34.2 C
Jalandhar
Wednesday, April 22, 2026
spot_img
Home Blog Page 159

ਕੇਸਾਂ ਦੀ ਮਹੱਹਤਾ

0

ਕੇਸਾਂ ਦੀ ਮਹੱਹਤਾ

ਪ੍ਰਭਦਿਆਲ ਸਿੰਘ (ਸੁਨਾਮ) 94638-65060

ਚਮਕੌਰ ਦੀ ਗੜ੍ਹੀ ਤੋਂ ਜਦ ਗੁਰੂ ਸਾਹਿਬ ਨੇ ਸਿੰਘਾਂ ਦੇ ਹੁਕਮ ਨਾਲ ਨਿਕਲ ਜਾਣਾ ਮੰਨ ਲਿਆ ਤਾਂ ਉਹਨਾਂ ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਆਪਣੇ ਜੋੜੇ ਲਾਹ ਦਿੱਤੇ। ਸਿੱਖਾਂ ਨੇ ਬੇਨਤੀ ਕੀਤੀ ਕਿ ਠੰਡ ਬਹੁਤ ਹੈ, ਰਸਤਾ ਕੰਡਿਆਲਾ ਹੈ, ਇਸ ਲਈ ਕਿਰਪਾ ਕਰਕੇ ਜੋੜੇ ਪਾਈ ਰੱਖੋ। ਗੁਰੁ ਜੀ ਨੇ ਫ਼ੁਰਮਾਇਆ ਕਿ ਅੱਗੇ ਜੰਗ ਦੇ ਮੈਦਾਨ ਵਿੱਚ ਮੇਰੇ ਸੂਰਮੇ ਸ਼ਹੀਦਾਂ ਦੀਆਂ ਪਵਿਤਰ ਦੇਹਾਂ ਪਈਆਂ ਹੋਈਆਂ ਹਨ; ਜੰਗ ਕਰਦਿਆਂ, ਸੱਟਾਂ ਲਗਦਿਆਂ, ਡਿੱਗਦਿਆਂ ਕਈਆਂ ਦੇ ਦਸਤਾਰੇ ਉਤਰ ਗਏ ਹੋਣਗੇ ਅਤੇ ਰਾਤ ਦੇ ਹਨੇਰੇ ਵਿੱਚ ਹੋ ਸਕਦਾ ਹੈ ਅਣਜਾਣੇ ਵਿੱਚ ਕਿਸੇ ਸਿੰਘ ਦੇ ਕੇਸਾਂ ’ਤੇ ਮੇਰੀ ਜੁੱਤੀ ਰੱਖੀ ਜਾਵੇ ਤੇ ਇਸ ਤਰ੍ਹਾਂ ਮੈਂ ਉਨ੍ਹਾਂ ਪੁਨੀਤ ਸ਼ਹੀਦਾਂ ਦੇ ਪਾਵਨ ਰੋਮਾਂ ਦੀ ਬੇਅਦਬੀ ਕਰਨ ਦਾ ਭਾਗੀ ਬਣ ਸਕਦਾ ਹਾਂ। ਜਿਨ੍ਹਾਂ ਕੇਸਾਂ ਵਿੱਚ ਅੰਮਿ੍ਰਤ ਦੇ ਛਿੱਟੇ ਪਾ ਕੇ ਪਵਿੱਤਰ ਕੀਤਾ ਗਿਆ ਹੈ, ਉਨ੍ਹਾਂ ਨਾਲ ਜੁੱਤੀ ਛੂਹ ਜਾਵੇ, ਇਹ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਇਸ ਲਈ ਕੇਸਾਂ ਦੇ ਸਤਿਕਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਜੋੜੇ ਨਹੀਂ ਪਾਵਾਂਗਾ ਭਾਵੇਂ ਮੈਨੂੰ ਅਜਿਹਾ ਕਰਨ ਲਈ ਕਿਤਨੀ ਵੀ ਤਕਲੀਫ ਕਿਉਂ ਨਾ ਝੱਲਣੀ ਪਵੇ।

ਇੱਥੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਆਖ਼ਰ ਅਜਿਹੀ ਕਿਹੜੀ ਗੱਲ ਸੀ ਕਿ ਗੁਰੂ ਸਾਹਿਬ ਨੇ ਕੇਸਾਂ ਨੂੰ ਇੰਨਾ ਸਤਿਕਾਰ ਦਿੱਤਾ। ਉਹ ਕਿਹੜੀ ਸੋਚ ਸੀ ਕਿ ਕੇਸਾਂ ਨੂੰ ਇੰਨੀ ਮਾਨਤਾ ਦਿੱਤੀ ਕਿ ਪੰਜਾਂ ਕਕਾਰਾਂ ਵਿੱਚ ਕੇਸਾਂ ਨੂੰ ਪਹਿਲਾ ਸਥਾਨ ਦਿੱਤਾ ਗਿਆ ਅਤੇ ਖਾਲਸੇ ਦੀ ਜਨਮ ਭੂਮੀ ਨੂੰ ਵੀ ਕੇਸਗੜ੍ਹ ਸਾਹਿਬ ਦਾ ਨਾਂ ਦਿੱਤਾ ਗਿਆ। ਇਸ ਸਵਾਲ ਦੇ ਜਵਾਬ ਲਈ ਸਾਨੂੰ ਗੁਰੂ ਸਾਹਿਬਾਂ ਦੀ ਵਿਗਿਆਨਕ ਤੇ ਦੀਰਘ ਕਾਲੀ ਸੋਚ ਬਾਰੇ ਵਿਚਾਰ ਕਰਨ ਦੀ ਲੋੜ ਹੈ। ਗੁਰੂ ਨਾਨਕ ਪਾਤਸ਼ਾਹੀ ਨੇ ‘ਜਪੁ’ ਜੀ ਸਾਹਿਬ ਦੀ ਬਾਣੀ ਵਿੱਚ ‘‘ਧਰਤੀ ਹੋਰੁ, ਪਰੇ ਹੋਰੁ ਹੋਰੁ॥’’ ਅਤੇ ‘‘ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ॥’’ ਦੀ ਗੱਲ ਕੀਤੀ ਗਈ ਹੈ। ਵਿਗਿਆਨ ਨੇ ਅਨੇਕਾਂ ਸਾਲਾਂ ਬਾਅਦ ਆਪਣੀਆਂ ਖੋਜਾਂ ਦੁਆਰਾ ਸਿੱਧ ਕੀਤਾ ਕਿ ਇਸ ਧਰਤੀ ਤੋਂ ਇਲਾਵਾ ਹੋਰ ਅਨੇਕਾਂ ਧਰਤੀਆਂ ਬ੍ਰਹਮੰਡ ਵਿੱਚ ਮੋਜੂਦ ਹਨ। ਗੁਰੁ ਨਾਨਕ ਪਾਤਸ਼ਾਹ ਨੇ ਆਸਾ ਕੀ ਵਾਰ ਵਿੱਚ ਲਿਖਿਆ ‘‘ਭੈ ਵਿਚਿ ਸੂਰਜੁ, ਭੈ ਵਿਚਿ ਚੰਦੁ॥ ਕੋਹ ਕਰੋੜੀ, ਚਲਤ ਨ ਅੰਤੁ॥’’ ਭਾਵ ਇਹ ਕਿ ਪਰਮੇਸ਼ਰ ਦੇ ਭੈ ਵਿੱਚ ਚੰਦ੍ਰਮਾ ਅਤੇ ਸੂਰਜ ਵੀ ਚੱਲ ਰਹੇ ਹਨ ਅਤੇ ਕ੍ਰੋੜਾਂ ਮੀਲਾਂ ਦਾ ਬੇਰੋਕ ਸਫਰ ਕਰ ਰਹੇ ਹਨ। ਇਸ ਗੱਲ ਨੂੰ ਵੀ ਵਿਗਿਆਨ ਨੇ ਆਪਣੀਆਂ ਖੋਜਾਂ ਰਾਹੀਂ ਜਾਣਿਆ। ਗੁਰੁ ਸਾਹਿਬ ਨੇ ਬਾਣੀ ਵਿੱਚ ਫੁਰਮਾਇਆ ‘‘ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲੁ ਹੋਇ॥ ਜਲ ਤੇ ਤਿ੍ਰਭਵਨ ਸਾਜਿਆ, ਘਟਿ ਘਟਿ ਜੋਤਿ ਸਮੋਇ॥’’ ਭਾਵ ਇਹ ਕਿ ਸੱਚੇ ਪਰਮਾਤਮਾ ਤੋਂ ਹਵਾ ਹੋਈ ਤੇ ਹਵਾ ਤੋਂ ਪਾਣੀ ਬਣਿਆ। ਪਾਣੀ ਤੋਂ ਤਿੰਨੇ ਜਹਾਨ ਪੈਦਾ ਹੋਏ ਤੇ ਹਰ ਦਿਲ ਅੰਦਰ ਉਸ ਨੇ ਆਪਣਾ ਨੂਰ ਪਾਇਆ। ਇਹਨਾਂ ਵਿਚਾਰਾਂ ਨੂੰ ਵੀ ਵਿਗਿਆਨ ਮੰਨਦੀ ਹੈ ਕਿ ਧਰਤੀ ਪਹਿਲਾਂ ਗੈਸਾਂ (ਹਵਾ, ਪਵਨ) ਦਾ ਗੋਲਾ ਸੀ। ਫਿਰ ਪਾਣੀ ਦੋ ਗੈਸਾਂ ਆਕਸੀਜਨ ਤੇ ਹਾਈਡ੍ਰੋਜਨ ਤੋਂ ਬਣਿਆ ਹੈ। ਇਸ ਸਾਰੀ ਵਿਚਾਰ ਦਾ ਉਦੇਸ਼ ਇਹ ਸਮਝਣਾ ਸੀ ਕਿ ਸਾਡੇ ਗੁਰੂ ਸਾਹਿਬਾਂ ਦੀ ਸੋਚ ਆਪਣੇ ਸਮੇਂ ਤੋਂ ਬਹੁਤ ਅੱਗੇ ਦੀ ਸੀ ਅਤੇ ਇਸ ਨੂੰ ਵਿਗਿਆਨ ਨੇ ਵੀ ਮੰਨਿਆ ਹੈ। ਗੁਰੂ ਸਾਹਿਬਾਂ ਦੇ ਹੋਰ ਅਨੇਕਾਂ ਸੰਕੇਤਾਂ ’ਤੇ ਅੱਜ ਦੁਨੀਆਂ ਦੇ ਵਿਗਿਆਨੀ ਖੋਜਾਂ ਕਰਕੇ ਸੇਧ ਪ੍ਰਾਪਤ ਕਰ ਰਹੇ ਹਨ।

ਇਸ ਲਈ ਜੇਕਰ ਗੁਰੂ ਸਾਹਿਬਾਂ ਨੇ ਕੇਸਾਂ ਨੂੰ ਇੰਨਾ ਜ਼ਿਆਦਾ ਸਤਿਕਾਰ ਦਿੱਤਾ ਹੈ ਤਾਂ ਉਸ ਪਿਛੇ ਵੀ ਕੋਈ ਮਹਾਨ ਸੋਚ ਕੰਮ ਕਰ ਰਹੀ ਹੋਵੇਗੀ। ਹੁਣ ਅਸੀਂ ਇਸ ਗੱਲ ’ਤੇ ਥੋੜੀ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਖੋਜਾਂ ਦੁਆਰਾ ਇਹ ਸਿੱਧ ਹੋ ਚੁਕਿਆ ਹੈ ਕਿ ਸਿਰ ਦੇ ਵਾਲ ਜਿਤਨੇ ਲੰਮੇ ਹੋਣਗੇ ਉਨ੍ਹਾਂ ਵਿਚਲਾ ਤੇਲ ਸੂਰਜੀ ਸ਼ਕਤੀ ਦੇ ਅਮਲ ਨਾਲ ਉਤਨਾ ਹੀ ਵੱਧ ਵਿਟਾਮਿਨ ਡੀ ਪੈਦਾ ਕਰੇਗਾ ਜੋ ਮਨੁੱਖ ਦੀਆਂ ਹੱਡੀਆਂ ਤੇ ਦੰਦਾਂ ਦੀ ਮਜ਼ਬੂਤੀ ਲਈ ਬਹੁਤ ਜਰੂਰੀ ਹੈ। ਸੂਰਜੀ ਸ਼ਕਤੀ ਦਾ ਕੇਂਦਰ ਬਿੰਦੂ ਸਿਰ ਦੀ ਚੋਟੀ ਨੂੰ ਮੰਨਿਆ ਗਿਆ ਹੈ ਉਸੇ ਤਰ੍ਹਾਂ ਚੰਦ੍ਰਮਾ ਦੀ ਸ਼ਕਤੀ ਦਾ ਕੇਂਦਰ ਬਿੰਦੂ ਠੋਡੀ ਨੂੰ ਸਮਝਿਆ ਜਾਂਦਾ ਹੈ। ਇਸ ਲਈ ਸਿਰ ਦੇ ਵਾਲ ਸੂਰਜ ਤੋਂ ਸ਼ਕਤੀ ਗ੍ਰਹਿਣ ਕਰਕੇ ਸਿਰ ਨੂੰ ਦਿੰਦੇ ਹਨ ਤੇ ਦਾਹੜੀ ਦੇ ਰੋਮ ਚੰਦ੍ਰਮਾ ਦੀ ਸ਼ਕਤੀ ਨੂੰ ਸਰੀਰ ਵਿੱਚ ਲਿਆਉਂਦੇ ਹਨ। ਇਹ ਵਾਤਾਵਰਨ ਵਿੱਚ ਭਰੀਆਂ ਨੁਕਸਾਨਦੇਹ ਤਰੰਗਾਂ ਆਦਿ ਨੂੰ ਦਿਮਾਗ ਵਿੱਚ ਜਾਣ ਤੋਂ ਰੋਕਦੇ ਹਨ ਜਿਸ ਦੇ ਫਲਸਰੂਪ ਗਮਗੀਨ, ਅਧਿਕ ਭਾਵੁਕਤਾ ਤੇ ਮਾਨਸਿਕ ਬਿਖੜੇਪਨ ਨੂੰ ਠੱਲ ਪੈਂਦੀ ਹੈ ਅਤੇ ਦਲੇਰੀ, ਖੁਸ਼ ਤਬੀਅਤ ਤੇ ਚੜ੍ਹਦੀਕਲਾ ਵਰਗੇ ਗੁਣ ਪੈਦਾ ਹੁੰਦੇ ਹਨ।

ਕੇਸਾਂ ਉੱਤੇ ਖੋਜ ਕਰਨ ਵਾਲਿਆਂ ਨੇ ਇਸ ਤੱਥ ਨੂੰ ਸਵੀਕਾਰ ਕੀਤਾ ਹੈ ਕਿ ਕੇਸ ਅਜਿਹੇ ਮੈਟੀਰੀਅਲ ਦੇ ਬਣੇ ਹਨ ਜਿਸ ਵਿੱਚ ਸਰੀਰ ਨੂੰ ਗਰਮੀ ਅਤੇ ਸਰਦੀ ਦੋਹਾਂ ਤੋਂ ਬਚਾ ਕੇ ਰੱਖਣ ਦੀ ਸ਼ਕਤੀ ਮੌਜੂਦ ਹੈ। ਕੇਸਾਂ ਨੂੰ ਸਰੀਰ ਵਿੱਚ ਗਰਮੀ ਤੇ ਸਰਦੀ ਲੈ ਜਾਣ ਦਾ ਸੁਚਾਲਕ ਕਿਹਾ ਜਾਂਦਾ ਹੈ। ਸਰਦੀ ਦੇ ਮੌਸਮ ਵਿੱਚ ਕੇਸ ਸਰੀਰ ਨੂੰ ਵਿਸ਼ੇਸ਼ ਕਰ ਦਿਮਾਗ ਨੂੰ ਗਰਮ ਰੱਖਣ ਲਈ ਕਾਰਜ ਕਰਨ ਲੱਗ ਜਾਂਦੇ ਹਨ ਅਤੇ ਗਰਮੀਆਂ ਵਿੱਚ ਇਹ ਕਿਰਿਆ ਉਲਟ ਹੋ ਜਾਂਦੀ ਹੈ ਜੋ ਕਿ ਹੈਰਾਨੀਜਨਕ ਵੀ ਹੈ। ਇਸ ਤੋਂ ਇਲਾਵਾ ਕੇਸ ਦਿਮਾਗ ਨੂੰ ਠੰਡਾ ਰੱਖਦੇ ਹਨ ਤੇ ਖੂਨ ਦੇ ਦੌਰੇ ਨੂੰ ਸੰਤੁਲਨ ਰੱਖਣ ਵਿੱਚ ਵੀ ਮਦਦ ਕਰਦੇ ਹਨ। ਇਕ ਲਬਾਰਟਰੀ ਅਨੁਮਾਨ ਅਨੁਸਾਰ ਪੰਜਾਹ ਗ੍ਰਾਮ ਮਨੁੱਖੀ ਵਾਲ ਕੱਟਣ ਨਾਲ ਅਸੀਂ ਇੱਕ ਗ੍ਰਾਮ ਟਰੇਸ ਧਾਤਾਂ ਜ਼ਾਇਆ ਕਰ ਦੇਂਦੇ ਹਾਂ ਜਿਨ੍ਹਾਂ ਵਿੱਚ ਸ਼ੱਕਰ ਦੀ ਭੈੜੀ ਬਿਮਾਰੀ ਨੂੰ ਠੱਲ੍ਹ ਪਾਉਣ ਅਤੇ ਅੱਗ ਦੇ ਸਾੜ ਨੂੰ ਖ਼ਤਮ ਕਰਨ ਦੀ ਪੂਰੀ ਪੂਰੀ ਸਮਰੱਥਾ ਹੁੰਦੀ ਹੈ। ਯਾਦ ਰਹੇ ਕਿ ਕੇਸ ਆਪਣੇ ਆਕਾਰ ਦੀ ਉੱਨਤੀ ਲਈ ਸਰੀਰ ਵਿੱਚੋਂ ਪ੍ਰੋਟੀਨ ਦੀ ਮਾਤ੍ਰਾ ਨੂੰ ਨਿਰੰਤਰ ਇਸਤੇਮਾਲ ਕਰਦੇ ਰਹਿੰਦੇ ਹਨ, ਜੋ ਕਿ ਕਿਸੇ ਸੀਮਤ ਸੀਮਾ ਤੱਕ ਵਾਲਾਂ ਦੇ ਵਧਣ (ਫੁੱਲਣ) ਉਪਰੰਤ ਵਾਲ ਸਰੀਰ ਵਿੱਚੋਂ ਨਿਰੰਤਰ ਲਈ ਜਾ ਰਹੀ ਪ੍ਰੋਟੀਨ ਮਾਤ੍ਰਾ ਨੂੰ ਬਹੁਤ ਹੱਦ ਤੱਕ ਲੈਣਾ ਬੰਦ ਕਰ ਦਿੰਦੇ ਹਨ ਪਰ ਵਾਰ-ਵਾਰ ਵਾਲਾਂ ਦੇ ਕੱਟਣ ਨਾਲ ਸਰੀਰ ਵਿੱਚੋਂ ਖਰਚ ਹੋ ਰਹੀ ਪ੍ਰੋਟੀਨ ਨਿਰੰਤਰ ਜਾਰੀ ਰਹਿੰਦੀ ਹੈ, ਜਿਸ ਕਾਰਨ ਸਰੀਰ ਜਲਦੀ ਕਮਜ਼ੋਰ ਹੋ ਜਾਂਦਾ ਹੈ।

ਜਿਹੜੇ ਸੱਜਣ ਕੇਸ ਕਟਵਾਉਂਦੇ ਰਹਿੰਦੇ ਹਨ ਉਹ ਨਾ-ਸਮਝੀ ਕਾਰਨ ਹੀ ਇਨ੍ਹਾਂ ਕੀਮਤੀ ਤੇ ਬਹੁਮੁਲੀਆਂ ਧਾਤਾਂ (ਪ੍ਰੋਟੀਨ) ਨੂੰ ਅਧਿਕ ਮਾਤ੍ਰਾ ’ਚ ਖ਼ਰਚ ਕਰਨ ਕਰਕੇ ਆਪਣੇ ਆਪ ਨੂੰ ਕਈ ਬਿਮਾਰੀਆਂ ਦੇ ਮੁਕਾਬਲੇ ਕਮਜ਼ੋਰ ਬਣਾ ਰਹੇ ਹੁੰਦੇ ਹਨ। ਇੱਕ ਵਿਗਿਆਨੀ ਰੇਨੋਲਡ ਅਨੁਸਾਰ ਉਨ੍ਹਾਂ ਲੋਕਾਂ ਦੇ ਦੰਦ ਜਲਦੀ ਗਿਰ ਜਾਂਦੇ ਹਨ ਜਿਹੜੇ ਕੇਸ ਨਹੀਂ ਰੱਖਦੇ। ਡਾ. ਚੰਦਾ ਸਿੰਘ ਦੀ ਖੋਜ ਅਨੁਸਾਰ ਕੇਸਾਂ ਦਾ ਪ੍ਰਭਾਵ ਦੰਦਾਂ ਦੇ ਨਾਲ ਨਾਲ ਕੱਦ-ਕਾਠ ਅਤੇ ਛਾਤੀ ਦੇ ਵਿਕਾਸ ’ਤੇ ਵੀ ਅਸਰ ਪੈਂਦਾ ਹੈ। ਜੇਕਰ ਅਸੀਂ ਕੇਸਾਂ ਨੂੰ ਨਾ ਕੱਟੀਏ ਤਾਂ ਉਹ ਇਕ ਖਾਸ ਲੰਬਾਈ ’ਤੇ ਪਹੁੰਚਣ ਉਪਰੰਤ ਵਧਣੋਂ ਬੰਦ ਹੋ ਜਾਂਦੇ ਹਨ ਅਤੇ ਫਿਰ ਉਹਨਾਂ ਦੀ ਦੇਖ ਭਾਲ ਲਈ ਉਸ ਪ੍ਰੋਟੀਨ ਦਾ ਅੱਧਾ ਪ੍ਰਤੀਸ਼ਤ ਰੋਜ਼ ਖਰਚ ਹੁੰਦਾ ਹੈ ਜਿਹੜੀ ਅਸੀਂ ਸਾਰੇ ਦਿਨ ਵਿੱਚ ਵੱਖ ਵੱਖ ਖ਼ੁਰਾਕ ਖਾ ਕੇ ਸਰੀਰ ਵਿੱਚ ਲਿਜਾਂਦੇ ਹਾਂ। ਦੂਜੇ ਪਾਸੇ ਵਾਲ ਕੱਟਣ ਨਾਲ ਸਾਡੀ ਕਈ ਗੁਣਾਂ ਜਿਆਦਾ ਪ੍ਰੋਟੀਨ ਖਰਚ ਹੁੰਦੀ ਹੈ ਕਿਉਂਕਿ ਇਹ ਆਮ ਕਰਕੇ ਨਵੇਂ ਵਾਲ ਉਗਾਉਣ ਵਿੱਚ ਹੀ ਨਸ਼ਟ ਹੁੰਦੀ ਰਹਿੰਦੀ ਹੈ। ਪਰਮਾਤਮਾ ਦੁਆਰਾ ਬਖ਼ਸ਼ਸ਼ ਕੀਤੇ ਕੇਸਾਂ ਦੀ ਸਰੀਰ ਪ੍ਰਤੀ ਬਹੁ ਪੱਖੀ ਮਹੱਤਤਾ ਨੂੰ ਦੇਖਦਿਆਂ ਹੋਇਆਂ ਇਨ੍ਹਾਂ ਦੀ ਉਪਜ ਨੂੰ ਨਿਰਵਿਘਨ ਬਣਾਈ ਰੱਖਣ ਲਈ ਸਰੀਰ ਵਿੱਚ ਬੜੇ ਸ਼ਕਤੀਸ਼ਾਲੀ ਸਿਸਟਮ ਪੈਦਾ ਕੀਤੇ ਹੋਏ ਹਨ ਜਿਹੜੇ ਮਨੁੱਖ ਦੀ ਮੌਤ ਤੱਕ ਨਿਰਵਿਘਨ ਚਲਦੇ ਰਹਿੰਦੇ ਹਨ।

ਮਨੁੱਖਾ ਸਰੀਰ ਦੇ ਵਿੱਚ ਹਰ ਅੰਗ ਜਰੂਰੀ ਹੈ ਫਿਰ ਮਨੁੱਖ ਨੇ ਇਹ ਕਿਵੇਂ ਸੋਚ ਲਿਆ ਕਿ ਕੇਸ ਗੈਰ-ਜਰੂਰੀ ਹਨ। ਪਰਮੇਸ਼ਰ ਨੇ ਜੇਕਰ ਕੇਸ ਦਿੱਤੇ ਹਨ ਤਾਂ ਇਹ ਕਿਸੇ ਪ੍ਰਕਾਰ ਵੀ ਗੈਰ-ਜਰੂਰੀ ਨਹੀਂ ਹੋ ਸਕਦੇ । ਕੁਝ ਲੋਕ ਇਹ ਤਰਕ ਦਿੰਦੇ ਹਨ ਕਿ ਕੇਸ ਬੇਜਾਨ ਹਨ ਪਰ ਇਹ ਵੀ ਸਿੱਧ ਕੀਤਾ ਜਾ ਚੁੱਕਾ ਹੈ ਕਿ ਕੇਸਾਂ ਵਿੱਚ ਵੀ ਬਾਕੀ ਅੰਗਾਂ ਦੀ ਤਰ੍ਹਾਂ ਹੀ ਜਾਨ ਹੁੰਦੀ ਹੈ। ਕੇਸਾਂ ਵਿੱਚ ਵਾਧਾ ਹੁੰਦਾ ਹੈ, ਕੇਸਾਂ ਦੇ ਰੰਗਾਂ ’ਚ ਤਬਦੀਲੀ ਹੁੰਦੀ ਰਹਿੰਦੀ ਹੈ, ਇਸ ਤੋਂ ਸਿੱਧ ਹੁੰਦਾ ਹੈ ਕਿ ਇਹ ਬੇਜਾਨ ਨਹੀਂ ਹਨ।

ਜਦੋਂ ਮਨੁੱਖ ਨੂੰ ਬਹੁਤੀ ਠੰਡ ਲੱਗਦੀ ਹੈ ਜਾਂ ਮਨੁੱਖ ਡਰ ਦੀ ਸਥਿਤੀ ਵਿੱਚ ਹੁੰਦਾ ਹੈ ਤਾਂ ਉਸ ਦੇ ਰੋਮ ਖੜ੍ਹੇ ਹੋ ਜਾਂਦੇ ਹਨ ਜਿਸ ਨੂੰ ਅਸੀਂ ਲੂੰ ਕੰਡੇ ਖੜ੍ਹੇ ਹੋਣਾ ਕਹਿੰਦੇ ਹਾਂ। ਇਸ ਤੋਂ ਵੀ ਸਿੱਧ ਹੋਇਆ ਕਿ ਇਹ ਬੇਜਾਨ ਨਹੀਂ ਹਨ। ਸਗੋਂ ਸਾਡੇ ਰੋਮ (ਕੇਸ) ਖੜ੍ਹੇ ਹੋ ਕੇ ਵਾਤਾਵਰਣ ਵਿੱਚੋਂ ਊਰਜਾ ਲੈ ਕੇ ਸਰੀਰ ਨੂੰ ਉਸ ਸਥਿਤੀ ਦਾ ਮੁਕਾਬਲਾ ਕਰਨ ਲਈ ਸ਼ਕਤੀ ਪ੍ਰਦਾਨ ਕਰਦੇ ਹਨ। ਇਸ ਲਈ ਕੇਸ ਸਾਡੇ ਸਰੀਰ ਦਾ ਇੱਕ ਬਹੁਤ ਹੀ ਜਰੂਰੀ ਹਿੱਸਾ ਹਨ।

ਸਿੱਖ ਕੌਮ ਵਿੱਚ ਕੇਸਾਂ ਨੂੰ ‘ਕੇਸ ਗੁਰੂ ਕੀ ਮੋਹਰ’ ਕਹਿ ਕੇ ਬਿਆਨਿਆ ਗਿਆ ਹੈ ਭਾਵ ਕੇਸਾਧਾਰੀ ਸਿੱਖ ਉਸੇ ਤਰ੍ਹਾਂ ਹੀ ਗੁਰੂ ਵੱਲੋਂ ਪ੍ਰਵਾਨਿਤ ਹਨ ਜਿਵੇਂ ਕੋਈ ਅਫਸਰ ਕਿਸੇ ਕਾਗਜ਼ ’ਤੇ ਆਪਣੀ ਮੋਹਰ ਲਗਾ ਕੇ ਉਸ ਨੂੰ ਮਾਨਤਾ ਦਿੰਦਾ ਹੈ। ਕੇਸਾਂ ਦੇ ਸਤਿਕਾਰ ਬਦਲੇ ਲੱਖਾਂ ਹੀ ਸਿੰਘ, ਸਿੰਘਣੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਕੇਸ ਸਿੱਖ ਦੀ ਵੱਖਰੀ ਪਹਿਚਾਣ, ਵੱਖਰੀ ਹੋਂਦ ਦੀ ਨਿਸ਼ਾਨੀ ਹਨ। ਕੇਸਾਧਾਰੀ ਸਿੱਖ ਕਦੇ ਵੀ ਕਿਸੇ ਭੀੜ ਦਾ ਹਿੱਸਾ ਨਹੀਂ ਬਣਦਾ ਅਤੇ ਕਰੋੜਾਂ ਵਿੱਚੋਂ ਵੀ ਵੱਖਰਾ ਪਹਿਚਾਣਿਆ ਜਾਂਦਾ ਹੈ। ਗੁਰੂ ਅਰਜੁਨ ਸਾਹਿਬ ਜੀ ਦਾ ਇਹ ਫ਼ੁਰਮਾਨ ਕਿ ‘‘ਸਾਬਤ ਸੂਰਤਿ ਦਸਤਾਰ ਸਿਰਾ ॥’’ (ਮ: ੫/੧੦੮੪) ਕੇਸਾਂ ਦੀ ਹੋਂਦ ਬਾਰੇ ਪ੍ਰਮਾਣਿਕਤਾ ਨੂੰ ਦਰਸਾਉਂਦਾ ਹੈ।

ਸਿੱਖੀ ਦੀ ਪਾਠਸ਼ਾਲਾ ਵਿੱਚ ਦਾਖਲ ਹੋਣ ਲਈ ਮੁਢਲੀ ਸ਼ਰਤ ‘ਸਾਬਤ ਸੂਰਤਿ’ ਰਹਿਣੀ ਹੈ। ‘ਸਾਬਤ ਸੂਰਤਿ’ ਤੋਂ ਭਾਵ ਇਹ ਹੈ ਕਿ ਆਪਣੇ ਸਰੀਰ ਆਪਣੀ ਸੂਰਤ ਨੂੰ ਉਸੇ ਤਰ੍ਹਾਂ ਦਾ ਰੱਖਣਾ ਜਿਸ ਤਰ੍ਹਾਂ ਦਾ ਪ੍ਰਮਾਤਮਾ ਨੇ ਬਣਾ ਕੇ ਭੇਜਿਆ ਹੈ। ਭਾਵੇਂ ਕੇਸ ਸਾਡੇ ਸਰੀਰ ਲਈ ਬਹੁਤ ਜਰੂਰੀ ਹਨ ਅਤੇ ਸਰੀਰ ਲਈ ਵੱਡਮੁੱਲਾ ਰੋਲ ਅਦਾ ਕਰਦੇ ਹਨ ਪਰ ਸਭ ਤੋਂ ਵੱਧ ਜਰੂਰੀ ਗੱਲ ਇਹ ਹੈ ਕਿ ਕੇਸਾਧਾਰੀ ਸਿੱਖ ਨੂੰ ਗੁਰੂ ਵੱਲੋਂ ਪਿਆਰ ਦੀ ਬਖਸ਼ਿਸ਼ ਹੁੰਦੀ ਹੈ ਅਤੇ ਇਸ ਬਖਸ਼ਿਸ਼ ਦੇ ਸਾਹਮਣੇ ਹੋਰ ਸਭ ਕੁਝ ਬੇਅਰਥ ਹੈ।

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸਨ ਜੀ

0

ਬਾਲਾ ਪ੍ਰੀਤਮ ਸ੍ਰੀ ਗੁਰੂ ਹਰਕ੍ਰਿਸਨ ਜੀ

ਸ. ਬਚਿੱਤਰ ਸਿੰਘ, ਬਠਿੰਡਾ-4641-25868

ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏ ਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦਿ੍ਰੜ੍ਹਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਉਹ ਆਪਣੀ ਮਿਸਾਲ ਆਪ ਸੀ ਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਛੋਟੀ ਜਾਂ ਵੱਡੀ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਬਾਧਾ ਨਹੀਂ ਬਣਦੀ ਹੈ।

ਸੋ, ਆਓ ! ‘ਬਾਲਾ ਪ੍ਰੀਤਮ’ ਜੀ ਦੇ ਜੀਵਨ ਤੇ ਸੰਖੇਪ ਜਿਹੀ ਝਾਤ ਮਾਰੀਏ।

ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਕੱਲ੍ਹ 8 ਸਾਵਣ ਹਰ ਸਾਲ 23 ਜੁਲਾਈ ਨੂੰ ਆਉਂਦਾ ਹੈ। ਰਾਮਰਾਏ ਜੀ ਆਪ ਜੀ ਦੇ ਵੱਡੇ ਭਰਾ ਸਨ।

ਗੁਰੂ ਹਰਿਰਾਏ ਜੀ ਨੇ ਅਕਤੂਬਰ 1661 ਈਸਵੀ ਵਿੱਚ ਆਪ ਜੀ ਨੂੰ ਯੋਗਤਾ ਦੇ ਅਧਾਰ ’ਤੇ ਗੁਰਗੱਦੀ ਬਖਸ਼ ਕਰ ਦਿੱਤੀ ਭਾਵੇਂ ਕਿ ਆਪ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ। ਜਦ ਔਰੰਗਜੇਬ ਨੇ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮ ਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸਾਹ ਔਰੰਗਜੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਕਰਾਮਾਤਾਂ ਦਿਖਾਈਆਂ। ਮੁਲਾਣਿਆਂ ਦੇ ਕਹਿਣ ’ਤੇ ਔਰੰਗਜੇਬ ਨੇ ਰਾਮਰਾਏ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ, ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀ ਗਈ ਹੈ। ਬਾਦਸ਼ਾਹ ’ਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸ਼ਨੂਦੀ (ਪ੍ਰਸੰਨਤਾ) ਪ੍ਰਾਪਤ ਕਰਨ ਲਈ ਰਾਮਰਾਏ ਨੇ ਕਿਹਾ ਕਿ ਅਸਲ ਸਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਇਸ ਘੋਰ ਅਵੱਗਿਆ ਕਾਰਨ ਗੁਰੂ ਹਰਿਰਾਏ ਜੀ ਨੇ ਉਸ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ। ਜਿਸ ਕਾਰਨ ਰਾਮਰਾਏ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।

ਗੁਰਗੱਦੀ ’ਤੇ ਬੈਠਣ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ ਦਿੰਦੇ। ਆਪ ਜੀ ਨੇ ਰੋਪੜ ਦੇ ਇੱਕ ਧਨੀ ਆਦਮੀ ਰਾਜਾ ਰਾਮ ਨੂੰ ਆਪਣੇ ਦਰਬਾਰ ਵਿੱਚ ਆਉਣ ਤੋਂ ਰੋਕ ਦਿੱਤਾ ਕਿਉਂਕਿ ਉਹ ਆਪਣੇ ਘਰ ਪੈਦਾ ਹੁੰਦੀਆਂ ਕੁੜੀਆਂ ਨੂੰ ਜਨਮ ਸਮੇਂ ਹੀ ਮਾਰ ਦਿੰਦਾ ਸੀ। ਜਦ ਉਸ ਆਦਮੀ ਨੇ ਪਛੁਤਾਵਾ ਕੀਤਾ ਤੇ ਅੱਗੇ ਤੋਂ ਚੰਗਾ ਇਨਸਾਨ ਬਣਨ ਦੀ ਪ੍ਰਤਿਗਿਆ ਕੀਤੀ ਤਾਂ ਆਪ ਜੀ ਨੇ ਭਰੇ ਦਰਬਾਰ ਵਿੱਚ ਇਸ ਕੁੜੀਮਾਰ ਨੂੰ ਤਾੜਨਾ ਕਰਕੇ ਬਖ਼ਸ਼ ਦਿੱਤਾ। ਇਸ ਤਰ੍ਹਾਂ ਆਪ ਜੀ ਨੇ ਅਨੇਕਾਂ ਪਰਉਪਕਾਰ ਕੀਤੇ।

ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫ਼ਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰਗੁਰਗੱਦੀ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਇਸ ਪਰ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰਦਿੱਲੀ ਬੁਲਾਏ। ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰਗੁਰੂ ਸਾਹਿਬ ਨੂੰਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂ ਸਾਹਿਬ ਨੇ ਦੀਵਾਨ ਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਜਾਣ ਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜੇਬ ਵਰਗੇ ਬਾਦਸਾਹ ਦਾ ਮੂੰਹ ਨਹੀਂ ਵੇਖਣਗੇ। ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਂਸਲਾ ਕੀਤਾ।

ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਦੀ ਭਾਰੀ ਭੀੜ ਕੀਰਤਪੁਰ ਆ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਦਿਲਾਸਾ ਦਿੱਤਾ ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ। ਅੰਬਾਲੇ ਜਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉਘੇ ਸਿੱਖਾਂ ਤੋਂ ਬਿਨਾ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਗੁਰੂ ਜੀ ਨੇ ਪਹਿਲੀ ਰਾਤ ਪੰਜੋਖਰੇ ਕੱਟੀ। ਉੱਥੋਂ ਦਾ ਇੱਕ ਹੰਕਾਰੀ ਪੰਡਿਤ ਲਾਲ ਚੰਦ ਗੁਰੂ ਜੀ ਨੂੰ ਮਿਲਿਆ ਤੇ ਕਿਹਾ ਕਿ ਸਿੱਖ ਤੁਹਾਨੂੰ ਗੁਰੂ ਹਰਕ੍ਰਿਸਨ ਕਹਿੰਦੇ ਹਨ। ਦੁਆਪਰ ਯੁੱਗ ਦੇ ਕ੍ਰਿਸ਼ਨ ਜੀ ਨੇ ਗੀਤਾ ਰਚੀ ਸੀ। ਤੁਸੀਂ ਉਸ ਦੇ ਅਰਥ ਹੀ ਕਰਕੇ ਵਿਖਾਓ। ਗੁਰੂ ਨਾਨਕ ਦੇ ਘਰ ਵਿੱਚੋਂ ਧੁਰੋਂ ਪ੍ਰਾਪਤ ਹੋਈ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਬੋਲੇ, ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ। ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ। ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰੀ ਨਿਸ਼ਾ ਕਰਵਾ ਦੇਣਗੇ। ਪੰਡਿਤ ਗਿਆ ਤੇ ਇੱਕ ਛੱਜੂ ਨਾਮੀ ਅਨਪੜ੍ਹ ਝਿਉਰ ਨੂੰ ਨਾਲ ਲੈ ਆਇਆ। ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰ ਨਿਹਾਲ ਕੀਤਾ ਤੇ ਕਿਹਾ ਕਿ ਉਹ ਪੰਡਿਤ ਜੀ ਦੀ ਨਿਸ਼ਾ ਕਰਵਾਏ। ਗੁਰੂ ਜੀ ਨੇ ਉਸ ਦੇ ਸਿਰ ’ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ। ਪੰਡਿਤ ਨੇ ਗੀਤਾ ਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ। ਪੰਡਿਤ ਇਹ ਅਸਚਰਜਤਾ (ਅਚੰਭਾ) ਵੇਖ ਕੇ ਸਤਿਗੁਰੂ ਜੀ ਦੇ ਚਰਨੀ ਪੈ ਗਿਆ, ਮੁਆਫ਼ੀ ਮੰਗੀ ਤੇ ਸਿੱਖ ਬਣ ਗਿਆ ਅਤੇ ਉਸ ਨੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।

ਦਿੱਲੀ ਪਹੁੰਚ ਕੇ ਗੁਰੂ ਸਾਹਿਬ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ, ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਠਹਿਰੇ। ਔਰੰਗਜੇਬ ਨੇ ਦਰਸਨਾ ਲਈ ਇੱਛਾ ਪ੍ਰਗਟ ਕੀਤੀ। ਆਪ ਜੀ ਨੇ ਆਪਣੇ ਪਿਤਾ ਵੱਲੋਂ ਦਿੱਤੇ ਆਦੇਸ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਸ਼ਬਦ ਲਿੱਖ ਕੇ ਭੇਜ ਦਿੱਤਾ ‘ਕਿਆ ਖਾਧੇ ਕਿਆ ਪੈਧੇ ਹੋਇ, ਜਾ ਮਨਿ ਨਾਹੀ ਸਚਾ ਸੋਇ।।’’ ਔਰੰਗਜੇਬ ਨੇ ਆਪਣੇ ਪੁੱਤਰ ਸਹਿਜਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲ ਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ ਦੇ ਕੇ ਨਿਹਾਲ ਕੀਤਾ। ਜਦ ਰਾਮਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪਸ਼ਟ ਕੀਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮਰਾਏ ਨੇ ਗੁਰਬਾਣੀ ਦੀ ਤੁਕ ਬਦਲੀ, ਜਿਸ ਕਾਰਨ ਪਿਤਾ ਗੁਰੂ ਸਾਹਿਬ ਜੀ ਨੇ ਉਸ ਨੂੰ ਤਿਆਗ ਦਿੱਤਾ। ਇਸ ਲਈ ਉਸ ਦਾ ਗੁਰਗੱਦੀ ਬਾਰੇ ਦਾਅਵਾ ਝੂਠਾ ਹੈ। ਸਹਿਜਾਦਾ ਮੁਅੱਜ਼ਮ ਤੋਂ ਇਹ ਸਪਸ਼ਟੀਕਰਨ ਸੁਣ ਕੇ ਔਰੰਗਜੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ। ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸਕਤੀ ਪਰਖਣ ਲਈ ਕਿਹਾ। ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੀਆਂ ਰਾਣੀਆਂ ਦੇ ਮਹਿਲਾਂ ਵਿੱਚ ਲਿਆਇਆ ਤੇ ਪਟਰਾਣੀ ਦੀ ਪਰਖ ਕਰਨ ਲਈ ਕਿਹਾ। ਗੁਰੂ ਸਾਹਿਬ ਨੇ ਆਪਣੀ ਸੋਟੀ ਪਟਰਾਣੀ ਦੇ ਸਿਰ ਤੇ ਰੱਖ ਕੇ ਕਿਹਾ ਕਿ ‘ਇਹ ਹੈ ਪਟਰਾਣੀ’ ਅਤੇ ਉਸ ਦੀ ਪੁੱਤਰ ਦੀ ਕਾਮਨਾ ਪੂਰੀ ਹੋਣ ਦਾ ਵਰ ਦਿੱਤਾ।

ਉਨ੍ਹੀਂ ਦਿਨੀਂ ਦਿੱਲੀ ਵਿੱਚ ਬੁਖਾਰ ਤੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਨੂੰ ਇਸ ਬਿਮਾਰੀ ਦੇ ਇਲਾਜ ਬਾਬਤ ਵਰਤਿਆ। ਗੁਰੂ ਜੀ ਦੇ ਪਾਵਨ ਦਰਸਨਾ ਨਾਲ ਤਨ ਤੇ ਮਨ ਦੇ ਰੋਗ ਦੂਰ ਹੋ ਜਾਂਦੇ ਸਨ। ਇਸੇ ਲਈ ਤਾਂ ਅਰਦਾਸ ਵਿੱਚ ਬੋਲਿਆ ਜਾਂਦਾ ਹੈ ‘ਸ੍ਰੀ ਹਰਿਕ੍ਰਿਸਨ ਧਿਆਇਐ, ਜਿਸ ਡਿਠੈ ਸਭ ਦੁਖ ਜਾਇ।’

ਇਸ ਤਰ੍ਹਾਂ ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇ ਸਰੀਰ ’ਤੇ ਵੀ ਚੇਚਕ ਦੇ ਲੱਛਣ ਦਿੱਸਣ ਲੱਗ ਪਏ। ਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਆਪ ਜੀ 3 ਵੈਸਾਖ ਸੰਮਤ 1721 ਮੁਤਾਬਿਕ 30 ਮਾਰਚ 1664 ਈਸਵੀ ਨੂੰ ਜੋਤੀ ਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਕੱਲ੍ਹ 3 ਵੈਸਾਖ ਹਰ ਸਾਲ 16 ਅਪ੍ਰੈਲ ਨੂੰ ਆਉਂਦਾ ਹੈ। ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ 7 ਸਾਲ 8 ਮਹੀਨੇ 19 ਦਿਨਾਂ ਤੱਕ ਸੰਪੂਰਨ ਕੀਤੀ। ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ’ਤੇ ਕੀਤਾ ਗਿਆ, ਜਿਸ ਥਾਂ ’ਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਸੁਸ਼ੋਭਿਤ ਹੈ।

ਪੰਥਕ ਵਸੀਅਤ (ਬਾਪੂ ਸੂਰਤ ਸਿੰਘ)

0

ੴ ਗੁਰਪ੍ਰਸਾਦਿ॥

ਪੰਥਕ ਵਸੀਅਤ (ਬਾਪੂ ਸੂਰਤ ਸਿੰਘ)

ਗੁਰੂ ਸੰਵਾਰੇ ਗੁਰੂ ਰੂਪ ਖ਼ਾਲਸਾ ਪੰਥ ਜੀਓ !

ਵਾਹਿਗੁਰੂ ਜੀ ਕਾ ਖ਼ਾਲਸਾ । ਵਾਹਿਗੁਰੂ ਜੀ ਕੀ ਫ਼ਤਹਿ।

ਉਪਰੰਤ ਦਾਸਨ ਦਾਸ ਸੂਰਤ ਸਿੰਘ ਖ਼ਾਲਸਾ ਸਪੁੱਤਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ, ਵਾਸੀ ਅਨੰਦਪੁਰ ਸਾਹਿਬ, ਹਾਲ ਅਬਾਦ ਪਿੰਡ ਹਸਨਪੁਰ, ਜ਼ਿਲ੍ਹਾ ਲੁਧਿਆਣਾ, ਅੱਜ ਮਿਤੀ 2 ਜੁਲਾਈ 2015 ਨੂੰ ਆਪਣੀ ਅਕਲ ਅਤੇ ਸੁੱਧੀ ਦੀ ਕਾਇਮੀ ਵਿਚ ਵਾਹਿਗੁਰੂ ਨੂੰ ਹਾਜ਼ਰ – ਨਾਜ਼ਰ ਜਾਣ ਕੇ ਆਪਣੇ ਵਲੋਂ ਖ਼ਾਲਸਾ ਪੰਥ ਦੇ ਨਾਮ ਵਸੀਅਤ ਲਿਖ ਰਿਹਾ ਹਾਂ। ਸਭ ਤੋਂ ਪਹਿਲਾਂ ਅਕਾਲ ਪੁਰਖ ਜਾ ਦਾ ਸ਼ੁਕਰਾਨਾ ਕਰਦਾ ਹਾਂ ਕਿ ਜਿਨ੍ਹਾਂ ਨੇ ਮਨੁੱਖੀ ਜਾਮਾ ਦਿੱਤਾ ਅਤੇ ਜ਼ਿੰਦਗੀ ਵਿੱਚ ਹਰ ਇਨਸਾਨੀ ਸੁੱਖਾਂ ਦੀ ਬਖ਼ਸ਼ਸ ਵੀ ਕੀਤੀ। ਦਾਸ ਦੇ ਵਡੇਰੇ ਭਾਗ ਹਨ ਕਿ ਖੰਡੇਬਾਟੇ ਦੀ ਪਹੁਲ ਲੈ ਕੇ ਗੁਰੂ ਗੋਬਿੰਦ ਸਿੰਘ ਦੇ ਖ਼ਾਲਸਾ ਪੰਥ ਪਰਿਵਾਰ ਦਾ ਮੈਂਬਰ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਅਤੇ ਗੁਰੂ ਨਾਨਕ ਪਾਤਿਸ਼ਾਹ ਵਲੋਂ ਆਰੰਭੇ ਮਨੁੱਖੀ ਕਲਿਆਣ ਮਿਸ਼ਨ ਵਿਚ ਕੁੱਝ ਨਿਗੁਣਾ ਹਿੱਸਾ ਪਾਉਣ ਦਾ ਮੌਕਾ ਮਿਲਿਆ। ਇਸ ਕੌਮੀ ਮਿਸ਼ਨ ਦੀ ਕੜੀ ਵਿੱਚੋਂ ਹੀ ਵੀਹਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸੰਗਤ ਹੋਈ, ਜਿੱਥੋਂ ਸੰਘਰਸ਼ੀ ਗੁਣਾਂ ਵਿੱਚ ਭਰਪੂਰ ਵਾਧਾ ਹੋਇਆ।

ਲੇਕਿਨ ਇਸ ਇਕੀਵੀਂ ਸਦੀ ਵਿੱਚ ਵੀ ਸਿੱਖ ਕੌਮ ਅੱਜ ਤੱਕ ਅਸਿੱਧੀ ਨਹੀਂ ਬਲਕਿ ਸਿੱਧੀ ਗ਼ੁਲਾਮੀ ਵਾਲਾ ਜੀਵਨ ਬਸਰ ਕਰ ਰਹੀ ਹੈ। ਸਿੱਖਾਂ ਦੇ ਇਕ ਨਹੀਂ ਬਲਕਿ ਅਨੇਕਾਂ ਮਸਲੇ ਦਹਾਕਿਆਂ ਤੋਂ ਲਟਕ ਰਹੇ ਹਨ। ਨਿਜ਼ਾਮ ਦੀ ਬੇਰੁਖ਼ੀ ਅਤੇ ਸਮੇਂ ਦੀਆਂ ਸਰਕਾਰਾਂ ਦੇ ਜ਼ੁਲਮ ਨੇ ਅਜਿਹੇ ਗਹਿਰੇ ਜ਼ਖ਼ਮ ਦਿੱਤੇ ਹਨ, ਜਿਨ੍ਹਾਂ ਦੀ ਭਰਪਾਈ ਲਈ, ਹੁਣ ਕਿਸੇ ਨੂੰ ਆਪਣਾ ਬਲੀਦਾਨ ਦੇਣ ਦੀ ਜ਼ਰੂਰਤ ਸੀ, ਕਿਉਂਕਿ ਅੱਜ ਸਿੱਖ ਬੰਦੀਆਂ ਵਲੋਂ ਸਜ਼ਾਵਾਂ ਪੂਰੀਆਂ ਕਰ ਲੈਣ ਉਪਰੰਤ ਉਨ੍ਹਾਂ ਦਾ ਰਿਹਾਈ ਦਾ ਹੱਕ ਵੀ ਖੋਹ ਲਿਆ ਗਿਆ ਹੈ। ਜਿਸ ਤੋਂ ਭਾਰਤੀ ਨਿਜ਼ਾਮ ਦੀ ਸਿੱਖਾਂ ਪ੍ਰਤੀ ਬਦਨੀਅਤ ਸਪੱਸ਼ਟ ਨਜ਼ਰ ਆਉਂਦੀ ਹੈ।

ਦਾਸ ਨੂੰ ਗੁਰੂ ਇਤਿਹਾਸ ਅਤੇ ਸਿੱਖ ਵਿਰਸੇ ਵਿੱਚੋਂ ਇਹੀ ਗੁੜ੍ਹਤੀ ਮਿਲੀ ਹੈ ਕਿ ਜਿੱਥੇ ਹੱਕਾਂ ਦਾ ਹਨਨ ਹੁੰਦਾ ਹੋਵੇ ਜਾਂ ਨਿਆਂ ਪਾਸਾ ਵੱਟ ਲਵੇ ਤਾਂ ਫਿਰ ਸ਼ਹਾਦਤ ਦਾ ਰਸਤਾ ਹੀ ਬਾਕੀ ਰਹਿ ਜਾਂਦਾ ਹੈ। ਪੁਰਾਤਨ ਸਿੰਘਾਂ ਨੇ ਸਮੇਂ ਮੁਤਾਬਿਕ ਸ਼ਹਾਦਤਾਂ ਦੇ ਕੇ ਗੁਰੂ ਦੀਆਂ ਖ਼ੁਸ਼ੀਆਂ ਲਈਆਂ ਲੇਕਿਨ ਅੱਜ ਲੋਕਤੰਤਰ ਅਤੇ ਇਕੀਵੀਂ ਸਦੀ ਦੇ ਜਾਗਰੂਕ ਯੁੱਗ ਵੀ ਕੱਲ੍ਹ ਦੇ ਇਤਿਹਾਸਕ ਪੰਨਿਆਂ ’ਤੇ ਅਮਰ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ, ਸ. ਦਰਸ਼ਨ ਸਿੰਘ ਫੇਰੂਮਾਨ ਅਤੇ ਆਂਧਰਾ ਪ੍ਰਦੇਸ਼ ਦੇ ਬਾਨੀ ਡਾਕਟਰ ਰਮੋਲੂ ਦੇ ਸੰਘਰਸ਼ ਅਤੇ ਸ਼ਹਾਦਤਾਂ ਵੀ ਸਾਡੀਆਂ ਪ੍ਰੇਣਾਂ ਸਰੋਤ ਹਨ। ਗੁਰੂ ਨਾਨਕ ਪਾਤਿਸ਼ਾਹ ਦੇ ਅਮੀਰ ਫ਼ਲਸਫ਼ੇ, ਸਹੀਦਾਂ ਦੀਆਂ ਸ਼ਹਾਦਤਾਂ ਦੇ ਸਨਮੁੱਖ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਧਰਮਯੁੱਧ ਆਰੰਭਿਆ ਗਿਆ ਸੀ ਐਪਰ ਜਿਸ ਗੁਰਬਖ਼ਸ਼ ਸਿੰਘ ਵਲੋਂ ਕੀਤੀ ਅਰਦਾਸ ਭੰਗ ਹੁੰਦੀ ਨਜ਼ਰ ਆਈ ਅਤੇ ਕੌਮ ਮਜ਼ਾਕ ਦੀ ਪਾਤਰ ਬਣਦੀ ਨਜ਼ਰ ਦਿਸੀ ਤਾਂ ਦਾਸ ਨੇ ਉਸ ਗੁਰਬਖ਼ਸ਼ ਸਿੰਘ ਦੀ ਕੀਤੀ ਅਰਦਾਸ ਨੂੰ ਪੂਰੀ ਕਰਨ ਲਈ ਅਤੇ ਮਨੁੱਖੀ ਕਦਰਾਂ ਕੀਮਤਾਂ ਦੇ ਹੋ ਰਹੇ ਘਾਣ ਨੂੰ ਦੇਖਦਿਆਂ, 16 ਜਨਵਰੀ 2015 ਤੋਂ ਭੁੱਖ ਹੜਤਾਲ ਆਰੰਭ ਕੀਤੀ ਹੋਈ ਹੈ। ਇਹ ਕਿਸੇ ਇੱਕ ਜਥੇਬੰਦੀ ਦਾ ਫ਼ੈਸਲਾ ਜਾਂ ਪ੍ਰੋਗਰਾਮ ਨਹੀਂ, ਸਗੋਂ ਮੇਰੀ ਰੂਹ ਦਾ ਇੱਕ ਪੈਗ਼ਾਮ ਹੈ। ਅੱਜ ਮੈਨੂੰ ਅਤਿਅੰਤ ਖ਼ੁਸ਼ੀ ਹੈ ਕਿ ਗੁਰੂ ਦੀ ਕਿਰਪਾ ਅਤੇ ਪੰਥ ਦੇ ਸਹਿਯੋਗ ਨੇ ਮੈਨੂੰ ਮੰਜ਼ਿਲ ਦੇ ਆਖ਼ਰੀ ਪੜਾਅ ’ਤੇ ਸਾਬਤ ਕਦਮੀਂ ਪਹੁੰਚਾ ਦਿੱਤਾ ਹੈ। ਸਰਕਾਰੀ ਜ਼ਬਰ ਨੇ ਜ਼ਬਰੀ ਨੱਕ ’ਚ ਨਾਲੀਆਂ ਪਾ ਕੇ ਖ਼ੁਰਾਕ ਦੇਣ ਦਾ ਯਤਨ ਵੀ ਕੀਤਾ, ਪਰ ਗੁਰੂ ਦੀ ਬਖ਼ਸ਼ਸ਼ ਨਾਲ ਮੂੰਹ ਦੇ ਰਸਤੇ ਪਾਣੀ ਤੋਂ ਬਿਨਾ ਕੁੱਝ ਅੰਦਰ ਨਹੀਂ ਜਾ ਸਕਿਆ। ਅੱਜ ਉਸ ਸੁਭਾਗੀ ਘੜੀ ਦੇ ਬਿਲਕੁੱਲ ਨੇੜੇ, ਜਿੱਥੋਂ ਸ਼ਹਾਦਤ ਦਾ ਪ੍ਰਸ਼ਾਦ ਦਾਸ ਦੀ ਝੋਲੀ ਵਿੱਚ ਪੈਣਾ ਹੈ, ਖਲੋਤਾ ਸਮੂੰਹ ਖ਼ਾਲਸਾ ਪੰਥ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੇਰੇ ਪ੍ਰਵਾਣ ਚੜ੍ਹ ਜਾਣ ਤੋਂ ਬਾਅਦ, ਮੇਰੇ ਮਨ ਦੀ ਇੱਛਾ ਹੈ ਕਿ ਮੇਰੇ ਸਰੀਰ ਨੂੰ ਕਿਸੇ ਵਹਿਮ-ਭਰਮ ਕਰਕੇ ਨਹੀਂ, ਸਗੋਂ ਕੌਮੀ ਜਾਗ੍ਰਤੀ ਵਾਸਤੇ ਤਿੰਨਾ ਤਖ਼ਤਾਂ (ਤਖ਼ਤ ਦਮਦਮਾ ਸਾਹਿਬ, ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਕੇਸਗੜ੍ਹ ਸਾਹਿਬ) ਦੀ ਧੂੜੀ ਲਾ ਕੇ ਵਡਭਾਗਾ ਬਣਾਇਆ ਜਾਵੇ ਤੇ ਨਾਲ ਹੀ ਵੀਹਵੀਂ ਸਦੀ ਦੇ ਮਹਾਨ ਜਰਨੈਲ ਬਾਬਾ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਜਨਮ ਅਸਥਾਨ ਜ਼ੱਦੀ ਪਿੰਡ ਰੋਡੇ ਅਤੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਚੌਂਕ ਮਹਿਤਾ ਦੇ ਦਰਸ਼ਨ ਕਰਵਾ ਕੇ, ਅਖ਼ੀਰ ਲੁਧਿਆਣਾ ਦੇ ਸੀ. ਐਮ. ਸੀ. ਹਸਪਤਾਲ ਨੂੰ ਡਾਕਟਰੀ ਖੋਜ ਲਈ ਸੌਂਪ ਦਿੱਤਾ ਜਾਵੇ। ਇਹ ਮੇਰੇ ਮਨ ਦਾ ਵਿਚਾਰ ਹੈ, ਪਰ ਖ਼ਾਲਸਾ ਪੰਥ ਮਹਾਨ ਹੈ, ਤਿੰਨ ਤਖ਼ਤਾਂ, ਪਿੰਡ ਰੰਡੇ ਅਤੇ ਚੌਂਕ ਮਹਿਤਾ ਦੇ ਦਰਸ਼ਨ ਉਪਰੰਤ ਅੰਤਿਮ ਰਸਮਾਂ ਬਾਰੇ ਕੋਈ ਵੀ ਫ਼ੈਸਲਾ ਲੈ ਸਕਦਾ ਹੈ।

ਆਪਣੇ ਸਰੀਰ ਨੂੰ ਡਾਕਟਰੀ ਖੋਜ ਦੇ ਹਵਾਲੇ ਕਰਨ ਅਤੇ ਹਰ ਸਰੀਰਕ ਅੰਗ ਲੋੜਵੰਦ ਨੂੰ ਦੇਣ ਉਪਰੰਤ, ਆਪਣੀ ਸੋਚ ਨੂੰ ਕੌਮ ਦੀ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਵਜੋਂ ਸੌਂਪਦਾ ਹਾਂ। ਜਿਹੜਾ ਕੌਮੀ ਸੰਘਰਸ਼ ਦਹਾਕਿਆਂ ਤੋਂ ਚੱਲ ਰਿਹਾ ਹੈ, ਉਸ ਨਾਲ ਸੰਬੰਧਿਤ ਮੁੱਦਿਆਂ ਪ੍ਰਤੀ ਕਦੇ ਅਵੇਸਲੇ ਨਹੀਂ ਹੋਣਾ, ਸਦਾ ਕੌਮੀ ਚੇਤਨਤਾ ਜਗਾਈ ਰੱਖਣਾ ਹੈ, ਆਪਣੇ ਹੱਕਾਂ ਵਾਸਤੇ ਲੜਨਾ ਹੈ। ਮੈਂ ਨਹੀਂ ਚਾਹੁੰਦਾ ਕਿ ਕਿਸੇ ਵੀ ਧਰਮ ਜਾਂ ਜਾਤ ਨਾਲ ਸੰਬੰਧਿਤ ਕਿਸੇ ਮਾਂ ਦੀ ਗੋਦ ਸੰਘਰਸ਼ ਕਰਕੇ ਜਾਂ ਹਕੂਮਤੀ ਜ਼ਬਰ ਕਰਕੇ ਸੱਖਣੀ ਹੋਵੇ। ਮੇਰੀ ਅਰਦਾਸ ਹੈ ਕਿ ਇਹ ਸ਼ਹਾਦਤ ਆਖ਼ਰੀ ਹੋ ਨਿਬੜੇ ਅਤੇ ਜ਼ਾਲਮ ਹਾਕਮ ਮੇਰੀ ਸ਼ਹਾਦਤ ਤੋਂ ਬਾਅਦ ਸਿੱਖਾਂ ਪ੍ਰਤੀ ਆਪਣਾ ਰਵੱਈਆ ਬਦਲਣ ਤੇ ਮਨੁੱਖੀ ਹੱਕਾਂ ਦੇ ਕਦਰਦਾਨ ਸਾਬਤ ਹੋਣ ਅਤੇ ਤਮਾਮ ਸਿੱਖ ਮਸਲਿਆਂ ਦਾ ਹੱਲ ਕਰਦਿਆਂ, ਜੀਓ ਅਤੇ ਜਿਊਣ ਦਾ ਸਿਧਾਂਤ ਲਾਗੂ ਕਰਨ।

ਅੰਤ ਵਿੱਚ ਪੰਥਕ ਪਦਵੀਆਂ ’ਤੇ ਬਿਰਾਜਮਾਨ ਕੁਝ ਉਨ੍ਹਾਂ ਲੋਕਾਂ, ਜਿਹੜੇ ਗੁਰੂ ਦੀ ਚਾਕਰੀ ਛੱਡ ਕੇ ਹਕੂਮਤ ਦੀ ਚਾਪਲੂਸੀ ਵਿੱਚ ਗ਼ਲਤਾਨ ਹਨ, ਨੂੰ ਸਮੁੱਤ ਬਖ਼ਸ਼ਣ ਵਾਸਤੇ ਗੁਰੂ ਅੱਗੇ ਅਰਜੋਈ ਕਰਦਾ ਹਾਂ ਅਕਾਲ ਤਖ਼ਤ ਸਾਹਿਬ ਅਤੇ ਤਖ਼ਤਾਂ ਦੇ ਜਥੇਦਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ 1920 ਵਿੱਚ ਬਣਿਆ ਸ਼੍ਰੋਮਣੀ ਅਕਾਲੀ ਦਲ, ਮੁੜ ਉਨ੍ਹਾਂ ਲੀਹਾਂ ’ਤੇ ਆਵੇ। ਅਫ਼ਸੋਸ ਕਿ ਅੱਜ ਦਾ ਅਕਾਲੀ ਦਲ ਜਿਸ ਦੀ ਸਰਦਾਰੀ ਸ. ਪਰਕਾਸ ਸਿੰਘ ਬਾਦਲ ਦੇ ਹੱਥ ਵਿੱਚ ਹੈ, ਆਪਣੀ ਕੌਮ ਨਾਲ ਹੀ ਧ੍ਰੋਹ ਕਮਾ ਰਿਹਾ ਹੈ ਅਤੇ ਬੜੇ ਸਪੱਸ਼ਟ ਲਫ਼ਜ਼ਾਂ ਵਿੱਚ ਮੇਰਾ ਕਾਤਲ ਹੋ ਨਿਬੜਿਆ ਹੈ। ਭਾਰਤ ਦੀ ਭਗਵੀਂ ਸਰਕਾਰ ਵੀ ਸਰਦਾਰ ਬਾਦਲ ਦੀ ਪੂਰਨ ਸਹਿਯੋਗੀ ਹੈ।

ਮੇਰੇ ਨੌਜਵਾਨ ਬੱਚਿਓ! ਮੇਰੀ ਸ਼ਹਾਦਤ ਤੋਂ ਬਾਅਦ ਪੰਥਕ ਜ਼ਾਬਤੇ (ਅਨੁਸਾਸਨ) ਵਿੱਚ ਰਹਿੰਦੇ ਹੋਏ, ਇਸ ਇਜ਼ਾਮ ਨੂੰ ਬਦਲਣ ਅਤੇ ਕੌਮੀ ਪਦਵੀਆਂ ਦੀ ਅਜ਼ਾਦੀ ਵਾਸਤੇ ਕਮਰਕੱਸੇ ਕਸ ਲਵੋ। ਭਾਰਤ ਦੀ ਆਜ਼ਾਦੀ ਵਾਸਤੇ ਕਾਮਾਗਾਟਾ ਮਾਰੂ, ਗ਼ਦਰੀ ਬਾਬਿਆਂ ਦੀ ਲਹਿਰ, ਅਮਰੀਕਾ ਤੋਂ ਆਰੰਭ ਹੋਈ ਸੀ, ਅੱਜ ਦਾਸ ਦਾ ਪਰਿਵਾਰ ਅਮਰੀਕਾ ਦੀ ਉਸ ਧਰਤੀ ਤੋਂ ਸੰਘਰਸ਼ ਦੀ ਸੇਵਾ ਵਾਸਤੇ (ਪੰਜਾਬ ਵਿੱਚ) ਆਇਆ ਹੈ। ਹੁਣ ਕਿਸੇ ਤੀਸਰੇ ਜੱਥੇ ਦੀ (ਬਾਹਰੋਂ) ਉਡੀਕ ਨਾ ਕਰਿਓ, ਪੰਜਾਬ ਦੀ ਧਰਤੀ ਤੋਂ ਹੀ ਆਪਣੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰੋ ਤਾਂ ਕਿ ਕੋਈ ਹਿੰਦੂ, ਸਿੱਖ, ਇਸਾਈ, ਮੁਸਲਿਮ ਜਾਂ ਦਲਿਤ ਮਾਂ ਆਪਣੀ ਗੋਦ ਸੱਖਣੀ ਨਾ ਵੇਖੇ ਅਤੇ ਨਾ ਹੀ ਨਜਾਇਜ਼ ਨਜ਼ਰਬੰਦੀ ਦਾ ਸੰਤਾਪ ਭੋਗਣਾ ਪਵੇ। ਸੰਘਰਸ਼ ਜਾਰੀ ਹੈ ਮੇਰੇ ਤੋਂ ਬਾਅਦ ਜਾਰੀ ਰੱਖਣਾ ਤੁਹਾਡੀ ਜ਼ਿੰਮੇਵਾਰੀ ਹੈ।

ਗੁਰੂ ਪੰਥ ਦਾ ਦਾਸ

ਸੂਰਤ ਸਿੰਘ ਖ਼ਾਲਸਾ-98557-25313 ਮਿਤੀ 2 ਜੁਲਾਈ 2015, ਸਮਾਂ-9:35 (ਰਾਤ)

‘‘ਜੂਠੇ ਜੂਠਾ ਮੁਖਿ ਵਸੈ॥’’

0

‘‘ਜੂਠੇ ਜੂਠਾ ਮੁਖਿ ਵਸੈ॥’’

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ:ਸਿ:ਗੁ:ਪ੍ਰ:ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ ੧੯੫੬

ਵਿਚਾਰ ਅਧੀਨ ਸਿਰਲੇਖ ‘‘ਜੂਠੇ ਜੂਠਾ ਮੁਖਿ ਵਸੈ॥’’ ਬਾਣੀ ਆਸਾ ਕੀ ਵਾਰ ਮ:੧ ਦੀ ਪਉੜੀ ਨੰ. 17 ਨਾਲ ਦਰਜ ਸਲੋਕਾਂ ’ਚੋਂ ਲਿਆ ਗਿਆ ਹੈ ਅਤੇ ਇਹ ਪੂਰਾ ਸਲੋਕ ਇਸ ਤਰ੍ਹਾਂ ਹੈ:-

ਮ: ੧ ॥ ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ; ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ॥ ੨ ॥ ’’ (ਪੰ: ੪੭੨)

ਇੱਥੇ ਦੇਖਣਾ ਹੈ ਕਿ ਹੱਥਲਾ ਸਲੋਕ ਮੂਲ ਰੂਪ ’ਚ ਇਸਤ੍ਰੀ ਵਰਗ ਦੇ ‘ਮਾਸਕ ਧਰਮ’ ਨਾਲ ਸੰਬੰਧਤ ਹੈ। ਉਂਝ ਪੰਜਾਬ ਦੇ ਕੁਝ ਹਿੱਸਿਆਂ ’ਚ ਇਸਤ੍ਰੀ ਸਰੀਰ ਦੇ ਇਸੇ ਚਲਣ ਨੂੰ ‘ਸਿਰਨਾਵਣੀ’ ਵੀ ਕਿਹਾ ਜਾਂਦਾ ਹੈ। ਦਰਅਸਲ ਅਕਾਲਪੁਰਖ ਵੱਲੋਂ ਇਸਤ੍ਰੀ ਸਰੀਰ ਦੀ ਇਹ ਅਜਿਹੀ ਜ਼ਰੂਰੀ ਕਿਰਿਆ ਹੈ, ਜਿਸ ਉੱਪਰ ਸਾਰੇ ਸੰਸਾਰ ਦਾ ਚਲਣ ਆਧਾਰਤ ਹੈ। ਦੇਖਣਾ ਇਹ ਵੀ ਹੈ ਕਿ ਗੁਰਦੇਵ ਨੇ ਵੀ ਸਲੋਕ ’ਚ, ਉਸ ਦੇ ਇਸ ‘ਮਾਸਿਕ ਧਰਮ’ ਲਈ ਲਫ਼ਜ਼ ‘ਸਿਰਨਾਵਣੀ’ ਹੀ ਵਰਤਿਆ ਹੈ।

ਦੂਜੇ, ਇਹ ਇਕ ਅਜਿਹਾ ਵਿਸ਼ਾ ਹੈ ਜਿਸ ਦਾ ਗਰੁੜ ਪੁਰਾਣ ਆਦਿ ਬ੍ਰਾਹਮਣੀ ਰਚਨਾਵਾਂ ’ਚ ਵੀ ਵੇਰਵਾ ਆਇਆ ਹੈ। ਸ਼ਾਇਦ ਉਸ ਵੇਰਵੇ ਦਾ ਹੀ ਨਤੀਜਾ ਹੈ ਕਿ ਇਸਤ੍ਰੀ ਸਰੀਰ ਦੀ ਇਸ ਅਤਿ ਜ਼ਰੂਰੀ ਕਿਰਿਆ ਲਈ, ਖ਼ੁੱਦ ਇਸਤ੍ਰੀ ਵਰਗ ਦੇ ਆਪਣੇ ਮਨ ’ਚ ਵੀ ਭਰਵੀਂ ਘਿਰਣਾ ਮਿਲਦੀ ਹੈ। ਹੋਰ ਤਾਂ ਹੋਰ, ਕੇਵਲ ਇਸਤ੍ਰੀ ਵਰਗ ਹੀ ਨਹੀਂ, ਕਈ ਵਾਰੀ ਦੂਜਿਆਂ ਦੇ ਮਨਾਂ ’ਚ ਵੀ, ਇਸਤ੍ਰੀ ਵਰਗ ਪ੍ਰਤੀ ਇਸ ਪੱਖੋਂ ਵੱਡਾ ਹੀਣ ਭਾਵ ਮਿਲਦਾ ਹੈ। ਉਂਝ ਅੱਗੇ ਚੱਲ ਕੇ ਅਸੀਂ ਇਸਤ੍ਰੀ ਜਗਤ ਦੇ ‘ਮਾਸਿਕ ਧਰਮ’ ਨਾਲ ਸੰਬੰਧਤ, ਗਰੁੜ ਪੁਰਾਣ ਵਿੱਚਲੀ ਸ਼ਬਦਾਵਲੀ ਨੂੰ ਵੀ ਦੇਖਾਂਗੇ।

ਫ਼ਿਰ ਜਦੋਂ ਅਸੀਂ ਉਪ੍ਰੋਕਤ ਸਲੋਕ ਦੇ ਮੂਲ ਅਰਥਾਂ ਵੱਲ ਜਾਵਾਂਗੇ ਤਾਂ ਇਹ ਵੀ ਸਪਸ਼ਟ ਹੋ ਜਾਵੇਗਾ ਕਿ ਸੰਸਾਰ ਭਰ ’ਚ ਸਭ ਤੋਂ ਪਹਿਲਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਇਸਤ੍ਰੀ ਜਗਤ ਨਾਲ ਬ੍ਰਾਹਮਣ ਵੱਲੋਂ ਕੀਤੀ ਜਾ ਰਹੀ ਇਸ ਜ਼ਿਆਦਤੀ ਦਾ ਖੁੱਲ ਕੇ ਵਿਰੋਧ ਵੀ ਕੀਤਾ ਹੈ।

ਇੰਨਾਂ ਹੀ ਨਹੀਂ, ਗੁਰਦੇਵ ਨੇ ਇਸ ਵਿਸ਼ੇ ’ਤੇ ਕੇਵਲ ਇਸਤ੍ਰੀ ਜਗਤ ਨੂੰ ਹੀ ਨਹੀਂ, ਬਲਕਿ ਸੰਪੂਰਣ ਮਨੁੱਖ ਸਮਾਜ ਨੂੰ ਸੇਧ ਵੀ ਦਿੱਤੀ ਤੇ ਸੁਚੇਤ ਵੀ ਕੀਤਾ ਹੈ। ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਇਹ ਵਿਸ਼ਾ ਨਾ ਘਿਰਣਾ ਦਾ ਹੈ ਅਤੇ ਨਾ ਆਪਣੇ ਆਪ ਲਈ ਹੀਣਤਾ ਮਹਿਸੂਸ ਕਰਣ ਦਾ। ਬਲਕਿ ਇਹ ਤਾਂ ਇਸਤ੍ਰੀ ਸਰੀਰ ਦੀ ਅਜਿਹੀ ਅਕਾਲਪੁਰਖੀ ਕਿਰਿਆ ਹੈ ਜਿਸ ਤੋਂ ਬਿਨਾ ਇਸਤ੍ਰੀ ਸਰੀਰ ਦਾ ਮਕਸਦ ਹੀ ਮੁੱਕ ਜਾਂਦਾ ਹੈ (ਜਿਵੇਂ ਮਰਦਾਨਗੀ ਵਿਹੂਣ ਮਨੁੱਖਾ ਸਰੀਰ ਦਾ)।

          ਸਮਝਣ ਦੀ ਲੋੜ ਇਹ ਵੀ ਹੈ ਕਿ ਜਿਸ ਵਿਸ਼ੇ ਨੂੰ ਗੁਰੂ ਨਾਨਕ ਪਾਤਸ਼ਾਹ ਵਰਗੀ ਮਹਾਨ ਹਸਤੀ ਨੇ ਉਚੇਚੇ ਆਪਣੇ ਹੱਥ ’ਚ ਲਿਆ, ਨਿਭਾਇਆ ਅਤੇ ਸਮੁਚੀ ਮਾਨਵਤਾ ਨੂੰ ਕੇਵਲ ਜਾਗ੍ਰਿਤ ਹੀ ਨਹੀਂ ਕੀਤਾ ਬਲਕਿ ਸਲੋਕ ਰਾਹੀਂ ਸੁਚੇਤ ਵੀ ਕੀਤਾ ਹੈ। ਫ਼ਿਰ ਇੱਥੇ ਹੀ ਬੱਸ ਨਹੀਂ, ਗੁਰਦੇਵ ਨੇ ਨਿਤਾ ਪ੍ਰਤੀ ਸੰਗਤ ’ਚ ਸਰਬ ਪ੍ਰਥਮ ਪੜ੍ਹੀ ਜਾਣ ਵਾਲੀ ਬਾਣੀ, ਬਾਣੀ ‘‘ਆਸਾ ਕੀ ਵਾਰ’’ ’ਚ, ਇਸ ਸਲੋਕ ਨੂੰ ਉਚੇਚਾ ਸਥਾਨ ਦੇ ਕੇ, ਸਿੱਖ ਸੰਗਤਾਂ ਲਈ ਵਿਸ਼ੇਸ਼ ਸੋਝੀ ਦਾ ਅੰਗ ਵੀ ਬਣਾਇਆ।

ਉਪ੍ਰੰਤ ਸਮਾਜ ਤਲ ’ਤੇ ਅਜਿਹੇ ਅਤਿ ਸੰਵੇਦਣਸ਼ੀਲ਼ ਵਿਸ਼ੇ ਬਾਰੇ ਚੁੱਪੀ ਸਾਧਣੀ, ਅਵੇਸਲੇ ਰਹਿਣਾ ਜਾਂ ਇਸ ਨੂੰ ਕੁਝ ਲੋਕਾਂ ਰਾਹੀਂ ਫਾਲਤੂ ਦੀਆਂ ਗੱਲਾਂ ਆਦਿ ਕਹਿਣਾ, ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ। ਬਲਕਿ ਨਿਤਾਪ੍ਰਤੀ ਸੰਗਤੀ ਤੌਰ ’ਤੇ ਇਸ ਦਾ ਪਾਠ ਨਾ ਕਰਣਾ ਜਾਂ ਇਸ ਪੱਖੋਂ ਸੁਚੇਤ ਹੋ ਕੇ ਨਾ ਵਿਚਰਣਾ, ਉਲਟਾ ਸਾਡੇ ਵੱਲੋਂ ਆਪਣੇ ਸਿੱਖੀ ਜੀਵਨ ਤੇ ਫ਼ਰਜ਼ਾਂ ਵੱਲੋਂ ਕੋਤਾਹੀ ਕਰਣਾ, ਗੁਰੂ ਦਰ ’ਤੇ ‘ਅਮਾਨਤ ’ਚ ਖ਼ਿਆਨਤ’ (ਭਾਵ ਸਪੁਰਦ ਕੀਤੀ ਹੋਈ ਚੀਜ਼ ਵਿੱਚੋਂ ਕੁਝ ਵਰਤ ਲੈਣਾ ਜਾਂ ਵਾਪਸ ਹੀ ਨਾ ਕਰਨਾ) ਕਰਣ ਦੇ ਤੁੱਲ ਵੀ ਹੈ। ਤਾਂ ਤੇ ਸਲੋਕ ਦੇ ਅਰਥ ਹਨ:-

          ਪਦ ਅਰਥ-ਜੋਰੂ ਇਸਤ੍ਰੀ। ਸਿਰਨਾਵਣੀ (ਇਸਤ੍ਰੀ ਜੀਵਨ ਦਾ) ਮਾਸਕ ਧਰਮ, ਮਾਹਵਾਰੀ। ਵਾਰੋ ਵਾਰਸਮੇਂ ਸਮੇਂ ਨਾਲ। ਜੂਠੈ ਜੂਠਾ (ਮਹਾਵਾਰੀ ਜਿਸ ਨੂੰ ਭਾਵੇਂ ਕੁਝ ਲੋਕ ਗੰਦਗੀ ਆਦਿ ਪ੍ਰਚਾਰਦੇ ਜਾਂ ਮੰਣਦੇ ਹਨ) ਪਰ ਇਹ ਨਾ ਜੂਠ ਹੈ ਤੇ ਨਾ ਹੀ ਗੰਦਗੀ। ਮੁਖਿ ਵਸੈ ਇਹ ਤਾਂ ਇਸਤ੍ਰੀ ਦੇ ਸਰੀਰ ਦਾ ਹੀ ਬਹਾਵ ਹੈ ਜੋ ਕਿਤੋਂ ਬਾਹਰੋਂ ਨਹੀਂ ਆ ਰਿਹਾ। ਇਹ ਬਹਾਵ ਤਾਂ ਉਸ ਦੇ ਆਪਣੇ ਸਰੀਰ ਅੰਦਰੋਂ ਆਉਂਦਾ ਹੈ। ‘‘ਜੂਠੇ ਜੂਠਾ ਮੁਖਿ ਵਸੈ॥’’-ਐ ਭਾਈ! ਇਸਤ੍ਰੀ ਜਗਤ ਦੀ ਜਿਸ ਮਾਹਵਾਰੀ ਨੂੰ ਗੰਦਗੀ ਪ੍ਰਚਾਰਦਾ ਹੈਂ, ਇਹ ਕਿਤੋਂ ਬਾਹਰੋਂ ਨਹੀਂ ਆ ਰਹੀ। ਇਹ ਤਾਂ ਉਸ ਦੇ ਸਰੀਰ ਦਾ ਕੁਦਰਤੀ ਤੇ ਆਪਣੇ ਅੰਦਰ ਦਾ ਚਲਣ ਹੈ। ‘‘ਨਿਤ ਨਿਤ ਹੋਇ ਖੁਆਰੁ॥’’(ਤਾਂ ਵੀ ਇਸ ਦੇ ਲਈ) ਇਸਤ੍ਰੀ ਨੂੰ ਨਿੱਤ ਹੀ ਸਮਾਜ ਤੇ ਪ੍ਰਵਾਰ ’ਚ ਜ਼ਲੀਲ ਕੀਤਾ ਜਾਂਦਾ ਹੈ, ਉਸ ਨਾਲ ਘਿਰਣਾ ਕੀਤੀ ਜਾਂਦੀ ਹੈ। ਏਹਿਉਨ੍ਹਾਂ ਨੂੰ। ਸੂਚੇ ਸੁੱਚੇ, ਪਵਿੱਤਰ। ‘‘ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ॥’’ ਕੇਵਲ ਸਰੀਰ ਧੋਣ ਨਾਲ ਮਨੁੱਖ ਸੁੱਚਾ ਨਹੀਂ ਹੋ ਜਾਂਦਾ। ਸੂਚੇ ਸੇਈਅਸਲ ’ਚ ਸੁੱਚੇ ਉਹ ਹਨ। ਜਿਨ ਮਨਿ ਜਿਨ੍ਹਾਂ ਦੇ ਹਿਰਦੇ ਘਰ ’ਚ। ਸੋਇਉਹ (ਅਕਾਲਪੁਰਖੁ) ।੨।

ਅਰਥ -ਜਿਵੇਂ ਇਸਤ੍ਰੀ ਨੂੰ ਮਾਸਕ ਧਰਮ ਸਮੇਂ ਸਮੇਂ ਨਾਲ ਅਤੇ ਬਾਰ ਬਾਰ ਆਉਂਦਾ ਹੈ। ਫ਼ਿਰ ਵੀ ਨਿਤ ਨਿਤ ਹੋਇ ਖੁਆਰੁ॥’’ ਉਸ ਦੇ ਸਰੀਰ ਦੀ ਇਸ ਕੁਦਰਤੀ ਕਿਰਿਆ ਨੂੰ ਆਧਾਰ ਬਣਾ ਕੇ) ਉਸ ਨੂੰ ਨਿੱਤਾ ਪ੍ਰਤੀ ਜ਼ਲੀਲ ਸਮਾਜ ’ਚ ਤੇ ਖੁਆਰ ਹੋਣਾ ਪੈਂਦਾ ਹੈ ਜਾਂ ਇਉਂ ਕਹਿ ਲਵੀਏ ਕਿ ਉਸ ਨੂੰ ਜ਼ਲੀਲ ਕੀਤਾ ਜਾਂਦਾ ਹੈ।

ਜਦਕਿ ‘‘ਜੂਠੇ ਜੂਠਾ ਮੁਖਿ ਵਸੈ॥’’ (ਉਸ ਦੇ ਸਰੀਰ ਦਾ ਇਹ ਬਹਾਵ ਜਿਸ ਨੂੰ ਗੰਦਗੀ ਆਦਿ ਤੀਕ ਕਹਿ ਕੇ ਪ੍ਰਚਾਰਿਆ ਜਾਂਦਾ ਤੇ ਉਸ ਅੰਦਰ ਹੀਣ ਭਾਵ ਪੈਦਾ ਕੀਤਾ ਜਾਂਦਾ ਹੈ) ਦਰਅਸਲ ਉਸ ਇਹ ਬਹਾਵ ‘‘ਜੂਠੇ ਜੂਠਾ ਮੁਖਿ ਵਸੈ॥’’ ਉਸ ਦੇ ਦੇ ਸਰੀਰ ਅੰਦਰਲੀ ਕੁਦਰਤੀ ਕਿਰਿਆ ਹੈ ਅਤੇ ਕਿਤੋਂ ਬਾਹਰੋਂ ਨਹੀਂ ਆ ਰਹੀ।

ਇਸ ਪ੍ਰਤੀ ਗੁਰਦੇਵ ਹੋਰ ਫ਼ੁਰਮਾਉਂਦੇ ਹਨ ਕਿ ਫਿਰ ਕੁਝ ਦਿਨਾਂ ਬਾਅਦ ‘ਸਿਰਨਾਵਣੀ’ ਭਾਵ ਜਦੋਂ ਉਹ ਇਸਤ੍ਰੀ ਕੇਸੀ ਇਸ਼ਨਾਨ ਕਰ ਲੈਂਦੀ ਹੈ ਤਾਂ ਉਸ ਨੂੰ ਮੁੜ ਪਵਿੱਤ੍ਰ ਮੰਨ ਲਿਆ ਜਾਂਦਾ ਹੈ। (ਖ਼ੂਬੀ ਇਹ ਕਿ ਉਸ ਦੇ ਸਰੀਰ ਅੰਦਰ ਇਸ ਦਾ ਚਲਣ ਤੇ ਅਗ਼ਲੀ ਤਿਆਰੀ ਤਾਂ ਇਸ਼ਨਾਨ ਸਮੇਂ ਵੀ ਹੋ ਰਹੀ ਸੀ ਅਤੇ ਉਸ ਤੋਂ ਬਾਅਦ ਵੀ ਨਿਰੰਤਰ ਚਾਲੂ ਰਹਿੰਦੀ ਹੈ।

ਦੂਜੇ ਲਫ਼ਜ਼ਾਂ ’ਚ, ਜੇ ਇਸ ਬਹਾਵ ਕਾਰਣ ਇਸਤ੍ਰੀ ਅਪਵਿਤ੍ਰ ਹੋ ਜਾਂਦੀ ਹੈ ਤਾਂ ਤੇ ਉਸ ਦੇ ਸਰੀਰ ਦਾ ਇਹ ਅਜਿਹਾ ਬਹਾਵ ਹੈ ਜਿਹੜਾ ਉਸ ਦੇ ਸਰੀਰ ਅੰਦਰ ਕਿਸੇ ਸਮੇਂ ਵੀ ਨਹੀਂ ਰੁੱਕਦਾ। ਕਿਉਂਕਿ ਸਰੀਰ ਤੋਂ ਬਾਹਿਰ ਆਉਣ ਦੇ ਨਾਲ ਹੀ ਉਸ ਦੀ ਅਗ਼ਲੀ ਤਿਆਰੀ ਵੀ ਸ਼ੁਰੂ ਹੋ ਜਾਂਦੀ ਹੈ। ਸਪਸ਼ਟ ਹੈ ਜੇਕਰ ਸਚਮੁਚ ਉਹ ਗੰਦਗੀ ਹੀ ਹੈ ਤਾਂ ਇਸ ਦੇ ਚੱਲਦੇ ਕੇਵਲ ਕੇਸੀਂ ਇਸਨਾਨ ਬਾਅਦ ਉਹ ਪਵਿਤ੍ਰ ਕਿਵੇਂ ਤੇ ਕਦੋਂ ਹੋ ਗਈ? ਇਸ ਲਈ ਸ਼ੱਚ ਤਾਂ ਇਹ ਹੈ ਕਿ ਇਸ ਬਹਾਵ ਕਾਰਣ ਉਹ ਨਾ ਕਦੇ ਅਪਵਿਤ੍ਰ ਹੋਈ ਸੀ ਤੇ ਨਾ ਹੈ)।

          ਤਾਂ ਤੇ ਸਲੋਕ ’ਚ ਗੁਰੂ ਨਾਨਕ ਪਾਤਸ਼ਾਹ ਨੇ, ਵਿਸ਼ੇ ਸੰਬੰਧੀ, ਆਪਣਾ ਫ਼ੈਸਲਾ ਵੀ ਦਿੱਤਾ ਹੋਇਆ ਹੈ। ਗੁਰਦੇਵ ਨੇ ਫ਼ੁਰਮਾਇਆ ਹੈ ਕਿ ‘‘ਸੂਚੇ ਏਹਿ ਨ ਆਖੀਅਹਿ, ਬਹਨਿ ਜਿ ਪਿੰਡਾ ਧੋਇ॥’’ ਕੇਵਲ ਸਰੀਰ ਨੂੰ ਧੋ ਲੈਣ ਨਾਲ ਕਦੇ ਵੀ ਕੋਈ ਮਨੁੱਖ ਸੁੱਚਾ ਨਹੀਂ ਹੋ ਜਾਂਦਾ। ‘‘ਸੂਚੇ ਸੇਈ ਨਾਨਕਾ ! ਜਿਨ ਮਨਿ ਵਸਿਆ ਸੋਇ॥’ ਅਸਲ ’ਚ ਸੁੱਚੇ ਉਹੀ ਹੁੰਦੇ ਹਨ ਜਿੰਨ੍ਹਾਂ ਦੇ ਹਿਰਦੇ (ਘਰ) ਅੰਦਰ ਕਰਤੇ ਪ੍ਰਭੂ ਦੀ ਸਿਫ਼ਤ ਸਾਲਾਹ ਦਾ ਵਾਸਾ ਹੁੰਦਾ ਹੈ।

ਇਸ ਤਰ੍ਹਾਂ ਸਲੋਕ ਰਾਹੀਂ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਇਸਤ੍ਰੀ ਦਾ ‘ਮਾਸਿਕ ਧਰਮ ਅਥਵਾ ਮਾਸਿਕ ਚੱਕਰ’ ਤਾਂ ਇਸਤ੍ਰੀ ਸਰੀਰ ਦੀ ਨਿਯਮਤ ਕਿਰਿਆ ਹੈ, ਇਹ ਗੰਦਗੀ ਨਹੀਂ। ਇਸ ਲਈ ਇਸ ਨੂੰ ਆਧਾਰ ਬਣਾ ਕੇ ਪਹਿਲਾਂ ਇਸਤ੍ਰੀ ਵਰਗ ਨੂੰ ਅਪਵਿਤ੍ਰ ਪ੍ਰਚਾਰਣਾ, ਉਸ ਨਾਲ ਨਫ਼ਰਤ ਤੇ ਉਸ ਅੰਦਰ ਹੀਣ ਭਾਵ ਪੈਦਾ ਕਰਣਾ ਉਪ੍ਰੰਤ ਉਸ ਲਈ ਕੇਸੀਂ ਇਸ਼ਨਾਨ ਵਾਲਾ ਬਹਾਨਾ ਖੜ੍ਹਾ ਕਰਕੇ ਉਸ ਨੂੰ ਫਿਰ ਤੋਂ ਪਵਿੱਤ੍ਰ ਵੀ ਮੰਨ ਲੈਣਾ, ਕੇਵਲ ਅਗਿਆਨਤਾ ਤੋਂ ਵੱਧ ਕੁਝ ਨਹੀਂ। ਸੱਚ ਤਾਂ ਇਹ ਹੈ ਕਿ ‘ਮਾਸਕ ਚੱਕਰ’ ਕਾਰਣ ਨਾ ਉਹ ਕਦੇ ਅਪਵਿਤ੍ਰ ਹੋਈ ਸੀ ਅਤੇ ਨਾ ਇਹ ਗੰਦਗੀ ਹੈ।

          ਪੁਰਸ਼ ਪ੍ਰਧਾਨ ਸਮਾਜ ਬਨਾਮ ਇਸਤ੍ਰੀ ਵਰਗ- ਜੇਕਰ ਗਹਿਰਾਈ ਤੋਂ ਦੇਖਿਆ ਜਾਵੇ ਤਾਂ ਸਚਾਈ ਇਹ ਹੈ ਕਿ ਪੁਰਸ਼ ਪ੍ਰਧਾਨ ਸਮਾਜ ’ਚ, ਇਸਤ੍ਰੀ ਜਗਤ ਨੂੰ ਸੰਸਾਰ ਪੱਧਰ ’ਤੇ ਕਦੇ ਇਨਸਾਫ਼ ਨਹੀਂ ਮਿਲਿਆ ਬਲਕਿ ਉਸ ਨੂੰ ਹਰ ਪੱਖੋਂ ਦੁਬੇਲ-ਅਬਲਾ, ਮਾਤ੍ਰ ਕਾਮ-ਵਾਸਨਾ ਜਾਂ ਮਨੋਰੰਜਨ ਦਾ ਸਾਧਨ ਹੀ ਮੰਨਿਆ ਤੇ ਬਣਾਇਆ ਗਿਆ ਹੈ। ਅਨੇਕਾਂ ਰਚਨਾਵਾਂ ’ਚ ਤਾਂ ਉਸ ਨੂੰ ਖਰੀਦਣ-ਵੇਚਣ ਤੇ ਨੁਮਾਇਸ਼ ਦੀ ਚੀਜ਼ ਹੀ ਦੱਸਿਆ ਹੈ। ਸਾਡੇ ਗੁਆਂਡੀ ਧਰਮ ’ਚ ਤਾਂ ਉਸ ਬਾਰੇ ਇੱਥੋ ਤੀਕ ਪੱਕਾ ਕੀਤਾ ਹੈ ਕਿ ‘ਇਸਤ੍ਰੀ ਦਾ ਜਨਮ ਪਿਤਾ ਦੇ ਘਰ ਤੇ ਅਰਥੀ ਪਤੀ ਦੇ ਘਰ’।

ਆਖਿਰ ਕਿਉਂ? ਕਿਉਂਕਿ ਉੱਥੇ ਉਸ ਦਾ ਵਿਆਹ ਨਹੀਂ, ਬਲਕਿ ਪਿਤਾ-ਭਾਈਆਂ ਰਾਹੀਂ ਉਸ ਦਾ ‘ਕੰਨਿਆਂ-ਦਾਨ’ ਹੁੰਦਾ ਹੈ। ਇਸ ਤਰ੍ਹਾਂ ਦਾਨ ਕੀਤੀ ਵਸਤੂ ਨੂੰ, ਦੇਣ ਵਾਲੇ ਲਈ ਵਾਪਿਸ ਲੈਣ ਦਾ ਹੱਕ ਹੀ ਨਹੀਂ ਰਹਿ ਜਾਂਦਾ। ਸਪਸ਼ਟ ਹੈ, ਉੱਥੇ ਇਸ ਨੂੰ ਕੇਵਲ ਦਾਨ ਦੀ ਵਸਤੂ ਮੰਨਿਆ ਗਿਆ ਹੈ, ਇਨਸਾਨ ਨਹੀਂ। ਇਹੀ ਕਾਰਣ ਹੈ ਕਿ ਉੱਥੇ ਬਹੁਤੀਆਂ ਰਸਮਾਂ-ਰੀਤਾਂ ਦਾ ਆਧਾਰ ਵੀ ਇਹੀ ਸੋਚਣੀ ਹੈ।

          ਮਿਸਾਲ ਵੱਜੋਂ ਉੱਥੇ (ਸ਼ਾਦੀ ਤੋਂ ਬਾਅਦ) ਨਾਮ-ਜਾਤ-ਗੋਤ ਸਭ ਕੁੜੀ ਦਾ ਬਦਲਦਾ ਹੈ, ਮੁੰਡੇ ਦਾ ਨਹੀਂ। ਕਾਰਣ ਹੁੰਦਾ ਹੈ ਪਿਤਾ-ਭਾਈਆਂ ਰਾਹੀਂ ‘ਕੰਨਿਆਂ ਦਾਨ’ ਤੋਂ ਬਾਅਦ ਉਹ ਬੱਚੀ, ਉਸ ਮੁੰਡੇ ਤੇ ਮੁੰਡੇ ਵਾਲਿਆਂ ਦੀ ਨਿਜੀ ਜਾਇਦਾਦ ਹੈ ਇਸ ਲਈ ਉਹ ਭਾਵੇਂ ਉਸ ਨੂੰ ਮਾਰੇ ਭਾਵੇਂ ਰੱਖੇ। ਇਹੀ ਨਹੀਂ ਦਾਜ ਦਹੇਜ ਪ੍ਰਥਾ, ਵਿਧਵਾ ਆਡੰਬਰ, ਦੇਵਦਾਸੀ ਪ੍ਰਥਾ, ਰਾਮਜਨੀ ਤੇ ਸਤੀ ਪ੍ਰਥਾ, ਸੂਤਕਾਂ-ਪਾਤਕਾਂ ਦੇ ਨਿਯਮ ਇੱਥੋਂ ਤੀਕ ਕਿ ਇਸਤ੍ਰੀ ਨੂੰ ਉਸ ਧਰਮ ’ਚ ਪ੍ਰਵੇਸ਼ ਭਾਵ ਜੰਜੂ ਪਾਉਣ ਅਤੇ ਪਿਤ੍ਰੀ ਕਰਮਾਂ ਦਾ ਵੀ ਹੱਕ ਨਹੀਂ, ਕਿਉੁਂਕਿ ਉਹ ਵਿਚਾਰੀ ਤਾਂ ਇਸਤ੍ਰੀ ਵਰਗ ਨਾਲ ਸੰਬੰਧਤ ਹੈ।

ਹੋਰ ਤਾਂ ਹੋਰ, ਸ਼ਾਦੀ ਸਮੇਂ ਕੁੜੀ ਵਾਲੇ ਮਾਂਜੀ (ਮੁੰਡੇ ਵਾਲਿਆਂ ਦੇ ਭਾਂਡੇ ਮਾਂਜਣ ਵਾਲੇ) ਤੇ ਇਸ ਦੇ ਉਲਟ ਮੁੰਡੇ ਵਾਲੇ ਜਾਂਜੀ ਹੁੰਦੇ ਹਨ। ਇਸੇ ਤਰ੍ਹਾਂ ਇਸਤ੍ਰੀ ਜਗਤ ਨੂੰ ਦੁਬੇਲ ਬਣਾ ਕੇ ਰੱਖਣ ਲਈ, ਉਸ ’ਚ ਹੀਣ ਭਾਵ ਭਰਣ ਲਈ ਅਨੇਕਾਂ ਸਗਨ, ਰੀਤੀ-ਰਿਵਾਜ, ਰਸਮਾਂ ਇਸੇ ਤਰ੍ਹਾਂ ਰੱਖੜੀਆਂ-ਟਿੱਕਾ (ਭਈਆ ਦੂਜ), ਕਰਵਾਚੌਥ ਆਦਿ ਵਰਤ-ਤਿਉਹਾਰ, ਇਸੇ ਸਮਾਜ ਦੀ ਦੇਣ ਹਨ। ਉਹ ਸਮਾਜ ਜਿੱਥੋਂ ਵਿਚਾਰ ਅਧੀਨ ਇਹ ‘ਸਿਰਨਾਵਣੀ’ ਵਾਲਾ ਵਿਸ਼ਾ ਵੀ ਆਇਆ ਹੈ।

ਉਥੇ ਉਹ ਅਬਲਾ ਭਾਵ ਬਲਹੀਣ ਤੇ ਅਰਧੰਗਨੀ ਭਾਵ ਪਤੀ ਦੇ ਮੁਕਾਬਲੇ ਅੱਧੇ ਸਰੀਰ ਵਾਲੀ ਹੈ। ਖੈਰ ਇਹ ਪੂਰਨ ਤੇ ਵੱਖਰਾ ਵਿਸ਼ਾ ਹੈ, ਇੱਥੇ ਇਸ ਦਾ ਇਸ਼ਾਰੇ ਮਾਤ੍ਰ ਜ਼ਿਕਰ ਇਸ ਲਈ ਜ਼ਰੂਰੀ ਹੈ ਕਿਉਂਕਿ ਵਿਚਾਰ ਅਧੀਨ ਸਲੋਕ ਦਾ ਸਿੱਧਾ ਸੰਬੰਧ ਵੀ ਇਸਤ੍ਰੀ ਵਰਗ ਪ੍ਰਤੀ ਬ੍ਰਾਹਮਣ ਦੇ ਰਵਈਏ ਨਾਲ ਹੀ ਹੈ। ਦੇਖ ਚੁੱਕੇ ਹਾਂ ਕਿ ਇਸ ਸਲੋਕ ਦਾ ਮਕਸਦ ਹੀ ਇਸਤ੍ਰੀ ਸਰੀਰ ਦੇ ਅਤਿ ਜ਼ਰੂਰੀ ਅਕਾਲਪੁਰਖੀ ਨਿਯਮ ‘ਮਾਸਕ ਚੱਕਰ’ ਬਾਰੇ ਪਾਈਆਂ ਭ੍ਰਾਂਤੀਆਂ ਤੇ ਅਜਿਹੇ ਸਮੇਂ ਉਸ ਅੰਦਰ ਲੰਮੇਂ ਸਮੇਂ ਤੋਂ ਭਰੀ ਗਈ ਆਤਮ ਗਿਲਾਣੀ ਬਾਰੇ ਸਮੁਚੇ ਮਾਨਵ ਸਮਾਜ ਨੂੰ ਸੁਚੇਤ ਕਰਣਾ ਹੀ ਹੈ।

          ਇਸ ਵਿਸ਼ੇ ਬਾਰੇ ਵਿਚਾਰ ਕਰਣ ਦੀ ਵੱਡੀ ਲੋੜ ਇਸ ਤੋਂ ਵੀ ਪਤਾ ਲਗਦੀ ਹੈ, ਕਿ ਇਕ ਪਾਸੇ ਇਨਸਾਨ ਦਾ ਕੇਵਲ ਜਨਮ ਹੀ ਨਹੀਂ ਬਲਕਿ ਇਸਤ੍ਰੀ ਹੋਵੇ ਜਾ ਪੁਰਖ, ਸਾਰਿਆਂ ਦਾ ਸਰੀਰ ਵੀ ਇਸਤ੍ਰੀ ਦੇ ਇਸੇ ‘ਮਾਸਕ ਧਰਮ’ ਤੋਂ ਹੀ ਤਿਆਰ ਹੁੰਦਾ ਹੈ। ਦੂਜਾ ਇਹ ਵੀ ਕਿ ਇਸਤ੍ਰੀ ਸਰੀਰ ’ਚ ਇਸ ਮਾਸਕ ਚਕ੍ਰ ਦਾ ਵਾਧਾ-ਘਾਟਾ, ਇਸਤ੍ਰੀ ਦੇ ਆਪਣੇ ਸਰੀਰ ਲਈ ਵੀ ਕਈ ਜਟਲ, ਅਸਾਧ ਤੇ ਪੇਚੀਦਾ (3) ਬਿਮਾਰੀਆਂ ਨੂੰ ਜਨਮ ਦਿੰਦਾ ਹੈ।

ਇਹੀ ਕਾਰਨ ਹੈ ਕਿ ਬਹੁਤ ਵਾਰੀ ਡਾਕਟਰਾਂ, ਵੈਦਾਂ, ਹਕੀਮਾਂ ਦੀਆਂ ਦੁਕਾਨਾਂ ਦੇ ਬਾਹਰ ਇਸ ਬਾਰੇ ਆਮ ਅਤੇ ਵਿਸ਼ੇਸ਼ ਧਿਆਨ-ਦੁਆਉ ਬੋਰਡ ਵੀ ਲੱਗੇ ਮਿਲਦੇ ਹਨ। ਖੂਬੀ ਇਹ ਕਿ ਉੱਥੇ ਤਾਂ ਕਦੇ ਕਿਸੇ ਨਹੀਂ ਕਿਹਾ ‘ਇਥੇ ਇਹ ਫਾਲਤੂ ਦੇ ਬੋਰਡ ਕਿਉਂ ਲਗਾਏ ਹੋਏ ਨੇ’। ਜਦਕਿ ਸਾਨੂੰ ਅੰਦਾਜ਼ਾਂ ਵੀ ਨਹੀਂ ਕਿ ਇਸਤ੍ਰੀ ਦਾ ਧਾਰਮਿਕ ਪੱਖੋਂ ਇਸ ਬਾਰੇ ਸੁਚੇਤ ਹੋਣਾ, ਹੋਰ ਵੀ ਜ਼ਰੂਰੀ ਹੈ। ਜਿਤਨੀ ਜਹਾਲਤ-ਜ਼ਲਾਲਤ-ਸ਼੍ਰਮਿੰਦਗੀ-ਆਤਮਹੀਣਤਾ-ਆਤਮਗਿਲਾਨੀ ਉਸ ਅੰਦਰ ਇਸ ਪੱਖੋਂ ਧਰਮ ਦੇ ਵਿਕ੍ਰਤ ਰੂਪ ਰਾਹੀਂ, ਧਰਮ ਦੇ ਠੇਕੇਦਾਰਾਂ ਨੇ ਭਰੀ ਹੋਈ ਹੈ, ਉਸ ਦਾ ਤਾਂ ਅੰਦਾਜ਼ਾ ਲਾਉਂਦੇ ਹੀ ਲੂੰ-ਕੰਡੇ ਖੜੇ ਹੋ ਜਾਂਦੇ ਹਨ।

          ਉਂਝ ਤਾਂ ਪੁਰਾਤਨ ਪ੍ਰਭਾਵਾਂ ਅਧੀਨ ਭਾਰਤ ’ਚ ਅੱਜ ਵੀ ਅਜਿਹੇ ਇਲਾਕੇ ਹਨ ਜਿੱਥੇ ਅਜਿਹੇ ਦਿਨਾਂ ’ਚ ਇਸਤ੍ਰੀ ਨੂੰ ਇੰਨਾਂ ਜ਼ਲੀਲ ਕੀਤਾ ਜਾਂਦਾ ਹੈ ਕਿ ਸ਼ਾਇਦ ਉਹ ਆਪਣੇ ਇਸਤ੍ਰੀ ਜਨਮ ਨੂੰ ਹੀ ਅਭਿਸ਼ਾਪ ਮੰਨਣ ’ਤੇ ਮਜਬੂਰ ਹੋ ਜਾਂਦੀ ਹੋਵੇਗੀ। ਅਜਿਹੇ ਸਮੇਂ ਉਸ ਕੋਲ ਕਿਸੇ ਵੀ ਧਰਮ ਕਰਮ ਦਾ ਅਧਿਕਾਰ ਨਹੀਂ ਰਹਿੰਦਾ। ਚੌਂਕੇ ਦੀ ਮਾਲਕਿਨ, ਚੌਂਕੇ-ਚੁੱਲ੍ਹੇ ਦੀ ਕਿਸੇ ਵਸਤ ਨੂੰ ਹੱਥ ਤੱਕ ਨਹੀਂ ਲਗਾ ਸਕਦੀ। ਉਸ ਨੂੰ ਇੰਨਾਂ ਅਪਵਿਤ੍ਰ ਮੰਨਿਆ ਜਾਂਦਾ ਹੈ, ਮਾਤਰ ਉਸ ਦੇ ਹੱਥ ਲੱਗਣ ਨਾਲ ਹੀ ਚੌਂਕੇ ਦੀ ਹਰ ਵਸਤ ਅਪਵਿਤ੍ਰ ਹੋ ਜਾਂਦੀ ਹੈ। ਕੁਝ ਇਲਾਕਿਆ ’ਚ ਤਾਂ, ਅੱਜ ਵੀ ਅਜਿਹੇ ਦਿਨਾਂ ’ਚ ਉਸ ਦੇ ਖਾਣ-ਪਾਣ ਦੇ ਬਰਤਨ ਤੀਕ ਵੱਖ ਕਰ ਦਿੱਤੇ ਜਾਂਦੇ ਹਨ। ਕੁਝ ਇਲਾਕਿਆਂ ’ਚ ਰੋਟੀ ਤੀਕ ਉਸ ਨੂੰ ਚਿਮਟੇ ਨਾਲ ਦੇਣ ਦੀਆਂ ਗੱਲਾਂ ਵੀ ਸੁਨਣ ’ਚ ਆਈਆਂ ਹਨ।

          ਇਹ ਸਭ ਅਚਨਚੇਤ ਨਹੀਂ ਹੋਇਆ- ਸੱਚ ਤਾਂ ਇਹ ਹੈ ਕਿ ਇਹ ਸਭ ਇੱਕ ਦਿਨ ’ਚ ਨਹੀਂ ਹੋਇਆ। ਬਲਕਿ ਹਜ਼ਾਰਾਂ ਸਾਲਾਂ ਤੋਂ ਉਸ ਦੇ ਅਜਿਹੇ ਸਮੇਂ ਸੰਬੰਧੀ ਮਨੁੱਖ ਦੇ ਮਨ ’ਤੇ ਪਾਏ ਹੋਏ ਅਨੇਕਾਂ ਭਰਮਾਂ ਦਾ ਹੀ ਨਤੀਜਾ ਹੈ। ਮਿਸਾਲ ਵਜੋਂ ਇੱਥੇ ਅਸੀਂ ‘ਗਰੁੜ ਪੁਰਾਣ’ ’ਚੋਂ ਇਸ ਵਿਸ਼ੇ ਸੰਬੰਧੀ ਕੁਝ ਵੇਰਵਾ ਲੈ ਰਹੇ ਹਾਂ। ਜਿਵੇ:-

          ‘ਨਾਰੀਆਂ ਨੂੰ ਜਦੋਂ ਮਹੀਨੇ ਵਿਚ ਰਿਤੂ ਕਾਲ ਹੋਵੇ ਤਾਂ ਸ਼ੁਰੂ ਦੇ ਚਾਰ ਦਿਨ ਉਸ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਇਹਨਾਂ ਚਾਰ ਦਿਨਾਂਚ ਇਸਤਰੀ ਪਹਿਲਾਂ ਤੋਂ ਪੈਦਾ ਹੋਈ ਬ੍ਰਹਮ-ਹੱਤਿਆ ਚ ਸਥਿਤ ਹੁੰਦੀ ਹੈ ॥੭॥ ਬ੍ਰਹਮਾਂ ਨੇ ਇੰਦਰ ਤੋਂ ਹਟਾ ਕੇ ਇਸ ਦਾ ਚੌਥਾ ਹਿੱਸਾ ਨਾਰੀਆਂ ਨੂੰ ਦੇ ਦਿੱਤਾ ਸੀ। ਇਸ ਲਈ ਤਦ ਤੀਕ ਨਾਰੀਆਂ ਦਾ ਰਿਤੂਕਾਲ ਚ ਮੂੰਹ ਵੀ ਨਹੀਂ ਦੇਖਣਾ ਚਾਹੀਦਾ ਜਦ ਤੀਕ ਕਿ ਉਸ ਵਿਚ ਬ੍ਰਹਮ ਹੱਤਿਆ ਦਾ ਪਾਪ ਬਣਿਆ ਰਹਿੰਦਾ ਹੈ॥੮॥

          ਰਿਤੂ ਕਾਲ ਦੇ ਪਹਿਲੇ ਦਿਨ ਇਹ ਚਾਂਡਾਲਣ ਦੇ ਬਰਾਬਰ ਹੁੰਦੀ ਹੈ, ਦੂਜੇ ਦਿਨ ਬ੍ਰਹਮਘਾਤਨੀ ਹੁੰਦੀ ਹੈ। ਤੀਜੇ ਦਿਨ ਨਾਰੀ, ਧੋਬਿਨ ਦੇ ਬਰਾਬਰ ਹੁੰਦੀ ਹੈ। ਇਹਨਾਂ ਤਿੰਨਾਂ ਦਿਨਾਂ ਦੇ ਖਤਮ ਹੋ ਜਾਣ ਬਾਅਦ ਚੌਥੇ ਦਿਨ ਨਾਰੀ ਸਨਾਨ ਕਰਕੇ ਪਵਿਤ੍ਰ ਹੁੰਦੀ ਹੈ॥੯॥ ਫਿਰ ਇਕ ਸਪਤਾਹ ਤੀਕ ਇਹ ਨਾਰੀ ਬ੍ਰੱਤ-ਪੂਜਾ, ਪਿੱਤਰੀਗਣ ਅਤੇ ਦੇਵਤਿਆਂ ਨਮਿਤ ਕੁਝ ਕਰਣ ਜੋਗ ਹੁੰਦੀ ਹੈ॥੧੦॥ (ਗਰੁੜ ਪੁਰਾਣ ਅਧਿਆਇ ੨੨ ਸਲੋਕ ੭ ਤੋਂ ੧੦)

          ਇਸੇ ਤਰ੍ਹਾਂ ਗਰੁੜ ਪੁਰਾਣ ਦੇ ਹੀ ਅਧਿਆਇ ੧੨ ਸਲੋਕ ੯ ’ਚ ਵੀ ਇਸਤ੍ਰੀ ਦੇ ਮਾਸਕ ਰਜ (ਖੂਨ) ਨੂੰ, ਪ੍ਰੇਤਾਂ ਦੇ ਗੰਦਗੀ-ਵਿਸ਼ਟਾ ਵਾਲੇ ਭੋਜਨਾਂ ਵਿਚੋਂ ਭੋਜਨ ਦੱਸਿਆ ਹੋਇਆ ਹੈ। ਇਸ ਤਰ੍ਹਾਂ ਅਜਿਹੇ ਸਮੇਂ ਚੂੰਕਿ ਇਹ ਪ੍ਰੇਤਾਂ ਦਾ ਭੋਜਨ ਹੁੰਦਾ ਹੈ ਇਸ ਲਈ ਇਥੇ ਪ੍ਰੇਤਾਂ ਦਾ ਵਾਸਾ ਦੱਸਿਆ ਹੈ।

          ਸ਼ਾਪ ਜਾਂ ਵਰਦਾਨ? ਪੁਰਾਤਨ ਰਚਨਾਵਾਂ ’ਚੋਂ, ਜਿੰਨ੍ਹਾਂ ਦਾ ਬ੍ਰਾਹਮਣੀ ਵਰਗ ਦੁਆਰਾ ਭਾਰਤੀ ਸਮਾਜ ਉੱਪਰ ਹਜ਼ਾਰਾਂ ਸਾਲਾਂ ਤੋਂ ਗਹਿਰਾ ਪ੍ਰਭਾਵ ਹੈ ਅਜਿਹੇ ਕਈ ਹੋਰ ਪ੍ਰਮਾਣ ਵੀ ਦਿੱਤੇ ਜਾ ਸਕਦੇ ਹਨ। ਦੇਖਣ ਦੀ ਗੱਲ ਤਾਂ ਇਹ ਹੈ, ਜੇ ਸਚਮੁਚ ਇਸ ਨੂੰ ਇਸਤ੍ਰੀ ਵਰਗ ਲਈ ਬ੍ਰਹਮ ਹੱਤਿਆ ਵੱਜੋਂ ਸ਼ਾਪ ਹੀ ਮੰਨ ਲਿਆ ਜਾਵੇ ਤਾਂ ਫ਼ਿਰ ਵਰਦਾਨ ਕਿਸ ਨੂੰ ਆਖੋਗੇ ? ਕਿਉਂਕਿ ਇਸ ਤੋਂ ਬਿਨਾ ਨਾ ਸੰਸਾਰ-ਚੱਕ੍ਰ ਚੱਲ ਸਕਦਾ ਹੈ ਅਤੇ ਨਾ ਹੀ ਇਸਤ੍ਰੀ ਸਰੀਰ ਹੀ ਸਾਰਥਕ ਰਹਿ ਜਾਂਦਾ ਹੈ।

ਠੀਕ ਉਸੇ ਤਰ੍ਹਾਂ ਜਿਵੇਂ ‘ਵੀਰਜ’ ਤੋਂ ਬਿਨਾ ਆਦਮੀ ਦੇ ਸਰੀਰ ਦਾ ਕੁਝ ਮਤਲਬ ਨਹੀਂ ਹੁੰਦਾ। ਜਦਕਿ ਇਧਰ ਰਿਤੂਕਾਲ ਦਾ ਵਾਧਾ-ਘਾਟਾ ਤਾਂ ਕਿਸੇ ਪ੍ਰਵਾਰ ਦੀ ਸਮੁਚੀ ਸੁਖ ਸ਼ਾਂਤੀ ਨੂੰ ਹੀ ਤਬਾਹ ਕਰ ਦਿੰਦਾ ਹੈ। ਕਿਉਂਕਿ ਜਿਸ ਪ੍ਰਵਾਰ ’ਚ ਘਰ ਦੀ ਮਾਲਕਿਨ, ਇਸਤ੍ਰੀ ਹੀ ਸੁਅਸਥ ਨਹੀਂ ਤਾਂ ਉਹ ਪ੍ਰਵਾਰ ਕਿਵੇਂ ਸੁਅਸਥ ਰਹਿ ਸਕਦਾ ਹੈ? ਭਾਵ ਅਜਿਹੇ ਵਹਿਮੀ ਤੇ ਅਗਿਆਨੀਆਂ ਦੇ ਗ੍ਰਹਿ ਵਿਖੇ ਜੇਕਰ ਇਸਤ੍ਰੀ ਦੇ ਸਰੀਰ ਅੰਦਰ ਇਸ ਪੱਖੋਂ ਵਾਧਾ-ਘਾਟਾ ਆ ਜਾਵੇ ਤਾਂ ਉਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਤੋਂ ਬ੍ਰਹਮ ਹੱਤਿਆ ਟੱਲ ਰਹੀ ਹੈ। ਜਦਕਿ ਇਸ ਦੇ ਉਲਟ ਅਜਿਹੇ ਲੋਕ ਵੀ ਦੂਜਿਆਂ ਵਾਂਙ ਉਸ ਸਮੇਂ ਡਾਕਟਰਾਂ ਆਦਿ ਦੇ ਚੱਕਰ ਕੱਟਦੇ ਹਨ, ਤਾਂ ਕਿਉਂ? ਕਿਉਂਕਿ ਇਹ ਬ੍ਰਹਮ-ਹੱਤਿਆ ਨਹੀਂ ਬਲਕਿ ਇਸਤ੍ਰੀ ਸਰੀਰ ਦੀ ਵੱਡੀ ਲੋੜ ਅਤੇ ਉਸ ਦੀ ਚੰਗੀ ਸਿਹਤ ਨਾਲ ਸੰਬੰਧਤ ਵਿਸ਼ਾ ਵੀ ਹੈ।

          ਸਾਡੀਆਂ ਸਿੱਖ ਬੀਬੀਆਂ?-ਦੁਖ ਤਾਂ ਓਦੋਂ ਹੁੰਦਾ ਹੈ ਜਦੋਂ ਅਗਿਆਨਤਾ ਵੱਸ ਸਾਡੀਆਂ ਸਿੱਖ ਬੀਬੀਆਂ ਵੀ ਇਸ ਨੂੰ ਘਿਰਣਤ ਕਰਮ ਮੰਨ ਬੈਠਦੀਆਂ ਤੇ ਕਹਿੰਦੀਆਂ ਹਨ ਕਿ ‘ਅਜਿਹੇ ਦਿਨਾਂ ’ਚ ਉਨ੍ਹਾਂ ਗੁਰਦੁਆਰੇ ਨਹੀਂ ਜਾਣਾ, ਪਾਠ ’ਚ ਹਿੱਸਾ ਨਹੀਂ ਲੈਣਾ, ਕੀਰਤਨ ਨਹੀਂ ਕਰਣਾ, ਨਿੱਤਨੇਮ ਨਹੀਂ ਕਰਣਾ’ ਆਦਿ ਜਦਕਿ ਸਰੀਰਕ ਸਫ਼ਾਈ ਵਾਲਾ ਪੱਖ ਤਾਂ ਵੀ ਹੋਰ ਹੈ। ਫ਼ਿਰ ਕੇਵਲ ਅਜਿਹੀਆਂ ਬੀਬੀਆਂ ਹੀ ਨਹੀਂ ਬਲਕਿ ਬਥੇਰੇ ਸਿੱਖ ਆਗੂ ਤੇ ਪੁਜਾਰੀ ਆਦਿ ਸ਼੍ਰੇਣੀਆਂ ਦੇ ਸੱਜਨ ਵੀ ਅਜਿਹੀ ਗੁਰਮੱਤ ਵਿਰੋਧੀ ਸੋਚ ਦਾ ਸ਼ਿਕਾਰ ਮਿਲ ਜਾਂਦੇ ਹਨ।

‘‘ਆਪਿ ਦਿ੍ਰੜੈ ਅਵਰਹ ਨਾਮੁ ਜਪਾਵੈ॥’-ਗੁਰਬਾਣੀ ਫ਼ੁਰਮਾਨ ਜਿਵੇਂ ‘‘ਆਪਿ ਦ੍ਰਿੜੈ ਅਵਰਹ ਨਾਮੁ ਜਪਾਵੈ॥’’ (ਪੰ:੨੭੪) ਜਿੰਨ੍ਹਾਂ ਫ਼ੁਰਮਾਨਾਂ ਦੇ ਆਧਾਰ ’ਤੇ ਸਿੱਖ ਬੀਬੀਆਂ, ਵੀਰਾਂ ਤੇ ਸਿੱਖ ਆਗੂਆਂ ਪ੍ਰਬੰਧਕਾਂ-ਪ੍ਰਚਾਰਕਾਂ ਆਦਿ ਨੇ ਗੁਰਬਾਣੀ ਦੇ ਮਹਾਨ ਸੱਚ ਰਾਹੀਂ ਆਪ ਜਾਗਣਾ ਤੇ ਸੰਸਾਰ ਨੂੰ ਜਗਾਉਣਾ ਸੀ, ਜੇ ਉਹ ਆਪ ਹੀ ਇਸ ਜਿੱਲਣ ਤੇ ਦਲ-ਦਲ ’ਚ ਫਸੇ ਹੋਏ ਹੋਣ ਤਾਂ ਰੱਬ ਹੀ ਰਾਖਾ। ਇੱਥੇ ਵੀ ਸ਼ਾਇਦ ਬਹੁਤਾ ਦੋਸ਼ ਉਨ੍ਹਾਂ ਬੀਬੀਆਂ ਤੇ ਵੀਰਾਂ ਆਦਿ ਦਾ ਨਹੀਂ, ਸਾਡੇ ਉੱਪਰ ਲੰਮੇਂ ਸਮੇ ਤੋਂ ਬ੍ਰਾਹਮਣੀ ਪ੍ਰਭਾਵਾਂ ਅਤੇ ਅਣ-ਅਧਿਕਾਰੀ, ਪ੍ਰਚਾਰਕਾਂ-ਪ੍ਰਬੰਧਕਾਂ ਤੇ ਆਗੂਆਂ ਦਾ ਵੀ ਹੈ।

ਅਜੋਕੇ ਵਿਦਿਆ ਤੇ ਡਾਕਟਰੀ ਵਿਗਿਆਨ ਦੇ ਜ਼ਮਾਨੇ ’ਚ ਪੜ੍ਹ-ਲਿੱਖ ਕੇ ਵੀ ਜੇ ਅਜੋਕੀਆਂ ਸਿੱਖ ਸੰਗਤਾਂ ਤੇ ਖਾਸਕਰ ਸਿੱਖ ਬੀਬੀਆਂ, ਗੁਰਬਾਣੀ (ਗੁਰੂ) ਤੋਂ ਆਪਣੇ ਜੀਵਨ ਦਾ ਗਿਆਨ ਪ੍ਰਾਪਤ ਨਾ ਕਰਣ ਤਾਂ ਇਸ ਨੂੰ ਉਨ੍ਹਾਂ ਦਾ ਆਪਣਾ ਦੋਸ਼ ਹੀ ਮੰਣਨਾ ਪਵੇਗਾ। ਧੰਨ ਹਨ ‘ਗੁਰੂ ਨਾਨਕ ਪਾਤਸ਼ਾਹ’, ਜਿੰਨ੍ਹਾਂ ਨੇ ਇਸਤ੍ਰੀ ਜਗਤ ਨਾਲ ਇਸ ਪੱਖੋਂ ਹੋ ਰਹੀ ਅਵਹੇਲਣਾ ਨੂੰ ਵੀ ਵੰਗਾਰਿਆ ਅਤੇ ਉਪ੍ਰੋਕਤ ਸਲੋਕ ਰਾਹੀਂ ਬੀਬੀਆਂ ਦੇ ਨਾਲ ਨਾਲ ਸੰਪੂਰਣ ਮਨੁੱਖ ਸਮਾਜ ਨੂੰ ਇਸ ਪੱਖੋਂ ਵੀ ਸੁਚੇਤ ਕੀਤਾ।

          ਗੁਰੂ ਨਾਨਕ ਪਾਤਸ਼ਾਹ ਅਤੇ ਇਸਤ੍ਰੀ-ਪੁਰਖ- ਭਲੀ ਭਾਂਤੀ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਨਾਨਕ ਦੇ ਘਰ ’ਚ ਇਸਤ੍ਰੀ-ਪੁਰਖ ਵਿਚਕਾਰ ਅਜਿਹੇ ਵਿਤਕਰਿਆਂ-ਸੋਚਣੀਆਂ ਨੂੰ ਕੋਈ ਥਾਂ ਨਹੀਂ। ਇੱਥੇ ਤਾਂ ਸਾਰਿਆਂ ਲਈ ‘‘ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰਿ॥’’ (ਬਾਣੀ ਜਪੁ) ਦਾ ਹੀ ਸਿਧਾਂਤ ਹੈ। ਇੱਥੇ ਇਸਤ੍ਰੀ ਜਾਂ ਪੁਰਖ ਲਈ ਵੱਖੋ-ਵੱਖਰਾ ਮਾਪਦੰਡ ਨਹੀਂ। ਬਾਣੀ ਦਾ ਫ਼ੈਸਲਾ ਹੈ ‘‘ਨਾਰੀ ਪੁਰਖੁ, ਪੁਰਖੁ ਸਭ ਨਾਰੀ; ਸਭੁ ਏਕੋ ਪੁਰਖੁ ਮੁਰਾਰੇ॥’’ (ਪੰ:੯੮੩) ਭਾਵ ਇਸਤ੍ਰੀਆਂ ਹੋਣ ਜਾਂ ਪੁਰਖ, ਸਾਰਿਆਂ ਅੰਦਰ ਅਕਾਲਪੁਰਖੁ ਦਾ ਹੀ ਨੂਰ ਹੈ। ਹੋਰ ‘‘ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ, ਬੂਝਹੁ ਬ੍ਰਹਮ ਗਿਆਨੀ॥’’ (ਪੰ:੮੭੯) ਭਾਵ ਪੁਰਖ ਹੋਵੇ ਜਾਂ ਇਸਤ੍ਰੀ, ਇਸ ’ਚ ਭੇਦ ਨਹੀਂ, ਪਰ ਫ਼ੈਸਲਾ ਹੈ ਕਿ ਇਸ ਸਚਾਈ ਨੂੰ ਸਮਝਣ ਲਈ ਵੀ ਗੁਰੂ ਗਿਆਨ ਦੀ ਲੋੜ ਹੈ। ਇਹੀ ਘਾਟ ਹੁੰਦੀ ਹੈ ਜਦੋਂ ਇਲਾਹੀ ਗਿਆਨ ਤੋਂ ਵਿਹੂਣਾ ਮਨੁੱਖ, ਰੱਬੀ ਸਚਾਈ ਨੂੰ ਸਮਝੇ ਬਿਨਾ ‘ਸਿਰਨਾਵਣੀ, ਸੂਤਕ-ਪਾਤਕ’ ਆਦਿ ਦੀਆਂ ਅਨੇਕਾਂ ਗੁੰਝਲਾਂ ’ਚ ਫ਼ਸਿਆ ਹੁੰਦਾ ਹੈ।

ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਘਰ ’ਚ ਜਿੱਥੇ ਪਾਹੁਲ ਲੈਣ ਦਾ ਹੱਕ ਮਰਦਾਂ ਨੂੰ ਹੈ ਉੱਥੇ ਬੀਬੀਆਂ ਨੂੰ ਵੀ ਬਰਾਬਰ ਦਾ ਹੱਕ ਹੈ। ਫ਼ਿਰ ਕੇਵਲ ਪਾਹੁਲ ਲੈਣ ਦਾ ਹੱਕ ਹੀ ਨਹੀਂ, ਬਲਕਿ ਸਿੱਖ ‘ਰਹਿਤ ਮਰਿਆਦਾ’ (ਸੰਨ ੧੯੪੫) ਦੇ ਪੰਨਾ ੨੭ ‘ਅੰਮਿ੍ਰਤ ਸੰਸਕਾਰ’ ਸਿਰਲੇਖ ਹੇਠ ‘ਅ’ ਭਾਗ ’ਚ ਸਪਸ਼ਟ ਦਰਜ ਹੈ ਕਿ ‘ਅੰਮ੍ਰਿਤ ਛਕਾਉਣ ਲਈ ਪੰਜ ਪਿਆਰਿਆਂ ਵਿਚ ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ।’ ਉਪ੍ਰੰਤ ਪਹਿਲੇ ਜਾਮੇਂ ਤੋਂ ਹੀ ਜਿਹੜਾ ਸਤਿਕਾਰ ਬੇਬੇ ਨਾਨਕੀ ਜੀ ਨੂੰ ਪ੍ਰਾਪਤ ਹੋਇਆ ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ। ਫ਼ਿਰ ਦਰਸ਼ਨ ਕਰੋ ਮਾਤਾ ਖੀਵੀ, ਬੀਬੀ ਭਾਨੀ ਜਾਂ ਤੀਜੇ ਪਾਤਸ਼ਾਹ ਵੱਲੋ ਸਿੱਖੀ ਪ੍ਰਚਾਰ ’ਚ ਬੀਬੀਆਂ ਨੂੰ ਬਖਸ਼ੇ ਹੋਏ ਪੀੜੇ ਉਪ੍ਰੰਤ ਮਾਤਾ ਗੁਜਰ ਕੌਰ, ਮਾਤਾ ਭਾਗ ਕੌਰ ਤੇ ਹੋਰ ਬੇਅੰਤ ਸਿੱਖ ਬੀਬੀਆਂ। ਹੋਰ ਤਾਂ ਹੋਰ ਗੁਰੂ ਕੇ ਸਿੱਖਾਂ ਵਿਚਕਾਰ ਨਾਵਾਂ ’ਚ ਵੀ ਸਮਾਨਤਾ ਹੈ। ਪਹਿਚਾਣ ਵਜੋਂ ਫ਼ਰਕ ਹੈ ਤਾਂ ਕੇਵਲ ‘ਸਿੰਘ’ ਤੇ ‘ਕੌਰ’ ਦਾ। ਨਹੀਂ ਤਾਂ ਹਰੇਕ ਨਾਮ ਦੋਵੇਂ ਪਾਸੇ ਹੁੰਦਾ ਹੈ ਜਿਵੇਂ ਜੇ ਇਕ ‘ਸਤਿਨਾਮ ਸਿੰਘ’ ਹੈ ਤਾ ਦੂਜੇ ਪਾਸੇ ‘ਸਤਿਨਾਮ ਕੌਰ’ ਵੀ ਹੈ।

          ‘‘ਹਮਰਾ ਭਰਮੁ ਗਇਆ ਭਉ ਭਾਗਾ॥’’- ਗੁਰਬਾਣੀ ਦਾ ਫ਼ੈਸਲਾ ਹੈ, ਜਦੋਂ ਮਨੁੱਖ ਦਾ ਮਨ ਪ੍ਰਭੂ ਵਿਸ਼ਵਾਸ ਰਾਹੀਂ ਜਾਗ ਪੈਂਦਾ ਹੈ ਤਾਂ ਉਸ ਅੰਦਰੋਂ ਸਾਰੇ ਭਰਮ ਭੁਲੇਖੇ ਆਪਣੇ ਆਪ ਮੁੱਕ ਜਾਂਦੇ ਹਨ। ਫ਼ੁਰਮਾਣ ਹੈ ‘‘ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ॥’’ (ਪੰ:੬੫੫)। ਆਓ! ਵਿਚਾਰ ਅਧੀਨ ਸਲੋਕ ਦੀ ਰੋਸ਼ਨੀ ’ਚ ਇਸ ਸੱਚ ਨੂੰ ਰਤਾ ਹੋਰ ਘੋਖਣ ਦਾ ਜਤਨ ਕਰੀਏ। ਮੂਲ ਰੂਪ ’ਚ ਇਸਤ੍ਰੀ ਦੇ ਜਿਸ ਮਾਸਕ ਚੱਕਰ ਨੂੰ ਬਹਾਨਾ ਬਣਾ ਕੇ, ਪੁਰਸ਼ ਵਰਗ ਲੰਮੇ ਸਮੇਂ ਤੋਂ ਸਮਾਜ ’ਚ ਇਸਤ੍ਰੀ ਜਾਤ ਨੂੰ ਜ਼ਲੀਲ ਕਰਦਾ ਆਇਆ ਹੈ।

ਦਰਅਸਲ ਇਹ ਤਾਂ ਇਸਤ੍ਰੀ ਸਰੀਰ ਦੀ ਜ਼ਰੂਰੀ ਕਿਰਿਆ ਹੈ। ਠੀਕ ਉਸੇ ਤਰ੍ਹਾਂ ਦੀ ਜਿਵੇਂ ਪੁਰਸ਼ ਸਰੀਰ ’ਚ ‘ਵੀਰਜ’ ਦੀ ਉਤਪਤੀ। ਫਿਰ ਜਿਸ ‘ਮਾਸਕ ਰੱਜ’ ਨੂੰ ਇਸਤ੍ਰੀ ਸਰੀਰ ਦੀ ਗੰਦਗੀ ਕਹਿ ਦਿੱਤਾ ਜਾਂਦਾ ਹੈ, ਉਸ ਦੀ ਨਿਵਰਤੀ ਦੇ ਨਾਲ-ਨਾਲ ਉਸ ਦੀ ਨਵੀਂ ਤਿਆਰੀ ਵੀ ਚਾਲੂ ਹੋ ਜਾਂਦੀ ਹੈ। ਭਾਵ ਉਸ ਦਾ ਸਰੀਰ ਤਾਂ ਇਸ ਤੋਂ ਕਦੇ ਵਾਂਝਾ ਹੁੰਦਾ ਹੀ ਨਹੀਂ। ਠੀਕ ਉਸੇ ਤਰ੍ਹਾਂ ਜਿਵੇਂ ਸਾਡੇ ਸਰੀਰਾਂ ਅੰਦਰ ਵਿਸ਼ਟਾ, ਵੀਰਜ ਆਦਿ ਬਾਕੀ ਕਿ੍ਰਆਵਾਂ।

ਤਾਂ ਫਿਰ ਕੇਵਲ ਉਸ ਇਸ਼ਨਾਨ ਨੇ ਉਸ ਦੇ ਸਰੀਰ ਨੂੰ ਕਿਸ ਅਪਵਿਤ੍ਰਤਾ ’ਚੋਂ ਕਢਿਆ? ਭਾਵ ਕਿਸੇ ’ਚੋਂ ਵੀ ਨਹੀਂ। ਸਚਾਈ ਇਹ ਹੈ ਕਿ ਇਹ ਅਪਵਿਤ੍ਰਤਾ, ਬ੍ਰਾਹਮਣੀ ਸਮਾਜ ਰਾਹੀਂ ਪੈਦਾ ਕੀਤਾ ਭਰਮ ਹੈ ਜਿਵੇਂ ਇਸੇ ਵਰਗ ਰਾਹੀਂ ਸੂਤਕ-ਪਾਤਕ ਆਦਿ ਦੇ ਅਨੇਕਾਂ ਭਰਮ। ਪਾਤਸ਼ਾਹ ਨੇ ਸੰਸਾਰ ਨੂੰ ਗੁਰਬਾਣੀ ਦੇ ਗਿਆਨ ਰਾਹੀਂ ਜਨਮ-ਮਰਨ ਸਮੇਂ ਉਨ੍ਹਾਂ ਸੂਤਕਾਂ-ਪਾਤਕਾਂ ਵਾਲੇ ਭਰਮਾਂ ’ਚੋਂ ਕੱਢਣ ਵਾਸਤੇ ਵੀ ਮਨੁੱਖ ਨੂੰ ਬੜੀ ਕਰੜਾਈ ਨਾਲ ਸੁਚੇਤ ਕੀਤਾ ਹੈ ਅਤੇ ਇੱਥੇ ਵੀ ਉਹੀ ਗੱਲ ਹੈ।

          ਗਿਆਨ ਦੀ ਰੋਸ਼ਨੀ ਅਤੇ ਅਗਿਆਨਤਾ ਦੇ ਹਨੇਰਾ-ਅਸਲੀਅਤ ਇਹ ਹੈ ਕਿ ਸਿਰਨਾਉਣੀ ਸੰਬੰਧੀ ਅਪਵਿਤ੍ਰਤਾ ਵਾਲਾ ਵਿਸ਼ਵਾਸ ਕੇਵਲ ਅਗਿਆਨਤਾ ਦੀ ਉਪਜ ਹੈ। ਇਸੇ ਲਈ ਇਸਤ੍ਰੀ ਰਾਹੀਂ ਕੇਸੀਂ ਇਸ਼ਨਾਨ ਤੋਂ ਬਾਅਦ ਜਦੋਂ ‘ਸਿਰਨਾਉਣੀ’ ਬਾਰੇ ਸੰਬੰਧਤ ਸਮਾਜ ਦੇ ਮਨ ਤੋਂ ਉਹ ਬੋਝ ਮੁੱਕ ਜਾਂਦਾ ਹੈ ਤਾਂ ਸਾਰਿਆਂ ਦੇ ਮਨ ਹਲਕੇ ਹੋ ਜਾਂਦੇ ਹਨ। ਹੁਣ ਇਸੇ ਗੱਲ ਨੂੰ ਜੇਕਰ ਸਚਾਈ ਦੇ ਪੱਖੋਂ ਘੋਖੀਏ ਤਾਂ ਅਸਲ ‘ਚ ਮਨ ਤੋਂ ਵਹਿਮਾਂ ਦਾ ਕੇਵਲ ਉਹੀ ਬੋਝ ਉਤਾਰਿਆ ਗਿਆ ਸੀ ਜਿਸਦਾ ਕਿ ਪਹਿਲਾਂ ਹੀ ਵਜੂਦ ਨਹੀਂ ਸੀ।

ਇਹੀ ਕਾਰਣ ਹੈ ਕਿ ਇਸ ਤਰ੍ਹਾਂ ਉਸ ਇਸਤ੍ਰੀ ਸਮੇਤ ਜਦੋਂ ਸਭ ਨੇ ਮੰਨ ਲਿਆ ਕਿ ਹੁਣ ਉਹ ਪਵਿਤ੍ਰ ਹੋ ਗਈ ਹੈ ਤਾਂ ਉਹ ਪਹਿਲਾਂ ਦੀ ਤਰ੍ਹਾਂ, ਆਪਣੇ ਕਾਰ ਵਿਹਾਰ ‘ਚ ਪ੍ਰਵੇਸ਼ ਕਰ ਗਈ। ਖੂਬੀ ਇਹ ਕਿ ਜਿਸ ਚੀਜ਼ ਨੂੰ ਉਸਦੇ ਸਰੀਰ ਦੀ ਗੰਦਗੀ ਮੰਨ ਕੇ ਇਤਨਾ ਬਵਾਲ ਪੈਦਾ ਕੀਤਾ ਹੋਇਆ ਸੀ, ਉਹ ਅਖੌਤੀ ਗੰਦਗੀ ਤਾਂ ਇਸ਼ਨਾਨ ਤੋਂ ਬਾਅਦ ਵੀ ਸਰੀਰ ਅੰਦਰ ਉਸੇ ਤਰ੍ਹਾਂ ਕਾਇਮ ਰਹੀ ਤੇ ਸਰੀਰਾਂ ਦੇ ਚਲਣ ਅਨੁਸਾਰ ਰਹਿਣੀ ਵੀ ਹੈ। ਸਲੋਕ ‘ਚ ਗੁਰਦੇਵ ਸਪਸ਼ਟ ਕਰਦੇ ਹਨ ਕਿ ਅਸਲ ‘ਚ ਸ਼ਬਦ-ਗੁਰੂ ਦਾ ਗਿਆਨ ਹੀ ਮਨੁੱਖ ਨੂੰ ਅਜਿਹੀ ਅਗਿਆਨਤਾ ਦੀ ਹਨੇਰੀ ਖੱਡ ‘ਚੋਂ ਕੱਢ ਸਕਦਾ ਹੈ।

ਠੀਕ ਉਸੇ ਤਰ੍ਹਾਂ ਜਿਵੇਂ ਪਾਤਸ਼ਾਹ ਨੇ ਸੂਤਕਾਂ ਦੇ ਭਰਮਾਂ ਬਾਰੇ ਫ਼ੁਰਮਾਇਆ-ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥ ਜੰਮਣੁ ਮਰਣਾ ਹੁਕਮ ਹੈ ਭਾਣੈ ਆਵੈ ਜਾਇ ॥ ਖਾਣਾ ਪੀਣਾ ਪਵਿਤ੍ਰੁ ਹੈ ਦਿਤੋਨੁ ਰਿਜਕੁ ਸੰਬਾਹਿ ॥ ਨਾਨਕ ! ਜਿਨੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ” (ਪੰ:੪੭੩) । ਤਾਂ ਤੇ ਉਹ ਸੂਤਕ ਵੀ ਜਿਨੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ” ਅਨੁਸਾਰ ‘ਸੂਤਕ’ ਵੀ ਕੇਵਲ ਮਨੁੱਖ ਦੇ ਆਪਣੇ ਮਨ ਦਾ ਭੁਲੇਖਾ ਤੇ ਅਗਿਆਨਤਾ ਦੀ ਉਪਜ ਹੈ । ਇਹ ਅਗਿਆਨਤਾ ਕਰਤੇ ਦਾ ਲੜ ਛੱਡ ਕੇ ਮੋਹ-ਮਾਇਆ ‘ਚ ਖੱਚਤ ਹੋਣ ਕਾਰਣ ਮਨੁੱਖ ਦੇ ਜੀਵਨ ‘ਚ ਪੈਦਾ ਹੁੰਦੀ ਹੈ। ਕਿਸੇ ਦੇ ਮਰਣ ਜਾਂ ਜੰਮਣ ਨਾਲ ਕੁਝ ਵੀ ਕੁਝ ਅਪਵਿਤ੍ਰ ਨਹੀਂ ਹੁੰਦਾ।

ਜਿਵੇਂ ਸੂਤਕਾਂ-ਪਾਤਕਾਂ ਦੇ ਵਹਿਮਾਂ-ਭਰਮਾਂ ‘ਚ ਫ਼ਸੇ ਲੋਕ ਇੰਨ੍ਹਾਂ ਵਾਧੂ ਗੱਲਾਂ ਦਾ ਸ਼ਿਕਾਰ ਹੋਏ ਰਹਿੰਦੇ ਹਨ, ਅਸਲ ‘ਚ ਗੱਲ ਇਥੇ ਵੀ ਉਹੀ ਹੈ। ਇਸਦੇ ਉਲਟ, ਜਿਹੜੇ ਗੁਰਬਾਣੀ-ਗੁਰੂ ਦੀ ਆਗਿਆ ‘ਚ ਚੱਲਦੇ ਹਨ ਉਨ੍ਹਾਂ ਦੇ ਹਿਰਦੇ ‘ਚ ਅਜਿਹੇ ਭਰਮ-ਭੁਲੇਖੇ ਰਹਿੰਦੇ ਹੀ ਨਹੀਂ। ਦੋਨਾਂ ਪਾਸਿਆਂ ਤੋਂ ਸੰਬੰਧਤ ਫ਼ੁਰਮਾਨਾਂ ਨੂੰ ਆਪਸ ‘ਚ ਮਿਲਾ ਕੇ ਦੇਖੋ! ਵਿਸ਼ੇ ਅਨੁਸਾਰ ਕੇਵਲ ਸ਼ਬਦਾਵਲੀ ‘ਚ ਹੀ ਫਰਕ ਹੈ, ਜਦਕਿ ਗੱਲ ਇਥੇ ਵੀ ਉਹੀ ਸਮਝਾਈ ਹੈ ਜਿਹੜੀ ਸੂਤਕਾਂ ਬਾਰੇ। ਇੱਥੇ ਫ਼ੁਰਮਾਨ ਹੈ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ” (ਪੰ ੪੭੨) ਅਤੇ ਸੂਤਕਾਂ ਬਾਰੇ ਸ਼ਬਦਾਵਲੀ ਹੈ ਜਿਨੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ”।

ਇਸ ਤਰ੍ਹਾਂ ਉਸਿਰਨਾਵਣੀ” ਭਾਵ ਕੇਸੀਂ ਇਸ਼ਨਾਨ ਤੋਂ ਬਾਅਦ ਮੰਨ ਲਿਆ ਜਾਂਦਾ ਹੈ ਕਿ, ਇਸਤ੍ਰੀ ਪਵਿਤ੍ਰ ਹੋ ਗਈ ਹੈ। ਦਰਅਸਲ ਸਰੀਰ ਧੋਣ ਨਾਲ ਨਾ ਮਨ ਪਵਿਤ੍ਰ ਹੁੰਦਾ ਹੈ ਤੇ ਨਾ ਉਹ ਸਰੀਰ ਹੀ ਸੁੱਚਾ ਹੁੰਦਾ ਹੈ। ਮੂਲ ਰੂਪ ‘ਚ ਸੁੱਚੇ ਉਹੀ ਹੁੰਦੇ ਹਨ ਜਿੰਨ੍ਹਾਂ ਦੇ ਹਿਰਦੇ ਘਰ ‘ਚ ਪ੍ਰਭੂ ਦਾ ਵਾਸਾ ਹੋਵੇ। ਰੱਬੀ ਸਚਾਈ ਹਰ ਪੱਖੋਂ ਇਕੋ ਹੀ ਹੈ ਕਿ ਹਰ ਤਰ੍ਹਾਂ ਦੇ ਭਰਮ, ਭੁਲੇਖੇ, ਵਹਿਮ, ਸਹਿਮ ਡਰ ਮਨੁੱਖ ਅੰਦਰੋ ਉਦੋਂ ਮੁੱਕਦੇ ਹਨ ਜਦੋਂ ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ” ਜਾਂ ਜਿਨੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ” ਅਤੇ ਜਿਨ ਮਨਿ ਵਸਿਆ ਸੋਇ” ਆਦਿ। ਕਿਉਂਕਿ ਕੇਵਲ ਗੁਰਬਾਣੀ-ਗੁਰੂ ਦਾ ਗਿਅਨ ਹੀ , ਮਨੁੱਖ ਨੂੰ ਉਸਦੇ ਜੀਵਨ-ਦਾਤੇ ਪ੍ਰਭੂ ਨਾਲ ਜੋੜ ਕੇ ਉਸ ਦੇ ਮਨ ‘ਚੋਂ ਅਜਿਹੇ ਭਰਮਾਂ ਭੁਲੇਖਿਆਂ ਦਾ ਨਾਸ ਕਰ ਸਕਦਾ ਹੈ।

          ‘‘ਭੰਡਿ ਜੰਮੀਐ ਭੰਡਿ ਨਿੰਮੀਐ॥’’-ਪੁਰਸ਼ ਪ੍ਰਧਾਨ ਸਮਾਜ ’ਚ ਮਨੁੱਖ ਨੇ ਇਸਤ੍ਰੀ ਵਰਗ ਨਾਲ ਹਰ ਕਦਮ ’ਤੇ ਵਿਤਕਰਾ ਹੀ ਕੀਤਾ ਹੈ ਅਤੇ ਇਸਤ੍ਰੀ ਨੂੰ ਸਦਾ ਦੁਬੇਲ ਬਣਾ ਕੇ ਰੱਖਣ ਦਾ ਹੀ ਜਤਨ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਸ ਬਾਰੇ ਕੀ ਫ਼ੈਸਲਾ ਦਿੱਤਾ ਹੈ ਉਹ ਵੀ ਦੇਖ ਚੁੱਕੇ ਹਾਂ। ਸਪਸ਼ਟ ਹੈ ਗੁਰਮੱਤ ਅਨੁਸਾਰ ਇਸਤ੍ਰੀ ਹੋਵੇ ਜਾਂ ਪੁਰਖ ਕੇਵਲ ਸੰਸਾਰ ਚਕ੍ਰ ਨੂੰ ਚਲਾਉਣ ਲਈ ਸਰੀਰ ਦੇ ਹੀ ਦੋ ਰੂਪ ਹਨ ਜਦਕਿ ਦੋਨਾਂ ਅੰਦਰ ਪ੍ਰਭੂ ਕਰਤੇ ਦਾ ਹੀ ਨੂਰ ਤੇ ਅੰਸ਼ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਕ ਹੋਰ ਸਲੋਕ ਰਾਹੀਂ ਮਨੁੱਖ ਨੂੰ ਇਸ ਪੱਖੋਂ ਭਰਵੀਂ ਤਾੜਣਾ ਕਰਦੇ ਹੋਏ ਸੁਚੇਤ ਕੀਤਾ ਕਿ, ਐ ਮਨੁੱਖ! ਕਰਤੇ ਦੀ ਰਚਨਾ ’ਚ ਇਸਤ੍ਰੀ ਤੇ ਪੁਰਖ, ਸੰਸਾਰ ਚੱਕਰ ਲਈ, ਦੋਨਾਂ ਦੀ ਲੋੜ ਇਕੋ ਜਿਹੀ ਹੈ। ਇਕ ਦੀ ਘੱਟ ਤੇ ਦੂਜੇ ਦੀ ਵੱਧ ਨਹੀਂ। ਲੋੜ ਹੈ ਤਾਂ ਇਕ ਦੂਜੇ ਵਾਸਤੇ ਆਪਸੀ ਸਤਿਕਾਰ ਦੀ, ਨਾ ਕਿ ਇਕ ਰਾਹੀਂ ਦੂਜੇ ’ਤੇ ਹਾਵੀ ਹੋਣ ਦੀ।

ਅਸਲ ’ਚ ਕਰਤੇ ਨੇ ਇਹ ਦੋਵੇਂ ਸਰੀਰ ਇਕ ਦੂਜੇ ਦੇ ਪੂਰਕ ਘੜੇ ਹੋਏ ਹਨ, ਇਕ ਤੋਂ ਬਿਨਾ ਦੂਜੇ ਸਰੀਰ ਦਾ ਕੁਝ ਮਕਸਦ ਹੀ ਨਹੀਂ ਰਹਿ ਜਾਂਦਾ। ‘‘ਭੰਡਿ ਜੰਮੀਐ ਭੰਡਿ ਨਿੰਮੀਐ॥’’ ਵਾਲਾ ਸਲੋਕ ਜੋ ਬਾਣੀ ‘ਆਸਾ ਕੀ ਵਾਰ’ ਪਉੜੀ ੧੯ ਨਾਲ ਹੈ। ਉਸ ਸਲੋਕ ’ਚ ਵੀ ਗੁਰਦੇਵ ਨੇ ਇਸਤ੍ਰੀ ਸਰੀਰ ਦੀਆਂ ਨਿਰੋਲ ਉਨ੍ਹਾਂ ਲੋੜਾਂ ਦਾ ਜ਼ਿਕਰ ਕੀਤਾ ਹੈ ਜਿਹੜੀਆਂ ਪੁਰਸ਼ ਸਰੀਰ ਕਦੇ ਪੂਰੀਆਂ ਨਹੀਂ ਕਰ ਸਕਦਾ। ਹੇਠ ਦਿੱਤਾ ਇਹ ਸਲੋਕ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਪੰ: ੪੭੩ ’ਤੇ ਹੈ ਅਤੇ ਪਾਠਕਾਂ ਦੀ ਗਿਆਤ ਲਈ, ਇੱਥੇ ਉਸ ਨਾਲ ਉਸ ਦੇ ਅੱਖਰੀਂ ਅਰਥ ਵੀ ਦੇ ਰਹੇ ਹਾਂ। ਆਓ, ਦਰਸ਼ਨ ਕਰੀਏ:-

‘‘ਮ: ੧ ॥ ਭੰਡਿ ਜੰਮੀਐ ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ॥ ਭੰਡੁ ਮੁਆ, ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ ਨ ਕੋਇ ॥ ਨਾਨਕ! ਭੰਡੈ ਬਾਹਰਾ: ਏਕੋ ਸਚਾ ਸੋਇ ॥ ਜਿਤੁ ਮੁਖਿ ਸਦਾ ਸਾਲਾਹੀਐ; ਭਾਗਾ ਰਤੀ ਚਾਰਿ ॥ ਨਾਨਕ ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ॥ ੨ ॥’’ (ਪੰ:੪੭੩)

ਅਰਥ:- ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ (ਦੇ ਪੇਟ) ਵਿਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ । ਇਸਤ੍ਰੀ ਦੀ ਰਾਹੀਂ (ਹੀ) ਕੁੜਮਾਈ ਤੇ ਵਿਆਹ ਹੁੰਦਾ ਹੈ । ਇਸਤ੍ਰੀ ਦੀ ਰਾਹੀਂ (ਹੋਰ ਲੋਕਾਂ ਨਾਲ) ਸੰਬੰਧ ਬਣਦਾ ਹੈ । ਤੇ ਇਸਤ੍ਰੀ ਤੋਂ ਹੀ (ਜਗਤ ਦੀ ਉਤਪੱਤੀ ਦਾ) ਰਸਤਾ ਚੱਲਦਾ ਹੈ । ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ (ਹੋਰਨਾਂ ਨਾਲ) ਰਿਸ਼ਤੇਦਾਰੀ ਬਣਦੀ ਹੈ । ਜਿਸ ਇਸਤ੍ਰੀ (ਜਾਤੀ) ਤੋਂ ਰਾਜੇ (ਭੀ) ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਠੀਕ ਨਹੀਂ।

ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ (ਜਗਤ ਵਿਚ) ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ । ਹੇ ਨਾਨਕ ! ਕੇਵਲ ਇਕ ਸੱਚਾ ਪ੍ਰਭੂ ਹੀ ਹੈ, ਜੋ ਇਸਤੀ ਤੋਂ ਨਹੀਂ ਜੰਮਿਆ। (ਭਾਵੇਂ ਮਨੁੱਖ ਹੋਵੇ ਭਾਵੇਂ ਇਸਤ੍ਰੀ, ਜੋ ਭੀ) ਆਪਣੇ ਮੂੰਹ ਨਾਲ ਸਦਾ ਪ੍ਰਭੂ ਦੇ ਗੁਣ ਗਾਉਂਦਾ ਹੈ, ਉਸ ਦੇ ਮੱਥੇ ਉੱੱਤੇ ਭਾਗਾਂ ਦੀ ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ। ਹੇ ਨਾਨਕ! ਉਹੀ ਮੁਖ ਉਸੇ ਸੱਚੇ ਪ੍ਰਭੂ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ । ੨। ਅਰਥ ਧੰਨਵਾਦ ਸਹਿਤ- ਪ੍ਰੋ: ਸਾਹਿਬ ਸਿੰਘ ਜੀ।

ਉਪ੍ਰੰਤ ਇਹ ਵੀ ਕਿ ਇੱਥੇ ਲਫ਼ਜ਼ ‘ਭੰਡ’ ਦੇ ਅਰਥ ਹਨ ਇਸਤ੍ਰੀ। ਦਰਅਸਲ ਇਸਤ੍ਰੀ ਲਈ ਇਹ ਲਫ਼ਜ਼ ਗੁਰਦੇਵ ਰਾਹੀਂ ਆਪਣੇ ਵੱਲੋਂ ਨਵੀ ਦੇਣ ਹਨ, ਭਾਵ ਜਿਸ ਨੂੰ ਪੁਰਸ਼ ਵਰਗ ਸਦਾ ਤੋਂ ਭੰਡਦਾ ਆਇਆ ਹੈ। ਇਸ ਵਿਸ਼ੇ ਸੰਬੰਧੀ ਹੋਰ ਵੇਰਵੇ ਲ਼ਈ ਗੁਰਮੱਤ ਪਾਠ ਨੰ:੧੧੧ ‘‘ਸੋ ਕਿਉ ਮੰਦਾ ਆਖੀਐ॥’’ ਤੇ ਇਸੇ ਕਲਮ ਤੋਂ ਪੁਸਤਕ ‘ਬਾਣੀ ਆਸਾ ਕੀ ਵਾਰ ਸਟੀਕ-ਗੁਰਮੱਤ ਵਿਚਾਰ ਦਰਸ਼ਨ, ਸਹਿਤ’ ਸੈਂਟਰ ਤੋਂ ਮੰਗਵਾ ਕੇ ਪੜ੍ਹੋ ਜੀ। ਇਸੇ ਤਰ੍ਹਾਂ ਗੁਰਮੱਤ ਪਾਠ ਨੰ: ੧੧੧ ਡਿਲਕਸ ਕਵਰ ‘ਚ ਗੁਰਮੱਤ ਪ੍ਰਸਾਰ ਹਿੱਤ ਗੁਰੂ ਕੀਆਂ ਸੰਗਤਾਂ ਵਿੱਚਕਾਰ ਵੰਡਣ ਲਈ ਵੀ ਸੈਂਟਰ ਪਾਸੋਂ ਲਾਗਤ ਮਾਤ੍ਰ ਭੇਟਾ ਭੇਜ ਕੇ ਮੰਗਵਾਇਆ ਜਾ ਸਕਦਾ ਹੈ ਜੀ।

          ‘‘ਜਉ ਸਿਖਾ ਮਹਿ ਚੂਕ’’- ਗੁਰੂ ਪਾਤਸ਼ਾਹ ਨੇ ਮਹਾਨ ਕਿ੍ਰਪਾਲਤਾ ਕਰਕੇ ਇਸਤ੍ਰੀ ਜਗਤ ਨੂੰ ਕੇਵਲ ਇਸ ‘ਮਾਸਕ ਧਰਮ’ ਸਮੇਂ ਉਸ ਅੰਦਰ ਭਰੀ ਗਈ ਜਿੱਲ੍ਹਣ ’ਚੋਂ ਹੀ ਨਹੀਂ ਕੱਢਿਆ ਬਲਕਿ ਸੰਸਾਰ ’ਚ ਪਹਿਲੀ ਵਾਰ ਉਸ ਦੇ ਯੋਗ ਸਤਿਕਾਰ ਨੂੰ ਵੀ ਪ੍ਰਗਟ ਕੀਤਾ ਹੈ। ਬਲਕਿ ਸੰਬੰਧਤ ਸਲੋਕਾਂ ਨੂੰ ਬਾਣੀ ‘ਆਸਾ ਕੀ ਵਾਰ’ ’ਚ ਦਰਜ ਕਰ ਕੇ ਨਿਤਾਪ੍ਰਤੀ ਸਾਧ ਸੰਗਤ ’ਚ ਜੁੜ ਕੇ ਅਤੇ ਮਿਲਵੇਂ ਤੌਰ ’ਤੇ ਉੱਚੀ ਉੱਚੀ ਗਾਇਣ ਕਰਣ ਦਾ ਨਿਯਮ ਵੀ ਬਖਸ਼ਿਆ ਹੈ।

ਇੰਨਾਂ ਸਪੱਸ਼ਟ ਹੋਣ ਦੇ ਬਾਵਜੂਦ ਅੱਜ ਦੇ ਕਹੇ ਜਾਂਦੇ ਵਿਗਿਆਨਕ ਤੇ ਪੜ੍ਹਾਈ ਦੇ ਜੁਗ ’ਚ ਜੇਕਰ ਖੁਦ ਸਿੱਖ ਸੰਗਤਾਂ ਹੀ ਅਜਿਹੀਆਂ ਅਗਿਆਨਤਾਵਾਂ ਦਾ ਸ਼ਿਕਾਰ ਹੋਣ ਤਾਂ ਗੁਰਬਾਣੀ ਦਾ ਇਹ ਫ਼ੈਸਲਾ ਵੀ ਹੈ ‘‘ਕਬੀਰ ਸਾਚਾ ਸਤਿਗੁਰੁ ਕਿਆ ਕਰੈ, ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ, ਜਿਉ ਬਾਂਸੁ ਬਜਾਈਐ ਫੂਕ॥੧੫੮॥’’ (ਪੰ:੧੩੭੨) ਤਾਂ ਤੇ ਜਿਸ ਪੰਥ ਤੇ ਕੌਮ ਕੋਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਵਰਗੇ ਅਭੁੱਲ ਸਦੀਵੀ ਤੇ ਜੁਗੋ ਜੁਗ ਅਟੱਲ ਸਤਿਗੁਰੂ ਦੀ ਅਗਵਾਈ ਹੋਵੇ। ਜੇਕਰ ਉਸ ਗੁਰੂ ਦੇ ਅਨੁਯਾਯੀ ਵੀ ਅਗਿਆਨਤਾ ਦੇ ਹਨੇਰੇ ’ਚ ਠੋੋਕਰਾਂ ਖਾ ਰਹੇ ਹੋਣ ਤਾਂ ਹੈਰਾਨੀ ਹੁੰਦੀ ਹੈ। ਯਕੀਨਣ ਜਾਂ ਤਾਂ ਉਸ ਦੇ ਪ੍ਰਚਾਰਕ-ਪ੍ਰਬੰਧਕ-ਆਗੂ ਆਪਣਾ ਫਰਜ਼ ਨਹੀਂ ਨਿਭਾ ਰਹੇ ਜਾਂ ਫਿਰ ਪੜ੍ਹਾਈ ਦੇ ਇਸ ਜੁੱਗ ’ਚ ਸੰਗਤਾਂ ਖੁਦ ਵੀ ਗੁਰਬਾਣੀ ਗਿਆਨ ਵੱਲੋਂ ਲਾ-ਪਰਵਾਹ ਹਨ ਜਾਂ ਫ਼ਿਰ ਦੋਵੇਂ ਗੱਲਾਂ।

          ਕਬੀਰ ਸਾਹਿਬ ਦੇ ਉਪ੍ਰੋਕਤ ਸਲੋਕ ਤੇ ਇਸ ਤੋਂ ਪਹਿਲੇ ਸਲੋਕ ਨੰ:੧੫੭ ‘‘ਕਬੀਰ ! ਸਾਚਾ ਸਤਿਗੁਰੁ ਮੈ ਮਿਲਿਆ, ਸਬਦੁ ਜੁ ਬਾਹਿਆ ਏਕੁ ॥ ਲਾਗਤ ਹੀ ਭੁਇ ਮਿਲਿ ਗਇਆ, ਪਰਿਆ ਕਲੇਜੇ ਛੇਕੁ ॥’’ (ਪੰ: ੧੩੭੨) ਫ਼ੈਸਲਾ ਹੈ-ਮਨੁੱਖ ਨੂੰ ਅਗਿਆਨਤਾ ਵਿਚੋਂ ਕੇਵਲ ਸਦਾ ਥਿਰ ਰਹਿਣ ਵਾਲਾ ਗੁਰੂ (ਸਤਿਗੁਰੂ) ਹੀ ਕੱਢ ਸਕਦਾ ਹੈ। ਭਾਵ ਉਸ ਇਲਾਹੀ ਗਿਆਨ ਦਾ ਦਾਤਾ ਗੁਰੂ ਜਿਹੜਾ ਕਦੇ ਜਨਮ-ਮਰਣ ’ਚ ਨਹੀਂ ਆਉਂਦਾ। ਉਸ ਸੱਚੇ ਗੁਰੂ ਦਾ ਇੱਕ ਇੱਕ ਅੱਖਰ ਹੀ ਬਾਣ ਦੀ ਨਿਆਈ ਹੁੰਦਾ ਹੈ ਜੋ ਸੇਵਕ ’ਚੋਂ ਅੰਹਕਾਰ ਤੇ ਅਗਿਆਨਤਾ ਦਾ ਨਾਸ਼ ਕਰ ਦਿੰਦਾ ਹੈ। ਸ਼ਰਤ ਹੈ ਜੇ ਸੇਵਕ ਵੀ ਗੁਰੂ ਪਾਸ ਸਮ੍ਰਪਣ ਭਾਵਨਾ ਨਾਲ ਜਾਵੇ, ਤਾਂ ਉਸ ਦਾ ਹੀਰੇ ਵਰਗਾ ਮਨੁੱਖਾ ਜਨਮ ਬਿਰਥਾ ਨਹੀਂ ਹੁੰਦਾ।

          ‘‘ਅੰਧੇ ਏਕ ਨ ਲਾਗਈ॥’’- ਇਸ ਤੋਂ ਵੱਧ ਸਲੋਕ ਵਿਚਲੀ ਸ਼ਬਦਾਵਲੀ ‘‘ਅੰਧੇ ਏਕ ਨ ਲਾਗਈ॥’’ ਦੇ ਅਰਥ ਹਨ, ਜੇ ਉਹ ਸੇਵਕ ਆਪ ਹੀ ‘ਅਹੰਕਾਰ, ਹੁੱਜਤਾਂ, ਕਿਉਂ-ਕਿੰਤੂ, ਮੈਂ ਨਾ ਮਾਨੂੰ’ ਵਾਲੇ ਸੁਭਾਅ ਵਾਲਾ ਹੋਵੇ ਤੇ ਜੇ ਉਸ ਸੱਚੇ ਗੁਰੂ ਪਾਸ ਵੀ ਜਾਵੇ ਤਾਂ ‘‘ਸਾਚਾ ਸਤਿਗੁਰੁ ਕਿਆ ਕਰੈ ? ਜਉ ਸਿਖਾ ਮਹਿ ਚੂਕ॥’’ ਅਨੁਸਾਰ ਸੱਚਾ ਗੁਰੂ ਵੀ ਅਜਿਹੇ ਮਨੁੱਖ ਲਈ ਕੁਝ ਨਹੀਂ ਕਰ ਸਕਦਾ ਕਿਉਂਕਿ ਅਹੰਕਾਰ ’ਚ ਅੰਨ੍ਹੇ, ਹੁੱਜਤਬਾਜ਼ ਦੀ ਹਾਲਤ ਤਾਂ ਉਸ ਬਾਂਸ ਦੀ ਬੰਸਰੀ ਵਾਲੀ ਹੁੰਦੀ ਹੈ ਜੋ ਫੂਕ ਮਾਰਣ ’ਤੇ ਵੱਜਦੀ ਤਾਂ ਸੁਰੀਲੀ ਹੈ ਪਰ ਉਸ ’ਚ ਟਿੱਕਦਾ ਕੁਝ ਨਹੀਂ। ਉਸ ਅੰਦਰ, ਇਕ ਪਾਸੇ ਤੋਂ ਫੂਕ ਆ ਕੇ ਦੂਜੇ ਪਾਸਿਓਂ ਪਾਰ ਹੋ ਜਾਂਦੀ ਹੈ ਤੇ ਬੰਸਰੀ ਅੰਦਰੋਂ ਖ਼ਾਲੀ ਦੀ ਖ਼ਾਲੀ ਹੀ ਰਹਿੰਦੀ ਹੈ। ਠੀਕ ਉਸੇ ਤਰ੍ਹਾਂ ਕਿਉਂ-ਕਿੰਤੂ ਵਾਲਾ ਅਹੰਕਾਰੀ, ਆਪ ਹੁੱਦਰਾ, ਹੂੜਮਤੀਆ ਮਨੁੱਖ ਸੱਚੇ ਗਿਆਨ ਕਾਰਣ ਚੁੰਜ ਗਿਆਨੀ ਤਾਂ ਭਾਵੇਂ ਬਣ ਜਾਵੇ ਪਰ ਚੰਗੇ ਜੀਵਨ ਵਾਲਾ, ਗਿਆਨਵਾਨ ਸੇਵਕ ਨਹੀਂ ਬਣ ਸਕਦਾ। ਦਰਅਸਲ ਇਹੀ ਹਾਲਤ ਅੱਜ ਸਾਡੀ ਕੌਮ ਦੀ ਹੈ। ਵਿਸ਼ਾ ਕੇਵਲ ਇਸਤ੍ਰੀ ਦੇ ਮਾਸਕ ਧਰਮ ਦਾ ਹੀ ਨਹੀਂ ਲਗਭਗ ਹਰੇਕ ਵਿਸ਼ੇ ਸੰਬੰਧੀ ਅੱਜ ਸਾਡੀ ਕੌਮੀ ਦੀ ਹਾਲਤ ਇਹੀ ਬਣੀ ਪਈ ਹੈ।

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮਤ ਪਾਠਾਂ’ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰੱਖ ਕੇ ਆਪਣੇ ਪ੍ਰਵਾਰਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ‘ਸ਼ਬਦਾਰਥ’ ਲਾਹੇਵੰਦ ਹੋਵੇਗਾ ਜੀ।

ਔਰਤ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ

0

ਔਰਤ ਨੂੰ ਆਪਣੇ ਅੰਦਰ ਝਾਤ ਮਾਰਨ ਦੀ ਲੋੜ

ਮੇਜਰ ਸਿੰਘ ਨਾਭਾ , ਮੁਬਾਇਲ: 9463553962

       ਸਾਡੇ ਸਮਾਜ ਅੰਦਰ ਇਸਤਰੀ ਨੂੰ ਮਰਦ ਦੇ ਮੁਕਾਬਲੇ ਨੀਵਾਂ ਸਮਝਿਆ ਜਾਂਦਾ ਹੈ। ਇਸਤਰੀ ਆਪਣੇ ਉਪਰ ਪੁਰਾਤਨ ਸਮਿਆਂ ਤੋਂ ਅੱਤਿਆਚਾਰ ਸਹਿੰਦੀ ਹੋਈ ਮਰਦਾਂ ਦਾ ਮੁਕਾਬਲਾ ਕਰਦੀ ਆ ਰਹੀ ਹੈ। ਇਸਤਰੀ ਦੇ ਹੱਕ ਵਿਚ ਸਾਡੇ ਗੁਰੂ ਸਾਹਿਬਾਨ ਨੇ ਆਵਾਜ਼ ਉਠਾਈ,

‘‘ਸੋ ਕਿਓੁ ਮੰਦਾ ਆਖੀਐ ਜਿਤ ਜੰਮੈ ਰਾਜਾਨੁ।’’ ਵੱਡੇ ਵੱਡੇ ਰਾਜੇ, ਮਹਾਰਾਜਿਆਂ, ਪੀਰਾਂ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਮਾਂ ਰੂਪੀ ਇਸਤਰੀ ਨੂੰ ਨੀਵਾਂ ਕਿਉਂ ਦੇਖਿਆ ਜਾਂਦਾ ਹੈ? ਇਸ ਬਾਰੇ ਸਾਨੂੰ ਡੁੰਘਾਈ ਨਾਲ ਸੋਚਣ ਦੀ ਲੋੜ ਹੈ।

          ਸਾਡੇ ਦੇਸ਼ ਵਿਚ ਅਨਪੜ੍ਹਤਾ ਦੀ ਦਰ ਉੱਚੀ ਹੋਣ ਕਾਰਨ ਸਮਾਜਿਕ ਬੁਰਾਈਆਂ ਦਾ ਜ਼ਿਆਦਾ ਹੋਣਾ ਸੁਭਾਵਕ ਹੀ ਹੈ। ਸਾਖਰਤਾ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਸਾਡੇ ਦੇਸ਼ ਵਿਚ ਕੁੱਲ ਅਨਪੜ੍ਹਾਂ ਵਿਚੋਂ ਬਹੁਤੀ ਗਿਣਤੀ ਔਰਤ ਅਨਪੜ੍ਹਾਂ ਦੀ ਹੈ, ਜਿਨ੍ਹਾਂ ਵਿਚੋਂ ਬਹੁਤੀਆਂ ਪਛੜੇ ਵਰਗਾਂ ਦੀਆਂ ਔਰਤਾਂ ਹੀ ਹਨ। ਔਰਤ ਦਾ ਇਸੇ ਲਈ ਰੂੜੀਵਾਦ ਵਿਚਾਰਾਂ ਦਾ ਹੋਣਾ ਵੀ ਸੁਭਾਵਿਕ ਹੈ ਜਿਸ ਸਦਕਾ ਕਈ ਸਮਾਜਿਕ ਬੁਰਾਈਆਂ ਦੀ ਜੜ੍ਹ ਔਰਤ ਆਪ ਹੀ ਹੈ। ਧੀ ਤੋਂ ਲੈ ਕੇ ਸੱਸ ਦਾ ਸਫ਼ਰ ਨਾਰੀ ਲਈ ਅਹਿਮ ਹੈ। ਹਰੇਕ ਨਾਰੀ ਆਪਣੀ ਧੀ ਨੂੰ ਸੁਖੀ ਵਸਦੀ ਵੇਖਣਾ ਚਾਹੁੰਦੀ ਹੈ। ਨੂੰਹ ਸੱਸ ਦੇ ਸੰਬੰਧਾਂ ਨੂੰ ਸਾਡੇ ਸਮਾਜ ਵਿਚ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ। ਇਹਨਾਂ ਸੰਬੰਧਾਂ ਵਿਚ ਅਕਸਰ ਤ੍ਰੇੜਾਂ ਪੈਣ ਦਾ ਖਦਸ਼ਾ ਰਹਿੰਦਾ ਹੈ। ਇਹਨਾਂ ਰਿਸ਼ਤਿਆਂ ਨੂੰ ਮਾਂ ਅਤੇ ਧੀ ਦੇ ਰੂਪ ਵਿਚ ਬਦਲਣ ਦੀ ਲੋੜ ਹੈ ਜੋ ਕਿ ਨਾਰੀ ਹੀ ਕਰ ਸਕਦੀ ਹੈ।

          ਅੱਜ ਕੱਲ੍ਹ ਧੀ ਨੂੰ ਜਨਮ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ। ਇਹ ਬੜਾ ਗੰਭੀਰ ਮਸਲਾ ਹੈ। ਇਸ ਨਾਲ ਕੁਦਰਤੀ ਸੰਤੁਲਿਨ ਵਿਗੜਨ ਦਾ ਡਰ ਵਧਦਾ ਜਾ ਰਿਹਾ ਹੈ। ਲੜਕੇ ਦੀ ਅਹਿਮੀਅਤ ਸਾਡੇ ਸਮਾਜ ਵਿਚ ਅੱਜ ਵੀ ਲੜਕੀਆਂ ਨਾਲੋਂ ਵੱਧ ਸਮਝੀ ਜਾ ਰਹੀ ਹੈ ਭਾਵੇਂ ਕਿ ਪਰਿਵਾਰ ਪੜ੍ਹਿਆ ਲਿਖਿਆ ਹੋਵੇ ਉਹ ਵੀ ਆਪਣੇ ਮਨ ਅੰਦਰ ਇਹੀ ਧਾਰਨਾ ਬਣਾਈ ਬੈਠਾ ਹੈ। ਔਰਤ ਵੀ ਮਰਦ ਨਾਲੋਂ ਮੁੰਡੇ ਨੂੰ ਜ਼ਿਆਦਾ ਅਹਿਮੀਅਤ ਦੇਂਦੀ ਹੈ। ਗਰਭਪਾਤ ਦੀ ਸਮੱਸਿਆ ਔਰਤ ਲਈ ਸਰੀਰਕ ਅਤੇ ਮਾਨਸਿਕ ਪੱਖੋਂ ਵੀ ਹਾਨੀਕਾਰਕ ਸਾਬਤ ਹੋ ਰਹੀ ਹੈ। ਅੱਸੀਵਿਆਂ ਵਿਚ ਆਈ ਅਲਟਰਾ ਸਾਉਂਡ ਵਿਧੀ ਨੇ ਅਣਜੰਮੀਆਂ ਧੀਆਂ ਨੂੰ ਮਾਰ ਮੁਕਾਉਣ ਦਾ ਇਹ ਰਾਹ ਖੋਲ੍ਹ ਦਿੱਤਾ।

          2011 ਦੀ ਮਰਦਮ ਸੁਮਾਰੀ ਅਨੁਸਾਰ ਪੰਜਾਬ ’ਚ ਇਕ ਹਜ਼ਾਰ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ 895 ਰਹਿ ਗਈ ਹੈ ਪਰ 0-6 ਸਾਲ ਤੱਕ ਬੱਚਿਆਂ ਦੇ ਲਿੰਗ ਅਨੁਪਾਤ (793) ਘੱਟੀ ਹੈ। ਸੋ ਆਉਣ ਵਾਲੇ ਸਮੇਂ ਵਿੱਚ ਕੁੜੀਆਂ ਦੀ ਗਿਣਤੀ ਹੋਰ ਘੱਟ ਸਕਦੀ ਹੈ। ਬਾਕੀ ਰਾਜਾਂ ਦੀ ਅਨੁਪਾਤ ਵੀ ਭਾਵੇਂ ਘੱਟ ਹੈ। ਪਰ ਪੰਜਾਬ ਅੰਦਰ ਇਹ ਜ਼ਿਆਦਾ ਘੱਟ ਹੈ ਜੋ ਕਿ ਪੰਜਾਬੀਆਂ ਲਈ ਚਿੰਤਾ ਦਾ ਵਿਸ਼ਾ ਹੈ। ਜੇਕਰ ਇਸਤਰੀਆਂ ਦੀ ਵਸੋਂ ਵਿਚ ਕਮੀ ਦਾ ਮੌਜੂਦਾ ਰੁਝਾਣ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਯੁਵਕਾਂ ਲਈ ਆਪਣੇ ਫਿਰਕੇ ’ਚ ਕੁੜੀਆਂ ਲੱਭਣੀਆਂ ਹੀ ਔਖੀਆਂ ਹੋ ਜਾਣਗੀਆਂ। ਇਸ ਤਰ੍ਹਾਂ ਮਾਵਾਂ ਦੇ ਪੁੱਤਰਾਂ ਪ੍ਰਤੀ ਲਾਡ, ਧੀਆਂ ਤੋਂ ਬਗੈਰ ਅਧੂਰੇ ਰਹਿ ਸਕਦੇ ਹਨ।

          ਭਾਰਤੀ ਨਾਰੀ ਨੇ ਬਹੁਤ ਸਾਰੇ ਖੇਤਰਾਂ ਵਿਚ ਵੱਡੀਆਂ ਮੱਲਾਂ ਮਾਰੀਆਂ ਹਨ ਜਿਵੇਂ ਸਾਹਿਤ ਦੇ ਖੇਤਰ ਵਿਚ ਅੰਮ੍ਰਿਤਾ ਪ੍ਰੀਤਮ, ਰਾਜਨੀਤੀ ਦੇ ਖੇਤਰ ਵਿਚ ਬੀਬੀ ਸੋਨੀਆ ਗਾਂਧੀ, ਕਲਾ ਦੇ ਖੇਤਰ ਵਿਚ ਅੰਮਿ੍ਰਤਾ ਸ਼ੇਰਗਿੱਲ, ਵਿਗਿਆਨ ਦੇ ਖੇਤਰ ਵਿਚ ਕਲਪਨਾ ਚਾਵਲਾ, ਪੁਲਿਸ ਸੇਵਾਵਾਂ ਵਿੱਚ ਕਿਰਨ ਬੇਦੀ ਅਤੇ ਖੇਡਾਂ ਵਿੱਚ ਬਹੁਤ ਸਾਰੀਆਂ ਖਿਡਾਰਨਾਂ ਆਦਿ ਨੇ ਨਾਮਣਾ ਖੱਟਿਆ ਹੈ। ਕੇਂਦਰ ਅਤੇ ਰਾਜ ਸਰਕਾਰਾਂ ਵਿਚ ਔਰਤਾਂ ਉੱਚੇ ਅਹੁਦਿਆਂ ਉੱਪਰ ਕੰਮ ਕਰ ਰਹੀਆਂ ਹਨ ਚੁਣੌਤੀ ਭਰੇ ਪੁਲਿਸ ਮਹਿਕਮੇ ਵਿਚ ਅੋਰਤਾਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਪਿਛਲੇ ਕਈ ਸਾਲਾਂ ਤੋਂ ਬੋਰਡ ਦੀਆਂ ਪ੍ਰੀਖਿਆਵਾਂ ਚੋਂ ਪਹਿਲੀਆਂ ਪੁਜੀਸ਼ਨਾਂ ਤੇ ਕੁੜੀਆਂ ਹੀ ਕਾਬਜ਼ ਚਲੀਆਂ ਆ ਰਹੀਆਂ ਹਨ।

          ਸਮਾਜ ਵਿਗਿਆਨੀ ਇਸ ਲਿੰਗ ਅਸੰਤੁਲਨ ਨੂੰ ਬਲਾਤਕਾਰ ਤੇ ਇਸਤਰੀਆਂ ਨਾਲ ਜੁਰਮਾਂ ਦੀਆਂ ਵਧ ਰਹੀਆਂ ਘਟਨਾਵਾਂ ਨਾਲ ਜੋੜਦੇ ਹਨ। ਅਕਸਰ ਅਸੀਂ ਅੰਤਰਜਾਤੀ ਪ੍ਰੇਮ ਵਿਆਹ ਕਰਾਉਣ ਵਾਲੇ ਜੋੜਿਆਂ ਦੇ ਕਤਲਾਂ ਨੂੰ ਅਖਬਾਰਾਂ ਵਿਚ ਪੜਦੇ ਰਹਿੰਦੇ ਹਾਂ ਜਦੋਂ ਕਿ ਕਈ ਜੋੜਿਆਂ ਨੂੰ ਤਾਂ ਕੁੜੀ ਦੇ ਬਾਪ / ਪਰਿਵਾਰਕ ਮੈਬਰਾਂ ਨੇ ਖੁਦ ਹੀ ਕਤਲ ਕੀਤਾ ਹੈ। ਇਸ ਤਰ੍ਹਾਂ ਦਾਜ ਦੇ ਲਾਲਚੀਆਂ ਵੱਲੋਂ ਆਤਮ ਹੱਤਿਆ ਲਈ ਮਜ਼ਬੂਰ ਕਰਨਾਂ ਜਾਂ ਮਾਰ ਦੇਣਾ, ਵੱਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਆਦਿ ਮਾਪਿਆਂ ਲਈ ਕੁੜੀ ਪ੍ਰਤੀ ਘਿ੍ਰਣਾ ਪੈਦਾ ਕਰਨ ’ਚ ਸਹਾਈ ਹੋ ਰਹੀਆਂ ਹਨ। ਸਾਡਾ ਸਮਾਜ ਮਾਂ-ਬਾਪ ਦੀ ਮਰਜ਼ੀ ਖਿਲਾਫ ਕੁੜੀਆਂ ਦੇ ਫੈਸਲੇ ਨੂੰ ਪ੍ਰਵਾਨਗੀ ਨਹੀਂ ਦਿੰਦਾ। ਇਸ ਮੁੱਦੇ ’ਤੇ ਡੁੰਘੀ ਵਿਚਾਰ ਕਰਨੀ ਸਾਡੇ ਸਮਾਜ ਦੀ ਜਿੰਮੇਵਾਰੀ ਬਣਦੀ ਹੈ। ਇਹ ਲਿੰਗਕ ਅੰਤਰ ਮਿਟਾਉਣ ਲਈ ਨਾਰੀ ਨੂੰ ਖੁਦ ਅੱਗੇ ਆਉਣ ਦੀ ਲੋੜ ਹੈ। ਪੰਜਾਬ ਵਿਚ ਤਾਂ ਹੋਰਨਾਂ ਰਾਜਾਂ ਤੋਂ ਇਸਤਰੀਆਂ ਲਿਆ ਕੇ ਘਰ ਵਸਾਉਣ ਦਾ ਰੁਝਾਣ ਕਾਫੀ ਸਮੇਂ ਤੋਂ ਚਲਿਆ ਆ ਰਿਹਾ ਹੈ। ਤਕਰੀਬਨ ਹਰੇਕ ਪਰਿਵਾਰ ਵਿਚ ਛੜਾ ਹੋਣਾ ਸਾਡੇ ਪਿੰਡਾਂ ਦੀ ਹੋਣੀ ਰਹੀ ਹੈ। ਕਈ ਪਰਿਵਾਰਾਂ ਵਿਚ ਤਾਂ ਕਈ ਕਈ ਛੜੇ ਰਹਿ ਜਾਂਦੇ ਸੀ। ਇਹੋ ਜਿਹੀ ਸਥਿਤੀ ਦੁਬਾਰਾ ਭਵਿੱਖ ਵਿਚ ਆਉਣ ਦੀ ਸੰਭਾਵਨਾ ਜਾਪਦੀ ਹੈ।

          ਭਾਵੇਂ ਜਨਮ ਤੋਂ ਪਹਿਲਾਂ ਸੈਕਸ ਨਿਰਧਾਰਨ ਤੇ ਪਾਬੰਦੀ ਲਾਉਣ ਵਾਲਾ ਕਾਨੂੰਨ (ਪੀ.ਐਨ.ਡੀ.ਟੀ.) 1994 ਵਿਚ ਹੋਂਦ ’ਚ ਆ ਗਿਆ ਸੀ। ਇਸ ਕਾਨੂੰਨ ਤਹਿਤ ਡਾਕਟਰ ਤੇ ਮਾਪਿਆਂ ਨੂੰ ਸਜਾ ਤੇ ਜੁਰਮਾਨਾ ਹੋ ਸਕਦਾ ਹੈ, ਪਰ ਇਹ ਸਾਰੀਆਂ ਗੱਲਾਂ ਸਰਕਾਰੀ ਪ੍ਰਚਾਰ ਦਾ ਹੀ ਇੱਕ ਹਿੱਸਾ ਬਣ ਕੇ ਰਹਿ ਗਿਆ ਹੈ ਜਦੋਂ ਕਿ ਕੁੜੀਮਾਰਾਂ ਦੀ ਗਿਣਤੀ ਅਜੇ ਵੀ ਵਧਦੀ ਜਾ ਰਹੀ ਹੈ। ਅੱਜ ਤੱਕ ਕਿਸੇ ਡਾਕਟਰ ਜਾਂ ਮਾਪੇ ਨੂੰ ਇਸ ਐਕਟ ਅਧੀਨ ਸਜਾ ਹੋਈ ਸਾਹਮਣੇ ਨਹੀਂ ਆਈ। ਇਸ ਵਿਚ ਸਾਡਾ ਪ੍ਰਸਾਸ਼ਨ, ਡਾਕਟਰ ਅਤੇ ਮਾਪੇ ਬਰਾਬਰ ਦੇ ਜਿੰਮੇਵਾਰ ਹਨ। ਪਰ ਫਿਰ ਵੀ ਕੁਝ ਡਾਕਟਰ ਇਸ ਘਿਨਾਉਣੀ ਕਾਰਵਾਈ ਦੇ ਵਿਰੁੱਧ ਆਪਣੀ ਜ਼ਮੀਰ ਦੀ ਆਵਾਜ਼ ਉਠਾੳਣ ਲਈ ਸਾਹਮਣੇ ਆਏ ਹਨ। ਜਿਨਾਂ ਵਿਚੋਂ ਬੱਚਿਆਂ ਦੀ ਮਾਹਰ ਡਾਕਟਰ ਅਤੇ ਕਵਿੱਤਰੀ ਡਾ. ਗੁਰਮਿੰਦਰ ਸਿੱਧੂ ਨੇ ਇਕ ਗਰਭਪਾਤ ਕਰਾਉਣ ਆਏ ਜੋੜੇ ਤੋਂ ਪ੍ਰਭਾਵਿਤ ਹੋ ਕੇ ਇਕ ਪੋਸਟਰਨੁਮਾ ਪੁੱਤਰ ਦੇ ਰੂਪ ਵਿਚ ਅਣਜੰਮੀ ਧੀ ਦੀ ਪੁਕਾਰ ਬੜੇ ਦਿਲ ਕੰਬਾਊ ਸ਼ਬਦਾਂ ’ਚ ਪੇਸ਼ ਕੀਤੀ ਹੈ ਜਿਸ ਦਾ ਕੁਝ ਭਾਗ ਇਸ ਤਰ੍ਹਾਂ ਹੈ। ‘‘ਮੰਮੀ ਮੈਂ ਸਨਸਨੀਖੇਜ਼ ਖਬਰ ਸੁਣੀ ਹੈ, ਕਿ ਤੁਹਾਨੂੰ ਮੇਰੇ ਕੁੜੀ ਹੋਣ ਦਾ ਪਤਾ ਲੱਗ ਗਿਆ ਹੈ ਅਤੇ ਤੁਸੀਂ ਮੈਨੂੰ ਇਸ ਕੱਚੀ ਉਮਰੇ ਹੀ ਆਪਣੀ ਨਿੱਘੀ ਨਿੱਘੀ ਕੁੱਖ ਵਿਚੋਂ ਕੱਢ ਕੇ ਇਸ ਬੇ-ਦਰਦ ਧਰਤੀ ’ਤੇ ਪਟਕਾਅ ਮਾਰੋਗੇ…..ਮੈਨੂੰ ਬਚਾ ਲੈ ਅੰਮੀਏ ! ਮੈਂ ਜਿਊਣਾ ਚਾਹੁੰਦੀ ਹਾਂ।’’ ਹੋ ਸਕਦਾ ਅਣਜੰਮੀ ਧੀ ਨੇ ਸਾਡੇ ਦੇਸ਼ ਦੀ ਮਹਾਨ ਔਰਤ ਬਣਨਾ ਹੋਵੇ ਇਸ ਚਿੱਠੀ ਪੋਸਟਰਨੁਮਾ ਨੇ ਬਹੁਤ ਸਾਰੇ ਜੋੜਿਆਂ ਨੂੰ ਝੰਜੋੜਿਆ ਹੈ ਅਤੇ ਕਈ ਬੱਚੀਆਂ ਦੀ ਜਾਨ ਬਚਾਈ ਹੈ। ਸਿੱਖ ਸਮਾਜ ਲਈ ਸਿੱਖਾਂ ਦੀ ਸਿਰਮੌਰ ਸੰਸਥਾ ਅਕਾਲ ਤਖਤ ਦੇ ਜਥੇਦਾਰ ਨੇ ਭਰੁਣ ਹੱਤਿਆ ਦੇ ਬਾਰੇ ਅਜਿਹਾ ਕਰਨ ਵਾਲੇ ਦਾ ਸਮਾਜਿਕ ਬਾਈਕਾਟ ਕਰਨੇ ਲਈ ਹੁਕਮਨਾਮਾ ਜਾਰੀ ਕੀਤਾ ਹੈ। ਸੋ ਸਿੱਖ ਪਰਿਵਾਰਾਂ ਨੂੰ ਭਰੂਣ ਹੱਤਿਆ ਤੋਂ ਦੂਰ ਰਹਿ ਕੇ ਹੋਰਾਂ ਲਈ ਸੇਧ ਦੇਣੀ ਚਾਹੀਦੀ ਹੈ।

ਹੇਮਕੁੰਟ ਪਰਬਤ ਹੈ ਕਹਾਂ ?

0

ਹੇਮਕੁੰਟ ਪਰਬਤ ਹੈ ਕਹਾਂ ?

ਗੁਰਮੁਖ ਸਿੰਘ

ਪਾਰਕਾਂ ਵਿਚ ਬੈਠਿਆਂ ਇਕ ਸੱਜਣ ਨੇ, ਇਸੇ ਸਾਲ ਜੁਲਾਈ ਦੇ ਮਹੀਨੇ ਵਿਚ ਕੀਤੀ ਆਪਣੀ ਹੇਮਕੁੰਟ ਦੀ ਯਾਤਰਾ ਦਾ ਵਿਖਿਆਨ ਅਜੇਹੇ ਤਰੀਕੇ ਨਾਲ ਕੀਤਾ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਮੈਂ ਖੁਦ ਹੀ ਯਾਤਰਾ ਕਰ ਰਿਹਾ ਹੋਵਾਂ। ਜਿਥੇ ਉਸ ਨੇ ਰਸਤੇ ‘ਚ ਉਪਲਭਦ ਸਹੂਲਤਾਂ ਅਤੇ ਸ਼ਰਧਾਲੂਆਂ ਵਲੋਂ ਯਾਤਰੀਆਂ ਦੀ ਕੀਤੀ ਜਾਂਦੀ ਸੇਵਾ ਦਾ ਜਿਕਰ ਕੀਤਾ ਉੱਥੇ ਹੀ ਉਸ ਨੇ ਦੁਕਾਨਦਾਰਾਂ ਵਲੋ ਕੀਤੀ ਜਾਂਦੀ ਲੁਟ ਬਾਰੇ ਜਾਣਕਾਰੀ ਵੀ ਦਿੱਤੀ। ਪਾਠਕਾਂ ਦੀ ਦਿਲਚਸਪੀ ਲਈ ਮੈਂ ਇਥੇ ਇਕ ਘਟਨਾ ਸਾਂਝੀ ਕਰ ਰਿਹਾ ਹਾਂ। ਉਸ ਸੱਜਣ ਨੇ ਦੱਸਿਆ ਕੇ ਗੋਬਿੰਦਘਾਟ (6000 ਫੁਟ) ਤੋਂ ਮੈਂ ਪੈਦਲ ਹੀ ਸਫਰ ਆਰੰਭ ਕੀਤਾ ਪਰ ਅੱਧ ‘ਚ ਹੀ ਮੇਰਾ ਸਰੀਰ ਜਵਾਬ ਦੇ ਗਿਆ। ਮੈ ਖੱਚਰ ਵਾਲੇ ਨੂੰ ਪੁਛਿਆ ਤਾਂ ਉਸ ਨੇ 300 ਰੁਪਈਆਂ ਮੰਗਿਆ। ਮੈ ਉਸ ਨੂੰ ਕਿਹਾ ਕੇ 300 ਤਾਂ ਧੁਰੋਂ ਲੈਂਦੇ ਹਨ ਹੁਣ ਤਾਂ ਮੈ ਅੱਧ ਵਿਚ ਪੁਜ ਚੁੱਕਾ ਤਾਂ ਖੱਚਰ ਵਾਲੇਂ ਨੇ ਕਿਹਾਂ ਉੱਥੋਂ ਹੀ ਲੈ ਆਉਂਦਾ। ਇਕ ਹੋਰ ਸੱਜਣ, ਜੋ 4-5 ਸਾਲ ਪਹਿਲਾਂ ਆਪਣਾ ਜੀਵਨ ਸਫਲ ਕਰਕੇ ਆਇਆ ਸੀ, ਉਸ ਨੇ ਵੀ ਉਸ ਦੀ ਹਾਂ ’ਚ ਹਾਂ ਮਿਲਾਈ। ਮੈਂ ਉਨ੍ਹ੍ਹਾਂ ਨੂੰ ‘ਹੇਮਕੁੰਟ’ ਦੇ ਇਤਿਹਾਸ ਬਾਰੇ ਪੁਛਿਆ ਤਾਂ ਇਕ ਸੱਜਣ ਨੇ ਤਾਂ ਕਿਹਾ ਮੈਨੂੰ ਨਹੀਂ ਪਤਾ ਉਥੇ ਲਿਖਿਆ ਹੋਇਆ ਹੈ ਮੈ ਪੜ੍ਹ ਨਹੀਂ ਸਕਿਆ। ਦੂਜੇ ਸੱਜਣ ਨੇ ਮੇਰੇ ਸਵਾਲ ਦੇ ਜਵਾਬ ‘ਚ ਕਿਹਾ ਕੇ ਮੇਰੀ ਪਤਨੀ ਨੇ ਦੱਸਿਆ ਸੀ ਕੇ ਜਦੋਂ ਉਹ ਵਾਪਸ ਆ ਰਹੀ ਸੀ ਤਾਂ ਗੁਰੂ ਜੀ ਉਸ ਦੇ ਨਾਲ-ਨਾਲ ਚਲ ਰਹੇ ਸਨ। ‘ਸਵਾਲ ਚਨਾ ਜਵਾਬ ਗੰਦਮ’ ਦੀ ਕਹਾਵਤ ਤੇ ਅਮਲ ਕਰਦਿਆਂ ਉਸ ਨੇ ਹੋਰ ਦੱਸਿਆ ਕੇ ਜੇਹੜ੍ਹੀ ਕੜ੍ਹੀ-ਚੌਲ ਉਥੇ ਮਿਲਦੇ ਹਨ ਅਜੇਹੇ ਮੈਂ ਕਦੇ ਵੀ ਨਹੀਂ ਖਾਂਧੇ। ਇਹ ਹੈ ਜੀਵਨ ਸਫਲ ਕਰ ਚੁੱਕੇ ਸੱਜਣਾਂ ਦੀ ਹੇਮਕੁੰਟ ਬਾਰੇ ਇਤਿਹਾਸਕ ਜਾਣਕਾਰੀ।

“ਅਬ ਮੈਂ ਆਪਨੀ ਕਥਾ ਬਖਾਨੋ” ਆਖੇ ਜਾਂਦੇ ਦਸਮ ਗ੍ਰੰਥ ‘ਚ ਦਰਜ ਇਸ ਪੰਗਤੀ ਸਬੰਧੀ, ਅਗਿਆਨਤਾ ਅਤੇ ਅੰਧ ਵਿਸ਼ਵਾਸ਼ ਦੇ ਕਾਰਨ ਬੁਹ ਗਿਣਤੀ ਸਿੱਖਾਂ ਦੀ ਮਾਨਸਿਕਤਾ ‘ਚ ਇਹ ਗੱਲ ਘਰ ਕਰ ਚੁੱਕੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਛਲੇ ਜਨਮ ਬਾਰੇ ਲਿਖ ਰਹੇ ਹਨ। ਅੱਜ ਤੋਂ 100 ਸਾਲ ਪਹਿਲਾਂ ਤਾਂ ਕੀ ਦਸਮ ਗ੍ਰੰਥ ਤਾਂ ਅੱਜ ਵੀ 95% ਸਿੱਖਾਂ ਨੇ ਨਹੀਂ ਪੜ੍ਹਿਆ ਤਾਂ ਹੇਮਕੁੰਟ ਦੇ ਏਨਾ ਮਸ਼ਹੂਰ ਹੋਣ ਦਾ ਕੀ ਕਾਰਨ ਹੋਇਆ ? ਇਸ ਦਾ ਕਾਰਨ ਸੀ, ਗੁਰਦਵਾਰਿਆਂ ਵਿਚ ਸੂਰਜ ਪ੍ਰਕਾਸ਼ ਦੀ ਕਥਾ।

ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹਿ ਬਿਧਿ ਮੁਹਿ ਆਨੋ॥
ਹੇਮਕੁੰਟ ਪਰਬਤ ਹੈ ਜਹਾਂ॥ ਸਪਤਸ੍ਰਿੰਗ ਸੋਭਿਤ ਹੈ ਤਹਾਂ ॥1॥
ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡਰਾਜ ਜਗ ਜੋਗੁ ਕਮਾਵਾ॥
ਤਹ ਹਮ ਅਧਿਕ ਤਪੱਸਿਆ ਸਾਧੀ। ਮਹਾ ਕਾਲ ਕਾਲਕਾ ਅਰਾਧੀ ॥2॥ (ਪੰਨਾ54)

ਆਖੇ ਜਾਂਦੇ ਦਸਮ ਗ੍ਰੰਥ ਵਿੱਚ ਦਰਜ ‘ਬਚਿਤ੍ਰ ਨਾਟਕ’(ਪੰਨਾ 39-73), ਜਿਸ ਦੇ ਕੁਲ 14 ਅਧਿਆਏ ਅਤੇ 471 ਛੰਦ ਹਨ, ਦੇ ਛੇਵੇਂ ਅਧਿਆਇ ‘ਚ ਦਰਜ ਉਪਰੋਕਤ ਪੰਗਤੀਆਂ ਤੋਂ ਪ੍ਰਭਾਵਿਤ ਹੋ ਕੇ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਗ੍ਰੰਥ ‘ਸੂਰਜ ਪ੍ਰਕਾਸ਼’ ਵਿਚ ਬਹੁਤ ਹੀ ਵਿਸਥਾਰ ਨਾਲ (ਰਾਸਿ 11, ਅੱਸੂ 49-52) ਹੇਮਕੁੰਟ ਅਤੇ ਉਥੇ ਤਪੱਸਿਆ ਕਰਨ ਵਾਲੇ ਦੁਸ਼ਟ ਦਮਨ ਬਾਰੇ ਜੋ ਜਾਣਕਾਰੀ ਦਿੱਤੀ ਹੈ। ਜਿਸ ਦਾ ਸੰਖੇਪ ਇਉਂ ਹੈ-
‘ਸਤਿਜੁਗ ਵਿੱਚ ਦੇਵਤਿਆਂ ਅਤੇ ਦੈਂਤਾਂ ਦਾ ਬਹੁਤ ਹੀ ਭਿਆਨਕ ਯੁਧ ਹੋਇਆ ਸੀ। ਯੁਧ ਦੇ ਮੈਦਾਨ ‘ਚ ਦੇਵਤਿਆਂ ਨੇ ਆਪਣੀ ਕੋਈ ਪੇਸ਼ ਨਾ ਜਾਂਦੀ ਦੇਖ ਕੇ ਸਹਾਇਤਾ ਲਈ ਦੇਵੀ ਅੱਗੇ ਬੇਨਤੀ ਕੀਤੀ। ਦੇਵਤਿਆਂ ਦੀ ਸਹਾਇਤਾ ਲਈ ਆਈ ਦੇਵੀ (ਦੁਰਗਾ, ਭਵਾਨੀ) ਨੇ 90 ਪਦਮ ਦੈਂਤ ਸੈਨਾ (90,000,000,000,000,000) ਦਾ ਖਾਤਮਾ ਕਰ ਦਿੱਤਾ। ਦੈਂਤ ਸੈਨਾ ਦਾ ਅੰਤ ਕਰਨ ਉਪ੍ਰੰਤ ਥੱਕੀ-ਟੁਟੀ ਉਹ ਦੇਵੀ ਅਰਾਮ ਕਰਨ ਲਈ ਪਹਾੜਾਂ ਵਿੱਚ ਜਾ ਲੁਕੀ। ਬੇਲ ਅਤੇ ਸੁਬੇਲ ਨਾਮ ਦੇ ਦੋ ਦੈਂਤ ਆਪਣੀ ਸੈਨਾ ਸਮੇਤ ਦੁਰਗਾ ਨੂੰ ਲੱਭਣ ਵਾਸਤੇ ਨਿਕਲੇ। ਉਨ੍ਹਾਂ ਨੇ ਇਕ ਬ੍ਰਾਹਮਣ ਜੋ ਪਹਾੜਾਂ ‘ਚ ਤੱਪ ਕਰ ਰਿਹਾ ਸੀ, ਤੋਂ ਦੇਵੀ ਬਾਰੇ ਪੁਛਿਆ। ਤੱਪਸਵੀ ਨੇ ਦੇਵੀ ਬਾਰੇ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ ਵਿਚ ਆਏ ਦੈਂਤ ਨੇ ਬ੍ਰਾਹਮਣ ਤੇ ਹਮਲਾ ਕਰ ਦਿੱਤਾ। ਤੱਪਸਵੀ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਆਸਨ ’ਤੇ ਵਿਛਾਈ ਹੋਈ ਸ਼ੇਰ ਦੀ ਖੱਲ ਨੂੰ ਝਾੜਿਆ। ਖੱਲ ਦੀ ਧੂੜ ਵਿਚੋਂ ਇਕ ਵੱਡੇ ਤੇਜ ਵਾਲਾ ਮਨੁੱਖ ਪੈਦਾ ਹੋਇਆ ਜਿਸ ਨੇ ਹਜ਼ਾਰਾਂ ਸਾਲ ਦੈਂਤ ਸੈਨਾ ਨਾਲ ਜੁੱਧ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ।

ਜਦੋਂ ਲੜਾਈ ਖਤਮ ਹੋ ਗਈ ਤਾਂ ਮੈਦਾਨ ਖਾਲੀ ਦੇਖ ਕੇ ਲੁਕੀ ਹੋਈ ਦੇਵੀ ਦੁਰਗਾ ਵੀ ਆ ਪ੍ਰਗਟ ਹੋਈ। ਉਹ ਆਪਣੇ ਦੁਸ਼ਮਣਾਂ ਨੂੰ ਖਤਮ ਹੋਇਆ ਦੇਖ ਕੇ ਬੁਹਤ ਹੀ ਪ੍ਰਸੰਨ ਹੋਈ। ਇਸ ਖੁਸ਼ੀ ਦੇ ਮੌਕੇ ਦੇਵੀ ਨੇ ਸ਼ੇਰ ਦੀ ਖੱਲ ‘ਚ ਪੈਦਾ ਹੋਏ ਮਹਾਬਲੀ ਨੂੰ ਵਰ ਦਿਤਾ, ਤੂੰ ਮੇਰੀ ਮਦਦ ਕੀਤੀ ਹੈ ਮਾਤ ਲੋਕ ਵਿੱਚ ਮੈਂ ਤੇਰੀ ਮਦਦ ਕਰਾਂਗੀ। ਦੇਵੀ ਨੇ ਉਸ ਨੂੰ ਦੁਸ਼ਟਾਂ ਦਾ ਖਾਤਮਾ ਕਰਨ ਕਰਕੇ ਦੁਸ਼ਟਦਮਨ ਦਾ ਨਾਮ ਦਿਤਾ (ਦੁਸ਼ਟਦਮਨ ਨਿਜ ਨਾਮ ਧਰਾਇ) ਅਤੇ ਆਖਿਆ ਕਿ ਤੂੰ ਸ਼ੇਰ ਦੀ ਖੱਲ ਵਿਚੋਂ ਜਨਮਿਆਂ ਹੈ, ਇਸ ਲਈ ਤੇਰੇ ਪੰਥ ਦਾ ਨਾਮ ਵੀ ਖਾਲਸਾ ਹੋਵੇਗਾ। (ਸਿੰਘ ਖਾਲ ਸੇ ਹੋਹਿ ਖਾਲਸਾ)। ਦੇਵੀ, ਦੁਸ਼ਟਦਮਨ ਨੂੰ ਤਪੱਸਿਆ ਕਰਨ ਅਤੇ ਚਿਰੰਜੀਵੀ ਹੋਣ ਦਾ ਵਰ ਦੇਣ ਉਪ੍ਰੰਤ ਅਲੋਪ ਹੋ ਗਈ। ਦੁਸ਼ਟਦਮਨ ਨੇ ਦੇਵੀ ਦੀ ਆਗਿਆ ਪਾਲਨ ਹਿਤ ਅਸੰਖਾਂ ਵਰ੍ਹੇ ਦੀ ਕਠਨ ਤਪਸਿਆ ਕੀਤੀ। (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਤੱਪ ਕਰਨ ਸਮੇਂ ਦੁਸ਼ਟਦਮਨ ਦੇ ਸਿਰ ’ਤੇ ਲੰਮੀਆਂ ਲੰਮੀਆ ਜਟਾਂਵਾਂ, ਸਰੀਰੋਂ ਨਗਨ, ਅੱਖਾਂ ਬੰਦ ਸਨ। ਉਸ ਨੇ ਬਿਨਾ ਅੰਨ-ਪਾਣੀ ਤੋਂ ਇਕ ਪੈਰ ’ਤੇ ਖਲੋ ਕੇ, ਮੌਨ ਧਾਰ ਕੇ ਇਕਾਂਤ ਵਿੱਚ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000 ਸਾਲ) ਅਜਿਹੀ ਕਠਨ ਤਪਸਿਆ ਕੀਤੀ ਕਿ ਸਰੀਰ ਸੁਕ ਗਿਆ ਤੇ ਕੇਵਲ ਹੱਡੀਆਂ ਹੀ ਬਚੀਆਂ। ਅੰਤ ਮਹਾਂਕਾਲ ਨੇ ਆਪਣੇ ਸੇਵਕਾਂ ਰਾਹੀਂ ਵਿਮਾਨ ਭੇਜ ਕੇ ਦੁਸ਼ਟਦਮਨ ਨੂੰ ਆਪਣੇ ਕੋਲ ਬੁਲਾਇਆ ਅਤੇ ਗੋਦੀ ਵਿੱਚ ਬਿਠਾ ਕੇ ਬੜੇ ਪਿਆਰ ਨਾਲ ਉਸ ਦਾ ਮੱਥਾ ਚੁੰਮਿਆ ਅਤੇ ਮਾਤ ਲੋਕ ਵਿੱਚ ਜਾਣ ਲਈ ਕਿਹਾ।

ਬਚਿਤ੍ਰ ਨਾਟਕ ਦੀਆਂ ਉਪ੍ਰੋਕਤ ਪੰਕਤੀਆਂ (ਅਬ ਮੈ ਅਪਨੀ ਕਥਾ ਬਖਾਨੋ) ਦੇ ਅਧਾਰ ਤੇ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸਾਹਿਬ ਸੰਤੋਖ ਸਿੰਘ ਜੀ ਜਾਂ ਉਨ੍ਹਾ ਦੇ ਸਹਿਯੋਗੀ ਬ੍ਰਾਹਮਣਾਂ ਵਲੋਂ ਲਿਖੀ, ਕਥਿਤ ਦੁਸ਼ਟ ਦਮਨ ਦੀ ਕਥਿਤ ਤਪੱਸਿਆ ਬਾਰੇ ਬੜੀ ਲੰਮੀ ਚੌੜੀ ਵਾਰਤਾ ਨੂੰ ਆਧਾਰ ਮੰਨ ਕੇ ਪੰਡਤ ਤਾਰਾ ਸਿੰਘ ਨਰੋਤਮ ਨੇ 1932 ਵਿਚ ਵਰਤਮਾਨ ‘ਹੇਮਕੁੰਟ’ ਨੂੰ ਦੁਸ਼ਟ ਦਮਨ ਦੀ ਤਪਸਿਆ ਵਾਲੀ ਥਾਂ ਦਸਿਆ, ਉਥੇ ਫੌਜ ਦੇ ਸਾਬਕਾ ਗ੍ਰੰਥੀ ਸੰਤ ਸੋਹਣ ਸਿੰਘ ਟੀਹਰੀ – ਗੜਵਾਲ ਵਾਲੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤ ਸਮਾਉਣ ਤੋਂ 224 ਵਰ੍ਹੇ ਪਿਛੋਂ, ਸੰਨ 1936 ਵਿੱਚ ਗੁਰਦੁਆਰਾ ਸਥਾਪਿਤ ਕੀਤਾ।
ਗੁਰਦੁਆਰੇ ਦੀ ਸਥਾਪਨਾ ਹੋਣ ਅਤੇ ਉਸ ਦਾ ਸਬੰਧ ਦਸਮ ਪਾਤਸ਼ਾਹ ਨਾਲ ਪ੍ਰਚਾਰਿਆ ਜਾਣ ਕਰਕੇ ਸਿਖ ਸੰਗਤਾਂ ਬੜੇ ਉਤਸ਼ਾਹ ਨਾਲ ਰਸਤੇ ਦੀਆਂ ਮੁਸ਼ਕਲਾਂ ਦੀ ਪ੍ਰਵਾਹ ਕੀਤੇ ਵਗੈਰ ਉਥੇ ਦਰਸ਼ਨ ਕਰਨ ਲਈ ਜਾਣ ਲਗ ਪਈਆਂ। ਅਜਿਹਾ ਹੋਣਾ ਕੁਦਰਤੀ ਹੀ ਹੈ, ਕਿਉਂਕਿ ਸਿਖ ਸੰਗਤਾਂ ਗੁਰੂ ਅਸਥਾਨਾਂ ਪ੍ਰਤੀ ਅਥਾਹ ਸ਼ਰਧਾ ਰਖਦੀਆਂ ਹਨ, ਪਰ ਗਿਆਨ ਵਿਹੁਣੀ ਸ਼ਰਧਾ, ਅੰਨੀ ਸ਼ਰਧਾ ਹੁੰਦੀ ਹੈ ਜੋ ਕਦੇ ਵੀ ਲਾਭਦਾਇਕ ਸਾਬਤ ਨਹੀਂ ਹੋ ਸਕਦੀ। ਸਾਨੂੰ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸ ਦੀ ਅਸਲੀਅਤ ਬਾਰੇ ਵਿਚਾਰ ਕਰ ਲੈਣੀ ਚਾਹੀਦੀ ਹੈ। ਸਿੱਖ ਵਾਸਤੇ ਪਰਖ ਦੀ ਕਸਵਟੀ ਕੇਵਲ ਅਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਕੋਈ ਵੀ ਰਚਨਾ ਜੋ ਇਸ ਕਸਵਟੀ ’ਤੇ ਪੂਰੀ ਨ ਉਤਰੇ, ਉਸ ਨੂੰ ਰੱਦ ਕਰਨ ਵਿਚ ਹੀ ਸਾਡਾ ਭਲਾ ਹੈ।

“ਅਕਲੀ ਸਾਹਿਬੁ ਸੇਵੀਐ, ਅਕਲੀ ਪਾਈਐ ਮਾਨੁ ॥ ਅਕਲੀ ਪੜ੍‍ ਕੈ ਬੁਝੀਐ, ਅਕਲੀ ਕੀਚੈ ਦਾਨੁ ॥ ਨਾਨਕੁ ਆਖੈ ਰਾਹੁ ਏਹੁ, ਹੋਰਿ ਗਲਾਂ ਸੈਤਾਨੁ ॥“ (ਪੰਨਾ 1245)

‘ਸੂਰਜ ਪ੍ਰਕਾਸ਼’ ਵਿਚ ਦਰਜ ਸਾਖੀ ਮੁਤਾਬਕ ਦੇਵੀ ਅਤੇ ਦੈਂਤਾਂ ਦੀ ਲੜਾਈ ਸਤਿਯੁਗ ਵਿਚ ਹੋਈ ਸੀ। ਜੇ ਇਸ ਨੂੰ ਸਤਿਯੁਗ ਦੇ ਆਰੰਭ ਵਿਚ ਵੀ ਮੰਨੀਏ ਤਾਂ ਵੀ ਇਸ ਦੇ ਆਰੰਭ ਨੂੰ ਲਗ-ਭਗ (17,28,000+12,96,000+8,64,000+5,111) 38,93,111 ਸਾਲ ਬਣਦੇ ਹਨ। ਦੇਵਤਿਆਂ ਅਤੇ ਦੈਂਤਾਂ ਦਾ ਯੁਧ ਅਤੇ ਦੁਸ਼ਟ ਦਮਨ ਵਲੋਂ ਹਜਾਰਾਂ ਸਾਲ ਦੈਤਾਂ ਨਾਲ ਕੀਤੀ ਗਈ ਲੜਾਈ ਨੂੰ ਜੇ ਛੱਡ ਵੀ ਦੇਈਏ ਤਾਂ ਵੀ ਲੜਾਈ ਖਤਮ ਹੋਣ ਤੋਂ ਪਿਛੋਂ ਦੁਸ਼ਟ-ਦਮਨ ਵਲੋ ਕੀਤੀ ਗਈ ਅਸੰਖਾਂ ਵਰ੍ਹੇ (ਇਕ ਸੰਖ=100,000,000,000,000,000) ਦੀ ਕਠਨ ਤਪਸਿਆ ਦਾ ਕੀ ਕੀਤਾ ਜਾਵੇ? (ਸੰਮਤ ਬਿਤੇ ਅਸੰਖ ਜਿਸੀ ਕਹੁ ਮਮ ਸਰੂਪ ਸੋਂ ਇਕਤਾ ਧਾਰਿ) ਜਦੋਂ ਕਿ ਗੁਰਬਾਣੀ ਅਜੇਹੇ ਸਰੀਰਕ ਕਸ਼ਟ ਦੇਣ ਵਾਲੇ ਤਪਾਂ ਦੀ ਹੀ ਨਿਖੇਦੀ ਕਰਦੀ ਹੈ। “ਮਨਹਠਿ, ਕਿਨੈ ਨ ਪਾਇਓ; ਸਭ ਥਕੇ ਕਰਮ ਕਮਾਇ ॥ ਮਨਹਠਿ ਭੇਖ ਕਰਿ ਭਰਮਦੇ; ਦੁਖੁ ਪਾਇਆ ਦੂਜੈ ਭਾਇ ॥ ” (ਪੰਨਾ 593)। ਇਥੇ ਇਕ ਹੋਰ ਸਵਾਲ ਵੀ ਪੈਦਾ ਹੁੰਦਾ ਹੈ ਕਿ ਜੇ ਦੁਸਟ-ਦਮਨ ਨੇ ਹੇਮਕੁੰਟ ਵਿਚ ਕਠਨ ਤਪੱਸਿਆ ਕੀਤੀ ਵੀ ਸੀ ਤਾਂ ਵੀ ਸਾਡਾ ਉਸ ਨਾਲ ਕੀ ਸਬੰਧ ? ਸਾਡਾ ਇਤਿਹਾਸ ਤਾਂ ਇਹ ਹੈ ਕਿ ਗੁਰੁ ਗੋਬਿੰਦ ਸਿੰਘ ਜੀ ਦਾ ਜਨਮ 1666 ਵਿਚ ਹੋਇਆ ਸੀ, 1675 ਵਿਚ ਗੁਰੁ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਪਿਛੋਂ ਉਹ ਗੁਰਗੱਦੀ ’ਤੇ ਵਿਰਾਜਮਾਨ ਹੋਏ ਸਨ 1708 ਵਿਚ ਗੁਰੂ ਜੀ ਜੋਤੀ ਜੋਤ ਸਮਾਏ ਸਨ। ਇਸ ਜਨਮ ਵਿਚ ਵੀ ਪਹਿਲੇ 9 ਸਾਲ ਗੋਬਿੰਦ ਰਾਏ ਜੀ ਸਾਡੇ ਗੁਰੂ ਨਹੀਂ ਸਨ।

ਭਾਈ ਲਹਿਣਾ ਜੀ, ਗੁਰੂ ਨਾਨਕ ਦੇਵ ਜੀ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਹਰ ਸਾਲ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂਦੇ ਸਨ। ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਦੀ ਸੰਗਤ ਵਿਚ ਆਉਣ ਤੋਂ ਪਹਿਲਾਂ ਹਰ ਸਾਲ ਗੰਗਾ ’ਚੇ ਇਸ਼ਨਾਨ ਕਰਨ ਜਾਂਦੇ ਸਨ। ਕੀ ਹੁਣ ਸਾਨੂੰ ਵੀ ਹਰ ਸਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕਰਨ ਜਾਂ ਗੰਗਾ ਦਾ ਇਸ਼ਨਾਨ ਕਰਨ ਨਹੀਂ ਜਾਣਾ ਚਾਹੀਦਾ ? ਨਹੀ ! ਕੋਈ ਵੀ ਸਿੱਖ ਇਸ ਨਾਲ ਸਹਿਮਤ ਨਹੀ ਹੋਵੇਗਾ। ਜੇ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਗੁਰੂ ਬਨਣ ਤੋਂ ਪਹਿਲਾਂ, ਇਸੇ ਜਨਮ ਦੇ ਇਤਿਹਾਸ ਨਾਲ ਸਾਡਾ ਕੋਈ ਸਬੰਧ ਨਹੀਂ ਤਾਂ ਗੁਰੁ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਦੇ ਮਿਥਿਹਾਸ ਨਾਲ ਸਾਡਾ ਕੀ ਸਬੰਧ ?

“ਚਿਤ ਨ ਭਯੋ ਹਮਰੋ ਆਵਨ ਕਹਿ । ਚੁਭੀ ਰਹੀ ਸ੍ਰਤਿ, ਪ੍ਰਭੁ ਚਰਨਨ ਮਹਿ॥
ਜਿਉ ਤਿਉ ਪ੍ਰਭ ਹਮ ਕੋ ਸਮਝਾਯੋ । ਇਮ ਕਹਿ ਕੈ, ਇਹ ਲੋਕਿ ਪਠਾਯੋ ॥5॥“ (ਪੰਨਾ 55)

ਉਪ੍ਰੋਕਤ ਪੰਗਤੀਆਂ ਇਹ ਸਪੱਸ਼ਟ ਕਰਦੀਆਂ ਹਨ ਕਿ ਗੁਰੂ ਜੀ (?) ਕਹਿੰਦੇ ਹਨ ਕਿ ਸਾਡਾ ਆਉਣ ਨੂੰ ਚਿੱਤ ਨਹੀਂ ਸੀ ਕਰਦਾ ਕਿਉਂਕਿ ਮੇਰੀ ਸੁਰਤ ਤਾਂ ਪ੍ਰਭੂ ਦੇ ਚਰਨਾ ’ਚ ਖੁਭੀ ਹੋਈ ਸੀ। ਜਿਵੇਂ -ਕਿਵੇਂ ਪ੍ਰਭ ਨੇ ਸਾਨੂੰ ਸਮਝਾਇਆ ਅਤੇ ਇਸ ਲੋਕ ਵਿਚ ਭੇਜਿਆ। ਸੋ, ਸਪੱਸ਼ਟ ਹੈ ਕਿ ਭਗਤੀ ਕਰਨ ਵਾਲਾ ਇਸ ਦੁਨੀਆਂ ’ਚ ਨਹੀਂ ਸਗੋਂ ਕਿਸੇ ਹੋਰ ਦੁਨੀਆਂ ਵਿਚ ਭਗਤੀ ਕਰ ਰਿਹਾ ਸੀ, ਪਰ ਮੌਜੂਦਾ ਹੇਮਕੁੰਟ ਤਾਂ ਉਤਰੀ ਭਾਰਤ (ਉਤਰਾਖੰਡ) ਵਿਚ ਹੀ ਬਣਾ ਲਿਆ ਗਿਆ ਹੈ। ਕੀ ਇਹ ਤੱਥ ਹੀ ਇਸ ਅਖੌਤੀ ਤਪ ਅਸਥਾਨ ਦੀ ਅਸਲੀਅਤ ਨੂੰ ਪ੍ਰਗਟ ਕਰਨ ਲਈ ਕਾਫੀ ਨਹੀਂ ਹੈ?

ਗਿਆਨੀ ਠਾਕਰ ਸਿੰਘ ਅੰਮ੍ਰਿਤਸਰ ਵਾਲਿਆਂ ਨੇ ਕਵੀ ਸੰਤੋਖ ਸਿੰਘ ਵਲੋਂ ਕੀਤੀ ਕਲਪਣਾ ਨੂੰ ਸੱਚ ਮੰਨ ਕੇ ਰਿਵਾਲਸਰ ਦੀਆਂ ਪਹਾੜੀਆਂ (ਮੰਡੀ ਸੁਕੇਤ ਦੇ ਨੇੜੇ) ਉਤੇ ਸੱਤ ਟੀਸੀਆਂ ਨੂੰ ‘ਸਪਤ ਸ੍ਰਿੰਗ’ ਵਜੋਂ ਐਲਾਨਿਆ ਸੀ। ਸਨਾਤਨੀ ਮੱਤ ਦੇ ਧਾਰਨੀ ਪੰਡਿਤ ਤਾਰਾ ਸਿੰਘ ਜੀ ਨਰੋਤਮ, ਜੋ ਖੁਦ ਹਰ ਸਾਲ ਬਦਰੀਨਾਥ ਦੀ ਯਾਤਰਾ ਨੂੰ ਜਾਂਦਾ ਹੁੰਦਾ ਸੀ, ਨੇ ਪਹਿਲੇ ਹੇਮਕੁੰਟ ਨੂੰ ਰੱਦ ਕਰਕੇ ਇਕ ਹੋਰ ਪਹਾੜ ਦੀ ਟੀਸੀ ’ਤੇ ਖੜ੍ਹ ਕੇ ਆਲੇ – ਦੁਆਲੇ 7 ਟੀਸੀਆਂ ਗਿਣ ਕੇ ਉਸ ਟੀਸੀ ਨੂੰ ‘ਸਪਤ ਸ੍ਰਿੰਗ’ ਐਲਾਨ ਕਰ ਦਿੱਤਾ ਗਿਆ। (ਕੀ ਕਿਸੇ ਹੋਰ ਪਹਾੜ ਟੀਸੀ ’ਤੇ ਖੜ੍ਹ ਕੇ 7 ਟੀਸੀਆਂ ਨਹੀਂ ਗਿਣੀਆਂ ਜਾ ਸਕਦੀਆਂ ? ) ਸੰਤ ਸੋਹਣ ਸਿੰਘ ਟੀਹਰੀਵਾਲੇ ਦਾ ਮੇਲ ਸੰਨ 1935 ਵਿਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤਾਂ ਆਪ ਨੇ ਉਥੇ ਗੁਰਦੁਆਰਾ ਸਾਹਿਬ ਸਥਾਪਤ ਕਰਨ ’ਤੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ। ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ। ਇਸ ਤਰ੍ਹਾਂ ਇਸ ਅਸਥਾਨ ਦਾ ਮੁੱਢ ਬੱਝ ਗਿਆ ਅਤੇ ਪਹਿਲੇ ਹੇਮਕੁੰਟ ਨੂੰ ਲੋਕੀ ਭੁਲ਼ ਹੀ ਗਏ। ਮਈ ਮਹੀਨੇ ਖਬਰ ਆਈ ਸੀ ਕੇ ਇਕ ਹੋਰ ਹੇਮਕੁੰਟ ਵੀ ਬਣ ਗਿਆ ਹੈ।

ਇਹ ਹੈ, ਪੁਣੇ ਦੇ ਨਜ਼ਦੀਕ ‘ਕਮਸ਼ੇਟ’ ਦੀਆਂ ਪਹਾੜੀਆਂ ’ਤੇ ਪਵਨਾ ਡੈਮ ਨੇੜੇ ‘ਛੋਟਾ ਹੇਮਕੁੰਟ’। ਸ਼ਾਇਦ ਇਹ ਉਨ੍ਹਾਂ ਸਿੱਖਾਂ ਦੀ ਸਹੂਲਤ ਲਈ ਬਣਾਇਆ ਗਿਆ ਹੋਵੇ ਜੋ ਉਤਰਾਚਲ ਵਿਚ ਸਮੁੰਦਰੀ ਤਲ ਤੋਂ ਲਗ-ਭਗ 15,200 ਫੁਟ ਦੀ ਉਚਾਈ ‘ਤੇ ਬਣੇ ਹੇਮਕੁੰਟ ’ਤੇ ਜਾਣ ਦਾ ਹੌਂਸਲਾ ਨਾ ਬਣਾ ਸਕਦੇ ਹੋਣ।

ਬਿਨਾਂ ਕਸੂਰੋਂ ਜਿੰਦਗੀ ਦੇ 23 ਸਾਲ ਜੇਲ੍ਹ ਦੀ ਕਾਲ ਕੋਠੜੀ ਵਿੱਚ ਤਸੀਹੇ ਝੱਲਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਕਹਾਣੀ…..

0

ਬਿਨਾਂ ਕਸੂਰੋਂ ਜਿੰਦਗੀ ਦੇ 23 ਸਾਲ ਜੇਲ੍ਹ ਦੀ ਕਾਲ ਕੋਠੜੀ ਵਿੱਚ ਤਸੀਹੇ ਝੱਲਣ ਵਾਲਾ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਕਹਾਣੀ…..

ਗੁਰਨੈਬ ਸਿੰਘ ਸਾਜਨ ਮੋ. 98889-55757, 94176-28463

          ਬਾਪੂ ਸੂਰਤ ਸਿੰਘ ਖਾਲਸਾ ਹਸਨਪੁਰ (ਲੁਧਿਆਣਾ) ਜੋ ਲਗਭਗ 5 ਮਹੀਨਿਆਂ ਤੋਂ ਭੁੱਖ ਹੜਤਾਲ ’ਤੇ ਹੈ। ਬਾਦਲ ਸਰਕਾਰ ਦੀ ਪੁਲਿਸ ਨੇ ਬਾਪੂ ਸੂਰਤ ਸਿੰਘ ਨੂੰ ਜਬਰੀ ਚੁੱਕ ਕੇ ਪੀ.ਜੀ.ਆਈ. ਚੰਡੀਗੜ੍ਹ ਦਾਖਲ ਕਰਵਾ ਦਿੱਤਾ ਹੈ। ਪਰ ਸਮੇਂ ਦੀਆਂ ਜਾਬਰ ਸਰਕਾਰਾਂ ਕਦੇ ਵੀ ਖਾਲਸੇ ਦੇ ਸਿਦਕ ਨੂੰ ਤੋੜ ਨਹੀਂ ਸਕਦੀਆਂ। ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਆਪਣੀ ਜਾਨ ਹੀਲ ਕੇ ਜਿੰਦਗੀ ਦੇ ਪਿਛਲੇ ਪਹਿਰੇ ਬੰਦੀ ਸਿੰਘਾਂ ਦੀ ਬਿਨਾ ਸ਼ਰਤ ਰਿਹਾਈ ਲਈ ਕੀਤੀ ਜਾ ਰਹੀ ਭੁੱਖ ਹੜਤਾਲ ਦਾ ਹੀ ਨਤੀਜਾ ਹੈ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ, ਜੋ 23 ਸਾਲਾਂ ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੀ, ਨੂੰ ਬਦਲ ਕੇ ਅੰਮ੍ਰਿਤਸਰ ਜੇਲ੍ਹ ਦੇ ਹਸਪਤਾਲ ਵਿੱਚ ਭੇਜ ਦਿੱਤਾ ਹੈ। ਪੋ੍ਰ. ਦਵਿੰਦਰਪਾਲ ਸਿੰਘ ਭੁੱਲਰ ਦੀ ਜਿੰਦਗੀ ਬਾਰੇ ਜਾਣਨ ਲਈ ਇਨ੍ਹਾਂ ਸੱਤਰਾਂ ਦਾ ਲੇਖਕ ਆਪਣੇ ਸਾਥੀ ਸੁਰਿੰਦਰਪਾਲ ਸਿੰਘ ਬੱਲੂਆਣਾ ਨਾਲ 17 ਜੂਨ ਨੂੰ ਸਵਖੱਤੇ ਹੀ ਦਿਆਲਪੁਰਾ ਭਾਈਕਾ ਲਈ ਰਵਾਨਾ ਹੋ ਗਏ। 10 ਕੁ ਵਜੇ ਅਸੀਂ ਦਿਆਲਪੁਰਾ ਭਾਈਕਾ ਵਿਖੇ ਰਿਸ਼ਤੇਦਾਰੀ ਦੇ ਘਰ ਪਹੁੰਚ ਗਏ। ਉੱਥੋਂ ਚਾਹ ਪਾਣੀ ਪੀ ਕੇ ਜਦੋਂ ਘਰ ਦੇ ਬਜੁਰਗ ਤੋਂ ਪ੍ਰੋ. ਭੁੱਲਰ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਸਾਡੇ ਪਿੰਡ ਤੋਂ ਦੂਰ ਯਾਮਨੀਆ ਬਸਤੀ ਵਿੱਚ ਉਹਨਾਂ ਦਾ ਘਰ ਪਿੰਡ ਤੋਂ 3 ਕਿਲੋਮੀਟਰ ਦੀ ਦੂਰੀ ’ਤੇ ਹੈ। ਜਦੋਂ ਅਸੀਂ ਸਕੂਲ ਨੇੜੇ ਪਿੰਡ ਦੀ ਸੱਥ ਵਿੱਚ ਬੈਠੇ ਬਜੁਰਗਾਂ ਨੂੰ ਫਤਿਹ ਬੁਲਾ ਕੇ ਉਹਨਾਂ ਕੋਲੋਂ ਪ੍ਰੋ. ਭੁੱਲਰ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਕਾਕਾ ਅਸੀਂ ਕਿਹੜਾ ਅਖਬਾਰ ਜਾਂ ਟੈਲੀਵਿਜ਼ਨ ਦੇਖਦੇ ਹਾਂ ਸਾਨੂੰ ਨੀ ਪਤਾ ਪੋ੍ਰ. ਭੁੱਲਰ ਕੌਣ ਹੈ? ਪਰ ਜਦੋਂ ਅਸੀਂ ਦੱਸਿਆ ਕਿ ਅਸੀਂ ਪੱਤਰਕਾਰ ਹਾਂ, ਤੁਹਾਡਾ ਪਿੰਡ ਪ੍ਰੋ. ਭੁੱਲਰ ਕਰ ਕੇ ਦੁਨੀਆਂ ਦੇ ਨਕਸ਼ੇ ’ਤੇ ਹੈ। ਤੁਹਾਡੇ ਪਿੰਡ ਦੇ ਸਪੂਤ ਨੇ 23 ਸਾਲ ਬਿਨਾ ਕਸੂਰੋਂ ਕੌਮ ਲਈ ਜੇਲ੍ਹਾਂ ਵਿੱਚ ਬਿਤਾ ਦਿੱਤੇ ਪਰ ਅਫਸੋਸ ਦੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਤਾਂ ਇੱਕ ਬਜੁਰਗ ਨੇ ਕਿਹਾ ਕਿ ਭਾਈ ਭਾਊਆ ਦਾ ਮੁੰਡਾ ਹੋਣੈ ਪ੍ਰੋ. ਭੁੱਲਰ, ਕਾਕਾ ਉਹ ਘਰ ਤਾਂ ਏਥੋਂ ਦੂਰ ਏ, ਤੁਸੀਂ ਇੱਥੋਂ ਪਿੰਡ ਤੋਂ ਬਾਹਰ ਵਾਰ ਚਲੇ ਜਾਓ। ਐਨੇ ਚਿਰ ਵਿੱਚ ਮੋਟਰ ਸਾਈਕਲ ਉਪਰ ਇੱਕ ਗੁਰਸਿੱਖ ਨੌਜਵਾਨ ਸਾਡੇ ਕੋਲ ਰੁਕ ਗਿਆ। ਉਸ ਨਾਲ ਜਦੋਂ ਪ੍ਰੋ. ਭੁੱਲਰ ਬਾਰੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਉਮਰ ’ਚ ਤਾਂ ਮੈਥੋਂ ਵੱਡਾ ਹੈ ਪਰ ਮੈਂ ਉਸ ਬਾਰੇ ਜਾਣਦਾ ਹਾਂ। ਉਨ੍ਹਾਂ ਦਾ ਪਰਿਵਾਰ ਲੰਬੇ ਸਮੇਂ ਤੋਂ ਸਾਡੇ ਪਿੰਡ ਤੋਂ ਬਾਹਰ ਢਾਣੀ ਵਿੱਚ ਰਹਿੰਦਾ ਹੈ। ਚੰਗੇ ਇਨਸਾਨ ਹਨ ਪੋ੍ਰ. ਭੁੱਲਰ, ਉਹਨਾਂ ਕਰਕੇ ਤਾਂ ਸਾਡੇ ਨਗਰ ਨੂੰ ਐਨਾ ਮਾਣ ਮਿਲ ਰਿਹਾ ਹੈ। ਇਨ੍ਹਾਂ ਬਜੁਰਗਾਂ ਨੂੰ ਵੀ ਪਤਾ ਤਾਂ ਹੈ ਪਰ ਡਰਦੇ ਦੱਸਦੇ ਨਹੀਂ। ਤੁਸੀਂ ਇੰਝ ਕਰੋ ਪਿੰਡ ਦੀ ਇਹ ਵਿਚਾਲੜੀ ਗਲੀ ਚੋਂ ਬਾਹਰ ਵਾਰ ਚਲੇ ਜਾਓ, ਉੱਥੋਂ ਜਾ ਕੇ ਪੁੱਛ ਲੈਣਾ। ਅਸੀਂ ਉੱਥੇ ਅੱਗੇ ਚਲੇ ਗਏ ਤਾਂ ਪਿੰਡ ਵਿਚਕਾਰ ਇਕ ਪੁਰਾਤਨ ਹਵੇਲੀ ਇਸ ਪਿੰਡ ਨੂੰ ਕਾਫੀ ਪੁਰਾਣਾ ਹੋਣ ਦਾ ਸਬੂਤ ਦੇ ਰਹੀ ਸੀ। ਪਿੰਡ ਵੜਦੇ ਹੀ ਸੜਕ ਉੱਪਰ ਹੀ ਮਾਈ ਰੋਜੀ ਬਾਬਾ ਗੁੱਦੜ ਜੀ ਛੇਵੇਂ ਪਾਤਸ਼ਾਹ ਜੀ ਦੀ ਵੰਸ਼ ’ਚੋਂ, ਦਾ ਸਥਾਨ ਬਣਿਆ ਹੋਇਆ ਹੈ। ਜਿਸ ਦੇ ਨਿਸ਼ਾਨ ਸਾਹਿਬ ਉੱਪਰ 400 ਤੋਂ 500 ਫਰਲਾ ਸੁੱਖਣਾ ਦੇ ਚੜ੍ਹਦੇ ਹਨ, ਇਸ ਅਸਥਾਨ ਉੱਪਰ ਵਿਸਾਖੀ ਦੇ ਦਿਹਾੜੇ ਭਾਰੀ ਮੇਲਾ ਲੱਗਦਾ ਹੈ। ਪਿੰਡ ਤੋਂ ਬਾਹਰ ਨਿਕਲਦਿਆਂ ਸ਼ਮਸ਼ਾਨ ਘਾਟ ਵਿੱਚ ਨਰੇਗਾ ਮਜਦੂਰ ਸਕੀਮ ਤਹਿਤ ਸਫਾਈ ਕਰਦੇ ਇੱਕ ਮਜਦੂਰ ਨੂੰ ਜਦ ਪ੍ਰੋ. ਭੁੱਲਰ ਦਾ ਘਰ ਪੁੱਛਿਆ, ਪਹਿਲਾਂ ਤਾਂ ਉਹ ਘਬਰਾ ਗਿਆ ਜਦੋਂ ਅਸੀਂ ਦੱਸਿਆ ਕਿ ਅਸੀਂ ਪੱਤਰਕਾਰ ਹਾਂ ਉਸ ਨੇ ਸਾਨੂੰ ਕਿਹਾ ਕਿ ਇਹ ਸੜਕ ਨਾ ਛੱਡਿਓ ਖੇਤਾਂ ਵਿੱਚ ਉਹਨਾਂ ਦਾ ਘਰ ਹੈ। ਉੱਥੋਂ ਚਲ ਕੇ ਖੇਤਾਂ ਵਿੱਚ ਮੋਟਰ ਦਾ ਕੋਠਾ ਪਾ ਰਹੇ ਰਾਜ ਮਿਸਤਰੀ ਤੋਂ ਜਦ ਪ੍ਰੋ. ਭੁੱਲਰ ਬਾਰੇ ਪੁੱਛਿਆ ਤਾਂ ਕਹਿਣ ਲੱਗੇ ਬਈ ਬਹੁਤ ਵਧੀਆ ਇਨਸਾਨ ਹੈ, ਵਿਚਾਰਾ ਕਈ ਸਾਲਾਂ ਤੋਂ ਜੇਲ੍ਹਾਂ ’ਚ ਰੁਲ ਰਿਹਾ ਹੈ। ਹੁਣ ਅਖਬਾਰਾਂ ’ਚ ਪੜ੍ਹਿਆ ਦਿੱਲੀ ਤੋਂ ਪੰਜਾਬ ਲੈ ਆਂਦਾ, ਸਾਡੇ ਪਿੰਡ ਲਈ ਮਾਣ ਵਾਲੀ ਗੱਲ ਹੈ। ਪ੍ਰੋ. ਭੁੱਲਰ ਦੇ ਘਰ ਤੋਂ ਅੱਧਾ ਕਿਲੋਮੀਟਰ ਦੀ ਦੂਰੀ ’ਤੇ ਸੜਕ ਉੱਪਰ ਤਿੰਨ ਔਰਤਾਂ ਪਿੰਡ ਵੱਲ ਆ ਰਹੀਆਂ ਸਨ ਜਦ ਅਸੀਂ ਉਨ੍ਹਾਂ ਕੋਲੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੁੱਛਿਆ ਤਾਂ ਉਹਨਾਂ ਚੋਂ ਮਾਤਾ ਬਲਵੀਰ ਕੌਰ ਜੋ ਉਸ ਪਿੰਡ ਦੀ ਹੀ ਧੀ ਹੈ, ਨੇ ਦੱਸਿਆ ਕਿ ਬਹੁਤ ਬੀਬਾ ਮੁੰਡਾ ਹੈ ‘ਦਵਿੰਦਰਪਾਲ’, ਉਸ ਦੇ ਪਿਤਾ ‘ਬਲਵੰਤ ਸਿੰਘ’ ਨੇ ਕਦੇ ਕੁੱਤੇ ਨੂੰ ਸੋਟੀ ਨਹੀਂ ਮਾਰੀ ਸੀ, ਪਰ ਪੁਲਿਸ ਜਦੋਂ ਤੋਂ ਘਰੋਂ ਚੁੱਕ ਕੇ ਲੈ ਗਈ ਹੈ ਉਘ-ਸੁੱਘ ਨਹੀਂ ਕੱਢੀ ਅੱਜ ਤੱਕ ਵੀ ਪਤਾ ਨਹੀਂ ਲੱਗਿਆ ਜਿਉਂਦਾ ਹੈ ਜਾਂ ਮੋਇਆ ਹੈ। ਰੱਬ ਦੀ ਰਜਾ ਵਿੱਚ ਰਹਿਣ ਵਾਲਾ ਹੈ ‘ਬਲਵੰਤ ਸਿੰਘ ਭੁੱਲਰ ਦਾ ਪਰਿਵਾਰ’। ਪਰ ਹੁਣ ਤਾਂ ਸਭ ਖੇਰੂ-ਖੇਰੂ ਹੋ ਗਿਆ। ਜਦੋਂ ਦਵਿੰਦਰਪਾਲ ਦਾ ਵਿਆਹ ਹੋਇਆ ਸੀ, ਛੇ-ਸੱਤ ਦਿਨਾਂ ਬਾਅਦ ਪੁਲਿਸ ਬਲਵੰਤ ਸਿੰਘ ਨੂੰ ਚੁੱਕ ਕੇ ਲੈ ਗਈ ਬਾਅਦ ਵਿੱਚ ਸਰਕਾਰ ਨੇ ਉਹ ’ਤੇ ਜੋ ਜੁਲਮ ਕੀਤੇ, ਉਸ ਦੇ ਘਰ ਚੋਂ ਪੁਲਿਸ ਸੋਨਾ, ਨਕਦੀ ਚੁੱਕ ਕੇ ਲੈ ਗਈ। ਇਹ ਹੱਸਦਾ ਵੱਸਦਾ ਘਰ ਉਜਾੜ ਕੇ ਰੱਖਤਾ ਜਾਲਮਾਂ ਨੇ, ਅਸੀਂ ਤਾਂ ਪੁੱਤ ਹਰ ਰੋਜ਼ ਮਾਈ ਰੱਜੀ ਕੋਲ ਅਰਦਾਸ ਕਰਦੇ ਹਾਂ, ਕਿ ਦਵਿੰਦਰਪਾਲ ਜਲਦੀ ਆਪਣੇ ਘਰ ਆਵੇ। ਐਸੇ ਪੁੱਤਰ ਤਾਂ ਮਾਂ ਦੀਆਂ ਕੁੱਖਾਂ ਸਫ਼ਲ ਕਰ ਜਾਂਦੇ ਹਨ। ਪੁਲਿਸ ਨੇ ਬਹੁਤ ਜੁਲਮ ਕੀਤਾ ਬਲਵੰਤ ਸਿੰਘ ਦੇ ਪਰਿਵਾਰ ’ਤੇ। ਪੁੱਤ ਆਹ ਸਾਹਮਣੇ ਹੀ ਇੰਨ੍ਹਾਂ ਦਾ ਘਰ ਹੈ ਉੱਥੇ ਥੋਨੂੰ ਸਭ ਕੁੱਝ ਪਤਾ ਲੱਗ ਜਾਵੇਗਾ। ਜਿਉਂ ਹੀ ਅਸੀਂ ਪ੍ਰੋ. ਭੁੱਲਰ ਦੇ ਘਰ ਅੱਗੇ ਪਹੁੰਚੇ ਤਾਂ ਉੱਥੇ ਖੜ੍ਹੇ ਭਾਈ ਗੁਰਮੇਜ ਸਿੰਘ, ਪਲਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਪ੍ਰੋ. ਭੁੱਲਰ ਦੇ ਚਚੇਰੇ ਭਰਾ ਮੁਖਤਿਆਰ ਸਿੰਘ ਨੇ ਸਾਡਾ ਸਵਾਗਤ ਕੀਤਾ ਅਤੇ ਘਰ ਦੇ ਮੁੱਖ ਗੇਟ ਤੋਂ ਅੱਗੇ ਚੱਲਣ ਲੱਗੇ ਤਾਂ ਘਰ ਦੇ ਲੋਹੇ ਦੇ ਮੁੱਖ ਗੇਟ ਤੋਂ ਅੱਗੇ ਅੱਜ ਵੀ ਬਲਵੰਤ ਸਿੰਘ ਭੁੱਲਰ ਦੀ ਨੇਮ ਪਲੇਟ ਲੱਗੀ ਹੋਈ, ਦਿਖਾਈ ਦਿੱਤੀ। ਘਰ ਦੇ ਵਿਹੜੇ ਵਿੱਚ ਗਏ ਤਾਂ ਵਿਹੜੇ ਵਿੱਚ ਤਾਜਾ ਫਰਸ਼ ਲੱਗਾ ਹੋਇਆ ਸੀ, ਘਰ ਜੋ 23 ਸਾਲਾਂ ਤੋਂ ਕਿਸੇ ਦੀ ਉਡੀਕ ਕਰ ਰਿਹਾ ਸੀ, ਉਦਾਸੀ ਤੋਂ ਕੁੱਝ ਆਸ ਵਿੱਚ ਸੀ। ਇਸ ਘਰ ’ਚ 23 ਵਰ੍ਹਿਆਂ ਤੋਂ ਕੋਈ ਦੀਵਾ ਨਹੀਂ ਜਗਿਆ, ਨਾ ਦੀਵਾਲੀ ਨਾ ਲੋਹੜੀ ਨਾ ਕੋਈ ਹੋਰ ਸ਼ਗਨ ਮਨਾਏ ਗਏ। ਭਾਈ ਗੁਰਮੇਜ ਸਿੰਘ ਨੇ ਦੱਸਿਆ ਕਿ ਘਰ ਦੇ ਵਿਹੜੇ ਵਿੱਚ ਭੱਖੜਾ, ਘਾਹ, ਸਰਕੰਡਾ ਉਗ ਆਇਆ ਸੀ, ਉਹ ਪੁੱਟ ਕੇ ਫਰਸ਼ ਲਗਾਈ ਗਈ ਹੈ, ਘਰ ਵਿਚਲੇ ਕਮਰੇ, ਫਰਨੀਚਰ ਤਸਵੀਰਾਂ ਉੱਪਰ ਸਮੇਂ ਦੀ ਧੂੜ ਜੰਮੀ ਹੋਈ ਸੀ, ਨੂੰ ਸਾਫ ਕੀਤਾ ਜਾ ਰਿਹਾ ਹੈ।

ਮੁਖਤਿਆਰ ਸਿੰਘ ਨੇ ਕਿਹਾ ਜਿਸ ਘਰ ਵਿੱਚ ਇਨਸਾਨ ਨਾ ਵੱਸਦਾ ਹੋਵੇ ਉਸ ਘਰ ਵਿੱਚ ਪਰਿੰਦਿਆਂ ਦਾ ਵਾਸਾ ਹੋ ਜਾਂਦਾ ਹੈ। ਘਰ ਦੇ ਕਮਰੇ ਵਿੱਚ ਕਦਮ ਰੱਖਿਆ ਤਾਂ ਦਸਵੇਂ ਪਾਤਸ਼ਾਹ ਦੀ ਤਸਵੀਰ ਕਮਰੇ ਵਿੱਚ ਲੱਗੀ ਹੋਈ ਸੀ, ਦੂਜੇ ਕਮਰੇ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਦਸਵੀਂ ਵਿੱਚ ਜਲਾਲ ਸਕੂਲ ਵਿੱਚ ਪੜ੍ਹਦਿਆਂ ਦੀ ਬਲੈਕ ਐਂਡ ਵਾਈਟ ਗਰੁੱਪ ਫੋਟੋ ਫਰੇਮ ਵਿੱਚ ਰੱਖੀ ਹੋਈ ਸੀ, ਉਹਨਾਂ ਦੇ ਮਾਤਾ, ਪਿਤਾ ਦੀ ਇਕੱਠੀ ਫੋਟੋ, ਜੋ ਅਸੀਂ ਕੈਮਰੇ ਵਿੱਚ ਕੈਦ ਕਰ ਲਈਆਂ ਸਨ। ਇੱਕ ਕਮਰੇ ਵਿੱਚ ਬੈਡ, ਕੁਰਸੀਆਂ ਅਤੇ ਹੋਰ ਘਰੇਲੂ ਸਮਾਨ ਕਮਰੇ ਦੇ ਬਾਹਰ ਚੁੱਲ੍ਹਾ, ਜੋ 23 ਸਾਲਾਂ ਤੋਂ ਠੰਡਾ ਪਿਆ ਸੀ ਹੋਰ ਘਰੇਲੂ ਸਮਾਨ, ਜਿਸ ਦੀ ਸਫਾਈ ਹੋ ਰਹੀ ਸੀ। ਇੱਕ ਕਮਰੇ ਵਿੱਚ ਲੱਗੇ ਸੋਫਿਆਂ ਉੱਪਰ ਬੈਠਦਿਆਂ ਅਸੀਂ ਪ੍ਰੋ. ਭੁੱਲਰ ਦੀ ਜਿੰਦਗੀ, ਉਹਨਾਂ ਦੇ ਪਿਛੋਕੜ, ਉਹਨਾਂ ਦੇ ਪਰਿਵਾਰ ਉੱਪਰ ਬੀਤੇ ਕਾਲੇ ਦੌਰ ਦੀ ਕਹਾਣੀ ਜਾਣਨੀ ਸ਼ੁਰੂ ਕੀਤੀ। ਪ੍ਰੋ. ਦਵਿੰਦਰਪਾਲ ਸਿੰਘ ਦੇ ਚਚੇਰੇ ਭਰਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਦੇਸ਼ ਦੇ ਬਟਵਾਰੇ 1947 ਤੋਂ ਪਹਿਲਾਂ ਸਾਡਾ ਪਿੰਡ ਪਾਕਿਸਤਾਨ ਦੇ ਜਿਲ੍ਹਾ ਲਾਹੌਰ ਵਿੱਚ ਯਾਮਨ ਸੀ, ਦੇਸ਼ ਦੀ ਵੰਡ ਤੋਂ ਬਾਅਦ ਅਸੀਂ ਖੇਮਕਰਨ ਤਹਿਸੀਲ ਪੱਟੀ, ਬਾਰਡਰ ਨੇੜਲੇ ਪਿੰਡ ਮੈਹਦੀਪੁਰ ਆ ਗਏ। ਉਸ ਦੇ ਤਾਇਆ ਜੀ ਜਥੇਦਾਰ ਜੰਗੀਰ ਸਿੰਘ ਯਾਮਨੀਆ ਸੁਤੰਤਰਤਾ ਸੰਗਰਾਮੀ ਸਨ, ਉਹਨਾਂ ਨੂੰ ਦਿਆਲਪੁਰਾ ਦੇ ਭਾਈਕੇ ਪੱਟੀ ਵਿਚ ਮਿਲੇ, ਉਹ ਇਸ ਪਿੰਡ ਵਿੱਚ ਸਾਡੇ ਪਰਿਵਾਰ ਨੂੰ ਜਮੀਨ ਖਰੀਦਣ ਖਾਤਰ ਲੈ ਆਏ। ਅਸੀਂ ਇੱਥੇ 3 ਮੁਰੱਬੇ ਯਾਨਿ 25 ਕਿੱਲੇ ਦਾ ਇੱਕ ਮੁਰੱਬਾ ਹੁੰਦਾ ਹੈ, 75 ਕਿੱਲੇ ਖਰੀਦ ਕੇ ਇਸ ਜਮੀਨ ਵਿੱਚ ਆਪਣੇ ਘਰ ਪਾ ਕੇ ਰਹਿਣ ਲੱਗ ਪਏ ਅਤੇ ਰੋਜੀ ਰੋਟੀ ਦਾ ਵਸੀਲਾ ਸਾਡਾ ਖੇਤੀ ਹੀ ਸੀ। ਪ੍ਰੋ. ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਭੁੱਲਰ ਆਡਿਟ ਵਿਭਾਗ ਦੇ ਅਹੁੱਦੇ ’ਤੇ ਪੰਚਾਇਤ ਅਫਸਰ ਸਨ, ਜੋ ਪੱਟੀ ਫਿਰੋਜ਼ਪੁਰ ਅਤੇ ਗਿੱਦੜਬਾਹਾ ਨੌਕਰੀ ਕਰਦੇ ਰਹੇ। ਅਸੀਂ ਇੱਥੇ 1955-56 ਦੇ ਕਰੀਬ ਆਏ ਸੀ। ਪ੍ਰੋ. ਭੁੱਲਰ ਦੀ ਮਾਤਾ ਉਪਕਾਰ ਕੌਰ ਵੀ ਸਿੱਖਿਆ ਵਿਭਾਗ ਵਿੱਚ ਸੀਨੀਅਰ ਅਧਿਕਾਰੀ ਸਨ, ਉਹਨਾਂ ਵੀ ਪੱਟੀ, ਫਿਰੋਜਪੁਰ ਅਤੇ ਰਾਮਗੁਰਾ ਫੂਲ ਲੰਬਾ ਸਮਾਂ ਨੌਕਰੀ ਕੀਤੀ ਹੈ। ਪ੍ਰੋ. ਭੁੱਲਰ ਦਾ ਜਨਮ ਪੱਟੀ ਦਾ ਹੈ। ਅਸੀਂ ਸ਼ੁਰੂ-ਸ਼ੁਰੂ ਵਿੱਚ ਇੱਥੇ ਝੁੱਗੀਆਂ ਵਿੱਚ ਰਹਿੰਦੇ ਸੀ, ਹੌਲੀ ਹੌਲੀ ਘਰ ਬਣਾ ਲਏ। ਸਾਡੇ ਤਾਏ ਜਥੇਦਾਰ ਜੰਗੀਰ ਸਿੰਘ ਯਾਮਨੀਆ ਦੇ ਨਾਂਅ ’ਤੇ ਸਰਕਾਰ ਨੇ ਪਿੰਡ ਤੋਂ ਯਾਮਨੀਆ ਬਸਤੀ ਅਤੇ ਯਾਮਨੀਆ ਬਸਤੀ ਤੋਂ ਬਰਨਾਲਾ ਸੜਕ ਨੂੰ ਮਿਲਾਉਂਦੀ ਪੰਜ ਕਿਲੋਮੀਟਰ ਸੜਕ ਦਾ ਨਾਮ ਯਾਮਨੀਆ ਦੇ ਨਾਂ ’ਤੇ ਹੈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਦਵਿੰਦਰਪਾਲ ਸਿੰਘ ਨੇ ਨੇੜਲੇ ਪਿੰਡ ਜਲਾਲ ਤੋਂ 10 ਵੀਂ ਜਮਾਤ ਪਹਿਲੀ ਪੁਜੀਸ਼ਨ ਵਿੱਚ ਪਾਸ ਕੀਤੀ। ਸਕੂਲ ਵਿੱਚ ਅੱਜ ਵੀ ਉਹਨਾਂ ਦਾ ਨਾਮ ਦਰਜ ਹੈ। ਜਲੰਧਰ ਤੋਂ ਇੰਜਨੀਅਰਿੰਗ ਕੀਤੀ। ਲੁਧਿਆਣਾ ਗੁਰੁ ਨਾਨਕ ਦੇਵ ਗੁਜਰਵਾਲ ਤੋਂ ਅਗਲੀ ਪੜ੍ਹਾਈ ਕਰਕੇ ਉੱਥੇ ਹੀ ਪ੍ਰੋਫੈਸਰ ਦੀ ਨੌਕਰੀ ਕੀਤੀ। ਦਵਿੰਦਰਪਾਲ ਹੋਰੀਂ ਦੋ ਭਰਾ ਹਨ। ਛੋਟਾ ਤਜਿੰਦਰ ਸਿੰਘ ਉਰਫ ਮਿੰਨਾ ਜੋ ਹੁਣ ਕਨੇਡਾ ਰਹਿੰਦਾ ਹੈ, ਵਿਆਹ ਤੋਂ 5-7 ਦਿਨਾਂ ਬਾਅਦ ਹੀ ਪੁਲਿਸ ਸ. ਬਲਵੰਤ ਸਿੰਘ ਭੁੱਲਰ ਨੂੰ ਘਰੋਂ ਚੁੱਕ ਕੇ ਲੈ ਗਈ। ਪ੍ਰੋ. ਭੁੱਲਰ ਦੇ ਮਾਸੜ ਨੂੰ ਵੀ ਪੁਲਿਸ ਨੇ ਚੁੱਕ ਲਿਆ। ਪ੍ਰੋ. ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਅਤੇ ਮਾਸੜ ਨੂੰ ਪੁਲਿਸ ਨੇ ਕਿਵੇਂ ਕਤਲ ਕੀਤਾ, ਉਸ ਬਾਰੇ ਅੱਜ ਤੱਕ ਵੀ ਪਤਾ ਨਹੀਂ ਚੱਲ ਸਕਿਆ। ਬਠਿੰਡਾ ਦੇ ਪਿੰਡ ਰਾਮੁਪਰਾ ਵਿੱਚ ਪ੍ਰੋ. ਭੁੱਲਰ ਵਿਆਹਿਆ ਹੋਇਆ ਹੈ, ਉਸ ਦੇ ਸਹੁਰੇ ਨੂੰ ਵੀ ਪੁਲਿਸ ਲੈ ਗਈ। 20-25 ਦਿਨਾਂ ਬਾਅਦ 3-4 ਬੰਦੇ ਹੋਰ ਫੜ੍ਹ ਲਏ। ਪ੍ਰੋ. ਭੁੱਲਰ ਬਿਲਕੁਲ ਨਿਰਦੋਸ਼ ਜਾਨ ਬਚਾਉਂਦਾ ਇੱਧਰ ਉਧਰ ਭੱਜਦਾ ਰਿਹਾ। ਪੁਲਿਸ ਨੇ ਦੋਸ਼ ਲਾਇਆ ਕਿ ਉਹ ਲੁੱਟਾਂ ਖੋਹਾਂ ਕਰਦਾ ਹੈ। ਉਸ ਨੇ ਮਨਿੰਦਰਜੀਤ ਬਿੱਟਾ ਉੱਪਰ ਦਿੱਲੀ ’ਚ ਬੰਬ ਧਮਾਕਾ ਕੀਤਾ, ਜਿਸ ਵਿੱਚ ਕੁੱਝ ਬੰਦੇ ਮਰੇ ਹਨ ਅਤੇ ਬਿੱਟਾ ਜਖਮੀ ਹੋਇਆ ਹੈ। ਪਰ ਇਹ ਸਭ ਸਿਆਸੀ ਚਾਲ ਸੀ। ਸਿਆਸੀ ਤੌਰ ’ਤੇ ਇਸ ਧਮਾਕੇ ’ਚ ਪ੍ਰੋਫੈਸਰ ਦਾ ਨਾਮ ਪਾ ਦਿੱਤਾ। ਭਾਈ ਗੁਰਮੇਜ ਸਿੰਘ, ਭਾਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਬੰਬ ਧਮਾਕੇ ਦੇ 133 ਗਵਾਹਾਂ ਚੋਂ ਇੱਕ ਗਵਾਹ ਵੀ ਪ੍ਰੋ. ਭੁੱਲਰ ਦੇ ਖਿਲਾਫ ਨਹੀਂ ਭੁਗਤਿਆ। ਇੱਕ ਸ਼ਰੀਫ ਬੰਦਾ, ਇੱਕ ਪ੍ਰੋਫੈਸਰ ਜਿਸ ਨੇ ਜਵਾਨੀ ਦਾ ਭਵਿੱਖ ਬਨਾਉਣਾ ਹੈ, ਉਹ ਇਸ ਰਸਤੇ ਨਹੀਂ ਜਾ ਸਕਦਾ। ਪੁਲਿਸ ਉਸ ਦੀ ਜੀਵਨ ਸਾਥਣ ਨਵਨੀਤ ਕੌਰ ਨੂੰ ਵੀ ਲੱਭਦੀ ਰਹੀ, ਮਾਤਾ ਜੀ ਵੀ ਪੁਲਿਸ ਤੋਂ ਜਾਨ ਬਚਾਉਂਦੀ ਰਹੀ, ਜੋ ਅੱਜ ਕੱਲ੍ਹ ਵਿਦੇਸ਼ਾਂ ਵਿੱਚ ਹੈ ਤੇ ਜਲਦ ਹੀ ਆਪਣੇ ਬੇਟੇ ਪ੍ਰੋ. ਭੁੱਲਰ ਨੂੰ ਮਿਲਣ ਪੰਜਾਬ ਆ ਰਹੀ ਹੈ। ਪ੍ਰੋ. ਭੁੱਲਰ ਦੀ ਧਰਮ ਪਤਨੀ ਜਿਸ ਨੇ ਇੱਕ ਲੜਕੀ ਹੁੰਦਿਆਂ ਵਿਆਹ ਤੋਂ ਬਾਅਦ ਦਿਲ ਵਿੱਚ ਬਹੁਤ ਅਰਮਾਨ ਸਜਾਏ ਹੋਣ, ਉਸ ਦੇ ਚਾਅ ਮਲਾਰ, ਖੁਸ਼ੀਆਂ ਜਾਲਮਾਂ ਨੇ ਖੋਹ ਲਈਆਂ। 5-7 ਦਿਨ ਵਿਆਹ ਨੂੰ ਹੋਏ ਸੀ ਐਨੇ ਸਮੇਂ ਤਾਂ ਉਹ ਆਪਣੇ ਸਹੁਰੇ ਪਰਿਵਾਰ ਦੇ ਜੀਅ ਨੂੰ ਵੀ ਜਾਨਣ ਨਹੀਂ ਲੱਗੀ, ਪੁਲਿਸ ਉਹ ਨੂੰ ਵੀ ਲੱਭਦੀ ਰਹੀ। ਦਵਿੰਦਰਪਾਲ ਸਿੰਘ ਜਰਮਨ ਤੋਂ ਫੜ੍ਹਿਆ ਗਿਆ, ਬੀਬੀ ਨਵਨੀਤ ਕੌਰ ਵੀ ਜਾਨ ਬਚਾਉਂਦੀ ਵਿਦੇਸ਼ਾਂ ਵਿੱਚ ਰਹਿਣ ਲੱਗ ਪਈ। ਭਾਈ ਗੁਰਮੇਜ ਸਿੰਘ ਦੱਸਦਾ ਹੈ ਕਿ ਜਰਮਨ ਦੀ ਪੁਲਿਸ ਨੇ, ਪ੍ਰੋ. ਭੁੱਲਰ ਨੂੰ ਭਾਰਤ ਦੀ ਪੁਲਿਸ ਨੂੰ ਸੌਂਪ ਦਿੱਤਾ ਅਤੇ ਉਸ ਨੂੰ ਤਿਹਾੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ, ਸਾਲਾਂ ਬੱਧੀ ਕੇਸ ਚੱਲਿਆ, ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵੇਲੇ ਫਾਂਸੀ ਦੀ ਸਜਾ ਹੋ ਗਈ ਪਰ ਪ੍ਰੋ. ਭੁੱਲਰ ਬੇਕਸੂਰ ਸਨ। ਪਹਿਰੇਦਾਰ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਆਪਣੇ ਅਖਬਾਰ ਰਾਹੀਂ ਪੋ੍ਰ. ਭੁੱਲਰ ਦੀ ਰਿਹਾਈ ਲਈ ਦਸਤਖਤ ਮੁਹਿੰਮ ਸ਼ੁਰੂ ਕੀਤੀ। ਆਪ ਵੀ ਉਹਨਾਂ ਦੇ ਪਰਿਵਾਰ ਨੂੰ ਦਿਨ ਰਾਤ ਸਹਿਯੋਗ ਦਿੱਤਾ। ਉਹਨਾਂ ਦਾ ਦੇਣ ਤਾਂ ਅਸੀਂ ਕਿਸੇ ਜਨਮ ’ਚ ਨਹੀਂ ਦੇ ਸਕਦੇ, ਉਹਨਾਂ ਬਹੁਤ ਕਾਨੂੰਨੀ ਚਾਰਾਜੋਈ ਵਿੱਚ ਵੀ ਸਾਡਾ ਸਾਥ ਦਿੱਤਾ। ਬਾਪੂ ਸੂਰਤ ਸਿੰਘ ਖਾਲਸਾ, ਜੋ ਪੰਜ ਮਹੀਨਿਆਂ ਤੋਂ ਜਿੰਦਗੀ ਦੇ ਆਖਰੀ ਪੜਾਅ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਉੱਪਰ ਹਨ ਉਹਨਾਂ ਦੇ ਯਤਨਾਂ ਸਦਕਾ ਸਰਕਾਰ ਨੂੰ ਝੁਕਣਾ ਪਿਆ। ਪੰਜਾਬ ਸਰਕਾਰ ਬਾਪੂ ਸੂਰਤ ਸਿੰਘ ਖਾਲਸਾ ਨੂੰ ਘਰ ਤੋਂ ਉੱਠਾ ਕੇ ਕਿਤੇ ਲੁਧਿਆਣਾ, ਹੁਣ ਪੀ. ਜੀ. ਆਈ. ਹਸਪਤਾਲ ਵਿੱਚ ਭੁੱਖ ਹੜਤਾਲ ਤੁੜਵਾਉਣ ਲਈ ਜੁਲਮ ਕਰ ਰਹੀ ਹੈ। ਸਾਡੀ ਬੇਨਤੀ ਹੈ ਕਿ ਬਾਪੂ ਸੂਰਤ ਸਿੰਘ ਦੀ ਜਾਨ ਬਚਾਈ ਜਾਵੇ। ਬਾਪੂ ਸੂਰਤ ਸਿੰਘ ਖਾਲਸਾ ਦਾ ਦੇਣਾ ਅਸੀਂ ਕਿੱਥੇ ਦੇਵਾਂਗੇ? ਐਸੇ ਮਹਾਂਪੁਰਖ ਜੋ ਆਪਣੀ ਜਾਨ ਸੱਚ ਲਈ ਲਾ ਰਹੇ ਹਨ, ਨੂੰ ਅਸੀਂ ਸਿਰ ਝੁਕਾਉਂਦੇ ਹਾਂ। ਬਾਕੀ ਸਿੱਖ ਜਥੇਬੰਦੀਆਂ ਧਾਰਮਿਕ, ਸਮਾਜਿਕ ਲੋਕ ਜਿਹਨਾਂ ਨੇ ਪ੍ਰੋ. ਭੁੱਲਰ ਦੀ ਰਿਹਾਈ ਲਈ ਅਰਦਾਸਾਂ ਕੀਤੀਆਂ ਹਨ ਉਹਨਾਂ ਦੇ ਅਸੀਂ ਦਿਲੋਂ ਰਿਣੀ ਹਾਂ। ਭਾਈ ਗੁਰਮੇਜ ਸਿੰਘ ਦੱਸਦਾ ਹੈ ਕਿ ਪ੍ਰੋ. ਭੁੱਲਰ ਦੀ 23 ਸਾਲ, ਮੈਂ ਹੀ ਤਿਹਾੜ ਜੇਲ ’ਚ ਮੁਲਾਕਾਤ ਕਰਨ ਲਈ ਹਰ ਮਹੀਨੇ ’ਚ 10-10 ਦਿਨਾਂ ਬਾਅਦ ਆਪਣੇ ਪਰਿਵਾਰ ਅਤੇ ਹੋਰ ਸਿੰਘਾਂ ਨਾਲ ਜਾਂਦਾ ਰਿਹਾ ਹਾਂ। ਉਸ ਨੂੰ 8 ਬਾਏ 8 ਫੁੱਟ ਲੋਹੇ ਦੇ ਪਿੰਜਰੇ ਵਿੱਚ ਰੱਖਿਆ ਜਾਂਦਾ ਰਿਹਾ ਹੈ, ਜਿੱਥੇ ਹਵਾ ਦਾ ਕੋਈ ਸਾਧਨ ਨਹੀਂ ਸੀ, ਜਿੱਥੇ ਮੱਕੀ ਦਾ ਦਾਣਾ ਵੀ ਰੱਖ ਦਿਓ ਤਾਂ ਸਵੇਰੇ ਭੁੱਜ ਕੇ ਖਿੱਲ ਬਣਿਆ ਮਿਲੇਗਾ। ਦਿਨ ਰਾਤ ’ਚੋਂ ਮਸਾਂ 2 ਘੰਟੇ ਸੌਂਦੇ ਸਨ, ਉਸ ਦਾ ਗੁਰਬਾਣੀ ਹੀ ਇੱਕੋ ਇੱਕ ਸਹਾਰਾ ਸੀ। ਸਾਨੂੰ ਮਿਲਣ ਲਈ ਹਫਤਾ ਪਹਿਲਾ ਇਜਾਜਤ ਲੈਣੀ ਪੈਂਦੀ ਸੀ। ਜਦੋਂ ਅਸੀਂ ਮੁਲਾਕਾਤ ਕਰਕੇ ਆਉਂਦੇ ਸੀ, ਤਾਂ ਸੀ. ਆਈ. ਡੀ. ਸਾਡਾ ਪਿੱਛਾ ਕਰਦੀ ਰਹਿੰਦੀ ਸੀ। ਹਫਤੇ ’ਚ 1 ਜਾਂ 2 ਵਾਰ ਮਿਲਣ ਲਈ ਜੇਲ੍ਹ ਡਾਇਰੈਕਟਰ ਤੋਂ ਇਜਾਜਤ ਲੈਣੀ ਪੈਂਦੀ ਸੀ। ਮੁਲਾਕਾਤ ਵੀ ਰਿਕਾਰਡਿੰਗ ਹੁੰਦੀ, ਜੇਲ੍ਹ ਅੰਦਰ ਕੋਈ ਚੀਜ ਨਹੀਂ ਲੰਘਣ ਦਿੰਦੇ ਸਨ। ਪ੍ਰੋ. ਭੁੱਲਰ ਨੂੰ ਬਹੁਤ ਤਸੀਹੇ ਦਿੰਦੇ, ਮਾੜਾ ਖਾਣਾ ਖਾ ਕੇ ਉਹਨਾਂ ਦਾ ਸ਼ਰੀਰ ਐਨਾ ਨਾਜੁਕ ਹੋ ਗਿਆ ਹੈ ਕਿ ਉਸ ਨੂੰ ਦੇਖ ਕੇ ਡਰ ਲਗਦਾ ਹੈ ਕਿ ਗਰਚੇ ਵਰਗਾ ਗੱਭਰੂ ਕਿਵੇਂ ਜਾਲਮਾਂ ਨੇ ਮਾਨਸਿਕ ਰੋਗੀ ਬਣਾ ਦਿੱਤਾ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਹੀ ਬਚਿਆ ਰਿਹਾ ਹੈ। ਉਹਨਾਂ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਆਉਣ ’ਤੇ ਖੁਸ਼ੀ ਜਾਹਰ ਕਰਦਿਆਂ ਕਿਹਾ ਕਿ ਉਹ ਜਦ ਅੰਮ੍ਰਿਤਸਰ ਹਸਪਤਾਲ ਜੇਲ੍ਹ ’ਚ ਪ੍ਰੋਫੈਸਰ ਨੂੰ ਮਿਲਣ ਗਿਆ ਤਾਂ ਉਹਨਾਂ ਉਸ ਨੂੰ ਪਹਿਚਾਣਿਆ ਹੀ ਨਹੀਂ, ਉਸ ਦਾ ਰੋਣਾ ਨਿਕਲ ਗਿਆ ਕਿ ਐਨੇ ਜੁਲਮ ਕੀਤੇ ਉਹਨਾਂ ’ਤੇ ਸਮੇਂ ਦੀਆਂ ਸਰਕਾਰਾਂ ਨੇ, ਜੇ ਜਲਦੀ ਪਰਿਵਾਰ ’ਚ ਆ ਜਾਵੇ ਤਾਂ ਛੇਤੀ ਤੰਦਰੁਸਤ ਹੋ ਜਾਵੇਗਾ। ਹੁਣ ਤਾਂ ਹਰ ਰੋਜ਼ 500 ਸਿੰਘ ਮਿਲਣ ਜਾਂਦੇ ਨੇ, ਪਰ ਬਹੁਤੀ ਕਿਸੇ ਨਾਲ ਗੱਲ ਨਹੀਂ ਕਰਦਾ। ਭਾਈ ਗੁਰਮੇਜ ਸਿੰਘ, ਭਾਈ ਪਲਵਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਮੁਖਤਿਆਰ ਸਿੰਘ ਨੇ ਕਿਹਾ ਕਿ ਹੁਣ ਤਾਂ ਉਹਨਾਂ ਦੀ ਉਡੀਕ ’ਚ ਬੈਠੇ ਹਾਂ ਵਾਹਿਗੁਰੂ ਕਿਰਪਾ ਕਰੇ। ਪ੍ਰੋ. ਭੁੱਲਰ ਨੂੰ ਪਿੰਡ ਦੇ ਲੋਕ ਬਹੁਤ ਪਿਆਰ ਕਰਦੇ ਨੇ। ਉਹਨਾਂ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਵਾਲੇ, ਸੁਰਿੰਦਰ ਸਿੰਘ ਨਥਾਣਾ, ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜੇ ਕਾ, ਸਰਪੰਚ ਸੁਰਜੀਤ ਸਿੰਘ, ਸਰਪੰਚ ਗੁਰਜੰਟ ਸਿੰਘ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਜਿਨਾਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਸਾਨੂੰ ਹਰ ਪੱਖੋਂ ਸਹਿਯੋਗ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਜੋ ਵੀ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਉਹ ਪ੍ਰੋ. ਭੁੱਲਰ ਨੂੰ ਤਿਹਾੜ ਜੇਲ੍ਹ ਤੋਂ ਅੰਮ੍ਰਿਤਸਰ ਭੇਜ ਕੇ ਪੂਰਾ ਕੀਤਾ, ਦਾ ਧੰਨਵਾਦ ਹੈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਹੁਣ ਤਾਂ ਸਾਡੇ 4-5 ਘਰ ਹੀ ਇੱਥੇ ਰਹਿ ਗਏ ਹਨ, ਕੋਈ ਬਰਨਾਲਾ, ਕੋਈ ਫਰੀਦਕੋਟ ਵੱਸ ਚੁੱਕੇ ਹਨ, ਪੈਲੀ ਠੇਕੇ ’ਤੇ ਦੇ ਦਿੰਦੇ ਨੇ। ਅਸੀਂ ਏਥੇ ਹੀ ਰਹਿੰਦੇ ਹਾਂ।

ਇੱਥੇ ਜਿਕਰਯੋਗ ਹੈ ਕਿ ਸਿੱਖ ਕੌਮ ਦੇ ਕੌਮੀ ਸੰਘਰਸ਼ ਦੇ ਨਾਇਕ ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਗਵਾਹਾਂ ਨੇ ਉਹਨਾਂ ਨੂੰ ਪਛਾਨਣ ਤੋਂ ਨਾਹ ਕਰ ਦਿੱਤਾ ਫੇਰ ਵੀ ਉਸ ਨੂੰ ਫਾਂਸੀ ਦੀ ਸਜਾ ਸੁਣਾ ਦਿੱਤੀ ਸੀ। ਇੱਥੋਂ ਪਤਾ ਚੱਲਦਾ ਹੈ ਕਿ ਕਾਨੂੰਨ ਅੰਨ੍ਹਾ ਹੁੰਦਾ ਹੈ। ਸਿੱਖ ਕੌਮ ਨੇ ਕਾਨੂੰਨ ਦਾ ਇਹ ਧੱਕਾ, ਵਿਤਕਰਾ ਅਤੇ ਇਨਸਾਫ ਦਾ ਕੰਮ ਨੰਗਾ ਚਿੱਟਾ ਕਤਲ ਸਹਾਰਿਆ, ਨੰਗੇ ਪਿੰਡੇ ’ਤੇ ਹੰਢਾਇਆ ਕਿਸੇ ਨੇ ਵੀ ਦਰਦ ਵੰਡਣ ਦੀ ਲੋੜ ਨਹੀਂ ਸਮਝੀ। ਜੇਲ੍ਹ ਦੀਆਂ ਕਾਲ-ਕੋਠੜੀਆਂ ’ਚ ਭੁੱਲਰ ਉੱਪਰ ਹਰ ਜੁਲਮ, ਤਸ਼ੱਦਦ ਢਾਹਿਆ ਗਿਆ, ਉਸ ਨੂੰ ਮਾਨਸਿਕ ਤੌਰ ’ਤੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਪਰ ਜਿਸ ਨਾਲ ਉਸ ਅਕਾਲ ਪੁਰਖ ਦਾ ਓਟ ਸਹਾਰਾ ਹੋਵੇ ਉਹ ਟੁੱਟ ਨਹੀਂ ਸਕਦਾ। ਹੌਲੀ ਹੌਲੀ ਪ੍ਰੋ. ਭੁੱਲਰ ਚੜ੍ਹਦੀ ਕਲਾ ਵਿੱਚ ਹੋਵੇਗਾ। ਪਰ ਪ੍ਰੋਫੈਸਰ ਦੀ ਜੇਲ੍ਹ ਬਦਲੀ ’ਤੇ ਭਾਜਪਾ, ਕਾਂਗਰਸ ਅਤੇ ਕੱਟੜਵਾਦੀ ਕਿਉਂ ਤੜਫ ਰਹੇ ਹਨ? ਬਿੱਟਾ ਕਹਿੰਦਾ ਦੁਬਾਰਾ ਤਿਹਾੜ ਜੇਲ੍ਹ ਵਿੱਚ ਭੇਜੋ। ਕੀ ਬਿੱਟੇ ਦੇ ਬਾਪ ਦਾ ਰਾਜ ਹੈ? ਕੀ ਫੇਰ ਉਹਦੀ ਮਰਜੀ ਚੱਲੇਗੀ ? ਪੋ੍ਰ. ਭੁੱਲਰ ਨਾਲ ਪਹਿਲਾਂ ਵੀ ਸਿੱਖ ਕੌਮ ਦਾ ਬੱਚਾ ਬੱਚਾ ਖੜ੍ਹਾ ਸੀ, ਅੱਜ ਵੀ ਖੜ੍ਹਾ ਹੈ। ਅੱਜ ਉਹ ਗੁਰੂ ਰਾਮ ਦਾਸ ਪਾਤਸ਼ਾਹ ਦੀ ਧਰਤੀ ਸ਼੍ਰੀ ਅੰਮ੍ਰਿਤਸਰ ਵਿਖੇ ਕਦਮ ਰੱਖ ਚੁੱਕਾ ਹੈ, ਹੁਣ ਤਾਂ ਗੁਰੂ ਰਾਮਦਾਸ ਪਾਤਸ਼ਾਹ ਹੀ ਉਹਨਾਂ ਦੀ ਰਾਖੀ ਕਰਨਗੇ। ਪ੍ਰੋ. ਭੁੱਲਰ ਦੀ ਧਰਮ ਪਤਨੀ ਬੀਬੀ ਨਵਨੀਤ ਕੌਰ ਨੇ ਪਤਨੀ ਧਰਮ ਨਿਭਾਉਂਦਿਆਂ ਦੁੱਖ ਦੀ ਲੰਬੀ ਘੜੀ ਵਿੱਚ ਉਸ ਦੇ ਕੇਸ ਦੀ ਪੈਰਵੀ ਕੀਤੀ। ਧੰਨ ਹੈ ਉਸ ਨੂੰ ਜਨਮ ਦੇਣ ਵਾਲੀ ਰੱਬ ਸਮਾਨ ਮਾਂ ਜਿਸ ਨੇ ਉਸ ਨੂੰ ਐਸੇ ਸੰਸਕਾਰ ਦਿੱਤੇ ਜਿਸ ਕਰਕੇ ਉਹ ਐਨਾ ਲੰਬਾ ਸਮਾਂ ਆਪਣਾ ਪਤਨੀ ਧਰਮ ਨਿਭਾਉਂਦਿਆਂ ਕੌਮ ਦੇ ਦੁਸ਼ਮਣਾ ਨਾਲ ਲੜਦੀ ਰਹੀ। ਪ੍ਰੋ. ਭੁੱਲਰ ਨੂੰ ਜਨਵਰੀ 1995 ਵਿੱਚ ਜਰਮਨੀ ਸਰਕਾਰ ਨੇ ਸਿਆਸੀ ਸ਼ਰਨ ਦੇਣ ਦੀ ਥਾਂ ਡਿਪੋਰਟ ਕਰ ਕੇ ਲੁਫਥਾਨਸਾ ਏਅਰਵੇਜ਼ ਦੀ ਫਲਾਈਟ ਨੰ: ਲੂ-760 ਰਾਹੀਂ ਭਾਰਤ ਭੇਜ ਦਿੱਤਾ ਸੀ। 19 ਜਨਵਰੀ 1995 ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਵਾਈ ਅੱਡਾ ਪੁਲਿਸ ਅਥਾਰਟੀ ਦੇ ਹਵਾਲੇ ਕਰ ਦਿੱਤਾ ਸੀ ਅਤੇ ਜਾਅਲੀ ਪਾਸਪੋਰਟ ਦੇ ਕਾਰਨ ਐਫ. ਆਈ. ਆਰ. ਨੰਬਰ 22 ਅਧੀਨ ਧਾਰਾ 419, 420, 468, 471 ਆਈ. ਪੀ. ਸੀ. ਤੇ 12 ਪਾਸਪੋਰਟ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਤੇ ਦਰਸਾਇਆ ਗਿਆ ਕਿ ਉਹਨਾਂ ਨੇ ਕਈ ਕੇਸਾਂ ਵਿੱਚ ਆਪਣੀ ਮੌਜੂਦਗੀ ਦੱਸੀ, ਜਿਸ ਵਿੱਚ 11 ਸਤੰਬਰ 1993 ਨੂੰ ਮਨਿੰਦਰ ਜੀਤ ਬਿੱਟੇ ’ਤੇ ਹੋਇਆ ਹਮਲਾ ਵੀ ਸ਼ਾਮਲ ਸੀ ਅਤੇ ਇਸੇ ਕਾਰਨ ਉਹਨਾਂ ਨੂੰ ਇਸ ਕੇਸ ਦੀ ਜਾਂਚ ਕਰ ਰਹੇ ਇੱਕ ਏ. ਸੀ. ਪੀ. ਦੇ ਹਵਾਲੇ ਕਰ ਦਿੱਤਾ ਤੇ ਕੇਸ ਵਿੱਚ ਫਸਾ ਦਿੱਤਾ ਗਿਆ। 25 ਅਗਸਤ 2001 ਨੂੰ ਦਿੱਲੀ ਦੀ ਟਾਂਡਾ ਕੋਰਟ ਵੱਲੋਂ ਫਾਂਸੀ ਦੀ ਸਜਾ ਦਿੱਤੀ ਗਈ। ਬੀਬੀ ਨਵਨੀਤ ਕੌਰ ਵੱਲੋਂ 31 ਮਾਰਚ 2014 ਨੂੰ ਸੁਪਰੀਮ ਕੋਰਟ ਵਿੱਚ ਪਾਈ ਰਿੱਟ ਉੱਪਰ ਫੈਸਲਾ ਦਿੰਦਿਆਂ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਪ੍ਰੋ. ਭੁੱਲਰ ਜਿੱਥੇ ਪੜ੍ਹਾਈ ਵਿੱਚ ਹੁਸ਼ਿਆਰ ਰਿਹਾ ਉੱਥੇ ਹਾਕੀ ਦਾ ਵੀ ਵਧੀਆ ਖਿਡਾਰੀ ਰਿਹਾ ਹੈ। ਉਹਨਾਂ ਦੀ ਮਾਤਾ ਆਪਣੇ ਬੇਟੇ ਨੂੰ ਭੁੱਲਰ ਸਾਹਿਬ ਕਹਿ ਕੇ ਸੰਬੋਧਿਤ ਹੁੰਦੀ ਰਹੀ ਹੈ। ਪ੍ਰੋ. ਭੁੱਲਰ ਦੀ ਧਰਮ ਸੁਪਤਨੀ ਬੀਬੀ ਨਵਨੀਤ ਕੌਰ ਦੀ ਤਪੱਸਿਆ ਵੀ ਮਿਸਾਲੀ ਹੈ ਕਿਉਂਕਿ ਉਹਨਾਂ ਦੇ ਸਤੰਬਰ 1994 ’ਚ ਹੋਏ ਵਿਆਹ ਤੋਂ 5-7 ਦਿਨਾਂ ਬਾਅਦ ਹੀ ਪੁਲਿਸ ਦੀਆਂ ਡਾਰਾਂ ਪ੍ਰੋ. ਭੁੱਲਰ ਨੂੰ ਭਾਲਦੀਆਂ ਰਹੀਆਂ ਸਨ। ਸਰਬੱਤ ਦਾ ਭਲਾ ਅਤੇ ਕੌਮ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਨ ਲਈ ਜੇਲ੍ਹ ਵਿੱਚ ਵੀ 20-20 ਘੰਟੇ ਨਾਮ ਸਿਮਰਨ ਕਰਕੇ ਹੀ ਅਕਾਲ ਖੁਰਖ ਨੇ ਪ੍ਰੋ. ਭੁੱਲਰ ਨੂੰ ਜਿਊਂਦਾ ਰੱਖਿਆ। ਸੋਚੋ 23 ਮਿੰਟ ਕਾਲ ਕੋਠੜੀ ਦੀ ਬਜਾਏ 23 ਦਿਨ ਨਹੀਂ, 23 ਮਹੀਨੇ ਨਹੀਂ, 23 ਸਾਲ ਤੋਂ ਵੱਧ ਦਾ ਸਮਾਂ ਜਿੱਥੇ ਜਿੰਦਗੀ ਦਾ ਸੁਨਹਿਰਾ ਪੜਾਅ ਲੰਘ ਜਾਂਦਾ ਹੈ, ਤਸੀਹੇ ਝੱਲਦੇ ਪ੍ਰੋਫੈਸਰ ਨੇ ਕਿਵੇਂ ਕੱਟੇ ਹੋਣਗੇ। ਸਾਡੀ ਸਿੱਖ ਜਵਾਨੀ ਪ੍ਰੋ. ਭੁੱਲਰ ਦੇ ਜੀਵਨ ਤੋਂ ਸੇਧ ਲਵੇ ਕਿਉਂਕਿ ਪ੍ਰੋ. ਭੁੱਲਰ ਨੂੰ ਜਦੋਂ ਫਾਂਸੀ ਦੀ ਸਜਾ ਸੁਣਾਈ ਗਈ ਤਾਂ ਉਸ ਨੇ ਸਿੱਖ ਜਥੇਬੰਦੀਆਂ ਨੂੰ ਰਹਿਮ ਦੀ ਅਪੀਲ ਕਰਨ ਲਈ ਨਾਂਹ ਕਰ ਦਿੱਤੀ ਸੀ। ਪ੍ਰੋ. ਭੁੱਲਰ ਤਿਹਾੜ ਜੇਲ੍ਹ ਵਿੱਚ ਵੀ ਬੰਦ ਗਰੀਬ ਲੋਕਾਂ ਤੇ ਇੱਥੋ ਤੱਕ ਕਿ ਆਰਥਿਕ ਤੌਰ ਤੇ ਕਮਜੋਰ ਜੇਲ੍ਹ ਕਰਮਚਾਰੀਆਂ ਦੀ ਆਰਥਿਕ ਤੌਰ ’ਤੇ ਮੱਦਦ ਕਰਦੇ ਰਹੇ ਹਨ। ਸ. ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ ਦੀ ਅਗਵਾਈ ਹੇਠ ਨੱਬੇ ਲੱਖ ਦਸਤਖਤ ਪ੍ਰੋ. ਭੁੱਲਰ ਦੀ ਫਾਂਸੀ ਦੀ ਸਜਾ ਰੱਦ ਕਰਵਾਉਣ ਲਈ ਕਰਵਾਏ ਗਏ। ਜਿਸ ਦੀ ਬਦੌਲਤ ਹੀ ਸਰਕਾਰਾਂ ਨੂੰ ਇਨਸਾਫ ਕਰਨਾ ਪਿਆ। ਪ੍ਰੋ. ਭੁੱਲਰ ਇੱਕ ਦੋ ਹੋਰ ਕੇਸਾਂ ਚੋਂ ਬਰੀ ਹੋ ਕੇ ਅਗਲੇ ਮਹੀਨੇ ਆਪਣੇ ਘਰ ਵਾਪਸ ਆ ਸਕਦੇ ਹਨ। ਸੱਚ ਤਾਂ ਆਖਰ ਸੱਚ ਹੀ ਰਹਿੰਦਾ ਹੈ ਪਰ ਜਿਹੜੇ ਵਿਅਕਤੀ ਉੱਪਰ ਬੰਬ ਧਮਾਕਿਆਂ ਵਰਗਾ ਸੰਗੀਨ ਦੋਸ਼ ਲਾ ਕੇ ਬਿਨਾਂ ਕਸੂਰੋਂ ਉਸ ਦੀ ਜਿੰਦਗੀ ਦੇ 23 ਸਾਲ ਜੇਲ੍ਹਾਂ ਦੀ ਕਾਲ ਕੋਠੜੀ ਵਿੱਚ ਧੱਕ ਦਿੱਤੇ। ਉਹ ਦਿਨ, ਉਹ ਪਲ ਕੌਣ ਮੌੜ ਲਿਆਵੇਗਾ ? ਸਮੁੱਚੇ ਸਿੱਖ ਪੰਥ, ਪੰਥਕ ਦਰਦੀ, ਸਿੱਖ ਜਥੇਬੰਦੀਆਂ, ਉਸ ਦੇ ਪਿੰਡ ਵਾਲੇ ਉਸ ਦੀ ਘਰ ਵਾਪਸੀ ਲਈ ਉਡੀਕ ਕਰ ਰਹੇ ਹਨ। ਪਲਕਾਂ ਤੇ ਮੋਹ ਦੇ ਦੀਵੇ ਬਾਲ ਕੇ ਪਿੰਡ ਵਾਸੀ ਆਪਣੇ ਪਿੰਡ ਦੇ ਬਹਾਦਰ ਸਪੂਤ ਨੂੰ ਉਡੀਕ ਰਹੇ ਹਨ। 23 ਸਾਲਾਂ ਤੋਂ ਫੇਰ ਦੀਵਾਲੀ ਵਾਂਗ ਦੀਵੇ ਜਗਣਗੇ ਉਸ ਘਰ ਦੇ ਬੂਹੇ ਅੱਗੇ ਅਤੇ ਹਰ ਦਰਦਮੰਦ ਸਿੱਖ ਦੇ ਘਰ ਦੀਆਂ ਬਰੂਹਾਂ ’ਤੇ। ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਜਲਦ ਹੀ ਪ੍ਰੋ. ਭੁੱਲਰ ਨੂੰ ਘਰ ਭੇਜੇ। ਕੀ ਪੰਜਾਬ ਦੇ ਮੁੱਖ ਮੰਤਰੀ ਉਸ ਪੁਲਿਸ ਅਫਸਰ ਦਾ ਨਾਂਅ ਨਸਰ ਕਰਨ ਦੀ ਜਹਿਮਤ ਉਠਾਉਣਗੇ ਕਿ ਪ੍ਰੋ. ਭੁੱਲਰ ਦੇ ਪਿਤਾ ਸ. ਬਲਵੰਤ ਸਿੰਘ ਭੁੱਲਰ ਅਤੇ ਉਸ ਦੇ ਮਾਸੜ ਨੂੰ ਕਤਲ ਕਰਕੇ ਕਿੱਥੇ ਖਪਾਇਆ ਗਿਆ ਹੈ? ਸਾਲ 2008 ’ਚ ਮੁੱਖ ਮੰਤਰੀ ਨੇ ਪ੍ਰੋ. ਭੁੱਲਰ ਨੂੰ ਜਦੋਂ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਉਣ ਦੀ ਗੱਲ ਚੱਲੀ ਸੀ, ਤਾਂ ਅਕਾਲੀ ਸਰਕਾਰ ਨੇ ਅਦਾਲਤ ਵਿੱਚ ਇਹ ਹਲਫੀਆ ਬਿਆਨ ਦੇ ਕੇ ਕਿ ਪ੍ਰੋ. ਭੁੱਲਰ ਖ਼ਤਰਨਾਕ ਅਪਰਾਧੀ ਹੈ ਉਸ ਨੂੰ ਪੰਜਾਬ ਦੀ ਜੇਲ੍ਹ ’ਚ ਤਬਦੀਲ ਕਰਨ ਕਰਕੇ ਪੰਜਾਬ ’ਚ ਅਮਨ ਸ਼ਾਂਤੀ ਨੂੰ ਖ਼ਤਰਾ ਹੈ। ਪਰ ਮੁੱਖ ਮੰਤਰੀ ਜੀ ਤੁਸੀਂ ਇੱਕ ਪਾਸੇ ਸਿੱਖਾਂ ਦੇ ਹਿਤੈਸ਼ੀ ਅਖਵਾਉਂਦੇ ਹੋ ਪਰ ਕੌਮ ਨੂੰ ਬਰਬਾਦ ਕਰਨ ’ਤੇ ਤੁਲੇ ਹੋ।

ਵੇਰਵਾ : ਗੁਰਨੈਬ ਸਿੰਘ ਸਾਜਨ ਪਿੰਡ ਡਾਕਖਾਨਾ ਦਿਓਣ (ਬਠਿੰਡਾ)

ਬੰਦ-ਬੰਦ ਕਟਵਾਉਣ ਵਾਲੇ ਸਿਦਕੀ ਯੋਧੇ ਸ਼ਹੀਦ ਭਾਈ ਮਨੀ ਸਿੰਘ ਜੀ

0

ਬੰਦ-ਬੰਦ ਕਟਵਾਉਣ ਵਾਲੇ ਸਿਦਕੀ ਯੋਧੇ ਸ਼ਹੀਦ ਭਾਈ ਮਨੀ ਸਿੰਘ ਜੀ

ਸ. ਇਕਵਾਕ ਸਿੰਘ ਪੱਟੀ- 98150-24920

ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ। ਸਿੱਖ ਇਤਿਹਾਸ ਸ਼ਹੀਦਾਂ ਦਾ ਇਤਿਹਾਸ ਹੈ। ਸਿੱਖ ਕੌਮ ਨੇ ਉਹ ਮਰਜੀਵੜੇ ਪੈਦਾ ਕੀਤੇ ਜਿਹਨਾਂ ਨੇ ਕੇਵਲ ਆਪਣੇ ਤੱਕ ਹੀ ਨਹੀਂ ਸ਼ਹੀਦੀ ਪ੍ਰਾਪਤ ਕੀਤੀ ਸਗੋਂ ਉਹਨਾਂ ਦਾ ਪੂਰਾ ਪਰਿਵਾਰ ਵੀ ਸ਼ਹਾਦਤਾਂ ਪੀਣ ਵਾਲਾ ਸੀ। ਜਿਸ ਦੀ ਮਿਸਾਲ ਸੰਸਾਰ ਭਰ ਦੇ ਇਤਿਹਾਸ ਵਿੱਚ ਲੱਭਣੀ ਮੁਸ਼ਕਿਲ ਹੈ। ਸਿੱਖੀ ਨੂੰ ਨੇਸਤੋਨਾਬੂਦ ਕਰਨ ਲਈ ਸਮੇਂ ਦੇ ਹਾਕਮਾਂ ਨੇ ਅਨੇਕਾਂ ਕੋਝੀਆਂ ਚਾਲਾਂ ਚੱਲੀਆਂ, ਅਨੇਕਾਂ ਤਰ੍ਹਾਂ ਦੇ ਅਮਾਨਵੀ ਤਸੀਹੇ ਗੁਰੂ ਦੇ ਸਿੱਖਾਂ ਨੂੰ ਦਿੱਤੇ ਗਏ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ, ਗੁਰੂ ਨੂੰ ਗੁੜ ਕਹਿਣ ਦਾ ਹੁਕਮ ਤੱਕ ਦਿੱਤਾ ਗਿਆ, ਪਰ ਧੰਨ ਸੀ, ਉਸ ਸਮੇਂ ਦੀ ਸਿੱਖੀ, ਸਿੱਖੀ ਸਿਦਕ ਅਤੇ ਗੁਰੂ ਦੇ ਸਿੱਖ। ਜਿਨਾਂ ਨੇ ਸਿਰ-ਧੜ ਦੀ ਬਾਜ਼ੀ ਲਗਾਉਂਦਿਆਂ ਆਪਾ ਤਾਂ ਕੁਰਬਾਣ ਕਰ ਲਿਆ ਪਰ ਜ਼ਾਲਮਾਂ ਦਾ ਹੁਕਮ ਮੰਨ ਕੇ ਗੁਰਮਤਿ ਦੇ ਅਸੂਲਾਂ ਨਾਲ ਸਮਝੌਤਾ ਨਾ ਕੀਤਾ ਅਤੇ ਸ਼ਹਾਦਤਾਂ ਦਾ ਜਾਮ ਹੱਸਦੇ-ਹੱਸਦੇ ਪੀ ਗਏ। ਐਸੇ ਹੀ ਮਹਾਨ ਸ਼ਹੀਦਾਂ ਵਿੱਚੋਂ ਸਨ ‘ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ’।

ਭਾਈ ਮਨੀ ਸਿੰਘ ਜੀ ਦੇ ਜਨਮ ਮਿਤੀ ਬਾਰੇ ਵਿਦਵਾਨਾਂ ਵਿੱਚ ਕਾਫੀ ਮਤਭੇਦ ਪਾਏ ਜਾ ਰਹੇ ਹਨ। ਸੇਵਾ ਸਿੰਘ ਜੀ ਦੀ ਲਿਖਤ ਸ਼ਹੀਦ ਬਿਲਾਸ ਦੇ ਅਨੁਸਾਰ ਭਾਈ ਮਨੀ ਸਿੰਘ ਜੀ ਦਾ ਜਨਮ 10 ਮਾਰਚ 1644 ਈ: (1 ਚੇਤ, ਸੁਦੀ ਦੁਆਦਸ਼ੀ, ਐਤਵਾਰ, ਸੰਮਤ 1701) ਨੂੰ ਪਿੰਡ ਅਲੀਪੁਰ, ਜਿਲ੍ਹਾ ਮੁਜੱਫਰਗੜ੍ਹ, ਪੱਛਮੀ ਪਾਕਿਸਤਾਨ ਵਿੱਚ ਭਾਈ ਮਾਈਦਾਸ ਦੇ ਗ੍ਰਹਿ ਵਿਖੇ ਮਾਤਾ ਮਧਰੀ ਬਾਈ ਦੀ ਕੁਖੋਂ ਹੋਇਆ। ਭਾਈ ਮਨੀ ਸਿੰਘ ਜੀ ਦਾ ਵਿਆਹ 15 ਸਾਲ ਦੀ ਉਮਰ ਵਿਚ ਲਖੀ ਰਾਏ ਦੀ ਸਪੁਤਰੀ ਬੀਬੀ ਜੀਤੋ ਜੀ ਨਾਲ ਹੋਇਆ ਸੀ ਅਤੇ ਏਹ ਲਖੀਰਾਏ (ਲਖੀਸ਼ਾਹ ਵਣਜਾਰਾ) ਓਹੀ ਸਨ ਜਿਨ੍ਹਾਂ ਨੇ ਨਾਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਸਸਕਾਰ ਦਿੱਲੀ ਵਿਖੇ ਆਪਣੇ ਘਰ ਵਿਚ ਸਣੇ ਸਾਰੇ ਸਮਾਨ ਦੇ ਚਿਤਾ ਬਣਾ ਕੇ ਕਰ ਦਿਤਾ ਸੀ।

ਆਪ ਜੀ ਦੇ ਦਾਦਾ ਭਾਈ ਬਲੂ ਰਾਇ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸੰਨ 1628 ਨੂੰ ਤੁਰਕਾਂ ਨਾਲ ਜੰਗ ਕਰਦੇ ਅੰਮ੍ਰਿਤਸਰ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਭਾਈ ਮਨੀ ਸਿੰਘ ਜੀ ਦੇ 12 ਭਰਾਵਾਂ ਵਿੱਚੋਂ ਅਮਰ ਚੰਦ ਨੂੰ ਛੱਡ ਕੇ (ਕਿਉਂਕਿ ਉਹ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ।) 11 ਭਰਾਵਾਂ ਨੇ ਸਿੱਖੀ ਸਿਧਾਂਤਾਂ ਦੀ ਖ਼ਾਤਰ ਸ਼ਹਾਦਤਾਂ ਪ੍ਰਾਪਤ ਕੀਤੀਆਂ। ਇੱਥੇ ਹੀ ਬੱਸ ਨਹੀਂ ਸਿੱਖੀ ਦੀ ਖ਼ਾਤਰ ਆਪ ਜੀ ਦੇ 10 ਸਪੁੱਤਰਾਂ ਵਿੱਚੋਂ ਵੀ 7 ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਂਦਿਆਂ ਇਸ ਗੁਰੂ ਵਾਕ ਨੂੰ ਸੱਚ ਕਰ ਵਿਖਾਇਆ ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ, ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ, ਸਿਰੁ ਦੀਜੈ ਕਾਣਿ ਨ ਕੀਜੈ॥’’ (ਸਲੋਕ ਵਾਰਾਂ ਤੇ ਵਧੀਕ, ਮ 1, ਪੰਨਾ 1412)

ਇਹ ਹੈ ਸਿੱਖ ਇਤਿਹਾਸ ਦੀਆਂ ਅਦੁੱਤੀ ਅਤੇ ਲਾ-ਮਿਸਾਲ ਸ਼ਹਾਦਤਾਂ ਵਿੱਚੋਂ ਇੱਕ, ਜਿਸ ਵਿੱਚ ‘ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਸ਼ਹੀਦ, 11 ਭਰਾ ਸ਼ਹੀਦ, 7 ਪੁੱਤਰ ਸ਼ਹੀਦ’। ਇਹੀ ਕਾਰਨ ਹੈ ਕਿ ਅੱਜ ਇੱਕ ਸਾਬਤ ਸੂਰਤ ਦਸਤਾਰਧਾਰੀ ਸਿੱਖ ਦਾ ਸਿਰ ਫ਼ਖਰ ਨਾਲ ਉੱਚਾ ਰਹਿੰਦਾ ਹੈ ਅਤੇ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦਾ ਹੋਇਆ, ਇਹਨਾਂ ਮਹਾਨ ਸ਼ਹਾਦਤਾਂ ਦੇ ਅੱਗੇ ਸਿਰ ਝੁਕਾਉਂਦਾ ਹੈ। ਭਾਈ ਮਨੀ ਸਿੰਘ ਜੀ ਇੱਕ ਅਜਿਹੀ ਸਖਸ਼ੀਅਤ ਸਨ ਜਿਹਨਾਂ ਦੀ ਜੀਵਣ ਜੁਗਤ ਤੋਂ ਸਾਨੂੰ ਸਿਰਫ਼ ਇੱਕ ਸੁਚੱਜੇ, ਉਸਾਰੂ ਜੀਵਣ ਦੀ ਹੀ ਸੇਧ ਨਹੀਂ ਮਿਲਦੀ, ਸਗੋਂ ਧਰਮ, ਕੌਮ, ਸਿਧਾਂਤਾਂ, ਗੁਰੂ ਸਾਹਿਬਾਨ ਦੁਆਰਾ ਪ੍ਰਾਪਤ ਹੋਈ ਸਿੱਖੀ ਖ਼ਾਤਰ ਸੁਚੱਜੇ ਮਰਨ ਦਾ ਢੰਗ ਵੀ ਦੱਸਦੀ ਹੈ। ਆਪ ਜੀ ਨੇ ਗੁਰੂ ਹਰਰਾਇ ਸਾਹਿਬ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਂ ਦੇ ਦਰਸ਼ਨ ਕੀਤੇ। ਆਪ ਜੀ ਦਾ ਪਹਿਲਾ ਨਾਮ ‘ਮਨੀਆ’ ਸੀ, ਜੋ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਨ ਤੋਂ ਬਾਅਦ ‘ਭਾਈ ਮਨੀ ਸਿੰਘ ਜੀ’ ਦੇ ਰੂਪ ਵਿੱਚ ਬਦਲਿਆ। ਦਸਮੇਸ਼ ਪਿਤਾ ਜੀ ਨੇ ਆਪ ਜੀ ਨੂੰ ਦੀਵਾਨ ਦੀ ਉਪਾਧੀ ਬਖਸ਼ਸ਼ ਕੀਤੀ। ਜਦ ਸਤਿਗੁਰੂ ਜੀ ਨੇ ਆਪ ਜੀ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਅੰਮ੍ਰਿਤਸਰ ਭੇਜਿਆ ਤਾਂ ਆਪ ਜੀ ਨੇ ਸਭ ਤੋਂ ਪਹਿਲਾਂ ਉੱਥੇ ਚੱਲਦੀ ਸੋਢੀਆਂ ਦੀ ਮਰਯਾਦਾ ਨੂੰ ਬੰਦ ਕਰਵਾ ਕੇ ਗੁਰੂ ਮਰਯਾਦਾ ਆਰੰਭ ਕਰਵਾਈ। ਆਪ ਜੀ ਸ੍ਰੀ ਹਰਿਮੰਦਰ ਸਾਹਿਬ ਦੇ ‘ਤੀਸਰੇ ਗ੍ਰੰਥੀ ਸਿੰਘ’ ਸਨ। ‘ਪਹਿਲੇ ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ ਅਤੇ ਤੀਸਰੇ ਆਪ ਜੀ’ ਸਨ।

ਜਦੋਂ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਦੀ ਬਾ-ਕਮਾਲ ਸ਼ਹਾਦਤ ਤੋਂ ਬਾਅਦ ਕੌਮ ਦੋ ਹਿੱਸਿਆਂ (ਬੰਦਈ ਖ਼ਾਲਸਾ ਅਤੇ ਤੱਤ ਖ਼ਾਲਸਾ) ਵਿੱਚ ਵੰਡੀ ਗਈ। ਦੋਵੇਂ ਧਿਰਾਂ ਆਪਣੇ ਆਪ ਨੂੰ ਗੁਰਦੁਆਰਾ ਪ੍ਰਬੰਧ ਸੰਭਾਲਣ ਲਈ ਦਾਅਵੇਦਾਰ ਬਣ ਚੁੱਕੀਆਂ ਸਨ। ਹਕੁਮਤ ਵੀ ਸਮਝਦੀ ਸੀ ਕਿ ਹੁਣ ਸਿੰਘ ਆਪਸ ਵਿੱਚ ਲੜ ਮਰਨਗੇ ਅਤੇ ਸਾਡੀ ਚਿੰਤਾ ਮੁਕੇਗੀ। ਜਦ ਅੰਦਰ ਖਾਤੇ ਚੱਲ ਰਹੇ ਇਸ ਝਗੜੇ ਦੀ ਸੂਹ ਮਾਤਾ ਸੁੰਦਰ ਕੌਰ ਜੀ ਨੂੰ ਲੱਗੀ ਤਾਂ ਉਹਨਾਂ ਨੇ ਭਾਈ ਮਨੀ ਸਿੰਘ ਜੀ ਨੂੰ ਸਦੀਵੀ ਹੱਲ ਲੱਭਣ ਦੀ ਡਿਊਟੀ ਸੌਂਪੀ। ਭਈ ਮਨੀ ਸਿੰਘ ਜੀ ਨੇ ਦੋਵੇਂ ਧਿਰਾਂ ਨੂੰ ਹਰਿ ਕੀ ਪਉੜੀ ਸੱਦਾ ਭੇਜਿਆ ਤਾਂ ਕਿ ਕੋਈ ਯੋਗ ਫੈਂਸਲਾ ਕੀਤਾ ਜਾ ਸਕੇ। ਭਾਈ ਮਨੀ ਸਿੰਘ ਜੀ ਨੇ ਇੱਕ ਪਰਚੀ ’ਤੇ ਬੰਦਈ ਖਾਲਸੇ ਦਾ ਨਾਅਰਾ ‘ਫ਼ਤਹਿ ਦਰਸ਼ਨ’ ਅਤੇ ਦੂਜੀ ਪਰਚੀ ਤੇ ‘ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥’ ਲਿਖ ਕੇ ਅੰਮ੍ਰਿਤ ਸਰੋਵਰ ਵਿੱਚ ਸੁੱਟ ਦਿੱਤੀਆਂ ਅਤੇ ਫੈਂਸਲਾ ਕੀਤਾ ਕਿ ਜਿਸ ਦੀ ਪਰਚੀ ਪਹਿਲਾਂ ਤਰ ਕੇ ਉੱਪਰ ਆਵੇਗੀ, ਉਹ ਹੀ ਗੁਰਦੁਆਰਿਆਂ ਦੀ ਸੰਭਾਲ ਦਾ ਆਗੂ ਮੰਨ ਲਿਆ ਜਾਵੇਗਾ।

‘‘ਨਾਨਕ ! ਕਾਰਣੁ ਕਰਤੇ ਵਸਿ ਹੈ, ਗੁਰਮੁਖਿ ਬੂਝੈ ਕੋਇ ॥’’ (ਮ: ੩/੯੦) ਦੇ ਮਹਾਂਵਾਕ ਅਨੁਸਾਰ ਰੱਬ ਵੱਲੋਂ ਹੀ ‘ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।’ ਵਾਲੀ ਪਰਚੀ ਪਹਿਲਾਂ ਤਰ ਕੇ ਉੱਪਰ ਆ ਗਈ। ਜੈਕਾਰੇ ਛੱਡੇ ਗਏ ਅਤੇ ਭਾਈ ਜੀ ਦੀ ਸਿਆਣਪ ਦੀ ਬਦੌਲਤ ਭਰਾਵਾਂ ਹੱਥੋਂ ਭਰਾਵਾਂ ਦਾ ਖ਼ੂਨ ਡੁਲਣੋਂ ਬਚ ਗਿਆ। ਇਹ ਸੀ ‘ਭਾਈ ਮਨੀ ਸਿੰਘ ਜੀ ਵਰਗੇ ਕੌਮ ਦੇ ਆਗੂਆਂ ਦੀ ਸਿੱਖ ਕੌਮ ਨੂੰ ਇੱਕ ਮੁੱਠ ਕਰਨ ਅਤੇ ਕੌਮ ਵਿੱਚ ਏਕਤਾ ਪੈਦਾ ਕਰਨ ਲਈ ਕੀਤੀ ਗਈ ਯੋਗ ਅਗਵਾਈ’।

ਭਾਈ ਮਨੀ ਸਿੰਘ ਜੀ ਨੇ ਦੀਵਾਲੀ ਦੇ ਮੌਕੇ ਸਰਬੱਤ ਖ਼ਾਲਸਾ ਸੱਦਣ ਦਾ ਮਨ ਬਣਾਇਆ ਤਾਂ ਕਿ ਕੌਮ ਦੇ ਉਸਾਰੂ ਹਿੱਤ ਲਈ ਸੋਚਦਿਆਂ ਕੁੱਝ ਨਵੇਂ ਉਪਰਾਲੇ ਸਾਂਝੇ ਰੂਪ ਵਿੱਚ ਕੀਤੇ ਜਾ ਸਕਣ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਠੋਸ ਪ੍ਰੋਗਰਾਮ ਉਲੀਕਿਆ ਜਾ ਸਕੇ। ਇਸ ਲਈ ਆਪ ਜੀ ਨੇ ਇਸ ਸਬੰਧੀ ਸਮੇਂ ਦੇ ਹਾਕਮ ਜ਼ਕਰੀਆ ਖ਼ਾਨ ਨਾਲ ਗੱਲਬਾਤ ਕੀਤੀ ਅਤੇ ਦੀਵਾਲੀ ਮੌਕੇ ਇਕੱਠ ਕਰਨ ਦੀ ਇਜ਼ਾਜ਼ਤ ਮੰਗੀ। ਜ਼ਕਰੀਆ ਖ਼ਾਨ ਨੇ ਇਜ਼ਾਜ਼ਤ ਦਿੰਦਿਆਂ, ਬਦਲੇ ਵਿੱਚ 10 ਹਜ਼ਾਰ ਟਕੇ (ਰੁਪਏ) ਟੈਕਸ ਮੰਗਿਆ ਅਤੇ 10 ਦਿਨਾਂ ਤੱਕ ਦੀ ਇਜ਼ਾਜ਼ਤ ਦਿੱਤੀ ਗਈ। ਭਾਈ ਮਨੀ ਸਿੰਘ ਜੀ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਨਾਮ ਸੰਦੇਸ਼ ਰਾਹੀਂ ਸਰਬੱਤ ਖ਼ਾਲਸਾ ਇੱਕਠਾ ਕਰਨ ਲਈ ਦੁਰ-ਦੁਰਾਡੇ ਵਸਦੇ ਸਿੱਖਾਂ ਨੂੰ ਸੁਨੇਹੇ ਭੇਜ ਦਿੱਤੇ। ਦੂਸਰੇ ਪਾਸੇ ਜ਼ਕਰੀਆ ਖ਼ਾਨ ਦੇ ਮਨ ਵਿੱਚ ਮੈਲ ਆ ਗਈ ਅਤੇ ਆਪਣੀ ਔਕਾਤ ’ਤੇ ਆਉਂਦਿਆ ਉਸ ਨੇ ਵਿਉਂਤ ਘੜ ਲਈ ਕਿ ਕਿਉਂ ਨਾ ਦੀਵਾਲੀ ਦੀ ਰਾਤ ਇੱਕਠੇ ਹੋਏ ਸਮੂਹ ਸਿੱਖਾਂ ਨੂੰ ਤੋਪਾਂ ਨਾਲ ਉੱਡਾ ਦਿੱਤਾ ਜਾਵੇ।

ਸੋ, ਸੂਬੇ ਦੀ ਗੰਦੀ ਸੋਚ ਵਿੱਚ ਉਪਜੀ ਇਹ ਵਿਉਂਤ ਤਿਆਰ ਹੋ ਚੁੱਕੀ ਸੀ ਅਤੇ ਇੱਧਰ ਭਾਈ ਮਨੀ ਸਿੰਘ ਜੀ ਅਤੇ ਸਿੰਘਾਂ ਨੂੰ ਸੂਬੇ ਦੀ ਸਾਜ਼ਸ ਦਾ ਪਤਾ ਚੱਲ ਗਿਆ। ਭਾਈ ਮਨੀ ਸਿੰਘ ਜੀ ਨੇ ਤੁਰੰਤ ਇਕੱਠ ਵਿੱਚ ਇਕੱਠੇ ਹੋਣ ਵਾਲੇ ਗੁਰਸਿੱਖਾਂ ਨੂੰ ਮੁੱੜ ਸੁਨੇਹੇ ਭੇਜ ਦਿੱਤੇ ਅਤੇ ਸੂਬੇ ਦੀ ਨੀਅਤ ਤੋਂ ਜਾਣੂ ਕਰਵਾ ਦਿੱਤਾ ਪਰ ਫਿਰ ਵੀ ਦੂਰ-ਦੁਰਾਡੇ ਵਸਦੇ ਸਿੱਖਾਂ ਨੂੰ ਸੁਨੇਹਾ ਨਾ ਪੁੱਜਣ ਕਰਕੇ ਉਹ ਦੀਵਾਲੀ ’ਤੇ ਗੁਰ ਅਸਥਾਨ ਦੇ ਦਰਸ਼ਨਾ ਨੂੰ ਆ ਗਏ ਅਤੇ ਚਾਲ ਅਨੁਸਾਰ ਜ਼ਕਰੀਆਂ ਖਾਨ ਨੇ ਲਖਪਤ ਰਾਇ ਦੇ ਰਾਹੀਂ ਇੱਕਠੇ ਹੋਏ ਸਿੰਘਾਂ ਤੇ ਹੱਲਾ ਬੋਲ ਦਿੱਤਾ। ਦੀਵਾਨ ਨਾ ਲੱਗ ਸਕਿਆ। ਬੇਅੰਤ ਸਿੱਖ ਸ਼ਹੀਦੀਆਂ ਪਰਾਪਤ ਕਰ ਗਏ। ਭਾਈ ਮਨੀ ਸਿੰਘ ਜੀ ਨੇ ਇਸ ਗੱਲ ਦਾ ਜ਼ਕਰੀਆ ਖ਼ਾਨ ਨਾਲ ਰੋਸ ਮਨਾਇਆ ਅਤੇ ਇਸ ਕਾਰੇ ਦੀ ਸਖ਼ਤ ਨਿਖੇਧੀ ਕੀਤੀ, ਪਰ ਇਸ ਦੇ ਉਲਟ ਜ਼ਕਰੀਆ ਖ਼ਾਨ ਨੇ 10, 000 ਟਕੇ ਰਕਮ ਦੀ ਮੰਗ ਕੀਤੀ। ਭਾਈ ਜੀ ਨੇ ਕਿਹਾ ਜਦੋਂ ਇਕੱਠ ਹੀ ਨਹੀਂ ਹੋਇਆ ਤਾਂ ਰੁਪਏ ਕਾਹਦੇ ਤਾਂ ਇਸ ਦੇ ਇਵਜ਼ ਵਜੋਂ ਭਾਈ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਜ਼ਬਰੀਂ ਧਰਮ ਬਦਲਣ ਨੂੰ ਕਿਹਾ ਕਿ ਸਿੱਖੀ ਛੱਡ ਕੇ ਮੁਸਲਮਾਨ ਬਣ ਜਾ। ਇਸ ਸਮੇਂ ਭਾਈ ਸਾਹਿਬ ਜੀ ਦੀ ਉਮਰ 90 ਵਿਆਂ ਦੇ ਲਗਭਗ ਪੁੱਜ ਚੁੱਕੀ ਹੋਈ ਸੀ। ਆਪ ਜੀ ਦੇ ਸਾਹਮਣੇ ਅਨੇਕਾਂ ਸਿੱਖਾਂ ਨੂੰ ਸਖ਼ਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਕਿ ਆਪ ਜੀ ਦਾ ਮਨ ਬਦਲਿਆ ਜਾ ਸਕੇ, ਪਰ ਐਸਾ ਕੁੱਝ ਵੀ ਨਾ ਹੋ ਸਕਿਆ। ਇਸ ਮੌਕੇ ਆਪ ਜੀ ਨੂੰ ਨਖਾਸ ਚੌਂਕ ਲਾਹੋਰ ਵਿਖੇ ਸਾਰੀ ਖਲਕਤ ਦੇ ਸਾਹਮਣੇ ਆਪ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਦੇ ਦਿੱਤਾ ਗਿਆ। ਕਮਾਲ ਦੀ ਗੱਲ ਸੀ ‘ਭਾਈ ਮਨੀ ਸਿੰਘ ਜੀ ਵਿੱਚ, ਉਹਨਾਂ ਦੇ ਜੋਸ਼ ਵਿੱਚ ਤੇ ਉਹਨਾਂ ਦੇ ਸਿੱਖੀ ਸਿਦਕ ਵਿੱਚ’। ਕਹਿੰਦੇ ਹਨ ਜਦ ਆਪ ਜੀ ਨੂੰ ਸ਼ਹੀਦ ਕੀਤਾ ਜਾਣ ਲੱਗਿਆ ਤਾਂ ਕਾਜ਼ੀ ਨੇ ਇੱਕ ਵਾਰ ਫਿਰ ਅਸਫਲ ਕੋਸ਼ਿਸ਼ ਕੀਤੀ ਕਿ ਕਿਸੇ ਵੀ ਤਰੀਕੇ ਨਾਲ ਭਾਈ ਮਨੀ ਸਿੰਘ ਨੂੰ ਡੋਲਾਇਆ ਜਾ ਸਕੇ। ਕਾਜ਼ੀ ਕਹਿਣ ਲੱਗਾ ਕਿ ਮੈਂ ਸੁਣਿਆ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਏਂ, ਤੇ ਗੁਰਬਾਣੀ ਦੀ ਹਰ ਗੱਲ ਨੂੰ ਵੀ ਸਤਿ ਸਤਿ ਕਰਕੇ ਮੰਨਦਾ ਹੈ ਤਾਂ ਕੀ ਤੈਨੂੰ ਗੁਰਬਾਣੀ ਦਾ ਇਹ ਹੁਕਮ ਭੁੱਲ ਗਿਆ ਕਿ ਤੇਰਾ ਗੁਰੂ ਤਾਂ ਕਹਿੰਦਾ ਹੈ: ‘‘ਕਬੀਰ ! ਮਾਨਸ ਜਨਮੁ ਦੁਲੰਭੁ ਹੈ, ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ, ਬਹੁਰਿ ਨ ਲਾਗਹਿ ਡਾਰ॥’’ (ਸਲੋਕ, ਭਗਤ ਕਬੀਰ ਜੀ, ਪੰਨਾ 1361) ਭਾਵ ਕਿ ਇਹ ਜਨਮ ਬਾਰ ਬਾਰ ਨਹੀਂ ਮਿਲਣਾ ਤਾਂ ਫਿਰ ਕਿਉਂ ਆਪਣਾ ਜਨਮ ਅਜਾਈਂ ਗੁਵਾਉਂਦਾ ਹੈ। ਤਾਂ ਭਾਈ ਸਾਹਿਬ ਜੀ ਦਾ ਜੁਆਬ ਸੀ ਕਿ ਮੇਰਾ ਗੁਰੂ ਮੈਨੂੰ ਸਮਝਾਉਂਦਾ ਹੈ ਕਿ: ‘‘ਜੀਵਿ ਜੀਵਿ ਮੁਏ, ਮੁਏ ਜੀਵੇ॥ ਕੇਤਿਆ ਕੇ ਬਾਪ, ਕੇਤਿਆ ਕੇ ਬੇਟੇ; ਕੇਤੇ ਗੁਰ ਚੇਲੇ ਹੂਏ॥ ਆਗੈ ਪਾਛੈ ਗਨਤ ਨ ਆਵੈ, ਕਿਆ ਜਾਤੀ ਕਿਆ ਹੁਣਿ ਹੂਏ ? ॥’’ (ਵਾਰ-ਸਾਰਗ, ਮ 1, ਪੰਨਾ 1238)

ਭਾਈ ਸਾਹਿਬ ਜੀ ਅੱਗੇ ਕਹਿਣ ਲੱਗੇ ਕਿ ਹੋ ਸਕਦਾ ਹੈ ਕਿ ਦੁਬਾਰਾ ਮੈਨੂੰ ਇੱਕ ਜਨਮ ਹੋਰ ਮਿਲ ਜਾਵੇ, ਪਰ ਇਸ ਦਾ ਪੱਕਾ ਪਤਾ ਨਹੀਂ ਕਿ ਅਗਲੇ ਜਨਮ ਵਿੱਚ ਮੈਨੂੰ ਗੁਰੂ ਦੀ ਪਿਆਰੀ ਸਿੱਖੀ ਨਸੀਬ ਹੋਵੇ ਕਿ ਨਾ। ਇਸ ਲਈ ਤੁਸੀਂ ਆਪਣਾ ਕੰਮ ਕਰੋ ਅਤੇ ਤਦ ਹੀ ਜੱਲਾਦ ਨੇ ਭਾਈ ਸਾਹਿਬ ਜੀ ਦੇ ਗੁੱਟ ਦਾ ਨਿਸ਼ਾਨਾ ਬਣਾ ਕੇ ਗੰਡਾਸਾ ਉਤਾਂਹ ਨੂੰ ਚੁੱਕਿਆ, ਤਾਂ ਭਾਈ ਜੀ ਨੇ ਰੋਕ ਦਿੱਤਾ ਤੇ ਕਹਿਣ ਲੱਗੇ, ਤੈਨੂੰ ਬੰਦ-ਬੰਦ ਕੱਟਣ ਦਾ ਹੁਕਮ ਹੋਇਆ ਹੈ ਪਰ ਤੂੰ ਗੁੱਟ ਦਾ ਨਿਸਾਨਾ ਸਾਧ ਲਿਆ ਹੈ ਤੂੰ ਆਪਣੇ ਹੁਕਮ ਦੀ ਤਾਮੀਲ ਚੰਗੀ ਤਰ੍ਹਾਂ ਕਰ। ਜਿਸ ਤਰ੍ਹਾਂ ਮੈਂ ਆਪਣੇ ਗੁਰੂ ਦੇ ਹੁਕਮ ਦੀ ਤਾਮੀਲ ਕਰ ਰਿਹਾ ਹਾਂ। ਕੋਲ ਖੜ੍ਹਾ ਕਾਜ਼ੀ ਫਿਰ ਬੋਲਿਆ, ਭਾਈ ਸਾਹਿਬ! ਗੱਲਾਂ ਕਰਨੀਆਂ ਸੌਖੀਆਂ ਨੇ, ਜਦ ਬੰਦ-ਬੰਦ ਕੱਟਿਆ ਜਾਣ ਲੱਗਾ ਤਾਂ ਆਪੇ ਹੀ ਸਿੱਖੀ ਛੱਡ ਦਿਉਂਗੇ। ਪਰ ਐਸਾ ਕੁੱਝ ਵੀ ਨਾ ਹੋਇਆ ਅਤੇ ਭਾਈ ਮਨੀ ਸਿੰਘ ਜੀ ਗੁਰੂ ਸਿਧਾਂਤਾਂ, ਸਿੱਖੀ ਸਿਦਕ ਅਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭੇ ਦੀ ਰੋਜ਼ਾਨਾ ਅਰਦਾਸ ਨੂੰ ਅਮਲੀ ਜਾਮਾ ਪਹਿਣਾ ਕੇ ਸ਼ਹਾਦਤ ਦਾ ਜਾਮ ਹੱਸਦਿਆਂ ਹੋਏ ਪੀ ਗਏ।

ਭਾਈ ਸਾਹਿਬ ਦੀ ਸ਼ਹਾਦਤ ਅੱਜ ਵੀ ਸਾਡੇ ਅੰਦਰ ਗੌਰਵ ਮਹਿਸੂਸ ਕਰਦੀ ਹੈ ਜਿਹਨਾਂ ਨੇ ਸਿੱਖੀ ਸਿਧਾਂਤਾਂ ਦੀ ਖ਼ਾਤਰ ਆਪਾ ਕੁਰਬਾਣ ਕਰ ਦਿੱਤਾ। ਪਰ ਐ! ਨੌਜਵਾਨ ਵੀਰੋ ਤੇ ਭੈਣੋ! ਅੱਜ ਤੁਸੀਂ ਆਪਣੀ ਹਾਲਤ ਕੀ ਬਣਾ ਲਈ ਹੈ ? ਮੁੰਡਿਆਂ ਦੇ ਸਿਰ ਤੇ ਕੇਸ ਨਹੀਂ, ਮੂੰਹ ਉੱਤੇ ਦਾਹੜੀਆਂ ਨਹੀਂ, ਕੰਨਾਂ ਵਿੱਚ ਮੁੰਦ੍ਰਾ ਪੁਆ ਲਈਆਂ, ਆ ਕੀ ਹਾਲਤ ਬਣਾ ਛੱਡੀ ਜੇ ਵੀਰਓ? ਕੀ ਤੁਹਾਨੂੰ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦੀ ਕੋਈ ਕਦਰ ਨਹੀਂ, ਕੀ ਕਦੇ ਬਾਬਾ ਬੰਦਾ ਸਿੰਘ ਬਹਾਦਰ, ਸੁਬੇਗ ਸਿੰਘ, ਸਾਹਬਾਜ਼ ਸਿੰਘ, ਭਾਈ ਸਤੀ ਦਾਸ, ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਸ਼ਹੀਦ ਭਾਈ ਤਾਰੂ ਸਿੰਘ, ਛੋਟੇ ਸਾਹਿਬਜ਼ਾਦੇ, ਵੱਡੇ ਸਾਹਿਬਾਦੇ, ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਬਿਲਕੁਲ ਤੁਹਾਡੇ ਮਨ ਵਿੱਚ ਕਦੇ ਨਹੀਂ ਆਈ? ਜੇ ਹਾਂ, ਤਾਂ ਕਿਉਂ ਸਿੱਖੀ ਤੋਂ ਬਾਗ਼ੀ ਹੋ ਗਏ ਜੇ? ਕੌਮ ਦਾ ਭਵਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਹੁੰਦਾ ਹੈ ਜੇ ਨੌਜਵਾਨ ਹੀ ਅਜਿਹੇ ਹੋਣਗੇ ਜੋ ਗੁਰੂ ਤੋਂ ਬੇਮੁਖ ਹੋ ਚੁੱਕੇ ਹੋਣ ਤਾਂ ਤੁਹਾਡਾ ਤੇ ਤੁਹਾਡੀ ਕੌਮ ਦਾ ਕੀ ਬਣੇਗਾ? ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਆਪਣੇ ਸਪੁੱਤਰ ਕਿਹਾ ਸੀ ਅੱਜ ਉਹਨਾਂ ਪੁੱਤਰਾਂ ਦਾ ਖ਼ੂਨ ਚਿੱਟਾ ਕਿਵੇਂ ਹੋ ਗਿਆ? ਬੱਸ ਇੱਕੋ ਹੀ ਬਨੇਤੀ ਹੈ ਨੌਜਵਾਨੋ! ਅੱਜ ਕੌਮ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕਿਤੇ ਨਕਲੀ ਗੁਰੂ ਬਣ ਰਹੇ ਨੇ, ਕੋਈ ਗੁਰੂ ਸਾਹਿਬਾਨ ਦੀ ਬਰਾਬਰੀ ਕਰ ਰਿਹਾ ਹੈ, ਕੋਈ ਨਵੇਂ ਨਵੇਂ ਗ੍ਰੰਥਾਂ ਨੂੰ ਸ਼ਬਦ ਗੁਰੂ ਦੀ ਬਰਾਬਰੀ ਦਿਵਾਉਣ ਲਈ ਉਤਾਵਲਾ ਹੈ, ਕੋਈ ਨਕਲੀ ਹਰਿਮੰਦਰ ਸਾਹਿਬ ਬਣਾ ਰਿਹਾ ਹੈ? ਇਸੇ ਤਰ੍ਹਾਂ ਕਿੰਨੇ ਹੀ ਸਿੱਖੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਅਤੇ ਤੁਸੀਂ ਵੀ ਉਨ੍ਹਾਂ ਵਾਂਗ ਘੱਟ ਨਹੀਂ ਕਰ ਰਹੇ। ਆਉ, ਰਲ ਮਿਲ ਕੇ ਹੁਣ ਪੰਥ ਬਣੀਏ ਅਤੇ ਸਿੱਖੀ ਨੂੰ ਸਵਾਰੀਏ । ‘ਉਠ ਪੰਥ ਖ਼ਾਲਸਾ ਹੋਸ਼ ਮੇਂ ਆ ! ਔਰ ਨਬਜ਼ ਪਹਿਚਾਣ ਜ਼ਮਾਨੇ ਕੀ।’

ਬਾਪੂ ਭੱਜ ਜਾਹ ਪੱਤਰਕਾਰ ਆ ਗਿਆ

0

ਬਾਪੂ ਭੱਜ ਜਾਹ ਪੱਤਰਕਾਰ ਆ ਗਿਆ

ਗੁਰਨੈਬ ਸਾਜਨ ਦਿਓਣ ਮੋ: 98889-55757, 94176-28463

ਗੁਰਨੈਬ ਸਾਜਨ ਪੱਤਰਕਾਰ

 ਅਖ਼ਬਾਰਾਂ ਦੇ ਕਮਾਊ ਪੁੱਤ ਬਨਾਮ ਮੰਗਤੇ

ਕੋਈ ਵੀ ਅਖ਼ਬਾਰ ਜਾਂ ਮੈਗਜ਼ੀਨ ਕੱਢਣ ਲਈ ਉਸ ਵਿੱਚ ਇਸ਼ਤਿਹਾਰਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇੰਨ੍ਹਾਂ ਇਸ਼ਤਿਹਾਰਾਂ ਨੂੰ ਪੱਤਰਕਾਰਾਂ ਦੀ ਭਾਸ਼ਾ ਵਿਚ ਸਪਲੀਮੈਂਟ ਆਖਿਆ ਜਾਂਦਾ ਹੈ। ਮੈਂ ਸਮਝਦਾ ਹਾਂ ਕਿ ਐਸੇ ਪੱਤਰਕਾਰ ਇੰਨ੍ਹਾਂ ਅਖ਼ਬਾਰਾਂ, ਮੈਗਜ਼ੀਨਾਂ ਦੇ ਕਮਾਊ ਪੁੱਤ ਬਨਾਮ ਮੰਗਤੇ ਹਨ। ਜੋ ਇੰਨ੍ਹਾਂ ਲਈ ਮਿੰਨਤਾਂ ਤਰਲੇ ਕਰਕੇ ਗੋਡਣੀਆਂ ਟੇਕ ਕੇ ਮੰਗ ਕੇ ਲਿਆਉਂਦੇ ਹਨ। ਜਦੋਂ ਤੱਕ ਇਹ ਮੰਗਤੇ ਐਸੇ ਅਦਾਰਿਆਂ ਵਿੱਚ ਹਨ ਉਦੋਂ ਤੱਕ ਦੇਸ਼ ਦਾ ਚੌਥਾ ਥੰਮ ਖੜ੍ਹਾ ਰਹੇਗਾ, ਨਹੀਂ ਤਾਂ ਥੰਮ੍ਹ ਡਿੱਗ ਪਵੇਗਾ। ਸਪਲੀਮੈਂਟ ਕੱਢਣਾ ਵੈਸੇ ਤਾਂ ਪੱਤਰਕਾਰ ਦਾ ਹੱਕ ਵੀ ਹੈ। ਜਦੋਂ ਉਹ ਸਾਰਾ ਸਾਲ ਸਿਆਸੀ, ਸਮਾਜਿਕ, ਕਲੱਬਾਂ, ਕਲਾਕਾਰਾਂ ਨੂੰ ਸੁਰਖ਼ੀਆਂ ਵਿੱਚ ਰੱਖਦਾ ਹੈ ਪਰ ਐਸੇ ਲੋਕ ਇਹ ਸਭ ਕੁੱਝ ਭੁੱਲ ਜਾਂਦੇ ਹਨ ਅਤੇ ਪੱਤਰਕਾਰਾਂ ਨਾਲ ਮੰਗਤਿਆਂ ਵਾਂਗ ਸਲੂਕ ਕਰਦੇ ਹਨ। ਭਾਵੇਂ ਕਿ ਕੁਝ ਹਿੰਦੀ ਜਾਂ ਅੰਗਰੇਜ਼ੀ ਅਖ਼ਬਾਰਾਂ ਮੈਗਜ਼ੀਨਾਂ ਦਾ ਇਸ਼ਤਿਹਾਰ ਵਿਭਾਗ ਅਤੇ ਇਸ਼ਤਿਹਾਰ ਇਕੱਠੇ ਕਰਨ ਵਾਲੇ ਵੀ ਵੱਖਰੇ ਹਨ, ਪਰ ਪੰਜਾਬੀ ਅਖ਼ਬਾਰਾਂ, ਮੈਗਜ਼ੀਨਾਂ ਦੇ ਪੱਤਰਕਾਰਾਂ ਨੂੰ ਖ਼ਬਰਾਂ ਅਤੇ ਆਰਟੀਕਲ, ਇੰਟਰਵਿਊ ਦੀ ਕਵਰੇਜ਼ ਕਰਕੇ ਦੋਹਰੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ। ਪੱਤਰਕਾਰ ਦੀ ਤਨਖਾਹ ਅਤੇ ਜਨਾਨੀ ਦੀ ਉਮਰ ਨਹੀਂ ਪੁੱਛਣੀ ਚਾਹੀਦੀ ਕਿਉਂਕਿ ਜਿੰਨ੍ਹਾਂ ਰਿਸਕ ਲੈ ਕੇ ਮਿਹਨਤ ਮੁਸ਼ੱਕਤ, ਖ਼ਤਰਿਆਂ ਨਾਲ ਜੂਝਦਾ ਪੱਤਰਕਾਰ ਅਖ਼ਬਾਰ ਲਈ ਖ਼ਬਰਾਂ ਇਕੱਠੀਆਂ ਕਰਦਾ ਹੈ ਉਨੀ ਉਸ ਦੀ ਤਨਖਾਹ ਨਹੀਂ ਹੁੰਦੀ, ਮਤਲਬ ਨਾ-ਮਾਤਰ ਹੀ ਤਨਖ਼ਾਹ, ਪੱਤਰਕਾਰ ਆਪਣੀ ਤਨਖ਼ਾਹ ਆਪਣੀ ਬੇਇੱਜ਼ਤੀ ਦੇ ਡਰੋਂ ਨਹੀਂ ਦੱਸਦਾ ਕਿ ਜੇਕਰ ਦੱਸ ਦਿੱਤਾ ਤਾਂ ਲੋਕ ਗਾਲਾਂ ਕੱਢਣਗੇ ਕਿ ਕੀ ਤੈਨੂੰ ਕੁੱਤੇ ਨੇ ਵੱਢਿਆ ਹੈ ਹੋਰ ਕੰਮ ਨਹੀਂ ਕਰ ਹੁੰਦਾ। ਰਹੀ ਗੱਲ ਜਨਾਨੀ ਤੋਂ ਉਮਰ ਪੁੱਛਣ ਦੀ ਜਨਾਨੀ ਇਸ ਰਾਜ ਵਿੱਚ ਹੀ ਆਪਣਾ ਹੁਸਨ, ਜਵਾਨੀ ਲਕੋਈ ਰੱਖਣੀ ਹੈ ਉਸ ਨੂੰ ਡਰ ਹੁੰਦਾ ਹੈ ਕਿ ਜੇਕਰ ਉਮਰ ਦਾ ਰਾਜ ਵੀ ਖੋਲ੍ਹ ਦਿੱਤਾ ਤਾਂ ਉਸ ਦੇ ਪੱਲੇ ਰਹਿ ਵੀ ਕੀ ਜਾਵੇਗਾ।

ਇਹ ਗੱਲਾਂ ਮੈਂ ਪਾਠਕਾਂ ਨਾਲ ਇਸ ਕਰਕੇ ਸਾਂਝੀਆਂ ਕਰ ਰਿਹਾ ਹਾਂ ਕਿ ਮੈਂ ਵੀ ਲੇਖਣੀ ਦੇ ਨਾਲ-ਨਾਲ ਪੱਤਰਕਾਰ ਵੀ ਹਾਂ। ਪਿਛਲੇ ਦਸ ਸਾਲਾਂ ਤੋਂ ਅਖ਼ਬਾਰਾਂ ਨੂੰ ਖ਼ਬਰਾਂ ਭੇਜ ਕੇ ਢਿੱਡ ਭਰ ਰਿਹਾ ਹਾਂ। ਵੈਸੇ ਵੀ ਜੇਕਰ ਅਖ਼ਬਾਰਾਂ ਕੋਲ ਪੱਤਰਕਾਰ ਨਾ ਹੋਣ ਯਾਨਿ ਜੇ ਖ਼ਬਰਾ ਹੀ ਨਾ ਹੀ ਹੋਣ ਫੇਰ ਭਲਾਂ ਅਖ਼ਬਾਰ ਜਾਂ ਮੈਗਜ਼ੀਨ ਕੱਲੇ ਇਸ਼ਤਿਹਾਰ ਨਾਲ ਕੀ ਚੱਲ ਸਕੇਗੀ? ਮੈਂ ਵੀ ਪੱਤਰਕਾਰੀ ਤਾਂ ਪੰਜਾਬੀ ਅਖ਼ਬਾਰ ਦੀ ਕਰ ਰਿਹਾ ਹਾਂ ਪਰ ਤਨਖਾਹ ਮੈਥੋਂ ਵੀ ਨਾ ਪੁੱਛਿਓ। ਯਾਨਿ ਮਹੀਨੇ ਖ਼ਬਰਾ ਇਕੱਠੀਆਂ ਕਰਨ ਲਈ ਆਪਣੀ ਤਨਖ਼ਾਹ ਤੋਂ ਤਿੰਨ ਗੁਣਾਂ ਜ਼ਿਆਦਾ ਮੋਟਰ ਸਾਈਕਲ ਵਿੱਚ ਪੈਟਰੋਲ ਫੂਕ ਦਿੰਦਾਂ ਉੱਪਰੋਂ ਮੋਟਰ ਸਾਈਕਲ ਦੀ ਘਸਾਈ, ਕਿਸ਼ਤਾਂ ਆਦਿ ਹਰ ਮਹੀਨੇ ਮੂੰਹ ਅੱਡੀ ਖੜੇ ਹੁੰਦੇ ਹਨ। ਜੇਕਰ ਇਕੱਲਾ ਪੱਤਰਕਾਰ ਹੀ ਹੁੰਦਾ ਤਾਂ ਕੁਝ ਦੂਜੇ ਪਾਸੇ ਹੱਥ ਪੱਲਾ ਵੀ ਸ਼ਾਇਦ ਮਾਰ ਲੈਂਦਾ। ਪਰ ਲੇਖਣੀ ਦੇ ਕੀੜੇ ਕਾਰਨ ਗ਼ਲਤ ਕੰਮ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਦਾ ਹਾਂ। ਇਹ ਵੀ ਸੋਚਦਾ ਹਾਂ ਕਿ ਲੇਖਣੀ ਬਦੌਲਤ ਮੇਰੇ ਨਾਲ ਸੈਂਕੜੇ ਮੇਰੇ ਪਾਠਕ ਜੁੜੇ ਹਨ। ਬੇਬਾਕ ਅਤੇ ਨਿਧੜਕ ਲੇਖਣੀ ਕਰਕੇ ਅਨੇਕਾਂ ਕਲਾਕਾਰਾਂ, ਸਿਆਸੀ, ਸਮਾਜਿਕ, ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਠੇਕੇਦਾਰਾਂ ਨਾਲ ਸੱਚ ਦੇ ਅੰਗ ਸੰਗ ਵਿਚਰਦਿਆਂ ਕਈ ਵਾਰ ਖਟ-ਪਟ ਹੋਈ ਹੈ। ਪਰ ਮੈਂ ਆਪਣੀ ਕਲਮ ਨੂੰ ਸਾਣ ਉੱਪਰ ਲਾ ਕੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਜੰਗ ਜਾਰੀ ਰੱਖਦਾ ਹਾਂ। ਮੇਰੇ ਵਰਗੇ ਬੰਦੇ ਨੂੰ ਤਾਂ ਪੱਤਰਕਾਰੀ ਕਰਨੀ ਹੋਰ ਵੀ ਔਖੀ ਹੈ ਕਿਉਂਕਿ ਜਦੋਂ ਖ਼ਬਰਾਂ ਹੀ ਖਿਲਾਫ਼ ਲਾਈਆਂ ਫੇਰ ਸਪਲੀਮੈਂਟ ਕਿੱਥੋਂ ਪੂਰਾ ਹੋਏ? ਜਿਹੜੇ ਅਖ਼ਬਾਰ ਵਿੱਚ ਮੈਂ ਕੰਮ ਕਰਦਾ ਹਾਂ ਉਨ੍ਹਾਂ ਕਦੇ ਮੇਰੇ ਉੱਪਰ ਸਪਲੀਮੈਂਟ ਦਾ ਬੋਝ ਨਹੀਂ ਪਾਇਆ, ਪਰ ਆਪ ਹੀ ਸਪਲੀਮੈਂਟ ਕੱਢ ਲਈਦਾ ਹੈ ਕਿ ਚੱਲੋ ਇਸ਼ਤਿਹਾਰਾਂ ਦੇ ਕਮਿਸ਼ਨ ਜ਼ਰੀਏ ਚਾਰ ਪੈਸੇ ਬੋਝੇ ਪੈ ਜਾਣਗੇ। ਰਾਜੇ ਹਰੀਸ਼ ਚੰਦਰ ਵਾਂਗ ਐਨਾਂ ਸੱਚਾ ਵੀ ਨਹੀਂ ਕਿ ਸੱਚ ਤੋਂ ਸਿਵਾ ਕੁਝ ਬੋਲ ਹੀ ਨਾ ਸਕਾਂ। ਗ੍ਰਹਿਸਥੀ ਬੰਦਾ ਹਾਂ ਕਿਤੇ ਝੂਠ ਬੋਲਣਾ ਵੀ ਪੈਂਦਾ ਹੋਵੇ।

ਪਰ ਅੰਦਰ ਲੇਖਕ ਬੈਠਾ ਹੋਣ ਕਰਕੇ ਗ਼ਲਤ ਕਰਨ ਤੋਂ ਵਰਜਦਾ ਰਹਿੰਦਾ ਹੈ। ਵੈਸੇ ਵੀ ਮੇਰੀ ਕਲਮ ਠਾਹ-ਸੋਟਾ ਹੈ। ਕਈ ਪੱਤਰਕਾਰ ਆਪਣੀ ਪੱਤਰਕਾਰੀ ਜ਼ਰੀਏ ਕਾਰਾਂ-ਕੋਠੀਆਂ-ਮਹਿੰਗੇ ਮੋਬਾਇਲ ਹਰ ਐਸ਼ ਆਰਾਮ ਕਰਦੇ ਵੇਖੇ ਹਨ ਪਰ ਮੈਂ ਜਦੋਂ ਤੋਂ ਲੇਖਣੀ, ਪੱਤਰਕਾਰੀ ਦਾ ਰਾਸਤਾ ਫੜਿਆ ਹੈ ਮੇਰਾ ਚੰਗਾ-ਭਲਾ ਚੱਲਦਾ ਫੋਟੋ ਸਟੂਡੀਓ ਵੀ ਬੰਦ ਹੋਣ ਕਿਨਾਰੇ ਹੈ ਘਰ ਦੀ ਕਬੀਲਦਾਰੀ ਵੱਡੀ ਹੈ। ਬੱਚੇ ਵੱਡੀਆਂ ਕਲਾਸਾਂ ਵਿੱਚ ਪੜ੍ਹਦੇ ਹਨ। ਮੇਰਾ ਆਪਣੇ ਹੀ ਪਿੰਡ ਫੋਟੋ ਸਟੂਡੀਓ ਹੈ ਲੋਕ ਮੈਨੂੰ ਸਿਰਫ਼ ਪੱਤਰਕਾਰ ਸਮਝਦੇ ਹਨ ਕਿ ਇਸ ਦੀ ਤਨਖਾਹ ਹੀ ਐਨੀ ਹੋਣੀ ਕਿ ਏਹਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਇਸ ਕਰਕੇ ਪਹਿਲਾਂ ਜੋ ਰੋਜ਼ੀ-ਰੋਟੀ ਹਰ ਸਾਲ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਕਰਕੇ ਮਿਲਦੀ ਸੀ। ਹੁਣ ਮੇਰੀ ਸੱਚ ’ਤੇ ਚਲਦੀ ਕਲਮ ਨੇ ਮੇਰੇ ਕੰਮ ਵਿੱਚ ਰੁਕਾਵਟ ਪਾਈ ਹੈ। ਵੈਸੇ ਵੀ ਸੱਚੇ ਬੰਦੇ ਦਾ ਕਦੋਂ ਸਮਾਂ ਰਿਹਾ ਹੈ ਸੱਚੇ ਬੰਦੇ ਤੋਂ ਲੋਕ ਦੂਰ ਭੱਜਦੇ ਹਨ ਕਿ ਏਹਨੇ ਆਪ ਤਾਂ ਭੁੱਖਾ ਮਰਨਾ ਹੀ ਹੈ ਆਪਾਂ ਏਹਦੇ ਨੇੜੇ ਆ ਕੇ ਭੁੱਖਾ ਮਰਨਾ ! ਪੰਜਾਬ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਵਿੱਚ ਛਪਦੇ ਹਰ ਅਖ਼ਬਾਰ ਮੈਗਜ਼ੀਨ ਵਿੱਚ ਮੈਂ ਆਪਣੀਆਂ ਲਿਖਤਾਂ ਭੇਜਦਾ ਆ ਰਿਹਾ ਹਾਂ। ਮੈਨੂੰ ਗਿਣਤੀ ਨਹੀਂ ਕਿ ਕਿੰਨੀਆਂ ਛਪ ਗਈਆਂ, ਹਜ਼ਾਰਾਂ ਦੀ ਗਿਣਤੀ ਵਿੱਚ ਹੋਣਗੀਆਂ। ਅਖ਼ਬਾਰਾਂ ਦੇ ਸਪਲੀਮੈਂਟ ਕੱਢਣੇ ਬਹੁਤ ਔਖੇ ਲੱਗਦੇ ਨੇ। ਮੰਗਤਿਆਂ ਵਾਂਗ ਝੋਲੀ ਫੈਲਾਉਣੀ। ਹਰ ਸਿਆਸੀ, ਸਮਾਜਿਕ, ਧਾਰਮਿਕ ਅਤੇ ਆਮ ਬੰਦਾ ਚਾਹੁੰਦੈ ਕਿ ਉਸ ਦਾ ਨਾਂਅ, ਉਸ ਦੀ ਫੋਟੋ, ਅਖ਼ਬਾਰ ਵਿਚ ਹਰ ਰੋਜ਼ ਤਾਂ ਛਪੇ, ਪਰ ਦੇਣਾ ਕੁਝ ਨਾ ਪਵੇ। ਇਕ ਵਾਰ ਮੈਂ ਆਪਣੇ ਅਖ਼ਬਾਰ ਦਾ ਸਪਲੀਮੈਂਟ ਕੱਢਣ ਲਈ ਲੋਕਾਂ ਤੱਕ ਪਹੁੰਚ ਕੀਤੀ, ਫੋਨ ਉੱਪਰ ਸੰਪਰਕ ਕੀਤਾ। ਫੇਰ ਉਹ ਖ਼ਬਰਾਂ ਲਗਵਾਉਣ ਵਾਲੇ ਸਖ਼ਸ਼, ਕਿਤੇ ਮੈਂ ਤਾਂ ਘਰੋਂ ਬਾਹਰ ਹਾਂ, ਕਿਤੇ ਯਾਰ ਕੱਲ੍ਹ ਨੂੰ ਮਿਲਦੇ ਹਾਂ। ਕਿਤੇ ਯਾਰ ਰਿਸ਼ਤੇਦਾਰੀ ’ਚ ਮਰਗ ਹੋ ਗਈ, ਮੇਰਾ ਫਲਾਣਾ ਰਿਸ਼ਤੇਦਾਰ ਹਸਪਤਾਲ ਦਾਖ਼ਲ ਹੈ, ਯਾਰ ਤੇਰੀ ਭਰਜਾਈ ਢਿੱਲੀ ਹੋ ਗਈ ਸੀ, ਉਸ ਉੱਪਰ ਜ਼ਿਆਦਾ ਪੈਸਾ ਲੱਗ ਗਿਆ। ਸਰਪੰਚ ਕਹਿ ਦਿੰਦੇ ਨੇ ਯਾਰ ਸਰਕਾਰ ਗਰਾਂਟਾਂ ਤਾਂ ਦਿੰਦੀ ਨੀ ਉੱਪਰੋਂ ਵੰਗਾਰਾਂ ਬਹੁਤ ਨੇ, ਕਿਤੇ ਥਾਣੇਦਾਰ ਨੇ, ਕਿਤੇ ਪਟਵਾਰੀ ਨੇ, ਕਿਤੇ ਹੋਰ ਸਰਕਾਰੀ ਅਦਾਰੇ ਦੇ ਮੁਲਾਜ਼ਮਾਂ ਨੇ ਵੰਗਾਰ ਪਾ ਦਿੱਤੀ। ਉੱਪਰੋਂ ਪੱਤਰਕਾਰਾਂ ਨੂੰ ਜੇ ਇਸ਼ਤਿਹਾਰ ਨਾ ਦੇਈਏ ਤਾਂ ਇੰਨ੍ਹਾਂ ਪਤੰਦਰਾ ਤੋਂ ਵੀ ਡਰ ਲੱਗਦਾ ਹੈ। ਕਿਤੇ ਪੁੱਠੀ-ਸਿੱਧੀ ਖ਼ਬਰ ਹੀ ਨਾ ਲਾ ਦੇਣ। ਸਾਰੀਆਂ ਗਰਾਂਟਾਂ ਤਾਂ ਸਹੀ ਢੰਗ ਨਾਲ ਨਹੀਂ ਲੱਗਦੀਆਂ। ਐਸੀ ਬਹਾਨੇਬਾਜ਼ੀ, ਕਈ ਵਾਰ ਤਾਂ ਘਰੇ ਹੀ ਹੁੰਦੇ ਨੇ ਜਦ ਫੋਨ ’ਤੇ ਗੱਲ ਕਰੀਦੀ ਐ ਤਾਂ ਕਹਿ ਦਿੰਦੇ ਨੇ ਯਾਰ ਰਿਸ਼ਤੇਦਾਰੀ ’ਚ ਕਿਤੇ ਮਰਗ ਦੇ ਭੋਗ ’ਤੇ ਗਿਆ ਹਾਂ, ਬਾਅਦ ਵਿੱਚ ਗੱਲ ਕਰਦਾ। ਇਕ ਵਾਰ ਮੇਰੇ ਨਾਲ ਐਸਾ ਵਾਪਰਿਆ ਮੈਂ ਜਦ ਇਕ ਸਰਪੰਚ ਕੋਲ ਕਈ ਗੇੜੇ ਮਾਰ ਦਿੱਤੇ ਉਸ ਨੇ ਕੋਈ ਪੱਲਾ ਨਾ ਫੜਾਇਆ। ਹਰ ਵਾਰ ਕੋਈ ਨਵੀਂ ਗੱਲ ਹੀ ਦੱਸਦਾ। ਹੁਣ ਤਾਂ ਘਰੇ ਗਏ ਨੂੰ ਚਾਹ-ਪਾਣੀ ਵੀ ਪੁੱਛਣੋਂ ਹੱਟ ਗਿਆ। ਇਕ ਵਾਰ ਮੈਂ ਅੱਕ ਕੇ ਦਿਲ ਵਿੱਚ ਠਾਣ ਲਈ ਕਿ ਇਸ ਦਾ ਝੂਠ ਜ਼ਰੂਰ ਫੜਨਾ ਹੈ। ਮੈਂ ਸਰਪੰਚ ਦੇ ਗੁਆਂਢੀ ਜੋ ਮੇਰਾ ਖਾਸ ਮਿੱਤਰ ਸੀ ਉਸ ਨੂੰ ਆਪਣੀ ਕਹਾਣੀ ਦੱਸ ਦਿੱਤੀ ਉਹ ਕਹਿੰਦਾ ਯਾਰ ਜਿਹੜੇ ਦਿਨਾਂ ’ਚ ਤੂੰ ਸਰਪੰਚ ਬਾਹਰ ਗਿਆ ਦੱਸਦਾ ਹੈਂ, ਇੰਨ੍ਹਾਂ ਦਿਨਾਂ ’ਚ ਤਾਂ ਸਰਪੰਚ ਘਰ ਹੀ ਸੀ। ਮੈਂ ਆਖਿਆ ਮਿੱਤਰਾ ਤੂੰ ਸਰਪੰਚ ਦੀ ਬਿੜਕ ਰੱਖੀ ਮੈਂ ਕੱਲ੍ਹ ਨੂੰ ਸਵੱਖਤੇ ਹੀ ਆਵਾਂਗਾ। ਸਰਪੰਚ ਦਾ ਘਰ ਪਿੰਡ ਦੀ ਫਿਰਨੀ ’ਤੇ ਸੀ। ਘਰ ਦੇ ਗੇਟ ਅੱਗੇ ਪਿੱਛੇ ਦੋ ਸਨ। ਮੈਂ ਦੂਜੇ ਦਿਨ ਸਵੇਰੇ ਹੀ ਆ ਕੇ ਉਸ ਦੇ ਘਰ ਅੱਗਿਓ ਸਰਪੰਚ ਨੂੰ ਫੋਨ ਲਾ ਲਿਆ। ਕਹਿੰਦਾ ਮੈਨੂੰ ਤਾਂ ਤਿੰਨ-ਚਾਰ ਦਿਨ ਲੱਗਣਗੇ। ਕਿਸੇ ਮੁਸੀਬਤ ’ਚ ਹਾਂ ਰਿਸ਼ਤੇਦਾਰੀ ’ਚ ਗਿਆ ਆ ਕੇ ਗੱਲ ਕਰਾਂਗੇ। ਮੇਰਾ ਦੋਸਤ ਕਹਿੰਦਾ ਘਰ ਹੀ ਐ, ਹੁਣੇ ਤਾਂ ਖੇਤਾਂ ’ਚੋਂ ਆਇਆ। ਮੈਂ ਗੇਟ ਖੜਕਾ ਦਿੱਤਾ ਉਸ ਦੇ ਮੁੰਡੇ ਨੇ ਗੇਟ ਖੋਹਲਦਿਆਂ ਕਿਹਾ ਬਾਪੂ ਭੱਜ ਜਾ ਪੱਤਰਕਾਰ ਆ ਗਿਆ। ਸਰਪੰਚ ਦਾ 8-10 ਸਾਲਾਂ ਦਾ ਮੁੰਡਾ ਕਹਿੰਦਾ ਬਾਪੂ ਤਾਂ ਘਰੇ ਨਹੀਂ, ਮੈਂ ਭੱਜ ਕੇ ਦੂਜੇ ਗੇਟ ਅੱਗੇ ਬਾਹਰ ਦੀ ਭੱਜ ਕੇ ਖੜ ਗਿਆ। ਅੱਗੋਂ ਸਰਪੰਚ ਸਾਹੋ-ਸਾਹ ਹੋਇਆ ਆਵੇ। ਮੈਂ ਕਿਹਾ ਸਰਪੰਚਾਂ ਸਾਹ ਲੈ-ਲੈ ਹੁਣ ਨੀ ਭੱਜਣ ਦਿੰਦਾ। ਕਹਿੰਦਾ ਯਾਰ ਤੂੰ ਬੜੀ ਖੱਲ ਖਾਧੀ ਐ, ਗਰਾਂਟ ਕੋਈ ਮਿਲੀ ਨਹੀਂ, ਪੱਲਿਓ ਪੈਸੇ ਲਾ ਕੇ ਘਰ ਮੂਧਾ ਕਰ ਲਿਆ। ਮੈਂ ਕਿਹਾ ਸਰਪੰਚਾ ਗੱਲ ਇਸ਼ਤਿਹਾਰ ਦੀ ਨਹੀਂ ਹੈ, ਗੱਲ-ਗੱਲ ’ਤੇ ਝੂਠ ਬੋਲਣਾ ਮਾੜਾ ਹੈ। ਤੂੰ ਮੇਰੀ ਇਕ ਨਹੀਂ ਬਹੁਤ ਵਾਰ ਭਕਾਈ ਕਰਵਾਈ ਹੈ ਤੂੰ ਪਹਿਲਾਂ ਹੀ ਆਪਣੀ ਮਜ਼ਬੂਰੀ ਦੱਸ ਦੇਣੀ ਸੀ। ਕਹਿੰਦਾ ਯਾਰ ਪੱਤਰਕਾਰਾਂ ਤੋਂ ਡਰ ਲੱਗਦੈ ਕਿਤੇ ਪੁੱਠੀ ਸਿੱਧੀ ਖ਼ਬਰ ਲਾ ਦਿੰਦੇ ਐ। ਮੁਆਫ਼ ਕਰਨਾ ਅਗਲੀ ਵਾਰ ਸਹੀ। ਐਸੀ ਘਟਨਾ ਇਕ ਵਾਰ ਨਹੀਂ ਅਨੇਕਾਂ ਵਾਰ ਹੋਈ ਹੈ। ਪਹਿਲਾਂ ਅਖ਼ਬਾਰ ’ਚ ਲਾਉਣ ਲਈ ਇਸ਼ਤਿਹਾਰ ਕੱਠੇ ਕਰੋ ਫੇਰ ਜਦੋਂ ਸਪਲੀਮੈਂਟ ਲੱਗ ਗਿਆ ਫੇਰ ਘਰ-ਘਰ ਜਾ ਕੇ ਪੈਸਾ ਇਕੱਠਾ ਕਰੋ। ਇਹ ਲੋਕ ਖ਼ਬਰਾਂ ਰਾਹੀਂ ਆਪਣੀ ਚੌਧਰ ਤਾਂ ਚਮਕਾਉਣੀ ਚਾਹੁੰਦੇ ਨੇ ਪਰ ਜੇਬ ਢਿੱਲੀ ਨਹੀਂ ਕਰਨੀ ਚਾਹੁੰਦੇ। ਬੜੇ ਢੀਠਪੁਣੇ ਦਾ ਕੰਮ ਹੈ ਸਪਲੀਮੈਂਟ ਇਕੱਠਾ ਕਰਨਾ। ਹਾਂ ਕੁਝ ਸਥਾਪਿਤ ਪੱਤਰਕਾਰ, ਸਟਾਫ਼ ਰਿਪੋਰਟਰ ਵੀ ਹਨ, ਜੋ ਹਰ ਤਿੰਨ ਜਾਂ ਛੇ ਮਹੀਨੇ ਬਾਅਦ ਸਪਲੀਮੈਂਟ ਤਾਂ ਕੱਢਦੇ ਹਨ ਪਰ ਲੋਕ ਉਨ੍ਹਾਂ ਨੂੰ ਮੈਟਰ ਅਤੇ ਪੈਸਾ ਆਪ ਆ ਕੇ ਦਿੰਦੇ ਹਨ। ਪਿੰਡਾਂ-ਕਸਬਿਆਂ, ਮੰਡੀਆਂ ਵਿਚ ਕੰਮ ਕਰਦੇ ਪੱਤਰਕਾਰਾਂ ਨੂੰ ਮਿੱਟੀ, ਘੱਟੇ, ਮੀਂਹ, ਹਨੇਰੀ, ਗ਼ਰਮੀ ਸਰਦੀ ਵਿਚੋਂ ਪਿੰਡ-ਪਿੰਡ ਖੇਤਾਂ ਬੰਨਿਆਂ ਤੋਂ ਖ਼ਬਰਾਂ ਇਕੱਠੀਆਂ ਕਰਨੀਆਂ ਪੈਂਦੀਆਂ ਹਨ। ਪਰ ਜਦੋਂ ਕੋਈ ਅਦਾਰੇ ਵੱਲੋਂ ਜਾਂ ਸਰਕਾਰਾਂ ਵੱਲੋਂ ਕੋਈ ਸਹੂਲਤ ਮਿਲਣੀ ਹੁੰਦੀ ਐ ਉਹ ਸ਼ਹਿਰੀ ਏ. ਸੀ. ਕਮਰਿਆਂ ਵਿਚ, ਪ੍ਰੈਸ ਨੋਟਾਂ ਰਾਂਹੀ ਖ਼ਬਰਾਂ ਬਣਾਉਣ ਵਾਲੇ ਪੱਤਰਕਾਰਾਂ ਨੂੰ ਮਿਲਦੀ ਹੈ। ਜਿਵੇਂ ਕਹਿੰਦੇ ਨੇ ‘ਕਿਸੇ ਬੰਦੇ ਨੂੰ ਕੁੱਤੇ ਨੇ ਕੱਟ ਲਿਆ’ ਖ਼ਬਰ ਨਹੀਂ, ਸਗੋਂ ‘ਬੰਦੇ ਨੂੰ ਕੁੱਤੇ ਨੂੰ ਕੱਟ ਲਿਆ’ ਖ਼ਬਰ ਹੈ। ਵੈਸੇ ਵੀ ਖ਼ਬਰ ਪੈਦਾ ਕਰਨੀ ਪੈਂਦੀ ਹੈ। ਪ੍ਰੈਸ ਨੋਟ ਤੋਂ ਖ਼ਬਰ ਬਣਾਉਣ ਵਾਲਿਆਂ ਦੀ ਬਹੁਤਾਤ ਹੈ। ਉਹ ਹੀ ਅਫ਼ਸਰਸ਼ਾਹੀ, ਲੀਡਰਾਂ ਅਤੇ ਅਦਾਰੇ ਦੇ ਨੇੜੇ ਹੁੰਦੇ ਹਨ। ਪਿੰਡਾਂ ਦੇ ਦੇਸੀ ਪੱਤਰਕਾਰਾਂ ਨੂੰ ਕੌਣ ਪੁੱਛਦੈ? ਕਿਉਂਕਿ ਉਨ੍ਹਾਂ ਦੀ ਡੋਰ ਤਾਂ ਸ਼ਹਿਰ ਦੇ ਸਬ ਆਫ਼ਿਸ ’ਚ ਬੈਠੇ ਸਟਾਫ਼ ਰਿਪੋਰਟਰ ਦੇ ਹੱਥ ’ਚ ਹੁੰਦੀ ਹੈ। ਕੀਹਦੀ ਖ਼ਬਰ ਲਾਉਣੀ ਐ ਕੀਹਦੀ ਨਹੀਂ, ਇਹ ਤਾਂ ਉਨ੍ਹਾਂ ਨੂੰ ਪਤਾ ਹੁੰਦਾ ਹੈ। ਵੈਸੇ ਮੇਰੀ ਅਖ਼ਬਾਰਾਂ, ਮੈਗਜ਼ੀਨਾਂ ਦੇ ਸੰਪਾਦਕਾਂ ਨੂੰ ਬੇਨਤੀ ਹੈ ਕਿ ਕਦੇ ਇੰਨ੍ਹਾਂ ਪੱਤਰਕਾਰਾਂ ਦੀ ਵੀ ਸਾਰ ਲਈ ਜਾਵੇ। ਜੋ ਸਭ ਤੋਂ ਵੱਧ ਮਿਹਨਤ ਅਤੇ ਅਦਾਰੇ ਦੀ ਆਰਥਿਕਤਾ ਮਜ਼ਬੂਤ ਕਰਨ ਵਾਲੇ ਕਮਾਊ ਪੁੱਤਰ ਹੁੰਦੇ ਹਨ। ਜਦੋਂ ਘਰ ਦਾ ਮੁੱਖੀ ਆਪਣੇ ਪਰਿਵਾਰ ਨਾਲ ਪੱਖਪਾਤ ਕਰਨ ਲੱਗ ਜਾਵੇ ਤਾਂ ਫਿਰ ਪਿਆਰ ਵਿਹੂਣੀ ਔਲਾਦ ਨਿਮਾਣੀ ਬਣ ਜਾਂਦੀ ਹੈ ਅਤੇ ਆਪਣੇ ਘਰ ਦੇ ਮੁੱਖੀ ਦੇ ਨਾਲ ਨਫ਼ਰਤ ਕਰਨ ਲੱਗ ਜਾਂਦੀ ਹੈ।

ਵੇਰਵਾ : ਗੁਰਨੈਬ ਸਾਜਨ ਦਿਓਣ ਪਿੰਡ ਤੇ ਡਾਕ: ਦਿਓਣ, ਜ਼ਿਲ੍ਹਾ ਬਠਿੰਡਾ

ਨੌਜਵਾਨ ਪੀੜ੍ਹੀ ਦੀ ਪੈਂਤੀ

0

ਨੌਜਵਾਨ ਪੀੜ੍ਹੀ ਦੀ ਪੈਂਤੀ

ਬਲਵਿੰਦਰ ਸਿੰਘ ਖਾਲਸਾ ਮੋੜ ਮੰਡੀ (ਬਠਿੰਡਾ)

ੳ _ ਉਮਰ ਸਾਰੀ ਗਾਲੀ ਤੁਸੀਂ ਨਸ਼ਿਆਂ ’ਚ ਲੱਗ।

ਅ _ ਅਫ਼ੀਮ ਖਾਧੀ ਬਿਨਾਂ ਜੁੜਦੇ ਨਹੀਂ ਹੱਡ।

ੲ _ ਇਸ਼ਕ-ਮੁਸ਼ਕ ਵਿਚ ਟੱਪੇ ਹੱਦਾਂ ਬੰਨੇ।

ਸ _ ਸੁਲਫੇ-ਸਮੈਕ ਵਿਚ ਹੋਏ ਫਿਰੋਂ ਅੰਨ੍ਹੇ।

ਹ _ ਹੀਰੋਇਨ ਖਾ ਕੇ ਲੈਣ ਪੀਂਘ ਦੇ ਹੁਲਾਰੇ।

ਕ _ ਕਾਮਨੀ-ਕੋਕੀਨ ਦੇ ਵੀ ਲੈਣ ਪਏ ਨਜ਼ਾਰੇ।

ਖ _ ਖਤਰਨਾਕ ਨਸ਼ੇ ਜ਼ਿੰਦਗੀ ਦੇ ਸਭ।

ਗ _ ਗਾਂਜਾ ਤੇ ਸੁੱਖਾ ਖਾ ਕੇ ਭੁੱਲ ਜਾਂਦਾ ਰੱਬ।

ਘ _ ਘਰ ਦੀ ਸ਼ਰਾਬ ਨੇ ਤਾਂ ਦਿੱਤੇ ਘਰ ਪੱਟ।

ਙ _ ਖਾਲੀ ਪਏ ਦੇਖੋ ਤੁਸੀਂ ਆਟੇ ਵਾਲੇ ਮੱਟ।

ਚ _ ਚਰਸ-ਚਿਲਮ ਵੀ ਨੇ ਨਸ਼ੇ ਬਹੁਤ ਮਾੜੇ।

ਛ _ ਛਿਪਕਲੀ ਖਾਵੇ ਪਹਿਲਾਂ ਤਵੇ ਉੱਤੇ ਸਾੜੇ।

ਜ _ ਜਰਦਾ ਤੇ ਗੁਟਕਾ ਵੀ ਖਾਂਦੇ ਬਹੁਤ ਦੇਖੇ।

ਝ _ ਝੂਰਦਾ ਏ, ਜਿੰਦ ਲਾ ਕੇ ਨਸ਼ਿਆਂ ਦੇ ਲੇਖੇ।

ਞ _ ਖਾਲੀ ਹੋਏ ਖਸੇ ਇਕ ਧੇਲਾ ਨਹੀਂ ਪੱਲੇ।

ਟ _ ਟੀਕੇ ਦੇ ਸਹਾਰੇ ਗੱਡੀ ਨਸ਼ਈਆਂ ਦੀ ਚੱਲੇ।

ਠ _ ਠੇਕੇ ਉੱਤੇ ਜਾ ਕੇ ਸ਼ਾਮੀ ਪੀਂਦੇ ਨੇ ਸ਼ਰਾਬ।

ਡ _ ਡੋਡੇ ਵੀ ਨੇ ਖਾਂਦੇ ਸੁਭਾ ਉਠ ਕੇ ਜਨਾਬ।

ਢ _ ਢਾਣੀਆਂ ਬਣਾ ਕੇ ਨਸ਼ੇ ਕਰਦੇ ਨੇ ਚਾਲੀ।

ਣ _ ਬਣਦਾ ਨਹੀਂ ਕੁਝ, ਸਾਰੇ ਘਰ ਹੋ ਗਏ ਖਾਲੀ।

ਤ _ ਤੁਰਦੇ ਨਸ਼ਈ ਜਿਵੇਂ ਹੁੰਦਾ ਕੋਈ ਮਰੀਜ਼।

ਥ _ ਥੋਥੇ ਹੋ ਗਏ ਵਿਚੋਂ ਜਿਵੇਂ ਘੁਣ ਖਾਧੀ ਚੀਜ਼।

ਦ _ ਦਵਾਈਆਂ ਦੀ ਵਰਤੋਂ ਨਸ਼ੇ ਦੀ ਥਾਂ ਕਰਨ।

ਧ _ ਧਨ ਦਾ ਹੈ ਨਾਸ਼, ਨਾਲੇ ਸਿਹਤ ਪੱਖੋਂ ਮਰਨ।

ਨ _ ਨਸ਼ਿਆਂ ਦੇ ਵਿਚੋਂ ਨਸ਼ਾ ਕੋਈ ਨਹੀਂ ਚੰਗਾ।

ਪ _ ਪਰੌਕੀਵਨ-ਪੋਸਤ ਵੀ ਪਾਉਂਦੇ ਬਹੁਤ ਪੰਗਾ।

ਫ _ ਫੇਫੜੇ ਨਸ਼ਈਆਂ ਦੇ ਨੇ ਹੋ ਜਾਂਦੇ ਫੇਲ੍ਹ।

ਬ _ ਬੀੜੀ ਅਤੇ ਸਿਗਰਟ ਦਾ ਆਪਸੀ ਹੈ ਮੇਲ।

ਭ _ ਭੁੱਕੀ, ਕਾਲੀ ਖਸਖਸ ਜਾਂਦੇ ਨੇ ਉਡਾਈ।

ਮ _ ਮੌਤ ਹੁੰਦੀ ਨੇੜੇ ਜਾਂਦੀ ਜ਼ਿੰਦਗੀ ਅਜਾਈਂ।

ਯ _ ਯਕੀਨ ਮੈਨੂੰ ਪੂਰਾ ਨਸ਼ੇ ਦੇਣਗੇ ਉਏ ਪੱਟ।

ਰ _ ਰੋਣਾ ਫਿਰ ਤੁਸੀਂ ਮਾਰ ਮੱਥੇ ਉਤੇ ਹੱਥ।

ਲ _ ਲਵੋ ਤੁਸੀਂ ਗੱਲ ਬਲਵਿੰਦਰ ਦੀ ਮੰਨ।

ਵ _ ਵੇਲਾ ਅਜੇ ਹੈਗਾ ਤੁਸੀਂ ਫੜ ਲਵੋਂ ਕੰਨ।

ੜ _ ੜਾੜੇ ਵਾਂਗੂੰ ਖਾਲੀ ਤੁਸੀਂ ਰਹਿ ਜਾਵੋਗੇ।

ਫਿਰ ਬਣਨਾ ਨਹੀਂ ਕੁਝ ਤੁਸੀਂ ਪਛਤਾਵੋਗੇ।

ਗੱਭਰੂ ਪੰਜਾਬ ਦਿਓ ਨਸ਼ੇ ਤੁਸੀਂ ਤਿਆਗੋ।

ਜਾਗੋ ਵੀਰੋ ਜਾਗੋ ਓਏ ਜਾਗੋ ਵੀਰੋ ਜਾਗੋ।

Most Viewed Posts