ਗੁਰਬਾਣੀ ਵਿੱਚ ਆਏ ਸ਼ਬਦ ‘ਅਜਗਰ’ ਦਾ ਉਚਾਰਣ ਅਤੇ ਅਰਥ ਭੇਦ

0
721

ਗੁਰਬਾਣੀ ਵਿੱਚ ਆਏ ਸ਼ਬਦ ‘ਅਜਗਰ’ ਦਾ ਉਚਾਰਣ ਅਤੇ ਅਰਥ ਭੇਦ

ਕਿਰਪਾਲ ਸਿੰਘ, ਗਿੱਲ ਖੁਰਦ, (ਬਠਿੰਡਾ); ਫ਼ੋਨ 0164-2210797

 ਗੁਰਬਾਣੀ ਵਿੱਚ ‘ਅਜਗਰ’ , ‘ਅਜਗਰਿ’ ਅਤੇ ‘ਅਜਗਰੁ’ ਸ਼ਬਦ ਤਿੰਨ ਰੂਪਾਂ ਵਿੱਚ ਦੋ ਦੋ ਵਾਰੀ ਭਾਵ ਕੁਲ ਛੇ ਵਾਰ ਆਇਆ ਹੈ। ਗੁਰਬਾਣੀ ਵਿਆਕਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸ਼ਬਦ ਦਾ ਉਚਾਰਣ ‘ਅਜਗਰ’ ਕਰਨਾ ਹੀ ਜਿਆਦਾ ਉਚਿਤ ਹੈ ਕਿਉਂਕਿ ਮਗਰਲੇ ਅੱਖਰ ‘ਰ’ ਨੂੰ ਲੱਗੀ ਸਿਹਾਰੀ ਅਤੇ ਔਂਕੜ ਵਿਆਕਰਨ ਨਿਯਮਾਂ ਅਨੁਸਾਰ ਲੱਗੇ ਹਨ ਜਿਨ੍ਹਾਂ ਦਾ ਸਬੰਧ ਅਰਥਾਂ ਨਾਲ ਹੈ ਤੇ ਇਨ੍ਹਾਂ ਮਾਤਰਾਵਾਂ ਦਾ ਉਚਾਰਣ ਨਾਲ ਕੋਈ ਸਬੰਧ ਨਹੀਂ ਹੈ। ਇਸ ‘ਅਜਗਰ’ ਸ਼ਬਦ ਦਾ ਵੀ ਅਰਥਾਂ ਮੁਤਾਬਿਕ ਅੱਗੋਂ ਦੋ ਤਰ੍ਹਾਂ ਦਾ ਉਚਾਰਣ ਹੋ ਸਕਦਾ ਹੈ। ਆਮ ਤੌਰ ’ਤੇ ਬਹੁ ਗਿਣਤੀ ਪਾਠੀ ਇਨ੍ਹਾਂ ਸ਼ਬਦਾਂ ਦਾ ਉਚਾਰਣ ਬਿਨਾਂ ਅੱਧਕ ਤੋਂ ‘ਅਜਗਰ’ ਕਰਦੇ ਹਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਨ ਵਾਲੇ ਲਗਪਗ ਸਾਰੇ ਹੀ ਵਿਦਵਾਨਾਂ ਨੇ ਇਸ ਸ਼ਬਦ ਦੇ ਅਰਥ ਕੀਤੇ ਹਨ:- ਅਜਗਰੁ = ਅਜ = ਬੱਕਰਾ। ਗਰੁ = ਨਿਗਲਣ ਵਾਲਾ {ਵੱਡਾ ਭਾਰਾ ਨਾਗ ਜੋ ਸਾਬਤ ਬੱਕਰੇ ਨੂੰ ਨਿਗਲ ਜਾਂਦਾ ਹੈ} ਭਾਵ ਅਜਗਰ ਸੱਪ ਵਾਂਗ ਬਹੁਤ ਜਿਆਦਾ ਭਾਰੀ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੰਜਾਬੀ ਸ਼ਬਦ ਕੋਸ਼ ਵਿੱਚ ‘ਜੱਗਰ’ ਸ਼ਬਦ ਦੇ ਅਰਥ ਬੇਅਕਲ, ਮੂਰਖ, ਪ੍ਰਗਟ ਹੋਇਆ, ਉਜਾਗਰ; ਕੀਤੇ ਗਏ ਹਨ। ਮੇਰੇ ਖ਼ਿਆਲ ਅਨੁਸਾਰ ਗੁਰਬਾਣੀ ਵਿੱਚ ‘ਅਜਗਰ, ਅਜਗਰਿ, ਅਜਗਰੁ’ ਸ਼ਬਦਾਂ ਦੀ ਵਰਤੋਂ ਵਾਲੀਆਂ ਹੇਠ ਦਿੱਤੀਆਂ ਗਈਆਂ ਤੁਕਾਂ ਵਿੱਚ ਜੇ ਇਨ੍ਹਾਂ ਸ਼ਬਦਾਂ ਨੂੰ ਅੱਧਕ ਸਮੇਤ ‘ਅਜੱਗਰ’ ਪੜ੍ਹਿਆ ਜਾਵੇ ਤਾਂ ਇਹ ਜਿਆਦਾ ਢੁੱਕਵਾਂ ਹੋਵੇਗਾ; ਜਿਸ ਨਾਲ ਇਸ ਦੇ ਅਰਥ ‘ਜੱਗਰ’ ਦੇ ਅੱਗੇ (ਅਗੇਤਰ) ‘ਅ’ ਲਗਾ ਕੇ ‘ਜੱਗਰ’ ਦਾ ਵਿਪਰੀਤ ‘ਅਜੱਗਰ’ ਹੋ ਜਾਵੇਗਾ। ਜਿਸ ਦਾ ਭਾਵ ਹੈ:- ਉਹ ਵਸਤੂ ਜਾਂ ਕਿਸੇ ਜੀਵ ਦੇ ਗੁਣ/ ਔਗੁਣ ਜੋ ਵਿਆਪਕ ਰੂਪ ਵਿੱਚ ਇਸ ਜਗਤ ਅਤੇ ਜੀਵਾਂ ਦੇ ਸਰੀਰਾਂ ਵਿੱਚ ਪਸਰ ਰਹੇ ਹਨ; ਉਨ੍ਹਾਂ ਦਾ ਪ੍ਰਭਾਵ ਵੀ ਸਾਡੀ ਰੋਜ਼ਮੱਰਹਾ ਦੀ ਜਿੰਦਗੀ ’ਤੇ ਅਵੱਛ ਪੈ ਰਿਹਾ ਹੈ ਪਰ ਜ਼ਾਹਰਾ ਤੌਰ ’ਤੇ ਨਾ ਹੀ ਉਹ ਇਨ੍ਹਾਂ ਅੱਖਾਂ ਨਾਲ ਵੇਖੇ ਜਾਣ ਸਕਦੇ ਅਤੇ ਨਾ ਹੀ ਹੱਥਾਂ ਦੀ ਛੋਹ ਨਾਲ ਉਨ੍ਹਾਂ ਦੀ ਹੋਂਦ ਮਹਿਸੂਸ ਕੀਤੀ ਜਾ ਸਕਦੀ ਹੈ। ਅਜਿਹੇ ਵਿਆਪਕ ਗੁਣ ਔਗੁਣਾਂ ਦੀ ਪੈਮਾਇਸ਼ ਵੀ ਦੁਨਿਆਵੀ ਵੱਟਿਆਂ ਜਾਂ ਮੀਟਰਾਂ ਨਾਲ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਉਨ੍ਹਾਂ ਦੀ ਤੁਲਨਾ ਕਿਸੇ ਹਾਥੀ, ਅਜਗਰ, ਮਗਰਮੱਛ, ਤੰਦੂਏ ਆਦਿਕ ਬਹੁਤ ਹੀ ਵੱਡੇ ਜਾਨਵਰਾਂ ਦੇ ਭਾਰ ਜਾਂ ਲੰਬਾਈ/ਉਚਾਈ ਨਾਲ ਕੀਤੀ ਜਾ ਸਕਦੀ ਹੈ। ਪਰ ਗੁਰਬਾਣੀ ਵਿੱਚ ਆਏ ‘ਅਜਗਰ’ , ‘ਅਜਗਰਿ’ ਅਤੇ ‘ਅਜਗਰੁ’ ਸ਼ਬਦਾਂ ਦੀ ਵਿਆਖਿਆ ਕਰਨ ਸਮੇਂ; ਮਨੁੱਖ ਵਿੱਚ ਵਿਆਪਕ ਤੌਰ ’ਤੇ ਪਸਰ ਰਹੇ ਵਿਸ਼ੇ ਵਿਕਾਰਾਂ, ਜਿਵੇਂ ਕਿ ਹਉਮੈ, ਹੰਕਾਰ, ਮਾਇਆ ਦਾ ਮੋਹ, ਨਿੰਦਾ, ਪਾਪ ਆਦਿਕ ਦੀ ਤੁਲਨਾ ਵਿਦਵਾਨਾਂ ਨੇ ਵੱਡੇ ਭਾਰੇ ਅਜਗਰ ਸੱਪ ਨਾਲ ਕੀਤੀ ਹੈ ਜੋ ਠੀਕ ਨਹੀਂ ਜਾਪਦੇ ਕਿਉਂਕਿ ਮਨੁੱਖ ਵਿੱਚ ਵਿਆਪਕ ਤੌਰ ’ਤੇ ਪਸਰ ਰਹੇ ਇਹ ਵਿਸ਼ੇ ਵਿਕਾਰਾਂ ਦਾ ਸਿਰਫ ਪ੍ਰਭਾਵ ਹੀ ਮਹਿਸੂਸ ਕੀਤਾ ਜਾਂ ਕਬੂਲਿਆ ਜਾ ਸਕਦਾ ਹੈ ਜਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਇਨ੍ਹਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਪਰ ਇਨ੍ਹਾਂ ਦੀ ਤੁਲਨਾ ਕਿਸੇ ਵੱਡੇ ਜਾਂ ਛੋਟੇ ਜੀਵ ਦੇ ਭਾਰ ਜਾਂ ਆਕਾਰ ਨਾਲ ਨਹੀਂ ਕੀਤੀ ਜਾ ਸਕਦੀ। ਆਓ ਇਨ੍ਹਾਂ ਤੁਕਾਂ ਦੇ ਵੱਖ ਵੱਖ ਵਿਦਵਾਨਾਂ ਵੱਲੋਂ ਕੀਤੇ ਅਰਥਾਂ ਨੂੰ ਵੀਚਾਰੀਏ:-

 (ੳ) ਅਜਗਰ

(1). ‘ਅਜਗਰ ਕਪਟੁ ਕਹਹੁ ਕਿਉ ਖੁਲ੍ਹ੍ਹੈ ?   ——- ॥੧੧॥’ {ਮਾਰੂ ਸੋਲਹੇ ਮ: ੧/੧੦੪੩}

[ਟੀਕਾਕਾਰ ਸ: ਮਨਮੋਹਨ ਸਿੰਘ]:- ਦੱਸੋ, ਭਾਰੇ ਤਖਤੇ ਕਿਸ ਤਰ੍ਹਾਂ ਖੋਲ੍ਹੇ ਜਾ ਸਕਦੇ ਹਨ ?

[ਟੀਕਾਕਰ ਪ੍ਰੋ: ਸਾਹਿਬ ਸਿੰਘ] ਪਦ ਅਰਥ:- ਅਜਗਰ = ਬਹੁਤ ਭਾਰਾ। ਕਪਟੁ (ਕਪੱਟ) = ਕਵਾੜ, ਦਰਵਾਜ਼ਾ ।

ਪੰਕਤੀ ਅਰਥ:- ਪਰ ਇਸ ਤਰ੍ਹਾਂ (ਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਮੋਹ ਦਾ) ਕਰੜਾ ਕਵਾੜ ਕਿਸੇ ਭੀ ਹਾਲਤ ਵਿਚ ਖੁਲ੍ਹ ਨਹੀਂ ਸਕਦਾ।

[ਫ਼ਰੀਦਕੋਟੀ ਟੀਕਾ] :- (ਅਜਗਰ) ਭਾਰੀ ਕਪਟ ਕੀ ਗੰਠ ਪੜੀ ਹੂਈ ਕਹੁ ਕੈਸੇ ਖੁਲੇ?

ਵੀਚਾਰ:- ਸੋ ਉਕਤ ਪਾਵਨ ਪੰਕਤੀਆਂ ਵਿੱਚ ਆਏ ਸ਼ਬਦ ‘ਅਜਗਰ’ ਦਾ ਪਾਠ ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ਪੰਜਾਬੀ ਸ਼ਬਦ ਕੋਸ਼ ਵਿੱਚ ‘ਜੱਗਰ’ ਸ਼ਬਦ ਦੇ ਕੀਤੇ ਅਰਥਾਂ ਨੂੰ ਧਿਆਨ ਵਿੱਚ ਰੱਖ ਕੇ ‘ਅਜੱਗਰ’ ਕੀਤਾ ਜਾਵੇ ਅਤੇ ਉਕਤ ਵਿਦਵਾਨਾਂ ਵੱਲੋਂ ਕੀਤੇ ਅਰਥਾਂ ਦੀ ਥਾਂ ਹੇਠ ਲਿਖੇ ਅਨੁਸਾਰ ਅਰਥ ਕੀਤੇ ਜਾਣ ਤਾਂ ਇਹ ਗੁਰਮਤਿ ਅਨੁਸਾਰ ਜਿਆਦਾ ਢੁਕਵੇਂ ਪ੍ਰਤੀਤ ਹੋਣਗੇ:

‘ਵਾਚਹਿ ਪੁਸਤਕ ਵੇਦ ਪੁਰਾਨਾਂ ॥ ਇਕ ਬਹਿ ਸੁਨਹਿ ਸੁਨਾਵਹਿ ਕਾਨਾਂ ॥ ਅਜਗਰ ਕਪਟੁ ਕਹਹੁ ਕਿਉ ਖੁਲ੍ਹ੍ਹੈ ; ਬਿਨੁ ਸਤਿਗੁਰ ਤਤੁ ਨ ਪਾਇਆ ॥੧੧॥’  (ਮਾਰੂ ਸੋਲਹੇ, ਮ: ੧/ ੧੦੪੩)

(ਗੁਰੂ ਤੋਂ ਖੁੰਝ ਕੇ ਪੰਡਿਤ ਲੋਕ) ਵੇਦ ਪੁਰਾਣ ਆਦਿਕ (ਧਰਮ-) ਪੁਸਤਕਾਂ ਪੜ੍ਹਦੇ ਹਨ, ਜੋ ਕੁਝ ਉਹ ਸੁਣਾਂਦੇ ਹਨ ਉਸ ਨੂੰ ਅਨੇਕਾਂ ਬੰਦੇ ਬਹਿ ਕੇ ਧਿਆਨ ਨਾਲ ਸੁਣਦੇ ਹਨ। ਪਰ ਇਸ ਤਰ੍ਹਾਂ (ਮਨ ਨੂੰ ਕਾਬੂ ਰੱਖਣ ਵਾਲਾ ਮਾਇਆ ਦੇ ਵਿਆਪਕ ਮੋਹ ਦਾ ਅਜੱਗਰ ਭਾਵ ਅਦ੍ਰਿਸ਼ਟ) ਕਵਾੜ ਕਿਸੇ ਭੀ ਹਾਲਤ ਵਿਚ ਖੁਲ੍ਹ ਨਹੀਂ ਸਕਦਾ, (ਕਿਉਂਕਿ) ਗੁਰੂ ਦੀ ਸਰਨ ਤੋਂ ਬਿਨਾ ਅਸਲੀਅਤ ਨਹੀਂ ਲੱਭਦੀ।

 (2)    ‘ਹਉਮੈ ਬਿਖੁ, ਮਨੁ ਮੋਹਿਆ;   ਲਦਿਆ ਅਜਗਰ ਭਾਰੀ ॥’ {ਮਲਾਰ ਮ: ੩/੧੨੬੦}

[ਟੀਕਾਕਾਰ ਸ: ਮਨਮੋਹਨ ਸਿੰਘ]:- ਬੰਦੇ ਨੂੰ ਹੰਕਾਰ ਦੀ ਜ਼ਹਿਰ ਨੇ ਫਰੇਫਤਾ ਕਰ ਲਿਆ ਹੈ ਅਤੇ ਉਸ ਨੇ ਪਾਪਾਂ ਦਾ ਵਡੇ ਸੱਪ ਜਿੰਨਾ ਬੋਝਲ ਭਾਰ ਲੱਦ ਲਿਆ ਹੈ।

[ਪ੍ਰੋ: ਸਾਹਿਬ ਸਿੰਘ] :- ਹਉਮੈ (ਆਤਮਕ ਮੌਤ ਲਿਆਉਣ ਵਾਲਾ) ਜ਼ਹਰ ਹੈ, (ਮਨੁੱਖ ਦਾ) ਮਨ (ਇਸ ਜ਼ਹਰ ਦੇ) ਮੋਹ ਵਿਚ ਫਸਿਆ ਰਹਿੰਦਾ ਹੈ, (ਇਸ ਹਉਮੈ ਦੇ) ਬਹੁਤ ਵੱਡੇ ਭਾਰ ਨਾਲ ਲੱਦਿਆ ਰਹਿੰਦਾ ਹੈ।

[ਫ਼ਰੀਦਕੋਟੀ ਟੀਕਾ] :- ਹੇ ਮਨ ! ਤੂੰ ਹਉਮੈਂ ਕਰ ਵਿਖ ਰੂਪ ਵਿਸਿਅਹੁੰ ਮੇਂ ਮੋਹਿਆ ਔਰ ਪਾਪੋਂ ਰੂਪੀ (ਅਜਗਰ) ਭਾਰੀ ਭਾਰ ਕਰ ਕੇ ਲਦਿਆ ਹੂਆ ਹੈ॥

ਉਕਤ ਕੀਤੀ ਵੀਚਾਰ ਅਨੁਸਾਰ ਇਸ ਤੁਕ ਦੇ ਅਰਥ ਇਉਂ ਕਿਤੇ ਜਾਣੇ ਚਾਹੀਦੇ ਹਨ:-

(ਆਤਮਕ ਮੌਤ ਲਿਆਉਣ ਵਾਲੀ) ਹਉਮੈ ਰੂਪੀ ਜ਼ਹਰ ਵਿੱਚ (ਮਨੁੱਖ ਦਾ) ਮਨ ਫਸਿਆ ਰਹਿੰਦਾ ਹੈ, ਅਤੇ (ਇਸ ਹਉਮੈ ਰੂਪੀ ਜ਼ਹਿਰ ਦੇ) ਵਿਆਪਕ ਪ੍ਰਭਾਵ ਹੇਠ ਦਬਿਆ ਰਹਿੰਦਾ ਹੈ।

 (ਅ) ਅਜਗਰਿ

(1).  ‘ਪਚਿ ਪਚਿ ਮੁਏ, ਅਚੇਤ ਨ ਚੇਤਹਿ;   ਅਜਗਰਿ ਭਾਰਿ ਲਦਾਈ ਹੇ ॥੮॥’ {ਮਾਰੂ ਸੋਲਹੇ ਮ: ੧/੧੦੨੫}

[ਟੀਕਾਕਾਰ ਸ: ਮਨਮੋਹਨ ਸਿੰਘ] :- ਗਾਫ਼ਲ ਪਤਨੀ ਆਪਣੇ ਸਾਈਂ ਨੂੰ ਯਾਦ ਨਹੀਂ ਕਰਦੀ, ਉਹ ਪਾਪਾਂ ਦਾ ਭਾਰੀ ਬੋਝ ਚੁੱਕਦੀ ਹੈ ਅਤੇ ਗਲ ਸੜ ਕੇ ਮਰ ਮੁਕ ਜਾਂਦੀ ਹੈ।

[ਪ੍ਰੋ: ਸਾਹਿਬ ਸਿੰਘ] :- ਜੇਹੜੇ ਬੰਦੇ ਪਰਮਾਤਮਾ ਦੀ ਯਾਦ ਵਲੋਂ ਅਵੇਸਲੇ ਰਹਿੰਦੇ ਹਨ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ, ਉਹ (ਮੋਹ ਦੇ) ਬਹੁਤ ਹੀ ਭਾਰੇ ਬੋਝ ਹੇਠ ਲੱਦੇ ਰਹਿੰਦੇ ਹਨ ।

[ਫ਼ਰੀਦਕੋਟੀ ਟੀਕਾ] :- ਖਪ ਖਪ ਕੇ ਮੂਏ ਹੈਂ ਮੂਰਖ ਨਹੀਂ ਚੇਤਤੇ, ਇਸੀ ਤੇ ਭਾਰੀ ਪਾਪੋਂ ਕੇ ਭਾਰ ਸਾਥ ਬੁਧੀ ਤਿਨ ਕੀ (ਲਦਾਈ) ਅਰਥਾਤ ਦਬਾਈ ਹੂਈ ਹੈ।

ਉਕਤ ਕੀਤੀ ਵੀਚਾਰ ਅਨੁਸਾਰ ਇਸ ਤੁਕ ਦੇ ਅਰਥ ਇਉਂ ਕੀਤੇ ਜਾ ਸਕਦੇ ਹਨ:-

ਪਰਮਾਤਮਾ ਦੀ ਯਾਦ ਵਲੋਂ ਜਿਹੜੇ (ਅਚੇਤ) ਅਵੇਸਲੇ ਬੰਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ, (ਉਹ ਮਾਇਆ ਦੇ ਮੋਹ ਵਿਚ) ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਹਨ ਅਤੇ ਇਸ ਆਤਮਕ ਮੌਤ ਦੇ ਅਜੱਗਰ ਭਾਵ ਅਦ੍ਰਿਸ਼ਟ ਵਿਆਪਕ ਪ੍ਰਭਾਵ ਹੇਠ ਦਬੇ ਰਹਿੰਦੇ ਹਨ।

 (2). ‘ਅਜਗਰਿ ਭਾਰਿ ਲਦੇ ਅਤਿ ਭਾਰੀ;   ਮਰਿ ਜਨਮੇ ਜਨਮੁ ਗਵਾਇਆ ॥੧॥’ {ਮਲਾਰ ਮ: ੧/੧੨੫੫}

[ਟੀਕਾਕਾਰ ਸ: ਮਨਮੋਹਨ ਸਿੰਘ] :- ਪਾਪਾਂ ਦਾ ਵਡਾ ਤੇ ਬਹੁਤਾ ਵਜਨਦਾਰ ਬੋਝ ਭਾਰ ਕਰਕੇ ਉਹ ਆਪਣਾ ਜੀਵਨ ਤਬਾਹ ਕਰ ਲੈਂਦੇ ਹਨ ਤੇ ਮਰ ਕੇ ਮੁੜ ਜੰਮਦੇ ਹਨ।

[ਪ੍ਰੋ: ਸਾਹਿਬ ਸਿੰਘ] :- (ਉਹ ਸਦਾ ਮਾਇਆ ਦੇ ਮੋਹ ਦੇ) ਬੇਅੰਤ ਵੱਡੇ ਭਾਰ ਹੇਠ ਲੱਦੇ ਰਹੇ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਜੀਵਨ ਅਜਾਈਂ ਗਵਾ ਲਿਆ

[ਫ਼ਰੀਦਕੋਟੀ ਟੀਕਾ] :- ਸੋ ਮਨਮੁਖ ਅਜਗਰ ਵਤ ਭਾਰੇ ਪਾਪੋਂ ਕੇ ਲਦੇ ਹੂਏ ਅਤੀ ਭਾਰੀ ਪੀੜਾ ਕੋ ਪਾਵਤੇ ਹੈਂ, ਜਨਮਤੇ ਮਰਤੇ ਹੂਏ ਤਿਨੋਂ ਨੇ ਇਹੁ ਜਨਮ ਵਿਅਰਥ ਹੀ ਗਵਾਈ ਲੀਆ ਹੈ॥੧॥

ਉਕਤ ਕੀਤੀ ਵੀਚਾਰ ਅਨੁਸਾਰ ਇਸ ਤੁਕ ਦੇ ਅਰਥ ਇਉਂ ਕੀਤੇ ਜਾ ਸਕਦੇ ਹਨ:-

(ਸਦਾ ਮਾਇਆ ਦੇ ਮੋਹ ਦੇ ਅਜੱਗਰ ਭਾਵ ਅਦ੍ਰਿਸ਼ਟ) ਵਿਆਪਕ ਪ੍ਰਭਾਵ ਹੇਠ, ਜਨਮ ਮਰਨ ਦੇ ਗੇੜ ਵਿਚ ਪੈ ਕੇ ਉਹਨਾਂ ਨੇ ਜੀਵਨ ਅਜਾਈਂ ਗਵਾ ਲਿਆ।

 (ੲ) ਅਜਗਰੁ

(1). ‘ਅਣਹੋਦਾ ਅਜਗਰੁ ਭਾਰੁ ਉਠਾਏ;   ਨਿੰਦਕੁ, ਅਗਨੀ ਮਾਹਿ ਜਲਾਵੈ ॥੧॥’ {ਆਸਾ ਮ: ੫/੩੭੩}

 [ਟੀਕਾਕਾਰ ਸ: ਮਨਮੋਹਨ ਸਿੰਘ] :- ਅਜ਼ਦਹੇ ਦੀ ਤਰ੍ਹਾਂ ਇਲਜਾਮ ਲਾਉਣਹਾਰ, ਬੇਅੰਤ ਬੇਲੋੜਾ ਬੋਝ ਚੁਕਦਾ ਹੈ ਅਤੇ ਅੱਗ ਵਿੱਚ ਸੜ ਜਾਂਦਾ ਹੈ।

[ਪ੍ਰੋ: ਸਾਹਿਬ ਸਿੰਘ] :- ਨਿੰਦਕ (ਨਿੰਦਾ ਦਾ) ਮਨੋ-ਕਲਪਤ ਹੀ ਬੇਅੰਤ ਭਾਰ (ਆਪਣੇ ਸਿਰ ਉਤੇ) ਚੁੱਕੀ ਫਿਰਦਾ ਹੈ, ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ।

[ਫ਼ਰੀਦਕੋਟੀ ਟੀਕਾ] :- (ਅਣਹੋਦਾ) ਜਿਸ ਕਰ ਕੁਛ ਪ੍ਰਾਪਤਿ ਨਾ ਹੋਂਦਾ ਹੋ, ਭਾਵ ਬਿਨਾਂ ਲਾਭ ਕੇ ਨਿੰਦਕੁ ਪਰਾਏ ਪਾਪ ਰੂਪ (ਅਜਗਰੁ) ਭਾਰੀ ਭਾਰ ਅਪਨੇ ਸਿਰ ਪਰ ਉਠਾਉਤਾ ਹੈ। ਔਰ ਪਰਾਏ ਪਾਪ ਰੂਪ ਅਗਨੀ ਮੇਂ ਅਪਨੇ ਆਪ ਕੋ ਸਮੇਤ ਸੰਗੀਓਂ ਕੇ ਜਲਾਉਤਾ ਹੈ; ਵਾ ਨਿੰਦਕ ਕਉ ਜਮਦੂਤ ਜਲਾਉਤੇ ਹੈਂ।

ਉਕਤ ਕੀਤੀ ਵੀਚਾਰ ਅਨੁਸਾਰ ਇਸ ਤੁਕ ਦੇ ਅਰਥ ਇਉਂ ਕੀਤੇ ਜਾ ਸਕਦੇ ਹਨ:-

ਪ੍ਰਭੂ ਦੇ ਸੇਵਕ ਜਨ ਦੀ ਨਿੰਦਕ ਬੰਦਾ ਆਪਣੇ ਸੁਭਾ ਕਾਰਣ ਬਿਨਾ ਕਾਰਣ ਕੀਤੀ ਨਿੰਦਾ ਸਦਕਾ (ਨਿੰਦਾ ਦਾ) ਮਨੋ-ਕਲਪਤ ਹੀ ਮਾੜਾ ਪ੍ਰਭਾਵ ਕਬੂਲ ਕੀਤੇ ਜਾਣ ਸਦਕਾ ਆਪਣੇ ਆਪ ਨੂੰ ਨਿੰਦਾ ਦੇ ਪੈਣ ਵਾਲੇ ਮਾੜੇ ਪ੍ਰਭਾਵ ਦੀ ਅੱਗ ਵਿਚ ਸਾੜਦਾ ਰਹਿੰਦਾ ਹੈ।

 (2). ‘ਤੈ ਤਾ ਹਦਰਥਿ ਪਾਇਓ ਮਾਨ, ਸੇਵਿਆ ਗੁਰੁ ਪਰਵਾਨੁ;   ਸਾਧਿ ਅਜਗਰੁ, ਜਿਨਿ ਕੀਆ ਉਨਮਾਨੁ ॥’ {ਸਵਈਏ ਮਹਲੇ ਦੂਜੇ ਕੇ (ਭਟ ਕਲ੍ਯ੍ਯ)/੧੩੯੧}

[ਟੀਕਾਕਾਰ ਸ: ਮਨਮੋਹਨ ਸਿੰਘ] :- ਤੈਨੂੰ ਪੈਗੰਬਰ ਨਾਨਕ ਨੇ ਪ੍ਰਭਤਾ ਪ੍ਰਦਾਨ ਕੀਤੀ ਸੀ ਅਤੇ ਤੂੰ ਪਰਧਾਨ ਗੁਰਾਂ ਦੀ ਟਹਿਲ ਕਮਾਈ ਸੀ, ਜਿਨ੍ਹਾਂ ਨੇ ਆਪਣੇ ਮਨ ਸਰਪ ਨੂੰ ਕਾਬੂ ਕਰ, ਪਰਮ-ਉਚੀ ਅਵਸਥਾ ਵਿੱਚ ਪਹੁੰਚ ਗਏ।

[ਪ੍ਰੋ: ਸਾਹਿਬ ਸਿੰਘ] :- (ਹੇ ਗੁਰੂ ਅੰਗਦ !) ਤੂੰ ਤਾਂ (ਗੁਰੂ-ਨਾਨਕ ਦੀ) ਹਜ਼ੂਰੀ ਵਿੱਚੋਂ ਮਾਨ ਪਾਇਆ ਹੈ; ਤੂੰ ਪ੍ਰਵਾਣੀਕ ਗੁਰੂ (ਨਾਨਕ) ਨੂੰ ਸੇਵਿਆ ਹੈ, ਜਿਸ ਨੇ ਅਸਾਧ ਮਨ ਨੂੰ ਸਾਧ ਕੇ ਉਸ ਨੂੰ ਉੱਚਾ ਕੀਤਾ ਹੋਇਆ ਹੈ।

[ਫ਼ਰੀਦਕੋਟੀ ਟੀਕਾ] :- ਹੇ ਸ੍ਰੀ ਗੁਰ ਅੰਗਦ ਸਾਹਿਬ ਜੀ ! ਤੁਮਨੇ ਤੌ ਸ੍ਰੀ ਗੁਰੂ ਨਾਨਕ ਸਾਹਿਬ ਜੀ ਕੇ (ਹਦਰਥਿ) ਬਡਿਓਂ ਤੇ ਮਾਨ ਪਾਯਾ ਹੈ। ਕਿਉਂ ਕਿ (ਪਰਵਾਨੁ) ਨਿਸਚੈ ਕਰ ਕੇ ਤੁਮਨੇ ਸ੍ਰੀ ਗੁਰੂ ਨਾਨਕ ਦੇਵ ਜੀ ਕੋ ਸੇਵਿਆ ਹੈ, ਤਿਸੀ ਤੇ (ਉਨਮਾਨੁ) ਵੀਚਾਰ ਕਰ ਕੇ ਹੰਕਾਰ ਰੂਪੀ (ਅਜਗਰੁ) ਭਾਰੀ ਸਰਪ ਕੋ ਤੁਮਨੇ ਅਪਨੇ (ਸਾਧਿ) ਵਸੀ ਕੀਆ ਹੈ॥

ਇਸ ਕੇਸ ਵਿੱਚ ਉਕਤ ਤਿੰਨੇ ਹੀ ਟੀਕਾਕਾਰਾਂ ਨੇ ਪਿਛਲੇ ਕੇਸਾਂ ਨਾਲੋਂ ਹਟ ਕੇ ਅਰਥ ਕੀਤੇ ਹਨ ਭਾਵ ‘ਅਜਗਰ’ ਦੇ ‘ਅਰਥ ਭਾਰੀ ਭਾਰ’ ਕਰਨ ਦੀ ਥਾਂ ਕਾਬੂ ਨਾ ਕੀਤੇ ਜਾਣ ਵਾਲਾ ‘ਮਨ’ ਕੀਤੇ ਹਨ।  ਸੋ ਪ੍ਰਸੰਗ ਅਨੁਸਾਰ ਇਹ ਅਰਥ ਠੀਕ ਵੀ ਜਾਪਦੇ ਹਨ।

ਬੇਸੱਕ ਉਪ੍ਰੋਕਤ ਆਖਰੀ ਤੁਕ ਨੂੰ ਛੱਡ ਕੇ ਬਾਕੀ ਸਾਰੀਆਂ ਹੀ ਤੁਕਾਂ ਦੇ ਤਮਾਮ ਟੀਕਾਕਾਰਾਂ ਨੇ ‘ਅਜਗਰ’ ਸ਼ਬਦ ਦੇ ਅਰਥ ਬਹੁਤ ਜਿਆਦਾ ਭਾਰ ਵਾਲੇ ਕੀਤੇ ਹਨ ਪਰ ਜੇ ਧਿਆਨ ਨਾਲ ਵੇਖੀਏ ਤਾਂ ਇਹ ਭਾਰ – ਹਉਮੈ, ਨਿੰਦਾ, ਮਾਇਆ ਦਾ ਮੋਹ, ਪਾਪ ਆਦਿਕ ਗੁਣ ਵਾਚਕ ਨਾਂਵ ਸ਼ਬਦਾਂ ਦੇ ਵਿਸ਼ੇਸ਼ਣ ਵਜੋਂ ਆਇਆ ਹੈ। ਹਉਮੈ, ਨਿੰਦਾ, ਮਾਇਆ ਦੇ ਮੋਹ ਦਾ ਪੜਦਾ, ਪਾਪ ਆਦਿਕ ਮਨੁੱਖ ਦੇ ਵਿਕਾਰ ਰੂਪੀ ਐਸੇ ਔਗੁਣ ਹਨ ਜੋ ਨਾਂ ਤਾਂ ਦ੍ਰਿਸ਼ਟਮਾਨ ਹੋਣ ਕਰਕੇ ਇਨ੍ਹਾਂ ਅੱਖਾਂ ਨਾਲ ਵੇਖੇ ਜਾ ਸਕਦੇ ਹਨ ਅਤੇ ਨਾਂ ਹੀ ਇਨ੍ਹਾਂ ਦਾ ਭਾਰ ਦੁਨਿਆਵੀ ਵੱਟਿਆਂ ਨਾਲ ਜੋਖ ਕੇ ਉਸ ਦੀ ਤੁਲਨਾ ਅਜਗਰ ਦੇ ਭਾਰ ਨਾਲ ਹੀ ਕੀਤੀ ਜਾ ਸਕਦੀ ਹੈ। ਇਹ ਵਿਕਾਰ ਕੇਵਲ ਅਧਿਆਤਮਕ ਤੇ ਸਮਾਜਿਕ ਜੀਵਨ ਵਿੱਚ ਮਹਿਸੂਸ ਕੀਤੇ ਜਾ ਸਕਦੇ ਹਨ। ਸੋ ਇਨ੍ਹਾਂ ਦਾ ਉਚਾਰਣ ਉਪ੍ਰੋਕਤ ਕੀਤੀ ਵੀਚਾਰ ਅਨੁਸਾਰ ‘ਅਜੱਗਰ’ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੰਜਾਬੀ ਸ਼ਬਦ ਕੋਸ਼ ਅਨੁਸਾਰ ‘ਅਦ੍ਰਿਸ਼ਟ ਜਾਂ ਗੁਪਤ, ਜੋ ਪ੍ਰਗਟ ਨਹੀਂ ਹੋਏ; ਭਾਵ ਜੋ ਸਾਨੂੰ ਇਨ੍ਹਾਂ ਅੱਖਾਂ ਨਾਲ ਨਾ ਦਿੱਸਦੇ’ ਕੀਤੇ ਜਾਣੇ ਜਿਆਦਾ ਢੁਕਵੇਂ ਜਾਪਦੇ ਹਨ। ਇਹ ਅਰਥ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਵਿੱਚਲੇ ਅਰਥਾਂ ਨਾਲ ਵੀ ਬਿਲਕੁਲ ਮੇਲ ਖਾਂਦੇ ਹਨ ਜਿਵੇਂ ਕਿ:-

‘ਘਰੈ ਅੰਦਰਿ ਸਭੁ ਵਥੁ ਹੈ;   ਬਾਹਰਿ ਕਿਛੁ ਨਾਹੀ ॥ ਗੁਰ ਪਰਸਾਦੀ ਪਾਈਐ;   ਅੰਤਰਿ ਕਪਟ ਖੁਲਾਹੀ ॥੧॥’ {ਆਸਾ ਮ: ੩/੪੨੫}

(ਹੇ ਭਾਈ ! ਪਰਮਾਤਮਾ ਦਾ ਨਾਮ-) ਖ਼ਜ਼ਾਨਾ ਸਾਰਾ (ਮਨੁੱਖ ਦੇ) ਹਿਰਦੇ ਦੇ ਅੰਦਰ ਹੀ ਹੈ, ਬਾਹਰ ਜੰਗਲ ਆਦਿਕ ਵਿਚ (ਢੂੰਢਿਆਂ) ਕੁਝ ਨਹੀਂ ਮਿਲਦਾ। (ਪਰ, ਹਾਂ) ਇਹ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ। (ਜਿਸ ਨੂੰ ਗੁਰੂ ਮਿਲ ਪਏ ਉਸ ਦੇ) ਅੰਦਰਲੇ ਕਿਵਾੜ (ਜੋ ਪਹਿਲਾਂ ਮਾਇਆ ਦੇ ਮੋਹ ਦੇ ਕਾਰਨ ਬੰਦ ਸਨ) ਖੁਲ੍ਹ ਜਾਂਦੇ ਹਨ।

‘ਕਪਟ ਖੁਲਾਨੇ, ਭ੍ਰਮ ਨਾਠੇ ਦੂਰੇ ॥ ਨਾਨਕ ਕਉ, ਗੁਰ ਭੇਟੇ ਪੂਰੇ ॥੪॥੧੪॥੨੫॥’ {ਰਾਮਕਲੀ ਮ: ੫/੮੯੦}

(ਹੇ ਭਾਈ!) ਨਾਨਕ ਨੂੰ ਪੂਰੇ ਗੁਰੂ ਜੀ ਮਿਲ ਪਏ ਹਨ, (ਹੁਣ ਨਾਨਕ ਨੂੰ ਦਿੱਸ ਰਿਹਾ ਹੈ ਕਿ) ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਮੌਜੂਦ ਹੈ, ਦਇਆ ਦੇ ਸੋਮੇ ਅਕਾਲ ਪੁਰਖ ਦਾ ਤੇਜ-ਪਰਤਾਪ ਪ੍ਰਤੱਖ (ਹਰ ਥਾਂ ਦਿੱਸ ਰਿਹਾ ਹੈ); (ਗੁਰੂ ਦੀ ਕਿਰਪਾ ਨਾਲ ਮਨ ਦੇ) ਕਿਵਾੜ ਖੁਲ੍ਹ ਗਏ ਹਨ, ਤੇ, ਸਾਰੇ ਭਰਮ ਕਿਤੇ ਦੂਰ ਭੱਜ ਗਏ ਹਨ ।

ਉਪ੍ਰੋਕਤ ਤੁਕਾਂ ਵਿੱਚ ਮਾਇਆ ਮੋਹ ਦੇ ਕਾਰਣ ਮਨ ਦੇ ਅੰਦਰਲੇ ਕਿਵਾੜਾਂ ਦੀ ਗੱਲ ਕੀਤੀ ਗਈ ਜੋ ਅਜਗਰ ਦੇ ਭਾਰ ਵਾਂਗ ਬਹੁਤ ਭਾਰੀ ਨਹੀਂ ਹੋ ਸਕਦੇ ਸਗੋਂ ਭੰਭੀਰੀ ਦੇ ਖੰਭ ਵਾਂਗ ਬੜਾ ਬਰੀਕ ਪਰਦਾ ਭਾਵ ਅਦ੍ਰਿਸ਼ਟ ਪਰਦਾ ਹੀ ਹੋ ਸਕਦਾ ਹੈ। ਇਸ ਖ਼ਿਆਲ ਨੂੰ ਹੇਠ ਲਿਖੀ ਤੁਕ ਵਿੱਚ ਹੋਰ ਸਪਸ਼ਟ ਕੀਤਾ ਗਿਆ ਹੈ:-

‘ਹਉ ਹਉ ਭੀਤਿ ਭਇਓ ਹੈ ਬੀਚੋ;   ਸੁਨਤ ਦੇਸਿ ਨਿਕਟਾਇਓ ॥ ਭਾਂਭੀਰੀ ਕੇ ਪਾਤ ਪਰਦੋ;   ਬਿਨੁ ਪੇਖੇ ਦੂਰਾਇਓ ॥੩॥’ {ਸੋਰਠਿ (ਮ: ੫/ ੬੨੪}

ਹੇ ਮਾਂ ! ਮੈਂ ਸੁਣਦੀ ਤਾਂ ਇਹ ਹਾਂ, ਕਿ (ਉਹ ਪਤੀ ਪ੍ਰਭੂ) ਮੇਰੇ ਹਿਰਦੇ-ਦੇਸ ਵਿਚ ਮੇਰੇ ਨੇੜੇ ਹੀ ਵੱਸਦਾ ਹੈ, ਪਰ (ਮੇਰੇ ਤੇ ਉਸ ਦੇ) ਵਿਚਕਾਰ ਮੇਰੀ ਹਉਮੈ ਦੀ ਕੰਧ ਖੜ੍ਹੀ ਹੋ ਗਈ ਹੈ, (ਕਹਿੰਦੇ ਹਨ) ਭੰਭੀਰੀ ਦੇ ਖੰਭ ਵਾਂਗ (ਬੜਾ ਬਰੀਕ) ਪਰਦਾ (ਮੇਰੇ ਤੇ ਉਸ ਪਤੀ ਦੇ ਵਿਚਕਾਰ ਹੈ), ਪਰ ਉਸ ਦਾ ਦਰਸ਼ਨ ਕਰਨ ਤੋਂ ਬਿਨਾ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ ।