ਸਿੱਖ ਧਰਮ ਦੀ ਵਿਚਾਰਧਾਰਾ
ਰਣਜੀਤ ਸਿੰਘ, B.Sc., M.A., M.Ed., ਸਟੇਟ ਤੇ ਨੈਸ਼ਨਲ ਅਵਾਰਡੀ, ਹੈਡਮਾਸਟਰ (ਸੇਵਾ ਮੁਕਤ),
105, ਮਾਇਆ ਨਗਰ, ਸਿਵਲ ਲਾਈਨਜ਼ (ਲੁਧਿਆਣਾ)-99155-15436
‘ਧਰਮ’ (Dharm) ਦਾ ਡਿਕਸ਼ਨਰੀ ਅਰਥ ਹੈ – ‘ਫਰਜ਼’ ਭਾਵ ਮਨੁੱਖ ਆਪਣੇ ਫਰਜ਼ ਨੂੰ ਪਛਾਣੇ। ਪ੍ਰਮਾਤਮਾ ਨੇ ਉਸ ਨੂੰ ਸੰਸਾਰ ਵਿੱਚ ਕਿਸ ਲਈ ਭੇਜਿਆ ਹੈ? ਉਹ ਇਸ ਨੂੰ ਸਮਝੇ ਤੇ ਆਪਣਾ ਫਰਜ਼ ਪੂਰਾ ਕਰੇ। ਗੁਰਬਾਣੀ ਦਾ ਫੁਰਮਾਨ ਹੈ।-
‘‘ਭਈ ਪਰਾਪਤਿ, ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ; ਇਹ ਤੇਰੀ ਬਰੀਆ ॥’’ (ਮ: ੫/੧੨)
ਜੋ ਮਨੁੱਖ ਇਹ ਵਿਚਾਰ ਕਰਦਾ ਹੈ ਕਿ ਮਨੁੱਖਾ ਜੀਵਨ ਦਾ ਵਕਤ ਕਿਸ ਲਈ ਮਿਲਿਆ ਹੈ ਉਹ ਹੀ ਅਸਲ ਵਿੱਚ ਬੰਦਾ ਹੈ :
‘‘ਵਖਤੁ ਵੀਚਾਰੇ; ਸੁ ਬੰਦਾ ਹੋਇ ॥’’ (ਮ: ੧/੮੪) ਭਾਵ ਮਨੁੱਖ ਵਿਚਾਰ ਕਰੇ ਕਿ ਮੇਰੇ ਲਈ ਸਭ ਤੋਂ ਉਤਮ ਧਰਮ ਕੀ ਹੈ? ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਹਨ –‘‘ਸਰਬ ਧਰਮ ਮਹਿ; ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ; ਨਿਰਮਲ ਕਰਮੁ ॥’’ (ਮ: ੫/੨੬੬) ਭਾਵ ਪ੍ਰਮਾਤਮਾ ਦਾ ਨਾਮ ਜਪਣਾ ਤੇ ਚੰਗੇ ਕਰਮ ਕਰਨੇ ਹੀ ਸਭ ਤੋਂ ਉਤਮ ‘ਧਰਮ’ ਹੈ।
‘ਨਿਰਮਲ ਕਰਮ’ ਮਨੁੱਖ ਤਾਂ ਹੀ ਕਰ ਸਕੇਗਾ ਜੇ ਉਹ ਪ੍ਰਮਾਤਮਾ ਦੀ ਯਾਦ ਨੂੰ ਹਿਰਦੇ ਵਿੱਚ ਵਸਾਏਗਾ ਤੇ ਉਸ ਦੇ ਡਰ-ਅਦਬ ਵਿੱਚ ਰਹੇਗਾ। ਉਸ ਦੀ ਯਾਦ ਤੇ ਡਰ ਵਿੱਚ ਕੀਤੇ ਹੋਏ ਕਰਮ ਹੀ ‘ਨਿਰਮਲ ਕਰਮ’ ਹੋਣਗੇ। ‘ਨਿਰਮਲ ਕਰਮ’ ਕਰਨ ਲਈ ਅਗਵਾਈ ਜਾਂ ਸੇਧ; ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਹੀ ਮਨੁੱਖ ਨੇ ਲੈਣੀ ਹੈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੀ ਸਿੱਖ ਧਰਮ ਸਮੇਤ ਸੰਸਾਰ ਨੂੰ ਇੱਕ ਵਿਸ਼ੇਸ਼ ਦੇਣ ਹੈ। ਇਸ ਵਿੱਚ ਕੇਵਲ ਗੁਰੂ ਸਾਹਿਬਾਨ ਦੀ ਬਾਣੀ ਹੀ ਨਹੀਂ ਸਗੋਂ 11 ਭੱਟਾਂ ਅਤੇ ਵੱਖ-ਵੱਖ ਜਾਤਾਂ ਤੇ ਫਿਰਕਿਆਂ ਨਾਲ ਸਬੰਧਿਤ 15 ਭਗਤਾਂ ਅਤੇ 3 ਗੁਰਸਿੱਖਾਂ ਦੀ ਬਾਣੀ ਵੀ ਦਰਜ ਹੈ। ਇਸ ਦੀ ਬਾਣੀ ਕਿਸੇ ਇੱਕ ਫਿਰਕੇ ਲਈ ਨਹੀਂ ਸਗੋਂ ਇਸ ਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਹੈ। ਇਹ ਧਰਮ ਸਭ ਤੋਂ ਛੋਟੀ ਉਮਰ ਦਾ ਹੋਣ ਦੇ ਬਾਵਜੂਦ ਵੀ ਇਸ ਨੇ ਵਿਸ਼ਵ ਦੇ ਵਿਦਵਾਨਾਂ ਤੇ ਫ਼ਿਲਾਸਫ਼ਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਅਮਰੀਕਾ ਦਾ ਧਰਮ ਚਿੰਤਕ ਐਚ. ਐਲ. ਬ੍ਰਾਡਸ਼ਾ; ਸਿੱਖ ਧਰਮ ਬਾਰੇ ਲਿਖਦਾ ਹੈ ਕਿ ਸਿੱਖੀ, ਜਿੱਥੇ ਇੱਕ ਸਰਬ ਵਿਆਪਕ ਵਿਸ਼ਵ ਧਰਮ ਹੈ ਉਥੇ ਇਹ ਨਵੇਂ ਯੁੱਗ ਦਾ ਧਰਮ ਵੀ ਹੈ। ਮਿਸ ਪਰਲ ਬੱਕ (ਨੋਬਲ ਪਰਾਈਜ਼ ਵਿਨਰ) ਲਿਖਦੀ ਹੈ ਕਿ ਮੈਂ ਹੋਰ ਧਰਮਾਂ ਦੇ ਗ੍ਰੰਥ ਵੀ ਪੜ੍ਹੇ ਹਨ ਪਰ ਦਿਲ ਨੂੰ ਟੁੰਬਨ ਵਾਲੀ ਸ਼ਕਤੀ, ਮੈਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੀ ਪ੍ਰਾਪਤ ਹੋਈ ਹੈ। ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ ਪ੍ਰਸਿੱਧ ਫ਼ਿਲਾਸਫ਼ਰ ਡਾ. ਰਾਧਾ ਕ੍ਰਿਸ਼ਨਨ ਲਿਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅਤੁੱਟ ਭਗਤੀ ਅਤੇ ਅਟਲ ਸਚਾਈਆਂ ਦੇ ਸਾਹਮਣੇ ਸਮੁੰਦਰਾਂ ਅਤੇ ਪਹਾੜਾਂ ਦੇ ਹੱਦ ਬੰਨੇ ਜੋ ਇੱਕ ਦੇਸ਼ ਨੂੰ ਦੂਜੇ ਦੇਸ਼ ਤੋਂ ਵੱਖ ਕਰਦੇ ਹਨ, ਹੱਟ ਜਾਣਗੇ।
ਸੀ. ਐਚ. ਪੇਨ; ਸਿੱਖ ਧਰਮ ਨੂੰ ਜੁਝਾਰੂਆਂ ਦਾ ਧਰਮ ਕਹਿੰਦਾ ਹੈ ਜਿਹੜੇ ਦੁਨੀਆਂ ਵਿੱਚ ਰਹਿ ਕੇ ਬੁਰਾਈਆਂ ਨਾਲ ਜੂਝਦੇ ਰਹਿੰਦੇ ਹਨ। ਉਹ ਲਿਖਦਾ ਹੈ ਕਿ ਧਰਮ ਉਹੀ ਜਿੰਦਾ ਰਹਿ ਸਕਦਾ ਹੈ ਜਿਹੜਾ ਇਸ ਦੀ ਵਰਤੋਂ ਸਿਖਾਵੇ। ਇਹ ਨਾ ਸਿਖਾਵੇ ਕਿ ਬਦੀਆਂ ਤੋਂ ਕਿਵੇਂ ਬਚਣਾ ਹੈ ਸਗੋਂ ਇਹ ਸਿਖਾਵੇ ਕਿ ਬਦੀਆਂ ਦਾ ਟਾਕਰਾ ਕਰਦੇ ਹੋਏ ਕਿਵੇਂ ਕਾਮਯਾਬ ਹੋਣਾ ਹੈ। ਇੰਗਲੈਂਡ ਦਾ ਸੰਸਾਰ ਪ੍ਰਸਿੱਧ ਵਿਦਵਾਨ ਆਰਨਲ ਟਇਨਬੀ ਲਿਖਦਾ ਹੈ ਕਿ ਸਿੱਖ ਧਰਮ ਅੱਜ ਦਾ ਧਰਮ ਹੀ ਨਹੀਂ ਸਗੋਂ ਕਲ ਦਾ ਧਰਮ ਵੀ ਹੈ, ਕਿਉਂਕਿ ਇਸ ਦਾ ਖਜ਼ਾਨਾ ਆਤਮਿਕ ਸ਼ਾਂਤੀ ਦਾ ਅਮੁਕ ਸੋਮਾ ਹੈ।
ਆਉ, ਹੁਣ ਇਸ ਗੱਲ ਤੇ ਆਈਏ ਕਿ ਸਿੱਖ ਧਰਮ ਦੇ ਉਹ ਵਿਸ਼ੇਸ਼ ਗੁਣ ਜਾਂ ਖੂਬੀਆਂ ਕਿਹੜੀਆਂ ਹਨ ਜਿਹਨਾਂ ਨੇ ਸੰਸਾਰ ਭਰ ਦੇ ਚਿੰਤਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ –
(1). ਜੀਵਨ ਜਾਂਚ : ਸਿੱਖ ਧਰਮ ਨੇ ਮਨੁੱਖ ਨੂੰ ਕਰਮਕਾਂਡਾਂ ਤੇ ਅੰਧ ਵਿਸ਼ਵਾਸਾਂ ਦੇ ਗੋਰਖ ਧੰਦੇ ਵਿੱਚੋਂ ਕੱਢ ਕੇ ਇੱਕ ਜੀਵਨ ਜਾਂਚ ਦੇ ਰੂਪ ਵਿੱਚ ਪ੍ਰਗਟ ਕੀਤਾ ਭਾਵ ਧਰਮ ਨੂੰ ਅਜਿਹੀ ਵਿਚਾਰਧਾਰਾ ਦਾ ਰੂਪ ਦਿੱਤਾ ਜਿਹੜੀ ਮਨੁੱਖ ਦੇ ਸਮੁੱਚੇ ਜੀਵਨ ਵਿੱਚ ਉਸ ਦੀ ਅਗਵਾਈ ਕਰੇ। ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਪੜ੍ਹ ਕੇ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਸਾਹਿਬਾਨ ਨੇ ਜਿੱਥੇ ਸਮਾਜਿਕ ਕੁਰੀਤੀਆਂ ਦੂਰ ਕੀਤੀਆਂ ਅਤੇ ਰੁਪਏ ਪੈਸੇ ਦੀ ਸਾਂਵੀ ਵੰਡ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਉਥੇ ਰਾਜਸੀ ਅੱਤਿਆਚਾਰਾਂ ਵਿਰੁੱਧ ਵੀ ਲੋਕਾਂ ਨੂੰ ਲਾਮਬੰਦ ਕੀਤਾ। ਧਾਰਮਿਕ ਖੇਤਰ ਵਿੱਚ ਲਿਆਂਦੀ ਕ੍ਰਾਂਤੀ ਦੇ ਕਾਰਨ ਹੀ ਸਦੀਆਂ ਤੋਂ ਲਿਤਾੜੇ ਜਾਂਦੇ ਲੋਕ ਅੱਤਿਆਚਾਰੀ ਰਾਜਿਆਂ ਨੂੰ ਵੰਗਾਰਨ ਲੱਗ ਪਏ ਸਨ ਅਤੇ ਅੰਤ ਨੂੰ ਸੱਚ ਤੇ ਧਰਮ ਦਾ ਰਾਜ ਸਥਾਪਤ ਕਰਨ ਵਿੱਚ ਕਾਮਯਾਬ ਹੋਏ।
(2). ਧਰਮ ਅਸਥਾਨ (ਗੁਰਦੁਆਰੇ) ਜੀਵਨ ਜਾਂਚ ਦੇ ਕੇਂਦਰ : ਭਾਈ ਕਾਨ੍ਹ ਸਿੰਘ ਨਾਭਾ ਕਰਤਾ ਮਹਾਨ ਕੋਸ਼ ਅਨੁਸਾਰ : ਸਿੱਖਾਂ ਦਾ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਾਫਾਖਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਰਾਂ ਲਈ ਵਿਸ਼ਰਾਮ ਦਾ ਅਸਥਾਨ ਹੈ।
ਗੁਰੂ ਸਾਹਿਬਾਨ ਵੱਲੋਂ ਸਮਾਜ ਸੁਧਾਰਾਂ ਪ੍ਰਤੀ ਪ੍ਰਗਟਾਏ ਵਿਚਾਰਾਂ ਨੂੰ ਗੁਰਦੁਆਰਿਆਂ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਬਿਨਾਂ ਭੇਦ ਭਾਵ ਦੇ ਸਭ ਇੱਥੇ ਸੰਗਤ ਵਿੱਚ ਬੈਠ ਸਕਦੇ ਹਨ, ਇਕੱਠੇ ਲੰਗਰ ਛਕ ਸਕਦੇ ਹਨ। ਇੱਕੋ ਸਰੋਵਰ ਵਿੱਚ ਇਸ਼ਨਾਨ ਕਰ ਸਕਦੇ ਹਨ। ਗੁਰਦੁਆਰਿਆਂ ਦੀਆਂ ਇਮਾਰਤਾਂ ਵਿੱਚ ਹਸਪਤਾਲ, ਯਤੀਮਖਾਨੇ ਤੇ ਪਿੰਗਲਵਾੜੇ ਦਾ ਵੀ ਪ੍ਰਬੰਧ ਹੁੰਦਾ ਹੈ। ਇੱਥੋਂ ਤੱਕ ਕਿ ਸੰਸਾਰੀ ਵਿੱਦਿਆ ਦੇਣ ਦਾ ਪ੍ਰਬੰਧ ਵੀ ਗੁਰਦੁਆਰਿਆਂ ਵਿੱਚ ਹੁੰਦਾ ਰਿਹਾ ਹੈ।
(3). ਸ਼ਬਦ ਗੁਰੂ ਦਾ ਸਿਧਾਂਤ : ਸਿੱਖ ਧਰਮ ਨੇ ਸ਼ਬਦ ਨੂੰ ਹੀ ਗੁਰੂ ਸਵੀਕਾਰਿਆ ਹੈ ਭਾਵ ਉਹ ਗਿਆਨ (Spiritual knowledge) ਜੋ ਗੁਰੂ ਸਾਹਿਬਾਨ ਨੇ ਪ੍ਰਭੂ ਨਾਲ ਇੱਕ ਮਿੱਕ ਹੋ ਕੇ ਪ੍ਰਾਪਤ ਕੀਤਾ ਅਤੇ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸੰਪਾਦਤ ਕੀਤਾ ਭਾਵ ਗੁਰਬਾਣੀ ਹੀ ਗੁਰੂ ਹੈ, ਜੋ ਸਦਾ ਲਈ ਅਮਰ ਹੈ: ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ ਗੁਰੁ ਬਾਣੀ ਕਹੈ, ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥’’ (ਮ: ੪/੯੮੨)
ਜਦੋਂ ਸਿੱਖਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਤੁਹਾਡਾ ‘ਗੁਰੂ’ ਕੌਣ ਹੈ ਅਤੇ ਤੂੰ ਕਿਸ ਦਾ ਚੇਲਾ ਹੈਂ ? ਤਾਂ ਗੁਰੂ ਸਾਹਿਬ ਨੇ ਜੁਆਬ ਦਿੱਤਾ : ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥’’ (ਮ: ੧/੯੪੩)
ਬਾਣੀ ਨੂੰ ਗੁਰੂ ਸਾਹਿਬ ਨੇ ਆਪਣੀ ਰਚਨਾ ਨਹੀਂ ਮੰਨਿਆ ਸਗੋਂ ਅਕਾਲ ਪੁਰਖ ਵੱਲੋਂ ਹੋਈ ਪ੍ਰੇਰਨਾ ਵਜੋਂ ਆਪਣੇ ਮੁੱਖ ਵਿੱਚੋਂ ਨਿੱਕਲੇ ਵਾਕ ਮੰਨਿਆ ਹੈ: ‘‘ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥’’ (ਮ: ੧/੭੬੩)
(4). ਜੀਵਨ ਮੁਕਤੀ ਦਾ ਸਿਧਾਂਤ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਕਈ ਧਰਮਾਂ ਨੇ ਮੁਕਤੀ ਦਾ ਸਿਧਾਂਤ ਦਿੱਤਾ ਸੀ ਪਰ ਉਹ ਕੇਵਲ ਮੌਤ ਤੋਂ ਮਗਰੋਂ ਮੁਕਤੀ ਦੇ ਸਿਧਾਂਤ ਵਿੱਚ ਵਿਸ਼ਵਾਸ ਰੱਖਦੇ ਸਨ ਜਾਂ ਫਿਰ ਨਰਕਾਂ ਦੇ ਡਰਾਵੇ ਅਤੇ ਸਵਰਗਾਂ ਦੇ ਲਾਲਚ ਦਿੱਤੇ ਜਾਂਦੇ ਸਨ। ਸਿੱਖ ਧਰਮ ਨੇ ਜੀਵਨ ਵਿੱਚ ਤੇ ਜੀਵਨ ਤੋਂ ਬਾਅਦ ਮੁਕਤੀ ਦਾ ਸਿਧਾਂਤ ਦੱਸਿਆ ਹੈ। ਜੀਵਨ ਮੁਕਤੀ ਤੋਂ ਭਾਵ ਸੰਸਾਰ ਵਿੱਚ ਰਹਿੰਦਿਆਂ ਮਾਇਆ ਅਤੇ ਵਿਕਾਰਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਅਤੇ ਜੀਵਨ ਤੋਂ ਬਾਅਦ ਮੁਕਤੀ ਤੋਂ ਭਾਵ ਜਨਮ ਮਰਨ ਦੇ ਗੇੜ ਤੋਂ ਮੁਕਤ ਹੋਣਾ ਅਤੇ ਆਤਮਾ ਦਾ ਸਦਾ ਲਈ ਪ੍ਰਮਾਤਮਾ ਵਿੱਚ ਲੀਨ ਹੋਣਾ।
‘‘ਪ੍ਰਭ ਕੀ ਆਗਿਆ, ਆਤਮ ਹਿਤਾਵੈ ॥ ਜੀਵਨ ਮੁਕਤਿ, ਸੋਊ ਕਹਾਵੈ ॥’’ (ਮ: ੫/੨੭੫) ਅਤੇ
‘‘ਉਸਤਤਿ ਨਿੰਦਿਆ ਨਾਹਿ ਜਿਹਿ; ਕੰਚਨ ਲੋਹ ਸਮਾਨਿ ॥ ਕਹੁ ਨਾਨਕ ! ਸੁਨਿ ਰੇ ਮਨਾ ! ਮੁਕਤਿ ਤਾਹਿ ਤੈ ਜਾਨਿ ॥’’ (ਮ: ੯/੧੪੨੭)
ਜਿੱਥੇ ਜੀਵਨ ਮੁਕਤੀ ਦਾ ਸਿਧਾਂਤ ਦਿੱਤਾ ਗਿਆ ਹੈ ਉੱਥੇ ਸਵਰਗ ਤੇ ਨਰਕ ਦੀ ਹੋਂਦ ਨੂੰ ਪੂਰੀ ਤਰ੍ਹਾਂ ਰੱਦ ਵੀ ਕੀਤਾ ਹੈ ਅਤੇ ਜੀਵਨ ਮਗਰੋਂ ਹੋਣ ਵਾਲੀ ਮੁਕਤੀ ਦੀ ਥਾਂ ਪ੍ਰਭੂ ਵਿੱਚ ਲੀਨਤਾ ਨੂੰ ਹੀ ਤਰਜੀਹ ਦਿੱਤੀ ਗਈ ਹੈ: ‘‘ਕਵਨੁ ਨਰਕੁ ? ਕਿਆ ਸੁਰਗੁ ਬਿਚਾਰਾ ? ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ; ਅਪਨੇ ਗੁਰ ਪਰਸਾਦੇ ॥ (ਭਗਤ ਕਬੀਰ/੯੬੯), ਕਬੀਰ ! ਸੁਰਗ ਨਰਕ ਤੇ ਮੈ ਰਹਿਓ; ਸਤਿਗੁਰ ਕੇ ਪਰਸਾਦਿ ॥ ਚਰਨ ਕਮਲ ਕੀ ਮਉਜ ਮਹਿ; ਰਹਉ ਅੰਤਿ ਅਰੁ ਆਦਿ ॥’’ (ਭਗਤ ਕਬੀਰ/੧੩੭੦), ਆਦਿ।
(5). ਧਰਮ ਪ੍ਰਚਾਰ ਦਾ ਸਭ ਸਿੱਖਾਂ ਨੂੰ ਅਧਿਕਾਰ : ਜਿੱਥੇ ਕਿਤੇ ਵੀ ਧਰਮ ਪ੍ਰਚਾਰ ਅਤੇ ਧਾਰਮਿਕ ਰਸਮਾ ਨਿਭਾਉਣ ਦਾ ਅਧਿਕਾਰ ਕੇਵਲ ਪੁਜਾਰੀ ਸ਼੍ਰੇਣੀ ਨੂੰ ਦਿੱਤਾ ਗਿਆ ਹੈ, ਉਥੇ ਸਮਾਂ ਪਾ ਕੇ ਪੁਜਾਰੀ ਵਰਗ ਭਿ੍ਰਸ਼ਟ ਹੁੰਦਾ ਰਿਹਾ ਹੈ ਅਤੇ ਆਮ ਜੰਤਾ ਨੂੰ ਕਰਮਕਾਂਡਾਂ ਤੇ ਅੰਧ ਵਿਸ਼ਵਾਸਾਂ ਵਿੱਚ ਧੱਕ ਦਿੱਤਾ ਗਿਆ। ਗੁਰੂ ਸਾਹਿਬਾਨ ਨੇ ਸਭ ਸਿੱਖਾਂ ਨੂੰ ਧਰਮ ਪ੍ਰਚਾਰ ਅਤੇ ਧਾਰਮਿਕ ਰਸਮਾਂ ਰੀਤਾਂ ਨਿਭਾਉਣ ਦਾ ਅਧਿਕਾਰ ਦਿੱਤਾ। ਹਰੇਕ ਸਿੱਖ, ਇਸਤਰੀ ਜਾਂ ਪੁਰਸ਼ ਗ੍ਰੰਥੀ ਦੇ ਫਰਜ ਨਿਭਾ ਸਕਦਾ ਹੈ। ਸੰਗਤ ਵਿੱਚ ਕੀਰਤਨ, ਕਥਾ ਤੇ ਵਖਿਆਣ ਕਰਨ ਦਾ ਅਧਿਕਾਰ ਵੀ ਸਭ ਨੂੰ ਪ੍ਰਾਪਤ ਹੈ। ਆਪਣੀ ਕਿਰਤ ਕਾਰ ਕਰਦਿਆਂ ਹੋਇਆ ਉਹ ਪੁਜਾਰੀ ਵਰਗ ਵਾਲੇ ਸਾਰੇ ਫਰਜ ਅਦਾ ਕਰ ਸਕਦਾ ਹੈ। ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਦੀਖਿਆ ਦੇਣ ਦਾ ਅਧਿਕਾਰ ਵੀ ਉਚੇ ਸੁੱਚੇ ਜੀਵਨ ਵਾਲੇ ਆਮ ਸਿੱਖਾਂ (ਪੰਜ ਪਿਆਰਿਆਂ) ਨੂੰ ਦੇ ਦਿੱਤਾ।
(6). ਗ੍ਰਹਿਸਥੀਆਂ ਦਾ ਧਰਮ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਗ੍ਰਹਿਸਤੀ ਜਾਂ ਕਿਰਤੀ ਮਨੁੱਖ ਧਰਮ ਪ੍ਰਚਾਰਕ ਨਹੀਂ ਸੀ ਹੁੰਦਾ ਅਤੇ ਧਰਮੀ ਮਨੁੱਖ ਗ੍ਰਹਿਸਤੀ ਜਾਂ ਕਿਰਤੀ ਨਹੀਂ ਸੀ ਹੁੰਦਾ ਪਰ ਗੁਰਬਾਣੀ ਦੇ ਉਪਦੇਸ਼ ਹਨ ਕਿ ਸਿੱਖ ਨੇ ਸੰਸਾਰ ਵਿੱਚ ਕਿਰਤ ਕਾਰ ਕਰਦਿਆਂ ਹੋਇਆਂ ਅਤੇ ਗ੍ਰਹਿਸਤ ਦੇ ਸਾਰੇ ਫਰਜ਼ ਨਿਭਾਉਂਦਿਆਂ ਹੋਇਆਂ ਸੰਸਾਰਿਕ ਵਸਤਾਂ ਦੇ ਮੋਹ ਵਿੱਚ ਨਹੀਂ ਫਸਣਾ ਅਤੇ ਧਰਮੀ ਜੀਵਨ ਜੀਊ ਕਿ ਹੋਰਨਾਂ ਨੂੰ ਵੀ ਧਰਮ ਵੱਲ ਪ੍ਰੇਰਤ ਕਰਨਾ ਹੈ: ‘‘ਨਾਨਕ ! ਸਤਿਗੁਰਿ ਭੇਟਿਐ; ਪੂਰੀ ਹੋਵੈ ਜੁਗਤਿ ॥ ਹਸੰਦਿਆ, ਖੇਲੰਦਿਆ, ਪੈਨੰਦਿਆ, ਖਾਵੰਦਿਆ; ਵਿਚੇ ਹੋਵੈ ਮੁਕਤਿ ॥’’ (ਮ: ੫/੫੨੨) ਨਾਲ ਹੀ ਸਮਝਾਇਆ ਕਿ ਸੰਸਾਰ ਵਿੱਚ ਰਹਿ ਕੇ ਮੋਹ ਮਾਇਆ ਤੋਂ ਨਿਰਲੇਪ ਇਸ ਤਰ੍ਹਾਂ ਰਹਿਣਾ ਹੈ ਜਿਵੇਂ ਕਮਲ ਦਾ ਫੁੱਲ ਚਿੱਕੜ ਤੋਂ ਨਿਰਲੇਪ ਰਹਿੰਦਾ ਹੈ ਅਤੇ ਮੁਰਗਾਈ ਆਪਣੇ ਖੰਭਾਂ ਨੂੰ ਪਾਣੀ ਤੋਂ ਬਚਾ ਕੇ ਰੱਖਦੀ ਹੈ: ‘‘ਜੈਸੇ ਜਲ ਮਹਿ ਕਮਲੁ ਨਿਰਾਲਮੁ; ਮੁਰਗਾਈ ਨੈ ਸਾਣੇ ॥ ਸੁਰਤਿ ਸਬਦਿ ਭਵ ਸਾਗਰੁ ਤਰੀਐ; ਨਾਨਕ ! ਨਾਮੁ ਵਖਾਣੇ ॥’’ (ਮ: ੧/੯੩੮)
(7). ਮਨੱਖੀ ਏਕਤਾ ਦਾ ਹਾਮੀ : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਭਾਰਤੀ ਸਮਾਜ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਸੀ। ਬ੍ਰਾਹਮਣੁ, ਖੱਤਰੀ, ਵੈਸ਼ ਤੇ ਸੂਦਰ । ਇਹਨਾਂ ਵਿੱਚੋਂ ਸੂਦਰਾਂ ਦੀ ਹਾਲਤ ਅਤੀ ਤਰਸਯੋਗ ਸੀ। ਉਹਨਾਂ ਨਾਲ ਅਨ-ਮਨੁੱਖੀ ਵਿਹਾਰ ਕੀਤਾ ਜਾਂਦਾ ਸੀ। ਗੁਰੂ ਸਾਹਿਬਾਨ ਨੇ ਜਾਤੀਵਾਦ ਅਤੇ ਸੂਦਰਾਂ ਨਾਲ ਹੁੰਦੇ ਭੈੜੇ ਵਿਹਾਰ ਦੇ ਵਿਰੁੱਧ ਅਵਾਜ਼ ਉਠਾਈ। ਆਪਣੇ ਆਪ ਨੂੰ ਇਹਨਾਂ ਦਾ ਸਾਥੀ ਦੱਸਿਆ ਅਤੇ ਕਿਹਾ ਕਿ ਜਿੱਥੇ ਅਖੋਤੀ ਨੀਚਾਂ ਦੀ ਸੰਭਾਲ ਹੁੰਦੀ ਹੈ, ਉੱਥੇ ਪ੍ਰਭੂ ਦੀ ਮਿਹਰ ਦੀ ਨਜਰ ਹੁੰਦੀ ਹੈ: ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ, ਬਖਸੀਸ ! ॥’’ (ਮ: ੧/੧੫) ਊਚ ਨੀਚ ਦਾ ਭੇਦ ਭਾਵ ਖਤਮ ਕਰਨ ਲਈ ਲੰਗਰ ਪ੍ਰਥਾ ਸ਼ੁਰੂ ਕੀਤੀ। ਸਰੋਵਰ ਤੇ ਬਉਲੀਆਂ ਬਣਾਈਆਂ ਜਿੱਥੇ ਸਾਰੇ ਇਕੱਠੇ ਇਸ਼ਨਾਨ ਕਰ ਸਕਦੇ ਸਨ।
(8). ਇਸਤਰੀ ਜਾਤੀ ਦਾ ਸਨਮਾਨ : ਪ੍ਰਾਚੀਨ ਧਰਮਾਂ ਵਿੱਚ ਇਸਤਰੀ ਨੂੰ ਪੁਰਸ਼ ਦੇ ਮੁਕਾਬਲੇ ਨੀਵਾਂ ਦਰਜਾ ਦਿੱਤਾ ਗਿਆ ਸੀ। ਪ੍ਰੰਤੂ ਸਿੱਖ ਧਰਮ ਨੇ ਇਸਤਰੀ ਤੇ ਪੁਰਸ਼ ਨੂੰ ਬਰਾਬਰ ਦਾ ਦਰਜਾ ਦੇ ਕੇ ਇਨਕਲਾਬੀ ਕੰਮ ਕੀਤਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਇਸਤਰੀਆਂ ਸਿੱਖ ਧਰਮ ਧਾਰਨ ਕਰਨ ਲੱਗ ਗਈਆਂ ਸਨ। ਸਿੱਖ ਧਰਮ ਨੂੰ ਧਾਰਨ ਕਰਨ ਵਾਲੀ ਪਹਿਲੀ ਔਰਤ ਬੇਬੇ ਨਾਨਕੀ ਹੀ ਸੀ। ਉਹ ਗੁਰੂ ਨਾਨਕ ਨੂੰ ਆਪਣਾ ਵੀਰ ਹੀ ਨਹੀਂ ਸਗੋਂ ਪੀਰ ਵੀ ਸਮਝਦੀ ਸੀ। ਔਰਤਾਂ ਗੁਰਦੁਆਰਿਆਂ ਵਿੱਚ ਕੀਰਤਨ, ਕਥਾ ਤੇ ਵਖਿਆਣ ਕਰ ਸਕਦੀਆਂ ਹਨ। ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਵੀ ਹਿੱਸਾ ਲੈ ਸਕਦੀਆਂ ਹਨ। ਸਿੱਖ ਧਰਮ ਅਨੁਸਾਰ ਇਸਤਰੀ ਜਾਂ ਪੁਰਸ਼ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪ੍ਰਮਾਤਮਾ ਦੇ ਦਰ ਤੇ ਨਿਬੇੜਾ ਕਰਮਾਂ ਅਨੁਸਾਰ ਹੋਣਾ ਹੈ। ਫਿਰ ਗੁਰੂ ਨਾਨਕ ਦੇਵ ਜੀ ਨੇ ਇਹ ਵੀ ਸਮਝਾਇਆ ਕਿ ਜਿਹੜੀ ਔਰਤ ਰਾਜੇ ਮਹਾਰਾਜਿਆਂ ਨੂੰ ਜਨਮ ਦੇਂਦੀ ਹੈ ਉਹ ਭੈੜੀ ਕਿਵੇਂ ਹੋ ਸਕਦੀ ਹੈ। ਆਸਾ ਕੀ ਵਾਰ ਵਿੱਚ ਆਪ ਜੀ ਦਾ ਫੁਰਮਾਨ ਹੈ: ‘‘ਸੋ ਕਿਉ ਮੰਦਾ ਆਖੀਐ? ਜਿਤੁ ਜੰਮਹਿ ਰਾਜਾਨ ॥’’ (ਮ: ੧/੪੭੩) ਸਿੱਖ ਧਰਮ ਨੇ ਸਤੀ ਪ੍ਰਥਾ ਦਾ ਵੀ ਡਟ ਕੇ ਵਿਰੋਧ ਕੀਤਾ। ਗੁਰੂ ਅਮਰਦਾਸ ਜੀ ਨੇ ਬਾਦਸ਼ਾਹ ਅਕਬਰ ਕੋਲੋਂ ਇਸ ਪ੍ਰਥਾ ਦੇ ਵਿਰੁੱਧ ਫੁਰਮਾਨ ਜਾਰੀ ਕਰਵਾਇਆ ਸੀ ਅਤੇ ਆਪਣੀ ਬਾਣੀ ਵਿੱਚ ਫੁਰਮਾਇਆ ਕਿ ਅਸਲ ਸਤੀ ਕੌਣ ਹੈ: ‘‘ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥ ਨਾਨਕ ! ਸਤੀਆ ਜਾਣੀਅਨਿ੍ ਜਿ ਬਿਰਹੇ ਚੋਟ ਮਰੰਨਿ੍ ॥ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਾਲੰਨਿ੍ ॥’’ (ਮ: ੩/੭੮੭) ਬੀਬੀਆਂ ਨੂੰ ਘੁੰਡ ਕੱਢਣ (ਪਰਦਾ) ਦੀ ਮਨਾਹੀ ਕੀਤੀ ਅਤੇ ਇੱਥੋਂ ਤੱਕ ਕਿ ਬੀਬੀਆਂ ਨੂੰ ਧਰਮ ਪ੍ਰਚਾਰਕ ਵੀ ਥਾਪਿਆ।
(9). ਲੰਗਰ ਦੀ ਮਰਯਾਦਾ : ਲੰਗਰ ਦੀ ਮਰਯਾਦਾ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਅਰੰਭ ਕਰ ਦਿੱਤੀ ਸੀ ਜੋ ਅੱਜ ਇੱਕ ਸੰਸਥਾ ਦਾ ਰੂਪ ਧਾਰਨ ਕਰ ਚੁੱਕੀ ਹੈ। ਗੁਰੂ ਅੰਗਦ ਦੇਵ ਜੀ ਦੀ ਸੁਪਤਨੀ ਮਾਤਾ ਖੀਵੀ ਜੀ ਲੰਗਰ ਵਿੱਚ ਘਿਉ ਵਾਲੀ ਖੀਰ ਆਪ ਤਿਆਰ ਕਰਕੇ ਵਰਤਾਉਂਦੇ ਰਹੇ ਸਨ। ਭਾਈ ਸੱਤੇ ਤੇ ਬਲਵੰਡ ਜੀ ਨੇ ਆਪਣੀ ਵਾਰ ਵਿੱਚ ਵਰਣਨ ਕੀਤਾ: ‘‘ਬਲਵੰਡ ਖੀਵੀ ਨੇਕ ਜਨ; ਜਿਸੁ ਬਹੁਤੀ ਛਾਉ ਪਤ੍ਰਾਲੀ ॥ ਲੰਗਰਿ ਦਉਲਤਿ ਵੰਡੀਐ; ਰਸੁ ਅੰਮ੍ਰਿਤੁ ਖੀਰਿ ਘਿਆਲੀ ॥’’ (ਬਲਵੰਡ ਸਤਾ/੯੬੭)
ਅੱਜ ਲੰਗਰ ਸਿੱਖਾਂ ਦੇ ਸਮਾਜਿਕ ਜੀਵਨ ਦਾ ਅਨਿਖੜਵਾਂ ਅੰਗ ਬਣ ਚੁੱਕਾ ਹੈ। ਲਗਭਗ ਸਾਰੇ ਗੁਰਦੁਆਰਿਆਂ ਵਿੱਚ ਬਿਨਾਂ ਕਿਸੇ ਜਾਤ-ਪਾਤ, ਧਰਮ, ਦੇਸ਼, ਊਚ-ਨੀਚ, ਅਮੀਰ-ਗਰੀਬ ਸਭ ਨੂੰ ਲੰਗਰ ਬਰਾਬਰ ਮਿਲਦਾ ਹੈ। ਇੱਥੇ ਹੀ ਬੱਸ ਨਹੀਂ ਜਿੱਥੇ ਕਿਤੇ ਵੀ ਕੁਦਰਤੀ ਆਫਤਾਂ ਆਈਆਂ, ਸਿੱਖਾਂ ਨੇ ਦਿਲ ਖੋਲ੍ਹ ਕੇ ਉੱਥੇ ਲੰਗਰ ਲਾ ਕੇ ਆਪਣੇ ਫਰਜ ਨੂੰ ਪਛਾਣਿਆ। ਹੁਣੇ ਹੀ ਨੋਟ ਬੰਦੀ ਦੀ ਮੁਸੀਬਤ ਵਿੱਚ ਫਸੇ ਦੇਸ਼ ਵਿਦੇਸ਼ ਦੇ ਲੋਕਾਂ ਲਈ ਵੀ ਗੁਰਦੁਆਰਿਆਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।
(10). ਨਵੀਂ ਆਰਥਕ ਵਿਚਾਰਧਾਰਾ : (New Economic Policy) ਸਿੱਖ ਧਰਮ ਨੇ ਆਰਥਿਕ ਵਿਚਾਰਧਾਰਾ ਦੇ ਤਿੰਨੇ ਪੱਖ ਦੱਸੇ ਹਨ। ‘ਧਰਮ ਦੀ ਕਿਰਤ ਕਰਨਾ, ਮਿਹਨਤ ਦੀ ਕਮਾਈ ਵਿੱਚੋਂ ਦਸਵੰਧ ਕੱਢਣਾ ਅਤੇ ਸਮਾਜ ਵਿੱਚ ਅਮੀਰੀ ਗਰੀਬੀ ਦੇ ਫਰਕ ਨੂੰ ਮਿਟਾਊਣਾ।’ ਗੁਰੂ ਸਾਹਿਬਾਨ ਨੇ ਸੱਚੀ ਸੁੱਚੀ ਕਮਾਈ ਉੱਤੇ ਜੋਰ ਦਿੱਤਾ ਹੈ ਅਤੇ ਉਸ ਵਿੱਚੋਂ ਲੋੜਵੰਦਾਂ ਦੀ ਸਹਾਇਤਾ ਲਈ ਉਪਦੇਸ਼ ਦਿੱਤਾ ਹੈ: ‘‘ਘਾਲਿ ਖਾਇ, ਕਿਛੁ ਹਥਹੁ ਦੇਇ ॥ ਨਾਨਕ ! ਰਾਹੁ ਪਛਾਣਹਿ ਸੇਇ ॥’’ (ਮ: ੧/੧੨੪੫)
ਧੰਨ ਇਕੱਠਾ ਕਰਨ ਦੀ ਆਦਤ ਮਨੁੱਖ ਵਿੱਚ ਆਦਿ ਕਾਲ ਤੋਂ ਰਹੀ ਹੈ ਪਰ ਗੁਰੂ ਸਾਹਿਬਾਨਾਂ ਨੇ ਸਮਝਾਇਆ ਕਿ ਪਾਪ ਕੀਤੇ ਬਿਨਾਂ ਧੰਨ ਇਕੱਠਾ ਨਹੀਂ ਹੋ ਸਕਦਾ ਅਤੇ ਮਰਨ ਤੋਂ ਬਾਅਦ ਨਾਲ ਵੀ ਨਹੀਂ ਜਾਂਦਾ। ਗੁਰੂ ਨਾਨਕ ਦੇਵ ਜੀ ਦਾ ਫੁਰਮਾਨ ਹੈ: ‘‘ਇਸੁ ਜਰ ਕਾਰਣਿ ਘਣੀ ਵਿਗੁਤੀ; ਇਨਿ ਜਰ ਘਣੀ ਖੁਆਈ ॥ ਪਾਪਾ ਬਾਝਹੁ ਹੋਵੈ ਨਾਹੀ; ਮੁਇਆ ਸਾਥਿ ਨ ਜਾਈ ॥’’ (ਮ: ੧/੪੧੭)
ਸਮਾਜ ਵਿੱਚ ਪੈਸੇ ਦੀ ਸਾਂਵੀ ਵੰਡ ਹੋਣੀ ਚਾਹੀਦੀ ਹੈ। ਅੱਜ ਜੋ ਕਾਲੇ ਧੰਨ ਦਾ ਰਾਗ ਅਲਾਪਿਆ ਜਾ ਰਿਹਾ ਹੈ ਉਸ ਨੂੰ ਖਤਮ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਅਪਨਾਉਣ ਦੀ ਲੋੜ ਹੈ। ਜਿਸ ਕੋਲ ਬਹੁਤ ਧੰਨ ਹੈ ਉਹ ਵੀ ਚਿੰਤਾ ਵਿੱਚ ਤੇ ਜਿਸ ਕੋਲ ਦੋ ਵੇਲੇ ਦੀ ਰੋਟੀ ਲਈ ਪੈਸੇ ਨਹੀਂ ਉਹ ਵੀ ਫਿਕਰਾਂ ਦੇ ਘੇਰੇ ਵਿੱਚ ਹੈ। ਇਹਨਾਂ ਦੋਹਾਂ ਅਵਸਥਾਵਾਂ ਤੋਂ ਮੁਕਤ ਵਿਅਕਤੀ ਹੀ ਸੁਖੀ ਹੈ: ‘‘ਜਿਸੁ ਗ੍ਰਿਹਿ ਬਹੁਤੁ; ਤਿਸੈ ਗ੍ਰਿਹਿ ਚਿੰਤਾ ॥ ਜਿਸੁ ਗ੍ਰਿਹਿ ਥੋਰੀ; ਸੁ ਫਿਰੈ ਭ੍ਰਮੰਤਾ ॥ ਦੁਹੂ ਬਿਵਸਥਾ ਤੇ ਜੋ ਮੁਕਤਾ; ਸੋਈ ਸੁਹੇਲਾ ਭਾਲੀਐ ॥’’ (ਮ: ੫/੧੦੧੯)
(11). ਧਰਮ ਤੇ ਰਾਜਨੀਤੀ ਦਾ ਸੁਮੇਲ : ਮਨੁੱਖ ਜਾਤੀ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਵੱਖ ਵੱਖ ਸਮਿਆਂ ਵਿੱਚ ਧਰਮਾਂ ਨੇ ਰਾਜਨੀਤੀ ਉੱਤੇ ਆਪਣਾ ਪ੍ਰਭਾਵ ਪਾਇਆ ਹੈ। ਮਨੁੱਖ ਭਾਵੇਂ ਜਿੰਨਾ ਮਰਜੀ ਰਾਜਨੀਤੀ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੇ ਪਰ ਰਾਜਨੀਤੀ ਉਸ ਦੇ ਜੀਵਨ ’ਤੇ ਜਰੂਰ ਪ੍ਰਭਾਵ ਪਾਉਂਦੀ ਹੈ। ਇਸੇ ਤੱਥ ਨੂੰ ਸਵੀਕਾਰ ਕਰਦਿਆਂ ਹੋਇਆਂ ਗੁਰੂ ਸਾਹਿਬਾਨ ਨੇ ਧਰਮ ਤੇ ਰਾਜਨੀਤੀ ਦੇ ਸੁਮੇਲ ਨੂੰ ਉਚਿਤ ਦੱਸਿਆ ਹੈ। ਸਿੱਖ ਗੁਰੂ ਸਾਹਿਬਾਨ ਨੇ ਧਰਮ ਪ੍ਰਚਾਰ ਕਰਦਿਆਂ ਹੋਇਆਂ ਲੋਕਾਂ ਵਿੱਚ ਰਾਜਨੀਤਿਕ ਜਾਗਰਤੀ ਵੀ ਪੈਦਾ ਕੀਤੀ। ਸਮੇਂ ਦੇ ਰਾਜਿਆਂ ਤੇ ਹਾਕਮਾਂ ਬਾਰੇ ਨਿਧੱੜਕ ਹੋ ਕੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਆਪਣੇ ਰੱਬੀ ਕਲਾਮ ਵਿੱਚ ਰਾਜਿਆਂ ਨੂੰ ਕਸਾਈ, ਰੱਤ ਪੀਣੇ ਅਤੇ ਜੰਤਾਂ ਦਾ ਸ਼ਿਕਾਰ ਕਰਨ ਵਾਲੇ ਦੱਸਿਆ। ਬਾਬਰ ਦੇ ਭਾਰਤ ’ਤੇ ਹਮਲੇ ਸਮੇਂ ਉਸ ਨੂੰ ਜਾਬਰ ਕਹਿ ਕੇ ਸੰਬੋਧਤ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਤਾਂ ਇਹ ਕਿਹਾ ਕਿ ਗਿਆਨਵਾਨ ਤੇ ਸੱਚਾ ਧਰਮੀ ਮਨੁੱਖ ਹੀ ਉਹ ਹੈ ਜੋ ਨਾ ਕਿਸੇ ਨੂੰ ਡਰਾਉਂਦਾ ਹੈ ਤੇ ਨਾਂ ਹੀ ਕਿਸੇ ਤੋਂ ਡਰਦਾ ਹੈ: ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ॥ ਕਹੁ ਨਾਨਕ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ॥’’ (ਮ: ੯/੧੪੨੭)
ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਵਿੱਚ ਦੋ ਪ੍ਰਤੀਸ਼ਤ ਗਿਣਤੀ ਵਾਲੀ ਸਿੱਖ ਕੌਮ ਨੇ ੯੦% ਤੋਂ ਵੱਧ ਕੁਰਬਾਨੀਆਂ ਦਿੱਤੀਆਂ। ਦਰਬਾਰ ਸਾਹਿਬ ਦੇ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ ਜਿੱਤਣ ਮਗਰੋਂ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਭੇਜੀ ਵਧਾਈ ਦੀ ਟੈਲੀਗ੍ਰਾਮ ਵਿੱਚ ਲਿਖਿਆ: ‘ਦੇਸ਼ ਦੀ ਅਜਾਦੀ ਦੀ ਪਹਿਲੀ ਲੜਾਈ ਜਿੱਤੀ ਗਈ ਹੈ। ਹੁਣ ਦੇਸ਼ ਵੀ ਤੁਸੀਂ ਅਜਾਦ ਕਰਵਾਉਣਾ ਹੈ।’ (ਮਹਾਤਮਾ ਗਾਂਧੀ)
(12). ਮਨੁੱਖ ਜਾਤੀ ਦੀ ਸੇਵਾ : ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਉਪਦੇਸ਼ ਸਮੁੱਚੀ ਮਨੁੱਖ ਜਾਤੀ ਲਈ ਹੈ। ਇਹ ਕਿਸੇ ਇੱਕ ਫਿਰਕੇ ਲਈ ਨਹੀਂ ਹੈ। ਮਨੁੱਖ ਨੇ ਪੂਰੇ ਸੰਸਾਰ ਵਿੱਚ ਬਿਨਾਂ ਕਿਸੇ ਭੇਦ ਭਾਵ ਦੇ ਸੇਵਾ ਕਰਨੀ ਹੈ। ਗੁਰਦੁਆਰੇ ਸੇਵਾ ਸਿੱਖਣ ਦੇ ਕੇਂਦਰ ਹਨ ਪਰ ਸੇਵਾ ਨਿਭਾਉਣੀ ਸਾਰੀ ਦੁਨੀਆ ਵਿੱਚ ਹੈ: ‘‘ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ ! ਬਾਹ ਲੁਡਾਈਐ ॥’’ (ਮ: ੧/੨੬)
ਸੇਵਾ ਦੇ ਕਈ ਅੰਗ ਹਨ। ਲੰਗਰ ਪਕਾਉਣਾ, ਭਾਂਡੇ ਮਾਂਜਣੇ, ਜੋੜੇ ਸਾਫ ਕਰਨੇ, ਲੋੜਵੰਦਾਂ ਦੀ ਸਹਾਇਤਾ ਕਰਨੀ, ਗਰੀਬ ਦਾ ਇਲਾਜ ਕਰਵਾਉਣਾ, ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚ ਕਰਨਾ ਅਤੇ ਆਮ ਲੋਕਾਈ ਨੂੰ ਪ੍ਰਭੂ ਦੇ ਲੜ ਲਾਉਣਾ।
(13). ਸੰਪੂਰਨ ਅਤੇ ਨਿਆਰਾ ਧਰਮ : ਇਸ ਸਾਰੀ ਵਿਚਾਰਧਾਰਾ ਤੋਂ ਸਹਿਜੇ ਹੀ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਸਿੱਖ ਧਰਮ ਦੀ ਆਪਣੀ ਨਵੀਂ ਤੇ ਵਿਲੱਖਣ ਵਿਚਾਰਧਾਰਾ ਹੈ। ਗੁਰੂ ਸਾਹਿਬ ਨੇ ਧਰਮ ਖੇਤਰ ਵਿੱਚ ਅਜਿਹੇ ਵਿਚਾਰ ਪ੍ਰਗਟ ਕੀਤੇ ਹਨ ਜਿਹੜੇ ਪਹਿਲਾਂ ਕਿਸੇ ਧਾਰਮਿਕ ਆਗੂ ਨੇ ਪ੍ਰਗਟ ਨਹੀਂ ਕੀਤੇ। ਜਿੱਥੇ ਸਿੱਖਾਂ ਕੋਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਨਵੀਨ ਨਰੋਈ ਤੇ ਵਿਲੱਖਣ ਵਿਚਾਰਧਾਰਾ ਹੈ, ਉਥੇ ਆਪਣੀ ਵੱਖਰੀ ਰਹਿਤ ਮਰਯਾਦਾ, ਵੱਖਰੇ ਧਰਮ ਮੰਦਰ (ਗੁਰਦੁਆਰੇ), ਵੱਖਰਾ ਇਤਿਹਾਸ ਤੇ ਵੱਖਰੇ ਇਤਿਹਾਸਕ ਅਸਥਾਨ ਹਨ। ਸਿੱਖ ਧਰਮ ਇੱਕ ਨਿਆਰਾ ਧਰਮ ਹੈ ਅਤੇ ਸਿੱਖ ਪੰਥ ਇੱਕ ਨਿਆਰਾ ਤੇ ਆਦਰਸ਼ਕ ਸਮਾਜ ਹੈ।