ਮੰਦਰਾਂ ’ਚ ਜਾ ਕੇ ਮੂਰਤੀ-ਪੂਜਾ ਕਰਨ ਨਾਲ ਮਨ ਦੀ ਅਵਸਥਾ ਉੱਚੀ ਨਹੀਂ ਹੋ ਸਕਦੀ। ਜੇ ਪੂਰੇ ਗੁਰੂ ਦੀ ਸ਼ਰਨ ਪਈਏ, ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ ਤੇ ਪਰਮਾਤਮਾ ਹਰ ਥਾਂ ਵਿਆਪਕ ਅਤੇ ਆਪਣੇ ਅੰਦਰ ਵੱਸਦਾ ਦਿੱਸਦਾ ਹੈ। ਸਤਿਗੁਰੂ ਦਾ ਸ਼ਬਦ ਹੀ ਜਨਮਾਂ-ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਦਾ ਨਾਸ਼ ਕਰਨ ਦੇ ਸਮਰੱਥ ਹੈ।

ਭਗਤ ‘ਰਾਮਾਨੰਦ’ ਜੀ ਦੇ ਕਈ ਪ੍ਰਸਿੱਧ ਚੇਲੇ ਹੋਏ ਹਨ ਜਿੰਨ੍ਹਾਂ ਨੇ ਆਪਣੇ-ਆਪਣੇ ਸਮੇਂ ਵਿੱਚ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਅਤੇ ਕੂੜ ਤੋਂ ਮੋੜਿਆ ਹੈ। ਇਨ੍ਹਾਂ ਇੱਕ ਦਰਜਨ ਦੇ ਕਰੀਬ ਚੇਲਿਆਂ ਵਿੱਚ ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਤੇ ਭਗਤ ਪੀਪਾ ਜੀ ਦੇ ਨਾਂਅ ਵਰਨਣਯੋਗ ਹਨ। ਭਾਈ ਕਾਹਨ ਸਿੰਘ (ਨਾਭਾ) ਰਚਿਤ ਮਹਾਨ ਕੋਸ਼ ਅਨੁਸਾਰ ਭਗਤ ਸੈਣ ਜੀ ਵੀ ਭਗਤ ‘ਰਾਮਾਨੰਦ’ ਦੇ ਚੇਲਿਆਂ ਦੀ ਸੂਚੀ ਵਿੱਚ ਸ਼ਾਮਲ ਹਨ ਪਰ ਉਸ ਸੂਚੀ ਵਿੱਚ ਭਗਤ ‘ਧੰਨਾ’ ਜੀ ਦਾ ਨਾਮ ਸ਼ਾਮਲ ਨਹੀਂ ਹੈ ਜਦਕਿ ਹੋਰ ਕਈ ਲੇਖਕਾਂ ਨੇ ਭਗਤ ‘ਧੰਨਾ’ ਜੀ ਦੇ ਗੁਰੂ ਦਾ ਨਾਮ ਵੀ ਭਗਤ ‘ਰਾਮਾਨੰਦ’ ਜੀ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚਇਨ੍ਹਾਂ ਪੰਜਾਂ ਹੀ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਸਨਮਾਨਯੋਗ ਸਥਾਨ ਪ੍ਰਾਪਤ ਹੈ। ਭਗਤੀ ਲਹਿਰ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਇਨ੍ਹਾਂ ਮਹਾਂਪੁਰਖਾਂ ਨੇ ਆਪਣਾ ਬੜਾ ਵਡਮੁੱਲਾ ਯੋਗਦਾਨ ਪਾਇਆ ਹੈ। ਭਗਤ ‘ਪੀਪਾ’ ਜੀ ਤਾਂ ਇੱਕ ਰਾਜਾ ਹੋਣ ਦੇ ਬਾਵਜੂਦ ਵੀ ਸਵਾਮੀ ਜੀ ਦੀ ਸ਼ਰਨ ਵਿੱਚ ਆਏ ਅਤੇ ਪਰਮੇਸਰ ਦੀ ਅਰਾਧਨਾ ਵਿੱਚ ਜੁਟ ਗਏ।

ਅਜੋਕੇ ਸਮੇਂ ਵਿੱਚ ਹੈਰਾਨੀ ਅਤੇ ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਭਗਤ ‘ਰਾਮਾਨੰਦ’ ਜੀ ਨੇ ਤਾਂ ਬ੍ਰਾਹਮਣ ਜਾਤੀ ਵਿੱਚ ਪੈਦਾ ਹੋ ਕੇ ਵੀ ਬ੍ਰਾਹਮਣ ਜਾਤੀ ਵੱਲੋਂ ਊਚ ਨੀਚ ਦੀਆਂ ਵੰਡੀਆਂ ਪਾਉਣ ਵਾਲੇ ਜਾਤੀ ਸਿਸਟਮ ਦਾ ਵਿਰੋਧ ਕੀਤਾ ਤੇ ਬਹੁਤ ਸਾਰੀਆਂ ਅਖੌਤੀ ਨੀਚ ਜਾਤਾਂ ’ਚੋਂ ਕਬੀਰ ਜੁਲਾਹਾ, ਰਵਿਦਾਸ ਚਮਾਰ, ਧੰਨਾ ਜੱਟ, ਸੈਣ ਨਾਈ ਆਦਿਕ ਨੂੰ ਆਪਣੇ ਚੇਲੇ ਬਣਾ ਕੇ ਉਨ੍ਹਾਂ ਨੂੰ ਆਪਣੇ ਗਲ ਨਾਲ ਲਾਇਆ। ਇਨ੍ਹਾਂ ਸਾਰੇ ਭਗਤ ਸਾਹਿਬਾਨਾਂ ਨੇ ਵੀ ਬ੍ਰਾਹਮਣ ਵੱਲੋਂ ਸਿਰਜੇ ਵਰਣ-ਵੰਡ ਅਤੇ ਧਰਮ ਦੇ ਨਾਮ ’ਤੇ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਇਸ਼ਨਾਨ ਆਦਿਕ ਫੋਕਟ ਕਰਮਕਾਂਡਾਂ ਦਾ ਜੋਰਦਾਰ ਢੰਗ ਨਾਲ ਖੰਡਨ ਕਰਕੇ ਇੱਕ ‘ਅਕਾਲ ਪੁਰਖ’ ਦੀ ਪੂਜਾ ਤੇ ਸਾਂਝੀਵਾਲਤਾ ਦਾ ਪ੍ਰਚਾਰ ਕੀਤਾ। ਸਿੱਖ ਗੁਰੂ ਸਾਹਿਬਾਨਾਂ ਨੇ ਗੁਰਮਤਿ ਵੀਚਾਰਧਾਰਾ ਨਾਲ ਮੇਲ਼ ਖਾਣ ਵਾਲੇ ਤਮਾਮ ਭਗਤਾਂ, ਭਾਵੇਂ ਵੱਖ ਵੱਖ ਜਾਤਾਂ ਨਾਲ ਸਬੰਧ ਰੱਖਣ ਵਾਲੇ ਹੀ ਸਨ, ਫਿਰ ਵੀ ਇਨ੍ਹਾਂ ਸਾਰੇ ਭਗਤ ਜਨਾਂ ਦੀ ਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਕਰਕੇ ਸਰਬ ਸਾਂਝੀਵਾਲਤਾ ਨੂੰ ਅਮਲੀ ਰੂਪ ਦੇ ਦਿੱਤਾ। ਪਰ ਭਗਤ ‘ਰਾਮਾਨੰਦ’ ਜੀ ਦੇ ਇਨ੍ਹਾਂ ਚੇਲੇ ਭਗਤਾਂ ਦੀ ਜਾਤੀ ਨਾਲ ਸਬੰਧਤ ਵਿਅਕਤੀਆਂ ਨੇ ਆਪਣੇ ਸੌੜੇ ਹਿੱਤਾਂ ਖਾਤਰ ਜਾਂਮੰਨੂਵਾਦੀਆਂ ਦੇ ਢਹੇ ਚੜ੍ਹ ਕੇ ਇਨ੍ਹਾਂ ਭਗਤਾਂ ਦੇ ਵੱਖਰੇ ਵੱਖਰੇ ਮੰਦਰ ਉਸਾਰ ਕੇ ਉਨ੍ਹਾਂ ਵਿੱਚ ਸਾਂਝੀਵਾਲਤਾ ਦੇ ਪ੍ਰਤੀਕ ਅਤੇ ਰੁਹਾਨੀਅਤ ਦੇ ਸੋਮੇ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਪ੍ਰਕਾਸ਼ ਕਰਨ ਦੀ ਵਜਾਏ ਮੂਰਤੀ/ਬੁੱਤ ਪੂਜਾ ਦੇ ਧੁਰ ਵਿਰੋਧੀ, ਇਨ੍ਹਾਂ ਸਤਿਕਾਰਤ ਭਗਤ ਸਾਹਿਬਾਨਾਂ ਦੀਆਂ ਹੀ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਹਨ; ਜੋ ਇਨ੍ਹਾਂ ਭਗਤ ਸਾਹਿਬਾਨਾਂ ਦਾ ਸਤਿਕਾਰ ਨਹੀਂ ਬਲਕਿ ਤ੍ਰਿਸਕਾਰ ਹੈ; ਜਿਸ ਤੋਂ ਬਚਣ ਦੀ ਸਖ਼ਤ ਲੋੜ ਹੈ। ਇਸ ਪ੍ਰੀਵਿਰਤੀ ਦਾ ਦੋਸ਼ ਉਹ ਸਿੱਖਾਂ ’ਤੇ ਲਾਉਂਦੇ ਹਨ ਕਿ ਉਨ੍ਹਾਂ ਨਾਲ ਗੁਰਦੁਆਰਿਆਂ ’ਚ ਤੇ ਸਮਾਜ ਵਿੱਚ ਜਾਤੀ ਅਧਾਰਤ ਵਿਤਕਰਾ ਕੀਤਾ ਜਾਂਦਾ ਹੈ ਤਾਂ ਉਹ ਸਿੱਖ ਧਰਮ ਨਾਲ ਕਿਉਂ ਜੁੜੇ ਰਹਿਣ ? ਇਨ੍ਹਾਂ ਵੀਰਾਂ ਵੱਲੋਂ ਲਾਇਆ ਜਾ ਰਿਹਾ ਇਹ ਦੋਸ਼ ਭਾਵੇਂ ਪੂਰਾ ਸੱਚਾ ਨਹੀਂ ਹੈ ਪਰ ਪੂਰੀ ਤਰ੍ਹਾਂ ਰੱਦ ਵੀ ਨਹੀਂ ਕੀਤਾ ਜਾ ਸਕਦਾ। ਇਸ ਸਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਸਿੱਖਾਂ ਵਿੱਚ ਵੀ ਕੁਝ ਮੰਨੂਵਾਦੀ ਸੋਚ ਵਾਲੇ ਸਿੱਖ ਖਾਸ ਕਰਕੇ ਸਿੱਖ ਡੇਰੇਦਾਰ ਤੇ ਉਨ੍ਹਾਂ ਦੇ ਚੇਲੇ ਸਿੱਖ ਧਰਮ ਵਿੱਚ ਮੁੜ ਜਾਤੀਵਾਦ ਉਭਾਰ ਰਹੇ ਹਨ ਤੇ ਉਹ ਛੋਟੀਆਂ ਜਾਤਾਂ ਵਾਲੇ ਸਿੱਖਾਂ ਨਾਲ ਸਤਿਕਾਰ ਵਾਲਾ ਵਰਤਾਉ ਨਹੀਂ ਕਰਦੇ। ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਅਤੇ ਸਿੱਖੀ ਸਿਧਾਂਤ ਨੂੰ ਪ੍ਰਣਾਈਆਂ ਹੋਰ ਸਿੱਖ ਜਥੇਬੰਦੀਆਂ ਦਾ ਫਰਜ ਬਣਦਾ ਹੈ ਕਿ ਉਹ ਸਿੱਖ ਧਰਮ ਵਿੱਚ ਜਾਤੀਵਾਦ ਅਧਾਰਤ ਵਿਤਕਰਾ ਕਰਨ ਵਾਲੇ ਡੇਰੇਦਾਰਾਂ ਤੇ ਉਨ੍ਹਾਂ ਦੇ ਚੇਲੇ ਸਿੱਖਾਂ ਵਿਰੁੱਧ ਸਖ਼ਤ ਸਟੈਂਡ ਲੈਣ ਤੇ ਜਾਤੀਵਾਦ ਖਤਮ ਕਰਕੇ ਹਰ ਜਾਤੀ ਦੇ ਕੇਵਲ ਸਿੱਖਾਂ ਨੂੰ ਹੀ ਨਹੀਂ ਬਲਕਿ ਭਗਤੀ ਲਹਿਰ ਨਾਲ ਸਬੰਧਿਤ ਸਾਰੇ ਹੀ ਭਗਤ ਸਾਹਿਬਾਨਾਂ ਦੇ ਗੈਰ ਸਿੱਖ ਉਪਾਸ਼ਕਾਂ ਨੂੰ ਵੀ ਸਿੱਖੀ ਕਲਾਵੇ ਵਿੱਚ ਲਿਆਉਣ ਲਈ ਲੰਬੇ ਸਮੇਂ ਦੀਆਂ ਨੀਤੀਆਂ ਘੜ ਕੇ ੳਨ੍ਹਾਂ ਨੂੰ ਲਾਗੂ ਕਰਨ ਦੇ ਉਪਰਾਲੇ ਵਿੱਢਣ ਤਾਂ ਕਿ ਭਗਤੀ ਲਹਿਰ ਦੇ ਸਾਰੇ ਸਤਿਕਾਰਯੋਗ ਭਗਤ ਸਾਹਿਬਾਨ ਤੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਘਾਲਨਾਵਾਂ ਅਜਾਂਈ ਨਾ ਜਾਣ। ਦੂਸਰੇ ਪਾਸੇ ਇਨ੍ਹਾਂ ਭਗਤ ਸਾਹਿਬਾਨਾਂ ਦੇ ਉਪਾਸ਼ਕਾਂ ਨੂੰ ਵੀ ਚਾਹੀਦਾ ਹੈ ਕਿ ਜੇ ਕਣਕ ਦੀ ਫਸਲ ਵਿੱਚ ਕਾਂ-ਗਿਆਰੀ ਉੱਘ ਪਏ ਤਾਂ ਸਾਰੀ ਹੀ ਫਸਲ ਨਹੀਂ ਉਜਾੜ ਦੇਣੀ ਚਾਹੀਦੀ ਸਗੋਂ ਸਾਰਿਆਂ ਨੂੰ ਮਿਲ ਕੇ ਫਸਲ ਵਿੱਚੋਂ ਕਾਂ-ਗਿਆਰੀ ਪੁੱਟ ਕੇ ਬਾਹਰ ਸੁੱਟ ਦੇਣੀ ਚਾਹੀਦੀ ਹੈ। ਚੇਤੇ ਰੱਖਣਯੋਗ ਹੈ ਕਿ ਸਾਡੇ ਭਗਤ ਸਾਹਿਬਾਨਾਂ ਨੇ ਉਸ ਸਮੇਂ ਬ੍ਰਾਹਮਣਵਾਦ ਨਾਲ ਜੰਗ ਲੜ ਕੇ ਕਾਫੀ ਹੱਦ ਤੱਕ ਸਫਲਤਾ ਹਾਸਲ ਕਰ ਲਈ ਸੀ ਜਦੋਂ ਕੋਈ ਵੀ ਧਾਰਮਿਕ ਤੇ ਰਾਜਨੀਤਕ ਆਗੂ ਉਨ੍ਹਾਂ ਦੀ ਬਾਂਹ ਫੜਨ ਵਾਲਾ ਨਹੀਂ ਸੀ। ਪਰ ਹੁਣ ਤਾਂ ਉਨ੍ਹਾਂ ਨੂੰ ਪੂਰਾ ਸਤਿਕਾਰ ਦੇਣ ਵਾਲੇ ‘ਗੁਰੂ ਗ੍ਰੰਥ ਸਾਹਿਬ’ ਜੀ ਮੌਜੂਦ ਹਨ; ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਵਿਚਾਰਧਾਰਾ ਨੂੰ ਪੂਰਨ ਤੌਰ ’ਤੇ ‘ਗੁਰੂ’ ਮੰਨਣ ਵਾਲੇ ਸਿੱਖ ਵੀ ਆਪਣੇ ਇਨ੍ਹਾਂ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜਨ ਲਈ ਤਿਆਰ ਹਨ ਤਾਂ ਉਹ ਇਨ੍ਹਾਂ ਮੰਨੂਵਾਦੀ ਸਿੱਖਾਂ ਨਾਲ ਲੜ ਕੇ ਸਫਲਤਾ ਪ੍ਰਾਪਤ ਕਿਉਂ ਨਹੀਂ ਕਰ ਸਕਦੇ ?

Most Viewed Posts