ਖਾਲਸੇ ਜੀ ਕੇ ਬੋਲ ਬਾਲੇ

0
1222

ਖਾਲਸੇ ਜੀ ਕੇ ਬੋਲ ਬਾਲੇ

ਜਸਵੀਰ ਸਿੰਘ ‘ਚਾਕਰ’ (ਗੁਰਦੁਆਰਾ ਦੂਖ ਨਿਵਾਰਨ, ਲੁਧਿਆਣਾ)-96468-00131

ਸਿੱਖ ਪੰਥ ’ਚ ਕੀਤੀ ਜਾਂਦੀ ਅਰਦਾਸ ਵਿਚਲਾ ਹਰ ਇਕ ਸ਼ਬਦ ਬਹੁਤ ਹੀ ਗਹਿਰੇ ਅਰਥ ਸਮੋਈ ਬੈਠਾ ਹੈ। ਇਨ੍ਹਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਹਨ: ‘ਖਾਲਸੇ ਜੀ ਕੇ ਬੋਲ ਬਾਲੇ’

‘ਬਾਲਾ’ ਸ਼ਬਦ ਫ਼ਾਰਸੀ ਭਾਸ਼ਾ ਵਿੱਚੋਂ ਹੈ, ਜਿਸ ਦਾ ਅਰਥ ਹੈ: ਉੱਚਾ, ਸ੍ਰੇਸ਼ਟ, ਉੱਤਮ ਜਾਂ ਸ਼੍ਰੋਮਣੀ, ਆਦਿ ਅਤੇ ‘ਬੋਲ’ ਦਾ ਅਰਥ ਹੈ: ਆਵਾਜ਼, ਗੱਲ, ਵਿਚਾਰ ਜਾਂ ਬਚਨ, ਆਦਿ। ਸੋ, ਇਸ ਸ਼ਬਦ ਦਾ ਅਰਥ ਹੋਇਆ ਕਿ ਉਹ ਬੋਲ ਜਾਂ ਵਿਚਾਰ ਜੋ ਉੱਤਮ ਜਾਂ ਸ਼੍ਰੋਮਣੀ ਹੋਣ ਜਾਂ ਸ੍ਰੇਸ਼ਟ ਹੋਣ ਦੇ ਨਾਲ-ਨਾਲ ਉੱਚੇ ਅਤੇ ਸੱਚੇ ਵੀ ਹੋਣ। ਖਾਲਸੇ ਦੀ ਆਵਾਜ਼ ਜਿੱਥੇ ਉੱਚੀ ਤੇ ਗਰਜਵੀਂ ਹੈ, ਉੱਥੇ ਸੱਚੀ ਤੇ ਸੁੱਚੀ ਵੀ ਜ਼ਰੂਰੀ ਹੈ।

‘ਬੋਲ’ ਤਾਂ ਸੰਸਾਰ ਦਾ ਹਰ ਮਨੁੱਖ ਰਿਹਾ ਹੈ ਪਰ ਉਸ ਦਾ ‘ਬੋਲ’ (ਬਚਨ ਜਾਂ ਕਥਨ) ਕਿੰਨਾ ਕੁ ਸੱਚਾ ਜਾਂ ਸ੍ਰੇਸ਼ਟ ਹੈ ਇਹ ਤਾਂ ਹਰ ਕੋਈ ਜਾਣਦਾ ਹੀ ਹੈ ਕਿਉਂਕਿ ਮਾਇਆਵੀ ਪਦਾਰਥਾਂ ਵਿੱਚ ਰਹਿ ਕੇ ਜੋ ਮਾਇਆ ਦੀ ਬੋਲੀ ਬੋਲਦਾ ਹੈ, ਉਹ ਕੱਚਾ ਹੈ, ਅੰਨ੍ਹਾ ਹੈ ਤੇ ਬੋਲਾ ਵੀ ਹੈ- ‘‘ਮਾਇਆਧਾਰੀ ਅਤਿ ਅੰਨਾ ਬੋਲਾ ॥’’ (ਮ: ੩/੩੧੩)

ਪਰ ਗੁਰੂ ਬਚਨਾਂ ਦੀ ਕਮਾਈ ਕਰਨ ਵਾਲੇ ਖਾਲਸੇ ਦੇ ਜੋ ‘ਬੋਲ’ ਹਨ, ਉਹ ਬਾਲੇ (ਉੱਚੇ) ਵੀ ਹਨ, ਸਦੀਵੀ ਹਨ, ਸਥਿਰ ਹਨ ਕਿਉਂਕਿ ਮਾਇਆ ਦੇ ਪ੍ਰਭਾਵ ਤੋਂ ਉਪਰ ਉੱਠ ਕੇ ਬੋਲੇ ਜਾਂਦੇ ਹਨ, ਸੱਚ ਨਾਲ ਜੁੜ ਕੇ ਬੋਲੇ ਜਾਂਦੇ ਹਨ, ਸੱਚ ਸਦੀਵੀ ਹੈ, ਸੱਚਾ ਬੋਲ ਵੀ ਸਦੀਵੀ ਤੇ ਅਮਰ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਜਾਂ ਗੁਰੂ ਸਾਹਿਬ ਜੀ ਦੇ ‘ਬੋਲ’; ‘ਬਾਲੇ’ (ਸ੍ਰੇਸ਼ਟ) ਹੀ ਹਨ, ਜਿਨ੍ਹਾਂ ਤੋਂ ਉੱਪਰ ਜਾਂ ਵੱਡਾ ਕੋਈ ਵੀ ਬੋਲ, ਕਥਨ ਜਾਂ ਵਿਚਾਰ ਸੰਸਾਰ ਅੰਦਰ ਮੌਜੂਦ ਨਹੀਂ ਹੈ।

‘ਖਾਲਸੇ ਜੀ ਕੇ ਬੋਲ ਬਾਲੇ’ ਹਮੇਸ਼ਾਂ ਹੀ ਸਤਿਗੁਰੂ ਜੀ ਦੀ ਹਾਜ਼ਰ ਹਜ਼ੂਰੀ ਮਹਿਸੂਸ ਕਰਵਾਉਂਦੇ ਹਨ। ਕਿਸੇ ਸਮੇਂ ਇਹ ਬਚਨ ਸਿੱਖ ਸਟੇਜਾਂ ਦਾ ਸ਼ਿੰਗਾਰ ਹੋਇਆ ਕਰਦੇ ਸਨ। ਸਾਡੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਦੇ ਬੋਲਾਂ ਅੰਦਰਲਾ ‘ਬਾਲਾ’ ਪਨ ਭਾਵ ਸੱਚਾਈ ਤੇ ਗਰਜਣਾ ਮੌਜੂਦ ਸੀ, ਪਰ ਹੌਲੀ ਹੌਲੀ ਗੁਰਬਾਣੀ ਦੇ ‘ਬੋਲ ਬਾਲੇ’ ਤੋਂ ਦੂਰ ਹੋ ਕੇ ਅੱਜ ਦਾ ਆਮ ਸਿੱਖ ਤੇ ਆਗੂ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਆਪਣਾ ਨਿਆਰਾਪਣ ਗੁਆ ਚੁੱਕਾ ਹੈ। ਕੋਈ ਸਮਾਂ ਸੀ ਜਦੋਂ ਕੌਮ ਦੇ ਜਰਨੈਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਇੱਕ ਬੋਲ ਸੁਣ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਮਰਜੀਵੜੇ ਜੁਝਾਰੂਆਂ ਦੀ ਲਾਇਨ ਲੱਗ ਜਾਂਦੀ ਸੀ। ਭਾਈ ਤਾਰੂ ਸਿੰਘ ਵਰਗਿਆਂ, ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਦੇ ਬੋਲ ਪੂਰੇ ਹੁੰਦੇ ਸਨ। ਖਾਲਸੇ ਨੇ ਬੋਲ ਬਾਲੇ ਨੂੰ ਕਾਇਮ ਰੱਖਣ ਲਈ ਹੀ ਸ਼ਹੀਦੀਆਂ ਦੀ ਝੜੀ ਲਗਾ ਦਿੱਤੀ। ਦੁਸ਼ਮਣ ਮਾਰਦਾ ਮਾਰਦਾ ਤਾਂ ਥੱਕ ਗਿਆ ਪਰ ਖਾਲਸਾ ਹਜ਼ਾਰਾਂ ਤੇ ਲੱਖਾਂ ਵਾਰ ਮਰ ਕੇ ਵੀ ਸਦਾ ਜੀਵਤ ਰਿਹਾ ਹੈ।

ਸੂਰਬੀਰ ਬਚਨ ਕੇ ਬਲੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਾਹੀ ਦੇ ਬੂਟੇ ਨੂੰ ਪੁੱਟਣ ਤੇ ਆਪੇ ਹੋਏ ਬੋਲ ਕਿ ‘ਤੁਰਕਾਂ ਦੀ ਜੜ੍ਹ ਪੁੱਟੀ ਗਈ ਹੈ’ ਬਾਲੇ ਹੋ ਨਿਬੜੇ। ਔਰੰਗਜ਼ੇਬ ਵਰਗਾ 49 ਸਾਲ ਹਿੰਦੋਸਤਾਨ ’ਤੇ ਰਾਜ ਕਰਨ ਵਾਲਾ ਬਾਦਸ਼ਾਹ, ਜੋ ਕਿਸੇ ਤੋਂ ਵੀ ਪ੍ਰਭਾਵਤ ਨਹੀਂ ਸੀ ਹੁੰਦਾ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ ਹੋਏ ਬੋਲ, ਜੋ ਜ਼ਫ਼ਰਨਾਮਾ ਦੇ ਰੂਪ ’ਚ ਉਸ ਨੇ ਪੜ੍ਹੇ ਤਾਂ ਉਹ ਵੀ ਗੁਰੂ ਜੀ ਦੇ ਬਚਨਾਂ ਦਾ ਕਾਇਲ ਹੋ ਗਿਆ ਸੀ। ਜੋ ਬੋਲ ਸਚਾਈ ’ਤੇ ਆਧਾਰਿਤ ਹੁੰਦੇ ਹਨ ਉਹ ਲੋਕ ਪ੍ਰਲੋਕ ਵਿੱਚ ਵੀ ਸੱਚੇ ਹੋ ਨਿਬੜਦੇ ਹਨ। ਗੁਰਵਾਕ ਹਨ: ‘‘ਨਾਨਕ ! ਦਾਸੁ ਮੁਖ ਤੇ ਜੋ ਬੋਲੈ; ਈਹਾ ਊਹਾ ਸਚੁ ਹੋਵੈ॥’’ (ਮ: ੫/੬੮੧) ਇਸ ਲਈ ਧਿਆਨ ਰੱਖਣਯੋਗ ਬਾਤ ਹੈ ਕਿ ਗੁਰੂ ਦਾ ਲੜ ਛੱਡ ਕੇ ਖਾਲਸੇ ਦੇ ਬੋਲ ਬਾਲੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।

ਮਨੁੱਖਤਾ ਦੀ ਤ੍ਰਾਸਦੀ ਇਹ ਹੈ ਕਿ ਇਹ ਬੋਲਣਾ ਤਾਂ 2-3 ਸਾਲ ਵਿੱਚ ਸਿੱਖ ਜਾਂਦਾ ਹੈ ਪਰ ਕੀ ਬੋਲਣਾ ਹੈ? ਸਾਰੀ ਉਮਰ ਵਿੱਚ ਵੀ ਨਹੀਂ ਸਿੱਖ ਪਾਉਂਦਾ। ਗੱਲ-ਗੱਲ ’ਤੇ ਝੂਠ, ਨਿੰਦਾ, ਚੁਗਲੀ, ਈਰਖਾ ਬਾਜੀ ਦੇ ਬੋਲ ਹੀ ਇਸ ਨੂੰ ਬਰਬਾਦ ਕਰਦੇ ਰਹਿੰਦੇ ਹਨ ਤੇ ਇਸ ਦਾ ਇਹ ਕੀਮਤੀ ਮਨੁੱਖੀ ਜਾਮਾ ਵੀ ਅਜਾਈਂ ਹੀ ਚਲਾ ਜਾਂਦਾ ਹੈ। ਗੁਰੂ ਜੀ ਨੇ ਸਾਨੂੰ ਸਮਝਾਇਆ ਹੈ ਕਿ ‘‘ਬੋਲੀਐ ਸਚੁ ਧਰਮੁ; ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ; ਮੁਰੀਦਾ ਜੋਲੀਐ ॥’’ (ਬਾਬਾ ਫਰੀਦ ਜੀ/੪੮੮)

ਸੋ, ਐਸੇ ਬੋਲ ਬੋਲੇ ਜਾਣ ਜੋ ਮਾਣ ਸਤਿਕਾਰ ਕਰਨ ਤੇ ਕਰਵਾਉਣ ਵਾਲੇ ਤਾਂ ਹੋਣ; ਨਾਲ ਹੀ ਮਾਲਕ ਦੇ ਦਰ ’ਤੇ ਪਰਵਾਣ ਵੀ ਹੋ ਜਾਣ: ‘‘ਜਿਤੁ ਬੋਲਿਐ ਪਤਿ ਪਾਈਐ; ਸੋ ਬੋਲਿਆ ਪਰਵਾਣੁ ॥ ਫਿਕਾ ਬੋਲਿ ਵਿਗੁਚਣਾ; ਸੁਣਿ ਮੂਰਖ ਮਨ ਅਜਾਣ ! ॥’’ (ਮ: ੧/੧੫)

ਭਾਈ ਗੁਰਦਾਸ ਜੀ ਨੇ ਵੀ ਚੰਗੇ ਮਿੱਠੇ ਬੋਲਾਂ ਨੂੰ ਹੀ ‘ਜਪ’ ਵਿੱਚ ਗਿਣ ਕੇ ਆਖਿਆ ਹੈ: ‘‘ਗੁਰਮੁਖਿ ਮਿਠਾ ਬੋਲਣਾ; ਜੋ ਬੋਲੈ, ਸੋਈ ਜਪੁ ਜਾਪੈ।’’ (ਭਾਈ ਗੁਰਦਾਸ ਜੀ /ਵਾਰ ੬ ਪਉੜੀ ੧੮)

ਕਿਸੇ ਵੀ ਕੌਮ ਦੀ ਚੜਦੀ ਕਲਾ ਉਸ ਦੇ ਬੋਲਾਂ ਜਾਂ ਵੀਚਾਰਾਂ ਤੋਂ ਹੀ ਪਰਗਟ ਹੁੰਦੀ ਹੈ। ਜੇ ਅਸੀਂ ਚਾਹੁੰਦੇ ਹਾਂ ਕਿ ਸਿੱਖੀ ਦਾ ਬਾਗ ਵੀ ਹਰਾ ਭਰਾ ਹੋ ਕੇ ਫੁਲਾਂ ਤੇ ਫਲਾਂ ਨਾਲ ਭਰਪੂਰ ਹੋ ਜਾਵੇ ਤਾਂ ਗੁਰੂ ਜੀ ਦੀ ਬਾਣੀ ਦੇ ਬੋਲਾਂ ਨੂੰ ਜੀਵਨ ਵਿੱਚ ਕਮਾਈਏ, ਕਰਨੀ ਤੇ ਕਥਨੀ ਦੇ ਸੂਰਮੇ ਬਣੀਏ, ਉੱਚੇ ਕਿਰਦਾਰ ਦੇ ਮਾਲਕ ਬਣੀਏ ਤਾਂ ਹੀ ਸਾਡੇ ਜੀਵਨ ਰਾਹੀਂ ਗੁਰਬਾਣੀ ਦੀ ਖੁਸ਼ਬੋ ਸਾਰੇ ਸੰਸਾਰ ਨੂੰ ਮਹਿਕ ਦੇਵੇਗੀ ਅਤੇ ਅਰਦਾਸ ਦੇ ਇਹ ਬੋਲ: ‘ਖਾਲਸੇ ਜੀ ਕੇ ਬੋਲ ਬਾਲੇ’ ਪੂਰੀ ਕੌਮ ਨੂੰ ਵੀ ਚੜਦੀ ਕਲਾ ਵਿੱਚ ਲੈ ਜਾਣਗੇ।