ਗੁਰਬਾਣੀ ਵਿਚ ਜੀਵਨ ਮੁਕਤ ਦਾ ਸੰਕਲਪ

0
1102

ਗੁਰਬਾਣੀ ਵਿਚ ਜੀਵਨ ਮੁਕਤ ਦਾ ਸੰਕਲਪ

ਡਾ. ਜਗਜੀਤ ਕੌਰ

‘‘ਚਾਰਿ ਪਦਾਰਥ ਜੇ ਕੋ ਮਾਂਗੈ ਸਾਧ ਜਨਾ ਕੀ ਸੇਵਾ ਲਾਗੋ॥’’ (ਪੰਨਾ ੨੬੨) ਗੁਰਬਾਣੀ ਮਹਾਵਾਕ ਅਨੁਸਾਰ ਮਨੁੱਖ ਚਾਰ ਪ੍ਰਕਾਰ ਦੇ ਪਦਾਰਥਾਂ ਦੀ ਕਾਮਨਾ ਕਰਦਾ ਹੈ। ਚਾਰ ਪਦਾਰਥ ਦਾ ਸਪੱਸ਼ਟੀਕਰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਿਲਾਵਲ ਰਾਗ ਵਿਚ ਕਰਦੇ ਹਨ ‘ਅਰਥ ਧਰਮ ਕਾਮ ਮੋਖ ਕਾ ਦਾਤਾ’ (ਪੰਨਾ ੮੦੬) ਇਨ੍ਹਾਂ ਚਾਰ ਪਦਾਰਥਾਂ ਦੀ ਕਾਮਨਾ ਕਰਦਾ ਹੋਇਆ ਮਨੁੱਖ ‘ਮੋਖ’ ਫਲ ਨੂੰ ਤਰਜੀਹ ਦਿੰਦਾ ਰਿਹਾ ਹੈ। ਮੋਖ ਪ੍ਰਾਪਤੀ ਇਸ ਦੀ ਸਭ ਤੋਂ ਵੱਡੀ ਕਾਮਨਾ ਰਹੀ ਹੈ। ਜੰਮਣ ਮਰਨ ਦੇ ਗੇੜ ਤੋਂ ਮੁਕਤੀ, ਆਵਾਗਮਨ ਦੇ ਚੱਕਰ ਤੋਂ ਮੁਕਤੀ, ਦੀ ਕਾਮਨਾ ਇਹ ਕਰਦਾ ਰਿਹਾ ਹੈ ਕਿਉਂਕਿ ਆਵਾਗਮਨ ਦਾ ਕ੍ਰਮ ਅਤਿ ਦੁਖਦਾਈ ਹੈ। ਆਵਾਗਮਨ ਦੇ ਗੇੜ ਤੋਂ ਛੁਟਕਾਰੇ ਦੀ ਅਰਜ਼ੋਈ, ਅਰਦਾਸ ਇਹ ਨਿਤਾਪ੍ਰਤਿ ਗੁਰੂ ਚਰਨਾਂ ਵਿਚ ਕਰਦਾ ਹੈ। ਇੱਥੇ ਇਹ ਸਪੱਸ਼ਟ ਕਰਨਾ ਬਣਦਾ ਹੈ ਕਿ ਪੁਰਾਤਨ ਸਮੇਂ ਤੋਂ ਕਰਮਕਾਂਡੀ ਬ੍ਰਾਹਮਣਵਾਦੀ ਮੋਖ ਭਾਵਨਾ ਅਤੇ ਗੁਰਮਤਿ ਅਨੁਸਾਰੀ ਮੋਖ ਵਿਚ ਵੱਡਾ ਅੰਤਰ ਹੈ। ਕਰਮਕਾਂਡੀ ਬ੍ਰਾਹਮਣਵਾਦੀ ਵਿਧੀ-ਵਿਧਾਨ ਮਨੁੱਖ ਨੂੰ ਕਈ ਪ੍ਰਕਾਰ ਦੇ ਅਡੰਬਰਾਂ ਵਿਚ ਉਲਝਾਉਂਦਾ ਰਿਹਾ ਹੈ ਜਿਸ ਅਨੁਸਾਰ ਮਰਣ ਤੋਂ ਬਾਅਦ, ਇਹ ਮਨੁੱਖਾ ਸਰੀਰ ਤਿਆਗਣ ਤੋਂ ਬਾਅਦ, ਬੈਕੁੰਠ ਅਥਵਾ ਸਵਰਗ ਦੀ ਪ੍ਰਾਪਤੀ ਦਾ ਲਾਲਚ ਉਸ ਨੂੰ ਕਈ ਪ੍ਰਕਾਰ ਦੇ ਦਾਨ-ਪੁੰਨ ਕਰਮ, ਘਰ-ਗ੍ਰਿਹਸਤੀ ਦਾ ਤਿਆਗ ਕਰ, ਸਮਾਜ ਦੇ ਉੱਤਰ ਦਾਇਤਵਾਂ ਤੋਂ ਭੱਜ ਨੱਸ ਕੇ ਤਪ ਜੋਗ ਸਾਧਨ ਦੇ ਮਾਰਗ ’ਤੇ ਲਾਉਂਦਾ ਰਿਹਾ ਹੈ। ਪਰੰਤੂ ਧੰਨ ਧੰਨ ਗੁਰੂ ਨਾਨਕ ਪਾਤਸਾਹ ਦਾ ਦੱਸਿਆ ਮੋਖ ਦੁਆਰ ਕੇਵਲ ਗੁਰੂ ਚਰਨਾਂ ਨਾਲ ਜੋੜਦਾ ਹੈ, ਸਮਾਜ ਪਰਿਵਾਰ ਨਾਲ ਜੋੜਦਾ ਹੈ, ਇਕ ਚੰਗਾ ਸੇਵਾਦਾਰ, ਪਰਉਪਕਾਰੀ ਜੀਊੜਾ ਬਣਾਉਂਦਾ ਹੈ ਜਿਸਨੂੰ ਗੁਰਬਾਣੀ ‘ਜੀਵਨ ਮੁਕਤ’ ਦੱਸਦੀ ਹੈ। ਮਰਨ ਪਿੱਛੋਂ ਬੈਕੁੰਠ ਕਿਸ ਕੰਮ ਦਾ ?

ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਪੀਵਤ ਹੀ ਪਰਵਾਣੁ ਭਇਆ॥

ਦਰ ਦਰਸਨ ਕਾ ਪ੍ਰੀਤਮੁ ਹੋਵੈ, ਮੁਕਤਿ ਬੈਖੁੰਟੇ ਕਰੇ ਕਿਆ॥    (ਪੰਨਾ ੩੬੦)

ਗੁਰਬਾਣੀ ਦਾ ਜਗਿਆਸੂ ਸਾਧਕ ਤਾਂ ਕਾਮਨਾ ਕਰਦਾ ਹੈ_

ਰਾਜੁ ਨ ਚਾਹਉ ਮੁਕਤਿ ਨ ਚਾਹਉ, ਮਨਿ ਪ੍ਰੀਤਿ ਚਰਨ ਕਮਲਾਰੇ॥     (ਪੰਨਾ ੫੩੪)

ਉਸ ਦੀ ਕੇਵਲ ਤੇ ਕੇਵਲ ਲੋਚ ਹੈ ‘ਮੋਕਉ ਤੂੰ ਨ ਬਿਸਾਰਿ ਤੂੰ ਨ ਬਿਸਾਰਿ॥

ਕਿਉਂਜੁ ‘‘ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ (ਮਲਾਰ ਨਾਮਦੇਵ ਜੀ, ਪੰਨਾ ੧੨੯੨-੯੩)

ਮਰਣ ਉਪਰਾਂਤ ਭੌਤਿਕ ਸਰੀਰ ਸੜ ਕੇ ਕੋਲਾ ਹੋ ਗਿਆ, ਸੁਆਹ ਹੋ ਗਿਆ ਤਾਂ ਸਤਿਗੁਰੂ ਜੀ ਦੀ ਬਖਸ਼ਿਸ਼ ਮੁਕਤੀ ਦਾ ਅਨੰਦ ਲਾਭ ਤੇ ਨਾ ਹੀ ਹੋਇਆ। ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ, ਇਸੇ ਮਨੁੱਖਾ ਸਰੀਰ ਵਿਚ ਹੀ ਨਦਰੀ ਨਦਰ ਨਿਹਾਲ ਹੋ ਜਾਈਏ। ਵਿਕਾਰਾਂ ਤੋਂ ਮੁਕਤ, ਸੰਕਲਪ ਵਿਕਲਪ ਤੋਂ ਮੁਕਤ, ਵਾਸ਼ਨਾ ਕਾਮਨਾ ਤੋਂ ਮੁਕਤ ਹੋ ਸਕੀਏ, ਦੁਖਦਾਈ ਵਿਕਾਰਾਂ ਤੋਂ ਮੁਕਤੀ, ਸਭ ਤੋਂ ਵੱਡਾ ਵਿਕਾਰ ਹਉਮੈ ਤੋਂ ਛੁਟਕਾਰਾ ਪਾ ਸਕੀਏ, ਮਾਇਆ ਵੇੜੇ ਆਕਰਸ਼ਨਾਂ ਤੋਂ ਮੁਕਤੀ ਮਿਲ ਜਾਵੇ, ਜੀਊਂਦੇ ਜੀਅ ਮਨ ਨੂੰ ਮਾਰ ਸਕੀਏ, ਗੁਰੂ ਦੀ ਦਿੱਬ-ਦ੍ਰਿਸ਼ਟੀ ਇਸ ਅਦਨਾ ਜੀਵ ’ਤੇ ਹੋ ਜਾਵੇ ਤਾਂ ਜੋ ਜੀਊਣ ਦਾ ਸਹੀ ਅਰਥਾਂ ਵਿਚ ਅਨੰਦ ਪ੍ਰਾਪਤ ਹੋ ਜਾਵੇ, ਜੀਵਨ ਮੁਕਤ ਦੀ ਪਰਿਭਾਸ਼ਾ ਸਾਰਥਕ ਕਰ ਸਕੀਏ, ਗੁਰਬਾਣੀ ਆਖਦੀ ਹੈ “ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ॥” (ਪੰਨਾ ੪੪੯)

ਇਸ ‘ਮਰ ਜੀਵੈ’ ਦੀ ਵਿਆਖਿਆ ਗੁਰਬਾਣੀ ਅਨੁਸਾਰ ਉਹ ਪੁਰਖ ਹੈ ਜੋ ਗੁਰੂ ਆਸ਼ੇ ਅਨੁਸਾਰ_

ਪ੍ਰਭ ਕੀ ਆਗਿਆ ਆਤਮ ਹਿਤਾਵੈ॥ ਜੀਵਨ ਮੁਕਤਿ ਸੋਊ ਕਹਾਵੈ॥

ਤੈਸਾ ਹਰਖੁ ਤੈਸਾ ਉਸੁ ਸੋਗ॥ ਸਦਾ ਅਨੰਦੁ ਤਹ ਨਹੀ ਬਿਓਗੁ॥

ਤੈਸਾ ਸੁਵਰਨੁ ਤੈਸੀ ਉਸ ਮਾਟੀ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ॥

ਤੈਸਾ ਮਾਨ ਤੈਸਾ ਅਭਿਮਾਨੁ॥ ਤੈਸਾ ਰੰਕੁ ਤੈਸਾ ਰਾਜਾਨੁ॥

ਜੋ ਵਰਤਾਏ ਸਾਈ ਜੁਗਤਿ॥ ਨਾਨਕ ਉਹੁ ਪੁਰਖੁ ਕਹੀਐ ਜੀਵਨ ਮੁਕਤਿ॥ (ਗਉੜੀ ਸੁਖਮਨੀ, ਪੰਨਾ ੨੬੫)

ਜੀਵਨ ਮੁਕਤ ਦਾ ਰੂਪ ਸਵਰੂਪ ਗੁਰੂ ਤੇਗ ਬਹਾਦਰ ਸਾਹਿਬ ਜੀ ਇਸ ਤਰ੍ਹਾਂ ਉਲੀਕਦੇ ਹਨ :

ਉਸਤਤਿ ਨਿੰਦਿਆ ਨਾਹਿ ਜਿਹਿ, ਕੰਚਨ ਲੋਹ ਸਮਾਨਿ॥ ਕਹੁ ਨਾਨਕ ਸੁਨੁ ਰੇ ਮਨਾ, ਮੁਕਤਿ ਤਾਹਿ ਤੈ ਜਾਨਿ॥

ਹਰਖੁ ਸੋਗੁ ਜਾ ਕੈ ਨਹੀ, ਬੈਰੀ ਮੀਤ ਸਮਾਨਿ॥ ਕਹੁ ਨਾਨਕ ਸੁਨੁ ਰੇ ਮਨਾ ਮੁਕਤਿ ਤਾਹਿ ਤੈ ਜਾਨਿ॥ ੧੫॥ (ਪੰਨਾ ੧੪੨੬)

ਮਨੁੱਖ ਐਸੀ ਉੱਚੀ ਆਤਮਕ ਅਵਸਥਾ ’ਤੇ ਜਾ ਅੱਪੜੇ ਜਿੱਥੇ ਲੋਭ ਮੋਹ ਵਿਕਾਰਾਂ ਦੀ ਛੋਹ ਤੋਂ ਨਿਰਲੇਪ ਹੋ ਜਾਏ, ਹਰਖ-ਸੋਗ, ਮਾਨ-ਅਪਮਾਨ, ਉਸਤਤ-ਨਿੰਦਾ ਦੇ ਪ੍ਰਭਾਵਾਂ ਤੋਂ ਅਛੋਹਾ ਹੋ ਜਾਏ, ਇਹ ਸਾਰੀ ਅਵਸਥਾ ਤਾਂ ਹੀ ਸੰਭਵ ਹੈ, ਗੁਰੂਦੇਵ ਜੀ ਆਪ ਕਿਰਪਾ ਕਰਨ। ਗੁਰੂ ਦੇ ਲੜ ਲੱਗ ਜਾਈਏ ਤਾਂ ਇਹ ਰਾਹ ਸੁਖਾਲਾ ਹੋ ਜਾਂਦਾ ਹੈ।

ਗੁਰ ਕੋ ਸਬਦਿ ਜੀਵਤੁ ਮਰੈ, ਗੁਰਮੁਖਿ ਭਵਜਲੁ ਤਰਣਾ॥       (ਪੰਨਾ ੬੯)

ਗੁਰੂ ਦੀ ਸ਼ਰਨ ਵਿਚ ਆ ਕੇ ਸਭ ਤੋਂ ਪਹਿਲਾਂ ਤਾਂ ਹਉਮੈ ਦਾ ਤਿਆਗ ਕਰੇ। ਇਹ ਹਉਮੈ ਹੀ ਹੈ ਜਿਸ ਨੇ ਜੀਵ ਨੂੰ ਆਪਣੇ ਸਤ-ਸਵਰੂਪ ਤੋਂ ਵੱਖਰਾ ਕੀਤਾ ਹੋਇਆ ਹੈ। ਮੂਲ ਰੂਪ ਵਿਚ ਮਨੁੱਖ ਸੱਤ ਅਕਾਲ ਪੁਰਖ ਦਾ ਹੀ ਅੰਸ਼ ਹੈ ਪਰ ਹਉਮੈ ਕਰਕੇ ਪ੍ਰਭੂ ਤੋਂ ਵਿਛੜ ਗਿਆ ਹੈ। ‘‘ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ’’ (ਪੰਨਾ ੪੬੬) ਹਉਮੈ ਕਰਕੇ ਹੀ ਮਾਇਆ ਦੇ ਬੰਧਨਾਂ ਵਿਚ ਬੱਝਾ ਰਹਿੰਦਾ ਹੈ। ਮਾਇਆ ਅਗਿਆਨ ਹੈ, ਅਵਿੱਦਿਆ ਹੈ। ਅਗਿਆਨ ਕਰਕੇ ਮਨੁੱਖ ਆਪਣੇ ਅਸਲੀ ਸਵਰੂਪ ਨੂੰ ਪਛਾਣ ਨਹੀਂ ਸਕਦਾ ਤੇ ਮਾਇਆ ਦੇ ਪ੍ਰਭਾਵ ਥੱਲੇ ਦੱਬਿਆ ਮਾਇਆ ਪ੍ਰੇਰਿਤ ਤ੍ਰਿਗੁਣੀ ਕਰਮਾਂ ਨੂੰ ਕਰਦਾ ਰਹਿੰਦਾ ਹੈ। ਮਾਇਆ ਦੇ ਤ੍ਰਿਗੁਣੀ ਪ੍ਰਭਾਵ ਤੋਂ ਤਮੋ ਗੁਣ, ਰਜੋ ਗੁਣ ਅਤੇ ਸਤੋ ਗੁਣੀ ਕਰਮਾਂ ਵਿਚ ਬੱਝਿਆ ਫਿਰਦਾ ਹੈ। ਹੰਕਾਰ ਹਉਮੈ ਵਿਚ ਫੁੱਲਿਆ ਆਫਰਿਆ ਆਪਣੇ ਅਸਲੇ ਤੋਂ ਵੇਮੁਖ ਰਹਿੰਦਾ ਹੈ। ਜਿਉਂ-ਜਿਉਂ ਮਾਇਆ ਪ੍ਰੇਰਿਤ ਕਰਮ ਕਰਦਾ ਹੈ ਤਿਉਂ-ਤਿਉਂ ਕਰਮ ਬੰਧਨ ਵਿਚ ਬੱਝਿਆ ਜਾਂਦਾ ਹੈ, ਫਿਰ ਕਰਮਾਂ ਦਾ ਫਲ ਤਾਂ ਭੋਗਣਾ ਹੀ ਪੈਂਦਾ ਹੈ ਪਰੰਤੂ ਜਦੋਂ ਗੁਰੂ ਦੀ ਸ਼ਰਣ ਵਿਚ ਆ ਜਾਂਦਾ ਹੈ, ਗਿਆਨ ਦੇ ਪਟਲ ਖੁਲ੍ਹਦੇ ਹਨ, ਆਪੇ ਦੀ ਪਛਾਣ ਕਰਦਾ ਹੈ, ਹਉਮੈ ਦਾ ਨਾਸ਼ ਹੁੰਦਾ ਹੈ, ਕਰਮ ਬੰਧਨ ਟੁੱਟਣ ਲਗਦੇ ਹਨ, ਭਾਣਾ ਮੰਨਣ ਦੀ ਜਾਚ ਆਉਂਦੀ ਹੈ। ਗੁਰੂ ਦੇ ਹੁਕਮ ਵਿਚ ਤੁਰਨ ਦੀ ਜਾਚ ਆਉਂਦੀ ਹੈ ਤੇ ਫਿਰ ਨਿਹਕਰਮੀ ਹੋ ਨਿੱਬੜਦਾ ਹੈ_

ਸੋ ਨਿਹਕਰਮੀ ਜੋ ਸਬਦੁ ਬੀਚਾਰੇ॥ ਅੰਤਰਿ ਤਤੁ ਗਿਆਨਿ ਹਉਮੈ ਮਾਰੇ॥

ਨਾਮੁ ਪਦਾਰਥੁ ਨਉ ਨਿਧਿ ਪਾਏ॥ ਤ੍ਰੈਗੁਣ ਮੇਟਿ ਸਮਾਵਣਿਆ॥

ਹਉਮੈ ਕਰੈ ਨਿਹਕਰਮੀ ਨ ਹੋਵੈ॥ ਗੁਰਪਰਸਾਦੀ ਹਉਮੈ ਖੋਵੈ

ਅੰਤਰਿ ਬਿਬੇਕ ਸਦਾ ਆਪੁ ਬੀਚਾਰੇ॥ ਗੁਰ ਸਬਦੀ ਗੁਣ ਗਾਵਣਿਆ॥   (ਪੰਨਾ ੧੨੮)

ਜੀਵਨ ਮੁਕਤੀ ਦੇ ਮਾਰਗ ’ਤੇ ਚੱਲਣ ਲਈ ਹਉਮੈ ਦਾ ਨਾਸ਼ ਲਾਜ਼ਮੀ ਹੈ :

ਜੀਵਨੁ ਮੁਕਤਿ ਸੋ ਆਖੀਐ, ਜਿਸੁ, ਵਿਚਹੁ ਹਉਮੈ ਜਾਇ॥       (ਪੰਨਾ ੧੦੧੦)

ਹਉਮੈ ਦਾ ਨਾਸ਼ ਕਰਕੇ ਪ੍ਰਭੂ ਦੇ ਹੁਕਮ ਦੀ ਪਾਲਣਾ ਕਰੇ। ਪਰਮਾਤਮਾ ਦੀ ਰਜ਼ਾ ਤੇ ਦ੍ਰਿੜ੍ਹ ਵਿਸ਼ਵਾਸ ਤੇ ਡੂੰਘੀ ਆਸਥਾ ਰੱਖ ਕੇ ਮੰਨੇ ਕਿ ‘ਤੇਰਾ ਕੀਆ ਮੀਠਾ ਲਾਗੇ’, ‘ਜੋ ਤੁਧੁ ਭਾਵੈ ਸਾਈ ਭਲੀਕਾਰ’ ਹਰੇਕ ਕਰਮ ਪ੍ਰਭੂ ਹੁਕਮ ਅੰਦਰ ਕਰਨ ਦੀ ਜਾਚ ਆ ਜਾਵੇ।

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ॥ ਸਦਾ ਸਦਾ ਬਸੈ ਹਰਿ ਸੰਗਿ॥

ਪ੍ਰਭ ਕਾ ਕੀਆ ਜਨ ਮੀਠ ਲਗਾਨਾ॥ ਜੈਸਾ ਸਾ ਤੈਸਾ ਦ੍ਰਿਸਟਾਨਾ॥ (ਗਉੜੀ ਸੁਖਮਨੀ, ਪੰਨਾ ੨੮੨)

ਜੀਵਨ ਮੁਕਤ ਪਰਮਾਤਮਾ ਦੇ ਹੁਕਮ ਅੰਦਰ ਵਿਚਰਦਾ ਹੈ, ਰਾਮ ਰਸ ਦਾ ਪਾਠ ਕਰਦਾ ਆਤਮਕ ਜੀਵਨ ਜੀਊਂਦਾ ਹੈ :

ਸਾਚ ਪਦਾਰਥੁ ਗੁਰਮੁਖਿ ਲਹਹੁ॥ ਪ੍ਰਭ ਕਾ ਭਾਣਾ ਸਤਿ ਕਰਿ ਸਹਹੁ॥

ਜੀਵਤ ਜੀਵਤ ਜੀਵਤ ਰਹਹੁ॥ ਰਾਮ ਰਸਾਇਣੁ ਨਿਤ ਉਠਿ ਪੀਵਹੁ॥

ਹਰਿ ਹਰਿ ਹਰਿ ਹਰਿ ਰਸਨਾ ਕਹਹੁ॥ (ਪੰਨਾ ੧੧੩੮)

ਭਾਣਾ ਮੰਨਣ, ਹੁਕਮ ਵਿਚ ਵਿਚਰਨ ਲਈ ਮਨ ’ਤੇ ਕਾਬੂ ਹੋਣਾ ਲਾਜ਼ਮੀ ਹੈ। ਜੇਕਰ ਮਨ ਵਿਸ਼ੇ-ਵਿਕਾਰਾਂ ਵਿਚ ਭਟਕਦਾ ਫਿਰੇਗਾ, ਹਉਮੈ ਅਹੰਕਾਰ ਵਿਚ ਆਫਰਿਆ ਫਿਰੇਗਾ ਤਾਂ ਮੁਕਤ ਦੁਆਰ ਵਿਚ ਪ੍ਰਵੇਸ਼ ਸੰਭਵ ਨਹੀਂ ਹੈ। ਗੁਰਬਾਣੀ ਫੁਰਮਾਨ ਹੈ :

ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਵੇ ਭਾਇ॥

ਮਨੁ ਤਉ ਮੈਗਲੁ ਹੋਇ ਰਹਿਓ, ਨਿਕਸੇ ਕਿਉ ਕੈ ਜਾਇ॥        (ਪੰਨਾ ੧੩੬੮)

ਕਿਉਂਕਿ ਮਨ ਦਾ ਮੂਲ ਸੁਭਾਅ ਹੀ ਚੰਚਲ ਹੈ, ਇਹ ਅਸਥਿਰ ਨਹੀਂ ਰਹਿੰਦਾ, ਮਨ ਖੋਟਾ ਹੈ, ਤੇਰਾ ਨਹੀਂ ਬਿਸਾਸੁ ਤੂ ਮਹਾ ਉਦਮਾਦਾ’ ਕਰਮ ਬੰਧਨ ਕਰਕੇ ਅਨੇਕ ਜਨਮਾਂ ਵਿਚ ਭਟਕਦੇ ਮਨ ਤੇ ਮੰਦੇ ਕਰਮਾਂ ਦੀ ਮੈਲ ਲੱਗੀ ਹੋਈ ਹੈ। ਇਸ ਖੋਟੀ ਮੱਤ ਨੂੰ ਗੁਰੂ ਦੀ ਸ਼ਰਣ ਵਿਚ ਆ ਕੇ ਹੀ ਸ਼ੁੱਧ ਪ੍ਰਬੁੱਧ ਕੀਤਾ ਜਾ ਸਕਦਾ ਹੈ। ਗੁਰੂ ਦੀ ਕਿਰਪਾ ਕਰਕੇ ਹੀ ਇਹ ਮਨ ਕਾਬੂ ਆਉਂਦਾ ਹੈ, ਜੀਵਨ ਮੁਕਤੀ ਦਾ ਰਾਹ ਸੁਖਾਲਾ ਹੁੰਦਾ ਹੈ।

‘ਜਨਮ ਜਨਮ ਕੀ ਇਸ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ॥ ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ॥

ਗੁਰ ਪਰਸਾਦੀ ਜੀਵਤ ਮਰੈ ਉਲਟੀ ਹੋਵੈ ਮਤਿ ਬਦਲਾਹੁ॥ ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ॥ (ਪੰਨਾ ੬੫੧)

ਪ੍ਰਭੂ ਹੁਕਮ ਵਿਚ ਵਿਚਰਦੇ ਜੀਵਨ ਮੁਕਤ ਮੋਖ ਪ੍ਰਾਪਤੀ ਲਈ ਜੰਗਲਾਂ ਜਾਂ ਪਹਾੜਾਂ ਦੀਆਂ ਗੁਫਾਵਾਂ ਵਿਚ ਜਾ ਕੇ ਨਹੀਂ ਛੁਪ ਬੈਠਦੇ। ਗੁਰਮਤਿ ਦਾ ‘ਮੋਖ ਦੁਆਰ’ ਸਮਾਜ ਵਿਚ ਵਿਚਰਦੇ ਹੋਏ ‘‘ਖਾਲਿ ਖਾਇ ਕਿਛੁ ਹਥਹੁ ਦੇਇ’’ ਦਾ ਧਾਰਨੀ ਹੁੰਦਾ ਹੈ। ਕਿਰਤ ਕਰਨੀ, ਵੰਡ ਛਕਣਾ, ਨਾਮ ਜਪਣਾ ਤੇ ਜੇਕਰ ਪੰਥ ਕੌਮ ਤੇ ਸੰਕਟ ਬਣ ਆਵੇ ਤਾਂ ਸੱਚਾਈ, ਨਿਆਂ, ਤੇ ਪੰਥਕ ਅਣਖ ਦੀ ਖਾਤਰ ‘ਪੁਰਜਾ ਪੁਰਜਾ ਕਟਿ ਮਰੈ’ ਦਾ ਆਦਰਸ਼ ਕਾਇਮ ਕਰਦਾ ਹੈ। ਸਿੱਖ ਇਤਿਹਾਸ ਦੇ ਗੌਰਵਸ਼ਾਲੀ ਸੁਨਹਿਰੇ ਪਤਰੇ ਐਸੇ ਹੀ ਜੀਵਨ-ਮੁਕਤ ਮਰਜੀਵੜਿਆਂ ਦੀ ਜੀਵਨ ਗਾਥਾ ਹੈ, ਜਿਨ੍ਹਾਂ ਨੂੰ ਸਵੇਰੇ-ਸ਼ਾਮ ਨਿੱਤ ਅਰਦਾਸ ਵਿਚ ਪੰਥ ਯਾਦ ਕਰਦਾ ਹੈ, ਉਨ੍ਹਾਂ ਦੇ ਅਣਖੀਲੇ ਬਲਿਦਾਨਾਂ ਅਤੇ ਸ਼ਹਾਦਤਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਨਮਨ ਕਰਦਾ, ਜੈ-ਜੈ ਕਾਰ ਕਰਦਾ ਹੈ।