34.2 C
Jalandhar
Wednesday, April 22, 2026
spot_img
Home Blog Page 174

ਸੱਚੀਆਂ ਗੱਲਾਂ

0

ਸੱਚੀਆਂ ਗੱਲਾਂ

ਰਿਸ਼ਵਤ, ਹੇਰਾ-ਫੇਰੀ ਠੱਗੀ ਚੋਰੀ ਨੂੰ; ਮੁੱਢ ਕਦੀਮੋਂ ਕਰਦੇ ਆਏ ਪਿਆਰ ਅਸੀਂ।

ਕਹਿਣੀ ਤੇ ਕਰਨੀ ਦੇ ਵਿੱਚ ਫ਼ਰਕ ਪਿਆ, ਤਹੀਉਂ ਹੋਈ ਜਾਂਦੇ ਬੇਇਤਬਾਰ ਅਸੀਂ।

ਉਹੀ ਸਾਨੂੰ ਧੋਖਾ ਦੇ ਕੇ ਤੁਰ ਜਾਂਦਾ, ਜਿਸ ਨੂੰ ਕੀਤਾ ਹੁੰਦਾ ਬਹੁਤਾ ਪਿਆਰ ਅਸੀਂ।

ਭਟਕੇ ਫਿਰਦੇ ਆਪਣੀ ਅਸਲੀ ਮੰਜ਼ਿਲ ਤੋਂ, ਰਾਹਾਂ ਦੇ ਵਿਚ ਹੋ ਗਏ ਹਾਂ ਖ਼ੁਆਰ ਅਸੀਂ।

ਮੰਦਰਾਂ ਵਿਚੋਂ ਰੱਬ ਨੂੰ ਲੱਭਦੇ ਫਿਰਦੇ ਹਾਂ, ਪਰ ਅੰਦਰੋਂ ਲੱਭਣ ਲਈ ਨਾ ਤਿਆਰ ਅਸੀਂ।

ਫਿੱਕਾ ਪੈ ਜਾਂਦਾ ਹੈ ਰੰਗ ਉਸ ਰਿਸ਼ਤੇ ਦਾ, ਮਤਲਬ ਖਾਤਰ ਜਿਸ ਲਈ ਰਿਸ਼ਤੇਦਾਰ ਅਸੀਂ।

ਤਨ ਤੋਂ ਬੇਸ਼ੱਕ ਤੰਦਰੁਸਤ ਜਿਹੇ ਲੱਗਦੇ ਹਾਂ, ਪਰ ਮਨ ਤੋਂ ਹੋਈ ਜਾਂਦੇ ਬਹੁਤ ਬਿਮਾਰ ਅਸੀਂ।

ਉੱਚੀ ਉੱਚੀ ਰਾਮ ਉਚਾਰੀਏ ਮੁੱਖੜੇ ’ਚੋ, ਵਿੱਚ ਬਗਲ ਦੇ ਰੱਖਦੇ ਸਦਾ ਕਟਾਰ ਅਸੀਂ।

ਅਮਲਾਂ ਦੇ ਵਿੱਚ ਉਸ ਤੋਂ ਊਣੇ ਹੁੰਦੇ ਹਾਂ, ਜਿਸ ਥਿਉਰੀ ਦਾ ਕਰਦੇ ਹਾਂ ਪ੍ਰਚਾਰ ਅਸੀਂ।

ਦੋ ਹਰਫ਼ੀ ਜੋ ਗੱਲ ਮੁੱਕਾਈ ਜਾ ਸਕਦੀ, ਉਸ ਨੂੰ ਐਂਵੇ ਦੇ ਦਿੰਦੇ ਵਿਸਥਾਰ ਅਸੀਂ।

ਗੱਲੀਂ ਬਾਤੀ ਗੀਤ ਅਮਨ ਦੇ ਗਾਉਂਦੇ ਹਾਂ, ਅੰਦਰ ਖਾਤੇ ਲਈ ਫਿਰਦੇ ਹਥਿਆਰ ਅਸੀਂ।

ਵਹਿਮਾਂ ਦੀ ਪੰਡ ਸਿਰ ’ਤੇ ਚੁੱਕੀ ਫਿਰਦੇ, ਮਾਨਸਿਕ ਰੋਗਾਂ ਦੇ ਹਾਂ ਤਾਂਹੀਉਂ ਸ਼ਿਕਾਰ ਅਸੀਂ।

ਲਾਹੇਵੰਦ ਕਿਸੇ ਝੂਠ ਨੂੰ ਗਲੇ ਲਗਾ ਲੈਂਦੇ, ਪਰ ਸੱਚੀ ਗੱਲ ਨੂੰ ਕਰਦੇ ਨਾ ਸਵੀਕਾਰ ਅਸੀਂ।

ਮੂੰਹ ਮੋੜ ਲਏ ਆਪੋ ਆਪਣੇ ਫ਼ਰਜ਼ਾਂ ਤੋਂ, ਪਰ ਭੁੱਲਦੇ ਆਪਣੇ ਲੈਣੇ ਨਹੀਂ ਅਧਿਕਾਰ ਅਸੀਂ

‘ਚੋਹਲੇ’ ਵਾਲਾ ਗੱਲ ਸਿਆਣੀ ਲਿਖਦਾ ਜਦ, ਉਸ ਨੂੰ ਮੰਨਣੋਂ ਕਰ ਦਿੰਦੇ ਇਨਕਾਰ ਅਸੀਂ।

————੦————-

ਰਮੇਸ਼ ਬੱਗਾ ਚੋਹਲਾ, 1348/17/1 ਗਲੀ ਨੰ: 8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)-94631-32719

ਦਿੱਲੀ ਦੀ ਵਿਦਿਆਰਥਣ ਗੁਰਮੇਹਰ ਕੌਰ ਦਾ ਮੁੱਦਾ ਏਨਾ ਕਿਉਂ ਭਖਿਆ ? ਅਤੇ ਬਾਦਲ ਦੀ ਅਗੇਤਰ ਰਣਨੀਤੀ ਉੱਤੇ ਵਿਚਾਰ-ਚਰਚਾ

0

ਦਿੱਲੀ ਦੀ ਵਿਦਿਆਰਥਣ ਗੁਰਮੇਹਰ ਕੌਰ ਦਾ ਮੁੱਦਾ ਏਨਾ ਕਿਉਂ ਭਖਿਆ ?  ਅਤੇ ਬਾਦਲ ਦੀ ਅਗੇਤਰ ਰਣਨੀਤੀ ਉੱਤੇ ਵਿਚਾਰ-ਚਰਚਾ

ਮੋਦੀ ਦਾ ਅਮਰੀਕਾ ਵਿਚ ਸਵਾਗਤ ਕਰਨ ਵਾਲੇ ਕੀ ਹੁਣ ਹੋ ਰਹੀ ਉਥੋਂ ਦੀ ਹਿੰਸਾ ਨੂੰ ਵੇਖਦਿਆਂ ਭਾਰਤ ਵਿਚ ਹੋ ਰਹੀ ਹਿੰਸਾ ਦਾ ਵਿਰੋਧ ਕਰਨਗੇ ?

0

ਮੋਦੀ ਦਾ ਅਮਰੀਕਾ ਵਿਚ ਸਵਾਗਤ ਕਰਨ ਵਾਲੇ ਕੀ ਹੁਣ ਹੋ ਰਹੀ ਉਥੋਂ ਦੀ ਹਿੰਸਾ ਨੂੰ ਵੇਖਦਿਆਂ ਭਾਰਤ ਵਿਚ ਹੋ ਰਹੀ ਹਿੰਸਾ ਦਾ ਵਿਰੋਧ ਕਰਨਗੇ ?

ਗੁਰਦੁਆਰਿਆਂ ਦੇ ਲੰਗਰਾਂ ਲਈ ਸਰਬਲੋਹ ਦੇ ਬਰਤਨਾਂ ਦਾ ਫੈਸਲਾ, ਸਰਬਲੋਹ ਗ੍ਰੰਥ ਨੂੰ ਪ੍ਰਚਾਰਣ ਦੀ ਇੱਕ ਸਾਜਿਸ਼: ਗਿ. ਜਾਚਕ

0

ਗੁਰਦੁਆਰਿਆਂ ਦੇ ਲੰਗਰਾਂ ਲਈ ਸਰਬਲੋਹ ਦੇ ਬਰਤਨਾਂ ਦਾ ਫੈਸਲਾ, ਸਰਬਲੋਹ ਗ੍ਰੰਥ ਨੂੰ ਪ੍ਰਚਾਰਣ ਦੀ ਇੱਕ ਸਾਜਿਸ਼: ਗਿ. ਜਾਚਕ

27 ਫ਼ਰਵਰੀ, ਕੋਟਕਪੂਰਾ (ਗੁਰਿੰਦਰ ਸਿੰਘ)  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਵੱਲੋਂ ਗੁਰਦੁਆਰਿਆਂ ਦੇ ਲੰਗਰਾਂ ਲਈ ਸਰਬਲੋਹ ਦੇ ਬਰਤਨ ਵਰਤਣ ਦਾ ਫੈਸਲਾ, ਜਿਥੇ ਗੁਰਮਤਿ ਦੀ ‘ਅਗਾਹਾਂ ਕੂ ਤ੍ਰਾਂਘ’ ਵਾਲੀ ਵਿਗਿਆਨਕ ਸੋਚ ਦੇ ਖ਼ਿਲਾਫ ਹੈ । ਉਥੇ, ਇਹ ਬਿਪਰਵਾਦੀ ਸੰਪਰਦਾਈਆਂ ਦੇ ਪ੍ਰਭਾਵ ਹੇਠ ਰਚੀ ਇੱਕ ਅਤਿਅੰਤ ਖ਼ਤਰਨਾਕ ਸਾਜਿਸ਼ ਵੀ ਹੈ ਕਿਉਂਕਿ, ਇਸ ਦਾ ਮੁੱਖ ਮਨੋਰਥ ਸਰਬਲੋਹ ਗ੍ਰੰਥ ਨੂੰ ਪ੍ਰਚਾਰਣਾ ਅਤੇ ਹੌਲੀ ਹੌਲੀ ਉਸ ਨੂੰ ਪੰਥਕ ਦ੍ਰਿਸ਼ਟੀ ਵਿੱਚ ਪ੍ਰਵਾਣ ਚੜ੍ਹਾਉਣਾ ਹੈ ਤਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਹਾਂਕਾਲੀ ਸਰਬਲੋਹ ਦੇਵਤੇ ਦਾ ਅਵਤਾਰ ਸਿੱਧ ਕਰਕੇ ਸਿੱਖੀ ਨੁੰ ਬ੍ਰਾਹਮਣੀ ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਕੀਤਾ ਜਾ ਸਕੇ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਇੱਕ ਲਿਖਤੀ ਪ੍ਰੈਸ ਨੋਟ ਰਾਹੀਂ ਕਹੇ ।

ਉਨ੍ਹਾਂ ਨੇ ਆਪਣੇ ਉਪਰੋਕਤ ਕਥਨ ਦੀ ਪ੍ਰੋੜਤਾ ਤੇ ਸਪਸ਼ਟਤਾ ਵਜੋਂ ਸੰਨ 1978 ਦੇ ਉਨ੍ਹਾਂ ਦਿਨਾਂ ਦੀ ਇੱਕ ਯਾਦ ਸਾਂਝੀ ਕੀਤੀ ਹੈ, ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਕੇਂਦਰੀ ਸਿੰਘ ਸਭਾ ਵੱਲੋਂ ਪਹਿਲਾ ਪਾਠ-ਬੋਧ ਸਮਾਗਮ ਹੋਇਆ । ਲਿਖਿਆ ਹੈ ਕੇ ਇਕ ਦਿਨ ਸੇਵੇਰੇ ਸਭਾ ਦੇ ਪ੍ਰਧਾਨ ਸ੍ਰ. ਹੁਕਮ ਸਿੰਘ, ਸਕਤਰ ਗਿ. ਗੁਰਦਿੱਤ ਸਿੰਘ ਅਤੇ  ਦਾਸ (ਜਾਚਕ) ਦਰਸ਼ਨੀ ਡਿਓਢੀ ਵਾਲੇ ਦਫਤਰ ਵਿੱਚ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਪਾਸ ਬੈਠੇ ਸਾਂ । ਜਥੇਦਾਰ ਸ੍ਰ ਗੁਰਚਰਨ ਸਿੰਘ ਟੌਹੜਾ ਜੀ ਵੀ ਆ ਗਏ । ਉਨ੍ਹਾਂ ਨੇ ਸਿੰਘ ਸਾਹਿਬ ਜੀ ਨੂੰ ਸੰਬੋਧਤ ਹੋ ਕੇ ਆਖਿਆ ਕਿ ਸਰਬਲੋਹੀਏ ਨਿਹੰਗ ਸਿੰਘ ਤੇ ਕੁਝ ਹੋਰ ਜਥੇਬੰਦੀਆਂ ਜ਼ੋਰ ਪਾ ਰਹੀਆਂ ਹਨ ਕਿ ਲੰਗਰਾਂ ਵਿੱਚ ਸਟੀਲ ਦੇ ਬਰਤਨਾਂ ਦੀ ਥਾਂ ਸਰਬਲੋਹੀ ਬਰਤਨਾਂ ਦੀ ਮਰਯਾਦਾ ਚਾਲੂ ਕੀਤੀ ਜਾਵੇ” ।

ਸਿੰਘ ਸਾਹਿਬ ਜੀ ਨੇ ਸਮਝਾਇਆ ਕਿ ਸਰਬਲੋਹ ਗ੍ਰੰਥ ਵਾਲੇ ‘ਸਰਬਲੋਹ’ ਦੇਵਤੇ ਦੇ ਉਪਾਸ਼ਕਾਂ ਨੇ ਇਸ਼ਟ ਮੁਤਾਬਿਕ ਲੋਹੇ ਨੂੰ ਹੀ ਸਰਬਲੋਹ ਕਹਿਣਾ ਸ਼ੁਰੂ ਕਰ ਦਿੱਤਾ ਹੈ, ਵੈਸੇ ਇਹ ਕਿਸੇ ਧਾਤੂ ਦਾ ਨਾਂ ਨਹੀਂ । ਬਲਕਿ ‘ਸਰਬਲੋਹ’ ਦਾ ਸ਼ਬਦੀ ਅਰਥ ਹੈ ‘ਸਾਰਾ ਲੋਹਾ’ ਤੇ ਵਿਗਿਆਨਕ ਦ੍ਰਿਸ਼ਟੀ ਤੋਂ ਉਹ ਹੈ ਲੋਹੇ ਦਾ ਸ਼ੁਧ ਰੂਪ ਸਟੀਲ । ਇਹ ਸਰਬਲੋਹੀਏ ਤਾਂ ਕੱਚੇ ਲੋਹੇ ਨੂੰ ਹੀ ਸਰਬਲੋਹ ਕਹੀ ਜਾ ਰਹੇ ਹਨ, ਜਿਸ ਵਿੱਚ ਮਿੱਟੀ ਤੋਂ ਇਲਾਵਾ ਹੋਰ ਵੀ ਕਈ ਧਾਤਾਂ ਦਾ ਮਿਸ਼ਰਣ ਹੈ । ਇਹੀ ਕਾਰਨ ਹੈ ਕਿ ਸਟੀਲ ਦੇ ਬਰਤਨ ਤਾਂ ਸਾਬਣ ਆਦਿਕ ਨਾਲ ਧੋਤਿਆਂ ਵੀ ਸਾਫ ਹੋ ਜਾਂਦੇ ਹਨ। ਪਰ, ਕਥਿਤ ਸਰਬਲੋਹ ਦੇ ਬਰਤਨ ਗਿੱਲੇ ਰਹਿ ਜਾਣ ਤਾਂ ਰਾਤੋ ਰਾਤ ਜੰਗਾਲ ਲਗ ਜਾਂਦਾ ਹੈ । ਇਸੇ ਲਈ ਉਹ ਸਵਾਹ ਜਾਂ ਰੇਤ ਨਾਲ ਸੁਕਮਾਂਜ ਕਰਕੇ ਰੱਖਣੇ ਪੈਂਦੇ ਹਨ । ਪ੍ਰਧਾਨ ਜੀ ! ਲੰਗਰਾਂ ਵਿੱਚ ਇਤਨੀ ਮਿਹਨਤ ਕੌਣ ਕਰੇਗਾ ?  ਦੂਜੀ ਗੱਲ ਸਰਬਲੋਹੀ ਬਰਤਨਾਂ ਵਿੱਚ ਬਣੀ ਦਾਲ ਸਬਜ਼ੀ ਵੀ ਸ਼ਹਿਰੀ ਸਿੱਖ ਸੰਗਤ ਨਹੀਂ ਛਕੇਗੀ ਕਿਉਂਕਿ ਉਹ ਕਾਲੀ ਹੋ ਜਾਂਦੀ ਹੈ । ਇਹ ਮਰਯਾਦਾ ਨਿਭਣੀ ਨਹੀਂ,  ਖਜ਼ਾਨਾ ਅਜਾਈਂ ਨਾ ਗਵਾਇਓ । 

ਗਿਆਨੀ ਗੁਰਦਿੱਤ ਸਿੰਘ ਜੀ ਮੁਸਕ੍ਰਾਏ ਤੇ ਬੋਲੇ, “ਪ੍ਰਧਾਨ ਜੀ ! ਸਿੰਘ ਸਾਹਿਬ ਜੀ ਨੇ ਬਿਲੁਕਲ ਸਹੀ ਸਲਾਹ ਦਿੱਤੀ ਹੈ ਕਿਉਂਕਿ, ਕਿਤੇ ਐਸਾ ਨਾ ਹੋਵੇ ਕਿ ‘ਮਹਾਂਕਾਲੀ ਸਰਬਲੋਹ’ ਲੰਗਰਾਂ ਦੇ ਬਰਤਨਾਂ ਵਿੱਚ ਛੁਪ ਕੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਿਤ ਹੋ ਜਾਵੇ । ਪਹਿਲਾਂ ਹੀ ਦਸਮ ਗ੍ਰੰਥ ਸਾਡੇ ਗਲ਼ ਪੈ ਚੁਕਾ ਹੈ” । ਸਾਡੀ ਇਸ ਗਲਬਾਤ ਉਪਰੰਤ ਟੌਹੜਾ ਜੀ ਬੋਲੇ- ਬੱਸ !  ਹੁਣ ਇਸ ਮਸਲੇ ਨੂੰ ਇਥੇ ਹੀ ਦਬਾ ਦਿਓ । ਉਸ ਤੋਂ ਪਿੱਛੋਂ ਟੋਹੜਾ ਜੀ ਨੇ ਕਿਸੇ ਦੀ ਨਹੀਂ ਸੁਣੀ । ਉਮੀਦ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਹੁਦੇਦਾਰ ਉਪਰੋਕਤ ਗੱਲਬਾਤ ਨੂੰ ਪੜ੍ਹ ਕੇ ਸੁਚੇਤ ਹੋਣਗੇ ਅਤੇ ਆਪਣੇ ਸਰਬਲੋਹੀ ਫੈਸਲੇ ਨੂੰ ਮੁੜ ਵਿਚਾਰਨ ਲਈ ਗੁਰਮਤੀ ਵਿਦਵਾਨਾਂ ਦਾ ਸਹਿਯੋਗ ਲੈਣਗੇ ਤਾਂ ਕਿ ਬ੍ਰਾਹਮਣੀ ਸਾਜਿਸ਼ ਤੋਂ ਬਚ ਕੇ ਖ਼ਾਲਸਾ ਪੰਥ ਦੀ ਨਿਰਮਲਤਾ ਤੇ ਨਿਆਰੇਪਨ ਨੂੰ ਕਾਇਮ ਰੱਖਿਆ ਜਾ ਸਕੇ ।

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 1)

0

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ

(ਭਾਗ 1)

ਗਿਆਨੀ ਅਮਰੀਕ ਸਿੰਘ (ਚੰਡੀਗੜ੍ਹ)

ਮਨੁੱਖ ਜਦੋਂ ਧਰਤੀ ਦੇ ਤਖ਼ਤੇ ’ਤੇ ਆਇਆ ਤਾਂ ਇਸ ਨੂੰ ਮੌਸਮੀ ਤੇ ਹੋਰ ਕਈ ਤਰ੍ਹਾਂ ਦੀਆਂ ਆਫਤਾਂ ਨੇ ਆਪਣੇ ਤਨ ਨੂੰ ਢੱਕਣ ਲਈ ਮਜ਼ਬੂਰ ਕੀਤਾ। ਇਨ੍ਹਾਂ ਮਜ਼ਬੂਰੀਆਂ ਦਾ ਜਿਹੋ ਜਿਹਾ ਹੱਲ ਮਨੁੱਖ ਕੋਲ ਹੁੰਦਾ ਰਿਹਾ, ਇਹ ਉਹੋ ਜਿਹਾ ਹੀ ਹੱਲ ਕੱਢ ਕੇ ਆਪਣੇ ਵਕਤ ਨੂੰ ਲੰਘਾਉਂਦਾ ਗਿਆ। ਇਹ ਮਨੁੱਖ ਦੇ ਪਹਿਰਾਵੇ ਰਾਹੀਂ ਬਚਾਅ ਵਾਲਾ ਹੀ ਪੱਖ ਸੀ।

ਇਸ ਤੋਂ ਮਗਰੋਂ ਲੁਕਾਅ ਲਈ, ਪਹਿਰਾਵੇ ਦਾ ਦੂਜਾ ਪੱਖ ਆਇਆ। ਇਸ ਪੱਖ ਵਿੱਚ ਮਨੁੱਖ ਨੇ ਆਪਣੇ ਆਪ ਵਿੱਚ ਕੁਝ ਸ਼ਰਮ ਮਹਿਸੂਸ ਕਰਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਮਨੁੱਖੀ ਇਤਿਹਾਸ ਵਿੱਚ ਪਹਿਲੇ ਪਹਿਰਾਵੇ ਦਾ ਜ਼ਿਕਰ ਇਸਾਈ ਧਰਮ ਨੇ ਹੇਠ ਲਿਖੇ ਅਨੁਸਾਰ ਕੀਤਾ ਹੈ।

ਪ੍ਰਮੇਸ਼ਰ ਨੇ ਸੱਤ ਦਿਨ ਵਿੱਚ ਧਰਤੀ ਅਤੇ ਅਕਾਸ਼ ਵਿਚਲੀਆਂ ਸਭ ਚੀਜ਼ਾਂ ਦੀ ਸਾਜਨਾ ਕੀਤੀ ਸੀ ਅਤੇ ਫਿਰ ਉਸ ਨੇ ਅਰਾਮ ਕੀਤਾ। ਯਾਹੋਵਾ, ਪ੍ਰਮੇਸ਼ਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਉਸ ਤੋਂ ਮਨੁੱਖ ਦੀ ਸਾਜਨਾ ਕੀਤੀ ਸੀ। ਰੱਬ ਨੇ ਇੱਕ ਬਾਗ ਲਾਇਆ ਅਤੇ ਉਸ ਵਿੱਚ ਮਨੁੱਖ ਨੂੰ ਰੱਖ ਦਿੱਤਾ ਸੀ। ਰੱਬ ਨੇ ਸੋਚਿਆ ਕਿ ਮੈਂ ਮਨੁੱਖ ਦਾ ਇੱਕ ਸਹਾਇਕ ਸਾਜਾਂਗਾ। ਇਸ ਲਈ ਉਸ ਨੇ ਮਨੁੱਖ ਨੂੰ ਬਹੁਤ ਗਹਿਰੀ ਨੀਂਦ ਸੁਆ ਦਿੱਤਾ ਅਤੇ ਉਸ ਦੇ ਸਰੀਰ ਵਿੱਚੋਂ ਇੱਕ ਪਸਲੀ ਲਈ ਉਸ ਨਾਲ ਔਰਤ ਦੀ ਸਾਜਨਾ ਕੀਤੀ। ਔਰਤ ਅਤੇ ਮਨੁੱਖ ਭਾਵੇਂ ਨੰਗੇ ਹੀ ਸਨ ਪਰ ਇਹ ਇੱਕ ਦੂਜੇ ਤੋਂ ਸ਼ਰਮਿੰਦੇ ਨਹੀਂ ਸਨ। ਰੱਬ ਨੇ ਇਸ ਔਰਤ ਅਤੇ ਬੰਦੇ ਨੂੰ ਇੱਕ ਹਦਾਇਤ ਕੀਤੀ ਸੀ ਕਿ ਸਾਰੇ ਬਾਗ ਵਿੱਚ ਜਿੱਥੇ ਮਰਜ਼ੀ ਵਿਚਰੋ ਅਤੇ ਜੋ ਮਰਜ਼ੀ ਖਾਵੋ ਪਰ ਇੱਕ ਫਲ ਦੱਸ ਕੇ ਕਿਹਾ ਕਿ ਇਸ ਨੂੰ ਕਦੇ ਵੀ ਨਹੀਂ ਖਾਣਾ। ਇਸ ਫਲ ਦੇ ਖਾਣ ਨਾਲ ਤੁਸੀਂ ਮਰ ਜਾਓਗੇ।

ਇੱਕ ਦਿਨ ਸੱਪ ਨੇ ਔਰਤ ਨੂੰ ਭਰਮਾ ਦਿੱਤਾ ਕਿ ਇਹ ਫਲ ਖਾਣ ਤੋਂ ਰੱਬ ਨੇ ਤਾਂ (ਇਸ ਲਈ) ਮਨ੍ਹਾ ਕੀਤਾ ਕਿ ਤੁਸੀਂ ਕਿੱਧਰੇ ਮੇਰੇ ਵਰਗੇ ਹੀ ਸਿਆਣੇ ਨਾ ਹੋ ਜਾਵੋ। ਇਨ੍ਹਾਂ ਗੱਲਾਂ ਤੋਂ ਪ੍ਰਭਾਵਤ ਹੋ ਕੇ ਔਰਤ ਨੇ ਉਹ ਫਲ ਆਪ ਵੀ ਖਾ ਲਿਆ ਅਤੇ ਆਪਣੇ ਨਾਲ ਮਨੁੱਖ ਨੂੰ ਵੀ ਦੇ ਦਿੱਤਾ। ਜਿਸ ਤੋਂ ਮਨੁੱਖ ਨੂੰ ਨੰਗੇ ਹੋਣ ਦਾ ਅਹਿਸਾਸ ਪੈਦਾ ਹੋਇਆ ਅਤੇ ਉਸ ਨੇ ਆਪਣੇ ਆਪ ਨੂੰ ਦਰਖਤਾਂ ਦੇ ਪੱਤਿਆਂ ਨਾਲ ਕੱਜ ਲਿਆ ਸੀ। ਇਸਾਈ ਧਰਮ ਅਨੁਸਾਰ ਇਸ ਕਰਮ ਦੀ ਸਜ਼ਾ ਦੇ ਕਾਰਨ ਮਨੁੱਖ ਨੂੰ ਰੱਬ ਨੇ ਸਵਰਗੀ ਬਾਗ ਵਿੱਚੋਂ ਕੱਢ ਕੇ ਧਰਤੀ ’ਤੇ ਭੇਜ ਦਿੱਤਾ।

(ਪਵਿੱਤਰ ਬਾਇਬਲ, ਪੰਜਾਬੀ, ਅਧਿਆਇ ਪਹਿਲਾ ਉਤਪਤੀ, ਪੰਨਾ ੩ ਪੁਰਾਣਾ ਨੇਮ)

ਪਹਿਰਾਵੇ ਦੇ ਤਿੰਨ ਪੜਾਅ ਸਨ। ਇੱਕ ਆਪਣੇ ਆਪ ਨੂੰ ਬਚਾਉਣ ਲਈ, ਦੂਜਾ ਪੜਾਅ ਸੀ ਆਪਣੇ ਆਪ ਨੂੰ ਲੁਕਾਉਣ ਲਈ, ਅਤੇ ਫਿਰ ਤੀਜਾ ਪੜਾਅ ਸ਼ੁਰੂ ਹੋਇਆ ਉਹ ਸੀ ਆਪਣੇ ਆਪ ਨੂੰ ਸਜਾਉਣ ਲਈ। ਇਸ ਦੌਰ ਵਿੱਚ ਮਨੁੱਖ ਨੇ ਬਹੁਤ ਤਰੱਕੀ ਕੀਤੀ। ਹਰੇਕ ਮਨੁੱਖ ਦਾ ਪਹਿਰਾਵਾ ਸਮਾਂ ਪਾ ਕੇ ਕਿਸੇ ਨਾ ਕਿਸੇ ਚੀਜ਼ ਦਾ ਪ੍ਰਤੀਕ ਵੀ ਬਣ ਗਿਆ। ਜਿਹੋ ਜਿਹਾ ਸਮਾਂ ਹੁੰਦਾ ਸੀ ਮਨੁੱਖ ਆਪਣੇ ਆਪ ਨੂੰ ਉਸੇ ਤਰ੍ਹਾਂ ਦਾ ਹੀ ਸ਼ਿੰਗਾਰ ਲੈਂਦਾ ਸੀ। ਜਿਹੜੇ ਲੋਕ ਦਿਮਾਗੀ ਤੌਰ ’ਤੇ ਬਹੁਤ ਅਕਲਾਂ ਵਾਲੇ ਸਨ, ਉਨ੍ਹਾਂ ਤੋਂ ਆਮ ਲੋਕੀਂ ਜੀਵਨ ਦੀ ਅਗਵਾਈ ਲੈਣ ਲੱਗ ਪਏ। ਇਹ ਸਿਆਣੇ ਲੋਕ ਸਿਆਣਪ ਦੇ ਚਿੰਨ੍ਹ ਵੱਜੋਂ ਆਪਣੇ ਸਿਰ ’ਤੇ ਵੀ ਇੱਕ ਕੱਪੜਾ ਬੰਨ੍ਹਣ ਲੱਗ ਪਏ। ਜਿਸ ਦਾ ਅਰਥ ਹੁੰਦਾ ਸੀ ਕਿ ਇਹ ਮਨੁੱਖ ਚੰਗੀ ਸੋਚ ਦਾ ਮਾਲਕ ਹੈ। ਬਸ, ਇੱਥੋਂ ਹੀ ਪੱਗ ਦੀ ਸ਼ੁਰੂਆਤ ਹੋਈ ਲੱਗਦੀ ਹੈ।

ਯਹੂਦੀ ਧਰਮ ਅਨੁਸਾਰ ਤਾਂ ਪੱਗ ਈਸਾ ਜੀ ਦੇ ਜਨਮ ਤੋਂ ਵੀ ਪਹਿਲਾਂ ਦੀ ਮੰਨੀ ਜਾਂਦੀ ਹੈ। ਜਦੋਂ ਯਾਹੋਵਾ ਨੇ ਮੂਸਾ ਨੂੰ ਕੁਝ ਗੱਲਾਂ ਸਮਝਾਈਆਂ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਹ ਗੱਲਾਂ ਲੋਕਾਂ ਨੂੰ ਕਿਵੇਂ ਸਮਝਾਵਾਂਗਾ। ਕਈ ਵਾਰੀ ਕਹਿਣ ਦੇ ਬਾਵਜੂਦ ਜਦੋਂ ਮੂਸਾ ਨਾ ਮੰਨਿਆ ਤਾਂ ਯਹੋਵਾ ਨੇ ਕਿਹਾ ਕਿ ਮੈਂ ਤੇਰੇ ਭਰਾ ਨੂੰ ਇਸ ਕੰਮ ਲਈ ਚੁਣਦਾ ਹਾਂ। ਹਾਰੂਨ ਮੂਸਾ ਦਾ ਭਰਾ ਸੀ। ਇਸ ਦੇ ਪੁੱਤਰ ਨਾਦਾਬ, ਅਬੀਹੂ, ਅਲਆਜਾਰ ਅਤੇ ਈਥਾਮਾਰ ਸਨ।

(ਬਾਈਬਲ ਪੰਜਾਬੀ ਕੂਚ ੨੭.੧੪-੨੮.੧੪ ਪੰਨਾ ੮੯)

ਹਾਰੂਨ ਲਈ ਖਾਸ ਕਿਸਮ ਦੇ ਕੱਪੜੇ ਬਣਾਏ ਗਏ ਸਨ। ਕੁਸ਼ਲ ਕਾਰੀਗਰਾਂ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਕੁਝ ਕੱਪੜੇ ਬਣਾਏ ਸਨ। ਬਾਰੀਕ ਲੀਨਨ ਦੀਆਂ ਦੋ ਕਮੀਜ਼ਾਂ ਸਨ ਅਤੇ ਇੱਕ ਇਨ੍ਹਾਂ ਵਿੱਚ ਪੱਗੜੀ (ਅਮਾਮਾ) ਸੀ।

(ਬਾਈਬਲ ਪੰਜਾਬੀ, ਕੂਚ, ੩੯-੧੨-੩੯ ਪੰਨਾ ੧੦੪)

ਚੀਨ ਵਿੱਚ ਈਸਾ ਜੀ ਦੇ ਜਨਮ ਤੋਂ ਇੱਕ ਸੌ ਚੁਰਾਸੀ ਸਾਲ ਪਹਿਲਾਂ ਇੱਕ ਵਿਦਰੋਹ ਹੋਇਆ ਸੀ। ਇਸ ਵਿਦਰੋਹ ਵਿੱਚ ਵਿਦਰੋਹਾਰੀਆਂ ਨੇ ਪੀਲੀਆਂ ਪੱਗਾਂ ਬੰਨੀਆਂ ਹੋਈਆਂ ਸਨ। ਇਸ ਕਰਕੇ ਇਨ੍ਹਾਂ ਨੂੰ ਪੀਲੀਆਂ ਪੱਗਾਂ ਵਾਲਾ ਵਿਦਰੋਹ ਕਿਹਾ ਜਾਂਦਾ ਹੈ।

(ਪ੍ਰੋ: ਆਸਾ ਸਿੰਘ ਘੁੰਮਣ, ਦਾਸਤਾਨੇ ਦਸਤਾਰ ਪੰਨਾ ੩੧)

ਏਸੀਆਈ ਮੁਲਕਾਂ ਵਿੱਚ ਵੀ ਪੱਗ ਬੰਨ੍ਹਣ ਦਾ ਰਿਵਾਜ਼ ਪੁਰਾਣਾ ਹੀ ਹੈ। ਅਜੰਤਾਂ ਦੀਆਂ ਗੁਫਾਫਾਂ ਵਿੱਚ ਵੀ ਕੁਝ ਅਜਿਹੀਆਂ ਮੂਰਤੀਆਂ ਹਨ ਜਿਨ੍ਹਾਂ ਦੇ ਸਿਰਾਂ ’ਤੇ ਪੱਗੜੀਆਂ ਬੰਨ੍ਹੀਆਂ ਹੋਈਆਂ ਹਨ।

(ਡਾ: ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵ ਕੋਸ਼ ਪੰਨਾ ੯੩੩)

ਇਸਲਾਮ ਧਰਮ ਦੀਆਂ ਹਦੀਸਾਂ ਵਿੱਚ ਵੀ ਪੱਗ ਦਾ ਕਾਫੀ ਜ਼ਿਕਰ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਖੁਦ ਵੀ ਸਫੈਦ ਰੰਗ ਦੀ ਪੱਗ ਬੰਨਦੇ ਸਨ ਅਤੇ ਪੱਗਾਂ ਦਾ ਹੀ ਸੀਰੀਆ ਵਿੱਚ ਖੁਦ ਵਾਪਾਰ ਕਰਦੇ ਸਨ। (ਪ੍ਰੋ: ਆਸਾ ਸਿੰਘ ਘੁੰਮਣ, ਦਾਸਤਾਨੇ ਦਸਤਾਰ ਪੰਨਾ ੩੪)

ਇਸਲਾਮ ਵਿੱਚ ਹੀ ਇੱਕ ਦਰਵੇਸ਼ ਨਿਜ਼ਾਮੂਦੀਨ ਹੋਏ ਹਨ। ਇਨ੍ਹਾਂ ਦਾ ਘਰ ਦਾ ਨਾਮ ਸੱਯਦ ਮੁਹੰਮਦ ਸੀ। ਪੰਜ ਸਾਲ ਦੇ ਹੋਏ ਸਨ ਕਿ ਪਿਤਾ ਸੱਯਦ ਅਹਿਮਦ ਬੁਖਾਰੀ ਜੀ ਦਾ ਸਿਰ ਤੋਂ ਸਾਇਆ ਉੱਠ ਗਿਆ। ਕਮਾਈ ਦਾ ਹੋਰ ਕੋਈ ਸਾਧਨ ਨਹੀਂ ਸੀ। ਜਦੋਂ ਕਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਨਾ ਹੋਣਾ ਤਾਂ ਮਾਂ ਨੇ ਕਹਿਣਾ ਕਿ ਪੁੱਤਰ ਅੱਜ ਆਪਾਂ ਰੱਬ ਦੇ ਮਹਿਮਾਨ ਹਾਂ। ਨਿਜ਼ਾਮੂਦੀਨ ਜੀ ਲੋਕਾਂ ਦੇ ਪਸ਼ੂ ਚਾਰਨ ਲੱਗ ਪਏ। ਸ਼ਾਮ ਦਾ ਖਾਣਾ ਖਾ ਕੇ ਆਪਣੇ ਬਦਾਯੂੰ ਦੀ ਮਸਜਦ ਵਿੱਚ ਮੌਲਵੀ ਸਾਹਿਬ ਕੋਲ ਨਿਮਾਜ਼ ਪੜ੍ਹਨ ਚਲੇ ਜਾਣਾ। ਇੱਕ ਦਿਨ ਮਸਜਦ ਵਿੱਚ ਕਾਫੀ ਸਾਰੇ ਵਿਦਵਾਨ ਕਾਜ਼ੀ, ਮੌਲਵੀ ਆਦਿਕ ਆਏ ਹੋਏ ਸਨ। ਉਨ੍ਹਾਂ ਸਭ ਦੇ ਸਾਹਮਣੇ ਹੀ ਮੌਲਵੀ ਜਲਾਲੂਦੀਨ ਜੀ ਨੇ ਕਿਹਾ ਕਿ ਇਹ ਬੱਚਾ ਜੀਵਨ ਭਰ ਅੱਲ੍ਹਾ ਤਾਲ੍ਹਾ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਏਗਾ। ਮੈਂ ਇਸ ਨੂੰ ਹਰ ਰੋਜ਼ ਨਿਮਾਜ਼ ਪੜਾਉਂਦਿਆਂ ਇਹ ਗੱਲ ਸਮਝ ਲਈ ਹੈ। ਸਾਰੇ ਹੀ ਦਰਵੇਸ਼ਾਂ ਦੀ ਨਜ਼ਰ ਵੀ ਪਾਰਖੂ ਸੀ ਉਨ੍ਹਾਂ ਨੇ ਵੀ ਦੇਖ ਕੇ ਇੱਕ ਦਸਤਾਰ ਅਤੇ ਅਸੀਸ ਬਖ਼ਸ਼ਸ਼ ਕੀਤੀ ਸੀ। ਨਿਜ਼ਾਮੂਦੀਨ ਕੁਝ ਵੱਡੇ ਹੋਏ ਤਾਂ ਅਬੂ ਬਕਰ ਕਵਾਲ ਕੋਲੋਂ ਸ਼ੇਖ ਫਰੀਦ ਜੀ ਦਾ ਨਾਮ ਸੁਣਿਆ। ਮਨ ਵਿੱਚ ਵਿਚਾਰ ਬਣੀ ਕਿ ਸ਼ੇਖ ਫਰੀਦ ਜੀ ਨੂੰ ਮੁਰਸ਼ਿਦ ਧਾਰਨ ਕੀਤਾ ਜਾਵੇ ਪਰ ਅਬੂ ਬੱਕਰ ਨੇ ਕਹਿ ਦਿੱਤਾ ਕਿ ਇਤਨੇ ਵੱਡੇ ਮੁਰਸ਼ਿਦ ਕੋਲ ਜਾਣ ਲਈ ਪਹਿਲਾਂ ਤਿਆਰ ਤਾਂ ਹੋ ਜਾ। ਇਸ ਤਿਆਰੀ ਲਈ ਦਿੱਲੀ ਮੌਲਾਨਾ ਸ਼ਮਸੁਦੀਨ ਕੋਲ ਆ ਗਏ ਪਰ ਉਨ੍ਹਾਂ ਨੇ ਇਸ ਬੱਚੇ ਦੀ ਲਗਨ ਦੇਖ ਕੇ ਚਾਰ ਸਾਲ ਵਿੱਚ ਹੀ ਅਸ਼ੀਰਵਾਦ ਦੇ ਕੇ ਨਿਵਾਜ਼ਿਆ ਸੀ। ਇੱਥੋਂ ਪਾਕ ਪਟਨ ਸ਼ੇਖ ਫਰੀਦ ਜੀ ਕੋਲ ਚਲੇ ਗਏ। ਜਦੋਂ ਪਹਿਲੀ ਵਾਰੀ ਨਿਜ਼ਾਮੂਦੀਨ ਸ਼ੇਖ ਫਰੀਦ ਜੀ ਦੇ ਸਾਹਮਣੇ ਇੱਕ ਮੁਰੀਦ ਦੀ ਤਰ੍ਹਾਂ ਗਏ ਤਾਂ ਸ਼ੇਖ ਜੀ ਨੇ ਨਿਜ਼ਾਮੂਦੀਨ ਦੀ ਹਾਲਤ ਦੇਖ ਕੇ ਇਹ ਵਚਨ ਸੁਭਾਵਕ ਹੀ ਕਹਿ ਦਿੱਤਾ ਸੀ:

ਐ ਆਤਸ਼ੇ ਫਿਰਾਕਤ ਦਿਲਹਾ ਕਬਾਬ ਕਰਦਾ।

ਸੈਲਾਬ ਇ ਇਸ਼ਤਿਆਕਤ ਜਾਨਹ ਖਰਾਬ ਕਰਤਾ।

ਭਾਵ ਸੀ ਕਿ ਐ ਬਿਰਹਾ ਦੀ ਅੱਗ  ! ਤੂੰ ਦਿਲ ਕਬਾਬ ਕੀਤੇ ਹਨ। ਇਸ਼ਕ ਦੇ ਤੁਫਾਨ ਨੇ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। ਸ਼ੇਖ ਫਰੀਦ ਜੀ ਨੇ ਕਿਹਾ ਕਿ ਮੈਨੂੰ ਆਸ ਸੀ ਤੂੰ ਆਵੇਂਗਾ ਇਸ ਲਈ ਜਾਹ, ਜਾ ਕੇ ਤਿਆਰੀ ਕਰਕੇ ਜੁੰਮੇ ਵਾਲੇ ਦਿਨ ਆ ਜਾਵੀਂ। ਨਿਜ਼ਾਮੂਦੀਨ ਨੇ ਬਾਕੀ ਸੇਵਾਦਾਰਾਂ ਕੋਲੋਂ ਪੁੱਛਿਆ ਕਿ ਇਹ ਤਿਆਰੀ ਦਾ ਭਾਵ ਕੀ ਹੈ ? ਸੇਵਾਦਾਰਾਂ ਨੇ ਕਿਹਾ ਕਿ ਤੁਸੀਂ ਸੁਭਾਗੇ ਹੋ ਤੁਹਾਨੂੰ ਸਿਲਸਲੇ ਵਿੱਚ ਸ਼ਾਮਲ ਕਰ ਲੈਣਾ ਹੈ ਇਸ ਲਈ ਇੱਕ ਪੱਗੜੀ ਤੇ ਕੁਝ ਮਿੱਠਾ ਲੈ ਕੇ ਆਉਣਾ। ਬਾਬਾ ਜੀ ਆਪਣੇ ਮੁਬਾਰਕ ਹੱਥਾਂ ਨਾਲ ਤੁਹਾਡੇ ਸਿਰ ’ਤੇ ਦਸਤਾਰ ਸਜਾਉਣਗੇ। ਘਰ ਵਿੱਚ ਨਾ ਤਾਂ ਦਸਤਾਰ ਹੀ ਸੀ ਅਤੇ ਨਾ ਹੀ ਦਸਤਾਰ ਖਰੀਦਣ ਜੋਗੇ ਪੈਸੇ ਹੀ ਸਨ। ਨਿਜ਼ਾਮੂਦੀਨ ਦੀ ਮਾਤਾ ਨੇ ਆਪਣੀਆਂ ਗੁਆਢਣਾਂ ਨੂੰ ਆਪੋ ਆਪਣਾ ਚਰਖਾ ਅਤੇ ਰੂੰ ਲੈ ਕੇ ਆਉਣ ਲਈ ਕਿਹਾ। ਸਾਰੀਆਂ ਗੁਆਢਣਾਂ ਨੇ ਆਪੋ ਆਪਣੇ ਘਰੋਂ ਰੂੰ ਲਿਆ ਕੇ ਆਪੋ ਆਪਣੇ ਚਰਖੇ ’ਤੇ ਰੂੰ ਕੱਤ ਕੇ ਇਹ ਸਾਰਾ ਸੂਤ ਕਿਸੇ ਜੁਲਾਹੇ ਕੋਲ ਲਿਜਾ ਕੇ ਮਿੰਨਤ ਕੀਤੀ ਕਿ ਵੀਰਾ  ! ਇਸ ਦਾ ਬਾਰੀਕ ਕੱਪੜਾ ਬੁਣ ਕੇ ਦਿਓ। ਇਸ ਤਰ੍ਹਾਂ ਨਿਜ਼ਾਮੂਦੀਨ ਨੇ ਦੋਵੇਂ ਚੀਜ਼ਾਂ ਲਿਆ ਕੇ ਸ਼ੇਖ ਫਰੀਦ ਜੀ ਦੇ ਚਰਨਾਂ ’ਤੇ ਰੱਖ ਦਿੱਤੀਆਂ ਸਨ। ਸ਼ੇਖ ਫਰੀਦ ਜੀ ਨੇ ਉਹ ਦਸਤਾਰ ਚੁੱਕੀ ਅਤੇ ਆਪਣੀਆਂ ਅੱਖਾਂ ਨੂੰ, ਮੱਥੇ ਨੂੰ ਅਤੇ ਸਿਰ ਨੂੰ ਛੁਹਾਈ ਅਤੇ ਬਾਕੀ ਸੇਵਕਾਂ ਨੂੰ ਕਹਿਣ ਲੱਗੇ ਕਿ ਤੁਸੀਂ ਬਹਿਸ਼ਤ ਦੀਆਂ ਹੂਰਾਂ ਦੀ ਗੱਲ ਤਾਂ ਸੁਣੀ ਹੋਵੇਗੀ ਕਿ ਬਹਿਸ਼ਤ ਵਿੱਚ ਹੂਰਾਂ ਵੱਸਦੀਆਂ ਹਨ ਪਰ ਦੇਖੀਆਂ ਨਹੀਂ ਹੋਣੀਆਂ। ਇਹ ਦਸਤਾਰ ਬਹਿਸ਼ਤ ਵਿੱਚ ਵੱਸਦੀਆਂ ਹੂਰਾਂ ਨੇ ਸੂਤ ਕੱਤ ਕੇ ਬਣਾਈ ਹੈ। ਇਸ ਪੱਗ ਵਿੱਚੋਂ ਸੱਚੀ ਸੁੱਚੀ ਕਿਰਤ ਦੀ ਖੁਸ਼ਬੋ ਆ ਰਹੀ ਹੈ ਜਿਸ ਕਰਕੇ ਇਹ ਦਸਤਾਰ ਇਸ ਧਰਤੀ ਦੀ ਤਾਂ ਹੋ ਨਹੀਂ ਸਕਦੀ, ਇਸ ਲਈ ਇਹ ਤਾਂ ਕੋਈ ਸਵਰਗੀ ਦਾਤ ਹੈ। ਇਹ ਕਹਿ ਸ਼ੇਖ ਫਰੀਦ ਜੀ ਨੇ ਨਿਜ਼ਾਮੂਦੀਨ ਦੇ ਦਸਤਾਰ ਸਜਾਈ ਸੀ ਤੇ ਨਿਜ਼ਾਮੂਦੀਨ ਵਲੋਂ ਲਿਆਂਦਾ ਹੋਇਆ ਗੁੜ ਵੀ ਬਾਕੀ ਲੋਕਾਂ ਵਿੱਚ ਵਰਤਾਇਆ ਸੀ।

(ਡਾ: ਹਰਪਾਲ ਸਿੰਘ ਪੰਨੂੰ, ਬੰਦਗੀ ਤੋਂ ਆਰਟ ਤੱਕ, ਪੰਨਾ ੧੪)

ਇੱਕ ਮੌਲਾਨਾ ਜ਼ਿਆਊਦੀਨ ਜੀ ਹੋਏ ਹਨ, ਇਹ ਚਿਸ਼ਤੀ ਸਿਲਸਲੇ ਦੇ ਸਖ਼ਤ ਖਿਲਾਫ ਸਨ। ਇਨ੍ਹਾਂ ਨੇ ਨਿਜ਼ਾਮੂਦੀਨ ਦੇ ਖਿਲਾਫ ਇੱਕ ਕਿਤਾਬ ਵੀ ਲਿਖੀ ਸੀ। ਇੱਕ ਵਾਰੀ ਜ਼ਿਆਊਦੀਨ ਜੀ ਬਹੁਤ ਬਿਮਾਰ ਹੋ ਗਏ ਤਾਂ ਨਿਜ਼ਾਮੂਦੀਨ ਜੀ ਉਨ੍ਹਾਂ ਦੀ ਸਿਹਤ ਦੀ ਖ਼ਬਰਸਾਰ ਲੈਣ ਲਈ ਗਏ ਤਾਂ ਜ਼ਿਆਊਦੀਨ ਜੀ ਦੇ ਮੁਰੀਦਾਂ ਨੇ ਨਿਜ਼ਾਮੂਦੀਨ ਜੀ ਦਾ ਆਉਣਾ ਦੱਸਿਆ। ਜ਼ਿਆਊਦੀਨ ਜੀ ਇਤਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਆਪਣੀ ਦਸਤਾਰ ਭੇਜੀ ਸੀ ਕਿ ਇਸ ਨੂੰ ਵਿਛਾ ਦਿਓ ਤਾਂ ਕਿ ਨਿਜ਼ਾਮੂਦੀਨ ਜੀ ਇਸ ’ਤੇ ਤੁਰ ਕੇ ਆਉਣ। ਨਿਜ਼ਾਮੂਦੀਨ ਜੀ ਨੇ ਇਸ ਦਸਤਾਰ ਨੂੰ ਇਕੱਠੀ ਕਰਕੇ ਆਪਣੀਆਂ ਅੱਖਾਂ ਨਾਲ ਛੁਹਾਈ ਤੇ ਆਪਣੇ ਸਿਰ ’ਤੇ ਰੱਖ ਕੇ ਉਨ੍ਹਾਂ ਦੀ ਖ਼ਬਰ ਲੈਣ ਲਈ ਗਏ ਤਾਂ ਜ਼ਿਆਊਦੀਨ ਜੀ ਸ਼ਰਮਿੰਦਗੀ ਦੇ ਕਾਰਨ ਅੱਖਾਂ ਹੀ ਨਹੀਂ ਮਿਲਾ ਸਕੇ ਸਨ ਭਾਵ ਦਸਤਾਰ ਇੱਕ ਬਹੁਤ ਹੀ ਅਦਬ ਦਾ ਚਿੰਨ੍ਹ ਰਹੀ ਹੈ।

(ਡਾ: ਹਰਪਾਲ ਸਿੰਘ ਪੰਨੂੰ, ਬੰਦਗੀ ਤੋਂ ਆਰਟ ਤੱਕ, ਪੰਨਾ ੧੮)

ਸਮੇਂ ਮੁਤਾਬਕ ਪੱਗ ਬਾਦਸ਼ਾਹਿਤ, ਧਾਰਮਿਕ ਜਾਂ ਕਿਸੇ ਖਾਸ ਸਨਮਾਨ ਦਾ ਚਿੰਨ੍ਹ ਬਣਦੀ ਗਈ। ਇਸ ਕਰ ਕੇ ਕੁਝ ਸਮਾਂ ਅਜਿਹਾ ਵੀ ਆਇਆ ਜਦੋਂ ਇਹ ਅਮੀਰ ਲੋਕ ਦੂਜਿਆਂ ਨੂੰ ਪੱਗ ਬੰਨਣ ਤੋਂ ਰੋਕਣ ਵੀ ਲੱਗ ਗਏ ਸਨ। ਇਸ ਦਾ ਬਹੁਤ ਘਟੀਆ ਪ੍ਰਮਾਣ ਅੱਜ ਵੀ ਭਾਰਤ ਦੇ ਕਈ ਇਲਾਕਿਆਂ ਵਿੱਚੋਂ ਮਿਲ ਜਾਂਦਾ ਹੈ। ਜਿੱਥੇ ਕਿ ਆਮ ਗਰੀਬ ਲੋਕਾਂ ਨੂੰ ਕਿਸੇ ਖਾਸ ਸਮੇਂ ’ਤੇ ਵੀ ਪੱਗ ਬੰਨ੍ਹਣ ਲਈ ਰਾਜਪੂਤਾਂ ਜਾਂ ਹੋਰ ਅਮੀਰਾਂ ਕੋਲੋਂ ਆਗਿਆ ਲੈਣੀ ਪੈਂਦੀ ਹੈ।

ਮੁਸਲਮਾਨਾਂ ਵਿੱਚੋਂ ਬਹੁਤੇ ਹਾਕਮ ਹੋਏ ਹਨ ਜਿਹੜੇ ਪੱਗਾਂ ਬੰਨਦੇ ਸਨ। ਇਨ੍ਹਾਂ ਨੇ ਬਾਕੀ ਮੁਲਕਾਂ ’ਤੇ ਵੀ ਕਬਜ਼ੇ ਕੀਤੇ ਸਨ ਜਿਸ ਕਰਕੇ ਜਿੱਥੇ ਜਿੱਥੇ ਵੀ ਮੁਸਲਮਾਨ ਜਾਂਦੇ ਰਹੇ ਉੱਥੇ ਉੱਥੇ ਪੱਗ ਵੀ ਪਹੁੰਚਦੀ ਰਹੀ। ਕੁਝ ਲੋਕਾਂ ਦਾ ਇਹ ਵੀ ਵੀਚਾਰ ਹੈ ਕਿ ਭਾਰਤੀ ਲੋਕਾਂ ਕੋਲ ਵੀ ਪੱਗ ਮੁਸਲਮਾਨਾਂ ਦੇ ਰਾਹੀਂ ਹੀ ਆਈ ਲੱਗਦੀ ਹੈ। ਗੁਰਬਾਣੀ ਵਿੱਚ ਵੀ ਪਹਿਲਾ ਜ਼ਿਕਰ ਸ਼ੇਖ ਫਰੀਦ ਜੀ ਨੇ ਹੀ ਕੀਤਾ ਲੱਗਦਾ ਹੈ:

‘‘ਫਰੀਦਾ  ! ਮੈ ਭੋਲਾਵਾ ਪਗ ਦਾ; ਮਤੁ ਮੈਲੀ ਹੋਇ ਜਾਇ॥

ਗਹਿਲਾ ਰੂਹੁ ਨ ਜਾਣਈ; ਸਿਰੁ ਭੀ ਮਿਟੀ ਖਾਇ॥’’ (੧੩੭੯)

ਹਿੰਦੂ ਧਰਮ ਵਿੱਚ ਵੀ ਜ਼ਿਕਰ ਹੈ ਕਿ ਜਦੋਂ ਬ੍ਰਾਹਮਣ ਕੋਈ ਧਾਰਮਿਕ ਪੂਜਾ ਪਾਠ ਦਾ ਕੰਮ ਕਰਦਾ ਸੀ ਤਾਂ ਉਹ ਦੋ ਧੋਤੀਆਂ ਆਪਣੇ ਕੋਲ ਰੱਖਦਾ ਸੀ ਅਤੇ ਸਿਰ ਉੱਤੇ ਵੀ ਕੱਪੜਾ ਰੱਖਦਾ ਸੀ:

‘‘ਗਲਿ ਮਾਲਾ ਤਿਲਕੁ ਲਿਲਾਟੰ॥

ਦੁਇ ਧੋਤੀ ਬਸਤ੍ਰ ਕਪਾਟੰ॥’’ (੪੭੧)

ਭਗਤ ਨਾਮਦੇਵ ਜੀ ਨੇ ਵੀ ਜੋ ਰੱਬੀ ਤਸੱਵੁਰ ਕੀਤਾ ਹੈ ਉਸ ਵਿੱਚ ਉਨ੍ਹਾਂ ਨੇ ਰੱਬ ਨੂੰ ਪੱਗੜੀ ਵਾਲਾ ਹੀ ਬਿਆਨ ਕੀਤਾ ਹੋਇਆ ਹੈ। ਪਾਵਨ ਵਚਨ ਹਨ:

‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ॥’’ (੭੨੭)

ਕਬੀਰ ਸਾਹਿਬ ਜੀ ਨੇ ਵਚਨ ਕੀਤੇ ਹਨ ਕਿ ਹੇ ਬੰਦਿਆ ਜਿਸ ਸਿਰ ’ਤੇ ਚਿਣ ਚਿਣ ਕੇ ਪੱਗ ਬੰਨਦਾ ਹੈਂ ਮੌਤ ਆਉਣ ’ਤੇ ਇਸ ਸਿਰ ’ਤੇ ਕਾਂ ਆਪਣੀ ਚੁੰਝ ਪੂੰਝਣ ਲੱਗ ਪੈਂਦੇ ਹਨ ਭਾਵ ਇਸ ਨਾਲ ਹੰਕਾਰ ਨਾ ਕਰੀਂ।

‘‘ਜਿਹ ਸਿਰਿ ਰਚਿ ਰਚਿ ਬਾਧਤ ਪਾਗ॥

ਸੋ ਸਿਰੁ ਚੁੰਚ ਸਵਾਰਹਿ ਕਾਗ॥’’ (੩੩੦)

ਰਵੀਦਾਸ ਜੀ ਮਹਾਰਾਜ ਵੀ ਕਬੀਰ ਸਾਹਿਬ ਜੀ ਦੇ ਸਮਕਾਲੀ ਹੋਏ ਹਨ। ਉਨ੍ਹਾਂ ਨੇ ਵੀ ਇਸ ਖਿਆਲ ਨਾਲ ਹੀ ਪੱਗ ਦਾ ਜ਼ਿਕਰ ਕੀਤਾ ਹੈ:

‘‘ਬੰਕੇ ਬਾਲ, ਪਾਗ ਸਿਰਿ ਡੇਰੀ॥

ਇਹੁ ਤਨੁ ਹੋਇਗੋ; ਭਸਮ ਕੀ ਢੇਰੀ॥’’ (੬੫੯)

ਜਦੋਂ ਅਸੀਂ ਗੁਰੂ ਘਰ ਵਿੱਚ ਪੱਗ ਬਾਰੇ ਵੀਚਾਰਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਖੁਦ ਦਸਤਾਰ ਸਜਾਈ ਹੋਈ ਸੀ। ਇੱਥੇ ਸਾਨੂੰ ਆਪਣੇ ਖਿਆਲਾਂ ਨੂੰ ਵਿਸ਼ਾਲ ਕਰਕੇ ਵੀਚਾਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਹੋਰ ਕਿਸੇ ਤਰ੍ਹਾਂ ਨਾਲ ਵੀ ਹਿੰਦੂ ਧਰਮ ਵਿੱਚ ਪ੍ਰਚਲਿਤ ਜਾਂ ਹੋਰਾਂ ਧਰਮਾਂ ਦੀ ਬਾਕੀ ਰਹੁ ਰੀਤਾਂ ਨੂੰ ਸਿੱਖ ਧਰਮ ਲਈ ਸਵੀਕਾਰ ਨਹੀਂ ਕੀਤਾ ਸੀ। ਇਸ ਲਈ ਇਹ ਵੀ ਹੋ ਸਕਦਾ ਹੈ ਕਿ ਗੁਰਗੱਦੀ ਦੇਣ ਵੇਲੇ ਵੀ ਪ੍ਰਚਲਿਤ ਕੋਈ ਰੀਤਾਂ ਰਸਮਾਂ ਕਰਨ ਦੀ ਥਾਂ ’ਤੇ ਦਸਤਾਰ ਅਤੇ ਗੁਰਬਾਣੀ ਦੀ ਦਾਤ ਹੀ ਗੁਰਗੱਦੀ ਦੇਣ ਵੇਲੇ ਵਰਤੀ ਜਾਂਦੀ ਹੋਵੇ, ਕਿਉਂਕਿ ਅੱਗੇ ਜਾ ਕੇ ਇਤਿਹਾਸ ਦੇ ਪੰਨੇ ਸਾਨੂੰ ਇਸ ਪਾਸੇ ਦਾ ਹੀ ਇਸ਼ਾਰਾ ਕਰਦੇ ਹਨ। ਜਦੋਂ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ’ਤੇ ਗੁਰੂ ਅਰਜਨ ਪਾਤਿਸ਼ਾਹ ਜੀ ਨੂੰ ਦਸਤਾਰ ਬੰਦੀ ਕੀਤੀ ਗਈ ਸੀ ਤਾਂ ਉਸ ਵਕਤ ਬਾਬਾ ਪ੍ਰਿੰਥੀ ਚੰਦ ਨੇ ਕਾਫੀ ਝਗੜਾ ਕੀਤਾ ਸੀ। ਬਾਬਾ ਬੁੱਢਾ ਜੀ ਦਸਤਾਰ ਗੁਰੂ ਅਰਜਨ ਸਾਹਿਬ ਜੀ ਨੂੰ ਸਜਾਉਣ ਲੱਗੇ ਤਾਂ ਬਾਬਾ ਪ੍ਰਿੰਥੀ ਚੰਦ ਜੀ ਨੇ ਅੱਗੇ ਹੋ ਕੇ ਦਸਤਾਰ ਪਕੜ ਲਈ ਅਤੇ ਕਿਹਾ ਕਿ ਜੇ ਕਰ ਪਿਤਾ ਜੀ ਨੇ ਥੋੜੀ ਜਿਹੀ ਰੰਜਸ਼ ਦੇ ਕਾਰਨ ਇਹ ਬੋਲ ਕਹਿ ਦਿੱਤੇ ਹਨ ਕਿ ਗੁਰੂ; ਗੁਰੂ ਅਰਜਨ ਸਾਹਿਬ ਜੀ ਹਨ ਤਾਂ ਇਸ ਦਾ ਭਾਵ ਇਹ ਨਹੀਂ ਕਿ ਇਹ ਸੱਚ ਹੀ ਹੈ। ਮੈਂ ਪਰਿਵਾਰ ਵਿੱਚੋਂ ਵੱਡਾ ਹਾਂ ਤੇ ਇਹ ਮੇਰਾ ਹੀ ਹੱਕ ਬਣਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਹ ਝਗੜਾ ਨਿਬੇੜਨ ਵਾਸਤੇ ਆਪਣੇ ਮਨ ਵਿੱਚ ਵੀਚਾਰ ਕੀਤੀ ਕਿ ਪੱਗ ਨਾਲ ਕੀ ਫਰਕ ਪੈਣ ਲੱਗਾ ਹੈ। ਜਿਹੜੀ ਪਿਤਾ ਗੁਰੂ ਜੀ ਦੀ ਬਖ਼ਸ਼ਸ਼ ਹੈ ਉਹ ਤਾਂ ਅਟੱਲ ਹੀ ਹੈ। ਉਸ ਨੂੰ ਤਾਂ ਕੋਈ ਵੀ ਨਾ ਖੋਹ ਸਕਦਾ ਹੈ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾ ਸਕਦਾ ਹੈ:

ਕਰਯੋ ਬੀਚਾਰ ਪਾਗ ਮਹਿ ਕਯਾ ਹੈ।

ਮਿਟਤ ਕਿਮ ਜੋ ਪਿਤਾ ਕਿਯਾ ਹੈ।

ਤਿਨ ਕੀ ਬਖਸ਼ਿਸ਼ ਸਦਾ ਸਥਿਰ ਹੈ।

ਛੀਨੀ ਜਾਇ ਨਾ ਲਗਿ ਤਸ਼ਕਰ ਹੈ॥੩੩॥

(ਕਵੀ ਸੰਤੋਖ ਸਿੰਘ, ਸੂਰਜ ਪ੍ਰਕਾਸ਼, ਰਾਸਿ ੨ ਅੰਸੂ ੨੫, ਪੰਨਾ ੧੭੪੭)

ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਪਿਆਰ ਨਾਲ ਵਚਨ ਕੀਤੇ ਸਨ ਕਿ ਤੁਸੀਂ ਮੇਰੇ ਵੱਡੇ ਵੀਰ ਹੋ। ਤੁਸੀਂ ਸਾਨੂੰ ਗੋਦੀ ਚੁੱਕ ਕੇ ਖਿਡਾਇਆ ਹੈ। ਇਸ ਲਈ ਤੁਸੀਂ ਆਪਣੇ ਮਨ ਵਿੱਚੋਂ ਵੈਰ ਭਾਵ ਤਿਆਗੋ ਤੇ ਹੁਣ ਵੀ ਤੁਸੀਂ ਸਾਨੂੰ ਆਪਣਾ ਛੋਟਾ ਭਰਾ ਜਾਣ ਕੇ ਹੀ ਪਿਆਰ ਕਰੋ ਜੀ ! ਪੱਗ ਦੀ ਤਾਂ ਕੋਈ ਗੱਲ ਨਹੀਂ ਹੈ ਭਾਵੇਂ ਤੁਸੀਂ ਹੀ ਬੰਨ੍ਹ ਲਵੋ। ਇਸ ਤਰ੍ਹਾਂ ਬਾਬਾ ਪ੍ਰਿੰਥੀ ਚੰਦ ਜੀ ਨੇ ਇੱਕ ਪੱਗ ਲੈ ਕੇ ਸਭ ਦੇ ਦੇਖਦਿਆਂ ਹੋਇਆਂ ਹੀ ਆਪਣੇ ਸਿਰ ’ਤੇ ਬੰਨ੍ਹ ਲਈ ਸੀ। ਉਸ ਵਕਤ ਸੰਗਤ ਭਾਵੇਂ ਸਾਰੀ ਹੀ ਚੁੱਪ ਰਹੀ ਪਰ ਸਭ ਨੇ ਆਪਣੇ ਮਨ ਵਿੱਚ ਗੁਰੂ, ਗੁਰੂ ਅਰਜਨ ਸਾਹਿਬ ਜੀ ਨੂੰ ਹੀ ਮੰਨ ਲਿਆ ਹੋਇਆ ਸੀ:

ਪਿਤ ਸੰਮਤ ਸਭਿ ਨੇ ਇਹ ਪਾਗ॥

ਮੋ ਕੋ ਅਬਹਿ ਬੰਧਾਵਨ ਲਾਗ॥੩੬॥

ਜੇ ਕਰ ਆਪਨੋ ਰੋਸ ਨਿਵਾਰਹੁ॥

ਲੇਹੁ ਪਾਗ ਸਿਰ ਉਪਰਿ ਧਾਰਹੁ॥…

ਇਮ ਸੁਨਿ ਸਭ ਕੋ ਦੇਖਤਿ ਲੈ ਕੇ॥

ਸਿਰਿ ਪਰ ਪਾਗ ਬੰਧੀ ਹਰਖੈ ਕੈ॥

ਤੂਸ਼ਨਿ ਰਹੇ ਦੇਖਿ ਕ੍ਰਿਤ ਤਾਹੀਂ॥

ਅਰਜਨ ਗੁਰੂ ਲਖਹਿ ਮਨ ਮਾਹੀਂ॥੩੯॥

(ਕਵੀ ਸੰਤੋਖ ਸਿੰਘ, ਸੂਰਜ ਪ੍ਰਕਾਸ਼, ਰਾਸਿ ੨ ਅੰਸੂ ੨੫,ਪੰਨਾ ੧੭੪੭)

ਇੱਥੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਿਆਈ ਵੇਲੇ ਦਸਤਾਰ ਸਜਾਉਣ ਦਾ ਜ਼ਿਕਰ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸਤਿਗੁਰੂ ਜੀ ਨੇ ਸਿਰਫ ਸਰੀਰ ਹੀ ਬਦਲਿਆ ਸੀ ਪਰ ਜੋਤਿ ਅਤੇ ਜੁਗਤਿ ਉਹੋ ਹੀ ਰੱਖੀ ਸੀ।

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥

(ਬਲਵੰਡ ਸਤਾ/੯੬੭)

ਇਸ ਲਈ ਹੋ ਸਕਦਾ ਹੈ ਕਿ ਬਾਕੀ ਗੁਰੂ ਸਾਹਿਬਾਨ ਜੀ ਵੇਲੇ ਵੀ ਦਸਤਾਰ ਹੀ ਸਜਾਈ ਜਾਂਦੀ ਹੋਵੇ। ਇਸ ਤੋਂ ਅੱਗੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਦਸਤਾਰ ਦੀ ਤਾਂ ਸਰਕਾਰੇ ਦਰਬਾਰੇ ਚਰਚਾ ਸ਼ੁਰੂ ਹੋ ਗਈ ਸੀ। ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਤਖ਼ਤ ’ਤੇ ਬਿਰਾਜੇ ਤਾਂ ਉਸ ਵਕਤ ਸਤਿਗੁਰੂ ਜੀ ਦੇ ਕੋਲ ਭਾਈ ਨੱਥਾ ਜੀ ਤੇ ਅਬਦੁੱਲਾ ਜੀ ਮਹਾਨ ਢਾਢੀ ਆਏ ਸਨ ਅਤੇ ਉਨ੍ਹਾਂ ਨੇ ਇਹ ਵਾਰ ਗਾਈ ਸੀ:

ਦੋ ਤਲਵਾਰਾਂ ਬੱਧੀਆਂ ਇਕ ਮੀਰੀ ਦੀ ਇੱਕ ਪੀਰ ਦੀ।

ਇੱਕ ਅਜ਼ਮਤ ਦੀ, ਇੱਕ ਰਾਜ ਦੀ; ਇੱਕ ਰਾਖੀ ਕਰੇ ਵਜੀਰ ਦੀ।

ਹਿਮਤ ਬਾਹਾਂ ਕੋਟਿ ਗੜ੍ਹ; ਦਰਵਾਜ਼ਾ ਬਲਖ ਬਖੀਰ ਦੀ।

ਨਾਲ ਸਿਪਾਹੀ ਨੀਲ ਨਲ; ਮਾਰ ਦੁਸ਼ਟਾਂ ਕਰੇ ਤਾਕੀਰ ਦੀ।

ਪੱਗ ਤੇਰੀ ਕੀ; ਜਹਾਂਗੀਰ ਦੀ।

(ਡਾ: ਗੁਰਦੇਵ ਸਿੰਘ ਪੰਦੋਹਲ, ਗੁਰੂ ਘਰ ਦੇ ਸ਼ਰਧਾਲੂ ਮੀਰ, ਪੰਨਾ ੫੮)

ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਜਦੋਂ ਪੂਰਬ ਵਾਲੇ ਪਾਸੇ ਨੂੰ ਪ੍ਰਚਾਰਕ ਦੌਰਾ ਕੀਤਾ ਤਾਂ ਉਹ ਮੁੱਢ ਵਿੱਚ ਹੀ ਮੂਲੇਵਾਲ ਗਏ ਸਨ। ਇੱਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਅੱਗੇ ਪੁਕਾਰ ਕੀਤੀ ਕਿ ਸਤਿਗੁਰੂ ਜੀ ਸਾਡੇ ਇਲਾਕੇ ਦਾ ਪਾਣੀ ਬਹੁਤ ਖਾਰਾ ਹੈ। ਸਾਨੂੰ ਕੱਪੜਿਆਂ ਲਈ ਤੇ ਪ੍ਰਸ਼ਾਦਾ ਪਾਣੀ ਬਣਾਉਣ ਲਈ ਬਹੁਤ ਮੁਸ਼ਕਲ ਆਉਂਦੀ ਹੈ। ਬੇਨਤੀ ਸੁਣਨ ਉਪਰੰਤ ਸਤਿਗੁਰੂ ਜੀ ਨੇ ਇਲਾਕਾਈ ਸੰਗਤ ਦੀ ਮਦਦ ਨਾਲ ਇਸ ਕਾਰਜ ਨੂੰ ਵੀ ਨੇਪਰੇ ਚਾੜ੍ਹਨ ਲਈ ਇੱਕ ਖੂਹ ਲਗਵਾਉਣ ਦੀ ਤਿਆਰੀ ਕੀਤੀ, ਜਿਸ ਦੀ ਮੁਕੰਮਲਤਾ ਤੱਕ ਸਿੱਖ ਸੰਗਤਾਂ ਦੀ ਸੇਵਾ ਕਰਨ ਵਾਲੇ ਭਾਈ ਗੋਂਦਾ ਜੀ ਨੂੰ ਨਿਯੁਕਤ ਕੀਤਾ ਗਿਆ। ਇਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰੂ ਜੀ ਨੇ ਇਨ੍ਹਾਂ ਨੂੰ ਭਾਈ ਦੀ ਪਦਵੀ ਦਿੱਤੀ ਸੀ ਅਤੇ ਨਾਲ ਹੀ ਆਪਣੇ ਹੱਥੀਂ ਦਸਤਾਰ ਸਜਾਈ।

(ਪ੍ਰਿੰ: ਸਤਿਬੀਰ ਸਿੰਘ, ਇਤਿ ਜਿਨਿ ਕਰੀ ਪੰਨਾ ੮੩)

ਇਸ ਤੋਂ ਅੱਗੇ ਦਸਮੇਸ਼ ਜੀ ਦੇ ਜੀਵਨ ਵਿੱਚ ਪੱਗ ਦਾ ਕਈ ਵਾਰੀ ਜ਼ਿਕਰ ਆਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕਰਨ ਤੋਂ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਗਿਆ ਸੀ। (ਗੁਰੂ ਕੀਆਂ ਸਾਖੀਆਂ, ਪੰਨਾ ੮੬)

ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਿਵਾਸ ਅਸਥਾਨ ਹੋਇਆ ਕਰਦਾ ਸੀ। ਇਸ ਨੂੰ ਹੀ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਪਾਠ ਦਾ ਭੋਗ ਭਾਈ ਚਉਪਤ ਰਾਇ ਜੀ ਨੇ ਪਾਇਆ। ਭੋਗ ਤੋਂ ਉਪਰੰਤ ਮਾਤਾ ਨਾਨਕੀ ਜੀ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਰਿਸ਼ਤੇ ਵਿੱਚ ਦਾਦੀ ਜੀ ਲੱਗਦੇ ਸਨ, ਭਾਈ ਦਰਗਾਹ ਮੱਲ ਜੀ ਨੂੰ ਦਸਤਾਰ ਬੰਦੀ ਦੀ ਰਸਮ ਕਰਨ ਲਈ ਕਿਹਾ ਗਿਆ। ਇਸ ਮੌਕੇ ’ਤੇ ਸਭ ਤੋਂ ਪਹਿਲੀ ਪਗੜੀ ਮਾਤਾ ਸੁਲਖਣੀ ਜੀ ਵਲੋਂ ਭੇਟਾ ਕੀਤੀ ਗਈ ਸੀ। ਜਿਸ ਥੜੇ ’ਤੇ ਇਹ ਦਸਤਾਰ ਬੰਦੀ ਹੋਈ ਉਹ ਥੜਾ ਹਾਲੇ ਵੀ ਕਾਇਮ ਹੈ ਅਤੇ ਇੱਥੇ ਹੀ ਕਸ਼ਮੀਰੀ ਪੰਡਿਤ ਤਿਲਕ ਜੰਞੂ ਦੀ ਰਾਖੀ ਲਈ ਪੁਕਾਰ ਕਰਨ ਆਏ ਸਨ। ਇਹ ਰਸਮ ਬਾਬਾ ਬੁੱਢਾ ਜੀ ਦੇ ਪਰਿਵਾਰ ਵਿੱਚੋਂ ਭਾਈ ਰਾਮ ਕੌਇਰ ਜੀ ਨੇ ਕੀਤੀ ਸੀ।

(ਡਾ: ਹਰਬੰਸ ਸਿੰਘ, ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਕਿਵੇਂ ਪਹੁੰਚਿਆ, ਪੰਨਾ ੧੮)

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ’ਤੇ ਬਾਬਾ ਬੁੱਢਾ ਜੀ ਦੇ ਪਰਿਵਾਰ ਵਿੱਚੋਂ ਬਾਬਾ ਰਾਮ ਕੁਇਰ ਜੀ ਨੇ ਦਸਤਾਰ ਸਜਾਈ ਸੀ।

(ਪ੍ਰਿੰ: ਸਤਿਬੀਰ ਸਿੰਘ, ਪੁਰਖ ਭਗਵੰਤ ਪੰਨਾ ੬੨)

ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਲਾਬ ਰਾਇ ਜੀ ਇਕੱਠੇ ਹੀ ਦਰਿਆ ਵਿੱਚ ਇਸ਼ਨਾਨ ਕਰ ਰਹੇ ਸਨ। ਅਚਾਨਕ ਹੀ ਦੋਨੋਂ ਇੱਕ ਦੂਜੇ ’ਤੇ ਪਾਣੀ ਸੁੱਟ ਕੇ ਹੱਸ ਖੇਡ ਰਹੇ ਸਨ, ਜਦੋਂ ਗੁਰੂ ਸਾਹਿਬ ਜੀ ਨੇ ਪਾਣੀ ਸੁਟਿਆ ਤਾਂ ਗੁਲਾਬ ਰਾਇ ਨੂੰ ਸਹਾਰਨਾ ਔਖਾ ਹੋ ਗਿਆ। ਉਹ ਬਾਹਰ ਕਿਨਾਰੇ ਵੱਲ ਭੱਜਿਆ। ਕਿਨਾਰੇ ’ਤੇ ਸਤਿਗੁਰੂ ਜੀ ਦੇ ਬਸਤਰ ਵੀ ਪਏ ਸਨ। ਉਸ ਨੇ ਭੱਜੇ ਜਾਂਦੇ ਨੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵਾਲੀ ਹੀ ਚੁੱਕ ਲਈ ਅਤੇ ਆਪਣੇ ਸਿਰ ’ਤੇ ਬੰਨ੍ਹਦਾ ਹੋਇਆ ਹੀ ਭੱਜਿਆ ਜਾ ਰਿਹਾ ਸੀ ਤਾਂ ਸੇਵਾਦਾਰ ਨੇ ਆਵਾਜ਼ਾਂ ਮਾਰੀਆਂ ਕਿ ਭਲਿਆ ਇਹ ਤਾਂ ਗੁਰੂ ਸਾਹਿਬ ਜੀ ਦੀ ਦਸਤਾਰ ਹੈ। ਸਤਿਗੁਰੂ ਜੀ ਨੇ ਵੀ ਉਚੀ ਆਵਾਜ਼ ਨਾਲ ਕਿਹਾ ਕਿ ਕੋਈ ਗੱਲ ਨਹੀਂ ਪਰ ਦਸਤਾਰ ਦੀ ਲਾਜ ਰੱਖੀਂ। ਦਸਤਾਰ ਬੰਨ੍ਹ ਕੇ ਕਦੇ ਹੰਕਾਰੀ ਨਾ ਹੋਵੀਂ। ਇਸ ਦਾ ਇੱਕ ਭਰਾ ਸਿਆਮ ਚੰਦ ਵੀ ਸੀ। ਇਹ ਸਤਿਗੁਰੂ ਜੀ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਸਿੰਘ ਸੱਜ ਗਏ ਸਨ। ਜਦੋਂ ਸੰਨ ੧੭੦੫ ਵਿੱਚ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਨੂੰ ਹਾਕਮਾਂ ਦੇ ਲੰਮੇ ਸਮੇਂ ਦੇ ਘੇਰੇ ਮਗਰੋਂ ਛੱਡ ਕੇ ਆਏ ਸਨ ਤਾਂ ਇਸ ਗੁਲਾਬ ਸਿੰਘ ਅਤੇ ਇਸ ਦੇ ਭਰਾ ਸਿਆਮ ਸਿੰਘ ਨੂੰ ਹੀ ਪਿੱਛੇ ਅਨੰਦਪੁਰ ਸਾਹਿਬ ਜੀ ਦੀ ਸੇਵਾ ਸੰਭਾਲ ਵਾਸਤੇ ਛੱਡ ਕੇ ਆਏ ਸਨ। ਇਹ ਵੱਖਰੀ ਗੱਲ ਹੈ ਕਿ ਸਿਖ ਸੰਗਤਾਂ ਦੇ ਦਿੱਤੇ ਹੋਏ ਪਿਆਰ ਸਤਿਕਾਰ ਦੇ ਕਾਰਨ ਇਹ ਹੰਕਾਰੀ ਹੋ ਗਿਆ ਅਤੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਿਆ ਸੀ।

(ਪ੍ਰਿੰ: ਸਤਿਬੀਰ ਸਿੰਘ, ਪੁਰਖ ਭਗਵੰਤ ਪੰਨਾ ੬੪)

ਇੱਕ ਵਾਰੀ ਅਨੰਦਪੁਰ ਸਾਹਿਬ ਵਿਖੇ ਸਾਹਿਬਜ਼ਾਦੇ ਖੇਡ ਰਹੇ ਸਨ ਤਾਂ ਤਿੰਨ ਕੁ ਸਾਲਾਂ ਦੇ ਬਾਬਾ ਫਤਿਹ ਸਿੰਘ ਜੀ ਵੀ ਆ ਗਏ ਅਤੇ ਕਹਿਣ ਲੱਗੇ ਕਿ ਮੈਂ ਵੀ ਖੇਡਣਾ ਹੈ ਤਾਂ ਬਾਬਾ ਅਜੀਤ ਸਿੰਘ ਜੀ ਨੇ ਕਿਹਾ ਕਿ ਵੀਰੇ  ! ਤੁਸੀਂ ਬਹੁਤ ਛੋਟੇ ਹੋ ਤੇ ਖੇਡ ਵੱਡਿਆਂ ਦੀ ਹੈ। ਬਾਬਾ ਫਤਿਹ ਸਿੰਘ ਜੀ ਅੰਦਰ ਗਏ ਤੇ ਆਪਣੀ ਦਸਤਾਰ ਦੇ ਉੱਤੇ ਹੀ ਇੱਕ ਦਸਤਾਰ ਹੋਰ ਸਜਾ ਆਏ ਅਤੇ ਕਹਿਣ ਲੱਗੇ ਕਿ ਦੇਖੋ ਵੀਰ ਜੀ  ! ਹੁਣ ਮੈਂ ਕਿਡਾ ਵੱਡਾ ਹੋ ਗਿਆ ਹਾਂ। ਬਾਬਾ ਅਜੀਤ ਸਿੰਘ ਜੀ ਨੇ ਫਿਰ ਵੀ ਮਨ੍ਹਾ ਕਰ ਦਿੱਤਾ। ਬਾਬਾ ਫਤਿਹ ਸਿੰਘ ਜੀ ਫਿਰ ਅੰਦਰ ਗਏ ਅਤੇ ਦੁਬਾਰਾ ਇੱਕ ਹੋਰ ਪੱਗ; ਪਹਿਲੀਆਂ ਦੋਵੇਂ ਪੱਗਾਂ ਦੇ ਉੱਤੇ ਬੰਨ੍ਹ ਲਿਆਏ। ਗੁਰੂ ਗੋਬਿੰਦ ਸਿੰਘ ਜੀ ਇਹ ਸਾਰਾ ਕੌਤਕ ਦੇਖ ਰਹੇ ਸਨ ਕਿ ਉਨ੍ਹਾਂ ਨੇ ਬਾਬਾ ਫਤਿਹ ਸਿੰਘ ਜੀ ਨੂੰ ਗੋਦ ਵਿੱਚ ਲਿਆ ਅਤੇ ਪਿਆਰ ਨਾਲ ਕਹਿਣ ਲੱਗੇ ਕਿ ਪੁੱਤਰ ਜੀ ! ਮੈਂ ਤੁਹਾਡਾ ਜੱਥਾ ਹੀ ਇੱਕ ਹੋਰ ਬਣਾ ਦਿੰਦਾ ਹਾਂ ਅਤੇ ਇਸ ਜੱਥੇ ਦਾ ਨਾਮ ਵੀ ਨਿਹੰਗ ਸਿੰਘਾਂ ਦਾ ਜੱਥਾ ਹੋਵੇਗਾ। ਉਹ ਜੱਥਾ ਆਪ ਜੀ ਵਾਂਗ ਹੀ ਪੱਗਾਂ ਬੰਨ੍ਹਿਆ ਕਰੇਗਾ। ਸਤਿਗੁਰੂ ਜੀ ਨੇ ਬਾਬਾ ਫਤਿਹ ਸਿੰਘ ਜੀ ਦੇ ਜੱਥੇ ਵਿੱਚ ਪ੍ਰਮੁੱਖ ਪੰਜ ਸਿੰਘਾਂ (ਭਾਈ ਉਦੈ ਸਿੰਘ, ਭਾਈ ਟਹਿਲ ਸਿੰਘ, ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ ਤੇ ਭਾਈ ਸੁਲੱਖਣ ਸਿੰਘ ਜੀ) ਨੂੰ ਸ਼ਾਮਲ ਕਰ ਦਿੱਤਾ। ਉਸ ਵਕਤ ਤੋਂ ਹੀ ਨਿਹੰਗ ਸਿੰਘਾਂ ਦੀ ਪੱਗ ਵਾਲਾ ਇੱਕ ਨਿਹੰਗ ਸਿੰਘਾਂ ਦਾ ਜੱਥਾ ਤਿਆਰ ਹੋ ਗਿਆ ਸੀ।

(ਡਾ: ਜਸਵੰਤ ਸਿੰਘ ਨੇਕੀ, ਅਰਦਾਸ, ਪੰਨਾ ੮੬)

ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਈ ਜੰਗ ਲੜੇ ਹਨ। ਇਨ੍ਹਾਂ ਵਿੱਚੋਂ ਜਨਵਰੀ ਸੰਨ ੧੭੦੬ ਦੇ ਵੀ ਜੰਗ ਦਾ ਜ਼ਿਕਰ ਹੈ ਜਦ ਅਜਮੇਰ ਚੰਦ ਨੇ ਹੰਡੂਰ ਦੇ ਰਾਜੇ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ’ਤੇ ਅਚਾਨਕ ਹਮਲਾ ਕਰ ਦਿੱਤਾ। ਗੁਰੂ ਘਰ ਦੀਆਂ ਜੰਗਾਂ ਵਿੱਚ ਭਾਈ ਮਾਨ ਸਿੰਘ ਜੀ, ਗੁਰੂ ਘਰ ਦਾ ਨਿਸ਼ਾਨ ਸਾਹਿਬ ਅੱਗੇ ਲੈ ਕੇ ਜਾਇਆ ਕਰਦੇ ਸਨ। ਇਸ ਜੰਗ ਵਿੱਚ ਵੀ ਉਹ ਅੱਗੇ ਨਿਸ਼ਾਨ ਸਾਹਿਬ ਲੈ ਕੇ ਜਾ ਰਹੇ ਸਨ ਤਾਂ ਅਜਮੇਰ ਚੰਦ ਨੇ ਉੱਚੀ ਆਵਾਜ਼ ’ਚ ਕਿਹਾ ਕਿ ਆਪਣਾ ਨਿਸ਼ਾਨ ਨੀਵਾਂ ਕਰ ਕਿਉਂਕਿ ਇਹ ਸਾਡੇ ਵੀ ਝੰਡੇ ਤੋਂ ਉੱਚਾ ਹੈ। ਭਾਈ ਮਾਨ ਸਿੰਘ ਜੀ ਨੇ ਕਿਹਾ ਕਿ ਭਲਿਆ ! ਇਹ ਕੋਈ ਰਾਜਨੀਤਕ ਨਿਸ਼ਾਨ ਨਹੀਂ, ਜਿਹੜਾ ਕਦੇ ਨੀਵਾਂ ਤੇ ਕਦੇ ਉੱਚਾ ਹੁੰਦਾ ਰਹੇ ਇਹ ਤਾਂ ਹਰ ਹਾਲਤ ਵਿੱਚ ਇੱਕੋ ਜਿਹਾ ਹੀ ਉੱਚਾ ਰਹਿੰਦਾ ਹੈ। ਅਜਮੇਰ ਚੰਦ ਨੂੰ ਇਹ ਗੱਲ ਸੁਣ ਕੇ ਅੱਗ ਲੱਗ ਗਈ ਤਾਂ ਉਸ ਦੀਆਂ ਫੌਜਾਂ ਨੇ ਭਾਈ ਮਾਨ ਸਿੰਘ ਜੀ ਹੋਰਾਂ ਨੂੰ ਇੱਕ ਘੇਰੇ ਵਿੱਚ ਲੈ ਕੇ ਸਖ਼ਤ ਹਮਲਾ ਕੀਤਾ। ਇਸ ਦੇ ਦੌਰਾਨ ਭਾਈ ਮਾਨ ਸਿੰਘ ਜੀ ਕਾਫੀ ਜ਼ਖਮੀ ਹੋ ਗਏ ਪਰ ਗੁਰੂ ਸਾਹਿਬ ਜੀ ਦਾ ਨਿਸ਼ਾਨ ਨੀਵਾਂ ਨਾ ਹੋਣ ਦਿੱਤਾ। ਜਦ ਉਹ ਆਪ ਡਿੱਗਣ ਲੱਗੇ ਹੀ ਸਨ ਤਾਂ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਇਹ ਨਿਸ਼ਾਨ ਸੰਭਾਲ ਲਿਆ। ਭਾਈ ਮਾਨ ਸਿੰਘ ਜੀ ਨੂੰ ਸਖ਼ਤ ਜ਼ਖਮੀ ਹਾਲਤ ਵਿੱਚ ਗੁਰੂ ਸਾਹਿਬ ਜੀ ਦੇ ਕੋਲ ਲਿਆਂਦਾ ਗਿਆ। ਸਤਿਗੁਰੂ ਜੀ ਨੂੰ ਸਾਰੀ ਵਾਰਤਾ ਦੱਸੀ ਗਈ ਤਾਂ ਸਾਹਿਬ ਜੀ ਨੇ ਆਪਣੀ ਦਸਤਾਰ ਦੇ ਥੱਲਿਓਂ ਇੱਕ ਕੇਸਕੀ ਦੀ ਛੋਟੀ ਜਿਹੀ ਲੀਰ ਪੱਗ ਵਿੱਚ ਹੋਰ ਵੀ ਟੰਗ ਦਿੱਤੀ ਅਤੇ ਕਿਹਾ ਕਿ ਇਹ ਤਾਂ ਇੱਕ ਨਿਸ਼ਾਨ ਸਾਹਿਬ ਨੂੰ ਨੀਵਾਂ ਕਰਨਾ ਚਾਹੁੰਦੇ ਹਨ ਪਰ ਮੈਂ ਤਾਂ ਹਰ ਸਿੱਖ ਦੇ ਸਿਰ ’ਤੇ ਨਿਸ਼ਾਨ ਝੁਲਾ ਦਿਆਂਗਾ। ਇਸ ਗੱਲ ਤੋਂ ਹੀ ਨਿਹੰਗ ਸਿੰਘਾਂ ਵਿੱਚ ਦੁਮਾਲੇ ਅਤੇ ਫਰਲੇ ਸਜਾਉਣ ਦੀ ਰਸਮ ਸ਼ੁਰੂ ਹੋ ਗਈ।

(ਹਰਜਿੰਦਰ ਸਿੰਘ ਦਿਲਗੀਰ, ਗੁਰੂ ਦੇ ਸ਼ੇਰ, ਪੰਨਾ ੨੩੨)

———-ਚਲਦਾ——

(ਲੜੀ ਜੋੜਨ ਲਈ ਅਗਲੇ ਅੰਕ ਵੇਖੋ, ਜੀ)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 2)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 3)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 4)

ਧਰਮ ਨੂੰ ਖ਼ਤਰਾ

0

ਧਰਮ ਨੂੰ ਖ਼ਤਰਾ

ਗੁਰਪ੍ਰੀਤ ਸਿੰਘ ਰਾਜਪੁਰਾ

ਜਿਵੇਂ ਵਿਅਕਤੀ ਬਾਕੀ ਸੰਸਾਰਿਕ ਪਦਾਰਥਕ ਲੋੜਾਂ ਦੀ ਪੂਰਤੀ ਲਈ ਕਈ ਖੇਤਰਾਂ ਵਿੱਚ ਵਿਚਰਦਾ ਹੈ, ਉਸੇ ਤਰ੍ਹਾਂ ਮਨੁੱਖ ਦੀ ਮਾਨਸਿਕ, ਅਧਿਆਤਮਿਕ ਅਤੇ ਰੂਹਾਨੀਅਤ ਦੀ ਖ਼ੁਰਾਕ ਧਰਮ ਪ੍ਰਦਾਨ ਕਰਦਾ ਹੈ ਕਿਉਂਕਿ ਮਨੁੱਖ ਸਿਰਫ਼ ਇਕ ਸਰੀਰ ਨਾ ਹੋ ਕੇ ਬਲਕਿ ਇਸ ਨਾਲੋਂ ਕੁੱਝ ਵੱਧ ਹੈ। ਮਨੁੱਖ ਦਾ ਮਨ ਮਨੁੱਖੀ ਜੀਵਨ ਦਾ ਇੱਕ ਅਹਿਮ ਰੋਲ ਅਦਾ ਕਰਦਾ ਹੈ ਅਤੇ ਇਸੇ ਮਨ ਦੇ ਸਕੂਨ ਅਤੇ ਸ਼ਾਂਤੀ ਲਈ ਵਿਅਕਤੀ ਧਰਮ ਦਾ ਸਹਾਰਾ ਕਈ ਰੂਪਾਂ ਵਿੱਚ ਲੈਂਦਾ ਨਜ਼ਰ ਆਉਂਦਾ ਹੈ।

ਅਕਸਰ ਅਸੀਂ ਵੱਖ-ਵੱਖ ਧਰਮਾਂ ਦੇ ਪ੍ਰਚਾਰਕਾਂ ਨੂੰ ਕਹਿੰਦੇ ਸੁਣਾਂਗੇ ਕਿ ਅਖੇ ਜੀ ਸਾਨੂੰ ਜਾਂ ਸਾਡੇ ਧਰਮ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਪਿਛਲੇ ਦਿਨੀਂ ਮੈਂ ਕਿਸੇ ਹਿੰਦੂ ਪ੍ਰਚਾਰਕ ਬੀਬੀ ਨੂੰ ਸੁਣ ਰਿਹਾ ਸੀ। ਉਹ ਸੰਗਤ ਨੂੰ ਸੰਬੋਧਨ ਕਰਦੀ ਕਹਿ ਰਹੀ ਸੀ ਕਿ ‘ਮੁਸਲਮਾਨਾਂ ਨੂੰ ਹੱਜ ਕਰਨ ਲਈ ਸਬਸਿਡੀ ਮਿਲਦੀ ਹੈ ਪਰ ਸਾਨੂੰ ਅਮਰਨਾਥ ਦੀ ਯਾਤਰਾ ਲਈ ਕੁੱਝ ਵੀ ਨਹੀਂ ਮਿਲਦਾ।’ ਇਸ ਤਰ੍ਹਾਂ ਉਹ ਆਪਣੇ ਧਰਮ (ਹਿੰਦੂ ਧਰਮ ਜਾਂ ਸਨਾਤਨ ਧਰਮ) ਦੀ ਹੋਂਦ ਨੂੰ ਖ਼ਤਰੇ ਵਿੱਚ ਹੈ, ਦਾ ਜ਼ਿਕਰ ਸੰਗਤਾਂ ਦੇ ਸਾਹਮਣੇ ਕਰ ਰਹੀ ਸੀ ਬਾਕੀ ਦੇ ਧਰਮਾਂ ਦੇ ਪ੍ਰਚਾਰਕ ਵੀ ਕੁੱਝ ਇਸੇ ਤਰ੍ਹਾਂ ਦੂਸਰੇ ਧਰਮਾਂ ਤੋਂ ਖ਼ਤਰਾ ਪ੍ਰਗਟਾਉਂਦੇ ਹਨ।

ਕੀ ਇਹ ਗੱਲ ਹਾਸੋਹੀਣੀ ਜਿਹੀ ਨਹੀਂ ਲਗਦੀ ਕਿ ਇੱਕ ਪਾਸੇ ਤਾਂ ਧਰਮ ਪ੍ਰਚਾਰਕ, ਧਰਮ ਤੋਂ ਸ਼ਾਂਤੀ ਅਤੇ ਸਕੂਨ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ ਦੂਜੇ ਪਾਸੇ ‘ਧਰਮ ਨੂੰ ਖ਼ਤਰਾ’ ਕਹਿ ਕੇ ਸਮੁੱਚੇ ਸਮਾਜ ਵਿੱਚ ਅਸ਼ਾਂਤੀ ਪੈਦਾ ਕਰ ਦਿੰਦੇ ਹਨ, ਜਹਾਦ ਦਾ ਨਾਅਰਾ ਵੀ ਕੁੱਝ ਇਸੇ ਤਰ੍ਹਾਂ ਦਾ ਹੈ। ਜਿਹੜਾ ਧਰਮ ਆਪ ਖ਼ਤਰੇ ’ਚ ਹੋਵੇ ਉਹ ਕਿਸੇ ਨੂੰ ਸ਼ਾਂਤੀ ਜਾਂ ਸਕੂਨ ਕਿਸ ਤਰ੍ਹਾਂ ਦੇ ਸਕਦਾ ਹੈ ?

ਅਸਲ ਵਿੱਚ ਧਰਮ ਨੂੰ ਕਦੇ ਖ਼ਤਰਾ ਪੈਦਾ ਹੋ ਹੀ ਨਹੀਂ ਸਕਦਾ ਕਿਉਂਕਿ ਧਰਮ ਤੇ ‘ਸੱਚ ਸਰੂਪ ਪਰਮਾਤਮਾ’ ਦੀ ਇਬਾਦਤ ਕਰਨ ਦਾ ਨਾਂਅ ਹੁੰਦਾ ਹੈ। ਫਿਰ ਸੱਚ ਨੂੰ ਕਾਹਦਾ ਖ਼ਤਰਾ ਗੁਰਬਾਣੀ ਦਾ ਮਹਾਂਵਾਕ ਹੈ :

‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਮ:5/265)

ਇਹ ਧਰਮ ਹੈ। ਕੁੱਝ ਲੋਕ ਸਿਰਫ਼ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝ ਲੈਂਦੇ ਹਨ, ਸ਼ਾਇਦ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਧਾਰਮਿਕ ਚਿੰਨ੍ਹ ਧਾਰਮਿਕ ਮੰਤਵ ਨੂੰ ਪੂਰਿਆਂ ਕਰਨ ਲਈ ਹੁੰਦੇ ਹਨ, ਨਾ ਕਿ ਮਹਿਜ਼ ਚਿੰਨ੍ਹ ਹੀ ਹੁੰਦੇ ਹਨ। ਉਦਾਹਰਨ ਵਜੋਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜਨੇਊ ਵਾਲੀ ਰਸਮ ਹੋਣ ਲਗਦੀ ਹੈ ਤਾਂ ਉਦੋਂ ਗੁਰੂ ਨਾਨਕ ਸਾਹਿਬ ਜਨੇਊ ਦਾ ਅਸਲ ਭਾਵ ਪੰਡਿਤ ਨੂੰ ਸਮਝਾਉਂਦੇ ਹਨ :

ਦਇਆ ਕਪਾਹ ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ; ਹਈ ! ਤ ਪਾਡੇ ਘਤੁ ॥

ਨਾ ਏਹੁ ਤੁਟੈ, ਨ ਮਲੁ ਲਗੈ; ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ  ! ਜੋ ਗਲਿ ਚਲੇ ਪਾਇ ॥

ਚਉਕੜਿ ਮੁਲਿ ਅਣਾਇਆ; ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ; ਗੁਰੁ ਬ੍ਰਾਹਮਣੁ ਥਿਆ ॥

ਓਹੁ ਮੁਆ ਓਹੁ ਝੜਿ ਪਇਆ; ਵੇਤਗਾ ਗਇਆ ॥ (ਮ: ੧/੪੭੧)

ਅਰਥ ਵਿਹੂਣੇ ਧਾਰਨ ਕੀਤੇ ਧਾਰਮਿਕ ਚਿੰਨ੍ਹ ਦਾ ਵਿਰੋਧ ਕਰਦੇ ਹਨ:

‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?॥’’ (ਭਗਤ ਕਬੀਰ/੪੭੭)

ਧਾਰਮਿਕ ਕਰਮਾਂ ਅਤੇ ਚਿੰਨ੍ਹਾਂ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਛੁਪਿਆ ਰਹਿੰਦਾ ਹੈ। ਜਿਹੜਾ ਕਿ ਸਮਾਂ ਪਾ ਕੇ ਸਾਡੀ ਬੇਧਿਆਨੀ ਜਾਂ ਅਗਿਆਨਤਾ ਕਰ ਕੇ ਹੋਲੀ-ਹੋਲੀ ਗ਼ਾਇਬ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਧਰਮ ਕੋਲ ਸਿਰਫ਼ ਵਿਰਾਸਤ ਦੇ ਰੂਪ ਵਿੱਚ ਅਰਥ ਵਿਹੂਣੇ ਚਿੰਨ੍ਹ ਹੀ ਬਚਦੇ ਹਨ।

ਜਿਵੇਂ ਹਿੰਦੂ ਧਰਮ ਦੀਆਂ ਸਾਖੀਆਂ ਜਾਂ ਘਟਨਾਵਾਂ ਅੱਜ ਮਿਥਿਹਾਸ ਤੋਂ ਵੱਧ ਕੇ ਕੁੱਝ ਵੀ ਨਹੀਂ ਰਹਿ ਗਈਆਂ ਜਦਕਿ ਹਿੰਦੂ ਧਰਮ ਦੇ ਵਿਦਵਾਨਾਂ ਦਾ ਇਨ੍ਹਾਂ ਮਿਥਿਹਾਸਿਕ ਘਟਨਾਵਾਂ ਬਾਰੇ ਜਾਂ ਵੇਦਾਂ, ਸ਼ਾਸਤਰਾਂ ਬਾਰੇ ਵਿਚਾਰ ਹੀ ਅਲੱਗ ਹਨ। ਉਹ ਵੇਦਾਂ ਨੂੰ ਰਿਸ਼ੀ ਅਤੇ ਮੁਨੀਆਂ ਦਾ ਅਧਿਆਤਮਕ ਅਨੁਭਵ ਮੰਨਦੇ ਹਨ।

ਇਸੇ ਤਰ੍ਹਾਂ ਮੁਸਲਮਾਨ ਧਰਮ ਦੀ ਹੋਂਦ ਵੀ ਬੁੱਤ-ਪ੍ਰਸਤੀ ਅਤੇ ਹੋਰ ਕਈ ਤਰ੍ਹਾਂ ਦੇ ਧਰਮਾਂ (ਯਹੂਦੀ, ਆਦਿ) ਵਿੱਚ ਆਈਆਂ ਕਮੀਆਂ ਕਰਕੇ ਹੋਈ ਹੈ। ਪਰ ਅੱਜ ਹਿੰਦੁਸਤਾਨ ਦੇ ਮੁਸਲਮਾਨ ‘ਕਬਰ’ ਦੇ ਰੂਪ ਵਿੱਚ ਬੁੱਤ-ਨੂੰ ਪੂਜਦੇ ਹਨ। ਅੱਜ ਉਹ ਵੀ ਬੁੱਤ ਪ੍ਰਸਤ ਹਨ।

ਜੇਕਰ ਸਿੱਖ ਧਰਮ ਦਾ ਜ਼ਿਕਰ ਕਰਾਂ ਤਾਂ ਇਤਿਹਾਸ ਅਤੇ ਗੁਰਬਾਣੀ ਦੀ ਮਹਾਨਤਾ ਤੋਂ ਕੌਣ ਜਾਣੂ ਨਹੀਂ ਹੈ ? ਪਰ ਵਰਤਮਾਨ ਵਿੱਚ ਸਿੱਖਾਂ ਕੋਲ ਵੀ ਮਹਾਨ ਮਾਣ-ਮੱਤਾ ਇਤਿਹਾਸ ਅਤੇ ਗੁਰ ਬਾਬੇ ਦੀ ਬਾਣੀ ਜ਼ਰੂਰ ਹੈ, ਪਰ ਬਾਕੀ ਦੋਹਾਂ ਦੀ ਤਰ੍ਹਾਂ ਇਹ ਵੀ ਸਮਾਂ ਪਾ ਕੇ ਅੰਦਰੋਂ ਖੋਖਲੇ ਹੁੰਦੇ ਜਾ ਰਹੇ ਹਨ, ਸਿੱਖਾਂ ਦੇ ਪੰਜ-ਕਕਾਰ ਵੀ ਕਿਤੇ ਮਹਿਜ਼ ਧਾਰਮਿਕ ਚਿੰਨ੍ਹ ਤੇ ਨਹੀਂ ਬਣਦੇ ਜਾ ਰਹੇ ? ਖ਼ੈਰ ਸਿੱਖਾਂ ਬਾਬਤ ਇਹ ਸਵਾਲ-ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ।

ਪਰ ਇਹ ਵੀ ਸੱਚ ਹੈ ਕਿ ਸਿੱਖ ਧਰਮ ਦਾ ਆਗਮਨ ਵੀ ਧਾਰਮਿਕ-ਕੁਰੀਤੀਆਂ ਦੇ ਵਿਰੋਧ ਵਿੱਚ ਹੀ ਸੀ। ਹੱਕ, ਸੱਚ, ਨਿਮਰਤਾ, ਪ੍ਰੇਮ, ਸਹਿਣਸ਼ੀਲਤਾ, ਸਬਰ, ਪਰਉਪਕਾਰ, ਥਾਂ-ਥਾਂ ’ਤੇ ਗੁਰਬਾਣੀ ਅਤੇ ਇਤਿਹਾਸ ਵਿੱਚ ਇਨ੍ਹਾਂ ਗੁਣਾਂ ਦਾ ਜ਼ਿਕਰ ਮਿਲਦਾ ਹੈ। ਪਰ ਸਿੱਖ ਅੱਜ ਇਨ੍ਹਾਂ ਤੋਂ ਕੋਹਾਂ ਦੂਰ ਜਾ ਚੁੱਕੇ ਹਨ ਜਿਹੜਾ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਆਦਿ ਵਰਗੇ ਯੋਧਿਆਂ ਕਰਕੇ ਜਾਣਿਆ ਜਾਂਦਾ ਸੀ ਮੈਂ ਸੁਣਿਆ ਅੱਜ-ਕੱਲ ਉਸ ਨੂੰ ਨਸ਼ਿਆਂ ਦਾ ਵਗਦਾ ਦਰਿਆ ਕਹਿੰਦੇ ਨੇ। ਕੁਝ ਇਸ ਦਾ ਕਾਰਨ ਸਿਆਸੀ ਅਤੇ ਹੋਰ ਧਰਮਾਂ ਦੇ ਕਾਰਕੁਨਾਂ ਦੀ ਸਾਜ਼ਿਸ਼ ਕਹਿਣਗੇ ਪਰ ਕੀ ਉਹ ਲੋਕ ਭੁੱਲ ਗਏ ਨੇ ਜ਼ਕਰੀਏ ਨੂੰ, ਮੀਰ ਮੰਨੂ, ਫਰਖਸ਼ੀਅਰ ਜਾਂ ਹੋਰ ਰਾਜਿਆਂ ਦੀ ਸਿਆਸਤ ਨੂੰ ? ਸਿੱਖੀ ਦਾ ਮਾਣ-ਮੱਤਾ ਇਤਿਹਾਸ ਉਨ੍ਹਾਂ ਦੇ ਸਿਆਸੀ ਦੌਰ ਦਾ ਹੈ। ਅੱਜ ਕੀ ਹੋਇਆ ਸਿੱਖਾਂ ਨੂੰ ?

ਅੱਜ ਵਿਰੋਧੀਆਂ ਤੋਂ ‘ਧਰਮ ਨੂੰ ਖ਼ਤਰਾ’ ਕਹਿ ਕੇ ਸਾਰੇ ਦੇ ਸਾਰੇ ਆਪਣੇ ਫ਼ਰਜ਼ਾਂ ਤੋਂ ਛੁਟਕਾਰਾ ਲੈ ਲੈਂਦੇ ਹਨ ਅਤੇ ਫ਼ਿਰਕਾ ਪ੍ਰਸਤੀ ਪੈਦਾ ਕਰਦੇ ਹਨ। ਹਾਂ ਜੇ ਸਮਝਣਾ ਹੈ ਤਾਂ ਇੰਝ ਸਮਝ ਸਕਦੇ ਹਾਂ ਕਿ ਅੱਜ ‘ਧਰਮ ਨੂੰ ਖ਼ਤਰਾ’ ਹੈ, ਪਰ ਫ਼ਿਰਕਾ-ਪ੍ਰਸ਼ਤੀ ਤੋਂ, ਖ਼ੁਦਗ਼ਰਜ਼ੀ ਤੋਂ, ਝੂਠ ਤੋਂ, ਗੰਦੀ ਸਿਆਸਤ ਤੋਂ, ਇਹੋ ਜਿਹੇ ਕਈ ਔਗੁਣ ਧਰਮ ਲਈ ਖ਼ਤਰਾ ਬਣਦੇ ਹਨ ਤੇ ਧਰਮ ਮਹਿਜ਼ ਫ਼ਿਰਕਾ ਬਣ ਕੇ ਰਹਿ ਜਾਂਦਾ ਹੈ। ਹੋ ਸਕਦਾ ਵਿਰੋਧੀਆਂ ਨਾਲ ਜਾਂ ਇਉਂ ਕਹਿ ਲਵੋ ਦੂਜੇ ਧਰਮ ਵਾਲਿਆਂ ਨਾਲ ਤੁਹਾਡੀ ਸਿਧਾਂਤਕ ਲੜਾਈ ਹੋਵੇ, ਪਰ ਇੱਕ ਗੱਲ ਚੇਤੇ ਰੱਖਿਓ ਧਰਮ ਦਾ ਵਜੂਦ ਗੁਣ ਹੁੰਦੇ ਹਨ, ਇਨ੍ਹਾਂ ਤੋਂ ਬਿਨਾਂ ਸਿਧਾਂਤ ਨਿਰੇ-ਪੁਰੇ ਖੋਖਲੇ ਰਹਿ ਜਾਂਦੇ ਹਨ। ਇਸ ਲਈ ਜੇਕਰ ਕੋਈ ਸਿਧਾਂਤਕ ਲੜਾਈ ਗੁਣਾਂ ਤੋਂ ਬਿਨਾਂ ਲੜਨ ਦੀ ਕੋਸ਼ਿਸ਼ ਕਰੇਗਾ ਉਸ ਦੀ ਹਾਰ ਨਿਸ਼ਚਿਤ ਹੈ।

ਸੋ ਇਸ ਲਈ ਧਰਮ ਨੂੰ ਖ਼ਤਰਾ ਅੱਜ ਸਾਡੇ ਤੋਂ ਹੈ, ਨਾ ਕਿ ਦੂਜਿਆਂ ਤੋਂ ਕਿਉਂਕਿ ਅਸੀਂ ਗੁਣ ਹੀਣੇ ਹੋ ਗਏ ਹਾਂ ਪੰਜ ਕਕਾਰਾਂ ਨੂੰ ਤੇ ਧਾਰਨ ਕੀਤਾ ਹੈ, ਪਰ ਇਨ੍ਹਾਂ ਦਾ ਮੰਤਵ ਨਹੀਂ ਸਮਝਿਆ, ਜੇ ਸਮਝਿਆ ਹੁੰਦਾ ਤਾਂ ਸ਼ਾਇਦ ਜਿਸ ਖ਼ਤਰੇ ਨੂੰ ਅਸੀਂ ਹੋਰਾਂ ਨਾਲ ਲੜ ਕੇ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਉਨ੍ਹਾਂ ਨੂੰ ਸੁਲਝਾਉਣ ਲਈ ਆਪਣੇ ਅੰਦਰ ਝਾਤੀ ਮਾਰਨ ਦੀ ਵੀ ਲੋੜ ਹੈ। ਇਸ ਤਰ੍ਹਾਂ ਨਾਲ ਅੱਧੇ ਤੋਂ ਵੱਧ ਖ਼ਤਰਾ ਟਲ਼ ਸਕਦਾ ਹੈ, ਬਾਕੀ ਦੂਜੇ ਧਰਮਾਂ ਨਾਲ ਸਿਧਾਂਤਕ ਵਿਚਾਰਾਂ ਦੀ ਸਾਂਝ ਪਾ ਕੇ ਕੋਸ਼ਿਸ਼ ਕਰੀਏ, ਧਰਮ ਨੂੰ ਫ਼ਿਰਕਾ ਨਾ ਬਣਨ ਦੇਈਏ ਕਿਉਂਕਿ ਫ਼ਿਰਕੇ ਅਕਸਰ ਯਾ ਤਾਂ ਅਲੋਪ ਹੋ ਜਾਂਦੇ ਹਨ ਜਾਂ ਫਿਰ ਮਹਿਜ਼ ਝਗੜੇ ਦਾ ਕਾਰਨ ਰਹਿ ਜਾਂਦੇ ਹਨ। ਮੁਸਲਮਾਨਾਂ ਅਤੇ ਹਿੰਦੂਆਂ ਦੀ ਲੜਾਈ ਸਾਡੇ ਸਾਹਮਣੇ ਹੈ।

‘‘ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ ਚਲੀਐ ॥

ਪਹਿਰੇ ਪਟੰਬਰ ਕਰਿ ਅਡੰਬਰ; ਆਪਣਾ ਪਿੜੁ ਮਲੀਐ ॥’’ (ਮ: ੧/੭੬੬) ਦੀ ਵਿਚਾਰ ਨੂੰ ਸਮਝੀਏ ਤਾਂ ਕਿ ਧਰਮ ਹੋਰ ਪ੍ਰਫੁਲਿਤ ਹੋ ਸਕੇ ਅਤੇ ਅਸੀਂ ਵੀ ਧਰਮ ਤੋਂ ਜੋ ਮਾਨਸਿਕ, ਅਧਿਆਤਮਕ, ਰੂਹਾਨੀ ਸ਼ਾਂਤੀ ਅਤੇ ਸਕੂਨ ਲੱਭਦੇ ਹਾਂ ਉਹ ਸਾਨੂੰ ਮਿਲ ਸਕੇ ਅਤੇ ਹੋਰਨਾਂ ਨੂੰ ਵੀ ਸਾਂਤੀ ਪ੍ਰਦਾਨ ਕਰ ਸਕੀਏ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਹੀਰ ਆਖਦੀ ਰਾਂਝਿਆ ਸੁਣ ਮੇਰੀ

0

(ਕਾਵਿ-ਵਿਅੰਗ)          

ਪੇਪਰ

ਹੀਰ ਆਖਦੀ ਰਾਂਝਿਆ ਸੁਣ ਮੇਰੀ, ਪੇਪਰ ਅੰਗਰੇਜ਼ੀ ਦਾ ਹੋਇਆ ਖ਼ਰਾਬ ਮੀਆਂ।

ਬਾਕੀ ਦਿਆਂ ਤੋਂ ਵੀ ਨਹੀਂ ਹੈ ਆਸ ਕੋਈ, ਦੇਖ ਲਿਆ ਲਗਾ ਕੇ ਹਿਸਾਬ ਮੀਆਂ।

ਐਮ. ਬੀ. ਡੀ. ’ਚ ਦੇਖਦੀ ਰਹੀ ਫ਼ਿਲਮਾਂ, ਦੇਖੀ ਖੋਲ੍ਹ ਕੇ ਨਹੀਂ ਕਦੇ ਕਿਤਾਬ ਮੀਆਂ।

ਵੱਲ ਖੇੜਿਆਂ ਦੇਣਗੇ ਤੋਰ ‘ਚੋਹਲਾ’, ਹੋਈ ਐਂਤਕੀ ਵੀ ਜੇ ਨਾ ਕਾਮਯਾਬ ਮੀਆਂ।

—–੦—–

(ਕਾਵਿ-ਵਿਅੰਗ)          

ਘਬਰਾਹਟ 

ਜਿਹੜਾ ਪੜ੍ਹਾਈ ਤੋਂ ਰਿਹਾ ਬੇਮੁੱਖ ਹੋ ਕੇ, ਵਿਚ ਪੇਪਰਾਂ ਹੋਣੀ ਘਬਰਾਹਟ ਉਸ ਨੂੰ।

ਪਾਈ ਨਾਲ ਕਿਤਾਬਾਂ ਨਾ ਸਾਂਝ ਜਿਸ ਨੇ, ਬਣੀ ਰਹੇਗੀ ਗਿਆਨ ਦੀ ਘਾਟ ਉਸ ਨੂੰ।

ਪੁੱਟਦਾ ਰਿਹਾ ਪਿਛਾਂਹ ਨੂੰ ਕਦਮ ਜਿਹੜਾ, ਔਖੀ ਹੋਵੇਗੀ ਮੁਕਾਵਣੀ ਵਾਟ ਉਸ ਨੂੰ।

ਇੱਧਰ ਉੱਧਰ ਨੂੰ ਝਾਕਦਾ ਫਿਰੇ ‘ਚੋਹਲਾ’, ਬੁਝੀ ਲੱਗਦੀ ਅਕਲ ਦੀ ਲਾਟ ਉਸ ਨੂੰ।

——੦——

-ਰਮੇਸ਼ ਬੱਗਾ ਚੋਹਲਾ (ਲੁਧਿਆਣਾ)-94631-32719

ਅੱਜ ਦੀਆਂ ਬੱਚੀਆਂ ਤੇ ਔਰਤਾਂ ਦੇ ਮਨਾਂ ਵਿਚ ਝਾਤ

0

Female Future

ਅੱਜ ਦੀਆਂ ਬੱਚੀਆਂ ਤੇ ਔਰਤਾਂ ਦੇ ਮਨਾਂ ਵਿਚ ਝਾਤ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਰੋਜ਼ ਚੈਕਅੱਪ ਕਰਵਾਉਣ ਆ ਰਹੇ ਬੱਚੇ ਮੇਰੇ ਲਈ ਇਕ ਵਧੀਆ ਸਰੋਤ ਹਨ – ਨਵੀਂ ਜਾਣਕਾਰੀ ਇੱਕਠੀ ਕਰਨ ਲਈ ! ਰੋਜ਼ ਦੋ ਸੌ ਦੇ ਕਰੀਬ ਵੱਖੋ ਵੱਖ ਉਮਰ ਦੇ ਬੱਚਿਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਏਨੀ ਜਾਣਕਾਰੀ ਵੱਧ ਜਾਂਦੀ ਹੈ ਕਿ ਪੁੱਛੋ ਨਾ ! ਉਨ੍ਹਾਂ ਦੀ ਸੋਚ ਵਿਚਲਾ ਅੰਤਰ, ਉਨ੍ਹਾਂ ਦੀਆਂ ਬਦਲਦੀਆਂ ਤਮੰਨਾਵਾਂ, ਤਾਂਘਾਂ ਤੇ ਉਨ੍ਹਾਂ ਨੂੰ ਪੂਰਾ ਕਰਨ ਦੇ ਤਰੀਕੇ, ਆਦਿ ਬਹੁਤ ਕੁੱਝ ਹੈ ਜੋ ਕਦੇ ਕਦੇ ਕੁੱਝ ਸੋਚਣ ਉੱਤੇ ਮਜਬੂਰ ਕਰਦੇ ਹਨ ਤੇ ਕਦੇ ਆਉਣ ਵਾਲੇ ਸਮੇਂ ਵਿਚ ਝਾਤ ਮਰਵਾ ਦਿੰਦੇ ਹਨ।

ਵਿਸ਼ਵ ਪੱਧਰ ਉੱਤੇ ਇਕ ਨਵਾਂ ਰੁਝਾਨ ਵੇਖਣ ਵਿਚ ਆ ਰਿਹਾ ਹੈ ਕਿ ਜਿਵੇਂ ਜਿਵੇਂ ਔਰਤਾਂ ਪੜ੍ਹ ਲਿਖ ਕੇ ਅਗਾਂਹ ਆ ਰਹੀਆਂ ਹਨ ਤੇ ਉੱਚੀਆਂ ਪਦਵੀਆਂ ਹਾਸਲ ਕਰ ਰਹੀਆਂ ਹਨ, ਉਨ੍ਹਾਂ ਦਾ ਘਰ ਵਸਾਉਣ ਦਾ ਸੁਫ਼ਨਾ ਪਹਿਲੇ ਨੰਬਰ ਤੋਂ ਤਿਲਕ ਕੇ ਹੇਠਾਂ ਜਾ ਚੁੱਕਿਆ ਹੈ।

ਕੌਤੂਹਲਵਸ਼ ਮੈਂ ਹਰ ਚੈਕਅੱਪ ਕਰਵਾਉਣ ਆਈ ਜਵਾਨ ਹੋ ਰਹੀ ਬੱਚੀ ਨੂੰ ਇੱਕੋ ਸਵਾਲ ਪੁੱਛਦੀ ਰਹੀ ਕਿ ਉਹ ਜ਼ਿੰਦਗੀ ਵਿਚ ਕੀ ਕਰਨਾ ਚਾਹੁੰਦੀ ਹੈ ਤੇ ਵਿਆਹ ਬਾਰੇ ਉਸ ਦੇ ਕੀ ਵਿਚਾਰ ਹਨ?

ਘਰੇਲੂ ਹਿੰਸਾ ਦੇ ਅੰਕੜੇ ਭਾਵੇਂ ਕੁੱਝ ਵੀ ਸਾਹਮਣੇ ਆ ਰਹੇ ਹੋਣ ਪਰ ਬਹੁ ਗਿਣਤੀ ਔਰਤਾਂ ਦੇ ਮਨਾਂ ਉੱਤੇ ਇਸ ਦੇ ਡੂੰਘੇ ਰਿਸਦੇ ਜ਼ਖ਼ਮ ਉਕਰੇ ਪਏ ਹਨ ਤੇ ਲਗਭਗ 90 ਪ੍ਰਤੀਸ਼ਤ ਔਰਤਾਂ ਇਸ ਕਿਸਮ ਦੀ ਹਿੰਸਾ ਦੀਆਂ ਕਦੇ ਨਾ ਕਦੇ ਸ਼ਿਕਾਰ ਜ਼ਰੂਰ ਹੋ ਚੁੱਕੀਆਂ ਹਨ ਤੇ ਕੁੱਝ ਰੁਜ਼ਾਨਾ ਇਸ ਨੂੰ ਸਹਿ ਰਹੀਆਂ ਹਨ। ਅਜਿਹੀਆਂ ਮਾਵਾਂ ਦੀਆਂ ਬੱਚੀਆਂ ਦਾ ਵਿਆਹ ਪ੍ਰਤੀ ਵਤੀਰਾ ਨਕਾਰਾਤਮਤਕ ਹੋਣਾ ਹੀ ਹੋਇਆ।

ਏਸੇ ਲਈ ਮੇਰੇ ਵਾਸਤੇ ਇਹ ਬਹੁਤੀ ਹੈਰਾਨੀ ਦੀ ਗੱਲ ਨਹੀਂ ਸੀ ਕਿ ਛੇ ਮਹੀਨੇ ਦੀ ਇਸ ਪੁੱਛ ਗਿੱਛ ਦੌਰਾਨ ਕਿਸੇ ਵੀ ਬੱਚੀ ਨੇ ਮੈਨੂੰ ਵਿਆਹ ਪ੍ਰਤੀ ਖਿੱਚ ਨਹੀਂ ਵਿਖਾਈ। ਵਿਆਹ ਕਰਨ ਤੋਂ ਪਹਿਲਾਂ ਕੋਈ ਪੜ੍ਹ ਲਿਖ ਕੇ ਡਾਕਟਰ, ਕੋਈ ਨਰਸ, ਕੋਈ ਇੰਜੀਨੀਅਰ, ਕੋਈ ਟੀਚਰ, ਕੋਈ ਤੈਰਾਕ, ਕੋਈ ਬੈਡਮਿੰਟਨ ਪਲੇਅਰ ਬਣਨਾ ਚਾਹੁੰਦੀ ਸੀ, ਕੋਈ ਫੌਜ ਵਿਚ ਜਾਣਾ ਚਾਹੁੰਦੀ ਸੀ ਤੇ ਕੋਈ ਪਾਇਲਟ ਬਣਨ ਦੀ ਸ਼ੌਕੀਨ ਸੀ।

ਮੈਂ ਇਹ ਜ਼ਰੂਰ ਦੱਸ ਦਿਆਂ ਕਿ ਰਾਜਿੰਦਰਾ ਹਸਪਤਾਲ ਲਿਆਉਣ ਵਾਲੀਆਂ ਜ਼ਿਆਦਾਤਰ ਬੱਚੀਆਂ ਪਿੰਡਾਂ ਦੀਆਂ ਹੁੰਦੀਆਂ ਹਨ, ਪਰ ਚੰਗੇ ਘਰਾਂ ਦੀਆਂ ਸ਼ਹਿਰੀ ਬੱਚੀਆਂ ਵੀ ਇਨ੍ਹਾਂ ਵਿਚ ਸ਼ਾਮਲ ਸਨ।

ਪਿੰਡ ਦੀਆਂ ਕੁੜੀਆਂ ਦੀ ਉੱਚੀ ਉਡਾਨ ਦੇ ਸੁਫ਼ਨੇ ਮੈਨੂੰ ਬਹੁਤ ਜ਼ਿਆਦਾ ਚੰਗੇ ਲੱਗੇ। ਸਾਰੀ ਉਮਰ ਝਿੜਕਾਂ ਖਾ ਖਾ ਕੇ ਚੁੱਲੇ ਵਿਚ ਵੜ੍ਹ ਕੇ, ਇਕ ਬੰਧੂਆ ਮਜ਼ਦੂਰ ਦੀ ਜ਼ਿੰਦਗੀ ਬਿਤਾ ਦੇਣ ਨਾਲੋਂ ਪੜ੍ਹ ਲਿਖ ਕੇ ਆਪਣੀ ਬਣਦੀ ਇੱਜ਼ਤ ਹਾਸਲ ਕਰਨ ਦੀ ਚਾਹ !

ਇਨ੍ਹਾਂ ਬੱਚੀਆਂ ਵਿੱਚੋਂ ਕਈਆਂ ਦੀਆਂ ਮਾਵਾਂ ਵੀ ਆਪਣੀਆਂ ਬੱਚੀਆਂ ਦੀ ਸੋਚ ਦੀ ਸਹਿਮਤੀ ਭਰ ਰਹੀਆਂ ਸਨ।

ਮਨੋਵਿਗਿਆਨੀਆਂ ਅਨੁਸਾਰ ਜਿਸ ਤਰ੍ਹਾਂ ਇਨਸਾਨੀ ਮਨ; ਦੋਸਤੀਆਂ ਭਾਲਦਾ ਹੈ ਤੇ ਆਪਣੇ ਬਾਰੇ ਹਮੇਸ਼ਾ ਚੰਗਾ ਸੁਣਨਾ ਲੋਚਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ; ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਉਤਾਂਹ ਉਡਾਰੀ ਮਾਰਨ ਨੂੰ ਵੀ ਤਰਲੋਮੱਛੀ ਹੁੰਦਾ ਰਹਿੰਦਾ ਹੈ।

ਇਹ ਬਦਲਾਓ, ਉਸੇ ਦੂਜੀ ਤਰ੍ਹਾਂ ਦੀ ਸੋਚ ਅਨੁਸਾਰ ਹੀ ਦਿਸਣ ਲੱਗਿਆ ਹੈ। ਹੁਣ ਤਕ ਦੇ ਇਤਿਹਾਸ ਵਿਚ ਝਾਤ ਮਾਰੀਏ ਤਾਂ ਹਮੇਸ਼ਾ ਮਰਦ ਹੀ ਇਸ ਪਾਸੇ ਵੱਲ ਤੁਰਦਾ ਰਿਹਾ ਹੈ। ਰਿਸ਼ੀਆਂ, ਮੁਨੀਆਂ, ਗੁਰੂਆਂ, ਪੀਰਾਂ, ਪੈਗੰਬਰਾਂ, ਵੱਡੇ ਦਾਨੀਆਂ, ਮਹਾਂਪੁਰਖਾਂ ਵਿੱਚੋਂ ਕਈ ਵਿਆਹ ਕਰਵਾ ਕੇ ਤੇ ਕਈ ਵਿਆਹ ਕਰਵਾਏ ਬਗ਼ੈਰ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪਹਿਲ ਦੇ ਕੇ ਘਰ ਬਾਰ ਸਾਂਭਣ ਤੇ ਬੱਚੇ ਪਾਲਣ ਦੀ ਜ਼ਿੰਮੇਵਾਰੀ ਵਹੁਟੀ ਉੱਤੇ ਛੱਡ ਕੇ ਜਾਂ ਮਾਪਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਆਪੋ ਆਪਣਾ ਮਕਸਦ ਹਾਸਲ ਕਰਦੇ ਰਹੇ ਹਨ ਤੇ ਸਦੀਆਂ ਤਕ ਲਈ ਆਪਣੇ ਨਾਮ ਦੀ ਛਾਪ ਬਣਾ ਗਏ ਹੋਏ ਹਨ।

ਔਰਤ ਨੂੰ ਇਹ ਗੁਰ ਕੁੱਝ ਦੇਰ ਬਾਅਦ ਸਮਝ ਆਈ ਹੈ ਕਿ ਸਿਰਫ ਘਰ ਬਾਰ ਦੀ ਜ਼ਿੰਮੇਵਾਰੀ ਤੱਕ ਹੀ ਜ਼ਿੰਦਗੀ ਸੀਮਤ ਨਹੀਂ ਹੁੰਦੀ ਬਲਕਿ ਇਸ ਇੱਕੋ ਬੇਸ਼ਕੀਮਤੀ ਇਨਸਾਨੀ ਜੂਨ ਨੂੰ ਰੱਜ ਕੇ ਜੀਣ ਤੇ ਕੁੱਝ ਹਾਸਲ ਕਰਨ ਲਈ ਵੀ ਵਰਤਣਾ ਚਾਹੀਦਾ ਹੈ।

ਜ਼ਰੂਰੀ ਗੱਲ ਇਹ ਹੈ ਕਿ ਵਿਆਹ ਦੀ ਜ਼ਿੰਮੇਵਾਰੀ ਛੱਡ ਕੇ, ਭਾਵੇਂ ਮੁੰਡਾ ਹੋਵੇ ਜਾਂ ਕੁੜੀ, ਜਿਸਮਾਨੀ ਤਾਂਘਾਂ ਨੂੰ ਛਿੱਕੇ ਨਹੀਂ ਟੰਗ ਸਕੇ। ਇਸੇ ਲਈ ਵਿਆਹ ਦੀ ਜ਼ਿੰਮੇਵਾਰੀ ਤੋਂ ਮੁਕਤ ਰਹਿਣ ਦੇ ਬਾਵਜੂਦ ‘ਲਿਵ-ਇਨ ਰਿਲੇਸ਼ਨਸ਼ਿਪ’ ਯਾਨੀ ਬਿਨਾਂ ਵਿਆਹ ਕੀਤੇ ਇੱਕਠੇ ਰਹਿਣ ਦਾ ਰੁਝਾਨ ਵਧਣ ਲੱਗ ਪਿਆ ਹੈ। ਇਸ ਵਿਚ ਦੋਵੇਂ ਧਿਰਾਂ ਆਪੋ ਆਪਣਾ ਮਕਸਦ ਪੂਰਾ ਕਰ ਕੇ ਆਪਣਾ ਨਾਂ ਚਮਕਾਉਂਦੀਆਂ ਰਹਿੰਦੀਆਂ ਹਨ। ਪਿੱਛੇ ਘਰ ਦੀ ਕੋਈ ਜ਼ਿੰਮੇਵਾਰੀ ਨਹੀਂ ! ਪਰ ਅਖ਼ੀਰ ਜਿਸਮਾਨੀ ਲੋੜਾਂ ਖ਼ਾਤਰ ਇਸ ਬੇਨਾਮ ਰਿਸ਼ਤੇ ਵਿਚ ਬੱਝ ਜਾਂਦੇ ਹਨ ਜਿਸ ਵਿਚ ਸੰਤਾਨ ਦਾ ਤਾਂ ਸਵਾਲ ਹੀ ਨਹੀਂ ਉਠਦਾ ਕਿਉਂਕਿ ਨਾ ਮਾਂ ਤੇ ਨਾ ਹੀ ਪਿਓ ਆਪਣਾ ਕੰਮਕਾਰ; ਉਨ੍ਹਾਂ ਨੂੰ ਪਾਲਣ ਪਿੱਛੇ ਤਿਆਗਣਾ ਚਾਹੁੰਦਾ ਹੈ। ਸੋ, ਇੰਜ ਹੀ ਅੱਧੀ ਜ਼ਿੰਦਗੀ ਟਪਾ ਲੈਂਦੇ ਹਨ ! ਕਈ ਸਾਰੀ ਉਮਰ ਕੁਆਰੇ ਹੀ ਲੰਘਾ ਦਿੰਦੇ ਹਨ।

ਔਸਤਨ ਕੁੜੀਆਂ ਦੀ ਵਿਆਹ ਦੀ ਉਮਰ ਸੰਨ 1981 ਵਿਚ ਵਧ ਕੇ 23 ਵਰ੍ਹੇ ਹੋ ਗਈ ਸੀ ਜੋ ਪਹਿਲਾਂ 16 ਜਾਂ 18 ਹੁੰਦੀ ਸੀ। ਸੰਨ 2012 ਵਿਚ ਇਹ ਔਸਤਨ ਉਮਰ 30 ਵਰ੍ਹੇ ਦੇ ਨੇੜੇ ਤੇੜੇ ਲੱਗ ਚੁੱਕੀ ਹੈ ਕਿਉਂਕਿ ਬਹੁ ਗਿਣਤੀ ਸ਼ਹਿਰੀ ਕੁੜੀਆਂ ਵਿਆਹ ਨੂੰ ਪਹਿਲ ਦੇਣੋਂ ਹਟ ਚੁੱਕੀਆਂ ਹਨ ਤੇ ਆਪਣੇ ਪੇਸ਼ੇ ਨੂੰ ਪਹਿਲ ਦੇਣ ਲੱਗ ਪਈਆਂ ਹਨ। ਇਹ ਅਸਰ ਦੁਨੀਆਂ ਦੇ ਲਗਭਗ ਹਰ ਹਿੱਸੇ ਵਿਚ ਵੇਖਣ ਨੂੰ ਮਿਲ ਰਿਹਾ ਹੈ। ਕਿਸੇ ਮੁਲਕ ਵਿਚ ਕੁੱਝ ਘਟ ਤੇ ਕਿਤੇ ਵੱਧ !

ਮੈਡੀਕਲ ਕਾਨਫਰੰਸਾਂ ਵਿਚ ਜਾਂਦੇ ਹੋਏ ਕਈ ਚੋਟੀ ਦੀਆਂ ਦਿਲ ਦੀ ਸਰਜਰੀ ਕਰਨ ਵਾਲੀਆਂ ਤੇ ਜਿਗਰ ਸਪੈਸ਼ਲਿਸਟ ਔਰਤ ਡਾਕਟਰਾਂ ਨਾਲ ਮੁਲਾਕਾਤ ਹੁੰਦੀ ਰਹਿੰਦੀ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਵਿਸ਼ਵ ਪ੍ਰਸਿੱਧੀ ਹਾਸਲ ਕਰ ਚੁੱਕੀਆਂ ਹਨ ਤੇ ਕਈ ਡਾਕਟਰੀ ਕਿਤਾਬਾਂ ਵੀ ਲਿਖ ਚੁੱਕੀਆਂ ਹਨ, ਜੋ ਸਪੈਸ਼ਲਿਸਟ ਬਣਨ ਵਾਲੇ ਵਿਦਿਆਰਥੀ ਹੁਣ ਅੱਗੋਂ ਪੜ੍ਹ ਰਹੇ ਹਨ।

ਉਨ੍ਹਾਂ ਵਿੱਚੋਂ ਕੋਈ ਪੰਜਾਹ ਟੱਪ ਚੁੱਕੀ ਤੇ ਕੋਈ ਸੱਠ ਸਾਲ ਦੀ ਉਮਰ ਤੇ ਕੋਈ 70 ਸਾਲਾਂ ਤੋਂ ਵੀ ਉੱਪਰ ਦੀ ਹੈ, ਪਰ ਹਨ ਸਾਰੀਆਂ ਚੁਸਤ-ਦਰੁਸਤ ਤੇ ਸਿਹਤਮੰਦ। ਬਾਕੀ ਮਰਦ ਡਾਕਟਰਾਂ ਨਾਲ ਬਹਿ ਕੇ ਇੱਕ ਦੋ ਪੈੱਗ ਸ਼ਰਾਬ ਦੇ ਪੀ ਲੈਣੇ ਵੀ ਉਨ੍ਹਾਂ ਲਈ ਆਮ ਜਿਹੀ ਗੱਲ ਹੈ। ਉਨ੍ਹਾਂ ਵਿੱਚੋਂ ਇਕ ਵੀ ਵਿਆਹੀ ਨਹੀਂ ਹੋਈ ਤੇ ਸਭ ਆਪੋ ਆਪਣੀ ਜ਼ਿੰਦਗੀ ਨੂੰ ਭਰਪੂਰ ਜੀਅ ਰਹੀਆਂ ਹਨ ਤੇ ਖ਼ੁਸ਼ ਹਨ।

ਕਾਨਫਰੰਸ ਤੋਂ ਬਾਅਦ ਦੇ ਰਾਤ ਦੇ ਖਾਣੇ ਦੌਰਾਨ ਉਨ੍ਹਾਂ ਵਿੱਚੋਂ ਇਕ ਨਾਲ ਮੇਰੀ ਗੱਲਬਾਤ ਹੋਈ ਤਾਂ ਉਸ ਆਪਣਾ ਦਿਲ ਫਰੋਲਿਆ ‘‘ਜਦੋਂ ਮੈਂ ਜਵਾਨ ਸੀ ਤਾਂ ਉਦੋਂ ਵਿਆਹ ਇਕ ਜ਼ਰੂਰੀ ਬੰਧਨ ਮੰਨਿਆ ਜਾਂਦਾ ਸੀ, ਪਰ ਮੈਂ ਇਸ ਦਾ ਪੂਰਾ ਡਟ ਕੇ ਵਿਰੋਧ ਕੀਤਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਇਕ ਮਕਸਦ ਦਿੱਤਾ ਹੋਇਆ ਹੈ ਤੇ ਮੈਂ ਇਸ ਜ਼ਿੰਮੇਵਾਰੀ ਨੂੰ ਨਹੀਂ ਚੁੱਕਣਾ। ਹੁਣ ਤੱਕ ਮੈਂ 10, 000 ਤੋਂ ਵੱਧ ਦਿਲ ਦੇ ਅਪਰੇਸ਼ਨ ਕਰ ਚੁੱਕੀ ਹੋਈ ਹਾਂ ਤੇ ਸਫਲ ਡਾਕਟਰ ਵਜੋਂ ਵਿਦੇਸ਼ਾਂ ਵਿਚ ਵੀ ਜਾਣੀ ਜਾਂਦੀ ਹਾਂ, ਮੇਰੇ ਉੱਤੇ ਕੋਈ ਰੋਕਣ ਟੋਕਣ ਵਾਲਾ ਨਹੀਂ ਭਾਵੇਂ ਰਾਤ ਦੋ ਵਜੇ ਅਪਰੇਸ਼ਨ ਕਰ ਕੇ ਹਸਪਤਾਲੋਂ ਮੁੜਾਂ ਤੇ ਭਾਵੇਂ ਸਵੇਰੇ ਚਾਰ ਵਜੇ ! ਆਮ ਲੋਕਾਂ ਤੋਂ ਮੈਂ ਉਦੋਂ ਹੀ ਆਪਣੇ ਆਪ ਨੂੰ ਕਟ ਲਿਆ ਸੀ। ਉਨ੍ਹਾਂ ਦਾ ਕੰਮ ਹੁੰਦਾ ਹੈ ਵਿਹਲੇ ਬਹਿ ਕੇ ਦੂਜੇ ਵਿਚ ਨੁਕਸ ਕੱਢ ਕੇ ਆਪਣੇ ਦਿਲ ਦੀ ਭੜਾਸ ਕੱਢਦੇ ਰਹਿਣਾ। ਮੇਰੇ ਕੋਲ ਅਜਿਹਾ ਵਿਹਲਾ ਸਮਾਂ ਨਹੀਂ। ਮੈਂ ਤਾਂ ਆਪਣੀ ਜ਼ਿੰਦਗੀ ਦਾ ਹਰ ਪਲ ਦਿਲ ਦੇ ਰੋਗੀਆਂ ਤੇ ਨਵੀਆਂ ਖੋਜਾਂ ਵੱਲ ਲਾਇਆ ਹੋਇਆ ਹੈ ਤੇ ਭਰਪੂਰ ਅਨੰਦ ਮਾਣ ਰਹੀ ਹਾਂ।’’

ਇਹ ਦੱਸਣ ਵਿਚ ਮੈਨੂੰ ਸੰਕੋਚ ਨਹੀਂ ਕਿ ਕਿਸੇ ਅਮੀਰ ਆਦਮੀ ਦੇ ਘਰ ਜਾ ਕੇ ਚੈੱਕਅੱਪ ਕਰਨ ਦੀ ਉਸ ਦੀ ਫੀਸ ਹੀ 25, 000 ਰੁਪੀਏ ਹੈ। ਆਮ ਬੰਦਾ ਤਾਂ ਉਸ ਦੇ ਨੇੜੇ ਤੇੜੇ ਵੀ ਫਟਕ ਨਹੀਂ ਸਕਦਾ ! ਉਸ ਨੇ ਆਪਣਾ ਘੇਰਾ ਆਪਣੇ ਆਪ ਹੀ ਸੀਮਤ ਕਰ ਲਿਆ ਹੋਇਆ ਹੈ। ਅਤਿ ਦੇ ਅਮੀਰ ਭਾਰਤੀ ਵੀ ਉਸ ਨੂੰ ਆਪਣਾ ਜਹਾਜ਼ ਭੇਜ ਕੇ ਜਾਂ ਜ਼ਹਾਜ਼ ਦੀ ਟਿਕਟ ਭੇਜ ਕੇ ਚੈੱਕਅੱਪ ਕਰਨ ਲਈ ਬੁਲਵਾਉਂਦੇ ਹਨ। ਵਿਦੇਸ਼ਾਂ ਵਿਚ ਲੈਕਚਰ ਦੇਣ ਲਈ ਵੀ ਉਸ ਨੂੰ ਭਾਰੀ ਰਕਮ ਮਿਲਦੀ ਹੈ।

ਉਸ ਅਨੁਸਾਰ ਪੈਸਾ ਖਾਣ ਖਰਚਣ ਦੀ ਚੀਜ਼ ਹੈ। ਅੱਗੇ ਨਿਆਣਿਆਂ ਲਈ ਇੱਕਠੇ ਕਰਨ ਲਈ ਨਹੀਂ। ਜੋ ਬਾਕੀ ਮਰਨ ਬਾਅਦ ਰਹਿ ਗਿਆ ਉਹ ਪਹਿਲਾਂ ਹੀ ਦਾਨ ਕਰਨ ਲਈ ਕਹਿ ਚੁੱਕੀ ਹੋਈ ਹੈ।

ਇੰਜ ਹੀ ਉਹ ਬਥੇਰੀਆਂ ਔਰਤਾਂ ਜੋ ਉੱਚੇ ਅਹੁਦਿਆਂ ਉੱਤੇ ਬਹਿ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ ਜਾਂ ਉੱਚ ਪੱਧਰੀ ਇੰਜੀਨੀਅਰ ਹਨ, ਉਨ੍ਹਾਂ ਵਿੱਚੋਂ ਵੀ ਕਈ ਇੱਕਲਾ ਰਹਿਣਾ ਪਸੰਦ ਕਰ ਚੁੱਕੀਆਂ ਹਨ ਤੇ ਵਿਆਹ ਨਹੀਂ ਕਰਵਾਉਣਾ ਚਾਹੁੰਦੀਆਂ !

ਉਹ ਸਭ ਸੱਸ ਸਹੁਰਾ, ਬੱਚੇ, ਪਤੀ ਆਦਿ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਸਿਰਫ ਆਪਣੇ ਕੈਰੀਅਰ ਅਤੇ ਆਪਣੇ ਮਕਸਦ ਤਕ ਸੀਮਤ ਹੋ ਚੁੱਕੀਆਂ ਹਨ ਤੇ ਆਪਣਾ ਸਾਰਾ ਸਮਾਂ ਉਸੇ ਵੱਲ ਲਾ ਰਹੀਆਂ ਹਨ।

ਅਗਾਂਹਵਧੂ ਸੋਚ ਵਾਲੀਆਂ ਕਈ ਭਰ ਜਵਾਨ ਔਰਤਾਂ ਜਿਨ੍ਹਾਂ ਨੇ ਹਾਲੇ ਹੋਰ ਉਚਾਈਆਂ ਛੂਹਣੀਆਂ ਹਨ, ਪਤੀ ਦੇ ਹੁਕਮਾਂ ਤਹਿਤ ‘ਘਰ ਸਾਂਭਣ ਵਾਲੀ’ ਬਣ ਕੇ ਰਹਿਣ ਨੂੰ ਤਿਆਰ ਨਹੀਂ। ਕੁੱਝ ਤਾਂ ਪਹਿਲਾਂ ਹੀ ਸ਼ਰਤਾਂ ਤਹਿ ਕਰ ਲੈਂਦੀਆਂ ਹਨ ਕਿ ਉਨ੍ਹਾਂ ਨੇ ਵਿਆਹ ਤੋਂ ਬਾਅਦ ਛੇਤੀ ਬੱਚਾ ਵੀ ਨਹੀਂ ਕਰਨਾ ਤੇ ਨਾ ਹੀ ਆਪਣਾ ਕੰਮ ਛੱਡਣਾ ਹੈ।

ਅਜਿਹੀਆਂ ਕਈ ਜ਼ਿਆਦਾ ਪੜ੍ਹੀਆਂ ਲਿਖੀਆਂ ਤੇ ਨਾਮਣਾ ਖੱਟ ਚੁੱਕੀਆਂ 30 ਵਰ੍ਹਿਆਂ ਤੋਂ ਵੱਧ ਉਮਰ ਦੀਆਂ ਔਰਤਾਂ ਆਪਣੇ ਜਿੰਨਾ ਹੀ ਨਾਮਵਰ, ਪੈਸੇ ਵਾਲਾ ਤੇ ਹਮਉਮਰ ਸਾਥੀ ਦੀ ਭਾਲ ਕਰਦਿਆਂ ਕਈ ਵਾਰ ਸਾਰੀ ਉਮਰ ਅਣਵਿਆਹੀਆਂ ਰਹਿ ਜਾਂਦੀਆਂ ਹਨ ਤੇ ਕਈ ਵਾਰ ਵੱਡੀ ਉਮਰ ਦੇ ਦੁਹਾਜੂ ਨਾਲ ਮਜਬੂਰੀ ਵਿਚ ਵਿਆਹ ਕਰਵਾਉਂਦੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਕੁ ਵਿਆਹ ਹੀ ਸਫਲ ਹੁੰਦੇ ਹਨ, ਬਾਕੀ ਤਾਂ ਬਸ ਸਮਾਂ ਕੱਢਣ ਦੀ ਗੱਲ ਹੁੰਦੀ ਹੈ।

ਕੰਮ ਦਾ ਦਬਾਓ ਤੇ ਮਰਜ਼ੀ ਦੇ ਕੱਪੜੇ ਪਾਉਣ ਦੀ ਖੁੱਲ, ਦੇਰ ਰਾਤ ਤਕ ਬਿਨਾਂ ਰੋਕ ਟੋਕ ਕੰਮ ਕਰਨ ਦੀ ਹੋੜ ਤੇ ਅੱਧ ਰਾਤ ਵੀ ਆਪਣੀ ਮਰਜ਼ੀ ਨਾਲ ਕਲੱਬਾਂ ਵਿਚ ਨੱਚਣਾ ਵੀ ਕੁੱਝ ਕੁ ਕੰਮਕਾਜੀ ਔਰਤਾਂ ਨੂੰ ਵਿਆਹ ਤੋਂ ਪਰ੍ਹਾਂ ਧੱਕ ਰਿਹਾ ਹੈ।

ਮਤਲਬ ਇਹ ਹੋਇਆ ਕਿ ਸਿਰਫ ਕੰਮ ਦੀ ਪਹਿਲ ਸਦਕਾ ਹੀ ਨਹੀਂ ਬਲਕਿ ਆਪਣੇ ਢੰਗ ਨਾਲ, ਬਿਨਾਂ ਕਿਸੇ ਬੰਦਸ਼ ਦੇ ਆਪਣੀ ਜ਼ਿੰਦਗੀ ਜੀਊਣ ਲਈ ਵੀ ਬਥੇਰੀਆਂ ਕੁੜੀਆਂ ਵਿਆਹ ਨੂੰ ਪਹਿਲ ਦੇਣੋਂ ਹਟ ਰਹੀਆਂ ਹਨ ਤੇ ਵਿਆਹੁਤਾ ਜ਼ਿੰਦਗੀ ਵਿਚ ਘਰ ਅੰਦਰ ਤੜ ਕੇ ਨਹੀਂ ਰਹਿਣਾ ਚਾਹੁੰਦੀਆਂ ਤੇ ਨਾ ਹੀ ਮਰਦ ਨੂੰ ਉੱਚਾ ਹੱਥ ਰੱਖਣ ਦੇਣਾ ਚਾਹੁੰਦੀਆਂ ਹਨ।

ਕੁੱਝ ਚੋਟੀ ਦੀਆਂ ਅਣਵਿਆਹੀਆਂ ਔਰਤਾਂ ਆਪੋ ਆਪਣੀਆਂ ਕੰਪਨੀਆਂ ਵਿਚ ਹੇਠਾਂ ਕੰਮ ਕਰ ਰਹੇ ਮਰਦਾਂ ਉੱਤੇ ਹੁਕਮ ਚਲਾ ਕੇ ਵੀ ਖ਼ੁਸ਼ੀ ਮਹਿਸੂਸ ਕਰਦੀਆਂ ਹਨ।

ਕੁੱਝ ‘ਸਿੰਗਲ ਮਦਰ’ ਬਣ ਕੇ ਇਹ ਜਤਾਉਣ ਦੀ ਕੋਸ਼ਿਸ਼ ਕਰਦੀਆਂ ਹਨ ਕਿ ਔਰਤ; ਮਰਦ ਤੋਂ ਬਿਨਾਂ ਕਿਤੇ ਵੀ ਅਧੂਰੀ ਨਹੀਂ ਬਲਕਿ ਮਰਦ ਤੋਂ ਬਗ਼ੈਰ ਵੀ ਭਰਪੂਰ ਜ਼ਿੰਦਗੀ ਜੀਅ ਸਕਦੀ ਹੈ।

ਕਿਤੇ ਨਾ ਕਿਤੇ ਘਰੇਲੂ ਹਿੰਸਾ ਦੇ ਵਧਦੇ ਅੰਕੜੇ ਵੀ ਕੁੱਝ ਔਰਤਾਂ ਨੂੰ ਵਿਆਹ ਨਾ ਕਰਨ ਉੱਤੇ ਮਜਬੂਰ ਕਰ ਦਿੰਦੇ ਹਨ।

ਇਹ ਨਹੀਂ ਹੈ ਕਿ ਇੱਕਲੀਆਂ ਔਰਤਾਂ ਦੇ ਦਰਪੇਸ਼ ਕੋਈ ਔਕੜਾਂ ਨਹੀਂ ਆਉਂਦੀਆਂ ਪਰ ਉਹ ਹੌਲੀ ਹੌਲੀ ਉਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਸਿਖ ਰਹੀਆਂ ਹਨ ਤੇ ਬਹੁ ਗਿਣਤੀ ਪੂਰੀ ਤਾਕਤ ਨਾਲ ਉਨ੍ਹਾਂ ਨਾਲ ਜੂਝਦੀਆਂ ਵੀ ਹਨ ਤੇ ਅੰਤ ਸਮੇਂ ਤਕ ਹਾਰ ਵੀ ਨਹੀਂ ਮੰਨਦੀਆਂ।

ਇਹ ਨਵਾਂ ਵਧਦਾ ਜਾਂਦਾ ਰੁਝਾਨ ਤੇ ਛੋਟੀਆਂ ਬੱਚੀਆਂ ਦਾ ਆਪਣੇ ਕੈਰੀਅਰ ਨੂੰ ਸਥਾਪਤ ਕਰਨ ਨੂੰ ਪਹਿਲ ਦੇਣੀ, ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਸ਼ੁਰੂਆਤ ਤਾਂ ਚਿਰਾਂ ਤੋਂ ਹੋ ਚੁੱਕੀ ਤੇ ਔਰਤ ਸਫਲ ਸਾਬਤ ਵੀ ਹੋ ਚੁੱਕੀ ਹੈ।

ਇਸ ਦੇ ਨਾਲ ਨਾਲ ਇਕ ਹੋਰ ਗੱਲ ਧਿਆਨਯੋਗ ਹੈ, ਜੋ ਵੱਖ ਜ਼ਿਕਰ ਮੰਗਦੀ ਹੈ, ਉਹ ਹੈ: ‘ਲਿਵ ਇਨ ਰਿਲੇਸ਼ਨਸ਼ਿਪ’ ਦਾ ਆਮ ਹੋਣਾ। ਇਹ ਭਾਰਤੀ ਸੱਭਿਆਚਾਰ ਨੂੰ ਕਿਸ ਪਾਸੇ ਵੱਲ ਮੋੜ ਕੇ ਲੈ ਜਾਏਗਾ, ਇਸ ਵਿਚ ਕੋਈ ਲੁਕਾ ਨਹੀਂ। ਨਾਜਾਇਜ਼ ਔਲਾਦਾਂ ਦਾ ਅੱਗੋਂ ਕੀ ਕਰਨਾ ਹੈ, ਇਸ ਬਾਰੇ ਵੀ ਗ਼ੌਰ ਕਰਨਾ ਪਵੇਗਾ।

ਮੇਰਾ ਇਹ ਲੇਖ ਲਿਖਣ ਦਾ ਮਕਸਦ ਸੀ ਕਿ ਵਿਆਹ ਨੂੰ ਸਿਰਫ ਔਰਤ ਉੱਤੇ ਦਬਾਓ ਪਾਉਣ ਦਾ ਜ਼ਰੀਆ ਸਮਝਣਾ ਛੱਡ ਕੇ ਜੇ ਵੇਲੇ ਸਿਰ ਉਸ ਨੂੰ ਬਰਾਬਰੀ ਦਾ ਦਰਜਾ ਨਾ ਦਿੱਤਾ ਗਿਆ ਤੇ ਉਸ ਉੱਤੇ ਬੰਦਸ਼ਾਂ ਖ਼ਤਮ ਨਾ ਕੀਤੀਆਂ ਗਈਆਂ ਤਾਂ ਵਿਆਹ ਹੌਲੀ ਹੌਲੀ ਸਕੈਂਡੀਨੇਵੀਆ ਦੇਸ ਵਾਂਗ ਕਿਤੇ ਖ਼ਤਮ ਹੋਣ ਵੱਲ ਨੂੰ ਹੀ ਨਾ ਤੁਰ ਪੈਣ ਤੇ ਕਿਤੇ ਅੱਗੋਂ ਪੁਸ਼ਤ ਤੋਰਨ ਲਈ ਕੋਈ ਤਿਆਰ ਹੀ ਨਾ ਹੋਵੇ ! ਹਾਲੇ ਵੀ ਵੇਲਾ ਜੇ ਸੰਭਲ ਜਾਈਏ !

Page No 100-102 (Guru Garnth Sahib)

0

(ਪੰਨਾ ਨੰਬਰ 100-102)

ਮਾਝ, ਮਹਲਾ ੫ ॥

ਅੰਮ੍ਰਿਤ ਨਾਮੁ, ਸਦਾ ਨਿਰਮਲੀਆ ॥ ਸੁਖਦਾਈ, ਦੂਖ ਬਿਡਾਰਨ ਹਰੀਆ (ਭਾਵ ਹਰੀ)॥ ਅਵਰਿ ਸਾਦ, ਚਖਿ (ਕੇ) ਸਗਲੇ ਦੇਖੇ ; ਮਨ ! ਹਰਿ ਰਸੁ, ਸਭ ਤੇ ਮੀਠਾ ਜੀਉ ॥੧॥ ਜੋ ਜੋ ਪੀਵੈ, ਸੋ ਤ੍ਰਿਪਤਾਵੈ ॥ ਅਮਰੁ ਹੋਵੈ, ਜੋ ਨਾਮ (ਦਾ) ਰਸੁ ਪਾਵੈ ॥ ਨਾਮ ਨਿਧਾਨ ਤਿਸਹਿ (ਭਾਵ ਉਸ ਨੂੰ ਹੀ) ਪਰਾਪਤਿ; ਜਿਸੁ (ਦੇ) ਸਬਦੁ-ਗੁਰੂ, ਮਨਿ (’ਚ) ਵੂਠਾ ਜੀਉ ॥੨॥ ਜਿਨਿ (ਜਿਨ੍ਹ), ਹਰਿ ਰਸੁ ਪਾਇਆ, ਸੋ ਤ੍ਰਿਪਤਿ ਅਘਾਨਾ ॥ ਜਿਨਿ (ਜਿਨ੍ਹ), ਹਰਿ ਸਾਦੁ ਪਾਇਆ, ਸੋ ਨਾਹਿ (ਨਾਹਿਂ) ਡੁਲਾਨਾ ॥ ਤਿਸਹਿ (ਭਾਵ ਉਸ ਨੂੰ ਹੀ) ਪਰਾਪਤਿ ਹਰਿ ਹਰਿ ਨਾਮਾ ; ਜਿਸੁ ਮਸਤਕਿ (’ਤੇ) ਭਾਗੀਠਾ (ਭਾਵ ਚੰਗੇ ਭਾਗ) ਜੀਉ ॥੩॥ ਹਰਿ, ਇਕਸੁ ਹਥਿ (’ਚ) ਆਇਆ, ਵਰਸਾਣੇ (ਭਾਵ ਲਾਭ ਉਠਾਉਂਦੇ) ਬਹੁਤੇਰੇ ॥ ਤਿਸੁ ਲਗਿ (ਭਾਵ ਤਿਸੁ ਨਾਲਿ ਜੁੜ ਕੇ), ਮੁਕਤੁ ਭਏ ਘਣੇਰੇ ॥ ਨਾਮੁ ਨਿਧਾਨਾ ਗੁਰਮੁਖਿ (ਭਾਵ ਗੁਰੂ ਰਾਹੀਂ) ਪਾਈਐ ; ਕਹੁ (ਕਹ, ਹੁਕਮੀ ਭਵਿੱਖ ਕਾਲ ਕਿਰਿਆ) ਨਾਨਕ ! ਵਿਰਲੀ (ਵਿਰਲੀਂ) ਡੀਠਾ ਜੀਉ ॥੪॥੧੫॥੨੨॥

(ਨੋਟ: ਉਕਤ ਸ਼ਬਦ ਦੀ ਤੁਕ ਤਿਸਹਿ ਪਰਾਪਤਿ ਹਰਿ ਹਰਿ ਨਾਮਾ ਅਤੇ ਤਿਸੁ ਲਗਿ ਸੰਯੁਕਤ ਸ਼ਬਦਾਂ ’ਚ ਤਿਸ, ਤਿਸੁ ਦਾ ਸਰੂਪ ਵਿਚਾਰਨਯੋਗ ਹੈ। ਤਿਸੁ ਸ਼ਬਦ ਅਨ੍ਯ ਪੁਰਖ (ਤੀਜਾ ਪੁਰਖ) ਇੱਕ ਵਚਨ ਪੜਨਾਂਵ ਹੈ, ਜੋ ਅੰਤ ਔਂਕੜ ਹੋਣਾ ਚਾਹੀਏ ਪਰ ਤਿਸ+ਹਿ ’ਚ ਹਿ, ਜੋ ਹੀ (ਕਿਰਿਆ ਵਿਸ਼ੇਸ਼ਣ) ਹੈ, ਨੇ ਤਿਸੁ ਨੂੰ ਅੰਤ ਮੁਕਤ ਕਰ ਲਿਆ; ਜਿਵੇਂ ਕਿ ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ ॥ (ਮ: ੩/੨੭)

ਧਿਆਨ ਰਹੇ ਕਿ ਤਿਸੁ, ਜਿਸੁ, ਕਿਸੁ, ਇਸੁ, ਏਸੁ, ਉਸੁ, ਓਸੁ ਆਦਿ ਪੜਨਾਂਵਾਂ ਨੂੰ ਕੇਵਲ ਇੱਕ ਅੱਖਰ ਵਾਲ਼ੇ ਸੰਬੰਧਕੀ ਚਿੰਨ੍ਹ ਦਾ, ਦੇ, ਦੀ, ਕਾ, ਕੇ, ਕੀ, ਹੀ, ਤੇ ਜਾਂ ਕਉ ਹੀ ਪ੍ਰਗਟ ਰੂਪ ’ਚ ਦਰਜ ਹੋਣ ਉਪਰੰਤ ਅੰਤ ਮੁਕਤ ਕਰ ਸਕਦੇ ਹਨ, ਬਾਕੀ ਦੋ ਜਾਂ ਤਿੰਨ ਅੱਖਰਾਂ ਵਾਲ਼ੇ ਤਮਾਮ ਸੰਬੰਧਕੀ ਵਿਚਿ, ਨਾਲਿ, ਅੰਦਰਿ, ਉਪਰਿ ਆਦਿ ਇਨ੍ਹਾਂ ਨੂੰ ਪ੍ਰਗਟ ਜਾਂ ਲੁਪਤ ਰੂਪ ’ਚ ਅੰਤ ਮੁਕਤਾ ਨਹੀਂ ਕਰ ਸਕਦੇ; ਜਿਵੇਂ ‘‘ਸਾਥਿ ਤੇਰੈ ਚਲੈ ਨਾਹੀ; ਤਿਸੁ ਨਾਲਿ ਕਿਉ ਚਿਤੁ ਲਾਈਐ ?॥ (ਮ: ੩/੯੧੮), ਇਸ ਲਈ ‘ਤਿਸੁ ਲਗਿ’ ਦਾ ਅਰਥ ‘ਤਿਸ ਨਾਲ ਲੱਗ ਕੇ’ ਹੋਣ ਉਪਰੰਤ ਵੀ ‘ਤਿਸੁ’ ਅੰਤ ਮੁਕਤ ਨਹੀਂ ਹੋਇਆ।

ਗੁਰਬਾਣੀ ਲਿਖਤ ’ਚ ‘ਕਉ’ ਦਾ ਅਰਥ ‘ਨੂੰ’ (ਇੱਕ ਅੱਖਰ ਵਾਲ਼ਾ) ਹੋਣ ਕਾਰਨ ਹੀ ਇਸ ਉੱਤੇ ਇੱਕ ਅੱਖਰ ਵਾਲ਼ੇ ਤਮਾਮ ਨਿਯਮ ਲਾਗੂ ਹੁੰਦੇ ਹਨ।)

ਮਾਝ, ਮਹਲਾ ੫ ॥

ਨਿਧਿ ਸਿਧਿ ਰਿਧਿ, ਹਰਿ ਹਰਿ ਹਰਿ ਮੇਰੈ (ਭਾਵ ਮੇਰੇ ਲਈ, ਸੰਪਰਦਾਨ ਕਾਰਕ ਮੇਰੈ)॥ ਜਨਮੁ ਪਦਾਰਥੁ, ਗਹਿਰ ਗੰਭੀਰੈ (ਪ੍ਰਭੂ ਰਾਹੀਂ, ਗੰਭੀਰੈ ਕਰਣ ਕਾਰਕ)॥ ਲਾਖ ਕੋਟ ਖੁਸੀਆ (ਖ਼ੁਸ਼ੀਆਂ) ਰੰਗ ਰਾਵੈ ; ਜੋ, ਗੁਰ (ਦੀ) ਲਾਗਾ ਪਾਈ (ਪਾਈਂ) ਜੀਉ ॥੧॥ ਦਰਸਨੁ (ਦਰਸ਼ਨ) ਪੇਖਤ (ਭਾਵ ਵੇਖਦਿਆਂ, ਕਿਰਦੰਤ), ਭਏ ਪੁਨੀਤਾ ॥ ਸਗਲ ਉਧਾਰੇ, ਭਾਈ ਮੀਤਾ ॥ ਅਗਮ (ਅਗੰਮ) ਅਗੋਚਰੁ ਸੁਆਮੀ ਅਪੁਨਾ (‘ਪੁ’ ਔਂਕੜ ਉਚਾਰਨਾ ਜ਼ਰੂਰੀ); ਗੁਰ ਕਿਰਪਾ ਤੇ, ਸਚੁ ਧਿਆਈ (ਧਿਆਈਂ) ਜੀਉ ॥੨॥ ਜਾ ਕਉ ਖੋਜਹਿ (ਖੋਜਹਿਂ), ਸਰਬ ਉਪਾਏ (ਭਾਵ ਤਮਾਮ ਜੀਵ, ਪਰ)॥ ਵਡਭਾਗੀ (ਵਡਭਾਗੀਂ, ਭਾਵ ਚੰਗੇ ਭਾਗਾਂ ਨਾਲ਼)); ਦਰਸਨੁ (ਦਰਸ਼ਨ) ਕੋ ਵਿਰਲਾ ਪਾਏ ॥ ਊਚ ਅਪਾਰ ਅਗੋਚਰ ਥਾਨਾ; ਓਹੁ (ਓਹ, ਉੱਚਾ) ਮਹਲੁ, ਗੁਰੂ (ਨੇ) ਦੇਖਾਈ ਜੀਉ ॥੩॥ ਗਹਿਰ ਗੰਭੀਰ, ਅੰਮ੍ਰਿਤ ਨਾਮੁ ਤੇਰਾ ॥ ਮੁਕਤਿ ਭਇਆ, ਜਿਸੁ (ਦੇ) ਰਿਦੈ (’ਚ) ਵਸੇਰਾ (ਭਾਵ ਵਸਿਆ)॥ ਗੁਰਿ (ਨੇ), ਬੰਧਨ ਤਿਨ (ਤਿਨ੍ਹ) ਕੇ ਸਗਲੇ ਕਾਟੇ ; ਜਨ ਨਾਨਕ ! ਸਹਜਿ (’ਚ) ਸਮਾਈ ਜੀਉ ॥੪॥੧੬॥੨੩॥

ਮਾਝ, ਮਹਲਾ ੫ ॥

ਪ੍ਰਭ ਕਿਰਪਾ ਤੇ, ਹਰਿ ਹਰਿ ਧਿਆਵਉ (ਧਿਆਵੌਂ)॥ ਪ੍ਰਭੂ ਦਇਆ ਤੇ, ਮੰਗਲੁ ਗਾਵਉ (ਗਾਵੌਂ)॥ ਊਠਤ ਬੈਠਤ ਸੋਵਤ ਜਾਗਤ (ਚਾਰੋਂ ਸ਼ਬਦ ਕਿਰਦੰਤ, ਭਾਵ ਉੱਠਦਿਆਂ, ਬੈਠਦਿਆਂ, ਸੌਂਦਿਆਂ, ਜਾਗਦਿਆਂ); ਹਰਿ ਧਿਆਈਐ, ਸਗਲ ਅਵਰਦਾ (ਭਾਵ ਸਾਰੀ ਉਮਰ) ਜੀਉ ॥੧॥ ਨਾਮੁ ਅਉਖਧੁ, ਮੋ ਕਉ ਸਾਧੂ (ਨੇ) ਦੀਆ ॥ ਕਿਲਬਿਖ ਕਾਟੇ, ਨਿਰਮਲੁ ਥੀਆ ॥ ਅਨਦੁ ਭਇਆ, ਨਿਕਸੀ ਸਭ ਪੀਰਾ (ਭਾਵ ਦਰਦ, ਖਿੱਚ); ਸਗਲ ਬਿਨਾਸੇ ਦਰਦਾ ਜੀਉ ॥੨॥ ਜਿਸ ਕਾ ਅੰਗੁ ਕਰੇ, ਮੇਰਾ ਪਿਆਰਾ ॥ ਸੋ ਮੁਕਤਾ, ਸਾਗਰ ਸੰਸਾਰਾ ॥ ਸਤਿ ਕਰੇ (ਭਾਵ ਸੱਤ ਵਚਨ ਸਮਝ ਕੇ ਮੰਨੇ), ਜਿਨਿ (ਜਿਨ੍ਹ, ਨੇ) ਗੁਰੂ ਪਛਾਤਾ; ਸੋ, ਕਾਹੇ ਕਉ ਡਰਦਾ ਜੀਉ ? ॥੩॥ ਜਬ ਤੇ, ਸਾਧੂ ਸੰਗਤਿ ਪਾਏ ॥ ਗੁਰ ਭੇਟਤ (ਗੁਰੂ ਮਿਲਿਆਂ, ਕਿਰਦੰਤ ‘ਭੇਟਤ’), ਹਉ (ਹੌਂ ) ਗਈ ਬਲਾਏ ॥ ਸਾਸਿ ਸਾਸਿ (ਨਾਲ਼) ਹਰਿ ਗਾਵੈ ਨਾਨਕੁ; ਸਤਿਗੁਰਿ (ਨੇ) ਢਾਕਿ ਲੀਆ, ਮੇਰਾ ਪੜਦਾ ਜੀਉ ॥੪॥੧੭॥੨੪॥

ਮਾਝ, ਮਹਲਾ ੫ ॥

ਓਤਿ ਪੋਤਿ, ਸੇਵਕ ਸੰਗਿ ਰਾਤਾ ॥ ਪ੍ਰਭ ਪ੍ਰਤਿਪਾਲੇ, ਸੇਵਕ ਸੁਖਦਾਤਾ ॥ ਪਾਣੀ, ਪਖਾ (ਪੱਖਾ), ਪੀਸਉ (ਪੀਸਉਂ) ਸੇਵਕ ਕੈ (ਦਰ ’ਤੇ, ਕੈ ਅਪਾਦਾਨ ਕਾਰਕ); ਠਾਕੁਰ ਹੀ ਕਾ ਆਹਰੁ ਜੀਉ ॥੧॥ ਕਾਟਿ (ਕੇ) ਸਿਲਕ (ਭਾਵ ਫਾਹੀ); ਪ੍ਰਭਿ (ਨੇ) ਸੇਵਾ ਲਾਇਆ ॥ ਹੁਕਮੁ ਸਾਹਿਬ ਕਾ, ਸੇਵਕ (ਦੇ) ਮਨਿ (’ਚ) ਭਾਇਆ (ਭਾਵ ਪਸੰਦ)॥ ਸੋਈ ਕਮਾਵੈ, ਜੋ ਸਾਹਿਬ (ਲਈ, ਸੰਪਰਦਾਨ ਕਾਰਕ) ਭਾਵੈ ; ਸੇਵਕੁ, ਅੰਤਰਿ ਬਾਹਰਿ ਮਾਹਰੁ ਜੀਉ ॥੨॥ ਤੂੰ ਦਾਨਾ (ਭਾਵ ਸਿਆਣਾ) ਠਾਕੁਰੁ, ਸਭ ਬਿਧਿ ਜਾਨਹਿ (ਜਾਨਹਿਂ)॥ ਠਾਕੁਰ ਕੇ ਸੇਵਕ, ਹਰਿ ਰੰਗ ਮਾਣਹਿ (ਮਾਣਹਿਂ) ॥ ਜੋ ਕਿਛੁ ਠਾਕੁਰ ਕਾ, ਸੋ ਸੇਵਕ ਕਾ ; ਸੇਵਕੁ, ‘ਠਾਕੁਰ ਹੀ’ ਸੰਗਿ ਜਾਹਰੁ (ਜ਼ਾਹਰ) ਜੀਉ ॥੩॥ ਅਪੁਨੈ+ਠਾਕੁਰਿ (ਨੇ), ਜੋ ਪਹਿਰਾਇਆ ॥ ਬਹੁਰਿ (ਭਾਵ ਮੁੜ ਕੇ), ਨ ਲੇਖਾ ਪੁਛਿ (ਪੁੱਛ ਕੇ) ਬੁਲਾਇਆ ॥ ਤਿਸੁ ਸੇਵਕ ਕੈ (ਉੱਤੋਂ), ਨਾਨਕ ! ਕੁਰਬਾਣੀ ; ਸੋ ਗਹਿਰ ਗਭੀਰਾ ਗਉਹਰੁ (ਗੰਭੀਰ ਗੌਹਰ ਭਾਵ ਮੋਤੀ ਵਰਗਾ ਜੀਵਨ) ਜੀਉ ॥੪॥੧੮॥੨੫॥

ਮਾਝ, ਮਹਲਾ ੫ ॥

ਸਭ ਕਿਛੁ ਘਰ ਮਹਿ, ਬਾਹਰਿ ਨਾਹੀ (ਨਾਹੀਂ)॥ ਬਾਹਰਿ ਟੋਲੈ, ਸੋ ਭਰਮਿ (’ਚ) ਭੁਲਾਹੀ (ਭੁਲਾਹੀਂ, ਭਾਵ ਕੁਰਾਹੇ ਪਏ ਰਹਿੰਦੇ)॥ ਗੁਰ ਪਰਸਾਦੀ, ਜਿਨੀ (ਜਿਨ੍ਹੀਂ) ਅੰਤਰਿ ਪਾਇਆ; ਸੋ, ਅੰਤਰਿ ਬਾਹਰਿ ਸੁਹੇਲਾ ਜੀਉ ॥ ੧॥ ਝਿਮਿ ਝਿਮਿ ਵਰਸੈ, ਅੰਮ੍ਰਿਤ ਧਾਰਾ ॥ ਮਨੁ ਪੀਵੈ, ਸੁਨਿ (ਕੇ) ਸਬਦੁ ਬੀਚਾਰਾ ॥ ਅਨਦ ਬਿਨੋਦ ਕਰੇ ਦਿਨ ਰਾਤੀ (ਰਾਤੀਂ); ਸਦਾ ਸਦਾ ਹਰਿ ਕੇਲਾ ਜੀਉ ॥੨॥ ਜਨਮ ਜਨਮ ਕਾ ਵਿਛੁੜਿਆ, ਮਿਲਿਆ ॥ ਸਾਧ ਕਿ੍ਰਪਾ ਤੇ; ਸੂਕਾ, ਹਰਿਆ ॥ ਸੁਮਤਿ (ਸੁ+ਮਤਿ) ਪਾਏ, ਨਾਮੁ ਧਿਆਏ ; ਗੁਰਮੁਖਿ ਹੋਏ ਮੇਲਾ (ਮੇਲ਼ਾ) ਜੀਉ ॥੩॥ ਜਲ ਤਰੰਗੁ, ਜਿਉ (ਜਿਉਂ) ਜਲਹਿ (’ਚ) ਸਮਾਇਆ ॥ ਤਿਉ (ਤਿਉਂ), ਜੋਤੀ ਸੰਗਿ; ਜੋਤਿ ਮਿਲਾਇਆ ॥ ਕਹੁ (ਕਹ, ਹੁਕਮੀ ਭਵਿੱਖ ਕਾਲ ਕਿਰਿਆ) ਨਾਨਕ ! ਭ੍ਰਮ ਕਟੇ (ਕੱਟੇ) ਕਿਵਾੜਾ ; ਬਹੁੜਿ ਨ ਹੋਈਐ ਜਉਲਾ (ਜੌਲਾਂ, ਭਾਵ ਜੌਲਾਨ (ਫ਼ਾਰਸੀ) ਜਾਂ ਭਟਕਣਾ, ਮਾਯਾ ਬੰਧਨ) ਜੀਉ ॥੪॥੧੯॥੨੬॥

(ਨੋਟ: ਉਕਤ ਸ਼ਬਦ ’ਚ ਦਰਜ ਤੁਕ ‘‘ਅਨਦ ਬਿਨੋਦ ਕਰੇ ਦਿਨ ਰਾਤੀ (ਰਾਤੀਂ)..॥’’ ’ਚ ਦਰਜ ਰਾਤੀ ਨੂੰ ਅੰਤ ਬਿੰਦੀ ਤਾਂ ਲੱਗੀ ਕਿਉਂਕਿ ਦਿਨ (ਅੰਤ ਮੁਕਤਾ) ਬਹੁ ਵਚਨ ਹੈ, ਪਰ ਜਦ ਦਿਨੁ ਰਾਤੀ ਦਰਜ ਹੋਵੇ ਤਾਂ ਰਾਤੀ ਨੂੰ ਅੰਤ ਬਿੰਦੀ ਲਗਾਉਣਾ ਦਰੁਸਤ ਨਹੀਂ; ਜਿਵੇਂ ‘‘ਸਦਾ ਅਨੰਦਿ ਰਹੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਪਾਏ ॥’’ ਮ: ੩/੩੧)

ਮਾਝ, ਮਹਲਾ ੫ ॥

ਤਿਸੁ ਕੁਰਬਾਣੀ, ਜਿਨਿ (ਜਿਨ੍ਹ) ਤੂੰ ਸੁਣਿਆ ॥ ਤਿਸੁ ਬਲਿਹਾਰੀ, ਜਿਨਿ (ਜਿਨ੍ਹ) ਰਸਨਾ ਭਣਿਆ ॥ ਵਾਰਿ ਵਾਰਿ ਜਾਈ (ਜਾਈਂ) ਤਿਸੁ ਵਿਟਹੁ (ਵਿਟੋਂ); ਜੋ, ਮਨਿ+ਤਨਿ (’ਚੋਂ) ਤੁਧੁ ਆਰਾਧੇ ਜੀਉ ॥੧॥ ਤਿਸੁ ਚਰਣ ਪਖਾਲੀ (ਪਖਾਲੀਂ, ਧੋਵਾਂ), ਜੋ ਤੇਰੈ+ਮਾਰਗਿ (’ਤੇ) ਚਾਲੈ (ਚਾੱਲੈ)॥ ਨੈਨ ਨਿਹਾਲੀ (ਨਿਹਾਲੀਂ, ਵੇਖਦਾਂ), ਤਿਸੁ ਪੁਰਖ ਦਇਆਲੈ (ਨੂੰ, ਕਰਮ ਕਾਰਕ)॥ ਮਨੁ ਦੇਵਾ (ਦੇਵਾਂ), ਤਿਸੁ ਅਪੁਨੇ (‘ਪੁ’ ਔਂਕੜ ਉਚਾਰਨਾ ਜ਼ਰੂਰੀ) ਸਾਜਨ (ਲਈ, ਸੰਪਰਦਾਨ ਕਾਰਕ); ਜਿਨਿ (ਜਿਨ੍ਹ) ਗੁਰ ਮਿਲਿ, ਸੋ ਪ੍ਰਭੁ ਲਾਧੇ ਜੀਉ ॥੨॥ ਸੇ ਵਡਭਾਗੀ, ਜਿਨਿ (ਜਿਨ੍ਹ) ਤੁਮ ਜਾਣੇ ॥ ਸਭ ਕੈ ਮਧੇ (ਭਾਵ ਵਿੱਚ), ਅਲਿਪਤ (ਅ+ਲਿਪਤ) ਨਿਰਬਾਣੇ ॥ ਸਾਧ ਕੈ ਸੰਗਿ, ਉਨਿ (ਉਨ੍ਹ) ਭਉਜਲੁ ਤਰਿਆ; ਸਗਲ ਦੂਤ, ਉਨਿ (ਉਨ੍ਹ) ਸਾਧੇ ਜੀਉ ॥੩॥ ਤਿਨ ਕੀ ਸਰਣਿ (ਤਿਨ੍ਹ ਕੀ ਸ਼ਰਣ) ਪਰਿਆ, ਮਨੁ ਮੇਰਾ ॥ ਮਾਣੁ ਤਾਣੁ ਤਜਿ (ਕੇ), ਮੋਹੁ (ਮੋਹ) ਅੰਧੇਰਾ ॥ ਨਾਮੁ ਦਾਨੁ, ਦੀਜੈ ਨਾਨਕ ਕਉ ; ਤਿਸੁ ਪ੍ਰਭ ਅਗਮ (ਅਗੰਮ) ਅਗਾਧੇ ਜੀਉ ॥੪॥੨੦॥੨੭॥

(ਨੋਟ: ਉਕਤ ਸ਼ਬਦ ’ਚ ਦਰਜ ਤੁਕ ‘‘ਜਿਨਿ ਗੁਰ ਮਿਲਿ, ਸੋ ਪ੍ਰਭੁ ਲਾਧੇ ਜੀਉ ॥’’ ’ਚ ਦਰਜ ਗੁਰ ਮਿਲਿ ਸ਼ਬਦਾਂ ਦੇ ਅਰਥ ਜ਼ਿਆਦਾਤਰ ਬਣਦੇ ਹਨ: ‘ਗੁਰ ਦੇ ਮਿਲ਼ਨ ਨਾਲ਼’ ਜਦਕਿ ਗੁਰੁ ਮਿਲਿ ਦਾ ਅਰਥ ਬਣਦਾ ਹੈ: ‘ਗੁਰੂ ਨੂੰ ਮਿਲ ਕੇ ਭਾਵ ਗੁਰ ਮਿਲਿ ’ਚ ਗੁਰੂ; ਮਨੁੱਖ ਨੂੰ ਮਿਲਦਾ ਹੈ ਅਤੇ ਗੁਰੁ ਮਿਲਿ ’ਚ ਮਨੁੱਖ; ਗੁਰੂ ਨੂੰ ਮਿਲਦਾ ਹੈ।)

Most Viewed Posts