ਉੱਤਰੀ ਭਾਰਤ ’ਚ ਭਗਤੀ ਲਹਿਰ ਦੇ ਮੋਢੀ: ‘ਭਗਤ ‘ਰਾਮਾਨੰਦ’ ਜੀ’

0
1361

ਉੱਤਰੀ ਭਾਰਤ ’ਚ ਭਗਤੀ ਲਹਿਰ ਦੇ ਮੋਢੀ: ‘ਭਗਤ ‘ਰਾਮਾਨੰਦ’ ਜੀ’

ਕਿਰਪਾਲ ਸਿੰਘ ਬਠਿੰਡਾ- 98554-80797, 73409-79813

ਮੱਧਕਾਲੀਨ ਯੁੱਗ ਵਿੱਚ ਭਾਰਤ ਵਿੱਚ ਚੱਲੀ ਭਗਤੀ ਲਹਿਰ, ਧਾਰਮਿਕ ਜਾਗਰਤੀ ਦੀ ਲਹਿਰ ਸੀ। ਇਸ ਤਹਿਤ ਰਚੀ ਗਈ ਬਾਣੀ ਨੇ ਜਿੱਥੇ ਫੋਕਟ ਧਾਰਮਿਕਕਰਮਕਾਂਡ, ਮੂਰਤੀ ਪੂਜਾ, ਬੁੱਤ ਪੂਜਾ ਆਦਿਕ ਦਾ ਜੋਰਦਾਰ ਖੰਡਨ ਕਰਦਿਆਂ ਕੇਵਲ ਇੱਕ ਅਕਾਲ ਪੁਰਖ ਦੇ ਸਿਮਰਨ ਦਾ ਉਪਦੇਸ਼ ਦਿੱਤਾ, ਉੱਥੇ ਸਮਾਜਿਕ ਨਾ-ਬਰਾਬਰੀ, ਜਾਤ-ਪਾਤ ਅਤੇ ਨਫ਼ਰਤ ਨੂੰ ਖਤਮ ਕਰਕੇ ਸਾਂਝੀਵਾਲਤਾ ਦਾ ਪ੍ਰਚਾਰ ਕੀਤਾ। ਇਸ ਲਹਿਰ ਨੂੰ ਭਗਤੀ ਅੰਦੋਲਨ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ।ਮਨੁੱਖਤਾ ਨੂੰ ਰੂਹਾਨੀ ਰੰਗ ਵਿੱਚ ਰੰਗਣ ਹਿੱਤ ਭਗਤੀ ਲਹਿਰ ਦਾ ਇਕ ਅਹਿਮ ਯੋਗਦਾਨ ਰਿਹਾ ਹੈ। ਇਸ ਲਹਿਰ ਨਾਲ ਜੁੜੇ ਭਗਤਾਂ ਨੇ ਆਪਣੀ ਸੱਚੀ-ਸੁੱਚੀ ਭਗਤੀ ਭਾਵਨਾ ਨਾਲ ਪ੍ਰਭੂ ਨੂੰ ਹਮੇਸ਼ਾਂ ਹੀ ਆਪਣੇ ਹਾਜ਼ਰ-ਨਾਜ਼ਰ ਸਮਝਿਆ ਹੈ। ਭਗਤਾਂ ਦੀ ਇਸ ਸਮਝ ਕਾਰਨ ਉਨ੍ਹਾਂ ਦਾ ਆਪਣਾ ਜੀਵਨ ਬਹੁਤ ਉੱਚਾ-ਸੁੱਚਾ ਅਤੇ ਮਾਨਵ-ਹਿਤਕਾਰੀ ਰਿਹਾ ਹੈ। ਆਪਣੇ ਸੱਚੇ-ਸੁੱਚੇ ਅਤੇ ਪਰਉਪਕਾਰੀ ਜੀਵਨ ਕਾਰਨ ਇਹ ਭਗਤ ਜਨ ਲੋਕਾਈ ਦੇ ਵਿਸ਼ੇਸ਼ ਸਤਿਕਾਰ ਦੇ ਪਾਤਰ ਬਣੇ ਰਹੇ ਹਨ। ਇਨ੍ਹਾਂ ਲੋਕ-ਸਤਿਕਾਰੀ ਪਾਤਰਾਂ ਵਿੱਚ ਉਤਰੀ ਭਾਰਤ ਦੀ ਭਗਤੀ ਲਹਿਰ ਦੇ ਮੋਢੀ ਭਗਤ ‘‘ਰਾਮਾਨੰਦ’’ ਜੀ ਦਾ ਨਾਮ ਵੀ ਜ਼ਿਕਰਯੋਗ ਹੈ।

ਭਾਰਤ ਵਿੱਚ ਹਰ ਲਹਿਰ ਦਾ ਮੁੱਢ ਦੇਸ ਦੇ ਉੱਤਰ ਵਿੱਚ ਬੱਝ੍ਹਾ, ਪਰ ਭਗਤੀ ਲਹਿਰ ਦਾ ਆਰੰਭ ਅੱਠਵੀਂ ਸਦੀ ਈਸਵੀ ਵਿੱਚ ਦੱਖਣੀ ਭਾਰਤ ਵਿੱਚ ਹੋਇਆ। ਇਸ ਲਹਿਰ ਨੂੰ ਦੱਖਣੀ ਭਾਰਤ ਵਿੱਚ ਚਲਾਉਣ ਵਾਲੇ ‘ਰਾਮਾਨੁਜ’ ਜੀ ਤੇ ਉੱਤਰੀ ਭਾਰਤ ਵਿੱਚ ‘ਰਾਮਾਨੰਦ’ ਜੀ ਹੋਏ ਹਨ। ਇਹ ਲਹਿਰ ਮੁੱਖ ਰੂਪ ਵਿੱਚ ਸਮਾਜਿਕ ਗੁਲਾਮੀ ਤੇ ਬ੍ਰਾਹਮਣਵਾਦ ਦੇ ਕੱਟੜ ਫ਼ਲਸਫ਼ੇ ਦੇ ਖਿਲਾਫ ਇੱਕ ਪ੍ਰਤੀਕਰਮ ਵਜੋਂ ਆਰੰਭ ਹੋਈ, ਮੰਨੀ ਜਾਂਦੀ ਹੈ। ਇਨ੍ਹਾਂ ਦੇ ਖਿਆਲ ਆਮ ਤੌਰ ’ਤੇ ਸੂਫੀਮਤ ਤੇ ਗੁਰਮਤਿ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ। ਇਨ੍ਹਾਂ ਭਗਤਾਂ ਨੇ ਵੀ ਨਾਥ-ਜੋਗੀਆਂ ਤੇ ਸੂਫੀਆਂ ਵਾਂਗ ਆਪਣੀ ਰਚਨਾ ਰਾਗਾਂ ਵਿੱਚ ਹੀ ਉਚਾਰਨ ਕੀਤੀ ਹੈ। ਜਿਸ ਉਪਰ ਪੰਜਾਬੀ ਦਾ ਪ੍ਰਭਾਵ ਪ੍ਰਤੱਖ ਹੈ। ਸੂਫੀ ਤੇ ਗੁਰਮਤਿ ਕਾਵਿ-ਧਾਰਾ ਨਾਲ ਵਿਸ਼ੇ, ਸ਼ਬਦਾਵਲੀ ਤੇ ਸ਼ੈਲੀ ਦੀ ਸਾਂਝ ਕਰਕੇ ਹੀ ਇਨ੍ਹਾਂ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਆਦਰਯੋਗ ਥਾਂ ਪ੍ਰਾਪਤ ਹੋਇਆ ਹੈ।

ਭਗਤ ‘ਰਾਮਾਨੰਦ’ ਜੀ (ਜਿਨ੍ਹਾਂ ਨੂੰ ਸਵਾਮੀ ‘ਰਾਮਾਨੰਦ’ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ) ਦਾ ਬਚਪਨ ਦਾ ਨਾਮ ਰਾਮਾਦੱਤ ਸੀ, ਇਨ੍ਹਾਂ ਦਾ ਜਨਮ ਗੌੜਬ੍ਰਾਹਮਣ ਪਰਿਵਾਰ ਵਿੱਚ 15 ਅਗਸਤ 1366 ਈ. (ਸੰਮਤ 1423) ਨੂੰ ਮਹਾਨ ਕੋਸ਼ ਅਨੁਸਾਰ ਪਿਤਾ ਸ੍ਰੀ ਭੂਰਿਕਰਮਾ ਅਤੇ ਮਾਤਾ ਸੁਸੀਲਾ ਦੇਵੀ ਦੇ ਗ੍ਰਹਿ ਵਿਖੇ ਪ੍ਰਯਾਗ ਰਾਜ (ਅਲਾਹਾਬਾਦ), ਉੱਤਰ ਪ੍ਰਦੇਸ਼ ਵਿਚ ਹੋਇਆ। (ਕੁਝ ਕੁ ਲੇਖਕਾਂ ਦੀਆਂ ਲਿਖਤਾਂ ਵਿਚ ਭਗਤ ਜੀ ਦੇ ਪਿਤਾ ਦਾ ਨਾਮ ਸ੍ਰੀ ਸਦਨ ਸਰਮਾ ਅਤੇ ਜਨਮ ਸਥਾਨ ਕਾਂਸੀ ਨੂੰ ਵੀ ਮੰਨਿਆ ਗਿਆ ਹੈ)। ਆਪ ਅਚਾਰੀਆ ‘ਰਾਮਾਨੁਜ’ ਜੀ ਦੁਆਰਾ ਚਲਾਈ ਗਈ ‘ਸ੍ਰੀ ਸੰਪਰਦਾ’ ਦੇ ਇਕ ਉੱਘੇ ਪ੍ਰਚਾਰਕ ਸਵਾਮੀ‘ਰਾਘਵਾਨੰਦ’ ਦੇ ਚੇਲੇ ਸਨ ਤੇ ਇਸ ਸੰਪਰਦਾ ਦੇ 13ਵੇਂ ਮੁਖੀ ਵੀ ਸਨ। ਭਗਤ ਜੀ ਦਾ ਜੀਵਨ-ਕਾਲ ਇਕ ਸਦੀ ਤੋਂ ਵੀ ਵਧੇਰੇ ਮੰਨਿਆ ਜਾਂਦਾ ਹੈ, ਜਿਸ ਦਾ ਬਹੁਤਾ ਹਿੱਸਾ ਉਨ੍ਹਾਂ ਨੇ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿ ਕੇ ਹੀ ਗੁਜਾਰਿਆ। ਭਗਤੀ ਲਹਿਰ ਦੇ ਮੁਹਾਂਦਰੇ ਨੂੰ ਸੰਵਾਰਨ ਅਤੇ ਨਿਖਾਰਨ ਵਿੱਚ ਸਵਾਮੀ‘ਰਾਮਾਨੰਦ’ ਜੀ ਦਾ ਇੱਕ ਮਹੱਤਵਪੂਰਨ ਯੋਗਦਾਨ ਰਿਹਾ ਹੈ। ਭਗਤ ‘ਰਾਮਾਨੰਦ’ ਜੀ ਲੰਮੇ ਸਮੇਂ ਤੱਕ ‘ਸ੍ਰੀ ਸੰਪਰਦਾ’ ਨਾਲ ਜੁੜ ਕੇ ਆਪਣੀਆਂ ਅਧਿਆਤਮਿਕ ਗਤੀਵਿਧੀਆਂ ਨੂੰ ਨੇਪਰੇ ਚਾੜ੍ਹਦੇ ਰਹੇ ਹਨ। ਬਾਅਦ ਵਿੱਚ ਉਨ੍ਹਾਂ ਨੇ ‘ਰਾਮਾਵਤ/ਰਾਮਾਦਤ’ ਸੰਪਰਦਾ ਦੀ ਸਥਾਪਨਾ ਕਰ ਲਈ। ਇਸ ਸੰਪਰਦਾ ਦੇ ਦਾਰਸ਼ਨਿਕ ਸਿਧਾਂਤ ਤਾਂ ਪਹਿਲਾਂ (ਸ੍ਰੀ ਸੰਪਰਦਾ) ਵਾਲੇ ਹੀ ਰਹੇ ਪਰ ਸਾਧਨਾ-ਪੱਧਤੀ ਵਿੱਚ ਕੁਝ ਉਦਾਰਤਾ ਜ਼ਰੂਰ ਕਾਇਮ ਹੋ ਗਈ। ਇਸ ਉਦਾਰਤਾ ਨਾਲ ਭਗਤੀ ਲਹਿਰ ਵਿੱਚ ਇਕ ਨਵੇਕਲ਼ਾ ਰੰਗ ਦਿਖਾਈ ਦੇਣ ਲੱਗ ਪਿਆ। ਇਸ ਰੰਗ ਕਾਰਨ ਮੰਨੂਵਾਦੀਆਂ ਵੱਲੋਂ ਮੰਨੀਆਂ ਗਈਆਂ ਛੋਟੀਆਂ ਜਾਤਾਂ ਦੇ ਲੋਕ ਵੀ ਇਸ ਲਹਿਰ ਨਾਲ ਜੁੜਨ ਲੱਗੇ ਅਤੇ ਉਨ੍ਹਾਂ ਨੂੰ ਵੀ ‘ਅਕਾਲ ਪੁਰਖ’ ਦੀ ਭਗਤੀ ਕਰਨ ਦਾ ਹੱਕ ਹਾਸਲ ਹੋਣ ਲੱਗਾ। ਭਗਤ ‘ਰਾਮਾਨੰਦ’ ਜੀ ਦੇ ਉਚੇਚੇ ਯਤਨਾਂ ਨਾਲ ਰਾਮ-ਨਾਮ ਦੀ ਗੰਗਾ ਝੁੱਗੀਆਂ-ਝੋਪੜੀਆਂ ਦੇ ਵਸਨੀਕਾਂ ਤੱਕ ਵੀ ਪਹੁੰਚ ਗਈ ਅਤੇ ਉਨ੍ਹਾਂ ਦੇ ਆਤਮਿਕ ਜੀਵਨ ਵਿੱਚ ਵੀ ਨਿਖਾਰ ਆਉਣ ਲੱਗ ਪਿਆ। ਉਸ ਵਕਤ ਦੇ ਵਰਣ-ਵੰਡ ਵਾਲੇ ਸਮਾਜ ਵਿੱਚ ਭਗਤ ਜੀ ਦੁਆਰਾ ਕੀਤਾ ਗਿਆ ਬਰਾਬਰਤਾ ਦਾ ਇਹ ਉਪਰਾਲਾ ਕਿਸੇ ਕਰਾਂਤੀਕਾਰੀ ਕਦਮ ਤੋਂ ਘੱਟ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਸ ਸਮਾਜ ਵਿੱਚ ਪੂਜਾ-ਪਾਠ ਦਾ ਅਧਿਕਾਰ ਕੁਝ ਰਾਖਵੀਆਂ ਸ਼੍ਰੇਣੀਆਂ ਦੇ ਹੀ ਹਿੱਸੇ ਆਇਆ ਹੋਇਆ ਸੀ।

ਭਗਤ ‘ਰਾਮਾਨੰਦ’ ਜੀ ਦੀ ਇਸ ਫਰਾਖਦਿਲੀ ਵਾਲੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਕੇ ਵੈਰਾਗੀ ਸੰਪਰਦਾ ਵਾਲੇ ਵੀ ਉਨ੍ਹਾਂ ਨੂੰ ਆਪਣਾ ਅਚਾਰੀਆ ਮੰਨਣ ਲੱਗਪਏ। ਸਮਾਂ ਪਾ ਕੇ ਭਗਤ ‘ਰਾਮਾਨੰਦ’ ਜੀ ਨੇ ਵੈਸਨਵ ਮੱਤ ਨੂੰ ਤਿਆਗ ਦਿੱਤਾ ਅਤੇ ਅਕਾਲ-ਪੁਰਖ ਦੇ ਨਿਰਗੁਣ ਸਰੂਪ ਦੇ ਉਪਾਸ਼ਕ ਬਣ ਗਏ। ਭਗਤ‘ਰਾਮਾਨੰਦ’ ਜੀ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਕਾਂਸੀ ਵਿੱਚ ਰਹੇ ਅਤੇ ਧਰਮ ਦਾ ਬਹੁਤ ਪ੍ਰਚਾਰ ਕੀਤਾ। ਇਨ੍ਹਾਂ ਜਾਤਪਾਤ ਦੇ ਬੰਧਨਾਂ ਨੂੰ ਢਿੱਲਾ ਕਰ ਦਿੱਤਾ। ਜਾਤ-ਪਾਤ, ਊਚ-ਨੀਚ ਤੇ ਸੌੜੇ ਖ਼ਿਆਲਾ ਤੋਂ ਉੱਚਾ ਉੱਠਣ ਅਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੰਦੇ ਹੋਏ ਭਗਤ ‘ਰਾਮਾਨੰਦ’ ਜੀ 12 ਦਸੰਬਰ 1467 (ਸੰਮਤ 1523, ਕੁੱਲ ਉਮਰ ਲਗਭਗ 100 ਸਾਲ) ਵਿੱਚ ਸਵਰਗਵਾਸ ਹੋ ਗਏ। ਭਗਤ ਜੀ ਦੀ ਇਸ ਉਪਾਸ਼ਨਾ ਕਾਰਨ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਦਾ ਬਸੰਤ ਰਾਗ ਵਿਚ ਉਚਾਰਣ ਕੀਤਾ ਹੋਇਆ ਇਕ ਸ਼ਬਦ ‘ਆਦਿ ਗ੍ਰੰਥ’ ਸਾਹਿਬ ਦੇ ਪਾਵਨ ਅੰਕ 1195 ਉੱਪਰ ਦਰਜ ਕੀਤਾ ਹੈ; ਜਿਸ ਵਿੱਚ ਭਗਤ ‘ਰਾਮਾਨੰਦ’ ਜੀ ਲਿਖਦੇ ਹਨ: ਹੁਣ ਮੇਰਾ ਮਨ ਪਿੰਗਲਾ ਹੋ ਗਿਆ ਹੈ ਭਾਵ ਦਰ ਦਰ ’ਤੇ ਭਟਕਣੋਂ ਰਹਿ ਗਿਆ ਹੈ। ਇਸ ਲਈ ਹੁਣ ਇਹ ਡੋਲਦਾ ਨਹੀਂ ਤੇ ਪ੍ਰਭੂ ਚਰਨਾਂ ਵਿੱਚ, ਥਿਰ ਹੋ ਗਿਆ ਹੈ ਜਥਾ:-‘‘ਮੇਰਾ ਚਿਤੁ ਨ ਚਲੈ, ਮਨੁ ਭਇਓ ਪੰਗੁ ॥੧॥ ਰਹਾਉ ॥’’ ਸ਼ਬਦ ਦੇ ਪਹਿਲੇ ਪਦੇ ਵਿੱਚ ਆਪਣੇ ਆਪ ਨੂੰ ਜੀਵਾਤਮਾ (ਇਸਤ੍ਰੀ) ਰੂਪ ’ਚ ਰੱਖ ਕੇ ਆਪ ਲਿਖਦੇ ਹਨ ਕਿ – ਹੇ ਭਾਈ  ! ਇੱਕ ਦਿਨ ਮੇਰੇ ਮਨ ਵਿੱਚ ਭੀ ਤਾਂਘ ਪੈਦਾ ਹੋਈ ਸੀ ਕਿ ਮੈਂ ਵੀ ਪੂਜਾ ਕਰਾਂ; ਇਸ ਲਈ ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ ਤੇ ਪ੍ਰਭੂ ਦੇ ਅਸਥਾਨ (ਮੰਦਰ) ਨੂੰ ਉਸ ਦੀ ਪੂਜਾ ਕਰਨ ਵਾਸਤੇ ਤੁਰ ਪਈ। ਜਿਸ ਪ੍ਰਮਾਤਮਾ ਨੂੰ ਮੈਂ ਮੰਦਰ ਵਿੱਚ ਰਹਿੰਦਾ ਸਮਝਦੀ ਸਾਂ ਉਹ ਪਰਮਾਤਮਾ ਤਾਂ ਗੁਰੂ ਨੇ ਮੇਰੇ ਮਨ ਵਿੱਚ ਹੀ ਵੱਸਦਾ ਵਿਖਾ ਦਿੱਤਾ ਹੈ, ਇਸ ਲਈ ਪੂਜਾ ਆਦਿਕ ਦੇ ਫੋਕਟ ਕਰਮਕਾਂਡ ਕਰਨ ਲਈ, ਹੁਣ ਹੋਰ ਕਿੱਥੇ ਜਾਈਏ ? ਕਿਉਂਕਿ ਹੁਣ ਤਾਂ ਹਿਰਦੇ-ਘਰ ਵਿੱਚ ਹੀ ਰੰਗ ਲੱਗ ਗਿਆ ਹੈ ਭਾਵ ਮੌਜ ਬਣ ਗਈ ਹੈ। ਜਥਾ:-‘‘ਕਤ ਜਾਈਐ  ? ਰੇ  ! ਘਰ ਲਾਗੋ ਰੰਗੁ ॥ ਏਕ ਦਿਵਸ, ਮਨ ਭਈ ਉਮੰਗ ॥ ਘਸਿ ਚੰਦਨ ਚੋਆ, ਬਹੁ ਸੁਗੰਧ ॥ ਪੂਜਨ ਚਾਲੀ, ਬ੍ਰਹਮ ਠਾਇ ॥ ਸੋ ਬ੍ਰਹਮੁ ਬਤਾਇਓ, ਗੁਰ ਮਨ ਹੀ ਮਾਹਿ ॥੧॥

ਸ਼ਬਦ ਦੇ ਦੂਸਰੇ ਪਦੇ ਵਿੱਚ ਆਪ ਲਿਖਦੇ ਹਨ – ਪ੍ਰਭੂ ਦੀ ਭਾਲ ਵਿੱਚ ਮੈਂ ਜਿੱਥੇ ਕਿਤੇ ਵੀ ਜਾਂਦਾ ਹਾਂ ਭਾਵ ਚਾਹੇ ਤੀਰਥਾਂ ਉੱਤੇ ਜਾਈਏ ਚਾਹੇ ਮੰਦਰਾਂ ’ਚ ਜਾਈਏ, ਉੱਥੇ ਪਾਣੀ ਜਾਂ ਪੱਥਰ ਹੀ ਪਏ ਮਿਲਦੇ ਹਨ। ਪਰ ਹੇ ਪ੍ਰਭੂ  ! ਤੂੰ ਤਾਂ ਹਰ ਥਾਂ ਅਤੇ ਸਾਰੀਆਂ ਹੀ ਵਸਤੂਆਂ ਅੰਦਰ ਇਕਸਾਰ ਰਮਿਆ ਹੋਇਆ ਹੈਂ। ਵੇਦ ਪੁਰਾਨ ਆਦਿਕ ਸਾਰੀਆਂ ਹੀ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ, ਉੱਥੇ ਭਾਵ ਤਰੀਥਾਂ ਤੇ ਮੰਦਰਾਂ ਵਿੱਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇੱਥੇ, ਭਾਵ ਮੇਰੇ ਮਨ ਵਿੱਚ ਨਾਹ ਵੱਸਦਾ ਹੋਵੇ: ‘‘ਜਹਾ ਜਾਈਐ, ਤਹ ਜਲ ਪਖਾਨ ॥ ਤੂ ਪੂਰਿ ਰਹਿਓ ਹੈ, ਸਭ ਸਮਾਨ ॥ ਬੇਦ ਪੁਰਾਨ, ਸਭ ਦੇਖੇ ਜੋਇ ॥ ਊਹਾਂ ਤਉ ਜਾਈਐ, ਜਉ ਈਹਾਂ ਨ ਹੋਇ ॥੨॥

ਅਖੀਰਲੇ ਪਦੇ ਵਿੱਚ ਗੁਰ ਪ੍ਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਭਗਤ ਜੀ ਲਿਖਦੇ ਹਨ: ਹੇ ਸਤਿਗੁਰੂ ਜੀਓ ! ਮੈਂ ਤੈਥੋਂ ਸਦਕੇ ਜਾਂਦਾ ਹਾਂ। ਜਿਸ ਨੇ ਮੇਰੇ ਸਾਰੇ ਔਖੇ ਭ੍ਰਮ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਸਮਝਾ ਦਿੱਤਾ ਹੈ ਕਿ ‘ਰਾਮਾਨੰਦ’ ਦਾ ਮਾਲਕ ਸੁਆਮੀ ਪ੍ਰਭੂ ਆਪ ਹੈ, ਜੋ ਹਰ ਥਾਂ ਮੌਜੂਦ ਹੈ ਤੇ ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ: ‘‘ਸਤਿਗੁਰ  ! ਮੈ ਬਲਿਹਾਰੀ ਤੋਰ ॥ ਜਿਨਿ, ਸਕਲ ਬਿਕਲ ਭ੍ਰਮ ਕਾਟੇ ਮੋਰ ॥ ਰਾਮਾਨੰਦ ਸੁਆਮੀ ਰਮਤ ਬ੍ਰਹਮ ॥ ਗੁਰ ਕਾ ਸਬਦੁ, ਕਾਟੈ ਕੋਟਿ ਕਰਮ ॥੩॥੧॥           

ਉਕਤ ਸ਼ਬਦ ਦੀ ਵੀਚਾਰ ਕੀਤਿਆਂ ਪਤਾ ਲਗਦਾ ਹੈ ਕਿ ਬੇਸ਼ੱਕ ਭਗਤ ‘ਰਾਮਾਨੰਦ’ ਜੀ ਜਾਤੀ ਦੇ ਬ੍ਰਾਹਮਣ ਸਨ ਪਰ ਧਰਮ-ਆਗੂ ਬ੍ਰਾਹਮਣਾਂ ਦੇ ਪਾਏ ਹੋਏਭੁਲੇਖਿਆਂ ਦਾ ਇਸ ਸ਼ਬਦ ਵਿੱਚ ਭਰਪੂਰ ਖੰਡਨ ਕਰਦੇ ਹਨ ਤੇ ਆਖਦੇ ਹਨ ਕਿ ਤੀਰਥਾਂ ’ਤੇ ਜਾ ਕੇ ਇਸ਼ਨਾਨ ਕਰਨ ’ਤੇ ਜਾਂ ਮੰਦਰਾਂ ’ਚ ਜਾ ਕੇ ਮੂਰਤੀ-ਪੂਜਾ ਕਰਨ ਨਾਲ ਮਨ ਦੀ ਅਵਸਥਾ ਉੱਚੀ ਨਹੀਂ ਹੋ ਸਕਦੀ। ਜੇ ਪੂਰੇ ਗੁਰੂ ਦੀ ਸ਼ਰਨ ਪਈਏ, ਤਾਂ ਸਾਰੇ ਭੁਲੇਖੇ ਦੂਰ ਹੋ ਜਾਂਦੇ ਹਨ ਤੇ ਪਰਮਾਤਮਾ ਹਰ ਥਾਂ ਵਿਆਪਕ ਅਤੇ ਆਪਣੇ ਅੰਦਰ ਵੱਸਦਾ ਦਿੱਸਦਾ ਹੈ। ਸਤਿਗੁਰੂ ਦਾ ਸ਼ਬਦ ਹੀ ਜਨਮਾਂ-ਜਨਮਾਤਰਾਂ ਦੇ ਕੀਤੇ ਮੰਦੇ ਕਰਮਾਂ ਦਾ ਨਾਸ਼ ਕਰਨ ਦੇ ਸਮਰੱਥ ਹੈ।

ਭਗਤ ‘ਰਾਮਾਨੰਦ’ ਜੀ ਦੇ ਕਈ ਪ੍ਰਸਿੱਧ ਚੇਲੇ ਹੋਏ ਹਨ ਜਿੰਨ੍ਹਾਂ ਨੇ ਆਪਣੇ-ਆਪਣੇ ਸਮੇਂ ਵਿੱਚ ਮਨੁੱਖਤਾ ਨੂੰ ਸੱਚ ਨਾਲ ਜੋੜਿਆ ਅਤੇ ਕੂੜ ਤੋਂ ਮੋੜਿਆ ਹੈ। ਇਨ੍ਹਾਂ ਇੱਕ ਦਰਜਨ ਦੇ ਕਰੀਬ ਚੇਲਿਆਂ ਵਿੱਚ ਭਗਤ ਕਬੀਰ ਜੀ, ਭਗਤ ਰਵੀਦਾਸ ਜੀ ਤੇ ਭਗਤ ਪੀਪਾ ਜੀ ਦੇ ਨਾਂਅ ਵਰਨਣਯੋਗ ਹਨ। ਭਾਈ ਕਾਹਨ ਸਿੰਘ (ਨਾਭਾ) ਰਚਿਤ ਮਹਾਨ ਕੋਸ਼ ਅਨੁਸਾਰ ਭਗਤ ਸੈਣ ਜੀ ਵੀ ਭਗਤ ‘ਰਾਮਾਨੰਦ’ ਦੇ ਚੇਲਿਆਂ ਦੀ ਸੂਚੀ ਵਿੱਚ ਸ਼ਾਮਲ ਹਨ ਪਰ ਉਸ ਸੂਚੀ ਵਿੱਚ ਭਗਤ ‘ਧੰਨਾ’ ਜੀ ਦਾ ਨਾਮ ਸ਼ਾਮਲ ਨਹੀਂ ਹੈ ਜਦਕਿ ਹੋਰ ਕਈ ਲੇਖਕਾਂ ਨੇ ਭਗਤ ‘ਧੰਨਾ’ ਜੀ ਦੇ ਗੁਰੂ ਦਾ ਨਾਮ ਵੀ ਭਗਤ ‘ਰਾਮਾਨੰਦ’ ਜੀ ਲਿਖਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿੱਚਇਨ੍ਹਾਂ ਪੰਜਾਂ ਹੀ ਭਗਤ ਸਾਹਿਬਾਨਾਂ ਦੀ ਬਾਣੀ ਨੂੰ ਸਨਮਾਨਯੋਗ ਸਥਾਨ ਪ੍ਰਾਪਤ ਹੈ। ਭਗਤੀ ਲਹਿਰ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਇਨ੍ਹਾਂ ਮਹਾਂਪੁਰਖਾਂ ਨੇ ਆਪਣਾ ਬੜਾ ਵਡਮੁੱਲਾ ਯੋਗਦਾਨ ਪਾਇਆ ਹੈ। ਭਗਤ ‘ਪੀਪਾ’ ਜੀ ਤਾਂ ਇੱਕ ਰਾਜਾ ਹੋਣ ਦੇ ਬਾਵਜੂਦ ਵੀ ਸਵਾਮੀ ਜੀ ਦੀ ਸ਼ਰਨ ਵਿੱਚ ਆਏ ਅਤੇ ਪਰਮੇਸਰ ਦੀ ਅਰਾਧਨਾ ਵਿੱਚ ਜੁਟ ਗਏ।

ਅਜੋਕੇ ਸਮੇਂ ਵਿੱਚ ਹੈਰਾਨੀ ਅਤੇ ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਭਗਤ ‘ਰਾਮਾਨੰਦ’ ਜੀ ਨੇ ਤਾਂ ਬ੍ਰਾਹਮਣ ਜਾਤੀ ਵਿੱਚ ਪੈਦਾ ਹੋ ਕੇ ਵੀ ਬ੍ਰਾਹਮਣ ਜਾਤੀ ਵੱਲੋਂ ਊਚ ਨੀਚ ਦੀਆਂ ਵੰਡੀਆਂ ਪਾਉਣ ਵਾਲੇ ਜਾਤੀ ਸਿਸਟਮ ਦਾ ਵਿਰੋਧ ਕੀਤਾ ਤੇ ਬਹੁਤ ਸਾਰੀਆਂ ਅਖੌਤੀ ਨੀਚ ਜਾਤਾਂ ’ਚੋਂ ਕਬੀਰ ਜੁਲਾਹਾ, ਰਵਿਦਾਸ ਚਮਾਰ, ਧੰਨਾ ਜੱਟ, ਸੈਣ ਨਾਈ ਆਦਿਕ ਨੂੰ ਆਪਣੇ ਚੇਲੇ ਬਣਾ ਕੇ ਉਨ੍ਹਾਂ ਨੂੰ ਆਪਣੇ ਗਲ ਨਾਲ ਲਾਇਆ। ਇਨ੍ਹਾਂ ਸਾਰੇ ਭਗਤ ਸਾਹਿਬਾਨਾਂ ਨੇ ਵੀ ਬ੍ਰਾਹਮਣ ਵੱਲੋਂ ਸਿਰਜੇ ਵਰਣ-ਵੰਡ ਅਤੇ ਧਰਮ ਦੇ ਨਾਮ ’ਤੇ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਇਸ਼ਨਾਨ ਆਦਿਕ ਫੋਕਟ ਕਰਮਕਾਂਡਾਂ ਦਾ ਜੋਰਦਾਰ ਢੰਗ ਨਾਲ ਖੰਡਨ ਕਰਕੇ ਇੱਕ ‘ਅਕਾਲ ਪੁਰਖ’ ਦੀ ਪੂਜਾ ਤੇ ਸਾਂਝੀਵਾਲਤਾ ਦਾ ਪ੍ਰਚਾਰ ਕੀਤਾ। ਸਿੱਖ ਗੁਰੂ ਸਾਹਿਬਾਨਾਂ ਨੇ ਗੁਰਮਤਿ ਵੀਚਾਰਧਾਰਾ ਨਾਲ ਮੇਲ਼ ਖਾਣ ਵਾਲੇ ਤਮਾਮ ਭਗਤਾਂ, ਭਾਵੇਂ ਵੱਖ ਵੱਖ ਜਾਤਾਂ ਨਾਲ ਸਬੰਧ ਰੱਖਣ ਵਾਲੇ ਹੀ ਸਨ, ਫਿਰ ਵੀ ਇਨ੍ਹਾਂ ਸਾਰੇ ਭਗਤ ਜਨਾਂ ਦੀ ਬਾਣੀ ਨੂੰ ‘ਗੁਰੂ ਗ੍ਰੰਥ ਸਾਹਿਬ’ ਜੀ ਵਿੱਚ ਦਰਜ ਕਰਕੇ ਸਰਬ ਸਾਂਝੀਵਾਲਤਾ ਨੂੰ ਅਮਲੀ ਰੂਪ ਦੇ ਦਿੱਤਾ। ਪਰ ਭਗਤ ‘ਰਾਮਾਨੰਦ’ ਜੀ ਦੇ ਇਨ੍ਹਾਂ ਚੇਲੇ ਭਗਤਾਂ ਦੀ ਜਾਤੀ ਨਾਲ ਸਬੰਧਤ ਵਿਅਕਤੀਆਂ ਨੇ ਆਪਣੇ ਸੌੜੇ ਹਿੱਤਾਂ ਖਾਤਰ ਜਾਂਮੰਨੂਵਾਦੀਆਂ ਦੇ ਢਹੇ ਚੜ੍ਹ ਕੇ ਇਨ੍ਹਾਂ ਭਗਤਾਂ ਦੇ ਵੱਖਰੇ ਵੱਖਰੇ ਮੰਦਰ ਉਸਾਰ ਕੇ ਉਨ੍ਹਾਂ ਵਿੱਚ ਸਾਂਝੀਵਾਲਤਾ ਦੇ ਪ੍ਰਤੀਕ ਅਤੇ ਰੁਹਾਨੀਅਤ ਦੇ ਸੋਮੇ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਪ੍ਰਕਾਸ਼ ਕਰਨ ਦੀ ਵਜਾਏ ਮੂਰਤੀ/ਬੁੱਤ ਪੂਜਾ ਦੇ ਧੁਰ ਵਿਰੋਧੀ, ਇਨ੍ਹਾਂ ਸਤਿਕਾਰਤ ਭਗਤ ਸਾਹਿਬਾਨਾਂ ਦੀਆਂ ਹੀ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਹਨ; ਜੋ ਇਨ੍ਹਾਂ ਭਗਤ ਸਾਹਿਬਾਨਾਂ ਦਾ ਸਤਿਕਾਰ ਨਹੀਂ ਬਲਕਿ ਤ੍ਰਿਸਕਾਰ ਹੈ; ਜਿਸ ਤੋਂ ਬਚਣ ਦੀ ਸਖ਼ਤ ਲੋੜ ਹੈ। ਇਸ ਪ੍ਰੀਵਿਰਤੀ ਦਾ ਦੋਸ਼ ਉਹ ਸਿੱਖਾਂ ’ਤੇ ਲਾਉਂਦੇ ਹਨ ਕਿ ਉਨ੍ਹਾਂ ਨਾਲ ਗੁਰਦੁਆਰਿਆਂ ’ਚ ਤੇ ਸਮਾਜ ਵਿੱਚ ਜਾਤੀ ਅਧਾਰਤ ਵਿਤਕਰਾ ਕੀਤਾ ਜਾਂਦਾ ਹੈ ਤਾਂ ਉਹ ਸਿੱਖ ਧਰਮ ਨਾਲ ਕਿਉਂ ਜੁੜੇ ਰਹਿਣ ? ਇਨ੍ਹਾਂ ਵੀਰਾਂ ਵੱਲੋਂ ਲਾਇਆ ਜਾ ਰਿਹਾ ਇਹ ਦੋਸ਼ ਭਾਵੇਂ ਪੂਰਾ ਸੱਚਾ ਨਹੀਂ ਹੈ ਪਰ ਪੂਰੀ ਤਰ੍ਹਾਂ ਰੱਦ ਵੀ ਨਹੀਂ ਕੀਤਾ ਜਾ ਸਕਦਾ। ਇਸ ਸਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਸਿੱਖਾਂ ਵਿੱਚ ਵੀ ਕੁਝ ਮੰਨੂਵਾਦੀ ਸੋਚ ਵਾਲੇ ਸਿੱਖ ਖਾਸ ਕਰਕੇ ਸਿੱਖ ਡੇਰੇਦਾਰ ਤੇ ਉਨ੍ਹਾਂ ਦੇ ਚੇਲੇ ਸਿੱਖ ਧਰਮ ਵਿੱਚ ਮੁੜ ਜਾਤੀਵਾਦ ਉਭਾਰ ਰਹੇ ਹਨ ਤੇ ਉਹ ਛੋਟੀਆਂ ਜਾਤਾਂ ਵਾਲੇ ਸਿੱਖਾਂ ਨਾਲ ਸਤਿਕਾਰ ਵਾਲਾ ਵਰਤਾਉ ਨਹੀਂ ਕਰਦੇ। ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਅਤੇ ਸਿੱਖੀ ਸਿਧਾਂਤ ਨੂੰ ਪ੍ਰਣਾਈਆਂ ਹੋਰ ਸਿੱਖ ਜਥੇਬੰਦੀਆਂ ਦਾ ਫਰਜ ਬਣਦਾ ਹੈ ਕਿ ਉਹ ਸਿੱਖ ਧਰਮ ਵਿੱਚ ਜਾਤੀਵਾਦ ਅਧਾਰਤ ਵਿਤਕਰਾ ਕਰਨ ਵਾਲੇ ਡੇਰੇਦਾਰਾਂ ਤੇ ਉਨ੍ਹਾਂ ਦੇ ਚੇਲੇ ਸਿੱਖਾਂ ਵਿਰੁੱਧ ਸਖ਼ਤ ਸਟੈਂਡ ਲੈਣ ਤੇ ਜਾਤੀਵਾਦ ਖਤਮ ਕਰਕੇ ਹਰ ਜਾਤੀ ਦੇ ਕੇਵਲ ਸਿੱਖਾਂ ਨੂੰ ਹੀ ਨਹੀਂ ਬਲਕਿ ਭਗਤੀ ਲਹਿਰ ਨਾਲ ਸਬੰਧਿਤ ਸਾਰੇ ਹੀ ਭਗਤ ਸਾਹਿਬਾਨਾਂ ਦੇ ਗੈਰ ਸਿੱਖ ਉਪਾਸ਼ਕਾਂ ਨੂੰ ਵੀ ਸਿੱਖੀ ਕਲਾਵੇ ਵਿੱਚ ਲਿਆਉਣ ਲਈ ਲੰਬੇ ਸਮੇਂ ਦੀਆਂ ਨੀਤੀਆਂ ਘੜ ਕੇ ੳਨ੍ਹਾਂ ਨੂੰ ਲਾਗੂ ਕਰਨ ਦੇ ਉਪਰਾਲੇ ਵਿੱਢਣ ਤਾਂ ਕਿ ਭਗਤੀ ਲਹਿਰ ਦੇ ਸਾਰੇ ਸਤਿਕਾਰਯੋਗ ਭਗਤ ਸਾਹਿਬਾਨ ਤੇ ਸਿੱਖ ਗੁਰੂ ਸਾਹਿਬਾਨਾਂ ਦੀਆਂ ਘਾਲਨਾਵਾਂ ਅਜਾਂਈ ਨਾ ਜਾਣ। ਦੂਸਰੇ ਪਾਸੇ ਇਨ੍ਹਾਂ ਭਗਤ ਸਾਹਿਬਾਨਾਂ ਦੇ ਉਪਾਸ਼ਕਾਂ ਨੂੰ ਵੀ ਚਾਹੀਦਾ ਹੈ ਕਿ ਜੇ ਕਣਕ ਦੀ ਫਸਲ ਵਿੱਚ ਕਾਂ-ਗਿਆਰੀ ਉੱਘ ਪਏ ਤਾਂ ਸਾਰੀ ਹੀ ਫਸਲ ਨਹੀਂ ਉਜਾੜ ਦੇਣੀ ਚਾਹੀਦੀ ਸਗੋਂ ਸਾਰਿਆਂ ਨੂੰ ਮਿਲ ਕੇ ਫਸਲ ਵਿੱਚੋਂ ਕਾਂ-ਗਿਆਰੀ ਪੁੱਟ ਕੇ ਬਾਹਰ ਸੁੱਟ ਦੇਣੀ ਚਾਹੀਦੀ ਹੈ। ਚੇਤੇ ਰੱਖਣਯੋਗ ਹੈ ਕਿ ਸਾਡੇ ਭਗਤ ਸਾਹਿਬਾਨਾਂ ਨੇ ਉਸ ਸਮੇਂ ਬ੍ਰਾਹਮਣਵਾਦ ਨਾਲ ਜੰਗ ਲੜ ਕੇ ਕਾਫੀ ਹੱਦ ਤੱਕ ਸਫਲਤਾ ਹਾਸਲ ਕਰ ਲਈ ਸੀ ਜਦੋਂ ਕੋਈ ਵੀ ਧਾਰਮਿਕ ਤੇ ਰਾਜਨੀਤਕ ਆਗੂ ਉਨ੍ਹਾਂ ਦੀ ਬਾਂਹ ਫੜਨ ਵਾਲਾ ਨਹੀਂ ਸੀ। ਪਰ ਹੁਣ ਤਾਂ ਉਨ੍ਹਾਂ ਨੂੰ ਪੂਰਾ ਸਤਿਕਾਰ ਦੇਣ ਵਾਲੇ ‘ਗੁਰੂ ਗ੍ਰੰਥ ਸਾਹਿਬ’ ਜੀ ਮੌਜੂਦ ਹਨ; ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਵਿਚਾਰਧਾਰਾ ਨੂੰ ਪੂਰਨ ਤੌਰ ’ਤੇ ‘ਗੁਰੂ’ ਮੰਨਣ ਵਾਲੇ ਸਿੱਖ ਵੀ ਆਪਣੇ ਇਨ੍ਹਾਂ ਭਰਾਵਾਂ ਨਾਲ ਮੋਢੇ ਨਾਲ ਮੋਢਾ ਜੋੜਨ ਲਈ ਤਿਆਰ ਹਨ ਤਾਂ ਉਹ ਇਨ੍ਹਾਂ ਮੰਨੂਵਾਦੀ ਸਿੱਖਾਂ ਨਾਲ ਲੜ ਕੇ ਸਫਲਤਾ ਪ੍ਰਾਪਤ ਕਿਉਂ ਨਹੀਂ ਕਰ ਸਕਦੇ ?