ਗੁਰਦੁਆਰਿਆਂ ਦੇ ਲੰਗਰਾਂ ਲਈ ਸਰਬਲੋਹ ਦੇ ਬਰਤਨਾਂ ਦਾ ਫੈਸਲਾ, ਸਰਬਲੋਹ ਗ੍ਰੰਥ ਨੂੰ ਪ੍ਰਚਾਰਣ ਦੀ ਇੱਕ ਸਾਜਿਸ਼: ਗਿ. ਜਾਚਕ
27 ਫ਼ਰਵਰੀ, ਕੋਟਕਪੂਰਾ (ਗੁਰਿੰਦਰ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਵੱਲੋਂ ਗੁਰਦੁਆਰਿਆਂ ਦੇ ਲੰਗਰਾਂ ਲਈ ਸਰਬਲੋਹ ਦੇ ਬਰਤਨ ਵਰਤਣ ਦਾ ਫੈਸਲਾ, ਜਿਥੇ ਗੁਰਮਤਿ ਦੀ ‘ਅਗਾਹਾਂ ਕੂ ਤ੍ਰਾਂਘ’ ਵਾਲੀ ਵਿਗਿਆਨਕ ਸੋਚ ਦੇ ਖ਼ਿਲਾਫ ਹੈ । ਉਥੇ, ਇਹ ਬਿਪਰਵਾਦੀ ਸੰਪਰਦਾਈਆਂ ਦੇ ਪ੍ਰਭਾਵ ਹੇਠ ਰਚੀ ਇੱਕ ਅਤਿਅੰਤ ਖ਼ਤਰਨਾਕ ਸਾਜਿਸ਼ ਵੀ ਹੈ ਕਿਉਂਕਿ, ਇਸ ਦਾ ਮੁੱਖ ਮਨੋਰਥ ਸਰਬਲੋਹ ਗ੍ਰੰਥ ਨੂੰ ਪ੍ਰਚਾਰਣਾ ਅਤੇ ਹੌਲੀ ਹੌਲੀ ਉਸ ਨੂੰ ਪੰਥਕ ਦ੍ਰਿਸ਼ਟੀ ਵਿੱਚ ਪ੍ਰਵਾਣ ਚੜ੍ਹਾਉਣਾ ਹੈ ਤਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਹਾਂਕਾਲੀ ਸਰਬਲੋਹ ਦੇਵਤੇ ਦਾ ਅਵਤਾਰ ਸਿੱਧ ਕਰਕੇ ਸਿੱਖੀ ਨੁੰ ਬ੍ਰਾਹਮਣੀ ਮੱਤ ਦੇ ਖਾਰੇ ਸਮੁੰਦਰ ਵਿੱਚ ਗਰਕ ਕੀਤਾ ਜਾ ਸਕੇ । ਇਹ ਲਫ਼ਜ਼ ਹਨ ਅੰਤਰਾਸ਼ਟਰੀ ਸਿੱਖ ਪ੍ਰਚਾਰਕ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜਿਹੜੇ ਉਨ੍ਹਾਂ ਇੱਕ ਲਿਖਤੀ ਪ੍ਰੈਸ ਨੋਟ ਰਾਹੀਂ ਕਹੇ ।
ਉਨ੍ਹਾਂ ਨੇ ਆਪਣੇ ਉਪਰੋਕਤ ਕਥਨ ਦੀ ਪ੍ਰੋੜਤਾ ਤੇ ਸਪਸ਼ਟਤਾ ਵਜੋਂ ਸੰਨ 1978 ਦੇ ਉਨ੍ਹਾਂ ਦਿਨਾਂ ਦੀ ਇੱਕ ਯਾਦ ਸਾਂਝੀ ਕੀਤੀ ਹੈ, ਜਦੋਂ ਤੇਜਾ ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ ਵਿਖੇ ਕੇਂਦਰੀ ਸਿੰਘ ਸਭਾ ਵੱਲੋਂ ਪਹਿਲਾ ਪਾਠ-ਬੋਧ ਸਮਾਗਮ ਹੋਇਆ । ਲਿਖਿਆ ਹੈ ਕੇ ਇਕ ਦਿਨ ਸੇਵੇਰੇ ਸਭਾ ਦੇ ਪ੍ਰਧਾਨ ਸ੍ਰ. ਹੁਕਮ ਸਿੰਘ, ਸਕਤਰ ਗਿ. ਗੁਰਦਿੱਤ ਸਿੰਘ ਅਤੇ ਦਾਸ (ਜਾਚਕ) ਦਰਸ਼ਨੀ ਡਿਓਢੀ ਵਾਲੇ ਦਫਤਰ ਵਿੱਚ ਸਿੰਘ ਸਾਹਿਬ ਗਿਆਨੀ ਕ੍ਰਿਪਾਲ ਸਿੰਘ ਜੀ ਪਾਸ ਬੈਠੇ ਸਾਂ । ਜਥੇਦਾਰ ਸ੍ਰ ਗੁਰਚਰਨ ਸਿੰਘ ਟੌਹੜਾ ਜੀ ਵੀ ਆ ਗਏ । ਉਨ੍ਹਾਂ ਨੇ ਸਿੰਘ ਸਾਹਿਬ ਜੀ ਨੂੰ ਸੰਬੋਧਤ ਹੋ ਕੇ ਆਖਿਆ ਕਿ ਸਰਬਲੋਹੀਏ ਨਿਹੰਗ ਸਿੰਘ ਤੇ ਕੁਝ ਹੋਰ ਜਥੇਬੰਦੀਆਂ ਜ਼ੋਰ ਪਾ ਰਹੀਆਂ ਹਨ ਕਿ ਲੰਗਰਾਂ ਵਿੱਚ ਸਟੀਲ ਦੇ ਬਰਤਨਾਂ ਦੀ ਥਾਂ ਸਰਬਲੋਹੀ ਬਰਤਨਾਂ ਦੀ ਮਰਯਾਦਾ ਚਾਲੂ ਕੀਤੀ ਜਾਵੇ” ।
ਸਿੰਘ ਸਾਹਿਬ ਜੀ ਨੇ ਸਮਝਾਇਆ ਕਿ ਸਰਬਲੋਹ ਗ੍ਰੰਥ ਵਾਲੇ ‘ਸਰਬਲੋਹ’ ਦੇਵਤੇ ਦੇ ਉਪਾਸ਼ਕਾਂ ਨੇ ਇਸ਼ਟ ਮੁਤਾਬਿਕ ਲੋਹੇ ਨੂੰ ਹੀ ਸਰਬਲੋਹ ਕਹਿਣਾ ਸ਼ੁਰੂ ਕਰ ਦਿੱਤਾ ਹੈ, ਵੈਸੇ ਇਹ ਕਿਸੇ ਧਾਤੂ ਦਾ ਨਾਂ ਨਹੀਂ । ਬਲਕਿ ‘ਸਰਬਲੋਹ’ ਦਾ ਸ਼ਬਦੀ ਅਰਥ ਹੈ ‘ਸਾਰਾ ਲੋਹਾ’ ਤੇ ਵਿਗਿਆਨਕ ਦ੍ਰਿਸ਼ਟੀ ਤੋਂ ਉਹ ਹੈ ਲੋਹੇ ਦਾ ਸ਼ੁਧ ਰੂਪ ਸਟੀਲ । ਇਹ ਸਰਬਲੋਹੀਏ ਤਾਂ ਕੱਚੇ ਲੋਹੇ ਨੂੰ ਹੀ ਸਰਬਲੋਹ ਕਹੀ ਜਾ ਰਹੇ ਹਨ, ਜਿਸ ਵਿੱਚ ਮਿੱਟੀ ਤੋਂ ਇਲਾਵਾ ਹੋਰ ਵੀ ਕਈ ਧਾਤਾਂ ਦਾ ਮਿਸ਼ਰਣ ਹੈ । ਇਹੀ ਕਾਰਨ ਹੈ ਕਿ ਸਟੀਲ ਦੇ ਬਰਤਨ ਤਾਂ ਸਾਬਣ ਆਦਿਕ ਨਾਲ ਧੋਤਿਆਂ ਵੀ ਸਾਫ ਹੋ ਜਾਂਦੇ ਹਨ। ਪਰ, ਕਥਿਤ ਸਰਬਲੋਹ ਦੇ ਬਰਤਨ ਗਿੱਲੇ ਰਹਿ ਜਾਣ ਤਾਂ ਰਾਤੋ ਰਾਤ ਜੰਗਾਲ ਲਗ ਜਾਂਦਾ ਹੈ । ਇਸੇ ਲਈ ਉਹ ਸਵਾਹ ਜਾਂ ਰੇਤ ਨਾਲ ਸੁਕਮਾਂਜ ਕਰਕੇ ਰੱਖਣੇ ਪੈਂਦੇ ਹਨ । ਪ੍ਰਧਾਨ ਜੀ ! ਲੰਗਰਾਂ ਵਿੱਚ ਇਤਨੀ ਮਿਹਨਤ ਕੌਣ ਕਰੇਗਾ ? ਦੂਜੀ ਗੱਲ ਸਰਬਲੋਹੀ ਬਰਤਨਾਂ ਵਿੱਚ ਬਣੀ ਦਾਲ ਸਬਜ਼ੀ ਵੀ ਸ਼ਹਿਰੀ ਸਿੱਖ ਸੰਗਤ ਨਹੀਂ ਛਕੇਗੀ ਕਿਉਂਕਿ ਉਹ ਕਾਲੀ ਹੋ ਜਾਂਦੀ ਹੈ । ਇਹ ਮਰਯਾਦਾ ਨਿਭਣੀ ਨਹੀਂ, ਖਜ਼ਾਨਾ ਅਜਾਈਂ ਨਾ ਗਵਾਇਓ ।
ਗਿਆਨੀ ਗੁਰਦਿੱਤ ਸਿੰਘ ਜੀ ਮੁਸਕ੍ਰਾਏ ਤੇ ਬੋਲੇ, “ਪ੍ਰਧਾਨ ਜੀ ! ਸਿੰਘ ਸਾਹਿਬ ਜੀ ਨੇ ਬਿਲੁਕਲ ਸਹੀ ਸਲਾਹ ਦਿੱਤੀ ਹੈ ਕਿਉਂਕਿ, ਕਿਤੇ ਐਸਾ ਨਾ ਹੋਵੇ ਕਿ ‘ਮਹਾਂਕਾਲੀ ਸਰਬਲੋਹ’ ਲੰਗਰਾਂ ਦੇ ਬਰਤਨਾਂ ਵਿੱਚ ਛੁਪ ਕੇ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਥਾਪਿਤ ਹੋ ਜਾਵੇ । ਪਹਿਲਾਂ ਹੀ ਦਸਮ ਗ੍ਰੰਥ ਸਾਡੇ ਗਲ਼ ਪੈ ਚੁਕਾ ਹੈ” । ਸਾਡੀ ਇਸ ਗਲਬਾਤ ਉਪਰੰਤ ਟੌਹੜਾ ਜੀ ਬੋਲੇ- ਬੱਸ ! ਹੁਣ ਇਸ ਮਸਲੇ ਨੂੰ ਇਥੇ ਹੀ ਦਬਾ ਦਿਓ । ਉਸ ਤੋਂ ਪਿੱਛੋਂ ਟੋਹੜਾ ਜੀ ਨੇ ਕਿਸੇ ਦੀ ਨਹੀਂ ਸੁਣੀ । ਉਮੀਦ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਅਹੁਦੇਦਾਰ ਉਪਰੋਕਤ ਗੱਲਬਾਤ ਨੂੰ ਪੜ੍ਹ ਕੇ ਸੁਚੇਤ ਹੋਣਗੇ ਅਤੇ ਆਪਣੇ ਸਰਬਲੋਹੀ ਫੈਸਲੇ ਨੂੰ ਮੁੜ ਵਿਚਾਰਨ ਲਈ ਗੁਰਮਤੀ ਵਿਦਵਾਨਾਂ ਦਾ ਸਹਿਯੋਗ ਲੈਣਗੇ ਤਾਂ ਕਿ ਬ੍ਰਾਹਮਣੀ ਸਾਜਿਸ਼ ਤੋਂ ਬਚ ਕੇ ਖ਼ਾਲਸਾ ਪੰਥ ਦੀ ਨਿਰਮਲਤਾ ਤੇ ਨਿਆਰੇਪਨ ਨੂੰ ਕਾਇਮ ਰੱਖਿਆ ਜਾ ਸਕੇ ।