ਧਰਮ ਨੂੰ ਖ਼ਤਰਾ

0
340

ਧਰਮ ਨੂੰ ਖ਼ਤਰਾ

ਗੁਰਪ੍ਰੀਤ ਸਿੰਘ ਰਾਜਪੁਰਾ

ਜਿਵੇਂ ਵਿਅਕਤੀ ਬਾਕੀ ਸੰਸਾਰਿਕ ਪਦਾਰਥਕ ਲੋੜਾਂ ਦੀ ਪੂਰਤੀ ਲਈ ਕਈ ਖੇਤਰਾਂ ਵਿੱਚ ਵਿਚਰਦਾ ਹੈ, ਉਸੇ ਤਰ੍ਹਾਂ ਮਨੁੱਖ ਦੀ ਮਾਨਸਿਕ, ਅਧਿਆਤਮਿਕ ਅਤੇ ਰੂਹਾਨੀਅਤ ਦੀ ਖ਼ੁਰਾਕ ਧਰਮ ਪ੍ਰਦਾਨ ਕਰਦਾ ਹੈ ਕਿਉਂਕਿ ਮਨੁੱਖ ਸਿਰਫ਼ ਇਕ ਸਰੀਰ ਨਾ ਹੋ ਕੇ ਬਲਕਿ ਇਸ ਨਾਲੋਂ ਕੁੱਝ ਵੱਧ ਹੈ। ਮਨੁੱਖ ਦਾ ਮਨ ਮਨੁੱਖੀ ਜੀਵਨ ਦਾ ਇੱਕ ਅਹਿਮ ਰੋਲ ਅਦਾ ਕਰਦਾ ਹੈ ਅਤੇ ਇਸੇ ਮਨ ਦੇ ਸਕੂਨ ਅਤੇ ਸ਼ਾਂਤੀ ਲਈ ਵਿਅਕਤੀ ਧਰਮ ਦਾ ਸਹਾਰਾ ਕਈ ਰੂਪਾਂ ਵਿੱਚ ਲੈਂਦਾ ਨਜ਼ਰ ਆਉਂਦਾ ਹੈ।

ਅਕਸਰ ਅਸੀਂ ਵੱਖ-ਵੱਖ ਧਰਮਾਂ ਦੇ ਪ੍ਰਚਾਰਕਾਂ ਨੂੰ ਕਹਿੰਦੇ ਸੁਣਾਂਗੇ ਕਿ ਅਖੇ ਜੀ ਸਾਨੂੰ ਜਾਂ ਸਾਡੇ ਧਰਮ ਨੂੰ ਖ਼ਤਰਾ ਪੈਦਾ ਹੋ ਗਿਆ ਹੈ। ਪਿਛਲੇ ਦਿਨੀਂ ਮੈਂ ਕਿਸੇ ਹਿੰਦੂ ਪ੍ਰਚਾਰਕ ਬੀਬੀ ਨੂੰ ਸੁਣ ਰਿਹਾ ਸੀ। ਉਹ ਸੰਗਤ ਨੂੰ ਸੰਬੋਧਨ ਕਰਦੀ ਕਹਿ ਰਹੀ ਸੀ ਕਿ ‘ਮੁਸਲਮਾਨਾਂ ਨੂੰ ਹੱਜ ਕਰਨ ਲਈ ਸਬਸਿਡੀ ਮਿਲਦੀ ਹੈ ਪਰ ਸਾਨੂੰ ਅਮਰਨਾਥ ਦੀ ਯਾਤਰਾ ਲਈ ਕੁੱਝ ਵੀ ਨਹੀਂ ਮਿਲਦਾ।’ ਇਸ ਤਰ੍ਹਾਂ ਉਹ ਆਪਣੇ ਧਰਮ (ਹਿੰਦੂ ਧਰਮ ਜਾਂ ਸਨਾਤਨ ਧਰਮ) ਦੀ ਹੋਂਦ ਨੂੰ ਖ਼ਤਰੇ ਵਿੱਚ ਹੈ, ਦਾ ਜ਼ਿਕਰ ਸੰਗਤਾਂ ਦੇ ਸਾਹਮਣੇ ਕਰ ਰਹੀ ਸੀ ਬਾਕੀ ਦੇ ਧਰਮਾਂ ਦੇ ਪ੍ਰਚਾਰਕ ਵੀ ਕੁੱਝ ਇਸੇ ਤਰ੍ਹਾਂ ਦੂਸਰੇ ਧਰਮਾਂ ਤੋਂ ਖ਼ਤਰਾ ਪ੍ਰਗਟਾਉਂਦੇ ਹਨ।

ਕੀ ਇਹ ਗੱਲ ਹਾਸੋਹੀਣੀ ਜਿਹੀ ਨਹੀਂ ਲਗਦੀ ਕਿ ਇੱਕ ਪਾਸੇ ਤਾਂ ਧਰਮ ਪ੍ਰਚਾਰਕ, ਧਰਮ ਤੋਂ ਸ਼ਾਂਤੀ ਅਤੇ ਸਕੂਨ ਪ੍ਰਾਪਤ ਕਰਨ ਲਈ ਪ੍ਰੇਰਦੇ ਹਨ ਦੂਜੇ ਪਾਸੇ ‘ਧਰਮ ਨੂੰ ਖ਼ਤਰਾ’ ਕਹਿ ਕੇ ਸਮੁੱਚੇ ਸਮਾਜ ਵਿੱਚ ਅਸ਼ਾਂਤੀ ਪੈਦਾ ਕਰ ਦਿੰਦੇ ਹਨ, ਜਹਾਦ ਦਾ ਨਾਅਰਾ ਵੀ ਕੁੱਝ ਇਸੇ ਤਰ੍ਹਾਂ ਦਾ ਹੈ। ਜਿਹੜਾ ਧਰਮ ਆਪ ਖ਼ਤਰੇ ’ਚ ਹੋਵੇ ਉਹ ਕਿਸੇ ਨੂੰ ਸ਼ਾਂਤੀ ਜਾਂ ਸਕੂਨ ਕਿਸ ਤਰ੍ਹਾਂ ਦੇ ਸਕਦਾ ਹੈ ?

ਅਸਲ ਵਿੱਚ ਧਰਮ ਨੂੰ ਕਦੇ ਖ਼ਤਰਾ ਪੈਦਾ ਹੋ ਹੀ ਨਹੀਂ ਸਕਦਾ ਕਿਉਂਕਿ ਧਰਮ ਤੇ ‘ਸੱਚ ਸਰੂਪ ਪਰਮਾਤਮਾ’ ਦੀ ਇਬਾਦਤ ਕਰਨ ਦਾ ਨਾਂਅ ਹੁੰਦਾ ਹੈ। ਫਿਰ ਸੱਚ ਨੂੰ ਕਾਹਦਾ ਖ਼ਤਰਾ ਗੁਰਬਾਣੀ ਦਾ ਮਹਾਂਵਾਕ ਹੈ :

‘‘ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥’’ (ਮ:5/265)

ਇਹ ਧਰਮ ਹੈ। ਕੁੱਝ ਲੋਕ ਸਿਰਫ਼ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝ ਲੈਂਦੇ ਹਨ, ਸ਼ਾਇਦ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਧਾਰਮਿਕ ਚਿੰਨ੍ਹ ਧਾਰਮਿਕ ਮੰਤਵ ਨੂੰ ਪੂਰਿਆਂ ਕਰਨ ਲਈ ਹੁੰਦੇ ਹਨ, ਨਾ ਕਿ ਮਹਿਜ਼ ਚਿੰਨ੍ਹ ਹੀ ਹੁੰਦੇ ਹਨ। ਉਦਾਹਰਨ ਵਜੋਂ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜਨੇਊ ਵਾਲੀ ਰਸਮ ਹੋਣ ਲਗਦੀ ਹੈ ਤਾਂ ਉਦੋਂ ਗੁਰੂ ਨਾਨਕ ਸਾਹਿਬ ਜਨੇਊ ਦਾ ਅਸਲ ਭਾਵ ਪੰਡਿਤ ਨੂੰ ਸਮਝਾਉਂਦੇ ਹਨ :

ਦਇਆ ਕਪਾਹ ਸੰਤੋਖੁ ਸੂਤੁ; ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ; ਹਈ ! ਤ ਪਾਡੇ ਘਤੁ ॥

ਨਾ ਏਹੁ ਤੁਟੈ, ਨ ਮਲੁ ਲਗੈ; ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ  ! ਜੋ ਗਲਿ ਚਲੇ ਪਾਇ ॥

ਚਉਕੜਿ ਮੁਲਿ ਅਣਾਇਆ; ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ; ਗੁਰੁ ਬ੍ਰਾਹਮਣੁ ਥਿਆ ॥

ਓਹੁ ਮੁਆ ਓਹੁ ਝੜਿ ਪਇਆ; ਵੇਤਗਾ ਗਇਆ ॥ (ਮ: ੧/੪੭੧)

ਅਰਥ ਵਿਹੂਣੇ ਧਾਰਨ ਕੀਤੇ ਧਾਰਮਿਕ ਚਿੰਨ੍ਹ ਦਾ ਵਿਰੋਧ ਕਰਦੇ ਹਨ:

‘‘ਸੁੰਨਤਿ ਕੀਏ ਤੁਰਕੁ ਜੇ ਹੋਇਗਾ; ਅਉਰਤ ਕਾ ਕਿਆ ਕਰੀਐ  ?॥’’ (ਭਗਤ ਕਬੀਰ/੪੭੭)

ਧਾਰਮਿਕ ਕਰਮਾਂ ਅਤੇ ਚਿੰਨ੍ਹਾਂ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਛੁਪਿਆ ਰਹਿੰਦਾ ਹੈ। ਜਿਹੜਾ ਕਿ ਸਮਾਂ ਪਾ ਕੇ ਸਾਡੀ ਬੇਧਿਆਨੀ ਜਾਂ ਅਗਿਆਨਤਾ ਕਰ ਕੇ ਹੋਲੀ-ਹੋਲੀ ਗ਼ਾਇਬ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਧਰਮ ਕੋਲ ਸਿਰਫ਼ ਵਿਰਾਸਤ ਦੇ ਰੂਪ ਵਿੱਚ ਅਰਥ ਵਿਹੂਣੇ ਚਿੰਨ੍ਹ ਹੀ ਬਚਦੇ ਹਨ।

ਜਿਵੇਂ ਹਿੰਦੂ ਧਰਮ ਦੀਆਂ ਸਾਖੀਆਂ ਜਾਂ ਘਟਨਾਵਾਂ ਅੱਜ ਮਿਥਿਹਾਸ ਤੋਂ ਵੱਧ ਕੇ ਕੁੱਝ ਵੀ ਨਹੀਂ ਰਹਿ ਗਈਆਂ ਜਦਕਿ ਹਿੰਦੂ ਧਰਮ ਦੇ ਵਿਦਵਾਨਾਂ ਦਾ ਇਨ੍ਹਾਂ ਮਿਥਿਹਾਸਿਕ ਘਟਨਾਵਾਂ ਬਾਰੇ ਜਾਂ ਵੇਦਾਂ, ਸ਼ਾਸਤਰਾਂ ਬਾਰੇ ਵਿਚਾਰ ਹੀ ਅਲੱਗ ਹਨ। ਉਹ ਵੇਦਾਂ ਨੂੰ ਰਿਸ਼ੀ ਅਤੇ ਮੁਨੀਆਂ ਦਾ ਅਧਿਆਤਮਕ ਅਨੁਭਵ ਮੰਨਦੇ ਹਨ।

ਇਸੇ ਤਰ੍ਹਾਂ ਮੁਸਲਮਾਨ ਧਰਮ ਦੀ ਹੋਂਦ ਵੀ ਬੁੱਤ-ਪ੍ਰਸਤੀ ਅਤੇ ਹੋਰ ਕਈ ਤਰ੍ਹਾਂ ਦੇ ਧਰਮਾਂ (ਯਹੂਦੀ, ਆਦਿ) ਵਿੱਚ ਆਈਆਂ ਕਮੀਆਂ ਕਰਕੇ ਹੋਈ ਹੈ। ਪਰ ਅੱਜ ਹਿੰਦੁਸਤਾਨ ਦੇ ਮੁਸਲਮਾਨ ‘ਕਬਰ’ ਦੇ ਰੂਪ ਵਿੱਚ ਬੁੱਤ-ਨੂੰ ਪੂਜਦੇ ਹਨ। ਅੱਜ ਉਹ ਵੀ ਬੁੱਤ ਪ੍ਰਸਤ ਹਨ।

ਜੇਕਰ ਸਿੱਖ ਧਰਮ ਦਾ ਜ਼ਿਕਰ ਕਰਾਂ ਤਾਂ ਇਤਿਹਾਸ ਅਤੇ ਗੁਰਬਾਣੀ ਦੀ ਮਹਾਨਤਾ ਤੋਂ ਕੌਣ ਜਾਣੂ ਨਹੀਂ ਹੈ ? ਪਰ ਵਰਤਮਾਨ ਵਿੱਚ ਸਿੱਖਾਂ ਕੋਲ ਵੀ ਮਹਾਨ ਮਾਣ-ਮੱਤਾ ਇਤਿਹਾਸ ਅਤੇ ਗੁਰ ਬਾਬੇ ਦੀ ਬਾਣੀ ਜ਼ਰੂਰ ਹੈ, ਪਰ ਬਾਕੀ ਦੋਹਾਂ ਦੀ ਤਰ੍ਹਾਂ ਇਹ ਵੀ ਸਮਾਂ ਪਾ ਕੇ ਅੰਦਰੋਂ ਖੋਖਲੇ ਹੁੰਦੇ ਜਾ ਰਹੇ ਹਨ, ਸਿੱਖਾਂ ਦੇ ਪੰਜ-ਕਕਾਰ ਵੀ ਕਿਤੇ ਮਹਿਜ਼ ਧਾਰਮਿਕ ਚਿੰਨ੍ਹ ਤੇ ਨਹੀਂ ਬਣਦੇ ਜਾ ਰਹੇ ? ਖ਼ੈਰ ਸਿੱਖਾਂ ਬਾਬਤ ਇਹ ਸਵਾਲ-ਜਵਾਬ ਆਉਣ ਵਾਲਾ ਸਮਾਂ ਹੀ ਦੇਵੇਗਾ।

ਪਰ ਇਹ ਵੀ ਸੱਚ ਹੈ ਕਿ ਸਿੱਖ ਧਰਮ ਦਾ ਆਗਮਨ ਵੀ ਧਾਰਮਿਕ-ਕੁਰੀਤੀਆਂ ਦੇ ਵਿਰੋਧ ਵਿੱਚ ਹੀ ਸੀ। ਹੱਕ, ਸੱਚ, ਨਿਮਰਤਾ, ਪ੍ਰੇਮ, ਸਹਿਣਸ਼ੀਲਤਾ, ਸਬਰ, ਪਰਉਪਕਾਰ, ਥਾਂ-ਥਾਂ ’ਤੇ ਗੁਰਬਾਣੀ ਅਤੇ ਇਤਿਹਾਸ ਵਿੱਚ ਇਨ੍ਹਾਂ ਗੁਣਾਂ ਦਾ ਜ਼ਿਕਰ ਮਿਲਦਾ ਹੈ। ਪਰ ਸਿੱਖ ਅੱਜ ਇਨ੍ਹਾਂ ਤੋਂ ਕੋਹਾਂ ਦੂਰ ਜਾ ਚੁੱਕੇ ਹਨ ਜਿਹੜਾ ਪੰਜਾਬ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਆਦਿ ਵਰਗੇ ਯੋਧਿਆਂ ਕਰਕੇ ਜਾਣਿਆ ਜਾਂਦਾ ਸੀ ਮੈਂ ਸੁਣਿਆ ਅੱਜ-ਕੱਲ ਉਸ ਨੂੰ ਨਸ਼ਿਆਂ ਦਾ ਵਗਦਾ ਦਰਿਆ ਕਹਿੰਦੇ ਨੇ। ਕੁਝ ਇਸ ਦਾ ਕਾਰਨ ਸਿਆਸੀ ਅਤੇ ਹੋਰ ਧਰਮਾਂ ਦੇ ਕਾਰਕੁਨਾਂ ਦੀ ਸਾਜ਼ਿਸ਼ ਕਹਿਣਗੇ ਪਰ ਕੀ ਉਹ ਲੋਕ ਭੁੱਲ ਗਏ ਨੇ ਜ਼ਕਰੀਏ ਨੂੰ, ਮੀਰ ਮੰਨੂ, ਫਰਖਸ਼ੀਅਰ ਜਾਂ ਹੋਰ ਰਾਜਿਆਂ ਦੀ ਸਿਆਸਤ ਨੂੰ ? ਸਿੱਖੀ ਦਾ ਮਾਣ-ਮੱਤਾ ਇਤਿਹਾਸ ਉਨ੍ਹਾਂ ਦੇ ਸਿਆਸੀ ਦੌਰ ਦਾ ਹੈ। ਅੱਜ ਕੀ ਹੋਇਆ ਸਿੱਖਾਂ ਨੂੰ ?

ਅੱਜ ਵਿਰੋਧੀਆਂ ਤੋਂ ‘ਧਰਮ ਨੂੰ ਖ਼ਤਰਾ’ ਕਹਿ ਕੇ ਸਾਰੇ ਦੇ ਸਾਰੇ ਆਪਣੇ ਫ਼ਰਜ਼ਾਂ ਤੋਂ ਛੁਟਕਾਰਾ ਲੈ ਲੈਂਦੇ ਹਨ ਅਤੇ ਫ਼ਿਰਕਾ ਪ੍ਰਸਤੀ ਪੈਦਾ ਕਰਦੇ ਹਨ। ਹਾਂ ਜੇ ਸਮਝਣਾ ਹੈ ਤਾਂ ਇੰਝ ਸਮਝ ਸਕਦੇ ਹਾਂ ਕਿ ਅੱਜ ‘ਧਰਮ ਨੂੰ ਖ਼ਤਰਾ’ ਹੈ, ਪਰ ਫ਼ਿਰਕਾ-ਪ੍ਰਸ਼ਤੀ ਤੋਂ, ਖ਼ੁਦਗ਼ਰਜ਼ੀ ਤੋਂ, ਝੂਠ ਤੋਂ, ਗੰਦੀ ਸਿਆਸਤ ਤੋਂ, ਇਹੋ ਜਿਹੇ ਕਈ ਔਗੁਣ ਧਰਮ ਲਈ ਖ਼ਤਰਾ ਬਣਦੇ ਹਨ ਤੇ ਧਰਮ ਮਹਿਜ਼ ਫ਼ਿਰਕਾ ਬਣ ਕੇ ਰਹਿ ਜਾਂਦਾ ਹੈ। ਹੋ ਸਕਦਾ ਵਿਰੋਧੀਆਂ ਨਾਲ ਜਾਂ ਇਉਂ ਕਹਿ ਲਵੋ ਦੂਜੇ ਧਰਮ ਵਾਲਿਆਂ ਨਾਲ ਤੁਹਾਡੀ ਸਿਧਾਂਤਕ ਲੜਾਈ ਹੋਵੇ, ਪਰ ਇੱਕ ਗੱਲ ਚੇਤੇ ਰੱਖਿਓ ਧਰਮ ਦਾ ਵਜੂਦ ਗੁਣ ਹੁੰਦੇ ਹਨ, ਇਨ੍ਹਾਂ ਤੋਂ ਬਿਨਾਂ ਸਿਧਾਂਤ ਨਿਰੇ-ਪੁਰੇ ਖੋਖਲੇ ਰਹਿ ਜਾਂਦੇ ਹਨ। ਇਸ ਲਈ ਜੇਕਰ ਕੋਈ ਸਿਧਾਂਤਕ ਲੜਾਈ ਗੁਣਾਂ ਤੋਂ ਬਿਨਾਂ ਲੜਨ ਦੀ ਕੋਸ਼ਿਸ਼ ਕਰੇਗਾ ਉਸ ਦੀ ਹਾਰ ਨਿਸ਼ਚਿਤ ਹੈ।

ਸੋ ਇਸ ਲਈ ਧਰਮ ਨੂੰ ਖ਼ਤਰਾ ਅੱਜ ਸਾਡੇ ਤੋਂ ਹੈ, ਨਾ ਕਿ ਦੂਜਿਆਂ ਤੋਂ ਕਿਉਂਕਿ ਅਸੀਂ ਗੁਣ ਹੀਣੇ ਹੋ ਗਏ ਹਾਂ ਪੰਜ ਕਕਾਰਾਂ ਨੂੰ ਤੇ ਧਾਰਨ ਕੀਤਾ ਹੈ, ਪਰ ਇਨ੍ਹਾਂ ਦਾ ਮੰਤਵ ਨਹੀਂ ਸਮਝਿਆ, ਜੇ ਸਮਝਿਆ ਹੁੰਦਾ ਤਾਂ ਸ਼ਾਇਦ ਜਿਸ ਖ਼ਤਰੇ ਨੂੰ ਅਸੀਂ ਹੋਰਾਂ ਨਾਲ ਲੜ ਕੇ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਉਨ੍ਹਾਂ ਨੂੰ ਸੁਲਝਾਉਣ ਲਈ ਆਪਣੇ ਅੰਦਰ ਝਾਤੀ ਮਾਰਨ ਦੀ ਵੀ ਲੋੜ ਹੈ। ਇਸ ਤਰ੍ਹਾਂ ਨਾਲ ਅੱਧੇ ਤੋਂ ਵੱਧ ਖ਼ਤਰਾ ਟਲ਼ ਸਕਦਾ ਹੈ, ਬਾਕੀ ਦੂਜੇ ਧਰਮਾਂ ਨਾਲ ਸਿਧਾਂਤਕ ਵਿਚਾਰਾਂ ਦੀ ਸਾਂਝ ਪਾ ਕੇ ਕੋਸ਼ਿਸ਼ ਕਰੀਏ, ਧਰਮ ਨੂੰ ਫ਼ਿਰਕਾ ਨਾ ਬਣਨ ਦੇਈਏ ਕਿਉਂਕਿ ਫ਼ਿਰਕੇ ਅਕਸਰ ਯਾ ਤਾਂ ਅਲੋਪ ਹੋ ਜਾਂਦੇ ਹਨ ਜਾਂ ਫਿਰ ਮਹਿਜ਼ ਝਗੜੇ ਦਾ ਕਾਰਨ ਰਹਿ ਜਾਂਦੇ ਹਨ। ਮੁਸਲਮਾਨਾਂ ਅਤੇ ਹਿੰਦੂਆਂ ਦੀ ਲੜਾਈ ਸਾਡੇ ਸਾਹਮਣੇ ਹੈ।

‘‘ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ ਚਲੀਐ ॥

ਪਹਿਰੇ ਪਟੰਬਰ ਕਰਿ ਅਡੰਬਰ; ਆਪਣਾ ਪਿੜੁ ਮਲੀਐ ॥’’ (ਮ: ੧/੭੬੬) ਦੀ ਵਿਚਾਰ ਨੂੰ ਸਮਝੀਏ ਤਾਂ ਕਿ ਧਰਮ ਹੋਰ ਪ੍ਰਫੁਲਿਤ ਹੋ ਸਕੇ ਅਤੇ ਅਸੀਂ ਵੀ ਧਰਮ ਤੋਂ ਜੋ ਮਾਨਸਿਕ, ਅਧਿਆਤਮਕ, ਰੂਹਾਨੀ ਸ਼ਾਂਤੀ ਅਤੇ ਸਕੂਨ ਲੱਭਦੇ ਹਾਂ ਉਹ ਸਾਨੂੰ ਮਿਲ ਸਕੇ ਅਤੇ ਹੋਰਨਾਂ ਨੂੰ ਵੀ ਸਾਂਤੀ ਪ੍ਰਦਾਨ ਕਰ ਸਕੀਏ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।