34.2 C
Jalandhar
Wednesday, April 22, 2026
spot_img
Home Blog Page 176

ਖਾਲਸੇ ਜੀ ਕੇ ਬੋਲ ਬਾਲੇ

0

ਖਾਲਸੇ ਜੀ ਕੇ ਬੋਲ ਬਾਲੇ

ਜਸਵੀਰ ਸਿੰਘ ‘ਚਾਕਰ’ (ਗੁਰਦੁਆਰਾ ਦੂਖ ਨਿਵਾਰਨ, ਲੁਧਿਆਣਾ)-96468-00131

ਸਿੱਖ ਪੰਥ ’ਚ ਕੀਤੀ ਜਾਂਦੀ ਅਰਦਾਸ ਵਿਚਲਾ ਹਰ ਇਕ ਸ਼ਬਦ ਬਹੁਤ ਹੀ ਗਹਿਰੇ ਅਰਥ ਸਮੋਈ ਬੈਠਾ ਹੈ। ਇਨ੍ਹਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਹਨ: ‘ਖਾਲਸੇ ਜੀ ਕੇ ਬੋਲ ਬਾਲੇ’

‘ਬਾਲਾ’ ਸ਼ਬਦ ਫ਼ਾਰਸੀ ਭਾਸ਼ਾ ਵਿੱਚੋਂ ਹੈ, ਜਿਸ ਦਾ ਅਰਥ ਹੈ: ਉੱਚਾ, ਸ੍ਰੇਸ਼ਟ, ਉੱਤਮ ਜਾਂ ਸ਼੍ਰੋਮਣੀ, ਆਦਿ ਅਤੇ ‘ਬੋਲ’ ਦਾ ਅਰਥ ਹੈ: ਆਵਾਜ਼, ਗੱਲ, ਵਿਚਾਰ ਜਾਂ ਬਚਨ, ਆਦਿ। ਸੋ, ਇਸ ਸ਼ਬਦ ਦਾ ਅਰਥ ਹੋਇਆ ਕਿ ਉਹ ਬੋਲ ਜਾਂ ਵਿਚਾਰ ਜੋ ਉੱਤਮ ਜਾਂ ਸ਼੍ਰੋਮਣੀ ਹੋਣ ਜਾਂ ਸ੍ਰੇਸ਼ਟ ਹੋਣ ਦੇ ਨਾਲ-ਨਾਲ ਉੱਚੇ ਅਤੇ ਸੱਚੇ ਵੀ ਹੋਣ। ਖਾਲਸੇ ਦੀ ਆਵਾਜ਼ ਜਿੱਥੇ ਉੱਚੀ ਤੇ ਗਰਜਵੀਂ ਹੈ, ਉੱਥੇ ਸੱਚੀ ਤੇ ਸੁੱਚੀ ਵੀ ਜ਼ਰੂਰੀ ਹੈ।

‘ਬੋਲ’ ਤਾਂ ਸੰਸਾਰ ਦਾ ਹਰ ਮਨੁੱਖ ਰਿਹਾ ਹੈ ਪਰ ਉਸ ਦਾ ‘ਬੋਲ’ (ਬਚਨ ਜਾਂ ਕਥਨ) ਕਿੰਨਾ ਕੁ ਸੱਚਾ ਜਾਂ ਸ੍ਰੇਸ਼ਟ ਹੈ ਇਹ ਤਾਂ ਹਰ ਕੋਈ ਜਾਣਦਾ ਹੀ ਹੈ ਕਿਉਂਕਿ ਮਾਇਆਵੀ ਪਦਾਰਥਾਂ ਵਿੱਚ ਰਹਿ ਕੇ ਜੋ ਮਾਇਆ ਦੀ ਬੋਲੀ ਬੋਲਦਾ ਹੈ, ਉਹ ਕੱਚਾ ਹੈ, ਅੰਨ੍ਹਾ ਹੈ ਤੇ ਬੋਲਾ ਵੀ ਹੈ- ‘‘ਮਾਇਆਧਾਰੀ ਅਤਿ ਅੰਨਾ ਬੋਲਾ ॥’’ (ਮ: ੩/੩੧੩)

ਪਰ ਗੁਰੂ ਬਚਨਾਂ ਦੀ ਕਮਾਈ ਕਰਨ ਵਾਲੇ ਖਾਲਸੇ ਦੇ ਜੋ ‘ਬੋਲ’ ਹਨ, ਉਹ ਬਾਲੇ (ਉੱਚੇ) ਵੀ ਹਨ, ਸਦੀਵੀ ਹਨ, ਸਥਿਰ ਹਨ ਕਿਉਂਕਿ ਮਾਇਆ ਦੇ ਪ੍ਰਭਾਵ ਤੋਂ ਉਪਰ ਉੱਠ ਕੇ ਬੋਲੇ ਜਾਂਦੇ ਹਨ, ਸੱਚ ਨਾਲ ਜੁੜ ਕੇ ਬੋਲੇ ਜਾਂਦੇ ਹਨ, ਸੱਚ ਸਦੀਵੀ ਹੈ, ਸੱਚਾ ਬੋਲ ਵੀ ਸਦੀਵੀ ਤੇ ਅਮਰ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਜਾਂ ਗੁਰੂ ਸਾਹਿਬ ਜੀ ਦੇ ‘ਬੋਲ’; ‘ਬਾਲੇ’ (ਸ੍ਰੇਸ਼ਟ) ਹੀ ਹਨ, ਜਿਨ੍ਹਾਂ ਤੋਂ ਉੱਪਰ ਜਾਂ ਵੱਡਾ ਕੋਈ ਵੀ ਬੋਲ, ਕਥਨ ਜਾਂ ਵਿਚਾਰ ਸੰਸਾਰ ਅੰਦਰ ਮੌਜੂਦ ਨਹੀਂ ਹੈ।

‘ਖਾਲਸੇ ਜੀ ਕੇ ਬੋਲ ਬਾਲੇ’ ਹਮੇਸ਼ਾਂ ਹੀ ਸਤਿਗੁਰੂ ਜੀ ਦੀ ਹਾਜ਼ਰ ਹਜ਼ੂਰੀ ਮਹਿਸੂਸ ਕਰਵਾਉਂਦੇ ਹਨ। ਕਿਸੇ ਸਮੇਂ ਇਹ ਬਚਨ ਸਿੱਖ ਸਟੇਜਾਂ ਦਾ ਸ਼ਿੰਗਾਰ ਹੋਇਆ ਕਰਦੇ ਸਨ। ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਦੇ ਬੋਲਾਂ ਅੰਦਰਲਾ ‘ਬਾਲਾ’ ਪਨ ਭਾਵ ਸੱਚਾਈ ਤੇ ਗਰਜਣਾ ਮੌਜੂਦ ਸੀ, ਪਰ ਹੌਲੀ ਹੌਲੀ ਗੁਰਬਾਣੀ ਦੇ ‘ਬੋਲ ਬਾਲੇ’ ਤੋਂ ਦੂਰ ਹੋ ਕੇ ਅੱਜ ਦਾ ਆਮ ਸਿੱਖ ਤੇ ਆਗੂ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਆਪਣਾ ਨਿਆਰਾਪਣ ਗੁਆ ਚੁੱਕਾ ਹੈ। ਕੋਈ ਸਮਾਂ ਸੀ ਜਦੋਂ ਕੌਮ ਦੇ ਜਰਨੈਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਇੱਕ ਬੋਲ ਸੁਣ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਮਰਜੀਵੜੇ ਜੁਝਾਰੂਆਂ ਦੀ ਲਾਇਨ ਲੱਗ ਜਾਂਦੀ ਸੀ। ਭਾਈ ਤਾਰੂ ਸਿੰਘ ਵਰਗਿਆਂ, ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੇ ਬੋਲ ਪੂਰੇ ਹੁੰਦੇ ਸਨ। ਖਾਲਸੇ ਨੇ ਬੋਲ ਬਾਲੇ ਨੂੰ ਕਾਇਮ ਰੱਖਣ ਲਈ ਹੀ ਸ਼ਹੀਦੀਆਂ ਦੀ ਝੜੀ ਲਗਾ ਦਿੱਤੀ। ਦੁਸ਼ਮਣ ਮਾਰਦਾ ਮਾਰਦਾ ਤਾਂ ਥੱਕ ਗਿਆ ਪਰ ਖਾਲਸਾ ਹਜ਼ਾਰਾਂ ਤੇ ਲੱਖਾਂ ਵਾਰ ਮਰ ਕੇ ਵੀ ਸਦਾ ਜੀਵਤ ਰਿਹਾ ਹੈ।

ਸੂਰਬੀਰ ਬਚਨ ਕੇ ਬਲੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਾਹੀ ਦੇ ਬੂਟੇ ਨੂੰ ਪੁੱਟਣ ਤੇ ਆਪੇ ਹੋਏ ਬੋਲ ਕਿ ‘ਤੁਰਕਾਂ ਦੀ ਜੜ੍ਹ ਪੁੱਟੀ ਗਈ ਹੈ’ ਬਾਲੇ ਹੋ ਨਿਬੜੇ। ਔਰੰਗਜ਼ੇਬ ਵਰਗਾ 49 ਸਾਲ ਹਿੰਦੋਸਤਾਨ ’ਤੇ ਰਾਜ ਕਰਨ ਵਾਲਾ ਬਾਦਸ਼ਾਹ, ਜੋ ਕਿਸੇ ਤੋਂ ਵੀ ਪ੍ਰਭਾਵਤ ਨਹੀਂ ਸੀ ਹੁੰਦਾ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੋਏ ਬੋਲ, ਜੋ ਜ਼ਫ਼ਰਨਾਮਾ ਦੇ ਰੂਪ ’ਚ ਉਸ ਨੇ ਪੜ੍ਹੇ ਤਾਂ ਉਹ ਵੀ ਗੁਰੂ ਜੀ ਦੇ ਬਚਨਾਂ ਦਾ ਕਾਇਲ ਹੋ ਗਿਆ ਸੀ। ਜੋ ਬੋਲ ਸਚਾਈ ’ਤੇ ਆਧਾਰਿਤ ਹੁੰਦੇ ਹਨ ਉਹ ਲੋਕ ਪ੍ਰਲੋਕ ਵਿੱਚ ਵੀ ਸੱਚੇ ਹੋ ਨਿਬੜਦੇ ਹਨ। ਗੁਰਵਾਕ ਹਨ: ‘‘ਨਾਨਕ ! ਦਾਸੁ ਮੁਖ ਤੇ ਜੋ ਬੋਲੈ; ਈਹਾ ਊਹਾ ਸਚੁ ਹੋਵੈ॥’’ (ਮ: ੫/੬੮੧) ਇਸ ਲਈ ਧਿਆਨ ਰੱਖਣਯੋਗ ਬਾਤ ਹੈ ਕਿ ਗੁਰੂ ਦਾ ਲੜ ਛੱਡ ਕੇ ਖਾਲਸੇ ਦੇ ਬੋਲ ਬਾਲੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਮਨੁੱਖਤਾ ਦੀ ਤ੍ਰਾਸਦੀ ਇਹ ਹੈ ਕਿ ਇਹ ਬੋਲਣਾ ਤਾਂ 2-3 ਸਾਲ ਵਿੱਚ ਸਿੱਖ ਜਾਂਦਾ ਹੈ ਪਰ ਕੀ ਬੋਲਣਾ ਹੈ? ਸਾਰੀ ਉਮਰ ਵਿੱਚ ਵੀ ਨਹੀਂ ਸਿੱਖ ਪਾਉਂਦਾ। ਗੱਲ-ਗੱਲ ’ਤੇ ਝੂਠ, ਨਿੰਦਾ, ਚੁਗਲੀ, ਈਰਖਾ ਬਾਜੀ ਦੇ ਬੋਲ ਹੀ ਇਸ ਨੂੰ ਬਰਬਾਦ ਕਰਦੇ ਰਹਿੰਦੇ ਹਨ ਤੇ ਇਸ ਦਾ ਇਹ ਕੀਮਤੀ ਮਨੁੱਖੀ ਜਾਮਾ ਵੀ ਅਜਾਈਂ ਹੀ ਚਲਾ ਜਾਂਦਾ ਹੈ। ਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ‘‘ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ ॥’’ (ਬਾਬਾ ਫਰੀਦ ਜੀ/੪੮੮)

ਸੋ, ਐਸੇ ਬੋਲ ਬੋਲੇ ਜਾਣ ਜੋ ਮਾਣ ਸਤਿਕਾਰ ਕਰਨ ਤੇ ਕਰਵਾਉਣ ਵਾਲੇ ਤਾਂ ਹੋਣ; ਨਾਲ ਹੀ ਮਾਲਕ ਦੇ ਦਰ ’ਤੇ ਪਰਵਾਣ ਵੀ ਹੋ ਜਾਣ: ‘‘ਜਿਤੁ ਬੋਲਿਐ ਪਤਿ ਪਾਈਐ; ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ ਵਿਗੁਚਣਾ; ਸੁਣਿ ਮੂਰਖ ਮਨ ਅਜਾਣ ! ॥’’ (ਮ: ੧/੧੫)

ਭਾਈ ਗੁਰਦਾਸ ਜੀ ਨੇ ਵੀ ਚੰਗੇ ਮਿੱਠੇ ਬੋਲਾਂ ਨੂੰ ਹੀ ‘ਜਪ’ ਵਿੱਚ ਗਿਣ ਕੇ ਆਖਿਆ ਹੈ: ‘‘ਗੁਰਮੁਖਿ ਮਿਠਾ ਬੋਲਣਾ; ਜੋ ਬੋਲੈ, ਸੋਈ ਜਪੁ ਜਾਪੈ।’’ (ਭਾਈ ਗੁਰਦਾਸ ਜੀ /ਵਾਰ ੬ ਪਉੜੀ ੧੮)

ਕਿਸੇ ਵੀ ਕੌਮ ਦੀ ਚੜਦੀ ਕਲਾ ਉਸ ਦੇ ਬੋਲਾਂ ਜਾਂ ਵੀਚਾਰਾਂ ਤੋਂ ਹੀ ਪਰਗਟ ਹੁੰਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਿੱਖੀ ਦਾ ਬਾਗ ਵੀ ਹਰਾ ਭਰਾ ਹੋ ਕੇ ਫੁਲਾਂ ਤੇ ਫਲਾਂ ਨਾਲ ਭਰਪੂਰ ਹੋ ਜਾਵੇ ਤਾਂ ਗੁਰੂ ਜੀ ਦੀ ਬਾਣੀ ਦੇ ਬੋਲਾਂ ਨੂੰ ਜੀਵਨ ਵਿੱਚ ਕਮਾਈਏ, ਕਰਨੀ ਤੇ ਕਥਨੀ ਦੇ ਸੂਰਮੇ ਬਣੀਏ, ਉੱਚੇ ਕਿਰਦਾਰ ਦੇ ਮਾਲਕ ਬਣੀਏ ਤਾਂ ਹੀ ਸਾਡੇ ਜੀਵਨ ਰਾਹੀਂ ਗੁਰਬਾਣੀ ਦੀ ਖੁਸ਼ਬੋ ਸਾਰੇ ਸੰਸਾਰ ਨੂੰ ਮਹਿਕ ਦੇਵੇਗੀ ਅਤੇ ਅਰਦਾਸ ਦੇ ਇਹ ਬੋਲ: ‘ਖਾਲਸੇ ਜੀ ਕੇ ਬੋਲ ਬਾਲੇ’ ਪੂਰੀ ਕੌਮ ਨੂੰ ਵੀ ਚੜਦੀ ਕਲਾ ਵਿੱਚ ਲੈ ਜਾਣਗੇ।

ਸਿੱਖ ਧਰਮ ਦੀ ਵਿਚਾਰਧਾਰਾ

0

ਸਿੱਖ ਧਰਮ ਦੀ ਵਿਚਾਰਧਾਰਾ

ਰਣਜੀਤ ਸਿੰਘB.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀਹੈਡਮਾਸਟਰ (ਸੇਵਾ ਮੁਕਤ)

105, ਮਾਇਆ ਨਗਰਸਿਵਲ ਲਾਈਨਜ਼ (ਲੁਧਿਆਣਾ)-99155-15436

‘ਧਰਮ’ (Dharm) ਦਾ ਡਿਕਸ਼ਨਰੀ ਅਰਥ ਹੈ – ‘ਫਰਜ਼’ ਭਾਵ ਮਨੁੱਖ ਆਪਣੇ ਫਰਜ਼ ਨੂੰ ਪਛਾਣੇ। ਪ੍ਰਮਾਤਮਾ ਨੇ ਉਸ ਨੂੰ ਸੰਸਾਰ ਵਿੱਚ ਕਿਸ ਲਈ ਭੇਜਿਆ ਹੈ? ਉਹ ਇਸ ਨੂੰ ਸਮਝੇ ਤੇ ਆਪਣਾ ਫਰਜ਼ ਪੂਰਾ ਕਰੇ। ਗੁਰਬਾਣੀ ਦਾ ਫੁਰਮਾਨ ਹੈ।-

‘‘ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥’’ (ਮ: ੫/੧੨)

ਜੋ ਮਨੁੱਖ ਇਹ ਵਿਚਾਰ ਕਰਦਾ ਹੈ ਕਿ ਮਨੁੱਖਾ ਜੀਵਨ ਦਾ ਵਕਤ ਕਿਸ ਲਈ ਮਿਲਿਆ ਹੈ ਉਹ ਹੀ ਅਸਲ ਵਿੱਚ ਬੰਦਾ ਹੈ :

‘‘ਵਖਤੁ ਵੀਚਾਰੇ; ਸੁ ਬੰਦਾ ਹੋਇ ॥’’ (ਮ: ੧/੮੪) ਭਾਵ ਮਨੁੱਖ ਵਿਚਾਰ ਕਰੇ ਕਿ ਮੇਰੇ ਲਈ ਸਭ ਤੋਂ ਉਤਮ ਧਰਮ ਕੀ ਹੈ? ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ –‘‘ਸਰਬ ਧਰਮ ਮਹਿ; ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥’’ (ਮ: ੫/੨੬੬) ਭਾਵ ਪ੍ਰਮਾਤਮਾ ਦਾ ਨਾਮ ਜਪਣਾ ਤੇ ਚੰਗੇ ਕਰਮ ਕਰਨੇ ਹੀ ਸਭ ਤੋਂ ਉਤਮ ‘ਧਰਮ’ ਹੈ।

‘ਨਿਰਮਲ ਕਰਮ’ ਮਨੁੱਖ ਤਾਂ ਹੀ ਕਰ ਸਕੇਗਾ ਜੇ ਉਹ ਪ੍ਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ ਵਸਾਏਗਾ ਤੇ ਉਸ ਦੇ ਡਰ-ਅਦਬ ਵਿੱਚ ਰਹੇਗਾ। ਉਸ ਦੀ ਯਾਦ ਤੇ ਡਰ ਵਿੱਚ ਕੀਤੇ ਹੋਏ ਕਰਮ ਹੀ ‘ਨਿਰਮਲ ਕਰਮ’ ਹੋਣਗੇ। ‘ਨਿਰਮਲ ਕਰਮ’ ਕਰਨ ਲਈ ਅਗਵਾਈ ਜਾਂ ਸੇਧ; ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਹੀ ਮਨੁੱਖ ਨੇ ਲੈਣੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੀ ਸਿੱਖ ਧਰਮ ਸਮੇਤ ਸੰਸਾਰ ਨੂੰ ਇੱਕ ਵਿਸ਼ੇਸ਼ ਦੇਣ ਹੈ। ਇਸ ਵਿੱਚ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਹੀ ਨਹੀਂ ਸਗੋਂ 11 ਭੱਟਾਂ ਅਤੇ ਵੱਖ-ਵੱਖ ਜਾਤਾਂ ਤੇ ਫਿਰਕਿਆਂ ਨਾਲ ਸਬੰਧਿਤ 15 ਭਗਤਾਂ ਅਤੇ 3 ਗੁਰਸਿੱਖਾਂ ਦੀ ਬਾਣੀ ਵੀ ਦਰਜ ਹੈ। ਇਸ ਦੀ ਬਾਣੀ ਕਿਸੇ ਇੱਕ ਫਿਰਕੇ ਲਈ ਨਹੀਂ ਸਗੋਂ ਇਸ ਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਹੈ। ਇਹ ਧਰਮ ਸਭ ਤੋਂ ਛੋਟੀ ਉਮਰ ਦਾ ਹੋਣ ਦੇ ਬਾਵਜੂਦ ਵੀ ਇਸ ਨੇ ਵਿਸ਼ਵ ਦੇ ਵਿਦਵਾਨਾਂ ਤੇ ਫ਼ਿਲਾਸਫ਼ਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਅਮਰੀਕਾ ਦਾ ਧਰਮ ਚਿੰਤਕ ਐਚ. ਐਲ. ਬ੍ਰਾਡਸ਼ਾ; ਸਿੱਖ ਧਰਮ ਬਾਰੇ ਲਿਖਦਾ ਹੈ ਕਿ ਸਿੱਖੀ, ਜਿੱਥੇ ਇੱਕ ਸਰਬ ਵਿਆਪਕ ਵਿਸ਼ਵ ਧਰਮ ਹੈ ਉਥੇ ਇਹ ਨਵੇਂ ਯੁੱਗ ਦਾ ਧਰਮ ਵੀ ਹੈ। ਮਿਸ ਪਰਲ ਬੱਕ (ਨੋਬਲ ਪਰਾਈਜ਼ ਵਿਨਰ) ਲਿਖਦੀ ਹੈ ਕਿ ਮੈਂ ਹੋਰ ਧਰਮਾਂ ਦੇ ਗ੍ਰੰਥ ਵੀ ਪੜ੍ਹੇ ਹਨ ਪਰ ਦਿਲ ਨੂੰ ਟੁੰਬਨ ਵਾਲੀ ਸ਼ਕਤੀ, ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਪ੍ਰਾਪਤ ਹੋਈ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ ਪ੍ਰਸਿੱਧ ਫ਼ਿਲਾਸਫ਼ਰ ਡਾ. ਰਾਧਾ ਕ੍ਰਿਸ਼ਨਨ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੁੱਟ ਭਗਤੀ ਅਤੇ ਅਟਲ ਸਚਾਈਆਂ ਦੇ ਸਾਹਮਣੇ ਸਮੁੰਦਰਾਂ ਅਤੇ ਪਹਾੜਾਂ ਦੇ ਹੱਦ ਬੰਨੇ ਜੋ ਇੱਕ ਦੇਸ਼ ਨੂੰ ਦੂਜੇ ਦੇਸ਼ ਤੋਂ ਵੱਖ ਕਰਦੇ ਹਨ, ਹੱਟ ਜਾਣਗੇ।

ਸੀ. ਐਚ. ਪੇਨ; ਸਿੱਖ ਧਰਮ ਨੂੰ ਜੁਝਾਰੂਆਂ ਦਾ ਧਰਮ ਕਹਿੰਦਾ ਹੈ ਜਿਹੜੇ ਦੁਨੀਆਂ ਵਿੱਚ ਰਹਿ ਕੇ ਬੁਰਾਈਆਂ ਨਾਲ ਜੂਝਦੇ ਰਹਿੰਦੇ ਹਨ। ਉਹ ਲਿਖਦਾ ਹੈ ਕਿ ਧਰਮ ਉਹੀ ਜਿੰਦਾ ਰਹਿ ਸਕਦਾ ਹੈ ਜਿਹੜਾ ਇਸ ਦੀ ਵਰਤੋਂ ਸਿਖਾਵੇ। ਇਹ ਨਾ ਸਿਖਾਵੇ ਕਿ ਬਦੀਆਂ ਤੋਂ ਕਿਵੇਂ ਬਚਣਾ ਹੈ ਸਗੋਂ ਇਹ ਸਿਖਾਵੇ ਕਿ ਬਦੀਆਂ ਦਾ ਟਾਕਰਾ ਕਰਦੇ ਹੋਏ ਕਿਵੇਂ ਕਾਮਯਾਬ ਹੋਣਾ ਹੈ। ਇੰਗਲੈਂਡ ਦਾ ਸੰਸਾਰ ਪ੍ਰਸਿੱਧ ਵਿਦਵਾਨ ਆਰਨਲ ਟਇਨਬੀ ਲਿਖਦਾ ਹੈ ਕਿ ਸਿੱਖ ਧਰਮ ਅੱਜ ਦਾ ਧਰਮ ਹੀ ਨਹੀਂ ਸਗੋਂ ਕਲ ਦਾ ਧਰਮ ਵੀ ਹੈ, ਕਿਉਂਕਿ ਇਸ ਦਾ ਖਜ਼ਾਨਾ ਆਤਮਿਕ ਸ਼ਾਂਤੀ ਦਾ ਅਮੁਕ ਸੋਮਾ ਹੈ।

ਆਉ, ਹੁਣ ਇਸ ਗੱਲ ਤੇ ਆਈਏ ਕਿ ਸਿੱਖ ਧਰਮ ਦੇ ਉਹ ਵਿਸ਼ੇਸ਼ ਗੁਣ ਜਾਂ ਖੂਬੀਆਂ ਕਿਹੜੀਆਂ ਹਨ ਜਿਹਨਾਂ ਨੇ ਸੰਸਾਰ ਭਰ ਦੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ –

(1). ਜੀਵਨ ਜਾਂਚ : ਸਿੱਖ ਧਰਮ ਨੇ ਮਨੁੱਖ ਨੂੰ ਕਰਮਕਾਂਡਾਂ ਤੇ ਅੰਧ ਵਿਸ਼ਵਾਸਾਂ ਦੇ ਗੋਰਖ ਧੰਦੇ ਵਿੱਚੋਂ ਕੱਢ ਕੇ ਇੱਕ ਜੀਵਨ ਜਾਂਚ ਦੇ ਰੂਪ ਵਿੱਚ ਪ੍ਰਗਟ ਕੀਤਾ ਭਾਵ ਧਰਮ ਨੂੰ ਅਜਿਹੀ ਵਿਚਾਰਧਾਰਾ ਦਾ ਰੂਪ ਦਿੱਤਾ ਜਿਹੜੀ ਮਨੁੱਖ ਦੇ ਸਮੁੱਚੇ ਜੀਵਨ ਵਿੱਚ ਉਸ ਦੀ ਅਗਵਾਈ ਕਰੇ। ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਸਾਹਿਬਾਨ ਨੇ ਜਿੱਥੇ ਸਮਾਜਿਕ ਕੁਰੀਤੀਆਂ ਦੂਰ ਕੀਤੀਆਂ ਅਤੇ ਰੁਪਏ ਪੈਸੇ ਦੀ ਸਾਂਵੀ ਵੰਡ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਉਥੇ ਰਾਜਸੀ ਅੱਤਿਆਚਾਰਾਂ ਵਿਰੁੱਧ ਵੀ ਲੋਕਾਂ ਨੂੰ ਲਾਮਬੰਦ ਕੀਤਾ। ਧਾਰਮਿਕ ਖੇਤਰ ਵਿੱਚ ਲਿਆਂਦੀ ਕ੍ਰਾਂਤੀ ਦੇ ਕਾਰਨ ਹੀ ਸਦੀਆਂ ਤੋਂ ਲਿਤਾੜੇ ਜਾਂਦੇ ਲੋਕ ਅੱਤਿਆਚਾਰੀ ਰਾਜਿਆਂ ਨੂੰ ਵੰਗਾਰਨ ਲੱਗ ਪਏ ਸਨ ਅਤੇ ਅੰਤ ਨੂੰ ਸੱਚ ਤੇ ਧਰਮ ਦਾ ਰਾਜ ਸਥਾਪਤ ਕਰਨ ਵਿੱਚ ਕਾਮਯਾਬ ਹੋਏ।

(2)ਧਰਮ ਅਸਥਾਨ (ਗੁਰਦੁਆਰੇ) ਜੀਵਨ ਜਾਂਚ ਦੇ ਕੇਂਦਰ : ਭਾਈ ਕਾਨ੍ਹ ਸਿੰਘ ਨਾਭਾ ਕਰਤਾ ਮਹਾਨ ਕੋਸ਼ ਅਨੁਸਾਰ : ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਾਫਾਖਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ।

ਗੁਰੂ ਸਾਹਿਬਾਨ ਵੱਲੋਂ ਸਮਾਜ ਸੁਧਾਰਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਨੂੰ ਗੁਰਦੁਆਰਿਆਂ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਬਿਨਾਂ ਭੇਦ ਭਾਵ ਦੇ ਸਭ ਇੱਥੇ ਸੰਗਤ ਵਿੱਚ ਬੈਠ ਸਕਦੇ ਹਨ, ਇਕੱਠੇ ਲੰਗਰ ਛਕ ਸਕਦੇ ਹਨ। ਇੱਕੋ ਸਰੋਵਰ ਵਿੱਚ ਇਸ਼ਨਾਨ ਕਰ ਸਕਦੇ ਹਨ। ਗੁਰਦੁਆਰਿਆਂ ਦੀਆਂ ਇਮਾਰਤਾਂ ਵਿੱਚ ਹਸਪਤਾਲ, ਯਤੀਮਖਾਨੇ ਤੇ ਪਿੰਗਲਵਾੜੇ ਦਾ ਵੀ ਪ੍ਰਬੰਧ ਹੁੰਦਾ ਹੈ। ਇੱਥੋਂ ਤੱਕ ਕਿ ਸੰਸਾਰੀ ਵਿੱਦਿਆ ਦੇਣ ਦਾ ਪ੍ਰਬੰਧ ਵੀ ਗੁਰਦੁਆਰਿਆਂ ਵਿੱਚ ਹੁੰਦਾ ਰਿਹਾ ਹੈ।

(3)ਸ਼ਬਦ ਗੁਰੂ ਦਾ ਸਿਧਾਂਤ : ਸਿੱਖ ਧਰਮ ਨੇ ਸ਼ਬਦ ਨੂੰ ਹੀ ਗੁਰੂ ਸਵੀਕਾਰਿਆ ਹੈ ਭਾਵ ਉਹ ਗਿਆਨ (Spiritual knowledge) ਜੋ ਗੁਰੂ ਸਾਹਿਬਾਨ ਨੇ ਪ੍ਰਭੂ ਨਾਲ ਇੱਕ ਮਿੱਕ ਹੋ ਕੇ ਪ੍ਰਾਪਤ ਕੀਤਾ ਅਤੇ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਤ ਕੀਤਾ ਭਾਵ ਗੁਰਬਾਣੀ ਹੀ ਗੁਰੂ ਹੈ, ਜੋ ਸਦਾ ਲਈ ਅਮਰ ਹੈ: ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ ਗੁਰੁ ਬਾਣੀ ਕਹੈ, ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥’’ (ਮ: ੪/੯੮੨)

ਜਦੋਂ ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਤੁਹਾਡਾ ‘ਗੁਰੂ’ ਕੌਣ ਹੈ ਅਤੇ ਤੂੰ ਕਿਸ ਦਾ ਚੇਲਾ ਹੈਂ ? ਤਾਂ ਗੁਰੂ ਸਾਹਿਬ ਨੇ ਜੁਆਬ ਦਿੱਤਾ : ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮ: ੧/੯੪੩)

ਬਾਣੀ ਨੂੰ ਗੁਰੂ ਸਾਹਿਬ ਨੇ ਆਪਣੀ ਰਚਨਾ ਨਹੀਂ ਮੰਨਿਆ ਸਗੋਂ ਅਕਾਲ ਪੁਰਖ ਵੱਲੋਂ ਹੋਈ ਪ੍ਰੇਰਨਾ ਵਜੋਂ ਆਪਣੇ ਮੁੱਖ ਵਿੱਚੋਂ ਨਿੱਕਲੇ ਵਾਕ ਮੰਨਿਆ ਹੈ: ‘‘ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥’’ (ਮ: ੧/੭੬੩)

(4)ਜੀਵਨ ਮੁਕਤੀ ਦਾ ਸਿਧਾਂਤ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕਈ ਧਰਮਾਂ ਨੇ ਮੁਕਤੀ ਦਾ ਸਿਧਾਂਤ ਦਿੱਤਾ ਸੀ ਪਰ ਉਹ ਕੇਵਲ ਮੌਤ ਤੋਂ ਮਗਰੋਂ ਮੁਕਤੀ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ ਜਾਂ ਫਿਰ ਨਰਕਾਂ ਦੇ ਡਰਾਵੇ ਅਤੇ ਸਵਰਗਾਂ ਦੇ ਲਾਲਚ ਦਿੱਤੇ ਜਾਂਦੇ ਸਨ। ਸਿੱਖ ਧਰਮ ਨੇ ਜੀਵਨ ਵਿੱਚ ਤੇ ਜੀਵਨ ਤੋਂ ਬਾਅਦ ਮੁਕਤੀ ਦਾ ਸਿਧਾਂਤ ਦੱਸਿਆ ਹੈ। ਜੀਵਨ ਮੁਕਤੀ ਤੋਂ ਭਾਵ ਸੰਸਾਰ ਵਿੱਚ ਰਹਿੰਦਿਆਂ ਮਾਇਆ ਅਤੇ ਵਿਕਾਰਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਅਤੇ ਜੀਵਨ ਤੋਂ ਬਾਅਦ ਮੁਕਤੀ ਤੋਂ ਭਾਵ ਜਨਮ ਮਰਨ ਦੇ ਗੇੜ ਤੋਂ ਮੁਕਤ ਹੋਣਾ ਅਤੇ ਆਤਮਾ ਦਾ ਸਦਾ ਲਈ ਪ੍ਰਮਾਤਮਾ ਵਿੱਚ ਲੀਨ ਹੋਣਾ।

‘‘ਪ੍ਰਭ ਕੀ ਆਗਿਆ, ਆਤਮ ਹਿਤਾਵੈ ॥ ਜੀਵਨ ਮੁਕਤਿ, ਸੋਊ ਕਹਾਵੈ ॥’’ (ਮ: ੫/੨੭੫)      ਅਤੇ

‘‘ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ ॥ ਕਹੁ ਨਾਨਕ ! ਸੁਨਿ ਰੇ ਮਨਾ ! ਮੁਕਤਿ ਤਾਹਿ ਤੈ ਜਾਨਿ ॥’’ (ਮ: ੯/੧੪੨੭)

ਜਿੱਥੇ ਜੀਵਨ ਮੁਕਤੀ ਦਾ ਸਿਧਾਂਤ ਦਿੱਤਾ ਗਿਆ ਹੈ ਉੱਥੇ ਸਵਰਗ ਤੇ ਨਰਕ ਦੀ ਹੋਂਦ ਨੂੰ ਪੂਰੀ ਤਰ੍ਹਾਂ ਰੱਦ ਵੀ ਕੀਤਾ ਹੈ ਅਤੇ ਜੀਵਨ ਮਗਰੋਂ ਹੋਣ ਵਾਲੀ ਮੁਕਤੀ ਦੀ ਥਾਂ ਪ੍ਰਭੂ ਵਿੱਚ ਲੀਨਤਾ ਨੂੰ ਹੀ ਤਰਜੀਹ ਦਿੱਤੀ ਗਈ ਹੈ: ‘‘ਕਵਨੁ ਨਰਕੁ ? ਕਿਆ ਸੁਰਗੁ ਬਿਚਾਰਾ ? ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ; ਅਪਨੇ ਗੁਰ ਪਰਸਾਦੇ ॥ (ਭਗਤ ਕਬੀਰ/੯੬੯), ਕਬੀਰ ! ਸੁਰਗ ਨਰਕ ਤੇ ਮੈ ਰਹਿਓ; ਸਤਿਗੁਰ ਕੇ ਪਰਸਾਦਿ ॥ ਚਰਨ ਕਮਲ ਕੀ ਮਉਜ ਮਹਿ; ਰਹਉ ਅੰਤਿ ਅਰੁ ਆਦਿ ॥’’ (ਭਗਤ ਕਬੀਰ/੧੩੭੦), ਆਦਿ।

(5)ਧਰਮ ਪ੍ਰਚਾਰ ਦਾ ਸਭ ਸਿੱਖਾਂ ਨੂੰ ਅਧਿਕਾਰ : ਜਿੱਥੇ ਕਿਤੇ ਵੀ ਧਰਮ ਪ੍ਰਚਾਰ ਅਤੇ ਧਾਰਮਿਕ ਰਸਮਾ ਨਿਭਾਉਣ ਦਾ ਅਧਿਕਾਰ ਕੇਵਲ ਪੁਜਾਰੀ ਸ਼੍ਰੇਣੀ ਨੂੰ ਦਿੱਤਾ ਗਿਆ ਹੈ, ਉਥੇ ਸਮਾਂ ਪਾ ਕੇ ਪੁਜਾਰੀ ਵਰਗ ਭਿ੍ਰਸ਼ਟ ਹੁੰਦਾ ਰਿਹਾ ਹੈ ਅਤੇ ਆਮ ਜੰਤਾ ਨੂੰ ਕਰਮਕਾਂਡਾਂ ਤੇ ਅੰਧ ਵਿਸ਼ਵਾਸਾਂ ਵਿੱਚ ਧੱਕ ਦਿੱਤਾ ਗਿਆ। ਗੁਰੂ ਸਾਹਿਬਾਨ ਨੇ ਸਭ ਸਿੱਖਾਂ ਨੂੰ ਧਰਮ ਪ੍ਰਚਾਰ ਅਤੇ ਧਾਰਮਿਕ ਰਸਮਾਂ ਰੀਤਾਂ ਨਿਭਾਉਣ ਦਾ ਅਧਿਕਾਰ ਦਿੱਤਾ। ਹਰੇਕ ਸਿੱਖ, ਇਸਤਰੀ ਜਾਂ ਪੁਰਸ਼ ਗ੍ਰੰਥੀ ਦੇ ਫਰਜ ਨਿਭਾ ਸਕਦਾ ਹੈ। ਸੰਗਤ ਵਿੱਚ ਕੀਰਤਨ, ਕਥਾ ਤੇ ਵਖਿਆਣ ਕਰਨ ਦਾ ਅਧਿਕਾਰ ਵੀ ਸਭ ਨੂੰ ਪ੍ਰਾਪਤ ਹੈ। ਆਪਣੀ ਕਿਰਤ ਕਾਰ ਕਰਦਿਆਂ ਹੋਇਆ ਉਹ ਪੁਜਾਰੀ ਵਰਗ ਵਾਲੇ ਸਾਰੇ ਫਰਜ ਅਦਾ ਕਰ ਸਕਦਾ ਹੈ। ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦੀਖਿਆ ਦੇਣ ਦਾ ਅਧਿਕਾਰ ਵੀ ਉਚੇ ਸੁੱਚੇ ਜੀਵਨ ਵਾਲੇ ਆਮ ਸਿੱਖਾਂ (ਪੰਜ ਪਿਆਰਿਆਂ) ਨੂੰ ਦੇ ਦਿੱਤਾ।

(6)ਗ੍ਰਹਿਸਥੀਆਂ ਦਾ ਧਰਮ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਗ੍ਰਹਿਸਤੀ ਜਾਂ ਕਿਰਤੀ ਮਨੁੱਖ ਧਰਮ ਪ੍ਰਚਾਰਕ ਨਹੀਂ ਸੀ ਹੁੰਦਾ ਅਤੇ ਧਰਮੀ ਮਨੁੱਖ ਗ੍ਰਹਿਸਤੀ ਜਾਂ ਕਿਰਤੀ ਨਹੀਂ ਸੀ ਹੁੰਦਾ ਪਰ ਗੁਰਬਾਣੀ ਦੇ ਉਪਦੇਸ਼ ਹਨ ਕਿ ਸਿੱਖ ਨੇ ਸੰਸਾਰ ਵਿੱਚ ਕਿਰਤ ਕਾਰ ਕਰਦਿਆਂ ਹੋਇਆਂ ਅਤੇ ਗ੍ਰਹਿਸਤ ਦੇ ਸਾਰੇ ਫਰਜ਼ ਨਿਭਾਉਂਦਿਆਂ ਹੋਇਆਂ ਸੰਸਾਰਿਕ ਵਸਤਾਂ ਦੇ ਮੋਹ ਵਿੱਚ ਨਹੀਂ ਫਸਣਾ ਅਤੇ ਧਰਮੀ ਜੀਵਨ ਜੀਊ ਕਿ ਹੋਰਨਾਂ ਨੂੰ ਵੀ ਧਰਮ ਵੱਲ ਪ੍ਰੇਰਤ ਕਰਨਾ ਹੈ: ‘‘ਨਾਨਕ ! ਸਤਿਗੁਰਿ ਭੇਟਿਐ; ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥’’ (ਮ: ੫/੫੨੨) ਨਾਲ ਹੀ ਸਮਝਾਇਆ ਕਿ ਸੰਸਾਰ ਵਿੱਚ ਰਹਿ ਕੇ ਮੋਹ ਮਾਇਆ ਤੋਂ ਨਿਰਲੇਪ ਇਸ ਤਰ੍ਹਾਂ ਰਹਿਣਾ ਹੈ ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ ਅਤੇ ਮੁਰਗਾਈ ਆਪਣੇ ਖੰਭਾਂ ਨੂੰ ਪਾਣੀ ਤੋਂ ਬਚਾ ਕੇ ਰੱਖਦੀ ਹੈ: ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕ ! ਨਾਮੁ ਵਖਾਣੇ ॥’’ (ਮ: ੧/੯੩੮)

(7)ਮਨੱਖੀ ਏਕਤਾ ਦਾ ਹਾਮੀ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਭਾਰਤੀ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣੁ, ਖੱਤਰੀ, ਵੈਸ਼ ਤੇ ਸੂਦਰ । ਇਹਨਾਂ ਵਿੱਚੋਂ ਸੂਦਰਾਂ ਦੀ ਹਾਲਤ ਅਤੀ ਤਰਸਯੋਗ ਸੀ। ਉਹਨਾਂ ਨਾਲ ਅਨ-ਮਨੁੱਖੀ ਵਿਹਾਰ ਕੀਤਾ ਜਾਂਦਾ ਸੀ। ਗੁਰੂ ਸਾਹਿਬਾਨ ਨੇ ਜਾਤੀਵਾਦ ਅਤੇ ਸੂਦਰਾਂ ਨਾਲ ਹੁੰਦੇ ਭੈੜੇ ਵਿਹਾਰ ਦੇ ਵਿਰੁੱਧ ਅਵਾਜ਼ ਉਠਾਈ। ਆਪਣੇ ਆਪ ਨੂੰ ਇਹਨਾਂ ਦਾ ਸਾਥੀ ਦੱਸਿਆ ਅਤੇ ਕਿਹਾ ਕਿ ਜਿੱਥੇ ਅਖੋਤੀ ਨੀਚਾਂ ਦੀ ਸੰਭਾਲ ਹੁੰਦੀ ਹੈ, ਉੱਥੇ ਪ੍ਰਭੂ ਦੀ ਮਿਹਰ ਦੀ ਨਜਰ ਹੁੰਦੀ ਹੈ: ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ ! ॥’’ (ਮ: ੧/੧੫) ਊਚ ਨੀਚ ਦਾ ਭੇਦ ਭਾਵ ਖਤਮ ਕਰਨ ਲਈ ਲੰਗਰ ਪ੍ਰਥਾ ਸ਼ੁਰੂ ਕੀਤੀ। ਸਰੋਵਰ ਤੇ ਬਉਲੀਆਂ ਬਣਾਈਆਂ ਜਿੱਥੇ ਸਾਰੇ ਇਕੱਠੇ ਇਸ਼ਨਾਨ ਕਰ ਸਕਦੇ ਸਨ।

(8)ਇਸਤਰੀ ਜਾਤੀ ਦਾ ਸਨਮਾਨ : ਪ੍ਰਾਚੀਨ ਧਰਮਾਂ ਵਿੱਚ ਇਸਤਰੀ ਨੂੰ ਪੁਰਸ਼ ਦੇ ਮੁਕਾਬਲੇ ਨੀਵਾਂ ਦਰਜਾ ਦਿੱਤਾ ਗਿਆ ਸੀ। ਪ੍ਰੰਤੂ ਸਿੱਖ ਧਰਮ ਨੇ ਇਸਤਰੀ ਤੇ ਪੁਰਸ਼ ਨੂੰ ਬਰਾਬਰ ਦਾ ਦਰਜਾ ਦੇ ਕੇ ਇਨਕਲਾਬੀ ਕੰਮ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇਸਤਰੀਆਂ ਸਿੱਖ ਧਰਮ ਧਾਰਨ ਕਰਨ ਲੱਗ ਗਈਆਂ ਸਨ। ਸਿੱਖ ਧਰਮ ਨੂੰ ਧਾਰਨ ਕਰਨ ਵਾਲੀ ਪਹਿਲੀ ਔਰਤ ਬੇਬੇ ਨਾਨਕੀ ਹੀ ਸੀ। ਉਹ ਗੁਰੂ ਨਾਨਕ ਨੂੰ ਆਪਣਾ ਵੀਰ ਹੀ ਨਹੀਂ ਸਗੋਂ ਪੀਰ ਵੀ ਸਮਝਦੀ ਸੀ। ਔਰਤਾਂ ਗੁਰਦੁਆਰਿਆਂ ਵਿੱਚ ਕੀਰਤਨ, ਕਥਾ ਤੇ ਵਖਿਆਣ ਕਰ ਸਕਦੀਆਂ ਹਨ। ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਵੀ ਹਿੱਸਾ ਲੈ ਸਕਦੀਆਂ ਹਨ। ਸਿੱਖ ਧਰਮ ਅਨੁਸਾਰ ਇਸਤਰੀ ਜਾਂ ਪੁਰਸ਼ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪ੍ਰਮਾਤਮਾ ਦੇ ਦਰ ਤੇ ਨਿਬੇੜਾ ਕਰਮਾਂ ਅਨੁਸਾਰ ਹੋਣਾ ਹੈ। ਫਿਰ ਗੁਰੂ ਨਾਨਕ ਦੇਵ ਜੀ ਨੇ ਇਹ ਵੀ ਸਮਝਾਇਆ ਕਿ ਜਿਹੜੀ ਔਰਤ ਰਾਜੇ ਮਹਾਰਾਜਿਆਂ ਨੂੰ ਜਨਮ ਦੇਂਦੀ ਹੈ ਉਹ ਭੈੜੀ ਕਿਵੇਂ ਹੋ ਸਕਦੀ ਹੈ। ਆਸਾ ਕੀ ਵਾਰ ਵਿੱਚ ਆਪ ਜੀ ਦਾ ਫੁਰਮਾਨ ਹੈ: ‘‘ਸੋ ਕਿਉ ਮੰਦਾ ਆਖੀਐ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਸਿੱਖ ਧਰਮ ਨੇ ਸਤੀ ਪ੍ਰਥਾ ਦਾ ਵੀ ਡਟ ਕੇ ਵਿਰੋਧ ਕੀਤਾ। ਗੁਰੂ ਅਮਰਦਾਸ ਜੀ ਨੇ ਬਾਦਸ਼ਾਹ ਅਕਬਰ ਕੋਲੋਂ ਇਸ ਪ੍ਰਥਾ ਦੇ ਵਿਰੁੱਧ ਫੁਰਮਾਨ ਜਾਰੀ ਕਰਵਾਇਆ ਸੀ ਅਤੇ ਆਪਣੀ ਬਾਣੀ ਵਿੱਚ ਫੁਰਮਾਇਆ ਕਿ ਅਸਲ ਸਤੀ ਕੌਣ ਹੈ: ‘‘ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥ ਨਾਨਕ ! ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍ ॥ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਾਲੰਨਿ੍ ॥’’ (ਮ: ੩/੭੮੭) ਬੀਬੀਆਂ ਨੂੰ ਘੁੰਡ ਕੱਢਣ (ਪਰਦਾ) ਦੀ ਮਨਾਹੀ ਕੀਤੀ ਅਤੇ ਇੱਥੋਂ ਤੱਕ ਕਿ ਬੀਬੀਆਂ ਨੂੰ ਧਰਮ ਪ੍ਰਚਾਰਕ ਵੀ ਥਾਪਿਆ।

(9)ਲੰਗਰ ਦੀ ਮਰਯਾਦਾ : ਲੰਗਰ ਦੀ ਮਰਯਾਦਾ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਅਰੰਭ ਕਰ ਦਿੱਤੀ ਸੀ ਜੋ ਅੱਜ ਇੱਕ ਸੰਸਥਾ ਦਾ ਰੂਪ ਧਾਰਨ ਕਰ ਚੁੱਕੀ ਹੈ। ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਲੰਗਰ ਵਿੱਚ ਘਿਉ ਵਾਲੀ ਖੀਰ ਆਪ ਤਿਆਰ ਕਰਕੇ ਵਰਤਾਉਂਦੇ ਰਹੇ ਸਨ। ਭਾਈ ਸੱਤੇ ਤੇ ਬਲਵੰਡ ਜੀ ਨੇ ਆਪਣੀ ਵਾਰ ਵਿੱਚ ਵਰਣਨ ਕੀਤਾ: ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ॥’’ (ਬਲਵੰਡ ਸਤਾ/੯੬੭)

ਅੱਜ ਲੰਗਰ ਸਿੱਖਾਂ ਦੇ ਸਮਾਜਿਕ ਜੀਵਨ ਦਾ ਅਨਿਖੜਵਾਂ ਅੰਗ ਬਣ ਚੁੱਕਾ ਹੈ। ਲਗਭਗ ਸਾਰੇ ਗੁਰਦੁਆਰਿਆਂ ਵਿੱਚ ਬਿਨਾਂ ਕਿਸੇ ਜਾਤ-ਪਾਤ, ਧਰਮ, ਦੇਸ਼, ਊਚ-ਨੀਚ, ਅਮੀਰ-ਗਰੀਬ ਸਭ ਨੂੰ ਲੰਗਰ ਬਰਾਬਰ ਮਿਲਦਾ ਹੈ। ਇੱਥੇ ਹੀ ਬੱਸ ਨਹੀਂ ਜਿੱਥੇ ਕਿਤੇ ਵੀ ਕੁਦਰਤੀ ਆਫਤਾਂ ਆਈਆਂ, ਸਿੱਖਾਂ ਨੇ ਦਿਲ ਖੋਲ੍ਹ ਕੇ ਉੱਥੇ ਲੰਗਰ ਲਾ ਕੇ ਆਪਣੇ ਫਰਜ ਨੂੰ ਪਛਾਣਿਆ। ਹੁਣੇ ਹੀ ਨੋਟ ਬੰਦੀ ਦੀ ਮੁਸੀਬਤ ਵਿੱਚ ਫਸੇ ਦੇਸ਼ ਵਿਦੇਸ਼ ਦੇ ਲੋਕਾਂ ਲਈ ਵੀ ਗੁਰਦੁਆਰਿਆਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।

(10). ਨਵੀਂ ਆਰਥਕ ਵਿਚਾਰਧਾਰਾ : (New Economic Policy) ਸਿੱਖ ਧਰਮ ਨੇ ਆਰਥਿਕ ਵਿਚਾਰਧਾਰਾ ਦੇ ਤਿੰਨੇ ਪੱਖ ਦੱਸੇ ਹਨ। ‘ਧਰਮ ਦੀ ਕਿਰਤ ਕਰਨਾ, ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢਣਾ ਅਤੇ ਸਮਾਜ ਵਿੱਚ ਅਮੀਰੀ ਗਰੀਬੀ ਦੇ ਫਰਕ ਨੂੰ ਮਿਟਾਊਣਾ।’ ਗੁਰੂ ਸਾਹਿਬਾਨ ਨੇ ਸੱਚੀ ਸੁੱਚੀ ਕਮਾਈ ਉੱਤੇ ਜੋਰ ਦਿੱਤਾ ਹੈ ਅਤੇ ਉਸ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਲਈ ਉਪਦੇਸ਼ ਦਿੱਤਾ ਹੈ: ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫)

ਧੰਨ ਇਕੱਠਾ ਕਰਨ ਦੀ ਆਦਤ ਮਨੁੱਖ ਵਿੱਚ ਆਦਿ ਕਾਲ ਤੋਂ ਰਹੀ ਹੈ ਪਰ ਗੁਰੂ ਸਾਹਿਬਾਨਾਂ ਨੇ ਸਮਝਾਇਆ ਕਿ ਪਾਪ ਕੀਤੇ ਬਿਨਾਂ ਧੰਨ ਇਕੱਠਾ ਨਹੀਂ ਹੋ ਸਕਦਾ ਅਤੇ ਮਰਨ ਤੋਂ ਬਾਅਦ ਨਾਲ ਵੀ ਨਹੀਂ ਜਾਂਦਾ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ: ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ (ਮ: ੧/੪੧੭)

ਸਮਾਜ ਵਿੱਚ ਪੈਸੇ ਦੀ ਸਾਂਵੀ ਵੰਡ ਹੋਣੀ ਚਾਹੀਦੀ ਹੈ। ਅੱਜ ਜੋ ਕਾਲੇ ਧੰਨ ਦਾ ਰਾਗ ਅਲਾਪਿਆ ਜਾ ਰਿਹਾ ਹੈ ਉਸ ਨੂੰ ਖਤਮ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਪਨਾਉਣ ਦੀ ਲੋੜ ਹੈ। ਜਿਸ ਕੋਲ ਬਹੁਤ ਧੰਨ ਹੈ ਉਹ ਵੀ ਚਿੰਤਾ ਵਿੱਚ ਤੇ ਜਿਸ ਕੋਲ ਦੋ ਵੇਲੇ ਦੀ ਰੋਟੀ ਲਈ ਪੈਸੇ ਨਹੀਂ ਉਹ ਵੀ ਫਿਕਰਾਂ ਦੇ ਘੇਰੇ ਵਿੱਚ ਹੈ। ਇਹਨਾਂ ਦੋਹਾਂ ਅਵਸਥਾਵਾਂ ਤੋਂ ਮੁਕਤ ਵਿਅਕਤੀ ਹੀ ਸੁਖੀ ਹੈ: ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥’’ (ਮ: ੫/੧੦੧੯)

(11)ਧਰਮ ਤੇ ਰਾਜਨੀਤੀ ਦਾ ਸੁਮੇਲ : ਮਨੁੱਖ ਜਾਤੀ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵੱਖ ਵੱਖ ਸਮਿਆਂ ਵਿੱਚ ਧਰਮਾਂ ਨੇ ਰਾਜਨੀਤੀ ਉੱਤੇ ਆਪਣਾ ਪ੍ਰਭਾਵ ਪਾਇਆ ਹੈ। ਮਨੁੱਖ ਭਾਵੇਂ ਜਿੰਨਾ ਮਰਜੀ ਰਾਜਨੀਤੀ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੇ ਪਰ ਰਾਜਨੀਤੀ ਉਸ ਦੇ ਜੀਵਨ ’ਤੇ ਜਰੂਰ ਪ੍ਰਭਾਵ ਪਾਉਂਦੀ ਹੈ। ਇਸੇ ਤੱਥ ਨੂੰ ਸਵੀਕਾਰ ਕਰਦਿਆਂ ਹੋਇਆਂ ਗੁਰੂ ਸਾਹਿਬਾਨ ਨੇ ਧਰਮ ਤੇ ਰਾਜਨੀਤੀ ਦੇ ਸੁਮੇਲ ਨੂੰ ਉਚਿਤ ਦੱਸਿਆ ਹੈ। ਸਿੱਖ ਗੁਰੂ ਸਾਹਿਬਾਨ ਨੇ ਧਰਮ ਪ੍ਰਚਾਰ ਕਰਦਿਆਂ ਹੋਇਆਂ ਲੋਕਾਂ ਵਿੱਚ ਰਾਜਨੀਤਿਕ ਜਾਗਰਤੀ ਵੀ ਪੈਦਾ ਕੀਤੀ। ਸਮੇਂ ਦੇ ਰਾਜਿਆਂ ਤੇ ਹਾਕਮਾਂ ਬਾਰੇ ਨਿਧੱੜਕ ਹੋ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਆਪਣੇ ਰੱਬੀ ਕਲਾਮ ਵਿੱਚ ਰਾਜਿਆਂ ਨੂੰ ਕਸਾਈ, ਰੱਤ ਪੀਣੇ ਅਤੇ ਜੰਤਾਂ ਦਾ ਸ਼ਿਕਾਰ ਕਰਨ ਵਾਲੇ ਦੱਸਿਆ। ਬਾਬਰ ਦੇ ਭਾਰਤ ’ਤੇ ਹਮਲੇ ਸਮੇਂ ਉਸ ਨੂੰ ਜਾਬਰ ਕਹਿ ਕੇ ਸੰਬੋਧਤ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਤਾਂ ਇਹ ਕਿਹਾ ਕਿ ਗਿਆਨਵਾਨ ਤੇ ਸੱਚਾ ਧਰਮੀ ਮਨੁੱਖ ਹੀ ਉਹ ਹੈ ਜੋ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾਂ ਹੀ ਕਿਸੇ ਤੋਂ ਡਰਦਾ ਹੈ: ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ ਕਹੁ ਨਾਨਕ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥’’ (ਮ: ੯/੧੪੨੭)

ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਦੋ ਪ੍ਰਤੀਸ਼ਤ ਗਿਣਤੀ ਵਾਲੀ ਸਿੱਖ ਕੌਮ ਨੇ ੯੦% ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ ਜਿੱਤਣ ਮਗਰੋਂ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਭੇਜੀ ਵਧਾਈ ਦੀ ਟੈਲੀਗ੍ਰਾਮ ਵਿੱਚ ਲਿਖਿਆ: ‘ਦੇਸ਼ ਦੀ ਅਜਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ। ਹੁਣ ਦੇਸ਼ ਵੀ ਤੁਸੀਂ ਅਜਾਦ ਕਰਵਾਉਣਾ ਹੈ।’ (ਮਹਾਤਮਾ ਗਾਂਧੀ)

(12)ਮਨੁੱਖ ਜਾਤੀ ਦੀ ਸੇਵਾ : ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਸਮੁੱਚੀ ਮਨੁੱਖ ਜਾਤੀ ਲਈ ਹੈ। ਇਹ ਕਿਸੇ ਇੱਕ ਫਿਰਕੇ ਲਈ ਨਹੀਂ ਹੈ। ਮਨੁੱਖ ਨੇ ਪੂਰੇ ਸੰਸਾਰ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਨੀ ਹੈ। ਗੁਰਦੁਆਰੇ ਸੇਵਾ ਸਿੱਖਣ ਦੇ ਕੇਂਦਰ ਹਨ ਪਰ ਸੇਵਾ ਨਿਭਾਉਣੀ ਸਾਰੀ ਦੁਨੀਆ ਵਿੱਚ ਹੈ: ‘‘ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ ! ਬਾਹ ਲੁਡਾਈਐ ॥’’ (ਮ: ੧/੨੬)

ਸੇਵਾ ਦੇ ਕਈ ਅੰਗ ਹਨ। ਲੰਗਰ ਪਕਾਉਣਾ, ਭਾਂਡੇ ਮਾਂਜਣੇ, ਜੋੜੇ ਸਾਫ ਕਰਨੇ, ਲੋੜਵੰਦਾਂ ਦੀ ਸਹਾਇਤਾ ਕਰਨੀ, ਗਰੀਬ ਦਾ ਇਲਾਜ ਕਰਵਾਉਣਾ, ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚ ਕਰਨਾ ਅਤੇ ਆਮ ਲੋਕਾਈ ਨੂੰ ਪ੍ਰਭੂ ਦੇ ਲੜ ਲਾਉਣਾ।

(13). ਸੰਪੂਰਨ ਅਤੇ ਨਿਆਰਾ ਧਰਮ : ਇਸ ਸਾਰੀ ਵਿਚਾਰਧਾਰਾ ਤੋਂ ਸਹਿਜੇ ਹੀ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਸਿੱਖ ਧਰਮ ਦੀ ਆਪਣੀ ਨਵੀਂ ਤੇ ਵਿਲੱਖਣ ਵਿਚਾਰਧਾਰਾ ਹੈ। ਗੁਰੂ ਸਾਹਿਬ ਨੇ ਧਰਮ ਖੇਤਰ ਵਿੱਚ ਅਜਿਹੇ ਵਿਚਾਰ ਪ੍ਰਗਟ ਕੀਤੇ ਹਨ ਜਿਹੜੇ ਪਹਿਲਾਂ ਕਿਸੇ ਧਾਰਮਿਕ ਆਗੂ ਨੇ ਪ੍ਰਗਟ ਨਹੀਂ ਕੀਤੇ। ਜਿੱਥੇ ਸਿੱਖਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨਵੀਨ ਨਰੋਈ ਤੇ ਵਿਲੱਖਣ ਵਿਚਾਰਧਾਰਾ ਹੈ, ਉਥੇ ਆਪਣੀ ਵੱਖਰੀ ਰਹਿਤ ਮਰਯਾਦਾ, ਵੱਖਰੇ ਧਰਮ ਮੰਦਰ (ਗੁਰਦੁਆਰੇ), ਵੱਖਰਾ ਇਤਿਹਾਸ ਤੇ ਵੱਖਰੇ ਇਤਿਹਾਸਕ ਅਸਥਾਨ ਹਨ। ਸਿੱਖ ਧਰਮ ਇੱਕ ਨਿਆਰਾ ਧਰਮ ਹੈ ਅਤੇ ਸਿੱਖ ਪੰਥ ਇੱਕ ਨਿਆਰਾ ਤੇ ਆਦਰਸ਼ਕ ਸਮਾਜ ਹੈ।

JAP (Pori No. 4)

0

ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ॥ ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ ਦਾਤਾਰੁ॥

ਫੇਰਿ, ਕਿ ਅਗੈ ਰਖੀਐ ? ਜਿਤੁ, ਦਿਸੈ ਦਰਬਾਰੁ॥ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ, ਧਰੇ ਪਿਆਰੁ॥

ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥

ਨਾਨਕ ! ਏਵੈ ਜਾਣੀਐ, ਸਭੁ ਆਪੇ ਸਚਿਆਰੁ॥4॥

ਉਚਾਰਨ ਸੇਧ: ਆਖਹਿਂ, ਮੰਗਹਿਂ, ਦੇਹ-ਦੇਹ, ਅੱਗੈ, ਮੁਹੌਂ, ਵੇਲ਼ਾ, ਨਾਉਂ, ਏਵੈਂ।

ਪਦ ਅਰਥ : ਸਾਚਾ-ਸਦੀਵੀ ਸਥਿਰ (ਵਿਸ਼ੇਸ਼ਣ)।, ਨਾਇ-ਨ੍ਯਾਇ, ਨਿਆਇ, ਇਨਸਾਫ਼, ਨਿਯਮ (ਨਾਂਵ, ਇੱਕ ਵਚਨ)।, ਭਾਖਿਆ-ਬੋਲੀ (ਇਸਤ੍ਰੀ ਲਿੰਗ ਨਾਂਵ)।, ਭਾਉ– ਪ੍ਰੇਮ (ਇੱਕ ਵਚਨ ਭਾਵ ਵਾਚਕ ਨਾਂਵ)।, ਆਖਹਿ, ਮੰਗਹਿ– ਆਖਦੇ ਹਨ, ਮੰਗਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਦੇਹਿ-ਦੇਹਿ– ਤੂੰ ਦੇਹ-ਦੇਹ (ਹੁਕਮੀ ਭਵਿੱਖ ਕਾਲ, ਇੱਕ ਵਚਨ ਕਿਰਿਆ)।, ਦਾਤਾਰੁ– ਤਮਾਮ ਦਾਤਾਂ ਦਾ ਸ੍ਰੋਤ ਜਾਂ ਮਾਲਕ (ਇੱਕ ਵਚਨ ਪੁਲਿੰਗ)।, ਫੇਰਿ-ਤਾਂ ਫਿਰ (ਤਾਂ ਜੋ, ਕਾਰਨ-ਵਾਚਕ ਕਿਰਿਆ ਵਿਸ਼ੇਸ਼ਣ)।, ਕਿ– ਕਿਹੜੀ ਭੇਟਾ (ਪ੍ਰਸ਼ਨ ਵਾਚਕ ਇਸਤ੍ਰੀ ਲਿੰਗ ਪੜਨਾਂਵ)।, ਜਿਤੁ– ਜਿਸ ਨਾਲ (ਕਰਣ ਕਾਰਕ)।, ਮੁਹੋਂ– ਮੂੰਹ ਤੋਂ (ਅਪਾਦਾਨ ਕਾਰਕ)।, ਸੁਣਿ– ਸੁਣਨ ਨਾਲ਼ (ਕਿਰਦੰਤ)।, ਅੰਮ੍ਰਿਤ ਵੇਲਾ– ਇਕਾਂਤ ਵਾਲ਼ਾ (ਸ਼ਾਂਤੀ ਭਰਪੂਰ) ਸਮਾਂ (ਨਾਂਵ)।, ਕਰਮੀ– ਰੱਬ ਦੀ ਮਿਹਰ ਨਾਲ (ਕਰਣ ਕਾਰਕ)।, ਕਪੜਾ-ਸਰੀਰ (ਜੀਵਨ, ਆਮ ਨਾਂਵ/ਜਾਤੀ-ਵਾਚਕ ਨਾਂਵ)।, ਨਦਰੀ– ਮਿਹਰ ਨਾਲ (ਕਰਣ ਕਾਰਕ)।, ਨਾਨਕ– ਹੇ ਨਾਨਕ ! (ਸੰਬੋਧਨ ਨਾਂਵ)।, ਏਵੈ– ਇਉਂ, ਇਸ ਤਰ੍ਹਾਂ, ਇੱਦਾਂ (ਪ੍ਰਕਾਰ/ਵੰਨਗੀ ਵਾਚਕ ਕਿਰਿਆ ਵਿਸ਼ੇਸ਼ਣ)।, ਸਭੁ– ਸਾਰਾ ਕੁਝ (ਭਾਵ ਬੰਦਗੀ ਕਰਨੀ ਤੇ ਕਰਵਾਉਣੀ ਜਾਂ ਨਾ ਕਰਵਾਉਣੀ; ਅਨਿਸ਼ਚਿਤ, ਗਿਣਤੀ-ਵਾਚਕ ਵਿਸ਼ੇਸ਼ਣ)।, ਸਚਿਆਰੁ– ਪੂਰਨ ਸਤ੍ਯ ਪ੍ਰਭੂ (ਇੱਕ ਵਚਨ ਪੁਲਿੰਗ ਨਾਂਵ)।

(ਨੋਟ: ‘ਜਪੁ’ ਬਾਣੀ ਦਾ ਵਿਸ਼ਾ ਲੜੀ ਮੁਤਾਬਕ ਇਹ ਚੌਥੀ ਪਉੜੀ ਹੈ, ਜੋ ਤੀਸਰੀ ਪਉੜੀ ਦੇ ਪ੍ਰਸੰਗ (ਨਿਰਾਕਾਰੀ ਹਸਤੀ ਨੂੰ ਗਾਉਣਾ ਜਾਂ ਸਵੀਕਾਰਨਾ ‘‘ਗਾਵੈ ਕੋ ਤਾਣੁ..॥’’, ਆਦਿ ਭਗਤਾਂ ਦੀ ਅਣਗਿਣਤ ਸੰਖਿਆ ‘‘ਕਥਨਾ ਕਥੀ; ਨ ਆਵੈ ਤੋਟਿ ॥੩॥’’ ਵਾਲ਼ੀ ਉਦਾਹਰਨ ਦੇ ਕੇ ‘‘ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥’’ ਵਿਸ਼ੇ ਵਾਙ ਸਮੇਟਿਆ। ਇਸ ਦੇ ਬਾਵਜੂਦ ਵੀ ਸਿਰਜਣਹਾਰ ਨੂੰ ‘‘ਨਾਨਕ ! ਵਿਗਸੈ ਵੇਪਰਵਾਹੁ ॥੩॥’’ ਬਿਆਨ ਕੀਤਾ ਗਿਆ। ਇਸ ਚੌਥੀ ਪਉੜੀ ਦੀ ਅਰੰਭਤਾ; ਉਸੇ ‘ਵੇਪਰਵਾਹੁ’ ਨੂੰ ‘‘ਸਾਚਾ ਸਾਹਿਬੁ, ਸਾਚੁ ਨਾਇ’’ ਵਰਣਨ ਕਰਦਿਆਂ ਸਿਫ਼ਤ-ਸਾਲਾਹ ਵਿਸ਼ੇ ਨਾਲ ਹੋਈ, ਜਿਸ ਦੀ ਮਦਦ ਲਈ ਇਕਾਂਤ ਮਾਹੌਲ (ਸ਼ਾਂਤੀ, ਸਥਿਰਤਾ) ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਤੇ ਦੋ ਪ੍ਰਸ਼ਨਾਂ (ਫੇਰਿ, ਕਿ ਅਗੈ ਰਖੀਐ/ਮੁਹੌ, ਕਿ ਬੋਲਣੁ ਬੋਲੀਐ ?) ਰਾਹੀਂ ਉਸ ਦੇ ਦਰ ’ਤੇ ਰੱਖੀ ਜਾ ਰਹੀ ਪ੍ਰਚਲਿਤ (ਰਵਾਇਤੀ, ਸਮੱਗਰੀ) ਭੇਟਾ ਦਾ ਬਦਲ ਪੁੱਛਿਆ ਗਿਆ, ਜਿਸ ਦਾ ਲਾਜਵਾਬ ਉੱਤਰ ‘‘ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥’’ ਸਾਮ੍ਹਣੇ ਆਇਆ ਭਾਵ ‘‘ਆਖਹਿ, ਮੰਗਹਿ, ਦੇਹਿ ਦੇਹਿ’’ ਵਾਲ਼ੀ ਦਾਤ (ਭੇਟਾ) ਤਾਂ ਉਸੇ ‘ਦਾਤਾਰੁ’ ਦੀ ਬਖ਼ਸ਼ਸ਼ ਹੈ। ਚਾਹੀਦਾ ਤਾਂ ਨਿਰਸੁਆਰਥ ਹੋ ਕੇ ‘‘ਏਕ ਚਿਤ; ਜਿਹ ਇਕ ਛਿਨ ਧਿਆਇਓ ॥’’ (ਅਕਾਲ ਉਸਤਤਿ) ਭਾਵਨਾ ਨੂੰ ਪ੍ਰਬਲ ਕਰਨਾ ਸੀ, ਜਿਸ ਬਾਰੇ ਗੁਰੂ ਅਰਜਨ ਸਾਹਿਬ ਜੀ ਵਚਨ ਕਰਦੇ ਹਨ: ‘‘ਸੇਵਾ ਕਰਤ ਹੋਇ ਨਿਹਕਾਮੀ ॥’’ (ਮ: ੫/੨੮੬) ਕਿਉਂਕਿ ਮੰਗਣ ਦੇ ਮਕਸਦ ਨਾਲ਼ ਕੀਤੀ ਜਾਂਦੀ ਭਗਤੀ ‘ਵੇਪਰਵਾਹੁ’ ਵੱਲੋਂ ‘‘ਦਾਤਿ ਕਰੇ, ਦਾਤਾਰੁ॥’’ ਨਿਯਮ (ਹੁਕਮ) ਉੱਤੇ ਵਿਸ਼ਵਾਸ ਬਣਾ ਕੇ ਉਸ ਵਰਗਾ ‘ਵੇਪਰਵਾਹੁ’ ਨਹੀਂ ਹੋਣ ਦਿੰਦੀ ਤੇ ਜੀਵਨ ਵਿਕਾਸ ਰੁਕ ਜਾਂਦਾ ਹੈ। ਅਨੇਕਾਂ ਰੁਕੇ ਹੋਏ ਜੀਵਨਾਂ ਨੂੰ ਗੁਰਮਤਿ ਰੌਸ਼ਨੀ ਨੇ ਅਚੰਭੇ ਨਾਲ਼ ਝੰਜੋੜਿਆ, ਜਿਸ ਕਾਰਨ ਉਕਤ ਦੋਵੇਂ ਸਵਾਲ ਪੈਦਾ ਹੋਣੇ ਸੁਭਾਵਕ ਸਨ।

ਬੇਚੈਨ ਮਨੁੱਖ ਦੀ ਅਸ਼ਾਂਤੀ ਦਾ ਕਾਰਨ ਮਨ ਦੀ ਅਸਥਿਰਤਾ (ਚੰਚਲਤਾ) ਹੈ, ਜੋ ਭੂਤਕਾਲ ਦੀ ਯਾਦ ਜਾਂ ਭਵਿੱਖ ਦੀਆਂ ਚਿੰਤਾਵਾਂ ਕਾਰਨ ਬਣੀ। ਜੋ ਕੁਝ ਵਾਪਰ ਰਿਹਾ ਹੈ, ਨੂੰ ਕਰਤਾਰ ਦਾ ਹੁਕਮ ਮੰਨਣਾ ਹੀ ਵਰਤਮਾਨ ’ਚ ਵਿਚਰਨ ਦੀ ਕਲਾ ਹੈ, ਜੋ ਜੀਵਨ ਨੂੰ ਇਕਾਗਰਤਾ ਰਾਹੀਂ ਰੰਗਲਾ (ਵੇਪਰਵਾਹ) ਬਣਾਉਂਦੀ ਹੈ ਕਿਉਂਕਿ ‘‘ਵਰਤਮਾਨ ਵਿਚਿ ਵਰਤਦਾ; ਹੋਵਣਹਾਰ ਸੋਈ ਪਰਵਾਣਾ।’’ (ਭਾਈ ਗੁਰਦਾਸ ਜੀ /ਵਾਰ ੧੮ ਪਉੜੀ ੨੧) ਭਾਵ ਵੇਪਰਵਾਹ ਜ਼ਿੰਦਗੀ; ਸਭ ਕੁਝ ਦਾ ਕਰਤਾ ‘ਸਾਚਾ ਸਾਹਿਬੁ’ ਨੂੰ ਮੰਨਦੀ ਹੈ।)

ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ॥

ਉਕਤ ਤੁਕ ’ਚ ‘ਨਾਇ’ ਸ਼ਬਦ ਵਿਚਾਰਨ ਯੋਗ ਹੈ ਕਿਉਂਕਿ ਗੁਰਬਾਣੀ ’ਚ ‘ਨਾਇ’ ਦੀ ਵਰਤੋਂ 169 ਵਾਰ ਕੀਤੀ ਗਈ ਹੈ ਜਿਸ ਦੇ ਆਮ ਤੌਰ ’ਤੇ ਦੋ ਹੀ ਅਰਥ ਹੁੰਦੇ ਹਨ: ‘ਇਸ਼ਨਾਨ ਕਰਨਾ’ (ਕਿਰਿਆ) ਅਤੇ ‘ਨਾਮ ਵਿੱਚ’ (ਅਧਿਕਰਣ ਕਾਰਕ) ਜਾਂ ‘ਨਾਮ ਰਾਹੀਂ’ (ਕਰਣ ਕਾਰਕ); ਜਿਵੇਂ

(ੳ). ‘ਨਾਇ’ ਨਿਵਾਜਾ, ਨਾਤੈ ਪੂਜਾ; ਨਾਵਨਿ ਸਦਾ ਸੁਜਾਣੀ ॥ (ਮ: ੧/੧੫੦) ਭਾਵ ਇਸ਼ਨਾਨ (ਨ੍ਹਾਇ) ਕਰਕੇ ਨਮਾਜ਼ ਪੜ੍ਹੀ ਜਾਂਦੀ ਹੈ ਤੇ ਪੂਜਾ ਕੀਤੀ ਜਾਂਦੀ ਹੈ ਇਸ ਲਈ ਇਸ਼ਨਾਨ ਕਰਨ ਵਾਲ਼ੇ ਸਿਆਣੇ ਪੁਰਸ਼ ਮੰਨੇ ਜਾਂਦੇ ਹਨ।

(ਅ). ਤੇਰੈ ‘ਨਾਇ’ ਰਤੇ, ਸੇ ਜਿਣਿ (ਜਿੱਤ) ਗਏ; ਹਾਰਿ ਗਏ ਸਿ, ਠਗਣ ਵਾਲਿਆ ॥ (ਮ: ੧/੪੬੩) ਭਾਵ ਹੇ ਪ੍ਰਭੂ ! ਜੋ ਤੇਰੇ ਨਾਮ (ਰੰਗ, ਨਾਇਂ) ਵਿੱਚ ਰੰਗੇ ਰਹਿੰਦੇ ਹਨ ਉਹ (ਜੀਵਨ ਬਾਜ਼ੀ) ਜਿੱਤ ਜਾਂਦੇ ਹਨ ਅਤੇ (ਇਸ ਧਨ ਦੀ ਬਜਾਇ, ਕੇਵਲ ਮਾਇਆ) ਠਗਣ (ਜਾਂ ਇਕੱਠੀ ਕਰਨ) ਵਾਲ਼ੇ ਜੀਵਨ ਬਾਜ਼ੀ ਹਾਰ ਜਾਂਦੇ ਹਨ।

ਉਕਤ ‘ੳ’ ਤੁਕ ’ਚ ‘ਨਾਇ’ ਕਿਰਿਆ ਹੈ (ਉਚਾਰਨ ‘ਨ੍ਹਾਇ’) ਅਤੇ ‘ਅ’ ਵਿੱਚ ‘ਨਾਇ’ ਦਾ ਅਰਥ: ‘ਨਾਮ ਵਿੱਚ’ (ਅਧਿਕਰਣ ਕਾਰਕ, ਉਚਾਰਨ ‘ਨਾਇਂ’) ਹੈ, ਪਰ ਗੁਰਬਾਣੀ ’ਚ ਕੇਵਲ ਵਿਚਾਰ ਅਧੀਨ (ਜਪੁ) ਤੁਕ ’ਚ ‘ਨਾਇ’ ਸ਼ਬਦ ਦੇ ਉਕਤ ਦੋਵੇਂ ਹੀ ਅਰਥ ਨਹੀਂ ਬਣ ਸਕਦੇ। ਲੇਕਿਨ ਕਿਉਂ ?

ਜਦ ‘ਨਾਇ’ ਸ਼ਬਦ ‘ਕਿਰਿਆ’ ਨਾ ਹੋਵੇ ਤਾਂ ਇਹ ਕਾਰਕੀ (ਕਰਣ ਕਾਰਕ, ਅਧਿਕਰਣ ਕਾਰਕ, ਆਦਿ) ਜ਼ਰੂਰ ਹੁੰਦਾ ਹੈ ਭਾਵ ਤਾਂ ਇਹ ਕੇਵਲ ‘ਨਾਇ’ (ਨਾਉਂ) ਨਹੀਂ ਹੁੰਦਾ ਬਲਕਿ ਕਾਰਕ ਵੀ ਹੁੰਦਾ ਹੈ ਕਿਉਂਕਿ ਗੁਰਬਾਣੀ ’ਚ (ਕਾਰਕ ਰਹਿਤ) ‘ਨਾਂਵ’ (ਇੱਕ ਵਚਨ ‘ਨਾਉ’ ਤੇ ਬਹੁ ਵਚਨ ‘ਨਾਵ’ ਸਰੂਪ) ਉਪਲਬਧ ਹਨ।

‘ਨਾਉ’ (ਇੱਕ ਵਚਨ) ਹੀ ਆਪਣਾ ਸਰੂਪ ਬਦਲ ਕੇ ‘ਨਾਇ’ (ਕਾਰਕੀ) ਬਣਦਾ ਹੈ, ਜਿਸ ਦੀ ਪਹਿਚਾਣ ਕਰਵਾਉਂਦਾ ਹੈ ਇਸ ਨਾਲ਼ ਦਰਜ: ਪੜਨਾਂਵ ਤੇ ਪੜਨਾਂਵੀ ਵਿਸ਼ੇਸ਼ਣ ਸ਼ਬਦ, ਜਿਨ੍ਹਾਂ ਦੇ ਅੰਤ ’ਚ ਸਦਾ ਸਿਹਾਰੀ ਜਾਂ ਦੁਲਾਵਾਂ ਹੋਣੀਆਂ ਜ਼ਰੂਰੀ ਹੁੰਦੀਆਂ ਹਨ; ਜਿਵੇਂ

(ੳ). ਸਾਚਾ ਸਾਹਿਬੁ; ‘ਸਾਚੈ ਨਾਇ’ ॥ (ਸੋ ਦਰੁ ਆਸਾ/ਮ: ੧/੯) ‘ਸਾਚੈ ਨਾਇ’ ਭਾਵ ਸੱਚੇ ਨਾਮ ਰਾਹੀਂ (‘ਸਾਚਾ ਸਾਹਿਬੁ’ ਮਿਲਦਾ ਹੈ ਭਾਵ ਕਰਣ ਕਾਰਕ ‘ਨਾਇ’ ਸ਼ਬਦ ਦੇ ਅੰਤ ਸਿਹਾਰੀ ਨਾਲ਼ ਵਿਸ਼ੇਸ਼ਣ ‘ਸਾਚੈ’ ਨੂੰ ਵੀ ਅੰਤ ਦੁਲਾਵਾਂ ਹਨ)।

(ਅ).  ਕ੍ਰਿਪਾ ਜਲੁ ਦੇਹਿ, ਨਾਨਕ ਸਾਰਿੰਗ ਕਉ (ਪਪੀਹੇ ਨੂੰ); ਹੋਇ ਜਾ ਤੇ, ‘ਤੇਰੈ ਨਾਇ’ ਵਾਸਾ ॥ (ਮ: ੧/੧੩) ‘ਤੇਰੈ ਨਾਇ’ ਭਾਵ ਤੇਰੇ ਨਾਮ ਵਿੱਚ (ਅਧਿਕਰਣ ਕਾਰਕ; ਅੰਤ ਸਿਹਾਰੀ (ਨਾਇ) ਨਾਲ਼ (ਤੇਰੈ) ਅੰਤ ਦੁਲਾਵਾਂ ਪੜਨਾਂਵੀ ਵਿਸ਼ੇਸ਼ਣ)।

(ੲ). ਭਗਤਾ ਤੇਰੀ ਟੇਕ; ਰਤੇ ‘ਸਚਿ ਨਾਇ’ ॥ (ਮ: ੫/੫੨੧) ‘ਸਚਿ ਨਾਇ’ ਭਾਵ ਸੱਚੇ ਨਾਮ ਵਿੱਚ ਰੱਤੇ (ਅਧਿਕਰਣ ਕਾਰਕ, ਦੋਵੇਂ ਸ਼ਬਦ ਅੰਤ ਸਿਹਾਰੀ)।

(ਸ). ਅੰਦਰੁ ਵਿਧਾ (ਹਿਰਦਾ ਵਿੰਨਿਆ ਗਿਆ) ‘ਸਚਿ ਨਾਇ’; ਬਾਹਰਿ ਭੀ ਸਚੁ ਡਿਠੋਮਿ (ਵਿਖਦਾ)॥ (ਮ: ੫/੯੬੬) ‘ਸਚਿ ਨਾਇ’ ਭਾਵ ਸੱਚੇ ਨਾਮ ਵਿੱਚ (ਅਧਿਕਰਣ ਕਾਰਕ, ਦੋਵੇਂ ਸ਼ਬਦ ਅੰਤ ਸਿਹਾਰੀ)।

ਉਕਤ ਚਾਰੇ ਤੁਕਾਂ ’ਚ ਪੜਨਾਂਵੀ ਵਿਸ਼ੇਸ਼ਣ (ਤੇਰੈ, ਅੰਤ ਦੁਲਾਵਾਂ) ਤੇ ਵਿਸ਼ੇਸ਼ਣ (ਸਚਿ/ਸਚੈ) ਅੰਤ ਸਿਹਾਰੀ ਜਾਂ ਅੰਤ ਦੁਲਾਵਾਂ ਹਨ ਜਦਕਿ ਵਿਚਾਰ ਅਧੀਨ ਪੰਕਤੀ ‘‘ਸਾਚਾ ਸਾਹਿਬੁ, ਸਾਚੁ ਨਾਇ’’ ਤੁਕ ’ਚ ‘ਸਾਚੁ’ (ਵਿਸ਼ੇਸ਼ਣ) ਅੰਤ ਔਂਕੜ ਹੋਣ ਕਾਰਨ ‘ਨਾਇ’ ਨੂੰ ਕਾਰਕੀ ਮੰਨ ਕੇ ‘ਨਾਮ ਵਿੱਚ’ ਅਰਥ ਕਰਨ ਤੋਂ ਰੋਕਦਾ ਹੈ, ਤਾਂ ਤੇ ‘ਨਾਇ’ ਦਾ ਪ੍ਰਚਲਿਤ ਅਰਥ ‘ਨ੍ਯਾਇ, ਨਿਯਮ, ਇਨਸਾਫ਼, ਨਿਆਂ’, ਆਦਿ ਹੀ ਦਰੁਸਤ ਹਨ।

(ਨੋਟ: ਜਿਸ ਉਕਤ ਨਿਯਮ ਮੁਤਾਬਕ ‘ਨਾਉ’ (ਇੱਕ ਵਚਨ) ਤੋਂ ‘ਨਾਇ’ (ਕਾਰਕ) ਬਣਦਾ ਹੈ, ਉਸੇ ਤਰ੍ਹਾਂ ਗੁਰਬਾਣੀ ’ਚ ‘ਭਉ, ਭਾਉ’, ਆਦਿ ਇੱਕ ਵਚਨ ਨਾਂਵ ਵੀ ‘ਭੈ ਜਾਂ ਭਾਇ’ (ਕਾਰਕੀ) ਬਣ ਜਾਂਦੇ ਹਨ, ਜਿਨ੍ਹਾਂ ਦੇ ਅਰਥ ਹਨ: ‘ਭੈ’– ਡਰ-ਅਦਬ ਵਿੱਚ, ‘ਭਾਇ’– ਪਿਆਰ ਵਿੱਚ (ਅਧਿਕਰਣ ਕਾਰਕ); ਜਿਵੇਂ

‘ਭੈ ਤੇਰੈ’ (ਤੇਰੇ ਤੋਂ ਡਰਨ ਨਾਲ਼) ਡਰੁ ਅਗਲਾ (ਬਹੁਤਾ); ਖਪਿ ਖਪਿ ਛਿਜੈ ਦੇਹ ॥ (ਮ: ੧/੧੬) ‘ਭੈ ਤੇਰੈ’- ਤੈਥੋਂ ਡਰ ਕੇ ਦੂਰ ਰਿਹਾਂ (ਕਰਣ ਕਾਰਕ) ਦੁਨਿਆਵੀ ਬਹੁਤ ਡਰ ਸਤਾਉਂਦੇ ਹਨ, ਜਿਨ੍ਹਾਂ ’ਚ ਖਪ-ਖਪ ਕੇ ਹੀ ਮੌਤ ਹੋ ਜਾਂਦੀ ਹੈ।

‘ਭੈ ਭਾਇ’ (ਰੱਬੀ ਅਦਬ-ਪਿਆਰ ਨਾਲ਼) ਭਗਤਿ ਕਰਹਿ ਦਿਨੁ ਰਾਤੀ; ਹਰਿ ਜੀਉ ਵੇਖੈ ਸਦਾ ਹਦੂਰਿ (ਅੰਗ-ਸੰਗ)॥ (ਮ: ੩/੩੪)

ਗੁਰ ਕੈ ‘ਭੈ’ (ਅਦਬ ਵਿੱਚ) ਕੇਤੇ ਨਿਸਤਰੇ; ‘ਭੈ ਵਿਚਿ’, ਨਿਰਭਉ (ਪ੍ਰਭੂ) ਪਾਇ ॥ (ਮ: ੩/੫੫੧), ਆਦਿ।)

‘ਭਾਖਿਆ ਭਾਉ ਅਪਾਰੁ॥’ ਸੰਯੁਕਤ ਸ਼ਬਦਾਂ ’ਚ ਦਰਜ ‘ਅਪਾਰੁ’ ਸ਼ਬਦ; ‘ਭਾਉ’ (ਇੱਕ ਵਚਨ ਪੁਲਿੰਗ ਨਾਂਵ) ਦਾ ਵਿਸ਼ੇਸ਼ਣ ਹੈ, ਨਾ ਕਿ ‘ਭਾਖਿਆ’ (ਇਸਤ੍ਰੀ ਲਿੰਗ) ਦਾ ਕਿਉਂਕਿ ਗੁਰਬਾਣੀ ’ਚ ਇਸਤ੍ਰੀ ਲਿੰਗ ‘ਜੋਤਿ’ ਦਾ ਵਿਸ਼ੇਸ਼ਣ ‘ਅਪਾਰ’ ਅੰਤ ਮੁਕਤਾ ਹੈ; ਜਿਵੇਂ

ਸਰਬ ਕਲਾ ਕਰਿ ਥਾਪਿਆ; ਅੰਤਰਿ ‘ਜੋਤਿ ਅਪਾਰ’ ॥ (ਮ: ੫/੪੭) ‘ਅਪਾਰ ਤੇ ਅਪਾਰੁ’ ਦਾ ਅਰਥ ਹੈ: ‘ਬੇਅੰਤ, ਅਥਾਹ, ਅਸੀਮ’ (ਪ੍ਰੇਮ)। ਧਿਆਨ ਰਹੇ ਕਿ ਸੀਮਾ ’ਚ (ਕੁੱਝ ਕੁ ਨੂੰ) ਕੀਤਾ ਗਿਆ ਪਿਆਰ ਜਾਂ ਪ੍ਰੇਮ; ਮੋਹ ਹੁੰਦਾ ਹੈ, ਜੋ ਰੋਗ ਹੈ।

ਸੋ, ‘‘ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ ਭਾਉ ਅਪਾਰੁ॥’’- ਭਾਵ (ਵੇਪਰਵਾਹੁ) ਮਾਲਕ ਸਦੀਵੀ ਸਥਿਰ ਹੈ, ਉਸ ਦਾ ਨਿਯਮ ਤੇ ਇਨਸਾਫ਼ ਵੀ ਅਟੱਲ (ਬੇਰੋਕ) ਹੈ। ਅਥਾਹ ਪਿਆਰ ਉਸ ਦੀ ਬੋਲੀ ਹੈ ਭਾਵ ਉਸ ਦਾ ਪਿਆਰ ਸਮੂਹ ਜੀਵਾਂ ਨੂੰ ਹੈ, ਨਾ ਕਿ ਕਿਸੇ ਵਿਸ਼ੇਸ਼ ਨੂੰ; ਜਿਵੇਂ ਕਿ ‘‘ਨ ਰਾਗ (ਪ੍ਰੇਮ) ਰੰਗ ਰੂਪ ਹੈ, ਨ ਰੋਗ ਰਾਗ ਰੇਖ (ਚਿੰਨ੍ਹ) ਹੈ ॥’’ (ਅਕਾਲ ਉਸਤਤਿ)

(ਨੋਟ: ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘ਸਾਚੁ ਨਾਇ’ ਦਾ ਅਰਥ ਕੀਤਾ ਹੈ: ‘ਉਸ ਦਾ ‘ਸਚ-ਸਰੂਪ’ ਨਾਮ ਵਿੱਚ ਹੀ ਸਮਾਇਆ ਹੋਇਆ ਹੈ।’, ਇਨ੍ਹਾਂ ਅਰਥਾਂ ’ਚ ‘ਸਾਚੁ’ ਸ਼ਬਦ ਨੂੰ (ਨਾਇ ਦਾ) ਵਿਸ਼ੇਸ਼ਣ ਨਹੀਂ ਮੰਨਿਆ ਗਿਆ, ਇਸ ਲਈ ‘ਸਚੁ’ ਦਾ ਅਰਥ ‘ਸਚ-ਸਰੂਪ’ (ਨਾਂਵ) ਬਣਾ ਕੇ ‘ਨਾਇ’ ਦਾ ਅਰਥ ‘ਨਾਮ ਵਿੱਚ’ (ਅਧਿਕਰਣ ਕਾਰਕ) ਕੀਤਾ ਗਿਆ। ਇਹ ਅਰਥ ਲਿਖਤ ਮੁਤਾਬਕ ਤਾਂ ਠੀਕ ਹਨ, ਪਰ ਖਿੱਚ ਕੇ ਬਣਾਉਣ ਕਾਰਨ ਉਕਤ ਪ੍ਰਚਲਿਤ ਅਰਥ ਵਧੇਰੇ ਸਰਲ ਜਾਪਦੇ ਹਨ, ਜਿੱਥੇ ‘ਨਾਇ’ ਨੂੰ ‘ਨ੍ਯਾਇ’ ਮੰਨਣ ਨਾਲ਼ ਹੀ ਮਸਲਾ ਹੱਲ ਹੋ ਜਾਂਦਾ ਹੈ।)

ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ ਦਾਤਾਰੁ॥

ਗੁਰਮਤਿ ਦੇ ਅਰਥ ਭਾਵ ਨੂੰ ਸਮਝਾਉਣ ਲਈ ਕਈ ਪ੍ਰਚਲਿਤ ਰਵਾਇਤਾਂ ਦੀ ਗੁਰਬਾਣੀ ’ਚ ਟੇਕ ਲਈ ਗਈ ਹੈ। ‘ਜਪੁ’ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਹੋਣ ਕਾਰਨ ‘‘ਆਖਹਿ, ਮੰਗਹਿ, ਦੇਹਿ ਦੇਹਿ..॥’’ ਨੂੰ ਅਨਮਤ ਦਾ ਪ੍ਰਚਲਿਤ ਖ਼ਿਆਲ ਮੰਨਣਾ ਪਏਗਾ, ਜਿਸ ਨੂੰ ਗੁਰੂ ਜੀ ਨੇ ਆਪਣੀਆਂ ਜਗਤ- ਫੇਰੀਆਂ ਦੌਰਾਨ ਅਨੁਭਵ ਕੀਤਾ ਤੇ ਜਵਾਬ ਦਿੱਤਾ ‘‘ਦਾਤਿ ਕਰੇ ਦਾਤਾਰੁ॥’’ ਭਾਵ ਉਸ ਤਾਂ ਬਿਨਾਂ ਮੰਗਿਆਂ ਦੇ ਰਿਹਾ ਹੈ, ਪਰ ਤੂੰ ਮੰਗ ਰਿਹਾ ਹੈਂ ?

ਉਕਤ ਪੰਕਤੀ ’ਚ ‘ਆਖਹਿ/ਮੰਗਹਿ’ ਸ਼ਬਦ ਬਹੁ ਵਚਨ ਵਰਤਮਾਨ ਦੀ ਕਿਰਿਆ ਦੇ ਪ੍ਰਤੀਕ ਵਜੋਂ ਹਨ, ਜਿਨਾਂ ਦੇ ਅਰਥ ਹਨ ਕਿ (ਜੀਵ, ਰੱਬੀ ਦਰ ਤੋਂ ਅਨੇਕਾਂ ਦਾਤਾਂ ਪ੍ਰਾਪਤ ਕਰਨ ਦੇ ਬਾਵਜੂਦ ਵੀ ਅਸੰਤੁਸਟੀ ਕਾਰਨ ਹੋਰ-ਹੋਰ ਦਾਤਾਂ ਲਈ ਬੇਨਤੀਆਂ) ਆਖਦੇ ਹਨ, (ਦਾਤਾਂ) ਮੰਗਦੇ ਹਨ (ਕਿ ਇਹ ਜਾਂ ਓਹ ਦਾਤ ਹੋਰ) ਦੇਹ-ਦੇਹ।

(ਨੋਟ: ‘ਦੇਹਿ ਦੇਹਿ’ ਨੂੰ ਲੱਗੀ ਅੰਤ ਸਿਹਾਰੀ ਹੁਕਮੀ (ਜਾਂ ਬੇਨਤੀ) ਭਵਿੱਖ ਕਾਲ ਕਿਰਿਆ ਦੀ ਸੂਚਕ ਹੈ, ਨਾ ਕਿ (ਆਖਹਿ / ਮੰਗਹਿ ਵਾਙ) ਵਰਤਮਾਨ ਦੀ ਬਹੁ ਵਚਨ ਕਿਰਿਆ, ਇਸ ਲਈ ‘ਦੇਹਿ-ਦੇਹਿ’ ਅੰਤ ਸਿਹਾਰੀ ਰਹਿਤ ਤੇ ‘ਆਖਹਿ / ਮੰਗਹਿ’ ਅੰਤ ਬਿੰਦੀ ਸਹਿਤ (ਨਾਸਕੀ) ਪੜ੍ਹਨੇ ਦਰੁਸਤ ਹਨ।)

ਸੋ, ‘‘ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ ਦਾਤਾਰੁ॥’’ ਭਾਵ (ਪ੍ਰਚਲਿਤ ਭਗਤ ਉਸ ਦੇ ਦਰ ਉੱਤੇ ਫ਼ਰਿਆਦਾਂ) ਆਖਦੇ ਹਨ (ਦਾਤਾਂ) ਮੰਗਦੇ ਹਨ ਕਿ (ਹੋਰ) ਦੇਹ-ਦੇਹ, ਪਰ ਦਾਤਾਰ ਮਾਲਕ ਤਾਂ ਸਭ ਨੂੰ ਪਹਿਲਾਂ ਤੋਂ ਹੀ ਦਾਤ ਦਿੰਦਾ ਆ ਰਿਹਾ ਹੈ।

ਫੇਰਿ, ਕਿ ਅਗੈ ਰਖੀਐ ? ਜਿਤੁ, ਦਿਸੈ ਦਰਬਾਰੁ॥ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ, ਧਰੇ ਪਿਆਰੁ॥

ਜਦ ਕਿਸੇ ਵਿਅਕਤੀ ਦੀ ਪੀੜ੍ਹੀ-ਦਰ-ਪੀੜ੍ਹੀ (ਪੁਸ਼ਤ-ਦਰ-ਪੁਸ਼ਤ) ਬਣੀ ਪ੍ਰਬਲ ਧਾਰਨਾ (ਸ਼ਰਧਾ) ਨੂੰ ਇੱਕ ਦਮ ਨਿਰਾਰਥਕ ਬਿਆਨ ਕੀਤਾ ਜਾਏ ਤਾਂ ਮੰਜ਼ਲ ਵੱਲ ਵਧਣਾ ਚਾਹ ਰਹੇ ਵਿਅਕਤੀ ਦੇ ਮਨੋਂ ਉਕਤ ਸਵਾਲ ਜਨਮ ਲੈਂਦੇ ਹਨ, ਜਿੱਥੇ ਅਰਥਹੀਣ ਟੇਕ ਨੂੰ ਤੋੜਨਾ ਲਈ ‘‘ਜਿਤੁ, ਦਿਸੈ ਦਰਬਾਰੁ॥ / ਜਿਤੁ ਸੁਣਿ, ਧਰੇ ਪਿਆਰੁ॥’’ ਦਾ ਜਵਾਬ ਕਾਰਗਰ ਤੀਰ ਹੈ, ਇਸ ਲਈ ‘ਫੇਰਿ’ ਭਾਵਨਾ ਉਤਪੰਨ ਹੋਈ।

ਗੁਰਬਾਣੀ ’ਚ ‘ਫੇਰਿ’ ਸ਼ਬਦ 23 ਵਾਰ ਦਰਜ ਹੈ, ਜੋ ਲਗਭਗ ਤਿੰਨ ਅਰਥਾਂ ’ਚ ਮਿਲਦਾ ਹੈ:

(1). ‘ਫੇਰਿ’ ਭਾਵ ਆਵਾਗਮਣ ਦੇ ਚੱਕਰ ਵਿੱਚ (ਅਧਿਕਰਣ ਕਾਰਕ, ਨਾਂਵ); ਜਿਵੇਂ

ਲਖ ਚਉਰਾਸੀਹ; ਭ੍ਰਮਤਾ ‘ਫੇਰਿ’ (ਚੱਕਰ ਵਿੱਚ)॥ (ਮ: ੫/੧੮੦)

ਨਾਗੋ ਆਇਓ, ਨਾਗ ਸਿਧਾਸੀ; ‘ਫੇਰਿ’ (ਗੇੜ ’ਚ) ਫਿਰਿਓ ਅਰੁ ਕਾਲਿ (ਨੇ) ਗਰਸੂਆ ॥ (ਮ: ੫/੨੦੬)

(2). ‘ਫੇਰਿ’ ਭਾਵ ਘੁੰਮਾਉਣਾ, ਮੋੜਨਾ, ਰੋਕਣਾ, ਬਦਲਨਾ (ਕਿਰਿਆ); ਜਿਵੇਂ

ਹਉ ਵਾਰੀ; ਮੁਖੁ ‘ਫੇਰਿ’ ਪਿਆਰੇ ॥ (ਭਗਤ ਕਬੀਰ/੪੮੪)

ਪਰਵਾਣਾ ਆਇਆ, ਹੁਕਮਿ ਪਠਾਇਆ (ਰਜ਼ਾ ’ਚ ਭੇਜਿਆ); ‘ਫੇਰਿ’ ਨ ਸਕੈ ਕੋਈ ॥ (ਮ: ੧/੬੮੮)

ਆਗਾਹਾ ਕੂ ਤ੍ਰਾਘਿ; ਪਿਛਾ ‘ਫੇਰਿ’ (ਮੋੜ) ਨ ਮੁਹਡੜਾ ॥ (ਮ: ੫/੧੦੯੬), ਆਦਿ।

(3). ‘ਫੇਰਿ’ ਭਾਵ ਘੁੰਮ ਕੇ, ਮੁੜ ਕੇ, ਦੁਬਾਰਾ (ਕਿਰਿਆ ਵਿਸ਼ੇਸ਼ਣ); ਜਿਵੇਂ

‘ਫੇਰਿ’ ਓਹ ਵੇਲਾ, ਓਸੁ ਹਥਿ (’ਚ) ਨ ਆਵੈ; ਓਹੁ ਆਪਣਾ ਬੀਜਿਆ, ਆਪੇ ਖਾਵੈ ॥ (ਮ: ੪/੩੦੩)

‘ਫੇਰਿ’ ਵਸਾਇਆ ਫੇਰੁਆਣਿ; ਸਤਿਗੁਰਿ (ਨੇ) ਖਾਡੂਰੁ ॥ (ਬਲਵੰਡ ਸਤਾ/੯੬੭), ਆਦਿ।

ਉਕਤ ਨੰਬਰ 3 ਵਾਲ਼ੇ ਅਰਥ ਹੀ ‘ਜਪੁ’ ਦੀ ਸੰਬੰਧਿਤ ਤੁਕ ’ਚ ਢੁੱਕਦੇ ਹਨ।

‘ਜਿਤੁ’– ਇਹ ਪੜਨਾਂਵੀ ਸ਼ਬਦ (ਇਤੁ, ਉਤੁ, ਓਤੁ, ਕਿਤੁ, ਤਿਤੁ ਵਾਙ) ਅੰਤ ਔਂਕੜ ਹੁੰਦਾ ਹੈ, ਜੋ ਕਰਣ ਕਾਰਕ ਅਰਥਾਂ ਦਾ ਪ੍ਰਤੀਕ ਹੈ ਤੇ ਅਰਥ ਹੈ: ‘ਜਿਸ ਦੀ ਰਾਹੀਂ, ਜਿਸ ਨਾਲ, ਜਿਸ ਦੁਆਰਾ’

‘ਜਿਤੁ’ ਸ਼ਬਦ ਗੁਰਬਾਣੀ ’ਚ 369 ਵਾਰ ਦਰਜ ਹੈ; ਜਿਵੇਂ

ਕਵਣਿ ਸਿ ਰੁਤੀ ? ਮਾਹੁ ਕਵਣੁ ? ‘ਜਿਤੁ’ (ਜਿਸ ਰਾਹੀਂ) ਹੋਆ ਆਕਾਰੁ ॥ (ਜਪੁ /ਮ: ੧)

ਹਉ ਵਾਰੀ ‘ਜਿਤੁ’ ਸੋਹਿਲੈ, (ਜਿਸ ਸੋਹਿਲੇ ਦੀ ਰਾਹੀਂ) ਸਦਾ ਸੁਖੁ ਹੋਇ ॥ (ਮ: ੧/੧੨)

‘ਜਿਤੁ’ ਬੋਲਿਐ (ਜਿਸ ਬੋਲਣ ਨਾਲ਼) ਪਤਿ ਪਾਈਐ, ਸੋ ਬੋਲਿਆ ਪਰਵਾਣੁ ॥ (ਮ: ੧/੧੫), ਆਦਿ।

ਗੁਰਬਾਣੀ ਵਿੱਚ 2 ਵਾਰ ‘ਜਿਤ’ (ਅੰਤ ਮੁਕਤਾ) ਹੈ; ਜਿਵੇਂ

‘ਜਿਤ’ (ਜਿਸ ਪਾਸੇ) ਹਮ ਲਾਏ, ‘ਤਿਤ’ (ਉਸ ਪਾਸੇ) ਹੀ ਲਾਗੇ; ਤੈਸੇ ਕਰਮ ਕਮਾਵਹਿਗੇ ॥ (ਭਗਤ ਕਬੀਰ/1103) ਇਸ ਪੰਕਤੀ ’ਚ ‘ਜਿਤ’ (ਕਿਰਿਆ ਵਿਸ਼ੇਸ਼ਣ) ਸ਼ਬਦ ਹੈ, ਪਰ ਦੂਸਰਾ ਸੁਖਮਨੀ ਬਾਣੀ ’ਚ ਪਦ ਛੇਦ ਕੀਤਿਆਂ ਮਿਲਦਾ ਹੈ: ਇੰਦ੍ਰੀ ‘ਜਿਤ’ ਪੰਚ ਦੋਖ ਤੇ ਰਹਤ॥ (ਮ:5/274) ਭਾਵ ਅਗਰ ਸ਼ਬਦ ‘ਜਿਤ’ ਨੂੰ ‘ਇੰਦ੍ਰੀ’ ਸ਼ਬਦ ਤੋਂ ਅਲੱਗ ਕੀਤਾ ਜਾਏ ਤਾਂ ਇਸ ਦੇ ਅਰਥ ‘ਜਿਸ ਪਾਸੇ’ (ਕਿਰਿਆ ਵਿਸ਼ੇਸ਼ਣ) ਬਣਦੇ ਹਨ ਅਤੇ ਜੇ ‘ਜਿਤੁ’ (ਪੜਨਾਂਵ, ਕਰਣ ਕਾਰਨ) ਮੰਨ ਲਿਆ ਜਾਵੇ ਤਾਂ ਇਸ ਦੇ ਅਰਥ ‘ਜਿਸ ਦੀ ਰਾਹੀਂ, ਜਿਸ ਨਾਲ, ਜਿਸ ਦੁਆਰਾ’ ਬਣਦੇ ਹਨ। ਇਸ ਨਿਯਮ ਨਾਲ਼ ਅਰਥ ਬਣ ਜਾਂਦੇ ਹਨ:

(ੳ). ‘ਇੰਦ੍ਰੀ ਜਿਤ’ ਪੰਚ ਦੋਖ ਤੇ ਰਹਤ॥ ਭਾਵ ‘ਜਿਸ ਪਾਸੇ ਇੰਦ੍ਰੀਆਂ ਪੰਜ ਦੋਖ (ਕਾਮਾਦਿਕਾਂ) ਤੋਂ ਰਹਿਤ।’

(ਅ). ‘ਇੰਦ੍ਰੀ ਜਿਤ’ ਪੰਚ ਦੋਖ ਤੇ ਰਹਤ॥ ਭਾਵ ‘ਜਿਸ ਦੀ ਰਾਹੀਂ ਇੰਦ੍ਰੀਆਂ ਪੰਜ ਦੋਖ ਤੋਂ ਰਹਿਤ।’ (ਪਰ ‘ਅ’ ਅਰਥਾਂ ਲਈ ‘ਜਿਤ’ ਦਾ ਸਰੂਪ ‘ਜਿਤੁ’ ਹੋਣਾ ਚਾਹੀਦਾ ਹੈ।)

ਸੋ, ਉਕਤ ਤੁਕ ਲਈ ਦੋਵੇਂ ਅਢੁੱਕਵੇਂ ਅਰਥ ਹਨ, ਜੋ ਗੁਰਬਾਣੀ ਲਿਖਤ ਅਨੁਕੂਲ ਨਹੀਂ, ਇਸ ਲਈ ‘ਇੰਦ੍ਰੀ ਜਿਤ’ ਪਦ-ਛੇਦ ਨੂੰ ਸੰਯੁਕਤ ‘ਇੰਦ੍ਰੀਜਿਤ’ ਮੰਨਣ ਨਾਲ਼: ‘‘ਇੰਦ੍ਰੀਜਿਤ’’, ਪੰਚ ਦੋਖ ਤੇ ਰਹਤ॥’’ ਭਾਵ ਇੰਦ੍ਰੀਆਂ ਨੂੰ ਕਾਬੂ ’ਚ ਰੱਖਣ ਵਾਲੇ (ਵਿਅਕਤੀ) ਪੰਜ ਵਿਕਾਰਾਂ ਤੋਂ ਮੁਕਤ ਹੋ ਜਾਂਦੇ ਹਨ, ਦਰੁਸਤ ਅਰਥ ਜਾਪਦੇ ਹਨ।

(ਨੋਟ: ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਵੀ ‘ਇੰਦ੍ਰੀਜਿਤ’ ਸੰਯੁਕਤ ਮੰਨਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜਿਹੇ ਪਦ-ਛੇਦਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।)

‘ਮੁਹੌ’– ਇਸ ਸ਼ਬਦ ਦਾ ਅਰਥ ‘ਮੂੰਹ ਤੋਂ’ (ਅਪਾਦਾਨ ਕਾਰਕ) ਬਣਦਾ ਹੈ, ਜਿਸ ਕਾਰਨ ਅੰਤ ਬਿੰਦੀ (ਨਾਸਿਕੀ) ਹੋਣਾ ਜ਼ਰੂਰੀ ਹੈ। ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਅਨੁਸਾਰ ਕੁਝ ਹੱਥ ਲਿਖਤ ਬੀੜਾਂ ’ਚ ‘ਮੁਹੌ’ ਸ਼ਬਦ ’ਚ ‘ਹ’ ਉੱਤੇ ਕਨੌੜਾ ਨਹੀਂ ਬਲਕਿ ਹੋੜਾ ਹੈ, ਜੋ ਸੱਜੇ ਬਿੰਦੀ ਲੱਗਣ ਨਾਲ ਕਨੌੜਾ ਜਾਪਦਾ ਹੈ, ਪਰ ਗੁਰਬਾਣੀ ’ਚ ਹੋੜੇ ਨਾਲ਼ ਸੱਜੇ ਬਿੰਦੀ ਵਾਲ਼ਾ ਅਤੇ ਅੰਤ ਹੋੜੇ ਜਾਂ ਕਨੌੜੇ ਵਾਲ਼ਾ (ਮੁਹੌ/ਮੁਹੋ) ਸ਼ਬਦ ਹੋਰ ਕਿਤੇ ਦਰਜ ਨਹੀਂ ਹੈ।

ਗੁਰਬਾਣੀ ਲਿਖਤ ’ਚ ‘ਮੂੰਹ ਤੋਂ’ (ਅਪਾਦਾਨ) ਅਰਥ ਦੇਣ ਵਾਲ਼ਾ ‘ਮੁਖਹੁ’ ਸ਼ਬਦ ਉਪਲਬਧ ਹੈ, ਜਿਸ ਦੇ ਅੰਤ ’ਚ ਵੀ ਬਿੰਦੀ ਉਚਾਰਨਾ ਦਰੁਸਤ ਹੈ; ਜਿਵੇਂ

‘ਮੁਖਹੁ’, ਹਰਿ ਹਰਿ ਸਭੁ ਕੋ ਕਰੈ; ਵਿਰਲੈ (ਨੇ), ਹਿਰਦੈ (’ਚ) ਵਸਾਇਆ॥ (ਮ:੩/੫੬੫) ਉਚਾਰਨ: ਮੁਖੋਂ

ਉਸਤਤਿ ਕਹਨੁ ਨ ਜਾਇ, ‘ਮੁਖਹੁ’ ਤੁਹਾਰੀਆ ॥ (ਮ: ੫/੧੩੬੧)

ਸੰਨਿਆਸੀ, ਤਪਸੀਅਹ; ‘ਮੁਖਹੁ’ ਏ ਪੰਡਿਤ ਮਿਠੇ॥ (ਭਟ ਭਿਖਾ/੧੩੯੫), ਆਦਿ।

‘ਜਿਤੁ ਸੁਣਿ’– ਇਨ੍ਹਾਂ ਸੰਯੁਕਤ ਸ਼ਬਦਾਂ ’ਚ ‘ਜਿਤੁ’ ਕਰਣ ਕਾਰਕ ਹੈ, ਜਿਸ ਨਾਲ਼ ‘ਸੁਣਿ’ ਸ਼ਬਦ ਨੂੰ ਕਿਰਿਆ ਵਿਸੇਸ਼ਣ (ਸੁਣ ਕੇ) ਮੰਨਣ ਦੀ ਬਜਾਇ ‘ਸੁਣਨ ਨਾਲ਼’ (ਕਿਰਦੰਤ) ਮੰਨਣ ਨਾਲ਼ ਅਰਥ ਵਧੇਰੇ, ਗੁਰਬਾਣੀ ਲਿਖਤ ਅਨੁਕੂਲ ਜਾਪਦੇ ਹਨ।

‘ਕਿਰਦੰਤ’ ਸ਼ਬਦ ਦੀ ਪਰਿਭਾਸ਼ਾ: ਜਿਸ ਸ਼ਬਦ ਦਾ ਧਾਤੁ (ਮੂਲ) ਕਿਰਿਆ ਵਾਲ਼ਾ ਹੋਵੇ ਪਰ ਉਸ ਉੱਤੇ ਤਮਾਮ ਨਿਯਮ ‘ਨਾਂਵ’ ਸ਼ਬਦ ਵਾਲ਼ੇ ਲਾਗੂ ਹੋਣ, ਨੂੰ ‘ਕਿਰਦੰਤ’ ਕਿਹਾ ਜਾਂਦਾ ਹੈ। ‘ਕਿਰਿਆ’ ਸਮੇਂ ਨੂੰ ਨਿਸ਼ਚਿਤ ਕਰਦੀ ਹੈ ਜਦਕਿ ‘ਕਿਰਦੰਤ’ ਇਸ ਤੋਂ ਮੁਕਤ ਹੁੰਦੇ ਹਨ; ਜਿਵੇਂ ‘ਮੋਹਨ ਜਾ ਰਿਹਾ ਹੈ’ ਵਾਕ ’ਚ ‘ਜਾ ਰਿਹਾ ਹੈ’ (ਕਿਰਿਆ) ਨੇ ਵਰਤਮਾਨ ਸੰਕੇਤ ਵੀ ਦਿੱਤਾ ਪਰ ‘ਮੋਹਨ ਦੇ ਜਾਣ ਨਾਲ਼’ ਵਾਕ ’ਚ ਕਾਲ (ਭੂਤ, ਵਰਤਮਾਨ ਤੇ ਭਵਿੱਖ) ਗ਼ਾਇਬ ਹੈ, ਇਸ ਲਈ ‘ਜਾਣ ਨਾਲ਼’ ਕਿਰਦੰਤ ਹੈ, ਨਾ ਕਿ ਕਿਰਿਆ।

‘ਸੁਣਿਐ’ ਸੁਣਨ ਨਾਲ਼ ਜਾਂ ‘ਮੰਨੈ’ ਮੰਨਣ ਨਾਲ਼ ਕਿਰਦੰਤਾਂ ਨੇ ਕਿਸੇ ਕਾਲ ਦਾ ਸੰਕੇਤ ਨਹੀਂ ਦਿੱਤਾ, ਇਸ ਲਈ ‘ਸੁਣਿਐ, ਮੰਨੈ, ਗਇਆਂ, ਭੁੱਖਿਆਂ, ਕਰਦਿਆਂ, ਸੁਣਨਿ, ਆਖਣਿ, ਮੰਗਣਿ, ਦੇਣਿ’ ਆਦਿ ਸ਼ਬਦ ‘ਕਿਰਦੰਤ’ ਹਨ, ਨਾ ਕਿ ‘ਕਿਰਿਆਵਾਂ’

ਸੋ, ‘‘ਫੇਰਿ, ਕਿ ਅਗੈ ਰਖੀਐ ? ਜਿਤੁ, ਦਿਸੈ ਦਰਬਾਰੁ॥ ਮੁਹੌ, ਕਿ ਬੋਲਣੁ ਬੋਲੀਐ ? ਜਿਤੁ ਸੁਣਿ, ਧਰੇ ਪਿਆਰੁ॥’’ ਭਾਵ (ਦਾਤਾਰ ਦੇ ਦਰੋਂ ਬਿਨਾਂ ਮੰਗੀਆਂ ਮਿਲ ਰਹੀਆਂ ਦਾਤਾਂ ਮੁੜ ਉਸੇ ਅੱਗੇ ਭੇਟਾ ਰੱਖਣ ਨਾਲ਼ ਅਗਰ ਉਹ ਪ੍ਰਸੰਨ ਨਹੀਂ ਹੁੰਦਾ ਤਾਂ) ਫਿਰ ਹੋਰ ਕਿਹੜੀ ਭੇਟਾ ਉਸ ਨੂੰ ਸਮਰਪਿਤ ਕਰੀਏ ਜਿਸ ਨਾਲ਼ ਉਸ ਦਾ ਦਰਬਾਰ ਵਿਖਾਈ ਦੇਵੇ (ਉਸ ਦੀ ਹੋਂਦ, ਮੌਜੂਦਗੀ ਦਾ ਅਹਿਸਾਸ ਹੋਵੇ) ਜਾਂ ਕਿਹੜਾ ਵਚਨ ਮੁੱਖ ਤੋਂ (ਰਸਨਾ ਨਾਲ਼) ਬੋਲੀਏ, ਜਿਸ ਨੂੰ ਸੁਣਨ ਨਾਲ਼ (ਉਹ ਅਸਾਂ ਨੂੰ) ਪਿਆਰ ਕਰੇ।

ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥

ਉਕਤ ਪੰਕਤੀ ’ਚ ‘ਅੰਮ੍ਰਿਤ ਵੇਲਾ’ ਜੁੜਵੇਂ ਸ਼ਬਦ ਕੇਵਲ ਇੱਥੇ ਹੀ ਦਰਜ ਹਨ ਜਦਕਿ ਇਕੱਲਾ ‘ਵੇਲਾ’ 44 ਵਾਰ ਹੋਰ ਵੀ ਦਰਜ ਹੈ। ਧਿਆਨ ਰਹੇ ਕਿ ‘ਵੇਲਾ’ ਸ਼ਬਦ ਸੰਸਿਤ ’ਚ ਇਸਤ੍ਰੀ ਲਿੰਗ ਹੈ, ਨਾ ਕਿ ਪੁਲਿੰਗ; ਜਿਵੇਂ

ਸੁਣਿ ਮਨ ਮਿਤ੍ਰ ਪਿਆਰਿਆ ! ਮਿਲੁ ‘ਵੇਲਾ ਹੈ ਏਹ’ ॥ (ਮ: ੧/੨੦)

‘ਓਹ ਵੇਲਾ’ ਹਥਿ ਨ ਆਵਈ; ਅੰਤਿ ਗਇਆ ਪਛੁਤਾਇ ॥ (ਮ: ੩/੨੮), ਆਦਿ ਤੁਕਾਂ ’ਚ ‘ਏਹ ਤੇ ਓਹ’ (ਅੰਤ ਮੁਕਤੇ) ਪੜਨਾਂਵੀ ਵਿਸ਼ੇਸ਼ਣਾਂ ਨੇ ‘ਵੇਲਾ’ ਨੂੰ ਵੀ ਇਸਤ੍ਰੀ ਲਿੰਗ ਦਰਸਾ ਦਿੱਤਾ।

‘ਸਚੁ ਨਾਉ’– ਇਨ੍ਹਾਂ ਜੁੜਵੇਂ ਸ਼ਬਦ ’ਚ ‘ਨਾਉਂ’ ਸ਼ਬਦ ਇਕ ਵਚਨ ਪੁਲਿੰਗ ਹੈ, ਜਿਸ ਦਾ ਵਿਸ਼ੇਸ਼ਣ ਹੈ: ‘ਸਚੁ’; ਦੋਵੇਂ ਸ਼ਬਦਾਂ ਦੀ ਲਿਖਤੀ ਬਣਤਰ ਸਮਾਨੰਤਰ ਹੋਣ ਕਾਰਨ ਅਰਥ ਬਣ ਗਏ: ‘ਸਥਿਰ ਨਾਮ, ਮੁਕੰਮਲ ਗੁਣ’।

(ਨੋਟ: ‘ਅੰਮ੍ਰਿਤ ਵੇਲੇ’ ਦੀ ਮਹੱਤਤਾ, ਮਾਨਸਿਕ ਫੁਰਨਿਆਂ ਨੂੰ ਅਸਾਨੀ ਨਾਲ਼ ਸਮੇਟਣ ਨਾਲ਼ ਜੁੜੀ ਹੈ ਕਿਉਂਕਿ ਦਿਨ ਦੇ ਦੂਜੇ ਤੀਜੇ, ਆਦਿ ਪਹਿਰਾਂ ’ਚ ਮਨ ਦੀਆਂ ਤਰੰਗਾਂ ਵਿਕਰਾਲ ਰੂਪ ਧਾਰਨ ਕਰ ਲੈਂਦੀਆਂ ਹਨ; ਜਿਵੇਂ ਕਿ 

ਸਬਾਹੀ ਸਾਲਾਹ; ਜਿਨੀ ਧਿਆਇਆ, ਇਕ ਮਨਿ॥ ਸੇਈ ਪੂਰੇ ਸਾਹ; ਵਖਤੈ ਉਪਰਿ, ਲੜਿ ਮੁਏ॥

ਦੂਜੈ ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ॥ ਬਹੁਤੁ ਪਏ ਅਸਗਾਹ; ਗੋਤੇ ਖਾਹਿ, ਨ ਨਿਕਲਹਿ॥ (ਮ:੧/੧੪੬)

ਇਹ ਵੀ ਸੱਚ ਹੈ ਕਿ ਅੰਮ੍ਰਿਤ ਵੇਲ਼ੇ ਇੱਕੋ ਸਥਾਨ ’ਤੇ ਇੱਕ ਤੋਂ ਵਧੀਕ ਹੋ ਰਹੇ ਪਾਠ, ਇਕਾਗਰਤਾ ਭੰਗ ਹੀ ਕਰਦੇ ਹਨ।)

‘ਕਰਮੀ ਆਵੈ ਕਪੜਾ..॥’– ਇਸ ਤੁਕ ’ਚ ਸ਼ਾਮਲ ‘ਕਰਮੀ’, ਅਸਲ ’ਚ ‘ਕਰਮੁ’ ਸ਼ਬਦ ਹੈ ਤੇ ਅੰਤ ਔਂਕੜ ਇੱਕ ਵਚਨ ਪੁਲਿੰਗ ਨਾਉਂ ਦਾ ਪ੍ਰਤੀਕ, ਜੋ ਕਰਣ ਕਾਰਕ ਦੌਰਾਨ ‘ਕਰਮਿ’ (ਅੰਤ ਸਿਹਾਰੀ) ਬਣ ਜਾਂਦਾ ਹੈ, ਜਿਸ ਦਾ ਅਰਥ ਹੁੰਦਾ ਹੈ: (ਰੱਬੀ) ‘ਮਿਹਰ ਜਾਂ ਮਦਦ ਨਾਲ’, ਜਿਸ ਨੂੰ ‘ਭਾਗ ਜਾਂ ਨਸੀਬ’ ਵੀ ਕਹਿ ਸਕਦੇ ਹਾਂ। ਨਸੀਬ; ਬੰਦੇ ਦੇ ਕਰਮਾਂ ਦਾ ਫਲ਼ ਹੋਣ ਕਾਰਨ ਗੁਰਬਾਣੀ ’ਚ ‘ਕਰਮੁ’ ਦਾ ਤੀਸਰਾ ਅਰਥ ‘ਕੰਮ-ਕਾਰ’ ਵੀ ਹੈ; ਜਿਵੇਂ ਕਿ

‘ਕਰਮੁ’ (ਚੰਗਾ ਕੰਮ ਕਰਨ) ਨ ਜਾਣਾ, ਧਰਮੁ ਨ ਜਾਣਾ; ਲੋਭੀ ਮਾਇਆਧਾਰੀ ॥ (ਮ: ੫/੬੨੪), ਆਦਿ।

‘ਕਰਮਿ’ (ਭਾਵ ਮਿਹਰ ਨਾਲ਼, ਕਰਣ ਕਾਰਕ) ਗੁਰਬਾਣੀ ’ਚ 100 ਵਾਰ ਦਰਜ ਹੈ; ਜਿਵੇਂ

‘ਕਰਮਿ’ ਮਿਲੈ, ਤਾ ਪਾਈਐ; ਆਪਿ, ਨ ਲਇਆ ਜਾਇ॥ (ਮ:੧/੬੧)

ਗੁਰਬਾਣੀ ਇਸੁ ਜਗ ਮਹਿ ਚਾਨਣੁ; ‘ਕਰਮਿ’ ਵਸੈ, ਮਨਿ (’ਚ) ਆਏ (ਆ ਕੇ)॥ (ਮ:੩/੬੭)

ਸਤਿਗੁਰ ਵਿਚਿ ਵਡੀਆ ਵਡਿਆਈਆ, ਭਾਈ ! ‘ਕਰਮਿ’ ਮਿਲੈ, ਤਾਂ (ਹੀ ਕੋਈ) ਪਾਇ॥ (ਮ:੩/੧੪੧੯), ਆਦਿ।

‘ਕਰਮਿ’ ਸ਼ਬਦ ਜਦ ਕਾਵਿ ਤੋਲ ਕਾਰਨ ‘ਕਰਮੀ’ ਸਰੂਪ ਅਖ਼ਤਿਆਰ ਕਰਦਾ ਹੈ ਤਾਂ ਵੀ ਇਸ ਦਾ ਅਰਥ ‘ਕਰਣ ਕਾਰਕ’ ਵਾਲ਼ਾ ‘ਮਿਹਰ ਨਾਲ਼’ ਹੀ ਰਹਿੰਦਾ ਹੈ; ਜਿਵੇਂ

ਨਾਨਕ ! ਨਦਰੀ ‘ਕਰਮੀ’ ਦਾਤਿ ॥੨੪॥ (ਜਪੁ)

‘ਕਰਮੀ’ ਸਤਿਗੁਰੁ ਪਾਇਆ; ਜਿਨਿ ਹਉ ਲੀਆ ਛਡਾਇ ॥ (ਮ: ੫/੧੩੭੫), ਆਦਿ।

(ਨੋਟ: ਇੱਕ ਤੋਂ ਵਧੀਕ ਜੁੜਵੇਂ ਬੱਚੇ; ਇੱਕੋ ‘ਮਾਤ ਪਿਤਾ ਕੀ ਰਕਤੁ ਨਿਪੰਨੇ..॥’’ (ਮ: ੧/੧੨੮੯) ਰਾਹੀਂ ਵਜੂਦ ’ਚ ਆਉਂਦੇ ਹਨ, ਜਿਨ੍ਹਾਂ ਦੇ ਬਚਪਨ (ਆਰੰਭ) ਤੋਂ ਹੀ ਸੁਭਾਅ ’ਚ ਅੰਤਰ ਹੁੰਦਾ ਹੈ, ਆਖ਼ਰ ਕਿਉਂ ?, ਜਦ ਬੀ (ਵੀਰਜ) ਇੱਕ ਸਮਾਨ ਸੀ। ਮੈਡੀਕਲ ਸਾਇੰਸ ਕਈ ਤਰਕ ਦੇ ਸਕਦੀ ਹੈ, ਪਰ ਸ਼ੁਕਰਾਣੂ ਦੀ ਦਸ਼ਾ ਤੇ ਦਿਸ਼ਾ ਨਿਸ਼ਚਿਤ ਹੋਣ ਉਪਰੰਤ ਹੀ ਵਿਗਿਆਨਿਕ ਖੋਜ ਸ਼ੁਰੂ ਹੁੰਦੀ ਹੈ। ਮਈ 2016 ’ਚ ਅੰਡਿਆਂ ਤੇ ਸ਼ੁਕਰਾਣੂਆਂ ਨੂੰ ਬਣਾਉਣ ਲਈ ਜਲੰਧਰ ’ਚ ਵਿਗਿਆਨੀਆਂ ਨੇ ਜਿਨ੍ਹਾਂ ਰੋਗਾਣੂ ਕੋਸ਼ੀਕਾਵਾਂ ਦੀ ਮਦਦ ਲਈ, ਉਹ ਵੀ ਬੰਦੇ ਦੀ ਚਮੜੀ ਤੋਂ ਬਣੀਆਂ ਕਿਉਂਕਿ ਪਿਤਾ ਦਾ ਵੀਰਜ ਹੀ ਬੱਚੇ ਦਾ ਲਿੰਗ ਨਿਰਧਾਰਿਤ ਕਰਦਾ ਹੈ; ਜਿਵੇਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ, ਜੋ ਲੜਕੀ ਨੂੰ ਜਨਮ ਦਿੰਦਾ ਹੈ ਤੇ ਵਾਈ (Y) ਗੁਣਸੂਤਰ ਲੜਕਾ ਪੈਦਾ ਕਰਦਾ ਹੈ ਭਾਵ ਰੱਬੀ ਮਿਹਰ ਜਾਂ ਨਿਯਮ (ਬਣਾਵਟ) ਨਾਲ਼ ਹੀ ਜੀਵਾਂ ਦਾ ਵਿਕਾਸ ਸੰਭਵ ਹੈ।)

‘ਕਪੜਾ’– ਇਹ ਸ਼ਬਦ ਗੁਰਬਾਣੀ ’ਚ ਕੇਵਲ 3 ਵਾਰ, ਗੁਰੂ ਨਾਨਕ ਸਾਹਿਬ ਜੀ ਦੁਆਰਾ ਹੀ ਦਰਜ ਕੀਤਾ ਹੋਇਆ ਮਿਲਦਾ ਹੈ; ਜਿਵੇਂ

ਸਚੀ ਸਿਫਤਿ ਸਾਲਾਹ; ‘ਕਪੜਾ’ ਪਾਇਆ॥ (ਮ:੧/੧੫੦)

ਸਿਫਤਿ ਸਰਮ ਕਾ ‘ਕਪੜਾ’ ਮਾਂਗਉ; ਹਰਿ ਗੁਣ, ਨਾਨਕ ਰਵਤੁ ਰਹੈ॥ (ਮ: ੧/੧੩੨੯)  ਭਾਵ ਰੱਬੀ ਸਿਫ਼ਤ ਰੂਪ ਕਪੜਾ (ਪਰਦਾ, ਆਸਰਾ) ਮੰਗਦਾ ਹਾਂ ਤਾਂ ਜੋ ਨਾਨਕ ਹਰਿ ਦੇ ਗੁਣ ਗਾਉਂਦਾ ਰਹੇ।

ਗੁਰੂ ਨਾਨਕ ਸਾਹਿਬ ਜੀ ਦੇ ਵਚਨ ਹਨ ਕਿ ਅੰਮ੍ਰਿਤ ਵੇਲ਼ੇ ਦੀ ਦਾਤ ਰੱਬੀ ਮਦਦ ਤੋਂ ਬਿਨਾਂ ਨਹੀਂ ਮਿਲਦੀ: ‘‘ਦਾਤੀ ਸਾਹਿਬ ਸੰਦੀਆ; ਕਿਆ ਚਲੈ ਤਿਸੁ ਨਾਲਿ ? ॥ ਇਕ ਜਾਗੰਦੇ ਨਾ ਲਹੰਨਿ; ਇਕਨਾ, ਸੁਤਿਆ ਦੇਇ ਉਠਾਲਿ॥’’ (ਮ:੧/੮੩)

‘ਨਦਰੀ, ਮੋਖੁ ਦੁਆਰੁ॥’– ਇਨ੍ਹਾਂ ਸੰਯੁਕਤ ਸ਼ਬਦਾਂ ’ਚ ‘ਨਦਰੀ’ ਸ਼ਬਦ; ਉਪਰੋਕਤ ਵਿਚਾਰਿਆ ਗਿਆ ਸ਼ਬਦ ‘ਕਰਮੀ’ ਹੀ ਹੈ, ਪਰ ਅੰਤਰ ਸਿਰਫ਼ ਇਹੀ ਹੈ ਕਿ ‘ਨਦਰਿ’ ਇਸਤ੍ਰੀ ਲਿੰਗ ਹੋਣ ਕਾਰਨ ‘ਮਿਹਰ ਭਰੀ ਦ੍ਰਿਸ਼ਟੀ ਨਾਲ਼’ ਅਰਥ ਦਿੰਦਾ ਹੈ ਜਦਕਿ ‘ਕਰਮੁ’ ਅਰਬੀ ਭਾਸ਼ਾ ਦਾ ਫ਼ਜ਼ਲ (ਪੁਲਿੰਗ) ਸ਼ਬਦ ਹੈ, ਜਿਸ ਦਾ ਅਰਥ ਵੀ ‘ਮਿਹਰ’ ਹੈ।

‘ਮੋਖੁ ਦੁਆਰੁ॥’– ਗੁਰਬਾਣੀ ’ਚ ‘ਮੋਖ ਦੁਆਰੁ’ ਭਾਵ ਮੁਕਤੀ ਦਾ ਦਰਵਾਜ਼ਾ ਜਾਂ ਰਸਤਾ’; ਸੰਯੁਕਤ ਸ਼ਬਦ 31 ਵਾਰ ਦਰਜ ਹਨ; ਜਿਵੇਂ

ਨਾਨਕ ! ਗੁਰਮੁਖਿ ਬੁਝੀਐ; ਪਾਈਐ ‘ਮੋਖ ਦੁਆਰੁ’ ॥ (ਮ: ੩/੨੭)

ਗੁਰ ਕੈ ਦਰਸਨਿ; ‘ਮੋਖ ਦੁਆਰੁ’ ॥ (ਮ: ੩/੩੬੧)

ਧਰਮੀ ਧਰਮੁ ਕਰਹਿ, ਗਾਵਾਵਹਿ; ਮੰਗਹਿ ‘ਮੋਖ ਦੁਆਰੁ’ ॥ (ਮ: ੧/੪੬੯), ਆਦਿ ਅਤੇ ‘ਮੋਖੁ ਦੁਆਰੁ’ ਸੰਯੁਕਤ ਸ਼ਬਦ ਮਾਤਰ ਦੋ ਵਾਰ ਤੇ ਕੇਵਲ ‘ਜਪੁ’ ਬਾਣੀ ’ਚ ਹੀ ਹਨ; ਜਿਵੇਂ ਸੰਬੰਧਿਤ ਪੰਕਤੀ ਤੋਂ ਇਲਾਵਾ:

ਮੰਨੈ; ਪਾਵਹਿ ‘ਮੋਖੁ ਦੁਆਰੁ’ ॥ (ਜਪੁ), ਇਸ ਲਈ ਇਨ੍ਹਾਂ ਦਾ ਅਰਥ ‘ਮੁਕਤੀ ਦਾ ਮਾਰਗ’ ਨਹੀਂ ਹੋ ਸਕਦਾ ਕਿਉਂਕਿ ‘ਮੋਖੁ’ ਦਾ ਔਂਕੜ ‘ਦਾ’ (ਸੰਬੰਧਕੀ) ਅਰਥ ਲੈਣ ਤੋਂ ਮਨ੍ਹਾ ਕਰਦਾ ਹੈ, ਤਾਂ ਤੇ ‘ਮੋਖੁ ਦੁਆਰੁ’ ਦਾ ਅਰਥ ‘ਮੁਕਤੀ ਵਾਲ਼ਾ ਦਰਵਾਜ਼ਾ’ ਵਧੇਰੇ ਦਰੁਸਤ ਬਣਦੇ ਹਨ। ਇਸ ‘ਮੋਖੁ’ ਬਣਤਰ ਨੂੰ ਲਿਖਤੀ ਦੀ ਗ਼ਲਤੀ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ‘ਜਪੁ’ ’ਚ ਇਹ ਬਣਤਰ ਦੋ ਵਾਰ ਦਰਜ ਹੈ। ਇਹ ਵੀ ਹੋ ਸਕਦਾ ਹੈ ਕਿ ਗੁਰੂ ਜੀ ਦੀ ਅਰੰਭਕ ਬਾਣੀ ‘ਜਪੁ’ ਹੋਣ ਕਾਰਨ ਬਾਅਦ ’ਚ ਤਮਾਮ ਬਾਕੀ ਰਚਨਾ ’ਚ ‘ਮੋਖ ਦੁਆਰੁ’ ਨੂੰ ਸਵੀਕਾਰ ਲਿਆ ਹੋਵੇ।

ਸੋ, ‘‘ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ, ਨਦਰੀ ਮੋਖੁ ਦੁਆਰੁ॥’’ ਭਾਵ ਇਕਾਂਤ ਸਮੇਂ (ਅਕਾਲ ਪੁਰਖ ਦਾ ਨਿਰੋਲ) ਸੱਚਾ ਨਾਉ (ਸਥਿਰ ਮੁਕੰਮਲ ਗੁਣ) ਤੇ ਉਸ ਦੀ ਉਸਤਤ ਵਾਲ਼ੀ ਵਿਚਾਰ ਭਾਵ ਉਸ ਦੇ ਮਹੱਤਵ ਨਾਲ਼ ਜੁੜਨਾ ਚਾਹੀਦਾ ਹੈ ਕਿਉਂਕਿ ਉਸ ਦੀ ਮਿਹਰ ਨਾਲ਼ ਹੀ ਸਰੀਰ ਰੂਪ ਕੱਪੜਾ ਤੇ (ਆਵਾਗਮਣ ਘੁੰਮਣਘੇਰੀ ’ਚੋਂ ਬਾਹਰ ਨਿਕਲਣ ਵਾਲ਼ਾ ਗੁਰੂ ਰਾਹੀਂ) ਮੁਕਤੀ ਰੂਪ ਦਰਵਾਜ਼ਾ ਮਿਲਦਾ ਹੈ।

ਨਾਨਕ ! ਏਵੈ ਜਾਣੀਐ; ਸਭੁ ਆਪੇ ਸਚਿਆਰੁ॥

ਉਕਤ ਤੁਕ ’ਚ ‘ਜਾਣੀਐ’ ਸ਼ਬਦ ਗੁਰਬਾਣੀ ’ਚ 79 ਵਾਰ ਦਰਜ ਹੈ ਤੇ ਇਸ ਦਾ ਅਰਥ ਹੈ: ‘ਜਾਣਿਆ ਜਾ ਸਕਦਾ’ (ਕਿਰਿਆ); ਜਿਵੇਂ

ਜੋਤਿ ਨਿਰੰਤਰਿ ਜਾਣੀਐ; ਨਾਨਕ ! ਸਹਜਿ ਸੁਭਾਇ ॥ (ਮ: ੧/੫੫)

ਸਾਚਉ (ਨੂੰ) ਦੂਰਿ ਨ ਜਾਣੀਐ; ਅੰਤਰਿ ਹੈ ਸੋਈ ॥ (ਮ: ੧/੪੨੧)

ਸਚੁ ਤਾ ਪਰੁ ਜਾਣੀਐ; ਜਾ ਰਿਦੈ (’ਚ) ਸਚਾ ਹੋਇ ॥ (ਮ: ੧/੪੬੮), ਆਦਿ।

‘ਸਭੁ’– ਇਸ ਸ਼ਬਦ ਦਾ ਪ੍ਰਚਲਿਤ ਅਰਥ ਕੀਤਾ ਜਾਂਦਾ ਹੈ ‘ਸਭ ਥਾਂ’ ਆਪ ਹੀ ‘ਸਚਿਆਰੁ’ ਹੈ, ਜੋ ਕਿ ਲਿਖਤ ਨਿਯਮ ਮੁਤਾਬਕ ਦਰੁਸਤ ਨਹੀਂ ਕਿਉਂਕਿ ‘ਸਭੁ’ ਪੁਲਿੰਗ ਹੈ ਤੇ ‘ਥਾਂ’ ਇਸਤ੍ਰੀ ਲਿੰਗ; ਇਸ ਸੂਰਤ ’ਚ ਇਸ ਦੀ ਬਣਤਰ ‘ਸਭ’ ਹੋਣੀ ਚਾਹੀਦੀ ਸੀ; ਜਿਵੇਂ ਕਿ ਹੇਠਲੀ ਤੁਕ ’ਚ ‘ਸਭ ਮਾਟੀ’ ਤੇ ‘ਸਭ ਜੋਤਿ’ ਇਸਤ੍ਰੀ ਲਿੰਗ ਹਨ:

ਏਕੋ ਪਵਣੁ, ‘ਮਾਟੀ ਸਭ’ ਏਕਾ; ‘ਸਭ ਏਕਾ ਜੋਤਿ’ ਸਬਾਈਆ ॥ (ਮ: ੪/੯੬) ਜਾਂ ਸਭ ਪਾਸੇ ਆਪ ਹੀ ‘ਸਚਿਆਰੁ’ ਹੈ, ਅਰਥ ਕਰੀਏ ਤਾਂ ‘ਸਭ ਪਾਸੇ’ ਬਹੁ ਵਚਨ ਬਣ ਜਾਂਦਾ ਹੈ ਤੇ ਇਸ ਦਾ ਸਰੂਪ ‘ਸਭਿ’ ਹੋਣਾ ਚਾਹੀਦਾ ਸੀ; ਜਿਵੇਂ

‘ਸਭਿ ਸਤ’ ‘ਸਭਿ ਤਪ’; ‘ਸਭਿ ਚੰਗਿਆਈਆ’ ॥ (ਮ: ੧/੯), ਇਸ ਲਈ ‘ਸਭੁ ਆਪੇ ਸਚਿਆਰੁ’ ਦਾ ਅਰਥ ‘ਸਭ ਕੁਝ (ਕਰਨ ਤੇ ਕਰਵਾਉਣ ਦੇ ਸਮਰੱਥ) ਸਚਿਆਰ (ਸਤ੍ਯ ਦਾ ਸ੍ਰੋਤ) ਆਪ ਹੀ ਹੈ’, ਦਰੁਸਤ ਜਾਪਦਾ ਹੈ।

ਪ੍ਰਸੰਗ ਮੁਤਾਬਕ ਪਉੜੀ ਦਾ ਵਿਸ਼ਾ ‘ਸਾਚਾ ਸਾਹਿਬੁ’ ਦੀ ‘ਅੰਮ੍ਰਿਤ ਵੇਲੇ’ ਉਸਤਤ ਕਰਨਾ ਤੇ ਬਿਨਾਂ ਮੰਗਿਆਂ ਦਾਤਾਂ ਦੇਣ ਵਾਲ਼ੇ ਉਸ ਦਾਤਾਰ ਤੋਂ ਸਮਾਜਿਕ ਮੰਗ ਨਾ ਮੰਨਣਾ ਹੈ, ਜਿਸ ਦੀ ਕਿਰਪਾ ਨਾਲ਼ ਮਨੁੱਖਾ ਸਰੀਰ ਰੂਪ ਚੋਲ਼ਾ ਤੇ (ਆਵਾਗਮਣ ਚੱਕਰਵਿਊ ਤੋਂ) ਮੁਕਤੀ ਵਾਲ਼ਾ ਬੂਹਾ ਲੱਭੀਦਾ ਹੈ, ਪਰ ਜੋ ਇਸ ਸਚਾਈ ਨੂੰ ਅਪਣਾਉਣ ਤੋਂ ਅਸਮਰਥ ਹਨ ਉਨ੍ਹਾਂ ਪ੍ਰਤਿ ਨਕਾਰਤਮਕ ਸੋਚ ਲੈ ਕੇ ਬੈਠਣ ਨਾਲ਼ ਆਪਣਾ ਨੁਕਸਾਨ ਕਰਵਾਉਣ ਤੋਂ ਬਚਣ ਲਈ ਕਰਤਾਰ ਦੀ ਕੁਦਰਤ ਦਾ ਉਹ ਪਹਿਲੂ ਵੀ ਵਿਚਾਰਨ ਯੋਗ ਹੋ ਜਾਂਦਾ ਹੈ ਜਿਸ ਨਾਲ਼ ਆਵਾਗਮਣ ਵਾਲ਼ਾ ਮਾਰਗ ਸ਼ੁਰੂ ਹੁੰਦਾ ਹੈ ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ, ਆਇ ਜਾਇ ਦੁਖੁ ਪਾਇਦਾ ॥’’ (ਮ: ੫/੧੦੭੫) ਤਾਂ ਤੇ ਪਉੜੀ ਦੀ ਸਮਾਪਤੀ ’ਚ ਦਰਜ ‘ਸਭੁ ਆਪੇ ਸਚਿਆਰੁ’ ਦਾ ਅਰਥ ‘ਸਭ ਚੰਗੇ-ਮੰਦੇ ਦਾ ਕਰਤਾ ‘ਸਚਿਆਰੁ’ ਆਪ ਹੀ ਹੈ’ ਵਧੇਰੇ ਅਨੁਕੂਲ ਹੈ।

ਸੋ, ‘‘ਨਾਨਕ ! ਏਵੈ ਜਾਣੀਐ; ਸਭੁ ਆਪੇ ਸਚਿਆਰੁ॥’’ ਭਾਵ ਹੇ ਨਾਨਕ ! ਇਉਂ ਸਮਝਣਾ ਚਾਹੀਦਾ ਹੈ ਕਿ ਸਭ ਕੁਝ (ਭਗਤੀ ਕਰਨ ਵਾਲ਼ਾ ਜਾਂ ਕਰਵਾਉਣ ਵਾਲ਼ਾ) ‘ਸਚਿਆਰੁ’ (ਸਦੀਵੀ ਸਥਿਰ) ਮਾਲਕ ਆਪ ਹੀ ਹੈ।

ਬੱਚਿਆਂ ਦੇ ਉਜਲ ਭਵਿਖ ਲਈ ਯੋਗ ਤੇ ਸੇਧ ਲੈਣ ਲਾਇਕ ਸਥਾਨ

0

ਬੱਚਿਆਂ ਦੇ ਉਜਲ ਭਵਿਖ ਲਈ ਯੋਗ ਤੇ ਸੇਧ ਲੈਣ ਲਾਇਕ ਸਥਾਨ

ਆਖ਼ਰ ਕੇਜਰੀਵਾਲ ਨੇ ਬਾਦਲ ਪਰਿਵਾਰ ਦੀ ਕਿਹੜੀ ਨਸ ਦਬਾਅ ਦਿੱਤੀ ਕਿ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਲਈ ਪਹੁੰਚਣ ਦੀ ਬਜਾਇ ਵਿਦੇਸ਼ (ਅਮਰੀਕਾ) ਯਾਤਰਾ ਕਰਨੀ ਪਈ ?

0

Kejriwal vs Badal

ਆਖ਼ਰ ਕੇਜਰੀਵਾਲ ਨੇ ਬਾਦਲ ਪਰਿਵਾਰ ਦੀ ਕਿਹੜੀ ਨਸ ਦਬਾਅ ਦਿੱਤੀ ਕਿ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰ ਲਈ ਪਹੁੰਚਣ ਦੀ ਬਜਾਇ ਵਿਦੇਸ਼ (ਅਮਰੀਕਾ) ਯਾਤਰਾ ਕਰਨੀ ਪਈ ?

ਗਿਆਨੀ ਅਵਤਾਰ ਸਿੰਘ

ਪੰਜਾਬ ’ਚ ਪਿਛਲੇ ਲੰਮੇ ਸਮੇਂ ਤੋਂ ਵੱਡੇ ਬਾਦਲ ਮੂੰਹੋਂ ਇਹ ਸੁਣਨ ਨੂੰ ਮਿਲਦਾ ਰਿਹਾ ਹੈ ਕਿ ਸਾਡਾ ਤਾਂ ਕਾਂਗਰਸ (ਇੰਦਰਾ ਗਾਂਧੀ) ਕੁਝ ਨਹੀਂ ਵਿਗਾੜ ਸਕੀ ਇਹ (ਕੇਜਰੀਵਾਲ ਵਰਗੇ) ਕੀ ਕਰ ਸਕਦੇ ਹਨ ?, ਪਰ ਹੁਣ ਹਾਲਾਤਾਂ ਨੇ ਊਠ ਨੂੰ ਪਹਾੜ ਹੇਠਾਂ ਲਿਆ ਖੜ੍ਹਾ ਕੀਤਾ ਹੈ।

ਦਰਅਸਲ, ਬਾਦਲ ਸੰਨ 1996 ਤੋਂ ਭਾਰਤੀ ਸੰਵਿਧਾਨ (ਦੇ ਸੈਕੂਲਰ ਸ਼ਬਦ) ਦਾ ਗਲਤ ਪ੍ਰਯੋਗ ਕਰਦਿਆਂ ਅਕਾਲੀ ਦਲ (ਪੰਥਕ) ਨੂੰ ਪੰਜਾਬੀ ਪਾਰਟੀ ਬਣਾਉਣ ਦੇ ਬਾਵਜੂਦ ਵੀ ਗੁਰਦੁਆਰਿਆਂ ਦੀਆਂ ਚੋਣਾਂ ’ਚ ਭਾਗ ਲੈ ਕੇ ਭਾਰਤੀ ਨਿਆਂ ਪ੍ਰਣਾਲੀ ਨੂੰ ਧੋਖਾ ਦਿੰਦਾ ਆ ਰਿਹਾ ਹੈ, ਪਰ ਇਸ ਵਾਰ ਦਿੱਲੀ (ਕੇਜਰੀਵਾਲ) ਸਰਕਾਰ ਨੇ ਗੁਰਦੁਆਰਾ ਚੋਣਾਂ ਲਈ ਭਰੇ ਜਾਂਦੇ ਫਾਰਮ ’ਚੋਂ ਸੈਕੂਲਰ ਕਾਲਮ ਖ਼ਤਮ ਕਰ ਦਿੱਤਾ, ਜਿਸ ਕਾਰਨ ਚੁਣਾਵ ਲੜਨ ਵਾਲੀ ਹਰ ਰਾਜਨੀਤਿਕ ਪਾਰਟੀ ਨੂੰ ਧਾਰਮਿਕ ਪਾਰਟੀ ਲਿਖਣਾ ਜ਼ਰੂਰ ਹੋ ਗਿਆ। ਇਸ ਬੇਵੱਸੀ ਦੀ ਇੱਕ ਝਲਕ ਦਿੱਲੀ ਕਮੇਟੀ ਦੇ ਮਹਾਸਚਿਵ ਮਨਜਿੰਦਰ ਸਿੰਘ ਸਿਰਸਾ (ਬਾਦਲ ਗੁੱਟ) ਦੁਆਰਾ 14-2-2017 ਦੇ ਮੀਡੀਆ ਨੂੰ ਦਿੱਤੇ ਗਏ ਬਿਆਨ ਤੋਂ ਝਲਕਦੀ ਹੈ। ਹੁਣ ਬਾਦਲ ਦਲ ਅਗਰ ਅਕਾਲੀ ਦਲ ਨੂੰ ਧਾਰਮਿਕ ਪਾਰਟੀ ਕਹਿ ਕੇ ਗੁਰਦੁਆਰਾ ਪ੍ਰਬੰਧ ਵਿੱਚ ਆਪਣਾ ਰੋਲ ਅਦਾ ਕਰਦਾ ਹੈ ਤਾਂ ਭਾਰਤੀ ਸੰਵਿਧਾਨ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ 1996 ’ਚ ਮੋਗਾ ਕਾਨਫਰੰਸ ਰਾਹੀਂ ਸੈਕੀਲਰ ਪਾਰਟੀ ’ਚ ਕੀਤਾ ਗਿਆ ਤਬਦੀਲ ਰੱਦ ਹੋ ਸਕਦਾ ਹੈ, ਜਿਸ ਦਾ ਕੇਸ ਪਹਿਲਾਂ ਹੀ 13 ਮਾਰਚ 2004 ਤੋਂ ਦਿੱਲੀ ਹਾਈ ਕੋਰਟ ’ਚ ਚੱਲ ਰਿਹਾ ਹੈ। ਇਸ ਲਈ ਬਾਦਲ ਪਰਿਵਾਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਭਾਗ ਲੈਣ ਦੀ ਬਜਾਏ ਵਿਦੇਸ਼ (ਅਮਰੀਕਾ) ਯਾਤਰਾ ਕਰਨ ਨੂੰ ਤਰਜੀਹ ਦਿੱਤੀ, ਬੇਸ਼ੱਕ ਬਹਾਨਾ ਕਿਸੇ ਬਿਮਾਰੀ ਦਾ ਹੀ ਕਿਉਂ ਨਾ ਲਗਾਉਣਾ ਪਏ।

ਇਸੇ ਵਿਦੇਸ਼ ਯਾਤਰਾ ਦੋਰਾਨ (26 ਫਰਬਰੀ 2017 ਦਿੱਲੀ ਚੁਣਾਵ ਤੇ 11 ਮਾਰਚ ਪੰਜਾਬ ਦੇ ਨਤੀਜੇ ਆਉਣ ਉਪਰੰਤ) ਅਗਰ ਹਾਲਾਤ ਤੰਦਰੁਸਤ ਨਾ ਰਹੇ ਤਾਂ ਵਿਦੇਸ਼ਾਂ ਵਿੱਚ ਰਹਿ ਕੇ ਕੁਝ ਆਰਾਮ ਮਿਲ ਸਕਦਾ ਹੈ ਕਿਉਂਕਿ ਪੰਜਾਬੀਆਂ ਨੇ ਭਾਰਤ ਦੇ ਜਮੀਨੀ ਹਾਲਾਤ ਇਨ੍ਹਾਂ ਅਨੁਕੂਲ ਨਹੀਂ ਰਹਿਣ ਦਿੱਤੇ। ਖਬਰਾਂ ਤਾਂ ਇਹ ਵੀ ਹਨ ਕਿ ਮੋਦੀ ਛੋਟੇ ਬਾਦਲ ਤੇ ਮਜੀਠੀਏ ਨੂੰ ਕੇਂਦਰ ’ਚ ਵਜੀਰ ਬਣਾ ਕੇ ਇਨ੍ਹਾਂ ਦੀ ਕੁਝ ਮਦਦ ਕਰ ਸਕਦਾ ਹੈ ਜਿਵੇਂ ਕਿ ਕਾਂਗਰਸ ਨੇ 5 ਮਾਰਚ 2014 ਨੂੰ ਕੇਰਲ ਦਾ ਰਾਜਪਾਲ ਬਣਾ ਕੇ ਬੀਬੀ ਸ਼ੀਲਾ ਦੀਕਸ਼ਤ ਦੀ ਕੁਝ ਮਦਦ ਕੀਤੀ ਸੀ।

parminder sibia

0

Urgent Request for Readers (Date 16-2-2016)

0

ਪਾਠਕਾਂ ਲਈ ਜ਼ਰੂਰੀ ਬੇਨਤੀ

gurparsad.com ਵੈੱਬ ਸਾਇਟ ਦੇ ਕੁਝ ਪਾਠਕਾਂ ਦੇ ਪੰਜਾਬੀ ਭਾਸ਼ਾ ਰਹਿਤ ਪੁਰਾਣੇ ਮੋਬਾਈਲਾਂ ’ਚ ਵੈੱਬ ਡਾਟਾ ਪੜ੍ਹਨ ਵਿੱਚ ਆ ਰਹੀ ਅਸੁਵਿਧਾ ਨੂੰ ਵੇਖਦਿਆਂ ਇਸ ਨਿਉਂ ਵੈੱਬ ਸਾਇਟ (15-2-2016) ਨੂੰ ਬਣਾਇਆ ਗਿਆ ਹੈ, ਜਿਸ ਵਿੱਚ ਆਧੁਨਿਕ ਤਕਨੀਕਾਂ ਦੀ ਮਦਦ ਲਈ ਗਈ ਤਾਂ ਜੋ ਭਵਿੱਖ ’ਚ ਕੋਈ ਵੀ ਮੁਸ਼ਕਲ ਨਾ ਆਏ। ਇਸ ਵੈੱਬ ’ਚ ਵਿਸ਼ੇ ਜਾਂ ਲੇਖਕ ਦੀ ਖੋਜ ਲਈ ਕੁਝ menus / categories (ਮੈਨਿਊਸ / ਕੈਟਿਗੱਰੀਸ) ਬਣਾਏ ਗਏ ਹਨ, ਜਿਨ੍ਹਾਂ ਦੀ ਤਰਤੀਬ ਇਸ ਪ੍ਰਕਾਰ ਹੈ:

(1). ਹੋਮ ਪੇਜ ’ਤੇ ‘WEEKLY IMPORTANT ARTICLEWRITERS THOUGHTS  ਤੇ IMPORTANT VIDEOS’ ਹਨ, ਜੋ ਨਵਾਂ ਡਾਟਾ ਪੋਸਟ ਹੋਣ ਉਪਰੰਤ ਪੁਰਾਣਾ ਡਾਟਾ ਆਪਣੇ ਆਪ ਹੀ ਸੱਜੇ ਚਲਾ ਜਾਏਗਾ, ਜਿਸ ਦੀ ਵਧੇਰੇ ਤਲਾਸ਼ ਲਈ ਸੱਜੇ ਪਾਸੇ ਲੱਗੇ ਚਾਰ ਚਿੰਨ੍ਹਾਂ ’ਤੇ ਕਲਿਕ ਕੀਤਾ ਜਾ ਸਕਦਾ ਹੈ। ਵਿਸ਼ੇ ਨਾਲ ਸੰਬੰਧਿਤ ਲੇਖ ਸੰਬੰਧਿਤ ਮੈਨਿਊ ਵਿਚ ਵੀ ਹੋਣਗੇ।

(2). ਕਿਸੇ ਵੀ ਲੇਖ ਦੀ ਤਲਾਸ਼ ਲਈ ਹੋਮ ਪੇਜ ਉੱਤੇ ਸੱਜੇ ਪਾਸੇ (ਘੁੰਮ ਰਹੀ ਧਰਤੀ ਅਤੇ ਕੈਲੰਡਰ ਦੇ ਉੱਪਰ) ਸਰਚ ਕੈਟਿਗੱਰੀ ਬਣਾਈ ਗਈ ਹੈ, ਜਿੱਥੇ ਵਿਸ਼ਾ, ਲੇਖਕ ਦਾ ਨਾਂ ਜਾਂ ਲੇਖ ਦਾ ਸਿਰਲੇਖ (ਜਾਂ ਕੋਈ ਇੱਕ ਸ਼ਬਦ) ਪਾ ਕੇ ਸਰਚ ਕਰਨ ਨਾਲ ਸੰਬੰਧਿਤ ਵਿਸ਼ਾ (ਲੇਖ) ਮਿਲ ਜਾਏਗਾ, ਜਿਸ ਦੀ ਸਮਾਪਤੀ ’ਚ ਤਮਾਮ ਸੰਬੰਧਿਤ ਹੋਰ ਲੇਖ ਵੀ ਹੋਣਗੇ।

(3). ਹੋਮ ਪੇਜ ਉੱਤੇ ਜਾਣ ਲਈ ੴ ਸਤਿ ਗੁਰ ਪ੍ਰਸਾਦਿ॥ ’ਤੇ ਕਲਿਕ ਕਰੋ, ਜੀ !

(4). ਪੁਰਾਣਾ ਤਮਾਮ ਡਾਟਾ ਨਿਉਂ ਵੈੱਬ ਸਾਇਟ ’ਤੇ ਲਿਆਉਣ ਲਈ, ਰਹੀ ਕੋਈ ਊਣਤਾਈ ਨੂੰ ਮੇਰੀ ਈਮੇਲ avtar020267@gmail.com ’ਤੇ ਜਾਂ ਮੋਬਾਈਲ 094650-40032 ਜਾਂ ਵੱਟਸਅਪ ਨੰਬਰ 98140-35202 ’ਤੇ ਜ਼ਰੂਰ ਸੂਚਿਤ ਕਰਨ ਦੀ ਮਿਹਰਬਾਨੀ ਕਰਨਾ, ਜੀ !

(5). ਕੁਝ ਵਰਤੀ ਪੁਰਾਣਾ ਡਾਟਾ ਅਪਡੇਟ ਨਹੀਂ ਕੀਤਾ ਜਾਏਗਾ।

(6). ਲੇਖਕਾਂ ਨੂੰ ਬੇਨਤੀ ਹੈ ਕਿ ਇਤਿਹਾਸ ਦੀਆਂ ਤਿੱਥਾਂ ’ਚ ਵਾਰ ਵਾਰ ਅਪੂਰਨ (ਜਾਂ ਗਲਤ) ਜਾਣਕਾਰੀ ਹੋਣ ਵਾਲਾ ਡਾਟਾ ਵੈੱਬ ਸਾਇਟ ’ਤੇ ਨਹੀਂ ਪਾਇਆ ਜਾਏਗਾ।

(7). ਗੁਰਬਾਣੀ ਵਿਆਕਰਨ ਜਾਂ ਸ਼ੁੱਧ ਉਚਾਰਨ ਦੇ ਵਿਸ਼ਿਆਂ ’ਚ ਪਰੂਫ ਰੀਡਿੰਗ ਕਰਨ ਵਾਲਿਆਂ ਦੀ ਘਾਟ ਹੈ, ਅਗਰ ਕਿਸੇ ਜਗਿਆਸੂ ਸੱਜਣ ਨੂੰ ਕੋਈ ਤਰੁਟੀ ਵਿਖਾਈ ਦੇਵੇ ਤਾਂ ਜ਼ਰੂਰ ਦੱਸਣਾ, ਜੀ !

(8). ਮੇਰੇ ਤਮਾਮ ਵਿਚਾਰਾਂ ਨਾਲ ਸਭ ਗੁਰੂ ਪਿਆਰਿਆਂ ਦਾ ਸਹਿਮਤ ਹੋਣਾ ਅਸੰਭਵ ਹੋ ਸਕਦਾ ਹੈ, ਪਰ ਅਸਹਿਮਤੀ ਦਾ ਕਾਰਨ ਦੱਸਿਆ ਜਾਏ ਤਾਂ ਸੁਧਾਈ ਦੀ ਗੁੰਜਾਇਸ਼ ਬਣੀ ਰਹਿੰਦੀ ਹੈ।

ਗਿਆਨੀ ਅਵਤਾਰ ਸਿੰਘ (ਸੰਪਾਦਕ gurparsad.com ਤੇ ਮਿਸ਼ਨਰੀ ਸੇਧਾਂ) ਮਿਤੀ 16-2-2017

ਵਿਰਲ ਹੁੰਦੀ ਹੈ ਉਹਨਾਂ ਦੇ ਵਿਹਾਰ ਦੇ ਵਿਚ।

0

ਵਿਰਲ ਹੁੰਦੀ ਹੈ ਉਹਨਾਂ ਦੇ ਵਿਹਾਰ ਦੇ ਵਿਚ।

ਕਰਦੇ ਗੱਲਾਂ ਨੇ ਬਹੁਤ ਘਨੇਰੀਆਂ ਜੋ, ਵਿਰਲ ਹੁੰਦੀ ਹੈ ਉਹਨਾਂ ਦੇ ਵਿਹਾਰ ਦੇ ਵਿਚ।

ਪੂਜਾ ਕਰਦੇ ਜੋ ਨਿੱਜੀ ਸੁਆਰਥਾਂ ਦੀ, ਹੁੰਦੀ ਖੋਟ ਹੈ ਉਹਨਾਂ ਦੇ ਪਿਆਰ ਦੇ ਵਿਚ।

ਉਦੋਂ ਰੱਬ ਨੂੰ ਵੀ ਦੱਸਦਾ ਹੈ ਟੱਬ ਬੰਦਾ, ਹੁੰਦਾ ਜਦੋਂ ਹੈ ਉਹ ਪੂਰੇ ਹੰਕਾਰ ਦੇ ਵਿਚ।

ਛੜੇ ਛਾਂਟ ਨੂੰ ਹੁੰਦਾ ਇਹ ਸੁੱਖ ‘ਚੋਹਲਾ’, ਜਾਣਾ ਪੈਂਦਾ ਨਾ ਬਹੁਤਾ ਬਾਜ਼ਾਰ ਦੇ ਵਿਚ।

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਅੱਜ ਦੀ ਗੱਲ

0

(ਕਾਵਿ-ਵਿਅੰਗ) ਅੱਜ ਦੀ ਗੱਲ

ਵੋਟਰ ਵੀਰ ਜੀ! ਸਮਝ ਤੋਂ ਕੰਮ ਲੈਣਾ, ਗੱਲ ਵਿਚ ਨਹੀਂ ਹੋਣਾ ਗਿ੍ਰਫਤਾਰ ਬੀਬਾ।

ਜਿਹੜੀ ਪਾਰਟੀ ਪੰਜਾਬ ਦਾ ਭਲਾ ਮੰਗੇ, ਚੁਣੋ ਵੋਟ ਨਾਲ ਉਹਦੀ ਸਰਕਾਰ ਬੀਬਾ।

ਕਹਿੰਦੇ ਹੋਰ ਤੇ ਕਰਦੇ ਕੁੱਝ ਹੋਰ ਨੇਤਾ, ਰਿਹਾ ਇਹਨਾਂ ਦਾ ਨਹੀਂ ਇਤਬਾਰ ਬੀਬਾ।

ਰਾਜਨੀਤੀ ਦਾ ਭਿ੍ਰਸ਼ਟ ਸੁਭਾਅ ‘ਚੋਹਲਾ’, ਕਰਦੀ ਜਨਤਾ ਨੂੰ ਖਜਲ ਖੁਆਰ ਬੀਬਾ।

ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਮਾਂ ਭੈਣ ਜਦ ਪੜ੍ਹ ਜਾਵੇਗੀ ਦੇਸ਼ ਦੀ ਗੁੱਡੀ ਚੜ੍ਹ ਜਾਵੇਗੀ

0

ਮਾਂ ਭੈਣ ਜਦ ਪੜ੍ਹ ਜਾਵੇਗੀ ਦੇਸ਼ ਦੀ ਗੁੱਡੀ ਚੜ੍ਹ ਜਾਵੇਗੀ

ਰਮੇਸ਼ ਬੱਗਾ ਚੋਹਲਾ (ਲੁਧਿਆਣਾ)- 94631-32719

ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਲੜਕੀਆਂ ਦੀ ਸਿੱਖਿਆ ਵੱਲ ਬਹੁਤਾ ਧਿਆਨ ਨਹੀਂ ਸੀ ਦਿੱਤਾ ਜਾਂਦਾ। ਕੁਝ ਕੁ ਉੱਚ ਘਰਾਣਿਆਂ ਦੀਆਂ ਲੜਕੀਆਂ ਹੀ ਆਪਣਾ ਦਿਮਾਗ਼ੀ ਜੰਗਾਲ (ਪੜ੍ਹ-ਲਿਖ ਕੇ) ਲਾਹੁੰਦੀਆਂ ਸਨ ਪਰ ਸਮੇਂ ਦੀ ਕਰਵਟ ਨੇ ਕੁਝ ਕੁਸਾਧਾਰਨ ਘਰਾਂ ਦੀਆਂ ਕੁੜੀਆਂ ਨੇ ਵੀ ਸਕੂਲਾਂ-ਕਾਲਜਾਂ ਵਾਲੇ ਪਾਸੇ ਨੂੰ ਮੋੜਿਆ ਅਤੇ ਉਨ੍ਹਾਂ ਦੇ ਮੂੰਹੋਂ ਵੀ ਨਿਕਲਣ ਲੱਗ ਪਿਆ: ‘ੳ, ਅ, ੲ, ਸ, ਹ, ੜ, ਵੇ; ਚੱਲ ਚੱਲੀਏ ਸਕੂਲੇ ਨਹੀਂ ਇਹ ਕੰਮ ਮਾੜਾ ਵੇ’।

ਅੱਜ ਸਾਡੀਆਂ ਵਿਦਿਅਕ ਸੰਸਥਾਵਾਂ ਵਿਚ ਭਾਵੇਂ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਵੀ ਹੁਣ ਕਾਫੀ ਗਿਣਤੀ ਦਿਖਾਈ ਦਿੰਦੀ ਹੈ ਪਰ ਮੁੰਡਿਆਂ ਦੇ ਮੁਕਾਬਲੇ ਇਹ ਅਜੇ ਵੀ ਸੀਮਤ ਹਨ। ਸਾਡੇ ਪੇਂਡੂ ਖੇਤਰਾਂ ਵਿਚ ਤਾਂ ਇਹ ਸ਼ੁਮਾਰ ਹੋਰ ਵੀ ਤਰਸਯੋਗ ਹੈ। ਇਸ ਤਰਸਯੋਗਤਾ ਦਾ ਵਡੇਰਾ ਕਾਰਨ ਮਾਪਿਆਂ ਦੀ ਲੜਕੀਆਂ ਦੀ ਸਿੱਖਿਆ ਪ੍ਰਤੀ ਉਦਾਸੀਨਤਾ ਹੋਣ ਦੇ ਨਾਲ-ਨਾਲ ਸਮਾਜਿਕ-ਸਭਿਆਚਾਰਕ ਮਾਹੌਲ ਦਾ ਅਣਸੁਖਾਵਾਂ ਹੋਣਾ ਵੀ ਹੈ।

ਬੇਸ਼ੱਕ ਅੱਜ ਅਸੀਂ 21 ਵੀਂ ਸਦੀ ਨਾਲ ਗਲਵੱਕੜੀ ਪਾ ਲਈ ਹੈ ਪਰ ਸੋਚ ਪੱਖੋਂ ਅਜੇ ਵੀ ਪਿਛਲਖੁਰੀ ਹੀ ਤੁਰੀ ਜਾਂਦੇ ਹਾਂ। ਕਈ ਪਰਿਵਾਰ ਤਾਂ ਅਜੇ ਵੀ ਲੜਕੀਆਂ ਦੀ ਸਹਿ-ਸਿੱਖਿਆ ਨੂੰ ਸਹਿਣ ਨਹੀਂ ਕਰਦੇ। ਪਿੰਡ ਵਿਚ ਵਸਦੇ ਕਿਸੇ ਅਗਾਂਹਵਧੂ ਪਰਿਵਾਰਦੀ ਜੇਕਰ ਕੋਈ ਲੜਕੀ ਦੂਰ ਨੇੜੇ ਪੜ੍ਹਨ ਲੱਗ ਵੀ ਜਾਵੇ ਤਾਂ ਕਈ ਮੰਦਭਾਵੀ ਲੋਕ ਖੰਭਾਂ ਦੀਆਂ ਡਾਰਾਂ ਤੱਕ ਬਣਾ ਦਿੰਦੇ ਹਨ। ਅਜਿਹੀ ਸੂਰਤ-ਏ ਹਾਲ ਵਿਚ ਲੜਕੀਆਂ ਦੀ ਤਾਲੀਮ ਦੇ ਚੜ੍ਹਦੀਕਲਾ ਵਾਲੇ ਪੱਖ ਦੀ ਕੋਈ ਬਹੁਤੀ ਆਸ ਨਹੀਂ ਬੱਝਦੀ। ਲੜਕੀਆਂ ਦੀ ਸਿੱਖਿਆ ਪ੍ਰਤੀ ਉਦਾਸੀਨਤਾ ਦਾ ਇੱਕ ਕਾਰਨ ਵਿਦਿਅਕ ਸਹੂਲਤਾਂ ਦਾ ਨਾਕਾਫ਼ੀ ਹੋਣਾ ਵੀ ਹੈ।ਸਰਕਾਰ ਵੱਲੋਂ ਭਾਵੇਂ ਕੁੜੀਆਂ ਦੇ ਸਕੂਲੀ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਸਾਇਕਲ, ਆਦਿ ਵੀ ਵੰਡੇ ਗਏ, ਪਰ ਇਸ ਵਿਚ ਕਲਿਆਣਕਾਰੀ ਅੰਸ਼ ਘੱਟ ਅਤੇ ਰਾਜਨੀਤਕ ਪਹੁੰਚ ਵਧੇਰੇ ਪ੍ਰਬਲ ਹੈ।

ਲੜਕੀਆਂ ਦੀ ਸਿੱਖਿਆ ਦੇ ਮਾਮਲੇ ਵਿਚ ਗ਼ਰੀਬ ਪਰਿਵਾਰਾਂ ਦੀ ਹਾਲਤ ਤਾਂ ਹੋਰ ਵੀ ਪਤਲੀ ਹੈ। ਇਨ੍ਹਾਂ ਪਰਿਵਾਰਾਂ ਲਈ ਤਾਂ ਆਪਣੀ ਉਦਰ-ਜਵਾਲਾ ਨੂੰ ਸ਼ਾਤ ਕਰਨਾ ਹੀ ਇਕ ਗੰਭੀਰ ਮਸਲਾ ਬਣਿਆ ਹੋਇਆ ਹੈ, ਜਿਸ ਨੂੰ ਹੱਲ ਕਰਦਿਆਂ ਇਨ੍ਹਾਂਪਰਿਵਾਰਾਂ ਦੀਆਂ ਕਈ ਪੀੜ੍ਹੀਆਂ ਲੇਖੇ ਲੱਗ ਜਾਂਦੀਆਂ ਹਨ; ਜਿਵੇਂ ਕਿਸੇ ਭੁਖੇ ਨੂੰ ਪਾਈ ਆਮ ਬਾਤ ਦਾ ਜਵਾਬ ਵੀ ਟੁੱਕ ਵਿਚ ਮਿਲਦਾ ਹੈ ਉਸੇ ਤਰ੍ਹਾਂ ਇਨ੍ਹਾਂ ਪਰਿਵਾਰਾਂ ਨੂੰ ਲੜਕੀਆਂ ਦੀ ਸਿੱਖਿਆ ਪ੍ਰਤੀ ਕੀਤੇ ਗਏ ਹਰ ਪ੍ਰਸ਼ਨ ਦਾ ਉਤਰ ਵੀ ਵੈਸਾ ਹੀਹੁੰਦਾ ਹੈ।

ਅਜੋਕਾ ਸਮਾਂ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੈ। ਇਸ ਯੁੱਗ ਦਾ ਹਾਣੀ ਬਣਨ ਲਈ ਲੜਕੀਆਂ/ਇਸਤ੍ਰੀਆਂ ਦੀ ਸਿੱਖਿਆ ਬਾਰੇ ਹੋਰ ਵੀ ਵਧੇਰੇ ਸੋਚਣ ਲਈ ਮਜਬੂਰ ਕਰਦਾ ਹੈ। ਔਰਤ ਨੂੰ ਸਿਖਿਅਤ ਕਰਨ ਤੋਂ ਬਗੈਰ ਕਿਸੇ ਵੀ ਸਮਾਜ ਅਤੇ ਰਾਸ਼ਟਰਦਾ ਵਿਕਾਸ ਸੰਭਵ ਨਹੀਂ ਹੁੰਦਾ। ਜੇਕਰ ਇਕ ਲੜਕੀ ਪੜ੍ਹੀ-ਲਿਖੀ ਹੋਵੇਗੀ ਤਾਂ ਘਰੇਲੂ ਅਤੇ ਸਮਾਜਿਕ ਜ਼ਿੰਦਗੀ ਵੀ ਖੁਸ਼ਹਾਲ ਰਹੇਗੀ। ਆਬਾਦੀ ਆਪ ਮੁਹਾਰੇ ਵਾਧੇ ਨੂੰ ਠੱਲ੍ਹ ਵੀ ਲੜਕੀਆਂ ਨੂੰ ਸਹੀ ਢੰਗ ਨਾਲ ਸਿੱਖਿਅਤ ਕਰਕੇ ਪਾਈ ਜਾ ਸਕਦੀ ਹੈ। ਇਸ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ ਕਿ ਲੜਕੇ ਦੀ ਸਿੱਖਿਆ ਕੇਵਲ ਇਕ ਵਿਅਕਤੀਗਤ ਸਿੱਖਿਆ ਹੁੰਦੀ ਹੈ ਪਰ ਇਕ ਲੜਕੀ ਦੀ ਸਿੱਖਿਆ ਪੂਰੇ ਖਾਨਦਾਨ ਦੀ ਸਿੱਖਿਆ ਹੋ ਨਿਬੜਦੀ ਹੈ।ਸਿਆਣੇ ਲੋਕਾਂਦੀ ਸੋਚ ਵੀ ਕਹਿੰਦੀ ਹੈ ਕਿ ‘ਪੁੱਤ ਪੜ੍ਹਾਇਆਂ ਸੁਧਰਦਾ ਆਪਣਾ ਹੀ ਖਾਨਦਾਨ ਪਰ ਧੀ ਪੜ੍ਹਾਇਆਂ ਸੁਧਰਦੀ ਆਦਮ ਦੀ ਸੰਤਾਨ’ ਲੜਕੀਆਂ ਦੀ ਸਿੱਖਿਆ ਦਾ ਸੰਬੰਧ ਦੇਸ਼ ਦੀ ਤਰੱਕੀ ਨਾਲ ਵੀ ਜੁੜਿਆ ਹੋਇਆ ਹੈ। ਸਿਆਣਿਆਂ ਦਾ ਤਜਰਬਾ ਹੈ ਕਿ ‘ਮਾਂ ਭੈਣ ਜਦੋਂ ਪੜ੍ਹ ਜਾਵੇਗੀ, ਦੇਸ਼ ਦੀ ਗੁੱਡੀ ਚੜ੍ਹ ਜਾਵੇਗੀ’।

ਇਸ ਲਈ ਜੇਕਰ ਅਸੀਂ ਆਉਣ ਵਾਲੀ ਨਸਲ ਦੀ ਭਲਾਈ ਲੋਚਦੇ ਹਾਂ ਤਾਂ ਸਾਨੂੰ ਲੜਕੀਆਂ ਦੀ ਤਲੀਮ ਵੱਲ ਵਿਸ਼ੇਸ਼ ਧਿਆਨ ਦੇਣਾ ਪਵੇਗਾ ਤਾਂ ਹੀ ਅਸੀਂ ਕਮਜ਼ੋਰ ਵਰਗ ਨੂੰ ਸਮੇਂ ਦਾ ਹਾਣੀ ਬਣਾ ਸਕਦੇ ਹਾਂ, ਕੇਵਲ ਮਹਿਲਾ ਦਿਵਸ ਮਨਾਉਣ ਨਾਲ ਕੁਝ ਨਹੀਂ ਸੰਵਰਨ ਵਾਲਾ।

—————–0—————

Most Viewed Posts