34.2 C
Jalandhar
Wednesday, April 22, 2026
spot_img
Home Blog Page 158

ਗੁਰਬਾਣੀ ਵਿੱਚ ਆਏ ਸ਼ਬਦ ‘ਅਜਗਰ’ ਦਾ ਉਚਾਰਣ ਅਤੇ ਅਰਥ ਭੇਦ

0

ਗੁਰਬਾਣੀ ਵਿੱਚ ਆਏ ਸ਼ਬਦ ‘ਅਜਗਰ’ ਦਾ ਉਚਾਰਣ ਅਤੇ ਅਰਥ ਭੇਦ

ਕਿਰਪਾਲ ਸਿੰਘ, ਗਿੱਲ ਖੁਰਦ, (ਬਠਿੰਡਾ); ਫ਼ੋਨ 0164-2210797

 ਗੁਰਬਾਣੀ ਵਿੱਚ ‘ਅਜਗਰ’ , ‘ਅਜਗਰਿ’ ਅਤੇ ‘ਅਜਗਰੁ’ ਸ਼ਬਦ ਤਿੰਨ ਰੂਪਾਂ ਵਿੱਚ ਦੋ ਦੋ ਵਾਰੀ ਭਾਵ ਕੁਲ ਛੇ ਵਾਰ ਆਇਆ ਹੈ। ਗੁਰਬਾਣੀ ਵਿਆਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸ਼ਬਦ ਦਾ ਉਚਾਰਣ ‘ਅਜਗਰ’ ਕਰਨਾ ਹੀ ਜਿਆਦਾ ਉਚਿਤ ਹੈ ਕਿਉਂਕਿ ਮਗਰਲੇ ਅੱਖਰ ‘ਰ’ ਨੂੰ ਲੱਗੀ ਸਿਹਾਰੀ ਅਤੇ ਔਂਕੜ ਵਿਆਕਰਨ ਨਿਯਮਾਂ ਅਨੁਸਾਰ ਲੱਗੇ ਹਨ ਜਿਨ੍ਹਾਂ ਦਾ ਸਬੰਧ ਅਰਥਾਂ ਨਾਲ ਹੈ ਤੇ ਇਨ੍ਹਾਂ ਮਾਤਰਾਵਾਂ ਦਾ ਉਚਾਰਣ ਨਾਲ ਕੋਈ ਸਬੰਧ ਨਹੀਂ ਹੈ। ਇਸ ‘ਅਜਗਰ’ ਸ਼ਬਦ ਦਾ ਵੀ ਅਰਥਾਂ ਮੁਤਾਬਿਕ ਅੱਗੋਂ ਦੋ ਤਰ੍ਹਾਂ ਦਾ ਉਚਾਰਣ ਹੋ ਸਕਦਾ ਹੈ। ਆਮ ਤੌਰ ’ਤੇ ਬਹੁ ਗਿਣਤੀ ਪਾਠੀ ਇਨ੍ਹਾਂ ਸ਼ਬਦਾਂ ਦਾ ਉਚਾਰਣ ਬਿਨਾਂ ਅੱਧਕ ਤੋਂ ‘ਅਜਗਰ’ ਕਰਦੇ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਨ ਵਾਲੇ ਲਗਪਗ ਸਾਰੇ ਹੀ ਵਿਦਵਾਨਾਂ ਨੇ ਇਸ ਸ਼ਬਦ ਦੇ ਅਰਥ ਕੀਤੇ ਹਨ:- ਅਜਗਰੁ = ਅਜ = ਬੱਕਰਾ। ਗਰੁ = ਨਿਗਲਣ ਵਾਲਾ {ਵੱਡਾ ਭਾਰਾ ਨਾਗ ਜੋ ਸਾਬਤ ਬੱਕਰੇ ਨੂੰ ਨਿਗਲ ਜਾਂਦਾ ਹੈ} ਭਾਵ ਅਜਗਰ ਸੱਪ ਵਾਂਗ ਬਹੁਤ ਜਿਆਦਾ ਭਾਰੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੰਜਾਬੀ ਸ਼ਬਦ ਕੋਸ਼ ਵਿੱਚ ‘ਜੱਗਰ’ ਸ਼ਬਦ ਦੇ ਅਰਥ ਬੇਅਕਲ, ਮੂਰਖ, ਪ੍ਰਗਟ ਹੋਇਆ, ਉਜਾਗਰ; ਕੀਤੇ ਗਏ ਹਨ। ਮੇਰੇ ਖ਼ਿਆਲ ਅਨੁਸਾਰ ਗੁਰਬਾਣੀ ਵਿੱਚ ‘ਅਜਗਰ, ਅਜਗਰਿ, ਅਜਗਰੁ’ ਸ਼ਬਦਾਂ ਦੀ ਵਰਤੋਂ ਵਾਲੀਆਂ ਹੇਠ ਦਿੱਤੀਆਂ ਗਈਆਂ ਤੁਕਾਂ ਵਿੱਚ ਜੇ ਇਨ੍ਹਾਂ ਸ਼ਬਦਾਂ ਨੂੰ ਅੱਧਕ ਸਮੇਤ ‘ਅਜੱਗਰ’ ਪੜ੍ਹਿਆ ਜਾਵੇ ਤਾਂ ਇਹ ਜਿਆਦਾ ਢੁੱਕਵਾਂ ਹੋਵੇਗਾ; ਜਿਸ ਨਾਲ ਇਸ ਦੇ ਅਰਥ ‘ਜੱਗਰ’ ਦੇ ਅੱਗੇ (ਅਗੇਤਰ) ‘ਅ’ ਲਗਾ ਕੇ ‘ਜੱਗਰ’ ਦਾ ਵਿਪਰੀਤ ‘ਅਜੱਗਰ’ ਹੋ ਜਾਵੇਗਾ। ਜਿਸ ਦਾ ਭਾਵ ਹੈ:- ਉਹ ਵਸਤੂ ਜਾਂ ਕਿਸੇ ਜੀਵ ਦੇ ਗੁਣ/ ਔਗੁਣ ਜੋ ਵਿਆਪਕ ਰੂਪ ਵਿੱਚ ਇਸ ਜਗਤ ਅਤੇ ਜੀਵਾਂ ਦੇ ਸਰੀਰਾਂ ਵਿੱਚ ਪਸਰ ਰਹੇ ਹਨ; ਉਨ੍ਹਾਂ ਦਾ ਪ੍ਰਭਾਵ ਵੀ ਸਾਡੀ ਰੋਜ਼ਮੱਰਹਾ ਦੀ ਜਿੰਦਗੀ ’ਤੇ ਅਵੱਛ ਪੈ ਰਿਹਾ ਹੈ ਪਰ ਜ਼ਾਹਰਾ ਤੌਰ ’ਤੇ ਨਾ ਹੀ ਉਹ ਇਨ੍ਹਾਂ ਅੱਖਾਂ ਨਾਲ ਵੇਖੇ ਜਾਣ ਸਕਦੇ ਅਤੇ ਨਾ ਹੀ ਹੱਥਾਂ ਦੀ ਛੋਹ ਨਾਲ ਉਨ੍ਹਾਂ ਦੀ ਹੋਂਦ ਮਹਿਸੂਸ ਕੀਤੀ ਜਾ ਸਕਦੀ ਹੈ। ਅਜਿਹੇ ਵਿਆਪਕ ਗੁਣ ਔਗੁਣਾਂ ਦੀ ਪੈਮਾਇਸ਼ ਵੀ ਦੁਨਿਆਵੀ ਵੱਟਿਆਂ ਜਾਂ ਮੀਟਰਾਂ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਉਨ੍ਹਾਂ ਦੀ ਤੁਲਨਾ ਕਿਸੇ ਹਾਥੀ, ਅਜਗਰ, ਮਗਰਮੱਛ, ਤੰਦੂਏ ਆਦਿਕ ਬਹੁਤ ਹੀ ਵੱਡੇ ਜਾਨਵਰਾਂ ਦੇ ਭਾਰ ਜਾਂ ਲੰਬਾਈ/ਉਚਾਈ ਨਾਲ ਕੀਤੀ ਜਾ ਸਕਦੀ ਹੈ। ਪਰ ਗੁਰਬਾਣੀ ਵਿੱਚ ਆਏ ‘ਅਜਗਰ’ , ‘ਅਜਗਰਿ’ ਅਤੇ ‘ਅਜਗਰੁ’ ਸ਼ਬਦਾਂ ਦੀ ਵਿਆਖਿਆ ਕਰਨ ਸਮੇਂ; ਮਨੁੱਖ ਵਿੱਚ ਵਿਆਪਕ ਤੌਰ ’ਤੇ ਪਸਰ ਰਹੇ ਵਿਸ਼ੇ ਵਿਕਾਰਾਂ, ਜਿਵੇਂ ਕਿ ਹਉਮੈ, ਹੰਕਾਰ, ਮਾਇਆ ਦਾ ਮੋਹ, ਨਿੰਦਾ, ਪਾਪ ਆਦਿਕ ਦੀ ਤੁਲਨਾ ਵਿਦਵਾਨਾਂ ਨੇ ਵੱਡੇ ਭਾਰੇ ਅਜਗਰ ਸੱਪ ਨਾਲ ਕੀਤੀ ਹੈ ਜੋ ਠੀਕ ਨਹੀਂ ਜਾਪਦੇ ਕਿਉਂਕਿ ਮਨੁੱਖ ਵਿੱਚ ਵਿਆਪਕ ਤੌਰ ’ਤੇ ਪਸਰ ਰਹੇ ਇਹ ਵਿਸ਼ੇ ਵਿਕਾਰਾਂ ਦਾ ਸਿਰਫ ਪ੍ਰਭਾਵ ਹੀ ਮਹਿਸੂਸ ਕੀਤਾ ਜਾਂ ਕਬੂਲਿਆ ਜਾ ਸਕਦਾ ਹੈ ਜਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਇਨ੍ਹਾਂ ਦੀ ਤੁਲਨਾ ਕਿਸੇ ਵੱਡੇ ਜਾਂ ਛੋਟੇ ਜੀਵ ਦੇ ਭਾਰ ਜਾਂ ਆਕਾਰ ਨਾਲ ਨਹੀਂ ਕੀਤੀ ਜਾ ਸਕਦੀ। ਆਓ ਇਨ੍ਹਾਂ ਤੁਕਾਂ ਦੇ ਵੱਖ ਵੱਖ ਵਿਦਵਾਨਾਂ ਵੱਲੋਂ ਕੀਤੇ ਅਰਥਾਂ ਨੂੰ ਵੀਚਾਰੀਏ:-

 (ੳ) ਅਜਗਰ

(1). ‘ਅਜਗਰ ਕਪਟੁ ਕਹਹੁ ਕਿਉ ਖੁਲ੍ਹ੍ਹੈ ?   ——- ॥੧੧॥’ {ਮਾਰੂ ਸੋਲਹੇ ਮ: ੧/੧੦੪੩}

[ਟੀਕਾਕਾਰ ਸ: ਮਨਮੋਹਨ ਸਿੰਘ]:- ਦੱਸੋ, ਭਾਰੇ ਤਖਤੇ ਕਿਸ ਤਰ੍ਹਾਂ ਖੋਲ੍ਹੇ ਜਾ ਸਕਦੇ ਹਨ ?

[ਟੀਕਾਕਰ ਪ੍ਰੋ: ਸਾਹਿਬ ਸਿੰਘ] ਪਦ ਅਰਥ:- ਅਜਗਰ = ਬਹੁਤ ਭਾਰਾ। ਕਪਟੁ (ਕਪੱਟ) = ਕਵਾੜ, ਦਰਵਾਜ਼ਾ ।

ਪੰਕਤੀ ਅਰਥ:- ਪਰ ਇਸ ਤਰ੍ਹਾਂ (ਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਮੋਹ ਦਾ) ਕਰੜਾ ਕਵਾੜ ਕਿਸੇ ਭੀ ਹਾਲਤ ਵਿਚ ਖੁਲ੍ਹ ਨਹੀਂ ਸਕਦਾ।

[ਫ਼ਰੀਦਕੋਟੀ ਟੀਕਾ] :- (ਅਜਗਰ) ਭਾਰੀ ਕਪਟ ਕੀ ਗੰਠ ਪੜੀ ਹੂਈ ਕਹੁ ਕੈਸੇ ਖੁਲੇ?

ਵੀਚਾਰ:- ਸੋ ਉਕਤ ਪਾਵਨ ਪੰਕਤੀਆਂ ਵਿੱਚ ਆਏ ਸ਼ਬਦ ‘ਅਜਗਰ’ ਦਾ ਪਾਠ ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੰਜਾਬੀ ਸ਼ਬਦ ਕੋਸ਼ ਵਿੱਚ ‘ਜੱਗਰ’ ਸ਼ਬਦ ਦੇ ਕੀਤੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ‘ਅਜੱਗਰ’ ਕੀਤਾ ਜਾਵੇ ਅਤੇ ਉਕਤ ਵਿਦਵਾਨਾਂ ਵੱਲੋਂ ਕੀਤੇ ਅਰਥਾਂ ਦੀ ਥਾਂ ਹੇਠ ਲਿਖੇ ਅਨੁਸਾਰ ਅਰਥ ਕੀਤੇ ਜਾਣ ਤਾਂ ਇਹ ਗੁਰਮਤਿ ਅਨੁਸਾਰ ਜਿਆਦਾ ਢੁਕਵੇਂ ਪ੍ਰਤੀਤ ਹੋਣਗੇ:

‘ਵਾਚਹਿ ਪੁਸਤਕ ਵੇਦ ਪੁਰਾਨਾਂ ॥ ਇਕ ਬਹਿ ਸੁਨਹਿ ਸੁਨਾਵਹਿ ਕਾਨਾਂ ॥ ਅਜਗਰ ਕਪਟੁ ਕਹਹੁ ਕਿਉ ਖੁਲ੍ਹ੍ਹੈ ; ਬਿਨੁ ਸਤਿਗੁਰ ਤਤੁ ਨ ਪਾਇਆ ॥੧੧॥’  (ਮਾਰੂ ਸੋਲਹੇ, ਮ: ੧/ ੧੦੪੩)

(ਗੁਰੂ ਤੋਂ ਖੁੰਝ ਕੇ ਪੰਡਿਤ ਲੋਕ) ਵੇਦ ਪੁਰਾਣ ਆਦਿਕ (ਧਰਮ-) ਪੁਸਤਕਾਂ ਪੜ੍ਹਦੇ ਹਨ, ਜੋ ਕੁਝ ਉਹ ਸੁਣਾਂਦੇ ਹਨ ਉਸ ਨੂੰ ਅਨੇਕਾਂ ਬੰਦੇ ਬਹਿ ਕੇ ਧਿਆਨ ਨਾਲ ਸੁਣਦੇ ਹਨ। ਪਰ ਇਸ ਤਰ੍ਹਾਂ (ਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਵਿਆਪਕ ਮੋਹ ਦਾ ਅਜੱਗਰ ਭਾਵ ਅਦ੍ਰਿਸ਼ਟ) ਕਵਾੜ ਕਿਸੇ ਭੀ ਹਾਲਤ ਵਿਚ ਖੁਲ੍ਹ ਨਹੀਂ ਸਕਦਾ, (ਕਿਉਂਕਿ) ਗੁਰੂ ਦੀ ਸਰਨ ਤੋਂ ਬਿਨਾ ਅਸਲੀਅਤ ਨਹੀਂ ਲੱਭਦੀ।

 (2)    ‘ਹਉਮੈ ਬਿਖੁ, ਮਨੁ ਮੋਹਿਆ;   ਲਦਿਆ ਅਜਗਰ ਭਾਰੀ ॥’ {ਮਲਾਰ ਮ: ੩/੧੨੬੦}

[ਟੀਕਾਕਾਰ ਸ: ਮਨਮੋਹਨ ਸਿੰਘ]:- ਬੰਦੇ ਨੂੰ ਹੰਕਾਰ ਦੀ ਜ਼ਹਿਰ ਨੇ ਫਰੇਫਤਾ ਕਰ ਲਿਆ ਹੈ ਅਤੇ ਉਸ ਨੇ ਪਾਪਾਂ ਦਾ ਵਡੇ ਸੱਪ ਜਿੰਨਾ ਬੋਝਲ ਭਾਰ ਲੱਦ ਲਿਆ ਹੈ।

[ਪ੍ਰੋ: ਸਾਹਿਬ ਸਿੰਘ] :- ਹਉਮੈ (ਆਤਮਕ ਮੌਤ ਲਿਆਉਣ ਵਾਲਾ) ਜ਼ਹਰ ਹੈ, (ਮਨੁੱਖ ਦਾ) ਮਨ (ਇਸ ਜ਼ਹਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ, (ਇਸ ਹਉਮੈ ਦੇ) ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ।

[ਫ਼ਰੀਦਕੋਟੀ ਟੀਕਾ] :- ਹੇ ਮਨ ! ਤੂੰ ਹਉਮੈਂ ਕਰ ਵਿਖ ਰੂਪ ਵਿਸਿਅਹੁੰ ਮੇਂ ਮੋਹਿਆ ਔਰ ਪਾਪੋਂ ਰੂਪੀ (ਅਜਗਰ) ਭਾਰੀ ਭਾਰ ਕਰ ਕੇ ਲਦਿਆ ਹੂਆ ਹੈ॥

ਉਕਤ ਕੀਤੀ ਵੀਚਾਰ ਅਨੁਸਾਰ ਇਸ ਤੁਕ ਦੇ ਅਰਥ ਇਉਂ ਕਿਤੇ ਜਾਣੇ ਚਾਹੀਦੇ ਹਨ:-

(ਆਤਮਕ ਮੌਤ ਲਿਆਉਣ ਵਾਲੀ) ਹਉਮੈ ਰੂਪੀ ਜ਼ਹਰ ਵਿੱਚ (ਮਨੁੱਖ ਦਾ) ਮਨ ਫਸਿਆ ਰਹਿੰਦਾ ਹੈ, ਅਤੇ (ਇਸ ਹਉਮੈ ਰੂਪੀ ਜ਼ਹਿਰ ਦੇ) ਵਿਆਪਕ ਪ੍ਰਭਾਵ ਹੇਠ ਦਬਿਆ ਰਹਿੰਦਾ ਹੈ।

 (ਅ) ਅਜਗਰਿ

(1).  ‘ਪਚਿ ਪਚਿ ਮੁਏ, ਅਚੇਤ ਨ ਚੇਤਹਿ;   ਅਜਗਰਿ ਭਾਰਿ ਲਦਾਈ ਹੇ ॥੮॥’ {ਮਾਰੂ ਸੋਲਹੇ ਮ: ੧/੧੦੨੫}

[ਟੀਕਾਕਾਰ ਸ: ਮਨਮੋਹਨ ਸਿੰਘ] :- ਗਾਫ਼ਲ ਪਤਨੀ ਆਪਣੇ ਸਾਈਂ ਨੂੰ ਯਾਦ ਨਹੀਂ ਕਰਦੀ, ਉਹ ਪਾਪਾਂ ਦਾ ਭਾਰੀ ਬੋਝ ਚੁੱਕਦੀ ਹੈ ਅਤੇ ਗਲ ਸੜ ਕੇ ਮਰ ਮੁਕ ਜਾਂਦੀ ਹੈ।

[ਪ੍ਰੋ: ਸਾਹਿਬ ਸਿੰਘ] :- ਜੇਹੜੇ ਬੰਦੇ ਪਰਮਾਤਮਾ ਦੀ ਯਾਦ ਵਲੋਂ ਅਵੇਸਲੇ ਰਹਿੰਦੇ ਹਨ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ, ਉਹ (ਮੋਹ ਦੇ) ਬਹੁਤ ਹੀ ਭਾਰੇ ਬੋਝ ਹੇਠ ਲੱਦੇ ਰਹਿੰਦੇ ਹਨ ।

[ਫ਼ਰੀਦਕੋਟੀ ਟੀਕਾ] :- ਖਪ ਖਪ ਕੇ ਮੂਏ ਹੈਂ ਮੂਰਖ ਨਹੀਂ ਚੇਤਤੇ, ਇਸੀ ਤੇ ਭਾਰੀ ਪਾਪੋਂ ਕੇ ਭਾਰ ਸਾਥ ਬੁਧੀ ਤਿਨ ਕੀ (ਲਦਾਈ) ਅਰਥਾਤ ਦਬਾਈ ਹੂਈ ਹੈ।

ਉਕਤ ਕੀਤੀ ਵੀਚਾਰ ਅਨੁਸਾਰ ਇਸ ਤੁਕ ਦੇ ਅਰਥ ਇਉਂ ਕੀਤੇ ਜਾ ਸਕਦੇ ਹਨ:-

ਪਰਮਾਤਮਾ ਦੀ ਯਾਦ ਵਲੋਂ ਜਿਹੜੇ (ਅਚੇਤ) ਅਵੇਸਲੇ ਬੰਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ ਅਤੇ ਇਸ ਆਤਮਕ ਮੌਤ ਦੇ ਅਜੱਗਰ ਭਾਵ ਅਦ੍ਰਿਸ਼ਟ ਵਿਆਪਕ ਪ੍ਰਭਾਵ ਹੇਠ ਦਬੇ ਰਹਿੰਦੇ ਹਨ।

 (2). ‘ਅਜਗਰਿ ਭਾਰਿ ਲਦੇ ਅਤਿ ਭਾਰੀ;   ਮਰਿ ਜਨਮੇ ਜਨਮੁ ਗਵਾਇਆ ॥੧॥’ {ਮਲਾਰ ਮ: ੧/੧੨੫੫}

[ਟੀਕਾਕਾਰ ਸ: ਮਨਮੋਹਨ ਸਿੰਘ] :- ਪਾਪਾਂ ਦਾ ਵਡਾ ਤੇ ਬਹੁਤਾ ਵਜਨਦਾਰ ਬੋਝ ਭਾਰ ਕਰਕੇ ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਤੇ ਮਰ ਕੇ ਮੁੜ ਜੰਮਦੇ ਹਨ।

[ਪ੍ਰੋ: ਸਾਹਿਬ ਸਿੰਘ] :- (ਉਹ ਸਦਾ ਮਾਇਆ ਦੇ ਮੋਹ ਦੇ) ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਜੀਵਨ ਅਜਾਈਂ ਗਵਾ ਲਿਆ

[ਫ਼ਰੀਦਕੋਟੀ ਟੀਕਾ] :- ਸੋ ਮਨਮੁਖ ਅਜਗਰ ਵਤ ਭਾਰੇ ਪਾਪੋਂ ਕੇ ਲਦੇ ਹੂਏ ਅਤੀ ਭਾਰੀ ਪੀੜਾ ਕੋ ਪਾਵਤੇ ਹੈਂ, ਜਨਮਤੇ ਮਰਤੇ ਹੂਏ ਤਿਨੋਂ ਨੇ ਇਹੁ ਜਨਮ ਵਿਅਰਥ ਹੀ ਗਵਾਈ ਲੀਆ ਹੈ॥੧॥

ਉਕਤ ਕੀਤੀ ਵੀਚਾਰ ਅਨੁਸਾਰ ਇਸ ਤੁਕ ਦੇ ਅਰਥ ਇਉਂ ਕੀਤੇ ਜਾ ਸਕਦੇ ਹਨ:-

(ਸਦਾ ਮਾਇਆ ਦੇ ਮੋਹ ਦੇ ਅਜੱਗਰ ਭਾਵ ਅਦ੍ਰਿਸ਼ਟ) ਵਿਆਪਕ ਪ੍ਰਭਾਵ ਹੇਠ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਨੇ ਜੀਵਨ ਅਜਾਈਂ ਗਵਾ ਲਿਆ।

 (ੲ) ਅਜਗਰੁ

(1). ‘ਅਣਹੋਦਾ ਅਜਗਰੁ ਭਾਰੁ ਉਠਾਏ;   ਨਿੰਦਕੁ, ਅਗਨੀ ਮਾਹਿ ਜਲਾਵੈ ॥੧॥’ {ਆਸਾ ਮ: ੫/੩੭੩}

 [ਟੀਕਾਕਾਰ ਸ: ਮਨਮੋਹਨ ਸਿੰਘ] :- ਅਜ਼ਦਹੇ ਦੀ ਤਰ੍ਹਾਂ ਇਲਜਾਮ ਲਾਉਣਹਾਰ, ਬੇਅੰਤ ਬੇਲੋੜਾ ਬੋਝ ਚੁਕਦਾ ਹੈ ਅਤੇ ਅੱਗ ਵਿੱਚ ਸੜ ਜਾਂਦਾ ਹੈ।

[ਪ੍ਰੋ: ਸਾਹਿਬ ਸਿੰਘ] :- ਨਿੰਦਕ (ਨਿੰਦਾ ਦਾ) ਮਨੋ-ਕਲਪਤ ਹੀ ਬੇਅੰਤ ਭਾਰ (ਆਪਣੇ ਸਿਰ ਉਤੇ) ਚੁੱਕੀ ਫਿਰਦਾ ਹੈ, ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ।

[ਫ਼ਰੀਦਕੋਟੀ ਟੀਕਾ] :- (ਅਣਹੋਦਾ) ਜਿਸ ਕਰ ਕੁਛ ਪ੍ਰਾਪਤਿ ਨਾ ਹੋਂਦਾ ਹੋ, ਭਾਵ ਬਿਨਾਂ ਲਾਭ ਕੇ ਨਿੰਦਕੁ ਪਰਾਏ ਪਾਪ ਰੂਪ (ਅਜਗਰੁ) ਭਾਰੀ ਭਾਰ ਅਪਨੇ ਸਿਰ ਪਰ ਉਠਾਉਤਾ ਹੈ। ਔਰ ਪਰਾਏ ਪਾਪ ਰੂਪ ਅਗਨੀ ਮੇਂ ਅਪਨੇ ਆਪ ਕੋ ਸਮੇਤ ਸੰਗੀਓਂ ਕੇ ਜਲਾਉਤਾ ਹੈ; ਵਾ ਨਿੰਦਕ ਕਉ ਜਮਦੂਤ ਜਲਾਉਤੇ ਹੈਂ।

ਉਕਤ ਕੀਤੀ ਵੀਚਾਰ ਅਨੁਸਾਰ ਇਸ ਤੁਕ ਦੇ ਅਰਥ ਇਉਂ ਕੀਤੇ ਜਾ ਸਕਦੇ ਹਨ:-

ਪ੍ਰਭੂ ਦੇ ਸੇਵਕ ਜਨ ਦੀ ਨਿੰਦਕ ਬੰਦਾ ਆਪਣੇ ਸੁਭਾ ਕਾਰਣ ਬਿਨਾ ਕਾਰਣ ਕੀਤੀ ਨਿੰਦਾ ਸਦਕਾ (ਨਿੰਦਾ ਦਾ) ਮਨੋ-ਕਲਪਤ ਹੀ ਮਾੜਾ ਪ੍ਰਭਾਵ ਕਬੂਲ ਕੀਤੇ ਜਾਣ ਸਦਕਾ ਆਪਣੇ ਆਪ ਨੂੰ ਨਿੰਦਾ ਦੇ ਪੈਣ ਵਾਲੇ ਮਾੜੇ ਪ੍ਰਭਾਵ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ।

 (2). ‘ਤੈ ਤਾ ਹਦਰਥਿ ਪਾਇਓ ਮਾਨ, ਸੇਵਿਆ ਗੁਰੁ ਪਰਵਾਨੁ;   ਸਾਧਿ ਅਜਗਰੁ, ਜਿਨਿ ਕੀਆ ਉਨਮਾਨੁ ॥’ {ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ)/੧੩੯੧}

[ਟੀਕਾਕਾਰ ਸ: ਮਨਮੋਹਨ ਸਿੰਘ] :- ਤੈਨੂੰ ਪੈਗੰਬਰ ਨਾਨਕ ਨੇ ਪ੍ਰਭਤਾ ਪ੍ਰਦਾਨ ਕੀਤੀ ਸੀ ਅਤੇ ਤੂੰ ਪਰਧਾਨ ਗੁਰਾਂ ਦੀ ਟਹਿਲ ਕਮਾਈ ਸੀ, ਜਿਨ੍ਹਾਂ ਨੇ ਆਪਣੇ ਮਨ ਸਰਪ ਨੂੰ ਕਾਬੂ ਕਰ, ਪਰਮ-ਉਚੀ ਅਵਸਥਾ ਵਿੱਚ ਪਹੁੰਚ ਗਏ।

[ਪ੍ਰੋ: ਸਾਹਿਬ ਸਿੰਘ] :- (ਹੇ ਗੁਰੂ ਅੰਗਦ !) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ।

[ਫ਼ਰੀਦਕੋਟੀ ਟੀਕਾ] :- ਹੇ ਸ੍ਰੀ ਗੁਰ ਅੰਗਦ ਸਾਹਿਬ ਜੀ ! ਤੁਮਨੇ ਤੌ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ (ਹਦਰਥਿ) ਬਡਿਓਂ ਤੇ ਮਾਨ ਪਾਯਾ ਹੈ। ਕਿਉਂ ਕਿ (ਪਰਵਾਨੁ) ਨਿਸਚੈ ਕਰ ਕੇ ਤੁਮਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋ ਸੇਵਿਆ ਹੈ, ਤਿਸੀ ਤੇ (ਉਨਮਾਨੁ) ਵੀਚਾਰ ਕਰ ਕੇ ਹੰਕਾਰ ਰੂਪੀ (ਅਜਗਰੁ) ਭਾਰੀ ਸਰਪ ਕੋ ਤੁਮਨੇ ਅਪਨੇ (ਸਾਧਿ) ਵਸੀ ਕੀਆ ਹੈ॥

ਇਸ ਕੇਸ ਵਿੱਚ ਉਕਤ ਤਿੰਨੇ ਹੀ ਟੀਕਾਕਾਰਾਂ ਨੇ ਪਿਛਲੇ ਕੇਸਾਂ ਨਾਲੋਂ ਹਟ ਕੇ ਅਰਥ ਕੀਤੇ ਹਨ ਭਾਵ ‘ਅਜਗਰ’ ਦੇ ‘ਅਰਥ ਭਾਰੀ ਭਾਰ’ ਕਰਨ ਦੀ ਥਾਂ ਕਾਬੂ ਨਾ ਕੀਤੇ ਜਾਣ ਵਾਲਾ ‘ਮਨ’ ਕੀਤੇ ਹਨ।  ਸੋ ਪ੍ਰਸੰਗ ਅਨੁਸਾਰ ਇਹ ਅਰਥ ਠੀਕ ਵੀ ਜਾਪਦੇ ਹਨ।

ਬੇਸੱਕ ਉਪ੍ਰੋਕਤ ਆਖਰੀ ਤੁਕ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਤੁਕਾਂ ਦੇ ਤਮਾਮ ਟੀਕਾਕਾਰਾਂ ਨੇ ‘ਅਜਗਰ’ ਸ਼ਬਦ ਦੇ ਅਰਥ ਬਹੁਤ ਜਿਆਦਾ ਭਾਰ ਵਾਲੇ ਕੀਤੇ ਹਨ ਪਰ ਜੇ ਧਿਆਨ ਨਾਲ ਵੇਖੀਏ ਤਾਂ ਇਹ ਭਾਰ – ਹਉਮੈ, ਨਿੰਦਾ, ਮਾਇਆ ਦਾ ਮੋਹ, ਪਾਪ ਆਦਿਕ ਗੁਣ ਵਾਚਕ ਨਾਂਵ ਸ਼ਬਦਾਂ ਦੇ ਵਿਸ਼ੇਸ਼ਣ ਵਜੋਂ ਆਇਆ ਹੈ। ਹਉਮੈ, ਨਿੰਦਾ, ਮਾਇਆ ਦੇ ਮੋਹ ਦਾ ਪੜਦਾ, ਪਾਪ ਆਦਿਕ ਮਨੁੱਖ ਦੇ ਵਿਕਾਰ ਰੂਪੀ ਐਸੇ ਔਗੁਣ ਹਨ ਜੋ ਨਾਂ ਤਾਂ ਦ੍ਰਿਸ਼ਟਮਾਨ ਹੋਣ ਕਰਕੇ ਇਨ੍ਹਾਂ ਅੱਖਾਂ ਨਾਲ ਵੇਖੇ ਜਾ ਸਕਦੇ ਹਨ ਅਤੇ ਨਾਂ ਹੀ ਇਨ੍ਹਾਂ ਦਾ ਭਾਰ ਦੁਨਿਆਵੀ ਵੱਟਿਆਂ ਨਾਲ ਜੋਖ ਕੇ ਉਸ ਦੀ ਤੁਲਨਾ ਅਜਗਰ ਦੇ ਭਾਰ ਨਾਲ ਹੀ ਕੀਤੀ ਜਾ ਸਕਦੀ ਹੈ। ਇਹ ਵਿਕਾਰ ਕੇਵਲ ਅਧਿਆਤਮਕ ਤੇ ਸਮਾਜਿਕ ਜੀਵਨ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ। ਸੋ ਇਨ੍ਹਾਂ ਦਾ ਉਚਾਰਣ ਉਪ੍ਰੋਕਤ ਕੀਤੀ ਵੀਚਾਰ ਅਨੁਸਾਰ ‘ਅਜੱਗਰ’ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੰਜਾਬੀ ਸ਼ਬਦ ਕੋਸ਼ ਅਨੁਸਾਰ ‘ਅਦ੍ਰਿਸ਼ਟ ਜਾਂ ਗੁਪਤ, ਜੋ ਪ੍ਰਗਟ ਨਹੀਂ ਹੋਏ; ਭਾਵ ਜੋ ਸਾਨੂੰ ਇਨ੍ਹਾਂ ਅੱਖਾਂ ਨਾਲ ਨਾ ਦਿੱਸਦੇ’ ਕੀਤੇ ਜਾਣੇ ਜਿਆਦਾ ਢੁਕਵੇਂ ਜਾਪਦੇ ਹਨ। ਇਹ ਅਰਥ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਵਿੱਚਲੇ ਅਰਥਾਂ ਨਾਲ ਵੀ ਬਿਲਕੁਲ ਮੇਲ ਖਾਂਦੇ ਹਨ ਜਿਵੇਂ ਕਿ:-

‘ਘਰੈ ਅੰਦਰਿ ਸਭੁ ਵਥੁ ਹੈ;   ਬਾਹਰਿ ਕਿਛੁ ਨਾਹੀ ॥ ਗੁਰ ਪਰਸਾਦੀ ਪਾਈਐ;   ਅੰਤਰਿ ਕਪਟ ਖੁਲਾਹੀ ॥੧॥’ {ਆਸਾ ਮ: ੩/੪੨੫}

(ਹੇ ਭਾਈ ! ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ। (ਪਰ, ਹਾਂ) ਇਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ।

‘ਕਪਟ ਖੁਲਾਨੇ, ਭ੍ਰਮ ਨਾਠੇ ਦੂਰੇ ॥ ਨਾਨਕ ਕਉ, ਗੁਰ ਭੇਟੇ ਪੂਰੇ ॥੪॥੧੪॥੨੫॥’ {ਰਾਮਕਲੀ ਮ: ੫/੮੯੦}

(ਹੇ ਭਾਈ!) ਨਾਨਕ ਨੂੰ ਪੂਰੇ ਗੁਰੂ ਜੀ ਮਿਲ ਪਏ ਹਨ, (ਹੁਣ ਨਾਨਕ ਨੂੰ ਦਿੱਸ ਰਿਹਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈ, ਦਇਆ ਦੇ ਸੋਮੇ ਅਕਾਲ ਪੁਰਖ ਦਾ ਤੇਜ-ਪਰਤਾਪ ਪ੍ਰਤੱਖ (ਹਰ ਥਾਂ ਦਿੱਸ ਰਿਹਾ ਹੈ); (ਗੁਰੂ ਦੀ ਕਿਰਪਾ ਨਾਲ ਮਨ ਦੇ) ਕਿਵਾੜ ਖੁਲ੍ਹ ਗਏ ਹਨ, ਤੇ, ਸਾਰੇ ਭਰਮ ਕਿਤੇ ਦੂਰ ਭੱਜ ਗਏ ਹਨ ।

ਉਪ੍ਰੋਕਤ ਤੁਕਾਂ ਵਿੱਚ ਮਾਇਆ ਮੋਹ ਦੇ ਕਾਰਣ ਮਨ ਦੇ ਅੰਦਰਲੇ ਕਿਵਾੜਾਂ ਦੀ ਗੱਲ ਕੀਤੀ ਗਈ ਜੋ ਅਜਗਰ ਦੇ ਭਾਰ ਵਾਂਗ ਬਹੁਤ ਭਾਰੀ ਨਹੀਂ ਹੋ ਸਕਦੇ ਸਗੋਂ ਭੰਭੀਰੀ ਦੇ ਖੰਭ ਵਾਂਗ ਬੜਾ ਬਰੀਕ ਪਰਦਾ ਭਾਵ ਅਦ੍ਰਿਸ਼ਟ ਪਰਦਾ ਹੀ ਹੋ ਸਕਦਾ ਹੈ। ਇਸ ਖ਼ਿਆਲ ਨੂੰ ਹੇਠ ਲਿਖੀ ਤੁਕ ਵਿੱਚ ਹੋਰ ਸਪਸ਼ਟ ਕੀਤਾ ਗਿਆ ਹੈ:-

‘ਹਉ ਹਉ ਭੀਤਿ ਭਇਓ ਹੈ ਬੀਚੋ;   ਸੁਨਤ ਦੇਸਿ ਨਿਕਟਾਇਓ ॥ ਭਾਂਭੀਰੀ ਕੇ ਪਾਤ ਪਰਦੋ;   ਬਿਨੁ ਪੇਖੇ ਦੂਰਾਇਓ ॥੩॥’ {ਸੋਰਠਿ (ਮ: ੫/ ੬੨੪}

ਹੇ ਮਾਂ ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜ੍ਹੀ ਹੋ ਗਈ ਹੈ, (ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ), ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ।

ਗੁਰਬਾਣੀ ਵਿਚ ਜੀਵਨ ਮੁਕਤ ਦਾ ਸੰਕਲਪ

0

ਗੁਰਬਾਣੀ ਵਿਚ ਜੀਵਨ ਮੁਕਤ ਦਾ ਸੰਕਲਪ

ਡਾ. ਜਗਜੀਤ ਕੌਰ

‘‘ਚਾਰਿ ਪਦਾਰਥ ਜੇ ਕੋ ਮਾਂਗੈ ਸਾਧ ਜਨਾ ਕੀ ਸੇਵਾ ਲਾਗੋ॥’’ (ਪੰਨਾ ੨੬੨) ਗੁਰਬਾਣੀ ਮਹਾਵਾਕ ਅਨੁਸਾਰ ਮਨੁੱਖ ਚਾਰ ਪ੍ਰਕਾਰ ਦੇ ਪਦਾਰਥਾਂ ਦੀ ਕਾਮਨਾ ਕਰਦਾ ਹੈ। ਚਾਰ ਪਦਾਰਥ ਦਾ ਸਪੱਸ਼ਟੀਕਰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਿਲਾਵਲ ਰਾਗ ਵਿਚ ਕਰਦੇ ਹਨ ‘ਅਰਥ ਧਰਮ ਕਾਮ ਮੋਖ ਕਾ ਦਾਤਾ’ (ਪੰਨਾ ੮੦੬) ਇਨ੍ਹਾਂ ਚਾਰ ਪਦਾਰਥਾਂ ਦੀ ਕਾਮਨਾ ਕਰਦਾ ਹੋਇਆ ਮਨੁੱਖ ‘ਮੋਖ’ ਫਲ ਨੂੰ ਤਰਜੀਹ ਦਿੰਦਾ ਰਿਹਾ ਹੈ। ਮੋਖ ਪ੍ਰਾਪਤੀ ਇਸ ਦੀ ਸਭ ਤੋਂ ਵੱਡੀ ਕਾਮਨਾ ਰਹੀ ਹੈ। ਜੰਮਣ ਮਰਨ ਦੇ ਗੇੜ ਤੋਂ ਮੁਕਤੀ, ਆਵਾਗਮਨ ਦੇ ਚੱਕਰ ਤੋਂ ਮੁਕਤੀ, ਦੀ ਕਾਮਨਾ ਇਹ ਕਰਦਾ ਰਿਹਾ ਹੈ ਕਿਉਂਕਿ ਆਵਾਗਮਨ ਦਾ ਕ੍ਰਮ ਅਤਿ ਦੁਖਦਾਈ ਹੈ। ਆਵਾਗਮਨ ਦੇ ਗੇੜ ਤੋਂ ਛੁਟਕਾਰੇ ਦੀ ਅਰਜ਼ੋਈ, ਅਰਦਾਸ ਇਹ ਨਿਤਾਪ੍ਰਤਿ ਗੁਰੂ ਚਰਨਾਂ ਵਿਚ ਕਰਦਾ ਹੈ। ਇੱਥੇ ਇਹ ਸਪੱਸ਼ਟ ਕਰਨਾ ਬਣਦਾ ਹੈ ਕਿ ਪੁਰਾਤਨ ਸਮੇਂ ਤੋਂ ਕਰਮਕਾਂਡੀ ਬ੍ਰਾਹਮਣਵਾਦੀ ਮੋਖ ਭਾਵਨਾ ਅਤੇ ਗੁਰਮਤਿ ਅਨੁਸਾਰੀ ਮੋਖ ਵਿਚ ਵੱਡਾ ਅੰਤਰ ਹੈ। ਕਰਮਕਾਂਡੀ ਬ੍ਰਾਹਮਣਵਾਦੀ ਵਿਧੀ-ਵਿਧਾਨ ਮਨੁੱਖ ਨੂੰ ਕਈ ਪ੍ਰਕਾਰ ਦੇ ਅਡੰਬਰਾਂ ਵਿਚ ਉਲਝਾਉਂਦਾ ਰਿਹਾ ਹੈ ਜਿਸ ਅਨੁਸਾਰ ਮਰਣ ਤੋਂ ਬਾਅਦ, ਇਹ ਮਨੁੱਖਾ ਸਰੀਰ ਤਿਆਗਣ ਤੋਂ ਬਾਅਦ, ਬੈਕੁੰਠ ਅਥਵਾ ਸਵਰਗ ਦੀ ਪ੍ਰਾਪਤੀ ਦਾ ਲਾਲਚ ਉਸ ਨੂੰ ਕਈ ਪ੍ਰਕਾਰ ਦੇ ਦਾਨ-ਪੁੰਨ ਕਰਮ, ਘਰ-ਗ੍ਰਿਹਸਤੀ ਦਾ ਤਿਆਗ ਕਰ, ਸਮਾਜ ਦੇ ਉੱਤਰ ਦਾਇਤਵਾਂ ਤੋਂ ਭੱਜ ਨੱਸ ਕੇ ਤਪ ਜੋਗ ਸਾਧਨ ਦੇ ਮਾਰਗ ’ਤੇ ਲਾਉਂਦਾ ਰਿਹਾ ਹੈ। ਪਰੰਤੂ ਧੰਨ ਧੰਨ ਗੁਰੂ ਨਾਨਕ ਪਾਤਸਾਹ ਦਾ ਦੱਸਿਆ ਮੋਖ ਦੁਆਰ ਕੇਵਲ ਗੁਰੂ ਚਰਨਾਂ ਨਾਲ ਜੋੜਦਾ ਹੈ, ਸਮਾਜ ਪਰਿਵਾਰ ਨਾਲ ਜੋੜਦਾ ਹੈ, ਇਕ ਚੰਗਾ ਸੇਵਾਦਾਰ, ਪਰਉਪਕਾਰੀ ਜੀਊੜਾ ਬਣਾਉਂਦਾ ਹੈ ਜਿਸਨੂੰ ਗੁਰਬਾਣੀ ‘ਜੀਵਨ ਮੁਕਤ’ ਦੱਸਦੀ ਹੈ। ਮਰਨ ਪਿੱਛੋਂ ਬੈਕੁੰਠ ਕਿਸ ਕੰਮ ਦਾ ?

ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਣੁ ਭਇਆ॥

ਦਰ ਦਰਸਨ ਕਾ ਪ੍ਰੀਤਮੁ ਹੋਵੈ, ਮੁਕਤਿ ਬੈਖੁੰਟੇ ਕਰੇ ਕਿਆ॥    (ਪੰਨਾ ੩੬੦)

ਗੁਰਬਾਣੀ ਦਾ ਜਗਿਆਸੂ ਸਾਧਕ ਤਾਂ ਕਾਮਨਾ ਕਰਦਾ ਹੈ_

ਰਾਜੁ ਨ ਚਾਹਉ ਮੁਕਤਿ ਨ ਚਾਹਉ, ਮਨਿ ਪ੍ਰੀਤਿ ਚਰਨ ਕਮਲਾਰੇ॥     (ਪੰਨਾ ੫੩੪)

ਉਸ ਦੀ ਕੇਵਲ ਤੇ ਕੇਵਲ ਲੋਚ ਹੈ ‘ਮੋਕਉ ਤੂੰ ਨ ਬਿਸਾਰਿ ਤੂੰ ਨ ਬਿਸਾਰਿ॥

ਕਿਉਂਜੁ ‘‘ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ (ਮਲਾਰ ਨਾਮਦੇਵ ਜੀ, ਪੰਨਾ ੧੨੯੨-੯੩)

ਮਰਣ ਉਪਰਾਂਤ ਭੌਤਿਕ ਸਰੀਰ ਸੜ ਕੇ ਕੋਲਾ ਹੋ ਗਿਆ, ਸੁਆਹ ਹੋ ਗਿਆ ਤਾਂ ਸਤਿਗੁਰੂ ਜੀ ਦੀ ਬਖਸ਼ਿਸ਼ ਮੁਕਤੀ ਦਾ ਅਨੰਦ ਲਾਭ ਤੇ ਨਾ ਹੀ ਹੋਇਆ। ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ, ਇਸੇ ਮਨੁੱਖਾ ਸਰੀਰ ਵਿਚ ਹੀ ਨਦਰੀ ਨਦਰ ਨਿਹਾਲ ਹੋ ਜਾਈਏ। ਵਿਕਾਰਾਂ ਤੋਂ ਮੁਕਤ, ਸੰਕਲਪ ਵਿਕਲਪ ਤੋਂ ਮੁਕਤ, ਵਾਸ਼ਨਾ ਕਾਮਨਾ ਤੋਂ ਮੁਕਤ ਹੋ ਸਕੀਏ, ਦੁਖਦਾਈ ਵਿਕਾਰਾਂ ਤੋਂ ਮੁਕਤੀ, ਸਭ ਤੋਂ ਵੱਡਾ ਵਿਕਾਰ ਹਉਮੈ ਤੋਂ ਛੁਟਕਾਰਾ ਪਾ ਸਕੀਏ, ਮਾਇਆ ਵੇੜੇ ਆਕਰਸ਼ਨਾਂ ਤੋਂ ਮੁਕਤੀ ਮਿਲ ਜਾਵੇ, ਜੀਊਂਦੇ ਜੀਅ ਮਨ ਨੂੰ ਮਾਰ ਸਕੀਏ, ਗੁਰੂ ਦੀ ਦਿੱਬ-ਦ੍ਰਿਸ਼ਟੀ ਇਸ ਅਦਨਾ ਜੀਵ ’ਤੇ ਹੋ ਜਾਵੇ ਤਾਂ ਜੋ ਜੀਊਣ ਦਾ ਸਹੀ ਅਰਥਾਂ ਵਿਚ ਅਨੰਦ ਪ੍ਰਾਪਤ ਹੋ ਜਾਵੇ, ਜੀਵਨ ਮੁਕਤ ਦੀ ਪਰਿਭਾਸ਼ਾ ਸਾਰਥਕ ਕਰ ਸਕੀਏ, ਗੁਰਬਾਣੀ ਆਖਦੀ ਹੈ “ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ॥” (ਪੰਨਾ ੪੪੯)

ਇਸ ‘ਮਰ ਜੀਵੈ’ ਦੀ ਵਿਆਖਿਆ ਗੁਰਬਾਣੀ ਅਨੁਸਾਰ ਉਹ ਪੁਰਖ ਹੈ ਜੋ ਗੁਰੂ ਆਸ਼ੇ ਅਨੁਸਾਰ_

ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥

ਤੈਸਾ ਹਰਖੁ ਤੈਸਾ ਉਸੁ ਸੋਗ॥ ਸਦਾ ਅਨੰਦੁ ਤਹ ਨਹੀ ਬਿਓਗੁ॥

ਤੈਸਾ ਸੁਵਰਨੁ ਤੈਸੀ ਉਸ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥

ਤੈਸਾ ਮਾਨ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥

ਜੋ ਵਰਤਾਏ ਸਾਈ ਜੁਗਤਿ॥ ਨਾਨਕ ਉਹੁ ਪੁਰਖੁ ਕਹੀਐ ਜੀਵਨ ਮੁਕਤਿ॥ (ਗਉੜੀ ਸੁਖਮਨੀ, ਪੰਨਾ ੨੬੫)

ਜੀਵਨ ਮੁਕਤ ਦਾ ਰੂਪ ਸਵਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਤਰ੍ਹਾਂ ਉਲੀਕਦੇ ਹਨ :

ਉਸਤਤਿ ਨਿੰਦਿਆ ਨਾਹਿ ਜਿਹਿ, ਕੰਚਨ ਲੋਹ ਸਮਾਨਿ॥ ਕਹੁ ਨਾਨਕ ਸੁਨੁ ਰੇ ਮਨਾ, ਮੁਕਤਿ ਤਾਹਿ ਤੈ ਜਾਨਿ॥

ਹਰਖੁ ਸੋਗੁ ਜਾ ਕੈ ਨਹੀ, ਬੈਰੀ ਮੀਤ ਸਮਾਨਿ॥ ਕਹੁ ਨਾਨਕ ਸੁਨੁ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ ੧੫॥ (ਪੰਨਾ ੧੪੨੬)

ਮਨੁੱਖ ਐਸੀ ਉੱਚੀ ਆਤਮਕ ਅਵਸਥਾ ’ਤੇ ਜਾ ਅੱਪੜੇ ਜਿੱਥੇ ਲੋਭ ਮੋਹ ਵਿਕਾਰਾਂ ਦੀ ਛੋਹ ਤੋਂ ਨਿਰਲੇਪ ਹੋ ਜਾਏ, ਹਰਖ-ਸੋਗ, ਮਾਨ-ਅਪਮਾਨ, ਉਸਤਤ-ਨਿੰਦਾ ਦੇ ਪ੍ਰਭਾਵਾਂ ਤੋਂ ਅਛੋਹਾ ਹੋ ਜਾਏ, ਇਹ ਸਾਰੀ ਅਵਸਥਾ ਤਾਂ ਹੀ ਸੰਭਵ ਹੈ, ਗੁਰੂਦੇਵ ਜੀ ਆਪ ਕਿਰਪਾ ਕਰਨ। ਗੁਰੂ ਦੇ ਲੜ ਲੱਗ ਜਾਈਏ ਤਾਂ ਇਹ ਰਾਹ ਸੁਖਾਲਾ ਹੋ ਜਾਂਦਾ ਹੈ।

ਗੁਰ ਕੋ ਸਬਦਿ ਜੀਵਤੁ ਮਰੈ, ਗੁਰਮੁਖਿ ਭਵਜਲੁ ਤਰਣਾ॥       (ਪੰਨਾ ੬੯)

ਗੁਰੂ ਦੀ ਸ਼ਰਨ ਵਿਚ ਆ ਕੇ ਸਭ ਤੋਂ ਪਹਿਲਾਂ ਤਾਂ ਹਉਮੈ ਦਾ ਤਿਆਗ ਕਰੇ। ਇਹ ਹਉਮੈ ਹੀ ਹੈ ਜਿਸ ਨੇ ਜੀਵ ਨੂੰ ਆਪਣੇ ਸਤ-ਸਵਰੂਪ ਤੋਂ ਵੱਖਰਾ ਕੀਤਾ ਹੋਇਆ ਹੈ। ਮੂਲ ਰੂਪ ਵਿਚ ਮਨੁੱਖ ਸੱਤ ਅਕਾਲ ਪੁਰਖ ਦਾ ਹੀ ਅੰਸ਼ ਹੈ ਪਰ ਹਉਮੈ ਕਰਕੇ ਪ੍ਰਭੂ ਤੋਂ ਵਿਛੜ ਗਿਆ ਹੈ। ‘‘ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ’’ (ਪੰਨਾ ੪੬੬) ਹਉਮੈ ਕਰਕੇ ਹੀ ਮਾਇਆ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ। ਮਾਇਆ ਅਗਿਆਨ ਹੈ, ਅਵਿੱਦਿਆ ਹੈ। ਅਗਿਆਨ ਕਰਕੇ ਮਨੁੱਖ ਆਪਣੇ ਅਸਲੀ ਸਵਰੂਪ ਨੂੰ ਪਛਾਣ ਨਹੀਂ ਸਕਦਾ ਤੇ ਮਾਇਆ ਦੇ ਪ੍ਰਭਾਵ ਥੱਲੇ ਦੱਬਿਆ ਮਾਇਆ ਪ੍ਰੇਰਿਤ ਤ੍ਰਿਗੁਣੀ ਕਰਮਾਂ ਨੂੰ ਕਰਦਾ ਰਹਿੰਦਾ ਹੈ। ਮਾਇਆ ਦੇ ਤ੍ਰਿਗੁਣੀ ਪ੍ਰਭਾਵ ਤੋਂ ਤਮੋ ਗੁਣ, ਰਜੋ ਗੁਣ ਅਤੇ ਸਤੋ ਗੁਣੀ ਕਰਮਾਂ ਵਿਚ ਬੱਝਿਆ ਫਿਰਦਾ ਹੈ। ਹੰਕਾਰ ਹਉਮੈ ਵਿਚ ਫੁੱਲਿਆ ਆਫਰਿਆ ਆਪਣੇ ਅਸਲੇ ਤੋਂ ਵੇਮੁਖ ਰਹਿੰਦਾ ਹੈ। ਜਿਉਂ-ਜਿਉਂ ਮਾਇਆ ਪ੍ਰੇਰਿਤ ਕਰਮ ਕਰਦਾ ਹੈ ਤਿਉਂ-ਤਿਉਂ ਕਰਮ ਬੰਧਨ ਵਿਚ ਬੱਝਿਆ ਜਾਂਦਾ ਹੈ, ਫਿਰ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਪਰੰਤੂ ਜਦੋਂ ਗੁਰੂ ਦੀ ਸ਼ਰਣ ਵਿਚ ਆ ਜਾਂਦਾ ਹੈ, ਗਿਆਨ ਦੇ ਪਟਲ ਖੁਲ੍ਹਦੇ ਹਨ, ਆਪੇ ਦੀ ਪਛਾਣ ਕਰਦਾ ਹੈ, ਹਉਮੈ ਦਾ ਨਾਸ਼ ਹੁੰਦਾ ਹੈ, ਕਰਮ ਬੰਧਨ ਟੁੱਟਣ ਲਗਦੇ ਹਨ, ਭਾਣਾ ਮੰਨਣ ਦੀ ਜਾਚ ਆਉਂਦੀ ਹੈ। ਗੁਰੂ ਦੇ ਹੁਕਮ ਵਿਚ ਤੁਰਨ ਦੀ ਜਾਚ ਆਉਂਦੀ ਹੈ ਤੇ ਫਿਰ ਨਿਹਕਰਮੀ ਹੋ ਨਿੱਬੜਦਾ ਹੈ_

ਸੋ ਨਿਹਕਰਮੀ ਜੋ ਸਬਦੁ ਬੀਚਾਰੇ॥ ਅੰਤਰਿ ਤਤੁ ਗਿਆਨਿ ਹਉਮੈ ਮਾਰੇ॥

ਨਾਮੁ ਪਦਾਰਥੁ ਨਉ ਨਿਧਿ ਪਾਏ॥ ਤ੍ਰੈਗੁਣ ਮੇਟਿ ਸਮਾਵਣਿਆ॥

ਹਉਮੈ ਕਰੈ ਨਿਹਕਰਮੀ ਨ ਹੋਵੈ॥ ਗੁਰਪਰਸਾਦੀ ਹਉਮੈ ਖੋਵੈ

ਅੰਤਰਿ ਬਿਬੇਕ ਸਦਾ ਆਪੁ ਬੀਚਾਰੇ॥ ਗੁਰ ਸਬਦੀ ਗੁਣ ਗਾਵਣਿਆ॥   (ਪੰਨਾ ੧੨੮)

ਜੀਵਨ ਮੁਕਤੀ ਦੇ ਮਾਰਗ ’ਤੇ ਚੱਲਣ ਲਈ ਹਉਮੈ ਦਾ ਨਾਸ਼ ਲਾਜ਼ਮੀ ਹੈ :

ਜੀਵਨੁ ਮੁਕਤਿ ਸੋ ਆਖੀਐ, ਜਿਸੁ, ਵਿਚਹੁ ਹਉਮੈ ਜਾਇ॥       (ਪੰਨਾ ੧੦੧੦)

ਹਉਮੈ ਦਾ ਨਾਸ਼ ਕਰਕੇ ਪ੍ਰਭੂ ਦੇ ਹੁਕਮ ਦੀ ਪਾਲਣਾ ਕਰੇ। ਪਰਮਾਤਮਾ ਦੀ ਰਜ਼ਾ ਤੇ ਦ੍ਰਿੜ੍ਹ ਵਿਸ਼ਵਾਸ ਤੇ ਡੂੰਘੀ ਆਸਥਾ ਰੱਖ ਕੇ ਮੰਨੇ ਕਿ ‘ਤੇਰਾ ਕੀਆ ਮੀਠਾ ਲਾਗੇ’, ‘ਜੋ ਤੁਧੁ ਭਾਵੈ ਸਾਈ ਭਲੀਕਾਰ’ ਹਰੇਕ ਕਰਮ ਪ੍ਰਭੂ ਹੁਕਮ ਅੰਦਰ ਕਰਨ ਦੀ ਜਾਚ ਆ ਜਾਵੇ।

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ॥ ਸਦਾ ਸਦਾ ਬਸੈ ਹਰਿ ਸੰਗਿ॥

ਪ੍ਰਭ ਕਾ ਕੀਆ ਜਨ ਮੀਠ ਲਗਾਨਾ॥ ਜੈਸਾ ਸਾ ਤੈਸਾ ਦ੍ਰਿਸਟਾਨਾ॥ (ਗਉੜੀ ਸੁਖਮਨੀ, ਪੰਨਾ ੨੮੨)

ਜੀਵਨ ਮੁਕਤ ਪਰਮਾਤਮਾ ਦੇ ਹੁਕਮ ਅੰਦਰ ਵਿਚਰਦਾ ਹੈ, ਰਾਮ ਰਸ ਦਾ ਪਾਠ ਕਰਦਾ ਆਤਮਕ ਜੀਵਨ ਜੀਊਂਦਾ ਹੈ :

ਸਾਚ ਪਦਾਰਥੁ ਗੁਰਮੁਖਿ ਲਹਹੁ॥ ਪ੍ਰਭ ਕਾ ਭਾਣਾ ਸਤਿ ਕਰਿ ਸਹਹੁ॥

ਜੀਵਤ ਜੀਵਤ ਜੀਵਤ ਰਹਹੁ॥ ਰਾਮ ਰਸਾਇਣੁ ਨਿਤ ਉਠਿ ਪੀਵਹੁ॥

ਹਰਿ ਹਰਿ ਹਰਿ ਹਰਿ ਰਸਨਾ ਕਹਹੁ॥ (ਪੰਨਾ ੧੧੩੮)

ਭਾਣਾ ਮੰਨਣ, ਹੁਕਮ ਵਿਚ ਵਿਚਰਨ ਲਈ ਮਨ ’ਤੇ ਕਾਬੂ ਹੋਣਾ ਲਾਜ਼ਮੀ ਹੈ। ਜੇਕਰ ਮਨ ਵਿਸ਼ੇ-ਵਿਕਾਰਾਂ ਵਿਚ ਭਟਕਦਾ ਫਿਰੇਗਾ, ਹਉਮੈ ਅਹੰਕਾਰ ਵਿਚ ਆਫਰਿਆ ਫਿਰੇਗਾ ਤਾਂ ਮੁਕਤ ਦੁਆਰ ਵਿਚ ਪ੍ਰਵੇਸ਼ ਸੰਭਵ ਨਹੀਂ ਹੈ। ਗੁਰਬਾਣੀ ਫੁਰਮਾਨ ਹੈ :

ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਵੇ ਭਾਇ॥

ਮਨੁ ਤਉ ਮੈਗਲੁ ਹੋਇ ਰਹਿਓ, ਨਿਕਸੇ ਕਿਉ ਕੈ ਜਾਇ॥        (ਪੰਨਾ ੧੩੬੮)

ਕਿਉਂਕਿ ਮਨ ਦਾ ਮੂਲ ਸੁਭਾਅ ਹੀ ਚੰਚਲ ਹੈ, ਇਹ ਅਸਥਿਰ ਨਹੀਂ ਰਹਿੰਦਾ, ਮਨ ਖੋਟਾ ਹੈ, ਤੇਰਾ ਨਹੀਂ ਬਿਸਾਸੁ ਤੂ ਮਹਾ ਉਦਮਾਦਾ’ ਕਰਮ ਬੰਧਨ ਕਰਕੇ ਅਨੇਕ ਜਨਮਾਂ ਵਿਚ ਭਟਕਦੇ ਮਨ ਤੇ ਮੰਦੇ ਕਰਮਾਂ ਦੀ ਮੈਲ ਲੱਗੀ ਹੋਈ ਹੈ। ਇਸ ਖੋਟੀ ਮੱਤ ਨੂੰ ਗੁਰੂ ਦੀ ਸ਼ਰਣ ਵਿਚ ਆ ਕੇ ਹੀ ਸ਼ੁੱਧ ਪ੍ਰਬੁੱਧ ਕੀਤਾ ਜਾ ਸਕਦਾ ਹੈ। ਗੁਰੂ ਦੀ ਕਿਰਪਾ ਕਰਕੇ ਹੀ ਇਹ ਮਨ ਕਾਬੂ ਆਉਂਦਾ ਹੈ, ਜੀਵਨ ਮੁਕਤੀ ਦਾ ਰਾਹ ਸੁਖਾਲਾ ਹੁੰਦਾ ਹੈ।

‘ਜਨਮ ਜਨਮ ਕੀ ਇਸ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥

ਗੁਰ ਪਰਸਾਦੀ ਜੀਵਤ ਮਰੈ ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ॥ (ਪੰਨਾ ੬੫੧)

ਪ੍ਰਭੂ ਹੁਕਮ ਵਿਚ ਵਿਚਰਦੇ ਜੀਵਨ ਮੁਕਤ ਮੋਖ ਪ੍ਰਾਪਤੀ ਲਈ ਜੰਗਲਾਂ ਜਾਂ ਪਹਾੜਾਂ ਦੀਆਂ ਗੁਫਾਵਾਂ ਵਿਚ ਜਾ ਕੇ ਨਹੀਂ ਛੁਪ ਬੈਠਦੇ। ਗੁਰਮਤਿ ਦਾ ‘ਮੋਖ ਦੁਆਰ’ ਸਮਾਜ ਵਿਚ ਵਿਚਰਦੇ ਹੋਏ ‘‘ਖਾਲਿ ਖਾਇ ਕਿਛੁ ਹਥਹੁ ਦੇਇ’’ ਦਾ ਧਾਰਨੀ ਹੁੰਦਾ ਹੈ। ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ ਤੇ ਜੇਕਰ ਪੰਥ ਕੌਮ ਤੇ ਸੰਕਟ ਬਣ ਆਵੇ ਤਾਂ ਸੱਚਾਈ, ਨਿਆਂ, ਤੇ ਪੰਥਕ ਅਣਖ ਦੀ ਖਾਤਰ ‘ਪੁਰਜਾ ਪੁਰਜਾ ਕਟਿ ਮਰੈ’ ਦਾ ਆਦਰਸ਼ ਕਾਇਮ ਕਰਦਾ ਹੈ। ਸਿੱਖ ਇਤਿਹਾਸ ਦੇ ਗੌਰਵਸ਼ਾਲੀ ਸੁਨਹਿਰੇ ਪਤਰੇ ਐਸੇ ਹੀ ਜੀਵਨ-ਮੁਕਤ ਮਰਜੀਵੜਿਆਂ ਦੀ ਜੀਵਨ ਗਾਥਾ ਹੈ, ਜਿਨ੍ਹਾਂ ਨੂੰ ਸਵੇਰੇ-ਸ਼ਾਮ ਨਿੱਤ ਅਰਦਾਸ ਵਿਚ ਪੰਥ ਯਾਦ ਕਰਦਾ ਹੈ, ਉਨ੍ਹਾਂ ਦੇ ਅਣਖੀਲੇ ਬਲਿਦਾਨਾਂ ਅਤੇ ਸ਼ਹਾਦਤਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਨਮਨ ਕਰਦਾ, ਜੈ-ਜੈ ਕਾਰ ਕਰਦਾ ਹੈ।

ਸਰਾਧਾਂ ਨਾਲ ਮਨੁੱਖ ਤੇ ਪਿੱਤਰਾਂ ਦੀ ਮੁਕਤੀ ਨਹੀਂ।

0

ਸਰਾਧਾਂ ਨਾਲ ਮਨੁੱਖ ਤੇ ਪਿੱਤਰਾਂ ਦੀ ਮੁਕਤੀ ਨਹੀਂ।

ਪ੍ਰੋ. ਬਲਵਿੰਦਰਪਾਲ ਸਿੰਘ

ਬ੍ਰਾਹਮਣਵਾਦ ਨੇ ਮਨੁੱਖ ਦੀ ਮੁਕਤੀ ਮੌਤ ਤੋਂ ਬਾਅਦ ਮੰਨੀ ਹੈ, ਪਰ ਇਹ ਤਾਂ ਹੀ ਸੰਭਵ ਹੈ, ਜੇਕਰ ਮ੍ਰਿਤਕ ਵਿਅਕਤੀ ਦੇ ਸਾਰੇ ਕਰਮ-ਕਾਂਡ ਬ੍ਰਾਹਮਣ ਦੇ ਹੱਥੋਂ ਹੁੰਦੇ ਹਨ। ਅੱਸੂ ਮਹੀਨੇ ਦੌਰਾਨ 15 ਦਿਨਾਂ ਤੱਕ ਹਿੰਦੂ ਸਮਾਜ ਵਿੱਚ ਸ਼ਰਾਧ ਕੀਤੇ ਜਾਣ ਦੀ ਪਰੰਪਰਾ ਹੈ। ਸ਼ਰਾਧ ਦਾ ਅਰਥ ਹੈ, ਪਿਤਾ ਕਰਮ (ਪਿਤਰਾਂ ਦੀ ਖ਼ੁਸ਼ੀ ਦੇ ਲਈ ਸ਼ਰਧਾ ਦੇ ਨਾਲ ਦਿੱਤਾ ਜਾਣ ਵਾਲਾ ਅੰਨ ਵਸਤਰ ਆਦਿ) ਪਿੰਡ ਦਾਨ ਕਰਾ ਕੇ ਬ੍ਰਾਹਮਣਾਂ ਨੂੰ ਭੋਜਨ, ਅੰਨ, ਧਨ ਦੇ ਕੇ ਸੰਤੁਸ਼ਟ ਕਰਦੇ ਹਨ ਜੋ ਸ਼ਰਾਧ ਕਰਮ ਤੋਂ ਪ੍ਰਸੰਨ ਹੋ ਕੇ ਵਿਅਕਤੀ ਦੇ ਪੂਰਵਜਾਂ ਅਰਥਾਤ ਪਿਤਰਾਂ ਨੂੰ ਸੰਤੁਸ਼ਟੀ ਦਿੰਦੇ ਹਨ। ਬ੍ਰਾਹਮਣਾਂ ਨੇ ਇਹ ਸੋਚ ਕੇ ਕਿ ਬਰਸਾਤ ਖ਼ਤਮ ਹੋ ਜਾਣ ਅਤੇ ਝੋਨੇ ਦੀ ਫ਼ਸਲ ਕੱਟ ਜਾਣ ਤੋਂ ਬਾਅਦ ਪਿੰਡ ਵਿੱਚ ਦੁੱਧ, ਘਿਓ ਦੀ ਬਹੁਤਾਤ ਹੋਵੇਗੀ ਅਤੇ ਕਿਸਾਨਾਂ ਦੇ ਕੋਲ ਦਖਸ਼ਣਾ ਦੇਣ ਲਈ ਕਾਫ਼ੀ ਪੈਸਾ ਹੋਵੇਗਾ; ਅੱਸੂ ਮਹੀਨੇ ਦੇ 15 ਦਿਨਾਂ ਨੂੰ ਪਿਤਰਾਂ ਦੀ ਖ਼ੁਸ਼ੀ ਤੇ ਮੁਕਤੀ ਦੇ ਲਈ ਸ਼ਰਾਧ ਕਰਮ ਨਿਸ਼ਚਿਤ ਕਰ ਦਿੱਤੇ ਹਨ। ਇਸ ਮੌਕੇ ’ਤੇ ਬ੍ਰਾਹਮਣਾਂ ਨੂੰ ਜੋ ਭੋਜਨ ਕਰਾਇਆ ਜਾਂਦਾ ਹੈ, ਉਹ ਪੱਕੀ ਰਸੋਈ ਅਖਵਾਉਂਦਾ ਹੈ।

ਦੇਸੀ ਘਿਓ ’ਚ ਬਣੀਆਂ ਪੂੜੀਆਂ, ਸਬਜ਼ੀ, ਮਿਠਾਈ, ਖੀਰ, ਕੜਾਹ, ਦਹੀਂ ਵੜੇ ਆਦਿ ਅਨੇਕਾਂ ਤਰ੍ਹਾਂ ਦੇ ਪਕਵਾਨ ਇਸ ਵਿੱਚ ਸ਼ਾਮਲ ਹਨ। ਲੋਕਾਂ ਨੂੰ ਸਾਲ ਭਰ ਭਾਵੇਂ ਸੁੱਕੀ ਰੋਟੀ ਵੀ ਨਸੀਬ ਨਾ ਹੋਵੇ, ਪਰ ਪਿੱਤਰਾਂ ਦੀ ਮੁਕਤੀ ਲਈ ਬ੍ਰਾਹਮਣ ਦਾ ਢਿੱਡ ਭਰਨਾ ਜ਼ਰੂਰੀ ਹੈ ਅਤੇ ਬ੍ਰਾਹਮਣ ਦੀ ਵੀ ਮੁਕਤੀ ਦੇ ਨਾਂ ’ਤੇ ਇਨ੍ਹਾਂ ਦਿਨਾਂ ’ਚ ਮੌਜ ਲੱਗ ਜਾਂਦੀ ਹੈ। ਉਹ ਇਸ ਮੌਕੇ ਦੌਰਾਨ ਅੱਧਾ ਦਰਜਨ ਸੱਦੇ ਸਵੀਕਾਰ ਕਰ ਲੈਂਦੇ ਹਨ। ਇਸ ਦੇ ਲਈ ਬ੍ਰਾਹਮਣਾਂ ਦੁਆਰਾ ਤਰਕ ਇਹ ਦਿੱਤਾ ਜਾਂਦਾ ਹੈ ਕਿ ਮ੍ਰਿਤਕ ਵਿਅਕਤੀ ਦੀ ਆਤਮਾ ਤੱਕ ਸੁਆਦੀ ਭੋਜਨ ਅਤੇ ਸੁੱਖ ਸਹੂਲਤ ਦੇ ਸਾਧਨ ਪਹੁੰਚਾਉਣ ਦੇ ਨਾਂ ’ਤੇ ਸ਼ਰਾਧ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਗੱਲਾਂ ਨੂੰ ਸਾਬਤ ਕਰਨ ਦੇ ਲਈ ਉਨ੍ਹਾਂ ਨੇ ਅਜਿਹੇ ਸਲੋਕ, ਸੂਤਰ ਵਾਕ ਰਚੇ, ਜਿਨ੍ਹਾਂ ਨਾਲ ਉਨ੍ਹਾਂ ਦਾ ਅਤੁੱਟ ਸਿੱਕਾ ਚੱਲਦਾ ਰਹੇ। ਮ੍ਰਿਤਕਾਂ ਦੀ ਮੁਕਤੀ ਲਈ ਸ਼ਰਾਧ ਪ੍ਰਥਾ ਆਰੰਭ ਕਰਨ ਵਿੱਚ ਬ੍ਰਾਹਮਣਾਂ ਨੇ ਅਜਿਹੀ ਚਲਾਕੀ ਕੀਤੀ। ਸ਼ਰਾਧ ਦੀ ਆੜ ਵਿੱਚ ਆਪਣੀ ਪੇਟ-ਪੂਜਾ ਦਾ ਵਧੀਆ ਢੰਗ ਕੱਢਿਆ ਹੈ। ਮਨੂੰ ਸਿਮ੍ਰਿਤੀ (ਸਲੋਕ ੯੫, ੯੬, ੯੮-੯੯, ੧੦੦-੧੦੧ ਅਧਿ. ੧) ਅਨੁਸਾਰ ਬ੍ਰਾਹਮਣ ਦੇ ਮੂੰਹ ਰਾਹੀਂ ਦੇਵਤਾ ਲੋਕ ਆਪਣਾ ਹਿੱਸਾ ਅਤੇ ਪਿਤਰ ਲੋਕ ਆਪਣਾ ਹਿੱਸਾ ਖਾਂਦੇ ਹਨ। ਬ੍ਰਾਹਮਣ ਤੋਂ ਸ੍ਰੇਸ਼ਟ ਕੌਣ ਹੋ ਸਕਦਾ ਹੈ ?

ਮਨੂੰ ਸਿਮ੍ਰਤੀ (੩/੨੦੯) ਅਨੁਸਾਰ ਸ਼ਰਾਧਾਂ ਵਿੱਚ ਬ੍ਰਾਹਮਣ ਨੂੰ ਆਸਣ ’ਤੇ ਬਿਠਾ ਕੇ ਉਸ ਦੀ ਪੂਜਾ ਕਰੋ। (੩/੨੩੭) ਜੋ ਵਸਤੂ ਉਸ ਨੂੰ ਪਸੰਦ ਹੈ, ਉਸ ਨੂੰ ਖ਼ੁਸ਼ੀ ਨਾਲ ਪਰੋਸੋ। ਪਰਾਸ਼ਰ ਸਿਮਰਤੀ (੨/੧੭) ਅਨੁਸਾਰ ਬ੍ਰਾਹਮਣ ਤੋਂ ਜੋ ਜਪ ਤਪ ਕਰਵਾਉਂਦਾ ਹੈ ਤੇ ਦਾਨ ਦਖਸ਼ਣਾ ਦਿੰਦਾ ਹੈ, ਉਸ ਨੂੰ ਜਪ-ਤਪ ਦਾ ਪੂਰਾ ਫਲ ਮਿਲਦਾ ਹੈ।

ਅਤ੍ਰਿ ਸੰਹਿਤਾ ਵਿੱਚ ਲਿਖਿਆ ਹੈ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਪਿੱਤਰਪੁਰੀ ਖ਼ਾਲੀ ਹੋ ਜਾਂਦੀ ਹੈ ਕਿਉਂਕਿ ਸਾਰੇ ਪਿੱਤਰ ਸ਼ਰਾਧ ਦਾ ਅੰਨ ਖਾਣ ਲਈ ਮਾਤ ਲੋਕ ਵਿੱਚ ਭੱਜ ਕੇ ਆ ਜਾਂਦੇ ਹਨ ਇਸ ਲਈ ਅਗਰ ਉਨ੍ਹਾਂ ਨੂੰ ਨਾ ਖਵਾਇਆ ਜਾਵੇ, ਤਾਂ ਉਹ ਸਰਾਪ ਦੇ ਕੇ ਚਲੇ ਜਾਂਦੇ ਹਨ। ਸ਼ਰਾਧ ਕਰਾਉਣ ਜਿਹਾ ਹੋਰ ਕੋਈ ਪੁੰਨ ਨਹੀਂ। ਸੁਮੇਰ ਪਰਬਤ ਜਿੰਨੇ ਭਾਰੀ ਪਾਪ ਕੀਤੇ ਸ਼ਰਾਧ ਕਰ ਕੇ ਤੁਰੰਤ ਨਾਸ਼ ਹੋ ਜਾਂਦੇ ਹਨ। ਸ਼ਰਾਧ ਕਰਕੇ ਹੀ ਆਦਮੀ ਨੂੰ ਸਵਰਗ ਪ੍ਰਾਪਤ ਹੁੰਦਾ ਹੈ।

ਸਿਰਫ਼ ਇਹੀ ਨਹੀਂ, ਬਲਕਿ ਸ਼ਰਾਧ ਵਿੱਚ ਦਾਨ ਦਖਸ਼ਣਾ ਦਾ ਵੀ ਅਦਭੁੱਤ ਮਹੱਤਵ ਦੱਸਿਆ ਗਿਆ ਹੈ। ਸ਼ਾਸਤ੍ਰਾਂ ਵਿੱਚ ਕਿਹਾ ਗਿਆ ਹੈ ਕਿ ਬਿਨਾਂ ਦਖਸ਼ਣਾ ਦੇ ਸ਼ਰਾਧ, ਮਾਰੂਥਲ ਵਿੱਚ ਵਰਖਾ, ਹਨੇਰੇ ਵਿੱਚ ਨਾਚ, ਬੋਲੇ ਸਾਹਮਣੇ ਸੰਗੀਤ ਗਾਇਨ ਵਰਗਾ ਹੈ। ਜੋ ਆਪਣੇ ਪਿੱਤਰਾਂ ਨੂੰ ਸੰਤੁਸ਼ਟ ਕਰਨਾ ਚਾਹੁੰਦੇ ਹਨ। ਉਨ੍ਹਾਂ ਨੂੰ ਬਿਨਾ ਦਾਨ ਦਖਸ਼ਣਾ ਦੇ ਸ਼ਰਾਧ ਨਹੀਂ ਕਰਨਾ ਚਾਹੀਦਾ।

ਵੀਚਾਰ: ਸੁਆਲ ਇਹ ਹੈ ਕਿ ਸ਼ਰਾਧ ਦੇ ਦਿਨਾਂ ਵਿੱਚ ਹੀ ਪਿਤਰਾਂ ਨੂੰ ਬ੍ਰਾਹਮਣ ਦੁਆਰਾ ਭੋਜਨ ਪਹੁੰਚਾਇਆ ਜਾਂਦਾ ਹੈ, ਪੂਰੇ ਸਾਲ ਕਿਉਂ ਨਹੀਂ ਪਹੁੰਚਾਇਆ ਜਾਂਦਾ ? ਬਾਕੀ ਦੇ ਦਿਨ ਪਿੱਤਰ ਭੁੱਖੇ ਨਹੀਂ ਮਰਦੇ ਹੋਣਗੇ ? ਬ੍ਰਾਹਮਣਾਂ ਨੇ ਇੱਕ ਦਿਨ ਅਰਥਾਤ ਜਿਸ ਦਿਨ ਪਿੱਤਰ ਮਰਿਆ ਹੁੰਦਾ ਹੈ, ਭੋਜਨ ਪਹੁੰਚਾਉਣ ਦੀ ਵਿਵਸਥਾ ਤਾਂ ਕਰ ਦਿੱਤੀ, ਸਾਲ ਦੇ ਬਾਕੀ ਦਿਨ ਦੀ ਚਿੰਤਾ ਕਿਉਂ ਨਹੀਂ ਕੀਤੀ?

ਕੀ ਇਨ੍ਹਾਂ ਸ਼ਰਾਧ ਛੱਕਣ ਵਾਲੇ ਬ੍ਰਾਹਮਣਾਂ ਨੂੰ ਪਤਾ ਹੋਵੇਗਾ ਕਿ ਮ੍ਰਿਤਕ ਪਿਤਰ ਦੀ ਆਤਮਾ ਇਸ ਸਮੇਂ ਕਿੱਥੇ ਹੈ, ਜਿਸ ਨਾਲ ਭੋਜਨ ਉਸ ਦੇ ਕੋਲ ਪਹੁੰਚ ਸਕੇ ? ਦੂਸਰਾ ਪੰਡਤ ਜੀ ਨੂੰ ਖੁਆਉਣ ਨਾਲ ਜੇਕਰ ਪਿੱਤਰ ਕੋਲ ਭੋਜਨ ਪਹੁੰਚਦਾ ਹੋਵੇ, ਤਾਂ ਪਰਦੇਸ ਜਾਣ ਵਾਲੇ ਵਿਅਕਤੀ ਨੂੰ ਭੋਜਨ ਬੰਨ੍ਹ ਕੇ ਲਿਜਾਣ ਦੀ ਕੀ ਲੋੜ ਹੈ ? ਫਿਰ ਬ੍ਰਾਹਮਣਾਂ ਰਾਹੀਂ ਪ੍ਰਦੇਸ ਗਏ ਵਿਅਕਤੀ ਨੂੰ ਭੋਜਨ ਪਹੁੰਚਾਉਣ ਦਾ ਵੀ ਕੰਮ ਕਰ ਲੈਣਾ ਚਾਹੀਦਾ ਹੈ।

ਇਹ ਸੋਚ ਹਾਸੋ-ਹੀਣੀ ਹੈ ਕਿ ਬ੍ਰਾਹਮਣਾਂ ਦੇ ਪੇਟ ਵਿੱਚ ਗਿਆ ਭੋਜਨ ਜਜਮਾਨ ਦੇ ਪਿੱਤਰਾਂ ਤੱਕ ਪਹੁੰਚ ਜਾਂਦਾ ਹੈ ਜਾਂ ਉਨ੍ਹਾਂ ਦੀ ਭੁੱਖ ਸ਼ਾਂਤ ਹੋ ਜਾਵੇਗੀ। ਪਿੱਤਰਾਂ ਦੇ ਸਰੀਰ ਜਲਾ ਦਿੱਤੇ ਜਾਂਦੇ ਹਨ। ਹਿੰਦੂ ਧਰਮ ਅਨੁਸਾਰ ਆਤਮਾ ਭੁੱਖ, ਪਿਆਸ ਆਦਿ ਬੰਧਨਾਂ ਤੋਂ ਮੁਕਤ ਹੈ। ਫਿਰ ਇਸ ਲੋਕ ਵਿੱਚ ਬ੍ਰਾਹਮਣਾਂ ਨੂੰ ਖੁਆਇਆ ਗਿਆ ਭੋਜਨ ਪਿਤਰਾਂ ਦੀ ਆਤਮਾ ਤੱਕ, ਜਿਸ ਦਾ ਪਤਾ ਨਹੀਂ ਕਿਸ ਲੋਕ, ਕਿਸ ਜੋਨੀ ਅਤੇ ਕਿਸ ਸਥਿਤੀ ਵਿੱਚ ਹੈ, ਕਿਵੇਂ ਪਹੁੰਚ ਗਿਆ ?

ਜੇਕਰ ਪਿੱਤਰਾਂ ਦੀ ਯਾਦ ਵਿੱਚ ਖੁਆਉਣਾ, ਪਿਆਉਣਾ, ਦਾਨ ਦੇਣਾ ਜ਼ਰੂਰੀ ਹੈ ਤਾਂ ਕੇਵਲ ਅੱਸੂ ਮਹੀਨੇ ਦੇ 15 ਦਿਨ ਹੀ ਉਸ ਦੇ ਲਈ ਨਿਸ਼ਚਿਤ ਕਿਉਂ ਕੀਤੇ ਗਏ ਹਨ ? ਇਹ ਵੀ ਕੇਵਲ ਬ੍ਰਾਹਮਣਾਂ ਨੂੰ ਕਿਉਂ ਦਿੱਤਾ ਜਾਂਦਾ ਹੈ ? ਭੁੱਖੇ, ਨੰਗੇ, ਗ਼ਰੀਬਾਂ, ਲੋੜਵੰਦਾਂ ਨੂੰ ਦਾਨ ਕਿਉਂ ਨਹੀਂ ਦਿੱਤਾ ਜਾਂਦਾ ?

ਕੀ ਪਿੱਤਰ ਨਾਮ ਸਰੀਰ ਦਾ ਹੈ ਜਾਂ ਆਤਮਾ ਦਾ ਜਾਂ ਸਰੀਰ ਸਹਿਤ ਆਤਮਾ ਦਾ ? ਜੇਕਰ ਪਿੱਤਰ ਸਰੀਰ ਦਾ ਨਾਮ ਹੈ, ਤਾਂ ਮਰਨ ਤੋਂ ਬਾਅਦ ਸਰੀਰ ਨੂੰ ਜਲਾ ਦਿੱਤਾ ਜਾਂਦਾ ਹੈ, ਤਾਂ ਫਿਰ ਪਿੱਤਰ ਤਾਂ ਜਲ ਗਏ, ਖ਼ਤਮ ਹੋ ਗਏ। ਜੇਕਰ ਆਤਮਾ ਦਾ ਨਾਮ ਪਿੱਤਰ ਹੈ, ਤਾਂ ਆਤਮਾ ਨਾ ਮਰਦੀ ਹੈ, ਨਾ ਜੰਮਦੀ ਹੈ, ਨਾ ਕਿਸੇ ਦਾ ਬਾਪ, ਪੁੱਤਰ ਆਦਿ ਬਣਦੀ ਹੈ: ‘‘ਨਾ ਇਹੁ ਮਾਨਸੁ, ਨਾ ਇਹੁ ਦੇਉ ॥ ਨਾ ਇਹੁ, ਜਤੀ ਕਹਾਵੈ ਸੇਉ ॥ ਨਾ ਇਹੁ ਜੋਗੀ, ਨਾ ਅਵਧੂਤਾ ॥ ਨਾ ਇਸੁ ਮਾਇ, ਨ ਕਾਹੂ ਪੂਤਾ ॥੧॥ ਇਆ ਮੰਦਰ ਮਹਿ, ਕੌਨ ਬਸਾਈ ? ॥ ਤਾ ਕਾ ਅੰਤੁ ਨ, ਕੋਊ ਪਾਈ ॥੧॥ ਰਹਾਉ ॥ … ਨਾ ਇਹੁ ਤਪਾ, ਕਹਾਵੈ ਸੇਖੁ ॥ ਨਾ ਇਹੁ ਜੀਵੈ, ਨ ਮਰਤਾ ਦੇਖੁ ॥ ਇਸੁ ਮਰਤੇ ਕਉ, ਜੇ ਕੋਊ ਰੋਵੈ ॥ ਜੋ ਰੋਵੈ, ਸੋਈ ਪਤਿ ਖੋਵੈ ॥’’… ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ (ਜੈਸੇ) ਕਾਗਦ ਪਰ ਮਿਟੈ ਨ ਮੰਸੁ (ਸਿਆਹੀ)॥’’ (ਭਗਤ ਕਬੀਰ/੮੭੧) ਜੇਕਰ ਸਰੀਰ ਸਹਿਤ ਆਤਮਾ ਪਿੱਤਰ ਹੈ, ਤਾਂ ਅਸੀਂ ਜੀਉਂਦਿਆਂ ਜੀਅ ਉਨ੍ਹਾਂ ਦੀ ਸੇਵਾ ਕਿਉਂ ਨਹੀਂ ਕਰਦੇ ?

ਸੋ, ਪੰਡਤਾਂ ਦੀ ਬਣਾਈ ਸ਼ਰਾਧ ਪਰੰਪਰਾ ਸ਼ੈਤਾਨ ਮਨ ਦੀ ਉਪਜ ਹੈ। ਇਸ ਦਾ ਕੋਈ ਲਾਭ ਨਹੀਂ, ਨਾ ਹੀ ਇਸ ਦਾ ਕਿਸੇ ਮੁਕਤੀ ਨਾਲ ਸੰਬੰਧ ਹੈ। ਗੁਰਬਾਣੀ ਵਿੱਚ ਸੰਤ ਕਬੀਰ ਮਹਾਰਾਜ ਸ਼ਰਾਧ ਕਰਾਉਣ ਵਾਲਿਆਂ ਨੂੰ ਤਾੜਨਾ ਕਰਦੇ ਹਨ ਕਿ ਹੇ ਦੁਨੀਆਂ ਦੇ ਲੋਕੋ! ਜੀਉਂਦੇ ਜੀਅ ਤੁਸੀਂ ਬਜ਼ੁਰਗਾਂ ਦਾ ਸਤਿਕਾਰ ਨਹੀਂ ਕਰਦੇ। ਉਨ੍ਹਾਂ ਦੇ ਮਰਨ ਤੋਂ ਬਾਅਦ ਤੁਸੀਂ ਸ਼ਰਾਧ ਇਸ ਲਈ ਕਰਦੇ ਹੋ, ਤਾਂ ਜੋ ਘਰ ਵਿੱਚ ਕੋਈ ਮਾੜੀ ਘਟਨਾ ਨਾ ਵਾਪਰੇ, ਪਰਿਵਾਰ ਵਿੱਚ ਖੁਸ਼ੀ ਬਣੀ ਰਹੇ। ਤਾਂ ਤੇ ਇਹ ਸ਼ਰਾਧ ਕਰਨ ਵਾਲਿਓ ! ਮੈਨੂੰ ਕੋਈ ਅਜਿਹਾ ਪਰਿਵਾਰ ਦੱਸ ਦਿਓ, ਜਿੱਥੇ ਕਦੇ ਕਿਸੇ ਦੀ ਮੌਤ ਨਹੀਂ ਹੋਈ। ਅਜਿਹੇ ਲੋਕ ਇਸ ਫਰਜ਼ੀ ਆਨੰਦ ਦੀ ਦੌੜ ਵਿੱਚ ਸ਼ਰਾਧ ਕਰਦੇ ਰਹਿੰਦੇ ਹਨ ਤੇ ਪਰਿਵਾਰਾਂ ਦੀ ਮੌਤ ਦਾ ਸਿਲਸਲਾ ਚੱਲਦਾ ਰਹਿੰਦਾ ਹੈ। ਤਾਂ ਫਿਰ ਸ਼ਰਾਧ ਕਰਾਉਣ ਵਾਲਿਓ ! ਤੁਸੀਂ ਇਹ ਤਾਂ ਦੱਸੋ, ਤੁਹਾਡੀ ਥਿਊਰੀ ਵਿੱਚ ਆਨੰਦ ਦਾ ਅਰਥ ਕੀ ਹੈ ?

‘‘ਜੀਵਤ ਪਿਤਰ ਨ ਮਾਨੈ ਕੋਊ, ਮੂਏਂ ਸਿਰਾਧ ਕਰਾਹੀ ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ, ਕਊਆ ਕੂਕਰ ਖਾਹੀ ॥੧॥

ਮੋ ਕਉ ਕੁਸਲੁ ਬਤਾਵਹੁ ਕੋਈ ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ, ਕੁਸਲੁ ਭੀ ਕੈਸੇ ਹੋਈ ? ॥੧॥ ਰਹਾਉ ॥’’ (ਪੰਨਾ ੩੩੨)

ਸ਼ਰਾਧਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਜੋ ਮਨੁੱਖ ਸੰਸਾਰ ’ਚ ਆਉਂਦਾ ਹੈ ਉਹ ਚਲਾ ਜਾਂਦਾ ਹੈ। ਪਿੱਛੋਂ ਕਰਵਾਏ ਗਏ ਪਿੰਡ ਪੱਤਲ ਕਾਵਾਂ ਕੁੱਤਿਆਂ ਵਾਸਤੇ ਹੀ ਹੁੰਦੇ ਹਨ। ਜਿਹੜੇ ਲੋਕ ਪੰਡਤਾਂ ਪਿੱਛੇ ਲੱਗ ਕੇ ਭਰਮ ਕਰਦੇ ਹਨ ਕਿ ਸ਼ਰਾਧ ਕਰਵਾਉਣ ਨਾਲ ਪਿੱਤਰਾਂ ਦਾ ਉਧਾਰ ਹੋ ਜਾਵੇਗਾ, ਉਹ ਮਨਮੁਖ ਹਨ ਤੇ ਮਨ ਦੀ ਦੌੜ ਪਿੱਛੇ ਚੱਲ ਕੇ ਅਗਿਆਨਤਾ ਦੇ ਹਨੇਰੇ ’ਚ ਠੋਕਰਾਂ ਖਾ ਰਹੇ ਹਨ। ਅਸਲ ’ਚ ਅਜਿਹੇ ਲੋਕ ਰੱਬੀ ਗਿਆਨ ਨਾਲ ਨਾ ਜੁੜੇ ਹੋਣ ਕਰਕੇ ਪੁਜਾਰੀਵਾਦ ਦੇ ਜਨਮ ਮਰਨ ਦੇ ਗੇੜ ’ਚ ਫਸੇ ਰਹਿ ਜਾਂਦੇ ਹਨ: ‘‘ਆਇਆ ਗਇਆ ਮੁਇਆ ਨਾਉ ॥ ਪਿਛੈ ਪਤਲਿ ਸਦਿਹੁ ਕਾਵ ॥ ਨਾਨਕ ! ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ ਡੁਬਾ ਸੰਸਾਰੁ ॥’’ (ਪੰਨਾ ੧੩੮)

ਦੁੱਖ ਇਸ ਗੱਲ ਦਾ ਹੈ ਕਿ ਗੁਰਬਾਣੀ ਨੂੰ ਮੰਨਣ ਵਾਲੇ ਵੀ ਪੁਜਾਰੀਵਾਦ ਦੇ ਮਗਰ ਲੱਗ ਕੇ ਇਨ੍ਹਾਂ ਸ਼ਰਾਧਾਂ ਦੇ ਚੱਕਰ ’ਚ ਫਸ ਕੇ ਜਨਮ ਮਰਨ ਤੇ ਚੌਰਾਸੀ ਲੱਖ ਜੂਨਾਂ ’ਚ ਪੈ ਜਾਂਦੇ ਹਨ। ਸ਼ਰਾਧ ਵਰ੍ਹੀਣੇ ਜਾਂ ਬਰਸੀਆਂ ਦੀ ਗੁਰਮਤਿ ’ਚ ਕੋਈ ਬੁੱਕਤ ਨਹੀਂ, ਇਹ ਤਾਂ ਪਿੱਤਰ ਪੂਜਾ ਦਾ ਫੋਕਾ ਵਹਿਮ ਹੈ। ਜੇਕਰ ਪੰਡਤਾਂ ਦੀ ਥਾਂ ’ਤੇ ਗ੍ਰੰਥੀਆਂ, ਭਾਈਆਂ ਨੂੰ ਭੋਜਨ ਛਕਾ ਦਿੱਤਾ ਤਾਂ ਇਸ ਨਾਲ ਕੀ ਫਾਇਦਾ ? ਵਹਿਮ ਤਾਂ ਉਹੀ ਰਿਹਾ। ਅਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰਨ ਲਈ ਕਿਸੇ ਗਰੀਬ ਨੂੰ ਪੜ੍ਹਾ ਕਿਉਂ ਨਹੀਂ ਦਿੰਦੇ, ਬਿਮਾਰ ਗਰੀਬ ਦਾ ਇਲਾਜ ਕਿਉਂ ਨਹੀਂ ਕਰਵਾ ਦਿੰਦੇ ?

ਕੀ ਅਜਿਹਾ ਕਰਨਾ ਚੰਗੀ ਗੱਲ ਹੈ ਜਾਂ ਫਿਰ ਵਿਹਲੜ ਪੁਜਾਰੀ ਦਾ ਢਿੱਡ ਭਰਨਾ ? ਕੀ ਅਕਾਲ ਪੁਰਖ ਗਰੀਬਾਂ ਦੀ ਸੇਵਾ ਨਾਲ ਖੁਸ਼ ਹੋਵੇਗਾ ਜਾਂ ਵਿਹਲੜ ਵਿਅਕਤੀ ਦੀ ਸੇਵਾ ਨਾਲ ? ਸਿੱਖ ਧਰਮ ਦੇ ਪ੍ਰਚਾਰਕਾਂ, ਗ੍ਰੰਥੀਆਂ, ਕਥਾਵਾਚਕਾਂ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਕਰਮਕਾਂਡਾਂ ਬਾਰੇ ਸੰਗਤ ਨੂੰ ਜਾਗ੍ਰਿਤ ਕਰਣਾ ਚਾਹੀਦਾ ਹੈ। ਸਾਰੀ ਗੁਰਬਾਣੀ ਮਨੁੱਖ ਨੂੰ ਇਸ ਕਰਮਕਾਂਡਾਂ ’ਚੋਂ ਬਾਹਰ ਕੱਢਦੀ ਹੈ ਤੇ ਇਸ ਦੀ ਨਿਖੇਧੀ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਤਾਂ ਮਨੁੱਖ ਨੂੰ ਇਨ੍ਹਾਂ ਚੱਕਰਾਂ ’ਚੋਂ ਕੱਢਦੇ ਹਨ। ਫਿਰ ਅਸੀਂ ਗੁਰੂ ਦਾ ਕਹਿਣਾ ਕਿਉਂ ਨਾ ਮੰਨੀਏ ? ਲੋੜ ਤਾਂ ਗੁਰਮਤਿ ਦੇ ਚਾਨਣੇ ’ਚ ਤੁਰਨ ਦੀ ਹੈ।

‘ਮਾਪੇ, ਗੁਰੂ ਤੇ ਅਧਿਆਪਕ’

0

‘ਮਾਪੇ, ਗੁਰੂ ਤੇ ਅਧਿਆਪਕ’

ਬਲਵਿੰਦਰ ਸਿੰਘ ਖਾਲਸਾ ਮੋ:-97802-64599

ਮਾਪੇ, ਗੁਰੂ ਤੇ ਅਧਿਆਪਕ ਵਿੱਚ; ਤਿੰਨਾ ਦੇ ਨਾਮ ਵੀ ਵੱਖਰੇ ਹਨ ਤੇ ਕੰਮ ਵੀ ਵੱਖਰੇ ਹਨ। ਪਰ ਮਨੁੱਖਾ ਜ਼ਿੰਦਗੀ ਵਿਚ ਤਿੰਨਾ ਦੀ ਅਹਿਮੀਅਤ ਬਰਾਬਰ ਹੈ। ਤਿੰਨਾ ਵਿੱਚੋ ਇੱਕ ਦੀ ਵੀ ਘਾਟ ਹੋਣ ’ਤੇ ਮਨੁੱਖਾ ਜ਼ਿੰਦਗੀ ਅਧੂਰੀ ਹੈ। ਜੋ ਇਨਸਾਨ ਇਹਨਾ ਤਿੰਨਾ ਦੀ ਸੇਵਾ, ਸਤਿਕਾਰ ਕਰਦਾ ਹੈ ਅਤੇ ਆਗਿਆ ਦਾ ਪਾਲਣ ਕਰਦਾ ਹੈ ਉਸ ਨੂੰ ਜ਼ਿੰਦਗੀ ਵਿੱਚ ਕੋਈ ਫੇਲ ਨਹੀ ਕਰ ਸਕਦਾ, ਕੋਈ ਨਹੀ ਹਰਾਅ ਸਕਦਾ। ਬੇ-ਸ਼ੱਕ ਤਿੰਨਾ ਦੀਆਂ ਸਿੱਖਿਆਵਾਂ ਵੱਖ-ਵੱਖ ਹਨ ਪਰ ਮਨੁੱਖ ਦੀ ਜ਼ਿੰਦਗੀ ਲਈ ਤਿੰਨਾ ਦੀਆਂ ਸਿਖਿਆਵਾਂ ਅਤਿ ਜ਼ਰੂਰੀ ਹਨ। ਜੋ ਸਿੱਖਿਆ ਤਿੰਨਾਂ ਨੇ ਦੇਣੀ ਹੈ ਉਹ ਕੋਈ ਵੀ ਇਕੱਲਾ ਨਹੀਂ ਦੇ ਸਕਦਾ। ਜਿੱਥੋਂ ਤੱਕ ਮੇਰਾ ਤਜਰਬਾ ਹੈ ਕਿ ਜੇ ਕਿਸੇ ਇਨਸਾਨ ਕੋਲੋਂ ਇੰਨ੍ਹਾਂ ਤਿੰਨਾਂ ਵਿੱਚੋਂ ਇੱਕ ਵੀ ਖੁੰਝ ਗਿਆ ਭਾਵ ਜੇ ਕਿਸੇ ਨੇ ਤਿੰਨਾਂ ਵਿੱਚੋਂ ਇਕ ਦਾ ਵੀ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ। ਜਿਸ ਤਰ੍ਹਾਂ ਮਾਪੇ ਆਪਣੀ ਔਲਾਦ ਨੂੰ ਪਿਆਰ ਕਰਦੇ ਹਨ, ਗੁਰੂ ਆਪਣੇ ਸ਼ਿਸ ਨੂੰ ਪਿਆਰ ਕਰਦਾ ਹੈ। ਠੀਕ ਉਸੇ ਤਰ੍ਹਾਂ ਹੀ ਅਧਿਆਪਕ ਵੀ ਆਪਣੇ ਵਿਦਿਆਰਥੀਆਂ ਨੂੰ ਪਿਆਰ ਕਰਦਾ ਹੈ। ਕੋਈ ਗ਼ਲਤੀ ਜਾਂ ਗ਼ਲਤ ਕੰਮ ਕਰਨ ’ਤੇ ਮਾਪੇ ਆਪਣੇ ਬੱਚਿਆਂ ਨੂੰ ਝਿੜਕਦੇ ਜਾਂ ਕੁੱਟਦੇ ਹਨ। ਗੁਰੂ ਵੀ ਆਪਣੇ ਸ਼ਿਸ ਨੂੰ ਝਿੜਕਦਾ ਹੈ। ਇਸ ਤਰ੍ਹਾਂ ਅਧਿਆਪਕ ਕੋਲ ਵੀ ਆਪਣੇ ਵਿਦਿਆਰਥੀਆਂ ਨੂੰ ਝਿੜਕਣ ਜਾਂ ਕੁੱਟਣ ਦਾ ਹੱਕ ਹੈ। ਪਰ ਅੱਜ ਕੱਲ ਅਧਿਆਪਕ ਤੋਂ ਕਾਫ਼ੀ ਹੱਦ ਤੱਕ ਇਹ ਹੱਕ ਖੋਹਿਆ ਜਾ ਰਿਹਾ ਹੈ। ਤਿੰਨ ਕੁ ਦਹਾਕੇ (30 ਕੁ ਸਾਲ) ਪਹਿਲਾਂ ਦੀ ਗੱਲ ਹੈ ਕਿ ਮਾਪੇ ਆਪਣੇ ਬੱਚਿਆਂ ਨੁੰ ਅਧਿਆਪਕ ਵੱਲੋਂ ਕੁੱਟੇ ਜਾਣ ’ਤੇ ਉਲਾਂਭਾ ਤਾਂ ਕੀ ਦੇਣਾ ਸੀ ਸਗੋਂ ਮਾਪੇ ਆਪ ਜਾ ਕੇ ਅਧਿਆਪਕਾਂ ਨੂੰ ਕਹਿਦੇ ਸਨ ਕਿ ਬੱਚੇ ਨੂੰ ਡਰਾ ਕੇ ਰੱਖਿਆ ਕਰੋ। ਜੇ ਫਿਰ ਵੀ ਨਾ ਸਮਝੇ ਤਾਂ ਥੱਪੜ ਜਾਂ ਡੰਡਾ ਵੀ ਮਾਰ ਸਕਦੇ ਹੋ। ਇਸ ਕਰ ਕੇ ਉਦੋਂ ਬੱਚੇ ਸਿਆਣੇ ਵੀ ਸਨ ਤੇ ਮਾਪਿਆਂ ਤੇ ਅਧਿਆਪਕਾਂ ਦੇ ਆਗਿਆਕਾਰ ਵੀ ਸਨ। ਬੱਚਿਆਂ ਵਿੱਚ ਨਸ਼ੇ ਅਤੇ ਹੋਰ ਭੈੜੀਆਂ ਆਦਤਾਂ ਨਹੀਂ ਸਨ। ਅੱਜ ਦੀ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਤੇ ਗ਼ਲਤ ਕੰਮਾਂ ਵਿੱਚ ਪੈ ਜਾਣ ਦਾ ਮੁੱਖ ਕਾਰਨ ਇਹੀ ਹੈ ਕਿ ਅੱਜ ਬੱਚਿਆਂ ਨੂੰ ਅਧਿਆਪਕਾਂ ਦਾ ਡਰ ਨਹੀਂ ਰਿਹਾ। ਮਾਪਿਆਂ ਤੋਂ ਤਾਂ ਬੱਚੇ ਇਸ ਕਰ ਕੇ ਨਹੀਂ ਡਰਦੇ ਕਿਉਂਕਿ ਜਨਮ ਤੋਂ ਹੀ ਮਾਪਿਆਂ ਦੇ ਕੋਲ ਰਹੇ ਤੇ ਬੁੱਕਲ ਵਿੱਚ ਖੇਡੇ ਹੁੰਦੇ ਹਨ ਅਤੇ ਅਧਿਆਪਕ ਦਾ ਡਰ ਇਸ ਕਰ ਕੇ ਚੁੱਕਿਆ ਗਿਆ ਹੈ ਕਿ ਉਹ ਮਾਪਿਆਂ ਦੀ ਸਹਿਮਤੀ ਤੋਂ ਬਿਨਾ ਬੱਚਿਆਂ ਨੂੰ ਕੁੱਟ ਨਹੀਂ ਸਕਦੇ। ਜੇ ਕੋਈ ਅਧਿਆਪਕ ਕਿਸੇ ਬੱਚੇ ਨੂੰ ਕੁੱਟਦਾ ਹੈ ਤਾਂ ਮਾਪੇ ਉਲਟਾ ਉਸ ਅਧਿਆਪਕ ਨੂੰ ਕੁੱਟਣ ਤੱਕ ਜਾਂਦੇ ਹਨ। ਇੱਥੇ ਮੈਂ ਇਕ ਆਪਣੀ ਹੱਡ ਬੀਤੀ ਦੱਸਣ ਲੱਗਾ ਹਾਂ। ਇਹ ਗੱਲ 35-36 ਸਾਲ ਪੁਰਾਣੀ ਹੈ। ਉਸ ਸਮੇਂ ਮੈਂ ਸਰਕਾਰੀ ਹਾਈ ਸਕੂਲ ਮਾਈਸਰ ਖਾਨਾ ਵਿਖੇ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਸਮੇਂ ਸਕੂਲ ਦਾ ਮੁੱਖ ਅਧਿਆਪਕ ਸ੍ਰ: ਭਾਗ ਸਿੰਘ ਸੀ। ਇਕ ਦਿਨ ਐਤਵਾਰ ਦਾ ਦਿਨ ਸੀ, ਅਸੀਂ ਕਈ ਮੁੰਡੇ ਗਲੀ ਵਿੱਚ ਗੁੱਲੀ-ਡੰਡਾ ਖੇਡ ਰਹੇ ਸੀ ਤਾਂ ਅਚਾਨਕ ਸ੍ਰ: ਭਾਗ ਸਿੰਘ ਜੀ ਨੂੰ ਸਾਹਮਣੇ ਆਉਂਦੇ ਦੇਖਿਆ ਤਾਂ ਸਭ ਦੇ ਸਾਹ ਉੱਪਰ ਚੜ੍ਹ ਗਏ ਅਤੇ ਇੱਕ ਸੈਕਿੰਡ ਵਿੱਚ ਸਭ ਕੁਝ ਉੱਥੇ ਹੀ ਛੱਡ ਕੇ ਆਪਣੇ-ਆਪਣੇ ਘਰੀਂ ਜਾ ਕੇ ਅੰਦਰ ਲੁਕ ਗਏ। ਮੈਂ ਵੀ ਆਪਣੇ ਘਰ ਜਾ ਕੇ ਸਭ ਤੋਂ ਪਿਛਲੀ ਸਵਾਤ (ਕਮਰੇ) ਵਿੱਚ ਮੰਜੇ ਉਹਲੇ ਲੁਕ ਗਿਆ ਅਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਜੇ ਮਾਸਟਰ ਜੀ ਇੱਧਰ ਆਉਣ ਤਾਂ ਉਨਾਂ ਨੂੰ ਮੇਰੇ ਬਾਰੇ ਕੁਝ ਨਾ ਦੱਸਣਾ। ਪਰ ਜਦ ਮਾਂ ਨੇ ਬਾਹਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਤਾਂ ਸਾਡੇ ਹੀ ਪਿੰਡ ਦਾ ਹੀ ਬੰਦਾ ਸੀ (ਜਿਸ ਦੀ ਸ਼ਕਲ-ਸੂਰਤ, ਕੱਦ ਸਰੀਰ ਤੇ ਪਹਿਰਾਵਾ ਬਿਲਕੁਲ ਸਾਡੇ ਸਕੂਲ ਦੇ ਮੁੱਖ ਅਧਿਆਪਕ ਜੀ ਨਾਲ ਮਿਲਦਾ ਸੀ।) ਪਰ ਅਸੀਂ ਉਸ ਨੂੰ ਨਹੀਂ ਜਾਣਦੇ ਸੀ। ਜਦ ਮਾਂ ਨੇ ਕਿਹਾ ਕਿ ਬਾਹਰ ਆ ਜਾ ਮਾਸਟਰ ਜੀ ਵਾਪਿਸ ਚਲੇ ਗਏ ਹਨ, ਤਾਂ ਕਿਤੇ ਮੇਰਾ ਸਾਹ ਵਿਚ ਸਾਹ ਆਇਆ। ਪਰ ਜਦੋਂ ਬਾਅਦ ਵਿਚ ਅਸਲੀਅਤ ਦੱਸੀ ਤਾਂ ਸਾਰੇ ਬਹੁਤ ਹੱਸੇ। ਇੱਥੇ ਇਹ ਕਹਾਣੀ ਲਿਖਣਾ ਮੇਰਾ ਭਾਵ ਸਿਰਫ਼ ਇਹੀ ਹੈ ਕਿ ਉਸ ਸਮੇਂ ਦਸਵੀਂ ਵਿੱਚ ਪੜ੍ਹਦੇ ਜਵਾਨ ਮੁੰਡੇ ਵੀ ਅਧਿਆਪਕ ਤੋਂ ਕਿੰਨਾ ਡਰਦੇ ਸਨ। ਉਹ ਵੀ ਸਕੂਲ ਤੋਂ ਬਾਹਰ, ਛੁੱਟੀ ਵਾਲੇ ਦਿਨ। ਪਰ ਹੁਣ ਜਮਾਨਾ ਬਦਲ ਗਿਆ ਹੈ। ਅੱਜ ਦੇ ਬੱਚੇ ਸਕੂਲ ਵਿੱਚ ਤਾਂ ਭਾਵੇਂ ਅਧਿਆਪਕ ਦਾ ਕੁਝ ਡਰ ਮੰਨ ਲੈਣ ਪਰ ਸਕੂਲ ਤੋਂ ਬਾਹਰ ਤਾਂ ਕੋਈ ਅਧਿਆਪਕ ਨੂੰ ਅਧਿਆਪਕ ਨਹੀਂ ਸਮਝਦਾ। ਜੇ ਸਕੂਲ ਵਿੱਚ ਅਧਿਆਪਕ ਕਿਸੇ ਬੱਚੇ ਦੇ ਥੱਪੜ ਮਾਰ ਦੇਵੇ ਤਾਂ ਸਕੂਲੋਂ ਬਾਹਰ ਬੱਚੇ ਇਕੱਠੇ ਹੋ ਕੇ ਅਧਿਆਪਕ ਨੂੰ ਕੁੱਟਣ ਤੱਕ ਜਾਂਦੇ ਹਨ ਅਤੇ ਮਾਪੇ ਵੀ ਬੱਚਿਆਂ ਦੇ ਪਿੱਛੇ ਲੱਗ ਕੇ ਟੀਚਰ ਨਾਲ ਲੜਨ ਲਈ ਆ ਜਾਂਦੇ ਹਨ। ਪਰ ਮਾਪੇ ਇਹ ਭੁੱਲ ਜਾਂਦੇ ਹਨ ਕਿ ਜਦੋਂ ਬੱਚੇ ਉਹਨਾ ਦਾ ਕਹਿਣਾ ਨਹੀਂ ਮੰਨਦੇ ਤਾਂ ਉਦੋਂ ਉਨ੍ਹਾਂ ਦਾ ਮਨ ਕਿੰਨ੍ਹਾ ਕੁ ਦੁਖੀ ਹੁੰਦਾ ਹੈ? ਜਦੋਂ ਉਹੀ ਬੱਚੇ ਅਧਿਆਪਕ ਦਾ ਕਹਿਣਾ ਨਹੀਂ ਮੰਨਦੇ ਤੇ ਅਧਿਆਪਕ ਝਿੜਕਦਾ ਹੈ ਤਾਂ ਉਸ ਸਮੇ ਮਾਪਿਆਂ ਦਾ ਔਲਾਦ ਪ੍ਰਤੀ ਮੋਹ ਉਛਲ-ਉਛਲ ਪੈਂਦਾ ਹੈ। ਅਸਲ ਵਿਚ ਮਾਪਿਆਂ ਦਾ ਇਹ ਰਵੱਈਆ ਗ਼ਲਤ ਹੈ ਕਿਉਂਕਿ ਅਧਿਆਪਕ ਦੀ ਬੱਚਿਆਂ ਨਾਲ ਕੋਈ ਨਿੱਜੀ ਦੁਸਮਣੀ ਨਹੀਂ ਹੁੰਦੀ ਸਗੋਂ ਉਨ੍ਹਾਂ ਮਾਪਿਆ ਦੇ ਵਾਰਸਾਂ (ਬੱਚਿਆਂ) ਨੂੰ ਹੀਰੇ ਦੀ ਤਰ੍ਹਾਂ ਤਰਾਸ਼ ਕੇ ਉਨ੍ਹਾਂ ਦੀ ਕੀਮਤ ਵਧਾਉਂਦਾ ਹੈ। ਜਿਸ ਤਰ੍ਹਾਂ ਸੋਨੇ ਨੂੰ ਸੋਹਣੇ-ਸੋਹਣੇ ਗਹਿਣਿਆਂ ਦਾ ਰੂਪ ਧਾਰਨ ਲਈ ਪਹਿਲਾਂ ਅੱਗ ਵਿੱਚ ਸੜਨਾ ਪੈਂਦਾ ਹੈ ਉਸੇ ਤਰ੍ਹਾਂ ਹੀ ਬੱਚਿਆਂ ਨੂੰ ਵੀ ਚੰਗੇ ਇਨਸਾਨ ਤੇ ਅਫਸਰ ਬਣਨ ਲਈ ਅਧਿਆਪਕਾਂ ਦੀਆਂ ਝਿੜਕਾਂ ਤੇ ਮਾਰ ਦਾ ਦੁੱਖ ਸਹਿਣਾ ਹੀ ਪਵੇਗਾ। ਜੇਕਰ ਬੱਚੇ ਪੜ੍ਹ ਕੇ ਚੰਗੇ ਇਨਸਾਨ ਤੇ ਅਫਸਰ ਬਣਦੇ ਹਨ ਤਾਂ ਇਸ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਹੀ ਭਲਾਈ ਅਤੇ ਇੱਜ਼ਤ ਹੈ ਨਾ ਕਿ ਅਧਿਆਪਕਾਂ ਦੀ। ਇੱਥੇ ਮੈਨੂੰ ਕਿਸੇ ਗਾਇਕ ਦੇ ਪੁਰਾਣੇ ਗੀਤ ਦੇ ਬੋਲ ਯਾਦ ਆ ਗਏ, ਗੀਤ ਦੇ ਬੋਲ ਹਨ: ‘ਮਾਵਾਂ ਲਾਡ ਲਡਾ, ਧੀਆਂ ਨੂੰ ਵਿਗਾੜਨ ਨੀ; ਸੱਸਾਂ ਦੇ ਕੇ ਮੱਤਾਂ, ਉਮਰ ਸਵਾਰਨ ਨੀ’। ਜਦ ਬੱਚਿਆਂ ਨੂੰ ਅਧਿਆਪਕ ਦਾ ਡਰ ਨਹੀਂ ਹੋਵੇਗਾ ਤਾਂ ਉਹ ਪੜ੍ਹਨਗੇ ਨਹੀਂ, ਜਦ ਪੜ੍ਹਨਗੇ ਨਹੀਂ ਤਾ ਫੇਲ ਹੋ ਜਾਣਗੇ ਅਤੇ ਅੱਗੇ ਚੱਲ ਕੇ ਕਾਮਯਾਬੀ/ਨੌਕਰੀ ਨਹੀਂ ਮਿਲੇਗੀ। ਬੱਸ ਫਿਰ ਕੀ, ‘ਧੋਬੀ ਦਾ ਕੁੱਤਾ, ਨਾ ਘਰ ਦਾ ਨਾ ਘਾਟ ਦਾ’ ਵਾਲੀ ਗੱਲ ਹੋ ਜਾਵੇਗੀ ਅਤੇ ‘ਵਿਹਲਾ ਮਨ ਸ਼ੈਤਾਨ ਦਾ ਘਰ’ ਬਣ ਜਾਵੇਗਾ। ਬੱਚੇ ਨਸ਼ੇ ਅਤੇ ਹੋਰ ਮਾੜੇ ਕੰਮਾਂ ਵਿੱਚ ਪੈ ਜਾਣਗੇ ਅਤੇ ਜ਼ਿੰਦਗੀ ਨਰਕ ਬਣ ਜਾਵੇਗੀ। ਜਦ ਬੱਚਿਆਂ ਨੂੰ ਅਧਿਆਪਕ ਦਾ ਡਰ ਹੋਵੇਗਾ ਤਾਂ ਉਹ ਪੜ੍ਹ ਲਿਖ ਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣਗੇ ਅਤੇ ਚੰਗੇ ਇਨਸਾਨ ਬਣ ਕੇ ਸਮਾਜ ਭਲਾਈ ਦੇ ਕੰਮ ਕਰਨਗੇ। ਪਰ ਬੱਚਿਆਂ ਨੂੰ ਅਧਿਆਪਕ ਦਾ ਡਰ ਤਾਂ ਹੀ ਰਹੇਗਾ ਜੇ ਗ਼ਲਤੀ ਕਰਨ, ਕੰਮ ਨਾ ਕਰਨ ਜਾਂ ਸਕੂਲ ਦਾ ਅਨੁਸ਼ਾਸਨ ਭੰਗ ਕਰਨ ’ਤੇ ਅਧਿਆਪਕ ਕੋਲ ਬੱਚਿਆਂ ਨੂੰ ਦੰਡ ਦੇ ਸਕਣ ਦਾ ਅਧਿਕਾਰ ਹੋਵੇਗਾ। ਬੇਸ਼ਕ ‘ਪੰਜੇ ਉਗਲਾਂ ਇੱਕੋ ਜਿਹੀਆਂ ਨਹੀਂ’, ਵਾਲੀ ਕਹਾਵਤ ਅਨੁਸਾਰ ਸਾਰੇ ਮਾਪੇ ਤਾਂ ਇਸ ਤਰ੍ਹਾਂ ਦੇ ਨਹੀਂ ਹਨ ਪਰ ਕੁਝ ਇਸ ਤਰ੍ਹਾਂ ਦੇ ਮਾਪਿਆਂ ਦੇ ਡਰ ਕਾਰਨ ਅਤੇ ਕੁਝ ਕੁ ਢਿੱਲੇ ਅਚਾਰਨ ਵਾਲੇ ਅਧਿਆਪਕਾਂ ਨੇ ਮਾਪਿਆਂ ਅਤੇ ਅਧਿਆਪਕਾਂ ਦੇ ਪਵਿੱਤਰ ਰਿਸਤੇ ਵਿਚ ਗ਼ਲਤ ਫਹਿਮੀਆ ਪੈਦਾ ਕਰਨ ਕਾਰਨ ਮਾਪੇ ਅਤੇ ਅਧਿਆਪਕਾਂ ਦੀ ਏਕਤਾ ਖ਼ਤਮ ਕਰ ਦਿੱਤੀ ਹੈ। ਕਈ ਥਾਈਂ ਸੁਣਿਆ ਅਤੇ ਪੜ੍ਹਿਆ ਹੈ ਕਿ ਸਕੂਲ ਦਾ ਅਧਿਆਪਕ ਬੱਚੇ-ਬੱਚੀਆਂ ਨਾਲ ਅਸਲੀਲ ਹਰਕਤਾਂ ਕਰਦਾ ਫੜਿਆ ਗਿਆ। ਇਸੇ ਤਰ੍ਹਾਂ ਹੀ ਕਈ ਅਖੌਤੀ ਗੁਰੂ ਅਖਵਾਉਣ ਵਾਲੇ ਵੀ ਭੋਲੇ-ਭਾਲੇ ਲੋਕਾਂ ਦੀ ਸਰੀਰਕ, ਮਾਨਸਿਕ ਅਤੇ ਆਰਥਿਕ ਲੁਟ ਕਰ ਰਹੇ ਹਨ। ਲੋਕਾਂ ਨੂੰ ਸਿੱਧਾ ਰਸਤਾ ਦੱਸਣ ਦੀ ਬਜਾਏ ਵਹਿਮਾ-ਭਰਮਾ ਕਰਮਕਾਡਾਂ ਦੇ ਚੱਕਰਵਿਉ ਵਿਚ ਉਲਝਾ ਰਹੇ ਹਨ। ਇਸ ਤਰ੍ਹਾਂ ਕਈ ਮਾਪੇ ਵੀ ਬੱਚਿਆਂ ਨੂੰ ਗ਼ਲਤ ਸਿੱਖਿਆ ਦੇਣ ਵਾਲੇ ਹੋਣਗੇ।

ਸੋ, ਦਾਲ ਵਿਚ ਇਕ-ਦੋ ਕੁੜਕੜੂ ਤਾਂ ਹੁੰਦੇ ਹੀ ਹਨ ਪਰ ਉਨ੍ਹਾਂ ਨੂੰ ਦੇਖ ਕੇ ਸਾਰੀ ਦਾਲ ਹੀ ਖ਼ਰਾਬ ਨਹੀਂ ਸਮਝ ਲੈਣੀ ਚਾਹੀਦੀ। ਅਖੌਤੀ ਗੁਰੂ ਅਖਵਾਉਣ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਜੇ ਗੁਰੂ ਅਖਵਾਉਣਾ ਹੀ ਹੈ ਤਾਂ ਲੋਕਾਂ ਨੂੰ ਸਹੀ ਸਿੱਖਿਆ ਦੇ ਕੇ ਪਰਮਾਤਮਾ ਨਾਲ ਜੋੜੋ ਨਾ ਕਿ ਆਪਣੇ ਨਾਲ। ਅਪਣੀ ਪੂਜਾ ਕਰਵਾਉਣ ਦੀ ਥਾਂ ਰੱਬ ਦੀ ਪੂਜਾ ਬਾਰੇ ਦੱਸੋ। ਗੁਰੂ; ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ ਇੱਕ ਵਿਚੋਲਾ ਹੁੰਦਾ ਹੈ। ਜਿਸ ਤਰ੍ਹਾਂ ਦੁਨਿਆਵੀ ਤੌਰ ’ਤੇ ਪਤੀ-ਪਤਨੀ ਦਾ ਮੇਲ ਕਰਵਾਉਣ ਵਾਲਾ ਵਿਚੋਲਾ ਹੁੰਦਾ ਹੈ ਪਰ ਵਿਚੋਲਾ (ਦੂਸਰੇ ਦੀ) ਪਤਨੀ ਦਾ ਮਾਲਕ ਨਹੀਂ ਬਣ ਸਕਦਾ। ਹੁਣ ਮੇਰੇ ਵੱਲੋਂ ਸਾਰੇ ਹੀ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਆਪਣਾ ਆਚਰਨ ਬਹੁਤ ਹੀ ਉੱਚਾ ਸੁਚਾ ਰੱਖੋ ਕਿਉਂਕਿ ਤੁਹਾਡੇ ਦੱਸੇ ਹੋਏ ਰਸਤੇ ’ਤੇ ਹੀ ਬੱਚਿਆਂ ਨੇ ਚੱਲਣਾ ਹੈ। ਬੱਚਾ ਇੱਕ ਕੋਰੇ ਕਾਗਜ਼ ਦੀ ਤਰ੍ਹਾਂ ਹੁੰਦਾ ਹੈ। ਉਸ ਉੱਤੇ ਤੁਸੀਂ ਚੰਗੇ ਗਿਆਨ ਦੀਆਂ ਗੱਲਾਂ ਵੀ ਲਿਖ ਸਕਦੇ ਹੋ ਅਤੇ ਅਸਲੀਲ ਗੱਲਾਂ ਵੀ। ਬਾਕੀ ਰਹੀ ਗੱਲ ਬੱਚਿਆਂ ਨੂੰ ਝਿੜਕਣ ਤੇ ਕੁੱਟਣ ਦੀ। ਗ਼ਲਤੀ ਕਰਨ ’ਤੇ ਅਧਿਆਪਕ ਬੱਚੇ ਨੂੰ ਜ਼ਰੂਰ ਕੁੱਟੇ ਪਰ ਇਸ ਗੱਲ ਦਾ ਧਿਆਨ ਵੀ ਰੱਖੇ ਕਿ ਅਧਿਆਪਕ ਅਤੇ ਜੱਲਾਦ ਵਿਚ ਬਹੁਤ ਫ਼ਰਕ ਹੁੰਦਾ ਹੈ। ਬੱਚਿਆਂ ਲਈ ਸਕੂਲ ਦਾ ਮਹੌਲ ਘਰ ਵਾਂਗ ਹੋਵੇ ਨਾ ਕਿ ਥਾਣੇ ਵਾਂਗ ਅਤੇ ਅਧਿਆਪਕ ਦੀ ਦਹਿਸ਼ਤ ਥਾਣੇਦਾਰ ਵਾਲੀ ਨਹੀਂ ਹੋਣੀ ਚਾਹੀਦੀ। ਛੋਟੇ ਬੱਚਿਆਂ ਨੂੰ ਕੁੱਟਣ ਦੇ ਤਾਂ ਮੈਂ ਬਿਲਕੁਲ ਖਿਲਾਫ ਹਾਂ। ਛੋਟੇ ਬੱਚਿਆਂ ਨੂੰ ਤਾਂ ਸਕੂਲ ਵਿਚ ਘਰ ਵਾਲਾ ਪਿਆਰ ਮਿਲਣਾ ਚਾਹੀਦਾ ਹੈ। ਮੇਰਾ ਤਜਰਬਾ ਹੈ ਕਿ ਜਿਹੜਾ ਕੰਮ ਪਿਆਰ ਕਰਦਾ ਹੈ ਉਹ ਕੰਮ ਹਥਿਆਰ ਨਹੀਂ ਕਰ ਸਕਦਾ। ਜੋ ਬੱਚੇ ਸਕੂਲ ਆਉਣ ਸਮੇਂ ਰੋਂਦੇ ਹਨ ਉਸ ਦਾ ਇਹੀ ਕਾਰਨ ਹੈ ਕਿ ਉਹਨਾਂ ਨੂੰ ਅਧਿਆਪਕਾਂ ਵਿੱਚੋ ਆਪਣੇ ਮਾਪੇ ਨਹੀਂ ਸਗੋ ਇਕ ਜੱਲਾਦ ਦਿਸਦਾ ਹੈ। ਪਹਿਲਾਂ ਜ਼ਮਾਨਾ ਹੋਰ ਸੀ। ਉਸ ਸਮੇਂ ਘੱਟੋ-ਘੱਟ 6-7 ਸਾਲ ਦਾ ਬੱਚਾ ਸਕੂਲ ਦਾਖ਼ਲ ਹੁੰਦਾ ਸੀ ਪਰ ਅੱਜ ਕੱਲ 3 ਸਾਲ ਤੋਂ ਵੀ ਘੱਟ ਉਮਰ ਦੇ ਬੱਚੇ ਸਕੂਲ ਵਿੱਚ ਦਾਖ਼ਲ ਹੋ ਜਾਂਦੇ ਹਨ। ਇਹਨੇ ਛੋਟੇ ਬੱਚਿਆਂ ਨੂੰ ਕੁੱਟਣ ਵਾਲੇ ਨੂੰ ਤਾਂ ਮੈਂ ਵੀ ਜੱਲਾਦ ਜਾਂ ਕਸਾਈ ਹੀ ਕਹਾਂਗਾ। ਸਾਰੇ ਹੀ ਮਾਪਿਆਂ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਲਾਡਲੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ, ਚੰਗੇ ਇਨਸਾਨ ਤੇ ਅਫਸਰ ਬਣਾਉਣ ਲਈ ਅਧਿਆਪਕਾਂ ਨੂੰ ਸਹਿਯੋਗ ਦਿਉ। ਨਿੱਕੀ-ਨਿੱਕੀ ਗੱਲ ’ਤੇ ਉਲਾਂਭੇ ਦੇ ਕੇ ਅਧਿਆਪਕ ਤੋਂ ਬੱਚਿਆਂ ਨੂੰ ਦੰਡ ਦੇਣ ਦਾ ਅਧਿਕਾਰ ਨਾ ਖੋਵੋ। ਮਾਰ ਵੀ ਉੱਥੇ ਹੀ ਪੈਂਦੀ ਹੈ ਜਿੱਥੇ ਪਿਆਰ ਹੋਵੇ। ਅਧਿਆਪਕ ਬੱਚਿਆਂ ਨੂੰ ਆਪਣਾ ਸਮਝ ਕੇ ਹੀ ਕੁੱਟਦੇ ਹਨ, ਨਹੀਂ ਤਾਂ ਦੂਜੇ ਤੋਂ ਕਿਸੇ ਨੇ ਕੀ ਲੈਣਾ ਹੈ ? ਹਰ ਅਧਿਆਪਕ ਦੀ ਇਹੋ ਖੁਆਇਸ਼ ਹੁੰਦੀ ਹੈ ਕਿ ਮੇਰਾ ਪੜ੍ਹਾਇਆ ਹੋਇਆ ਵਿਦਿਆਰਥੀ ਚੰਗਾ ਇਨਸਾਨ, ਚੰਗਾ ਨਾਗਰਿਕ ਤੇ ਚੰਗਾ ਅਫਸਰ ਬਣੇ।

ਅਖ਼ੀਰ ਵਿਚ ਮੈਂ ਸਾਰੇ ਸਕੂਲਾਂ-ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਿਆਰ ਨਾਲ ਕਹਿੰਦਾ ਹਾਂ ਕਿ ਮਾਪੇ, ਗੁਰੂ ਤੇ ਅਧਿਆਪਕ ਦਾ ਸਤਿਕਾਰ ਕਰੋ, ਸੇਵਾ ਕਰੋ ਤੇ ਅਗਿਆ ਦਾ ਪਾਲਣ ਕਰੋ। ਤਾਂ ਕਿ ਤੁਹਾਡੀ ਤੇ ਤੁਹਾਡੇ ਮਾਪਿਆਂ ਦੀ ਜ਼ਿੰਦਗੀ ਤੇ ਪੈਸਾ ਬਰਬਾਦ ਹੋਣੋ ਬਚ ਜਾਵੇ ਤੇ ਜ਼ਿੰਦਗੀ ਸਵਰਗ ਬਣ ਜਾਵੇ। ਬੱਚੇ ਦੇਸ ਦਾ ਭਵਿੱਖ ਹਨ। ਜਦੋਂ ਬੱਚਿਆਂ ਦੀ ਜ਼ਿੰਦਗੀ ਸਵਰਗ ਬਣ ਗਈ ਤਾਂ ਦੇਸ ਵੀ ਸਵਰਗ ਬਣ ਜਾਵੇਗਾ।

ਵੱਲੋ:-ਬਲਵਿੰਦਰ ਸਿੰਘ ਖਾਲਸਾ ਮੋ:-97802-64599

‘ਧਾਰਮਿਕ ਅਧਿਆਪਕ, ਸਹੀਦ ਬਾਬਾ ਜੋਰਾਵਰ ਸਿੰਘ ਪਬਲਿਕ ਸਕੂਲ ਜੋਧਪੁਰ ਪਾਖਰ’ (ਬਠਿੰਡਾ)

ਗੋਲਕਾਂ-ਤਾਲੇ ਅਤੇ ਚੋਰਾਂ ਦੀ ਗਾਥਾ

0

ਗੋਲਕਾਂ-ਤਾਲੇ ਅਤੇ ਚੋਰਾਂ ਦੀ ਗਾਥਾ

ਅਵਤਾਰ ਸਿੰਘ ਮਿਸ਼ਨਰੀ (੫੧੦-੪੩੨-੫੮੨੭)

  ਕਰੀਬ 19-20 ਸਾਲ ਪਹਿਲੇ ਜਦ ਦਾਸ ਪਹਿਲੀ ਵਾਰ ਵਿਦੇਸ਼ੀ ਯਾਤਰਾ ਤੇ ਹਾਂਗ ਕਾਂਗ ਗਿਆ ਓਦੋਂ ਹਾਂਗ ਕਾਂਗ ਬ੍ਰਿਟਸ਼ ਗੌਰਮਿੰਟ ਦੇ ਅੰਡਰ ਸੀ। ਬੜਾ ਹੀ ਖੂਬ ਸੂਰਤ ਟਾਪੂ ਹੈ। ਇਸ ਦੇ ਦੋ ਹਿਸੇ ਹਨ ਹਾਂਗ ਕਾਂਗ ਤੇ ਕੋਵਲੂਨ। ਇਹ ਬੰਦਰਗਾਹੀ ਟਾਪੂ ਹੈ। ਇੱਥੇ ਪਹਿਲੇ ਦੋ ਗੁਰਦੁਆਰੇ ਸਨ ਇੱਕ ਖਾਲਸਾ ਦੀਵਾਨ ਅਤੇ ਦੂਜਾ ਸਿੰਧੀ ਭਰਾਵਾਂ ਦਾ। ਹੁਣ ਓਥੇ ਡੇੜ ਗੁਰਦੁਆਰਾ ਹੈ ਡੇੜ ਇਸ ਕਰਕੇ ਕਿ ਜਦ ਤੱਤੇ ਨਾਹਰੇ ਲੌਣ ਵਾਲੇ ਪੰਜਾਬੋਂ ਓਥੇ ਪਹੁੰਚੇ ਤਾਂ ਉਹ ਮੋਨਿਆਂ ਤੇ ਖਾਸ ਕਰ ਹਿੰਦੂ ਭਰਾਵਾਂ ਵੱਲ ਵਿਅੰਗ ਕੱਸ ਕੇ ਨਾਹਰੇਬਾਜੀ ਕਰਦੇ ਸਨ। ਇਸ ਕਰਕੇ ਸਿੰਧੀਆਂ ਨੇ ਗੁਰਦੁਆਰੇ ਨੂੰ ਅੱਧਾ ਮੰਦਰ ਬਣਾ ਦਿੱਤਾ ਭਾਵ ਅੱਧੇ ਹਿਸੇ ਵਿੱਚ ਦੇਵੀਆਂ ਦੀਆਂ ਮੂਰਤਾਂ ਰੱਖ ਦਿੱਤੀਆਂ। ਸਿੰਧੀ ਲੋਕ ਜਿੱਥੇ ਵੀ ਰਹਿੰਦੇ ਨੇ ਗੁਰਦੁਆਰੇ ਜਾਂਦੇ ਹਨ ਅਤੇ ਕਈਆਂ ਨੇ ਤਾਂ ਆਪਣੇ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਆਪ ਪ੍ਰਵਾਰ ਸਮੇਤ ਗੁਰਬਾਣੀ ਦਾ ਪਾਠ ਕਰਦੇ ਹਨ ਪਰ ਅਸੀਂ ਤਾਂ ਸਭ ਕੁਝ ਠੇਕੇ ਤੇ ਹੀ ਕਰਵਾਉਣ ਲੱਗ ਪਏ ਹਾਂ। ਅੱਜ ਗੁਰਦੁਆਰਿਆਂ ਵਿੱਚ ਆਮ ਕਰਕੇ ਪਾਠ, ਕੀਰਤਨ ਅਤੇ ਅਰਦਾਸਾਂ ਪੈਸੇ ਦੇ ਕੇ ਠੇਕੇ ਤੇ ਹੀ ਧਰਮ ਕਮਾਇਆ ਜਾ ਰਿਹਾ ਹੈ। ਭੁੱਖ ਆਪ ਨੂੰ ਲੱਗੀ ਹੈ ਪਰ ਭੋਜਨ ਭਾਈਆਂ ਨੂੰ ਖਵਾਇਆ ਜਾ ਰਿਹਾ ਹੈ। ਜਿਵੇਂ ਪੰਡਿਤ ਧਰਮ ਦੇ ਨਾਂ ਤੇ ਹਿੰਦੂਆਂ ਨੂੰ ਲੁਟਦਾ ਸੀ ਓਵੇਂ ਹੀ ਸੰਤ ਬਾਬੇ ਤੇ ਭਾਈ ਸਿੱਖਾਂ ਨੂੰ ਲੁੱਟ ਰਹੇ ਹਨ।

ਗੱਲ ਆਪਾਂ ਗੋਲਕਾਂ, ਤਾਲੇ ਅਤੇ ਚੋਰਾਂ ਦੀ ਕਰ ਰਹੇ ਸੀ ਜਦ ਦਾ ਸੰਸਾਰ ਹੋਂਦ ਵਿੱਚ ਆਇਆ ਹੈ ਨੇਕੀ ਤੇ ਬਦੀ, ਪੁੰਨ ਤੇ ਪਾਪ, ਗੁਣ ਤੇ ਔਗੁਣ, ਕਿਰਤ ਕਮਾਈ ਅਤੇ ਚੋਰੀ ਵੀ ਨਾਲ ਹੀ ਚੱਲੇ ਆ ਰਹੇ ਹਨ। ਵੇਹਲੜ ਅਤੇ ਇਨਸਾਨੀਅਤ ਤੋਂ ਗਿਰੇ ਹੋਏ ਲੋਕ ਹੀ ਅਜਿਹਾ ਕਰਦੇ ਹਨ। ਇਸੇ ਸਮੇ ਦੌਰਾਨ ਕੁਝ ਜਪਾਨੀ ਲੋਕ ਯਾਤਰਾ ਕਰਦੇ ਹੋਏ ਹਾਂਗ ਕਾਂਗ ਦੇ ਗੁਰਦੁਆਰਾ ਖਾਲਸਾ ਦੀਵਾਨ (ਵਾਨਚਾਈ) ਵਿਖੇ ਵੀ ਪਹੁੰਚੇ। ਜਦ ਚਾਹ ਪਾਣੀ ਪੀ ਕੇ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਏ, ਓਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਮੂਹਰੇ ਲੋਕਾਂ ਨੂੰ ਨਤ ਮਸਤਕ ਹੁੰਦੇ ਦੇਖਿਆ ਤਾਂ ਉਨ੍ਹਾਂ ਵੀ ਐਸਾ ਕਰਦੇ ਹੋਏ ਗਾਡ ਅੱਗੇ ਪਰੇਰ ਕੀਤੀ ਪਰ ਜਦ ਉਨ੍ਹਾਂ ਦਾ ਧਿਆਨ ਵੱਡੀ ਸਾਰੀ ਗੋਲਕ ਨੂੰ ਲੱਗੇ ਵੱਡੇ ਸਾਰੇ ਤਾਲੇ ਵੱਲ ਗਿਆ ਤਾਂ ਬੜੇ ਨਿਝੱਕ ਹੋ ਕੇ ਕਹਿਣ ਲੱਗੇ ਇਹ ਤਾਂ ਬਾਬੇ ਨਾਨਕ ਦਾ ਦਰਬਾਰ ਹੈ, ਕੀ ਇੱਥੇ ਚੋਰ ਵੀ ਰਹਿੰਦੇ ਹਨ ? ਅਸਾਂ ਤਾਂ ਸੁਣਿਆਂ ਹੈ ਕਿ ਬਾਬੇ ਨਾਨਕ ਦਾ ਦਰ ਤਾਂ ਬੜਾ ਉੱਚਾ-ਸੁੱਚਾ ਤੇ ਸਭ ਲਈ ਖੁੱਲ੍ਹਾ ਹੈ। ਉਨ੍ਹਾਂ ਦੀਆਂ ਸੱਚੀਆਂ ਅਤੇ ਨਿਰਛਲ ਗੱਲਾਂ ਸੁਣ ਕੇ ਸਾਡਾ ਦਿਲ ਸ਼ਰਮ ਮਹਿਸੂਸ ਕਰਕੇ ਸੋਚ ਰਿਹਾ ਸੀ ਕਿ ਕੀ ਸਾਡੇ ਗੁਰੂ ਸਾਹਿਬਾਨ ਵੀ ਗੋਲਕਾਂ ਰੱਖਦੇ ਸਨ ? ਕੀ ਗੁਰੂ ਵੀ ਗੋਲਕਾਂ ਨੂੰ ਤਾਲੇ ਮਾਰਦੇ ਸਨ ? ਕਦਾਚਿੱਤ ਵੀ ਨਹੀਂ, ਐਸਾ ਸੋਚਣਾ ਵੀ ਗੁਨਾਹ ਹੈ। ਗੁਰੂ ਸਾਹਿਬ ਤਾਂ ਫੁਰਮਾਂਦੇ ਹਨ-ਚੋਰ ਕੀ ਹਾਮਾ ਭਰੇ ਨਾ ਕੋਇ॥ ਚੋਰ ਕੀਆ ਚੰਗਾ ਕਿਉਂ ਹੋਇ ?॥ (੬੬੨) ਗੁਰੂ ਦੇ ਦਰ ਆ ਕੇ ਤਾਂ ਭੂਮੀਏ ਵਰਗੇ ਚੋਰ, ਸੱਜਣ ਵਰਗੇ ਠੱਗ ਅਤੇ ਬਿਦੀ ਚੰਦ ਵਰਗੇ ਧਾੜਵੀਆਂ ਦਾ ਵੀ ਮਨ ਪਲਟ ਜਾਂਦਾ ਹੈ ਉਹ ਗੁਰਮੁਖ ਅਤੇ ਪਰਉਕਾਰੀ ਸੱਜਣ ਬਣ ਜਾਂਦੇ ਹਨ। ਇਉਂ ਥੋੜੀ ਦੇਰ ਬਾਅਦ ਉਹ ਪ੍ਰਮਾਰਥੀ ਸੱਜਣ (ਜਪਾਨੀ ਯਾਤਰੂ) ਤਾਂ ਦਰਸ਼ਨ ਮੇਲੇ ਕਰਕੇ ਚਲੇ ਗਏ ਪਰ ਜਿਹੜੀ ਸ਼ਰਦਾ ਲੈ ਕੇ ਆਏ ਸੀ ਗੋਲਕ ਨੂੰ ਲੱਗੇ ਵੱਡੇ ਸਾਰੇ ਤਾਲੇ ਨੇ ਤੋੜ ਕੇ ਰੱਖ ਦਿੱਤੀ।

ਆਓ, ਜਰਾ ਸੋਚੀਏ ਗੁਰੂ ਘਰਾਂ ਵਿੱਚ ਗੋਲਕਾਂ ਕਿਵੇਂ ਆ ਗਈਆਂ ਅਤੇ ਚੋਰ ਕਿਵੇਂ ਪੈਦਾ ਹੋ ਗਏ ? ਜਦ ਤੋਂ ਧਰਮ ਅਤੇ ਧਰਮ ਅਸਥਾਨ ਕਰਮਰਸ਼ੀਅਲ ਕਰ ਦਿੱਤੇ ਗਏ ਅਤੇ ਗੋਲਕ ਸਿਸਟਮ ਸ਼ੁਰੂ ਹੋ ਗਿਆ। ਕੈਸ਼ ਪੈਸਾ ਹੋਣ ਕਰਕੇ ਚੋਰ ਵੀ ਪੈਦਾ ਹੋ ਗਏ। ਗੁਰੂ ਨੇ ਤਾਂ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਕਿਹਾ ਸੀ ਨਾਂ ਕਿ ਜੰਦਰੇ-ਤਾਲੇ ਵਾਲੀ ਗੋਲਕ ਨੂੰ। ਗੁਰੂ ਸਾਹਿਬਾਨਾਂ ਵੇਲੇ ਆਈ-ਚਲਾਈ ਚਲਦੀ ਸੀ ਭਾਵ ਜੋ ਪੈਸਾ ਜਾਂ ਰਸਤਾਂ-ਬਸਤਾਂ ਆਉਂਦੀਆਂ ਸਨ ਉਨ੍ਹਾਂ ਨੂੰ ਨਾਲੋਂ ਨਾਲ ਵਰਤ-ਵਰਤਾ ਦਿੱਤਾ ਜਾਂਦਾ ਸੀ। ਗੁਰੂ ਜੀ ਤਜੌਰੀਆਂ ਨਹੀਂ ਸਨ ਭਰਦੇ। ਗੁਰੂ ਨੇ ਤਾਂ ਮਸੰਦ ਸਿਸਟਮ ਖਤਮ ਕਰਕੇ ਦਸਵੰਧ ਸਿਸਟਮ ਚਲਾਇਆ ਸੀ। ਗੁਰਸਿੱਖ ਸੰਗਤਾਂ ਧਰਮ ਕਾਰਜਾਂ ਦੀ ਪੂਰਤੀ ਲਈ ਦਸਵੰਧ ਸਿੱਧਾ ਗੁਰੂ ਨੂੰ ਭੇਟ ਕਰਦੀਆਂ ਭਾਵ ਗੁਰੂ ਦੇ ਖਜ਼ਾਨੇ ਵਿੱਚ ਜਮਾ ਕਰਵਾਉਂਦੀਆਂ ਸਨ। ਗੁਰੂ ਸਾਹਿਬ ਉਸ ਪੈਸੇ ਨੂੰ ਧਰਮ ਪ੍ਰਚਾਰ, ਲੋੜਵੰਦਾਂ ਦੀ ਸਹਾਇਤਾ, ਧਰਮਸਾਲ, ਦਵਾਖਾਨੇ, ਪਾਠਸ਼ਾਲਾ-ਸਕੂਲਾਂ, ਬਾਉਲੀਆਂ, ਖੂਹਾਂ ਅਤੇ ਵਿਆਹਾਂ ਸ਼ਾਦੀਆਂ ਆਦਿਕ ਪਰਉਕਾਰੀ ਕੰਮਾਂ ’ਤੇ ਖਰਚਦੇ ਸਨ। ਗੁਰੂ ਸਾਹਿਬਾਨਾਂ ਨੇ ਨਾਂ ਅੱਜ ਦੀ ਤਰ੍ਹਾਂ ਬਹੁਤ ਸਾਰੇ ਗੁਰਦੁਆਰੇ ਬਣਵਾਏ ਸਨ ਅਤੇ ਨਾ ਹੀ ਇੱਕ ਗੁਰਦੁਆਰੇ ਵਿੱਚ ਥਾਂ ਥਾਂ ਗੋਲਕਾਂ ਰੱਖੀਆਂ ਸਨ। ਸਿੱਖ ਇਤਿਹਾਸ ਦਸਦਾ ਹੈ ਕਿ ਗੁਰੂ ਸਾਹਿਬਾਨ ਰਾਤ ਨੂੰ ਭਾਂਡੇ ਖਾਲੀ ਕਰ ਮੂਧੇ ਮਾਰ ਕੇ ਸੌਂਦੇ ਸਨ ਭਾਵ ਉਨ੍ਹਾਂ ਨੂੰ ਰੱਬ ’ਤੇ ਵਿਸ਼ਵਾਸ਼ ਸੀ ਕਿ ਦਾਤਾ ਫਿਰ ਭਰ ਦੇਵੇਗਾ। ਗੁਰੂਆਂ ਦੇ ਅਜਿਹੇ ਪਰਉਕਾਰਾਂ ਨੇ ਸਿੱਖੀ ਦੇ ਪਰਚਮ ਥਾਂ ਥਾਂ ਝੁਲਾਏ ਭਾਵ ਦੇਸ਼ਾਂ-ਵਿਦੇਸ਼ਾਂ ਵਿੱਚ ਸਚ ਧਰਮ ਦਾ ਪ੍ਰਚਾਰ ਤੇ ਪਸਾਰ ਕੀਤਾ। ਗੁਰੂ ਜੀ ਵੇਲੇ ਅੱਜ ਵਰਗੀਆਂ ਜੱਫਾਮਾਰ ਕਮੇਟੀਆਂ, ਚੌਧਰੀ ਅਤੇ ਗੋਲਕਾਂ ਨਹੀਂ ਸਨ। ਗੁਰੂ ਅਤੇ ਸੰਗਤਾਂ ਰਲ-ਮਿਲ ਕੇ ਧਰਮ ਪ੍ਰਚਾਰ ਦੀ ਸੇਵਾ ਕਰਦੀਆਂ ਸਨ। ਵਿਦਵਾਨ ਅਤੇ ਪਰਉਪਕਾਰੀ ਸੱਜਣ ਹੀ ਪ੍ਰਬੰਧ ਚਲਾਉਂਦੇ ਸਨ। ਪਾਠ, ਕੀਰਤਨ, ਕਥਾ ਅਤੇ ਅਰਦਾਸਾਂ ਮੁੱਲ ਨਹੀਂ ਸਨ ਵਿਕਦੀਆਂ। ਹਰੇਕ ਮਾਈ ਭਾਈ ਆਪੋ ਆਪਣਾ ਧਰਮ-ਕਰਮ, ਗੁਰਬਾਣੀ ਪਾਠ, ਕੀਰਤਨ ਅਤੇ ਕਥਾ-ਵਿਚਾਰ ਆਪ ਕਰਦਾ ਸੀ। ਸੰਗਤ ਵਿੱਚ ਵੀ ਨਿਸ਼ਕਾਮ ਕਥਾ ਕੀਰਤਨ ਤੇ ਅਰਦਾਸ ਹੁੰਦੀ ਸੀ। ਲੋੜਵੰਦ ਗਰੀਬਾਂ ਨੂੰ ਗੁਰੂ ਜੀ ਪੈਸਾ ਦੇ ਕੇ ਉਨ੍ਹਾਂ ਦੇ ਕਾਰੋਬਾਰ ਚਲਾ ਦਿੰਦੇ ਸਨ। ਗੁਰੂ ਘਰ ਦਾ ਪੈਸਾ ਅੱਜ ਵਾਂਗ ਚੋਣਾਂ, ਸਰੋਪਿਆਂ, ਕਮਰਸ਼ੀਅਲ ਪਾਠਾਂ, ਸੰਗਮਰਮਰੀ ਬਿਲਡਿੰਗਾਂ, ਸੋਨੇ ਦੇ ਗੁੰਬਦਾਂ, ਪਾਠਾਂ ਦੀਆਂ ਲੜੀਆਂ, ਮਹਿੰਗੇ ਮਹਿੰਗੇ ਕੀਰਤਨ ਦਰਬਾਰਾਂ, ਧਰਨੇ-ਜਲੂਸਾਂ, ਧੜੇਬੰਦੀਆਂ ਅਤੇ ਅਖੌਤੀ ਸੰਤ ਬਾਬਿਆਂ ’ਤੇ ਨਹੀਂ ਸੀ ਖਰਚਿਆ ਜਾਂਦਾ। 

ਅੱਜ ਗੁਰਦੂਆਰਿਆਂ ਦਾ ਪੈਸਾ ਧਰਮ ਪ੍ਰਚਾਰ ਅਤੇ ਲੋੜਵੰਦਾਂ ’ਤੇ ਘੱਟ ਅਤੇ ਪੁਲੀਟੀਕਲੀ ਜਿਆਦਾ ਵਰਤਿਆ ਜਾਂਦਾ ਹੈ ਇਸ ਕਰਕੇ ਪਰਉਕਾਰ ਵਾਲੀ ਬਿਰਤੀ ਖਤਮ ਹੋ ਕੇ ਪੈਸਾ ਇਕੱਠਾ ਕਰਨ (ਗੋਲਕ ਭਰਨ) ਅਤੇ ਫਿਰ ਉਸ ਨੂੰ ਚੋਰੀ ਤੋਂ ਬਚਾਉਣ ਲਈ ਵੱਡੇ ਵੱਡੇ ਤਾਲੇ ਅਤੇ ਕੈਮਰੇ ਲਗਾਉਣ ਵਾਲੀ ਹੋ ਗਈ ਹੈ ਪਰ ਚੋਰ ਫਿਰ ਵੀ ਚੋਰੀ ਕਰ ਜਾਂਦੇ ਹਨ। ਜਦ ਤਾਲੇ ਖੋਲ੍ਹ ਕੇ ਪੈਸਾ ਗਿਣਿਆਂ ਜਾਂਦਾ ਹੈ ਤਾਂ ਅੱਖ ਬਚਾ ਕੇ ਕੁਝ ਓਦੋਂ ਅਤੇ ਕੁਝ ਇਧਰ-ਓਧਰ ਦੇ ਬਣਾਏ ਬਿੱਲਾਂ ਅਤੇ ਫਰਜੀ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਨਾਂ ’ਤੇ ਸੰਭਾਲ ਲਿਆ ਜਾਂਦਾ ਹੈ। ਬਾਕੀ ਆਪਸੀ ਪਾਰਟੀਬਾਜੀ ਦੀਆਂ ਲੜਾਈਆਂ ਵਿੱਚ ਕੋਟ ਕਚਹਿਰੀਆਂ ਅਤੇ ਵਕੀਲਾਂ ਦੀਆਂ ਮਹਿੰਗੀਆਂ ਮਹਿੰਗੀਆਂ ਫੀਸਾਂ ਵਿੱਚ ਉਡਾ ਦਿੱਤਾ ਜਾਂਦਾ ਹੈ। ਚੋਰ ਫੜਨ ਵਾਸਤੇ ਕੈਮਰੇ ਲਾਏ ਜਾਂਦੇ ਹਨ ਅਤੇ ਕਈ ਵਾਰ ਉਹ ਵੀ ਲਾਹ ਦਿੱਤੇ ਜਾਂਦੇ ਹਨ। ਚੋਰ ਤੇ ਰਾਖੇ ਆਪਸ ਵਿੱਚ ਮਿਲ ਗਏ ਹਨ ਪੰਜਾਬੀ ਦਾ ਅਖਾਣ ਹੈ ਜਦ ਚੋਰ ਤੇ ਕੁੱਤੀ ਰਲ ਜਾਣ ਫਿਰ ਚੋਰ ਕਿਵੇਂ ਫੜਿਆ ਜਾ ਸਕਦਾ ਹੈ। ਇਸ ਲਈ ਜੋ ਵੀ ਪੈਸਾ ਆਵੇ ਉਸ ਦੀ ਰਸੀਦ ਕੱਟੀ ਜਾਣੀ ਚਾਹੀਦੀ ਹੈ। ਲੋੜ ਪੈਣ ’ਤੇ ਹੀ ਸੰਗਤ ਨੂੰ ਪੈਸੇ ਦੀ ਅਪੀਲ ਕਰਨੀ ਚਾਹੀਦੀ ਹੈ ਛੋਟੀ ਮੋਟੀ ਗੱਲ ਲਈ ਨਹੀਂ ਅਤੇ ਬੇ ਲੋੜੇ ਖਰਚੇ ਘਟਾ ਕੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵੱਲ ਵੱਧ ਪੈਸਾ ਖਰਚਨਾ ਚਾਹੀਦਾ ਹੈ। ਦੁਨੀਆਂ ਦੀ ਹਰੇਕ ਬੋਲੀ ਵਿੱਚ ਨਹੀਂ ਤਾਂ ਘੱਟ ਤੋਂ ਘੱਟ ਆਪਣੀ ਮਾਂ ਬੋਲੀ ਪੰਜਾਬੀ ਅਤੇ ਵਰਡ ਭਾਸ਼ਾ ਅੰਗ੍ਰੇਜੀ ਵਿੱਚ ਤਾਂ ਲਿਟ੍ਰੇਚਰ ਜਰੂਰ ਵੰਡਣਾ ਚਾਹੀਦਾ ਹੈ। ਹਰੇਕ ਗੁਰਦੁਆਰੇ ਵਧੀਆ ਲਾਇਬ੍ਰੇਰੀ ਹੋਣੀ ਚਾਹੀਦੀ ਹੈ। ਪੂਜਾ ਪਾਠ ਆਦਿਕ ਬ੍ਰਾਹਮਣੀ ਕਰਮਕਾਂਡ ਬੰਦ ਕਰਕੇ ਗੁਰਦੁਆਰੇ ਗੁਰਬਾਣੀ ਸਮਝਣ ਸਮਝਾਉਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਐਸ ਵੇਲੇ ਗੁਰੂ ਘਰਾਂ ਵਿੱਚ ਲੜਾਈ ਹੀ ਗੋਲਕ, ਚੌਧਰ ਅਤੇ ਪਾਰਟੀਬਾਜੀ ਦੀ ਰਹਿ ਗਈ ਹੈ। ਧਰਮ ਤਾਂ ਪੰਖ ਲਾ ਕੇ ਉੱਡਦਾ ਜਾ ਰਿਹਾ ਹੈ। ਗੋਲਕਾਂ ਅਤੇ ਚੋਰ ਬਿਰਤੀ ਖਤਮ ਹੋਣੀ ਚਾਹੀਦੀ ਹੈ ਨਹੀਂ ਤਾਂ ਜਪਾਨੀਆਂ ਦੇ ਇਹ ਸ਼ਬਦ ਕਿ “ਬਾਬੇ ਨਾਨਕ ਦੇ ਦਰ ’ਤੇ ਵੀ ਚੋਰ ਰਹਿੰਦੇ ਹਨ” ਰੜਕਦੇ ਰਹਿਣਗੇ। ਇਹ ਹੈ ਵਨਗੀ ਮਾਤਰ ਗੋਲਕਾਂ, ਤਾਲੇ ਅਤੇ ਚੋਰਾਂ ਦੀ ਸੰਵੇਦਨਸ਼ੀਲ ਗਾਥਾ ਜੋ ਸਿੱਖੀ ਦਾ ਘਾਣ ਕਰ ਰਹੀ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖੀ ਸਰੋਕਾਰਾਂ ਦਾ ਸੰਕਲਪ ਅਤੇ ਮੌਜੂਦਾ ਦੌਰ

0

ਗੁਰੂ ਗ੍ਰੰਥ ਸਾਹਿਬ ’ਚ ਮਨੁੱਖੀ ਸਰੋਕਾਰਾਂ ਦਾ ਸੰਕਲਪ ਅਤੇ ਮੌਜੂਦਾ ਦੌਰ

ਡਾ. ਅਮਨਦੀਪ ਸਿੰਘ ਟੱਲੇਵਾਲੀਆ-98146-99446

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼ ਸਿਰਫ਼ ਸਿੱਖਾਂ ਲਈ ਹੀ ਨਹੀਂ ਬਲਕਿ ਸਮੂਹ ਮਾਨਵ ਜਾਤੀ ਲਈ ਹੈ। ਜਿੱਥੇ ਇਸ ਵਿੱਚ ਗੁਰੂ ਸਾਹਿਬਾਨ ਜੀ ਦੀ ਬਾਣੀ ਦਰਜ ਹੈ ਉੱਥੇ ਭਗਤਾਂ, ਭੱਟਾਂ ਅਤੇ ਹੋਰ ਸੂਫ਼ੀ ਕਵੀਆਂ ਦੀ ਬਾਣੀ ਇਸ ਗੱਲ ਦਾ ਸੰਕੇਤ ਹੈ ਕਿ ਇਹ ਬਾਣੀ ਕਿਸੇ ਇੱਕ ਖ਼ਾਸ ਕੌਮ, ਮਜ਼੍ਹਬ ਜਾਂ ਜਾਤ ਦੀ ਰਹਿਨੁਮਾਈ ਹੀ ਨਹੀਂ ਕਰਦੀ ਸਗੋਂ ਇਸ ਬਾਣੀ ਵਿੱਚ ਇੱਕ ਜੀਵਨ ਜਾਚ, ਜ਼ਿੰਦਗੀ ਨੂੰ ਜਿਉਣ ਦਾ ਢੰਗ ਦਰਸਾਇਆ ਗਿਆ ਹੈ।  ਜੋ ਮਨੁੱਖ ਬਾਣੀ ਨੂੰ ਪੜ੍ਹ ਕੇ, ਉਸ ਉੱਪਰ ਅਮਲ ਕਰਕੇ ਆਪਣਾ ਜੀਵਨ ਬਤੀਤ ਕਰਦਾ ਹੈ ਉਹ ਭਵਸਾਗਰ ਨੂੰ ਪਾਰ ਕਰਦਾ ਹੈ, ਇਹ ਨਹੀਂ ਕਿ ਕੇਵਲ ਮੱਥੇ ਟੇਕਣ ਨਾਲ ਹੀ ਪਾਰ ਉਤਾਰਾ ਹੋ ਜਾਵੇਗਾ, ਸਗੋਂ ਇਹ ਬਾਣੀ ਮਨੁੱਖ ਨੂੰ ਨੇ੍ਹਰੇ ਵਿੱਚੋਂ ਕੱਢ ਕੇ ਚਾਨਣੇ ਰਾਹ ਪਾਉਂਦੀ ਹੈ।  ਬਾਣੀ ਕੋਈ ਮੰਤਰ ਜਾਪ ਨਹੀਂ ਬਲਕਿ ਇਹ ਤਾਂ ਇੱਕ ਸੇਧ ਹੈ ਜਿਸ ਰਾਹੀਂ ਮਨੁੱਖ ਆਪਣੀ ਜ਼ਿੰਦਗੀ ਦਾ ਰਾਹ ਸੁਖਾਲਾ ਬਣਾਉਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 3 ਗੁਰਸਿੱਖਾਂ ਦੀ ਬਾਣੀ ਸ਼ਾਮਲ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।  ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਇਸ ਵਿੱਚ ਸ਼ਾਮਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੰਪੂਰਨ ਕੀਤੀ ਸੀ।  ਬਾਅਦ ਵਿੱਚ ਕੁਝ ਉਤਾਰੇ ਭਾਈ ਮਨੀ ਸਿੰਘ ਪਾਸੋਂ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਸਨ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਮਨੁੱਖੀ ਸਰੋਕਾਰਾਂ ਦਾ ਸਮੁੱਚਾ ਸੰਕਲਨ ਹੈ।

ਬਰਾਬਰਤਾ ਦਾ ਸੰਕਲਪ

ਜਿਵੇਂ ਕਿ ਉੱਪਰ ਦੱਸ ਹੀ ਚੁੱਕੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਇਸ ਗੱਲ ਦਾ ਕੋਈ ਭੇਦਭਾਵ ਜਾਂ ਵਿਤਕਰਾ ਨਹੀਂ ਕੀਤਾ ਗਿਆ ਕਿ ਕੌਣ ਕਿਸ ਜਾਤ ਨਾਲ ਸੰਬੰਧਿਤ ਹੈ, ਸਗੋਂ ਅਖੌਤੀ ਨੀਵੀਆਂ ਜਾਤਾਂ ਨਾਲ ਸੰਬੰਧਿਤ, ਬਾਣੀਕਾਰਾਂ ਦੀ ਬਾਣੀ ਸ਼ਾਮਲ ਕਰਕੇ ਬਰਾਬਰਤਾ ਦਾ ਸੰਕਲਪ ਪੇਸ਼ ਕੀਤਾ ਹੈ। ‘‘ਸਭੇ ਸਾਝੀਵਾਲ ਸਦਾਇਨਿ..॥’’ ਜਾਂ ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ॥’’ ਦੇ ਕਥਨ ਮੁਤਾਬਿਕ ਕੋਈ ਮਨੁੱਖ ਉੱਚਾ ਜਾਂ ਨੀਵਾਂ ਨਹੀਂ, ਸਗੋਂ ਗੁਰਬਾਣੀ ਵਿੱਚ ਤਾਂ ਉਸ ਮਨੁੱਖ ਨੂੰ ‘ਕਮਜਾਤਿ’ ਕਿਹਾ ਗਿਆ ਹੈ ਜੋ ਆਪਣੇ ‘ਖਸਮ’ ਭਾਵ ਪ੍ਰਮਾਤਮਾ ਨੂੰ ਵਿਸਾਰ ਦਿੰਦਾ ਹੈ। ‘‘ਖਸਮੁ ਵਿਸਾਰਹਿ ਤੇ ਕਮਜਾਤਿ॥’’ ਅਤੇ ‘‘ਅਵਲਿ ਅਲਹ ਨੂਰੁ ਉਪਾਇਆ॥’’ ਦੇ ਕਥਨ ਮੁਤਾਬਿਕ ਕੋਈ ਮਨੁੱਖ ਭਲਾ ਜਾਂ ਬੁਰਾ ਨਹੀਂ ਇਹ ਉਸ ਕਰਤੇ ਅਕਾਲਪੁਰਖ ਦੀ ਸ੍ਰਿਸ਼ਟੀ ਹੈ ਜਿਸ ਦਾ ਅਸੂਲ ਸਭ ਲਈ ਸਾਂਝਾ ਹੈ। ਇਹ ਧਰਤੀ, ਇਹ ਹਵਾ, ਇਹ ਪਾਣੀ, ਸਭ ਦਾ ਸਾਂਝਾ ਹੈ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਸਭ ਮਾਵਾਂ ਦੇ ਸਰੀਰ ਅੰਦਰ ਇੱਕੋ ਕਿਰਿਆ ਹੁੰਦੀ ਹੈ ਅਤੇ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਜਨਮ ਲੈਣ ਦਾ ਤਰੀਕਾ ਵੀ ਇੱਕੋ ਹੀ ਹੈ, ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਬ੍ਰਾਹਮਣ ਨੂੰ ਸਵਾਲ ਕਰਦਿਆਂ ਪੁੱਛਿਆ ਹੈ: ‘‘ਜੌ ਤੂੰ ਬ੍ਰਾਹਮਣੁ, ਬ੍ਰਹਮਣੀ ਜਾਇਆ (ਜੰਮਿਆ)॥ ਤਉ, ਆਨ ਬਾਟ ਕਾਹੇ ਨਹੀ ਆਇਆ ?॥ ਤੁਮ ਕਤ ਬ੍ਰਾਹਮਣ  ?  ਹਮ ਕਤ ਸੂਦ ?॥  ਹਮ ਕਤ ਲੋਹੂ ?  ਤੁਮ ਕਤ ਦੂਧ ?॥’’

ਗੁਰਬਾਣੀ ਵਿੱਚ ਤਰਕ ਦੇ ਅਧਾਰ ’ਤੇ ਗੱਲ ਕੀਤੀ ਗਈ ਹੈ। ਜਦੋਂ ਸਾਰਿਆਂ ਦੇ ਸਰੀਰ ਅੰਦਰ ਇੱਕੋ ਲਾਲ ਰੰਗ ਦਾ ਖੂਨ ਦੌੜ ਰਿਹਾ ਹੈ। ਸਭ ਮਨੁੱਖਾਂ ਨੂੰ ਕਿਰਤ ਕਰਨ ਲਈ ਹੱਥ ਅਤੇ ਸੋਚਣ ਲਈ ਦਿਮਾਗ ਦਿੱਤਾ ਹੋਇਆ ਹੈ ਤਾਂ ਸਮਾਜ ਨੂੰ ਅਸੀਂ ਕਿਵੇਂ ਵੰਡ ਸਕਦੇ ਹਾਂ  ? ਪਰ ਅਖੌਤੀ ਸ਼ੇ੍ਰਣੀਆਂ ਵਿੱਚ ਵੰਡੇ ਸਮਾਜ ਨੂੰ ਇਕ ਸਾਰ ਕਰਨ ਲਈ ਹੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ‘‘ਖਤ੍ਰੀ, ਬ੍ਰਾਹਮਣ, ਸੂਦ, ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ॥’’ (ਮ: ੫/੭੪੭)  ਹੈ।  ਗੁਰਬਾਣੀ ਦੇ ਬਰਾਬਰਤਾ ਦੇ ਸਿਧਾਂਤ ’ਤੇ ਪਹਿਰਾ ਦਿੰਦੇ ਹੋਏ ਹੀ ‘ਪਹਿਲੇ ਪੰਗਤ ਪਾਛੈ ਸੰਗਤ’ ਦੀ ਚੱਲ ਰਹੀ ਪ੍ਰਥਾ ਸਾਡੇ ਲਈ ਮਾਣ ਵਾਲੀ ਗੱਲ ਹੈ ਜਿੱਥੇ ਬਿਨਾਂ ਕਿਸੇ ਭੇਦਭਾਵ ਦੇ ਸਭਨਾ ਨੂੰ ਲੰਗਰ ਛਕਾਇਆ ਜਾਂਦਾ ਹੈ।

ਬਾਬੇ ਨਾਨਕ ਨਾਲ ਭਾਈ ਮਰਦਾਨਾ ਜੀ ਦਾ ਸਾਥ ‘‘ਨੀਚਾ ਅੰਦਰਿ ਨੀਚ ਜਾਤਿ॥’’ ਦੇ ਸੰਕਲਪ ਨੂੰ ਦ੍ਰਿੜ੍ਹ ਕਰਵਾਉਂਦਾ ਹੈ।  ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਦਰਵਾਜ਼ੇ ਇਸੇ ਗੱਲ ਦਾ ਸੰਕੇਤ ਦੇਂਦੇ ਹਨ ਕਿ ‘ਚਹੁ ਵਰਨਾ’ ਲਈ ਸਾਂਝਾ ਸਥਾਨ, ਜਿੱਥੇ ਕਿਸੇ ਵੀ ਕੌਮ ਜਾਂ ਜਾਤ-ਪਾਤ ਨਾਲ ਸੰਬੰਧਤ ਲੋਕ ਆ ਕੇ ਆਤਮਿਕ ਸ਼ਾਂਤੀ ਦਾ ਪਾਠ ਪੜ੍ਹ ਸਕਦੇ ਹਨ।  ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇੱਕੋ ਬਾਟੇ ਵਿੱਚ ਅੰਮ੍ਰਿਤ ਦਾ ਛਕਾਇਆ ਜਾਣਾ ਵੀ ਇਸੇ ਗੱਲ ਦਾ ਸਬੂਤ ਹੈ।

ਅਨੰਦਪੁਰ ਸਾਹਿਬ ਦੀ ਜੰਗ ਸਮੇਂ ਭਾਈ ਘਨ੍ਹਈਆ ਜੀ ਦਾ ਦੁਸ਼ਮਣ ਦੀਆਂ ਫੌਜਾਂ ਨੂੰ ਪਾਣੀ ਪਿਆਉਣਾ ਵੀ ਸਭ ਨੂੰ ਬਰਾਬਰਤਾ ਦਾ ਅਧਿਕਾਰ ਦੇਣਾ ਹੈ: ‘‘ਨਾ ਕੋ ਬੈਰੀ, ਨਹੀ ਬਿਗਾਨਾ; ਸਗਲ ਸੰਗਿ, ਹਮ ਕਉ ਬਨਿ ਆਈ ॥’’ (ਮ: ੫/੧੨੯੯)

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਰਾਜ ਦੀ ਸਥਾਪਨਾ ਕਰਕੇ ਜਗੀਰਦਾਰਾਂ ਤੋਂ ਜ਼ਮੀਨਾ ਖੋਹ ਕੇ, ਕਿਰਤੀ ਕਾਮਿਆਂ ਨੂੰ ਉਨ੍ਹਾਂ ਜ਼ਮੀਨਾਂ ਦੀ ਮਾਲਕੀ ਬਖਸ਼ਣੀ ਕੀ ਇਹ ਬਰਾਬਰਤਾ ਜਾਂ ਜਿਸ ਨੂੰ ਅਸੀਂ ਸਮਾਜਵਾਦ ਕਹਿੰਦੇ ਹਾਂ ਉਹ ਨਹੀਂ ?  ਬੇਸ਼ੱਕ ਸਾਨੂੰ ਮਾਰਕਸਵਾਦ ਫਲਸਫੇ ਵਿੱਚ ਜਾਣ ਬੁੱਝ ਕੇ ਉਲਝਾਇਆ ਗਿਆ ਹੈ,  ਪਰ ਜਦੋਂ ਤੱਕ ਅਸੀਂ ਆਪਣੀਆਂ ਜੜ੍ਹਾਂ ਨਾਲ ਨਹੀਂ ਜੁੜਦੇ ਉਦੋਂ ਤੱਕ ਸਮਾਜਵਾਦ, ਸਾਥੋਂ ਕੋਹਾਂ ਦੂਰ ਹੀ ਰਹੇਗਾ।  ਸਮਾਜਵਾਦ ਤਾਂ ਦੂਰ ਹੁਣ ਤਾਂ ਸਾਡੇ ਗੁਰੂ ਘਰਾਂ ਵਿੱਚ ਵੀ ਮਨੂੰਵਾਦੀ ਸੋਚ ਵਾਲੇ ‘ਸੰਤਾਂ’ ਦਾ ਨਿਵਾਸ ਹੋ ਗਿਆ ਹੈ। ਜਿਨ੍ਹਾਂ ਨੇ ਵੱਡੇ ਵੱਡੇ ਚੋਲੇ ਪਹਿਨ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਮੰਤਰਾਂ ਅਤੇ ਜਾਪਾਂ ਤੱਕ ਸੀਮਤ ਕਰ ਰੱਖਿਆ ਹੈ ਅਤੇ ਇੱਕੋ ਸੰਗਤ ਅਤੇ ਪੰਗਤ ਵਿੱਚ ਬਹਿ ਕੇ ਖਾਣ ’ਤੇ ਮਨਾਹੀ ਕੀਤੀ ਹੋਈ ਹੈ। ਹੋਰ ਤਾਂ ਹੋਰ, ਹੁਣ ਜਾਤਾਂ ਦੇ ਆਧਾਰ ’ਤੇ ਗੁਰਦੁਆਰੇ ਉਸਰ ਰਹੇ ਹਨ ਅਤੇ ਬਰਾਬਰਤਾ ਦਾ ਸੰਕਲਪ ਸਾਡੇ ਮਨਾਂ ’ਚੋਂ ਖੰਭ ਲਾ ਕੇ ਉੱਡ ਰਿਹਾ ਹੈ, ਕਿਸੇ ਸੋਚੀ ਸਮਝੀ ਚਾਲ ਤਹਿਤ ਇਹ ਸਭ ਵਾਪਰ ਰਿਹਾ ਹੈ।

ਇਸਤਰੀ ਜਾਤੀ ਦਾ ਸਨਮਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸਤਰੀ ਜਾਤੀ ਨੂੰ ਮਰਦ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਵੈਸੇ ਤਾਂ ਸਾਰੀ ਗੁਰਬਾਣੀ ਵਿੱਚ ਹੀ ਜੀਵ ਆਤਮਾ ਨੂੰ ਇਸਤਰੀ ਰੂਪ (ਪਤਨੀ) ਵਿੱਚ ਉਭਾਰਿਆ ਗਿਆ ਹੈ ਅਤੇ ਪ੍ਰਭੂ ਨੂੰ ਪਤੀ ਦਾ ਦਰਜਾ ਦਿੱਤਾ ਗਿਆ ਹੈ; ਜਿਵੇਂ:  ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ॥’’ (ਮ: ੩/੫੯੧)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਹਾਲਾਤ ਹੀ ਅਜਿਹੇ ਸਨ ਜਦੋਂ ਇਸਤਰੀ ਨਾਲ ਮੁੱਢ ਕਦੀਮੋਂ ਹੀ ਵਿਤਕਰਾ ਹੁੰਦਾ ਆ ਰਿਹਾ ਸੀ, ਹੋਰ ਧਰਮ ਗ੍ਰੰਥਾਂ ਵਿੱਚ ਇਸਤਰੀ ਨੂੰ ਪੈਰ ਦੀ ਜੁੱਤੀ ਜਾਂ ਗੁੱਤ ਪਿਛੇ ਮੱਤ, ਕਹਿ ਕੇ ਸੰਬੋਧਿਤ ਕੀਤਾ ਜਾ ਰਿਹਾ ਸੀ ਉਸ ਵੇਲੇ ਗੁਰੂ ਸਾਹਿਬ ਨੇ ਔਰਤ ਨੂੰ ਰਾਜਿਆਂ ਦੀ ਜਣਨੀ ਕਹਿ ਕੇ ਸਤਿਕਾਰਿਆ; ਜਿਵੇਂ :  ‘‘ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨੁ॥’’

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਮਾਤਮਾ ਦੇ ਰੂਪ ਵਿੱਚ ਵੇਖਣ ਦਾ ਮਾਣ ਵੀ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ (ਇਸਤ੍ਰੀ) ਨੂੰ ਹੀ ਪ੍ਰਾਪਤ ਹੋਇਆ ਹੈ।  ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਦਾ ਲੰਗਰ ਦੀ ਸੇਵਾ ਸੰਭਾਲ ਕਰਦਿਆਂ ਆਏ ਸ਼ਰਧਾਲੂਆਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਪਾਣੀ ਛਕਾਉਣਾ ਵੀ ਇਸੇ ਗੱਲ ਦਾ ਪ੍ਰਤੀਕ ਹੈ।  ਗੁਰੂ ਘਰ ਵਿੱਚ ਮਰਦ-ਇਸਤਰੀ ਪ੍ਰਤੀ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।  ਸ੍ਰੀ ਗੁਰੂ ਅਮਰ ਦਾਸ ਜੀ ਦੇ ਸਮੇਂ ਸਤੀ ਪ੍ਰਥਾ ਜ਼ੋਰਾਂ ਉੱਪਰ ਸੀ।  ਜਦੋਂ ਕਿਸੇ ਨਾਰ ਦਾ ਕੰਤ ਚੜਾਈ ਕਰ ਜਾਂਦਾ ਸੀ ਤਾਂ ਉਸ ਨੂੰ ਉਸ ਦੇ ਨਾਲ ਹੀ (ਚਿਖਾ ਵਿੱਚ) ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਸੀ। ਉਸ ਸਮੇਂ ਗੁਰੂ ਸਾਹਿਬ ਨੇ ਇਸ ਸਤੀ ਪ੍ਰਥਾ ਦੇ ਵਿਰੁੱਧ ਆਵਾਜ਼ ਉਠਾਈ ਅਤੇ ਲੋਕਾਂ ਨੂੰ ਜਾਗਰੂਕ ਕੀਤਾ; ਜਿਵੇਂ: ‘‘ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍।।’’

ਸਿੱਖ ਧਰਮ ਵਿੰਚ ਜਿੰਨਾ ਸਨਮਾਨ, ਇਸ ਧਰਮ ਦੇ ਗੁਰੂਆਂ ਦਾ ਕੀਤਾ ਜਾਂਦਾ ਹੈ ਓਨਾ ਹੀ ਇਹਨਾਂ ਮਹਾਨ ਗੁਰੂਆਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਜਾਂ ਗੁਰੂ ਮਹਿਲਾਂ ਦਾ ਰੁਤਬਾ ਉੱਚਾ ਹੈ।  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਔਰਤ ਨੂੰ ਮਰਦ ਦਾ ਈਮਾਨ ਦੱਸਿਆ ਹੈ ਅਤੇ ਔਰਤ ਉੱਪਰ ਹਮਲਾ ਕਰਨ ਤੋਂ ਵਰਜਿਆ ਹੈ।  ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਆਹ ਸਮੇਂ ਜਦੋਂ ਮਾਤਾ ਗੁਜਰੀ ਜੀ ਦੇ ਪਿਤਾ ਭਾਈ ਲਾਲ ਚੰਦ ਜੀ ਨੇ ਕਿਹਾ ਕਿ ਗੁਰੂ ਜੀ ਅਸੀਂ ਤਾਂ ਕੁਝ ਦੇ ਨਹੀਂ ਸਕੇ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜਿਸ ਨੇ ਧੀ ਦੇ ਦਿੱਤੀ ਉਸ ਨੇ ਸਭ ਕੁਝ ਦੇ ਦਿੱਤਾ।  ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਸਮੇਂ ਮਾਤਾ ਜੀਤੋ ਜੀ ਤੋਂ ਪਤਾਸੇ ਪੁਆ ਕੇ ਇਸਤ੍ਰੀ ਜਾਤੀ ਦੇ ਸਨਮਾਨ ਵਿੱਚ ਵਾਧਾ ਕੀਤਾ ਹੈ।  ਮਾਤਾ ਸਾਹਿਬ ਕੌਰ ਜੀ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਬਖਸ਼ਿਆ ਹੈ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਆਪਣੇ ਖ਼ਾਲਸੇ ਨੂੰ ਕੁੜੀਮਾਰ ਨਾਲੋਂ ਨਾਤਾ ਤੋੜ ਲੈਣਾ ਹੀ ਬੇਹਤਰ ਦੱਸਿਆ ਹੈ। ਇਸੇ ਤਰ੍ਹਾਂ ਅਜਿਹਾ ਆਦੇਸ਼ ਕਿ ਕੁੜੀਮਾਰ ਨਾਲ ਨਹੀਂ ਵਰਤਣਾ ਅਤੇ ਉਸ ਨੂੰ ਸੰਗਤ ਵਿੱਚ ਬੈਠਣ ਨਹੀਂ ਦੇਣਾ ਇਹ ਆਦੇਸ਼ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਵੀ ਦਿੱਤਾ ਸੀ (ਪ੍ਰਿੰ. ਸਤਿਬੀਰ ਸਿੰਘ : ਪੁਸਤਕ ਅਸ਼ਟਮ ਬਲਵੀਰਾ)। ਗੁਰੂ ਸਾਹਿਬਾਨ ਦਾ ਖਾਲਸੇ ਨੂੰ ਇੱਕ ਹੋਰ ਆਦੇਸ਼ ਵੀ ਸੀ ਕਿ ਦੁਸ਼ਮਣ ਦੀ ਇਸਤ੍ਰੀ ਉੱਪਰ ਵਾਰ ਕਰਨਾ ਤਾਂ ਦੂਰ ਦੀ ਗੱਲ ਸਗੋਂ ਉਸ ਵੱਲ ਬੁਰੀ ਨਜ਼ਰ ਨਾਲ ਵੀ ਨਹੀਂ ਵੇਖਣਾ ਜਿਸ ਤਰ੍ਹਾਂ ਸੂਰਜ ਪ੍ਰਕਾਸ਼ ਦੇ ਕਰਤਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਆਦੇਸ਼ ਨੂੰ ਇਸ ਤਰ੍ਹਾਂ ਕਲਮਬੱਧ ਕੀਤਾ ਹੈ: ‘ਜੋ ਸਿੱਖ ਤੁਰਕਨੀ ਭੋਗੇ ਜਾਈ। ਉਹ ਨਹੀਂ ਬਖਸ਼ਿਆ ਜਾਇ ਕਦਾਈ।’

ਸਿੱਖ ਧਰਮ ਵਿੱਚ ਗ੍ਰਹਿਸਥ ਜੀਵਨ ਨੂੰ ਸ੍ਰੇਸ਼ਟ ਮੰਨਿਆ ਗਿਆ ਹੈ ਅਤੇ ਗ੍ਰਹਿਸਥ ਦੇ ਤਿਆਗੀਆਂ ਨੂੰ ਭੰਡਿਆ ਗਿਆ ਹੈ।  ਗੁਰਬਾਣੀ ਵਿੱਚ ਔਰਤ ਅਤੇ ਮਰਦ ਨੂੰ ‘‘ਏਕ ਜੋਤਿ ਦੁਇ ਮੂਰਤੀ.॥’’ ਦਾ ਜਾਮਾ ਪਹਿਨਾਇਆ ਗਿਆ ਹੈ। ਜਿੱਥੇ ਗੁਰਬਾਣੀ ਵਿੱਚ ਪਰਾਈ ਇਸਤਰੀ ਦੇ ਸੰਗ ਨੂੰ ਸੱਪਾਂ ਦੇ ਸਾਥ ਦੀ ਤੁਲਨਾ ਦਿੱਤੀ ਗਈ ਹੈ; ਜਿਵੇਂ: ‘‘ਜੈਸਾ ਸੰਗੁ ਬਿਸੀਅਰ ਸਿਉ ਹੈ ਰੇ ! ਤੈਸੋ ਹੀ ਇਹੁ ਪਰ ਗ੍ਰਹਿ॥’’  ਅਤੇ ਘਰ ਦੀ ਨਾਰ ਤਿਆਗ ਕੇ ਪਰਾਈ ਇਸਤਰੀ ਭੋਗਣ ਵਾਲੇ ਨੂੰ ਅੰਨਾ ਕਿਹਾ ਗਿਆ ਹੈ ‘‘ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ॥’’ ਉੱਥੇ ਇਸਤ੍ਰੀ ਨੂੰ ਵੀ ਆਪਣਾ ਚਰਿੱਤਰ ਉੱਚਾ ਰੱਖ ਕੇ ਸੁਲੱਖਣੀ ਨਾਰ ਬਣਨ ਦੀ ਸਲਾਹ ਦਿੱਤੀ ਹੈ ਕਿਉਂਕਿ ‘‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥’’

ਅੱਜ ਜਦੋਂ ਸਮਾਜ ਵਿੱਚ ਕੁੜੀਆਂ ਨੂੰ ਕੁੱਖ ’ਚ ਮਾਰਨ ਦਾ ਰੁਝਾਨ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ ਤਾਂ ਸਾਨੂੰ ਗੁਰਬਾਣੀ ਤੋਂ ਸੇਧ ਲੈ ਕੇ ਅਜਿਹੀਆਂ ਬੁਰਾਈਆਂ ਦਾ ਨਾਸ਼ ਕਰਨਾ ਹੋਵੇਗਾ। ਅੱਜ ਸਾਡੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਦਰ ਬੀਬੀਆਂ ਨੂੰ ਸੇਵਾ ਕਰਨ ਅਤੇ ਕੀਰਤਨ ਕਰਨ ’ਤੇ ਪਾਬੰਦੀ ਲਾਈ ਹੋਈ ਹੈ। ਅਜਿਹੀਆਂ ਪਾਬੰਦੀਆਂ ਅਖੌਤੀ ਡੇਰਾਵਾਦੀਆਂ ਅਤੇ ਮਹੰਤਾਂ ਦੀ ਸ਼ੈਅ ਤੇ ਲਾਈਆਂ ਸਨ।  ਪਤਾ ਨਹੀਂ ਹੁਣ ਸਾਡੇ ਕੌਮ ਦੇ ਜਥੇਦਾਰਾਂ ਦੀਆਂ ਕੀ ਮਜ਼ਬੂਰੀਆਂ ਹਨ ਜੋ ਸਿੱਖ ਧਰਮ ਵਿੱਚ ਔਰਤ ਅਤੇ ਮਰਦ ਦੇ ਵਖਰੇਵੇਂ ਖੜ੍ਹੇ ਕਰ ਰਹੇ ਹਨ। ਅੱਜ ਦਹੇਜ ਪ੍ਰਥਾ ਜਾਂ ਬਲਾਤਕਾਰ ਵਰਗੀਆਂ ਘਟਨਾਵਾਂ ਕਾਰਨ ਹਾਹਾਕਾਰ ਮਚੀ ਹੋਈ ਹੈ। ਅਜਿਹੀਆਂ ਔਖੀਆਂ ਘੜੀਆਂ ਵਿੱਚ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਹੈ। ਸਾਨੂੰ ਗੁਰਬਾਣੀ ਦਾ ਓਟ ਆਸਰਾ ਲੈਕੇ ਅਜਿਹੀਆਂ ਕੁਰੀਤੀਆਂ ਨੂੰ ਠੱਲ ਪਾਉਣ ਲਈ ਅੱਗੇ ਆਉਣਾ ਪਵੇਗਾ। ਪਰ ਬਦਕਿਸਮਤੀ ਕਿ ਸਾਡੇ ਜਥੇਦਾਰ ਤਾਂ ਸਿਆਸਤਦਾਨਾਂ ਦੀਆਂ ਕੱਠ ਪੁਤਲੀਆਂ ਬਣ ਚੁੱਕੇ ਹਨ ਜਿਵੇਂ ਉਹ ਕਹਿੰਦੇ ਹਨ ਇਹ ਨੱਚਦੇ ਹਨ।

ਸਿਹਤ ਅਤੇ ਸਿੱਖਿਆ

ਗੁਰਬਾਣੀ ਤਾਂ ਹੈ ਹੀ ਚਾਨਣ ਜੋ ਹਨੇਰੇ ਨੂੰ ਦੂਰ ਕਰਕੇ, ਆਲੇ-ਦੁਆਲੇ ਨੂੰ ਪ੍ਰਕਾਸ਼ਮਾਨ ਕਰਦੀ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਜਨਤਾ ਵਹਿਮਾਂ, ਭਰਮਾਂ ਅਤੇ ਅਗਿਆਨਤਾ ਦੀ ਸ਼ਿਕਾਰ ਸੀ ਅਤੇ ਏਸੇ ਹਨੇਰੇ ਨੂੰ ਦੂਰ ਕਰਨ ਲਈ ਗੁਰੂ ਸਾਹਿਬਾਨ ਨੇ ‘ਗੁਰਬਾਣੀ ਇਸੁ ਜਗ ਮਹਿ ਚਾਨਣੁ’ ਦਾ ਪਾਠ ਪੜ੍ਹਾਇਆ। ਗੁਰੂ ਸਾਹਿਬ ਦੇ ਸਮੇਂ ਲੋਕੀ ਵਿਦੇਸ਼ੀ ਭਾਸ਼ਾ, ਸੱਭਿਆਚਾਰ ਅਤੇ ਸੰਸਿਤੀ ਦਾ ਸ਼ਿਕਾਰ ਹੋ ਚੁੱਕੇ ਸਨ। ਅਜਿਹੇ ਹਾਲਾਤਾਂ ਤੇ ਟਕੋਰ ਕਰਦਿਆਂ ਗੁਰੂ ਜੀ ਨੇ ਫੁਰਮਾਇਆ : ‘‘ਘਰਿ ਘਰਿ ਮੀਆ, ਸਭਨਾਂ ਜੀਆਂ; ਬੋਲੀ ਅਵਰ ਤੁਮਾਰੀ ॥’’ (ਮ: ੧/੧੧੯੧)

ਗੁਰੂ ਸਾਹਿਬ ਨੇ ਸਰਲ ਅਤੇ ਮਾਤ ਭਾਸ਼ਾ ਵਿੱਚ ਗੁਰਬਾਣੀ ਰਚਕੇ, ਆਮ ਲੋਕਾਂ ਨੂੰ ਗਿਆਨ ਦਾ ਵੱਡਾ ਸੋਮਾ ਬਖਸ਼ਿਆ ਹੈ। ਜਿਸ ਨੂੰ ਪੜ੍ਹ ਕੇ, ਵਿਚਾਰ ਕੇ ਮਨੁੱਖ ਆਪਣਾ ਅਤੇ ਹੋਰਨਾਂ ਦਾ ਉਧਾਰ ਕਰ ਸਕਦਾ ਹੈ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ।।’ ਸ੍ਰੀ ਗੁਰੂ ਅੰਗਦ ਦੇਵ ਜੀ ਨੇ (ਗੁਰਮੁਖੀ) ਲਿਪੀ ਵਿੱਚ ਸੁਧਾਰ ਕਰਕੇ, ਸਾਨੂੰ ਮਾਣ ਬਖਸ਼ਿਆ ਹੈ ਕਿ ਸਾਡੀ ਭਾਸ਼ਾ ਕਿੰਨੀ ਅਮੀਰ ਹੈ। ਬੱਚਿਆਂ ਨੂੰ ਵਰਣਮਾਲਾ ਸਿਖਾਉਣ ਲਈ ਪੱਟੀ ਅਤੇ ਬਾਵਨ ਅੱਖਰੀ ਦੀ ਰਚਨਾ ਕੀਤੀ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਸਾਧਾਰਣ ਜਨਤਾ ਨੂੰ ਸਿਖਿਅਤ ਕਰਨ ਲਈ 22 ਮੰਜੀਆਂ ਦੀ ਸਥਾਪਨਾ ਕੀਤੀ। ਗੁਰੂ ਸਾਹਿਬਾਨਾਂ ਨੇ ਮਨੁੱਖ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਂਦਿਆਂ ਇਹ ਦ੍ਰਿੜ੍ਹ ਕਰਵਾਇਆ ਹੈ ਕਿ ਜਿਸ ਮਨੁੱਖ ਕੋਲ ਅਕਲ ਹੈ, ਸੂਝ ਹੈ, ਗਿਆਨ ਹੈ, ਉਹੀ ਮਨੁੱਖ ਪ੍ਰਮਾਤਮਾ ਦੇ ਦਰ ਦਾ ਰਸਤਾ ਲੱਭਣ ਦੇ ਸਮਰੱਥ ਹੈ ਨਹੀਂ ਤਾਂ ਲੋਕ ਵਹਿਮਾਂ, ਭਰਮਾਂ, ਪਾਖੰਡਾਂ ਵਿੱਚ ਫਸੇ ਹੀ ਆਪਣੀ ਜ਼ਿੰਦਗੀ ਬਤੀਤ ਕਰ ਲੈਂਦੇ ਹਨ  ‘‘ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਐ ਮਾਨੁ ॥’’ (ਮ: ੧/੧੨੪੫)

ਇੱਥੇ ਹੀ ਬੱਸ ਨਹੀਂ ਗੁਰਬਾਣੀ ਵਿੱਚ ਇਹ ਵੀ ਜ਼ਿਕਰ ਮਿਲਦਾ ਹੈ ਕਿ ਵਿੱਦਿਆ ਪੜ੍ਹ ਕੇ ਸਿਰਫ਼ ‘ਪੜਿ ਪੜਿ ਗਡੀ ਲਦੀਅਹਿ’ ਦੇ ਮਹਾਂਵਾਕ ਅਨੁਸਾਰ ਮਨ ਉੱਪਰ ਬੋਝ ਹੀ ਨਹੀਂ ਪਾਉਣਾ ਸਗੋਂ ਵਿੱਦਿਆ ਵੀਚਾਰ ਕੇ ਪਰਉਪਕਾਰ ਕਰਨੇ ਹਨ। ਇਹ ਵੀ ਆਦੇਸ਼ ਹੈ ਉਹ ਮਨੁੱਖ ਪੜ੍ਹ ਕੇ ਵੀ ਮੂਰਖ ਹੀ ਰਹਿੰਦਾ ਹੈ ਜਿਹੜਾ ਹੰਕਾਰ ਵਿੱਚ ਫਸ ਜਾਵੇ ‘‘ਪੜਿਆ ਮੂਰਖੁ ਆਖੀਐ; ਜਿਸੁ ਲਬੁ ਲੋਭੁ ਅਹੰਕਾਰਾ ॥’’ (ਮ: ੧/੧੪੦) ਵਿੱਦਿਆ ਪੜ੍ਹਨ ਨਾਲ ਹੀ ਸਾਹਿਤ ਦਾ ਜਨਮ ਹੁੰਦਾ ਹੈ। ਬਾਣੀ ਦੇ ਰਚਨਹਾਰੇ ਸਾਹਿਤਕਾਰ ਅਤੇ ਕਵੀ ਸਨ। ਪ੍ਰਭੂ ਭਗਤੀ ਵਿੱਚ ਰੰਗੀ ਕਵਿਤਾ ਉਨ੍ਹਾਂ ਦੀ ਆਤਮਾ ਅੰਦਰੋਂ ਫੁੱਟੀ ਹੈ। ‘ਧਨੁ ਲੇਖਾਰੀ ਨਾਨਕਾ’ ਦੇ ਕਥਨ ਅਨੁਸਾਰ ਉਨ੍ਹਾਂ ਨੇ ਲੋਕਾਂ ਵਿੱਚ ਸਾਹਿਤਕ ਰੁਚੀ ਪੈਦਾ ਕੀਤੀ। ਕਥਾ, ਕੀਰਤਨ, ਬਾਣੀ ਦੇ ਪੜ੍ਹਨ, ਸੁਣਨ, ਮੰਨਣ ਰਾਹੀਂ ਲੋਕਾਂ ਦੀਆਂ ਸਾਹਿਤਕ ਰੁਚੀਆਂ ਦੇ ਵਿਕਾਸ ਦਾ ਉਪਰਾਲਾ ਕੀਤਾ। ਪਾਉਂਟਾ ਸਾਹਿਬ ਦੀ ਧਰਤੀ ’ਤੇ ਗੁਰੂ ਗੋਬਿੰਦ ਸਿੰਘ ਜੀ ਨੇ 52 ਕਵੀਆਂ ਦੇ ਦਰਬਾਰ ਰਾਹੀਂ ਉਸ ਵੇਲੇ ਦੀ ਸਾਹ ਸਤਹੀਣ ਹੋ ਚੁੱਕੀ ਭਾਰਤੀ ਜਨਤਾ ਵਿੱਚ ਵੀਰ ਰਸੀ ਜਜ਼ਬਾ ਭਰਨ ਲਈ ਕਵੀਆਂ ਨੂੰ ਉਤਸ਼ਾਹਿਤ ਕੀਤਾ ਅਤੇ ਜਿਸ ਦੇ ਸਿੱਟੇ ਸਾਰਥਕ ਨਿਕਲੇ।

ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਾਨੂੰ ਮਾਤ ਭਾਸ਼ਾ, ਆਪਣੀ ਬੋਲੀ, ਵਿਰਸੇ ਅਤੇ ਸੱਭਿਆਚਾਰ ਦੇ ਲੜ੍ਹ ਲਾਇਆ, ਸਾਨੂੰ ਉਸ ਉੱਪਰ ਮਾਣ ਕਰਨਾ ਚਾਹੀਦਾ ਹੈ। ਪਰ ਸਾਡੀਆਂ ਸਰਕਾਰਾਂ ਅੱਜ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਕੰਨੀ ਕਤਰਾ ਰਹੀਆਂ ਹਨ। ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਗੂ ਕਰਵਾ ਕੇ ਜਾਂ ਦਫ਼ਤਰਾਂ ਦੇ ਕੰਮਕਾਜ਼ ਅੰਗਰੇਜ਼ੀ ਵਿੱਚ ਕਰਵਾ ਕੇ ਇਹ ਸਰਕਾਰਾਂ ਪਤਾ ਨਹੀਂ ਕਿਸ ਦੀ ਖ਼ੁਸ਼ ਕਰ ਰਹੀਆਂ ਹਨ, ਜਿਸ ਕਾਰਨ ਸਾਡਾ ਮਹਾਨ ਵਿਰਸਾ ਅਤੇ ਗੁਰੂ ਸਾਹਿਬਾਨ ਦੀ ਸਿੱਖਿਆ ਨੂੰ ਬਣਦਾ ਸਨਮਾਨ ਨਹੀਂ ਮਿਲਦਾ। ਅੱਜ ਸਾਡੇ ਘਰਾਂ ਵਿੱਚ ਵੀ ਲੋਕੀ ਪੰਜਾਬੀ ਵਿੱਚ ਗੱਲ ਕਰਨ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਗੱਲ ਕਰਨਾ ਬੇਹਤਰ ਸਮਝਦੇ ਹਨ।  ਪਰ ਮੂਰਖਾਂ ਨੂੰ ਇਹ ਨਹੀਂ ਪਤਾ ਕਿ ਮਾਤ ਭਾਸ਼ਾ ਵਿੱਚ ਕੀਤੀ ਹੋਈ ਗੱਲ ਦਾ ਸੁਆਦ ਹੀ ਕੁੱਝ ਹੋਰ ਹੁੰਦਾ ਹੈ। ਚਲੋ ਗੁਰੂ ਸੁਮੱਤ ਬਖਸ਼ੇ। ਵਿੱਦਿਆ ਅੱਜ ਵਪਾਰ ਬਣ ਚੁੱਕੀ ਹੈ। ਵਿਦਿਆ ਵੀਚਾਰ ਕੇ ਪਰਉਪਕਾਰ ਕਰਨਾ ਤਾਂ ਦੂਰ ਦੀ ਗੱਲ ਅੱਜ ਕੱਲ੍ਹ ਤਾਂ ਜਾਇਜ਼, ਨਜਾਇਜ਼ ਤਰੀਕਾ ਵਰਤਕੇ ਡਿਗਰੀਆਂ ‘ਕੱਠੀਆਂ’ ਕਰਨ ਦੀ ਹੋੜ ਨੇ ਵਿੱਦਿਆ ਵਪਾਰੀਆਂ ਦੇ ਹੌਂਸਲੇ ਵਧਾ ਦਿੱਤੇ ਹਨ। ਇਹੀ ਕਾਰਨ ਹੈ ਕਿ ਅੱਜ ਛੋਟੇ ਛੋਟੇ ਕਮਰੇ ਯੂਨੀਵਰਸਿਟੀਆਂ ਬਣੇ ਪਏ ਹਨ। ਅਜਿਹੀ ਵਿੱਦਿਆ ਪੜ੍ਹਕੇ ‘ਕੀ ਗੰਜੀ ਨਹਾਊ ਤੇ ਕੀ ਨਿਚੋੜੂ’ ਵਾਗੂੰ ਭਵਿੱਖ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਸਿਹਤ ਦਾ ਸੰਕਲਪ

ਤੰਦਰੁਸਤ ਮਨੁੱਖ ਹੀ ਤੰਦਰੁਸਤ ਸਮਾਜ ਸਿਰਜਣ ਦਾ ਸੁਪਨਾ ਲੈ ਸਕਦਾ ਹੈ। ਗੁਰਬਾਣੀ ਵਿੱਚ ਜਿੱਥੇ ਮਨੁੱਖ ਦੇ ਮਨੋਬਲ ਨੂੰ ਉੱਚਾ ਕਰਕੇ ਨੈਤਿਕਤਾ ਦਾ ਪਾਠ ਪੜ੍ਹਾਇਆ ਹੈ। ਉੱਥੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਦੀ ਸਿੱਖਿਆ ਦਿੱਤੀ ਹੈ। ਗੁਰੂ ਨਾਨਕ ਦੇਵ ਜੀ ਵੱਲੋਂ ਪੈਦਲ ਤੁਰ ਕੇ ਲੱਖਾਂ ਮੀਲ ਪੈਂਡਾ ਤੈਅ ਕਰਨਾ ਇਸੇ ਗੱਲ ਦਾ ਪ੍ਰਮਾਣ ਹੈ ਕਿ ਤੰਦਰੁਸਤ ਮਨੁੱਖ ਹੀ ਐਨਾ ਤੁਰ ਸਕਣ ਦੇ ਸਮਰੱਥ ਹੈ। ਬੀਮਾਰ ਬੰਦੇ ਤੋਂ ਤਾਂ ਪੈਰ ਵੀ ਨਹੀਂ ਪੁੱਟਿਆ ਜਾਂਦਾ। ਕਿਰਤ ਕਰਨ ਦਾ ਸੰਦੇਸ਼ ਵੀ ਇਹ ਪ੍ਰਤੱਖ ਬਣਾਉਂਦਾ ਹੈ ਕਿ ਜਿੱਥੇ ਕਿਰਤੀ ਮਨੁੱਖ ਆਪਣੇ ਦਸਾਂ ਨਹੰੁਆਂ ਦੀ ਸੱਚੀ ਸੁੱਚੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਦਾ ਹੈ ਉੱਥੇ ਉਹ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਕਿਉਂਕਿ ਵਿਹਲੜ ਮਨੁੱਖਾਂ ਲਈ ਗੁਰਮਤਿ ਵਿੱਚ ਕੋਈ ਥਾਂ ਨਹੀਂ ਜਿਵੇਂ ਕਿ ਮਾਡਰਨ ਸਾਇੰਸ ਨੇ ਬੀਮਾਰੀਆਂ ਦੇ ਕਾਰਨਾਂ ਬਾਰੇ ਦੱਸਦੇ ਹੋਏ ਲਿਖਿਆ ਹੈ ਕਿ ਸਾਡਾ ਮਨ, ਸਾਡਾ ਖਾਣਾ ਪੀਣਾ ਅਤੇ ਰਹਿਣ ਸਹਿਣ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚ ਕੇ ਰਹਿਣ ਦੀ ਸਿੱਖਿਆ ਮਿਲਦੀ ਹੈ। ਜੇਕਰ ਅੱਜ ਅਸੀਂ ਦੁਨੀਆਂ ਦੇ ਦੁੱਖਾਂ ਦੇ ਕਾਰਨਾਂ ਨੂੰ ਜਾਣੀਏ ਤਾਂ ਇਹੀ ਪੰਜ ਵਿਕਾਰ ਮਨੁੱਖ ਨੂੰ ਬੀਮਾਰੀਆਂ ਵੱਲ ਧੱਕ ਰਹੇ ਹਨ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਵਿਕਾਰਾਂ ਤੋਂ ਬਚਣ ਲਈ ਫੁਰਮਾਨ ਕੀਤਾ ਹੈ : ‘‘ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥  ਜਿਉ ਕੰਚਨ ਸੋਹਾਗਾ ਢਾਲੈ ॥’’ (ਮ: ੧/੯੩੨)

ਗੁਰਬਾਣੀ ਵਿੱਚ ਤਾਂ ਬੁਰੇ ਦਾ ਵੀ ਭਲਾ ਕਰਨ ਨੂੰ ਆਖਿਆ ਗਿਆ ਹੈ। ਬਾਬਾ ਫਰੀਦ ਜੀ ਦਾ ਕਥਨ ਹੈ : ‘‘ਫਰੀਦਾ  ! ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ ॥  ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛੁ ਪਾਇ ॥’’ (ਬਾਬਾ ਫਰੀਦ/੧੩੮੨)

ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਮੱਲ ਅਖਾੜਿਆਂ ਦੀ ਸਥਾਪਨਾ ਕਰਨੀ ਇਸੇ ਗੱਲ ਦਾ ਸੂਚਕ ਹੈ ਕਿ ਜਿੰਨਾ ਚਿਰ ਮਨੁੱਖ ਸਰੀਰਕ ਤੌਰ ’ਤੇ ਤਕੜਾ ਨਹੀਂ ਹੁੰਦਾ ਓਨਾ ਚਿਰ ਉਹ ਕੁਝ ਵੀ ਕਰਨ ਦੇ ਸਮਰੱਥ ਨਹੀਂ। ਦੇਸ਼, ਕੌਮ ਦੀ ਰੱਖਿਆ ਕਰਨ ਲਈ ਮਾਨਸਿਕ ਤੌਰ ’ਤੇ ਸੁਚੇਤ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਹੋਣਾ ਬੜਾ ਲਾਜ਼ਮੀ ਹੈ। ਪਰ ਅੱਜ ਸਾਨੂੰ ਜਿੱਥੇ ਮਾਨਸਿਕ ਤੌਰ ’ਤੇ ਗੁਰਬਾਣੀ ਨਾਲੋਂ ਤੋੜਿਆ ਜਾ ਰਿਹਾ ਹੈ ਜਾਂ ਅਸੀਂ ਆਪਣੇ ਆਪ ਗੁਰਬਾਣੀ ਦਾ ਪੱਲਾ ਛੱਡ ਰਹੇ ਹਾਂ ਉੱਥੇ ਸਰੀਰਕ ਤੌਰ ’ਤੇ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।  ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਗਦੇ ਦਰਿਆ ਵਿੱਚ ਧੱਕਾ ਦਿੱਤਾ ਜਾ ਰਿਹਾ ਹੈ। ਸਾਡੀ ਧਰਤੀ ਉਤੇ ਧੜਾਧੜ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਦਾ ਛਿੜਕਾਅ, ਸਾਡੀ ਜਰਖੇਜ਼ ਧਰਤ ਨੂੰ ਬੰਜਰ ਬਣਾ ਦੇਵੇਗਾ। ਇਸ ਜਹਿਰੀਲੀ ਧਰਤ ਵਿੱਚੋਂ ਪੈਦਾ ਹੋਣ ਵਾਲਾ ਅੰਨ ਖਾ ਕੇ ਅਸੀਂ ਕਿਵੇਂ ਸੂਰਮੇ ਬਣਾਂਗੇ। ਤਾਂ ਹੀ ਅੱਜਕੱਲ੍ਹ ਜੰਮਦੇ ਬੱਚਿਆਂ ਨੂੰ ਬੀਮਾਰੀਆਂ ਨੇ ਘੇਰ ਰੱਖਿਆ ਹੈ। ਦਵਾਈਆਂ ਉੱਤੇ ਪਲੇ ਸਰੀਰ,  ਦੇਸ਼-ਕੌਮ ਦਾ ਤਾਂ ਕੀ, ਆਪਣਾ ਵੀ ਕੁੱਝ ਨਹੀਂ ਸੰਵਾਰ ਸਕਣਗੇ। ਸਾਡਾ ਪਾਣੀ, ਸਾਡੀ ਹਵਾ ਸਭ ਕੁੱਝ ਦੂਸ਼ਿਤ ਹੋਣ ਜਾ ਰਿਹਾ ਹੈ ਅਤੇ ਅਸੀਂ ਬੇਸ਼ੱਕ ਸਵੇਰੇ ਸ਼ਾਮ ਗੁਰੂ ਘਰਾਂ ਵਿੱਚ ਇਹ ਤੁਕਾਂ ਰੋਜ਼ ਪੜ੍ਹਦੇ ਹਾਂ ‘‘ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ॥’’ ਪਰ ਅਸੀਂ ਇਹ ਧਰਤੀ, ਹਵਾ ਅਤੇ ਪਾਣੀ ਨੂੰ ਬਚਾਉਣ ਦਾ ਉਪਰਾਲਾ ਨਹੀਂ ਕਰਦੇ ਜਿਸਦੇ ਸਿੱਟੇ ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣੇ ਪੈਣਗੇ।

ਗੁਰਬਾਣੀ ਵਿੱਚ ਤੰਦਰੁਸਤ ਰਹਿਣ ਲਈ ਖਾਣ-ਪੀਣ ਵੱਲ ਉਚੇਚਾ ਧਿਆਨ ਦਿਵਾਇਆ ਗਿਆ ਹੈ ਅਤੇ ਫੁਰਮਾਇਆ ਹੈ ਕਿ ਅਜਿਹੇ ਖਾਣ ਪੀਣ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਤਨ ਮਨ ਬੀਮਾਰ ਹੁੰਦਾ ਹੋਵੇ : ‘‘ਬਾਬਾ  ! ਹੋਰੁ ਖਾਣਾ ਖੁਸੀ ਖੁਆਰੁ ॥  ਜਿਤੁ ਖਾਧੈ, ਤਨੁ ਪੀੜੀਐ; ਮਨ ਮਹਿ ਚਲਹਿ ਵਿਕਾਰ ॥’’ (ਮ: ੧/੧੬)

ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਦੀ ਪੀੜ੍ਹੀ ਖਾਲਸ ਦੁੱਧ, ਦਹੀਂ, ਲੱਸੀ ਨੂੰ ਵੇਖ ਕੇ ਤਾਂ ਨੱਕ ਚੜ੍ਹਾਉਂਦੀ ਹੈ ਪਰ ਫਾਸਟ ਫੂਡ ਜਾਂ ਠੰਢੇ ਬੱਤਿਆਂ ਨੂੰ ਰੋਟੀ ਨਾਲ ਪੀਣ ਦਾ ਵੀ ਰਿਵਾਜ਼ ਪੈ ਗਿਆ। ਅੱਜ ਕੱਲ੍ਹ ਤਾਂ ਲੋਕ ਪਾਣੀ ਦੀ ਥਾਂ ਕੋਕੇ ਕੋਲੇ ਪੀਂਦੇ ਹਨ। ਅਜਿਹਾ ਖਾਣ ਨਾਲ ਬੁੱਧੀ ਭ੍ਰਿਸ਼ਟ ਹੁੰਦੀ ਹੈ ਤੇ ਖਾ ਖਾ ਕੇ ਪੇਟ ਵਧਾਉਣ ਨਾਲ ਬੀਮਾਰੀਆਂ ਵਿੱਚ ਵਾਧਾ ਹੁੰਦਾ ਹੈ। ਰੱਜ ਕੇ ਖਾਣਾ ਖਾਣ ਨਾਲ ਸੁਸਤੀ ਪੈਂਦੀ ਹੈ ਤੇ ਮਨੁੱਖ ਖਾਣ ਪੀਣ ਅਤੇ ਸੌਣ ਦੇ ਆਹਰੇ ਲੱਗਾ ਹੋਇਆ ਪਰਮ ਪਿਤਾ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ, ਗੁਰਬਾਣੀ ਸਾਡਾ ਧਿਆਨ ਦਿਵਾਉਂਦੀ ਹੈ ‘‘ਫਿਟੁ ਇਵੇਹਾ ਜੀਵਿਆ, ਜਿਤੁ ਖਾਇ ਵਧਾਇਆ ਪੇਟੁ ॥  ਨਾਨਕ  ! ਸਚੇ ਨਾਮ ਵਿਣੁ, ਸਭੋ ਦੁਸਮਨੁ ਹੇਤੁ ॥’’ (ਮ: ੧/੭੯੦)

ਅੱਜ ਸ਼ੂਗਰ, ਬਲੱਡ ਪ੍ਰੈਸ਼ਰ, ਕੈਂਸਰ ਵਰਗੀਆਂ ਬੀਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਜਿੱਥੇ ਸਾਡਾ ਖਾਣ ਪੀਣ ਅਤੇ ਰਹਿਣ ਸਹਿਣ ਬਦਲ ਗਿਆ ਹੈ ਉਥੇ ਮਨੁੱਖ ਨੇ ਆਪਣੀਆਂ ਚਿੰਤਾਵਾਂ ਅਤੇ ਲਾਲਸਾਵਾਂ ਵਿੱਚ ਵੀ ਵਾਧਾ ਕੀਤਾ ਹੈ। ਈਰਖਾ ਵਧ ਰਹੀ ਹੈ, ਮਨੁੱਖ ਆਪਣੇ ਦੁੱਖਾਂ ਕਰਕੇ ਇੰਨਾ ਦੁਖੀ ਨਹੀਂ ਜਿੰਨਾ ਦੂਜੇ ਨੂੰ ਸੁਖੀ ਵੇਖਕੇ ਦੁਖੀ ਹੋ ਰਿਹਾ ਹੈ। ‘ਨਿਵੈ ਸੁ ਗਉਰਾ ਹੋਇ’ ਅਤੇ ‘ਮਿਠਤੁ ਨੀਵੀ ਨਾਨਕਾ’ ਦੇ ਮਹਾਵਾਕਾਂ ਨੂੰ ਅਸੀਂ ਹਿਰਦੇ ਵਿੱਚੋਂ ਭੁਲਾ ਕੇ ਆਪਣੀ ਮੱਤ ਨੀਵੀਂ ਕਰ ਲਈ ਹੈ ਅਤੇ ਆਪਣੇ ਮਨ ਦੇ ਆਖੇ ਲੱਗ ਕੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਾਂ।

ਅੱਜ ਏਡਜ਼ ਵਰਗੇ ਜਾਨਲੇਵਾ ਰੋਗ ਮਹਾਂਮਾਰੀ ਦਾ ਰੂਪ ਅਖ਼ਤਿਆਰ ਕਰ ਰਹੇ ਹਨ। ਸਭ ਨੂੰ ਪਤਾ ਹੀ ਹੈ ਕਿ ਏਡਜ਼ ਦਾ ਪ੍ਰਮੁੱਖ ਕਾਰਨ ‘ਕਾਮ’ ਹੀ ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਥਾਂ-ਥਾਂ ਆਪਣਾ ਆਚਰਣ ਉੱਚਾ ਰੱਖਕੇ ਚੱਲਣ ਦੀਆਂ ਨਸੀਹਤਾਂ ਦਿੱਤੀਆਂ ਹਨ।

ਸ਼ਹੀਦੀ ਸੰਕਲਪ

ਗੁਰਬਾਣੀ ਵਿੱਚ ਸੇਵਾ, ਸਿਮਰਨ ਅਤੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜ੍ਹਨ ਦਾ ਸਬਕ ਸਿਖਾਇਆ ਗਿਆ ਹੈ। ਇਸ ਜੰਗ ਵਿੱਚ ਭਾਵੇਂ ਆਪਣਾ ਆਪ ਕੁਰਬਾਨ ਕਿਉਂ ਨਾ ਕਰਨਾ ਪਵੇ ਪਰ ਇਹ ਜੰਗ ਸਚਾਈ ਦੀ ਅਤੇ ਸਰਬੱਤ ਦੇ ਭਲੇ ਦੀ ਹੋਣੀ ਚਾਹੀਦੀ ਹੈ, ਇਹ ਨਹੀਂ ਕਿ ਸਿਰਫ਼ ਆਪਣੀ ‘ਮੈਂ’ ਨੂੰ ਉੱਚਾ ਚੁੱਕਣ ਲਈ ਹੀ ਲੜ੍ਹਾਈ ਲੜੀ ਜਾਵੇ। ਗੁਰਬਾਣੀ ਵਿੱਚ ਤਾਂ ਪਿਆਰੇ ਪ੍ਰੀਤਮ ਦੇ ਰਸਤੇ ’ਤੇ ਚੱਲਣ ਲਈ ਇੰਝ ਫੁਰਮਾਨ ਕੀਤਾ ਗਿਆ ਹੈ: ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ ॥’’ (ਮ: ੧/੧੪੧੨), ‘‘ਪਹਿਲਾ ਮਰਣੁ ਕਬੂਲਿ, ਜੀਵਣ ਕੀ ਛਡਿ ਆਸ ॥’’ (ਮ: ੫/੧੧੦੨)

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇੱਕ ਯੁੱਗ ਪਲਟਾਊ ਘਟਨਾ ਸਾਬਤ ਹੋਈ। ਇਸ ਸ਼ਹੀਦੀ ਨੇ ਸਿੱਖ ਧਰਮ ਵਿੱਚ ਭਗਤੀ ਅਤੇ ਸ਼ਕਤੀ (ਮੀਰੀ ਅਤੇ ਪੀਰੀ) ਦਾ ਜੋ ਸਿਧਾਂਤ ਬਖਸ਼ਿਆ ਸੀ ਉਸ ਨੂੰ ਪ੍ਰਚੰਡ ਕਰ ਦਿੱਤਾ, ਉਸੇ ਰਾਹ ’ਤੇ ਚੱਲਦਿਆਂ ‘ਸਿੱਖਾਂ’ ਅੰਦਰ ਕੁਰਬਾਨੀ ਦਾ ਐਸਾ ਜਜ਼ਬਾ ਸਰਸ਼ਾਰ ਹੋਇਆ ਹੈ ਕਿ ‘ਸਿੱਖ ਕੌਮ’ ਹਮੇਸ਼ਾ ਜ਼ਬਰ ਜ਼ੁਲਮ ਦੇ ਖਿਲਾਫ਼ ਲੜਦੀ ਆਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਮੁੱਚੀ ਮਾਨਵਤਾ ਲਈ ਪ੍ਰੇਰਨਾ ਸਰੋਤ ਹੈ ਕਿ ਆਪਣੇ ਧਰਮ ਲਈ ਲੜਨਾ ਅਤੇ ਕੁਰਬਾਨ ਹੋਣਾ ਤਾਂ ਆਮ ਗੱਲ ਹੈ ਪਰ ਦੂਜੇ ਧਰਮ ਦੀ ਰੱਖਿਆ ਕਰਨ ਲਈ ਆਪਣਾ ਆਪ ਦਾਅ ’ਤੇ ਲਾ ਦੇਣਾ ਆਪਣੀ ਮਿਸਾਲ ਆਪ ਹੈ। ਇਹ ਸ਼ਹੀਦੀ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਕਿਸੇ ਦੀ ਸਹਾਇਤਾ ਕਰਨ ਹੀ ਲੱਗ ਜਾਈਏ ਤਾ ਫਿਰ ਅੱਧ ਵਿਚਕਾਰ ਨਾ ਛੱਡੀਏ ਸਗੋਂ ‘ਯਾਰੀ ਲਾਈਏ ਤੋੜ ਨਿਭਾਈਏ’ ਜਿਵੇਂ ਕਿ ਫੁਰਮਾਣ ਹੈ ‘‘ਸਿਰੁ ਦੀਜੈ, ਕਾਣਿ ਨ ਕੀਜੈ ॥’’ (ਮ: ੧/੧੪੧੨) ਸਿੱਖ ਇਤਿਹਾਸ ਵਿੱਚ ਜੇਕਰ ਸ਼ਹੀਦਾਂ ਦੀ ਗਿਣਤੀ ਕਰਨ ਲੱਗੀਏ ਤਾਂ ਲਿਸ਼ਟ ਬਹੁਤ ਲੰਮੀ ਹੈ ਪਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤਾਂ ਸਿੱਖ ਧਰਮ ਦੀਆਂ ਨੀਹਾਂ ਸਾਬਤ ਹੋਈ ਹੈ। ਜਿਸ ਉੱਪਰ ਸਿੱਖੀ ਦਾ ਮਹਿਲ ਉਸਰਿਆ ਹੈ ਅਤੇ ਇਹ ਸ਼ਹੀਦੀ ਇਸ ਗੱਲ ਦਾ ਵੀ ਪ੍ਰੇਰਨਾ ਸਰੋਤ ਹੈ ਕਿ ਜ਼ਬਰ ਜ਼ੁਲਮ ਅੱਗੇ ਗੋਡੇ ਟੇਕ ਦੇਣੇ ਕਾਇਰਾਂ ਦਾ ਕੰਮ ਹੈ। ਸੂਰਬੀਰ ਤਾਂ ਹੱਸ ਹੱਸ ਕੇ ਕੁਰਬਾਨ ਹੋ ਜਾਇਆ ਕਰਦੇ ਹਨ। ਦੇਸ਼ ਕੌਮ ਦੀ ਆਜ਼ਾਦੀ ਲਈ ਸਿੱਖਾਂ ਨੇ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਉਹ ਸਭ ਨੂੰ ਪਤਾ ਹੈ। ਭਾਵੇਂ ਸਿੱਖ ਘੱਟ ਗਿਣਤੀ ਕੌਮ ਵਿੱਚ ਗਿਣੇ ਜਾਂਦੇ ਹਨ ਪਰ ਜੇਕਰ ਦੇਸ਼ ਦੀ ਆਜ਼ਾਦੀ ਦੀ ਗੱਲ ਕੀਤੀ ਜਾਵੇ ਤਾਂ ਕੁਰਬਾਨੀ ਦੇਣ ਵਿੱਚ ਸਿੱਖ ਕੌਮ ਸਭ ਤੋਂ ਅੱਗੇ ਹੈ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ ਇੰਨੀਆਂ ਕੁਰਬਾਨੀਆਂ ਦੇਣ ਦੇ ਬਾਵਜੂਦ ਵੀ ਆਜ਼ਾਦ ਹਨ ?  ਉੱਤਰ ਮਿਲਦਾ ਹੈ ਨਹੀਂ।  1984 ਦਾ ਸਿੱਖ ਕਤਲੇਆਮ ਇਸ ਦੀ ਮੂੰਹ ਬੋਲਦੀ ਤਸਵੀਰ ਹੈ। ਜਿਸ ਕੌਮ ਦੇ ਗੁਰੂ ਨੇ ਦੂਜੇ ਧਰਮ ਨੂੰ ਬਚਾਉਣ ਲਈ ‘ਦਿੱਲੀ’ ਵਿੱਚ ਆਪਣੀ ਸ਼ਹੀਦੀ ਦਿੱਤੀ ਉਸੇ ਦਿੱਲੀ ਵਿੱਚ ਸਿੱਖਾਂ ਨੂੰ ਕੋਹ ਕੋਹ ਕੇ ਮਾਰਿਆ ਗਿਆ ਅਤੇ ਗਲਾਂ ਵਿੱਚ ਟਾਇਰ ਪਾ ਕੇ ਜਿਉਂਦੇ ਸਾੜ ਦਿੱਤਾ ਕਿਉਂਕਿ ਸਿੱਖਾਂ ਦੀ ਚੜ੍ਹਤ, ਵੇਲੇ ਦੇ ਹਾਕਮਾਂ ਦੀਆਂ ਅੱਖਾਂ ਵਿੱਚ ਹਮੇਸ਼ਾਂ ਰੜਕਦੀ ਰਹੀ ਹੈ। ਸ਼ਾਇਦ ਸਮੇਂ ਦੇ ਹਾਕਮ ਭੁੱਲ ਗਏ ਕਿ ਸਿੱਖ ਤਾਂ ਉਦੋਂ ਵੀ ਨਹੀ ਸਨ ਮੁੱਕੇ ਜਦੋਂ ਮੰਨੂੰ ਇਨਾਂ ਦੇ ਸਿਰਾਂ ਦੇ ਮੁੱਲ ਪਾ ਰਿਹਾ ਸੀ। ਇਹ ਤਾਂ ਉਦੋਂ ਵੀ ਗਾਉਂਦੇ ਸਨ : ‘ਮੰਨੂੰ ਅਸਾਡੀ ਦਾਤਰੀ ਅਸੀਂ ਮੰਨੂੰ ਦੇ ਸੋਏ, ਜਿਉਂ ਜਿਉਂ ਮੰਨੂੰ ਵੱਢਦਾ ਅਸੀਂ ਦੂਣ ਸਵਾਏ ਹੋਏ।’

ਕੁੱਝ ਵੀ ਹੋਵੇ ਸਿੱਖ ਕੌਮ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿੰਦੀ ਹੈ। ਗੁਰੂ ਸਾਹਿਬ ਨੇ ਹਮੇਸ਼ਾਂ ਆਪਣੇ ਸਿੱਖਾਂ ਅਤੇ ਸੰਗਤ ਨੂੰ ਦੀਨ ਦੁਖੀ ਦੀ ਸੇਵਾ ਕਰਨ ਅਤੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜ੍ਹਨ ਦੀ ਪ੍ਰੇਰਨਾ ਦਿੱਤੀ ਹੈ। ਨਾ ਹੀ ਕਿਸੇ ਕੋਲੋਂ ਡਰਨਾ ਅਤੇ ਨਾ ਹੀ ਡਰਾਉਣ ਦਾ ਸੰਕਲਪ ਸਾਡੇ ਸਾਹਮਣੇ ਰੱਖਿਆ ਹੈ: ‘‘ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤੁ ਆਨ॥’’

ਸੋ ਅੱਜ ਜਦੋਂ ਦੁਨੀਆਂ ’ਤੇ ਜ਼ਬਰ ਜ਼ੁਲਮ ਵੱਧ ਰਿਹਾ ਹੈ ਤਾਂ ਸਾਨੂੰ ਗੁਰੂ ਸਾਹਿਬ ਦਾ ਸੰਦੇਸ਼ ਯਾਦ ਰੱਖਣਾ ਚਾਹੀਦਾ ਹੈ ਅਤੇ ਡੱਟਕੇ ਜ਼ਬਰ ਜ਼ੁਲਮ ਦੇ ਖਿਲਾਫ਼ ਲੜਨਾ ਚਾਹੀਦਾ ਹੈ ਕਿਉਂਕਿ ਸੂਰਮਾ ਇੱਕ ਵਾਰ ਮਰਦਾ ਹੈ ਕਾਇਰ ਬਾਰ-ਬਾਰ ਮਰਦਾ ਹੈ। ਸੋ ਸਾਨੂੰ ਕਾਇਰ ਨਹੀਂ ਸਗੋਂ ਸੂਰਮੇ ਬਹਾਦਰ ਬਣ ਕੇ ਮੈਦਾਨ ਵਿੱਚ ਨਿੱਤਰਨਾ ਚਾਹੀਦਾ ਹੈ।

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥

0

ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥

ਬੀਬੀ ਮਨਰਾਜ ਕੌਰ-98555-61976

ਮਹਾਂ ਸਿੰਘ:-(ਗੁਣਗੁਣਾਉਂਦਾ ਹੋਇਆ) ‘‘ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ॥ ਹਾਥ ਦੇਇ ਰਾਖੈ ਅਪਨੇ ਕਉ, ਸਾਸਿ ਸਾਸਿ ਪ੍ਰਤਿਪਾਲੇ॥’’

ਚਿਤਵਨ ਸਿੰਘ:-ਦਾਦਾ ਜੀ! ਦਾਦਾ ਜੀ! ਤੁਸੀਂ ਇਹ ਕੀ ਗਾ ਰਹੇ ਹੋ ?

ਮਹਾਂ ਸਿੰਘ:-ਪੁੱਤਰ ਜੀ! ਇਹ ਗੁਰਬਾਣੀ ਦੀ ਤੁਕ ਹੈ।

ਚਿਤਵਨ ਸਿੰਘ:-ਇਸ ਦਾ ਕੀ ਮਤਲਬ ਹੈ ?

ਮਹਾਂ ਸਿੰਘ:- ਬੇਟਾ ਜੀ! ਇਸ ਤੋਂ ਭਾਵ ਹੈ ਕਿ ਪਰਮਾਤਮਾ ਸਦਾ ਆਪਣੇ ਸੁਭਾਅ ਨੂੰ ਸੰਮ੍ਹਾਲਦਾ (ਯਾਦ ਰੱਖਦਾ) ਹੈ ਤੇ ਕਦੀ ਵੀ (ਆਪਣੇ ਸੇਵਕਾਂ ਨੂੰ) ਅਉਖੀ ਘੜੀ ਭਾਵ ਮੁਸ਼ਕਿਲ ਸਮਾਂ ਨਹੀਂ ਦੇਖਣ ਦਿੰਦਾ। ਸਦਾ ਹੱਥ ਦੇ ਕੇ ਹਰ ਸੁਆਸ, ਹਰ ਪਲ ਉਹ ਸਾਡੀ ਪਾਲਣਾ ਕਰਦਾ ਹੈ।

ਚਿਤਵਨ ਸਿੰਘ:-ਦਾਦਾ ਜੀ! ਏਦਾਂ ਕਿਵੇਂ ਹੋ ਸਕਦਾ ਹੈ ?

ਮਹਾਂ ਸਿੰਘ:- ਪੁੱਤਰ ਜੀ! ਸਦਾ ਇਸੇ ਤਰ੍ਹਾਂ ਹੀ ਹੁੰਦਾ ਹੈ, ਜੀ।

ਚਿਤਵਨ ਸਿੰਘ:-ਪਰ ਦਾਦਾ ਜੀ! ਤੁਸੀਂ ਇਤਨੀ ਗੁਰਬਾਣੀ ਪੜ੍ਹਦੇ ਹੋ, ਇਤਨਾ ਰੱਬ ਨੂੰ ਯਾਦ ਕਰਦੇ ਹੋ ਪਰ ਫਿਰ ਵੀ ਪਿਛਲੇ ਮਹੀਨੇ ਜਦੋਂ ਤੁਸੀਂ ਆਪਣੇ ਰਸਤੇ ਆਰਾਮ ਨਾਲ ਤੁਰੇ ਜਾ ਰਹੇ ਸੀ ਤਾਂ ਤੇਜ਼ ਮੋਟਰ ਸਾਈਕਲ ਵਾਲੇ ਆਪ ਨੂੰ ਜ਼ੋਰ ਦੀ ਟੱਕਰ ਮਾਰ ਕੇ ਸੁੱਟ ਗਏ ਤੇ ਆਪ ਜੀ ਦੀ ਲੱਤ ਟੁੱਟ ਗਈ। ਅਜੇ ਤੱਕ ਆਪ ਜੀ ਪਲੱਸਤਰ ਲਵਾ ਕੇ ਬਿਸਤਰੇ ’ਤੇ ਪਏ ਹੋ। ਕੀ ਇਹ ਰੱਬ ਜੀ ਨੇ ਆਪ ਨੂੰ ਮੁਸ਼ਕਿਲ ਸਮਾਂ ਨਹੀਂ ਦਿੱਤਾ।

ਮਹਾਂ ਸਿੰਘ:-ਪੁੱਤਰ ਜੀ! ਇਹ ਉਸ ਮੁਸ਼ਕਿਲ ਸਮੇਂ ਦੀ ਗੱਲ ਨਹੀਂ ਏ।

ਚਿਤਵਨ ਸਿੰਘ:-ਫਿਰ ਕਿਹੜੇ ਮੁਸ਼ਕਿਲ ਸਮੇਂ ਦੀ ਗੱਲ ਹੈ, ਦਾਦਾ ਜੀ ?

ਮਹਾਂ ਸਿੰਘ:-ਪੁੱਤਰ ਜੀ! ਗੁਰਬਾਣੀ ਦੱਸਦੀ ਹੈ ਕਿ ਮਨੁੱਖ ਦੇ ਦੁਸ਼ਮਣ ‘ਪੰਜ ਵਿਕਾਰ’ ਹਨ।

ਚਿਤਵਨ ਸਿੰਘ:-ਹਾਂ ਜੀ। ਦਾਦਾ ਜੀ! ਉਹ ਮੈਨੂੰ ਪਤਾ ਹੈ।

ਮਹਾਂ ਸਿੰਘ:-ਕਿਹੜੇ ਭਲਾ ?

ਚਿਤਵਨ ਸਿੰਘ:-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ।

ਮਹਾਂ ਸਿੰਘ:-ਬਿਲਕੁਲ ਠੀਕ, ਪੁੱਤਰ ਜੀ! ਤੇ ਇਹ ਵਿਕਾਰ ਹੀ ਬੰਦੇ ਤੇ ਹਮੇਸ਼ਾਂ ਮੁਸ਼ਕਲ ਸਮਾਂ ਲਿਆਉਂਦੇ ਹਨ, ਹਾਲਾਤ ਚੰਗੇ ਮਾੜੇ ਹੋ ਸਕਦੇ ਹਨ ਪਰ ਜੇ ਅਸੀਂ ਵਿਕਾਰਾਂ ਤੋਂ ਬੱਚ ਜਾਵਾਂਗੇ ਤਾਂ ਸਾਡਾ ਅੰਦਰਲਾ ਜੀਵਨ, ਸਾਡਾ ਸੁਭਾਅ, ਸਾਡੀ ਮਨੋਦਸ਼ਾ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੋਈ ਜੀਵਨ ਵਿੱਚ ਖੁਸ਼ੀ ਬਣਾਈ ਰੱਖੇਗੀ ।

ਚਿਤਵਨ ਸਿੰਘ:-ਪਰ ਦਾਦਾ ਜੀ! ਅਸੀਂ ਕਦੀ ਬਿਮਾਰ ਹੁੰਦੇ ਹਾਂ, ਕਦੀ ਪੈਸੇ ਘੱਟ ਜਾਂਦੇ ਹਨ, ਕਦੀ ਪੜ੍ਹਾਈ ਵਿਚੋਂ ਨੰਬਰ ਘੱਟ ਆ ਜਾਂਦੇ ਹਨ ਤੇ ਕਦੀ ਕੋਈ ਰਿਸ਼ਤੇਦਾਰ ਪ੍ਰੇਸ਼ਾਨ ਹੋ ਜਾਂਦਾ ਹੈ ਜਾਂ ਕਰ ਦਿੰਦਾ ਹੈ। ਕੀ ਉਹ ਸਮੇਂ ਅਉਖੀ ਘੜੀ ਨਹੀਂ ਹੁੰਦੀ?

ਮਹਾਂ ਸਿੰਘ:-ਹੁੰਦੀ ਹੈ, ਪਰ ਉਹ ਆਉਂਦੀ ਇਨ੍ਹਾਂ ਵਿਕਾਰਾਂ ਦੇ ਆਉਣ ਤੋਂ ਬਾਅਦ ਹੀ ਹੈ। ਵਿਕਾਰ ਜਦੋਂ ਮਨ ਨੂੰ ਕਾਬੂ ਕਰਦਾ ਹੈ ਤਾਂ ਹੀ ਵਿਗਾੜ ਖੜ੍ਹਾ ਹੁੰਦਾ ਹੈ।

ਚਿਤਵਨ ਸਿੰਘ:-ਉਹ ਕਿਵੇਂ ਦਾਦਾ ਜੀ ?

ਮਹਾਂ ਸਿੰਘ:-ਉਹ ਇਸ ਤਰ੍ਹਾਂ ਪੁੱਤਰ ਜੀ! ਜਿਵੇਂ ਹੁਣ ਮੇਰੀ ਲੱਤ ਦਾ ਐਕਸੀਡੈਂਟ ਤਾਂ ਹੋ ਗਿਆ ਤੇ ਮੈਂ ਬਿਸਤਰੇ ’ਤੇ ਵੀ ਹਾਂ। ਪਰ ਮੈਂ ਹੁਣ ਵੱਡੇ ਤੇ ਬਜ਼ੁਰਗ ਹੋਣ ਦੇ ਹੰਕਾਰ ਵਿਚ ਸਾਰੇ ਘਰ ’ਤੇ ਰੋਹਬ ਪਾਈ ਜਾਵਾਂ। ਰੌਲਾ-ਰੱਪਾ ਪਾਈ ਜਾਵਾਂ ਤਾਂ ਕੀ ਤੁਹਾਡਾ ਸਭ ਦਾ ਮੇਰੇ ਨਾਲ ਪਿਆਰ ਵਧੇਗਾ ਜਾਂ ਵਿਗਾੜ ਵਧੇਗਾ?

ਚਿਤਵਨ ਸਿੰਘ:-ਉਹ ਤੇ ਦਾਦਾ ਜੀ! ਏਦਾਂ ਤਾਂ ਵਿਗਾੜ ਹੀ ਵਧੇਗਾ।

ਮਹਾਂ ਸਿੰਘ:-ਮੈਂ (ਉਸ ਵਿਗਾੜ ਕਾਰਨ) ਜਲਦੀ ਠੀਕ ਹੋਵਾਂਗਾ ਜਾਂ ਲੇਟ?

ਚਿਤਵਨ ਸਿੰਘ:-ਲੇਟ ਦਾਦਾ ਜੀ।

ਮਹਾਂ ਸਿੰਘ:-ਫਿਰ ਬਣ ਗਈ ਨਾ ਅਉਖੀ ਘੜੀ ?

ਚਿਤਵਨ ਸਿੰਘ:-ਠੀਕ ਹੈ ਦਾਦਾ ਜੀ! ਮੈਨੂੰ ਸਮਝ ਆ ਗਈ।

ਮਹਾਂ ਸਿੰਘ:-ਤੁਸੀਂ ਬਹੁਤ ਚੰਗੇ ਬੱਚੇ ਹੋ, ਜੀ।

ਚਿਤਵਨ ਸਿੰਘ:-ਪਰ ਮੈਨੂੰ ਇਹ ਦੱਸੋ ਕਿ ਪ੍ਰਮਾਤਮਾ ਕਿਵੇਂ ਏਦਾਂ ਦੀ ਅਉਖੀ ਘੜੀ ਨਹੀਂ ਦੇਖਣ ਦਿੰਦਾ ? ਆਪਣਾ ਸੁਭਾਅ ਕਿਵੇਂ ਸੰਮ੍ਹਾਲਦਾ ਹੈ ? ਸਾਨੂੰ ਕਿਵੇਂ ਹਰ ਸੁਆਸ ਪਾਲਦਾ ਹੈ?

ਮਹਾਂ ਸਿੰਘ:-ਉਹ ਪੁੱਤਰ ਜੀ! ਇੰਨੇ ਸਾਰੇ ਸੁਆਲ? ਠਹਿਰੋ ਜੀ।

ਚਿਤਵਨ ਸਿੰਘ:-ਨਹੀਂ ਦਾਦਾ ਜੀ ! ਦੱਸੋ ਨਾ।

ਮਹਾਂ ਸਿੰਘ:-ਪੁੱਤਰ ਜੀ! ਮਨੁੱਖ ਅੰਦਰ ਰੱਬੀ ਗੁਣ ਹੁੰਦੇ ਨੇ ਨਾ ?

ਚਿਤਵਨ ਸਿੰਘ:-ਹਾਂ ਜੀ ! ਉਹ ਮੈਨੂੰ ਪਤਾ ਹੈ।

ਮਹਾਂ ਸਿੰਘ:-ਕੀ ਭਲਾ ?

ਚਿਤਵਨ ਸਿੰਘ:- ਤੁਸੀਂ ਮੈਨੂੰ ਦੱਸਿਆ ਸੀ ‘ਮੂਲ ਮੰਤ੍ਰ’ ਵਾਲੇ ਸਾਰੇ ਰੱਬੀ ਗੁਣ ਸਾਡੇ ਅੰਦਰ ਹਮੇਸ਼ਾਂ ਮੌਜੂਦ ਹੁੰਦੇ ਹਨ ਕਿਉਂਕਿ ਅਸੀਂ ਰੱਬ ਜੀ ਦੇ ਬੱਚੇ ਹਾਂ।

ਮਹਾਂ ਸਿੰਘ:-ਬਿਲਕੁਲ ਠੀਕ! ਪਰ ਸਮੱਸਿਆ ਉਦੋਂ ਹੁੰਦੀ ਹੈ ਜਦੋਂ ਅਸੀਂ ਆਪਣੇ ਇਨ੍ਹਾਂ ਰੱਬੀ ਗੁਣਾਂ ਨੂੰ ਭਾਵ ਆਪਣੇ ਅੰਦਰਲੇ ਰੱਬ ਜੀ ਨੂੰ ਮਹਿਸੂਸ ਕਰਨਾ ਭੁੱਲ ਜਾਂਦੇ ਹਾਂ।

ਚਿਤਵਨ ਸਿੰਘ:-ਪਰ ਜੇ ਮਹਿਸੂਸ ਕਰਦੇ ਰਹੀਏ ਤਾਂ ਫਿਰ ਕੀ ਹੁੰਦਾ ਹੈ ?

ਮਹਾਂ ਸਿੰਘ:-ਮਹਿਸੂਸ ਕਰਦੇ ਰਹੀਏ ਤਾਂ ਸਾਡੇ ਅੰਦਰ ਜਗਦੀ ਉਹੀ ਜੋਤ ਸਾਨੂੰ ਕਿਸੇ ਮੁਸ਼ਕਿਲ ਵਿਚ ਪੈਣ ਹੀ ਨਹੀਂ ਦਿੰਦੀ।

ਚਿਤਵਨ ਸਿੰਘ:-ਉਹ ਕਿਵੇਂ ?

ਮਹਾਂ ਸਿੰਘ:-ਆਪਾਂ ਪਿੱਛੇ ਵੇਖਿਆ ਕਿ ਇੱਕ ਵਿਕਾਰ (ਕ੍ਰੋਧ) ਦੇ ਵਿਗਾੜ ਨਾਲ ਹੀ ਅਉਖੀ ਘੜੀ ਆ ਜਾਂਦੀ ਹੈ।

ਚਿਤਵਨ ਸਿੰਘ:-ਹਾਂ ਜੀ। ਬਿਲਕੁਲ ਠੀਕ।

ਮਹਾਂ ਸਿੰਘ:-ਹੁਣ ਮੈਨੂੰ ਇਹ ਦੱਸੋ ਕਿ ਵਿਕਾਰ ਤੇ ਗੁਣ ਇਕੱਠੇ ਰਹਿ ਸਕਦੇ ਹਨ।

ਚਿਤਵਨ ਸਿੰਘ:-ਬਿਲਕੁਲ ਨਹੀਂ ਜੀ।

ਮਹਾਂ ਸਿੰਘ:-ਹਾਂ ਜੀ। ਜਦੋਂ ਰੱਬੀ ਗੁਣ ਮਹਿਸੂਸ ਹੁੰਦੇ ਹਨ ਤਾਂ ਵਿਕਾਰ ਮਹਿਸੂਸ ਨਹੀਂ ਹੁੰਦੇ।

ਚਿਤਵਨ ਸਿੰਘ:-ਹਾਂ ਜੀ, ਦਾਦਾ ਜੀ।

ਮਹਾਂ ਸਿੰਘ:-ਜਦੋਂ ਵਿਕਾਰ ਨਹੀਂ ਮਹਿਸੂਸ ਹੋਣਗੇ ਤਾਂ ਵਿਗਾੜ ਵੀ ਨਹੀਂ ਹੋਵੇਗਾ।

ਚਿਤਵਨ ਸਿੰਘ:-ਹਾਂ ਜੀ।

ਮਹਾਂ ਸਿੰਘ:-ਜਦੋਂ ਵਿਗਾੜ ਨਹੀਂ ਹੋਵੇਗਾ ਤਾਂ ਅਉਖੀ ਘੜੀ ਵੀ ਨਹੀਂ ਹੋਵੇਗੀ।

ਚਿਤਵਨ ਸਿੰਘ:-ਇਹ ਤੇ ਬੜੀ ਸੌਖੀ ਗੱਲ ਹੈ।

ਮਹਾਂ ਸਿੰਘ:-ਪੁੱਤਰ ਜੀ! ਗੁਰਬਾਣੀ ਇਤਨੀ ਹੀ ਆਸਾਨ ਹੈ ਪਰ ਸਾਨੂੰ ਗ਼ਲਤ ਲੋਕ ਗ਼ਲਤ ਰਾਹ ’ਤੇ ਪਾ ਦਿੰਦੇ ਹਨ।

ਚਿਤਵਨ ਸਿੰਘ:-ਦਾਦਾ ਜੀ ! ਮੈਂ ਅੱਗੋਂ ਤੋਂ ਖ਼ਿਆਲ ਰੱਖਾਂਗਾ ਕਿ ਮੇਰੇ ਅੰਦਰਲੇ ਵਿਕਾਰ ਕੋਈ ਵੀ ਵਿਗਾੜ ਪੈਦਾ ਨਾ ਕਰ ਸਕਣ।

ਮਹਾਂ ਸਿੰਘ:-ਸ਼ਾਬਾਸ਼ ਬੇਟਾ ਜੀ !

ਚਿਤਵਨ ਸਿੰਘ:-ਧੰਨਵਾਦ ਦਾਦਾ ਜੀ। ਗੁਰਬਾਣੀ ਦੀ ਤੁਕ ਇੰਨੇ ਸੋਹਣੇ ਢੰਗ ਨਾਲ ਸਮਝਾਉਣ ਲਈ ਤੇ ਮੈਂ ਵੀ ਇਸ ਤੁਕ ਨੂੰ ਹਮੇਸ਼ਾਂ ਪੜ੍ਹਿਆ (ਯਾਦ ਰੱਖਿਆ) ਕਰਾਂਗਾ।

ਮਹਾਂ ਸਿੰਘ:-ਖੁਸ਼ ਰਹੋ ਪੁੱਤਰ ਜੀ!!!

ਆਈ. ਏ. ਐੱਸ. ਨਤੀਜੇ-ਸਿੱਖ ਮਸਾਂ ਹੀ ਨਜ਼ਰ ਆਏ— ਸਿੱਖ ਜਾਗਣ

0

ਆਈ. ਏ. ਐੱਸ. ਨਤੀਜੇ-ਸਿੱਖ ਮਸਾਂ ਹੀ ਨਜ਼ਰ ਆਏ— ਸਿੱਖ ਜਾਗਣ

ਤਰਲੋਚਨ ਸਿੰਘ

ਅੱਜ ਦੇ ਯੁੱਗ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਪੁੱਤਰ ਧੀ ਆਈ.ਏ.ਐੱਸ ਬਣੇ ਭਾਵ ਵੱਡਾ ਅਫਸਰ ਬਣੇ। ਭਾਰਤ ਸਰਕਾਰ ਦਾ ਪਬਲਿਕ ਸਰਵਿਸ ਕਮਿਸ਼ਨ ਹਰ ਸਾਲ ਇਮਤਿਹਾਨ ਲੈਂਦਾ ਹੈ, ਜਿਸ ਰਾਹੀਂ ਸਾਰੇ ਅਫਸਰ ਚੁਣੇ ਜਾਂਦੇ ਹਨ। ਦਸ ਲੱਖ ਵਿਦਿਆਰਥੀ ਇਸ ਇਮਤਿਹਾਨ ਵਿੱਚ ਬੈਠਦੇ ਹਨ। ਇਸ ਸਾਲ ਇਨ੍ਹਾਂ ਵਿੱਚੋਂ 1150 ਦੀ ਚੋਣ ਹੋਈ ਹੈ। ਇਸ ਵਿੱਚ ਵਿਦੇਸ਼ ਵਿਭਾਗ ਦੇ ਆਈ.ਐਫ.ਐੱਸ. ਜੋ ਬਾਹਰ ਜਾ ਕੇ ਅੰਬੈਸਡਰ ਲੱਗਣਗੇ, ਆਈ.ਏ.ਐੱਸ. ਜੋ ਪਹਿਲਾਂ ਐੱਸ.ਡੀ.ਐਮ. ਫਿਰ ਡੀ.ਸੀ. ਤੇ ਫਿਰ ਸਕੱਤਰੇਤ ਵਿੱਚ ਸਕੱਤਰ ਲੱਗਣਗੇ। ਇਨ੍ਹਾਂ ਵਿੱਚੋਂ ਹੀ ਬਾਕੀ ਸਾਰੇ ਮਹਿਕਮਿਆਂ ਭਾਵ ਇਨਕਮ ਟੈਕਸ, ਪੁਲਿਸ ਦੇ ਆਈ.ਪੀ.ਐੱਸ. ਜਿਨ੍ਹਾਂ ਨੇ ਪੁਲਿਸ ਵਿਭਾਗ ਦੀਆਂ ਸਾਰੀਆਂ ਪੱਦਵੀਆਂ ਲੈਣੀਆਂ ਹਨ। ਇਨਫਰਮੇਸ਼ਨ ਬਰਾਡਕਾਸਟਿੰਗ, ਜੰਗਲਾਤ, ਰੇਲਵੇ ਵਿਭਾਗ, ਅਕਾਊਂਟਸ ਵਿਭਾਗ ਆਦਿ ਭਾਰਤ ਸਰਕਾਰ ਦੇ ਹਰ ਵਿਭਾਗ ਦੇ ਅਫਸਰ ਚੁਣੇ ਜਾਂਦੇ ਹਨ। ਇਹ ਜੋ 1150 ਚੁਣੇ ਗਏ ਹਨ, ਇਨ੍ਹਾਂ ਨੇ 35 ਸਾਲ ਤੋਂ ਵੱਧ ਸਰਕਾਰੀ ਨੌਕਰੀ ਕਰਨੀ ਹੈ ਤੇ ਵੱਡੀ ਤੋਂ ਵੱਡੀ ਪੱਦਵੀ ਤੱਕ ਪੁੱਜਣਗੇ। ਦੂਜਾ ਇਸ ਵਿੱਚ ਇਹ ਕਾਨੂੰਨ ਹੈ ਕਿ ਇਹ ਸਾਰੇ ਭਾਰਤ ਦੇ ਹਰ ਸੂਬੇ ਵਿੱਚ ਜਾਣਗੇ। ਜੋ 1150 ਅਫਸਰ ਚੁਣੇ ਗਏ ਹਨ, ਉਨ੍ਹਾਂ ਵਿੱਚ ਸਿੱਖਾਂ ਦਾ ਨਾਂ ਟਾਂਵਾ-ਟਾਂਵਾ ਹੀ ਨਜ਼ਰ ਆਉਂਦਾ ਹੈ। ਪਹਿਲੇ 100 ਵਿੱਚ ਇਕ ਵੀ ਸਿੱਖ ਨਹੀਂ ਹੈ-ਭਾਵ ਕੋਈ ਵੀ ਆਈ.ਪੀ.ਐੱਸ. ਜਾਂ ਆਈ.ਏ.ਐੱਸ. ਨਹੀਂ ਬਣ ਸਕਿਆ ਹੈ, ਜੋ ਸਿੰਘ ਜਾਂ ਕੌਰ ਵਾਲੇ ਨਾਂ ਹਨ, ਉਹ 101 ਨੰਬਰ, 109 ਨੰਬਰ, 123 ਨੰਬਰ 131 ’ਤੇ ਇਕ ਲੜਕੀ ਹੈ। ਫਿਰ 259 ’ਤੇ 275 ’ਤੇ 332 ’ਤੇ ਲੱਭੇ ਹਨ। ਕੁੱਲ ਮੈਂ 22 ਐਸੇ ਨਾਂ ਦੇਖੇ ਹਨ। ਵੈਸੇ ਜਾਟ ਤੇ ਰਾਜਪੂਤ ਵੀ ਸਿੰਘ ਲਿਖਦੇ ਹਨ-ਇਸ ਲਈ ਮੈਨੂੰ ਯਕੀਨ ਨਹੀਂ ਹੈ ਕਿ ਇਹ ਸਾਰੇ ਸਿੱਖ ਹੋਣਗੇ। ਹੈਰਾਨਗੀ ਇਹ ਹੈ ਕਿ ਪੰਜਾਬ ਵਿੱਚ ਸਿੱਖਾਂ ਦਾ ਬੋਲਬਾਲਾ ਹੈ। ਸ਼੍ਰੋਮਣੀ ਕਮੇਟੀ ਕੋਲ 1000 ਕਰੋੜ ਰੁਪਏ ਦੀ ਸਲਾਨਾ ਆਮਦਨ ਹੈ। ਪੰਜਾਬ ਸਰਕਾਰ ਨੇ ਬੜੀਆਂ ਸਹੂਲਤਾਂ ਦੇ ਰੱਖੀਆਂ ਹਨ। ਆਈ.ਏ.ਐੱਸ. ਦੀ ਟਰੇਨਿੰਗ ਦੇ ਕਈ ਇੰਸਟੀਚਿਊਟ ਖੋਲ੍ਹ ਰੱਖੇ ਹਨ। ਫਿਰ ਕੀ ਗੱਲ ਸਿੱਖ ਇਸ ਜ਼ਰੂਰੀ ਵਿਸ਼ੇ ’ਤੇ ਫੇਲ੍ਹ ਕਿਉਂ ਹੋ ਰਹੇ ਹਨ ? ਸਾਡਾ ਧਿਆਨ ਵੱਡੇ ਨਗਰ ਕੀਰਤਨ, ਵੱਡੇ ਦੀਵਾਨ ਤੇ ਇਹੋ ਜਿਹੇ ਪ੍ਰੋਗਰਾਮ ਕਰਨ ਵਿੱਚ ਲੱਗ ਰਿਹਾ ਹੈ। ਇਹ ਸੋਚ ਹੀ ਨਹੀਂ ਕਿ ਸਿੱਖਾਂ ਨੂੰ ਅਫਸਰ ਬਣਨ ਦਾ ਕੀ ਲਾਭ ਹੈ। ਜੋ ਨਤੀਜਾ ਇਸ ਸਾਲ ਆਇਆ ਹੈ, ਇਹੋ ਜਿਹਾ ਪਿਛਲੇ ਕਈ ਸਾਲਾਂ ਤੋਂ ਆ ਰਿਹਾ ਹੈ। ਪੰਜਾਬ ਸਰਕਾਰ ਵਿੱਚ ਜੋ ਆਈ.ਏ.ਐੱਸ ਤੇ ਆਈ.ਪੀ.ਐੱਸ. ਆ ਰਹੇ ਹਨ। ਉਹ ਸਾਰੇ ਬਾਹਰਲੇ ਸੂਬਿਆਂ ਦੇ ਹਨ। ਅੱਜ ਪੰਜਾਬ ਦੇ ਡੀ.ਸੀ., ਐੱਸ.ਐੱਸ.ਪੀ., ਸਕੱਤਰੇਤ ਵਿੱਚ ਸਕੱਤਰ, ਵੇਖੋ ਤੁਹਾਡਾ ਕੀ ਹਿੱਸਾ ਹੈ। ਜੋ ਸਿੱਖ ਹੈ ਵੀ, ਵਧੇਰੇ ਕਰਕੇ ਪੰਜਾਬ ਵਿੱਚ ਜੋ ਪੀ. ਸੀ. ਐੱਸ. ਤੇ ਡੀ. ਐੱਸ. ਪੀ. ਪੁਲਿਸ ਅਫਸਰ ਹਨ, ਉਨ੍ਹਾਂ ਵਿੱਚੋਂ ਬਹੁਤੇ ਤਰੱਕੀ ਕਰਕੇ ਆਏ ਹਨ। ਅਗਲੇ ਕਈ ਸਾਲਾਂ ਤੱਕ ਵੱਡੇ ਅਫਸਰ ਗੈਰ-ਪੰਜਾਬੀ ਹੀ ਹੋਇਆ ਕਰਨਗੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਚੰਗੇ ਕੰਮ ਨਹੀਂ ਕਰਨਗੇ। ਪਰ ਸਾਡੇ ਸਿੱਖ ਵਿਦਿਆਰਥੀ ਕਿਉਂ ਨਾ ਅਫਸਰ ਬਣਨ ? ਉਨ੍ਹਾਂ ਦੀ ਰੁਚੀ ਤੇ ਲਗਨ ਵਧਾਉਣ ਅਤੇ ਉਨ੍ਹਾਂ ਨੂੰ ਟਰੇਨਿੰਗ ਦਾ ਪ੍ਰਬੰਧ, ਇਸ ਦੀ ਖਾਸ ਲੋੜ ਹੈ। ਮੁਸਲਮਾਨਾਂ ਵਿੱਚ ਦਾਨ ਕਰਨ ਨੂੰ ਜ਼ਕਾਤ ਆਖਦੇ ਹਨ। ਹਰ ਇਕ ਲਈ ਜ਼ਕਾਤ ਲਾਜ਼ਮੀ ਹੈ। 1997 ਵਿੱਚ ਇਕ ਮੁਸਲਮਾਨ ਅਫਸਰ ਜ਼ਫ਼ਰ ਮਹਿਮੂਦ ਨੇ ਰਿਟਾਇਰ ਹੋ ਕੇ ਇਕ ਜ਼ਕਾਤ ਫਾਊਂਡੇਸ਼ਨ ਬਣਾਈ ਹੈ। ਉਹ ਹਰ ਸਾਲ ਮੁਸਲਮਾਨ ਵਿਦਿਆਰਥੀ, ਜੋ ਬੀ. ਏ. ਪਾਸ ਕਰ ਲਵੇ, ਉਸ ਨੂੰ ਇਕ ਇਮਤਿਹਾਨ ਵਿੱਚ ਬੁਲਾਉਂਦੇ ਹਨ। ਜੋ ਉਸ ਪਰਚੇ ਵਿੱਚ ਪਾਸ ਹੋ ਜਾਵੇ, ਉਸ ਨੂੰ ਆਈ. ਏ. ਐੱਸ. ਦੀ ਟਰੇਨਿੰਗ ਲਈ ਦਿੱਲੀ ਭੇਜਦੇ ਹਨ। ਹਰ ਇੱਕ ਨੂੰ ਆਪਣੀ ਮਰਜੀ ਦਾ ਆਈ.ਏ.ਐੱਸ. ਟਰੇਨਿੰਗ ਇੰਸਟੀਚਿਊਟ ਚੁਣਨ ਦਾ ਹੱਕ ਹੈ। ਦਿੱਲੀ ਵਿੱਚ ਵੱਡੀ ਪੱਧਰ ’ਤੇ ਬਣੇ ਹੋਏ ਹਨ। ਨਾਲ ਹੀ ਹਰ ਇਕ ਮੁਸਲਮਾਨ ਟਰੇਨੀ ਨੂੰ ਰਹਿਣ ਦਾ ਖਰਚਾ ਦਿੱਤਾ ਜਾਂਦਾ ਹੈ। ਅੰਦਾਜ਼ੇ ਅਨੁਸਾਰ ਜ਼ਕਾਤ ਕਮੇਟੀ 1 ਲੱਖ 75 ਹਜ਼ਾਰ ਰੁਪਏ ਇਸ ਇਕ ਲੜਕੇ ’ਤੇ ਖਰਚ ਕਰਦੀ ਹੈ। ਇਸ ਸਾਲ 38 ਮੁਸਲਮਾਨ ਆਈ. ਏ. ਐੱਸ, ਆਈ. ਪੀ. ਐੱਸ. ਲਈ ਚੁਣੇ ਗਏ ਹਨ। ਇਹ ਹੈ ਦਾਨ ਦੇ ਪੈਸੇ ਦਾ ਸਹੀ ਖਰਚ। ਸਿੱਖਾਂ ਵਿੱਚ ਦਾਨ ਦਾ ਘਾਟਾ ਨਹੀਂ, ਆਲੀਸ਼ਾਨ ਗੁਰਦੁਆਰੇ, ਹਰ ਥਾਂ ਸੋਨਾ ਦਾਨ ਕਰਦੇ ਹੀ ਹਨ। ਲੰਗਰ ਬਹੁਤ ਦਾਨ ਕਰਦੇ ਹਨ। ਪਰ ਕੌਮ ਦੇ ਲੀਡਰਾਂ ਦੀ ਰੁਚੀ ਸਿੱਖਾਂ ਨੂੰ ਅਫਸਰ ਬਣਾਉਣ ਵੱਲ ਨਹੀਂ ਹੈ। ਨਾਅਰੇ ਰੋਜ਼ ਵੱਡੇ ਲਗਾਉਂਦੇ ਹਨ ਪਰ ਉਚੇਰੀ ਸੋਚ, ਜੋ ਸਹੀ ਰੂਪ ਵਿੱਚ ਕੌਮ ਨੂੰ ਲਾਭ ਦੇਵੇ, ਉਸ ਦੀ ਕਮੀ ਹੈ। ਪਿੱਛੇ ਜਿਹੇ ਆਰਮੀ ਦੇ ਜਰਨੈਲ ਨੇ ਬਿਆਨ ਦਿੱਤਾ ਹੈ ਕਿ ਫੌਜ ਵਿੱਚ ਵੀ ਸਿੱਖ ਘੱਟ ਰਹੇ ਹਨ। ਅਫਸਰ ਬਣਨ ਦੇ ਟੈਸਟ ਵਿੱਚ ਫੇਲ੍ਹ ਹੁੰਦੇ ਹਨ। ਮੈਂ ਇਹ ਇਸ ਲਈ ਲਿਖ ਰਿਹਾ ਹਾਂ ਕਿ ਇਹ ਜ਼ਰੂਰੀ ਪੱਖ ਹੈ। ਇਸ ਦਾ ਲਾਭ ਸਾਰੀ ਕੌਮ ਨੂੰ ਹੋਵੇਗਾ। ਅੱਜ ਦਿੱਲੀ ਸਰਕਾਰ ਵਿੱਚ ਇਕ ਵੀ ਸਿੱਖ ਸਕੱਤਰ ਨਜ਼ਰ ਨਹੀਂ ਆਉਂਦਾ ਹੈ। ਪਹਿਲਾਂ ਚਾਰ ਜਾਂ ਪੰਜ ਹੁੰਦੇ ਸਨ। ਬਾਕੀ ਮਹਿਕਮਿਆਂ ਵਿੱਚ ਵੀ ਇਹੋ ਹਾਲ ਹੈ। ਮੁਸਲਮਾਨਾਂ ਦੀ ਮਿਸਾਲ ਨੂੰ ਵੇਖੋ। ਇਸ ਲਈ ਉਪਰਾਲਾ ਕਰੋ, ਇਹ ਵੱਡੀ ਸੇਵਾ ਹੋਵੇਗੀ।

ਰਾਖਾ ਏਕੁ ਹਮਾਰਾ ਸੁਆਮੀ

0

ਰਾਖਾ ਏਕੁ ਹਮਾਰਾ ਸੁਆਮੀ

ਸੁਖਜੀਤ ਸਿੰਘ, (ਕਥਾਵਾਚਕ, ਕਪੂਰਥਲਾ)-98720-76876, 01822-276876

ਸੰਸਾਰ ਦਾ ਹਰ ਪ੍ਰਾਣੀ ਜਦੋਂ ਤੋਂ ਹੋਂਦ ਵਿੱਚ ਆਇਆ ਹੈ ਉਸ ਨੂੰ ਆਪਣੀ ਰਖਵਾਲੀ ਦੀ ਜਰੂਰਤ ਪੈਦੀ ਹੈ। ਜੀਵ ਜੰਤੂਆਂ ਨੂੰ ਕੇਵਲ ਬਾਹਰੀ ਦੁਸ਼ਮਣਾਂ ਤੋਂ ਹੀ ਖਤਰਾ ਮਹਿਸੂਸ ਹੁੰਦਾ ਹੈ। ਪ੍ਰੰਤੂ 84 ਲੱਖ ਜੂਨਾਂ ਦੇ ਸਰਦਾਰ ਮਨੁੱਖ ਨੂੰ ਜੀਵ ਜੰਤੂਆਂ ਦੇ ਮੁਕਾਬਲੇ ਉਚੇਰੀ ਸਮਝ ਹੋਣ ਕਰਕੇ ਹਰ ਸਮੇਂ ਅੰਦਰਲੇ ਤੇ ਬਾਹਰਲੇ ਦੋਵੇਂ ਤਰ੍ਹਾਂ ਦੇ ਦੁਸ਼ਮਣਾਂ ਤੋਂ ਖਤਰਾ ਭਾਸਦਾ ਹੈ। ਜਿਨਾਂ ਤੋਂ ਰਖਵਾਲੀ ਲਈ ਮਨੁੱਖਾਂ ਨੂੰ ਆਪਣੇ-ਆਪਣੇ ਵਿੱਤ ਅਨੁਸਾਰ ਯਤਨ ਕਰਨੇ ਪੈਂਦੇ ਹਨ। ਯਤਨ ਕਰਦਿਆਂ ਹੋਇਆਂ ਕੋਈ ਵੀ ਮਨੁੱਖ ਆਪਣੀ ਰਖਵਾਲੀ ਪੂਰਨ ਤੌਰ ਤੇ ਕਰਨ ਦਾ ਦਾਅਵਾ ਨਹੀ ਕਰ ਸਕਦਾ। ਮਨੁੱਖ ਨੂੰ “ਰਾਮ ਕੀ ਅੰਸ” ਹੋਣ ਕਰਕੇ ਪੂਰਨ ਰਖਵਾਲੀ ਲਈ ਪ੍ਰਭੂ ਪ੍ਰਮੇਸ਼ਰ ਤੇ ਨਿਰਭਰ ਹੋਣਾ ਪੈਂਦਾ ਹੈ। ਆਪਣੀ ਮੱਤ ਤੇ ਭਰੋਸਾ ਕਰਨ ਵਾਲਾ ਮਨੁੱਖ ਸੋਚਦਾ ਹੈ ਕਿ ਉਹ ਖੁਦ ਆਪਣੀ ਰਖਵਾਲੀ ਕਰਨ ਦੇ ਸਮਰੱਥ ਹੈ। ਪ੍ਰੰਤੂ ਗੁਰਬਾਣੀ ਐਸੇ ਮਨੁੱਖਾਂ ਦੇ ਸਾਹਮਣੇ ਸਵਾਲ ਖੜਾ ਕਰਦੀ ਹੈ, ‘ਹੇ ਮਨੁੱਖ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ, ਉਸ ਸਮੇਂ ਤੇਰੀ ਰਖਵਾਲੀ ਕੌਣ ਕਰ ਰਿਹਾ ਸੀ? ਉਸ ਸਮੇਂ ਕੇਵਲ ਪ੍ਰਭੂ ਹੀ ਤੇਰਾ ਰਖਵਾਲਾ ਬਣ ਕੇ ਗਰਭ ਰੂਪੀ ਅਗਨੀ ਵਿੱਚ ਤੇਰੇ ਭੋਜਨ ਦਾ ਪ੍ਰਬੰਧ ਕਰ ਰਿਹਾ ਸੀ, ਹੁਣ ਤੂੰ ਐਸੇ ਮਾਲਕ ਨੂੰ ਕਿਉਂ ਭੁਲਾ ਰਿਹਾ ਹੈ?

ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ।।

ਮਨਹੁ ਕਿਉ ਵਿਸਾਰੀਐ ਏਵਡੁ ਦਾਤਾ, ਜਿ ਅਗਨਿ ਮਹਿ ਆਹਾਰ ਪਹੁਚਾਵਏ।। (ਰਾਮਕਲੀ ਮਹਲਾ ੩-੯੨੦)

ਮਾਤਾ ਦੇ ਗਰਭ ਰੂਪੀ ਅਗਨੀ ਵਾਂਗ ਸੰਸਾਰ ਵਿੱਚ ਮਾਇਆ ਰੂਪੀ ਅਗਨੀ ਤੋਂ ਵੀ ਪ੍ਰਭੂ ਸਿਮਰਨ ਹੀ ਰਖਵਾਲੀ ਕਰਨ ਦੇ ਸਮੱਰਥ ਹੈ। ਏਸੇ ਪ੍ਰਥਾਇ ਹੋਰ ਗੁਰਬਾਣੀ ਫੁਰਮਾਣ ਹੈ-

ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨਹਾਰੇ।।

ਪਾਵਕ ਸਾਗਰ ਅਥਾਹ ਲਹਰਿ ਮਹਿ, ਤਾਰਹੁ ਤਾਰਨਹਾਰੇ।।

ਮਾਧੋ ! ਤੂ ਠਾਕਰੁ ਸਿਰਿ ਮੋਰਾ।। ਈਹਾ ਊਹਾ ਤੁਹਾਰੋ ਧੋਰਾ।। (ਸੋਰਠਿ ਮਹਲਾ ੫-੬੧੩)

ਬਹੁਗਿਣਤੀ ਜੀਵਾਂ ਦੇ ਮਨ ਅੰਦਰ ‘ਰਾਖਾ ਏਕੁ ਹਮਾਰਾ ਸੁਆਮੀ` ਦਾ ਭਰੋਸਾ ਨਹੀਂ ਬੱਝਦਾ। ਇਸ ਦਾ ਕੀ ਕਾਰਣ ਹੈ? ਮਨੁੱਖ ਗੁਰੂ ਦੀ ਮੱਤ ਦੇ ਨਾਲੋਂ ਆਪਣੀ ਮਨ ਦੀ ਮੱਤ ਉਪਰ ਵੱਧ ਭਰੋਸਾ ਕਰਦਾ ਹੈ। ਪਰ ਜਦੋਂ ਕਿਸੇ ਮੁਸੀਬਤ ਵਿੱਚ ਫਸਦਾ ਹੈ ਤਾਂ ਆਪਣੇ ਸਭ ਦੁਨਿਆਵੀ ਆਸਰੇ ਪਰਨਿਆਂ ਨੂੰ ਪਰਖ ਕੇ ਵੇਖਦਾ ਹੈ। ਕੋਈ ਵੀ ਬਿਖੜੇ ਸਮੇਂ ਇਸ ਦੀ ਬਹੁੜੀ ਨਹੀ ਕਰਦਾ। ਹਾਰ ਕੇ ਨਿਰਾਸ਼ਤਾ ਵਿੱਚ ਚਲਾ ਜਾਂਦਾ ਹੈ। ਐਸੇ ਸਮੇਂ ਜਦੋਂ ਅਸੀਂ ਗੁਰਬਾਣੀ ਗਿਆਨ ਦੀ ਰੋਸ਼ਨੀ ਵਿਚੋਂ ਹੱਲ ਲੱਭਣ ਦਾ ਯਤਨ ਕਰਦੇ ਹਾਂ ਤਾਂ ਗੁਰੂ ਰਾਮਦਾਸ ਜੀ ਸਾਨੂੰ ਅਗਵਾਈ ਦਿੰਦੇ ਹਨ-

ਕਿਸ ਹੀ ਧੜਾ ਕੀਆ, ਮਿਤ੍ਰ ਸੁਤ ਨਾਲਿ ਭਾਈ।। ਕਿਸ ਹੀ ਧੜਾ ਕੀਆ, ਕੁੜਮ ਸਕੇ ਨਾਲਿ ਜਵਾਈ।।

ਕਿਸ ਹੀ ਧੜਾ ਕੀਆ, ਸਿਕਦਾਰ ਚਉਧਰੀ ਨਾਲਿ ਆਪਣੇ ਸੁਆਈ।। ਹਮਾਰਾ ਧੜਾ, ਹਰਿ ਰਹਿਆ ਸਮਾਈ।। (ਆਸਾ ਮਹਲਾ੪-੩੬੬)

ਪ੍ਰਭੂ ਨਾਲ ਕੀਤਾ ਧੜਾ ਹੀ ਸਭ ਤੋ ਉੱਤਮ ਹੈ ਕਿਉਂਕਿ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ‘ਤੂੰ ਸਾਝਾ ਸਾਹਿਬ ਬਾਪੁ ਹਮਾਰਾ` (੯੭) ਬਣ ਕੇ ਰਖਵਾਲੀ ਕਰਨ ਲਈ ਹਰ ਸਮੇਂ ਤਿਆਰ ਹੈ। ਘਾਟ ਤਾਂ ਸਾਡੇ ਵਿੱਚ ਹੈ। ਅਸੀਂ ਉਸ ਦੇ ਬੱਚੇ ਬਨਣ ਲਈ ਤਿਆਰ ਨਹੀ ਹੁੰਦੇ, ਜੇਕਰ ਅਸੀਂ ਬੱਚੇ ਬਣ ਕੇ ਪ੍ਰਭੂ ਪਿਤਾ ਦੀ ਸ਼ਰਨ ਵਿੱਚ ਚਲੇ ਜਾਈਏ ਅਤੇ ਉਸ ਉਪਰ ਇਸ ਤਰਾਂ ਭਰੋਸਾ ਪ੍ਰਪੱਕ ਕਰ ਲਈਏ-

ਤੁਮ ਦਾਤੇ ਠਾਕੁਰ ਪ੍ਰਤਿਪਾਲਕ ! ਨਾਇਕ ਖਸਮ ਹਮਾਰੇ।।

ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ, ਹਮ ਬਾਰਿਕ ਤੁਮਰੇ ਧਾਰੇ।। (ਧਨਾਸਰੀ ਮਹਲਾ ੫-੬੭੪)

ਅਥਵਾ

ਅਉਖੀ ਘੜੀ ਨ ਦੇਖਣ ਦੇਈ, ਅਪਨਾ ਬਿਰਦੁ ਸਮਾਲੇ।।

ਹਾਥ ਦੇਇ ਰਾਖੈ ਅਪਨੇ ਕਉ, ਸਾਸਿ ਸਾਸਿ ਪ੍ਰਤਿਪਾਲੈ।। (ਧਨਾਸਰੀ ਮਹਲਾ ੫-੬੮੨)

ਮਨੁੱਖ ਨੂੰ ਬਾਹਰਲੇ ਦਿਖਾਈ ਦਿੰਦੇ ਦੁਸ਼ਮਣਾਂ ਤੋਂ ਆਪਣੀ ਰਖਵਾਲੀ ਕਰਨੀ ਤਾਂ ਸੁਖਾਲੀ ਹੈ। ਪ੍ਰੰਤੂ ਪੰਜ ਵਿਕਾਰਾਂ ਰੂਪੀ ਅੰਦਰਲੇ ਦੁਸ਼ਮਨ, ਜੋ ਦਿਖਾਈ ਨਹੀ ਦਿੰਦੇ, ਬਹੁਤ ਸਤਾਉਂਦੇ ਹਨ। ਇਨ੍ਹਾਂ ਦੁਆਰਾ ਕੀਤੀ ਜਾਂਦੀ ਨਿਤ ਦੀ ਲੁੱਟ-ਮਾਰ ਤੋਂ ਬਚਣ ਲਈ ‘ਕਿਸ ਆਗੈ ਕਰੀ ਪੁਕਾਰ ਜਨਾ` (੧੫੫) ਵਾਲਾ ਸਵਾਲ ਖੜਾ ਹੋ ਜਾਂਦਾ ਹੈ। ਇਸ ਪ੍ਰਸ਼ਨ ਦੇ ਉੱਤਰ ਲਈ ਗੁਰਬਾਣੀ ਸੇਧ ਬਖਸ਼ਿਸ਼ ਕਰਦੀ ਹੈ।” ਵਿਸ਼ੇ ਵਿਕਾਰਾਂ ਦੇ ਸਤਾਏ ਹੋਏ ਮਨੁੱਖ, ਤੇਰੇ ਲਈ ਇਕੋ ਹੀ ਰਸਤਾ ਬਾਕੀ ਬਚਦਾ ਹੈ, ਤੁੰ ਪਰਮ ਪਿਤਾ ਪ੍ਰਮੇਸ਼ਰ ਦੀ ਸ਼ਰਨ ਵਿੱਚ ਚਲਾ ਜਾ, ਉਸ ਤੋਂ ਇਲਾਵਾ ਤੇਰੇ ਪਾਸ ਹੋਰ ਕੋਈ ਵੀ ਰਸਤਾ ਨਹੀ ਹੈ, ਜਿਸ ਤਰਾਂ ਤੇਰੀ ਰਖਵਾਲੀ ਹੋ ਸਕੇ” ਗਉੜੀ ਰਾਗ ਵਿੱਚ ਪੰਚਮ ਪਾਤਸ਼ਾਹ ਫੁਰਮਾਣ ਕਰਦੇ ਹਨ-

ਰਾਖ ਪਿਤਾ ਪ੍ਰਭ ਮੇਰੇ।। ਮੋਹਿ ਨਿਰਗੁਨੁ ਸਭ ਗੁਨ ਤੇਰੇ।। ਪੰਚ ਬਿਖਾਦੀ ਏਕੁ ਗਰੀਬਾ, ਰਾਖਹੁ ਰਾਖਨਹਾਰੇ।।

ਖੇਦ ਕਰਹਿ ਅਰੁ ਬਹੁਤ ਸੰਤਾਵਹਿ, ਆਇਓ ਸਰਨਿ ਤੁਹਾਰੇ।। (ਗਉੜੀ ਮਹਲਾ ੫-੨੦੫)

ਜਦੋਂ ਮਨੁੱਖ ਅਕਾਲ ਪੁਰਖ ਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਤਾਂ ਪ੍ਰਮੇਸ਼ਰ ਮਨੁੱਖ ਦੇ ਜੀਵਨ ਵਿੱਚ ਹਰ ਸਮੇਂ ਚਲ ਰਹੇ ਵਿਸ਼ੇ ਵਿਕਾਰਾਂ ਰੂਪੀ ਯੁੱਧ ਅਖਾੜੇ ਵਿੱਚ ਗੁਰੂ ਬਖਸ਼ਿਸ਼ ਦੇ ਥਾਪੜੇ ਨਾਲ ਇਨ੍ਹਾਂ ਅੰਦਰੂਨੀ ਦੁਸ਼ਮਣਾਂ ਤੋਂ ਰਖਵਾਲੀ ਕਰਨ ਦੇ ਸਮਰੱਥ ਬਣਾ ਦਿੰਦਾ ਹੈ। ਆਪਣੇ ਸਿੱਖ ਰੂਪੀ ਪਹਿਲਵਾਨ ਨੂੰ ਸਫਲਤਾ ਪ੍ਰਾਪਤ ਕਰਦਾ ਹੋਇਆ ਦੇਖ ਕੇ ਮਾਲਕ ਪ੍ਰਸੰਨ ਹੁੰਦਾ ਹੈ-

ਹਉ ਗੋਸਾਈ ਦਾ ਪਹਿਲਵਾਨੜਾ।। ਮੈ ਗੁਰ ਮਿਲਿ ਉਚ ਦੁਮਾਲੜਾ।। ਸਭ ਹੋਈ ਛਿੰਝ ਇਕਠੀਆ, ਦਯੁ ਬੈਠਾ ਵੇਖੈ ਆਪਿ ਜੀਉ।।

ਵਾਤ ਵਜਨਿ ਟੰਮਕ ਭੇਰੀਆ।। ਮਲ ਲਥੈ, ਲੈਦੇ ਫੇਰੀਆ।। ਨਿਹਤੇ ਪੰਜਿ ਜੁਆਨ ਮੈ, ਗੁਰ ਥਾਪੀ ਦਿਤੀ ਕੰਡਿ ਜੀਉ।। (ਸਿਰੀ ਰਾਗ ਮਹਲਾ ੫-੭੪)

‘ਰਾਖਾ ਏਕੁ ਹਮਾਰਾ ਸੁਆਮੀ` ਵਿਸ਼ੇ ਉਪਰ ਗੁਰਬਾਣੀ ਜਿਥੇ ਸਾਨੂੰ ਆਤਮਿਕ ਅਗਵਾਈ ਦਿੰਦੀ ਹੈ, ਉਸ ਦੇ ਨਾਲ-ਨਾਲ ਪ੍ਰੈਕਟੀਕਲ ਰੂਪ ਵਿੱਚ ਇਤਿਹਾਸਕ ਅਗਵਾਈ ਵੀ ਦਿੰਦੀ ਹੈ ਕਿ ਬਾਹਰਲੇ ਦੁਸ਼ਮਣਾਂ ਤੋਂ ਰਖਵਾਲੀ ਕਰਨ ਦੇ ਪ੍ਰਮੇਸ਼ਰ ਕਿਵੇਂ ਸਮਰੱਥ ਹੈ। ਗੁਰੂ ਅਰਜਨ ਦੇਵ ਜੀ ਨੇ ਸੁਲਹੀ ਖਾਂ ਦੇ ਚੜ੍ਹ ਆਉਣ ਬਾਰੇ ਦੋ ਸ਼ਬਦ ਉਚਾਰਣ ਕੀਤੇ ਹਨ। ਇਹਨਾਂ ਸ਼ਬਦਾਂ ਰਾਹੀਂ ਆਪ ਜੀ ਨੇ ਇਹ ਗੱਲ ਦਰਸਾਈ ਹੈ ਕਿ ਐਸੇ ਸਮੇਂ ਅਕਾਲ ਪੁਰਖ ਦਾ ਆਸਰਾ ਹੀ ਸਭ ਤੋਂ ਵੱਡਾ ਆਸਰਾ ਹੈ। ਜਿਸ ਦੀ ਰੱਖਿਆ ਅਕਾਲ ਪੁਰਖ ਆਪ ਕਰੇ ਉਸ ਦਾ ਵੱਡੇ ਤੋਂ ਵੀ ਵੱਡਾ ਵੈਰੀ ਕੁੱਝ ਵੀ ਨਹੀ ਵਿਗਾੜ ਸਕਦਾ। ਆਸਾ ਰਾਗ ਦੇ ਸ਼ਬਦ ਵਿੱਚ ਇਸ ਇਤਿਹਾਸਕ ਘਟਨਾ ਸਬੰਧੀ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ-

ਪ੍ਰਥਮੈ ਮਤਾ, ਜਿ ਪਤ੍ਰੀ ਚਲਾਵਉ।। ਦੁਤੀਏ ਮਤਾ, ਦੁਇ ਮਾਨੁਖ ਪਹੁਚਾਵਉ।।

ਤ੍ਰਿਤੀਏ ਮਤਾ, ਕਿਛੁ ਕਰਉ ਉਪਾਇਆ।। ਮੈ ਸਭ ਕਿਛੁ ਛੋਡਿ, ਪ੍ਰਭ ! ਤੁਹੀ ਧਿਆਇਆ।। (ਆਸਾ ਮਹਲਾ ੫-੩੭੧)

ਜਦੋਂ ਇਸ ਸਬੰਧੀ ਸਤਿਗੁਰੂ ਜੀ ਨੇ ‘ਤੁਧ ਨੋ ਛੋਡਿ ਜਾਈਐ, ਪ੍ਰਭ ! ਕੈ ਧਰਿ।। ਆਨ ਨ ਬੀਆ ਤੇਰੀ ਸਮਸਰਿ।।” (੩੭੧) ਅਨੁਸਾਰ ਬਾਕੀ ਸਾਰੇ ਹੀਲੇ ਵਸੀਲੇ ਛੱਡ ਕੇ ਕੇਵਲ ਰਖਵਾਲੇ ਪ੍ਰਭੂ ਉਪਰ ‘ਜਿਸ ਕੇ ਸਿਰ ਉਪਰ ਤੂੰ ਸੁਆਮੀ ! ਸੋ ਦੁਖ ਕੈਸਾ ਪਾਵੇ ?” (੭੪੯) ਵਾਲਾ ਪੂਰਨ ਭਰੋਸਾ ਕਰ ਲਿਆ ਤਾਂ ਅਕਾਲ ਪੁਰਖ ਨੇ ਸੁਲਹੀ ਖਾਂ ਤੋਂ ਆਪ ਦੀ ਪੂਰਨ ਤੌਰ ਤੇ ਰਖਵਾਲੀ ਕੀਤੀ। ਇਸ ਘਟਨਾ ਦਾ ਇਤਿਹਾਸਕ ਜ਼ਿਕਰ ਰਾਗ ਬਿਲਾਵਲ ਵਿੱਚ ਇਸ ਤਰਾਂ ਹੈ-

ਸੁਲਹੀ ਤੇ ਨਾਰਾਇਣੁ ਰਾਖੁ।। ਸੁਲਹੀ ਕਾ ਹਾਥੁ ਕਹੀ ਨ ਪਹੁਚੈ, ਸੁਲਹੀ ਹੋਇ ਮੂਆ ਨਾਪਾਕ।। (ਬਿਲਾਵਲ ਮਹਲਾ ੫-੮੨੫)

ਬਸ, ਲੋੜ ਹੈ ਕਿ ਅਸੀਂ ਵੀ ਗੁਰਬਾਣੀ ਅਤੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਪ੍ਰਭੂ ਦੇ ਸੇਵਕ ਬਣ ਕੇ ‘ਰਾਖਾ ਏਕੁ ਹਮਾਰਾ ਸੁਆਮੀ` ਤੇ ਭਰੋਸਾ ਰੱਖ ਲਈਏ। ਐਸੇ ਭਰੋਸੇਵਾਨਾਂ ਦਾ ਸੁਆਮੀ ਆਪ ਰਖਵਾਲਾ ਬਣ ਕੇ ਲੋਕ ਪਰਲੋਕ ਸਵਾਰ ਦਿੰਦਾ ਹੈ। ਐਸੇ ਸੇਵਕ ਦੀ ਸਰਵ-ਵਿਆਪਕ ਪ੍ਰਭੂ ਖਸਮ ਨਾਲ ਸਾਂਝ ਬਣ ਜਾਣ ਕਰ ਕੇ ਉਸ ਦਾ ਜੀਵਨ ਸਫਲ ਹੋ ਜਾਂਦਾ ਹੈ। ਉਹ ਆਪਣੇ ਅੰਦਰਲੇ ਅਤੇ ਬਾਹਰਲੇ ਦੁਸ਼ਮਣਾਂ ਉਪਰ ਪੂਰਨ ਜਿੱਤ ਪ੍ਰਾਪਤ ਕਰਕੇ ਸੰਸਾਰ ਵਿਚੋਂ ਜੇਤੂ ਹੋ ਕੇ ਨਿਕਲਦੇ ਹਨ।

ਭਇਓ ਕ੍ਰਿਪਾਲ ਠਾਕੁਰੁ ਸੇਵਕ ਕਉ, ਸਵਰੇ ਹਲਤ ਪਲਾਤਾ।।

ਧੰਨ ਸੇਵਕੁ ਸਫਲੁ ਓਹ ਆਇਆ, ਜਿਨਿ ਨਾਨਕ ਖਸਮ ਪਛਾਤਾ।। (ਮਾਰੂ ਮਹਲਾ ੫-੧੦੦੦)

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਬਾਰੇ ਅਸਲ ਤੱਥ (ਪ੍ਰਸ਼ਨ-ਉੱਤਰ)

0

ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਬਾਰੇ ਅਸਲ ਤੱਥ (ਪ੍ਰਸ਼ਨ-ਉੱਤਰ)

ਐਡਵੋਕੇਟ ਜਸਪਾਲ ਸਿੰਘ ਮੰਝਪੁਰ- 98554-01843

ਪ੍ਰਸ਼ਨ-1. ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜ਼ੀ ਵਿਚ ਕਿਹਾ ਹੈ ਕਿ ਕੋਈ ਬੰਦੀ ਸਿੱਖ ਅਜਿਹਾ ਨਹੀਂ ਹੈ ਜਿਸ ਨੂੰ ਰਿਹਾਅ ਕੀਤਾ ਜਾ ਸਕਦਾ ਹੋਵੇ ਇਸ ਬਾਰੇ ਤੁਸੀਂ ਕੀ ਕਹੋਗੇ ?

ਉੱਤਰ: ਬੰਦੀ ਸਿੰਘਾਂ ਦੀ ਸੂਚੀ ਦੇ ਕੇ ਜੋ ਗੱਲਾਂ ਕਹੀਆਂ ਜਾ ਰਹੀਆਂ ਹਨ ਉਹ ਅੰਸ਼ਕ ਰੂਪ ਵਿਚ ਹੀ ਸਹੀ ਹਨ ਅਤੇ ਇਸ਼ਤਿਹਾਰਾਂ ਵਿਚ ਬਹੁਤ ਸਾਰੇ ਤੱਥ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤੇ ਗਏ। ਛਾਪੇ ਜਾ ਰਹੇ ਇਸ਼ਤਿਹਾਰਾਂ ਵਿਚ ਪਹਿਲੇ ਸਵਾਲ ਵਿਚ ਤਾਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਵਿਚ ਕੋਈ ਕੈਦੀ ਹੀ ਨਹੀਂ ਜਿਸ ਦੀ ਸਜ਼ਾ ਪੂਰੀ ਹੋ ਚੁੱਕੀ ਹੋਵੇ ਅਤੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਸ ਦੀ ਸਜ਼ਾ ਪੂਰੀ ਹੋ ਜਾਵੇ ਸਰਕਾਰ ਉਸ ਨੂੰ ਤੁਰੰਤ ਛੱਡ ਦਿੰਦੀ ਹੈ। ਅੱਗੇ ਜਾ ਕੇ ਇਸ ਲਿਸਟ ਵਿਚ ਕਿਹਾ ਗਿਆ ਹੈ ਕਿ ਦੋ ਉਮਰ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਪਰ ਉਹਨਾਂ ਨੂੰ ਸੁਪਰੀਮ ਕੋਰਟ ਦੇ ਸਟੇਅ ਕਾਰਨ ਛੱਡਿਆ ਨਹੀ ਜਾ ਸਕਦਾ ਅਤੇ ਦੂਜੇ ਰਾਜਾਂ ਦੇ ਸਿੱਖ ਸਿਆਸੀ ਬੰਦੀਆਂ ਨੂੰ ਛੱਡਣ ਲਈ ਕਿਹਾ ਗਿਆ ਹੈ। ਇਸ ਤਰ੍ਹਾਂ ਇਹ ਇਸ਼ਤਿਹਾਰ ਆਪਾ ਵਿਰੋਧੀ ਹੈ ਕਿਉਂਕਿ ਜੇਕਰ ਸੁਪਰੀਮ ਕੋਰਟ ਵੱਲੋਂ ਸਟੇਅ ਹੈ ਤਾਂ ਦੂਜਿਆਂ ਰਾਜਾਂ ਨੂੰ ਛੱਡਣ ਲਈ ਕਿਉਂ ਕਿਹਾ ਜਾ ਰਿਹਾ ਹੈ? ਅਤੇ ਜੇ ਦੂਜੇ ਰਾਜਾਂ ਨੂੰ ਛੱਡਣ ਲਈ ਕਹਿ ਰਹੇ ਹੋ, ਤਾਂ ਪਹਿਲਾਂ ਆਪ ਕਿਉਂ ਨਹੀਂ ਛੱਡਿਆ ਜਾ ਸਕਦਾ? ਜੇ ਪੰਜਾਬ ਸਰਕਾਰ ਰਿਹਾਅ ਨਹੀਂ ਕਰ ਸਕਦੀ ਤਾਂ ਕਮੇਟੀ ਗਠਨ ਦਾ ਡਰਾਮਾ ਕਿਉਂ ਕੀਤਾ ਗਿਆ ਹੈ ?

ਜਿਸ ਸੂਚੀ ਦਾ ਜ਼ਿਕਰ, ਸਰਕਾਰੀ ਇਸ਼ਤਿਹਾਰਾਂ ਵਿਚ ਕੀਤਾ ਗਿਆ ਹੈ ਉਹ ਸਿਰਫ ਰਿਹਾਈਯੋਗ ਬੰਦੀਆਂ ਦਾ ਨਹੀਂ ਸਗੋਂ ਪੰਜਾਬ ਤੇ ਹਿੰਦੋਸਤਾਨ ਵਿਚ ਬੰਦ ਕੁੱਲ ਸਿੱਖ ਸਿਆਸੀ ਕੈਦੀਆਂ ਦਾ ਹੈ। ਇਸ ਸੂਚੀ ਨੂੰ ਪਹਿਲੀ ਨਜ਼ਰੇ ਵੇਖ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਵਿਚ ਕਿੰਨੇ ਵਿਅਕਤੀ ਫਾਂਸੀ ਦੀ ਸਜ਼ਾ ਵਾਲੇ, ਉਮਰ ਕੈਦੀ, 10 ਸਾਲ ਜਾਂ ਇਸ ਤੋਂ ਘੱਟ ਸਜ਼ਾ ਵਾਲੇ ਕੈਦੀ ਹਨ ਤੇ ਕਿੰਨੇ ਵਿਅਕਤੀ ਅਜਿਹੇ ਹਨ ਜਿਨ੍ਹਾਂ ਉੱਤੇ ਅਜੇ ਮੁਕੱਦਮੇ ਚੱਲ ਰਹੇ ਹਨ। ਇਸ ਸੂਚੀ ਵਿਚ ਤਮਾਮ ਬੰਦੀਆਂ ਦੇ ਕੇਸ, ਜੇਲ੍ਹ ਅਤੇ ਕੈਦ ਦੇ ਵੇਰਵੇ ਹੁੰਦੇ ਹਨ।

ਅਸੀਂ 2004 ਤੋਂ ਸਿਆਸੀ ਸਿੱਖ ਬੰਦੀਆਂ ਦੀ ਸੂਚੀ ਜਾਰੀ ਕਰ ਰਹੇ ਹਾਂ। ਸਿੱਖ ਸਿਆਸੀ ਬੰਦੀਆਂ ਤੋਂ ਮੁਰਾਦ ਉਨ੍ਹਾਂ ਸਿੱਖਾਂ ਤੋਂ ਹੈ, ਜੋ ਸਿੱਖਾਂ ਦੀ ਆਜ਼ਾਦੀ ਜਾਂ ਵੱਧ ਅਧਿਕਾਰਾਂ ਦੇ ਸੰਘਰਸ਼ ਨਾਲ ਸੰਬੰਧਿਤ ਮਾਮਲਿਆਂ ਕਰਕੇ ਜੇਲ੍ਹਾਂ ਵਿਚ ਨਜ਼ਰਬੰਦ ਜਾਂ ਕੈਦ ਹਨ।

ਇਹ ਸੂਚੀ, ਉਨ੍ਹਾਂ ਸਿਆਸੀ ਸਿੱਖਾਂ ਕੈਦੀਆਂ ਦੀ ਹੈ, ਜੋ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਤੇ ਜੇਲ੍ਹਾਂ ਵਿਚ ਬੰਦ ਹਨ ਇਸ ਤੋਂ ਇਲਾਵਾਂ ਕੁਝ ਅਜਿਹੇ ਵੀ ਕੇਸ ਹਨ, ਜਿਨ੍ਹਾਂ ਉੱਤੇ ਇਹ ਮਾਮਲੇ/ ਕੇਸ ਤਾਂ ਚੱਲ ਰਹੇ ਹਨ ਪਰ ਉਹ ਜੇਲ੍ਹਾਂ ਵਿਚ ਨਹੀਂ ਹਨ (ਭਾਵ ਜਮਾਨਤ ਉੱਤੇ ਬਾਹਰ ਹਨ)।

ਇਸ ਸੂਚੀ ਵਿਚ ਵਾਧਾ-ਘਾਟਾ ਹੁੰਦਾ ਰਹਿੰਦਾ ਹੈ ਕਿਉਂਕਿ ਕੁਝ ਵਿਅਕਤੀ ਬਰੀ ਵੀ ਹੋ ਜਾਂਦੇ ਹਨ ਜਾਂ ਜਮਾਨਤ ਉੱਤੇ ਬਾਹਰ ਆ ਜਾਂਦੇ ਹਨ ਤੇ ਕੁਝ ਨਵੀਆਂ ਗਿ੍ਰਫਤਾਰੀਆਂ ਵੀ ਹੋ ਜਾਂਦੀਆਂ ਹਨ।

ਸੋ, ਸਮੇਂ-ਸਮੇਂ ਸਿਰ ਇਸ ਸੂਚੀ ਵਿਚ ਸੁਧਾਈ ਕਰ ਲਈ ਜਾਂਦੀ ਹੈ। ਹਾਲ ਹੀ ’ਚ ਕੀਤੀ ਤਬਦੀਲੀ ਕਾਰਨ ਇਸ ਸੂਚੀ ਵਿਚ (21 ਜੁਲਾਈ 2015 ਮੁਤਾਬਕ) 65 ਵਿਅਕਤੀਆਂ ਦੇ ਨਾਂ ਹਨ। ਪਰ 82 ਬੰਦੀਆਂ ਵਾਲੀ ਜਿਸ ਸੂਚੀ ਦਾ ਜ਼ਿਕਰ ਪੰਜਾਬ ਸਰਕਾਰ ਰਾਹੀਂ ਸਰਕਾਰੀ ਇਸ਼ਤਿਹਾਰਾਂ ਵਿਚ ਕੀਤਾ ਗਿਆ ਹੈ ਉਹ ਤਾਂ ਪੁਰਾਣੀ ਹੈ।

ਹੁਣ ਜੇਕਰ ਸਰਕਾਰ ਨੇ ਆਪੇ ਹੀ ਪੁਰਾਣੀ ਸੂਚੀ ਚੁੱਕ ਕੇ ਤੇ ਸਾਰੇ ਵਿਅਕਤੀਆਂ ਨੂੰ ਆਪੇ ਹੀ ਉਮਰ ਕੈਦ ਪੂਰੀ ਕਰ ਚੁੱਕੇ ਵਿਅਕਤੀ ਤਸਲੀਮ ਕਰਕੇ ਫਿਰ ਬਾਅਦ ਵਿਚ ਆਪੇ ਹੀ ਉਸ ਦਾ ਖੰਡਨ ਕਰ ਦਿੱਤਾ ਹੈ ਤਾਂ ਇਸ ਸਮਝ ਬਾਰੇ ਕੀ ਕਿਹਾ ਜਾ ਸਕਦਾ ਹੈ?

ਪ੍ਰਸ਼ਨ-2. ਤੁਹਾਡੇ ਦੁਆਰਾ ਸੋਧੀ ਸੂਚੀ ਵਿਚ ਉਮਰ ਕੈਦੀ ਕਿੰਨੇ ਹਨ ?

ਉੱਤਰ: ਕੁੱਲ 20 ਉਮਰ ਕੈਦੀ ਹਨ। ਇਨ੍ਹਾਂ ਵਿੱਚੋਂ 5 ਕੈਦੀ ਉਹ ਹਨ, ਜਿਨ੍ਹਾਂ ਨੂੰ ਪੰਜਾਬ ਵਿਚ ਸਜ਼ਾ ਹੋਈ ਹੈ ਤੇ 15 ਉਹ ਹਨ, ਜਿਨ੍ਹਾਂ ਨੂੰ ਪੰਜਾਬ ਤੋਂ ਬਾਹਰ ਦੀਆਂ ਅਦਾਲਤਾਂ ਰਾਹੀਂ ਸਜ਼ਾ ਹੋਈ ਹੈ।

ਪ੍ਰਸ਼ਨ-3. ਕੀ ਉਮਰ ਕੈਦ ਦਾ ਮਤਲਬ ਉਮਰ ਕੈਦ ਹੀ ਹੁੰਦਾ ਹੈ ਜਾਂ 14 ਸਾਲ ਦੀ ਕੈਦ ਜਿਹਾ ਕਿ ਪੰਜਾਬ ਸਰਕਾਰ ਵੱਲੋਂ ਛਾਪੇ ਜਾ ਰਹੇ ਇਸ਼ਤਿਹਾਰਾਂ ਵਿਚ ਕਿਹਾ ਜਾ ਰਿਹਾ ਹੈ ?

ਉੱਤਰ: ਦੇਖੋ ਇਹ ਸਾਰੇ ਕਾਨੂੰਨ ਅੰਗਰੇਜ਼ੀ ਸਰਕਾਰ ਵੱਲੋਂ ਹੀ ਬਣਾਏ ਹੋਏ ਹਨ। ਉਮਰ ਕੈਦ ਦੀ ਪਰਿਭਾਸ਼ਾ ਇੰਡੀਅਨ ਪੀਨਲ ਕੋਡ ਦੀ ਧਾਰਾ 57 ਵਿਚ ਦਰਸਾਈ ਗਈ ਹੈ ਕਿ ਉਮਰ ਕੈਦ ਦਾ ਮਤਲਬ 20 ਸਾਲ ਦੀ ਸਜ਼ਾ ਪਰ ਵੱਖ-ਵੱਖ ਪ੍ਰਾਂਤਾਂ ਨੂੰ ਭਾਰਤੀ ਸੰਵਿਧਾਨ ਦੀ ਧਾਰਾ 161 ਤਹਿਤ ਉਮਰ ਕੈਦੀਆਂ ਨੂੰ 20 ਸਾਲ ਤੋਂ ਪਹਿਲਾਂ ਸਜ਼ਾ ਵਿਚ ਰਮਿਸ਼ਨ (ਛੋਟ), ਪਾਰਡਨ (ਮੁਆਫੀ), ਸਸਪੈਂਡ (ਮੁਅੱਤਲ) ਜਾਂ ਕਮਿਊਟ (ਤਬਦੀਲ) ਕਰਨ ਦਾ ਅਧਿਕਾਰ ਹੈ ਅਤੇ ਕੇਂਦਰ ਸਰਕਾਰ ਨੂੰ ਭਾਰਤੀ ਸੰਵਿਧਾਨ ਦੀ ਧਾਰਾ 72 ਤਹਿਤ ਇਹੀ ਤਾਕਤ ਹਾਸਲ ਹੈ। ਪ੍ਰਾਂਤਕ ਸਰਕਾਰਾਂ ਆਪਣੇ ਪ੍ਰਾਂਤ ਦੇ ਉਮਰ ਕੈਦੀਆਂ ਅਤੇ ਕੇਂਦਰ ਸਰਕਾਰ ਭਾਰਤ ਦੇ ਸਾਰੇ ਉਮਰ ਕੈਦੀਆਂ ਨੂੰ 20 ਸਾਲ ਤੋਂ ਪਹਿਲਾਂ ਵੀ ਰਿਹਾਅ ਕਰ ਸਕਦੀ ਹੈ।

ਪ੍ਰਸ਼ਨ-4. ਕਿੰਨੇ ਸਿੱਖ ਸਿਆਸੀ ਕੈਦੀ ਹਨ ਜੋ ਅਗੇਤੀ ਰਿਹਾਈ ਲਈ ਵਿਚਾਰੇ ਜਾ ਸਕਦੇ ਹਨ ?

ਉੱਤਰ: ਕੁੱਲ 16 ਸਿੱਖ ਸਿਆਸੀ ਬੰਦੀਆਂ ਦੇ ਮਾਮਲੇ ਵਿਚਾਰੇ ਜਾ ਸਕਦੇ ਹਨ। ਇਸ ਦਾ ਅਧਾਰ ਇਹ ਹੈ ਕਿ ਇਨ੍ਹਾਂ 16 ਸਿੱਖ ਬੰਦੀਆਂ ਨੇ 14 ਸਾਲ ਤੋਂ ਵੱਧ ਸਜ਼ਾ ਪੂਰੀ ਕਰ ਲਈ ਹੈ।

ਇਨ੍ਹਾਂ ਵਿਚੋਂ 4 ਬੰਦੀ ਉਹ ਹਨ ਜਿਨ੍ਹਾਂ ਨੂੰ ਪੰਜਾਬ ਦੀਆਂ ਅਦਾਲਤਾਂ ਵੱਲੋਂ ਸਜ਼ਾ ਹੋਈ ਹੈ ਅਤੇ ਉਹ ਪੰਜਾਬ ਦੀਆਂ ਹੀ ਜੇਲ੍ਹਾਂ ਵਿਚ ਨਜ਼ਰਬੰਦ ਹਨ। ਇਨ੍ਹਾਂ 4 ਬੰਦੀਆਂ ਦੀ ਅਗੇਤੀ ਰਿਹਾਈ ਦਾ ਮਾਮਲਾ ਪੰਜਾਬ ਸਰਕਾਰ ਵੱਲੋਂ ਵਿਚਾਰਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ 8 ਬਜ਼ੁਰਗ ਬੰਦੀ ਸਿੰਘ ਵੀ ਹਨ ਜਿਨ੍ਹਾਂ ਨੂੰ ਉਮਰ ਦੇ ਆਖਰੀ ਪੜਾਅ ਉੱਤੇ ਸਾਲ 2012 ਵਿਚ ਟਾਡਾ ਕਾਨੂੰਨ ਤਹਿਤ 10-10 ਸਾਲ ਦੀ ਸਖ਼ਤ ਸਜ਼ਾ ਸੁਣਾਈ ਗਈ ਹੈ। ਬਜ਼ੁਰਗਾਂ ਦੇ ਮਾਮਲਿਆ ਵਿਚ ਵੈਸੇ ਹੀ ਸਰਕਾਰਾਂ ਫੈਸਲਾ ਲੈ ਕੇ ਉਨ੍ਹਾਂ ਦੀ ਰਿਹਾਈ ਕਰ ਦਿੰਦੀਆਂ ਹਨ। ਪੰਜਾਬ ਸਰਕਾਰ ਨੇ 1999 ਵਿਚ ਅਜਿਹੀ ਨੀਤੀ ਜਾਰੀ ਵੀ ਕੀਤੀ ਸੀ ਕਿ 70 ਸਾਲ ਤੋਂ ਉੱਪਰ ਦੀ ਉਮਰ ਦੇ ਬਜੁਰਗਾਂ ਨੂੰ ਰਿਹਾਅ ਕੀਤਾ ਗਿਆ ਸੀ ਤੇ ਹੁਣ ਵੀ ਸਰਕਾਰ ਅਜਿਹਾ ਕਰ ਸਕਦੀ ਹੈ।

ਪ੍ਰਸ਼ਨ-5. ਪਿਛਲੇ ਸਮੇਂ ਵਿਚ ਜਿਨ੍ਹਾਂ ਕੈਦੀਆਂ ਨੂੰ ਅਗੇਤੀ ਰਿਹਾਈ ਦਿੱਤੀ ਗਈ ਹੈ, ਉਨ੍ਹਾਂ ਬਾਰੇ ਜਾਣਕਾਰੀ ਦਿਓ ?

ਉੱਤਰ: ਸਮੇਂ-ਸਮੇਂ ਸਿਰ ਸਰਕਾਰਾਂ ਵੱਲੋਂ ਉਮਰ ਕੈਦੀਆਂ ਨੂੰ ਪੱਕੀ ਰਿਹਾਈ ਦਿੱਤੀ ਜਾਂਦੀ ਹੈ। ਜਿੱਥੋਂ ਤੱਕ ਬੰਦੀ ਸਿੰਘਾਂ ਦੇ ਮਾਮਲਿਆਂ ਦੀ ਗੱਲ ਹੈ, ਗਿਆਨ ਸਿੰਘ ਲੀਲ੍ਹ, ਪਲਵਿੰਦਰ ਸਿੰਘ ਸ਼ਤਰਾਣਾ, ਗੁਰਨਾਮ ਸਿੰਘ ਸ਼ਤਰਾਣਾ, ਬਾਪੂ ਗੁਰਦੇਵ ਸਿੰਘ ਕਾਲੇਕੇ, ਬਾਪੂ ਜ਼ੋਰਾ ਸਿੰਘ ਕਾਲੇਕੇ, ਕੁਲਦੀਪ ਸਿੰਘ ਤੇ ਲਛਮਣ ਸਿੰਘ (ਪਿੰਡ ਮੰਡੀਰਾਂ), ਰਣਜੀਤ ਸਿੰਘ ਕੁੱਕੀ ਗਿੱਲ ਤੇ ਮੇਜਰ ਸਿੰਘ (ਯੂ. ਪੀ.) ਉਹ ਸਿੱਖ ਸਿਆਸੀ ਕੈਦੀ ਹਨ ਜਿਨ੍ਹਾਂ ਨੂੰ ਉਮਰ ਕੈਦ ਹੋਈ ਸੀ ਤੇ ਉਨ੍ਹਾਂ ਨੂੰ ਅਗੇਤੀ ਰਿਹਾਈ ਮਿਲੀ ਹੈ।

ਇਸ ਤੋਂ ਇਲਾਵਾ ਅਜਿਹੇ ਮਾਮਲੇ ਵੀ ਹਨ ਜਿੱਥੇ ਸਰਕਾਰਾਂ ਨੇ ਉਮਰ ਕੈਦ ਦੀ ਸਜ਼ਾ ਪ੍ਰਾਪਤ ਪੁਲਿਸ ਵਾਲਿਆਂ ਨੂੰ ਸ਼ਰਤਾਂ ਪੂਰੀਆਂ ਨਾ ਕਰਨ ਦੇ ਬਾਵਜ਼ੂਦ ਵੀ ਰਿਹਾਅ ਕੀਤਾ ਹੈ।

ਪ੍ਰਸ਼ਨ-6. ਕੀ ਇਹ ਕਿ ਸ਼ਰਤਾਂ ਪੂਰੀਆਂ ਨਾ ਕਰਨ ਦੇ ਬਾਵਜੂਦ ਵੀ ਰਿਹਾਅ ਕੀਤੇ ਗਏ, ਦੀ ਕੋਈ ਮਿਸਾਲ ਦੇ ਸਕਦੇ ਹੋ ?

ਉੱਤਰ: ਬਹੁਤ ਸਾਰੀਆਂ ਮਿਸਾਲਾਂ ਹਨ। ਉਮਰ ਕੈਦੀ ਇੰਸਪੈਕਟਰ ਗੁਰਮੀਤ ਪਿੰਕੀ ਦਾ ਮਾਮਲਾ ਅਸਲ ਸਜ਼ਾ ਦੇ 8 ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਵਿਚਾਰ ਕੇ ਉਸ ਨੂੰ ਰਿਹਾਅ ਕਰ ਦਿੱਤਾ ਗਿਆ।

ਇਸੇ ਤਰ੍ਹਾਂ ਉਮਰ ਕੈਦੀ ਡੀ.ਐੱਸ.ਪੀ ਸਵਰਨ ਦਾਸ ਨੂੰ 5 ਸਾਲ ਕੈਦ ਤੋਂ ਬਾਅਦ ਹਾਈ ਕੋਰਟ ਵਿਚ ਅਪੀਲ ਵਿਚਾਰ ਅਧੀਨ ਹੋਣ ਦੇ ਬਾਵਜੂਦ ਰਿਹਾਅ ਕਰ ਦਿੱਤਾ ਗਿਆ।

ਇਕ ਹੋਰ ਮਾਮਲੇ ਵਿਚ ਡੀ.ਐੱਸ.ਪੀ ਜਸਪਾਲ ਸਿੰਘ ਜਿਸ ਨੂੰ 7 ਸਾਲ ਦੀ ਸਜ਼ਾ ਹੋਈ ਸੀ, ਉਸ ਨੂੰ ਕੇਵਲ 1 ਸਾਲ 8 ਮਹੀਨੇ ਕੈਦ ਕੱਟਣ ਤੋਂ ਬਾਅਦ ਹਾਈ ਕੋਰਟ ਵਿਚ ਅਪੀਲ ਲੱਗੀ ਹੋਣ ਦੇ ਬਾਵਜੂਦ ਵੀ ਰਿਹਾਅ ਕਰਕੇ ਨੌਕਰੀ ਉੱਤੇ ਬਹਾਲ ਕਰ ਦਿੱਤਾ ਗਿਆ ਸੀ।

ਪ੍ਰਸ਼ਨ-7. ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਉਮਰ ਕੈਦੀਆਂ ਦੀ ਅਗੇਤੀ ਰਿਹਾਈ ਉੱਤੇ ਭਾਰਤੀ ਸੁਪਰੀਮ ਕੋਰਟ ਨੇ ਪਾਬੰਦੀ ਲਗਾਈ ਹੈ, ਇਸ ਲਈ ਕਿਸੇ ਵੀ ਉਮਰ ਕੈਦੀ ਬੰਦੀ ਸਿੰਘ ਨੂੰ ਪੱਕੀ ਰਿਹਾਈ ਨਹੀਂ ਦਿੱਤੀ ਜਾ ਸਕਦੀ ਤੇ ਇਸ ਦਾ ਕੋਈ ਰਾਹ ਬਾਕੀ ਨਹੀਂ ਹੈ। ਇਸ ਬਾਰੇ ਕੀ ਕਹੋਗੇ ?

ਉੱਤਰ: ਭਾਰਤੀ ਸੁਪਰੀਮ ਕੋਰਟ ਨੇ 9 ਜੁਲਾਈ 2014 ਨੂੰ ਕੇਵਲ ਰਾਜ ਸਰਕਾਰਾਂ ਨੂੰ ਉਮਰ ਕੈਦੀਆਂ ਨੂੰ ਛੋਟ ਦੇਣ (Remission) ਉੱਤੇ ਹੀ ਰੋਕ ਲਾਈ ਸੀ ਜਦ ਕਿ ਕੇਂਦਰ ਸਰਕਾਰ ਉੱਪਰ ਕੋਈ ਰੋਕ ਨਹੀਂ ਹੈ ਅਤੇ ਨਾਲ ਹੀ ਭਾਰਤੀ ਸੰਵਿਧਾਨ ਦੀ ਧਾਰਾ 161 ਤਹਿਤ ਸਜ਼ਾ ਘਟਾਉਣ (Commute) ਜਾਂ ਮੁਅੱਤਲ ਕਰਨ (suspend) ਜਾਂ ਮੁਆਫ (pardon) ਕਰਕੇ ਰਿਹਾਅ ਕਰਨ ਉੱਤੇ ਕੋਈ ਰੋਕ ਨਹੀਂ ਲਗਾਈ ਹੈ ਇਸ ਲਈ ਸਪਸ਼ਟ ਹੈ ਕਿ ਰਾਹ ਬੰਦ ਨਹੀਂ ਹੈ, ਰਿਹਾਈਆਂ ਦੇ ਰਾਹ ਅਜੇ ਵੀ ਮੌਜੂਦ ਹਨ। ਹੋਰ ਸਪਸ਼ਟ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਕੇਵਲ ਛੋਟ ਦੇਣ ਉੱਪਰ ਰੋਕ ਲਗਾਈ ਹੈ ਪਰ ਜਿਹਨਾਂ ਨੇ 20 ਸਾਲ ਜਾਂ ਉਸ ਤੋਂ ਉੱਪਰ ਠੋਸ ਸਜ਼ਾ ਕੱਟ ਲਈ ਹੈ ਉਹਨਾਂ ਨੂੰ ਛੋਟ ਦੀ ਕੋਈ ਲੋੜ ਹੀ ਨਹੀਂ ਜਿਵੇ ਕਿ ਭਾਈ ਲਾਲ ਸਿੰਘ (ਨਾਭਾ ਜੇਲ੍ਹ) ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਬਾਜ਼ ਸਿੰਘ (ਤਿੰਨੋਂ ਅੰਮ੍ਰਿਤਸਰ ਜੇਲ੍ਹ), ਭਾਈ ਵਰਿਆਮ ਸਿੰਘ (ਬਾਂਸ-ਬਰੇਲੀ ਜੇਲ੍ਹ), ਭਾਈ ਸੁਬੇਗ ਸਿੰਘ (ਲੁਧਿਆਣਾ ਜੇਲ੍ਹ), ਭਾਈ ਨੰਦ ਸਿੰਘ (ਪਟਿਆਲਾ ਜੇਲ੍ਹ)।

ਜੇਕਰ ਸੁਪਰੀਮ ਕੋਰਟ ਨੇ ਉਮਰ ਕੈਦੀਆਂ ਦੀ ਰਿਹਾਈ ਉੱਤੇ ਰੋਕ ਹੀ ਲਗਾ ਦਿੱਤੀ ਹੈ ਤੇ ਕੋਈ ਹੋਰ ਰਾਸਤਾ ਹੈ ਹੀ ਨਹੀਂ ਤਾਂ ਪੰਜਾਬ ਦੇ ਮੁੱਖ ਮੰਤਰੀ ਖੁਦ ਹੀ ਸਪਸ਼ਟ ਕਰ ਦੇਣ ਕਿ ਉਨ੍ਹਾਂ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਜਿਨ੍ਹਾਂ 13 ਸਿੱਖ ਕੈਦੀਆਂ ਦੀ ਰਿਹਾਈ ਮੰਗੀ ਹੈ, ਉਹ ਕਿਸ ਅਧਾਰ ਉੱਤੇ ਮੰਗੀ ਹੈ?

ਪ੍ਰਸ਼ਨ-8. ਬੰਦੀ ਸਿੱਖ ਸਿਆਸੀ ਕੈਦੀਆਂ ਦੇ ਮਾਮਲੇ ਵਿਚ ਰਿਹਾਈ ਲਈ ਕੇਂਦਰ ਜਾਂ ਰਾਜ ਸਰਕਾਰਾਂ ਵਿੱਚੋਂ ਕੌਣ ਜ਼ਿੰਮੇਵਾਰ ਹੈ?

ਉੱਤਰ: ਉਮਰ ਕੈਦੀਆਂ ਦੇ ਮਾਮਲੇ ਵਿਚ ਰਿਹਾਈ ਦੇਣ ਲਈ ਉਹੀ ਰਾਜ ਸਰਕਾਰ ਜਾਂ ਯੂ. ਟੀ. ਸਰਕਾਰ ਜ਼ਿੰਮੇਵਾਰ ਹੁੰਦੀ ਹੈ ਜਿਸ ਦੇ ਅਧਿਕਾਰ ਵਿਚਲੀ ਅਦਾਲਤ ਨੇ ਕੈਦੀ ਨੂੰ ਸਜਾ ਸੁਣਾਈ ਹੁੰਦੀ ਹੈ।

ਇੰਝ ਪੰਜਾਬ ਵਿੱਚੋਂ ਸਜ਼ਾ ਪ੍ਰਾਪਤ ਚਾਰ ਸਿੱਖ ਬੰਦੀਆਂ, ਜਿਨ੍ਹਾਂ ਦਾ ਜ਼ਿਕਰ ਪਹਿਲਾਂ ਵੀ ਕੀਤਾ ਹੈ, ਦੀ ਰਿਹਾਈ ਪੰਜਾਬ ਸਰਕਾਰ ਵੀ ਕਰ ਸਕਦੀ ਹੈ।

ਪਰ ਸਮੁੱਚੇ ਰੂਪ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਸਿਆਸੀ ਫੈਸਲਾ ਲੈ ਕੇ ਧਾਰਾ 72 ਤਹਿਤ ਭਾਰਤੀ ਰਾਸ਼ਰਟਪਤੀ ਦੀ ਮੋਹਰ ਨਾਲ ਉਨ੍ਹਾਂ ਦੀ ਰਿਹਾਈ ਕਰ ਸਕਦੀ ਹੈ।

ਪ੍ਰਸ਼ਨ-9. ਤੁਸੀਂ ਕੇਂਦਰ ਸਰਕਾਰ ਵੱਲੋਂ ਸਿਆਸੀ ਤੌਰ ਉੱਤੇ ਲਏ ਜਾਣ ਵਾਲੇ ਫੈਸਲਿਆਂ ਦੀ ਗੱਲ ਕਰ ਰਹੇ ਹੋ, ਕੀ ਇਸ ਦੀ ਮਿਸਾਲ ਦੇ ਸਕਦੇ ਹੋ ?

ਉੱਤਰ: ਇਸ ਦੀ ਸਭ ਤੋਂ ਵੱਡੀ ਮਿਸਾਲ ਤਾਂ ਇਹ ਹੈ ਕਿ ਮੌਲਾਨਾ ਮਸੂਦ ਅਜ਼ਹਰ, ਮੁਸ਼ਤਾਕ ਅਹਿਮਦ ਜਰਗਰ, ਅਹਿਮਦ ਉਮਰ ਸਯਦ ਸ਼ੇਖ, ਨੂੰ ਚੱਲਦੇ ਮੁਕੱਦਮਿਆਂ ਦੌਰਾਨ ਹੀ ਭਾਰਤ ਸਰਕਾਰ ਨੇ ਰਿਹਾਅ ਕਰ ਦਿੱਤਾ ਸੀ ਤੇ ਭਾਰਤ ਦਾ ਤਤਕਾਲੀ ਵਿਦੇਸ਼ ਮੰਤਰੀ, ਆਪ ਉਨ੍ਹਾਂ ਨੂੰ ਦੇਸ਼ ਤੋਂ ਬਾਹਰ ਛੱਡ ਕੇ ਆਇਆ ਸੀ।

ਇਸ ਤੋਂ ਇਲਾਵਾ ਨਾਗਾਲੈਂਡ ਦੀ ਹਥਿਆਰਬੰਦ ਫੌਜ ਨੈਸ਼ਨਲ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ (ਐਨ. ਐਸ. ਸੀ. ਐਨ. – ਆਈ. ਐਮ.) ਨੂੰ ਦਿੱਤੀ ਰਿਆਇਤ ਦੇ ਮਾਮਲੇ ਜਿਹੀਆਂ ਵੱਡੀਆਂ ਮਿਸਾਲਾਂ ਵੀ ਮੌਜ਼ੂਦ ਹਨ।

ਪ੍ਰਸ਼ਨ- 10. ਕੀ ਕਦੇ ਸੂਬਾ ਸਰਕਾਰਾਂ ਨੇ ਵੀ ਅਜਿਹੇ ਸਿਆਸੀ ਫੈਸਲੇ ਲਏ ਹਨ ?

ਉੱਤਰ: ਹਾਂ, ਜੀ ਬਹੁਤ ਵਾਰ। ਮਿਸਾਲ ਦੇ ਤੌਰ ਉੱਤੇ 2012 ਵਿਚ ਯੂ. ਪੀ. ਦੀ ਅਖਿਲੇਸ਼ ਯਾਦਵ ਸਰਕਾਰ ਨੇ 2007 ਦੇ ਲਖਨਊ, ਵਾਰਾਨਸੀ ਤੇ ਫੈਜ਼ਾਬਾਦ ਬੰਬ ਧਮਾਕਿਆਂ ਦੇ ਕੇਸ ਵਿਚ ਨਾਮਜ਼ਦ ਕੀਤੇ ਗਏ 16 ਵਿਅਕਤੀਆਂ ਨੂੰ ਮੁਕੱਦਮੇ ਵਾਪਸ ਲੈ ਕੇ ਰਿਹਾਅ ਕੀਤਾ ਸੀ।

ਬੀਤੇ ਦਿਨੀਂ ਮਹਾਂਰਾਸ਼ਟਰ ਦੀ ਭਾਜਪਾ ਸਰਕਾਰ ਨੇ ਵੀ ਮੰਤਰੀ ਮੰਡਲ ਦੀ ਮੀਟਿੰਗ ਕਰ ਕੇ ਮਈ 2005 ਤੋਂ ਨਵੰਬਰ 2014 ਤੱਕ ਸਿਆਸੀ ਕਾਰਕੁੰਨਾਂ ਉੱਤੇ ਦਰਜ਼ ਹੋਏ ਮਾਮਲਿਆਂ ਨੂੰ ਖਾਰਜ਼ ਕਰਨ ਦਾ ਫੈਸਲਾ ਕੀਤਾ ਹੈ।

ਪ੍ਰਸ਼ਨ-11. ਕੀ ਪੰਜਾਬ ਵਿਚ ਵੀ ਇਸ ਤਰ੍ਹਾਂ ਦੇ ਸਿਆਸੀ ਫੈਸਲੇ ਦੀ ਕੋਈ ਮਿਸਾਲ ਹੈ ?

ਉੱਤਰ: ਹਾਂ ਜੀ। 1986 ਵਿਚ ਪੰਜਾਬ ਦੀ ਬਰਨਾਲਾ ਸਰਕਾਰ ਵੱਲੋਂ ਜਸਟਿਸ ਬੈਂਸ ਕਮਿਸ਼ਨ ਬਣਾਇਆ ਗਿਆ ਸੀ ਜਿਸ ਨੇ ਪੰਜਾਬ ਦੀਆਂ ਜੇਲ੍ਹਾਂ ਵਿਚ ਜਾ ਕੇ ਕਰੀਬ ਤਿੰਨ ਹਜ਼ਾਰ ਵਿਅਕਤੀਆਂ ਨੂੰ ਰਿਹਾਈ ਦਿੱਤੀ ਸੀ।

ਪ੍ਰਸ਼ਨ-12. ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਫੌਰੀ ਤੌਰ ਉੱਤੇ ਪੰਜਾਬ ਸਰਕਾਰ ਕੀ ਕਰ ਸਕਦੀ ਹੈ ?

ਉੱਤਰ: ਬਾਜ ਸਿੰਘ, ਹਰਦੀਪ ਸਿੰਘ (ਕੇਂਦਰੀ ਜੇਲ੍ਹ, ਅੰਮ੍ਰਿਤਸਰ) ਅਤੇ ਸਰਵਣ ਸਿੰਘ ਤੇ ਦਿਲਬਾਗ ਸਿੰਘ (ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ) ਚਾਰ ਅਜਿਹੇ ਸਿੱਖ ਸਿਆਸੀ ਬੰਦੀ ਹਨ ਜਿਹਨਾਂ ਦੇ ਮਾਮਲੇ ਪੰਜਾਬ ਨਾਲ ਸੰਬੰਧਿਤ ਹਨ। ਪੰਜਾਬ ਸਰਕਾਰ ਉਨ੍ਹਾਂ ਨੂੰ ਪੱਕੀ ਰਿਹਾਈ ਦੇ ਸਕਦੀ ਹੈ।

ਪੰਜਾਬ ਦੀ ਅਦਾਲਤ ਵੱਲੋਂ ਸਜ਼ਾ ਪ੍ਰਾਪਤ ਸਿੱਖ ਬਜ਼ੁਰਗਾਂ ਹਰਭਜਨ ਸਿੰਘ (86 ਸਾਲ), ਅਵਤਾਰ ਸਿੰਘ (78 ਸਾਲ), ਸੇਵਾ ਸਿੰਘ (75 ਸਾਲ), ਮੋਹਨ ਸਿੰਘ (74 ਸਾਲ), ਗੁਰਜੰਟ ਸਿੰਘ (73 ਸਾਲ) ਮਾਨ ਸਿੰਘ (71 ਸਾਲ) ਸਰੂਪ ਸਿੰਘ (66 ਸਾਲ) ਅਤੇ ਬਲਵਿੰਦਰ ਸਿੰਘ (63 ਸਾਲ) ਬਾਰੇ ਪੰਜਾਬ ਸਰਕਾਰ ਫੈਸਲਾ ਲੈ ਕੇ ਉਨ੍ਹਾਂ ਦੀ ਪੱਕੀ ਰਿਹਾਈ ਕਰ ਸਕਦੀ ਹੈ। ਅਜਿਹੇ ਫੈਸਲੇ ਤਹਿਤ ਹੋਰਨਾਂ ਬਜ਼ੁਰਗ ਕੈਦੀਆਂ ਦੇ ਮਾਮਲੇ ਵੀ ਪੰਜਾਬ ਸਰਕਾਰ ਵਿਚਾਰ ਕੇ ਉਨ੍ਹਾਂ ਨੂੰ ਵੀ ਰਿਹਾਅ ਕਰ ਸਕਦੀ ਹੈ।

ਦੂਜੇ ਸੂਬਿਆਂ ਦੀਆਂ ਅਦਾਲਤਾਂ ਤੋਂ ਸਜਾ ਪ੍ਰਾਪਤ ਪਰ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦੀ ਸਿੱਖ ਬੰਦੀਆਂ ਨੂੰ ਇਕ ਤਾਂ ਪੰਜਾਬ ਸਰਕਾਰ ਪੈਰੋਲ/ਫਰਲੋ ਦੇ ਸਕਦੀ ਹੈ ਜਿਸ ਨੂੰ ਸਮੇਂ-ਸਮੇਂ ’ਤੇ ਵਧਾਇਆ ਜਾ ਸਕਦਾ ਹੈ, ਪੰਜਾਬ ਸਰਕਾਰ ਉਮਰ ਕੈਦੀਆਂ ਨੂੰ ਮੁਆਫੀ ਦੇ ਕੇ ਜਾਂ ਸਜ਼ਾ ਬਦਲ ਕੇ ਜਾਂ ਮੁਅੱਤਲ ਕਰਕੇ ਰਿਹਾਅ ਕਰ ਸਕਦੀ ਹੈ।

ਪ੍ਰਸ਼ਨ-13. ਜੇਕਰ ਸਿੱਖ ਬੰਦੀ ਉਮਰ ਕੈਦ ਦੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਹਨ ਤਾਂ ਫਿਰ ਉਨ੍ਹਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ ?

ਉੱਤਰ: ਉਂਝ ਤਾਂ ਇਹ ਸਵਾਲ ਸੰਬੰਧਤ ਸਰਕਾਰਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਪਰ ਸਾਡੀ ਸਮਝ ਮੁਤਾਬਕ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਦੇ ਦੋ ਹੀ ਕਾਰਨ ਹੋ ਸਕਦੇ ਹਨ: ਜਾਂ ਤਾਂ ਸੰਬੰਧਤ ਸਰਕਾਰਾਂ ਵਿਚ ਸਿਆਸੀ ਇੱਛਾਸ਼ਕਤੀ ਦੀ ਘਾਟ ਹੈ ਤੇ ਜਾਂ ਫਿਰ ਦੋਹਰੇ ਕਾਨੂੰਨੀ ਮਾਪਦੰਡ ਅਪਨਾਅ ਕੇ ਇਨ੍ਹਾਂ ਬੰਦੀ ਸਿੰਘਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਹ ਗੱਲ ਸਪਸ਼ਟ ਹੈ ਕਿ ਉਮਰ ਕੈਦ ਦੀਆਂ ਸ਼ਰਤਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਵਿਚ ਕਾਨੂੰਨੀ ਜਾਂ ਸੰਵਿਧਾਨਕ ਅੜਿੱਕਾ ਨਹੀਂ ਹੈ।

ਜਾਰੀ ਕਰਤਾ: ਐਡਵੋਕੇਟ ਜਸਪਾਲ ਸਿੰਘ ਮੰਝਪੁਰ,

ਜਿਲ੍ਹਾ ਕਚਹਿਰੀਆਂ, ਲੁਧਿਆਣਾ, 98554-01843

Most Viewed Posts