ਅਬ ਗੁਰ ਰਾਮਦਾਸ ਕਉ ਮਿਲੀ ਬਡਾਈ

0
820

ਅਬ ਗੁਰ ਰਾਮਦਾਸ ਕਉ ਮਿਲੀ ਬਡਾਈ

 ਗਿਆਨੀ ਬਲਜੀਤ ਸਿੰਘ (ਡਾਇਰੈਕਟਰ ਐਜੂਕੇਸ਼ਨ)

ਗੁਰੂ ਨਾਨਕ ਸਾਹਿਬ ਜੀ ਨੇ ‘ਸਚ ਨਾਮ ਧਰਮ’ ਦੀ ਨੀਂਹ ਰੱਖੀ, ਜਿਸ ਦਾ ਪ੍ਰਚਾਰ ਪ੍ਰਸਾਰ ਵੀ ਆਪਣੇ ਸਮੇਂ ਵਿੱਚ ਉਦਾਸੀਆਂ ਰਾਹੀਂ ਕਰਕੇ ਧਰਮ ਪ੍ਰਚਾਰ ਕਰਨ ਦੇ ਪੂਰਨੇ ਪਾਏ।  ਆਪ ਜੀ ਵਲੋਂ ਉਚਾਰੀ ਬਾਣੀ ਦਾ ਖਜ਼ਾਨਾ ਪੋਥੀ ਸਾਹਿਬ ਦੇ ਰੂਪ ਵਿੱਚ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ (ਭਾਈ ਲਹਿਣਾ) ਗੁਰੂ ਅੰਗਦ ਸਾਹਿਬ ਜੀ ਨੂੰ ਸੌਂਪ ਦਿੱਤਾ ਗਿਆ। ਇਸ ਤਰ੍ਹਾਂ ਇਹ ਸਿਲਸਿਲਾ ਅਗੋਂ ਵਧਦਾ ਗਿਆ ਗੁਰੂ ਅਮਰਦਾਸ ਜੀ ਨੇ ‘‘ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ॥’’ (ਬਾਬਾ ਸੁੰਦਰ/੯੨੩) ਦੇ ਸਿਧਾਂਤ ਅਨੁਸਾਰ ਸ਼ਬਦ ਰੂਪ ਤਿਲਕ ਦੇ ਕੇ ਭਾਈ ਜੇਠਾ ਜੀ ਨੂੰ ਨਿਵਾਜਿਆ।  ਸੰਸਾਰ ਵਿੱਚ ‘‘ਅਬ ਗੁਰ ਰਾਮਦਾਸ ਕਉ; ਮਿਲੀ ਬਡਾਈ ॥’’ (ਭੱਟ ਕੀਰਤ/੧੪੦੬) ਉਜਾਗਰ ਹੋ ਗਈ।  ਜਿਨਾਂ ਨੇ ਤਕਰੀਬਨ 1541 ਤੋਂ 1574 ਤੱਕ ਲਗਾਤਾਰ 33 ਸਾਲ ‘‘ਅਬ, ਹਮ ਚਲੀ ਠਾਕੁਰ ਪਹਿ; ਹਾਰਿ ॥  ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ ਭਾਵੈ ਮਾਰਿ ॥’’ (ਮ: ੪/੫੨੭) ਦੀ ਭਾਵਨਾ ਨਾਲ ਸੇਵਾ ਕਰਨ ਦੀ ਅਸਲ ਮਿਸਾਲ ਪੈਦਾ ਕੀਤੀ ਭਾਵੇਂ ਆਪ ਜੀ, ਰਿਸ਼ਤੇ ਵਿੱਚ ਗੁਰੂ ਅਮਰਦਾਸ ਜੀ ਦੇ ਦਾਮਾਦ ਲਗਦੇ ਸਨ, ਪਰ ਦੁਨੀਆਦਾਰੀ ਤੋਂ ਉੱਪਰ ਉੱਠ ਕੇ ‘‘ਪ੍ਰਭ ਕੇ ਚਾਕਰ ਸੇ ਭਲੇ ॥’’ (ਮ: ੫/੨੧੧) ਦੀ ਕਾਰ ਨੂੰ 1574 ਤੋਂ 1581 ਈ. ਤੱਕ ਦੇ ਗੁਰਿਆਈ ਕਾਲ ਵਿੱਚੋਂ ਨਿਭਾਇਆ ਤੇ ਆਪਣੇ ਇਸ ਗੁਰਿਆਈ ਸਮੇਂ ਵਿੱਚ ਸਿੱਖ ਧਰਮ ਦਾ ਭਰਮਾ ਫੈਲਾਅ ਹੋਇਆ।

ਧਰਮ ਨੂੰ ਸਥਿਰ ਤੇ ਹਰਮਨ ਪਿਆਰਾ ਬਣਾਉਣ ਲਈ ਧਾਰਮਿਕ ਆਗੂ (ਗੁਰੂ) ਵਿੱਚ ਹੇਠ ਲਿਖੀਆਂ ਵਿਲੱਖਣ ਵਿਸ਼ੇਸ਼ਤਾਵਾਂ ਹੋਣੀਆਂ ਅਤਿ ਜ਼ਰੂਰੀ ਹੁੰਦੀਆਂ ਹਨ:

(1). ਉਸ (ਗੁਰੂ) ਧਰਮ ਦੇ ਪੈਰੋਕਾਰਾਂ ’ਚ ਨਿਰੰਤਰ ਵਿਸ਼ਵਾਸ ਦੀ ਮਿਸਾਲ ਕਾਇਮ ਰੱਖਣ ਲਈ ਆਦਰਸ਼ਕ ਜੀਵਨ ਵਾਲਾ ਹੋਵੇ ਤਾਂ ਜੋ ਅਦਰਸ਼ਕ ਸਿੱਖ ਪੈਦਾ ਕੀਤੇ ਜਾ ਸਕਣ।

(2). ਕੌਮ ਨੂੰ ਉਸ ਦੇ ਨਿਤਪ੍ਰਤੀ (ਨਿੱਤਨੇਮ) ਜੀਵਨ ਦੇ ਜ਼ਬਤ (ਮਰਯਾਦਾ) ਵਿੱਚ ਪੱਕਾ ਕੀਤਾ ਜਾਵੇ।

(3). ਧਰਮ ਗ੍ਰੰਥ ਨੂੰ ਉਚੇਰਾ ਕੀਤਾ ਜਾਏ।

(4). ਧਰਮ ਦੀਆਂ ਰਸਮਾਂ ਸੁਚੱਜੀਆਂ ਤੇ ਸਰਲ ਕੀਤੀਆਂ ਜਾਣ।

(5). ਧਰਮ ਅਸਥਾਨ ਤੇ ਗੁਰਧਾਮਾਂ ਦੀ ਮਹਾਨਤਾ ਵਧਾਈ ਜਾਏ।

(6). ਉਸ ਧਰਮ ਦੇ ਵਿੱਦਿਅਕ ਪੱਧਰ ਨੂੰ ਕਾਇਮ ਕੀਤਾ ਜਾਏ।

(7). ਧਰਮ ਦੇ ਵਿਆਖਿਆਕਾਰਾਂ ਦਾ ਸਿੱਕਾ ਦੂਜੀਆਂ ਕੌਮਾਂ ਦੇ ਦਿਲਾਂ ’ਤੇ ਬਿਠਾਇਆ ਜਾਵੇ।

(8). ਧਰਮ ਦੇ ਅਸੂਲ ਸਰਬ ਵਿਆਪੀ ਤੇ ਸਰਬ ਕਾਲੀ ਰੱਖੇ ਜਾਣ।

(9). ਆਪਣੀ ਕੌਮ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਾਲਾ ਹੋਵੇ।

(10). ਵਿਰਸੇ ਵਿੱਚ ਮਿਲੀ ਵਿਰਾਸਤ ਦੀ ਸੰਭਾਲ ਸੁਚੱਜੇ ਢੰਗ ਨਾਲ ਕਰਨ ਲਈ ਤੱਤਪਰ ਰਹਿਣਵਾਲਾ ਹੋਵੇ।

ਜਦੋਂ ਅਸੀਂ ਗੁਰੂ ਰਾਮਦਾਸ ਜੀ ਦਾ ਜੀਵਨ, ਇਤਿਹਾਸ ਤੇ ਉਨ੍ਹਾਂ ਦੁਆਰਾ ਰਚਿਤ ਬਾਣੀ (ਰਚਨਾ) ਪੜ੍ਹਦੇ ਹਾਂ ਤਾਂ ਉਪਰੋਕਤ ਸਾਰੇ ਗੁਣ ਉਨ੍ਹਾਂ ਵਿੱਚ ਪ੍ਰਤੱਖ ਨਜ਼ਰ ਆਉਂਦੇ ਹਨ।  ਗੁਰੂ ਪ੍ਰਤੀ ਸ਼ਰਧਾ ਦੀ ਗੱਲ ਕਰੀਏ ਤਾਂ ‘‘ਅਬ ਹਮ ਚਲੀ; ਠਾਕੁਰ ਪਹਿ ਹਾਰਿ ॥  ਜਬ ਹਮ ਸਰਣਿ ਪ੍ਰਭੂ ਕੀ ਆਈ; ਰਾਖੁ ਪ੍ਰਭੂ ਭਾਵੈ ਮਾਰਿ ॥ (ਮ: ੪/੫੨੭), ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ  !  ਸਾ ਬਿਧਿ ਤੁਮ ਹਰਿ  !  ਜਾਣਹੁ ਆਪੇ ॥ (ਮ: ੪/੧੬੭), ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ;  ਜੈਸੇ ਹਮ ਸਤਿਗੁਰਿ, ਰਾਖਿ ਲੀਏ ਛਡਾਇ ॥ (ਮ: ੪/੧੬੭), ਹਮਰੈ ਮਸਤਕਿ ਦਾਗੁ ਦਗਾਨਾ; ਹਮ ਕਰਜ ਗੁਰੂ ਬਹੁ ਸਾਢੇ ॥’’ (ਮ: ੪/੧੭੧) ਆਦਿ ਬਚਨਾਂ ਤੋਂ ਪਰਤੀਤ ਹੁੰਦਾ ਹੈ ਕਿ ਕਿੰਨੀ ਡੂੰਗੀ ਸ਼ਰਧਾ ਆਪਣੇ (ਨਿੱਜ) ਅਤੇ ਸਿੱਖਾਂ ਅੰਦਰ ਗੁਰੂ ਪ੍ਰਤੀ ਪੈਦਾ ਕੀਤੀ ਗਈ।  ਰੱਬੀ ਸ਼ਰਧਾ ‘‘ਆਪਣਾ ਕੀਤਾ ਕਿਛੂ ਨ ਹੋਵੈ; ਜਿਉ ਹਰਿ ਭਾਵੈ, ਤਿਉ ਰਖੀਐ ॥’’ (ਮ: ੪/੭੩੬) ਤੋਂ ਹੀ ਪਰਤੀਤ ਹੋ ਜਾਂਦਾ ਹੈ।  ਸਾਰਾ ਸਿਖ ਜਗਤ, ਹੁਣ ‘‘ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ ॥….ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮) ਜਾਂ ‘‘ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ, ਜਮ ਤ੍ਰਾਸ ਮਿਟਾਈ ॥  ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ ਰਾਖਹੁ ਸਰਣਾਈ ॥’’ (ਭਟ ਕੀਰਤ/੧੪੦੬) ਲਈ ਬੇਨਤੀ ਕਰਦਾ ਆਪਣੀ ਭਾਵਨਾ ਵਿਅਕਤ ਕਰਦਾ ਹੈ।   ਦੂਸਰਾ ਨੁਕਤਾ ਹੈ ਕਿ ਸਿੱਖਾਂ ਨੂੰ ਅੰਧ ਵਿਸ਼ਵਾਸ ’ਚੋਂ ਕੱਢ ਕੇ ਉਨ੍ਹਾਂ ਅੰਦਰ ਜ਼ਬਤ (ਅਨੁਸ਼ਾਸਨ) ਪੈਦਾ ਕਰਨਾ।  ਆਪ ਜੀ ਪਾ: ੧ ਵਲੋਂ ‘‘ਸਬਦਿ ਜਿਤੀ ਸਿਧਿ ਮੰਡਲੀ; ਕੀਤੋਸੁ ਅਪਣਾ ਪੰਥੁ ਨਿਰਾਲਾ।  (ਭਾਈ ਗੁਰਦਾਸ ਜੀ /ਵਾਰ ੧ ਪਉੜੀ ੩੧) ਨੂੰ ਸਦੀਵ ਕਾਲ ਨਿਆਰਾ ਸ਼ਪਸ਼ਟ ਕਰਨ ਲਈ, ਸਿੱਖ ਦੀ ਨਿਆਰੀ ਪ੍ਰੀਭਾਸ਼ਾ ਹੀ ਕਾਇਮ ਕਰ ਦਿੱਤੀ ।

‘‘ਗੁਰ ਸਤਿਗੁਰ ਕਾ, ਜੋ ਸਿਖੁ ਅਖਾਏ; ਸੁ, ਭਲਕੇ ਉਠਿ ਹਰਿ ਨਾਮੁ ਧਿਆਵੈ ॥  ਉਦਮੁ ਕਰੇ ਭਲਕੇ ਪਰਭਾਤੀ; ਇਸਨਾਨੁ ਕਰੇ, ਅੰਮ੍ਰਿਤ ਸਰਿ ਨਾਵੈ ॥  ਉਪਦੇਸਿ ਗੁਰੂ, ਹਰਿ ਹਰਿ ਜਪੁ ਜਾਪੈ; ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥  ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ; ਬਹਦਿਆ ਉਠਦਿਆ, ਹਰਿ ਨਾਮੁ ਧਿਆਵੈ ॥  ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ;  ਸੋ ਗੁਰਸਿਖੁ, ਗੁਰੂ ਮਨਿ ਭਾਵੈ ॥  ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ, ਗੁਰੂ ਉਪਦੇਸੁ ਸੁਣਾਵੈ॥  ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ, ਅਵਰਹ ਨਾਮੁ ਜਪਾਵੈ ॥’’ (ਮ: ੪/੩੦੬)

ਧਰਮ ਦੇ ਗ੍ਰੰਥ ਨੂੰ ਉਚੇਰਾ ਕਰਨਾ: ਸਿਖ ਧਰਮ ਵਿੱਚ ਗੁਰ ਸਰੀਰ ਨਹੀਂ ਇਹ ਨੁਕਤਾ ਵੀ ਪਾ: ੧ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮ: ੧/੯੪੩) ਰਾਹੀਂ ਲਾਗੂ ਹੋ ਗਿਆ ਸੀ।  ਗੁਰੂ ਅੰਗਦ ਸਾਹਿਬ ਤੇ ਗੁਰੂ ਅਮਰਦਾਸ ਜੀ ਨੇ ਇਸ ਸਿਧਾਂਤ ਨੂੰ ‘‘ਗੁਰਬਾਣੀ; ਇਸੁ ਜਗ ਮਹਿ ਚਾਨਣੁ ..॥’’ (ਮ: ੩/੬੭) ਰਾਹੀਂ ਸ਼ਪਸ਼ਟ ਕੀਤਾ ਗੁਰੂ ਰਾਮਦਾਸ ਜੀ ਨੇ ਬਿਲਕੁਲ ਮੋਹਰ ਬੀਜ ਸਿਧਾਂਤ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥’’ (ਮ: ੪/੯੮੨) ਦੁਆਰਾ ਸ਼ਬਦ ਨੂੰ ਗੁਰੂ ਮੰਨਣ ਦੀ ਹੀ ਤਾਕੀਦ ਕਰ ਦਿੱਤੀ।  ਆਪ ਜੀ ਨੇ ਜਿੱਥੇ 30 ਰਾਗਾਂ ਵਿੱਚ ਸ਼ਬਦ, ਛੰਤ ਅਸਟਪਦੀਆਂ ਦਰਜ ਕਰਵਾਏ ਉੱਥੇ ਨਾਲ ਹੀ ਅੱਠ ਵਾਰਾਂ ਉਚਾਰਨ ਕੀਤੀਆਂ। ਵਿਦਵਾਨ ਸੱਜਣ ਇਹ ਵੀ ਮੰਨਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਰਾਗਾਂ ਵਿਚੋਂ ਦੇਵਗੰਧਾਰੀ, ਬਿਹਾਗੜਾ, ਬੈਰਾੜੀ, ਨਟ ਨਰਾਇਣ ਤੇ ਕਲਿਆਣ ਰਾਗ ਗੁਰੂ ਰਾਮਦਾਸ ਜੀ ਦੀ ਹੀ ਦੇਣ ਹਨ।  ਜਦੋਂ 1604 ਵਿੱਚ ਹਰਿਮੰਦਰ ਸਾਹਿਬ ਵਿਖੇ ਗੁਰਬਾਣੀ ਦੀ ‘‘ਪੋਥੀ, ਪਰਮੇਸਰ ਕਾ ਥਾਨੁ ॥’’ (ਮ: ੫/੧੨੨੬) ਦਾ ਪਹਿਲਾ ਪ੍ਰਕਾਸ਼ ਹੋਇਆ ਤਦੋਂ ਆਪ ਜੀ ਦੀ ਬਾਣੀ ਸਾਰੇ ਰਾਗਾਂ ਵਿੱਚ ਦਰਜ ਸੀ।

ਧਰਮ ਅਸਥਾਨ ਤੇ ਗੁਰਧਾਮਾਂ ਦੀ ਮਹਾਨਤਾ ਵਧਾਈ ਜਾਵੇ: ਸਿਖ ਧਰਮ ਦਾ ਅਟਲ ਵਿਸ਼ਵਾਸ਼ ਹੈ ਕਿ ‘‘ਗੁਰੂ ਦੁਆਰੈ ਹੋਇ; ਸੋਝੀ ਪਾਇਸੀ ॥’’ (ਮ: ੧/੭੩੦) ਗੁਰਬਾਣੀ ਵਿੱਚ ਧਰਮਸ਼ਾਲ ਦਾ ਜ਼ਿਕਰ ਹੈ, ਭਾਈ ਗੁਰਦਾਸ ਜੀ ਨੇ ‘‘ਘਰਿ ਘਰਿ ਅੰਦਰਿ ਧਰਮਸਾਲ ..।’’ (ਵਾਰ ੧ ਪਉੜੀ ੨੭) ਦਾ ਵਿਸ਼ੇਸ਼ ਜ਼ਿਕਰ ਕੀਤਾ ਹੈ।  ਧਰਮ ਅਸਥਾਨਾਂ ਦੀ ਜੋ ਦੁਰਗਤੀ ਹੋ ਰਹੀ ਸੀ ਉਸ ਦਾ ਹਵਾਲਾ ਜਗਨਨਾਥ ਪੁਰੀ ਦੀ ਫੇਰੀ ਸਮੇਂ ਕਲਜੁਗੀ ਪੰਡੇ ਨਾਥ ਕੀਤੀ ਗੋਸ਼ਟੀ: ‘‘ਕਾਲੁ ਨਾਹੀ, ਜੋਗੁ ਨਾਹੀ; ਨਾਹੀ ਸਤ ਕਾ ਢਬੁ ॥  ਥਾਨਸਟ ਜਗ ਭਰਿਸਟ ਹੋਏ;  ਡੂਬਤਾ ਇਵ ਜਗੁ ॥’’ (ਮ: ੧/੬੬੨) ਦੁਆਰਾ ਕੀਤੀ ਗਈ।  ਗੁਰੂ ਰਾਮਦਾਸ ਜੀ ਨੇ ਮਾਝੇ ਵਿੱਚ ਅੰਮ੍ਰਿਤਸਰ ਦੇ ਰੂਪ ਵਿੱਚ ਸਿੱਖੀ ਦਾ ਕੇਂਦਰ ਸਥਾਪਿਤ ਕਰਕੇ ਮਹਾਨਤਾ ਪਰਗਟ ਕੀਤੀ, ਜਿੱਥੇ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਸਥਾਪਿਤ ਹੋਇਆ ਸਿੱਖ ਜਗਤ ਇਸ ਮਹਾਨਤਾ ਨੂੰ ਗੁਰੂ ਰਾਮਦਾਸ ਜੀ ਦੇ ਇਨ੍ਹਾਂ ਸ਼ਬਦਾਂ ਰਾਹੀਂ ਨਿੱਤ ਪ੍ਰਤੀ ਦੁਹਰਾਦਾ ਹੈ: ‘‘ਜਿਥੈ ਜਾਇ ਬਹੈ ਮੇਰਾ ਸਤਿਗੁਰੂ; ਸੋ ਥਾਨੁ ਸੁਹਾਵਾ ਰਾਮ ਰਾਜੇ ॥  ਗੁਰਸਿਖਂੀ ਸੋ ਥਾਨੁ ਭਾਲਿਆ; ਲੈ ਧੂਰਿ ਮੁਖਿ ਲਾਵਾ ॥’’  (ਮ: ੪/੪੫੦)

ਧਰਮ ਦੀਆਂ ਰਸਮਾਂ ਸੁਚੱਜੀਆਂ ਤੇ ਸੁਖਾਵੀਆਂ ਹੋਣ : ਭਾਰਤੀ ਸਮਾਜ ਅੰਦਰ ਇਸਤ੍ਰੀ ਦੀ ਬਹੁਤ ਦੁਰਦਸ਼ਾ ਸੀ।  ਮਨੂ ਸਿਮ੍ਰਿਤੀ ਤੇ ਜੋਗੀਆਂ ਆਦਿ ਦੇ ਪ੍ਰਚਾਰ ਦੇ ਅਸਰ ਹੇਠਾਂ ਇਸਤ੍ਰੀ ਨੂੰ ਮਨੁੱਖ ਦੇ ਧਾਰਮਿਕ ਜੀਵਨ ਵਿੱਚ ਰੁਕਾਵਟ, ਅਗਿਆਨਣ, ਸਭ ਦੁਖਾਂ ਦਾ ਮੂਲ, ਕੁਰਾਹੇ ਪਾਣ ਵਾਲੀ ਨਸ਼ੀਲੀ ਸ਼ਰਾਬ, ਮਾਰੂ ਜ਼ਹਿਰ ਸਮਝਿਆ ਜਾਂਦਾ ਸੀ।  ਮਨੂੰ ਲਿਖਦਾ ਹੈ ਕਿ ਇਸਤ੍ਰੀਆਂ ਅਗਿਆਨਣਾਂ ਹਨ, ਵੇਦ-ਮੰਤ੍ਰ ਤੋਂ ਵਾਂਝੀਆਂ ਰਹਿਣੀਆਂ ਚਾਹੀਦੀਆਂ ਹਨ। (ਮਨੂੰ ਸਿਮ੍ਰਿਤੀ ਅਧਿਆਏ 3 ਸਲੋਕ 47-48) ਪਤੀ ਭਾਵੇਂ ਬੁੱਢਾ ਹੋਵੇ, ਕਰੂਪ ਹੋਵੇ, ਲੰਗੜਾ ਲੂਲ੍ਹਾ, ਕੋਹੜੀ ਹੋਵੇ, ਡਾਕੂ ਚੋਰ, ਕਾਤਲ ਹੋਵੇ, ਸ਼ਰਾਬੀ ਹੋਵੇ, ਜੁਏਬਾਜ਼, ਰੰਡੀਬਾਜ਼ ਹੋਵੇ, ਸ਼ਰੇਆਮ ਪਾਪ ਕਰਦਾ ਹੋਵੇ ਪਰ ਫਿਰ ਵੀ ਉਸ ਨੂੰ ਪਤਨੀ ਪਰਮਾਤਮਾ ਵਾਂਗ ਪੂਜੇ (ਪਦਮ ਪੁਰਾਣ)।  ਸਿੱਖ ਸਿਧਾਂਤ ਨੇ ਰੂਪ ਰੰਗ, ਲਿੰਗ-ਭੇਦ ਦੇ ਵਿਤਕਰੇ ਨੂੰ ਸਵੀਕਾਰ ਨਹੀਂ ਕੀਤਾ; ਜਿਵੇਂ: ‘‘ਏਤੇ ਅਉਰਤ ਮਰਦਾ ਸਾਜੇ; ਏ ਸਭ ਰੂਪ ਤੁਮ੍ਾਰੇ ॥’’ (ਭਗਤ ਕਬੀਰ/੧੩੪੯) ਕਹਿ ਕੇ ਸਨਮਾਨਿਆ, ਇਸ ਲਈ ਦਰਸਾਇਆ ਹੈ ਕਿ ਅਕਾਲ ਪੁਰਖ ਦੀਆਂ ਨਜ਼ਰਾਂ ’ਚ ਉਹੀ ਮੁਖ ਉਜਲੇ ਹਨ, ਜੋ ਪ੍ਰਭੂ ਪਿਆਰ ਵਿੱਚ ਰੰਗੇ ਹੋਏ ਹਨ, ਜਿੱਥੇ ਇਸਤ੍ਰੀ ਜਾਤੀ ਦਾ ਸਤਿਕਾਰ ਕਰਦਿਆਂ ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਦਾ ਹੁਕਮ ਜਾਂ ਤਾੜਨਾ ਕੀਤੀ ਉੱਥੇ ‘‘ਜਿਤੁ ਮੁਖਿ ਸਦਾ ਸਾਲਾਹੀਐ; ਭਾਗਾ ਰਤੀ ਚਾਰਿ ॥  ਨਾਨਕ  ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ॥’’ (ਮ: ੧/੪੭੩) ਆਦਿ ਵਚਨਾਂ ਰਾਹੀਂ ਇਸਤ੍ਰੀ ਨੂੰ ਬਰਾਬਰ ਦਾ ਹਕ ਦਿੰਦਿਆਂ ਧਰਮਿਕ ਕਾਰਜਾਂ ਵਿੱਚ ਹਰ ਤਰ੍ਹਾਂ ਸ਼ਾਮਲ ਹੋਣ ਦੀ ਖੁੱਲ੍ਹ ਦਿੱਤੀ।  ਪਾ: ੩ ਨੇ ਪਰਦੇ ਦੀ ਪ੍ਰਥਾ (ਘੁੰਡ) ਤੇ ਸਤੀ ਪ੍ਰਥਾ ਵਿਰੁਧ ਸੰਘਰਸ਼ ਕੀਤਾ।  ਅਕਬਰ ਤੋਂ ਸਤੀ-ਪ੍ਰਥਾ ਦੇ ਵਿਰੁਧ ਸਰਕਾਰੀ ਕਾਨੂੰਨ ਬਣਵਾਇਆ।  ਗੁਰੂ ਰਾਮਦਾਸ ਜੀ ਨੇ ਸਮਾਜ ਸੁਧਾਰ ਵਿੱਚ ਯੋਗਦਾਨ ਪਾਂਦਿਆਂ ਪਹਿਲੇ ਗੁਰੂਆਂ ਦੀ ਤਰ੍ਹਾਂ ਪੂਜਾਰੀ ਸ਼੍ਰੇਣੀ ਤੋਂ ਮੁਕਤੀ ਦਿਵਾਈ।  ਕਿਸੇ ਵੀ ਕਾਰਜ ਦੀ ਆਰੰਭਤਾ ਕਰਨ ਲਈ ਕਿਸੇ ਪੰਡਿਤ ਤੋਂ ਪੁੱਛਣ ਦੀ ਬਜਾਏ ‘‘ਕੀਤਾ ਲੋੜੀਐ ਕੰਮੁ; ਸੁ, ਹਰਿ ਪਹਿ ਆਖੀਐ ॥’’ (ਮ: ੪/੯੧) ਦਾ ਉਪਦੇਸ਼ ਕਰਕੇ ਅਰਦਾਸ ਕਰਨ ਦਾ ਵਿਧਾਨ ਸਿਰਜਿਆ।  ਸੂਹੀ ਰਾਗ ਵਿੱਚ ਚਾਰ ਲਾਵਾਂ ਉਚਾਰਨ ਕਰਕੇ ਅਨੰਦ ਕਾਰਜ ਦੀ ਨਿਰਾਲੀ ਮਰਯਾਦਾ ਸਿਰਜੀ, ਤਾਂ ਕਿ ਗ੍ਰਿਹਸਤੀ ‘‘ਏਕ ਜੋਤਿ, ਦੁਇ ਮੂਰਤੀ…॥’’ (ਮ: ੩/੭੮੮) ਵਾਲਾ ਸੁਖਾਵਾਂ ਅਨੰਦਮਈ ਜੀਵਨ ਜੀ ਸਕੇ।  ਅੱਜ ਵੀ ਸਮਾਜ ਵਿੱਚ ਦਹੇਜ ਪ੍ਰਥਾ ਕਾਰਨ ਇਸਤ੍ਰੀ ਜਾਤੀ ’ਤੇ ਜ਼ੁਲਮ ਦੀ ਹੱਦ ਹੋ ਰਹੀ ਹੈ।  ਇਸੇ ਕਾਰਨ ਪਰਿਵਾਰਾਂ ਅੰਦਰ ਕਲੇਸ਼ ਤੇ ਤਲਾਕ ਦੀ ਦਰ ਦਿਨ-ਬਦਿਨ ਵਧਦੀ ਜਾਂਦੀ ਹੈ।  ਗੁਰੂ ਜੀ ਨੇ ਦਹੇਜ ਦੀ ਪ੍ਰਥਾ ਵਿਰੁਧ ਨਿਡਰਤਾ ਨਾਲ ਆਵਾਜ਼ ਉੱਠਾਈ।  ਉਨ੍ਹਾਂ ਦੀ ਬਾਣੀ ਰਾਹੀਂ ਇਹ ਸਿਧਾਂਤ ਬਿਲਕੁਲ ਸਪਸ਼ਟ ਹੋ ਜਾਂਦਾ ਹੈ ਕਿ: ‘‘ਹਰਿ ਪ੍ਰਭੁ ਮੇਰੇ ਬਾਬੁਲਾ  !  ਹਰਿ ਦੇਵਹੁ ਦਾਨੁ ਮੈ ਦਾਜੋ ॥  ਹਰਿ ਕਪੜੋ ਹਰਿ ਸੋਭਾ ਦੇਵਹੁ; ਜਿਤੁ, ਸਵਰੈ ਮੇਰਾ ਕਾਜੋ ॥  ਹਰਿ ਹਰਿ ਭਗਤੀ ਕਾਜੁ ਸੁਹੇਲਾ; ਗੁਰਿ ਸਤਿਗੁਰਿ ਦਾਨੁ ਦਿਵਾਇਆ ॥  ਖੰਡਿ ਵਰਭੰਡਿ ਹਰਿ ਸੋਭਾ ਹੋਈ; ਇਹੁ ਦਾਨੁ ਨ ਰਲੈ ਰਲਾਇਆ ॥  ਹੋਰਿ ਮਨਮੁਖ, ਦਾਜੁ ਜਿ ਰਖਿ ਦਿਖਾਲਹਿ; ਸੁ, ਕੂੜੁ ਅਹੰਕਾਰੁ ਕਚੁ ਪਾਜੋ ॥  ਹਰਿ ਪ੍ਰਭ ਮੇਰੇ ਬਾਬੁਲਾ !  ਹਰਿ ਦੇਵਹੁ ਦਾਨੁ ਮੈ ਦਾਜੋ ॥’’ (ਮ: ੪/੭੯)

ਧਰਮ ਅਨੁਯਾਈਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਿਆ ਜਾਵੇ: ਭਾਰਤੀ ਸਮਾਜ ਵਿੱਚ ਵਿੱਦਿਆ ਪੜ੍ਹਨ ਤੇ ਪੜ੍ਹਾਉਣ ਦਾ ਹੱਕ ਵੀ ਬ੍ਰਾਹਮਣ ਕੋਲ ਹੀ ਸੀ।  ਗੁਰੂ ਸਾਹਿਬਾਨ ਨੇ ਮਨੁੱਖ ਮਾਤ੍ਰ ਨੂੰ ਇਹ ਹੱਕ ਪ੍ਰਦਾਨ ਕੀਤਾ ਕਿ ਹਰ ਵਰਗ ਵਿੱਚੋਂ ਪ੍ਰਚਾਰਕ ਸਥਾਪਿਤ ਕੀਤੇ ਜਾਣ, ਭਗਤ ਬਾਣੀ ਇਕੱਠੀ ਕਰਕੇ ਦਰਜ ਕਰਨੀ ਅਤੇ ‘‘ਵਿਦਿਆ ਵੀਚਾਰੀ ਤਾਂ; ਪਰਉਪਕਾਰੀ ॥’’ (ਮ: ੧/੩੫੬) ਵਿਦਿਅਕ ਪੱਧਰ ਨੂੰ ਉੱਚਾ ਚੁੱਕਣ ਦਾ ਪ੍ਰਤੀਕ ਹੀ ਹਨ।  ਗੁਰੂ ਅੰਗਦ ਸਾਹਿਬ ਜੀ ਨੇ ‘‘ਸਤੀ ਪਹਰੀ, ਸਤੁ ਭਲਾ; ਬਹੀਐ ਪੜਿਆ ਪਾਸਿ ॥  ਓਥੈ, ਪਾਪੁ ਪੁੰਨੁ ਬੀਚਾਰੀਐ; ਕੂੜੈ ਘਟੈ ਰਾਸਿ ॥’’  (ਮ: ੨/੧੪੬) ਵਾਲਾ ਸੰਦੇਸ਼ ਦੇ ਕੇ ਵਿਦਵਤਾ ਹੋਣ ਦਾ ਮਹੱਤਵ ਸਮਝਾਇਆ, ਉੱਥੇ ਨਾਲ ਹੀ ਬੱਚਿਆਂ ਨੂੰ ਆਪ ਗੁਰਮੁਖੀ ਤੇ ਹੋਰ ਵਿਦਿਆ ਪ੍ਰਦਾਨ ਕੀਤੀ। ਤੀਜੀ ਪਾਤਸ਼ਾਹ ਜੀ ਨੇ ‘‘ਤਤੁ ਪਛਾਣੈ; ਸੋ ਪੰਡਿਤੁ ਹੋਈ ॥’’ (ਮ: ੩/੧੨੮) ਦਾ ਮਹੱਤਵ ਦਰਸਾਇਆ।  ਚੌਥੇ ਪਾਤਸ਼ਾਹ ਜੀ ਨੇ ‘‘ਬਿਬੇਕ ਬੁਧਿ ਸਤਿਗੁਰ ਤੇ ਪਾਈ; ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥’’ (ਮ: ੪/੭੧੧) ਰਾਹੀਂ ਵਿਦਵਾਨ ਦੇ ਮਹੱਤਵ ਨੂੰ ਅੰਕਿਤ ਕੀਤਾ।  ਡਾ. ਗੰਡਾ ਸਿੰਘ ਤੇ ਤੇਜਾ ਸਿੰਘ ਦੁਆਰਾ ਇਹ ਗੱਲ ਅੰਕਿਤ ਹੈ, ਕਿ ਗੁਰੂ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਉਸ ਸਮੇਂ ਦੇ ਵਿਸ਼ਵ ਵਿਦਿਆਲਿਆ ਨਾਲੰਦਾ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਭੇਜਿਆ, ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਸਮੇਂ ਵੀ ਉਤਰ ਪ੍ਰਦੇਸ਼ ਤੇ ਹੋਰ ਇਲਾਕਿਆਂ ਵਿੱਚ ਦੂਰ ਦੁਰਾਡੇ ਧਰਮ ਪ੍ਰਚਾਰ ਕੀਤਾ।  ਸਿੱਖਾਂ ਵਿੱਚ ਭਾਈ ਗੁਰਦਾਸ ਜੀ ਦਾ ਵਿਦਿਅਕ ਪਿਆਰ ਐਨਾ ਉੱਚਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਲਗ-ਮਾਤ੍ਰ ਵਿਧੀ ਆਪ ਜੀ ਨੇ ਤਿਆਰ ਕੀਤੀ ਤੇ ਪਹਿਲੀ ਬੀੜ ਦੀ ਲਿਖਾਈ ਵੀ ਆਪ ਜੀ ਤੋਂ ਕਰਵਾਈ ਗਈ।  ਆਪ ਜੀ ਪੰਜਾਬੀ, ਅਰਬੀ, ਫ਼ਾਰਸੀ, ਹਿੰਦੀ, ਬ੍ਰਿਜ ਭਾਸ਼ਾ ਦੇ ਉੱਚ ਪਾਏ ਦੇ ਵਿਦਵਾਨ ਸਨ। 

 ਸਮੇਂ ਦੀ ਪੁਜਾਰੀ ਸ਼੍ਰੇਣੀ ਨੇ ਸਮੇਂ ਦੀ ਸਰਕਾਰ ਕੋਲ ਗੁਰੂ ਅਮਰਦਾਸ ਜੀ ਵਿਰੁਧ ਸ਼ਿਕਾਇਤਾਂ ਦਰਜ ਕੀਤੀਆਂ।  ਸੰਨ 1566 ਵਿੱਚ ਆਪਣੇ ਭਰਾ ਮਿਰਜ਼ ਮੁਹੰਮਦ ਹਕੀਮ ਸ਼ਾਹ ਨੂੰ ਕਾਬਲ ਦੀ ਮੁਹਿਮ ਦਬਾਉਣ ਲਈ ਪੰਜਾਬ ਵੱਲ ਆਉਣਾ ਪਿਆ।  ਅਕਬਰ ਕੁਝ ਸਮੇਂ ਲਈ ਲਾਹੌਰ ਰੁੱਕ ਗਿਆ ਬ੍ਰਾਹਮਣਾਂ ਨੇ ਸੁਭਾਗ ਸਮਝ ਕੇ ਪਾ: ੩ ਵਿਰੁਧ ਸ਼ਿਕਾਇਤ ਦਰਜ ਕਰਵਾਈ, ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪ ਆਉਣ ਲਈ ਬੇਨਤੀ ਭੇਜੀ ਲੇਕਿਨ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਭੇਜਿਆ।  ਭਾਈ ਕਿਦਾਰੀ ਜੀ ਵੀ ਨਾਲ ਗਏ ਆਪ ਜੀ ਨੇ ਗੁਰਮਤਿ ਵਿਆਖਿਆ ਦੁਆਰਾ ਅਕਬਰ ਦੀ ਤਸੱਲੀ ਕਰਵਾ ਦਿੱਤੀ, ਜਿਸ ਉਪਰੰਤ ਅਕਬਰ, ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਹਿਤ ਗੋਇੰਦਵਾਲ ਸਾਹਿਬ ਪੁੱਜਾ।  ਇਹ ਸਭ ਗੁਰੂ ਰਾਮਦਾਸ ਦੇ ਵਿਦਿਅਕ ਪੱਧਰ ਦਾ ਪ੍ਰਭਾਵ ਸੀ।  ਗਿਆਨੀ ਗਿਆਨ ਸਿੰਘ ਜੀ ਨੇ ਅਕਬਰ ਦਾ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਵੀ 1579 ਵਿੱਚ ਆਉਣਾ ਅੰਕਿਤ ਕੀਤਾ ਹੈ।  ਆਪ ਜੀ ਦੀ ਬਾਣੀ ਪੜ੍ਹਨ ਤੋਂ ਵਿੱਦਿਅਕ ਪੱਧਰ ਸਹਿਜੇ ਹੀ ਪ੍ਰਤੀਤ ਹੋ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਵੀਂ ਸ਼ਬਦਾਵਲੀ ਦੀ ਘਾੜਤ ਆਪ ਜੀ ਵਲੋਂ ਅੰਕਿਤ ਕੀਤੀ ਗਈ।  ਇਸ ਪ੍ਰਭਾਵ ਨੂੰ ਸਦੀਵੀ ਕਾਲ ਕਾਇਮ ਰੱਖਣ ਲਈ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਥਾ ਸਥਾਪਿਤ ਕੀਤੀ।  ਜੋ ਧਰਮ ਪ੍ਰਚਾਰ ਦੇ ਨਾਲ-ਨਾਲ ਨਵੇਂ ਯੁਗ ਦਾ ਧਰਮ: ‘‘ਸਾਹਿਬੁ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੁ ॥’’ (ਮ: ੧/੬੬੦) ਸਿਧਾਂਤ ਨੂੰ ਲੁਕਾਈ ਤੱਕ ਫੈਲਾਇਆ ਜਾ ਸਕੇ।  ਇਸ ਨੇ ਕੇਵਲ ਪਿਛੜੇ ਵਰਗ ਤੇ ਇਸਤ੍ਰੀ ਜਾਤੀ ਨੂੰ ਹੀ ਬਰਾਬਰਤਾ ਨਹੀਂ ਦਿੱਤੀ ਸਗੋਂ ‘‘ਸਭ ਤੇਰੀ; ਤੂੰ ਸਭਨੀ ਧਿਆਇਆ ॥  ਜਿਸ ਨੋ ਕ੍ਰਿਪਾ ਕਰਹਿ; ਤਿਨਿ, ਨਾਮ ਰਤਨੁ ਪਾਇਆ ॥’’ (ਮ: ੪/੧੧) ਦਾ ਸਰਬਸਾਂਝਾ ਤੇ ਸਰਬ ਵਿਆਪਕ ਵਿਸ਼ਵਾਸ ਪੈਦਾ ਕੀਤਾ ਗਿਆ। ਇੱਥੇ ਗੁਰੂ ਰਾਮਦਾਸ ਜੀ ‘‘ਨੀਚ ਜਾਤਿ ਹਰਿ ਜਪਤਿਆ; ਉਤਮ ਪਦਵੀ ਪਾਇ ॥’’ (ਮ: ੪/੭੩੩) ਦਾ ਵਿਸ਼ਵਾਸ ਕਰਨ ਤੇ ਪ੍ਰਚਾਰਨ ਵਾਲੇ ਹਨ। ਇੱਥੇ ‘‘ਜੋ ਧਰਮੁ ਕਮਾਵੈ, ਤਿਸੁ ਧਰਮ ਨਾਉ ਹੋਵੈ; ਪਾਪਿ ਕਮਾਣੈ, ਪਾਪੀ ਜਾਣੀਐ ॥’’ (ਮ: ੨/੧੩੮) ਵਾਲਾ ਇਨਸਾਫ਼ ਦਿੱਤਾ ਗਿਆ। ਇੱਥੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਇਹ ਸਾਂਝ ਦਾ ਵਿਚਾਰ ਕਿ ‘‘ਸਭੇ ਸਾਝੀਵਾਲ ਸਦਾਇਨਿ;  ਤੂੰ, ਕਿਸੈ ਨ ਦਿਸਹਿ ਬਾਹਰਾ ਜੀਉ ॥’’ (ਮ: ੫/੯੭) ਦਾ ਹੋਕਾ ਦੇਣਾ ਸੀ।  ਸੰਗਤ ਤੇ ਪੰਗਤ ਦੀ ਸਾਂਝੀ ਤੇ ‘‘ਵਿਚਿ ਬਾਣੀ ਅੰਮ੍ਰਿਤੁ, ਸਾਰੇ ॥’’ (ਮ: ੪/੯੮੨) ਦੀਆਂ ਸਾਂਝਾ ਨਾਲ, ਗੁਰੂ ਰਾਮਦਾਸ ਜੀ ਨੇ ਹਮੇਸ਼ਾਂ ਸਰਬ ਵਿਆਪੀ ਵਾਲੇ ਸਿਧਾਂਤ ਹੀ ਬਖ਼ਸ਼ਸ਼ ਕੀਤੇ ਹਨ।

ਸਤਿਗੁਰੂ ਜੀ ਦਾ ਆਪਣਾ ਆਦਰਸ਼ਕ ਜੀਵਨ : ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਐਨੀ ਮਹਾਨ ਹੈ, ਜਿਸ ਬਾਰੇ ਭੱਟ ਜੀ ਦਾ ਇਹ ਕਥਨ ਕਿ ਗੁਰੂ ਰਾਮਦਾਸ ਜੀ ‘‘ਹਰਿ ਨਾਮ ਰਸਿਕੁ, ਗੋਬਿੰਦ ਗੁਣ ਗਾਹਕੁ; ਚਾਹਕੁ ਤਤ, ਸਮਤ ਸਰੇ ॥  ਕਵਿ ਕਲੵ, ਠਕੁਰ ਹਰਦਾਸ ਤਨੇ;  ਗੁਰ ਰਾਮਦਾਸ, ਸਰ ਅਭਰ ਭਰੇ ॥’’ (ਭਟ ਕਲੵ/੧੩੯੬) ਮਿਸਾਲ ਬਣ ਗਿਆ।  ਬਚਪਨ ਭਾਵ 1541 ਈ: ਵਿੱਚ ਜਦੋਂ ਆਪ ਜੀ ਕੇਵਲ ਸੱਤ ਸਾਲਾਂ ਦੇ ਸਨ ਤਾਂ ਮਾਤਾ-ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ।  ਨਾਨੀ ਜੀ ਵੀ ਚਲਾਣਾ ਕਰ ਗਏ ਪਰ ਆਪ ਜੀ ਨੇ ‘‘ਜਿਉ ਹਰਿ ਭਾਵੈ; ਤਿਉ ਰਖੀਐ ॥’’ (ਮ: ੪/੭੩੬) ਅਨੁਸਾਰ ਭਾਣੇ ਨੂੰ ਮਿਠਾ ਕਰਕੇ ਮੰਨਿਆ।  ਗੁਰੂ ਨਾਨਕ ਪਾਤਸ਼ਾਹ ਜੀ ਦੇ ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਦੇ ਵਡਮੁੱਲੇ ਕਿਰਤੀ ਸਿਧਾਂਤ ਨੂੰ ਅਪਣਾਇਆ।  ਛੋਟੀ ਉਮਰੇ ਪਰਿਵਾਰਕ ਪਾਲਣਾ ਲਈ ਘੁੰਙਣੀਆਂ ਵੇਚਦੇ।  ਗੁਰੂ ਅਮਰਦਾਸ ਜੀ ਦੇ ਮਿਲਾਪ ਨੇ ਆਪ ਜੀ ਨੂੰ ‘‘ਪਾਰਬ੍ਰਹਮੁ ਕਰਿ ਨਮਸਕਾਰਿਆ ॥’’ (ਬਲਵੰਡ ਸਤਾ/੯੬੮) ਦੇ ਪੱਧਰ ’ਤੇ ਪਹੁੰਚਾ ਦਿੱਤਾ। ਆਪ ਜੀ ਗੁਰੂ ਸਾਹਿਬ ਦੇ ਪ੍ਰਚਾਰਕ ਦੌਰਿਆਂ ਸਮੇਂ ਵੀ ਨਾਲ ਹੀ ਗਏ।  ਜਵਾਈ ਹੁੰਦਿਆਂ ਵੀ ਬਾਉਲੀ ਸਾਹਿਬ ਦੀ ਸੇਵਾ ਕਰਦੇ, ਟੋਕਰੀ ਢੋਈ।  ਹਮੇਸ਼ਾਂ ‘‘ਹਮਰੈ ਮਸਤਕਿ ਦਾਗੁ ਦਗਾਨਾ; ਹਮ ਕਰਜ ਗੁਰੂ ਬਹੁ ਸਾਢੇ ॥’’ (ਮ: ੪/੧੭੧) ਨੂੰ ਯਾਦ ਰੱਖਿਆ।  ਆਪ ਜੀ ਸਚਮੁੱਚ ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ॥’’ (ਮ: ੧/੪੭੪) ਦੀ ਚਾਕਰੀ ਕਰਦੇ ਸਨ।  ਕਵੀ ਸੰਤੋਖ ਸਿੰਘ ਦੇ ਆਪ ਜੀ ਬਾਰੇ ਵਚਨ ਹਨ: ‘ਦੇਗ਼ ਤਯਾਰ ਕਰਿ ਦੇਹਿ ਅਰਾਮ ਪੰਕਤਿ ਕੋ ਬਿਠਾਇ ਇਕ ਸਾਰਾ। ਸ਼ੀਤਲ ਜਲ ਕੋ ਭਰਿ ਭਰਿ ਲਿਆਵੈ, ਬੂਝ ਬੂਝ ਸੰਗਤਿ ਕੋ ਪਯਾਵੈ। ਛੁਧਾ ਪਯਾਸਾ ਸਭ ਕੀ ਹਰੈ, ਬਾਂਛਤ ਸਿਖਿਅਨ ਦੈਬੇ ਕਰੈ। ਕਰ ਮੈ ਗਹੈ ਬੀਜ਼ਨਾ ਫੇਰ, ਬਾਉ ਕਰਤ ਉਸ਼ਨ ਬਹੁ ਹੇਰ।’

ਗੁਰੂ ਰਾਮਦਾਸ ਜੀ ਨੇ ਸਤਿਗੁਰੂ ਦੇ ਆਦਰਸ਼ ਸਬੰਧੀ ਆਪਣੇ ਬਚਨ ਇੰਜ ਦਰਜ ਕੀਤੇ: ‘‘ਵਾਹੁ ਵਾਹੁ ਸਤਿਗੁਰੁ ਪੁਰਖੁ ਹੈ; ਜਿਨਿ ਸਚੁ ਜਾਤਾ ਸੋਇ ॥  ਜਿਤੁ ਮਿਲਿਐ, ਤਿਖ ਉਤਰੈ; ਤਨੁ ਮਨੁ ਸੀਤਲੁ ਹੋਇ ॥….ਵਾਹੁ ਵਾਹੁ ਸਤਿਗੁਰੂ ਹੈ; ਜਿ, ਸਚੁ ਦ੍ਰਿੜਾਏ ਸੋਇ ॥  ਨਾਨਕ !  ਸਤਿਗੁਰ ਵਾਹੁ ਵਾਹੁ; ਜਿਸ ਤੇ, ਨਾਮੁ ਪਰਾਪਤਿ ਹੋਇ ॥ (ਮ: ੪/੧੪੨੧), ਜਿਸੁ ਮਿਲਿਐ ਮਨਿ ਹੋਇ ਅਨੰਦੁ; ਸੋ, ਸਤਿਗੁਰੁ ਕਹੀਐ ॥  ਮਨ ਕੀ ਦੁਬਿਧਾ ਬਿਨਸਿ ਜਾਇ; ਹਰਿ ਪਰਮ ਪਦੁ ਲਹੀਐ ॥’’ (ਮ: ੪/੧੬੮) ਆਦਿ।  ਐਸੇ ਸਤਿਗੁਰ ਰਾਮਦਾਸ ਜੀ ਦੇ ਆਦਰਸ਼ਕ ਜੀਵਨ ਤੋਂ ਹਜ਼ਾਰਾਂ ਲੱਖਾਂ ਆਦਰਸ਼ ਸਿੱਖ ਪੈਦਾ ਹੋਇ ਤੇ ਹੋ ਰਹੇ ਹਨ।

ਆਰਥਿਕ ਪੱਧਰ ਨੂੰ ਉਚਾ ਚੁਕਣਵਾਲਾ: ਸਿੱਖ ਕਰਤਾ ਪੁਰਖ ਦਾ ਪੁਜਾਰੀ ਹੋਣ ਕਰਕੇ ਹਮੇਸ਼ਾਂ ਕਿਰਤੀ ਹੋਣ ਵਿੱਚ ਵਿਸ਼ਵਾਸ ਰੱਖਦਾ ਹੈ: ‘‘ਘਾਲਿ ਖਾਇ;  ਕਿਛੁ ਹਥਹੁ ਦੇਇ ॥’’ (ਮ: ੧/੧੨੪੫) ਰਾਹੀਂ ਪਾ: ੧ ਨੇ ਆਰਥਿਕ ਮਿਆਰ ਉੱਚਾ ਕੀਤਾ, ਗੁਰੂ ਅਮਰਦਾਸ ਜੀ ਨੇ ਮਾਇਆ ਦੀ ਵਿਆਖਿਆ: ‘‘ਏਹ ਮਾਇਆ, ਜਿਤੁ ਹਰਿ ਵਿਸਰੈ; ਮੋਹੁ ਉਪਜੈ, ਭਾਉ ਦੂਜਾ ਲਾਇਆ ॥’’ (ਮ: ੩/੯੨੧) ਕਰਕੇ ਮਾਇਆ ਕੀ ਹੈ ?  ਦਾ ਚਾਨਣ ਬਖ਼ਸ਼ਿਆ।  ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਦੀ ਸਥਾਪਨਾ ਸਮੇਂ 52 ਕਿਸਮ ਦੇ ਕਿੱਤਾ ਕਾਰਾਂ ਨੂੰ ਇੱਥੇ ਲਿਆ ਵਸਾਇਆ।  ਅੰਮ੍ਰਿਤਸਰ ਦਸਤਕਾਰੀ ਦਾ ਬਹੁਤ ਵੱਡਾ ਕੇਂਦਰ ਬਣ ਗਿਆ।  ਮਾਈ ਸੇਵਾ ਬਜ਼ਾਰ, ਡੱਬੀ ਬਾਜ਼ਾਰ ਆਦਿ ਸਿੱਖਾਂ ਦੇ ਆਰਥਿਕ ਪੱਧਰ ਨੂੰ ਉੱਚਾ ਚੱਕਣ ਦੇ ਪ੍ਰਤੀਕ ਹਨ।  ਸਤਿਗੁਰ ਜੀ ਨੇ ਅਜਿਹਾ ਕਰਕੇ ਮਾਇਆ ਨੂੰ ਸਫ਼ਲ ਕਰਨ ਦੀ ਜੁਗਤੀ ਵੀ ਦਰਸਾਈ: ‘‘ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ; ਜੋ, ਨਾਮਿ ਹਰਿ ਰਾਤੇ ॥  ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ; ਜਿਨੀ, ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥  ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ;  ਜਿਨੀ, ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥’’ (ਮ: ੪/੬੪੮), ‘‘ਗੁਰਮੁਖਿ ਸਭ ਪਵਿਤੁ ਹੈ; ਧਨੁ ਸੰਪੈ ਮਾਇਆ ॥  ਹਰਿ ਅਰਥਿ ਜੋ ਖਰਚਦੇ; ਦੇਂਦੇ ਸੁਖੁ ਪਾਇਆ ॥’’ (ਮ: ੪/੧੨੪੬) ਆਦਿ ਵਚਨਾਂ ਰਾਹੀਂ  ਉੱਚ ਪੱਧਰ ਦਾ ਆਰਥਿਕ ਗ੍ਰਿਹਸਤੀ ਜੀਵਨ ਹੁੰਦਿਆਂ ਹੀ ਮਨੁੱਖ ‘‘ਜਿਉ ਕਮਲੁ ਰਹੈ; ਵਿਚਿ ਪਾਣੀ ਹੇ ॥’’ (ਮ: ੪/੧੦੭੦) ਦੀ ਜੁਗਤੀ ਧਾਰਨ ਕਰਕੇ ਸੰਸਾਰਕ ਵਿਕਾਰਾਂ ਤੋਂ ਨਿਰਲੇਪ ਹੋ ਜਾਂਦਾ ਹੈ।

ਵਿਰਸੇ ਦੀ ਸੰਭਾਲ ਕਰਨੀ : ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਗੁਰਬਾਣੀ ਰਾਹੀਂ ਇਤਿਹਾਸ ਨੂੰ ਸੰਭਾਲਣ ਦੀ ਪਿਰਤ ਪਾਈ ਗਈ।  ਆਪ ਜੀ ਦੀ ਬਾਣੀ ਵਿੱਚ ਬਾਬਰ ਰਾਜ ਪ੍ਰਤੀ ਚਾਰ ਸ਼ਬਦ ਇਸ ਗੱਲ ਦੀ ਗਵਾਹੀ ਭਰਦੇ ਹਨ।  ਗੁਰੂ ਰਾਮਦਾਸ ਜੀ ਦੀ ਬਾਣੀ ਵਿਸਥਾਰ ਵਿੱਚ ਗੁਰਮਤਿ ਦੇ ਸਾਰੇ ਸਿਧਾਂਤ ਦਰਸਾਣ ਦੇ ਨਾਲ-ਨਾਲ ਆਪ ਜੀ ਨੇ ਤਤਕਾਲੀ ਵਿਰਸੇ (ਇਤਿਹਾਸਕ ਘਟਨਾਵਾਂ) ਨੂੰ ਵੀ ਦਰਜ ਕੀਤਾ ਜੋ ਗੁਰਮਤਿ ਦੀ ਉੱਚਤਾ ਨੂੰ ਦਰਸਾਉਂਦੀਆਂ ਹਨ ਤੇ ਨਿੰਦਕਾਂ ਦਾ ਹਸ਼ਰ ਵੀ ਬਿਆਨ ਕਰਦੀਆਂ ਹਨ।  ਇਸੇ ਲਈ ਫਾਸਟਰ ਨੇ ਆਪਣੇ ਸਫਰਾਂ ਵਿੱਚ ਲਿਖਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਇਤਿਹਾਸਕ ਘਟਨਾਵਾਂ, ਬਜ਼ੁਰਗਾਂ ਦੇ ਉਪਦੇਸ਼ਾਂ ਤੇ ਨਿਯਮਾਂ ਨੂੰ ਇਕ ਥਾਵੇਂ ਕੀਤਾ। ਹਰੀ ਰਾਮ ਤਪੇ ਦਾ ਪਾਜ ਉਘਾੜਦਿਆਂ ਫੁਰਮਾਇਆ: ‘‘ਤਪਾ ਨ ਹੋਵੈ ਅੰਦ੍ਰਹੁ ਲੋਭੀ; ਨਿਤ ਮਾਇਆ ਨੋ ਫਿਰੈ ਜਜਮਾਲਿਆ ॥’’ (ਮ: ੪/੩੧੫), ਗੋਇੰਦੇ ਦੇ ਪੁੱਤਰ ਦੀਆਂ ਕਰਤੂਤਾਂ ਇੰਜ ਦਰਜ ਕੀਤੀਆਂ: ‘‘ਮਲੁ ਜੂਈ ਭਰਿਆ, ਨੀਲਾ ਕਾਲਾ ਖਿਧੋਲੜਾ; ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥…..ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ; ਸੋ, ਸਾਚੈ ਮਾਰਿ ਪਚਾਇਆ ॥  ਏਹੁ ਅਖਰੁ ਤਿਨਿ ਆਖਿਆ; ਜਿਨਿ ਜਗਤੁ ਸਭੁ ਉਪਾਇਆ ॥’’ (ਮ: ੪/੩੦੬), ਪ੍ਰਚਾਰਕ ਦੌਰੇ ਦਾ ਵਿਸਥਾਰ ਤੁਖਾਰੀ ਰਾਗ ਅੰਦਰ ਇਉਂ ਕੀਤਾ: ‘‘ਨਾਵਣੁ ਪੁਰਬੁ ਅਭੀਚੁ; ਗੁਰ ਸਤਿਗੁਰ ਦਰਸੁ ਭਇਆ ॥’’ (ਮ: ੪/੧੧੧੬) ਫਿਰ ‘‘ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥’’ (ਮ: ੪/੧੧੧੬) ‘ਉਧਰਣ ਅਰਥਾ’ ਰਾਹੀਂ ਪ੍ਰਚਾਰਕ ਦੌਰੇ ਦੀ ਸੱਚਾਈ ਦਰਜ ਕੀਤੀ ਤਾਂ ਕਿ ਅਨਮਤੀ ਪ੍ਰਭਾਵ ਦੁਆਰਾ ਨਿੰਦਕਾਂ ਵਲੋਂ ਸਾਡੀ ਆਉਣ ਵਾਲੀ ਪੀੜੀ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ।  ਸੱਚੇ ਸਤਿਗੁਰੂ ਦੀ ਸ਼ੋਭਾ ਵਿੱਚ ਤੇ ਨਿੰਦਕਾਂ ਦੇ ਹਸ਼ਰ ਸੰਬੰਧੀ ਇੰਝ ਕਿਰਪਾ ਕੀਤੀ: ‘‘ਹੋਦੈ ਪਰਤਖਿ ਗੁਰੂ, ਜੋ ਵਿਛੁੜੇ; ਤਿਨ ਕਉ ਦਰਿ ਢੋਈ ਨਾਹੀ ॥…. ਸਤਿਗੁਰ ਕੀ ਵਡਿਆਈ ਵੇਖਿ ਨ ਸਕਨੀ;  ਓਨਾ ਅਗੈ ਪਿਛੈ ਥਾਉ ਨਾਹੀ ॥  ਜੋ ਸਤਿਗੁਰਿ ਮਾਰੇ, ਤਿਨ ਜਾਇ ਮਿਲਹਿ; ਰਹਦੀ ਖੁਹਦੀ, ਸਭ ਪਤਿ ਗਵਾਹੀ ॥  (ਮ: ੪/੩੦੯), ਜਿ ਹੋਂਦੈ ਗੁਰੂ ਬਹਿ ਟਿਕਿਆ; ਤਿਸੁ ਜਨ ਕੀ ਵਡਿਆਈ ਵਡੀ ਹੋਈ ॥  ਤਿਸੁ ਕਉ ਜਗਤੁ ਨਿਵਿਆ, ਸਭੁ ਪੈਰੀ ਪਇਆ; ਜਸੁ ਵਰਤਿਆ ਲੋਈ ॥’’ (ਮ: ੪/੩੦੯) ਆਦਿ। 

ਗੁਰੂ ਅਮਰਦਾਸ ਜੀ ਵਲੋਂ ਸਿੱਖੀ ਨੂੰ ਫੁੱਟ ਤੋਂ ਬਚਾਣ ਲਈ ਕੀਤੇ ਉਪਰਾਲੇ ਦਾ ਬਿਆਨ ਦਰਜ ਕੀਤਾ: ‘‘ਗੁਰਿ ਬਾਬੈ ਫਿਟਕੇ, ਸੇ ਫਿਟੇ; ਗੁਰਿ ਅੰਗਦਿ ਕੀਤੇ ਕੂੜਿਆਰੇ ॥  ਗੁਰਿ, ਤੀਜੀ ਪੀੜੀ ਵੀਚਾਰਿਆ; ਕਿਆ ਹਥਿ ਏਨਾ ਵੇਚਾਰੇ ॥  ਗੁਰੁ ਚਉਥੀ ਪੀੜੀ ਟਿਕਿਆ; ਤਿਨਿ ਨਿੰਦਕ ਦੁਸਟ ਸਭਿ ਤਾਰੇ ॥’’ (ਮ: ੪/੩੦੭) ਇਸ ਤਰ੍ਹਾਂ ਗੁਰੂ ਰਾਮਦਾਸ ਜੀ ਦੀ ਸ਼ਖ਼ਸੀਅਤ ਉਨ੍ਹਾਂ ਸਾਰੇ ਗੁਣਾਂ ਨਾਲ ਭਰਪੂਰ ਹੈ ਜੋ ਸਚ ਜਾਂ ਧਰਮ ਦੇ ਪ੍ਰਚਾਰ ਲਈ ਲੜੀਂਦੇ ਹਨ। ਸਚਮੁੱਚ ਗੁਰੂ ਅਮਰਦਾਸ ਜੀ ਵਲੋਂ ਗੁਰਿਆਈ ਲਈ ਗੁਰੂ ਰਾਮਦਾਸ ਜੀ ਦੀ ਚੋਣ ਮਹਾਨ ਦੂਰ-ਅੰਦੇਸ਼ੀ ਦੀ ਸੀ। ਇਸੇ ਲਈ ਭੱਟਾਂ ਨੇ ਵਡਿਆਈ ਕਰਦਿਆਂ ਵਚਨ ਕੀਤੇ: ‘‘ਨਾਨਕਿ ਨਾਮੁ ਨਿਰੰਜਨ ਜਾਨੵਉ; ਕੀਨੀ ਭਗਤਿ ਪ੍ਰੇਮ ਲਿਵ ਲਾਈ ॥  ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ; ਤਿਨਿ, ਸਬਦ ਸੁਰਤਿ ਕੀਨੀ ਵਰਖਾਈ ॥  ਗੁਰ ਅਮਰਦਾਸ ਕੀ ਅਕਥ ਕਥਾ ਹੈ; ਇਕ ਜੀਹ ਕਛੁ ਕਹੀ ਨ ਜਾਈ ॥  ਸੋਢੀ ਸ੍ਰਿਸਿ ਸਕਲ ਤਾਰਣ ਕਉ; ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥’’ (ਭਟ ਕੀਰਤ/੧੪੦੬)

24070cookie-checkਅਬ ਗੁਰ ਰਾਮਦਾਸ ਕਉ ਮਿਲੀ ਬਡਾਈ