ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਕਿਸ਼ਤ ਨੰ:1)

0
1428

ਜੀਵਨ ਯਾਤਰਾ ਅਤੇ ਉਪਦੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ

(ਕਿਸ਼ਤ ਨੰ:1)

ਕਿਰਪਾਲ ਸਿੰਘ (ਬਠਿੰਡਾ)-9855480797; 7340979813

ਪਰਿਵਾਰਕ ਪਿਛੋਕੜ ਅਤੇ ਮੁਢਲਾ ਜੀਵਨ :

ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਛੇਵੇਂ ਗੁਰੂ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ, ਜਿਨ੍ਹਾਂ ਦਾ ਜਨਮ ਮਾਤਾ ਨਾਨਕੀ ਜੀ ਦੀ ਕੁਖੋਂ ਵੈਸਾਖ ਵਦੀ 5, 5 ਵੈਸਾਖ ਬਿਕ੍ਰਮੀ ਸੰਮਤ 1678 (ਨਾਨਕਸ਼ਾਹੀ ਸੰਮਤ 153); 1 ਅਪ੍ਰੈਲ 1621 ਈ: ਨੂੰ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ।

(ਨੋਟ: ਧਿਆਨ ਰਹੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਈ: ’ਚ ਹੋਇਆ ਸੀ, ਜਿਸ ਕਾਰਨ ਨਾਨਕਸ਼ਾਹੀ ਕੈਲੰਡਰ ਦੀ ਅਰੰਭਤਾ ਵੀ ਸੰਨ 1469 ਈਸਵੀ ਤੋਂ ਮੰਨੀ ਗਈ, ਹੁਣ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ 1621 ਈ: ਲਿਖਿਆ ਜਾਂਦਾ ਹੈ, ਤਾਂ ਇਹ ਸੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ 1469 ਈ. ਤੋਂ 152 ਸਾਲ ਬਾਅਦ ਆਉਂਦਾ ਹੋਣ ਕਾਰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਦੀ ਮਿਤੀ ਜਿੱਥੇ ਬਿਕ੍ਰਮੀ ਸੰਮਤ (ਵੈਸਾਖ ਵਦੀ 5, 5 ਵੈਸਾਖ ਬਿਕ੍ਰਮੀ ਸੰਮਤ 1678) ਤੇ ਈਸਵੀ ਸੰਨ (1 ਅਪ੍ਰੈਲ 1621 ਈ:) ਦਿੱਤੀ ਗਈ ਹੈ ਉੱਥੇ ਨਾਨਕਸ਼ਾਹੀ ਸੰਨ 153 ਵੀ ਦਿੱਤਾ ਗਿਆ ਹੈ। ਇਸ ਲੇਖ ’ਚ ਬਾਕੀ ਤਮਾਮ ਘਟਨਾਵਾਂ ਦਾ ਜ਼ਿਕਰ ਵੀ ਇਸੇ ਅਨੁਪਾਤ ਅਨੁਸਾਰ ਨਾਨਕਸ਼ਾਹੀ ਕੈਲੰਡਰ ’ਚ ਦਿੱਤਾ ਜਾਵੇਗਾ ਤਾਂ ਜੋ ਪਾਠਕ ਸਮਝ ਸਕਣ ਕਿ ਇਹ ਮਿਤੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਆਰੰਭ ਹੋਏ ਕੈਲੰਡਰ ਮੁਤਾਬਕ ਹੈ।)

1634 ਈਸਵੀ ਵਿੱਚ ਉਨ੍ਹਾਂ ਦਾ ਵਿਆਹ ਕਰਤਾਰਪੁਰ (ਜਲੰਧਰ) ਨਿਵਾਸੀ ਸ੍ਰੀ ਲਾਲ ਚੰਦ ਦੀ ਸਪੁੱਤਰੀ ਬੀਬੀ ਗੁਜਰੀ ਜੀ ਨਾਲ ਹੋਇਆ। 3 ਵੈਸਾਖ ਬਿਕ੍ਰਮੀ 1721 (ਨਾਨਕਸ਼ਾਹੀ ਸੰਮਤ 196); 30 ਮਾਰਚ 1664 ਨੂੰ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਅਗਲੇ ਗੁਰੂ ਸਬੰਧੀ ‘ਬਾਬਾ ਬਸੇ ਗਰਾਮ ਬਕਾਲੇ’ ਭਾਵ ਗੁਰਗੱਦੀ ਦਾ ਮਾਲਕ ਬਕਾਲੇ ਵਿਖੇ ਹੋਣ ਦਾ ਸੰਕੇਤ ਦੇ ਕੇ ਜੋਤੀ ਜੋਤ ਸਮਾਂ ਗਏ। ਇਸ ਗੱਲ ਦਾ ਨਜਾਇਜ਼ ਫਾਇਦਾ ਉੱਠਾ ਕੇ ਪਾਖੰਡੀ ਗੁਰੂ, ਗੱਦੀ ਦੇ ਦਾਹਵੇਦਾਰ ਬਣ ਕੇ ਬਕਾਲੇ ਆ ਇਕੱਠੇ ਹੋਏ, ਜਿਨ੍ਹਾਂ ਵਿੱਚੋਂ ਬਾਬਾ ਧੀਰਮੱਲ ਸਭ ਤੋਂ ਅੱਗੇ ਸੀ। ਆਖਰ ਗੁਰੂ ਸਾਹਿਬ ਦੇ ਸ਼ਰਧਾਲੂ ਸਿੱਖ ‘ਮੱਖਣ ਸ਼ਾਹ ਲੁਬਾਣੇ’ ਨੇ ਸੱਚੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਛਾਣ ਕਰ ਹੀ ਲਈ ਅਤੇ ਕੋਠੇ ’ਤੇ ਚੜ੍ਹ ਕੇ ‘ਗੁਰੂ ਲਾਧੋ ਰੇ  ! ’ ਦਾ ਹੋਕਾ ਦਿੱਤਾ।

ਅਕਤੂਬਰ ਸੰਨ 1665 ਵਿੱਚ ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਦੇ ਰਾਜੇ ਦੀਪ ਚੰਦ ਤੋਂ ਪਿੰਡ ਮਾਖੋਵਾਲ ਦੀ ਜ਼ਮੀਨ ਮੁੱਲ ਲੈ ਕੇ ਅਨੰਦਪੁਰ ਸਾਹਿਬ (ਜਿਸ ਦਾ ਪਹਿਲਾ ਨਾਮ ਚੱਕ ਨਾਨਕੀ ਸੀ) ਵਸਾਇਆ। ਔਰੰਗਜ਼ੇਬ ਨੇ ਹਿੰਦੂਆਂ ਉਪਰ ਸਖਤੀ ਕਰਨੀ ਸ਼ਰੂ ਕਰ ਦਿੱਤੀ ਤਾਂ ਗੁਰੂ ਤੇਗ ਬਹਾਦਰ ਜੀ ਹਿੰਦੂ ਜਨਤਾ ਨੂੰ ਢਾਰਸ ਦੇਣ ਅਤੇ ਸਿੱਖੀ ਪ੍ਰਚਾਰ ਲਈ ਪੂਰਬ ਦੇਸ਼ ਵੱਲ ਪ੍ਰਵਾਰ ਸਮੇਤ ਚੱਲ ਪਏ। ਅਨੰਦਪੁਰ ਤੋਂ ਘਨੌਲੀ, ਰੋਪੜ, ਮੂਲੇਵਾਲ ਹੁੰਦੇ ਹੋਏ ਤਲਵੰਡੀ ਸਾਬੋ ਪਹੁੰਚੇ। ਇੱਥੋਂ ਧਮਧਾਣ, ਕੁਰਕਸ਼ੇਤਰ, ਮਥੁਰਾ, ਆਗਰਾ, ਕਾਨ੍ਹਪੁਰ, ਅਲਾਹਾਬਾਦ, ਪ੍ਰਯਾਗ, ਕਾਂਸ਼ੀ, ਆਦਿ ਹਿੰਦੂ ਤੀਰਥਾਂ ’ਤੇ ਗਏ। ਇਕੱਠੇ ਹੋਏ ਲੋਕਾਂ ਨੂੰ ਗੁਰਮਤਿ ਦ੍ਰਿੜ੍ਹ ਕਰਵਾਈ ਤੇ ਸੱਚਾ ਤੀਰਥ ਸਤਸੰਗਤ ਨੂੰ ਹੀ ਦੱਸਿਆ। ਫਿਰ ਗਯਾ ਤੋਂ ਪਟਨਾ ਗਏ। ਇੱਥੇ ਭਾਈ ਜੈਤਾ ਹਲਵਾਈ ਦੇ ਘਰ ਮਾਤਾ ਗੁਜਰੀ ਜੀ ਨੂੰ ਛੱਡ ਕੇ ਆਪ ਪਟਨੇ ਤੋਂ ਰਾਜ ਮਹਲ, ਮਾਲਦਾ, ਮੁਰਸ਼ਿਦਾਬਾਦ ਹੁੰਦੇ ਹੋਏ ਢਾਕੇ ਪਹੁੰਚੇ। ਇਸੇ ਦੌਰਾਨ 9ਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ (ਖਾਲਸਾ ਸਾਜਣ ਤੋਂ ਪਹਿਲਾਂ, ਨਾਂ ਗੋਬਿੰਦ ਰਾਇ ਜੀ ਸੀ) ਦਾ ਜਨਮ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723 (ਨਾਨਕਸ਼ਾਹੀ ਸੰਮਤ 198); 22 ਦਸੰਬਰ 1666 ਈ: ਨੂੰ ਪਟਨੇ ਸ਼ਹਿਰ (ਪੁਰਾਣਾ ਨਾਂ ਪਾਟਲੀ ਪੁੱਤਰ) ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ। ਕੇਸਰ ਸਿੰਘ ਛਿੱਬਰ ਦੇ ‘ਬੰਸਾਵਲੀਨਾਮਾ’ ਅਨੁਸਾਰ ਸੰਮਤ ਬਿਕ੍ਰਮੀ 1718 (ਸੰਨ 1661-62) ਵਿੱਚ ਹੋਇਆ। ਪਰ ਜਿਆਦਾਤਰ ਇਤਿਹਾਸਕਾਰ ਪੋਹ ਸੁਦੀ 7, 23 ਪੋਹ ਬਿਕ੍ਰਮੀ ਸੰਮਤ 1723; 22 ਦਸੰਬਰ 1666 ਈ: ਨੂੰ ਹੀ ਸਹੀ ਮੰਨਦੇ ਹਨ ਅਤੇ ਇਸ ਮੁਤਾਬਿਕ ਹੀ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ। ਭਾਵੇਂ ਕਿ ਪੋਹ ਸੁਦੀ 7 ਜਾਂ 23 ਪੋਹ ਵਿੱਚੋਂ ਕਿਹੜੀ ਚੁਣਨੀ ਹੈ ਇਸ ਸਬੰਧੀ ਹਾਲੀ ਤੀਕ ਪੰਥ ਵਿੱਚ ਭੰਬਲਭੂਸਾ ਕਾਇਮ ਹੈ। ਇਨ੍ਹਾਂ ਵਿੱਚੋਂ ਕਿਹੜੀ ਤਿੱਥ ਜਾਂ ਤਰੀਖ ਚੁਣਨੀ ਪੰਥ ਲਈ ਜਿਆਦਾ ਠੀਕ ਰਹੇਗੀ; ਇਸ ਸਬੰਧੀ ਇਸ ਲੇਖ ਲੜੀ ਦੇ ਆਖਰੀ ਭਾਗ ਜੋ ਜਨਵਰੀ ਮਹੀਨੇ ਵਿੱਚ ਛਪੇਗੀ ਵਿੱਚ ਵੇਰਵੇ ਸਹਿਤ ਵੀਚਾਰ ਕੀਤੀ ਜਾਵੇਗੀ।

ਗੁਰੂ ਤੇਗ ਬਹਾਦਰ ਜੀ ਢਾਕੇ ਤੋਂ ਅਸਾਮ ਪਹੁੰਚੇ। ਅਸਾਮ ਵਿਖੇ ਸੰਨ 1670 ਵਿੱਚ ਰਾਜਾ ਰਾਮ ਸਿੰਘ ਤੇ ਅਹੋਮੀ ਕਬੀਲੇ ਦੇ ਸਰਦਾਰ ਰਾਜਾ ਚੱਕ੍ਰ ਧੱਵਜ ਦੀ ਸੁਲਾਹ ਕਰਵਾਈ ਤੇ ਦੋਹਾਂ ਪਾਸਿਉਂ ਖ਼ੂਨ ਡੁਲ੍ਹਣੋਂ ਬਚ ਗਿਆ। ਜਦੋਂ ਪੰਜਾਬ ਵਿੱਚ ਵੀ ਔਰੰਗਜ਼ੇਬ ਨੇ ਹਿੰਦੂਆਂ ’ਤੇ ਸਖ਼ਤੀ ਅਰੰਭ ਕਰ ਦਿੱਤੀ ਅਤੇ ਪਾਠਸ਼ਾਲਾ ਤੇ ਮੰਦਿਰ ਢਾਹ ਦੇਣ ਦਾ ਐਲਾਨ ਕਰ ਦਿੱਤਾ ਤਾਂ ਹਿੰਦੂਆਂ ਦੀ ਸਾਰ ਲੈਣ ਲਈ ਗੁਰੂ ਜੀ ਵਾਪਸ ਪੰਜਾਬ ਵੱਲ ਚੱਲ ਪਏ। ਵਾਪਸ ਪਰਤਦਿਆਂ ਗੁਰੂ ਜੀ ਥੋੜ੍ਹੀ ਦੇਰ ਪਟਨਾ ਰੁਕੇ ਤੇ ਪਹਿਲੀ ਵਾਰ ਆਪਣੇ ਇਕਲੌਤੇ ਪੁੱਤਰ ਬਾਲਕ ਗੋਬਿੰਦ ਰਾਏ ਨੂੰ ਵੇਖਿਆ ਜੋ ਉਸ ਸਮੇਂ ਸਾਢੇ ਤਿੰਨ ਸਾਲ ਦੇ ਹੋ ਚੁੱਕੇ ਸਨ। ਕੁਝ ਦਿਨ ਪਟਨਾ ਰਹਿਣ ਉਪ੍ਰੰਤ ਬਕਸਰ, ਬਨਾਰਸ, ਅਯੁੱਧਿਆ ਆਦਿ ਵਿੱਚੋਂ ਦੀ ਹੁੰਦੇ ਹੋਏ ਢਾਈ ਤਿੰਨ ਮਹੀਨਿਆਂ ਵਿੱਚ ਗੁਰੂ ਜੀ ਵਾਪਸ ਚੱਕ ਨਾਨਕੀ (ਅਨੰਦਪੁਰ ਸਾਹਿਬ) ਪੰਜਾਬ ਪਹੁੰਚੇ।

ਪਟਨੇ ਵਿੱਚ ਗੋਬਿੰਦ ਰਾਏ ਜੀ ਜਦੋਂ ਆਪਣੇ ਹਾਣੀਆਂ ਨਾਲ ਖੇਡ੍ਹਦੇ ਤਾਂ ਸਾਰੇ ਬੱਚੇ ਆਪ ਜੀ ਨੂੰ ਆਪਣਾ ਸਰਦਾਰ ਮੰਨਦੇ ਸਨ। ਤੀਰ ਕਮਾਨ, ਫੌਜੀ ਕਵਾਇਦ ਆਦਿਕ ਖੇਡ੍ਹਾਂ ਖੇਡ੍ਹੀਆਂ ਜਾਂਦੀਆਂ। ਆਪ ਨੇ ਸਭ ਦਾ ਡਰ ਖਤਮ ਕਰ ਦਿੱਤਾ। ਨਾਲ ਦੇ ਸਾਥੀਆਂ ਵਿੱਚ ਐਸੀ ਜੁਰਅਤ ਭਰ ਦਿੱਤੀ ਕਿ ਜਦੋਂ ਵੀ ਕੋਈ ਨਵਾਬ ਉਸ ਰਾਹੋਂ ਲੰਘਦਾ ਤਾਂ ਉਸ ਦਾ ਮੂੰਹ ਚਿੜਾਉਣ ਲੱਗ ਪੈਂਦੇ। ਪਟਨੇ ਵਿੱਚ ਆਪ ਨੇ ਹੋਰ ਵੀ ਕਈ ਕੌਤਕ ਕੀਤੇ। ਇੱਥੇ ਹੀ ਪੰਡਿਤ ਸ਼ਿਵ ਦੱਤ ਆਪ ਜੀ ਦੇ ਚਰਨਾਂ ਦਾ ਭੌਰਾ ਬਣਿਆ। ਰਾਜਾ ਫ਼ਤਹਿ ਚੰਦ ਮੈਣੀ ਦੀ ਰਾਣੀ ਆਪ ਜੀ ਉਤੇ ਇਤਨੀ ਪਸੰਨ ਹੋਈ ਕਿ ਉਸ ਨੇ ਆਪ ਜੀ ਪਾਸੋਂ ਪੁੱਤਰ ਵਾਲਾ ਨਿੱਘ ਪ੍ਰਾਪਤ ਕੀਤਾ। ਥੋੜ੍ਹੇ ਸਮੇਂ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਪਰਿਵਾਰ ਨੂੰ ਵੀ ਪਟਨੇ ਤੋਂ ਅਨੰਦਪੁਰ ਸਾਹਿਬ ਮੰਗਵਾ ਲਿਆ। ਬਾਲ ਗੋਬਿੰਦ ਰਾਇ ਜੀ ਦੇ ਮਾਤਾ ਪਿਤਾ ਨੇ ਆਪ ਜੀ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ ਤੇ ਫਾਰਸੀ ਵਿਦਿਆ ਦੀ ਚੰਗੀ ਪੜ੍ਹਾਈ ਕਰਵਾਈ। ਚੰਗੀ ਵਿਦਿਆ ਸਿਖਾਉਣ ਦੇ ਨਾਲ-ਨਾਲ ਸ਼ਸਤ੍ਰ ਵਿਦਿਆ ਤੋਂ ਵੀ ਚੰਗਾ ਜਾਣੂੰ ਕਰਵਾਉਣ ਲਈ ਸਸਤਰ ਚਲਾਉਣ ਅਤੇ ਘੋੜ ਸਵਾਰੀ ਸਿਖਾਉਣ ਵਾਸਤੇ ਭਾਈ ਬਜਰ ਸਿੰਘ ਨੂੰ ਤਾਇਨਾਤ ਕੀਤਾ ਗਿਆ।

ਗੁਰੂ ਤੇਗ ਬਹਾਦਰ ਸਾਹਿਬ, ਮਾਰਚ 1673 ਦੇ ਆਖਰੀ ਹਫਤੇ ਤੋਂ 10 ਜੁਲਾਈ, 1675 ਤਕ ਚੱਕ ਨਾਨਕੀ ਵਿੱਚ ਰਹੇ। ਇਹਨਾਂ ਦਿਨਾਂ ਵਿੱਚ ਸਾਰੇ ਪਾਸੇ ਤੋਂ ਸਿੱਖ ਸੰਗਤਾਂ ਚੱਕ ਨਾਨਕੀ ਆਉਣ ਲੱਗ ਪਈਆਂ। ਇਹਨਾਂ ਦਿਨਾਂ ਵਿੱਚ ਹੀ ਲਾਹੌਰ ਤੋਂ ਭਾਈ ਹਰਿਜਸ ਸੁਭਿੱਖੀ ਵੀ ਦਰਸਨਾਂ ਵਾਸਤੇ ਆਇਆ। ਉਸ ਦੀ ਬੇਟੀ ਬੀਬੀ ਜੀਤਾਂ ਦੀ ਮੰਗਣੀ ਗੋਬਿੰਦ ਰਾਇ ਨਾਲ 12 ਮਈ, 1673 ਦੇ ਦਿਨ ਕੀਤੀ ਗਈ। ਵਿਆਹ ਤੋਂ ਬਾਅਦ ਬੀਬੀ ਜੀਤਾਂ ਜੀ ਸਿੱਖ ਜਗਤ ਵਿੱਚ ਮਾਤਾ ਸੁੰਦਰ ਕੌਰ ਜੀ ਦੇ ਨਾਮ ਨਾਲ ਪ੍ਰਸਿੱਧ ਹੋਈ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਮਿਲਣੀ:

ਜਦੋਂ ਕਸ਼ਮੀਰ ਵਿੱਚ ਸ਼ੇਰ ਅਫ਼ਗਾਨ ਖ਼ਾਂ ਨੇ ਤਲਵਾਰ ਦੇ ਜੋਰ ਨਾਲ ਕਸ਼ਮੀਰੀ ਪੰਡਿਤਾਂ ਨੂੰ ਜ਼ਬਰੀ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਅਤੇ ਹਿੰਦੂਆਂ ’ਤੇ ਇਤਨੀ ਸਖ਼ਤੀ ਕਰਨੀ ਸ਼ੁਰੂ ਕੀਤੀ ਕਿ ਉਨ੍ਹਾਂ ਲਈ ਧਰਮ ਤਬਦੀਲ ਕਰ ਕੇ ਇਸਲਾਮ ਧਾਰਨ ਕਰਨਾ ਜਾਂ ਮੌਤ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਤੋਂ ਇਲਾਵਾ ਹੋਰ ਕੋਈ ਤੀਸਰਾ ਰਸਤਾ ਹੀ ਨਹੀਂ ਸੀ; ਤਾਂ ਪੰਡਿਤ ਕ੍ਰਿਪਾ ਰਾਮ ਦੱਤ ਦੀ ਅਗਵਾਈ ਹੇਠ ਕਸ਼ਮੀਰੀ ਪੰਡਿਤਾਂ ਦੇ ਵਫ਼ਦ ਨੇ ਅਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆ ਫ਼ਰਿਆਦ ਕੀਤੀ ਕਿ ਉਨ੍ਹਾਂ ਦੇ ਤਿਲਕ ਜੰਝੂ ਦੀ ਰੱਖਿਆ ਕੀਤੀ ਜਾਵੇ ਤਾਂ ਬੇਸ਼ੱਕ ਗੁਰੂ ਜੀ ਤਿਲਕ ਜੰਝੂ ਦੇ ਹੱਕ ਵਿੱਚ ਨਹੀਂ ਸਨ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਸਿੱਖ ਧਰਮ ਦੀ ਨੀਂਹ ਹੀ ਜੰਝੂ ਪਹਿਨਣ ਤੋਂ ਇਨਕਾਰ ਕਰਕੇ ਰੱਖੀ ਸੀ; ਪਰ ਗੁਰੂ ਸਾਹਿਬ ਜੀ ਦਾ ਇਹ ਵੀ ਮੰਨਣਾ ਹੈ ਕਿ ਕਿਹੜਾ ਧਰਮ ਅਪਨਾਉਣਾ ਹੈ, ਇਹ ਹਰ ਵਿਅਕਤੀ ਦਾ ਆਪਣਾ ਨਿੱਜੀ ਫੈਸਲਾ ਹੈ ਅਤੇ ਰਾਜ ਸ਼ਕਤੀ ਜਾਂ ਬਾਹੂਬਲ ਦੇ ਜੋਰ ਨਾਲ ਕਿਸੇ ਨੂੰ ਧਰਮ ਤਬਦੀਲ ਕਰਨ ਲਈ ਮਜਬੂਰ ਕਰਨਾ ਭਾਰੀ ਜੁਲਮ ਹੈ ਅਤੇ ਧਾਰਮਿਕ ਅਜਾਦੀ ਤੇ ਮਨੁੱਖੀ ਅਧਿਕਾਰਾਂ ’ਤੇ ਵੱਡਾ ਹਮਲਾ ਹੈ। ਇਸ ਲਈ ਉਨ੍ਹਾਂ ਵਫ਼ਦ ਨੂੰ ਕਿਹਾ ਕਿ ਜਾਓ, ਔਰੰਗਜ਼ੇਬ ਨੂੰ ਜਾ ਕੇ ਕਹਿ ਦੇਵੋ ਕਿ ਜੇ ਉਹ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲੈਂਦੇ ਹਨ ਤਾਂ ਅਸੀਂ ਸਾਰੇ ਖ਼ੁਦ ਹੀ ਮੁਸਲਮਾਨ ਬਣ ਜਾਵਾਂਗੇ। ਬਾਲ ਗੋਬਿੰਦ ਰਾਏ ਜਿਨ੍ਹਾਂ ਨੇ ਉਸ ਸਮੇਂ ਆਪਣੀ ਉਮਰ ਮਸਾਂ 9 ਕੁ ਸਾਲ ਹੀ ਸੀ; ਨੇ ਪਿਤਾ ਗੁਰੂ ਜੀ ਦੇ ਫੈਸਲੇ ’ਤੇ ਪ੍ਰਸੰਨਤਾ ਜ਼ਾਹਰ ਕੀਤੀ ਤਾਂ ਗੁਰੂ ਜੀ ਵੀ ਆਪਣੇ ਪੁੱਤਰ ਦੀ ਸੂਝ ਬੂਝ ਤੋਂ ਪ੍ਰਭਾਵਤ ਹੋਏ ਅਤੇ ਆਪਣੇ ਪਿੱਛੋਂ ਗੁਰਿਆਈ ਦੀ ਜਿੰਮੇਵਾਰੀ ਸੰਭਾਲਣ ਦੇ ਯੋਗ ਸਮਝਿਆ। ਇਸ ਲਈ ਖ਼ੁਦ ਹੀ ਅਨੰਦਪੁਰ ਤੋਂ ਚੱਲ ਕੇ ਕੀਰਤਪੁਰ, ਫੈਜ਼ਾਬਾਦ, ਸਮਾਣਾ, ਕੈਥਲ, ਲੱਖਣ ਮਾਜਰਾ ਰੋਹਤਕ ਆਦਿ ਥਾਵਾਂ ’ਤੇ ਸਹਿਮੀ ਹੋਈ ਹਿੰਦੂ ਜੰਤਾ ਨੂੰ ‘‘ਭੈ ਕਾਹੂ ਕਉ ਦੇਤ ਨਹਿ; ਨਹਿ, ਭੈ ਮਾਨਤ ਆਨ ॥’’ ਦਾ ਪ੍ਰਚਾਰ ਕਰਦੇ ਹੋਏ ਆਗਰੇ ਪੁੱਜੇ। ਆਪਣੇ ਨਾਲ ਖਾਸ ਪੰਜ ਸੇਵਕ ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਹੀ ਰੱਖੇ। ਆਪ ਜੀ ਦੇ ਪ੍ਰਚਾਰ ਨੇ ਲੋਕਾਂ ਵਿੱਚ ਭਾਰੀ ਜਾਗ੍ਰਤੀ ਲਿਆਂਦੀ। ਲੋਕਾਂ ਵਿੱਚ ਜ਼ੁਲਮ ਵਿਰੁੱਧ ਡਟ ਜਾਣ ਦਾ ਬਲ ਤੇ ਉਤਸ਼ਾਹ ਪੈਦਾ ਹੋ ਗਿਆ। ਇਸ ਗੱਲ ਦੀ ਰੀਪੋਰਟ ਔਰੰਗਜ਼ੇਬ ਪਾਸ ਹਸਨ ਅਬਦਾਲ ਪਹੁੰਚੀ। ਆਗਰੇ ਤੋਂ ਗੁਰੂ ਜੀ ਤਿੰਨ ਸਿੱਖਾਂ (ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ) ਸਮੇਤ ਗ੍ਰਿਫ਼ਤਾਰ ਕਰਕੇ ਦਿੱਲੀ ਲਿਆਂਦੇ ਗਏ ਭਾਵੇਂ ਪਹਿਲਾਂ ਵੀ ਸਹਿਮੀ ਜੰਤਾ ਨੂੰ ਜਾਗਰੂਕ ਕਰਨ ਕਰ ਕੇ ਝੂਠੇ ਦੋਸ਼ਾਂ ਅਧੀਨ ਗੁਰੂ ਜੀ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਤੇ ਬਾਅਦ ਵਿੱਚ ਰਿਹਾਅ ਕੀਤਾ ਗਿਆ ਸੀ ਪਰ ਇਸ ਵਾਰ ਸ਼ਹੀਦੀ ਅਟੱਲ ਜਾਪਦੀ ਸੀ ਇਸ ਲਈ ਗੁਰੂ ਜੀ ਨੇ ਗ੍ਰਿਫਤਾਰੀ ਤੋਂ ਪਹਿਲਾਂ ਹੀ ਭਾਈ ਗੁਰਦਿੱਤਾ ਜੀ ਤੇ ਭਾਈ ਜੈਤਾ ਜੀ ਨੂੰ ਆਪਣੇ ਤੋਂ ਵੱਖ ਪਰ ਦਿੱਲੀ ਸ਼ਹਿਰ ਵਿੱਚ ਹੀ ਰਹਿਣ ਦੇ ਅਦੇਸ਼ ਦੇ ਦਿੱਤੇ ਸਨ ਤਾਂ ਕਿ ਉੱਥੇ ਜੋ ਭਾਣਾ ਵਾਪਰੇ ਉਸ ਦੀ ਖ਼ਬਰ-ਸਾਰ ਗੋਬਿੰਦ ਰਾਏ ਜੀ ਨੂੰ ਪਹੁੰਚਾ ਸਕਣ। ਦਿੱਲੀ ਵਿਖੇ ਮੌਲਾਣਿਆਂ ਦੀ ਕਚਹਿਰੀ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਪਹਿਲੀ ਗੱਲ ਇਹ ਕਹੀ ਗਈ ਕਿ ਉਹ ਇਸਲਾਮ ਕਬੂਲ ਕਰਨ। ਜੇ ਉਹ ਇਹ ਨਹੀਂ ਮੰਨਦੇ ਤਾਂ ਕਰਾਮਾਤ ਵਿਖਾਉਣ, ਨਹੀਂ ਤਾਂ ਸੀਸ ਦੇਣ ਲਈ ਤਿਆਰ ਹੋ ਜਾਣ।

ਗੁਰੂ ਜੀ ਨੇ ਕਿਹਾ: ‘ਧਰਮ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਕਰਾਮਾਤ ਦਿਖਾਉਣਾ ਪ੍ਰਭੂ ਦੇ ਸੇਵਕਾਂ ਨੂੰ ਸ਼ੋਭਦਾ ਨਹੀਂ ਤੇ ਸੀਸ ਦੇਣ ਲਈ ਅਸੀਂ ਤਿਆਰ ਹਾਂ ਕਿਉਂਕਿ ਸੀਸ ਦੇਣ ਲਈ ਹੀ ਤਾਂ ਆਏ ਹਾਂ।’

ਗੁਰੂ ਤੇਗ ਬਹਾਦਰ ਜੀ ਨੂੰ ਡਰਾਉਣ ਦੀ ਖਾਤਰ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਧਰਮ ਛੱਡਣ ਤੋਂ ਨਾਂਹ ਕਰਨ ’ਤੇ ਉਨ੍ਹਾਂ ਦੇ ਸਾਹਮਣੇ ਆਰੇ ਨਾਲ ਚੀਰ ਕੇ ਦੋ ਫਾੜ ਕੀਤਾ ਗਿਆ। ਫਿਰ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ ਤੇ ਫਿਰ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਜਿਉਂਦਾ ਸਾੜ ਕੇ ਸ਼ਹੀਦ ਕੀਤਾ ਗਿਆ, ਉਪ੍ਰੰਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਘਰ ਸੁਦੀ 5, 11 ਮੱਘਰ ਬਿਕ੍ਰਮੀ ਸੰਮਤ 1732 (ਨਾਨਕਸ਼ਾਹੀ ਸੰਮਤ 207); 11 ਨਵੰਬਰ 1675 ਨੂੰ ਚਾਂਦਨੀ ਚੌਂਕ ਵਿੱਚ ਜਲਾਲ-ਉਦ-ਦੀਨ ਸਮਾਣੇ ਵਾਲੇ ਨੇ ਤਲਵਾਰ ਨਾਲ ਗੁਰੂ ਜੀ ਦਾ ਸੀਸ, ਧੜ ਨਾਲੋਂ ਵੱਖ ਕਰ ਕੇ ਸ਼ਹੀਦ ਕਰ ਦਿੱਤਾ। ਇਸ ਸਥਾਨ ’ਤੇ ਅੱਜ ਕੱਲ੍ਹ ਗੁਰਦੁਆਰਾ ਸੀਸ ਗੰਜ ਸੁਸ਼ੋਭਿਤ ਹੈ।

ਭਾਈ ਜੈਤਾ ਜੀ ਨੇ ਭਾਈ ਊਦਾ ਜੀ ਤੇ ਭਾਈ ਲੱਖੀ ਸ਼ਾਹ ਵਣਜਾਰੇ ਨਾਲ ਸਲਾਹ ਮਸ਼ਵਰਾ ਕਰ ਕੇ ਗੁਰੂ ਜੀ ਦੇ ਧੜ ਦਾ ਸਸਕਾਰ ਕਰਨ ਦੀ ਡਿਊਟੀ ਉਨ੍ਹਾਂ ਦੀ ਲਾਈ। ਭਾਈ ਊਦਾ ਜੀ ਨੇ ਆਪਣੇ ਗੱਡੇ ਵਿੱਚ ਗੁਰੂ ਜੀ ਦਾ ਧੜ ਰੱਖਿਆ ਤੇ ਤਿੰਨ ਮੀਲ ਦੂਰ ਪੰਡ ਰਕਾਬ ਗੰਜ ਵਿਖੇ ਲੈ ਪਹੁੰਚੇ ਜਿੱਥੇ ਭਾਈ ਲੱਖੀ ਸ਼ਾਹ ਨੇ ਆਪਣੇ ਘਰ ਨੂੰ ਅੱਗ ਲਾ ਕੇ ਧੜ ਦਾ ਸਸਕਾਰ ਕਰ ਦਿੱਤਾ। ਇਸ ਸਥਾਨ ’ਤੇ ਅੱਜ ਕੱਲ੍ਹ ਗੁਰਦੁਆਰਾ ਰਕਾਬ ਗੰਜ ਸੁਸ਼ੋਭਿਤ ਹੈ। ਉੱਧਰ ਭਾਈ ਜੈਤਾ ਜੀ ਨੇ ਹਫੜਾ ਦਫੜੀ ਵਿੱਚ ਹੀ ਗੁਰੂ ਜੀ ਦਾ ਪਵਿੱਤਰ ਸੀਸ ਚੁੱਕਿਆ ਤੇ ਸਿੱਧਾ ਅਨੰਦਪੁਰ ਸਾਹਿਬ ਪਹੁੰਚ ਗਏ। ਭਾਈ ਊਦਾ ਜੀ ਵੀ ਰਸਤੇ ਵਿੱਚ ਮਿਲ ਗਏ। ਦੋਵੇਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚੇ ਤਾਂ ਉਨ੍ਹਾਂ ਨੂੰ ਗਲ ਨਾਲ ਲਾਇਆ ਤੇ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਸਨਮਾਨਿਆ ਗਿਆ। ਅਨੰਦਪੁਰ ਸਾਹਿਬ ਵਿਖੇ ਜਿੱਥੇ ਗੁਰੂ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਉਸ ਸਥਾਨ ’ਤੇ ਅੱਜਕੱਲ੍ਹ ‘ਗੁਰਦੁਆਰਾ ਸੀਸ ਗੰਜ’ ਸੁਸ਼ੋਭਿਤ ਹੈ।

ਸ਼ਹੀਦੀ ਵਾਲੇ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਿਆਈ ਦੀ ਜਿੰਮੇਵਾਰੀ ਸੌਂਪੀ ਗਈ। ਗੁਰਿਆਈ ਦੀ ਜਿੰਮੇਵਾਰੀ ਸੰਭਾਲਣ ਤੋਂ ਬਾਅਦ ਆਪ ਨੇ ਸਿੱਖ ਸੰਗਤਾਂ ਵਿੱਚ ਜੋਸ਼ ਭਰਨਾ ਅਰੰਭਿਆ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਅਦੁੱਤੀ ਸ਼ਹਾਦਤ ਦੇ ਫਲਸਰੂਪ ਸਿੱਖ ਜਗਤ ’ਚ ਰੋਸ ਤੇ ਰੋਹ ਦੀ ਜਵਾਲਾ ਭੜਕ ਉੱਠੀ। ਇਹ ਜਰੂਰੀ ਹੋ ਗਿਆ ਕਿ ਫੌਜਾਂ ਤਿਆਰ ਕਰਕੇ ਹਕੂਮਤ ਨਾਲ ਟੱਕਰ ਲਈ ਜਾਵੇ। ਸਿੱਖਾਂ ਵਿੱਚ ਸ਼ਸਤਰ ਵਿਦਿਆ ਦੇ ਅਭਿਆਸ ਨੂੰ ਤੇਜ ਕੀਤਾ। 52 ਕਵੀ ਰੱਖ ਕੇ ਬੀਰ ਰਸ ਭਰਪੂਰ ਸਾਹਿਤ ਤਿਆਰ ਕਰਵਾਇਆ ਗਿਆ। ਸੰਨ 1684 ਵਿੱਚ ਵੱਡਾ ਧੌਂਸਾ ਤਿਆਰ ਕਰਵਾਇਆ ਗਿਆ, ਜਿਸ ਦਾ ਨਾਮ ‘ਰਣਜੀਤ ਨਗਾਰਾ’ ਰੱਖਿਆ ਗਿਆ। ਧਰਮ ਦੀ ਰੱਖਿਆ ਲਈ ਤੇ ਜ਼ੁਲਮ ਦੇ ਨਾਸ਼ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਖੜਗ ਤੇ ਖੰਡਾ ਲੈ ਕੇ ਸਿਰਲੱਥ ਸਿੰਘ ਸੂਰਮੇ ਰਣਭੂਮੀ ’ਚ ਆਉਣ ਲੱਗੇ। ਉਹ ਸ਼ਮਸ਼ੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਆ ਗਈ ਜਿਸ ਲਈ ਫੌਲਾਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿਆਰ ਕੀਤਾ ਸੀ। ਸਿੱਖੀ ਦਾ ‘ਸੰਤ’ ਸਰੂਪ ਪੂਰੀ ਤਰ੍ਹਾਂ ‘ਸੰਤ-ਸਿਪਾਹੀ’ ਦੇ ਸਰੂਪ ’ਚ ਰੂਪਾਂਤ੍ਰਿਤ ਹੋ ਗਿਆ। ਖਾਲਸਾ ਪੰਥ ਦੀ ਸਿਰਜਨਾ ਲਈ ਆਧਾਰ-ਭੂਮੀ ਤਿਆਰ ਹੋ ਗਈ ਅਤੇ ਮੁਗ਼ਲ ਸਾਮਰਾਜ ਦੀਆਂ ਜੜ੍ਹਾਂ ਖੋਖਲੀਆਂ ਹੋਣ ਲੱਗੀਆਂ।

ਸੰਨ 1684 ਤੋਂ 1687 ਤੱਕ ਗੁਰੂ ਗੋਬਿੰਦ ਸਿੰਘ ਜੀ ਰਿਆਸਤ ਨਾਹਨ ਵਿੱਚ ਰਹੇ। ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਅਤੇ ਸਿਰੀ ਨਗਰ ਦੇ ਰਾਜੇ ਫਤਹਿ ਸ਼ਾਹ ਦੀ ਸੁਲਾਹ ਕਰਾਈ ਗਈ। ਜਮੁਨਾ ਦੇ ਕੰਢੇ 1685 ਵਿੱਚ ਪਾਉਂਟਾ ਸਾਹਿਬ ਗੁਰਦੁਆਰਾ ਬਣਾਇਆ ਗਿਆ। ਇੱਥੇ ਆਪ ਜੀ ਨੇ ‘ਜਾਪ ਸਾਹਿਬ, ਸਵੱਈਏ ਤੇ ਅਕਾਲ ਉਸਤਤਿ’ ਬਾਣੀਆਂ ਰਚੀਆਂ। ਸੰਗਤਾਂ ਵਿੱਚ ਬੀਰ-ਰਸ ਪੈਦਾ ਕਰਨ ਲਈ ਕਵੀ ਦਰਬਾਰ ਕੀਤੇ ਜਾਣ ਲੱਗੇ। ਇੱਥੋਂ 25 ਮੀਲਾਂ ਦੀ ਵਿੱਥ ’ਤੇ ਪਿੰਡ ਸਢੌਰਾ ਸੀ, ਜਿੱਥੋਂ ਦੇ ਰਹਿਣ ਵਾਲੇ ਪੀਰ ਸੱਯਦ ਬੁੱਧੂ ਸ਼ਾਹ ਗੁਰੂ ਜੀ ਦਾ ਸੇਵਕ ਬਣਿਆ, ਜਿਸ ਨੇ 500 ਪਠਾਣ ਆਪ ਜੀ ਦੀ ਫੌਜ ਵਾਸਤੇ ਅਰਪਨ ਕੀਤੇ। 7 ਜਨਵਰੀ ਸੰਨ 1687 ਈ: ਨੂੰ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸੰਨ 1690 ’ਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ। ਇਹਨਾਂ ਦੀ ਸਿਖਲਾਈ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸਸਤ੍ਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ।

ਭੰਗਾਣੀ ਦਾ ਯੁੱਧ

ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਬਹੁਤਾ ਲੰਬਾ ਨਹੀਂ ਸੀ ਪ੍ਰੰਤੂ ਉਹ ਘਟਨਾਵਾਂ ਨਾਲ ਇੰਨੇ ਭਰਪੂਰ ਸਨ ਕਿ ਸ਼ਾਇਦ ਹੀ ਉਹਨਾਂ ਨੂੰ ਕਿਤੇ ਅਰਾਮ ਮਿਲਿਆ ਹੋਵੇ। ਨੇਕੀ ਨੂੰ ਬਚਾਉਣਾ ਅਤੇ ਬਦੀ ਨੂੰ ਨਸ਼ਟ ਕਰਨਾ ਉਹਨਾਂ ਦੇ ਜੀਵਨ ਦਾ ਮਨੋਰਥ ਸੀ। ਇਸ ਮਨੋਰਥ ਦੀ ਪੂਰਤੀ ਲਈ ਉਹਨਾਂ ਨੂੰ ਇਸ ਗੱਲ ਦੀ ਲੋੜ ਪਈ ਕਿ ਉਹ ਆਪਣੇ ਪੈਰੋਕਾਰਾਂ ਨੂੰ ਸੈਨਿਕ, ਇਖਲਾਕੀ ਅਤੇ ਜਜਬਾਤੀ ਤੌਰ ’ਤੇ ਤਿਆਰ ਕਰਨ। ਇਸ ਕਾਰਵਾਈ ਕਰ ਕੇ ਗੁਰੂ ਸਾਹਿਬ ਦਾ ਉਹਨਾਂ ਸਭਨਾਂ ਲੋਕਾਂ ਨਾਲ ਟਾਕਰਾ ਹੋਇਆ ਜਿਹੜੇ ਉਹਨਾਂ ਦੇ ਦੇਸ ਭਗਤੀ ਦੇ ਕੰਮਾਂ-ਕਾਰਾਂ ਨੂੰ ਪਸੰਦ ਨਹੀਂ ਸਨ ਕਰਦੇ। ਇਸ ਦੇ ਸਿੱਟੇ ਵਜੋਂ ਉਹਨਾਂ ਨੂੰ ਬਹੁਤ ਸਾਰੀਆਂ ਲੜਾਈਆਂ ਨਾਲ ਜੂਝਣਾ ਪਿਆ। ਪਹਿਲੀ ਲੜਾਈ ਪਾਉਂਟਾ ਸਾਹਿਬ ਤੋਂ ਛੇ ਮੀਲ ਉੱਤਰ ਵੱਲ ਭੰਗਾਣੀ ਦੇ ਸਥਾਨ ’ਤੇ ਹੋਈ। ਇਹ ਯੁੱਧ ਰਿਆਸਤ ਕਹਿਲੂਰ ਦੇ ਰਾਜਾ ਭੀਮ ਚੰਦ ਅਤੇ ਉਸ ਦੇ ਸਾਥੀਆਂ ਨਾਲ ਲੜਿਆ ਗਿਆ ਸੀ। ਇਹ ਯੁੱਧ 15 ਅਪ੍ਰੈਲ 1687 ਨੂੰ ਹੋਇਆ। ਇਸ ਤੋਂ ਪਹਿਲਾਂ ਪਹਾੜੀ ਰਾਜਿਆਂ ਨਾਲ ਛੋਟੀਆਂ ਭੇੜਾਂ ਹੁੰਦੀਆਂ ਰਹਿੰਦੀਆਂ ਸਨ, ਪਰ ਵੱਡੇ ਯੁੱਧਾਂ ’ਚੋਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਇਹ ਪਹਿਲਾ ਵੱਡਾ ਯੁੱਧ ਸੀ।

ਇਨ੍ਹਾਂ ਜੰਗਾਂ ਦਾ ਸਭ ਤੋਂ ਪਹਿਲਾ ਤੇ ਵੱਡਾ ਕਾਰਨ ਇਹ ਸੀ ਕਿ ਸਿੱਖ ਧਰਮ ਦੇ ਮੁੱਖ ਅਸੂਲਾਂ ਵਿੱਚੋਂ ਇੱਕ ਇਹ ਵੀ ਹੈ ਕਿ ਨੀਚ-ਊਚ ਦਾ ਵਿਤਕਰਾ ਸਮਾਜ ਵਿੱਚੋਂ ਖਤਮ ਕਰ ਕੇ ਕੇਵਲ ਸਮਾਨਤਾ ਦੇ ਅਸੂਲ ਨੂੰ ਦ੍ਰਿੜ ਕਰਵਾਉਣਾ ਹੈ। ਪਰ ਇਹ ਅਸੂਲ ਹਿੰਦੂਆਂ ਦੇ ਧਰਮ ਦੇ ਵਿਰੁੱਧ ਜਾਂਦਾ ਸੀ। ਜਦ ਤੋਂ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਉਣ ਤੋਂ ਨਾਂਹ ਕਰ ਕੇ ਜਾਤੀ ਤੇ ਲਿੰਗ ਆਧਾਰਿਤ ਵਿਤਕਰੇ ਨੂੰ ਖਤਮ ਕਰਨ ਦੇ ਪ੍ਰਚਾਰ ਰਾਹੀਂ ਕਰੋੜਾਂ ਮਨੁਖਾਂ ਨੂੰ ਪ੍ਰਭਾਵਤ ਕੀਤਾ, ਤਦ ਤੋਂ ਹੀ ਬ੍ਰਾਹਮਣ ਸ਼੍ਰੇਣੀ ਅਤੇ ਰਾਜਪੂਤ ਹਿੰਦੂ ਰਾਜਿਆਂ ਨੇ ਸਿੱਖ ਸੰਸਥਾ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ। ਇਹ ਟੱਕਰ, ਦਸਵੇਂ ਗੁਰੂ ਦੇ ਸਮੇਂ ਆਪਣੀ ਸਿਖਰਲੀ ਮੰਜ਼ਲ ’ਤੇ ਪਹੁੰਚ ਚੁੱਕੀ ਸੀ। ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਗੁਰਸਿੱਖਾਂ ਨੇ ਇਸ ਜ਼ਿਆਦਤੀ ਦਾ ਮੁਕਾਬਲਾ ਕਰਨਾ ਆਪਣਾ ਧਰਮ ਸਮਝਿਆ ਅਤੇ ਉਹ ਟਾਕਰੇ ਲਈ ਪੂਰੀ ਤਿਆਰੀ ਕਰ ਰਹੇ ਸਨ। ਹਜਾਰਾਂ ਸਿੱਖ, ਘੋੜ-ਸਵਾਰੀ ਅਤੇ ਸ਼ਸਤਰ ਵਿਦਿਆ ਲੈ ਕੇ ਤਿਆਰ ਹੋ ਚੁੱਕੇ ਸਨ। ਗੁਰੂ ਸਾਹਿਬ ਅਤੇ ਸਿੱਖਾਂ ਦਾ ਸ਼ਿਕਾਰ ’ਤੇ ਚੜ੍ਹਨਾ ਅਤੇ ਵੱਡੇ-ਵੱਡੇ ਰਾਜਿਆਂ ਦਾ ਗੁਰੂ ਘਰ ’ਤੇ ਸ਼ਰਧਾ ਰੱਖਣਾ; ਪਹਾੜੀ ਰਾਜਿਆਂ ਨੂੰ ਚੁਭ ਰਿਹਾ ਸੀ।

ਕੋਈ ਡੇਢ ਸਾਲ ਪਿੱਛੋਂ ਨਦੌਣ ਦਾ ਯੁੱਧ ਹੋਇਆ ਜਿਸ ਵਿੱਚ ਹਮਲਾਵਰ ਅਲਫ ਖਾਂ ਦੇ ਵਿਰੁੱਧ ਰਾਜਾ ਭੀਮ ਚੰਦ ਤੇ ਉਸ ਦੇ ਸਾਥੀਆਂ ਨੇ ਗੁਰੂ ਜੀ ਤੋਂ ਸਹਾਇਤਾ ਮੰਗੀ। ਗੁਰੂ ਜੀ ਦੀ ਸਹਾਇਤਾ ਨਾਲ ਰਾਜਾ ਭੀਮ ਚੰਦ ਨੇ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਕਈ ਵਰ੍ਹਿਆ ਤੱਕ ਸ਼ਾਂਤੀ ਬਣੀ ਰਹੀ।

1694 ਈ: ਦੇ ਅੰਤ ਵਿੱਚ ਕਾਂਗੜੇ ਦੇ ਫੌਜਦਾਰ ਦਿਲਾਵਰ ਖਾਂ ਨੇ ਆਪਣੇ ਪੁੱਤਰ ਨੂੰ ਅਨੰਦਪੁਰ ’ਤੇ ਹਮਲਾ ਕਰਨ ਲਈ ਭੇਜਿਆ, ਪਰ ਉਹ ਕੁਝ ਨਾ ਕਰ ਸਕਿਆ। ਜਦੋਂ ਉਸ ਦੇ ਆਉਣ ਬਾਰੇ ਗੁਰੂ ਸਾਹਿਬ ਨੂੰ ਪਤਾ ਲੱਗਾ ਤੇ ਉਸ ਦੇ ਟਾਕਰੇ ਲਈ ਉਹ ਬਾਹਰ ਨਿਕਲੇ ਤਾਂ ਦੁਸਮਣ ਦਿਲ ਛੱਡ ਗਏ ਤੇ ਮੈਦਾਨ ਵਿਚੋਂ ਭੱਜ ਗਏ। ਛੇਤੀ ਹੀ ਬਾਅਦ 1695 ਦੇ ਆਰੰਭ ਵਿੱਚ ਦਿਲਾਵਰ ਖਾਂ ਨੇ ਪਹਿਲੇ ਨਾਲੋਂ ਕਿਤੇ ਵਡੇਰੀ ਮੁਹਿੰਮ ਹੁਸੈਨ ਖਾਂ ਦੀ ਅਗਵਾਈ ਵਿੱਚ ਭੇਜੀ। ਗੁਰੂ ਸਾਹਿਬ ਨੇ ਸਿੰਧੀਆਂ ਅਤੇ ਮੁਗਲਾਂ ਦੇ ਵਿਰੁੱਧ ਲੜਾਈ ਵਿੱਚ ਹਿੱਸਾ ਨਾ ਲਿਆ, ਪਰ ਉਹਨਾਂ ਦੀ ਹਮਦਰਦੀ ਨਿਰਸੰਦੇਹ ਉਹਨਾਂ ਨਾਲ ਸੀ ਜੋ ਹੁਸੈਨ ਖਾਂ ਦੇ ਮੁਕਾਬਲੇ ’ਤੇ ਲੜੇ। ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਦਾ ਜਨਮ 1696 ਈ: ਅਤੇ ਸਾਹਿਬਜ਼ਾਦਾ ਫਤਹਿ ਸਿੰਘ ਜੀ ਦਾ ਜਨਮ 1698 ਈ: ’ਚ ਅਨੰਦਪੁਰ ਸਾਹਿਬ ਵਿਖੇ ਹੋਇਆ।

ਖਾਲਸੇ ਦੀ ਸਥਾਪਨਾ

ਪਹਿਲੀ ਵੈਸਾਖ, ਬਿਕ੍ਰਮੀ ਸੰਮਤ 1756 (ਨਾਨਕਸ਼ਾਹੀ ਸੰਮਤ 231); 29 ਮਾਰਚ 1699 ਵਾਲੀ ਵੈਸਾਖੀ ਨੇ ਤਾਂ ਦੁਨੀਆਂ ਦੇ ਇਤਿਹਾਸ ਵਿਚ ਇਕ ਨਵੇਕਲੀ ਅਸਥਾਨ ਬਣਾ ਲਈ। ਸਾਰੇ ਸੰਸਾਰ ਵਿੱਚ ਕੋਈ ਐਸਾ ਦਿਨ ਨਹੀਂ, ਜਿਸ ਦੀ ਤੁਲਨਾ ਵੈਸਾਖੀ ਨਾਲ ਕੀਤੀ ਜਾ ਸਕੇ। ਗੁਰੂ ਅਮਰਦਾਸ ਜੀ, ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰਿਰਾਏ ਜੀ ਵਲੋਂ ਮਨਾਈ ਗਈ ਵੈਸਾਖੀ ਵਾਂਗ ਹੀ ਸ਼ਿਵਾਲਕ ਦੇ ਰਮਣੀਕ ਵਾਤਾਵਰਨ ਵਿੱਚ ਅਨੰਦਪੁਰ ਸਾਹਿਬ ਵਿਖੇ ਬਹੁਤ ਵਡਾ ਇਕੱਠ ਜੁੜਿਆ ਹੋਇਆ ਸੀ। ਸਾਂਝੇ ਲੰਗਰ ਵੀ ਉਸੇ ਤਰ੍ਹਾਂ ਚੱਲ ਰਹੇ ਸਨ, ਸੰਗਤਾਂ ਸੇਵਾ ਅਤੇ ਸਿਮਰਨ ਵਿੱਚ ਜੁੜੀਆਂ ਹੋਈਆਂ ਸਨ। ਸਵੇਰੇ ਕੀਰਤਨ ਉਪਰੰਤ, ਗੁਰੂ ਗੋਬਿੰਦ ਰਾਏ ਨੇ ਲਿਸ਼ਕਦੀ ਕਿਰਪਾਨ ਲਹਿਰਾ ਕੇ, ਗਰਜ਼ਵੀਂ ਆਵਾਜ਼ ਵਿੱਚ ਅਨੋਖੀ ਮੰਗ ਕਰ ਦਿਤੀ: ‘ਮੈਨੂੰ ਇਕ ਸਿਰ ਦੀ ਲੋੜ ਹੈ।’ ਪੰਡਾਲ ਵਿਚ ਜੁੜੇ ਇਕੱਠ ਵਿੱਚ ਸੰਨਾਟਾ ਛਾ ਗਿਆ। ਇਕ, ਦੋ, ਤੀਸਰੀ ਆਵਾਜ਼ ’ਤੇ ਲਾਹੌਰ ਵਾਸੀ ‘ਦਇਆ ਰਾਮ’ (ਖੱਤਰੀ) ਹਾਜ਼ਰ ਹੁੰਦਾ ਹੈ। ਗੁਰੂ ਗੋਬਿੰਦ ਰਾਏ ਉਸ ਨੂੰ ਤੰਬੂ ਵਿੱਚ ਲੈ ਜਾਂਦੇ ਹਨ। ਕੁੱਝ ਦੇਰ ਬਾਅਦ ਤੰਬੂ ਤੋਂ ਬਾਹਰ ਆ ਕੇ ਗੁਰੂ ਗੋਬਿੰਦ ਰਾਏ ਇੱਕ ਸਿਰ ਦੀ ਹੋਰ ਮੰਗ ਕਰਦੇ ਹਨ। ਤਲਵਾਰ ਦੀ ਧਾਰ ’ਚੋਂ ਟਪਕਦਾ ਲਹੂ ਦੇਖ ਕੇ ਪੰਡਾਲ ਵਿਚ ਬੈਠੇ ਸੇਵਕ ਤੰਬੂ ਅੰਦਰ ਵਾਪਰੀ ਘਟਨਾ ਦਾ ਅੰਦਾਜ਼ਾ ਲਾਉਂਦੇ ਹਨ। ਇਕ ਸੋਚ ਜਨਮ ਲੈਂਦੀ ਹੈ। ਹੈਂ ! ਇਹ ਕੀ ? ਗੁਰੂ ਨੂੰ ਕੀ ਹੋ ਗਿਆ ? ਆਪਣੇ ਹੀ ਸਿੱਖਾਂ ਦਾ ਕਤਲ ਕਰਨ ਲੱਗ ਪਿਆ। ਦੂਜੀ ਆਵਾਜ਼ ’ਤੇ ਹਸਤਿਨਾਪੁਰ ਦਾ ‘ਧਰਮ ਦਾਸ’ (ਜੱਟ) ਵੀ ਗੁਰੂ ਗੋਬਿੰਦ ਰਾਏ ਨਾਲ ਤੰਬੂ ਵਿੱਚ ਜਾਂਦਾ ਹੈ, ਫੇਰ ਉਸੇ ਤਰ੍ਹਾਂ ਗਰਜ਼ਵੀਂ ਆਵਾਜ਼, ਲਹੂ ਭਿਜੀ ਤਲਵਾਰ, ਇੱਕ ਸਿਰ ਦੀ ਹੋਰ ਮੰਗ। ਪੰਡਾਲ ਵਿੱਚ ਵਿਰਲ ਪੈਣ ਲੱਗੀ। ਤੀਸਰੀ ਵਾਰ ਜਗਨ ਨਾਥ (ਗੁਜਰਾਤ) ਦੇ ਰਹਿਣ ਵਾਲਾ ‘ਹਿੰਮਤ ਰਾਏ’ (ਝੀਵਰ ਜਾਤੀ ਨਾਲ ਸਬੰਧ ਰੱਖਣ ਵਾਲਾ) ਹਾਜ਼ਰ ਹੁੰਦਾ ਹੈ। ਚੌਥੀ ਵਾਰੀ ‘ਮੋਹਕਮ ਚੰਦ’ (ਛੀਂਬਾ), ਦਵਾਰਕਾ ਨਿਵਾਸੀ ਅਤੇ ਪਜਵੀਂ ਵਾਰੀ ‘ਸਾਹਿਬ ਚੰਦ’, ਬਿਦਰ (ਆਂਧਰਾ) ਨਿਵਾਸੀ ਨੂੰ ਤੰਬੂ ਵਿਚ ਲੈ ਜਾਣ ਉਪਰੰਤ, ਕੁੱਝ ਦੇਰ ਲਈ ਖਾਮੋਸ਼ੀ … ; ਫੇਰ ਪੰਜੇ ਹੀ ਗੁਰੂ ਗੋਬਿੰਦ ਵਰਗਾ ਪਹਿਰਾਵਾ ਪਾਈ, ਗੁਰੂ ਮਹਾਰਾਜ ਦੇ ਪਿੱਛੇ ਪਿੱਛੇ ਤੰਬੂ ਤੋਂ ਬਾਹਰ ਆਉਂਦੇ ਤੱਕ ਕੇ, ਮਨਾਂ ’ਤੇ ਹੈਰਾਨੀ ਹਾਵੀ ਹੋ ਜਾਂਦੀ ਹੈ। ਅੰਮ੍ਰਿਤ ਸੰਚਾਰ ਹੁੰਦਾ ਹੈ, ਪੰਜਾਂ ਦੇ ਨਾਮ ਨਾਲ ‘ਸਿੰਘ’ ਸ਼ਬਦ ਜੁੜਦਾ ਹੈ ਅਤੇ ਅੰਤ ਵਿੱਚ ਗੁਰੂ ਮਹਾਰਾਜ ਖੁਦ ਪੰਜਾਂ ਤੋਂ ਅੰਮ੍ਰਿਤਪਾਨ ਕਰ ਕੇ, ‘ਗੋਬਿੰਦ ਰਾਏ’ ਤੋਂ ‘ਗੋਬਿੰਦ ਸਿੰਘ’ ਬਣ ਜਾਂਦੇ ਹਨ। ਅੰਮ੍ਰਿਤ ਛੱਕਣ ਤੋਂ ਬਾਅਦ ਹਰ ਸਿੱਖ ਨੂੰ ਨਾਮ ਬਾਣੀ ਦਾ ਅਭਿਆਸ ਅਤੇ ਗੁਰਮਤਿ ਅਨੁਸਾਰ ਰਹਿਤ ਦ੍ਰਿੜ੍ਹ ਕਰਵਾਈ ਗਈ ਤੇ ਕੇਸ, ਕੰਘਾ, ਕੜਾ, ਕਿਰਪਾਨ ਅਤੇ ਕਛਹਿਰਾ ਧਾਰਨ ਕਰਨੇ ਲਾਜ਼ਮੀ ਕੀਤੇ ਗਏ। 20 ਹਜ਼ਾਰ ਤੋਂ ਵੱਧ ਲੋਕਾਂ ਨੇ ਵਿਸਾਖੀ ਵਾਲੇ ਦਿਨ ਗੁਰੂ ਜੀ ਪਾਸੋਂ ਅੰਮ੍ਰਿਤ ਛੱਕ ਕੇ ਆਪਣਾ ਪੂਰਨ ਵਿਸ਼ਵਾਸ ਗੁਰੂ ਪ੍ਰਤਿ ਪ੍ਰਗਟ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਸ਼ੁਰੂ ਤੋਂ ਹੀ ਜਾਤ ਪਾਤ ਮੰਨਣ ਵਾਲਿਆਂ ਦੇ ਸਿਧਾਂਤ ਦਾ ਖੰਡਨ ਕਰਦਿਆਂ ਬਚਨ ਕੀਤੇ: ‘‘ਜਾਣਹੁ ਜੋਤਿ, ਨ ਪੂਛਹੁ ਜਾਤੀ; ਆਗੈ ਜਾਤਿ ਨ ਹੇ ॥ (ਮ: ੧/੩੪੯), ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ? ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥’’ (ਮ: ੧/੧੫) । ਬਾਕੀ ਦੇ ਨੌ ਗੁਰੂ ਸਾਹਿਬਾਨ ਨੇ ਇਸੇ ਸਿਧਾਂਤ ਦਾ ਪ੍ਰਚਾਰ ਕੀਤਾ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਾਤ ਪਾਤ ਅਤੇ ਛੂਤ-ਛਾਤ ਦੇ ਵਹਿਮ ਨੂੰ ਤੋੜਨ ਲਈ ਲੰਗਰ ਵਿੱਚ ਸਭਨਾ ਜਾਤੀਆਂ ਨਾਲ ਸਬੰਧ ਰੱਖਣ ਵਾਲਿਆਂ ਲਈ ਗੁਰੂ ਜੀ ਦੇ ਦਰਸ਼ਨ ਅਤੇ ਬਚਨ ਬਿਲਾਸ ਸੁਣਨ/ਕਰਨ ਆਉਣ ਵਾਲਿਆਂ ਲਈ ਸੰਗਤ ਵਿੱਚ ਬੈਠਣ ਤੋਂ ਪਹਿਲਾਂ ਸਾਂਝੀ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਦੀ ਸ਼ਰਤ ਲਗਾ ਕੇ ਜਾਤ ਪਾਤ ਦੇ ਬੰਧਨਾਂ ਨੂੰ ਢਿੱਲਾ ਕਰ ਦਿੱਤਾ ਸੀ। ਗੁਰੂ ਅਰਜੁਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ (ਪੋਥੀ ਸਾਹਿਬ) ਦੀ ਸੰਪਾਦਨਾ ਕਰਨ ਸਮੇਂ ਬ੍ਰਹਮਣੀ ਵਰਨ-ਵੰਡ ਅਨੁਸਾਰ ਕਹੀਆਂ ਜਾਂਦੀਆਂ ਨੀਚ ਜਾਤੀਆਂ ਨਾਲ ਸਬੰਧਤ ਰੱਬੀ ਭਗਤਾਂ ਦੀ ਬਾਣੀ ਦਰਜ ਕਰ ਕੇ ਸਭਨਾਂ ਨੂੰ ਬਰਾਬਰ ਦਾ ਦਰਜਾ ਦੇ ਦਿੱਤਾ ਸੀ। ਇਸ ਲਈ ਜਾਤ ਅਭਿਮਾਨੀ ਲੋਕ ਤਾਂ ਪਹਿਲਾਂ ਹੀ ਗੁਰੂ ਘਰ ਨੂੰ ਆਪਣੇ ਲਈ ਚੁਣੌਤੀ ਵਜੋਂ ਲੈ ਰਹੇ ਸਨ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਸਭਨਾ ਜਾਤੀਆਂ ਵਾਲਿਆਂ ਨੂੰ ਇੱਕੋ ਬਾਟੇ ਵਿੱਚੋਂ ਮੂੰਹ ਲਾ ਕੇ ਅੰਮ੍ਰਿਤ ਛੱਕਾ ਕੇ ਜਾਤੀ ਸਿਸਟਮ ਦਾ ਭੋਗ ਹੀ ਪਾ ਦਿੱਤਾ। ਇਸ ਕਾਰਨ ਜਾਤ ਅਭਿਮਾਨੀਆਂ ਖਾਸ ਕਰ ਕੇ ਹਿੰਦੂ ਪਹਾੜੀ ਰਾਜਿਆਂ ਵਿੱਚ ਗੁਰੂ ਘਰ ਪ੍ਰਤੀ ਗੁੱਸਾ ਨਫ਼ਰਤ ਵਿੱਚ ਬਦਲਨਾ ਸ਼ੁਰੂ ਹੋ ਗਿਆ। ਭੰਗਾਣੀ ਯੁੱਧ ਦੇ ਕੁਝ ਕਾਰਨ ਹੋਰ ਵੀ ਸਨ, ਜਿਨ੍ਹਾਂ ਰਾਹੀਂ ਗੁਰੂ ਸਾਹਿਬ ਜੀ ਨੂੰ ਸੂਚਤ ਕੀਤਾ ਗਿਆ ਸੀ ਕਿ ਪਹਾੜੀ ਰਾਜੇ ਗੁਰੂ ਘਰ ’ਤੇ ਹਮਲਾ ਕਰ ਸਕਦੇ ਹਨ ਕਿਉਂਕਿ ਭੀਮ ਚੰਦ ਦੀ ਬਦਨੀਤੀ ਨੇ ਵਿਆਹ ਲਈ ਉਧਾਰ ਲਏ ਤੋਹਫੇ ਵਾਪਸ ਨਾ ਕੀਤੇ ਜਾਣ ਅਤੇ ਪ੍ਰਸਾਦੀ ਹਾਥੀ ਦੀ ਮੰਗ ਪੂਰੀ ਨਾ ਹੁੰਦੀ ਵੇਖ ਵਿਆਹ ਦੀ ਖ਼ੁਸ਼ੀ ’ਚ ਪਾਗਲ ਹੋਏ ਰਾਜੇ ਗੁਰੂ ਘਰ ਉੱਤੇ ਹਮਲਾ ਕਰਕੇ ਗੁਰੂ ਸਾਹਿਬ ਨੂੰ ਖਤਮ ਕਰ ਦੇਣਾ ਚਾਹੁੰਦੇ ਸਨ, ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਭੀਮ ਚੰਦ ਦੇ ਲੜਕੇ ਦੀ ਬਰਾਤ ਪਾਉਂਟਾ ਸਾਹਿਬ ਵਿੱਚੋਂ ਨਿਕਲਣ ਤੋਂ ਨਾਂਹ ਕਰ ਦਿੱਤੀ ਸੀ। ਇਹੋ ਕਾਰਨ ਹੈ ਕਿ 1699 ਤੋਂ ਬਾਅਦ ਲੜਾਈਆਂ ਦਾ ਇੱਕ ਨਵਾਂ ਦੌਰ ਚੱਲ ਪਿਆ। ਜਿਹਨਾਂ ਵਿਚੋਂ ਬਹੁਤੀਆਂ ਦਾ ਨਿਸ਼ਾਨਾ ਅੰਨਦਪੁਰ ਸੀ।

ਹਿੰਦੂ ਪਹਾੜੀ ਰਾਜਿਆਂ ਅਤੇ ਔਰੰਗਜ਼ੇਬ ਦੀਆਂ ਫੌਜਾਂ ਵੱਲੋਂ ਅਨੰਦਪੁਰ ਨੂੰ ਘੇਰਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਦੇਸ਼, ਕੌਮ, ਹੱਕ-ਸੱਚ ਅਤੇ ਧਰਮ ਦੀ ਖ਼ਾਤਰ ਕਈ ਜੰਗਾਂ ਲੜੀਆਂ। ਉਨ੍ਹਾਂ ਨੇ ਹਰ ਵਾਰ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ ਅਤੇ ਸਦਾ ਚੜ੍ਹਦੀ ਕਲਾ ਅਤੇ ਭਾਣੇ ਵਿੱਚ ਰਹੇ। ਬਿਕ੍ਰਮੀ ਸੰਮਤ 1762 (ਸੰਨ 1705 ਈ:) ਵਿੱਚ ਪਹਾੜੀ ਰਾਜਿਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਰੁਧ ਲੜਾਈ ਵਾਸਤੇ ਮਦਦ ਲਈ ਔਰੰਗਜ਼ੇਬ ਅੱਗੇ ਫ਼ਰਿਆਦ ਕੀਤੀ। ਇਹ ਫ਼ਰਿਆਦ ਸੁਣ ਕੇ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ। ਇਸ ਤਰ੍ਹਾਂ ਲਾਹੌਰ, ਸਰਹੰਦ ਅਤੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਦੀ 10 ਲੱਖ ਫੌਜ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਖ਼ਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਪਰ ਲੰਮੇ ਸਮੇਂ ਤੱਕ ਨਿੱਤ ਦੀ ਲੜਾਈ ਵਿੱਚ ਹੋ ਰਹੀਆਂ ਸ਼ਹੀਦੀਆਂ ਕਾਰਨ ਖ਼ਾਲਸਾ ਫੌਜ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ ਭਾਵੇਂ ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ ਪਰ ਫਿਰ ਵੀ ਸਿੰਘ ਡਟਵਾਂ ਮੁਕਾਬਲਾ ਕਰ ਰਹੇ ਸਨ। ਦੁਸ਼ਮਣ ਵੱਲੋਂ ਖਾਧੀਆਂ ਕਸਮਾਂ ਅਤੇ ਸਿੰਘਾਂ ਦੇ ਸਲਾਹ ਦੇਣ ’ਤੇ 6-7 ਪੋਹ ਬਿਕ੍ਰਮੀ ਸੰਮਤ 1762 ਦੀ ਰਾਤ ਨੂੰ ਕਿਲ੍ਹਾ ਖਾਲੀ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਕਿਲ੍ਹਾ ਖਾਲੀ ਕਰਨ ਦੀ ਦੇਰ ਸੀ ਕਿ ਹਾਲੀ ਗੁਰੂ ਜੀ ਕੀਰਤਪੁਰ ਵੀ ਨਹੀਂ ਸੀ ਪਹੁੰਚੇ ਕਿ ਦੁਸ਼ਮਣ ਫੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿਛੋਂ ਹਮਲਾ ਕਰ ਦਿੱਤਾ। 7 ਪੋਹ ਦੀ ਸਵੇਰ ਸਰਸਾ ਨਦੀ ਦੇ ਕੰਢੇ ਭਿਆਨਕ ਜੰਗ ਹੋਈ ਅਤੇ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਪਰਿਵਾਰ ਵੀ ਤਿੰਨ ਹਿਸਿਆਂ ’ਚ ਵੰਡਿਆ ਗਿਆ ਅਤੇ ਸਾਥੀ ਸਿੰਘ ਵੀ ਵਿਛੜ ਗਏ। ਉਸ ਯਾਦ ਵਿੱਚ ਇੱਥੇ ਗੁਰਦੁਆਰਾ ‘ਪਰਵਾਰ ਵਿਛੋੜਾ’ ਕਾਇਮ ਹੈ। ਪਾਤਸਾਹ ਤੋਂ ਵਿਛੜ ਕੇ ਮਾਤਾ ਸੁੰਦਰੀ ਜੀ (ਜੀਤੋ ਜੀ) ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਆ ਗਏ। ਮਾਤਾ ਗੂਜਰੀ ਜੀ ਦੋ ਛੋਟੇ ਸਾਹਿਬਜ਼ਾਦਿਆਂ ਨਾਲ, ਸਰਸਾ ਦੇ ਕੰਡੇ ਚਲਦੇ-ਚਲਦੇ ਮੋਰਿੰਡੇ ਪੁੱਜੇ। ਇਹਨਾਂ ਦਾ ਰਸੋਈਆ ਗੰਗੂ ਬ੍ਰਾਹਮਣ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ ਜੋ ਉਥੋਂ ਵੀਹ ਕੁ ਮੀਲ ਦੀ ਵਿੱਥ ’ਤੇ ਪੈਂਦਾ ਸੀ। ਅਨੰਦਪੁਰ ਸਾਹਿਬ ਤੋਂ ਚੱਲਣ ਸਮੇਂ ਗੁਰੂ ਗੋਬਿੰਦ ਸਿੰਘ ਦੇ ਨਾਲ ਡੇਢ ਕੁ ਹਜ਼ਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸਹੀਦ ਹੋ ਗਏ ਅਤੇ ਕੁੱਝ ਨਦੀ ’ਚ ਰੁੜ ਜਾਣ ਕਾਰਨ ਵਿੱਛੜ ਗਏ। ਕੀਮਤੀ ਸਾਹਿਤ ਤੇ ਭਾਰੀ ਮਾਤਰਾ ’ਚ ਹੋਰ ਮਾਲ-ਅਸਬਾਬ ਸਰਸਾ ਨਦੀ ’ਚ ਆਏ ਹੜ੍ਹ ਦੀ ਭੇਟ ਚੜ੍ਹ ਗਿਆ। ਸਰਸਾ ਨਦੀ ਪਾਰ ਕਰਨ ’ਤੇ ਦਸਮੇਸ਼ ਗੁਰੂ ਜੀ, ਚਾਲੀ ਦੇ ਕਰੀਬ ਸਿੰਘ, ਪੰਜ ਪਿਆਰੇ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਪਹੁੰਚ ਗਏ ਅਤੇ ਫੌਜੀ ਰਣਨੀਤੀ ਨੂੰ ਧਿਆਨ ਵਿੱਚ ਰੱਖ ਕੇ ਕੱਚੀ ਗੜ੍ਹੀ ਵਿੱਚ ਮੋਰਚੇ ਸੰਭਾਲ ਲਏ।

——————-ਚਲਦਾ—————–