‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 1)

0
1336

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ

(ਭਾਗ 1)

ਗਿਆਨੀ ਅਮਰੀਕ ਸਿੰਘ (ਚੰਡੀਗੜ੍ਹ)

ਮਨੁੱਖ ਜਦੋਂ ਧਰਤੀ ਦੇ ਤਖ਼ਤੇ ’ਤੇ ਆਇਆ ਤਾਂ ਇਸ ਨੂੰ ਮੌਸਮੀ ਤੇ ਹੋਰ ਕਈ ਤਰ੍ਹਾਂ ਦੀਆਂ ਆਫਤਾਂ ਨੇ ਆਪਣੇ ਤਨ ਨੂੰ ਢੱਕਣ ਲਈ ਮਜ਼ਬੂਰ ਕੀਤਾ। ਇਨ੍ਹਾਂ ਮਜ਼ਬੂਰੀਆਂ ਦਾ ਜਿਹੋ ਜਿਹਾ ਹੱਲ ਮਨੁੱਖ ਕੋਲ ਹੁੰਦਾ ਰਿਹਾ, ਇਹ ਉਹੋ ਜਿਹਾ ਹੀ ਹੱਲ ਕੱਢ ਕੇ ਆਪਣੇ ਵਕਤ ਨੂੰ ਲੰਘਾਉਂਦਾ ਗਿਆ। ਇਹ ਮਨੁੱਖ ਦੇ ਪਹਿਰਾਵੇ ਰਾਹੀਂ ਬਚਾਅ ਵਾਲਾ ਹੀ ਪੱਖ ਸੀ।

ਇਸ ਤੋਂ ਮਗਰੋਂ ਲੁਕਾਅ ਲਈ, ਪਹਿਰਾਵੇ ਦਾ ਦੂਜਾ ਪੱਖ ਆਇਆ। ਇਸ ਪੱਖ ਵਿੱਚ ਮਨੁੱਖ ਨੇ ਆਪਣੇ ਆਪ ਵਿੱਚ ਕੁਝ ਸ਼ਰਮ ਮਹਿਸੂਸ ਕਰਕੇ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ। ਮਨੁੱਖੀ ਇਤਿਹਾਸ ਵਿੱਚ ਪਹਿਲੇ ਪਹਿਰਾਵੇ ਦਾ ਜ਼ਿਕਰ ਇਸਾਈ ਧਰਮ ਨੇ ਹੇਠ ਲਿਖੇ ਅਨੁਸਾਰ ਕੀਤਾ ਹੈ।

ਪ੍ਰਮੇਸ਼ਰ ਨੇ ਸੱਤ ਦਿਨ ਵਿੱਚ ਧਰਤੀ ਅਤੇ ਅਕਾਸ਼ ਵਿਚਲੀਆਂ ਸਭ ਚੀਜ਼ਾਂ ਦੀ ਸਾਜਨਾ ਕੀਤੀ ਸੀ ਅਤੇ ਫਿਰ ਉਸ ਨੇ ਅਰਾਮ ਕੀਤਾ। ਯਾਹੋਵਾ, ਪ੍ਰਮੇਸ਼ਰ ਨੇ ਧਰਤੀ ਤੋਂ ਮਿੱਟੀ ਲਈ ਅਤੇ ਉਸ ਤੋਂ ਮਨੁੱਖ ਦੀ ਸਾਜਨਾ ਕੀਤੀ ਸੀ। ਰੱਬ ਨੇ ਇੱਕ ਬਾਗ ਲਾਇਆ ਅਤੇ ਉਸ ਵਿੱਚ ਮਨੁੱਖ ਨੂੰ ਰੱਖ ਦਿੱਤਾ ਸੀ। ਰੱਬ ਨੇ ਸੋਚਿਆ ਕਿ ਮੈਂ ਮਨੁੱਖ ਦਾ ਇੱਕ ਸਹਾਇਕ ਸਾਜਾਂਗਾ। ਇਸ ਲਈ ਉਸ ਨੇ ਮਨੁੱਖ ਨੂੰ ਬਹੁਤ ਗਹਿਰੀ ਨੀਂਦ ਸੁਆ ਦਿੱਤਾ ਅਤੇ ਉਸ ਦੇ ਸਰੀਰ ਵਿੱਚੋਂ ਇੱਕ ਪਸਲੀ ਲਈ ਉਸ ਨਾਲ ਔਰਤ ਦੀ ਸਾਜਨਾ ਕੀਤੀ। ਔਰਤ ਅਤੇ ਮਨੁੱਖ ਭਾਵੇਂ ਨੰਗੇ ਹੀ ਸਨ ਪਰ ਇਹ ਇੱਕ ਦੂਜੇ ਤੋਂ ਸ਼ਰਮਿੰਦੇ ਨਹੀਂ ਸਨ। ਰੱਬ ਨੇ ਇਸ ਔਰਤ ਅਤੇ ਬੰਦੇ ਨੂੰ ਇੱਕ ਹਦਾਇਤ ਕੀਤੀ ਸੀ ਕਿ ਸਾਰੇ ਬਾਗ ਵਿੱਚ ਜਿੱਥੇ ਮਰਜ਼ੀ ਵਿਚਰੋ ਅਤੇ ਜੋ ਮਰਜ਼ੀ ਖਾਵੋ ਪਰ ਇੱਕ ਫਲ ਦੱਸ ਕੇ ਕਿਹਾ ਕਿ ਇਸ ਨੂੰ ਕਦੇ ਵੀ ਨਹੀਂ ਖਾਣਾ। ਇਸ ਫਲ ਦੇ ਖਾਣ ਨਾਲ ਤੁਸੀਂ ਮਰ ਜਾਓਗੇ।

ਇੱਕ ਦਿਨ ਸੱਪ ਨੇ ਔਰਤ ਨੂੰ ਭਰਮਾ ਦਿੱਤਾ ਕਿ ਇਹ ਫਲ ਖਾਣ ਤੋਂ ਰੱਬ ਨੇ ਤਾਂ (ਇਸ ਲਈ) ਮਨ੍ਹਾ ਕੀਤਾ ਕਿ ਤੁਸੀਂ ਕਿੱਧਰੇ ਮੇਰੇ ਵਰਗੇ ਹੀ ਸਿਆਣੇ ਨਾ ਹੋ ਜਾਵੋ। ਇਨ੍ਹਾਂ ਗੱਲਾਂ ਤੋਂ ਪ੍ਰਭਾਵਤ ਹੋ ਕੇ ਔਰਤ ਨੇ ਉਹ ਫਲ ਆਪ ਵੀ ਖਾ ਲਿਆ ਅਤੇ ਆਪਣੇ ਨਾਲ ਮਨੁੱਖ ਨੂੰ ਵੀ ਦੇ ਦਿੱਤਾ। ਜਿਸ ਤੋਂ ਮਨੁੱਖ ਨੂੰ ਨੰਗੇ ਹੋਣ ਦਾ ਅਹਿਸਾਸ ਪੈਦਾ ਹੋਇਆ ਅਤੇ ਉਸ ਨੇ ਆਪਣੇ ਆਪ ਨੂੰ ਦਰਖਤਾਂ ਦੇ ਪੱਤਿਆਂ ਨਾਲ ਕੱਜ ਲਿਆ ਸੀ। ਇਸਾਈ ਧਰਮ ਅਨੁਸਾਰ ਇਸ ਕਰਮ ਦੀ ਸਜ਼ਾ ਦੇ ਕਾਰਨ ਮਨੁੱਖ ਨੂੰ ਰੱਬ ਨੇ ਸਵਰਗੀ ਬਾਗ ਵਿੱਚੋਂ ਕੱਢ ਕੇ ਧਰਤੀ ’ਤੇ ਭੇਜ ਦਿੱਤਾ।

(ਪਵਿੱਤਰ ਬਾਇਬਲ, ਪੰਜਾਬੀ, ਅਧਿਆਇ ਪਹਿਲਾ ਉਤਪਤੀ, ਪੰਨਾ ੩ ਪੁਰਾਣਾ ਨੇਮ)

ਪਹਿਰਾਵੇ ਦੇ ਤਿੰਨ ਪੜਾਅ ਸਨ। ਇੱਕ ਆਪਣੇ ਆਪ ਨੂੰ ਬਚਾਉਣ ਲਈ, ਦੂਜਾ ਪੜਾਅ ਸੀ ਆਪਣੇ ਆਪ ਨੂੰ ਲੁਕਾਉਣ ਲਈ, ਅਤੇ ਫਿਰ ਤੀਜਾ ਪੜਾਅ ਸ਼ੁਰੂ ਹੋਇਆ ਉਹ ਸੀ ਆਪਣੇ ਆਪ ਨੂੰ ਸਜਾਉਣ ਲਈ। ਇਸ ਦੌਰ ਵਿੱਚ ਮਨੁੱਖ ਨੇ ਬਹੁਤ ਤਰੱਕੀ ਕੀਤੀ। ਹਰੇਕ ਮਨੁੱਖ ਦਾ ਪਹਿਰਾਵਾ ਸਮਾਂ ਪਾ ਕੇ ਕਿਸੇ ਨਾ ਕਿਸੇ ਚੀਜ਼ ਦਾ ਪ੍ਰਤੀਕ ਵੀ ਬਣ ਗਿਆ। ਜਿਹੋ ਜਿਹਾ ਸਮਾਂ ਹੁੰਦਾ ਸੀ ਮਨੁੱਖ ਆਪਣੇ ਆਪ ਨੂੰ ਉਸੇ ਤਰ੍ਹਾਂ ਦਾ ਹੀ ਸ਼ਿੰਗਾਰ ਲੈਂਦਾ ਸੀ। ਜਿਹੜੇ ਲੋਕ ਦਿਮਾਗੀ ਤੌਰ ’ਤੇ ਬਹੁਤ ਅਕਲਾਂ ਵਾਲੇ ਸਨ, ਉਨ੍ਹਾਂ ਤੋਂ ਆਮ ਲੋਕੀਂ ਜੀਵਨ ਦੀ ਅਗਵਾਈ ਲੈਣ ਲੱਗ ਪਏ। ਇਹ ਸਿਆਣੇ ਲੋਕ ਸਿਆਣਪ ਦੇ ਚਿੰਨ੍ਹ ਵੱਜੋਂ ਆਪਣੇ ਸਿਰ ’ਤੇ ਵੀ ਇੱਕ ਕੱਪੜਾ ਬੰਨ੍ਹਣ ਲੱਗ ਪਏ। ਜਿਸ ਦਾ ਅਰਥ ਹੁੰਦਾ ਸੀ ਕਿ ਇਹ ਮਨੁੱਖ ਚੰਗੀ ਸੋਚ ਦਾ ਮਾਲਕ ਹੈ। ਬਸ, ਇੱਥੋਂ ਹੀ ਪੱਗ ਦੀ ਸ਼ੁਰੂਆਤ ਹੋਈ ਲੱਗਦੀ ਹੈ।

ਯਹੂਦੀ ਧਰਮ ਅਨੁਸਾਰ ਤਾਂ ਪੱਗ ਈਸਾ ਜੀ ਦੇ ਜਨਮ ਤੋਂ ਵੀ ਪਹਿਲਾਂ ਦੀ ਮੰਨੀ ਜਾਂਦੀ ਹੈ। ਜਦੋਂ ਯਾਹੋਵਾ ਨੇ ਮੂਸਾ ਨੂੰ ਕੁਝ ਗੱਲਾਂ ਸਮਝਾਈਆਂ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਇਹ ਗੱਲਾਂ ਲੋਕਾਂ ਨੂੰ ਕਿਵੇਂ ਸਮਝਾਵਾਂਗਾ। ਕਈ ਵਾਰੀ ਕਹਿਣ ਦੇ ਬਾਵਜੂਦ ਜਦੋਂ ਮੂਸਾ ਨਾ ਮੰਨਿਆ ਤਾਂ ਯਹੋਵਾ ਨੇ ਕਿਹਾ ਕਿ ਮੈਂ ਤੇਰੇ ਭਰਾ ਨੂੰ ਇਸ ਕੰਮ ਲਈ ਚੁਣਦਾ ਹਾਂ। ਹਾਰੂਨ ਮੂਸਾ ਦਾ ਭਰਾ ਸੀ। ਇਸ ਦੇ ਪੁੱਤਰ ਨਾਦਾਬ, ਅਬੀਹੂ, ਅਲਆਜਾਰ ਅਤੇ ਈਥਾਮਾਰ ਸਨ।

(ਬਾਈਬਲ ਪੰਜਾਬੀ ਕੂਚ ੨੭.੧੪-੨੮.੧੪ ਪੰਨਾ ੮੯)

ਹਾਰੂਨ ਲਈ ਖਾਸ ਕਿਸਮ ਦੇ ਕੱਪੜੇ ਬਣਾਏ ਗਏ ਸਨ। ਕੁਸ਼ਲ ਕਾਰੀਗਰਾਂ ਨੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਕੁਝ ਕੱਪੜੇ ਬਣਾਏ ਸਨ। ਬਾਰੀਕ ਲੀਨਨ ਦੀਆਂ ਦੋ ਕਮੀਜ਼ਾਂ ਸਨ ਅਤੇ ਇੱਕ ਇਨ੍ਹਾਂ ਵਿੱਚ ਪੱਗੜੀ (ਅਮਾਮਾ) ਸੀ।

(ਬਾਈਬਲ ਪੰਜਾਬੀ, ਕੂਚ, ੩੯-੧੨-੩੯ ਪੰਨਾ ੧੦੪)

ਚੀਨ ਵਿੱਚ ਈਸਾ ਜੀ ਦੇ ਜਨਮ ਤੋਂ ਇੱਕ ਸੌ ਚੁਰਾਸੀ ਸਾਲ ਪਹਿਲਾਂ ਇੱਕ ਵਿਦਰੋਹ ਹੋਇਆ ਸੀ। ਇਸ ਵਿਦਰੋਹ ਵਿੱਚ ਵਿਦਰੋਹਾਰੀਆਂ ਨੇ ਪੀਲੀਆਂ ਪੱਗਾਂ ਬੰਨੀਆਂ ਹੋਈਆਂ ਸਨ। ਇਸ ਕਰਕੇ ਇਨ੍ਹਾਂ ਨੂੰ ਪੀਲੀਆਂ ਪੱਗਾਂ ਵਾਲਾ ਵਿਦਰੋਹ ਕਿਹਾ ਜਾਂਦਾ ਹੈ।

(ਪ੍ਰੋ: ਆਸਾ ਸਿੰਘ ਘੁੰਮਣ, ਦਾਸਤਾਨੇ ਦਸਤਾਰ ਪੰਨਾ ੩੧)

ਏਸੀਆਈ ਮੁਲਕਾਂ ਵਿੱਚ ਵੀ ਪੱਗ ਬੰਨ੍ਹਣ ਦਾ ਰਿਵਾਜ਼ ਪੁਰਾਣਾ ਹੀ ਹੈ। ਅਜੰਤਾਂ ਦੀਆਂ ਗੁਫਾਫਾਂ ਵਿੱਚ ਵੀ ਕੁਝ ਅਜਿਹੀਆਂ ਮੂਰਤੀਆਂ ਹਨ ਜਿਨ੍ਹਾਂ ਦੇ ਸਿਰਾਂ ’ਤੇ ਪੱਗੜੀਆਂ ਬੰਨ੍ਹੀਆਂ ਹੋਈਆਂ ਹਨ।

(ਡਾ: ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵ ਕੋਸ਼ ਪੰਨਾ ੯੩੩)

ਇਸਲਾਮ ਧਰਮ ਦੀਆਂ ਹਦੀਸਾਂ ਵਿੱਚ ਵੀ ਪੱਗ ਦਾ ਕਾਫੀ ਜ਼ਿਕਰ ਹੈ। ਹਜ਼ਰਤ ਮੁਹੰਮਦ ਸਾਹਿਬ ਜੀ ਖੁਦ ਵੀ ਸਫੈਦ ਰੰਗ ਦੀ ਪੱਗ ਬੰਨਦੇ ਸਨ ਅਤੇ ਪੱਗਾਂ ਦਾ ਹੀ ਸੀਰੀਆ ਵਿੱਚ ਖੁਦ ਵਾਪਾਰ ਕਰਦੇ ਸਨ। (ਪ੍ਰੋ: ਆਸਾ ਸਿੰਘ ਘੁੰਮਣ, ਦਾਸਤਾਨੇ ਦਸਤਾਰ ਪੰਨਾ ੩੪)

ਇਸਲਾਮ ਵਿੱਚ ਹੀ ਇੱਕ ਦਰਵੇਸ਼ ਨਿਜ਼ਾਮੂਦੀਨ ਹੋਏ ਹਨ। ਇਨ੍ਹਾਂ ਦਾ ਘਰ ਦਾ ਨਾਮ ਸੱਯਦ ਮੁਹੰਮਦ ਸੀ। ਪੰਜ ਸਾਲ ਦੇ ਹੋਏ ਸਨ ਕਿ ਪਿਤਾ ਸੱਯਦ ਅਹਿਮਦ ਬੁਖਾਰੀ ਜੀ ਦਾ ਸਿਰ ਤੋਂ ਸਾਇਆ ਉੱਠ ਗਿਆ। ਕਮਾਈ ਦਾ ਹੋਰ ਕੋਈ ਸਾਧਨ ਨਹੀਂ ਸੀ। ਜਦੋਂ ਕਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਨਾ ਹੋਣਾ ਤਾਂ ਮਾਂ ਨੇ ਕਹਿਣਾ ਕਿ ਪੁੱਤਰ ਅੱਜ ਆਪਾਂ ਰੱਬ ਦੇ ਮਹਿਮਾਨ ਹਾਂ। ਨਿਜ਼ਾਮੂਦੀਨ ਜੀ ਲੋਕਾਂ ਦੇ ਪਸ਼ੂ ਚਾਰਨ ਲੱਗ ਪਏ। ਸ਼ਾਮ ਦਾ ਖਾਣਾ ਖਾ ਕੇ ਆਪਣੇ ਬਦਾਯੂੰ ਦੀ ਮਸਜਦ ਵਿੱਚ ਮੌਲਵੀ ਸਾਹਿਬ ਕੋਲ ਨਿਮਾਜ਼ ਪੜ੍ਹਨ ਚਲੇ ਜਾਣਾ। ਇੱਕ ਦਿਨ ਮਸਜਦ ਵਿੱਚ ਕਾਫੀ ਸਾਰੇ ਵਿਦਵਾਨ ਕਾਜ਼ੀ, ਮੌਲਵੀ ਆਦਿਕ ਆਏ ਹੋਏ ਸਨ। ਉਨ੍ਹਾਂ ਸਭ ਦੇ ਸਾਹਮਣੇ ਹੀ ਮੌਲਵੀ ਜਲਾਲੂਦੀਨ ਜੀ ਨੇ ਕਿਹਾ ਕਿ ਇਹ ਬੱਚਾ ਜੀਵਨ ਭਰ ਅੱਲ੍ਹਾ ਤਾਲ੍ਹਾ ਤੋਂ ਬਿਨਾਂ ਕਿਸੇ ਅੱਗੇ ਸਿਰ ਨਹੀਂ ਝੁਕਾਏਗਾ। ਮੈਂ ਇਸ ਨੂੰ ਹਰ ਰੋਜ਼ ਨਿਮਾਜ਼ ਪੜਾਉਂਦਿਆਂ ਇਹ ਗੱਲ ਸਮਝ ਲਈ ਹੈ। ਸਾਰੇ ਹੀ ਦਰਵੇਸ਼ਾਂ ਦੀ ਨਜ਼ਰ ਵੀ ਪਾਰਖੂ ਸੀ ਉਨ੍ਹਾਂ ਨੇ ਵੀ ਦੇਖ ਕੇ ਇੱਕ ਦਸਤਾਰ ਅਤੇ ਅਸੀਸ ਬਖ਼ਸ਼ਸ਼ ਕੀਤੀ ਸੀ। ਨਿਜ਼ਾਮੂਦੀਨ ਕੁਝ ਵੱਡੇ ਹੋਏ ਤਾਂ ਅਬੂ ਬਕਰ ਕਵਾਲ ਕੋਲੋਂ ਸ਼ੇਖ ਫਰੀਦ ਜੀ ਦਾ ਨਾਮ ਸੁਣਿਆ। ਮਨ ਵਿੱਚ ਵਿਚਾਰ ਬਣੀ ਕਿ ਸ਼ੇਖ ਫਰੀਦ ਜੀ ਨੂੰ ਮੁਰਸ਼ਿਦ ਧਾਰਨ ਕੀਤਾ ਜਾਵੇ ਪਰ ਅਬੂ ਬੱਕਰ ਨੇ ਕਹਿ ਦਿੱਤਾ ਕਿ ਇਤਨੇ ਵੱਡੇ ਮੁਰਸ਼ਿਦ ਕੋਲ ਜਾਣ ਲਈ ਪਹਿਲਾਂ ਤਿਆਰ ਤਾਂ ਹੋ ਜਾ। ਇਸ ਤਿਆਰੀ ਲਈ ਦਿੱਲੀ ਮੌਲਾਨਾ ਸ਼ਮਸੁਦੀਨ ਕੋਲ ਆ ਗਏ ਪਰ ਉਨ੍ਹਾਂ ਨੇ ਇਸ ਬੱਚੇ ਦੀ ਲਗਨ ਦੇਖ ਕੇ ਚਾਰ ਸਾਲ ਵਿੱਚ ਹੀ ਅਸ਼ੀਰਵਾਦ ਦੇ ਕੇ ਨਿਵਾਜ਼ਿਆ ਸੀ। ਇੱਥੋਂ ਪਾਕ ਪਟਨ ਸ਼ੇਖ ਫਰੀਦ ਜੀ ਕੋਲ ਚਲੇ ਗਏ। ਜਦੋਂ ਪਹਿਲੀ ਵਾਰੀ ਨਿਜ਼ਾਮੂਦੀਨ ਸ਼ੇਖ ਫਰੀਦ ਜੀ ਦੇ ਸਾਹਮਣੇ ਇੱਕ ਮੁਰੀਦ ਦੀ ਤਰ੍ਹਾਂ ਗਏ ਤਾਂ ਸ਼ੇਖ ਜੀ ਨੇ ਨਿਜ਼ਾਮੂਦੀਨ ਦੀ ਹਾਲਤ ਦੇਖ ਕੇ ਇਹ ਵਚਨ ਸੁਭਾਵਕ ਹੀ ਕਹਿ ਦਿੱਤਾ ਸੀ:

ਐ ਆਤਸ਼ੇ ਫਿਰਾਕਤ ਦਿਲਹਾ ਕਬਾਬ ਕਰਦਾ।

ਸੈਲਾਬ ਇ ਇਸ਼ਤਿਆਕਤ ਜਾਨਹ ਖਰਾਬ ਕਰਤਾ।

ਭਾਵ ਸੀ ਕਿ ਐ ਬਿਰਹਾ ਦੀ ਅੱਗ  ! ਤੂੰ ਦਿਲ ਕਬਾਬ ਕੀਤੇ ਹਨ। ਇਸ਼ਕ ਦੇ ਤੁਫਾਨ ਨੇ ਜ਼ਿੰਦਗੀਆਂ ਬਰਬਾਦ ਕੀਤੀਆਂ ਹਨ। ਸ਼ੇਖ ਫਰੀਦ ਜੀ ਨੇ ਕਿਹਾ ਕਿ ਮੈਨੂੰ ਆਸ ਸੀ ਤੂੰ ਆਵੇਂਗਾ ਇਸ ਲਈ ਜਾਹ, ਜਾ ਕੇ ਤਿਆਰੀ ਕਰਕੇ ਜੁੰਮੇ ਵਾਲੇ ਦਿਨ ਆ ਜਾਵੀਂ। ਨਿਜ਼ਾਮੂਦੀਨ ਨੇ ਬਾਕੀ ਸੇਵਾਦਾਰਾਂ ਕੋਲੋਂ ਪੁੱਛਿਆ ਕਿ ਇਹ ਤਿਆਰੀ ਦਾ ਭਾਵ ਕੀ ਹੈ ? ਸੇਵਾਦਾਰਾਂ ਨੇ ਕਿਹਾ ਕਿ ਤੁਸੀਂ ਸੁਭਾਗੇ ਹੋ ਤੁਹਾਨੂੰ ਸਿਲਸਲੇ ਵਿੱਚ ਸ਼ਾਮਲ ਕਰ ਲੈਣਾ ਹੈ ਇਸ ਲਈ ਇੱਕ ਪੱਗੜੀ ਤੇ ਕੁਝ ਮਿੱਠਾ ਲੈ ਕੇ ਆਉਣਾ। ਬਾਬਾ ਜੀ ਆਪਣੇ ਮੁਬਾਰਕ ਹੱਥਾਂ ਨਾਲ ਤੁਹਾਡੇ ਸਿਰ ’ਤੇ ਦਸਤਾਰ ਸਜਾਉਣਗੇ। ਘਰ ਵਿੱਚ ਨਾ ਤਾਂ ਦਸਤਾਰ ਹੀ ਸੀ ਅਤੇ ਨਾ ਹੀ ਦਸਤਾਰ ਖਰੀਦਣ ਜੋਗੇ ਪੈਸੇ ਹੀ ਸਨ। ਨਿਜ਼ਾਮੂਦੀਨ ਦੀ ਮਾਤਾ ਨੇ ਆਪਣੀਆਂ ਗੁਆਢਣਾਂ ਨੂੰ ਆਪੋ ਆਪਣਾ ਚਰਖਾ ਅਤੇ ਰੂੰ ਲੈ ਕੇ ਆਉਣ ਲਈ ਕਿਹਾ। ਸਾਰੀਆਂ ਗੁਆਢਣਾਂ ਨੇ ਆਪੋ ਆਪਣੇ ਘਰੋਂ ਰੂੰ ਲਿਆ ਕੇ ਆਪੋ ਆਪਣੇ ਚਰਖੇ ’ਤੇ ਰੂੰ ਕੱਤ ਕੇ ਇਹ ਸਾਰਾ ਸੂਤ ਕਿਸੇ ਜੁਲਾਹੇ ਕੋਲ ਲਿਜਾ ਕੇ ਮਿੰਨਤ ਕੀਤੀ ਕਿ ਵੀਰਾ  ! ਇਸ ਦਾ ਬਾਰੀਕ ਕੱਪੜਾ ਬੁਣ ਕੇ ਦਿਓ। ਇਸ ਤਰ੍ਹਾਂ ਨਿਜ਼ਾਮੂਦੀਨ ਨੇ ਦੋਵੇਂ ਚੀਜ਼ਾਂ ਲਿਆ ਕੇ ਸ਼ੇਖ ਫਰੀਦ ਜੀ ਦੇ ਚਰਨਾਂ ’ਤੇ ਰੱਖ ਦਿੱਤੀਆਂ ਸਨ। ਸ਼ੇਖ ਫਰੀਦ ਜੀ ਨੇ ਉਹ ਦਸਤਾਰ ਚੁੱਕੀ ਅਤੇ ਆਪਣੀਆਂ ਅੱਖਾਂ ਨੂੰ, ਮੱਥੇ ਨੂੰ ਅਤੇ ਸਿਰ ਨੂੰ ਛੁਹਾਈ ਅਤੇ ਬਾਕੀ ਸੇਵਕਾਂ ਨੂੰ ਕਹਿਣ ਲੱਗੇ ਕਿ ਤੁਸੀਂ ਬਹਿਸ਼ਤ ਦੀਆਂ ਹੂਰਾਂ ਦੀ ਗੱਲ ਤਾਂ ਸੁਣੀ ਹੋਵੇਗੀ ਕਿ ਬਹਿਸ਼ਤ ਵਿੱਚ ਹੂਰਾਂ ਵੱਸਦੀਆਂ ਹਨ ਪਰ ਦੇਖੀਆਂ ਨਹੀਂ ਹੋਣੀਆਂ। ਇਹ ਦਸਤਾਰ ਬਹਿਸ਼ਤ ਵਿੱਚ ਵੱਸਦੀਆਂ ਹੂਰਾਂ ਨੇ ਸੂਤ ਕੱਤ ਕੇ ਬਣਾਈ ਹੈ। ਇਸ ਪੱਗ ਵਿੱਚੋਂ ਸੱਚੀ ਸੁੱਚੀ ਕਿਰਤ ਦੀ ਖੁਸ਼ਬੋ ਆ ਰਹੀ ਹੈ ਜਿਸ ਕਰਕੇ ਇਹ ਦਸਤਾਰ ਇਸ ਧਰਤੀ ਦੀ ਤਾਂ ਹੋ ਨਹੀਂ ਸਕਦੀ, ਇਸ ਲਈ ਇਹ ਤਾਂ ਕੋਈ ਸਵਰਗੀ ਦਾਤ ਹੈ। ਇਹ ਕਹਿ ਸ਼ੇਖ ਫਰੀਦ ਜੀ ਨੇ ਨਿਜ਼ਾਮੂਦੀਨ ਦੇ ਦਸਤਾਰ ਸਜਾਈ ਸੀ ਤੇ ਨਿਜ਼ਾਮੂਦੀਨ ਵਲੋਂ ਲਿਆਂਦਾ ਹੋਇਆ ਗੁੜ ਵੀ ਬਾਕੀ ਲੋਕਾਂ ਵਿੱਚ ਵਰਤਾਇਆ ਸੀ।

(ਡਾ: ਹਰਪਾਲ ਸਿੰਘ ਪੰਨੂੰ, ਬੰਦਗੀ ਤੋਂ ਆਰਟ ਤੱਕ, ਪੰਨਾ ੧੪)

ਇੱਕ ਮੌਲਾਨਾ ਜ਼ਿਆਊਦੀਨ ਜੀ ਹੋਏ ਹਨ, ਇਹ ਚਿਸ਼ਤੀ ਸਿਲਸਲੇ ਦੇ ਸਖ਼ਤ ਖਿਲਾਫ ਸਨ। ਇਨ੍ਹਾਂ ਨੇ ਨਿਜ਼ਾਮੂਦੀਨ ਦੇ ਖਿਲਾਫ ਇੱਕ ਕਿਤਾਬ ਵੀ ਲਿਖੀ ਸੀ। ਇੱਕ ਵਾਰੀ ਜ਼ਿਆਊਦੀਨ ਜੀ ਬਹੁਤ ਬਿਮਾਰ ਹੋ ਗਏ ਤਾਂ ਨਿਜ਼ਾਮੂਦੀਨ ਜੀ ਉਨ੍ਹਾਂ ਦੀ ਸਿਹਤ ਦੀ ਖ਼ਬਰਸਾਰ ਲੈਣ ਲਈ ਗਏ ਤਾਂ ਜ਼ਿਆਊਦੀਨ ਜੀ ਦੇ ਮੁਰੀਦਾਂ ਨੇ ਨਿਜ਼ਾਮੂਦੀਨ ਜੀ ਦਾ ਆਉਣਾ ਦੱਸਿਆ। ਜ਼ਿਆਊਦੀਨ ਜੀ ਇਤਨੇ ਪ੍ਰਭਾਵਤ ਹੋਏ ਕਿ ਉਨ੍ਹਾਂ ਨੇ ਆਪਣੀ ਦਸਤਾਰ ਭੇਜੀ ਸੀ ਕਿ ਇਸ ਨੂੰ ਵਿਛਾ ਦਿਓ ਤਾਂ ਕਿ ਨਿਜ਼ਾਮੂਦੀਨ ਜੀ ਇਸ ’ਤੇ ਤੁਰ ਕੇ ਆਉਣ। ਨਿਜ਼ਾਮੂਦੀਨ ਜੀ ਨੇ ਇਸ ਦਸਤਾਰ ਨੂੰ ਇਕੱਠੀ ਕਰਕੇ ਆਪਣੀਆਂ ਅੱਖਾਂ ਨਾਲ ਛੁਹਾਈ ਤੇ ਆਪਣੇ ਸਿਰ ’ਤੇ ਰੱਖ ਕੇ ਉਨ੍ਹਾਂ ਦੀ ਖ਼ਬਰ ਲੈਣ ਲਈ ਗਏ ਤਾਂ ਜ਼ਿਆਊਦੀਨ ਜੀ ਸ਼ਰਮਿੰਦਗੀ ਦੇ ਕਾਰਨ ਅੱਖਾਂ ਹੀ ਨਹੀਂ ਮਿਲਾ ਸਕੇ ਸਨ ਭਾਵ ਦਸਤਾਰ ਇੱਕ ਬਹੁਤ ਹੀ ਅਦਬ ਦਾ ਚਿੰਨ੍ਹ ਰਹੀ ਹੈ।

(ਡਾ: ਹਰਪਾਲ ਸਿੰਘ ਪੰਨੂੰ, ਬੰਦਗੀ ਤੋਂ ਆਰਟ ਤੱਕ, ਪੰਨਾ ੧੮)

ਸਮੇਂ ਮੁਤਾਬਕ ਪੱਗ ਬਾਦਸ਼ਾਹਿਤ, ਧਾਰਮਿਕ ਜਾਂ ਕਿਸੇ ਖਾਸ ਸਨਮਾਨ ਦਾ ਚਿੰਨ੍ਹ ਬਣਦੀ ਗਈ। ਇਸ ਕਰ ਕੇ ਕੁਝ ਸਮਾਂ ਅਜਿਹਾ ਵੀ ਆਇਆ ਜਦੋਂ ਇਹ ਅਮੀਰ ਲੋਕ ਦੂਜਿਆਂ ਨੂੰ ਪੱਗ ਬੰਨਣ ਤੋਂ ਰੋਕਣ ਵੀ ਲੱਗ ਗਏ ਸਨ। ਇਸ ਦਾ ਬਹੁਤ ਘਟੀਆ ਪ੍ਰਮਾਣ ਅੱਜ ਵੀ ਭਾਰਤ ਦੇ ਕਈ ਇਲਾਕਿਆਂ ਵਿੱਚੋਂ ਮਿਲ ਜਾਂਦਾ ਹੈ। ਜਿੱਥੇ ਕਿ ਆਮ ਗਰੀਬ ਲੋਕਾਂ ਨੂੰ ਕਿਸੇ ਖਾਸ ਸਮੇਂ ’ਤੇ ਵੀ ਪੱਗ ਬੰਨ੍ਹਣ ਲਈ ਰਾਜਪੂਤਾਂ ਜਾਂ ਹੋਰ ਅਮੀਰਾਂ ਕੋਲੋਂ ਆਗਿਆ ਲੈਣੀ ਪੈਂਦੀ ਹੈ।

ਮੁਸਲਮਾਨਾਂ ਵਿੱਚੋਂ ਬਹੁਤੇ ਹਾਕਮ ਹੋਏ ਹਨ ਜਿਹੜੇ ਪੱਗਾਂ ਬੰਨਦੇ ਸਨ। ਇਨ੍ਹਾਂ ਨੇ ਬਾਕੀ ਮੁਲਕਾਂ ’ਤੇ ਵੀ ਕਬਜ਼ੇ ਕੀਤੇ ਸਨ ਜਿਸ ਕਰਕੇ ਜਿੱਥੇ ਜਿੱਥੇ ਵੀ ਮੁਸਲਮਾਨ ਜਾਂਦੇ ਰਹੇ ਉੱਥੇ ਉੱਥੇ ਪੱਗ ਵੀ ਪਹੁੰਚਦੀ ਰਹੀ। ਕੁਝ ਲੋਕਾਂ ਦਾ ਇਹ ਵੀ ਵੀਚਾਰ ਹੈ ਕਿ ਭਾਰਤੀ ਲੋਕਾਂ ਕੋਲ ਵੀ ਪੱਗ ਮੁਸਲਮਾਨਾਂ ਦੇ ਰਾਹੀਂ ਹੀ ਆਈ ਲੱਗਦੀ ਹੈ। ਗੁਰਬਾਣੀ ਵਿੱਚ ਵੀ ਪਹਿਲਾ ਜ਼ਿਕਰ ਸ਼ੇਖ ਫਰੀਦ ਜੀ ਨੇ ਹੀ ਕੀਤਾ ਲੱਗਦਾ ਹੈ:

‘‘ਫਰੀਦਾ  ! ਮੈ ਭੋਲਾਵਾ ਪਗ ਦਾ; ਮਤੁ ਮੈਲੀ ਹੋਇ ਜਾਇ॥

ਗਹਿਲਾ ਰੂਹੁ ਨ ਜਾਣਈ; ਸਿਰੁ ਭੀ ਮਿਟੀ ਖਾਇ॥’’ (੧੩੭੯)

ਹਿੰਦੂ ਧਰਮ ਵਿੱਚ ਵੀ ਜ਼ਿਕਰ ਹੈ ਕਿ ਜਦੋਂ ਬ੍ਰਾਹਮਣ ਕੋਈ ਧਾਰਮਿਕ ਪੂਜਾ ਪਾਠ ਦਾ ਕੰਮ ਕਰਦਾ ਸੀ ਤਾਂ ਉਹ ਦੋ ਧੋਤੀਆਂ ਆਪਣੇ ਕੋਲ ਰੱਖਦਾ ਸੀ ਅਤੇ ਸਿਰ ਉੱਤੇ ਵੀ ਕੱਪੜਾ ਰੱਖਦਾ ਸੀ:

‘‘ਗਲਿ ਮਾਲਾ ਤਿਲਕੁ ਲਿਲਾਟੰ॥

ਦੁਇ ਧੋਤੀ ਬਸਤ੍ਰ ਕਪਾਟੰ॥’’ (੪੭੧)

ਭਗਤ ਨਾਮਦੇਵ ਜੀ ਨੇ ਵੀ ਜੋ ਰੱਬੀ ਤਸੱਵੁਰ ਕੀਤਾ ਹੈ ਉਸ ਵਿੱਚ ਉਨ੍ਹਾਂ ਨੇ ਰੱਬ ਨੂੰ ਪੱਗੜੀ ਵਾਲਾ ਹੀ ਬਿਆਨ ਕੀਤਾ ਹੋਇਆ ਹੈ। ਪਾਵਨ ਵਚਨ ਹਨ:

‘‘ਖੂਬੁ ਤੇਰੀ ਪਗਰੀ; ਮੀਠੇ ਤੇਰੇ ਬੋਲ॥’’ (੭੨੭)

ਕਬੀਰ ਸਾਹਿਬ ਜੀ ਨੇ ਵਚਨ ਕੀਤੇ ਹਨ ਕਿ ਹੇ ਬੰਦਿਆ ਜਿਸ ਸਿਰ ’ਤੇ ਚਿਣ ਚਿਣ ਕੇ ਪੱਗ ਬੰਨਦਾ ਹੈਂ ਮੌਤ ਆਉਣ ’ਤੇ ਇਸ ਸਿਰ ’ਤੇ ਕਾਂ ਆਪਣੀ ਚੁੰਝ ਪੂੰਝਣ ਲੱਗ ਪੈਂਦੇ ਹਨ ਭਾਵ ਇਸ ਨਾਲ ਹੰਕਾਰ ਨਾ ਕਰੀਂ।

‘‘ਜਿਹ ਸਿਰਿ ਰਚਿ ਰਚਿ ਬਾਧਤ ਪਾਗ॥

ਸੋ ਸਿਰੁ ਚੁੰਚ ਸਵਾਰਹਿ ਕਾਗ॥’’ (੩੩੦)

ਰਵੀਦਾਸ ਜੀ ਮਹਾਰਾਜ ਵੀ ਕਬੀਰ ਸਾਹਿਬ ਜੀ ਦੇ ਸਮਕਾਲੀ ਹੋਏ ਹਨ। ਉਨ੍ਹਾਂ ਨੇ ਵੀ ਇਸ ਖਿਆਲ ਨਾਲ ਹੀ ਪੱਗ ਦਾ ਜ਼ਿਕਰ ਕੀਤਾ ਹੈ:

‘‘ਬੰਕੇ ਬਾਲ, ਪਾਗ ਸਿਰਿ ਡੇਰੀ॥

ਇਹੁ ਤਨੁ ਹੋਇਗੋ; ਭਸਮ ਕੀ ਢੇਰੀ॥’’ (੬੫੯)

ਜਦੋਂ ਅਸੀਂ ਗੁਰੂ ਘਰ ਵਿੱਚ ਪੱਗ ਬਾਰੇ ਵੀਚਾਰਦੇ ਹਾਂ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਖੁਦ ਦਸਤਾਰ ਸਜਾਈ ਹੋਈ ਸੀ। ਇੱਥੇ ਸਾਨੂੰ ਆਪਣੇ ਖਿਆਲਾਂ ਨੂੰ ਵਿਸ਼ਾਲ ਕਰਕੇ ਵੀਚਾਰਨਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਹੋਰ ਕਿਸੇ ਤਰ੍ਹਾਂ ਨਾਲ ਵੀ ਹਿੰਦੂ ਧਰਮ ਵਿੱਚ ਪ੍ਰਚਲਿਤ ਜਾਂ ਹੋਰਾਂ ਧਰਮਾਂ ਦੀ ਬਾਕੀ ਰਹੁ ਰੀਤਾਂ ਨੂੰ ਸਿੱਖ ਧਰਮ ਲਈ ਸਵੀਕਾਰ ਨਹੀਂ ਕੀਤਾ ਸੀ। ਇਸ ਲਈ ਇਹ ਵੀ ਹੋ ਸਕਦਾ ਹੈ ਕਿ ਗੁਰਗੱਦੀ ਦੇਣ ਵੇਲੇ ਵੀ ਪ੍ਰਚਲਿਤ ਕੋਈ ਰੀਤਾਂ ਰਸਮਾਂ ਕਰਨ ਦੀ ਥਾਂ ’ਤੇ ਦਸਤਾਰ ਅਤੇ ਗੁਰਬਾਣੀ ਦੀ ਦਾਤ ਹੀ ਗੁਰਗੱਦੀ ਦੇਣ ਵੇਲੇ ਵਰਤੀ ਜਾਂਦੀ ਹੋਵੇ, ਕਿਉਂਕਿ ਅੱਗੇ ਜਾ ਕੇ ਇਤਿਹਾਸ ਦੇ ਪੰਨੇ ਸਾਨੂੰ ਇਸ ਪਾਸੇ ਦਾ ਹੀ ਇਸ਼ਾਰਾ ਕਰਦੇ ਹਨ। ਜਦੋਂ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਸਮਾਉਣ ਮਗਰੋਂ ਗੋਇੰਦਵਾਲ ਸਾਹਿਬ ਜੀ ਦੀ ਧਰਤੀ ’ਤੇ ਗੁਰੂ ਅਰਜਨ ਪਾਤਿਸ਼ਾਹ ਜੀ ਨੂੰ ਦਸਤਾਰ ਬੰਦੀ ਕੀਤੀ ਗਈ ਸੀ ਤਾਂ ਉਸ ਵਕਤ ਬਾਬਾ ਪ੍ਰਿੰਥੀ ਚੰਦ ਨੇ ਕਾਫੀ ਝਗੜਾ ਕੀਤਾ ਸੀ। ਬਾਬਾ ਬੁੱਢਾ ਜੀ ਦਸਤਾਰ ਗੁਰੂ ਅਰਜਨ ਸਾਹਿਬ ਜੀ ਨੂੰ ਸਜਾਉਣ ਲੱਗੇ ਤਾਂ ਬਾਬਾ ਪ੍ਰਿੰਥੀ ਚੰਦ ਜੀ ਨੇ ਅੱਗੇ ਹੋ ਕੇ ਦਸਤਾਰ ਪਕੜ ਲਈ ਅਤੇ ਕਿਹਾ ਕਿ ਜੇ ਕਰ ਪਿਤਾ ਜੀ ਨੇ ਥੋੜੀ ਜਿਹੀ ਰੰਜਸ਼ ਦੇ ਕਾਰਨ ਇਹ ਬੋਲ ਕਹਿ ਦਿੱਤੇ ਹਨ ਕਿ ਗੁਰੂ; ਗੁਰੂ ਅਰਜਨ ਸਾਹਿਬ ਜੀ ਹਨ ਤਾਂ ਇਸ ਦਾ ਭਾਵ ਇਹ ਨਹੀਂ ਕਿ ਇਹ ਸੱਚ ਹੀ ਹੈ। ਮੈਂ ਪਰਿਵਾਰ ਵਿੱਚੋਂ ਵੱਡਾ ਹਾਂ ਤੇ ਇਹ ਮੇਰਾ ਹੀ ਹੱਕ ਬਣਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਇਹ ਝਗੜਾ ਨਿਬੇੜਨ ਵਾਸਤੇ ਆਪਣੇ ਮਨ ਵਿੱਚ ਵੀਚਾਰ ਕੀਤੀ ਕਿ ਪੱਗ ਨਾਲ ਕੀ ਫਰਕ ਪੈਣ ਲੱਗਾ ਹੈ। ਜਿਹੜੀ ਪਿਤਾ ਗੁਰੂ ਜੀ ਦੀ ਬਖ਼ਸ਼ਸ਼ ਹੈ ਉਹ ਤਾਂ ਅਟੱਲ ਹੀ ਹੈ। ਉਸ ਨੂੰ ਤਾਂ ਕੋਈ ਵੀ ਨਾ ਖੋਹ ਸਕਦਾ ਹੈ ਅਤੇ ਨਾ ਹੀ ਕੋਈ ਨੁਕਸਾਨ ਪਹੁੰਚਾ ਸਕਦਾ ਹੈ:

ਕਰਯੋ ਬੀਚਾਰ ਪਾਗ ਮਹਿ ਕਯਾ ਹੈ।

ਮਿਟਤ ਕਿਮ ਜੋ ਪਿਤਾ ਕਿਯਾ ਹੈ।

ਤਿਨ ਕੀ ਬਖਸ਼ਿਸ਼ ਸਦਾ ਸਥਿਰ ਹੈ।

ਛੀਨੀ ਜਾਇ ਨਾ ਲਗਿ ਤਸ਼ਕਰ ਹੈ॥੩੩॥

(ਕਵੀ ਸੰਤੋਖ ਸਿੰਘ, ਸੂਰਜ ਪ੍ਰਕਾਸ਼, ਰਾਸਿ ੨ ਅੰਸੂ ੨੫, ਪੰਨਾ ੧੭੪੭)

ਇਸ ਲਈ ਗੁਰੂ ਅਰਜਨ ਸਾਹਿਬ ਜੀ ਨੇ ਪਿਆਰ ਨਾਲ ਵਚਨ ਕੀਤੇ ਸਨ ਕਿ ਤੁਸੀਂ ਮੇਰੇ ਵੱਡੇ ਵੀਰ ਹੋ। ਤੁਸੀਂ ਸਾਨੂੰ ਗੋਦੀ ਚੁੱਕ ਕੇ ਖਿਡਾਇਆ ਹੈ। ਇਸ ਲਈ ਤੁਸੀਂ ਆਪਣੇ ਮਨ ਵਿੱਚੋਂ ਵੈਰ ਭਾਵ ਤਿਆਗੋ ਤੇ ਹੁਣ ਵੀ ਤੁਸੀਂ ਸਾਨੂੰ ਆਪਣਾ ਛੋਟਾ ਭਰਾ ਜਾਣ ਕੇ ਹੀ ਪਿਆਰ ਕਰੋ ਜੀ ! ਪੱਗ ਦੀ ਤਾਂ ਕੋਈ ਗੱਲ ਨਹੀਂ ਹੈ ਭਾਵੇਂ ਤੁਸੀਂ ਹੀ ਬੰਨ੍ਹ ਲਵੋ। ਇਸ ਤਰ੍ਹਾਂ ਬਾਬਾ ਪ੍ਰਿੰਥੀ ਚੰਦ ਜੀ ਨੇ ਇੱਕ ਪੱਗ ਲੈ ਕੇ ਸਭ ਦੇ ਦੇਖਦਿਆਂ ਹੋਇਆਂ ਹੀ ਆਪਣੇ ਸਿਰ ’ਤੇ ਬੰਨ੍ਹ ਲਈ ਸੀ। ਉਸ ਵਕਤ ਸੰਗਤ ਭਾਵੇਂ ਸਾਰੀ ਹੀ ਚੁੱਪ ਰਹੀ ਪਰ ਸਭ ਨੇ ਆਪਣੇ ਮਨ ਵਿੱਚ ਗੁਰੂ, ਗੁਰੂ ਅਰਜਨ ਸਾਹਿਬ ਜੀ ਨੂੰ ਹੀ ਮੰਨ ਲਿਆ ਹੋਇਆ ਸੀ:

ਪਿਤ ਸੰਮਤ ਸਭਿ ਨੇ ਇਹ ਪਾਗ॥

ਮੋ ਕੋ ਅਬਹਿ ਬੰਧਾਵਨ ਲਾਗ॥੩੬॥

ਜੇ ਕਰ ਆਪਨੋ ਰੋਸ ਨਿਵਾਰਹੁ॥

ਲੇਹੁ ਪਾਗ ਸਿਰ ਉਪਰਿ ਧਾਰਹੁ॥…

ਇਮ ਸੁਨਿ ਸਭ ਕੋ ਦੇਖਤਿ ਲੈ ਕੇ॥

ਸਿਰਿ ਪਰ ਪਾਗ ਬੰਧੀ ਹਰਖੈ ਕੈ॥

ਤੂਸ਼ਨਿ ਰਹੇ ਦੇਖਿ ਕ੍ਰਿਤ ਤਾਹੀਂ॥

ਅਰਜਨ ਗੁਰੂ ਲਖਹਿ ਮਨ ਮਾਹੀਂ॥੩੯॥

(ਕਵੀ ਸੰਤੋਖ ਸਿੰਘ, ਸੂਰਜ ਪ੍ਰਕਾਸ਼, ਰਾਸਿ ੨ ਅੰਸੂ ੨੫,ਪੰਨਾ ੧੭੪੭)

ਇੱਥੇ ਗੁਰੂ ਅਰਜਨ ਸਾਹਿਬ ਜੀ ਦੇ ਗੁਰਿਆਈ ਵੇਲੇ ਦਸਤਾਰ ਸਜਾਉਣ ਦਾ ਜ਼ਿਕਰ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸਤਿਗੁਰੂ ਜੀ ਨੇ ਸਿਰਫ ਸਰੀਰ ਹੀ ਬਦਲਿਆ ਸੀ ਪਰ ਜੋਤਿ ਅਤੇ ਜੁਗਤਿ ਉਹੋ ਹੀ ਰੱਖੀ ਸੀ।

ਲਹਣੇ ਦੀ ਫੇਰਾਈਐ ਨਾਨਕਾ ਦੋਹੀ ਖਟੀਐ ॥

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥

(ਬਲਵੰਡ ਸਤਾ/੯੬੭)

ਇਸ ਲਈ ਹੋ ਸਕਦਾ ਹੈ ਕਿ ਬਾਕੀ ਗੁਰੂ ਸਾਹਿਬਾਨ ਜੀ ਵੇਲੇ ਵੀ ਦਸਤਾਰ ਹੀ ਸਜਾਈ ਜਾਂਦੀ ਹੋਵੇ। ਇਸ ਤੋਂ ਅੱਗੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਦਸਤਾਰ ਦੀ ਤਾਂ ਸਰਕਾਰੇ ਦਰਬਾਰੇ ਚਰਚਾ ਸ਼ੁਰੂ ਹੋ ਗਈ ਸੀ। ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਤਖ਼ਤ ’ਤੇ ਬਿਰਾਜੇ ਤਾਂ ਉਸ ਵਕਤ ਸਤਿਗੁਰੂ ਜੀ ਦੇ ਕੋਲ ਭਾਈ ਨੱਥਾ ਜੀ ਤੇ ਅਬਦੁੱਲਾ ਜੀ ਮਹਾਨ ਢਾਢੀ ਆਏ ਸਨ ਅਤੇ ਉਨ੍ਹਾਂ ਨੇ ਇਹ ਵਾਰ ਗਾਈ ਸੀ:

ਦੋ ਤਲਵਾਰਾਂ ਬੱਧੀਆਂ ਇਕ ਮੀਰੀ ਦੀ ਇੱਕ ਪੀਰ ਦੀ।

ਇੱਕ ਅਜ਼ਮਤ ਦੀ, ਇੱਕ ਰਾਜ ਦੀ; ਇੱਕ ਰਾਖੀ ਕਰੇ ਵਜੀਰ ਦੀ।

ਹਿਮਤ ਬਾਹਾਂ ਕੋਟਿ ਗੜ੍ਹ; ਦਰਵਾਜ਼ਾ ਬਲਖ ਬਖੀਰ ਦੀ।

ਨਾਲ ਸਿਪਾਹੀ ਨੀਲ ਨਲ; ਮਾਰ ਦੁਸ਼ਟਾਂ ਕਰੇ ਤਾਕੀਰ ਦੀ।

ਪੱਗ ਤੇਰੀ ਕੀ; ਜਹਾਂਗੀਰ ਦੀ।

(ਡਾ: ਗੁਰਦੇਵ ਸਿੰਘ ਪੰਦੋਹਲ, ਗੁਰੂ ਘਰ ਦੇ ਸ਼ਰਧਾਲੂ ਮੀਰ, ਪੰਨਾ ੫੮)

ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਜਦੋਂ ਪੂਰਬ ਵਾਲੇ ਪਾਸੇ ਨੂੰ ਪ੍ਰਚਾਰਕ ਦੌਰਾ ਕੀਤਾ ਤਾਂ ਉਹ ਮੁੱਢ ਵਿੱਚ ਹੀ ਮੂਲੇਵਾਲ ਗਏ ਸਨ। ਇੱਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਅੱਗੇ ਪੁਕਾਰ ਕੀਤੀ ਕਿ ਸਤਿਗੁਰੂ ਜੀ ਸਾਡੇ ਇਲਾਕੇ ਦਾ ਪਾਣੀ ਬਹੁਤ ਖਾਰਾ ਹੈ। ਸਾਨੂੰ ਕੱਪੜਿਆਂ ਲਈ ਤੇ ਪ੍ਰਸ਼ਾਦਾ ਪਾਣੀ ਬਣਾਉਣ ਲਈ ਬਹੁਤ ਮੁਸ਼ਕਲ ਆਉਂਦੀ ਹੈ। ਬੇਨਤੀ ਸੁਣਨ ਉਪਰੰਤ ਸਤਿਗੁਰੂ ਜੀ ਨੇ ਇਲਾਕਾਈ ਸੰਗਤ ਦੀ ਮਦਦ ਨਾਲ ਇਸ ਕਾਰਜ ਨੂੰ ਵੀ ਨੇਪਰੇ ਚਾੜ੍ਹਨ ਲਈ ਇੱਕ ਖੂਹ ਲਗਵਾਉਣ ਦੀ ਤਿਆਰੀ ਕੀਤੀ, ਜਿਸ ਦੀ ਮੁਕੰਮਲਤਾ ਤੱਕ ਸਿੱਖ ਸੰਗਤਾਂ ਦੀ ਸੇਵਾ ਕਰਨ ਵਾਲੇ ਭਾਈ ਗੋਂਦਾ ਜੀ ਨੂੰ ਨਿਯੁਕਤ ਕੀਤਾ ਗਿਆ। ਇਨ੍ਹਾਂ ਦੀ ਸੇਵਾ ਤੋਂ ਖੁਸ਼ ਹੋ ਕੇ ਸਤਿਗੁਰੂ ਜੀ ਨੇ ਇਨ੍ਹਾਂ ਨੂੰ ਭਾਈ ਦੀ ਪਦਵੀ ਦਿੱਤੀ ਸੀ ਅਤੇ ਨਾਲ ਹੀ ਆਪਣੇ ਹੱਥੀਂ ਦਸਤਾਰ ਸਜਾਈ।

(ਪ੍ਰਿੰ: ਸਤਿਬੀਰ ਸਿੰਘ, ਇਤਿ ਜਿਨਿ ਕਰੀ ਪੰਨਾ ੮੩)

ਇਸ ਤੋਂ ਅੱਗੇ ਦਸਮੇਸ਼ ਜੀ ਦੇ ਜੀਵਨ ਵਿੱਚ ਪੱਗ ਦਾ ਕਈ ਵਾਰੀ ਜ਼ਿਕਰ ਆਉਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕਰਨ ਤੋਂ ਮਗਰੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰੱਖਿਆ ਗਿਆ ਸੀ। (ਗੁਰੂ ਕੀਆਂ ਸਾਖੀਆਂ, ਪੰਨਾ ੮੬)

ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਿਵਾਸ ਅਸਥਾਨ ਹੋਇਆ ਕਰਦਾ ਸੀ। ਇਸ ਨੂੰ ਹੀ ਦਮਦਮਾ ਸਾਹਿਬ ਕਿਹਾ ਜਾਂਦਾ ਹੈ। ਪਾਠ ਦਾ ਭੋਗ ਭਾਈ ਚਉਪਤ ਰਾਇ ਜੀ ਨੇ ਪਾਇਆ। ਭੋਗ ਤੋਂ ਉਪਰੰਤ ਮਾਤਾ ਨਾਨਕੀ ਜੀ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਰਿਸ਼ਤੇ ਵਿੱਚ ਦਾਦੀ ਜੀ ਲੱਗਦੇ ਸਨ, ਭਾਈ ਦਰਗਾਹ ਮੱਲ ਜੀ ਨੂੰ ਦਸਤਾਰ ਬੰਦੀ ਦੀ ਰਸਮ ਕਰਨ ਲਈ ਕਿਹਾ ਗਿਆ। ਇਸ ਮੌਕੇ ’ਤੇ ਸਭ ਤੋਂ ਪਹਿਲੀ ਪਗੜੀ ਮਾਤਾ ਸੁਲਖਣੀ ਜੀ ਵਲੋਂ ਭੇਟਾ ਕੀਤੀ ਗਈ ਸੀ। ਜਿਸ ਥੜੇ ’ਤੇ ਇਹ ਦਸਤਾਰ ਬੰਦੀ ਹੋਈ ਉਹ ਥੜਾ ਹਾਲੇ ਵੀ ਕਾਇਮ ਹੈ ਅਤੇ ਇੱਥੇ ਹੀ ਕਸ਼ਮੀਰੀ ਪੰਡਿਤ ਤਿਲਕ ਜੰਞੂ ਦੀ ਰਾਖੀ ਲਈ ਪੁਕਾਰ ਕਰਨ ਆਏ ਸਨ। ਇਹ ਰਸਮ ਬਾਬਾ ਬੁੱਢਾ ਜੀ ਦੇ ਪਰਿਵਾਰ ਵਿੱਚੋਂ ਭਾਈ ਰਾਮ ਕੌਇਰ ਜੀ ਨੇ ਕੀਤੀ ਸੀ।

(ਡਾ: ਹਰਬੰਸ ਸਿੰਘ, ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਕਿਵੇਂ ਪਹੁੰਚਿਆ, ਪੰਨਾ ੧੮)

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਦੇ ਸੀਸ ’ਤੇ ਬਾਬਾ ਬੁੱਢਾ ਜੀ ਦੇ ਪਰਿਵਾਰ ਵਿੱਚੋਂ ਬਾਬਾ ਰਾਮ ਕੁਇਰ ਜੀ ਨੇ ਦਸਤਾਰ ਸਜਾਈ ਸੀ।

(ਪ੍ਰਿੰ: ਸਤਿਬੀਰ ਸਿੰਘ, ਪੁਰਖ ਭਗਵੰਤ ਪੰਨਾ ੬੨)

ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਲਾਬ ਰਾਇ ਜੀ ਇਕੱਠੇ ਹੀ ਦਰਿਆ ਵਿੱਚ ਇਸ਼ਨਾਨ ਕਰ ਰਹੇ ਸਨ। ਅਚਾਨਕ ਹੀ ਦੋਨੋਂ ਇੱਕ ਦੂਜੇ ’ਤੇ ਪਾਣੀ ਸੁੱਟ ਕੇ ਹੱਸ ਖੇਡ ਰਹੇ ਸਨ, ਜਦੋਂ ਗੁਰੂ ਸਾਹਿਬ ਜੀ ਨੇ ਪਾਣੀ ਸੁਟਿਆ ਤਾਂ ਗੁਲਾਬ ਰਾਇ ਨੂੰ ਸਹਾਰਨਾ ਔਖਾ ਹੋ ਗਿਆ। ਉਹ ਬਾਹਰ ਕਿਨਾਰੇ ਵੱਲ ਭੱਜਿਆ। ਕਿਨਾਰੇ ’ਤੇ ਸਤਿਗੁਰੂ ਜੀ ਦੇ ਬਸਤਰ ਵੀ ਪਏ ਸਨ। ਉਸ ਨੇ ਭੱਜੇ ਜਾਂਦੇ ਨੇ ਦਸਤਾਰ ਗੁਰੂ ਗੋਬਿੰਦ ਸਿੰਘ ਜੀ ਵਾਲੀ ਹੀ ਚੁੱਕ ਲਈ ਅਤੇ ਆਪਣੇ ਸਿਰ ’ਤੇ ਬੰਨ੍ਹਦਾ ਹੋਇਆ ਹੀ ਭੱਜਿਆ ਜਾ ਰਿਹਾ ਸੀ ਤਾਂ ਸੇਵਾਦਾਰ ਨੇ ਆਵਾਜ਼ਾਂ ਮਾਰੀਆਂ ਕਿ ਭਲਿਆ ਇਹ ਤਾਂ ਗੁਰੂ ਸਾਹਿਬ ਜੀ ਦੀ ਦਸਤਾਰ ਹੈ। ਸਤਿਗੁਰੂ ਜੀ ਨੇ ਵੀ ਉਚੀ ਆਵਾਜ਼ ਨਾਲ ਕਿਹਾ ਕਿ ਕੋਈ ਗੱਲ ਨਹੀਂ ਪਰ ਦਸਤਾਰ ਦੀ ਲਾਜ ਰੱਖੀਂ। ਦਸਤਾਰ ਬੰਨ੍ਹ ਕੇ ਕਦੇ ਹੰਕਾਰੀ ਨਾ ਹੋਵੀਂ। ਇਸ ਦਾ ਇੱਕ ਭਰਾ ਸਿਆਮ ਚੰਦ ਵੀ ਸੀ। ਇਹ ਸਤਿਗੁਰੂ ਜੀ ਕੋਲੋਂ ਅੰਮ੍ਰਿਤ ਦੀ ਦਾਤ ਲੈ ਕੇ ਸਿੰਘ ਸੱਜ ਗਏ ਸਨ। ਜਦੋਂ ਸੰਨ ੧੭੦੫ ਵਿੱਚ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਨੂੰ ਹਾਕਮਾਂ ਦੇ ਲੰਮੇ ਸਮੇਂ ਦੇ ਘੇਰੇ ਮਗਰੋਂ ਛੱਡ ਕੇ ਆਏ ਸਨ ਤਾਂ ਇਸ ਗੁਲਾਬ ਸਿੰਘ ਅਤੇ ਇਸ ਦੇ ਭਰਾ ਸਿਆਮ ਸਿੰਘ ਨੂੰ ਹੀ ਪਿੱਛੇ ਅਨੰਦਪੁਰ ਸਾਹਿਬ ਜੀ ਦੀ ਸੇਵਾ ਸੰਭਾਲ ਵਾਸਤੇ ਛੱਡ ਕੇ ਆਏ ਸਨ। ਇਹ ਵੱਖਰੀ ਗੱਲ ਹੈ ਕਿ ਸਿਖ ਸੰਗਤਾਂ ਦੇ ਦਿੱਤੇ ਹੋਏ ਪਿਆਰ ਸਤਿਕਾਰ ਦੇ ਕਾਰਨ ਇਹ ਹੰਕਾਰੀ ਹੋ ਗਿਆ ਅਤੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਿਆ ਸੀ।

(ਪ੍ਰਿੰ: ਸਤਿਬੀਰ ਸਿੰਘ, ਪੁਰਖ ਭਗਵੰਤ ਪੰਨਾ ੬੪)

ਇੱਕ ਵਾਰੀ ਅਨੰਦਪੁਰ ਸਾਹਿਬ ਵਿਖੇ ਸਾਹਿਬਜ਼ਾਦੇ ਖੇਡ ਰਹੇ ਸਨ ਤਾਂ ਤਿੰਨ ਕੁ ਸਾਲਾਂ ਦੇ ਬਾਬਾ ਫਤਿਹ ਸਿੰਘ ਜੀ ਵੀ ਆ ਗਏ ਅਤੇ ਕਹਿਣ ਲੱਗੇ ਕਿ ਮੈਂ ਵੀ ਖੇਡਣਾ ਹੈ ਤਾਂ ਬਾਬਾ ਅਜੀਤ ਸਿੰਘ ਜੀ ਨੇ ਕਿਹਾ ਕਿ ਵੀਰੇ  ! ਤੁਸੀਂ ਬਹੁਤ ਛੋਟੇ ਹੋ ਤੇ ਖੇਡ ਵੱਡਿਆਂ ਦੀ ਹੈ। ਬਾਬਾ ਫਤਿਹ ਸਿੰਘ ਜੀ ਅੰਦਰ ਗਏ ਤੇ ਆਪਣੀ ਦਸਤਾਰ ਦੇ ਉੱਤੇ ਹੀ ਇੱਕ ਦਸਤਾਰ ਹੋਰ ਸਜਾ ਆਏ ਅਤੇ ਕਹਿਣ ਲੱਗੇ ਕਿ ਦੇਖੋ ਵੀਰ ਜੀ  ! ਹੁਣ ਮੈਂ ਕਿਡਾ ਵੱਡਾ ਹੋ ਗਿਆ ਹਾਂ। ਬਾਬਾ ਅਜੀਤ ਸਿੰਘ ਜੀ ਨੇ ਫਿਰ ਵੀ ਮਨ੍ਹਾ ਕਰ ਦਿੱਤਾ। ਬਾਬਾ ਫਤਿਹ ਸਿੰਘ ਜੀ ਫਿਰ ਅੰਦਰ ਗਏ ਅਤੇ ਦੁਬਾਰਾ ਇੱਕ ਹੋਰ ਪੱਗ; ਪਹਿਲੀਆਂ ਦੋਵੇਂ ਪੱਗਾਂ ਦੇ ਉੱਤੇ ਬੰਨ੍ਹ ਲਿਆਏ। ਗੁਰੂ ਗੋਬਿੰਦ ਸਿੰਘ ਜੀ ਇਹ ਸਾਰਾ ਕੌਤਕ ਦੇਖ ਰਹੇ ਸਨ ਕਿ ਉਨ੍ਹਾਂ ਨੇ ਬਾਬਾ ਫਤਿਹ ਸਿੰਘ ਜੀ ਨੂੰ ਗੋਦ ਵਿੱਚ ਲਿਆ ਅਤੇ ਪਿਆਰ ਨਾਲ ਕਹਿਣ ਲੱਗੇ ਕਿ ਪੁੱਤਰ ਜੀ ! ਮੈਂ ਤੁਹਾਡਾ ਜੱਥਾ ਹੀ ਇੱਕ ਹੋਰ ਬਣਾ ਦਿੰਦਾ ਹਾਂ ਅਤੇ ਇਸ ਜੱਥੇ ਦਾ ਨਾਮ ਵੀ ਨਿਹੰਗ ਸਿੰਘਾਂ ਦਾ ਜੱਥਾ ਹੋਵੇਗਾ। ਉਹ ਜੱਥਾ ਆਪ ਜੀ ਵਾਂਗ ਹੀ ਪੱਗਾਂ ਬੰਨ੍ਹਿਆ ਕਰੇਗਾ। ਸਤਿਗੁਰੂ ਜੀ ਨੇ ਬਾਬਾ ਫਤਿਹ ਸਿੰਘ ਜੀ ਦੇ ਜੱਥੇ ਵਿੱਚ ਪ੍ਰਮੁੱਖ ਪੰਜ ਸਿੰਘਾਂ (ਭਾਈ ਉਦੈ ਸਿੰਘ, ਭਾਈ ਟਹਿਲ ਸਿੰਘ, ਭਾਈ ਈਸ਼ਰ ਸਿੰਘ, ਭਾਈ ਦੇਵਾ ਸਿੰਘ ਤੇ ਭਾਈ ਸੁਲੱਖਣ ਸਿੰਘ ਜੀ) ਨੂੰ ਸ਼ਾਮਲ ਕਰ ਦਿੱਤਾ। ਉਸ ਵਕਤ ਤੋਂ ਹੀ ਨਿਹੰਗ ਸਿੰਘਾਂ ਦੀ ਪੱਗ ਵਾਲਾ ਇੱਕ ਨਿਹੰਗ ਸਿੰਘਾਂ ਦਾ ਜੱਥਾ ਤਿਆਰ ਹੋ ਗਿਆ ਸੀ।

(ਡਾ: ਜਸਵੰਤ ਸਿੰਘ ਨੇਕੀ, ਅਰਦਾਸ, ਪੰਨਾ ੮੬)

ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ’ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਕਈ ਜੰਗ ਲੜੇ ਹਨ। ਇਨ੍ਹਾਂ ਵਿੱਚੋਂ ਜਨਵਰੀ ਸੰਨ ੧੭੦੬ ਦੇ ਵੀ ਜੰਗ ਦਾ ਜ਼ਿਕਰ ਹੈ ਜਦ ਅਜਮੇਰ ਚੰਦ ਨੇ ਹੰਡੂਰ ਦੇ ਰਾਜੇ ਨੂੰ ਨਾਲ ਲੈ ਕੇ ਅਨੰਦਪੁਰ ਸਾਹਿਬ ’ਤੇ ਅਚਾਨਕ ਹਮਲਾ ਕਰ ਦਿੱਤਾ। ਗੁਰੂ ਘਰ ਦੀਆਂ ਜੰਗਾਂ ਵਿੱਚ ਭਾਈ ਮਾਨ ਸਿੰਘ ਜੀ, ਗੁਰੂ ਘਰ ਦਾ ਨਿਸ਼ਾਨ ਸਾਹਿਬ ਅੱਗੇ ਲੈ ਕੇ ਜਾਇਆ ਕਰਦੇ ਸਨ। ਇਸ ਜੰਗ ਵਿੱਚ ਵੀ ਉਹ ਅੱਗੇ ਨਿਸ਼ਾਨ ਸਾਹਿਬ ਲੈ ਕੇ ਜਾ ਰਹੇ ਸਨ ਤਾਂ ਅਜਮੇਰ ਚੰਦ ਨੇ ਉੱਚੀ ਆਵਾਜ਼ ’ਚ ਕਿਹਾ ਕਿ ਆਪਣਾ ਨਿਸ਼ਾਨ ਨੀਵਾਂ ਕਰ ਕਿਉਂਕਿ ਇਹ ਸਾਡੇ ਵੀ ਝੰਡੇ ਤੋਂ ਉੱਚਾ ਹੈ। ਭਾਈ ਮਾਨ ਸਿੰਘ ਜੀ ਨੇ ਕਿਹਾ ਕਿ ਭਲਿਆ ! ਇਹ ਕੋਈ ਰਾਜਨੀਤਕ ਨਿਸ਼ਾਨ ਨਹੀਂ, ਜਿਹੜਾ ਕਦੇ ਨੀਵਾਂ ਤੇ ਕਦੇ ਉੱਚਾ ਹੁੰਦਾ ਰਹੇ ਇਹ ਤਾਂ ਹਰ ਹਾਲਤ ਵਿੱਚ ਇੱਕੋ ਜਿਹਾ ਹੀ ਉੱਚਾ ਰਹਿੰਦਾ ਹੈ। ਅਜਮੇਰ ਚੰਦ ਨੂੰ ਇਹ ਗੱਲ ਸੁਣ ਕੇ ਅੱਗ ਲੱਗ ਗਈ ਤਾਂ ਉਸ ਦੀਆਂ ਫੌਜਾਂ ਨੇ ਭਾਈ ਮਾਨ ਸਿੰਘ ਜੀ ਹੋਰਾਂ ਨੂੰ ਇੱਕ ਘੇਰੇ ਵਿੱਚ ਲੈ ਕੇ ਸਖ਼ਤ ਹਮਲਾ ਕੀਤਾ। ਇਸ ਦੇ ਦੌਰਾਨ ਭਾਈ ਮਾਨ ਸਿੰਘ ਜੀ ਕਾਫੀ ਜ਼ਖਮੀ ਹੋ ਗਏ ਪਰ ਗੁਰੂ ਸਾਹਿਬ ਜੀ ਦਾ ਨਿਸ਼ਾਨ ਨੀਵਾਂ ਨਾ ਹੋਣ ਦਿੱਤਾ। ਜਦ ਉਹ ਆਪ ਡਿੱਗਣ ਲੱਗੇ ਹੀ ਸਨ ਤਾਂ ਬਾਬਾ ਅਜੀਤ ਸਿੰਘ ਜੀ ਨੇ ਆ ਕੇ ਇਹ ਨਿਸ਼ਾਨ ਸੰਭਾਲ ਲਿਆ। ਭਾਈ ਮਾਨ ਸਿੰਘ ਜੀ ਨੂੰ ਸਖ਼ਤ ਜ਼ਖਮੀ ਹਾਲਤ ਵਿੱਚ ਗੁਰੂ ਸਾਹਿਬ ਜੀ ਦੇ ਕੋਲ ਲਿਆਂਦਾ ਗਿਆ। ਸਤਿਗੁਰੂ ਜੀ ਨੂੰ ਸਾਰੀ ਵਾਰਤਾ ਦੱਸੀ ਗਈ ਤਾਂ ਸਾਹਿਬ ਜੀ ਨੇ ਆਪਣੀ ਦਸਤਾਰ ਦੇ ਥੱਲਿਓਂ ਇੱਕ ਕੇਸਕੀ ਦੀ ਛੋਟੀ ਜਿਹੀ ਲੀਰ ਪੱਗ ਵਿੱਚ ਹੋਰ ਵੀ ਟੰਗ ਦਿੱਤੀ ਅਤੇ ਕਿਹਾ ਕਿ ਇਹ ਤਾਂ ਇੱਕ ਨਿਸ਼ਾਨ ਸਾਹਿਬ ਨੂੰ ਨੀਵਾਂ ਕਰਨਾ ਚਾਹੁੰਦੇ ਹਨ ਪਰ ਮੈਂ ਤਾਂ ਹਰ ਸਿੱਖ ਦੇ ਸਿਰ ’ਤੇ ਨਿਸ਼ਾਨ ਝੁਲਾ ਦਿਆਂਗਾ। ਇਸ ਗੱਲ ਤੋਂ ਹੀ ਨਿਹੰਗ ਸਿੰਘਾਂ ਵਿੱਚ ਦੁਮਾਲੇ ਅਤੇ ਫਰਲੇ ਸਜਾਉਣ ਦੀ ਰਸਮ ਸ਼ੁਰੂ ਹੋ ਗਈ।

(ਹਰਜਿੰਦਰ ਸਿੰਘ ਦਿਲਗੀਰ, ਗੁਰੂ ਦੇ ਸ਼ੇਰ, ਪੰਨਾ ੨੩੨)

———-ਚਲਦਾ——

(ਲੜੀ ਜੋੜਨ ਲਈ ਅਗਲੇ ਅੰਕ ਵੇਖੋ, ਜੀ)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 2)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 3)

‘ਦਸਤਾਰ’ ਦੀ ਵਿਲੱਖਣਤਾ ਤੇ ਮਹੱਤਤਾ (ਭਾਗ 4)