ਜੋਤੀ ਜੋਤ (ਗੁਰੂ ਅਮਰ ਦਾਸ) ਗੁਰਗੱਦੀ (ਗੁਰੂ ਰਾਮਦਾਸ ਜੀ) ਦੇ ਗੁਰ ਪੁਰਬ ’ਤੇ ਵਿਸ਼ੇਸ਼

0
1205

ਜੋਤੀ ਜੋਤ (ਗੁਰੂ ਅਮਰ ਦਾਸ) ਗੁਰਗੱਦੀ (ਗੁਰੂ ਰਾਮਦਾਸ ਜੀ) ਦੇ ਗੁਰ ਪੁਰਬ ’ਤੇ ਵਿਸ਼ੇਸ਼

ਗੁਰੂ ਅਮਰ ਦਾਸ ਜੀ ਦੀ ਅੰਤਿਮ ਵਸੀਅਤ; ਸਿੱਖਾਂ ਲਈ ਅਹਿਮ ਮਾਰਗ ਦਰਸ਼ਨ

ਕਿਰਪਾਲ ਸਿੰਘ (ਬਠਿੰਡਾ)- 98554-80797, 73409-79813

ਕਿਸੇ ਗੁਰੂ ਦੇ ਜੀਵਨ ਬਾਰੇ ਉਸ ਦਾ ਅਨੁਯਾਈ (ਪੈਰੋਕਾਰ), ਜੋ ਗੁਰੂ ਗਿਆਨ ਦੇ ਮੁਕਾਬਲੇ ਸੀਮਤ ਬੁੱਧੀ ਦਾ ਮਾਲਕ ਹੁੰਦਾ ਹੈ, ਦੀ ਮੁਕੰਮਲ ਜਾਣਕਾਰੀ ਦੇਣ ਦੀ ਯੋਗਤਾ ਕਦਾਚਿਤ ਨਹੀਂ ਰੱਖ ਸਕਦਾ। ਕਿਉਂਕਿ ਇਹ ਵਿਸ਼ਾ ਸਮੁੰਦਰ ਨੂੰ ਘੜੇ ’ਚ ਬੰਦ ਕਰਨ ਵਾਂਗ ਹੁੰਦਾ ਹੈ। ਗੁਰੂ ਨੇ ਤਮਾਮ ਮਨੁੱਖਤਾ ਦੇ ਕਲਿਆਣ ਬਾਰੇ ਸੋਚਣਾ ਹੁੰਦਾ ਹੈ ਜਦਕਿ ਅਨੁਯਾਈ ਨੇ ਨਿੱਜ ਪ੍ਰਾਪਤੀ ਲਈ ਗੁਰੂ ਅੱਗੇ ਫ਼ਰਿਆਦ ਕਰਨੀ ਹੁੰਦੀ ਹੈ।

ਸੰਸਾਰ ’ਚ ਮਨੁੱਖਤਾ ਸਾਮ੍ਹਣੇ ‘ਗੁਰੂ’ ਵੀ ਉਸ ਤਰ੍ਹਾਂ ਵਧੇ ਜਿਵੇਂ ਹੋਰਾਂ ਜੂਨਾਂ ਦੇ ਮੁਕਾਬਲੇ ਮਨੁੱਖਾ ਜੂਨੀ। ਇਸ ਲਈ ‘ਗੁਰੂ’ ਬਾਰੇ ਸੰਖੇਪ ਸ਼ਬਦਾਂ ’ਚ ਇਹ ਬਿਆਨ ਕਰਨਾ ਕਿ ਅਸਲੀ ਤੇ ਨਕਲੀ ਗੁਰੂ ’ਚ ਕੀ ਫ਼ਰਕ ਹੁੰਦਾ ਹੈ, ਮੁੱਢਲੀ ਸ਼ਰਤ ਹੁੰਦੀ ਹੈ ਤਾਂ ਜੋ ‘ਗੁਰੂ’ ਸ਼ਬਦ ਬਾਰੇ ਬਣਿਆ ਸਤਿਕਾਰ ਕਾਇਮ ਰਹਿ ਸਕੇ, ਨਹੀਂ ਤਾਂ ਅਨੇਕਾਂ ਸ਼ਬਦਾਂ ਨੂੰ ਮਨੁੱਖਾ ਇਤਿਹਾਸ ਨੇ ਆਪਣੀ ਸੁਆਰਥ ਬਿਰਤੀ ਨਾਲ ਕਲੰਕਿਤ ਕਰ ਦਿੱਤਾ ਹੈ; ਜਿਵੇਂ ਕਿ ਸਿੱਖਾਂ ਲਈ ‘ਮਸੰਦ, ਨਿਹੰਗ, ਪੰਡਿਤ’ ਆਦਿ ਸ਼ਬਦ ਸਤਿਕਾਰਮਈ ਨਹੀਂ ਰਹੇ, ਜੋ ਕਦੇ ਆਦਰਸ਼ ਦੇ ਪ੍ਰਤੀਕ ਸਨ।

ਗੁਰੂ ਅਮਰਦਾਸ ਜੀ ਨੇ ਸਰੀਰਕ ਯਾਤ੍ਰਾ 95 ਸਾਲ (5 ਮਈ 1479 ਜਾਂ 10 ਜੇਠ ਸੰਮਤ 1536 ਤੋਂ 1 ਸਤੰਬਰ 1574 ਜਾਂ 2 ਅੱਸੂ ਸੰਮਤ 1631) ਭੋਗੀ, ਇਸ ਦੌਰਾਨ ਲੰਮਾ ਸਮਾਂ ਅਯੋਗ ਅਗਵਾਈ ’ਚ ਹਰ ਸਾਲ ਤੀਰਥ ਯਾਤ੍ਰਾ ਹੁੰਦੀ ਰਹੀ। ਜਦ (ਗੁਰੂ) ਅਮਰਦਾਸ ਜੀ 20ਵੀਂ ਵਾਰ ਹਰਿਦੁਆਰ ਦੀ ਯਾਤ੍ਰਾ ਕਰਕੇ ਵਾਪਸ ਆ ਰਹੇ ਸਨ ਤਦ ਉਨ੍ਹਾਂ ਦੇ ਵਰਤਾਉ (ਸਲੂਕ) ਤੋਂ ਪ੍ਰਭਾਵਤ ਹੋ ਕੇ ਇੱਕ ਬ੍ਰਹਮਚਾਰੀ (ਅਗ੍ਰਹਿਸਥੀ) ਉਨ੍ਹਾਂ ਦਾ ਸਾਥੀ ਬਣ ਗਿਆ। ਗੁਰੂ ਜੀ ਨੇ ਉਨ੍ਹਾਂ ਨੂੰ ਕੁਝ ਦਿਨ ਆਪਣੇ ਘਰ (ਬਾਸਰਕੇ) ਠਹਿਰਨ ਲਈ ਕਿਹਾ, ਜੋ ਉਨ੍ਹਾਂ ਪ੍ਰਵਾਨ ਕਰ ਲਿਆ। ਚੁਬਾਰੇ ’ਚ ਵਿਸਰਾਮ ਕਰ ਰਹੇ ਇਸ ਤਿਆਗੀ ਨੇ ਇੱਕ ਦਿਨ (ਗੁਰੂ) ਅਮਰਦਾਸ ਜੀ ਤੋਂ ਉਨ੍ਹਾਂ ਦੇ ਗੁਰੂ ਦਾ ਨਾਂ ਪੁੱਛ ਲਿਆ ਤੇ (ਗੁਰੂ) ਅਮਰਦਾਸ ਜੀ ਨੇ ਇਨ੍ਹਾਂ ਨੂੰ ਕਿਹਾ ਕਿ ਮੈਂ ਅਜੇ ਕਿਸੇ ਯੋਗ ਗੁਰੂ ਦੀ ਤਲਾਸ਼ ਵਿੱਚ ਹਾਂ। ਬ੍ਰਹਮਚਾਰੀ ਨੂੰ ਇਹ ਬੋਲ ਤੀਰ ਵਾਂਗ ਚੁਭੇ ਕਿਉਂਕਿ ਉਸ ਨੇ ਆਪਣੇ ਜੀਵਨ ’ਚ ਕਿਸੇ ਨਿਗੁਰੇ ਦੇ ਹੱਥੋਂ ਕਦੇ ਭੋਜਨ ਨਹੀਂ ਛਕਿਆ ਸੀ, ਜੋ ਉਸ ਨੇ ਕਈ ਦਿਨ ਇੱਥੇ ਰਹਿ ਕੇ ਛਕ ਲਿਆ।

ਕਈ ਦਿਨ ਕੀਤੀ ਗਈ ਸੇਵਾ ਬਦਲੇ ਸ਼ੁਕਰਾਨਾ ਕਰਨ ਦੀ ਬਜਾਏ ਚੁਬਾਰੇ ’ਚੋਂ ‘ਭਰਿਸ਼ਟ ਹੋ ਗਿਆ, ਭਰਿਸ਼ਟ ਹੋ ਗਿਆ’ ਚੀਕਦਾ ਚਿੱਲਾਉਂਦਾ ਹੇਠਾਂ ਉਤਰ ਆਇਆ ਤੇ ਘਰੋਂ ਨਿਰਾਸ ਹੋ ਕੇ ਚਲਾ ਗਿਆ। ਇਸ ਘਟਨਾ ਨੇ (ਗੁਰੂ) ਅਮਰਦਾਸ ਜੀ ਨੂੰ ਬੜਾ ਨਿਰਾਸ ਕੀਤਾ ਤੇ ਉਹ ਗੁਰੂ ਦੀ ਭਾਲ਼ ਲਈ ਹੋਰ ਉਤਾਬਲੇ ਹੋ ਗਏ।

ਗੁਰੂ ਅੰਗਦ ਸਾਹਿਬ ਜੀ ਦੀ ਸਪੁਤ੍ਰੀ, ਜੋ ਬਾਸਰਕੇ (ਗੁਰੂ) ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ, ਪਾਸੋਂ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਰਚਨਾ ‘‘ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥’’ (ਮ: ੧/੯੯੦) ਭਾਵ ਜੇ ਯੋਗ ਗੁਰੂ ਮਿਲ ਜਾਵੇ ਤਾਂ ਸੜੇ ਹੋਏ ਲੋਹੇ ਵਰਗਾ ਮਨ ਵੀ ਸੋਨਾ ਬਣ ਜਾਂਦਾ ਹੈ।, ਬਚਨ ਸੁਣ ਕੇ (ਗੁਰੂ) ਅਮਰਦਾਸ ਜੀ ਨੇ ਬੀਬੀ ਅਮਰੋ ਜੀ ਤੋਂ ਇਸ ਬਾਣੀ ਦੇ ਰਚੇਤਾ ਬਾਰੇ ਵਿਸਥਾਰ ਨਾਲ ਜਾਣਨਾ ਚਾਹਿਆ ਤਾਂ ਉਨ੍ਹਾਂ ਵੱਲੋਂ ਮਿਲੇ ਜਵਾਬ ਉਪਰੰਤ ਗੁਰੂ ਅੰਗਦ ਸਾਹਿਬ ਜੀ ਪਾਸ ਬੀਬੀ ਜੀ ਨੂੰ ਨਾਲ ਲੈ ਕੇ ਜਾਣ ਦੀ ਇੱਛਾ ਪ੍ਰਗਟ ਕੀਤੀ। ਬੀਬੀ ਜੀ ਜਦ (ਗੁਰੂ) ਅਮਰਦਾਸ ਜੀ ਨੂੰ ਨਾਲ ਲੈ ਕੇ ਗੁਰੂ ਅੰਗਦ ਜੀ ਪਾਸ (ਖਡੂਰ ਸਾਹਿਬ) ਗਈ ਤਾਂ (ਗੁਰੂ) ਅਮਰਦਾਸ ਜੀ ਬਾਹਰ ਰੁਕ ਗਏ ਤੇ ਬੀਬੀ ਨੂੰ ਅੰਦਰ ਜਾਣ ਲਈ ਕਿਹਾ। ਯੋਗ ਗੁਰੂ ਦੀ ਪਹਿਚਾਣ ਹੀ ਕਹੀ ਜਾਵੇਗੀ ਕਿ ਅੰਤਰਯਾਮੀ ਗੁਰੂ ਅੰਗਦ ਸਾਹਿਬ ਜੀ ਨੇ ਬੀਬੀ ਨੂੰ ਕਿਹਾ ਕਿ ਜਿਨ੍ਹਾਂ ਬਜ਼ੁੁਰਗਾਂ ਨੂੰ ਬਾਹਰ ਖੜ੍ਹਾ ਕਰਕੇ ਆਈ ਹੈਂ, ਉਨ੍ਹਾਂ ਅੰਦਰ ਲੈ ਆਓ। ਇਸ ਤਰ੍ਹਾਂ 61 ਸਾਲ ਦੀ ਉਮਰ (ਸੰਨ 1540) ’ਚ ਪਹਿਲੀ ਵਾਰ ਕਿਸੇ ਸੱਚੇ ਗੁਰੂ ਦੇ ਦਰਸ਼ਨ ਹੋਏ।

(ਗੁਰੂ) ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸਮਰਪਤ ਹੋ ਕੇ 12 ਸਾਲ (ਉਮਰ 61 ਤੋਂ 73 ਸਾਲ ਤੱਕ) ਅਣਥੱਕ ਘਾਲਨਾ ਘਾਲੀ, ਸ਼ਾਇਦ (ਗੁਰੂ) ਅਮਰਦਾਸ ਜੀ ਮਨੁੱਖਾ ਜੀਵਨ ’ਚ ਪਿਛਲੀ ਰਹੀ ਅਸਲ ਜੀਵਨ ਜਾਚ ਦੀ ਘਾਟ ਨੂੰ ਪੂਰੀ ਕਰਨਾ ਚਾਹੁੰਦੇ ਸਨ, ਜਿਸ ਉਪਰੰਤ 73 ਸਾਲ ਦੀ ਉਮਰ (ਸੰਨ 1552) ’ਚ (ਗੁਰੂ ਨਾਨਕ ਘਰ ਦੀ ਗੁਰਗੱਦੀ) ਲਾਇਕ ਸਮਝ ਕੇ ਗੁਰੂ ਅੰਗਦ ਸਾਹਿਬ ਜੀ ਨੇ ਉਨ੍ਹਾਂ ਨੂੰ ਗੁਰਿਆਈ ਬਖ਼ਸ਼ਸ਼ ਕਰ ਦਿੱਤੀ।

ਗੁਰੂ ਅਮਰਦਾਸ ਜੀ ਦੀ ਕਿਸੇ ਰਾਹਗੀਰ (ਮੁਸਾਫ਼ਰ) ਪ੍ਰਤਿ ਮਹਿਮਾਨ ਨਿਵਾਜ਼ੀ (ਪ੍ਰਾਹੁਣਾਚਾਰੀ) ਭਾਵਨਾ ਨੇ ਵਿਆਪਕ ਰੂਪ ਲੈਂਦਿਆਂ ‘ਪਹਿਲਾਂ ਪੰਗਤ, ਪਾਛੈ ਸੰਗਤ’ ਨਿਯਮ ਲਾਗੂ ਕਰ ਦਿੱਤਾ। ਇਤਿਹਾਸਕ ਸਚਾਈ ਹੈ ਕਿ ਇਸ ਪੰਗਤੀ ’ਚ ਬੈਠ ਕੇ ਬਾਦਸ਼ਾਹ ਅਕਬਰ ਵਰਗਿਆਂ ਨੇ ਭੋਜਨ ਛਕਿਆ ਤੇ ਗੁਰੂ ਘਰ ਦੀ ਮਰਯਾਦਾ ਦੀ ਤਾਰੀਫ਼ ਕੀਤੀ।

ਔਰਤ ਜਾਤੀ ਉੱਤੇ ਸਤੀ ਪ੍ਰਥਾ ਰਾਹੀਂ ਹੋ ਰਹੇ ਘੋਰ ਅਤਿਆਚਾਰ ਨੂੰ ਬੰਦ ਕਰਵਾਉਣ ਲਈ ਗੁਰੂ ਜੀ ਨੇ ਅਕਬਰ ਬਾਦਸ਼ਾਹ ਤੋਂ ਨਵੇਂ ਨਿਯਮ ਬਣਵਾਏ ਤੇ ਘੁੰਡ ਕੱਢਣ ਦੀ ਰਵਾਇਤੀ ਰੀਤੀ ਨੂੰ ਵੀ ਬੰਦ ਕਰਵਾ ਦਿੱਤਾ।

ਗੁਰੂ ਜੀ ਨੇ ਆਪਣੇ ਪਿਛੋਕੜ ਜੀਵਨ ਵਾਲੇ ਸਤਸੰਗੀਆਂ ਨੂੰ ਮੁੱਖ ਰੱਖਦਿਆਂ, ਜੋ ਅਸਲ ਜੀਵਨ ਜਾਚ ਨੂੰ ਲੱਭਦਿਆਂ ਕੁਰਾਹੇ ਪੈ ਗਏ ਸਨ, ਕੁਰਸ਼ੇਤਰ ਦੇ ਕੁੰਭ ਇਸਨਾਨ ’ਤੇ ਜਾਣ ਦੀ ਇੱਛਾ ਜਤਾਈ ਤਾਂ ਜੋ ਅਜਾਈਂ ਜਾ ਰਹੇ ਮਨੁੱਖਾ ਜੀਵਨ ਨੂੰ ਯੋਗ ਅਗਵਾਈ ਮਿਲ ਸਕੇ। ਇਸ ਯਾਤ੍ਰਾ ਦਾ ਵਰਣਨ ਗੁਰੂ ਰਾਮਦਾਸ ਜੀ ਨੇ ਆਪਣੀ ਬਾਣੀ ’ਚ ਇਉਂ ਕੀਤਾ: ‘‘ਹਰਿ ਆਪਿ ਕਰਤੈ, ਪੁਰਬੁ ਕੀਆ; ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥ ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥’’ (ਮ: ੪/੧੧੧੬) ਭਾਵ ਹਰੀ ਕਰਤਾਰ ਨੇ ਆਪ ਹੀ (ਵਹਿਮ ਭਰਮ ਦਾ ਸ੍ਰੋਤ) ਅਭੀਚ (ਭਾਵ ਨਛੱਤ੍ਰ) ਕੁਲਖੇਤਰ ਤੀਰਥ ਉੱਤੇ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰਵਾ ਕੇ ਪਵਿੱਤਰ ਪੁਰਬ ਬਣਾ ਦਿੱਤਾ।

ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਊਲੀ ਖੁਦਵਾ ਕੇ ਪਾਣੀ ਦੀ ਘਾਟ ਤੇ ਖੜ੍ਹੇ ਪਾਣੀ ਦੀ ਅਪਵਿੱਤਰਤਾ ਵਾਲੇ ਵਹਿਮ ਨੂੰ ਵੀ ਹਮੇਸ਼ਾਂ ਲਈ ਖਤਮ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਜਿੱਥੇ ਅਨੇਕਾਂ ਸਮਾਜਿਕ ਕਾਰਜ ਸੰਪੂਰਨ ਕੀਤੇ ਉੱਥੇ 17 ਰਾਗਾਂ ’ਚ 869 ਸ਼ਬਦ ਰਚ ਕੇ ਆਪਣੀ ਸਫਲ ਜੀਵਨ ਯਾਤ੍ਰਾ ਦਾ ਸਬੂਤ ਰਹਿੰਦੀ ਦੁਨੀਆ ਤੱਕ ਦੇ ਦਿੱਤਾ, ਜਿਨ੍ਹਾਂ ਬਾਰੇ ਭਟ ਕੀਰਤ ਦੀ ਬਚਨ ਕਰਦੇ ਹਨ: ‘‘ਗੁਰੁ ਅਮਰਦਾਸੁ ਜਿਨ੍ਰ ਸੇਵਿਅਉ; ਤਿਨ੍ਰ ਦੁਖੁ ਦਰਿਦ੍ਰੁ ਪਰਹਰਿ ਪਰੈ ॥’’ (ਭਟ ਕੀਰਤ/੧੩੯੫)। ਸੱਤਾ ਬਲਵੰਡ ਜੀ; ਗੁਰੂ ਅਮਰਦਾਸ ਜੀ ਬਾਰੇ ਜ਼ਿਕਰ ਕਰਦਿਆਂ ਵਰਣਨ ਕਰਦੇ ਹਨ ਕਿ ਪਿਤਾ (ਗੁਰੂ ਅੰਗਦ ਸਾਹਿਬ) ਅਤੇ ਦਾਦਾ (ਗੁਰੂ ਨਾਨਕ ਸਾਹਿਬ) ਜੀ ਵਰਗੇ ਪੋਤਰੇ (ਗੁਰੂ ਅਮਰਦਾਸ ਜੀ) ਹਨ ਕਿਉਂਕਿ ਉਨ੍ਹਾਂ ਨੇ ਯੋਗ ਗੁਰੂ ਦੀ ਰਾਹੀਂ ਆਪਣੇ ਅੰਦਰੋਂ ਹੀ 14 ਰਤਨ ਕੱਢ ਲਏ, ਜਿਨ੍ਹਾਂ ਦੀ ਤਲਾਸ਼ ਲਈ 61 ਸਾਲ ਭਟਕਦੇ ਰਹੇ: ‘‘ਸੋ ਟਿਕਾ, ਸੋ ਬੈਹਣਾ; ਸੋਈ ਦੀਬਾਣੁ ॥ ਪਿਯੂ ਦਾਦੇ ਜੇਵਿਹਾ; ਪੋਤਾ ਪਰਵਾਣੁ ॥ ਜਿਨਿ, ਬਾਸਕੁ ਨੇਤ੍ਰੈ ਘਤਿਆ; ਕਰਿ ਨੇਹੀ ਤਾਣੁ ॥ ਜਿਨਿ ਸਮੁੰਦੁ ਵਿਰੋਲਿਆ; ਕਰਿ ਮੇਰੁ ਮਧਾਣੁ ॥ ਚਉਦਹ ਰਤਨ ਨਿਕਾਲਿਅਨੁ; ਕੀਤੋਨੁ ਚਾਨਾਣੁ ॥’’ (ਬਲਵੰਡ ਸਤਾ/੯੬੮) ਗੁਰੂ ਅਮਰਦਾਸ ਜੀ ਦੀ ਸਖ਼ਸ਼ੀਅਤ ਦਾ ਪੂਰਨ ਅਨੁਮਾਨ ਲਗਾਉਣਾ ਅਸੰਭਵ ਹੈ; ਜਿਵੇਂ ਕਿ ਭੱਟ ਕਲਸਹਾਰ ਜੀ ਬਚਨ ਕਰਦੇ ਹਨ: ‘‘ਭਲੇ ਅਮਰਦਾਸ ਗੁਣ ਤੇਰੇ; ਤੇਰੀ ਉਪਮਾ ਤੋਹਿ ਬਨਿ ਆਵੈ ॥’’ (੧੩੯੬)

ਗੁਰੂ ਅਮਰਦਾਸ ਜੀ ਦਾ ਜਨਮ ਪਿੰਡ ਬਾਸਰਕੇ, ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਬਾਬਾ ਤੇਜ ਭਾਨ ਜੀ ਦੇ ਘਰ ਬੇਬੇ ਸੁਲੱਖਣੀ ਜੀ ਦੀ ਕੁੱਖੋਂ 5 ਮਈ 1479 ਨੂੰ ਹੋਇਆ, ਜਿਨ੍ਹਾਂ ਦੀ ਸ਼ਾਦੀ ਬੀਬੀ ਮਨਸਾ ਦੇਵੀ ਜੀ ਨਾਲ ਹੋਈ, ਜਿਨ੍ਹਾਂ ਦੀ ਕੁੱਖੋਂ 2 ਸਪੁੱਤਰ (ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ) ਪੈਦਾ ਹੋਏ ਤੇ 2 ਬੇਟੀਆਂ (ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ) ਨੇ ਜਨਮ ਲਿਆ। ਬੀਬੀ ਭਾਨੀ ਜੀ ਦੁਆਰਾ ਆਪਣੇ ਪਿਤਾ ਜੀ ਦੀ ਕੀਤੀ ਗਈ ਸੇਵਾ ਸਿੱਖ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ’ਚ ਦਰਜ ਹੈ, ਜਿਨ੍ਹਾਂ ਦੀ ਸ਼ਾਦੀ ਬਾਅਦ ’ਚ ਗੁਰੂ ਰਾਮਦਾਸ ਜੀ ਨਾਲ ਹੋਈ।

ਕਿਸੇ ਮਨੁੱਖਾ ਜੀਵਨ ਜੀ ਗੁਰੂ ਲੜ ਲੱਗਣ ਤੋਂ ਬਾਅਦ ਸਫਲ ਸੰਸਾਰਿਕ ਯਾਤ੍ਰਾ ਵੇਖਣ ਦਾ ਪੈਮਾਨਾ ਉਨ੍ਹਾਂ ਦੇ ਜੀਵਨ ਦਾ ਅੰਤਮ ਸਮਾਂ ਹੁੰਦਾ ਹੈ ਭਾਵ ਅੰਤ ਤੱਕ ਕਿਸ ਰੂਹਾਨੀਅਤ ਸ਼ਕਤੀ ਨੂੰ ਸੰਭਾਲੀ ਰੱਖਿਆ, ਬਾਰੇ ਬੋਧ ਹੁੰਦਾ ਹੈ। ਇਸ ਦੀ ਇੱਕ ਮਿਸਾਲ ਬਾਬਾ ਸੁੰਦਰ ਜੀ ਦੁਆਰਾ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਪੰਨਾ ਨੰਬਰ 923 ਉੱਤੇ ਦਰਜ ‘ਸਦ’ ਸਿਰਲੇਖ ਅਧੀਨ ਰਚੀ ਗਈ ਬਾਣੀ ਰਾਹੀਂ ਪ੍ਰਗਟ ਹੁੰਦੀ ਹੈ, ਜੋ ਇਸ ਪ੍ਰਕਾਰ ਹੈ:

‘ਰਾਮਕਲੀ ਸਦੁ’ ਦੀ ਪਹਿਲੀ ਪਉੜੀ ਵਿੱਚ ਬਾਬਾ ਸੁੰਦਰ ਜੀ ਅਨੁਸਾਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਆਪਣੇ ਸਾਰੇ ਪ੍ਰਵਾਰ ਅਤੇ ਸਿੱਖਾਂ ਨੂੰ ਬੁਲਾਇਆ ਅਤੇ ਦੱਸਿਆ ਕਿ ਜੋ ਅਕਾਲ ਪੁਰਖ ਜਗਤ ਵਿਚ (ਜੀਵਾਂ ਨੂੰ) ਦਾਤਾਂ ਬਖ਼ਸ਼ਣ ਵਾਲਾ ਹੈ, ਜੋ ਤਿੰਨਾਂ ਲੋਕਾਂ ਵਿਚ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ, (ਉਸ ਅਕਾਲ ਪੁਰਖ ਵਿਚ, ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦ ਰਾਹੀਂ ਲੀਨ (ਰਿਹਾ) ਹੈ (ਅਤੇ ਉਸ ਤੋਂ ਬਿਨਾ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ। (ਗੁਰੂ ਅਮਰਦਾਸ ਜੀ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਅਕਾਲ ਪੁਰਖ ਤੋਂ ਬਿਨਾਂ) ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦੇ (ਰਹੇ) ਹਨ, ਕੇਵਲ ਇੱਕ ‘ਨਾਮ’ ਨੂੰ ਧਿਆਉਂਦੇ (ਰਹੇ) ਹਨ; ਗੁਰੂ ਨਾਨਕ ਅਤੇ ਗੁਰੂ ਅੰਗਦ ਦੇਵ ਜੀ ਦੀ ਕਿਰਪਾ ਨਾਲ ਉਹ ਉੱਚੇ ਦਰਜੇ ’ਤੇ ਬਿਰਾਜਮਾਨ ਹੋ ਚੁਕੇ ਹਨ। (ਜਿਹੜਾ ਗੁਰੂ ਅਮਰਦਾਸ) ਅਕਾਲ ਪੁਰਖ ਦੇ ਨਾਮ ਵਿਚ ਲੀਨ ਸੀ, (ਧੁਰੋਂ) ਉਸ ਦੇ ਚੱਲਣ ਦਾ ਸੱਦਾ ਆ ਗਿਆ; (ਗੁਰੂ ਅਮਰਦਾਸ ਜੀ ਨੇ) ਜਗਤ ਵਿਚ (ਰਹਿੰਦਿਆਂ) ਅਮਰ, ਅਟੱਲ, ਅਤੋਲ ਠਾਕੁਰ ਨੂੰ ਭਗਤੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ: ‘‘ਜਗਿ ਦਾਤਾ ਸੋਇ ; ਭਗਤਿ ਵਛਲੁ ਤਿਹੁ ਲੋਇ ਜੀਉ॥ ਗੁਰ ਸਬਦਿ ਸਮਾਵਏ ; ਅਵਰੁ ਨ ਜਾਣੈ ਕੋਇ ਜੀਉ॥ ਅਵਰੋ ਨ ਜਾਣਹਿ ਸਬਦਿ ਗੁਰ ਕੈ ; ਏਕੁ ਨਾਮੁ ਧਿਆਵਹੇ॥ ਪਰਸਾਦਿ ਨਾਨਕ ਗੁਰੂ ਅੰਗਦ; ਪਰਮ ਪਦਵੀ ਪਾਵਹੇ॥ ਆਇਆ ਹਕਾਰਾ ਚਲਣਵਾਰਾ; ਹਰਿ ਰਾਮ ਨਾਮਿ ਸਮਾਇਆ॥ ਜਗਿ ਅਮਰੁ, ਅਟਲੁ, ਅਤੋਲੁ ਠਾਕੁਰੁ ; ਭਗਤਿ ਤੇ ਹਰਿ ਪਾਇਆ ॥੧॥’’

ਦੂਸਰੀ ਪਉੜੀ ਵਿੱਚ ਬਾਬਾ ਸੁੰਦਰ ਜੀ ਦੱਸ ਰਹੇ ਹਨ ਕਿ ਅਕਾਲ ਪੁਰਖ ਦੀ ਰਜ਼ਾ ਗੁਰੂ (ਅਮਰਦਾਸ ਜੀ) ਨੂੰ ਪਿਆਰੀ ਲੱਗੀ ਅਤੇ ਉਹ ਅਕਾਲ ਪੁਰਖ ਦੇ ਕੋਲ ਜਾਣ ਨੂੰ ਤਿਆਰ ਹੋ ਪਏ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਇਹ ਬੇਨਤੀ ਕੀਤੀ ਕਿ: ‘(ਹੇ ਹਰੀ!) ਮੇਰੀ ਅਰਦਾਸਿ ਹੈ ਕਿ ਮੇਰੀ ਲਾਜ ਰੱਖ। ਹੇ ਹਰੀ! ਆਪਣੇ ਸੇਵਕਾਂ ਦੀ ਲਾਜ ਰੱਖ ਅਤੇ ਮਾਇਆ ਤੋਂ ਨਿਰਮੋਹ ਕਰਨ ਵਾਲਾ ਆਪਣਾ ਨਾਮ ਬਖ਼ਸ਼, ਜਮਦੂਤਾਂ ਅਤੇ ਕਾਲ ਨੂੰ ਨਾਸ ਕਰਨ ਵਾਲਾ ਨਾਮ ਦੇਹ, ਜੋ ਅਖ਼ੀਰ ਚੱਲਣ ਵੇਲੇ ਸਾਥੀ ਬਣੇ। ਸਤਿਗੁਰੂ ਦੀ ਕੀਤੀ ਹੋਈ ਇਹ ਬੇਨਤੀ, ਇਹ ਅਰਦਾਸ, ਅਕਾਲ ਪੁਰਖ ਪ੍ਰਭੂ ਨੇ ਸੁਣ ਲਈ ਅਤੇ ਮਿਹਰ ਕਰ ਕੇ ਗੁਰੂ ਅਮਰਦਾਸ ਜੀ ਨੂੰ (ਆਪਣੇ ਚਰਨਾਂ ਵਿਚ) ਜੋੜ ਲਿਆ ਅਤੇ ਕਹਿਣ ਲੱਗਾ-ਸ਼ਾਬਾਸ਼ੇ! ਤੂੰ ਧੰਨ ਹੈਂ, ਤੂੰ ਧੰਨ ਹੈਂ’ : ‘‘ਹਰਿ ਭਾਣਾ, ਗੁਰ ਭਾਇਆ; ਗੁਰੁ ਜਾਵੈ, ਹਰਿ ਪ੍ਰਭ ਪਾਸਿ ਜੀਉ॥ ਸਤਿਗੁਰੁ, ਕਰੇ ਹਰਿ ਪਹਿ ਬੇਨਤੀ; ਮੇਰੀ ਪੈਜ ਰਖਹੁ, ਅਰਦਾਸਿ ਜੀਉ॥ ਪੈਜ ਰਾਖਹੁ ਹਰਿ ਜਨਹ ਕੇਰੀ; ਹਰਿ ਦੇਹੁ ਨਾਮੁ ਨਿਰੰਜਨੋ॥ ਅੰਤਿ ਚਲਦਿਆ ਹੋਇ ਬੇਲੀ ; ਜਮਦੂਤ ਕਾਲੁ ਨਿਖੰਜਨੋ॥ ਸਤਿਗੁਰੂ ਕੀ ਬੇਨਤੀ ਪਾਈ; ਹਰਿ ਪ੍ਰਭਿ, ਸੁਣੀ ਅਰਦਾਸਿ ਜੀਉ॥ ਹਰਿ, ਧਾਰਿ ਕਿਰਪਾ, ਸਤਿਗੁਰੁ ਮਿਲਾਇਆ ; ਧਨੁ ਧਨੁ ਕਹੈ ਸਾਬਾਸਿ ਜੀਉ॥੨॥’’

ਬਾਬਾ ਸੁੰਦਰ ਜੀ ਅਨੁਸਾਰ ਤੀਜੀ ਪਉੜੀ ਵਿੱਚ ਗੁਰੂ ਅਮਰਦਾਸ ਜੀ ਕਹਿ ਰਹੇ ਹਨ ਕਿ ‘ਹੇ ਮੇਰੇ ਸਿੱਖੋ! ਹੇ ਮੇਰੇ ਪੁੱਤ੍ਰੋ! ਹੇ ਮੇਰੇ ਭਰਾਵੋ! ਸੁਣੋ- ਮੇਰੇ ਅਕਾਲ ਪੁਰਖ ਨੂੰ (ਇਹ) ਚੰਗਾ ਲੱਗਾ ਹੈ (ਅਤੇ ਮੈਨੂੰ ਉਸ ਨੇ ਹੁਕਮ ਕੀਤਾ ਹੈ:) ਮੇਰੇ ਕੋਲ ਆਓ। ਅਕਾਲ ਪੁਰਖ ਦੀ ਰਜ਼ਾ ਗੁਰੂ ਨੂੰ ਮਿੱਠੀ ਲੱਗੀ ਹੈ, ਮੇਰਾ ਪ੍ਰਭੂ (ਮੈਨੂੰ) ਸ਼ਾਬਾਸ਼ ਦੇ ਰਿਹਾ ਹੈ। ਉਹੀ (ਮਨੁੱਖ) ਭਗਤ ਹੈ ਤੇ ਪੂਰਾ ਗੁਰੂ ਹੈ ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; (ਉਸ ਦੇ ਅੰਦਰ) ਆਨੰਦ ਦੇ ਵਾਜੇ ਇੱਕ-ਰਸ ਵੱਜਦੇ ਹਨ, ਅਕਾਲ ਪੁਰਖ ਉਸ ਨੂੰ ਆਪ ਆਪਣੇ ਗਲ ਲਾਉਂਦਾ ਹੈ। ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਹੁਕਮ (ਕਦੇ) ਟਲ ਨਹੀਂ ਸਕਦਾ; (ਸੋ, ਇਸ ਵਾਸਤੇ, ਹੁਣ) ਗੁਰੂ, ਅਕਾਲ ਪੁਰਖ ਦੇ ਕੋਲ ਜਾ ਰਿਹਾ ਹੈ’ : ‘‘ਮੇਰੇ ਸਿਖ ! ਸੁਣਹੁ, ਪੁਤ ਭਾਈਹੋ ! ਮੇਰੈ ਹਰਿ ਭਾਣਾ, ਆਉ, ਮੈ ਪਾਸਿ ਜੀਉ ॥ ਹਰਿ ਭਾਣਾ, ਗੁਰ ਭਾਇਆ ; ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥ ਭਗਤੁ ਸਤਿਗੁਰੁ ਪੁਰਖੁ ਸੋਈ ; ਜਿਸੁ, ਹਰਿ ਪ੍ਰਭ ਭਾਣਾ, ਭਾਵਏ ॥ ਆਨੰਦ ਅਨਹਦ ਵਜਹਿ ਵਾਜੇ ; ਹਰਿ, ਆਪਿ ਗਲਿ ਮੇਲਾਵਏ ॥ ਤੁਸੀ ਪੁਤ ਭਾਈ ਪਰਵਾਰੁ ਮੇਰਾ ; ਮਨਿ ਵੇਖਹੁ, ਕਰਿ ਨਿਰਜਾਸਿ ਜੀਉ ॥ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ; ਗੁਰੁ ਜਾਇ, ਹਰਿ ਪ੍ਰਭ ਪਾਸਿ ਜੀਉ ॥੩॥’’

ਚੌਥੀ ਪਉੜੀ ਵਿੱਚ ਦੱਸਿਆ ਗਿਆ ਹੈ ਕਿ ‘ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦਾ ਘੱਲਿਆ; (ਤੇ ਆਖਿਆ-) ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ। ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ। ਤੁਸੀਂ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀਂ ਭੀ ਖ਼ੁਸ਼ ਹੋਵੋ)।’ ਇਹ ਉਪਦੇਸ਼ ਦੇ ਕੇ, ਫਿਰ ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ (ਅਤੇ) ਸਾਰੇ ਸਿੱਖਾਂ ਨੂੰ, ਅੰਗਾਂ-ਸਾਕਾਂ ਨੂੰ, ਪੁਤ੍ਰਾਂ ਨੂੰ ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ : ‘‘ਸਤਿਗੁਰਿ, ਭਾਣੈ ਆਪਣੈ ; ਬਹਿ ਪਰਵਾਰੁ ਸਦਾਇਆ ॥ ਮਤ, ਮੈ ਪਿਛੈ, ਕੋਈ ਰੋਵਸੀ ; ਸੋ, ਮੈ ਮੂਲਿ ਨ ਭਾਇਆ ॥ ਮਿਤੁ ਪੈਝੈ, ਮਿਤੁ ਬਿਗਸੈ ; ਜਿਸੁ ਮਿਤ ਕੀ ਪੈਜ ਭਾਵਏ ॥ ਤੁਸੀ ਵੀਚਾਰਿ ਦੇਖਹੁ, ਪੁਤ ਭਾਈ ! ਹਰਿ, ਸਤਿਗੁਰੂ ਪੈਨਾਵਏ ॥ ਸਤਿਗੁਰੂ, ਪਰਤਖਿ ਹੋਦੈ ; ਬਹਿ, ਰਾਜੁ ਆਪਿ ਟਿਕਾਇਆ ॥ ਸਭਿ ਸਿਖ ਬੰਧਪ ਪੁਤ ਭਾਈ ; ਰਾਮਦਾਸ ਪੈਰੀ, ਪਾਇਆ ॥੪॥’’

ਪੰਜਵੀਂ ਪਉੜੀ ਵਿੱਚ ਦੱਸਿਆ ਗਿਆ ਹੈ ਕਿ ‘ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ ਕਿ-(ਹੇ ਭਾਈ!) ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ, ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਭਾਵ ਵਿਦਵਾਨ ਗੁਰਸਿੱਖਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਮੇਰੇ ਲਈ ਇਹੀ ਪੁਰਾਣ ਦੀ ਕਥਾ ਹੋਵੇਗੀ। (ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ। ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ। ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ। ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦੇ) ਤਿਲਕ (ਦੇ ਰੂਪ ਵਿੱਚ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ਭਾਵ ਗੁਰੂ ਨਾਨਕ ਸਾਹਿਬ ਜੀ ਵੱਲੋਂ ਭਗਤਾਂ ਦੀ ਇਕੱਤਰ ਕੀਤੀ ਬਾਣੀ ਸਮੇਤ ਪਹਿਲੀਆਂ ਤਿੰਨ ਪਾਤਸ਼ਾਹੀਆਂ ਦੀ ਉਚਾਰਨ ਕੀਤੀ ਬਾਣੀ ਦੀ ਪੋਥੀ ਗੁਰੂ ਰਾਮ ਦਾਸ ਜੀ ਨੂੰ ਸੌਂਪੀ ਦਿੱਤੀ: ‘‘ਅੰਤੇ, ਸਤਿਗੁਰੁ ਬੋਲਿਆ ; ਮੈ ਪਿਛੈ, ਕੀਰਤਨੁ ਕਰਿਅਹੁ, ਨਿਰਬਾਣੁ ਜੀਉ ॥ ਕੇਸੋ ਗੋਪਾਲ ਪੰਡਿਤ ਸਦਿਅਹੁ ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥ ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ ; ਬੇਬਾਣੁ, ਹਰਿ ਰੰਗੁ, ਗੁਰ ਭਾਵਏ ॥ ਪਿੰਡੁ, ਪਤਲਿ, ਕਿਰਿਆ, ਦੀਵਾ, ਫੁਲ ; ਹਰਿ ਸਰਿ ਪਾਵਏ ॥ ਹਰਿ ਭਾਇਆ ਸਤਿਗੁਰੁ ਬੋਲਿਆ ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਰਾਮਦਾਸ ਸੋਢੀ, ਤਿਲਕੁ ਦੀਆ ; ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥’’

ਛੇਵੀਂ ਅਤੇ ਆਖਰੀ ਪਾਉੜੀ ਵਿੱਚ ਬਾਬਾ ਸੁੰਦਰ ਜੀ ਦੱਸਦੇ ਹਨ ਕਿ ‘ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ। (ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ’ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ। ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ। ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਭੀ ਨਿਵਿਆ ਸੀ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ। ਬਾਬਾ ਸੁੰਦਰ ਜੀ ਆਖਦੇ ਹਨ ਕਿ- ਹੇ ਸੰਤਹੁ ! ਸੁਣੋ, ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ; (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ : ‘‘ਸਤਿਗੁਰੁ ਪੁਰਖੁ, ਜਿ ਬੋਲਿਆ ; ਗੁਰਸਿਖਾ, ਮੰਨਿ ਲਈ ਰਜਾਇ ਜੀਉ ॥ ਮੋਹਰੀ ਪੁਤੁ ਸਨਮੁਖੁ ਹੋਇਆ ; ਰਾਮਦਾਸੈ ਪੈਰੀ ਪਾਇ ਜੀਉ ॥ ਸਭ ਪਵੈ ਪੈਰੀ, ਸਤਿਗੁਰੂ ਕੇਰੀ ; ਜਿਥੈ, ਗੁਰੂ ਆਪੁ ਰਖਿਆ ॥ ਕੋਈ, ਕਰਿ ਬਖੀਲੀ, ਨਿਵੈ ਨਾਹੀ ; ਫਿਰਿ, ਸਤਿਗੁਰੂ ਆਣਿ, ਨਿਵਾਇਆ ॥ ਹਰਿ ਗੁਰਹਿ ਭਾਣਾ, ਦੀਈ ਵਡਿਆਈ ; ਧੁਰਿ ਲਿਖਿਆ ਲੇਖੁ ਰਜਾਇ ਜੀਉ ॥ ਕਹੈ ਸੁੰਦਰੁ, ਸੁਣਹੁ ਸੰਤਹੁ ! ਸਭੁ ਜਗਤੁ, ਪੈਰੀ ਪਾਇ ਜੀਉ ॥੬॥੧॥’’

ਸਦੁ ਬਾਣੀ ਦੀ ਵੀਚਾਰ ਤੋਂ ਇਹ ਗੱਲਾਂ ਪ੍ਰਤੱਖ ਰੂਪ ਵਿੱਚ ਸਾਹਮਣੇ ਆਈਆਂ ਹਨ ਕਿ ਹਰ ਵਿਅਕਤੀ ਦੀ ਮੌਤ ਅਟੱਲ ਹੈ ਸਮਾਂ ਆਉਣ ’ਤੇ ਅਕਾਲ ਪੁਰਖ਼ ਵੱਲੋਂ ਆਇਆ ਸੱਦਾ ਮੋੜਿਆ ਨਹੀਂ ਜਾ ਸਕਦਾ। ਆਪਣੇ ਸਨੇਹੀ ਦੀ ਮੌਤ ਆਉਣ ’ਤੇ ਪਿੱਛੇ ਰਹੇ ਸਕੇ ਸਬੰਧੀਆਂ ਵੱਲੋਂ ਰੋਣਾ ਕੁਰਲਾਣਾ ਰੱਬ ਦੀ ਰਜ਼ਾ ਤੋਂ ਉਲਟ ਹੈ ਜੋ ਗੁਰੂ ਨੂੰ ਚੰਗਾ ਨਹੀਂ ਲੱਗਦਾ। ਮ੍ਰਿਤਕ ਪ੍ਰਾਣੀ ਪਿੱਛੋਂ ਰੋਣ ਅਤੇ ਉਸ ਦੀ ਗਤੀ ਲਈ ਕੀਤੀ ਜਾ ਰਹੀ ਫੋਕਟ ਕਿਰਿਆ ਆਦਿਕ ਤੋਂ ਗੁਰੂ ਅਮਰਦਾਸ ਜੀ ਸਿੱਖਾਂ ਨੂੰ ਸਖਤੀ ਨਾਲ ਰੋਕ ਗਏ ਸਨ। ਪਰ ਦੁੱਖ ਦੀ ਗੱਲ ਇਹ ਹੈ ਕਿ ਬਾਣੀ ਦੇ ਅਰਥ ਭਾਵਾਂ ਅਤੇ ਗੁਰਮਤਿ ਫਲਸਫੇ ਨੂੰ ਬਿਨਾਂ ਸਮਝਿਆਂ ਅਨੇਕਾਂ ਤਰ੍ਹਾਂ ਦੇ ਸੰਪਟ ਪਾਠ ਅਤੇ ਇਕੌਤਰੀਆਂ ਕਰਨ ਵਾਲੇ ਬਹੁ ਗਿਣਤੀ ਸਿੱਖ ਅਜੇ ਤੱਕ ਹਿੰਦੂ ਧਰਮ ਦੇ ਫੋਕਟ ਕਰਮ ਕਾਂਡਾਂ ਵਿੱਚੋਂ ਨਹੀਂ ਨਿਕਲ ਸਕੇ। ਬੇਸ਼ੱਕ ਮ੍ਰਿਤਕ ਪ੍ਰਾਣੀ ਪਿੱਛੋਂ ਪਾਠ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕੀਤਾ ਜਾਂਦਾ ਹੈ ਪਰ ਸਾਰੇ ਕਰਮਕਾਂਡ ਗੁਰੂ ਜੀ ਦੀ ਸਿਖਿਆ ਤੋਂ ਐਨ ਉਲਟ ਉਹੀ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਕਰਨ ਦੀ ਪ੍ਰੇਰਣਾ ਗਰੁੜ ਪੁਰਾਣ ਵਿੱਚੋਂ ਮਿਲਦੀ ਹੈ। ਆਓ, ਜਦੋਂ ਅਸੀਂ ੨ ਅਸੂ (੧੬ ਸਤੰਬਰ) ਨੂੰ ੪ ਗੁਰਪੁਰਬ ਇਕੱਠੇ ਮਨਾ ਰਹੇ ਹਾਂ ਉਸ ਸਮੇਂ ਉਨ੍ਹਾਂ ਦੀ ਬਾਣੀ ਅਤੇ ਸਿੱਖਿਆ ਨੂੰ ਵੀ ਮਨ ਵਿੱਚ ਵਸਾ ਕੇ ਫੋਕਟ ਕਰਮਕਾਂਡਾਂ ਵਿੱਚੋਂ ਨਿਕਲ ਕੇ ਗੁਰਮਤਿ ਨੂੰ ਅਪਣਾਉਣ ਦਾ ਯਤਨ ਕਰੀਏ ਤੇ ਕਰਾਈਏ।

ਦੂਸਰਾ ਇਤਿਹਾਸਕ ਪੱਖ ਇਹ ਸਪਸ਼ਟ ਹੋਇਆ ਕਿ ਗੁਰੂ ਅਮਰ ਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਚੱਲੀ ਆ ਰਹੀ ਰਵਾਇਤ ਅਨੁਸਾਰ ਆਪਣੇ ਜਿਉਂਦੇ ਜੀ ਹੀ ਆਪਣੇ ਹੱਥੀਂ ਗੁਰਿਆਈ ਅਗਲੇ ਗੁਰੂ, ਗੁਰੂ ਰਾਮਦਾਸ ਜੀ ਨੂੰ ਸੌਂਪੀ। ਇਹ ਰਵਾਇਤ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਚਲਦੀ ਰਹੀ। ਇਸ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਅਗਲਾ ਗੁਰੂ ਕੌਣ ਹੋਵੇਗਾ; ਇਸ ਦਾ ਫੈਸਲਾ ਗੁਰੂ ਸਾਹਿਬ ਜੀ ਯੋਗਤਾ ਦੇ ਅਧਾਰ ’ਤੇ ਗੁਰੂ ਜੀ ਖ਼ੁਦ ਕਰਕੇ ਜਾਂਦੇ ਰਹੇ ਹਨ, ਨਾ ਕਿ ਇਸ ਦਾ ਫੈਸਲਾ ਸਿੱਖਾਂ ਨੇ ਵੋਟਾਂ ਪਾ ਕੇ ਕਰਨਾ ਹੁੰਦਾ ਹੈ।

ਲੋਕਤੰਤਰ ’ਚ ਵੋਟਾਂ ਦਾ ਆਪਣਾ ਮਹੱਤਵ ਹੁੰਦਾ ਹੈ ਪਰ ਅਗਰ ਵੋਟ ਸ਼ਕਤੀ, ਜਿਸ ਵਿੱਚ ਜ਼ਿਆਦਾਤਰ ਧਰਮ ਤੋਂ ਸੱਖਣੇ ਲੋਕ ਹੁੰਦੇ ਹਨ; ਨੂੰ ਮੁੱਖ ਰੱਖ ਕੇ ਹੀ ਸਾਰੇ ਧਾਰਮਿਕ ਕਾਰਜ ਕੀਤੇ ਜਾਣ ਤਾਂ ਉਸ ਕੌਮ ਦਾ ਭੂਤਕਾਲ ਭਾਵੇਂ ਕਿੰਨਾ ਵੀ ਵਿਲੱਖਣ ਕਿਉਂ ਨਾ ਹੋਵੇ ਪਰ ਭਵਿੱਖ ਧੁੰਦਲਾ ਜ਼ਰੂਰ ਹੋ ਜਾਵੇਗਾ, ਜਿਸ ਦੀ ਇੱਕ ਮਿਸਾਲ ਗੁਰੂ ਸਾਹਿਬਾਨਾਂ ਦੇ ਇਤਿਹਾਸਿਕ ਦਿਹਾੜਿਆਂ ਨਾਲ ਸੰਬੰਧਿਤ ਤਿਥਾਂ ’ਚ ਕੀਤੀ ਜਾ ਰਹੀ ਵਾਰ ਵਾਰ ਬਦਲੀ ਹੈ। ਨਾਨਕਸ਼ਾਹੀ ਕੈਲੰਡਰ ਰਾਹੀਂ ਇਸ ਮਹੀਨੇ ’ਚ ਆ ਰਹੇ ਗੁਰ ਪੁਰਬਾਂ ਦੀਆਂ ਤਿਥਾਂ ਨੂੰ ਵਿਚਾਰਿਆਂ ਹੀ ਅਸਲੀਅਤ ਸਪਸ਼ਟ ਹੋ ਜਾਂਦੀ ਹੈ, ਜਿਸ ਵਿੱਚ 2 ਅੱਸੂ ਨੂੰ ਆਧਾਰ ਬਣਾਇਆ ਗਿਆ ਹੈ, ਜੋ ਗੁਰ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ ਕਿਉਂਕਿ ਇਸ ਦਿਨ 4 ਵੱਡੀਆਂ ਘਟਨਾਵਾਂ ਵਾਪਰੀਆਂ ਹਨ; ਜਿਵੇਂ ਕਿ

(1). ਗੁਰੂ ਅਮਰਦਾਸ ਜੀ ਨੇ ਭਾਦੋਂ ਸੁਦੀ 15, 2 ਅੱਸੂ ਸੰਮਤ 1631 (1 ਸਤੰਬਰ 1574 ਈ.) ’ਚ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਬਖ਼ਸ਼ੀ।

(2). ਗੁਰੂ ਅਮਰਦਾਸ ਜੀ ਉਸੇ ਦਿਨ ਭਾਵ ਭਾਦੋਂ ਸੁਦੀ 15, 2 ਅੱਸੂ ਸੰਮਤ 1631 (1 ਸਤੰਬਰ 1574 ਈ.) ਨੂੰ ਹੀ ਜੋਤੀ ਜੋਤ ਸਮਾ ਗਏ।

(3). 7 ਸਾਲ ਬਾਅਦ ਗੁਰੂ ਰਾਮਦਾਸ ਜੀ ਨੇ ਭਾਦੋਂ ਸੁਦੀ 3, 2 ਅੱਸੂ ਸੰਮਤ 1638 (1 ਸਤੰਬਰ 1581 ਈ.) ਨੂੰ ਗੁਰੂ ਅਰਜਨ ਸਾਹਿਬ ਜੀ ਨੂੰ ਗੁਰਿਆਈ ਬਖ਼ਸ਼ੀ।

(4). ਉਸੇ ਦਿਨ ਭਾਵ ਭਾਦੋਂ ਸੁਦੀ 3, 2 ਅੱਸੂ ਸੰਮਤ 1638 (1 ਸਤੰਬਰ 1581 ਈ.) ਨੂੰ ਹੀ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾ ਗਏ।

ਇਹ ਤਾਂ ਅਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਭਾਦੋਂ ਸੁਦੀ 3 ਅਤੇ ਭਾਦੋਂ ਸੁਦੀ 15 ਹਰ ਸਾਲ ਅੱਗੇ ਪਿੱਛੇ ਆਉਣ ਦਾ ਕਾਰਨ ਹੈ ਕਿ ਇਹ ਤਿਥਾਂ ਚੰਦ੍ਰਮਾਂ ਦੇ ਹਿਸਾਬ ਆਉਂਦੀਆਂ ਹਨ ਜਿਸ ਦੇ ਸਾਲ ਦੀ ਲੰਬਾਈ 354/55 ਦਿਨ ਹੁੰਦੀ ਹੈ ਅਤੇ 2 ਅੱਸੂ ਸੂਰਜੀ ਸਾਲ ਦੇ ਹਿਸਾਬ ਆਉਂਦੀ ਹੈ ਜਿਸ ਦੀ ਲੰਬਾਈ 365/66 ਦਿਨ ਹੋਣ ਕਰਕੇ (ਚੰਦ੍ਰਮਾ ਤੇ ਸੂਰਜ ਸਾਲਾਂ ’ਚ) ਇੱਕ ਸਾਲ ਵਿੱਚ 11 ਦਿਨਾਂ ਦਾ ਫਰਕ, ਦੋ ਸਾਲਾਂ ਵਿੱਚ 22 ਦਿਨਾਂ ਦਾ ਫਰਕ ਪੈ ਜਾਂਦਾ ਹੈ। ਤੀਜੇ ਸਾਲ 33 ਦਿਨਾਂ ਦਾ ਫਰਕ ਪੈਣਾ ਚਾਹੀਦਾ ਸੀ ਪਰ ਚੰਦ੍ਰਮਾ ਸਾਲ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਵਾਸਤੇ ਤੀਜੇ ਸਾਲ ਵਿੱਚ ਇੱਕ ਮਹੀਨਾ (29 ਜਾਂ 30 ਦਿਨ ਦਾ) ਵਾਧੂ ਜੋੜ ਦਿੱਤਾ ਜਾਂਦਾ ਹੈ ਜਿਸ ਕਾਰਨ ਉਸ ਵਾਧੂ ਮਹੀਨੇ ਪਿੱਛੋਂ ਆਉਣ ਵਾਲੇ ਸਾਰੇ ਗੁਰਪੁਰਬ 22 ਦਿਨ ਪਹਿਲਾਂ ਆਉਣ ਦੀ ਬਜਾਏ 7-8 ਦਿਨ ਪਿੱਛੇ ਚਲੇ ਜਾਂਦੇ ਹਨ। ਇਸ ਤਰ੍ਹਾਂ ਇਹ ਤਰੀਖਾਂ ਕਦੀ ਵੀ ਨਿਸ਼ਚਿਤ ਨਹੀਂ ਰਹਿੰਦੀਆਂ। ਇਹੋ ਕਾਰਨ ਹੈ ਕਿ ਹਰ ਸਾਲ ਗੁਰ ਪੁਰਬਾਂ ਦੀਆਂ ਤਰੀਖਾਂ ਨਿਸ਼ਚਿਤ ਕਰਨ ਲਈ ਸ: ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਗਏ ਕੈਲੰਡਰ ਵਿੱਚ ਚੰਦ੍ਰਮਾ ਪ੍ਰਣਾਲੀ ਦਾ ਤਿਆਗ ਕਰਕੇ ਸੂਰਜੀ ਪ੍ਰਣਾਲੀ ਅਪਣਾਈ ਗਈ ਜਿਸ ਅਨੁਸਾਰ ਭਾਦੋਂ ਸੁਦੀ 3 ਜਾਂ 15 ਲੈਣ ਦੀ ਬਜਾਏ 2 ਅੱਸੂ ਨੂੰ ਆਧਾਰ ਬਣਾ ਕੇ ਨਿਸ਼ਚਿਤ ਕਰ ਦਿੱਤਾ ਜਿਹੜਾ ਕਿ ਹਰ ਸਾਲ ਹੀ 16 ਸਤੰਬਰ ਨੂੰ ਆਇਆ ਕਰੇਗਾ।

ਇੱਥੇ ਇਹ ਵੀ ਵਿਚਾਰ ਦਾ ਵਿਸ਼ਾ ਹੈ ਜਦੋਂ ਨਾਨਕਸ਼ਾਹੀ ਕੈਲੰਡਰ ਅਤੇ ਈਸਵੀ ਕੈਲੰਡਰ ਦੋਵੇਂ ਹੀ ਸੂਰਜੀ ਪ੍ਰਣਾਲੀ ’ਤੇ ਅਧਾਰਿਤ ਹਨ ਤਾਂ ਜਿਹੜੀਆਂ ਘਟਨਾਵਾਂ 1574 ਜਾਂ 1581 ਨੂੰ 2 ਅੱਸੂ 1 ਸਤੰਬਰ ਨੂੰ ਆਈਆਂ ਸਨ ਉਹ ਮੌਜੂਦਾ ਸਮੇਂ 2 ਅੱਸੂ, 16 ਸਤੰਬਰ ਨੂੰ ਕਿਵੇਂ ਆਉਣ ਲੱਗ ਪਈਆਂ ? ਇਸ ਦਾ ਕਾਰਨ ਇਹ ਹੈ ਕਿ ਗੁਰੂ ਕਾਲ ਸਮੇਂ ਜਿਹੜਾ ਬਿਕ੍ਰਮੀ ਕੈਲੰਡਰ ਲਾਗੂ ਸੀ ਉਸ ਦੇ ਸਾਲ ਦੀ ਲੰਬਾਈ ਸੂਰਜੀ ਸਿਧਾਂਤ ’ਤੇ ਅਧਾਰਿਤ ਸੀ, ਜਿਸ ਦੀ ਲੰਬਾਈ 365 ਦਿਨ, 6 ਘੰਟੇ 12 ਮਿੰਟ 37 ਸੈਕੰਡ ਦੇ ਲਗਭਗ ਸੀ ਅਤੇ ਜੂਲੀਅਨ ਸਾਲ ਦੀ ਲੰਬਾਈ 365 ਦਿਨ 6 ਘੰਟੇ ਸੀ। ਮੌਸਮੀ ਸਾਲ ਦੀ ਲੰਬਾਈ 365 ਦਿਨ, 5 ਘੰਟੇ, 48 ਮਿੰਟ, 45 ਸੈਕਿੰਡ ਹੋਣ ਕਰਕੇ, ਬਿਕ੍ਰਮੀ ਸਾਲ ਮੌਸਮੀ ਸਾਲ ਤੋਂ ਤਕਰੀਬਨ 24 ਮਿੰਟ ਵੱਡਾ ਹੋ ਗਿਆ, ਜੋ 60 ਸਾਲਾਂ ਵਿੱਚ ਇੱਕ ਦਿਨ ਅੱਗੇ ਨਿਕਲ ਜਾਂਦਾ ਸੀ ਜਦਕਿ ਜੂਲੀਅਨ ਕੈਲੰਡਰ; ਮੌਸਮੀ ਕੈਲੰਡਰ ਤੋਂ ਸਵਾ ਕੁ 11 ਮਿੰਟ ਵੱਡਾ ਸੀ, ਜੋ 128 ਸਾਲਾਂ ’ਚ ਮੌਸਮੀ ਸਾਲ ਤੋਂ ਅੱਗੇ ਨਿਕਲ ਜਾਂਦਾ ਸੀ। ਰੋਮ ਵਾਸੀਆਂ ਨੂੰ ਤਾਂ 1582 ਵਿੱਚ ਹੀ ਇਸ ਗੱਲ ਦੀ ਸਮਝ ਪੈ ਗਈ ਕਿ ਉਨ੍ਹਾਂ ਦਾ ਕੈਲੰਡਰ ਮੌਸਮ ਦਾ ਸਾਥ ਛੱਡ ਰਿਹਾ ਹੈ ਇਸ ਲਈ ਪੋਪ ਗਰੈਗੋਰੀਅਨ ਵੱਲੋਂ ਸੋਧਿਆ ਕੈਲੰਡਰ 4 ਅਕਤੂਬਰ 1582 ਨੂੰ ਲਾਗੂ ਕੀਤਾ ਗਿਆ, ਜਿਸ ਅਨੁਸਾਰ 4 ਅਕਤੂਬਰ ਤੋਂ ਅਗਲੇ ਦਿਨ 5 ਅਕਤੂਬਰ ਕਰਨ ਦੀ ਬਜਾਏ 10 ਦਿਨ ਖਤਮ ਕਰ ਸਿੱਧਾ 15 ਅਕਤੂਬਰ ਕਰ ਦਿੱਤਾ। ਇੰਗਲੈਂਡ ਵਾਸੀਆਂ ਨੇ ਇਹ ਸੋਧ 2 ਸਤੰਬਰ 1752 ਨੂੰ (ਭਾਵ 170 ਸਾਲ ਬਾਅਦ) ਲਾਗੂ ਕੀਤੀ, ਜਿਸ ਅਨੁਸਾਰ ਅਗਲੇ ਦਿਨ 3 ਸਤੰਬਰ ਕਰਨ ਦੀ ਬਜਾਏ 11 ਦਿਨ ਖਤਮ ਕਰ ਸਿੱਧਾ 14 ਸਤੰਬਰ ਕਰ ਦਿੱਤਾ। ਇਹ ਸੋਧਿਆ ਹੋਇਆ ਕੈਲੰਡਰ ਗ੍ਰੈਗੋਰੀਅਨ ਕੈਲੰਡਰ ਅਖਵਾਉਂਦਾ ਹੈ, ਜਿਸ ਦੇ ਸਾਲ ਦੀ ਲੰਬਾਈ 365 ਦਿਨ 5 ਘੰਟੇ 49 ਮਿੰਟ 12 ਸੈਕੰਡ ਦੇ ਲਗਭਗ ਹੋ ਗਈ, ਜੋ ਮੌਸਮੀ ਸਾਲ ਦੇ ਬਹੁਤ ਨਜਦੀਕ ਹੈ ਭਾਵ ਇੱਕ ਸਾਲ ’ਚ ਮਾਤ੍ਰ 26/27 ਸੈਕਿੰਡ ਦਾ ਅੰਤਰ, ਜਿਸ ਕਾਰਨ ਹੁਣ 3300 ਸਾਲ ਬਾਅਦ ਸਿਰਫ ਇੱਕ ਦਿਨ ਦਾ ਹੀ ਫਰਕ ਪਏਗਾ। ਭਾਰਤ ਵਿੱਚ ਅੰਗਰੇਜਾਂ ਦਾ ਰਾਜ ਹੋਣ ਕਾਰਨ ਇਹ ਸੋਧ 2 ਸਤੰਬਰ 1752 ਤੋਂ ਹੀ ਲਾਗੂ ਕੀਤੀ ਗਈ। ਇਸ ਸੋਧ ਨੂੰ ਸਾਮ੍ਹਣੇ ਰੱਖ ਕੇ ਕੇਵਲ ਇੱਕ ਵਿਸਾਖੀ ਤਿਉਹਾਰ ਦੀ ਥਿਤ ਨੂੰ ਹੀ ਵਿਚਾਰੀਏ ਤਾਂ ਸਥੀਤੀ ਇਉਂ ਬਣਦੀ ਹੈ:

ਈਸਵੀ ਕੈਲੰਡਰ                                                       (ਬਿਕ੍ਰਮੀ ਕੈਲੰਡਰ)

1699                                                                   29 ਮਾਰਚ (ਵੈਸਾਖੀ)

(ਨੋਟ: ਸੰਨ 1752 ਵਿੱਚ 11 ਦਿਨ ਕੈਲੰਡਰ ਨੂੰ ਅੱਗੇ ਕੀਤਾ ਗਿਆ ਭਾਵ 2 ਸਤੰਬਰ ਤੋਂ ਅਗਲੇ ਦਿਨ 3 ਦੀ ਬਜਾਏ ਸਿੱਧਾ ਹੀ 14 ਸਤੰਬਰ ਕਰ ਦਿੱਤਾ ਗਿਆ।)

1753                                                              9 ਅਪ੍ਰੈਲ (ਵੈਸਾਖੀ)

1799                                                               10 ਅਪ੍ਰੈਲ (ਵੈਸਾਖੀ)

1899                                                              12 ਅਪ੍ਰੈਲ (ਵੈਸਾਖੀ)

1999                                                                 14 ਅਪ੍ਰੈਲ (ਵੈਸਾਖੀ)

ਉਪਰੋਕਤ ਪੈ ਰਹੇ ਅੰਤਰ ਨੂੰ ਨਿਰੰਤਰ ਜਾਰੀ ਰੱਖਣ ਨਾਲ 1100 ਸਾਲ ਬਾਅਦ ਵਿਸਾਖੀ, ਮਈ ’ਚ ਚਲੀ ਜਾਵੇਗੀ ਤੇ 13000 ਸਾਲ ਬਾਅਦ ਅਕਤੂਬਰ ਦੇ ਮੱਧ ’ਚ। ਜਿਵੇਂ 1699 ਦੀ ਵੈਸਾਖੀ 29 ਮਾਰਚ ਤੋਂ ਬਦਲਦੀ ਬਦਲਦੀ ਅੱਜ 14 ਅਪ੍ਰੈਲ ਤੱਕ ਪਹੁੰਚ ਗਈ ਹੈ, ਇਸੇ ਤਰ੍ਹਾਂ 1581 ਈਸਵੀ ਦਾ 2 ਅੱਸੂ ਅੱਜ ਬਦਲ ਕੇ 1 ਸੰਤਬਰ ਦੀ ਬਜਾਏ 16 ਸਤੰਬਰ ਬਣ ਗਿਆ। ਇਸ ਅੰਤਰ ਨੂੰ ਰੋਕਣ ਲਈ ਸ: ਪਾਲ ਸਿੰਘ ਜੀ ਪੁਰੇਵਾਲ ਨੇ ਆਪਣੀ ਅਣਥੱਕ ਮਿਹਨਤ ਨਾਲ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਬਹੁ ਗਿਣਤੀ ਵਿਦਵਾਨਾ ਦੀ ਘੋਖ ਪੜਤਾਲ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ 2003 ਦੀ ਵੈਸਾਖੀ ਤੋਂ ਲਾਗੂ ਕੀਤਾ ਗਿਆ; ਜਿਸ ਦੇ ਸਾਲ ਦੀ ਲੰਬਾਈ ਗਰੈਗੋਰੀਅਨ ਕੈਲੰਡਰ ਭਾਵ ਸਾਂਝੇ (ਈਸਵੀ) ਸਾਲ ਦੇ ਬਿਲਕੁਲ ਬਰਾਬਰ ਅਤੇ ਮੌਸਮੀ ਸਾਲ ਦੇ ਬਹੁਤ ਹੀ ਨਜਦੀਕ ਹੈ ਭਾਵ ਕੇਵਲ 26/27 ਸੈਕੰਡ ਦਾ ਫ਼ਰਕ। ਜਦੋਂ ਕਿਤੇ 33000 ਸਾਲ ਬਾਅਦ ਇਹ ਇਕ ਦਿਨ ਦਾ ਫ਼ਰਕ ਕੱਢਣ ਲਈ ਗਰੈਗੋਰੀਅਨ ਕੈਲੰਡਰ (ਸਾਂਝੇ ਈਸਵੀ ਕੈਲੰਡਰ) ਵਿੱਚ ਸੋਧ ਹੋਵੇਗੀ ਉਸ ਸਮੇਂ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਆਪਣੇ ਆਪ ਹੀ ਸੋਧ ਹੋ ਜਾਣੀ ਹੈ ਕਿਉਂਕਿ ਇਹ ਕੈਲੰਡਰ, ਸਾਂਝੇ (ਈਸਵੀ) ਕੈਲੰਡਰ ਨਾਲ ਜੋੜਿਆ ਹੀ ਇਸ ਹਿਸਾਬ ਨਾਲ ਗਿਆ ਹੈ ਕਿ ਉਸ ਅਨੁਸਾਰ ਬਦਲਦਾ ਵੀ ਰਹੇ। ਨਾਨਕਸ਼ਾਹੀ ਕੈਲੰਡਰ ਨੂੰ ਖ਼ਾਲਸੇ ਦੇ ਤਿੰਨ ਸੌ ਸਾਲਾ ਪ੍ਰਕਾਸ਼ ਦਿਹਾੜੇ ਭਾਵ 1999 ਦੀ ਵੈਸਾਖੀ ਦੇ ਅਧਾਰ ’ਤੇ ਬਣਾਇਆ ਗਿਆ ਹੈਸ ਜਿਸ ਮੁਤਾਬਕ ਵੈਸਾਖੀ 14 ਅਪ੍ਰੈਲ ਨੂੰ ਨਿਸ਼ਚਿਤ ਕਰ ਦਿੱਤੀ ਗਈ ਹੈ, ਜੋ ਹਮੇਸ਼ਾਂ ਲਈ 14 ਅਪ੍ਰੈਲ ਨੂੰ ਹੀ ਆਉਂਦੀ ਰਹੇਗੀ।

ਸੋ, ਇੱਥੇ ਇਹ ਚੇਤਾ ਕਰਵਾਇਆ ਜਾਂਦਾ ਹੈ ਕਿ ਜਿਸ ਤਰ੍ਹਾਂ 1699 ਵਿੱਚ 29 ਮਾਰਚ ਨੂੰ ਆਈ ਇੱਕ ਵੈਸਾਖ, 1999 ’ਚ 14 ਅਪ੍ਰੈਲ ਨੂੰ ਆਈ, ਉਸੇ ਤਰ੍ਹਾਂ 1574 ਦੀ 2 ਅੱਸੂ ਖਿਸਕ ਕਿ 1999 ਵਿੱਚ 16 ਸਤੰਬਰ ਬਣ ਗਈ ਅਤੇ ਇਸ ਦਿਨ ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਕਰਕੇ ਹਮੇਸ਼ਾਂ ਲਈ 2 ਅੱਸੂ 16 ਸਤੰਬਰ ਨੂੰ ਹੀ ਆਉਂਦੀ ਰਹੇਗੀ, ਪਰ ਰੂੜੀਵਾਦੀ ਸੋਚ ਵਾਲੇ ਸਿੱਖਾਂ ਵੱਲੋਂ ਵਿਰੋਧ, ਇਹ ਝੂਠੇ ਇਲਜ਼ਾਮ ਲਗਾ ਕੇ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਸਿੱਖ ਇਤਿਹਾਸ; ਮਿਥਿਹਾਸ ’ਚ ਬਦਲ ਜਾਵੇਗਾ ਅਤੇ 4-4 ਗੁਰ ਪੁਰਬ ਇੱਕੋ ਦਿਨ ਇਕੱਠੇ ਮਨਾ ਕੇ ਵੱਡਾ ਭੁਲੇਖਾ ਖੜ੍ਹਾ ਹੋ ਜਾਵੇਗਾ ਕਿਉਂਕਿ ਸਿੱਖ ਇਤਿਹਾਸ ਅਨੁਸਾਰ 4 ਇਤਿਹਾਸਕ ਘਟਨਾਵਾਂ ਇੱਕੋ ਦਿਨ ਨਹੀਂ ਵਾਪਰੀਆਂ ਸਨ। (ਪਾਠਕਾਂ ਲਈ ਜਰੂਰੀ ਹੈ ਇਹ ਜਾਣਨਾ ਕਿ ਉਕਤ ਚਾਰੇ ਘਟਨਾਵਾਂ ਦੀਆਂ ਤਾਰੀਖਾਂ ਮਹਾਨ ਕੋਸ਼ ’ਚੋਂ ਲਈਆਂ ਗਈਆਂ ਹਨ, ਜੋ ਉਸ ਸਮੇਂ ਲਿਖਿਆ ਗਿਆ ਜਦ ਨਾਨਕਸ਼ਾਹੀ ਕੈਲੰਡਰ ਦਾ ਕੋਈ ਵਜੂਦ ਵੀ ਨਹੀਂ ਸੀ, ਜਿਨ੍ਹਾਂ ’ਚ 2 ਅੱਸੂ ਹਰ ਇਤਿਹਾਸਕ ਘਟਨਾ ’ਚ ਆ ਰਿਹਾ ਹੈ।) ਇਨ੍ਹਾਂ ਅਣਉਚਿਤ ਦਲੀਲਾਂ ਨੂੰ ਆਧਾਰ ਬਣਾ ਕੇ ਇਹ ਲੋਕ, ਬਹੁ ਗਿਣਤੀ ਰੱਖਣ ਵਾਲੇ ਨਾ ਸਮਝ ਸਿੱਖਾਂ ਦੀ ਵੋਟ ਸ਼ਕਤੀ ਦਾ ਅਹਿਸਾਸ ਕਰਵਾ ਕੇ ਪੰਜਾਬ (ਅਕਾਲੀ) ਸਰਕਾਰ ਨੂੰ ਆਪਣੇ ਹੱਕ ’ਚ ਭੁਗਤਾ ਗਏ ਤੇ 2003 ’ਚ ਲਾਗੂ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ 2010 ਤੋਂ ਬਦਲਦਾ ਬਦਲਦਾ ਸੰਨ 2014 ’ਚ ਪੂਰਨ ਤੌਰ ’ਤੇ ਬ੍ਰਾਹਮਣੀ ਕੈਲੰਡਰ ਬਣਾ ਦਿੱਤਾ ਗਿਆ, ਇਸ ਕਾਰਨ ਕਦੇ ਗੁਰੂ ਗੋਵਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਸਾਲ ’ਚ ਦੋ ਵਾਰ ਆਉਂਦਾ ਹੈ ਤੇ ਕਦੇ ਇੱਕ ਵਾਰ ਵੀ ਨਹੀਂ ਆਉਂਦਾ। ਦੁਨੀਆ ਨੇ ਆਪਣੇ ਤਮਾਮ ਕੈਲੰਡਰ ਸਮੇਂ ਮੁਤਾਬਕ ਬਦਲੇ ਤਾਂ ਜੋ ਮੌਸਮੀ ਸੰਤੁਲਨ ਬਣਿਆ ਰਹੇ ਪਰ ਸਿੱਖ ਅਗਾਂਹ ਦੀ ਬਜਾਏ ਪਿਛਾਂਹ ਨੂੰ ਜਾ ਰਹੇ ਹਨ ਜਦ ਕਿ ਗੁਰੂ ਜੀ ਕਹਿ ਰਹੇ ਹਨ ਕਿ ‘‘ਆਗਾਹਾ ਕੂ ਤ੍ਰਾਘਿ; ਪਿਛਾ ਫੇਰਿ ਨ ਮੁਹਡੜਾ ॥’’ (ਮ: ੫/੧੦੯੬)

ਇੱਕ ਗੱਲ ਹੋਰ ਸਾਂਝੀ ਕਰਨ ਵਾਲੀ ਹੈ ਕਿ 1964 ਵਿੱਚ ਹਿੰਦੂ ਵਿਦਵਾਨਾਂ ਨੂੰ ਵੀ ਸਮਝ ਆ ਗਈ ਕਿ ਉਨ੍ਹਾਂ ਦੇ ਬਿਕ੍ਰਮੀ ਸਾਲ ਦੀ ਲੰਬਾਈ ਮੌਸਮੀ ਸਾਲ ਦੇ ਮੁਕਾਬਲੇ ਵੱਧ ਹੈ ਇਸ ਲਈ ਉੱਤਰੀ ਭਾਰਤ ਦੇ ਵਿਦਵਾਨਾਂ ਨੇ ਅੰਮ੍ਰਿਤਸਰ ਵਿੱਖੇ ਇਕੱਤ੍ਰਤਾ ਕਰਕੇ ਸੂਰਜੀ ਸਿਧਾਂਤ ਵਿੱਚ ਸੋਧ ਕਰਕੇ ਦ੍ਰਿਕ ਸਿਧਾਂਤ ਅਪਣਾਇਆ ਤੇ ਇਸ ਹਿਸਾਬ ਨਾਲ ਸਾਲ ਦੀ ਲੰਬਾਈ ਘਟਾ ਕੇ 365 ਦਿਨ 6 ਘੰਟੇ 9 ਮਿੰਟ 9.8 ਸੈਕੰਡ ਕਰ ਦਿੱਤੀ। ਹੁਣ ਇਹ ਮੌਸਮੀ ਸਾਲ ਤੋਂ ਮਾਤ੍ਰ ਲਗਭਗ 20 ਮਿੰਟ ਵੱਡਾ ਰਹਿ ਗਿਆ ਤੇ ਇਸ ਨਾਲ 70-71 ਸਾਲਾਂ ਵਿੱਚ ਇੱਕ ਦਿਨ ਫਿਰ ਵੀ ਅੱਗੇ ਨਿਕਲੇਗਾ। ਇਸ ਸੋਧ ਨੂੰ ਦੱਖਣੀ ਭਾਰਤ ਦੇ ਵਿਦਵਾਨਾਂ ਨੇ ਨਹੀਂ ਮੰਨਿਆਂ ਇਸ ਲਈ ਭਾਰਤ ਵਿੱਚ ਬਿਕ੍ਰਮੀ ਕੈਲੰਡਰ ਦੋ ਕਿਸਮ ਦਾ ਲਾਗੂ ਹੈ। ਦੱਖਣੀ ਭਾਰਤ ਵਿੱਚ ਸੂਰਜੀ ਸਿਧਾਂਤ ਵਾਲਾ ਅਤੇ ਉੱਤਰੀ ਭਾਰਤ ਵਿੱਚ ਦ੍ਰਿਕ ਸਿਧਾਂਤ ਵਾਲਾ। ਇਨ੍ਹਾਂ ਦੋਵੇਂ ਕੈਲੰਡਰ ਦੀਆਂ ਵੀ ਤਕਰੀਬਨ 4-5 ਸੰਗਰਾਂਦਾਂ ਆਪਸ ਵਿੱਚ ਨਹੀਂ ਮਿਲਦੀਆਂ। ਹੈਰਾਨੀ ਇਸ ਗੱਲ ਦੀ ਹੈ ਕਿ ਸਾਡੇ ਡੇਰੇਵਾਦੀ ਸਿੱਖਾਂ ਨੇ ਪੰਡਿਤਾਂ ਦੁਆਰਾ 1964 ’ਚ ਕੀਤੀ ਗਈ ਸੋਧ ਨੂੰ ਤਾਂ ਚੁੱਪ ਚੁਪੀਤੇ ਪ੍ਰਵਾਨ ਕਰ ਲਿਆ ਤੇ ਉਨ੍ਹਾਂ ਗੁਰੂ ਕਾਲ ਸਮੇਂ ਦਾ ਸੂਰਜੀ ਸਿਧਾਂਤ ਵਾਲੇ ਬਿਕ੍ਰਮੀ ਕੈਲੰਡਰ ਦਾ ਤਿਆਗ ਕਰਕੇ ਨਵੇਂ ਦ੍ਰਿਕ ਸਿਧਾਂਤ ਨੂੰ ਅਪਣਾ ਲਿਆ ਪਰ ਸਿੱਖ ਬੁਧੀਜੀਵੀਆਂ ਦੁਆਰਾ ਤਿਆਰ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਮੰਨਣ ਨੂੰ ਇਸ ਅਧਾਰ ’ਤੇ ਤਿਆਰ ਨਹੀਂ ਕਿ ਪੁਰੇਵਾਲ ਨੇ ਦੋ ਦੋ ਸੰਗਰਾਂਦਾਂ ਬਣਾ ਦਿੱਤੀਆਂ, ਜਿਸ (ਨਾਨਕਸ਼ਾਹੀ ਕੈਲੰਡਰ) ਨੂੰ ਇਨ੍ਹਾਂ ਡੇਰੇਵਾਦੀ ਸਿੱਖਾਂ ਨੇ ਆਖਰ ਲੀਡਰਾਂ ਨਾਲ ਮਿਲ ਕੇ ਖ਼ਤਮ ਕਰ ਦਿੱਤਾ। ਇਸ ਦੇ ਜ਼ਿੰਮੇਵਾਰ ਅਸੀਂ ਵੀ ਹਾਂ ਕਿਉਂਕਿ ਵੋਟ ਸ਼ਕਤੀ ਸਾਡੀ ਦਾ ਹੀ ਦੁਰਪ੍ਰਯੋਗ ਹੋਇਆ ਹੈ। ਕੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਤਮਾਮ ਪੁਰਬ ਨਿਸ਼ਚਿਤ ਮਿਤੀ ਨੂੰ ਆਉਣ ਤਾਂ ਜੋ ਸਾਡੇ ਬੱਚਿਆਂ ਤੋਂ ਪੁੱਛੇ ਜਾਣ ਵਾਲੇ ਹਰ ਸਵਾਲ ਦਾ ਜਵਾਬ ਆਸਾਨੀ ਨਾਲ ਦਿੱਤਾ ਜਾ ਸਕੇ ?

ਅਗਰ ਸਮਝ ਤੋਂ ਕੰਮ ਨਾ ਲਿਆ ਗਿਆ ਤਾਂ ਬਿਕ੍ਰਮੀ ਕੈਲੰਡਰ (ਦ੍ਰਿਕ ਸਿਧਾਂਤ + ਚੰਦ੍ਰਮਾ ਕੈਲੰਡਰ) ਨਾਲ ਸਿਰਸਾ ਨਦੀ ਦੇ ਕੰਢੇ ਹੋਈ ਜੰਗ, ਚਮਕੌਰ ਸਾਹਿਬ ਅਤੇ ਸਰਹਿੰਦ ਦੇ ਵਾਪਰੇ ਖੂਨੀ ਸਾਕੇ ਜਿਹੜੇ ਪੋਹ ਮਹੀਨੇ ਦੀ ਠੰਡ (ਦਸੰਬਰ) ’ਚ ਵਾਪਰੇ ਹਨ, ਉਹ ਅੱਜ ਤੋਂ 13000 ਸਾਲ ਬਾਅਦ ਜੂਨ (ਗਰਮੀ) ਮਹੀਨੇ ’ਚ ਆਉਣਗੇ ਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ, ਜੋ ਜੂਨ ’ਚ ਆਉਂਦਾ ਹੈ, ਉਹ ਦਸੰਬਰ (ਠੰਡੇ) ਮਹੀਨੇ ’ਚ ਆਏਗਾ।